Showing posts with label ਹਰੀਸ਼ੰਕਰ ਪ੍ਰਸਾਈ. Show all posts
Showing posts with label ਹਰੀਸ਼ੰਕਰ ਪ੍ਰਸਾਈ. Show all posts

Monday, March 23, 2009

ਹਰੀਸ਼ੰਕਰ ਪ੍ਰਸਾਈ



हरिशंकर परसाईं

जन्म : 22 अगस्त, 1924।
जन्मस्थान : जमानी, जि. होशंगाबाद, म.प्र.।
नागपुर विश्वविद्यालय से हिन्दी में एम.ए.।

18 वर्ष की उम्र में जंगल विभाग में नौकरी। खंडवा में ६ महीने अध्यापक। दो वर्ष (1941-43 में) जबलपुर में स्पेस ट्रेनिंग कालेज में शिक्षण कार्य का अध्ययन। 1943 से वहीं मॉडल हाई स्कूल में अध्यापक। 1952 में यह सरकारी नौकरी छोड़ी। 1953 से 1957 तक प्राइवेट स्कूलों में नौकरी। 1957 में नौकरी छोड़कर स्वतंत्र लेखन की शुरूआत। जबलपुर से 'वसुधा' नाम की साहित्यिक मासिकी निकाली, नई दुनिया में 'सुनो भई साधो', नई कहानियों में 'पाँचवाँ कॉलम', और 'उलझी-उलझी' तथा कल्पना में 'और अन्त में' इत्यादि। कहानियाँ, उपन्यास एवं निबंध-लेखन के बावजूद मुख्यत: व्यंग्यकार के रूप में विख्यात। 'विकलांग श्रद्धा का दौर' के लिए साहित्य अकादमी पुरस्कार से सम्मानित।

प्रकाशित रचनाएँ :
कहानी-संग्रह: हँसते हैं रोते हैं, जैसे उनके दिन फिरे।
उपन्यास: रानी नागफनी की कहानी, तट की खोज।
लेख संग्रह: तब की बात और थी, भूत के पाँव पीछे, बेइमानी की परत, वैष्णव की फिसलन, पगडंडियों का जमाना, शिकायत मुझे भी है, सदाचार का ताबीज, विकलांग श्रद्धा का दौर, तुलसीदास चंदन घिसैं, हम एक उम्र से वाकिफ हैं।

हरिशंकर परसाई हिंदी के पहले रचनाकार है, जिन्होंने व्यंग्य को विधा का दर्जा दिलाया और उसे हल्के-फुल्के मनोरंजन की परंपरागत परिधि से उबारकर समाज के व्यापक प्रश्नों से जोड़ा है। उनकी व्यंग्य रचनाएँ हमारे मन में गुदगुदी पैदा नहीं करतीं, बल्कि हमें उन सामाजिक वास्तविकताओँ के आमने-सामने खड़ा करती है, जिनसे किसी भी व्यक्ति का अलग रह पाना लगभग असंभव है। लगातार खोखली होती जा रही हमारी सामाजिक और राजनीतिक व्यवस्था में पिसते मध्यमवर्गीय मन की सच्चाइयों को उन्होंने बहुत ही निकटता से पकड़ा है। सामाजिक पाखंड और रूढ़िवादी जीवन-मूल्यों की खिल्ली उड़ाते हुए उन्होंने सदैव विवेक और विज्ञान-सम्मत दृष्टि को सकारात्मक रूप में प्रस्तुत किया है। उनकी भाषा-शैली में खास किस्म का अपनापा है, जिससे पाठक यह महसूस करता है कि लेखक उसके सामने ही बैठा है।

Friday, February 20, 2009

ਨਵਾਂ ਸਾਲ : ਹਰੀ੍ਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਨਵਾਂ ਸਾਲ… :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ ਜੈਤੋ। ਮੁਬਾਇਲ : 94177-30600.

ਸਾਧੋ, ਪਿਛਲਾ ਸਾਲ ਗੁਜ਼ਰ ਗਿਆ ਹੈ ਤੇ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਨਵੇਂ ਸਾਲ ਦੇ ਸ਼ੁਰੂ ਵਿਚ ਸ਼ੁਭਕਾਮਨਾਵਾਂ ਦੇਣ ਦਾ ਰਿਵਾਜ਼ ਹੈ…ਪਰ, ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦੇਣ ਤੋਂ ਝਿਜਕ ਰਿਹਾ ਹਾਂ। ਗੱਲ ਇਹ ਹੈ ਸਾਧੋ ਕਿ ਕੋਈ ਸ਼ੁਭਕਾਮਨਾ ਹੁਣ ਕਾਰਗਰ ਨਹੀਂ ਹੁੰਦੀ। ਮੰਨ ਲਓ, ਮੈਂ ਆਖਾਂ, ਕਿ ਈਸ਼ਵਰ ਨਵਾਂ ਸਾਲ ਤੁਹਾਡੇ ਲਈ ਸੁਖਦਾਈ ਕਰੇ, ਤਾਂ ਤੁਹਾਨੂੰ ਦੁੱਖ ਦੇਣ ਵਾਲੇ ਈਸ਼ਵਰ ਨਾਲ ਹੀ ਭਿੜ ਜਾਣਗੇ। ਇਹ ਕਹਿਣਗੇ,'ਦੇਖਦੇ ਹਾਂ, ਈਸ਼ਵਰ ਤੈਨੂੰ ਕਿਵੇਂ ਸੁਖ ਦੇਂਦਾ ਹੈ…।' ਸਾਧੋ ਕੁਛ ਲੋਕ ਈਸ਼ਵਰ ਨਾਲੋਂ ਵੀ ਵੱਡੇ ਹੋ ਗਏ ਨੇ। ਈਸ਼ਵਰ ਤੁਹਾਨੂੰ ਸੁਖ ਦੇਣ ਦੀ ਯੋਜਨਾ ਅਜੇ ਉਲੀਕ ਹੀ ਰਿਹਾ ਹੁੰਦਾ ਹੈ, ਕਿ ਇਹ ਲੋਕ ਉਸਨੂੰ ਪਾੜ-ਪੂੜ ਕੇ ਦੁਖ ਦੇਣ ਦੀਆਂ ਯੋਜਨਾਵਾਂ ਬਣਾ ਲੈਂਦੇ ਨੇ।
ਸਾਧੋ, ਮੈਂ ਆਖਾਂ ਕਿ ਇਹ ਵਰ੍ਹਾ ਤੁਹਾਡੇ ਲਈ ਸੁਖਦਾਈ ਹੋਵੇ…ਸੁਖ ਦੇਣ ਵਾਲਾ ਨਾ ਵਰ੍ਹਾ ਹੈ, ਨਾ ਮੈਂ ਹਾਂ, ਨਾ ਈਸ਼ਵਰ। ਸੁਖ ਤੇ ਦੁਖ ਦੇਣ ਵਾਲੇ ਹੋਰ ਹੀ ਨੇ। ਮੈਂ ਕਹਾਂ ਕਿ ਤੁਹਾਨੂੰ ਸੁਖ ਮਿਲੇ, ਈਸ਼ਵਰ ਵੀ ਮੇਰੀ ਗੱਲ ਮੰਨ ਕੇ ਚੰਗੀ ਫਸਲ ਕਰ ਦੇਵੇ। ਪਰ ਫਸਲ ਆਉਂਦਿਆਂ ਹੀ ਵਪਾਰੀ ਅਨਾਜ ਨੱਪ ਲੈਣ ਤੇ ਕੀਮਤਾਂ ਵਧਾਅ ਦੇਣ ਤਾਂ ਤੁਹਾਨੂੰ ਸੁਖ ਕਿੰਜ ਮਿਲੇਗਾ ? ਇਸ ਲਈ ਤੁਹਾਡੇ ਲਈ ਸੁਖ ਦੀ ਕਾਮਨਾ ਵਿਅਰਥ ਹੈ।
ਸਾਧੋ, ਤੁਹਾਨੂੰ ਚੇਤਾ ਹੋਵੇਗਾ ਕਿ ਨਵੇਂ ਸਾਲ ਦੇ ਸ਼ੁਰੂ ਵਿਚ ਮੈਂ ਤੁਹਾਨੂੰ ਸ਼ੁਭਕਾਮਨਾ ਦਿੱਤੀ ਸੀ। ਪਰ ਪੂਰਾ ਸਾਲ ਤੁਹਾਡੇ ਲਈ ਦੁਖਾਂ ਭਰਿਆ ਬੀਤਿਆ ਹਰ ਮਹੀਨੇ ਕੀਮਤਾਂ ਵਧਦੀਆਂ ਗਈਆਂ। ਤੁਸੀਂ ਚਕੀ-ਪੂਕਾਰ ਕਰਦੇ ਸੀ ਤਾਂ ਸਰਕਾਰ ਵਪਾਰੀਆਂ ਨੂੰ ਧਮਦੀ ਦੇ ਦੇਂਦੀ ਸੀ। ਬਹੁਤਾ ਰੌਲਾ ਪਾਇਆ ਤਾਂ ਦੋ ਚਾਰ ਵਪਾਰੀ ਗ੍ਰਿਰਫ਼ਤਾਰ ਕਰ ਲਏ, ਹੁਣ ਤਾਂ ਤੁਹਾਡਾ ਢਿੱਡ ਭਰ ਗਿਆ ਹੋਵੇਗਾ। ਸਾਧੋ, ਇਹ ਪਤਾ ਨਹੀਂ ਕਿਹੜਾ ਅਰਥਿਕ ਨਿਯਮ ਹੈ ਕਿ ਜਿਵੇਂ ਜਿਵੇਂ ਵਾਪਰੀ ਗਿਰਫ਼ਤਾਰ ਹੁੰਦੇ ਗਏ, ਤਿਵੇਂ-ਤਿਵੇਂ ਕੀਮਾਂ ਵਧਦੀਆਂ ਗਈਆਂ। ਮੈਨੂੰ ਤਾਂ ਇੰਜ ਲੱਗਦਾ ਹੈ, ਮਨਾਫ਼ਾਖ਼ੋਰ ਨੂੰ ਗਿਰਫ਼ਤਾਰ ਕਰਨਾ ਇਕ ਪਾਪ ਹੈ। ਇਸੇ ਪਾਪ ਸਦਕਾ ਕੀਮਤਾਂ ਵਧਦੀਆਂ ਨੇ।
ਸਾਧੋ, ਮੇਰੀ ਕਾਮਨਾ ਅਕਸਰ ਪੁੱਠੀ ਪੈ ਜਾਂਦੀ ਹੈ। ਪਿੱਛਲੇ ਸਾਲ ਵਿਚ ਇਕ ਸਰਕਾਰੀ ਕਰਮਚਾਰੀ ਲਈ ਮੈਂ ਸੁਖ ਦੀ ਕਾਮਨਾ ਕੀਤੀ ਸੀ। ਸਿੱਟਾ ਇਹ ਹੋਇਆ ਕਿ ਉਹ ਰਿਸ਼ਵਤ ਖਾਣ ਲੱਗ ਪਿਆ…ਉਸਨੇ ਮੇਰੀ ਇੱਛਾ ਜੋ ਪੂਰੀ ਕਰਨੀ ਸੀ ਤੇ ਰਿਸ਼ਵਤ ਖਾਧੇ ਬਿਨਾਂ ਕੋਈ ਸਰਕਾਰੀ ਕਰਮਚਾਰੀ ਸੁਖੀ ਹੋ ਹੀ ਨਹੀਂ ਸਕਦਾ। ਸਾਧੋ, ਸਾਲ ਭਰ ਤਾਂ ਉਹ ਸੁਖੀ ਰਿਹਾ, ਪਰ ਦਸੰਬਰ ਵਿਚ ਗ੍ਰਿਫ਼ਤਾਰ ਹੋ ਗਿਆ। ਇਕ ਵਿਦਿਆਰਥੀ ਨੂੰ ਮੈਂ ਕਿਹਾ ਸੀ ਕਿ ਨਵਾਂ ਸਾਲ ਸੁਖਦਾਈ ਹੋਵੇ…ਤਾਂ ਉਸਨੇ ਫਸਟ ਕਲਾਸ ਲੈਣ ਖਾਤਰ ਇਮਤਿਹਾਨਾਂ ਵਿਚ ਨਕਲ ਮਾਰ ਲਈ। ਇਕ ਨੇਤਾ ਨੂੰ ਮੈਂ ਕਿਹਾ ਦਿੱਤਾ ਸੀ ਕਿ ਇਸ ਵਰ੍ਹੇ ਤੁਹਾਡਾ ਜੀਵਨ ਸੁਖਦਾਈਹੋਵੇ…ਤਾਂ ਉਹ ਸੰਸਦ ਦਾ ਪੈਸਾ ਖਾ ਗਿਆ ਸੀ।
ਸਾਧੋ, ਇਕ ਈਮਾਨਦਾਰ ਵਪਾਰੀ ਨੂੰ ਮੈਂ ਕਹਿ ਬੈਠਾ ਸਾਂ…ਕਿ ਨਵਾਂ ਵਰ੍ਹਾ ਸੁਖਦਾਈ ਹੋਵੇ ਤਾਂ ਉਹ ਉਸੇ ਦਿਨ ਤੋਂ ਮੁਨਾਫ਼ਾਖ਼ੋਰੀ ਕਰਨ ਲੱਗ ਪਿਆ ਸੀ। ਇਕ ਪੱਤਰਕਾਰ ਲਈ ਮੈਂ ਸ਼ੁਭਕਾਮਨਾਵਾਂ ਭਜੀਆਂ ਤਾਂ ਉਹ ਬਲੈਕ-ਮੇਲਿੰਗ ਕਰਨ ਲੱਗ ਪਿਆ। ਇਕ ਲੇਖਕ ਨੂੰ ਕਿਹਾ ਕਿ ਨਵਾਂ ਸਾਲ ਤੁਹਾਡੇ ਨਹੀ ਸੁਖਦਾਈ ਹੋਵੇ ਤਾਂ ਉਹ ਲਿਖਣਾ ਛੱਡ ਕੇ ਰੇਡੀਓ ਤੇ ਨੌਕਰ ਹੋ ਗਿਆ। ਇਕ ਪਹਿਲਵਾਨ ਨੂੰ ਮੈਂ ਦਿੱਤਾ ਕਿ ਬਹਾਦਰ ਤੇਰਾ ਨਵਾਂ ਸਾਲ ਸੁਖਦਾਈ ਹੋਵੇ ਤਾਂ ਉਹ ਜੂਏ ਦਾ ਅੱਡਾ ਲਾ ਕੇ ਬੈਠ ਗਿਆ। ਇਕ ਅਧਿਆਪਕ ਨੂੰ ਮੈਂ ਸ਼ੁਭਕਾਮਨਾ ਦਿੱਤੀ ਤਾਂ ਉਹ ਪੈਸੇ ਲੈ ਕੇ ਮੁੰਡਿਆਂ ਨੂੰ ਪਾਸ ਕਰਵਾਉਣ ਲੱਗ ਪਿਆ। ਇਕ ਮੁਟਿਆਰ ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪ੍ਰੇਮੀ ਨਾਲ ਨੱਠ ਗਈ। ਇਕ ਐਮ. ਐਲ. ਏ. ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪੁਲਿਸ ਨਾਲ ਰਲ ਕੇ ਰਿਸ਼ਵਤ ਖਾਣ ਲੱਗ ਪਿਆ।
ਸਾਧੋ, ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਮੈਂ ਇਸ ਲਈ ਡਰ ਰਿਹਾ ਹਾਂ ਕਿ ਇਕ ਤਾਂ ਈਮਾਨਦਾਰ ਆਦਮੀ ਨੂੰ ਸੁਖ ਦੇਣਾ ਕਿਸੇ ਦੇ ਵੱਸ ਦੀ ਗੱਲ ਨਹੀਂ : ਈਸ਼ਵਰ ਦੇ ਵੀ ਨਹੀਂ। ਮੇਰੇ ਕਹਿ ਦੇਣ ਨਾਲ ਕੁਛ ਨਹੀਂ ਹੋਵੇਗਾ। ਜੇ ਮੇਰੀ ਸ਼ੁਭਕਾਮਨਾ ਨੇ ਸਹੀ ਹੀ ਹੋਣਾ ਹੈ, ਤਾਂ ਤੁਸੀਂ ਸਾਧੂ ਸੁਭਾਅ ਛੱਡ ਕੇ ਪਤਾ ਨਹੀਂ ਕੀ ਕੀ ਕਰਨ ਲੱਗ ਪਓਂ ! ਤੁਸੀਂ ਗਾਂਜਾ-ਸ਼ਰਾਬ ਜਾਂ ਚੋਰ-ਬਾਜ਼ਾਰੀ ਕਰਨ ਲਗੋਂ। ਤੁਸੀਂ ਕੋਈ ਸੰਸਥਾ ਬਣਾ ਕੇ ਚੰਦਾ ਖਾਣ ਲੱਗੋਂ। ਸਾਧੋ, ਸਿੱਧੇ ਰਸਤੇ ਇਸ ਰਾਜਭਾਗ ਵਿਚ ਕੋਈ ਸੁਖ ਨਹੀਂ ਮਿਲਦਾ। ਸਾਧੋ, ਇਸੇ ਡਰ ਦਾ ਮਾਰਿਆ ਮੈਂ ਤੁਹਾਨੂੰ ਨਵੇਂ ਸਾਲ ਲਈ ਕੋਈ ਸ਼ੁਭਕਾਮਨਾ ਨਹੀਂ ਦੇਂਣਾ ਪਿਆ ਕਿ ਕਿੱਧਰੇ ਤੁਸੀਂ ਸੁਖੀ ਹੋਣ ਦੀਆਂ ਕੋਸ਼ਿਸ਼ਾਂ ਹੀ ਨਾ ਕਰਨ ਲੱਗ ਪਵੋਂ।… ਸੁਖੀ ਹੋਣ ਦੀਆਂ ਕੋਸ਼ਿਸ਼ਾਂ ਹੀ ਨਾ ਕਰਨ ਲੱਗ ਪਵੋਂ।…

ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮਬਾਇਲ : 9417730600.


ਮੇਰਾ ਇਕ ਦੋਸਤ ਹੈ, ਕੱਟੜ ਮਾਰਕਸਵਾਦੀ। ਉਸਦੀ ਸੋਚ ਅਧੁਨਿਕ, ਵਿਗਿਆਨਕ ਤੇ ਬੁੱਧੀਵਾਦੀ ਹੈ। ਉਹ ਕੋਈ ਵੀਹ ਕੁ ਸਾਲ ਤੋਂ ਆਪਣੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਰਾਜਨੀਤਕ ਕੰਮਾਂ ਵਿਚ ਰੁਝਿਆ ਹੋਇਆ ਹੈ। ਉਹਦਾ ਕੋਈ ਆਪਣਾ ਵੀ ਹੈ, ਮੈਨੂੰ ਪਤਾ ਨਹੀਂ। ਪਰ ਉਹਦਾ ਵੀ ਕੋਈ ਹੈ ਜ਼ਰੂਰ ਸੀ। ਪਿਛਲੇ ਹਫ਼ਤੇ ਪ੍ਰਯਾਗ ਜਾ ਰਹੀ ਗੱਡੀ ਵਿਚ ਉਹ ਮੈਨੂੰ ਮਿਲ ਪਿਆ। ਉਸਨੇ ਸਿਰ ਮੁਨਵਾਇਆ ਹੋਇਆ ਸੀ।
ਮੈਂ ਪੁੱਛਿਆ, ''ਕਿੱਥੇ ਜਾ ਰਹੇ ਹੋ?''
ਉਹ ਬੋਲਿਆ, ''ਪ੍ਰਯਾਗਰਾਜ।''
ਲੋਕ ਚੋਰੀ ਕਰਨ ਜਾਂਦੇ ਨੇ ਤਾਂ ਇਸ ਸ਼ਹਿਰ ਨੂੰ ਇਲਾਹਾਬਾਦ ਕਹਿੰਦੇ ਨੇ, ਪਿੰਡ ਭਰਾਉਣ ਜਾਂਦੇ ਨੇ ਤਾਂ ਪ੍ਰਯਾਗਰਾਜ।
ਮੈਂ ਪੁੱਛਿਆ, ''ਆਹ, ਸਿਰ ਕਿਉਂ ਮੁਨਵਾ ਦਿੱਤਾ ਏ?''
ਉਸ ਕਿਹਾ, ''ਫਾਦਰ ਦੀ ਡੈੱਥ ਹੋ ਗਈ ਹੈ।''
ਮੈਂ ਕਿਹਾ, ''ਅੱਛਾ! ਪਹਿਲੀ ਵਾਰ ਪਤਾ ਲੱਗਾ ਜੇ ਕਿ ਤੁਹਾਡੇ ਵੀ ਕੋਈ ਫਾਦਰ ਸਨ!''
ਉਂਜ ਕੋਈ ਮਾੜੀ ਗੱਲ ਨਹੀਂ। ਆਪੋ-ਆਪਣੀ ਹੈਸੀਅਤ ਮੁਤਾਬਕ ਲੋਕਾਂ ਦੇ ਇਕ ਤੋਂ ਵੱਧ ਪਿਓ ਵੀ ਹੁੰਦੇ ਨੇ। ਮੈਂ ਇਕ ਅਜਿਹੇ ਬੰਦੇ ਨੂੰ ਜਾਣਦਾ ਹਾਂ ਜਿਸ ਦੇ ਪਰਸੋਂ ਤਕ ਪੈਂਤੀ ਪਿਓ ਸਨ। ਕੱਲ੍ਹ ਸਾਂਝੀ ਸਰਕਾਰ ਟੁੱਟਣ ਲੱਗੀ ਸੀ ਤਾਂ ਪੰਦਰਾਂ ਹੀ ਰਹਿ ਗਏ ਸਨ...ਤੇ ਅੱਜ ਫੇਰ ਉਹੋ ਸਰਕਾਰ ਹੈ ਤਾਂ ਉਸਦੇ ਪਿਓਆਂ ਦੀ ਗਿਣਤੀ ਅੱਠਤੀ ਹੋ ਗਈ ਹੈ।
ਮੈਨੂੰ ਉਸਦੇ 'ਫਾਦਰ' ਦੀ ਮੌਤ ਦਾ ਜ਼ਰਾ ਵੀ ਦੁੱਖ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਸਾਂ। ਨਾਲੇ ਉਹ ਅੱਸੀ ਸਾਲ ਦੇ ਸਨ ਤੇ ਉਹਨਾਂ ਦੇ ਮਰ ਜਾਣ ਨਾਲ ਕੋਈ ਯਤੀਮ ਵੀ ਨਹੀਂ ਸੀ ਹੋਇਆ। ਮੇਰੇ ਦੋਸਤ ਨੂੰ ਵੀ ਦੁੱਖ ਨਹੀਂ ਸੀ, ਹਾਂ ਜ਼ਰਾ ਪਛਤਾਵਾ ਸੀ।
ਮੈਨੂੰ ਤਾਂ ਉਸਦੀ ਚਿੰਤਾ ਲੱਗੀ ਹੋਈ ਏ ਜਿਸਨੂੰ ਪਿਛਲੇ ਵੀਹ ਸਾਲ ਤੋਂ ਉਹ ਆਪਣਾ ਪਿਓ ਮੰਨੀ ਬੈਠਾ ਹੈ—ਯਾਨੀਕਿ ਮਾਰਕਸਵਾਦ। ਉਸਨੇ ਆਪਣੇ ਹੱਥੀਂ ਮਾਰਕਸਵਾਦ ਦਾ ਮੁੰਨਣ ਕਰ ਦਿੱਤਾ ਸੀ।
ਉਸਦੇ ਹੱਥ ਵਿਚ ਇਕ ਨਿੱਕੀ ਜਿਹੀ ਥੈਲੀ ਫੜ੍ਹੀ ਹੋਈ ਸੀ। ਮੈਂ ਪੁੱਛਿਆ, ''ਇਸ ਵਿਚ ਕੀ ਏ?''
ਉਸ ਕਿਹਾ, ''ਉਹਨਾਂ ਦੇ ਫੁੱਲ ਨੇ, ਤੈਨੂੰ ਏਨਾ ਵੀ ਨਹੀਂ ਪਤਾ...''
ਮੈਂ ਬੋਲਿਆ, ''ਮੈਂ ਸਮਝਿਆ ਸਾਂ, ਇਸ ਵਿਚ ਦਵੰਦਾਤਮਕ-ਭੌਤਿਕਵਾਦ ਹੈ। ਜਿਹੜਾ ਸੰਗਮ ਵਿਚ ਜਲ-ਪ੍ਰਵਾਹ ਕਰ ਦਿੱਤਾ ਜਾਏਗਾ।''
ਉਹ ਚਿੜ ਗਿਆ ਸੀ। ਬੋਲਿਆ, ''ਯਾਰ, ਇਹ ਬੜਾ ਈ ਟੇਢਾ ਸੰਘਰਸ਼ ਏ। ਇਕ ਪਾਸੇ ਕਰਾਂਤੀ ਦੀ ਤਾਂਘ ਤੇ ਦੂਜੇ ਪਾਸੇ ਸੰਸਕਾਰਾਂ ਦੇ ਨਾਲ-ਨਾਲ ਪਰਿਵਾਰਕ-ਭਾਵਨਾਵਾਂ।''
ਮੈਂ ਇਸ ਸੰਘਰਸ਼ ਬਾਰੇ ਵੀ ਜਾਣਦਾ ਹਾਂ। ਚਾਚਾ ਜੀ ਦੀ ਮੌਤ ਪਿੱਛੋਂ ਮੈਂ ਐਲਾਨ ਕਰ ਦਿੱਤਾ ਸੀ ਕਿ ਸ਼ਰਾਧ ਨਹੀਂ ਕਰਾਂਗਾ। ਮੇਰੀ ਉਹ ਗਤ ਬਣੀ ਸੀ ਕਿ ਮੈਂ ਹੀ ਜਾਣਦਾ ਹਾਂ। ਸ਼ਰਾਧ ਕਰਨ ਵਾਲੇ ਹੋਰ ਵੀ ਕਈ ਸਨ। ਚਾਚਾ ਜੀ ਕੋਈ ਮੇਰੇ ਭਰੋਸੇ 'ਤੇ ਤਾਂ ਪਰਲੋਕ ਗਏ ਨਹੀਂ ਸਨ। ਨਾਲੇ ਮੇਰੇ ਵਰਗੇ ਬੰਦੇ ਦੇ ਭਰੋਸੇ 'ਤੇ ਕੋਈ ਪਰਲੋਕ ਵਿਚ ਜਾ ਵੀ ਕਿੰਜ ਸਕਦਾ ਹੈ? ਮੇਰੇ ਭਰੋਸੇ 'ਤੇ ਤਾਂ ਕੋਈ ਇਸ ਦੁਨੀਆਂ ਵਿਚ ਵੀ ਨਹੀਂ ਰਹਿ ਸਕਦਾ।
ਮੇਰੇ ਮਨ ਵਿਚ ਇਕੋ ਸਵਾਲ ਸੀ—ਜੇ ਕੋਈ ਬੰਦਾ ਆਪਣੇ ਪੂਰੇ ਭੌਤਿਕ ਵਿਸ਼ਵਾਸ ਨਾਲ ਸਮਾਜਿਕ-ਕਰਾਂਤੀ ਲੈ ਆਉਣ ਵਿਚ ਰੁੱਝਿਆ ਹੋਵੇ ਤੇ ਉਸਦੀ ਚਾਚੀ ਕਹੇ ਕਿ ਪੁੱਤਰ ਜੇ ਤੂੰ ਸ਼ਰਾਧ ਨਾ ਕੀਤਾ ਤਾਂ ਤੇਰੇ ਚਾਚੇ ਦੀ ਆਤਮਾ ਨੂੰ ਦੁੱਖ ਹੋਏਗਾ ਤੇ ਪਰਲੋਕ ਵਿਚ ਉਹਨਾਂ ਦੀ ਦੁਰਗਤ ਹੋ ਜਾਏਗੀ, ਤਾਂ ਕਰਾਂਤੀਕਾਰੀ ਕੀ ਕਰੇਗਾ? ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਨੀ ਪੈਂਦੀ ਹੈ। ਫੇਰ ਕੀ ਉਹ ਇੰਜ ਕਹੇਗਾ, 'ਚਾਚੀ ਜੀ, ਤੁਸਾਂ ਦੀ ਇਹੋ ਮੰਸ਼ਾ ਹੈ ਤਾਂ ਮੈਂ ਕਰਾਂਤੀ ਦੀ ਰਾਹ ਛੱਡ ਦੇਂਦਾ ਹਾਂ?'
ਮੇਰਾ ਇਕ ਹੋਰ ਦੋਸਤ ਏ। ਉਹ ਕਰਨੀ ਤੇ ਕੱਥਨੀ ਦੋਹਾਂ ਵਿਚ ਮੈਥੋਂ ਵੱਧ ਸੁਲਝਿਆ ਹੋਇਆ ਸੀ। ਮੈਂ ਉਸੇ ਤੋਂ ਗਿਆਨ ਤੇ ਪ੍ਰੇਰਨਾ ਪ੍ਰਾਪਤ ਕੀਤੀ ਹੈ। ਇਕ ਦਿਨ ਉਹ ਵੀ ਰੰਗੇ ਹੱਥੀਂ ਫੜ੍ਹਿਆ ਗਿਆ। ਮੈਂ ਵੇਖਿਆ ਕਿ ਉਹ ਧੋਤੀ ਬੰਨ੍ਹ ਕੇ, ਚੌਂਕੜੀ ਮਾਰ ਕੇ ਬੈਠਾ ਹੋਇਆ ਹੈ ਤੇ ਸਤਨਾਰਾਇਣ ਦੀ ਕਥਾ ਕਰ ਰਿਹਾ ਹੈ। ਇੰਜ ਲੱਗਾ ਜਿਵੇਂ ਹਸਪਤਾਲ ਦੀ ਬੱਸ ਨੇ ਹੀ ਮੈਨੂੰ ਕੁਚਲ ਦਿੱਤਾ ਹੋਵੇ।
ਦੂਸਰੇ ਦਿਨ ਮੈਂ ਉਸਨੂੰ ਪੁੱਛਿਆ, 'ਕਿਉਂ ਝੂਠ-ਨਾਰਾਇਣ ਜੀ ਮਾਹਾਰਾਜ, ਕੱਲ੍ਹ ਕੀ ਹੋ ਰਿਹਾ ਸੀ?' ਉਸਨੇ ਉਤਰ ਦਿੱਤਾ, 'ਯਾਰ 'ਮਦਰ ਇਨ ਲਾਅ' (ਸੱਸ) ਖਹਿੜੇ ਪੈ ਗਈ ਸੀ।'
ਮੇਰਾ ਖ਼ਿਆਲ ਹੈ ਕਿ 'ਮਦਰ ਇਨ ਲਾਅ' ਦੀ ਕਿਸਮ ਸੱਸ ਨਾਲੋਂ ਰਤਾ ਵੱਖਰੀ ਹੁੰਦੀ ਹੈ। ਨਹੀਂ ਤਾਂ ਤਜ਼ਰਬੇ ਦਾ ਜ਼ਰੂਰ ਫ਼ਰਕ ਹੈ।
'ਮਦਰ ਇਨ ਲਾਅ' ਅਖਵਾਉਣ ਵਾਲੀਆਂ ਤੀਵੀਆਂ, ਕਰਾਂਤੀਕਾਰੀਆਂ ਦੀਆਂ ਦੁਸ਼ਮਣ ਹੁੰਦੀਆਂ ਨੇ। ਕਰਾਂਤੀਕਾਰੀ ਦਾ ਪਹਿਲਾ ਤੇ ਸਭ ਤੋਂ ਵੱਡਾ ਸੰਘਰਸ਼ 'ਮਦਰ ਇਨ ਲਾਅ' ਨਾਲ ਨਿਬੜਣਾ ਹੀ ਹੈ। ਗੱਲ ਕੁਝ ਇੰਜ ਹੁੰਦੀ ਹੈ ਕਿ ਉਹ ਪਤਨੀ ਦੇ ਦਿੰਦੀ ਹੈ ਤੇ ਪਤਨੀ ਆਪਣੇ ਫਰਜ਼ ਅਨੁਸਾਰ ਬੱਚੇ।...ਫੇਰ 'ਮਦਰ ਇਨ ਲਾਅ' ਆ ਕੇ ਕਹਿੰਦੀ ਹੈ, 'ਕਾਕਾ, ਆਪਣਾ ਨਹੀਂ ਤਾਂ ਬੱਚਿਆਂ ਦਾ ਖ਼ਿਆਲ ਕਰੋ।'
ਤੇ ਕਾਕਾ ਜੀ ਦਾ ਇਨਕਾਲਬੀਪੁਣਾ ਮੋੜ ਕੱਟ ਕੇ ਠੁੱਸ ਹੋ ਜਾਂਦਾ ਹੈ।
ਅਜਿਹੇ 'ਮਦਰ ਇਨ ਲਾਅ' ਦੇ ਸ਼ਿਕਾਰ ਕਰਾਂਤੀਕਾਰੀਆਂ ਦੇ ਵੀਹ-ਪੱਚੀ ਪਿੰਜਰ ਮੇਰੇ ਕੋਲ ਪਏ ਹੈਨ। ਤੁਸੀਂ ਵੀ ਕਈ ਅਜਿਹੇ ਬੰਦਿਆਂ ਨੂੰ ਜਾਣਦੇ ਹੋਵੋਗੇ।
ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ ਬੜੀ ਦਿਲਚਸਪ ਹੁੰਦੀ ਹੈ। ਲੋਕਾਂ ਨੂੰ, ਸੰਸਕਾਰਾਂ ਤੇ ਅਰਥ-ਸ਼ਾਸਤਰ ਦੀ ਅਜਿਹੀ ਪੜ੍ਹਦਿਆਂ ਮੈਂ ਆਪ ਵੇਖਿਆ ਹੈ।
ਕੋਈ ਦੋ ਸਾਲ ਪਹਿਲਾਂ ਮੈਂ ਇਕ ਸ਼ਹਿਰ ਵਿਚ ਕਿਸੇ ਸਭਿਆਚਾਰਕ ਪ੍ਰੋਗਰਾਮ ਵਿਚ ਗਿਆ ਸਾਂ। ਉੱਥੇ ਇਕ ਸਾਹਿਤਕ ਰੂਚੀ ਵਾਲੇ ਸੱਜਣ ਖਹਿੜੇ ਹੀ ਪੈ ਗਏ ਸਨ ਕਿ ਮੇਰੇ ਘਰ ਚੱਲ ਕੇ ਚਾਹ ਜ਼ਰੂਰ ਪੀਓ। ਹਰ ਵਾਰ ਬੇਨਤੀ ਕਰਦੇ ਇਹ ਜ਼ਰੂਰ ਕਹਿੰਦੇ ਸਨ—'ਸਰਿਤਾ ਨੇ ਵੀ ਕਿਹਾ ਹੈ।' ਮੈਂ ਸਮਝ ਗਿਆ ਇਹ ਸਰਿਤਾ ਉਹਨਾਂ ਦੀ ਧਰਮ ਪਤਨੀ ਹੋਵੇਗੀ, ਜਿਸਨੂੰ ਸਾਹਿਤ ਪੜ੍ਹਨ ਤੇ ਕਵਿਤਾ ਵਗ਼ੈਰਾ ਲਿਖਣ ਦਾ ਸ਼ੌਕ ਹੋਏਗਾ। ਮੈਂ ਚਾਹ ਪੀਣ ਪਹੁੰਚਿਆ ਤਾਂ ਉਹਨਾਂ ਨੇ ਬੈਠਕ ਵਿਚੋਂ ਹੀ ਪਰਦੇ ਵੱਲ ਮੂੰਹ ਕਰਕੇ ਮੇਰੇ ਆਉਣ ਦਾ ਐਲਾਨ ਕਰ ਦਿੱਤਾ। ਦਵੰਧ ਵਿਚ ਫਸੇ, ਅੱਧ-ਅਧੁਨਿਕ ਪਰਿਵਾਰਾਂ ਵਿਚ ਇਸ ਤੋਂ ਪਿੱਛੋਂ ਕੀ ਵਾਪਰਦਾ ਹੈ? ਮੈਨੂੰ ਪਤਾ ਹੈ। ਪਤਨੀ ਆਉਂਦੀ ਹੈ, ਨਮਸਤੇ ਕਰਕੇ ਘੜੇ-ਘੜਾਏ ਵਾਕ ਬੋਲਣ ਲੱਗ ਪੈਂਦੀ ਹੈ—'ਅਸੀਂ ਅਕਸਰ ਤੁਹਾਡੀਆਂ ਕਹਾਣੀਆਂ ਪੜ੍ਹਦੇ ਹਾਂ...ਹਾਸੜ ਪੈ ਜਾਂਦੀ ਹੈ। ਬਸ ਕੀ ਦੱਸਾਂ...! ਬੜਾ ਹੀ ਹਾਸਾ ਆਉਂਦਾ ਏ।' ਉਸੇ ਸਮੇ ਉਸਨੂੰ 'ਦੰਪਤੀ-ਸੰਹਿਤਾ' ਦਾ ਨਿਯਮ ਨੰਬਰ 73 ਯਾਦ ਆ ਜਾਂਦਾ ਹੈ...'ਪਤਨੀਆਂ ਨੂੰ ਆਪਣੇ ਨਿੱਜੀ ਵਿਚਾਰ ਨਹੀਂ ਪੇਸ਼ ਕਰਨੇ ਚਾਹੀਦੇ। ਜੇ ਕਦੀ ਇੰਜ ਕਰਨਾ ਜ਼ਰੂਰੀ ਹੋਵੇ ਤਾਂ ਇਸ ਤਰ੍ਹਾਂ ਦੀ ਗੱਲਬਾਤ ਵਿਚ ਪਤੀ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ।' ਤੇ ਉਹ ਪਤੀ ਨੂੰ ਵੀ ਸ਼ਾਮਲ ਕਰ ਲੈਂਦੀ ਹੈ...'ਕਿਉਂ ਜੀ, ਉਹ ਕਿਹੜੀ ਕਹਾਣੀ ਪੜ੍ਹੀ ਸੀ ਆਪਾਂ, ਪਿਛਲੇ ਹਫ਼ਤੇ?'
ਜੇ ਘਰ ਵਿਚ ਕੋਈ ਨਿੱਕਾ ਨਿਆਣਾ ਹੋਵੇ ਤਾਂ ਉਸ ਤੋਂ ਮੱਲੋਮੱਲੀ 'ਅੰਕਲ-ਜੀ' ਨੂੰ ਨਮਸਕਾਰ ਕਰਵਾਈ ਜਾਂਦੀ ਹੈ। ਫੇਰ ਆਖਿਆ ਜਾਂਦਾ ਹੈ, 'ਅੰਕਲ ਤੈਨੂੰ ਬੜੀ ਸੋਹਣੀ ਕਹਾਣੀ ਸੁਣਾਉਣਗੇ।' ਤੇ ਕਦੀ-ਕਦੀ ਤਾਂ ਉੱਥੇ ਹੀ ਬੱਚੇ ਨੂੰ ਕੋਈ ਕਹਾਣੀ ਸੁਣਾ ਦੇਣ ਲਈ ਮਜ਼ਬੂਰ ਵੀ ਕੀਤਾ ਜਾਂਦਾ ਹੈ। ਮੇਰੇ ਕੋਲ ਵੀ ਬੜੇ ਨੁਸਖ਼ੇ ਨੇ। ਬਜ਼ੂਰਗਾਂ ਲਈ 'ਡਾਇਬਟੀਜ਼' ਦਾ ਤੇ ਬੱਚਿਆਂ ਲਈ ਕਾਲੀ ਖੰਘ ਦਾ। ਮੈਂ ਝੱਟ ਬੱਚੇ ਨੂੰ ਕਿਸੇ ਦਿਓ ਦੀ ਕਹਾਣੀ ਸੁਣਾ ਦਿੰਦਾ ਹਾਂ ਤੇ ਜੇ ਵਧੇਰੇ ਹੀ ਆਖਿਆ ਜਾਵੇ ਤਾਂ ਸਹੁਰਾ ਸਾਹਬ ਹੁਰਾਂ ਨੂੰ ਕ੍ਰਿਸ਼ਨ ਸੁਦਾਮੇਂ ਦੀ ਕਹਾਣੀ ਸੁਣਾ ਦਿੰਦਾ ਹਾਂ।
ਬੈਠਕ ਵਿਚ ਬੈਠ ਕੇ ਮੈਂ ਇਹੀ ਸੋਚ ਰਿਹਾ ਸਾਂ ਕਿ ਹੁਣੇ ਸਰਿਤਾ ਜੀ ਆਉਣਗੇ ਤੇ ਮਸ਼ੀਨੀ ਚਰਚਾ ਛਿੜ ਪਏਗੀ। ਕਾਫੀ ਦੇਰ ਹੋ ਚੁੱਕੀ ਸੀ ਪਰ ਸਰਿਤਾ ਜੀ ਤਾਂ ਕੀ ਕੋਈ 'ਨਾਲੀ-ਜੀ' ਵੀ ਨਹੀਂ ਸੀ ਆਈ। ਮੈਂ ਸੋਚਿਆ ਚਾਹ ਲੈ ਕੇ ਆਉਣਗੇ।...ਕੁਝ ਚਿਰ ਪਿੱਛੋਂ ਬੂਹੇ ਦੀ ਕੁੰੜੀ ਖੜਕੀ ਤੇ ਸ਼੍ਰੀਮਾਨ ਜੀ ਚਾਹ ਦੀ ਟਰੇ ਚੁੱਕ ਲਿਆਏ।
ਪਰਦੇ ਪਿੱਛੋਂ ਇਕ ਬਿੱਲੀ ਅੰਦਰ ਆ ਵੜੀ, ਏਸ ਘਰ ਦੀ ਇਸਤਰੀ ਜਾਤੀ ਵਿਚ ਇਹੋ ਇਕ ਬਿੱਲੀ ਸੀ ਜਿਹੜੀ ਪਰਦਾ ਨਹੀਂ ਸੀ ਕਰਦੀ।
ਕੁੰਡੀ ਧਾਤੂ ਯੁੱਗ ਤੋਂ ਚੱਲੀ ਆ ਰਹੀ 'ਕਾਲਬੈੱਲ' ਹੈ। ਸਰਿਤਾ ਜੀ ਕੁਝ ਸੰਸਕਾਰ ਆਪਣੇ ਪੇਕਿਓਂ ਲੈ ਕੇ ਆਏ ਹੋਣਗੇ ਤੇ ਬਾਕੀ ਏਥੇ ਮਿਲ ਗਏ ਹੋਣਗੇ। ਜੇ ਉਹਨਾਂ ਦੇ ਪੈਰ ਦਹਿਲੀਜ਼ ਵੱਲ ਵਧਦੇ ਨੇ ਤਾਂ ਹੱਥ ਆਪ-ਮੁਹਰੇ ਹੀ ਕੁੰਡੀ ਵੱਲ ਚਲਾ ਜਾਂਦਾ ਹੈ।
ਜੇ ਹਾਲ ਇਹ ਹੈ ਤਾਂ ਇਸ ਆਦਮੀ ਨੇ ਵਾਰ-ਵਾਰ ਇੰਜ ਕਿਉਂ ਕਿਹਾ ਸੀ—'ਸਰਿਤਾ ਜੀ ਨੇ ਵੀ ਆਉਣ ਲਈ ਕਿਹਾ ਹੈ।' ਏਸ ਨਾਟਕ ਵਿਚ ਸਰਿਤਾ ਦਾ ਬਸ ਏਨਾ ਹੀ 'ਰੋਲ' ਹੈ ਕਿ ਉਹ ਪਰਦੇ ਦੇ ਪਿੱਛੇ ਕੁੰਡੀ ਖੜਕਾਉਂਦੀ ਹੈ। ਜੇ ਇਸ ਆਦਮੀ ਨੇ ਸਰਿਤਾ ਨੂੰ ਰੰਗਮੰਚ 'ਤੇ ਲਿਆਉਣਾ ਹੈ ਤਾਂ ਬੂਹੇ ਦੀ ਕੁੰਡੀ ਨੂੰ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ। ਪਰ ਫੇਰ ਉਹ ਕੌਲੀਆਂ-ਭਾਂਡੇ ਖੜਕਾਉਣ ਲੱਗ ਪਏਗੀ।
ਮੈਂ ਫੇਰ ਦੋ ਸਾਲ ਪਿੱਛੋਂ ਉਸੇ ਸ਼ਹਿਰ ਵਿਚ ਗਿਆ ਸਾਂ ਤਾਂ ਉਹੀ ਸੱਜਣ ਮੈਨੂੰ ਚਾਹ ਪਿਆਉਣ ਲਈ ਘਰ ਲੈ ਗਏ ਸਨ। ਪਰ ਏਸ ਵਾਰੀ ਉਹਨਾਂ ਇਹ ਨਹੀਂ ਸੀ ਆਖਿਆ—'ਸਰਿਤਾ ਜੀ ਨੇ ਵੀ ਆਉਣ ਲਈ ਕਿਹਾ ਹੈ।' ਉਹਨਾਂ ਨੇ ਪਰਦੇ ਪਿੱਛੋਂ ਕੁੰਡੀ ਖੜਕਾਉਣ ਵਾਲਾ ਨਾਟਕ ਦਾ ਹਿੱਸਾ ਵੀ ਕੱਟ ਦਿੱਤਾ ਹੋਵੇਗਾ। ਮੈਂ ਬੈਠਕ ਵਿਚ ਪਹੁੰਚ ਗਿਆ ਸਾਂ, ਪਰ ਉਹਨਾਂ ਪਰਦੇ ਵੱਲ ਮੂੰਹ ਭੂਆਂ ਕੇ ਮੇਰੇ ਆ ਜਾਣ ਦਾ ਐਲਾਨ ਨਹੀਂ ਸੀ ਕੀਤਾ। ਕੁਝ ਚਿਰ ਪਿੱਛੋਂ ਸਰਿਤਾ ਜੀ ਆਪ ਹੀ ਚਾਹ ਵਾਲੀ ਟਰੇ ਚੁੱਕ ਕੇ ਅੰਦਰ ਆ ਗਏ। ਉਹਨਾਂ ਇਕ ਦੋ ਰਸਮੀ ਜਿਹੇ ਵਾਕ ਬੋਲੇ ਤੇ ਘੜੀ ਵੱਲ ਵਿੰਹਦਿਆਂ ਹੋਇਆਂ ਕਿਹਾ, 'ਤੁਸੀਂ ਚਾਹ ਪੀਓ। ਮੇਰਾ ਤਾਂ ਸਕੂਲ ਜਾਣ ਦਾ ਵੇਲਾ ਹੋ ਗਿਆ ਏ।' ਤੇ ਉਹ ਚੱਪਲਾਂ ਦੀ 'ਚਿੱਟ-ਪਿੱਟ' ਦਾ ਖੜਾਕ ਕਰਦੇ ਹੋਏ ਪੌੜੀਆਂ ਉਤਰ ਗਏ ਸਨ।
ਸ਼ੀਮਾਨ ਸਰਿਤਾ ਪਤੀ ਬੋਲੇ, 'ਸਕੂਲ ਵਿਚ ਨੌਕਰੀ ਕਰ ਲਈ ਏ। ਅੱਜ ਕੱਲ੍ਹ 'ਕੱਲੇ ਬੰਦੇ ਦੀ ਕਮਾਈ ਨਾਲ ਪੂਰਾ ਈ ਨਹੀਂ ਪੈਂਦਾ।'
ਮੈਂ ਸਮਝ ਗਿਆ ਅਰਥ-ਸ਼ਾਸਤਰ ਨੇ ਸੰਸਕਾਰਾਂ ਨੂੰ ਧੋਬੀ ਪਟਕਾ ਮਾਰ ਦਿੱਤਾ ਹੈ।
ਸਾਡੇ ਏਸ ਜ਼ਮਾਨੇ ਵਿਚ ਨਾਰੀ ਨੂੰ ਮੁਕਤੀ ਮਿਲਣ ਦਾ ਅਸਲੀ ਕਾਰਣ ਕੀ ਹੈ? ਕੋਈ ਅੰਦੋਲਨ? ਅਜੋਕਾ ਦ੍ਰਿਸ਼ਟੀਕੋਨ? ਜਾਂ ਆਪਣੇ ਵਿਅਕਤੀਤਵ ਦਾ ਅਹਿਸਾਸ?...ਜੀ ਨਹੀਂ, ਉਸਦੀ ਮੁਕਤੀ ਦਾ ਕਾਰਣ ਹੈ ਮਹਿੰਗਾਈ। ਨਾਰੀ ਮੁਕਤੀ ਦੇ ਇਤਿਹਾਸ ਵਿਚ ਇਹ ਵਾਕ ਸਦਾ ਅਮਰ ਰਹੇਗਾ—'ਕੱਲੇ ਬੰਦੇ ਦੀ ਕਮਾਈ ਨਾਲ ਪੂਰਾ ਈ ਨਹੀਂ ਪੈਂਦਾ।'
ਅਰਥ-ਸ਼ਾਸਤਰ ਸੰਸਕਾਰਾਂ ਦੀ ਹਿੱਕ ਉੱਤੇ ਚੜ੍ਹ ਬੈਠਾ ਹੈ ਤੇ ਉਹਨਾਂ ਦਾ ਗਲ਼ਾ ਘੁੱਟ ਰਿਹਾ ਹੈ। ਇਕ ਮੁੰਡਾ ਕਿਸੇ ਕੁੜੀ ਨੂੰ ਰਜ਼ਾਮੰਦੀ ਨਾਲ ਭਜਾ ਕੇ ਲੈ ਗਿਆ ਤੇ ਉਹਨਾਂ ਨੇ ਸਰਕਾਰੀ ਸ਼ਾਦੀ ਕਰ ਲਈ। ਮੁੰਡਾ ਭਲਾਮਾਣਸ, ਸੁੰਦਰ ਤੇ ਚੰਗੀ ਨੌਕਰੀ 'ਤੇ ਲੱਗਾ ਹੋਇਆ ਸੀ। ਸ਼ੁਰੂ ਵਿਚ ਕੁੜੀ ਦੀ ਮਾਂ ਦੇ ਸੰਸਕਾਰਾਂ ਨੇ ਬੜਾ ਹੀ ਜ਼ੋਰ ਮਾਰਿਆ, ਬੜੀ ਚੀਕਾ-ਰੌਲੀ ਪਾਈ। ਪਰ ਅਰਥ-ਸ਼ਾਸਤਰ ਤੋਂ ਜਰਿਆ ਨਾ ਗਿਆ। ਉਸਨੇ ਸੰਸਕਾਰਾਂ ਨੂੰ ਭੋਇੰ ਪਟਕ ਦਿੱਤਾ। ਮਾਂ ਨੇ ਸੋਚਿਆ, 'ਉਹ ਪੰਦਰਾਂ ਹਜ਼ਾਰ ਰੁਪਏ ਜਿਹੜੇ ਦਾਜ ਵਾਸਤੇ ਜੋੜੇ ਸਨ, ਬਚ ਗਏ ਨੇ। ਤੇ ਨਾਲੇ ਪੰਦਰਾਂ ਹਜ਼ਾਰ ਵਿਚ ਵੀ ਕਿਹੜਾ ਏਡਾ ਚੰਗਾ ਮੁੰਡਾ ਲੱਭ ਪੈਣਾ ਸੀ।' ਉਹਨਾਂ ਕਾਰਡ ਵੰਡ ਦਿੱਤੇ—ਲੋਕਾਂ ਨੂੰ 'ਪ੍ਰੀਤੀ ਭੋਜ' ਕਰ ਦਿੱਤਾ ਗਿਆ।
ਚੰਗੀਆਂ ਮਾਵਾਂ ਇੰਜ ਕਿਉਂ ਨਹੀਂ ਸੋਚਦੀਆਂ ਕਿ ਕੋਈ ਚੰਗਾ ਮੁੰਡਾ, ਉਹਨਾਂ ਦੀ ਕੁੜੀ ਨੂੰ ਭਜਾ ਕੇ ਲੈ ਜਾਵੇ ਤੇ ਵਿਆਹ ਕਰਵਾ ਕੇ ਸਾਨੂੰ ਦਸ ਦੇਵੇ ਤਾਂ ਜੋ ਅਸੀਂ ਪ੍ਰੀਤੀ ਭੋਜ ਦੇ ਦੇਈਏ।
ਆਪਸੀ ਲੜਾਈ ਝਗੜੇ ਸ਼ਾਸਤਰਾਂ ਵਿਚ ਵੀ ਹੁੰਦੇ ਨੇ। ਅਰਥ-ਸ਼ਾਸਤਰ ਜਦੋਂ ਧਰਮ-ਸ਼ਾਸਤਰ ਉੱਤੇ ਚੜ੍ਹ ਬੈਠਦਾ ਹੈ ਤਾਂ ਗਊ-ਰਕਸ਼ਾ ਅੰਦੋਲਨ ਦੇ ਨੇਤਾ, ਪੰਡਤ ਦੁਆਰਕਾ ਨਾਥ, ਬੂਟਾਂ ਦੀ ਦੁਕਾਨ ਖੋਹਲ ਲੈਂਦੇ ਨੇ। 'ਕਾਫ਼-ਲੈਦਰ' (ਵੱਛੇ ਦਾ ਚਮੜਾ) ਦੇ ਬੂਟਾਂ ਨੂੰ ਭਾਗਵਤ ਵਾਂਗ ਹੱਥ ਵਿਚ ਫੜ੍ਹ ਕੇ ਕਹਿੰਦੇ ਨੇ—'ਇਹ ਬੂਟ ਬੜਾ ਹੀ ਮੁਲਾਇਮ ਹੁੰਦਾ ਏ। ਪਹਿਲਾਂ 'ਕਾਫ਼-ਲੈਦਰ' ਵਲਾਇਤ ਤੋਂ ਆਉਂਦਾ ਸੀ ਹੁਣ ਆਪਣੇ ਦੇਸ਼ ਵਿਚ ਉਤਾਰਿਆ ਜਾਣ ਲੱਗ ਪਿਆ ਹੈ। ਆਪਣਾ ਦੇਸ਼ ਵੀ ਕਾਫੀ ਅਗਾਂਹ ਵਧ ਗਿਆ ਏ।'
ਸੜਕਾਂ ਉੱਤੇ ਜਲੂਸ ਕੱਢ ਰਹੇ ਹੁੰਦੇ ਨੇ ਤਾਂ ਕਹਿੰਦੇ ਨੇ—'ਗਊ ਹੱਤਿਆ ਹੋਣ ਕਰਕੇ ਹੀ ਦੇਸ਼ ਪਿੱਛੜ ਰਿਹਾ ਹੈ।' ਦੁਕਾਨ 'ਤੇ ਬੈਠੇ ਹੁੰਦੇ ਨੇ ਤਾਂ ਕਹਿੰਦੇ ਨੇ—'ਵੱਛੇ ਦਾ ਚਮੜਾ ਉਤਾਰਿਆ ਜਾਣ ਲੱਗ ਪਿਆ ਹੈ ਸੋ ਦੇਸ਼ ਤਰੱਕੀ ਕਰ ਰਿਹਾ ਹੈ।' ਗੱਲਾਂ ਦੋਹੇਂ ਹੀ ਠੀਕ ਨੇ। ਦੇਸ਼ ਪਿਛੜਿਆ ਜ਼ਰੂਰ ਹੈ ਪਰ ਫੇਰ ਰੀਂਘਦਾ ਹੋਇਆ ਅਗਾਂਹ ਵੀ ਵਧਿਆ ਹੈ ਤੇ ਉਹਨਾਂ ਦੇ ਕਾਰਖ਼ਾਨੇ ਤਕ ਆ ਗਿਆ ਹੈ। ਓਥੇ ਉਹਨਾਂ ਦੇਸ਼ ਦੀ ਚੰਮ ਲਾਹ ਲਈ ਹੈ ਤੇ ਬੂਟ ਬਣਾ ਕੇ ਵੇਚਣ ਲੱਗ ਪਏ ਨੇ।
  --- --- ---

  ਪੰਜਾਬੀ ਟ੍ਰਿਬਿਊਨ : 10. 10. 2007.

ਦੂਜਿਆਂ ਦੇ ਈਮਾਨ ਦੇ ਰਾਖੇ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਦੂਜਿਆਂ ਦੇ ਈਮਾਨ ਦੇ ਰਾਖੇ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਮੁਬਾਇਲ : 94177-30600.

ਪਹਿਲਾਂ ਜਿਹੜੀਆਂ ਗੱਲਾਂ ਨੂੰ ਵੇਖ ਕੇ ਦੁੱਖ ਹੁੰਦਾ ਸੀ, ਹੁਣ ਉਹਨਾਂ ਉੱਤੇ ਹਿਰਖ ਚੜ੍ਹ ਜਾਂਦਾ ਹੈ। ਕਰੋਧ ਨੂੰ ਪਾਪ ਦਾ ਮੂਲ ਕਹਿੰਦੇ ਨੇ…ਯਾਨੀਕਿ ਹੁਣ ਸਾਡੀ ਪਾਪ ਕਰਨ ਦੀ 'ਸਟੇਜ' ਆ ਗਈ ਹੈ। ਪਰ ਹਿਰਖ ਨਾ ਕਰਨਾ ਕੀ ਪਾਪਾ ਨਹੀਂ ? ਹਿਰਖ ਨਾ ਕਰਨ ਕਰਕੇ ਹੀ ਬਲ੍ਹਦ ਕੁਟਾਪਾ ਝੱਲਦਾ ਹੈ ਤੇ ਹਿਰਖੀ ਹੋਣ ਕਰਕੇ ਢੱਠੇ ਦੀ ਪੂਜਾ ਕੀਤੀ ਜਾਂਦੀ ਹੈ। ਆਪਣੀ ਸ਼ਖ਼ਸੀਅਤ ਨੂੰ ਡਾਂਗਾਂ ਖਾਣ ਦਾ 'ਸੱਦਾ-ਪੱਤਰ' ਬਣਾ ਲੈਣਾ ਕੀ ਕਿਸੇ ਪੁੰਨ ਦਾ ਕੰਮ ਹੈ ? ਤੇ ਕੀ ਸਾਰੇ ਬਲ੍ਹਦ ਸਵਰਗਾਂ ਨੂੰ ਹੀ ਜਾਂਦੇ ਨੇ ? ਹਿਰਖ ਨਾ ਕਰਨ ਦੇ ਅਜਿਹੇ ਪੁੰਨ ਨਾਲੋਂ, ਕਰੋਧ ਦਾ ਪਾਪ ਚੰਗਾ ਲੱਗਣ ਲੱਗ ਪਿਆ ਹੈ। ਸੁਣਿਆ ਹੈ, 'ਬਿਹਾਰ ਵਿਚ ਭੁੱਖ ਦੀ ਪੀੜ ਨਾਲ ਲੋਕਾਂ ਦੀਆਂ ਅੱਖਾਂ ਵਿਚ ਲਾਲ ਡੋਰੇ ਦਿੱਸਣ ਲੱਗ ਪਏ ਨੇ।' ਪੁੰਨ-ਪਰਵ ਸ਼ੁਰੂ ਹੋ ਗਿਆ ਜਾਪਦਾ ਹੈ। ਜਿਹੜੀ ਗਤੀ ਨਾਲ ਲੋਕਾਂ ਦਾ ਸਾਂਝਾ ਦੁੱਖ ਕਰੋਧ ਦਾ ਰੂਪ ਧਾਰਨ ਕਰ ਲਵੇਗਾ, ਉਸੇ ਗਤੀ ਨਾਲ ਦੁੱਖ ਘਟਦੇ ਜਾਣਗੇ। 'ਹਾਏ' ਨੂੰ 'ਓਇ'' ਤੇ 'ਆਹ' ਨੂੰ 'ਆ-ਓਇ' ਵਿਚ ਛੇਤੀ ਹੀ ਬਦਲ ਜਾਣਾ ਚਾਹੀਦਾ ਹੈ। ਕਈ ਜੁੱਗਾਂ ਤੋਂ ਪਾਪ ਪੁੰਨ ਦਾ ਫੈਸਲਾ ਕਰਨ ਵਾਲੇ ਵਿਹਲੜ ਲੋਕ ਅੱਜ ਵੀ ਆਪੋ-ਆਪਣੇ 'ਫਲੈਟਸ' ਵਿਚ ਬੈਠੇ 'ਹੋਂਦ ਦੇ ਪ੍ਰਸ਼ਨ' ਦੀ ਅਧਿਆਤਮਕ ਪੀੜ ਦਾ ਮਜ਼ਾ ਲੈ ਰਹੇ ਨੇ।
ਕਿੰਨੀ ਵਧੀਆ ਗੱਲ ਮੈਂ ਕਹਿ ਦਿੱਤੀ ਹੈ ! ਕਿਸੇ ਮਸੀਹੇ ਵਾਂਗ ! ਹੁਣ ਮੇਰੀ ਇੱਛਾ ਹੋਵੇ ਤਾਂ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਆਪੋ ਵਿਚ ਫਸਾ ਕੇ ਠੋਡੀ ਗੋਡਿਆਂ ਉੱਤੇ ਰੱਖ ਕੇ ਚੁੱਪਚਾਪ ਬੈਠ ਜਾਵਾਂ ਤੇ ਪਾਗਲਾਂ ਵਰਗੀ ਸੱਖਣੀ ਤੱਕਣੀ ਨਾਲ ਆਸਮਾਨ ਵੱਲ ਵਿਹੰਦਾ ਰਹਾਂ। ਲੋਕ ਆਖਣਗੇ…'ਹੁਣੇ ਗਿਆਨੀ ਜੀ ਨੇ ਤੱਤ ਗਿਆਨ ਦੀ ਇਕ ਗੱਲ ਆਖੀ ਏ ਤੇ ਦੂਜੀ ਦੀ ਖੋਜ ਵਿਚ ਨੇ; ਲੱਭ ਪਈ ਤਾਂ ਬੋਲਣਗੇ।' ਜੇ ਮੇਰੀ ਇੱਛਾ ਹੋਵੇ ਕਿ ਚੁੱਪ ਹੀ ਰਹਾਂ ਤਾਂ ਲੋਕ ਕਹਿਣਗੇ, 'ਗਿਆਨੀ ਜੀ ਚੁੱਪ ਵਿਚ ਵੀ ਬੋਲ ਰਹੇ ਨੇ। ਸੁਣੋ ਤੱਤ-ਕਥਾ ਚੱਲ ਰਹੀ ਏ।'
ਪਰ ਗਿਆਨੀ ਪਤਾ ਨਹੀਂ ਕਿਉਂ ਰਤਾ ਮਨਹੂਸ ਹੋ ਜਾਂਦਾ ਹੈ…ਜੇ ਉਸਨੂੰ ਫੁੱਲ ਵਿਖਾਓ, ਤਾਂ ਉਸਦੀ ਜੜ ਵਿਚ ਲੱਗੇ ਚਿੱਕੜ ਵੱਲ ਵੇਖਣ ਲੱਗ ਪੈਂਦਾ ਹੈ ਤੇ ਉਦਾਸ ਹੋ ਜਾਂਦਾ ਹੈ…'ਹਾਏ ਇਹ ਸੁੰਦਰਤਾ ਮਿਥਿਆ ਹੈ। ਇਸ ਦਾ ਮੂਲ ਚਿੱਕੜ ਹੈ।' ਤਾਂ ਮੂਰਖ ਬੰਦਾ ਗਿਆਨੀ ਹੁਰਾਂ ਨੂੰ ਪੁੱਛਦਾ ਹੈ…'ਗਿਆਨੀ ਜੀ,ਫੁੱਲ ਹੀ ਮਿਥਿਆ ਕਿਉਂ ਹੈ ? ਚਿੱਕੜ ਮਿਥਿਆ ਕਿਉਂ ਨਹੀਂ ?' ਗਿਆਨੀ ਕਹਿੰਦਾ ਹੈ, 'ਗਿਆਨ ਦਾ ਸਾਰ ਇਹੀ ਹੈ ਕਿ ਜੋ ਸੁੰਦਰ ਹੈ, ਉਹੀ ਮਿਥਿਆ ਹੈ।' ਕਰੂਪਤਾ ਸੱਤ ਹੈ। ਜੋ ਅੱਛਾ ਹੈ, ਉਸਦਾ ਕੋਈ ਮੰਤਵ ਨਹੀਂ। ਜੋ ਮਾੜਾ ਹੈ, ਉਹ ਠੋਸ ਹੈ। ਉਂਜ ਤਾਂ ਸਾਰੇ ਜਗਤ ਦਾ ਪਾਸਾਰ ਹੀ ਮਿਥਿਆ ਹੈ, ਮਾਇਆ ਹੈ।' ਅਗਿਆਨੀ ਬੰਦਾ ਫੇਰ ਪੁੱਛਦਾ ਹੈ, 'ਜੇ ਸਭ ਕੁਝ ਮਾਇਆ ਤੇ ਮਿਥਿਆ ਹੀ ਹੈ ਤਾਂ ਮਠ ਦੀ ਗੱਦੀ ਵਾਸਤੇ ਸ਼ੰਕਰਆਚਾਰੀਆ ਜੀ ਹਾਈ ਕੋਰਟ ਵਿਚ ਮੁਕੱਦਮਾ ਕਿਉਂ ਲੜਦੇ ਨੇ ? ਕੀ ਸਾਨੂੰ ਅਗਿਆਨੀਆਂ ਨੂੰ ਚਿੱਕੜ ਦਾ ਸੱਚ ਹੋਣਾ ਏਸ ਲਈ ਤਾਂ ਨਹੀਂ ਦੱਸਿਆ ਜਾਂਦਾ ਕਿ ਇਹ ਗਿਆਨੀ ਬੰਦੇ ਆਪ ਫੁੱਲ ਸਮੇਟ ਲੈਣ ?'
ਅਗਿਆਨੀਆਂ ਦੇ ਅਜਿਹੇ ਪੁੱਠ-ਸਿੱਧੇ ਸਵਾਲਾਂ ਦੇ ਡਰ ਕਾਰਨ ਹੀ ਮੇਰੀ ਗਿਆਨੀ ਬਣਨ ਦੀ ਹਿੰਮਤ ਨਹੀਂ ਪੈਂਦੀ...ਉਂਜ ਉਮੀਦ ਪੂਰੀ ਹੈ। ਅਜੇ ਤਾਂ ਮੂਰਖਾਂ ਵਾਂਗ ਕਰੋਧ ਕਰ ਰਿਹਾ ਹਾਂ। ਪਿੱਛਲੇ ਦਿਨਾਂ ਵਿਚ ਇਕ ਅਭੁੱਲ ਕਰੋਧ ਕਰ ਬੈਠਾ ਹਾਂ। ਇਕ ਯਾਦਗਾਰੀ ਕਰੋਧ ਪਿਛਲੇ ਦਿਨਾਂ ਵਿਚ ਮੈਨੂੰ ਇਕ ਸਾਹਿਤ-ਸਮਾਰੋਹ ਵਿਚ ਆਇਆ ਸੀ। ਕੁਝ ਸਾਹਿਤਕ ਸਮਾਰੋਹ ਵੀ ਕਿਸੇ ਯੱਗ ਵਾਂਗ ਹੀ ਕੀਤੇ ਜਾਂਦੇ ਨੇ। ਪ੍ਰਬੰਧਕ ਇਹਨਾਂ ਨੂੰ ਬੜਾ ਹੀ ਪਵਿੱਤਰ ਦੇ ਧਾਰਮਿਕ ਕੰਮ ਮੰਨਦੇ ਨੇ ਜਾਂ ਦਸਦੇ ਨੇ ਤੇ ਇਹ ਭਰੋਸਾ ਦਿਵਾਉਂਦੇ ਨੇ ਕਿ ਜਿਵੇਂ ਹੀ ਮੰਤਰਾਂ ਦੀ ਗੂੰਜ ਤੇ ਯੱਗ ਦਾ ਧੂੰਆਂ ਆਕਾਸ਼ ਵਿਚ ਫੈਲੇਗਾ, ਮੀਂਹ ਪਵੇਗਾ ਤੇ ਧਰਤੀ ਅੰਨ ਉਗਲ ਦਵੇਗੀ। ਹਿੰਦੀ ਦੇ ਸਾਰੇ ਲੇਖਕਾਂ ਦਾ ਕਲਿਆਣ ਹੋ ਜਾਵੇਗਾ। ਤੇ ਜੇ ਕਿਤੇ ਇਹ ਸਾਹਿਤਕ ਯੱਗ ਨਾ ਹੋਇਆ ਤਾਂ ਲੋਕਾਈ ਦਾ ਅੰਤ ਹੋ ਜਾਵੇਗਾ। ਪ੍ਰਬੰਧਕਾਂ ਦਾ ਉਣੀਦੀਆਂ ਅੱਖਾਂ, ਮੱਥੇ ਦੀਆਂ ਤਿਊੜੀਆਂ ਤੇ ਧਰਤੀ ਉਪਰ ਨਜ਼ਰ ਟਿਕਾਅ ਕੇ ਟੁਰਨ ਦਾ ਅੰਦਾਜ਼ ਤੇ ਕੱਛੇ ਮਾਰਿਆ ਝੋਲਾ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਸਾਰੀ ਦੁਨੀਆਂ ਦਾ ਭਾਰ ਉਹਨਾਂ ਦੇ ਮੋਢਿਆਂ ਉੱਤੇ ਹੀ ਹੈ। ਪਰ ਸਿਆਣੇ ਲੇਖਕ ਇਹਨਾਂ ਸਮਾਗਮਾਂ ਤੋਂ ਦੂਰ ਹੀ ਨੱਸਦੇ ਨੇ; ਜਿਵੇਂ ਕੋਈ ਯਤੀਮ ਬੱਚਾ ਯਤੀਮਖ਼ਾਨੇ ਚੋਂ ਬਚ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੱਥੇ ਵਾਜਾ ਵਜਾ ਕੇ ਚੰਦਾ ਮੰਗਣਾ ਪਵੇਗਾ। ਅਜਿਹੇ ਸਮਾਗਮ ਕਿਉਂਕਿ ਯੱਗ ਹੁੰਦੇ ਨੇ ਸੋ ਇਹਨਾਂ ਲਈ ਅਹੂਤੀ ਦੀ ਲੋੜ ਪੈਂਦੀ ਹੈ। ਜੇ ਇਹ ਅਸ਼ਵਮੇਘ ਵਰਗਾ ਕੋਈ ਮਹਾਨ ਯੱਗ ਹੋਵੇ ਤਾਂ ਅਹੂਤੀ ਦੇ ਰੂਪ ਵਿਚ ਕਿਸੇ ਘੋੜੇ ਵਰਗੇ ਧੱਕੜ ਲੇਖਕ ਨੂੰ ਲੱਭ ਲਿਆ ਜਾਂਦਾ ਹੈ। ਅਜਿਹੇ ਸਮਾਰੋਹ ਕਰਵਾਉਣ ਵਾਲਿਆਂ ਨੂੰ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਹੈ ਕਿ ਤੁਹਾਡਾ ਕੋਈ ਪਵਿੱਤਰ ਉਦੇਸ਼ ਤਾਂ ਨਹੀਂ ? ਕੀ ਤੁਸੀਂ ਸਵਾਰਥ ਮੁਕਤ ਹੋ ਕੇ ਤਾਂ ਇਹ ਸਮਾਰੋਹ ਨਹੀਂ ਕਰ ਰਹੇ ਨਾ ? ਜੇ ਉਦੇਸ਼ ਪਵਿੱਤਰ ਹੋਵੇ ਤੇ ਪ੍ਰਬੰਧਕਾਂ ਨੂੰ ਕੋਈ ਸਵਾਰਥ ਵੀ ਨਾ ਹੋਵੇ ਤਾਂ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਿਹੜਾ ਆਦਮੀ ਸਵਾਰਥ ਦਾ ਦਮਨ ਕਰ ਦਵੇ, ਉਹ ਬੜਾ ਖ਼ਤਰਨਾਕ ਬਣ ਜਾਂਦਾ ਹੈ। ਉਹ ਕਿਸੇ ਦੀ ਜਾਨ ਲੈਣਾ ਵੀ ਆਪਣਾ ਅਧਿਕਾਰ ਸਮਝਦਾ ਹੈ।
ਪਰ ਕਦੇ-ਕਦਾਈਂ ਚਲਾਕ ਬੰਦੇ ਵੀ ਮਾਰ ਖਾ ਜਾਂਦੇ ਨੇ। ਨਾਗਾਰਜੁਨ ਹੁਰੀਂ ਵੀ ਖਾ ਗਏ। ਸੈਂਕੜੇ ਮੀਲ ਦੂਰ ਪਟਨੇ ਤੋਂ ਬੁਲਾਅ ਕੇ, ਤੇ ਉਹਨਾਂ ਦੇ ਨਾਂ ਉੱਤੇ ਕਵੀ ਸੰਮੇਲਨ ਕਰਵਾ ਕੇ ਵੀ ਪ੍ਰਬੰਧਕਾਂ ਨੇ ਉਹਨਾਂ ਨੂੰ ਤੀਜੇ ਦਰਜੇ ਦਾ ਕਿਰਾਇਆ ਫੜਾ ਦਿੱਤਾ ਤੇ ਕੂਹਣੀਆਂ ਤਕ ਹੱਥ ਜੋੜ ਕੇ ਮੱਥਾ ਟੇਕ ਦਿੱਤਾ ਸੀ। ਇਹ ਮੁਦਰਾ ਲੱਖਾਂ ਰੁਪਏ ਦੀ ਹੈ। ਪਤਾ ਨਹੀਂ ਅਜਿਹੀ ਟਰੇਨਿੰਗ ਕਿੱਥੋਂ ਮਿਲਦੀ ਹੈ ? ਮੈਂ ਬੜੇ ਹੀ ਯਤਨ ਕੀਤੇ ਪਰ ਇਹ ਮੁਦਰਾ ਬਣਾਉਣ ਵਿਚ ਸਫਲ ਨਹੀਂ ਹੋ ਸਕਿਆ। ਅੱਜ ਕੱਲ੍ਹ ਨਵੇਂ ਚੇਲੇ ਇਸ ਮੁਦਰਾ ਨੂੰ ਪੁਰਾਣੇ ਅਚਾਰੀਆਂ ਨਾਲੋਂ ਛੇਤੀ ਸਿਖ ਲੈਂਦੇ ਨੇ।
ਮੈਨੂੰ ਅਜਿਹੀ ਨਿਮਰਤਾ ਵੇਖ ਕੇ ਗੁੱਸਾ ਚੜ੍ਹਨ ਲੱਗ ਪੈਂਦਾ ਹੈ। ਪਤਾ ਨਹੀਂ ਅਜਿਹੀ ਨਿਮਰਤਾ ਵਿਚ ਕੀ ਹੈ ਜੋ ਮੈਨੂੰ ਚੁਭ ਜਾਂਦਾ ਹੈ। ਮਨ ਵਿਚ ਆਇਆ ਕਿ ਏਸ ਸੱਜਣ ਦੇ ਹੱਥ ਤੇ ਸਿਰ ਇੰਜ ਹੀ ਬੰਨ੍ਹ ਦਿਆਂ ਤੇ ਰੱਸੀ ਦਾ ਸਿਰਾ ਨਾਗਾਰਜੁਨ ਨੂੰ ਫੜਾ ਦਿਆਂ ਤੇ ਆਖਾਂ, 'ਲੈ ਬਾਬਾ, ਲੈ ਜਾ ਪਟਨੇ !' ਨਾਗਾਰਜੁਨ ਕਿਸੇ ਜ਼ਮਾਨੇ ਸਾਧੂ ਵੀ ਰਹੇ ਨੇ ਕਰੋਧ ਨੂੰ ਜਿੱਤ ਲੈਣਾ (ਜਾਂ ਇਸਦਾ ਪ੍ਰਗਟਾਵਾ ਨਾ ਕਰਨਾ) ਵੀ ਸਾਧੂ ਦੀ ਟ੍ਰੇਨਿੰਗ ਵਿਚ ਸ਼ਾਮਲ ਹੁੰਦਾ ਹੈ। ਹੁਣ ਕੋਰਸ ਰਤਾ ਵਧ ਗਿਆ ਹੈ। ਜਲੂਸ ਕਢਣੇ, ਸੰਸਦ ਦਾ ਘਿਰਾਓ ਕਰਨਾ ਤੇ ਪੈਟਰੋਲ ਛਿੜਕ ਕੇ ਮਾਇਆ ਰੂਪੀ ਦੇਹ ਨੂੰ ਸਾੜ ਲੈਣਾ ਵੀ ਸਾਧੂ ਨੂੰ ਸਿਖਣਾ ਪੈਂਦਾ ਹੈ। ਸੋ ਨਾਗਾਰਜੁਨ ਨੇ ਆਪਣੀ ਪੁਰਾਣੀ ਆਦਤ ਅਨੁਸਾਰ ਕਹਿ ਦਿੱਤਾ, 'ਭਾਵੇਂ ਇਹ ਵੀ ਰੱਖ ਲਓ।' ਮੈਨੂੰ ਸਾਧਪੁਣੇ ਦਾ ਕੋਈ ਤਜ਼ੁਰਬਾ ਨਹੀਂ ਸੋ ਇਕ ਨੀਚ ਸੰਸਾਰੀ ਵਾਂਗ ਹਿਰਖ ਗਿਆ ਸਾਂ।
ਪ੍ਰਬੰਧਕ ਬੜੇ ਤਿੱਖੇ ਹੁੰਦੇ ਨੇ। ਉਹਨਾਂ ਕਿਹਾ, 'ਇਹ ਤਾਂ ਸਾਹਿਤ ਦਾ ਕੰਮ ਸੀ। ਸਾਰਿਆਂ ਨੇ ਆਪਣੀ ਸਮਰਥਾ ਅਨੁਸਾਰ ਹਿੱਸਾ ਪਾਇਆ ਏ…ਤੇ ਨਾਲੇ ਨਾਗਾਰਜੁਨ ਜੀ ਦੀ ਤਾਂ ਸਾਡੇ ਦਿਲਾਂ ਵਿਚ ਬੜੀ ਇੱਜ਼ਤ ਏ, ਰੁਪਈਏ ਤਾਂ ਇਸਦੇ ਮੁਕਾਬਲੇ ਨਿਗੁਣੀ ਸ਼ੈ ਨੇ।'
ਮੈਂ ਕਿਹਾ, 'ਤਾਂ ਹੁਣ ਤੁਸੀਂ ਲਾਊਡ ਸਪੀਕਰ ਵਾਲੇ ਨੂੰ ਵੀ ਇਹੀ ਕਹੋਗੇ ਕਿ ਇਹ ਤਾਂ ਸਾਹਿਤ ਦਾ ਕੰਮ ਏਂ, ਤੇਰੇ ਪ੍ਰਤੀ ਸਾਡੇ ਦਿਲਾਂ ਵਿਚ ਬੜੀ ਸ਼ਰਧਾ ਏ, ਇਸ ਲਈ ਕਿਰਾਇਆ ਨਾ ਲੈ।'
ਪ੍ਰਬੰਧਕ ਸਮਝੇ ਕਿ ਮੈਂ ਕੋਈ ਹਾਸਰਸ ਵਾਲੀ ਗੱਲ ਕਰ ਰਿਹਾ ਹਾਂ। ਹੱਸ ਕੇ ਗੱਲ ਟਾਲੀ ਜਾ ਸਕਦੀ ਹੈ। ਪਰ ਮੈਂ ਗੱਲ ਟਲਣ ਨਹੀਂ ਦਿੱਤੀ। ਪੁੱਛਿਆ, 'ਬਿਜਲੀ ਦੇ ਸਾਮਾਨ ਤੇ ਟੈੱਟ ਹਾਊਸ ਵਾਲੇ ਪ੍ਰਤੀ ਵੀ ਤੁਹਾਡੇ ਦਿਲ ਵਿਚ ਬੜੀ ਸ਼ਰਧਾ ਹੋਵੇਗੀ ?'
ਉਹਨਾਂ ਨੇ ਉਤਰ ਦਿੱਤਾ, 'ਇਹਨਾਂ ਦੇ ਪ੍ਰਤੀ ਭਲਾ ਕਿਸ ਗੱਲ ਦੀ ਸ਼ਰਧਾ !'
…ਏਸ ਲਈ ਇਹਨਾਂ ਨੂੰ ਪੂਰੇ ਪੈਸੇ ਦਿੱਤੇ ਜਾਣਗੇ, ਨਾਗਾਰਜੁਨ ਪ੍ਰਤੀ ਸ਼ਰਧਾ ਹੈ ਸੋ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਣਗੇ।
ਹੁਣ ਉਹ ਸਮਝ ਗਏ ਸਨ ਕਿ ਇਹ ਕੋਈ ਹਾਸਰਸ ਨਹੀਂ ਸਗੋਂ ਰੋਦ੍ਰ ਤੇ ਵੀਭਤਸ ਰਸ ਬਣ ਗਿਆ ਹੈ। ਉਹਨਾਂ ਸ਼ਾਂਤ ਰਸ ਦੀ ਗੱਲ ਚਲਾਈ। ਕਹਿਣ ਲੱਗੇ, 'ਰੁਪਏ ਖ਼ਤਮ ਹੋ ਗਏ ਨੇ। ਹਜ਼ਾਰ ਰੁਪਏ ਕਿਸੇ ਪਾਸਿਓਂ ਆਉਣ ਵਾਲੇ ਨੇ। ਪਿੱਛੋਂ ਮਨੀਆਡਰ ਕਰਾ ਦਿਆਂਗੇ।'
ਸੁਣਿਆ ਏ, ਰੱਬ ਨੇ ਵੀ ਇਕ ਵਾਰੀ ਸਵਰਗ ਵਿਚ ਕਵੀ-ਸੰਮੇਲਨ ਕਰਵਾਇਆ ਸੀ ਤੇ ਇਕ ਕਵੀ ਨੂੰ ਕਿਹਾ ਸੀ, 'ਤੁਸੀਂ ਜਾਓ, ਪੈਸੇ ਪਿੱਛੋਂ ਭੇਜ ਦਿਆਂਗੇ।' ਉਦੋਂ ਕਵੀ ਨੇ ਕਿਹਾ ਸੀ, 'ਪ੍ਰਭੂ, ਪਿੱਛੋਂ ਕੋਈ ਨਹੀਂ ਭੇਜਦਾ ! ਮੈਂ ਇੱਥੇ ਹੀ ਰਹਿ ਪੈਂਦਾ ਆਂ। ਤੁਸੀਂ ਪੈਸਿਆਂ ਦਾ ਪ੍ਰਬੰਧ ਕਰ ਲਵੋ, ਮੈਂ ਲੈ ਕੇ ਹੀ ਜਾਵਾਂਗਾ।' ਏਸ ਮਾਸਲੇ ਵਿਚ ਰੱਬ ਦਾ ਵੀ ਭਰੋਸਾ ਨਹੀਂ।
ਏਸ ਵਾਰੀ ਪਤਾ ਨਹੀਂ ਕਿਉਂ ਏਨਾ ਖਿਝ ਗਿਆ ਹਾਂ ? ਇਕ ਸਾਧਾਰਣ ਘਟਨਾ ਏ, ਹਮੇਸ਼ਾ ਇੰਜ ਹੀ ਵਾਪਰਦਾ ਏ। ਸ਼ਾਇਦ ਇਸ ਗੱਲ ਵਿਚ ਉਲਝ ਗਿਆ ਹਾਂ ਕਿ ਸਾਡੇ ਦੋਵਾਂ ਵਿਚੋਂ ਠੀਕ ਕੌਣ ਏਂ ?...ਮੈਂ ਜਾਂ ਪ੍ਰਬੰਧਕ ? ਮੈਨੂੰ ਜਚ ਗਿਆ ਹੈ ਕਿ ਉਹ ਆਪਣੇ ਕਰਤੱਵ ਤੋਂ ਡਿੱਗ ਪਏ ਨੇ।…ਤੇ ਉਹ ਸੋਚਦੇ ਹੋਣਗੇ ਕਿ ਕੀ ਅਸੀਂ ਲੋਕ ਸਾਹਿਤ ਦੀ ਏਨੀ ਸੇਵਾ ਵੀ ਨਹੀਂ ਕਰ ਸਕਦੇ ? ਦੋਵਾਂ ਦੀ ਪਰਖ ਕਸੌਟੀ ਬਦਲੀ ਹੋਈ ਜਾਪਦੀ ਹੈ। ਦੂਜੇ ਨੂੰ ਉਸਦੇ ਫ਼ਰਜ਼ ਦੀ ਪਛਾਣ ਕਰਾਉਣਾ ਆਪਣੇ ਫ਼ਰਜ਼ ਦੀ ਪਛਾਣ ਨਾਲੋਂ ਵੱਡਾ ਕੰਮ ਹੈ। ਸੋ ਪ੍ਰਬੰਧਕ ਇਹ 'ਵੱਡਾ-ਕੰਮ' ਕਰ ਰਹੇ ਨੇ ਇਸ ਲਈ ਉਹ ਠੀਕ ਨੇ ਤੇ ਅਸੀਂ ਗਲਤ।
ਇੰਜ ਲੱਗਦਾ ਹੈ ਜਿਵੇਂ ਹਰ ਬੰਦਾ ਦੂਜੇ ਦੇ ਈਮਾਨ ਦੀ ਫ਼ਿਕਰ-ਚਿੰਤਾ ਵਿਚ ਉਲਝਿਆ ਹੋਇਆ ਹੈ ਤੇ ਉਸਦੀ ਰਾਖੀ ਕਰ ਰਿਹਾ ਹੈ। ਜੇ ਕੋਈ ਪੁੱਛੇ, 'ਕੀ ਕਰ ਰਹੇ ਓ ਸਾਹਬ ?' ਤਾਂ ਝੱਟ ਆਖੇਗਾ, 'ਇਹਦੇ ਈਮਾਨ ਦੀ ਰਾਖੀ ਕਰ ਰਿਹਾ ਵਾਂ !' 'ਪਰ ਆਪਣਾ ਬੂਹਾ ਤਾਂ ਖੁੱਲ੍ਹਾ ਛੱਡ ਆਏ ਓ !' 'ਫੇਰ ਕੀ ਹੋਇਆ ਸਾਡੀ ਡਿਊਟੀ ਤਾਂ ਏਧਰ ਜੇ।'
ਇਕ ਦਿਨ ਲੇਖਕ ਹੁਰੀਂ ਦਿੱਲੀ, ਮੁੰਬਈ ਤੇ ਪਰਾਗ ਦਾ ਦੌਰਾ ਕਰਕੇ ਆਏ ਤਾਂ ਬੜੇ ਫਿਕਰਮੰਦ ਜਾਪੇ। ਉਹਨਾਂ ਕਿਹਾ, 'ਸਾਰੇ ਈਮਾਨ ਵੇਚ ਰਹੇ ਨੇ।' ਮੈਨੂੰ ਪਤਾ ਹੈ ਉਧਰ ਜਾ ਕੇ ਕਹਿੰਦੇ ਹੋਣਗੇ, 'ਜੱਬਲਪੁਰ ਵਾਲੇ ਈਮਾਨ ਵੇਚ ਰਹੇ ਨੇ, ਬੜੇ ਮੰਦੇ ਭਾਅ। ਦੂਜਿਆਂ ਦਾ ਈਮਾਨ ਵਿਕਦਾ ਵੇਖ ਕੇ ਵਿਚਾਰਾ ਫਿਕਰਾਂ ਵਿਚ ਸੁੱਕਦਾ ਜਾ ਰਿਹਾ ਹੈ। ਮੈਂ ਪੁੱਛ ਲਿਆ, 'ਕਿਉਂ ਜੀ ਥੋਕ ਵਿਚ ਵਿਕ ਰਿਹਾ ਏ ਜਾਂ ਪਰਚੂਨ ਵਿਚ ? ਲੋੜ ਨਾਲੋਂ ਵੱਧ ਈਮਾਨ ਰੱਖਣਾ ਉਂਜ ਵੀ ਜੁਰਮ ਹੈ। ਜਮ੍ਹਾਂ-ਖੋਰੀ ਦਾ ਕਾਨੂੰਨ ਲਾਗੂ ਹੋ ਜਾਂਦਾ ਹੈ। ਫਾਲਤੂ ਕੱਢਣਾ ਹੀ ਪਵੇਗਾ।' ਇਹ ਵਿਚਾਰਾ ਕਿਸ ਕਿਸ ਦੇ ਈਮਾਨ ਦੀ ਰਾਖੀ ਕਰੇਗਾ ? ਇਸ ਨੂੰ ਕਿਤੇ ਬਾਜ਼ਾਰ ਵਿਚ ਹੋਈ ਖੜਕਾਈ ਦਾ ਦੁੱਖ ਤਾਂ ਨਹੀਂ ? ਇਹ ਸੋਚ ਕੇ ਝੁਰ ਰਿਹਾ ਹੋਵੇਗਾ, ਹਾਏ ਲੋਕਾਂ ਦਾ ਰੱਦੀ ਤੇ ਗਲਿਆ-ਸੜਿਆ ਈਮਾਨ ਤਾਂ ਧੜਾਧੜ ਵਿਕ ਰਿਹਾ ਹੈ…ਪਰ ਸਾਡੇ ਸ਼ੁੱਧ ਤੇ ਤਾਜੇ ਈਮਾਨ ਦਾ ਕੋਈ ਮੁੱਲ ਹੀ ਨਹੀਂ ਪਾ ਰਿਹਾ…!
ਇਕ ਖਾਨਦਾਨੀ ਅਮੀਰ ਸੱਜਣ ਨੇ ; ਮੇਰਾ ਬੜਾ ਹੀ ਫਿਕਰ ਕਰਦੇ ਨੇ। ਉਹਨਾਂ ਨੂੰ ਇੰਜ ਲੱਗਦਾ ਹੈ ਕਿ ਮੈਂ ਨੌਕਰੀ ਨਹੀਂ ਕਰਦਾ ਤਾਂ ਸ਼ਾਇਦ ਕੁਝ ਵੀ ਨਹੀਂ ਕਰਦਾ। ਉਹ ਕਹਿੰਦੇ ਨੇ, 'ਨਿਕੰਮਾਂ ਬੰਦਾ ਏ, ਓਹਨੇ ਕੀ ਕੰਮ ਕਰਨੈਂ।' ਉਹ ਕਾਮੇ ਬੰਦੇ ਨੇ ਬੜਾ ਕੰਮ ਕਰਦੇ ਨੇ। ਸਵੇਰੇ ਉੱਠ ਕੇ ਸੋਚਣ ਲੱਗ ਪੈਂਦੇ ਨੇ, 'ਬਈ ਰਾਤ ਦੇ ਖਾਣੇ ਵਾਸਤੇ ਕੀ ਬਣਾਇਆ ਜਾਵੇ ! ਰਾਤ ਨੂੰ ਸੋਚਦੇ ਨੇ ਕਿ ਸਵੇਰੇ ਨਾਸ਼ਤੇ ਵਿਚ ਕੀ ਖਾਧਾ ਜਾਵੇ !' ਥੱਕ ਹਾਰ ਕੇ ਸੌਂ ਜਾਂਦੇ ਨੇ।
ਮੈਂ ਹੈਰਾਨ ਹਾਂ ਕਿ ਅੱਜ ਦਾ ਮਨੁੱਖ ਦੂਜਿਆਂ ਦਾ ਕਿੰਨਾ ਧਿਆਨ ਰੱਖਣ ਲੱਗ ਪਿਆ ਹੈ !ਚੰਗਾ ਚੰਗਾ ਦੂਜਿਆਂ ਲਈ ਤਿਆਗ ਦਿੱਤਾ ਹੈ ਤੇ ਆਪ ਮੰਦਾ ਭੋਗ ਰਿਹਾ ਹੈ !
---'ਕਿਉਂ ਭਾਅ ਜੀ, ਸਾਡੇ ਵਾਸਤੇ ਕੀ ਛੱਡਿਆ ਏ ਤੁਸੀਂ ?'
---'ਤਿਆਗ, ਕੁਰਬਾਨੀ, ਨਿਰਸਵਾਰਥ !'
---'ਤੇ ਤੁਸੀਂ ਕੀ ਭੋਗ ਰਹੇ ਓ ?'
---'ਘਟੀਆ ਸਵਾਰਥ, ਨੀਚ ਲਾਲਸਾ !'
---'ਕਿਉਂ ਰਾਸ਼ਟਰ ਰਤਨ ਜੀ, ਸਾਡੇ ਲਈ ਤੁਸੀਂ ਕੀ ਛੱਡਿਆ ਏ ?'
---'ਸੇਵਾ, ਅਹੁਦੇ ਦੀ ਲਾਲਸਾ ਦਾ ਤਿਆਗ !'
---'ਤੇ ਆਪ ਕੀ ਲੈ ਰਹੇ ਓ ਤੁਸੀਂ ?'
----'ਨਫ਼ਰਮਈ ਪਦ ਲਾਲਸਾ !'
ਦੂਜਿਆਂ ਵਾਸਤੇ ਇਹਨਾਂ ਚੰਗੇ ਕਰਮਾਂ ਦੇ ਤਿਆਗੀ ਬੰਦਿਆਂ ਉੱਤੇ ਮੈਨੂੰ ਕਰੋਧ ਨਹੀਂ ਕਰਨਾ ਚਾਹੀਦਾ, ਸਗੋਂ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿ ਵਿਚਾਰੇ ਕਿੰਜ ਮੰਦੇ ਭੋਗ, ਭੋਗ ਰਹੇ ਨੇ…

ਕੰਬਦਾ ਹੋਇਆ ਲੋਕ ਰਾਜ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਕੰਬਦਾ ਹੋਇਆ ਲੋਕਰਾਜ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੋਬਾਇਲ : 94177-30600.

ਮੈਂ ਚਾਰ ਵਾਰੀ ਲੋਕ-ਰਾਜੀ ਦਿਨ ਦਾ ਜਲਸਾ ਦਿੱਲੀ ਵਿਚ ਵੇਖਿਆ ਹੈ। ਪੰਜਵੀਂ ਵਾਰੀ ਵੇਖਣ ਦੀ ਹਿੰਮਤ ਨਹੀਂ ਹੋਈ। ਪਤਾ ਨਹੀਂ ਕੀ ਕਾਰਨ ਹੈ ਕਿ ਜਿੰਨੀ ਵਾਰੀ ਵੀ ਮੈਂ ਲੋਕ-ਰਾਜ ਸਮਾਰੋਹ ਵੇਖਣ ਗਿਆ ਹਾਂ, ਮੌਸਮ ਅਤੀ ਖ਼ਰਾਬ ਹੁੰਦਾ ਹੈ। 26 ਜਨਵਰੀ ਤੋਂ ਪਹਿਲਾਂ ਉਪਰਲੇ ਇਲਾਕਿਆਂ ਵਿਚ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਸ਼ੀਤ ਲਹਿਰ ਆ ਜਾਂਦੀ ਹੈ, ਬੱਦਲ ਛਾ ਜਾਂਦੇ ਹਨ, ਕਣੀਆਂ ਡਿੱਗਣ ਲਗ ਪੈਂਦੀਆਂ ਹਨ ਤੇ ਸੂਰਜ ਅਲੋਪ ਹੋ ਜਾਂਦਾ ਹੈ। ਜਿਵੇਂ ਦਿੱਲੀ ਦੀ ਆਪਣੀ ਕੋਈ ਅਰਥ ਨੀਤੀ ਨਹੀਂ, ਓਵੇਂ ਹੀ ਇਸਦਾ ਆਪਣਾ ਕੋਈ ਮੌਸਮ ਵੀ ਨਹੀਂ। ਜਿਵੇ ਅਰਥ ਨੀਤੀ, ਭਾਵ ਡਾਲਰ, ਪੌਂਡ, ਰੁਪਏ…ਅੰਤਰ-ਰਾਸ਼ਟਰੀ ਰਿਜ਼ਰਵ ਬੈਂਕ ਜਾਂ ਭਾਰਤ ਸਹਾਇਤਾ ਕਲੱਬ ਦੀਆਂ ਮੀਟਿੰਗਾਂ ਵਿਚ ਤੈਅ ਕੀਤੀ ਜਾਂਦੀ ਹੈ, ਓਵੇਂ ਹੀ ਦਿੱਲੀ ਦਾ ਮੌਸਮ ਵੀ ਕਸ਼ਮੀਰ, ਸਿੱਕਮ ਤੇ ਰਾਜਸਥਾਨ ਦੇ ਫੈਸਲਿਆਂ ਦਾ ਮੁਥਾਜ ਹੈ।
ਮੈਂ ਏਨਾ ਮੂਰਖ ਵੀ ਨਹੀਂ ਕਿ ਇੰਜ ਮੰਨ ਬਹਾਂ ਬਈ ਜਿਸ ਸਾਲ ਮੈਂ ਇਹ ਸਮਾਗਮ ਵੇਖਣ ਜਾਂਦਾ ਹਾਂ, ਉਸ ਸਾਲ ਇਉਂ ਵਾਪਰਦਾ ਹੈ। ਇਸ ਸਮਾਰੋਹ ਦੇ ਪੱਕੇ ਸਾਲਾਨਾ ਦਰਸ਼ਕ ਆਪ ਦੱਸਦੇ ਨੇ ਕਿ ਇਹ ਦਿਨ ਆਏ ਵਾਰੀ ਇਵੇਂ ਹੀ ਧੁੱਪ ਰਹਿਤ ਤੇ ਠੰਡ ਭਰਪੂਰ ਹੁੰਦਾ ਹੈ।
ਆਖ਼ਰ ਮਾਜਰਾ ਕੀ ਹੈ ? ਰਹੱਸ ਕੀ ਹੈ ?
ਉਦੋਂ ਕਾਂਗਰਸ ਪਾਰਟੀ ਦੁਫਾੜ ਨਹੀਂ ਸੀ ਹੋਈ, ਮੈਂ ਇਕ ਕਾਂਗਰਸੀ ਮੰਤਰੀ ਨੂੰ ਪੁੱਛਿਆ, 'ਬਈ ਲੋਕ ਰਾਜ ਦਿਵਸ ਨੂੰ ਸੂਰਜ ਕਿਉਂ ਅਲੋਪ ਰਹਿੰਦਾ ਹੈ ! ਸੂਰਜ ਦੇ ਚਾਨਣ ਵਿਚ ਅਸੀਂ ਇਹ ਦਿਹਾੜਾ ਕਿਉਂ ਨਹੀਂ ਮਨਾਅ ਸਕਦੇ ?' ਉਸਨੇ ਕਿਹਾ ਸੀ, 'ਹੌਸਲਾ ਰੱਖੋ ਜੀ ! ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੂਰਜ ਬਾਹਰ ਆ ਜਾਵੇ…ਪਰ ਏਨੇ ਵੱਡੇ ਸੂਰਜ ਨੂੰ ਬਾਹਰ ਲੈ ਕੇ ਆਉਣਾ ਕੋਈ ਆਸਾਨ ਕੰਮ ਏਂ ਭਲਾ ! ਸਾਨੂੰ ਸਤਾ ਦੇ ਘੱਟ ਤੋਂ ਘੱਟ ਸੌ ਸਾਲ ਤਾਂ ਦਿਓ।'
'ਚਲੋ ਬਈ ਦੇ ਦਿੱਤੇ ! ਸੂਰਜ ਨੂੰ ਬਾਹਰ ਲੈ ਆਉਣ ਲਈ ਸੌ ਸਾਲ ਦੇ ਦਿੱਤੇ। ਪਰ ਜਨਾਬ ਉਸਦਾ ਕੋਈ ਨਾ ਕੋਈ ਕੋਨਾ ਤਾਂ ਹਰ ਸਾਲ ਬਾਹਰ ਨਿਕਲਦਾ ਦਿਸਣਾ ਈ ਚਾਹੀਦਾ ਏ ਨਾ ! ਸੂਰਜ ਕੋਈ ਬੱਚਾ ਤਾਂ ਹੈ ਨਹੀਂ ਜਿਹੜਾ ਬ੍ਰਹਿਮੰਡ ਦੀ ਕੁੱਖ ਵਿਚ ਅਟਕਿਆ ਹੋਇਆ ਹੈ ਤੇ ਤੁਸੀਂ ਕਿਸੇ ਦਿਨ ਇਕੋ ਆਪ੍ਰੇਸ਼ਨ ਨਾਲ ਬਾਹਰ ਕੱਢ ਲਿਆਓਗੇ।'
ਜਦੋਂ ਕਾਂਗਰਸ ਦੇ ਦੋ ਹਿੱਸੇ ਹੋ ਗਏ, ਇਹੀ ਸਵਾਲ ਮੈਂ ਇਕ ਇੰਡੀਕੇਟੀ ਕਾਂਗਰਸੀ ਤੋਂ ਪੁੱਛਿਆ ਤੇ ਉਸਨੇ ਕਿਹਾ, 'ਅਸੀਂ ਤਾਂ ਹਰ ਵਾਰੀ ਸੂਰਜ ਨੂੰ ਬੱਦਲਾਂ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਸਾਂ ਪਰ ਇਹ ਸਿੰਡੀਕੇਟੀਏ ਕੋਈ ਨਵਾਂ ਹੀ ਅੜੰਗਾ ਖੜ੍ਹਾ ਕਰ ਬਹਿੰਦੇ ਸਨ। ਹੁਣ ਅਸੀਂ ਵਾਅਦਾ ਕਰਦੇ ਕਿ ਅਗਲੇ ਲੋਕਰਾਜ ਦਿਵਸ ਨੂੰ ਤੁਸੀਂ ਸੂਰਜ ਨੂੰ ਬਾਹਰ ਨਿਕਲਿਆ ਵੇਖੋਗੇ।'
ਇਕ ਸਿੰਡੀਕੇਟ ਕੋਲ ਹੀ ਖੜ੍ਹਾ ਸੁਣ ਰਿਹਾ ਸੀ। ਉਹ ਬੋਲਿਆ, 'ਬਈ ਇਹ ਪ੍ਰਧਾਨ ਮੰਤਰੀ ਕਾਮਰੇਡਾਂ ਦੇ ਝਾਂਸੇ ਚ ਆ ਗਿਆ ਏ। ਇਹਨਾਂ ਨੂੰ ਤਾਂ ਉਹੀ ਸੂਰਜ ਨੂੰ ਬਾਹਲ ਲਿਆਉਣ ਲਈ ਉਕਸਾਅ ਰਹੇ ਨੇ। ਉਹਨਾਂ ਨੂੰ ਉਮੀਦ ਹੈ, ਬੱਦਲਾਂ ਪਿੱਛੋਂ ਉਹਨਾਂ ਦਾ ਪਿਆਰਾ ਸੂਰਜ, ਲਾਲ-ਸੂਰਜ ਨਿਕਲੇਗਾ। ਅਸੀਂ ਕਹਿੰਦੇ ਹਾਂ, ਸੂਰਜ ਨੂੰ ਖਿੱਚਣ-ਧੂਣ ਦੀ ਕੀ ਲੋੜ ਏ ? ਕੀ ਬੱਦਲਾਂ ਨੂੰ ਪਰ੍ਹੇ ਹਟਾਉਣ ਨਾਲ ਕੰਮ ਨਹੀਂ ਚੱਲ ਸਕਦਾ ?'
ਮੈਂ ਸੰਸੋਪਾਈ ਭਾਈ ਤੋਂ ਪੁੱਛਦਾ ਹਾਂ, ਜਵਾਬ ਮਿਲਦਾ ਹੈ, 'ਸੂਰਜ ਗ਼ੈਰ-ਕਾਂਗਰਸਵਾਦ ਉੱਤੇ ਅਮਲ ਕਰ ਰਿਹਾ ਹੈ। ਉਸਨੇ ਡਾਕਟਰ ਲੋਹੀਆ ਦੇ ਕਹਿਣ ਤੇ ਸਾਡਾ ਪਾਰਟੀ ਫਾਰਮ ਭਰ ਦਿੱਤਾ ਏ। ਕਾਂਗਰਸੀ ਪ੍ਰਧਾਨ ਮੰਤਰੀ ਨੂੰ ਉਹ ਸਲਾਮੀ ਲੈਂਦਿਆਂ ਕਿੰਜ ਵੇਖ ਸਕਦਾ ਏ ਭਲਾ ! ਕਿਸੇ ਗ਼ੈਰ ਕਾਂਗਰਸੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਸੂਰਜ ਤਾਂ ਕੀ ਉਸਦੇ ਬਾਲ-ਬੱਚੇ ਵੀ ਨਿਕਲ ਆਉਣਗੇ।'
ਇਕ ਜਨਸੰਘੀ ਭਰਾ ਤੋਂ ਵੀ ਮੈਂ ਪੁੱਛਿਆ ਸੀ। ਉਸਨੇ ਸਾਫ ਹੀ ਕਹਿ ਦਿੱਤਾ ਸੀ, 'ਬਈ ਜੇ ਸੂਰਜ ਸੈਕੂਲਰ ਹੁੰਦਾ ਤਾਂ ਹੀ ਏਸ ਸਰਕਾਰ ਦੀ ਪ੍ਰੇਡ ਵੇਖਣ ਲਈ ਨਿਕਲਦਾ। ਇਸ ਸਰਕਾਰ ਤੋਂ ਆਸ ਨਾ ਰੱਖੋ ਕਿ ਇਹ ਤੁਹਾਨੂੰ ਭਗਵਾਨ ਅੰਸ਼ੂਮਾਲੀ ਦੇ ਦਰਸ਼ਨ ਕਰਵਾ ਸਕੇਗੀ। ਸੂਰਜ ਦੇਵਤਾ ਤਾਂ ਸਾਡੇ ਰਾਜ ਵਿਚ ਹੀ ਨਿਕਲਣਗੇ।'
ਇਕ ਸਮਾਜਵਾਦੀ ਨੇ ਮੈਨੂੰ ਪੂਰੇ ਭਰੋਸੇ ਨਾਲ ਦੱਸਿਆ ਸੀ, 'ਇਹ ਸਾਰੀ ਸੀ. ਆਈ. ਏ. ਦੀ ਸਾਜਿਸ਼ ਏ। ਸੱਤਵੇਂ ਬੇੜੇ ਚੋਂ ਬੱਦਲ ਦਿੱਲੀ ਭੇਜੇ ਜਾ ਰਹੇ ਨੇ।'
ਆਜ਼ਾਦ ਪਾਰਟੀ ਦੇ ਨੇਤਾ ਨੇ ਕਿਹਾ, 'ਰੂਸ ਦਾ ਪਿੱਠੂ ਬਣਨ ਦਾ ਹੋਰ ਕੀ ਨਤੀਜਾ ਹੋ ਸਕਦਾ ਏ ?'
ਪੁਸ਼ਪਾ ਦੇ ਭਰਾ ਨੇ ਉਪਰਲੇ ਮਨੋਂ ਹੀ ਕਹਿ ਦਿੱਤਾ ਸੀ, 'ਸਵਾਲ ਕਾਫ਼ੀ ਉਲਝਿਆ ਹੋਇਆ ਹੈ। ਨੈਸ਼ਨਲ ਕੌਂਸਲ ਦੀ ਅਗਲੀ ਮੀਟਿੰਗ ਵਿਚ ਇਸ ਦਾ ਫੈਸਲਾ ਕਰਕੇ ਜਵਾਬ ਦਿੱਤਾ ਜਾ ਸਕਦੈ।'
ਰਾਜਾ ਸਾਹਿਬ ਨਾਲ ਮੇਰੀ ਮੁਲਾਕਾਤ ਹੀ ਨਹੀਂ ਸੀ ਹੋ ਸਕੀ। ਉਹ ਮਿਲ ਵੀ ਜਾਂਦੇ ਤਾਂ ਇਹੀ ਆਖਦੇ, 'ਬਈ ਗ਼ਨੀਮਤ ਸਮਝੋ ਕਿ ਇਸ ਰਾਜ ਵਿਚ ਤਾਰੇ ਨਿਕਲਦੇ ਨੇ।'
ਖ਼ੈਰ, ਮੈਂ ਸੂਰਜ ਦੇ ਨਿਕਲਣ ਤਕ ਉਸਦਾ ਇੰਤਜ਼ਾਰ ਕਰਾਂਗਾ।
ਆਜ਼ਾਦੀ ਦਿਹਾੜਾ ਵੀ ਤਾਂ ਬਰਸਾਤੀ ਮੌਸਮ ਵਿਚ ਆਉਂਦਾ ਹੈ। ਅੰਗਰੇਜ਼ ਬੜੇ ਚਲਾਕ ਸਨ, ਬਰਸਾਤ ਦੇ ਦਿਨਾਂ ਵਿਚ ਆਜ਼ਾਦ ਕਰਦੇ ਚਲੇ ਗਏ… ਉਸ ਕਪਟੀ ਪ੍ਰੇਮੀ ਵਾਂਗ ਪੱਤਰੇ ਵਾਚ ਗਏ, ਜਿਹੜਾ ਪ੍ਰਮਿਕਾ ਦੀ ਛੱਤਰੀ ਵੀ ਨਾਲ ਲੈ ਜਾਂਦਾ ਹੈ ਤੇ ਵਿਚਾਰੀ ਭਿੱਜਦੀ-ਭੱਜਦੀ, ਬਸ-ਸਟੈਂਡ ਵਲ ਜਾਂਦੀ ਨੂੰ ਪ੍ਰੇਮੀ ਨਹੀਂ, ਛੱਤਰੀ ਚੋਰ ਯਾਦ ਆ ਰਿਹਾ ਹੁੰਦਾ ਹੈ।
ਭਿੱਜਦੀ ਹੋਈ ਆਜ਼ਾਦੀ ਤੇ ਕੰਬਦਾ ਹੋਇਆ ਲੋਕਰਾਜ !
ਮੈਂ ਓਵਰਕੋਟ ਦੀਆਂ ਜੇਬਾਂ ਵਿਚ ਹੱਥ ਤੁੰਨੀ ਖੜ੍ਹਾ ਪਰੇਡ ਵੇਖ ਰਿਹਾ ਹਾਂ। ਪ੍ਰਧਾਨ ਮੰਤਰੀ ਆਪਣੇ ਕਿਸੇ ਵਿਦੇਸ਼ੀ ਮਹਿਮਾਨ ਨਾਲ ਓਪਨ ਕਾਰ ਵਿਚੋਂ ਉਤਰਦੇ ਨੇ। ਰੇਡੀਓ ਟਿੱਪਣੀਕਾਰ ਕਹਿੰਦਾ ਹੈ, 'ਘੋਰ ਤਾਲੀ ਨਾਦ ਗੂੰਜ ਰਿਹਾ ਹੈ।' ਪਰ ਮੈਂ ਵੇਖ ਰਿਹਾ ਹਾਂ ਸਾਡੇ ਵਿਚੋਂ ਕੋਈ ਵੀ ਤਾੜੀਆਂ ਨਹੀਂ ਵਜਾ ਰਿਹਾ …ਸਾਡੇ ਹੱਥ ਤਾਂ ਆਪੋ-ਆਪਣੇ ਕੋਟ ਦੀਆਂ ਜੇਬਾਂ ਵਿਚ ਨੇ; ਬਾਹਰ ਕੱਢਣ ਨੂੰ ਜੀਅ ਹੀ ਨਹੀਂ ਕਰਦਾ, ਸੁੰਨ ਹੋ ਜਾਣਗੇ।
ਕੀ ਹੋਇਆ ਜੇ ਅਸੀਂ ਨਹੀਂ ਵਜਾ ਰਹੇ ਸਾਂ, ਤਾੜੀਆਂ ਤਾਂ ਵੱਜ ਹੀ ਰਹੀਆਂ ਸਨ; ਸਾਹਮਣੇ ਗਰਾਊਂਡ ਵਿਚ ਬੈਠੇ ਲੋਕ ਵਜਾ ਰਹੇ ਸਨ। ਉਹਨਾਂ ਕੋਲ ਹੱਥ ਨਿੱਘੇ ਕਰਨ ਲਈ ਕੋਟ ਹੀ ਨਹੀਂ ਸਨ। ਇੰਜ ਜਾਪਦਾ ਹੈ ਲੋਕਰਾਜ ਠਰੇ ਹੋਏ ਹੱਥਾਂ ਦੀਆਂ ਤਾੜੀਆਂ ਉਪਰ ਟਿਕਿਆ ਹੋਇਆ ਹੈ। ਲੋਕਰਾਜ ਨੂੰ ਉਹਨਾਂ ਹੱਥਾਂ ਦੀਆਂ ਤਾੜੀਆਂ ਹੀ ਨਸੀਬ ਹੁੰਦੀਆਂ ਹਨ, ਜਿਹਨਾਂ ਦੇ ਮਾਲਿਕਾਂ ਕੋਲ ਹੱਥਾਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕਪੜੇ ਨਹੀਂ ਹੁੰਦੇ।
ਪਰ ਕੁਝ ਲੋਕ ਕਹਿੰਦੇ ਨੇ, 'ਗਰੀਬੀ ਖ਼ਤਮ ਹੋਣੀ ਚਾਹੀਦੀ ਹੈ।' ਉਦੋਂ ਹੀ ਦੂਜੇ ਬੋਲ ਪੈਂਦੇ ਨੇ, 'ਇੰਜ ਆਖਣ ਵਾਲੇ ਲੋਕਰਾਜ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਨੇ।'
ਲੋਕਰਾਜੀ ਸਮਾਰੋਹ ਵਿਚ ਹਰੇਕ ਰਾਜ ਦੀ ਝਾਕੀ ਵਿਖਾਈ ਜਾਂਦੀ ਹੈ, ਪਰ ਇਹ ਝਾਕੀਆਂ ਆਪੋ-ਆਪਣੇ ਰਾਜ ਦੀ ਸੱਚੀ ਪ੍ਰਤੀਨਿਧਤਾ ਨਹੀਂ ਕਰਦੀਆਂ 'ਸਤਮੇਵ ਜਯਤੇ' ਸਾਡਾ ਮਾਟੋ ਹੈ…ਪਰ ਝਾਕੀਆਂ ਝੂਠ ਬੋਲਦੀਆਂ ਹਨ। ਇਹਨਾਂ ਵਿਚ ਵਿਕਾਸ ਦੇ ਕੰਮ, ਲੋਕ ਜੀਵਨ ਅਤੇ ਇਤਿਹਾਸ ਪੇਸ਼ ਕੀਤਾ ਹੁੰਦਾ ਹੈ, ਪਰ ਹਰੇਕ ਰਾਜ ਨੂੰ ਓਹੀ ਝਾਕੀ ਪੇਸ਼ ਕਰਨੀ ਚਾਹੀਦੀ ਹੈ ਜਿਸ ਵਿਚ ਸਦਕਾ ਉਸਨੇ ਪਿੱਛਲੇ ਸਾਲ ਵਧੇਰੇ ਨਾਮਨਾ ਖੱਟਿਆ ਸੀ। ਜਿਵੇਂ ਗੁਜਰਾਤ ਦੀ ਝਾਕੀ ਵਿਚ ਇਸ ਸਾਲ ਦੰਗੇ-ਫਸਾਦਾਂ ਦੇ ਦ੍ਰਿਸ਼ ਹੋਣੇ ਚਾਹੀਦੇ ਸਨ…ਬਲਦੇ ਹੋਏ ਮਕਾਨ, ਅੱਗ ਵਿਚ ਸੁੱਟੇ ਜਾ ਰਹੇ ਬੱਚੇ। ਪਿੱਛਲੇ ਸਾਲ ਮੈਨੂੰ ਪੂਰੀ ਉਮੀਦ ਸੀ ਕਿ ਸਾੜੇ ਜਾ ਰਹੇ ਹਰੀਜਨ ਵਿਖਾਏ ਜਾਣਗੇ, ਪਰ ਇੰਜ ਨਹੀਂ ਸੀ ਹੋਇਆ। ਇਹ ਕਿੱਡਾ ਵੱਡਾ ਝੂਠ ਹੈ ਕਿ ਇਕ ਰਾਜ ਦੰਗੇ-ਫਸਾਦ ਸਦਕਾ ਅੰਤਰ-ਰਾਸ਼ਟਰੀ ਨਾਮਨਾ ਖੱਟਦਾ ਹੈ ਪਰ ਝਾਕੀ ਵਿਖਾਈ ਜਾਂਦੀ ਹੈ ਲਘੂ ਉਦਯੋਗ ਦੀ। ਫਸਾਦਾਂ ਨਾਲੋਂ ਚੰਗਾ ਘਰੇਲੂ ਉਦਯੋਗ ਹੋਰ ਕਿਹੜਾ ਹੋ ਸਕਦਾ ਹੈ, ਇਸ ਦੇਸ਼ ਵਿਚ ? ਮੇਰੇ ਮੱਧ ਪ੍ਰਦੇਸ਼ ਨੇ ਦੋ ਸਾਲ ਪਹਿਲਾਂ ਸੱਚ ਲਾਗੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ, ਝਾਕੀ ਵਿਚ ਅਕਾਲ ਰਾਹਤ ਪ੍ਰੋਗ੍ਰਾਮ ਸੰਬੰਧੀ ਦ੍ਰਿਸ਼ ਵਿਖਾਏ ਸਨ…ਪਰ ਸੱਚ ਅਧੂਰਾ ਰਹਿ ਗਿਆ ਸੀ। ਉਸ ਸਾਲ ਮੱਧ ਪ੍ਰਦੇਸ਼ ਰਾਹਤ ਕਾਰਜਾਂ ਕਰਕੇ ਨਹੀਂ, ਰਾਹਤ ਕਾਰਜਾਂ ਵਿਚ ਹੋਏ ਘਪਲਿਆਂ ਸਦਕਾ ਮਸ਼ਹੂਰ ਹੋਇਆ ਸੀ। ਮੇਰਾ ਸੁਝਾਅ ਮੰਗਦੇ ਤਾਂ ਝਾਕੀਆਂ ਵਿਚ ਜਾਲ੍ਹੀ ਮਸਟਰੋਲ ਭਰਿਆ ਜਾ ਰਿਹਾ ਵਿਖਾਉਂਦੇ ਅਤੇ ਚੁਕਾਰਾ ਕਰਨ ਵਾਲੇ (ਵੰਡ-ਅਫ਼ਸਰ) ਦਾ ਅੰਗੂਠਾ ਹਜ਼ਾਰਾਂ ਮੂਰਖਾਂ ਦੇ ਨਾਂਅ ਸਾਹਮਣੇ ਲੱਗਦਾ ਵਿਖਾਇਆ ਜਾਂਦਾ। ਨੇਤਾ, ਅਫ਼ਸਰ ਤੇ ਠੇਕੇਦਾਰ ਵਿਚਕਾਰ ਹੋਇਆ ਲੈਣ-ਦੈਣ ਦਰਸਾਉਂਦੇ। ਉਹਨਾਂ ਝਾਕੀਆਂ ਵਿਚ ਤਾਂ ਉਹ ਗੱਲ ਵੀ ਨਹੀਂ ਸੀ ਦਰਸਾਈਂ…ਪਿਛਲੇ ਸਾਲ ਸਕੂਲਾਂ ਦੇ ਟਾਟ-ਪੱਟੀ ਕਾਂਢ ਸਦਕਾ ਵੀ ਸਾਡਾ ਰਾਜ ਕਾਫ਼ੀ ਮਸ਼ਹੂਰ ਹੋਇਆ ਸੀ। ਮੈਂ ਪਿਛਲੇ ਸਾਲ ਦੀ ਝਾਕੀ ਵਿਚ ਇਹ ਦ੍ਰਿਸ਼ ਇੰਜ ਪੇਸ਼ ਕਰਦਾ…ਮੰਤਰੀ, ਅਫ਼ਸਰ ਵਗ਼ੈਰਾ ਖੜ੍ਹੇ ਹਨ ਤੇ ਤੱਪੜ ਖਾ ਰਹੇ ਹਨ।
ਜਿਹੜੇ ਹਾਲ ਝਾਕੀਆਂ ਦੇ ਹਨ, ਉਹੀ ਐਲਾਨਾ ਦੇ। ਹਰ ਸਾਲ ਐਲਾਨ ਕਰ ਦਿੱਤਾ ਜਾਂਦਾ ਹੈ, ਸਮਾਜਵਾਦ ਆ ਰਿਹਾ ਹੈ। ਪਰ ਅੱਜ ਤਾਈਂ ਉਹ ਬਹੁੜਿਆ ਹੀ ਨਹੀਂ…ਪਤਾ ਨਹੀਂ ਕਿੱਥੇ ਅਟਕ ਗਿਆ ਹੈ ? ਲਗਾਤਾਰ ਸਾਰੇ ਦਲ ਸਮਾਜਵਾਦ ਲੈ ਆਉਣ ਦਾ ਦਾਅਵਾ ਕਰਦੇ ਨੇ, ਪਰ ਉਹ ਆ ਹੀ ਨਹੀਂ ਰਿਹਾ।
ਮੈਂ ਇਕ ਸੁਪਨਾ ਵੇਖਦਾ ਹਾਂ : ਸਮਾਜਵਾਦ ਆ ਗਿਆ ਹੈ ਤੇ ਬਸਤੀ ਤੋਂ ਬਾਹਰ-ਵਾਰ ਟਿੱਬੇ ਉੱਤੇ ਖਲੋਤਾ ਹੋਇਆ ਹੈ। ਬਸਤੀ ਦੇ ਲੋਕ ਆਰਤੀ ਵਾਲੀ ਥਾਲੀ ਸਜਾ ਕੇ ਉਸਦਾ ਸਵਾਗਤ ਕਰਨ ਲਈ ਤਿਆਰ ਖੜ੍ਹੇ ਨੇ। ਉਧਰ ਕਈ ਸਮਾਜਵਾਦੀ ਗੁੱਟ ਉਸਨੂੰ ਟਿੱਬੇ ਉਪਰ ਹੀ ਘੇਰੀ ਖੜ੍ਹੇ ਨੇ। ਸਾਰੇ ਲੋਕਾਂ ਨੂੰ ਆਖ ਕੇ ਆਏ ਨੇ ਕਿ ਅਸੀਂ ਸਮਾਜਵਾਦ ਲਿਆਵਾਂਗੇ।
ਟਿੱਬੇ ਉੱਤੇ ਖਲੋਤਾ ਸਮਾਜਵਾਦ ਕੂਕਦਾ ਹੈ, 'ਓਇ ਮੈਨੂੰ ਬਸਤੀ ਵਿਚ ਲੈ ਚੱਲੋ ਓਇ….'
ਪਰ ਟਿੱਬੇ ਉੱਤੇ ਉਸਨੂੰ ਘੇਰੀ ਖੜ੍ਹੇ ਸਮਾਜਵਾਦੀ ਕਹਿੰਦੇ ਹਨ, 'ਠਹਿਰ ਬਈ, ਪਹਿਲਾਂ ਫੈਸਲਾ ਤਾਂ ਹੋ ਜਾਵੇ ਕਿ ਕਿਹੜਾ ਤੈਨੂੰ ਖੜ ਕੇ ਬਸਤੀ 'ਚ ਲਿਜਾਵੇਗਾ…'
ਸਾਰੇ ਹੀ ਸਮਾਜਵਾਦੀ ਸਸੋਪਾ, ਪਸਪਾ ਵਾਲੇ ਲੋਕ ਤਾਂਤਰਿਕ ਸਮਾਜਵਾਦੀ, ਪੀਪਲਜ਼ ਡੈਮੋਕਰੇਸੀ ਅਤੇ ਨੈਸ਼ਨਲ ਡੈਮੋਕਰੇਸੀ ਵਾਲੇ ਸਮਾਜਵਾਦੀ, ਦੋਵਾਂ ਧੜਿਆਂ ਦੇ ਕਾਂਗਰਸੀ ਸੋਸ਼ਲਿਸਟ, ਯੂਨਿਟ ਸੈਂਟਰ ਵਾਲੇ ਅਤੇ ਕਰਾਂਤੀਕਾਰੀ ਸਮਾਜਵਾਦੀ…ਸਮਾਜਵਾਦ ਦੀ ਨਾਕਾਬੰਦੀ ਕਰੀ ਖੜ੍ਹੇ ਹਨ। ਹਰੇਕ ਸਮਾਜਵਾਦ ਦੀ ਬਾਂਹ ਫੜ੍ਹ ਕੇ ਉਸਨੂੰ ਬਸਤੀ ਵਿਚ ਲੈ ਜਾਣਾ ਚਾਹੁੰਦਾ ਹੈ ਤੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ, 'ਲਓ ਬਈ ਅਸੀਂ ਸਮਾਜਵਾਦ ਲੈ ਆਏ ਹਾਂ।'
ਇਧਰ ਸਮਾਜਵਾਦ ਪ੍ਰੇਸ਼ਾਨ ਹੈ ਤੇ ਉਧਰ ਜੰਤਾ। ਸਮਾਜਵਾਦ ਆਉਣ ਲਈ ਤਿਆਰ ਹੈ, ਪਰ ਸਮਾਜਵਾਦੀ ਆਪੋ ਵਿਚ ਲੱਤੋ-ਮੁੱਕੀ ਹੋ ਰਹੇ ਹਨ। ਸਮਾਜਵਾਦ ਇਕ ਪਾਸੇ ਉਤਰਨਾਂ ਚਾਹੁੰਦਾ ਹੈ, ਦੂਜੇ ਪਾਸਿਓਂ ਉਸ ਉੱਤੇ ਪਥਰਾਅ ਸ਼ੁਰੂ ਹੋ ਜਾਂਦਾ ਹੈ। 'ਖਬਰਦਾਰ ਉਧਰ ਨਹੀਂ ਜਾਣਾ।' ਇਕ ਸਮਾਜਵਾਦੀ ਉਸਦੀ ਬਾਂਹ ਫੜ੍ਹ ਲੈਂਦਾ ਹੈ ਦੂਜਾ ਉਸਦ ਹੱਥ ਫੜ੍ਹ ਕੇ ਆਪਣੇ ਵੱਲ ਖਿੱਚਦਾ ਹੈ ਤੇ ਹੋਰਾਂ ਦੀ ਖਿੱਚੋ-ਖਿੱਚੀ ਨਾਲ ਉਹਨਾਂ ਦੇ ਹੱਥ ਛੁੱਟ ਜਾਂਦੇ ਨੇ। ਵਿਚਾਰਾ ਸਮਾਜਵਾਦ ਲਹੂ-ਲੁਹਾਣ ਹੋਇਆ ਟਿੱਬੇ ਉੱਤੇ ਖੜ੍ਹਾ ਹੈ।
ਇਸ ਦੇਸ਼ ਵਿਚ ਜਿਹੜਾ ਵੀ ਜਿਸ ਕੰਮ ਲਈ ਪ੍ਰਤੀਬੱਧ ਹੈ, ਉਹੀ ਉਸਦੀਆਂ ਜੜਾਂ ਕੱਟ ਰਿਹਾ ਹੈ। ਲਿਖਣ-ਆਜ਼ਾਦੀ ਲਈ ਪ੍ਰਤੀਬੱਧ ਲੋਕ ਹੀ ਲੇਖਕ ਦੀ ਆਜ਼ਾਦੀ ਖੋਹ ਰਹੇ ਹਨ। ਸਹਿਕਾਰਤਾ ਲਈ ਪ੍ਰਤੀਬੱਧ ਲੋਕ ਹੀ ਇਸ ਅੰਦੋਲਨ ਨੂੰ ਫੇਲ੍ਹ ਕਰਨ ਤੇ ਤੁਲੇ ਹੋਏ ਹਨ…ਉਹ ਰਲਮਿਲ ਕੇ ਸਹਿਕਾਰਤਾ-ਪੂਰਨ ਖਾ-ਪੀ ਜਾਂਦੇ ਹਨ ਤੇ ਅੰਦੋਲਨ ਨੂੰ ਫੇਲ੍ਹ ਕਰ ਦਿੰਦੇ ਹਨ। ਸਮਾਜਵਾਦ ਨੂੰ ਸਮਾਜਵਾਦੀ ਹੀ ਰੋਕੀ ਖੜ੍ਹੇ ਹਨ।
ਉਂਜ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਸਮਾਜਵਾਦ ਆਉਣ ਹੀ ਵਾਲਾ ਹੈ।
ਮੈਂ ਕਲਪਨਾ ਕਰਦਾ ਹਾਂ…ਅਚਾਨਕ ਫੁਰਮਾਨ ਜਾਰੀ ਕੀਤਾ ਜਾਏਗਾ, 'ਸਮਾਜਵਾਦ ਸਾਰੇ ਦੇਸ਼ ਵਿਚ ਦੌਰਾ ਕਰੇਗਾ…ਉਸਦੀ ਸੁਰੱਖਿਆ ਦਾ ਪੁਰਾ-ਪੂਰਾ ਬੰਦੋਬਸਤ ਕੀਤਾ ਜਾਵੇ।'
ਇਕ ਸੈਕ੍ਰੇਟਰੀ ਦੂਜੇ ਸੈਕ੍ਰੇਟਰੀ ਨੂੰ ਕਹੇਗਾ, 'ਲਓ ਜੀ, ਇਕ ਹੋਰ ਵੀ. ਆਈ. ਪੀ. ਸੱਜਣ ਆ ਰਹੇ ਨੇ। ਹੁਣ ਇਹਨਾਂ ਦਾ ਬੰਦੋਬਸਤ ਕਰੋ। ਨੱਕ 'ਚ ਦਮ ਕਰ ਛੱਡਿਆ ਏ।'
ਜ਼ਿਲਾ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤਾ ਜਾਏਗਾ, ਉਹ ਐਸ. ਡੀ. ਐਮ. ਨੂੰ ਲਿਖ ਭੇਜਣਗੇ ਤੇ ਉਹ ਅਗਾਂਹ ਤਹਿਸੀਲਦਾਰਾਂ ਨੂੰ।
ਪੁਲਿਸ ਥਾਨਿਆਂ ਵਿਚ ਫੁਰਮਾਨ ਪਹੁੰਚ ਜਾਏਗਾ : 'ਸਮਾਜਵਾਦ ਦੀ ਸੁਰੱਖਿਆ ਦੀ ਤਿਆਰੀ ਕਰੋ।'
ਦਫ਼ਤਰਾਂ ਦੇ ਹੈਡ ਕਲਰਕ, ਕਲਰਕਾਂ ਨੂੰ ਕਹਿਣਗੇ, 'ਤਿਵਾੜੀ ਜੀ ਮ'ਰਾਜ, ਉਹ ਇਕ ਸਮਾਜਵਾਦ ਵਾਲਾ ਕਾਗਜ਼ ਆਇਆ ਸੀ ਨਾ…ਜ਼ਰਾ ਕੱਢਿਓ ਖਾਂ….'
ਤੇ ਕਲਰਕ ਤਿਵਾੜੀ ਲੱਭ-ਲੁੱਭ ਕੇ ਕਾਗਜ਼ ਉਸਦੇ ਹੱਥ ਵਿਚ ਫੜਾ ਦਵੇਗਾ। ਹੈਡ ਕਲਰਕ ਕਾਗਜ਼ ਵੇਖ ਕੇ ਕਹੇਗਾ, 'ਹੈਂ-ਹੈਂ ! ਸਮਾਜਵਾਦ ਤਾਂ
ਸਾਰੇ ਅਫ਼ਸਰ ਇੱਕਠੇ ਹੋ ਕੇ ਚੀਫ਼ ਸੈਕ੍ਰੇਟਰੀ ਕੋਲ ਜਾਣਗੇ। 'ਸਮਾਜਵਾਦ ਕੁਝ ਦਿਨ ਠਹਿਰ ਕੇ ਨਹੀਂ ਆ ਸਕਦਾ ਜੀ ? ਦਰਅਸਲ ਅਸੀਂ ਉਸਦੀ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਾਂਗੇ। ਦੁਸ਼ਹਿਰਾ ਆ ਰਿਹੈ, ਦੰਗੇ ਦੇ ਆਸਾਰ ਨੇ। ਪੂਰੀ ਫੋਰਸ ਦੰਗਿਆਂ ਨਾਲ ਨਜਿੱਠਣ ਲਈ ਲਾ ਦਿੱਤੀ ਗਈ ਏ ਜੀ।'
ਚੀਫ਼ ਸੈਕ੍ਰੇਟਰੀ ਦਿੱਲੀ ਲਿਖ ਭੇਜੇਗਾ : 'ਅਸੀਂ ਮਜ਼ਬੂਰ ਹਾਂ। ਸਮਾਜਵਾਦ ਦੀ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਾਂਗੇ…ਅਜੇ ਉਸਦਾ ਦੌਰਾ ਮੁਲਤਵੀ ਦਿੱਤਾ ਜਾਏ।'
ਜਿਸ ਰਾਜ ਵਿਚ ਸਮਾਜਵਾਦ ਦੀ ਆਮਦ ਦੇ ਕਾਗਜ਼ ਦੱਬ ਲਏ ਜਾਂਦੇ ਹਨ ਤੇ ਜਿਸ ਵਿਚ ਉਸਦੀ ਸੁਰੱਖਿਆ ਦੇ ਅਜੇ ਪ੍ਰਬੰਧ ਨਹੀਂ ਹੋ ਸਕਦੇ। ਉਸਦੇ ਭਰੋਸੇ ਸਮਾਜਵਾਦ ਲਿਆਉਣਾ ਹੈ ਤਾਂ ਲੈ ਆਓ ! ਮੈਨੂੰ ਕੋਈ ਖ਼ਾਸ ਇਤਰਾਜ਼ ਨਹੀਂ। ਲੋਕਾਂ ਦੀ ਬਜਾਏ ਸਮਾਜਵਾਦ ਦਫਤਰਾਂ ਰਾਹੀਂ ਆ ਗਿਆ ਤਾਂ ਇਹ ਇਕ ਇਤਿਹਾਸਕ ਘਟਨਾ ਹੋਵੇਗੀ।

ਇਕ ਮਾਦਾ, ਇਕ ਕੁੜੀ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਇਕ ਮਾਦਾ, ਇਕ ਕੁੜੀ : ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੋਬਾਇਲ : 94177-30600.


ਕਮਲਾ ਦਾਸ ਮਲਿਆਲਮ ਤੇ ਅੰਗਰੇਜ਼ੀ ਦੀ ਪ੍ਰਸਿੱਧ ਕਥਾ-ਲੇਖਕਾ ਤੇ ਕਵਿੱਤਰੀ ਹੈ ਤੇ ਅੰਮ੍ਰਿਤਾ ਪ੍ਰੀਤਮ ਪੰਜਾਬੀ ਤੇ ਹਿੰਦੀ ਦੀ ਪ੍ਰਸਿੱਧ ਕਥਾ-ਲੇਖਕਾ ਤੇ ਕਵਿੱਤਰੀ। ਦੋਵਾਂ ਆਪੁ-ਆਪਣੀ ਆਤਮ-ਕਥਾ ਲਿਖ ਮਾਰੀ। ਕਮਲਾ ਦਾਸ ਦੀ ਆਤਮ-ਕਥਾ ਦਾ ਨਾਂਅ ਹੈ—'ਮੇਰੀ ਕਹਾਣੀ', ਤੇ ਅੰਮਿਤਾ ਪ੍ਰੀਤਮ ਦੀ—'ਰਸੀਦੀ ਟਿਕਟ'।
ਪੜ੍ਹ ਤਾਂ ਮੈਂ ਕਾਫੀ ਚਿਰ ਪਹਿਲਾਂ ਈ ਲਈਆਂ ਸਨ, ਪਰ ਇਹਨਾਂ ਬਾਰੇ ਕੁਝ ਕਹਿਣ ਤੋਂ ਹਾਲੇ ਤੀਕ ਡਰ ਰਿਹਾਂ, ਕਿਉਂਕਿ ਇਹ ਦੋਵੇਂ 'ਲਿਬਰੇਟੇਡ' (ਮੁਕਤ/ਆਜ਼ਾਦ) ਨਾਰੀਆਂ ਨੇ; ਘੱਟੋਘੱਟ ਇਹਨਾਂ ਦੇ ਤੇਵਰ ਤਾਂ ਅਜਿਹੇ ਹੀ ਨੇ। ਪਤਾ ਨਹੀਂ ਇਹ ਕਿਸ-ਕਿਸ ਚੀਜ਼ਾਂ ਤੋਂ ਮੁਕਤ ਹੋ ਚੁੱਕੀਆਂ ਨੇ...ਇਹਨਾਂ ਦੀ ਮੁਕਤੀ ਦੇ ਜਾਲ ਵਿਚ ਫਸ ਜਾਓ, ਤਾਂ ਫ਼ਜ਼ੀਹਤ (ਖ਼ੈਰ ਨਹੀਂ)। ਹਾਂ, ਮੁਕਤੀ ਦੀਆਂ ਵੀ ਆਪਣੀਆਂ ਹੀ ਜ਼ੰਜੀਰਾਂ ਹੁੰਦੀਆਂ ਨੇ।
ਇਹਨਾਂ ਆਤਮ-ਕਥਾਵਾਂ ਨੂੰ ਪੜ੍ਹ ਕੇ ਲੱਗਿਆ ਕਿ ਇਹਨਾਂ ਮੁਕਤ ਤੇ ਬੁੱਧੀਵਾਨ-ਨਾਰੀਆਂ ਨੇ, ਆਪਣੇ ਆਪ ਨੂੰ ਉਹਨਾਂ ਜ਼ੰਜੀਰਾਂ ਵਿਚ ਹੋਰ ਵਧੇਰੇ ਜਕੜ ਲਿਆ ਹੈ, ਜਿਹੜੀਆਂ ਨਾਰੀ ਨੂੰ ਦਾਸੀ ਬਣਾਈ ਰਖਦੀਆਂ ਨੇ—ਯਾਨੀ ਚੰਮੜੀ ਦਾ ਮੋਹ ਤੇ ਅਤਿ ਭਵੁਕਤਾ ਰੂਪੀ ਜੂਲਾ।
ਕਮਲਾ ਦਾਸ ਦੀ ਆਤਮ-ਕਥਾ ਦਾ ਨਾਂਅ ਹੋਣਾ ਚਾਹੀਦਾ ਸੀ—'ਇਕ ਮਾਦਾ ਦੀ ਕਹਾਣੀ'। ਇਹ ਕਿਸੇ ਔਰਤ ਦੀ ਕਹਾਣੀ ਨਹੀਂ ਜਾਪਦੀ, ਤੇ ਲੇਖਕਾ ਦੀ ਤਾਂ ਬਿਲਕੁਲ ਵੀ ਨਹੀਂ; ਸ਼ੁੱਧ ਮਾਦਾ ਦੀ ਕਹਾਣੀ ਲੱਗਦੀ ਹੈ। ਇਹ ਕਿਸੇ ਬੱਕਰੀ ਜਾਂ ਗਊ ਦੀ ਕਹਾਣੀ ਵੀ ਨਹੀਂ ਹੋ ਸਕਦੀ। ਬੱਕਰੀ ਜਾਂ ਗਊ ਨੂੰ ਘੱਟੋਘੱਟ ਘਾਹ-ਫੂਸ ਦੀ ਤਾਂ ਚਿੰਤਾ ਹੁੰਦੀ ਹੈ; ਕਮਲਾ ਦਾਸ ਨੂੰ ਇਹ ਚਿੰਤਾ ਵੀ ਨਹੀਂ। ਬੱਕਰੀ ਜਾਂ ਗਊ ਦੇ 'ਸੈਕਸ' ਕਰਨ ਦੀ ਕੋਈ ਵਿਸ਼ੇਸ਼ ਰੁੱਤ ਤੇ ਸਮਾਂ ਹੁੰਦਾ ਹੈ, ਕਮਲਾ ਦਾਸ ਬਾਰਾਂ-ਮਾਸੀਆ ਹੈ।
ਬੱਕਰੀ ਜਾਂ ਗਊ ਬੱਚੇ ਨੂੰ ਦੁੱਧ ਪਿਆਉਂਦੀ ਜਾਂ ਚੱਟਦੀ ਹੈ, ਕਮਲਾ ਦਾਸ ਨੇ ਆਪਣੇ ਆਦਮਜ਼ਾਦਾਂ ਨਾਲ ਇੰਜ ਕੀਤਾ ਹੋਵੇ, ਇਸ ਦੀ ਭਿਣਕ ਵੀ ਇਸ ਕਿਤਾਬ ਵਿਚ ਨਹੀਂ ਮਿਲਦੀ। ਪਤੀ ਨਾਲ ਨਫ਼ਰਤ ਜਾਂ ਪ੍ਰੇਮ ਦਾ ਕੋਈ ਰਿਸ਼ਤਾ ਨਹੀਂ, ਉਹ ਸਿਰਫ ਅਤਿ-ਕਾਮੁਕ ਨਰ ਹੈ। ਸਮ-ਲਿੰਗੀ ਵੀ ਹੈ। ਪਤੀ ਸਮੇਤ ਜਿਹਨਾਂ ਆਦਮੀਆਂ ਦੇ ਲੇਖਕਾ ਨਾਲ ਸੰਬੰਧ ਰਹੇ ਨੇ, ਉਹਨਾਂ ਵਿਚੋਂ ਕਿਸੇ ਨਾਲ ਵੀ ਲੇਖਕਾ ਦੀ ਕੋਈ ਭਾਵ-ਆਤਮਕ ਸਾਂਝ ਨਹੀਂ। ਇਕ ਲੋਲ੍ਹੜ ਹੈ, ਜਿਹੜਾ ਲੇਖਕਾ ਨੂੰ ਦੇਵੀ ਮੰਨ ਕੇ ਦੂਰੋਂ ਹੀ ਉਸਦੀ ਆਰਤੀ ਕਰਦਾ ਰਹਿੰਦਾ ਹੈ।
ਪੂਰੀ ਕਥਾ ਵਿਚ ਇਹੋ ਗੱਲਾਂ ਨੇ—ਚੰਮਾਂ-ਚੱਟੀ, ਦਬੋਚ ਲੈਣਾ, ਮਸਲ ਦੇਣਾ, ਬਿਸਤਰੇ 'ਤੇ ਜਾ ਵਿਛਣਾ—ਕਦੀ ਇੱਛਾ ਨਾਲ, ਕਦੀ ਅਣਇੱਛਾ ਨਾਲ। ਮੈਂ ਹਰੇਕ ਅਧਿਆਏ ਇਸ ਆਸ ਨਾਲ ਖੋਹਲਦਾ ਰਿਹਾ ਕਿ ਸ਼ਾਇਦ ਇਸ ਵਿਚ ਕੁਝ ਵੱਖਰਾ ਹੋਵੇ...ਪਰ ਉਹੀ, ਉਹੀ ਤੇ ਸਿਰਫ ਉਹੀ ਕੁਝ ਹੁੰਦਾ ਰਿਹਾ।
ਅੰਮ੍ਰਿਤਾ ਪ੍ਰੀਤਮ ਦੀ ਭਾਸ਼ਾ, ਸ਼ੈਲੀ ਦੀਆਂ ਅਦਾਵਾਂ ਬੜੀਆਂ ਰੰਗੀਨ ਨੇ ਤੇ ਅਤਿਭਾਵੁਕ ਤੇ ਸਸਤੀਆਂ ਭਵਨਾਵਾਂ ਐਰਾ-ਵਗ਼ੈਰਾ ਵੀ ਨੇ। ਪਰ ਠੋਸ ਯਥਾਰਥੀ ਜ਼ਿੰਦਗੀ ਅੰਮ੍ਰਿਤਾ ਪ੍ਰੀਤਮ ਲਈ ਸਿਰਫ ਲਿਜਲਿਜੀ, ਲਿੱਸੜ, ਪਰ ਕਿਤੇ-ਕਿਤੇ ਲੰਮਕਦੀ ਹੋਈ ਕਿਸੇ ਫੁੰਦੇ ਵਰਗੀ ਭਾਵੁਕਤਾ ਦੇ ਸਮਾਨ ਹੈ।
ਸਾਹਿਰ ਦੀ ਛਾਤੀ ਉਪਰ ਕਦੀ ਅਲ੍ਹੜ-ਅਵਸਥਾ ਵਿਚ ਅੰਮ੍ਰਿਤਾ ਪ੍ਰੀਤਮ ਨੇ ਕੌੜੇ ਤੇਲ ਦੀ ਮਾਲਿਸ਼ ਕੀਤੀ ਸੀ। ਕਹਿੰਦੀ ਹੈ—'ਚਾਂਹਦੀ ਸੀ ਹਮੇਸ਼ਾ ਇਵੇਂ ਹੀ ਤੇਲ ਮਾਲਦੀ ਰਵਾਂ'। (ਯਾਨੀ ਵਿਚਾਰਾ ਸਾਹਿਰ ਜ਼ਿੰਦਗੀ-ਭਰ ਬੀਮਾਰ ਰਹੇ)। ਇਸ ਘਟਨਾਂ ਨੂੰ ਅੰਮ੍ਰਿਤਾ ਪ੍ਰੀਤਮ ਏਨੀ ਥਾਈਂ ਬਿਆਨ ਕਰ ਚੁੱਕੀ ਹੈ ਤੇ ਲੋਕਾਂ ਨੇ ਏਨੀ ਵਾਰੀ ਪੜ੍ਹੀ ਹੈ ਕਿ ਵਿਚਾਰੇ ਸਾਹਿਰ ਦੀ ਛਾਤੀ ਉੱਤੇ ਰਗੜਾਂ ਨਾਲ ਛਾਲੇ ਪੈ ਗਏ ਹੋਣਗੇ, ਏਨੀ ਮਾਲਿਸ਼ ਹੋਈ ਹੈ।
ਮੇਰਾ ਅੰਦਾਜ਼ਾ ਹੈ ਕਿ ਅੰਮ੍ਰਿਤਾ ਦੇ ਏਸ ਵਾਰੀ ਦੇ ਬਿਆਨ ਨਾਲ ਤਾਂ ਖ਼ੁਦ ਵਿਚਾਰਾ ਸਾਹਿਰ ਸਿਰਫ ਪ੍ਰੇਸ਼ਾਨ ਹੀ ਨਹੀਂ, ਬਲਕਿ ਅਤਿ ਸ਼ਰਮਿੰਦਾ ਵੀ ਹੋ ਰਿਹਾ ਹੋਵੇਗਾ। ਇਸ 'ਲਿਬਰੇਸ਼ਨ' ਦਾ, ਅੰਮ੍ਰਿਤਾ ਪ੍ਰੀਤਮ ਦੀ ਜ਼ੁਬਾਨੀ, ਇਹ ਹਾਲ ਹੈ ਕਿ ਉਸਦਾ ਪੁੱਤਰ ਪੁੱਛਦਾ ਹੈ—ਮੰਮੀ, ਕੀ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ? ਇਹ ਹੈ ਮੁਕਤੀ/ਆਜ਼ਾਦੀ, ਜਿਸ ਵਿਚ ਪੁੱਤਰ ਮਾਂ ਤੋਂ ਪੁੱਛੇ ਬਈ ਇਹ ਜਿਹੜੇ ਮਰਦ ਤੇਰੇ ਆਲੇ-ਦੁਆਲੇ ਭੌਂ ਰਹੇ ਨੇ ਇਹਨਾਂ ਵਿਚੋਂ ਮੇਰਾ ਪਿਓ ਕਿਹੜਾ ਹੈ...?...ਮੈਨੂੰ ਆਪਣੇ ਗਵਾਚੇ ਹੋਏ ਪਿਓ ਦੀ ਤਲਾਸ਼ ਹੈ।
ਅੰਮ੍ਰਿਤਾ ਪ੍ਰੀਤਮ ਦੀ ਮੌਜ਼ ਇਹ ਹੈ ਕਿ ਹਾਲੇ ਤੀਕ ਉਸਨੇ ਅੱਲ੍ਹੜ-ਅਵਸਥਾ ਪਾਰ ਨਹੀਂ ਕੀਤੀ। ਉਹ ਉਹੀ 18 ਸਾਲਾਂ ਦੀ ਕੁੜੀ ਬਣੀ ਹੋਈ ਹੈ। ਜ਼ਿੰਦਗੀ ਨੇ ਉਸਨੂੰ ਕੁਝ ਨਹੀਂ ਸਿਖਾਇਆ, ਅਨੁਭਵ ਉਸ ਲਈ ਬੇਕਾਰ ਦੀ ਸ਼ੈ ਨੇ।
ਕਮਲਾ ਦਾਸ ਦੀ ਆਤਮ-ਕਥਾ ਪੜ੍ਹਦਿਆਂ ਹੋਇਆਂ ਇੰਜ ਲੱਗਿਆ, ਜਿਵੇਂ ਕਿਸੇ ਮਾਸਾ-ਹਾਰੀ ਹੋਟਲ ਸਾਹਵੇਂ ਖੜ੍ਹਾ ਹੋਵਾਂ, ਜਿਸਦੇ ਸਾਈਨ ਬੋਰਡ ਉੱਤੇ ਲਿਖਿਆ ਹੋਵੇ...'ਇੱਥੇ ਵਧੀਆ ਚਿਕਨ, ਕਬਾਬ, ਮੁਰਗ-ਮੁਸੱਲਮ, ਬਿਰਿਆਨੀ ਮਿਲਦੇ ਹਨ'। ਰੇਡੀਓ ਵਿਚ ਇਕ ਫਿਲਮੀ ਗਾਣਾ ਚੀਕ ਰਿਹਾ ਹੈ 'ਜਾ ਰੇ ਪੀਛਾ ਛੋੜ ਮੁਝ ਮਤਵਾਲੀ ਕਾ, ਰੂਪ ਸਹਾ ਨਾ ਜਾਏ ਨਖ਼ਰੇ ਵਾਲੀ ਕਾ—ਹੋ-ਅ'!
ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ਪੜ੍ਹਦੇ ਨੂੰ ਇੰਜ ਲੱਗਿਆ ਸੀ, ਜਿਵੇਂ 'ਦਿਲਬਹਾਰ' ਹੋਟਲ ਦੇ ਸਾਹਮਣੇ ਖੜ੍ਹਾ ਹਾਂ, ਜਿਸ ਦੀਆਂ ਕੰਧਾਂ ਅੱਤ-ਭੜਕੀਲੇ ਲਾਲ ਤੇ ਗੁੜ੍ਹੇ ਹਰੇ ਰੰਗਾਂ ਨਾਲ ਲਿੱਪੀਆਂ ਹੋਈਆਂ ਹਨ, ਫਿਲਮ ਸਟਾਰਾਂ ਦੇ ਅੱਧਨੰਗੇ ਫੋਟੋ ਟੰਗੇ ਹਨ, ਤੇ ਰੇਡੀਓ ਰਾਹੀਂ ਫਿਲਮੀ ਗਾਣਾ ਕੂਕ ਰਿਹਾ ਹੈ—'ਅੱਖੀਆਂ ਮਿਲਾ ਕੇ, ਜੀਆ ਭਰਮਾ ਕੇ, ਚਲੇ ਨਹੀਂ ਜਾਨਾ—ਹੋ-ਅ'!
ਕਮਲਾ ਦਾਸ ਦੀ ਆਤਮ-ਕਥਾ ਕਬਾਬ ਦੀ ਪਲੇਟ ਹੈ।
ਤੇ ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ਲੱਸੀ ਦਾ ਗਿਲਾਸ, ਜਿਸ ਉੱਤੇ ਝੱਗ ਹੀ ਝੱਗ ਹੈ।
ਇਕ ਅੱਧਖੜ ਉਮਰ ਦੀ ਤੀਵੀਂ ਜਾਂ ਕਿਸੇ ਬੁੱਢੀ ਨੇ ਬੁੱਲ੍ਹ ਰੰਗੇ ਹੋਏ ਨੇ, ਚਿਹਰੇ ਉੱਤੇ ਪਾਊਡਰ ਪੋਚਿਆ ਹੋਇਆ ਹੈ, ਅੱਖਾਂ ਵਿਚ ਸੁਰਮਾ ਹੈ, ਵਾਲਾਂ ਵਿਚੋਂ ਤੇਲ ਦੇ ਲਿਸ਼ਕਾਰੇ ਪੈ ਨੇ, ਫੁੰਦੇ ਵਾਲੀ ਪਰਾਂਦੀ ਹੈ, ਸਲਮਾ-ਸਿਤਾਰਿਆਂ ਵਾਲਾ ਸੂਟ। ਇੰਜ ਇਕ ਅਲ੍ਹੜ-ਮੁਟਿਆਰ ਵਾਲੇ ਸਾਰੇ ਲੱਛਣਾ ਸਮੇਤ, ਮਟਕ-ਮਟਕ ਕੇ ਕਹਿੰਦੀ ਫਿਰਦੀ ਹੈ—'ਅਸਾਂ ਕੋਈ ਐਸੇ-ਵੈਸੇ ਨਹੀਂ ਜੀ'। ਇਹ 'ਰਸੀਦੀ ਟਿਕਟ' ਵਾਲੀ ਨਾਰ ਹੈ।
ਦੂਜੀ ਪੱਕੀ ਉਮਰ ਦੀ ਹੈ। ਉਹ ਨਰ ਨੂੰ ਕੰਨੋਂ ਫੜ੍ਹ ਕੇ ਪਲੰਘ ਉੱਤੇ ਲੈ ਜਾਂਦੀ ਹੈ। ਜਦ ਉਸਨੂੰ ਛੱਡਦੀ ਹੈ, ਤਦ ਕਿਸੇ ਭੋਲੀ ਬਾਲੜੀ ਵਾਂਗ ਕਹਿੰਦੀ ਹੈ—ਅਸਾਨੂੰ ਇਹ ਸਭ ਚੰਗਾ ਨਹੀਓਂ ਲੱਗਦਾ ਜੀ।
ਮੈਨੂੰ ਇਹਨਾਂ ਆਤਮ-ਕਥਾਵਾਂ ਨੂੰ ਪੜ੍ਹਨ ਤੋਂ ਪਹਿਲਾਂ ਵੀ ਕੋਈ ਅਜਿਹਾ ਭਰਮ ਨਹੀਂ ਸੀ ਕਿ ਮੈਂ ਸਾਵਿੱਤਰੀ-ਸਤਿਆਵਾਨ ਦੀ ਕਥਾ ਪੜ੍ਹਨ ਲੱਗਿਆ ਹਾਂ। ਮੈਂ ਕੋਈ ਕਟੱੜ ਨੈਤਿਕਤਾਵਾਦੀ ਜਾਂ ਪਵਿੱਤਰਤਾਵਾਦੀ ਵੀ ਨਹੀਂ ਹਾਂ। ਮੈਂ ਇਹਨਾਂ ਲੇਖਕਾਵਾਂ ਨੂੰ ਕਹਿੰਦਾ ਹਾਂ ਕਿ ਜੇ ਕੁਝ ਦੱਸਣ ਹੀ ਬੈਠੀਆਂ ਸੌ ਤਾਂ ਸਭ ਕੁਝ ਖੋਹਲ-ਫਰੋਲ ਕੇ ਰੱਖ ਦਿੱਤਾ ਹੁੰਦਾ, ਐਵੇਂ, ਖਾਹਮਖਾਹ, ਹੀ ਕਿਉਂ ਆਪਣੀ ਇਕ—'ਕੱਲਮ-'ਕੱਲੀ' ਗੱਲ ਦੇ ਮਗਰ ਪਈਆਂ ਰਹੀਆਂ ਹੋ।
ਉਮਰ ਢਲ ਜਾਏ ਤਾਂ ਇਸ ਉਮਰ ਵਿਚ ਨਾ ਘਰਵਾਲੇ ਨੂੰ ਦੂਜੀ ਮਿਲਦੀ ਹੈ ਨਾ ਆਪਾਂ ਨੂੰ ਹੀ ਦੂਜਾ। ਬੱਚਿਆਂ ਨੂੰ ਅਜਿਹੀ ਸਿਖਿਆ ਮਿਲ ਗਈ ਹੋਵੇ ਕਿ ਉਹ 'ਸੈਕਸ' ਨੂੰ ਆਈਸਕਰੀਮ ਸਮਝਣ ਲੱਗ ਪਏ ਹੋਣ। ਪਰਿਵਾਰ ਤੇ ਸਮਾਜ ਦੀ ਲੋੜ ਹੀ ਨਾ ਰਹਿ ਗਈ ਹੋਵੇ...ਇਸ ਤੋਂ ਬਾਹਰ ਜਾਂ ਪਰ੍ਹੇ ਨਿਕਲ ਗਏ ਹੋਣ ਜਾਂ ਉੱਚੇ ਉਠ ਗਏ ਹੋਣ। ਤਦ ਲੇਖਕਾ ਸੋਚਦੀ ਹੈ—ਬਹਾਦਰ ਬਣ ਗਏ, ਹਰੇਕ ਅੜਿੱਕੇ-ਅੜਚਨ ਨੂੰ ਠੁੱਡ ਮਾਰ ਦਿੱਤੀ। ਆਪਣੇ ਬਾਰੇ ਕੁਝ ਅਜਿਹਾ ਲਿਖਿਆ ਕਿ ਲੋਕ ਦੰਗ ਰਹਿ ਗਏ, ਸਨਸਨੀ ਫੈਲ ਗਈ, ਬਹਿਸਾਂ ਛਿੜ ਪਈਆਂ।
ਮੈਂ ਇਹਨਾਂ ਲੇਖਕਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਉਹਨਾਂ ਲਿਖਿਆ ਹੈ, ਉਹ ਹੈਰਾਨ ਕਰ ਦੇਣ ਵਾਲਾ ਨਹੀਂ ; ਅਕਾਅ ਦੇਣ ਵਾਲਾ ਹੈ। ਇਸ ਨੂੰ ਪੜ੍ਹ ਕੇ ਲੇਖਕਾ ਦੇ ਹੌਸਲੇ ਦੀ ਦਾਦ ਦੇਣ ਦੀ ਇੱਛਾ ਨਹੀਂ ਹੁੰਦੀ, ਉਸ ਉੱਤੇ ਦਯਾ ਆਉਂਦੀ ਹੈ।
ਸਵਾਲ ਉਠਦਾ ਹੈ ਕਿ ਇਹ ਪ੍ਰਬੁੱਧਾ ਲੇਖਕਾਵਾਂ ਏਨੇ ਵਰ੍ਹੇ ਰਹਿੰਦੀਆਂ ਕਿੱਥੇ ਰਹੀਆਂ ਹੋਣਗੀਆਂ? ਮੈਨੂੰ ਤਾਂ ਇੰਜ ਜਾਪਦਾ ਹੈ...ਕਿਸੇ ਦੇਸ਼, ਕਿਸੇ ਸਮਾਜ ਵਿਚ ਨਹੀਂ ਰਹੀਆਂ; ਰਹੀਆਂ ਹੁੰਦੀਆਂ ਤਾਂ ਉਸ ਸਮਾਜ ਦੀ ਹਲਚਲ, ਧੜਕਨ, ਮੋਹ-ਮਮਤਾ ਜਾਂ ਦਵੰਧ ਕਿਧਰੇ ਤਾਂ ਨਜ਼ਰ ਆਉਂਦਾ, ਇਹਨਾਂ ਦੀਆਂ ਜੀਵਨੀਆਂ ਵਿਚ। ਕੁਝ ਹੋਰ ਨਹੀਂ ਤਾਂ ਘੱਟੋਘੱਟ ਲੇਖਕੀ ਅਨੁਭਵ ਤੇ ਸੰਘਰਸ਼ ਨੂੰ ਹੀ ਚੇਤੇ ਕਰ ਲੈਂਦੀਆਂ। ਪਰ ਇੰਜ ਲੱਗਦਾ ਹੈ ਜਿਵੇਂ ਇਹ ਜ਼ਿੰਦਗੀ-ਭਰ ਹਿੰਦ-ਮਹਾਸਾਗਰ ਦੇ ਕਿਸੇ ਨਿਰਜਿੰਦ ਟਾਪੂ ਵਿਚ ਹੀ ਰਹੀਆਂ ਨੇ, ਜਿੱਥੇ ਸਿਰਫ 2-3 ਜਾਂ ਇਕਾ-ਦੁੱਕੀ ਕੋਈ ਹੋਰ ਮਰਦ ਵੀ ਹੋਵੇਗਾ। ਖਾਣ ਪੀਣ ਦਾ ਸਾਮਾਨ ਆਸਮਾਨੋਂ ਡਿੱਗ ਪੈਂਦਾ ਹੋਵੇਗਾ, ਕੱਪੜੇ ਹਵਾ ਵਿਚੋਂ ਬਰਾਮਦ ਹੋ ਜਾਂਦੇ ਹੋਣਗੇ। ਲੱਗਦਾ ਹੈ, ਅਜਿਹੇ ਹੀ ਕਿਸੇ ਬੀਆਬਾਨ ਟਾਪੂ ਵਿਚ, ਇਹਨਾਂ ਪ੍ਰਬੁੱਧਾ ਲੇਖਕਾਵਾਂ ਨੇ ਸਾਰੀ ਉਮਰ ਵਿਹਾਅ ਦਿੱਤੀ ਹੈ; ਸਿਰਫ ਸਰੀਰ ਤੇ ਸੁਪਨਿਆਂ ਵਿਚਕਾਰ।
ਜੇ ਕੋਈ ਵਿਗਿਆਨਕ ਆਪਣੀ ਪੂਰੀ ਆਤਮ-ਕਥਾ ਵਿਚ ਇਹੀ ਲਿਖੀ ਜਾਵੇ ਕਿ ਉੱਥੇ ਮੈਂ ਪੁਲਾਅ ਖਾਧਾ, ਫੇਰ ਉੱਥੇ ਗਿਆ ਤਾਂ ਵਧੀਆ ਮੁਰਗਾ ਖਾਧਾ, ਫੇਰ ਓਥੇ ਗਿਆ ਤਾਂ ਵਧੀਆ ਮੁਰਗੀ ਖਾਧੀ, ਫੇਰ ਓਧਰ ਗਿਆ ਤਾਂ ਅੰਬ ਚੂਪੇ, ਉਸ ਜਗ੍ਹਾ ਦੀ ਰਸ-ਮਲਾਈ ਬੜੀ ਵਧੀਆ ਹੁੰਦੀ ਹੈ।...ਤਾਂ ਕੀ ਇਹ ਇਕ ਵਿਗਿਆਨਕ ਦੀ ਆਤਮ-ਕਥਾ ਹੋ ਗਈ?...ਇਹ ਤਾਂ ਇਕ ਚਟੋਰੇ ਦੀ ਆਤਮ-ਕਥਾ ਹੋਈ।
ਪਾਠਕ ਪੈਸਾ ਖਰਚ ਕੇ ਇਸ ਆਸ ਨਾਲ ਕਿਤਾਬਾਂ ਖਰੀਦਦਾ ਹੈ ਕਿ ਇਹ ਲੇਖਕਾ ਦੀ ਆਤਮ-ਕਥਾ ਹੈ, ਤੇ ਉਹਦੀ ਜੀਵਨ-ਜਾਚ ਤੋਂ ਕੁਝ ਤਜ਼ੁਰਬਾ ਵਧੇਗਾ। ਪਰ ਪੜ੍ਹ ਕੇ ਸੋਚੀਂ ਪੈ ਜਾਂਦਾ ਹੈ—ਕੀ ਇਹਨਾਂ ਲੇਖਕਾਵਾਂ ਕੋਲ ਕਹਿਣ ਲਈ ਸਿਰਫ ਇਹੋ ਕੁਝ ਹੀ ਸੀ?
ਇਹ ਆਤਮ-ਕਥਾਵਾਂ ਕੁਲ ਏਨਾ ਦੱਸਦੀਆਂ ਨੇ ਕਿ ਲੇਖਕ ਜਦੋਂ ਆਪਣੇ ਬਾਰੇ ਲਿਖਦਾ ਹੈ ਤਾਂ ਉਹ ਲੇਖਕ ਨਹੀਂ ਹੁੰਦਾ। ਮੁੱਕਦੀ ਗੱਲ ਇਹ ਕਿ ਇਹ ਲਿਖਤਾਂ ਕਰਮ ਤੇ ਧਰਮ ਦੋਵਾਂ ਤੋਂ ਵੀ 'ਲਿਬਰੇਟੇਡ' ਨੇ।  
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.