Showing posts with label ਕ੍ਰਿਸ਼ਨ ਚੰਦਰ. Show all posts
Showing posts with label ਕ੍ਰਿਸ਼ਨ ਚੰਦਰ. Show all posts

Thursday, November 25, 2010

ਸ਼ਾਦਾਂ...:: ਲੇਖਕ : ਕ੍ਰਿਸ਼ਨ ਚੰਦਰ




ਉਰਦੂ ਕਹਾਣੀ :
ਸ਼ਾਦਾਂ...
ਲੇਖਕ : ਕ੍ਰਿਸ਼ਨ ਚੰਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਾਰੇ ਇਲਾਕੇ ਵਿਚ ਇਹੋ ਜਿਹੀ ਵਾਰਦਾਤ ਨਾ ਪਹਿਲਾਂ ਕਦੀ ਹੋਈ ਸੀ, ਨਾ ਸੁਣੀ ਗਈ ਸੀ। ਜਿਹੜਾ ਵੀ ਸੁਣਦਾ ਸੀ, ਕੰਨਾਂ 'ਤੇ ਹੱਥ ਰੱਖ ਲੈਂਦਾ ਸੀ। ਪਿੰਡ ਰੱਪਾ ਦੀ ਇਕ ਵਿਧਵਾ ਜ਼ਨਾਨੀ ਸ਼ਾਦਾਂ ਨੇ ਪੁਲਸ ਦੇ ਇਕ ਸਿਪਾਹੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਕਹਿੰਦੇ ਨੇ, ਪੁਲਸ ਦਾ ਉਹ ਸਿਪਾਹੀ ਪਿੰਡ ਵਿਚ ਕਿਸੇ ਹੋਰ ਮਾਮਲੇ ਦੀ ਪੁੱਛ-ਪੜਤਾਲ ਲਈ ਆਇਆ ਸੀ ਤੇ ਰਾਤੀਂ ਰਹਿਣ ਲਈ ਉਸਨੇ ਸ਼ਾਦਾਂ ਦੇ ਘਰ ਜਾ ਡੇਰੇ ਲਾਏ ਸਨ। ਸੋਚਿਆ ਸੀ, ਰਾਤ ਚੰਗੀ ਲੰਘ ਜਾਏਗੀ ਤੇ ਅਗਲੇ ਦਿਨ ਪੁੱਛ-ਪੜਤਾਲ ਵੀ ਹੋ ਜਾਏਗੀ। ਨੰਬਰਦਾਰ ਨੇ ਠਾਣੇ ਦੇ ਉਸ ਸਿਪਾਹੀ ਨੂੰ ਬੜਾ ਰੋਕਿਆ ਕਿਉਂਕਿ ਉਸ ਸ਼ਾਦਾਂ ਦੇ ਸੁਭਾ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਤੇ ਇਕ ਵਾਰੀ ਆਪ ਵੀ ਸ਼ਾਦਾਂ ਦੇ ਹੱਥ ਦੇਖ ਚੁੱਕਿਆ ਸੀ। ਪਰ ਠਾਣੇ ਦਾ ਸਿਪਾਹੀ ਵੀ ਪੂਰਾ ਆਕੜਖਾਂ ਸੀ; ਬਿਲਕੁਲ ਨਹੀਂ ਮੰਨਿਆਂ। “ਅਜਿਹੀਆਂ ਬੜੀਆਂ ਤੀਵੀਂਆਂ ਦੇਖੀਆਂ ਨੇ ਰਜਬ ਅਲੀ ਨੇ...ਮੈਂ ਇਹਨਾਂ ਨੂੰ ਸਿਧਿਆਂ ਕਰਨ ਦੀ ਕਲਾ ਜਾਣਦਾ ਵਾਂ।” ਸਿਪਾਹੀ ਨੇ ਬੜੇ ਮਾਣ ਨਾਲ ਨੰਬਰਦਾਰ ਨੂੰ ਕਿਹਾ ਸੀ।
ਸ਼ਾਦਾਂ ਸਵਰਗੀ ਲਾਸਨਾਇਕ ਨਿਸਾਰ ਮੁਹੰਮਦ ਦੀ ਵਿਧਵਾ ਸੀ। ਦੋ ਸਾਲ ਪਹਿਲਾਂ ਉਸਦਾ ਪਤੀ ਮਹਾਂਯੁੱਧ ਵਿਚ ਮਾਰਿਆ ਗਿਆ ਸੀ। ਉਸਨੂੰ ਅੰਗਰੇਜ਼ੀ ਖਜਾਨੇ ਵਿਚੋਂ ਬਾਰਾਂ ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ। ਇਹ ਪੈਨਸ਼ਨ ਹਰ ਮਹੀਨੇ ਅੰਗਰੇਜ਼ੀ ਡਾਕਖਾਨੇ ਵਿਚੋਂ ਹੁੰਦੀ ਹੋਈ ਰਿਆਸਤ ਦੇ ਡਾਕਖਾਨੇ ਵਿਚ ਆ ਜਾਂਦੀ ਸੀ ਤੇ ਸ਼ਾਦਾਂ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਕਾਰਾਟ ਦੇ ਡਾਕਘਰ ਵਿਚ ਜਾ ਕੇ ਪੈਨਸ਼ਨ ਲੈ ਆਉਂਦੀ ਸੀ। ਇਸ ਬਾਰਾਂ ਰੁਪਏ ਪੈਨਸ਼ਨ ਤੋਂ ਬਿਨਾਂ ਉਸ ਕੋਲ ਆਪਣੇ ਸਵਰਗੀ ਪਤੀ ਦੀ ਜ਼ਮੀਨ ਵੀ ਸੀ ਤੇ ਉਸ ਜ਼ਮੀਨ ਦਾ ਹਿੱਸਾ ਵੰਡਾਉਣ ਵਾਲਾ ਨਿਸਾਰ ਮੁਹੰਮਦ ਦਾ ਕੋਈ ਅੱਗੇ-ਪਿੱਛੇ ਰਿਸ਼ਤੇਦਾਰ ਵੀ ਨਹੀਂ ਸੀ। ਇਸ ਲਈ ਸ਼ਾਦਾਂ ਆਪਣੇ ਇਲਾਕੇ ਦੀ ਅਜਿਹੀ ਵਿਧਵਾ ਸੀ ਜਿਸ ਨਾਲ ਵਿਆਹ ਕਰਨ ਦੇ ਵਿਚਾਰ ਨਾਲ ਹੀ ਕਈ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਪੈਂਦਾ ਸੀ। ਸ਼ਾਦਾਂ ਸੁੱਣਖੀ ਵੀ ਖਾਸੀ ਸੀ, ਪਰ ਅਜੇ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਸਦਾ। ਉਸਦੇ ਪਤੀ ਨੂੰ ਮੋਇਆਂ ਕੁੱਲ ਦੋ ਵਰ੍ਹੇ ਹੀ ਹੋਏ ਸਨ ਤੇ ਨਾਲੇ ਇਹ ਗੱਲ ਵੀ ਹੈ ਸੀ ਕਿ ਜੇ ਉਸਨੇ ਵਿਆਹ ਕਰਵਾ ਲਿਆ ਤਾਂ ਤੁਰੰਤ ਪੈਨਸ਼ਨ ਬੰਦ ਹੋ ਜਾਨੀਂ ਸੀ। ਉਸ ਸਸਤਾ ਜ਼ਮਾਨਾਂ ਸੀ ਤੇ ਉਸ ਜ਼ਮਾਨੇ ਦੇ ਬਾਰਾਂ ਰੁਪਈਏ ਅੱਜ ਦੇ ਸੌ ਡੇਢ ਸੌ ਰੁਪਈਆਂ ਦੇ ਬਰਾਬਰ ਹੁੰਦੇ ਸਨ।
ਰਜਬ ਅਲੀ ਸ਼ਾਦਾਂ ਦੇ ਸਬੰਧ ਵਿਚ ਕੁਝ ਵਧੇਰੇ ਨਹੀਂ ਸੀ ਜਾਣਦਾ। ਉਸਨੇ ਕਿਸੇ ਮਨਚਲੇ ਤੋਂ ਸਿਰਫ ਏਨਾਂ ਸੁਣ ਲਿਆ ਸੀ ਕਿ ਪਿੰਡ ਰੱਪਾ ਵਿਚ ਇਕ ਅਤਿ ਸੁੰਦਰ ਵਿਧਵਾ ਰਹਿੰਦੀ ਹੈ, ਜਿਸਦਾ ਨਾਂ ਸ਼ਾਦਾਂ ਹੈ। ਰਜਬ ਅਲੀ ਲਈ ਬਸ ਏਨਾਂ ਹੀ ਕਾਫੀ ਸੀ। ਜਦੋਂ ਉਹ ਰੱਪਾ ਪਿੰਡ ਵਿਚ ਪੁੱਛਗਿੱਛ ਦੇ ਸਬੰਧ ਵਿਚ, ਆਪਣੀ ਬੰਦੂਕ ਚੁੱਕ ਕੇ ਜਾਣ ਲਈ ਰਵਾਨਾਂ ਹੋਣ ਲੱਗਿਆ ਤਾਂ ਉਸਨੇ ਪੱਕੀ ਧਾਰ ਲਈ ਕਿ ਰਾਤ ਸ਼ਾਦਾਂ ਦੇ ਘਰ ਹੀ ਮਹਿਮਾਨ ਬਣ ਕੇ ਕੱਟੇਗਾ।
ਸ਼ਾਦਾਂ ਨੂੰ ਰਜਬ ਅਲੀ ਦੀ ਗੱਲਬਾਤ ਦਾ ਢੰਗ, ਉਸਦੇ ਤੌਰ-ਤਰੀਕੇ, ਉਸਦੀ ਹੈਂਕੜੀ ਬਿਲਕੁਲ ਹੀ ਪਸੰਦ ਨਹੀਂ ਸੀ ਆਈ। ਪਰ ਰਜਬ ਅਲੀ ਸਰਕਾਰੀ ਕਰਮਚਾਰੀ ਸੀ। ਇਸ ਲਈ ਉਸਦੀ ਪ੍ਰਾਹੁਣਾਚਾਰੀ ਦੇ ਸਬੰਧ ਵਿਚ ਜੋ ਕੁਝ ਵੀ ਉਸਤੋਂ ਸਰਿਆ, ਉਸਨੇ ਕਰ ਦਿੱਤਾ। ਉਸਨੇ ਆਪਣੇ ਸਵਰਗੀ ਪਤੀ ਦਾ ਬਿਸਤਰਾ ਕੱਢਿਆ ਤੇ ਘਰ ਦੇ ਸਭ ਨਾਲੋਂ ਚੰਗੇ ਮੰਜੇ ਉੱਤੇ ਵਿਛਾਅ ਦਿੱਤਾ। ਸਿਪਾਹੀ ਲਈ ਇਕ ਮੁਰਗੀ ਹਲਾਲ ਕੀਤੀ ਤੇ ਮੱਕੀ ਦੀਆਂ ਰੋਟੀਆਂ ਆਪ, ਆਪਣੇ ਹੱਥੀਂ ਬਣਾਈਆਂ। ਇਹਨਾਂ ਗੱਲਾਂ ਤੋਂ ਰਜਬ ਅਲੀ ਬੜਾ ਪ੍ਰਸੰਨ ਹੋਇਆ ਤੇ ਆਪਣੀਆਂ ਮੁੱਛਾਂ ਨੂੰ ਤਾਅ ਦੇਂਦਿਆਂ ਹੋਇਆਂ ਸ਼ਾਦਾਂ ਦੇ ਸੁਡੌਲ ਪਰ ਲਚਕਦਾਰ ਸਰੀਰ ਨੂੰ ਅਤਿ ਡੂੰਘੀਆਂ ਤੇ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖਦਾ ਰਿਹਾ।

ਦੂਜੇ ਦਿਨ ਸ਼ਾਦਾਂ ਦੇ ਘਰ ਮੂਹਰੇ ਰਜਬ ਅਲੀ ਦੀ ਲਾਸ਼ ਪਈ ਮਿਲੀ ਤੇ ਸ਼ਾਦਾਂ ਸਿਪਾਹੀ ਦੀ ਬੰਦੂਕ ਲੈ ਕੇ ਫਰਾਰ ਹੋ ਚੁੱਕੀ ਸੀ।
ਕੋਹਾਨੇ ਦਾ ਠਾਣੇਦਾਰ ਹਸ਼ਮਤ ਅਲੀ ਫੌਰਨ ਦੋ ਹਵਾਲਦਾਰ ਤੇ ਦੋ ਸਿਪਾਹੀ ਨਾਲ ਲੈ ਕੇ ਘਟਨਾ ਸਥਾਨ ਵੱਲ ਰਵਾਨਾ ਹੋ ਲਿਆ। ਪਿੰਡ ਰੱਪਾ ਕੋਹਾਨੇ ਤੋਂ ਦੱਖਣ ਵੱਲ ਪੰਦਰਾਂ ਕੁ ਮੀਲ ਦੀ ਦੂਰੀ ਉੱਤੇ ਸਥਿਤ ਸੀ। ਜੇਹਲਮ ਨਦੀ ਉਸਦੇ ਧਾਈਂ ਦੇ ਖੇਤਾਂ ਦੇ ਕੋਲ ਦੀ ਹੋ ਕੇ ਲੰਘਦੀ ਸੀ। ਇੱਥੇ ਆ ਕੇ ਜੇਹਲਮ ਦਾ ਪਾਟ ਬੜਾ ਚੌੜਾ ਹੋ ਜਾਂਦਾ ਸੀ ਤੇ ਇਸਨੂੰ ਪਾਰ ਕਰਕੇ ਅੰਗਰੇਜ਼ੀ ਇਲਾਕੇ ਵਿਚ ਜਾਣ ਲਈ ਇਕ ਬੇੜੀ ਵਿਚ ਜਾਣਾ ਪੈਂਦਾ ਸੀ। ਪਹਿਲਾਂ ਤਾਂ ਬੇੜੀ ਦੇ ਮਲਾਹ ਅੱਲਾਦਾਦ ਨੂੰ ਪੁੱਛ ਕੇ ਉਸਨੇ ਇਸ ਗੱਲ ਦੀ ਤੱੱਸਲੀ ਕਰ ਲਈ ਕਿ ਸ਼ਾਦਾਂ ਅੰਗਰੇਜ਼ੀ ਇਲਾਕੇ ਵੱਲ ਨਹੀਂ ਸੀ ਗਈ। ਇਸ ਜਗ੍ਹਾ ਤੋਂ ਬਿਨਾਂ ਕਿਸੇ ਹੋਰ ਜਗਾਹ ਨਦੀ ਦਾ ਪਾਟ ਐਨਾਂ ਚੌੜਾ ਨਹੀਂ ਸੀ ਜਿਸਨੂੰ ਪਾਰ ਕਰਨ ਲਈ ਬੇੜੀ ਪਾਈ ਗਈ ਹੋਵੇ ਤੇ ਨਦੀਆਂ ਦੀਆਂ ਲਹਿਰਾਂ ਵਿਚ ਏਨਾਂ ਉਛਾਲ ਹੁੰਦਾ ਸੀ ਕਿ ਉਸਨੂੰ ਤੈਰ ਕੇ ਪਾਰ ਕਰ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਫੇਰ ਵੀ ਸਾਵਧਾਨੀ ਵਜੋਂ ਹਸ਼ਮਤ ਅਲੀ ਨੇ ਇੱਥੋਂ ਇਕ ਹਵਾਲਦਾਰ ਤੇ ਇਕ ਸਿਪਾਹੀ ਨੂੰ ਅੰਗਰੇਜ਼ੀ ਇਲਾਕੇ ਵੱਲ ਪੁੱਛ-ਪੜਤਾਲ ਕਰਨ ਲਈ ਭੇਜ ਦਿੱਤਾ ਤੇ ਆਪ ਇਕ ਹਵਾਲਦਾਰ ਤੇ ਇਕ ਸਿਪਾਹੀ ਨਾਲ ਪਿੰਡ ਰੱਪਾ ਵੱਲ ਰਵਾਨਾ ਹੋ ਗਿਆ। ਰੱਪਾ ਪਿੰਡ ਉਪਰਲੀਆਂ ਘਾਟੀਆਂ ਵਿਚਾਲੇ ਵੱਸਿਆ ਹੋਇਆ ਸੀ। ਉਸ ਤੋਂ ਉਪਰ 11 ਹਜ਼ਾਰ ਫੁੱਟ ਉੱਚਾ ਕਾਲਾ ਸਰਾਏ ਦਾ ਪਹਾੜ ਸੀ, ਜਿਸ ਦੀਆਂ ਚੋਟੀਆਂ ਉੱਤੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਸੀ।
ਹਸ਼ਮਤ ਅਲੀ ਬੜਾ ਖੂੰਖਾਰ ਠਾਣੇਦਾਰ ਸੀ। ਡਾਕੂਆਂ ਤੇ ਫ਼ਰਾਰ ਹੋ ਜਾਣ ਵਾਲਿਆਂ ਨੂੰ ਫੜ੍ਹਨ ਵਿਚ ਉਸਦਾ ਮੁਕਾਬਲਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਉਹ ਧੁੰਦਲੀਆਂ ਤੋਂ ਧੁੰਦਲੀਆਂ ਪੈੜਾਂ ਦੇ ਨਿਸ਼ਾਨ ਪਛਾਣ ਲੈਣ ਵਿਚ ਮਾਹਰ ਸੀ। ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਸਨ ਕਿ ਫ਼ਰਾਰ ਦੇ ਸਰੀਰ ਦੀ ਬੂ ਨੂੰ ਅੱਧੇ ਮੀਲ ਦੀ ਦੂਰੀ ਤੋਂ ਹੀ ਕਿਸੇ ਕੁੱਤੇ ਵਾਂਗ ਸੁੰਘ ਲੈਂਦਾ ਸੀ ਉਹ। ਚਲੋ, ਇਹ ਤਾਂ ਹੋਊ ਅਤਿਕੱਥਨੀ...ਪਰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਸਦਾ ਵਧੇਰੇ ਸਮਾਂ ਡਾਕੂਆਂ ਨਾਲ ਮੁਕਾਬਲੇ ਕਰਨ ਤੇ ਫ਼ਰਾਰ ਲੋਕਾਂ ਨੂੰ ਫੜ੍ਹਨ ਵਿਚ ਹੀ ਬੀਤਿਆ ਸੀ। ਉਸਦੇ ਸਰੀਰ ਉੱਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਕਈ ਵਾਰੀ ਤਾਂ ਡਾਕੂ ਉਸਨੂੰ ਮੁਰਦਾ ਸਮਝ ਕੇ ਛੱਡ ਗਏ ਸਨ। ਪਰ ਉਸਦੇ ਸਰੀਰ ਵਿਚ ਗੈਂਡੇ ਦੇ ਸਰੀਰ ਵਾਂਗ ਗੋਲੀਆਂ ਦੇ ਜਖਮਾਂ ਨੂੰ ਭਰ ਦੇਣ ਦੀ ਯੋਗਤਾ ਸੀ। ਉਹ ਆਪਣੀ ਧੁਨ ਦਾ ਪੱਕਾ, ਹਠੀ ਤੇ ਈਮਾਨਦਾਰ ਸੀ। ਇਸ ਲਈ ਉਸਨੇ ਅੱਜ ਤੱਕ ਸ਼ਾਦੀ ਨਹੀਂ ਸੀ ਕੀਤੀ। ਕਹਿੰਦਾ ਸੀ, 'ਜੇ ਘਰ ਵਿਚ ਜ਼ਨਾਨੀ ਆ ਜਾਏ ਤੇ ਬੱਚੇ ਹੋ ਜਾਣ, ਤਾਂ ਠਾਣੇਦਾਰ ਦੇ ਦਿਲ ਵਿਚ ਆਪਣੇ ਆਪ ਬੇਈਮਾਨੀ ਆ ਜਾਂਦੀ ਏ। ਆਪਣੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਕਿਸ ਦਾ ਦਿਲ ਡਾਕੂਆਂ ਨਾਲ ਪੰਗਾ ਲੈਣ ਨੂੰ ਕਰੇਗਾ? ਹੁਸ਼...ਇਹ ਜ਼ਨਾਨੀਆਂ ਆਦਮੀ ਨੂੰ ਹਮੇਸ਼ਾ ਬੇਈਮਾਨੀ ਤੇ ਰਿਸ਼ਵਤਖੋਰੀ ਲਈ ਉਕਸਾਉਂਦੀਆਂ ਨੇ। ਮੂੰਹੋਂ ਕੁਝ ਨਹੀਂ ਕਹਿਣਗੀਆਂ, ਪਰ ਆਪਣੀਆਂ ਮੰਗਾਂ ਨਾਲ ਸਦਾ ਬੇਈਮਾਨੀ ਕਰਨ ਲਈ ਉਕਸਾਉਂਦੀਆਂ ਰਹਿਣਗੀਆਂ।' ਅਸਲ ਵਿਚ ਹਸ਼ਮਤ ਅਲੀ ਨੂੰ ਘਰੇਲੂ ਜੀਵਨ ਤੇ ਜ਼ਨਾਨੀਆਂ ਨਾਲ ਨਫਰਤ ਜਿਹੀ ਸੀ। ਉਸਨੂੰ ਖੁੱਲ੍ਹੀ ਡੁੱਲ੍ਹੀ ਹਵਾ, ਆਪਣੀ ਬੰਦੂਕ ਤੇ ਸੰਘਰਸ਼ ਦਾ ਜੀਵਨ ਪਸੰਦ ਸੀ।
ਰੰਪਾ ਪਿੰਡ ਵਿਚ ਆ ਕੇ ਉਸਨੇ ਪਹਿਲਾਂ ਸਾਰੇ ਪਿੰਡ ਨੂੰ ਨਰੜ ਲਿਆ। ਬਦਮਾਸ਼ਾਂ ਨੂੰ ਜੁੱਤੀਆਂ ਮਰਵਾਈਆਂ ਤੇ ਸ਼ਰੀਫ਼ਾਂ ਨੂੰ ਮੁਰਗਾ ਬਣਾਇਆ ਤੇ ਸਾਰਾ ਦਿਨ ਲੋਕਾਂ ਨੂੰ ਸਵਾਲ ਪੁੱਛਦਾ ਰਿਹਾ। ਸਾਰੇ ਦਿਨ ਦੀ ਤਹਕੀਕਾਤ ਤੋਂ ਉਸਨੂੰ ਏਨਾਂ ਤਾਂ ਪਤਾ ਲੱਗ ਗਿਆ ਕਿ ਸ਼ਾਦਾਂ ਦੇ ਬਿਨਾਂ ਕੋਈ ਹੋਰ ਆਦਮੀ ਇਸ ਕਤਲ ਵਿਚ ਸ਼ਾਮਲ ਨਹੀਂ ਸੀ ਤੇ ਨਾ ਹੀ ਸ਼ਾਦਾਂ ਦੇ ਫ਼ਰਾਰ ਹੋਣ ਵਿਚ ਉਹਨਾਂ ਕੋਈ ਸਹਾਇਤਾ ਕੀਤੀ ਸੀ। ਫੇਰ ਵੀ ਸਾਵਧਾਨੀ ਵਜੋਂ ਉਸਨੇ ਇਕ ਹਵਾਲਦਾਰ ਤੇ ਇਕ ਸਿਪਾਈ ਨੂੰ ਪਿੰਡ ਵਿਚ ਛੱਡ ਦਿੱਤਾ ਤੇ ਖ਼ੁਦਾ ਸ਼ਾਦਾਂ ਦੇ ਘਰ ਤੋਂ ਘਾਟੀ ਵੱਲ ਤੁਰ ਪਿਆ, ਜਿੱਥੇ ਉਸਨੂੰ ਪੈਰਾਂ ਦੇ ਮੱਧਮ ਜਿਹੇ ਨਿਸ਼ਾਨ ਮਿਲੇ ਸਨ।
ਰਾਤ ਨੂੰ ਉਹ ਉਪਰ ਚੀਲ ਦੇ ਜੰਗਲ ਵਿਚ ਇਕ ਲੱਕੜਹਾਰੇ ਕਿਸਾਨ ਦੇ ਘਰ ਰਿਹਾ। ਘੰਟਿਆਂ ਦੀ ਗੱਲਬਾਤ ਪਿੱਛੋਂ ਉਸਨੂੰ ਪਤਾ ਲੱਗਿਆ ਕਿ ਸ਼ਾਦਾਂ ਇੱਥੇ ਨਹੀਂ ਆਈ, ਪਰ ਕਿਸਾਨ ਨੇ ਸ਼ਾਮ ਢਲ੍ਹਦਿਆਂ ਹੀ ਘਾਟੀ ਦੇ ਦੂਜੇ ਪਾਸੇ ਰਾਈਫਲ ਚੱਲਣ ਦੀ ਆਵਾਜ਼ ਸੁੱਣੀ ਸੀ। ਇਸ ਲਈ ਰਾਤ ਨੂੰ ਉਹ ਉਸ ਕਿਸਾਨ ਦੇ ਘਰ ਹੀ ਰਹਿ ਪਿਆ। ਸਵੇਰੇ ਪਹੁ-ਫੁਟਾਲੇ ਦੇ ਨਾਲ ਹੀ ਘਾਟੀ ਦੇ ਦੂਜੇ ਪਾਸੇ ਜਾਣ ਲਈ ਰਵਾਨਾ ਹੋ ਗਿਆ, ਜਿੱਥੇ ਕਾਊ ਤੇ ਚੀਲ ਦੇ ਸੰਘਣੇ ਜੰਗਲ ਵਿਚਕਾਰ ਲਾਲ ਕੱਸੀ ਵਗਦੀ ਹੈ ਤੇ ਜਿਸਦੇ ਉਸ ਪਾਰ ਕਾਲਾ ਸਰਾਏ ਦਾ ਉੱਚਾ ਪਹਾੜ ਸੀ।
ਜੰਗਲ ਜੰਗਲ ਉਤਰਦਾ ਹੋਇਆ ਅਖ਼ੀਰ ਉਹ ਲਾਲ ਕੱਸੀ ਤਕ ਪਹੁੰਚ ਗਿਆ, ਜਿਸਦਾ ਪਾਣੀ ਉਤਰੀ ਪਹਾੜ ਦੀ ਲਾਲ ਮਿੱਟੀ ਵਹਾਅ ਲਿਆਉਣ ਕਰਕੇ ਹਮੇਸ਼ਾ ਲਾਲ ਰਹਿੰਦਾ ਸੀ। ਹਸ਼ਮਤ ਖਾਸੀ ਦੇਰ ਤਕ ਇਸ ਕੱਸੀ ਦੁਆਲੇ ਘੁੰਮਦਾ ਰਿਹਾ। ਅਖ਼ੀਰ ਉਸਨੂੰ ਇਕ ਜਗ੍ਹਾ ਪੈਰਾਂ ਦੇ ਨਿਸ਼ਾਨ ਮਿਲ ਹੀ ਗਏ ਤੇ ਉਹ ਨਿਸ਼ਾਨ ਹੂ-ਬ-ਹੂ ਉਹਨਾਂ ਨਿਸ਼ਾਨਾਂ ਨਾਲ ਮਿਲਦੇ ਸਨ ਜਿਹੜੇ ਸ਼ਾਦਾਂ ਦੇ ਘਰ ਤੋਂ ਘਾਟੀ ਵੱਲ ਆਉਂਦਿਆਂ ਉਸਨੇ ਦੇਖੇ ਸਨ। ਹਸ਼ਮਤ ਅਲੀ ਉਹ ਨਿਸ਼ਾਨ ਵੇਖ ਕੇ ਬੜਾ ਖੁਸ਼ ਹੋਇਆ ਤੇ ਰਾਈਫਲ ਮੋਢ ਉੱਤੇ ਠੀਕ ਕਰਦਾ ਹੋਇਆ ਲਾਲ ਕੱਸੀ ਪਾਰ ਗਿਆ।
ਘਾਟੀ ਘਾਟੀ ਚੜ੍ਹਦਾ ਹੋਇਆ ਉਹ ਉਪਰ ਸਿਲਵਰ ਫਰ ਦੇ ਜੰਗਲ ਵਿਚ ਪਹੁੰਚ ਗਿਆ। ਸਿਲਵਰ ਫਰ ਦੇ ਮਜ਼ਬੂਤ ਤਣੇ ਸੰਤਰੀਆਂ ਵਾਂਗ ਖੜ੍ਹੇ ਸਨ ਤੇ ਉਹਨਾਂ ਉੱਤੇ ਹਰੇਵਾਈ ਦੇ ਇਲਾਵਾ ਜੰਗਲੀ ਵੇਲਾਂ ਚੜ੍ਹੀਆਂ ਹੋਈਆਂ ਸਨ। ਇੱਥੇ ਸੂਰਜ ਦੀ ਰੌਸ਼ਨੀ ਦੂਰੋਂ ਉਪਰੋਂ ਛਣ ਕੇ ਹਰੀ ਭਾਅ ਦੀ ਮੱਸ ਲਈ ਪਹੁੰਚਦੀ ਸੀ। ਜੰਗਲ ਵਿਚ ਚਾਰੇ ਪਾਸੇ ਏਨੀ ਗੂੜ੍ਹੀ ਚੁੱਪ ਵਾਪਰੀ ਹੋਈ ਸੀ ਕਿ ਉਹ ਆਪਣੇ ਦੱਬਵੇਂ ਪੈਰਾਂ ਦੀ ਚਾਪ ਤਕ ਸੁਣ ਸਕਦਾ ਸੀ। ਦੇਰ ਤਕ ਉਹ ਇਹਨਾਂ ਜੰਗਲਾਂ ਵਿਚ ਘੁੰਮਦਾ ਰਿਹਾ। ਅਖ਼ੀਰ ਉਸਨੂੰ ਇਕ ਕੰਡੇਦਾਰ ਝਾੜੀ ਵਿਚ ਫੁਲਦਾਰ ਲਾਲ ਸੂਸੀ ਦਾ ਇਕ ਛੋਟਾ ਜਿਹਾ ਟੁਕੜਾ ਮਿਲ ਗਿਆ, ਜਿਹੜਾ ਹੋ ਸਕਦਾ ਏ ਸ਼ਾਦਾਂ ਦੀ ਮੁਗਲਈ ਸ਼ਲਵਾਰੇ ਦੇ ਕੰਡੇਦਾਰ ਝਾੜੀਆਂ ਵਿਚ ਉਲਝ ਜਾਣ ਕਾਰਕੇ ਉੱਥੇ ਹੀ ਫਸਿਆ ਰਹਿ ਗਿਆ ਹੋਏ। ਹਸ਼ਮਤ ਅਲੀ ਖਾਨ ਬੜਾ ਖੁਸ਼ ਹੋਇਆ। ਬੜੀ ਦੇਰ ਤਕ ਬੜੇ ਗਹੁ ਨਾਲ ਉਹ ਇਸ ਸੂਸੀ ਦੇ ਟੁਕੜੇ ਨੂੰ ਦੇਖਦਾ ਰਿਹਾ, ਫੇਰ ਅੱਗੇ ਵਧ ਗਿਆ। ਜੰਗਲ ਵਿਚ ਅੱਗੇ ਜਾ ਕੇ ਉਸਨੂੰ ਚਟਾਨ ਵਿਚਕਾਰ ਕੁਝ ਅੱਧ ਮੱਚੀਆਂ ਲੱਕੜਾਂ ਤੇ ਸਵਾਹ ਨਜ਼ਰ ਆਈ। ਹਸ਼ਮਤ ਅਲੀ ਦਾ ਦਿਲ ਖੁਸ਼ੀ ਵੱਸ ਬੁੜ੍ਹਕਣ ਲੱਗਿਆ। ਉਸਨੇ ਚਾਰੇ ਪਾਸੇ ਬੜੇ ਗੌਰ ਨਾਲ ਦੇਖਿਆ। ਲੱਗਦਾ ਸੀ, ਸ਼ਾਦਾਂ ਨੇ ਰਾਤ ਇੱਥੇ ਹੀ ਕੱਟੀ ਸੀ। ਹੁਣ ਉਹ ਇੱਥੋਂ ਕਿਸ ਪਾਸੇ ਗਈ ਹੋਵੇਗੀ...?
ਬੜੀ ਸੋਚ ਵਿਚਾਰ ਕਰਨ ਪਿੱਛੋਂ ਉਹ ਉਤਰ ਵੱਲ ਜਾਂਦੇ ਇਕ ਰਸਤੇ ਉੱਤੇ ਤੁਰ ਪਿਆ। ਇਹ ਰਾਸਤਾ ਬੜਾ ਔਖਾ ਸੀ ਤੇ ਨੰਗੀਆਂ ਚਟਾਨਾਂ ਉੱਤੋਂ ਦੀ ਹੁੰਦਾ ਹੋਇਆ ਕਾਲਾ ਸਰਾਏ ਦੀ ਘਾਟੀ ਵੱਲ ਜਾਂਦਾ ਸੀ, ਜਿੱਥੇ ਗਰਮੀਆਂ ਵਿਚ ਹਰੀ ਤੇ ਤਾਜ਼ਾ ਘਾਹ ਦੇ ਵੱਡੇ-ਵੱਡੇ ਚਰਾਂਦ ਮਿਲਦੇ ਸਨ। ਜਿੱਥੇ ਚਰਵਾਹੇ ਦੂਰੋਂ ਦੂਰੋਂ ਆਪਣੀਆਂ ਭੇਡਾਂ ਚਰਾਉਣ ਲਈ ਲੈ ਆਉਂਦੇ ਸਨ ਤੇ ਜਿਹੜੀ ਏਹਨੀ ਦਿਨੀਂ ਬਰਫ ਨਾਲ ਢਕੀ ਰਹਿੰਦੀ ਹੈ। ਇਹਨਾਂ ਘਾਟੀਆਂ ਤੋਂ ਉਪਰ ਕਾਲਾ ਸਰਾਏ ਦੀਆਂ ਪਥਰੀਲੀਆਂ ਤੇ ਬਰਫ਼ੀਲੀਆਂ ਚੋਟੀਆਂ ਸਨ, ਜਿਹੜੀਆਂ ਗੂੜ੍ਹੇ ਬੱਦਲਾਂ ਨਾਲ ਢਕੀਆਂ ਰਹਿੰਦੀਆਂ ਸਨ।
ਸਰਦੀ ਵਧਦੀ ਜਾ ਰਹੀ ਸੀ। ਉਪਰੀਆਂ ਚੋਟੀਆਂ ਤੋਂ ਤਿਲ੍ਹਕ ਕੇ ਧੁੰਦ ਹੇਠਾਂ ਵੱਲ ਜਾ ਰਹੀ ਸੀ। ਇਸ ਅੱਧ-ਪਾਰਦਰਸ਼ੀ ਧੁੰਦ ਵਿਚ ਕਾਲਾ ਸਰਾਏ ਦੀਆਂ ਛਿੱਲੀਆਂ-ਭੁਰੀਆਂ ਚੋਟੀਆਂ ਕਿਸੇ ਪਹਾੜੀ ਕਿਲੇ ਦੇ ਕੀਂਗਰਿਆਂ ਵਰਗੀਆਂ ਨਜ਼ਰ ਆ ਰਹੀਆਂ ਸਨ। ਹੌਲੀ ਹੋਲੀ ਜਿਉਂ ਜਿਉਂ ਉਹ ਉਪਰ ਚੜ੍ਹਦਾ ਗਿਆ, ਧੁੰਦ ਸੰਘਣੀ ਹੁੰਦੀ ਗਈ ਤੇ ਸਰਦੀ ਵੀ ਵਧਦੀ ਗਈ। ਹਸ਼ਮਤ ਨੇ ਮਹਿਸੂਸ ਕੀਤਾ ਕਿ ਉਸਨੂੰ ਆਪਣਾ ਓਵਰ ਕੋਟ ਵੀ ਨਾਲ ਲਿਆਉਣਾ ਚਾਹੀਦਾ ਸੀ। ਪਰ ਉਸਨੂੰ ਕੀ ਪਤਾ ਸੀ ਕਿ ਇਸ ਭਗੌੜੀ ਦੀ ਭਾਲ ਵਿਚ ਏਨੀ ਉਚਾਈ ਤਕ ਆਉਣਾ ਪਏਗਾ। ਪਤਾ ਹੁੰਦਾ ਤਾਂ ਇਸ ਹਿਸਾਬ ਨਾਲ ਤਿਆਰ ਹੋ ਕੇ ਆਉਂਦਾ। ਘੱਟੋਘੱਟ ਇਕ ਸਿਪਾਹੀ, ਖਾਣ ਪੀਣ ਤੇ ਹੋਰ ਜ਼ਰੂਰੀ ਸਾਮਾਨ ਨਾਲ ਲੱਦਿਆ ਉਸਦੇ ਨਾਲ ਹੁੰਦਾ। ਪਰ ਉਸਨੇ ਹਵਾਲਦਾਰ ਤੇ ਸਿਪਾਹੀ ਦੋਵਾਂ ਨੂੰ ਹੀ ਹੇਠਾਂ ਛੱਡ ਦਿੱਤਾ ਸੀ ਜੋ ਉਸਦੀ ਮੂਰਖਤਾ ਹੀ ਸੀ।
ਧੁੰਦ ਗੂੜ੍ਹੀ ਹੁੰਦੀ ਗਈ, ਉਸਦੇ ਪੈਰ ਬਰਫ਼ ਉੱਤੇ ਪੈਣ ਲੱਗੇ। ਫੇਰ ਨਿੱਕੀ-ਨਿੱਕੀ ਕਣੀ ਦਾ ਬੇਆਵਾਜ਼ ਮੀਂਹ ਸ਼ੁਰੂ ਹੋ ਗਿਆ। ਕਿਤੇ ਕਿਤੇ ਉਸਦੇ ਪੈਰ ਬਰਫ਼ ਵਿਚ ਧਸ ਜਾਂਦੇ ਸਨ। ਉਸਦੇ ਚਾਰੇ ਪਾਸੇ ਧੁੰਦ ਦੀ ਚਾਦਰ ਏਨੀ ਮੋਟੀ ਹੋ ਚੱਲੀ ਸੀ ਕਿ ਤਿੰਨ ਗਜ ਤੋਂ ਅੱਗੇ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ। ਉਹ ਸਿਰਫ ਦਿਸ਼ਾ ਨੂੰ ਧਿਆਨ ਵਿਚ ਰੱਖ ਕੇ ਤੁਰ ਰਿਹਾ ਸੀ। ਪਰ ਧੁੰਦ ਦੀ ਲਪੇਟ ਵਿਚ ਆ ਕੇ ਹੁਣ ਉਸਨੂੰ ਇਹ ਵਿਸ਼ਵਾਸ ਵੀ ਨਹੀਂ ਸੀ ਰਿਹਾ ਕਿ ਉਹ ਠੀਕ ਦਿਸ਼ਾ ਵਿਚ ਜਾ ਰਿਹਾ ਹੈ ਜਾਂ ਗ਼ਲਤ ਦਿਸ਼ਾ ਵੱਲ ਵਧ ਰਿਹਾ ਹੈ।
ਅਚਾਨਕ ਇਕ ਚਟਾਨ ਤੋਂ ਉਸਦਾ ਪੈਰ ਤਿਲ੍ਹਕਿਆ ਤੇ ਉਸਨੇ ਸੰਭਲਣ ਲਈ ਆਪਣੇ ਪਿਛਲੇ ਕਦਮ ਵਿਚ ਅਗਲੇ ਕਦਮ ਨੂੰ ਮਿਲਾ ਦਿੱਤਾ, ਤੇ ਐਨ ਉਸੇ ਸਮੇਂ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਦੋਵੇਂ ਪੈਰ ਹਵਾ ਵਿਚ ਲਟਕੇ ਹੋਏ ਨੇ ਤੇ ਉਹ ਹੇਠਾਂ ਵੱਲ ਡਿਗਿਆ ਜਾ ਰਿਹਾ ਹੈ। ਉਸਨੇ ਦੋਵੇਂ ਪਾਸੇ ਚਟਾਨਾਂ ਨੂੰ ਫੜ੍ਹਨ ਲਈ ਹੱਥ ਪੈਰ ਮਾਰੇ ਪਰ ਕਿਤੇ ਹੱਥ ਨਾ ਪਿਆ। ਉਹ ਪੰਜਾਹ ਫੁੱਟ ਡੂੰਘੀ ਇਕ ਖੱਡ ਵਿਚ ਜਾ ਡਿੱਗਿਆ। ਚੰਗੇ ਭਾਗਾਂ ਨੂੰ ਖੱਡ ਵਿਚ ਬਰਫ਼ ਸੀ, ਨਹੀਂ ਤਾਂ ਉਸਦੀ ਹੱਡੀ-ਪਸਲੀ ਟੁੱਟ ਜਾਂਦੀ। ਫੇਰ ਵੀ ਉਸਨੂੰ ਕਈ ਜਗ੍ਹਾ ਝਰੀਟਾਂ-ਰਗੜਾਂ ਲੱਗੀਆਂ ਤੇ ਸੱਜੇ ਪੈਰ ਦੀ ਅੱਡੀ ਬਰਫ ਵਿਚੋਂ ਉਭਰੀ ਹੋਈ ਇਕ ਚਟਾਨ ਨਾਲ ਟਕਰਾ ਕੇ ਕੱਟੀ ਗਈ ਤੇ ਉੱਥੋਂ ਖ਼ੂਨ ਵਗਣ ਲੱਗ ਪਿਆ। ਉਸਨੇ ਖੜ੍ਹਾ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੁੜ ਖੱਡ ਵਿਚ ਡਿੱਗ ਪਿਆ।
ਉਹ ਦੇਰ ਤਕ ਉਸ ਖੱਡ ਵਿਚ ਪਿਆ ਹੌਂਕਦਾ ਰਿਹਾ। ਹੁਣ ਮੀਂਹ ਬੰਦ ਹੋ ਚੁੱਕਿਆ ਸੀ ਤੇ ਬਰਫ਼ ਪੈਣ ਲੱਗ ਪਈ ਸੀ। ਸਰਦੀ ਨਾਲ ਉਸਦਾ ਸਾਰਾ ਸਰੀਰ ਸੁੰਨ ਹੁੰਦਾ ਜਾ ਰਿਹਾ ਸੀ। ਕਿਸਮਤ ਨਾਲ ਉਸਦੇ ਦੋਵੇਂ ਹੱਥ ਸਲਾਮਤ ਸਨ। ਉਹ ਆਪਣੇ ਦੋਵਾਂ ਹੱਥਾਂ ਨੂੰ ਪੂਰੇ ਜ਼ੋਰ ਨਾਲ ਇਕ ਦੂਜੇ ਨਾਲ ਮੇਲ ਕੇ ਘਿਸਟਦਾ ਹੋਇਆ ਚਟਾਨਾਂ ਦੀ ਥਹੁ ਲੈਂਦਾ, ਖੱਡ ਦੀ ਦੂਜੀ ਕੰਧ ਉਪਰ ਚੜ੍ਹਨ ਲੱਗਾ। ਵਿਚਕਾਰ ਦੇਵਦਾਰ ਦਾ ਇਕ ਛੋਟਾ ਜਿਹਾ ਰੁੱਖ ਬਰਫ਼ ਵਿਚੋਂ ਬਾਹਰ ਨਿਕਲਿਆ ਹੋਇਆ ਦਿਖਾਈ ਦਿੱਤਾ। ਉਸਦੇ ਤਣੇ ਨੂੰ ਫੜ੍ਹ ਕੇ ਕੁਝ ਮਿੰਟਾਂ ਤਕ ਹਸ਼ਮਤ ਨੇ ਸਾਹ ਲਿਆ। ਫੇਰ ਘਿਸਟਦਾ ਰਿੜ੍ਹਦਾ ਕਿਵੇ ਨਾ ਕਿਵੇਂ ਖੱਡ ਦੇ ਦੂਜੇ ਪਾਸੇ ਚੜ੍ਹ ਗਿਆ।
ਖੱਡ ਦੇ ਦੂਜੇ ਪਾਸੇ ਕਾਲਾ ਸਰਾਏ ਪਹਾੜ ਦੀ ਬਰਫ਼ੀਲੀ ਢਲਵਾਨ ਸੀ ਤੇ ਕਿਤੇ ਕਿਤੇ ਤੁੰਗ ਦੇ ਟਾਵੇਂ ਟਾਵੇ ਰੁੱਖ ਧੁੰਦ ਵਿਚ ਲਿਪਟੇ ਕਾਲੇ ਪਰਛਾਵਿਆਂ ਵਾਂਗ ਨਜ਼ਰ ਆ ਰਹੇ ਸਨ। ਬਰਫ਼ ਹੁਣ ਬੜੀ ਤੇਜ਼ੀ ਨਾਲ ਡਿੱਗ ਰਹੀ ਸੀ। ਉਸਦੇ ਮੌਰਾਂ ਉੱਤੇ ਜੰਮਦੀ ਜਾ ਰਹੀ ਸੀ ਤੇ ਉਸਦੀਆਂ ਪਲਕਾਂ ਤੋਂ ਡਿੱਗ ਕੇ ਗੱਲ੍ਹਾਂ 'ਤੇ ਪਿਘਲਦੀ ਜਾ ਰਹੀ ਸੀ ਤੇ ਉਸਦੀਆਂ ਗੱਲ੍ਹਾਂ ਇਸ ਤਰ੍ਹਾਂ ਗਿੱਲੀਆਂ ਹੋ ਗਈਆਂ ਸਨ ਜਿਵੇਂ ਉਹ ਘੰਟਿਆਂ ਤੋਂ ਰੋ ਰਿਹਾ ਹੋਵੇ।
ਅੱਡੀ ਵਿਚੋਂ ਲਹੂ ਵਗ ਰਿਹਾ ਸੀ ਤੇ ਲਗਾਤਾਰ ਲਹੂ ਨਿਕਲਣ ਕਰਕੇ ਉਹ ਬੜੀ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਸਰਦੀ ਵੱਧ ਹੋਣ ਕਰਕੇ ਉਸਦਾ ਸਾਰਾ ਸਰੀਰ ਠੰਡਾ ਤੇ ਨਿਰਜਿੰਦ ਜਿਹਾ ਹੁੰਦਾ ਜਾ ਰਿਹਾ ਸੀ। ਉਸਦੀਆਂ ਅੱਖਾਂ ਇਕ ਅਸੁਭਾਵਿਕ ਨੀਂਦ ਕਾਰਨ ਬੰਦ ਹੁੰਦੀਆਂ ਜਾ ਰਹੀਆਂ ਸਨ। ਪਰ ਇਸ ਹਾਲਤ ਵਿਚ ਵੀ ਉਸਨੇ ਆਪਣੀ ਰਾਈਫਲ ਨੂੰ ਨਹੀਂ ਸੀ ਛੱਡਿਆ। ਕਦੀ ਡਿੱਗਦਾ, ਕਦੀ ਉਠਦਾ, ਕਦੀ ਗੋਡਿਆਂ ਭਾਰ ਰਿੜ੍ਹਦਾ, ਉਹ ਇਕ ਰੌਸ਼ਨੀ ਕੋਲ ਪਹੁੰਚ ਗਿਆ, ਜਿਹੜੀ ਇਸ ਤੇਜ਼ ਤੂਫ਼ਾਨ ਤੇ ਧੁੰਦ ਵਿਚ ਚਮਕਦੀ ਨਜ਼ਰ ਆ ਰਹੀ ਸੀ।
ਆਖ਼ਰੀ ਫ਼ਾਸਲਾ ਉਸਨੇ ਗੋਡਿਆਂ ਭਾਰ ਰਿੜ੍ਹ ਕੇ ਤੈਅ ਕੀਤਾ ਸੀ। ਇਹ ਲੱਕੜੀ ਦੇ ਬਣੇ ਹੋਏ ਇਕ ਕੈਬਿਨ ਦੇ ਆਕਾਰ ਦਾ ਘਰ ਸੀ, ਜਿਸਦੀ ਛੱਤ 'ਚੋਂ ਧੂੰਆਂ ਨਿਕਲ ਰਿਹਾ ਸੀ, ਤੇ ਲੱਕੜ ਦੇ ਜੋੜੇ ਹੋਏ ਫੱਟਾਂ ਦੀਆਂ ਝੀਥਾਂ ਵਿਚੋਂ ਛਣ ਕੇ ਚਾਨਣ ਬਾਹਰ ਆ ਰਿਹਾ ਸੀ।
ਹਸ਼ਮਤ ਅਲੀ ਦਹਿਲੀਜ਼ ਉੱਤੇ ਆ ਡਿੱਗਿਆ। ਉਸਨੇ ਰਾਈਫਲ ਦੇ ਕੁੰਦੇ ਨਾਲ ਦਰਵਾਜ਼ਾ ਖੜਕਾਇਆ।
ਦਰਵਾਜ਼ਾ ਹੌਲੀ ਜਿਹੀ ਖੁੱਲ੍ਹਿਆ ਤੇ ਉਸ ਵਿਚੋਂ ਇਕ ਔਰਤ ਦਾ ਚਿਹਰਾ ਨਜ਼ਰ ਆਇਆ, ਜਿਸਦੇ ਹੱਥ ਵਿਚ ਰਾਈਫਲ ਸੀ।
ਸ਼ਾਦਾਂ ਨੇ ਸਭ ਤੋਂ ਪਹਿਲਾਂ ਹਸ਼ਮਤ ਅਲੀ ਦੀ ਰਾਈਫਲ ਨੂੰ ਆਪਣੇ ਕਬਜੇ ਵਿਚ ਕੀਤਾ। ਫੇਰ ਉਹ ਉਸਨੂੰ ਦਹਿਲੀਜ਼ ਤੋਂ ਘਸੀਟ ਕੇ ਅੰਦਰ ਲੈ ਆਈ ਤੇ ਮੰਜੀ ਉੱਤੇ ਲਿਟਾਅ ਦਿੱਤਾ। ਉਹ ਮੰਜੀ ਉੱਤੇ ਡਿੱਗਦਾ ਹੀ ਬੇਹੋਸ਼ ਹੋ ਗਿਆ ਸੀ। ਅੰਤਮ ਛਿਣਾ ਵਿਚ ਉਸਨੂੰ ਸਿਰਫ ਏਨਾ ਯਾਦ ਸੀ ਕਿ ਇਕ ਲੰਮੇ ਕੱਦ-ਬੁੱਤ ਦੀ ਮੋਹਣੀ ਔਰਤ ਉਸ ਉੱਤੇ ਝੁਕੀ ਹੋਈ ਹੈ ਤੇ ਉਸਦੀਆਂ ਸੋਚਾਂ ਵਿਚ ਡੁੱਬੀਆਂ ਅੱਖਾਂ ਦੀਆਂ ਸੰਘਣੀਆਂ ਪਲਕਾਂ ਇਕ ਕਤਾਰ ਵਿਚ ਫੱਬੀਆਂ ਹੋਈਆਂ ਹੈਨ।

ਜਦੋਂ ਉਹ ਹੋਸ਼ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਉਹ ਮੰਜੀ ਉੱਤੇ ਰੱਸੀਆਂ ਨਾਲ ਵੱਝਿਆ ਪਿਆ ਹੈ। ਉਸਦੇ ਪੈਰ 'ਤੇ ਕਿਸੇ ਨੇ ਪੱਟੀ ਬੰਨ੍ਹ ਦਿੱਤੀ ਹੈ ਤੇ ਸ਼ਾਦਾਂ ਉਸਦੇ ਸਿਰਹਾਣੇ ਸੂਪ ਦਾ ਪਿਆਲਾ ਲਈ ਖੜ੍ਹੀ ਹੈ।
ਲਗਾਤਾਰ ਸੱਤ ਦਿਨ ਬਰਫ਼ ਤੇ ਬਰਸਾਤ ਦਾ ਤੂਫ਼ਾਨ ਉਸ ਕੈਬਿਨ ਦੁਆਲੇ ਸ਼ੂਕਦਾ, ਕੜਕਦਾ ਰਿਹਾ। ਸ਼ਾਦਾਂ ਲਗਾਤਾਰ ਉਸਦੀ ਸੇਵਾ-ਟਹਿਲ ਕਰਦੀ ਰਹੀ। ਉਸਦੀ ਅੱਡੀ ਦਾ ਜ਼ਖ਼ਮ ਠੀਕ ਹੋ ਗਿਆ। ਤੇ ਹੋਰ ਸੱਟਾਂ ਵੀ ਠੀਕ ਹੁੰਦੀਆਂ ਗਈਆਂ। ਪਰ ਸ਼ਾਦਾਂ ਉਸਦੀ ਨਿਗਰਾਨੀ ਬੜੀ ਸੁਚੇਤ ਹੋ ਕੇ ਰੱਖਦੀ ਸੀ। ਉਸਨੇ ਹਸ਼ਮਤ ਅਲੀ ਦੀ ਰਾਈਫਲ ਬਰਫ਼ ਵਿਚ ਕਿਧਰੇ ਨੱਪ ਦਿੱਤੀ ਸੀ ਤੇ ਆਪਣੀ ਰਾਈਫਲ ਹਰ ਵੇਲੇ ਆਪਣੇ ਹੱਥ ਵਿਚ ਰੱਖਦੀ ਸੀ। ਕੁਝ ਘੰਟਿਆਂ ਲਈ ਜਦੋਂ ਉਹ ਹੇਠਾਂ ਜੰਗਲ ਵਿਚ ਜਾਂਦੀ ਤੇ ਜੰਗਲੀ ਜਾਨਵਰ ਮਾਰ ਲਿਆਉਂਦੀ। ਉਦੋਂ ਉਹ ਹਸ਼ਮਤ ਅਲੀ ਨੂੰ ਰੱਸੀਆਂ ਵਿਚ ਜਕੜ ਦੇਂਦੀ ਤੇ ਹਰ ਪੱਖੋਂ ਨਿਸ਼ਚਿੰਤ ਹੋ ਕੇ ਦਰਵਾਜ਼ਾ ਬਾਹਰੋਂ ਬੰਦ ਕਰਕੇ ਜਾਂਦੀ ਸੀ।
“ਇਹ ਸਾਰੀਆਂ ਸਾਵਧਾਨੀਆਂ ਵਿਅਰਥ ਨੇ।” ਹਸ਼ਮਤ ਅਲੀ ਉਸਨੂੰ ਸਮਝਾਉਂਦਾ, “ਇਕ ਦਿਨ ਤੂੰ ਜ਼ਰੂਰ ਫੜੀ ਜਾਏਂਗੀ।”
“ਮੇਰੇ ਜਿਊਂਦੇ-ਜੀ ਤਾਂ ਮੈਨੂੰ ਕੋਈ ਫੜ ਨਹੀਂ ਸਕਦਾ।” ਸ਼ਾਦਾਂ ਜਵਾਬ ਦੇਂਦੀ।
“ਜੇ ਫਰਾਰ ਰਹੇਂਗੀ ਤਾਂ ਫਾਂਸੀ ਹੋਏਗੀ।” ਹਸ਼ਮਤ ਅਲੀ ਨੇ ਕਿਹਾ, “ਪਰ ਜੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਏਂਗੀ ਤਾਂ ਸਿਰਫ ਕਾਲੇ ਪਾਣੀ ਜਾਏਂਗੀ ਆਖ਼ਰ ਰਜਬ ਅਲੀ ਨੇ ਤੇਰੀ ਇੱਜ਼ਤ ਲਈ ਸੀ। ਜੇ ਤੂੰ ਆਪਣੇ ਸਤੀਤੱਵ ਬਦਲੇ ਉਸਦੀ ਜਾਨ ਲਈ ਏ ਤਾਂ ਕੋਰਟ ਸਜ਼ਾ ਦੇਣ ਵੇਲੇ ਇਹ ਗੱਲ ਵੀ ਧਿਆਨ ਵਿਚ ਰੱਖੇਗੀ...”
“ਮੈਂ ਕਾਲੇ ਪਾਣੀ ਨਹੀਂ ਜਾਣਾ ਚਾਹੁੰਦੀ, ਮੈਂ ਜੇਲ ਵੀ ਨਹੀਂ ਜਾਣਾ ਚਾਹੁੰਦੀ, ਮੈਂ ਆਜ਼ਾਦ ਰਹਿਣਾ ਚਾਹੁੰਦੀ ਆਂ।”
ਹਸ਼ਮਤ ਅਲੀ ਨੇ ਉਸ ਲੰਮੇ ਕੱਦ-ਬੁੱਤ ਤੇ ਤਿੱਖੇ ਨਕਸ਼ਿਆਂ ਵਾਲੀ ਸ਼ਾਦਾਂ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖਿਆ। ਉਸਦੇ ਸਾਰੇ ਸਰੀਰ ਨੂੰ ਇਕ ਭਰਪੂਰ ਧੁੜਧੁੜੀ ਜਿਹੀ ਆਈ। ਉਸਨੇ ਕਾਹਲ ਨਾਲ ਆਪਦਾ ਮੂੰਹ ਫੇਰ ਲਿਆ। ਇਹ ਕੈਸੀ ਕਮਜ਼ੋਰੀ ਸੀ? ਸ਼ਾਦਾਂ ਜਦੋਂ ਉਸਦੇ ਨੇੜੇ ਆਉਂਦੀ ਸੀ ਉਸਦੇ ਸਰੀਰ ਵਿਚੋਂ ਕੇਹੀ ਕੋਸੀ, ਨਿੱਘੀ ਸੁਗੰਧ ਆਉਂਦੀ ਹੁੰਦੀ ਸੀ। ਉਹ ਸੁੰਗਧ ਹਸ਼ਮਤ ਅਲੀ ਨੂੰ ਬੇਚੈਨ ਤੇ ਬੇਤਾਬ ਕਰ ਦੇਂਦੀ ਸੀ। ਉਸਦੇ ਲਹੂ ਦਾ ਗੇੜ ਤੇਜ਼ ਹੋ ਜਾਂਦਾ ਸੀ। ਉਸਦੀ ਦੇਹ ਵਿਚ ਸਨਸਨੀ ਜਿਹੀ ਫੈਲ ਜਾਂਦੀ ਸੀ ਤੇ ਲਹੂ ਦੀ ਗਰਮੀ ਨਾਲ ਉਸਦੇ ਕੰਨਾਂ ਦੀਆਂ ਲੋਲਾਂ ਤਕ ਭਖਣ ਲੱਗ ਪੈਂਦੀਆਂ ਸਨ। ਇੰਜ ਤਾਂ ਉਸਨੇ ਪਹਿਲਾਂ ਕਦੀ ਮਹਿਸੂਸ ਨਹੀਂ ਸੀ ਕੀਤਾ।
ਇਕ ਦਿਨ ਹਸ਼ਮਤ ਅਲੀ ਨੇ ਉਸਨੂੰ ਕਿਹਾ, “ਜੇ ਤੂੰ ਦੁਬਾਰਾ ਸ਼ਾਦੀ ਕਰ ਲਈ ਹੁੰਦੀ ਤਾਂ ਰਜਬ ਅਲੀ ਦੀ ਤੇਰੇ ਘਰ ਆਉਣ ਦੀ ਹਿੰਮਤ ਨਾ ਪੈਂਦੀ।”
“ਹਾਂ ਇਹ ਠੀਕ ਏ।”
“ਫੇਰ ਤੂੰ ਸ਼ਾਦੀ ਕਿਉਂ ਨਹੀਂ ਕੀਤੀ?”
“ਮੈਨੂੰ ਕੋਈ ਮਰਜ਼ੀ ਦਾ ਮਰਦ ਨਹੀਂ ਮਿਲਿਆ।”
“ਕੈਸਾ ਮਰਦ ਚਾਈਦਾ ਏ ਤੈਨੂੰ?”
“ਅਜਿਹਾ, ਜਿਸਦੇ ਸੀਨੇ ਨਾਲ ਲਗ ਕੇ ਮੇਰਾ ਦਿਲ ਰੋਣ ਨੂੰ ਕਰੇ।”
ਸ਼ਾਦਾਂ ਨੇ ਅੱਖਾਂ ਝੁਕਾ ਕੇ ਹੌਲੀ ਜਿਹੀ ਕਿਹਾ। ਫੇਰ ਉਹ ਸਾਹਮਣੀ ਕੰਧ ਵੱਲ ਦੇਖਣ ਲੱਗ ਪਈ ਤੇ ਉਸਦੀਆਂ ਵੱਡੀਆਂ-ਵੱਡੀਆਂ ਭੂਰੀਆਂ ਅੱਖਾਂ ਉਨੀਂਦੀਆਂ ਜਿਹੀਆਂ ਹੋ ਗਈਆਂ...
ਦਸ ਦਿਨਾਂ ਬਾਅਦ ਜਦੋਂ ਹਸ਼ਮਤ ਅਲੀ ਬਿਲਕੁਲ ਠੀਕ ਹੋ ਗਿਆ ਤਾਂ ਸ਼ਾਦਾਂ ਉਸਦੀਆਂ ਰੱਸੀਆਂ ਖੋਲ੍ਹ ਕੇ ਉਸਨੂੰ ਬਾਹਰ ਲੈ ਆਈ। ਹੁਣ ਤੂਫ਼ਾਨ ਖ਼ਤਮ ਹੋ ਚੁੱਕਿਆ ਸੀ। ਢਲਵਾਨਾਂ ਦੀਆਂ ਪੌੜੀਆਂ-ਪਗਡੰਡੀਆਂ ਉੱਤੇ ਜੰਮੀ ਬਰਫ਼ ਦੀਆਂ ਚਿੱਪੜਾਂ ਸੁਨਹਿਰੀ ਧੁੱਪ ਵਿਚ ਚਮਕ ਰਹੀਆਂ ਸਨ ਤੇ ਤੁੰਗ ਦੀਆਂ ਟਾਹਣੀਆਂ ਉੱਤੇ ਬਰਫ਼ ਦੀਆਂ ਚਮਕਦਾਰ ਝਾਲਰਾਂ ਸੁੰਦਰ ਲੈਸ ਵਾਂਗ ਝੂਲ ਰਹੀਆਂ ਸਨ। ਹਵਾ ਵਿਚ ਇਕ ਜੀਵਨਦਾਤੀ ਤਾਜ਼ਗੀ ਤੇ ਖੁਣਕੀ ਸੀ। ਆਕਾਸ਼ ਦੂਰ ਤਕ ਨੀਲਾ, ਸਾਫ ਤੇ ਸਵੱਛ ਸੀ ਤੇ ਚੋਟੀਆਂ ਉੱਤੇ ਕਿਧਰੇ ਬੱਦਲ ਦਾ ਇਕ ਟੁਕੜਾ ਵੀ ਨਹੀਂ ਸੀ।
ਹਸ਼ਮਤ ਅਲੀ ਨੇ ਚਾਰੇ ਪਾਸੇ ਦੇਖ ਕੇ ਇਕ ਸੁਖਦਾਈ ਲੰਮਾ ਸਾਹ ਖਿਚਿਆ। ਪਰ ਸ਼ਾਦਾਂ ਨੇ ਆਪਣੀ ਰਾਈਫਲ ਦੇ ਕੁੰਦੇ ਨਾਲ ਉਸਦੀ ਪਿੱਠ ਨੂੰ ਠੋਕਦਿਆਂ ਕਿਹਾ, “ਅੱਗੇ ਚੱਲ, ਅੱਗੇ।”
“ਕਿੱਧਰ?” ਹਸ਼ਮਤ ਅਲੀ ਨੇ ਹੈਰਾਨੀ ਨਾਲ ਪੁੱਛਿਆ।
“ਮੈਂ ਤੈਨੂੰ ਉਸ ਖੱਡ ਤਕ ਛੱਡ ਦਿਆਂਗੀ ਜਿੱਥੋਂ ਜੰਗਲ ਸ਼ੁਰੂ ਹੁੰਦਾ ਏ। ਉੱਥੋਂ ਤੂੰ ਸਿੱਧਾ ਰੱਪਾ ਪਿੰਡ ਚਲਾ ਜਾਵੀਂ, ਫੇਰ ਆਪਣੇ ਠਾਣੇ—ਦੁਬਾਰਾ ਜੇ ਤੂੰ ਮੇਰਾ ਪਿੱਛਾ ਕੀਤਾ ਤਾਂ ਜਾਨੋਂ ਮਾਰ ਦਿਆਂਗੀ, ਇਸ ਵਾਰੀ ਛੱਡ ਦੇਨੀਂ ਆਂ ਕਿਉਂਕਿ ਮੇਰੀ ਤੇਰੀ ਕੋਈ ਦੁਸ਼ਮਣੀ ਨਹੀਂ।” ਹਸ਼ਮਤ ਅਲੀ ਅੱਗੇ ਅੱਗੇ ਤੁਰਨ ਲੱਗਾ, ਦੋਵਾਂ ਹੱਥਾਂ ਵਿਚ ਰਾਈਫਲ ਫੜੀ ਸ਼ਾਂਦਾ ਉਸਦੇ ਪਿੱਛੇ ਪਿੱਛੇ ਤੁਰ ਰਹੀ ਸੀ। ਬੜੀ ਸਾਵਧਾਨੀ ਨਾਲ ਉਸ ਉੱਤੇ ਨਿਗਾਹ ਰੱਖਦੀ ਹੋਈ ਕਿ ਜੇ ਹਸ਼ਮਤ ਅਲੀ ਜ਼ਰਾ ਵੀ ਕੋਈ ਗਲਤ ਹਰਕਤ ਕਰੇ ਤਾਂ ਉਹ ਫੌਰਨ ਉਸਨੂੰ ਗੋਲੀ ਦਾ ਨਿਸ਼ਾਨਾਂ ਬਣਾ ਦਏਗੀ।
ਪੌੜੀਆਂ ਦਰ ਪੌੜੀਆਂ ਢਲਵਾਨਾਂ ਦੇ ਟੈਰੇਸ ਵਰਗੇ ਖਿਤਿਆਂ 'ਚੋਂ ਉਤਰ ਕੇ ਉਹ ਦੋਵੇਂ ਉਸ ਡੂੰਘੀ ਖੱਡ ਦੇ ਨੇੜੇ ਪਹੁੰਚ ਗਏ ਜਿਹੜੀ ਜੰਗਲ ਦੀਆਂ ਘਾਟੀਆਂ ਨੂੰ ਉਹਨਾਂ ਸਤਹੀ ਘਾਟੀਆਂ ਨਾਲੋਂ ਵੱਖ ਕਰਦੀ ਸੀ। ਉਹ ਕਾਫੀ ਡੂੰਘੀ ਖੱਡ ਸੀ ਤੇ ਇੱਥੇ ਹੀ ਹਸ਼ਮਤ ਅਲੀ ਦਾ ਪੈਰ ਧੁੰਦ ਕਰਕੇ ਤਿਲ੍ਹਕਿਆ ਸੀ। ਇਸੇ ਖੱਡ ਦੇ ਦੂਜੇ ਪਾਸੇ ਚਟਾਨਾਂ ਤੋਂ ਅੱਗੇ ਕਾਲਾ ਸਰਾਏ ਦਾ ਹੇਠਲੀਆਂ ਘਾਟੀਆਂ ਦਾ ਜੰਗਲ ਸ਼ੁਰੂ ਹੁੰਦਾ ਸੀ। ਖੱਡ ਕਾਫੀ ਡੂੰਘੀ ਸੀ, ਪਰ ਖੱਡ ਦੇ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਦਾ ਅੰਤਰ ਏਨਾ ਕੁ ਸੀ ਕਿ ਆਦਮੀ ਜ਼ੋਰ ਨਾਲ ਛਾਲ ਮਾਰ ਕੇ ਉਸਨੂੰ ਪਾਰ ਕਰ ਸਕਦਾ ਸੀ। ਸ਼ਾਦਾਂ ਇਸੇ ਤਰ੍ਹਾਂ ਛਾਲ ਮਾਰ ਕੇ ਦੂਜੇ ਪਾਸੇ ਗਈ ਹੋਵੇਗੀ। 'ਜੇ ਧੁੰਦ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਇਵੇਂ ਕਰਦਾ', ਹਸ਼ਮਤ ਅਲੀ ਨੇ ਉਸ ਡੂੰਘੀ ਖੱਡ ਨੂੰ ਦੇਖ ਕੇ ਮਨ ਹੀ ਮਨ ਸੋਚਿਆ, 'ਫੇਰ ਨਾ ਮੈਂ ਜ਼ਖ਼ਮੀ ਹੁੰਦਾ ਤੇ ਇੰਜ ਸ਼ਾਦਾਂ ਦੇ ਹੱਥਾਂ 'ਚ ਮਜ਼ਬੂਰ ਹੁੰਦਾ।'
“ਛਾਲ ਮਾਰ।” ਸ਼ਾਦਾਂ ਨੇ ਹਸ਼ਮਤ ਅਲੀ ਨੂੰ ਖੱਡੇ ਦੇ ਕਿਨਾਰੇ ਖੜ੍ਹਾ ਵੇਖ ਕੇ ਕਿਹਾ।
ਹਸ਼ਮਤ ਅਲੀ ਨੇ ਕਿਹਾ, “ਹਾਲੇ ਵੀ ਕਹਿਣਾ, ਮੰਨ ਜਾ ਸ਼ਾਦਾਂ—ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ, ਹਰ ਤਰ੍ਹਾਂ ਮੈਂ ਤੇਰੀ ਮਦਦ ਕਰਾਂਗਾ।”
ਸ਼ਾਦਾਂ ਠਹਾਕਾ ਮਾਰ ਕੇ ਹੱਸੀ। ਰਾਈਫਲ ਦੇ ਕੁੰਦੇ ਦਾ ਪੋਲਾ ਜਿਹਾ ਠੁੰਗਾ ਹਸ਼ਮਤ ਅਲੀ ਦੀ ਪਿੱਠ 'ਤੇ ਮਾਰ ਕੇ ਬੋਲੀ, “ਪੁਲਸ ਵਾਲਿਆਂ ਦਾ ਕੀ ਯਕੀਨ? ਹੁਣ ਜੇ ਤੂੰ ਇੱਥੋਂ ਜਿਊਂਦਾ ਵਾਪਸ ਜਾਣਾ ਚਾਹੁੰਦਾ ਏਂ ਤਾਂ ਛਾਲ ਮਾਰ ਜਾਅ।”
“ਅਜੇ ਮੈਂ ਬੜਾ ਕਮਜ਼ੋਰ ਆਂ।” ਹਸ਼ਮਤ ਅਲੀ ਨੇ ਬਹਾਨਾ ਜਿਹਾ ਮਾਰਿਆ।
“ਅੱਲ੍ਹਾ ਦਾ ਨਾਂਅ ਲੈ ਕੇ ਜ਼ੋਰ ਨਾਲ ਛਾਲ ਮਾਰ, ਪਾਰ ਚਲਾ ਜਾਏਂਗਾ।”
ਅੱਲ੍ਹਾ ਦਾ ਨਾਂ ਲੈ ਕੇ ਹਸ਼ਮਤ ਅਲੀ ਨੇ ਜ਼ੋਰ ਨਾਲ ਛਾਲ ਮਾਰਨ ਲਈ ਆਪਣੇ ਮੋਢੇ ਸਿਕੋੜੇ ਤੇ ਹੇਠਾਂ ਵੱਲ ਝੁਕਿਆ, ਫੇਰ ਬਿਜਲੀ ਦੀ ਫੁਰਤੀ ਨਾਲ ਸ਼ਾਦਾਂ ਦੀਆਂ ਲੱਤਾਂ ਖਿੱਚ ਕੇ ਫਟਕੀ ਲੁਆਉਂਦਾ ਹੋਇਆ ਦੂਜੇ ਪਾਸੇ ਜਾ ਖੜ੍ਹਾ ਹੋਇਆ। ਹੁਣ ਸ਼ਾਦਾਂ ਜ਼ਮੀਨ 'ਤੇ ਸੀ ਤੇ ਰਾਈਫਲ ਹਸ਼ਮਤ ਅਲੀ ਦੇ ਹੱਥ ਵਿਚ। ਇਹ ਸਭ ਕੁਝ ਇਕ ਛਿਣ ਵਿਚ ਵਾਪਰ ਗਿਆ ਸੀ।
ਸ਼ਾਦਾਂ ਦੇ ਹੋਸ਼ ਅਜੇ ਥਾਵੇਂ ਨਹੀਂ ਸਨ ਆਏ ਕਿ ਹਸ਼ਮਤ ਅਲੀ ਨੇ ਉਸਦੇ ਦੋਵੇਂ ਹੱਥ ਕਾਬੂ ਕਰਕੇ ਉਹਨਾਂ ਵਿਚ ਹੱਥਕੜੀ ਪਾ ਦਿੱਤੀ।

ਹੁਣ ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਹਸ਼ਮਤ ਅਲੀ ਨੇ ਉਸ ਖੱਡ ਵਾਲੇ ਰਸਤੇ ਨੂੰ ਛੱਡ ਦਿੱਤਾ ਸੀ ਤੇ ਕਿਸੇ ਦੂਜੇ ਰਸਤੇ ਤੋਂ ਸ਼ਾਦਾਂ ਨੂੰ ਹੇਠਾਂ ਘਾਟੀ ਵੱਲ ਲੈ ਜਾ ਰਿਹਾ ਸੀ। ਜੰਗਲ ਚੁੱਪ ਸੀ ਤੇ ਉਹ ਦੋਵੇਂ ਵੀ ਚੁੱਪਚਾਪ ਤੁਰ ਰਹੇ ਸਨ। ਨਾ ਸ਼ਾਦਾਂ ਹਸ਼ਮਤ ਅਲੀ ਨਾਲ ਗੱਲ ਕਰ ਰਹੀ ਸੀ, ਨਾ ਹਸ਼ਮਤ ਅਲੀ ਸ਼ਾਦਾਂ ਨਾਲ ਅੱਖਾਂ ਮਿਲਾਉਣ ਦਾ ਹੌਸਲਾ ਕਰ ਰਿਹਾ ਸੀ। ਸ਼ਾਦਾਂ ਦੇ ਹੱਥਾਂ ਵਿਚ ਹੱਥਕੜੀਆਂ ਸਨ ਤੇ ਜ਼ੰਜੀਰ ਹਸ਼ਮਤ ਅਲੀ ਦੇ ਹੱਥ ਵਿਚ। ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਜੰਗਲ 'ਚੋਂ ਉਤਰਦਿਆਂ ਹੋਇਆਂ ਹਸ਼ਮਤ ਅਲੀ ਨੇ ਸ਼ਾਦਾਂ ਨੂੰ ਇਕ ਜਗਾਹ ਦਿਖਾਈ, ਜਿੱਥੇ ਚਟਾਨਾਂ ਦੀ ਖੋਹ ਵਿਚ ਉਸਨੇ ਇਕ ਰਾਤ ਕੱਟੀ ਸੀ।
ਫੇਰ ਘਾਟੀਆਂ ਉਤਰ ਕੇ ਹਸ਼ਮਤ ਅਲੀ ਨੇ ਲਾਲ ਕੱਸੀ ਪਾਰ ਕੀਤੀ ਤੇ ਦੂਜੇ ਕਿਨਾਰੇ ਦਾ ਪਹਾੜ ਚੜ੍ਹ ਕੇ ਲਕੜਹਾਰੇ ਕਿਸਾਨ ਦੇ ਘਰ ਸ਼ਾਦਾਂ ਤੇ ਹਸ਼ਮਤ ਅਲੀ ਦੋਵਾਂ ਨੇ ਪਾਣੀ ਪੀਤਾ ਤੇ ਕੁਝ ਮਿੰਟਾਂ ਲਈ ਆਰਾਮ ਕੀਤਾ। ਹੁਣ ਸ਼ਾਮ ਦਾ ਧੁੰਦਲਾ ਛਾ ਰਿਹਾ ਸੀ, ਪਰ ਹਸ਼ਮਤ ਅਲੀ ਨੇ ਉਸ ਕਿਸਾਨ ਦੇ ਘਰ ਆਰਾਮ ਕਰਨਾ ਠੀਕ ਨਹੀਂ ਸਮਝਿਆ। ਉਹ ਸ਼ਾਮ ਖ਼ਤਮ ਹੁੰਦਿਆਂ ਹੁੰਦਿਆਂ ਰੱਪਾ ਪਿੰਡ ਪਹੁੰਚ ਜਾਣਾ ਚਾਹੁੰਦਾ ਸੀ। ਉਤਰਾਈ ਦਾ ਰਸਤਾ ਸੀ ਤੇ ਉਸਦਾ ਜਾਣਿਆ ਪਛਾਣਿਆ ਵੀ ਸੀ। ਕੁਝ ਮਿੰਟ ਆਰਾਮ ਕਰਕੇ ਉਹ ਸ਼ਾਦਾਂ ਨੂੰ ਲੈ ਕੇ ਫੇਰ ਹੇਠਾਂ ਉਤਰਨ ਲੱਗਿਆ।
ਹੇਠਾਂ ਉਤਰਦੇ ਉਤਰਦੇ ਉਹ ਐਨ ਰੱਪਾ ਪਿੰਡ ਦੇ ਧਾਂਈਂ ਦੇ ਖੇਤਾਂ ਕੋਲ ਪਹੁੰਚ ਗਏ ਜਿੱਥੇ ਜੇਹਲਮ ਨਦੀ ਦਾ ਕਿਨਾਰਾ ਸੀ ਤੇ ਮਲਾਹ ਆਖ਼ਰੀ ਵਾਰ ਸਵਾਰੀਆਂ ਲਾਹ ਕੇ ਬੇੜੀ ਨੂੰ ਕਿਨਾਰੇ ਨਾਲ ਬੰਨ੍ਹ ਰਿਹਾ ਸੀ।
ਅਚਾਨਕ ਹਸ਼ਮਤ ਅਲੀ ਰੁਕ ਗਿਆ। ਉਸਨੇ ਮਲਾਹ ਨੂੰ ਪੁੱਛਿਆ, “ਮੀਆਂ ਪਾਰ ਚੱਲਣਾ ਏਂ?”
“ਹੁਣੇ ਤਾਂ ਆਇਆਂ ਸਰਕਾਰ।”
ਹਸ਼ਮਤ ਅਲੀ ਨੇ ਜੇਬ ਵਿਚੋਂ ਪੰਜ ਰੁਪਏ ਦਾ ਨੋਟ ਕੱਢ ਕੇ ਮਲਾਹ ਦੇ ਹੱਥ ਵਿਚ ਫੜਾ ਦਿੱਤਾ। ਉਹ ਫੇਰ ਬੇੜੀ ਨੂੰ ਖੋਲ੍ਹਣ ਲੱਗ ਪਿਆ।
“ਚੱਲ ਬੇੜੀ ਵਿਚ ਬੈਠ,” ਹਸ਼ਮਤ ਅਲੀ ਨੇ ਸ਼ਾਂਦਾ ਨੂੰ ਕਿਹਾ।
ਸ਼ਾਦਾਂ ਨੇ ਹੈਰਾਨੀ ਨਾਲ ਉਸ ਵੱਲ ਦੇਖ ਕੇ ਪੁੱਛਿਆ, “ਤੂੰ ਮੈਨੂੰ ਕਿੱਥੇ ਲੈ ਜਾ ਰਿਹੈਂ?”
“ਚੱਲ ਵਿਚ ਬੈਠ ਮੇਰੇ ਨਾਲ। ਫੇਰ ਦੱਸਾਂਗਾ।”
ਸ਼ਾਦਾਂ ਹੈਰਾਨੀ ਤੇ ਭੈਅ ਮਿਲੀ ਭਾਵਨਾ ਨਾਲ ਹਸ਼ਮਤ ਅਲੀ ਨਾਲ ਬੇੜੀ ਵਿਚ ਬੈਠ ਗਈ। ਮਲਾਹ ਨੇ ਬੇੜੀ ਠਿੱਲ੍ਹ ਲਈ। ਹਸ਼ਮਤ ਅਲੀ ਨੇ ਉਸਦੇ ਹੱਥਾਂ ਦੀਆਂ ਹੱਥਕੜੀਆਂ ਖੋਲ੍ਹਦਿਆਂ ਹੋਇਆਂ ਕਿਹਾ, “ਹੁਣ ਤੂੰ ਆਜ਼ਾਦ ਏਂ। ਅੰਗਰੇਜ਼ੀ ਇਲਾਕੇ ਵਿਚ ਪਹੁੰਚ ਕੇ ਤੂੰ ਪਿੰਡੀ ਚਲੀ  ਜਾਵੀਂ, ਲਾਹੌਰ ਚਲੀ ਜਾਵੀਂ, ਜਿੱਥੇ ਜੀਅ ਕਰੇ ਜਾਂਦੀ ਰਹੀਂ।”
“ਤੇ ਤੂੰ?”
“ਜੇ ਤੂੰ ਮੈਨੂੰ ਆਗਿਆ ਦਏਂ,” ਹਸ਼ਮਤ ਅਲੀ ਨੇ ਕਿਹਾ, “ਤਾਂ ਜਿੱਥੇ ਜਿੱਥੇ ਤੂੰ ਜਾਏਂਗੀ ਮੈਂ ਵੀ ਤੇਰੇ ਨਾਲ ਜਾਵਾਂਗਾ।”
ਸ਼ਾਦਾਂ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਤੇ ਉਹ ਭਿਚੀ ਜਿਹੀ ਕਮਜ਼ੋਰ ਆਵਾਜ਼ ਵਿਚ ਬੋਲੀ, “ਤੇ ਤੇਰੀ ਨੌਕਰੀ?”
“ਉਹ ਇਸ ਜੇਹਲਮ ਦੇ ਪਾਣੀ ਵਿਚ ਰੁੜ੍ਹ ਗਈ।”
ਸ਼ਾਦਾਂ ਦੇਰ ਤਕ ਹਸ਼ਮਤ ਅਲੀ ਦੇ ਮੂੰਹ ਵੱਲ ਤੱਕਦੀ ਰਹੀ। ਯਕਦਮ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਹ ਝੁਕ ਕੇ ਹਸ਼ਮਤ ਅਲੀ ਦੀ ਹਿੱਕ ਨਾਲ ਲੱਗ ਗਈ। ਤੇ...ਵਿਲ੍ਹਕ ਵਿਲ੍ਹਕ ਕੇ ਖੁਸ਼ੀ ਨਾਲ ਰੋਣ ਲੱਗੀ।
ਮਲਾਹ ਬੇੜੀ ਠਿੱਲ੍ਹਦਾ ਹੋਇਆ ਉੱਚੀ ਆਵਾਜ਼ ਵਿਚ ਗਾਉਣ ਲੱਗਾ—
 “ਓਇ ਜੇਹਲਮਾ, ਬੇਲੀਆ...
  ਓਇ ਮੇਰਾ ਰੁੱਠੜਾ ਯਾਰ ਆਣ ਮਿਲਾ...।”
੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

Friday, October 22, 2010

ਕਬਰ...:: ਲੇਖਕ : ਕ੍ਰਿਸ਼ਨ ਚੰਦਰ

ਉਰਦੂ ਕਹਾਣੀ :
ਕਬਰ...
ਲੇਖਕ : ਕ੍ਰਿਸ਼ਨ ਚੰਦਰ
ਅਨੁਵਾਦ : ਮਹਿੰਦਰ ਬੇਦੀ ਜੈਤੋ


ਉਹ ਕਾਲਜ ਵਿਚ ਨਵਾਂ ਹੀ ਦਾਖਲ ਹੋਇਆ ਸੀ। ਪਹਿਲਾਂ ਸ਼ਾਇਦ ਮੋਗੇ ਕਾਲਜ ਵਿਚ ਪੜ੍ਹਦਾ ਰਿਹਾ ਸੀ। ਫੇਰ ਜਦੋਂ ਉਸ ਦੇ ਵੱਡੇ ਭਰਾ ਨੂੰ ਲਾਹੌਰ ਦੇ ਇਕ ਬੈਂਕ ਵਿਚ ਨੌਕਰੀ ਮਿਲ ਗਈ, ਉਹ ਵੀ ਲਾਹੌਰ ਆ ਗਿਆ। ਬੜਾ ਸ਼ਰਮੀਲਾ ਮੁੰਡਾ ਸੀ ਉਹ। ਪਤਲੇ ਸਰੀਰ ਦਾ ਸੋਹਣਾ-ਸੁਨੱਖਾ ਨੌਜਵਾਨ—ਚੌੜਾ ਮੱਥਾ, ਨਿੱਖਰਵਾਂ ਰੰਗ ਤੇ ਮੁਸਕਰਾਉਂਦੇ ਹੋਏ ਬੁੱਲ੍ਹ। ਪਰ ਉਸ ਦੇ ਬੁੱਲ੍ਹ ਇਕ ਸ਼ਰਮੀਲੀ ਮੁਸਕਾਨ ਦੇ ਬਾਵਜੂਦ ਕਿਸੇ ਗੁੱਝੇ ਭਾਵ ਵੱਸ ਹਮੇਸ਼ਾ ਥਰਥਰਾਉਂਦੇ ਰਹਿੰਦੇ ਸਨ। ਕਲਾਸ ਵਿਚ ਹਮੇਸ਼ਾ ਉਹ ਪਿੱਛਲੇ ਬੈਂਚਾਂ ਉਪਰ ਇਕ ਕੋਨੇ ਵਿਚ ਬੈਠਾ ਹੁੰਦਾ ਸੀ। ਕਦੇ ਕਿਸੇ ਨੇ ਉਸ ਨੂੰ ਸ਼ਰਾਰਤ ਕਰਦਿਆਂ ਨਹੀਂ ਸੀ ਦੇਖਿਆ। ਉਹ ਨਾ ਤਾਂ ਕੁੜੀਆਂ ਉੱਤੇ ਚਾਕ ਦੇ ਟੁਕੜੇ ਸੁੱਟਦਾ ਤੇ ਨਾ ਹੀ ਕਾਗਜ਼ ਦੇ ਹਵਾਈ ਜਹਾਜ਼! ਹੋਰ ਤਾਂ ਹੋਰ ਉਸ ਨੇ ਕਦੀ ਪ੍ਰੋਫੈਸਰਾਂ ਦੇ ਲੈਕਚਰ ਦੌਰਾਨ, ਸ਼ਰਧਾਂਜਲੀ ਵਜੋਂ, ਉਹਨਾਂ ਦੀ ਮੇਜ਼ ਉੱਤੇ ਇਕ ਪੈਸਾ ਵੀ ਨਹੀਂ ਸੀ ਸੁੱਟਿਆ।
ਤੇ ਫੇਰ ਇਕ ਦਿਨ ਮੈਨੂੰ ਪਤਾ ਲੱਗਾ ਕਿ ਉਹ ਸ਼ਾਇਰ ਵੀ ਏ।
ਕਾਲਜ ਹੋਸਟਲ ਵਿਚ ਸਾਡੇ ਕਮਰੇ ਨਾਲ-ਨਾਲ ਹੀ ਸਨ, ਇਸ ਕਰਕੇ ਅਸੀਂ ਛੇਤੀ ਹੀ ਇਕ ਦੂਜੇ ਨਾਲ ਖੁੱਲ੍ਹ ਗਏ ਸਾਂ। ਉਸ ਨੇ ਮੈਨੂੰ ਦੱਸਿਆ ਕਿ ਉਹ ਲਾਇਲਪੁਰ ਦਾ ਰਹਿਣ ਵਾਲੀ ਏ। ਉਹ ਸੱਤ ਭਰਾ ਨੇ—ਇਕ ਮੁਨੀਮ, ਇਕ ਵਕੀਲ, ਇਕ ਸਕੂਲ  ਮਾਸਟਰ, ਇਕ ਆੜਤੀ, ਇਕ ਬਜਾਜ, ਇਕ ਅਫ਼ੀਮ ਦਾ ਸਰਕਾਰੀ ਠੇਕੇਦਾਰ ਏ ਤੇ ਸੱਤਵਾਂ ਤੇ ਸਭ ਤੋਂ ਛੋਟਾ ਉਹ ਆਪ ਵਿਦਿਆਰਥੀ ਏ। ਵੱਡੇ ਛੀਏ ਭਰਾ ਵਿਆਹੇ ਹੋਏ ਸਨ। ਹੁਣ ਬੀ.ਏ. ਕਰ ਲੈਣ ਪਿੱਛੋਂ ਉਸ ਦੀ ਵਾਰੀ ਸੀ।
ਸ਼ਾਇਦ ਇਸੇ ਗੱਲ ਨੇ ਉਸ ਨੂੰ ਸ਼ਾਇਰ ਬਣਾ ਦਿੱਤਾ ਸੀ।
ਪਤਝੜ ਰੁੱਤ ਦੀਆਂ ਚਾਨਣੀਆਂ ਰਾਤਾਂ ਵਿਚ ਜਦੋਂ ਬੱਦਲਾਂ ਦੇ ਨਿੱਕੇ-ਨਿੱਕੇ ਟੁੱਕੜੇ ਪਰੀ-ਜ਼ਾਦਿਆਂ ਵਾਂਗ, ਅਸਮਾਨ ਉੱਤੇ ਤੈਰ ਰਹੇ ਹੁੰਦੇ ਸਨ ਅਤੇ ਚੰਨ-ਚਾਨਣੀ ਦੀਆਂ ਫਿੱਕੀਆਂ-ਪੀਲੀਆਂ ਤੇ ਮੁਲਾਇਮ ਰਿਸ਼ਮਾਂ ਹੋਸਟਲ ਦੇ ਬਨੇਰਿਆਂ ਨੂੰ ਕਿਸੇ ਪਰੀ-ਮਹਿਲ ਦੇ ਗੁੰਬਦਾਂ ਜਿੰਨਾਂ ਹੁਸੀਨ ਤੇ ਖਿੱਚ-ਭਰਪੂਰ ਬਣਾ ਦੇਂਦੀਆਂ ਸਨ, ਤਾਂ ਅਸੀਂ ਦੋਏ ਉਪਰ ਕਿਸੇ ਬੁਰਜੀ ਵਿਚ ਜਾ ਬੈਠਦੇ ਸਾਂ। ਇਕ ਵੇਰ ਮੈਂ ਉਸ ਨੂੰ ਪੁੱਛਿਆ...:
''ਕਦੀ ਤੂੰ, ਕਾਨਨ ਨਾਲੋਂ ਜ਼ਿਆਦਾ ਹੁਸੀਨ ਤੇ ਸ਼ਰਮੀਲੀ ਕੁੜੀ ਦੇਖੀ ਏ ਕਦੀ? ਸੱਚ ਦੱਸੀਂ, ਜਿਸ ਦਿਨ ਉਹ ਚਿੱਟੀ ਸਾੜ੍ਹੀ ਤੇ ਆਵੇਜੇ (ਝੁਮਕੇ) ਪਾ ਕੇ ਕਾਲਜ ਆਉਂਦੀ ਏ, ਕੀ ਉਸ ਦਿਨ ਵੀ ਤੇਰਾ ਦਿਲ ਇੰਜ ਨਹੀਂ ਕਰਦਾ ਬਈ ਚਾਕ ਦਾ ਇਕ ਟੁੱਕੜਾ ਉਸ ਨੂੰ ਇੰਜ ਮਾਰਿਆ ਜਾਏ ਕਿ ਸਾੜ੍ਹੀ ਦੇ ਧਾਰੀਏ ਨੂੰ ਚੁੰਮਦਾ ਹੋਇਆ, ਚਮੇਲੀ ਦੇ ਫੁੱਲ ਵਾਂਗ, ਉਸ ਦੇ ਪੈਰਾਂ ਵਿਚ ਜਾ ਡਿੱਗੇ...? ਧਰਮ ਨਾਲ ਕਲਾਸ ਰੂਮ ਵਿਚ ਬੈਠੀ ਨੂੰ ਸ਼ਰਧਾਂਰਲੀ ਭੇਟ ਕਰਨ ਦਾ ਇਸ ਤੋਂ ਚੰਗਾ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ।...ਤੇ ਘਨਈਆ ਲਾਲਾ! ਪ੍ਰਿੰਸੀਪਲ ਤੇ ਪ੍ਰੋਫੈਸਰਾਂ ਦੀ ਮੂਰਖਤਾ ਤਾਂ ਦੇਖ, ਸਾਨੂੰ ਅਜਿਹੀਆਂ ਗੱਲਾਂ 'ਤੇ ਵੀ ਜੁਰਮਾਨੇ ਕਰਨੋਂ ਨਹੀਂ ਟਲਦੇ। ਉਤੋਂ 'ਬਦਮਾਸ਼' ਤੇ 'ਲਫ਼ੰਗੇ' ਵਗ਼ੈਰਾ ਦੇ ਖ਼ਿਤਾਬ ਵੱਖਰੇ ਦੇ ਦਿੱਤੇ ਜਾਂਦੇ ਨੇ, ਜੀਅ ਕਰਦਾ ਏ...''
ਘਨਈਆ ਲਾਲ ਕੋਈ ਸ਼ਿਅਰ ਗੁਣਗੁਣਾਉਣ ਲੱਗ ਪਿਆ ਸੀ। ਫੇਰ ਉਸ ਨੇ ਮੱਧਮ ਆਵਾਜ਼ ਵਿਚ ਆਪਣੀ ਪ੍ਰੇਮ ਕਹਾਣੀ ਸੁਣਾਈ ਸੀ। ਉਹ ਸ਼ਰਮੀਲਾ, ਪਹਿਲਾ ਪਿਆਰ ਜਿਹੜਾ ਕਿਸੇ ਨਵ-ਜੰਮੀ ਕਲੀ ਵਾਂਗ ਹੀ ਪੱਤਿਆਂ ਦੀ ਓਟ ਵਿਚ ਲੁਕਿਆ  ਰਿਹਾ ਸੀ। ਉਸ ਦੀ ਮੱਧਮ ਆਵਾਜ਼ ਵਿਚ ਉਸ ਪਹਾੜੀ ਗੀਤ ਵਰਗੀ ਮਿਠਾਸ ਘੁਲੀ ਹੋਈ ਸੀ ਜਿਸ ਨੂੰ ਕਿਸੇ ਬਾਲ ਚਰਵਾਹੇ ਦੀਆਂ ਕੋਮਲ ਬੁੱਲ੍ਹੀਆਂ 'ਚੋਂ ਜੰਗਲ ਦੀਆਂ ਹਵਾਵਾਂ ਨੇ ਪਹਿਲੀ ਵਾਰੀ ਸੁਣਿਆ ਹੋਏ। ਉਸ ਦੀਆਂ ਅੱਖਾਂ ਵਿਚ ਕੁਝ ਇਹੋ-ਜਿਹੀ ਸੰਗ ਤੇ ਸਥਿਰਤਾ ਸੀ, ਜਿਹੋ ਜਿਹੀ ਪ੍ਰੇਮੀ ਦੀ ਪਹਿਲੀ ਤੱਕਣੀ ਵਿਚ ਹੁੰਦੀ ਏ। ਆਪਣੀ ਪ੍ਰੇਮ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਇਕ ਵਾਰੀ ਪੂਰਬ ਵੱਲ ਤੱਕਿਆ, ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਤਾਰਿਆਂ ਵਾਂਗ ਲਿਸ਼ਕ ਰਹੀਆਂ ਸਨ।
'ਇਕ ਵਿਧਵਾ ਪੰਡਤਾਣੀ ਸਾਡੇ ਘਰ ਪਾਣੀ ਭਰਦੀ ਏ। ਉਸ ਦੀ ਇਕ ਧੀ ਏ ਰੁਕਮਨ,'' ਘਨਈਆ ਲਾਲ ਨੇ ਰੁਕ-ਰੁਕ ਕੇ ਕਹਿਣਾ ਸ਼ੁਰੂ ਕੀਤਾ, ''ਰੁਕਮਨ ਨੂੰ ਤੂੰ ਨਹੀਂ ਦੇਖਿਆ, ਤਦੇ ਤਾਂ ਦਿਨ-ਰਾਤ ਕਾਨਨ ਦੀ ਪ੍ਰਸੰਸ਼ਾ ਕਰਦਾ ਰਹਿੰਦਾ ਏਂ। ਰੁਕਮਨ ਦਾ ਇਕ ਚਾਚਾ ਵੀ ਏ, ਜਿਸ ਨੇ ਰੁਕਮਨ ਦੇ ਪਿਉ ਦੀ ਮੌਤ ਤੋਂ ਬਾਅਦ ਉਹਨਾਂ ਦੀ ਸਾਰੀ ਜਾਇਦਾਦ ਉੱਤੇ ਕਬਜਾ ਕਰ ਲਿਆ; ਕੁੜੀ ਤੇ ਵਿਧਵਾ ਪੰਡਤਾਣੀ ਨੂੰ ਬੇ-ਦਖ਼ਲ ਕਰਵਾ ਦਿੱਤਾ...ਉਸ ਨੇ ਆਪਣੇ ਸਵਰਗਵਾਸੀ ਭਰਾ ਦੇ ਮਕਾਨ ਉੱਤੇ ਵੀ ਕਬਜਾ ਕੀਤਾ ਹੋਇਆ ਏ। ਮਾਂ ਤੇ ਧੀ ਨੂੰ ਸਿਰਫ ਦੋ ਕੋਠੜੀਆਂ ਦੇ ਛੱਡੀਆਂ ਨੇ। ਦੋਏ ਦੋ ਤਿੰਨ ਘਰਾਂ ਦੇ ਭਾਂਡੇ ਮਾਂਜ ਕੇ ਤੇ ਪਾਣੀ ਭਰ ਕੇ, ਔਖੀਆਂ-ਸੁਖਾਲੀਆਂ, ਦਿਨ-ਕਟੀ ਕਰ ਰਹੀਆਂ ਨੇ। ਸਾਡੇ ਘਰ ਉਹਨਾਂ ਦਾ ਵਾਹਵਾ ਆਉਣ-ਜਾਣ ਏ। ਜਦੋਂ ਉਹ ਵਿਚਾਰੀਆਂ ਮੇਰੀਆਂ ਕਰੂਪ ਭਾਬੀਆਂ ਕੋਲ ਆਪਣੇ ਦੁਖੜੇ ਫਰੋਲ ਰਹੀਆਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਡਾਢਾ ਤਰਸ ਆਉਂਦਾ ਏ। ਅਕਸਰ ਹੁੰਦਾ ਇੰਜ ਏ ਕਿ ਰੁਕਮਨ ਦੀ ਮਾਂ, ਸਵੇਰੇ ਜਾਂ ਆਥਣੇ ਰੁਕਮਨ ਦੇ ਚਾਚੇ ਦੀ ਕਿਸੇ ਨਵੀਂ ਕਰਤੂਤ ਦੀ ਕਹਾਣੀ ਸੁਣਾ ਰਹੀ ਹੁੰਦੀ ਏ ਤੇ ਮੇਰੇ ਛੀਏ ਭਰਾ ਵੀ ਉੱਥੇ ਹੀ ਆ ਬੈਠਦੇ ਨੇ ਤੇ ਰੁਕਮਨ ਦੀਆਂ ਹੰਝੂ-ਭਰੀਆਂ ਅੱਖਾਂ ਨੂੰ ਦੇਖ-ਦੇਖ ਕੇ ਹਮਦਰਦੀ ਜਤਾਅ ਰਹੇ ਹੁੰਦੇ ਨੇ। ਉਹ ਹਮੇਸ਼ਾ ਰੁਕਮਨ ਨਾਲ ਗੱਲ ਕਰਦੇ ਨੇ, ਰੁਕਮਨ ਦੀ ਮਾਂ ਨਾਲ ਨਹੀਂ। ਜਿਵੇਂ ਗੱਲ ਤਾਂ ਰੁਕਮਨ ਦੀ ਮਾਂ ਕਰ ਰਹੀ ਹੈ ਪਰ ਸਾਡੇ ਵੱਡੇ ਭਾਈ ਸਾਹਬ ਜਿਹੜੇ ਸੇਠ ਰਣਛੋਡ ਲਾਲ ਜੀ ਦੇ ਮੁਨੀਮ ਨੇ, ਕਹਿਣਗੇ...
'' 'ਰੁਕਮਨ ਤੂੰ ਸਾਡੇ ਘਰ ਆ ਕੇ ਹੀ ਰਹਿਣ ਲੱਗ ਪੈ, ਅਸੀਂ ਇੱਥੇ ਤੈਨੂੰ ਕੋਈ ਕਸ਼ਟ ਨਹੀਂ ਹੋਣ ਦਿਆਂਗੇ। ਹੈ ਨਾ ਬਈ...'
'ਤੇ ਬਾਕੀ ਦੇ ਪੰਜੇ ਭਾਈ ਸਾਹਬ ਹੁਰੀਂ ਸਿਰ ਹਿਲਾ-ਹਿਲਾ ਕੇ ਕਹਿਣਗੇ,'ਹਾਂ, ਹਾਂ, ਹਾਂ, ਭਲਾ ਰੁਕਮਨ ਦੀ ਬੀਬੀ ਤੇ ਰੁਕਮਨੇ, ਤੈਨੂੰ ਆਪਣੇ ਚਾਚੇ  ਕੋਲ ਰਹਿਣ ਦੀ ਕੀ ਲੋੜ ਪਈ ਏ, ਇੱਥੇ ਆ ਕੇ ਈ ਰਹਿਣ ਲੱਗ ਪਓ...ਕਿਉਂ ਰੁਕਮਨੇ?'
''ਮਨੁੱਖੀ ਹਮਦਰਦੀ ਦੇ ਏਨਾਂ ਪ੍ਰਤੀਕਾਂ ਵੱਲ ਦੇਖ ਰਹੀਆਂ ਭਾਬੀਆਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਹੁੰਦੀਆਂ ਨੇ, ਉਦੋਂ।...ਜਾਂ ਕਦੀ-ਕਦੀ ਇੰਜ ਵੀ ਵਾਪਰਦਾ ਏ ਕਿ ਰੁਕਮਨ ਸਾਡੇ ਘਰ ਉਦਾਸ ਤੇ ਗ਼ਮਗ਼ੀਨ ਸੂਰਤ ਬਣਾ ਕੇ ਆਉਂਦੀ ਏ—
''ਪਹਿਲੇ ਭਾਈ ਸਾਹਬ, 'ਕੀ ਗੱਲ ਏ, ਰੁਕਮਨ?'
''ਦੂਜੇ ਭਾਈ ਸਾਹਬ, 'ਰੁਕਮਨੇ ਤੂੰ ਉਦਾਸ ਕਿਉਂ ਏਂ ਬਈ?'
''ਤੀਜੇ ਭਾਈ ਸਾਹਬ, 'ਰੁਕਮਨ! ਕਿਉਂ ਕੀ ਗੱਲ ਏ?'
''ਚੌਥੇ ਭਾਈ ਸਾਹਬ, 'ਕਿਉਂ? ਕਿਸੇ ਨੇ ਕੁਛ ਆਖਿਐ ਤੈਨੂੰ?'
''ਪੰਜਵੇਂ ਭਾਈ ਸਾਹਬ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਰੁਕਮਨ ਉੱਚੀ-ਉੱਚੀ ਰੋਣ ਲੱਗ ਪੈਂਦੀ ਏ ਤੇ ਸਿਸਕਦੀ ਹੋਈ ਆਖਦੀ ਏ, 'ਚਾਚੇ ਨੇ ਅੱਜ ਫੇਰ ਮਾਂ ਕੁੱਟੀ...ਚਾਚੇ ਨੇ...ਚਾਚੇ ਨੇ...ਉਂ...ਉਂ...ਹੂੰ...'
''ਪੰਜਵੇਂ ਭਾਈ ਸਾਹਬ ਕੜਕ ਕੇ ਕਹਿੰਦੇ ਨੇ, 'ਚਾਚੇ ਨੇ ਕੁੱਟੀ...? ਕਿਉਂ, ਉਸ ਸਾਲੇ ਦਾ ਕੀ ਹੱਕ ਬਣਦੈ ਤੇਰੀ ਮਾਂ ਨੂੰ ਕੁੱਟਣ ਦਾ? ਸਾਲਾ, ਹਰਾਮਜਾਦਾ, ਸ਼ੋਹਦਾ ਨਾ ਹੋਵੇ ਤਾਂ। ਕਿਉਂ ਜੀ,  ਮੈਂ ਪੁੱਛਦੈਂ, ਉਸਦਾ, ਇਸਦੀ ਮਾਂ ਨੂੰ ਕੁੱਟਣ ਦਾ ਕੀ ਰਾਹ ਏ ਭਲਾ?'
''ਤੇ ਛੇਵੇਂ ਭਾਈ ਸਾਹਬ ਘੂਰੀ ਵੱਟ ਕੇ ਕਹਿੰਦੇ ਨੇ, 'ਕੰਬਖਤ ਅੱਜ ਰਾਹ 'ਚ ਮਿਲ ਪਿਆ ਤਾਂ ਪੁੱਛੂੰ ਉਸਨੂੰ ਬਈ ਇਕ ਗਰੀਬ ਵਿਧਵਾ ਨੂੰ ਕਿਵੇਂ ਸਤਾਈਦਾ ਹੁੰਦੈ।'
''ਛੇਵੇਂ ਭਾਈ ਸਾਹਬ ਦੀਆਂ ਲਾਲ-ਪੀਲੀਆਂ ਅੱਖਾਂ ਦੇਖ ਦੇ ਰੁਕਮਨ ਸਹਿਮ ਜਾਂਦੀ ਏ ਤੇ ਮਿੰਨਤ ਜਿਹੀ ਕਰਦੀ ਏ, 'ਨਾ, ਨਾ ਭਾਈ ਸਾਹਬ ਦੇਖਿਓ ਕਿਤੇ ਕੁੱਟ-ਮਾਰ ਨਾ ਕਰ ਬੈਠਿਓ...ਫੇਰ ਤਾਂ ਆਫ਼ਤ ਈ ਆ ਜਾਏਗੀ ਸਾਡੇ 'ਤੇ।'
'ਤੇ ਛੇਵੇਂ ਭਾਈ ਸਾਹਬ ਉਸੇ 'ਆਫ਼ਤ' ਬਾਰੇ ਸੋਚ ਕੇ ਚੁੱਪ ਕਰ ਜਾਂਦੇ। ਉਂਜ ਵੀ ਸਾਡੇ ਵਿਚੋਂ ਏਡਾ ਦਲੇਰ ਕਿਹੜਾ ਸੀ ਜਿਹੜਾ ਰੁਕਮਨ ਦੇ ਚਾਚੇ ਨਾਲ ਜਾ ਭਿੜਦਾ! ਉਹ ਤਾਂ ਛਟਿਆ ਹੋਇਆ ਬਦਮਾਸ਼ ਤੇ ਕਮੀਨਾ ਬੰਦਾ ਸੀ। ਕਿਹੜਾ ਸੀ, ਜਿਹੜਾ ਉਸ ਨਾਲ ਲੜਾਈ ਸਹੇੜਦਾ! ਮੇਰੇ ਭਰਾਵਾਂ ਦਾ ਮਨ ਸਿਰਫ ਇਸ ਕਰਕੇ, ਵਾਰੀ-ਵਾਰੀ, ਤੂਫ਼ਾਨੀ ਰੂਪ ਧਾਰ ਬਹਿੰਦਾ ਸੀ ਕਿ ਰੁਕਮਨ ਇਕ ਭੋਲੀ-ਭਾਲੀ, ਕੱਚੀ ਉਮਰ ਦੀ ਤੇ ਬੜੀ ਹੀ ਸੋਹਣੀ-ਮੁਟਿਆਰ ਕੁੜੀ ਸੀ ਤੇ ਉਹਨਾਂ ਦੀਆਂ ਪਤਨੀਆਂ ਬੜੀਆਂ ਚਲਾਕ ਤੇ ਕਰੂਪ ਸਨ।  ਨਾਲੇ ਉਹਨਾਂ ਨੂੰ ਆਪਣੇ ਮਧ-ਵਰਗੀ ਸਮਾਜਕ ਜੀਵਨ ਵਿਚ ਅੱਜ ਤੱਕ ਕਿਸੇ ਸੁੰਦਰ ਕੁੜੀ ਨਾਲ ਗੱਲਾਂ ਕਰਨ ਤੇ ਹਮਦਰਦੀ ਪ੍ਰਗਟਾਉਣ ਦਾ ਮੌਕਾ ਵੀ ਤਾਂ ਨਹੀਂ ਸੀ ਮਿਲਿਆ। ਉਹ ਵਿਚਾਰੇ ਸਾਰਾ ਦਿਨ ਸਿਰ ਖਪਾਈ ਕਰਨ ਪਿੱਛੋਂ ਥੱਕੇ-ਹਾਰੇ ਜਦੋਂ ਘਰ ਵਾਪਸ ਆਉਂਦੇ ਤਾਂ ਆਪਣੀਆਂ ਮੂਰਖ-ਉਜੱਡ ਪਤਨੀਆਂ ਨੂੰ ਐਵੇਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਉੱਤੇ ਲੜਦਿਆਂ-ਝਗੜਦਿਆਂ ਦੇਖਦੇ। ਇਸ ਗੱਲ ਦੀ ਮਨੋਵਿਗਿਆਨਕ ਪ੍ਰਤੀਕ੍ਰਿਆ ਤੈਨੂੰ ਪਤਾ ਈ ਏ, ਇਕੋ ਰੂਪ ਧਾਰ ਸਕਦੀ ਏ।''
''ਪ੍ਰੇਮ ਜਾਂ ਵਸਨਾ!'' ਮੈਂ ਹੌਲੀ ਜਿਹੀ ਕਿਹਾ।
'ਕੁਝ ਸਮਝ ਲੈ,'' ਘਨਈਆ ਲਾਲ ਨੇ  ਉਤਰ ਦਿੱਤਾ, ''ਇਹ ਇਕ ਅਹਿਸਾਸ ਦੇ ਦੋ ਵੱਖ-ਵੱਖ ਰੂਪ ਨੇ। ਮੇਰੇ ਭਰਾਵਾਂ ਨੂੰ ਰੁਕਮਨ ਨਾਲ ਗੱਲਾਂ ਕਰਨ ਵਿਚ ਜਿਹੜਾ ਸਵਾਦ ਆਉਂਦਾ ਏ ਉਸ ਨੂੰ ਪ੍ਰਾਪਤ ਕਰਨ ਵਾਸਤੇ ਉਹ ਵੱਖਰੇ-ਵੱਖਰੇ ਤਰੀਕੇ ਇਸਤੇਮਾਲ ਕਰਦੇ ਨੇ ਤੇ ਮਜ਼ੇ ਪਏ ਲੈਂਦੇ ਨੇ। ਪਰ ਜੇ ਇਹਨਾਂ ਸਾਰੇ ਤਰੀਕਿਆਂ ਨੂੰ ਇਕੋ ਜਗਾਹ ਰੱਖ ਕੇ ਉਹਨਾਂ ਨੂੰ ਭਾਵੁਕ ਰੂਪ ਵਿਚ ਦੇਖਣ ਤੋਂ ਰਤਾ ਸੰਕੋਚ ਕਰੀਏ ਤੇ ਸਮੂਹਕ-ਰੂਪ ਵਿਚ ਇਹਨਾਂ ਉੱਤੇ ਗੌਰ ਕਰੀਏ ਤਾਂ ਉਹ ਤਰੀਕੇ ਇਕੋ 'ਕਰਮ' ਦਾ ਰੂਪ ਧਾਰ ਲੈਂਦੇ ਨੇ। ਉਦਾਹਰਣ ਵਜੋਂ ਸਾਰਿਆਂ ਦੀ ਇਹੋ ਕੋਸ਼ਿਸ਼ ਹੁੰਦੀ ਏ ਕਿ ਉਹ ਆਪਣੇ ਵਾਸਨਾ ਭਾਵ ਨੂੰ ਦੂਜੇ ਤੋਂ ਲਕੋਈ ਰੱਖਣ। ਜਿੱਥੋਂ ਤਕ ਹੋ ਸਕੇ ਰੁਕਮਨ ਨਾਲ ਵੱਧ ਤੋਂ ਵੱਧ ਹਮਦਰਦੀ ਦਿਖਾਈ ਜਾਏ...ਪਰ ਹੋਰਾਂ ਤੋਂ ਵੱਖ ਹੋ ਕੇ। ਨਾਲੇ ਇਹ ਸਿੱਧ ਕੀਤਾ ਜਾਏ ਕਿ ਉਸ ਨਾਲ ਸਭ ਤੋਂ ਵੱਧ ਹਮਦਰਦੀ ਸਿਰਫ ਉਸੇ ਨੂੰ ਹੈ, ਦੂਜੇ ਸਾਰੇ ਸਿਰਫ ਦਿਖਾਵਾ ਕਰਦੇ ਨੇ ਜਾਂ ਸਿਰਫ ਗੱਲਾਂ ਈ ਮਾਰਨ ਜੋਗੇ ਨੇ...ਵਗ਼ੈਰਾ, ਵਗ਼ੈਰਾ...।''
''ਤੇ ਤੂੰ,'' ਮੈਂ ਉਸ ਦੀ ਗੱਲ ਟੁੱਕ ਕੇ ਕਿਹਾ, ''ਤੂੰ ਸੱਤਵਾਂ ਭਾਈ ਸਾਹਬ ਸੈਂ...ਤੇ ਸ਼ਾਇਦ ਜਰਾ ਸ਼ਰੀਫ ਵੀ...''
ਘਨਈਆ ਲਾਲ ਸ਼ਰਮਾਅ ਗਿਆ। ਫੇਰ ਕਹਿਣ ਲੱਗਾ, ''ਮੈਂ...ਮੈਂ ਤਾਂ ਬੱਸ ਉਸ ਨੂੰ ਦੇਖਦਾ ਹੀ ਰਹਿੰਦਾ ਸਾਂ ਤੇ ਉਹ ਚੁੱਪਚਾਪ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰਚਣ ਲੱਗ ਪੈਂਦੀ ਸੀ। ਤੈਨੂੰ ਕਿੰਜ ਦਸਾਂ ਮੈਂ ਉਸ ਨੂੰ ਕਿੰਨਾਂ ਪਿਆ ਕਰਦਾ ਸਾਂ, ਕਰਦਾ ਹਾਂ। ਰੁਕਮਨ ਆਉਂਦੀ ਤੇ ਮੈਂ ਪ੍ਰੇਸ਼ਾਨ ਜਿਹਾ ਹੋ ਜਾਂਦਾ; ਮੈਂ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ, ਪਰ ਕਰ ਨਹੀਂ ਸਾਂ ਸਕਦਾ। ਬੱਸ ਇਕ ਟੱਕ ਉਸ ਵੱਲ ਵਿੰਹਦਾ ਰਹਿੰਦਾ। ਤੈਨੂੰ ਕਿੰਜ ਸਮਝਾਵਾਂ ਕਿ ਉਹ ਕਿੰਨੀ ਸੋਹਣੀ ਏਂ...ਜਦੋਂ ਉਹ ਮੁਸਕਰਾਉਂਦੀ ਏ ਨਾ, ਉਸ ਦੇ ਬੁੱਲ੍ਹਾਂ ਦੇ ਪਾਸੀਂ, ਬੜੀ ਸੋਹਣੀ ਕਮਾਨ ਜਿਹੀ ਬਣ ਜਾਂਦੀ ਏ ਜਿਸ ਨੂੰ ਦੇਖ ਕੇ ਮੈਂ ਝੱਲਾ ਜਿਹਾ ਹੋ ਜਾਂਦਾ ਆਂ।''
ਘਨਈਆਂ ਲਾਲ ਚੁੱਪ ਕਰ ਗਿਆ। ਫੇਰ ਕੁਝ ਚਿਰ ਪਿੱਛੋਂ ਬੋਲਿਆ, ''ਪਿੱਛਲੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਕਈ ਵਾਰੀ ਸੋਚਿਆ ਸੀ ਕਿ ਜੇ ਉਸ ਨੂੰ—'ਰੁਕਮਨ! ਮੇਰੀ ਜਾਨ ਰੁਕਮਨ!' ਆਖ ਕੇ ਬੁਲਾਵਾਂ ਤਾਂ ਫੇਰ ਕੀ ਹੋਏਗਾ ਭਲਾਂ? ਕਿਤੇ ਉਹ ਮੈਨੂੰ ਗਾਲ੍ਹਾਂ ਤਾਂ ਨਹੀਂ ਕੱਢਣ ਲੱਗ ਪਏਗੀ? ਕੀ ਉਹ ਆਪਣੀ ਮਾਂ ਨੂੰ ਤਾਂ ਨਹੀਂ ਦੱਸ ਦਏਗੀ?...ਆਪਣੇ ਭਰਾਵਾਂ ਤੇ ਕਰੂਪ ਭਾਬੀਆਂ ਤੋਂ ਤਾਂ ਮੈਂ ਡਰਦਾ ਨਹੀਂ ਸਾਂ। ਤੇ ਫੇਰ ਮੈਂ ਫ਼ੈਸਲਾ ਕਰ ਲਿਆ ਕਿ ਰੁਕਮਨ ਨਾਲ ਗੱਲ ਜ਼ਰੂਰ ਕਰਾਂਗਾ। ਮੈਂ ਦਿਲ ਵਿਚ ਸੋਚ ਲਿਆ ਕਿ ਰੁਕਮਨ ਨੂੰ ਇੰਜ ਚੁੱਪ-ਗੜੁੱਪ ਪਿਆਰ ਕਰਨ ਨਾਲੋਂ ਤਾਂ ਮਰ ਜਾਣਾ ਈ ਚੰਗਾ ਏ। ਵੱਧ ਤੋਂ ਵੱਧ ਹੋਏਗਾ ਕੀ?...ਇਹੀ ਨਾ ਕਿ ਉਹ ਮੇਰੇ ਪਿਆਰ ਨੂੰ ਠੁਕਰਾਅ ਦਏਗੀ।...ਮੈਂ ਉਸ ਨੂੰ ਪੁੱਛਾਂਗਾ ਤੇ ਉਹ ਜਵਾਬ ਦੇ ਦਏਗੀ। ਉਸ ਦੇ ਜਵਾਬ ਵਿਚ ਮੈਂ ਉਸ ਨੂੰ ਸਭ ਕੁਝ ਦੱਸ ਦਿਆਂਗਾ ਤੇ ਉਹ ਆਖੇਗੀ, 'ਮੈਨੂੰ ਤਾਂ ਡਰ ਲੱਗਦਾ ਏ।' ਮੈਂ ਕਹਾਂਗਾ, 'ਡਰ ਕਾਹਦੈ? ਰੁਕਮਨੇ! ਜਦੋਂ ਦੋ ਦਿਲ ਪਿਆਰ ਕਰਨ 'ਤੇ ਤੁਲ ਜਾਂਦੇ ਨੇ, ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ।' ਤੇ ਫੇਰ ਉਹ ਸੰਗਦੀ ਸ਼ਰਮਾਉਂਦੀ ਹੋਈ ਆਪਣੀਆਂ ਬਾਹਾਂ ਮੇਰੇ ਗਲ਼ ਵਿਚ ਪਾ ਦਏਗੀ ਤੇ ਮੈਂ ਪਿਆਰ ਭਰੀਆਂ ਨਜ਼ਰਾਂ ਨਾਲ...
'ਅਚਾਨਕ ਜ਼ਰਾ ਖੜਾਕ ਜਿਹਾ ਹੋਇਆ, ਮੈਂ ਤ੍ਰਭਕ ਪਿਆ। ਦੇਖਿਆ ਤਾਂ, ਸਾਹਮਣੇ ਰੁਕਮਨ ਖੜ੍ਹੀ ਸੀ। ਉਸ ਨੇ ਸਿਰ ਉੱਤੇ ਪਾਣੀ ਦੀ ਭਰੀ ਹੋਈ ਬਲਟੋਈ ਚੁੱਕੀ ਹੋਈ ਸੀ। ਪਾਣੀ ਨਾਲ ਭਿੱਜੀਆਂ ਲਿਟਾਂ ਮੱਥੇ 'ਤੇ ਚਿਪਕੀਆਂ ਹੋਈਆਂ ਸਨ ਤੇ ਲੰਮੀਆਂ ਪਲਕਾਂ ਪਾਣੀ ਦੀਆਂ ਬੁੰਦਾਂ ਦੇ ਭਾਰ ਨਾਲ ਝੁਕੀਆਂ ਹੋਈਆਂ ਸਨ। ਬੜੀ ਮੁਸ਼ਕਲ ਨਾਲ ਉਸ ਨੇ ਪਲਕਾਂ ਉਤਾਂਹ ਚੁੱਕੀਆਂ, ਮੇਰੇ ਵੱਲ ਦੇਖਿਆ ਤੇ ਬੋਲੀ, 'ਕਾਹਨਾਂ ਜ਼ਰਾ ਬਲਟੋਈ ਤਾਂ ਲੁਹਾਅ ਦੇ।'
''ਮੈਂ ਹੈਰਾਨੀ ਨਾਲ ਥਾਵੇਂ ਹੀ ਖੜ੍ਹਾ ਰਹਿ ਗਿਆ ਸਾਂ। ਅੱਜ ਕਿੰਨਾਂ ਚੰਗਾ ਮੌਕਾ ਸੀ! ਘਰੇ ਕੋਈ ਵੀ ਨਹੀਂ ਸੀ। ਨਾ ਭਰਾ, ਨਾ ਭਾਬੀਆਂ...ਕੁੱਤੇ  ਬਿੱਲੀਆਂ ਵੀ ਗ਼ਾਇਬ ਸਨ; ਬੜੀ ਅਨੋਖੀ ਘੜੀ ਸੀ ਇਹ! ਮੈ ਕਿਸੇ ਸਹਿਮੇ ਹੋਏ ਬਤਖ਼ ਦੇ ਬੱਚੇ ਵਾਂਗ ਹੀ ਰੁਕਮਨ ਵੱਲ ਦੇਖ ਰਿਹਾ ਸਾਂ।
' 'ਮੈਂ ਕਿਹਾ ਕਾਹਨ ਜੀ,' ਉਹ ਮੈਨੂੰ  ਕਾਹਨਾ ਹੀ ਕਹਿੰਦੀ ਹੁੰਦੀ ਸੀ, ਜ਼ਰਾ ਬਲਟੋਈ ਤੇ ਲੁਹਾਅ ਦਿਓ, ਖੜ੍ਹੇ-ਖੜ੍ਹੇ ਕੀ ਦੇਖ ਰਹੇ ਓ...!'
''ਮੈਂ ਬਲਟੋਈ ਲੁਹਾਅ ਦਿੱਤੀ।
''ਰੁਕਮਨ ਵਰਾਂਡੇ ਇਕ ਥੰਮ੍ਹ ਨਾਲ ਢੋਅ ਲਾ ਕੇ ਖੜ੍ਹੀ ਹੋ ਗਈ। ਉਹ ਥੱਕੀ ਹੋਈ ਸੀ। ਮੂੰਹ ਲਾਲ ਹੋਇਆ ਹੋਇਆ ਸੀ ਤੇ ਵਾਲ ਖਿੱਲਰੇ ਹੋਏ ਸਨ।
'' 'ਹਾਂ, ਕੀ ਕਹਿ ਰਹੇ ਸੀ?' ਉਸ ਨੇ ਉਂਜ ਹੀ ਪੁੱਛਿਆ।
'' 'ਕੁਛ ਨਹੀਂ...ਕੁਸ਼ ਵੀ ਤਾਂ ਨਹੀਂ।' ਮੈਂ ਕਿਸੇ ਅਪਰਾਧੀ ਵਾਂਗ ਹੀ ਉਤਰ ਦਿੱਤਾ।
''ਉਹ ਹੱਸ ਪਈ, ਬੱਸ ਐਵੇਂ ਈ ਇਕ ਮਿੱਠਾ ਹਾਸਾ। ਮੈਨੂੰ ਇੰਜ ਜਾਪਿਆ ਜਿਵੇਂ ਕਿਸੇ ਨਰਤਕੀ ਦੇ ਪੈਰਾਂ ਦੀ ਪਾਜੇਬ ਅਚਾਨਕ ਹੀ ਛਣਕ ਪਈ ਹੋਏ।
''ਫੇਰ ਉਹ ਚੁੱਪ ਕਰ ਗਈ...ਤੇ ਕੁਝ ਚਿਰ ਤੱਕ ਗੂੜ੍ਹੀ ਚੁੱਪ ਵਰਤੀ ਰਹੀ।
'' 'ਭਾਬੀਆਂ ਕਿੱਥੇ ਨੇ?' ਰੁਕਮਨ ਨੇ ਪੁੱਛਿਆ ਤੇ ਆਪਣੇ ਵਾਲ ਠੀਕ ਕਰਨ ਲੱਗ ਪਈ।
'' 'ਪੰਡਤ ਝਾੜੂ ਰਾਮ ਕੇ ਕਥਾ ਏ ਨਾ, ਉੱਥੇ ਗਈਆਂ ਹੋਈਆਂ ਨੇ।'
'' 'ਅੱਛਾ!'
''ਉਸ ਨੇ ਏਨੀ ਮਧੱਮ ਤੇ ਭੇਤ-ਭਰੀ ਆਵਾਜ਼ ਵਿਚ 'ਅੱਛਾ' ਆਖਿਆ ਸੀ ਕਿ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਹਵਾ ਦਾ ਕੋਈ ਬੁੱਲ੍ਹਾ ਨਿੰਮਾਂ ਦੇ ਝੁੰਡ ਵਿਚੋਂ ਜੀਵਨ-ਸੰਗੀਤ ਛੇੜਦਾ ਲੰਘ ਗਿਆ ਹੋਏ।
''ਫੇਰ ਥੋੜ੍ਹੀ ਕੁ ਦੇਰ ਪਿੱਛੋਂ ਉਸ ਨੇ ਆਪਣੇ ਲੱਕ ਨੂੰ ਹੁਲਾਰਾ ਦਿੱਤਾ, ਮੋਢੇ ਛੰਡੇ ਤੇ ਧੌਣ ਨੂੰ ਇਕ ਝੱਟਕਾ ਜਿਹਾ ਦਿੱਤਾ...ਇਹ ਸਭ ਕੁਝ ਆਪ ਮੁਹਾਰੇ ਹੀ ਹੋ ਗਿਆ ਜਾਪਦਾ ਸੀ। ਤੇ ਫੇਰ ਉਸ ਕਿਹਾ, 'ਅੱਛਾ ਕਾਹਨਾਂ, ਮੈਂ ਚੱਲਦੀ ਆਂ।'
 ''ਉਹ ਤੁਰ ਪਈ।
'' 'ਏ, ਏ ਰੁਕਮਨ!' ਮੇਰੇ ਮੂੰਹੋਂ ਅਚਾਨਕ ਹੀ ਨਿਕਲਿਆ।
''ਉਹ ਡਿਉਢੀ ਕੋਲੋਂ ਵਾਪਸ ਮੁੜ ਆਈ।
'' 'ਦੱਸ ਕੀ ਗੱਲ ਏ?' ਉਹ ਬੜੀ ਭੋਲੀ ਸੀ। ਹੁਣ ਵੀ ਉਸ ਦਾ ਚਿਹਰਾ ਭਾਵ-ਰਹਿਤ ਸੀ। ਮੇਰੀਆਂ ਨਜ਼ਰਾਂ ਝੁਕ ਗਈਆਂ ਤੇ ਚਿਹਰਾ ਭਖਣ ਲੱਗ ਪਿਆ।
''ਕੁਸ਼ ਨਹੀਂ। ਬੱਸ ਐਵੇਂ ਈ।'
''ਉਹ ਕੁਝ ਚਿਰ ਖੜ੍ਹੀ ਰਹੀ, ਪਰ ਮੈਂ ਉਸ ਨਾਲ ਅੱਖਾਂ ਨਹੀਂ ਸਾਂ ਮਿਲਾ ਸਕਿਆ। ਫੇਰ ਮੈਂ ਦੇਖਿਆ, ਉਸ ਦੇ ਪੈਰ ਹੌਲੀ-ਹੌਲੀ ਡਿਉਢੀ ਵੱਲ ਵਧ ਰਹੇ ਸਨ।
''ਉਹ ਜਾ ਰਹੀ ਸੀ।
'' 'ਓਇ ਮੂਰਖਾ, ਗਧਿਆ, ਉਹ ਜਾ ਰਹੀ ਏ।'
''ਮੈਂ ਡਿਉਢੀ ਵੱਲ ਅਹੁਲਿਆ। ਉਹ ਭੀੜੀ ਤੇ ਫਿੱਕਾ-ਹਨੇਰੇ ਨਾਲ ਭਰੀ ਡਿਉਢੀ ਵਿਚ ਤੁਰੀ ਜਾ ਰਹੀ ਸੀ। ਮੈਂ ਰੁਕ ਜਾਣਾ ਚਾਹਿਆ, ਪਰ ਮੇਰੇ ਪੈਰ ਮੈਨੂੰ ਉਸ ਦੇ ਐਨ ਨੇੜੇ ਲੈ ਗਏ। ਮੈਂ ਉਸ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਕੰਬਦੀ ਹੋਈ ਆਵਾਜ਼ ਵਿਚ ਕਿਹਾ, 'ਰੁਕਮਨੇ, ਮੇਰੀ ਗੱਲ ਤਾਂ ਸੁਣ...' ਇਸ ਤੋਂ ਪਹਿਲਾਂ ਕਿ ਉਹ ਮੇਰੀ ਗੱਲ ਸੁਣਨ ਲਈ ਤਿਆਰ ਹੁੰਦੀ, ਮੈਂ ਆਪਣੇ ਬੁੱਲ੍ਹ ਉਸ ਦੇ ਬੁੱਲ੍ਹਾਂ ਨਾਲ ਜੋੜ ਦਿੱਤੇ।
''ਰੁਕਮਨ ਦੇ ਸਾਰੇ ਸਰੀਰੀ ਨੇ ਇਕ ਧੁੜਧੁੜੀ ਜਿਹੀ ਲਈ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਮੈਥੋਂ ਵੱਖ ਕੀਤਾ ਸੀ ਤੇ ਫੇਰ ਮੇਰੇ ਮੂੰਹ ਉੱਤੇ ਇਕ ਚੰਡ ਮਾਰ ਦਿੱਤੀ ਸੀ ਤੇ ਨੱਸ ਕੇ ਡਿਉਢੀ ਵਿਚੋਂ ਬਾਹਰ ਨਿਕਲ ਗਈ ਸੀ।
''ਮੈਂ ਉਸ ਦੇ ਪਿੱਛੇ-ਪਿੱਛੇ ਨੱਸਿਆ, ਮੂਰਖਾਂ ਵਾਂਗ ਨੱਸਦਾ ਰਿਹਾ ਤੇ ਅੰਦਰੇ-ਅੰਦਰ ਡਰ ਵੀ ਰਿਹਾ ਸਾਂ ਕਿ ਜੇ ਕਿਤੇ ਉਸ ਨੇ ਕਿਸੇ ਨੂੰ ਦੱਸ ਦਿੱਤਾ ਤਾਂ...
'' 'ਰੁਕਮਨੇ, ਰੁਕ ਜਾ...ਤੈਨੂੰ ਰੱਬ ਦੀ ਸੌਂਹ ਈ ਰੁਕਮਨੇ।'
''ਪਰ ਰੁਕਮਨ ਰੋਂਦੀ ਰਹੀ, ਅੱਖਾਂ ਪੂੰਝਦੀ ਰਹੀ ਤੇ ਅੱਗੇ-ਅੱਗੇ ਨੱਸਦੀ ਰਹੀ। ਉਹ ਉੱਚੀ-ਉੱਚੀ ਆਖ ਰਹੀ ਸੀ, 'ਹੁਣੇ ਮਾਂ ਨੂੰ ਦੱਸਾਂਗੀ, ਚਾਚੇ ਨੂੰ ਦੱਸਾਂਗੀ...ਤੇ ਤੇਰੇ ਵੱਡੇ ਭਰਾ ਨੂੰ ਵੀ ਦੱਸਾਂਗੀ।'
'' 'ਰੁਕਮਨੇ, ਓ-ਤੂੰ ਮੇਰੀ ਗੱਲ ਤਾਂ ਸੁਣ! ਤੈਨੂੰ ਦੇਵੀ ਮਾਤਾ ਦੀ ਸੌਂਹ, ਜੇ ਤੂੰ ਕਿਸੇ ਨੂੰ ਦੱਸੇਂ...ਤੈਨੂੰ ਗਊ ਮਾਤਾ ਦੀ ਸੌਂਹ...'
''ਰੁਕਮਨ ਰੁਕ ਗਈ ਤੇ ਕੌੜੀਆਂ ਨਜ਼ਰਾਂ ਨਾਲ ਮੇਰੇ ਵੱਲ ਵਿੰਹਦੀ ਹੋਈ ਬੋਲੀ, 'ਸ਼ਰਮ ਤਾਂ ਨਹੀਂ ਆਉਂਦੀ, ਐਨੀਆਂ ਵੱਡੀਆਂ ਸੌਂਹਾਂ ਪਾਉਂਦੇ ਨੂੰ ਤੈਨੂੰ?'
'ਹੁਣ ਤਕ ਅਸੀਂ ਨੱਸਦੇ-ਭੱਜਦੇ ਹੋਏ ਘਰ ਤੋਂ ਖਾਸੀ ਦੂਰ ਨਿਕਲ ਆਏ ਸਾਂ। ਇੱਥੇ ਛੋਟੇ-ਛੋਟੇ ਟਿੱਬੇ ਸਨ ਤੇ ਇਕ ਰੇਤਲਾ ਮੈਦਾਨ ਸੀ। ਕਿਤੇ-ਕਿਤੇ ਅੱਕ ਉੱਗਿਆ ਹੋਇਆ ਸੀ। ਅਗਾਂਹ ਰੁੱਖਾਂ ਦਾ ਇਕ ਝੂੰਡ ਸੀ ਤੇ ਉਸ ਤੋਂ ਅਗਾਂਹ ਰੁਕਮਨ ਦੇ ਚਾਚੇ ਦਾ ਘਰ। ਉਸ ਝੂੰਡ ਦੀ ਓਟ ਵਿਚ ਸੂਰਜ ਛਿਪ ਰਿਹਾ ਸੀ। ਕਾਂ, 'ਕਾਂ-ਕਾਂ' ਕਰਦੇ ਹੋਏ ਪੂਰਬ ਵੱਲ ਉੱਡੇ ਜਾ ਰਹੇ ਸਨ। ਸੂਰਜ ਦੀਆਂ ਕਿਰਨਾਂ ਵਿਚ ਉਹਨਾਂ ਦੇ ਖੰਭ ਸੋਨੇ ਦੇ ਬਣੇ ਜਾਪਦੇ ਸਨ। ਮੇਰੇ  ਸਾਹਮਣੇ ਢਾਕਾਂ ਉਤੇ ਹੱਥ ਰੱਖੀ ਰੁਕਮਨ, ਬੜੀ  ਸ਼ਾਨ ਨਾਲ ਖੜ੍ਹੀ ਸੀ। ਉਸ ਦੀ ਚੁੰਨੀ ਦੀਆਂ ਤਾਰਾਂ ਵਿਚੋਂ ਸੂਰਜ ਦੀਆਂ ਕਿਰਨਾਂ ਛਣ-ਛਣ ਕੇ ਆ ਰਹੀਆਂ ਸਨ।
'' 'ਫੇਰ ਕਦੀ ਛੇੜੇਂਗਾ?' ਰੁਕਮਨ ਨੇ ਮਿੱਠੀ ਆਵਾਜ਼ 'ਚ ਪੁੱਛਿਆ।
'' 'ਨਹੀਂ...' ਮੈਂ ਸਿਰ ਮਾਰ ਦਿੱਤਾ।
''ਉਹ ਇਕ ਟਿੱਬੀ 'ਤੇ ਬੈਠ  ਗਈ ਤੇ ਪੈਰ ਤੇ ਪੰਜੇ ਨਾਲ ਰੇਤ ਖੁਰਚ-ਖੁਰਚ ਕੇ, ਰੇਤ ਦੀ ਘੋੜੀ ਜਿਹੀ ਬਣਾਉਣ ਲੱਗ ਪਈ। ਜਦੋਂ ਰੇਤ ਦੀ ਘੋੜੀ ਬਣ ਗਈ ਤੇ ਹੌਲੀ-ਹੌਲੀ ਉਸ ਨੇ ਆਪਣਾ ਪੈਰ ਵੀ ਬਾਹਰ ਕੱਢ ਲਿਆ ਤਾਂ ਮੈਂ ਮੁਸਕਰਾ ਕੇ ਪੁੱਛਿਆ, 'ਬਈ ਇਹ ਕੀ ਏ?' ਉਸ ਨੇ ਜੇਤੂਆਂ ਵਾਂਗ ਮੇਰੇ ਵੱਲ ਤੱਕਿਆ ਤੇ , 'ਇਹ ਤੇਰੀ ਕਬਰ ਏ,' ਸ਼ਰਾਰਤ ਨਾਲ ਕਿਹਾ ਤੇ ਠਹਾਕਾ ਮਾਰ ਕੇ ਹੱਸ ਪਈ। ਸ਼ਰਾਰਤੀ ਕੁੜੀ ਉੱਚੀ-ਉੱਚੀ ਹੱਸਦੀ ਰਹੀ।
'' 'ਲੈ  ਫੇਰ ਮੈਂ ਵੀ ਜ਼ਰਾ ਦੇਖਾਂ ਤਾਂ ਸਹੀ,' ਮੈਂ ਉਸ ਨੂੰ ਪਰ੍ਹਾਂ ਧਰੀਕਦਿਆਂ ਕਿਹਾ ਤੇ ਲੱਤ ਮਾਰ ਕੇ ਰੇਤੇ ਦੀ ਘੋੜੀ ਢਾਹ ਦਿੱਤੀ।
'' 'ਹਾਏ, ਓਏ...' ਉਸ ਦੇ ਹਾਸੇ ਨੂੰ ਜਿਵੇਂ ਬਰੇਕਾਂ ਲੱਗ ਗਈ, 'ਇਹ ਤੂੰ ਕੀ ਕੀਤੈ, ਮਾਰਾਂ ਇਕ ਚਪੇੜ...'
''ਮੈਂ ਨੀਵੀਂ ਪਾ ਕੇ ਬੋਲਿਆ, 'ਜ਼ਰੂਰ, ਇਕ ਨਹੀਂ ਪੂਰੀਆਂ ਸੌ...ਉਫ਼ ਵੀ ਕਰਾਂ ਤਾਂ ਕਹੀਂ।'
''ਉਹ ਘਰ ਜਾਣ ਲਈ ਹੌਲੀ-ਹੌਲੀ ਮੁੜੀ ਤਾਂ ਡੁੱਬਦੇ ਹੋਏ ਸੂਰਜ ਦੀ ਲਾਲੀ ਉਸ ਦੇ ਮੂੰਹ ਉੱਤੇ ਪਈ। ਉਸ ਦੀਆਂ ਅੱਖਾਂ ਵਿਚ ਇਕ ਖਾਸ ਕਿਸਮ ਦੀ ਚਮਕ ਸੀ। ਜਾਂਦੀ-ਜਾਂਦੀ ਨੇ ਹੌਲੀ ਜਿਹੇ ਕਿਹਾ, 'ਅਸਾਂ ਘਰ ਜਾ ਕੇ ਦੱਸ ਦੇਣਾ ਏਂ ਬਈ ਘਨਈਆ ਬੜਾ ਬਦਮਾਸ਼ ਹੋ ਗਿਆ ਏ।'''
ਏਨਾ ਕਹਿ ਕੇ ਘਨਈਆ ਲਾਲ ਵੀ ਚੁੱਪ ਹੋ ਗਿਆ।
''ਫੇਰ—?'' ਮੈਂ ਬੇਸਬਰੀ ਜਿਹੀ ਨਾਲ ਪੁੱਛਿਆ।
''ਫੇਰ ਕੀ...'' ਘਨਈਆ ਲਾਲ ਨੇ ਬੜੀ ਹੀ ਮਧੱਮ ਆਵਾਜ਼ ਵਿਚ ਉਤਰ ਦਿੱਤਾ, ''ਫੇਰ ਗਰਮੀਆਂ ਦੀਆਂ ਛੁੱਟੀਆਂ ਮੁੱਕ ਗਈਆਂ...ਮੈਂ ਏਥੇ ਆ ਗਿਆ।''
ਅਸੀਂ ਦੋਏ ਖਾਸੀ ਦੇਰ ਤਕ ਚੁੱਪਚਾਪ ਬੈਠੇ ਰਹੇ। ਹਵਾ ਦੇ ਨਿੰਮ੍ਹੇ-ਨਿੰਮ੍ਹੇ ਬੁੱਲ੍ਹੇ ਆ ਰਹੇ ਸਨ ਤੇ ਪਿੱਪਲ ਦੇ ਰੁੱਖ ਦੀਆਂ ਟਾਹਣੀਆਂ ਵਿਚਕਾਰ ਚੰਦ ਇਕ ਟੁੱਟੇ ਹੋਏ ਕੰਗਨ ਵਾਂਗ ਅਟਕਿਆ ਹੋਇਆ ਸੀ। ਹੇਠਾਂ ਸੜਕ ਉੱਤੇ, ਇਕ ਗੱਡੇ ਉੱਤੇ ਬੈਠਾ ਹੋਇਆ ਪੂਰਬੀਆ 'ਪ੍ਰੀਤਮ  ਕਿਉਂ ਭਇਓ ਉਦਾਸ, ਪ੍ਰੀਤਮ ਕਿਉਂ ਭਇਓ  ਉਦਾਸ' ਗਾਉਂਦਾ ਹੋਇਆ ਬਲਦਾਂ ਨੂੰ ਹੱਕੀ ਲਈ ਜਾ ਰਿਹਾ ਸੀ।
ਬੜੀ ਦੇਰ ਬਾਅਦ ਮੈਂ ਘਨਈਆ ਲਾਲ ਨੂੰ ਪੁੱਛਿਆ, ''ਤੇ ਰੁਕਮਨ?''
ਘਨਈਆ ਲਾਲ ਮੁਸਕਰਾ ਪਿਆ, ਫੇਰ ਬੋਲਿਆ, ''ਮੇਰੇ ਭਰਾ ਮੈਨੂੰ ਆਪਣੀਆਂ ਗ਼ਲਤੀਆਂ ਦੀ ਸਜ਼ਾ ਭੋਗਣ ਵਾਸਤੇ ਮਜ਼ਬੂਰ ਨਹੀਂ ਕਰ ਸਕਦੇ। ਉਹਨਾਂ ਨੂੰ ਨੋਟ ਚਾਹੀਦੇ ਸਨ...ਉਹ ਉਹਨਾਂ ਨੂੰ ਮਿਲ ਗਏ। ਹੁਣ ਉਹ ਆਪਣੀਆਂ ਕਰੂਪ ਪਤਨੀਆਂ ਨੂੰ ਦੇਖ-ਦੇਖ ਕੇ ਕੁੜ੍ਹਦੇ ਰਹਿੰਦੇ ਨੇ ਤੇ ਚਾਹੁੰਦੇ ਨੇ ਕਿ ਮੇਰਾ ਵਿਆਹ ਵੀ ਕਿਸੇ ਤੁੱਥ-ਮੁੱਥ, ਕਾਲੀ-ਕੋਝੀ, ਗੰਵਾਰ-ਉੱਜਡ ਕੁੜੀ ਨਾਲ ਕਰ ਦਿੱਤਾ ਜਾਏ। ਪਰ ਮੈਂ ਰੁਪਏ ਨਹੀਂ, ਖੁਸ਼ੀ ਚਾਹੁੰਦਾ ਹਾਂ।...ਤੇ ਖੁਸ਼ੀ ਦਾ ਦੂਸਰਾ ਨਾਂ ਏਂ ਰੁਕਮਨ।...ਤੇ ਇਹ ਗੱਲ ਰੁਕਮਨ ਵੀ ਚੰਗੀ ਤਰ੍ਹਾਂ ਸਮਝਦੀ ਏ।''
''ਤਾਂ ਇਹ ਗੱਲ ਏ!'' ਮੈਂ ਸਿਰ ਹਿਲਾ ਕੇ ਕਿਹਾ।
''ਹਾਂ।''
ਗੱਲ ਮੁੱਕ ਚੁੱਕੀ ਸੀ। ਅਸੀਂ ਦੋਏ ਬੁਰਜੀ ਵਿਚੋਂ ਉੱਠ ਕੇ ਬਾਹਰ ਆ ਗਏ। ਪਰ ਹੇਠਾਂ ਸੜਕ ਉੱਤੇ ਜਾ ਰਹੇ ਗੱਡੇ ਵਾਲੇ ਦੀ ਗੱਲ ਸ਼ਾਇਦ ਅਜੇ ਨਹੀਂ ਸੀ ਮੁੱਕੀ। ਉਹ ਅਜੇ ਵੀ ਗਾ ਰਿਹਾ ਸੀ 'ਪ੍ਰੀਤਮ ਕਿਉਂ ਭਇਓ ਉਦਾਸ, ਪ੍ਰੀਤਮ ਕਿਉਂ ਭਇਓ ਉਦਾਸ...'

ਮੇਰਾ ਕਾਲਜ ਜੀਵਨ ਛੇਤੀ ਹੀ ਪੂਰਾ ਹੋ ਗਿਆ। ਕਈ ਸਾਲ ਪਿੱਛੋਂ ਅਚਾਨਕ ਹੀ ਇਕ ਦਿਨ ਘਨਈਆ ਲਾਲ ਨਾਲ ਮੁਲਾਕਾਤ ਹੋ ਗਈ। ਮੈਂ ਲਾਹੌਰ ਦੀ ਸੈਰ ਕਰਨ ਆਇਆ ਸਾਂ। ਕ੍ਰਿਸਮਿਸ ਵਾਲੇ ਦਿਨ ਅਨਾਰਕਲੀ ਵਿਚ ਖਾਸੀ ਚਹਿਲ-ਪਹਿਲ ਸੀ। ਉਂਜ ਹੀ ਤੁਰੇ-ਫਿਰਦੇ ਨੂੰ ਘਨਈਆ ਲਾਲ ਦਿਸ ਪਿਆ।
''ਉ-ਇ! ਤੂੰ!''
ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਪਛਾਣਿਆਂ ਸੀ। ਉਸ ਦਾ ਨਿੱਖਰਵਾਂ ਰੰਗ, ਧੂੰਏਂ ਵਾਂਗ ਮੈਲਾ ਹੋਇਆ ਹੋਇਆ ਸੀ। ਅੱਖਾਂ ਅੰਦਰ ਨੂੰ ਵੜੀਆਂ ਹੋਈਆਂ ਸਨ। ਸਰੀਰ ਸੁੱਕੇ ਬਾਂਸ ਵਰਗਾ ਲੱਗਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਐਮ.ਏ. ਅੰਗਰੇਜ਼ੀ 'ਚੋਂ ਫਸਟ ਆਇਆ ਸੀ ਤੇ ਹੁਣ ਲਾਹੌਰ ਦੇ ਕਿਸੇ ਕਾਲਜ ਵਿਚ ਪ੍ਰੋਫੈਸਰ ਲੱਗਿਆ ਹੋਇਆ ਹੈ।
''ਪਰ ਤੈਨੂੰ ਇਹ ਹੋ ਕੀ ਗਿਆ ਏ, ਬਾਈ ਸਿਆਂ?'' ਮੈਂ ਹੈਰਾਨ ਹੋ ਕੇ ਪੁੱਛਿਆ।
ਮੇਰਾ ਸਵਾਲ ਸੁਣ ਕੇ ਉਹ ਧੀਮੀ ਪਰ ਬੜੀ ਕੁਸੈਲੀ ਜਿਹੀ ਆਵਾਜ਼ ਵਿਚ ਬੋਲਿਆ, ''ਮੈਂ ਸਮਝਦਾ ਹਾਂ,  ਹਿੰਦੂਸਤਾਨ ਦੇ ਅਧੁਨਿਕ ਸਮਾਜਕ ਜੀਵਨ ਵਿਚ ਔਰਤ ਲਈ ਆਦਰ-ਮਾਣ ਪ੍ਰਾਪਤ ਕਰ ਲੈਣਾ ਤਾਂ ਸੰਭਵ ਏ, ਪਰ ਪ੍ਰੇਮ ਨਹੀਂ। ਸਾਡੇ ਮਾਪੇ ਸਾਨੂੰ ਸਭ ਕੁਝ ਮੁਆਫ਼ ਕਰ ਸਕਦੇ ਨੇ; ਸਾਡੇ ਸਾਰੇ ਦੋਸ਼ ਛਿਪਾ ਸਕਦੇ ਨੇ—ਕਤਲ, ਚੋਰੀ, ਡਾਕਾ।...ਪਰ ਉਹ ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੀ ਇੱਛਾ ਦੇ ਖ਼ਿਲਾਫ਼  ਉਹਨਾਂ ਦਾ ਮੁੰਡਾ, ਕਿਸੇ ਕੁੜੀ ਨੂੰ ਪ੍ਰੇਮ ਕਰਨ ਦੀ ਜ਼ੁੱਰਤ ਕਰੇ। ਸਿੱਟੇ! ਸਿੱਟੇ ਸਪਸ਼ਟ ਨੇ। ਰੁਕਮਨ ਪੰਡਤਾਣੀ ਸੀ—ਉਸ ਨੂੰ ਪੰਜਾਹ ਵਰ੍ਹਿਆਂ ਦਾ ਬੁੱਢਾ, ਪਰ ਧਨੱਡ ਪੰਡਤ ਵਿਆਹ ਕੇ ਲੈ ਗਿਆ। ਮੈਂ ਬਾਣੀਆਂ ਸਾਂ—ਮੇਰੇ ਪੱਲੇ ਇਕ ਚਿੜਚਿੜੀ, ਘੱਗੀ ਬਣਿਆਣੀ ਪਾ ਦਿੱਤੀ ਗਈ। ਬੁੱਢੇ ਪੰਡਤ ਜੀ ਰਾਮ-ਰਾਮ ਕਰਦੇ ਹੋਏ, ਆਹ ਕੁਝ ਮਹੀਨੇ ਪਹਿਲਾਂ ਚੋਲਾ ਛੱਡ ਗਏ...ਤੇ ਹੁਣ ਸੋਹਣੀ ਰੁਕਮਨ, ਜਵਾਨ ਵਿਧਵਾ ਏ। ਮਾਂ ਵੀ ਵਿਧਵਾ ਤੇ ਧੀ ਵੀ ਵਿਧਵਾ। ਅੱਜ ਕੱਲ੍ਹ ਉਹ ਮੈਲੇ ਕੱਪੜੇ ਪਾਉਂਦੀ ਤੇ ਸਿਰ ਝੁਕਾਅ ਕੇ ਤੁਰੀ-ਫਿਰਦੀ ਏ...ਜਿਵੇਂ ਆਪਣੇ ਬੁੱਢੇ ਪਤੀ ਦੀ ਮੌਤ ਦਾ ਕਾਰਨ ਉਹ ਆਪ ਈ ਹੋਏ।''
ਮੈਂ ਗੱਲ ਦਾ ਵਿਸ਼ਾ ਬਦਲਣਾ ਚਾਹਿਆ ਤੇ ਹੌਲੀ-ਜਿਹੀ ਕਿਹਾ, ''ਸੁਣਾ ਫੇਰ ਤੇਰੇ ਬਾਲ ਬੱਚੇ...ਸਭ ਰਾਜੀ ਖੁਸ਼ੀ ਨੇ ਨਾ?''
ਉਸ ਨੇ ਮੇਰੀ ਗੱਲ ਦੇ ਉਲਟੇ ਅਰਥ ਕੱਢ ਲਏ ਸਨ, ਸ਼ਾਇਦ! ਰੋਸ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਦਿਆਂ ਬੋਲਿਆ, ''ਬੱਚੇ ਪੈਦਾ ਕਰਨ ਦਾ ਇਹ ਅਰਥ ਕਿੰਜ ਹੋ ਸਕਦਾ ਏ ਕਿ ਤੁਸੀਂ ਆਪਣੀ ਪਤਨੀ ਨੂੰ ਪਿਆਰ ਕਰਦੇ ਹੋ? ਵਿਆਹ ਇਕ ਸੌਦਾ ਏ। ਹੋਰ ਵਸਤਾਂ ਵਾਂਗ ਹੀ ਮੁੰਡੇ-ਕੁੜੀਆਂ ਰੁਪਈਆਂ ਦੀਆਂ ਢੇਰੀਆਂ ਬਦਲੇ ਵੇਚੇ ਜਾਂਦੇ ਨੇ, ਤੇ ਇਹ ਢੰਗ ਅਧੁਨਿਕ ਸਮਾਜੀ ਜੀਵਨ ਅਨੁਸਾਰ ਏ, ਤੇ ਬੱਚੇ...'' ਉਸ ਨੇ ਇਕ ਕੌੜਾ ਜਿਹਾ ਹਾਸਾ ਹੱਸ ਕੇ ਕਿਹਾ, ''ਬੱਚੇ ਤਾਂ ਇਕ ਸਫਲ ਵਿਆਹ ਦਾ ਜ਼ਰੂਰੀ ਅੰਗ ਨੇ ਤੇ ਰੱਬ ਦਾ ਸ਼ੁਕਰ ਏ ਕਿ ਭਾਰਤ ਵਿਚ ਨੜ੍ਹਿਨਵੇਂ ਪ੍ਰਤੀਸ਼ਤ ਵਿਆਹ ਇੰਜ ਹੀ ਸਫਲ ਹੁੰਦੇ ਨੇ। ਤੈਨੂੰ ਮੇਰੇ ਬੱਚਿਆਂ ਦਾ ਹਾਲ-ਚਾਲ ਸੁਣ ਕੇ ਵੀ ਹੈਰਾਨੀ ਹੋਏਗੀ, ਮੈਂ ਛੇ ਬੱਚਿਆਂ ਦਾ ਬਾਪ ਹਾਂ। ਰਿੜ੍ਹਦੇ ਹੋਏ ਬੱਚੇ, ਡੁਸਕਦੇ ਹੋਏ ਬੱਚੇ, ਚੀਕਦੇ-ਕੂਕਦੇ ਹੋਏ ਬੱਚੇ...'' ਗੁਸੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਦਿਆਂ ਹੋਇਆ ਉਹ ਫੇਰ ਬੋਲਿਆ, ''ਏਸ 'ਚ ਮੇਰਾ ਕੀ ਕਸੂਰ ਏ? ਪੱਚੀ ਛੱਬੀ ਸਾਲ ਵਾਸਨਾਵਾਂ ਦਬਾਈ ਰੱਖਣ ਤੋਂ ਬਾਅਦ ਜੇ ਭਾਰਤੀ ਨੌਜਵਾਨ ਦੇ ਜੀਵਨ ਵਿਚ ਇਕ ਔਰਤ ਆ ਜਾਏ ਤਾਂ ਉਹ ਕਿਉਂ ਨਾ ਚੁੰਮ-ਚੱਟ ਕੇ ਉਸ ਦਾ ਹੁਲੀਆ ਵਿਗਾੜ ਦਏ। ਪਰ ਸ਼ਰਤ ਇਹ ਹੈ ਕਿ ਉਹ ਔਰਤ ਹੋਏ। ਭਾਵੇਂ ਕਿਹੋ ਜਿਹੀ ਹੀ ਹੋਏ ...ਕਾਣੀ, ਗੰਜੀ! ਇਕ ਔਰਤ, ਭਾਵੇਂ ਉਸ ਦੀ ਸ਼ਕਲ ਤੁਹਾਡੇ  ਕੋਠੇ ਦੇ ਪਰਨਾਲੇ ਤੋਂ ਵੱਧ ਸੁੰਦਰ ਨਾ ਹੋਏ, ਪਰ ਉਹ ਔਰਤ ਜ਼ਰੂਰ ਹੋਏ।''
ਉਸ ਨੂੰ ਖੰਘ ਛਿੜ ਪਈ ਤੇ ਸਾਹ ਤੇਜ਼-ਤੇਜ਼ ਚੱਲਣ ਲੱਗ ਪਿਆ, ''ਖੈਰ! ਕੋਈ ਗੱਲ ਨਹੀਂ, ਹੁਣ ਥੋੜ੍ਹੇ ਦਿਨ ਈ ਬਾਕੀ ਰਹਿ ਗਏ ਨੇ। ਰਾਤੀਂ ਬੁਖਾਰ ਵੀ ਚੜ੍ਹਨ ਲੱਗ ਪਿਆ ਏ। ਕਦੀ-ਕਦੀ ਖੰਘ ਦੇ ਨਾਲ ਖ਼ੂਨ ਦੇ ਕਤਰੇ ਵੀ ਆ ਜਾਂਦੇ ਨੇ। ਹੁਣ ਛੇਤੀ ਹੀ ਏਸ ਕੈਦ ਵਿਚੋਂ ਛੁੱਟ ਜਾਵਾਂਗਾ। ਪਰ ਮੈਨੂੰ ਆਪਣੀ ਫਿਕਰ ਨਹੀਂ। ਹਾਂ, ਫਿਕਰ ਹੈ ਤਾਂ ਸਿਰਫ ਇਹ ਕਿ ਮੈਂ ਦਿਨੋਂ-ਦਿਨ ਜਿੰਨਾਂ ਸੁੰਗੜਦਾ ਜਾ ਰਿਹਾਂ, ਮੇਰੀ ਪਤਨੀ ਓਨੀਂ ਹੀ ਫ਼ੈਲਦੀ ਜਾ ਰਹੀ ਏ।''
ਮੈਂ ਮਜ਼ਾਕ ਕੀਤਾ, ''ਬਈ ਘਨਈਆ ਲਾਲਾ, ਜਾਪਦੈ ਤੇਰਾ ਮਾਨਸਿਕ ਸੰਤੁਲਨ ਵਿਗੜ ਗਿਐ...ਕੁਝ ਦਿਨਾਂ ਵਾਸਤੇ ਕਿਸੇ ਪਹਾੜ 'ਤੇ ਜਾਂਦਾ ਰਹੁ। ਜੋ ਹੋਣਾ ਸੀ ਹੋ ਗਿਆ। ਖੁਸ਼ ਰਿਹਾ ਕਰ। ਦੇਖ ਨਾ ਏਥੇ ਕਿੰਨੀ ਚਹਿਲ-ਪਹਿਲ ਏ। ਅਹਿ ਸੁੰਦਰ ਸਾੜ੍ਹੀਆਂ, ਲੋਕਾਂ ਦੇ ਠਹਾਕੇ, ਰੋਮਾਂਸ ਤੇ ਖੁਸ਼ੀਆਂ।''
'ਰੋਮਾਂਸ ਤੇ ਖੁਸ਼ੀਆਂ,'' ਘਨਈਆ ਲਾਲ ਨੇ ਖਿਝ ਕੇ ਕਿਹਾ। ਉਸ ਦੀਆਂ ਅੱਖਾਂ ਦੀ ਚਮਕ ਮੱਧਮ ਪੈ ਗਈ ਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਕਰੂਪ ਦਿਸਣ ਲੱਗ ਪਿਆ। ''ਤੂੰ  ਇਹਨਾਂ ਲੋਕਾਂ ਦੀਆਂ ਖੁਸ਼ੀਆਂ ਦਾ ਗ਼ਲਤ ਅੰਦਾਜ਼ਾ ਲਾ ਰਿਹੈਂ। ਇਹ ਲੋਕ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਚੁੱਕੇ ਨੇ। ਇਹਨਾਂ ਦੇ ਗਲ਼ ਇਹਨਾਂ ਦੇ ਮਾਂ-ਪਿਓ ਨੇ ਆਪ ਘੁੱਟ ਦਿੱਤੇ ਸਨ। ਏਥੇ ਨਾ ਰੋਮਾਂਸ ਏ, ਨਾ ਹੀ ਖੁਸ਼ੀ। ਇਹ ਤਾਂ ਤੁਰਦੀਆਂ-ਫਿਰਦੀਆਂ ਲਾਸ਼ਾਂ ਨੇ, ਲਾਸ਼ਾਂ।''
ਬਿੰਦ ਦਾ ਬਿੰਦ ਉਹ ਚੁੱਪ ਕਰ ਗਿਆ, ਫੇਰ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਤੱਕਦਾ ਹੋਇਆ ਬੋਲਿਆ, ''ਤੈਨੂੰ ਪਤੈ, ਜਿੱਥੇ ਰੁਮਾਂਸ ਤੇ ਖੁਸ਼ੀ ਨਹੀਂ ਹੁੰਦੇ ਉੱਥੇ ਕੀ ਹੁੰਦਾ ਏ?...ਉੱਥੇ ਹੁੰਦਾ ਹੈ ਧਰਮ! ਧਰਮ, ਸਿਰਫ ਧਰਮ! ਹੁਣ ਰੁਕਮਨ ਮੇਰੇ ਨਾਲ ਗੱਲ ਵੀ ਨਹੀਂ ਕਰਦੀ। ਉਹ ਦਿਨ ਰਾਤ ਮਾਲਾ ਜਪਦੀ ਰਹਿੰਦੀ ਏ ਬੈਠੀ, ਤੇ ਮੈਨੂੰ ਤੇ ਆਪਣੇ ਆਪ ਨੂੰ ਦੋਹਾਂ ਨੂੰ ਪਾਪੀ ਸਮਝਦੀ ਏ...ਹਾ-ਹਾ-ਹਾ!'' ਘਨਈਆ ਲਾਲ ਉੱਚੀ-ਉੱਚੀ ਹੱਸਣ ਲੱਗ ਪਿਆ।
ਉਸ ਦੇ ਹਾਸੇ ਨੇ ਅਚਾਨਕ ਮੇਰੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਸਾਰੇ ਸਰੀਰ ਨੂੰ ਧੁੜ-ਧੁੜੀਆਂ ਆਉਣ ਲੱਗ ਪਈਆਂ। ਰੋਮ-ਰੋਮ ਵਿਚ ਕੰਬਨੀ ਛਿੜ ਪਈ। ਪਤਾ ਨਹੀਂ ਕਿਉਂ ਪਰ ਇਹ ਸੱਚ ਏ ਕਿ ਘਨਈਆ ਲਾਲ ਦੀਆਂ ਅੰਦਰ ਵੜੀਆਂ ਅੱਖਾਂ ਤੇ ਗੱਲ੍ਹਾਂ ਦੇਖ ਕੇ ਮੈਨੂੰ ਰੇਤ ਦੀ ਉਹ ਕਬਰ ਚੇਤੇ ਆ ਗਈ ਸੀ, ਜਿਹੜੀ ਸੂਰਜ ਦੇ ਛਿਪਾਅ ਦੇ ਨਾਲ ਮਾਮੂਕਾਂਜਨ ਦੇ ਇਕ ਰੇਤਲੇ ਮੈਦਾਨ ਵਿਚ ਇਕ ਪੰਜਾਬਣ ਕੁੜੀ ਨੇ ਉਸ ਖਾਤਰ ਬਣਾਈ ਸੀ।
      ੦੦੦  

Friday, September 17, 2010

ਤੇ ਦੇਵਤਾ ਗੂੰਗੇ ਹੋ ਗਏ...:: ਲੇਖਕ : ਕ੍ਰਿਸ਼ਨ ਚੰਦਰ

ਉਰਦੂ ਕਹਾਣੀ :
...ਤੇ ਦੇਵਤਾ ਗੂੰਗੇ ਹੋ ਗਏ
ਲੇਖਕ : ਕ੍ਰਿਸ਼ਨ ਚੰਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਦੇਵਤੇ ਮੱਨੁਖਾਂ ਵਿਚਕਾਰ ਇਸੇ ਧਰਤੀ ਉਤੇ ਰਹਿੰਦੇ, ਖਾਂਦੇ-ਪੀਂਦੇ ਤੇ ਗੱਲਾਂ ਕਰਦੇ ਹੁੰਦੇ ਸਨ। ਉਹ ਭੀੜ-ਸੰਘੀੜ ਵਿਚ ਲੋਕਾਂ ਨੂੰ ਸਹੀ ਮਸ਼ਵਰੇ ਅਤੇ ਨੇਕ-ਸਲਾਹਾਂ ਦਿੰਦੇ ਰਹਿੰਦੇ ਸਨ। ਲੋਕ ਵੀ ਉਹਨਾਂ ਦਾ ਚੰਗਾ ਆਦਰ-ਮਾਣ ਕਰਦੇ ਸਨ। ਉਹ ਆਪਣੀ ਸਿਆਣਪ, ਹੌਸਲੇ ਤੇ ਦਲੇਰੀ ਸਦਕਾ ਪੂਜੇ ਜਾਂਦੇ ਸਨ। ਉਹਨਾਂ ਦਿਨਾਂ ਵਿਚ ਲੋਕਾਂ ਤੇ ਦੇਵਤਿਆਂ ਵਿਚਕਾਰ ਸਿੱਧਾ ਮੇਲ-ਜੋਲ ਹੋ ਸਕਦਾ ਸੀ। ਸੋ ਲੋਕ ਆਪਣੇ ਸਾਰੇ ਦੁਖੜੇ ਉਹਨਾਂ ਅੱਗੇ ਫਰੋਲ ਸਕਦੇ ਸਨ।
ਉਸੇ ਜ਼ਮਾਨੇ ਵਿਚ ਚੱਕ ਡੋਡਾਂ ਕਲਾਂ, ਨੰਬਰ 216, ਜ਼ਿਲਾ ਹੁਸ਼ਿਆਰਪੁਰ ਵਿਚ ਇਕ ਪਿੱਪਲ ਦੇ ਰੁੱਖ ਹੇਠਾਂ ਇਕ ਦੇਵਤਾ ਰਹਿੰਦਾ ਸੀ—ਗੁਜਗੁਜ ਦੇਵਤਾ। ਉਸਦੇ ਪਿੰਡੇ ਉਤੇ ਸੰਧੂਰ, ਭਬੂਤੀ ਵਾਂਗ ਮਲਿਆ ਹੁੰਦਾ ਸੀ। ਸੋ ਹਰੇ ਪਿੱਪਲ ਹੇਠ ਉਸਦਾ ਲਾਲ ਪਿੰਡਾ ਦੂਰੋਂ ਹੀ ਲੋਕਾਂ ਨੂੰ ਦਿਸ ਪੈਂਦਾ ਸੀ। ਦੁਖੀ ਲੋਕ ਉਸ ਕੋਲ ਆਉਂਦੇ, ਮੱਥਾ ਟੇਕਦੇ, ਫੁੱਲ-ਪਤਾਸੇ ਚੜਾਉਂਦੇ ਤੇ ਦੇਵਤਾ ਹੁਰਾਂ ਦਾ ਪੂਰਾ-ਪੂਰਾ ਲਾਭ ਉਠਾਉਂਦੇ। ਜ਼ਿਆਦਾ ਕਰਕੇ ਲੋਕ ਉਸ ਕੋਲ ਹੀ ਆਉਂਦੇ ਸਨ।
ਉਹਨਾਂ ਦਿਨਾਂ ਵਿਚ ਹੀ, ਚੱਕ ਡੋਡਾਂ ਕਲਾਂ, ਨੰਬਰ 216, ਜ਼ਿਲਾ ਹੁਸ਼ਿਆਰਪੁਰ ਵਿਚ ਇਕ ਗਰੀਬ ਕਿਸਾਨ ਵੀ ਰਹਿੰਦਾ ਸੀ। ਉਹ ਲੋੜਾਂ-ਥੁੜਾਂ ਦਾ ਮਾਰਿਆ, ਗਰੀਬੜਾ ਜਿਹਾ ਬੰਦਾ ਹਮੇਸ਼ਾ ਨੀਵੀਂ ਪਾ ਕੇ ਤੁਰਦਾ, ਬੜੀ ਹਲੀਮੀ ਨਾਲ ਗੱਲਾਂ ਕਰਦਾ ਤੇ ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਕਰਦਾ। ਕਦੀ ਕਿਸੇ ਨੇ ਉਸਦੇ ਮੂੰਹੋਂ ਮੰਦੇ ਬੋਲ ਨਹੀਂ ਸੀ ਸੁਣੇ। ਉਸ ਮਿੱਠ-ਬੋਲੜੇ ਬੰਦੇ ਕੋਲ ਸਭ ਤੋਂ ਘੱਟ ਜ਼ਮੀਨ ਸੀ, ਇਕ ਬਲਦਾਂ ਦੀ ਜੋੜੀ ਸੀ ਤੇ ਇਕ ਮਕਾਨ ਜਿਹੜਾ ਪਿੰਡ ਵਿਚ ਸਭ ਤੋਂ ਛੋਟਾ ਸੀ—ਫੇਰ ਵੀ ਉਹ  ਰੱਬ ਦੀ ਰਜ਼ਾ ਵਿਚ ਖੁਸ਼ ਰਹਿੰਦਾ ਸੀ। ਉਹ ਬੜਾ ਮਿਹਨਤੀ ਤੇ ਨੇਕ ਦਿਲ ਕਿਸਾਨ ਸੀ ਤੇ ਆਪਣੀ ਭੋਇੰ, ਨਿੱਕੇ ਜਿਹੇ ਘਰ, ਆਪਣੀ ਪਿਆਰੀ ਘਰਵਾਲੀ ਤੇ ਦੋ ਬੱਚਿਆਂ ਵਿਚ ਮਸਤ ਰਹਿੰਦਾ ਸੀ। ਗੁਜਗੁਜ ਦੇਵਤਾ ਵੀ ਉਸ ਉੱਤੇ ਬੜੇ ਪ੍ਰਸੰਨ ਸਨ ਤੇ ਹੋਰਾਂ ਨੂੰ ਉਪਦੇਸ਼ ਕਰਦੇ ਹੋਏ ਉਸਦੀ ਉਦਾਹਰਣ ਦਿੰਦੇ ਸਨ।
ਪਰ ਇਕ ਦਿਨ ਕੀ ਹੋਇਆ ਕਿ ਉਹੀ ਗਰੀਬ ਕਿਸਾਨ ਤਿੱਖੜ ਦੁਪਹਿਰ ਵਿਚ ਬੜਾ ਹੀ ਘਬਰਾਇਆ ਹੋਇਆ ਦੇਵਤਾ ਦੀ ਹਜ਼ੂਰੀ ਵਿਚ ਆਣ ਕੇ ਹਾਜ਼ਰ ਹੋ ਗਿਆ ਤੇ ਹੱਥ ਬੰਨ੍ਹ ਕੇ ਬੋਲਿਆ...:
'ਮਹਾਰਾਜ ਜੀ! ਮੇਰੇ ਨਾਲ ਤਾਂ ਜੱਗੋਂ ਬਾਹਰੀ ਹੋ ਗਈ। ਉਤਰ ਵੱਲੋਂ ਆਹਣ ਆ ਕੇ ਮੇਰੇ ਖੇਤ ਵਿਚ ਟਿਕੀ—ਕਿਸੇ ਹੋਰ ਵੱਲ ਗਈ ਈ ਨਹੀਂ। ਬਸ ਮੇਰੇ 'ਚ ਈ ਆ ਕੇ ਬੈਠ ਗਈ ਤੇ ਸਾਰੀ ਫਸਲ ਚੱਟਮ ਕਰਕੇ ਉੱਡਦੀ ਬਣੀ। ਮਹਾਰਾਜ ਮੈਂ ਤਬਾਹ ਹੋ ਗਿਆ,ਬਰਬਾਦ ਹੋ ਗਿਆ। ਹੁਣ ਅਗਲੇ ਛੇ ਮਹੀਨੇ ਸਾਡਾ ਟੱਬਰ ਕੀ ਖਾਊਗਾ?'
ਬੜੀ ਦੇਰ ਮਗਰੋਂ ਗੁਜਗੁਜ ਦੇਵਤਾ ਦੀ ਸਮਾਧੀ ਭੰਗ ਹੋਈ, ਅੱਖਾਂ ਖੁੱਲ੍ਹੀਆਂ ਤੇ ਫਰਿਆਦੀ ਵੱਲ ਵਿੰਹਦਿਆਂ ਉਹ ਬੋਲੇ, 'ਜਦੋਂ ਆਹਣ ਫਸਲ ਖਾ ਕੇ ਉੱਡੀ ਜਾ ਰਹੀ ਸੀ, ਤੈਨੂੰ ਆਕਾਸ਼ ਵਿਚ ਤੈਰਦੇ ਬੱਦਲਾਂ ਦੀ ਝਲਕ ਨਹੀਂ ਦਿਸੀ? ਜਿਹਨਾਂ ਦੀ ਹਿੱਕ ਵਿਚ ਨਵੀਂ ਫਸਲ ਲਈ ਸ਼ੁਭ ਕਾਮਨਾਵਾਂ ਦੇ ਸੁਨੇਹੇਂ ਹੁੰਦੇ ਨੇ।'
ਕਿਸਾਨ ਨੂੰ ਕੋਈ ਗੱਲ ਨਾ ਔੜੀ। ਉਹ ਦੇਵਤਾ ਦੇ ਪੈਰੀਂ ਹੱਥ ਲਾ ਕੇ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ।
ਇਕ ਸਾਲ ਪਿੱਛੋਂ ਫੇਰ ਉਹੀ ਕਿਸਾਨ ਆਪਣੇ ਵਾਲ ਪੁੱਟਦਾ ਹੋਇਆ ਆਇਆ ਤੇ ਦੇਵਤਾ ਦੇ ਸਾਹਮਣੇ ਹੱਥ ਬੰਨ੍ਹ ਕੇ ਖੜ੍ਹਾ ਹੋ ਗਿਆ ਤੇ ਘੱਗੀ ਆਵਾਜ਼ ਵਿਚ ਬੋਲਿਆ...:
ਗੁਜਗੁਜ ਦੇਵਤਾ ਜੀ। ਨਦੀ ਵਿਚ ਹੜ੍ਹ ਆ ਗਿਆ ਏ, ਕਿਸੇ ਦਾ ਛੱਪਰ ਟੁੱਟਾ, ਕਿਸੇ ਦੇ ਬਲ੍ਹਦ ਰੁੜ੍ਹੇ ਪਰ ਮੇਰੀ ਤਾਂ ਤਿੰਨਾਂ ਕਿਆਰਿਆਂ ਦੀ ਫਸਲ ਈ ਰੁੜ੍ਹ ਗਈ, ਮਹਾਰਾਜ। ਮੇਰੀ ਸਾਰੀ ਪੂੰਜੀ, ਧਾਈਂ ਦੇ ਇਹ ਤਿੰਨ ਕਿਆਰੇ ਹੀ ਸਨ—ਹੁਣ ਮੇਰੇ ਬੱਚੇ ਚੌਲਾਂ ਦੇ ਇਕ-ਇਕ ਦਾਨੇ ਨੂੰ ਤਰਸਣਗੇ।'  
ਦੇਵਤਾ ਬੋਲੇ, 'ਜਿਹੜੇ ਲੋਕ ਧਾਈਂ ਨਹੀਂ ਉਗਾਅ ਸਕਦੇ ਉਹ ਮੱਕੀ, ਜਵਾਰ ਤੇ ਕਣਕ ਉਗਾਅ ਲੈਂਦੇ ਨੇ ਤੇ ਦੋਏ ਵੇਲੇ ਪੇਟ ਭਰ ਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ।'
ਦੇਵਤਾ ਦੀ ਗੱਲ ਸੁਣ ਕੇ ਕਿਸਾਨ ਚੁੱਪਚਾਪ ਨੀਵੀਂ ਪਾ ਕੇ ਉਥੋਂ ਤੁਰ ਗਿਆ।
ਦੋ ਸਾਲ ਪਿੱਛੋਂ ਉਸੇ ਕਿਸਾਨ ਦੋ ਦੋਏ ਬੱਚੇ ਚੇਚਕ ਨਾਲ ਮਰ ਗਏ—ਇਕ ਮੁੰਡਾ ਸੀ ਤੇ ਇਕ ਕੁੜੀ। ਉਹ ਦੋਹਾਂ ਦੀਆਂ ਲਾਸ਼ਾਂ ਨੂੰ ਹਿੱਕ ਨਾਲ ਲਈ ਰੋਂਦਾ ਕੁਰਲਾਂਦਾ ਹੋਇਆ ਦੇਵਤਾ ਕੋਲ ਆਇਆ ਤੇ ਉਸਦੇ ਚਰਨਾਂ ਵਿਚ ਢੈਅ ਪਿਆ...:
'ਮੇਰੇ ਦੋਏ ਬੱਚੇ ਮਰ ਗਏ, ਮੈਂ ਔਤ ਹੋ ਗਿਆ ਦੇਵਤਾ ਜੀ—ਰੱਬ ਦਾ ਵਾਸਤਾ ਈ ਇਹਨਾਂ ਨੂੰ ਜਿਵਾ ਦਿਓ...'
ਗੁਜਗੁਜ ਦੇਵਤਾ ਬੋਲੇ, 'ਜਿਹੜੇ ਮਰ ਜਾਂਦੇ ਨੇ ਉਹ ਮੁੜ ਜਿਉਂਦੇ ਨਹੀਂ ਹੁੰਦੇ—ਮੌਤ ਅੱਟਲ ਹੈ, ਇਸ ਲਈ ਅਖੀਰ ਮੌਤ ਦੇ ਦੁੱਖ ਨੂੰ ਸਾਰੇ ਭੁੱਲ ਜਾਂਦੇ ਨੇ।'
'ਹਾਏ ਮੇਰੀ ਕੁਲ ਦਾ ਨਾਸ ਹੋ ਗਿਆ, ਗੁਜਗੁਜ ਦੇਵਤਾ ਜੀ।' ਕਿਸਾਨ ਦੀਆਂ ਭੁੱਬਾਂ ਨਿਕਲ ਗਈਆਂ, 'ਮੇਰੇ ਬੱਚੇ ਮਰ ਗਏ-ਓ-ਏ...'  
ਗੁਜਗੁਜ ਦੇਵਤਾ ਨੇ ਗੁਸੈਲੀਆਂ ਨਿਗਾਹਾਂ ਨਾਲ ਉਸ ਵੱਲ ਵਿੰਹਦਿਆਂ ਕਿਹਾ, 'ਬਰਸਾਤੀ ਮੌਸਮ ਵਿਚ ਤਾਂ ਬੰਜਰ ਧਰਤੀ 'ਤੇ ਵੀ ਫੁੱਲ ਖਿੜ ਪੈਂਦੇ ਨੇ—ਤੇਰੀ ਪਤਨੀ ਜਵਾਨ ਏਂ, ਸੁੰਦਰ ਏ ਤੇ ਅਜੇ ਕੁੱਖ ਵਾਲੀ ਏ।'
ਦੇਵਤਾ ਦੇ ਇਸ ਉਤਰ ਨੇ ਕਿਸਾਨ ਨੂੰ ਇਕ ਵਾਰੀ ਫੇਰ ਚੁੱਪ ਕਰਵਾ ਦਿੱਤਾ ਸੀ। ਪਰ ਉਸਦੀ ਆਤਮਾਂ ਸ਼ਾਂਤ ਨਹੀਂ ਸੀ ਹੋਈ। ਉਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਹਿੱਕ ਨਾਲ ਘੁੱਟੀ ਉਥੋਂ ਤੁਰ ਗਿਆ।
ਪਰ ਛੇ ਮਹੀਨਿਆਂ ਪਿੱਛੋਂ ਹੀ ਉਹ ਫੇਰ ਦੇਵਤਾ ਦੇ ਪੈਰਾਂ ਵਿਚ ਲਿਟ ਰਿਹਾ ਸੀ ਤੇ ਉੱਚੀ ਉੱਚੀ ਰੋ ਰਿਹਾ ਸੀ।
'ਕੀ ਗੱਲ ਏ?' ਦੇਵਤਾ ਨੇ ਪੁੱਛਿਆ।  
'ਮੇਰੀ ਘਰਵਾਲੀ...'  ਕਿਸਾਨ ਆਪਣੀਆਂ ਹੰਝੂ-ਭਿੱਜੀਆਂ ਗੱਲ੍ਹਾਂ, ਦੇਵਤਾ ਦੇ ਪੈਰਾਂ ਨਾਲ ਰਗੜਦਾ ਹੋਇਆ ਬੋਲਿਆ, '...ਵੀ ਮਰ  ਗਈ। ਪਹਿਲਾਂ ਮੇਰੀ ਫਸਲ ਉੱਜੜੀ, ਫੇਰ ਮੇਰੀ ਖੇਤੀ ਰੁੜ੍ਹੀ, ਫੇਰ ਮੇਰੇ ਬੱਚੇ ਮਰ ਗਏ ਤੇ ਹੁਣ—ਹੁਣ ਘਰਵਾਲੀ ਵੀ ਮੁੱਕ ਗਈ। ਹਾਇ ਓ ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ...ਦੇਵਤਾ ਜੀ ਹੁਣ ਮੈਂ ਕੀ ਕਰਾਂ...?'
ਦੇਵਤਾ ਕਾਫੀ ਚਿਰ ਤਾਈਂ ਚੁੱਪਚਾਪ ਬੈਠੇ ਰਹੇ, ਉਹਨਾਂ ਦੇ ਸਦਾ-ਸ਼ਾਂਤ ਮੁਖ ਉੱਤੇ ਚਿੰਤਾ ਦੀਆਂ ਝੁਰੜੀਆਂ ਦਿਸ ਰਹੀਆਂ ਸਨ। ...ਤੇ ਫੇਰ ਉਹਨਾਂ ਦੇ ਚਿਹਰੇ ਉੱਤੇ ਉਹੀ ਮੁਸਕਾਨ ਆ ਗਈ। ਉਹ ਬੜੇ ਕੋਮਲ, ਗੰਭੀਰ ਤੇ ਹਮਦਰਦੀ ਭਰੇ ਲਹਿਜੇ ਵਿਚ ਬੋਲੇ, 'ਜਦੋਂ ਤੂੰ ਆਪਣੀ ਘਰਵਾਲੀ ਦੀ ਚਿਤਾ ਨੂੰ ਅੱਗ ਵਿਖਾ ਕੇ ਵਾਪਸ ਆ ਰਿਹਾ ਸੈਂ ਤਾਂ ਤੂੰ ਘਾਟ ਦੇ ਕਿਨਾਰੇ ਖਿੜੇ ਹੋਏ ਜੂਹੀ ਦੇ ਫੁੱਲ ਨਹੀਂ ਵੇਖੇ ਸਨ?'  
'ਵੇਖੇ ਸਨ। ' ਕਿਸਾਨ ਬੋਲਿਆ, 'ਪਰ ਮਹਾਰਾਜ ਜੀ, ਜੂਹੀ ਦੇ ਫੁੱਲਾਂ ਤੇ ਮੇਰੀ ਘਰਵਾਲੀ ਦੀ ਮੌਤ ਦਾ ਕੀ ਸਬੰਧ?'
ਦੇਵਤਾ ਨੇ ਉਸਨੂੰ ਸਮਝਾਇਆ, 'ਜਿੱਥੇ ਚਿਤਾਵਾਂ ਬਲਦੀਆਂ ਨੇ ਉੱਥੇ ਜੂਹੀ ਦੇ ਫੁੱਲ ਵੀ ਖਿੜਦੇ ਹੈਨ।'
ਪਰ ਕਿਸਾਨ ਦੀ ਸਮਝ ਵਿਚ ਕੁਝ ਨਾ ਆਇਆ। ਘਰਵਾਲੀ ਦੀ ਮੌਤ ਨੇ ਉਸਦੀ ਅਕਲ ਹੀ ਮਾਰ ਦਿੱਤੀ ਸੀ। ਉਸਨੇ ਦੇਵਤਾ ਦੇ ਪੈਰ ਘੁੱਟ ਕੇ ਫੜ ਲਈ ਤੇ ਦੁੱਖ ਤੇ ਗੁੱਸੇ ਸਦਕਾ ਪਾਟੀ-ਭਰੜਾਈ ਆਵਾਜ਼ ਵਿਚ  ਕੂਕਿਆ, ' ਪਰ ਮਹਾਰਾਜ ਉਹ ਮੇਰੀ ਘਰਵਾਲੀ ਸੀ, ਘਰਵਾਲੀ। ਮੇਰੇ ਦਿਲ ਦਾ ਅਖਰੀ ਸਹਾਰਾ, ਅੱਜ ਉਹ ਸਹਾਰਾ ਵੀ ਨਹੀਂ ਰਿਹਾ...ਦੇਵਤਿਓ।'
ਦੇਵਤਾ ਰਤਾ ਵਿਸਥਾਰ ਵਿਚ ਗਏ, 'ਤੇ ਜਦੋਂ ਤੂੰ ਚਿਤਾ ਨੂੰ ਅਗਨੀ ਹਵਾਲੇ ਕਰਕੇ ਵਾਪਸ ਆ ਰਿਹਾ ਸੈਂ ਤਾਂ ਕੀ ਰਾਹ ਵਿਚ ਤੂੰ ਪਿੰਡ ਦੀ ਖੂਹੀ ਉੱਤੇ ਪਾਣੀ ਭਰੇਂਦੀਆਂ ਮੁਟਿਆਰਾਂ ਨਹੀਂ ਵੇਖੀਆਂ? ਉਹਨਾਂ ਦੀਆਂ ਨਜ਼ਰਾਂ ਦੇ ਅੰਦਾਜ, ਉਹਨਾਂ ਦੇ  ਮਿੱਠੇ ਬੋਲਾਂ ਦੀ ਮਹਿਕ, ਉਹਨਾਂ ਦੀ ਸਰੀਰਕ ਰਚਨਾਂ ਦੀ ਆਨੰਦ ਮਈ ਗੂੰਜ—ਕੀ ਤੈਨੂੰ ਚੇਤੇ ਨਹੀਂ ਰਹੀ?'
ਤੇ ਦੇਵਤਾ ਮੋਨ ਹੋ ਗਏ। ਕਿਸਾਨ ਬੜੀ ਦੇਰ ਤਕ ਉਹਨਾਂ ਦੇ ਮੂੰਹ ਵੱਲ ਵਿੰਹਦਾ ਰਿਹਾ। ਪਰ ਜਦੋਂ ਦੇਵਤਾ ਦੇ ਮੂੰਹੋਂ ਹੋਰ ਕੋਈ ਸ਼ਬਦ ਨਾ ਨਿਕਲਿਆ ਤਾਂ ਉਹ ਬੁੜ੍ਹਕ ਕੇ ਦੇਵਤਾ ਦੇ ਪੈਰਾਂ ਤੋਂ ਉਠਿਆ ਤੇ ਪਾਗਲਾਂ ਵਾਂਗ ਘੂਰੀ ਜਿਹੀ ਵੱਟ ਕੇ ਉਸਨੇ ਦੇਵਤਾ ਦੀ ਧੌਣ ਫੜ੍ਹ ਲਈ ਤੇ ਪੂਰੇ ਜ਼ੋਰ ਨਾਲ ਉਸਦਾ ਸਿਰ ਪਿਪਲ ਦੇ ਮੁੱਢ ਨਾਲ ਮਾਰਿਆ। ਦੇਵਤਾ ਦੇ ਮੱਥੇ ਵਿਚੋਂ ਲਹੂ ਵਗ ਤੁਰਿਆ। ਉਹ ਡਰ ਤੇ ਪੀੜ ਨਾਲ ਕੂਕੇ, 'ਓ ਮੇਰਾ ਸਿਰ ਪਾੜ ਗਿਆ ਏ।'
ਕਿਸਾਨ ਨੇ ਕਿਹਾ, 'ਸਿਰ ਪਾੜ ਗਿਆ ਏ ਤਾਂ ਕੀ ਹੋਇਆ? ਔਧਰ ਵੇਖ ਅਸਮਾਨ ਉੱਤੇ ਅਬਾਬੀਲਾਂ ਉੱਡ ਰਹੀਆਂ ਨੇ।' ਤੇ ਨਾਲ ਦੀ ਨਾਲ ਕਿਸਾਨ ਨੇ ਗੁਜਗੁਜ ਦੇਵਤਾ ਦੇ ਮੂੰਹ ਉੱਤੇ ਘਸੁੰਨ ਵੀ ਜੜ ਦਿੱਤਾ।
'ਹਾਇ ਓ ਮੇਰੇ ਦੰਦ ਟੁੱਟ ਗਏ।' ਗੁਜਗੁਜ ਦੇਵਤਾ ਪੀੜ ਨਾਲ ਕੂਕਿਆ।
'ਦੰਦ ਟੁੱਟ ਗਏ ਤਾਂ ਕੀ ਹੋ ਗਿਆ? ਔਹ ਵੇਖ ਪੀਪਲ ਦੇ ਪਰਲੇ ਪਾਸੇ ਤਲਾਅ ਕੋਲ ਕਿੱਡੇ ਸੋਹਣੇ ਫੁੱਲ ਖਿੜੇ ਹੋਏ ਨੇ।' ਤੇ ਫੇਰ ਕਿਸਾਨ ਨੇ ਦੇਵਤਾ ਦੀ ਬਾਂਹ ਮਰੋੜ ਕੇ ਕਿਸੇ ਟਾਹਣੇ ਵਾਂਗ ਭੰਨ ਦਿੱਤੀ।
ਦੇਵਤਾ ਧਾਹਾਂ ਮਾਰਨ ਲੱਗ ਪਿਆ, 'ਹਾਏ ਹਾਏ, ਮੇਰੀ ਬਾਂਹ ਟੁੱਟ ਗਈ।'
'ਬਾਂਹ ਟੁੱਟ ਗਈ ਤਾਂ ਕੀ ਹੋ ਗਿਆ ਓਇ?' ਕਿਸਾਨ ਹਿਰਖ ਕੇ ਬੋਲਿਆ, 'ਸ਼ੁਕਰ ਕਰ ਤੂੰ ਅੰਨ੍ਹਾਂ ਨਹੀਂ ਹੋਇਆ।'
ਤੇ ਉਸੇ ਦਿਨ ਤੋਂ ਰੱਬ ਨੇ ਫੈਸਲਾ ਕਰ ਲਿਆ ਕਿ ਸਾਰੇ ਦੇਵਤੇ ਪੱਥਰ ਦੇ ਹੋਇਆ ਕਰਨਗੇ ਤੇ ਮੂੰਹੋਂ ਕੁਝ ਨਹੀਂ ਬੋਲਣਗੇ।
...ਤੇ ਦੇਵਤਾ ਗੂੰਗੇ ਹੋ ਗਏ।
*** *** ***

ਅਜੀਤ  :  23 ਜੂਨ 1985.

Sunday, July 18, 2010

ਯਮਲਾ…:: ਲੇਖਕ : ਕ੍ਰਿਸ਼ਨ ਚੰਦਰ

ਉਰਦੂ ਕਹਾਣੀ : ਯਮਲਾ…:: ਲੇਖਕ : ਕ੍ਰਿਸ਼ਨ ਚੰਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸ਼ਾਹੂਕਾਰ ਨਾਲ ਸੱਤ ਸਾਲ ਮੁੱਕਦਮਾਂ ਝਗੜ ਕੇ ਵੀ ਜਦੋਂ ਯਮਲਾ ਮੁੱਕਦਮਾਂ ਹਾਰ ਗਿਆ ਤਾਂ ਬੜਾ ਹੀ ਪ੍ਰੇਸ਼ਾਨ ਹੋ ਕੇ ਘਰ ਵਾਪਸ ਆਇਆ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ''ਭਲੀਏ ਲੋਕੇ! ਹੁਣ ਤਾਂ ਅਹਿ ਘਰ ਖਾਲੀ ਕਰਨਾ ਈ ਪਏਗਾ ਤੇ ਜ਼ਮੀਨ ਵੀ ਹੱਥੋਂ ਜਾਏਗੀ।''
ਸੁਣਨ ਸਾਰ ਉਸਦੀ ਘਰਵਾਲੀ ਰੋਣ ਲੱਗ ਪਈ ਤੇ ਨਿਆਣਿਆਂ ਨੇ ਚੀਕਾਟੇ ਛੱਡ ਦਿੱਤੇ। ਫੇਰ ਉਤਾਂਹ ਵੱਲ ਝਕਦੀ ਹੋਈ ਕਹਿਣ ਲੱਗੀ, ''ਹੁਣ ਤਾਂ ਉਹ ਮਾਲਕ ਹੀ ਤੈਨੂੰ ਬਚਾਅ ਸਕਦੈ।''
ਯਮਲਾ ਪਿੰਡ ਦਾ ਇਕ ਮਿਹਨਤੀ ਜੱਟ ਸੀ। ਸਾਰੀ ਉਮਰ ਉਸਨੇ ਬਲਦਾਂ ਵਾਂਗ ਜੁਟ ਕੇ ਕੰਮ ਕੀਤਾ ਸੀ। ਹਮੇਸ਼ਾ ਆਪਣੇ ਈਸ਼ਟ ਦੀ ਪੂਜਾ ਕੀਤੀ ਸੀ। ਆਪਣੇ ਹਾਕਮਾਂ ਦੀ ਵਗਾਰ ਕੀਤੀ ਸੀ, ਸਾਹੂਕਾਰ ਸਾਹਮਣੇ ਸਿਰ ਨਿਵਾਇਆ ਸੀ, ਤੇ ਫੇਰ ਵੀ ਜਦੋਂ ਉਸ ਦੇ ਖ਼ਿਲਾਫ਼ ਮਕਾਨ ਤੇ ਜ਼ਮੀਨ ਦੀ ਕੁਰਕੀ ਦੀ ਡਿਗਰੀ ਹੋ ਗਈ ਤਾਂ ਉਸਦਾ ਦਿਲ ਦੁਖੀ ਹੋ ਗਿਆ ਤੇ ਉਸਨੂੰ ਹਿਰਖ ਚੜ੍ਹਨ ਲੱਗ ਪਿਆ। ਪਰ ਉਸਨੇ ਹਿੰਮਤ ਨਹੀਂ ਹਾਰੀ। ਘਰਵਾਲੀ ਦੀ ਗੱਲ ਸੁਣ ਕੇ, ਉਸਨੇ ਮਾਲਕ ਨੂੰ ਲੱਭਣ ਦਾ ਪੱਕਾ ਇਰਾਦਾ ਕਰ ਲਿਆ।
ਸਭ ਤੋਂ ਪਹਿਲਾਂ ਉਹ ਪਿੰਡ ਦੇ ਪਟਵਾਰੀ ਨੂੰ ਮਿਲਿਆ, ਕਿਉਂਕਿ ਉਸਨੇ ਸੁਣਿਆਂ ਹੋਇਆ ਸੀ ਕਿ ਧਰਤੀ ਤਾਂ ਪਟਵਾਰੀ ਦੀ ਹੁੰਦੀ ਹੈ, ਉਹ ਜਿਧਰ ਚਾਹੇ ਆਪਣੀ ਜ਼ਰੀਬ ਖਿਸਕਾ ਦਏ ।
''ਪਹਿਲਾਂ ਮੇਰੀਆਂ ਲੱਤਾਂ ਘੁੱਟ, ਫੇਰ ਦਸਾਂਗਾ।'' ਪਟਵਾਰੀ ਹੁਰੀਂ ਬੋਲੇ।
ਯਮਲਾ ਆਪ ਵੀ ਖਾਸਾ ਥੱਕਿਆ ਹੋਇਆ ਸੀ, ਪਰ  ਉਸਨੇ ਉਪਰ ਵਾਲੇ ਦਾ ਪਤਾ ਪੁੱਛਣਾ ਸੀ ਇਸ ਲਈ ਉਹ ਬੜੀ ਲਗਣ ਨਾਲ, ਪੂਰੇ ਦੋ ਘੰਟੇ, ਪਟਵਾਰੀ ਜੀ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਜਦੋਂ ਉਹ ਉਂਘਣ ਲੱਗ ਪਏ,  ਉਸ ਫੇਰ ਪੁੱਛਿਆ :
'ਮੋਤੀਆਂ ਵਾਲਿਓ, ਹੁਣ ਤਾਂ ਦੱਸ ਦਿਓ ਉਪਰ ਵਾਲਾ ਕਿੱਥੇ ਰਹਿੰਦਾ ਏ ?''
'ਉਂਘਦਾ ਹੋਇਆ ਪਟਵਾਰੀ ਬੋਲਿਆ, ''ਇੱਥੋਂ ਚੋਖੀ ਦੂਰ। ਉਤਾਂਹ...ਅਸਮਾਨ ਵਿਚ ਇਕ ਟਾਪੂ ਏ, ਜਿਸ ਦੇ ਕਿਨਾਰੇ ਕਿਨਾਰੇ ਗੁਲਾਬੀ ਮੋਤੀ ਟੰਗੇ ਹੋਏ ਨੇ, ਉੱਥੇ ਉਪਰ ਵਾਲਾ ਰਹਿੰਦਾ ਏ, ਜਿਹੜਾ ਸਾਰੀ ਧਰਤੀ ਦਾ ਮਾਲਕ ਏ।''
ਏਨੀ ਗੱਲ ਕਹਿ ਕੇ ਪਟਵਾਰੀ ਜੀ ਸੌਂ ਗਏ। ਯਮਲੇ ਨੇ ਨਿਮਰਤਾ ਨਾਲ ਦੋਏ ਹੱਥ ਜੋੜੇ, ਸਿਰ ਝੁਕਾਇਆ ਤੇ ਆਪਣੀ ਪੱਗ ਨੂੰ ਬੋਚਦਾ ਹੋਇਆ, ਪਟਵਾਰੀ ਹੁਰਾਂ ਦੇ ਕਮਰੇ ਵਿਚੋਂ ਬਾਹਰ ਨਿਕਲ ਆਇਆ।
ਤੇ ਫੇਰ ਯਮਲਾ ਇਕ ਤਾੜ ਦੇ ਰੁੱਖ ਉੱਤੇ ਜਾ ਚੜ੍ਹਿਆ ਤੇ ਉਸਦੀ ਟੀਸੀ 'ਤੇ ਪਹੁੰਚ ਕੇ ਅਸਮਾਨ ਵੱਲ ਚੜ੍ਹਨ ਲੱਗਾ—ਉਤਾਂਹ, ਹੋਰ ਉਤਾਂਹ! ਇੱਥੋਂ ਤਕ ਕਿ ਬੱਦਲ ਹੇਠਾਂ ਰਹਿ ਗਏ, ਹਵਾ ਹੇਠਾਂ ਰਹਿ ਗਈ, ਰੁੱਤਾਂ ਹੇਠਾਂ ਰਹਿ ਗਈਆਂ, ਫਾਸਲੇ ਤੇ ਚਾਨਣ ਹੇਠਾਂ ਰਹਿ ਗਏ ਪਰ ਉਹ ਚੜ੍ਹਦਾ ਹੀ ਗਿਆ ਤੇ ਤੁਰਦਾ ਹੀ ਰਿਹਾ—ਉਪਰ, ਹੋਰ ਉਪਰ; ਉਤਾਂਹ ਹੀ ਉਤਾਂਹ!
ਤੁਰਦਿਆਂ ਤੁਰਦਿਆਂ ਉਸਨੂੰ ਇਕ ਟਾਪੂ ਦਿਸਿਆ, ਚਿੱਟੇ ਸਮੁੰਦਰ ਵਿਚਾਲੇ ਇਕ ਕਾਲਾ ਟਾਪੂ ਜਿਸਦੇ ਆਲੇ ਦੁਆਲੇ ਗੁਲਾਬੀ ਮੋਤੀਆਂ ਦੀਆਂ ਝਾਲਰਾਂ ਲਟਕ ਰਹੀਆਂ ਸਨ।
ਯਮਲੇ ਨੇ ਆਪਣੀ ਜੁੱਤੀ ਲਾਹ ਕੇ ਝਾੜੀ ਤੇ ਰੱਸੀ ਨਾਲ ਬੰਨ੍ਹ ਕੇ ਮੋਢੇ ਤੋਂ ਪਿਛਾਂਹ ਵੱਲ ਸੁੱਟ ਲਈ ਤੇ ਫੇਰ ਉਸ ਚਿੱਟੇ ਸਮੁੰਦਰ ਵਿਚ ਛਾਲ ਮਾਰ ਦਿੱਤੀ। ਜਾਨ ਦੀ ਬਾਜੀ ਲਾ ਕੇ ਤੈਰਦਾ ਹੋਇਆ ਉਹ ਦੂਜੇ ਕਿਨਾਰੇ ਉੱਤੇ ਜਾ ਪਹੁੰਚਿਆ। ਏਥੇ ਇਕ ਵੱਡਾ ਸਾਰਾ ਦਰਵਾਜ਼ਾ ਸੀ, ਜਿਸਦੇ ਦੋਏ ਬਾਰ ਬੰਦ ਸਨ ਪਰ ਹਜ਼ਰਾਂ ਦੀ ਗਿਣਤੀ ਵਿਚ ਲੋਕ ਉਸ ਬੰਦ ਦਰਵਾਜ਼ੇ ਵਿਚੋਂ ਇੰਜ ਅੰਦਰ ਲੰਘੇ ਜਾ ਰਹੇ ਸਨ ਜਿਵੇਂ ਕੱਚ ਦੀ ਸਲੇਬ ਵਿਚੋਂ ਚਾਨਣ ਲੰਘ ਜਾਂਦਾ ਹੈ।
ਤੇ ਜਦੋਂ ਯਮਲੇ ਨੇ ਲੰਘਣਾ ਚਾਹਿਆ ਤਾਂ ਉਹ ਲੰਘ ਨਾ ਸਕਿਆ ਤੇ ਬਾਹਰੋਂ ਹੀ ਬਾਰ ਖੜਕਾਉਣ ਲੱਗ ਪਿਆ। ਉਸਦਾ ਰੌਲਾ-ਰੱਪਾ ਸੁਣ ਕੇ ਦਰਵਾਜ਼ੇ ਵਿਚਲੀ ਇਕ ਨਿੱਕੀ ਜਿਹੀ ਬਾਰੀ ਖੁੱਲ੍ਹੀ ਤੇ ਇਕ ਚਿੱਟ-ਦਾੜ੍ਹੀਏ ਬੁੱਢੇ ਨੇ ਆਪਣੀ ਧੌਣ ਬਾਹਰ ਕੱਢ ਕੇ ਆਪਣੀਆਂ ਨੀਲੀਆਂ ਅੱਖਾਂ ਨਾਲ ਉਸ ਵੱਲ ਬੜੀ ਹੈਰਾਨੀ ਨਾਲ ਤੱਕਿਆ ਤੇ ਪੁੱਛਿਆ :
''ਕੀ ਗੱਲ ਏ ਬਈ ?''
''ਇਕ ਫਰਿਆਦ ਏ ਜੀ !''
'ਫਰਿਆਦਾਂ ਦੇ ਫੈਸਲੇ ਇੱਥੇ ਨਹੀਂ ਹੁੰਦੇ ਉਪਰ ਹੁੰਦੇ ਨੇ।'' ਬੁੱਢੇ ਨੇ ਉਤਰ ਦਿੱਤਾ।
''ਉਪਰ ? ਉਪਰ ਕਿੱਥੇ ਜੀ ?''
'ਉਪਰ, ਜਨੱਤ ਅਤੇ ਜਹਨੁੱਮ ਵਿਚ; ਨਰਕ ਅਤੇ ਸਵਰਗ ਵਿਚ; ਹੈਵਨ ਅਤੇ ਹੇਲ ਵਿਚ।'' ਬੁੱਢਾ ਬੋਲਿਆ।
''ਤਾਂ ਕੀ ਉਪਰ ਵਾਲਾ ਇੱਥੇ ਨਹੀਂ ਰਹਿੰਦਾ ?'' ਯਮਲੇ ਨੇ ਬੜੀ ਮਾਯੂਸੀ ਨਾਲ ਪੁੱਛਿਆ।
'ਨਹੀਂ।'' ਬੁੱਢੇ ਨੇ ਬੜੀ ਲਾਪ੍ਰਵਾਹੀ ਨਾਲ ਕਿਹਾ, ''ਇਹ ਜਜ਼ੀਰਾ ਤਾਂ ਜ਼ਮੀਨ ਤੋਂ ਆਉਣ ਵਾਲੀਆਂ ਰੂਹਾਂ ਦੀ ਸਰਾਂ ਏਂ। ਇੱਥੇ ਥੱਕੀਆਂ-ਹਾਰੀਆਂ, ਭੁੱਖੀਆਂ-ਪਿਆਸੀਆਂ ਮੁਸਾਫਰ ਰੂਹਾਂ ਆਰਾਮ ਕਰਦੀਆਂ ਨੇ। ਖਾਣਾ ਖਾਂਦੀਆਂ ਨੇ ਤੇ ਰਾਤ ਕੱਟ ਕੇ ਸਵੇਰੇ ਫੇਰ ਆਪਣੇ ਸਫਰ 'ਤੇ ਰਵਾਨਾ ਹੋ ਜਾਂਦੀਆਂ ਨੇ।''
'ਮੈਂ ਵੀ ਥੱਕਿਆ ਹੋਇਆਂ, ਭੁੱਖਾ-ਪਿਆਸਾ ਵੀ ਆਂ, ਮੈਨੂੰ ਵੀ ਕੁਝ ਖਾਣ ਲਈ ਦਿਓ।'' ਯਮਲਾ ਬੜੀ ਨਿਮਰਤਾ ਨਾਲ ਬੋਲਿਆ। ਉਸਦੇ ਹਲਕ ਵਿਚ ਕੰਡੇ ਜਿਹੇ ਚੁਭ ਰਹੇ ਸਨ। ਪੈਰਾਂ ਦੀਆਂ ਤਲੀਆਂ ਵਿਚੋਂ ਖ਼ੂਨ ਰਿਸ ਰਿਹਾ ਸੀ...ਤੇ ਬੜੀ ਭੁੱਖ ਲੱਗੀ ਹੋਈ ਸੀ।
''ਕੀ ਤੂੰ ਕੋਈ ਰੂਹ ਏਂ ?'' ਬੁੱਢੇ ਨੇ ਪੁੱਛਿਆ।
''ਨਹੀਂ ਜੀ, ਮੈਂ ਤਾਂ ਯਮਲਾ ਜੱਟ ਆਂ ।'' ਯਮਲੇ ਨੇ ਬੜੇ ਭੋਲੇਪਨ ਵਿਚ ਕਿਹਾ।
''ਤਾਂ ਤੇ ਉਪਰ ਜਾਹ, ਏਥੇ ਤੇਰੀ ਖਾਤਰ ਕੋਈ ਜਗ੍ਹਾ ਨਹੀਂ।'' ਕਹਿ ਕੇ ਬੁੱਢੇ ਨੇ ਬਾਰੀ ਭੇੜ ਲਈ।
ਯਮਲੇ ਦੇ ਦੁਖੀ ਦਿਲ 'ਚੋਂ ਇਕ 'ਆਹ' ਨਿਕਲੀ ਤੇ ਉਹ ਮੁੜ ਆਪਣੇ ਸਫਰ ਉੱਤੇ ਰਵਾਨਾ ਹੋ ਗਿਆ।
ਕਿੰਨੇ ਦਿਨ, ਕਿੰਨੇ ਮਹੀਨੇ, ਕਿੰਨੇ ਸਾਲ ਉਹ ਸਫਰ ਕਰਦਾ ਰਿਹਾ—ਉਸਨੂੰ ਕੁਝ ਵੀ ਯਾਦ ਨਹੀਂ ਸੀ ਰਿਹਾ। ਬਸ ਏਨਾ ਯਾਦ ਸੀ ਕਿ ਇਕ ਉਜਾੜ ਜੰਗਲ ਸੀ ਜਿਸ ਵਿਚ ਉਹ ਸਫਰ ਕਰਦਾ ਰਿਹਾ ਸੀ। ਅਖ਼ੀਰ ਇਕ ਦਿਨ ਉਸਨੂੰ ਇਕ ਕਿਲਾ ਨਜ਼ਰ ਆਇਆ ਜਿਸ ਦੀਆਂ ਕੰਧਾ ਭਖਦੇ ਹੋਏ ਅੰਗਿਆਰ ਜਾਪਦੀਆਂ ਸਨ ਤੇ  ਉਪਰੀ ਕਿਨਾਰਿਆਂ ਵਿਚੋਂ ਅੱਗ ਦੀਆਂ ਲਟਾਂ ਨਿਕਲ ਰਹੀਆਂ ਸਨ। ਅੰਦਰੋਂ ਕਰੋੜਾਂ ਇਨਸਾਨਾਂ ਦੇ ਕਰਾਹੁਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਕਿਲੇ ਦੇ ਦਰਵਾਜ਼ੇ ਦੇ ਬਾਹਰ ਇਕ ਤਖ਼ਤਪੋਸ਼ ਉੱਤੇ ਇਕ ਬੁੱਢਾ ਆਦਮੀ ਸੁੱਤਾ ਪਿਆ ਸੀ। ਉਸਦੇ ਕੱਪੜੇ ਬੜੇ ਮੈਲੇ ਤੇ ਲੰਗਾਰ ਹੋਏ-ਹੋਏ ਸਨ। ਸਿਰ ਤੇ ਦਾੜ੍ਹੀ ਦੇ ਵਾਲਾਂ ਦੀਆਂ ਜਟਾਂ ਬੱਝ ਗਈਆਂ ਸਨ। ਪਿੰਡੇ ਵਿਚੋਂ ਬੋ ਪਈ ਆਉਂਦੀ ਸੀ, ਪਰ ਉਹ ਘੂਕ ਸੁੱਤਾ ਪਿਆ ਸੀ।
ਯਮਲੇ ਨੇ ਉਸਦੇ ਨੇੜੇ ਜਾ ਕੇ ਉਸਨੂੰ ਹਲੂਣਿਆਂ ਤਾਂ ਉਹ ਤ੍ਰਬਕ ਕੇ ਉਠ ਬੈਠਾ।
''ਕੀ ਗੱਲ ਐ, ਓਇ ?'' ਉਹ ਰਤਾ ਹਿਰਖ ਕੇ ਬੋਲਿਆ ਤਾਂ ਉਸਦੇ ਮੂੰਹ ਵਿਚੋਂ ਵੀ ਦੋ ਕੁ ਅੰਗਿਆਰ ਝੜੇ।
''ਇਕ ਅਰਜ਼ ਕਰਨੀ ਸੀ ਜੀ, ਤਖ਼ਤਾਂ ਵਾਲਿਓ !''
ਬੁੱਢੇ ਨੇ ਕਿਹਾ, ''ਅਰਜ਼! ਹੂੰ, ਪਹਿਲਾਂ ਮੇਰੀਆਂ ਜੂੰਆਂ ਕੱਢ, ਫੇਰ ਸੁਣਾਗਾ।''
ਖਾਸੀ ਦੇਰ ਤਕ ਯਮਲਾ ਉਸਦੀਆਂ ਜੂੰਆਂ ਕੱਢਦਾ ਰਿਹਾ। ਜਦੋਂ ਬੁੱਢੇ ਨੂੰ ਕੁਝ ਸ਼ਾਂਤੀ ਮਹਿਸੂਸ  ਹੋਈ ਤਾਂ ਉਸਨੇ ਉਸਦੀ ਬਿਪਤਾ ਸੁਣੀ ਤੇ ਆਖਿਆ :
''ਜੇ ਤੂੰ ਆਪਣੀ ਆਤਮਾਂ ਮੈਨੂੰ ਦੇ ਦੇਵੇਂ ਤਾਂ ਮੈਂ ਹੀ ਤੇਰੀ ਜ਼ਮੀਨ ਤੈਨੂੰ ਵਾਪਸ ਦਿਵਾ ਸਕਦਾ ਹਾਂ।''
'ਮੇਰੇ ਕੋਲ ਮੇਰਾ ਆਪਣਾ ਤਾਂ ਕੁਝ ਵੀ ਨਹੀਂ।'' ਯਮਲਾ ਬੋਲਿਆ, ''ਮੇਰੀ ਜ਼ਮੀਨ ਤੇ ਮੇਰਾ ਮਕਾਨ ਕੁਰਕ ਕਰ ਲਿਆ ਗਿਐ, ਮੇਰਾ ਜਿਸਮ ਹਾਕਮਾਂ ਦਾ ਏ, ਆਤਮਾਂ ਮੇਰੇ ਈਸ਼ਟ ਦੇ ਪੁਜਾਰੀ ਦੀ—ਮੇਰੇ ਕੋਲ ਆਪਣਾ ਕੁਝ ਵੀ ਨਹੀਂ ਜੋ ਤੁਹਾਨੂੰ ਦੇ ਸਕਾਂ।''
''ਤਾਂ ਫੇਰ ਤੂੰ ਜਾਹ ਉਪਰ ਵਾਲੇ ਦੇ ਕੋਲ ਈ।''
''ਤੇ ਤੂੰ ਉਪਰ ਵਾਲਾ ਨਹੀਂ ?'' ਯਮਲੇ ਨੇ ਬੜੀ ਹੈਰਾਨੀ ਨਾਲ ਪੁੱਛਿਆ।
'ਨਹੀਂ, ਮੈਂ ਸ਼ੈਤਾਨ ਆਂ।'' ਬੁੱਢਾ ਹਿਰਖ ਕੇ ਆਪਣੇ ਵਾਲ ਪੁੱਟਦਾ ਹੋਇਆ ਆਖਣ ਲੱਗਾ। ਉਸਦੇ ਸਿਰ ਵਿਚੋਂ ਵੀ ਚੰਗਿਆੜੀਆਂ ਕਿਰ ਰਹੀਆਂ ਸਨ। ''ਉਪਰ ਵਾਲੇ ਨੇ ਮੈਨੂੰ ਛੱਡ ਦਿੱਤਾ ਐ। ਮੈਂ ਕਰੋੜਾਂ ਵਰ੍ਹਿਆਂ ਤੋਂ ਨਹਾਤਾ ਨਹੀਂ, ਮੇਰੇ ਪਿੰਡੇ 'ਚੋਂ ਮੁਸ਼ਕ ਆਉਣ ਲੱਗ ਪਈ ਐ ਤੇ ਮੈਂ ਪਾਣੀ ਦੀ ਭਾਲ ਵਿਚ ਆਂ।''
ਯਮਲੇ ਨੇ ਆਪਣੀ ਮਿੱਟੀ ਦੀ ਸੁਰਾਹੀ ਵਿਚ ਬਚਿਆ ਆਖ਼ਰੀ ਦੋ ਘੁੱਟ ਪਾਣੀ ਸ਼ੈਤਾਨ ਨੂੰ ਪਿਆ ਦਿੱਤਾ...ਤੇ ਸਿੱਧਾ ਬੈਕੁੰਠ ਵਿਚ ਜਾ ਪਹੁੰਚਿਆ। ਅਗਾਂਹ ਰੱਬ ਨੇ ਉਸਨੂੰ ਕਿਹਾ, ''ਯਮਲਿਆ, ਮੈਂ ਰੱਬ ਹਾਂ। ਏਸ ਸਵਰਗ ਦਾ ਰੱਬ, ਪਰ ਤੇਰੀ ਮੁਸ਼ਕਲ ਦਾ ਹੱਲ ਮੇਰੇ ਕੋਲ ਵੀ ਨਹੀਂ...ਕਿਉਂਕਿ ਮੈਂ ਉਪਰ ਵਾਲਾ ਨਹੀਂ।''
ਇਹ ਗੱਲ ਸੁਣ ਕੇ ਯਮਲੇ ਦਾ ਚਿੱਤ ਘਿਰਨ ਲੱਗ ਪਿਆ। ਉਸਦੇ ਮੂੰਹੋਂ ਅਚਾਨਕ ਨਿਕਲਿਆ :
''ਜੇ ਤੂੰ ਵੀ ਉਪਰ ਵਾਲਾ ਨਹੀਂ ਤਾਂ ਫੇਰ ਹੋਰ ਕੌਣ ਐਂ, ਉਪਰ ਵਾਲਾ ?''
ਰੱਬ ਨੇ ਯਮਲੇ ਦੇ ਮੋਢੇ ਉਤੇ ਹੱਥ ਰੱਖ ਕੇ ਬੜੇ ਪਿਆਰ ਨਾ ਆਖਿਆ, ''ਇਹ ਤੁਹਾਡੇ ਤਾਰੇ, ਨਛੱਤਰ, ਜਿਹਨਾਂ ਨੂੰ ਤੁਸੀਂ ਸੂਰਜ ਤੇ ਗ੍ਰਹਿਵਾਂ ਆਦਿ ਦਾ ਚੱਕਰ ਕਹਿੰਦੇ ਹੋ, ਮੈਂ ਤਾਂ ਸਿਰਫ ਏਨੀ ਕੁ ਜਗ੍ਹਾ ਵਿਚ ਵਸਦੇ ਮੱਨੁਖਾਂ ਦੀ ਕਿਸਮਤ ਦਾ ਪ੍ਰਮਾਤਮਾਂ ਹਾਂ...ਉਪਰ ਵਾਲਾ ਨਹੀਂ।'' ਉਸਦੀ ਆਵਾਜ਼ ਕਿਸੇ ਡੂੰਘੀ ਝੀਲ ਵਾਂਗ ਸ਼ਾਂਤ ਸੀ।
'ਤਾਂ ਫੇਰ ਉਪਰ ਵਾਲਾ ਕਿੱਥੇ ਐ?'' ਯਮਲਾ ਬੋਲਿਆ, ''ਮੈਂ ਉਸਨੂੰ ਲੱਭਣ ਅਇਆਂ ਜੀ। ਜੇ ਉਹ ਨਾ ਮਿਲਿਆ ਤਾਂ ਮੇਰੀ ਜ਼ਮੀਨ ਖੁੱਸ ਜਾਏਗੀ ਤੇ ਫੇਰ ਮੇਰੀ ਘਰਵਾਲੀ ਤੇ ਬੱਚਿਆਂ ਦਾ ਕੀ ਬਣੇਗਾ?...ਜੇ ਮੇਰੀ ਜ਼ਮੀਨ ਈ ਮੇਰੀ ਨਾ ਰਹੀ...''
ਰੱਬ ਨੇ ਮੁਸਕਰਾ ਕੇ ਪੁੱਛਿਆ, ''ਤੇਰੇ ਕੋਲ ਮਾਚਸ ਤਾਂ ਹੁਊ?''
'ਹਾਂ, ਪਰ ਤੂੰ ਮਾਚਸ ਕੀ ਕਰਨੀ ਐਂ?'' ਯਮਲੇ ਨੇ ਹੈਰਾਨ ਹੋ ਕੇ ਪੁੱਛਿਆ।
ਰੱਬ ਨੇ ਯਮਲੇ ਕੰਨ ਵਿਚ ਕਿਹਾ, ''ਤੇਰੇ ਵਾਂਗ ਮੈਨੂੰ ਵੀ ਬੀੜੀ ਪੀਣ ਦਾ ਭੁਸ ਏ, ਪਰ ਏਥੇ ਸਵਰਗ ਵਿਚ ਅੱਗ ਹੀ ਨਹੀਂ ਮਿਲਦੀ। ਜਦੋਂ ਦਾ ਸ਼ੈਤਾਨ ਇੱਥੋਂ ਕੱਢਿਆ ਗਿਆ ਏ, ਅੱਗ ਵੀ ਮੁੱਕ ਗਈ ਏ। ਕਦੇ-ਕਦਾਈਂ ਮੇਰਾ ਜੀ ਬੀੜੀ ਪੀਣ ਨੂੰ ਤਰਸ ਜਾਂਦਾ ਏ, ਪਰ ਏਥੇ ਅੱਗ ਈ ਨਹੀਂ।''
ਯਮਲੇ ਨੇ ਆਪਣੀ ਜੇਬ ਫਰੋਲ ਕੇ ਆਪਣੀ ਇੱਕੋ ਇੱਕ ਸੀਖ ਵਾਲੀ ਮਾਚਸ ਦੀ ਡੱਬੀ ਕੱਢੀ ਤੇ ਉਸਨੂੰ ਫੜਾ ਦਿੱਤੀ।
ਤੇ ਫੇਰ ਰੱਬ ਨੇ ਉਸਨੂੰ ਦੱਸਿਆ, ''ਉਪਰ ਵਾਲਾ ਚੋਖੀ ਦੂਰ ਉਤਾਂਹ ਰਹਿੰਦਾ ਏ, ਆਕਾਸ਼ ਗੰਗਾ ਤੋਂ ਵੀ ਖਾਸਾ ਉਪਰ। ਉਥੋਂ ਤਕ ਪਹੁੰਚਣ ਵਾਸਤੇ ਤੈਨੂੰ ਇਕ ਘੇਰੇ ਦੀ ਸੂਰਤ ਵਿਚ ਤੁਰਨਾ ਪਏਗਾ...ਇਕ ਵਾਰੀ ਆਪਣੇ ਦਿਲ ਦੇ ਅੰਦਰ ਤੇ ਦੋ ਵਾਰੀ ਆਪਣੇ ਦਿਲ ਤੋਂ ਬਾਹਰ, ਤੇ ਤੈਨੂੰ ਲੱਖਾਂ ਤਾਰਿਆਂ ਤੇ ਮੁੱਖ ਨਛੱਤਰਾਂ ਵਿਚੋਂ ਲੰਘ ਕੇ ਉਸ ਵਿਸ਼ਾਲ ਰਾਜਪਥ ਉੱਤੇ ਪਹੁੰਚਣਾ ਪਏਗਾ ਜਿੱਥੇ ਉਪਰ ਵਾਲਾ ਰਹਿੰਦਾ ਏ। ਪਰ ਉਹ ਏਸ ਜਨੱਤ ਤੇ ਜਹਨੁੱਮ, ਸਵਰਗ ਤੇ ਨਰਕ, ਹੈਵਨ ਤੇ ਹੇਲ ਤੋਂ ਬੜੀ ਦੂਰ ਹੈ।''
'ਉਹ ਕਿਤੇ ਵੀ ਹੋਏ ਮੈਂ ਉਸ ਕੋਲ ਜ਼ਰੂਰ ਅਪੜਾਂਗਾ। ਸ਼੍ਰੀਮਾਨ ਜੀ, ਇਹ ਮੇਰੀ ਜ਼ਮੀਨ ਦਾ ਮਾਮਲਾ ਐ!'' ਯਮਲੇ ਨੇ ਬੜੀ ਦਰਿੜਤਾ ਨਾਲ ਕਿਹਾ ਤੇ ਅਗਲੇ ਸਫਰ ਉੱਤੇ ਰਵਾਨਾ ਹੋ ਗਿਆ।
ਉਹ ਤੁਰਦਾ ਰਿਹਾ, ਨਛੱਤਰ ਰਾਹਾਂ ਦੀ ਧੂੜ ਬਣ ਗਏ ਤੇ ਘੇਰੇ ਸਿਮਟ ਕੇ ਪੈੜਾਂ ਦੇ ਨਿਸ਼ਾਨ। ਫਾਸਲੇ ਸੁੰਨ ਵਿਚ ਬਦਲ ਗਏ ਤੇ ਸਮਾਂ ਸੱਪ ਦੀ ਤੋਰ ਰੀਂਘਦਾ ਰਿਹਾ...ਤੇ ਜਦੋਂ ਉਹ ਤੁਰਦਾ ਹੋਇਆ ਆਕਾਸ਼ ਗੰਗਾ ਦੀ ਟੀਸੀ ਉੱਤੇ ਪਹੁੰਚਿਆ ਜਿੱਥੇ ਵਿਸ਼ਾਲ ਰਾਜਪਥ ਸਮਾਪਤਾ ਹੁੰਦਾ ਹੈ, ਤਾਂ ਉਸਨੇ ਦੇਖਿਆ ਕਿ ਇਕ ਔਰਤ ਆਪਣੇ ਸਿਰ ਦੇ ਵਾਲ ਖਿਲਾਰੀ ਬੈਠੀ ਰੋ ਰਹੀ ਹੈ। ਯਮਲੇ ਨੂੰ ਬੜੀ ਹੈਰਾਨੀ ਹੋਈ ਤੇ ਉਸਨੇ ਉਸ ਔਰਤ ਨੂੰ ਪੁੱਛਿਆ, ''ਤੂੰ ਕਿਉਂ ਰੋ ਰਹੀ ਐਂ ਬਈ?''
'ਮੈਂ ਉਪਰ ਵਾਲੇ ਨੂੰ ਭਾਲ ਰਹੀ ਆਂ।'' ਔਰਤ ਨੇ ਹਟਕੋਰੇ ਲੈਂਦਿਆਂ ਤੇ ਰੋਂਦਿਆਂ ਰੋਂਦਿਆਂ ਕਿਹਾ, ''ਪਰ ਉਹ ਕਿਤੇ ਲੱਭਦਾ ਈ ਨਹੀਂ ਪਿਆ।''
'ਉਸਦਾ ਕੋਈ ਪਤਾ ਠਿਕਾਣਾ ਤਾਂ ਹੋਊ?'' ਯਮਲੇ ਮੱਥੇ ਉੱਤੇ ਆਇਆ ਪਸੀਨਾ ਪੂੰਝਦਿਆਂ ਕਿਹਾ।
'ਬੜੀ ਦੂਰ ਉਪਰ ਰਹਿੰਦਾ ਏ ਕਿਤੇ। ਮੇਰੀ ਆਕਾਸ਼ ਗੰਗਾ ਤੋਂ ਅਗਾਂਹ...ਔਹ ਨਿਬੁਲਾ ਦੇਖ ਰਿਹੈਂ ਨਾ? ਉਸ ਨਿਬੁਲੇ ਦੇ ਉਸ ਪਾਰ ਇਕ ਹਜਾਰ ਹਿਊਲੇ ਨਜ਼ਰ ਆਉਣਗੇ, ਫੇਰ ਉਹਨਾਂ ਨੂੰ ਪਾਰ ਕਰਕੇ ਤੈਨੂੰ ਇਕ ਹਜਾਰ ਨਿਬੁਲੇ ਹੋਰ ਮਿਲਣਗੇ...ਉਹਨਾਂ ਤੋਂ ਅਗਾਂਹ ਸ਼ਰਿਸਟੀ ਦੀ ਆਖ਼ਰੀ ਹੱਦ 'ਤੇ ਸ਼ਾਇਦ ਉਹ ਨਿਬੁਲਾ ਏ, ਜਿੱਥੇ ਉਪਰ ਵਾਲਾ ਰਹਿੰਦਾ ਏ। ਪਰ ਤੂੰ ਉਥੋਂ ਤਾਈਂ ਅਪੱੜੇਂਗਾ ਕਿਵੇਂ? ਉੱਥੇ ਤਾਂ ਅੱਜ ਤਾਈਂ ਕੋਈ ਨਹੀਂ ਪਹੁੰਚ ਸਕਿਆ।''
'ਓਇ, ਭਲੀਏ ਲੋਕੇ,'' ਯਮਲੇ ਨੇ ਹੱਸ ਕੇ ਕਿਹਾ, ''ਪੈਂਡਾ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਏ, ਜੱਟ ਆਖ਼ਰ ਅਪੱੜ ਈ ਜਾਂਦਾ ਐ।''
'ਉੱਥੇ ਜਾ ਕੇ ਕੀ ਕਰੇਂਗਾ? '' ਔਰਤ ਨੇ ਹੰਝੂ ਪੂੰਝਦਿਆਂ ਕਿਹਾ, ''ਦੇਖ ਮੇਰਾ ਘਰ ਕਿੰਨਾ ਸੁੰਦਰ ਏ...ਅਹਿ ਆਕਾਸ਼ ਗੰਗਾ ਦੀ ਟੀਸੀ, ਇਹ ਹੀਰੇ ਮੋਤੀ ਜੜਿਆ ਵਿਸ਼ਾਲ ਰਾਜਪਥ...ਇਸਦੀ ਇਕ ਇਕ ਕਣੀ, ਕੋਹੇਨੂਰ ਨਾਲੋਂ ਵਧ  ਕੀਮਤੀ ਹੈ।'' ਉਹ ਮੁਸਕਰਾ ਰਹੀ ਸੀ। ਯਮਲੇ ਨੂੰ ਉਸਦੀ ਮੁਸਕਾਨ ਬੜੀ ਭਲੀ ਲੱਗੀ, ਪਰ ਉਸ ਕਿਹਾ :
'ਮੈਨੂੰ ਮੇਰੀ ਜ਼ਮੀਨ ਚਾਹੀਦੀ ਐ, ਭਲੀਏ ਲੋਕੇ! ਤੂੰ ਉਹ ਮਸਾਲ ਨਹੀਂ ਸੁਣੀ—'ਢਿੱਡ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ'। ਹੁਣ ਮੈਨੂੰ ਜਾਣ-ਦੇ। ਤੂੰ ਮੈਨੂੰ ਰਾਹੇ ਪਾ ਦਿੱਤਾ ਤੇਰਾ ਲੱਖ ਲੱਖ ਸ਼ੁਕਰੀਆ।''
ਤੇ ਉਹ ਆਕਾਸ਼ ਗੰਗਾ ਦੀ ਟੀਸੀ ਨੂੰ ਪਾਰ ਕਰਕੇ ਪਹਿਲੇ ਨਿਬੁਲੇ ਵਿਚ ਜਾ ਪਹੁੰਚਿਆ। ਨਿਬੁਲੇ ਵਿਚੋਂ ਨਿਕਲ ਕੇ ਫੈਲੀ ਹੋਈ ਗੈਸ ਦੇ ਵਰੋਲਿਆਂ ਵਿਚ ਪਹੁੰਚ ਗਿਆ। ਇਕ ਹਜ਼ਾਰ ਚੱਕਰਾਂ ਦੀ ਸਰਿਸ਼ਟੀ ਤੋਂ ਅਗਾਂਹ ਇਕ ਹਜ਼ਾਰ ਨਿਬੁਲਿਆਂ ਦੇ ਚੱਕਰਦਾਰ ਰਸਤਿਆਂ ਤੋਂ ਹੁੰਦਾ ਹੋਇਆ ਆਖ਼ਰੀ ਨਿਬੁਲੇ ਉੱਤੇ ਜਾ ਪਹੁੰਚਿਆ। ਉੱਥੇ ਉਸਨੇ ਸੱਤ ਰੰਗੀਆਂ ਰੌਸ਼ਨੀਆਂ ਦੇ ਇਕ ਮਿਨਾਰ ਵਿਚ, ਇਕ ਛੇ ਸੱਤ ਸਾਲ ਦਾ ਬੱਚਾ ਬੈਠਾ ਦੇਖਿਆ ਜਿਹੜਾ ਗੈਸਾਂ ਤੇ ਮਹਿਲ ਬਣਾ ਰਿਹਾ ਸੀ।
'ਹੂੰ! ਤਾਂ ਤੂੰ ਐਂ ਉਪਰ ਵਾਲਾ...'' ਯਮਲੇ ਨੇ ਬੜੀ ਹੈਰਾਨੀ ਨਾਲ ਖੁਸ਼ ਹੋ ਕੇ ਉਸ ਡਾਢੇ ਪਿਆਰ ਬੱਚੇ ਵੱਲ ਤੱਕਦਿਆਂ ਕਿਹਾ, ''ਓਇ ਨਿੱਕਿਆ! ਉਪਰ ਵਾਲਿਆ!! ਧਰਤੀ ਦਿਆ ਮਾਲਕਾ!!!''
ਬੱਚਾ ਖਿੜ ਖਿੜ ਕਰਕੇ ਹੱਸ ਪਿਆ ਤੇ ਬੋਲਿਆ, ''ਮੈਂ ਕੋਈ ਉਪਰ ਵਾਲਾ ਨਹੀਂ, ਮੈਂ ਤਾਂ ਇਕ ਬੱਚਾ ਆਂ। ਗੈਸਾਂ ਦੇ ਮਹਿਲ ਬਣਾ ਰਿਹਾਂ...''
'ਤਾਂ ਫੇਰ ਉਪਰ ਵਾਲਾ ਕਿੱਥੇ ਐ?'' ਯਮਲੇ ਨੂੰ ਬੜੀ ਨਿਰਾਸ਼ਾ ਹੋਈ ਸੀ। ਉਸ ਕਿਹਾ, ''ਉਪਰ ਵਾਲਾ ਜਿਹੜਾ ਸਾਰੀ ਧਰਤੀ ਦਾ ਮਾਲਕ ਐ?''
'ਧਰਤੀ ਦਾ ਮਾਲਕ!'' ਬੱਚੇ ਨੇ ਪੁੱਛਿਆ ਤੇ ਫੇਰ ਆਪੇ ਹੀ ਕਹਿਣ ਲੱਗਾ, ''ਧਰਤੀ ਦਾ ਮਾਲਕ ਤਾਂ ਏਥੋਂ ਬੜੀ ਦੂਰ ਰਹਿੰਦਾ ਹੈ।''
'ਏਥੋਂ ਵੀ ਦੂਰ ਐ? ਉਪਰ? ਦੂਰ? ਅਗਾਂਹ?...ਤੇ ਦੂਰ, ਉਪਰ, ਅਗਾਂਹ...ਪਰ ਕਿੱਥੇ?'' ਕਈ ਸਵਾਲ ਯਮਲੇ ਇਕੋ ਸਾਹ ਪੁੱਛ ਲਏ ਸਨ।
ਬੱਚੇ ਨੂੰ ਕਿਸਾਨ ਦੀ ਮੂਰਖਤਾ ਉੱਤੇ ਹਾਸੀ ਆ ਗਈ। ਹੱਸਦਾ-ਹੱਸਦਾ ਉਹ ਲੋਟ-ਪੋਟ ਹੋ ਗਿਆ। ਫੇਰ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕ ਕੇ ਬੋਲਿਆ, ''ਉਹ ਤਾਂ ਇੱਥੋਂ ਬੜੀ ਦੂਰ ਰਹਿੰਦਾ ਏ ਤੇ ਉਸ ਤਾਈਂ ਤਾਂ ਅੱਜ ਤਕ ਕੋਈ ਨਹੀਂ ਅੱਪੜ ਸਕਿਆ।''
'ਮੈਂ ਅੱਪੜਾਂਗਾ, ਮੈਂ!...ਤੇ ਅੱਪੜਾਂਗਾ ਵੀ ਲਾਜਮੀਂ।'' ਯਮਲੇ ਦੰਦ ਕਰੀਚ ਕੇ ਕਿਹਾ, ''ਤੂੰ ਮੈਨੂੰ ਉਸਦਾ ਪਤਾ-ਠਿਕਾਣਾ ਦਸ...ਬੱਸ।''
ਬੱਚੇ ਨੇ ਕਿਹਾ, ''ਤਾਂ ਫੇਰ ਏਥੋਂ ਸਿੱਧਾ ਜਾਂਦਾ ਰਹਿ। ਏਸ ਨਿਬੁਲੇ ਤੋਂ ਅਗਾਂਹ ਇਕ ਹਜ਼ਾਰ ਅਜਿਹੇ ਹੀ ਨਿਬੁਲੇ ਆਉਣਗੇ, ਫੇਰ ਇਕ ਹਜ਼ਾਰ ਸਰਿਸ਼ਟੀ ਚੱਕਰ, ਫੇਰ ਇਕ ਹੋਰ ਨਿਬੁਲਾ, ਅਗਾਂਹ ਆਕਾਸ਼ ਗੰਗਾ ਤੇ ਫੇਰ ਇਕ ਧਰਤੀ ਦਾ ਗੋਲਾ। ਉਸ ਧਰਤੀ ਉੱਤੇ ਇਕ ਦੇਸ਼ ਹੈ, ਉਸ ਦੇਸ਼ ਵਿਚ ਇਕ ਪਿੰਡ ਹੈ, ਉਸ ਪਿੰਡ ਵਿਚ ਇਕ ਘਰ ਹੈ, ਉਸ ਘਰ ਵਿਚ ਇਕ ਆਦਮੀ ਰਹਿੰਦਾ ਹੈ, ਜਿਹੜਾ ਧਰਤੀ ਦਾ ਮਾਲਕ ਹੈ...ਤੇ ਉਸਦਾ ਨਾਂ ਹੈ ਯਮਲਾ।''
'ਪਰ ਯਮਲਾ ਤਾਂ ਮੈਂ ਈ-ਆਂ।'' ਯਮਲੇ ਨੇ ਆਪਣੀ ਹਿੱਕ ਉੱਤੇ ਹੱਥ ਰੱਖਦਿਆਂ ਕਿਹਾ ਤੇ ਜਿਵੇਂ ਹੀ ਉਸਨੇ ਆਪਣੀ ਹਿੱਕ ਉੱਤੇ ਹੱਥ ਰੱਖਿਆ, ਉਸਦੇ ਪੈਰਾਂ ਹੇਠੋਂ ਨਿਬੁਲਾ ਖਿਸਕ ਗਿਆ ਤੇ ਉਹ ਨਿਬੁਲਿਆਂ-ਹਿਉਲਿਆਂ, ਸਰਿਸ਼ਟੀ ਚੱਕਰਾਂ, ਆਕਾਸ਼ ਗੰਗਾਵਾਂ, ਹਜ਼ਾਰਾਂ ਸੂਰਜਾਂ, ਨਛੱਤਰਾਂ ਵਿਚਕਾਰੋਂ ਹੇਠਾ ਵੱਲ ਡਿਗਦਾ ਹੋਇਆ, ਮੂਧੜੇ-ਮੂੰਹ ਆਪਣੇ ਵਿਹੜੇ ਵਿਚ ਆ ਡਿੱਗਾ। ਖੜਾਕ ਸੁਣ ਕੇ ਉਸਦੀ ਘਰਵਾਲੀ ਬਾਹਰ ਨਿਕਲ ਆਈ ਤੇ ਉਸਨੂੰ ਹਲੂਣ ਕੇ ਕਹਿਣ ਲੱਗੀ :
'ਮੈਂ ਕਿਹਾ ਜੀ, ਸ਼ਾਹੂਕਾਰ ਤੇਰੀ ਕੁਰਕੀ ਕਰਾਉਣ ਆ ਰਿਹਾ ਐ ਤੇ ਤੂੰ ਅਜੇ ਭੁੰਜੇ ਈ ਸੁੱਤਾ ਪਿਐਂ ਜੀ।''
ਸੁਣਨ ਸਾਰ ਯਮਲਾ ਝੱਟ ਉਠ ਕੇ ਬੈਠਾ ਹੋ ਗਿਆ ਤੇ ਹਿਰਖ ਕੇ ਬੋਲਿਆ :
'ਮੈਂ ਵੇਖੂੰ ਕਿਹੜਾ ਮਾਂ ਦਾ ਲਾਲ ਮੇਰੀ ਜ਼ਮੀਨ ਕੁਰਕ ਕਰੌਣ ਆਉਂਦੈ? ਇਹ ਧਰਤੀ ਮੇਰੀ ਐ, ਮੈਂ ਇਸਦਾ ਮਾਲਕ ਆਂ।''
ਏਨਾ ਆਖ ਕੇ ਯਮਲੇ ਨੇ ਆਪਣੀ ਡਾਂਗ ਚੁੱਕੀ ਤੇ ਘਰੋਂ ਬਾਹਰ ਨਿਕਲ ਆਇਆ।
        ੦੦੦

   ਇਹ ਕਹਾਣੀ 27 ਜੁਲਾਈ 1985 ਨੂੰ ਜੱਗਬਾਣੀ ਵਿਚ ਛਪੀ…