Showing posts with label ਪਾਕੀ ਉਰਦੂ ਕਹਾਣੀਆਂ. Show all posts
Showing posts with label ਪਾਕੀ ਉਰਦੂ ਕਹਾਣੀਆਂ. Show all posts

Sunday, October 24, 2010

ਪਿੰਜਰੇ 'ਚ ਪਾਲੀ ਹੋਈ ਗੱਲ… :: ਲੇਖਕ : ਮਜ਼ਹਰ ਉਲ ਇਸਲਾਮ

ਪਾਕਿਸਤਾਨੀ ਉਰਦੂ ਕਹਾਣੀ :
ਪਿੰਜਰੇ 'ਚ ਪਾਲੀ ਹੋਈ ਗੱਲ…
ਲੇਖਕ : ਮਜ਼ਹਰ ਉਲ ਇਸਲਾਮ
ਅਨੁਵਾਦ : ਮਹਿੰਦਰ ਬੇਦੀ ਜੈਤੋ


ਉਹ ਹੁਣ ਬੁੱਢਾ ਹੋ ਗਿਆ ਹੈ ਤੇ ਆਪਣੀ ਬੰਦੂਕ ਵੇਚਣੀ ਚਾਹੁੰਦਾ ਹੈ...ਬੰਦੂਕ ਦੀ ਜ਼ਿਆਦਾ ਕੀਮਤ ਵੀ ਨਹੀਂ ਮੰਗਦਾ, ਪਰ ਚਾਹੁੰਦਾ ਹੈ ਕਿ ਆਪਣੀ ਬੰਦੂਕ ਕਿਸੇ ਅਜਿਹੇ ਆਦਮੀ ਨੂੰ ਵੇਚੇ ਜਿਹੜਾ ਇਸ ਨਾਲ ਓਨੀ ਹੀ ਮੁਹੱਬਤ ਕਰੇ ਜਿੰਨੀ ਕਿ ਉਹ ਆਪ ਕਰਦਾ ਹੈ। ਪਿਛਲੀ ਜੁਮੇਂਰਾਤ ਨੂੰ ਜਦ ਉਹ ਪੂਰੇ 80 ਵਰ੍ਹਿਆਂ ਦਾ ਹੋ ਗਿਆ ਤਾਂ ਉਸਦੀ ਬੇਚੈਨੀ ਵਿਚ ਵਾਧਾ ਹੋਣ ਲੱਗ ਪਿਆ ਉਸਦੀ ਮਲਕੀਅਤ ਵਿਚ ਸਭ ਤੋਂ ਵੱਧ ਕੀਮਤੀ ਚੀਜ਼ ਬੰਦੂਕ ਹੀ ਹੈ; ਜਿਸਨੂੰ ਛੇਤੀ ਤੋਂ ਛੇਤੀ ਵੇਚ ਦੇਣਾ ਚਾਹੁੰਦਾ ਹੈ ਉਹ। ਬੰਦੂਕ ਦੀ ਚਿੰਤਾ ਉਸਨੂੰ ਅੰਦਰੇ-ਅੰਦਰ ਖਾਈ ਜਾ ਰਹੀ ਹੈ...ਤੇ ਉਸਦੀ ਹਾਲਤ ਉਸ ਬੁੱਢੇ ਵਰਗੀ ਹੋ ਗਈ ਹੈ ਜਿਸਦੀ ਮੁਟਿਆਰ ਕੁਆਰੀ ਧੀ ਘਰ ਬੈਠੀ ਹੋਵੇ ਤੇ ਕੋਈ ਯੋਗ ਵਰ ਲੱਭ ਹੀ ਨਾ ਰਿਹਾ ਹੋਵੇ। ਉਹ ਆਪਣੀ ਬੰਦੂਕ ਨੂੰ ਮੁਫ਼ਤ ਵਿਚ ਨਹੀਂ ਦੇਣਾ ਚਾਹੁੰਦਾ ਤੇ ਕਿਸੇ ਮੋਟੀ ਰਕਮ ਦੀ ਮੰਗ ਵੀ ਨਹੀਂ ਕਰ ਰਿਹਾ...ਬਸ, ਕਿਸੇ ਅਜਿਹੇ ਆਦਮੀ ਦੀ ਭਾਲ ਵਿਚ ਹੈ ਜਿਹੜਾ ਇਸ ਬੰਦੂਕ ਨਾਲ ਮੁਹੱਬਤ ਕਰਨ ਦੇ ਨਾਲ ਨਾਲ ਇਸ ਦੀ ਹਿਫਾਜ਼ਤ ਵੀ ਕਰ ਸਕਦਾ ਹੋਵੇ।
ਕਈ ਲੋਕ ਬੁੱਢੇ ਕੋਲ ਆਏ ਪਰ ਬੰਦੂਕ ਦਾ ਸੌਦਾ ਨਹੀਂ ਹੋ ਸਕਿਆ ਕਿਉਂਕਿ ਆਪਣੀ ਬੰਦੂਕ ਦੇ ਨਵੇਂ ਮਾਲਿਕ ਦੋ ਰੂਪ ਵਿਚ ਕੋਈ ਵੀ ਬੁੱਢੇ ਨੂੰ ਪਸੰਦ ਨਹੀਂ ਆਇਆ...ਉਸ ਹਰੇਕ ਵਿਚ ਕੋਈ ਨਾ ਕੋਈ ਖੋਟ ਕੱਢ ਦਿੱਤੀ।
ਉਸ ਦਿਨ ਜਿਹੜਾ ਆਦਮੀ ਬੰਦੂਕ ਖਰੀਦਣ ਆਇਆ, ਉਸਦੀ ਉਮਰ ਲਗਭਗ ਪੰਜਾਹ ਸਾਲ ਦੀ ਸੀ। ਬੁੱਢੇ ਨੇ ਉਸਨੂੰ ਵੇਚਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਸ ਦੇ ਖ਼ਿਆਲ ਵਿਚ ਜਿਹੜਾ ਆਦਮੀ ਪੰਜਾਹਾਂ ਦਾ ਹੋ ਚੁੱਕਿਆ ਹੈ, ਉਹ ਲੰਮੇ ਸਮੇਂ ਤਕ ਬੰਦੂਕ ਦਾ ਸਾਥ ਨਹੀਂ ਦੇ ਸਕਦਾ ਤੇ ਬੰਦੂਕ ਵਾਸਤੇ ਲੰਮੀ ਉਮਰ ਦਾ ਆਦਮੀ ਚਾਹੀਦਾ ਸੀ।
ਫੇਰ ਇਕ ਕਦਾਵਰ, ਖ਼ੂਬਸੂਰਤ ਤੇ ਸਿਹਤਮੰਦ ਨੌਜਵਾਨ ਬੰਦੂਕ ਖਰੀਦਣ ਲਈ ਆਇਆ ਤਾਂ ਬੁੱਢੇ ਨੇ ਉਸਨੂੰ ਪੁੱਛਿਆ, ''ਤੂੰ ਬੰਦੂਕ ਕਿਉਂ ਖਰੀਦਣੀ ਚਾਹੁੰਦਾ ਏਂ ਬਈ?''
''ਹਿਫਾਜ਼ਤ ਲਈ...'' ਨੌਜਵਾਨ ਨੇ ਬੁੱਢੇ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਕਿਹਾ।
'ਕੀਹਦੀ ਹਿਫਾਜ਼ਤ ਲਈ? ਆਪਣੀ, ਆਪਣੇ ਮਾਲ ਦੀ ਜਾਂ...?'' ਏਨਾ ਕਹਿ ਕੇ ਬੁੱਢਾ ਚੁੱਪ ਹੋ ਗਿਆ, ਜਿਵੇਂ ਅੱਗੇ ਨੌਜਵਾਨ ਆਪ ਹੀ ਸਮਝ ਗਿਆ ਹੋਵੇ।
''ਆਪਣੀ, ਆਪਣੇ ਮਾਲ ਦੀ ਤੇ ਹਰੇਕ ਉਸ ਚੀਜ਼ ਦੀ...'' ਨੌਜਵਾਨ ਨੇ ਵੀ ਗੱਲ ਅਧੂਰੀ ਹੀ ਛੱਡ ਦਿੱਤੀ ਜਿਵੇਂ ਅਗਲੀ ਗੱਲ ਆਪੇ ਹੀ ਬੁੱਢੇ ਨੂੰ ਸਮਝ ਆ ਜਾਏਗੀ।
''ਪਰ ਬੰਦੂਕ ਦੀ ਹਿਫਾਜ਼ਤ ਕੌਣ ਕਰੇਗਾ?'' ਬੁੱਢੇ ਨੇ ਪੁੱਛਿਆ।
ਤੇ ਫੇਰ ਉਸਦੀ ਗੱਲ ਲੰਮੀ ਹੁੰਦੀ ਗਈ...:
'ਪੁੱਤਰ ਬੰਦੂਕ ਸਿਰਫ ਉਹਨਾਂ ਦੀ ਹਿਫਾਜ਼ਤ ਕਰਦੀ ਏ, ਜਿਹੜੇ ਇਸ ਦੀ ਹਿਫਾਜ਼ਤ ਕਰਨੀ ਜਾਣਦੇ ਹੋਣ। ਅਸਲਾ ਹਰੇਕ ਬੰਦੇ ਦੇ ਹੱਥ ਵਿਚ ਕਾਰਆਮਦ ਸਿੱਧ ਨਹੀਂ ਹੁੰਦਾ। ਬੰਦੂਕ ਇਕ ਤਾਕਤ ਏ ਤੇ ਇਸਦੇ ਲਈ ਬੇਪਨਾਹ ਤਾਕਤਵਰ ਆਦਮੀ ਦੀ ਲੋੜ ਹੁੰਦੀ ਏ,'' ਫੇਰ ਉਸਨੇ ਉਹ ਗੱਲ ਕਹੀ ਜਿਹੜੀ ਪਹਿਲਾਂ ਵੀ ਕਈ ਲੋਕਾਂ ਨੂੰ ਕਹੀ ਸੀ—''ਦੇਖ ਪੁੱਤਰ! ਇਹ ਬੰਦੂਕ ਮੈਂ ਵੀਹ ਸਾਲ ਦੀ ਉਮਰ ਵਿਚ ਸ਼ਿਕਾਰ ਖੇਡਣ ਲਈ ਖ਼ਰੀਦੀ ਸੀ ਪਰ ਪਿੱਛੋਂ ਲਾਇਸੰਸ ਵਿਚ 'ਆਪਣੀ ਹਿਫਾਜ਼ਤ ਲਈ ਹੈ' ਵੀ ਦਰਜ਼ ਕਰਵਾਉਣਾ ਪਿਆ। ਪਿੱਛਲੇ ਸੱਠਾਂ ਸਾਲਾਂ ਤੋਂ ਇਹ ਮੇਰੀ ਸਾਥਣ ਤੇ ਗ਼ਮਖ਼ਾਰ ਰਹੀ ਹੈ। ਤੂੰ ਨੌਜਵਾਨ ਜ਼ਰੂਰ ਏਂ, ਪਰ ਬੰਦੂਕ ਰੱਖਣ ਲਈ ਇਸ ਤੋਂ ਬਿਨਾਂ ਵੀ ਕਈ ਕੁਝ ਚਾਹੀਦਾ ਹੁੰਦੈ...।''
ਕੁਝ ਦਿਨਾਂ ਪਿੱਛੋਂ ਇਕ ਹੋਰ ਨੌਜਵਾਨ ਬੁੱਢੇ ਦੀ ਬੰਦੂਕ ਖਰੀਦਣ ਆਇਆ ਤਾਂ ਉਸਨੇ ਕਿਹਾ, ''ਮੈਨੂੰ ਪਤਾ ਏ ਕਿ ਤੈਨੂੰ ਬੰਦੂਕ ਰੱਖਣ ਦਾ ਬੜਾ ਸ਼ੌਕ ਹੈ—ਪਰ ਪੁੱਤਰ, ਸ਼ੌਕ ਖਾਤਰ ਖਰੀਦੀ ਹੋਈ ਬੰਦੂਕ ਦਾ ਨਿਸ਼ਾਨਾ ਠੀਕ ਨਹੀਂ ਬੈਠਦਾ ਹੁੰਦਾ, ਜਿੰਨੇ ਪੈਸੇ ਤੂੰ ਇਸ ਬੰਦੂਕ ਉੱਤੇ ਖਰਚ ਕਰਨਾ ਚਾਹੁੰਦਾ ਏਂ, ਓਨਿਆਂ ਦਾ ਸੂਟ ਬਣਵਾ ਲੈ। ਸੂਟ ਪਾਵੇਂਗਾ ਤਾਂ ਤੇਰੀ ਖ਼ੂਬਸੂਰਤੀ ਹੋਰ ਵੀ ਵਧ ਜਾਏਗੀ ਤੇ ਤੇਰੇ ਕੀਮਤੀ ਕੱਪੜੇ ਵੇਖ ਕੇ ਸਮਾਜ ਆਪ ਹੀ ਤੇਰੀ ਹਿਫਾਜ਼ਤ ਕਰੇਗਾ।''
ਫੇਰ ਇਕ ਹੋਰ ਆਦਮੀ ਬੁੱਢੇ ਤੋਂ ਬੰਦੂਕ ਖਰੀਦਣ ਆਇਆ, ਜਿਸ ਕੋਲ ਪਹਿਲਾਂ ਵੀ ਇਕ ਬੰਦੂਕ ਸੀ। ਉਹ ਮੰਨਿਆਂ ਹੋਇਆ ਸ਼ਿਕਾਰੀ ਸੀ ਤੇ ਉਸਦਾ ਨਿਸ਼ਾਨਾਂ ਵੀ ਖਾਸਾ ਪੱਕਾ ਸੀ ਪਰ ਬੁੱਢੇ ਨੇ ਉਸਨੂੰ ਇਹ ਕਹਿ ਕੇ ਬੰਦੂਕ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਦੋ ਬੰਦੂਕਾਂ ਰੱਖਣ ਵਾਲੇ ਦੀ ਇਕ ਬੰਦੂਕ ਹਮੇਸ਼ਾ ਦੁਸ਼ਮਣ ਦੇ ਕੰਮ ਆਉਂਦੀ ਹੈ। ਬੁੱਢੇ ਦੀ ਗੱਲ ਸੁਣ ਕੇ ਉਸ ਆਦਮੀ ਨੇ ਦੱਸਿਆ ਕਿ 'ਪਹਿਲੀ ਬੰਦੂਕ ਬਾਰਾਂ ਬੋਰ ਦੀ ਹੈ, ਬਹੁਤੀ ਦੂਰ ਤਕ ਮਾਰ ਵੀ ਨਹੀਂ ਕਰਦੀ...ਤੇ ਕਿਉਂਕਿ ਬੁੱਢੇ ਦੀ ਬੰਦੂਕ ਸੈਵਨ ਐਮ. ਐਮ. ਦੀ ਹੈ ਤੇ ਖਾਸੀ ਦੂਰ ਤਕ ਮਾਰ ਵੀ ਕਰਦੀ ਹੈ। ਉਸਦੀ ਗੋਲੀ ਵੀ ਪੱਕੀ ਹੁੰਦੀ ਹੈ, ਇਸ ਲਈ ਇਸ ਕਿਸਮ ਦੀ ਬੰਦੂਕ ਦੀ ਮੈਨੂੰ ਸਖ਼ਤ ਲੋੜ ਹੈ।' ਉਸਦੀ ਗੱਲ ਸੁਣ ਕੇ ਬੁੱਢੇ ਦੇ ਸਾਹਾਂ ਦੀ ਗਤੀ ਤੇਜ਼ ਹੋਣ ਲੱਗੀ। ਉਹ ਕੁਝ ਕਹਿ ਵੀ ਰਿਹਾ ਸੀ ਤੇ ਬੰਦੂਕ ਲੈਣ ਦੀ ਗਰਜ ਨਾਲ ਆਇਆ ਆਦਮੀ ਤੇ ਉਸਦੇ ਨਾਲ ਵਾਲਾ ਆਦਮੀ ਬੁੱਢੇ ਦੇ ਮੂੰਹ ਵੱਲ ਦੇਖਣ ਲੱਗੇ। ਬੁੜਬੁੜ ਕਰਦਾ ਹੋਇਆ ਬੁੱਢਾ ਬਿੰਦ ਦਾ ਬਿੰਦ ਚੁੱਪ ਹੋ ਜਾਂਦਾ ਤੇ ਫੇਰ ਕਾਹਲੀ-ਕਾਹਲੀ ਬੁੜਬੁੜ ਕਰਨ ਲੱਗ ਪੈਂਦਾ...ਇੰਜ ਲੱਗਦਾ ਸੀ ਜਿਵੇਂ ਕੋਈ ਖਾਲੀ ਬੰਦੂਕ ਦੇ ਘੋੜੇ ਨੂੰ ਵਾਰੀ-ਵਾਰੀ ਨੱਪ ਰਿਹਾ ਹੋਵੇ। ਬੁੱਢੇ ਦੀਆਂ ਗੱਲਾਂ ਵਿਚੋਂ ਤਾਜ਼ੇ ਚੱਲੇ ਕਾਰਤੂਸ ਵਰਗੀ ਗੰਧ ਆਉਣ ਲੱਗ ਪਈ ਸੀ।
ਉਹ ਬੰਦੂਕ ਖਰੀਦਣ ਆਏ ਆਦਮੀਆਂ ਨੂੰ ਕਹਿ ਰਿਹਾ ਸੀ, ''ਦੂਰ ਤਕ ਮਾਰ ਕਰਨ ਵਾਲੀ ਬੰਦੂਕ ਨੂੰ ਹਰੇਕ ਨਹੀਂ ਚਲਾ ਸਕਦਾ। ਤੂੰ ਬਾਰਾਂ ਬੋਰ ਦੀ ਕੱਚੀਆਂ ਗੋਲੀਆਂ, ਮੇਰਾ ਭਾਵ ਏ, ਕਾਰਤੂਸਾਂ ਵਾਲੀ ਬੰਦੂਕ ਚਲਾਉਣ ਦਾ ਆਦੀ ਏਂ...ਇਸ ਲਈ ਸ਼ਾਇਦ ਤੈਨੂੰ ਇਲਮ ਨਹੀਂ ਕਿ ਇਹ ਦੂਰ ਤਕ ਮਾਰ ਕਰਨ ਵਾਲੇ ਹੱਥਾਂ ਵਿਚ ਹੀ ਠੀਕ ਰਹਿੰਦੀ ਏ। ਪਰ ਮੈਂ ਸਿਫਾਰਸ਼ੀ ਹੱਥਾਂ ਦੀ ਗੱਲ ਨਹੀਂ ਕਰਦਾ ਪਿਆ, ਉਹਨਾਂ ਦੀ ਗੱਲ ਕਰ ਰਿਹਾਂ ਜਿਹਨਾਂ ਦੀ ਦਿੱਖ ਜਵਾਨ ਪਰ ਤਜ਼ਰਬਾ ਬੁੱਢਾ ਹੁੰਦਾ ਏ।'' ਇਹ ਕਹਿ ਕੇ ਬੁੱਢਾ ਚੁੱਪ ਹੋ ਗਿਆ। ਸਾਰਿਆਂ ਨੇ ਉਸਦੇ ਮੂੰਹ ਵੱਲ ਦੇਖਿਆ, ਜਿਹੜਾ ਬਿਲਕੁਲ ਕਿਸੇ ਭਰੀ ਹੋਈ ਬੰਦੂਕ ਜਿਹਾ ਹੀ ਲੱਗ ਰਿਹਾ ਸੀ। ਨੱਕ ਘੋੜੇ ਵਾਂਗ ਤਣਿਆ ਹੋਇਆ ਸੀ ਤੇ ਅੱਖਾਂ ਕਿਸੇ ਦੁਨਾਲੀ ਵਾਂਗ ਨਿਸ਼ਾਨਾ ਸਿੰਨ੍ਹੀ ਖੜ੍ਹੀਆਂ ਸਨ। ਯਕਦਮ ਬੁੱਢਾ ਫੇਰ ਬੋਲਿਆ ਤਾਂ ਇੰਜ ਲੱਗਿਆ ਜਿਵੇਂ ਕਿਸੇ ਨੇ ਬੰਦੂਕ ਵਿਚ ਗੋਲੀ ਪਾ ਕੇ ਉਸਨੂੰ ਤਾਣ ਲਿਆ ਹੋਵੇ। ਉਹ ਕਹਿ ਰਿਹਾ ਸੀ, ''ਮੈਂ ਆਪਣੀ ਇਹ ਬੰਦੂਕ ਤੁਹਾਨੂੰ ਕਿੰਜ ਦੇ ਦਿਆਂ, ਜਿਹਨਾਂ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਏ? ਇਹ ਉਹ ਬੰਦੂਕ ਨਹੀਂ ਜਿਹੜੀ ਜਾਲਮ ਦੇ ਹੱਥ ਵਿਚ ਖੇਡਦੀ ਏ...ਇਹ ਮੇਰੀ ਬੰਦੂਕ ਏ, ਇਸਦੇ ਦਸਤੇ ਨਾਲ ਸ਼ੇਰ ਦੀ ਦਹਾੜ ਵੱਝੀ ਹੋਈ ਏ—ਉਸ ਸ਼ੇਰ ਦੀ ਦਹਾੜ ਨਹੀਂ ਜਿਹੜਾ ਜੰਗਲ ਦਾ ਬਾਦਸ਼ਾਹ ਕਹਾਉਂਦਾ ਏ, ਬਲਕਿ ਉਸ ਸ਼ੇਰ ਦੀ ਦਹਾੜ ਜਿਹੜਾ ਛੋਟੇ ਜਾਨਵਰਾਂ ਨਾਲ ਰਲ ਕੇ ਇਕੋ ਘਾਟ ਪਾਣੀ ਪੀ ਲੈਂਦਾ ਏ ਤੇ ਉਹਨਾਂ ਦੀ ਹਿਫਾਜ਼ਤ ਕਰਦਾ ਏ।'' ਬੁੱਢੇ ਦੀਆਂ ਗੱਲਾਂ ਵਿਚੋਂ ਬਾਰੂਦ ਦੀ ਬੂ ਫੈਲਣ ਲੱਗੀ। ਉਹ ਕਹਿ ਰਿਹਾ ਸੀ, ''ਮੇਰੀ ਬੰਦੂਕ ਦੀ ਨਾਲ ਉੱਤੇ ਉਸ ਭੀੜ ਦੇ ਨਾਅਰੇ ਚਿਪਕੇ ਹੋਏ ਨੇ ਜਿਹੜੀ ਦੂਜੀਆਂ ਬੰਦੂਕਾਂ ਦੀਆਂ ਗੋਲੀਆਂ ਨਾਲ ਲੀਰੋ-ਲੀਰ ਕਰ ਦਿੱਤੀ ਗਈ...ਹੁਣ ਤੁਸੀਂ ਆਪ ਹੀ ਦੱਸੋ ਮੈਂ ਆਪਣੀ ਇਹ ਬੰਦੂਕ ਤੁਹਾਨੂੰ ਕਿਵੇਂ ਦੇ ਦਿਆਂ?''
ਇਸ ਗੱਲ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਇਕ ਹੋਰ ਆਦਮੀ ਬੰਦੂਕ ਖਰੀਦਣ ਲਈ ਬੁੱਢੇ ਕੋਲ ਆਇਆ ਤਾਂ ਉਸ ਪਹਿਲਾ ਸਵਾਲ ਇਹ ਕੀਤਾ, ''ਤੇਰੇ ਕੋਲ ਲਾਇਸੰਸ ਹੈ?''
ਉਸ ਆਦਮੀ ਨੇ ਬੜੇ ਧੀਰਜ ਨਾਲ ਕਿਹਾ, ''ਬੰਦੂਕ ਦਾ ਸੌਦਾ ਹੋ ਗਿਆ ਤਾਂ ਲਾਇਸੰਸ ਦੀ ਗੱਲ ਵੀ ਹੋ ਜਾਏਗੀ, ਤੁਸੀਂ ਆਪਣੀ ਬੰਦੂਕ...''
ਅਜੇ ਉਸਨੇ ਏਨਾ ਹੀ ਕਿਹਾ ਸੀ ਕਿ ਬੁੱਢੇ ਨੇ ਉਸਦੀ ਗੱਲ ਟੁੱਕੀ, ''ਮੇਰੇ ਕੋਲ ਉਹ ਬੰਦੂਕ ਏ ਜਿਹੜੀ ਤੂੰ ਕਦੀ ਸੱਚਮੁੱਚ ਤਾਂ ਕੀ, ਸੁਪਨੇ ਵਿਚ ਵੀ ਨਹੀਂ ਦੇਖੀ ਹੋਣੀ। ਉਹ ਇਕ ਤਜ਼ਰਬੇਕਾਰ ਬੰਦੂਕ ਏ ਤੇ ਤੂੰ... ਖ਼ੈਰ! ਸੁਣ, ਇਕ ਬੰਦੂਕ ਆਦਮੀ ਦੇ ਹੱਥ ਵਿਚ ਹੁੰਦੀ ਏ ਤੇ ਦੂਜੀ ਦਿਮਾਗ਼ ਵਿਚ ਫਿੱਟ ਹੁੰਦੀ ਏ—ਤੇ ਨਿਸ਼ਾਨਾ ਉਦੋਂ ਹੀ ਫਿੱਟ ਬੈਠਦਾ ਏ ਜਦੋਂ ਦਿਮਾਗ਼ ਵਾਲੀ ਬੰਦੂਕ ਤੇ ਹੱਥ ਵਾਲੀ ਬੰਦੂਕ ਇਕੋ ਸਮੇਂ ਚੱਲਣ। ਪਰ ਤੁਸੀਂ ਲੋਕ ਹੱਥ ਵਾਲੀ ਬੰਦੂਕ ਨੂੰ ਦਿਮਾਗ਼ ਵਾਲੀ ਬੰਦੂਕ ਨਾਲੋਂ ਪਹਿਲਾਂ ਹੀ ਚਲਾ ਦਿੰਦੇ ਓ, ਜਿਸ ਲਈ ਤੂੰ ਮੇਰੀ ਬੰਦੂਕ ਦੀ ਕੀਮਤ ਤਾਂ ਦੇ ਸਕਦਾ ਏਂ ਪਰ ਇਸ ਦੇ ਹੌਸਲੇ ਦੀ ਤਲਬ ਨੂੰ ਨਹੀਂ ਮਿਟਾਅ ਸਕਦਾ।''
ਫੇਰ ਕਈ ਲੋਕ ਆਏ, ਪਰ ਬੁੱਢੇ ਤੋਂ ਬੰਦੂਕ ਨਾ ਖਰੀਦ ਸਕੇ। ਵੱਡੇ ਸ਼ਿਕਾਰੀਆਂ ਤੇ ਬੰਦੂਕ ਦੇ ਮਾਹਿਰਾਂ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਕੋਈ ਵੀ ਬੁੱਢੇ ਦੀ ਪਰਖ ਉੱਤੇ ਪੂਰਾ ਨਾ ਉਤਰਿਆ। ਸ਼ਹਿਰ ਵਿਚ ਥਾਂ-ਥਾਂ ਬੁੱਢੇ ਦੀ ਬੰਦੂਕ ਦੇ ਚਰਚੇ ਸਨ...ਤੇ ਬੁੱਢਾ ਵੀ ਉਸਨੂੰ ਵੇਚਣ ਲਈ ਪਹਿਲਾਂ ਨਾਲੋਂ ਵਧੇਰੇ ਬੇਚੈਨ ਨਜ਼ਰ ਆਉਂਦਾ ਸੀ।

ਫੇਰ ਇਕ ਦਿਨ ਪਤਾ ਲੱਗਿਆ, ਬੁੱਢਾ ਮਰ ਗਿਆ ਹੈ। ਸ਼ਹਿਰ ਦੇ ਕੋਨੇ-ਕੋਨੇ ਤੋਂ ਲੋਕ ਉਸਦੇ ਜਨਾਜ਼ੇ ਵਿਚ ਸ਼ਾਮਲ ਹੋਣ ਲਈ ਆਏ। ਉਹਨਾਂ ਵਿਚ ਉਹ ਲੋਕ ਵੀ ਸਨ ਜਿਹੜੇ ਉਸਦੀ ਜ਼ਿੰਦਗੀ ਵਿਚ ਉਸ ਤੋਂ ਬੰਦੂਕ ਖਰੀਦਣ ਆਏ ਸਨ ਤੇ ਉਹ ਵੀ ਜਿਹਨਾਂ ਸਿਰਫ ਬੁੱਢੇ ਦੀਆਂ ਗੱਲਾਂ ਸੁਣੀਆਂ ਸਨ।  ਕੋਈ ਉਸ ਬੰਦੂਕ ਉੱਤੇ ਕਬਜ਼ਾ ਕਰਨ ਬਾਰੇ ਸੋਚ ਰਿਹਾ ਸੀ; ਕਿਸੇ ਦੇ ਮਨ ਵਿਚ ਅਫ਼ਸੋਸ ਦੀ ਧੁੰਦ ਛਾਈ ਹੋਈ ਸੀ।

ਉਸੇ ਸ਼ਾਮ...:
ਬਹੁਤ ਸਾਰੇ ਲੋਕ ਬੁੱਢੇ ਦੇ ਘਰ ਅਫ਼ਸੋਸ ਕਰਨ ਆਏ ਬੈਠੇ ਸਨ। ਉਸਦੇ ਇਕ ਪੁਰਾਣੇ ਸਾਥੀ ਨੇ ਜੇਬ ਵਿਚੋਂ ਇਕ ਕਾਗਜ਼ ਕੱਢਿਆ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਹੋਇਆਂ ਬੋਲਿਆ, ''ਬੁੱਢੇ ਦੀ ਇੱਛਾ ਸੀ ਕਿ ਉਸਦੀ ਬੰਦੁਕ ਉਸਦੇ  ਜਿਉਂਦੇ-ਜਿਉਂਦੇ ਹੀ ਸੁਰੱਖਿਅਤ ਹੱਥਾਂ ਵਿਚ ਚਲੀ ਜਾਏ, ਪਰ ਉਹ ਇੰਜ ਨਾ ਕਰ ਸਕਿਆ, ਜ਼ਿੰਦਗੀ ਨੇ ਉਸਨੂੰ ਮੋਹਲਤ ਹੀ ਨਹੀਂ ਦਿੱਤੀ। ਮਰਨ ਤੋਂ ਕੁਝ ਚਿਰ ਪਹਿਲਾਂ ਉਸਨੇ ਇਕ ਵਸੀਅਤ ਲਿਖੀ ਸੀ...ਮੈਂ ਤੁਹਾਨੂੰ ਸੁਣਾਅ ਦਿੰਦਾ ਵਾਂ।'' ਫੇਰ ਉਸਨੇ ਕਾਗਜ਼ ਦੀਆਂ ਤੈਹਾਂ ਖੋਲ੍ਹੀਆਂ ਤੇ ਪੜ੍ਹਨ ਲੱਗਾ...:
''ਮੈਂ ਆਪਣੀ ਵਿਰਾਸਤ ਵਿਚ ਇਕ ਬੰਦੂਕ ਤੇ ਇਕ ਪਿੰਜਰਾ ਛੱਡ ਕੇ ਜਾ ਰਿਹਾਂ, ਪਿੰਜਰਾ ਭਾਵੇਂ ਖਾਲੀ ਨਜ਼ਰ ਆਉਂਦਾ ਹੈ, ਪਰ ਇਹ ਖਾਲੀ ਨਹੀਂ...ਇਸ ਵਿਚ ਇਕ ਪਰਿੰਦਾ ਵੀ ਹੈ। ਸਾਰੇ ਇਸ ਪਿੰਜਰੇ ਨੂੰ ਦੇਖ ਕੇ ਖਾਲੀ ਕਹਿਣਗੇ...ਪਰ ਜਿਸ ਆਦਮੀ ਨੂੰ ਪਿੰਜਰੇ ਵਿਚ ਪਰਿੰਦਾ ਨਜ਼ਰ ਆ ਜਾਵੇ, ਉਸਨੂੰ ਹੀ ਇਹ ਪਿੰਜਰਾ ਦੇ ਦਿੱਤਾ ਜਾਵੇ। ਮੇਰੀ ਮੌਤ ਤੋਂ ਬਾਅਦਾ ਮੇਰੀ ਬੰਦੂਕ ਸ਼ਹਿਰ ਦੇ ਉਹਨਾਂ ਵਿਦਵਾਨਾ ਨੂੰ ਸੌਂਪ ਦਿੱਤੀ ਜਾਵੇ ਜਿਹਨਾਂ ਦੀਆਂ ਅੱਖਾਂ ਵਿਚ ਸੱਚ ਸਾਕਾਰ ਦਿਸਦਾ ਹੋਵੇ ਤਾਂ ਕਿ ਉਹ ਮੇਰੀ ਇਸ ਬੰਦੂਕ ਨੂੰ ਉਹਨਾਂ ਲੋਕਾਂ ਨੂੰ ਦੇਣ ਜਿਹਨਾਂ ਦੇ ਪੱਲੇ ਦੀ ਗੱਲ ਨੂੰ ਕੋਈ ਖੋਲ੍ਹ ਕੇ ਲੈ ਗਿਆ ਹੈ ਤੇ ਹੁਣ ਉਹਨਾਂ ਦੇ ਲੂੰ-ਲੂੰ ਵਿਚੋਂ ਬੰਦੂਕ ਦੀ ਤਲਾਸ਼ ਦੀ ਮਹਿਕ ਆਉਂਦੀ ਹੈ।''
ਵਸੀਅਤ ਪੜ੍ਹ ਕੇ ਬੁੱਢੇ ਦਾ ਸਾਥੀ ਕਾਗਜ਼ ਨੂੰ ਤਹਿ ਕਰਕੇ ਜੇਬ ਵਿਚ ਪਾਉਂਦਾ ਹੋਇਆ ਉਠ ਖੜ੍ਹਾ ਹੋਇਆ ਤੇ ਘਰ ਦੇ ਅੰਦਰਲੇ ਦਰਵਾਜ਼ੇ ਕੋਲ ਜਾ ਕੇ ਉਸਦਾ ਕੁੰਡ ਖੜਕਾਉਣ ਲੱਗ ਪਿਆ। ਅੰਦਰੋਂ ਬੁੱਢੇ ਦੀ ਘਰਵਾਲੀ ਬਾਹਰ ਆਈ ਤਾਂ ਉਸਨੇ ਉਸਨੂੰ ਕਿਹਾ, ''ਮਿਹਰਬਾਨੀ ਕਰਕੇ ਬੁੱਢੇ ਦੀ ਬੰਦੂਕ ਲਿਆ ਦਿਓ ਤਾਂ ਕਿ ਵਸੀਅਤ ਅਨੁਸਾਰ ਉਹ ਸ਼ਹਿਰ ਦੇ ਲੋਕਾਂ ਨੂੰ ਦੇ ਦਿੱਤੀ ਜਾਵੇ।''
ਬੁੱਢੇ ਦੀ ਘਰਵਾਲੀ ਹੈਰਾਨੀ ਨਾਲ ਪੁੱਛਣ ਲੱਗੀ, ''ਕਿਹੜੀ ਬੰਦੂਕ! ਉਸ ਕੋਲ ਕੋਈ ਬੰਦੂਕ ਨਹੀਂ ਸੀ। ਉਹ ਤਾਂ ਆਪ ਸਾਰੀ ਉਮਰ ਬੰਦੂਕ ਖਰੀਦਣ ਵਾਸਤੇ ਤਰਸਦਾ ਰਿਹਾ ਏ।''
    ੦ ੦ ੦

Saturday, September 18, 2010

ਸਵਾਲੀਆ ਗੂੰਜ...:: ਲੇਖਕ : ਮ.ਅ. ਖ਼ਾਨ

ਪਾਕਿਸਤਾਨੀ ਉਰਦੂ ਕਹਾਣੀ :
ਸਵਾਲੀਆ ਗੂੰਜ...
ਲੇਖਕ : ਮ.ਅ. ਖ਼ਾਨ
ਅਨੁ : ਮਹਿੰਦਰ ਬੇਦੀ, ਜੈਤੋ


ਉਹ ਕਮਰੇ 'ਚ ਦਾਖਲ ਹੋਇਆ ਤਾਂ ਉਸਦਾ ਚਿਹਰਾ ਖਿੜਿਆ ਹੋਇਆ ਸੀ। ਕਾਹਲ ਨਾਲ, ਨਾਲ ਵਾਲੇ ਮੰਜੇ ਉੱਤੇ ਆ ਬੈਠਿਆ। ਲੱਤ ਉੱਤੇ ਲੱਤ ਰੱਖ ਲਈ, ਮੁੱਛਾਂ ਉੱਤੇ ਹੱਥ ਫੇਰਿਆ ਤੇ ਪੁਰਾਣੀ ਚਿੱਟੀ ਪੱਗ ਲਾਹ ਕੇ ਸਿਰਹਾਣੇ ਵੱਲ ਰੱਖ ਦਿੱਤੀ। ਮੈਲੇ ਕੱਪੜਿਆਂ ਵਾਲੇ ਉਸ ਬਜ਼ੁਰਗ ਦੇ ਹੱਥ ਵਿਚ ਫੜ੍ਹੀ ਹੋਈ ਮਾਲਾ ਦੇ ਮਣਕੇ ਵੀ, ਉਸਦੇ ਸਿਰ ਦੇ ਵਾਲਾਂ  ਜਿੰਨੇ ਸਫੇਦ ਸਨ। ਦਾੜ੍ਹੀ ਖਾਸੀ ਲੰਮੀ ਸੀ ਤੇ ਉਸਦੀਆਂ ਮੁੱਛਾਂ ਨੂੰ ਦੇਖ ਕੇ, ਇਹ ਭੁਲੇਖਾ ਪੈਂਦਾ ਸੀ ਕਿ ਨੱਕ ਦੇ ਦੋਏ ਪਾਸੇ ਚਮੇਲੀ ਦੇ ਦੋ ਫੁੱਲ ਟੁੰਗੇ ਹੋਏ ਨੇ। ਉਸਨੇ ਬੜੇ ਮਾਣ ਨਾਲ ਸਿਰ ਚੁੱਕ ਕੇ ਇਧਰ ਉਧਰ ਦੇਖਿਆ—ਫੇਰ ਉਸਦੀਆਂ ਨਜ਼ਰਾਂ ਮੇਰੇ ਉੱਤੇ ਟਿਕ ਗਈਆਂ, ਚਿਹਰੇ ਉੱਤੇ ਨਫ਼ਰਤ ਦੇ ਆਸਾਰ ਪੈਦਾ ਹੋ ਗਏ, ਅੱਖਾਂ ਵਿਚ ਕੁਸੈਲ ਘੁਲ ਗਈ। ਅਚਾਨਕ ਉਸਨੇ ਜ਼ਮੀਨ ਉਪਰ ਥੁੱਕਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ।
ਹਾਲਤ ਮੇਰੀ ਵੀ ਕੁਝ ਅਜੀਬ ਸੀ—ਭਾਵੇਂ ਖਾਣਾ ਵਗ਼ੈਰਾ ਤਾਂ ਕੱਲ੍ਹ ਦਾ ਹੀ ਸਮੇਂ ਸਿਰ ਮਿਲ ਰਿਹਾ ਸੀ। ਪਰ ਇਸ ਅਲਾਣੇ ਮੰਜੇ ਉੱਤੇ ਰਾਤ ਬੜੀ ਮੁਸ਼ਕਲ ਨਾਲ ਬੀਤੀ ਸੀ। ਇਸ ਕਮਰੇ ਵਿਚ ਨਾ ਰੋਸ਼ਨੀ ਸੀ, ਨਾ ਪਾਣੀ ਤੇ ਨਾ ਹੀ ਨਿੱਘ ਪ੍ਰਾਪਤ ਕਰਨ ਦਾ ਕੋਈ ਸਾਧਨ। ਉਂਜ ਰਾਤ ਮੇਰੇ ਨਾਲ ਹਮਦਰਦੀ ਭਰਿਆ ਸਲੂਕ ਕਰਦਾ ਹੋਇਆ ਚੌਧਰੀ, ਦੋ ਕੰਬਲ ਜ਼ਰੂਰ ਸੁੱਟ ਗਿਆ ਸੀ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਮੈਨੂੰ ਆਪਣੇ ਕਿਸੇ ਮਿੱਤਰ-ਪਿਆਰੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਹਰੇਕ ਗੱਲ ਦਾ ਚੌਧਰੀ ਤਾਕਤ ਦੀਨ ਇਕੋ ਜੁਆਬ ਦੇਂਦਾ...:
''ਯਾਰੋ, ਕਿਉਂ ਮੇਰੀ ਨੌਕਰੀ ਦੇ ਪਿੱਛੇ ਪਏ ਹੋਏ ਓ?''
ਚੌਧਰੀ ਆਪਣੀ ਡਿਊਟੀ ਅਨੁਸਾਰ ਖਾਣਾ ਚੈਕ ਕਰਕੇ ਮੇਰੇ ਸਪੁਰਦ ਕਰ ਦਿੰਦਾ। ਉਸਦੀ ਚੈਕਿੰਗ ਬੜੀ ਨਿਰਾਲੀ ਸੀ—ਪਹਿਲਾਂ ਟਿਫ਼ਨ ਨੂੰ ਉਤੋਂ-ਹੇਠਾਂ ਤਕ ਦੇਖਦਾ, ਚੌਲਾਂ ਨੂੰ ਫਰੋਲ-ਫਰੋਲ ਦੇਖਦਾ, ਰੋਟੀਆਂ ਦੇ ਚੱਪੇ ਕਰ ਦਿੰਦਾ। ਸ਼ਾਮ ਦੇ ਖਾਣੇ ਵੇਲੇ ਮੈਥੋਂ ਰਿਹਾ ਨਾ ਗਿਆ। ਮੈਂ ਪੁੱਛਿਆ,''ਕਿਉਂ ਜਨਾਬ...ਖਾਣੇ ਵਿਚ ਕੋਈ ਰਾਕਟ ਜਾਂ ਐਟਮ ਬੰਬ ਛੁਪਿਆ ਹੋਣ ਦੀ ਇਤਲਾਹ ਮਿਲੀ ਹੈ ਕਿ...!''
ਓ ਬਈ, ਤੁਹਾਡੀ ਕੋਈ ਪਰਚੀ ਵੀ ਬਾਹਰੋਂ ਅੰਦਰ ਜਾਂ ਅੰਦਰੋਂ ਬਾਹਰ ਪਹੁੰਚ ਗਈ ਤਾਂ ਸਾਡੇ ਲਈ ਐਟਮ ਬੰਬ ਵਰਗੀ ਹੀ ਸਮਝੋ...''
ਦਰਅਸਲ ਇਹ ਮੁਸੀਬਤ ਇੰਜ ਸ਼ੁਰੂ ਹੋਈ ਸੀ ਕਿ ਸਾਨੂੰ ਸ਼ੌਕ ਉਠਿਆ ਸੀ ਹੱਕ ਪ੍ਰਾਪਤ ਕਰਨ ਦਾ—ਤੇ ਹੱਕ ਵੀ ਕਿਹੜੇ...ਸਿਆਸੀ, ਸਮਾਜੀ, ਸਭਿਆਚਾਰਕ ਤੇ ਜਮਹੂਰੀ। ਗੱਲ ਕੀ ਅਸੀਂ, ਸਾਰੇ ਹੱਕਾਂ ਦੀ ਗੱਲ ਕਰਨੀ ਚਾਹੁੰਦੇ ਸਾਂ ਤੇ ਉਹ ਕਿਸੇ ਇਕ ਨਾਅਰੇ ਵਿਚ ਫਿੱਟ ਨਹੀਂ ਸਨ ਬੈਠ ਰਹੇ।  ਯਾਰਾਂ ਦੋਸਤਾਂ ਨੇ ਜੋਸ਼ ਦਿਵਾਇਆ ਤੇ ਆਪਾਂ ਆਪਣਾ ਫ਼ਰਜ਼ ਪੂਰਾ ਕਰਨ ਦਾ ਫ਼ੈਸਲਾ ਕਰ ਲਿਆ—ਅੰਦਰ ਖਾਤੇ ਦੀਆਂ ਖ਼ਬਰਾਂ ਤੇ ਹੋਰ ਮਸਾਲਾ ਤਾਂ ਹੈ ਹੀ ਸੀ—ਰਾਤੋ ਰਾਤ ਆਰਟੀਕਲ ਲਿਖ ਕੇ ਛਾਪ ਦਿੱਤਾ। ਦੂਜੇ ਦਿਨ ਸਵੇਰੇ ਹੀ 'ਪ੍ਰੋਗਰੈਸ' ਦੇ ਨਾਂ ਹੇਠ ਮਜ਼ਦੂਰ ਭਰਾਵਾਂ ਵਿਚ ਪਰਚਾ ਵੰਡ ਦਿੱਤਾ ਗਿਆ। ਉਸ ਵਿਚ ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਤੇ ਪਤਰਕਾਰ ਵਜੋਂ, ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਡਾਕੂਮੈਂਟਰੀ ਸਬੂਤ ਪੇਸ਼ ਕੀਤੇ ਗਏ—ਜਿਸ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਕਿਸੇ ਨੂੰ ਵੀ ਪੰਜ ਸਾਲ ਤੱਕ ਤਰੱਕੀ ਨਹੀਂ ਦਿੱਤੀ ਜਾਏਗੀ, ਦੋ ਸਾਲ ਦੇ ਅੰਦਰ ਅੰਦਰ ਪੰਜ ਹਜਾਰ ਵਰਕਰਾਂ ਦੀ ਛੁੱਟੀ ਕੀਤੀ ਜਾਏਗੀ ਤੇ ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਮੁਕਾਬਲੇ ਲਈ, ਪਾਕਿਸਤਾਨ ਸਟੀਲ ਲੇਬਰ ਯੂਨੀਅਨ ਬਣਾਈ ਜਾਏਗੀ। ਜਿਸ ਨੂੰ ਇਕ ਸਾਲ ਦੇ ਅੰਦਰ ਅੰਦਰ ਹੁਕਮਰਾਨ ਪਾਰਟੀ ਤੇ ਪ੍ਰਬੰਧਕ ਮਸ਼ੀਨਰੀ ਦੀ ਮਦਦ ਨਾਲ ਆਪਣੇ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ ਜਾਏਗਾ।
ਬਸ ਫੇਰ ਕੀ ਸੀ, ਇਹਨਾਂ ਗੁਪਤ ਗੱਲਾਂ ਦੇ ਛਪਣ ਦੀ ਦੇਰ ਸੀ, ਹਕੂਮਤ ਸਿੰਧ ਦੇ ਟੈਲੀਫ਼ੋਨ ਖੜਕਣ ਲੱਗੇ। ਸਟੀਲ ਮਿਲਜ਼ ਦੇ ਡਾਇਰੈਕਟਰ ਜਨਰਲ ਬਰਗੇਡੀਅਰ ਮੁਸ਼ਤਾਕ ਅਜੀਜ਼ ਨੇ ਖਾਸ ਤੌਰ 'ਤੇ ਸਬੰਧਤ ਥਾਨੇ ਦੇ ਥਾਣੇਦਾਰ ਚੌਧਰੀ ਤਾਕਤ ਦੀਨ ਨੂੰ ਆਪਣੇ ਏਅਰ ਕੰਡੀਸ਼ਨ ਆਫ਼ਿਸ ਵਿਚ ਬੁਲਾਇਆ ਤੇ ਹੁਕਮ ਨਾਦਰਸ਼ਾਹੀ ਸੁਣਾ ਦਿੱਤਾ...:
''ਇਲਿਆਸ ਨੂੰ ਅੰਦਰ ਬੰਦ ਕਰ ਦਿਓ।''
''ਜੀ, ਸਾਹਬ!'' ਚੌਧਰੀ ਨੇ ਅੱਡੀਆਂ ਵਜਾਈਆਂ।
ਹੁਕਮ ਤਾਂ ਬਿਨਾਂ ਪੁੱਛਿਆਂ ਹੀ ਮੰਨਿਆਂ ਜਾਣਾ ਸੀ ਕਿਉਂਕਿ ਇਹ ਥਾਣਾ, ਸਟੀਲ ਮਿਲਜ਼ ਦੇ 'ਹਾਤੇ ਵਿਚ ਖਾਸ ਬਰਗੇਡੀਅਰ ਸਾਹਬ ਦੇ ਕਹਿਣ 'ਤੇ ਹੀ ਬਣਾਇਆ ਗਿਆ ਸੀ ਤੇ ਇੰਜ ਇਸਦੇ ਅਮਲੇ ਦੀ, ਇਸ ਨਾਦਰਸ਼ਾਹੀ ਹੁਕਮ ਨੂੰ ਨਾ ਮੰਨਣ ਦੀ ਹਿੰਮਤ ਕਿਵੇਂ ਹੋ ਸਕਦੀ ਸੀ।
ਤੇ ਇਹ ਸਨ ਉਹ ਹਾਲਾਤ ਜਿਹਨਾਂ ਦੇ ਨਤੀਜੇ ਵਜੋਂ ਮੈਂ ਕੱਲ੍ਹ ਦਾ ਇਸ ਕਮਰੇ ਵਿਚ ਬੰਦ ਸਾਂ। ਰਾਤ ਭਰ ਕਈ ਸਵਾਲ ਪ੍ਰੇਸ਼ਾਨ ਕਰਦੇ ਰਹੇ ਸਨ, ਕੀ ਮੇਰੇ ਖਿਲਾਫ਼ ਕੋਈ ਕੇਸ ਬਣਾਇਆ ਗਿਆ ਹੈ? ਕੀ ਯਾਰ-ਦੋਸਤ ਜਮਾਨਤ ਕਰਵਾ ਲੈਣਗੇ? ਜਾਂ ਫੇਰ ਕੋਈ ਜਲਸਾ, ਜਲੂਸ ਕੱਢਿਆ ਜਾਏਗਾ? ਪੁਲਿਸ ਵਾਲੇ ਕੁਝ ਵੀ ਨਹੀਂ ਸਨ ਦੱਸ ਰਹੇ...ਤੇ ਜਦੋਂ ਅੱਜ ਸਵੇਰੇ ਏ. ਐਸ. ਆਈ. ਅੱਲਾ ਦੀਨ ਸ਼ਾਹ ਤੋਂ 'ਨਵਾਏ ਵਕਤ' ਅਖ਼ਬਾਰ ਲੈ ਕੇ ਦੇਖਿਆ ਤਾਂ ਅੰਦਰਲੇ ਸਫੇ ਉੱਤੇ ਛਪੀ ਇਕ ਨਿੱਕੀ ਜਿਹੀ ਖ਼ਬਰ ਨੇ ਮੈਨੂੰ ਕੁਝ ਵਧੇਰੇ ਹੀ ਪ੍ਰੇਸ਼ਾਨ ਕਰ ਦਿੱਤਾ। ਖ਼ਬਰ ਵਿਚ ਮੇਰਾ ਨਾਂ ਤਾਂ ਨਹੀਂ ਸੀ ਛਾਪਿਆ ਗਿਆ, ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਸਕੱਤਰ, ਲੇਖਕ ਤੇ ਪ੍ਰਕਾਸ਼ਕ ਨੂੰ ਅਸਿੱਧੇ ਤੌਰ ਤੇ ਕਮਿਊਨਿਸਟ, ਕਾਫ਼ਰ ਤੇ ਰੂਸੀ ਏਜੰਟ ਆਖਿਆ ਗਿਆ ਸੀ। ਜਿਹੜਾ ਸਟੀਜ ਮਿਲਜ਼ ਨੂੰ ਫੇਲ੍ਹ ਕਰਨ ਵਾਸਤੇ, ਮਜ਼ਦੂਰਾਂ ਨੂੰ ਭੜਕਾਉਣਾ ਚਾਹੁੰਦਾ ਸੀ। ਇਸ ਖ਼ਬਰ ਦੇ ਸਿੱਟੇ ਕੀ ਹੋ ਸਕਦੇ  ਸਨ—ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ। ਇਹੀ ਕਾਰਨ ਸੀ ਕਿ ਮੇਰੀ ਭੁੱਖ, ਪਿਆਸ ਹੀ ਮਰ ਗਈ ਸੀ। ਇਹ ਸਹੀ ਹੈ ਕਿ ਮੈਂ ਮਜ਼ਦੂਰਾਂ ਦੇ ਹੱਕਾਂ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਸਾਂ—ਪਰ ਖ਼ੁਦਾ ਗਵਾਹ ਹੈ, ਮੈਂ ਅੱਜ ਤੱਕ ਕਿਸੇ ਰੂਸੀ ਬੰਦੇ ਦੀ ਸ਼ਕਲ ਤੱਕ ਨਹੀਂ ਦੇਖੀ...ਤੇ  ਨਾ ਹੀ ਮੈਂ ਜਾਣਦਾ ਹਾਂ ਕਿ ਕਮਿਊਨਿਸਟ ਕਾਫ਼ਰ  ਕਿਵੇਂ ਬਣ ਜਾਂਦਾ ਹੈ! ਜਾਂ ਹਰ ਮਜ਼ਦੂਰ ਜਿਹੜਾ ਆਪਣੇ ਹੱਕ ਦੀ ਗੱਲ ਕਰਦਾ ਹੈ, ਕਮਿਊਨਿਸਟ ਕਿਵੇਂ ਹੋ ਜਾਂਦਾ ਹੈ!!
ਪਿਆਸ, ਇਕਾਂਤ, ਬੇਆਰਾਮੀ ਤੇ ਦਹਿਸ਼ਤ ਨੇ ਰਲ-ਮਿਲ ਕੇ ਵਾਕਈ ਮੇਰੀ ਜਾਨ ਸੁਕਾਅ ਦਿੱਤੀ ਸੀ...ਉਤੋਂ ਸੋਨੇ 'ਤੇ ਸੁਹਾਗਾ ਕਿ ਬੁੱਢੇ ਨੇ ਮੇਰੇ ਵੱਲ ਨਫ਼ਰਤ ਨਾਲ ਤੱਕਿਆ, ਜ਼ਮੀਨ 'ਤੇ ਥੁੱਕਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ। ਪਰ ਫੇਰ ਇਹ ਸੋਚ ਕੇ ਦਿਲ ਨੂੰ ਤਸੱਲੀ  ਦਿੱਤੀ ਕਿ ਚਲੋ, ਕੋਈ ਸਾਥੀ ਤਾਂ ਆਇਆ...ਵਰਨਾ ਕੱਲ੍ਹ ਦਾ ਇਕੱਲਾ ਹੀ ਪਿਆ ਹੋਇਆ ਸਾਂ।
ਕਮਰੇ ਦਾ ਦਰਵਾਜ਼ਾ ਬੰਦ ਸੀ। ਸਮਾਂ ਬੀਤਦਾ ਰਿਹਾ ਤੇ ਫੇਰ ਸ਼ਾਮ ਵੀ ਹੋ ਗਈ। ਬੁੱਢਾ ਇਕ ਦੋ ਵਾਰੀ ਬਾਹਰ ਗਿਆ ਤੇ ਫੇਰ ਵਾਪਸ ਆ ਗਿਆ। ਦਰਵਾਜ਼ਾ ਲਾਕ  ਨਹੀਂ ਸੀ, ਪਰ ਬਾਹਰ ਵਰਾਂਡੇ ਵਿਚ ਹਰ ਵੇਲੇ ਕੋਈ ਨਾ ਕੋਈ ਪੁਲਿਸ ਮੈਨ ਬੈਠਾ ਹੁੰਦਾ ਸੀ। ਸ਼ਾਮੀਂ ਮੇਰੇ ਦੋਸਤ-ਯਾਰ ਖਾਣਾ ਲੈ ਕੇ ਆਏ ਤਾਂ ਮਜ਼ਾਰ ਦੇ ਮਜ਼ਾਵਰ (ਰਾਖੇ) ਵਾਂਗ ਬੈਠੇ ਪੁਲਿਸ ਵਾਲੇ ਨੇ ਇੰਜ ਮੇਰੇ ਸਾਹਮਣੇ ਲਿਆ ਸੁੱਟਿਆ ਜਿਵੇਂ ਹਾਤਮਤਾਈ ਦੀ ਕਬਰ ਉੱਤੇ ਲੱਤ ਮਾਰ ਰਿਹਾ ਹੋਏ। ਹੁਣ ਜਦੋਂ ਮੈਂ ਖਾਣਾ ਸ਼ੁਰੂ ਕੀਤਾ ਤਾਂ ਬਾਬਾ ਜਾਨੀ ਹੁਰਾਂ ਨੂੰ ਵੀ ਅਪੀਲ ਕੀਤੀ ਕਿ ਮੇਰੇ ਨਾਲ ਖਾਣੇ ਵਿਚ ਹਿੱਸਾ ਵੰਡਾਉਣ...
ਬਾਬੇ ਹੁਰਾਂ ਪਹਿਲਾਂ ਤਾਂ ਨਾਂਹ-ਨੁੱਕਰ  ਕੀਤੀ—ਪਰ ਮੇਰੇ ਵਾਰੀ-ਵਾਰੀ ਅਰਜ਼ ਕਰਨ ਉੱਤੇ, ਮਜ਼ਬੂਰ ਹੋ ਕੇ ਕੁਝ ਬੁਰਕੀਆਂ ਲਾ ਹੀ ਲਈਆਂ। ਉਂਜ ਤਾਂ ਮੈਂ ਪਹਿਲਾਂ ਵੀ ਉਸ ਮਰਦ-ਦਰਵੇਸ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਲਿਫਟ ਹੀ ਨਹੀਂ ਸੀ ਦਿੱਤੀ—ਤੇ  ਜਦੋਂ ਉਸਨੇ ਮੇਰਾ ਲੂਨ ਖਾ ਲਿਆ ਸੀ ਤਾਂ ਭੱਜ ਕੇ ਕਿੱਥੇ ਜਾਂਦਾ, ਵਿਚਾਰਾ? ਜਦੋਂ ਗੱਲਾਂ ਬਾਤਾਂ ਸ਼ੁਰੂ  ਹੋਈਆਂ ਤਾਂ ਬਾਬਾ ਜੀ ਨੇ ਦੱਸਿਆ ਕਿ ਉਹ ਪਿੰਡ ਗੋਠ ਦੇ  ਹਾਰੀ (ਸੀਰੀ ਕਿਸਾਨ) ਹਨ, ਪਰ ਉਹਨਾਂ ਦੀ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੀ ਹੈ। ਰਾਤ ਬਾਬੇ ਦੀ ਜ਼ਮੀਨ ਵਿਚੋਂ ਕਿਸੇ ਨੇ ਅੱਧੀ ਫਸਲ ਕੱਟ ਲਈ ਸੀ ਤੇ ਜਦੋਂ ਸਵੇਰ ਦੀ ਨਮਾਜ਼ ਪਿੱਛੋਂ ਉਹ ਆਪਣੇ ਖੇਤ ਵੱਲ ਗੇੜਾ ਮਾਰਨ ਗਿਆ ਸੀ ਤਾਂ ਪਿੱਟ ਉਠਿਆ ਸੀ।
'ਇਹ ਕੰਮ ਸਾਈਂ, ਵਡੇਰੇ ਤੋਂ ਬਿਨਾਂ ਕਿਸੇ ਹੋਰ ਦਾ ਨਹੀਂ ਹੋ ਸਕਦਾ...' ਬਾਬੇ ਅੱਲਾ ਰੱਖੇ ਦੇ ਦਿਮਾਗ਼ ਵਿਚ ਇਹ ਗੱਲ ਗੂੰਜਣ ਲੱਗੀ...ਹਿਰਖ ਤੇ ਅਕਲ ਨੇ ਰਲ ਕੇ ਸਾਂਝਾ ਫ਼ੈਸਲਾ ਕੀਤਾ ਕਿ ਨੇੜੇ ਦੇ ਥਾਨੇ ਵਿਚ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ ਤੇ ਇੰਜ ਬਾਬੇ ਹੁਰੀਂ ਸਵੇਰ ਦੇ ਰਿਪੋਰਟ ਦਰਜ ਕਰਵਾਉਣ ਆਏ ਹੋਏ ਹਨ। ਜਿਉਂ ਜਿਉਂ ਸਮਾਂ ਬੀਤਦਾ ਰਿਹਾ, ਬਾਬੇ ਦਾ ਖਿੜਿਆ ਹੋਇਆ ਚਿਹਰਾ ਮੁਰਝਉਂਦਾ ਗਿਆ। ਸ਼ਾਇਦ ਇਸੇ ਕਰਕੇ ਉਹ ਮੇਰੇ ਨਾਲ ਖਾਣੇ ਵਿਚ ਸ਼ਾਮਲ ਹੋ ਗਿਆ ਸੀ।
ਪੂਰੀ ਗੱਲ ਦਸਦਿਆਂ ਬਾਬੇ ਹੁਰਾਂ ਨੇ ਕਿਹਾ ਕਿ ਹੁਣ ਤਾਂ ਉਹਨਾਂ ਦਾ ਜੀਅ ਆਪਣੀ ਅਕਲ ਉੱਤੇ ਮਾਤਮ ਕਰਨ ਨੂੰ ਕਰ ਰਿਹਾ ਹੈ। ਪਹਿਲਾਂ ਪੁਲਿਸ ਵਾਲਿਆਂ ਨੇ ਕਿਹਾ ਸੀ—''ਬੈਠੋ ਬਾਬਾ ਜੀ, ਰਿਪੋ'ਟ ਲਿਖਣ ਵਾਲਾ ਕਰਾਚੀ ਸ਼ਹਿਰ ਗਿਆ ਹੋਇਐ, ਆਉਂਦਾ ਈ ਹੋਏਗਾ...ਆ ਜਾਏ ਤਾਂ ਰਿਪੋ'ਟ ਲਿਖਵਾ ਦੇਣਾ।'' ਦੂਜੀ ਵਾਰੀ ਕਿਹਾ, ''ਅਸੀਂ ਸਾਰੀ ਗੱਲ ਸੁਣ ਲਈ ਹੈ,ਤੁਸੀਂ ਨਾਲ ਵਾਲੇ ਕਮਰੇ ਵਿਚ ਤਸ਼ਰੀਫ ਰੱਖੋ...ਪਰ  ਨਾਲ ਦੇ ਬੰਦੇ ਨਾਲ ਕੋਈ ਗੱਲ ਨਾ ਕਰਨਾ। ਉਹ ਬੜਾ ਖਤਰਨਾਕ ਆਦਮੀ ਹੈ, ਕਾਫਰ ਹੈ, ਕਮਿਊਨਿਸਟ ਹੈ। ਫਿਕਰ ਨਾ ਕਰੋ ਅਸੀਂ ਸਿਪਾਹੀ ਗੋਠ ਭੇਜ ਦਿੱਤੇ ਨੇ, ਇਨਕਵਾਰੀ ਕਰਕੇ ਆਉਂਦੇ ਹੀ ਹੋਣਗੇ। ...ਤੇ ਯਕੀਨਨ ਚੋਰ ਨੂੰ ਵੀ ਫੜ੍ਹ ਲਿਆਉਣਗੇ...'' ਤੀਜੀ ਵਾਰੀ ਜਦੋਂ ਬਾਬੇ ਨੇ ਪੁੱਛਿਆ ਤਾਂ ਕੁਰਖ਼ਤ ਆਵਾਜ਼ ਵਿਚ ਕਿਹਾ ਗਿਆ,''ਆਰਾਮ ਨਾਲ ਬਹਿ ਜਾ ਯਾਰ, ਬੁੜਿਆ—ਕੋਈ ਤਕਲੀਫ਼ ਐ ਤੈਨੂੰ ਇੱਥੇ? ਤੇਰੇ ਕੰਮ 'ਚ ਈ ਤਾਂ ਭੱਜੇ ਫਿਰਦੇ ਆਂ ਅਸੀਂ।''
ਹੁਣ ਮੈਂ ਅੰਦਾਜ਼ਾ ਲਾਇਆ ਕਿ ਇਹ ਸ਼ਰੀਫ ਆਦਮੀ ਠੱਗਾਂ ਦੇ ਹੱਥੇ ਚੜ੍ਹ ਗਿਆ ਹੈ। ਜਦ ਤਕ ਇਸਦੀ ਜੇਬ ਹੌਲੀ ਨਹੀਂ ਹੋਏਗੀ, ਤਦ ਤਕ ਇਸਦਾ 'ਪਿੰਡ' ਨਹੀਂ ਛੁੱਟਣ ਵਾਲਾ। ਮੈਨੂੰ ਉਸਦੀ ਸਾਦਗੀ ਉੱਤੇ ਹਾਸਾ ਆਇਆ ਤੇ ਗੁੱਸਾ ਵੀ। ...ਤੇ ਜਦੋਂ ਮੈਂ ਪੁੱਛਿਆ ਕਿ ਉਹ ਮੇਰੇ ਨਾਲ ਗੱਲ ਕਿਉਂ ਨਹੀਂ ਸੀ ਕਰਨਾ ਚਾਹੁੰਦਾ, ਤੇ ਅਜਿਹਾ ਰੁੱਖਾ ਸਲੂਕ ਕਿਉਂ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਉਹ ਸ਼ਬਦ 'ਕਮਿਊਨਿਸਟ' ਦੇ ਅਰਥ ਤਾਂ ਨਹੀਂ ਸੀ ਸਮਝ ਸਕਿਆ ਪਰ 'ਕਾਫ਼ਰ' ਸ਼ਬਦ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਦੂਜਾ ਇਹ ਕਿ ਮੈਂ ਕੋਈ ਆਮ ਕਾਫ਼ਰ ਨਹੀਂ...ਚੋਰ-ਉੱਚਕਾ ਜਾਂ ਕਾਤਲ-ਲਫੰਗਾ ਹੀ ਹੋਵਾਂਗਾ ਕੋਈ, ਤਾਂ ਹੀ ਤਾਂ ਥਾਨੇ ਵਿਚ ਬੰਦ ਕੀਤਾ ਹੋਇਆ ਹਾਂ। ਭਲਾ ਕਿਸੇ ਸ਼ਰੀਫ ਆਦਮੀ ਨੂੰ ਪੁਲਿਸ ਕਿਵੇਂ ਬੰਦ ਕਰ ਸਕਦੀ ਹੈ? ਉਸਦੇ ਹਾਲਾਤ ਸੁਣ ਕੇ ਮੈਂ ਉਸਨੂੰ ਤੱਸਲੀ ਦਿੱਤੀ, ਤੇ ਰਾਏ ਵੀ ਕਿ ਉਹ ਫਸਲ ਦੀ ਫਿਰਕ ਛੱਡ ਕੇ ਘਰ ਜਾਣ ਦੀ ਫਿਕਰ ਕਰੇ...ਮੈਂ ਉਸਨੂੰ ਆਪਣੀ ਸ਼ੰਕਾ ਬਾਰੇ ਵੀ ਦੱਸਿਆ।
ਉਦੋਂ ਉਸ ਮਰਦ-ਬਜ਼ੁਰਗ ਦੇ ਦਿਲ ਵਿਚ ਪਤਾ ਨਹੀਂ ਕੀ ਆਇਆ ਕਿ ਉਸਨੇ ਉੱਚੀ-ਉੱਚੀ, ਪੁਲਿਸ ਵਾਲਿਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅੱਲਾ ਦੀਨ ਸ਼ਾਹ ਅੰਦਰ ਆਇਆ ਤਾਂ ਬਾਬੇ ਨੇ ਕਿਹਾ, ''ਮੈਂ ਕੋਈ ਰਿਪੋਟ ਨਹੀਂ ਲਿਖਵਾਉਣਾ ਚਾਹੁੰਦਾ, ਆਪਣੇ ਘਰ ਜਾਣਾ ਚਾਹੁੰਦਾ ਹਾਂ,'' ਸੁਣ ਕੇ ਸ਼ਾਹ ਜੀ ਬਾਹਰ ਚਲੇ ਗਏ। ਕੁਝ ਹੀ ਮਿੰਟਾਂ ਪਿੱਛੋਂ ਫੇਰ ਅੰਦਰ ਆਏ ਤੇ ਬਾਬੇ ਅੱਲਾ ਰੱਖੇ ਨੂੰ ਆਪਣੇ ਨਾਲ ਲੈ ਗਏ। ਥੋੜ੍ਹੀ ਦੇਰ ਬਾਅਦ ਹੀ, ਨਾਲ ਵਾਲੇ ਕਮਰੇ ਵਿਚੋਂ ਥੱਪੜਾਂ, ਮੁੱਕੀਆਂ ਤੇ ਗਾਲ੍ਹ-ਮੰਦੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਫੇਰ ਮੇਰੇ ਵਾਲੇ ਕਮਰੇ ਦਾ ਦਰਵਾਜ਼ਾ 'ਫਾੜ' ਕਰਦਾ ਖੁੱਲ੍ਹਿਆ ਤੇ ਬਾਬੇ ਹੁਰੀਂ 'ਧੜਾਮ' ਕਰਕੇ ਫ਼ਰਸ਼ ਉੱਤੇ ਆਣ ਡਿੱਗੇ। ਮੈਂ ਉਹਨਾਂ ਨੂੰ ਚੁੱਕਿਆ ਤੇ ਮੰਜੇ ਉੱਤੇ ਬਿਠਾਅ ਦਿੱਤਾ। ਬਾਬੇ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ...ਸ਼ਾਇਦ ਚੌਧਰੀ ਤਾਕਤ ਦੀਨ ਨੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਸੀ। ਕਾਫੀ ਦੇਰ ਤੱਕ ਉਹ ਚੁੱਪਚਾਪ ਹੰਝੂ ਵਹਾਉਂਦੇ ਰਹੇ। ਜਦੋਂ ਕੁਝ ਸ਼ਾਂਤ ਹੋਏ ਤਾਂ ਮੈਂ ਡਰਦਿਆਂ-ਡਰਦਿਆਂ ਗੱਲ ਪੁੱਛੀ। ਉਹਨਾਂ ਦੱਸਿਆ..:
'ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਕਿ ਮੈਂ ਇਕ ਕਾਫਰ ਨਾਲ, ਜਿਹੜਾ ਕਿ ਖ਼ੁਦਾ ਰਸੂਲ, ਮੁਸਲਮਾਨ ਤੇ ਪਾਕਿਸਤਾਨ ਦਾ ਦੁਸ਼ਮਨ ਏਂ, ਗੱਲ ਕਿਉਂ ਕੀਤੀ? ਫੇਰ ਉਹਨਾਂ ਕਿਹਾ ਕਿ ਤੇਰਾ ਕੋਈ ਮਾਲ-ਮੂਲ, ਫਸਲ-ਫੁਸਲ ਚੋਰੀ ਨਹੀਂ ਹੋਇਆ...ਤੂੰ ਖਾਹਮ-ਖਾਹ ਗੋਠ ਦੇ ਵਡੇਰੇ, ਸਾਈਂ ਮੁਹੰਮਦ ਰਸੂਲ ਨੂੰ ਹਿਰਾਸ ਕਰਨ ਖਾਤਰ ਥਾਨੇ ਆਇਐਂ। ਵਡੇਰੇ ਸਾਈਂ ਨੇ ਦੱਸਿਆ ਏ...ਬਈ ਇਹ ਹਾਰੀ ਨਾ ਆਪ ਕੰਮ ਕਰਦਾ ਏ ਤੇ ਨਾ ਹੀ ਕਿਸੇ ਨੂੰ ਆਰਾਮ ਨਾਲ ਜਿਉਂਦਿਆਂ ਵੇਖ ਜਰਦਾ ਏ। ਸਾਈਂ ਨੇ ਕਿੰਨੀ ਵਾਰੀ ਕਿਹਾ ਏ ਤੈਨੂੰ ਬਈ ਇਸ ਨਿੱਕੇ ਜਿਹੇ ਜ਼ਮੀਨ ਦੇ ਟੁਕੜੇ ਨਾਲ ਤੇਰਾ ਕੁਝ ਨਹੀਂ ਬਣਨਾ, ਅੱਲਾ ਰੱਖਿਆ ਇਹ ਜ਼ਮੀਨ ਵੀ ਸਾਈਂ ਦੀ ਜ਼ਮੀਨ ਨਾਲ ਰਲਾ ਦੇ...ਪਰ ਤੂੰ ਮੰਨਿਆਂ ਈ ਨਹੀਂ। ਪੁਲਸ ਸਵੇਰ ਦੀ ਤੇਰੇ ਕੰਮ ਪਿੱਛੇ ਧੱਕੇ ਖਾਂਦੀ ਫਿਰਦੀ ਐ, ਇਸਦੀ ਫੀਸ ਪੰਜਾਹ ਰੁਪਏ ਕੱਢ ਤਾਂ ਤੈਨੂੰ ਛੱਡ ਦੇਨੇ ਆਂ...ਨਹੀਂ ਤਾਂ ਫਰਾਡ ਦੇ ਜੁਰਮ 'ਚ ਜੇਲ ਜਾਏਂਗਾ।''
ਤੇ ਮੇਰੇ ਪੁੱਛਣ ਉੱਤੇ ਉਸ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਉਸਨੂੰ ਕੁਟਿਆ-ਮਾਰਿਆ ਵੀ ਹੈ। 'ਇਹ ਵੀ ਸੱਚ ਹੈ ਕਿ ਸਾਈਂ ਮੇਰੀ ਜ਼ਮੀਨ ਖਰੀਦਨ ਦੀ ਕਈ ਵਾਰੀ ਕੋਸ਼ਿਸ਼ ਕਰ ਚੁੱਕਿਆ ਹੈ। ਹਰ ਵਾਰੀ ਮੈਂ ਇਨਕਾਰ ਕਰ ਦਿੱਤਾ। ਜ਼ਮੀਨ ਦਾ ਇਹ ਟੁਕੜਾ ਮੇਰੇ ਪੁਰਖਿਆਂ ਦੀ ਨਿਸ਼ਾਨੀ ਹੈ ਤੇ ਮੇਰੇ ਮਨ ਦੀ ਸ਼ਾਂਤੀ ਕਿ ਚਲੋ ਹੋਰ ਹਾਰੀਆਂ ਵਾਂਗ ਮੈਂ ਬੇਜ਼ਮੀਨਾ ਤਾਂ ਨਹੀਂ...ਭਾਵੇਂ ਥੋੜ੍ਹੀ ਜਿਹੀ ਜ਼ਮੀਨ ਦਾ ਹੀ ਸਹੀ, ਮੈਂ ਮਾਲਕ ਤਾਂ ਹਾਂ'।  ਉਸਨੇ  ਕਿਹਾ, 'ਹੁਣ ਤਾਂ ਪਰਤੱਖ ਹੋ ਗਿਆ ਹੈ ਕਿ ਇਹ ਸਾਜ਼ਿਸ਼ ਵਡੇਰੇ ਸਾਈਂ ਦੀ ਹੀ ਹੈ ਤਾਂ ਕਿ ਮੈਂ ਤੰਗ ਆ ਕੇ ਜ਼ਮੀਨ ਉਸਨੂੰ ਵੇਚ ਦਿਆਂ।'  
ਮੈਂ ਉਸਨੂੰ ਕੀ ਸਲਾਹ ਦੇਂਦਾ? ਜੇ ਉਹ ਜ਼ਮੀਨ ਵੇਚਦਾ ਹੈ ਤਾਂ ਉਸਦਾ ਆਪਣਾ ਠਿਕਾਣਾ ਨਹੀਂ ਰਹਿੰਦਾ; ਜੇ ਨਹੀਂ ਵੇਚਦਾ ਤਾਂ ਹਮੇਸ਼ਾ ਲਈ ਵਡੇਰੇ ਸਾਈਂ ਤੇ ਪੁਲਿਸ ਵਾਲਿਆਂ ਦੀਆਂ ਵਧੀਕੀਆਂ ਉਸਦੀ ਕਿਸਮਤ ਬਣ ਜਾਣੀਆਂ ਸਨ। ਮੈਂ ਉਸ ਮਰਦ-ਮਜ਼ਲੂਮ ਤੋਂ ਪੁੱਛਿਆ ਕਿ ਹੁਣ, ਫੇਰ ਤੁਹਾਡਾ ਕੀ ਵਿਚਾਰ ਹੈ?
ਉਸਨੇ ਜਵਾਬ ਦਿੱਤਾ ਕਿ ਉਸਦੇ ਸਾਹਮਣੇ ਤਾਂ ਹੁਣ ਸਿਰਫ ਹਨੇਰਾ ਹੀ ਹਨੇਰਾ ਹੈ। ਉਸਦੀ ਬੁੱਢੀ ਬੀਵੀ, ਉਸਦੀ ਜਵਾਨ ਧੀ ਘਰ ਬੈਠੀਆਂ ਰੋ ਰਹੀਆਂ ਹੋਣਗੀਆਂ ਕਿ ਬੁੱਢਾ ਥਾਨੇ ਰਿਪੋਰਟ ਕਰਨ ਗਿਆ ਸੀ ਅਜੇ ਤੱਕ ਵਾਪਸ ਨਹੀਂ ਆਇਆ। ਉਸਦੇ ਪੱਲੇ ਸਿਰਫ ਦਸ ਰੁਪਏ ਸਨ ਜਿਹੜੇ ਚੌਧਰੀ ਤਾਕਤ ਦੀਨ ਨੂੰ ਕਿਸੇ ਵੀ ਤਰ੍ਹਾਂ ਸੰਤੁਸ਼ਟ ਜਾਂ ਰਾਜ਼ੀ ਨਹੀਂ ਸਨ ਕਰ ਸਕਦੇ। ਮੈਂ ਬੁੱਢੇ ਨੂੰ ਤਸੱਲੀ ਦਿੱਤੀ ਤੇ ਸਲਾਹ ਵੀ...ਕਿ ਜਦੋਂ ਸਵੇਰੇ ਮੇਰੇ ਦੋਸਤ ਯਾਰ ਖਾਣਾ ਦੇਣ ਆਉਣ, ਤੂੰ ਕਿਸੇ ਤਰ੍ਹਾਂ ਉਹਨਾਂ ਨੂੰ ਮਿਲ ਕੇ ਕਹੀਂ ਇਲਿਆਸ ਨੂੰ ਪੰਜਾਹ ਰੁਪਈਏ ਚਾਹੀਦੇ ਹਨ।
ਦੂਜੇ ਦਿਨ ਜਦੋਂ ਖਾਣਾ ਆਇਆ ਤਾਂ ਬੁੱਢਾ ਭਾਂਡੇ ਵਾਪਸ ਕਰਨ ਦੇ ਬਹਾਨੇ ਬਾਹਰ ਚਲਾ ਗਿਆ—ਉਸਨੂੰ ਕਮਰੇ ਵਿਚੋਂ ਬਾਹਰ ਜਾਣ ਦੀ ਇਜਾਜ਼ਤ ਸੀ ਅਜੇ। ਉਸਨੇ ਉਹਨਾਂ ਨੂੰ ਮੇਰਾ ਸੁਨੇਹਾਂ ਦੇ ਦਿੱਤਾ ਤੇ ਉਹਨਾਂ ਨੇ ਸ਼ਾਮ ਦੀ ਰੋਟੀ ਨਾਲ (ਰੋਟੀਆਂ ਵਿਚਕਾਰ ਲਕੋਅ ਕੇ) ਪੰਜਾਹ ਦੀ 'ਪਰਚੀ' ਭੇਜ ਦਿੱਤੀ। ਚੰਗੇ ਭਾਗਾਂ ਨੂੰ ਚੌਧਰੀ ਨੇ ਖਾਣਾ ਚੈਕ ਨਹੀਂ ਸੀ ਕੀਤਾ, ਇੰਜ ਉਸ ਪਰਚੀ ਵੱਟੇ ਬਾਬੇ ਅੱਲਾ ਰੱਖੇ ਦੀ ਜਾਨ ਛੁੱਟੀ।
ਮਜ਼ੇ ਵਾਲੀ ਗੱਲ ਇਹ ਸੀ ਕਿ ਜਦੋਂ ਮੈਂ ਚੌਧਰੀ ਹੁਰਾਂ ਨੂੰ ਇਹ ਦੱਸਿਆ ਕਿ ਰਕਮ ਕਿਸ ਤਰ੍ਹਾਂ ਸਾਡੇ ਤੱਕ ਪਹੁੰਚੀ ਸੀ ਤਾਂ ਉਸਨੇ ਮੂੱਛਾਂ ਉੱਤੇ ਹੱਥ ਫੇਰਦਿਆਂ ਕਿਹਾ ਸੀ...:
''ਇਹੋ ਜਿਹੀਆਂ ਪਰਚੀਆਂ ਜਿੰਨੀਆਂ ਚਾਹੋ ਮੰਗਵਾਓ ਜੀ...ਪਰ ਕੋਈ ਸਿਆਸੀ ਪਰਚੀ ਨਹੀਂ ਮੰਗਵਾਉਣੀ, ਨਹੀਂ ਤੇ ਅਸੀਂ ਤੁਹਾਡੇ ਨਾਲ ਨਾਰਾਜ਼ ਹੋ ਜਾਵਾਂਗੇ।''
ਮੈਂ ਉਂਜ ਤਾਂ ਚੌਧਰੀ ਤਾਕਤ ਦੀਨ ਦੀ ਗੱਲ ਸੁਣ ਰਿਹਾ ਸਾਂ ਪਰ ਅਸਲ ਵਿਚ ਉਸਨਾਂ ਸ਼ਬਦਾਂ ਉੱਤੇ ਗੌਰ ਕਰ ਰਿਹਾ ਸਾਂ, ਜਿਹੜੇ ਜਾਂਦਾ ਹੋਇਆ ਬੁੱਢਾ ਅੱਲਾ ਰੱਖਾ ਬੜਬੜਾ ਰਿਹਾ ਸੀ।
'ਇਹਨਾਂ ਇਸਲਾਮੀ ਕਾਨੂੰਨਾਂ ਦੇ ਰਾਖਿਆਂ ਨਾਲੋਂ ਤਾਂ ਇਹ ਮੁੰਨੇ-ਮੂੰਹਾਂ ਵਾਲੇ ਕਾਫ਼ਰ ਤੇ ਕਮਿਊਨਿਸਟ ਈ ਚੰਗੇ ਐ।''
ਸਾਹਮਣੇ ਪਈ ਚਿੱਟੇ ਮਣਕਿਆਂ ਦੀ ਮਾਲਾ ਮੇਰਾ ਮੂੰਹ ਚਿੜਾਅ ਰਹੀ ਸੀ ਜਿਸਨੂੰ ਬਾਬੇ ਹੁਰੀਂ ਇੱਥੇ ਹੀ ਭੁੱਲ ਗਏ ਸਨ। ਤੇ ਮੇਰੇ ਦਿਮਾਗ਼ ਵਿਚ ਇਕ ਸਵਾਲੀਆ ਗੂੰਜ, ਗੂੰਜ ਰਹੀ ਸੀ...
ਇਕ ਨਮਾਜੀ ਤੇ ਸਿੱਧੇ ਸਾਧੇ ਮੁਸਲਮਾਨ ਨੂੰ ਸ਼ਬਦ ਕਮਿਉਨਿਸਟ ਕਿਸ ਨੇ ਸਿਖਾ ਦਿੱਤਾ?...ਮੈਂ ਕਿ ਚੌਧਰੀ ਤਾਕਤ ਦੀਨ ਨੇ? ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਤਾਂ ਇਕ ਵਾਰੀ ਵੀ ਆਪਣੇ ਮੂੰਹੋਂ ਇਹ ਸ਼ਬਦ ਨਹੀਂ ਸੀ ਬੋਲਿਆ।
੦੦੦ ੦੦੦ ੦੦੦

ਨਵਾਂ ਜ਼ਮਾਨਾ : 13 ਮਾਰਚ 1988

Wednesday, September 15, 2010

ਇਸ ਅੱਗ ਨੂੰ ਬੁਝਾਉਣਾ ਹੈ...:: ਲੇਖਕ : ਅਨਵਰ ਅਨਾਇਤ ਅੱਲਾ

ਪਾਕੀ ਉਰਦੂ ਕਹਾਣੀ :
ਇਸ ਅੱਗ ਨੂੰ ਬੁਝਾਉਣਾ ਹੈ...
ਲੇਖਕ : ਅਨਵਰ ਅਨਾਇਤ ਅੱਲਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਜਿਹੜੀ ਔਰਤ ਮੇਰੇ ਸਾਹਮਣੇ ਆ ਖੜ੍ਹੀ ਹੋਈ ਸੀ—ਉਹ, ਉਹ ਬਿਲਕੁਲ ਨਹੀਂ ਸੀ ਲੱਗ ਰਹੀ ਜਿਸ ਨੂੰ ਮਿਲਣ ਵਾਸਤੇ ਮੈਂ ਇੱਥੇ ਆਇਆ ਸਾਂ...ਨਾ ਸੁੰਦਰ ਸੁਸ਼ੀਲ ਸੀ, ਨਾ ਨਾਜ਼ੁਕ ਮਲੁਕ ਤੇ ਨਾ ਹੀ ਮਿਲਣਸਾਰ। ਇਹ ਤਾਂ ਕੋਈ ਹੋਰ ਹੀ ਜਾਪਦੀ ਸੀ। ਸਮਾਂ ਕਾਫੀ ਅਗਾਂਹ ਲੰਘ ਆਇਆ ਹੈ—ਪਰ ਸੜਕਾਂ ਤੇ ਮੁਹੱਲਿਆਂ ਦੀ ਹਾਲਤ ਉਹੋ-ਜਿਹੀ ਹੀ ਸੀ। ਕਦੀ ਇਹ ਇਕ ਨਿੱਕਾ ਜਿਹਾ ਸ਼ਾਂਤਮਈ ਸ਼ਹਿਰ ਹੁੰਦਾ ਸੀ ਤੇ ਹੁਣ ਇਸ ਦੀ ਆਬਾਦੀ ਖਾਸੀ ਵਧੀ ਹੋਈ ਹੈ। ਕਈ ਨਵੇਂ-ਨਵੇਂ ਮੁਹੱਲੇ ਤੇ ਬਸਤੀਆਂ ਵੱਸ ਗਏ ਹੈਨ, ਪਰ ਪੁਰਾਣੇ ਮੁਹੱਲੇ ਜਿਵੇਂ ਦੇ ਤਿਵੇਂ ਸਨ—ਜਿਵੇਂ ਸਮੇਂ ਨੇ ਉਹਨਾਂ ਦਾ ਕੁਝ ਵੀ ਨਾ ਵਿਗਾੜਿਆ ਹੋਵੇ।
ਮੈਂ ਇਕ ਜਾਣੇ-ਪਛਾਣੇ ਦਰਵਾਜ਼ੇ 'ਤੇ ਘੰਟੀ ਵਜਾਈ। ਅੰਦਰ ਫੌਰਨ ਪੈੜ ਚਾਲ ਸੁਣਾਈ ਦਿੱਤੀ। ਦਰਵਾਜ਼ਾ ਖੁੱਲ੍ਹ ਗਿਆ ਤੇ ਫੇਰ ਉਹ ਔਰਤ ਮੇਰੇ ਸਾਹਮਣੇ ਆ ਖੜ੍ਹੀ ਹੋਈ...ਇਕ ਤੁੱਥ-ਮੁੱਥ ਜਿਹੀ ਔਰਤ, ਜਿਸਦੇ ਚਿਹਰੇ ਉਪਰ ਕੁਰਖ਼ਤੀ ਤੇ ਚਿੜਚਿੜੇਪਨ ਦੇ ਆਸਾਰ ਸਨ। ਪਰ ਜਦੋਂ ਉਸਨੇ ਜ਼ਰਾ ਗੌਰ ਨਾਲ ਮੇਰੇ ਵੱਲ ਦੇਖਿਆ ਤਾਂ ਉਸਦੇ ਚਿਹਰੇ ਦੀ ਕੁਰਖ਼ਤੀ ਤੇ ਚਿੜਚਿੜਾਹਟ ਗ਼ਇਬ ਹੋ ਗਈ ਤੇ ਫੇਰ...
'ਓ ਤੁਸੀਂ...ਯਾਨੀ ਕਿ ਤੂੰ, ਅਖ਼ਤਰ ਵੀਰ? ਕਦ ਆਇਆ ਏਂ? ਕੀ ਹਾਲ ਚਾਲ ਨੇ? ਕਿੱਥੇ ਠਹਿਰਆ ਹੋਇਆ ਏਂ? 'ਕੱਲਾ ਈ ਆਇਆ ਏਂ...ਭਾਬੀ ਤੇ ਬੱਚੇ ਕਿੱਥੇ ਨੇ?'' ਮੁਸਕਰਾ ਕੇ ਉਸਨੇ ਇੱਕੇ ਸਾਹ ਅਨੇਕਾਂ ਸਵਾਲ ਕਰ ਦਿੱਤੇ ਸਨ ਤੇ ਮੇਰੇ ਜੁਆਬ ਦੀ ਉਡੀਕ ਕੀਤੇ ਬਿਨਾਂ ਹੀ ਮੇਰਾ ਹੱਥ ਫੜ੍ਹ ਕੇ ਖਿੱਚਦੀ ਹੋਈ ਉਹ ਮੈਨੂੰ ਅੰਦਰ ਲੈ ਤੁਰੀ ਸੀ, ''ਆ ਨਾ, ਅੰਦਰ ਲੰਘ ਆ...ਇੱਥੇ ਹੀ ਕਿਉਂ ਖਲੋ ਗਿਐਂ?'' ਉਦੋਂ ਹੀ ਅੰਦਰੋਂ ਇਕ ਆਵਾਜ਼ ਆਈ...:
'ਮੀਰਾ, ਕੌਣ ਐ? ਨੰਦੂ ਵਾਪਸ ਆ ਗਿਆ ਕਿ...?''
'ਨਹੀਂ ਮਾਂ...ਕੋਈ ਹੋਰ ਈ ਬੁੱਧੂ ਆਇਐ। ਅੰਦਰ ਆ ਕੇ ਈ ਦਸਦੀ ਹਾਂ।'' ਕਹਿੰਦੀ ਹੋਈ ਉਹ ਮੈਨੂੰ ਡਰਾਇੰਗ ਰੂਮ ਵਿਚ ਲੈ ਗਈ। ਉਦੋਂ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਅਠੱਤੀ ਵਰ੍ਹੇ ਪੁਰਾਣੀ ਉਹ ਕੰਧ ਢਹਿ-ਢੇਰੀ ਹੋ ਗਈ ਹੈ ਜਿਹੜੀ ਸਰਹੱਦ ਦੇ ਦੋਵੇਂ ਪਾਸੇ ਵੱਸਦੇ ਲੋਕਾਂ ਦੇ ਦਿਲਾਂ ਵਿਚ ਨਫ਼ਰਤ, ਬੇਪ੍ਰਤੀਤੀ ਤੇ ਈਰਖਾ ਦੀ ਅੱਗ ਬਣ ਕੇ ਖੜ੍ਹੀ ਹੋਈ ਸੀ—ਜਿਸ ਨੇ ਮੈਨੂੰ ਅਜਿਹੇ ਅਨੇਕਾਂ ਮਿੱਤਰਾਂ-ਪਿਆਰਿਆਂ ਤੋਂ ਦੂਰ ਕੀਤਾ ਹੋਇਆ ਸੀ ਜਿਹਨਾਂ ਨਾਲ ਮੇਰੇ ਬਚਪਨ ਦੀ ਸਾਂਝ ਸੀ ਤੇ ਜਿਹੜੇ ਕਦੀ ਮੇਰੇ ਆਪਣੇ ਹੁੰਦੇ ਸਨ।
ਮੈਨੂੰ ਇਸ ਨਿੱਘੇ ਸਵਾਗਤ ਦੀ ਆਸ ਵੀ ਨਹੀਂ ਸੀ, ਕਿਉਂਕਿ ਇਕ ਅਰਸਾ ਪਹਿਲਾਂ ਮਹਿਬੂਬ ਦੇ ਖ਼ਤ ਰਾਹੀਂ ਪਤਾ ਲੱਗਿਆ ਸੀ ਮੀਰਾ ਦਾ ਇਕਲੌਤਾ ਭਰਾ ਤੇ ਮੇਰੇ ਬਚਪਨ ਦਾ ਸਭ ਤੋਂ ਪਿਆਰਾ ਸਾਥੀ ਕ੍ਰਿਸ਼ਨ 1965 ਦੀ ਜੰਗ ਵਿਚ ਮਾਰਿਆ ਗਿਆ ਸੀ...ਪਰ ਦਿੱਲੀ ਵਿਚ ਹੋ ਰਹੀ ਕਾਨਫਰੰਸ ਜਦ ਖ਼ਤਮ ਹੋਈ ਤਾਂ ਮੈਂ ਉਚੇਚਾ ਇਕ ਦਿਨ ਇਸ ਸ਼ਹਿਰ ਵਿਚ ਬਿਤਾਉਣ ਦੀ ਇਜਾਜ਼ਤ ਲੈ ਲਈ। ਇੱਥੇ ਮੇਰਾ ਬਚਪਨ ਤੇ ਜਵਾਨੀ ਦੇ ਪਹਿਲੇ ਕਈ ਸਾਲ ਬੀਤੇ ਸਨ, ਅਨੇਕਾਂ ਯਾਦਾਂ ਜੁੜੀਆਂ ਹੋਈਆਂ ਸਨ ਇਸ ਸ਼ਹਿਰ ਨਾਲ। ਉਂਜ ਜਹਾਜ਼ ਵਿਚ ਸਵਾਰ ਹੋਣ ਪਿੱਛੋਂ ਮੈਂ ਫ਼ੈਸਲਾ ਕਰ ਲਿਆ ਸੀ ਕਿ ਮੈਂ ਆਪਣੇ ਪੁਰਾਣੇ ਮੁਹੱਲੇ ਵਿਚ ਤਾਂ ਜਾਵਾਂਗਾ ਪਰ ਕ੍ਰਿਸ਼ਨ ਹੁਰਾਂ ਦੇ ਘਰ ਨਹੀਂ...। ਪਰ ਉੱਥੇ ਪਹੁੰਚ ਕੇ ਜਦ ਮੈਨੂੰ ਉਹਨਾਂ ਲੋਕਾਂ ਦਾ ਜੱਦੀ ਮਕਾਨ ਨਜ਼ਰ ਆਇਆ ਤਾਂ ਮੇਰੇ ਸਾਰੇ ਫ਼ੈਸਲੇ ਧਰੇ ਰਹਿ ਗਏ ਸਨ। ਉਹ, ਉਹ ਘਰ ਸੀ ਜਿੱਥੇ ਹਮੇਸ਼ਾ ਮੈਨੂੰ ਅਥਾਹ ਪਿਆਰ ਤੇ ਅਪਣੱਤ ਮਿਲਦੀ  ਸੀ। ਦਿਲ ਬੇਕਾਬੂ ਹੋ ਗਿਆ ਤੇ ਬੇਵੱਸ ਹੋ ਕੇ ਮੈਂ ਸੋਚਿਆ, 'ਜਦ ਇੱਥੇ ਤੀਕ ਪਹੁੰਚ ਹੀ ਗਿਆ ਹਾਂ ਤਾਂ ਉਸ ਕੁੜੀ ਨੂੰ ਮਿਲੇ ਬਗ਼ੈਰ ਵਾਪਸ ਕਿਵੇਂ ਚਲਾ ਜਾਵਾਂ ਜਿਸ ਨੇ ਕਦੀ ਮੇਰੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਮੈਨੂੰ ਆਪਣਾ ਭਰਾ ਬਣਾਇਆ ਸੀ ਤੇ ਹਮੇਸ਼ਾ ਹੀ ਆਪਣੇ ਵੱਡੇ ਭਰਾ ਵਾਂਗ ਪਿਆਰਿਆ ਤੇ ਸਤਿਕਾਰਿਆ ਸੀ?'
ਜਿਸ ਘਰ ਵਿਚ ਮੇਰਾ ਐਨਾ ਜਾਣਾ-ਆਉਣਾ ਸੀ ਕਿ ਮੈਂ ਉਸੇ ਪਰਿਵਾਰ ਦਾ ਜੀਅ ਬਣ ਗਿਆ ਸਾਂ ਤੇ ਕ੍ਰਿਸ਼ਨ ਸਾਡੇ ਪਰਿਵਾਰ ਦਾ ਆਪਣਾ। ਸਮੇਂ ਦੇ ਗੇੜ ਨਾਲ ਸਿਆਸੀ ਹਾਲਾਤ ਬਦਲੇ—ਸ਼ਹਿਰ ਵਿਚ ਹਿੰਦੂ-ਮੁਸਲਮਾਨ ਫਸਾਦ ਹੋਣ ਲੱਗ ਪਏ—ਪਰ ਸਾਡੀ ਦੋਸਤੀ ਵਿਚ ਫ਼ਰਕ ਨਹੀਂ ਪਿਆ। ਫੇਰ ਮੈਂ ਉੱਚ-ਵਿਦਿਆ ਹਾਸਲ ਕਰਨ ਵਾਸਤੇ ਲੰਦਨ ਚਲਾ ਗਿਆ ਤੇ ਕ੍ਰਿਸ਼ਨ ਨੂੰ ਆਪਣੇ ਪਿਤਾ ਦੀ ਮੌਤ ਪਿੱਛੋਂ ਜਾਇਦਾਦ ਦੀ ਦੇਖ ਭਾਲ ਕਰਨ ਲਈ ਪੜ੍ਹਾਈ ਛੱਡਣੀ ਪਈ। ਉਸੇ ਜ਼ਮਾਨੇ ਵਿਚ ਆਜ਼ਾਦੀ ਦਾ ਸੂਰਜ ਚੜ੍ਹਿਆ—ਦੁਨੀਆਂ ਦੇ ਨਕਸ਼ੇ ਉਪਰ ਦੋ ਆਜ਼ਾਦ ਮੁਲਕਾਂ ਦੀ ਹੋਂਦ ਪਰਤੱਖ ਹੋ ਗਈ। ਮੇਰੇ ਮਾਂ-ਬਾਪ ਪਾਕਿਸਤਾਨ ਹਿਜਰਤ ਕਰ ਗਏ। ਪੜ੍ਹਾਈ ਪੂਰੀ ਕਰਨ ਤਕ ਦੇ ਸਮੇਂ ਨੇ ਮੈਨੂੰ ਇਕ ਨਵੇਂ ਦੇਸ਼ ਦਾ ਨਾਗਰਿਕ ਬਣਾ ਦਿੱਤਾ। ਮੈਂ ਅਠੱਤੀਆਂ ਵਰ੍ਹਿਆਂ ਬਾਅਦ ਪਹਿਲੀ ਵਾਰੀ ਭਾਰਤ ਆਇਆ ਸਾਂ ਤੇ ਪਹਿਲੀ ਹੀ ਵਾਰੀ ਆਪਣੇ ਇਸ ਇਤਿਹਾਸਕ ਸ਼ਹਿਰ ਵਿਚ।
ਵਰ੍ਹਿਆਂ ਦੀ ਕਹਾਣੀ ਪਲਾਂ ਵਿਚ ਅੱਖਾਂ ਅੱਗੋਂ ਲੰਘ ਗਈ। ਉਹ ਮੈਨੂੰ ਡਰਾਇੰਗ-ਰੂਮ ਵਿਚ ਬਿਠਾਅ ਕੇ ਵਾਪਸ ਜਾ ਚੁੱਕੀ ਸੀ ਤੇ ਮੈਂ ਇਕੱਲਾ ਬੀਤੇ ਦੇ ਹਨੇਰਿਆਂ ਵਿਚ ਭਟਕ ਰਿਹਾ ਸਾਂ। ਕੁਝ ਚਿਰ ਬਾਅਦ ਜਦ ਉਹ ਵਾਪਸ ਆਈ ਤਾਂ ਉਸ ਦੀ ਮਾਂ ਵੀ ਨਾਲ ਸੀ, ਉਹਦੇ। ਮਾਂ ਜੀ ਨੂੰ ਉਸਨੇ ਸਹਾਰਾ ਦਿੱਤਾ ਹੋਇਆ ਸੀ ਤੇ ਉਹਨਾਂ ਦੀਆਂ ਅੱਖਾਂ 'ਤੇ ਕਾਲੇ ਸ਼ੀਸ਼ਿਆਂ ਦੀ ਐਨਕ ਲੱਗੀ ਹੋਈ ਸੀ, ''ਅੱਛਾ, ਤਾਂ ਤੂੰ ਆਇਐਂ ਅਖ਼ਤਰ ਪੁੱਤਰ!'' ਉਹਨਾਂ ਖਲਾਅ (ਸ਼ੁੰਨ) ਵਿਚ ਤੱਕਦਿਆਂ ਕਿਹਾ, ''ਐਨੇ ਸਾਲਾਂ ਪਿੱਛੋਂ ਜੀਅ ਕਿਵੇਂ ਕਰ ਆਇਆ ਤੇਰਾ? ਕਿੱਦੇਂ ਆਇਆ ਸੈਂ? ਹੋਰ ਕੀ ਹਾਲ-ਚਾਲ ਨੇ ਉੱਥੇ? 'ਕੱਲ ਕਿਉਂ ਆਇਆ ਏਂ? ਬਹੂ ਤੇ ਬੱਚਿਆਂ ਨੂੰ ਨਾਲ ਕਿਉਂ ਨਹੀਂ ਲਿਆਇਆ?''
ਇਸ ਤੋਂ ਪਹਿਲਾਂ ਕਿ ਮੈਂ ਆਦਾਬ ਕਹਿੰਦਾ, ਉਹਨਾਂ ਵੀ ਮੀਰਾ ਵਾਂਗ ਹੀ ਸਵਾਲਾਂ ਦੀ ਵਾਛੜ ਕਰ ਦਿੱਤੀ ਸੀ।
'ਦਸਦਾਂ ਮਾਂ-ਜੀ...ਤੁਸੀਂ ਸੁਣਾਓ ਕੀ ਹਾਲ-ਚਾਲ ਨੇ? ਸਿਹਤ ਤਾਂ ਠੀਕ ਰਹਿੰਦੀ ਏ ਨਾ?'' ਮੈਂ ਆਦਾਬ ਕਰਕੇ ਪੁੱਛਿਆ।
ਬਸ, ਜਿਉਂ ਰਹੀ ਹਾਂ ਪੁੱਤਰ—ਤੂੰ ਦੇਖ ਈ ਰਿਹੈਂ। ਬਸ ਦੇਖ ਨਹੀਂ ਸਕਦੀ, ਉਂਜ ਚੰਗੀ ਭਲੀ ਆਂ।'' ਫੇਰ ਉਹਨਾਂ ਆਪਣੀ ਧੀ ਨੂੰ ਕਿਹਾ, ''ਮੀਰਾ ਦੇਖ ਵੀਰ ਆਇਐ ਐਨਿਆਂ ਸਾਲਾਂ ਪਿੱਛੋਂ। ਜਾਹ, ਲਿਆ ਕੇ ਇਸਨੂੰ ਨਿੰਬੂ ਪਾਣੀ ਪਿਲਾਅ ਪਹਿਲਾਂ। ਇਹ ਤਾਂ ਦਿਨ 'ਚ ਕਈ ਕਈ ਵਾਰੀ ਪੀਂਦਾ ਹੁੰਦਾ ਸੀ।'' ਫੇਰ ਮੇਰੇ ਵੱਲ ਭੌਂ ਕੇ ਬੋਲੇ, ''ਦੇਖ ਪੁੱਤਰ ਮੈਂ ਰੋਟੀ ਖਾਧੇ ਬਗ਼ੈਰ ਜਾਣ ਨਹੀਓਂ ਦੇਣਾ। ਹੁਣੇ ਨੌਕਰ ਨੂੰ ਕਹਿ ਕੇ ਕੋਫਤੇ ਬਣਵਾਉਂਦੀ ਆਂ—ਤੈਨੂੰ ਪਨੀਰ ਦੇ ਕੋਫਤੇ ਪਸੰਦ ਐ ਨਾ?''
ਪਿਆਰ ਦੇ ਇਸ ਤੂਫ਼ਾਨ ਵਿਚ ਏਦਾਂ ਵਹਿ ਗਿਆ ਸਾਂ ਮੈਂ ਕਿ ਮੇਰਾ ਉਹਨਾਂ ਨਾਲ ਜੱਫੀ ਪਾ ਕੇ ਰੋਣ ਨੂੰ ਜੀਅ ਕਰ ਰਿਹਾ ਸੀ। ਮੇਰੀ ਆਪਣੀ ਮਾਂ ਤਾਂ ਮੇਰੇ ਬਚਪਨ ਵਿਚ ਹੀ ਮਰ ਗਈ ਸੀ, ਉਦੋਂ ਤੋਂ ਇਹੋ ਮੇਰੀ ਮਾਂ ਸੀ।
'ਵੀਰ ਤੂੰ ਬੈਠ ਕੇ ਮਾਂ ਨਾਲ ਗੱਲਾਂ ਕਰ...ਮੈਂ ਜ਼ਰਾ ਰਾਮ ਭਰੋਸੇ ਨੂੰ ਖਾਣੇ ਬਾਰੇ ਕਹਿ ਕੇ ਹੁਣੇ ਆਈ।'' ਕਹਿੰਦੀ ਹੋਈ ਉਹ ਚਲੀ ਗਈ, ਕੁਝ ਚਿਰ ਲਈ ਕਮਰੇ ਵਿਚ ਚੁੱਪ ਪਸਰ ਗਈ। ਫੇਰ ਮਾਂ-ਜੀ ਨੇ ਧੀਮੀ ਆਵਾਜ਼ ਵਿਚ ਪੁੱਛਿਆ, ''ਮੀਰਾ ਚਲੀ ਗਈ...''
''ਹਾਂ ਜੀ, ਚਲੀ ਗਈ।'' ਮੈਂ ਵੀ ਹੌਲੀ ਜਿਹੀ ਕਿਹਾ।
'ਰੋਟੀ ਵਾਸਤੇ ਤਾਂ ਮੈਂ ਤੈਨੂੰ ਉਂਜ ਈ ਕਹਿ ਦਿੱਤਾ ਸੀ...ਤੂੰ ਚਲਾ ਜਾਅ ਪੁੱਤਰ, ਉਸ ਦੇ ਆਉਣ ਤੋਂ ਪਹਿਲਾਂ ਪਹਿਲਾਂ...।'' ਉਸ ਆਵਾਜ਼ ਵਿਚ ਨਾ ਨਫ਼ਰਤ ਸੀ ਤੇ ਨਾ ਹੀ ਗੁੱਸਾ—ਸਗੋਂ ਇਕ ਅਪਣੱਤ ਸੀ।
'ਚਲਾ ਜਾਵਾਂ...ਪਰ ਕਿਉਂ?'' ਮੈਂ ਪਰੇਸ਼ਾਨ ਜਿਹਾ ਹੋ ਕੇ ਪੁੱਛਿਆ ਸੀ, ''ਮੈਂ ਕੁਝ ਸਮਝਿਆ ਨਹੀਂ...।''
'ਗੱਲ ਸਮਝਣ-ਸਮਝਾਉਣ ਦੀ ਨਹੀਂ, ਗੱਲ ਅਮਲ ਕਰਨ ਦੀ ਐ। ਕੀ ਤੈਨੂੰ ਨਹੀਂ ਪਤਾ, ਮੀਰਾ ਵਿਧਵਾ ਹੋ ਗਈ ਐ? ਉਸਦਾ ਪਤੀ ਮੇਰੇ ਕ੍ਰਿਸ਼ਨ ਵਾਂਗ ਹੀ 71 ਦੀ ਜੰਗ ਵਿਚ ਮਾਰਿਆ ਗਿਆ ਸੀ।'' ਸੁਣ ਕੇ ਮੇਰਾ ਤ੍ਰਾਹ ਨਿਕਲ ਗਿਆ। ਮੈਨੂੰ ਇਸ ਗੱਲ ਦਾ ਉੱਕਾ ਹੀ ਪਤਾ ਨਹੀਂ ਸੀ। ਅਸਲ ਵਿਚ ਮਹਿਬੂਬ ਦੀ ਬੇਵਕਤ ਮੌਤ ਪਿੱਛੋਂ ਮੇਰਾ ਇਸ ਸ਼ਹਿਰ ਨਾਲੋਂ ਸੰਬੰਧ ਹੀ ਟੁੱਟ ਗਿਆ ਸੀ। ਜੇ ਮੈਨੂੰ ਪਤਾ ਹੁੰਦਾ ਕਿ ਜੰਗ ਦੇ ਭਿਆਨਕ ਦੈਂਤ ਨੇ ਇਸ ਘਰ ਦੇ ਦੋ ਜੀਅ ਹੜਪ ਲਏ ਸਨ ਤਾਂ ਮੈਂ ਕਦੀ ਵੀ ਇੱਥੇ ਆਉਣ ਦਾ ਹੀਆ ਨਾ ਕਰਦਾ।
'ਮੈਨੂੰ ਬੜਾ ਦੁੱਖ ਹੋਇਆ ਏ ਮਾਂ-ਜੀ।'' ਮੈਂ ਖਾਸੀ ਮੱਧਮ ਤੇ ਥਿੜਕਦੀ ਜਿਹੀ ਆਵਾਜ਼ ਵਿਚ ਕਿਹਾ, ''ਖ਼ੁਦਾ ਦੀ ਸੌਂਹ ਮੈਨੂੰ ਉੱਕਾ ਹੀ ਨਹੀਂ ਸੀ ਪਤਾ ਬਈ ਵਕਤ ਨੇ ਤੁਹਾਡੇ ਉਪਰ ਐਨੇ ਜ਼ੁਲਮ ਢਾਏ ਨੇ।''
'ਪੁੱਤਰ ਨਾ ਮੈਂ ਵਕਤ ਨੂੰ ਉਲਾਂਭਾ ਦੇ ਰਹੀ ਆਂ ਤੇ ਨਾ ਹੀ ਤੈਨੂੰ...ਇਹ ਤਾਂ ਤਕਦੀਰ ਦੀ ਗੱਲ ਐ, ਜੋ ਨਾ ਤੇਰੇ ਵੱਸ ਐ ਤੇ ਨਾ ਸਾਡੇ। ਦੁਖ ਐ ਤਾਂ ਸਿਰਫ ਏਸ ਗੱਲ ਦਾ ਕਿ ਪੁੱਤਰ ਤੇ ਜਵਾਈ ਵਾਂਗ ਦੋਹਤਾ ਵੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਐ ਮੀਰਾ ਦਾ ਇਕੋ ਇਕ ਮੁੰਡਾ...।''
ਸਾਡੀ ਗੱਲ ਅਜੇ ਇੱਥੇ ਹੀ ਪੁੱਜੀ ਸੀ ਕਿ ਕਿਸੇ ਦੇ ਪੈਰਾਂ ਦਾ ਖੜਾਕ ਸੁਣ ਕੇ ਮਾਂ-ਜੀ ਚੁੱਪ ਹੋ ਗਏ। ਦੂਜੇ ਪਲ ਮੀਰਾ ਅੰਦਰ ਆ ਗਈ। ਉਸ ਦੇ ਨਾਲ ਇਕ ਪੰਦਰਾਂ ਕੁ ਵਰ੍ਹਿਆਂ ਦਾ ਸੋਹਣਾ-ਸੁਣੱਖਾ ਮੁੰਡਾ ਵੀ ਸੀ।
'ਬੇਟਾ ਤੇਰੇ ਮਾਮਾ ਜੀ ਨੇ।'' ਫੇਰ ਮੈਨੂੰ ਦੱਸਿਆ, ''ਇਹ ਮੋਹਨ ਏਂ ਵੀਰ...ਮੇਰਾ ਪੁੱਤਰ।''
ਮੁੰਡੇ ਨੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਮੈਨੂੰ ਨਮਸਤੇ ਆਖੀ ਤੇ ਪੂਰੇ ਉਤਸ਼ਾਹ ਨਾਲ ਅੱਗੇ ਵਧ ਕੇ ਹੱਥ ਮਿਲਾਇਆ।
'ਪੂਰੇ ਅਠੱਤੀ ਸਾਲ ਬਾਅਦ ਆਏ ਨੇ ਇਹ। ਮੋਹਨ, ਜਦੋਂ ਇਹ ਇੱਥੇ ਰਹਿੰਦੇ ਸਨ ਨਾ, ਆਪਣੇ ਨਾਲ ਇਹਨਾਂ ਦੀ ਮੇਲ-ਮੁਲਾਕਾਤ ਐਨੀ ਹੁੰਦੀ ਸੀ ਕਿ ਵੇਖਣ ਵਾਲੇ ਅਸਾਂਨੂੰ ਭੈਣ-ਭਰਾ ਹੀ ਸਮਝਦੇ ਹੁੰਦੇ ਸੀ। ਤੇਰੇ ਕ੍ਰਿਸ਼ਨ ਮਾਮਾ ਜੀ ਤੇ ਇਹ ਬਚਪਨ ਦੇ ਸਾਥੀ ਨੇ। ਦੋਵੇਂ ਨਾਲੋ-ਨਾਲ ਪਲੇ ਤੇ ਵੱਡੇ ਹੋਏ...ਇਹ ਸਾਨੂੰ ਬੜੇ ਪਿਆਰੇ ਹੁੰਦੇ ਸਨ।'' ਮੀਰਾ ਨੇ ਭਰਪੂਰ ਜਾਣ-ਪਛਾਣ ਕਰਵਾਈ।
'ਮੈਨੂੰ ਵੀ ਪਿਆਰੇ ਲੱਗਦੇ ਪਏ ਨੇ, ਮੰਮੀ।'' ਮੁੰਡੇ ਨੇ ਖਿੜੇ-ਮੱਥੇ ਕਿਹਾ, ''ਤੁਸੀਂ ਕਿੱਥੇ ਰਹਿੰਦੇ ਓ, ਮਾਮਾ ਜੀ?...ਬੰਬਈ?''
ਨਹੀਂ ਬੇਟਾ, ਇਹ ਬੰਬਈ ਨਹੀਂ ਪਾਕਿਸਤਾਨ ਵਿਚ ਰਹਿੰਦੇ ਨੇ ਤੇ ਉੱਥੋਂ ਈ ਆਏ ਨੇ ਸਾਨੂੰ ਮਿਲਣ ਵਾਸਤੇ...।'' ਸੁਣ ਕੇ ਮੋਹਨ ਦੇ ਚਿਹਰੇ ਉੱਤੇ ਇਕ ਪਰਤੱਖ ਤਬਦੀਲੀ ਆ ਗਈ—ਚਿਹਰੇ ਦੀ ਮੁਸਕਾਨ ਅਲੋਪ ਹੋ ਗਈ ਤੇ ਉਸ ਦੀ ਜਗ੍ਹਾ ਇਕ ਕੁਰਖ਼ਤੀ ਤੇ ਚਿੜਚਿੜੇਪਨ ਨੇ ਲੈ ਲਈ, ਜਿਹੜਾ ਕੁਝ ਚਿਰ ਪਹਿਲਾਂ ਮੈਂ ਮੀਰਾ ਦੇ ਚਿਹਰੇ ਉਪਰ ਦੇਖ ਚੱਕਿਆ ਸਾਂ। ਪਰ ਉਸ ਤਬਦੀਲੀ ਵਲੋਂ ਲਾਪ੍ਰਵਾਹ ਮੀਰਾ ਕਹਿ ਰਹੀ ਸੀ—''ਗੌਰ ਨਾਲ ਦੇਖ ਲੈ ਪੁੱਤਰ, ਇਹ ਵੀ ਸਾਡੇ ਵਰਗੇ ਇਨਸਾਨ ਈ ਹੁੰਦੇ ਨੇ—ਕੋਈ ਖਤਰਨਾਕ ਭੁੱਖੇ-ਦੈਂਤ ਨਹੀਂ, ਜਿਹੜੇ ਆਦਮੀ ਨੂੰ ਖਾ ਜਾਂਦੇ ਨੇ।''
'ਮੰਮੀ...'' ਮੋਹਨ ਨੇ ਹੈਰਾਨੀ ਨਾਲ ਆਪਣੀ ਮਾਂ ਵੱਲ ਤੱਕਿਆ ਤੇ ਕੁਝ ਕਹਿਣਾ ਚਾਹਿਆ, ਪਰ ਮੀਰਾ ਬੋਲਦੀ ਰਹੀ—
'ਸੱਚ ਜਾਣੀ ਮੋਹਨ...ਜੇ ਤੂੰ ਆਪਣੇ ਕ੍ਰਿਸ਼ਨ ਮਾਮੇ ਨੂੰ ਦੇਖਿਆ ਹੁੰਦਾ ਤਾਂ ਅੱਜ ਤੈਨੂੰ ਉਸ ਤੇ ਇਹਨਾਂ ਵਿਚ ਕੋਈ ਫ਼ਰਕ ਨਹੀਂ ਸੀ ਲੱਗਣਾ।'' ਕਹਿੰਦਿਆਂ ਹੋਇਆਂ ਉਸ ਦਾ ਗੱਚ ਭਰ ਆਇਆ ਸੀ। ਉਦੋਂ ਹੀ ਮਾਂ-ਜੀ ਬੋਲੇ, ''ਤੂੰ ਠੀਕ ਕਹਿ ਰਹੀ ਐਂ ਮੀਰਾ?''
'ਹਾਂ, ਠੀਕ ਕਹਿ ਰਹੀ ਹਾਂ ਮਾਂ,'' ਉਸ ਕਿਹਾ, ''ਚੰਗਾ ਹੋਇਆ ਜੇ ਅਖ਼ਤਰ ਵੀਰ ਆ ਗਿਆ—ਮੈਂ ਬੜੀ ਦੇਰ ਦੀ ਮੋਹਨ ਨੂੰ ਕਿਸੇ ਪਾਕਿਸਤਾਨੀ ਨਾਲ ਮਿਲਵਾਉਣਾ ਚਾਹੁੰਦੀ ਸਾਂ ਤਾਂ ਕਿ ਇਹ ਆਪਣੀਆਂ ਅੱਖਾਂ ਨਾਲ ਦੇਖ ਲਏ ਕਿ ਉਹ ਲੋਕ ਵੀ ਸਾਡੇ ਵਰਗੇ ਆਦਮੀ ਹੀ ਹੁੰਦੇ ਨੇ—ਨੰਗੇ, ਭੁੱਖੇ, ਜਜ਼ਬਾਤੀ, ਅੰਤਾਂ ਦਾ ਪਿਆਰ ਕਰਨ ਵਾਲੇ, ਜੰਗਾਂ ਵੀ ਜੋਸ਼ ਨਾਲ ਲੜਨ ਵਾਲੇ। ਜੇ ਉਹਨਾਂ ਨੇ ਸਾਡੇ ਸੂਰਮਿਆਂ ਨੂੰ ਕਤਲ ਕੀਤਾ ਹੈ ਤਾਂ ਅਸੀਂ ਵੀ ਤਾਂ ਉਹਨਾਂ ਦੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ—ਇੰਜ ਸਾਡੇ ਮਸਲੇ ਤਾਂ ਹੱਲ ਨਹੀਂ ਹੋਣ ਲੱਗੇ...'' ਕਹਿੰਦੀ ਹੋਈ ਉਹ ਰੋਣ ਲੱਗ ਪਈ।
ਨਾ ਰੋ ਕੁੜੀਏ ਮੈਂ ਅਖ਼ਤਰ ਨੂੰ ਸਮਝਾ ਦਿੱਤੈ—ਉਹ ਜਾ ਰਿਹੈ ਹੁਣੇ।'' ਮਾਂ ਜੀ ਨੇ ਦੁਖੀ ਆਵਾਜ਼ ਵਿਚ ਕਿਹਾ।
'ਇਹ ਤੂੰ ਕੀ ਕੀਤਾ ਈ ਮਾਂ?'' ਉਹ ਤਿੜਕੀ, ''ਮੈਂ ਵੀਰ ਨੂੰ ਹਰਗਿਜ਼ ਨਹੀਂ ਜਾਣ ਦਿਆਂਗੀ—ਜੇ ਅੱਜ ਇਹ ਚਲਾ ਗਿਆ ਤਾਂ ਸਾਡੇ ਬਾਰੇ ਕਈ ਗ਼ਲਤ ਧਾਰਨਾਵਾਂ ਲੈ ਕੇ ਜਾਏਗਾ ਤੇ ਆਪਣੇ ਬੱਚਿਆਂ ਨੂੰ ਦੱਸਿਆ ਕਰੇਗਾ ਕਿ ਹਿੰਦੁਸਤਾਨ ਵਿਚ ਕੋਈ ਉਹਨਾਂ ਦਾ ਆਪਣਾ ਨਹੀਂ...ਸਭ ਦੁਸ਼ਮਣ ਵੱਸਦੇ ਨੇ।'' ਉਸ ਉਪਰ ਅਜੀਬ ਪਾਗਲਪਨ ਸਵਾਰ ਹੋਇਆ ਹੋਇਆ ਸੀ। ਫੇਰ ਮੇਰੇ ਵੱਲ ਭੌਂ ਦੇ ਬੋਲੀ, ''ਮੈਂ ਗ਼ਲਤ ਤਾਂ ਨਹੀਂ ਨਾ ਕਹਿ ਰਹੀ ਵੀਰਾ? ਕੀ ਅਸੀਂ ਬੀਤੇ ਦੀ ਕੁਸੈਲ ਨੂੰ ਭੁੱਲ ਕੇ ਚੰਗੇ ਗੁਆਂਢੀਆਂ ਵਾਂਗ ਨਹੀਂ ਰਹਿ ਸਕਦੇ? ਨਫ਼ਰਤ ਦਾ ਜ਼ਹਿਰ ਜਿਹੜਾ ਕਦੀ ਸਰਹੱਦ ਦੇ ਦੋਵੇਂ ਪਾਸੇ ਫੈਲਿਆ ਸੀ—ਕੀ ਉਸ ਨੂੰ ਹੁਣ ਖ਼ਤਮ ਨਹੀਂ ਹੋਣਾ ਚਾਹੀਦਾ? ਜੇ ਅਸੀਂ ਇੰਜ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਸੇ ਨਫ਼ਰਤ ਦੀ ਅੱਗ ਵਿਚ ਸੜਦੀਆਂ ਰਹਿਣਗੀਆਂ ਤੇ ਵੀਰ ਮੈਂ ਇੰਜ ਨਹੀਂ ਚਾਹੁੰਦੀ ਕਿ ਇੰਜ ਹੀ ਹੋਵੇ...''
ਉਹ ਚੁੱਪ ਹੋ ਗਈ। ਆਪਣੀਆਂ ਅੱਖਾਂ ਦੇ ਅੱਥਰੂ ਤੇ ਮੱਥੇ ਦੇ ਪਸੀਨੇ ਨੂੰ ਆਪਣੀ ਸਾੜ੍ਹੀ ਦੇ ਪੱਲੇ ਨਾਲ ਪੂੰਝਣ ਲੱਗੀ। ਅਸਾਂ ਸਾਰਿਆਂ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਸਭ ਤੋਂ ਪਹਿਲਾਂ ਉਹ ਹੀ ਹੋਸ਼ ਵਿਚ ਆਈ, ''ਖੜ੍ਹਾ ਮੂੰਹ ਕੀ ਦੇਖ ਰਿਹੈਂ—ਅੱਗੇ ਵਧ ਕੇ ਮਾਮੇ ਦੇ ਸੀਨੇ ਨਾਲ ਲੱਗ ਜਾਅ। ਅਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ।''
ਮੋਹਨ ਦੀ ਸਮਝ ਵਿਚ ਸ਼ਾਇਦ ਕੁਝ ਵੀ ਤਾਂ ਨਹੀਂ ਸੀ ਆ ਰਿਹਾ। ਸ਼ਾਇਦ ਇਸੇ ਕਰਕੇ ਉਹ ਜਕੋ-ਤਕੀ ਵਿਚ ਪਿਆ ਹੋਇਆ ਸੀ। ਫੇਰ ਅੱਲਾ ਜਾਣੇ ਉਸ ਨੂੰ ਆਪਣੀ ਮਾਂ ਦੀਆਂ ਅੱਖਾਂ ਵਿਚ ਕੀ ਨਜ਼ਰ ਆਇਆ ਸੀ ਕਿ ਹੌਲੀ-ਹੌਲੀ ਅਗਾਂਹ ਵਧ ਕੇ ਉਸ ਮੈਨੂੰ ਗਲਵੱਕੜੀ ਪਾ ਲਈ ਸੀ। ਅਚਾਨਕ ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਮੀਰਾ ਦੀ ਆਵਾਜ਼ ਕਿਤੋਂ ਦੂਰੋਂ ਆ ਰਹੀ ਲੱਗੀ। ਉਹ ਮਾਂ ਜੀ ਨੂੰ ਕਹਿ ਰਹੀ ਸੀ, ''ਤੂੰ ਚਿੰਤਾ ਨਾ ਕਰਿਆ ਕਰ ਮਾਂ—ਮੇਰੇ ਦਿਲ ਦੇ ਸਾਰੇ ਜ਼ਖ਼ਮ,  ਸਾਰੀ ਨਫ਼ਰਤ, ਸਾਰੀ ਜ਼ਹਿਰ, ਮੇਰੇ ਹੰਝੂਆਂ ਨੇ ਧੋ ਦਿੱਤੀ ਹੈ—ਮੈਂ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਹਮੇਸ਼ਾ ਇਸ ਹਨੇਰੇ ਗੁਬਾਰ ਦਾ ਸ਼ਿਕਾਰ ਰਹੇ।''
ਰੱਬ ਜਾਣੇ ਉਹ ਹੋਰ ਕੀ ਕੁਝ ਕਹਿੰਦੀ ਰਹੀ ਸੀ—ਪਰ ਮੋਹਨ ਨੂੰ ਛਾਤੀ ਨਾਲ ਲਾ ਕੇ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਮੈਨੂੰ ਆਪਣਾ ਉਹ ਪੁੱਤਰ ਮਿਲ ਗਿਆ ਹੋਵੇ, ਜਿਹੜਾ 71 ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ।
***

Friday, August 20, 2010

ਸੋਹਬਤ ਦੀ ਖੁਸ਼ਬੋ... :: ਕਾਜ਼ੀ ਮੁਸ਼ਤਾਕ ਅਹਿਮਦ

ਪਾਕੀ ਉਰਦੂ ਕਹਾਣੀ :
ਸੋਹਬਤ ਦੀ ਖੁਸ਼ਬੋ...
ਲੇਖਕ : ਕਾਜ਼ੀ ਮੁਸ਼ਤਾਕ ਅਹਿਮਦ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਯਾਸਮੀਨ ਨੇ ਪਹਿਲੀ ਵਾਰ ਆਪਣੇ ਪਤੀ ਦੇ ਕੁਆਟਰ ਵਿਚ ਪੈਰ ਪਾਏ ਸਨ ਤੇ ਸਰਜੂ ਨੇ ਬੜੇ ਹੀ ਰਵਾਇਤੀ ਢੰਗ ਨਾਲ ਉਸ ਨੂੰ 'ਜੀ ਆਇਆਂ' ਕਿਹਾ ਸੀ। ਸਰਜੂ, ਅਕਰਮ ਦੀ ਨੌਕਰਾਣੀ ਸੀ। ਉਹ ਪਿੱਛਲੇ ਛੇ ਮਹੀਨਿਆਂ ਤੋਂ ਇੱਥੇ ਇਕੱਲਾ ਰਹਿ ਰਿਹਾ ਸੀ ਤੇ ਏਨੇ ਦਿਨ ਸਰਜੂ ਹੀ ਉਸ ਦਾ ਖਾਣਾ ਪਕਾਉਂਦੀ, ਕੱਪੜੇ ਧੋਂਦੀ ਤੇ ਨਿੱਕੇ-ਮੋਟੇ ਕੰਮ ਸੰਵਾਰਦੀ ਰਹੀ ਸੀ। ਪਰ ਪਤਾ ਨਹੀਂ ਕਿਉਂ—ਕਾਲੀ, ਕੋਝੀ, ਤੁੱਥ-ਮੁੱਥ ਜਿਹੀ ਸਰਜੂ, ਜਿਸ ਦੇ ਕੱਪੜਿਆਂ ਵਿਚੋਂ ਬੋ ਆਉਂਦੀ ਸੀ ਯਾਸਮੀਨ ਨੂੰ ਪਹਿਲੀ ਨਜ਼ਰੇ ਹੀ ਚੰਗੀ ਨਹੀਂ ਸੀ ਲੱਗੀ। ਅਕਰਮ ਵਰਗਾ ਸਫਾਈ ਪਸੰਦ ਬੰਦਾ ਜਿਸ ਨੂੰ ਇਸ ਪੱਖੋਂ ਸਨਕੀ ਵੀ ਕਿਹਾ ਜਾ ਸਕਦਾ ਸੀ, ਏਨੀ ਗੰਦੀ ਨੌਕਰਾਣੀ ਨਾਲ ਕਿੰਜ ਨਿਭ ਰਿਹਾ ਸੀ ? ਅਕਰਮ ਨੂੰ ਵੰਨ-ਸੁਵੰਨੇ ਪ੍ਰਫਿਊਮ ਲਾਉਣ ਦਾ ਬੜਾ ਸ਼ੌਕ ਸੀ। ਜਦੋਂ ਕਿਤੇ ਬਾਹਰ ਜਾਣ ਦਾ  ਪ੍ਰੋਗਰਾਮ ਹੁੰਦਾ, ਉਸ ਦੇ ਇਸੇ ਸ਼ੌਕ ਕਰਕੇ ਦੇਰ ਹੋ ਜਾਂਦੀ। ਯਾਸਮੀਨ ਰਤਾ ਅਕੇਵੇਂ ਜਿਹੇ ਨਾਲ ਕਹਿੰਦੀ, ''ਹਜ਼ੂਰ ਤੁਸਾਂ ਕੋਈ ਦੂਸਰੀ ਸ਼ਾਦੀ ਨਹੀਂ ਕਰਵਾਉਣੀ ਤੇ ਨਾ ਹੀ ਕਿਸੇ ਵੇਖਣ ਆਏ ਸਾਹਮਣੇ ਜਾਣਾ ਏਂ—ਫੇਰ ਭਲਾ ਇਹ ਮੇਕਅਪ ਕਿਸ ਖਾਤਰ ?''
''ਬਸ ਆਦਤ ਈ ਪੈ ਗਈ ਏ ਜਾਨੇ ਮਨ। ਜੇ ਇਹ ਆਦਤ ਨਾ ਹੁੰਦੀ ਤਾਂ ਤੇਰੇ ਵਰਗੀ ਜਨੱਤ ਦੀ ਹੂਰ ਨੂੰ ਕਿਸ ਤਰ੍ਹਾਂ ਫਾਹ ਲੈਂਦੇ ?...ਤੇ ਫੇਰ ਤੇਰੀ ਮੇਰੀ ਪਸੰਦ ਵੀ ਤੇ ਇਕੋਂ ਜਿਹੀ ਏ ਨਾ---ਤੂੰ ਸਫਾਈ ਪਸੰਦ ਏਂ ਤੇ ਮੰਨੂੰ ਪ੍ਰਫਿਊਮਜ਼ ਵੀ ਪਸੰਦ ਨੇ।''
''ਤੇ ਬੈਂਗਨਾ ਦਾ ਭੜਥਾ...''
''ਊਂ-ਹੂੰ ! ਪਤਾ ਨਹੀਂ ਕਿੱਥੇ ਫਰਕ ਪੈ ਗਿਆ...ਮੈਨੂੰ ਤਾਂ ਬੈਂਗਨਾ ਦੇ ਨਾਂਅ ਤੋਂ ਚਿੜ ਏ।''
''ਤੇ  ਗੋਭੀ ?''
''ਇਸ ਦਾ ਤਾਂ ਨਾਂਅ ਸੁਣ ਕੇ ਈ ਉਲਟੀ ਆਉਣ ਵਾਲੀ ਹੋ ਜਾਂਦੀ ਏ।''
ਪਰ ਯਾਸਮੀਨ ਨੇ ਅਕਰਮ ਦੇ ਕੁਆਟਰ ਦੇ ਪਿੱਛਲੇ ਹਿੱਸੇ ਵਿਚ ਏਸੇ ਕਿਸਮ ਦੀਆਂ ਸਾਰੀਆਂ ਸਬਜ਼ੀਆਂ ਲੱਗੀਆਂ ਵੇਖੀਆਂ। ਕੋਈ ਛੇ ਕੁ ਮਹੀਨੇ ਪਹਿਲਾਂ ਅਕਰਮ ਇੱਥੇ ਕ੍ਰਿਸ਼ਨਾ ਡੈਮ ਦਾ ਇੰਜੀਨੀਅਰ ਬਣ ਕੇ ਆਇਆ ਸੀ। ਵਿਆਹ ਪਿੱਛੋਂ ਉਹ ਛੇ ਮਹੀਨੇ ਇਕੱਠੇ ਰਹੇ ਸਨ ਤੇ ਫੇਰ ਅਕਰਮ ਦੀ ਟਰਾਂਸਫਰ ਹੋ ਗਈ ਸੀ। ਉਹ ਇਕੱਲਾ ਹੀ ਇੱਥੇ ਆਇਆ ਸੀ। ਉਸ ਸਹੂਰੇ ਘਰ ਰਹੀ। ਉਸ ਦੀ ਸੱਸ ਬੜੀ ਭਲੀ ਤੀਵੀਂ ਸੀ। ਨੂੰਹ-ਪੁੱਤ ਨੂੰ ਬੜਾ ਹੀ ਪਿਆਰ ਕਰਦੀ ਸੀ। ਵਿਆਹ ਪਿੱਛੋਂ ਉਸ ਨੇ ਯਾਸਮੀਨ ਨੂੰ ਕਦੀ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਉਹ ਕਹਿੰਦੀ, ''ਬਹੂ ਆਪਣੇ ਬੰਦੇ ਨਾਲ ਜਾ ਕੇ ਕੰਮ ਕਰਦੀ ਰਹੀਂ, ਅਜੇ ਵਿਆਹ ਨੂੰ ਦਿਨ ਹੀ ਕਿਹੜੇ ਹੋਏ ਨੇ—ਮੌਜਾਂ-ਮਾਣੋ, ਸੈਰ-ਸਪਾਟੇ ਕਰੋ। ਬਾਲ-ਬੱਚੇ ਹੋ-ਗੇ ਫੇਰ ਚੁੱਲ੍ਹੇ ਚੌਂਕੇ ਤੋਂ ਛੁਟਕਾਰਾ ਕਿੱਥੇ?''
''ਘਰੇ ਵਿਹਲੀ ਬਹਿ ਬਹਿ ਬੋਰ ਹੋ ਜਾਂਦੀ ਆਂ ਬੇ-ਜੀ।''
''ਲੈ ਦੱਸ, ਬੋਰ ਕਿਉਂ ਹੋਣਾ ਏਂ...ਕਿਤਾਬਾਂ ਪੜ੍ਹੋ ਬੇਟਾ, ਤਾਸ਼ ਖੇਲੋ, ਰੇਡੀਓ ਸੁਣੋ, ਸਮਾਂ ਬੀਤ ਜਾਂਦਾ ਏ। ਪੰਜਾਂ ਛੇਆਂ ਘੰਟਿਆਂ ਦੀ ਤਾਂ ਗੱਲ ਹੁੰਦੀ ਏ ਸਾਰੀ। ਸ਼ਾਮੀਂ ਅਕਰਮ ਆ ਈ ਜਾਂਦਾ ਏ ਤੁਸੀਂ ਸੈਰ ਕਰਨ ਚਲੇ ਜਾਇਆ ਕਰੋ।''
ਅਕਰਮ ਘਰ ਆ ਕੇ ਮੂੰਹ ਹੱਥ ਧੋਂਦਾ ਤੇ ਮਾਂ ਉਸ ਨੂੰ ਚਾਹ ਫੜਾ ਕੇ ਕਹਿੰਦੀ, ''ਸਾਰਾ ਦਿਨ ਘਰੇ ਬੈਠੀ ਵਿਚਾਰੀ ਬੋਰ ਹੁੰਦੀ ਰਹਿੰਦੀ ਏ, ਜਾਹ ਬਹੂ ਨੂੰ ਬਾਰਹ ਘੁਮਾਅ ਫਿਰਾਅ ਈ ਲਿਆ ਬੇਟਾ।'' ਅਕਰਮ ਮਖੌਲ ਕਰਦਾ, ''ਬੇ-ਜੀ, ਤੁਸੀਂ ਕਿਹੋ ਜਿਹੀ ਸੱਸ ਓ? ਡਾਂਗ ਫੜ ਕੇ ਮਿਜਾਜ਼ ਦਰੁਸਤ ਕਰ ਦਿਓ, ਬਹੂ ਦੇ। ਮੇਰੇ ਨਾਲ ਇਕੱਲਿਆਂ ਰਹਿਣਾ ਪਿਆ ਤਾਂ ਸਿਰ 'ਤੇ ਚੜ੍ਹ ਜੂ-ਗੀ।''
''ਮੇਰੀ ਚੰਨ ਵਰਗੀ ਨੂੰਹ ਅਜਿਹੀ ਨਹੀਂ ਹੋ ਸਕਦੀ।'' ਮਾਂ ਪੂਰੇ ਵਿਸ਼ਵਾਸ ਨਾ ਕਹਿੰਦੀ, ''ਹਜ਼ਾਰਾਂ 'ਚੋਂ ਇਕ ਏ। ਪੂਰੇ ਦੋ ਸਾਲ ਮੈਂ ਲੱਭਦੀ ਰਹੀ...ਤਾਂ ਕਿਤੇ ਇਹ ਚੰਨ ਘਰ ਆਇਆ ਏ।''
ਅਕਰਮ ਛੇੜਦਾ, ''ਚੱਲ ਚੰਨ ਬੀਬਾ, ਯਾਸਮੀਨ ਸੁਲਤਾਨਾ ਤੈਨੂੰ ਲਲਤਾ ਪਵਾਰ ਦੀ ਫਿਲਮ ਈ ਵਿਖਾ ਲਿਆਈਏ ਬਈ ਆਦਰਸ਼ ਸੱਸਾਂ ਕਿਹੋ ਜਿਹੀਆਂ ਹੁੰਦੀਆਂ ਨੇ!''
ਦੋਵੇਂ ਸਕੂਟਰ ਉੱਤੇ ਬੈਠ ਕੇ ਸੈਰ ਸਪਾਟਾ ਕਰਨ ਨਿਕਲ ਜਾਂਦੇ। ਯਾਸਮੀਨ ਅਕਰਮ ਦਾ ਮਨ ਪਸੰਦਾ ਇਤਰ ਹਿਨਾ ਲਾਉਣਾ ਕਦੀ ਨਹੀਂ ਸੀ ਭੁੱਲਦੀ। ਅਕਰਮ ਕਹਿੰਦਾ, ''ਜਾਨੇਮਨ! ਅਤਰ ਹਿਨਾ ਦੀ ਖੁਸ਼ਬੋ ਮੈਨੂੰ ਨਸ਼ਿਆ ਦੇਂਦੀ ਏ। ਮੈਨੂੰ ਖੁਸ਼ ਵੇਖਣਾ ਚਾਹੇਂ ਤਾਂ ਇਸ ਅਤਰ ਹਿਨਾ ਨੂੰ ਆਪਣੇ ਦਾਮਨ 'ਚ ਛਿਪਾਅ ਕੇ ਰੱਖੀਂ।''
ਤੇ ਫੇਰ ਅਕਰਮ ਇਕੱਲਾ ਹੀ ਡਿਊਟੀ 'ਤੇ ਚਲਾ ਗਿਆ ਸੀ। ਮਾਂ ਪ੍ਰੇਸ਼ਾਨ ਰਹਿਣ ਲੱਗ ਪਈ ਸੀ। ਉਹ ਆਖਦੀ, ''ਬਹੂ ਜਵਾਨ ਮੂੰਡਾ ਏ, ਉਸ ਨੂੰ ਇਕੱਲਿਆਂ ਛੱਡਣਾ ਠੀਕ ਨਹੀਂ। ਤੂੰ ਛੇਤੀ ਤੋਂ ਛੇਤੀ ਉਸ ਕੋਲ ਜਾਂਦੀ ਰਹੂ।''
''ਪਰ ਬੇ-ਜੀ ਤੁਸੀਂ ਇਕੱਲੇ...''
''ਬਾਗਾਂ ਦੇ ਮਸਲੇ ਨਾ ਹੁੰਦੇ ਤਾਂ ਮੈਂ ਵੀ ਨਾਲ ਈ ਚਲੀ ਚਲਦੀ। ਪਰ ਤੁੰ ਮੇਰੀ ਫਿਕਰ ਨਾ ਕਰ... ਮੇਰੇ ਮਨ ਵਿਚ ਹੋਰ ਦੇ ਹੋਰ ਖਿਆਲ ਈ ਆਈ ਜਾਂਦੇ ਨੇ। ਤੂੰ ਅਕਰਮ ਨੂੰ ਖਤ ਲਿਖ ਕੇ ਏਥੇ ਬੁਲਾਅ ਲੈ...''
ਕੁਝ ਦਿਨ ਯਾਸਮੀਨ ਟਾਲ-ਮਟੋਲ ਕਰਦੀ ਰਹੀ। ਜਦੋਂ ਮਾਂ ਨੇ ਕਈ ਵਾਰੀ ਕਿਹਾ ਤਾਂ ਉਸ ਨੇ ਅਕਰਮ ਨੂੰ ਖ਼ਤ ਲਿਖ ਦਿੱਤਾ।
ਅਕਰਮ ਨੇ ਆ ਕੇ ਪੁੱਛਿਆ ਸੀ, ''ਤੂੰ ਉੱਥੇ ਇਕੱਲੀ ਰਹਿ ਲਏਂਗੀ—ਉਸ ਜੰਗਲ ਵਿਚ?''
''ਜਿੱਥੇ ਤੁਸੀਂ, ਉੱਥੇ ਮੈਂ।''
''ਬਈ ਸੋਚ ਲੈ, ਬੋਰ ਹੋ ਜਾਇਆ ਕਰੇਂਗੀ।''
''ਸੋਚ ਲਿਆ...''
'ਮੇਰੀ ਫਿਕਰ ਨਾ ਕਰ ਪਈ। ਮੈਂ ਇਕੱਲਾ ਰਹਿਣਾ ਗਿੱਝ ਗਿਆਂ...'' ਅਕਰਮ ਨੇ ਕਿਹਾ, ''ਸਰਜੂ ਖਾਣਾ ਪਕਾ ਜਾਂਦੀ ਏ, ਕੱਪੜੇ ਧੋ ਜਾਂਦੀ ਏ। ਕਿਸੇ ਗੱਲ ਦੀ ਰਤਾ ਵੀ ਔਖ ਨਹੀਂ।''
''ਮੈਂ ਤੁਹਾਡੇ ਨਾਲ ਈ ਜਾਵਾਂਗੀ।''
''ਤੇ ਬੇ-ਜੀ...?''
'ਉਹ ਕਿੰਜ ਜਾ ਸਕਦੇ ਨੇ ਭਲਾ? ਬਾਗਾਂ ਦਾ ਮਾਮਲਾ ਜੋ ਏ।''
''ਠੀਕ ਏ, ਜੇ ਤੇਰੀ ਇਹੋ ਇੱਛਾ ਏ ਤਾਂ ਮੈਨੂੰ ਮੰਜ਼ੂਰ ਏ।''
ਤੇ ਇੰਜ ਯਾਸਮੀਨ ਆਪਣੇ ਪਤੀ ਦੇ ਨਾਲ ਕ੍ਰਿਸ਼ਨਾ ਡੈਮ ਕਲੋਨੀ ਵਿਖੇ ਉਸ ਦੇ ਕੁਆਟਰ ਵਿਚ ਪਹੁੰਚ ਗਈ।
ਅਕਰਮ ਉਸ ਨੂੰ ਉੱਥੇ ਛੱਡ ਕੇ ਡਿਊਟੀ 'ਤੇ ਚਲਾ ਗਿਆ। ਸਰਜੂ ਘਰੇਲੂ ਕੰਮ ਧੰਦਿਆਂ ਵਿਚ ਉਸ ਦਾ ਹੱਥ ਵੰਡਾਉਣ ਲੱਗੀ।
'ਸਰਜੂ ਅਹਿ ਸਬਜ਼ੀਆਂ ਕਿਸ ਨੇ ਬੀਜੀਆਂ ਨੇ ?''
''ਮੈਂ ਬੀਬੀ ਜੀ। ਬੈਂਗਨ ਨੇ, ਗੋਭੀ ਏ, ਕੱਦੂ ਨੇ।''
'ਕੌਣ ਖਾਂਦਾ ਏ, ਇਹ ਸਭ ਕੁਝ?''
 ''ਸਾਹਬ !'' ਉਹ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਵਿੰਹਦੀ ਰਹਿ ਗਈ। ਫੇਰ ਬੋਲੀ, ''ਸਾਹਬ ਨੂੰ ਗੋਭੀ ਦੀ ਭਾਜੀ ਬੜੀ ਪਸੰਦ ਏ ਤੇ ਬੈਂਗਨਾਂ ਦਾ ਭੜਥਾ ਵੀ...''
'ਕੀ ਪਈ ਬਕਦੀ ਏਂ ?''
'ਸੌਂਹ ਪਾ ਦਿਓ, ਬੀਬੀ ਜੀ। ਪਹਿਲੀ ਵੇਰ ਭਾਜੀ ਬਣਾਈ ਤਾਂ ਰਤਾ ਨਾਰਾਜ਼ ਹੋ ਗਏ...ਪਰ ਇਹ ਜੰਗਲ ਦਾ ਇਲਾਕਾ ਏ ਨਾ, ਨਿੱਤ ਨਿੱਤ ਮੀਟ ਮੁਰਗਾ ਨਹੀਂ ਲਿਆਂਦਾ ਜਾ ਸਕਦਾ ਕਿਤੋਂ। ਸਾਹਬ ਨੂੰ ਮੇਰੇ ਹੱਥ ਦਾ ਬਣਿਆਂ ਬੈਂਗਨਾਂ ਦਾ ਭੜਥਾ ਵੀ ਬੜਾ ਈ ਪਸੰਦ ਏ...ਤੁਹਾਨੂੰ ਵੀ ਬਣਾਅ ਕੇ ਖੁਆਵਾਂਗੀ?''
''ਠੀਕ ਏ, ਠੀਕ ਏ।''
ਤੇ ਸਰਜੂ ਆਪਣੇ ਕੰਮ ਵਿਚ ਜੁਟ ਗਈ।
'ਤੇਰੀ ਤਨਖ਼ਾਹ ਕਿੰਨੀ ਏਂ ਸਰਜੂ?''
''ਜੀ, ਪੰਜਾਹ ਰੁਪਏ ਮਹੀਨਾ।''
''ਪੰਜਾਹ ਰੁਪਏ ?'' ਯਾਸਮੀਨ ਨੂੰ ਏਨੀ ਘੱਟ ਤਨਖ਼ਾਹ ਉੱਤੇ ਬੜੀ ਹੈਰਾਨੀ ਹੋਈ ਸੀ।
''ਤੁਸੀਂ ਆਖੋ ਤਾਂ ਪੰਜ ਰੁਪਏ ਹੋਰ ਘੱਟ ਲੈ ਲਿਆ ਕਰਾਂਗੀ...ਪਰ ਮੈਨੂੰ ਹਟਾਇਓ ਨਾ ਬੀਬੀ ਜੀ। ਜਦੋਂ ਦੇ ਸਾਹਬ ਇਸ ਕਲੋਨੀ ਵਿਚ ਆਏ ਨੇ, ਮੈਨੂੰ ਰੁਜਗਾਰ ਮਿਲ ਗਿਐ।''
''ਨਹੀਂ ਬਈ ਮੈਂ ਤਾਂ ਤੇਰੀ ਤਨਖ਼ਾਹ ਵਧਾਉਣ ਬਾਰੇ ਸੋਚ ਰਹੀ ਸਾਂ।''
''ਸੱਚ ਮਾਲਕਣ...।''
''ਬਿਲਕੁਲ ਸੱਚ। ਇਸ ਮਹੀਨੇ ਤੋਂ ਹੀ ਦਸ ਰੁਪਏ ਵਧਾਏ...ਪਰ ਇਕ ਸ਼ਰਤ ਏ...''
''ਦੱਸੋ ਜੀ ? ਕੀ ?''
'ਤੂੰ ਹਰ ਰੋਜ਼ ਨਹਾਅ ਕੇ ਆਇਆ ਕਰੇਂਗੀ। ਤੇਰੇ ਕੱਪੜਿਆਂ ਵਿਚੋਂ ਬੜੀ ਬੋ ਆਉਂਦੀ ਏ। ਕੀ ਕਦੀ ਸਾਹਬ ਨੇ ਨਹੀਂ ਟੋਕਿਆ?''
''ਸ਼ੁਰੂ ਸ਼ੁਰੂ ਵਿਚ ਇਕ ਦੋ ਵਾਰੀ ਗੁੱਸੇ ਹੋਏ ਸਨ ਪਰ ਹੁਣ ਕੁਝ ਨਹੀਂ ਆਖਦੇ।''
''ਤੇ, ਆਹ ਸਾੜ੍ਹੀ ਲੈ ਜਾ,'' ਯਾਸਮੀਨ ਨੇ ਉਸ ਨੂੰ ਆਪਣੀ ਇਕ ਪੁਰਾਣੀ ਸਾੜ੍ਹੀ ਦੇਂਦਿਆਂ ਕਿਹਾ, ''ਕੱਲ੍ਹ ਤੋਂ ਇਹ ਬੰਨ੍ਹ ਕੇ ਆਵੀਂ।''
'ਅੱਛਾ ਬੀਬੀ ਜੀ। ਹੁਣ ਤੁਸੀਂ ਆਰਾਮ ਕਰ ਲਵੋ। ਬਾਹਰ ਕੱਪੜੇ ਸੁੱਕ ਰਹੇ ਨੇ, ਮੈਂ ਧਿਆਨ ਰੱਖਦੀ ਹਾਂ। ਸਾਹਬ ਆਉਣਗੇ ਤਾਂ ਚਲੀ ਜਾਵਾਂਗੀ।''
ਸਰਜੂ ਬਾਹਰ ਜਾ ਕੇ ਬੈਠ ਗਈ।
ਯਾਸਮੀਨ ਬੂਹਾ ਬੰਦ ਕਰਕੇ ਪਲੰਘ ਉੱਤੇ ਜਾ ਲੇਟੀ। ਲੰਮੇਂ ਸਫਰ ਨੇ ਥਕਾਅ ਮਾਰਿਆ ਸੀ। ਕੁਝ ਚਿਰ ਪਿੱਛੋਂ ਹੀ ਬਾਹਰ ਅਕਰਮ ਦੀ ਆਵਾਜ਼ ਸੁਣੀ, ''ਸਰਜੂ ਤੇਰੇ ਬੀਬੀ ਜੀ ਕੀ ਕਰ ਰਹੇ ਨੇ?''
''ਸੁੱਤੇ ਹੋਏ ਨੇ।''
'ਹੁਣ ਫੇਰ ਤੂੰ ਕਿੱਥੇ ਮਿਲੇਂਗੀ?'' ਬੜੀ ਮੱਧਮ ਆਵਾਜ਼ ਵਿਚ ਅਕਰਮ ਨੇ ਪੁੱਛਿਆ ਸੀ। ਯਾਸਮੀਨ ਤ੍ਰਬਕ ਕੇ ਬਿਸਤਰੇ 'ਚੋਂ ਉੱਠੀ ਤੇ ਖਿੜਕੀ ਕੋਲ ਜਾ ਕੇ ਬਾਹਰ ਦੇਖਣ ਲੱਗ ਪਈ। ਬਾਹਰ ਅਕਰਮ ਸਰਜੂ ਦੇ ਕਾਫੀ ਨੇੜੇ ਖੜ੍ਹਾ ਸੀ। ਯਾਸਮੀਨ ਦਾ ਜੀਅ ਕਾਹਲਾ ਪੈਣ ਲੱਗ ਪਿਆ। ਭਲਾ ਅਕਰਮ ਵਰਗਾ ਸਫਾਈ ਪਸੰਦ ਆਦਮੀ, ਗੰਦੀ ਸਰਜੂ ਦੇ ਏਨਾ ਨੇੜੇ ਕਿਉਂ ਖੜ੍ਹਾ ਹੈ? ਉਸ ਨੂੰ ਗੁੱਸਾ ਚੜ੍ਹ ਗਿਆ, ਪਰ ਉਹ ਵਿਚੇ-ਵਿਚ ਪੀ ਗਈ। ਉਸ ਨੂੰ ਆਪਣੀ ਸੱਸ ਦੀ ਨਸੀਹਤ ਯਾਦ ਆ ਗਈ ਸੀ, 'ਬਹੂ ਅਕਰਮ ਜ਼ਬਾਨ ਦਾ ਮਾੜਾ ਏ, ਦਿਲ ਦਾ ਨਹੀਂ। ਉਸ ਨਾਲ ਕਦੀ ਨਾ ਝਗੜੀਂ। ਗ੍ਰਹਿਸਤੀ ਵਿਚ ਇਕ ਵਾਰ ਝਗੜਾ ਹੋ ਜਾਵੇ ਤਾਂ ਸਦਾ ਦਾ ਕਲੇਸ਼ ਬਣ ਜਾਂਦਾ ਏ। ਔਰਤ ਦਾ ਜਨਮ ਇਸ ਲਈ ਹੋਇਆ ਏ ਕਿ ਉਹ ਹਰੇਕ ਦੁੱਖ ਨੂੰ ਦਾਰੂ ਸਮਝ ਕੇ ਪੀ ਲਵੇ।'
ਬਾਹਰ ਸਰਜੂ ਅਕਰਮ ਨੂੰ ਕਹਿ ਰਹੀ ਸੀ, ''ਨਹੀਂ ਸਾਹਬ, ਹੁਣ ਕਦੇ ਨਹੀਂ। ਜੇ ਤੁਸੀਂ ਜ਼ਿੱਦ ਕੀਤੀ ਤਾਂ ਮੈਂ ਨੌਕਰੀ ਛੱਡ ਦਿਆਂਗੀ। ਹੁਣ ਮਾਲਕਿਨ ਆ ਗਈ ਏ...ਕਿੰਨੀ ਹੁਸੀਨ ਏ ਉਹ? ਅਸੀਂ ਗਰੀਬ ਲੋਕ ਢਿੱਡ ਭਰਨ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਆਂ, ਪਰ ਕਿਸੇ ਦਾ ਵੱਸਦਾ-ਰੱਸਦਾ ਘਰ ਨਹੀਂ ਉਜਾੜਦੇ ਫਿਰਦੇ।''
''ਸਰਜੂ...''
''ਨਹੀਂ ਬਾਬੂ ਜੀ, ਹੁਣ ਕਦੇ ਵੀ ਨਹੀਂ। ਤੁਸੀਂ ਇਕੱਲੇ ਸੌ, ਉਦੋਂ ਦੀ ਗੱਲ ਹੋਰ ਸੀ।'' ਤੇ ਉਹ ਕਾਹਲੀ ਨਾਲ ਬਾਹਰ ਵੱਲ ਤੁਰ ਗਈ।
ਯਾਸਮੀਨ ਵੀ ਖਿੜਕੀ ਕੋਲੋਂ ਹਟ ਕੇ ਡਰੈਸਿੰਗ ਟੇਬਲ ਕੋਲ ਆ ਖੜ੍ਹੀ ਹੋਈ। ਉਸ ਨੇ ਅਕਰਮ ਦਾ ਮਨਪਸੰਦ ਅਤਰ ਹਿਨਾ ਆਪਣੇ ਕੱਪੜਿਆਂ ਉੱਤੇ ਸਪਰੇ ਕੀਤਾ ਤੇ ਕੁੰਡਾ ਖੜਕਾਏ ਜਾਣ ਦਾ ਇੰਤਜ਼ਾਰ ਕਰਨ ਲੱਗੀ।
ਜਦੋਂ ਅਕਰਮ ਨੇ ਬੂਹਾ ਖੜਕਾਇਆ, ਉਸ ਨੇ ਝੱਟ ਖੋਲ੍ਹ ਦਿੱਤਾ। ਅਕਰਮ ਰਤਾ ਘਬਰਾ ਗਿਆ, ''ਤੂੰ ਜਾਗ ਰਹੀ ਸੈਂ?''
'ਬੱਸ ਹੁਣੇ ਹੀ ਜਾਗੀ ਆਂ,'' ਯਾਸਮੀਨ ਨੇ ਰਤਾ ਮੁਸਕਰਾ ਕੇ ਕਿਹਾ, ''ਅੰਦਰ ਤਾਂ ਲੰਘ ਆਓ ਹਜ਼ੂਰ...''
ਉਸ ਦੇ ਅੰਦਰ ਆਉਂਦਿਆਂ ਹੀ ਯਾਸਮੀਨ ਨੇ ਬੂਹੇ ਭੀੜ ਕੇ ਝੱਲਿਆਂ ਵਾਂਗ ਉਸ ਨੂੰ ਜੱਫੀ ਪਾ ਲਈ ਜਿਵੇਂ ਕੋਈ ਗਵਾਚਾ ਖਜਾਨਾ ਲੱਭ ਪਿਆ ਹੋਵੇ। ਪਰ ਅਕਰਮ ਨੇ ਰਤਾ ਵੀ ਬੇਸਬਰੀ ਨਾ ਵਿਖਾਈ। ਹੌਲੀ ਹੌਲੀ ਉਸ ਨੂੰ ਆਪਣੇ ਨਾਲੋਂ ਵੱਖ ਕਰਕੇ ਬੋਲਿਆ, ''ਜਾਨੇਮਨ ਤੂੰ ਬੜੀ ਬੇਦਰਦੀ ਨਾਲ ਅਤਰ ਹਿਨਾਂ ਛਿੜਕਿਆ ਹੋਇਆ ਏ...ਸਿਰ 'ਚ ਪੀੜ ਹੋਣ ਲੱਗ ਪਈ ਏ, ਇਸ ਤਿੱਖੀ ਖੁਸ਼ਬੋ ਨਾਲ।''
     ੦੦੦ ੦੦੦ ੦੦੦


        ਜੱਗ ਬਾਣੀ 17 ਫਰਬਰੀ 1985.

Wednesday, August 4, 2010

ਆਖ਼ਰੀ ਪੱਥਰ...:: ਲੇਖਕ : ਰਜੀ ਉਲਦੀਨ ਸਦੀਕੀ

ਪਾਕੀ ਉਰਦੂ ਕਹਾਣੀ :
ਆਖ਼ਰੀ ਪੱਥਰ
ਲੇਖਕ : ਰਜੀ ਉਲਦੀਨ ਸਦੀਕੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਰਾਤ ਦੇ ਪਹਿਲੇ ਪਹਿਰ ਦਾ ਜ਼ਿਕਰ ਹੈ...
ਜੇਲ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਹ ਕਿਸੇ ਪ੍ਰਛਾਵੇਂ ਵਾਂਗ ਅੰਦਰ ਸਰਕ ਗਿਆ। ਜੇਲ ਦੇ ਵੱਡੇ ਅਫ਼ਸਰ ਤੇ ਕੋਠੜੀ ਦੇ ਪਹਿਰੇਦਾਰ ਨੂੰ ਖੁਸ਼ ਕਰਨ ਵਾਸਤੇ ਉਸ ਨੂੰ ਚੋਖੀ ਰਕਮ ਖਰਚ ਕਰਨੀ ਪਈ ਸੀ।
ਅੰਦਰ ਪਤਲਾ ਹਨੇਰਾ ਪਸਰਿਆ ਹੋਇਆ ਸੀ। ਸਾਹਮਣੇ ਇਕ ਖੂੰਜੇ ਵਿਚ ਨਾਦੀਆ ਲੇਟੀ ਹੋਈ ਸੀ। ਅਜੇ ਉਹ ਸੁੱਤੀ ਨਹੀਂ ਸੀ ਸ਼ਾਇਦ। ਜਿਸ ਦੀ ਜ਼ਿੰਦਗੀ ਦਾ ਫੈਸਲਾ ਹੋ ਚੁੱਕਿਆ ਹੋਏ ਤੇ ਉਸ ਨੇ ਸਿਰਫ ਇਕੋ ਰਾਤ ਜਿਉਣਾ ਹੋਏ...ਉਹ ਭਲਾ ਸੌਂ ਵੀ ਕਿੰਜ ਸਕਦਾ ਹੈ?
ਆਉਣ ਵਾਲਾ ਨਾਦੀਆ ਵੱਲ ਵਧਣ ਲੱਗਾ। ਉਸ ਨੇ ਮੂੰਹ ਸਿਰ ਲਪੇਟਿਆ ਹੋਇਆ ਸੀ। ਨਾਦੀਆ ਉੱਠ ਕੇ ਬੈਠ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਨੇੜੇ ਪਹੁੰਚ ਕੇ ਉਸਨੇ ਬੜੀ ਧੀਮੀ ਆਵਾਜ਼ ਵਿਚ ਕਿਹਾ, ''ਨਾਦੀਆ...!'' ਆਵਾਜ਼ ਪਛਾਣ ਕੇ ਨਾਦੀਆ ਨੇ ਨੀਵੀਂ ਪਾ ਲਈ ਸੀ।
'ਨਾਦੀਆ,'' ਉਹ ਬੋਲਣ ਲੱਗਾ, ''ਮੈਂ ਸ਼ਾਮੀ ਹੀ ਵਾਪਸ ਆਇਆ ਸਾਂ। ਬੜਾ ਦੁਖ ਹੋਇਆ ਪੰਚਾਇਤ ਦਾ ਫੈਸਲਾ ਸੁਣ ਕੇ। ਜੇ ਮੈਂ ਏਥੇ ਹੁੰਦਾ।...ਪਰ ਕੀਤਾ ਕੀ ਜਾ ਸਕਦਾ ਏ, ਕਾਰੋਬਾਰ ਹੀ ਅਜਿਹਾ ਏ। ਸਾਰਾ ਹਫਤਾ ਵਿਦੇਸ਼ਾਂ ਵਿਚ ਭਟਕਦਾ ਰਿਹਾਂ। ਖ਼ੈਰ, ਇਹ ਗੱਲ ਤੂੰ ਬੜੀ ਚੰਗੀ ਕੀਤੀ ਜੋ ਕਿਸੇ ਦਾ ਨਾਂ ਨਹੀਂ ਦੱਸਿਆ। ਕੱਲ੍ਹ ਫੇਰ ਤੈਥੋਂ ਪੁੱਛਿਆ ਜਾਏਗਾ। ਮੇਰੀ ਬੇਨਤੀ ਏ, ਮੇਰਾ ਨਾਂ ਨਾ ਦੱਸੀ...।''
ਨਾਦੀਆ ਚੁੱਪ ਬੈਠੀ ਰਹੀ। ਉਸ ਫੇਰ ਕਿਹਾ, ''ਤੇਰੀ ਕਿਸਮਤ ਦਾ ਫੈਸਲਾ ਹੋ ਚੁੱਕਾ ਏ। ਆਪਣੇ ਨਾਲ ਦੂਜਿਆਂ ਨੂੰ ਡੋਬ ਦੇਣਾ ਇਨਸਾਨੀਅਤ ਵਾਲੀ ਗੱਲ ਨਹੀਂ ਹੁੰਦੀ ਨਾਦੀਆ। ਤੂੰ ਤੇ ਜਾਣਦੀ ਏਂ, ਮੇਰਾ ਕਿੱਡਾ ਕਾਰੋਬਾਰ ਏ...ਇੰਪੋਰਟ-ਐਕਸਪੋਰਟ ਦਾ ਮੈਂ ਬਾਦਸ਼ਾਹ ਹਾਂ। ਦੇਸ਼ਾਂ ਵਿਦੇਸ਼ਾਂ ਵਿਚ ਮੇਰੀ ਕੰਪਨੀ ਦੀਆਂ ਸ਼ਾਖਾਵਾਂ ਨੇ। ਇੱਜ਼ਤ ਏ, ਮਾਣ ਏ। ਬਸ ਇਕੋ ਬੇਨਤੀ ਏ ਮੇਰੀ, ਮੇਰਾ ਨਾਂ ਨਾ ਦੱਸੀਂ...ਨਹੀਂ ਤਾਂ ਸਭ ਕੁਝ ਮਿੱਟੀ 'ਚ ਮਿਲ ਜਾਏਗਾ। ਜਿੱਥੇ ਏਨੀ ਤਕਲੀਫ ਝੱਲੀ ਏ, ਥੋੜੀ ਹੋਰ ਸਹੀ। ਵੇਖ ਨਾਦੀਆ, ਜ਼ਿੰਦਗੀ ਵਿਚ ਕਿੰਨੀ ਐਸ਼ ਕਰਵਾਈ ਏ ਮੈਂ ਤੈਨੂੰ...। ਯਕੀਨ ਮੰਨੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁਲਾਂਗਾ। ਅਹਿ ਰੌਲਾ-ਗੌਲਾ ਮੁੱਕ ਜਾਏ, ਮੈਂ ਤੇਰੀ ਇਕ ਸ਼ਾਨਦਾਰ ਯਾਦਗਾਰ ਬਣਵਾ ਦਿਆਂਗਾ। ਲੋਕ ਤੈਨੂੰ ਰਹਿੰਦੀ ਦੁਨੀਆਂ ਤਕ ਯਾਦ ਕਰਿਆ ਕਰਨਗੇ...ਹਾਂ ਨਾਦੀਆ, ਮੈਂ ਵਚਨ ਦੇਂਦਾ ਹਾਂ, ਵੱਧ ਤੋਂ ਵੱਧ ਖਰਚ ਕਰਕੇ ਮੈਂ ਤੇਰੀ ਯਾਦਗਾਰ ਬਣਵਾਵਾਂਗਾ। ਪਰ ਮੇਰੀ ਬੇਨਤੀ ਨਾ ਭੁੱਲੀਂ, ਕੱਲ੍ਹ ਫੇਰ ਪੁੱਛਿਆ ਜਾਏਗਾ, ਮੇਰਾ ਨਾਂ ਨਾ ਦੱਸੀਂ...।'
      ੦੦੦
ਇਹ ਦੇਸ਼ ਇਕ ਛੋਟੇ ਜਿਹੇ ਟਾਪੂ ਉੱਤੇ ਸਥਿਤ ਸੀ।
ਕੁਦਰਤੀ ਖਜਾਨਿਆਂ ਨਾਲ ਭਰਪੂਰ ਇਸ ਧਰਤੀ ਦੇ ਵਾਸੀ ਬੜੇ ਖੁਸ਼ਹਾਲ ਸਨ। ਦੇਸ਼ ਦਾ ਆਪਣਾ ਸੰਵਿਧਾਨ ਸੀ। ਮੁਕੱਦਮਿਆਂ ਦੇ ਫੈਸਲੇ ਪੰਚਾਇਤਾਂ ਕਰਦੀਆਂ ਸਨ। ਨਾਦੀਆ ਦੇ ਕੇਸ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਛੱਡੀ ਸੀ। ਅਖ਼ਬਾਰਾਂ ਨੂੰ ਵੀ ਜਿਵੇਂ ਨਵਾਂ ਵਿਸ਼ਾ ਲੱਭ ਪਿਆ ਸੀ, ਗੱਲ ਨੂੰ ਖੂਬ ਉਛਾਲਿਆ ਗਿਆ। ਤੇ ਫੇਰ ਉਸ ਕੇਸ ਦਾ ਇਕ ਇਤਿਹਾਸਕ ਫੈਸਲਾ ਹੋਇਆ—
ਟਾਪੂ ਦੀ ਪੰਚਾਇਤ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਸਰਪੰਚ ਚੌਧਰੀ ਸਾਹਬ ਆਪਣੀ ਖਾਸ ਕੁਰਸੀ ਉੱਤੇ ਆਣ ਬੈਠੇ, ਉਹਨਾਂ ਤੋਂ ਜ਼ਰਾ ਨੀਵੀਂ ਥਾਂ ਪੰਚਾਇਤ ਦੇ ਹੋਰ ਮੈਂਬਰ ਬੈਠੇ ਹੋਏ ਸਨ। ਇਕ ਪਾਸੇ ਕਟਿਹਿਰੇ ਵਿਚ ਨਾਦੀਆ ਨੀਵੀਂ ਪਾਈ ਖੜ੍ਹੀ ਸੀ...ਉਸ ਦੇ ਨੇੜੇ ਹੀ ਸਥਾਨਕ ਪੁਲਸ ਦੇ ਕੁਝ ਅਫ਼ਸਰ ਖੜ੍ਹੇ ਸਨ। ਹਾਲ ਕਮਰਾ ਲੋਕਾਂ ਨਾਲ ਭਰਿਆ ਹੋਇਆ ਸੀ। ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਸਾਰ ਕਮਰੇ ਵਿਚ ਚੁੱਪ ਵਰਤ ਗਈ। ਸਰਕਾਰੀ ਵਕੀਲ ਨੇ ਨਾਦੀਆ ਉਪਰ ਲਾਏ ਹੋਏ ਇਲਜ਼ਾਮਾਂ ਦੀ ਸੂਚੀ ਪੜ੍ਹ ਕੇ ਸੁਣਾਈ। ਉਸ ਉੱਤੇ ਇਲਜ਼ਾਮ ਸੀ ਕਿ ਉਸ ਨੇ ਦੇਸ਼, ਕੌਮ ਤੇ ਸਮਾਜ ਦੇ ਅਸੂਲਾਂ ਨੂੰ ਤੋੜਿਆ ਹੈ, ਸੰਭੋਗ ਵਰਗਾ ਮਾੜਾ ਜੁਰਮ ਕੀਤਾ ਹੈ ਤੇ ਇਸ ਦੇ ਨਤੀਜੇ ਵਜੋਂ ਆਪਦੇ ਪੇਟ ਵਿਚ ਪਲ ਰਹੀ ਇਕ ਮਾਸੂਮ ਜਿੰਦ ਦੀ ਹੱਤਿਆ ਕੀਤੀ ਹੈ। ਇੰਜ ਉਸ ਨੇ ਦੋ ਮਹਾ-ਅਪਰਾਧ ਕੀਤੇ ਸਨ। ਦੋਹਾਂ ਦੀ ਸਜ਼ਾ ਦੇਸ਼ ਦੇ ਸੰਵਿਧਾਨ ਅਨੁਸਾਰ ਸਿਰਫ ਮੌਤ ਸੀ। ਪਰ ਦੇਸ਼ ਦੇ ਕਾਨੂੰਨ ਵਿਚ ਰਹਿਮ ਦੀ ਗੰਜਾਇਸ਼ ਵੀ ਸੀ। ਜੇ ਨਾਦੀਆ ਨੇ ਇਹ ਜੁਰਮ ਕਿਸੇ ਮਜ਼ਬੂਰੀ ਵਿਚ ਕੀਤੇ ਸਨ ਤਾਂ ਉਸ ਨੂੰ ਆਪਣੇ ਸਾਥੀ ਮੁਜ਼ਰਮ ਦਾ ਨਾਂ ਦੱਸਣਾ ਪੈਣਾ ਸੀ...ਤਾਂਕਿ ਉਸ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਰਿਆਇਤ ਦਿਲੀ ਤੋਂ ਕੰਮ ਲਿਆ ਜਾ ਸਕੇ।
ਸਰਕਾਰੀ ਵਕੀਲ ਨੇ ਪੁੱਛਿਆ, ''ਨਾਦੀਆ, ਕੀ ਤੂੰ ਆਪਣੇ ਜ਼ੁਰਮ ਕੇ ਸਾਂਝੀਵਾਲ ਦਾ ਨਾਂਅ ਦੱਸ ਦੇਣ ਲਈ ਰਜ਼ਾਮੰਦ ਏਂ ?''
ਨਾਦੀਆ ਨੇ ਆਪਣਾ ਝੁਕਿਆ ਹੋਇਆ ਸਿਰ 'ਨਾਂਹ' ਵਿਚ ਹਿਲਾ ਦਿੱਤਾ।
ਸਰਕਾਰੀ ਵਕੀਲ ਨੇ ਸਰਪੰਚ ਚੌਧਰੀ ਸਾਹਬ ਵੱਲ ਮੂੰਹ ਭੂਆਂ ਕੇ ਕਿਹਾ, ''ਆਲੀ ਜਨਾਬ, ਮੁਲਜ਼ਮਾ ਆਪਣੇ ਜ਼ੁਰਮ ਦਾ ਇਕਬਾਲ ਤਾਂ ਕਰ ਰਹੀ ਹੈ ਪਰ ਆਪਣੇ ਸਾਥੀ ਗੁਨਾਹਗਾਰ ਦਾ ਨਾਂਅ ਦੱਸਣ ਲਈ ਤਿਆਰ ਨਹੀਂ। ਦੇਸ਼ ਦੇ ਕਾਨੂੰਨ ਅਨੁਸਾਰ ਮੈਂ ਚਾਹਾਂਗਾ ਕਿ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂਕਿ ਲੋਕਾਂ ਨੂੰ ਅੱਗੇ ਵਾਸਤੇ ਨਸੀਹਤ ਹੋ ਜਾਵੇ।''
ਸਰਪੰਚ ਚੌਧਰੀ ਸਾਹਬ ਬੇਚੈਨੀ ਨਾਲ ਕੁਰਸੀ ਉੱਤੇ ਪਾਸਾ ਪਰਤਦੇ ਹੋਏ ਬੋਲੇ, ''ਮੁਲਜ਼ਮਾ ਨਾਦੀਆ, ਤੈਨੂੰ ਪਤਾ ਈ ਹੋਏਗਾ ਕਿ ਜਿਹੜੇ ਗੁਨਾਹ ਤੂੰ ਕੀਤੇ ਨੇ, ਮੁਲਕ ਦੇ ਕਾਨੂੰਨ ਅਨੁਸਾਰ ਉਹਨਾਂ ਦੀ ਸਜ਼ਾ ਸਿਰਫ ਮੌਤ ਹੈ। ਤੈਨੂੰ ਪਤਾ ਏ ਨਾ? ਤੇ ਤੂੰ ਆਪਣੇ ਗੁਨਾਹਾਂ ਦਾ ਇਕਬਾਲ ਕਰ ਚੁੱਕੀ ਏਂ। ਇਹ ਸੰਭੋਗ ਤੇ ਕਤਲ, ਸਮਾਜ ਵਿਰੋਧੀ ਤੇ ਦੇਸ਼ ਦੁਸ਼ਮਣ ਗੁਨਾਹ ਕਰਨ ਦਾ ਹੌਂਸਲਾ ਕਿੰਜ ਕੀਤਾ ਸੀ ਤੂੰ? ਯਕੀਨਨ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਪਰ ਕਾਨੂੰਨ ਸਿਰਫ ਸਜ਼ਾ ਦੇਣਾ ਹੀ ਨਹੀਂ ਜਾਣਦਾ, ਤੈਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਜੇ ਤੂੰ ਉਸ ਆਦਮੀ ਦਾ ਨਾਂ ਦੱਸ ਦੇਵੇਂ, ਜਿਸ ਨੇ ਤੈਨੂੰ ਇੰਜ ਕਰਨ ਲਈ ਮਜ਼ਬੂਰ ਕੀਤਾ, ਤਾਂ ਤੇਰੀ ਸਜ਼ਾ ਬਦਲੀ ਵੀ ਜਾ ਸਕਦੀ ਏ, ਕੀ ਤੂੰ ਉਸ ਦਾ ਨਾਂ ਦੱਸਣਾ ਚਾਹੇਂਗੀ?''
ਨਾਦੀਆ ਬੁੱਤ ਵਾਂਗ ਖੜ੍ਹੀ ਰਹੀ। ਭੀੜ ਵਿਚ ਖੁਸਰ-ਫੁਸਰ ਹੋਣ ਲੱਗ ਪਈ, ਚੌਧਰੀ ਸਾਹਬ ਬੋਲੇ, ''ਕੀ ਤੂੰ ਉਸ ਆਦਮੀ ਦਾ ਨਾਂ ਦੱਸਣਾ ਏਂ ?''
ਝੁਕੇ ਹੋਏ ਸਿਰ ਨਾਲ ਇਕ ਵਾਰ ਫੇਰ ਨਾਦੀਆ ਨੇ ਇਨਕਾਰ ਕਰ ਦਿੱਤਾ। ਭੀੜ ਵਿਚਲੀ ਭਿਣਭਿਣਾਹਟ ਤੇਜ਼ ਹੋ ਗਈ।
ਤੇ ਫੇਰ ਚੌਧਰੀ ਸਾਹਬ ਨੇ ਫੈਸਲਾ ਸੁਣਾ ਦਿੱਤਾ—
'ਮੁਲਜ਼ਮਾ ਨਾਦੀਆ ਨੇ ਮੁਲਕ ਦੇ ਕਾਨੂੰਨ ਅਨੁਸਾਰ ਇਕ ਨਹੀਂ ਦੋ ਮਹਾ-ਅਪਰਾਧ ਕੀਤੇ ਨੇ ਤੇ ਉਹਨਾਂ ਨੂੰ ਮੰਨ ਵੀ ਲਿਆ ਏ। ਨਾਲੇ ਆਪਣੇ ਸਾਥੀ ਗੁਨਾਹਗਾਰ ਦਾ ਨਾਂ ਵੀ ਨਹੀਂ ਦੱਸਿਆ। ਮੁਲਕ ਦੇ ਕਾਨੂੰਨ ਅਨੁਸਾਰ ਮੈਂ ਇਸ ਨੂੰ ਸੰਗਸਾਰੀ (ਪੱਥਰ ਮਾਰ-ਮਾਰ ਕੇ ਮਾਰ ਦੇਣ) ਦੇ ਜ਼ਰੀਏ, ਸਜ਼ਾਏ ਮੌਤ ਦਾ ਹੁਕਮ ਦੇਂਦਾ ਹਾਂ। ਪਰ ਪੱਥਰਾਅ ਸ਼ੁਰੂ ਕਰਨ ਤੋਂ ਪਹਿਲਾਂ, ਸਵੇਰੇ, ਤੈਨੂੰ ਇਕ ਮੌਕਾ ਹੋਰ ਦਿੱਤਾ ਜਾਏਗਾ। ਜੇ ਤੂੰ ਆਪਣੇ ਸਾਥੀ ਅਪਰਾਧੀ ਦਾ ਨਾਂ ਦੱਸ ਦਏਂਗੀ ਤਾਂ ਹੋ ਸਕਦਾ ਏ ਇਹ ਸਜ਼ਾ ਟਲ ਜਾਏ। ਕੱਲ੍ਹ ਸਵੇਰੇ ਸੂਰਜ ਚੜ੍ਹਣ ਤੋਂ ਪਿੱਛੋਂ, ਸ਼ਹਿਰ ਦੇ ਬਾਹਰਲੇ ਵੱਡੇ ਮੈਦਾਨ ਵਿਚ, ਮੁਲਜ਼ਮਾ ਨਾਦੀਆ ਉੱਤੇ ਸਾਰੀ ਜਨਤਾ ਸਾਹਮਣੇ, ਪਥਰਾਅ ਕੀਤਾ ਜਾਏਗਾ।''
      ੦੦੦
ਅੱਧੀ ਰਾਤ ਤੋਂ ਪਿੱਛੋਂ ਇਕ ਹੋਰ ਪਰਛਾਵਾਂ ਨਾਦੀਆ ਦੀ ਕੋਠੜੀ ਅੰਦਰ ਆਇਆ। ਉਸ ਨੂੰ ਇੱਥੇ ਪਹੁੰਚਣ ਵਾਸਤੇ ਰਿਸ਼ਵਤ ਨਹੀਂ ਦੇਣੀ ਪਈ ਸੀ। ਉਹ ਇਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਸੀ। ਸਾਰੇ ਲੋਕ ਉਸ ਨੂੰ ਜਾਣਦੇ ਸਨ। ਜਦੋਂ ਉਹ ਕੋਠੜੀ ਦੇ ਦਰਵਾਜ਼ੇ ਨੇੜੇ ਪਹੁੰਚਿਆ ਸੀ, ਸੰਤਰੀ ਨੇ ਫੌਜੀਆਂ ਵਾਂਗ ਸਲੂਟ ਮਾਰਿਆ ਸੀ। ਨਾਦੀਆ ਅਜੇ ਜਾਗ ਰਹੀ ਸੀ। ਜਦੋਂ ਉਹ ਉਸ ਦੇ ਨੇੜੇ ਪਹੁੰਚਿਆ, ਉਹ ਉੱਠ ਕੇ ਬੈਠ ਗਈ।
'' ਨਾਦੀਆ,'' ਉਸ ਨੇ ਬੜੀ ਹੌਲੀ ਜਿਹੀ ਕਿਹਾ। ਨਾਦੀਆ ਨੇ ਉਸ ਦੀ ਆਵਾਜ਼ ਵੀ ਪਛਾਣ ਲਈ।
'ਮੈਂ ਬੜੇ ਯਤਨ ਕੀਤੇ ਸਨ ਨਾਦੀਆ ਕਿ ਤੈਨੂੰ ਏਨੀ ਸਖ਼ਤ ਸਜ਼ਾ ਨਾ ਦਿੱਤੀ ਜਾਏ...ਪਰ ਉਹਨਾਂ ਮੇਰੀ ਇਕ ਨਹੀਂ ਸੁਣੀ। ਦੇਸ਼ ਦਾ ਕਾਨੂੰਨ ਬੜਾ ਸਖ਼ਤ ਏ। ਜ਼ਿਆਦਾ ਜ਼ੋਰ ਦੇਂਦਾ ਤਾਂ ਵਿਰੋਧੀ ਪਾਰਟੀ ਨੇ ਗੱਲ ਫੜ੍ਹ ਲੈਣੀ ਸੀ ਤੇ ਏਸੇ ਗੱਲ ਨੂੰ ਉਛਾਲ ਕੇ ਮੈਨੂੰ ਬਦਨਾਮ ਕਰਨ ਲੱਗ ਪੈਣਾ ਸੀ। ਮੈਂ ਏਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਹਾਂ। ਵਿਦੇਸ਼ਾਂ ਵਿਚ ਬੜਾ ਨਾਂ ਏਂ ਮੇਰਾ। ਕਈ ਦੇਸ਼ਾਂ ਦੇ ਨੇਤਾ ਮੈਥੋਂ ਸਲਾਹ-ਮਸ਼ਵਰੇ ਲੈਣ ਆਉਂਦੇ ਨੇ। ਮੇਰੀ ਸਿਆਸੀ ਸੂਝ-ਬੂਝ ਦਾ ਲੋਹਾ ਮੰਨਦੇ ਨੇ। ਪਰ...ਦੇਸ਼ ਦਾ ਕਾਨੂੰਨ ਆਖ਼ਰ ਕਾਨੂੰਨ ਹੁੰਦਾ ਏ ਤੇ ਕਈ ਗੱਲਾਂ ਸਾਹਮਣੇ ਬੰਦਾ ਬੇਵੱਸ ਹੋ ਜਾਂਦਾ ਏ। ਤੂੰ ਆਪ ਸਿਆਣੀ ਏਂ...। ਪਰ ਨਾਦੀਆ, ਤੇਰੇ ਸਾਹਮਣੇ ਮੈਂ ਇਕ ਬੇਨਤੀ ਕਰਨ ਆਇਆ ਹਾਂ, ਰੱਬ ਦਾ ਵਾਸਤਾ ਈ ਮੇਰਾ ਨਾਂ ਨਾ ਦੱਸੀਂ। ਨਹੀਂ ਤੇ ਗ਼ਜ਼ਬ ਹੀ ਹੋ ਜਾਏਗਾ, ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀਆਂ ਤਿੰਨ ਪਤਨੀਆਂ ਤੇ ਬਾਰਾਂ ਬੱਚਿਆ ਦਾ ਕੀ ਬਣੇਗਾ, ਨਾਦੀਆ...।''
ਉਹ ਗਿੜਗਿੜਾਉਂਦਾ ਰਿਹਾ ਤੇ ਨਾਦੀਆ ਨੀਵੀਂ ਪਾ ਕੇ ਚੁੱਪਚਾਪ ਬੈਠੀ ਰਹੀ।
      ੦੦੦
ਅਜੇ ਸ਼ਹਿਰ ਦੀਆਂ ਮਸਜਿਦਾਂ ਵਿਚ ਅਜ਼ਾਨ ਨਹੀਂ ਸੀ ਹੋਈ। ਇਕ ਧਾਰਮਿਕ ਪੇਸ਼ਵਾ ਜੇਲ ਅੰਦਰ ਆਏ ਤੇ ਨਾਦੀਆ ਦੀ ਕੋਠੜੀ ਦੇ ਦਰਵਾਜ਼ੇ ਕੋਲ ਆ ਕੇ ਰੁਕੇ। ਉਹਨਾਂ ਨਾਲ ਜੇਲ ਦਾ ਹਾਕਮ ਵੀ ਆਇਆ ਸੀ। ਕੋਠੜੀ ਦੇ ਸਾਹਮਣੇ ਖਲੋਤੇ ਅਰਦਲੀ ਨੇ ਬੜੇ ਸਤਿਕਾਰ ਨਾਲ ਝੁਕ ਕੇ ਉਹਨਾਂ ਨੂੰ ਸਲਾਮ ਕੀਤੀ ਤੇ ਦਰਵਾਜ਼ਾ ਖੋਲ੍ਹ ਦਿੱਤਾ। ਉਹ ਹੌਲੀ ਹੌਲੀ ਤੁਰਦੇ ਹੋਏ ਅੰਦਰ ਲੰਘ ਗਏ। ਸਜ਼ਾਏ-ਮੌਤ ਦੇ ਕੈਦੀਆਂ ਨੂੰ ਮੌਤ ਤੋਂ ਪਹਿਲਾਂ ਅਗਲੇਰੇ ਜੀਵਨ ਬਾਰੇ ਹਦਾਇਤਾਂ ਕਰਨਾ ਉਹਨਾਂ ਦੇ ਧਾਰਮਿਕ ਫਰਜ਼ ਵਿਚ ਸ਼ਾਮਿਲ ਸੀ।
'ਨਾਦੀਆ,'' ਉਹਨਾਂ ਜ਼ਰਾ ਉੱਚੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, ''ਮੌਤ ਹਰੇਕ ਇਨਸਾਨ ਨੂੰ ਆਉਂਦੀ ਹੈ। ਉਸ ਦੇ ਹੱਥੋਂ ਨਾ ਬਾਦਸ਼ਾਹ ਬਚ ਸਕਿਆ ਏ ਕਦੀ, ਨਾ ਭਿਖਾਰੀ। ਹਰੇਕ ਦੀ ਮੌਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਸਾਨੂੰ ਹਰ ਵੇਲੇ ਸੱਚੇ ਮਾਲਕ ਸਾਹਮਣੇ ਪੇਸ਼ ਹੋਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਉਹ ਹਰੇਕ ਭੁੱਲ ਨੂੰ ਬਖ਼ਸ਼ਣ ਵਾਲ ਹੈ...'' ਤੇ ਫੇਰ ਅਚਾਨਕ ਉਹਨਾਂ ਦੀ ਆਵਾਜ਼ ਖਾਸੀ ਧੀਮੀ ਹੋ ਗਈ ਸੀ, ''ਨਾਦੀਆ ਮੇਰੇ ਉਪਰ ਰਹਿਮ ਕਰੀਂ! ਤੈਨੂੰ ਪਤਾ ਈ ਏ, ਮੈਂ ਏਸ ਸ਼ਹਿਰ ਦਾ ਵੱਡਾ ਪੇਸ਼ਵਾ ਹਾਂ। ਲੋਕ ਸਤਿਕਾਰ ਵਜੋਂ ਮੇਰੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰਦੇ। ਏਥੋਂ ਦੇ ਈ ਨਹੀਂ ਬਾਹਰਲੇ ਮੁਲਕਾਂ ਦੇ ਲੋਕ ਵੀ ਮੇਰੀ ਬੜੀ ਇੱਜ਼ਤ ਕਰਦੇ ਨੇ। ਸਭ ਕੁਝ ਮਿੱਟੀ 'ਚ ਮਿਲ ਜਾਏਗਾ ਨਾਦੀਆ ਜੇ ਤੂੰ ਮੇਰਾ ਨਾਂ ਦੱਸ ਦਿੱਤਾ...ਥੋੜ੍ਹੀ ਜਿਹੀ ਤਕਲੀਫ ਝੱਲ ਲਵੀਂ। ਮੈਂ ਸਵੇਰੇ ਵੀ ਤੇਰੇ ਹੱਕ ਵਿਚ ਦੁਆ ਕਰਾਂਗਾ ਤਾਂਕਿ ਤੇਰੀ ਰੂਹ ਆਸਾਨੀ ਨਾਲ ਜਿਸਮ ਵਿਚੋਂ ਪਰਵਾਜ਼ ਕਰ ਜਾਏ ਤੇ ਬਹੁਤੀ ਤਕਲੀਫ ਨਾ ਝੱਲਣੀ ਪਏ। ਨਾਦੀਆ ਸੋਚ, ਜ਼ਿੰਦਗੀ ਵਿਚ ਮੈਂ ਤੇਰੇ ਉਪਰ ਕਿੰਨੀਆਂ ਮਿਹਰਬਾਨੀਆਂ ਕੀਤੀਆਂ ਨੇ...ਸੱਚ ਜਾਣੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁੱਲਾਂਗਾ, ਤੇਰੀ ਖਾਤਰ ਏਨਾ ਈਸਾਲੇ ਸਵਾਬ (ਆਤਮਕ ਸ਼ਾਂਤੀ ਲਈ ਪਾਠ) ਕਰਾਂਗਾ ਕਿ ਤੇਰੇ ਸਾਰੇ ਗੁਨਾਹ ਧੋਤੇ ਜਾਣਗੇ। ਪਰ ਮੇਰੀ ਇਹੀ ਅਰਜ਼ ਏ ਨਾਦੀਆ, ਵੇਖੀਂ ਮੇਰਾ ਨਾਂ ਨਾ ਦੱਸ ਦੇਵੀਂ...ਨਹੀਂ ਤੇ ਮੇਰੀਆਂ ਚਾਰ ਪਤਨੀਆਂ ਤੇ ਏਨੇ ਸਾਰੇ ਬੱਚਿਆਂ ਦਾ ਕੀ ਬਣੇਗਾ?'' ਉਹ ਲਿਲਕਦਾ ਰਿਹਾ ਤੇ ਨਾਦੀਆ ਚੁੱਪਚਾਪ ਨੀਵੀਂ ਪਾ ਕੇ ਬੈਠੀ ਰਹੀ।
       ੦੦੦
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਦੇ ਬਾਹਰਲੇ ਮੈਦਾਨ ਵਿਚ ਦਰਸ਼ਕਾਂ ਦੀ ਖਾਸੀ ਭੀੜ ਲੱਗ ਗਈ ਸੀ।
ਮਿਥੇ ਹੋਏ ਸਮੇਂ ਅਨੁਸਾਰ ਸਰਪੰਚ ਚੌਧਰੀ ਸਾਹਬ, ਪੰਚਾਇਤ ਦੇ ਹੋਰ ਮੈਂਬਰ, ਪੁਲਸ ਅਧਿਕਾਰੀ ਤੇ ਅਮਾਮਦੀਨ ਸ਼ਹਿਰ ਵੀ ਆ ਪਹੁੰਚੇ। ਇਕ ਪੁਲਸ ਕਾਰ ਵਿਚ ਨਾਦੀਆ ਨੂੰ ਲਿਆਂਦਾ ਗਿਆ। ਮੈਦਾਨ ਦੇ ਐਨ ਵਿਚਕਾਰ, ਤਿੰਨ ਚਾਰ ਫੁੱਟ ਡੂੰਘਾ, ਇਕ ਟੋਇਆ ਪੁਇਆ ਹੋਇਆ ਸੀ ਤੇ ਪੱਥਰਾਂ ਦਾ ਇਕ ਵੱਡਾ ਸਾਰਾ ਢੇਰ ਲਗਵਾ ਦਿੱਤਾ ਗਿਆ ਸੀ।
ਕਾਨੂੰਨ ਦੇ ਮੁਤਾਬਿਕ ਇਕ ਵਾਰ ਫੇਰ ਚੌਧਰੀ ਸਾਹਬ ਨੇ ਨਾਦੀਆ ਤੋਂ ਪੁੱਛਿਆ, ''ਨਾਦੀਆ ਕਾਨੂੰਨਨ ਤੈਨੂੰ ਇਕ ਮੌਕਾ ਹੋਰ ਦਿੱਤਾ ਜਾ ਰਿਹਾ ਏ...ਜੇ ਤੂੰ ਉਸ ਆਦਮੀ ਦਾ ਨਾਂ ਦੱਸਣਾ ਚਾਹੁੰਦੀ ਏਂ, ਤਾਂ ਦੱਸ ਸਕਦੀ ਏਂ, ਜਿਸ ਨੇ ਤੈਨੂੰ ਇਹ ਗੁਨਾਹ ਕਰਨ ਵਾਸਤੇ ਮਜ਼ਬੂਰ ਕੀਤਾ ਸੀ...ਇਹ ਹੋ ਸਕਦਾ ਏ ਕਿ ਤੇਰੀ ਇਹ ਸਜ਼ਾ ਘਟ ਜਾਏ।''
ਜਦੋਂ ਸਾਰੇ ਇੰਤਜ਼ਾਮ ਪੂਰੇ ਹੋ ਗਏ ਤਾਂ ਨਾਦੀਆਂ ਨੂੰ ਨਾਦੀਆ ਨੂੰ ਟੋਏ ਵਿਚ ਖੜ੍ਹਾ ਕਰਕੇ ਲੱਕ-ਲੱਕ ਮਿੱਟੀ ਵਿਚ ਗੱਡ ਦਿੱਤਾ ਗਿਆ। ਪਥਰਾਅ ਕਰਨ ਵਾਸਤੇ ਲੋਕਾਂ ਨੇ ਪੱਥਰ ਚੁੱਕ ਲਏ।
ਰਿਵਾਜ਼ ਮੁਤਾਬਿਕ ਪਹਿਲਾ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਨਾ ਸੀ। ਸਭ ਦੀਆਂ ਨਜ਼ਰਾਂ ਉਹਨਾਂ ਵੱਲ ਭੌਂ ਗਈਆਂ। ਉਹਨਾਂ ਇਕ ਪੱਥਰ ਚੁੱਕਿਆ ਪਰ ਨਾਦੀਆ ਦੇ ਮਾਰਿਆ ਨਹੀਂ। ਕੁਝ ਚਿਰ ਬਾਅਦ ਲੋਕਾਂ ਨੂੰ ਪਥਰਾਅ ਕਰਨ ਦਾ ਇਸ਼ਾਰਾ ਕੀਤਾ...ਇਹ ਗੱਲ ਆਮ ਸੀ ਕਿ ਉਹ ਬੜੇ ਰਹਿਮ ਦਿਲ ਨੇ। ਸ਼ਾਇਦ ਏਸੇ ਕਰਕੇ ਉਹਨਾਂ ਆਪ ਪੱਥਰ ਨਹੀਂ ਸੀ ਮਾਰਿਆ...! ਇਸ਼ਾਰਾ ਮਿਲਣ ਸਾਰ ਲੋਕਾਂ ਨੇ ਜ਼ਮੀਨ ਵਿਚ ਅੱਧ ਗੱਡੀ ਨਾਦੀਆ ਉਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਦੂਰ ਹੋਣ ਕਰਕੇ ਕਈਆਂ ਦੇ ਨਿਸ਼ਾਨੇ ਠੀਕ ਨਹੀਂ ਸਨ ਲੱਗੇ, ਪਰ ਕਈ ਪੱਥਰ ਨਾਦੀਆਂ ਨੂੰ ਵੱਜੇ ਵੀ ਸਨ। ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਸਿਰ ਤੇ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਕੁਝ ਲੋਕ ਤਾਂ ਇਕ ਇਕ ਪੱਥਰ ਮਾਰ ਕੇ ਪਿਛਾਂਹ ਹਟ ਗਏ ਸਨ ਪਰ ਜਿਹੜੇ ਜ਼ਿਆਦਾ ਸ਼ੌਕੀਨ ਤੇ ਪੱਥਰ ਦਿਲ ਸਨ ਵਾਰੀ ਵਾਰੀ ਪੱਥਰ ਚੁੱਕ ਕੇ ਮਾਰਦੇ ਰਹੇ। ਨਾਦੀਆ ਦੇ ਸਰੀਰ ਦੇ ਕਈ ਹਿੱਸਿਆਂ ਵਿਚੋਂ ਲਹੂ ਵਗਣ ਲੱਗ ਪਿਆ ਸੀ।
ਜਿਵੇਂ ਜਿਵੇਂ ਪੱਥਰ ਵੱਜਦੇ ਰਹੇ, ਉਹ ਨਿਢਾਲ ਹੁੰਦੀ ਗਈ। ਪਰ ਨਾ ਉਹ ਚੀਕੀ, ਨਾ ਰੋਈ—ਖਾਸੀ ਕਰੜਾਈ ਵਿਖਾਈ ਸੀ ਉਸ ਨੇ। ਕਈ ਪੱਥਰ ਉਸ ਦੇ ਸਿਰ ਵਿਚ ਵੱਜੇ ਤੇ ਖ਼ੂਨ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਬਰਦਾਸ਼ਤ ਦੀ ਵੀ ਇਕ ਹੱਦ ਹੁੰਦੀ ਹੈ। ਜਦੋਂ ਪੱਥਰਾਂ ਦੀ ਵਾਛੜ ਤੇਜ਼ ਹੋ ਗਈ, ਉਸ ਨੇ ਅਗਾਂਹ ਵੱਲ ਹੱਥ ਹਿਲਾ ਹਿਲਾ ਕੇ ਚੀਕਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਦੇ ਹੱਥ ਰੁਕ ਗਏ। ਪਰ ਸਜ਼ਾ ਤਾਂ ਪੁਰੀ ਕਰਨੀ ਹੀ ਪੈਣੀ ਸੀ। ਸੋ ਮੁੜ ਪਥਰਾਅ ਸ਼ੁਰੂ ਹੋ ਗਿਆ।
ਹੁਣ ਨਾਦੀਆ ਅੱਧਮੋਈ ਜਿਹੀ ਹੋ ਚੁੱਕੀ ਸੀ ਤੇ ਕੁਝ ਬੜਬੜਾ ਵੀ ਰਹੀ ਸੀ। ਭੀੜ ਵਿਚੋਂ ਕੋਈ ਕੂਕਿਆ, ''ਰੂਕ ਜਾਓ, ਉਹ ਕੁਝ ਕਹਿ ਰਹੀ ਏ...''
''ਸ਼ਾਇਦ ਉਸ ਦਾ ਨਾਂ ਦੱਸਣਾ ਚਾਹੁੰਦੀ ਏ...''
ਲੋਕਾਂ ਦੇ ਹੱਥ ਰੁਕ ਗਏ। ਉਹਨਾਂ ਦੀਆਂ ਨਜ਼ਰਾਂ ਤੇ ਕੰਨ ਨਾਦੀਆ ਉੱਤੇ ਟਿਕੇ ਹੋਏ ਸਨ। ਹੁਣ ਕੋਈ ਵੀ ਪੱਥਰ ਨਹੀਂ ਸੀ ਮਾਰ ਰਿਹਾ।
ਉਸ ਦਾ ਚਿਹਰਾ ਖ਼ੂਨ ਨਾਲ ਲੱਥ-ਪੱਥ ਹੋਇਆ-ਹੋਇਆ ਸੀ...ਬੁੱਲ੍ਹ ਫਰਕ ਰਹੇ ਸਨ, ਪਰ ਕੋਈ ਆਵਾਜ਼ ਨਹੀਂ ਸੀ ਸੁਣਾਈ ਦੇਂਦੀ।
'ਕੀ ਤੂੰ ਕਿਸੇ ਦਾ ਨਾਂ ਦੱਸਣਾ ਏਂ ?'' ਭੀੜ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ।
ਨਾਦੀਆ ਨੇ ਲਾਲ ਲਾਲ ਅੱਖਾਂ ਨਾਲ ਪਹਿਲਾਂ ਭੀੜ ਵੱਲ ਤੇ ਫੇਰ ਅਸਮਾਨ ਵੱਲ ਤੱਕਿਆ ਤੇ ਫੇਰ ਕੁਝ ਬਰੜਾਈ।
''ਉਹ ਕਿਸੇ ਦਾ ਨਾਂ ਦੱਸ ਰਹੀ ਏ ਸ਼ਾਇਦ...'' ਕਿਸੇ ਨੇ ਕਿਹਾ। ਲੋਕ ਉਸ ਦੇ ਨੇੜੇ ਹੋਣ ਲੱਗ ਪਏ। ਸਭ ਦੇ ਕੰਨ ਉਸੇ ਵੱਲ ਸਨ।
ਜਦੋਂ ਨਾਦੀਆ ਨੇ ਭੀੜ ਵੱਲ ਮੂੰਹ ਕਰਕੇ ਕੁਝ ਬੋਲਣਾ ਚਾਹਿਆ—
'ਧੱਪ...'' ਇਕ ਵੱਡਾ ਸਾਰਾ ਪੱਥਰ ਉਸ ਦੇ ਮੂੰਹ ਉੱਤੇ ਆ ਵੱਜਿਆ। ਉਸ ਦੇ ਨਾਲ ਹੀ ਨਾਦੀਆ ਦੇ ਕੁਝ ਦੰਦ ਵੀ ਹੇਠਾਂ ਆਣ ਡਿੱਗੇ, ਮੂੰਚ ਵਿਚੋਂ ਖ਼ੂਨ ਦੇ ਘਰਾਲੇ ਵਗ ਤੁਰੇ। ਜਿਸਮ ਨੂੰ ਇਕ ਝੱਟਕਾ ਜਿਹਾ ਵੱਜਾ ਤੇ ਉਹ ਮੁੱਕ ਗਈ।
ਲੋਕਾਂ ਨੇ ਪਿਛਾਂਹ ਭੌਂ ਕੇ ਵੇਖਿਆ। ਚੌਧਰੀ ਸਾਹਬ ਖਾਲੀ ਹੱਥ ਖੜ੍ਹੇ ਸਨ।
ਇਹ ਆਖ਼ਰੀ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਿਆ ਸੀ।
     ੦੦੦ ੦੦੦ ੦੦੦  

ਐਕਸ਼ਨ ਰੀਪਲੇ...:: ਲੇਖਕ : ਇਰਸ਼ਦ ਜਾਵੇਦ

ਪਾਕੀ ਉਰਦੂ ਕਹਾਣੀ :
ਐਕਸ਼ਨ ਰੀਪਲੇ
ਲੇਖਕ : ਇਰਸ਼ਦ ਜਾਵੇਦ
ਅਨੁਵਾਦ : ਮਹਿੰਦਰ ਬੇਦੀ


ਅੱਜ ਸੰਦੂਕ ਵਿਚੋਂ ਰੀਟਾਇਰਮੈਂਟ ਵਾਲੇ ਕਾਗਜ਼ ਲੱਭ ਰਿਹਾ ਸਾਂ ਤਾਂ ਚਾਣਚੱਕ ਹੀ ਆਪਣੀ ਪਹਿਲੀ ਐਪੋਆਇੰਟਮੈਂਟ ਦਾ ਪਾਟਿਆ ਪੁਰਾਣਾ ਕਾਗਜ਼ ਵੀ ਲੱਭ ਪਿਆ। ਸਾਰੇ ਕਾਗਜ਼ ਕਮਲੀ ਦੇ ਝਾਟੇ ਵਾਂਗ ਖਿੱਲਰੇ ਪਏ ਸਨ।...ਤੇ ਉਹ ਟਿੱਡੀਆਂ ਖਾਧਾ, ਉਦਾਸ ਜਿਹੀ ਮਹਿਕ ਵਾਲਾ ਲਿਫ਼ਾਫ਼ਾ ਮੇਰੀਆਂ ਉਂਗਲਾਂ ਵਿਚ ਕਿਸੇ ਮਰ ਰਹੇ ਮਰੀਜ਼ ਦੇ ਸਾਹਾਂ ਵਾਂਗ ਅਟਕ ਗਿਆ ਹੈ। ਮੈਨੂੰ ਇੰਜ ਜਾਪਦਾ ਹੈ ਜਿਵੇਂ ਇਹਨਾਂ ਕਾਗਜ਼ਾਂ ਵਿਚਕਾਰ ਹੀ ਮੇਰੀ ਬੀਤੀ ਹੋਈ ਜ਼ਿੰਦਗੀ ਦੇ ਕਈ ਸਾਲ ਕੈਦ ਹਨ। ਮੈਂ ਐਨ ਉਸ ਬੱਚੇ ਵਾਂਗ ਸਹਿਮ ਗਿਆ ਸਾਂ ਜਿਸ ਨੂੰ ਆਪਣੇ ਮਨ-ਪਸੰਦ ਖਿਡੌਣੇ ਦੇ ਖੁੱਸ ਜਾਣ ਦਾ ਧੜਕੂ ਲੱਗ ਗਿਆ ਹੋਵੇ। ਜ਼ਿੰਦਗੀ ਦੇ ਬੀਤੇ ਹੋਏ ਦਿਨ, ਮਹੀਨੇ ਤੇ ਸਾਲ ਮੈਨੂੰ ਕਿਸੇ ਖੇਡ ਨਾਲੋਂ ਘੱਟ ਨਹੀਂ ਜਾਪਦੇ ਪਏ।
ਮੇਰੇ ਜਿਸਮ ਦੀ ਸਾਰੀ ਗਰਮੀ ਮੇਰੇ ਪੈਰਾਂ ਵਿਚ ਸੁਲਗ ਰਹੀ ਹੈ। ਮੈਂ ਆਪਣੇ ਚਿਹਰੇ ਤੋਂ ਆਪਣੀ ਉਮਰ ਦੀ ਧੂੜ ਪੂੰਝ ਰਿਹਾ ਆਂ ਮੇਰੇ ਸਾਰੇ ਚਿਹਰੇ ਉੱਤੇ ਉਮਰ ਦੀ ਸਫ਼ੈਦੀ ਪੱਸਰੀ ਹੋਈ ਹੈ। ਮੇਰੇ ਸਿਰ ਉੱਤੇ ਬਜ਼ੁਰਗੀ ਦੀ ਦਸਤਾਰ ਬੱਝ ਚੁੱਕੀ ਹੈ ਤੇ ਚਿਹਰਾ ਮੌਤ ਦੇ ਅਚੇਤਨ ਭੈ ਸਦਕਾ ਚਿੱਟੇ ਲੱਠੇ ਵਰਗੀ ਦਾੜ੍ਹੀ ਵਿਚ ਲਿਪਟਿਆ ਹੋਇਆ ਹੈ...ਤੇ ਸਾਰੀ ਦੇਹ ਰੂੰ ਦੇ ਤੂੰਬਿਆਂ ਨਾਲ ਕੱਜੀ ਹੋਈ ਹੈ; ਖਾਮੋਸ਼ ਖੁੱਲ੍ਹਾ ਲਿਫ਼ਾਫ਼ਾ ਮੇਰੇ ਸਾਹਮਣੇ ਹੈ, ਸ਼ਾਇਦ ਇਸ ਨੇ ਵੀ ਉਮਰ ਦਾ ਲਿਹਾਜ਼ ਕਰਨਾ ਸਿੱਖ ਲਿਆ ਹੈ ਜਾਂ ਮੇਰੇ ਬੁਢੇਪੇ 'ਤੇ ਇਸ ਨੂੰ ਤਰਸ ਆ ਗਿਆ ਹੈ। 'ਅਹਿ ਕੌਣ ਏਂ, ਜਿਸਨੇ ਮੇਰੀਆਂ ਅੱਖਾਂ ਵਿਚ ਹੈਰਾਨੀ ਦੇ ਸੂਰਜ ਉਗਾਅ ਦਿੱਤੇ ਨੇ? ਸ਼ਬਦਾਂ ਦੀ ਸ਼ਹਿਜ਼ਾਦੀ ਮੇਰੇ ਸਾਹਮਣੇ ਆਣ ਕੇ ਖਲੋ ਗਈ ਏ।'
ਪਿਆਰੇ ਜੁਗਨੂੰ ਸਾਹਬ—
ਆਪਣੇ ਜਜ਼ਬਿਆਂ ਨੂੰ ਸ਼ਬਦਾਂ ਦੀ ਲੜੀ ਵਿਚ ਮੋਤੀਆਂ ਵਾਂਗ ਕਿੰਜ ਪਰੋਈਦਾ ਏ...ਮੈਨੂੰ ਨਹੀਂ ਪਤਾ! ਇਹ ਹੱਥ ਤਾਂ ਸੱਚ-ਤੱਥ ਲਿਖਣ ਲੱਗਿਆਂ ਵੀ ਕੰਬ ਰਹੇ ਨੇ। ਨਿੱਕੜੀ (ਪੂਨਮ) ਨੇ ਦੱਸਿਆ ਕਿ ਭਾਈਜਾਨ (ਯਾਨੀ ਤੁਸੀਂ) ਇਕ ਬਹੁਤ ਵੱਡੇ ਅਫ਼ਸਰ ਬਣਨ ਵਾਲੇ ਹੋ। ਉਹ ਮੈਨੂੰ ਵਧਾਈਆਂ ਦੇ ਰਹੀ ਸੀ। ਹਾਲਾਂਕਿ ਅਜੇ ਉਹ ਖੁਸ਼ੀ ਦੇ ਸਹੀ ਅਰਥਾਂ ਤੋਂ ਅਣਜਾਣ ਹੈ...।
ਇਹ ਖ਼ਬਰ ਸੁਣ ਕੇ ਮੈਨੂੰ ਇੰਜ ਜਾਪਿਆ ਜਿਵੇਂ ਮੇਰੀ ਜ਼ਿੰਦਗੀ 'ਚੋਂ ਖੁਸ਼ੀਆਂ 'ਫੁਰ -ਰ' ਕਰਕੇ ਉੱਡ ਗਈਆਂ ਹੋਣ। ਸੀਨੇ ਅੰਦਰ ਉਥਲ-ਪੁਥਲ ਹੋ ਰਹੀ ਹੈ ਤੇ ਲਹੂ-ਗੇੜ ਉੱਛਲੇ ਹੋਏ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਹੈ। ਲੋਕ ਇਹਨਾਂ ਜਜ਼ਬਿਆਂ ਨੂੰ ਕੀ ਨਾਂ ਦੇਂਦੇ ਨੇ ਭਲਾ?
ਕੀ ਅਗਮ ਖੁਸ਼ੀ ਇਹੀ ਤਾਂ ਨਹੀਂ ਹੁੰਦੀ? ਮੈਨੂੰ ਸਾਰੇ ਜਜ਼ਬਿਆਂ ਤੋਂ ਜਾਣੂ ਕਰਵਾ ਦਿਓ...ਜ਼ਿੰਦਗੀ ਦੀਆਂ ਰਾਹਾਂ ਵਿਚ, ਨਿਗੂਣੀ ਜਿਹੀ ਮੈਂ ਜਜ਼ਬਿਆਂ ਦੇ ਥਾਲ ਵਿਚ ਉਮੀਦਾਂ ਦੀ ਸੀਰਨੀ ਵੰਡਾਂਗੀ ਕਿਉਂਕਿ ਅੱਜ ਮੇਰਾ ਜੁਗਨੂੰ ਵੱਡਾ ਬਾਬੂ ਬਣ ਗਿਆ ਏ।
ਚੰਨਿਆਂ! ਮੈਂ ਤੈਨੂੰ ਜ਼ਰੂਰ ਮਿਲਣ ਆਉਂਦੀ ਪਰ ਚਾਚੀ ਹਲੀਮਾ ਮੈਨੂੰ ਦੁਸ਼ਮਨ ਦੀਆਂ ਨਜ਼ਰਾਂ ਨਾਲ ਵਿਹੰਦੀ ਏ। ਜੇ ਕਿਤੇ ਏਸ ਹਸਤੀ ਦੀ ਮੁਰਾਦ ਉਹ ਤੋਂ ਹੁੰਦੀ!...ਖ਼ੈਰ ਤੂੰ ਆ ਜਾਵੀਂ। ਆਪਣੀ ਕਾਮਯਾਬੀ ਦੀ ਖ਼ਬਰ ਸੁਣਾਉਣ ਬਹਾਨੇ। ਪਾਪਾ ਤੇ ਅੰਮੀ ਨੂੰ ਵੀ ਤਾਂ ਤੇਰੀ ਉਡੀਕ ਰਹਿੰਦੀ ਏ।
         ਤੇਰੀ....
          'ਸੰਬਲ' '
ਸ਼ਬਦਾਂ ਦੀਆਂ ਲੜੀਆਂ ਟੁੱਟ ਚੁੱਕੀਆਂ ਨੇ। ਮੇਰੇ ਅੰਦਰਲਾ ਜੁਗਨੂੰ ਮੇਰੀ ਹਸਤੀ ਦੇ ਖੋਖੋ ਵਿਚੋਂ ਬਾਹਰ ਝਾਕ ਰਿਹਾ ਹੈ। ਹਾਏ! ਇਸ ਉਮਰ ਦੀ ਮੁੱਠੀ ਵਿਚੋਂ ਜਵਾਨੀ ਦੀ ਰੇਤ ਕਿੰਜ ਕਿਰ ਗਈ...! ਆਪਣੇ ਜਾਣੇ ਮੈਂ ਇਕ ਵੀ ਵਿਰਲ ਨਹੀਂ ਸੀ ਰਹਿਣ ਦਿੱਤੀ। ਸ਼ਾਇਦ ਅਜਿਹੀ ਹੀ ਕਿਸੇ ਘੁਟਨ ਸਦਕਾ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ।
ਕਿੱਥੇ ਰੁਲ ਗਿਆ ਹਾਂ ਮੈਂ? ਮੈਂ...ਮੈਂ ਰਿਟਾਇਰਡ ਡਿਪਟੀ ਕਮਿਸ਼ਨਰ ਨਹੀਂ ਰਹਾਂਗਾ...ਮੁੜ ਜੁਗਨੂੰ ਬਣ ਜਾਵਾਂਗਾ। ਮੈਂ ਕਿਸੇ ਦਾ ਬਾਪ ਨਹੀਂ, ਕਿਸੇ ਦਾ ਬੇਟਾ ਨਹੀਂ...ਨਾ ਕਿਸੇ ਦਾ ਭਰਾ ਹਾਂ।
ਹਾਂ-ਹਾਂ, ਮੈਂ ਜਾਬਰ ਅਲੀ ਡਿਪਟੀ ਕਮਿਸ਼ਨਰ ਵੀ ਨਹੀਂ...ਹਾਂ ਤਾਂ ਸਿਰਫ ਆਪਣੀ ਸੰਬਲ ਦਾ ਜੁਗਨੂੰ ਹਾਂ। ਮੈਂ ਆਪਣੀ ਉਮਰ ਦੀ ਬਗਲੀ 'ਚੋਂ ਝੂਠੀ ਮਾਣ-ਮਰਿਆਦਾ ਦੇ ਸਾਰੇ ਸਿੱਕੇ ਆਪਣੇ ਸੁਪਨਿਆਂ ਦੀ ਦਹਿਲੀਜ਼ ਤੋਂ ਪਾਰ ਸੁੱਟ ਦੇਣਾ ਚਾਹੁੰਦਾ ਹਾਂ।
ਖ਼ਤ ਮੇਰੇ ਪੋਟਿਆਂ ਦੀ ਤਪਸ਼ ਨਾਲ ਪੀਲਾ ਪੈਣ ਲੱਗ ਪਿਆ ਹੈ। ਇਹ ਖ਼ਤ...ਤੌਬਾ ਮੇਰੀ...ਇਹ ਮੇਰੇ ਸ਼ਬਦ !
ਸੰਬਲ ਪਿਆਰੀਏ,
ਟਰੇਨਿੰਗ 'ਤੇ ਜਾਣ ਤੋਂ ਪਹਿਲਾਂ ਮੈਂ ਆਪਣੀਆਂ ਕਿਤਾਬਾਂ ਮੇਜ਼ ਉਪਰ ਰੱਖ ਰਿਹਾ ਸਾਂ ਕਿ ਰਸਾਲੇ ਹੇਠ ਪਿਆ ਇਕ ਰੁੱਕਾ ਮਿਲਿਆ। ਮੈਂ ਝੱਟ ਸਮਝ ਲਿਆ, ਸਾਰੀ ਪੁਰਗੋਸੀ ਦੀ ਮਿਹਰਬਾਨੀ ਹੈ।
ਪਰ ਉਹ ਹਵਾ ਦੇ ਬੁੱਲ੍ਹੇ ਵਾਂਗ ਕਦੋਂ ਆਈ ਤੇ ਕਦੋਂ ਤੇਰਾ ਰੁੱਕਾ ਇੱਥੇ ਰੱਖ ਗਈ !!
ਚੰਨੀਏਂ ! ਤੂੰ ਸੰਬਲ ਏਂ ਨਾ...ਤਦੇ ਤਾਂ ਮੇਰੇ ਕਮਰੇ ਅੰਦਰ ਇਕ ਮਹਿਕ ਜਿਹੀ ਵੱਸੀ ਰਹਿੰਦੀ ਹੈ। ਗ਼ੁਲਾਬ ਦੀ ਕਿਸਮਤ ਹਵਾ ਦੇ ਹੱਥ ਹੁੰਦੀ ਏ...ਉਹ ਜਿੱਥੋਂ ਤਾਈਂ ਚਾਹੇ ਉਸ ਦੀ ਮਹਿਕ ਪਹੁੰਚਾ ਦੇਵੇ।
ਤੂੰ ਮੇਰੀ ਕਾਮਯਾਬੀ ਦੀ ਖਬਰ ਸੁਣ ਕੇ ਉਦਾਸ ਹੋ ਗਈ—ਪਰ ਕਿਉਂ? ਪਰ ਮੈਂ ਤਾਂ ਤੈਨੂੰ ਵਧਾਈਆਂ ਦੇਣ ਵਾਲਾ ਸਾਂ ਕਿ ਇਹ ਕਾਮਯਾਬੀ ਤੇਰੇ ਪਿਆਰ ਦੇ ਅਥਾਹ-ਅਸੀਮ ਸਮੂੰਦਰ ਦੀਆਂ ਮੰਨਤਾਂ ਤੇ ਸੁੱਖਨਾਵਾਂ ਦਾ ਨਤੀਜਾ ਏ। ਜੇ ਤੇਰੇ ਪਿਆਰ ਨੇ ਮੇਰੇ ਮਨ ਨੂੰ ਤਾਜ਼ਗੀ ਨਾ ਬਖ਼ਸ਼ੀ ਹੁੰਦੀ ਤਾਂ ਮੈਂ ਜ਼ਿੰਦਗੀ ਦੇ ਦੂਸਰੇ ਕਿਨਾਰੇ ਖੜ੍ਹਾ ਆਪਣੀ ਬਦਨਸੀਬੀ ਉੱਤੇ ਹੰਝੂ ਕੇਰ ਰਿਹਾ ਹੁੰਦਾ...ਮੇਰਾ ਖ਼ਿਆਲ ਹੈ ਇਹ ਸਾਰੀ ਖੁਸ਼ਨਸੀਬੀ ਆਪਣੀ ਸੱਚੀ ਮੁਹੱਬਤ ਦੇ ਸਿੱਟੇ ਵਜੋਂ ਹੀ ਹੈ। ਭਲਾ ਮੈਨੂੰ ਇੰਜ ਕਰਨ ਦੀ ਤਾਕਤ ਕਿਸ ਦਿੱਤੀ...? ਕਈ ਵਾਰੀ ਆਪਣੇ ਹੱਥ ਦੀਆਂ ਲਕੀਰਾਂ ਵਲ ਵਿੰਹਦਾ ਹਾਂ ਤਾਂ ਸਫਲਤਾ ਦੀ ਜਿਹੜੀ ਲਕੀਰ ਦਿਸਦੀ ਏ ਮੈਨੂੰ, ਮੈਂ ਉਸ ਨੂੰ ਸੰਬਲ ਕਹਿੰਦਾ ਹਾਂ...ਕਿਉਂਕਿ ਤੇਰੇ ਪਵਿੱਤਰ ਪਿਆਰ ਨੇ ਹੀ ਮੇਰੀ ਰੂਹ ਦੀ ਨੁਹਰ ਘੜੀ ਹੈ ਤੇ ਮੇਰੇ ਦਿਲ-ਦਿਮਾਗ਼ ਨੂੰ ਜ਼ਿੰਦਗੀ ਦੇ ਨਵੇਂ-ਨਵੇਂ ਰਾਹਾਂ ਤੋਂ ਜਾਣੂ ਕਰਵਾਇਆ ਹੈ।...ਮੇਰੇ ਜਿਸਮ ਵਿਚ ਕੈਦ ਸਾਹਾਂ ਨੂੰ ਸਿਰਫ ਇੱਕੋ ਚਾਬੀ ਲੱਗਦੀ ਹੈ...ਤੇਰੇ ਪਿਆਰ ਦੀ, ਤੇਰੇ ਨਾਂਅ ਦੀ ਚਾਬੀ...
...ਕਿਉਂਕਿ ਤੂੰ ਮੇਰੀ ਜ਼ਿੰਦਗੀ 'ਚ ਇਕ ਅਲੌਕਿਕ ਤਾਕਤ ਦਾ ਪ੍ਰਤੀਕ ਬਣ ਕੇ ਆਈ ਸੈਂ। ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਡੇ ਵਿਚਕਾਰ ਕੋਈ ਬਰੂਟਸ, ਨਫ਼ਰਤ ਦੀ ਕੰਧ ਨਹੀਂ ਉਸਾਰ ਸਕਦਾ। ਕਿਉਂਕਿ ਮੈਂ ਆਪਣੇ ਇਕੱਲੇ ਨਾਂਅ ਦੇ ਨਾਲ ਤੇਰਾ ਨਾਂਅ ਵੀ ਲਿਖਣਾ ਸ਼ੁਰੂ ਕਰ ਦਿੱਤਾ ਏ।...ਆਪਣੀ ਬੇਕਰਾਰੀ ਲਿਖ ਕੇ ਦੱਸ ਸਕਣ ਦੇ ਹੁਨਰ ਤੋਂ ਅਣਜਾਣ ਹਾਂ।
ਮੈਂ ਆਪਣੇ ਸਾਹਾਂ ਵਿਚ ਤੇਰੀ ਮਹਿਕ ਮਹਿਸੂਸ ਕਰ ਰਿਹਾ ਹਾਂ—ਚੰਗੀਏ ਸੰਬਲੇ, ਮੇਰੀ ਉਡੀਕ ਕਰੀਂ।
          ਜੁਗਨੂੰ। '
ਤੇ ਇਹ ਪੈਂਤੀ ਸਾਲ ਸੁੰਦਰ ਸੁਪਨੇ ਵਾਂਗ ਬੀਤ ਗਏ ਨੇ। ਮੇਰੇ ਦਿਨ ਤੇ ਦਿਮਾਗ਼ ਵਿਚ ਹੈਰਾਨੀਆਂ ਦੇ ਵਾ-ਵਰੋਲੇ ਉੱਠਦੇ ਨੇ ਤੇ ਅਲੋਪ ਹੋ ਜਾਂਦੇ ਨੇ। ਮੇਰੇ ਸਿਰ ਉੱਤੇ ਟਿਕੀ ਹੋਈ ਬਜ਼ੁਰਗੀ ਦੀ ਦਸਤਾਰ ਦੇ ਲੜ ਖੁੱਲ੍ਹਦੇ ਜਾ ਰਹੇ ਨੇ। ਮੈਂ ਉਮਰ ਦੀ ਸਫ਼ੈਦ ਧੂੜ ਨਾਲ ਭਰਿਆ ਹੋਇਆ ਆਪਣਾ ਚਿਹਰਾ ਯਾਦਾਂ ਦੀ ਤਰੇਲ ਨਾਲ ਧੋ ਰਿਹਾ ਹਾਂ। ਮੈਂ ਇਹਨਾਂ ਦੋਵਾਂ ਲਿਖਤਾਂ ਨਾਲ ਪੈਂਤੀ ਸਾਲਾਂ ਦਾ ਸਫਰ ਮੁਕਾਇਆ ਹੈ।
ਆਵਾਜ਼ ਦਾ ਇਕ ਗੋਲਾ ਐਨ ਮੇਰੇ ਨੇੜੇ ਪਾਟਿਆ।
'ਅੰਮੀ ਆ ਜਾਓ ਨਾ !'' ਵੱਡੀ ਨੂੰਹ ਚਾਹ ਪੀਣ ਲਈ ਬੁਲਾ ਰਹੀ ਹੈ।
ਬੱਚਿਆਂ ਦੀ ਚੀਕਾ-ਰੌਲੀ ਮੇਰੀ ਉਮਰ ਦਾ ਪਿੱਛਾ ਕਰ ਰਹੀ ਹੈ।
''ਦਾਦਾ ਜੀ ਨੂੰ ਵੀ ਬੁਲਾਵੋ ਨਾ...ਉਹ ਵੀ ਕ੍ਰਿਕਟ ਮੈਚ ਦਾ ਐਕਸ਼ਨ-ਰੀਪਲੇ ਵੇਖ ਲੈਣ।''
ਮੇਰੀ ਸਾਰੀ ਉਮਰ ਕਿਸੇ ਬਾਰੂਦੀ ਸੁਰੰਗ ਵਾਂਗ ਮੇਰੇ ਦਿਮਾਗ਼ ਵਿਚ ਫਟ ਜਾਂਦੀ ਹੈ। ਕੱਲ੍ਹ ਦੀ ਮਲੂਕ ਸੰਬਲ ਅੱਜ ਬੱਚਿਆਂ ਦੀ ਦਾਦੀ ਬਣੀ ਮੇਰੇ ਸਾਹਾਮਣੇ ਖੜ੍ਹੀ ਹੈ। ਆਵਾਜ਼ਾਂ ਦੇ ਪਟਾਖੇ ਅਜੇ ਤਾਈਂ ਹਵਾਂ ਵਿਚ ਫੁੱਟ ਰਹੇ ਨੇ। 'ਦਾਦਾ ਜੀ...ਐਕਸ਼ਨ-ਰੀਪਲੇ ਵੇਖ ਲੈਣ।' ਪਾਟੀਆਂ-ਪੁਰਾਣੀਆਂ ਲਿਖਤਾਂ ਹੱਥੋਂ ਛੁੱਟ ਕੇ ਹੇਠਾਂ ਡਿੱਗ ਪੈਂਦੀਆਂ ਨੇ।
ਸੰਬਲ ਦੀਆਂ ਅੱਖਾਂ ਪਲ ਵਿਚ ਵਰ੍ਹਿਆਂ ਦਾ ਪੰਧ ਮੁਕਾਅ ਆਈਆਂ ਨੇ! ਕਾਸ਼! ਮੈਂ ਤੀਹ ਪੈਤੀ ਸਾਲ ਪੁਰਾਣਾ ਐਕਸ਼ਨ-ਰੀਪਲੇ ਵੇਖ ਸਕਦਾ!
     ੦੦੦ ੦੦੦ ੦੦੦

ਗ਼ਮ ਸੇ ਨਜਾਤ ਪਾਏਂ ਕਿਊਂ…:: ਲੇਖਕ : ਸ਼ਮੀਮ ਹੈਦਰ

ਪਾਕੀ ਉਰਦੂ ਕਹਾਣੀ :
ਗ਼ਮ ਸੇ ਨਜਾਤ ਪਾਏਂ ਕਿਊਂ…::
ਲੇਖਕ : ਸ਼ਮੀਮ ਹੈਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਰ ਕੱਲ੍ਹ ਪਹਿਲੇ ਦਿਨ ਕਲਾਸ ਵਿਚ ਤੁਹਾਥੋਂ ਬਿਨਾਂ ਸਾਰੇ ਪ੍ਰੋਫ਼ੈਸਰਜ਼ ਨੇ ਇੰਟਰੋਡਕਸ਼ਨ ਕਰਨ ਲਈ ਕਿਹਾ ਸੀ, ਪਰ ਤੁਸੀਂ ਆਉਂਦਿਆਂ ਹੀ ਉਰਦੂ ਗ਼ਜ਼ਲ ਦੇ ਇਤਿਹਾਸ ਉਪਰ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਸੀ। ਮੰਨਿਆਂ ਕਿ ਲੋਕ ਤੁਹਾਡੇ ਅਥਾਹ ਗਿਆਨ ਤੇ ਪੜ੍ਹਾਉਣ ਢੰਗ ਦੀ ਕਦਰ ਕਰਦੇ ਨੇ, ਪਰ ਦਸ ਸਾਲ ਵਿਚ ਆਪਣੇ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਲੈਣੀ ਕੋਈ ਬਹੁਤੀ ਵੱਡੀ ਗੱਲ ਨਹੀਂ। ਮੇਰੀ ਦਾਦੀ ਦਾ ਤੋਤਾ ਬੜਾ ਹੀ ਸਾਫ ਬੋਲਦਾ ਸੀ।...ਤੇ ਉਸ ਨੇ ਬਹੁਤ ਸਾਰੇ ਸ਼ਬਦ ਦੋ ਸਾਲਾਂ ਵਿਚ ਹੀ ਸਿਖ ਲਏ ਸਨ। ਉਂਜ ਕਲਾਸ ਦਾ ਵਾਤਾਵਰਣ ਰਤਾ ਅਸੁਖਾਵਾਂ ਤੇ ਓਪਰਾ ਰਿਹਾ ਸੀ। ਜੇ ਸਾਡੇ ਵਿਚਕਾਰ ਇਹੋ ਓਪਰਾਪਨ ਰਿਹਾ ਤਾਂ ਮੇਰਾ ਖ਼ਿਆਲ ਏ, ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਾਂਗੇ। ਸਿੱਖਿਆ ਪਿਆਰ ਤੇ ਭਰੱਪੇ ਦਾ ਦੂਸਰਾ ਨਾਂ ਏਂ...। ਤੁਹਾਡਾ ਕੀ ਖ਼ਿਆਲ ਹੈ ਸਰ?'
ਪ੍ਰੋਫੈਸਰ ਨਦੀਮ ਫਾਰੂਕੀ ਨੇ ਅੱਜ ਦੀ ਡਾਕ ਦਾ ਤੀਸਰਾ ਖ਼ਤ ਪੜ੍ਹਿਆ ਤੇ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। ਬਿੰਦ ਦਾ ਬਿੰਦ ਸੋਚਿਆ, 'ਅਜਿਹੀਆਂ ਕੋਝੀਆਂ ਹਰਕਤਾਂ ਆਮ ਕੁੜੀਆਂ ਚੰਗੇ ਨੰਬਰ ਖਾਤਰ ਜਾਂ ਆਪਣਾ ਸਿੱਕਾ ਜਮਾਉਣ ਲਈ ਕਰਦੀਆਂ ਨੇ।' ਪਿਛਲੇ ਦਸ ਸਾਲ ਵਿਚ ਇੰਜ ਕਈ ਵਾਰ ਹੋਇਆ ਸੀ। ਉਹਨਾਂ ਅੱਖਾਂ ਬੰਦ ਕਰ ਲਈਆਂ ਤੇ ਅਗਲੀ ਕਲਾਸ ਦੇ ਲੈਕਚਰ ਬਾਰੇ ਸੋਚਣ ਲੱਗ ਪਏ।
ਸਰ—ਪਹਿਲਾਂ ਧਨਵਾਦ...ਤੁਸਾਂ ਮੇਰੇ ਖ਼ਤ ਉਪਰ ਧਿਆਨ ਤਾਂ ਦਿੱਤਾ। ਭਾਵੇਂ ਦੋ ਚਾਰ ਵਾਕ ਹੀ ਬੋਲੇ ਸਨ—'ਮੈਨੂੰ ਇੰਟਰੋਡਕਸ਼ਨ ਵਿਚ ਵਿਸ਼ਵਾਸ ਨਹੀਂ। ਅਸਲ ਵਿਚ ਵਿਦਿਆਰਥੀ, ਇਕ ਸਾਲ ਵਿਚ ਹੀ ਆਪਣੀਆਂ ਖੂਬੀਆਂ, ਬੇਵਕੂਫੀਆਂ ਜਾਂ ਸ਼ਰਾਰਤਾਂ ਸਦਕਾ, ਮੇਰੇ ਸਾਹਮਣੇ ਏਨਾ ਖੁੱਲ੍ਹ ਜਾਂਦਾ ਹੈ ਕਿ ਕਈ ਵਾਰੀ ਮੈਨੂੰ ਹੀ ਉਸ ਦੇ ਨਾਂ ਤੋਂ ਬਿਨਾਂ, ਹੋਰ ਵੀ ਕਈ ਕੁਝ ਦੱਸਣਾ ਪੈਂਦਾ ਏ ਉਸ ਨੂੰ। ਨਾਲੇ ਕਿਸੇ ਦਾ ਨਾਂ ਪਤਾ ਲੱਗ ਜਾਣ ਨਾਲ ਤਾਂ ਜਾਣ-ਪਛਾਣ ਨਹੀਂ ਹੋ ਜਾਂਦੀ...।' ਚੱਲੋ ਮੰਨ ਲਿਆ। ਹੁਣ ਮੈਨੂੰ ਤੁਸੀਂ ਕਿਸ ਖਾਨੇ ਵਿਚ ਰੱਖੋਗੇ? ਪਰ ਤੁਹਾਨੂੰ ਇਹ ਜਾਣਨ ਲਈ ਵੀ ਤਾਂ ਇਕ ਸਾਲ ਚਾਹੀਦਾ ਹੋਏਗਾ। ਮੈਂ ਕਈ ਅਜਿਹੇ ਬੰਦਿਆਂ ਬਾਰੇ ਸੁਣਿਆਂ ਏਂ, ਜਿਹੜੇ ਚਿਹਰਾ ਵੇਖ ਕੇ ਅੰਤਰ-ਮਨ ਦੀਆਂ ਬੁੱਝ ਲੈਂਦੇ ਨੇ। ਚਿਹਰੇ ਪੜ੍ਹਨਾ ਵੀ ਇਕ ਇਲਮ ਹੈ ਨਾ ਸਰ? ਤੁਹਾਡਾ ਕੀ ਵਿਚਾਰ ਏ ਸਰ?'
ਪ੍ਰੋਫ਼ੈਸਰ ਨੇ ਇਸ ਖ਼ਤ ਦੇ ਕੁਝ ਵਧੇਰੇ ਹੀ ਟੁਕੜੇ ਕਰ ਦਿੱਤੇ ਸਨ। ਉਹਨਾਂ ਚਪੜਾਸੀ ਨੂੰ ਚਾਹ ਲੈ ਆਉਣ ਦਾ ਹੁਕਮ ਦਿੱਤਾ ਤੇ ਇਕ ਕਿਤਾਬ ਪੜ੍ਹਨ ਲੱਗ ਪਏ।
...ਏਸ ਵਾਰੀ ਉਹਨਾਂ ਖ਼ਤ ਦੀ ਲਿਖਾਵਟ ਪਛਾਣ ਕੇ ਹੀ ਪਾੜ ਦਿੱਤਾ ਸੀ।
ਸਰ—ਮੈਂ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਰਤਾ ਜਜ਼ਬਾਤੀ ਹੋ ਕੇ ਬੋਲਦੇ ਹੋ ਤਾਂ ਲੈਕਚਰ ਵਿਚ ਕੁਝ ਵਧੇਰੇ ਹੀ ਨਿਖਾਰ ਆ ਜਾਂਦਾ ਹੈ। ਉਂਜ ਆਪਣੇ ਵਿਸ਼ੇ 'ਤੇ ਤੁਸੀਂ ਰਤਾ ਰੁਕ ਰੁਕ ਕੇ, ਬੜੇ ਠਰ੍ਹਮੇਂ ਨਾਲ ਬੋਲਦੇ ਹੋ। ਮਨੁੱਖ ਦੇ ਸੁਭਾਅ ਅਤੇ ਸਦਾਚਾਰ ਉਪਰ ਤੁਹਾਡਾ ਛੋਟਾ ਜਿਹਾ ਭਾਸ਼ਣ, ਸਫਲਤਾ ਦੀ ਟੀਸੀ ਤੋਂ ਵੀ ਰਤਾ ਸਿਰ ਕੱਢਵਾਂ ਹੀ ਸੀ। ਤੁਹਾਡੀ ਗਲਤ ਫਹਿਮੀ ਦੂਰ ਕਰ ਦੇਵਾਂ ਕਿ ਮੈਨੂੰ ਮਾਰਕਸ ਪੜ੍ਹਨ ਲਈ ਤੁਹਾਡੀ ਮਿਹਰ-ਦ੍ਰਿਸ਼ਟੀ ਦੀ ਕੋਈ ਲੋੜ ਨਹੀਂ ਤੇ ਨਾ ਹੀ ਇਹ ਕੋਈ ਇਸ਼ਕ-ਮਾਸ਼ੂਕੀ ਦਾ ਚੱਕਰ ਹੈ। ਉਂਜ ਹਉਮੈਂ ਦੇ ਕਿਲੇ ਦਾ ਬੁਜ਼ਦਿਲ ਕੈਦੀ, ਕਦੀ ਦਲੇਰ ਜਾਂ ਸਨੇਹੀ ਨਹੀਂ ਹੋ ਸਕਦਾ। ਪਰ ਮੈਨੂੰ ਤਾਂ ਕਿਵੇਂ ਨਾ ਕਿਵੇਂ, ਤੁਹਾਨੂੰ ਇਕ ਸਾਲ ਤਕ ਬਰਦਾਸ਼ਤ ਕਰਨਾ ਹੀ ਪਏਗਾ।'
...ਉਪਰ ਉਹੀ ਕੁਝ ਲਿਖ ਰਹੀ ਹਾਂ ਜਿਹੜਾ ਸ਼ਾਇਦ ਤੁਸੀਂ ਬਗ਼ੈਰ ਪੜ੍ਹੇ ਹੀ ਪਾੜ ਕੇ ਸੁੱਟ ਦਿੱਤਾ ਸੀ। ਅਸਲ ਵਿਚ ਮੇਰੇ ਪਹਿਲੇ ਖ਼ਤ ਜਾਂ ਉਸ ਦੀ ਆਖ਼ਰੀ ਟੋਕ ਦਾ ਕੋਈ ਪ੍ਰਤੀਕਰਮ, ਕੱਲ੍ਹ ਤੁਹਾਡੇ ਚਿਹਰੇ ਉੱਤੇ ਨਹੀਂ ਸੀ ਦਿਸਿਆ। ਸੋ ਮੈਂ ਸਮਝ ਗਈ ਕਿ ਤੁਸੀਂ ਲਿਖਤ ਪਛਾਣ ਕੇ ਹੀ ਖ਼ਤ ਪਾੜ ਦਿੱਤਾ ਹੋਏਗਾ। ਮੇਰੇ ਵਿਚਾਰ ਵਿਚ ਇਹੀ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਤੁਸੀਂ ਜ਼ਰਾ ਜਿੰਨਾ ਵੀ ਮਾਨਸਿਕ ਦਬਾਅ ਨਹੀਂ ਝੱਲ ਸਕਦੇ। ਇਸ ਲਈ ਮੈਂ ਲਿਖਾਵਟ ਬਦਲ ਕੇ ਲਿਖ ਰਹੀ ਹਾਂ। ਸਰ, ਮੈਂ ਲਿਖਾਵਟ ਬਦਲ ਕੇ ਲਿਖਣ ਦਾ ਬੜਾ ਹੀ ਤਜ਼ਰਬਾ ਹੈ। ਆਪਣੇ ਏਸ ਸ਼ੌਕੇ ਦੀ ਪੂਰਤੀ ਲਈ ਮੈਂ ਪੂਰੇ ਪੰਜ ਸਾਲ ਮਿਹਨਤ ਕੀਤੀ ਹੈ...ਹੁਣ ਤੁਸੀਂ ਆਪਣੇ ਸਾਰੇ ਖ਼ਤ ਪਾੜ ਕੇ ਸੁੱਟ ਦਿਆ ਕਰੋਗੇ ਜਾਂ ਫੇਰ ਇਹ ਖ਼ਤ ਵੀ ਤੁਹਾਨੂੰ ਪੜ੍ਹਨੇ ਹੀ ਪੈਣਗੇ। ਕਿਉਂ ?
ਬੜਾ ਮਜ਼ਾ ਆ ਰਿਹਾ ਸੀ ਜਦੋਂ ਤੁਸੀਂ ਹਉਮੈਂ, ਕਿਲਾ, ਬੁਜ਼ਦਿਲ, ਦਲੇਰ, ਸਨੇਹੀ ਆਦਿ ਸ਼ਬਦਾਂ ਦਾ ਇਤਿਹਾਸਕ ਪਿਛੋਕੜ ਬਿਆਨ ਕਰ ਰਹੇ ਸੀ ਕਿ ਕਿਹੜਾ ਸ਼ਬਦ ਕਿੰਨਾ ਹਾਲਤਾਂ ਵਿਚ ਬਣਦਾ- ਵਿਗੜਦਾ ਜਾਂ ਟੁੱਟਦਾ-ਭੱਜਦਾ ਹੋਇਆ, ਉਰਦੂ ਭਾਸ਼ਾ ਵਿਚ ਆਇਆ ਏ ਤੇ ਵਾਕ ਵਿਚ ਕਿੰਜ ਵਰਤਿਆ ਜਾਏ ਤਾਂ ਫੱਬਦਾ ਏ ! ਮੈਨੂੰ ਤੁਹਾਡੀ ਠੋਸ ਤੇ ਜਜ਼ਬਾਤੀ ਜਾਣਕਾਰੀ ਬੜਾ ਹੀ ਲਾਭ ਹੋਇਆ ਹੈ।...ਪਰ ਸਾਰੀ ਕਲਾਸ ਤੁਹਾਨੂੰ ਸ਼ਬਦ-ਜਾਲ ਵਿਚ ਉਲਝਿਆ ਵੇਖ ਕੇ ਹੈਰਾਨ ਸੀ।...ਤੇ ਸ਼੍ਰੀਮਾਨ ਜੀਓ, ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਹਾਨੂੰ ਕਿੰਜ ਵਿਸ਼ਵਾਸ ਦਿਵਾਇਆ ਜਾਏ ਕਿ ਇਹ ਖ਼ਤ ਕਿਸੇ ਮੰਜ਼ਿਲ ਤਕ ਪਹੁੰਚਣ ਲਈ ਡੰਗੋਰੀਆਂ ਵਰਗਾ ਸਹਾਰਾ ਨਹੀਂ। ਨਾਲੇ ਤੁਹਾਨੂੰ ਤਾਂ ਆਪਣੇ ਆਪ ਉੱਤੇ ਪੂਰਾ ਯਕੀਨ ਹੈ ਕਿ ਤੁਸੀਂ ਕੋਈ ਅਜਿਹੀ ਮੰਜ਼ਿਲ ਨਹੀਂ, ਜਿੱਥੇ ਨਿੱਜੀ ਚੱਸ ਜਾਂ ਲਾਲਚ ਦੀ ਹਵਾ ਵੀ ਪਹੁੰਚ ਸਕੇ ! ਫੇਰ ਤੁਸੀਂ ਸੰਤੁਸ਼ਟ ਕਿਉਂ ਨਹੀਂ ? ਇਹ ਭੜਕਾਹਟ ਕਿਉਂ ? ਅਸਲ ਵਿਚ ਇਹੀ ਤੁਹਾਡੀ ਮਜ਼ਬੂਰੀ ਹੈ ਕਿ ਤੁਸੀਂ ਮਾਨਸਿਕ ਹਮਲੇ ਦਾ ਮੋੜਵਾਂ ਜਵਾਬ ਦਿੱਤੇ ਬਗ਼ੈਰ ਸ਼ਾਂਤ ਨਹੀਂ ਹੋ ਸਕਦੇ। ਇਕ ਗੱਲ ਤੁਹਾਡੀ ਜਾਣਕਾਰੀ ਲਈ ਅਰਜ਼ ਕਰਾਂ...ਮੈਂ ਤੁਹਾਡੇ ਦਸ-ਸਾਲਾ ਆਧਿਅਪਕ-ਜੀਵਨ ਦੇ ਅਸੂਲਾਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਮੈਂ ਇਹ ਵੀ ਜਾਣਦੀ ਹਾਂ ਕਿ ਤੁਹਾਡੇ ਬੂਹੇ ਉੱਤੇ ਲੋੜਵੰਦ ਲੋਕਾਂ ਦੇ ਨੰਬਰ ਕਦੀ ਵਧਾਏ ਨਹੀਂ ਗਏ, ਕੱਟੇ ਹੀ ਗਏ ਨੇ। ਹੁਣ ਤੁਸੀਂ ਆਪ ਹੀ ਸੋਚੋ, ਭਲਾ ਕਿਹੜਾ ਮੂਰਖ, ਮੰਦਭਾਗੀ ਹੋਏਗਾ ਜਿਹੜਾ ਤੁਹਾਨੂੰ ਕਹਿਣ ਆਏਗਾ, 'ਜਾਂਦੀਏ ਬਲਾਏ...' ? ਪਰ ਫੇਰ ਵੀ ਸਰ...ਜੇ ਕਦੀ ਇਹ ਹੱਥ ਆਪਣੇ ਸੁਆਰਥ ਲਈ ਤੁਹਾਡੇ ਮੂਹਰੇ ਅੱÎÎਡਿਆ ਜਾਏ ਤਾਂ ਕੱਟ ਕੇ ਆਪਣੇ ਅਸੂਲਾਂ ਦੇ ਅਜਾਇਬ ਘਰ ਵਿਚ ਸਜਾ ਲੈਣਾ ਤਾਂਕਿ ਕਹਿ ਸਕੋ ਕਿ ਗਿਆਰ੍ਹਵੇਂ ਸਾਲ, ਤੁਸੀਂ ਨੰਬਰ ਨਹੀਂ ਹੱਥ ਹੀ ਕੱਟ ਲਿਆ ਸੀ...। ਗਿਆਨ-ਵਿਖਿਆਨ ਦੇ ਖੇਤਰ ਦੇ ਬੇਤਾਜ ਬਾਦਸ਼ਾਹ, ਤੁਸੀਂ ਆਪਣੇ ਜੀਵਨ ਦੇ ਪੰਤਾਲੀ ਪਤਝੜ ਵੇਖ ਚੁੱਕੇ ਹੋ। ਆਪਣੇ ਏਨੇ ਲੰਮੇ ਤਜ਼ਰਬੇ ਤੋਂ ਤੁਸੀਂ ਮੇਰੇ ਇਸ ਖ਼ਤ ਜਾਂ ਅੱਗੇ ਤੋਂ ਲਿਖੇ ਕਿਸੇ ਵੀ ਖ਼ਤ ਦੀ ਲਿਖਾਵਟ ਦਾ ਕੋਈ ਆਪਸੀ ਮੇਲ ਬਿਠਾਅ ਸਕੋਂ ਤਾਂ ਮੰਨ ਜਾਵਾਂ। ਤੁਸੀਂ ਇੰਜ ਕਰ ਹੀ ਨਹੀਂ ਸਕਦੇ। ਮੈਨੂੰ ਤੁਹਾਡੀ ਇਕ ਹੋਰ ਆਦਤ ਦਾ ਵੀ ਪਤਾ ਹੈ...ਜੇ ਤੁਸੀਂ ਖ਼ਤ ਖੋਹਲ ਲਵੋ ਤਾਂ ਪੜ੍ਹਦੇ ਜ਼ਰੂਰ ਹੋ।
ਤੁਸੀਂ ਠੀਕ ਹੀ ਸਮਝਿਆ ਹੈ...ਜ਼ਿੰਦਗੀ ਦੇ ਪੰਤਾਲੀ 'ਪਤਝੜ' ਮੈਂ ਵਿਅੰਗ ਵਜੋਂ ਹੀ ਲਿਖਿਆ ਸੀ। ਉਂਜ ਐਮ.ਏ. ਭਾਗ ਪਹਿਲਾ ਦੀ ਇਹ ਵਿਦਿਆਰਥਣ ਏਨਾ ਤਾਂ ਜਾਣਦੀ ਹੀ ਹੈ ਕਿ ਮਹਾਵਰਾ 'ਬਹਾਰ' ਦਾ ਹੁੰਦਾ ਹੈ। ਪਰ ਤੁਹਾਡਾ ਇਹ ਆਖਣਾ...'ਵਿਅੰਗ ਦਾ ਇਹ ਘਟੀਆ ਤਰੀਕਾ 'ਚੰਦ ਉੱਤੇ ਥੁੱਕਣ ਵਾਲੀ ਗੱਲ ਹੈ।', ਬਿਲਕੁਲ ਫੱÎਬਿਆ ਨਹੀਂ...ਇੰਜ ਲੱਗਾ ਜਿਵੇਂ ਇਹ ਮੁਹਾਵਰਾ ਕਿਸੇ ਸਹੇਲੀ ਜਾਂ ਸਾਥੀ ਵਿਦਿਆਰਥੀ ਨੇ ਵਰਤਿਆ ਹੋਏ। ਸਰ, ਪ੍ਰੋਫੈਸਰ ਅਤੇ ਸਟੂਡੈਂਟ ਵਿਚ ਮਾੜਾ-ਮੋਟਾ ਫਰਕ ਤਾਂ ਹੋਣਾ ਚਾਹੀਦਾ ਏ।...ਜਿਸ ਬੰਦੇ ਨੇ ਪੱਚੀ ਸਾਲ ਬਹਾਰ ਦਾ ਮੂੰਹ ਨਾ ਵੇਖਿਆ ਹੋਏ ਤੇ ਉਹੀ ਹੋਰਾਂ ਨੂੰ ਬਹਾਰਾਂ ਬਾਰੇ ਸਮਝਾਉਣ ਲੱਗ ਪਏ ਤਾਂ ਸਰੋਤਿਆਂ ਦਾ ਕੀ ਹਾਲ ਹੋਏਗਾ ਭਲਾ  ? 'ਬਹਾਰ' ਦੇ ਸ਼ਬਦੀ ਅਰਥ ਭਾਵੇਂ ਕੁਝ ਵੀ ਹੋਣ...ਪਰ ਮੇਰੀ ਨਜ਼ਰ ਵਿਚ ਹਰਿਆਲੀ ਤੇ ਵੇਲ-ਬੂਟੇ, ਮੀਂਹ ਤੇ ਧਰਤੀ, ਹਵਾ ਤੇ ਸਰਸਰਾਹਟ ਹੀ ਹੈ। ਕਿਸੇ ਤਪਦੇ ਰੇਗਿਸਤਾਨ ਵਿਚ ਜੇ ਕੋਈ ਬੂਟਾ ਆਪਣੇ ਆਪ ਨੂੰ ਕਚਨਾਰ ਸਮਝ ਬੈਠੇ ਤਾਂ ਕੀ ਫਾਇਦਾ ?
ਪ੍ਰੋਫੈਸਰ ਨੇ ਖ਼ਤ ਪੜ੍ਹ ਕੇ ਸਿਰ ਉੱਤੇ ਹੱਥ ਫੇਰਦਿਆਂ ਸੋਚਿਆ...'ਇਹ ਕੁੜੀ, ਕੌਣ ਹੋ ਸਕਦੀ ਏ ?' ਉਹਨਾਂ ਦੇ ਤਜ਼ਰਬੇ ਨੇ ਇਕ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਲਿਖਾਵਟ ਭਾਵੇਂ ਬਦਲੀ ਹੋਈ ਹੈ ਪਰ ਹੈ ਕਿਸੇ ਕੁੜੀ ਦੀ ਹੀ। ਉਹ ਕੌਣ ਹੋ ਸਕਦੀ ਹੈ ? ਸੁਸ਼ਮਾਂ : ਬੜੀ ਬੇਸ਼ਰਮ ਏਂ, ਮੇਰੇ ਵੱਲ ਘੂਰ ਘੂਰ ਕੇ ਵਿਹੰਦੀ ਰਹਿੰਦੀ ਏ। ਨਕਹਤ : ਉਸ ਬਾਰੇ ਤਾਂ ਸੁਣਨ ਵਿਚ ਆਉਂਦਾ ਏ ਕਿ ਉਹ ਕਲੀਮ ਨਾਲ...। ਮਹੇਸ਼ : ਉਹ ਘੁੱਨੀਂ ਜਿਹੀ, ਕਿਸੇ ਰਬੜ ਦੀ ਗੁੱਡੀ ਵਰਗੀ ਸੰਗਾਲੂ ਕੁੜੀ ਤਾਂ ਸ਼ੋ-ਕੇਸ ਵਿਚ ਸਜਾ ਕੇ ਰੱਖਣ ਵਾਲੀ ਏ। ਨਹੀਂ, ਉਹ ਨਹੀਂ ਹੋ ਸਕਦੀ। ਫਰੀਦਾ : ਹਾਂ ਇਹ ਰਤਾ ਚਲਾਕ ਏ, ਵਾਰੀ ਵਾਰੀ ਉਲਟੇ-ਪੁਲਟੇ ਸਵਾਲ ਪੁੱਛਦੀ ਰਹਿੰਦੀ ਏ। ਅਚਾਨਕ ਕਦੀ ਨਜ਼ਰ ਮਿਲ ਜਾਏ ਤਾਂ ਮੁਸਕਰਾਉਣ ਲੱਗ ਪੈਂਦੀ ਏ। ਨਾਜੀ...ਨਸ਼ਾਤ...ਆਂਚਲ...ਸੁਭਾ...ਸਫ਼ੀਆ...ਕਿਹੜੀ ਹੋਈ ? ਛੱਡੇ ਜੀ ਮੈਂ ਵੀ ਕਿੱਧਰ ਉਲਝ ਗਿਆਂ, ਧਿਆਨ ਹੀ ਨਾ ਦਿਆਂ, ਆਪੇ ਸਮੁੰਦਰ ਦੀ ਝੱਗ ਵਾਂਗ ਬੈਠ ਜਾਏਗੀ। ਪਰ...ਹੋਈ ਕਿਹੜੀ ?
ਸਰ, ਕੱਲ੍ਹ ਕਲਾਸ ਵਿਚ ਤੁਹਾਡੀਆਂ ਨਜ਼ਰਾਂ ਕਿਸੇ ਨੂੰ ਲੱਭ ਰਹੀਆਂ ਸਨ...ਸ਼ਾਇਦ ਖ਼ਤ ਲਿਖਣ ਵਾਲੀ ਨੂੰ। ਪਰ ਮੈਂ ਸੰਤੁਸ਼ਟ ਹਾਂ ਕਿਉਂਕਿ 'ਜੋਤਸ਼' ਤੁਹਾਡਾ ਵਿਸ਼ਾ ਨਹੀਂ। ਇਹ ਤਾਂ ਅਹਿਸਾਸ ਤੇ ਅਨੁਭਵ ਦੀਆਂ ਬਾਤਾਂ ਨੇ ਤੇ ਜਿਹੜਾ ਬੰਦਾ ਏਸ ਪੱਖੋਂ ਕੋਰਾ ਹੋਵੇ...ਖ਼ੈਰ ਸਰ, ਇਹ ਤਾਂ ਦੱਸੋ ਕਿ ਜਿਸ ਨੇ ਆਪਣੇ ਚੌਹੀਂ-ਪਾਸੀਂ ਇਕੱਲ ਰੂਪੀ ਲਛਮਣ ਰੇਖਾ ਖਿੱਚੀ ਹੋਈ ਹੋਵੇ, ਉਹ ਕਿਵੇਂ ਜਾਣ ਸਕਦਾ ਹੈ ਕਿ ਚਿਹਰੇ ਵੀ ਬੋਲਦੇ ਨੇ ਤੇ ਚੁੱਪ ਵਿਚ  ਕੁਰਲਾਹਟ ਵੀ ਹੁੰਦੀ ਏ। ਬਾਹਰੀ ਦੁਨੀਆਂ ਵਿਚ ਦੁੱਖ-ਦਰਦ, ਦਿਲ-ਮੁਹੱਬਤ ਤੇ ਚਾਹਤ ਵਰਗੀਆਂ ਚੀਜ਼ਾਂ ਵੀ ਹੁੰਦੀਆਂ ਨੇ। ਮੈਂ ਤੁਹਾਡੀ ਸੀਮਿਤ ਜ਼ਿੰਦਗੀ ਵਿਚ ਕੋਈ ਝਰੋਖਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ। ਕਿਸੇ ਦੇ ਗੁੱਝੇ ਭੇਤ ਜਾਣਨਾ ਮੇਰੀ 'ਹਾਬੀ' ਹੈ।
ਪ੍ਰੋਫੈਸਰ ਤੁਹਾਡੀ ਬੀਤੀ ਹੋਈ ਜ਼ਿੰਦਗੀ ਦੇ ਕੁਝ ਪੰਨੇ ਪੜ੍ਹਨ ਦਾ ਮੌਕਾ ਮਿਲਿਆ...ਇਕ ਰਵਾਇਤੀ ਕਹਾਣੀ ਹੈ। ਤੁਹਾਡਾ ਮਾਮਲਾ ਵੀ ਦੁਨੀਆਂ ਦੇ ਹੋਰ ਆਸ਼ਕ-ਮਾਸ਼ੂਕੀ ਦੇ ਮਾਮਲਿਆਂ ਨਾਲੋਂ ਬਹੁਤਾ ਵੱਖਰਾ ਨਹੀਂ। ਬਸ ਥੋੜ੍ਹਾ ਜਿਹਾ ਫਰਕ ਹੈ।...ਤੁਹਾਡੇ ਆਦਰਸ਼ ਨੇ ਤੁਹਾਡੀ ਖਾਤਰ ਜਾਨ ਦੇ ਦਿੱਤੀ...ਆਪਣੇ ਬਾਪ ਦੀ ਖ਼ਾਨਦਾਨੀ ਨੱਕ ਹੇਠ, ਪਵਿੱਤਰਤਾ ਚੁੱਪਚਾਪ ਕਤਲ ਹੋ ਗਈ।...ਤੇ ਕਹਾਣੀ ਮੁੱਕ ਗਈ। ਸਰ, ਇਕ ਸੱਚੀ ਗੱਲ ਆਖਣ ਦਾ ਹੌਸਲਾ ਕਰ ਰਹੀ ਹਾਂ...ਤੁਹਾਡੇ ਜਿਉਣ ਦਾ ਕੋਈ ਹੱਜ ਹੈ ? ਏਸ ਮਹਾਨ ਕੁਰਬਾਨੀ ਪਿੱਛੋਂ ਤੁਹਾਨੂੰ ਵੀ ਮਰ ਜਾਣਾ ਚਾਹੀਦਾ ਸੀ, ਜਾਂ ਫੇਰ ਪਾਗਲ ਹੀ ਹੋ ਜਾਂਦੇ। ਆਪਣੇ ਆਪ ਨੂੰ ਕਿਸੇ ਖਾਸ ਹੱਦਬੰਦੀ ਵਿਚ ਰੱਖ ਕੇ ਮਸ਼ੀਨੀ ਜੀਵਨ ਜਿਉਣਾ...ਸਭ ਦਿਖਾਵੇ ਦੀਆਂ ਗੱਲਾਂ ਨੇ। ਇਹਨਾਂ ਨਾਲ ਕੀ ਫਰਕ ਪੈਂਦਾ ਹੈ ? ਤੁਸੀਂ ਜਿਊਂ ਤਾਂ ਰਹੇ ਹੋ ਨਾ ? ਇਉਂ ਆਪਣੀ ਸ਼ਖਸੀਅਤ ਨੂੰ ਲਾਪ੍ਰਵਾਹੀ ਦੀ ਸੂਲੀ ਉੱਤੇ ਲਟਕਾਅ ਕੇ ਜਾਂ ਆਪਣੇ ਆਪ ਨੂੰ ਥੁੜਾਂ ਵਿਚ ਰੱਖ ਕੇ, ਕੀ ਤੁਸੀਂ ਸਮਝਦੇ ਹੋ ਕਿ ਓਸ ਮਹਾਨ ਕੁਰਬਾਨੀ ਦਾ ਲਗਾਨ ਦੇ ਰਹੇ ਹੋ ?...ਜਾਂ ਆਪਣੀ ਜਵਾਨੀ ਨੂੰ ਬੇਅਸੂਲੀ ਖ਼ਾਨਕਾਹ ਵਿਚ ਸਜਾ ਕੇ ਓਸ ਅਲ੍ਹੜ ਜਵਾਨ ਰੂਹ ਨੂੰ ਸ਼ਰਧਾਂਜਲੀ ਅਰਪਤ ਕਰ ਰਹੇ ਹੋ ? ਇਹ ਫਾਲਤੂ ਗੱਲਾਂ ਨੇ...ਕੋਰੀ ਬਕਵਾਸ। ਜਵਾਨੀ ਲੁਟਾਅ ਦਿੱਤੀ ਹੈ ਤਾਂ ਬੜਾ ਤੀਰ ਮਾਰਿਆ ਹੈ। ਜਨਾਬ ਪਿਆਰ ਵਿਚ ਤਾਂ ਦੀਨ-ਇਮਾਨ ਲੁਟਾਏ ਜਾਂਦੇ ਨੇ। ਜਵਾਨੀ ਲੁਟਾਅ ਦਿਓਗੇ, ਬੁੱਢੇ ਹੋ ਜਾਓਗੇ। ਪਰ ਜਿਉਂਦੇ ਤਾਂ ਫੇਰ ਵੀ ਰਹੋਗੇ ਨਾ...ਭਾਵੇਂ ਆਪਦੇ ਸਰੀਰ ਰੂਪੀ ਮਕਬਰੇ ਵਿਚ ਹੀ ਸਹੀ। ਜਿਉਂਦੇ ਬੰਦੇ ਦੀ ਕਹਾਣੀ, ਕਹਾਣੀ ਨਹੀਂ ਹੁੰਦੀ...ਅਸਲ ਕਹਾਣੀ ਤਾਂ ਮੌਤ ਤੋਂ ਪਿੱਛੋਂ ਸ਼ੁਰੂ ਹੁੰਦੀ ਏ। ਇੰਜ ਕਰਨਾ ਹੀ ਹੈ ਤਾਂ ਆਪਣੇ ਆਪ ਨੂੰ ਦੇਹ ਦੇ ਮਕਬਰੇ ਵਿਚ ਹੀ ਨਹੀਂ, ਜਾਂ ਲੋੜਾਂ ਤੇ ਥੁੜਾਂ ਦੀ ਕਤਲਗਾਹ ਵਿਚ ਹੀ ਨਹੀਂ, ਸਗੋਂ ਪਿਆਰ ਤੇ ਬਿਰਹਾ ਦੀ ਕਬਰ ਵਿਚ ਜਾ ਕੇ ਵੇਖੋ...ਸ਼ਾਂਤੀ ਹੀ ਸ਼ਾਂਤੀ ਮਿਲੇਗੀ। ਪਰ ਇੰਜ ਕਰਨ ਲਈ ਹਿੰਮਤ, ਹੌਸਲੇ ਤੇ ਦਿਲ-ਗੁਰਦੇ ਦੀ ਲੋੜ ਹੁੰਦੀ ਹੈ...ਨਦੀਮ ਸਾਹਬ ! ਤੇਰੀ ਰਾਏ ਏ  ਿਹੁਣ ਤੁਸੀਂ ਏਸ ਕਵਚ ਨੂੰ ਲਾਹ ਦਿਓ।
ਸਰ, ਤੁਸੀਂ ਪ੍ਰੇਸ਼ਾਨ ਜਿਹੇ ਰਹਿਣ ਲੱਗ ਪਏ ਹੋ। ਮੈਂ ਸ਼ਰਮਿੰਦਾ ਹਾਂ ਕਿਉਂਕਿ ਮੇਰੇ ਖ਼ਤਾਂ ਦੀ ਸੱਚਾਈ ਨੇ ਤੁਹਾਨੂੰ ਤੜਫਾ ਤੇ ਉਲਝ ਦਿੱਤਾ ਹੈ। ਏਸੇ ਕਰਕੇ ਤੁਸੀਂ ਕਲਾਸ ਨਹੀਂ ਲਈ। ਮੈਂ ਵਚਨ ਦੇਂਦੀ ਹਾਂ ਕਿ ਅੱਗੇ ਤੋਂ ਖ਼ਤ ਨਹੀਂ ਲਿਖਾਂਗੀ। ਤੁਸੀਂ ਆਪਣੀ ਮਰਜ਼ੀ ਮੁਤਾਬਿਕ ਜ਼ਿੰਦਗੀ ਜਿਉਣ ਦੇ ਆਦੀ ਹੋ ਚੁੱਕੇ ਹੋ। ਮੈਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ...ਬਸ ਹਮਦਰਦੀ ਹੈ।

ਤੁਹਾਡੇ ਨਾਲ ਵਾਅਦਾ ਕੀਤਾ ਸੀ...ਅੱਗੇ ਤੋਂ ਖ਼ਤ ਨਹੀਂ ਲਿਖਾਂਗੀ...ਪਰ ਤੁਹਾਡੇ ਭੋਲੇ-ਭਾਲੇ ਵਾਕਾਂ ਨੇ ਕਿ ਕਦੀ ਕਦੀ ਆਦਮੀ ਨੂੰ ਕਿਸੇ ਚੀਜ ਦੀ ਆਦਤ ਜਿਹੀ ਹੋ ਜਾਂਦੀ ਹੈ, ਉਹ ਨਾ ਮਿਲੇ ਤਾਂ ਥੁੜ ਮਹਿਸੂਸ ਹੁੰਦੀ ਹੈ...ਜਿਵੇਂ ਸਿਗਰੇਟ ਦੀ, ਸਵੇਰ ਦੀ ਸੈਰ ਦੀ, ਇੱਥੋਂ ਕਿ ਕਿਸੇ ਖਾਸ ਆਦਮੀ ਨਾਲ ਗੱਪਾਂ ਮਾਰਨ ਜਾਂ ਕੋਈ ਚਿੱਠੀ-ਪੱਤਰ ਪੜ੍ਹਨ ਦੀ ਆਦਤ। ਮੇਰੀਆਂ ਉਂਗਲਾਂ ਦੀ ਫੜਕਣ ਨੇ ਮੈਨੂੰ ਕਜ਼ਬੂਰ ਕਰ ਦਿੱਤਾ।
ਸਰ, ਮੇਰੀ ਇਕ ਛੋਟੀ ਜਿਹੀ ਇੱਛਾ ਏ ਕਿ ਤੁਸੀਂ ਕਲਾਸ ਵਿਚ ਆਪਣੇ ਵਾਲ ਵਾਹ ਕੇ ਰਤਾ ਬਣ-ਠਣ ਕੇ ਆਇਆ ਕਰੋ।
ਨਹੀਂ ਮੈਂ ਗਲਤ ਹੀ ਲਿਖ ਦਿੱਤਾ ਸੀ। ਹੁਣ ਧਿਆਨ ਦਿੱਤਾ ਏ ਕਿ ਮੈਨੂੰ ਤੁਹਾਡੇ ਖੁਸ਼ਕ ਤੇ ਉਲਝੇ ਹੋਏ ਵਾਲ ਹੀ ਚੰਗੇ ਲੱਗਦੇ ਨੇ। ਚੰਗਾ ਹੀ ਹੋਇਆ ਕਿ ਤੁਸੀਂ ਮੇਰੀ ਇੱਛਾ ਨੂੰ ਕੋਈ ਮਹੱਤਵ ਨਹੀਂ ਦਿੱਤਾ। ਸਰ, ਤੁਸੀਂ ਸੈਂਟ ਕਿਹੜਾ ਵਰਤਦੇ ਹੋ ? ਜਦੋਂ ਮੈਂ ਤੁਹਾਡੇ ਕੋਲੋਂ ਲੰਘਦੀ ਹਾਂ ਤਾਂ ਪਲ-ਛਿਨ ਲਈ ਇਕ ਖੁਸ਼ਬੂ ਜਿਹੀ ਮਹਿਸੂਸ ਹੁੰਦੀ ਹੈ। ਜੇ ਤੁਹਾਡੇ ਕੋਲ ਰੁਕ ਜਾਵਾਂ ਤਾਂ ਅਲੋਪ ਹੋ ਜਾਂਦੀ ਹੈ। ਮੇਰਾ ਜੀਅ ਕਰਦਾ ਹੈ ਕਿ ਓਸ ਪਲ-ਛਿਨ ਦੀ ਖੁਸ਼ਬੂ ਲਈ ਵਾਰੀ ਵਾਰੀ ਤੁਹਾਡੇ ਨੇੜਿਓਂ ਲੰਘਾਂ। ਕਈ ਵਾਰੀ ਇੰਜ ਕੀਤਾ ਵੀ ਹੈ। ਉਂਜ ਹੀ ਲਿਖ ਦਿੱਤਾ ਹੈ ਕੋਈ ਡੂੰਘਾ ਅਰਥ ਨਾ ਕੱਢ ਬਹਿਣਾ ਕਿਧਰੇ। ਤੁਸੀਂ ਟਾਈ ਕਿਉਂ ਨਹੀਂ ਲਾਉਂਦੇ ?
ਇਹ ਵੀ ਚੰਗਾ ਹੀ ਹੋਇਆ ਕਿ ਤੁਸੀਂ ਟਾਈ ਨਹੀਂ ਲਾਈ। ਦਰਅਸਲ ਅਜੇ ਮੈਂ ਆਪ ਵੀ ਸ਼ਸ਼ੋਪੰਜ ਵਿਚ ਪਈ ਹੋਈ ਹਾਂ ਕਿ ਮੈਨੂੰ ਤੁਹਾਡੇ ਕਿਹੜੀ ਚੀਜ ਪਾਈ ਚੰਗੀ ਲੱਗੇਗੀ ? ਟਾਈ ਲਾ ਕੇ ਤਾਂ ਆਦਮੀ ਦੀ ਉਰਿਜਨੈਲਟੀ ਹੀ ਖਤਮ ਹੋ ਜਾਂਦੀ ਹੈ। ਮੈਨੂੰ ਕਢਾਈ ਵਾਲਾ ਕੁਰਤਾ ਪਾਜਾਮਾ ਸੋਹਣਾ ਲੱਗਦਾ ਹੈ...ਨਹੀਂ, ਨਹੀਂ...ਸਫੈਦ ਚਮਕੀਲੀ ਪੈਂਟ-ਸ਼ਰਟ...ਇਹ ਵੀ ਨਹੀਂ। ਸਰ, ਬਸ ਤੁਸੀਂ ਜਿਹੜਾ ਗਰੇ ਕਲਰ ਦਾ ਸੂਟ ਅਤੇ ਗਲੇ ਵਿਚ ਲਾਲ ਮਫ਼ਲਰ ਬੰਨ੍ਹਦੇ ਹੋ ਨਾ, ਉਹੀ ਜਚਦਾ ਏ। ਤੁਸੀਂ ਮੁਸਕਰਾ ਰਹੇ ਹੋ, ਬਸ ਏਸੇ ਮੁਸਕਰਾਹਟ ਨੂੰ ਜੀਵਨ ਦਾ ਅੰਗ ਬਣਾ ਲਵੋ।
ਤੁਹਾਡੇ ਕਾਲੇ ਬੂਟਾਂ ਦੀ ਪਾਲਿਸ਼ ਫਿੱਟ ਗਈ ਏ। ਅੱਜ ਤੁਹਾਡੇ ਸੱਜੇ ਹੱਥ ਦੀ ਤੀਸਰੀ ਉਂਗਲ ਉਪਰ ਪੱਟੀ ਕਿਉਂ ਬੱਝੀ ਸੀ ? ਸ਼ੇਵ ਕਰਨ ਲੱÎਗਿਆਂ ਬਲੇਡ ਵੱਜ ਗਿਆ ਹੋਏਗਾ...ਘੱਟੋਘਟ ਸ਼ੇਵ ਤਾਂ...।
ਸਰ...ਕੁਝ ਪਤਾ ਏ ਤੁਹਾਨੂੰ...ਲਾਈਟ ਗਰੀਨ ਸ਼ਰਟ ਦੇ ਉਪਰਲੇ ਤਿੰਨ ਅਲੋਪ ਹੋ ਚੁੱਕੇ ਨੇ।
ਅੱਜ ਪਤਾ ਨਹੀਂ ਕਿਉਂ ਮਨ ਨੂੰ ਤਲਖੀ ਲੱਗੀ ਹੋਈ ਏ। ਚਾਰ ਦਿਨ ਬਾਅਦ ਕਾਲਜ, ਪੰਦਰਾਂ ਦਿਨਾਂ ਲਈ ਬੰਦ ਹੋ ਜਾਣੇ ਨੇ। ਮੈਂ ਸੋਚ ਰਹੀ ਹਾਂ...ਇਹ...ਪੰਦਰਾਂ ਦਿਨ...ਉਫ਼ ! ਮੈਨੂੰ ਕੀ ਹੋ ਗਿਆ ਸੀ? ਦੋ ਦਿਨ ਲਾਈਨਾ ਵਿਚ ਫੇਰ ਲਕੀਰਾਂ ਹੀ ਮਾਰ ਦਿੱਤੀਆਂ ਨੇ। ਰੱਬ ਦੀ ਸੌਂਹ ਇੰਜ ਅਣਜਾਣੇ ਵਿਚ ਹੀ ਹੋ ਗਿਆ ਏ, ਬਿਲਕੁਲ ਅਚਣਚੇਤ...ਪਤਾ ਨਹੀਂ ਕਿਉਂ ?
ਨਦੀਮ...ਪ੍ਰੋਫੈਸਰ...ਮੇਰਾ ਪ੍ਰੋਫੈਸਰ...ਫਾਰੂਕੀ...ਖ਼ਤ...ਉਫ਼ ! ਸਰ, ਇਹ ਖ਼ਤ...ਕੀ ਹੋ ਗਿਆ ਏ ਮੈਨੂੰ ? ਲਿਖਣ ਲੱÎਗਿਆਂ ਦਿਮਾਗ ਵਿਚ 'ਸ਼ਾਂ-ਸ਼ਾਂ' ਹੋਣ ਲੱਗ ਪੈਂਦੀ ਏ...ਮਾਨਸਿਕ ਤਣਾਅ ਵਧ ਗਿਆ...ਏਸ ਲਈ ਕੱਲ੍ਹ ਕਾਲਜ ਵੀ ਨਹੀਂ ਆ ਸਕੀ।
ਪ੍ਰੋਫੈਸਰ ਨਦੀਮ ਫਾਰੂਕੀ ਨੇ ਇਹ ਟੁੱਟੇ-ਫੁੱਟੇ ਵਾਕ ਪੜ੍ਹੇ। ਉਹਨਾਂ ਦੇ ਮੱਥੇ ਉੱਤੇ ਦੋ ਵਾਰ ਤਿਉੜੀਆਂ ਪਈਆਂ ਤੇ ਅਲੋਪ ਹੋ ਗਈਆਂ।  ਫੇਰ ਉਹਨਾਂ ਹਾਜ਼ਰੀ ਰਜਿਸਟਰ ਚੁੱਕ ਕੇ ਵੇਖਿਆ ਕਿ ਕੱਲ੍ਹ ਕੌਣ ਕੌਣ ਗੈਰਹਾਜ਼ਰ ਸੀ। ਬੁੱਲ੍ਹਾਂ ਉੱਤੇ ਮੁਸਕਾਨ ਖਿੱਲਰ ਗਈ ਤੇ ਫੇਰ ਉਹ ਸ਼ਾਂਤ ਹੋ ਗਏ। ਉਹਨਾਂ ਸੋਚਿਆ ਕੱਲ੍ਹ ਕਹਿ ਦਿਆਂਗਾ ਖ਼ਤ ਦੇ ਨਾਲ ਨਾਲ ਲਿਖਣ ਵਾਲੀ ਦੀ ਆਦਮ ਪਾਉਣ ਨੂੰ ਵੀ ਜੀਅ ਕਰਦਾ ਹੈ।
ਦੂਜੇ ਦਿਨ ਸਾਰੇ ਕਾਲਜ ਵਿਚ ਮਹੇਸ਼ ਦੇ ਪਾਗਲ ਹੋ ਜਾਣ ਦੀ ਖ਼ਬਰ ਫੈਲੀ ਹੋਈ ਸੀ। ਪ੍ਰੋਫੈਸਰ ਨਦੀਮ ਦੇ ਦਿਮਾਗ ਵਿਚ ਉਸ 'ਘੁੰਨੀਂ ਜਿਹੀ ਕਿਸੇ ਰਬੜ ਦੀ ਗੁੱਡੀ ਵਰਗੀ ਸੰਗਾਲੂ ਕੁੜੀ, ਜਿਹੜੀ ਕਿਸੇ ਸ਼ੋ-ਕੇਸ ਵਿਚ ਸਜਾ ਕੇ ਰੱਖਣ ਵਾਲੀ ਸੀ।'...ਮਹੇਸ਼ ਦੀ ਸ਼ਕਲ ਉਭਰ ਆਈ। ਉਹ ਸਟਾਫ ਰੂਮ ਕੇ ਸੋਫੇ ਉੱਤੇ ਜਾ ਬੈਠੇ, ਐਨਕ ਲਾਹੀ ਤੇ ਅੱਖਾਂ ਦੇ ਹੰਝੂ ਰੁਮਾਲ ਵਿਚ ਬੋਚ ਲਏ।
     ੦੦੦ ੦੦੦ ੦੦੦

Tuesday, August 3, 2010

ਨਿਤਾਣੀ...:: ਮੁਹੰਮਦ ਮੰਸ਼ਾ ਯਾਦ




ਪਾਕੀ ਉਰਦੂ ਕਹਣੀ :
ਨਿਤਾਣੀ...
ਲੇਖਕ : ਮੁਹੰਮਦ ਮੰਸ਼ਾ ਯਾਦ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਦੁਪਹਿਰ ਢਲ ਗਈ ਸੀ ਜਦੋਂ ਨੰਬਰਦਾਰ ਦੀ ਘਰਵਾਲੀ ਸਤਭਰਾਈ ਉਸਨੂੰ ਆਪਣੇ ਨਾਲ ਲੈ ਕੇ ਉਸਦੇ ਘਰ ਛੱਡ ਆਉਣ ਲਈ ਨਿਕਲੀ ਸੀ—
ਉਹ ਮੇਲੇ ਵਿਚ ਲੁੱਟ ਲਏ ਜਾਣ ਵਾਲੇ ਤੇ ਖ਼ਾਲੀ ਹੱਥ ਘਰ ਵਾਪਸ ਆਉਣ ਵਾਲੇ ਬੱਚੇ ਵਾਂਗ ਨੀਵੀਂ ਪਾਈ, ਗੁੰਮਸੁੰਮ ਜਿਹੀ ਸਤਭਰਾਈ ਦੇ ਪਿੱਛੇ-ਪਿੱਛੇ ਤੁਰ ਰਹੀ ਸੀ। ਉਹ ਉਸਨੂੰ ਵਾਰੀ-ਵਾਰੀ ਤਸੱਲੀਆਂ ਦੇ ਰਹੀ ਸੀ ਪਰ ਉਹ ਸੁੱਕੇ-ਪੱਤੇ ਵਾਂਗ ਕੰਬ ਰਹੀ ਸੀ। ਉਹ ਚਿਹਰਾ ਜਿਸ ਉੱਤੇ ਗ਼ੁਲਾਬ ਟਹਿਕਦੇ ਤੇ ਕਲੀਆਂ ਝੁੰਮਦੀਆਂ ਸਨ, ਹਲਦੀ ਵਾਂਗ ਪੀਲਾ ਹੋਇਆ-ਹੋਇਆ ਸੀ। ਉਸਨੇ ਚਾਦਰ ਨਾਲ ਸਾਰਾ ਸਰੀਰ ਤੇ ਮੂੰਹ ਸਿਰ-ਲਪੇਟਿਆ ਹੋਇਆ ਸੀ ਪਰ ਉਸਨੂੰ ਆਪਣੇ ਨੰਗੇਪਣ ਦਾ ਅਹਿਸਾਸ ਖਾਈ ਜਾ ਰਿਹਾ ਸੀ। ਪਿੰਡ ਦੀਆਂ ਤੀਵੀਂਆਂ ਤੇ ਮੁੰਡੇ-ਖੁੰਡੇ ਉਸਨੂੰ ਇੰਜ ਰੁਕ-ਰੁਕ ਕੇ ਦੇਖ ਰਹੇ ਸਨ ਜਿਵੇਂ ਉਹ ਮਦਾਰੀ ਦੇ ਪਿੱਛੇ-ਪਿੱਛੇ ਤੁਰ ਰਹੀ ਬਾਂਦਰੀ ਹੋਵੇ ਤੇ ਹੁਣੇ ਕਿਸੇ ਮੋੜ 'ਤੇ ਰੁਕ ਕੇ ਖੇਡਾ ਪਾਉਣ ਵਾਲੀ ਹੋਵੇ—
'ਕਾਸ਼! ਉਹ ਉਸਨੂੰ ਰਾਤ ਦੇ ਹਨੇਰੇ ਵਿਚ ਲੈ ਕੇ ਆਉਂਦੀ।' ਉਸਨੇ ਦੁਖੀ ਮਨ ਨਾਲ ਸੋਚਿਆ। ਪਰ ਹੁਣ ਸਾਰੇ ਫੈਸਲੇ ਦੂਜਿਆਂ ਦੇ ਹੱਥ ਸਨ। ਆਪਣਾ ਫੈਸਲਾ ਗ਼ਲਤ ਸਾਬਤ ਹੋ ਜਾਵੇ ਤਾਂ ਅਗਲੇ ਫੈਸਲਿਆਂ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈ।
ਉਸਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਪੈਰ ਲੜਖੜਾ ਰਹੇ ਸਨ—ਜਿਵੇਂ ਉਹ ਆਪਣੇ ਘਰ ਨਾ ਜਾ ਰਹੀ ਹੋਵੇ ਬਲਿਕ ਫਾਂਸੀ ਦੇ ਤਖ਼ਤੇ ਵੱਲ ਤੁਰੀ ਜਾ ਰਹੀ ਹੋਵੇ। ਨੰਬਰਦਾਰ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਉਸਨੂੰ ਲਿਆਉਣ ਵੇਲੇ ਯਕੀਨ ਦਿਵਾਇਆ ਸੀ ਕਿ ਉਸਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਉਹ ਆਪਣੇ ਘਰਵਾਲਿਆਂ ਨੂੰ ਜਾਣਦੀ ਸੀ ਕਿ ਜੇ ਉਹ ਕਿਸੇ ਤਰ੍ਹਾਂ ਜਿਊਂਦੀ ਬਚ ਗਈ ਤਾਂ ਉਸਦਾ ਜਿਊਂਣਾ ਮੌਤ ਨਾਲੋਂ ਬਦਤਰ ਹੋਵੇਗਾ, ਉਹ ਉਸਦੇ ਹੱਥ ਪੈਰ ਜ਼ਰੂਰ ਤੋੜ ਦੇਣਗੇ ਤੇ ਉਹ ਕਈ ਦਿਨਾਂ ਤੀਕ ਜਖ਼ਮਾਂ ਦੀ ਪੀੜ ਨਾਲ ਕਰਾਹੁੰਦੀ ਰਹੇਗੀ।
ਸਤਭਰਾਈ ਉਸਦੇ ਅੱਗੇ-ਅੱਗੇ ਉਸਦੇ ਘਰ ਵਿਚ ਇੰਜ ਵੜੀ ਜਿਵੇਂ ਜੇਤੂ ਫੌਜ ਦਾ ਜਰਨੈਲ ਫਤਿਹ ਕੀਤੀ ਸਲਤਲਤ ਵਿਚ ਪ੍ਰਵੇਸ਼ ਕਰ ਰਿਹਾ ਹੋਵੇ। ਪਰ ਉੱਥੇ ਉਹਨਾਂ ਦੋਵਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਨਹੀਂ ਸੀ ਦੇਖਿਆ। ਮਾਂ ਵਰਾਂਡੇ ਵਿਚ ਮੰਜੀ ਉੱਤੇ ਬੈਠੀ ਚੌਲ ਸਾਫ ਕਰ ਰਹੀ ਸੀ, ਉਹ ਉਸੇ ਤਰ੍ਹਾਂ ਚੁੱਪਚਾਪ ਬੈਠੀ ਚੌਲ ਚੁਗਦੀ ਰਹੀ। ਛੋਟਾ ਭਰਾ ਲੱਕੜਾਂ ਪਾੜ ਰਿਹਾ ਸੀ, ਉਹ ਓਵੇਂ ਹੀ ਲੱਕੜਾਂ ਪਾੜਦਾ ਰਿਹਾ। ਵੱਡਾ ਇਕ ਕੋਨੇ ਵਿਚ ਪਈ ਮੰਜੀ ਦੀ ਦੌਣ ਕਸ ਰਿਹਾ ਸੀ, ਉਹ ਵੀ ਆਪਣੇ ਕੰਮ ਵਿਚ ਰੁੱਝਿਆ ਰਿਹਾ। ਸਿਰਫ ਭਾਬੀ ਨੇ ਉਸ ਵੱਲ ਇਕ ਨਜ਼ਰੇ ਦੇਖਿਆ ਸੀ ਪਰ ਇੰਜ ਜਿਵੇਂ ਘਰੇ ਵੜ ਆਏ ਕਿਸੇ ਕੁੱਤੇ-ਬਿੱਲੇ ਵੱਲ ਦੇਖਿਆ ਜਾਂਦਾ ਹੈ।...ਹਾਂ, ਉਸਨੇ ਸਤਭਰਾਈ ਨੂੰ ਬੈਠਣ ਲਈ ਸਰ ਦਾ ਮੂੜਾ ਲਿਆ ਦਿੱਤਾ ਸੀ, ਪਰ ਮੂੰਹੋਂ ਕੁਝ ਨਹੀਂ ਸੀ ਬੋਲੀ। ਸਤਭਰਾਈ ਖ਼ੁਦ ਹੀ ਵਾਰੀ-ਵਾਰੀ ਸਾਰਿਆਂ ਨੂੰ ਮਸ਼ਵਰੇ ਦੇਂਦੀ ਤੇ ਨਸੀਹਤ ਕਰਦੀ ਰਹੀ ਕਿ 'ਆਦਮੀ ਗਲਤੀਆਂ ਦਾ ਪੁਤਲਾ ਐ...ਇਸ ਉਮਰ ਵਿਚ ਅਜਿਹੀ ਗਲਤੀ ਹੋ ਈ ਜਾਂਦੀ ਆ...ਅੱਲਾ ਤਾਅਲਾ ਮੁਆਫ਼ ਕਰਨ ਵਾਲੇ ਦੇ ਇੱਜ਼ਤ-ਮਾਣ ਵਿਚ ਬੜਾ ਵਾਧਾ ਕਰਦਾ ਐ'...ਵਗ਼ੈਰਾ, ਵਗ਼ੈਰਾ।
ਉਹ ਸਿੱਧੀ ਪਿੱਛਲੇ ਕਮਰੇ ਵਿਚ ਚਲੀ ਗਈ ਤੇ ਦਰਵਾਜ਼ੇ ਨਾਲ ਲੱਗ ਕੇ ਉਸ ਜਗ੍ਹਾ ਬੈਠ ਗਈ ਜਿੱਥੋਂ ਸਾਰੇ ਨਜ਼ਰ ਆ ਰਹੇ ਸਨ—ਉਸ ਸਭ ਕੁਝ ਦੇਖਦੀ ਤੇ ਸੁਣਦੀ ਰਹਿਣਾ ਚਾਹੁੰਦੀ ਸੀ; ਉਸਨੂੰ ਡਰ ਸੀ ਕਿ ਲੱਕੜਾਂ ਪਾੜਦਾ ਹੋਇਆ ਭਰਾ ਕੁਹਾੜੇ ਸਮੇਤ ਉਸ ਕੋਲ ਆਵੇਗਾ ਤੇ ਸੁੱਕੀ ਲੱਕੜ ਵਾਂਗ ਉਸਦੇ ਟੋਟੇ-ਟੋਟੇ ਕਰ ਸੁੱਟੇਗਾ।
ਥੋੜ੍ਹੀ ਦੇਰ ਬਾਅਦ ਸਤਭਰਾਈ ਜਾਣ ਲੱਗੀ ਤਾਂ ਉਸਦੇ ਦਿਲ ਨੂੰ ਡੋਬ ਪੈਣ ਲੱਗਾ। ਉਸਨੂੰ ਲੱਗ ਰਿਹਾ ਸੀ, ਉਸਦੇ ਜਾਂਦਿਆਂ ਹੀ ਉਹ ਅੰਦਰ ਆ ਜਾਣਗੇ ਤੇ ਉਹ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭੀਖ ਵੀ ਨਹੀਂ ਮੰਗ ਸਕੇਗੀ। ਕੁਝ ਮੰਗਣ ਜਾਂ ਕੁਝ ਮੁਆਫ਼ ਕਰਵਾਉਣ ਲਈ ਲਫ਼ਜ਼ ਜ਼ਰੂਰੀ ਹੁੰਦੇ ਨੇ ਤੇ ਉਸ ਦੇ ਕੋਲ ਪਛਤਾਵੇ ਤੇ ਅਫ਼ਸੋਸ ਦੇ ਸਿਵਾਏ ਕੁਝ ਵੀ ਨਹੀਂ ਸੀ। ਪਰ ਜਦੋਂ ਸਤਭਰਾਈ ਦੇ ਜਾਣ ਤੋਂ ਕਾਫੀ ਦੇਰ ਬਾਅਦ ਵੀ ਕਿਸੇ ਨੇ ਉਸਨੂੰ ਬੁਰਾ-ਭਲਾ ਕਿਹਾ ਨਾ ਕੋਈ ਡੰਡਾ-ਝੰਡਾ ਲੈ ਕੇ ਅੰਦਰ ਆਇਆ ਤਾਂ ਉਸਨੂੰ ਹੌਲ ਪੈਣ ਲੱਗ ਪਏ...ਸ਼ਇਦ ਉਸਦਾ ਜੁਰਮ ਅਜਿਹਾ ਸੀ ਕਿ ਕਿਸੇ ਛੋਟੀ-ਮੋਟੀ ਸਜ਼ਾ ਨਾਲ ਉਸਦੀ ਮੁਆਫ਼ੀ ਸੰਭਵ ਨਹੀਂ ਸੀ।
ਸ਼ਾਮ ਹੋਣ ਵਾਲੀ ਸੀ ਵਰਿਆਮੂ ਕੁਹਾੜਾ ਇਕ ਪਾਸੇ ਸੁੱਟ ਕੇ ਦੁੱਧ ਚੋਣ ਚਲਾ ਗਿਆ। ਵੱਡਾ ਭਰਾ ਗਾਮੂ ਹੁੱਕਾ ਤਾਜ਼ਾ ਕਰਨ ਲੱਗਿਆ, ਭਾਬੀ ਨਿੱਕੀ ਸਗਰੀਆ ਨੂੰ ਗੋਦੀ ਚੁੱਕ ਕੇ ਚੁੱਲ੍ਹੇ ਕੋਲ ਜਾ ਬੈਠੀ ਤੇ ਚੌਲ ਬਣਾਉਣ ਲੱਗ ਪਈ ਤੇ ਮਾਂ ਲਾਂਅ ਤੋਂ ਸੁੱਕੇ ਕੱਪੜੇ ਲਾਹੁਣ ਲੱਗ ਪਈ। ਕੱਪੜੇ ਲੈ ਕੇ ਉਹ ਅੰਦਰ ਆਈ ਤੇ ਉਸ ਦੇ ਨੇੜਿਓਂ ਇੰਜ ਲੰਘ ਗਈ ਜਿਵੇਂ ਉਹ ਉਸਨੂੰ ਦਿਖਾਈ ਹੀ ਨਾ ਦਿੱਤੀ ਹੋਵੇ। ਮਾਂ ਨੇ ਕਿੱਲੀ ਤੋਂ ਲਾਲਟੈਨ ਲਾਹੀ ਤੇ ਉਸਨੂੰ ਬਾਲ ਕੇ ਦਰਵਾਜ਼ੇ ਦੀ ਕੁੰਡੀ ਨਾਲ ਲਮਕਾਅ ਦਿੱਤਾ। ਉਸਨੂੰ ਲਾਲਟੈਨ ਦੀ ਰੌਸ਼ਨੀ ਬੜੀ ਭੈੜੀ ਲੱਗੀ ਜਿਵੇਂ ਉਸਨੇ ਉਸਨੂੰ ਹੋਰ ਵੀ ਨੰਗਾ ਕਰ ਦਿੱਤਾ ਹੋਵੇ। ਉਸਦੇ ਵੱਸ ਵਿਚ ਹੁੰਦਾ ਤਾਂ ਉਹ ਮੱਖੀ ਬਣ ਕੇ ਕਿਸੇ ਟਰੰਕ ਪਿੱਛੇ ਬੈਠ ਜਾਂਦੀ ਜਾਂ ਕੀੜੀ ਬਣ ਕੇ ਕਿਸੇ ਦਰਜ ਵਿਚ ਵੜ ਜਾਂਦੀ।
ਛੋਟਾ ਭਰਾ ਦੁੱਧ ਵਾਲੀ ਟੋਕਨੀ ਸਿਰ 'ਤੇ ਚੁੱਕੀ ਆ ਪਹੁੰਚਿਆ ਤਾਂ ਦੋਵੇਂ ਭਰਾ ਚੁੱਲ੍ਹੇ ਕੋਲ ਬੈਠ ਕੇ ਥਾਲਾਂ ਵਿਚ ਚੌਲ ਪੁਆ ਕੇ ਖਾਣ ਲੱਗ ਪਏ। ਮਾਂ ਨਿੱਕੀ ਸਗਰੀਆ ਨੂੰ ਤੁਰ-ਫਿਰ ਕੇ, ਥਾਪੜ-ਥਾਪੜ, ਸੰਵਾਉਣ ਲੱਗੀ।
ਉਸਨੇ ਸਵੇਰ ਦਾ ਕੁਝ ਨਹੀਂ ਸੀ ਖਾਧਾ। ਖਾਣ-ਪੀਣ ਦੀ ਉਸਨੂੰ ਹੋਸ਼ ਹੀ ਕਿੱਥੇ ਸੀ। ਸਤਭਰਾਈ ਨੇ ਉਸਨੂੰ ਆਪਣੇ ਘਰ ਰੋਟੀ ਦਿੱਤੀ ਸੀ ਪਰ ਇਕ ਗਰਾਹੀ ਵੀ ਉਸਦੇ ਸੰਘੋਂ ਨਹੀਂ ਸੀ ਲੱਥੀ। ਉਹ ਖ਼ਾਲੀ ਪੇਟ ਏਨੀ ਦੂਰੋਂ ਪੈਦਲ ਤੁਰ ਕੇ ਆਈ ਸੀ, ਪਰ ਹੁਣ ਵੀ ਉਸਨੂੰ ਖਾਣ ਦੀ ਇੱਛਾ ਨਹੀਂ ਸੀ ਹੋ ਰਹੀ। ਫੇਰ ਵੀ ਜੇ ਖਾਣਾ ਖਾ ਰਹੇ ਭਰਾਵਾਂ ਵਿਚੋਂ ਕੋਈ ਉਸ ਬਾਰੇ ਪੁੱਛ ਲੈਂਦਾ ਕਿ 'ਉਸਨੇ ਕੁਝ ਖਾਧਾ ਐ ਕਿ ਨਹੀਂ' ਤਾਂ ਉਹ ਬਿਨਾਂ ਖਾਧੇ-ਪੀਤੇ ਰੱਜ ਜਾਂਦੀ। ਪਰ ਉਹਨਾਂ ਨੇ ਤਾਂ ਸ਼ਾਇਦ ਹਮੇਸ਼ਾ ਲਈ ਉਸਨੂੰ ਪਰਿਵਾਰ ਵਿਚੋਂ ਛੇਕ ਦਿੱਤਾ ਲੱਗਦਾ ਸੀ। ਪਰ ਭਾਬੀ ਨੂੰ ਅਖ਼ੀਰ ਉਸਦਾ ਧਿਆਨ ਆ ਹੀ ਗਿਆ, ਉਸਨੇ ਥਾਲੀ ਵਿਚ ਚੌਲ ਪਾਏ ਤੇ ਅੰਦਰ ਆ ਕੇ ਥਾਲੀ ਉਸਦੇ ਅੱਗੇ ਸਰਕਾ ਦਿੱਤੀ ਤੇ ਕੁਝ ਕਹੇ-ਸੁਣੇ ਬਗ਼ੈਰ ਪਰਤ ਗਈ। ਉਸਨੂੰ ਲੱਗਿਆ ਜਿਵੇਂ ਸੱਚਮੁੱਚ ਉਹ ਇਕ ਪਾਲਤੂ ਕੁੱਤੀ ਹੋਵੇ ਤੇ ਉਸਨੂੰ ਰਾਤਬ (ਪਾਲਤੂ ਜਾਨਵਰਾਂ ਦੀ ਵੱਝਵੀਂ ਖੁਰਾਕ) ਪਾ ਦਿੱਤੀ ਗਈ ਹੋਵੇ। ਉਹ ਆਪਣੇ ਹੀ ਘਰ ਵਿਚ ਬਿਗਾਨੀ ਹੋ ਗਈ ਸੀ। ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਰੋਣ ਨਿਕਲ ਹੀ ਗਿਆ। ਉਸਦੇ ਸਿਸਕਨ ਤੇ ਹਟੋਕਰੇ ਭਰਨ ਦੀ ਆਵਾਜ਼ ਸੁਣ ਕੇ ਵੀ ਕਿਸੇ ਦਾ ਹੱਥ ਨਹੀਂ ਰੁਕਿਆ ਤੇ ਨਾ ਹੀ ਕਿਸੇ ਨੇ ਉਸ ਵੱਲ ਧਿਆਨ ਹੀ ਦਿੱਤਾ। ਉਹ ਰੋ-ਧੋ ਕੇ ਆਪੇ ਚੁੱਪ ਹੋ ਗਈ। ਢਿੱਡ ਦੀ ਅੱਗ ਬੁਝਾਉਣ ਲਈ ਚੌਲਾਂ ਦੀਆਂ ਕੁਝ ਗਰਾਹੀਆਂ ਵੀ ਅੰਦਰ ਸੁੱਟ ਲਈਆਂ। ਉਸਨੂੰ ਪਿਆਸ ਲੱਗੀ ਹੋਈ ਸੀ, ਪਰ ਭਾਬੀ ਪਾਣੀ ਨਹੀਂ ਸੀ ਦੇ ਕੇ ਗਈ ਤੇ ਉਸਦਾ ਬਾਹਰ ਨਲਕੇ ਜਾਂ ਤੋੜੇ ਤੀਕ ਜਾ ਕੇ ਪਾਣੀ ਪੀ ਲੈਣ ਦਾ ਹੀਆ ਨਹੀਂ ਸੀ ਪੈ ਰਿਹਾ।
ਬਾਹਰਲਾ ਦਰਵਾਜ਼ਾ ਅਕਸਰ ਖੁੱਲ੍ਹਾ ਰਹਿੰਦਾ ਸੀ ਪਰ ਅੱਜ ਉਸਨੂੰ ਬੰਦ ਕਰ ਦਿੱਤਾ ਗਿਆ ਸੀ। ਬੰਦ ਦਰਵਾਜ਼ਾ ਦੇਖ ਕੇ ਉਸਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋਇਆ ਜਿਵੇਂ ਹਵਾ ਦਾ ਰਸਤਾ ਰੋਕ ਦਿੱਤਾ ਗਿਆ ਹੋਵੇ। ਦੋ ਇਕ ਵਾਰੀ ਕਿਸੇ ਨੇ ਕੁੰਡੀ ਖੜਕਾਈ ਤਾਂ ਉਸਦੀ ਮਾਂ ਦਰਵਾਜ਼ੇ ਕੋਲ ਗਈ ਤੇ ਹਰ ਵਾਰੀ ਬੁੜਬੁੜ ਕਰਦੀ ਹੋਈ ਦਰਵਾਜ਼ਾ ਖੋਹਲੇ ਬਗ਼ੈਰ ਵਾਪਸ ਆ ਗਈ। ਜ਼ਰੂਰ ਪਿੰਡ ਦੀਆਂ ਬੁੜ੍ਹੀਆਂ ਆਉਣਾ ਚਾਹੁੰਦੀਆਂ ਹੋਣਗੀਆਂ, ਜਿਹਨਾਂ ਨੂੰ ਬੁਰਾ-ਭਲਾ ਸੁਣਾ ਕੇ ਮਾਂ ਨੇ ਉੱਥੋਂ ਹੀ ਵਾਪਸ ਮੋੜ ਦਿੱਤਾ ਸੀ। ਉਸਦੇ ਘਰ ਵਾਲੇ ਪਹਿਲਾਂ ਵੀ ਪਿੰਡ ਵਾਲਿਆਂ ਨਾਲ ਬਹੁਤਾ ਮਿਲਨਾ-ਜੁਲਨਾ ਪਸੰਦ ਨਹੀਂ ਸੀ ਕਰਦੇ ਤੇ ਹੁਣ ਤਾਂ ਉਹ ਹੋਰ ਵੀ ਭਖੇ ਹੋਏ ਸਨ। ਖਾਣਾ ਖਾ ਕੇ ਦੋਵੇਂ ਭਰਾ ਵਿਹੜੇ ਵਿਚ ਜਾ ਬੈਠੇ ਤੇ ਹੁੱਕਾ ਪੀਂਦੇ ਰਹੇ। ਵਰਿਆਮੂ ਵਾੜੇ ਵਿਚ ਜਾ ਕੇ ਸੌਂਦਾ ਸੀ ਪਰ ਘਰੇ ਹੀ ਲੇਟ ਗਿਆ। ਗਾਮੂ ਵੀ ਆਦਤ ਦੇ ਉਲਟ, ਜਲਦੀ ਉੱਠ ਕੇ ਸੌਣ ਲਈ ਚਲਾ ਗਿਆ ਜਿਵੇਂ ਉਹਨਾਂ ਜਲਦੀ ਉਠਣਾ ਤੇ ਕਿਸੇ ਅਹਿਮ ਮੁਹਿੰਮ 'ਤੇ ਜਾਣਾ ਹੋਵੇ। ਉਸਦਾ ਦਿਲ, ਕਿਸੇ ਡਰ ਸਦਕਾ, ਜ਼ੋਰ-ਜ਼ੋਰ ਨਾਲ ਧੜਕਨ ਲੱਗ ਪਿਆ।
ਕੁਝ ਚਿਰ ਭਾਬੀ ਜੂਠੇ ਭਾਂਡੇ 'ਕੱਠੇ ਕਰਦੀ ਤੇ ਮਾਂਜਦੀ ਰਹੀ। ਫੇਰ ਨਿੱਕੀ ਸਗਰੀਆ ਨੂੰ ਚੁੱਕ ਕੇ ਉਹ ਵੀ ਆਪਣੇ ਕਮਰੇ ਵਿਚ ਚਲੀ ਗਈ। ਮਾਂ ਵਰਾਂਡੇ ਵਿਚ ਬੈਠੀ ਤਾਜ਼ਾ ਪੀਸਿਆ ਹੋਇਆ ਆਟਾ ਤੌੜੀ ਵਿਚ ਪਾ ਰਹੀ ਸੀ। ਉਸਨੇ ਖਾਣਾ ਨਹੀਂ ਸੀ ਖਾਧਾ; ਉਸਨੇ ਖਾਣਾ ਕਿਉਂ ਨਹੀਂ ਖਾਧਾ, ਇਹ ਸੋਚ ਕੇ ਉਸਦੀਆਂ ਅੱਖਾਂ ਸਾਹਵੇਂ ਹਨੇਰਾ ਛਾਉਣ ਲੱਗਿਆ ਕਿ ਕਿਤੇ ਘਰ ਵਿਚ ਕੁਝ ਹੋਣ ਵਾਲਾ ਤਾਂ ਨਹੀਂ...?
ਲਾਲਟੈਨ ਬੁਝਾ ਕੇ ਮਾਂ ਵਰਾਂਡੇ ਵਿਚ ਆ ਕੇ ਮੰਜੀ ਉੱਤੇ ਲੇਟ ਗਈ ਤਾਂ ਉਹ ਕੁਝ ਚਿਰ ਤਾਂ ਬੈਠੀ ਰਹੀ ਫੇਰ ਹਿੰਮਤ ਕਰਕੇ ਉੱਠੀ ਤੇ ਉਸਦੀ ਪੁਆਂਦੀ ਜਾ ਬੈਠੀ। ਉਹ ਉਸਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਣਾ ਚਾਹੁੰਦੀ ਸੀ ਪਰ ਮਾਂ ਨੇ ਪੈਰ ਖਿੱਚ ਲਏ, ਲੱਤਾਂ ਇਕੱਠੀਆਂ ਕਰ ਲਈਆਂ ਤੇ ਪਾਸਾ ਪਰਤ ਲਿਆ। ਉਹ ਚੁੱਪਚਾਪ ਸਾਹ ਰੋਕੀ ਉਸੇ ਜਗ੍ਹਾ ਬੈਠੀ ਰਹੀ। ਮਾਂ ਜਾਗ ਰਹੀ ਸੀ ਪਰ ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰ ਰਹੀ ਸੀ। ਉਹ ਕਈ ਰਾਤਾਂ ਦੀ ਉਨੀਂਦੀ ਤੇ ਸਾਰੇ ਦਿਨ ਦੀ ਥੱਕੀ ਹੋਈ ਸੀ। ਉਸਨੂੰ ਪੈਂਦਾਂ ਉੱਤੇ ਬੈਠੀ ਨੂੰ ਨੀਂਦ ਆਉਂਣ ਲੱਗ ਪਈ ਪਰ ਉਸਨੂੰ ਆਪਣੀ ਮੰਜੀ ਉੱਤੇ ਇਕੱਲੀ ਸੌਂਣ ਤੋਂ ਡਰ ਲੱਗ ਰਿਹਾ ਸੀ...ਪਤਾ ਨਹੀਂ ਕਦੋਂ ਛੋਟਾ ਜਾਂ ਵੱਡਾ ਜਾਂ ਉਹ ਦੋਵੇਂ ਭਰਾ ਚੁੱਪਚਾਪ ਅੰਦਰ ਆ ਜਾਣ ਤੇ ਉਸਨੂੰ ਨਾਲ ਚੱਲਣ ਲਈ ਕਹਿਣ। ਉਹ ਚੀਕਣਾ-ਕੂਕਣਾ ਚਾਹੇ, ਪਰ ਉਸਦੇ ਮੂੰਹੋਂ ਆਵਾਜ਼ ਨਾ ਨਿਕਲ ਸਕੇ। ਫੇਰ ਪਤਾ ਨਹੀਂ ਉਹ ਉਸਨੂੰ ਕਿੱਥੇ ਲੈ ਜਾਣ? ਕਿਸ ਤਰ੍ਹਾਂ ਕਤਲ ਕਰਨ? ਹੋ ਸਕਦਾ ਹੈ ਗਲ਼ ਘੁੱਟ ਦੇਣ; ਛੁਰੀ ਜਾਂ ਟੋਕੇ ਨਾਲ ਧੌਣ ਵੱਢ ਕੇ ਜ਼ਮੀਨ ਵਿਚ ਨੱਪ ਦੇਣ, ਖੂਹ ਜਾਂ ਨਹਿਰ ਵਿਚ ਧੱਕਾ ਦੇ ਦੇਣ। ਉਸਨੂੰ ਯਕੀਨ ਸੀ ਕਿ ਜਦੋਂ ਉਹ ਉਸਨੂੰ ਲੈਣ ਆਉਣਗੇ, ਮਾਂ ਇੰਜ ਹੀ ਚੁੱਪਚਾਪ ਪਈ, ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰਦੀ ਰਹੇਗੀ...ਉਹ ਉਸਦੀ ਏਡੀ ਵੱਡੀ ਗਲਤੀ ਕਿੰਜ ਮੁਆਫ਼ ਕਰ ਸਕਦੀ ਸੀ? ਮੁਆਫ਼ ਕਰਨਾ ਤਾਂ ਇਸ ਘਰ ਦੇ ਲੋਕਾਂ ਨੇ ਜਿਵੇਂ ਸਿੱਖਿਆ ਹੀ ਨਹੀਂ ਸੀ। ਤੇ ਨਾਲੇ ਉਹ ਆਪਣੇ ਪੁੱਤਰਾਂ ਤੋਂ ਬੜੀ ਡਰਦੀ ਸੀ...ਉਹ ਹਿਰਖ ਜਾਂਦੇ ਸੀ ਤਾਂ ਮਾਂ ਨੂੰ ਵੀ ਬੇਇੱਜ਼ਤ ਤੇ ਲਹੂ-ਲੂਹਾਣ ਕਰ ਦੇਂਦੇ ਸੀ। ਘਰ ਵਿਚ ਇਕ ਭਾਬੀ ਸੀ ਜਿਹੜੀ ਉਸਦੀ ਜਾਨ ਬਚਾ ਸਕਦਾ ਸੀ, ਪਰ ਉਹ ਕਿਉਂ ਬਚਾਉਂਦੀ—ਉਸਨੇ ਭਾਬੀ ਦੇ ਕੁੱਬੇ ਭਰਾ ਦਾ ਰਿਸ਼ਤਾ ਠੁਕਰਾ ਕੇ ਉਸਨੂੰ ਹਮੇਸ਼ਾ ਲਈ ਆਪਣੀ ਦੁਸ਼ਮਣ ਬਣਾ ਲਿਆ ਸੀ। ਵੈਸੇ ਵੀ ਉਹ ਕਿੱਸੇ-ਕਹਾਣੀਆਂ ਦੀ ਰਵਾਇਤੀ ਭਾਬੀ ਵਾਂਗ ਉਸ ਉੱਤੇ ਮੱਚੀ ਹੀ ਰਹਿੰਦੀ ਸੀ ਤੇ ਸ਼ਾਇਦ ਉਸਦੇ ਖ਼ੂਨ ਨਾਲ ਸ਼ਾਲੂ ਰੰਗਣ ਦੀ ਇੱਛਾ ਵੀ ਰੱਖਦੀ ਸੀ।
ਉਹ ਮਾਂ ਦੀ ਪੁਆਂਦੀ ਬੈਠੀ ਹੂਬਕੀਂ ਰੋਂਦੀ ਰਹੀ। ਉਸਦੀ ਮਾਂ ਜ਼ਿਦ ਦੀ ਪੱਕੀ ਤੇ ਦਿਲ ਦੀ ਸਖ਼ਤ ਜ਼ਰੂਰ ਸੀ ਪਰ ਕਦੀ-ਕਦੀ ਮਿਹਰਬਾਨ ਵੀ ਹੋ ਜਾਂਦੀ ਸੀ ਜਾਂ ਘੱਟੋਘੱਟ ਥੋੜ੍ਹੀ ਦੇਰ ਲਈ ਨਰਮ ਪੈ ਜਾਂਦੀ ਸੀ ਪਰ ਅੱਜ ਉਸਦਾ ਦਿਲ ਪਿਘਲ ਹੀ ਨਹੀਂ ਸੀ ਰਿਹਾ। ਫੇਰ ਪਤਾ ਨਹੀਂ ਕਦੋਂ ਤੇ ਕਿਵੇਂ ਉਹ ਰੋਂਦੀ-ਰੋਂਦੀ ਉੱਥੇ ਪੁਆਂਦੀ ਹੀ ਗੁੱਛਾ-ਮੁੱਛਾ ਜਿਹੀ ਹੋ ਕੇ ਸੌਂ ਗਈ...ਪਰ ਭਿਆਨਕ ਸੁਪਨੇ ਦੇਖਦੀ ਤੇ ਵਾਰੀ-ਵਾਰੀ ਉੱਠ ਬੈਠਦੀ ਰਹੀ—ਇੰਜ ਸੌਣ ਤੇ ਜਾਗਣ ਵਿਚਕਾਰ ਉਸਨੂੰ ਕੋਈ ਫਰਕ ਮਹਿਸੂਸ ਨਹੀਂ ਸੀ ਹੋਇਆ—ਸੁਪਨਿਆਂ ਨੇ ਵੀ ਉਸਨੂੰ ਪਨਾਹ ਦੇਣੀ ਛੱਡ ਦਿੱਤੀ ਜਾਪਦੀ ਸੀ।
ਅਗਲੇ ਦਿਨ ਉਸਨੇ ਭਰਾਵਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿ ਕੇ ਘਰ ਦੇ ਨਿੱਕੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਭਾਂਡੇ ਮਾਂਜੇ, ਕੱਪੜੇ ਧੋਤੇ, ਮੰਜੇ ਡਾਹੇ ਤੇ ਵਿਛਾਏ। ਝਾੜੂ ਦਿੱਤੀ ਤੇ ਨਿੱਕੀ ਸਗਰੀਆ ਨੂੰ ਖਿਡਾਉਂਦੀ ਰਹੀ, ਪਰ ਭਾਬੀ ਨੇ ਉਸਨੂੰ ਖਾਣ-ਪੀਣ ਵਾਲੀਆਂ ਚੀਜਾਂ ਨੂੰ ਹੱਥ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਤੀਜੇ ਚੌਥੇ ਦਿਨ ਉਸਨੇ ਖਾਣਾ ਖਾਂਦੇ ਹੋਏ ਵੱਡੇ ਭਰਾ ਕੋਲ ਡਰਦਿਆਂ-ਡਰਦਿਆਂ ਪਾਣੀ ਦਾ ਗਲਾਸ ਲਿਜਾ ਕੇ ਰੱਖਿਆ ਤਾਂ ਉਸਨੇ ਗਲਾਸ ਚੁੱਕ ਕੇ ਕੰਧ ਨਾਲ ਮਾਰਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਫੇਰ ਖਾਣਾ ਛੱਡ ਕੇ ਪੈਰ ਪਟਕਦਾ ਹੋਇਆ ਬਾਹਰ ਨਿਕਲ ਗਿਆ। ਇਸ ਪਿੱਛੋਂ ਉਹ ਮੁੜ ਸਹਿਮ ਗਈ ਤੇ ਉਸਨੂੰ ਭਾਂਤ-ਭਾਂਤ ਦੇ ਸ਼ੰਕਿਆਂ ਨੇ ਘੇਰ ਲਿਆ।
ਉਹ ਘਰ ਵਿਚ ਰਹਿੰਦੀ ਸੀ ਪਰ ਘਰ ਦਾ ਕੋਈ ਜੀਅ ਉਸ ਨਾਲ ਗੱਲ ਨਹੀਂ ਸੀ ਕਰਦਾ...ਉਸਨੇ ਮਾਂ ਨਾਲ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਂ ਜਵਾਬ ਨਾ ਦੇਂਦੀ। ਸਿਵਾਏ ਨਿੱਕੀ ਸਗਰੀਆ ਦੀ 'ਹੂੰ-ਹਾਂ' ਦੇ ਉਹ ਗੱਲਾਂ ਕਰਨ ਨੂੰ ਵੀ ਤਰਸ ਗਈ ਸੀ। ਇਕ ਰਾਤ ਉਸਨੇ ਮਾਂ ਦੇ ਪੈਰ ਫੜ੍ਹ ਲਏ ਤੇ ਰੋਂਦੀ ਹੋਈ ਕਹਿਣ ਲੱਗੀ—
'ਮਾਂ ਮੈਨੂੰ ਮਾਰ—ਮੇਰੇ ਉੱਤੇ ਥੁੱਕ, ਮੈਨੂੰ ਗਾਲ੍ਹਾਂ ਦੇਅ ਤੇ ਤਾਅਨੇ-ਮਿਹਣੇ ਮਾਰ...ਪਰ ਖ਼ੁਦਾ ਦਾ ਵਾਸਤਾ ਈ, ਕੁਝ ਤਾਂ ਕਹਿ—''
''ਮੈਂ ਤੇਰੀ ਮਾਂ ਨਹੀਂ...ਤੂੰ ਕਿਸੇ ਕੁੱਤੀ ਦੀ ਔਲਾਦ ਏਂ।''
'ਨਹੀਂ ਮਾਂ—ਖ਼ੁਦਾ ਦਾ ਵਾਸਤਾ ਈ ਇੰਜ ਨਾ ਕਹਿ।''
''ਆਪਣੀ ਗੰਦੀ ਜ਼ਬਾਨ ਨਾਲ ਖ਼ੁਦਾ ਰਸੂਲ ਦਾ ਨਾਂ ਨਾ ਲੈ।''
''ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਮਾਂ।''
''ਕੋਈ ਫਾਇਦਾ ਨਹੀਂ।''
''ਤਾਂ ਕੀ ਸੱਚਮੁੱਚ ਮਾਂ...?''
''ਹਾਂ...''
''ਕਦ...?''
''ਇਹ ਮੈਨੂੰ ਨਹੀਂ ਪਤਾ।''
ਡਰ ਦੇ ਮਾਰੇ ਉਸਦਾ ਸਾਹ ਸੁੱਕ ਗਿਆ, ਹੱਥ ਪੈਰ ਕੁੰਬਣ ਲੱਗੇ। ਅੱਖਾਂ ਸਾਹਵੇਂ ਹਨੇਰਾ ਛਾ ਗਿਆ।
      ੦੦੦      

ਪਿੰਡ ਤੋਂ ਕਸਬੇ ਨੂੰ ਜਾਣ ਵਾਲੀ ਕੱਚੀ ਸੜਕ ਉੱਤੇ ਇਕ ਹਵੇਲੀ ਸੀ—ਜਿਸਨੂੰ ਕੁੱਤਿਆਂ ਵਾਲੀ ਹਵੇਲੀ ਕਿਹਾ ਜਾਂਦਾ ਸੀ। ਦੋ ਖ਼ੂੰਖ਼ਾਰ ਕਿਸਮ ਦੇ ਬੂਬੀ ਕੁੱਤੇ ਦਿਨ-ਰਾਤ ਇਸ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਸਨ। ਉਹਨਾਂ ਦੇ ਮਾਲਕਾਂ ਦਾ ਜਦੋਂ ਜੀਅ ਕਰਦਾ ਉਹਨਾਂ ਨੂੰ ਬੰਨ੍ਹ ਦੇਂਦੇ, ਜਦੋਂ ਜੀਅ ਕਰਦਾ ਖੁੱਲ੍ਹੇ ਛੱਡ ਦੇਂਦੇ। ਉਹਨਾਂ ਕੁੱਤਿਆਂ ਤੋਂ ਡਰਦਿਆਂ ਲੋਕਾਂ ਨੇ ਕੱਚੀ ਸੜਕ ਤੋਂ ਲੰਘਣਾ ਵੀ ਛੱਡ ਦਿੱਤਾ ਸੀ ਤੇ ਉਹਨਾਂ ਨੇ ਕਸਬੇ ਵਿਚ ਜਾਣ-ਆਉਣ ਲਈ ਖੇਤਾਂ ਦੇ ਵਿਚਕਾਰੋਂ ਲੰਘਦੀ ਕੱਚੀ ਪਗਡੰਡੀ ਵਾਲੇ ਰਸਤੇ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਈ ਅਜਨਬੀ ਜਾਂ ਭੁੱਲਿਆ-ਭਟਕਿਆ ਰਾਹੀ-ਪਾਂਧੀ ਇਧਰ ਆ ਜਾਂਦਾ ਤਾਂ ਉਸਨੂੰ ਕੁੱਤਿਆਂ ਤੋਂ ਜਾਨ ਬਚਾਉਣੀ ਔਖੀ ਹੋ ਜਾਂਦੀ। ਉਹਨਾਂ ਕੁੱਤਿਆਂ ਨੇ ਕਈ ਲੋਕਾਂ ਨੂੰ ਵੱਢਿਆ ਵੀ ਸੀ। ਪਿੰਡ ਵਾਲੇ ਇਤਰਾਜ਼ ਭਰੇ ਉਲਾਂਭੇ ਵੀ ਲੈ ਕੇ ਗਏ ਸਨ ਪਰ ਉਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਸੀ ਹੋਇਆ। ਪਿੰਡ ਦੇ ਮੁੰਡੇ ਜਿਹੜੇ ਕਸਬੇ ਦੇ ਸਕੂਲ ਵਿਚ ਪੜ੍ਹਨ ਜਾਂਦੇ ਸਨ ਬੜਾ ਹੀ ਬਚ-ਬਚਾਅ ਕੇ ਤੇ ਲੰਮਾਂ ਚੱਕਰ ਲਾ ਕੇ ਉਧਰੋਂ ਲੰਘਦੇ ਸਨ। ਉਹਨਾਂ, ਉਹਨਾਂ ਕੁੱਤਿਆਂ ਦਾ ਨਾਂ ਹੀ ਗਾਮੂ ਤੇ ਵਰਿਆਮੂ ਰੱਖ ਦਿੱਤਾ ਸੀ।
ਗਾਮੂ ਤੇ ਵਰਿਆਮੂ ਨੂੰ ਲੋਕ ਬੜੇ ਹੀ ਉਜੱਡ ਦੇ ਮੂਰਖ ਬੰਦੇ ਸਮਝਦੇ ਸਨ। ਜਿਹਨਾਂ ਆਪਣੀ ਸਕੀ ਭੈਣ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਰੋੜ੍ਹ ਦਿੱਤਾ ਜਾਂ ਟੋਇਆ ਪੁੱਟ ਕੇ ਕਿਸੇ ਖੇਤ ਵਿਚ ਨੱਪ ਦਿੱਤਾ ਸੀ।...ਤੇ ਪਿੰਡ ਵਾਲਿਆਂ ਨਾਲੋਂ ਹਰ ਰਿਸ਼ਤਾ ਤੋੜ ਲਿਆ ਸੀ।...ਤੇ ਪਿੰਡ ਦੀ ਮੇਰ ਨੂੰ ਤਜ ਕੇ ਇੱਥੇ ਸਭ ਨਾਲੋਂ ਵੱਖਰੇ-ਵਾਂਝੇ ਰਹਿਣ ਲੱਗ ਪਏ ਸਨ। ...ਤੇ ਸਾਰੇ ਪਿੰਡ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ।
ਇਹ ਹਵੇਲੀ ਕਿਸੇ ਜ਼ਮਾਨੇ ਵਿਚ ਪਸ਼ੂਆਂ ਦਾ ਵਾੜਾ ਹੁੰਦੀ ਸੀ। ਉੱਥੇ ਇਕ ਖੂਹ ਵੀ ਸੀ ਜਿਸਨੂੰ ਹੁਣ ਪੂਰ ਦਿੱਤਾ ਗਿਆ ਸੀ। ਗਜ਼ੂਰਾਂ ਦੇ ਗਾਇਬ ਹੋ ਜਾਣ ਜਾਂ ਕਤਲ ਹੋ ਜਾਣ ਪਿੱਛੋਂ ਉਹਨਾਂ ਲੋਕਾਂ ਇਸ ਵਿਚ ਕੁਝ ਹੋਰ ਕਮਰੇ ਪਾ ਕੇ ਉਸਨੂੰ ਹਵੇਲੀ ਦੀ ਸ਼ਕਲ ਦੇ ਦਿੱਤੀ ਸੀ।
ਪਿੰਡ ਵਿਚ ਉਸ ਹਵੇਲੀ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿੱਸੇ ਮਸ਼ਹੂਰ ਸਨ। ਬਾਗ ਅਲੀ ਨਾਈ ਦਾ ਕਹਿਣਾ ਸੀ ਕਿ ਇਕ ਦੁਪਹਿਰ ਨੂੰ ਉਹ ਕਸਬੇ ਦੀ ਚੱਕੀ ਤੋਂ ਆਟਾ ਪਿਸਵਾ ਕੇ ਲਿਆ ਰਿਹਾ ਸੀ ਕਿ ਹਵੇਲੀ ਤੋਂ ਕੁਝ ਫਾਸਲੇ 'ਤੇ ਇਕ ਜ਼ਨਾਨੀ ਨੇ ਉਸਦਾ ਨਾਂਅ ਲੈ ਕੇ ਆਵਾਜ਼ ਮਾਰੀ। ਉਸਨੇ ਚਾਰੇ ਪਾਸੇ ਦੇਖਿਆ ਪਰ ਉੱਥੇ ਕੋਈ ਵੀ ਨਹੀਂ ਸੀ।
ਦੋਸੇ ਵਰਗੇ ਸਿੱਧੜ ਬੰਦੇ ਦਾ ਬਿਆਨ ਸੀ ਕਿ ਉਸਨੇ ਇਕ ਰਾਤ ਖੇਤਾਂ ਨੂੰ ਪਾਣੀ ਛੱਡਿਆ ਹੋਇਆ ਸੀ ਕਿ ਉਸਨੇ ਦੇਖਿਆ—ਇਕ ਭਰ ਜਵਾਨ ਔਰਤ ਵਾਲ ਖਿਲਾਰੀ ਖਾਲ ਦੇ ਅੰਦਰ ਬਿਨਾਂ ਆਵਾਜ਼ ਤੁਰੀ ਜਾ ਰਹੀ ਸੀ। ਉਸਨੇ ਆਵਾਜ਼ ਦਿੱਤੀ ਤਾਂ ਠਹਾਕਾ ਮਾਰ ਕੇ ਗਾਇਬ ਹੋ ਗਈ। ਹਵੇਲੀ ਤੋਂ ਥੋੜ੍ਹੇ ਫਾਸਲੇ ਉੱਤੇ ਇਕ ਬੜਾ ਉੱਚਾ ਖ਼ਜੂਰ ਦਾ ਰੁੱਖ ਸੀ, ਕੁਝ ਲੋਕਾਂ ਨੇ ਉਸ ਖ਼ਜੂਰ ਦੇ ਰੁੱਖ ਹੇਠਾਂ ਵੀ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਸਨ। ਦੱਤੂ ਮਰਾਸੀ ਨੇ ਤਾਂ ਇਕ ਪਿੱਛਲ-ਪੈਰੀ ਨੂੰ ਦੇਖਿਆ ਵੀ ਸੀ।
ਇਕ ਦਿਨ ਚੌਧਰੀ ਸਰਵਰ ਦੀ ਧੀ ਪਿਓ ਦਾ ਖਾਣਾ ਲੈ ਕੇ ਖੇਤ ਗਈ। ਚੌਧਰੀ ਸਰਵਰ ਅੰਬ ਦੇ ਰੁੱਖ ਹੇਠ ਬੈਠਾ ਖਾਣਾ ਖਾ ਰਿਹਾ ਸੀ ਤੇ ਉਹ ਕੋਲ ਬੈਠੀ ਪੱਖਾ ਝੱਲ ਰਹੀ ਸੀ ਕਿ ਅਚਾਨਕ ਉਸਨੂੰ ਪਤਾ ਨਹੀਂ ਕੀ ਸੁੱਝੀ...ਉਹ ਨੱਠ ਕੇ ਰੁੱਖ ਉੱਤੇ ਚੜ੍ਹ ਗਈ। ਚੌਧਰੀ ਸਰਵਰ ਨੇ ਗੁੱਸੇ ਹੋ ਕੇ ਤਾੜਿਆ ਕਿ ਜਵਾਨ ਕੁੜੀਆਂ ਰੁੱਖਾਂ 'ਤੇ ਨਹੀਂ ਚੜ੍ਹਦੀਆਂ ਤਾਂ ਉਹ ਜਵਾਬ ਵਿਚ ਠਹਾਕੇ ਲਾਉਂਦੀ ਹੋਈ ਹੋਰ ਉਪਰ ਚੜ੍ਹਦੀ ਗਈ। ਫੇਰ ਉਸਨੇ ਉਪਰੋਂ ਛਾਲ ਮਾਰ ਦਿੱਤੀ ਤੇ ਡਿੱਗ ਕੇ ਬੇਹੋਸ਼ ਹੋ ਗਈ। ਹੁਣ ਉਹ ਫੌੜ੍ਹੀਆਂ ਦੇ ਸਹਾਰੇ ਤੁਰਦੀ ਸੀ।
ਲੋਕਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਤੇ ਕਿੱਸਿਆਂ ਦੀਆਂ ਤੰਦਾਂ ਹਵੇਲੀ ਨਾਲ ਮੇਲ ਦਿੱਤੀਆਂ ਸਨ...ਤੇ ਇਹ ਮੰਨ ਲਿਆ ਸੀ ਕਿ ਗਜ਼ੂਰਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰਕੇ ਹਵੇਲੀ ਵਿਚ ਜਾਂ ਕਿਤੇ ਆਸੇ-ਪਾਸੇ ਦੇ ਖੇਤ ਵਿਚ ਦਫ਼ਨ ਕਰ ਦਿੱਤਾ ਗਿਆ ਸੀ ਤੇ ਉਸਦੀ ਅਸ਼ਾਂਤ ਰੂਹ, ਭੂਤ ਜਾਂ ਚੁੜੈਲ ਬਣ ਕੇ ਉੱਥੇ ਭਟਕ ਰਹੀ ਸੀ। ਪਿੰਡ ਵਿਚ ਸਿਰਫ ਇਕ ਮੌਲਵੀ ਫਿਰੋਜ਼ ਉੱਲ ਦੀਨ ਸਨ, ਜਿਹੜੇ ਇਹਨਾਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੇ ਤੇ ਇਸ ਨੂੰ ਅਣਪੜ੍ਹ ਲੋਕਾਂ ਦੇ ਵਹਿਮ-ਭਰਮ ਦੱਸਦੇ ਸਨ...ਪਰ ਫੇਰ ਇਕ ਦਿਨ ਉਹਨਾਂ ਨਾਲ ਵੀ ਇਕ ਬੜੀ ਅਜੀਬ ਘਟਨਾਂ ਵਾਪਰੀ-ਉਹ ਰਾਤ ਨੂੰ ਕਸਬੇ ਤੋਂ ਵਾਪਸ ਪਰਤ  ਰਹੇ ਸਨ ਕਿ ਅਚਾਨਕ ਉਹਨਾਂ ਦੇ ਸਾਹਮਣੇ ਇਕ ਦੀਵਾ ਬਲਣ ਲੱਗਾ। ਕੁਝ ਚਿਰ ਲਈ ਭੈੜੀਆਂ ਸ਼ੈਆਂ ਨੂੰ ਦੂਰ ਭਜਾਉਣ ਵਾਲੀਆਂ ਖਾਸ ਦੁਆਆਂ ਤੇ ਵਜੀਫ਼ੇ ਪੜ੍ਹਦੇ ਰਹੇ, ਪਰ ਜਦੋਂ ਬਲਦਾ ਹੋਇਆ ਦੀਵਾ ਉਹਨਾਂ ਦੇ ਖਾਸਾ ਨੇੜੇ ਆ ਗਿਆ ਤੇ ਹਵਾ ਵਿਚ ਤੈਰਦਾ ਹੋਇਆ ਉਹਨਾਂ ਦੇ ਨਾਲ ਨਾਲ ਉੱਡਣ ਲੱਗਾ ਤਾਂ ਉਹ ਸਾਰੀਆਂ ਦੁਆਆਂ ਭੁੱਲ ਗਏ ਤੇ ਬੇਹੋਸ਼ ਹੋ ਕੇ ਡਿੱਗ ਪਏ।
ਕੁਝ ਲੋਕਾਂ ਦਾ ਖ਼ਿਆਲ ਸੀ ਕਿ ਗਜ਼ੂਰਾਂ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਸੁੱਟ ਦਿੱਤਾ ਗਿਆ ਸੀ। ਕੁਝ ਦਾ ਕਹਿਣਾ ਸੀ ਕਿ ਉਸਨੂੰ ਪਿੰਡ ਵਾਲੇ ਮਕਾਨ ਵਿਚ ਕਤਲ ਕਰਕੇ ਉੱਥੇ ਹੀ ਦੱਬ ਦਿੱਤਾ ਗਿਆ ਹੈ। ਇਸ ਮਕਾਨ ਨੂੰ ਅੱਜ ਵੀ ਜਿੰਦਰਾ ਲੱਗਾ ਹੋਇਆ ਸੀ—ਉਹ ਉਸਨੂੰ ਵੇਚਦੇ ਸਨ ਨਾ ਉਸਦੀ ਦੇਖ ਭਾਲ ਤੇ ਮੁਰੰਮਤ ਵੱਲ ਧਿਆਨ ਦੇਂਦੇ ਸਨ। ਪਰ ਨਾਲ ਦੇ ਪਿੰਡ ਦੇ ਮਿਸਤਰੀ ਜ਼ਹੂਰੇ ਨੇ ਜਿਹੜਾ ਹਵੇਲੀ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਕਰਦਾ ਰਿਹਾ ਸੀ ਲੋਕਾਂ ਨੂੰ ਦੱਸਿਆ ਸੀ ਕਿ ਹਵੇਲੀ ਦੇ ਅੰਦਰ ਗਾਮੂ ਤੇ ਵਰਿਆਮੂ ਦੇ ਕਮਰਿਆਂ ਦੇ ਐਨ ਵਿਚਕਾਰ ਇਕ ਚਬੂਤਰਾ ਜਿਹਾ ਬਣਿਆ ਹੋਇਆ ਸੀ ਜਿਸ ਉੱਤੇ ਸਰਕੜੇ ਤੇ ਸੁੱਕੀਆਂ ਲੱਕੜਾਂ ਦਾ ਢੇਰ ਪਿਆ ਰਹਿੰਦਾ ਸੀ। ਜਿਹਨਾਂ ਨੂੰ ਉਹ ਲੋਕ ਲੋੜ ਪੈਣ 'ਤੇ ਵੀ ਨਹੀਂ ਸੀ ਮਚਾਉਂਦੇ। ਉਸਦਾ ਖ਼ਿਆਲ ਸੀ ਕਿ ਇਹ ਚਬੂਤਰਾ ਦਰਅਸਲ ਇਕ ਕਬਰ ਸੀ ਤੇ ਉਸਦੀ ਨਿਗਰਾਨੀ ਦੀ ਖਾਤਰ ਹੀ ਉਹ ਲੋਕ ਪਿੰਡ ਵਾਲਾ ਮਕਾਨ ਛੱਡ ਕੇ ਉੱਥੇ ਚਲੇ ਗਏ ਸਨ।
ਪਿੰਡ ਦੀਆਂ ਤੀਵੀਂਆਂ, ਬੁੱਢੀ ਸਕੀਨਾ ਨੂੰ ਵੀ ਡਾਇਨ ਕਹਿ ਕੇ ਹੀ ਯਾਦ ਕਰਦੀਆਂ ਸਨ, ਜਿਹੜੀ ਆਪਣੀ ਧੀ ਦੀ ਰੱਖਿਆ ਨਹੀਂ ਸੀ ਕਰ ਸਕੀ ਤੇ ਮਾਂ ਹੋ ਕੇ ਉਸਨੂੰ ਮੰਦੇ ਵਿਹਾਰ ਤੋਂ ਤੰਗ ਆ ਕੇ ਘਰੋਂ ਭੱਜ ਜਾਣ 'ਤੇ ਮਜ਼ਬੂਰ ਕਰ ਦਿੱਤਾ ਸੀ। ਫੇਰ ਉਸਦੇ ਦੋਸ਼ ਉੱਤੇ ਪਰਦਾ ਪਾਉਣ ਦੇ ਬਜਾਏ ਕਤਲ ਹੋ ਜਾਣ ਦਿੱਤਾ ਸੀ। ਉਹ ਪਿੰਡ ਵਿਚ ਬੜੀ ਘੱਟ ਆਉਂਦੀ ਸੀ ਪਰ ਜਦੋਂ ਵੀ ਆਉਂਦੀ, ਜਿੱਧਰੋਂ ਲੰਘਦੀ ...ਸੁਹਾਗਨਾ, ਗਰਭਵਤੀ-ਜ਼ਨਾਨੀਆਂ ਤੇ ਮੁਇਆਰ-ਕੁੜੀਆਂ ਉਸਦੇ ਪ੍ਰਛਾਵੇਂ ਤੋਂ ਬਚਣ ਲਈ ਰਸਤਾ ਬਦਲ ਲੈਂਦੀਆਂ। ਉਹਨਾਂ ਦਾ ਖ਼ਿਆਲ ਸੀ ਉਸ ਜਿਸਨੂੰ ਵੀ ਛੂਹ ਲਵੇਗੀ ਜਾਂ ਜਿਸ ਨਾਲ ਗੱਲ ਕਰੇਗੀ ਉਸਦੀ ਕੁੱਖ ਕਦੀ ਹਰੀ ਨਹੀਂ ਹੋਵੇਗੀ ਤੇ ਗੋਦ ਖ਼ਾਲੀ ਹੋ ਜਾਵੇਗੀ। ਉਸ ਬਾਰੇ ਇਹ ਵੀ ਮਸ਼ਹੂਰ ਹੋ ਗਿਆ ਸੀ ਕਿ ਉਹ ਜਿਸ ਰੁੱਖ ਹੇਠ ਬੈਠ ਜਾਂਦੀ ਸੀ, ਉਹ ਸਮੇਂ ਤੋਂ ਪਹਿਲਾਂ ਹੀ ਸੁੱਕ-ਸੜ ਜਾਂਦਾ ਸੀ। ਪਿੰਡ ਵਿਚ  ਜਦੋਂ ਵੀ ਕੋਈ ਅਣਹੋਣੀ ਘਟਨਾਂ ਵਾਪਰਦੀ, ਬੁੱਢੀ ਸਕੀਨਾ ਤੇ ਉਸਦੇ ਖਾਨਦਾਨ ਨੂੰ ਜ਼ਰੂਰ ਉਸ ਨਾਲ ਜੋੜ ਦਿੱਤਾ ਜਾਂਦਾ। ਵੱਡੀਆਂ-ਬੁੱਢੀਆਂ ਨੇ ਤਾਂ ਗਾਮੂ ਦੇ ਘਰ ਔਲਾਦ ਨਾ ਹੋਣ ਨੂੰ ਵੀ ਗਜ਼ੂਰਾਂ ਦੀ ਰੂਹ ਦਾ ਇੰਤਕਾਮ (ਬਦਲਾ) ਹੀ ਸਮਝਿਆ ਸੀ। ਤੇ ਜਦੋਂ ਵਰਿਆਮੂ ਦਾ ਨੌਜਵਾਨ ਮੁੰਡਾ ਸੱਪ ਦੇ ਡੰਗਣ ਨਾਲ ਮਰ ਗਿਆ ਸੀ ਤਾਂ ਉਸਨੂੰ ਵੀ ਉਸੇ ਇੰਤਕਾਮ ਦੀ ਕੜੀ ਸਮਝਿਆ ਗਿਆ ਸੀ ਜਿਹੜਾ ਗਜ਼ੂਰਾਂ ਆਪਣੇ ਘਰਵਾਲਿਆਂ ਤੋਂ ਲੈ ਰਹੀ ਸੀ।
ਸਕੀਨਾ ਨੇ ਵੀ ਕਦੀ ਆਪਣੀ ਸਫਾਈ ਵਿਚ ਕੁਝ ਕਹਿਣਾ ਜ਼ਰੂਰੀ ਨਹੀਂ ਸੀ ਸਮਝਿਆ। ਸ਼ੁਰੂ ਵਿਚ ਲੋਕ ਜਦੋਂ ਪੁੱਛਦੇ ਤਾਂ ਉਹ ਬੜਾ ਸਾਦਾ ਜਿਹਾ ਜੁਆਬ ਦੇ ਕੇ ਅੱਗੇ ਤੁਰ ਜਾਂਦੀ—
''ਚਲੀ ਗਈ...ਜਿੱਥੋਂ ਆਈ ਸੀ, ਕਰਮਾਂ ਹਾਰੀ।''
ਕਈ ਲੋਕਾਂ ਇਸ ਦਾ ਇਹ ਮਤਲਬ ਕੱਢਿਆ ਸੀ ਕਿ ਉਹ ਘਰਵਾਲਿਆਂ ਦੇ ਮਾੜੇ ਵਤੀਰੇ ਕਾਰਣ ਦੂਬਾਰਾ ਭੱਜ ਕੇ ਮੋਚੀਆਂ ਕੋਲ ਚਲੀ ਗਈ ਸੀ ਜਿਹੜੇ ਉਸਦੇ ਭਰਾਵਾਂ ਦੇ ਡਰ ਕਾਰਣ ਕਿੱਧਰੇ ਹੋਰ ਜਾ ਟਿਕੇ ਸਨ। ਪਰ ਕਈ ਲੋਕਾਂ ਦਾ ਕਹਿਣਾ ਸੀ ਕਿ ਬੁੱਢੀ ਨੇ ਸੱਚੀ-ਸੁੱਚੀ ਗੱਲ ਕੀਤੀ ਸੀ ਕਿ ਆਦਮੀ ਮਰ ਕੇ ਵੀ ਤਾਂ ਉੱਥੇ ਹੀ ਜਾਂਦਾ ਹੈ, ਜਿੱਥੋਂ ਆਇਆ ਹੁੰਦਾ ਹੈ।
      ੦੦੦

ਪਿੰਡ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਇਹ ਖਾਨਦਾਨ ਪੁਰਾਣੇ ਜ਼ਮਾਨੇ ਦੇ ਕਿਸੇ ਅਜਿਹੇ ਵਿਦੇਸ਼ੀ ਹਮਲਾਵਰ ਕਬੀਲੇ ਨਾਲ ਸਬੰਧ ਰੱਖਦਾ ਹੈ ਜਿਹੜਾ ਜਿਸਮਾਨੀ ਖੂਬਸੂਰਤੀ ਵਿਚ ਬੇਮਿਸਾਲ ਸੀ। ਖਾਸ ਕਰਕੇ ਉਹਨਾਂ ਦੀਆਂ ਜ਼ਨਾਨੀਆਂ ਖੂਬਸੂਰਤੀ ਦੇ ਨੂਰ ਦੀਆਂ ਬੇਮਿਸਾਲ ਮੂਰਤਾਂ ਹੁੰਦੀਆਂ ਸਨ। ਸੋ ਸਗਰੀਆ ਨੇ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖਿਆ ਤਾਂ ਆਸੇ-ਪਾਸੇ ਦੇ ਸਾਰੇ ਇਲਾਕੇ ਵਿਚ ਇਕ ਵਾਰੀ ਫੇਰ ਉਹਨਾਂ ਦੇ ਖਾਨਦਾਨ ਦੇ ਹੁਸਨ ਦੀਆਂ ਧੁੰਮਾਂ ਮੱਚ ਗਈਆਂ—
ਭਾਵੇਂ ਸਗਰੀਆ ਬੜੀ ਘੱਟ ਹਵੇਲੀ ਵਿਚੋਂ ਬਾਹਰ ਨਿਕਲਦੀ ਸੀ ਪਰ ਹੁਣ ਉਸ ਹਵੇਲੀ ਦੁਆਲੇ ਦਾ ਘੇਰਾ ਪਹਿਲਾਂ ਜਿੰਨਾਂ ਮਜ਼ਬੂਤ ਨਹੀਂ ਰਿਹਾ—ਵਰਿਆਮੂ ਤੇ ਗਾਮੂ ਦਾ ਇਕ ਦੂਜੇ ਨਾਲ ਝਗੜਾ ਹੋ ਗਿਆ ਹੈ ਤੇ ਉਹ ਇਕ ਘਰ ਵਿਚ ਰਹਿੰਦੇ ਹੋਏ ਵੀ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਨੇ ਤੇ ਇਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ। ਗਾਮੂ ਨੂੰ ਨਰੀਨਾ ਦੇ ਔਲਾਦ ਨਾ ਹੋਣ ਦੇ ਗ਼ਮ ਨੇ ਸਮੇਂ ਤੋ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ। ਸਕੀਨਾ ਬੁੱਢੀ ਤੇ ਕਮਜ਼ੋਰ ਹੋ ਗਈ ਹੈ ਭਾਵੇਂ ਉਹ ਵਰਿਆਮੂ ਨਾਲ ਰਹਿੰਦੀ ਹੈ ਪਰ ਉਹ ਮਾਂ ਨਾਲੋਂ ਵੱਧ ਸਗਰੀਆ ਦਾ ਖ਼ਿਆਲ ਰੱਖਦੀ ਹੈ। ਉਹਨਾਂ ਦੇ ਬੂਬੀ ਕੁੱਤੇ ਮਰ-ਖਪ ਗਏ ਨੇ—ਇਕ ਬੀਮਾਰ ਹੋ ਗਿਆ ਸੀ, ਦੂਜੇ ਨੂੰ ਕਿਸੇ ਨੇ ਗੋਲੀਆਂ ਪਾ ਦਿੱਤੀਆਂ ਸਨ। ਕੁੱਤੇ ਹੁਣ ਵੀ ਹਵੇਲੀ ਦੀ ਰਖਵਾਲੀ ਕਰਦੇ ਨੇ ਪਰ ਉਹ ਭੌਂਕ ਕੇ ਚੁੱਪ ਕਰ ਜਾਂਦੇ ਨੇ ਜਾਂ ਥੋੜ੍ਹੀ ਦੂਰ ਤੀਕ ਪਿੱਛਾ ਕਰਕੇ ਹਫ਼ ਜਾਣ ਵਾਲੇ ਆਮ ਜਿਹੇ ਕੁੱਤੇ ਨੇ। ਉਹਨਾਂ ਲੋਕਾਂ ਦੇ ਪਿੰਡ ਵਾਲਿਆਂ ਨਾਲ ਸਬੰਧ ਵੀ ਸੁਧਰ ਰਹੇ ਨੇ ਤੇ ਸ਼ਾਦੀ-ਗਮੀਂ ਦੇ ਮੌਕਿਆਂ ਉੱਤੇ ਪਿੰਡ ਵਿਚ ਆਉਣ-ਜਾਣ ਵੀ ਲੱਗ ਪਏ ਨੇ ਉਹ। ਸਗਰੀਆ ਇਕੱਲੀ ਕਿਤੇ ਨਹੀਂ ਜਾਂਦੀ ਪਰ ਮਾਂ ਜਾਂ ਦਾਦੀ ਦੇ ਨਾਲ ਕਦੀ ਕਦੀ ਪਿੰਡ ਚਲੀ ਜਾਂਦੀ ਹੈ।
ਪਿੱਛਲੇ ਕੁਝ ਅਰਸੇ ਤੋਂ ਹਵੇਲੀ ਦੇ ਆਲੇ-ਦੁਆਲੇ ਚੱਕਰ ਲਾਉਣ ਵਾਲੇ ਜਵਾਨ ਮੁੰਡਿਆਂ ਦੀ ਗਿਣਤੀ ਵਿਚ ਖਾਸਾ ਵਾਧਾ ਹੋ ਗਿਆ ਹੈ। ਰਾਤ ਨੂੰ ਚਾਰੇ ਪਾਸਿਓਂ ਬੰਸਰੀਆਂ, ਅਲਗੋਜਿਆਂ ਤੇ ਗੀਤਾਂ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ ਨੇ। ਸਗਰੀਆ ਦਿਨੇ ਵਾਰੀ ਵਾਰੀ ਛੱਤ ਉੱਤੇ ਆਉਣ-ਜਾਣ ਤੇ ਰਾਤ ਨੂੰ ਦੇਰ ਤੀਕ ਜਾਗਣ ਲੱਗੀ ਹੈ। ਇਹ ਸਰਦੀਆਂ ਦੀ ਇਕ ਲੰਮੀ, ਹਨੇਰੀ ਰਾਤ ਦਾ ਕਿੱਸਾ ਹੈ ਜਦੋਂ ਅੱਧੀ ਰਾਤ ਦੇ ਲੱਗਭਗ ਰਾਬੀਆ ਨੇ ਆਪਣੇ ਸੁੱਤੇ ਹੋਏ ਪਤੀ ਨੂੰ ਜਗਾ ਕੇ ਦੱਸਿਆ ਕਿ 'ਸਗਰੀਆ ਹਵੇਲੀ ਵਿਚ ਨਹੀਂ...।'
''ਕਿੱਥੇ ਗਈ...'' ਗਾਮੂ ਹੜਬੜਾ ਕੇ ਉੱਠ ਬੈਠਾ ਹੋਇਆ।
''ਮੇਰੀ ਅੱਖ ਖੁੱਲ੍ਹੀ ਤਾਂ ਉਹ ਆਪਣੇ ਬਿਸਤਰੇ 'ਤੇ ਨਹੀਂ ਸੀ। ਮੈਂ ਪਹਿਲਾਂ ਤਾਂ ਇਹੀ ਸੋਚਿਆ ਬਈ ਏਥੇ ਈ ਹੋਵੇਗੀ, ਹੁਣੇ ਆ ਜਾਵੇਗੀ ਪਰ ਉਸਦਾ ਕੋਈ ਪਤਾ ਨਹੀਂ...''
''ਤੈਨੂੰ ਉਸਦਾ ਧਿਆਨ ਰੱਖਣਾ ਚਾਹੀਦਾ ਸੀ...ਮੈਂ ਉਸ ਕੁਤੀੜ ਨੂੰ ਜਿਊਂਦੀ ਨਹੀਂ ਛੱਡਾਂਗਾ।'' ਰੌਲਾ ਸੁਣ ਕੇ ਸਕੀਨਾ ਵੀ ਜਾਗ ਪਈ ਤੇ ਲੜਖੜਾਂਦੀ ਹੋਈ ਅੰਦਰ ਆਈ।
ਰਾਬੀਆ ਨੇ ਲਾਲਟੈਂਨ ਜਗਾਈ। ਗਾਮੂ ਨੇ ਟਕੁਆ ਚੁੱਕ ਲਿਆ। ਲਾਲਟੈਂਨ ਲੈ ਕੇ ਉਹ ਤਿੰਨੇ ਕੁਝ ਚਿਰ ਉਸਨੂੰ ਹਵੇਲੀ ਦੇ ਅੰਦਰ-ਬਾਹਰ ਲੱਭਦੇ ਰਹੇ। ਉਹਨਾਂ ਵਰਿਆਮੂ ਵਾਲੇ ਪਾਸੇ ਵੀ ਦੇਖਿਆ ਪਰ ਉਸਦਾ ਕੁਝ ਪਤਾ ਨਹੀਂ ਸੀ। ਫੇਰ ਸਕੀਨਾ ਨੇ ਸਲਾਹ ਦਿੱਤੀ, ''ਤੂੰ ਤ'ਖ਼ਾਨਾਂ ਕੇ ਜਾ ਕੇ ਦੇਖ ਆ, ਉਹਨਾਂ ਕਾ ਮੁੰਡਾ ਫ਼ਜ਼ਲੂ ਅਕਸਰ ਹਵੇਲੀ ਦੇ ਆਸ-ਪਾਸ ਭੌਂਦਾ ਰਹਿੰਦਾ ਈ...ਜਲਦੀ ਕਰ।''
ਗਾਮੂ ਟਕੁਆ ਚੁੱਕੀ, ਹਨੇਰੇ ਵਿਚ ਲੰਮੀਆਂਲੰਮੀਆਂ ਪਲਾਂਘਾਂ ਪੁੱਟਦਾ ਪਿੰਡ ਵੱਲ ਚਲਾ ਗਿਆ ਤਾਂ ਰਬੀਆ ਰੋਂਦੀ ਹੋਈ ਆਪਣੀ ਸੱਸ ਨਾਲ ਲਿਪਟ ਗਈ।
''ਹੁਣ ਕੀ ਹੋਵੇਗਾ ਮਾਸੀ?''
''ਓਹੀ ਜੋ ਇਸ ਘਰ ਵਿਚ ਹੁੰਦਾ ਆਇਐ।''
'ਨਹੀਂ ਮਾਸੀ—ਖ਼ੁਦਾ ਦੇ ਲਈ ਇੰਜ ਨਾ ਕਹਿ—ਮੇਰੀ ਇਕੋਇਕ ਧੀ ਏ।''
'ਮੇਰੇ ਕਹਿਣ ਨਾ ਕਹਿਣ ਨਾਲ ਕੀ ਫ਼ਰਕ ਪੈਂਦਾ ਈ, ਮੇਰੀ ਇਸ ਘਰ 'ਚ ਕੌਣ ਸੁਣਦੈ —''
'ਤੂੰ ਉਸਦੇ ਪਿੱਛੇ ਜਾਹ ਮਾਸੀ—ਉਹ ਉਸਨੂੰ ਮਾਰ ਮੁਕਾਏਗਾ...''
''ਨਹੀਂ ਇਹ ਗ਼ੈਰਤ ਦਾ ਮਾਮਲਾ ਏ, ਉਹ ਮੇਰੀ ਇਕ ਨਹੀਂ ਸੁਣੇਗਾ।''
ਅਜੇ ਪਹੁ-ਫੁਟਾਲਾ ਨਹੀਂ ਸੀ ਹੋਇਆ ਜਦੋਂ ਹਵੇਲੀ ਦੇ ਬਾਹਰ ਖੜਾਕ ਸੁਣਾਈ ਦਿੱਤਾ। ਦੂਜੇ ਹੀ ਪਲ ਉਹਨਾਂ ਦੇਖਿਆ ਉਹ ਉਸਨੂੰ ਨਾਲ ਲਈ ਆਣ ਪਹੁੰਚਿਆ ਸੀ। ਉਸਦੀ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ ਤੇ ਵਾਲ ਖਿੱਲਰੇ ਹੋਏ ਸਨ, ਜਾਪਦਾ ਸੀ ਉਸਨੂੰ ਵਾਲੋਂ ਫੜ੍ਹ ਕੇ ਘਸੀਟਿਆ ਗਿਆ ਹੈ। ਉਹ ਡਰੀ ਤੇ ਸਹਿਮੀਂ ਹੋਈ ਸੀ।
ਹਵੇਲੀ ਦਾ ਬਾਹਰਲਾ ਦਰਵਾਜ਼ਾ ਬੰਦ ਕਰਦੇ ਗਾਮੂ ਉਸ ਕੋਲ ਆਇਆ ਤੇ ਉਸਨੂੰ ਲੱਤਾਂ-ਮੁੱਕੀਆਂ ਨਾਲ ਕੁੱਟਣ ਡਹਿ ਪਿਆ। ਉਹ ਭੋਇੰ ਡਿੱਗ ਪਈ ਤੇ ਉਹ ਦਹਾੜਿਆ—
''ਟੋਕਾ ਕਿੱਥੇ ਈ, ਮੈਂ ਇਸਦੇ ਟੋਟੇ ਕਰ ਦਿਆਂਗਾ...?''
'ਟੋਕਾ ਤੇਰੇ ਕੋਲ ਪਿਆ ਈ ਗਾਮੂ...'' ਸਕੀਨਾ ਨੇ ਜਜ਼ਬਾਤੋਂ ਸੱਖਣੀ ਆਵਾਜ਼ ਵਿਚ ਕਿਹਾ।
ਰਾਬੀਆ ਨੇ ਗੁੱਸੇ ਤੇ ਨਫ਼ਰਤ ਨਾਲ ਤੇ ਸਗਰੀਆ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਗਾਮੂ ਟੋਕਾ ਚੁੱਕਣ ਲਈ ਮੁੜਿਆ ਤਾਂ ਰਾਬੀਆ ਨੇ ਉਸਨੂੰ ਰੋਕ ਦਿੱਤਾ ਤੇ ਬੋਲੀ—
''ਹੋਸ਼ ਕਰ...ਗੁੱਸੇ ਵਿਚ ਤੂੰ ਪਾਗਲ ਹੋ ਜਾਣੈ...।''
ਫੇਰ ਉਸਨੇ ਟੋਕਾ ਖੋਹ ਕੇ ਦੂਰ ਹਨੇਰੇ ਵਿਚ ਵਗਾਹ ਮਾਰਿਆ ਤੇ ਭੋਇੰ ਡਿੱਗੀ ਸਗਰੀਆ ਨੂੰ ਸਹਾਰਾ ਦੇ ਕੇ ਅੰਦਰ ਲੈ ਗਈ।
'ਮੈਂ ਦੇਖ ਰਹੀ ਆਂ ਗਾਮੂ,'' ਸਕੀਨਾ ਬੋਲੀ, ''ਜਾਂ ਤਾਂ ਤੂੰ ਬੁੱਢਾ ਤੇ ਬੁਜ਼ਦਿਲ ਹੋ ਗਿਐਂ...ਜਾਂ ਫੇਰ ਬੇਗ਼ੈਰਤ।''
''ਮਾਂ...'' ਗਾਮੂ ਨੇ ਮੁਰਝਾਈ ਹੋਈ ਆਵਾਜ਼ ਵਿਚ ਕਿਹਾ ਤੇ ਨੀਵੀਂ ਪਾ ਕੇ ਅੰਦਰ ਚਲਾ ਗਿਆ।
ਜਦੋਂ ਉਹ ਆਪੋ-ਆਪਣੇ ਬਿਸਤਰਿਆਂ ਵਿਚ ਜਾ ਲੇਟੇ ਤਾਂ ਉਹਨਾਂ ਨੂੰ ਚਬੂਤਰੇ ਵਾਲੇ ਪਾਸਿਓਂ ਉੱਚੀ ਆਵਾਜ਼ ਵਿਚ ਵੈਣ ਪਾਉਣ ਦੀ ਆਵਾਜ਼ ਸੁਣਾਈ ਦਿੱਤੀ—
'ਨੀਂ ਕਰਮਾਂ ਹਾਰੀਏ ਗਜ਼ੂਰੋ—ਉਸ ਰਾਤ ਤੇਰਾ ਬਾਪੂ ਜਿਉਂਦਾ ਹੁੰਦਾ ਤਾਂ ਤੇਰੀ ਨਿਤਾਣੀ ਦੀ ਫਰਿਆਦ ਵੀ ਸੁਣ ਲੈਂਦਾ...।''
ਫੇਰ ਉਸਦੇ ਦੁਹੱਥੜੀਂ ਛਾਤੀ ਪਿੱਟਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਜਿਵੇਂ ਗਜ਼ੂਰਾਂ ਹੁਣੇ-ਹੁਣੇ ਕਤਲ ਹੋਈ ਹੋਵੇ।
      ੦੦੦  

Sunday, August 1, 2010

ਇਕ ਔਰਤ...:: ਲੇਖਕ : ਕਰਾਮਤ ਉੱਲਾ ਗੌਰੀ

ਪਾਕੀ ਉਰਦੂ ਕਹਾਣੀ :
ਇਕ ਔਰਤ
ਲੇਖਕ : ਕਰਾਮਤ ਉੱਲਾ ਗੌਰੀ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਪਹਿਲੀ ਵੇਰ ਮੈਂ ਉਸਨੂੰ ਆਪਣੇ ਦਫ਼ਤਰ ਵਿਚ ਹੀ ਵੇਖਿਆ ਸੀ। ਉਹ ਮੇਰੇ ਕੋਲ ਇਨਸਾਫ ਮੰਗਣ ਆਈ ਸੀ ਤੇ ਆਈ ਸੀ ਉਸ ਵੇਲੇ ਜਦੋਂ ਮੈਂ ਅਣਗਿਣਤ ਫਾਈਲਾਂ ਅਤੇ ਮੁਲਾਕਾਤੀਆਂ ਨਾਲ ਸਿਰ ਖਪਾਈ ਕਰਨ ਪਿੱਛੋਂ ਇਸ ਦੁਨੀਆਂ ਤੋਂ ਅੱਕਿਆ ਬੈਠਾ ਸਾਂ। ਅਜਿਹੇ ਪਲਾਂ ਵਿਚ ਜਦੋਂ ਚਪੜਾਸੀ ਨੇ ਉਸਨੂੰ ਅੰਦਰ ਭੇਜ ਦੇਣ ਦੀ ਇਜਾਜ਼ਤ ਮੰਗੀ, ਮੈਂ ਉਸਨੂੰ ਪੈ ਨਿਕਲਿਆ—
'ਨਹੀਂ ਕੋਈ ਜ਼ਰੂਰਤ ਨਹੀਂ, ਹੁਣ ਕਿਸੇ ਨੂੰ ਵੀ ਅੰਦਰ ਭੇਜਣ ਦੀ। ਜਾਹ ਜਾ ਕੇ ਆਖ ਦੇਅ ਮੁਲਾਕਾਤ ਦਾ ਵਕਤ ਖ਼ਤਮ ਹੋ ਚੁੱਕਿਆ...।'' ਮੈਂ ਉੱਚੀ ਆਵਾਜ਼ ਵਿਚ ਸਾਰੇ ਹੁਕਮ ਝਾੜ ਦਿੱਤੇ ਸਨ...ਪਰ ਮੇਰੇ ਚੁੱਪ ਹੋਣ ਤੋਂ ਪਹਿਲਾਂ ਹੀ ਉਹ ਅੰਦਰ ਵੜ ਆਈ ਸੀ, ਸ਼ਾਇਦ ਦਰਵਾਜ਼ੇ ਕੋਲ ਖੜ੍ਹੀ ਸਭ ਕੁਝ ਸੁਣਦੀ ਰਹੀ ਸੀ। ਉਸਨੇ ਰਤਾ ਕੁਸੈਲੀ ਆਵਾਜ਼ ਵਿਚ ਕਿਹਾ, ''ਸਾਹਬ ਜੀ ! ਪੂਰੇ ਤਿੰਨ ਦਿਨ ਹੋ ਗਏ ਨੇ ਮੈਨੂੰ ਤੁਹਾਡੇ ਬੂਹੇ 'ਤੇ ਹਾਜ਼ਰੀ ਦੇਂਦਿਆਂ। ਆਖ਼ਰ ਮੈਂ ਵੀ ਇਨਸਾਨ ਆਂ, ਕੋਈ ਡੰਗਰ-ਪਸੂ ਨਹੀਂ ਬਈ ਤੁਹਾਡੇ ਕਿੱਲੇ ਨਾਲ ਵੱਝ ਕੇ ਬੈਠੀ ਰਹਾਂ।'' ਉਹ ਪੂਰੇ ਆਤਮ ਵਿਸ਼ਵਾਸ ਨਾਲ ਬੋਲ ਰਹੀ ਸੀ।
ਮੈਂ ਹਿਰਖ ਗਿਆ ਸਾਂ ਕਿਉਂਕਿ ਸਾਰੇ ਜਿਲੇ ਵਿਚ ਮੇਰੇ ਨਾਲ ਅਜਿਹੇ ਤਿੱਖੇ ਲਹਿਜ਼ੇ ਵਿਚ ਗੱਲ ਕਰਨ ਦੀ ਹਿੰਮਤ ਕਿਸੇ ਦੀ ਨਹੀਂ ਸੀ। ਬਿੰਦ ਦਾ ਬਿੰਦ ਦਿਲ ਵਿਚ ਆਇਆ ਕਿ ਚਪੜਾਸੀ ਨੂੰ ਕਹਾਂ ਕਿ 'ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਆ।' ਪਰ ਅਚਾਨਕ ਹੀ ਮੇਰੇ ਅੰਦਰਲਾ ਕਲਾਕਾਰ, ਅਫਸਰ ਉੱਤੇ ਭਾਰੂ ਹੋ ਗਿਆ ਸੀ। ਸੋਚਿਆ ਇਹ ਔਰਤ ਬਗ਼ੈਰ ਗੱਲੋਂ ਏਨੀ ਅੱਖੜ ਨਹੀਂ ਹੋ ਸਕਦੀ। ਉਂਜ ਵੀ ਸਾਡੇ ਦੇਸ਼ ਦੀਆਂ ਔਰਤਾਂ ਬੁਨਿਆਦੀ ਤੌਰ 'ਤੇ ਕਿੱਲੇ ਨਾਲ ਬੱਧੀਆਂ ਗਊਆਂ ਹੁੰਦੀਆਂ ਨੇ...ਤੇ ਉਦੋਂ ਤਕ ਕਿੱਲੇ ਨਾਲ ਹੀ ਬੱਧੀਆਂ ਰਹਿੰਦੀਆਂ ਨੇ ਜਦੋਂ ਤਕ ਕਿੱਲਾ ਕੰਮਜ਼ੋਰ ਨਹੀਂ ਹੋ ਜਾਂਦਾ ਜਾਂ ਕੋਈ ਚੋਰ ਉੱਚਕਾ ਉਹਨਾਂ ਨੂੰ ਖੋਲ੍ਹ ਕੇ ਜਾਂ ਵਰਗਲਾ ਕੇ ਨਸਾਅ ਨਹੀਂ ਲੈ ਜਾਂਦਾ। ਅਜਿਹੀਆਂ ਹਾਲਤਾਂ ਵਿਚ ਉਹ ਆਪ ਵੀ ਰੱਸੇ ਤੁੜਵਾ ਜਾਂਦੀਆਂ ਨੇ ਤੇ ਏਨੀਆਂ ਮੂੰਹ-ਜ਼ੋਰ ਹੋ ਜਾਂਦੀਆਂ ਨੇ ਕਿ ਕਹਿੰਦੇ-ਕਹਾਉਂਦਿਆਂ ਦੇ ਕਾਬੂ ਨਹੀਂ ਆਉਂਦੀਆਂ। ਉਹ ਔਰਤ ਵੀ ਮੈਨੂੰ ਓਹੋ ਜਿਹੀ ਮੂੰਹ-ਜ਼ੋਰ ਹੀ ਜਾਪੀ ਸੀ। ਮੈਨੂੰ ਯਕੀਨ ਹੋ ਗਿਆ ਕਿ ਉਸਦੇ ਅੱਖੜਪੁਣੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈ। ਸੋ ਇਸ ਤੋਂ ਪਹਿਲਾਂ ਕਿ ਮੇਰਾ ਵਫਾਦਾਰ ਚਪੜਾਸੀ ਆਪਣੇ ਸਾਹਬ ਪ੍ਰਤੀ ਵਫਾਦਾਰੀ ਦਾ ਸਬੂਤ ਦੇਣ ਖਾਤਰ ਉਸ ਨਾਲ ਮੱਥਾ ਲਾ ਲੈਂਦਾ, ਮੈਂ ਇਸ਼ਾਰੇ ਨਾਲ ਉਸਨੂੰ ਰੋਕ ਦਿੱਤਾ। ਏਨੇ ਚਿਰ ਵਿਚ ਉਹ ਮੇਰੇ ਮੇਜ਼ ਦੇ ਨੇੜੇ ਆਣ ਖੜ੍ਹੀ ਹੋਈ ਸੀ। ਮੈਂ ਉਸਨੂੰ ਬੈਠ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਸਾਹਮਣੀ ਕੁਰਸੀ ਉੱਤੇ ਇੰਜ ਜਚ ਕੇ ਬੈਠ ਗਈ ਜਿਵੇਂ ਇਹ ਕੁਰਸੀ ਉਸ ਆਪਣੇ ਪੇਕਿਓਂ ਦਾਜ ਵਿਚ ਲਿਆਂਦੀ ਹੋਵੇ।
ਫੇਰ ਮੈਨੂੰ ਪਤਾ ਲੱਗਿਆ ਕਿ ਉਸਦਾ ਨਾਂ ਨੂਰਾਂ ਸੀ। ਉਹ ਨੇੜੇ ਦੇ ਕਿਸੇ ਪਿੰਡ ਦੇ ਇਸ ਸਾਧਾਰਨ ਕਿਸਾਨ ਦੀ ਪਤਨੀ ਸੀ ਤੇ ਮੇਰੇ ਕੋਲ ਆਪਣੇ ਪਿੰਡ ਦੇ ਜ਼ਿਮੀਂਦਾਰ ਦੀ ਸ਼ਿਕਾਇਤ ਕਰਨ ਆਈ ਸੀ, ਜਿਸ ਨੇ ਉਸ ਕਿਸਾਨ ਯਾਨੀ ਕਿ ਉਸਦੇ ਪਤੀ ਦੇ ਬਲ੍ਹਦ ਜਬਰਦਸਤੀ ਖੋਹ ਲਏ ਸਨ ਤੇ ਮੋੜਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਮੈਂ ਉਸਨੂੰ ਪੱਛਿਆ ਸੀ ਕਿ ਇਸ ਗੱਲ ਦੀ ਸ਼ਿਕਾਇਤ ਉਹ ਆਪ ਕਿਉਂ ਕਰਨ ਆਈ ਹੈ? ਉਸਦਾ ਪਤੀ ਕਿਉਂ ਨਹੀਂ ਆਇਆ?...ਤੇ ਉਸਨੇ ਝੱਟ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ, ''ਸਾਹਬ ਜੀ ਮਰਦ ਤਾਂ ਉਹ ਬਸ ਸਿਰਫ ਨਾਂਅ ਦਾ ਈ ਐ...ਉਂਜ ਉਹਨਾਂ ਬਲ੍ਹਦਾਂ ਤੋਂ ਵੀ ਗਿਆ ਬੀਤਿਐ ਜਿਹੜੇ ਜੱਗੂ ਨੇ ਖੋਹ ਲਏ ਐ। ਮਿੱਟੀ ਦਾ ਮਾਧੋ ਐ ਨਿਰਾ। ਜੇ ਮਰਦ ਹੁੰਦਾ ਤਾਂ ਮੈਨੂੰ ਕਿਉਂ ਇੱਥੇ ਆਉਣਾ ਪੈਂਦਾ ਜੀ...।''
ਮੈਨੂੰ ਉਸਦੀ ਦਲੀਲ ਬੜੀ ਠੋਸ ਲੱਗੀ। ਜੇ ਮਰਦ ਚੂੜੀਆਂ ਪਾ ਕੇ ਘਰੇ ਬੈਠੇ ਰਹਿਣ ਤਾਂ ਔਰਤਾਂ ਨੂੰ ਹੀ ਬਿਸਤਰੇ ਦੇ ਵੱਟਾਂ ਵਿਚੋਂ ਨਿਕਲ ਕੇ ਜ਼ਮਾਨੇ ਦੀ ਰੇਤ ਫੱਕਣ ਆਉਣਾ ਪੈਂਦਾ ਹੈ।
ਨੂਰਾਂ ਅਜਿਹੀ ਹੀ ਇਕ ਔਰਤ ਸੀ...ਨਰੋਈ, ਕਦਾਵਰ ਤੇ ਗੰਭੀਰ। ਉਹ ਆਪਣੇ ਮਰਦ ਦੀ ਨਾਮਰਦੀ ਤੋਂ ਖਿਝਕੇ ਆਪਣੇ ਅਤੇ ਉਸਦੇ ਹੱਕਾਂ ਦੀ ਖਾਤਰ ਜ਼ਮਾਨੇ ਦੀ ਤੱਤੀ ਧੁੱਪ ਵਿਚ ਨਿਕਲ ਆਈ ਸੀ...ਪਰ ਸ਼ਾਇਦ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਧੁੱਪ ਇਕ ਪਾਸੇ ਜ਼ਿੰਦਗੀ ਬਖ਼ਸ਼ਦੀ ਹੈ, ਦੂਜੇ ਪਾਸੇ ਉਸਦੇ ਕੁੰਦਣ ਵਰਗੇ ਰੰਗ ਰੂਪ ਨੂੰ ਝੁਲਸਾ ਕੇ ਕੋਇਲਾ ਵੀ ਬਣਾਅ ਸਕਦੀ ਹੈ।
ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਜਿਸ ਜ਼ਿਮੀਂਦਾਰ ਨਾਲ ਉਹ ਟਾਕਰਾ ਕਰਨਾ ਚਾਹੁੰਦੀ ਹੈ ਉਹ ਇਕ ਚਲਦਾ ਪੁਰਜਾ ਬੰਦਾ ਹੈ। ਕਈ ਸਿਆਸੀ ਨੇਤਾਵਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਤੱਕ ਉਸਦੀ ਪਹੁੰਚ ਹੈ। ਪਰ ਨੂਰਾਂ ਆਪਣੀ ਜ਼ਿਦ ਉੱਤੇ ਅੜੀ ਰਹੀ ਕਿ ਕਾਨੂੰਨਨ ਇਨਸਾਫ ਕੀਤਾ ਜਾਵੇ ਤੇ ਜਾਲਮ ਨੂੰ ਸਜ਼ਾ ਦਿੱਤੀ ਜਾਵੇ। ਜਿਸ ਨਿੱਡਰਤਾ ਅਤੇ ਹੌਸਲੇ ਨਾਲ ਉਹ ਆਪਣੇ ਹੱਕਾਂ ਦੀ ਹਮਾਇਤ ਵਿਚ ਤੇ ਜ਼ਿਮੀਂਦਾਰ ਦੇ ਜ਼ੁਲਮ ਦੇ ਖ਼ਿਲਾਫ਼ ਭਾਸ਼ਨ ਦੇ ਰਹੀ ਸੀ, ਉਸਨੂੰ ਸੁਣ ਕੇ ਮੈਨੂੰ ਇੰਜ ਜਾਪਿਆ ਸੀ ਜਿਵੇਂ ਉਸਨੇ ਇਸ ਵਿਸ਼ੇ ਉੱਤੇ ਬਣੀ ਹਰੇਕ ਫਿਲਮ ਵੇਖੀ ਹੀ ਨਹੀਂ ਬਲਕਿ ਉਸਦੇ ਰੋਹਿਲੇ ਡਾਇਲਾਗ ਮੂੰਹ ਜ਼ਬਾਨੀ ਯਾਦ ਵੀ ਕੀਤੇ ਹੋਏ ਨੇ।
ਮੈਂ ਨੂਰਾਂ ਦੀ ਵਕਾਲਤ ਤੋਂ ਪ੍ਰਭਾਵਿਤ ਹੋ ਕੇ ਜ਼ਿਮੀਂਦਾਰ ਦੇ ਖ਼ਿਲਾਫ਼ ਬੜਾ ਸਖ਼ਤ ਐਕਸ਼ਨ ਲਿਆ ਸੀ ਤੇ ਉਸਦੇ ਬਲ੍ਹਦ ਉਹਨਾਂ ਨੂੰ ਵਾਪਸ ਮਿਲ ਗਏ ਸਨ। ਫੇਰ ਉਹ ਬਲ੍ਹਦਾਂ ਦੇ ਨਾਲ ਹੀ ਕਿਤੇ ਅਲੋਪ ਹੋ ਗਈ ਸੀ। ਮੈਂ ਵੀ ਉਸਨੂੰ ਭੁੱਲ-ਭੁਲਾਅ ਗਿਆ ਸਾਂ ਤੇ ਫੇਰ ਉੱਥੋਂ ਮੇਰਾ ਤਬਾਦਲਾ ਹੋ ਗਿਆ ਸੀ।
      ੦੦੦
ਇਸ ਘਟਨਾ ਤੋਂ ਕਈ ਵਰ੍ਹੇ ਪਿੱਛੋਂ ਇਕ ਹੋਰ ਘਟਨਾ ਹੋਈ। ਉਦੋਂ ਮੇਰੀ ਪੋਸਟਿੰਗ ਜਿਸ ਸਰਹੱਦੀ ਇਲਾਕੇ ਵਿਚ ਹੋਈ ਹੋਈ ਸੀ—ਉਹ ਇਲਾਕਾ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ, ਗੈਰ ਕਾਨੂੰਨੀ ਤੇ ਚੋਰੀ ਛਿਪੇ ਦਾਖਲੇ ਕਰਕੇ ਬਦਨਾਮ ਸੀ। ਇਕ ਦਿਨ ਮੈਨੂੰ ਖ਼ਬਰ ਮਿਲੀ ਕਿ ਇਕ ਨਸ਼ੀਲੀਆਂ ਦਵਾਈਆਂ ਸਮਗਲ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਪਤਾਨ ਖਹਿੜੇ ਹੀ ਪੈ ਗਿਆ ਸੀ ਕਿ ਜ਼ਿਲੇ ਦਾ ਵੱਡਾ ਅਫਸਰ ਹੋਣ ਦੇ ਨਾਤੇ ਮੈਂ ਉਸ ਗਿਰੋਹ ਨੂੰ ਇਕ ਵਾਰ ਜ਼ਰੂਰ ਵੇਖ ਆਵਾਂ। ਉਹ ਆਪਣੀ ਕਾਰਗੁਜ਼ਾਰੀ ਵਿਖਾ ਕੇ ਮੈਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਮੈਂ ਰਤਾ ਉਦਾਰ ਚਿੱਤ ਬੰਦਾ ਵਾਂ ਸੋ ਉਸਦਾ ਦਿਲ ਰੱਖਣ ਵਾਸਤੇ ਉਸ ਜਗ੍ਹਾ ਦਾ ਦੌਰਾ ਕਰਨ ਵਾਸਤੇ ਜਾ ਪਹੁੰਚਿਆ ਜਿੱਥੇ ਸਮਗਲਰਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਉਹ ਕਈ ਸਨ—ਵੱਡੀਆਂ ਵੱਡੀਆਂ ਮੁੱਛਾਂ ਤੇ ਪੱਗੜਾਂ ਵਾਲੇ। ਉਹਨਾਂ ਦੀਆਂ ਅੱਖਾਂ ਚਰਸ ਤੇ ਗਾਂਜੇ ਦੇ ਨਸ਼ੇ ਸਦਕੇ ਲਾਲ-ਝਰੰਗ ਹੋਈਆਂ ਹੋਈਆਂ ਸਨ। ਉਹਨਾਂ ਨਾਲ ਇਕ ਔਰਤ ਵੀ ਫੜ੍ਹੀ ਗਈ ਸੀ, ਜਿਸਦਾ ਹੁਲੀਆ ਵੀ ਉਹਨਾਂ ਵਰਗਾ ਹੀ ਸੀ ਪਰ ਉਹ ਆਪਣੇ ਸੁਡੌਲ ਔਰਤਪਨ ਸਦਕਾ ਵੱਖਰੀ ਹੀ ਦਿਸ ਰਹੀ ਸੀ। ਉਸਨੂੰ ਵੇਖ ਕੇ ਮੈਂ ਹੈਰਾਨੀ ਨਾਲ ਤ੍ਰਬਕ ਪਿਆ ਸਾਂ...ਉਹ ਕੁਝ ਜਾਣੀ-ਪਛਾਣੀ ਜਿਹੀ ਲੱਗੀ ਸੀ।...ਤੇ ਫੇਰ ਉਸਨੇ ਆਪੇ ਹੀ ਮੇਰੀ ਹੈਰਾਨੀ ਦੂਰ ਕਰ ਦਿੱਤੀ...
'ਸਾਹਬ ਜੀ, ਸਲਾਮ,'' ਉਸ ਢੀਠਾਂ ਵਾਂਗ ਕਿਹਾ, ''ਸ਼ਾਇਦ ਤੁਸੀਂ ਮੈਨੂੰ ਪਛਾਣਿਆਂ ਨਹੀਂ?'' ਉਹ ਇੰਜ ਆਖ ਰਹੀ ਸੀ ਜਿਵੇਂ ਮੇਰੀ ਦੂਰ ਨੇੜੇ ਦੀ ਕੋਈ ਰਿਸ਼ਤੇਦਾਰ ਹੋਵੇ...ਤੇ ਜਿਵੇਂ ਨਾ ਪਛਾਣ ਕੇ ਮੈਂ ਉਸਨੂੰ ਠੇਸ ਪਹੁਚਾਈ ਹੋਵੇ।
ਉਸਦਾ ਗੱਲਬਾਤ ਕਰਨ ਦਾ ਢੰਗ ਤੇ ਵਿਅੰਗਮਈ ਲਹਿਜ਼ਾ ਮੈਨੂੰ ਨੂਰਾਂ ਦੀ ਯਾਦ ਤਾਜ਼ਾ ਕਰਵਾਉਣ ਲਈ ਕਾਫੀ ਸੀ, ਜਿਸਨੂੰ ਕਈ ਵਰ੍ਹੇ ਪਹਿਲਾਂ ਮੈਂ ਖੇਤਾਂ ਤੇ ਮੈਦਾਨਾਂ ਦੀ ਮਿੱਟੀ ਵਿਚ ਛੱਡ ਆਇਆ ਸਾਂ।
'ਹਾਂ, ਹਾਂ ਬਈ। ਯਾਦ ਆਇਆ, ਪਹਿਲਾਂ ਵੀ ਤੇਰੇ ਨਾਲ ਮੁਲਾਕਾਤ ਹੋ ਚੁੱਕੀ ਏ। ਤੇਰਾ ਨਾਂਅ ਕੀ ਏ ਭਲਾ?'' ਮੈਂ ਪੁੱਛਿਆ।
'ਬਸ਼ੀਰਾਂ ਨਾਂਅ ਐਂ ਜੀ ਮੇਰਾ—ਤੇ ਇਹ ਮੇਰਾ ਮਰਦ ਐ—ਇਹਨਾਂ ਸਰਿਆਂ ਦਾ ਸਰਦਾਰ।'' ਉਸਨੇ ਇਕ ਲੰਮੇ-ਝੰਮੇ ਭਰਵੇਂ ਚਿਹਰੇ ਵਾਲੇ ਆਦਮੀ ਵੱਲ ਇਸ਼ਾਰਾ ਕਰਕੇ ਦੱਸਿਆ।
ਇਕ ਵਾਰ ਫੇਰ ਮੈਂ ਤ੍ਰਬਕ ਪਿਆ। ਇਹ ਨਾਂ ਤਾਂ ਨਹੀਂ ਸੀ ਉਸਦਾ ਜਦੋਂ ਉਹ ਪਹਿਲੀ ਵਾਰੀ ਮੈਥੋਂ ਮਦਦ ਮੰਗਣ ਆਈ ਸੀ ਤੇ ਇਹ ਉਸਦਾ ਮਰਦ ਵੀ ਨਹੀਂ ਸੀ ਹੋ ਸਕਦਾ ਜਿਸ ਬਾਰੇ ਉਸ ਨੇ ਕਿਹਾ ਸੀ ਕਿ ਮੇਰਾ ਮਰਦ ਮਰਦਾਨਗੀ ਦੇ ਨਾਂ ਉੱਤੇ ਧੱਬਾ ਹੈ ਤੇ ਇਹ ਕਿਸੇ ਵੀ ਪੱਖੋਂ ਉਹ ਨਹੀਂ ਸੀ ਹੋ ਸਕਦਾ, ਜਿਹੜਾ ਕਿਸੇ ਬੁਲਡਾਗ ਵਾਂਗ ਉਸਦਾ ਰਾਖਾ ਬਣਿਆਂ ਖੜ੍ਹਾ ਸੀ।
'ਪਰ ਉਦੋਂ ਤੂੰ ਸ਼ਾਇਦ ਹੋਰ ਹੀ ਕੋਈ ਨਾਂ ਦੱਸਿਆ ਸੀ ਆਪਣਾ...'' ਮੈਂ ਆਪਣੀ ਹੈਰਾਨੀ ਉੱਤੇ ਕਾਬੂ ਪਾ ਲਿਆ ਸੀ।
'ਹਾਂ ਸਾਹਬ ਜੀ। ਔਰਤ ਦਾ ਆਪਣਾ ਕੋਈ ਨਾਂ ਨਹੀਂ ਹੁੰਦਾ ਤੇ ਨਾ ਹੀ ਕੋਈ ਧੰਦਾ ਹੁੰਦਾ ਐ।'' ਉਹ ਅੱਖਾਂ ਤੇ ਲੱਕ ਮਟਕਾਉਂਦੀ ਬੋਲੀ, ''ਉਸ ਮਰਦ ਨੂੰ ਨੂਰਾਂ ਨਾਂਅ ਪਸੰਦ ਸੀ ਤੇ ਮੈਂ ਨੂਰਾਂ ਬਣ ਕੇ ਤੁਹਾਡੇ ਕੋਲ ਪਹੁੰਚੀ ਸਾਂ। ਹੁਣ ਇਹ ਮੇਰਾ ਮਰਦ ਐ ਜਿਹੜਾ...'' ਉਸ ਨੇ ਬੜੇ ਪਿਆਰ ਨਾ ਉਸ ਲਾਲ ਲਾਲ ਅੱਖਾਂ ਤੇ ਸੰਘਣੀ ਦਾੜ੍ਹੀ ਵਾਲੇ ਵੱਲ ਇਸ਼ਾਰਾ ਕਰਕੇ ਕਿਹਾ, ''ਇਸਨੂੰ ਬਸ਼ੀਰਾਂ ਨਾਂਅ ਪਸੰਦ ਐ ਤਾਂ ਮੈਂ ਬਸ਼ੀਰਾਂ ਆਂ। ਆਪਣਾ ਕੀ ਵਿਗੜਦੈ-ਜੀ...ਨਾਂਅ ਭਾਵੇਂ ਕੋਈ ਵੀ ਹੋਵੇ ਕੰਮ ਤਾਂ ਮਰਦ ਨੂੰ ਖੁਸ਼ ਕਰਨਾ ਈ ਐ ਨਾ-ਜੀ?''
ਮੈਨੂੰ ਉਸਦੀਆਂ ਗੱਲਾਂ ਬੜੀਆਂ ਘਟੀਆ, ਅਜੀਬ-ਓਪਰੀਆਂ ਤੇ ਭੈੜੀਆਂ ਲੱਗੀਆਂ ਸਨ ਜਾਂ ਸ਼ਾਇਦ ਮੈਂ ਅਜਿਹੀਆਂ ਗੱਲਾਂ ਸੁਣਨ ਵਾਸਤੇ ਤਿਆਰ ਹੋ ਕੇ ਨਹੀਂ ਸੀ ਆਇਆ। ਉਸਦੀ ਜ਼ਿੰਦਗੀ ਤੇ ਸੋਚ ਨੇ ਮੇਰੇ ਸੰਸਕਾਰਾਂ ਨੂੰ ਠੇਸ ਪਹੁੰਚਾਈ ਸੀ...ਤੇ ਮੇਰੇ ਸੰਸਕਾਰ ਮੇਰੀ ਜ਼ਿੰਦਗੀ ਦਾ ਅੰਗ ਬਣ ਚੁੱਕੇ ਸਨ। ਸੋ ਮੈਂ ਉਸਨੂੰ ਉਸਦੀ ਆਜ਼ਾਦ ਸੋਚ ਵਿਚਕਾਰ ਉੱਥੇ ਹੀ ਛੱਡ ਕੇ ਤੁਰ ਆਇਆ ਸਾਂ। ਫੇਰ ਕਪਤਾਨ ਦੀ ਰਿਪੋਰਟ ਤੋਂ ਪਤਾ ਲੱਗਿਆ ਸੀ ਕਿ ਪੂਰੇ ਦੇ ਪੂਰੇ ਗਿਰੋਹ ਨੂੰ ਤੇ ਬਸ਼ੀਰਾਂ ਜਾਂ ਨੂਰਾਂ ਨੂੰ ਵੱਖਰੇ-ਵੱਖਰੇ ਸਮੇਂ ਦੀ ਕੈਦ ਹੋ ਗਈ ਸੀ। ਸਾਰੇ ਆਪਣੇ ਕੀਤੇ ਦੀ ਸਜ਼ਾ ਭੁਗਤਨ ਵਾਸਤੇ ਜੇਲ੍ਹ ਭੇਜ ਦਿੱਤੇ ਗਏ ਸਨ। ਮੇਰੇ ਮਨ ਵਿਚ ਬਸ਼ੀਰਾਂ ਜਾਂ ਨੂਰਾਂ ਬਾਰੇ ਜਾਣਨ ਜਾਂ ਪੁੱਛਣ ਦੀ ਇੱਛਾ ਵੀ ਹੋਈ ਪਰ ਫੇਰ ਮੈਂ ਉਸ ਕੋਝੀ ਇੱਛਾ ਨੂੰ ਲਾਹੌਲ ਪੜ੍ਹ ਕੇ ਪਰ੍ਹਾਂ ਧਰੀਕ ਦਿੱਤਾ ਸੀ।
ਅਜਿਹੀ ਵਿਗੜੈਲ, ਖਤਰਨਾਕ ਤੇ ਚੋਰ-ਉਚੱਕੀ ਤੀਵੀਂ ਦਾ ਕੀ ਬਣਿਆਂ, ਮੈਨੂੰ ਇਹ ਜਾਣਨ ਦੀ ਕੀ ਚੱਟੀ ਪਈ ਸੀ ਭਲਾ...।
      ੦੦੦
ਕਈ ਵਰ੍ਹੇ ਹੋਰ ਬੀਤ ਗਏ। ਮੈਨੂੰ ਵਿਦੇਸ਼ੀ ਮਾਮਲਿਆਂ ਸੰਬੰਧੀ ਵਿਭਾਗ ਵਿਚ ਨਿਯੁਕਤ ਕਰਕੇ ਖਲੀਚ ਦੀ ਇਕ ਰਿਆਸਤ ਵਿਚ ਭੇਜ ਦਿੱਤਾ ਗਿਆ। ਉੱਥੇ ਮੈਂ ਆਪਣੇ ਹਮਵਤਨਾਂ ਦੀਆਂ ਹਰ ਰੋਜ਼ ਦੀਆਂ ਮੁਸ਼ਕਿਲਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਵਾਉਣ ਦੇ ਯਤਨਾਂ ਵਿਚ ਕੁਝ ਅਜਿਹਾ ਉਲਝਿਆ ਕਿ ਕੁਝ ਚਿਰ ਵਾਸਤੇ ਤਾਂ ਇਹ ਵੀ ਭੁੱਲ ਗਿਟਾ ਕਿ ਮੇਰੇ ਦੇਸ਼ ਵਿਚ ਵੀ ਪੈਰ ਪੈਰ ਉੱਤੇ ਅਜਿਹੇ ਹੀ ਬਹੁਤ ਸਾਰੇ ਮਸਲੇ ਸਨ ਜਿਹਨਾਂ ਨਾਲ ਮੈਂ ਵੱਖੋ-ਵੱਖਰੇ ਹਾਲਾਤਾਂ ਵਿਚ ਨਿਬੜਦਾ ਰਿਹਾ ਸਾਂ...ਤੇ ਹੁਣ ਇੰਜ ਜਾਪਦਾ ਹੈ ਜਿਵੇਂ ਦੇਸ਼ ਦੇ ਸਾਰੇ ਮਸਲੇ ਵਤਨ ਦੀ ਮਿੱਟੀ ਵਿਚੋਂ ਆਪਣੀਆਂ ਜੜਾਂ ਕੱਢ ਕੇ ਸੱਤ ਸਮੁੰਦਰ ਪਾਰ ਏਥੇ ਆ ਵੱਸੇ ਨੇ ਤੇ ਰੇਗਿਸਤਾਨ ਦੀ ਇਸ ਰੇਤ ਤੇ ਗਰਮੀ ਨੇ ਉਹਨਾਂ ਜੜਾਂ ਨੂੰ ਸਿਰਫ ਕਬੂਲ ਹੀ ਨਹੀਂ ਕੀਤਾ ਸਗੋਂ ਬੜੀ ਤੇਜ਼ੀ ਨਾਲ ਪ੍ਰਵਾਨ ਵੀ ਚੜ੍ਹਾ ਰਹੀ ਹੈ।
ਇਕ ਦਿਨ ਮੈਂ ਆਪਣੇ ਸਫਾਰਤਖ਼ਾਨੇ ਦੇ ਦਫਤਰ ਵਿਚ ਬੈਠਾ ਅਜਿਹੇ ਉਲਝੇ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਚਪੜਾਸੀ ਨੇ ਅੰਦਰ ਆ ਕੇ ਦੱਸਿਆ ਕਿ ਵਤਨ ਦੀ ਇਕ ਦਾਸੀ ਮੈਨੂੰ ਮਿਲਣਾ ਚਾਹੁੰਦੀ ਹੈ। ਪਹਿਲਾਂ ਤਾਂ ਮੇਰੇ ਮਨ ਵਿਚ ਆਇਆ ਕਿ ਉਸਨੂੰ ਆਪਣੇ ਕਿਸੇ ਨਾਇਬ ਕੋਲ ਭੇਜ ਦਿਆਂ ਕਿਉਂਕਿ ਪਤਾ ਸੀ ਕਿ ਉਸਦੀ ਕਹਾਣੀ ਵੀ ਉਹਨਾਂ ਬੇਜ਼ਬਾਨ ਤੇ ਮਜ਼ਲੂਮ ਔਰਤਾਂ ਨਾਲੋਂ ਵੱਖਰੀ ਨਹੀਂ ਹੋਵੇਗੀ ਜਿਹੜੀਆਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਖਾਤਰ ਪਤਾ ਨਹੀਂ ਕੀ ਕੀ ਯਤਨ ਕਰਕੇ, ਕਿਹੜੇ ਕਿਹੜੇ ਪਾਪੜ ਵੇਲ ਕੇ, ਕਿਹੜੇ ਸੁਨਿਹਿਰੇ ਸੁਪਣਿਆਂ ਦੀ ਪੂਰਤੀ ਕਰਨ ਲਈ ਇਹਨਾਂ ਇਲਾਕਿਆਂ ਵੱਲ ਆਉਂਦੀਆਂ ਨੇ। ਦੁੱਖ ਤਕਲੀਫਾਂ ਝੱਲਦੀਆਂ ਨੇ, ਨੌਕਰੀਆਂ ਕਰਦੀਆਂ ਨੇ ਤੇ ਘਰ ਘਰ ਭਾਂਡੇ ਮਾਂਜਦੀਆਂ ਨੇ। ਸਾਰਾ ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਮਿਹਨਤ ਦੀ ਚੱਕੀ ਵਿਚ ਪਿਸਦੀਆਂ ਰਹਿੰਦੀਆਂ ਨੇ ਤੇ ਕੁੱਟ-ਮਾਰ ਵੀ ਸਹਿੰਦੀਆਂ ਨੇ। ਫੇਰ ਵੀ ਉਹਨਾਂ ਨੂੰ ਉਹਨਾਂ ਦੀ ਉਸ ਮਿਹਨਤ ਦਾ ਮੁੱਲ ਨਹੀਂ ਦਿੱਤਾ ਜਾਂਦਾ ਜਿਹੜਾ ਪਹਿਲਾਂ ਖੋਹਲਿਆ ਜਾਂਦਾ ਹੈ। ਆਪਣੇ ਆਵਦੇ ਹਮਵਤਨ ਹੀ ਉਹਨਾਂ ਦੀ ਮਿਹਨਤ ਤੇ ਇੱਜ਼ਤ ਨੂੰ ਵਿਦੇਸ਼ੀ ਮਾਲਕਾਂ ਦੇ ਹੱਥ ਕੌਡੀਆਂ ਦੇ ਭਾਅ ਵੇਚ ਦਿੰਦੇ ਨੇ ਤੇ ਆਪਣਾ ਕਮਿਸ਼ਨ ਲੈ ਕੇ ਇੰਜ ਲਾਂਭੇ ਹੋ ਜਾਂਦੇ ਨੇ ਜਿਵੇਂ ਬਕਰੀਦ ਵਾਲੇ ਦਿਨ ਬਲੀ ਦੇ ਬੱਕਰਿਆਂ, ਦੁੰਬਿਆਂ ਦਾ ਵਪਾਰੀ ਕਿਸੇ ਜਾਨਵਰ ਨੂੰ ਖਰੀਦਦਾਰ ਦੇ ਹੱਥ ਵੇਚ ਕੇ ਸੁਰਖਰੂ ਹੋ ਜਾਂਦਾ ਹੈ ਕਿ ਹੁਣ ਉਹ ਕਦੀ ਉਹਨਾਂ ਦੀ ਸ਼ਕਲ ਨਹੀਂ ਵੇਖੇਗੇ।
ਦੁਖ ਤਕਲੀਫਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਮੇਰੇ ਕੰਨ ਸੁੰਨ ਹੋਏ ਹੋਏ ਸਨ ਤੇ ਮੁਸ਼ੀਬਤਾਂ ਮਾਰੇ ਚਿਹਰੇ ਵੇਖ ਵੇਖ ਕੇ ਅੱਖਾਂ ਸਿਲ-ਪੱਥਰ। ਉਸ ਔਰਤ ਨੂੰ ਵੀ ਮੈਂ ਅਜਿਹੀ ਹੀ ਕੋਈ ਦੁਖਾਂਤ ਕਹਾਣੀ ਸਮਝ ਕੇ ਅੱਖੋਂ ਓਹਲੇ ਕਰ ਛੱਡਣਾ ਸੀ ਜਾਂ ਸਰਕਾਰੀ ਬੋਲੀ ਵਿਚ ਟਾਲ ਦੇਣਾ ਸੀ। ਪਰ ਚਪੜਾਸੀ ਦੇ ਕਹਿਣ ਉੱਤੇ ਕਿ ਉਹ ਬੜੀ ਦੁਖੀ ਹੈ ਤੇ ਕਈ ਦਿਨਾਂ ਤੋਂ ਮੈਨੂੰ ਮਿਲਣ ਦੇ ਵਾਸਤੇ ਕਹਿ ਰਹੀ ਹੈ। ਅਖ਼ੀਰ ਚਪੜਾਸੀ ਦੀ ਸਿਫਾਰਸ਼ ਉੱਤੇ ਮੈਂ ਉਸਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਿਆ। ਜਦੋਂ ਉਹ ਉਸਨੂੰ ਅੰਦਰ ਲਿਆਇਆ ਸੀ ਮੈਂ ਹੈਰਾਨ ਹੀ ਰਹਿ ਗਿਆ ਸਾਂ। ਇਹ ਉਹੀ ਔਰਤ ਸੀ—ਨੂਰਾਂ ਜਾਂ ਬਸ਼ੀਰਾਂ! ਪਰ ਸ਼ਕਲ ਸੂਰਤ ਤੋਂ ਉਸ ਔਰਤ ਦਾ ਭੂਤ ਹੀ ਜਾਪਦੀ ਸੀ ਜਿਸਨੂੰ ਪਹਿਲੀ ਵੇਰ ਪਿੰਡ ਦੇ ਜ਼ਿਮੀਂਦਾਰ ਦੇ ਜ਼ੁਲਮਾਂ ਦੇ ਖ਼ਿਲਾਫ਼ ਕਿਸੇ ਨੌਜਵਾਨ ਸਿਪਾਹੀ ਵਾਂਗ ਡਟੀ ਹੋਈ ਵੇਖਿਆ ਸੀ ਤੇ ਦੂਜੀ ਵੇਰ ਕਿਸੇ ਨਵੀਂ ਫੜ੍ਹੀ ਸ਼ੇਰਨੀ ਵਾਂਗ ਆਪਣੀ ਤਾਕਤ ਤੇ ਗਰੂਰ ਦੇ ਨਸ਼ੇ ਵਿਚ ਚੂਰ, ਮਿਲਣ ਵਾਲੀ ਸਜ਼ਾ ਤੇ ਕੈਦੀ ਜੀਵਨ ਦੀਆਂ ਔਕੜਾਂ ਵੱਲੋਂ ਅਤਿ ਲਾਪ੍ਰਵਾਹ ਵੇਖਿਆ ਸੀ। ਪਰ ਇਹ ਔਰਤ ਜਿਹੜੀ ਇਸ ਵੇਲੇ ਮੇਰੇ ਸਾਹਮਣੇ ਖੜ੍ਹੀ ਸੀ...ਸਿਰ ਤੋਂ ਪੈਰਾਂ ਤੱਕ ਦੁੱਖਾਂ ਦੀ ਮੂੰਹੋਂ ਬੋਲਦੀ ਤਸਵੀਰ ਲੱਗ ਰਹੀ ਸੀ। ਨਾ ਉਹ ਕੁੰਦਨ ਵਰਗਾ ਲਿਸ਼ਕਦਾ ਹੋਇਆ ਰੰਗ ਰੂਪ ਸੀ ਤੇ ਨਾ ਹੀ ਸ਼ੇਰਨੀ ਵਰਗਾ ਗਠੀਲਾ ਸਰੀਰ। ਉਸਦਾ ਜਿਸਮ ਢਲ ਚੱਕਿਆ ਸੀ ਤੇ ਅੱਖਾਂ ਦੀ ਚਮਕ ਕਿਸੇ ਬੁਝ ਰਹੇ ਚਿਰਾਗ਼ ਵਾਂਗ ਮੱਧਮ ਪੈ ਚੁੱਕੀ ਸੀ। ਇੰਜ ਜਾਪਦਾ ਸੀ ਜਿਵੇਂ ਸਮੇਂ ਦੀਆਂ ਬੇਰਹਿਮ ਨਹੁੰਦਰਾਂ ਨੇ ਉਸਦੇ ਰੂਪ ਦੀ ਸ਼ੋਈ ਨੂੰ ਖੁਰਚ ਦਿੱਤਾ ਹੋਵੇ।
'ਕੀ ਨਾਂ ਏਂ ਤੇਰਾ ?'' ਮੈਂ ਉਸਨੂੰ ਪੁੱਛਿਆ, ''ਸ਼ਾਇਦ ਮੈਂ ਪਹਿਲਾਂ ਵੀ ਤੈਨੂੰ ਕਿਤੇ ਵੇਖਿਆ ਏ।''
'ਹਾਂ ਸਾਹਬ ਜੀ, ਤੁਸੀਂ ਮੈਨੂੰ ਪਹਿਲਾਂ ਵੀ ਵੇਖ ਚੁੱਕੇ ਓ।'' ਉਸ ਨੇ ਮੁਰਦਲ ਜਿਹੀ ਆਵਾਜ਼ ਵਿਚ ਕਿਹਾ। ਉਸਦੀ ਆਵਾਜ਼ ਵਿਚ ਹੁਣ ਉਹ ਦਮਗਜਾ, ਕੜਕ ਤੇ ਖਣਕ ਨਹੀਂ ਸੀ ਰਹੀ, ''ਮੇਰਾ ਨਾਂਅ ਨਜ਼ੀਰਾਂ ਐ-ਜੀ।''
ਮੈਂ ਫੇਰ ਤ੍ਰਬਕਿਆ।
''ਇਹ ਨਾਂ ਤਾਂ ਨਹੀਂ ਸੀ ਤੇਰਾ !''
'ਇਹ ਨਹੀਂ ਸੀ ਤਾਂ ਕੋਈ ਹੋਰ ਹੋਵੇਗਾ।'' ਉਸਦੀ ਆਵਾਜ਼ ਮੁੜ ਉੱਚੀ, ਕੁਸੈਲੀ ਤੇ ਭਾਰੀ ਹੋ ਗਈ, ''ਔਰਤ ਦੇ ਨਾਂ ਵਿਚ ਰੱਖਿਆ ਈ ਕੀ ਹੁੰਦੈ, ਸਾ'ਬ ਜੀ ! ਜਿਸ ਨੇ ਜੋ ਜਚਿਆ ਨਾਂ ਰੱਖ ਦਿੱਤਾ। ਜਿਸ ਧੰਦੇ ਚਾਹਿਆ ਲਾ ਦਿੱਤਾ। ਔਰਤ ਤਾਂ ਬਚਪਨ ਤੋਂ ਹੀ ਆਪਣੇ ਬਾਪ ਦੀ ਉਂਗਲੀ ਦੇ ਸਹਾਰੇ ਤੁਰਨ ਸਿੱਖਦੀ ਐ ਤੇ ਜਵਾਨੀ ਵਿਚ ਕਿਸੇ ਮੱਝ ਗਾਂ ਵਾਂਗ ਹੀ ਆਪਣੇ ਪਤੀ ਰੂਪੀ ਮਾਲਕ ਦੇ ਮਗਰੇ ਮਗਰ। ਬਿਨਾਂ ਮਰਦ ਦੇ ਮੋਢੇ ਦੇ ਸਹਾਰੇ ਤੋਂ ਤਾਂ ਉਹ ਆਪਣੀ ਕਬਰ ਤੱਕ ਵੀ ਨਹੀਂ ਜਾ ਸਕਦੀ।'' ਉਸਦੀ ਆਵਾਜ਼ ਵਿਚ ਗੂੜ੍ਹੀ ਉਦਾਸੀ ਤੇ ਸੰਘਣੀ ਕੁਸੈਲ ਸੀ।
''ਕਿਸੇ ਮੁਸੀਬਤ ਵਿਚ ਫਸ ਗਈ ਜਾਪਦੀ ਏਂ...'' ਮੈਂ ਉਸਨੂੰ ਤੱਸਲੀ ਦੇਣਾ ਚਾਹੁੰਦਾ ਸਾਂ।
'ਇਹ ਸਭ ਵੀ ਇਕ ਮਰਦ ਦੀ ਹੀ ਦੇਣ ਐ ਸਾ'ਬ ਜੀ ਕਿ ਮੈਂ ਅੱਜ ਇੰਜ ਜੁੱਤੀਆਂ 'ਚ ਰੁਲਦੀ ਪਈ ਆਂ,'' ਉਸਨੇ ਆਪਣੇ ਅੰਦਰਲਾ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ, ''ਔਰਤ ਦਾ ਰੂਪ, ਬਡਰੂਪ ਸਭ ਕੁਝ ਮਰਦ ਦੀ ਦੇਣ ਹੁੰਦੈ। ਉਹ ਵੀ ਇਕ ਮਰਦ ਸੀ ਜਿਸਦੇ ਖੁੱਸੇ ਹੋਏ ਬਲ੍ਹਦਾਂ ਨੂੰ ਵਾਪਸ ਕਰਵਾਉਣ ਵਾਸਤੇ ਮੈਂ ਜ਼ਾਲਮ ਜ਼ਿਮੀਂਦਾਰ ਨਾਲ ਭਿੜ ਗਈ ਸਾਂ। ਫੇਰ ਉਹ ਵੀ ਇਕ ਮਰਦ ਸੀ ਜਿਸਨੇ ਮੈਨੂੰ ਚਰਸ ਤੇ ਗਾਂਜਾ ਪੀਣ ਤੇ ਸਮਗਲਿੰਗ ਕਰਨ ਲਾਇਆ। ਉਸਦੀ ਖਾਤਰ ਮੈਂ ਜੇਲ੍ਹ ਗਈ, ਚੱਕੀ ਪੀਸੀ...ਸਿਰਫ ਏਸ ਆਸ ਉੱਤੇ ਕਿ ਉਹ ਹਮੇਸ਼ਾ ਮੇਰਾ ਆਪਣਾ ਬਣ ਕੇ ਰਹੇਗਾ। ਪਰ ਜੇਲ੍ਹ ਵਿਚੋਂ ਰਿਹਾ ਹੁੰਦਿਆਂ ਹੀ ਉਸਨੇ ਮੈਨੂੰ ਕੁਝ ਹਜ਼ਾਰ ਸਿੱਕਿਆਂ ਬਦਲੇ ਇਹਨਾਂ ਦਲਾਲਾਂ ਦੇ ਹੱਥ ਵੇਚ ਦਿੱਤਾ ਤੇ ਹੁਣ ਮੈਂ ਇਹਨਾਂ ਦੀ ਖਰੀਦੀ ਹੋਈ ਗੁਲਾਮ ਆਂ। ਹੁਣ ਮੇਰੇ ਵਿਚ ਕੁਝ ਵੀ ਬਾਕੀ ਨਹੀਂ ਰਿਹਾ ਸਾਹਬ ਜੀ। ਮੈਂ ਮਿੱਟੀ ਹੋ ਗਈ ਆਂ...ਤੇ ਇਹ ਮਿੱਟੀ ਆਪਣੇ ਵਤਨ ਦੀ ਮਿੱਟੀ ਵਿਚ ਜਾ ਰਲਣਾ ਚਾਹੁੰਦੀ ਐ। ਮੇਰਾ ਕੋਈ ਹੋਰ ਠਿਕਾਣਾ ਨਹੀਂ ਤੇ ਨਾ ਹੀ ਮੇਰਾ ਆਪਣਾ ਕੋਈ ਨਾਂ ਐਂ। ਨੂਰਾਂ, ਬਸ਼ੀਰਾਂ, ਨਜ਼ੀਰਾਂ...ਪਤਾ ਨਹੀਂ ਕਿਹਾੜਾ ਨਾਂ ਕਿਸ ਨੇ ਰੱਖਿਆ ਸੀ। ਅਸਲ ਵਿਚ ਮੇਰਾ ਆਪਣਾ ਕੋਈ ਨਾਂ ਈ ਨਹੀਂ ਸੀ-ਜੀ। ਮੈਂ ਸਿਰਫ ਮਿੱਟੀ ਸਾਂ ਸਾ'ਬ ਜੀ। ਵੱਖੋ-ਵੱਖਰੇ ਹੱਥਾਂ ਵਿਚ, ਅੱਡੋ-ਅੱਡਰੀਆਂ ਸ਼ਕਲਾਂ ਵਿਚ ਢਲਦੀ ਰਹੀ, ਖਿਡੌਣਿਆਂ ਵਾਂਗ। ਹੁਣ ਇਸ ਮਿੱਟੀ ਵਿਚ ਤਰਾਵਟ ਨਹੀਂ ਰਹੀ, ਇਹ ਸੁੱਕ ਕੇ ਭੁਰਭੁਰੀ ਹੋ ਗਈ ਐ। ਇਸ ਮਿੱਟੀ ਨੂੰ ਆਪਣੀ ਮਿੱਟੀ ਵਿਚ ਜਾ ਰਲਣ ਦਾ ਹੁਕਮਨਾਮਾ ਜਾਰੀ ਕਰ ਦਿਓ...ਮੈਨੂੰ ਵਤਨ ਵਾਪਸ ਜਾਣ ਦਾ ਪ੍ਰਵਾਨਾ ਦੇ ਦਿਓ ਸਾ'ਬ ਜੀ।''
ਉਸਦੇ ਵਤਨ ਵਾਪਸ ਜਾਣ ਲਈ ਸਰਕਾਰੀ ਇਜਾਜ਼ਤਨਾਮੇਂ ਦੇ ਕਾਗਜ਼ ਮੇਰੇ ਸਾਹਮਣੇ ਰੱਖ ਦਿੱਤੇ ਸਨ। ਮੈਂ ਉਹਨਾਂ ਕਾਗਜ਼ਾਂ ਨੂੰ ਰਤਾ ਗਹੁ ਨਾਲ ਵੇਖਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਨਾਂ ਵਾਲੇ ਸਾਰੇ ਖਾਨਿਆਂ ਵਾਲੀ ਥਾਂ ਖਾਲੀ ਹੈ ਤੇ ਉੱਥੇ ਸਿਰਫ ਭੁਰਭੁਰੀ ਮਿੱਟੀ ਦੇ ਕਣ ਖਿੱਲਰੇ ਹੋਏ ਨੇ।
ਫੇਰ ਮੈਂ ਉਸ ਵੱਲ ਵੇਖੇ ਬਿਨਾਂ ਹੀ ਕਾਗਜ਼ਾਂ ਉੱਤੇ ਦਸਤਖਤ ਕਰ ਦਿੱਤੇ ਸਨ।
     ੦੦੦ ੦੦੦ ੦੦੦

Saturday, July 17, 2010

ਹੜਪਾ ਦੀ ਚਰਵਾਹੀ...::ਲੇਖਕਾ : ਤਾਹਿਰਾ ਇਕਬਾਲ




ਪਾਕੀ ਉਰਦੂ ਕਹਾਣੀ : ਹੜਪਾ ਦੀ ਚਰਵਾਹੀ...::ਲੇਖਕਾ : ਤਾਹਿਰਾ ਇਕਬਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਚੰਨਾਂ ਨੂੰ ਲੱਗਦਾ ਇਹਨਾਂ ਪਹਿਰੇਦਾਰਾਂ ਨਾਲ ਉਸਦੀ ਨਫ਼ਰਤ ਓਨੀਂ ਹੀ ਪੁਰਾਣੀ ਹੈ ਜਿੰਨੇ ਪੁਰਾਣੇ ਹੜਪਾ ਦੇ ਇਹ ਖੰਡਰ...ਜਿਹਨਾਂ ਵਿਚ ਬੁੱਢੇ, ਕੁੱਬੇ, ਖੋਖਲੇ ਤਣਿਆਂ ਤੇ ਉੱਚੜੀ ਛਿੱਲ ਵਾਲੇ ਤੂਤ, ਜੰਡ ਤੇ ਬਕੈਣਾ, ਅੱਧੋ-ਅੱਧ ਦਫ਼ਨ ਹੋਏ ਹੋਏ ਨੇ; ਜਿਹਨਾਂ ਦੀਆਂ ਧੂੜ ਲਿਥੜੀਆਂ ਟਾਹਣੀਆਂ, ਛਤਰੀਆਂ ਤਾਣੀ, ਭੁਰਭੁਰੀ ਜ਼ਮੀਨ ਵਿਚ ਮੂੰਹ ਦੇ ਭਾਰ ਧਸੀਆਂ ਹੋਈਆਂ ਨੇ ਤੇ ਜਿਹਨਾਂ ਦੀਆਂ ਡੂੰਘੀਆਂ ਸੁਰੰਗਾਂ ਵਿਚ ਚੰਨਾਂ ਆਪਣੀਆਂ ਬੱਕਰੀਆਂ ਸਮੇਤ ਲੁਕ ਜਾਂਦੀ ਹੈ। ਸਦੀਆਂ ਪੁਰਾਣੀ ਧੂੜ ਨਾਲ ਭਰੇ ਇਹਨਾਂ ਜੰਡਾਂ, ਬਕੈਣਾ ਦੇ ਜੱਫੇ ਵਿਚ ਆ ਸਕਣ ਵਾਲੇ ਤਣਿਆਂ ਦੁਆਲੇ ਪੱਕੇ ਬੈਂਚ ਬਣੇ ਹੋਏ ਸਨ। ਚੰਨਾਂ ਨੂੰ ਉਹਨਾਂ ਉੱਤੇ ਬੈਠ ਕੇ ਆਪਣੀਆਂ ਜਟੂਰੀਆਂ ਖੁਰਕਣ ਤੇ ਉਸ ਦੀਆਂ ਬੱਕਰੀਆਂ ਨੂੰ ਪਿਛਲੀਆਂ ਲੱਤਾਂ ਭਾਰ ਖਲੋ ਕੇ ਲੁੰਗ-ਟੂਸੇ ਤੇ ਪੱਤੇ ਖਾਣ ਦੀ ਖਾਸੀ ਸੌਖ ਰਹਿੰਦੀ। ਨਾ ਉਹ ਖ਼ੁਦ ਗਾਰਡਾਂ ਦੀਆਂ ਸੀਟੀਆਂ ਤੋਂ ਡਰਦੀ, ਨਾ ਹੀ ਉਸ ਦੀਆਂ ਬੱਕਰੀਆਂ ਨੂੰ ਕਦੀ ਉਹ ਸੁਣਾਈ ਦੇਂਦੀਆਂ। ਉਹ ਸੰਘਣੀਆਂ ਟਾਹਣੀਆਂ ਦੀਆਂ ਭਾਰੀ ਪਲਕਾਂ ਰਾਹੀਂ ਖੰਡਰ ਵਿਚ ਉੱਡੀ ਫਿਰਦੀ ਧੂੜ ਦੇ ਪਰਦਿਆਂ ਵਿਚ ਲਿਪਟੀ ਭੀੜ ਨੂੰ ਦੇਖਦੀ। ਇੱਥੇ ਨਿੱਤ ਨਵਾਂ ਜੀਆ-ਜੰਤ ਨਜ਼ਰ ਆਉਂਦਾ...ਕੀ ਗੋਰਾ, ਕੀ ਕਾਲਾ, ਕੀ ਕਣਕ-ਵੰਨਾ...ਪਰ ਜਿਹੜਾ ਇਕ ਵੇਰ ਵਿਖਾਲੀ ਦੇਂਦਾ, ਦੂਜੀ ਵੇਰ ਘੱਟ ਹੀ ਨਜ਼ਰ ਆਉਂਦਾ। ਸਿਵਾਏ ਉਹਨਾਂ ਮਨਹੂਸ ਚਿਹਰਿਆਂ ਵਾਲੇ ਪਹਿਰੇਦਾਰਾਂ ਦੇ ਜਿਹੜੇ ਘੋੜਿਆਂ ਵਰਗੀਆਂ ਟਾਪਾਂ ਵਾਲੇ ਕਾਲੇ ਬੂਟਾਂ ਉੱਤੇ ਸਵਾਰ ਦਬੜ-ਦਬੜ ਕਰਦੇ ਛਤਨਾਰਾਂ ਵਿਚ ਵੜ ਆਉਂਦੇ ਸਨ।
ਮੀਢੀਆਂ ਗੁੰਦੇ ਚੂੰਡੇ ਤੋਂ ਫੜ੍ਹ ਕੇ ਉਹ ਉਸਨੂੰ ਬਾਹਰ ਧਰੀਕ ਦੇਂਦੇ; ਚੰਨਾਂ ਉਹਨਾਂ ਦੇ ਹੱਥ ਵੱਢ ਖਾਂਦੀ ਤੇ ਖੰਡਰਾਂ ਵਿਚ ਬਲ ਖਾਂਦੀ ਪੱਕੀ ਪਟੜੀ ਉੱਪਰ ਦੌੜ ਜਾਂਦੀ ਜਿਸ ਦੇ ਦੋਵੇਂ ਪਾਸੇ ਡਰਾਵਨੇ ਟੀਲਿਆਂ ਦੇ ਮੂੰਹ ਬੰਦ ਸਿਲਸਿਲੇ ਦੂਰ ਤਕ ਫੈਲੇ ਹੋਏ ਸਨ, ਜਿਹਨਾਂ ਵਿਚ ਸਦੀਆਂ ਪਹਿਲਾਂ ਥੇਹ ਹੋਏ, ਮਣਾ ਮੂੰਹੀ ਮਿੱਟੀ ਤਾਣ ਕੇ ਸੁੱਤੇ ਹੋਏ ਸਨ।
ਨਕਟੀ, ਗੀਂਢੀ, ਕਾਲੀ-ਭੂਤਨੀ, ਸਾਲੀ।
ਕਾਲੇ ਬੂਟਾਂ ਦੇ ਘੋੜਿਆਂ ਉੱਪਰ ਸਵਾਰ ਗਾਲ੍ਹਾਂ ਬਕਦੇ ਪਹਿਰੇਦਾਰਾਂ ਦੇ ਡੰਡੇ-ਛਾਂਟੇ ਤੇ ਲੱਤਾਂ ਮੁੱਕੀਆਂ ਖਾਂਦੀ, ਬਚਦੀ ਚੰਨਾਂ ਤਾਂ ਨੌ ਗਜੇ ਦੇ ਮਜਾਰ ਵਿਚ ਘੁਸ ਕੇ ਮੰਨਤ ਦੇ ਮਖਾਣਿਆ ਉੱਤੇ ਝਪਟ ਪੈਂਦੀ ਤੇ ਬੁੱਕ ਭਰ-ਭਰ ਨਿਗਲਦੀ ਰਹਿੰਦੀ ਤੇ ਉਸਦੀਆਂ ਬੱਕਰੀਆਂ ਏਨੇ ਚਿਰ ਵਿਚ ਕਈ ਬੂਟਿਆਂ ਦੇ ਲੁੰਗ-ਟੂਸੇ ਤੇ ਬਕੈਣਾ ਨੂੰ ਮੁੱਛ ਚੁੱਕੀਆਂ ਹੁੰਦੀਆਂ। ਕਈ ਵੇਰ ਚਰਵਾਹੇ ਤੇ ਭਿਖਾਰੀ ਉਸਨੂੰ ਦਬੋਚ ਵੀ ਲੈਂਦੇ, ਉਹ ਧੂੜ ਦੇ ਸਮੁੰਦਰਾਂ ਵਿਚ ਨਹਾਉਂਦੀਆਂ, ਮੌਜਾਂ ਮਾਣਦੀਆਂ, ਢਲਵਾਨਾਂ ਉੱਪਰ ਲੋਟਨੀਆਂ ਖਾਂਦੀ, ਘਿਸੜਦੀ ਹੋਈ ਕਦੀ ਚੌੜੀਆਂ-ਕੱਚੀਆਂ-ਭੁਰਭੁਰੀਆਂ ਇੱਟਾਂ ਵਾਲੇ ਪੁਰਾਣੇ ਸ਼ਹਿਰ ਵਿਚ ਜਾ ਡਿੱਗਦੀ, ਕਦੀ ਕਮੀਨਾ ਦੀ ਬਸਤੀ ਵਿਚ ਤੇ ਕਦੀ ਵੱਡੇ ਤਬਕੇ ਦੀਆਂ ਰਹਾਇਸ਼ ਗਾਹਾਂ ਵਿਚਕਾਰ ਮਟਕਦੀ ਫਿਰਦੀ, ਕਦੀ ਹੇਠਲੇ ਤਬਕੇ ਦੇ ਮਕਾਨਾਂ ਵਿਚਕਾਰ ਲੋਟਨੀਆਂ ਲਾਉਂਦੀ, ਕਦੀ ਬਾਜ਼ਾਰ, ਕਦੀ ਮੰਡੀ, ਕਦੀ ਜ਼ਮੀਨ ਹੇਠ ਬਣੀਆ ਸੁਰੰਗ-ਨਾਲੀਆਂ ਵਿਚ ਢਿੱਡ ਭਾਰ ਘਿਸੜਦੀ ਤੇ ਕਦੀ ਅੰਨ੍ਹੀ-ਬੌੜੀ ਵਿਚ ਜਾ ਛਾਲ ਮਾਰਦੀ, ਜਿਵੇਂ ਚੀਕਣੀ ਮਿੱਟੀ ਦੀ ਕੋਈ ਬਦਰੰਗ ਮੂਰਤੀ, ਜਿਸਨੂੰ ਹੜਪਾ ਦੇ ਬੁੱਤ ਘਾੜਿਆਂ ਨੇ ਮੁੱਢਲੀ ਘੜਤ ਦੇ ਕੇ ਛੱਡ ਦਿੱਤਾ ਹੋਏ ਤੇ ਉਹ ਜ਼ਮੀਨ ਹੇਠ ਸਦੀਆਂ ਤੋਂ ਨੱਪੀ ਰਹਿਣ ਕਰਕੇ ਹੋਰ ਘਿਸ-ਭੁਰ ਗਈ ਹੋਵੇ।
ਧੂੜ ਦਾ ਮੌਜਾਂ ਮਾਣਦਾ ਸਮੁੰਦਰ ਰੇਤ ਦੇ ਜਵਾਰ-ਭਾਟੇ ਉਡਾਉਂਦਾ, ਲਹਿਰਾਂ-ਛੱਲਾਂ ਵਾਂਗ ਸ਼ੂਕਦਾ, ਮੁੱਦਤਾਂ ਪਹਿਲਾਂ ਗਰਕ ਹੋਇਆਂ ਦੇ ਡਰਾਵਨੇ ਟੀਲੇ ਨਾਲ ਜਾ ਟਕਰਾਉਂਦਾ। ਧੁਰ ਅੰਦਰ ਤਕ ਉਤਰਦੀਆਂ ਡੂੰਘੀਆਂ ਢਲਵਾਨਾਂ ਵਿਚ, ਖੁਦਾਈ ਕੀਤੀਆਂ ਥੇਹਾਂ ਵਿਚ, ਪਥਰਾਂ ਦੀਆਂ ਹੱਦ-ਬੰਦੀਆਂ ਤੇ ਲੋਹੇ ਦੀਆਂ ਤਾਰਾਂ ਵਿਚ ਘਿਰੇ ਖੰਡਰਾਂ ਵਿਚ...ਭੱਦੀ, ਨਕਟੀ, ਮੋਟੜ ਜਿਹੀ ਚੰਨਾਂ ਹਰੇਕ ਥਾਂ ਜਾ ਪਹੁੰਚਦੀ, ਹਰ ਹੱਦ-ਬੰਨਾਂ, ਅੜਿੱਕਾ ਟੱਪ ਆਉਂਦੀ। ਪਹਿਰੇਦਾਰ ਸਦੀਆਂ ਪੁਰਾਣੀ ਧੂੜ-ਮਿੱਟੀ ਦੀਆਂ ਪਰਤਾਂ ਚੜ੍ਹੇ ਡੰਡਿਆਂ ਤੇ ਬੰਦੂਕਾਂ ਦੀਆਂ ਵੱਟਾਂ ਦੇ ਹੁੱਜੇ ਮਾਰ-ਮਾਰ ਉਸਨੂੰ ਫੇਰ ਬਾਹਰ ਕੱਢਦੇ। ਕਈ ਮਹੀਨਿਆਂ ਦੇ ਅਣਧੋਤੇ ਵਾਲ, ਗਿੱਡਲ ਚੂੰਧੀਆਂ ਅੱਖਾਂ, ਵਗਦੀ ਹੋਈ ਚਪਟੀ ਨੱਕ, ਜਿਵੇਂ ਉਹਨਾਂ ਥੇਹਾਂ ਦੀ ਹੀ ਕੋਈ ਸ਼ੈਅ ਹੋਵੇ ਉਹ, ਜਿਹੜੀ ਵਜ਼ਨੀ ਇੱਟਾਂ ਹੇਠ ਦੱਬੀ ਰਹਿ ਗਈ ਹੋਵੇ ਤੇ ਹੁਣ ਸਦੀਆਂ ਬਾਅਦ ਖ਼ੁਦਾਈ ਦੌਰਾਨ ਤੇਸੇਆਂ, ਗੈਂਤੀਆਂ ਦੀਆਂ ਸੱਟਾਂ ਖਾ-ਖਾ ਕੇ ਬਾਹਰ ਨਿਕਲੀ ਹੋਵੇ...ਕਿਤੋਂ ਭੁਰੀ ਹੋਈ, ਕਿਤੋਂ ਉਧੜੀ ਹੋਈ...ਮਿੱਧੀ-ਮਰੁੰਡੀ ਜਿਹੀ।
ਸ਼ਹਿਰ ਦੀ ਬਾਹਰੀ ਹੱਦ ਵਾਲੀ ਥੇਹ ਦੀ ਫੱਟੀ ਕੋਲ ਲੱਗੇ ਨਲਕੇ ਉੱਪਰ ਕੱਪੜੇ ਧੋਂਦੀਆਂ ਬਸਤੀ ਦੀਆਂ ਔਰਤਾਂ ਉਸਨੂੰ ਫਿਟਕਾਰ ਦੇਂਦੀਆਂ, “ਗੰਦੀਏ, ਸ਼ੋਹਦੀਏ, ਕਾਲੇ ਮੂੰਹ ਆਲੀਏ, ਗਿੱਠਲੇ, ਚੱਲ ਦਫ਼ਾ ਹੋ ਏਥੋਂ।”
ਮਸਜਿਦ ਦੇ ਖੰਡਰਾਂ ਵਾਲੇ ਟਿੱਲੇ ਤੋਂ ਹੇਠਾਂ ਉਤਰਦੇ ਕਬਰਸਤਾਨ ਵਿਚ ਪਾਣੀ, ਮਿੱਟੀ, ਰੋੜ ਪਾਉਂਦੀਆਂ ਔਰਤਾਂ, ਰੋੜਿਆਂ ਦੀਆਂ ਮੁੱਠਾਂ ਭਰ-ਭਰ ਉਸ ਵੱਲ ਚਲਾਉਣ ਲੱਗ ਪੈਂਦੀਆਂ।
“ਚਲ ਕਿਤੇ ਹੋਰ ਦਫ਼ਾ ਹੋ ਜਾ ਏਥੋਂ...ਬੇ ਵੁਜੂ (ਵੁਜੂ : ਨਮਾਜ਼ ਪੜ੍ਹਨ ਤੋਂ ਪਹਿਲਾਂ ਪਾਣੀ ਜਾਂ ਮਿੱਟੀ ਨਾਲ ਹੱਥ ਪੈਰ ਮੂੰਹ ਵਗ਼ੈਰਾ ਧੋਣਾ)ਪਲੀਦ ਕਬਰਸਤਾਨ ਦੀ ਬੇਹੁਰਮਤੀ (ਬੇਅਦਬੀ) ਨਾ ਕਰ।”
ਪੁਰਾਣੇ ਦਾੜ੍ਹੀ ਵਾਲੇ ਜੰਡਾਂ, ਬਕੈਣਾ ਦੇ ਦੁਆਲੇ ਬਣੇ ਪੱਕੇ ਬੈਂਚਾਂ ਉੱਤੇ ਨਵੇਂ ਜੰਮੇ ਬਾਲਾਂ ਨੂੰ ਦੁੱਧ ਪਿਆਉਂਦੀਆਂ ਤੇ ਹਰੇਕ ਲੰਘਣ-ਟੱਪਣ ਵਾਲੇ ਸੈਲਾਨੀ ਸਾਹਵੇਂ ਹੱਥ ਵਿਚ ਫੜ੍ਹੇ ਕੌਲੇ ਪਸਾਰਦੀਆਂ ਜਵਾਨ ਮਾਵਾਂ ਵੀ ਪੀਲੇ ਸੁੱਕੇ ਪੱਤਿਆਂ ਦੀਆਂ ਮੁੱਠਾਂ ਭਰ ਉਸ ਉੱਤੇ ਪਾਉਣ ਲੱਗ ਪੈਂਦੀਆਂ।
ਖੰਡਰਾਂ ਤੋਂ ਬੜੀ ਹੇਠਾਂ, ਬੜੀ ਦੂਰ, ਤਕ ਵਿਛੇ ਖੇਤਾਂ ਵਿਚ ਹਲ ਚਲਾਉਂਦੇ ਕਿਸਾਨ ਉਸਨੂੰ ਘੁਰਕਦੇ...ਜਿਵੇਂ ਪੂਰੀ ਕਾਏਤਨਾਤ (ਸਰਿਸ਼ਟੀ) ਹੀ ਉਸਨੂੰ ਉਹਨਾਂ ਖੰਡਰਾਂ ਵਿਚੋਂ ਬਾਹਰ ਕੱਢਣ 'ਤੇ ਤੁਲੀ ਹੋਈ ਹੋਵੇ ਤੇ ਇਹ ਪਹਿਰੇਦਾਰ ਤਾਂ ਸ਼ਾਇਦ ਲਾਏ ਹੀ ਏਸੇ ਕੰਮ ਲਈ ਗਏ ਸੀ ਪਰ ਜਦੋਂ ਉਹਨਾਂ ਨੂੰ ਕੋਈ ਗੋਰੀ ਚਮੜੀ ਵਾਲਾ ਦਿਸ ਪੈਂਦਾ ਤਾਂ ਉਹ ਉਸਨੂੰ ਉੱਥੇ ਖੰਡਰਾਂ ਵਿਚ ਹੀ ਛੱਡ ਕੇ ਉਸ ਦੇ ਪਿੱਛੇ ਲੱਗ ਤੁਰਦੇ। ਆਪਣੀ ਟੁੱਟੀ ਫੁੱਟੀ ਅੰਗਰੇਜ਼ੀ ਵਿਚ ਇਹਨਾਂ ਪੁਰਾਣੇ ਥੇਹਾਂ ਦਾ ਇਤਿਹਾਸ ਦੁਹਰਾਉਂਦੇ, ਜਿਹੜਾ ਹੁਣ ਚੰਨਾਂ ਨੂੰ ਜ਼ੁਬਾਨੀ ਯਾਦ ਹੋ ਚੁੱਕਿਆ ਸੀ। ਚੰਨਾਂ ਆਪਣੇ ਮੈਲੇ-ਕੁਚੈਲੇ ਚੀਥੜਿਆਂ ਵਿਚ ਲਿਪਟੀ ਆਪਣੇ ਲੀਰੋ-ਲੀਰ ਦੁਪੱਟੇ ਵਿਚ ਮੂੰਹ ਲੁਕਾਅ ਕੇ ਉਹਨਾਂ ਦੀ ਸੱਚੀ-ਝੂਠੀ ਅੰਗਰੇਜ਼ੀ ਉੱਤੇ ਨਿੱਕੇ-ਨਿੱਕੇ ਠਹਾਕੇ ਲਾਉਂਦੀ। ਜਿਵੇਂ ਇਹ ਭੂਤਨੀ ਪਿਛਲੇ ਪੰਜ ਹਜ਼ਾਰ ਸਾਲ ਤੋਂ ਉਹਨਾਂ ਟੀਲਿਆਂ ਵਿਚ ਹੀ ਕਿਤੇ ਦੱਬੀ ਪਈ ਰਹੀ ਹੋਵੇ ਤੇ ਅਜ ਵੀ ਧੋਣ-ਮਾਂਜਣ ਵਾਲੀ ਹੋਵੇ। ਜਦੋਂ ਕੋਈ ਗੋਰਾ ਪੁੱਛਦਾ ਕਿ 'ਕੀ ਇਸ ਸਦੀਆਂ ਪੁਰਾਣੀ ਕੇਲ, ਦਰਾਵੜ ਨਸਲ ਦੇ ਕੁਝ ਬਾਸ਼ਿੰਦੇ ਹਾਲੇ ਵੀ ਇਸ ਇਲਾਕੇ ਵਿਚ ਵੱਸਦੇ ਨੇ?'...ਤਾਂ ਗਾਰਡ “ਯਸ ਸਰ, ਯਸ ਸਰ” ਕਰਦਾ, ਧੋਣ ਹਿਲਾਉਂਦਾ ਹੋਇਆ ਚੰਨਾਂ ਦਾ ਚਿਹਰਾ ਫੜ੍ਹ ਕੇ ਇੰਜ ਉਹਦੇ ਸਾਹਮਣੇ ਪੇਸ਼ ਕਰ ਦੇਂਦਾ ਜਿਵੇਂ ਉਹ ਵੀ ਸੈਂਕੜੇ ਸਾਲ ਪੁਰਾਣੀ ਸਭਿਅਤਾ ਦੀਆ ਥੇਹਾਂ ਵਿਚੋਂ ਕੱਢੀ ਹੋਈ ਕੋਈ ਲੱਭਤ ਹੋਵੇ...ਤੇ ਜੇ ਉਹਦੇ  ਹੱਥ-ਵੱਸ ਹੁੰਦਾ ਤਾਂ ਉਹ ਉਸਨੂੰ ਵੀ ਪੁਰਾਣੀ ਸਭਿਅਤਾ ਦੀ ਕਿਸੇ ਲੱਭਤ ਵਾਂਗ ਹੀ ਮਹਿੰਗੇ ਭਾਅ ਉਸ ਗੋਰੇ ਨੂੰ ਵੇਚ ਦੇਂਦਾ। ਜਿਵੇਂ ਉਹ ਆਪਣੀ ਜੈਕਟ ਦੀਆਂ ਜੇਬਾਂ ਵਿਚ ਭਰੀਆਂ ਉਹਨਾਂ ਠੀਕਰੀਆਂ, ਹੱਡੀਆਂ ਤੇ ਰੋੜਾਂ-ਪੱਥਰਾਂ ਦੇ ਟੋਟੇ ਉਹਨਾਂ ਨੂੰ ਲਾਲ, ਹਰੇ ਨੋਟਾਂ ਬਦਲੇ ਵੇਚ ਦੇਂਦਾ ਸੀ ਜਿਹਨਾਂ ਦੇ ਨਾਲ ਦੇ ਕਈ ਸਬੂਤੇ ਪਿਆਲੇ, ਰਕਾਬੀਆਂ, ਮਟਕੇ, ਡੋਲ, ਖਿਡੌਣੇ, ਮੂਰਤੀਆਂ, ਘੋਗੇ, ਘੋੜੇ ਚੰਨਾਂ ਦੀ ਆਪਣੀ ਕੋਠੜੀ ਦੀ ਪੜਛੱਤੀ ਉੱਤੇ ਸਜੇ ਹੋਏ ਸਨ ਤੇ ਬਸਤੀ ਦੇ ਹਰ ਘਰ ਵਿਚ ਆਮ ਵੇਖੇ ਜਾ ਸਕਦੇ ਸਨ। ਜਿਹਨਾਂ ਨੂੰ ਚਰਵਾਹੇ ਤੇ ਭੀਖ ਮੰਗਣ ਵਾਲੇ ਬੱਚੇ ਚੁੱਕ ਲਿਆਉਂਦੇ ਸੀ ਤੇ ਗੋਰਿਆਂ ਨੂੰ ਦਿਖਾ ਦਿਖਾ ਕੇ ਦਸ ਰੁਪਏ ਦਾ ਨੋਟ ਮੰਗਦੇ ਫਿਰਦੇ ਸੀ। ਪਹਿਰੇਦਾਰ ਨੂੰ ਉਹਨਾਂ ਦੀ ਇਹ ਹਰਕਤ ਪਸੰਦ ਨਾ ਆਉਂਦੀ; ਉਹ ਉਹਨਾਂ ਨੂੰ ਆਪਣੇ ਮੋਟੇ ਮੋਟੇ ਡੰਡਿਆਂ ਦੀਆਂ ਹੁੱਜਾਂ ਨਾਲ ਗੋਰਿਆਂ ਤੋਂ ਦੂਰ, ਪਰ੍ਹੇ ਰੱਖਣ ਦੀ ਕੋਸ਼ਿਸ਼ ਵਿਚ ਰਹਿੰਦੇ। ਇਸ ਬਸਤੀ ਦੇ ਸਾਰੇ ਘਰ ਵੀ ਉਹਨਾਂ ਮੋਟੀਆਂ ਚੌੜੀਆਂ ਲਾਲ ਇੱਟਾਂ ਦੇ ਬਣੇ ਹੋਏ ਸਨ ਜਿਹਨਾਂ ਨੂੰ ਗਾਰਡ ਸੱਤ ਹਜ਼ਾਰ ਸਾਲ ਪੁਰਾਣੀਆਂ ਦਸਦੇ ਸਨ। ਉਹਨਾਂ ਦੇ ਵੱਸ ਵਿਚ ਹੁੰਦਾ ਤਾਂ ਉਹ ਚੰਨਾਂ ਦਾ ਪੂਰਾ ਘਰ ਹੀ ਕਿਸੇ ਗੋਰੇ ਨੂੰ ਵੇਚ ਛੱਡਦੇ, ਉਸਦੀ ਅੰਨ੍ਹੀ ਮਾਂ ਸਮੇਤ ਕਿ ਇਸ ਹਜ਼ਾਰਾਂ ਸਾਲ ਪੁਰਾਣੀ ਸਭਿਅਤਾ ਦਾ ਇਹ ਵੀ ਕੋਈ ਅਜੂਬਾ ਹੈ। ਕਈ ਵਾਰੀ ਤਾਂ ਉਹ ਬਕ ਵੀ ਪੈਂਦੀ—
“ਅਜਿਹੇ ਤਾਂ ਸਾਡੇ ਘਰੇ ਵੀ ਬੜੇ ਪਏ ਐ।”
“ਤੇਰਾ ਘਰ ਕਿੱਥੇ ਈ?”
ਸ਼ੈਲਾਨੀ ਉਸ ਵੱਲ ਭੌਂਅ ਜਾਂਦੇ, ਪਹਿਰੇਦਾਰ ਡੰਡੇ ਸੂਤ ਕੇ ਉਸਦੇ ਪਿੱਛੇ ਪੈ ਜਾਂਦੇ।
“ਕਮਜਾਤ, ਗਧੀ! ਸੌਦਾ ਈ ਖ਼ਰਾਬ ਕਰ ਦੇਂਦੀ ਆ।”
ਤੇ ਉਸਨੂੰ ਧੂ-ਧਰੀਕ ਕੇ ਉਸਦੇ ਇੱਜੜ ਸਮੇਤ ਥੇਹਾਂ ਦੀਆਂ ਖਦਾਨਾਂ ਦੇ ਧੁਰ ਅੰਦਰ ਤਕ ਛੱਡ ਆਉਂਦੇ। ਇੱਥੋਂ ਦੀ ਹਰੇਕ ਸ਼ੈਅ ਜ਼ਮੀਨ ਉੱਤੇ ਦਿਸਦੀ, ਜਿਸਦੇ ਆਸਾਰ ਜ਼ਮੀਨ ਉੱਪਰ ਨਜ਼ਰ ਆਉਂਦੇ ਪਰ ਜੜਾਂ ਸਦੀਆਂ ਪੁਰਾਣੇ ਟੀਲਿਆਂ ਦੇ ਧੁਰ ਅੰਦਰ ਤਕ ਫੈਲੀਆਂ ਹੁੰਦੀਆਂ। ਹਰ ਸ਼ੈ, ਹਰ ਚਿਹਰਾ, ਹਰ ਸਿਰ ਮੈਲੇ ਵਕਤ ਦੀ ਮਿੱਟੀ ਵਿਚ ਚੁੱਪ-ਗੜੁੱਪ ਤੇ ਠੁੱਸ ਪਿਆ ਸੀ ਕਿ ਇਕ ਦਿਨ ਅਚਾਨਕ ਖੁਦਾਈ ਵੇਲੇ ਹੇਠਲੇ ਹਿੱਸਿਆਂ ਵਿਚ ਝੂਲਦੇ ਝੱਖੜ ਦੇ ਵਰੋਲੇ ਵਾਂਗ ਪਾਗਲ ਹੋ ਕੇ ਯਕਦਮ ਮੂੰਹ-ਸਿਰ ਕੱਢ ਵਿਖਾਵੇਗਾ। ਖੰਡਰਾਂ ਉੱਪਰ ਚੜ੍ਹਿਆ ਕੱਚੀ ਧੂੜ ਦਾ ਉਫ਼ਨਦਾ ਸਮੁੰਦਰ ਵਰੋਲੇ ਬਣ-ਬਣ ਉਡਿਆ ਫਿਰਦਾ, ਧੂੜ ਵਿਚ ਲਿਥੜੇ ਦਰਖ਼ਤ, ਟਿੱਬੇ-ਟੀਲੇ, ਥੇਹਾਂ ਵਿਚੋਂ ਮਿਲੀਆਂ ਮੂਰਤੀਆਂ, ਪਹਿਰੇਦਾਰ, ਸਭ ਹਜ਼ਾਰਾਂ ਵਰ੍ਹੇ ਪੁਰਾਣੀ ਰੇਤ-ਕਿਣਕੀ ਵਿਚ ਦਫ਼ਨ ਖਸਤਾ ਤੇ ਪੂਰਾਣੇ।...ਪਰ ਹੜਪਾ ਦੀ ਮੰਡੀ ਦੇ ਥੇਹਾਂ ਦੀ ਲੱਭਤ, ਇਹ ਬੰਦੂਕ ਤਾਣੀ ਖੜ੍ਹਾ ਪਹਿਰੇਦਾਰ ਬੰਦਾ ਤੇ ਨੌ ਗਜੇ ਦੇ ਮਜਾਰ 'ਚੋਂ ਨਿਕਲਦੇ ਹੂ-ਹੱਕ ਦੇ ਆਵਾਜ਼ੇ, ਝੱਖੇੜਿਆਂ ਉੱਤੇ ਸਵਾਰ ਹੋ ਉਸਦੇ ਇਰਦ-ਗਿਰਦ ਧਮਾਲਾਂ ਪਾਉਣ ਲੱਗਦੇ। ਓਕਾਂ ਦੇ ਸੰਘਣੇ ਵਾਲਾਂ ਵਾਲੇ ਰੁੱਖ, ਸੱਜੇ ਖੱਬੇ ਚਟਾਨਾਂ। ਚੰਨਾਂ ਇਹਨਾਂ ਨਸ਼ੀਲੀਆਂ ਫਿਜ਼ਾਵਾਂ ਵਿਚ ਬਹਿਕਣ ਲੱਗੀ, ਜਿਵੇਂ ਬੂਟੀ ਚੜ੍ਹ ਗਈ ਹੋਵੇ। ਉਸਦਾ ਗਿਠ-ਮੁਠੀਆ ਵਜੂਦ ਵਰੋਲਿਆਂ ਨਾਲ ਹੀ ਟੀਲਿਆਂ ਵਿਚ ਕਿਧਰੇ ਉਤਰ ਜਾਂਦਾ ਤੇ ਆਪਣੇ ਪੁਰਖਿਆਂ ਦੀ ਜ਼ਮੀਨ ਵਿਚ ਫੁੱਟੀਆਂ ਨਵੀਂਆਂ ਕਰੂੰਬਲਾਂ ਨਾਲ ਰਲ ਕੇ ਧਮਾਲਾਂ ਪਾਉਣ ਲੱਗਦਾ।
ਚੰਨਾਂ ਨੂੰ ਲੱਗਿਆ ਨਵੇਂ ਪਹਿਰੇਦਾਰ ਦੇ ਹੱਥ ਵਿਚ ਬੰਦੂਕ ਨਹੀਂ, ਸਗੋਂ ਉਹ ਮੁਰਲੀ ਹੈ ਜਿਹੜੀ ਸ਼ੌਅ ਕੇਸ ਵਿਚ ਬੰਦ ਕਿਸੇ ਜੋਗੀ ਦੇ ਬੁੱਲ੍ਹਾਂ ਨਾਲ ਲੱਗੀ ਹੈ। ਜਿਸ ਦੀ ਲੈਅ ਉੱਤੇ ਚੰਨਾਂ ਨਾਗਨ ਵਾਂਗ ਲਹਿਰਾਉਣ ਲੱਗ ਪੈਂਦੀ ਹੈ। ਉਸਦੇ ਹੱਥਾਂ ਵਿਚ ਓਕਾਂ ਦੀ ਟਾਹਣੀ ਦਾ ਮੋਰ-ਖੰਭ ਆ ਗਿਆ ਸੀ ਤੇ ਦਿਲ ਦੇ ਕੋਰੇ ਕਾਗਜ਼ ਉੱਤੇ ਇਕ ਤਸਵੀਰ ਆਪੁ ਬਣਦੀ ਗਈ ਸੀ। ਮੁਰਲੀ ਵਜਾਉਂਦੇ ਹੋਏ ਕਿਸ਼ਨਾ ਦੀ, ਲੰਗੋਟੀ ਵਾਲੇ ਕਿਸੇ ਭਿਕਸ਼ੂ ਦੀ, ਨਿਰਵਾਨ ਦੀ ਭਾਲ ਵਿਚ ਨਿਕਲੇ ਸਿਧਾਰਥ ਦੀ। ਜੀਕਰ ਅਜਾਇਬ ਘਰ ਦੀਆਂ ਅਲਮਾਰੀਆਂ ਵਿਚੋਂ ਨਿਕਲ ਕੇ ਇਹ ਸਾਰੀਆਂ ਮੂਰਤੀਆਂ ਉਸਦੇ ਇਰਦ-ਗਿਰਦ ਆਸਨ ਜਮਾ ਕੇ ਆਣ ਬੈਠੀਆਂ ਹੋਣ। ਉਸਦੇ ਜੀਅ 'ਚ ਆਇਆ, ਕਾਸ਼! ਉਸ ਕੋਲ ਵੀ ਉਸ ਗੋਰੀ ਲੰਮੀ-ਝੰਮੀ ਕੁੜੀ ਵਾਂਗਰ ਕਾਗਜ਼-ਬੁਰਸ਼ ਹੁੰਦਾ, ਜਿਹੜੀ ਆਪਣੇ ਸਾਥੀ ਨੂੰ ਸਾਹਮਣੇ ਬਿਠਾਅ ਕੇ ਉਸਦੀ ਤਸਵੀਰ ਬਣਾਉਂਦੀ ਰਹਿੰਦੀ ਹੈ ਤਾਂ ਉਹ ਵੀ ਉਸ ਕਿਸ਼ਨ ਨੂੰ, ਰਾਮ ਨੂੰ, ਸਿਧਾਰਥ ਨੂੰ ਹਮੇਸ਼ਾ ਲਈ ਕਿਤੇ ਨਾ ਕਿਤੇ ਵਾਹ-ਚਿਪਕਾ ਛੱਡਦੀ।...ਪਰ ਉਸਦੇ ਹੱਥ ਵਿਚ ਤਾਂ ਬੱਕਰੀਆਂ ਹੱਕਣ ਵਾਲੀ ਢਾਂਗੀ ਹੁੰਦੀ ਸੀ, ਜਿਹੜੀ ਟਾਹਣੀਆਂ-ਪੱਤੇ ਤੋੜਨ ਤੇ ਜਾਨਵਰਾਂ ਨੂੰ ਹੱਕਣ ਦੇ ਕੰਮ ਆਉਂਦੀ। ਜੰਗਲੀ ਝਾੜੀਆਂ ਦੇ ਤਹਿ-ਦਰ-ਤਹਿ ਵਿਛੇ ਚੌੜੇ ਪੱਤਿਆਂ ਵਿਚਕਾਰ ਤਾਂ ਖੰਡਰਾਂ ਦੇ ਪ੍ਰੇਤ ਖੜ੍ਹੇ ਸਨ। ਜ਼ਮੀਨ ਤੇ ਆਸਮਾਨ ਵਿਚ ਉਬਲਦੇ ਰੇਤੇ ਦੇ ਤੂਫ਼ਾਨਾਂ ਉੱਤੇ ਕਿਤੇ ਇਕ ਮੂਰਤ ਹੀ ਬਣਾ ਲੈਂਦੀ ਤੇ ਫੇਰ ਉਮਰ ਭਰ ਉਸਨੂੰ ਸਜਾਂਦੀ-ਸੰਵਾਰਦੀ ਰਹਿੰਦੀ ਪਰ ਇੱਜੜ ਦੀ ਸੋਹਬਤ ਵਿਚ ਅੱਠੇ ਪਹਿਰ ਰਹਿਣ ਵਾਲੀ ਉਸ ਚਰਵਾਹੀ ਨੂੰ ਅਤੀ ਸੂਖਮ ਤੇ ਸੋਹਲ ਇਨਸਾਨੀ ਜਜ਼ਬਾਤ ਨੇ ਯਕਦਮ ਪਛਾੜ ਦਿੱਤਾ ਸੀ। ਉਸਦਾ ਜੀਅ ਕੀਤਾ ਉਹ ਮੂਵੀ ਕੈਮਰੇ ਵਾਲੇ ਨੂੰ ਆਖੇ, ਬਸ ਇਕ ਫੋਟੋ ਉਸ ਨਵੇਂ ਪਹਿਰੇਦਾਰ ਦੀ ਖਿੱਚ ਦਵੇ...ਜਿਸਨੂੰ ਉਹ ਆਪਣੀ ਕਮੀਜ਼ ਅੰਦਰ ਸੀਨੇ ਨਾਲ ਚਿਪਕਾ ਕੇ ਰੱਖੇਗੀ। ਯਕਦਮ ਉਸਨੂੰ ਚੇਤਾ ਆਇਆ ਕਿ ਉਸਦਾ ਖੁੱਲ੍ਹਾ, ਢਿੱਲਾ ਚੋਲਾ ਤਸਵੀਰ ਨੂੰ ਆਪਣੀ ਹਿਫ਼ਾਜ਼ਤ ਵਿਚ ਰੱਖਣ ਤੋਂ ਆਹਰੀ ਹੈ। ਉਸਨੂੰ ਗੁਆਂਢਣ ਦੀ ਲਾਂਅ 'ਤੇ ਲਹਿਰਾਉਂਦੀ ਦੋ ਗੁਲਕਾਂ ਵਰਗੇ ਘੋਗਰਿਆਂ ਵਾਲੀ ਬਨੈਣ ਦੇ ਮਹੱਤਵ ਦਾ ਪਤਾ ਲੱਗ ਗਿਆ। ਫੇਰ ਉਸਦਾ ਦਿਲ ਕੀਤਾ ਕਿ ਉਹ ਚਾਹ-ਪਾਣੀ ਵਾਲੇ ਮੁੰਡੇ ਨੂੰ ਆਖੇ ਕਿ ਉਹ ਜਿਹੜਾ ਦੀਵਾਨੇ ਖਾਸ ਵਾਲੇ ਟਿੱਲੇ 'ਤੇ ਨੀਲੇ ਘੋੜੇ 'ਤੇ ਸਵਾਰ, ਸੰਗੀਨਧਾਰੀ, ਲੰਮਾਂ-ਝੰਮਾਂ, ਗੋਰਾ-ਚਿੱਟਾ, ਤਿੱਖੇ-ਤਿੱਖੇ ਨਕਸ਼ਾਂ ਵਾਲਾ ਜਵਾਨ ਖੜ੍ਹਾ ਹੈ ਉਸਨੂੰ ਚਾਹ-ਪਾਣੀ, ਮਠਿਆਈ, ਬੋਤਲ, ਜੋ ਕੁਝ ਤੇਰੇ ਕੋਲ ਹੈ ਸਭ ਦੇ ਆ, ਮੇਰੇ ਕੋਲ ਪੈਸੇ ਤਾਂ ਹੈ ਨਹੀਂ ਪਰ ਬਿੱਲ ਦੇ ਬਦਲੇ 'ਮੇਰੀ ਭਾਵੇਂ ਜਿੰਦ ਮੰਗ ਲਾ'। ਜਦੋਂ ਉਹ ਕੁਝ ਵੀ ਨਾ ਕਰ ਸਕੀ ਤਾਂ ਓਕਾਂ ਦੀ ਬੁਰਸ਼ ਵਰਗੀ ਟਹਿਣੀ ਤੋੜ ਕੇ ਰੇਤ ਢਕੇ ਸੀਨੇ ਵਾਲੀ ਜ਼ਮੀਨ ਉੱਪਰ ਕੁਝ ਲਕੀਰਾਂ ਵਾਹੁਣ ਲੱਗ ਪਈ। ਉਹਨਾਂ ਦੇ ਖਾਕੇ ਜਿਹੜੇ ਅਜਾਇਬ ਘਰ ਦੀਆਂ ਅਲਮਾਰੀਆਂ ਵਿਚ ਕੈਦ ਸਨ...ਮੁਰਲੀ ਵਜਾਉਂਦਾ ਕਿਸ਼ਨ, ਯੁੱਧ ਲਈ ਤਿਆਰ ਅਰਜੁਨ, ਅਪਸਰਾਵਾਂ ਦੀ ਟੋਲੀ...ਫੇਰ, ਫੇਰ ਸਭ ਕੁਝ ਢਾਹ ਦਿੱਤਾ ਸੀ ਉਸਨੇ। ਉਸਨੂੰ ਲੱਗਿਆ ਸੀ, ਇਹ ਨਾ ਕਿਸ਼ਨਾ ਹੈ, ਨਾ ਰਾਮ, ਨਾ ਗੌਤਮ...ਇਹ ਤਾਂ ਆਰੀਆ ਹੈ। ਜਿਸ ਨੇ ਸਾਰੀਆਂ ਮੂਰਤੀਆਂ, ਸੰਦ-ਸੰਦੇੜੇ, ਤਾਊੜੇ, ਚਰਖ਼ੇ, ਖ਼ੂਹ, ਮਹਿਲ-ਮਾੜੀਆਂ ਤੇ ਇਸ ਧਰਤੀ ਦੇ ਸੀਨੇ ਉੱਤੇ ਮੌਜ਼ੂਦ ਹਰ ਸ਼ੈਅ, ਹਰ ਕ੍ਰਿਤ, ਹਰ ਘੜਤ ਤੇ ਉਸਦੇ ਘਾੜੇ ਨੂੰ ਕੁਚਲ ਦਿੱਤਾ ਸੀ। ਉਹ ਘੋੜਿਆਂ ਦੀਆਂ ਟਾਪਾਂ ਨਾਲ ਉਡਦੀ ਧੂੜ ਦੇ ਕਰਾਹੇ ਵਿਚ ਲਿਟਣ ਤੇ ਤੜਫਣ ਲੱਗੀ...ਜਿਵੇਂ ਉਸ ਘੋੜ ਸਵਾਰ ਨੇ ਆਪਣੀ ਸੰਗੀਨ ਨਾਲ ਉਸਦਾ ਪੋਰ-ਪੋਰ ਵਿੰਨ੍ਹ ਦਿੱਤਾ ਹੋਵੇ ਤੇ ਤਲਵਾਰ ਦੀ ਨੋਕ ਵਿਚ ਪਰੋ ਕੇ ਉਸਨੂੰ ਹਵਾ ਵਿਚ ਉਛਾਲ ਦਿੱਤਾ ਹੋਵੇ। ਪਰ ਪਹਿਰੇਦਾਰ ਦੀ ਬੰਦੂਕ ਦਾ ਮੂੰਹ ਤਾਂ ਛੱਤ ਵੱਲ ਸੀ ਤੇ ਅਜਾਇਬ ਘਰ ਵਿਚ ਇਕ ਗੋਰੀ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ ਉਹ।
ਗੋਰੀ ਸ਼ੌਅ ਕੇਸਾਂ ਉੱਪਰ ਲਿਖੀ ਇਬਾਰਤ ਪੜ੍ਹਦੀ, ਨਵੇਂ ਗਾਰਡ ਤੋਂ ਕੁਝ ਸਵਾਲ ਪੁੱਛਦੀ, ਆਪਣੀ ਕਾਪੀ ਵਿਚ ਲਿਖਦੀ ਤੇ ਅਗਲੇ ਸ਼ੌਅ ਕੇਸ ਸਾਹਵੇਂ ਜਾ ਖੜ੍ਹੀ ਹੁੰਦੀ। ਚੰਨਾਂ ਗੋਰੀ ਦੇ ਪਿੱਛੇ ਛੱਡੇ ਸ਼ੌਅ ਕੇਸ ਵਿਚ ਬੰਦ ਮੂਰਤੀ ਨੂੰ ਵੇਖਣ ਲੱਗਦੀ। ਚੰਨਾਂ ਨੇ ਉਹ ਸੈਂਕੜੇ ਵਾਰੀ ਪਹਿਲਾਂ ਵੀ ਵੇਖੀਆਂ ਸਨ ਪਰ ਪਹਿਲੀ ਵਾਰੀ ਉਸਨੂੰ ਅਹਿਸਾਸ ਹੋਇਆ ਕਿ ਉਹ ਤਾਂ ਸਾਰੀਆਂ ਈ ਨੰਗੀਆਂ ਨੇ।
“ਹਾਏ ਰੱਬਾ, ਇਹ ਸਭ ਬਣਾਉਣ ਦੀ ਕੀ ਲੋੜ ਸੀ...ਤੇ ਜੇ ਬਣਾਅ ਈ ਦਿੱਤੀਆਂ ਸੀ ਤਾਂ ਫੇਰ ਪਟੋਲੇ ਤਾਂ ਸੀਅ ਦੇਣੇ ਸੀ ਇਹਨਾਂ ਗੁੱਡੀਆਂ ਲਈ।”
ਇਹ ਨੰਗ-ਧੜ ਮੂਰਤੀਆਂ ਕਿੰਨੀ ਬੇਸ਼ਰਮੀ ਨਾਲ ਤਣ ਕੇ ਨਵੇਂ ਪਹਿਰੇਦਾਰ ਸਾਹਮਣੇ ਖਲੋਤੀਆਂ ਸਨ। ਚੰਨਾਂ ਉਮਰ ਵਿਚ ਪਹਿਲੀ ਵਾਰ ਸ਼ਰਮ ਦੇ ਅਹਿਸਾਸ ਤੋਂ ਜਾਣੂ ਹੋਈ, ਜਿਵੇਂ ਤੇਜ਼ ਝੱਖੜ ਨੇ ਉਸਦੇ ਆਪਣੇ ਤਨ ਦੇ ਸਾਰੇ ਕੱਪੜੇ ਉਡਾਅ ਦਿੱਤੇ ਹੋਣ ਤੇ ਖ਼ੁਦ ਉਹ ਨਵੇਂ ਪਹਿਰੇਦਾਰ ਸਾਹਵੇਂ ਅਲਫ਼-ਨੰਗੀ ਖੜ੍ਹੀ ਹੋਵੇ। ਉਹ ਤੀਜੇ ਚੌਥੇ ਸ਼ੋਅ ਕੇਸ ਕੋਲੋਂ ਹੀ ਸ਼ਰਮਾਅ ਕੇ ਬਾਹਰ ਖੰਡਰਾਂ ਵੱਲ ਨੱਸ ਗਈ, ਓਕਾਂ ਤੇ ਵਣਾ ਦੇ ਛਤਨਾਰਾਂ ਹੇਠ ਉਸਦੀਆਂ ਬੱਕਰੀਆਂ ਵੀ ਨਹੀਂ ਸਨ। ਸ਼ਾਇਦ ਉਹ ਵੀ ਉਹ ਵਾਂਗਰ ਸ਼ਰਮਾਅ ਕੇ ਕਿਸੇ ਪਾਸੇ ਨਿਕਲ ਗਈਆਂ ਸਨ ਜਾਂ ਫੇਰ ਪਹਿਰੇਦਾਰਾਂ ਨੇ ਟਿੱਲਿਆਂ ਦੇ ਪੈਰਾਂ ਵਿਚ, ਥੇਹਾਂ ਤੋਂ ਅੱਗੇ, ਵਿਛੇ ਖੇਤਾਂ ਵੱਲ, ਹੱਕ ਦਿੱਤਾ ਸੀ ਉਹਨਾਂ ਨੂੰ। ਜਿਹਨਾਂ ਬੈਂਚਾਂ ਉੱਤੇ ਉਹ ਖੁਰ ਜਮਾਅ ਕੇ ਟਾਹਣੀਆਂ ਚੂੰਡਦੀਆਂ ਸਨ, ਉੱਥੇ ਹੁਣ ਕਈ ਫੈਨਸੀ ਮੂਰਤੀਆਂ ਆਪੋ-ਆਪਣੇ ਮੂਰਲੀ ਵਾਲੇ ਨਾਲ ਜੱਫੀਆਂ ਪਾਈ ਬੈਠੀਆਂ ਸਨ...ਇਹ ਦ੍ਰਿਸ਼ ਉਹਨਾਂ ਛਤਨਾਰਾਂ ਲਈ ਨਵੇਂ ਨਹੀਂ ਸਨ ਪਰ ਅੱਜ ਚੰਨਾਂ ਦੀ ਗੂੜ੍ਹੀ ਕਣਕ-ਵੰਨੀ ਰੰਗਤ ਲਾਲ-ਮਿੱਟੀ ਨਾਲ ਘੜੀਆਂ ਹੜਪਾ ਦੀ ਭੱਠੀ ਵਿਚ ਪੱਕੀਆਂ ਮੂਰਤੀਆਂ ਦੇ ਰੰਗ ਵਰਗੀ ਹੋ ਗਈ ਸੀ। ਉਹ ਪੁਟੇ ਜਾ ਰਹੇ ਟਿੱਲਿਆਂ ਦੀਆਂ ਥੇਹਾਂ ਵੱਲ ਨੱਸੀ, ਅਣ-ਪੁੱਟੇ ਟੀਲਿਆਂ ਉੱਤੇ ਚੱੜ੍ਹੀ, ਢਲਵਾਨਾਂ ਉੱਪਰੋਂ ਤਿਲ੍ਹਕੀ, ਛਤਨਾਰਾਂ ਵਿਚ ਘੁਸੀ, ਹਰ ਜਗ੍ਹਾ ਕੋਈ ਨਾ ਕੋਈ ਸੰਗਮਰਮਰੀ ਰਾਧਾ ਕਿਸੇ ਲੰਗੋਟ ਕਸੇ ਕਿਸ਼ਨ ਦੀ ਮੁਰਲੀ ਉੱਤੇ ਕਥਕ ਨਾਚ ਨੱਚ ਰਹੀ ਸੀ। ਪੱਕੀ ਪਟੜੀ ਉੱਤੇ ਦੌੜਦਿਆਂ-ਦੌੜਦਿਆਂ ਹੁਮਸ ਤੇ ਪਸੀਨੇ ਨਾਲ ਉਸਦਾ ਵਜੂਦ ਨੁਚੱੜਨ ਲੱਗ ਪਿਆ। ਥੇਹਾਂ ਦੀ ਝੋਲੀ ਵਿਚ ਵਿਛੇ ਖੇਤਾਂ ਨੂੰ ਤਰ ਕਰਨ ਵਾਲੇ ਖਾਲ ਵਿਚ ਛਾਲ ਮਾਰ ਗਈ ਉਹ। ਗਾੜ੍ਹੀ ਨੀਲੀ ਚੁੰਨੀ ਲਾਹ ਕੇ ਪਰ੍ਹਾਂ ਸੁੱਟ ਦਿੱਤੀ। ਉਸਨੂੰ ਆਪਣਾ ਅਕਸ ਉਸ ਮੂਰਤੀ ਵਰਗਾ ਲੱਗਿਆ ਜਿਹੜੀ ਪੁਟਾਈ ਦੌਰਾਨ ਸ਼ਾਇਦ ਜ਼ਖ਼ਮੀ ਹੋ ਗਈ ਸੀ, ਜਿਸ ਦੀਆਂ ਦੋਵੇਂ ਛਾਤੀਆਂ ਭੁਰ ਕੇ ਸਾਹਮਣੇ ਵਾਲੇ ਪਾਸਿਓਂ ਸਪਾਟ ਹੋ ਗਈਆਂ ਸਨ। ਜਿਸ ਦੀ ਨੱਕ ਦਾ ਬਾਂਸਾ ਤੇ ਬੁੱਲ੍ਹੀਆਂ ਦੀ ਕਮਾਨ ਝੜ ਗਈ ਸੀ। ਉਸਨੇ ਤਿੱਖੀਆਂ-ਤਿੱਖੀਆਂ ਰਾਧਾਵਾਂ ਵੱਲ ਈਰਖਾਲੂ ਨਜ਼ਰਾਂ ਨਾਲ ਤੱਕਿਆ ਤੇ ਰੇਤੇ ਦੀਆਂ ਮੁੱਠੀਆਂ ਭਰ-ਭਰ ਆਪਣੇ ਸਿਰ ਵਿਚ ਪਾਉਣ ਲੱਗ ਪਈ। ਧੂੜ ਦੇ ਵਰੋਲੇ ਦਾ ਇਕ ਗ਼ਲਾਫ਼ ਜਿਹਾ ਉਸਦੇ ਚੁਫੇਰੇ ਤਣ ਗਿਆ। ਉਸ ਸ਼ਾਮ ਇੱਜੜ ਨੂੰ ਵਾੜੇ ਵਿਚ ਡੱਕਰਣ ਤੋਂ ਪਹਿਲਾਂ ਉਸਨੇ ਨਾਲ ਵਾਲੀ ਦੀ ਤਾਰ 'ਤੇ ਲਹਿਰਾਉਂਦੀ ਤਿੱਖੀ-ਤਿੱਖੀ ਬਨੈਣ ਆਪਣੀ ਸਲਵਾਰ ਦੇ ਨੇਫੇ ਵਿਚ ਟੁੰਗ ਲਈ।
ਹੜਪਾ ਦੇ ਖੰਡਰਾਂ ਵਿਚੋਂ ਨਿਕਲੀਆਂ ਚੌੜੀਆਂ-ਚੌੜੀਆਂ ਉਨਾਭੀ ਇੱਟਾਂ ਨਾਲ ਉਸਾਰੇ ਆਪਣੇ ਕੋਠੜੇ ਦੇ ਸਾਹਮਣਿਓਂ ਲੰਘਦੇ ਖਾਲ ਦੇ ਗਾੜ੍ਹੇ ਗੁਲਾਬੀ ਪਾਣੀ ਵਿਚ ਆਪਣਾ ਅਕਸ ਫੇਰ ਦੇਖਿਆ। ਲਾਲ ਮਿੱਟੀ 'ਚ ਘੜੀ ਮੋਟੀ ਖੁਰਦਰੀ ਖੱਲ ਤੇ ਫਿੱਸੇ-ਫਿੱਸੇ ਜਿਹੇ ਨਕਸ਼ਾਂ ਵਾਲੀ ਮੂਰਤੀ ਦੇ ਅਕਸ ਵਿਚ ਸਫੇਦ ਸੰਗਮਰਮਰ 'ਚੋਂ ਘੜੀਆਂ ਹੋਈਆਂ ਤਿੱਖੇ-ਤਿੱਖੇ ਨੈਣ-ਨਕਸ਼ਾਂ ਵਾਲੀਆਂ ਮੂਰਤੀਆਂ ਰਲਗਡ ਹੋਣ ਲੱਗ ਪਈਆਂ। ਜਿਹਨਾਂ ਦੇ ਪੇਟ ਦੀ ਪਲੇਟ ਵਿਚ ਚੀਰਵੀਂ ਅੱਖ ਬਣੀ ਹੁੰਦੀ ਹੈ। ਜਿਹਨਾਂ ਦੀਆਂ ਅੱਧ ਖੁੱਲ੍ਹੀਆਂ ਮੂੰਹ-ਫਾੜਾਂ ਵਿਚਕਾਰ ਕਪਾਹ ਦੀਆਂ ਫੁੱਟੀਆਂ ਖਿੜੀਆਂ ਜਾਪਦੀਆਂ ਹਨ। ਜਿਹਨਾਂ ਦੇ ਦੁਧੀਆ ਥਣਾ 'ਤੇ ਤਾਂਬੇ ਦੀ ਗਾਗਰ ਵਾਂਗਰ ਚੱਪਣ ਜਿਹੇ ਚੜ੍ਹੇ ਹੁੰਦੇ ਹਨ। ਚੰਨਾਂ ਨੂੰ ਉਮਰ ਵਿਚ ਪਹਿਲੀ ਵਾਰੀ ਮਰਮਰ ਦੀਆਂ ਉਹਨਾਂ ਸਫੇਦ ਮੂਰਤੀਆਂ ਵਰਗਾ ਸੁੰਦਰ ਦਿਖਣ ਦੀ ਚਾਹਤ ਨੇ ਪਛਾੜ ਦਿੱਤਾ।
ਆਪਣੀ ਚਮੜੀ ਦੇ ਰੰਗ ਵਰਗੇ ਖਾਲ ਦੇ ਪਾਣੀ ਵਿਚ ਅੰਗੂਠੇ ਤੇ ਸ਼ਹਾਦਤ ਦੀ ਉਂਗਲ (ਪਹਿਲੀ ਉਂਗਲ) ਨਾਲ ਨੱਕ ਫੜ੍ਹ ਕੇ ਟੁੱਭੀ ਮਾਰ ਗਈ ਉਹ। ਮਿੱਟੀ ਦੀਆਂ ਮੂਰਤੀਆਂ ਦੇ ਰੰਗ ਦੇ ਜਿਸਮ ਨੂੰ ਚੀਕਣੀ ਮਿੱਟੀ ਦੇ ਡਲੇ ਨਾਲ ਰਗੜ-ਰਗੜ ਚਮਕਾਇਆ। ਗੁਆਂਢਣ ਜਿਹੜੀ ਆਪਣੇ ਨਾਂਅ ਨਾਲੋਂ ਵੱਧ 'ਉਹ ਬਨੈਣ ਵਾਲੀ' ਕਹਿ ਕੇ ਬੁਲਾਈ ਜਾਂਦੀ ਸੀ ਤੇ ਹਰੇਕ ਬਨੈਣ ਵਾਲੀ ਨੂੰ ਖੰਡਰਾਂ ਨਾਲ ਜੁੜੀ ਉਸ ਬਸਤੀ ਵਿਚ ਕੰਜਰੀ ਕਿਹਾ ਜਾਂਦਾ ਸੀ...ਕਿਉਂਕਿ ਉਹ ਹਰ ਰੋਜ਼ ਗੁੱਤ ਖੋਲ੍ਹ ਕੇ ਕੰਘਾ ਕਰਦੀ, ਹੜਪਾ ਦੀਆਂ ਲੱਭਤਾਂ ਵਿਚੋਂ ਚੁਰਾਏ ਦੀਵੇ ਵਿਚ ਕੱਪੜੇ ਦੀ ਟਾਕੀ ਸਾੜ ਕੇ ਅੱਖਾਂ ਵਿਚ ਲੱਪ-ਲੱਪ ਕੱਜਲ ਲਾਉਂਦੀ, ਚੁਕੰਦਰ ਖਾ ਕੇ ਮੂੰਹ ਪੂੰਝਣਾ ਭੁੱਲ ਜਾਂਦੀ ਸੀ। ਇਸੇ ਲਈ ਉਸ ਦੀ ਕੋਠੜੀ ਵਿਚ ਕੁਰਖ਼ਤ ਚਿਹਰਿਆਂ ਵਾਲੇ ਪਹਿਰੇਦਾਰਾਂ ਦਾ ਆਉਣਾ-ਜਾਣਾ ਰਹਿੰਦਾ। ਜਦੋਂ ਚੰਨਾਂ ਉਸਦੀ ਕੋਠੜੀ ਵਿਚੋਂ ਨਿਕਲੀ ਤਾਂ ਛਤਨਾਰਾਂ ਵਿਚ ਫਿਰਦੀ ਹਰੇਕ ਸ਼ੈਅ ਤਕ ਇਹ ਆਵਾਜ਼ ਪਹੁੰਚੀ 'ਕੰਜਰੀ, ਕੰਜਰੀ?' ਕੁਝ ਮੰਗਤੇ ਤੇ ਚਰਵਾਹੇ ਵਿਅੰਗ ਵਾਕਾਂ ਤੇ ਠਹਾਕਿਆਂ ਰੂਪੀ ਡਾਂਗਾਂ ਨਾਲ ਹਿੱਕਦੇ ਹੋਏ ਉਸਨੂੰ ਅਜਾਇਬ ਘਰ ਦੀ ਇਮਾਰਤ ਵਿਚ ਧਕੇਲ ਆਏ। ਜਿੱਥੇ ਨਵਾਂ ਗਾਰਡ ਕਿਸੇ ਗੋਰੇ ਨੂੰ ਸ਼ੌਅ ਕੇਸਾਂ ਵਿਚ ਸਜੀਆਂ ਮੂਰਤੀਆਂ ਦਾ ਇਤਿਹਾਸ ਦੱਸ ਰਿਹਾ ਸੀ। ਸਫੇਦ ਸੰਗਮਰਮ ਵਿਚੋਂ ਤਰਾਸ਼ੀਆਂ ਤਿੱਖੇ ਨੈਣ-ਨਕਸ਼ਿਆਂ ਵਾਲੀਆਂ ਦੇਵੀਆਂ ਨਾਲੋਂ ਵੱਧ ਗੋਰੇ ਦਾ ਧਿਆਨ ਭੱਠੀ ਦੀਆਂ ਪੱਕੀਆਂ ਹੋਈਆਂ ਲਾਲ-ਲਾਲ, ਮੋਟੇ-ਮੋਟੇ ਨਕਸ਼ਿਆਂ ਵਾਲੀਆਂ ਅਣਘੜ, ਭੱਦੀਆਂ ਤੇ ਭੁਰਭੁਰੀਆਂ ਮੂਰਤੀਆਂ ਵੱਲ ਸੀ। ਉਸਦੇ ਖ਼ਿਆਲ ਮੁਤਾਬਿਕ ਹੜਪਾ ਦੀ ਮੁੱਢਲੀ ਕਾਰੀਗਰੀ ਦੇ ਆਸਾਰ ਇਹੋ ਸਨ।
ਉਸ ਗੋਰੇ ਨੇ ਵੀ ਉਹੀ ਸਵਾਲ ਦੁਹਰਾਇਆ, “ਕੀ ਪੁਰਾਣੀ ਦਰਾਵੜ ਤੇ ਕੇਲ ਨਸਲ ਦੇ ਲੋਕ ਹੁਣ ਵੀ ਇੱਥੇ ਵੱਸਦੇ ਨੇ?”
“ਯਸ ਸਰ, ਯਸ ਸਰ! ਇਹ, ਅਹਿ ਦੇਖੋ ਨਾ।”
ਨਵੇਂ ਪਹਿਰੇਦਾਰ ਨੇ ਉਸਨੂੰ ਬੂਟ ਦੀ ਨੋਕ ਨਾਲ ਧਰੀਕ ਕੇ ਗੋਰੇ ਦੇ ਹਜ਼ੂਰ ਵਿਚ ਪੇਸ਼ ਕਰ ਦਿੱਤਾ। “ਅਹਿ ਦੇਖੋ ਸਰ! ਬਿਲਕੁਲ ਇਹੀ ਕੱਦ-ਬੁੱਤ, ਇਹੋ ਨੱਕ-ਨਕਸ਼ਾ। ਇਹਨਾਂ ਮੂਰਤੀਆਂ ਦੀ ਹਮਸ਼ਕਲ...ਇਹੀ ਤਾਂ ਵਾਰਸ ਨੇ ਇਸ ਮੋਈ ਸਭਿਅਤਾ ਦੇ।...” ਗੋਰੇ ਨੇ ਆਪਣੇ ਕੈਮਰੇ ਦੀ ਰੌਸ਼ਨੀ ਕਈ ਪਾਸਿਓਂ ਉਸ ਉੱਤੇ ਮਾਰੀ। ਉਸਦੇ ਵੱਸ ਵਿਚ ਹੁੰਦਾ ਤਾਂ ਉਹ ਚੰਨਾਂ ਨੂੰ ਮੁੱਠੀ ਵਿਚ ਦਬੋਚ ਕੇ ਆਪਣੇ ਚਮੜੇ ਦੇ ਬੈਗ਼ ਵਿਚ ਲਕੋਅ ਲੈਂਦਾ ਤੇ ਯੂਰਪ ਲੈ ਜਾ ਕੇ ਪੁਰਾਣੇ ਖੰਡਰਾਂ ਵਿਚੋਂ ਲੱਭੀਆਂ ਲੱਭਤਾਂ ਵਿਚਕਾਰ ਵੇਚ ਦਿੰਦਾ। ਉਹ ਗੇਲਰੀ ਦੇ ਐਨ ਵਿਚਕਾਰ ਰੱਖੇ ਮੁਰਦੇ ਦਫ਼ਨਾਉਣ ਵਾਲੇ ਵੱਡੇ ਵੱਡੇ ਤਾਊੜਿਆਂ (ਮੱਟਾਂ) ਦੀ ਓਟ ਵਿਚ ਹੋ ਗਈ ਜਿਵੇਂ ਡਰ ਗਈ ਹੋਵੇ ਕਿ ਕਿਤੇ ਗੋਰਾ ਉਸਨੂੰ ਦਬੋਚ ਕੋ ਨਾਲ ਨਾ ਲੈ ਜਾਵੇ।
ਜਦੋਂ ਗੋਰਾ ਨਵੇਂ ਗਾਰਡ ਦੀ ਮੁੱਠੀ ਵਿਚ ਲਾਲ ਨੋਟ ਫਸਾਅ ਕੇ ਚਲਾ ਗਿਆ ਤਾਂ ਉਹ ਵਕਫ਼ੇ ਲਈ ਸੀਟੀਆਂ ਵਜਾਉਣ ਤੇ ਲੋਕਾਂ ਨੂੰ ਅਜਾਇਬ ਘਰ ਦੀ ਇਮਾਰਤ ਵਿਚੋਂ ਬਾਹਰ ਕੱਢਣ ਲੱਗ ਪਿਆ। ਬੱਤੀਆਂ ਬੰਦ ਹੁੰਦਿਆਂ ਹੀ ਉਹ ਉਸ ਸ਼ੌਅ ਕੇਸ ਪਿੱਛੋਂ ਨਿਕਲ ਆਈ ਜਿਸ ਵਿਚ ਪੰਜ ਹਜ਼ਾਰ ਸਾਲ ਪੁਰਾਣਾ ਇਨਸਾਨੀ ਢਾਂਚਾ ਹਰੇ ਮਖ਼ਮਲ ਦੇ ਕੱਪੜੇ ਉੱਤੇ ਲੇਟਿਆ ਹੋਇਆ ਹੈ। ਜਿਸਨੂੰ ਪਹਿਰੇਦਾਰ ਦਰਾਵੜ ਨਸਲ ਦੀ ਔਰਤ ਦੱਸਦੇ ਨੇ।
“ਤੂੰ ਮੈਨੂੰ ਉਹਨਾਂ ਵਰਗਾ ਕਿਉਂ ਕਿਹਾ?”
ਗਾਰਡ ਹੱਸਿਆ।
“ਤੂੰ ਸੁਰਖੀ ਤੇ ਕੱਜਲ ਲਾ ਕੇ ਏਹਨਾਂ ਵਰਗੀ ਤਾਂ ਨਹੀਂ ਨਾ ਬਣ ਗਈ।”
ਨਵੇਂ ਗਾਰਡ ਨੇ ਤਿੱਖੇ ਨੱਕ-ਨਕਸ਼ੇ ਵਾਲੀਆਂ ਹਿੰਦੂ ਦੇਵ-ਦਾਸੀਆਂ ਦੀਆਂ ਮੂਰਤੀਆਂ ਵੱਲ ਇਸ਼ਾਰਾ ਕੀਤਾ। “ਹੈ ਤਾਂ ਤੂੰ ਉਹਨਾਂ ਵਰਗੀ ਈ ਏਂ ਨਾ। ਇੱਥੇ ਤਾਂ ਇਹੋ ਜਿਹੀਆਂ ਈ ਹੁੰਦੀਆਂ ਸੀ।”
ਛੋਟੀਆਂ ਛੋਟੀਆਂ ਲਾਲ ਮਿੱਟੀ ਦੀਆਂ ਨੰਗੀਆਂ ਦੇਹਾਂ ਵਾਲੀਆਂ ਭੱਦੀਆਂ ਮੂਰਤੀਆਂ ਵਾਲੇ ਸ਼ੌਅ ਕੇਸ ਉੱਤੇ ਨਵੇਂ ਪਹਿਰੇਦਾਰ ਨੇ ਬੰਦੂਕ ਦੀ ਨਾਲ ਰੱਖ ਦਿੱਤੀ।
“ਕਿਉਂ ਓਹਨਾਂ ਵਰਗੀ ਕਿਉਂ ਨਹੀਂ?”
ਚੰਨਾਂ ਨੇ ਚੁੰਨੀ ਦਾ ਪੱਲਾ ਲਾਹ ਕੇ ਇੰਜ ਬੁੱਕਲ ਮਾਰੀ ਜਿਵੇਂ ਚੁੰਨੀ ਠੀਕ ਕਰ ਰਹੀ ਹੋਵੇ। ਇਸ ਇਕੋ ਪਲ ਵਿਚ ਉਸਦੀ ਕੱਲ੍ਹ, ਸੂਰਜ ਦੇ ਛਿਪਾਅ ਨਾਲ, ਕੀਤੀ ਚੋਰੀ ਖਿੜਖਿੜ ਕਰਕੇ ਹੱਸੀ।
ਗਾਰਡ ਨੇ ਵੀ ਇਹ ਚੋਰੀ ਫੜ੍ਹ ਲਈ ਸੀ।
“ਹਾਂ, ਇਹ ਤਾਂ ਹੈ ਪਰ ਬਾਕੀ ਸਭ ਤਾਂ ਨਹੀਂ ਨਾ। ਇਹ ਕੱਦ-ਬੁੱਤ, ਇਹ ਨੈਣ-ਨਕਸ਼, ਇਹ ਗੋਰੀ-ਰੰਗਤ, ਨੀਂ ਕਮਲੀਏ! ਗੱਲ ਤਾਂ ਮਿੱਟੀ ਦੀ ਤਾਸੀਰ ਦੀ ਹੁੰਦੀ ਆ। ਜਿਹੜਾ ਜਿਸ ਮਿੱਟੀ 'ਚੋਂ ਘੜਿਆ ਗਿਆ, ਉਹ ਉਸੇ ਮਿੱਟੀ ਵਰਗਾ ਹੋਵੇਗਾ ਨਾ...ਇਹ ਤਾਂ ਸੰਗਮਰਮਰ ਦੀਆਂ ਚਟਾਨਾਂ ਵਿਚੋਂ ਘੜੀਆਂ ਗਈਆਂ ਨੇ, ਇੱਥੇ ਕਣਕ ਤੇ ਕਪਾਹ ਦੇ ਖੇਤਾਂ ਵਿਚ ਇਹੋ ਜਿਹੇ ਚਿੱਟੇ ਪੱਥਰ ਕਿੱਥੇ। ਇੱਥੋਂ ਦੇ ਸੜਦੇ-ਭੁੱਜਦੇ ਮੌਸਮ ਤਾਂ ਜੰਗਲੀ ਕਿੱਕਰਾਂ ਦੀਆਂ ਸੂਲਾਂ, ਅੱਕ, ਕੌੜ ਤੁੰਮੇਂ, ਟਾਹਲੀ, ਕੁਆਰ ਗੰਦਲਾਂ, ਥੋਹਰ ਕੰਡਿਆਰਾਂ ਤੇ ਵਣ ਸਿੰਜਰਦੇ ਆ। ਬਿਨ ਬਰਸਾਤੋਂ ਸੁੱਕੇ ਦਰਿਆਈ ਕਿਨਾਰਿਆਂ ਦੀ ਮਿੱਟੀ ਤੋਂ ਤਾਂ ਅਜਿਹੀਆਂ ਭੁਰਭੁਰੀਆਂ ਘਾੜਤਾਂ ਈ ਘੜੀਆਂ ਜਾ ਸਕਦੀਆਂ ਹੈਨ, ਹੈ-ਨਾ...”
ਚੰਨਾਂ ਨੂੰ ਉਹਨਾਂ ਗਾਰਡਾਂ ਦੀ ਜ਼ੁਬਾਨੀ ਹੀ ਪਤਾ ਲੱਗਿਆ ਸੀ ਇਹਨਾਂ ਜਿਸਮਾਨੀ ਕੁਤਾਹੀਆਂ ਕਰਕੇ ਹੀ ਇਸ ਖੰਡਰ ਸ਼ਹਿਰ ਦੇ ਵਾਸੀਆਂ ਨੂੰ ਆਰੀਆਵਾਂ ਨੇ ਆਪਣਾ ਗ਼ੁਲਾਮ ਬਣਾ ਲਿਆ ਸੀ। ਉਹ ਕਪਾਹ ਤੇ ਅਨਾਜ਼ ਉਗਾਉਣ ਵਾਲੇ, ਮਿੱਟੀ ਦੀਆਂ ਮੂਰਤੀਆਂ ਤੇ ਭਾਂਡੇ ਬਣਾਉਣ ਵਾਲੇ, ਮਹਿਲ-ਮਾੜੀਆਂ, ਬਾਜ਼ਾਰ-ਬਸਤੀਆਂ ਉਸਾਰਨ ਵਾਲੇ, ਗਾਵਾਂ-ਬਲ੍ਹਦ ਪਾਲਣ ਵਾਲੇ, ਘੋੜਿਆਂ ਦੇ ਪੌੜਾਂ ਤੇ ਤੀਰ ਤਲਵਾਰਾਂ ਦਾ ਸ਼ਿਕਾਰ ਹੋ ਗਏ। ਕੇਹਾ ਘਮਾਸਾਨ ਯੁੱਧ ਹੋਇਆ ਹੋਵੇਗਾ! ਇਹ ਕਲਾਤਮਕ ਬਸਤੀਆਂ ਉਸਾਰਦੇ ਰਹੇ, ਸਭਿਅਤਾ ਤੇ ਸਭਿਆਚਾਰ ਨੂੰ ਨਿਖਾਰਦੇ ਰਹੇ, ਕਲਾ ਤੇ ਕਲਾ-ਵੰਨਗੀਆਂ ਦੀ ਕਾਢ ਤੇ ਪ੍ਰਚਾਰ-ਪ੍ਰਸਾਰ ਕਰਦੇ ਰਹੇ...ਨਾ ਇਹਨਾਂ ਤੀਰ ਬਣਾਏ ਨਾ ਭਾਲੇ-ਨੇਜੇ, ਨਾ ਤਲਵਾਰਾਂ, ਨਾ ਘੋੜੇ ਪਾਲੇ ਨਾ ਹਾਥੀ। ਬਲ੍ਹਦਾਂ ਨਾਲ ਹਲ ਵਾਹੁੰਦੇ, ਖੱਡੀਆਂ 'ਤੇ ਬੁਣਤਾਂ ਬੁਣਦੇ, ਭੁੱਲ ਗਏ ਕਿ ਇਸ ਸਭ ਕਾਸੇ ਦੀ ਹਿਫ਼ਾਜ਼ਤ ਖਾਤਰ ਜੰਗਲ ਵਾਲੇ ਪਾਸੇ ਖੁੱਲਣ ਵਾਲੇ ਰਸਤਿਆਂ ਉੱਤੇ ਮਜ਼ਬੂਤ ਕਿਲੇ ਉਸਾਰਨੇ ਤੇ ਹਿਫ਼ਾਜ਼ਤ ਲਈ ਹਥਿਆਰ ਬਣਾਉਣੇ ਵੀ ਜ਼ਰੂਰੀ ਸਨ। ਕਿਉਂਕਿ ਦਰਿੰਦਿਆਂ ਕੋਲ ਪਾਰਖੂ ਅੱਖਾਂ, ਕੋਮਲ ਅਹਿਸਾਸ ਜਾਂ ਹਾਏ-ਦਯਾ ਨਾਂਅ ਦੀ ਕੋਈ ਸ਼ੈਅ ਨਹੀਂ ਹੁੰਦੀ...ਉਹ ਤਾਂ ਕਲਾ, ਕਲਾਕਾਰ ਤੇ ਉਸਦੀ ਕ੍ਰਿਤ ਦਾ ਜਵਾਬ ਸਿਰਫ ਆਪਣੇ ਵਹਿਸ਼ੀ ਪੌੜਾਂ ਤੇ ਸੁੰਮਾਂ ਨਾਲ ਦਿੰਦੇ ਨੇ।
ਚੰਨਾ ਨੇ ਬਾਹਰ ਵੱਲ ਵੇਖਿਆ। ਉਸ ਖੰਡਰ ਹੋਏ ਸ਼ਹਿਰ ਵਿਚ ਬੜੀ ਚਹਿਲ-ਪਹਿਲ ਸੀ। ਮੰਡੀ ਦੇ ਚਬੂਤਰਿਆਂ ਉੱਪਰ ਖਰਬੂਜਿਆਂ ਤੇ ਮਤੀਰਿਆਂ ਦੀਆਂ ਪੰਡਾਂ ਧਰੀਆਂ ਹੋਈਆਂ ਸਨ। ਕਪਾਹ ਦੀਆਂ ਗੰਢਾਂ, ਕਣਕ ਦੀਆਂ ਢੇਰੀਆਂ ਲੱਗੀਆਂ ਸਨ। ਪਿਆਜ਼, ਲਸਣ, ਬੇਰ, ਚਿੱਬੜ੍ਹ, ਤੂਤੀਆਂ , ਪੀਲ੍ਹਾਂ ਦੀਆਂ ਢੇਰੀਆਂ ਲੱਗੀਆਂ ਸਨ। ਆੜ੍ਹਤੀਏ ਤੇ ਗਾਹਕ ਮੁੱਲ-ਭਾਅ ਕਰ ਰਹੇ ਸਨ। ਟੋਕਰਿਆਂ ਵਾਲੇ ਤੋਰੀ, ਬੈਂਗਨ ਦੀਆਂ ਆਵਾਜ਼ਾਂ ਲਾਉਂਦੇ ਫਿਰਦੇ...ਧੋਤੀਆਂ ਵਰਗੀਆਂ ਸਾੜ੍ਹੀਆਂ ਬੰਨ੍ਹੀ, ਵੱਡੇ-ਵੱਡੇ ਘੁੰਡ ਕੱਢੀ ਜ਼ਨਾਨੀਆਂ, ਛਾਬਿਆਂ ਵਿਚ ਭਰੇ ਅਨਾਜ਼ ਵੱਟੇ ਫਲ-ਸਬਜੀ ਵਟਾਅ ਰਹੀਆਂ ਸਨ।
ਰਾਵੀ ਕਿਨਾਰੇ ਚੀਕਣੀ ਮਿੱਟੀ ਦੀਆਂ ਕੋਰੀਆਂ ਝੱਝਰਾਂ ਭਰਦੀਆਂ ਨਾਰਾਂ। ਬੋਕੇ ਪਾ-ਪਾ ਕੇ ਮਟਕੇ ਤੇ ਤਾਊੜੇ ਭਰਦੀਆਂ ਮੁਟਿਆਰਾਂ ਤੇ ਸਿਰਾਂ ਤੋਂ ਕੁਹਲਿਆਂ ਤਕ ਝੁਲਾਂਦੀਆਂ ਗੁੱਤਾਂ ਵਾਲੀਆਂ ਜਿਹਨਾਂ ਦੀਆਂ ਵੀਣੀਆਂ ਆਵੀ ਦੀਆਂ ਪੱਕੀਆਂ ਚੂੜੀਆਂ ਨਾਲ ਭਰੀਆਂ ਹੁੰਦੀਆਂ। ਸਾਗ ਦੇ ਕੁੰਨੇ ਚੁਲ੍ਹਿਆਂ 'ਤੇ ਰਿੱਝਦੇ ਰਹਿੰਦੇ। ਧਾਤ ਦੀਆਂ ਚੂੜੀਆਂ ਤੇ ਮਾਲਾਵਾਂ ਵਾਲੀਆਂ ਮਲਕਾਵਾਂ, ਹਾਥੀ ਦੰਦ ਦੇ ਸ਼ਿੰਗਾਰਦਾਨ ਸਾਹਵੇਂ ਖਲੋ ਕੇ ਲੰਮੇ ਸਿਆਹ ਵਾਲਾਂ ਵਿਚ ਲੱਕੜ ਦੇ ਦੰਦਿਆਂ ਵਾਲੀ ਕੰਘੀ ਨਾਲ ਮੀਢੀਆਂ ਗੁੰਦਦੀਆਂ ਸਨ। ਦਾਸੀਆਂ ਉਹਨਾਂ ਦੀਆਂ ਲੱਤਾਂ ਘੁੱਟਦੀਆਂ, ਤੇ ਝਾਵਿਆਂ ਨਾਲ ਅੱਡੀਆਂ ਕੂਚਦੀਆਂ। ਘੁਮਿਆਰ ਚੱਕ ਉੱਤੇ ਚੜ੍ਹੇ ਕੁੱਜੇ ਗੋਲ ਕਰਦੇ। ਬੁੱਤਘਾੜੇ ਮੂਰਤੀਆਂ ਘੜਦੇ। ਫੁੱਲਾਂ ਦਾ ਰੰਗ ਕਸ਼ੀਦ ਕੇ ਨਕਸ਼-ਨੁਹਾਰ ਸ਼ਿੰਗਾਰਦੇ। ਰਾਜ-ਮਜ਼ਦੂਰ ਮਹਿਲ, ਚੌਬਾਰੇ ਤੇ ਅਟਾਰੀਆਂ ਉਸਾਰਦੇ, ਮਨ ਚਲੇ ਮੁਰਲੀ ਵਜਾਉਂਦੇ ਫਿਰਦੇ...ਕਿ ਅਚਾਨਕ ਜੰਗਲ ਦਾ ਦਰਵਾਜ਼ਾ ਖੁੱਲ੍ਹਿਆ। ਉੱਚੇ ਉੱਚੇ ਤੇਜ਼ ਰਫ਼ਤਾਰ ਘੋੜਿਆਂ ਉੱਤੇ ਤਲਵਾਰਾਂ ਨੇਜੇ ਸੰਗੀਨਾਂ ਕਸੀ ਹਮਲਾਵਰ ਆਏ। ਉਸ ਕਲਾ ਨਗਰੀ ਨੂੰ ਹਥਿਆਰਾਂ ਦੀ ਨੋਕ ਵਿਚ ਪਰੋ ਦਿੱਤਾ, ਬਾਜ਼ਾਰਾਂ ਦੀ ਚਹਿਲ ਪਹਿਲ ਨੂੰ ਘੋੜਿਆਂ ਦੇ ਪੌੜਾਂ ਤੇ ਸੁੰਮਾਂ ਹੇਠ ਕੁਚਲ ਦਿੱਤਾ।
ਭਿਆਨਕ ਤੂਫ਼ਾਨ ਉਠਿਆ, ਲਹੂ-ਰੰਗੀ ਧੂੜ ਜ਼ਮੀਨ ਤੇ ਆਸਮਾਨ ਨੂੰ ਲਿਪਟ ਗਈ। ਨੇਜਿਆਂ, ਤਲਵਾਰਾਂ ਤੇ ਸੰਗੀਨਾਂ ਨਾਲ ਲੈਸ ਘੋੜ ਸਵਾਰਾਂ ਦੇ ਲਸ਼ਕਰ, ਚੱਪੇ-ਚੱਪੇ ਉੱਤੇ ਟੁੱਟ ਪਏ। ਫੁੱਲਾਂ ਵਿਚੋਂ ਕਸ਼ੀਦੇ ਹੋਏ ਰੰਗਾਂ ਨਾਲ ਮੂਰਤੀਆਂ ਰੰਗਨ ਵਾਲੇ ਫੁਲਾਂ ਦੀ ਮਹਿਕਾਰ ਆਪਣੇ ਹੱਥਾਂ ਵਿਚ ਵਸਾਈ ਆਪਣੀਆਂ ਮੂਰਤੀਆਂ ਉੱਪਰ ਮੂਧੜੇ ਮੂੰਹ ਜਾ ਪਏ, ਜਿਹਨਾਂ ਦੀ ਛਾਤੀ ਨੂੰ ਤਲਵਾਰ ਦੀ ਧਾਰ ਅੱਗੋਂ-ਪਿੱਛੋਂ ਸੁਰਖ਼ ਗ਼ੁਲਾਬ ਦੇ ਫੁੱਲਾਂ ਵਰਗੀ ਸ਼ੋਖ਼ ਰੰਗਤ ਦੇ ਗਈ ਸੀ। ਚੱਕ ਉੱਤੇ ਚੀਕਣੀ ਮਿੱਟੀ ਚੜ੍ਹਾ ਕੇ ਭਾਂਡੇ ਘੜਦੇ ਹੋਏ ਘੁਮਿਆਰ, ਤਾਣੀਆਂ ਉੱਤੇ ਸੂਤ ਦੀਆਂ ਅੱਟੀਆਂ ਲਪੇਟੀ ਕੱਪੜਾ ਬੁਣਦੇ ਕੱਪੜਾ-ਸਾਜ਼, ਕਪਾਹ ਤੇ ਅਨਾਜ਼ ਦੇ ਉਪਜਾਊ ਖੇਤਾਂ ਵਿਚ ਹਲ ਵਾਹੁੰਦੇ ਕਿਸਾਨ,  ਵੱਡੇ ਵੱਡੇ ਨਗਰ-ਖੇੜੇ ਉਸਾਰਨ ਵਾਲੇ ਤੇ ਇਮਾਰਤਾਂ ਦੇ ਹੈਰਾਨ ਕਰ ਦੇਣ ਵਾਲੇ ਡਿਜ਼ਾਇਨ ਬਣਾਉਣ ਵਾਲੇ ਰਾਜ-ਮਜ਼ਦੂਰ...ਸਾਰੇ ਦ੍ਰਿਸ਼ ਲਹੂ-ਲੁਹਾਣ ਸਨ। ਰਾਵੀ ਦਾ ਲਾਲ ਹੋਇਆ ਪਾਣੀ ਵੱਢੀਆਂ-ਟੁੱਕੀਆਂ ਇਨਸਾਨੀ ਲੋਥਾਂ ਨੂੰ ਸਮੇਟਦਾ ਸਾਰੇ ਬੰਨ੍ਹ ਤੋੜ ਨਿਕਲਿਆ। ਜੰਡਾਂ, ਬੋਹਲਾਂ ਤੇ ਕਿੱਕਰਾਂ ਉੱਤੇ ਜਾਨ ਬਚਾਉਣ ਖਾਤਰ ਜਾ ਚੜ੍ਹੇ ਲੋਕਾਂ ਦੀਆਂ ਛਾਤੀਆਂ ਵਿਚ ਖੁੱਭੇ ਤੀਰਾਂ ਦੀਆਂ ਬਰਛੀਆਂ ਲਹੂ ਟਪਕਾਅ ਰਹੀਆਂ ਸਨ। ਬੌੜੀ ਤੋਂ ਬੋਕੇ ਭਰਦੀਆਂ ਨਾਰਾਂ ਮਾਲ੍ਹ ਨਾਲ ਲਟਕ ਗਈਆਂ ਸਨ। ਖ਼ੂਹਾਂ ਦਾ ਲਹੂ ਰੰਗਿਆ ਪਾਣੀ ਕਿਨਾਰਿਆਂ ਤੀਕ ਉਛਲਿਆ ਸੀ ਤੇ ਜ਼ਮੀਨ ਹੇਠ ਬਣੀਆ ਨਾਲੀਆਂ ਵਿਚ ਵਹਿ ਤੁਰਦਾ ਸੀ। ਇਮਾਰਤਾਂ ਕੰਬ ਰਹੀਆਂ ਸਨ। ਜਿੰਨਾਂ ਵਾਂਗਰ ਘੋੜੇ ਹਿਣਹਿਣਾਅ ਰਹੇ ਸਨ। ਹਰ ਪਾਸੇ ਚੀਕਾ-ਰੌਲੀ ਤੋਂ ਬਾਅਦ, ਚੁੱਪ ਵਾਪਰ ਗਈ ਸੀ। ਬਾਕੀ ਬਚੇ ਸਨ ਸ਼ਹਿਰ ਦੇ ਖੰਡਰ, ਮੂਰਤੀਆਂ, ਮਿੱਟੀ ਦੇ ਭਾਂਡੇ ਤੇ ਗ਼ੁਲਾਮ ਜਿਹਨਾਂ ਦੇ ਨੈਣ-ਨਕਸ਼ ਚੰਨਾਂ ਨਾਲ ਮਿਲਦੇ-ਜੁਲਦੇ ਸਨ।
ਚੰਨਾਂ ਨੇ ਉਸ ਸਾਰੀ ਤਬਾਹੀ ਉੱਤੇ ਨਿਗਾਹ ਮਾਰੀ ਤਾਂ ਉਸਨੂੰ ਲੱਗਿਆ ਕਿ ਉਹ ਵੀ ਕਿਸੇ ਤੀਰ ਦੀ ਬਰਛੀ, ਕਿਸੇ ਤਲਵਾਰ ਦੀ ਨੋਕ, ਦਿਲ ਵਿਚ ਖਾਧੀ ਬੈਠੀ...ਬੌੜੀ ਦੀ ਮੰਡ ਉੱਤੇ ਤੜਫ ਰਹੀ ਹੈ ਤੇ ਇਹ ਜਿਹੜਾ ਨਵਾਂ ਗਾਰਡ ਅਜਾਇਬ ਘਰ ਦੀਆਂ ਅਲਮਾਰੀਆਂ ਨੂੰ ਵੱਡੇ-ਵੱਡੇ ਜ਼ਿੰਦਰੇ ਮਾਰ ਰਿਹਾ ਹੈ...ਇਹ ਅਸਲ ਵਿਚ ਉਹੀ ਆਰੀਆ ਹੈ ਜ਼ਾਲਮ, ਕਾਤਲ, ਖ਼ੂਨੀ।
“ਚੱਲ ਹੁਣ ਬਾਹਰ ਨਿੱਕਲ।”
ਪਹਿਰੇਦਾਰ ਨੇ ਅਜਾਇਬ ਘਰ ਦੀ ਆਖ਼ਰੀ ਬੱਤੀ ਵੀ ਬੁਝਾ ਦਿੱਤੀ।
“ਕੋਈ ਜਬਰਦਸਤੀ ਐ ਕਿ? ਤੂੰ ਵੀ ਆਰੀਆ ਐਂ ਜਿਹੜਾ ਮੈਨੂੰ ਕੁਚਲ ਦਏਂਗਾ?”
“ਆਰੀਆ ਹੀ ਤਾਂ ਹਾਂ। ਇਹਨਾਂ ਮੂਰਤੀਆਂ, ਖੰਡਰਾਂ ਦਾ ਆਰੀਆ। ਤੇਰੇ ਵਰਗੇ ਰਾਕਸ਼ਾਂ ਤੋਂ ਇਹਨਾਂ ਨੂੰ ਬਚਾਉਣ ਲਈ ਤੈਨਾਤ ਆਂ। ਨਿਕਲ, ਜ਼ਹਿਰ ਵਿਚ ਬੁਝੇ ਨੇ ਇਹ ਸ਼ੀਸ਼ੇ, ਜੇ ਕਿਤੇ ਮਰ ਗਈ ਤਾਂ ਮੇਰੇ ਸਿਰ ਪਏਂਗੀ...”
“ਤਾਂ ਤੈਨੂੰ ਕੀ ਤੂੰ ਤਾਂ ਆਰੀਆ ਐਂ, ਮਾਰਨਾ, ਵੱਢਣਾ, ਟੁੱਕਣਾ ਈ ਤਾਂ ਤੇਰਾ ਕੰਮ ਐਂ।”
ਮੁਰਦਾ ਲੱਭਤਾਂ ਦੀ ਠੰਡਕ ਅਜਾਇਬ ਘਰ ਦੀਆਂ ਗੇਲਰੀਆਂ ਵਿਚ ਰੀਂਘ ਰਹੀ ਸੀ। ਛੱਤ ਤੋਂ ਫਰਸ਼ ਤਕ ਕਾਫ਼ੂਰ ਦਾ ਲੇਪ ਕੀਤਾ ਹੋਇਆ ਸੀ। ਜਿਸ ਵਿਚ ਖੜ੍ਹੀਆਂ ਬੇਜਾਨ ਲੱਭਤਾਂ ਵੀ ਕੰਬ ਰਹੀਆਂ ਲੱਗਦੀਆਂ ਸਨ।
ਚੰਨਾਂ ਉਸ ਸ਼ੌਅ ਕੇਸ ਨਾਲ ਢੋਅ ਲਾ ਕੇ ਠੰਡੇ ਫਰਸ਼ ਉੱਤੇ ਪਸਰ ਗਈ, ਜਿਵੇਂ ਕਾਫ਼ੂਰ ਦੀ ਠੰਡਕ ਵਿਚ ਬਰਫ਼ ਦੀ ਸਿਲ ਬਣ ਗਈ ਹੋਵੇ। ਹਨੇਰੇ ਦੇ ਘੁਸਮੁਸੇ ਜਿਹੇ ਨਾਲ ਭਰੀਆਂ ਗੇਲਰੀਆਂ ਦੀਆਂ ਉੱਚੀਆਂ ਕੰਧਾਂ ਵਿਚ ਫਿੱਟ ਘੁੰਮਦੇ ਹੋਏ ਗੋਲ ਪੱਖੇ ਅੰਦਰਲੀ ਸਾਰੀ ਗਰਮੀ ਤੇ ਸੇਕ ਬਾਹਰ ਸੁੱਟ ਰਹੇ ਸਨ। ਅੰਦਰ ਹਰੇਕ ਸ਼ੈਅ ਨੂੰ ਕਾਂਬਾ ਚੜ੍ਹ ਰਿਹਾ ਜਾਪਦਾ ਸੀ। ਸ਼ੀਸ਼ਿਆਂ ਪਿੱਛੇ ਬੰਦ ਮੁਰਦਾ ਲੱਭਤਾਂ ਵਿਚ ਵੀ ਇਕ ਹਲਕੀ ਜਿਹੀ ਕੰਬਣੀ ਮਹਿਸੂਸ ਹੋਈ। ਪਹਿਰੇਦਾਰ ਨੇ ਆਪਣੇ ਡੰਡੇ ਦੀ ਹੁੱਜ ਉਸਦੇ ਕੁਹਲੇ ਉੱਤੇ ਮਾਰੀ।
“ਚਲ ਨਿੱਕਲ ਬਾਹਰ ਵਰਨਾ ਏਸੇ ਮੂਰਤੀ ਨਾਲ ਬੰਦ ਕਰ ਦਿਆਂਗਾ ਅਲਮਾਰੀ ਵਿਚ, ਦੋਵੇਂ ਭੈਣਾ ਇਕੱਠੀਆਂ ਰਹਿਣਾ।”
ਪਹਿਰੇਦਾਰ ਦੇ ਠਹਾਕੇ ਦੀ ਗੂੰਜ ਦੋਹਾਂ ਗੇਲਰੀਆਂ ਦੀ ਉੱਚੀ ਛੱਤ ਨਾਲ ਟਕਰਾਈ ਤੇ ਸ਼ੌਅ ਕੇਸਾਂ ਵਿਚ ਗੂੰਜਦੀ ਰਹੀ।
ਬਾਹਰ ਹਾੜ੍ਹ ਜੇਠ ਟਿੱਬਿਆਂ-ਟੀਲਿਆਂ ਉੱਤੇ ਚੜ੍ਹਿਆ ਬੈਠਾ ਸੀ। ਖੰਡਰਾਂ ਵਿਚ ਉਤਰਦੀ ਤੇ ਟੀਲਿਆਂ ਉੱਤੇ ਚੜ੍ਹਦੀ ਧੁੱਪ, ਤੱਤੀ ਧੂੜ ਦੇ ਉਬਲਦੇ ਸਮੁੰਦਰਾਂ ਵਿਚ, ਹੌਂਕ ਰਹੀ ਜਾਪਦੀ ਸੀ। ਪਸੀਨੇ ਸੁਕਾਉਂਦੀ ਤਪਸ਼ ਛਤਨਾਰਾਂ ਹੇਠ ਵੀ ਦਮ ਘੋਟ ਰਹੀ ਸੀ। ਉਸ ਦੀਆਂ ਬੱਕਰੀਆਂ ਇਸ ਅਰਸੇ ਦੌਰਾਨ ਆਸ਼ਾਰਾਂ ਵਿਚ ਜਾ ਵੜੀਆਂ ਸਨ ਤੇ ਚੌੜੀਆਂ ਇੱਟਾਂ ਵਾਲੀਆਂ ਢੱਠੀਆਂ ਨੀਹਾਂ ਉੱਤੇ ਮਟਰ ਗਸ਼ਤੀ ਕਰ ਰਹੀਆਂ ਸਨ। ਜਿਹਨਾਂ ਦੇ ਖੁਰਾਂ ਨਾਲ ਭੁਰਭੁਰੀਆਂ ਇੱਟਾਂ ਦੀ ਰੇਹੀ ਉਡਦੀ ਦੇ ਕਣ ਝੜ-ਝੜ ਡਿੱਗਦੇ। ਕਮਜ਼ੋਰ ਨੀਹਾਂ ਦੇ ਤਲੇ ਨਰਮ ਮਿੱਟੀ ਦੀ ਛਾਤੀ ਵਿਚ ਹੋਰ ਧਸ ਰਹੇ ਸਨ। ਏਸ ਧੀਮੇ ਪ੍ਰੀਵਤਨ ਵੱਲੋਂ ਲਾਪ੍ਰਵਾਹ ਕੈਂਟੀਨ ਦੇ ਸਾਹਮਣੇ ਡੱਠੀਆਂ ਮੰਜੀਆਂ ਉੱਤੇ ਬੈਠੇ ਗਾਰਡ ਚਾਹ ਪੀਂਦੇ ਤੇ ਤੂਤਾਂ ਦੀ ਛਾਂ ਹੇਠ ਸੁਸਤਾਉਂਦੇ ਰਹਿੰਦੇ ਸਨ।
ਸਾਰੇ ਖੰਡਰਾਂ ਉੱਤੇ ਚੰਨਾਂ ਤੇ ਉਸਦੀਆਂ ਬੱਕਰੀਆਂ ਦਾ ਰਾਜ ਸੀ। ਉਹ ਨਾਜ਼ੁਕ ਤੇ ਕੀਮਤੀ ਆਸ਼ਾਰਾਂ ਉੱਤੇ ਆਪਣੇ ਇੱਜੜ ਦੇ ਨਾਲ-ਨਾਲ ਤੁਰਦੀ, ਉਹਨਾਂ ਨੂੰ ਲੰਘਦੀ, ਟੱਪਦੀ ਤੇ ਡੇਗਦੀ-ਢਾਉਂਦੀ ਰਹੀ। ਵਕਫ਼ਾ ਸਮਾਪਤ ਹੋਣ 'ਤੇ ਗਾਰਡਾਂ ਨੇ ਝੱਲਿਆਂ ਵਾਂਗ ਸੀਟੀਆਂ ਵਜਾਈਆਂ। ਬੱਕਰੀਆਂ ਤਾਂ ਆਪਣੀ ਗੁਸਤਾਖ਼ੀ ਤੋਂ ਡਰ ਕੇ ਖ਼ੁਦ ਹੀ ਨੌ ਗਜੇ ਦੇ ਮਜਾਰ ਨਾਲ ਲਗਵੇਂ ਟੀਲਿਆਂ ਤੋਂ ਹੇਠਾਂ ਵੱਲ ਛਾਲਾਂ ਮਾਰ ਗਈਆਂ ਪਰ ਸੇਕ ਤੇ ਭਾਫਾਂ ਮਾਰਦੀ ਸਦੀਆਂ ਪੁਰਾਣੀ ਧੂੜ ਵਿਚ ਲਿਪਟੀ ਚੰਨਾਂ ਸਹਿਜ-ਭਾਅ ਟੁਰਦੀ ਰਹੀ ਜਿਵੇਂ ਉਹਨਾਂ ਖੰਡਰਾਂ ਵਿਚੋਂ ਹੀ ਕਿਤੋਂ ਫੁੱਟ ਪਈ ਹੋਵੇ।
ਹਰ ਛਤਨਾਰ ਹੇਠ ਜੋੜੇ, ਜੁੜੇ ਬੈਠੇ ਸਨ। ਚੁੰਝਾਂ ਲੜਾਉਂਦੇ, ਕਬੂਤਰਾਂ ਦੇ ਜੋੜੇ, ਫੁਦਕ-ਫੁਦਕ ਨੱਚਦੇ ਚਿੜੀਆਂ ਦੇ ਜੋੜ, ਮੁਸਾਮਾਂ ਵਿਚੋਂ ਫੁੱਟਦੀ ਮੁਹੱਬਤ ਦੇ ਹੜ੍ਹ ਵਿਚ ਗੋਤੇ ਖਾਂਦੇ ਨੌਜਵਾਨਾਂ ਦੇ ਜੋੜੇ, ਖੰਡਰਾਂ ਵਿਚੋਂ ਉਛਲਦੀ ਧੂੜ ਤੇ ਤਪਸ਼ ਵਾਂਗ ਹਰ ਸ਼ੈਅ ਅੰਦਰ ਮਿਲਣ ਦੀ ਸ਼ਿੱਦਤ, ਭੁੱਜਦੀ ਹੋਈ ਧਰਤੀ ਵਿਚੋਂ ਉਠਦੀ ਭਾਫ ਵਾਂਗਰ ਉਬਲ ਰਹੀ ਸੀ। ਚਾਕੂ ਦੀ ਨੋਕ ਨਾਲ ਛਿੱਲ ਲੱਥੇ ਤਣੇ ਉੱਪਰ ਨਾਵਾਂ ਦਾ ਜੋੜਾ ਉਕੇਰਦੀ ਕੁੜੀ ਨੂੰ ਚੰਨਾਂ ਨੇ ਕਿਹਾ...
“ਮੇਰਾ ਨਾਂਅ ਵੀ ਏਥੇ ਲਿਖ ਦੇਅ...”
“ਬਈ, ਤੇਰੇ ਨਾਲ ਦੂਜਾ ਨਾਂਅ ਕੇਹਦਾ ਲਿਖਾਂ ਜਿਸਨੇ ਤੈਨੂੰ ਆਪਣੇ ਰੰਗੀਂ ਰੰਗ ਛੱਡਿਐ...”
ਚੰਨਾਂ ਨੇ ਆਪਣੇ ਨਿੱਕੜੇ ਵਜੂਦ ਨੂੰ ਚੁੰਨੀ ਦੀ ਬੁੱਕਲ ਵਿਚ ਕੱਸ ਕੇ ਲਪੇਟ ਲਿਆ।
“ਅਰੀਆ...”
'ਆਰੀਆ' ਗੂੰਜ ਖੰਡਰਾਂ, ਖਦਾਨਾਂ ਵਿਚ ਮੁੜ-ਮੁੜ ਗੂੰਜਦੀ ਰਹੀ।
ਚੰਨਾ ਨੇ ਇਕ ਉਂਗਲ ਦਾ ਇਸ਼ਾਰਾ ਵੱਡੇ ਗੇਟ ਉੱਤੇ ਬੰਦੂਕ ਫੜ੍ਹੀ ਖੜ੍ਹੇ ਨਵੇਂ ਪਹਿਰੇਦਾਰ ਵੱਲ ਕਰ ਦਿੱਤਾ।
ਕੁੜੀ ਤੇ ਉਸਦੇ ਦੋਸਤ ਨੇ ਸਾਂਝਾ ਠਹਾਕਾ ਲਾਇਆ।
“ਅੜੀਏ, ਤੇਰੀ ਪਸੰਦ ਤਾਂ ਅੱਛੀ ਐ, ਪਰ ਕੀ ਉਹ ਵੀ ਤੈਨੂੰ ਪਸੰਦ ਕਰਦੈ?”
ਚੰਨਾਂ ਦੀ ਹੈਰਾਨੀ ਥੇਹਾਂ ਦੀਆਂ ਟੀਸੀਆਂ ਉੱਤੇ ਟੰਗੀ ਰਹਿ ਗਈ। ਇਸ ਨਾਲ ਕੀ ਫਰਕ ਪੈਂਦਾ ਏ ਕਿ ਉਹ ਕਿਸ ਨੂੰ ਪਸੰਦ ਕਰਦੈ, ਉਹ ਖ਼ੁਦ ਤਾਂ ਉਸਦੀ ਪਸੰਦ ਹੈ ਨਾ।
“ਨੀਂ ਤੂੰ ਪੁੱਛੀਂ ਤਾਂ ਸਹੀ ਕਿ ਤੂੰ ਉਸਨੂੰ ਚੰਗੀ ਵੀ ਲੱਗਦੀ ਐਂ ਕਿ ਨਹੀਂ।”
ਖਿੜਖਿੜਾਹਟ ਦੀਆਂ ਟਾਪਾਂ ਨਾਲ ਉੱਡੀ ਧੂੜ ਦੇ ਤੂਫ਼ਾਨ ਨਾਲ ਮਹਿਲ-ਮਾਡੀਆਂ, ਮੰਡੀ-ਬਾਜ਼ਾਰ ਸਭ ਢਕੇ ਗਏ।
ਉਹ ਕਿਸੇ ਕਾਲਜ ਦੀਆਂ ਕਈ ਕੁੜੀਆਂ ਦੀ ਢਾਣੀ ਵਿਚਕਾਰ ਘਿਰਿਆ ਉਹਨਾਂ ਨੂੰ ਖੰਡਰਾਂ ਦਾ ਇਤਿਹਾਸ ਦੱਸ ਰਿਹਾ ਸੀ। ਚੰਨਾਂ ਇੱਜੜ ਦੇ ਨਾਲ ਲੋਹਾ ਪਿਘਲਾਉਣ ਵਾਲੀ ਭੱਠੀ ਤੇ ਮੰਡੀ ਵਾਲੀ ਥੇਹ ਦੇ ਆਸ਼ਾਰਾਂ ਵਲੋਂ ਉਪਰ ਚੜ੍ਹ ਗਈ ਤੇ ਬੱਕਰੀਆਂ ਨੂੰ ਤੂਤਾਂ ਦੇ ਉਸ ਰੁੱਖ ਵਲ ਹੱਕ ਦਿੱਤਾ ਜਿਸ ਦੀ ਛਾਂ ਵਿਚ ਉਹ ਆਰੀਆ, ਕੁੜੀਆਂ ਨੂੰ ਏਸ ਖੰਡਰ-ਸ਼ਹਿਰ ਦਾ ਇਤਿਹਾਸ ਦਸ ਰਿਹਾ ਸੀ। ਕੁੜੀਆਂ ਚੀਕਾਂ ਮਾਰ-ਮਾਰ ਇੰਜ ਏਧਰ-ਉਧਰ ਖਿੱਲਰ ਗਈਆਂ ਜਿਵੇਂ ਆਰੀਆਵਾਂ ਦੇ ਕਿਸੇ ਹਥਿਆਰ ਬੰਦ ਜੱਥੇ ਨੇ ਅਚਾਨਕ ਹਮਲਾ ਕਰ ਦਿੱਤਾ ਹੋਵੇ। ਨਾਜ਼ੁਕ-ਨਾਜ਼ੁਕ ਕੱਚ ਵਰਗੀਆਂ ਸ਼ਹਿਰੀ ਕੁੜੀਆਂ ਦੀਆਂ ਤੇਜ਼-ਧਾਰ ਤਿੱਖੀਆਂ ਚੀਕਾਂ ਵਿਚ ਚੰਨਾਂ ਦੇ ਵਹਿਸ਼ੀ-ਠਹਾਕੇ ਗੁਥਮੁਥ ਹੋ ਗਏ। 'ਥਾੜ' ਕਰਕੇ ਪਏ ਇਕ ਥੱਪੜ ਨਾਲ ਉਸਦੀਆਂ ਖੁੱਲ੍ਹੀਆਂ ਵਾਛਾਂ ਵਿਚ ਆਪਣੇ ਹੀ ਦੰਦ ਖੁੱਭ ਗਏ।
“ਚੱਲ ਹੇਠਾਂ! ਭੂਤਨੀਏਂ ਇਹਨਾਂ ਮਾਵਾਂ ਨੂੰ ਲੈ ਕੇ ਖੰਡਰਾਂ 'ਚੋਂ ਬਾਹਰ ਨਿਕਲ ਜਾ।”
ਉਹ ਟਪੂਸੀ ਮਾਰ ਕੇ ਤੂਤ ਦੇ ਤਣੇ ਦੁਆਲੇ ਬਣੇ ਗੋਲ ਚਬੂਤਰੇ ਉੱਤੇ ਚੜ੍ਹ ਗਈ ਤੇ ਆਰੀਆ ਦੀ ਗਰਦਨ ਵਿਚ ਨੋਕੀਲੇ ਦੰਦ ਖੋਭ ਦਿੱਤੇ।
ਜਦੋਂ ਤਕ ਨਵੇਂ ਪਹਿਰੇਦਾਰ ਨੇ ਚੂੰਡੇ ਤੋਂ ਫੜ੍ਹ ਕੇ ਉਸਨੂੰ ਖਾਲੀ ਵੱਲ ਉਛਾਲਿਆ ਉਦੋਂ ਤਾਈਂ ਉਸਦੀ ਗਰਦਨ ਉੱਤੇ ਤਿੰਨ ਥਾਂ ਦੰਦ ਪਰੋ ਚੁੱਕੇ ਸੀ ਉਹ ਤੇ ਖ਼ੂਨ ਜ਼ਬਾਨ ਦੀ ਚਿੱਤਕਬਰੀ ਨੋਕ ਨਾਲ ਚੱਟ ਰਹੀ ਸੀ।
ਪਹਿਰੇਦਾਰ ਦੀ ਗਰਦਨ ਉਤਲੇ ਦੰਦਾਂ ਦੇ ਨੀਲੇ-ਨੀਲੇ ਨਿਸ਼ਾਨਾਂ ਵਿਚੋਂ ਲਾਲ-ਲਾਲ ਲਹੂ ਸਿੰਮ ਰਿਹਾ ਸੀ, ਜਿਸ ਵਿਚ ਚੰਨਾਂ ਦੀਆਂ ਲਾਲਾਂ ਤੇ ਅੱਥਰੂ ਘੁਲੇ ਹੋਏ ਸਨ। ਉਹ ਟਿੱਲੇ ਦੀ ਢਲਾਣ ਤੋਂ ਲੁੜਕਦੀ ਹੋਈ ਹੇਠਾਂ ਵਗਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੇ ਖਾਲ ਵਿਚ ਮੂਧੇ-ਮੂੰਹ ਜਾ ਡਿੱਗੀ। ਪਾਣੀ ਦੀ ਤੈਅ ਉੱਤੇ ਅਣਗਿਣਤ ਅੰਗਾਰ ਵਿਛੇ ਜਾਪਦੇ ਸਨ ਜਿਹੜੇ ਚੰਨਾਂ ਦੇ ਪੋਰ-ਪੋਰ ਵਿਚ ਧਸ ਕੇ 'ਸਰ-ਸਰ' ਕਰਕੇ ਬੁਝੇ...ਚਮੜੀ ਚੁਲੂੰ-ਚੁਲੂੰ ਕਰਨ ਲੱਗ ਪਈ। ਸੁੰਨ ਹੋ ਚੁੱਕਿਆ ਨੰਗਾ ਮਾਸ ਭੁੱਜ ਗਿਆ। ਸੈਂਕੜੇ ਫੁੱਟ ਉੱਚੇ, ਟੀਲੇ ਉੱਤੇ ਕੁੜੀਆਂ ਦਾ ਝੁੰਡ ਨਵੇਂ ਪਹਿਰੇਦਾਰ ਦੁਆਲੇ ਫੇਰ ਘੇਰਾ ਘੱਤੀ ਖੜ੍ਹਾ ਸੀ। ਚੰਨਾਂ ਨੇ ਆਪਣੇ ਹੱਥਾਂ-ਬਾਹਾਂ ਉੱਤੇ ਪਾਗਲਾਂ ਵਾਂਗ ਚੱਕ ਵੱਢਣੇ ਸ਼ੁਰੂ ਕਰ ਦਿੱਤੇ। ਮਿੱਟਮੈਲੇ ਪਾਣੀ ਉੱਤੇ ਲਹੂ ਦੀ ਧਾਰ ਵਹਿ ਤੁਰੀ, ਜਿਸ ਵਿਚ ਸੂਰਜ ਦੀ ਚਮਕ ਨੇ ਨੀਲੀ ਭਾਅ ਭਰ ਦਿੱਤੀ; ਜਿਵੇਂ ਲਾਲ-ਨੀਲੇ ਸੁੱਜੇ ਹੋਏ ਜ਼ਖ਼ਮ।
ਉੱਪਰ ਥੇਹਾਂ ਦੀ ਹਰ ਇੱਟ, ਹਰ ਰੁੱਖ, ਹਰ ਖੰਡਰ, ਹਰ ਲੱਭਤ ਉੱਤੇ ਇਕੋ ਨਾਂ ਦੀ ਫੱਟੀ ਲੱਗੀ ਹੋਈ ਸੀ—
'ਆਰੀਆ।'
ਤਸਵੀਰਾਂ ਬਣਾ ਰਹੀ ਕੁੜੀ ਦੇ ਕੈਨਵਾਸ ਉੱਤੇ, ਦਸਤਾਵੇਜੀ ਫ਼ਿਲਮ ਬਣਾਉਂਦੇ ਕੈਮਰਿਆਂ ਵਿਚ, ਫ਼ੀਚਰ ਲਿਖ ਰਹੀ ਕੁੜੀ ਦੀ ਕਲਮ ਨਾਲ ਇਕੋ ਤਸਵੀਰ ਬਣ ਰਹੀ ਸੀ 'ਆਰੀਆ' ਸੈਲਾਨੀਆਂ ਤੇ ਕਾਲਜ ਦੀਆਂ ਕੁੜੀਆਂ ਦੇ ਮੂੰਹੋਂ ਇਕੋ ਲਫ਼ਜ਼ ਨਿਕਲ ਰਿਹਾ ਸੀ 'ਆਰੀਆ'।
ਕਿੱਕਰਾਂ, ਤੂਤਾਂ ਤੇ ਜੰਡਾਂ ਦੀ ਸਰਸਰਾਹਟ ਵਿਚੋਂ ਨਿਕਲੇ ਇਕੋ ਲਫ਼ਜ਼ ਦੀ ਛਣਕਾਰ ਪਾਣੀ ਭਰੇ ਖਾਲ ਵਿਚ ਜਲ-ਤਰੰਗ ਪੈਦਾ ਕਰ ਰਹੀ ਸੀ ਤੇ ਚੰਨਾਂ ਦੇ ਜਿਸਮ ਦੇ ਹਰੇਕ ਤਾਰ ਨਾਲ ਆ ਕੇ ਟਕਰਾ ਰਹੀ ਸੀ।
'ਆਰੀਆ ; ਆਰੀਆ...'
ਅਜਾਇਬ ਘਰ ਵਿਚ ਉਹ ਹਫ਼ਤਾਵਾਰੀ ਛੁੱਟੀ ਦਾ ਦਿਨ ਸੀ। ਸਾਰੇ ਖੰਡਰ, ਟੀਲੇ, ਆਸ਼ਾਰ ਸੁੰਨੇ ਪਏ ਸਨ, ਬਸ ਪੈੜਾਂ ਦੇ ਨਿਸ਼ਾਨਾਂ ਦੀ ਭੀੜ ਸੀ...ਢਲਵਾਨਾਂ ਵਿਚ ਉਤਰਦੀਆਂ ਹੋਈਆਂ ਪੈੜਾਂ, ਟੀਲਿਆਂ 'ਤੇ ਚੜ੍ਹਦੀਆਂ ਹੋਈਆਂ ਪੈੜਾਂ। ਅਣਗਿਣਤ ਪੈੜਾਂ ਤੇ ਸਾਰੀਆਂ ਪੈੜਾਂ ਹੈਰਾਨ ਕਿ ਪਤਾ ਨਹੀਂ ਕਿਹੜੀ ਕਿਸ ਦੀ ਹੈ; ਸਭ ਗਡਮਡ ਹੋਈਆਂ ਹੋਈਆਂ ਸਨ।
ਹਫ਼ਤਾਵਾਰੀ ਛੁੱਟੀ ਹੋਵੇ, ਈਦ ਹੋਵੇ ਜਾਂ ਸ਼ੱਬਰਾਤ ਹੋਵੇ, ਚੰਨਾਂ ਨੂੰ ਤਾਂ ਆਪਣੀਆਂ ਬੱਕਰੀਆਂ ਚਰਾਉਣ ਖਾਤਰ ਏਥੇ ਆਉਣਾ ਹੀ ਪੈਂਦਾ ਸੀ ਕਿਉਂਕਿ ਉਸਦਾ ਇੱਜੜ ਚਰਨ ਦੀ ਛੁੱਟੀ ਕਦੇ ਨਹੀਂ ਸੀ ਕਰਦਾ। ਉਹ ਕਬਰਸਤਾਨ ਵਾਲੀ ਖਾਈ ਰਾਹੀਂ ਉੱਪਰ ਚੜ੍ਹਦੀ ਤੇ ਢੱਠੀ ਹੋਈ ਮਸੀਤ ਦੀਆਂ ਨੀਂਹਾਂ ਟੱਪ ਕੇ ਪੱਕੀ ਪਗਡੰਡੀ ਰਾਹੀਂ, ਵਲ ਪਾ ਕੇ, ਸੱਜੇ ਹੱਥ ਨੌ ਗਜੇ ਦੇ ਮਜਾਰ ਦੇ ਇਰਦ-ਗਿਰਦ ਬੱਕਰੀਆਂ ਚਰਾਉਂਦੀ ਰਹਿੰਦੀ ਤੇ ਖੰਡਰਾਂ ਵਿਚ ਵਿਛੇ ਸੁੰਨੇ ਸੱਖਣੇ ਪੈਰਾਂ ਦੇ ਨਿਸ਼ਾਨਾ ਦੇ ਸਿਲਸਿਲੇ ਮੇਲਦੀ ਰਹਿੰਦੀ ਕਿ ਕਿਹੜਾ ਕਿਸ ਦੇ ਨਾਲ-ਨਾਲ ਕਿੱਥੋਂ ਤੀਕ ਗਿਆ—ਸ਼ਹਿਰੀ ਬੂਟ, ਦੇਸੀ ਜੁੱਤੀ, ਫੈਸ਼ਨੀ ਸੈਂਡਲ ਅੱਡੀਆਂ ਵਾਲੀਆਂ ਚੱਪਲਾਂ ਜਿਹਨਾਂ ਦੇ ਮਲੂਕੜੇ ਜਿਹੇ ਨਿਸ਼ਾਨ ਭਾਰੀ ਜੌਗਰਾਂ ਨਾਲ-ਨਾਲ ਚੜ੍ਹੇ ਸਨ, ਜਿਵੇਂ ਇੱਥੋਂ ਲੰਘਣ ਵਾਲੇ ਹਜ਼ਾਰਾਂ ਇਨਸਾਨ ਆਪਣੇ ਆਸ਼ਾਰ ਇਸ ਪੁਰਾਤਨ ਥੇਹ ਦੇ ਆਸ਼ਾਰਾਂ ਉੱਪਰ ਛੱਡ ਗਏ ਹੋਣ।
ਮਜਾਰ ਦੇ ਮਜਾਵਰ ਹਫ਼ਤੇ ਭਰ ਦੇ ਚੜ੍ਹਾਵਿਆਂ ਨੂੰ ਵੰਡ-ਵੰਡਾਅ ਕੇ ਘਸੀਆਂ ਸਫਾਂ ਉੱਤੇ ਮੁਧੜੇ-ਮੂੰਹ ਪਏ ਹੁੰਦੇ, ਸਿੱਥਲ ਦੇਹਾਂ ਉੱਤੇ ਕੀੜੇ-ਮਕੌੜੇ ਚੜ੍ਹੇ ਫਿਰਦੇ, ਖੁੱਲ੍ਹੇ ਮੂੰਹਾਂ ਵਿਚ ਮੱਖੀਆਂ ਵੜ-ਵੜ ਨਿਕਲਦੀਆਂ ਰਹਿੰਦੀਆਂ, ਕਦੀ ਕਦੀ ਤਾਂ ਚੰਨਾਂ ਨੂੰ ਇੰਜ ਵੀ ਲੱਗਦਾ ਕਿ ਠੰਡੇ ਹੋ ਗਏ ਨੇ ਪਰ ਫੇਰ ਕਬਰ ਨਾਲ ਟਿਕੇ ਰੰਗਲੇ ਪਿਆਲਿਆਂ ਤੇ ਘੁੰਘਰੂ ਵੱਝੇ ਘੋਟਨੇ ਦੀ ਧਮਕ ਮਜਾਵਰਾਂ ਦੇ ਘੌਰੜੂਆਂ ਵਰਗੇ ਘੁਰਾੜੇ ਉਸਦੀ ਇਸ ਸੋਚ ਨੂੰ ਨਕਾਰ ਦਿੰਦੇ ਤੇ ਇਹਨਾਂ ਦੀ ਸ਼ੂਕਰ ਤੋਂ ਡਰ ਕੇ ਚੰਨਾਂ ਦੀਆਂ ਬੱਕਰੀਆਂ ਖੰਡਰਾਂ ਦੇ ਨਾਲ-ਨਾਲ ਵਿਛੇ ਖੇਤਾਂ ਵਿਚ ਛਾਲਾਂ ਮਾਰ ਜਾਂਦੀਆਂ। ਕੰਟੀਨ ਵੀ ਬੰਦ ਹੁੰਦੀ। ਪਹਿਰੇਦਾਰ ਛੁੱਟੀ 'ਤੇ ਹੁੰਦੇ। ਸਾਰੇ ਖੰਡਰ ਚੰਨਾਂ ਤੇ ਉਸਦੀਆਂ ਬੱਕਰੀਆਂ ਦੇ ਰਹਿਮ ਤੇ ਭਰੋਸੇ 'ਤੇ ਹੁੰਦੇ ਪਰ ਇਹ ਨਵਾਂ ਪਹਿਰੇਦਾਰ ਸ਼ਾਇਦ ਕਿਤੇ ਦੂਰ ਪੂਰਬ ਵੱਲੋਂ ਆਇਆ ਲੱਗਦਾ ਸੀ ਜਿਹੜਾ ਅੱਜ ਵੀ ਆਪਣੀ ਕੋਠੜੀ ਉੱਤੇ ਛਾਂ ਕਰੀ ਖੜ੍ਹੇ ਤੂਤ ਦੇ ਤਣੇ ਨਾਲ ਲੱਗ ਕੇ ਸੁੱਤਾ ਹੋਇਆ ਸੀ। ਏਡੀ ਗੂੜ੍ਹੀ ਨੀਂਦ ਜਿਵੇਂ ਹਫ਼ਤਾ ਭਰ ਦਿਨ ਰਾਤ ਇਹਨਾਂ ਖੰਡਰਾਂ ਦੀ ਚੌਕੀਦਾਰੀ ਕੀਤੀ ਹੋਵੇ ਤੇ ਉਹ ਵੀ ਬਿਨਾਂ ਅੱਖ ਝਪਕਾਇਆਂ।
ਕੇਡਾ ਆਲੀਸ਼ਾਨ ਦ੍ਰਿਸ਼ ਸੀ, ਜਿੱਥੋਂ ਤਕ ਤੂਤ ਦੀ ਛਤਰੀ ਦੀ ਛਾਂ ਸੀ ਓਥੋਂ ਤਕ ਉਸਦੇ ਪੈਰ ਵਿਛੇ ਹੋਏ ਸਨ। ਤੂਤ ਦੀ ਛਤਰੀ ਹੇਠ ਹੀ ਜਿੱਥੇ ਬੁੱਢੇ ਜੰਡ ਨੇ ਆਪਣੀਆਂ ਜੜਾ ਫੈਲਾ ਦਿੱਤੀਆਂ ਸਨ, ਉਹਨਾਂ ਉੱਤੇ ਉਸਦੇ ਘੁੰਘਰਾਲੇ ਵਾਲਾਂ ਵਾਲਾ ਸਿਰ ਟਿਕਿਆ ਹੋਇਆ ਸੀ। ਜਿੱਥੇ ਤੋਰੀਆਂ ਦੀ ਨਾਜ਼ੁਕ ਵੇਲ ਨੇ ਤੋਰੀਆ ਫੁੱਲ ਖਿੜਾਏ ਸਨ, ਐਨ ਉੱਥੇ ਬੁੱਲ੍ਹ ਪਹੁੰਚੇ ਹੋਏ ਸਨ ਉਹਦੇ।
ਚੰਨਾਂ ਨੇ ਆਪਣੇ ਕਾਲੇ, ਮੋਟੇ, ਭੱਦੇ, ਲਟਕੇ ਹੋਏ ਬੁੱਲਾਂ ਦਾ ਦਾਇਰਾ ਜਿਹਾ ਬਣਾ ਕੇ ਉਸਦੇ ਪੈਰਾਂ ਨੂੰ ਛੁਹਾਅ ਦਿੱਤਾ। ਉਹ ਇਸ ਫੁਸਫੁਸੀ ਜਿਹੀ ਛੋਹ ਦੀ ਜਰਬ ਸਦਕਾ ਹੜਬੜਾ ਕੇ, ਬੈਠੇ ਬਿਨਾਂ, ਉਠ ਕੇ ਖੜ੍ਹਾ ਹੋ ਗਿਆ।
“ਏ ਤੂੰ, ਅੱਜ ਛੁੱਟੀ ਵਾਲੇ ਦਿਨ ਵੀ...”
ਉਸਨੇ ਉਜਾੜ ਪਏ ਖੰਡਰਾਂ ਵੱਲ ਨਿਗਾਹ ਘੁਮਾਈ...ਜਿੱਥੇ ਢਲਾਣ ਉਤਰਦੇ ਤੇ ਟੀਲਿਆਂ 'ਤੇ ਚੜ੍ਹਦੇ, ਅਣਗਿਣਤ, ਪੈਰਾਂ ਤੇ ਨਿਸ਼ਾਨ ਹਵਾ ਦੀ ਮੁੱਠੀ ਵਿਚ ਗਡਮਡ ਹੋ ਰਹੇ ਸਨ ਤੇ ਮਜਾਵਰਾਂ ਦੇ ਡਰਾਵਨੇ ਘੁਰਾੜਿਆਂ ਤੋਂ ਡਰ ਕੇ ਉਸ ਦੀਆਂ ਬੱਕਰੀਆਂ ਏਧਰ-ਉਧਰ ਖਤਾਣਾ ਵਿਚ ਉਤਰ ਗਈਆਂ ਸਨ।
“ਓ ਤੂੰ ਮੇਰੀ ਨੌਕਰੀ ਦੇ ਪਿੱਛੇ ਕਿਉਂ ਪਈ ਹੋਈ ਏਂ?”
ਉਸਨੇ ਇੰਜ ਹਵਾ ਵਿਚ ਹੱਥ ਲਹਿਰਾਇਆ, ਜਿਵੇਂ ਘੋੜੇ ਨੂੰ ਛਾਂਟੀ ਦਿਖਾ ਰਿਹਾ ਹੋਵੇ ਤੇ ਤਲਵਾਰ ਸੂਤ ਕੇ ਦੁਸ਼ਮਣ 'ਤੇ  ਹਮਲਾ ਕਰ ਰਿਹਾ ਹੋਵੇ। ਉਹ ਉਸਦੇ ਛਾਂਟੇ, ਹੰਟਰ, ਤਲਵਾਰ ਦੀ ਮਾਰ ਵਿਚ ਆ ਗਈ...
“ਮਾਰ, ਮੈਨੂੰ ਮਾਰ...ਮਾਰ ਮੁਕਾਅ ਮੈਨੂੰ...”
ਉਸਦੇ ਦੋਵੇਂ ਹੱਥ ਆਪਣੀਆਂ ਗੱਲ੍ਹਾਂ ਉੱਤੇ ਮਾਰਨ ਲੱਗ ਪਈ, ਨਵੇਂ ਪਹਿਰੇਦਾਰ ਨੇ ਝਟਕੇ ਨਾਲ ਹੱਥ ਛੁਡਾਅ ਕੇ ਉਸਦੇ ਸਾਹਮਣੇ ਜੋੜ ਲਏ, “ਦੇਖ ਤੇਰਾ ਖ਼ੁਦਾ ਹੈ ਕਿ ਭਗਵਾਨ, ਬੁੱਧ ਹੈ ਕਿ ਯਸੂ ਮਸੀਹ...ਤੈਨੂੰ ਸਾਰਿਆਂ ਦਾ ਵਾਸਤਾ ਈ ਮੇਰੀ ਨੌਕਰੀ, ਮੈਨੂੰ ਬਖ਼ਸ਼ ਦੇਅ। ਅਜੇ ਤਾਂ ਮੇਰੀ ਸ਼ਾਦੀ ਨੂੰ ਸਿਰਫ ਦੋ ਮਹੀਨੇ ਹੋਏ ਨੇ। ਘਰੇ ਬੈਠੀ ਤਿੱਲੇ ਦੀ ਤਾਰ ਵਰਗੀ ਮੇਰੀ ਜ਼ਨਾਨੀ ਮੇਰੀ ਪਹਿਲੀ ਤਨਖ਼ਾਹ ਉਡੀਕ ਰਹੀ ਏ।”
ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚਕਰਾ ਕੇ ਅੰਨ੍ਹੀ ਬੌੜੀ ਵਿਚ ਜਾ ਡਿੱਗੀ ਤੇ ਫੇਰ ਗੋਡਿਆਂ ਤੇ ਕੁਹਣੀਆਂ ਭਾਰ ਘਿਸਟਦੀ ਹੋਈ ਉੱਪਰ ਚੜ੍ਹੀ ਤੇ ਆਪਣੇ ਹੱਥਾਂ ਦੀ ਰਾਕਸ਼ਸ਼ੀ ਜਕੜ ਨਾਲ ਉਸਦੀਆਂ ਲੱਤਾਂ ਫੜ੍ਹ ਲਈਆਂ। ਨੋਕੀਲੇ ਦੰਦ, ਪਿੰਜਨੀ ਵਿਚ ਖੁਭੋਅ ਦਿੱਤੇ ਜਿਵੇਂ ਦੰਦਾਂ ਰਸਤੇ, ਦੰਦਾਂ ਦੇ ਨਿਸ਼ਾਨਾਂ ਵਿਚੋਂ ਰਿਸਦੇ ਲਹੂ ਵਿਚ ਘੁਲਮਿਲ ਕੇ ਉਸਦੇ ਪੋਰ-ਪੋਰ ਵਿਚ  ਸਾਰੀ ਦੀ ਸਾਰੀ ਸਮਾਅ ਜਾਣ ਚਾਹੁੰਦੀ ਹੋਵੇ।
ਪਹਿਰੇਦਾਰ ਪੈਰ ਪਟਕਣ ਲੱਗਿਆ, ਲੱਤਾਂ ਝਟਕਣ ਲੱਗਿਆ ਜਿਵੇਂ ਕੀੜੀਆਂ ਚੜ੍ਹ ਗਈਆਂ ਹੋਣ ਤੇ ਖੰਡਰਾਂ ਦੇ ਨਾਲ ਨਾਲ ਵਿਛੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ—
“ਓਇ ਭਰਾਵੋ, ਬੱਕਰੀਆਂ ਸਾਰੇ ਖੰਡਰ ਤਬਾਹ ਕਰ ਗਈਆਂ ਬੱਕਰੀਆਂ...ਓਇ ਭਰਾਵੋ ਮੇਰੀ ਨੌਕਰੀ ਦਾ ਸਵਾਲ ਜੇ, ਓਇ ਭਰਾਵੋ ਬੱਕਰੀਆਂ ਨੂੰ ਬਾਹਰ ਕੱਢੋ।”
ਉਹ ਜਿੱਧਰ ਗਿਆ, ਚੰਨਾਂ ਉਸਦੀਆਂ ਲੱਤਾਂ ਨਾਲ ਚੰਬੜੀ ਧੂੜ ਵਿਚ ਘਿਸਟਦੀ ਰਹੀ। ਪੱਕੀ ਪਟੜੀ ਦੀਆਂ ਰਗੜਾਂ ਖਾਂਦੀ, ਅਗੜ-ਦੁਗੜੇ ਟੋਏ-ਟਿੱਬਿਆਂ ਤੇ ਢਲਦੀਆਂ ਢਲਾਣਾ ਵਿਚ ਰੁੜ੍ਹਦੀ, ਆਸ਼ਾਰਾਂ ਦੀਆਂ ਭੁਰਭੁਰੀ ਮਿੱਟੀ ਵਾਲੀਆਂ ਇੱਟਾਂ ਨਾਲ ਵੱਜਦੀ, ਨੌ ਗਜ ਦੇ ਮਜਾਰ ਤੋਂ ਪਰ੍ਹੇ ਤਕ ਵਿਛੇ ਟਿੱਬੀਆਂ ਦੀ ਕੱਚੀ ਧੂੜ ਵਿਚ ਜਿਊਂਦੀ ਹੀ ਨੱਪੀ ਤੜਫਦੀ-ਫੜਕਦੀ ਰਹੀ। ਮਜਾਰ ਵਿਚੋਂ ਆਉਂਦੇ ਤੰਬੂਰੇ ਦੇ ਸੁਰ ਤੇ ਹੱਕ-ਹੂ ਦੇ ਆਵਾਜ਼ੇ ਜਿਵੇਂ ਉਸਦੇ ਵਜੂਦ ਦੇ ਖੁੱਲ੍ਹੇ ਮੁਸਾਮਾ ਨਾਲ ਖਹਿ-ਖਹਿ ਕੂਕਾਂ ਬਣ ਜਾਂਦੇ। ਫੇਰ ਜਿਵੇਂ ਉਹ ਸਾਰੀ ਦੀ ਸਾਰੀ ਪਿਘਲ-ਪਿਘਲ ਕੇ ਥਿਰਕਦਾ ਹੋਇਆ ਤਰਲ ਬਣ ਗਈ ਤੇ ਉਬਲਦੇ-ਉਛਲਦੇ ਲਾਵੇ ਵਾਂਗ ਰਿੱਝਦੀ ਹੋਈ, ਉਸ ਸਿਸ਼ਕਦੀ ਹੋਈ ਬਸਤੀ ਉੱਪਰ ਵਗਦੀ ਰਹੀ, ਪਹਿਰੇਦਾਰ ਮੂੰਹ ਵਿਚ ਸੀਟੀ ਪਾ ਕੇ ਉੱਚੀ ਉੱਚੀ ਵਜਾਉਣ ਲੱਗ ਪਿਆ ਜਿਵੇਂ ਮਦਦ ਲਈ ਨੋ ਗਜੇ ਦੇ ਮਜਾਵਰਾਂ ਨੂੰ ਬੁਲਾਅ ਰਿਹਾ ਹੋਵੇ। ਜਿਵੇਂ ਬਰਬਾਦ ਬਸਤੀ ਉੱਤੇ ਹਮਲਾਵਰ ਲੁਟੇਰਿਆਂ ਦਾ ਮੁਕਾਬਲਾ ਕਰਦਾ ਇਕੱਲਾ ਹੰਭ-ਟੁੱਟ ਗਿਆ ਹੋਵੇ ਤੇ ਅੱਥਰੂਆਂ, ਧੂੜ ਤੇ ਨਕਸੀਰ ਲਿੱਥੜੇ ਚਿਹਰੇ ਦੇ ਹਥਿਆਰਾਂ ਸਾਹਵੇਂ ਬੇਬਸ ਹੋ ਗਿਆ ਹੋਵੇ ਤੇ ਏਡੇ ਵੱਡੀ ਥੇਹ, ਉਸਦੇ ਆਸ਼ਾਰਾਂ ਤੇ ਖੰਡਰਾਂ ਦੀ ਹਰੇਕ ਸ਼ੈਅ ਨੂੰ ਡਾਢਾ ਖ਼ਤਰਾ ਹੋਵੇ।
ਚੰਨਾਂ ਨੂੰ ਜਿਵੇਂ ਹੜਪਾ ਦੀ ਧਾਤ ਪਿਘਲਾਉਣ ਵਾਲੀ ਭੱਠੀ ਵਿਚ ਸੁੱਟ ਦਿੱਤਾ ਗਿਆ ਹੋਵੇ ਤੇ ਹੁਣ ਉਹ ਰਿੱਝਦੇ ਹੋਏ ਲਾਵੇ ਵਾਂਗ ਕਤਰਾ-ਕਤਰਾ ਨਵੇਂ ਪਹਿਰੇਦਾਰ ਦੇ ਵਜੂਦ ਦੀ ਬੰਦੂਕ ਦਾ ਬਾਰੂਦ ਬਣ ਰਹੀ ਹੋਵੇ। ਪਹਿਰੇਦਾਰ ਨੇ ਉਸਨੂੰ ਉਲਝੀਆਂ ਹੋਈਆਂ ਜਟੂਰੀਆਂ ਤੋਂ ਫੜ੍ਹ ਕੇ ਉੱਪਰ ਵੱਲ ਉਛਾਲਿਆ ਤੇ ਜ਼ਮੀਨ ਦੇ ਹੇਠਾਂ-ਹੇਠਾਂ ਜਾਂਦੀ ਨਾਲੀ ਵਿਚ ਸੁੱਟ ਦਿੱਤਾ। ਖ਼ੁਦ ਹਫ਼ਦਾ-ਹੌਂਕਦਾ ਤੇ ਕੰਬਦਾ ਹੋਇਆ ਚੜ੍ਹਾਈ ਚੜ੍ਹਿਆ ਤੇ ਸਿੱਲ੍ਹੀ ਤਪਸ਼ ਵਿਚ ਲਿਪਟੇ ਟੀਲੇ ਉੱਤੇ ਬਣੀ ਆਪਣੀ ਕੋਠੜੀ ਵਿਚ ਵੜ ਕੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਬੈਠ ਗਿਆ। ਉਹ ਵਰੋਲੇ ਵਾਂਗ ਸਰੀਰ ਦੀ ਗਠੜੀ ਜਿਹੀ ਬਣਾ ਕੇ ਉੱਛਲ-ਉੱਛਲ ਦਰਵਾਜ਼ੇ ਵਿਚ ਟਕਰਾਂ ਮਾਰਦੀ ਰਹੀ, ਪਰ ਕਮਜ਼ੋਰ ਜਿਹਾ ਦਰਵਾਜ਼ਾ ਨਾ ਟੁੱਟਿਆ। ਸ਼ਾਇਦ ਅੰਦਰ ਪਹਿਰੇਦਾਰ ਆਪਣੇ ਮਜ਼ਬੂਤ ਜਿਸਮ ਨਾਲ ਉਸਨੂੰ ਧੱਕੀ ਬੈਠਾ ਸੀ। ਚੰਨਾਂ ਦੀ ਚਮੜੀ ਜ਼ਖ਼ਮਾਂ ਦੀਆਂ ਝਰੀਟਾਂ ਤੇ ਰਗੜਾਂ ਨਾਲ ਉੱਚੜ ਗਈ ਸੀ। ਤਪਦੀ ਦੁਪਹਿਰ ਨੇ ਜਿਸਮ ਉੱਤੇ ਜੰਮੀਂ ਧੂੜ ਤੇ ਮਿੱਟੀ ਨੂੰ ਖੋਰ ਦਿੱਤਾ ਸੀ। ਨਕਸੀਰ ਫੁੱਟ-ਫੁੱਟ ਕੇ ਬੁੱਲ੍ਹਾ, ਗਰਦਨ ਤੇ ਛਾਤੀ ਨੂੰ ਭਿਓਂ ਰਹੀ ਸੀ। ਪੈਰਾਂ ਦੀਆਂ ਪੈੜਾਂ ਨਾਲ ਭਰੇ ਸੁੰਨੇ ਖਾਲੀ ਖੰਡਰਾਂ ਵਿਚ ਬਸਤੀ ਦੀ ਖ਼ਾਮੋਸ਼ੀ ਦਹਾੜ ਰਹੀ ਸੀ। ਹਵਾ ਖੰਭ ਸਾਧ ਕੇ ਖੰਡਰਾਂ, ਖਦਾਨਾਂ ਉੱਤੇ ਹਮਲੇ ਕਰ ਰਹੀ ਸੀ। ਉਸਦੀਆਂ ਬੱਕਰੀਆਂ ਸਾਰੇ ਆਸ਼ਾਰ ਲਿਤਾੜ ਚੁੱਕੀਆਂ ਸਨ, ਜਿਵੇਂ ਕਦੀ ਆਰੀਆਵਾਂ ਨੇ ਆਪਣੇ ਘੋੜਿਆਂ ਦੇ ਸੁੰਮਾਂ ਹੇਠ ਲਿਤੜ ਕੇ ਤਬਾਹ-ਬਰਬਾਦ ਕੀਤਾ ਸੀ ਉਹਨਾਂ ਨੂੰ। ਪੁਰਾਣੀਆਂ ਨੀਹਾਂ ਦੀਆਂ ਇੱਟਾਂ ਉੱਖੜ-ਉੱਖੜ ਲੁੜਕ ਰਹੀਆਂ ਸਨ। ਚੰਨਾਂ ਅੱਥਰੂਆਂ ਤੇ ਜ਼ਖ਼ਮਾਂ ਦੀ ਘਾਣੀ ਵਿਚ ਘਾਣ ਹੋਈ ਪਤਾ ਨਹੀਂ ਸੌਂ ਗਈ ਸੀ ਕਿ ਬੇਹੋਸ਼ ਹੋ ਗਈ ਸੀ। ਉਸਦੀਆਂ ਬੱਕਰੀਆਂ ਉਸਨੂੰ ਸੁੰਘਦੀਆਂ ਰਹੀਆਂ, ਪੌੜ ਮਾਰ-ਮਾਰ ਜਗਾਉਂਦੀਆਂ ਰਹੀਆਂ ਤੇ ਆਖ਼ਰ ਉਸਦੇ ਗਿਰਦ ਘੇਰਾ ਬਣਾ ਕੇ ਬੈਠ ਗਈਆਂ। ਜਿਵੇਂ ਇਕ ਦੂਜੇ ਦੇ ਗਲ਼ ਲੱਗ ਵੈਣ ਪਾ ਰਹੀਆਂ ਹੋਣ। ਉਨਾਭੀ ਸੂਰਜ ਧੂੜ ਵਿਚ ਲਿਪਟਿਆ ਮਘ ਰਿਹਾ ਸੀ। ਆਸਮਾਨ ਵਿਚ ਲਹੂ ਵਰਗੀ ਲਾਲੀ ਪਸਰ ਗਈ ਸੀ, ਜਿਸ ਦਾ ਲਾਲ ਰੰਗ ਲਹੂ ਵਾਂਗਰ ਥੇਹਾਂ ਦੇ ਟਿੱਬਿਆਂ ਦੀਆਂ ਟੀਸੀਆਂ ਉੱਤੇ ਛਿੜਕਿਆ ਜਾਪਦਾ ਸੀ। ਖੰਡਰਾਂ ਵਿਚ ਉੱਡੀ ਫਿਰਦੀ ਧੂੜ ਦੀ ਧੁੰਦ ਕਾਲੀ ਪੈ ਰਹੀ ਸੀ। ਕੋਠੜੀ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ। ਜਿਸ ਵਿਚ ਲੁਕਿਆ ਹਨੇਰਾ ਬਾਹਰ ਵੱਲ ਅਹੁਲ ਰਿਹਾ ਸੀ। ਜਦੋਂ ਚੰਨਾਂ ਦੀ ਅੱਖ ਖੁੱਲ੍ਹੀ ਤਾਂ ਮਗਰਬ (ਆਥਣ) ਦੀ ਆਜਾਨ ਖਦਾਨਾਂ ਦੀ ਗੂੰਜ ਬਣੀ ਹੋਈ ਸੀ, ਜਿਸ ਵਿਚ ਨੋ ਗਜੇ ਦੇ ਮਜਾਰ ਵਿਚੋਂ ਉਠਦੇ ਹੋਏ ਹੂ-ਹੱਕ ਦੇ ਆਵਾਜ਼ੇ ਘੁਲਮਿਲ ਰਹੇ ਸਨ। ਕੋਠੜੀ ਵਿਚ ਭਰੇ ਹਨੇਰੇ ਵਿਚ ਹਰ ਕਿਤੇ ਹੱਥ ਮਾਰਿਆ, ਪਹਿਰੇਦਾਰ ਕਿਤੇ ਨਹੀਂ ਸੀ। ਸ਼ਾਇਦ ਉਹ ਕੋਠੜੀ ਦੇ ਦਰ 'ਤੇ ਬੇਹੋਸ਼ ਪਏ ਵਜੂਦ ਉਪਰੋਂ ਟੱਪ ਕੇ ਕਿਧਰੇ ਚਲਾ ਗਿਆ ਸੀ...ਆਪਣੀ ਤਿੱਲੇ ਦੀ ਤਾਰ ਵਰਗੀ ਨਵੀਂ ਨਕੋਰ ਲਾੜੀ ਕੋਲ...ਤੇ...ਤੇ ਉਸਨੂੰ ਪਤਾ ਵੀ ਨਹੀਂ ਸੀ ਲੱਗਿਆ। ਨਸ-ਨਸ ਵਿਚੋਂ ਫੁੱਟਦਾ ਕੁਰਲਾਹਟ ਮਸਜਿਦ ਵਿਚੋਂ ਆਉਂਦੀ ਅਜ਼ਾਨ ਵਿਚ ਘੁਲ ਰਿਹਾ ਸੀ। ਉਸਦੇ ਤਣ ਦਾ ਰਿੱਝਦਾ ਲਾਵਾ ਤੁਬਕਾ ਤੁਬਕਾ ਕਰਕੇ ਵਹਿ ਗਿਆ ਸੀ। ਖਾਲੀ ਖਾਲੀ ਉੱਧੜੀ ਹੋਈ ਕੁੰਜ, ਮੁੜੀ-ਤੁੜੀ ਪਈ ਸੀ। ਉਸਦੀਆਂ ਬੱਕਰੀਆਂ ਚਰਨਾਂ ਛੱਡ ਕੇ ਕੋਠੜੀ ਦੇ ਬਾਹਰ ਇਕ ਦੂਜੀ ਦੇ ਪੇਟ ਵਿਚ ਬੂਥਾਂ ਧੰਸਾਈ ਉਦਾਸ ਬੈਠੀਆਂ ਸਨ। ਪੁੱਟੀਆਂ ਹੋਈਆਂ ਥੇਹਾਂ ਵਿਚ ਹਲਕੇ ਹਲਕੇ ਹਨੇਰੇ ਦੇ ਜਾਲੇ, ਵਿੰਗੇ-ਤ੍ਰਿਛੇ ਤਣੇ ਹੋਏ ਸਨ। ਟੀਲਿਆਂ 'ਤੇ ਦੂਰ ਤਕ ਫੈਲੇ ਆਸਮਾਨ ਨੂੰ ਦਿਸਹੱਦੇ ਤੀਕ ਗ੍ਰਹਿਣ ਲੱਗਿਆ ਜਾਪਦਾ ਸੀ ਤੇ ਸੂਰਜ ਕਾਂਸੀ ਦੇ ਥਾਲ ਵਰਗਾ ਮੂੰਹ ਕੱਢੀ ਟੀਲਿਆਂ ਦੀ ਟੀਸੀ 'ਤੇ ਟੰਗਿਆ ਜਾਪਦਾ ਸੀ। ਯਕਦਮ ਓਸ ਉਜੜੀ ਬਸਤੀ ਵਿਚ ਜੰਗੀ ਨਾਅਰੇ ਬੁਲੰਦ ਹੋਣ ਲੱਗੇ, ਕਿਤੇ ਫਤਿਹ ਦਾ ਬਿਗਲ ਵੱਜ ਰਿਹਾ ਸੀ।
ਦਗੜ ਦਗੜ ਦੀਆਂ ਆਵਾਜ਼ਾਂ ਬੜੀਆਂ ਤੇਜ਼ ਸਨ। ਸ਼ਾਇਦ ਆਰੀਆਵਾਂ ਦੇ ਜੱਥੇ ਹਮਲਾ ਕਰਨ ਆ ਰਹੇ ਸਨ ਦੇ ਜ਼ਮੀਨ ਤੇ ਆਸਮਾਨ ਦੇ ਵਿਚਕਾਰ ਭਰੀ ਹਰੇਕ ਸ਼ੈਅ ਨੂੰ ਵੱਢ-ਟੁੱਕ ਰਹੇ ਸਨ। ਚੰਨਾਂ ਵਿਚ ਹਿੰਮਤ ਨਹੀਂ ਸੀ ਰਹੀ ਕਿ ਉਹ ਕੋਠੜੀ ਵਿਚ ਭਰੇ ਹਨੇਰੇ ਵਿਚੋਂ ਨਿਕਲ ਕੇ ਬਾਹਰਲੇ ਹੰਗਾਮੇਂ ਨੂੰ ਦੇਖ ਸਕੇ।
ਨੌ ਗਜੇ ਦੀ ਕਬਰ 'ਚੋਂ ਨਿਕਲਣ ਵਾਲਾ ਕਲੰਦਰਾਂ, ਮਸਤਾਂ, ਮਲੰਗਾਂ ਦਾ ਲਸ਼ਕਰ ਨੇਜੇ, ਭਾਲੇ, ਤੀਰ, ਤਲਵਾਰਾਂ ਸੂਤ ਕੇ ਉਸ ਦੇ ਸਿਰ 'ਤੇ ਆਣ ਖੜ੍ਹਾ ਹੋਇਆ। ਹਿਣਹਿਣਾਉਂਦੇ ਹੋਏ ਘੋੜੇ ਪੌੜ ਚੁੱਕੀ ਪੂਛਾਂ ਹਿਲਾਉਂਦੇ ਟਾਪਾਂ ਵਜਾਉਂਦੇ ਕੋਠੜੀ ਦਾ ਕੱਚਾਂ ਫਰਸ਼ ਉਖਾੜ ਰਹੇ ਸਨ।
ਧੂੜ ਤੇ ਹਨੇਰਾ ਭਰੀ ਕੋਠੜੀ ਵਿਚ ਆਲੂ ਵਾਂਗ ਝਿਰੜੀ ਚੰਨਾਂ ਦੀ ਜ਼ਖ਼ਮੀ ਖੱਲੜੀ ਵਿਚੋਂ ਸਿਸਕੀ ਜਿਹੀ ਨਿਕਲੀ,
“ਉਹ ਕਿੱਥੇ ਗਿਆ?”
“ਨੀਂ ਮੂਰਖੇ! ਉਹ ਤਾਂ ਗਿਆ ਆਪਣੀ ਤਿੱਲੇ ਦੀ ਤਾਰ ਵਰਗੀ ਲਾੜੀ ਕੋਲ, ਚੱਲਾ ਗਿਆ।”
ਥੇਹਾਂ ਦੀਆਂ ਸ਼ਾਨਦਾਰ ਲੱਭਤਾਂ, ਚੌੜੀਆਂ ਚੌੜੀਆਂ ਨੀਹਾਂ ਦੀਆਂ ਇੱਟਾਂ, ਦੜ-ਦੜ ਕਰਕੇ ਡਿੱਗਣ ਲੱਗੀਆਂ।
“ਆਰੀਆ, ਆਰੀਆ...”
ਸਿਸਕਾਰ ਉਸਦੇ ਕਾਲੇ ਮੋਟੇ ਬੁੱਲ੍ਹਾਂ ਉੱਪਰ ਲਿਥੜੀ ਨਕਸੀਰ ਨਾਲ ਚਿਪਕ ਕੇ ਰਹਿ ਗਈ।
“ਨੀਂ ਓਸ ਵਿਚ ਕੀ ਸਵਾਦ ਐ ਅਜਿਹਾ, ਜਿਹੜਾ ਸਾਡੇ ਵਰਗੇ ਕਲੰਦਰਾਂ ਵਿਚ ਨਹੀਂ ਲੱਭਾ ਤੈਨੂੰ।”
ਸੱਪ ਦੇ ਫੁਕਾਰੇ ਵਰਗੀ ਆਵਾਜ਼, ਚਪਟੀ ਨੱਕ, ਗੱਲ੍ਹਾਂ ਦੀਆਂ ਹੱਡੀਆਂ ਪਿਚਕੀਆਂ-ਚਿਪਕੀਆਂ ਹੋਈਆਂ, ਠੋਡੀ ਉੱਪਰ ਸਫੇਦੀ ਵਿਚ ਘੁਲੀ ਪੀਲਕ ਲਿੱਪੀ ਦਾੜ੍ਹੀ...ਜਿਵੇਂ ਅਜਾਇਬ ਘਰ ਦੀ ਕਾਫ਼ੂਰ ਦੀ ਠੰਡਕ ਵਿਚ ਲਿਪਟੀ ਹੋਈ ਕੋਈ ਮੁਰਦਾ ਮੂਰਤੀ, ਬਿਲਕੁਲ ਯਖ਼ ਤੇ ਬੇਹਿਸ...ਜਿਸ ਉੱਪਰ ਲਟਕਦੀ ਹੋਈ ਫੱਟੀ ਉੱਤੇ ਲਿਖਿਆ ਸੀ—
“ਆਰੀਆ।”
ਉਸਦੀ ਧੂੜ ਮਿੱਟੀ ਨਾਲ ਲਿੱਬੜੀ ਦਾੜ੍ਹੀ ਦੀਆਂ ਜਟਾਂ ਤੇ ਮੁੱਛਾਂ ਵਿਚਲੀ ਗੁਫ਼ਾ ਵਿਚੋਂ ਲਾਲਾਂ ਵਗ ਰਹੀਆਂ ਸਨ, ਅਜ਼ਾਨ ਦੀਆਂ ਸਦਾਵਾਂ ਦੀ ਗੂੰਜ ਖੰਡਰਾਂ ਵਿਚ ਭੌਂ-ਭਟਕ ਰਹੀ ਸੀ। ਲੰਮੀਆਂ ਜਟਾਂ, ਦਾੜ੍ਹੀ ਤੇ ਮੁੱਛਾਂ ਹੇਠ ਗੰਦੀ ਖੱਲ ਵਿਚ ਮੜ੍ਹੇ ਸਾਈਂ ਬਾਬਾ ਨੇ ਹਰੇ ਚੋਗੇ ਦੀਆਂ ਖੁੱਲ੍ਹੀ ਬਾਹਾਂ ਚੜ੍ਹਾਈਆਂ ਤੇ ਹਿਣਹਿਣਾਉਂਦੇ ਹੋਏ ਘੋੜਿਆਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ।
“ਇਮਾਮਤ (ਸ਼ੁਰੂਆਤ) ਮੈਂ ਕਰਾਂਗਾ। ਤੁਸੀਂ ਸਬ ਜਮਾਇਤ (ਕੌਮ) ਦੇ ਵਾਸਤੇ ਸਫ਼ ਬਨਾ ਕੇ ਇਕਾਮਤ (ਆਪਣੀ ਵਾਰੀ ਦੀ ਉਡੀਕ) 'ਚ ਰੁਕੋ।”
ਚੰਨਾਂ ਨੇ ਫੁੱਟੀ ਹੋਈ ਨਕਸੀਰ ਦੇ ਮੂੰਹ ਵਿਚ ਪੈ ਰਹੇ ਲਹੂ ਦੇ ਮੋਟੇ ਮੋਟੇ ਲੋਥੜਿਆਂ ਨੂੰ ਅੰਦਰ ਨਿਗਲਿਆ—
“ਸਾਈਂ ਬਾਬਾ! ਅੱਜ ਤੁਸੀਂ ਨਮਾਜ਼ ਨਹੀਂ ਪੜ੍ਹਨੀ ਕਿ...?”
“ਓਇ ਬਈ ਇਹ ਨਮਾਜ਼ ਈ ਤਾਂ ਐ। ਬਾਹਰ ਵੇਖ ਸਾਰੇ ਟਿੱਲੇ-ਟੋਏ, ਖੰਡਰ-ਢਲਵਾਨਾਂ, ਤੂਤ, ਵਣ, ਬਕੈਣਾ ਸਭੋ ਬੰਦਗੀ ਹੈਨ।”
ਚੰਨਾਂ ਦੀਆਂ ਚੀਕਾਂ ਕਾਲੀਆਂ ਲੀਕਾਂ ਵਾਲੇ ਹੱਥਾਂ ਵਿਚ ਫੜ੍ਹੇ ਕੁੰਡੇ ਵਾਲੇ ਪਿਆਲਿਆਂ ਵਿਚ ਡੁੱਬ ਡੁੱਬ ਬੁਝਦੀਆਂ ਰਹੀਆਂ, ਜਿਹਨਾਂ ਵਿਚੋਂ ਭੰਗ ਦੀ ਭੈੜੀ ਬੋ ਆ ਰਹੀ ਸੀ ਤੇ ਹਰੇ ਚੋਲਿਆਂ ਵਿਚ ਵੱਸੀ ਅਫ਼ੀਮ ਦੀ ਬੂ ਦਾ ਚੰਨਾਂ ਦੀ ਮਲੂਕੜੀ ਜਿਹੀ ਦੇਹ ਉੱਤੇ ਲੇਪ ਹੁੰਦਾ ਰਿਹਾ। ਕਾਲੇ ਮਸੂੜਿਆਂ ਵਾਲੇ ਤੇ ਕਰੇੜਾ ਜੰਮੇਂ ਦੰਦਾਂ ਦੀਆਂ ਵਿਰਲਾਂ ਵਿਚੋਂ ਰੂੜੀ ਮਾਰਕਾ ਸ਼ਰਾਬ ਦੀਆਂ ਬੂੰਦਾਂ, ਚੰਨਾਂ ਦੇ ਖੁੱਲ੍ਹੇ ਮੂੰਹ ਵਿਚ ਟਪਕਦੀਆਂ ਰਹੀਆਂ।
ਥੇਹਾਂ, ਖਦਾਨਾਂ ਵਿਚ ਘੁੰਮਦੀ ਅਜ਼ਾਨ ਦੀ ਆਵਾਜ਼ ਚੁੱਪ ਸੀ।
ਤੂਤਾਂ ਤੇ ਵਣਾ ਦੀਆਂ ਛਤਰੀਆਂ ਵਿਚੋਂ ਆਉਂਦੀ ਚਮਗਿੱਦੜਾਂ ਦੇ ਖੰਭਾਂ ਦੀ ਫੜਫੜਾਹਟ ਤੇ ਖੰਡਰਾਂ, ਥੇਹਾਂ ਵਿਚ ਭਰੀ ਹੋਈ ਵਹਿਸ਼ਤ ਵਿਚ ਇਕੋ ਜਿਹੀ ਸ਼ੂਕ ਸੀ—
“ਆਰੀਆ...”
“ਆਰੀਆ...ਆਰੀਆ..”

      ੦੦੦ ੦੦੦ ੦੦੦

ਇਹ ਕਹਾਣੀ ਮੁਹਾਂਦਰਾ ਦੇ ਅੰਕ-30, ਜੁਲਾਈ-ਸਤੰਬਰ 2010, ਵਿਚ ਛਪੀ ਹੈ।