Showing posts with label ਪ੍ਰਵਾਸੀ ਉਰਦੂ ਕਹਾਣੀਆਂ. Show all posts
Showing posts with label ਪ੍ਰਵਾਸੀ ਉਰਦੂ ਕਹਾਣੀਆਂ. Show all posts

Monday, October 25, 2010

ਹਠ-ਧਰਮੀ...:: ਲੇਖਕ : ਅਲੀ ਬਾਕਰ



ਪ੍ਰਵਾਸੀ ਉਰਦੂ ਕਹਾਣੀ :
ਹਠ-ਧਰਮੀ...
ਲੇਖਕ : ਅਲੀ ਬਾਕਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਇੰਗਲਿਸ਼ਤਾਨ ਵਿਚ ਕੋਈ ਖਾਣੇ ਲਈ ਬੁਲਾਏ ਤਾਂ ਮਹਿਮਾਨ ਕੋਈ ਤੋਹਫਾ ਜ਼ਰੂਰ ਲੈ ਜਾਂਦਾ ਹੈ...ਵਧੇਰੇ ਲੋਕ ਫੁੱਲਾਂ ਨੂੰ ਪਹਿਲ ਦਿੰਦੇ ਨੇ ਕਿਉਂਕਿ ਫੁੱਲ ਸਾਰੇ ਅੰਗਰੇਜ਼ਾਂ ਨੂੰ ਹੀ ਪਸੰਦ ਹੁੰਦੇ ਨੇ। ਉਹਨਾਂ ਦੇ ਆਪਣੇ ਛੋਟੇ-ਛੋਟੇ ਬਗ਼ੀਚੇ ਹੁੰਦੇ ਨੇ ਜਿਹਨਾਂ 'ਚ ਉਹ ਬੜੇ ਚਾਅ ਨਾਲ ਰੰਗ-ਬਿਰੰਗੇ ਫੁੱਲ ਉਗਾਂਦੇ ਨੇ।
ਉਸ ਸ਼ਾਮ ਜਦੋਂ ਮੈਂ ਪੀਲੇ ਰੰਗ ਦੇ ਡੈਫੋਡਿਲ ਦੇ ਨਾਜ਼ੁਕ ਫੁੱਲਾਂ ਦਾ ਗੁਲਦਸਤਾ ਲੈ ਕੇ ਕਰਨਲ ਹਾਰਡੀ ਦੀ ਕੋਠੀ ਦੇ ਅਹਾਤੇ 'ਚ ਪੈਰ ਧਰਿਆ ਤਾਂ ਉੱਥੇ ਹਰੇਕ ਪਾਸੇ ਡੈਫੋਡਿਲ ਹੀ ਡੈਫੋਡਿਲ ਨਜ਼ਰ ਆਏ, ਜਿਹੜੇ ਸ਼ਾਮ ਦੀ ਮੱਧਮ ਰੌਸ਼ਨੀ ਵਿਚ ਅਜਬ ਬਹਾਰ ਦਾ ਨਜ਼ਾਰਾ ਪੇਸ਼ ਕਰ ਰਹੇ ਸਨ। ਕਿੰਨਾਂ ਚੰਗਾ ਹੁੰਦਾ ਜੇ ਮੈਂ ਕੋਈ ਹੋਰ ਫੁੱਲ ਲੈ ਆਉਂਦਾ, ਪਰ ਹੁਣ ਦੇਰ ਹੋ ਚੁੱਕੀ ਸੀ। ਕਰਨਲ ਸਾਹਬ ਬੜੇ ਤਪਾਕ ਨਾਲ ਮਿਲੇ। ਮੈਂ ਉਹਨਾਂ ਦੀ ਪਤਨੀ ਨੂੰ ਫੁੱਲ ਪੇਸ਼ ਕੀਤੇ। ਉਹ ਬੜਾ ਸ਼ਾਨਦਾਰ ਜੋੜਾ ਸੀ—ਕੁਝ ਜੋੜੇ ਬੁੱਢੇ ਹੋ ਕੇ ਵਧੇਰੇ ਹੁਸੀਨ ਲੱਗਣ ਲੱਗ ਪੈਂਦੇ ਨੇ। ਜਵਾਨੀ ਦੀ ਖ਼ੂਬਸੂਰਤੀ ਤਾਂ ਇਕ ਛਲ ਹੁੰਦੀ ਹੈ, ਪਰ ਬੁਢੇਪੇ ਦਾ ਹੁਸਨ ਬੜੇ ਕਰਮਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਖਾਸ ਸੰਘਰਸ਼ ਕਰਨਾ ਪੈਂਦਾ ਹੈ...ਕਰਨਲ ਸਾਹਬ ਦਾ ਡਰਾਇੰਗ ਰੂਮ ਅਨੇਕਾਂ ਹਿੰਦੁਸਤਾਨੀ ਵਸਤਾਂ ਨਾਲ ਸਜਿਆ ਹੋਇਆ ਸੀ—ਖੰਜਰ ਤੇ ਤਲਵਾਰਾਂ ਸਨ, ਮੁਗ਼ਲ ਤੇ ਰਾਜਪੂਤੀ ਆਰਟ ਦੀਆਂ ਤਸਵੀਰਾਂ ਸਨ, ਮਹਾਤਮਾਂ ਬੁੱਧ ਦੀ ਇਕ ਖ਼ੂਬਸੂਰਤ ਮੂਰਤੀ ਸੀ, ਜਿਸ ਦੇ ਚਿਹਰੇ ਉੱਤੇ ਅੰਤਾਂ ਦਾ ਨੂਰ ਦਰਸਾਇਆ ਗਿਆ ਸੀ। ਇਕ ਕੋਨੇ ਵਿਚ ਲੱਕੜ ਦੀ ਇਕ ਨਾਜ਼ੁਕ ਜਿਹੀ ਅਲਮਾਰੀ ਵਿਚ ਹਿੰਦੁਸਤਾਨ ਉਪਰ ਲਿਖੀਆਂ ਕਿਤਾਬਾਂ ਭਰੀਆਂ ਪਈਆਂ ਸਨ। ਏਨੀਆਂ ਜ਼ਿਆਦਾ ਤੇ ਏਨੀਆਂ ਸ਼ਾਨਦਾਰ ਵਸਤਾਂ ਤਾਂ ਹਿੰਦੁਸਤਾਨ ਵਿਚ ਵੀ ਮੈਂ ਕਿਸੇ ਇਕ ਡਰਾਇੰਗ ਰੂਮ ਵਿਚ ਨਹੀਂ ਸੀ ਦੇਖੀਆਂ।
ਅਸੀਂ ਲੋਕ ਗੱਲਾਂ ਕਰਨ ਲੱਗ ਪਏ। ਉਹਨਾਂ ਦੋਵਾਂ ਨਾਲ ਗੱਲਾਂ ਕਰਨਾ ਮੈਨੂੰ ਬੜਾ ਚੰਗਾ ਲੱਗਿਆ ਸੀ। ਉਹਨਾਂ ਦਾ ਤੇ ਮੇਰਾ ਅਤੀਤ ਇਕ ਸੀ। ਫਰਕ ਬਸ ਏਨਾ ਸੀ ਕਿ ਉਹ ਹੁਕਮਰਾਨ ਰਹੇ ਸਨ ਤੇ ਮੈਂ ਹੁਕਮ ਮੰਨਣ ਵਾਲੇ ਤਬਕੇ ਨਾਲ ਸੰਬੰਧਤ ਰਿਹਾ ਸਾਂ। ਮੈਂ ਉਹਨਾਂ ਦੀ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਨਿੱਕੀ-ਨਿੱਕੀ ਗੱਲ ਪੁੱਛਦਾ ਰਿਹਾ ਤੇ ਲੰਮੇ-ਚੌੜੇ ਕੱਦ-ਬੁੱਤ ਵਾਲੇ ਕਰਨਲ ਹਾਰਡੀ ਤੇ ਉਹਨਾਂ ਦੀ ਸਫ਼ੈਦ ਵਾਲਾਂ ਵਾਲੀ ਖ਼ੂਬਸੂਰਤ ਪਤਨੀ ਪੂਰੇ ਵਿਸਥਾਰ ਨਾਲ ਆਪਣਾ ਅਤੀਤ ਫਰੋਲਦੇ ਰਹੇ। ਦੋਵਾਂ ਦੇ ਖ਼ਾਨਦਾਨ ਦੀਆਂ ਕਈ ਪੁਸ਼ਤਾਂ ਹਿੰਦੁਸਤਾਨ ਵਿਚ ਬਰਤਾਨਵੀ ਫੌਜ ਦੇ ਉੱਚੇ ਅਹੁਦਿਆਂ 'ਤੇ ਸ਼ੌਭਦੀਆਂ ਰਹੀਆਂ ਸਨ। ਉਹਨਾਂ ਦੋਵਾਂ ਨੂੰ ਪੜ੍ਹਾਈ ਖਾਤਰ ਹਿੰਦੁਸਤਾਨ ਤੋਂ ਇੰਗਲਿਸਤਾਨ ਭੇਜਿਆ ਗਿਆ ਸੀ, ਪਰ ਉਹਨਾਂ ਦੀ ਪਹਿਲੀ ਮੁਲਾਕਾਤ ਸ਼੍ਰੀਨਗਰ ਵਿਚ ਹੋਈ ਸੀ। ਦੋਵੇਂ ਚਸ਼ਮਾ-ਸ਼ਾਹੀ ਦੇਖਣ ਗਏ ਹੋਏ ਸਨ। ਕਸ਼ਮੀਰ ਦੇ ਦਿਲਕਸ਼ ਤੇ ਹੁਸੀਨ ਮਾਹੌਲ ਵਿਚ ਹੀ ਉਹਨਾਂ ਦੀ ਮੁਹੱਬਤ ਪਰਵਾਨ ਚੜ੍ਹੀ; ਨਵੀਂ ਦਿੱਲੀ ਦੇ ਵੱਡੇ ਗਿਰਜੇ ਵਿਚ ਸ਼ਾਦੀ ਹੋਈ; ਸ਼ਿਮਲੇ ਵਿਚ ਉਹਨਾਂ ਹਨੀਮੂਨ ਮਨਾਇਆ; ਹੈਦਾਰਾਬਾਦ ਵਿਚ ਉਹਨਾਂ ਦੇ ਪੁੱਤਰ ਹੋਇਆ—ਡੇਵਿਡ, ਜਿਸਨੂੰ ਉਹ ਲੋਕ ਹੁਣ ਤਕ 'ਜੰਗੀ ਲਾਟ ਸਾਹਬ' ਦੇ ਨਾਂ ਨਾਲ ਬੁਲਾਂਦੇ ਸਨ। ਮੇਰੀ ਫਰਮਾਇਸ਼ ਉਪਰ ਮਿਸੇਜ ਹਾਰਡੀ ਆਪਣਾ ਐਲਬਮ ਲੈ ਆਈ ਤੇ ਮੈਂ ਤੀਹ ਚਾਲੀ ਵਰ੍ਹੇ ਪਹਿਲਾਂ ਦੇ ਹਿੰਦੁਸਤਾਨ ਨੂੰ ਉਸ ਸਮੇਂ ਦੇ ਹਾਕਮਾਂ ਦੀਆਂ ਨਿਗਾਹਾਂ ਨਾਲ ਦੇਖਣ ਲੱਗਿਆ—ਉਹੀ ਜਾਣੇ-ਪਛਾਣੇ ਲੋਕ; ਉਹੀ ਆਮ ਜਿਹਾ ਪਹਿਰਾਵਾ; ਉਹੀ ਸਾਡੇ ਮੰਦਰ ਤੇ ਮਸੀਤਾਂ; ਉਹੀ ਕਿਲੇ ਤੇ ਮਹਿਲ—ਹਿੰਦੁਸਤਾਨ ਦੇ ਹੁਕਮਰਾਨ ਬਦਲ ਚੁੱਕੇ ਸਨ, ਪਰ ਮੁਲਕ ਉਹੀ ਸੀ। ਲੋਕ ਉਹੀ ਸਨ। ਉਹਨਾਂ ਤਸਵੀਰਾਂ ਨੂੰ ਦੇਖਦਾ ਹੋਇਆ ਮੈਂ ਸੋਚ ਰਿਹਾ ਸਾਂ ਕਿ ਕੁਝ ਵੀ ਤਾਂ ਨਹੀਂ ਸੀ ਬਦਲਿਆ, ਤੇ ਫੇਰ ਵੀ ਕਿੰਨਾਂ ਕੁਝ ਬਦਲ ਗਿਆ ਹੈ...ਇਹ ਅੰਗਰੇਜ਼ ਬਦਲ ਗਏ ਨੇ, ਮੈਂ ਹਿੰਦੁਸਤਾਨੀ ਬਦਲ ਗਿਆ ਵਾਂ!
ਉਸੇ ਦੌਰਾਨ ਕਮਰੇ ਵਿਚ ਇਕ ਤੀਹ ਬੱਤੀ ਸਾਲ ਦਾ ਨੌਜਵਾਨ ਦਾਖ਼ਲ ਹੋਇਆ ਜਿਸਦੀ ਦਾੜ੍ਹੀ ਵਧੀ ਹੋਈ ਸੀ, ਵਾਲ ਲੰਮੇਂ-ਲੰਮੇਂ ਸਨ। ਮੈਨੂੰ ਉਸ ਨਾਲ ਮਿਲਵਾਇਆ ਗਿਆ, ਉਹ ਡੇਵਿਡ ਹਾਰਡੀ ਸੀ—ਉਹਨਾਂ ਦਾ ਪੁੱਤਰ।
''ਜੰਗੀ ਲਾਟ ਸਾਹਬ—?'' ਮੈਂ ਮੁਸਕਰਾਉਂਦਿਆਂ ਹੋਇਆਂ ਡੇਵਿਡ ਤੋਂ ਪੁੱਛਿਆ।
''ਓਅ! ਤਾਂ ਫੇਰ ਇਹ ਲੋਕ ਆਪਣੇ ਬੀਤੇ ਦੀ ਕਿਤਾਬ ਖੋਲ੍ਹ ਕੇ ਬੈਠ ਗਏ?'' ਡੇਵਿਡ ਨੇ ਜ਼ਰਾ ਝੇਂਪੀ ਜਿਹੀ ਆਵਾਜ਼ ਵਿਚ ਕਿਹਾ, ''ਮਾਫ਼ ਕਰਨਾ, ਮੇਰੇ ਮਾਤਾ-ਪਿਤਾ ਸ਼ਾਇਦ ਇਹ ਕਦੀ ਭੁੱਲ ਹੀ ਨਹੀਂ ਸਕਦੇ ਕਿ ਹਿੰਦੁਸਤਾਨ ਵਿਚ ਉਹਨਾਂ ਦੀ ਜ਼ਿੰਦਗੀ ਕਿੰਨੇ ਠਾਠ ਨਾਲ ਗੁਜ਼ਰੀ ਸੀ। ਤੁਹਾਡੇ ਮੁਲਕ ਵਿਚ ਰਹਿ ਕੇ ਇਹ ਲੋਕ ਵੀ ਹਿੰਦੁਸਤਾਨੀਆਂ ਵਾਂਗ ਖਾਸੇ ਭਾਵੁਕ ਹੋ ਗਏ ਨੇ!''
''ਕਿਉਂ ਜੰਗੀ ਲਾਟ ਸਾਹਬ...ਕੀ ਤੁਹਾਨੂੰ ਹਿੰਦੁਸਤਾਨ ਯਾਦ ਨਹੀਂ ਆਉਂਦਾ?'' ਮੈਂ ਡੇਵਿਡ ਨੂੰ ਪੁੱਛਿਆ।
'ਮੈਂ ਬਹੁਤ ਛੋਟਾ ਸਾਂ। ਬਚਪਨ ਦੀਆਂ ਕੁਝ ਧੁੰਦਲੀਆਂ ਜਿਹੀਆਂ ਯਾਦਾਂ ਮੇਰੇ ਦਿਮਾਗ਼ ਵਿਚ ਵੀ ਸਨ ਤੇ ਮੰਮੀ ਡੈਡੀ ਤੋਂ ਹਿੰਦੁਸਤਾਨ ਦਾ ਜ਼ਿਕਰ ਏਨੀ ਵਾਰੀ ਸੁਣਿਆ ਏ ਤੇ ਇੰਜ ਲੱਗਦਾ ਏ ਜਿਵੇਂ ਉੱਥੋਂ ਦੇ ਠਾਠ-ਬਾਠ ਦਾ ਕਾਫੀ ਆਨੰਦ ਮੈਨੂੰ ਵੀ ਮਿਲਿਆ ਏ। ਵੈਸੇ ਵੀ ਜ਼ਿਆਦਾ ਤਰ ਅੰਗਰੇਜ਼ ਸਿਰਫ ਸੁਣੀਆ-ਸੁਣਾਈਆਂ ਗੱਲਾਂ ਦੇ ਆਧਾਰ 'ਤੇ ਹਿੰਦੁਸਤਾਨ ਨੂੰ ਆਪਣੀ ਮਲਕੀਅਤ ਸਮਝਦੇ ਨੇ।'' ਡੇਵਿਡ ਦੇ ਲਹਿਜ਼ੇ ਤੋਂ ਲੱਗਿਆ ਜਿਵੇਂ ਉਸਨੂੰ ਉਹਨਾਂ ਅੰਗਰੇਜ਼ਾਂ ਨਾਲ ਚਿੜ ਹੈ ਜਿਹੜੇ ਇਸ ਕਿਸਮ ਦੀ ਸੋਚ ਰੱਖਦੇ ਸਨ।
''ਤੁਸੀਂ ਡੇਵਿਡ ਦੀਆਂ ਗੱਲਾਂ ਉਪਰ ਬਿਲਕੁਲ ਧਿਆਨ ਨਾ ਦੇਣਾ।'' ਕਰਨਲ ਹਾਰਡੀ ਨੇ ਮੈਨੂੰ ਆਖਿਆ, 'ਅੱਜ-ਕਲ੍ਹ ਦੇ ਨੌਜਵਾਨ ਤਾਂ ਹਰੇਕ ਗੱਲ ਦਾ ਵਿਰੋਧ ਕਰਨ ਲੱਗ ਪਏ ਨੇ।''
''ਤੁਸੀਂ ਹਿੰਦੁਸਤਾਨੀ ਜਿਹੜੇ ਇੰਗਲਿਸਤਾਨ ਵਿਚ ਨਵੇਂ-ਨਵੇਂ ਆਏ ਹੋ, ਸਮਝਦੇ ਹੋ ਕਿ ਇੱਥੇ ਰਹਿਣ-ਵੱਸਣ ਵਿਚ ਸਿਰਫ ਤੁਹਾਨੂੰ ਲੋਕਾਂ ਨੂੰ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਏ,'' ਡੇਵਿਡ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਆਪਣੀ ਗੱਲ ਜਾਰੀ ਰੱਖੀ, ''ਸੱਚ ਪੁੱਛੋ ਤਾਂ ਅਸਲ ਮੁਸੀਬਤ ਤਾਂ ਮੇਰੇ ਮਾਤਾ-ਪਿਤਾ ਵਰਗੇ ਲੋਕਾਂ ਨੂੰ ਫੇਸ ਕਰਨੀ ਪੈ ਰਹੀ ਏ ਜਿਹੜੇ ਹਿੰਦੁਸਤਾਨ ਦਾ ਠਾਠ-ਬਾਠ ਨਹੀਂ ਭੁੱਲ ਸਕਦੇ ਤੇ ਬਦਲੇ ਹੋਏ ਇੰਗਲਿਸਤਾਨ ਦੇ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦੇ। ਤੁਸੀਂ ਅੱਜ ਨਹੀਂ ਤਾਂ ਕੱਲ੍ਹ ਆਪਣੇ ਮੁਲਕ ਵਾਪਸ ਚਲੇ ਜਾਓਗੇ, ਪਰ ਇਹ ਲੋਕ ਇੱਥੇ ਰਹਿਣਗੇ ਤੇ ਆਪਣੇ ਨੌਕਰਾਂ, ਆਇਆਵਾਂ ਨੂੰ ਯਾਦ ਕਰਦੇ ਰਹਿਣਗੇ। ਉਹ ਐਸ਼ ਹੁਣ ਇਹਨਾਂ ਲੋਕਾਂ ਨੂੰ ਕਦੀ ਨਸੀਬ ਨਹੀਂ ਹੋਏਗੀ।'' ਡੇਵਿਡ ਦੀ ਆਵਾਜ਼ ਖਾਸੀ ਕੁਸੈਲੀ ਹੋ ਗਈ ਸੀ। ਫੇਰ ਉਹ ਆਪਣੀ ਮਾਂ ਵੱਲ ਭੌਂ ਕੇ ਬੋਲਿਆ, ''ਮੰਮੀ ਮੈਨੂੰ ਪਤਾ ਨਹੀਂ ਸੀ ਕਿ ਅੱਜ ਸ਼ਾਮ ਤੁਹਾਡੇ ਮਹਿਮਾਨ ਆਉਣ ਵਾਲੇ ਨੇ। ਮੈਂ ਜ਼ਰਾ ਬਾਹਰ ਜਾ ਰਿਹਾਂ।'' ਤੇ ਮਿਸੇਜ਼ ਹਾਰਡੀ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ ਉਹ ਮੇਰੇ ਨਾਲ ਹੱਥ ਮਿਲਾ ਕੇ ਚਲਾ ਗਿਆ। ਖਾਸੀ ਦੇਰ ਤਕ ਅਸੀਂ ਤਿੰਨੇ ਚੁੱਪ ਬੈਠੇ ਰਹੇ—ਆਪੋ-ਆਪਣੀਆਂ ਸੋਚਾਂ ਵਿਚ ਗੁੰਮ।
''ਕੀ ਜੰਗੀ ਲਾਟ ਸਾਹਬ ਤੁਹਾਡੇ ਇਕਲੌਤੇ ਬੇਟੇ ਨੇ?'' ਮੈਂ ਕਰਨਲ ਸਾਹਬ ਨੂੰ ਪੁੱਛਿਆ।
''ਸਾਡੀ ਇਕ ਬੇਟੀ ਵੀ ਹੈ, ਮਰੀਅਮ—ਉਹ ਡੇਵਿਡ ਨਾਲੋਂ ਤਿੰਨ ਸਾਲ ਛੋਟੀ ਏ। '' ਮਿਸੇਜ਼ ਹਾਰਡੀ ਨੇ ਜਵਾਬ ਦਿੱਤਾ, ''ਮਰੀਅਮ ਪੈਰਿਸ ਵਿਚ ਬੜੀ ਕਾਮਯਾਬ ਮਾਡਲ ਏ। ਮੈਂ ਹੁਣੇ ਉਸ ਦੀਆਂ ਤਸਵੀਰਾਂ ਦਿਖਾਂਦੀ ਆਂ।'' ਉਹ ਹੌਲੀ-ਹੌਲੀ ਤੁਰਦੀ ਹੋਈ ਕਮਰੇ 'ਚੋਂ ਬਾਹਰ ਨਿਕਲ ਗਈ।
'ਡੇਵਿਡ ਵਾਕਈ ਸੱਚ ਕਹਿੰਦਾ ਏ...ਸਾਡੀ ਜ਼ਿੰਦਗੀ ਦਾ ਬੇਹਤਰੀਨ ਹਿੱਸਾ ਹਿੰਦੁਸਤਾਨ ਵਿਚ ਬੀਤਿਆ।'' ਕਰਨਲ ਹਾਰਡੀ ਸ਼ਾਇਦ ਮੈਨੂੰ ਕਹਿ ਰਹੇ ਸਨ ਜਾਂ ਸ਼ਾਇਦ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਏ ਸਨ। ਉਹਨਾਂ ਦੀ ਨਜ਼ਰ ਸਾਹਮਣੇ ਕੰਧ ਉੱਤੇ ਸਜਾਈਆਂ ਦੋ ਤਲਵਾਰਾਂ ਵਿਚਕਾਰ ਲਟਕੀ ਹੋਈ ਕਾਲੀ ਢਾਲ ਉੱਤੇ ਟਿਕੀ ਹੋਈ ਸੀ। ''ਹਿੰਦੁਸਤਾਨ ਬਰਤਾਨਵੀ ਤਾਜ਼ ਵਿਚ ਵੱਡੇ ਸਾਰੇ ਜਗਮਗਾਂਦੇ ਹੀਰੇ ਵਾਂਗ ਸੀ।'' ਏਨਾ ਕਹਿ ਕੇ ਉਹਨਾਂ ਨੇ ਕੋਲ ਪਈ ਮੇਜ਼ ਦੇ ਦਰਾਜ਼ ਵਿਚੋਂ ਲਾਲ ਮਖ਼ਮਲ ਵਿਚ ਮੜ੍ਹਿਆ ਹੋਇਆ ਇਕ ਡੱਬਾ ਕੱਢਿਆ ਤੇ ਉਸਨੂੰ ਖੋਹਲ ਕੇ ਮੈਨੂੰ ਇਕ ਸੋਨੇ ਦਾ ਕੜਾ ਦਿਖਾਉਣ ਲੱਗੇ। ਮੈਂ ਕੜਾ ਆਪਣੇ ਹੱਥ ਵਿਚ ਲਿਆ ਕੋਈ ਅੱਠ ਦਸ ਤੋਲੇ ਦਾ ਹੋਏਗਾ। ਬੜੀ ਸ਼ਾਨਦਾਰ ਤੇ ਸੁਥਰੀ ਮੀਨਾਕਾਰੀ ਕੀਤੀ ਹੋਈ ਸੀ ਉਸ ਉੱਤੇ। ਕਰਨਲ ਸਾਹਬ ਨੇ ਉਸ ਕੜੇ ਦਾ ਇਤਿਹਾਸ ਦੱਸਿਆ ਤਾਂ ਮੇਰਾ ਮਨ ਭਾਰੀ ਹੋ ਗਿਆ। ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਗ਼ਲ ਸ਼ਹਿਜ਼ਾਦੀਆਂ ਨੂੰ ਹਮਾਯੂੰ ਦੇ ਮਕਬਰੇ ਵਿਚ ਕੈਦ ਕਰ ਦਿੱਤਾ ਗਿਆ ਸੀ। ਇਹ ਕੜਾ ਕਰਨਲ ਸਾਹਬ ਦੇ ਕਿਸੇ ਅਜੀਜ਼ ਨੇ ਕਿਸੇ ਬੇਬਸ ਤੇ ਮਜ਼ਬੂਰ ਸ਼ਹਿਜ਼ਾਦੀ ਦੀ ਬਾਂਹ 'ਚੋਂ ਲਾਹਿਆ ਸੀ।
ਉਦੋਂ ਹੀ ਮਿਸੇਜ਼ ਹਾਰਡੀ ਆਪਣੀ ਬੇਟੀ ਮਰੀਅਮ ਦੀਆਂ ਤਸਵੀਰਾਂ ਲੈ ਕੇ ਕਮਰੇ ਵਿਚ ਆ ਗਈ। ਮੈਂ ਕੜਾ ਵਾਪਸ ਉਸ ਸੁਰਖ਼ ਕੇਸ ਵਿਚ ਰੱਖ ਦਿੱਤਾ ਤੇ ਮਰੀਅਮ ਦੀਆਂ ਵੱਡੀਆਂ-ਵੱਡੀਆਂ ਰੰਗੀਨ ਤਸਵੀਰਾਂ ਦੇਖਣ ਲੱਗਿਆ। ਉਸਦੀ ਸੂਰਤ ਬੜੀ ਪਿਆਰੀ ਸੀ। ਵਾਲ ਕਾਲੇ ਸਨ ਤੇ ਅੱਖਾਂ ਜਿਵੇਂ ਸ਼ਹਿਦ ਦੀਆਂ ਵੱਡੀਆਂ-ਵੱਡੀਆਂ ਬੂੰਦਾਂ, ਜੋ ਸੂਰਜ ਦੀ ਰੌਸ਼ਨੀ ਵਿਚ ਲਿਸ਼ਕ ਰਹੀਆਂ ਹੋਣ—ਅਜੀਬ ਜਿਹੀ ਮਿਠਾਸ ਸੀ ਉਹਨਾਂ ਵਿਚ। ਮਰੀਅਮ ਦਾ ਕੱਦ-ਕਾਠ ਤੇ ਦਿੱਖ ਬੜੀ ਰੋਅਬਦਾਰ ਸੀ। ਇੰਜ ਜਾਪਦਾ ਸੀ ਜਿਵੇਂ ਕਿਸੇ ਵੱਡੇ ਮੁਲਕ ਦੀ ਸ਼ਹਿਜ਼ਾਦੀ ਰਸਮ-ਤਾਜ਼ਪੋਸ਼ੀ ਲਈ ਤਿਆਰ-ਬਰ-ਤਿਆਰ ਖੜ੍ਹੀ ਹੋਵੇ। ਮੇਰੇ ਦਿਲ ਵਿਚ ਕਿਸੇ ਚੁੱਪਚਾਪ ਕਿਹਾ, 'ਜੇ ਮਰੀਅਮ ਲੰਦਨ ਵਿਚ ਰਹਿ ਰਹੀ ਹੁੰਦੀ ਤਾਂ ਕਿੰਨਾਂ ਚੰਗਾ ਹੁੰਦਾ।' ਉਦੋਂ ਮੈਂ ਆਪਣੇ ਬੁੱਢੇ ਅੰਗਰੇਜ਼ ਮੇਜ਼ਬਾਨ ਵੱਲ ਜ਼ਰਾ ਡਰਦਿਆਂ-ਡਰਦਿਆਂ ਦੇਖਿਆ ਕਿ ਕਿਤੇ ਉਹਨਾਂ ਮੇਰੇ ਦਿਲ ਦੀ ਆਵਾਜ਼ ਤਾਂ ਨਹੀਂ ਸੁਣ ਲਈ!
''ਕੀ ਇਹ ਸੋਨੇ ਦਾ ਕੜਾ ਮਰੀਅਮ ਦੀ ਵੀਣੀ ਵਿਚ ਹੋਰ ਵੀ ਖੂਬਸੂਰਤ ਨਹੀਂ ਲਗੇਗਾ?'' ਮੈਂ ਕਰਨਲ ਹਾਰਡੀ ਵੱਲ ਭੌਂ ਕੇ ਕਿਹਾ।
''ਨਹੀਂ, ਕਤਈ ਨਹੀਂ!'' ਕਰਨਲ ਹਾਰਡੀ ਨੇ ਫੌਰਨ ਜਵਾਬ ਦਿੱਤਾ, ''ਅਸੀਂ ਪਹਿਲਾਂ ਹੀ ਇਹੋ-ਜਿਹਾ ਇਕ ਕੜਾ ਗਵਾਅ ਚੁੱਕੇ ਹਾਂ। ਸ੍ਰੀਨਗਰ ਵਿਚ ਸਾਡੇ ਇਕ ਨੌਕਰ ਨੇ ਉਸਨੂੰ ਚੁਰਾ ਲਿਆ ਸੀ।'' ਕਰਨਲ ਸਾਹਬ ਜਿਵੇਂ ਉਸ ਘਟਨਾ ਦੀ ਪੂਰੀ ਤਫ਼ਸੀਲ ਸੁਣਾਉਣ ਲਈ ਭੂਮਿਕਾ ਬੰਨ੍ਹਣ ਲੱਗੇ। ਉਹਨਾਂ ਦਾ ਚਿਹਰਾ ਲਾਲ ਹੋਣਾ ਸ਼ੁਰੂ ਹੋ ਗਿਆ।
''ਹੁਣ ਜਾਣ ਵੀ ਦਿਓ ਉਸ ਕਿੱਸੇ ਨੂੰ।'' ਮਿਸੇਜ਼ ਹਾਰਡੀ ਨੇ ਕਿਹਾ, ਪਰ ਉਹ ਖਾਸੇ ਗੁੱਸੇ ਵਿਚ ਜਾਪਦੇ ਸਨ।
''ਕਸ਼ਮੀਰ ਵਿਚ ਸਾਡਾ ਇਕ ਮੁਲਾਜ਼ਮ ਹੁੰਦਾ ਸੀ...ਵਹੀਦ ਖ਼ਾਨ। ਉਸਨੇ ਸਾਡਾ ਕੜਾ ਚੁਰਾ ਲਿਆ ਸੀ। ਜਦ ਤਕ ਸਾਨੂੰ ਉਸ ਚੋਰੀ ਦਾ ਪਤਾ ਲੱਗਿਆ, ਵਹੀਦ ਖ਼ਾਨ ਨੱਸ ਚੁੱਕਿਆ ਸੀ...ਤੇ ਫੇਰ ਪੁਲਿਸ ਨੇ ਉਸਨੂੰ ਆਸਪਾਸ ਦੇ ਕਿਸੇ ਪਿੰਡ ਵਿਚੋਂ ਜਾ ਫੜਿਆ ਸੀ ਤੇ ਖ਼ੂਬ ਕੁਟਾਪਾ ਚਾੜ੍ਹਿਆ ਸੀ—ਪਰ ਉਹ ਕੜਾ ਨਹੀਂ ਸੀ ਮਿਲਿਆ। ਮੈਨੂੰ ਅੱਜ ਅਠਾਈ ਸਾਲ ਬੀਤ ਜਾਣ ਬਾਅਦ ਵੀ ਉਸ ਕੜੇ ਦੇ ਗਵਾਚ ਜਾਣ ਦਾ ਬੜਾ ਦੁੱਖ ਹੈ। ਤੁਹਾਡੇ ਮੁਲਕ ਵਿਚ ਨੌਕਰਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਹ ਬੜੇ ਹੀ ਬੇਈਮਾਨ, ਚੋਰ, ਲੁਟੇਰੇ, ਠੱਗ... ਹੁੰਦੇ ਨੇ।''
ਜਜ਼ਬਾਤ ਤੇ ਗੁੱਸੇ ਕਾਰਨ ਕਰਨਲ ਸਾਹਬ ਦਾ ਚਿਹਰਾ ਲਾਲ ਸੁਰਖ ਹੋਇਆ ਹੋਇਆ ਸੀ। ਮੈਂ ਮਨ ਹੀ ਮਨ ਸੋਚਣ ਲੱਗਾ ਕਿ ਉਸ ਬੇਬਸ ਮੁਗ਼ਲ ਸ਼ਹਿਜ਼ਾਦੀ ਨੇ ਕਰਨਲ ਸਾਹਬ ਦੇ ਉਸ ਰਿਸ਼ਤੇਦਾਰ ਬਾਰੇ ਕੀ ਸੋਚਿਆ ਹੋਏਗਾ ਜਿਸ ਨੇ ਉਸ ਮਾਸੂਮ ਦੇ ਹੱਥੋਂ ਕੜੇ ਲਹਾਏ ਹੋਣਗੇ? ਉਹ ਵਿਚਾਰੀ ਤਾਂ ਆਪਣੇ ਦਿਲ ਦੀ ਭੜਾਸ ਵੀ ਨਹੀਂ ਕੱਢ ਸਕੀ ਹੋਣੀ ਕਿਸੇ ਕੋਲ।
ਖਾਣਾ ਅਸੀਂ ਤਿੰਨਾਂ ਨੇ ਬਿਲਕੁਲ ਚੁੱਪਚਾਪ ਮੁਕਾਇਆ। ਮੇਰੇ ਮਨ ਉਪਰ ਉਦਾਸੀ ਜਿਹੀ ਛਾਈ ਹੋਈ ਸੀ। ਤੁਰਨ ਵੇਲੇ ਮੈਂ ਕਰਨਲ ਹਾਰਡੀ ਨੂੰ ਕਿਹਾ ਕਿ ਚੋਰ ਹਰੇਕ ਮੁਲਕ ਵਿਚ ਹੁੰਦੇ ਨੇ...ਇੰਗਲਿਸਤਾਨ ਦੀਆਂ ਜੇਲ੍ਹਾਂ ਵਿਚ ਜਿਹੜੇ ਏਨੇ ਕੈਦੀ ਭਰੇ ਹੋਏ ਨੇ, ਉਹ ਕੋਈ ਫਰਿਸ਼ਤੇ ਤਾਂ ਨਹੀਂ। ਫੇਰ ਮੈਂ ਮਿਸੇਜ਼ ਹਾਰਡੀ ਵੱਲ ਭੌਂ ਕੇ ਕਿਹਾ, ''ਕਾਸ਼ ਕਿਸੇ ਦਿਨ ਤੁਸੀਂ ਇਹ ਦਿਆਨਤਦਾਰਾਨਾ ਫ਼ੈਸਲਾ ਕਰ ਲਓ ਕਿ ਇਹ ਕੜਾ ਹਿੰਦੁਸਤਾਨ ਦੀ ਹਕੂਮਤ ਨੂੰ ਵਾਪਸ ਕਰ ਦੇਣਾ ਚਾਹੀਦਾ ਏ—ਜਾਂ ਫੇਰ ਕਾਸ਼ ਕਿਸੇ ਦਿਨ ਮੈਂ ਇਸ ਕਾਬਲ ਹੋ ਜਾਵਾਂ ਕਿ ਤੁਹਾਨੂੰ ਅੱਠ ਦਸ ਤੋਲੇ ਦਾ ਇਕ ਕੜਾ ਦੇ ਸਕਾਂ ਤਾਂਕਿ ਤੁਸੀਂ ਵਹੀਦਾ ਖ਼ਾਨ ਦੀ ਚੋਰੀ ਕਾਰਨ ਸਾਰੇ ਹਿੰਦੁਸਤਾਨੀਆਂ ਬਾਰੇ ਗ਼ਲਤ ਰਾਏ ਨੂੰ ਤਿਆਗ ਸਕੋ। ਅਸੀਂ ਜੋ ਆਪਣੀ ਰੋਜ਼ੀ-ਰੋਟੀ ਖਾਤਰ ਤਦ ਤੁਹਾਡੀ ਨੌਕਰੀ ਹਿੰਦੁਸਤਾਨ ਵਿਚ ਕਰਦੇ ਸਾਂ ਤੇ ਅੱਜ ਇੱਥੇ ਇੰਗਲਿਸਤਾਨ ਵਿਚ ਫੇਰ ਆਪਣੀ ਮਿਹਨਤ ਵੇਚਣ ਆ ਵੜਦੇ ਆਂ।''
ਉਸ ਰਾਤ ਜਦੋਂ ਮੈਂ ਆਪਣੇ ਘਰ ਪਰਤ ਰਿਹਾ ਸਾਂ ਤਾਂ ਬਾਹਰ ਹਨੇਰੇ ਵਿਚ ਡੈਫੋਡਿਲ ਦੇ ਫੁੱਲਾਂ ਦਾ ਪੀਲਾ ਰੰਗ ਵੀ ਅਲੋਪ ਹੋ ਚੁੱਕਿਆ ਸੀ। ਹਨੇਰਾ ਹਰੇਕ ਚੀਜ਼ ਦੀ ਖ਼ੂਬਸੂਰਤੀ ਨੂੰ ਡਸ ਲੈਂਦਾ ਹੈ।
   --- --- ---
ਦੂਸਰੇ ਦਿਨ ਸਵੇਰੇ-ਸਵੇਰੇ ਮਿਸੇਜ਼ ਹਾਰਡੀ ਦਾ ਫ਼ੋਨ ਆਇਆ, ਉਹਨਾਂ ਕਿਹਾ ਕਿ ਮੈਂ ਉਸੇ ਦਿਨ ਉਹਨਾਂ ਨੂੰ ਮਿਲਾਂ। ਉਹ ਬੋਲੀ, ''ਮੇਰੇ ਹਸਬੈਂਡ ਲੰਦਨ ਤੋਂ ਬਾਹਰ ਗਏ ਹੋਏ ਨੇ...ਤੂੰ ਜ਼ਰੂਰ ਆਵੀਂ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਨੇ।''
ਦੁਪਹਿਰੇ ਮੈਂ ਮਿਸੇਜ਼ ਹਾਰਡੀ ਨੂੰ ਮਿਲਿਆ।
ਮੈਨੂੰ ਦੇਖਦਿਆਂ ਹੀ ਉਹਨਾਂ ਕਿਹਾ, ''ਕੱਲ੍ਹ ਰਾਤ ਜਦ ਤੂੰ ਗਿਆ ਸੈਂ, ਖਾਸਾ ਉਦਾਸ ਸੈਂ ਤੂੰ—ਇਸ ਲਈ ਸਾਰੀ ਰਾਤ ਮੈਨੂੰ ਵੀ ਨੀਂਦ ਨਹੀਂ ਆਈ। ਮੈਂ ਤੈਨੂੰ ਇਕ ਅਜਿਹੀ ਗੱਲ ਦੱਸਣਾ ਚਾਹੁੰਦੀ ਆਂ ਜਿਹੜੀ ਅੱਜ ਤਕ ਮੈਂ ਕਿਸੇ ਨਾਲ ਸਾਂਝੀ ਨਹੀਂ ਕੀਤੀ। ਡੇਵਿਡ ਤੇ ਮਰੀਅਮ ਨਾਲ ਵੀ ਨਹੀਂ। ਉਹ ਦੂਸਰਾ ਕੜਾ ਵਹੀਦ ਖ਼ਾਨ ਨੇ ਨਹੀਂ ਸੀ ਚੁਰਾਇਆ, ਹਾਲਾਂਕਿ ਉਸ ਵਿਚਾਰੇ ਉੱਤੇ ਇਲਜ਼ਾਮ ਇਹੋ ਲੱਗਿਆ ਸੀ।''
''ਪਰ ਇਹ ਤਾਂ ਸਰਾਸਰ ਜ਼ਿਆਦਤੀ ਹੋਈ ਨਾ!'' ਮੈਂ ਮਿਸੇਜ਼ ਹਾਰਡੀ ਨੂੰ ਕਿਹਾ।
''ਹਾਂ—ਜ਼ਿਆਦਤੀ ਤਾਂ ਹੋਈ। ਪਰ ਕਦੀ-ਕਦੀ ਅਸੀਂ ਸਾਰੇ ਹੀ ਜ਼ਿਆਦਤੀਆਂ ਕਰਦੇ ਆਂ। ਮੈਂ ਇਹ ਨਹੀਂ ਕਹਿ ਰਹੀ ਕਿ ਇਹ ਕੋਈ ਚੰਗੀ ਗੱਲ ਏ। ਹੋਇਆ ਇਹ ਸੀ ਕਿ ਡੇਵਿਡ ਛੋਟਾ ਜਿੰਨਾਂ ਸੀ, ਜਦ ਅਸੀਂ ਲੋਕ ਹੈਦਰਾਬਾਦ ਤੋਂ ਫੇਰ ਕਸ਼ਮੀਰ ਆ ਗਏ ਸਾਂ। ਝੀਲ ਦੇ ਕਿਨਾਰੇ ਸਾਡਾ ਮਕਾਨ ਸੀ। ਅਸੀਂ ਅੰਗਰੇਜ਼ ਅਫ਼ਸਰ ਬਸ ਆਪਸ ਵਿਚ ਹੀ ਮਿਲਦੇ ਜੁਲਦੇ ਸਾਂ। ਹਰ ਵੇਲੇ ਉਹੀ ਪੋਲੋ ਤੇ ਬ੍ਰਿਜ, ਜਿੰਨ ਤੇ ਟਾਂਗ, ਵਿਸਕੀ ਤੇ ਸੋਢਾ, ਡਿਨਰ ਜੈਕਟ ਤੇ ਈਵਨਿੰਗ ਡਰੈੱਸ...। ਹਿੰਦੁਸਤਾਨ ਵਿਚ ਸਿਆਸੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ, ਪਰ ਅਸਾਂ ਲੋਕਾਂ ਇਕ ਵੱਖਰੀ ਦੁਨੀਆਂ ਵਸਾਈ ਹੋਈ ਸੀ—ਨਕਲੀ, ਬਨਾਵਟੀ ਤੇ ਓਪਰੀ ਜਿਹੀ। ਮੈਨੂੰ ਉਸ ਮਾਹੌਲ ਵਿਚ ਬੜੀ ਉਕਤਾਹਟ ਮਹਿਸੂਸ ਹੁੰਦੀ...ਇਕ ਅਜੀਬ ਜਿਹੀ ਘੁਟਨ ਦਾ ਅਹਿਸਾਸ ਭਾਰੂ ਰਹਿੰਦਾ। ਮੈਂ ਰੋਜ਼ ਦੇਰ ਤਕ ਘੋੜ ਸਵਾਰੀ ਕਰਦੀ, ਝੀਲ ਵਿਚ ਤੈਰਦੀ ਰਹਿੰਦੀ, ਦੂਰ-ਦੂਰ ਤਕ ਟਹਿਲਣ ਤੁਰ ਜਾਂਦੀ...ਪਰ ਮਨ ਨੂੰ ਸ਼ਾਂਤੀ ਨਾ ਮਿਲਦੀ। ਇਕ ਦਿਨ ਮੈਂ ਆਪਣੀ ਕੋਠੀ ਵਾਪਸ ਪਹੁੰਚ ਕੇ ਘੋੜੇ ਤੋਂ ਉਤਰ ਰਹੀ ਸਾਂ ਤਾਂ ਵਹੀਦ ਖ਼ਾਨ ਨੇ ਮੇਰੀ ਮਦਦ ਕੀਤੀ। ਵਹੀਦ ਖ਼ਾਨ ਸਾਡੇ ਘਰ ਕਈ ਸਾਲ ਤੋਂ ਮੁਲਾਜ਼ਮ ਸੀ। ਬੜਾ ਉੱਚਾ-ਲੰਮਾਂ ਖ਼ੂਬਸੂਰਤ ਪਠਾਨ ਸੀ ਉਹ—ਪਰ ਉਸ ਦਿਨ ਘੋੜੇ ਤੋਂ ਉਤਰਦਿਆਂ ਹੋਇਆਂ, ਏਨੇ ਸਾਲਾਂ ਵਿਚ, ਪਹਿਲੀ ਵਾਰੀ ਮੈਂ ਵਹੀਦ ਖ਼ਾਨ ਦੇ ਏਨਾ ਨਜ਼ਦੀਕ ਆਈ ਸਾਂ। ਉਸਦੇ ਹੱਥ ਤਾਕਤਵਰ ਤੇ ਮਜ਼ਬੂਤ ਸਨ ਤੇ ਉਸਦੇ ਜਿਸਮ ਵਿਚੋਂ ਪਸੀਨੇ ਦੀ ਬੂ ਆ ਰਹੀ ਸੀ, ਉਹ ਉਸ ਦਿਨ ਸਾਡੇ ਆਤਿਸ਼ਦਾਨ ਲਈ ਕੁਹਾੜੇ ਨਾਲ ਲੱਕੜਾਂ ਪਾੜ ਰਿਹਾ ਸੀ। ਸ਼ਾਇਦ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਇਕ ਮਿਹਨਤੀ ਇਨਸਾਨ ਦੇ ਪਸੀਨੇ ਦੀ ਮਹਿਕ ਨੂੰ ਸੁੰਘਿਆ ਸੀ! ਤੇ ਫੇਰ ਉਹ ਮਹਿਕ ਮੇਰਾ ਪਿੱਛਾ ਕਰਨ ਲੱਗ ਪਈ—ਘਰ ਦੀ ਤਨਹਾਈ ਵਿਚ, ਕਾਕਟੇਲ ਪਾਰਟੀਆਂ ਦੀ ਭੀੜ ਵਿਚ। ਹਰ ਥਾਂ, ਹਰ ਸਮੇਂ—ਮੈਂ ਹੌਲੀ-ਹੌਲੀ ਵਹੀਦ ਖ਼ਾਨ ਦੇ ਨੇੜੇ ਹੁੰਦੀ ਗਈ। ਉਸਦੀ ਛਾਤੀ ਚੌੜੀ ਸੀ, ਵਾਲ ਸ਼ਾਹ ਕਾਲੇ ਸਨ ਤੇ ਅੱਖਾਂ ਧੁੰਦਲੇ ਸ਼ਹਿਦ ਵਰਗੀਆਂ। ਉਸਦੀ ਆਵਾਜ਼ ਵਿਚ ਕਸ਼ਮੀਰੀ ਝੀਲ ਦੇ ਕੰਢੇ ਉਗੇ ਰੁੱਖਾਂ ਵਿਚੋਂ ਸ਼ਾਮ ਵੇਲੇ ਲੰਘਦੀ ਹਵਾ ਵਰਗੀ ਹੂਕ ਸੀ।''
''ਮਰੀਅਮ ਦੀਆਂ ਅੱਖਾਂ ਵਿਚ ਵੀ ਤਾਂ ਸ਼ਾਇਦ ਸ਼ਹਿਦ ਵਰਗੀ ਮਿਠਾਸ ਹੈ?'' ਮੈਂ ਮਿਸੇਜ਼ ਹਾਰਡੀ ਨੂੰ ਸੁਣਾ ਕੇ ਬੜਬੜਾਇਆ। ਮੈਨੂੰ ਕਲ੍ਹ ਸ਼ਾਮੀਂ ਦੇਖੀਆਂ ਤਸਵੀਰਾਂ ਯਾਦ ਆ ਰਹੀਆਂ ਸਨ। ਮਰੀਅਮ ਦੇ ਹੁਸਨ ਨੂੰ ਭੁੱਲਣਾ ਆਸਾਨ ਨਹੀਂ ਸੀ।
''ਹਾਂ—ਮਰੀਅਮ ਵਹੀਦ ਖ਼ਾਨ ਦੀ ਬੇਟੀ ਏ। ਉਸਦੇ ਖ਼ੂਨ ਵਿਚ ਪਠਾਨ ਤੇ ਅੰਗਰੇਜ਼ ਖ਼ੂਨ ਦਾ ਮਿਲਾਨ ਏ। ਦੋ ਮੁਹੱਬਤ ਕਰਨ ਵਾਲੇ ਦਿਲਾਂ ਦੀ ਧੜਕਨ ਦੀ ਗੂੰਜ ਏ। ਏਸੇ ਲਈ ਮਰੀਅਮ ਹਮੇਸ਼ਾ ਘਰ ਤੋਂ ਦੂਰ ਰਹੀ—ਕਰਨਲ ਸਾਹਬ ਨੂੰ ਇਕ ਦਿਨ ਇਤਫ਼ਾਕ ਨਾਲ ਮੇਰੀ ਤੇ ਵਹੀਦ ਖ਼ਾਨ ਦੀ ਦੋਸਤੀ ਦਾ ਪਤਾ ਲੱਗ ਗਿਆ। ਉਹ ਗੁੱਸੇ ਵਿਚ ਬਿੱਫਰੇ ਹੋਏ ਪਿਸਤੌਲ ਲੈ ਕੇ ਵਹੀਦ ਖ਼ਾਨ ਦੇ ਪਿੱਛੇ ਨੱਸੇ। ਵਹੀਦ ਖ਼ਾਨ ਨਾਲ ਦੇ ਇਕ ਪਿੰਡ ਵਿਚ ਜਾ ਲੁਕਿਆ। ਦੂਸਰੇ ਦਿਨ ਕਰਨਲ ਸਾਹਬ ਨੇ ਉਸਦੇ ਪਿੱਛੇ ਪੁਲਸ ਲਾ ਦਿੱਤੀ, ਤੇ ਚੋਰੀ ਦੇ ਇਲਜ਼ਾਮ ਵਿਚ ਉਸਨੂੰ ਫੜਵਾ ਦਿੱਤਾ—ਉਹ ਆਪਣੀ ਬਦਨਾਮੀ ਨਹੀਂ ਸਨ ਚਾਹੁੰਦੇ—ਉਹ ਨਹੀਂ ਚਾਹੁੰਦੇ ਸਨ ਕਿ ਇਕ ਅੰਗਰੇਜ਼ ਅਫ਼ਸਰ ਦੀ ਪਤਨੀ ਤੇ ਇਕ ਹਿੰਦੁਸਤਾਨੀ ਨੌਕਰ ਦੇ ਇਸ਼ਕ ਦੇ ਚਰਚੇ ਹੋਣ।''
''ਪਰ ਫੇਰ ਦੂਸਰੇ ਕੜੇ ਦਾ ਕੀ ਹੋਇਆ?'' ਮੈਂ ਪੁੱਛਿਆ।
''ਦੂਸਰਾ ਕੜਾ ਸੀ ਹੀ ਨਹੀਂ। ਕਰਨਲ ਸਾਹਬ ਦੇ ਖ਼ਾਨਦਾਨ ਦੇ ਹੱਥ ਸਿਰਫ ਇਕ ਕੜਾ ਹੀ ਆਇਆ ਸੀ।''
''ਤੇ ਏਨੇ ਵਰ੍ਹੇ ਤੁਸੀਂ ਲੋਕ ਆਪਣੇ ਦੋਸਤਾਂ ਸਾਹਮਣੇ ਹਿੰਦੁਸਤਾਨੀ ਨੌਕਰਾਂ ਨੂੰ ਬੇਈਮਾਨ ਤੇ ਚੋਰ ਦਸਦੇ ਰਹੇ—ਮੇਰਾ ਖ਼ਿਆਲ ਏ, ਡੇਵਿਡ ਤੇ ਮਰੀਅਮ ਵੀ ਇਹੀ ਸਮਝਦੇ ਹੋਣਗੇ?''
''ਹਾਂ,'' ਮਿਸੇਜ਼ ਹਾਰਡੀ ਦੀ ਆਵਾਜ਼ ਉਦਾਸ ਜਿਹੀ ਸੀ, ''ਮੈਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਿਹਾ, ਪਰ ਕਦੀ ਹਿੰਮਤ ਨਹੀਂ ਹੋਈ ਕਿ ਸੱਚੀ ਗੱਲ ਕਿਸੇ ਨੂੰ ਦਸ ਸਕਾਂ। ਇਸ ਕਰਕੇ ਅੱਜ ਤੈਨੂੰ ਉਚੇਚੇ ਤੌਰ 'ਤੇ ਬੁਲਾਇਆ ਏ ਕਿ ਦਸ ਸਕਾਂ ਕਿ ਅਸਾਂ ਅੰਗਰੇਜ਼ਾਂ ਵਿਚ ਵੀ ਇਨਸਾਨੀ ਕਮਜ਼ੋਰੀਆਂ ਹੁੰਦੀਆਂ ਨੇ। ਈਰਖਾ ਦੀ ਅੱਗ ਵਿਚ ਅਸੀਂ ਵੀ ਭੁੱਜਦੇ ਆਂ। ਅਸੀਂ ਵੀ ਜਾਣਦੇ-ਬੁੱਝਦੇ ਹੋਏ ਅਕਸਰ ਝੂਠ ਬੋਲਦੇ ਰਹਿੰਦੇ ਆਂ। ਹਾਰ ਮੰਨਣ ਦੀ ਬਜਾਏ ਅਸੀਂ ਵੀ ਹਠ-ਧਰਮੀ ਬਣ ਬੈਠਦੇ ਆਂ ਤੇ ਸਭ ਤੋਂ ਵੱਡੀ ਗੱਲ ਇਹ ਈ ਕਿ ਅਸੀਂ ਕਿਸੇ ਹਿੰਦੁਸਤਾਨੀ ਨਾਲ ਮੁਹੱਬਤ ਕਰਦੇ ਆਂ ਤਾਂ ਉਸਦਾ ਵੀ ਕੋਈ ਹੱਦ-ਬੰਨਾ ਨਹੀਂ ਹੁੰਦਾ, ਭਾਵੇਂ ਕਦੀ-ਕਦੀ ਮਜ਼ਬੂਰੀਆਂ ਸਾਨੂੰ ਇਸ ਦਾ ਖੁੱਲ੍ਹਮ-ਖੁੱਲ੍ਹਾ ਇਕਰਾਰ ਕਰਨ ਤੋਂ ਰੋਕ ਲੈਂਦੀਆਂ ਨੇ। ਆਪਣੇ ਮਹਿਬੂਬ ਤੋਂ ਵਿਛੜਨ ਦੇ ਅਠਾਈ ਸਾਲ ਬਾਅਦ ਵੀ ਉਸਦੇ ਪਸੀਨੇ ਦੀ ਮਹਿਕ ਨੂੰ ਨਹੀਂ ਭੁੱਲ ਸਕਦੇ।'' ਮਿਸੇਜ਼ ਹਾਰਡੀ ਦੀਆਂ ਨੀਲੀਆਂ ਅੱਖਾਂ ਵਿਚ ਅੱਥਰੂ ਥਿਰਕਨ ਲੱਗ ਪਏ ਸਨ। ''ਕਾਸ਼! ਮੈਂ ਇਹ ਸਭ ਵਹੀਦ ਖ਼ਾਨ ਨੂੰ ਕਹਿ ਸਕਦੀ...''
ਤੇ ਬਾਅਦ ਦੁਪਹਿਰ ਜਦ ਮੈਂ ਬਾਹਰ ਨਿਕਲਿਆ ਸਾਂ ਤਾਂ ਡੈਫੋਡਿਲ ਦੇ ਪੀਲੇ ਫੁੱਲ ਮਿਠੀ-ਮਿਠੀ ਧੁੱਪ ਵਿਚ ਝੂੰਮ ਰਹੇ ਸਨ ਤੇ ਮੈਂ ਸੋਚ ਰਿਹਾ ਸਾਂ ਕਿ ਜੇ ਹਿੰਦੁਸਤਾਨ ਵਿਚ ਮੈਨੂੰ ਕਦੀ ਵਹੀਦ ਖ਼ਾਨ ਮਿਲਿਆ ਤਾਂ ਉਸਨੂੰ ਦੱਸਾਂਗਾ ਕਿ ਲੰਦਨ ਵਿਚ ਇਕ ਅੰਗਰੇਜ਼ ਔਰਤ ਜਿਹੜੀ ਕਦੀ ਡਾਢੀ ਹੁਸੀਨ ਹੁੰਦੀ ਹੋਏਗੀ, ਅੱਜ ਏਨੇ ਵਰ੍ਹਿਆਂ ਬਾਅਦ ਵੀ ਉਸਨੂੰ ਯਾਦ ਕਰਦੀ ਹੈ। ਉਹਨਾਂ ਪਲਾਂ ਨੂੰ ਯਾਦ ਕਰਦੀ ਹੈ ਜਿਹੜੇ ਕਸ਼ਮੀਰ ਦੀਆਂ ਹੁਸੀਨ ਵਾਦੀਆਂ ਵਿਚ ਉਹਨਾਂ ਇਕੱਠਿਆਂ ਨੇ ਬਿਤਾਏ ਸਨ। ਪਰ ਵਹੀਦ ਖ਼ਾਨ ਨੂੰ ਮੈਂ ਇਹ ਨਹੀਂ ਦਸ ਸਕਾਂਗਾ ਕਿ ਉਸਦੀ ਖ਼ੂਬਸੂਰਤ ਧੀ ਮਰੀਅਮ ਪੈਰਿਸ ਵਿਚ ਮਾਡਲ-ਗਰਲ ਹੈ ਤੇ ਨਿੱਤ ਨਵੇਂ-ਨਵੇਂ ਪੋਜਾਂ ਵਿਚ ਆਪਣੇ ਜਿਸਮ ਦੀ ਨੁਮਾਇਸ਼ ਕਰਦੀ ਹੈ ਇਹ ਗੱਲ ਸੁਣ ਕੇ ਸ਼ਾਇਦ ਬੁੱਢੇ ਵਹੀਦ ਖ਼ਾਨ ਨੂੰ ਕਾਫੀ ਦੁੱਖ ਹੋਏਗਾ।
   ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )      ਮੋਬਾਇਲ ਨੰ : 94177-30600.

Saturday, September 25, 2010




ਪ੍ਰਵਾਸੀ ਉਰਦੂ ਕਹਾਣੀ :
ਖ਼ਮੋਸ਼ੀ...
ਲੇਖਕ : ਅਲੀ ਬਾਕਰ
ਅਨੁਵਾਦ :ਮਹਿੰਦਰ ਬੇਦੀ, ਜੈਤੋ


ਪਿੱਛਲੇ ਚਾਰ ਸਾਲਾਂ ਵਿਚ ਦਰਜਨਾਂ ਵਾਰੀ ਮੇਰਾ ਦਿਲ ਚਾਹਿਆ ਹੈ ਜਿਲ ਕਿ ਤੈਨੂੰ ਖ਼ਤ ਲਿਖਾਂ—ਇਕ ਬੜਾ ਹੀ ਲੰਮਾਂ ਤੇ ਬੜਾ ਹੀ ਵਿਸਥਾਰ ਭਰਪੂਰ ਖ਼ਤ ਤੇ ਸ਼ਫ਼ਲੇਡ ਵਿਚ ਆਪਣੇ ਦੋ ਮੰਜ਼ਿਲਾ ਘਰ 'ਚੋਂ ਬਾਹਰ ਨਿਕਲਦਿਆਂ ਹੋਇਆਂ ਜਦੋਂ ਤੈਨੂੰ ਮੇਰਾ ਇਹ ਖ਼ਤ ਮਿਲੇ ਤਾਂ ਤੂੰ ਬਾਹਰ ਜਾਣ ਦਾ ਖ਼ਿਆਲ ਛੱਡ ਦੇਵੇਂ, ਘਰ ਦਾ ਅੱਧ ਖੁੱਲ੍ਹਿਆ ਦਰਵਾਜ਼ਾ ਬੰਦ ਕਰ ਦੇਵੇਂ ਤੇ ਮੇਰਾ ਖ਼ਤ ਆਪਣੇ ਨਰਮ ਹੱਥਾਂ ਵਿਚ ਫੜੀ ਉਸ ਕਮਰੇ ਵਿਚ ਪਰਤ ਆਵੇਂ...ਜਿੱਥੇ ਅਸੀਂ ਪਹਿਲੀ ਵਾਰ ਇਕ ਦੂਜੇ ਨੂੰ ਗਲ਼ ਲਾਇਆ ਸੀ। ਤੂੰ ਆਪਣਾ ਪੁਰਾਣਾ ਸਵੀਡ ਦਾ ਕੋਟ ਲਾਹ ਦੇਵੇਂ ਤੇ ਸੁਰਖ਼ ਰੇਸ਼ਮੀ ਸਕਾਰਫ਼ ਖੋਹਲ ਕੇ ਆਪਣੇ ਸੰਘਣੇ ਭੂਰੇ ਵਾਲਾਂ ਨੂੰ ਝਟਕਾ ਦੇਵੇਂ ਤੇ ਉਸੇ ਸੋਫੇ ਉੱਤੇ ਬੈਠ ਕੇ ਮੇਰਾ ਲੰਮਾਂ ਖ਼ਤ ਪੜ੍ਹਨ ਲੱਗੇਂ—ਕਦੀ ਕਾਹਲੀ-ਕਾਹਲੀ ਤੇ ਕਦੀ ਹੌਲੀ-ਹੌਲੀ ਤੇ ਤੇਰੀਆਂ ਬੇਫ਼ਿਕਰ ਸਲੇਟੀ ਅੱਖਾਂ ਦਾ ਰੰਗ ਬਦਲਣ ਲੱਗੇ। ਮੁਹੱਬਤ ਤੇ ਪਿਆਰ ਦੇ ਉਹ ਕੀਮਤੀ ਤੋਹਫ਼ੇ, ਜਿਹੜੇ ਅਸੀਂ ਇਕ ਦੂਜੇ ਨੂੰ ਉਧਾਰ ਦੇਂਦੇ ਸਾਂ ਤੇ ਇਕ ਦੂਜੇ ਤੋਂ ਉਧਾਰ ਲੈਂਦੇ ਸਾਂ, ਰੰਗੀਨ ਫੁੱਲਾਂ ਵਾਂਗ ਤੇਰੇ ਕਮਰੇ ਵਿਚ ਮਹਿਕਣ ਲੱਗਣ ਪਰ ਇਹ ਸਭ ਸੋਚਣ ਤੇ ਉਸ ਤੋਂ ਕਿਤੇ ਵੱਧ ਚਾਹੁਣ ਤੇ ਬਾਵਜੂਦ ਇਹਨਾਂ ਚਾਰ ਵਰ੍ਹਿਆਂ ਵਿਚ ਮੈਂ ਤੈਨੂੰ ਇਕ ਵੀ ਖ਼ਤ ਨਹੀਂ ਲਿਖਿਆ। ਹਰ ਸਾਲ ਦਸੰਬਰ ਵਿਚ ਮੈਂ ਤੇਰੇ ਲਈ ਇਕ ਕ੍ਰਿਸਮਿਸ ਕਾਰਡ ਖ਼ਰੀਦ ਲੈਂਦਾ ਹਾਂ ਤੇ ਅੰਗਰੇਜ਼ੀ ਵਿਚ ਛਪੀ ਹੋਈ ਬੇਤੁਕੀ ਸ਼ਾਇਰੀ ਦੇ ਹੇਠ ਆਪਣਾ ਨਾਂਅ ਤੇ ਪਤਾ ਲਿਖ ਕੇ ਤੈਨੂੰ ਭੇਜ ਦੇਂਦਾ ਹਾਂ ਤੇ ਸੋਚ ਲੈਂਦਾ ਹਾਂ ਕਿ ਤੂੰ ਮੇਰਾ ਕਾਰਡ ਤੇਰੇ ਨਾਂਅ ਆਏ ਹੋਏ ਦੂਜੇ ਕਾਰਡਾਂ ਨਾਲ ਬਗ਼ੈਰ ਆਵਾਜ਼ ਤੋਂ ਚੱਲਦੇ ਹੋਏ ਟੈਲੀਵੀਜ਼ਨ ਜਾਂ ਆਤਿਸ਼ਦਾਨ ਉਪਰ ਰੱਖ ਦਿੱਤਾ ਹੋਵੇਗਾ, ਜਿਸ ਵਿਚ ਠੰਡੀਆਂ ਸ਼ਾਮਾਂ ਵਿਚ ਤੂੰ ਬਿਜਲੀ ਦੀ ਅੰਗੀਠੀ ਜਗਾਅ ਦੇਂਦੀ ਹੈਂ। ਤੂੰ ਅੱਜ ਤਕ ਮੈਨੂੰ ਕ੍ਰਿਸਮਿਸ ਜਾਂ ਨਵੇਂ ਸਾਲ ਦਾ ਕੋਈ ਕਾਰਡ ਨਹੀਂ ਭੇਜਿਆ। ਤੂੰ ਮੈਨੂੰ ਉਦੋਂ ਕਿਹਾ ਸੀ ਜਦੋਂ ਮੈਂ ਇੰਗਲਿਸਤਾਨ ਹਮੇਸ਼ਾ ਲਈ ਛੱਡ ਕੇ ਹਿੰਦੁਸਤਾਨ ਪਰਤ ਰਿਹਾ ਸਾਂ...:
“ਨਦੀਮ, ਖੁਸ਼ੀਆਂ ਭਰੇ ਪਲਾਂ ਨੂੰ ਯਾਦ ਕਰਕੇ ਆਪਣੀ ਖੁਸ਼ੀ ਨੂੰ ਕਤਲ ਨਾ ਕਰੀਂ ਕਦੀ।”
ਤੇਰਾ ਲਹਿਜਾ ਸੰਜੀਦਾ ਸੀ। ਇਹ ਗੱਲ ਸੁਣ ਕੇ ਮੈਂ ਸਹਿਮ ਗਿਆ ਸਾਂ ਤੇ ਤੇਰੇ ਮੂੰਹ ਵੱਲ ਤੱਕਦਾ ਰਹਿ ਗਿਆ ਸਾਂ। ਤੇਰੇ ਸੁਰਖ਼ ਹੋਂਠ ਥੋੜ੍ਹੇ ਕੁ ਖੁੱਲ੍ਹੇ ਹੋਏ ਸਨ ਤੇ ਤੇਰੇ ਸੋਹਣੇ ਦੰਦਾਂ ਦੀ ਸਫੇਦੀ ਉਹਨਾਂ ਵਿਚੋਂ ਝਾਕ ਰਹੀ ਸੀ। ਲਾਪ੍ਰਵਾਹੀ ਨਾਲੋਂ ਵਧ ਉਸ ਭਰੋਸੇ ਤੇ ਆਤਮ-ਵਿਸ਼ਵਾਸ ਸਦਕਾ ਤੇਰਾ ਸਿਹਤਮੰਦ ਚਿਹਰਾ ਦਮਕ ਰਿਹਾ ਸੀ। ਸ਼ਾਇਦ ਤੇਰੇ ਇਸੇ ਇਕ ਵਾਕ ਕਰਕੇ ਹੀ ਮੈਂ ਚਾਰ ਵਰ੍ਹਿਆਂ ਵਿਚ ਹਜ਼ਾਰਾਂ ਖ਼ਾਹਿਸ਼ਾਂ ਦੇ ਬਾਵਜੂਦ ਤੈਨੂੰ ਇਕ ਵੀ ਖ਼ਤ ਨਹੀਂ ਲਿਖਿਆ ਤੇ ਸੰਜੀਦਗੀ ਨਾਲ ਕੋਸ਼ਿਸ਼ ਕੀਤੀ ਕਿ ਤੇਰੇ ਨਾਲ ਬਿਤਾਏ ਹੋਏ ਜ਼ਮਾਨੇ ਨੂੰ ਯਾਦ ਨਾ ਕਰਾਂ—ਤੇਰੇ ਪਿਆਰ ਦੀ ਸ਼ਿੱਦਤ ਨੂੰ ਭੁੱਲ ਜਾਵਾਂ, ਤੇਰੇ ਸੰਘਣੇ ਵਾਲਾਂ ਦੀ ਮਹਿਕ ਦੇ ਨਿੱਘ ਨੂੰ ਯਾਦ ਨਾ ਕਰਾਂ। ਵੈਸੇ ਵੀ ਖ਼ਤ ਲਿਖਣਾ ਮੇਰੇ ਲਈ ਆਸਾਨ ਕੰਮ ਨਹੀਂ ਹੈ। ਤੇ ਖਾਸ ਤੌਰ 'ਤੇ ਜਿਲ ਤੈਨੂੰ ਖ਼ਤ ਲਿਖਣਾ। ਤੇਰੇ ਨਾਲ ਤਾਂ ਗੱਲ ਕਰਨਾ ਵੀ ਮੈਨੂੰ ਬੜਾ ਮੁਸ਼ਕਿਲ ਜਾਪਦਾ ਹੁੰਦਾ ਸੀ। ਸ਼ਬਦ ਮੇਰੇ ਹੋਂਠਾਂ ਤੇ ਆ ਕੇ ਅਟਕ ਜਾਂਦੇ ਸਨ। ਮੈਂ ਸ਼ਾਇਦ ਇਸੇ ਕਰਕੇ ਤੈਨੂੰ ਹੋਰ ਵੀ ਵਧੇਰੇ ਚਾਹੁੰਦਾ ਸਾਂ ਕਿ ਜੇ ਮੇਰੇ ਕੋਲ ਤੈਨੂੰ ਕਹਿਣ ਲਈ ਕੁਛ ਨਹੀਂ ਹੁੰਦਾ ਸੀ ਤਾਂ ਵੀ ਮੇਰੀ ਤੇਰੀ ਨੇੜਤਾ ਰਹਿ ਸਕਦੀ ਸੀ, ਖਾਮੋਸ਼ ਰਹਿ ਸਕਦਾ ਸਾਂ। ਤੇਰੀ ਮੌਜੂਦਗੀ ਵਿਚ ਖਾਮੋਸ਼ੀ ਦਾ ਵੀ ਬੋਝ ਨਾ ਬਣਨਾ ਮੇਰੇ ਲਈ ਮੁਹੱਬਤ ਦੀ ਗਵਾਹੀ ਸੀ। ਇਸੇ ਖਾਮੋਸ਼ੀ ਨੇ ਮੈਨੂੰ ਆਪਣੇ ਆਪ ਨੂੰ ਸਮਝਣ ਵਿਚ ਮਦਦ ਦਿੱਤੀ।
ਬਹੁਤ ਸਾਰੇ ਲੋਕ ਖੁਸ਼ਕਿਸਮਤ ਹੁੰਦੇ ਹਨ ਕਿ ਕਾਗਜ਼ ਤੇ ਕਲਮ ਲੈ ਕੇ ਬੈਠ ਜਾਂਦੇ ਹਨ ਤੇ ਰਵਾਨੀ ਨਾਲ ਖ਼ਤ ਲਿਖ ਦੇਂਦੇ ਹਨ। ਮੈਂ ਦਿਲ ਹੀ ਦਿਲ ਵਿਚ ਅਜਿਹੇ ਲੋਕਾਂ ਤੋਂ ਬੜਾ ਪ੍ਰਭਾਵਿਤ ਹੁੰਦਾ ਹਾਂ। ਮੈਂ ਤਾਂ ਆਮ ਕਾਰੋਬਾਰੀ ਖ਼ਤ ਲਿਖਣ ਤੋਂ ਪਹਿਲਾਂ ਵੀ ਬੜੀ ਦੇਰ ਤਕ ਵਿਸ਼ੇ ਬਾਰੇ ਸੋਚਦਾ ਰਹਿੰਦਾ ਹਾਂ, ਜਿਸਨੂੰ ਲਿਖਣਾ ਹੁੰਦਾ ਏ ਉਸ ਬਾਰੇ ਸੋਚਦਾ ਰਹਿੰਦਾ ਹਾਂ, ਆਪਣੇ ਬਾਰੇ ਵਿਚ ਸੋਚਦਾ ਹਾਂ ਤੇ ਉਹ ਵਾਕ ਦਿਮਾਗ਼ ਵਿਚ ਇਕੱਤਰ ਕਰਦਾ ਰਹਿੰਦਾ ਹਾਂ ਜਿਹਨਾਂ ਨਾਲ ਮੇਰਾ ਭਾਵ ਸਪਸ਼ਟ ਹੋ ਸਕੇ ਤੇ ਕਾਫੀ ਮਿਹਨਤ ਨਾਲ ਖ਼ਤ ਲਿਖਣ ਪਿੱਛੋਂ ਵੀ ਸੰਤੁਸ਼ਟ ਨਹੀਂ ਹੁੰਦਾ। ਤੈਥੋਂ ਵਿਛੜਣ ਦੇ ਏਨੇ ਸਾਲ ਬਾਅਦ, ਜ਼ਿੰਦਗੀ ਵਿਚ ਪਹਿਲੀ ਵਾਰ, ਤੈਨੂੰ ਖ਼ਤ ਲਿਖਣਾ ਆਸਾਨ ਕੰਮ ਬਿਲਕੁਲ ਨਹੀਂ ਹੈ। ਸਿਰਫ ਤੇਰੇ ਨਜ਼ਦੀਕ ਰਹਿ ਕੇ ਖ਼ਾਮੋਸ਼ ਰਹਿਣਾ ਮੇਰੇ ਲਈ ਬੜੀ ਆਸਾਨ ਗੱਲ ਸੀ। ਜ਼ਰਾ ਜਿੰਨੀ ਪ੍ਰੇਸ਼ਾਨੀ ਨਹੀਂ ਸੀ ਹੁੰਦੀ। ਤੈਨੂੰ ਮਿਲਣ ਦੀ ਜ਼ਰਾ ਜਿੰਨੀ ਉਮੀਦ ਵੀ ਹੁੰਦੀ ਤਾਂ ਜਿਲ ਸੱਚ ਜਾਣੀ ਮੈਂ ਤੈਨੂੰ ਖ਼ਤ ਲਿਖਣ ਬਾਰੇ ਏਨਾ ਨਾ ਸੋਚਦਾ। ਮੈਂ ਤੇਰੇ ਗੋਰੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਘੁੱਟ ਲੈਂਦਾ, ਤੈਨੂੰ ਗਲ਼ੇ ਲਾ ਲੈਂਦਾ ਤੇ ਤੇਰੇ ਲਹਿਰਦਾਰ ਸੰਘਣੇ ਵਾਲਾਂ ਵਿਚ ਉਂਗਲਾਂ ਫੇਰ ਕੇ ਉਹਨਾਂ ਨੂੰ ਆਪਣੀਆਂ ਦੋਵਾਂ ਮੁੱਠੀਆਂ ਵਿਚ ਜਕੜ ਲੈਂਦਾ ਤੇ ਤੈਨੂੰ ਪਿਆਰ ਕਰਦਾ ਤੇ ਅਸੀਂ ਦੋਵੇਂ ਤੇਰੇ ਡਰਾਇੰਗ ਰੂਮ ਵਿਚ ਆਰਾਮ ਦੇਹ ਸੋਫੇ ਉੱਤੇ ਇਕੱਠੇ ਬੈਠ ਜਾਂਦੇ ਤੇ ਸਾਹਮਣੇ ਵਾਲੀ ਵੱਡੀ ਖਿੜਕੀ ਦੇ ਠੰਡੇ ਸ਼ੀਸ਼ੇ ਵਿਚੋਂ ਬਾਹਰ ਦੇਖਦੇ ਰਹਿੰਦੇ ਤੇ ਤੂੰ ਮੇਰੇ ਮੋਢੇ ਉੱਤੇ ਆਪਣਾ ਸਿਰ ਰੱਖੀ ਖ਼ਾਮੋਸ਼ ਰਾਤ ਨੂੰ ਢਲਦਿਆਂ ਹੋਇਆਂ ਮਹਿਸੂਸ ਕਰਦੀ। ਤੇ ਕਮਰੇ ਦਾ ਹਨੇਰਾ, ਪਿਘਲੀ ਹੋਈ ਮੋਮ ਵਾਂਗ ਸਾਡੇ ਜਿਸਮਾਂ ਵਿਚ ਜਜ਼ਬ ਹੁੰਦਾ ਰਹਿੰਦਾ। ਮੁਹੱਬਤ ਜਦੋਂ ਕਾਮਯਾਬ ਹੋ ਜਾਂਦੀ ਹੈ ਤਾਂ ਖ਼ਾਮੋਸ਼ੀ ਦੇ ਲਿਬਾਦੇ ਨੂੰ ਏਨੀ ਖ਼ੂਬਸੂਰਤੀ ਨਾਲ ਪਾ ਲੈਂਦੀ ਹੈ ਜਿਵੇਂ ਇਕ ਹੁਸੀਨ ਕੁਆਰੀ ਸੁਹਾਗ ਦਾ ਜੋੜਾ ਪਾ ਕੇ ਰੌਸ਼ਨ ਹੋ ਜਾਂਦੀ ਹੈ। ਮੇਰੀ ਤੇ ਤੇਰੀ ਮੁਹੱਬਤ ਕਾਮਯਾਬ ਸੀ ਮੈਨੂੰ ਇਸ ਦਾ ਯਕੀਨ ਰਿਹਾ ਹੈ। ਸ਼ਾਇਦ ਇਸ ਲਈ ਵੀ ਤੈਨੂੰ ਖ਼ਤ ਨਹੀਂ ਲਿਖਦਾ। ਤੇ ਸ਼ਾਇਦ ਏਸੇ ਲਈ ਤੂੰ ਵੀ ਮੈਨੂੰ ਖ਼ਤ ਨਹੀਂ ਲਿਖਦੀ। ਤੂੰ ਕਹਿੰਦੀ ਹੁੰਦੀ ਸੀ ਕਿ ਇਕ ਮਰਦ ਤੇ ਇਕ ਔਰਤ ਦੀ ਮੁਹੱਬਤ ਵਿਚ ਖੁਸ਼ੀ ਦਾ ਬਸ ਇਕ ਪਲ ਆਉਂਦਾ ਹੈ ਤੇ ਫੇਰ ਉਸ ਇਕ ਪਲ ਦੀ ਅੰਨ੍ਹੀ ਤਲਾਸ਼ ਵਿਚ ਅਕਸਰ ਉਹ ਆਪਣੀ ਸਾਰੀ ਜ਼ਿੰਦਗੀ ਗੁਜਾਰ ਦਿੰਦੇ ਹਨ। ਤੇਰੇ ਵਾਂਗ ਮੈਨੂੰ ਵੀ ਸ਼ਾਇਦ ਇਸ ਇਕ ਸੁਨਹਿਰੇ ਪਲ ਦੀ ਤਲਾਸ਼ ਨਾ ਹੁੰਦੀ ਤੇ ਤੈਨੂੰ ਖ਼ਤ ਲਿਖਣ ਦਾ ਖ਼ਿਆਲ ਨਾ ਆਉਂਦਾ...ਨਾਲੇ ਜੇ ਪਿੱਛਲੇ ਪੰਜ ਦਿਨਾਂ ਵਿਚ ਜੈਕ ਨਾਲ ਦੋ ਵਾਰੀ ਮੁਲਾਕਾਤ ਨਾ ਹੋਈ ਹੁੰਦੀ।
ਮੇਰੀ ਜ਼ਿੰਦਗੀ ਵਿਚ ਹੁਣ ਉਹ ਦੌਰ ਸ਼ੁਰੂ ਹੋ ਚੁੱਕਿਆ ਸੀ ਜਦੋਂ ਅਤੀਤ ਤੇ ਭਵਿੱਖ, ਯਾਦਾਂ ਤੇ ਉਮੀਦਾਂ, ਇੱਛਾਵਾਂ ਤੇ ਤਜ਼ਰਬੇ ਇਕੋ ਜਿਹੇ ਹੋ ਗਏ ਸਨ ਤੇ ਮੈਂ ਬੀਤਦੇ ਹੋਏ ਪਲਾਂ ਦੀ ਗੁਣਗੁਣਾਹਟ ਤੋਂ ਸੰਤੁਸ਼ਟ ਹੋ ਚੱਲਿਆ ਸਾਂ। ਵਰਤਮਾਨ ਇਕ ਭੌਰੇ ਵਾਂਗ ਆਪਣੀ ਉਡਾਨ ਦੇ ਸੰਗੀਤ ਵਿਚ ਮਸਤ ਜ਼ਿੰਦਗੀ ਦੇ ਅਹਿਸਾਸ ਨੂੰ ਜਗਾਈ ਰੱਖਦਾ ਸੀ ਕਿ ਅਚਾਨਕ ਪੰਜ ਦਿਨ ਪਹਿਲਾਂ ਮੇਰੇ ਫਲੈਟ ਦੇ ਦਰਵਾਜ਼ੇ ਨੂੰ ਕਿਸੇ ਨੇ ਜ਼ੋਰ ਨਾਲ ਖੜਕਾਇਆ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਜੈਕ ਸਾਹਮਣੇ ਖੜ੍ਹਾ ਮੁਸਕਰਾ ਰਿਹਾ ਸੀ। ਉਸਦੇ ਨਿੱਕੇ ਨਿੱਕੇ ਸੁਨਹਿਰੀ ਵਾਲ ਇਹਨਾਂ ਚਾਰ ਵਰ੍ਹਿਆਂ ਵਿਚ ਉਸਦੇ ਮੱਥੇ ਉਪਰੋਂ ਹੋਰ ਪਿੱਛੇ ਨੂੰ ਸਰਕ ਗਏ ਸਨ—ਤਸਵੀਰਾਂ ਵਿਚ ਜਿਵੇਂ ਲਾਰਡ ਕਰਜਨ ਨੂੰ ਵਿਖਾਇਆ ਜਾਂਦਾ ਹੈ, ਜੈਕ ਕੁਛ-ਕੁਛ ਓਹੋ ਜਿਹਾ ਹੀ ਲੱਗ ਰਿਹਾ ਸੀ।
“ਤੂੰ ਮੈਨੂੰ ਇੰਜ ਦਿੱਲੀ ਵਿਚ ਆਪਣੇ ਫਲੈਟ ਦੇ ਸਾਹਮਣੇ ਅਚਾਨਕ ਵੇਖ ਕੇ ਹੈਰਾਨ ਹੋ ਗਿਆ ਏਂ ਨਾ ਨਦੀਮ?” ਜੈਕ ਨੇ ਕਿਹਾ ਸੀ।
“ਹਾਂ ਜੈਕ ਮੈਂ ਹੈਰਾਨ ਵੀ ਹਾਂ ਤੇ ਸ਼ਾਇਦ ਖੁਸ਼ ਵੀ। ਆ, ਅੰਦਰ ਆ ਜਾ।” ਮੈਂ ਉਸ ਨਾਲ ਜ਼ਿੰਦਗੀ ਵਿਚ ਪਹਿਲੀ ਵਾਰੀ ਹੱਥ ਮਿਲਾਉਂਦਿਆਂ ਹੋਇਆਂ ਕਿਹਾ ਸੀ। ਜੈਕ ਨਾਲ ਤੈਨੂੰ ਨਾ ਵੇਖ ਕੇ ਮੈਂ ਉਦਾਸ ਹੋ ਗਿਆ ਸਾਂ। ਬਚਪਨ ਤੋਂ ਜੈਕ ਤੇ ਜਿੱਲ ਮੇਰੀਆਂ ਸੋਚਾਂ ਵਿਚ ਇਕੱਠੇ ਹੀ ਰਹੇ ਸਨ ਤੇ ਫੇਰ ਇੰਗਲਿਸਤਾਨ ਵਿਚ ਤਾਂ ਉਹਨਾਂ ਦੋਵਾਂ ਦਾ ਤੇ ਮੇਰਾ ਰਿਸ਼ਤਾ ਬੜਾ ਪੱਕਾ ਹੋ ਗਿਆ ਸੀ। ਮੈਂ ਤੈਨੂੰ ਉਹ ਨਜ਼ਮ ਸੁਣਾਈ ਸੀ ਜਿਹੜੀ ਮੈਂ ਬਚਪਨ ਵਿਚ ਸਿੱਖੀ ਸੀ। ਦੋ ਭਰਾ ਭੈਣ ਜਿਹੜੇ ਪਹਾੜੀ ਉੱਤੇ ਬਾਲਟੀ ਲੈ ਕੇ ਪਾਣੀ ਲੈਣ ਗਏ ਸਨ ਤੇ ਪਹਿਲਾਂ ਜੈਕ ਤਿਲ੍ਹਕ ਕੇ ਡਿੱਗ ਪਿਆ ਸੀ ਤੇ ਫੇਰ ਉਸ ਦੇ ਪਿੱਛੋਂ ਜਿਲ ਲੁੜਕਦੀ ਹੋਈ ਥੱਲੇ ਆ ਗਈ ਸੀ।
“ਜੈਕ ਤੇ ਜਿਲ ਭਰਾ ਭੈਣ ਨਹੀਂ ਸਨ ਤੇ ਜੈਕ ਨੂੰ ਪਹਾੜੀ ਤੋਂ ਜਿਲ ਨੇ ਧੱਕਾ ਦਿੱਤਾ ਸੀ।” ਤੂੰ ਮੈਨੂੰ ਕਿਹਾ ਸੀ। ਤੂੰ ਸੋਚਦੀ ਸੈਂ ਕਿ ਮੈਂ ਜੈਕ ਤੋਂ ਡਰਦਾ ਸਾਂ ਤੇ ਇਸੇ ਲਈ ਤੂੰ ਜੈਕ ਦੇ ਮਹੱਤਵ ਨੂੰ ਘਟਾਉਣ ਲਈ ਕਦੀ-ਕਦੀ ਅਜਿਹੀਆਂ ਗੱਲਾਂ ਕਰਦੀ ਹੁੰਦੀ ਸੈਂ।
“ਨਦੀਮ ਤੇਰਾ ਪਤਾ ਮੈਨੂੰ ਜਿਲ ਨੇ ਦਿੱਤਾ ਏ। ਮੈਂ ਆਪਣੀ ਫਰਮ ਦੇ ਕੰਮ ਕੁਝ ਦਿਨਾਂ ਲਈ ਹਿੰਦੁਸਤਾਨ ਆਇਆ ਆਂ। ਕਲ੍ਹ ਰਾਤੀਂ ਪੂਰਾ ਚੰਦ ਨਿਕਲੇਗਾ। ਕਲ੍ਹ ਮੈਂ ਤਾਜ ਮਹਿਲ ਦੇਖਣਾ ਚਾਹੁੰਦਾ ਹਾਂ—ਚੱਲੇਂਗਾ ਮੇਰੇ ਨਾਲ?”
“ਨਹੀਂ ਜੈਕ—ਤੂੰ ਹੋ ਆਵੀਂ। ਤਾਜ ਨੂੰ ਚੌਦਵੀਂ ਦੇ ਚੰਦ ਦੀ ਰੌਸ਼ਨੀ ਵਿਚ ਨਹਾਉਂਦਿਆ ਹੋਇਆਂ ਵੀ ਦੇਖਣਾ ਚਾਹੀਦਾ ਏ ਤੇ ਘੁੱਪ ਹਨੇਰੀ ਰਾਤ ਵਿਚ ਇਕ ਸਫੇਦ ਮੋਤੀ ਵਾਂਗ ਜਗਮਗ ਕਰਦਿਆਂ ਹੋਇਆਂ ਵੀ। ਉਸਨੂੰ ਤਿੱਖੀ ਧੁੱਪ ਵਿਚ ਤਪਦਿਆਂ ਹੋਇਆਂ ਵੀ ਦੇਖਣਾ ਚਾਹੀਦਾ ਹੈ ਤੇ ਬਾਰਸ਼ ਵਿਚ ਨਹਾਉਂਦਿਆਂ ਹੋਇਆਂ ਵੀ।” ਮੈਂ ਇਹ ਕਹਿੰਦਾ ਹੋਇਆ ਸੋਚ ਰਿਹਾ ਸਾਂ ਕਿ ਇਹ ਸਾਰੀਆਂ ਗੱਲਾਂ ਤਾਜ ਮਹਿਲ ਵਰਗੀ ਖ਼ੂਬਸੂਰਤ ਇਮਾਰਤ ਲਈ ਹੀ ਨਹੀਂ ਦਿਲ-ਨਿਵਾਜ਼ ਮਹਿਬੂਬਾ ਲਈ ਵੀ ਕਹੀਆਂ ਜਾ ਸਕਦੀਆਂ ਹਨ। ਜੈਕ ਦਾ ਧਿਆਨ ਮੇਰੀਆਂ ਗੱਲਾਂ ਵੱਲ ਨਹੀਂ ਸੀ। ਉਹ ਮੇਰੇ ਕਮਰੇ ਦੀ ਹਰ ਚੀਜ ਨੂੰ ਬੜੇ ਗਹੁ ਨਾਲ ਦੇਖ ਰਿਹਾ ਸੀ ਤੇ ਮੈਨੂੰ ਚੇਤਾ ਆਇਆ ਕਿ ਕਈ ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਮੈਂ ਸਪੰਜ ਵਰਗੇ ਕਾਲੀਨ ਨਾਲ ਢਕੀਆਂ ਪੌੜੀਆਂ ਚੜ੍ਹ ਕੇ ਤੇਰੇ ਸੌਣ ਕਮਰੇ ਵਿਚ ਗਿਆ ਸਾਂ ਤਾਂ ਮੈਂ ਸਿੱਧਾ ਖਿੜਕੀ ਕੋਲ ਜਾ ਕੇ ਬਾਹਰ ਦੇਖਣ ਲੱਗ ਪਿਆ ਸਾਂ। ਤੇਰੇ ਬਾਗ਼ ਵਿਚ ਸੇਬ ਦੇ ਕਈ ਦਰਖ਼ਤ ਲੱਗੇ ਹੋਏ ਸਨ ਤੇ ਹਰੀ-ਹਰੀ ਘਾਹ ਉਪਰ ਮਧਮ ਜਿਹੀ ਧੁੱਪ ਵਿਚ ਉਹਨਾਂ ਦਰਖ਼ਤਾਂ ਦੇ ਪ੍ਰਛਾਵੇਂ ਇਕ ਦੂਜੇ ਨਾਲ ਘੁਸਰ-ਮੁਸਰ ਕਰ ਰਹੇ ਸਨ ਤੇ ਤੂੰ ਮੇਰੇ ਕੋਲ ਆ ਕੇ ਖੜ੍ਹੀ ਹੋ ਗਈ ਸੈਂ ਤੇ ਆਪਣੀਆਂ ਬਾਂਹ ਤੂੰ ਮੇਰੇ ਲੱਕ ਦੁਆਲੇ ਵਲਦਿਆਂ ਕਿਹਾ ਸੀ...:
“ਤੂੰ ਮੇਰੇ ਵਰਗਾ ਏਂ ਨਦੀਮ ਕਿ ਨਵੇਂ ਕਮਰੇ ਵਿਚ ਵੜਨ ਪਿੱਛੋਂ ਕਮਰੇ ਦੀ ਸਜਾਵਟ ਦੇਖਣ ਤੋਂ ਪਹਿਲਾਂ ਕਮਰੇ 'ਚੋਂ ਬਾਹਰ ਦੇਖਦਾ ਏਂ।” ਤੇ ਤੇਰੀ ਇਹ ਸ਼ਹਿਦ ਵਰਗੀ ਗੱਲ ਮੇਰੇ ਦਿਲ ਵਿਚ ਉਤਰ ਗਈ ਸੀ। ਤੇਰੇ ਨਾਲ ਮਿਲਣ ਤੋਂ ਪਹਿਲਾਂ ਮੈਂ ਇਕ ਸਾਲ ਇੰਗਲਿਸਤਾਨ ਵਿਚ ਰਹਿ ਚੁੱਕਿਆ ਸਾਂ ਤੇ ਮੈਨੂੰ ਵਾਰੀ ਵਾਰੀ ਇਹ ਸੁਣਨ ਨੂੰ ਮਿਲਦਾ ਸੀ ਕਿ ਹਿੰਦੁਸਤਾਨੀ ਤੇ ਅੰਗਰੇਜ਼ ਇਕ ਦੂਜੇ ਨਾਲੋਂ ਕਿੰਨੇ ਵੱਖਰੇ ਹੁੰਦੇ ਹਨ। ਤੂੰ ਕੁਝ ਨਾ ਕਹਿੰਦਿਆਂ ਹੋਇਆਂ ਵੀ ਇਹ ਸਮਝਾ ਦਿੱਤਾ ਸੀ ਕਿ ਇਕ ਹਿੰਦੁਸਤਾਨੀ ਮਰਦ ਤੇ ਇਕ ਅੰਗਰੇਜ਼ ਕੁੜੀ ਦੇ ਸੋਚਣ ਦਾ ਢੰਗ ਕਿੰਨਾ ਮਿਲਦਾ-ਜੁਲਦਾ ਹੋ ਸਕਦਾ ਹੈ ਤੇ ਸ਼ਾਇਦ ਇਸੇ ਲਈ ਅਸੀਂ ਕਈ ਅਜਿਹੀਆਂ ਸ਼ਾਮਾਂ ਇਕੱਠਿਆਂ ਬਿਤਾਈਆਂ ਜਿਹੜੀਆਂ ਕਿਸੇ ਸਾਫ ਝਰਨੇ ਦੇ ਪਵਿੱਤਰ ਜਲ ਵਾਂਗ ਸਵੇਰ ਦੇ ਉਜਾਲੇ ਵਿਚ ਘੁਲਮਿਲ ਜਾਂਦੀਆਂ ਸਨ। ਜਿਲ ਮੈਂ ਤੈਨੂੰ ਖ਼ਤ ਲਿਖਣ ਲੱਗਿਆ ਹਾਂ ਇਸ ਲਈ ਇਹ ਜ਼ਰੂਰ ਕਹਾਂਗਾ ਕਿ ਜੇ ਉਹਨਾਂ ਖੁਸ਼ਗਵਾਰ ਪਲਾਂ ਦੀ ਕੋਈ ਯਾਦ ਤੇਰੇ ਕੋਲ ਨਹੀਂ ਤਾਂ ਇਸਦਾ ਇਹੀ ਮਤਲਬ ਹੈ ਕਿ ਤੂੰ ਸਮੇਂ ਦਾ ਅਹਿਸਾਨ ਮੰਨਣ ਦਾ ਸਲੀਕਾ ਗੰਵਾਅ ਬੈਠੀ ਹੈਂ ਤੇ ਇਹ ਵੀ ਲਿਖਾਂਗਾ ਕਿ ਬੀਤੇ ਹੋਏ ਖੁਸ਼ੀਆਂ ਭਰਪੂਰ ਪਲਾਂ ਨੂੰ ਸਾਨੂੰ ਲੱਭਣਾ ਨਹੀਂ ਪੈਂਦਾ, ਉਹ ਤਾਂ ਖ਼ੁਦ ਹੀ ਸਾਨੂੰ ਲੱਭ ਲੈਂਦੇ ਨੇ।
“ਦਿੱਲੀ ਵਿਚ ਤੂੰ ਮੈਨੂੰ ਸ਼ਾਪਿੰਗ ਕਰਵਾਉਣ ਵਿਚ ਮਦਦ ਕਰ ਸਕੇਂਗਾ, ਨਦੀਮ?” ਜੈਕ ਨੇ ਮੈਨੂੰ ਝੰਜੋੜ ਕੇ ਖੁਸ਼ੀ ਭਰੇ ਪਲਾਂ ਦੀ ਗੋਦ ਵਿਚੋਂ ਬਾਹਰ ਖਿੱਚ ਲਿਆ ਤੇ ਮੈਂ ਸ਼ਫ਼ਲੇਡ ਦੇ ਤੇਰੇ ਸੌਣ ਕਮਰੇ ਵਿਚੋਂ ਨਿਕਲ ਕੇ ਦਿੱਲੀ ਦੇ ਆਪਣੇ ਫਲੈਟ ਵਿਚ ਪਹੁੰਚ ਗਿਆ ਸਾਂ ਪਰ ਮੇਰੇ ਕੱਪੜਿਆਂ ਉਪਰ ਤੇਰੇ ਜਿਸਮ ਦੇ ਨਿੱਘ ਦੀ ਮਹਿਕ ਬਾਕੀ ਸੀ।
“ਹਾਂ ਕਿਉਂ ਨਹੀਂ ਜੈਕ, ਤੂੰ ਤਾਜ ਮਹਿਲ ਦੇ ਸਫੇਦ ਚਬੂਤਰੇ ਉੱਤੇ ਖਲੋ ਕੇ ਪੂਰੇ ਚੰਦ ਦੀ ਖ਼ੂਬਸੂਰਤੀ ਦੇਖ ਆ ਤੇ ਫੇਰ ਮੈਂ ਤੈਨੂੰ ਦਿੱਲੀ ਵੀ ਘੁਮਾਅ ਦਿਆਂਗਾ ਤੇ ਸ਼ਾਪਿੰਗ ਵੀ ਕਰਵਾ ਦਿਆਂਗਾ।” ਮੈਂ ਹਿੰਦੁਸਤਾਨੀ ਮੇਜ਼ਬਾਨਾਂ ਵਾਲੇ ਰਵਾਇਤੀ ਮੋਹ ਨਾਲ ਕਿਹਾ ਸੀ ਹਾਲਾਂਕਿ ਜੈਕ ਲਈ ਮੋਹ ਦਾ ਜਜ਼ਬਾ ਮੇਰੇ ਲਈ ਬਿਲਕੁਲ ਓਪਰਾ ਸੀ ਤੇ ਫੇਰ ਜਦੋਂ ਜੈਕ ਆਪਣੇ ਹੋਟਲ ਵਾਪਸ ਜਾਣ ਲਈ ਤੁਰਨ ਲੱਗਾ ਤਾਂ ਆਪਣੇ ਫਲੈਟ ਦਾ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਮੈਂ ਸਰਸਰੀ ਤੌਰ 'ਤੇ ਉਸਨੂੰ ਪੁੱਛਿਆ ਸੀ, “ਜਿਲ ਕੈਸੀ ਹੈ?”
“ਜਿਲ ਠੀਕ ਏ, ਬੜੇ ਮਜ਼ੇ ਵਿਚ ਏ, ਉਸਦਾ ਭਾਰ ਵਧ ਰਿਹੈ ਪਰ ਉਸਨੂੰ ਕੋਈ ਫਿਕਰ ਨਹੀਂ।” ਜੈਕ ਨੇ ਜਵਾਬ ਦਿੱਤਾ ਸੀ ਤੇ ਜਦੋਂ ਉਹ ਚਲਾ ਗਿਆ ਤਾਂ ਮੈਂ ਆਪਣੇ ਕਮਰੇ ਦੀ ਰੌਸ਼ਨੀ ਬੁਝਾਅ ਦਿੱਤੀ ਤੇ ਰਾਤੀਂ ਦੇਰ ਤੀਕ ਆਰਾਮ ਕੁਰਸੀ ਉੱਤੇ ਬੈਠਾ ਤੈਨੂੰ ਖ਼ਤ ਲਿਖਣ ਬਾਰੇ ਸੋਚਦਾ ਰਿਹਾ। ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਤੇ ਫੇਰ ਮੈਂ ਦੇਖਿਆ ਕਿ ਖਿੜਕੀ ਦੇ ਬਾਹਰ ਦੂਰ-ਦੂਰ ਤਕ ਚਾਂਦਨੀ ਇੰਜ ਫੈਲੀ ਹੋਈ ਸੀ ਜਿਵੇਂ ਚਮੇਲੀ ਦੀਆਂ ਖ਼ੁਸ਼ਬੂਦਾਰ ਨਾਜ਼ੁਕ ਪੰਖੜੀਆਂ ਕਿਸੇ ਨੇ ਸਭ ਪਾਸੇ ਖਿਲਾਰ ਦਿੱਤੀਆਂ ਹੋਣ; ਜਿਵੇਂ ਹੀਰਿਆਂ ਦਾ ਸਾਥ ਛੱਡ ਕੇ ਰੌਸ਼ਨੀ ਦੂਰ-ਦੂਰ ਤਕ ਹਨੇਰਿਆਂ ਉੱਤੇ ਫਤਿਹ ਪਾ ਚੁੱਕੀ ਹੋਵੇ। ਇਸ ਚਾਂਦਨੀ ਰਾਤ ਨਾਲ ਜਿਲ ਤੇਰੀ ਕਿਸੇ ਵੀ ਯਾਦ ਦਾ ਕੋਈ ਸੰਬੰਧ ਨਹੀਂ ਹੈ। ਤੇਰੇ ਮੁਲਕ ਵਿਚ ਤਾਂ ਰਾਤਾਂ ਕੋਹਰੇ, ਠੰਡੀਆਂ ਬਰਸਾਤਾਂ ਤੇ ਕਾਲੇ ਬੱਦਲਾਂ ਨਾਲ ਦਾਗ਼ਦਾਰ ਹੋ ਜਾਂਦੀਆਂ ਹਨ ਪਰ ਮੇਰੇ ਲਈ ਹਰ ਹੁਸੀਨ ਸ਼ੈ ਨਾਲ ਤੇਰਾ ਰਿਸ਼ਤਾ ਜੁੜਿਆ ਹੋਇਆ ਹੈ। ਕਾਸ਼ ਤੂੰ ਇਕੱਲੀ ਜਾਂ ਫੇਰ ਜਿਲ ਨਾਲ ਹੀ ਹਿੰਦੁਸਤਾਨ ਆ ਜਾਂਦੀ ਤੇ ਮੈਂ ਤੈਨੂੰ ਤਾਜ ਮਹਿਲ ਦਿਖਾਉਣ ਲੈ ਜਾਂਦਾ ਤੇ ਉਸਦੇ ਮਰਮਰੀ ਫਰਸ਼ ਉਪਰ ਤੇਰੇ ਸਫੇਦ ਤੇ ਨਰਮ ਪੈਰਾਂ ਨੂੰ ਟਿਕਦਿਆਂ ਤੇ ਉਠਦਿਆਂ ਦੇਖ ਸਕਦਾ। ਦਿੱਲੀ ਦੀ ਇਸ ਚਾਂਦਨੀ ਰਾਤ ਵਿਚ ਯਾਦਾਂ ਦੀਆਂ ਦਰਜ਼ਨਾਂ ਤਿਤਲੀਆਂ ਉਡ ਰਹੀਆਂ ਹਨ—ਤੇ ਤੇਰੇ ਖ਼ਿਆਲ ਵਿਚ ਜਿਲ ਇਹਨਾਂ ਤਿਤਲੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰਨਾ ਖੁਸ਼ੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨਾ ਹੈ। ਮੇਰਾ ਪਤਾ ਜੈਕ ਨੂੰ ਦੇ ਕੇ ਖੁਸ਼ੀਆਂ ਦਾ ਕਤਲੇ-ਆਮ ਤਾਂ ਤੂੰ ਆਪੂੰ ਹੀ ਸ਼ੁਰੂ ਕਰ ਦਿੱਤਾ ਹੈ ਜਿਲ। ਜੈਕ ਨੂੰ ਕੀ ਹੱਕ ਹੈ ਕਿ ਉਹ ਭਰਪੂਰ ਚਾਂਦਨੀ ਰਾਤ ਵਿਚ ਤਾਜ ਮਹਿਲ ਦੀਆਂ ਉਹਨਾਂ ਉੱਚੀਆਂ ਮਹਿਰਾਬਾਂ ਨੂੰ ਦੇਖੇ ਜਿਹੜੀਆਂ ਤੇਰੀਆਂ ਯਾਦਾਂ ਵਾਂਗ ਨਜ਼ੁਕ ਤੇ ਖ਼ੂਬਸੂਰਤ ਹਨ। ਤਾਜ ਦੇ ਸੁਡੌਲ ਮਿਨਾਰਾਂ ਨੂੰ ਦੇਖਦਿਆਂ ਹੋਇਆਂ ਤਾਂ ਤੇਰੀਆਂ ਉਂਗਲਾਂ ਮੇਰੀਆਂ ਉਂਗਲਾਂ ਵਿਚ ਗੁੰਦੀਆਂ ਹੋਣੀਆਂ ਚਾਹੀਦੀਆਂ ਸਨ। ਮੇਰੀ ਆਪਣੀ ਪਛਾਨ ਲਈ ਤੇਰੀਆਂ ਉਂਗਲਾਂ ਦੀ ਛੂਹ ਦਾ ਨਿੱਘ ਕਾਫੀ ਹੈ।
ਇਹਨਾਂ ਪਿੱਛਲੇ ਚਾਰ ਵਰ੍ਹਿਆਂ ਵਿਚ ਅਜਿਹੀ ਕੋਈ ਇੱਛਾ ਮੇਰੇ ਮਨ ਵਿਚ ਕਦੀ ਨਹੀਂ ਜਾਗੀ ਸੀ। ਜੈਕ ਨੇ ਇੱਛਾਵਾਂ ਨੂੰ ਅਚਾਨਕ ਝੰਜੋੜ ਦਿੱਤਾ ਹੈ ਜਾਂ ਤੂੰ ਖ਼ੁਦ ਜੈਕ ਨੂੰ ਮੇਰਾ ਪਤਾ ਦੇ ਕੇ ਉਹਨਾਂ ਨੂੰ ਜਗਾਅ ਦਿੱਤਾ ਹੈ। ਜਿਲ ਤੂੰ ਕੁਝ ਵੀ ਕਹਿ ਪਰ ਸਾਡਾ ਅਤੀਤ ਚਿੜੀ ਦੇ ਪ੍ਰਛਾਵੇਂ ਵਾਂਗ ਨਹੀਂ ਹੁੰਦਾ ਜਿਸਨੂੰ ਉਹ ਹਵਾ ਵਿਚ ਉਡਦਾ ਹੋਇਆ ਛੱਡ ਦੇਂਦੀ ਹੈ। ਤੇਰੇ ਕਹਿਣ ਉੱਤੇ ਮੈਂ ਤੇਰੀਆਂ ਯਾਦਾਂ ਨੂੰ ਪੁਰਾਣੇ ਜ਼ਮਾਨੇ ਦੇ ਮਿਸਰ ਦੀਆਂ ਮੰਮੀਆਂ ਵਾਂਗ ਸਮਝ ਲਿਆ ਸੀ ਜਿਹੜੀਆਂ ਹਜ਼ਾਰਾਂ ਸਾਲ ਤਕ ਹੱਥ ਬੰਨ੍ਹੀ ਮਨਾਂ ਮੂੰਹੀਂ ਪੱਥਰਾਂ ਹੇਠ ਅਡੋਲ ਲੇਟੀਆਂ ਰਹਿੰਦੀਆਂ ਹਨ ਪਰ ਜੈਕ ਦੇ ਅਚਾਨਕ ਦਿੱਲੀ ਆ ਜਾਣ ਨਾਲ ਹਾਲਾਤ ਦਾ ਨਾਜ਼ੁਕ ਜਿਹਾ ਇਕ ਪਲ ਕਿਸੇ ਮਸਤੇ ਘੋੜੇ ਵਾਂਗ ਆਪਣੀ ਜ਼ੀਨ ਤੇ ਰਕਾਬਾਂ ਨੂੰ ਭੋਇੰ ਸੁੱਟ ਕੇ ਦੌੜਦਾ ਹੋਇਆ ਦੂਰ ਨਿਕਲ ਗਿਆ ਹੈ ਤੇ ਉਸਦੀਆਂ ਟਾਪਾਂ ਨਾਲ ਉਡਦੀ ਹੋਈ ਮਿਟਮੈਲੀ ਧੂੜ ਵਿਚ ਮੈਨੂੰ ਇੰਗਲਿਸਤਾਨ ਵਿਚ ਬੀਤਿਆ ਦੌਰ ਚੇਤੇ ਆਉਣ ਲੱਗਿਆ ਹੈ—ਜਦੋਂ ਜਿਲ ਤੇਰੇ ਨਾਲ ਮੇਰੀ ਮੁਹੱਬਤ ਤੇ ਜੈਕ ਨਾਲ ਮੇਰੀ ਰਕਾਬਤ ਆਪਣੇ ਸ਼ਿਖ਼ਰਾਂ ਉੱਤੇ ਸੀ। ਮੇਰੀ ਛਾਤੀ ਤੇ ਮੇਰੀਆਂ ਪਸਲੀਆਂ ਵਿਚ ਰਕਾਬਤ ਦੇ ਦਰਜਨਾਂ ਛੁਰੇ ਪੁਰ ਗਏ ਸਨ ਤੇ ਉਹਨਾਂ ਦੇ ਦਿੱਤੇ ਬੇਪਨਾਹ ਦਰਦ ਨੇ ਤੈਨੂੰ ਹੱਦੋਂ ਵਧ ਦਿਲ ਨਿਵਾਜ਼ ਬਣਾ ਦਿੱਤਾ ਸੀ। ਮੈਨੂੰ ਯਾਦ ਹੈ ਤੂੰ ਆਪਣੇ ਡਰਾਇੰਗ ਰੂਮ ਵਿਚ ਸੋਫੇ ਉੱਤੇ ਆਪਣੇ ਦੋਵੇਂ ਪੈਰ ਉਪਰ ਰੱਖੀ ਲੇਟੀ ਹੋਈ ਸੈਂ। ਉੱਚੀ ਅੱਡੀ ਵਾਲੇ ਕਾਲੇ ਚਮਕਦਾਰ ਸੈਂਡਲ ਸੋਫੇ ਦੇ ਨੇੜੇ, ਬੇਤਰਤੀਬ ਜਿਹੇ ਪਏ ਸਨ ਤੇ ਕਮਰੇ ਦੇ ਇਕ ਕੋਨੇ ਵਿਚ ਟੈਲੀਵੀਜ਼ਨ ਵਿਚ ਬਗ਼ੈਰ ਆਵਾਜ਼ ਦੇ ਕੋਈ ਰੰਗੀਨ ਪ੍ਰੋਗਰਾਮ ਚੱਲ ਰਿਹਾ ਸੀ। ਤੂੰ ਟੈਲੀਵੀਜ਼ਨ ਚਲਾ ਕੇ ਆਵਾਜ਼ ਬੰਦ ਕਰ ਦੇਂਦੀ ਹੁੰਦੀ ਸੈਂ ਤੇ ਉਸਦੀ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਸਾਰੇ ਲੋਕ ਬੇਵੱਸ ਨਜ਼ਰ ਆਉਂਦੇ ਹੁੰਦੇ ਸਨ। ਮੈਂ ਤੇਰੇ ਨੇੜੇ, ਸੋਫੇ ਕੋਲ, ਊਨੀ ਕਾਲੀਨ ਉੱਤੇ ਬੈਠ ਗਿਆ ਸਾਂ—
“ਬੜੀ ਚੰਗੀ ਤੇ ਬੜੀ ਹੀ ਪਿਆਰੀ ਜਿਲ ਤੂੰ ਜੈਕ ਨੂੰ ਛੱਡ ਕੇ ਮੇਰੇ ਨਾਲ ਹਿੰਦੁਸਤਾਨ ਚੱਲ।” ਮੈਂ ਤੇਰੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਨਾਲ ਮਜ਼ਬੂਤੀ ਨਾਲ ਪਕੜਿਆ ਹੋਇਆ ਸੀ ਤੇ ਗੱਲ ਆਪਣੇ ਮੋਹ ਦੀ ਪੂਰੀ ਸੱਚਾਈ ਨਾਲ ਕਹੀ ਸੀ। ਇੰਗਲਿਸਤਾਨ ਵਿਚ ਮੇਰੀ ਟਰੇਨਿੰਗ ਕੁਝ ਮਹੀਨੇ ਬਾਅਦ ਪੂਰੀ ਹੋਣ ਵਾਲੀ ਸੀ ਤੇ ਮੇਰਾ ਹਿੰਦੁਸਤਾਨ ਵਾਪਸ ਪਰਤਨਾ ਜ਼ਰੂਰੀ ਸੀ।
“ਉਹ ਮੁਹੱਬਤ ਜਿਸ ਦੀ ਬੁਨਿਆਦ ਉਮੀਦ ਉੱਤੇ ਹੁੰਦੀ ਹੈ ਕੱਚੀ ਤੇ ਖ਼ਤਰਨਾਕ ਹੁੰਦੀ ਹੈ।” ਤੂੰ ਮੈਨੂੰ ਆਪਣੇ ਨੇੜੇ ਖਿੱਚ ਦੇ ਪਿਆਰ ਕਰਦਿਆਂ ਹੋਇਆਂ ਸਮਝਾਇਆ ਸੀ ਜਿਵੇਂ ਬਗ਼ੈਰ ਕਿਸੇ ਉਮੀਦ ਦੇ ਤੇਰੇ ਨਾਲ ਮੁਹੱਬਤ ਕਰਨਾ ਮੇਰੇ ਲਈ ਖ਼ਤਰਿਆਂ ਤੋਂ ਖ਼ਾਲੀ ਸੀ।
“ਜਿਲ ਤੂੰ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ।” ਮੈਂ ਤੇਰੇ ਨਾਲ ਹੀ ਸੋਫੇ ਉੱਤੇ ਬੈਠ ਗਿਆ ਸੀ ਤੇ ਮੈਨੂੰ ਲੱਗਿਆ ਸੀ ਕਿ ਸੋਫੇ ਉੱਤੇ ਤੇਰਾ ਜਿਸਮ ਨਹੀਂ ਸੀ, ਮਖੱਣ ਦਾ ਬਣਿਆ ਹੋਇਆ ਬੁੱਤ ਸੀ, ਜਿਹੜਾ ਸਾਡੇ ਜਜ਼ਬਾਤ ਦੀ ਗਰਮੀ ਸਦਕਾ ਪਿਘਲਣ ਲੱਗ ਪਿਆ ਸੀ।
“ਇਸ ਲਈ ਕਿ ਜੇ ਮੈਂ ਹਾਲਾਤ ਨੂੰ ਸਮਝ ਲਿਆ ਤਾਂ ਬਿਲਕੁਲ ਇਕੱਲੀ ਹੋ ਜਾਵਾਂਗੀ ਤੇ ਨਦੀਮ ਮੈਨੂੰ ਇਕਾਂਤ ਤੋਂ ਬੜਾ ਡਰ ਲੱਗਦਾ ਹੈ।” ਤੂੰ ਮੇਰੀ ਗਰਦਨ ਵਿਚ ਦੋਵੇਂ ਬਾਹਾਂ ਪਾ ਦਿੱਤੀਆਂ ਸਨ ਤੇ ਮਖੱਣ ਦੇ ਭਰੇ ਹੌਜ ਵਿਚ ਸ਼ਾਇਦ ਮੈਂ ਡੁੱਬ ਹੀ ਚੱਲਿਆ ਸਾਂ ਤੇ ਸੋਚ ਰਿਹਾ ਸਾਂ ਕਿ ਏਨਾ ਅਹਿਮ ਫੈਸਲਾ ਕਰਨ ਦੇ ਬਜਾਏ ਅਸੀਂ ਦੋਵੇਂ ਹਮੇਸ਼ਾ ਕਿਉਂ ਉਹਨਾਂ ਰਾਹਾਂ ਉੱਤੇ ਚੱਲਣ ਲੱਗਦੇ ਹਾਂ ਜਿਹੜੇ ਖ਼ਾਮੋਸ਼ੀ ਦੀਆਂ ਘਾਟੀਆਂ ਵਿਚ ਜਾ ਕੇ ਗਵਾਚ ਜਾਂਦੇ ਹਨ।
“ਮੈਂ ਕੁਝ ਮਹੀਨੇ ਬਾਅਦ ਹਿੰਦੁਸਤਾਨ ਚਲੇ ਜਾਣਾ ਹੈ ਤੇ ਜਿੰਨੇ ਦਿਨ ਵੀ ਇੱਥੇ ਹਾਂ ਜੈਕ ਬਾਰੇ ਸੋਚਦਾ ਰਹਾਂਗਾ। ਉਹ ਲੰਦਨ ਵਿਚ ਕੰਮ ਕਰਦਾ ਹੈ ਪਰ ਜਦੋਂ ਉਸਦਾ ਜੀਅ ਕਰਦਾ ਹੈ ਸ਼ਫ਼ਲੇਡ ਆ ਸਕਦਾ ਹੈ। ਦੋਵਾਂ ਸ਼ਹਿਰਾਂ ਵਿਚਕਾਰ ਸਿਰਫ ਡੇਢ ਸੌ ਮੀਲ ਦਾ ਫ਼ਾਸਲਾ ਹੀ ਤਾਂ ਹੈ। ਤੇ ਤੂੰ—ਜਿਲ ਤੂੰ ਆਪਣੇ ਇਸ ਘਰ ਦੇ ਇਲਾਵਾ ਮੈਨੂੰ ਕਿਤੇ ਹੋਰ ਮਿਲਦੀ ਵੀ ਤਾਂ ਨਹੀਂ। ਕਿਸੇ ਦਿਨ ਬੜਾ ਵੱਡਾ ਝਗੜਾ ਹੋ ਜਾਣਾ ਏਂ।” ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
“ਨਦੀਮ ਆਪਣੀ ਦੋਸਤੀ ਦਾ ਪਤਾ ਜੈਕ ਨੂੰ ਹੈ।” ਤੂੰ ਹੱਸਦਿਆਂ ਹੋਇਆਂ ਮੈਨੂੰ ਕਿਹਾ ਸੀ ਤੇ ਮੈਨੂੰ ਜਾਪਿਆ ਸੀ ਕਿ ਬਿਜਲੀ ਦਾ ਇਕ ਤੇਜ਼ ਝਟਕਾ ਮੇਰੇ ਜਿਸਮ ਨੂੰ ਲੱਗਿਆ ਸੀ ਤੇ ਮੈਂ ਸੋਫੇ ਤੋਂ ਉਠ ਕੇ ਇੰਜ ਚੌਕਨਾਂ ਹੋ ਗਿਆ ਸਾਂ ਜਿਵੇਂ ਤੇਰੇ ਘਰ ਦਾ ਦਰਵਾਜ਼ਾ ਖੋਹਲ ਕੇ ਜੈਕ ਆਪਣੇ ਹੱਥ ਵਿਚ ਗੋਲੀਆਂ ਦਾ ਭਰਿਆ ਪਿਸਤੌਲ ਲਈ ਅੰਦਰ ਆਉਣ ਹੀ ਵਾਲਾ ਹੋਵੇ।
“ਜੈਕ ਨੂੰ ਸਾਡੀ ਦੋਸਤੀ ਬਾਰੇ ਪਤਾ ਹੈ ਤੇ ਉਹ ਕੁਝ ਨਹੀਂ ਕਹਿੰਦਾ।” ਮੈਂ ਦੁਬਾਰਾ ਕਾਲੀਨ ਉੱਤੇ ਬੈਠਦਿਆਂ ਹੋਇਆਂ ਤੈਨੂੰ ਪੁੱਛਿਆ ਸੀ। ਮੈਂ ਸੋਚ ਰਿਹਾ ਸਾਂ ਕਿ ਤੂੰ ਮੈਨੂੰ ਸਤਾਉਣ ਲਈ ਅਜਿਹੀਆਂ ਗੱਲਾਂ ਕਰ ਰਹੀ ਸੈਂ।
“ਹਾਂ ਪਤਾ ਹੈ। ਨਦੀਮ ਇਹ ਜੁਲਮ ਨਹੀਂ ਤਾਂ ਹੋਰ ਕੀ ਹੈ ਕਿ ਇਕ ਸਿੱਧੀ ਸਾਦੀ ਪਿਆਰ ਕਰਨ ਵਾਲੀ ਵਫ਼ਾਦਾਰ ਔਰਤ ਦੇ ਮੁਕਾਬਲੇ ਵਿਚ ਮਰਦ ਇਕ ਧੋਖੇਬਾਜ ਚਲਦੀ ਫਿਰਦੀ ਔਰਤ ਦੇ ਵਧੇਰੇ ਦੀਵਾਨੇ ਹੁੰਦੇ ਨੇ।” ਤੂੰ ਸੋਫੇ ਉੱਤੇ ਉਠ ਬੈਠੀ ਸੈਂ ਤੇ ਮੁਸਕਰਾ ਰਹੀ ਸੈਂ। ਤੇਰੀ ਨਿੰਮ੍ਹੀ-ਨਿੰਮ੍ਹੀ ਸੁਰਖ ਮੁਸਕਾਨ ਮੈਨੂੰ ਹਮੇਸ਼ਾ ਤੋਂ ਹੀ ਚੰਗੀ ਲੱਗਦੀ ਸੀ ਪਰ ਇਸ ਵੇਲੇ ਮੇਰੀਆਂ ਹਥੇਲੀਆਂ ਪਸੀਨੇ ਨਾਲ ਭਿੱਜ ਚੁੱਕੀਆਂ ਸਨ ਤੇ ਮੇਰਾ ਹਲਕ ਖ਼ੁਸ਼ਕ ਹੋ ਚੁੱਕਿਆ ਸੀ।
“ਜਿਲ ਪਲੀਜ਼, ਤੂੰ ਮੈਨੂੰ ਸੱਚ-ਸੱਚ ਪੂਰੀ ਗੱਲ ਦੱਸ।” ਮੈਂ ਤੇਰੀ ਮਿੰਨਤ ਜਿਹੀ ਕੀਤੀ ਸੀ।
“ਸੱਚ ਬੋਲਣ ਵਾਲੇ ਕੋਲ ਕਹਿਣ ਲਈ ਕੁਛ ਵੀ ਤਾਂ ਨਹੀਂ ਹੁੰਦਾ—ਨਦੀਮ ਤੂੰ ਉਹਨਾਂ ਲੋਕਾਂ ਨਾਲ ਕਦੀ ਵੀ ਦੋਸਤੀ ਨਾ ਕਰੀਂ ਜਿਹੜੇ ਸਿਰਫ ਸੱਚ ਬੋਲਦੇ ਨੇ।” ਤੂੰ ਸੋਫੇ ਤੋਂ ਉਠ ਕੇ ਖੜ੍ਹੀ ਹੋ ਗਈ ਸੈਂ ਤੇ ਆਤਿਸ਼ਦਾਨ ਉਪਰ ਟੰਗੇ ਹੋਏ ਗੋਲ ਸ਼ੀਸ਼ੇ ਵਿਚ ਖ਼ੁਦ ਨੂੰ ਵੇਖ ਰਹੀ ਸੈਂ। ਜਦੋਂ ਤੂੰ ਉੱਥੋਂ ਹਟ ਗਈ ਸੈਂ ਤਾਂ ਮੈਂ ਕਿਹਾ ਸੀ—“ਇਕ ਹਿੰਦੁਸਤਾਨੀ ਕਹਾਵਤ ਹੈ ਕਿ ਜੇ ਤੁਹਾਡਾ ਕੋਈ ਚੰਗਾ ਦੋਸਤ ਹੋਵੇ ਤਾਂ ਫੇਰ ਤੁਹਾਨੂੰ ਸ਼ੀਸ਼ਾ ਵੇਖਣ ਦੀ ਲੋੜ ਨਹੀਂ ਹੁੰਦੀ।” ਤੇ ਤੂੰ ਇਸ ਕਹਾਵਤ ਨੂੰ ਸੁਣ ਕੇ ਇਕ ਵਾਰੀ ਸ਼ੀਸ਼ੇ ਦੇ ਸਾਹਮਣੇ ਚਲੀ ਗਈ ਸੈਂ ਤੇ ਮੈਂ ਸੋਚਣ ਲੱਗਾ ਸਾਂ ਕਿ ਲੋਕ ਆਖ਼ਰ ਸ਼ੀਸ਼ਾ ਕਿਉਂ ਦੇਖਦੇ ਹਨ! ਤੇ ਅਜ ਜਦੋਂ ਮੈਂ ਤੈਨੂੰ ਖ਼ਤ ਲਿਖਣ ਬਾਰੇ ਸੋਚ ਰਿਹਾ ਹਾਂ ਤਾਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਏਨੀਆਂ ਊਟ-ਪਟਾਂਗ ਗੱਲਾਂ ਕਰਨੀਆਂ ਤੂੰ ਕਿੱਥੋਂ ਸਿਖੀਆਂ ਨੇ! ਤੂੰ ਸ਼ੀਸ਼ੇ ਵੱਲੋ ਭੌਂ ਕੇ ਮੈਥੋਂ ਪੁੱਛਿਆ ਸੀ—
“ਤੂੰ ਜੈਕ ਤੋਂ ਏਨਾ ਜ਼ਿਆਦਾ ਡਰਦਾ ਏਂ ਨਦੀਮ ਤਾਂ ਫੇਰ ਮੈਨੂੰ ਮਿਲਣ ਕਿਉਂ ਆਉਂਦਾ ਹੈਂ, ਮੈਂ ਜੈਕ ਨੂੰ ਜਾਣਦੀ ਹਾਂ। ਯਾਦ ਏ ਜਦੋਂ ਛੋਟੀ ਜਿਹੀ ਸੀ ਤਾਂ ਉਸ ਦੇ ਨਾਲ ਪਹਾੜੀ 'ਤੇ ਗਈ ਸੀ।” ਤੂੰ ਮੁਸਕਰਾ ਰਹੀ ਸੈਂ ਤੇ ਮੈਂ ਕਾਲੀਨ ਤੋਂ ਉਠ ਕੇ ਤੇਰੇ ਦੋਵਾਂ ਮੋਢਿਆਂ ਉੱਤੇ ਹੱਥ ਰੱਖਦਿਆਂ ਹੋਇਆਂ ਆਪਣੀ ਹਾਰ ਮੰਨ ਲਈ ਸੀ ਤੇ ਤੈਨੂੰ ਸ਼ਾਇਦ ਕਿਹਾ ਸੀ ਜਾਂ ਸਿਰਫ ਸੋਚਿਆ ਸੀ ਕਿ ਜਿਲ ਤੂੰ ਹੀ ਉਹ ਕੁੜੀ ਏਂ ਜਿਸ ਨੇ ਜੈਕ ਨੂੰ ਪਹਾੜੀ ਉੱਤੋਂ ਧੱਕਾ ਦੇ ਦਿੱਤਾ ਸੀ। ਮੈਂ ਜੈਕ ਤੋਂ ਵਾਕਈ ਡਰਦਾ ਸਾਂ ਪਰ ਉਸ ਸ਼ਾਮ ਤੋਂ ਬਾਅਦ ਮੈਨੂੰ ਤੈਥੋਂ ਵੀ ਭੈ ਆਉਣ ਲੱਗ ਪਿਆ ਸੀ।
ਜੈਕ ਜਦੋਂ ਤਾਜ਼ ਮਹਿਲ ਵੇਖ ਕੇ ਵਾਪਸ ਆਇਆ ਤਾਂ ਮੈਂ ਉਸ ਤੋਂ ਭੈਭੀਤ ਨਹੀਂ ਸਾਂ। ਮੇਰੀ ਤੇ ਤੇਰੀ ਦੋਸਤੀ ਖ਼ਤਮ ਹੋਇਆ ਚਾਰ ਵਰ੍ਹੇ ਹੋ ਚੁੱਕੇ ਸਨ ਤੇ ਮੈਂ ਜੈਕ ਨੂੰ ਇੰਗਲਿਸਤਾਨ ਦੇ ਕਿਸੇ ਸ਼ਹਿਰ ਵਿਚ ਨਹੀਂ ਦਿੱਲੀ ਵਿਚ ਮਿਲ ਰਿਹਾ ਸਾਂ। ਜੈਕ ਨਾਲ ਗੱਲਾਂ ਕਰਕੇ ਮੈਨੂੰ ਮਹਿਸੂਸ ਹੋਇਆ ਕਿ ਉਸਦੇ ਸੁਭਾਅ ਵਿਚ ਬੱਚਿਆਂ ਵਰਗੀ ਸਾਦਗੀ ਸੀ ਹਾਲਾਂਕਿ ਉਹ ਹੁਣ ਲਾਰਡ ਕਰਜ਼ਨ ਵਰਗਾ ਨਜ਼ਰ ਆਉਣ ਲੱਗ ਪਿਆ ਸੀ। ਮੈਂ ਕਨਾਟ ਪਲੇਸ ਵਿਚ ਉਸਨੂੰ ਸ਼ਾਪਿੰਗ ਕਰਵਾਉਣ ਲੈ ਗਿਆ ਤਾਂ ਮੈਂ ਗੂੜ੍ਹੇ ਸੂਹੇ ਰੰਗ ਦਾ ਰੇਸ਼ਮ ਤੇਰੇ ਲਈ ਵੀ ਖ਼ਰੀਦਿਆ ਇਹ ਸੋਚ ਕੇ ਇਹ ਰੰਗ ਤੈਨੂੰ ਪਸੰਦ ਸੀ ਤੇ ਸਿਲਕ ਦਾ ਸੂਹਾ ਲਿਬਾਸ ਤੇਰੇ ਮੁਲਾਇਮ ਜਿਸਮ ਨੂੰ ਕੁਛ ਏਸ ਤਰ੍ਹਾਂ ਛੂਹੇਗਾ ਜਿਵੇਂ ਕਈ ਘੰਟੇ ਤੇਰੇ ਨਾਲ ਰਹਿਣ ਪਿੱਛੋਂ ਮੈਂ ਛੂਹੰਦਾ ਸਾਂ—ਚੁੱਪ, ਸਾਵਧਾਨੀ ਤੇ ਮੁਹੱਬਤ ਦੇ ਨਾਲ।
“ਜੈਕ ਇਹ ਕੱਪੜਾ ਮੇਰੇ ਵੱਲੋਂ ਆਪਣੀ ਪਤਨੀ ਨੂੰ ਦੇ ਦੇਣਾ।” ਮੈਂ ਜੈਕ ਨੂੰ ਕਿਹਾ ਸੀ।
“ਪਰ ਨਦੀਮ ਤੂੰ ਤੇ ਮੇਰੀ ਪਤਨੀ ਨੂੰ ਜਾਣਦਾ ਵੀ ਨਹੀਂ। ” ਜੈਕ ਨੇ ਕੱਪੜੇ ਦਾ ਪੈਕੇਟ ਮੇਰੇ ਹੱਥੋਂ ਲੈਂਦਿਆਂ ਕਿਹਾ ਸੀ।
“ਸ਼ਾਇਦ ਓਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਜਿੰਨੀ ਚੰਗੀ ਤਰ੍ਹਾਂ ਤੂੰ ਜਾਣਦਾ ਏਂ ਜੈਕ ਪਰ ਜਿਲ ਨਾਲ ਮੇਰੀ ਦੋਸਤੀ ਸੀ। ਤੂੰ ਤਾਂ ਹਮੇਸ਼ਾ ਹਫ਼ਤਾ-ਹਫ਼ਤਾ ਭਰ ਲੰਦਨ ਵਿਚ ਰਹਿੰਦਾ ਹੁੰਦਾ ਸੈਂ।” ਮੈਨੂੰ ਜੈਕ ਨੂੰ ਇਹ ਜਵਾਬ ਦੇਂਦਿਆਂ ਹੋਇਆਂ ਅਫ਼ਸੋਸ ਹੋਇਆ ਸੀ ਕਿ ਜਿਲ ਤੂੰ ਖ਼ਹਮਖ਼ਾਹ ਡਰਾਉਣ ਖ਼ਾਤਰ ਕਹਿ ਦਿੱਤਾ ਸੀ ਕਿ ਤੇਰੇ ਪਤੀ ਨੂੰ ਸਾਡੀ ਦੋਸਤੀ ਦਾ ਪਤਾ ਸੀ।
“ਜਿਲ ਦਾ ਤੇ ਮੇਰਾ ਤਲਾਕ ਹੋਇਆਂ ਤਾਂ ਤਿੰਨ ਸਾਲ ਹੋ ਗਏ ਨੇ ਤੇ ਮੈਂ ਦੂਜੀ ਸ਼ਾਦੀ ਵੀ ਕਰਵਾ ਲਈ ਏ। ਨਦੀਮ ਕੀ ਤੈਨੂੰ ਇਹ ਗੱਲ ਪਤਾ ਨਹੀਂ ਸੀ?” ਜੈਕ ਨੇ ਮੈਨੂੰ ਪੁੱਛਿਆ ਸੀ।
“ਨਹੀਂ ਜਿਲ ਮੈਨੂੰ ਕਦੀ ਖ਼ਤ ਨਹੀਂ ਲਿਖਦੀ।” ਮੈਂ ਤੇਰੇ ਤਲਾਕ ਦੀ ਖ਼ਬਰ ਨਾਲੋਂ ਇਹ ਸੋਚ ਕੇ ਵਧੇਰੇ ਹੈਰਾਨ ਹੋ ਰਿਹਾ ਸਾਂ ਕਿ ਤੂੰ ਮੈਨੂੰ ਇਹ ਇਤਲਾਹ ਕਿਉਂ ਨਹੀਂ ਸੀ ਦਿੱਤੀ—ਜਦ ਕਿ ਮੇਰਾ ਪਤਾ ਤਾਂ ਤੂੰ ਹੀ ਦਿੱਤਾ ਸੀ। ਮੈਂ ਤੈਨੂੰ ਚਾਰ ਸਾਲ ਪਹਿਲਾਂ ਜੈਕ ਤੋਂ ਤਲਾਕ ਲੈਣ ਲਈ ਮਿੰਨਤਾਂ ਵੀ ਕਰਦਾ ਹੁੰਦਾ ਸੀ ਤੇ ਤਿੰਨ ਸਾਲ ਪਹਿਲਾਂ ਤੁਹਾਡਾ ਤਲਾਕ ਹੋ ਗਿਆ। ਤੂੰ ਆਪਣੇ ਭੇਦ ਛੁਪਾਈ, ਇਕ ਚੀਤੇ ਵਾਂਗ, ਕਿਸੇ ਉੱਚੇ ਦਰਖ਼ਤ ਦੀ ਡਾਲ ਉੱਤੇ ਬੈਠੀ ਆਪਣੇ ਸ਼ਿਕਾਰ ਦੀ ਉਡੀਕ ਵਿਚ ਸੈਂ। ਮੇਰਾ ਪਤਾ ਜੈਕ ਨੂੰ ਦੇਂਦਿਆਂ ਹੋਇਆਂ ਤੈਨੂੰ ਪਤਾ ਸੀ ਕਿ ਮੇਰਾ ਅਤੀਤ ਮੇਰੇ ਉਪਰ ਕਿੰਜ ਹਮਲਾ ਕਰ ਦਏਗਾ। ਮੈਂ ਸਮਝਦਾ ਸੀ ਕਿ ਮੇਰਾ ਤੇਰੇ ਨਾਲ ਉਹੀ ਰਿਸ਼ਤਾ ਹੈ ਜਿਹੜਾ ਤੇਲ ਦਾ ਦੀਵੇ ਦੀ ਬੱਤੀ ਨਾਲ ਹੁੰਦਾ ਹੈ ਪਰ ਇੰਜ ਲੱਗਦਾ ਹੈ ਕਿ ਸੁਨਹਿਰੀ ਰੰਗ ਦੇ ਤੇਲ ਨੇ ਬੱਤੀ ਨਾਲੋਂ ਰਿਸ਼ਤਾ ਤੋੜ ਲਿਆ ਹੈ। ਉਹ ਲੋਅ, ਜਿਸ ਨੇ ਹਰ ਸਮੇਂ ਰੌਸ਼ਨੀ ਖਿਲਾਰੀ ਸੀ ਤੇਰੇ ਕਹਿਣ ਅਨੁਸਾਰ ਹੀ ਸ਼ਾਇਦ ਇਕ ਪਲ ਲਈ ਭੜਕੀ ਵੀ ਹੋਏਗੀ। ਤੇਰੀ ਦੋਸਤੀ ਦੀਆਂ ਸਾਰੀਆਂ ਸੌਗਾਤਾਂ, ਤੇਰੇ ਜਿਸਮ ਦੇ ਖੇੜੇ, ਤੇਰੀ ਚੁੱਪ ਦੇ ਕਾਰਣ ਮੇਰੇ ਲਈ ਤਕਲੀਫ਼ ਦਾ ਸਬੱਬ ਬਣ ਗਏ ਹਨ। ਹੱਥਾਂ ਦਾ ਬੁੱਕ ਕਿੰਨਾ ਵੀ ਕਸਿਆ ਹੋਇਆ ਹੋਵੇ ਬਹੁਤੀ ਦੇਰ ਤਕ ਪਾਣੀ ਨੂੰ ਨਹੀਂ ਰੋਕ ਸਕਦਾ। ਕੀ ਮੇਰੀ ਤੇਰੀ ਖ਼ੋਜੀ ਹੋਈ ਖੁਸ਼ੀ ਬੁੱਕ ਵਿਚ ਭਰੇ ਪਾਣੀ ਵਰਗੀ ਸੀ? ਖ਼ਤ ਵਿਚ ਤੈਨੂੰ ਮੈਂ ਇਹ ਸਵਾਲ ਜ਼ਰੂਰ ਕਰਾਂਗਾ।
“ਨਦੀਮ—ਤੂੰ ਕਿਹੜੇ ਖ਼ਿਆਲਾਂ ਵਿਚ ਗਵਾਚ ਗਿਐਂ?” ਜੈਕ ਨੇ ਪੁੱਛਿਆ।
“ਤੇਰਾ ਤੇ ਜਿਲ ਦਾ ਤਲਾਕ ਹੋ ਗਿਆ—ਗੱਲ ਏਥੋਂ ਤਕ ਕਿਵੇਂ ਪਹੁੰਚ ਗਈ?” ਮੈਂ ਜੈਕ ਨੂੰ ਬੜੇ ਦੁਖ ਨਾਲ ਪੁੱਛਿਆ।
“ਸਾਡੇ ਤਲਾਕ ਦੀ ਖ਼ਬਰ ਸੁਣ ਕੇ ਤੂੰ ਬੇਕਾਰ ਏਨਾ ਦੁਖੀ ਹੋ ਰਿਹਾ ਹੈਂ ਨਦੀਮ—ਅਮਰੀਕਾ ਤੇ ਸਵੀਡਨ ਵਾਂਗ ਹੀ ਹੁਣ ਇੰਗਲਿਸਤਾਨ ਵਿਚ ਵੀ ਹਰ ਦੋ ਸ਼ਾਦੀਆਂ ਵਿਚੋਂ ਇਕ ਤਲਾਕ 'ਤੇ ਖ਼ਤਮ ਹੋ ਜਾਂਦੀ ਹੈ। ਪਤੀ ਤੇ ਪਤਨੀ ਦਾ ਸ਼ਾਦੀ ਦੇ ਬੰਨਣ ਤੋਂ ਆਜ਼ਾਦ ਹੋ ਜਾਣਾ ਹੁਣ ਬੜਾ ਆਸਾਨ ਹੋ ਗਿਆ ਹੈ। ਵਪਾਰਿਕ ਢਾਂਚੇ ਦਾ ਅਸਰ ਇਨਸਾਨੀ ਰਿਸ਼ਤਿਆਂ 'ਤੇ ਵੀ ਤਾਂ ਪੈਂਦਾ ਹੈ। ਜਿਵੇਂ ਮਸ਼ੀਨ ਦੇ ਪੁਰਜੇ ਬਦਲ ਲਏ ਜਾਂਦੇ ਨੇ ਪਤੀ ਪਤਨੀ ਵੀ ਬਦਲ ਲਏ ਜਾਂਦੇ ਨੇ।” ਜੈਕ ਨੇ ਮੈਨੂੰ ਸਮਝਾਇਆ ਸੀ।
“ਪਰ ਜਿਲ ਨੂੰ ਤਾਂ ਸ਼ਾਦੀਸ਼ੁਦਾ ਜ਼ਿੰਦਗੀ ਪਸੰਦ ਸੀ ਤੇ ਤੂੰ ਵੀ ਖੁਸ਼ ਲਗਦਾ ਸੀ।” ਮੈਂ ਸਵਾਲ ਕੀਤਾ।
“ਜਿਲ ਤੇ ਮੈਂ ਅਲਗ ਅਲਗ ਸ਼ਹਿਰਾਂ ਵਿਚ ਕੰਮ ਕਰਦੇ ਸਾਂ। ਉਹ ਸ਼ਫ਼ਲੇਡ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਸੀ ਤੇ ਖਾਸ ਕਰਕੇ ਉਹ ਘਰ ਨਹੀਂ ਛੱਡਣਾ ਚਾਹੁੰਦੀ ਸੀ ਜਿਹੜਾ ਤੂੰ ਵੇਖ ਈ ਚੁੱਕਿਆ ਏਂ। ਮੈਨੂੰ ਲੰਦਨ ਦੇ ਇਲਾਵਾ ਕਿਤੇ ਹੋਰ ਢੰਗ ਦੀ ਨੌਕਰੀ ਨਹੀਂ ਮਿਲਦੀ ਸੀ—ਤੇ ਫੇਰ ਬਹੁਤ ਸਾਰੀਆਂ ਹੋਰ ਵੀ ਛੋਟੀਆਂ ਛੋਟੀਆਂ ਗੱਲਾਂ ਸਨ—ਜਿਲ ਨੂੰ ਡਰਾਇੰਗ ਰੂਮ ਵਿਚ ਸੋਫੇ ਉੱਤੇ ਲੇਟਨਾਂ ਪਸੰਦ ਸੀ। ਉਹ ਘੰਟਿਆਂ ਬੱਧੀ ਖਿੜਕੀ ਦੇ ਬਾਹਰ ਦਰਖ਼ਤਾਂ ਤੇ ਬੂਟਿਆਂ ਨੂੰ ਘੂਰਦੀ ਰਹਿੰਦੀ, ਟੈਲੀਵਿਜ਼ਨ ਚਲਾ ਕੇ ਆਵਾਜ਼ ਬੰਦ ਕਰ ਦੇਂਦੀ।” ਜੈਕ ਕਹਿ ਰਿਹਾ ਸੀ।
“ਪਰ ਇਹ ਗੱਲਾਂ ਤਲਾਕ ਦੇਣ ਲਈ ਕਾਫੀ ਤਾਂ ਨਹੀਂ।” ਮੈਂ ਵਿਰੋਧ ਕੀਤਾ। ਸ਼ਾਇਦ ਮੈਨੂੰ ਆਸ ਸੀ ਕਿ ਜੈਕ ਮੇਰੀ ਤੇ ਤੇਰੀ ਦੋਸਤੀ ਦਾ ਤਾਅਨਾਂ ਦਏਗਾ। ਈਰਖ਼ਾ ਦੀ ਅੱਗ ਨੇ ਕੀ ਉਸਨੂੰ ਝੁਲਸਾਇਆ ਨਹੀਂ ਹੋਵੇਗਾ।
“ਇਹੀ ਗੱਲਾਂ ਜਦੋਂ ਮੁਹੱਬਤ ਦੀ ਬੁਨਿਆਦ ਬਣ ਸਕਦੀਆਂ ਹਨ ਤਾਂ ਤਲਾਕ ਦਾ ਕਾਰਣ ਵੀ ਹੋ ਸਕਦੀਆਂ ਹਨ—ਤੇ ਫੇਰ ਤੂੰ ਖ਼ੁਦ ਵੀ ਤਾਂ ਗੌਰ ਕੀਤਾ ਹੋਵੇਗਾ ਕਿ ਜਿਲ ਅਕਸਰ ਬੜੀਆਂ ਊਟ-ਪਟਾਂਗ ਗੱਲਾਂ ਕਰਦੀ ਹੁੰਦੀ ਸੀ—ਜ਼ਿੰਦਗੀ ਬਾਰੇ ਜਿਲ ਦੇ ਅਜੀਬ-ਅਜੀਬ ਵਿਚਾਰ ਸਨ—ਜਿਵੇਂ ਕਿ ਉਹ ਕਹਿੰਦੀ ਹੁੰਦੀ ਸੀ ਕਿ ਸੱਚ ਬੋਲਣ ਵਾਲੇ ਉੱਤੇ ਕਦੀ ਯਕੀਨ ਨਹੀਂ ਕਰਨਾ ਚਾਹੀਦਾ; ਪਰ ਜਾਣਦਾ ਏਂ ਨਦੀਮ ਉਹ ਖ਼ੁਦ ਹਮੇਸ਼ਾ ਸੱਚ ਬੋਲਦੀ ਸੀ। ਮੇਰੀ ਤੇ ਜਿਲ ਦੀ ਸ਼ਾਦੀ ਸੱਤ ਸਾਲ ਤਕ ਰਹੀ ਤੇ ਏਨੇ ਅਰਸੇ ਵਿਚ ਉਸਨੂੰ ਮੈਂ ਕਦੀ, ਇਕ ਵਾਰੀ ਵੀ, ਝੂਠ ਬੋਲਦਿਆਂ ਨਹੀਂ ਫੜ੍ਹਿਆ। ਉਹ ਜਜ਼ਬਾਤੀ ਹੋ ਜਾਣ ਨੂੰ ਬੜਾ ਮਾੜਾ ਸਮਝਦੀ ਸੀ ਪਰ ਉਹਦਾ ਉਹ ਘਰ ਤੇ ਸ਼ਫ਼ਲੇਡ ਨਾ ਛੱਡਣ ਦਾ ਫੈਸਲਾ ਬਿਲਕੁਲ ਜਜ਼ਬਾਤੀ ਸੀ। ਉਹ ਕਹਿੰਦੀ ਸੀ ਕਿ ਔਰਤ ਤੇ ਮਰਦ ਸਭ ਪੱਖਾਂ ਤੋਂ ਬਰਾਬਰ ਹੁੰਦੇ ਨੇ ਪਰ ਖ਼ੁਦ ਔਰਤ ਹੋਣ ਦਾ ਕੁਛ ਜ਼ਿਆਦਾ ਹੀ ਫਾਇਦਾ ਉਠਾਉਂਦੀ ਸੀ।” ਜੈਕ ਚੁੱਪ ਹੋ ਗਿਆ।
“ਤੈਨੂੰ ਜਿਲ ਨੂੰ ਤਲਾਕ ਦੇਣ ਦਾ ਅਫ਼ਸੋਸ ਨਹੀਂ...?” ਮੈਂ ਜੈਕ ਨੂੰ ਪੁੱਛਿਆ।
“ਹੈ ਵੀ ਤੇ ਨਹੀਂ ਵੀ। ਮੇਰੀ ਦੂਜੀ ਪਤਨੀ ਵੀ ਬੜੀ ਚੰਗੀ ਏ। ਲੰਦਨ ਵਿਚ ਉਸਦਾ ਆਪਣਾ ਘਰ ਹੈ। ਮੈਂ ਉਸਨੂੰ ਪੰਜ ਛੇ ਸਾਲ ਦਾ ਜਾਣਾ ਹਾਂ—ਪਰ ਜਿਸ ਦਿਨ ਸਾਡੇ ਤਲਾਕ ਦੀ ਕਾਰਵਾਈ ਪੂਰੀ ਹੋਈ ਸੀ ਮੈਂ ਜਿਲ ਨੂੰ ਕਈ ਵਰ੍ਹਿਆਂ ਬਾਅਦ ਗੌਰ ਨਾਲ ਦੇਖਿਆ ਸੀ। ਜਿਲ ਵਾਕਈ ਬੜੀ ਖ਼ੂਬਸੂਰਤ ਹੈ। ਖ਼ੁਬਸੂਰਤ ਔਰਤਾਂ ਦੇ ਪਤੀ ਆਪਣੀਆਂ ਪਤਨੀਆਂ ਦੇ ਹੁਸਨ ਨੂੰ ਹੌਲੀ-ਹੌਲੀ ਭੁੱਲ ਜਾਂਦੇ ਨੇ। ਮੈਂ ਹੁਣ ਕਦੀ ਸ਼ਫ਼ਲੇਡ ਜਾਂਦਾ ਹਾਂ ਤਾਂ ਜਿਲ ਨੂੰ ਮਿਲਦਾ ਹਾਂ। ਹੁਣ ਸਾਡਾ ਰਿਸ਼ਤਾ ਚੰਗੇ ਦੋਸਤਾਂ ਵਾਲਾ ਹੋ ਗਿਆ ਹੈ। ਬੜਾ ਮਜ਼ਾ ਆਉਂਦਾ ਏ। ਅੱਛਾ ਨਦੀਮ ਤੂੰ ਇਹ ਦੱਸ ਕਿ ਇਹ ਰੇਸ਼ਮ ਮੈਂ ਆਪਣੀ ਬੀਵੀ ਨੂੰ ਦਿਆਂ ਕਿ ਜਿਲ ਨੂੰ?” ਜੈਕ ਨੇ ਕੱਪੜੇ ਦੇ ਪੈਕੇਟ ਨੂੰ ਆਪਣੇ ਹੱਥ ਉੱਤੇ ਤੋਲਦਿਆਂ ਕਿਹਾ।
“ਜੇ ਮੈਂ ਇਹ ਆਖਾਂ ਕਿ ਜੈਕ ਇਹ ਪੈਕੇਟ ਤੂੰ ਆਪਣੀ ਬੀਵੀ ਨੂੰ ਦੇ ਦੇਵੀਂ ਕਿਉਂਕਿ ਇਹ ਮੈਂ ਤੇਰੀ ਬੀਵੀ ਲਈ ਖ਼ਰੀਦਿਆ ਸੀ ਤਾਂ ਇਹ ਝੂਠ ਹੋਵੇਗਾ—ਕਿਤੇ ਤੂੰ ਜਿਲ ਨਾਲ ਸੱਤ ਵਰ੍ਹੇ ਰਹਿ ਕੇ ਝੂਠ ਬੋਲਣ ਵਾਲਿਆਂ ਉੱਤੇ ਯਕੀਨ ਤਾਂ ਨਹੀਂ ਕਰਨ ਲੱਗ ਪਿਆ?”
ਜੈਕ ਕੱਲ੍ਹ ਰਾਤੀਂ ਲੰਦਨ ਪਰਤ ਗਿਆ ਹੋਏਗਾ। ਮੈਂ ਤੈਨੂੰ ਖ਼ਤ ਲਿਖ ਬਾਰੇ ਸੋਚ ਰਿਹਾ ਹਾਂ ਜਿਲ ਕਿਉਂਕਿ ਤੈਨੂੰ ਅਤੀਤ ਦੇ ਕੈਦਖ਼ਾਨੇ ਵਿਚੋਂ ਕੱਢਣ ਲਈ ਸਿਰਫ ਮੁਹੱਬਤ ਭਰੀ ਯਾਦ ਕਾਫੀ ਨਹੀਂ। ਮੈਂ ਤੈਨੂੰ ਖ਼ਤ ਲਿਖਾਂਗਾ ਤਾਂ ਪੁੱਛਾਂਗਾ ਕਿ ਜੈਕ ਨੇ ਸਵਾ ਦੋ ਗਜ਼ ਉਹ ਸੂਹਾ ਰੇਸ਼ਮ ਦੇਂਦਿਆਂ ਹੋਇਆਂ ਤੈਨੂੰ ਮੇਰੇ ਬਾਰੇ ਵਿਚ ਕੀ ਕਿਹਾ—ਕੀ ਜੈਕ ਨੇ ਮੇਰੀਆਂ ਅੱਖਾਂ ਵਿਚ ਇਹ ਆਰਜ਼ੂ ਦੇਖ ਲਈ ਸੀ ਕਿ ਖੁਸ਼ੀਆਂ ਭਰੇ ਪਲਾਂ ਦੀ ਤਲਾਸ਼ ਵਿਚ ਹੁਣ ਵੀ ਭਟਕਣ ਲਈ ਤਿਆਰ ਹਾਂ। ਜੈਕ ਨਾਲ ਗੱਲਾਂ ਕਰਕੇ ਮੈਂ ਤੇਰੇ ਸ਼ਬਦਾਂ ਦੇ ਜਾਦੂ 'ਚੋਂ ਜਾਗ ਚੁੱਕਿਆ ਹਾਂ। ਖੁਸ਼ੀਆਂ ਭਰੇ ਪਲਾਂ ਦੀ ਯਾਦ ਖੁਸ਼ੀ ਦਾ ਕਤਲ ਨਹੀਂ ਹੁੰਦੀ ਬਲਕਿ ਉਸਨੂੰ ਦੁੱਗਣਾ ਕਰ ਦੇਂਦੀ ਹੈ। ਮੈਨੂੰ ਯਕੀਨ ਹੈ ਕਿ ਮੈਂ ਤੈਨੂੰ ਖ਼ਤ ਜ਼ਰੂਰ ਲਿਖਾਂਗਾ। ਮੈਂ ਅੱਜ ਤਕ ਕਿਸੇ ਨੂੰ ਖ਼ਤ ਲਿਖਣ ਤੋਂ ਪਹਿਲਾਂ ਏਨੇ ਵਿਸਥਾਰ ਨਾਲ ਨਹੀਂ ਸੋਚਿਆ ਸੀ। ਮੈਂ ਲਿਖਾਂਗਾ ਜਿਲ ਕਿ ਮੈਨੂੰ ਤੇਰਾ ਸੋਫੇ ਉੱਤੇ ਲੇਟੇ ਰਹਿਣਾ ਪਸੰਦ ਹੈ ਤੇ ਆਵਾਜ਼ ਬੰਦ ਕਰਕੇ ਟੈਲੀਵਿਜ਼ਨ ਦੇਖਣਾ ਚੰਗਾ ਲੱਗਦਾ ਹੈ ਤੇ ਖਿੜਕੀ ਵਿਚੋਂ ਬਾਹਰ ਹਰੀ ਘਾਹ ਦੀ ਸਿੱਲ੍ਹ ਉਪਰ ਜਦੋਂ ਤੂੰ ਸਿਓ ਦੇ ਦਰਖ਼ਤਾਂ ਦੇ ਪਰਛਾਵਿਆਂ ਨੂੰ ਡੋਲਦਿਆਂ ਹੋਇਆਂ ਦੇਖ ਰਹੀ ਹੁੰਦੀ ਸੈਂ ਤਾਂ ਮੈਨੂੰ ਬੜੀ ਪਿਆਰੀ ਲੱਗ ਰਹੀ ਹੁੰਦੀ ਸੈਂ ਪਰ ਮੈਨੂੰ ਡਰ ਹੈ ਕਿ ਤੂੰ ਕਹੇਂਗੀ ਕਿ ਇਹਨਾਂ ਗੱਲਾਂ ਨੂੰ ਕਹਿਣ ਦੀ ਜਾਂ ਲਿਖਣ ਦੀ ਕੀ ਲੋੜ ਹੈ। ਉਹਨਾਂ ਨੂੰ ਸਮਝਣ ਲਈ ਤਾਂ ਖ਼ਾਮੋਸ਼ੀ ਹੀ ਕਾਫੀ ਹੁੰਦੀ ਹੈ। ਖ਼ਾਮੋਸ਼ੀ ਜਿਸ ਨੂੰ ਮੈਂ ਮੁਹੱਬਤ ਦੀ ਪਛਾਣ ਸਮਝਦਾ ਸਾਂ, ਮੇਰੇ ਲਈ ਹੁਣ ਤਕਲੀਫ਼ ਦਾ ਸਬੱਬ ਬਣ ਗਈ ਹੈ। ਤੇਰੀ ਖ਼ਾਮੋਸ਼ੀ ਕਾਰਣ ਜਿਹੜੇ ਜ਼ਖ਼ਮ ਮੇਰੇ ਹੋਏ, ਹੁਣ ਸ਼ਾਇਦ ਹਮੇਸ਼ਾ ਹੀ ਹਰੇ ਰਹਿਣਗੇ। ਮੈਂ ਸੋਚਦਾ ਹਾਂ ਜਿਲ ਕਿ ਮੈਂ ਤੈਨੂੰ ਖ਼ਤ ਨਾ ਲਿਖਾਂ। ਤੇਰੀ ਖ਼ਾਮੋਸ਼ੀ ਦਾ ਜੁਆਬ ਸ਼ਾਇਦ ਖ਼ਾਮੋਸ਼ੀ ਹੀ ਠੀਕ ਰਹੇਗਾ। ਮੇਰੇ ਲਈ ਖ਼ਤ ਲਿਖਣਾ ਵੈਸੇ ਵੀ ਕੋਈ ਆਸਾਨ ਕੰਮ ਨਹੀਂ ਤੇ ਖਾਸ ਕਰਕੇ ਤੈਨੂੰ ਖ਼ਤ ਲਿਖਣਾ—ਬੜੀ ਚੰਗੀ ਤੇ ਬੜੀ ਹੀ ਪਿਆਰੀ ਜਿਲ।
     ੦੦੦ ੦੦੦ ੦੦੦
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

Monday, September 20, 2010

ਸਮੇਂ ਦੀ ਧੂੜ ਵਿਚ ਟਹਿਕਦੇ ਫੁੱਲ...:: ਲੇਖਕ : ਮੁਸਤਫ਼ਾ ਕਰੀਮ

ਪ੍ਰਵਾਸੀ ਉਰਦੂ ਕਹਾਣੀ :
ਸਮੇਂ ਦੀ ਧੂੜ ਵਿਚ ਟਹਿਕਦੇ ਫੁੱਲ...
ਲੇਖਕ : ਮੁਸਤਫ਼ਾ ਕਰੀਮ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਫੀ ਨੂੰ ਵੇਖ ਕੇ ਦੋਵਾਂ ਨੂੰ ਖੁਸ਼ੀ ਹੋਈ...ਲੱਗਿਆ, ਇੰਜ ਹੀ ਸੀ। ਕੁਝ ਦਿਨ ਪਹਿਲਾਂ ਜਦੋਂ ਸਫੀ ਨੇ ਫ਼ੋਨ ਕੀਤਾ ਸੀ ਤਾਂ ਇਹ ਸੰਕੇਤ ਤਕ ਨਹੀਂ ਸੀ ਦਿੱਤਾ ਕਿ ਰੱਬੂ ਖਾਲਾ (ਮਾਸੀ) ਦੀ ਰਵਾਨਗੀ ਤੋਂ ਪਹਿਲਾਂ ਉਹਨਾਂ ਨੂੰ ਮਿਲਣ ਲੰਦਨ ਆਏਗਾ। ਉਹ ਉਸਦੀ ਮੋਈ ਹੋਈ ਮਾਂ ਦੀ, ਮਾਸੀ-ਜਾਈ, ਭੈਣ ਸੀ। ਇਸ ਲਈ ਦੋ ਸੌ ਪੈਂਟ ਮੀਲ ਦੂਰ ਐਸਕਾਰਬਰੋ ਸ਼ਹਿਰ ਤੋਂ ਉਸਦਾ ਲੰਦਨ ਆਉਣਾ ਹੈਰਾਨ ਕਰ ਦੇਣ ਵਾਲਾ ਸੀ। ਰੱਬੂ ਮਾਸੀ ਗੇਟ 'ਤੇ ਨਹੀਂ ਸੀ। ਸਿਰਫ ਉਹਨਾਂ ਦਾ ਬੇਟਾ ਤੇ ਬਹੂ ਸਨ...ਦੋਵੇਂ ਹੀ ਕੁਝ ਥੱਕੇ-ਥੱਕੇ ਤੇ ਪ੍ਰੇਸ਼ਾਨ ਜਿਹੇ।
ਰੱਬੂ ਮਾਸੀ ਨੂੰ ਮਿਲਣ ਖਾਤਰ ਬਹੁਤ ਸਾਰੇ ਮਹਿਮਾਨ ਆਏ ਹੋਣਗੇ, ਤਦੇ ਦੋਵੇਂ ਥੱਕੇ ਹੋਏ ਨੇ। ਸਫੀ ਨੇ ਸੋਚਿਆ।
ਤੰਗ ਹਾਲ ਵਿਚ ਪਏ ਸੂਟ ਕੇਸ ਤੇ ਸਫਰੀ ਥੈਲੇ ਨਾਲ, ਏਅਰ ਇੰਡੀਆ ਦੇ ਲੇਬਲ ਲਟਕ ਰਹੇ ਸਨ। ਭਾਈ ਨੇ ਸਾਮਾਨ ਇਕ ਪਾਸੇ ਸਰਕਾਇਆ ਤੇ ਮੋਹ ਨਾਲ ਸਫੀ ਦਾ ਹੱਥ ਫੜ੍ਹ ਕੇ ਉਸਨੂੰ ਲਾਊਂਚ ਵਿਚ ਰੱਬੂ ਮਾਸੀ ਕੋਲ ਲੈ ਆਇਆ। ਸਫੀ ਨੇ ਸਲਾਮ ਕੀਤਾ।
“ਖੁਸ਼ ਰਹੋ। ਬਹੂ ਨਹੀਂ ਆਈ, ਬੱਚਿਆਂ ਨੂੰ ਨਹੀਂ ਲਿਆਂਦਾ?” ਸੱਠ ਸਾਲਾ ਰੱਬੂ ਮਾਸੀ ਉਸਨੂੰ ਦੇਖ ਕੇ ਖਿੜ-ਪੁੜ ਗਈ। ਉਹ ਸੋਫੇ ਉੱਤੇ ਬੈਠੀ ਹੋਈ ਸੀ ਤੇ ਉਸਦੇ ਪੈਰਾਂ ਕੋਲ ਨਵੇਂ ਬੂਟਾਂ ਦਾ ਡੱਬਾ ਪਿਆ ਸੀ।
“ਅਸਲੀ ਰਿਸ਼ਤੇਦਾਰੀ ਤਾਂ ਮੇਰੇ ਨਾਲ ਏ, ਜੇ ਮੈਂ ਨਾ ਆਉਂਦਾ ਤਾਂ ਤੁਸੀਂ ਫੇਰ ਉਲਾਂਭਾ ਦੇਣਾ ਸੀ।” ਸਫੀ ਨੇ ਰਤਾ ਸ਼ਰਾਰਤ ਵੱਸ ਕਿਹਾ ਤੇ ਝੁਕ ਕੇ ਰੱਬੂ ਮਾਸੀ ਦੇ ਸਿਰ ਨੂੰ ਚੁੰਮ ਲਿਆ। ਉਹਨਾਂ ਦੇ ਸਿਰ ਵਿਚੋਂ ਨਾਰੀਅਲ ਦੇ ਤੇਲ ਦੀ ਜਾਣੀ-ਪਛਾਣੀ ਖ਼ੁਸ਼ਬੂ ਆਈ...ਉਸਦੀ ਮੋਈ ਹੋਈ ਮਾਂ ਵੀ ਆਪਣੇ ਵਾਲਾਂ ਨੂੰ ਇਹੋ ਤੇਲ ਲਾਉਂਦੀ ਹੁੰਦੀ ਸੀ। ਬਚਪਨ ਵਿਚ ਜਦੋਂ ਉਹ ਮਾਂ ਦੀ ਗੋਦੀ ਵਿਚ ਘੁਸੜ ਕੇ ਬੈਠਦਾ ਤਾਂ ਇਹੀ ਖ਼ੁਸ਼ਬੂ ਉਸਨੂੰ ਘੇਰ ਲੈਂਦੀ ਸੀ। ਉਹ ਜਿਸ ਸਫਰੀ ਬੈਗ ਨੂੰ ਚੁੱਕੀ ਲਾਊਂਚ ਵਿਚ ਆਇਆ ਸੀ ਉਹ, ਉਸਨੇ ਮੇਜ਼ ਕੋਲ ਰੱਖ ਦਿੱਤਾ, ਤੇ ਰੱਬੂ ਮਾਸੀ ਦੇ ਬਰਾਬਰ ਦੂਜੇ ਸੋਫੇ ਉੱਤੇ ਬੈਠ ਗਿਆ।
“ਚਾਹ ਲੈ ਆਵਾਂ?” ਅੰਗਰੇਜ਼ ਭਾਬੀ ਨੇ ਮੁਸਕਰਾਂਦਿਆਂ ਹੋਇਆਂ ਸੁਲਾਹ ਜਿਹੀ ਮਾਰੀ।
“ਨਹੀਂ ਰਹਿਣ ਦਿਓ...ਤੁਸੀਂ ਖਾਸੇ ਥੱਕੇ ਹੋਏ ਲੱਗਦੇ ਓ, ਮੈਂ ਟਰੇਨ 'ਚ ਚਾਹ ਪੀ ਲਈ ਏ।”
“ਸਫੀ ਹੁਣੇ ਤਾਂ ਆਇਆ ਏ, ਬਾਅਦ 'ਚ ਪੀ ਲਏਗਾ।” ਰੱਬੂ ਮਾਸੀ ਨੇ ਕਿਹਾ ਤੇ ਸਭ ਦੀ ਮੁਸ਼ਕਿਲ ਆਸਾਨ ਕਰ ਦਿੱਤੀ।
“ਅੰਮਾਂ, ਤੁਹਾਡੇ ਭਾਂਜੇ ਆ ਗਏ ਨੇ, ਤੁਸੀਂ ਇਹਨਾਂ ਨਾਲ ਗੱਲਾਂ-ਬਾਤਾਂ ਕਰੋ, ਅਸੀਂ ਸਬੀਹਾ ਲਈ ਸੈਂਟ ਖ਼ਰੀਦਣ ਬਾਜ਼ਾਰ ਚੱਲੇ ਆਂ।” ਮਾਸੀ ਦੇ ਪੁੱਤ-ਭਰਾ ਨੇ ਕਿਹਾ।
ਰੱਬੂ ਮਾਸੀ ਦੀ ਛੋਟੀ ਬੇਟੀ ਹਿੰਦੁਸਤਾਨ ਵਿਚ ਰਹਿੰਦੀ ਸੀ। ਦੋਵੇਂ ਉਸੇ ਲਈ ਸੈਂਟ ਖ਼ਰੀਦਣ ਜਾ ਰਹੇ ਸਨ। ਸਫੀ ਨੇ ਸੁਖ ਦਾ ਸਾਹ ਲਿਆ। ਪਤਾ ਨਹੀਂ ਕਿਉਂ ਉਹ ਕੁਝ ਸਮਾਂ ਰੱਬੂ ਮਾਸੀ ਨਾਲ ਇਕੱਲਾ ਬਿਤਾਉਣਾ ਚਾਹੁੰਦਾ ਸੀ। ਖਿੜਕੀ ਤੋਂ ਪਰਦਾ ਹਟਿਆ ਹੋਇਆ ਸੀ। ਸਫੀ ਨੇ ਭਰਾ ਤੇ ਭਾਬੀ ਨੂੰ ਨੀਲੀ ਕਾਰ ਵਿਚ ਜਾਂਦਿਆਂ ਦੇਖਿਆ। ਉਹ ਕੁਝ ਚਿਰ ਤਕ ਮੀਪਲ ਦੇ ਰੁੱਖ ਦੇ ਉਸ ਪ੍ਰਛਾਵੇਂ ਨੂੰ ਦੇਖਦਾ ਰਿਹਾ, ਜਿੱਥੇ ਕਾਰ ਖੜ੍ਹੀ ਸੀ। ਫੇਰ ਉਸਦੀ ਨਿਗਾਹ ਵਿਕਟੋਰੀਆ ਸਟਰੀਟ ਦੇ ਦੋਵੇਂ ਪਾਸੀਂ ਜਿਹੜੇ ਮਕਾਨ ਸਨ ਉਹਨਾਂ ਦੀਆਂ ਚਿਮਨੀਆਂ 'ਤੇ ਜਾ ਪਈ, ਜਿਹਨਾਂ ਵਿਚੋਂ ਧੂੰਆਂ ਨਹੀਂ ਸੀ ਨਿਕਲ ਰਿਹਾ। ਉਹ ਆਸਮਾਨ ਵੱਲ ਮੂੰਹ ਚੁੱਕੀ ਫਰਿਆਦ ਕਰ ਰਹੀਆਂ ਲੱਗੀਆਂ ਸਨ।
ਸਫੀ ਤੇ ਉਸਦੀ ਰੱਬੂ ਮਾਸੀ ਕੁਝ ਚਿਰ ਚੁੱਪ ਰਹੇ। ਉਹ ਉਸਦੇ ਨਾਨਕਾ ਮੇਲ ਦੀਆਂ ਹੋਰ ਸੁਆਣੀਆਂ ਵਾਂਗ ਹੀ ਪਤਲੋ ਜਿਹੀ ਸੀ। ਮੁੱਦਤ ਹੋਈ ਬੇਵਾ ਹੋ ਚੁੱਕੀ ਸੀ। ਤਨ 'ਤੇ ਚਿੱਟੀ ਸਾੜ੍ਹੀ ਸੀ ਤੇ ਸਿਰ 'ਤੇ ਸਫੇਦ ਵਾਲਾਂ ਦੇ ਨਿੱਕੇ-ਨਿੱਕੇ ਫੁੰਦੇ। ਸਫੀ ਦੇ ਚਿਹਰੇ ਉੱਤੇ ਹਲਕੀ ਜਿਹੀ ਉਦਾਸ ਮੁਸਕੁਰਾਹਟ ਆ ਗਈ ਤੇ ਉਹ ਬੋਲਿਆ...:
“ਤੁਸਾਂ ਸਾਡੇ ਚੰਗੇ ਤੇ ਮਾੜੇ ਦੋਵੇਂ ਦਿਨ ਈ ਦੇਖੇ ਨੇ। ਜਦੋਂ ਤੁਸੀਂ ਸਾਨੂੰ ਮਿਲਣ ਆਏ ਸੌ ਤਾਂ ਸਾਡੇ ਘਰੇ ਸਿਰਫ ਇਕ ਦਿਨ ਹੀ ਰਹੇ ਸੌ...ਸਾਡਾ ਘਰ ਏਨਾਂ ਮਾੜਾ ਤਾਂ ਨਹੀਂ!”
ਰੱਬੂ ਮਾਸੀ ਨੇ ਪਾਸਾ ਪਰਤਿਆ ਤੇ ਹੱਸ ਕੇ ਆਪਣੀ ਗਲਤੀ ਮੰਨ ਲਈ। ਉਹਨਾਂ ਦੇ ਚਿੱਟੇ ਦੰਦਾਂ ਉੱਤੇ ਇਕ ਅਰਸੇ ਤੋਂ ਪਾਨ ਖਾਣ ਕਰਕੇ ਭੂਰੇ ਦਾਗ਼ ਪਏ ਹੋਏ ਸਨ। ਉਹਨਾਂ ਦੀਆਂ ਨਜ਼ਰਾਂ ਸਫੀ ਉੱਤੇ ਟਿਕੀਆਂ ਸਨ। ਉਹਨਾਂ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸ ਨੇ ਕੋਟ ਹੇਠ ਉਹੀ ਪੀਲਾ ਸਵੈਟਰ ਪਾਇਆ ਹੋਇਆ ਹੈ, ਜਿਹੜਾ ਉਹਨਾਂ ਬੁਣਿਆ ਸੀ ਤੇ ਜਦੋਂ ਉਹ ਉਸਨੂੰ ਮਿਲਣ ਐਸਕਾਰਬਰੋ ਗਈ ਸੀ ਤਾਂ ਨਾਲ ਲੈਂਦੀ ਗਈ ਸੀ। ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਸਫੀ ਦਾ ਚੌੜਾ ਮੱਥਾ ਤੇ ਤਿੱਖਾ ਨੱਕ ਆਪਣੀ ਮਾਂ ਵਰਗਾ ਹੀ ਸੀ।
“ਤੁਹਾਡਾ ਘਰ ਬੜਾ ਸੁੰਦਰ ਏ ਤੇ ਉਸਦੇ ਬਾਹਰ ਦੇਵਦਾਰ ਦੇ ਰੁੱਖ ਉੱਪਰ ਸੂਹੇ ਤੇ ਸਫੇਦ ਫੁੱਲਾਂ ਦੇ ਗੁੱਛੇ ਮੈਨੂੰ ਬੜੇ ਚੰਗੇ ਲੱਗੇ। ਤੇਰੇ ਘਰ ਮੈਨੂੰ ਬੜਾ ਚੈਨ ਮਿਲਿਆ...ਪਰ ਮੇਰੇ ਕੋਲ ਵਕਤ ਹੀ ਨਹੀਂ ਸੀ। ਇੱਥੇ ਬੇਟੇ ਕੋਲ ਵੀ ਮੇਰਾ ਜੀਅ ਨਹੀਂ ਲੱਗਿਆ...ਦੋਵੇਂ ਮੀਆਂ ਬੀਵੀ ਜਦੋਂ ਕੰਮ 'ਤੇ ਚਲੇ ਜਾਂਦੇ ਸੀ ਤਾਂ ਮੈਨੂੰ ਬੜੀ ਇਕੱਲ ਮਹਿਸੂਸ ਹੁੰਦੀ ਸੀ। ਆਪਣਾ ਘਰ ਤੇ ਕਮਾਲਪੁਰ ਹੀ ਯਾਦ ਆਉਂਦਾ ਰਹਿੰਦਾ।”
“ਮੈਂ ਸਮਝਦਾ ਵਾਂ।” ਸਫੀ ਨੇ ਸਿਰ ਹਿਲਾ ਕੇ ਕਿਹਾ। ਉਹ ਕਾਰਨ ਸਮਝ ਗਿਆ ਸੀ ਤੇ ਰੱਬੂ ਮਾਸੀ ਦੇ ਅਹਿਸਾਸ ਨੂੰ ਖ਼ੁਦ ਮਹਿਸੂਸ ਕਰ ਰਿਹਾ ਸੀ...ਜੱਦੀ ਘਰ ਦੇ ਪੁਰਾਣੇ-ਪੀਢੇ ਰਿਸ਼ਤਿਆਂ ਦੀ ਚਮੇਲੀ ਦੇ ਉਹਨਾਂ ਫੁੱਲਾਂ ਵਰਗੀ ਮਹਿਕ ਦਾ ਮਹੱਤਵ ਸਮਝਦਾ ਸੀ ਉਹ, ਜਿਹੜੇ ਇੰਗਲਿਸਤਾਨ ਦੀ ਬਰਫ਼ਬਾਰੀ ਵਿਚ ਅਕਸਰ ਆਪਣੇ ਪੀਲੇ ਰੰਗ ਦੀ ਬਹਾਰ ਦੇ ਝੌਲੇ ਜਿਹੇ ਪਾਉਂਦੇ ਰਹਿੰਦੇ ਨੇ।
ਕਮਾਲ ਪੁਰ ਵਿਚ ਸਫੀ ਦਾ ਨਾਨਕਾ ਘਰ ਸੀ। ਉਸਦੀ ਖਪਰੈਲ-ਪੋਸ਼ ਛੱਤ, ਵੱਡਾ ਬਾਹਰਲਾ ਦਰਵਾਜ਼ਾ, ਉਸਦੇ ਸਾਹਮਣੇ ਨਿੰਮ ਦਾ ਰੁੱਖ ਤੇ ਖ਼ੂਹ...ਤੇ ਕੁਝ ਫਾਸਲੇ ਉੱਤੇ ਪੁਰਾਣੀ ਮਸਜਿਦ। ਸਭ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਉਸਦੇ ਬਚਪਨ ਦੇ ਅੱਠ ਸਾਲ ਉੱਥੇ ਬੀਤੇ ਸਨ। ਜਦੋਂ ਉਸਦੇ ਵਾਲਦ (ਪਿਤਾ) ਦਾ ਇੰਤਕਾਲ (ਮੌਤ) ਹੋ ਗਿਆ ਤਾਂ ਚਾਚਾ ਜੀ ਨੇ ਸਫੀ ਦੀ ਅੰਮਾਂ ਨੂੰ ਬੱਚੇ ਸਮੇਤ ਆਪਣੇ ਕੋਲ ਸ਼ਹਿਰ ਬੁਲਾਅ ਲਿਆ ਸੀ। ਸਫੀ ਜਦੋਂ ਤਕ ਹਿੰਦੁਸਤਾਨ ਵਿਚ ਰਿਹਾ ਅਕਸਰ ਕਮਾਲ ਪੁਰ ਚਲਾ ਜਾਂਦਾ ਹੁੰਦਾ ਸੀ, ਹਾਲਾਂਕਿ ਉਸਦਾ ਨਾਨਕਾ ਘਰ ਖਸਤਾ ਹਾਲ ਹੋ ਕੇ ਡਿੱਗਣ-ਢੈਣ ਲੱਗ ਪਿਆ ਸੀ। ਫੇਰ ਵੀ ਪਤਾ ਨਹੀਂ ਕਿਹੜੀ ਖਿੱਚ ਸੀ ਉਹ ਜਿਹੜੀ ਉਸਨੂੰ ਖਿੱਚ ਕੇ ਕਮਾਲ ਪੁਰ ਲੈ ਜਾਂਦੀ ਸੀ। ਉਹਨੀਂ ਦਿਨੀ ਜਦੋਂ ਵੀ ਉਹ ਉੱਥੇ ਜਾਂਦਾ, ਉਸਦੀ ਠਾਹਰ ਰੱਬੂ ਮਾਸੀ ਕਾ ਘਰ ਹੀ ਹੁੰਦਾ।
“ਮੇਰਾ ਸਫਰੀ ਥੈਲਾ ਹਾਲ 'ਚੋਂ ਚੁੱਕ ਲਿਆ...ਮੈਂ ਜੁਰਾਬਾਂ ਬਦਲਣੀਆਂ ਚਾਹੁੰਦੀ ਆਂ।” ਰੱਬੂ ਮਾਸੀ ਬੋਲੀ। ਉਹਨਾਂ ਦੇ ਪੈਰ ਠਰ ਰਹੇ ਸਨ। ਉਹ ਆਪਣੇ ਪੈਰਾਂ ਨੂੰ ਸੈਂਡਲਾਂ ਵਿਚੋਂ ਕੱਢ ਕੇ ਇਕ ਦੂਜੇ ਨਾਲ ਰਗੜਨ ਲੱਗ ਪਈ ਸੀ।
ਸਫੀ ਥੈਲਾ ਚੁੱਕ ਲਿਆਇਆ। ਉਹ ਖਾਸਾ ਭਾਰੀ ਸੀ। ਮਾਸੀ ਨੇ ਉਸ ਵਿਚੋਂ ਨੀਲੇ ਰੰਗ ਦੀਆਂ ਮੋਟੀਆਂ ਊਂਨੀ ਜੁਰਾਬਾਂ ਕੱਢੀਆਂ ਤੇ ਉਹਨਾਂ ਨੂੰ ਲਾਹੁਣ ਲੱਗੀ ਜਿਹੜੀਆਂ ਉਸ ਪਾਈਆਂ ਹੋਈਆਂ ਸਨ। ਝੁਕਣਾ ਉਸ ਲਈ ਮੁਸ਼ਕਿਲ ਹੋਇਆ ਹੋਇਆ ਸੀ। ਚਿਹਰੇ ਉੱਤੇ ਪੀੜ ਦੇ ਆਸਾਰ ਨਜ਼ਰ ਆਏ ਤੇ ਉਹ ਕਰਾਹੀ।
“ਮੈਂ ਲਾਹ ਦੇਨਾਂ।” ਸਫੀ ਨੇ ਕਿਹਾ ਤੇ ਕੋਲ ਬੈਠ ਕੇ ਉਹਨਾਂ ਦੀਆਂ ਜੁਰਾਬਾਂ ਲਾਹ ਦਿੱਤੀਆਂ।
ਰੱਬੂ ਮਾਸੀ ਦੇ ਪੈਰ ਇਨ ਬਿਨ ਸਫੀ ਦੀ ਅੰਮਾਂ ਦੇ ਪੈਰਾਂ ਵਰਗੇ ਸਨ। ਚਿੱਟੀ ਖੱਲੜੀ ਹੇਠ ਵਿਛਿਆ ਨੀਲੀਆਂ ਨਸਾਂ ਦਾ ਜਾਲ ਤੇ ਤਲੀਆਂ ਬੱਗੀਆਂ ਫੂਸ, ਉਹਦੀਆਂ ਤਲੀਆਂ ਵਰਗੀਆਂ ਹੀ। ਕੁਝ ਪਲ ਲਈ ਸਫੀ ਉਹਨਾਂ ਵੱਲ ਵਿੰਹਦਾ ਰਿਹਾ।
“ਬੂਟ ਵੀ ਪਾ ਦਿਆਂ?” ਸਫੀ ਨੇ ਬੂਟਾਂ ਦੇ ਉਸ ਡੱਬੇ ਵੱਲ ਇਸ਼ਾਰਾ ਕਰਦਿਆਂ ਕਿਹਾ ਜਿਹੜਾ ਰੱਬੂ ਮਾਸੀ ਦੇ ਪੈਰਾਂ ਨੇੜੇ ਹੀ ਪਿਆ ਸੀ।
“ਪਾ ਦੇਅ। ਗਠੀਏ ਕਰਕੇ ਝੁਕ ਨਹੀਂ ਹੁੰਦਾ। ਪੁੱਤਰ ਨੇ ਬੂਟ ਲੈ ਦਿੱਤੇ ਐ। ਸੱਚ ਇਹ ਐ ਕਿ ਤੇਰੇ ਮਾਸੜ ਦੇ ਇੰਤਕਾਲ  ਪਿੱਛੋਂ, ਕੋਈ ਨਵੀਂ ਚੀਜ਼ ਪਾਉਣ ਨੂੰ ਦਿਲ ਈ ਨਹੀਂ ਕਰਦਾ।”
“ਇੰਜ ਨਾ ਕਹੋ।” ਸਫੀ ਨੇ ਮਿੰਨਤ ਜਿਹੀ ਕੀਤੀ। ਜਦੋਂ ਉਹ ਬੂਟ ਦਾ ਬੱਕਲ ਕਸ ਰਿਹਾ ਸੀ, ਉਸਦੀਆਂ ਉਂਗਲਾਂ ਕੰਬ ਰਹੀਆਂ ਸਨ...ਨਾ ਚਾਹੁੰਦਿਆਂ ਹੋਇਆਂ ਵੀ ਬੜਾ ਕੁਝ ਯਾਦ ਆ ਗਿਆ ਸੀ ਉਸਨੂੰ। ਉਸਦੀ ਅੰਮਾਂ ਵੀ ਆਪਣੇ ਸ਼ੌਹਰ (ਪਤੀ) ਦੀ ਮੌਤ ਪਿੱਛੋਂ ਅਕਸਰ ਇਵੇਂ ਕਹਿੰਦੀ ਹੁੰਦੀ ਸੀ।
“ਤੂੰ ਅੱਜ ਤੀਕ ਨਹੀਂ ਬਦਲਿਆ, ਤੇਰੇ ਬਜ਼ੁਰਗਾਂ ਵਾਲੀਆਂ ਸਾਰੀਆਂ ਖ਼ੂਬੀਆਂ ਹੈਨ ਤੇਰੇ 'ਚ। ਕਮਾਲਪੁਰ ਵਿਚ ਇਕ ਵਾਰੀ ਅੱਬਾ ਬੀਮਾਰ ਪਏ ਤਾਂ ਤੇਰੇ ਨਾਨੇ ਨੇ ਸਿਰਫ ਉਹਨਾਂ ਦੀ ਟਹਿਲ ਕਰਨ ਖਾਤਰ ਸਾਡੇ ਘਰ ਡੇਰਾ ਆਣ ਲਾਇਆ ਸੀ।”
ਉਸਦੇ ਨਾਨੇ ਤੇ ਰੱਬੂ ਮਾਸੀ ਦੇ ਅੱਬੂ ਦੀ ਦੋਸਤੀ ਮਸ਼ਹੂਰ ਸੀ। ਸਫੀ ਨੂੰ ਯਾਦ ਆਇਆ, ਪਰ ਉਹ ਚੁੱਪ ਰਿਹਾ। ਮਾਸੀ ਨੂੰ ਕਿੰਜ ਕਹਿੰਦਾ ਕਿ ਇੰਲਿਸਤਾਨ ਵਿਚ ਮੁੱਦਤਾਂ ਰਹਿਣ ਪਿੱਛੋਂ ਵੀ ਉਸ ਤਰ੍ਹਾਂ ਦਾ ਕੋਈ ਦੋਸਤ ਨਹੀਂ ਹੈ ਉਸਦਾ। ਉਹ ਵਾਪਸ ਆ ਕੇ ਸੋਫੇ ਉੱਤੇ ਬੈਠ ਗਿਆ। ਉਸਦੀ ਨਿਗਾਹ ਕੋਨੇ ਵਿਚ ਰੱਖੀ ਮੇਜ਼ ਉੱਤੇ ਪਏ ਹਾਈ-ਫਾਈ ਦੇ ਸਾਮਾਨ ਉੱਤੇ ਪਈ।
“ਤੁਹਾਨੂੰ ਇਕੱਲੇਪਨ ਦੀ ਸ਼ਿਕਾਇਤ ਕਿਉਂ ਏਂ...ਇਸ ਨਾਲ ਦਿਲ ਪਰਚਾਅ ਲੈਂਦੇ।” ਸਫੀ ਹਾਈ-ਫਾਈ ਵੱਲ ਇਸ਼ਾਰਾ ਕਰ ਰਿਹਾ ਸੀ।
“ਅੰਗਰੇਜ਼ੀ ਸੰਗੀਤ 'ਚ ਮੇਰਾ ਮਨ ਕਿੰਜ ਭਿੱਜਦਾ! ਤੇਰੇ ਘਰੇ ਪੰਕਜ ਮਲਿਕ, ਸਹਿਗਲ, ਕਾਨਨ ਬਾਲਾ ਦੇ ਰਿਕਾਰਡ ਦੇਖੇ...ਹੁਣ ਤਾਂ ਉਹਨਾਂ ਦਾ ਨਾਂਅ ਵੀ ਕੋਈ ਨਹੀਂ ਲੈਂਦਾ। ਤੇਰੀ ਅੰਮਾਂ ਬੜਾ ਸੋਹਣਾ ਗਾਉਂਦੀ ਹੁੰਦੀ ਸੀ। ਕਮਾਲ ਪੁਰ ਵਿਚ ਜਦੋਂ ਕੋਈ ਸ਼ਾਦੀ-ਵਾਦੀ ਹੁੰਦੀ, ਉਸ ਦੇ ਗਾਉਣ ਨਾਲ ਰੌਣਕ ਲੱਗ ਜਾਂਦੀ। ਤੇਰੇ ਅੱਬਾ ਦੀ ਵਫ਼ਾਤ (ਮੌਤ) ਪਿੱਛੋਂ ਤਾਂ ਉਸਨੇ ਗੁਣਗੁਣਾਉਣਾ ਵੀ ਛੱਡ ਦਿੱਤਾ ਸੀ।”
ਸਫੀ ਨੇ ਕੋਈ ਜਵਾਬ ਨਾ ਦਿੱਤਾ। ਉਸਨੇ ਆਪਣੇ ਸਫਰੀ ਬੈਗ ਵਿਚੋਂ ਬਿਸਕੁਟਾਂ ਦਾ ਇਕ ਪੈਕੇਟ ਕੱਢ ਕੇ ਰੱਬੂ ਮਾਸੀ ਵੱਲ ਵਧਾਂਦਿਆਂ ਹੋਇਆਂ ਕਿਹਾ...:
“ਅਹਿ ਤੁਹਡੇ ਲਈ ਹੈਨ ਤੇ ਬਿਸਕੁਟਾਂ ਦਾ ਸਵਾਦ ਆਰਹ ਵਿਚ ਬਣਨ ਵਾਲੇ ਕੁਲਚਿਆਂ ਵਰਗਾ ਏ।”
ਰੱਬੂ ਮਾਸੀ ਹੱਸ ਪਈ। ਚਿਹਰੇ ਦੀਆਂ ਝੁਰੜੀਆਂ ਮਿਟ ਗਈਆਂ ਤੇ ਉਹ ਜਵਾਨ ਨਜ਼ਰ ਆਉਣ ਲੱਗ ਪਈ। ਜਿਹੜਾ ਸਮਾਂ ਬੀਤ ਚੁੱਕਿਆ ਸੀ ਉਹ ਤਿੱਤਲੀ ਬਣ ਕੇ ਉਡਦਾ ਹੋਇਆ ਉਹਨਾਂ ਕੋਲ ਆ ਗਿਆ ਤੇ ਆਪਣੇ ਸਾਰੇ ਰੰਗ ਬਰੂਰਣ ਲੱਗ ਪਿਆ। ਕਮਾਲ ਪੁਰ ਦੀਆਂ ਔਰਤਾਂ ਵੀ ਕੁਲਚੇ ਬਣਾਉਂਦੀਆਂ ਸਨ। ਲੰਮੇ ਸਫਰ ਵਿਚ ਕੁਲਚੇ ਤੇ ਪਾਪੜੀਆਂ ਜਾਂ ਸੋਹਣ ਹਲਵਾ ਵੀ ਨਾਲ ਹੁੰਦਾ ਸੀ।
“ਇਸ ਦੀ ਕੀ ਲੋੜ ਸੀ। ਮੇਰੇ ਬੈਗ ਤੇ ਸੂਟਕੇਸ ਭਰੇ ਹੋਏ ਨੇ। ਖ਼ੈਰ, ਮੈਂ ਇਹ ਰੱਖ ਲਵਾਂਗੀ। ਚਾਹ ਨਾਲ ਇਹਨਾਂ ਬਿਸਕੁਟਾਂ ਨੂੰ ਖਾਣ ਦਾ ਮਜ਼ਾ ਆ ਜਾਏਗਾ।”
“ਸੋਹਣ ਹਲਵਾ ਵੀ ਜੇ ਮੇਰੇ ਸ਼ਹਿਰ ਵਿਚ ਮਿਲਦਾ ਹੁੰਦਾ ਤਾਂ ਤੁਹਾਡੇ ਲਈ ਜ਼ਰੂਰ ਲੈ ਆਉਂਦਾ।”
“ਤੂੰ ਹਾਲੇ ਤੀਕ ਨਹੀਂ ਭੁੱਲਿਆ...ਮੈਂ ਤਾਂ ਸਮਝੀ ਸਾਂ ਤੂੰ ਅੰਗਰੇਜ਼ ਬਣ ਗਿਆ ਏਂ।” ਰੱਬੂ ਮਾਸੀ ਨੇ ਹੱਸਦਿਆਂ ਹੋਇਆ ਉਸਨੂੰ ਛੇੜਿਆ।
ਸਫੀ ਨੇ ਨਾਂਹ ਵਿਚ ਸਿਰ ਹਿਲਾਂਦਿਆਂ ਹੋਇਆਂ ਕਿਹਾ...:
“ਮੁੱਦਤਾਂ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਹੋਈ। ਛੁੱਟੀਆਂ ਵਿਚ ਇਕ ਵਾਰੀ ਹਿੰਦੁਸਤਾਨ ਗਿਆ ਸਾਂ। ਤੁਹਾਡੇ ਨਾਲ ਵੀ ਮੁਲਾਕਾਤ ਹੋਈ ਸੀ। ਜਦੋਂ ਅੱਬਾ ਤੇ ਨਾਨੇ, ਦਾਦੇ ਦੇ ਮਿਜ਼ਾਰਾਂ ਉੱਤੇ ਫਾਤਹਾ ਪੜ੍ਹਨ ਪਹੁੰਚਿਆ ਤਾਂ ਜ਼ਮੀਨ ਮੇਰੇ ਪੈਰਾਂ ਨਾਲ ਚਿੱਬੜ ਗਈ ਸੀ।”
“ਇਵੇਂ ਈ ਹੁੰਦਾ ਏ।” ਰੱਬੂ ਮਾਸੀ ਬੁੱਲ੍ਹਾਂ ਵਿਚ ਹੀ ਬੜਬੜਾਈ।
ਬਾਹਰੋਂ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਰੱਬੂ ਮਾਸੀ ਦਾ ਬੇਟਾ ਤੇ ਬਹੂ ਆ ਗਏ ਸਨ। ਉਹਨਾਂ ਦੇ ਆਉਣ ਕਰਕੇ ਸਫੀ ਤੇ ਰੱਬੂ ਮਾਸੀ ਦੀ ਗੱਲਬਾਤ ਮੁੱਕ ਗਈ। ਵਧੀਆ ਸੈਂਟ ਦਾ ਨਿੱਕਾ ਜਿਹਾ ਡੱਬਾ ਪੇਸ਼ ਕੀਤਾ ਗਿਆ ਜਿਹੜਾ ਸਬੀਹਾ ਲਈ ਖ਼ਰੀਦਿਆ ਗਿਆ ਸੀ। ਰੱਬੂ ਮਾਸੀ ਨੇ ਉਸਨੂੰ ਖੋਲ੍ਹ ਕੇ ਖ਼ੁਸ਼ਬੂ ਸੁੰਘੀ ਤੇ ਬੋਲੀ...:
“ਚੰਗਾ ਏ। ਅਸੀਂ ਤਾਂ ਇਤਰ ਦੇ ਆਦੀ ਆਂ, ਪਰ ਹੁਣ ਉਸਨੂੰ ਕੌਣ ਪਸੰਦ ਕਰਦਾ ਏ।”
ਸਫੀ ਨੇ ਹਾਂ ਵਿਚ ਸਿਰ ਹਿਲਾਇਆ। ਕੁਝ ਚਿਰ ਪਿੱਛੋਂ ਸਾਰਿਆਂ ਨੇ ਕੇਕ ਨਾਲ ਚਾਹ ਪੀਤੀ। ਆਪਸ ਵਿਚ ਰਸਮੀ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਜਿਸ ਵਿਚ ਸਫੀ ਨੂੰ ਮਜ਼ਾ ਨਹੀਂ ਆਇਆ ਤੇ ਉਸਦੀ ਅੰਗਰੇਜ਼ ਭਾਬੀ ਨੇ ਵੀ ਗੱਲਬਾਤ ਵਿਚ ਖਾਸ ਹਿੱਸਾ ਨਹੀਂ ਲਿਆ। ਉਹ ਚੁੱਪਚਾਪ ਬੈਠੀ ਮੁਸਕੁਰਾਂਦੀ ਰਹੀ।
ਰਾਤ ਦੇ ਅੱਠ ਵਜੇ ਸਫੀ ਸਾਰਿਆਂ ਨਾਲ ਰੱਬੂ ਮਾਸੀ ਨੂੰ ਵਿਦਾਅ ਕਰਨ ਪੈਥਰੋ ਏਅਰ ਪੋਰਟ ਗਿਆ। ਉੱਥੋਂ ਵਾਪਸੀ 'ਤੇ ਭਾਈ ਨੇ ਰਹਿ-ਜਾਣ ਲਈ ਕਿਹਾ ਪਰ ਉਹ ਰੁਕਿਆ ਨਹੀਂ। ਕਨਕਸ ਕਰਾਸ ਸਟੇਸ਼ਨ 'ਤੇ ਆ ਕੇ ਉਸਨੇ ਯਾਰਕ ਜਾਣ ਵਾਲੀ ਟਰੇਨ ਫੜ੍ਹ ਲਈ। ਉਸਦੀ ਸੀਟ ਰਿਜਰਵ ਸੀ ਇਸ ਲਈ ਜਗ੍ਹਾ ਮਿਲਣ ਵਿਚ ਕੋਈ ਔਕੜ ਨਹੀਂ ਆਈ। ਆਪਣੀ ਸੀਟ ਉੱਤੇ ਬੈਠ ਕੇ ਉਸਨੇ ਅਖ਼ਬਾਰ ਖੋਲ੍ਹ ਲਿਆ। ਪਰ ਉਸਨੂੰ ਪੜ੍ਹਨ ਵਿਚ ਉਸਦਾ ਮਨ ਨਾ ਖੁੱਭਿਆ। ਉਹ ਬਾਰੀ ਵਿਚੋਂ ਬਾਹਰ ਦੇਖਣ ਲੱਗਾ। ਪਲੇਟਫਾਰਮ ਉੱਤੇ, ਸਟੇਸ਼ਨ ਦੀ ਰੌਸ਼ਨੀ ਤੇ ਪਰਛਾਵਿਆਂ ਵਿਚ, ਮੁਸਾਫ਼ਿਰਾਂ ਦੀ ਭੀੜ ਨੱਸਦੀ-ਭੱਜਦੀ, ਆ-ਜਾ ਰਹੀ ਸੀ। ਗੂੜ੍ਹਾ ਨੀਲਾ ਕੋਟ-ਪਤਲੂਨ ਪਾਈ ਰੇਲਵੇ ਦਾ ਇਕ ਮੁਲਾਜ਼ਮ ਇਕ ਅਪਾਹਜ ਔਰਤ ਨੂੰ ਅਪਾਹਜਾਂ ਵਾਲੀ ਕੁਰਸੀ ਉੱਤੇ ਬਿਠਾਈ ਟਰੇਨ ਵੱਲ ਲਿਆ ਰਿਹਾ ਸੀ। ਸਫੀ ਨੂੰ ਖ਼ਿਆਲ ਆਇਆ ਕਿ ਉਸਨੇ ਕਮਾਲ ਪੁਰ ਕੀ ਛੱਡਿਆ ਕਿ ਸਮੇਂ ਦੀ ਇਸ ਟਰੇਨ ਵਿਚ ਆ ਬੈਠ ਗਿਆ ਜਿਹੜੀ ਉਹਨਾਂ ਰਾਹਾਂ ਤੋਂ ਲੰਘਦੀ ਸੀ ਜਿਹਨਾਂ ਉੱਤੇ ਕਮਾਲ ਪੁਰ ਫੇਰ ਨਹੀਂ ਸੀ ਆਉਣਾ...ਤੇ ਇਸ ਟਰੇਨ ਵਿਚੋਂ ਉਹ ਸਾਰੇ ਮਿੱਤਰ- ਪਿਆਰੇ, ਮਿਹਰਬਾਨ ਤੇ ਰਿਸ਼ਤੇਦਾਰ ਉਤਰ ਗਏ ਸਨ ਜਿਹੜੇ ਉਸਦੀ ਜ਼ਿੰਦਗੀ ਦੀਆਂ ਜੜਾਂ ਨੂੰ ਪਾਣੀ ਦਿੰਦੇ ਰਹੇ ਸਨ। ਇਕ ਅਜੀਬ ਜਿਹੀ ਉਦਾਸੀ ਨੇ ਉਸਨੂੰ ਘੇਰ ਲਿਆ। ਉਸਨੂੰ ਮਹਿਸੂਸ ਹੋਇਆ ਕਿ ਉਹ ਆਖ਼ਰੀ ਵੇਰ ਕਮਾਲ ਪੁਰ ਗਿਆ ਸੀ...ਆਪਣੀ ਅੰਮਾਂ ਨੂੰ ਮਿਲਣ ਤੇ ਉਹਨੂੰ ਅਲਵਿਦਾ ਕਹਿਣ ਲਈ।  
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.
    --- --- ---

Friday, September 17, 2010

ਫੁੱਲ-ਘੜੀ...:: ਲੇਖਕ : ਬਸ਼ੀਰ ਰਿਆਜ਼ ਲੰਦਨ

ਪ੍ਰਵਾਸੀ ਉਰਦੂ ਕਹਾਣੀ :
ਫੁੱਲ-ਘੜੀ...
ਲੇਖਕ : ਬਸ਼ੀਰ ਰਿਆਜ਼ ਲੰਦਨ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਇਕ ਸਾਲ ਸੁਪਨੇ ਵਾਂਗ ਬੀਤ ਗਿਆ। ਸਾਲ ਦੀ ਉਮਰ ਹੀ ਕਿੰਨੀ ਹੁੰਦੀ ਹੈ? ਬਾਰਾਂ ਮਹੀਨੇ!
ਸਮੇਂ ਦੀ ਰੀਤ ਬੇਵਫ਼ਾਈ ਹੈ ਤੇ ਇੰਗਲੈਂਡ ਵਰਗੇ ਦੇਸ਼ ਵਿਚ ਤਾਂ ਇਹ ਖੰਭ ਲਾ ਕੇ ਉੱਡ-ਪੁੱਡ ਜਾਂਦਾ ਹੈ। ਸ਼ਾਇਦ ਇਸੇ ਕਰਦੇ ਇੱਥੋਂ ਦੇ ਲੋਕ ਸਮੇਂ ਦੇ ਬੜੇ ਪਾਬੰਦ ਹੁੰਦੇ ਨੇ। ਹਰ ਪਲ ਦਾ ਪੂਰਾ-ਪੂਰਾ ਲਾਹਾ ਲੈਂਦੇ ਨੇ। ਉਹ ਸਮੇਂ ਨੂੰ ਆਪਣਾ ਦੋਸਤ ਮੰਨ ਕੇ ਇਸ ਦੇ ਨਾਲ-ਨਾਲ ਟੁਰਦੇ ਨੇ। ਜੇ ਅੰਗਰੇਜ਼ ਦੀ ਜ਼ਿੰਦਗੀ ਵਿਚੋਂ ਸਮੇਂ ਨੂੰ ਖਾਰਜ ਕਰ ਦਿੱਤਾ ਜਾਏ ਤਾਂ ਉਸ ਦਾ ਸਾਰਾ ਢਾਂਚਾ ਹੀ ਵਿਗੜ ਜਾਏਗਾ। ਸ਼ਾਇਦ ਇਸੇ ਕਰਕੇ ਏਥੇ ਸ਼ਬਦ ਹਰਜਾਈ ਦੀ ਕਲਪਣਾ ਬੜੀ ਹੀ ਧੁੰਦਲੀ ਹੈ।
ਇਹਨਾਂ ਖ਼ਿਆਲਾਂ ਵਿਚ ਉਲਝਿਆ ਹੋਇਆ ਨਦੀਮ ਆਪਣੇ ਬੀਤੇ ਸਾਲ ਦਾ ਮਾਤਮ ਮਨਾ ਰਿਹਾ ਸੀ। ਪੂਰਾ ਇਕ ਵਰ੍ਹਾ ਪਹਿਲਾਂ ਉਹ ਆਪਣੇ ਭਵਿੱਖ ਦੀਆਂ ਆਸਾਂ ਦੇ ਚਿਰਾਗ਼ ਬਾਲ ਕੇ ਏਥੇ ਆਇਆ ਸੀ। ਉਸ ਨੇ ਸੋਚਿਆ ਸੀ ਕਿ ਇੰਜਨੀਅਰਿੰਗ ਦੀ ਕੋਈ ਵੱਡੀ ਡਿਗਰੀ ਲੈ ਕੇ ਵਾਪਸ ਆਪਣੇ ਦੇਸ਼ ਮੁੜ ਜਾਏਗਾ।
ਪਰ ਸਕਾਟਲੈਂਡ ਦੀ ਦਾਰਾਲ ਹਕੂਮਤ ਐਡਬਜ਼ਾ ਵਿਚ ਆਇਆਂ ਅਜੇ ਉਸ ਨੂੰ ਦੋ ਹਫਤੇ ਹੀ ਹੋਏ ਸਨ ਕਿ ਉਸ ਦੇ ਦਿਲ ਵਿਚ ਰੰਗੀਨ ਸੱਧਰਾਂ ਮਚਲਣ ਲੱਗ ਪਈਆਂ। ਉਹ ਦਿਨ ਦੇ ਛਿਪਾ ਦੇ ਨਾਲ ਹੀ, ਕਿਲੇ ਵੱਲ, ਸੈਰ ਕਰਨ ਲਈ ਤੁਰ ਪੈਂਦਾ ਸੀ। ਇੱਥੇ ਵੱਖੋ-ਵੱਖਰੇ ਦੇਸ਼ਾਂ 'ਚੋਂ ਆਏ ਪ੍ਰਵਾਸੀ, ਐਡਬਜ਼ਾ ਦੇ ਸੁਹੱਪਣ ਨੂੰ ਚਾਰ ਚੰਦ ਲਾ ਰਹੇ ਹੁੰਦੇ ਨੇ। ਪ੍ਰਵਾਸੀ ਹੁਸਨ ਵੇਖ ਕੇ ਉਸ ਦੇ ਦਿਲ ਅੰਦਰ ਵੀ ਇਸ਼ਕ ਪੁੰਗਰਨ ਲੱਗ ਪਿਆ ਸੀ।
ਫਰੰਗੀ ਹੂਰਾਂ ਦਾ ਰੰਗ ਰੂਪ ਉਸ ਦੇ ਦਿਲ ਦਿਮਾਗ਼ 'ਤੇ ਛਾ ਗਿਆ। ਉਸ ਦਾ ਜੀਅ ਕਰਦਾ ਕਿ ਕਾਸ਼ ਕੋਈ ਪੱਛਮੀ ਮੁਟਿਆਰ ਹੁਸੀਨਾ ਉਸ ਦੇ ਦਿਲ ਵਿਚ ਆਣ ਵੱਸੇ। ਪਰ ਅਣਜਾਣ ਅਤੇ ਓਪਰੇ ਮਾਹੌਲ ਸਦਕਾ ਉਸ ਦੀਆਂ ਸੱਧਰਾਂ ਅਧੂਰੀਆਂ ਹੀ ਰਹਿ ਜਾਂਦੀਆਂ ਸਨ। ਇਹ ਅਸੁਖਾਵੀਂ ਬੇਚੈਨੀ ਉਸ ਦੀਆਂ ਰਾਤਾਂ ਵਿਚ ਵੀ ਘੁਲ ਗਈ ਸੀ।
ਐਤਵਾਰ ਦਾ ਦਿਨ ਸੀ। ਦੁਪਹਿਰੇ ਉਹ ਪ੍ਰਿੰਸੈਸ ਸਟਰੀਟ ਵਿਚ ਖਲੋਤਾ, ਫੁੱਲ-ਘੜੀ ਵੇਖ ਰਿਹਾ ਸੀ। ਇਹ ਫੁੱਲਾਂ ਦੀ ਬਣੀ ਹੋਈ ਘੜੀ, ਸਰ ਵਾਲਟਰ ਸਕਾਟ ਮੈਮੋਰੀਅਲ ਨੇੜੇ, ਇਕ ਪਾਰਕ ਦੋ ਕੋਨੇ ਵਿਚ ਬਣੀ ਹੋਈ ਹੈ। ਇੱਥੇ ਸਾਰਾ ਦਿਨ ਬਾਹਰੋਂ ਆਏ ਟੂਰਿਸਟਾਂ ਦੀ ਭੀੜ ਲੱਗੀ ਰਹਿੰਦੀ ਹੈ। ਘੜੀ ਦੀਆਂ ਸੂਈਆਂ ਤੇ ਅੱਖਰ ਫੁੱਲਾਂ ਦੇ ਬਣੇ ਹੋਏ ਨੇ ਤੇ ਫੁੱਲ, ਫੁੱਲਾਂ ਨੂੰ ਚੁੰਮ ਕੇ ਟਾਈਮ ਦਸਦੇ ਨੇ। ਨਦੀਮ ਹੈਰਾਨ ਸੀ ਤੇ ਕੋਈ ਪੌਣੇ ਕੁ ਘੰਟੇ ਦਾ ਉੱਥੇ ਖੜ੍ਹਾ ਫੁੱਲ-ਘੜੀ ਵੱਲ ਹੀ ਵੇਖੀ ਜਾ ਰਿਹਾ ਸੀ। ਇਸ ਅਰਸੇ ਵਿਚ ਅਣਗਿਣਤ ਲੋਕ ਆਏ ਤੇ ਕੁਝ ਚਿਰ ਰੁਕੇ, ਤੇ ਚਲੇ ਗਏ ਸਨ। ਇੱਥੋਂ ਥੋੜ੍ਹੀ ਦੂਰ ਹੀ ਇਕ ਬੈਂਚ ਉੱਤੇ ਇਕ ਪੱਛਮੀ ਮੁਟਿਆਰ, ਏਸ ਏਸ਼ੀਆਈ ਨੌਜਵਾਨ ਨੂੰ ਬੜੀ ਹੈਰਾਨੀ ਨਾਲ ਵੇਖ ਰਹੀ ਸੀ। ਉਸ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹ ਅਜੀਬ ਆਦਮੀ ਭਲਾ ਉਸ ਫੁੱਲ-ਘੜੀ ਵਿਚ ਕੀ ਵੇਖ ਰਿਹਾ ਸੀ।
ਉਹ ਬੈਂਚ ਤੋਂ ਉੱਠ ਕੇ ਉਸ ਕੋਲ ਆਈ ਤੇ ''ਐਕਸਕਿਊਜ਼ ਮੀ'' ਕਹਿੰਦਿਆਂ ਬੋਲੀ—
''ਤੁਸੀਂ ਏਸ ਸ਼ਹਿਰ 'ਚ ਅਜਨਬੀ ਜਾਪਦੇ ਓ!''
'ਹਾਂ, ਕੋਈ ਦੋ ਕੁ ਹਫਤੇ ਪਹਿਲਾਂ ਹੀ ਇੱਥੇ ਆਇਆ ਆਂ।'' ਨਦੀਮ ਨੇ ਕਿਹਾ ਪਰ ਉਸ ਦੀ ਆਵਾਜ਼ ਰਤਾ ਲੜਖੜਾ ਰਹੀ ਸੀ।
'ਥੋੜ੍ਹਾ ਚਿਰ ਮੇਰੇ ਨਾਲ ਉਸ ਬੈਂਚ ਉੱਤੇ ਬੈਠਣਾ ਪਸੰਦ ਕਰੋਗੇ?'' ਅਚਾਨਕ ਹੀ ਉਸ ਕੁੜੀ ਨੇ ਪੁੱਛਿਆ ਸੀ।
'ਜੀ ਸ਼ੁਕਰੀਆ...'' ਕਹਿੰਦਾ ਹੋਇਆ ਉਹ ਉਸ ਨਾਲ ਬੈਂਚ ਉਪਰ ਜਾ ਬੈਠਾ ਸੀ।
ਕੁੜੀ ਨੇ ਉਸ ਤੋਂ ਅਣਗਿਣਤ ਸਵਾਲ ਪੁੱਛੇ ਸਨ। ਕਿੱਥੋਂ ਆਏ ਹੋ? ਕੀ ਕਰਨ ਆਏ ਹੋ? ਤੇ ਨਦੀਮ ਸਾਊਆਂ ਵਾਂਗ ਉਸ ਦੇ ਹਰੇਕ ਸਵਾਲ ਦਾ ਜਵਾਬ ਦੇਂਦਾ ਰਿਹਾ ਸੀ। ਉਸ ਦੀ ਨਿਸ਼ੰਗ ਗੱਲਬਾਤ ਨੇ ਉਸ ਨੂੰ ਏਨਾਂ ਪ੍ਰਭਾਵਤ ਕੀਤਾ ਸੀ ਕਿ ਡੁੰਨ-ਵੱਟਾ ਜਿਹਾ ਬਣਿਆਂ ਉਹ ਫਿਰੰਗੀ ਕੁੜੀ ਦੇ ਕੋਲ ਹੀ ਬੈਠਾ ਰਿਹਾ ਸੀ।
ਕੁੜੀ ਨੂੰ ਨਦੀਮ ਦਾ ਇਹੀ ਪੂਰਬੀ ਸੁਭਾਅ ਚੰਗਾ ਲੱਗਾ ਸੀ। ਉਸ ਨੇ ਆਪਣੇ ਬਾਰੇ ਦੱਸਿਆ, ''ਮੈਂ ਕਰਿਸਟੀਨਾ ਆਂ, ਤੇ ਏਥੇ ਟੀਚਿੰਗ ਕੋਰਸ ਕਰ ਰਹੀ ਆਂ।''
ਨਦੀਮ ਨੇ ਕਿਹਾ ਸੀ, ''ਮੈਂ ਕਰਾਚੀ ਤੋਂ ਇੰਜੀਨੀਅਰਿੰਗ ਦੀ ਉੱਚ ਟਰੇਨਿੰਗ ਲੈਣ ਆਇਆ ਹਾਂ। ਨਦੀਮ ਨਾਂਅ ਏ ਜੀ ਮੇਰਾ।'' ਸੁਣ ਕੇ ਕਰਿਸਟੀਨਾ ਦੇ ਮਨ ਤੋਂ ਜਿਵੇਂ ਕੋਈ ਅਦਿੱਖ ਭਾਰ ਲੱਥ ਗਿਆ ਸੀ। ਉਸ ਨੇ ਇਕ ਖਾਸ ਅੰਦਾਜ਼ ਵਿਚ ਇਸ ਨੌਜਵਾਨ ਵਿਚ ਦਿਲਚਸਪੀ ਵਿਖਾਉਂਦਿਆਂ, ਜਾਣ-ਬੁੱਝ ਕੇ ਉਸ ਦੇ ਪਰਵਾਰ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਤੇ ਨਾਲੇ 'ਮੈਨੂੰ ਜਾਤੀ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ' ਕਹਿ ਕੇ ਮੁਆਫ਼ੀ ਜਿਹੀ ਮੰਗ ਲਈ ਸੀ।
ਨਦੀਮ ਉਸ ਦੇ ਹਰੇਕ ਸਵਾਲ ਦਾ ਜਵਾਬ ਦੇਣ ਲਈ ਤਿਆਰ ਸੀ। ਪਤਾ ਨਹੀਂ ਕਿਉਂ ਉਸ ਨੇ ਇਕ ਝੂਠ ਵੀ ਬੋਲ ਦਿੱਤਾ ਸੀ ਕਿ ਅਜੇ ਉਹ ਕੰਵਾਰਾ ਹੈ। ਹਾਲਾਂਕਿ ਉਦੋਂ ਉਸ ਨੂੰ ਲੱਗਿਆ ਸੀ ਜਿਵੇਂ ਆਪਣੇ ਹੀ ਹੱਥੀਂ ਆਪਣੀ ਪਿਆਰੀ ਪਤਨੀ ਤੇ ਲਾਡਲੀ ਧੀ ਦਾ ਗਲ਼ਾ ਘੁੱਟ ਦਿੱਤਾ ਹੋਏ। ਪਰ ਕਰਿਸਟੀਨਾ ਦੇ ਖੁੱਲ੍ਹੇ ਸੁਭਾਅ ਨੇ ਛੇਤੀ ਹੀ ਉਸ ਨੂੰ ਇਸ ਝੂਠ ਦੀ ਨਮੋਸ਼ੀ ਤੋਂ ਛੁਟਕਾਰਾ ਦਵਾ ਦਿੱਤਾ ਸੀ। ਦੋਹਾਂ ਨੇ ਇਕ ਨਜ਼ਦੀਕੀ ਕੈਫੇ ਵਿਚ ਬੈਠ ਕੇ ਚਾਹ ਪੀਤੀ ਤੇ 'ਬਾਈ-ਬਾਈ' ਕਹਿੰਦੇ ਹੋਏ ਇਕ ਦੂਜੇ ਤੋਂ ਵਿਦਾਅ ਲਈ ਸੀ। ਵੱਖ ਹੋਣ ਤੋਂ ਪਹਿਲਾਂ ਉਹਨਾਂ ਇਕ ਦੂਜੇ ਨੂੰ ਆਪਣੇ ਫ਼ੋਨ ਨੰਬਰ ਵੀ ਦੱਸ ਦਿੱਤੇ ਸਨ।
ਜਦੋਂ ਨਦੀਮ ਆਪਣੇ ਫਲੈਟ ਵਿਚ ਪਹੁੰਚਿਆ ਤਾਂ ਉਸ ਨੂੰ ਨਾ ਭੁੱਖ ਸੀ ਤੇ ਨਾ ਪਿਆਸ—ਸ਼ਾਇਦ ਕਰਿਸਟੀਨਾ ਨੇ ਪਹਿਲੀ ਮੁਲਾਕਾਤ ਵਿਚ ਉਸ ਦੀ ਭੁੱਖ ਪਿਆਸ ਖੋਹ ਲਈ ਸੀ। ਉਸ ਨੇ ਕਰਿਸਟੀਨਾ ਨੂੰ ਫ਼ੋਨ ਕਰਕੇ ਦੂਜੇ ਦਿਨ ਮਿਲਣ ਦਾ ਸਮਾਂ ਲੈ ਲਿਆ ਸੀ। ਕਰਿਸਟੀਨਾ ਨੂੰ ਵੀ ਉਸ ਅਜ਼ਨਬੀ ਨੌਜਵਾਨ ਵਿਚ ਦਿਲਚਸਪੀ ਪੈਦਾ ਹੋ ਗਈ ਸੀ। ਤਦੇ ਤਾਂ ਉਸ ਨੇ ਦੂਜੇ ਦਿਨ ਮਿਲਣ ਦਾ ਵਾਇਦਾ ਕਰ ਲਿਆ ਸੀ।
ਫੇਰ ਦਿਨੋ-ਦਿਨ ਨਦੀਮ ਤੇ ਕਰਿਸਟੀਨਾ ਦੀ ਸਾਂਝ ਗੂੜ੍ਹੀ ਹੁੰਦੀ ਗਈ—ਉਹ ਇਕੱਠੇ ਬਾਜ਼ਾਰ ਵਿਚੋਂ ਲੰਘਦੇ ਤਾਂ ਲੋਕ ਉਹਨਾਂ ਵੱਲ ਬੜੀਆਂ ਅਜੀਬ ਨਜ਼ਰਾਂ ਨਾਲ ਤੱਕਦੇ। ਐਡਬਜ਼ਾ ਵਿਚ ਏਸ਼ੀਆਈ ਬੜੇ ਘੱਟ ਸਨ ਪਰ ਇੱਥੋਂ ਦੇ ਬਸ਼ਿੰਦਿਆਂ ਦੀਆਂ ਨਜ਼ਰਾਂ ਇਸ ਜੋੜੀ ਦਾ ਦੂਰ ਤੱਕ ਪਿੱਛਾ ਕਰਦੀਆਂ ਸਨ। ਕਰਿਸਟੀਨਾ ਨੂੰ ਇਹ ਸਭ ਚੰਗਾ ਨਹੀਂ ਸੀ ਲੱਗਦਾ...ਵੈਸੇ ਏਸ ਵਾਤਾਵਰਣ ਦੀ ਜੰਮ ਪਲ ਹੋਣ ਕਰਕੇ ਉਹ ਏਸ ਗੱਲ ਵੱਲ ਬਹੁਤਾ ਧਿਆਨ ਹੀ ਨਹੀਂ ਸੀ ਦੇਂਦੀ...ਪਰ ਨਦੀਮ ਅਕਸਰ ਘਬਰਾ ਜਾਂਦਾ ਸੀ ਤੇ ਨਦੀਮ ਦੀ ਇਹੀ ਇਕੋ-ਇਕ ਆਦਤ ਕਰਿਸਟੀਨਾ ਨੂੰ ਪਿਆਰੀ ਲੱਗਦੀ ਸੀ।
ਇਕ ਦਿਨ ਦੀ ਗੱਲ ਹੈ, ਉਹ ਦੋਵੇਂ ਪਾਰਕ ਵਿਚ ਟਹਿਲ ਰਹੇ ਸਨ। ਦੁਪਹਿਰ ਦਾ ਵੇਲਾ ਸੀ। ਸਾਹਮਣੇ ਵਿਚ ਭੌਰਾ ਫੁੱਲ ਉੱਤੇ ਮੰਡਲਾ ਰਿਹਾ ਸੀ। ਕਰਿਸਟੀਨਾ ਨੇ ਇਸ ਕੁਦਰਤੀ ਨਜ਼ਾਰੇ ਵੱਲ ਵਿੰਹਦਿਆਂ ਕਿਹਾ ਸੀ, ''ਨਦੀਮ ਵੇਖ...ਭੌਰਾ ਤੇ ਫੁੱਲ ਪਿਆਰ ਦੀ ਖੇਡ, ਖੇਡ ਰਹੇ ਨੇ। ਇਹਨਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਇਕ ਤੂੰ ਏਂ ਕਿ ਮੇਰੇ ਨਾਲ ਤੁਰਦਾ ਵੀ ਸ਼ਰਮ ਹੇਠ ਦੱਬਿਆ ਰਹਿੰਦਾ ਏਂ। ਬਈ ਅਸੀਂ ਇਨਸਾਨ ਆਂ ਤੇ ਇਨਸਾਨੀਅਤ ਰੰਗ ਜਾਂ ਨਸਲ ਦੇ ਵਿਤਕਰੇ ਤੋਂ ਮੁਕਤ ਹੋਣੀ ਚਾਹੀਦੀ ਏ। ਬੰਦੇ ਦਾ ਦਾਰੂ ਬੰਦਾ ਹੀ ਤਾਂ ਹੁੰਦਾ ਏ ਨਾ?''
'ਠੀਕ ਆਖਦੀ ਪਈ ਏਂ ਕਰਿਸਟੀਨਾ। ਪਰ ਜਦੋਂ ਲੋਕਾਂ ਦੀਆਂ ਨਜ਼ਰਾਂ ਸਾਡਾ ਪਿੱਛਾ ਕਰਦੀਆਂ ਨੇ ਨਾ, ਤਾਂ ਪਤਾ ਨਹੀਂ ਕਿਉਂ—ਮੈਨੂੰ ਆਪਣੇ ਅਜ਼ਨਬੀ ਹੋਣ ਦਾ ਅਹਿਸਾਸ ਸਤਾਉਣ ਲੱਗ ਪੈਂਦਾ ਏ।'' ਨਦੀਮ ਨੇ ਕਿਹਾ ਸੀ।
'ਨਦੀਮ ਸਾਹਬ, ਤੁਹਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਏਂ। ਮੇਰੇ ਵੱਲ ਵੇਖੋ, ਮੈਂ ਇੱਥੋਂ ਦੀ ਧੀ ਆਂ, ਫੇਰ ਵੀ ਇਹਨਾਂ ਆਪਣਿਆਂ ਦੀਆਂ ਵਿਅੰਗਮਈ ਅਤੇ ਸਵਾਲ ਪੁੱਛਦੀਆਂ ਨਜ਼ਰਾਂ ਦਾ ਸਾਹਮਣਾ ਕਰਦੀ ਆਂ। ਤੂੰ ਆਪਣੇ ਆਪ ਨੂੰ ਭੌਰਾ ਸਮਝ ਤੇ ਮੈਨੂੰ ਫੁੱਲ ਬੱਸ। ਤੈਨੂੰ ਨਹੀਂ ਪਤਾ ਕਿ ਫੁੱਲ ਭੌਰੇ ਨੂੰ ਆਪਣੀ ਛਾਤੀ ਨਾਲ ਲਾ ਕੇ ਰਸ ਪਿਲਾਂਦਾ ਏ। ਕੁਦਰਤ ਦੇ ਏਸ ਇਸ਼ਾਰੇ ਨੂੰ ਸਮਝ। ਫੁੱਲ ਤੇ ਭੌਰੇ ਦਾ ਰਿਸ਼ਤਾ ਕੁਦਰਤ ਦਾ ਬਣਾਇਆ ਹੋਇਆ ਏ ਤੇ ਇਨਸਾਨੀ ਰਿਸ਼ਤੇ ਵੀ ਤਾਂ ਕੁਦਰਤ ਨੇ ਈ ਬਣਾਏ ਨੇ ਨਾ? ਪਹਿਲੇ ਦਿਨ ਤੇਰਾ ਇਸ ਸ਼ਰਮੀਲਾਪਨ, ਮੈਨੂੰ ਚੰਗਾ ਲੱਗਿਆ ਸੀ...ਹੁਣ ਇਹੀ ਮੇਰਾ ਜੀਅ ਸਾੜਦਾ ਏ।'' ਕਰਿਸਟੀਨਾ ਦੀਆਂ ਇਹਨਾਂ ਗੱਲਾਂ ਨਾਲ ਨਦੀਮ ਦਾ ਹੌਸਲਾ ਵਧ ਗਿਆ ਤੇ ਉਹ ਉਸ ਦੇ ਜਵਾਨੀ ਰੂਪੀ ਫੁੱਲ ਉੱਤੇ ਕਿਸ ਭੌਰੇ ਵਾਂਗ ਹੀ ਚੱਕਰ ਨਾਉਣ ਲੱਗ ਪਿਆ। ਕਰਿਸਟੀਨਾ ਨਾਲ ਟਹਿਲਦਿਆਂ ਉਸ ਦੇ ਦਿਲ ਵਿਚ ਅਜੀਬ ਅਜੀਬ ਖ਼ਿਆਲ ਆਉਂਦੇ ਸਨ।
ਇਕ ਦਿਨ ਉਹ ਦੋਵੇਂ ਟਹਿਲਦੇ ਹੋਏ ਸਮੁੰਦਰ ਵੱਲ ਨਿਕਲ ਗਏ। ਸਮੁੰਦਰ ਦੇ ਕੰਢੇ, ਹੁਸਨ ਤੇ ਜਵਾਨੀ ਦਾ ਨਗਰ ਵੱਸਿਆ ਹੋਇਆ ਸੀ। ਨਹਾਉਣ ਵਾਲੀਆਂ ਪੁਸ਼ਾਕਾਂ ਵਿਚ ਹੁਸੀਨ ਤੇ ਜਵਾਨ ਚਿਹਰਿਆਂ ਦੀ ਭੀੜ ਵਿਚਕਾਰੋਂ ਲੰਘ ਕੇ ਉਹ ਦੂਰ ਚਟਾਨ ਉੱਤੇ ਜਾ ਬੈਠੇ ਸਨ। ਜਦੋਂ ਸਮੁੰਦਰ ਦੀ ਕੋਈ ਵੱਡੀ ਛੱਲ ਉਹਨਾਂ ਦੇ ਪੈਰਾਂ ਨੂੰ ਛੂੰਹਦੀ ਤਾਂ ਉਹਨਾਂ ਨੂੰ ਇਕ ਅਜੀਬ ਆਨੰਦ ਮਿਲਦਾ। ਉਹ ਆਪਣੇ ਪਿਆਰ ਦੀ ਦੁਨੀਆਂ ਵਿਚ ਮਸਤ, ਲਹਿਰਾਂ ਦੇ ਇਸ ਉਤਾਰ ਚੜ੍ਹਾਅ ਨੂੰ ਵੇਖ ਰਹੇ ਸਨ ਕਿ ਕਰਿਸਟੀਨਾ ਨੇ ਕਿਹਾ, ''ਵੇਖ ਸਮੁੰਦਰ ਦੀ ਹਿੱਕ ਵਿਚ ਜਜ਼ਬਾਤਾਂ ਦਾ ਤੂਫ਼ਾਨ ਆਇਆ ਹੋਇਆ ਏ, ਕਿਤੇ ਇਹ ਆਪਾਂ ਨੂੰ ਵੀ ਨਾਲ ਹੀ ਰੋੜ੍ਹ ਕੇ ਨਾ ਜਾਵੇ!''
'ਆਪਾਂ ਤਾਂ ਪਹਿਲਾਂ ਹੀ ਪਿਆਰ ਦੇ ਝੱਖੜਾਂ ਵਿਚ ਘਿਰੇ ਹੋਏ ਆਂ—ਆਪਣੇ ਦਿਲਾਂ ਵਿਚ ਵੀ ਤਾਂ ਜਵਾਰ-ਭਾਟੇ ਉੱਠ ਰਹੇ ਨੇ।'' ਨਦੀਮ ਨੇ ਕਰਿਸਟੀਨਾ ਨੂੰ ਆਪਣੇ ਵੱਲ ਖਿੱਚਦਿਆਂ ਕਿਹਾ।
'ਜ਼ਿੰਦਗੀ ਕਿੰਨੀ ਹੁਸੀਨ ਏਂ...'' ਕਰਿਸਟੀਨਾ ਨੇ ਨਦੀਮ ਦੀ ਰੌਅ ਵਿਚ ਹੀ ਉੱਤਰ ਦਿੱਤਾ, ''ਇੰਜ ਜਾਪਦਾ ਏ ਜਿਵੇਂ ਸਮੁੰਦਰ ਦੀਆਂ ਲਹਿਰਾਂ ਸਾਡੀ ਚਾਹਤ ਨੂੰ ਆਪਣੀ ਗੋਦ ਵਿਚ ਸਮੇਟ ਲੈਣਾ ਚਾਹੁੰਦੀਆਂ ਹੋਣ। ਲਹਿਰਾਂ ਵਿਚ ਖੁਸ਼ੀ ਦੀ ਇਕ ਗੂੰਜ ਹੈ ਤੇ ਸਾਡਾ ਪਿਆਰ ਸਮੁੰਦਰ ਦੀ ਡੂੰਘਾਈ ਵਾਂਗ ਅਥਾਹ।''
'ਪਰ ਡਾਰਲਿੰਗ! ਜ਼ਿੰਦਗੀ ਦੇ ਸਮੁੰਦਰ ਵਿਚ ਖੁਸ਼ੀਆਂ ਦੀਆਂ ਮੱਛੀਆਂ ਘੱਟ ਅਤੇ ਗ਼ਮਾਂ ਦੇ ਮਗਰਮੱਛ ਜ਼ਿਆਦਾ ਹੁੰਦੇ ਨੇ।'' ਨਦੀਮ ਨੇ ਆਪਣੀ ਫ਼ਿਲਾਸਫੀ ਘੋਟੀ।
'ਨਦੀਮ ਜੇ...ਜੇ ਜ਼ਿੰਦਗੀ ਬਾਰੇ ਤੁਹਾਡਾ ਦ੍ਰਿਸ਼ਟੀਕੋਣ ਏਨਾ ਤੰਗ ਹੈ ਤਾਂ ਮੈਂ ਤੁਹਾਡੇ ਨਾਲ ਨਾਰਾਜ਼ ਆਂ।'' ਤੇ ਉਹ ਉੱਠ ਕੇ ਖੜ੍ਹੀ ਹੋ ਗਈ ਸੀ, ਪਰ ਨਦੀਮ ਨੇ ਉਸ ਨੂੰ ਖਿੱਚ ਕੇ ਆਪਣੇ ਨਾਲ ਘੁੱਟ ਲਿਆ ਸੀ ਤੇ ਉਸ ਨੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ।
ਰਾਤ ਨੂੰ ਵੀ ਉਹ ਲੇਟ ਹੀ ਵਾਪਸ ਆਏ ਸਨ। ਸਮੁੰਦਰ ਦੀ ਤਾਜ਼ਾ ਹਵਾ ਸਦਕਾ ਕਰਿਸਟੀਨਾ ਕਾਫੀ ਖਿੜੀ ਹੋਈ ਜਾਪਦੀ ਸੀ ਤੇ ਉਹ ਆਪਣੇ ਫਲੈਟ ਵਿਚ ਜਾਣ ਦੀ ਥਾਂ ਨਦੀਮ ਦੇ ਨਾਲ ਹੀ ਆ ਗਈ ਸੀ। ਰਾਤ ਉੱਥੇ ਹੀ ਰਹੀ ਤੇ ਅਗਲੀ ਸਵੇਰ ਦੋਵੇਂ ਕਾਲਜ ਨਹੀਂ ਗਏ ਸਨ।
ਉਹਨਾਂ ਦਿਨਾਂ ਵਿਚ ਹੀ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਮਿਸਟਰ ਅਨਕ ਵ. ਪਾਵਲ ਨੇ ਨਸਲੀ ਵਿਤਕਰੇ ਨਾਲ ਸੰਬੰਧਤ ਭਾਸ਼ਨ ਵਿਚ ਇੱਥੇ ਰਹਿ ਰਹੇ ਗ਼ੈਰ ਸਫ਼ੇਦ ਜਾਤੀਆਂ ਦੇ ਲੋਕਾਂ ਨੂੰ ਕਾਫੀ ਵੱਡਾ ਮਸਲਾ ਦੱਸਿਆ। ਉਸ ਨੇ ਮੰਗ ਕੀਤੀ ਸੀ ਕਿ ਇੱਥੇ ਵੱਸਦੇ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਜਾਵੇ, ਤਾਂਕਿ ਬਰਤਾਨੀਆਂ ਵਿਚ ਇਹਨਾਂ ਲੋਕਾਂ ਦੀਆਂ ਬਸਤੀਆਂ ਨਾ ਵੱਸ ਸਕਣ। ਪਾਵਲ ਦੇ ਭਾਸ਼ਨ ਦਾ ਪ੍ਰਤੀਕਰਮ ਕਾਫੀ ਤੇਜ਼ ਹੋਇਆ ਸੀ ਤੇ ਏਸ਼ੀਅਨਜ਼ ਵਿਰੁੱਧ ਨਫ਼ਰਤ ਦੀ ਅੱਗ ਭੜਕ ਉਠੀ ਸੀ।
ਜਾਤੀਵਾਦ ਦੀ ਇਹ ਅੱਗ ਬੜੀ ਤੇਜ਼ੀ ਨਾਲ ਫੈਲ ਰਹੀ ਸੀ ਪਰ ਕਰਿਸਟੀਨਾ ਉੱਤੇ ਇਸ ਦਾ ਕੋਈ ਅਸਰ ਨਹੀਂ ਸੀ। ਉਸ ਨੇ ਨਦੀਮ ਨੂੰ ਇਕ ਪੜ੍ਹੇ ਲਿਖੇ ਤੇ ਸੁਲਝੇ ਹੋਏ ਆਦਮੀ ਦੇ ਰੂਪ ਵਿਚ ਪਰਖਿਆ ਸੀ। ਉਂਜ ਵੀ ਉਹ ਇਕ ਆਜ਼ਾਦ ਖ਼ਿਆਲ, ਜ਼ਿੰਮੇਵਾਰ ਅਤੇ ਨਵੀਂ ਪੀੜ੍ਹੀ ਦੀ ਕੁੜੀ ਸੀ। ਰੰਗ ਅਤੇ ਨਸਲ ਦੇ ਮਸਲਿਆਂ ਵਿਚ ਉਸ ਨੂੰ ਦਿਲਚਸਪੀ ਹੀ ਨਹੀਂ ਸੀ। ਸਗੋਂ ਉਹ ਨਸਲ ਪ੍ਰਸਤਾਂ ਦੇ ਖ਼ਿਲਾਫ਼ ਸੀ, ਅੰਗਰੇਜ਼ਾਂ ਦੇ ਖ਼ਿਲਾਫ਼ ਕੱਢੇ ਗਏ ਇਕ ਏਸ਼ੀਆਈ ਵਿਦਿਆਰਥੀਆਂ ਦੇ ਮੁਜਾਹਰੇ ਵਿਚ ਉਸ ਨੇ ਖੁੱਲ੍ਹ ਕੇ ਹਿੱਸਾ ਵੀ ਲਿਆ ਸੀ ਤੇ ਆਪਣੇ ਭਾਸ਼ਨ ਵਿਚ ਕਿਹਾ ਸੀ ਕਿ 'ਰੰਗ ਕੁਦਰਤ ਦੀ ਦੇਣ ਹੈ...ਇਸ ਨਾਲ ਕਿਸੇ ਆਦਮੀ ਦੀ ਕੀਮਤ ਘਟਦੀ ਜਾਂ ਵਧਦੀ ਨਹੀਂ, ਸਿਰਫ ਇਨਸਾਨੀਅਤ ਦੇ ਦੁਸ਼ਮਣ ਹੀ ਇਸ ਪਾੜੇ ਨੂੰ ਵਧਾਅ ਰਹੇ ਨੇ ਤੇ ਉਹ ਉਗਰਵਾਦੀ ਲੋਕ ਆਪਣੀ ਹੀ ਸਭਿਅਤਾ ਤੇ ਕੌਮ ਨੂੰ ਬਦਾਨਾਮ ਕਰ ਰਹੇ ਨੇ।'
ਨਦੀਮ, ਕਰਿਸਟੀਨਾ ਦੀ ਏਸ ਸੋਚ ਤੋਂ ਬੜਾ ਹੀ ਪ੍ਰਭਾਵਿਤ ਹੋਇਆ ਸੀ ਤੇ ਉਸ ਦੇ ਦੋਸਤ ਉਹਨਾਂ ਦੀ ਇਸ ਦੋਸਤੀ ਉੱਤੇ ਮਾਣ ਕਰਨ ਲੱਗ ਪਏ ਸਨ। ਇਕ ਦਿਨ ਉਹ ਕਰਿਸਟੀਨਾ ਨੂੰ ਇਕ ਉਰਦੂ ਫ਼ਿਲਮ ਵਿਖਾਉਣ ਲੈ ਗਿਆ। ਸਿਨੇਮਾ ਹਾਲ ਵਿਚ ਸਾਰੇ ਦਰਸ਼ਕ ਉਹਨਾਂ ਨੂੰ ਘੂਰ-ਘੂਰ ਕੇ ਵੇਖਣ ਲੱਗ ਪਏ ਸਨ। ਖਾਸ ਕਰਕੇ ਕਰਿਸਟੀਨਾ ਹੀ ਉਹਨਾਂ ਭੁੱਖੀਆਂ ਨਜ਼ਰਾਂ ਦਾ ਸ਼ਿਕਾਰ ਹੋਈ ਸੀ, ਜਿਵੇਂ ਉਹ ਉਸ ਨੂੰ ਖਾ ਹੀ ਜਾਣਾ ਚਾਹੁੰਦੇ ਸਨ ਤੇ ਇਕ ਸੀਨ ਉੱਤੇ ਜਦੋਂ ਹਾਲ ਵਿਚ ਸੀਟੀਆਂ ਵੱਜਣ ਲੱਗ ਪਈਆਂ ਸਨ ਤਾਂ ਕਰਿਸਟੀਨਾ ਕਾਫੀ ਖਿਝ ਗਈ ਸੀ ਤੇ ਨਦੀਮ ਨੂੰ ਵੀ ਆਪਣੇ ਦੇਸ਼ਵਾਸੀਆਂ ਦੀ ਏਸ ਹਰਕਤ ਉੱਤੇ ਖਿਝ ਚੜ੍ਹ ਗਈ ਸੀ। ਉਹ ਵਿਚਾਲਿਓਂ ਹੀ ਉੱਠ ਤੁਰੇ ਸਨ। ਕੁਝ ਤਮਾਸ਼ਬੀਨਾਂ ਨੇ ਉਹਨਾਂ ਦੇ ਪਿੱਛੇ ਘਟੀਆ ਵਾਕ ਵੀ ਉਛਾਲੇ ਸਨ। ਕਰਿਸਟੀਨਾ ਬੋਰ ਹੋ ਗਈ ਸੀ। ਨਦੀਮ ਨੇ ਉਸ ਤੋਂ ਮੁਆਫ਼ੀ ਮੰਗੀ ਸੀ ਤੇ ਆਪਣੇ ਫ਼ਲੈਟ ਵਿਚ ਲਿਆ ਕੇ, ਆਪਣੇ ਹੱਥੀਂ ਪਕਾ ਕੇ, ਦੇਸੀ ਖਾਣਾ ਵੀ ਖੁਆਇਆ ਸੀ। ਫੇਰ ਕਿਤੇ ਜਾ ਕੇ ਉਸ ਦਾ ਮੂਡ ਠੀਕ ਹੋਇਆ ਸੀ।
ਉਂਜ ਤਾਂ ਪਹਿਲਾਂ ਵੀ ਕਈ ਵਾਰੀ ਕਰਿਸਟੀਨਾ ਨੇ ਨਦੀਮ ਨਾਲ ਵਿਆਹ ਕਰਵਾਉਣ ਦੀ ਗੱਲ ਤੋਰਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕੋਰਸ ਅਧੂਰਾ ਰਹਿ ਜਾਣ ਦਾ ਬਹਾਨਾ ਬਣਾ ਕੇ ਟਾਲ ਦੇਂਦਾ ਸੀ...ਪਰ ਰਾਤੀਂ ਜਦੋਂ ਕਰਿਸਟੀਨਾ ਨੇ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ—ਕੁਆਰੀ ਮਾਂ! ਭਾਵੇਂ ਇਸ ਗੱਲ ਦਾ ਇੱਥੇ ਕੋਈ ਖਾਸ ਮਹੱਤਵ ਨਹੀਂ ਪਰ ਕਿਉਂਕਿ ਉਸ ਨੇ ਪੜ੍ਹਾਉਣ ਦਾ ਪਵਿੱਤਰ ਪੇਸ਼ਾ ਅਪਨਾਉਣਾ ਹੈ ਇਸ ਲਈ ਵਿਆਹ ਜ਼ਰੂਰੀ ਹੋ ਗਿਆ ਸੀ। ''ਤੈਨੂੰ ਛੇਤੀ ਹੀ ਫ਼ੈਸਲਾ ਕਰਨਾ ਪਏਗਾ।''
'ਮੈਂ ਅਜੇ ਵਿਆਹ ਨਹੀਂ ਕਰਵਾ ਸਕਦਾ। ਮੇਰੀਆਂ ਕੁਝ ਮਜ਼ਬੂਰੀਆਂ ਨੇ।'' ਨਦੀਮ ਨੇ ਟਾਲਨਾ ਚਾਹਿਆ ਤਾਂ ਕਰਿਸਟੀਨਾ ਝਗੜ ਪਈ ਸੀ ਤੇ ਉਸ ਕੀ ਨੀਂਦ ਹਰਾਮ ਹੋ ਗਈ ਸੀ। ਕਰਿਸਟੀਨਾ ਆਪ ਤਾਂ ਨੀਂਦ ਦੀਆਂ ਗੋਲੀਆਂ ਖਾ ਕੇ, ਸਭ ਕੁਝ ਭੁੱਲ-ਭੁਲਾਅ ਕੇ ਆਰਾਮ ਨਾਲ ਸੌਂ ਗਈ...ਪਰ ਨਦੀਮ ਸਾਰੀ ਰਾਤ ਪਾਸੇ ਪਰਤਦਾ ਰਿਹਾ। ਉਸ ਨੂੰ ਆਪਣਾ ਆਪਾ ਹੀ ਲਾਹਨਤਾਂ ਪਾ ਰਿਹਾ ਸੀ ਕਿ ਉਸ ਨੇ ਵਿਆਹ ਦੇ ਮਾਮਲੇ ਵਿਚ ਝੂਠ ਕਿਉਂ ਬੋਲਿਆ ਸੀ? ਜਦੋਂ ਕਰਿਸਟੀਨਾ ਨੂੰ ਸੱਚਾਈ ਦਾ ਪਤਾ ਲੱਗੇਗਾ ਤਾਂ ਉਹ ਕੀ ਸੋਚੇਗੀ? ਇਹੀ ਸੋਚਾਂ ਉਸ ਨੂੰ ਸਾਰੀ ਰਾਤ ਪ੍ਰੇਸ਼ਾਨ ਕਰਦੀਆਂ ਰਹੀਆਂ ਸਨ। ਅਖ਼ੀਰ ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਕਰਿਸਟੀਨਾ ਨੂੰ ਸੱਚਾਈ ਦੱਸ ਦਵੇਗਾ ਤੇ ਫੇਰ ਉਸ ਨੂੰ ਨੀਂਦ ਆ ਗਈ ਸੀ।
ਅਗਲੀ ਸਵੇਰ ਅੱਠ ਕੁ ਵਜੇ ਪੋਸਟਮੈਨ ਨੇ ਬਾਹਰੋਂ ਘੰਟੀ ਵਜਾਈ ਤਾਂ ਪਹਿਲਾਂ ਕਰਿਸਟੀਨਾ ਦੀ ਅੱਖ ਹੀ ਖੁੱਲ੍ਹੀ। ਨਦੀਮ ਦੇ ਨਾਂਅ ਇਕ ਰਜਿਸਟਰਡ ਲੈਟਰ ਸੀ...ਉਸ ਨੇ ਨਦੀਮ ਨੂੰ ਜਗਾ ਦਿੱਤਾ। ਉਸ ਨੇ ਕਦੀ ਨਦੀਮ ਦਾ ਖ਼ਤ ਨਹੀਂ ਸੀ ਖੋਲ੍ਹਿਆ ਪਰ...ਅੱਜ ਉਸ ਦੀ ਇੱਛਾ ਹੋਈ ਕਿ ਖ਼ਤ ਖੋਲ੍ਹ ਕੇ ਵੇਖੇ, ਪਰ ਫੇਰ ਪਤਾ ਨਹੀਂ ਕੀ ਸੋਚ ਕੇ ਉਸ ਨੇ ਖ਼ਤ ਨਦੀਮ ਨੂੰ ਹੀ ਫੜਾ ਦਿੱਤਾ ਸੀ ਤੇ ਉਸ ਨੂੰ ਆਪਣੇ ਸਾਹਮਣੇ ਖੋਲ੍ਹ ਕੇ ਪੜ੍ਹਨ ਦੀ ਜ਼ਿੱਦ ਕਰਨ ਲੱਗ ਪਈ ਸੀ। ਇਹ ਖ਼ਤ ਨਦੀਮ ਦੀ ਪਤਨੀ ਰਜ਼ੀਆ ਦਾ ਸੀ...ਸੋ ਉਹ ਟਾਲ-ਮਟੋਲ ਕਰਨ ਲੱਗਾ ਤੇ ਜਦੋਂ ਕਰਿਸਟੀਨਾ ਨੇ ਹਿਰਖ ਕੇ ਉਸ ਦੇ ਹੱਥੋਂ ਲਿਫ਼ਾਫ਼ਾ ਖੋਹਿਆ ਤਾਂ ਉਸ ਵਿਚੋਂ ਇਕ ਤਸਵੀਰ ਨਿਕਲ ਕੇ ਹੇਠਾਂ ਡਿੱਗ ਪਈ। ਜਿਸ ਉੱਤੇ ਬਰੀਕ ਅੰਗਰੇਜ਼ੀ ਲਿਖਾਈ ਵਿਚ ਲਿਖਿਆ ਸੀ...: 'ਪਿਆਰੇ ਪਤੀ ਤੇ ਡੈਡੀ ਨਦੀਮ ਦੇ ਨਾਂਅ'। ਤਸਵੀਰ ਉਸ ਦੀ ਪਤਨੀ ਤੇ ਧੀ ਦੀ ਸੀ।
ਅਚਾਨਕ ਕਰਿਸਟੀਨਾ ਹਿਰਖ ਗਈ ਤੇ ਉਸ ਨੇ ਨਦੀਮ ਦੀ ਗੱਲ੍ਹ ਉੱਤੇ ਇਕ ਕਰਾਰੀ ਜਿਹੀ ਚਪੇੜ ਮਾਰ ਕੇ ਕਿਹਾ, ''ਤੂੰ ਕਮੀਨਾ ਏਂ। ਝੂਠਾ ਤੇ ਦਗ਼ਾਬਾਜ਼। ਪਾਵਲ ਠੀਕ ਹੀ ਆਖਦਾ ਸੀ ਕਿ ਤੁਸੀਂ ਲੋਕ ਏਥੇ ਰਹਿਣ ਦੇ ਕਾਬਿਲ ਨਹੀਂ।'' ਤੇ ਗਾਲ੍ਹਾਂ ਕੱਢਦੀ ਹੋਈ ਉਹ ਆਪਣਾ ਪਰਸ ਚੁੱਕ ਕੇ ਚਲੀ ਗਈ ਸੀ।
ਆਪਣੀ ਗੋਰੀ 'ਗਰਲ ਫਰੈਂਡ' ਦਾ ਥੱਪੜ ਖਾ ਕੇ ਨਦੀਮ ਨੂੰ ਆਪਣੀ ਪਤਨੀ ਰਜ਼ੀਆ ਯਾਦ ਆ ਗਈ ਸੀ, ਜਿਸ ਨੇ ਇਕ ਵਾਰੀ ਕਿਸੇ ਮਾਮੂਲੀ ਜਿਹੀ ਗੱਲ ਪਿੱਛੇ ਨਦੀਮ ਤੋਂ ਥੱਪੜ ਖਾਧਾ ਸੀ ਤੇ ਕਿਹਾ ਸੀ, ''ਮੇਰੇ ਸਿਰਤਾਜ। ਮੈਥੋਂ ਕੋਈ ਗ਼ਲਤੀ ਹੋਈ ਏ ਤੇ ਮੈਨੂੰ ਹੋਰ ਮਾਰੋ। ਤੁਹਾਡੀ ਜੀਵਨ ਸਾਥੀ ਆਂ ਨਾ, ਜੇ ਇੰਜ ਹੀ ਤੁਹਾਡਾ ਗੁੱਸਾ ਉਤਾਰ ਸਕਾਂ ਤਾਂ ਮੈਂ ਇਸ ਨੂੰ ਵੀ ਆਪਣਾ ਪਤਨੀ ਧਰਮ ਸਮਝਾਂਗੀ।''
ਪਤੀ-ਵਰਤਾ ਰਜ਼ੀਆ ਨੂੰ ਯਾਦ ਕਰਕੇ ਨਦੀਮ ਰੋਣ ਲੱਗ ਪਿਆ ਸੀ।...ਤੇ ਕਰਿਸਟੀਨਾ ਨਾਲ ਕੀਤੇ ਦਗ਼ੇ ਦੀ ਨਮੋਸ਼ੀ ਉਹਨਾਂ ਹੰਝੂਆਂ ਵਿਚ ਵਹਿ ਗਈ ਸੀ। ਉਹ ਕਾਹਲ ਨਾਲ ਉੱਠਿਆ ਤੇ ਨਜ਼ਦੀਕੀ ਟਰੈਵਲ ਏਜੰਸੀ ਵਿਚ ਜਾ ਕੇ, ਆਪਣੀ ਰਜ਼ੀਆ ਤੇ ਧੀ ਨਾਇਲਾ ਦੀਆਂ ਸੀਟਾਂ ਬੁੱਕ ਕਰਵਾ ਆਇਆ।
ਹੁਣ ਫੇਰ ਉਹ ਕਿਲੇ ਵੱਲ ਸੈਰ ਕਰਨ ਜਾ ਰਿਹਾ ਸੀ। ਰਾਹ ਵਿਚ ਖਲੋ ਕੇ ਉਸ ਨੇ ਫੁੱਲ ਘੜੀ ਵਿਚ ਟਾਈਮ ਵੀ ਵੇਖਿਆ ਸੀ।
   ੦੦੦ ੦੦੦ ੦੦੦  

   ਜੱਗ ਬਾਣੀ 16 ਦਸੰਬਰ 1984.

Thursday, July 29, 2010

ਇੰਤਜ਼ਾਰ...:: ਲੇਖਕ : ਅਲੀ ਬਾਕਰ



ਪ੍ਰਵਾਸੀ ਉਰਦੂ ਕਹਾਣੀ :
ਇੰਤਜ਼ਾਰ
ਲੇਖਕ : ਅਲੀ ਬਾਕਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


'ਸੱਲੂ ਐਨੇ ਸਾਲ ਹੋ ਗਏ ਨੇ ਤੈਨੂੰ ਕਹਾਣੀਆਂ ਲਿਖਦਿਆਂ ਹੋਇਆਂ...ਕਦੀ ਮੇਰੇ ਬਾਰੇ ਵੀ ਕੋਈ ਕਹਾਣੀ ਲਿਖ ਨਾ !'' ਲੀਨਾ ਨੇ ਸੱਲੂ ਦੇ ਨੇੜੇ ਆ ਕੇ, ਆਪਣਾ ਨਰਮ ਸੁਨਹਿਰੇ ਵਾਲਾਂ ਵਾਲਾ ਸਿਰ ਉਸਦੇ ਮੋਢੇ ਉੱਤੇ ਰੱਖਦਿਆਂ ਮੱਧਮ ਆਵਾਜ਼ ਵਿਚ ਕਿਹਾ ਸੀ। ਉਦੋਂ ਉਹ ਦੋਏ ਦਰਿਆ ਕਿਨਾਰੇ ਖੜ੍ਹੇ ਸਨ। ਸ਼ਾਮ ਦਾ ਸੁਰਮਈ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਸੀ। ਹਰ ਪਾਸੇ ਪਸਰੀ ਹੋਈ ਭਰਪੂਰ ਚੁੱਪ! ਵਿਚਕਾਰੋਂ ਅਛੋਪਲੇ ਹੀ, ਵਗਦੇ ਜਾ ਰਹੇ ਪਾਣੀ ਦਾ ਹੁਸਨ ਕੁਝ ਵਧੇਰੇ ਹੀ ਨਿਖਰਿਆ ਹੋਇਆ ਲੱਗ ਰਿਹਾ ਸੀ। ਦਿਨ ਦੇ ਪਰਛਾਵੇਂ ਜਦੋਂ ਢਲਣ ਲੱਗ ਪੈਂਦੇ ਨੇ ਤੇ ਲਾਲ-ਸੁਰਖ ਹੁੰਦਾ ਹੋਇਆ ਸੂਰਜ ਦਾ ਗੋਲਾ ਟੁੱਟ-ਟੁੱਟ, ਤਿੜਕ-ਤਿੜਕ ਲਹਿਰਾਂ ਉੱਤੇ ਖਿੱਲਰਦਾ ਜਾਪਦਾ ਹੈ ਤਾਂ ਸੱਲੂ ਤੇ ਲੀਨਾ ਦਰਿਆ ਕਿਨਾਰੇ ਆ ਜਾਂਦੇ ਨੇ ਤੇ ਰੌਸ਼ਨੀ ਦੀਆਂ ਅਣਗਿਣਤ ਰਿਸ਼ਮਾਂ ਨੂੰ ਦੇਖਦੇ ਰਹਿੰਦੇ ਨੇ। ਜਿਸ ਸ਼ਾਮ ਲੀਨਾ ਨੇ ਸੱਲੂ ਸਾਹਵੇਂ ਇਹ ਅਣਹੋਣੀ ਇੱਛਾ ਪੇਸ਼ ਕੀਤੀ ਕਿ ਉਹ ਲੀਨਾ ਉੱਤੇ ਕੋਈ ਕਹਾਣੀ ਲਿਖੇ...ਐਨ ਉਸੇ ਵੇਲੇ ਸੱਲੂ ਨੇ ਇਕ ਨਿੱਕੀ ਲਾਲ ਮੱਛੀ ਦੇਖੀ, ਜਿਸਨੇ ਇਕ ਤੈਰਦੇ ਹੋਏ ਕੇਕੜੇ ਨੂੰ ਨਿਗਲ ਜਾਣ ਦੀ ਕੋਸ਼ਿਸ਼ ਵਿਚ ਦਰਿਆ ਦੀ ਸ਼ਾਂਤ ਸਤਹਿ ਉੱਤੇ ਹਲਚਲ ਮਚਾ ਦਿੱਤੀ ਸੀ। ਸੱਲੂ ਸੋਚਣ ਲੱਗਾ—ਕੌਣ ਜਾਣੇ,  ਉਸ ਤੇ ਲੀਨਾ ਵਿਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ...।
'ਤੂੰ ਏਡੀ ਪਿਆਰੀ ਕੁੜੀ ਏਂ ਲੀਨਾ...ਮੈਂ ਭਲਾ ਤੇਰੇ 'ਤੇ ਕਹਾਣੀ ਕਿੰਜ ਲਿਖ ਸਕਦਾਂ?'' ਸੱਲੂ ਨੇ ਆਪਣੇ ਖੱਬੇ ਹੱਥ ਦੀ ਹਥੇਲੀ ਨਾਲ ਲੀਨਾ ਦੀ ਮੁਲਾਇਮ ਗੱਲ੍ਹ ਥਾਪੜਦਿਆਂ ਕਿਹਾ, ''ਕਦੀ ਵਧੀਆ ਸੰਗੀਤ ਦੇ ਅਹਿਸਾਸ ਨੂੰ ਵੀ ਸ਼ਬਦਾਂ ਵਿਚ ਕੈਦ ਕੀਤਾ ਜਾ ਸਕਦਾ ਏ? ਨਾਲੇ ਲੀਨਾ ਤੇਰੀ ਕਹਾਣੀ ਕਿਸੇ ਹੱਦ ਤੱਕ ਮੇਰੀ ਆਪਣੀ ਕਹਾਣੀ ਵੀ ਤਾਂ ਹੋਏਗੀ—ਇਸ ਦਾ ਅੰਤ ਸੋਚਣਾ ਪਏਗਾ। ਕਹਾਣੀ ਜਿੰਦਗੀ ਨਹੀਂ ਹੁੰਦੀ, ਜਿਸ ਨੂੰ  ਹਾਲਾਤ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਾਏ।
'ਖੈਰ, ਚੱਲ ਘਰ ਵਾਪਸ ਚੱਲੀਏ।'' ਲੀਨਾ ਨੇ ਹੌਲੀ ਜਿਹੇ ਸੱਲੂ ਦੇ ਮੋਢੇ ਨੂੰ ਚੁੰਮਿਆ। ਫੇਰ ਉਹ ਦੋਏ ਇਕ ਦੂਜੇ ਦੇ ਲੱਕ ਦੁਆਲੇ ਬਾਹਾਂ ਪਾ ਕੇ, ਕਦਮਾਂ ਨਾਲ ਕਦਮ ਮਿਲਾਉਂਦੇ ਹੋਏ, ਤੁਰਨ ਲੱਗੇ। ਹਨੇਰਾ ਹੋ ਜਾਣ ਪਿੱਛੋਂ ਦਰਿਆ ਦੇ ਉੱਚੇ ਕਿਨਾਰੇ ਦੀ ਪਗਡੰਡੀ ਉੱਤੇ ਤੁਰਨਾ ਖਤਰਨਾਕ ਵੀ ਹੋ ਸਕਦਾ ਸੀ। ਲਗਭਗ ਡੇਢ ਕੁ ਸਾਲ ਪਹਿਲਾਂ ਇਕ ਹੁਸੀਨ ਸ਼ਾਮ ਨੂੰ ਇਸ ਪਗਡੰਡੀ ਉੱਤੇ ਆਹਮੋਂ-ਸਾਹਮਣੇ ਆਉਂਦਿਆਂ ਉਹਨਾਂ ਦੀ ਮੁਲਾਕਾਤ ਹੋਈ ਸੀ।
ਲੀਨਾ ਫਿਨਲੈਂਡ ਦੇ ਦਾਰੁੱਲ ਖਲਾਫ਼ਾ ਹੇਲ ਦੀ ਰਹਿਣ ਵਾਲੀ ਸੀ ਅਤੇ ਐਸਟਾਕ ਹੋਮ ਦੇ ਇਕ ਵੱਡੇ ਹਸਪਤਾਲ ਵਿਚ ਨਰਸ ਲੱਗੀ ਹੋਈ ਸੀ। ਸਲਾਹੁਦੀਨ ਬੰਬਈ ਤੋਂ ਸਵਿਡਿਸ਼ ਹਕੂਮਤ ਦੇ ਖਰਚ ਉੱਤੇ ਬਿਜਨਸ ਮੈਨੇਜ਼ਮੈਂਟ ਦੀ ਟ੍ਰੇਨਿੰਗ ਕਰਨ ਆਇਆ ਹੋਇਆ ਸੀ। ਲੀਨਾ ਤੇ ਸਲਾਹੁਦੀਨ ਮਿਲੇ ਵੀ ਤਾਂ ਕੁਝ ਏਦਾਂ ਕਿ ਜਿਵੇਂ ਮੌਸਮ ਬਹਾਰ ਵਿਚ ਨੀਲੇ ਆਸਮਾਨ ਉੱਤੇ, ਇਕੋ ਦਿਸ਼ਾ ਵੱਲ, ਇਕੋ ਰਫ਼ਤਾਰ, ਇਕੋ ਉਚਾਈ ਉੱਤੇ ਉੱਡਦੇ ਹੋਏ ਬੱਦਲਾਂ ਦੇ ਦੋ ਟੁੱਕੜੇ ਆਪਸ ਵਿਚ ਇਕ ਮਿਕ ਹੋ ਗਏ ਹੋਣ। ਜਦੋਂ ਸਲਾਹੁਦੀਨ ਨੇ ਲੀਨਾ ਨੂੰ ਪਹਿਲੀ ਵਾਰੀ ਡੁੱਬਦੇ ਸੂਰਜ ਦੀਆਂ ਮਹੀਨ ਰਿਸ਼ਮਾਂ ਦੀ ਰੰਗੀਨੀ ਵਿਚ ਲੱਥਪੱਥ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਆਉਂਦਿਆਂ ਦੇਖਿਆ ਤਾਂ ਉਹ ਉਸਨੂੰ ਬੜੀ ਦਿਲਕਸ਼ ਲੱਗੀ। ਉਂਜ ਵੀ ਸਕੈਂਡੀਨੇਵੀਅਨ ਕੁੜੀਆਂ ਦੇ ਮੁਕਾਬਲੇ ਵਿਚ ਲੀਨਾ ਦਾ ਜਿਸਮ ਠੋਸ ਤੇ ਨਾਜ਼ੁਕ ਸੀ। ਉਸਦੇ ਵਾਲ ਏਨੇ ਸੁਨਹਿਰੇ ਸਨ ਕਿ ਧੁੱਪ ਵਿਚ ਚਾਂਦੀ ਦੀਆਂ ਤਾਰਾਂ ਦਾ ਭੁਲੇਖਾ ਪੈਣ ਲੱਗਦਾ ਸੀ ਮੁਲਾਇਮ ਰੇਸ਼ਮ ਦੇ ਗੁੱਛੇ ਜਿਹੇ। ਲੀਨਾ ਦੇ ਹੁਸੀਨ ਚਿਹਰੇ ਉੱਤੇ ਅੰਤਾਂ ਦੀ ਸਾਦਗੀ ਤੇ ਭੋਲਾਪਨ ਸੀ ਤੇ ਆਤਮ ਸੰਤੂਸ਼ਟੀ ਦੀ ਭਾਅ ਮਾਰਦੀ ਸੀ। ਸਲਾਹੁਦੀਨ ਨੇ ਪਹਿਲੀ ਮੁਲਾਕਾਤ ਸਮੇਂ ਹੀ ਉਸ ਨਾਲ ਸਿਨੇਮਾ ਦੇਖਣ ਦੀ ਖ਼ਾਹਸ਼ ਪ੍ਰਗਟ ਕੀਤੀ ਤੇ ਉਹ ਮੰਨ ਗਈ। ਦੂਜੇ ਦਿਨ ਜਦੋਂ ਉਸ ਐਸਟਾਕ ਹੋਮ ਦੇ ਐਨ ਵਿਚਕਾਰ ਬਾਦਸ਼ਾਹ ਦੇ ਮਹਿਲ ਲਾਗੇ ਬਣੇ ਤਲਾਅ ਕੋਲ ਮਿਲੇ ਤਾਂ ਦੋਹਾਂ ਨੂੰ ਮਹਿਸੂਸ ਹੋਇਆ ਕਿ ਮਿਥੇ ਹੋਏ ਸਮੇਂ ਨਾਲੋਂ ਕਾਫੀ ਪਹਿਲਾਂ ਆ ਗਏ ਨੇ। ਲੰਮੇ ਕੱਦ ਤੇ ਪਤਲੇ ਸਰੀਰ ਦੇ ਸਲਾਹੁਦੀਨ ਨੇ ਆਪਣੇ ਬਾਰੇ ਦੱਸਿਆ, ''ਮੇਰਾ ਨਾਂ ਜ਼ਰਾ ਮੁਸ਼ਕਿਲ ਹੈ...ਵੈਸੇ ਘਰ ਵਾਲੇ ਮੈਨੂੰ ਬਚਪਨ ਤੋਂ ਹੀ ਸੱਲੂ ਆਖ ਕੇ ਬੁਲਾਂਦੇ ਨੇ।'' ਉਹਨਾਂ ਇਕੱਠਿਆਂ ਹੀ ਇਕ ਫ਼ੈਸਲਾ ਕੀਤਾ ਕਿ ਅੰਗਮਾਰ ਬਰਗਮਨ ਦੀ ਫ਼ਿਲਮ ਦੇਖੀ ਜਾਏ। ...ਪਰ ਜਦੋਂ ਸਨੇਮਾ ਹਾਲ ਸਾਹਵੇਂ ਟਿਕਟ ਲੈਣ ਦੇ ਇਰਾਦੇ ਨਾਲ ਖੜ੍ਹੇ ਹੋਏ ਸਨ ਤਾਂ ਲੀਨਾ ਨੇ ਕਿਹਾ ਸੀ, ''ਜੇ ਤੈਨੂੰ ਬੁਰਾ ਨਾ ਲੱਗੇ ਤਾਂ ਸੱਲੂ ਆਪਾਂ ਇਹ ਫ਼ਿਲਮ ਦੇਖਣ ਦਾ ਪ੍ਰੋਗਰਾਮ ਕੈਂਸਲ ਕਰ ਦੇਈਏ। ਫ਼ਿਲਮ ਉਹਨਾਂ ਲੋਕਾਂ ਨਾਲ ਦੇਖੀ ਜਾਂਦੀ ਏ, ਜਿਹਨਾਂ ਨਾਲ ਗੱਲਾਂ ਕਰਨ ਨੂੰ ਜੀਅ ਨਾ ਕਰਦਾ ਹੋਏ।...ਤੇ ਉਂਜ ਵੀ ਹਾਲ ਦੇ ਹਨੇਰੇ ਵਿਚ ਫ਼ਿਲਮ ਵੱਲੋਂ ਲਾਪ੍ਰਵਾਹ ਤੂੰ ਇਹੀ ਸੋਚਦਾ ਰਹੇਂਗਾ ਕਿ ਕਿਸੇ ਬਹਾਨੇ ਲੀਨਾ ਦਾ ਹੱਥ ਫੜਾਂ ਤੇ ਚੁੰਮ ਲਵਾਂ...ਤੇ ਮੈਂ ਸੋਚ ਰਹੀ ਹੋਵਾਂਗੀ ਕਿ ਕਾਸ਼ ਤੂੰ ਆਪਣੇ ਇਰਾਦਿਆਂ ਵਿਚ ਕਾਮਯਾਬ ਹੋ ਜਾਏਂ।'' ਟਿਕਟ ਖਿੜਕੀ ਦੇ ਸਾਹਮਣੇ ਲੱਗੀ ਲਾਈਨ ਵਿਚ ਲੀਨਾ ਸੱਲੂ ਦੇ ਬਰਾਬਰ ਖੜ੍ਹੀ ਸੀ, ਏਨਾ ਕਹਿ ਕੇ ਪੂਰੀ ਤਰ੍ਹਾਂ ਘੁੰਮ ਗਈ ਤੇ ਕਹਿਣ ਲੱਗੀ, ''ਇਹ ਨੇ ਮੇਰੇ ਹੱਥ, ਲੈ ਇਹਨਾਂ ਨੂੰ ਪਕੜ ਲੈ ਸੱਲੂ...ਤੇ ਇਹ ਨੇ ਮੇਰੇ ਹੋਂਠ, ਚੁੰਮ ਲੈ ਇਹਨਾਂ ਨੂੰ।'' ਲੀਨਾ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਉਸ ਪਿਆਰ ਦੀ ਪ੍ਰਾਪਤੀ ਦੇ ਇੰਤਜ਼ਾਰ ਵਿਚ ਬੰਦ ਕਰ ਲਈਆਂ ਜਿਸਦੀ ਇੱਛਾ ਸੱਲੂ ਦੇ ਮਨ ਵਿਚ ਵੀ ਸੀ। ਉਸਨੇ ਲੀਨਾ ਦੇ ਦੋਹੇਂ ਅੱਗੇ ਵਧੇ ਹੋਏ ਹੱਥ ਫੜ੍ਹ ਲਏ ਤੇ ਉਸਨੂੰ ਆਪਣੇ ਵੱਲ ਖਿੱਚ ਕੇ ਵਾਰੀ ਵਾਰੀ ਉਸਦੀਆਂ ਬੰਦ ਅੱਖਾਂ ਨੂੰ ਚੁੰਮਿਆਂ। ਤੇ ਫੇਰ ਉਹ ਦੋਹੇਂ ਸਿਨੇਮਾ ਹਾਲ ਵਿਚੋਂ ਬਾਹਰ ਨਿਕਲ ਆਏ। ਘੰਟਿਆਂ ਬੱਧੀ ਸ਼ਹਿਰ ਵਿਚ ਘੁੰਮਦੇ ਰਹੇ। ਕਿਤੇ ਕਾਫੀ ਪੀਤੀ, ਕਿਤੋਂ ਸੈਂਡਵਿਚ ਖਾਧੇ। ਤੇ ਉਸ ਸ਼ਾਮ ਦੇ ਤੀਸਰੇ ਪਹਿਰ ਹੀ ਦੋਹਾਂ ਨੇ ਰਲ ਕੇ, ਲੀਨਾ ਦੇ ਹਸਪਤਾਲ ਦੇ ਨੇੜੇ ਹੀ ਇਕ ਛੋਟਾ ਜਿਹਾ ਫ਼ਲੈਟ ਕਿਰਾਏ ਉੱਤੇ ਲੈ ਲਿਆ ਸੀ।  
ਸਲਾਹੂਦੀਨ ਉਸਨੂੰ ਹਿੰਦੂਸਤਾਨ ਬਾਰੇ ਦੱਸਦਾ ਰਹਿੰਦਾ ਕਿ ਉੱਥੇ ਲੋੜਾਂ ਥੁੜਾਂ ਦੇ ਬਾਵਜੂਦ ਵੀ ਲੋਕੀ ਖੁਸ਼ ਤੇ ਸੰਤੁਸ਼ਟ ਰਹਿੰਦੇ ਨੇ ਤੇ ਆਪਣੇ ਪਿਆਰਿਆਂ ਨਾਲ ਰੁੱਖੀ-ਮਿੱਸੀ ਖਾ ਕੇ ਵੀ ਖ਼ੁਦਾ ਦਾ ਸ਼ੁਕਰ ਕਰਦੇ ਨੇ। ਲੀਨਾ ਸਲਾਹੂਦੀਨ ਨੂੰ ਸਵੀਡਨ ਬਾਰੇ ਦੱਸਦੀ—ਜਿੱਥੇ ਜੀਵਨ-ਪੱਧਰ ਖਾਸਾ ਉੱਚਾ ਤੇ ਖੁਸ਼ਹਾਲ ਹੋਣ ਦੇ ਬਾਵਜੂਦ ਵੀ ਦਿਨ ਪ੍ਰਤੀ ਦਿਨ ਖ਼ੁਦਕਸ਼ੀ ਦੀਆਂ ਵਾਰਦਾਤਾਂ ਵਧ ਰਹੀਆਂ ਹੈਨ। ਲੋਕ ਆਪਣੇ ਅੰਦਰ ਇਕ ਖੋਖਲਾਪਨ ਮਹਿਸੂਸ ਕਰਦੇ ਨੇ। ਰਾਤੀਂ ਕਾਫੀ ਦੇਰ ਤਕ ਗਰਮ ਪਾਣੀ ਨਾਲ ਨਹਾਉਣ ਤੋਂ ਪਿੱਛੋਂ ਲੀਨਾ ਆਪਣੇ ਗਿੱਲੇ ਲਈ ਸਲਾਹੂਦੀਨ ਕੋਲ ਆ ਲੇਟਦੀ। ਉਹ ਉਸਨੂੰ ਆਪਣੀ ਕਿਸੇ ਕਹਾਣੀ ਦਾ ਅਨੁਵਾਦ ਸੁਣਾਉਂਦਾ। ਤੇ ਇਕ ਰਾਤ ਜਦੋਂ ਸਲਾਹੂਦੀਨ ਲਗਭਗ ਸੌਂ ਹੀ ਚੱਲਿਆ ਸੀ, ਲੀਨਾ ਨੇ ਪੁੱਛਿਆ :
'ਸੱਚ ਦੱਸੀਂ ਸੱਲੂ—ਕੀ ਤੂੰ ਇਕ ਲੇਖਕ ਹੋਣ ਕਰਕੇ ਹੀ ਮੈਨੂੰ ਪਸੰਦ ਕੀਤਾ ਏ?'' ਸਲਾਹੂਦੀਨ ਨੇ ਉਨੀਂਦਰੀਆਂ ਅੱਖਾਂ ਖੋਲ੍ਹ ਕੇ ਉਸ ਵੱਲ ਦੇਖਿਆ...ਉਹ ਬਿਸਤਰੇ ਉੱਤੇ ਮੂਧੀ ਪਈ ਹੋਈ ਸੀ ਤੇ ਉਸ ਦਾ ਗ਼ੁਲਾਬੀ ਚਿਹਰਾ ਸਿਰਹਾਣੇ ਵਿਚ ਛਿਪਿਆ ਹੋਇਆ ਸੀ—ਸ਼ਾਇਦ ਏਸੇ ਕਰਕੇ ਹੀ ਸਲਾਹੂਦੀਨ ਨੂੰ ਉਸਦੀ ਆਵਾਜ਼ ਕੁਝ ਓਪਰੀ ਜਿਹੀ ਲੱਗੀ ਸੀ।
'ਲੇਖਕ ਹੋਣ ਕਰਕੇ ਮੈਂ ਕੁਝ ਵੀ ਨਹੀਂ ਕਰਦਾ ਲੀਨਾ।'' ਸਲਾਹੂਦੀਨ ਨੇ ਜ਼ਰਾ ਸੋਚ ਕੇ ਜਵਾਬ ਦਿੱਤਾ, ''ਹਾਂ ਜਿਹੜਾ ਲੇਖਕ ਮੇਰੇ ਵਿਚ ਛਿਪਿਆ ਹੋਇਐ, ਉਹ ਮੇਰੇ ਕੁਝ ਤਜ਼ਰਬਿਆਂ, ਕੁਝ ਤੱਥਾਂ, ਕੁਝ ਅਹਿਸਾਸਾਂ ਦਾ ਚੁੱਪਚਾਪ ਫਾਇਦਾ ਉਠਾਅ ਲੈਂਦੈ...ਤੇ ਜਦੋਂ ਉਹ ਇੰਜ ਕਰਦੈ, ਤਾਂ ਮੈਨੂੰ ਉਸਦੀ ਮੁਹਾਰਤ ਉੱਤੇ ਈਰਖਾ ਹੋਣ ਲੱਗ ਪੈਂਦੀ ਐ। ਉਹ ਇਕ ਤਜ਼ਰਬੇਕਾਰ ਚੋਰ ਐ—ਜਿਹੜਾ ਦਿਨ ਦਿਹਾੜੇ ਸਭਨਾਂ ਦੇ ਸਾਹਮਣੇ ਮੇਰੀ ਚੋਰੀ ਕਰ ਲੈਂਦੈ।''
'ਕੀ ਤੂੰ ਉਹ ਨਹੀਂ, ਜੋ ਕੋਰੇ ਕਾਗਜ਼ ਉੱਤੇ ਪਾਤਰ ਨੂੰ ਜਿਹੋ-ਜਿਹਾ ਚਾਹੇਂ, ਬਣਾਅ ਦਏਂ?'' ਲੀਨਾ ਨੇ ਸਿਰਹਾਣੇ ਤੋਂ ਸਿਰ ਚੁੱਕ ਕੇ ਸਲਾਹੂਦੀਨ ਵੱਲ ਪਾਸਾ ਪਰਤਿਆ ਤੇ ਪਤਲੀਆਂ ਪਤਲੀਆਂ ਉਂਗਲਾਂ ਉਸਦੇ ਬੁੱਲ੍ਹਾਂ ਉੱਤੇ ਫੇਰਨ ਲੱਗ ਪਈ। ਉਸ ਰਾਤ ਲੀਨਾ ਨੇ ਸ਼ਾਇਦ ਸਲਾਹੂਦੀਨ ਅੰਦਰ ਛਿਪੀ ਲੇਖਨ-ਪ੍ਰਤਿਭਾ ਨੂੰ ਘੋਖਣ ਦਾ ਇਰਾਦਾ ਕਰ ਲਿਆ ਸੀ।
'ਬੜਾ ਮੁਸ਼ਕਲ ਸਵਾਲ ਐ ਇਹ।'' ਸਲਾਹੂਦੀਨ ਨੇ ਲੀਨਾ ਨੂੰ ਆਪਣੇ ਨੇੜੇ ਖਿੱਚ ਲਿਆ। ''ਉਹ ਮੈਂ ਹੁੰਦਾ ਵੀ ਹਾਂ, ਤੇ ਨਹੀਂ ਵੀ ਹੁੰਦਾ। ਜੇ ਸੱਚਮੁੱਚ ਮੇਰੇ ਵਿਚ ਇਹ ਤਾਕਤ ਹੁੰਦੀ ਕਿ ਇਨਸਾਨ ਨੂੰ ਜਿਵੇਂ ਚਾਹਾਂ ਪੇਸ਼ ਕਰ ਦਿਆਂ ਤਾਂ ਮੈਨੂੰ ਬੜਾ ਅਫ਼ਸੋਸ ਹੋਣਾ ਸੀ।...ਕਿਉਂਕਿ ਅਸਲ ਜ਼ਿੰਦਗੀ ਵਿਚ ਤਾਂ ਮੇਰੇ ਕੁਝ ਵੀ ਹੱਥ ਵੱਸ ਨਹੀਂ—ਲੋਕੀ ਜਿਵੇਂ ਚਾਹੁੰਦੇ ਐ, ਕਰਦੇ ਨੇ। ਇਨਸਾਨ ਨੂੰ ਆਪਣੀ ਮਰਜ਼ੀ ਮੁਤਾਬਕ ਨਾ ਦੇਖ ਕੇ ਲੇਖਕ ਨਾਰਾਜ਼ ਵੀ ਹੋ ਸਕਦੈ।'' ਸਲਾਹੂਦੀਨ ਦੀ ਆਵਾਜ਼ ਵਿਚ ਨੀਂਦ ਦੀ ਪੈੜ-ਚਾਲ ਸੁਣਾਈ ਦੇਖ ਲੱਗੀ, ਉਸਨੇ ਅੱਖਾਂ ਬੰਦ ਕਰ ਲਈਆਂ।
'ਨਹੀਂ ਸੱਲੂ ਅੱਜ ਸੌਣਾ ਨਹੀਂ—ਆਪਾਂ ਕੁਝ ਗੱਲਾਂ ਕਰਾਂਗੇ।'' ਲੀਨਾ ਨੇ ਬੜੇ ਪਿਆਰ ਨਾਲ ਸਲਾਹੂਦੀਨ ਦੁਆਲੇ ਆਪਣੀਆਂ ਬਾਹਾਂ ਕੱਸ ਦਿੱਤੀਆਂ। ''ਸੱਲੂ ਕੀ ਤੂੰ ਮੇਰੇ ਨਾਲ ਗੁੱਸੇ ਵੀ ਹੋ ਸਕਦਾ ਏਂ ਕਦੀ?...ਸੱਚੋ-ਸੱਚ ਦੱਸੀਂ?''
'ਲੀਨਾ, ਪਿਆਰੀ ਲੀਨਾ।'' ਸਲਾਹੂਦੀਨ ਨੇ ਲੀਨਾ ਦਾ ਮੱਥਾ ਚੁੰਮ ਕੇ ਕਿਹਾ, ''ਤੇਰੇ ਨਾਲ ਬਿਤਾਏ ਹੋਏ ਪਲ, ਤੇਰੇ ਨਾਲ ਕੀਤੀਆਂ ਗੱਲਾਂ ਤੇ ਇਹ ਅੱਜ ਰਾਤ ਦੀ ਬਾਤਚੀਤ...ਇੰਜ ਲੱਗਦੈ ਜਿਵੇਂ ਮੇਰੀ ਕਿਸੇ ਕਹਾਣੀ ਦਾ ਹਿੱਸਾ ਹੋਏ ਤੇ ਤੂੰ ਉਸਦੀ ਇਕ ਪਾਤਰ, ਜਿਹੜੀ ਉਹ ਸਭ ਕੁਝ ਕਹਿ ਰਹੀ ਏਂ ਜਿਸਨੂੰ ਸੁਣਨ ਵਾਸਤੇ ਮੈਂ ਤਰਸਦਾ ਰਹਿੰਦਾ ਆਂ।''
'ਕੀ ਤੂੰ ਸੋਚਦਾ ਏਂ ਕਿ ਇੰਜ ਹੋਣਾ ਗਲਤ ਹੈ?''
'ਹਾਂ, ਸੱਚੀ ਗੱਲ ਤਾਂ ਇਹ ਐ ਕਿ ਕਦੀ ਕਦੀ ਮੈਂ ਇੰਜ ਜ਼ਰੂਰ ਸੋਚਦਾਂ ਕਿ ਸਾਡੀ ਦੋਸਤੀ ਵਿਚ ਕੋਈ ਉਲਝਾਅ ਨਹੀਂ, ਜਿਹੜਾ ਕਹਾਣੀ ਵਿਚ ਹੋਣਾ ਲਾਜ਼ਮੀਂ ਹੁੰਦੈ—ਮਤਲਬ ਇਹ ਕਿ ਕਿਸੇ ਕਹਾਣੀ ਵਿਚ ਏਨਾ ਪੱਕਾ ਪਿਆਰ ਕਿੰਜ ਹੋ ਸਕਦੈ?'' ਤੇ ਸਲਾਹੂਦੀਨ ਨੇ ਸ਼ਾਇਦ ਲੀਨਾ ਦੇ ਹੋਂਠਾਂ ਉਪਰ ਬੋਸਾ ਏਨਾ ਲੰਮਾਂ ਕਰ ਦਿੱਤਾ ਸੀ ਕਿ ਉਹ ਬਹਿਸ ਕਰਨੀਂ ਭੁੱਲ ਗਈ ਸੀ। ਅਗਲੀ ਸਵੇਰੇ ਉਠੀ ਤਾਂ ਖਾਸੀ ਖੁਸ਼ ਸੀ ਉਹ...ਤੇ ਜਿਸ ਸਵੇਰ ਉਹ ਖੁਸ਼ ਹੁੰਦੀ ਸੀ ਸਲਾਹੂਦੀਆਂ ਦੀਆਂ ਤਲੀਆਂ ਵਿਚ ਕੁਤਕੁਤੀਆਂ ਕਰਕੇ ਉਸਨੂੰ ਜਗਾਉਂਦੀ ਹੁੰਦੀ ਸੀ। ਨਾਸ਼ਤਾ ਦੋਹੇਂ ਰਲ ਕੇ ਬਣਾਉਂਦੇ ਸਨ ਤੇ ਕਦੀ ਕਦੀ ਇੰਜ ਵੀ ਹੁੰਦਾ ਸੀ ਕਿ ਉਹ ਦੋਹੇਂ ਰਸੋਈ ਵਿਚ ਖਲੋਤੇ, ਉਬਲਦੇ ਡੁੱਲ੍ਹਦੇ ਦੁੱਧ ਨੂੰ ਦੇਖਦੇ ਰਹਿੰਦੇ ਤੇ ਇਕ ਦੂਜੇ ਨੂੰ ਛੱਡ ਕੇ ਨਾ ਤਾਂ ਅੱਗ ਘੱਟ ਕਰਦੇ ਤੇ ਨਾ ਹੀ ਪਤੀਲੀ ਹੇਠਾਂ ਲਾਹੁੰਦੇ।
'ਸੱਲੂ, ਇਕ ਹਿੰਦੂਸਤਾਨੀ ਵਿਚ ਪਤਨੀ ਵਿਚ ਕੀ ਵਿਸ਼ੇਸ਼ ਹੁੰਦਾ ਹੈ?'' ਇਕ ਸਵੇਰ ਉਬਲਦੇ ਡੁੱਲ੍ਹਦੇ ਦੁੱਧ ਵੱਲੋਂ ਲਾਪ੍ਰਵਾਹ ਲੀਨਾ ਨੇ ਸਲਾਹੂਦੀਨ ਨੂੰ ਪੁੱਛਿਆ। ਸੜ ਰਹੇ ਦੁੱਧ ਦੀ ਬੂ ਸਾਰੇ ਫਲੈਟ ਵਿਚ ਫੈਲਦੀ ਜਾ ਰਹੀ ਸੀ।
'ਵਫਾਦਾਰੀ...ਤਾਅਬੇਦਾਰੀ।'' ਏਨਾ ਕਹਿ ਦੇਣ ਪਿੱਛੋਂ ਤੁਰੰਤ ਸਲਾਹੂਦੀਨ ਨੂੰ ਅਹਿਸਾਸ ਹੋਇਆ ਕਿ ਇਹ ਖੂਬੀਆਂ ਤਾਂ ਲੀਨਾ ਵਿਚ ਵੀ ਸਨ, ਪਰ ਉਸਨੇ ਗੱਲ ਜਾਰੀ ਰੱਖੀ, ''ਚੂੜੀਆਂ ਦੀ ਖਣਕਾਰ ਹੁੰਦੀ ਐ...ਮਾਂਗ ਵਿਚ ਸੰਧੂਰ ਹੁੰਦਾ ਐ...ਸੁਹਾਗ ਦਾ ਗਰੂਰ ਹੁੰਦਾ ਐ।'' ਉਦੋਂ ਸਲਾਹੂਦੀਨ ਨੇ ਦੇਖਿਆ, ਲੀਨਾ ਦਾ ਚਿਹਰਾ ਉਤਰ ਗਿਆ ਸੀ। ਉਸਨੇ ਦੁੱਧ ਵਾਲੇ ਬਰਤਨ ਨੂੰ ਹੇਠ ਲਾਹਿਆ, ਅੱਗ ਬੁਝਾ ਦਿੱਤੀ ਤੇ ਹਸਪਤਾਲ ਜਾਣ ਦਾ ਬਹਾਨਾ ਕਰਕੇ ਫਲੈਟ ਵਿਚੋਂ ਚਲੀ ਗਈ...ਹਾਲਾਂਕਿ ਉਸ ਦਿਨ ਉਸਦੀ ਰੈਸਟ ਸੀ। ਉਸ ਸ਼ਾਮ ਲੀਨਾ ਨੇ ਸਲਾਹੂਦੀਨ ਸਾਹਮਣੇ ਇਹ ਅਨੋਖੀ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਆਪਣੇ ਉੱਤੇ ਇਕ ਕਹਾਣੀ ਲਿਖਵਾਉਣਾ ਚਾਹੁੰਦੀ ਹੈ। ਲੀਨਾ ਦੇ ਲੱਕ ਦੁਆਲੇ ਬਾਹਾਂ ਵਲੀ, ਦਰਿਆ ਕਿਨਾਰੇ ਬਣੀ ਹੋਈ ਉੱਚੀ ਨੀਵੀਂ ਪਗਡੰਡੀ ਉੱਤੇ ਤੁਰਦਾ ਹੋਇਆ ਸਲਾਹੂਦੀਨ ਸੋਚ  ਰਿਹਾ ਸੀ—ਉਹਨਾਂ ਵਿਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ। ਉਸਨੂੰ ਆਪਣੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਉਸਨੇ ਕਿਹਾ—
'ਕਈ ਲੇਖਕ ਇਹ ਸਮਝਦੇ ਐ ਲੀਨਾ ਕਿ ਉਹ ਉਹੀ ਕੁਝ ਲਿਖਦੇ ਐ ਜੋ ਜ਼ਿੰਦਗੀ ਵਿਚ ਵਾਪਰ ਰਿਹਾ ਐ...ਤੇ ਕਈ ਅਜਿਹੇ ਐ, ਜਿਹੜੇ ਸੋਚਦੇ ਐ ਕਿ ਜ਼ਿੰਦਗੀ ਉਹਨਾਂ ਦੀਆਂ ਲਿਖਤਾਂ ਮੁਤਾਬਕ ਚੱਲ ਰਹੀ ਐ।''
'ਮੈਂ ਤੈਨੂੰ ਅਥਾਹ ਪ੍ਰੇਮ ਕਰਦੀ ਆਂ ਸੱਲੂ—ਉਸੇ ਸ਼ਾਮ ਤੋਂ ਜਦੋਂ ਇਸੇ ਪਗਡੰਡੀ ਉੱਤੇ ਤੈਨੂੰ ਪਹਿਲੀ ਵਾਰੀ ਦੇਖਿਆ ਸੀ। ਇਹਨਾਂ ਅਠਾਰਾਂ ਮਹੀਨਿਆਂ ਵਿਚ ਮੇਰਾ ਯਕੀਨ ਪੱਕਾ ਹੋ ਗਿਆ ਏ ਕਿ ਮੈਂ ਹਮੇਸ਼ਾ ਤੈਨੂੰ ਏਨਾ ਹੀ ਪਿਆਰ ਕਰ ਸਕਦੀ ਆਂ। ਤੇਰੀਆਂ ਸਾਰੀਆਂ ਕਹਾਣੀਆਂ ਮੈਨੂੰ ਪਸੰਦ ਨੇ—ਉਹ ਜਿਹੜੀਆਂ ਛਪ ਚੁੱਕੀਆਂ ਨੇ, ਤੇ ਉਹ ਵੀ ਜਿਹੜੀਆਂ ਤੂੰ ਛਪਾਉਣਾ ਨਹੀਂ ਚਾਹੁੰਦਾ। ਮੈਂ ਚਾਹੁੰਦੀ ਆਂ...ਬਲਕਿ ਮੇਰੀ ਅਰਜ਼ ਏ ਕਿ ਤੂੰ ਮੇਰੇ ਉੱਤੇ ਇਕ ਕਹਾਣੀ ਲਿਖ। ਤੇਰੇ ਅੰਦਰਲਾ ਕਹਾਣੀਕਾਰ ਜੋ ਵੀ ਉਸ ਕਹਾਣੀ ਦਾ ਅੰਤ ਪੇਸ਼ ਕਰੇਗਾ, ਮੈਨੂੰ ਕਬੂਲ ਹੋਏਗਾ...ਚਾਹੇ ਉਹ ਹਮੇਸ਼ਾ ਲਈ ਮਿਲਣ ਹੋਏ, ਚਾਹੇ ਜੁਦਾਈ।'' ਲੀਨਾ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗੇ। ਸ਼ਾਮ ਦੀ ਲਾਲੀ ਦੀਆਂ ਰੰਗੀਨੀਆਂ ਸਿਮਟ ਕੇ ਅਸਮਾਨ ਦੇ ਪੱਛਮੀ ਕੋਨੇ ਵਿਚ ਕੁਝ ਗਜਾਂ ਦਾ ਹਾਸ਼ੀਆਂ ਬਣ ਗਈਆਂ ਸਨ। ਦੂਰ ਐਸਟਾਕ ਹੋਮ ਦੀਆਂ ਇਮਾਰਤਾਂ ਵੱਲੋਂ ਰੌਸ਼ਨੀ ਦਾ ਇਕ ਗੁਬਾਰ ਜਿਹਾ ਉਠਦਾ ਦਿਸਿਆ। ਸਲਾਹੂਦੀਨ ਨੇ ਤੁਰਦਿਆਂ ਤੁਰਦਿਆਂ ਰੁਕ ਕੇ ਲੀਨਾ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ਵਾਰੀ ਵਾਰੀ ਨਾਲ ਉਸਦੀਆਂ ਸਿੱਜਲ ਅੱਖਾਂ, ਭਿੱਜੀਆਂ ਗੱਲ੍ਹਾਂ ਤੇ ਹੋਠਾਂ ਨੂੰ ਚੁੰਮਦਿਆਂ ਕਿਹਾ—
'ਤੂੰ ਕਹੇਂ ਤਾਂ ਮੈਂ ਹੁਣੇ ਤੇਰੇ ਨਾਲ ਵਿਆਹ ਕਰਵਾ ਲਵਾਂ...ਪਰ ਇਹ ਜ਼ਿੰਮੇਵਾਰੀ ਮੇਰੇ ਲੇਖਕ ਨੂੰ ਨਾ ਸੌਂਪੀ। ਪਤਾ ਨਹੀਂ ਉਹ ਕੀ ਫੈਸਲਾ ਕਰੇਗਾ—ਜੇ ਕਿਤੇ ਉਸਨੇ ਕਹਾਣੀ ਵਿਚ ਹੀਰੋ ਹੀਰੋਇਨ ਨੂੰ ਵੱਖ ਕਰ ਦਿੱਤਾ ਤਾਂ ਮੈਨੂੰ ਬੇਵਫ਼ਾ ਨਾ ਸਮਝੀਂ।''
'ਸੱਲੂ ਜਿੰਨਾਂ ਭਰੋਸਾ ਮੈਨੂੰ ਉਸ ਕਹਾਣੀਕਾਰ ਉੱਤੇ ਹੈ, ਤੈਨੂੰ ਵੀ ਹੋਣਾ ਚਾਹੀਦਾ ਏ।'' ਲੀਨਾ ਨੇ ਸਲਾਹੂਦੀਨ ਦੀ ਠੋਡੀ ਹੇਠ ਆਪਣਾ ਸਿਰ ਟਿਕਾ ਦਿੱਤਾ, ''ਉਹ ਜੋ ਵੀ ਫ਼ੈਸਲਾ ਕਰੇਗਾ ਤੈਨੂੰ ਵੀ ਮੰਨਣਾ ਪਏਗਾ ਸੱਲੂ।''
ਇਸ ਘਟਨਾਂ ਨੂੰ ਸੱਤ ਹਫਤੇ ਬੀਤ ਚੁੱਕੇ ਨੇ। ਲੀਨਾ ਤੇ ਸਲਾਹੂਦੀਨ ਦੀਨ ਅੱਜ ਵੀ ਉਸੇ ਫਲੈਟ ਵਿਚ ਰਹਿੰਦੇ ਨੇ। ਪਰ ਹੁਣ ਕਿਸੇ ਸਵੇਰ ਲੀਨਾ ਸਲਾਹੂਦੀਨ ਦੀਆਂ ਤਲੀਆਂ ਵਿਚ ਕੁਤਕੁਤੀਆਂ ਕਰਕੇ ਉਸਨੂੰ ਨਹੀਂ ਜਗਾਉਂਦੀ ਤੇ ਨਾ ਹੀ ਫਲੈਟ ਵਿਚ ਸੜ ਰਹੇ ਦੁੱਧ ਦੀ ਬੂ ਫੈਲਦੀ ਹੈ। ਸਲਾਹੂਦੀਨ ਨੇ ਆਪਣੇ ਜਜ਼ਬਾਤ ਤੇ ਅਹਿਸਾਸ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਨੇ...ਪਰ ਅੱਜ ਤੱਕ ਉੱਥੇ ਕੋਈ ਚੋਰੀ ਕਰਨ ਨਹੀਂ ਆਇਆ। ਅਕਸਰ ਉਹ ਰਾਤ ਨੂੰ ਕਾਗਜ਼ ਕਲਮ ਫੜ੍ਹ ਕੇ ਟੇਬਲ ਲੈਂਪ ਕੋਲ ਜਾ ਬੈਠਦਾ ਹੈ...ਪਰ ਦੋ ਅੱਖਰ ਵੀ ਨਹੀਂ ਲਿਖ ਸਕਦਾ। ਸਲਾਹੂਦੀਨ ਨੂੰ ਪਤਾ ਹੈ ਕਿ ਜੇ ਉਹ ਲੀਨਾ ਨਾਲ ਵਿਆਹ ਕਰਵਾਊਣ ਦੀ ਜ਼ਿੱਦ ਕਰੇਗਾ ਤਾਂ ਵੀ ਉਹ ਨਹੀਂ ਮੰਨੇਗੀ। ਹੁਣ ਉਹ ਲੀਨਾ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ। ਲੀਨਾ ਸਲਾਹੂਦੀਨ ਵਿਚਲੇ ਕਹਾਣੀਕਾਰ ਨੂੰ ਹੀ ਪ੍ਰੇਮ ਕਰਦੀ ਹੈ, ਸਿਰਫ ! ਸਲਾਹੂਦੀਨ ਸੋਚਦਾ ਹੈ—ਕਾਸ਼, ਉਹ ਕਹਾਣੀਕਾਰ ਨਾ ਹੁੰਦਾ।
      ੦੦੦ ੦੦੦ ੦੦੦
ਇਹ ਕਹਾਣੀ ਸਨ 1986 ਵਿਚ ਜਗਬਾਣੀ ਵਿਚ ਛਪੀ….

Wednesday, June 3, 2009

ਕਤਰਾ ਕਤਰਾ ਜ਼ਿੰਦਗੀ :: ਲੇਖਕ : ਫਿਰੋਜ਼ ਆਲਮ

ਪ੍ਰਵਾਸੀ ਉਰਦੂ ਕਹਾਣੀ : ਕਤਰਾ ਕਤਰਾ ਜ਼ਿੰਦਗੀ :: ਲੇਖਕ : ਫਿਰੋਜ਼ ਆਲਮ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਲਿੰਡਾ ਜਾਨਸਨ ਨਾਲ ਤੀਜੀ ਤੇ ਵਿਸਥਾਰ ਭਰੀ ਗੱਲਬਾਤ ਕਰ ਕੇ ਮੈਂ ਹੁਣੇ-ਹੁਣੇ ਘਰ ਵਾਪਸ ਆਇਆ ਹਾਂ। ਉਸਨੇ ਇਕ ਵਾਰੀ ਫੇਰ ਮੈਨੂੰ ਮੈਨੂੰ ਪੂਰੇ ਹੌਸਲੇ ਤੇ ਵਿਸ਼ਵਾਸ ਨਾਲ ਦੱਸਿਆ ਹੈ ਕਿ ਉਹ ਆਪਣੇ ਫੈਸਲੇ ਉੱਤੇ ਕਾਇਮ ਹੈ ਤੇ ਇਸ ਮਾਮਲੇ ਵਿਚ ਮੈਨੂੰ ਆਪਣਾ ਕਾਨੂੰਨੀ ਤੇ ਨੈਤਿਕ ਫਰਜ਼ ਨਿਭਾਉਣਾ ਪਵੇਗਾ। ਇਹ ਮੇਰੇ ਲਈ ਬੜੇ ਮੁਸ਼ਕਿਲ ਪਲ ਹਨ ਤੇ ਮੈਂ ਦਿਮਾਗ਼ੀ ਉਧੇੜ-ਬੁਣ ਵਿਚ ਉਲਝ ਕੇ ਰਹਿ ਗਿਆ ਹਾਂ। ਇਸ ਹਾਲਤ ਵਿਚ ਮੈਨੂੰ ਕਾਫੀ ਦੇ ਇਕ ਸਟਰੌਂਗ ਜਿਹੇ ਕੱਪ ਦੀ ਲੋੜ ਮਹਿਸੂਸ ਹੋ ਰਹੀ ਹੈ। ਸ਼ਾਮ ਹੋ ਚੁੱਕੀ ਹੈ। ਡੁੱਬਦੇ ਸੂਰਜ ਦੀਆਂ ਕਿਰਨਾਂ ਮੇਰੇ ਸਟੱਡੀ ਰੂਮ ਦੀ ਹਰੇਕ ਚੀਜ਼ ਨੂੰ ਰੁਸ਼ਨਾ ਰਹੀਆਂ ਹਨ ਤੇ ਹੇਠਾਂ ਸਮੁੰਦਰ ਦੀਆਂ ਲਹਿਰਾਂ, ਕਿਨਾਰਿਆਂ ਦੀ ਸੁੰਦਰ ਰੇਤ ਉੱਤੇ ਪਿਘਲਿਆ ਹੋਇਆ ਸੋਨਾ ਬਰੂਰ ਰਹੀਆਂ ਹਨ।

ਮੈਂ ਸੋਚ ਰਿਹਾ ਹਾਂ---ਬੀਤੇ ਹੋਏ ਬਹੁਤ ਸਾਰੇ ਦਿਨ ਮੇਰੇ ਸਾਹਮਣੇ, ਪਰਤ-ਦਰ-ਪਰਤ, ਖੁੱਲ੍ਹ ਰਹੇ ਹਨ। ਪਰ ਇਹ ਮੇਰੀ ਨਹੀਂ ਲਿੰਡਾ ਦੀ ਕਹਾਣੀ ਹੈ---ਮੈਂ ਲਿੰਡਾ ਬਾਰੇ ਫੈਸਲਾ ਕਰਨਾ ਹੈ। ਲਿੰਡਾ, ਜਿਸਨੂੰ ਪਿਛਲੇ ਹਫ਼ਤੇ ਹੀ ਪੱਚੀਵਾਂ ਸਾਲ ਲੱਗਿਆ ਹੈ। ਮੈਂ ਖ਼ੁਦ ਉਸਦੀ ਚੌਵੀਵੀਂ ਵਰ੍ਹੇਗੰਢ ਪਾਰਟੀ ਵਿਚ ਸ਼ਾਮਲ ਸਾਂ। ਕਈ ਸਾਲ ਪਹਿਲਾਂ, ਜੇ ਸਹੀ ਗਿਣਤੀ ਕੀਤੀ ਜਾਵੇ ਤਾਂ ਇਕੱਤੀ ਸਾਲ ਪਹਿਲਾਂ, ਜਦੋਂ ਮੈਂ ਮਸ਼ਕਿਨ ਵਿਚ ਡਾਕਟਰੀ ਦੀ ਉੱਚ ਤਾਲੀਮ ਮੁਕੰਮਲ ਕੀਤੀ ਤਾਂ ਮੈਂ ਇਕ ਅਜਿਹੀ ਜਗ੍ਹਾ ਦੀ ਭਾਲ ਵਿਚ ਸਾਂ ਜਿੱਥੇ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕਰਾਂ ਤੇ ਫੇਰ ਉੱਥੋਂ ਦਾ ਹੋ ਕੇ ਹੀ ਰਹਿ ਜਾਵਾਂ। ਮੇਰੇ ਦਿਮਾਗ਼ ਵਿਚ ਇਕ ਛੋਟਾ ਜਿਹਾ ਖ਼ੂਬਸੂਰਤ ਸਮੁੰਦਰ ਦੇ ਕਿਨਾਰੇ ਵੱਸਿਆ ਹੋਇਆ ਸ਼ਹਿਰ ਸੀ, ਜਿਹੜਾ ਹਰਿਆ-ਭਰਿਆ ਹੋਵੇ ਤੇ ਜਿਸ ਦਾ ਮੌਸਮ ਮੈਨੂੰ ਮਸ਼ਕਿਨ ਦੀ ਦੋਜ਼ਖੀ ਸਰਦੀ ਦੀ ਯਾਦ ਭੁਲਾਅ ਦੇਵੇ। ਮੇਰੀ ਇੱਛਾ ਸੀ ਕਿ ਮੈਂ ਕੈਲੀਫੋਰਨੀਆ ਦੇ ਕਿਸੇ ਸਮੁੰਦਰ-ਤਟੀਏ ਸ਼ਹਿਰ ਵਿਚ ਵੱਸ ਜਾਵਾਂ---ਪਰ ਉਸ ਜ਼ਮਾਨੇ ਵਿਚ ਗ਼ੈਰ-ਮੁਲਕੀ ਡਾਕਟਰਾਂ ਦੇ ਕੈਲੀਫੋਰਨੀਆ ਵਿਚ ਪ੍ਰੈਕਟਿਸ ਕਰਨ ਵਿਚ ਅਣਗਿਣਤ ਅੜਚਣਾ ਸਨ। ਆਪਣੀ ਇਸ ਖੋਜ ਦੌਰਾਨ ਮੈਂ ਅਮਰੀਕਾ ਦੇ ਪੱਛਮੀ ਕਿਨਾਰੇ ਦਾ ਸਫਰ ਕੀਤਾ। ਉਹ ਸਮੁੰਦਰ ਤਟ ਦੁਨੀਆਂ ਦੇ ਹੁਸੀਨ-ਤਰੀਨ ਤਟਾਂ ਵਿਚ ਸ਼ਾਮਲ ਹੈ ਤੇ ਜਗ੍ਹਾ-ਜਗ੍ਹਾ ਇਸ ਦੇ ਦਿਲਕਸ਼ ਨਜ਼ਾਰੇ ਮੁਸਾਫਿਰ ਦੇ ਕਦਮ ਰੋਕ ਲੈਂਦੇ ਹਨ। ਸਮੁੰਦਰ ਦੇ ਕਿਨਾਰੇ ਬਲ ਖਾਂਦੀ ਸੜਕ ਕਦੀ ਤਾਂ ਕਈ ਸੌ ਫੁੱਟ ਉੱਚੀ ਘਾਟੀ ਵਿਚੋਂ ਲੰਘਦੀ ਹੋਈ ਢਲਾਣਾ ਵਿਚੋਂ ਹੇਠਲੇ ਵਿੰਗੇ-ਤਿਰਛੇ ਸਮੁੰਦਰੀ-ਕਿਨਾਰੇ ਦਾ ਨਜ਼ਾਰਾ ਪੇਸ਼ ਕਰਦੀ ਹੈ ਤੇ ਕਦੀ ਸਮੁੰਦਰ ਤੇ ਉਸ ਦੇ ਰੇਤਲੇ ਕਿਨਾਰੇ ਦੇ ਏਨਾ ਨੇੜਿਓਂ ਲੰਘਦੀ ਹੈ ਕਿ ਚਿਹਰੇ ਉੱਤੇ ਮਸਤੀ-ਲਹਿਰਾਂ ਦੀ ਫੁਆਰ ਪੈਣ ਲੱਗ ਪੈਂਦੀ ਹੈ।

ਸਫਰ ਦੌਰਾਨ ਉਹਨਾਂ ਵੱਖੋ-ਵੱਖਰੇ ਹਸਪਤਾਲਾਂ ਵਿਚ ਮੇਰੇ ਇੰਟਰਵਿਊ ਵੀ ਸਨ। ਆਖ਼ਰ ਮੈਂ ਅਮਰੀਕਾ ਦੇ ਪੱਛਮੀ ਤੱਟ ਉੱਤੇ ਸਥਿਤ ਰਿਆਸਤ ਆਰੇਗਨ ਦਾ ਇਹ ਛੋਟਾ ਜਿਹਾ ਸ਼ਹਿਰ ਆਪਣੇ ਲਈ ਚੁਣ ਲਿਆ। ਇਹ ਸ਼ਹਿਰ ਬਹਿਰੁਲ-ਕਾਹਿਲ (ਸ਼ਾਂਤ ਮਹਾਂ ਸਾਗਰ) ਦੇ ਕੰਢੇ ਉੱਤਰ ਸੀ। ਸ਼ਹਿਰ ਹਰਾ-ਭਰਿਆ ਸੀ ਤੇ ਪਹਾੜੀਆਂ ਨਾਲ ਘਿਰਿਆ ਹੋਇਆ ਵੀ ਤੇ ਪਹਾੜੀਆਂ ਦੀਆਂ ਢਲਣਾਂ ਉੱਤੇ ਮਨੋਬਰ, ਚਨਾਰ ਤੇ ਓਕ ਦੇ ਦਰਖ਼ਤਾਂ ਦੇ ਝੁੰਡ ਸਨ। ਡਾਕਟਰਾਂ ਦੀ ਕਮੀ ਸੀ ਇਸ ਲਈ ਉੱਥੋਂ ਦੇ ਵਸਨੀਕਾਂ ਨੇ ਨਾ ਸਿਰ ਪੂਰੇ ਜੋਸ਼ ਨਾਲ ਮੇਰਾ ਸਵਾਗਤ ਕੀਤਾ ਸਗੋਂ ਪ੍ਰੈਕਟਿਸ ਸ਼ੁਰੂ ਕਰਨ ਵਿਚ ਪੂਰੀ ਖੁੱਲ੍ਹ-ਦਿਲੀ ਨਾਲ ਮੇਰੀ ਮਾਲੀ ਮਦਦ ਵੀ ਕੀਤੀ। ਮੇਰੀ ਡਿਗਰੀ ਜਨਰਲ ਪ੍ਰੈਕਟੀਸ਼ਨਰ ਦੀ ਸੀ ਤੇ ਇਸ ਵਿਚ ਜੱਚਗੀ ਕਰਵਾਉਣ ਦੀ ਪੜ੍ਹਾਈ ਵੀ ਸ਼ਾਮਲ ਸੀ।

ਅਮਰੀਕਾ ਦੇ ਛੋਟੇ ਸ਼ਹਿਰਾਂ ਵਿਚ ਜਨਰਲ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦਾ ਇਕ ਵਿਸ਼ੇਸ਼ ਸਥਾਨ ਹੁੰਦਾ ਹੈ। ਸ਼ਹਿਰੀ ਉਹਨਾਂ ਨੂੰ ਡਾਕਟਰ ਹੋਣ ਦੇ ਨਾਲ ਨਾਲ ਦੋਸਤ, ਰਹਿਬਰ ਤੇ ਪਤਾ ਨਹੀਂ ਕੀ-ਕੀ ਸਮਝਦੇ ਹਨ। ਖਾਸ ਤੌਰ ਤੇ ਜ਼ਿੰਦਗੀ ਦੇ ਉਲਝੇ ਹੋਏ ਮਸਲਿਆਂ ਵਿਚ ਉਹ ਉਹਨਾਂ ਉੱਪਰ ਏਨਾ ਵਿਸ਼ਵਾਸ ਕਰਦੇ ਹਨ ਤੇ ਉਹਨਾਂ ਤੋਂ ਉਹੋ-ਜਿਹੀ ਸਲਾਹ ਦੀ ਆਸ ਕਰਦੇ ਹਨ, ਜਿਹੋ ਜਿਹੀ ਕਿਸੇ ਰੂਹਾਨੀ ਪੇਸ਼ਵਾ ਤੋਂ ਜਾਂ ਕਿਸੇ ਮਾਹਿਰ ਸਾਇਕੈਟਰਿਸਟ ਤੋਂ ਕੀਤੀ ਜਾਂਦੀ ਹੈ। ਮੇਰੇ ਆਪਣੇ ਸੁਭਾਅ ਵਿਚ ਵੀ ਲੋਕਾਂ ਨਾਲ ਘੁਲ-ਮਿਲ ਜਾਣ ਤੇ ਉਹਨਾਂ ਦੇ ਦੁਖ-ਦਰਦ ਸੁਣਨ ਦੀ ਵਿਸ਼ੇਸ਼ਤਾ ਹੈ ਇਸ ਲਈ ਮੈਂ ਬੜੀ ਜਲਦੀ ਉਸ ਕਿਮਊਨਿਟੀ ਵਿਚ ਮਸ਼ਹੂਰ ਹੋ ਗਿਆ।

ਜਾਨਸਨ ਫੈਮਿਲੀ ਨਾਲ ਮੇਰੀ ਇਸੇ ਜ਼ਮਾਨੇ ਵਿਚ ਮੁਲਾਕਾਤ ਹੋਈ। ਮਿਸਟਰ ਜਾਨਸਨ ਬੀਮੇ ਦਾ ਕਾਰੋਬਾਰ ਕਰਦੇ ਸਨ। ਉਹਨਾਂ ਦਾ ਇਕ ਛੋਟਾ ਜਿਹਾ ਘਰ ਸੀ ਜਿਹੜਾ ਸ਼ਹਿਰ ਦੇ ਪੁਰਾਣੇ ਹਿੱਸੇ, ਪਰ ਰੱਜੇ-ਪੁੱਜੇ ਲੋਕਾਂ ਦੀ ਆਬਾਦੀ ਵਿਚ ਸੀ। ਉਹਨਾਂ ਦੀ ਘਰ ਵਾਲੀ ਭਾਰੇ ਜਿਸਮ ਦੀ ਜ਼ਨਾਨੀ ਸੀ ਜਿਸ ਦੀਆਂ ਗੱਲ੍ਹਾਂ ਉੱਪਰ ਹਰ ਸਮੇਂ ਗੁਲਾਬੀ ਅੰਗਿਆਰ ਭਖ਼ਦੇ ਰਹਿੰਦੇ ਸਨ। ਧੁੱਪ ਵਿਚ ਤਾਂ ਕੁਝ ਮਿੰਟ ਵੀ ਨਹੀਂ ਸੀ ਖਲੋ ਸਕਦੀ ਉਹ। ਖ਼ੁਦ ਹੀ ਸ਼ਰਮਿੰਦਾ ਜਿਹੀ ਹੋ ਕੇ ਕਹਿੰਦੀ, "ਕੀ ਕਰਾਂ ਮੇਰੀ ਚਮੜੀ, ਆਇਰਲੈਂਡ ਦੀ ਸਸਤੀ ਚਮੜੀ ਏ।" ਇਹਨਾਂ ਦੇ ਪਹਿਲਾਂ ਹੀ ਦੋ ਪਿਆਰੇ-ਪਿਆਰੇ ਬੱਚੇ ਸੀ। ਦੋਵੇਂ ਨਾਰਮਲ ਸੀ ਤੇ ਸਕੂਲ ਵਿਚ ਪੜ੍ਹਦੇ ਸੀ।

ਤੇ ਇਕ ਦਿਨ ਜਦੋਂ ਉਹ ਮੇਰੇ ਕਲੀਨਕ ਵਿਚ ਮੁਆਇਨੇ ਲਈ ਆਈ ਤੇ ਮੈਂ ਉਹਨੂੰ ਇਹ ਖ਼ਬਰ ਸੁਣਾਈ ਕਿ ਉਹਨਾਂ ਦੇ ਘਰ ਇਕ ਨਵੇਂ ਮਹਿਮਾਨ ਦੇ ਆਉਣ ਦੀ ਉਮੀਦ ਹੈ ਤਾਂ ਉਸ ਦੇ ਗੱਲ੍ਹ, ਕੁਝ ਹੋਰ ਸੂਹੇ ਹੋ ਗਏ। ਖੁਸ਼ੀ ਨਾਲ ਕਹਿਣ ਲੱਗੀ, "ਕੀ ਸੱਚ-ਮੁੱਚ ?" ਮੈਂ ਕਿਹਾ ਕਿ ਮੈਂ ਟੈਸਟ ਭੇਜ ਦਿੰਦਾ ਹਾਂ, ਕੱਲ੍ਹ ਤਕ ਇਸ ਦੀ ਤਸਦੀਕ ਹੋ ਜਾਵੇਗੀ। ਦੂਜੇ ਦਿਨ ਇਸ ਦੀ ਤਸਦੀਕ ਹੋ ਗਈ ਕਿ ਜਾਨਸਨ ਪਰਿਵਾਰ ਵਿਚ ਕੁਝ ਮਹੀਨਿਆਂ ਬਾਅਦ ਇਕ ਨਵੇਂ ਜੀਅ ਦਾ ਵਾਧਾ ਹੋ ਜਾਵੇਗਾ। ਮਿਸਟਰ ਜਾਨਸਨ ਵੀ ਬੜੇ ਹੀ ਖੁਸ਼ ਸਨ। ਦਰਅਸਲ ਦੋਵੇਂ ਇਕ ਬੇਟੀ ਦੀ ਇੱਛਾ ਕਰ ਰਹੇ ਸਨ। ਦੋਵੇਂ ਬੇਟੇ ਵੱਡੇ ਹੋ ਰਹੇ ਸਨ ਤੇ ਉਹਨਾਂ ਦੀ ਮਾਲੀ ਹਾਲਤ ਵੀ ਤਸੱਲੀਬਖ਼ਸ਼ ਸੀ। ਇਸ ਲਈ ਕੋਈ ਕਾਰਨ ਨਹੀਂ ਸੀ ਕਿ ਇਸ ਖਬਰ ਨਾਲ ਖੁਸ਼ ਨਾ ਹੁੰਦੇ।

ਸ਼੍ਰੀਮਤੀ ਜਾਨਸਨ ਆਮ ਵਾਂਗੂ ਸਮੇਂ-ਸਮੇਂ ਮੇਰੇ ਕੋਲ ਚੈਕਅੱਪ ਕਰਵਾਉਣ ਆਉਂਦੀ ਰਹੀ ਤੇ ਮੈਂ ਲੋੜੀਂਦੀ ਚੈਕਅੱਪ ਕਰਕੇ ਇਹ ਦੇਖਦਾ ਰਿਹਾ ਕਿ ਹਰ ਚੀਜ਼ ਨਾਰਮਲ ਹੈ। ਉਸ ਨੂੰ ਇਸ ਨਾਲ ਬੜੀ ਤਸੱਲੀ ਹੁੰਦੀ ਸੀ। ਉਹਨੀਂ ਦਿਨੀ ਬੱਚੇ ਦੇ ਨਰ ਜਾਂ ਮਾਦਾ ਹੋਣ ਬਾਰੇ ਦੱਸਣਾ ਜਾਂ ਮਾਂ ਦੇ ਪੇਟ ਅੰਦਰ ਬੱਚੇ ਦੇ ਅਜਿਹੇ ਟੈਸਟ ਕਰਨਾ ਜਿਹਨਾਂ ਨਾਲ ਕਿਸੇ ਖਾਸ ਬਿਮਾਰੀ ਦਾ ਪਤਾ ਲੱਗ ਸਕੇ---ਸੰਭਵ ਨਹੀਂ ਸੀ। ਆਖ਼ਰ ਇਕ ਰਾਤ ਮਿਸਟਰ ਜਾਨਸਨ ਨੇ ਮੈਨੂੰ ਫ਼ੋਨ ਕੀਤਾ ਕਿ ਉਹ ਆਪਣੀ ਘਰਵਾਲੀ ਨੂੰ ਹਸਪਾਤਲ ਲਿਜਾ ਰਹੇ ਹਨ…ਮੈਂ ਵੀ ਫੌਰਨ ਤਿਆਰ ਹੋ ਕੇ ਆਪਣੀ ਫੋਕਸ ਵੈਗਨ ਵਿਚ ਉੱਚੀਆਂ-ਨੀਵੀਆਂ ਤੇ ਬਲ ਖਾਂਦੀਆਂ ਸੜਕਾਂ ਤੋਂ ਹਸਪਤਾਲ ਜਾ ਪਹੁੰਚਿਆ। ਸ਼੍ਰੀਮਤੀ ਜਾਨਸਨ ਦਾ ਚਿਹਰਾ ਖੁਸ਼ੀ ਤੇ ਉਮੀਦ ਨਾਲ ਚਮਕ ਰਿਹਾ ਸੀ, ਪਰ ਉਸਦੇ ਨਾਲ ਹੀ ਜੱਚਗੀ ਦੇ ਦਰਦਾਂ ਦੀ ਪੀੜ ਕਰਕੇ ਉਸਦੇ ਚਿਹਰੇ ਦੀ ਲਾਲੀ ਕੁਝ ਹੋਰ ਵਧ ਗਈ ਸੀ। ਉਸਨੇ ਮੇਰਾ ਹੱਥ ਘੁੱਟਦਿਆਂ ਕਿਹਾ, "ਡਾਕਟਰ ਦੁਆ ਕਰੋ ਕਿ ਮੇਰੇ ਬੇਟੀ ਹੋਵੇ।" ਮੈਂ ਉਸਨੂੰ ਤਸੱਲੀ ਦਿੱਤੀ ਤੇ ਨਰਸ ਨੂੰ ਇੰਜੈਕਸ਼ਨ ਲਾਉਣ ਦਾ ਇਸ਼ਾਰਾ ਕੀਤਾ।

ਕੁਝ ਚਿਰ ਬਾਅਦ ਲੇਬਰ-ਰੂਮ ਦਾ ਵਾਤਾਵਰਣ ਇਕ ਸਿਹਤਮੰਦ ਬੱਚੇ ਦੇ ਰੋਣ ਦੀ ਆਵਾਜ਼ ਨਾਲ ਗੂੰਜ ਉਠਿਆ। ਨਰਸ ਨੇ ਨਵ-ਜੰਮੇ ਵਜੂਦ ਨੂੰ ਅੱਗੇ ਵਧ ਕੇ ਤੌਲੀਏ ਵਿਚ ਲਪੇਟਿਆ---ਸ਼੍ਰੀਮਤੀ ਜਾਨਸਨ ਨੂੰ ਸਿਹਤਮੰਦ, ਨਾਰਮਲ ਤੇ ਸੁੰਦਰ ਬੱਚੀ ਦੇ ਜਨਮ ਦੀ ਖੁਸ਼ਖਬਰੀ ਸੁਣਾਈ ਗਈ ਤੇ ਮੁਬਾਰਕਬਾਦ ਦਿੱਤੀ ਗਈ। ਮੈਂ ਬਾਹਰ ਜਾ ਕੇ ਮਿਸਟਰ ਜਾਨਸਨ ਨੂੰ ਦੱਸਿਆ ਕਿ 'ਉਹ ਇਕ ਸੁੰਦਰ ਬੱਚੀ ਦੇ ਪਿਤਾ ਬਣ ਗਏ ਨੇ।' ਉਹਨਾਂ ਜੋਸ਼ੀਲੇ ਅੰਦਾਜ਼ ਵਿਚ ਮੇਰੇ ਨਾਲ ਹੱਥ ਮਿਲਾਇਆ ਤੇ ਦੇਰ ਤਕ ਮੇਰੇ ਹੱਥ ਨੂੰ ਘੁੱਟਦੇ ਹੋਏ ਮੇਰਾ ਸ਼ੁਕਰੀਆ ਅਦਾ ਕਰਦੇ ਰਹੇ। ਇਸ ਸੀ, ਲਿੰਡਾ ਜਾਨਸਨ ਦੀ ਪੈਦਾਇਸ਼ ਜਿਹੜੀ ਮੇਰੇ ਹੀ ਹੱਥੋਂ ਹੋਈ ਸੀ।

ਲਿੰਡਾ ਇਕ ਪਿਆਰੀ ਤੇ ਬੁੱਧੀਮਾਨ ਬੱਚੀ ਸੀ। ਉਸਨੇ ਸ਼ੁਰੂ ਵਿਚ ਨਾਰਮਲ ਅੰਦਾਜ਼ ਵਿਚ ਵਧਣਾ-ਫੁੱਲਣਾ ਸ਼ੁਰੂ ਕੀਤਾ, ਇਸ ਲਈ ਮੈਂ ਉਸ ਵੱਲੋਂ ਬੜਾ ਬੇਫਿਕਰ ਸਾਂ---ਪਰ ਜਦੋਂ ਉਹ ਕੁਝ ਵੱਡੀ ਹੋਈ ਤਾਂ ਅਸੀਂ ਮਹਿਸੂਸ ਕੀਤਾ ਕਿ ਉਸ ਨੂੰ ਉੱਠਣ ਜਾਂ ਖੜ੍ਹੇ ਹੋਣ ਵਿਚ ਔਖ ਹੁੰਦੀ ਹੈ। ਉਹ ਦਿਮਾਗ਼ੀ ਤੌਰ 'ਤੇ ਬੜੀ ਚੁਸਤ ਸੀ ਤੇ ਹਰ ਗੱਲ ਜਾਲਦੀ ਸਿਖ ਰਹੀ ਸੀ ਪਰ ਇੰਜ ਲੱਗਦਾ ਸੀ, ਉਸ ਦਾ ਆਪਣੇ ਜਿਸਮ ਉੱਤੇ ਕੰਟਰੋਲ ਨਹੀਂ ਸੀ, ਉਹ ਕਦੀ ਆਪਣੇ ਆਪ ਨੂੰ ਘਸੀਟਦੀ ਤੇ ਕਦੀ ਉਠਦਿਆਂ ਹੋਇਆ ਕਈ ਬਲ ਖਾ ਜਾਂਦੀ ਸੀ। ਕੁਦਰਤੀ ਗੱਲ ਸੀ ਉਸਦੇ ਮਾਂ-ਬਾਪ ਇਸ ਗੱਲ ਤੋਂ ਬੜੇ ਪ੍ਰੇਸ਼ਾਨ ਸਨ। ਮੈਂ ਸਥਾਨਕ ਤੌਰ ਤੇ ਜਿਹੜੇ ਟੈਸਟ ਹੋ ਸਕਦੇ ਸਨ ਕਰਵਾਏ, ਪਰ ਕੋਈ ਸਿੱਟਾ ਨਾ ਨਿਕਲਿਆ। ਫਿਜ਼ੀਕਲ ਥਰੈਪੀ ਵੀ ਕੀਤੀ ਗਈ ਪਰ ਉਸ ਦਾ ਵੀ ਕੋਈ ਲਾਭ ਨਾ ਹੋਇਆ।

ਮੈਨੂੰ ਮਹਿਸੂਸ ਹੋਇਆ ਕਿ ਮਾਮਲਾ ਸੰਗੀਨ ਹੈ---ਮੈਂ ਮਿਸਟਰ ਜਾਨਸਨ ਨੂੰ ਕਿਹਾ ਕਿ ਉਸ ਨੂੰ ਆਰੇਗਨ ਦੇ ਵੱਡੇ ਸ਼ਹਿਰ ਪੋਰਟ ਲੈਂਡ ਦੇ ਯੂਨੀਵਰਸਿਟੀ ਹਸਪਤਾਲ ਵਿਚ ਦਿਖਾਉਣਾ ਜ਼ਰੂਰੀ ਹੈ। ਮੈਂ ਹੀ ਸਾਰੀ ਭੱਜ-ਨੱਠ ਕੀਤੀ ਤੇ ਉੱਥੇ ਸਰੀਰੀ ਤੇ ਦਿਮਾਗ਼ ਦੇ ਮਾਹਿਰਾਂ ਨਾਲ ਲਿੰਡਾ ਦੇ ਮੁਆਇਨੇ ਦਾ ਸਮਾਂ ਤੈਅ ਕੀਤਾ। ਲਿੰਡਾ ਨੂੰ ਫੌਰਨ ਹਸਪਤਾਲ ਵਿਚ ਦਾਖ਼ਲ ਕਰ ਲਿਆ ਗਿਆ ਤੇ ਦਰਜਨਾਂ ਟੈਸਟ ਕੀਤੇ ਗਏ। ਸਿੱਟਾ ਬੜਾ ਦਿਲ ਤੋੜਵਾਂ ਤੇ ਦੁਖਦਾਈ ਸੀ। ਲਿੰਡਾ ਪੱਠਿਆਂ ਦੀ ਇਕ ਅਜਿਹੀ ਬਿਮਾਰੀ ਦੀ ਮਰੀਜ਼ ਸੀ ਜਿਸ ਦਾ ਕੋਈ ਇਲਾਜ਼ ਨਹੀਂ ਸੀ। ਉਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਫਰਾਂਸ ਦੇ ਇਕ ਮਾਹਿਰ ਡਾਕਟਰ ਨੇ ਬੁੱਝਿਆ ਸੀ, ਪਰ ਅੱਜ ਸੌ ਸਾਲ ਬੀਤ ਜਾਣ ਪਿੱਛੋਂ ਵੀ ਉਸਦਾ ਕੋਈ ਇਲਾਜ਼ ਨਹੀਂ ਹੈ। ਇਕ ਜ਼ਮਾਨੇ ਵਿਚ ਤਾਂ ਅਜਿਹੇ ਬੱਚੇ ਬਾਰ੍ਹਾਂ-ਪੰਦਰਾਂ ਸਾਲ ਦੀ ਉਮਰ ਵਿਚ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਸਨ, ਹੁਣ ਇਹ ਹੋਰ ਕਈ ਸਾਲ ਜਿਊਂਦੇ ਰਹਿ ਸਕਦੇ ਨੇ---ਫੇਰ ਵੀ ਅਪਾਹਜਪੁਣਾ ਇਹਨਾਂ ਦਾ ਮੁਕੱਦਰ ਹੈ ਤੇ ਲੰਮਾਂ ਜੀਵਨ ਇਹਨਾਂ ਦੇ ਨਸੀਬ ਵਿਚ ਨਹੀਂ।

ਮਿਸਟਰ ਜਾਨਸਨ ਦੀ ਫੈਮਿਲੀ ਇਸ ਖਬਰ ਨਾਲ ਟੁੱਟ ਜਿਹੀ ਗਈ। ਪਰ ਉਹ ਹਿੰਮਤ ਵਾਲੇ ਲੋਕ ਸਨ। ਸ਼੍ਰ੍ਰ੍ਰੀਮਤੀ ਜਾਨਸਨ ਕਹਿਣ ਲੱਗੀ, "ਮੈਂ ਇਸ ਬੱਚੀ ਉੱਤੇ ਬਹੁਤ ਮਿਹਨਤ ਕਰਾਂਗੀ। ਜਿਹੋ ਜਿਹਾ ਤੇ ਜਿਸ ਕਿਸਮ ਦਾ ਵੀ ਇਲਾਜ਼ ਹੋ ਸਕਦਾ ਏ ਅਸੀਂ ਉਹ ਕਰਵਾਵਾਂਗੇ…ਤੇ ਕੀ ਪਤਾ, ਆਉਣ ਵਾਲੇ ਸਾਲਾਂ ਵਿਚ ਇਸ ਦਾ ਕੋਈ ਪੱਕਾ ਇਲਾਜ਼ ਨਿਕਲ ਈ ਆਵੇ।" ਉਹ ਲਿੰਡਾ ਦੇ ਮਾਮਲੇ ਵਿਚ ਮੇਰੀ ਪੂਰੀ ਮਦਦ, ਰਹਿਬਰੀ ਤੇ ਸਪੋਰਟ ਚਾਹੁੰਦੇ ਸਨ। ਉਹਨਾਂ ਨੂੰ ਇਸ ਗੱਲ ਦਾ ਬਹੁਤਾ ਹੌਸਲਾ ਸੀ ਕਿ ਲਿੰਡਾ ਦਿਮਾਗ਼ੀ ਤੌਰ 'ਤੇ ਨਾ ਸਿਰਫ ਨਾਰਮਲ ਸੀ ਸਗੋਂ ਖਾਸੀ ਬੁੱਧੀਮਾਨ ਵੀ ਸੀ। ਉਹਨਾਂ ਦਾ ਖ਼ਿਆਲ ਸੀ ਕਿ ਸਾਈਕੋ ਤੇ ਦਿਮਾਗ਼ੀ ਤਾਕਤ ਜਿਸਮਾਨੀ ਅਪਾਹਜ਼ਪਣ ਤੇ ਹਾਵੀ ਹੋ ਸਕਦਾ ਹੈ। ਉਹਨਾਂ ਨੂੰ ਯਕੀਨ ਸੀ ਕਿ ਲਿੰਡਾ ਇਕ ਮਕਸਦ ਭਰਪੂਰ ਜ਼ਿੰਦਗੀ ਜਿਉਂ ਸਕਦੀ ਹੈ ਭਾਵੇਂ ਉਹ ਜ਼ਿੰਦਗੀ ਕਿੰਨੀ ਹੀ ਛੋਟੀ ਕਿਉਂ ਨਾ ਹੋਵੇ।

ਲਿੰਡਾ ਨੇ ਆਪਣੇ ਅਪਾਹਜ਼ਪਣ ਨਾਲ ਜੰਗ ਸ਼ੁਰੂ ਕਰ ਦਿੱਤੀ। ਉਸ ਨੇ ਚੀਜ਼ਾਂ ਦੇ ਸਹਾਰੇ ਉੱਠਣਾ ਸਿੱਖ ਲਿਆ ਸੀ। ਹੁਣ ਉਸਦੇ ਸਕੂਲ ਜਾਣ ਦੇ ਦਿਨ ਸਨ। ਖੁਸ਼ ਕਿਸਮਤੀ ਨਾਲ ਅਮਰੀਕਾ ਵਿਚ ਅਜਿਹੇ ਬੱਚਿਆਂ ਲਈ ਸਕੂਲ-ਬੱਸ ਵਿਚ ਖਾਸ ਪ੍ਰਬੰਧ ਹੁੰਦੇ ਹਨ ਤੇ ਉਹਨਾਂ ਨੂੰ ਪਹੀਆਂ ਵਾਲੀ ਕੁਰਸੀ ਤੇ ਡੰਗੋਰੀਆਂ ਦੇ ਸਹਾਰੇ ਸਕੂਲ ਲਿਆਂਦਾ ਤੇ ਵਾਪਸ ਘਰ ਪਹੁੰਚਾਇਆ ਜਾਂਦਾ ਸੀ। ਪਰ ਫੇਰ ਵੀ ਖੇਡਾਂ ਦੇ ਪੀਰੀਅਡ ਵਿਚ ਜਦੋਂ ਸਾਰੇ ਬੱਚੇ ਸਕੂਲ ਦੇ ਮੈਦਾਨ ਵਿਚ ਖੇਡ ਤੇ ਖਰਮਸਤੀ ਕਰ ਰਹੇ ਹੁੰਦੇ, ਉਹ ਆਪਣੀ ਵਹੀਲ ਚੇਅਰ ਉੱਤੇ ਬੈਠੀ, ਬੜੀਆਂ ਲਲਸਾਈਆਂ ਜਿਹੀਆਂ ਅੱਖਾਂ ਨਾਲ, ਉਹਨਾਂ ਵੱਲ ਦੇਖ ਰਹੀ ਹੁੰਦੀ। ਕਦੀ ਕਦੀ ਉਸਦੀ ਟੀਚਰ ਉਸਨੂੰ ਖੁਸ਼ ਕਰਨ ਖਾਤਰ ਉਸਦੀ ਗੋਦ ਵਿਚ ਵੀ ਬਾਲ ਸੁੱਟ ਦਿੰਦੀ ਤੇ ਉਹ ਬੈਠੀ-ਬੈਠੀ ਹੀ ਕੁਝ ਚਿਰ ਲਈ ਖਿੜ-ਪੁੜ ਜਾਂਦੀ। ਸਕੂਲ ਦਾ ਇਹ ਸਾਰਾ ਸਮਾਂ ਭਾਵੇਂ ਪੜ੍ਹਾਈ ਪੱਖੋਂ ਉਸਨੇ ਬੜੀ ਕਾਮਯਾਬੀ ਨਾਲ ਬਿਤਾਇਆ, ਪਰ ਜਜ਼ਬਾਤੀ ਤੌਰ ਤੇ ਇਹ ਉਸ ਲਈ ਬੜਾ ਹੀ ਤਕਲੀਫ਼ਦਾਇਕ ਤੇ ਦਿਲ ਤੋੜਨ ਵਾਲਾ ਸੀ---ਮੈਂ ਜਦੋਂ ਵੀ ਉਸਨੂੰ ਮਿਲਦਾ, ਉਹ ਮੇਰੇ ਨਾਲ ਆਪਣੇ ਦੁਖ-ਸੁਖ ਸਾਂਝੇ ਕਰਦੀ। ਹਰ ਮਰੀਜ਼ ਵਾਂਗ ਉਹ ਵੀ ਇਹੋ ਪੁੱਛਦੀ, "ਮੇਰੇ ਨਾਲ ਈ ਇਹ ਕਿਉਂ, ਸਭ ਬੱਚੇ ਤਾਂ ਨਾਰਮਲ ਨੇ ਤੇ ਖੇਡਦੇ-ਕੁਦਦੇ ਨੇ ?"

ਉਸ ਲਈ ਸਭ ਤੋਂ ਔਖਾ ਸਮਾਂ ਉਹ ਸੀ ਜਦੋਂ ਹਾਈ ਸਕੂਲ ਵਿਚ ਬੱਚੇ ਟੀਨ-ਏਜ਼ ਵਿਚ ਪੈਰ ਰੱਖਦੇ ਹਨ। ਅਮਰੀਕੀ ਕਲਚਰ ਵਿਚ ਇਹ ਇਕ ਖਾਸ ਦੌਰ ਹੁੰਦਾ ਹੈ ਤੇ ਉਸ ਉਮਰ ਵਿਚ ਬੱਚਿਆਂ ਵਿਚ ਆਪਣੇ ਵਿਅਕਤੀਤਵ ਤੇ ਜਿਸਮਾਨੀ ਖ਼ੂਬਸੂਰਤੀ ਵੱਲ ਦੂਜਿਆਂ ਨੂੰ ਖਿੱਚਣ ਦੀ ਤੀਬਰ ਇੱਛਾ ਪੈਦਾ ਹੁੰਦੀ ਹੈ। ਉਸ ਉਮਰ ਵਿਚ ਨਾਰਮਲ ਤੇ ਚੰਗੇ ਭਲੇ ਲੱਗਣ ਵਾਲੇ ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਦੇ ਹਨ, ਉਹ ਤਾਂ ਫੇਰ ਵੀ ਅਪਾਹਜ਼ ਸੀ, ਪਰ ਸਾਈਕੋਥਰੈਪੀ ਤੇ ਕੁਝ ਉਸਦੇ ਆਪਣੇ ਦ੍ਰਿੜ੍ਹ ਵਿਸ਼ਵਾਸੀ ਸੁਭਾਅ ਨੇ ਉਸ ਦੀ ਮਦਦ ਕੀਤੀ ਤੇ ਉਸਨੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੰਭਾਲੀ ਰੱਖਿਆ। ਆਖ਼ਰ ਉਸਨੇ ਹਾਈ ਸਕੂਲ ਪਾਸ ਕਰਕੇ ਕਮਿਊਨਿਟੀ ਕਾਲਜ ਵਿਚ ਦਾਖ਼ਲਾ ਲੈ ਲਿਆ। ਕਾਲਜ ਦਾ ਸਮਾਂ ਪਹਿਲਾਂ ਤੋਂ ਬਿਹਤਰ ਸੀ। ਉਹ ਨਾ ਸਿਰਫ ਆਪਣੀ ਪੜ੍ਹਾਈ ਪੱਖੋਂ ਸੰਤੁਸ਼ਟ ਸੀ ਤੇ ਜਿੰਨਾ ਕੁ ਸੰਭਵ ਸੀ ਹੋਰ ਸਰਗਰਮੀਆਂ ਵਿਚ ਵੀ ਹਿੱਸਾ ਲੈਣ ਲੱਗ ਪਈ ਸੀ। ਇਕ ਦਿਨ ਜਦੋਂ ਮੈਂ ਉਸਨੂੰ ਮਿਲਿਆ ਤਾਂ ਉਸਦੇ ਚਿਹਰੇ ਉੱਤੇ ਇਕ ਅਜੀਬ ਰੌਣਕ ਵੇਖੀ। ਚਿਹਰੇ ਉੱਤੇ ਗੁਲਾਬੀ ਚਮਕ ਤੇ ਅੱਖਾਂ ਵਿਚ ਵਿਸ਼ੇਸ਼ ਚਮਕ ਸੀ। ਉਸ ਨੇ ਮੈਨੂੰ ਬੜੀ ਜੋਸ਼ੀਲੀ ਆਵਾਜ਼ ਵਿਚ ਦੱਸਿਆ ਕਿ ਹੁਣ ਉਸਦਾ ਇਕ ਬੁਆਏ ਫਰੈਂਡ ਵੀ ਹੈ, ਜਿਹੜਾ ਉਸਨੂੰ ਬੜਾ ਪਿਆਰ ਕਰਦਾ ਹੈ। ਜੈਕ ਖ਼ੁਦ ਵੀ ਵਹੀਲ ਚੇਅਰ ਉੱਤੇ ਹੈ, ਬਚਪਨ ਵਿਚ ਕਿਸੇ ਹਾਦਸੇ ਵਿਚ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਉਹ ਕਾਲਜ ਵਿਚ ਉਸਦਾ ਜਮਾਤੀ ਹੈ। ਦੋਵਾਂ ਦੇ ਵਿਚਾਰ ਮਿਲਦੇ ਨੇ ਤੇ ਉਹ ਘੰਟਿਆਂ-ਬੱਧੀ ਇਕ-ਦੂਜੇ ਨਾਲ ਗੱਲਾਂ ਕਰਦੇ ਨੇ। ਮੈਨੂੰ ਲੱਗਿਆ ਲਿੰਡਾ ਨੂੰ ਜਿਊਣ ਦਾ ਸਹਾਰਾ ਮਿਲ ਗਿਆ ਹੈ।

ਪਰ ਇਸਦੇ ਨਾਲ-ਨਾਲ ਉਸਦੀ ਬਿਮਾਰੀ ਵੀ ਦਿਨੋ-ਦਿਨ ਵਧ ਰਹੀ ਸੀ ਤੇ ਜਿਹੜੇ ਕੰਮ ਉਹ ਪਹਿਲਾਂ ਕਰਨ ਲੱਗ ਪਈ ਸੀ, ਉਹ ਹੌਲੀ-ਹੌਲੀ ਉਸਦੇ ਵੱਸ ਤੋਂ ਬਾਹਰ ਹੋਣ ਲੱਗ ਪਏ ਸਨ। ਫਿਰ ਬਿਮਾਰੀ ਦੇ ਪੱਖ ਵਿਚ ਹੋਰ ਮੁਸ਼ਕਿਲਾਂ ਨੇ ਵੀ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਵਾਰੀ-ਵਾਰੀ ਬੁਖਾਰ ਚੜ੍ਹ ਜਾਂਦਾ ਸੀ। ਕਦੀ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਸੀ…ਕਦੀ ਨਮੂਨੀਆ ਹੋ ਜਾਂਦਾ ਸੀ। ਵਹੀਲ ਚੇਅਰ ਤੇ ਡੰਗੋਰੀਆਂ ਕਰਕੇ ਜਿਸਮ ਉੱਤੇ ਜ਼ਖ਼ਮ ਹੋਣ ਲੱਗੇ ਤੇ ਚਮੜੀ ਥਾਂ-ਥਾਂ ਤੋਂ ਪਾਟਣ ਲੱਗ ਪਈ ਸੀ। ਕਾਲਜ ਦਾ ਦੌਰ ਤੇ ਉਸ ਤੋਂ ਪਿੱਛੋਂ ਵਾਲਾ ਸਮਾਂ ਬੜਾ ਤਕਲੀਫ਼ ਵਿਚ ਲੰਘਿਆ। ਹਰ ਰੋਜ਼ ਇਕ ਨਵਾਂ ਇਮਤਹਾਨ ਹੁੰਦਾ।

ਉਹਨੀਂ ਦਿਨੀ ਰਿਆਸਤ ਆਰੇਗਨ ਵਿਚ ਇਹ ਲਹਿਰ ਚੱਲੀ ਕਿ ਉਹਨਾਂ ਮਰੀਜ਼ਾਂ ਨੂੰ, ਜਿਹਨਾਂ ਦੀ ਬਿਮਾਰੀ ਲਾ-ਇਲਾਜ਼ ਹੈ ਤੇ ਜਿਹਨਾਂ ਦੀ ਜ਼ਿੰਦਗੀ ਦਰਦਨਾਕ ਹਾਲਾਤ ਵਿਚੋਂ ਲੰਘ ਰਹੀ ਹੈ, ਇਸ ਗੱਲ ਦਾ ਅਧਿਕਾਰ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਪੂਰੇ ਹੋਸ਼-ਹਵਾਸ ਵਿਚ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫੈਸਲਾ ਕਰ ਸਕਣ ਤੇ ਉਹਨਾਂ ਦੇ ਡਾਕਟਰ ਇਸ ਗੱਲ ਦੇ ਕਾਨੂੰਨੀ ਤੌਰ ਤੇ ਪਾਬੰਦ ਹੋਣ ਕਿ ਉਹ ਉਹਨਾਂ ਦੀ ਇਸ ਮਕਸਦ ਵਿਚ ਪੂਰੀ-ਪੂਰੀ ਮਦਦ ਕਰਨ। ਡਾਕਟਰਾਂ ਨੂੰ ਇਹ ਗੱਲ ਮੰਜ਼ੂਰ ਨਹੀਂ ਸੀ ਕਿ ਉਹ ਮਰੀਜ਼ ਨੂੰ ਖ਼ੁਦਕਸ਼ੀ ਕਰਨ ਵਿਚ ਉਸਦਾ ਸਾਥ ਦੇਣ। ਕਈ ਸਾਲਾਂ ਦੀ ਤਿੱਖੀ ਬਹਿਸ ਤੇ ਇਸ ਘਟਨਾ ਦੇ ਵਿਰੁੱਧ ਤੇ ਪੱਖ ਵਿਚ ਜ਼ੋਰਦਾਰ ਜਲੂਸਾਂ, ਮੁਜ਼ਾਹਰਿਆਂ ਦੇ ਬਾਅਦ ਇਹ ਰਾਏ ਲੋਕਾਂ ਸਾਹਮਣੇ ਉਹਨਾਂ ਦੀ ਰਾਏ ਜਾਣਨ ਲਈ ਰੱਖ ਦਿੱਤੀ ਗਈ। ਸਾਰੇ ਮੁਲਕ ਦੀਆਂ ਨਜ਼ਰਾਂ ਆਰੇਗਨ ਉੱਤੇ ਸਨ ਕਿਉਂਕਿ ਇਹੀ ਮਸਲਾ ਦੂਜੀਆਂ ਰਿਆਸਤਾਂ ਸਾਹਮਣੇ ਵੀ ਸੀ ; ਲੋਕਾਂ ਨੂੰ ਬਹੁਤੀ ਹੈਰਾਨੀ ਨਹੀਂ ਹੋਈ ਜਦੋਂ ਇਕ ਭਾਰੀ ਗਿਣਤੀ ਨੇ ਇਸ ਰਾਏ ਨੂੰ ਮਨਜ਼ੂਰ ਕੀਤਾ ਤੇ ਡਾਕਟਰਾਂ ਨੂੰ ਇਸ ਗੱਲ ਦਾ ਪਾਬੰਦ ਕਰ ਦਿੱਤਾ ਕਿ ਉਹ ਉਹਨਾਂ ਹਾਲਤਾਂ ਵਿਚ ਮਰੀਜ਼ ਦੀ ਇੱਛਾ ਦਾ ਅਦਬ-ਸਤਿਕਾਰ ਕਰਨ।

ਇਹੀ ਮਾਮਲਾ ਅੱਜ ਮੇਰੇ ਸਾਹਮਣੇ ਸੀ।

ਲਿੰਡਾ ਪਿਛਲੇ ਇਕ ਸਾਲ ਤੋਂ ਮੇਰੇ ਨਾਲ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਰਹੀ ਸੀ। ਉਸ ਨੂੰ ਪਤਾ ਸੀ ਕਿ ਕੁਦਰਤ ਵੰਨੀਓਂ ਵੀ ਹੁਣ ਉਸ ਕੋਲ ਬਹੁਤਾ ਸਮਾਂ ਨਹੀਂ, ਉਹ ਆਮ ਅੰਦਾਜ਼ੇ ਨਾਲੋਂ ਵੱਧ ਜਿਊਂ ਚੁੱਕੀ ਹੈ। ਹੁਣ ਹਰੇਕ ਪਲ ਉਸਨੂੰ ਮੌਤ ਦੇ ਨੇੜੇ ਲਿਜਾ ਰਿਹਾ ਹੈ ਤੇ ਉਸਨੂੰ ਯਕੀਨ ਸੀ ਬਾਕੀ ਸਫ਼ਰ ਤਕਲੀਫ਼ਾਂ ਤੇ ਮੁਸ਼ਕਿਲਾਂ ਭਰਿਆ ਹੀ ਹੈ…ਤੇ ਉਸਨੂੰ ਅਜੇ ਕਿੰਨੇ ਦੁਖ ਸਹਿਣੇ ਪੈਣਗੇ, ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਨਤੀਜਾ ਏਨਾ ਸਪਸ਼ਟ ਹੋਵੇ ਤਾਂ ਫੇਰ ਕਿਉਂ ਨਾ ਇਹ ਸਫ਼ਰ ਛੇਤੀ ਹੀ ਮੁਕਾ ਲਿਆ ਜਾਵੇ---ਉਸ ਦੇ ਕਹਿਣ ਅਨੁਸਾਰ ਉਹ ਆਪਣੀ ਜ਼ਿੰਦਗੀ ਦੇ ਡਰਾਮੇ ਦਾ ਪਰਦਾ ਖ਼ੁਦ ਹੀ ਸੁੱਟ ਦੇਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਹੁਣ ਉਸਨੂੰ ਕੋਈ ਪਛਤਾਵਾ ਨਹੀਂ ਸੀ। ਜ਼ਿੰਦਗੀ ਇਕ ਹੁਸੀਨ ਸ਼ੈ ਹੈ ਤੇ ਉਸਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਇਸ ਗੱਲ 'ਤੇ ਮਾਣ ਕਰਦੀ ਸੀ ਕਿ ਕੁਦਰਤ ਨੇ ਜਿਹੋ-ਜਿਹੀ ਜ਼ਿੰਦਗੀ ਉਸ ਦੀ ਝੋਲੀ ਵਿਚ ਪਾਈ ਸੀ, ਉਸਨੇ ਉਸਦਾ ਪੂਰਾ ਲਾਭ ਉਠਾਇਆ ਸੀ ਤੇ ਆਪਣੇ ਵੱਲੋਂ ਇਕ ਭਰਪੂਰ ਜ਼ਿੰਦਗੀ ਗੁਜ਼ਾਰੀ ਸੀ। ਮੇਰੇ ਵੱਲ ਮੁਸਕਰਾਉਂਦੀਆਂ ਨਜ਼ਰਾਂ ਨਾਲ ਵੇਖ ਕੇ ਉਸ ਨੇ ਕਿਹਾ, "ਮੇਰੀ ਜ਼ਿੰਦਗੀ ਦੀ ਕਹਾਣੀ ਛੋਟੀ ਹੀ ਸਹੀ, ਪਰ ਹੈ ਰਹੱਸਮਈ, ਕਿਊਂ ? ਹੈ ਨਾ ਡਾਕਟਰ ਸਾਹਿਬ ?"

ਮੈਂ ਉਸਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣਾ ਫੈਸਲਾ ਬਦਲਣ ਲਈ ਤਿਆਰ ਨਹੀਂ ਸੀ ਹੋਈ। ਕਾਨੂੰਨ ਅਨੁਸਾਰ ਮੈਂ ਉਸ ਨਾਲ ਕਈ ਮੁਲਾਕਾਤਾਂ ਕੀਤੀਆਂ ਤੇ ਉਹਨਾਂ ਦਾ ਰਿਕਾਰਡ ਵੀ ਰੱਖਿਆ। ਉਸਨੂੰ ਦਿਮਾਗ਼ੀ ਡਾਕਟਰ ਨੂੰ ਦਿਖਾਇਆ ਗਿਆ ਤੇ ਉਸ ਦੇ ਪਾਦਰੀ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ, ਪਰ ਉਸਨੇ ਆਪਣਾ ਫੈਸਲਾ ਨਹੀਂ ਬਦਲਿਆ। ਮੇਰੇ ਜ਼ਿੰਦਗੀ ਵਿਚ ਇਹ ਪਹਿਲਾ ਮੌਕਾ ਸੀ ਕਿ ਅਜਿਹੇ ਹਾਲਾਤ ਨਾਲ ਮੇਰਾ ਵਾਹ ਪੈ ਰਿਹਾ ਸੀ। ਮੈਂ ਕਾਊਂਟੀ ਮੈਡੀਕਲ ਸੁਸਾਇਟੀ ਨੂੰ ਫ਼ੋਨ ਕਰਕੇ ਪਤਾ ਕੀਤਾ ਤਾਂ ਉਹਨਾਂ ਨੇ ਵੀ ਇਹੋ ਕਿਹਾ ਕਿ ਇਹ ਮੇਰੀ ਕਾਨੂੰਨੀ ਜ਼ਿੰਮੇਵਾਰੀ ਹੈ ਕਿ ਮੈਂ ਲਿੰਡਾ ਦੀ ਇੱਛਾ ਦਾ ਸਤਿਕਾਰ ਕਰਾਂ। ਅੱਜ ਮੇਰੀ ਉਸ ਨਾਲ ਆਖ਼ਰੀ ਮੁਲਾਕਾਤ ਸੀ ਤੇ ਉਸਦੀ ਇੱਛਾ ਦੇ ਅਨੁਸਾਰ ਮੈਂ ਆਪਣਾ ਫਰਜ਼ ਨਿਭਾਉਣਾ ਸੀ---ਇਸ ਮਕਸਦ ਲਈ ਸ਼ਨਿਚਰਵਾਰ ਦੀ ਰਾਤ ਤੈਅ ਹੋਈ। ਜਦੋਂ ਮੈਂ ਉਸਦੇ ਘਰ ਪਹੁੰਚਿਆ ਤਾਂ ਮਾਹੌਲ ਆਮ ਵਾਂਗ ਸੀ, ਘਰ ਦਾ ਵਾਤਾਵਰਣ ਸ਼ਾਂਤਮਈ ਸੀ। ਸਿਟਿੰਗ-ਰੂਮ ਵਿਚ ਉਸਦੇ ਮਾਤਾ-ਪਿਤਾ ਬੈਠੇ ਸਨ। ਲਿੰਡਾ ਆਪਣੀ ਵਹੀਲ ਚੇਅਰ ਉੱਤੇ ਸੀ। ਉਸ ਦੇ ਸੱਜੇ ਪਾਸੇ ਜੈਕ, ਉਹ ਦਾ ਬੁਆਏ ਫਰੈਂਡ, ਉਸਦਾ ਹੱਥ ਫੜ੍ਹੀ ਬੈਠਾ ਸੀ। ਥੋੜ੍ਹੀ ਦੇਰ ਆਮ ਰਸਮੀ ਜਿਹੀਆਂ ਗੱਲਾਂਬਾਤਾਂ ਹੁੰਦੀਆਂ ਰਹੀਆਂ, ਕੁਝ ਫੋਟੋਆਂ ਖਿੱਚੀਆਂ ਗਈਆਂ, ਫੇਰ ਲਿੰਡਾ ਨੇ ਹੀ ਕਿਹਾ, "ਡਾਕਟਰ ਹੁਣ ਤੁਸੀਂ ਅੱਗੇ ਵਧੋ।" ਮੈਂ ਤੇ ਉਸਦੀ ਮਾਂ ਕਿਚਨ ਵਿਚ ਚਲੇ ਗਏ, ਜਿੱਥੇ ਛੋਟੀ ਮੇਜ਼ ਉੱਤੇ ਬੈਠ ਕੇ ਮੈਂ ਨੀਂਦ ਦੇ ਪੰਜਾਹ ਕੈਪਸੂਲ ਖੋਲ੍ਹ ਕੇ ਐਪਲ ਸਾਸ (ਸੇਬ ਦਾ ਪੀਸਿਆ ਹੋਇਆ ਮੁਰੱਬਾ) ਵਿਚ ਮਿਲਾਏ। ਇਹ ਤਰਕੀਬ ਮੈਨੂੰ ਮੈਡੀਕਲ ਸੁਸਾਇਟੀ ਨੇ ਹੀ ਦੱਸੀ ਸੀ। ਮੇਰੇ ਹੱਥ ਕੰਬ ਰਹੇ ਸਨ ਤੇ ਮੇਰਾ ਜ਼ਮੀਰ ਮੈਨੂੰ ਲਾਹਣਤਾਂ ਪਾ ਰਿਹਾ ਸੀ। ਲਿੰਡਾ ਜਿਹੜੀ ਮੇਰੇ ਹੱਥੀਂ ਇਸ ਦੁਨੀਆਂ ਵਿਚ ਆਈ ਸੀ---ਅੱਜ ਮੈਂ ਹੀ ਉਸਦੀ ਵਿਦਾਈ ਦਾ ਸਾਮਾਨ ਤਿਆਰ ਕਰ ਰਿਹਾ ਸਾਂ, ਪਰ ਮੈਂ ਕਾਨੂੰਨ ਦੇ ਹੱਥੋਂ ਮਜ਼ਬੂਰ ਸਾਂ। ਇਕ ਸਾਦੇ ਜਿਹੇ ਖਾਣੇ ਪਿੱਛੋਂ ਜਦੋਂ ਮਿੱਠੇ ਦੇ ਤੌਰ 'ਤੇ ਅਸੀਂ ਐਪਲ ਸਾਸ ਖਾਧੀ ਤਾਂ ਲਿੰਡਾ ਨੇ ਵੀ ਆਪਣੀ ਐਪਲ ਸਾਸ ਨੂੰ ਖੁਸ਼ੀ-ਖੁਸ਼ੀ ਖਾ ਲਿਆ।

ਕੁਝ ਚਿਰ ਪਿੱਛੋਂ ਉਸ ਨੂੰ ਨੀਂਦ ਆਉਣ ਲੱਗ ਪਈ। ਉਸਨੇ ਸਾਡੇ ਸਾਰਿਆਂ ਵੱਲ ਦੇਖਿਆ। ਆਪਣੇ ਮਾਪਿਆਂ ਵੱਲ ਵੇਖ ਕੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਮਾਂ-ਬਾਪ ਨੇ ਉਸ ਨੂੰ ਬੋਸਾ ਦਿੱਤਾ। ਉਸ ਨੇ ਮੁਸਕੁਰਾ ਕੇ ਮੇਰੇ ਵੱਲ ਵੇਖਿਆ ਤੇ ਕਿਹਾ, "ਤੁਸੀਂ ਬੜੇ ਚੰਗੇ ਡਾਕਟਰ ਓ---ਇਹੋ ਜਿਹੇ ਹੀ ਰਹਿਣਾ।" ਤੇ ਆਪਣੀ ਮਾਂ ਨੂੰ ਕਿਹਾ, "ਮਾਮ, ਮੇਰੀ ਕੁਰਸੀ ਨੂੰ ਮੇਰੇ ਬੈਡ-ਰੂਮ ਵਿਚ ਪਹੁੰਚਾ ਦਿਓ।" ਥੋੜੀ ਦੂਰ ਜਾ ਕੇ ਉਸਨੇ ਪਲਟ ਕੇ ਵੇਖਿਆ ਤੇ ਮੁਸਕਰਾਉਂਦਿਆਂ ਹੋਇਆ ਕਿਹਾ, "ਸ਼ੁੱਭ ਰਾਤਰੀ।"

ਮੈਂ ਉੱਥੇ ਹੋਰ ਨਹੀਂ ਰੁਕ ਸਕਿਆ। ਬੜੀ ਮੁਸ਼ਕਿਲ ਨਾਲ ਕਾਰ ਚਲਾਉਂਦਾ, ਘਰ ਵਾਪਸ ਆਇਆ। ਕਿੰਜ ਨੀਂਦ ਆਈ, ਪਤਾ ਨਹੀਂ।

ਸਵੇਰੇ ਮੇਰੀ ਅੱਖ ਮਿਸੇਜ ਜਾਨਸਨ ਦੇ ਫ਼ੋਨ ਨਾਲ ਖੁੱਲ੍ਹੀ। ਉਹ ਆਪਣੇ ਭਰੇ-ਗੱਚ ਤੇ ਅੱਥਰੂਆਂ ਭਿੱਜੀ ਆਵਾਜ਼ ਵਿਚ ਕਹਿ ਰਹੀ ਸੀ, "ਡਾਕਟਰ, ਕੀ ਤੁਹਾਡੇ ਕੋਲ ਅੱਜ ਮੌਤ ਦੇ ਤਸਦੀਕ ਨਾਮੇ ਉੱਤੇ ਦਸਤਖ਼ਤ ਕਰਨ ਦਾ ਸਮਾਂ ਹੋਏਗਾ…"


ਇਹ ਅਨੁਵਾਦ ਪੰਜਾਬੀ ਟ੍ਰਿਬਿਊਨ ਦੇ 7 ਦਸੰਬਰ, 2008. ਦੇ ਮੈਗ਼ਜ਼ੀਨ ਅੰਕ ਵਿਚ ਛਪਿਆ ਹੈ।