Sunday, May 3, 2009

ਕਿਆ ਨੇੜੇ, ਕਿਆ ਦੂਰ :: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ : ਕਿਆ ਨੇੜੇ, ਕਿਆ ਦੂਰ :: ਲੇਖਕਾ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


-----------------------------------------------
ਇਹ ਕਹਾਣੀ, ਕਲਾ ਸਿਰਜਕ ਦੇ ਅੰਕ : 26 ; ਜੁਲਾਈ-ਸਤੰਬਰ 2008. ਵਿਚ ਛਪੀ।
-----------------------------------------------

ਇਹ ਕਹਾਣੀ ਆਭਾ ਬਰਾਉਨ ਦੀ ਨਹੀਂ…

ਪਰ ਤਾਰ ਆਭਾ ਬਰਾਉਨ ਦੇ ਨਾਂ ਹੀ ਆਇਆ ਹੈ। ਇਸ ਤੋਂ ਪਹਿਲਾਂ ਕਈ ਚਿੱਠੀਆਂ ਵੀ ਆ ਚੁੱਕੀਆਂ ਨੇ। ਹੁਣ ਇਹ ਤਾਰ। ਇਸਦਾ ਕੀ ਜਵਾਬ ਦੇਵੇ ਆਭਾ ? ਹੱਥ ਦੀਆਂ ਉਂਗਲਾਂ ਵਿਚ ਕੰਬਣੀ ਛਿੜੀ ਹੋਈ ਹੈ।

ਬੜਾ ਚਿਰ ਪਹਿਲਾਂ ਇਸੇ ਤਰ੍ਹਾਂ ਇਕ ਤਾਰ ਆਇਆ ਸੀ, ਉਦੋਂ ਓਨੀਲ ਨੇ ਦਫ਼ਤਰੋਂ ਛੁੱਟੀ ਲਈ ਸੀ ਤੇ ਦੋਵੇਂ ਸ਼ਾਮ ਵਾਲੀ ਗੱਡੀ ਚੜ੍ਹ ਗਏ ਸਨ…ਨਾਲ ਸੀ ਉਹਨਾਂ ਦੀ ਬੇਟੀ ਮੇਹਾ। ਮੇਹਾ ਓਦੋਂ ਤਿੰਨ ਕੁ ਸਾਲ ਦੀ ਸੀ। ਛੇ ਮਹੀਨਿਆਂ ਵਿਚ ਹੀ ਇਹ ਸਭ ਵਾਪਰ ਜਾਵੇਗਾ, ਉਸਨੇ ਕਦੀ ਸੋਚਿਆ ਵੀ ਨਹੀਂ ਸੀ।

ਇਕ ਛੋਟੇ ਜਿਹੇ ਸਟੇਸ਼ਨ ਉੱਤੇ ਉਤਰ ਕੇ, ਸਰਕਾਰੀ ਬੱਸ ਫੜਨੀ ਪਈ ਸੀ। ਅੰਤਾਂ ਦੀ ਭੀੜ, ਛੱਤ 'ਤੇ ਲੋਕ, ਪਿਛਲੀਆਂ ਪੌੜੀਆਂ ਨਾਲ ਵੀ ਕੁਝ ਲਮਕ ਰਹੇ ਸਨ। ਫੇਰ ਬੱਸ ਇਕ ਜਗ੍ਹਾ ਰੁਕੀ ਸੀ। ਉੱਥੇ ਹੀ ਉਤਰੇ ਸੀ ਉਹ। ਬੱਸ ਜਦੋਂ ਚਲੀ ਗਈ, ਓਨੀਲ ਨੇ ਟਮਟਮ ਕੀਤੀ। ਮਰੀਅਲ ਜਿਹਾ ਘੋੜਾ, ਪਿੰਡ ਦੇ ਕੱਚੇ ਰਸਤੇ ਉੱਪਰ ਟਮਟਮ ਵਾਲਾ ਸਾਰੇ ਰਸਤੇ ਛਾਂਟਾ ਮਾਰਦਾ ਰਿਹਾ…

ਓਨੀਲ ਦੇ ਪਿਤਾ ਬਾਹਰ ਟਹਿਲ ਰਹੇ ਸਨ ਜਾਂ ਜਿਵੇਂ ਉਹਨਾਂ ਦੀ ਈ ਉਡੀਕ ਕਰ ਰਹੇ ਸਨ। ਬੁਝੀਆਂ-ਬੁਝੀਆਂ ਅੱਖਾਂ। ਚਾਹੁੰਦੇ ਹੋਏ ਵੀ ਕੁਝ ਬੋਲ ਨਹੀਂ ਸੀ ਸਕੇ। ਇਹ ਤਾਂ ਅੰਦਰ ਜਾ ਕੇ ਪਤਾ ਲੱਗਿਆ ਕਿ ਮਾਂ ਦੀ ਹਾਲਤ ਬੜੀ ਗੰਭੀਰ ਹੈ।

ਦਰਦ ਨਾਲ ਪ੍ਰੇਸ਼ਾਨ ਸੀ ਮਾਂ। ਜਦੋਂ ਉਸਨੇ ਉਹਨਾਂ ਦਾ ਹੱਥ ਪਲੋਸਿਆ, ਉਸਦਾ ਹੱਥ ਫੜ ਕੇ ਰੋਣ ਪਈ ਸੀ। ਬੜੀ ਦੇਰ ਤਕ ਰੋਂਦੀ ਰਹੀ। ਉਸਨੇ ਹੀ ਕਿਸੇ ਤਰ੍ਹਾਂ ਕਿਹਾ ਸੀ, 'ਹੁਣ ਅਸੀਂ ਆ ਗਏ ਆਂ, ਸਭ ਠੀਕ ਹੋ ਜਾਵੇਗਾ'। ਫੇਰ ਵੀ ਮਾਂ ਰੋਣੋ ਨਹੀਂ ਸੀ ਹਟੀ। ਉਸਨੇ ਆਪਣੇ ਮਨ ਵਿਚ ਸੋਚਿਆ ਸੀ, ਕੀ ਉਹ ਸੱਚਮੁੱਚ ਆ ਗਈ ਹੈ ?

ਓਨੀਲ ਦੀ ਮਾਂ ਨੇ ਨਾ ਉਸਦੇ ਆਉਣ 'ਤੇ ਵਿਰੋਧ ਕੀਤਾ ਸੀ, ਨਾ ਜਾਣ 'ਤੇ। ਇਹ ਵਿਰੋਧ ਤਾਂ ਉਸਦੀ ਮੰਮੀ ਨੇ ਕੀਤਾ ਸੀ, ਜਦੋਂ ਮੁੰਡਾ ਲੱਭਦੇ-ਲੱਭਦੇ ਪਾਪਾ ਥੱਕ ਗਏ ਸਨ। ਉਸਨੂੰ ਬੁਲਾ ਕੇ ਪਾਪਾ ਨੇ ਕਿਹਾ ਸੀ, 'ਆਭਾ ਮੈਂ ਲਗਭਗ ਟੁੱਟ ਚੁੱਕਿਆ ਆਂ। ਹੁਣ ਮੇਰੇ ਵਿਚ ਹੋਰ ਹਿੰਮਤ ਨਹੀਂ ਰਹੀ…ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਪੇਪਰ ਵਿਚ…'

'ਵਾਟ ?' ਮੰਮੀ ਵਿਚਕਾਰ ਹੀ ਚੀਕ ਪਈ ਸੀ, 'ਮੇਰੀ ਬੱਚੀ ਕੋਈ ਕਾਰ ਜਾਂ ਸਕੂਟਰ ਨਹੀਂ…ਪੇਪਰ ਵਿਚ ਐਡਵਟਾਈਜ਼ ਕਰਨ ਨਾਲੋਂ ਚੰਗਾ ਹੋਵੇਗਾ, ਇਸਦੇ ਗਲੇ ਵਿਚ 'ਫਾਰ ਸੇਲ' ਦੀ ਇੱਕ ਫੱਟੀ ਪਾ ਦਿਓ।'

'ਮਾਰਗ੍ਰੇਟ…ਮਾਰਗ੍ਰੇਟ…ਬੀ ਕੂਲ। ਕਿੰਨੀ ਵਾਰੀ ਕਿਹੈ, ਕੁਝ ਬੋਲਣ ਤੋਂ ਪਹਿਲਾਂ ਸੋਚ ਲਿਆ ਕਰ। ਕੀ ਤੈਥੋਂ ਇਹ ਗੱਲ ਲੁਕੀ ਹੋਈ ਏ ਕਿ ਸਾਡੀਆਂ ਕੁੜੀਆਂ ਵੱਧ ਪੜ੍ਹ-ਲਿਖ ਜਾਂਦੀਆਂ ਨੇ ਤੇ ਸਾਡੀ ਕਮਿਊਨਿਟੀ ਵਿਚ ਪੜ੍ਹੇ-ਲਿਖੇ ਮੁੰਡਿਆਂ ਦੀ ਗਿਣਤੀ ਬੜੀ ਘੱਟ ਏ। ਜਿਹੜੇ ਹੈਨ, ਉਹਨਾਂ ਉੱਤੇ ਕੁੜੀਆਂ ਦੇ ਨਾਲ-ਨਾਲ ਉਹਨਾਂ ਦੇ ਮਾਂ-ਪਿਓ ਪਹਿਲਾਂ ਹੀ ਜਾਲ ਸੁੱਟ ਲੈਂਦੇ ਨੇ…ਫੇਰ ਇਹ ਵੀ ਤਾਂ ਸੱਚਾਈ ਏ ਕਿ ਸਾਡੀਆਂ ਜਿਹੜੀਆਂ ਕੁੜੀਆਂ ਨਰਸਾਂ ਜਾਂ ਆਫ਼ਿਸ ਵਿਚ ਸਟੈਨੋ ਲੱਗਦੀਆਂ ਨੇ, ਉਹਨਾਂ ਨੂੰ ਲੋਕ ਚੀਪ ਸਮਝਦੇ ਨੇ।'

'ਚੀਪ ਸਮਝਣ ਨਾਲ ਕੋਈ ਚੀਪ ਨਹੀਂ ਹੋ ਜਾਂਦਾ।'

'ਇਹ ਠੀਕ ਹੈ ਮਾਰਗ੍ਰੇਟ ਪਰ ਇੱਜ਼ਤ ਵਿਚ ਫ਼ਰਕ ਆ ਜਾਂਦਾ ਏ। ਮੈਂ ਤਾਂ ਸਿਰਫ ਇਹੀ ਚਾਹੁੰਦਾ ਆਂ ਕਿ ਆਭਾ ਦਾ ਵਿਆਹ ਹੋ ਜਾਵੇ ਤੇ ਉਹ ਲਾਈਫ਼ ਵਿਚ ਸੈਟਲ ਹੋ ਜਾਵੇ…ਇਸ ਤੋਂ ਵੱਧ ਹੋਰ ਕੁਝ ਨਹੀਂ।'

ਫੇਰ ਕਈ ਦਿਨਾਂ ਤਕ ਮੰਮੀ-ਪਾਪਾ ਵਿਚ ਬੋਲ ਚਾਲ ਬੰਦ ਰਹੀ ਸੀ। ਅੰਤ ਵਿਚ ਉਸਨੇ ਹੀ ਪਾਪਾ ਦੇ ਪੱਖ ਵਿਚ ਫ਼ੈਸਲਾ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਉਸਨੇ ਇਕ ਫ਼ੈਸਲਾ ਕੀਤਾ ਸੀ, ਉਦੋਂ ਵੀ ਮੰਮੀ ਨੇ ਬਹੁਤ ਹੁੱਲੜ ਮਚਾਇਆ ਸੀ। 'ਆਈ ਹੇਟ…।'

'ਪਰ ਮਾਰਗ੍ਰੇਟ, ਮਾਡਲਿੰਗ ਵਿਚ ਬੁਰਾਈ ਕੀ ਏ ?' ਪਾਪਾ ਨੇ ਉਸਦਾ ਪੱਖ ਲਿਆ ਸੀ, 'ਜੇ ਆਭਾ ਮਾਡਲਿੰਗ ਕਰਨਾ ਚਾਹੁੰਦੀ ਏ ਤਾਂ ਉਸਨੂੰ ਕਰਨ ਦਿਓ।'

'ਕਹਿ ਦਿਤਾ ਨਾ ਮੈਨੂੰ ਇਸ ਕਿੱਤੇ ਨਾਲ ਨਫ਼ਰਤ ਏ…ਆਈ ਕਾਂਟ ਟਾਲਰੇਟ।'

'ਬਟ ਵਹਾਈ ?'

'ਕਿਉਂਕਿ ਫ਼ੋਟੋਗ੍ਰਾਫ਼ਰ ਕਹੇਗਾ, ਮੁਸਕਰਾਓ, ਤਦ ਮੁਸਕਰਾਉਣਾ ਪਵੇਗਾ। ਹੱਥ ਇੱਥੇ ਰੱਖੋ, ਇੱਥੇ ਨਹੀਂ, ਉੱਥੇ…ਉਹੀ ਕਰਨਾ ਪਵੇਗਾ। ਕੋਈ ਕੁੜੀ, ਕਿਸੇ ਮਰਦ ਦੇ ਕਹਿਣ 'ਤੇ ਮੁਸਕਰਾਏ, ਉਸਦੇ ਕਹਿਣ 'ਤੇ ਉੱਠੇ, ਉਸਦੇ ਕਹਿਣ 'ਤੇ ਬੈਠੇ…ਉਫ਼ ! ਦਿਸ ਇਜ ਟੂ ਮੱਚ…ਹਾਰੇਬਲ !'

ਉਸਨੇ ਦੇਖਿਆ ਸੀ, ਇਸ ਵਾਰੀ ਨੀਵੀਂ ਪਾ ਕੇ ਪਾਪਾ ਖ਼ਾਮੋਸ਼ ਹੋ ਗਏ। ਆਪਣੇ ਮੁਕੱਮਦੇ ਦਾ ਫ਼ੈਸਲਾ ਉਸਨੇ ਖ਼ੁਦ ਹੀ ਸੁਣਾ ਦਿੱਤਾ ਸੀ।...ਫੇਰ ਸਿਲਸਿਲਾ ਸ਼ੁਰੂ ਹੋ ਗਿਆ ਸੀ, ਮਾਡਲਿੰਗ ਦਾ…ਸਾੜ੍ਹੀ, ਚਾਹ, ਸਾਬਣ, ਕੱਪੜੇ ਧੋਣ ਵਾਲੇ ਸਾਬਣ ਦੇ ਇੱਕ ਡੱਬੇ ਉੱਤੇ ਵੀ ਉਹ ਆਈ। ਸਾਧਾਰਨ ਕਿਸਮ ਦਾ ਸਾਬਣ ਸੀ, ਪਿੰਡਾਂ ਵਿਚ ਖਾਸਾ ਵਿਕਿਆ ਸੀ।
***
ਤਾਰ ਹੁਣ ਵੀ ਹੱਥ ਵਿਚ ਸੀ।

ਹੱਥ ਓਵੇਂ ਹੀ ਕੰਬ ਰਿਹਾ ਹੈ…ਆਭਾ ਸੋਚਦੀ ਹੈ, ਆਪਣੇ ਸਾਰੇ ਮੁਕੱਦਮਿਆਂ ਦਾ ਫ਼ੈਸਲਾ ਉਹ ਖ਼ੁਦ ਕਰਦੀ ਰਹੀ…ਫੇਰ ਇਹ ਫ਼ੈਸਲਾ ਉਸਨੇ ਮੰਮੀ ਦੇ ਪੱਖ ਵਿਚ ਕਿਉਂ ਦੇ ਦਿੱਤਾ ?

ਪਰ ਇਹ ਫ਼ੈਸਲਾ ਤਾਂ ਬਾਅਦ ਵਿਚ ਹੋਇਆ ਸੀ। ਪਹਿਲਾਂ ਅਖ਼ਬਾਰ ਵਿਚ ਵਿਗਿਆਪਨ ਆਇਆ ਸੀ। ਫੇਰ ਵਿਗਿਆਪਨ ਦੇ ਉਤਰ ਦੀ ਉਡੀਕ ਪਾਪਾ ਬੜੀ ਬੇਸਬਰੀ ਨਾਲ ਕਰਨ ਲੱਗੇ ਸਨ। ਸਮੇਂ ਤੋਂ ਪਹਿਲਾਂ ਹੀ ਲਾਨ ਵਿਚ ਘੁੰਮਣ ਲੱਗਦੇ। ਵਾਰੀ-ਵਾਰੀ ਗੇਟ ਵੱਲ ਦੇਖਦੇ। ਹੁਣ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਮਕਸਤ, ਡਾਕੀਏ ਦੀ ਉਡੀਕ ਹੀ ਰਹਿ ਗਈ ਸੀ।

ਉਹ ਮੇਹਾ ਵੱਲ ਦੇਖਦੀ ਹੈ…ਨਿੱਕੇ-ਨਿੱਕੇ ਹੱਥਾਂ ਨਾਲ ਉਹ ਕੋਈ ਪੇਟਿੰਗ ਬਣਾ ਰਹੀ ਹੈ। ਰੰਗ ਫੈਲ ਰਿਹਾ ਹੈ। ਉਸਨੂੰ ਆਪਣਾ ਹੱਥ ਕੰਬਦਾ ਹੋਇਆ ਲੱਗਦਾ ਹੈ। ਹੱਥ ਵਿਚ ਤਾਰ ! ਉਹ ਤਾਰ ਦਾ ਕੀ ਜਵਾਬ ਦਵੇ ?

ਤੇ ਵਿਗਿਆਪਨ ਦੇ ਜਵਾਬ ਵਿਚ ਵੀ ਕਈ ਪੱਤਰ ਆਏ ਸਨ। ਫੇਰ ਪਾਪਾ ਨੇ ਇਕ ਦਿਨ ਕਿਹਾ ਸੀ, 'ਇਹ ਮੁੰਡਾ ਪੜ੍ਹਿਆ-ਲਿਖਿਆ ਏ। ਮੈਂ ਇਸਨੂੰ ਮਿਲਣ ਜਾਵਾਂਗਾ।'

'ਤੁਹਾਡਾ ਦਿਮਾਗ਼ ਤਾਂ ਠੀਕ ਏ ?'

'ਕਿਉਂ ?'

'ਆਪਣੀ ਆਭਾ ਦਿੱਲੀ ਵਿਚ ਜੰਮੀ ਤੇ ਪਲੀ ਏ। ਬਿਹਾਰ ਦੇ ਇਕ ਛੋਟੇ ਜਿਹੇ ਪਿੰਡ ਵਿਚ, ਪਾਗਲ ਨਹੀਂ ਹੋ ਜਾਵੇਗੀ...'

ਇਸ ਉੱਤੇ ਪਾਪਾ ਸਿਰਫ ਮੁਸਕਰਾਏ ਸਨ।

'ਇੰਜ ਨਾ ਮੁਸਕਰਾਇਆ ਕਰੋ। ਜੋ ਕਹਿਣਾ ਏਂ, ਸਾਫ਼-ਸਾਫ਼ ਕਹੋ।' ਮੰਮੀ ਚਿੜ ਗਈ ਸੀ।

'ਮੈਂ ਕੀ ਕਹਾਂ, ਕਹਿ ਤਾਂ ਤੂੰ ਰਹੀ ਏਂ…ਮੈਂ ਤਾਂ ਸਿਰਫ ਸੁਣ ਰਿਹਾਂ।'

'ਤਾਂ ਸਾਫ਼ ਗੱਲ ਸੁਣ ਲਓ, ਆਪਣੀ ਆਭਾ ਕਿਸੇ ਪਿੰਡ ਜਾਂ ਢਾਣੀ ਵਿਚ ਵੇਸਟ ਹੋਣ ਲਈ ਨਹੀਂ ਜਾਏਗੀ। ਨਾ ਪਿੰਡ ਵਿਚ ਕੋਈ ਸੁਸਾਇਟੀ, ਨਾ ਕੋਈ ਕਲਚਰ…ਊਂਹ।'

ਇਸ ਵਾਰੀ ਪਾਪਾ ਮੁਸਕਰਾਏ ਤਾਂ ਮੰਮੀ ਚੀਕ ਪਈ, 'ਫੇਰ ਮੁਸਕਰਾਏ ?'

'ਬੀ ਕੂਲ…ਸ਼ਾਂਤ ਹੋ ਜਾ ਮਾਰਗ੍ਰੇਟ। ਮੈਂ ਤੈਨੂੰ ਬੱਸ ਇੰਨਾ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਵੀ ਮੱਧਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦਾ ਆਂ ਤੇ ਤੂੰ ਵੀ ਇਕ ਪਿੰਡ ਦੀ ਈ ਏਂ। ਵਕਤ ਤੇ ਹਾਲਾਤ ਕਾਰਨ ਅਸੀਂ ਦਿੱਲੀ ਪਹੁੰਚ ਗਏ। ਤਕਦੀਰ ਨੇ ਸਾਥ ਦਿੱਤਾ, ਤਾਂ ਬੰਗਲਾ ਹੈ, ਸੁਸਾਇਟੀ ਹੈ…ਇੱਜ਼ਤ ਹੈ। ਵਰਨਾ ਇਸ ਮਹਾਨਗਰ ਵਿਚ ਬਹੁਤ ਸਾਰੇ ਲੋਕ ਨੇ, ਜਿਹਨਾਂ ਲਈ ਨਾ ਕੋਈ ਸੁਸਾਇਟੀ ਹੈ, ਨਾ ਸੌਣ ਲਈ ਜਗ੍ਹਾ। ਅਸੀਂ ਵੱਡੇ ਲੋਕ ਹਾਂ…ਇਹ ਵੀ ਤਾਂ ਸੱਚ ਹੈ ਕਿ ਅਸੀਂ ਆਪਣੀ ਜ਼ਮੀਨ ਨਾਲੋਂ ਉੱਖੜੇ ਹੋਏ ਲੋਕ ਹਾਂ…' ਏਨਾ ਕਹਿੰਦੇ-ਕਹਿੰਦੇ ਪਾਪਾ ਦਾ ਗੱਚ ਭਰ ਆਇਆ ਸੀ। ਉਹ ਉੱਠ ਕੇ ਆਪਣੇ ਕਮਰੇ ਵਿਚ ਚਲੇ ਗਏ ਸਨ।

ਰਾਤ ਨੂੰ ਮੈਂ ਕਾਫ਼ੀ ਦੇਣ ਲਈ ਪਾਪਾ ਦੇ ਕਮਰੇ ਵਿਚ ਗਈ ਸਾਂ। ਉਹ ਅੱਖਾਂ ਬੰਦ ਕਰੀ ਚੁੱਪਚਾਪ ਲੇਟੇ ਹੋਏ ਸਨ।

'ਪਾਪਾ...'

'ਆਂ...'

'ਕਾਫ਼ੀ ਪੀ ਲਓ ਪਾਪਾ।'

ਉਹ ਉਸਦੇ ਹੱਥੋਂ ਪਿਆਲਾ ਫੜ੍ਹ ਕੇ ਹੌਲੀ-ਹੌਲੀ ਸਿਪ ਕਰਨ ਲੱਗ ਪਏ ਸਨ।

'ਇਕ ਗੱਲ ਪੁੱਛਾਂ ?'

'ਕੀ ?'

'ਤੁਸੀਂ ਸੱਚਮੁੱਚ ਮੇਰੀ ਸ਼ਾਦੀ ਪਿੰਡ ਵਿਚ ਕਰਨਾ ਚਾਹੁੰਦੇ ਓ ?'

ਪਾਪਾ ਬਿਨਾਂ ਉੱਤਰ ਦਿੱਤੇ ਕਾਫ਼ੀ ਪੀਂਦੇ ਰਹੇ।

'ਸ਼ਹਿਰ ਦੇ ਕਈ ਮੁੰਡਿਆਂ ਦੇ ਵੀ…।' ਵਿਚਕਾਰ ਹੀ ਪਾਪਾ ਨੇ ਉਸਨੂੰ ਪਿਆਲਾ ਫੜਾ ਦਿੱਤਾ ਸੀ, 'ਮੇਰੇ ਵੱਲੋਂ ਤੇਰੇ ਉੱਪਰ ਕੋਈ ਪ੍ਰੇਸ਼ਰ ਨਹੀਂ। ਅੱਜ ਤੱਕ ਸਾਰੇ ਫ਼ੈਸਲੇ ਤੂੰ ਖ਼ੁਦ ਕੀਤੇ ਨੇ…ਇਹ ਵੀ ਤੂੰ ਹੀ ਕਰੀਂ। ਬੱਸ ਇੱਕ ਵਾਰੀ ਉਸ ਮੁੰਡੇ ਨੂੰ ਦੇਖ ਆਉਣ ਦੇ…ਇਸ ਬਹਾਨੇ ਮੈਂ ਇਕ ਵਾਰੀ ਫੇਰ ਪਿੰਡ ਦੇਖਣਾ ਚਾਹੁੰਦਾ ਆਂ। ਆਭਾ ਮੈਂ ਇਸ ਮਹਾਨਗਰ ਵਿਚ ਰਹਿੰਦਾ ਆਂ…ਪਰ ਮੇਰੇ ਅੰਦਰ ਇਕ ਪਿੰਡ ਵੱਸਿਆ ਹੋਇਆ ਏ। ਵਰ੍ਹਿਆਂ ਪਹਿਲਾਂ ਤੇਰੀ ਮੰਮੀ ਦੀ ਜ਼ਿੱਦ ਕਾਰਨ, ਆਪਣੀ ਜ਼ਮੀਨ ਵੇਚ ਕੇ ਇੱਥੇ ਆਇਆ ਸਾਂ। ਫੇਰ ਕਦੀ ਹਿੰਮਤ ਨਹੀਂ ਹੋਈ ਕਿ ਪਿੰਡ ਹੋ ਆਵਾਂ…ਉਸ ਜਗ੍ਹਾ ਨੂੰ ਦੇਖਾਂ ਜਿੱਥੇ ਮੇਰਾ ਖਪਰੈਲ ਵਾਲਾ ਘਰ ਸੀ…ਸੁਣਿਆ ਏ, ਉਸਨੂੰ ਭੰਨ-ਤੋੜ ਦਿੱਤਾ ਗਿਆ ਏ ਤੇ ਉੱਥੇ ਕੋਈ ਪੱਕਾ ਮਕਾਨ ਬਣ ਗਿਐ। ਬੇਟਾ, ਅੱਜ ਅਸੀਂ ਜਿਸ ਵਿਚ ਰਹਿੰਦੇ ਹਾਂ, ਇਹ ਇਕ ਬੰਗਲਾ ਏ, ਘਰ ਨਹੀਂ…ਘਰ ਤਾਂ ਕਦੇ ਦਾ ਟੁੱਟ-ਭੱਜ ਗਿਐ…।' ਆਵਾਜ਼ ਕੰਬਣ ਲੱਗੀ ਸੀ।

ਆਭਾ ਨੂੰ ਲੱਗਿਆ ਸੀ, ਉਸਦਾ ਹੱਥ ਵੀ ਕੰਬ ਰਿਹਾ ਹੈ। ਪਿਆਲੀ ਤੇ ਤਸ਼ਤਰੀ 'ਚੋਂ ਅਜੀਬ ਜਿਹੀ ਆਵਾਜ਼ ਆਈ, ਫੇਰ ਓਵੇਂ ਹੀ ਕੰਬਣੀ ਦੀ ਲਹਿਰ ਹੱਥ ਵਿਚ ਫਿਰ ਗਈ ਸੀ। ਇਸ ਵਾਰੀ ਪਿਆਲੀ ਦੀ ਜਗ੍ਹਾ ਤਾਰ ਸੀ। ਕੀ ਜਵਾਬ ਦੇਵੇ ਉਹ ! ਇਸੇ ਹੱਥ ਨੂੰ ਫੜ੍ਹ ਕੇ ਓਨੀਲ ਦੀ ਮਾਂ ਨੇ ਕਿਹਾ ਸੀ, 'ਮੈਨੂੰ ਤੇਰੇ ਤਾਈਂ ਕੋਈ ਸ਼ਿਕਾਇਤ ਨਹੀਂ ਬੇਟਾ…।'

ਇਹੀ ਆਖ਼ਰੀ ਵਾਕ ਸੀ ਉਹਨਾਂ ਦਾ।…ਤੇ ਜਦੋਂ ਉਹ ਵਾਪਸ ਚੱਲੇ ਸਨ ਤਾਂ ਮੇਹਾ ਨੇ ਪੁੱਛਿਆ ਸੀ, ' ਤੁਸੀਂ ਨਹੀਂ ਚੱਲਨਾ ਦਾਦੀ ਜੀ ?'

ਓਨੀਲ ਦੇ ਪਾਪਾ ਚੁੱਪਚਾਪ ਮੇਹਾ ਦੇ ਵਾਲਾਂ ਉੱਪਰ ਹੱਥ ਫੇਰਦੇ ਰਹੇ ਸਨ।

'ਚਲੋ ਨਾ ਦਾਦੀ, ਇੱਥੇ ਕੀ ਏ ! ਨਾ ਸਕੂਟਰ ਏ, ਨਾ ਸਿਨੇਮਾ, ਨਾ ਕਾਨਵੈਂਟ…ਤੇ ਇੱਥੇ ਬਿਜਲੀ ਵੀ ਤਾਂ ਨਹੀਂ ਆਉਂਦੀ। ਕਿੰਨੀ ਗਰਮੀ ਪੈਂਦੀ ਏ।'

'ਤੂੰ ਜਾਹ…ਜਲਦੀ ਜਲਦੀ ਪੜ੍ਹਨਾ ਲਿਖਣਾ ਸਿੱਖੀਂ…ਮੈਨੂੰ ਆਪਣੇ ਹੱਥ ਨਾਲ ਚਿੱਠੀ ਲਿਖੀਂ।'

'ਪਾਪਾ ! ਮੇਹਾ ਠੀਕ ਈ ਤਾਂ ਕਹਿੰਦੀ ਏ।' ਓਨੀਲ ਨੇ ਕਿਹਾ ਸੀ, 'ਤੁਸੀਂ ਨਾਲ ਰਹੋਗੇ ਤਾਂ ਮੈਨੂੰ ਏਥੋਂ ਦੀ ਚਿੰਤਾ ਨਹੀਂ ਰਹੇਗੀ।'

'ਆਪਣਾ ਪਿੰਡ…ਆਪਣੇ ਖੇਤ…ਆਪਣਾ ਘਰ ਕਦੀ ਕਿਸੇ ਤੋਂ ਛੁਟਿਆ ਏ ਬੇਟਾ ! ਤੁਸੀਂ…ਤੁਸੀਂ…ਜਾਓ।' ਤੇ ਉਹਨਾਂ ਦੇ ਟਮਟਮ 'ਤੇ ਬੈਠ ਜਾਣ ਤੋਂ ਪਹਿਲਾਂ ਹੀ ਉਹ ਪਰਤ ਗਏ ਸਨ। ਓਨੀਲ ਉਹਨਾਂ ਨੂੰ ਜਾਂਦਿਆਂ ਦੇਖ ਰਿਹਾ ਸੀ ਤੇ ਉਸੇ ਨੇ ਕਿਹਾ ਸੀ, 'ਜਲਦੀ ਚੱਲੋ, ਵਰਨਾ ਬੱਸ ਨਿਕਲ ਜਾਏਗੀ।'

ਓਨੀਲ ਚੁੱਪਚਾਪ ਟਮਟਮ 'ਤੇ ਬੈਠ ਗਿਆ ਸੀ।

ਸਾਰੀ ਰਾਹ ਚੁੱਪ ਪਸਰੀ ਰਹੀ। ਬਸ, ਹਾਂ-ਹੂੰ ਵਿਚ ਜਵਾਬ।

ਜਦੋਂ ਪਾਪਾ ਪਹਿਲੀ ਵਾਰੀ ਉਸਨੂੰ ਦਿੱਲੀ ਲੈ ਕੇ ਆਏ ਸਨ, ਉਦੋਂ ਵੀ ਉਹ ਇਸੇ ਤਰ੍ਹਾਂ 'ਹਾਂ-ਹੂੰ' ਵਿਚ ਜਵਾਬ ਦੇ ਰਿਹਾ ਸੀ। ਪਾਪਾ ਨੇ ਆਉਂਦਿਆਂ ਹੀ ਕਿਹਾ, 'ਮੈਨੂੰ ਮੁੰਡਾ ਪਸੰਦ ਆ ਗਿਆ, ਸੋ ਇਸਨੂੰ ਨਾਲ ਈ ਲੈ ਆਇਆ ਬਈ ਇਹ ਵੀ ਕੁੜ ਦੇਖ ਲਵੇ।'

ਉਦੋਂ ਉਹ ਮਨ ਹੀ ਮਨ ਹੱਸੀ ਸੀ। ਇਸਨੂੰ ਏਨਾ ਵੀ ਨਹੀਂ ਪਤਾ ਕਿ ਆਪਣੇ ਸਾਰੇ ਮੁਕੱਦਮਿਆਂ ਦੇ ਫ਼ੈਸਲੇ ਉਹ ਖ਼ੁਦ ਕਰਦੀ ਹੈ। ਪਾਪਾ ਉਸਨੂੰ ਇਸ ਲਈ ਨਾਲ ਨਹੀਂ ਸੀ ਲਿਆਏ ਕਿ ਉਹ ਕੁੜੀ ਨੂੰ ਦੇਖ ਲਵੇ, ਬਲਿਕੇ ਇਸ ਲਈ ਲਿਆਏ ਸਨ ਕਿ ਉਸਨੂੰ ਦੇਖ ਕੇ ਉਹ ਆਪਣਾ ਫ਼ੈਸਲਾ ਸੁਣਾ ਸਕੇ। 'ਪੇਂਡੂਆ ! ਇਹ ਪਿੰਡ ਨਹੀਂ, ਸ਼ਹਿਰ ਹੈ। ਇਹ ਬੰਗਲਾ ਮਿਸ ਆਭਾ ਦਾ ਇਜਲਾਸ ਹੈ…'

ਫੇਰ ਦੋ ਦਿਨ ਰਿਹਾ ਸੀ ਓਨੀਲ।

ਉਸ ਲਈ ਪਾਪਾ ਨੇ ਟੈਕਸੀ ਬੁਲਾਈ ਸੀ। ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ, 'ਆਭਾ ਜੀ, ਵਿਸ਼ਵਾਸ ਕਰਨਾ ਮੈਨੂੰ ਕੁਝ ਨਹੀਂ ਪਤਾ। ਮੇਰੇ ਪਾਪਾ ਨੇ ਕਦੋਂ ਪੇਪਰ ਦੇਖਿਆ, ਕਦੋਂ ਲਿਖਿਆ। ਜਦੋਂ ਤੁਹਾਡੇ ਪਾਪਾ ਆਏ, ਉਦੋਂ ਮੈਨੂੰ ਪਤਾ ਲੱਗਿਆ, ਮੈਂ ਆ ਨਹੀਂ ਰਿਹਾ ਸੀ। ਤੁਹਾਡੇ ਪਾਪਾ ਜ਼ਿੱਦ ਕਰਕੇ ਲੈ ਆਏ। ਤੁਹਾਡਾ ਸ਼ਹਿਰ ਬੜਾ ਵੱਡਾ ਏ। ਮੇਰਾ ਪਿੰਡ ਬੜਾ ਛੋਟਾ। ਤੁਹਾਡਾ ਬੰਗਲਾ ਵੀ ਬੜਾ ਵੱਡਾ ਹੈ। ਮੇਰਾ ਘਰ ਬੜਾ ਛੋਟਾ ਏ। ਖਪਰੈਲ ! ਹਰ ਸਾਲ ਲਿਪਾਈ ਕਰਾਉਣ ਤੋਂ ਬਾਅਦ ਵੀ ਇੱਥੋਂ-ਉੱਥੋਂ ਚੋਅ ਪੈਂਦਾ ਏ। ਤੁਸੀਂ ਪਿੰਡ ਵਿਚ ਨਹੀਂ ਰਹਿ ਸਕਣਾ।'

ਤੇ ਜਦੋਂ ਉਹ ਚਲਾ ਗਿਆ, ਤਾਂ ਗੁੱਸੇ ਵਿਚ ਉਹ ਭੁੱਜ ਰਹੀ ਸੀ…ਉਸਦੇ ਇਜਲਾਸ ਵਿਚ ਉਸਦੇ ਖ਼ਿਲਾਫ਼ ਫ਼ੈਸਲਾ ਸੁਣਾਉਣ ਵਾਲਾ ਉਹ ਹੁੰਦਾ ਕੌਣ ਹੈ ? ਅੱਜ ਤੱਕ ਇਸ ਘਰ ਵਿਚ ਇੰਜ ਨਹੀਂ ਸੀ ਹੋਇਆ। ਫੇਰ ਇੰਜ ਕਿਉਂ ਹੋਇਆ ? ਉਸਦਾ ਮੁਕੱਦਮਾ, ਉਸਦੀ ਕਚਹਿਰੀ, ਉਹ ਓਪਰਾ ਆਦਮੀ ਹੁੰਦਾ ਕੌਣ ਹੈ ਫ਼ੈਸਲਾ ਸੁਣਾਉਣ ਵਾਲਾ…

ਪਾਪਾ ਦੇ ਸਟੇਸ਼ਨ ਤੋਂ ਆਉਂਦਿਆਂ ਹੀ ਉਸਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ।…ਤੇ ਪਾਪਾ ਨੇ ਉਸਨੂੰ ਗਲਵੱਕੜੀ ਵਿਚ ਲੈ ਕੇ ਕਿਹਾ ਸੀ, 'ਆਈ ਐਮ ਪ੍ਰਾਊਡ ਆਫ ਯੂ…ਤੈਨੂੰ ਉੱਥੇ ਕੋਈ ਦਿੱਕਤ ਨਹੀਂ ਹੋਵੇਗੀ। ਓਨੀਲ ਕਾ ਆਪਣਾ ਖੇਤ ਹੈ…ਖੇਤ ਕੋਲ ਤਲਾਅ ਏ…ਉੱਥੇ ਇਕ ਛੋਟਾ ਜਿਹਾ ਚਰਚ ਵੀ ਹੈ। ਉੱਥੋਂ ਦੇ ਪ੍ਰੀਸਟ ਨਾਲ ਮੈਂ ਮਿਲ ਕੇ ਆਇਆਂ…ਬੜੇ ਭਲੇ ਆਦਮੀ ਨੇ। ਉਹਨਾਂ ਮੈਨੂੰ ਵਚਨ ਦਿੱਤਾ ਏ, ਤੇਰਾ ਖ਼ਿਆਲ ਰੱਖਣਗੇ।…ਨਾਲੇ ਮੈਂ ਵੀ ਤਾਂ ਮਿਲਣ ਆਉਂਦਾ ਰਹਾਂਗਾ।'

'ਮੈਨੂੰ ਜਾਂ ਪਿੰਡ ਨੂੰ ?' ਉਹ ਗੁੱਸੇ ਨਾਲ ਭਰੀ ਹੋਈ ਸੀ, ਇਸ ਲਈ ਉਸਨੇ ਸਿੱਧਾ ਸਵਾਲ ਕੀਤਾ ਸੀ।

ਪਾਪਾ ਨੇ ਇਕ ਵਾਰੀ ਉਸ ਵੱਲ ਤੱਕਿਆ, ਫੇਰ ਚੁੱਪਚਾਪ ਆਪਣੇ ਕਮਰੇ ਵਿਚ ਚਲੇ ਗਏ। ਉਹ ਗੁੱਸੇ ਨਾਲ ਕੰਬ ਰਹੀ ਸੀ।
***

ਅਚਾਨਕ ਉਸਨੂੰ ਲੱਗਿਆ, ਉਸਦਾ ਸਾਰਾ ਸਰੀਰ ਕੰਬ ਰਿਹਾ ਹੈ। ਉਹ ਇਸ ਤਾਰ ਦਾ ਕੀ ਜਵਾਬ ਦੇਵੇ ? ਉਦੋਂ ਹੀ ਮੇਹਾ ਕਹਿੰਦੀ ਹੈ, 'ਦੇਖੋ ਮੰਮੀ ਮੈਂ ਦਾਦੀ ਦਾ ਪਿੰਡ ਬਣਾਇਆ ਏ। ਓਅ ਏ…ਹੋਏ, ਹੋ ਗਈ ਨਾ ਗ਼ਲਤੀ, ਇੱਥੇ ਤਾਂ ਇਮਲੀ ਦਾ ਵੱਡਾ ਸਾਰਾ ਰੁੱਖ ਏ। ਦਾਦੀ ਨੇ ਡਲਾ ਮਾਰ ਕੇ, ਇਮਲੀ ਤੋੜੀ ਸੀ। ਹੁਣੇ ਬਣਾਦੀ ਆਂ ਰੁੱਖ…' ਉਹ ਬੁਰਸ਼ ਨੂੰ ਰੰਗ ਵਿਚ ਭਿਉਂ ਕੇ ਰੁੱਖ ਬਣਾਉਣ ਲੱਗ ਪਈ।

ਖੇਤ ਦਿਖਾਉਂਦਿਆਂ ਹੋਇਆਂ ਓਨੀਲ ਨੇ ਕਿਹਾ ਸੀ, 'ਚਾਰੇ ਪਾਸੇ ਵੱਸਿਆ ਇਹ ਪਿੰਡ ਸਿਰਫ ਬਾਹਰ ਨਹੀਂ, ਮੇਰੇ ਅੰਦਰ ਵਸਿਆ ਹੋਇਆ ਹੈ। ਇਸ ਧਾਈਂ ਦੇ ਇਕ ਦਾਣੇ ਨੂੰ ਖੋਹਲ ਕੇ ਦੇਖ।'

ਉਸਨੇ ਖੋਲ੍ਹ ਕੇ ਦੇਖਿਆ…ਇਕ ਵਿਚ ਚੌਲਾਂ ਦੇ ਦੋ ਦਾਣੇ ਸਨ। ਉਹ ਹੈਰਾਨੀ ਨਾਲ ਓਨੀਲ ਦੇ ਮੂੰਹ ਵੱਲ ਦੇਖਣ ਲੱਗੀ ਸੀ।

'ਇੱਕ ਹੋਰ ਖੋਹਲ।'

ਉਸਨੇ ਨੌਹਾਂ ਨਾਲ ਪਰਤ ਹਟਾਈ, ਫੇਰ ਚੌਲਾਂ ਦੇ ਦੋ ਦਾਣੇ।

'ਇਹ ਖਾਸ ਕਿਸਮ ਦਾ ਧਾਨ ਹੈ। ਪੂਰੇ ਖੇਤ ਵਿਚ ਇਹੀ ਹੈ। ਠੀਕ ਮੇਰੇ ਵਾਂਗ।'

'ਕੀ ਮਤਲਬ ?'

'ਇਕ ਦਾਣੇ ਵਿਚ ਦੋ ਦਾਣੇ…ਮੇਰੇ ਅੰਦਰ ਵੀ ਦੋ ਚੀਜ਼ਾਂ ਨੇ। ਇਕ ਇਹ ਪਿੰਡ ਤੇ ਦੂਜੀ ਤੂੰ। ਮੈਂ ਵੀ ਕੀ ਚੀਜ਼ ਆਂ…ਟੂ ਇਨ ਵਨ !' ਆਪਣੀ ਕਹੀ ਗੱਲ ਉੱਤੇ ਹੱਸਣ ਲੱਗਿਆ ਸੀ ਉਹ।

ਜਦੋਂ ਉਹ ਧੂੜ ਭਰੀ ਪਹੀ ਤੋਂ ਵਾਪਸ ਆ ਰਹੇ ਸਨ ਤਾਂ ਦਸ ਬਾਰਾਂ ਸਾਲ ਦੀਆਂ ਕੁਝ ਕੁੜੀਆਂ ਉਸਨੂੰ ਦੇਖ ਕੇ ਤਾੜੀਆਂ ਵਜਾਉਣ ਲੱਗੀਆਂ, 'ਸਾਬਣ ਵਾਲੀ ਭਾਬੀ, ਸਾਬਣ ਵਾਲੀ ਭਾਬੀ।'

ਉਹ ਅਚਾਨਕ ਚਿੜ ਗਈ ਸੀ, 'ਪੇਂਡੂ ਢੱਗੇ।'

ਪਿੱਛੋਂ ਉਸਦਾ ਨਾਂ ਹੀ 'ਸਾਬਣ ਵਾਲੀ ਭਾਬੀ' ਪੈ ਗਿਆ ਸੀ। ਉਸਨੂੰ ਆਪਣੇ ਆਪ ਉੱਤੇ ਗੁੱਸਾ ਆਇਆ ਸੀ ਕਿ ਮਾਮੂਲੀ ਜਿਹੀ ਕੱਪੜੇ ਧੋਣ ਵਾਲੀ ਸਾਬਣ ਲਈ ਮਾਡਲਿੰਗ ਕਿਉਂ ਕੀਤੀ ਸੀ ? ਹਰ ਡੱਬੇ ਉੱਤੇ ਉਸਦੀ ਤਸਵੀਰ। ਹਰ ਮੂੰਹ 'ਤੇ ਬਸ 'ਸਾਬਣ ਵਾਲੀ ਭਾਬੀ'।

ਇਕ ਰਾਤ ਉਸਨੇ ਓਨੀਲ ਨੂੰ ਕਿਹਾ ਸੀ, 'ਇਹ ਕੀ ਗੰਵਾਰਪਣ ਹੋਇਆ ਕਿ ਜਿਸਨੂੰ ਦੇਖੋ, ਉਹੀ ਸਾਬਣ ਵਾਲੀ ਭਾਬੀ…ਸਾਬਣ ਵਾਲੀ ਭਾਬੀ…ਆਈ ਕਾਂਟ ਟਾਲਰੇਟ ਦਿਸ।'

'ਜਾਣ ਵੀ ਦੇਹ। ਇਹਨਾਂ ਨੂੰ ਅਨਪੜ੍ਹ ਸਮਝ ਕੇ ਮੁਆਫ਼ ਕਰ ਦੇਹ।' ਓਨੀਲ ਨੇ ਕਿਹਾ ਸੀ।

ਪਰ ਉਸਨੇ ਕਦੋਂ ਮੁਆਫ਼ ਕੀਤਾ ਸੀ। ਇਕ ਵਾਰੀ ਓਨੀਲ ਨੇ ਵਿਚਕਾਰ ਪੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਵੀ ਵਰ੍ਹ ਗਈ ਸੀ। ਤੇ ਉਸੇ ਦਿਨ ਤੋਂ ਉਸ ਘਰ ਵਿਚ ਵੀ ਫ਼ੈਸਲੇ ਸੁਣਾਉਣ ਲੱਗ ਪਈ ਸੀ ਉਹ।

ਫੇਰ ਝੋਨਾ ਕੱਟਿਆ ਗਿਆ।

ਪਿੰਡ ਵਿਚ ਮਸਾਂ ਹੀ ਸੱਤ ਅੱਠ ਘਰ ਇਸਾਈਆਂ ਦੇ ਸਨ। ਸਾਰੇ ਝੋਨੇ ਦੀਆਂ ਬੱਲੀਆਂ ਲੈ ਕੇ ਚਰਚ ਪਹੁੰਚੇ। ਓਨੀਲ, ਉਸਦੇ ਪਿਤਾ, ਮਾਂ ਤੇ ਉਹ ਵੀ। ਸਭ ਕੁਝ ਵਚਿੱਤਰ ਲੱਗਿਆ।

ਚਰਚ ਵਿਚ ਉਸਨੇ ਹੌਲੀ-ਜਿਹੀ ਕਿਹਾ, 'ਇਹ ਸਭ ਕੀ ਤਮਾਸ਼ਾ ਏ ?'

'ਇਹ ਤਮਾਸ਼ਾ ਨਹੀਂ। ਅਸੀਂ ਇਸ ਨੂੰ ਪਵਿੱਤਰ ਬੇਦੀ ਵਿਚ ਚੜ੍ਹਾਉਂਦੇ ਆਏ ਹਾਂ।'

'ਆਲ ਫਨ ! ਅੰਨ ਚੜਾਉਣ ਵਾਲੀ ਨਹੀਂ, ਖਾਣ ਵਾਲੀ ਚੀਜ਼ ਹੁੰਦੀ ਏ। ਅਸੀਂ ਦਿੱਲੀ ਵਿਚ ਮਾਰਕੀਟ ਵਿਚੋਂ ਲਿਆਉਂਦੇ ਆਂ, ਪਕਾ ਕੇ ਖਾਂਦੇ ਹਾਂ। ਤੁਸੀਂ ਪਿੰਡਾਂ ਵਾਲੇ ਗੱਲ-ਗੱਲ 'ਤੇ ਡਰਾਮੇ ਕਰਦੇ ਓ।' ਤੇ ਉਹ ਪੂਜਾ ਅਰਚਨਾ ਦੇ ਵਿਚਕਾਰੋਂ ਹੀ ਉੱਠ ਕੇ ਤੁਰ ਆਈ ਸੀ।

ਫੇਰ ਘਰੇ ਨਵਾਂ ਨਾਟਕ ਸ਼ੁਰੂ ਹੋਇਆ।

ਝੋਨਾ ਕੱਟਿਆ ਗਿਆ। ਓਨੀਲ ਤੇ ਉਸਦੇ ਪਿਤਾ ਮਜ਼ਦੂਰਾਂ ਵਾਂਗ ਕੰਮ ਵਿਚ ਜੁਟ ਗਏ। ਕਦੀ ਝੋਨੇ ਨੂੰ ਠੰਡੇ ਪਾਣੀ ਵਿਚ ਫੁਲਾਇਆ ਜਾਂਦਾ, ਫੇਰ ਸੁਕਾਇਆ ਜਾਂਦਾ। ਫੇਰ ਡੇਂਕੀ ਵਿਚ ਕੁੱਟਿਆ ਜਾਂਦਾ। ਓਨੀਲ ਕਹਿੰਦਾ, 'ਇਹ ਅਵਰਾ ਚੌਲ ਨੇ।' ਕਦੇ ਝੋਨੇ ਨੂੰ ਠੰਡੇ ਪਾਣੀ ਵਿਚ ਫੁੱਲਣ ਲਈ ਸਵੇਰੇ ਰੱਖਿਆ ਜਾਂਦਾ, ਸ਼ਾਮੀ ਉਬਾਲਿਆ ਜਾਂਦਾ, ਫੇਰ ਪਾਣੀ ਸੁਕਾਉਣ ਲਈ ਖਿਲਾਰ ਕੇ ਰੱਖ ਦਿੱਤਾ ਜਾਂਦਾ। ਦੂਜੇ ਦਿਨ ਵੀ ਸੁੱਕਦਾ ਰਹਿੰਦਾ। ਜਦੋਂ ਪੂਰੀ ਤਰ੍ਹਾਂ ਸੁੱਕ ਜਾਂਦਾ ਤਾਂ ਫੇਰ ਡੇਂਕੀ ਵਿਚ ਕੁਟਾਈ ਹੁੰਦੀ। ਇਕ ਆਦਮੀ ਪੈਰਾਂ ਨਾਲ ਡੇਂਕੀ ਗੇੜਦਾ। ਦੂਜਾ, ਦੂਜੇ ਪਾਸੇ ਬਣੇ ਟੋਏ ਵਿਚ ਝੋਨਾ ਪਾਉਂਦਾ ਰਹਿੰਦਾ…ਡਕ, ਡਕ। ਇਹ ਆਵਾਜ਼ ਹਥੌੜੇ ਵਾਂਗ ਉਸਦੇ ਸਿਰ ਵਿਚ ਵੱਜਦੀ। ਓਨੀਲ ਕਹਿੰਦਾ, 'ਇਹ 'ਉਸਨਾ' ਚੌਲ ਨੇ।'

ਕੁਝ ਦਿਨ ਉਹ ਚੁੱਪ ਰਹੀ।

ਫੇਰ ਓਨੀਲ ਨੇ ਸ਼ੁਰੂ ਕੀਤਾ ਚੂੜਾ ਬਣਾਉਣਾ। ਝੋਨੇ ਨੂੰ ਪਾਣੀ ਵਿਚ ਫੁਲਇਆ ਜਾਂਦਾ। ਦੂਜੀ ਸਵੇਰ, ਪਾਣੀ ਸੁੱਕਣ ਲਈ ਛੱਡ ਦਿੱਤਾ ਜਾਂਦਾ। ਫੇਰ ਬਰੇਤੀ ਵਿਚ ਹਲਕਾ-ਹਲਕਾ ਭੁੰਨਿਆਂ ਜਾਂਦਾ। ਫੇਰ ਡੇਂਕੀ ਵਿਚ ਕੁਟਾਈ…ਉਹੀ ਡਕ…ਡਕ…ਡਕ…।

ਤੇ ਜਦੋਂ ਓਨੀਲ ਨੇ ਮੂੜੀ ਬਣਾਉਣੀ ਸ਼ੁਰੂ ਕੀਤੀ ਸੀ, ਉਸਨੇ ਮੰਮੀ ਨੂੰ ਲਿਖਿਆ ਸੀ, 'ਇਹ ਘਰ ਨਹੀਂ ਭੱਠੀ ਹੈ। ਕਦੀ ਚੌਲ ਛੱਟੇ-ਕੁੱਟੇ ਜਾਂਦੇ ਨੇ, ਤੇ ਕਦੀ ਭੁੰਨੇ ਜਾਂਦੇ ਨੇ। ਮੇਰੇ ਦਿਮਾਗ਼ ਵਿਚ ਇਸਦੀ ਬਦਬੂ ਭਰਦੀ ਜਾ ਰਹੀ ਹੈ…ਤੇ ਮੈਂ…ਮੈਂ ਫੈਮਿਲੀ-ਵੇ ਵਿਚ ਹਾਂ।'

ਉਤਰ ਵਿਚ ਮੰਮੀ ਆ ਕੇ ਉਸਨੂੰ ਦਿੱਲੀ ਵਾਪਸ ਲੈ ਗਈ ਸੀ। ਕਦੀ-ਕਦੀ ਓਨੀਲ ਮਿਲਣ ਆਉਂਦਾ ਰਿਹਾ। ਫੇਰ ਹੋਈ ਮੇਹਾ। ਕੁਝ ਦਿਨਾਂ ਪਿੱਛੋਂ ਓਨੀਲ ਨੇ ਕਿਹਾ, 'ਚੱਲੋ ਘਰ ਚੱਲੀਏ।'

'ਨਹੀਂ ! ਇਹ ਨਹੀਂ ਜਾਏਗੀ।' ਮੰਮੀ ਇਕਦਮ ਸਾਹਮਣੇ ਆ ਗਈ ਸੀ।

'ਮੈਂ ਆਪਣੀ ਮਾਂ…ਆਪਣੇ ਪਾਪਾ ਨੂੰ ਕੀ ਮੂੰਹ ਦਿਖਾਵਾਂਗਾ ?' ਟੁੱਟੀ ਜਿਹੀ ਆਵਾਜ਼ ਵਿਚ ਓਨੀਲ ਨੇ ਕਿਹਾ ਸੀ।

ਇਸ ਵਾਰੀ ਆਪਣੇ ਮੁਕੱਦਮੇ ਦਾ ਫ਼ੈਸਲਾ ਉਸਨੇ ਇਜਲਾਸ ਵਿਚ ਮੰਮੀ ਦੇ ਪੱਖ ਵਿਚ ਦਿੱਤਾ ਸੀ, 'ਇਕ ਸ਼ਰਤ 'ਤੇ ਚੱਲ ਸਕਦੀ ਆਂ। ਬੱਚੀ ਉਹਨਾਂ ਨੂੰ ਦਿਖਾਅ ਕੇ, ਅਸੀਂ ਵਾਪਸ ਆ ਜਾਵਾਂਗੇ। ਤੁਸੀਂ ਪੜ੍ਹੇ-ਲਿਖੇ ਓ। ਮੰਮੀ ਦੇ ਇੱਥੇ ਬੜੇ ਸੋਰਸ ਨੇ। ਤੁਹਾਨੂੰ ਇੱਥੇ ਚੰਗੀ ਨੌਕਰੀ ਮਿਲ ਜਾਵੇਗੀ।'

ਫੇਰ ਉਹੀ ਹੋਇਆ, ਜਿਵੇਂ ਮੰਮੀ ਨੇ ਤੇ ਉਸਨੇ ਚਾਹਿਆ ਸੀ। ਜਦੋਂ ਓਨੀਲ ਨੂੰ ਲੈ ਕੇ ਉਹ ਹਮੇਸ਼ਾ ਲਈ ਪਰਤ ਆਈ ਤਾਂ ਪਾਪਾ ਨਾਰਾਜ਼ ਹੋ ਕੇ ਆਪਣੇ ਕਮਰੇ ਵਿਚ ਚਲੇ ਗਏ। ਰਾਤੀਂ ਖਾਣੇ ਦੀ ਮੇਜ਼ ਉੱਤੇ ਵੀ ਨਹੀਂ ਆਏ। ਓਨੀਲ ਨੇ ਪੁੱਛਿਆ ਸੀ, 'ਪਾਪਾ ਨਹੀਂ ਆਏ ?'

'ਉਹਨਾਂ ਦੀ ਤਬੀਅਤ ਥੋੜ੍ਹੀ ਖ਼ਰਾਬ ਏ, ਤੁਸੀਂ ਲੋਕ ਆਰਾਮ ਨਾਲ ਖਾਓ।' ਮੰਮੀ ਨੇ ਕਿਹਾ ਸੀ।

ਰਾਤ ਨੂੰ ਉਹ ਕਾਫ਼ੀ ਲੈ ਕੇ ਪਾਪਾ ਦੇ ਕਮਰੇ ਵਿਚ ਗਈ। ਪਾਪਾ ਸੁੱਤੇ ਹੋਏ ਸਨ। ਉਸਨੇ ਮੱਥੇ ਉੱਤੇ ਹੱਥ ਰੱਖਿਆ…ਬੁਖ਼ਾਰ ਨਾਲ ਤਪ ਰਿਹਾ ਸੀ। ਹੌਲੀ-ਹੌਲੀ ਮੱਥਾ ਘੁੱਟਣ ਲੱਗੀ। ਪਾਪਾ ਜਾਗ ਪਏ। ਸੂਹੀਆਂ ਅੱਖਾਂ ਨਾਲ ਉਸ ਵੱਲ ਦੇਖਿਆ। ਫੇਰ ਐਨੀ ਜ਼ੋਰ ਨਾਲ ਹੱਥ ਪਰ੍ਹਾਂ ਧਰੀਕਿਆ ਕਿ ਦੂਜੇ ਵਿਚਲਾ ਪਿਆਲਾ ਦੂਰ ਜਾ ਡਿੱਗਿਆ, 'ਗੇਟ ਆਊਟ, ਆਈ ਸੇ ਗੈਟ ਆਊਟ…'

ਮੰਮੀ ਦੇ ਨਾਲ ਨਾਲ ਓਨੀਲ ਵੀ ਦੌੜਦਾ ਹੋਇਆ ਅੰਦਰ ਆਇਆ। ਪਾਪਾ ਚੀਕ ਰਹੇ ਸਨ, 'ਤੁਸੀਂ ਦੋਵੇਂ ਮਰਡਰਜ਼ ਓ…ਤੇਰੀ ਮਾਂ ਨੇ ਮੇਰੇ ਅੰਦਰਲੇ ਪਿੰਡ ਨੂੰ ਮਾਰ ਕੇ ਸ਼ਹਿਰ ਭਰ ਦਿੱਤਾ… ਇਸ ਵਾਰੀ…ਉਸਦੇ ਨਾਲ ਸਾਜਿਸ਼ ਕਰਕੇ, ਤੂੰ ਓਨੀਲ ਦੇ ਅੰਦਰਲੇ ਪਿੰਡ ਨੂੰ ਮਾਰ ਕੇ ਸ਼ਹਿਰ ਭਰਨ ਕੀ ਕੋਸ਼ਿਸ਼ ਕਰ ਰਹੀ ਹੈਂ…ਗੇਟ ਆਊਟ ਯੂ, ਮਰਡਰਰਜ਼…'

ਫੇਰ ਪਾਪਾ ਬਹੁਤੇ ਦਿਨ ਨਹੀਂ ਸਨ ਚੱਲ ਸਕੇ। ਖਾਣਾ ਪੀਣਾ ਸਭ ਛੁੱਟ ਗਿਆ ਸੀ। ਜਿਸ ਦਿਨ ਉਹਨਾਂ ਦੀ ਹਾਲਤ ਬੜੀ ਸੀਰੀਅਸ ਸੀ, ਉਹ ਹੌਸਲਾ ਕਰਕੇ ਉਹਨਾਂ ਦੇ ਕਮਰੇ ਵਿਚ ਗਈ ਸੀ। ਪਿੱਛੇ-ਪਿੱਛੇ ਮੰਮੀ ਤੇ ਉਹ ਵੀ ਆ ਗਏ ਸਨ। ਉਹਨਾਂ ਨੂੰ ਦੇਖਦਿਆਂ ਹੀ ਪਾਪਾ ਨੇ ਕਿਹਾ, 'ਓਨੀਲ…ਮੈਂ ਸ਼ਾਂਤੀ ਨਾਲ ਮਰਨਾ ਚਾਹੁੰਦਾ ਹਾਂ…ਟੈੱਲ ਦੀਜ਼ ਮਰਡਰਰਜ਼ ਟੂ ਗੋ ਆਊਟ…ਆਖ਼ਰੀ ਵਕਤ ਮੇਰੇ ਸਾਹਮਣੇ ਹਤਿਆਰੀਆਂ ਦਾ ਚਿਹਰਾ ਨਹੀਂ ਹੋਣਾ ਚਾਹੀਦਾ…ਤੇ ਆਭਾ ਦੀ ਮੰਮੀ ਨੂੰ ਕਹਿ ਦਿਓ, ਪਿੰਡ ਨਹੀਂ ਮਰਦਾ।…ਮੇਰੇ ਅੰਦਰ ਅਜੇ ਵੀ ਜਿਊਂਦਾ ਹੈ…ਟੈੱਲ ਦੈਮ ਗੋ ਆਊਟ…।'

ਫੇਰ ਹੌਸਲਾ ਨਹੀਂ ਹੋਇਆ ਕਿ ਪਾਪਾ ਦੇ ਕਮਰੇ ਵਿਚ ਜਾਵੇ। ਦੋ ਦਿਨ ਤੱਕ ਪਾਪਾ ਮੌਤ ਨਾਲ ਲੜਦੇ ਰਹੇ…ਫੇਰ ਮੰਮੀ ਦੇ ਰੋਣ ਦੀ ਆਵਾਜ਼। ਤਦ ਵੀ ਅੰਦਰ ਜਾਣ ਦੀ ਹਿੰਮਤ ਨਹੀਂ ਸੀ ਕਰ ਸਕੀ। ਜਦ ਕਾਫਿਨ ਬੌਕਸ ਵਿਚ ਉਹਨਾਂ ਨੂੰ ਲਿਟਾਇਆ ਜਾ ਰਿਹਾ ਸੀ, ਮੰਮੀ ਨੇ ਉਹਨਾਂ ਨੂੰ ਲਾਸਟ ਕਿਸ ਦਿੱਤਾ। ਓਨੀਲ ਨੇ ਵੀ ਆਖ਼ਰੀ ਕਿਸ ਦਿੱਤਾ। ਪਰ ਉਹ ਦੂਰ ਖੜ੍ਹੀ ਰਹੀ…ਡਰ ਲੱਗ ਰਿਹਾ ਸੀ, ਕਿਤੇ ਪਾਪਾ ਫੇਰ ਉਸਨੂੰ ਝਿੜਕ ਨਾ ਦੇਣ…ਕਿਤੇ ਫੇਰ ਚੀਕ ਨਾ ਪੈਣ…'ਗੇਟ ਆਊਟ, ਮਰਡਰਰ…।'

ਉਹ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ…ਲੱਗਿਆ, ਹੁਣ ਉਹੀ ਕੰਬਣੀ ਸਾਰੇ ਪਿੰਡੇ ਵਿਚ ਛਿੜ ਪਈ ਹੈ…ਹੱਥ ਵਿਚ ਤਾਰ ਹੈ। ਉਹ ਕੀ ਜਵਾਬ ਦੇਵੇ ਇਸਦਾ ? ਮੇਹਾ ਹੁਣ ਵੀ ਪੇਟਿੰਗ ਬਣਾਉਣ ਵਿਚ ਰੁੱਝੀ ਹੋਈ ਹੈ।

ਮੰਮੀ ਦੇ ਸੋਰਸਜ਼ ਨਾਲ ਓਨੀਲ ਨੂੰ ਸਰਵਿਸ ਮਿਲ ਗਈ।

ਕਦੀ ਕਦੀ ਉਹ ਪਿੰਡ ਵੀ ਹੋ ਆਉਂਦਾ। ਜਦੋਂ ਉਹ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਹੁੰਦਾ, ਮੰਮੀ ਕੋਈ ਨਾ ਕੋਈ ਅਰਜੈਂਟ ਕੰਮ ਕੱਢ ਬਹਿੰਦੀ। ਇਕ ਦਿਨ ਮੰਮੀ ਨੇ ਕਿਹਾ, 'ਇਸਨੂੰ ਵਾਰੀ-ਵਾਰੀ ਪਿੰਡ ਨਾ ਜਾਣ ਦਿਆ ਕਰ…ਸਮਝਾ ਰਹੀ ਆਂ, ਫੇਰ ਮੈਨੂੰ ਬਲੇਮ ਨਾ ਦੇਵੀਂ।'…ਤੇ ਇਸ ਸਾਜਿਸ਼ ਵਿਚ ਉਹ ਮੰਮੀ ਨਾਲ ਰਲ ਗਈ। ਹੌਲੀ-ਹੌਲੀ ਓਨੀਲ ਦਾ ਪਿੰਡ ਜਾਣਾ ਛੁੱਟ ਗਿਆ।

ਇਸ ਦੌਰਾਨ ਮੇਹਾ ਲਗਭਗ ਤਿੰਨ ਵਰ੍ਹਿਆਂ ਦੀ ਹੋ ਗਈ। ਤਦ ਮੰਮੀ ਨੇ ਕਿਹਾ, 'ਓਨੀਲ ਨੂੰ ਇਕ ਸਕੂਟਰ ਖ਼ਰੀਦ ਲੈਣਾ ਚਾਹੀਦਾ ਹੈ। ਇਹ ਬੱਸਾਂ ਦੀ ਫੜ੍ਹ-ਫੜਾਈ ਠੀਕ ਨਹੀਂ।'

ਨਵੇਂ ਸਕੂਟਰ ਦੀ ਬੁਕਿੰਗ ਕਰਵਾ ਦਿੱਤੀ ਗਈ। ਕੰਮ ਚਲਾਉਣ ਲਈ ਸੈਕੰਡ-ਹੈਂਡ ਸਕੂਟਰ ਖ਼ਰੀਦ ਦਿੱਤਾ ਮੰਮੀ ਨੇ। ਓਨੀਲ ਨੇ ਨਵਾਂ ਰੰਗ-ਰੋਗਨ ਕਰਵਾ ਲਿਆ। ਜਿਸ ਦਿਨ ਘਰ ਵਿਚ ਸਕੂਟਰ ਆਇਆ, ਮੇਹਾ ਸਭ ਤੋਂ ਵੱਧ ਖੁਸ਼ ਹੋਈ। ਓਨੀਲ ਉਸਨੂੰ ਬਿਠਾਅ ਕੇ ਘੁਮਾਉਂਣ ਲੈ ਗਿਆ। ਫੇਰ ਇਹ ਇਕ ਸਿਲਸਿਲਾ ਬਣ ਗਿਆ।

ਤਿੰਨ ਵਜੇ ਮੇਹਾ ਨੂੰ ਛੁੱਟੀ ਹੁੰਦੀ।ਘਰ ਆਉਂਦਿਆਂ ਹੀ ਫਟਾਫਟ ਨਾਸ਼ਤਾ ਕਰਦੀ। ਫੇਰ ਚਾਰ ਸਵਾ ਚਾਰ ਵਜੇ ਹੀ ਰੌਲਾ ਪਾਉਣ ਲੱਗ ਪੈਂਦੀ, 'ਮੰਮੀ ਮੈਨੂੰ ਤਿਆਰ ਕਰ ਦਿਓ…'

ਆਫ਼ਿਸੋਂ ਆ ਕੇ ਗੇਟ 'ਤੇ ਹੀ ਓਨੀਲ ਹਾਰਨ ਵਜਾਉਂਦਾ…ਮੇਹਾ ਦੌੜ ਕੇ ਆਪਣੇ ਪਾਪਾ ਕੋਲ। ਉਸਨੂੰ ਬਿਠਾਅ ਕੇ ਇੱਧਰ-ਉੱਧਰ ਘੁੰਮਾ ਕੇ ਓਨੀਲ ਘਰ ਵਾਪਸ ਆਉਂਦਾ। ਤੇ ਹਰ ਰੋਜ਼ ਦੀ ਇਹ ਡਿਊਟੀ ਵਜਾ ਕੇ ਹੀ ਚਾਹ ਲਈ ਬੈਠਦਾ।

ਇਕ ਦਿਨ ਸਕੂਟਰ ਤੋਂ ਮੇਹਾ ਨੂੰ ਲਾਹੁੰਦਿਆਂ ਹੋਇਆਂ ਉਸਨੇ ਕਿਹਾ, 'ਪਤਾ ਈ ਆਭਾ ? ਇਸਨੂੰ ਬਸ ਦੋ ਚੀਜ਼ਾਂ ਪਿਆਰੀਆਂ ਨੇ…ਮੈਂ ਤੇ ਇਹ ਸਕੂਟਰ। ਮੇਰੇ ਵਾਂਗਰ ਇਹ ਵੀ ਟੂ ਇਨ ਵਨ…।' ਕਹਿੰਦਾ ਕਹਿੰਦਾ ਅਚਾਨਕ ਚੁੱਪ ਹੋ ਗਿਆ ਸੀ ਉਹ। ਤੇ ਫੇਰ ਬਿਨਾਂ ਕੁਝ ਕਹੇ ਸਕੂਟਰ ਨੂੰ ਵਰਾਂਡੇ ਵਿਚ ਖੜ੍ਹਾ ਕਰਨ ਲੱਗ ਪਿਆ ਸੀ।

ਉਸ ਰਾਤ ਘਰ ਵਿਚ ਇਕ ਅਜੀਬ ਜਿਹੀ ਚੁੱਪ ਪਸਰ ਗਈ ਸੀ। ਦੂਜੇ ਦਿਨ ਅਜੇ ਸਭ ਕੁਝ ਨਾਰਮਲ ਵੀ ਨਹੀਂ ਸੀ ਹੋਇਆ ਕਿ ਪਿੰਡੋਂ ਉਸਦੇ ਪਿਤਾ ਦਾ ਤਾਰ ਆ ਗਿਆ ਸੀ। ਉਹ ਕਹਾਲ ਨਾਲ ਦਫ਼ਤਰ ਗਿਆ। ਛੁੱਟੀ ਲੈ ਆਇਆ। ਇਸ ਵਾਰੀ ਉਹ ਚਾਹੁੰਦੀ ਹੋਈ ਵੀ ਵਿਰੋਧ ਨਹੀਂ ਸੀ ਕਰ ਸਕੀ ਤੇ ਸ਼ਾਮ ਵਾਲੀ ਗੱਡੀ ਉਹ ਤਿੰਨੇ ਜਣੇ ਰਵਾਨਾ ਹੋ ਗਏ ਸਨ…ਉਸਦਾ ਹੱਥ ਫੜ੍ਹ ਕੇ ਉਸਦੀ ਮਾਂ ਨੇ ਕਿਹਾ ਸੀ, 'ਮੈਨੂੰ ਤੇਰੇ ਤਾਈਂ ਕੋਈ ਸ਼ਿਕਾਇਤ ਨਹੀਂ ਬੇਟਾ।' ਇਹੀ ਉਸਦਾ ਅੰਤਿਮ ਵਾਕ ਸੀ।

ਦਿੱਲੀ ਆਉਂਦਿਆਂ ਹੋਇਆਂ ਓਨੀਲ ਚੁੱਪ ਸੀ। ਬਸ, ਹੂੰ-ਹਾਂ ਵਿਚ ਜਵਾਬ ਦੇਂਦਾ ਰਿਹਾ।

ਛੇ ਮਹੀਨਿਆਂ ਦੇ ਅੰਦਰ-ਅੰਦਰ ਇਹ ਸਭ ਵਾਪਰ ਜਾਵੇਗਾ, ਉਸਨੇ ਕਦੀ ਸੋਚਿਆ ਵੀ ਨਹੀਂ ਸੀ।

ਪਹਿਲਾਂ ਵਾਂਗ ਹੀ ਹਰ ਰੋਜ਼ ਉਹ ਦਫ਼ਤਰ ਜਾਂਦਾ। ਹਰ ਰੋਜ਼, ਮੇਹਾ ਸਕੂਲੋਂ ਆ ਕੇ ਰੌਲਾ ਪਾਉਂਦੀ। ਹਰ ਰੋਜ਼ ਵਾਂਗ ਹੀ ਓਨੀਲ ਗੇਟ 'ਤੇ ਆ ਕੇ ਹਾਰਨ ਵਜਾਉਂਦਾ…ਮੇਹਾ ਦੌੜਦੀ। ਫੇਰ ਸਕੂਟਰ ਦੇ ਚੱਕਰ। ਪਰ ਉਸ ਦਿਨ ਮੇਹਾ ਇੰਤਜ਼ਾਰ ਕਰਦੀ-ਕਰਦੀ ਥੱਕ ਗਈ ਸੀ, 'ਕਦੋਂ ਆਉਣਗੇ ਪਾਪਾ ?' ਫੇਰ ਉਸਦੇ ਅੰਦਰ ਵੀ ਘਬਰਾਹਟ ਹੋਣ ਲੱਗ ਪਈ ਸੀ, 'ਬਸ ਆ ਜਾਣਗੇ। ਆਫ਼ਿਸ ਵਿਚ ਵੀ ਕਦੀ-ਕਦੀ ਦੇਰ ਹੋ ਜਾਂਦਾ ਏ।'

ਥੋੜ੍ਹੀ ਦੇਰ ਬਾਅਦ ਗੇਟ 'ਤੇ ਹਾਰਨ ਵੱਜਿਆ। ਮੇਹਾ ਦੌੜੀ, 'ਪਾਪਾ…ਪਾਪਾ…ਯੂ ਆਰ ਲੇਟ।' ਉਹ ਵੀ ਦੌੜੀ। ਪਰ ਉੱਥੇ ਮਿਸਟਰ ਡਾਇਸਨ ਖੜ੍ਹੇ ਸਨ, 'ਮਿਸੇਜ ਬਰਾਉਨ…ਓਨੀਲ ਦੇ ਸਕੂਟਰ ਦਾ ਐਕਸੀਡੈਂਟ ਹੋ ਗਿਆ ਏ…ਹੀ ਇਜ ਸੀਰੀਅਸ ਇਨ ਦ ਹਾਸਪਿਟਲ।'

ਚੌਵੀ ਘੰਟਿਆਂ ਪਿੱਛੋਂ ਥੋੜ੍ਹਾ ਜਿਹਾ ਹੋਸ਼ ਆਇਆ ਸੀ, ਇੰਸਪੈਕਟਰ ਪੁੱਛ ਰਿਹਾ ਸੀ, 'ਮਿਸਟਰ ਬਰਾਉਨ…ਤੁਹਾਨੂੰ ਕਿਸ ਗੱਡੀ ਨੇ ਫੇਟ ਮਾਰੀ ਏ ? ਉਸਦਾ ਨੰਬਰ ਯਾਦ ਏ ?'

ਓਨੀਲ ਸੁੰਨੀਆਂ ਜਿਹੀਆਂ ਨਜ਼ਰਾਂ ਨਾਲ ਇੱਧਰ-ਉੱਧਰ ਦੇਖ ਰਿਹਾ ਸੀ। ਫੇਰ ਉਸਨੇ ਕਿਹਾ ਸੀ, 'ਦੋਸ਼ ਮੇਰਾ ਏ…ਦਿੱਲੀ ਦੀਆਂ ਸੜਕਾਂ…ਤੇ ਚੱਲ ਰਿਹਾ ਹੁੰਦਾ ਆਂ, ਪਰ ਲੱਗਦੈ ਪਿੰਡ ਦੀ ਪਗਡੰਡੀ 'ਤੇ ਦੌੜਿਆ ਜਾ ਰਿਹਾਂ। ਨਜ਼ਰਾਂ ਸਾਹਮਣੇ ਖੇਤ…ਅੰਬ, ਇਮਲੀ ਦੇ ਰੁੱਖ, ਮੈਂ…ਮੈਂ ਚਾਹ ਕੇ ਵੀ ਆਪਣੇ ਅੰਦਰਲੇ ਪਿੰਡ ਨੂੰ ਨਹੀਂ ਮਾਰ ਸਕਿਆ…ਉਹ…ਉਹ ਹੁਣ ਵੀ ਮੇਰੇ ਅੰਦਰ ਜਿਊਂਦਾ ਹੈ…ਸਟਿੱਲ ਅਲਾਇਵ…' ਆਵਾਜ਼ ਟੁੱਟ ਗਈ, ਡਾਕਟਰ ਨੇ ਦੇਖਿਆ…ਡੈੱਡ।

ਫੇਰ ਪਿੰਡ ਤਾਰ ਕੀਤਾ ਗਿਆ।

ਓਨੀਲ ਦੇ ਪਾਪਾ ਆਏ…ਤਦ ਤੱਕ ਉਹ ਦਫ਼ਨਾਇਆ ਜਾ ਚੁੱਕਿਆ ਸੀ। ਆਖ਼ਰੀ ਵਾਰੀ ਪੁੱਤਰ ਦਾ ਮੂੰਹ ਵੀ ਨਹੀਂ ਦੇਖ ਸਕੇ। ਬਿਨਾਂ ਕੁਝ ਕਹੇ ਚਲੇ ਗਏ। ਫੇਰ ਇਕ ਚਿੱਠੀ…ਫੇਰ ਦੂਜੀ…ਫੇਰ ਤੀਜੀ…'ਮੇਹਾ ਨੂੰ ਲੈ ਕੇ ਆ ਜਾਓ…ਇਕੱਲੇ ਰਿਹਾ ਨਹੀਂ ਜਾਂਦਾ।'

'ਮੇਹਾ ਠੀਕ ਕਹਿ ਰਹੀ ਏ ਪਾਪਾ…ਤੁਸੀਂ ਨਾਲ ਰਹੋਗੇ ਤਾਂ…'

'ਆਪਣਾ ਪਿੰਡ…ਆਪਣੇ ਖੇਤ…ਆਪਣਾ ਘਰ ਕਦੀ ਕਿਸੇ ਤੋਂ ਛੁਟਿਆ ਏ ਬੇਟਾ ! ਤੁਸੀਂ…ਤੁਸੀਂ…ਜਾਓ...।'

ਉਹ ਸਿਸਕਨ ਲੱਗ ਪਈ।

'ਕੀ ਹੋਇਆ ਮੰਮੀ ?' ਮੇਹਾ ਉਸ ਕੋਲ ਆ ਗਈ ਹੈ।

'ਕੁਛ ਨਹੀਂ, ਤੇਰੇ ਦਾਦਾ ਜੀ ਦਾ ਤਾਰ ਏ…ਸਾਨੂੰ ਪਿੰਡ ਬੁਲਾਇਆ ਏ।'

'ਫੇਰ ਰੋ ਕਿਉਂ ਰਹੇ ਓ ? ਪਾਪਾ ਦੀ ਖ਼ਾਤਿਰ ? ਰੋਵੋ ਨਾ ਮੰਮੀ…ਆਪਾਂ ਇੱਕ ਗੁੱਡਾ ਲਿਆਵਾਂਗੇ…ਉਸਨੂੰ ਪਾਪਾ ਵਾਂਗ ਵੱਡਾ ਕਰਾਂਗੇ…ਉਸਨੂੰ ਸਕੂਟਰ ਨਹੀਂ ਲੈ ਕੇ ਦਿਆਂਗੇ…ਇਹ ਦੇਖੋ ਮੈਂ ਦਾਦਾ ਜੀ ਦਾ ਪਿੰਡ ਬਣਾਇਆ ਏ…ਉੱਥੇ ਟੈਕਸੀਆਂ, ਮੋਟਰਾਂ ਨਹੀਂ ਹੁੰਦੀਆਂ…ਕੋਈ ਧੱਕਾ ਨਹੀਂ ਮਾਰੇਗਾ…ਅਸੀਂ ਦਾਦਾ ਜੀ ਦੇ ਪਿੰਡ ਰਹਾਂਗੇ।'

ਉਹ ਪੇਟਿੰਗ ਦੇਖਦੀ ਹੈ, ਹੂ-ਬ-ਹੂ ਉਹੀ ਪਿੰਡ…ਤਾਂ ਕੀ…ਕੀ ਇਸ ਬੱਚੀ ਦੇ ਅੰਦਰ ਵੀ ਕਿਤੇ ਕੋਈ ਪਿੰਡ ਤਾਂ ਨਹੀਂ…? ਇਸ ਵਾਰੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ। ਮੇਹਾ ਨੂੰ ਹਿੱਕ ਨਾਲ ਲਾ ਕੇ ਫਿਸ ਪਈ…ਲੱਗਦਾ ਹੈ, ਉਸਦੇ ਅੰਦਰ ਵੀ ਕਈ ਆਵਾਜ਼ਾਂ ਇੱਕ ਸੁਰ-ਚੀਕ ਰਹੀਆਂ ਹਨ…ਪਿੰਡ ਕਦੀ ਨਹੀਂ ਮਰਦਾ…ਉਹ ਸਦਾ ਜਿਊਂਦਾ ਰਹਿੰਦਾ ਹੈ…ਸਟਿੱਲ ਅਲਾਈਵ।

ਕਸਾਈਵਾੜੇ ਹੋਰ ਵੀ ਹੈਨ :: ਲੇਖਕ : ਓਮ ਪ੍ਰਕਾਸ਼ ਅਵਸਥੀ

ਹਿੰਦੀ ਕਹਾਣੀ : ਕਸਾਈਵਾੜੇ ਹੋਰ ਵੀ ਹੈਨ... :: ਲੇਖਕ : ਓਮ ਪ੍ਰਕਾਸ਼ ਅਵਸਥੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

---------------------------------------------------------------
ਇਹ ਕਹਾਣੀ, ਮੁਹਾਂਦਰਾ ਦੇ ਅੰਕ : 25 : ਅਪ੍ਰੈਲ-ਜੂਨ 2009. ਵਿਚ ਛਪੀ ਹੈ।
---------------------------------------------------------------

ਅਯੋਧਿਆ ਤੋਂ ਤਿੰਨ ਕੁ ਮੀਲ ਦੀ ਦੂਰੀ 'ਤੇ ਵੱਸਿਆ ਉਹ ਪਿੰਡ, ਰਾਤ ਹੁੰਦਿਆਂ ਹੀ ਚੁੱਪ ਦੇ ਸਮੂੰਦਰ ਵਿਚ ਡੁੱਬ ਗਿਆ ਸੀ। ਘਰਾਂ ਵਿਚ ਧੂਈਂਆਂ ਬਲ ਪਈਆਂ ਸਨ। ਉਹਨਾਂ 'ਚੋਂ ਨਿਕਲਦਾ ਧੂੰਆਂ ਬਾਹਰ ਆਉਂਦਾ ਹੀ, ਠੰਡੀ-ਯਖ਼-ਪੱਛੋਂ ਦੇ ਬਰਫ਼ੀਲੇ ਤੂਫ਼ਾਨ ਵਿਚ ਅਟਕ ਕੇ, ਰੂੰ ਦੇ ਤੂੰਬਿਆਂ ਵਾਂਗ ਖਿੱਲਰ-ਪੁੱਲਰ ਜਾਂਦਾ ਸੀ। ਇਨਸਾਨ ਖ਼ਾਮੋਸ਼ ਸਨ, ਪਰ ਕੁਦਰਤ ਖਰਮਸਤੀਆਂ 'ਤੇ ਉਤਰ ਆਈ ਸੀ। ਰੁੱਖਾਂ-ਬੂਟਿਆਂ ਦੀ ਦੁਨੀਆਂ ਝੂਮ ਰਹੀ ਸੀ, ਜਿਸਦਾ ਪੈਦਾ ਕੀਤਾ ਖੜਾਕ, ਘਰਾਂ ਵਿਚ ਰਜਾਈਆਂ ਨੱਪੀ ਪਏ, ਲੋਕਾਂ ਦੇ ਕੰਨਾਂ ਦੇ ਪਰਦਿਆਂ ਨਾਲ ਜਾ ਖਹਿੰਦਾ ਸੀ। ਸਰਦ ਰੁੱਤ ਦੇ ਅਗਮਨ ਪਿੱਛੋਂ, ਪੱਛੋਂ ਦਾ ਸ਼ੀਤ-ਲਹਿਰ ਦੇ ਤੀਰਾਂ ਨਾਲ ਕੀਤਾ, ਇਹ ਪਹਿਲਾ ਪ੍ਰਕ੍ਰਿਤਕ ਹੱਲਾ ਸੀ ਜਿਸ ਸਾਹਵੇਂ ਹਥਿਆਰ ਸੁੱਟ ਕੇ ਲੋਕੀ ਆਪੋ-ਆਪਣੇ ਘਰੀਂ ਜਾ ਲੁਕੇ ਸਨ…ਕਿ ਅਚਾਨਕ ਕਿਸੇ ਜ਼ਨਾਨੀ ਦੇ ਰੋਣ-ਪਿੱਟਣ ਦੇ ਚੀਕਾਟ ਨੇ ਸਾਰੇ ਪਿੰਡ ਵਿਚ ਮੁੜ ਜਾਗ ਕਰ ਦਿੱਤੀ। ਲੋਕ ਆਪੋ-ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ ਤੇ ਉਸ ਪਾਸੇ ਵੱਲ ਤੁਰ ਪਏ ਜਿਧਰ ਚੀਕਾ-ਰੌਲੀ ਪਈ ਹੋਈ ਸੀ। ਫੇਰ ਕੁਝ ਚਿਰ ਵਿਚ ਹੀ ਪਿੰਡ ਦੇ ਇਕ ਗਰੀਬ ਦੀ ਝੁੱਗੀ, ਲੋਕਾਂ ਦੀ ਭੀੜ ਨਾਲ ਤੂੜੀ ਵਾਂਗ ਭਰ ਗਈ ਤਾਂ ਲੋਕ ਉਸਦੇ ਬਾਹਰ ਤੇ ਆਸੇ-ਪਾਸੇ ਜੁੜਨ ਲੱਗੇ।
ਉਸ ਘਰ ਅੰਦਰ ਚੀਕਾਟ ਲਗਾਤਾਰ ਵਧ ਰਿਹਾ ਸੀ। ਉੱਥੋਂ ਦਾ ਦ੍ਰਿਸ਼ ਜਿੰਨਾ ਭਿਆਨਕ ਸੀ, ਓਨਾ ਹੀ ਕਰੁਣਾਮਈ ਵੀ। ਦੋ ਜਵਾਨ ਮੁੰਡੇ ਆਪਣੀ ਬੁੱਢੀ ਹੋ ਚੱਲੀ ਮਾਂ ਨੂੰ ਸੰਭਾਲਣ ਵਿਚ ਲੱਗੇ ਹੋਏ ਸਨ ਜਦਕਿ ਮਾਂ ਮੇਹਲਦੀ ਤੇ ਪਛਾੜਾਂ ਖਾਂਦੀ ਹੋਈ ਉਹਨਾਂ ਤੋਂ ਛੁੱਟਣ ਦਾ ਯਤਨ ਕਰ ਰਹੀ ਸੀ। ਉਹ ਆਪਣੇ ਦੁੱਖ ਨੂੰ ਚੂਰ-ਚੂਰ ਕਰ ਦੇਣ ਲਈ ਕਿਸੇ ਠੋਸ ਸ਼ੈ ਨਾਲ ਟਕਰਾਅ ਕੇ ਖ਼ੁਦ ਨੂੰ ਚੂਰ-ਚੂਰ ਕਰ ਸੁੱਟਣ ਲਈ ਛਟਪਟਾ ਰਹੀ ਸੀ। ਬਸ ਏਸੇ ਕੋਸ਼ਿਸ਼ ਵਿਚ ਉਹ ਬੁੱਢੀ ਕਾਇਆ ਆਪਣੇ ਆਪ ਨੂੰ ਛੁਡਾਉਣ ਲਈ ਏਨਾ ਟਿੱਲ ਲਾ ਰਹੀ ਸੀ ਕਿ ਦੋਵਾਂ ਨੌਜੁਆਨ ਮੁੰਡਿਆਂ ਨੂੰ ਕੜਾਕੇ ਦੀ ਠੰਡ ਵਿਚ ਵੀ ਪਸੀਨਾ ਆ ਗਿਆ ਸੀ।
ਉਧਰ ਘਰ ਦੇ ਬਾਹਰ ਇਕੱਠੇ ਹੋਏ ਲੋਕ, ਲਗਾਤਾਰ ਉੱਗਰ ਹੁੰਦੀ ਜਾ ਰਹੀ ਪ੍ਰਕ੍ਰਿਤੀ ਨੂੰ ਹਰਾਉਣ ਵਿਚ ਜੁਟ ਗਏ। ਜਿਸਨੂੰ ਬਾਲਣ ਵਜੋਂ ਜੋ ਵੀ ਮਿਲਿਆ, ਦੌੜ ਕੇ ਚੁੱਕ ਲਿਆਇਆ ਤੇ ਕੁਝ ਚਿਰ ਵਿਚ ਹੀ ਉਸ ਘਰ ਦੇ ਸਾਹਮਣੇ ਲੱਗੀ ਵਿਸ਼ਾਲ ਨਿੰਮ ਹੇਠ ਬਾਲਣ ਦਾ ਇਕ ਵੱਡਾ ਸਾਰਾ ਢੇਰ ਲੱਗ ਗਿਆ। ਫੇਰ ਦੇਖਦਿਆਂ ਦੇਖਦਿਆਂ ਹੀ ਉਸ ਵਿਚੋਂ ਲਾਟਾਂ ਨਿਕਲਣ ਲੱਗੀਆਂ। ਹਵਾ ਦੇ ਤੇਜ਼ ਬੁੱਲ੍ਹਿਆਂ ਨਾਲ ਭੜ-ਭੜ ਮੱਚਦੀ ਅੱਗ ਦੇ ਲਾਂਬੂ ਬੇਕਾਬੂ ਹੋਣ ਲੱਗੇ ਤਾਂ ਆਦਮ ਜਾਇਆਂ ਦੀ ਉਹ ਭੀੜ, ਉਸਨੂੰ ਘੇਰ ਕੇ ਖਲੋ ਗਈ। ਕੁਦਰਤ ਨੂੰ ਨੱਥ ਪਾਉਣ ਦਾ ਉਹ ਇਕ ਸਾਂਝਾ ਯਤਨ ਸੀ, ਜਿਹੜਾ ਪ੍ਰਤੱਖ ਰੂਪ ਵਿਚ ਸਫਲ ਵੀ ਹੋਇਆ, ਕਿਉਂਕਿ ਥੋੜ੍ਹੀ ਦੇਰ ਵਿਚ ਹੀ ਅੱਗ ਕਾਬੂ ਆ ਗਈ ਸੀ।
ਰਾਤ ਹੌਲੀ-ਹੌਲੀ ਆਪਣੇ ਅੱਧ ਤੀਕ ਪਹੁੰਚ ਗਈ ਪਰ ਉਹ ਕਰਮਾਂ ਮਾਰੀ ਮਾਂ ਆਪਣੇ ਮੁੰਡਿਆਂ ਤੋਂ ਬਸ ਇਕੋ ਸਵਾਲ ਪੁੱਛਦੀ ਰਹੀ, "ਤੁਸੀਂ ਆਪਣੇ ਬਾਪੂ ਨੂੰ ਘਰ ਕਿਉਂ ਨਹੀਂ ਲਿਆਏ ਵੇ ?"
"ਬੇਬੇ, ਉਹਨੂੰ ਅਸੀਂ ਜਮਨਾ ਦੇ ਹਵਾਲੇ ਕਰ ਆਏ ਆਂ..."
"ਪਰ ਉਹ ਤਾਂ ਕਹਿੰਦਾ ਹੁੰਦਾ ਸੀ, ਮੈਨੂੰ ਸਰਜੂ 'ਚ ਤਾਰਿਓ ! ਤੁਸੀਂ ਕੌਣ ਹੁੰਦੇ ਸੀ ਉਸਨੂੰ ਜਮਨਾ ਦੇ ਹਵਾਲੇ ਕਰ ਆਉਣ ਵਾਲੇ ? ਮੈਨੂੰ ਲੈ ਚੱਲੋ, ਜਿੱਥੇ ਉਸਨੇ ਪ੍ਰਾਣ ਛੱਡੇ ਸੀ…ਲੈ ਚੱਲੋ ਜਿੱਥੇ ਉਸਦਾ ਅੰਗੀਠਾ ਸਜਾਇਆ ਸੀ…ਵੇ ਮੁੰਡਿਓ, ਤੁਹਾਡੇ ਹੱਥ ਜੋੜਦੀ ਆਂ, ਬਸ ਇਕ ਵਾਰੀ ਮੈਨੂੰ ਦਿਖਾਅ ਦਿਓ ਆਪਣਾ ਬਾਪੂ। ਉਹਨੂੰ ਦੇਖੇ ਬਿਨਾਂ ਨਾ ਮੇਰੇ ਜਿਊਣ ਦਾ ਕੋਈ ਹੇਜ ਐ, ਨਾ ਮਰਨ ਦਾ ਕੋਈ ਹੱਜ…"
"ਬੇਬੇ, ਇੱਥੇ ਲਿਆਉਂਦੇ ਤਾਂ ਬਾਪੂ ਦੀ ਮਿੱਟੀ ਖਰਾਬ ਹੋ ਜਾਣੀ ਸੀ। ਤੂੰ ਸੁਮਿਰਨ ਤਾਏ ਤੋਂ ਪੁੱਛ ਲਾਅ ਭਲਾਂ ਦੀ, ਦਿੱਲੀ ਕਿੰਨੀ ਦੂਰ ਐ ਐਥੋਂ…"
"ਕੋਈ ਦੂਰ ਨੀਂ…ਜਿਵੇਂ ਲੈ ਕੇ ਗਏ ਸੀ, ਓਵੇਂ ਲੈ ਆਉਂਦੇ। ਪਰ ਤੁਸੀਂ ਤਾਂ ਓਹਨੂੰ ਓਥੇ ਈ ਛੱਡ ਆਏ ਵੇ…ਤੁਹਾਨੂੰ ਮੇਰੀ ਸੌਂਹ ਲੱਗੇ ਪੁੱਤ, ਸੱਚ-ਸੱਚ ਦੱਸੋ, ਉਹਨੂੰ ਹੋਇਆ ਕੀ ਸੀ ?"
"ਬਾਪੂ ਪਰਸੋਂ ਸ਼ਾਮ ਨੂੰ ਈ ਚਲਾਣੇ ਕਰ ਗਿਆ ਸੀ। ਬੇਬੇ ਉਸ ਪ੍ਰਦੇਸ 'ਚ ਨਾ ਕੋਈ ਸਾਨੂੰ ਜਾਣਨ ਵਾਲਾ, ਨਾ ਪਛਾਣ ਵਾਲਾ। ਅਸੀਂ ਦੋਵੇਂ ਭਰਾ ਉਸ ਔਖੀ ਘੜੀ ਬਿਲਕੁਲ 'ਕੱਲੇ ਪੈ ਗਏ ਸੀ, ਬੇਬੇ…ਕੁਛ ਸੁੱਝਿਆ ਈ ਨੀਂ ਸੀ, ਬਈ ਕੀ ਕਰੀਏ ? ਪਰ ਉੱਥੋਂ ਦੇ ਲੋਕਾਂ ਵਿਚ ਬੜੀ ਹਾਏ-ਦਯਾ ਐ। ਰਾਤ ਨੂੰ ਈ ਲੱਗ ਪਏ ਉਹਦੀ ਮਿੱਟੀ ਦੇ ਬੰਦੋਬਸਤ ਦੀਆਂ ਤਿਆਰੀਆਂ 'ਚ। ਫੇਰ ਸਵੇਰੇ ਆਪਣੇ ਮੋਢਿਆਂ 'ਤੇ ਚੁੱਕ ਕੇ ਜਮਨਾ ਕਿਨਾਰੇ ਜਾ ਪਹੁੰਚੇ। ਐਡਾ ਸੁੰਦਰ ਬਵਾਨ ਸਜਾਇਆ ਸੀ, ਉਹਦਾ…" ਕਹਿੰਦਿਆਂ ਹੋਇਆਂ ਛੋਟੇ ਭਰਾ ਦਾ ਗੱਚ ਭਰ ਆਇਆ ਸੀ ਤੇ ਉਹ ਅੱਗੇ ਬੋਲ ਨਹੀਂ ਸੀ ਸਕਿਆ ਤੇ ਵੱਡੇ ਨੇ ਗੱਲ ਬੋਚ ਲਈ ਸੀ :
"ਹਾਂ, ਬੇਬੇ, ਖਰਾ ਸੱਚ ਕਹਿੰਦੈ ਸੋਹਨਾ। ਬਾਪੂ ਪਿਆ ਸੀ ਉਸ ਬਵਾਨ 'ਤੇ ਰਾਜਿਆਂ ਵਾਂਗ। ਉਹਦੇ ਚਿਹਰੇ ਤੋਂ ਲੱਗਦਾ ਈ ਨੀਂ ਸੀ ਬਈ ਮਰ ਗਿਐ।"
"ਓਥੇ ਸਾਰੇ ਲੋਕ ਕਹਿਣ ਲੱਗੇ, 'ਮਰਨ ਪਿੱਛੋਂ ਏਨਾਂ ਦਮਕਦਾ ਚਿਹਰਾ ਉਹਨਾਂ ਪਹਿਲਾਂ ਕਦੀ ਨਹੀਂ ਵੇਖਿਆ', ਸੱਚੀਂ, ਲੱਗਦਾ ਸੀ ਜਿਵੇਂ ਜਿਊਂਦਾ ਈ ਸੁੱਤਾ ਪਿਆ ਹੋਵੇ, ਮੇਰਾ ਬਾਪੂ…"
ਕਹਿੰਦਿਆਂ ਹੋਇਆਂ ਉਹਦਾ ਗੱਚ ਵੀ ਭਰ ਆਇਆ, ਪਰ ਜਿਵੇਂ-ਤਿਵੇਂ ਉਹ ਆਪਣੇ ਅੱਥਰੂ ਪੀ ਗਿਆ।
ਇਹ ਸਭ ਸੁਣ ਕੇ ਮਾਂ ਚੁੱਪ ਹੋ ਗਈ, ਫੇਰ ਪਥਰਾ ਗਈ, ਜਿਵੇਂ ਮਰ ਗਈ ਹੋਵੇ। ਉਸਦੇ ਨਾਲ ਹੀ ਪੂਰਾ ਮਾਹੌਲ ਪਥਰਾਅ ਗਿਆ ਲੱਗਿਆ। ਪਰ ਉਸੇ ਦੌਰਾਨ ਲੋਕਾਂ ਦੋਵਾਂ ਮੁੰਡਿਆਂ ਨੂੰ ਘੇਰ ਲਿਆ। ਫੇਰ ਸਵਾਲਾਂ ਦੀ ਝੜੀ ਲੱਗ ਗਈ :
"ਕਿੰਨੇ ਵਜੇ ਮੁੱਕਿਆ ਸੀ ਜੋਧਾ ਚਾਚਾ ?"
"ਮਰਨ ਵੇਲੇ ਕੌਣ-ਕੌਣ ਸੀ ਜੋਧੇ ਭਰਾ ਕੋਲ ?"
"ਸਰਦੀ ਸੀ, ਏਨੀ ਛੇਤੀ ਮਿੱਟੀ ਖਰਾਬ ਨੀਂ ਸੀ ਹੋਣੀ…ਤੁਸੀਂ ਉਸਨੂੰ ਪਿੰਡ ਈ ਕਿਉਂ ਨਹੀਂ ਲੈ ਆਏ ?"
"ਮਰਨ ਤੋਂ ਪਹਿਲਾਂ ਉਹਨੇ ਕੁਛ ਕਿਹਾ ਸੀ ?"
"ਹੁਣ ਪਿੰਡ ਕਿਵੇਂ ਦੇਖੇਗਾ, ਥੋਡੇ ਬਾਪੂ ਦਾ ਮੂੰਹ…?"
ਸਵਾਲ ਹੋਰ ਵੀ ਉਠਦੇ, ਪਰ ਉਦੋਂ ਤਕ ਮਾਂ ਨੇ ਪਟਕ ਕਰਕੇ ਅੱਖਾਂ ਖੋਹਲ ਲਈਆਂ। ਫੇਰ ਇਕ ਝੱਟਕੇ ਨਾਲ ਉੱਠੀ ਤੇ ਅਹੁਲੀ ਉਸ ਪੱਥਰ ਦੀ ਸਿਲ ਨਾਲ ਆਪਣਾ ਸਿਰ ਭੰਨਣ ਲਈ, ਜਿਸ 'ਤੇ ਰੋਟੀ ਖਾਣ ਲਈ ਲੂਣ ਦੀਆਂ ਡਲੀਆਂ ਪੀਸੀਆਂ ਜਾਂਦੀਆਂ ਸਨ। ਪਰ ਮੁੰਡੇ ਉਸ ਨਾਲੋਂ ਵੀ ਤੇਜ਼ ਨਿਕਲੇ ਤੇ ਮਾਂ ਨੂੰ ਉਸਦੇ ਇਰਾਦੇ ਵਿਚ ਕਾਮਯਾਬ ਹੋਣ ਤੋਂ ਪਹਿਲਾਂ ਹੀ ਦਬੋਚ ਲਿਆ, ਦੋਵਾਂ ਨੇ।
ਪਿੰਡ ਦੀਆਂ ਸਾਰੀਆਂ ਬੁੜ੍ਹੀਆਂ ਆ ਗਈਆਂ ਸਨ। ਕੁਝ ਰਿਸ਼ਤੇ ਦੀਆਂ, ਕੁਝ ਆਂਢਣਾਂ-ਗੁਆਂਢਣਾਂ, ਇਕ ਅੱਧੀ ਦੂਰੋਂ-ਪਾਰੋਂ ਵੀ। ਉਹਨਾਂ ਵਿਚੋਂ ਕੁਝ ਤਾਂ ਰਾਤ ਕੱਟਾਉਣ ਦੇ ਇਰਾਦੇ ਨਾਲ ਹੀ ਆਈਆਂ ਸਨ। ਜ਼ਰੂਰੀ ਵੀ ਸੀ। ਮੁੰਡਿਆਂ ਨੂੰ ਵੀ ਥੋੜ੍ਹੇ ਆਰਾਮ ਦੀ ਲੋੜ ਸੀ। ਉਹ ਪੂਰੀ ਤਰ੍ਹਾਂ ਥੱਕੇ ਹੋਏ ਸਨ। ਦਿੱਲੀ ਤੋਂ ਲਖ਼ਨਊ ਤੱਕ ਟ੍ਰੇਨ ਦਾ ਸਫ਼ਰ, ਫੇਰ ਲਖ਼ਨਊ ਤੋਂ ਫੈਜ਼ਾਬਾਦ, ਫੇਰ ਅਯੋਧਿਆ, ਤੇ ਅੱਗੇ ਤਿੰਨ ਮੀਲ ਪੈਦਲ ਆਉਣ ਦੀ ਥਕਾਣ, ਕਿਉਂਕਿ ਅਯੋਧਿਆ ਤੋਂ ਸ਼ਿਵਦਹਾ, ਯਾਨੀ ਉਹਨਾਂ ਦੇ ਪਿੰਡ ਤੱਕ ਕੋਈ ਸਵਾਰੀ ਵੀ ਨਹੀਂ ਸੀ ਆਉਂਦੀ। ਪਿੰਡ ਦਾ ਕੋਈ ਸਾਈਕਲੀਆ ਮਿਲ ਜਾਂਦਾ ਤਾਂ ਗੱਲ ਵੱਖਰੀ ਸੀ, ਪਰ ਮੁਸੀਬਤ ਆਪਣੇ ਨਾਲ ਕਿਸੇ ਨੂੰ ਜੁੜਨ ਈ ਕਿੱਥੇ ਦੇਂਦੀ ਹੈ। ਹਾਂ, ਉਸਦੇ ਨਾਲ ਕੋਈ ਨਵੀਂ ਮੁਸੀਬਤ ਆ ਜੁੜੇ ਤਾਂ ਉਸਨੂੰ ਮੰਜ਼ੁਰ ਹੁੰਦਾ ਹੈ...।
ਮੁੰਡੇ ਜਵਾਨ ਸੀ। ਇਕੋ ਕੁੱਲੀ ਵਿਚ, ਇਕੋ ਗਦੈਲੀ 'ਤੇ, ਇਕੋ ਮਾਂ ਦੇ ਪੇਟੋਂ ਬਸ ਘੰਟਾ ਕੁ ਅੱਗੇ-ਪਿੱਛੇ ਜੰਮੇ ਸੀ। ਬਾਪੂ ਦੱਸਦਾ ਹੁੰਦਾ ਸੀ, 'ਜਦੋਂ ਮੋਹਨਾ ਪੈਦਾ ਹੋ ਗਿਆ ਤਾਂ ਲੱਗਿਆ ਆਫ਼ਤ ਟਲ ਗਈ ਆ। ਪਰ ਕੁਛ ਚਿਰ ਬਾਅਦ ਫੇਰ ਉਹੀ ਜਾਨ-ਲੈਣੀਆਂ ਪੀੜਾਂ…ਤੇ ਪੂਰਾ ਘੰਟਾ ਵੀ ਨੀਂ ਸੀ ਬੀਤਿਆ ਕਿ ਦਰਦ ਦੀਆਂ ਇਹਨਾਂ ਅਸਿਹ ਲਹਿਰਾਂ ਵਿਚੋਂ ਭੁੜਕ ਕੇ ਸੋਹਨਾ ਬਾਹਰ ਆ ਡਿੱਗਿਆ ਸੀ।'…ਇਹ ਗੱਲਾਂ ਮੋਹਨ ਤੇ ਸੋਹਨ ਨੂੰ ਉਹਨਾਂ ਦੇ ਉਸ ਮਲਾਹ ਬਾਪੂ ਨੇ ਦੱਸੀਆਂ ਸੀ, ਜਿਸਦੀ ਲਾਸ਼ ਨੂੰ ਘਰ ਤੱਕ ਨਹੀਂ ਸੀ ਲਿਆ ਸਕੇ ਇਹ ਜੁੜਵਾਂ ਮੁੰਡੇ।
ਗਦੈਲੀ ਦੀ ਸ਼ਾਨ ਵਿਚ ਕਸੀਦੇ ਪੜ੍ਹਦਾ ਬਾਪੂ, ਆਪਣੇ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ :
"ਬਾਰ੍ਹੀਏ ਪਿੱਛੋਂ ਮੈਂ ਉਸ ਜੱਚਾ ਵਾਲੀ ਗਦੈਲੀ ਨੂੰ ਖ਼ੁਦ ਆਪਣੀ ਬੇੜੀ ਵਿਚ ਲੱਦ ਕੇ ਸਰਜੂ ਮਈਆ ਵਿਚ ਪ੍ਰਵਾਹ ਕੀਤਾ ਸੀ। ਉਹ ਧੰਨ ਸੀ ਜਿਸਨੇ ਥੋਡੀ ਦੋਵਾਂ ਦੀ ਛਠੀ, ਬਾਰ੍ਹਵੀਂ ਵੇਖੀ ਤੇ ਥੋਡਾ ਗੂੰਹ-ਮੂਤ…ਬਸ ਸਮਝੋ ਉਸੇ ਨੇ ਈ ਸਮੇਟਿਆ ਸੀ, ਖ਼ੁਦ ਭਿੱਦ-ਭਿੱਜ ਕੇ, ਪਰ ਫੇਰ ਵੀ ਕਦੀ ਹੌਂਕ ਨਹੀਂ ਸੀ ਆਈ। ਗੇਂਦੇ ਚਮੇਲੀ ਵਾਂਗ ਮਹਿਕਦੀ ਰਹੀ ਸੀ, ਉਹ ਗਦੈਲੀ…"
ਬਾਪੂ ਦੀਆਂ ਕਹੀਆਂ ਹੋਰ ਵੀ ਕਈ ਭੁੱਲੀਆਂ-ਵਿਸਰੀਆਂ ਗੱਲਾਂ ਚੇਤੇ ਆ ਰਹੀਆਂ ਸੀ, ਮੁੰਡਿਆਂ ਨੂੰ।
ਰਾਤ ਦਾ ਅੰਤਮ ਪਹਿਰ ਸੀ। ਵਿਧਵਾ ਹੋ ਚੁੱਕੀ ਮਾਂ ਨੂੰ ਘੇਰੀ ਬੈਠੀਆਂ ਜ਼ਨਾਨੀਆਂ ਵਿਚੋਂ ਵਧੇਰੇ ਊਂਘ ਰਹੀਆਂ ਸਨ। ਉਹਨਾਂ ਵਿਚ ਇਕ ਪ੍ਰਧਾਨਨ ਦਾਦੀ ਵੀ ਸੀ, ਜਿਹੜੀ ਉਮਰ ਵਿਚ ਮਾਂ ਦੀ ਮਾਂ ਜਿੱਡੀ ਸੀ ਪਰ ਉਸਦੀਆਂ ਬੁੱਢੀਆਂ ਹੱਡੀਆਂ ਦੇ ਢਾਂਚੇ ਵਿਚ ਹੁਣ ਵੀ ਕਾਫੀ ਜਾਨ ਬਾਕੀ ਸੀ। ਉਹ ਪ੍ਰਧਾਨਨ ਤੇ ਦਾਦੀ ਦੋਵਾਂ ਦਾ ਰੋਲ ਨਾਲੋ-ਨਾਲ ਨਿਭਾਉਂਦੀ ਹੋਈ ਬੋਲੀ :
"ਜੋਧਾ ਬੜਾ ਕਿਸਮਤ ਵਾਲਾ ਸੀ ਬਹੂ। ਜਮਨਾ ਨੇ ਉਸਨੂੰ ਗੋਦ ਲੈ ਲਿਆ। ਗੰਗਾ ਦੀ ਛੋਟੀ ਭੈਣ ਐ ਉਹ। ਦੋਵੇਂ ਭੈਣਾ ਜਿਸਨੂੰ ਗੋਦ ਲੈ ਲੈਣ ਉਹ ਸਿੱਧਾ ਸੁਰਗਾਂ ਨੂੰ ਜਾਂਦੈ। ਕਹਿੰਦੈ ਐ, ਜਦੋਂ ਅਯੁਧਿਆ 'ਚ ਰਾਜਾ ਦਸ਼ਰਥ ਮਰੇ ਸੀ ਤਾਂ ਸਰਜੂ ਮਈਆ ਨੇ ਉਹਨਾਂ ਨੂੰ ਸੁਰਗ ਭਿਜਵਾਉਣ ਲਈ ਇਸੇ ਗੰਗਾ-ਜਮਨਾ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਸੀ, ਤਾਂ ਕਿਤੇ ਜਾ ਕੇ ਸੁਰਗ ਜਾ ਸਕੇ ਸੀ ਦਸ਼ਰਥ ਮਹਾਰਾਜ…"
ਤਰੇਤਾ ਯੁੱਗ ਦੀਆਂ ਇਹ ਗੱਲਾਂ, ਕਿਸੇ ਸਾਖੀਕਾਰ ਨਾਲੋਂ ਵੀ ਵੱਧ ਆਤਮ ਵਿਸ਼ਵਾਸ ਨਾਲ ਬਿਆਨ ਕਰਨ ਵਾਲੀ ਪ੍ਰਧਾਨਨ ਦਾਦੀ, ਜਾਤ ਦੀ ਚਮਿਆਰੀ ਸੀ ਪਰ ਰਿਸ਼ਤੇ ਵਜੋਂ ਉਹ ਪੂਰੇ ਪਿੰਡ ਦੀ ਦਾਦੀ ਲੱਗਦੀ ਸੀ। ਪਿੰਡ ਦੇ ਦਸ-ਪੰਜ ਅਜਿਹੇ ਸੀਨੀਅਰ, ਜਿਹੜੇ ਸੱਠ ਜਾਂ ਸੱਠ ਪਲੱਸ ਸਨ, ਉਹ ਉਸਨੂੰ ਮੋਹ ਨਾਲ ਪ੍ਰਧਾਨਨ ਭਾਬੀ ਵੀ ਕਹਿੰਦੇ ਹੁੰਦੇ ਸੀ। ਕੋਈ ਉਸਨੂੰ ਅੱਸੀ ਦਾ ਦੱਸਦਾ ਸੀ, ਕੋਈ ਪਚਾਸੀ ਦਾ ਤੇ ਕੋਈ ਨੱਬੇ ਦਾ, ਪਰ ਉਹਦੀ ਉਮਰ ਦੀ ਸਹੀ-ਸਹੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਸੀ।
ਸਿੱਧੇ ਸਾਦੇ ਉਮਰ ਨਾਲ ਜੁੜੇ ਹੋਏ ਰਿਸ਼ਤਿਆਂ ਦਾ ਕਲਚਰ, ਅੱਜ ਵੀ ਪਿੱਛੜੇ ਕਹੇ ਜਾਣ ਵਾਲੇ ਪਿੰਡਾਂ ਵਿ ਜਿਊਂਦਾ ਹੈ। ਇਹਨਾਂ ਦੀ ਬਣਤਰ ਵਿਚ ਨਾ ਖ਼ੂਨ ਦਾ ਹੱਥ ਹੁੰਦਾ ਹੈ, ਨਾ ਜਾਤ ਦਾ, ਤੇ ਨਾ ਹੀ ਧਰਮ ਜਾਂ ਹੈਸੀਅਤ ਦਾ। ਧਰਤੀ ਉੱਤੇ ਕੌਣ, ਕਿਸ ਤੋਂ ਕਿੰਨਾਂ ਪਹਿਲਾਂ ਆਇਆ, ਬਸ ਏਨੀ ਕੁ ਗੱਲ ਹੀ ਤੈਅ ਕਰ ਦੇਂਦੀ ਹੈ ਅਜਿਹੇ ਰਿਸ਼ਤਿਆਂ ਦੇ ਨਾਂਅ…।
ਖ਼ੈਰ ਜੀ, ਪ੍ਰਧਾਨਨ ਦਾਦੀ ਦੀ ਆਖੀ, ਮੁੱਕ ਚੁੱਕੇ ਪਤੀ ਦੇ ਸਿੱਧੇ ਸੁਰਗਾਂ ਵਿਚ ਜਾ ਪਹੁੰਚਣ ਵਾਲੀ ਗੰਗਾ-ਜਮਨੀ ਗੱਲ ਨਾਲ ਬੜੀ ਤਸੱਲੀ ਮਿਲੀ ਸੀ ਮੋਹਨ ਦੀ ਮਾਂ ਨੂੰ। ਪਰ ਉਸ ਸਵਰਗ ਫ਼ਿਲਾਸਫ਼ੀ ਦੀ ਗੱਲ ਕਰਦੀ ਹੋਈ ਦਾਦੀ ਵੀ ਲਗਭਗ ਸੌਣ ਕਿਨਾਰੇ ਆ ਚੁੱਕੀ ਸੀ। ਬਸ ਉਦੋਂ ਹੀ ਮੋਹਨ ਦੀ ਮਾਂ ਨੇ ਵੀ ਵੱਡੀ ਸਾਰੀ ਉਬਾਸੀ ਲਈ ਤੇ ਦੇਖਦੇ-ਦੇਖਦੇ ਹੀ ਨੀਂਦ ਦੀ ਬੁੱਕਲ ਵਿਚ ਜਾ ਸਮਾਈ।
ਮੋਹਨ ਨੇ ਸੋਹਨ ਵੱਲ ਦੇਖਿਆ, ਸੋਹਨ ਨੇ ਮੋਹਨ ਵੱਲ, ਫੇਰ ਦੋਵਾਂ ਨੇ ਮਾਂ ਦੇ ਨਾਲ-ਨਾਲ ਹੋਰਨਾਂ ਜ਼ਨਾਨੀਆਂ ਨੂੰ ਸੁੱਤੀਆਂ ਦੇਖਿਆ ਤਾਂ ਅਛੋਪਲੇ ਹੀ ਉੱਠ ਕੇ ਝੁੱਗੀ ਵਿਚੋਂ ਬਾਹਰ ਆ ਗਏ। ਉੱਥੇ ਵੀ ਚੁੱਪ ਵਾਪਰੀ ਹੋਈ ਸੀ। ਦੇਰ ਤੱਕ ਬਲਦੀ ਰਹੀ ਧੂਈਂ ਵੀ ਲਗਭਗ ਸੌਣ ਵਾਲੀ ਹੋਈ ਹੋਈ ਸੀ। ਮੋਹਨ ਨੇ ਕੋਲ ਪਈ ਇਕ ਅੱਧੀ ਬਲ ਕੇ ਬੁਝੀ ਲੱਕੜੀ ਚੁੱਕੀ, ਉਸ ਨਾਲ ਸਵਾਹ ਦੇ ਢੇਰ ਨੂੰ ਫਰੋਲਿਆ ਤਾਂ ਹੇਠਾਂ ਹਲਕੀ ਜਿਹੀ ਲਾਲੀ ਚਮਕਣ ਲੱਗ ਪਈ। ਥੋੜ੍ਹੇ ਡੱਕੇ-ਡੋਲੇ ਪਾਉਣ ਨਾਲ ਅੱਗ ਫੇਰ ਲਪਕ ਪਈ ਤਾਂ ਦੋਵਾਂ ਭਰਾਵਾਂ ਨੇ ਉਸਦੀ ਰੌਸ਼ਨੀ ਵਿਚ ਇਕ ਵਾਰੀ ਫੇਰ ਇਕ ਦੂਜੇ ਵੱਲ ਤੱਕਿਆ ਤੇ ਪਤਾ ਨਹੀਂ ਕਿੱਧਰ ਗਵਾਚ ਗਏ। ਕੁਝ ਚਿਰ ਦੀ ਚੁੱਪ ਪਿੱਛੋਂ ਸੋਹਨ ਬੜਬੜਾਇਆ :
"ਕਿੰਜ ਫੁਰਰ ਹੋ ਗਏ ਆਪਣੇ ਪੱਚੀ ਹਜ਼ਾਰ ਰੁਪਏ ! ਜਿਹੜੇ ਪੰਦਰਾਂ ਸੌ ਬਚੇ, ਉਹ ਵੀ ਸਵਾਹਾ ਹੋ ਗਏ ਹੁੰਦੇ, ਜੇ ਦਿੱਲੀਓਂ ਨੱਸ ਨਾ ਆਏ ਹੁੰਦੇ ਅਸੀਂ…" ਮੋਹਨ ਦੁੱਖਾਂ ਵਿੰਨ੍ਹੀ ਆਵਾਜ਼ ਵਿਚ ਬੋਲਿਆ, "ਤਾਂ ਵੀ ਬਾਪੂ ਨੂੰ ਬਚਾਅ ਨੀਂ ਸਕੇ ਅਸੀਂ…"
ਸੋਹਨ ਝੱਟ ਬੋਲਿਆ, "ਉਸਦਾ ਆਖਾ ਮੰਨ ਕੇ ਜੇ ਤੂੰ ਵਿਆਹ ਕਰਾਅ ਲਿਆ ਹੁੰਦਾ ਤਾਂ ਘਰੇ ਫੁੱਟੀ ਕੌਡੀ (ਕੋੜੀ) ਵੀ ਨੀਂ ਸੀ ਹੋਣੀ। ਫੇਰ ਉਸਨੂੰ ਕਿੰਜ ਲੈ ਜਾਂਦੇ ਲਖ਼ਨਊ ਤੇ ਫੇਰ ਦਿੱਲੀ ?"
ਮੋਹਨ ਨੇ ਅੱਖਾਂ ਚੁੱਕ ਕੇ ਕਾਲੇ ਅਸਮਾਨ ਵੱਲ ਦੇਖਿਆ, ਫੇਰ ਲੰਮਾ ਸਾਹ ਖਿੱਚ ਕੇ ਫੁਸਫੁਸਾਇਆ :
ਬਾਪੂ ਬਚ ਗਿਆ ਹੁੰਦਾ ਤਾਂ ਦੋ ਚੌਂਹ ਸਾਲਾਂ 'ਚ ਅਸੀਂ ਫੇਰ ਜੋੜ ਲੈਂਦੇ ਪੱਚੀ ਹਜ਼ਾਰ। ਕਿਹੜਾ ਔਖਾ ਸੀ ! ਉਹ ਘਰ ਸੰਭਾਲਦਾ ! ਅਸੀਂ ਦੋਵੇਂ ਬਾਹਰ ਨਿੱਕਲ ਜਾਂਦੇ, ਕਮਾਈ ਕਰਨ। ਖੇਤੀ ਵੀ ਤਾਂ ਪਹਿਲਾਂ ਕੁਝ ਭਾਲਦੀ ਐ। ਪਰ ਮੌਤ ਤਾਂ ਮਰਨ ਤੋਂ ਪਹਿਲਾਂ ਵੀ ਬੜਾ ਕੁਝ ਭਾਲਦੀ ਐ, ਤੇ ਮਰਨ ਤੋਂ ਬਾਅਦ ਵੀ। ਹੁਣ ਬਾਪੂ ਦਾ ਪਹਿਲਾਂ ਦਸਵਾਂ, ਫੇਰ ਤੇਰਵਾਂ…ਬਚੇ ਕੁੱਲ ਪੰਦਰਾਂ ਸੌ, ਸਾਰੇ ਇਸੇ 'ਚ ਸਵਾਹਾ ਹੋ ਜਾਣਗੇ। ਫੇਰ ਅਸੀਂ ਦੋਵੇਂ ਸੜਕ 'ਤੇ।"
ਸੋਹਨ ਉਸਨੂੰ ਤਸੱਲੀ ਦੇਂਦਾ ਬੋਲਿਆ :
"ਕੋਈ ਫਿਕਰ ਨਹੀਂ। ਸਾਡੇ ਹੱਥ ਪੈਰ ਸਲਾਮਤ ਆ। ਡਟ ਕੇ ਮਜੂਰੀ ਕਰਾਂਗੇ। ਚਾਰ ਪੈਸੇ ਬਚਾਅ ਕੇ ਖੇਤੀ ਵੀ ਖੜ੍ਹੀ ਕਰ ਲਵਾਂਗੇ। ਪਰ ਭਰਾ, ਇਕ ਗੱਲ ਦੱਸ, ਸਵੇਰੇ ਲੋਕ ਪੁੱਛਣਗੇ, ਬਾਪੂ ਦਾ ਸੰਸਕਾਰ ਕਿਸ ਘਾਟ 'ਤੇ ਕੀਤਾ ਸੀ ਤਾਂ ਕੀ ਦੱਸਾਂਗੇ ਅਸੀਂ ?" ਮੋਹਨ ਸੋਚਾਂ ਵਿਚ ਪੈ ਗਿਆ, ਫੇਰ ਅਚਾਨਕ ਬੋਲਿਆ, "ਕਹਿ ਦੇਵੀਂ ਰਾਜਘਾਟ…ਰੇਡੀਓ 'ਤੇ ਇਸਦਾ ਨਾਂਅ ਵੀ ਕਈ ਵੇਰ ਸੁਣਿਆ ਐ ਮੈਂ। ਏਥੇ ਪੇਂਡੂ ਇਲਾਕੇ ਵਿਚ ਕੋਈ ਕੀ ਜਾਣੇ ਕਿੱਥੇ ਐ ਦਿੱਲੀ ਤੇ ਕਿੱਥੇ ਐ ਉਸਦੇ ਘਾਟ ?"
ਸੋਹਨ ਸਿਰ ਖੁਰਕਦਾ ਹੋਇਆ ਬੋਲਿਆ :
"ਏਥੇ ਨ੍ਹੀਂ ਪਰ ਆਸੇ-ਪਾਸੇ ਦੇ ਪਿੰਡਾਂ 'ਚ ਦਿੱਲੀ ਜਾਣ ਵਾਲੇ ਮੁੰਡੇ ਹੈਨ ਭਰਾ। ਸੇਮਰੀਏ ਕਾ ਪਦਾਰਥ ਵੀ ਅੱਜਕੱਲ੍ਹ ਦਿੱਲੀ 'ਚ ਐ। ਅੱਜ ਨਹੀਂ ਤਾਂ ਕੱਲ੍ਹ ਬਾਪੂ ਦੇ ਮਰਨ ਦੀ ਖ਼ਬਰ ਪੂਰੇ ਇਲਾਕੇ 'ਚ ਫੈਲ ਜਾਊਗੀ। ਫੇਰ ਹੋ ਸਕਦੈ ਕੋਈ ਆ ਕੇ ਪੁੱਛੇ-ਪੜਤਾਲੇ। ਇਹ ਵੀ ਹੋ ਸਕਦਾ ਐ, ਕੋਈ ਬਿਰਾਦਰੀ ਵਾਲਾ ਈ ਨਿਕਲ ਆਵੇ। ਸੋ ਕਾਫੀ ਸੋਚ-ਵਿਚਾਰ ਕੇ ਕਹਿਣਾ ਪਵੇਗਾ ਸਾਨੂੰ ਕੁਛ ਵੀ…"
ਸੋਹਨ ਦੇ ਤਰਕ ਨੇ ਵੱਡੇ ਭਰਾ ਨੂੰ ਡੂੰਘੀ ਚਿੰਤਾ ਵਿਚ ਡੋਬ ਦਿੱਤਾ। ਉਹ ਇਕਟੱਕ ਧੂਈਂ 'ਚੋਂ ਉਠਦਾ ਧੂੰਆਂ ਵੇਖਦਾ ਰਿਹਾ ਜਿਹੜਾ ਮੁੜ-ਮੁੜ ਕੇ ਉਸਦੇ ਨੱਕ ਤੇ ਅੱਖਾਂ ਵਿਚ ਆ ਵੜਦਾ ਸੀ। ਪਰ ਮੋਹਨ ਉਸ ਵੱਲੋਂ ਧਿਆਨ ਹਟਾਅ ਕੇ ਬੜੀ ਹਿੰਮਤ ਨਾਲ ਬੋਲਿਆ :
"ਕੋਈ ਪੁੱਛੇ ਤਾਂ ਪੁੱਛਦਾ ਰਹੇ। ਕਿਸੇ ਸਾਲੇ ਦੇ ਪਿਓ ਦੀ ਨੀਂ ਦਿੱਲੀ। ਦੱਸਦੇ ਐ, ਪੱਚੀਆਂ ਕੋਹਾਂ 'ਚ ਫੈਲੀ ਹੋਈ ਐ ਉਹ। ਤੂੰ ਹੀ ਸੋਚ ਪਰਸੋਂ ਸ਼ਾਮੀਂ ਜਦੋਂ ਅਸੀਂ ਭੱਜੇ ਸੀ ਹਸਪਤਾਲ 'ਚੋਂ, ਰੇਲਵੇ ਸਟੇਸ਼ਨ ਤੱਕ ਪਹੁੰਚਣ 'ਚ ਪੂਰੇ ਦੋ ਘੰਟੇ ਲੱਗ-ਗੇ ਸੀ। ਹਾਲਾਂਕਿ ਟੰਪੂ ਸ਼ੂਟ ਵੱਟੀ ਜਾ ਰਿਹਾ ਸੀ, ਸੋ ਤੂੰ ਇਸ ਗੱਲ ਨੂੰ ਲੈ ਕੇ ਝੋਰਾ ਨਾ ਕਰ। ਕੋਈ ਪੁੱਛੇ ਤਾਂ ਇਕੋ ਗੱਲ ਕਹਿਣੀ ਐ, ਬਈ ਅਸੀਂ ਰਾਜਘਾਟ 'ਤੇ ਕੀਤਾ ਸੀ ਆਪਣੇ ਬਾਪੂ ਦਾ ਸੰਸਕਾਰ।"
ਅਚਾਨਕ ਦੋਵੇਂ ਭਰਾ ਤ੍ਰਬਕ ਗਏ, ਪਿੱਛੇ ਕੋਈ ਸਰਸਰਾਹਟ ਹੋਈ ਸੀ। ਮੁੜ ਕੇ ਦੇਖਿਆ ਤਾਂ ਪਿੱਛੇ ਮਾਂ ਖੜ੍ਹੀ ਸੀ। ਮੁੰਡੇ ਉੱਠ ਖੜ੍ਹੇ ਹੋਏ। ਫੇਰ ਇਕੋ ਸਮੇਂ ਬੋਲੇ, "ਜ਼ਰਾ ਹੱਥ ਸੇਕਣ ਆ ਗਏ ਸੀ ਬੇਬੇ। ਚਲੋ, ਅੰਦਰ ਚਲਦੇ ਆਂ।"
ਪਰ ਮਾਂ ਉਹਨਾਂ ਨੂੰ ਚੁੱਪਚਾਪ ਘੂਰਦੀ ਰਹੀ। ਕੁਝ ਪਲਾਂ ਬਾਅਦ ਬੜੀ ਬੇਚੈਨੀ ਨਾਲ ਬੋਲੀ :
"ਤੁਹਾਨੂੰ ਮੇਰੀ ਸੌਂਹ, ਸੱਚ-ਸੱਚ ਦੱਸੋ, ਆਪਣੇ ਬਾਪੂ ਨੂੰ ਕਿਉਂ ਨਹੀਂ ਲਿਆਏ ਘਰ ? ਕੀ ਸੱਚਮੁੱਚ ਉਹਦਾ ਸੰਸਕਾਰ ਕਰ ਆਏ ਤੁਸੀਂ ?"
ਮਾਂ ਦੇ ਇਸ ਸਵਾਲ ਨਾਲ ਮੁੰਡਿਆਂ ਦੀ ਜ਼ਬਾਨ ਠਾਕੀ ਗਈ। ਉਹਨਾਂ ਦੀਆਂ ਤਣੀਆਂ ਧੌਣਾਂ ਛੂਈ ਮੂਈ ਦੀ ਟਾਹਣੀ ਵਾਂਗ ਲਟਕ ਗਈਆਂ। ਕੁਝ ਚਿਰ ਪਿੱਛੋਂ ਮੋਹਨ ਨੇ ਜ਼ਰਾ ਕੁ ਸਿਰ ਚੁੱਕ ਕੇ ਬੜੀ ਹਿੰਮਤ ਨਾਲ ਕਿਹਾ :
"ਸੱਚੀ ਗੱਲ 'ਤੇ ਵੀ ਮੈਂ ਤੇਰੀ ਸੌਂਹ ਨਾ ਖਾਵਾਂ ਬੇਬੇ। ਹੁਣ ਤੂੰ ਬੇਬੇ ਈ ਨੀਂ ਸਾਡਾ ਬਾਪੂ ਵੀ ਐਂ। ਤੂੰ ਚਿੰਤਾ ਨਾ ਕਰ ਉਹਦਾ ਦਸਵਾਂ, ਤੇਰ੍ਹਵਾਂ ਪੂਰੇ ਢੰਗ ਸਿਰ ਕਰਾਂਗੇ ਅਸੀਂ…"
ਪਰ ਮਾਂ ਨੇ ਅਗਲਾ ਸਵਾਲ ਜੜ ਦਿੱਤਾ, "ਉਹ ਤਾਂ ਕਰੋਗੇ, ਪਰ ਮਿੱਟੀ ?...ਲੋਕ ਕਿੱਥੋਂ-ਕਿੱਥੋਂ ਲਿਆਉਂਦੇ ਐ ਆਪਣੇ ਘਰ ਵਾਲਿਆਂ ਨੂੰਅਯੁੱਧਿਆ 'ਚ ਮਿੱਟੀ ਦੇਣ ਲਈ…ਤੇ ਤੁਸੀਂ ਓ ਕਿ ਆਪਣੇ ਬਾਪੂ ਨੂੰ ਪਰਦੇਸ 'ਚ ਰੋਲ ਆਏ ਵੇ !"
"ਰੋਲ ਨਹੀਂ ਆਏ ਬੇਬੇ, ਉਸਦੀ ਮਿੱਟੀ ਸਮੇਟ ਕੇ ਆਏ ਆਂ।"
"ਤੇ ਫੂੱਲ ?"
"ਫੁੱਲ ਵੀ ਲਿਆਂਦੇ ਐ। ਉਹਨਾਂ ਦੀ ਰਾਖ ਪ੍ਰਵਾਹ ਕਰਾਂਗੇ ਆਪਣੀ ਸਰਜੂ 'ਚ।"
"ਪਰ ਉਹ ਸਭ ਹੈਨ ਕਿੱਥੇ ?" ਮਾਂ ਨੇ ਝੱਟ ਪੁੱਛਿਆ ਤੇ ਸੋਹਨ ਨੇ ਫੱਟ ਜਵਾਬ ਦਿੱਤਾ :
"ਫੁੱਲਾਂ ਨੂੰ ਘਰੇ ਕਿਵੇਂ ਲਿਆਉਂਦੇ ਬੇਬੇ ? ਅਸਗੁਨ ਨਾ ਹੁੰਦਾ ?"
ਪੁੱਤ ਦੀ ਇਹ ਗੱਲ ਸੁਣ ਕੇ ਮਾਂ ਨੂੰ ਕੁਝ ਤਸੱਲੀ ਹੋਈ, ਪਰ ਉਹ ਫੇਰ ਸਿਸਕਨ ਲੱਗ ਪਈ। ਅਖ਼ੀਰ ਸਿਸਕਦੀ ਹੋਈ ਬੋਲੀ :
"ਇਕ ਵਾਰੀ ਉਹਦੀ ਰਾਖ ਦੇ ਈ ਦਰਸ਼ਨ ਕਰਵਾ ਦਿੰਦੇ ਪੁੱਤ…" ਕਹਿੰਦੀ ਹੋਈ ਦੀਆਂ ਭੁੱਬਾਂ ਨਿੱਕਲ ਗਈਆਂ। ਦੋਵਾਂ ਮੁੰਡਿਆਂ ਨੇ ਉਹਨੂੰ ਗਲਵੱਕੜੀ 'ਚ ਕਸ ਲਿਆ, ਫੇਰ ਘਰ ਦੇ ਅੰਦਰ ਲੈ ਆਏ।

ਅਗਲੇ ਦਿਨ ਦੀ ਸਵੇਰ ਉਹ ਪਿੰਡ ਕੁਝ ਜਲਦੀ ਹੀ ਜਾਗ ਪਿਆ ਤੇ ਧੁੱਪ ਦੇ ਖਿੜਨ ਤੋਂ ਪਹਿਲਾਂ ਹੀ ਲੋਕ ਮੋਹਨ ਕੇ ਵਿਹੜੇ ਵਿਚ ਇਕੱਠੇ ਹੋਣ ਲੱਗ ਪਏ। ਪੂਰੇ ਪਿੰਡ ਕੋਲ ਸਵਾਲਾਂ ਦੀਆਂ ਪੰਡਾਂ ਸਨ। ਪਰ ਸਭ ਨਾਲੋਂ ਕਾਮਨ ਤੇ ਔਖਾ ਸਵਾਲਾ ਸਿਰਫ ਇਕੋ ਸੀ :
"ਬਾਪੂ ਦੀ ਮਿੱਟੀ ਨੂੰ ਪਿੰਡ ਕਿਉਂ ਨਹੀਂ ਲਿਆਏ ?"
ਜਿਸਦਾ ਘੁੰਮ-ਫਿਰ ਕੇ ਬਸ ਇਕੋ ਜਵਾਬ ਸੀ :
"ਕੋਈ ਲਾਸ਼ ਗੱਡੀ ਤਿਆਰ ਈ ਨਹੀਂ ਸੀ ਹੋਈ, ਇੱਥੋਂ ਤੱਕ ਆਉਣ ਲਈ। ਨਾਲੇ ਕੁਝ ਲੋਕਾਂ ਕਿਹਾ, ਜੇ ਕੋਈ ਗੱਡੀ ਮਿਲ ਵੀ ਗਈ ਤਾਂ ਵੀ ਏਨੇ ਲੰਮੇ ਸਫ਼ਰ 'ਚ ਮਿੱਟੀ ਖ਼ਰਾਬ ਹੋ ਜਾਵੇਗੀ। ਘੱਟੋਘੱਟ ਤਿੰਨ ਦਿਨ ਲੱਗ ਜਾਣਗੇ। ਕਿਉਂਕਿ ਲਾਸ਼ ਗੱਡੀ ਦੀ ਰਫਤਾਰ ਖਾਸੀ ਘੱਟ ਹੁੰਦੀ ਐ…ਫੇਰ ਅਸੀਂ ਮਜ਼ਬੂਰ ਹੋ ਕੇ ਉੱਥੇ ਈ ਸੰਸਕਾਰ ਕਰ ਦਿੱਤਾ।"
ਇਸ ਮਹਾਂ ਸਵਾਲ ਦੇ ਪਿੱਛੇ, ਸਵਾਲਾਂ ਦੀ ਕਤਾਰ ਲੱਗੀ ਹੋਈ ਸੀ…ਪਰ ਹਰੇਕ ਸਵਾਲ ਦਾ ਜਵਾਬ, ਦਿੱਲੀ ਦੇ ਇਕ ਸ਼ਾਨਦਾਰ ਪ੍ਰਾਈਵੇਟ ਹਸਪਤਾਲ ਤੋਂ ਸ਼ੁਰੂ ਹੋ ਕੇ ਰਾਜਘਾਟ 'ਤੇ ਆ ਮੁੱਕਦਾ ਸੀ।
ਹਸਪਤਾਲ ਸੱਚਮੁੱਚ ਬੜਾ ਸ਼ਾਨਦਾਰ ਸੀ, ਤੇ ਪਿੰਡ ਦਾ 'ਜੋਧਾ' ਨਾਂਅ ਦਾ ਮਲਾਹ ਉੱਥੇ ਭਰਤੀ ਵੀ ਹੋਇਆ ਸੀ। ਇਹਨਾਂ ਗੱਲਾਂ ਵਿਚ ਕੋਈ ਮਿਲਾਵਟ ਨਹੀਂ ਸੀ ਪਰ ਮੁੰਡੇ ਹਸਪਤਾਲ ਦਾ ਨਾਂਅ ਸਾਫ਼ ਛੁਪਾਅ ਗਏ ਸਨ। ਕੀ ਪਤਾ, ਦਿੱਲੀ ਦੇ ਉਸ ਇਲਾਕੇ ਵਿਚ ਕਿਸੇ ਨੂੰ ਜਾਣਾ ਪੈ ਜਾਵੇ ਤੇ ਕੋਈ ਖੁਰਾ ਕੱਢ ਲਿਆਵੇ ਉੱਥੇ ਜਾ ਕੇ…।
ਤੇ ਜਦੋਂ ਪਿੰਡ ਦੇ ਪੰਡਤ ਜੀ ਨੇ ਮ੍ਰਿਤਕ ਦੇ ਫੁੱਲਾਂ ਦੀ ਗੱਲ ਚਲਾਈ ਤਾਂ ਮੁੰਡਿਆਂ ਉਹੀ ਕਿਹਾ, ਜੋ ਮਾਂ ਨੂੰ ਕਿਹਾ ਸੀ। ਫੇਰ ਪੰਡਤ ਜੀ ਨੇ ਮੌਤ ਦੀ ਤਾਰੀਖ਼ ਅਨੁਸਾਰ ਹਿਸਾਬ ਲਾ ਕੇ ਜੋੜ-ਘਟਾਅ ਕੀਤਾ ਤੇ ਫੁੱਲ-ਪ੍ਰਵਾਹੁਣ ਦੀ ਤਾਰੀਖ਼ ਵੀ ਕੱਢ ਦਿੱਤੀ। ਬੋਲੇ :
"ਅੱਜ ਤੋਂ ਤੀਜੇ ਦਿਨ ਯਾਨੀ ਪਰਸੋਂ ਦਾ ਮਹੂਰਤ ਬਣਦਾ ਏ। ਪਰ ਸਿਰਫ਼ ਦੁਪਹਿਰ ਤੱਕ, ਕਿਉਂਕਿ ਦੁਪਹਿਰ ਪਿੱਛੋਂ ਛਨੀ ਬਕਰੀ ਰੂਪ ਹੋ ਕੇ ਸੂਰਜ 'ਤੇ ਦ੍ਰਿਸ਼ਟੀ ਪਾ ਬਹੇਗਾ। ਓਸ ਲਗਨ ਵਿਚ ਮ੍ਰਿਤ-ਆਤਮਾ ਨੂੰ ਮੋਕਸ਼ ਮਿਲਣ ਵਿਚ ਦਿੱਕਤਾਂ ਆ ਸਕਦੀਆਂ ਨੇ।"
ਇਸੇ ਸਭ ਕਾਸੇ ਵਿਚ ਦਿਨ ਬੀਤਣ 'ਤੇ ਆ ਗਿਆ। ਸ਼ਾਮ ਹੁੰਦਿਆਂ ਹੀ ਲੋਕਾਂ ਦੀ ਆਵਾਜਾਈ ਵੀ ਲਗਭਗ ਬੰਦ ਹੋ ਗਈ। ਫੇਰ ਰਾਤ ਹੋਈ ਤਾਂ ਉਸਦੇ ਸੰਨਾਟੇ ਵਿਚ ਮੋਹਨ ਦੀ ਮਾਂ ਕਾਫੀ ਦੇਰ ਤੱਕ ਸਿਲ-ਪੱਥਰ ਹੋਈ ਪਈ ਰਹੀ। ਮੁੰਡੇ ਵੀ ਉਸਨੂੰ ਛੇੜਨ ਤੋਂ ਡਰ ਰਹੇ ਸੀ। ਪਰ ਅਖ਼ੀਰ ਉਹ ਅਚਾਨਕ ਉੱਠ ਬੈਠੀ ਤੇ ਮੁੰਡਿਆਂ ਵੱਲ ਕੁਝ ਇੰਜ ਤੱਕਣ ਲੱਗੀ ਕਿ ਉਹ ਸਹਿਮ ਗਏ। ਅਚਾਨਕ ਬੋਲੀ :
"ਤੁਸੀਂ ਦੋਵਾਂ ਨੇ ਬੜਾ ਅਨਰਥ ਕੀਤੈ ਪੁੱਤ, ਆਪਣੇ ਬਾਪੂ ਤੋਂ ਉਸਦੀ ਡਿਓਢੀ ਖੋਹ ਲਈ। ਹਾਅ ਨਾਲ ਈ ਅਯੋਧਿਆ ਸੀ…ਪਿੰਡ ਢਾਣੀ ਵਿਚ ਕਦੀ ਕਿਸੇ ਨਾਲ ਐਂ ਨੀਂ ਹੋਇਆ ਹੋਣਾ ਬਈ ਉਸਦੀ ਮਿੱਟੀ ਕਿਤੇ ਹੋਰ ਸਮੇਟੀ ਗਈ ਹੋਵੇ। ਬੜੇ ਦੁੱਖ ਦੀ ਗੱਲ ਐ ਇਹ…"
"ਸੋ ਤਾਂ ਐ ਬੇਬੇ ਪਰ…"ਸੋਹਨ ਬੜਬੜਾ ਕੇ ਰਹਿ ਗਿਆ ਤੇ ਮੋਹਨ ਬੋਲ ਪਿਆ :
"ਉਪਰ 'ਲੇ ਦਾ ਲਿਖਿਆ ਲੇਖ ਕੋਈ ਮੇਟ ਨੀਂ ਸਕਦਾ। ਬੇਬੇ ! ਸ਼੍ਰੀਰਾਮ ਜੀ ਨੇ ਬਾਪੂ ਲਈ ਜਮਨਾ ਤੈਅ ਕੀਤੀ ਹੋਈ ਸੀ..."
"ਪਰ ਉਸ ਮੇਰੇ ਨਾਲ ਕਿੱਡਾ ਵੱਡਾ ਧੱਕਾ ਕੀਤੈ ਕਿ ਆਖਰੀ ਵੇਲੇ ਆਪਣੇ ਆਦਮੀ ਦਾ ਮੂੰਹ ਵੀ ਨਹੀਂ ਵੇਖ ਸਕੀ ਮੈਂ। ਇਕ ਵਾਰੀ ਉਹਨੂੰ ਵੇਖ ਲਿਆ ਹੁੰਦਾ ਤਾਂ ਕਲੇਸ਼ ਨਾ ਹੁੰਦਾ ਮਨ ਨੂੰ…"
ਕਹਿੰਦੀ ਹੋਈ ਧਾਹਾਂ ਮਾਰ-ਮਾਰ ਰੋਣ ਲੱਗ ਪਈ ਸੀ ਮਾਂ।
ਜਿਵੇਂ-ਤਿਵੇਂ ਕਰਕੇ ਰਾਤ ਬੀਤੀ। ਅਗਲੇ ਦਿਨ ਵੀ ਪਿੰਡ ਤੇ ਢਾਣੀਆਂ ਤੋਂ ਲੋਕ ਆਉਂਦੇ ਰਹੇ। ਸਾਰਿਆਂ ਦੀ ਹਮਦਰਦੀ ਵਿਧਵਾ ਮਾਂ ਨਾਲ ਸੀ। ਅੰਤ ਵਿਚ ਤਸੱਲੀ ਭਰੇ ਕੁਝ ਸ਼ਬਦ, 'ਚਲੋ, ਰਾਮ ਜੀ ਨੂੰ ਇਹੋ ਮੰਜ਼ੂਰ ਸੀ। ਉਹ ਸ਼ਰਤੀਆ ਮੁਕਤੀ ਦੇਣਗੇ, ਜੋਧੇ ਭਰਾ ਨੂੰ…।'
ਆਉਣ ਵਾਲਾ ਹਰ ਆਦਮੀ ਬਸ ਇਹੀ ਕਹਿ ਕੇ ਵਿਧਵਾ ਨੂੰ ਤਸੱਲੀ ਦੇ ਜਾਂਦਾ। ਸ਼੍ਰੀ ਰਾਮ ਸੱਚਮੁੱਚ ਬੜਾ ਮਾਨਸਿਕ ਸਹਾਰਾ ਦੇਂਦੇ ਸੀ, ਕਹਿਣ ਵਾਲੇ ਨੂੰ ਵੀ ਤੇ ਸੁਣਨ ਵਾਲੇ ਨੂੰ ਵੀ। ਕੇਹੀ ਵੀ ਸਮੱਸਿਆ ਹੋਵੇ, ਉਹੀ ਸਾਰੀਆਂ ਦਾ ਸਮਾਧਾਨ ਨੇ। ਵੱਡੇ ਤੋਂ ਵੱਡਾ ਸੁਖ ਦੇਣ ਵਾਲੇ, ਵੱਡੇ ਤੋਂ ਵੱਡਾ ਦੁੱਖ ਹਰਨ ਵਾਲੇ। ਹਰਦੇ ਨਾ ਸਹੀ, ਪਰ ਕੁਝ ਨਾ ਕੁਝ ਹਲਕਾ ਤਾਂ ਕਰ ਹੀ ਦਿੰਦੇ ਸੀ।
'ਰੋਂਦੇ ਵੀ ਰਾਮ, ਹੱਸਦੇ ਵੀ ਰਾਮ। ਸੌਂਦੇ ਵੀ ਰਾਮ, ਉਠਦੇ ਵੀ ਰਾਮ। ਸੁਖ ਵਿਚ ਵੀ ਰਾਮ, ਦੁਖ ਵਿਚ ਵੀ ਰਾਮ।' ਅਜਿਹੇ ਰਾਮ ਦੀ ਅਯੋਧਿਆ ਦੇ ਨਾਲ ਲੱਗਦਾ ਸੀ ਸ਼ਿਵਦਹਾ ਪਿੰਡ…ਜਿੱਥੋਂ ਦਾ ਜੋਧਾ ਮਲਾਹ, ਦਿੱਲੀ ਵਿਚ ਮਰਿਆ ਸੀ ਤੇ ਸ਼੍ਰੀ ਰਾਮ ਉੱਥੇ ਜਾ ਕੇ ਹੀ ਉਸਨੂੰ ਮੁਕਤੀ ਦੇ ਆਏ ਸਨ…ਸਾਰੇ ਇਹੀ ਮੰਨਦੇ ਸੀ।
ਦੁਨੀਆਂ ਕੀ ਜਾਣੇ ਧਰਤੀ ਦੇ ਇਕ ਤਿਕੋਣੇ ਟੁਕੜੇ 'ਤੇ ਕੀ ਨੇ ਸ਼੍ਰੀਰਾਮ ? ਉਹਨਾਂ ਨੂੰ ਜਾਣਨ ਲਈ ਉੱਥੋਂ ਦੇ ਲੋਕਾਂ ਦੀ ਆਤਮਾ ਵਿਚ ਝਾਕਣਾ ਪਵੇਗਾ। ਭਗਵਾਨ ਵਰਗਾ ਵੱਡਾ ਸ਼ਬਦ ਵੀ ਛੋਟਾ ਲੱਗਣ ਲੱਗਦਾ ਹੈ ਓਸ 'ਸ਼੍ਰੀਰਾਮ' ਪ੍ਰਤੀ।
ਅਚਾਨਕ ਕੁਝ ਯਾਦ ਆਉਂਦਿਆਂ ਹੀ ਮੋਹਨ ਨੂੰ ਇਕ ਝਟਕਾ ਜਿਹਾ ਲੱਗਿਆ ਤੇ ਉਸਦੇ ਚਿਹਰੇ ਦਾ ਰੰਗ ਸੂਤਿਆ ਗਿਆ। ਸ਼ਾਮ ਹੋਣ ਵਾਲੀ ਸੀ। ਉਸਨੇ ਭਰਾ ਨੂੰ ਇਸ਼ਾਰਾ ਕੀਤਾ, ਫੇਰ ਦੋਵੇਂ ਝੁੱਗੀ 'ਚੋਂ ਬਾਹਰ ਆ ਕੇ ਨਿੰਮ ਹੇਠਲੀ ਚੁੱਪ ਵਿਚ ਜਾ ਖਲੋਤੇ।
ਵੱਡੇ ਨੇ ਛੋਟੇ ਨੂੰ ਕਿਹਾ,
"ਇਕ ਗੱਲ ਤਾਂ ਅਸੀਂ ਭੁੱਲ ਈ ਗਏ !"
"ਕੀ ?" ਸੋਹਨ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਮੋਹਨ ਨੇ ਘੁਸਰ ਮੁਸਰ ਕੀਤੀ।
"ਫੁੱਲ…ਕੱਲ੍ਹ ਈ ਪ੍ਰਵਾਹ ਕਰਨੇ ਐਂ ਨਾ..."
ਸੋਹਨ ਯਕਦਮ ਤ੍ਰਬਕ ਪਿਆ, "ਹਾਂ, ਪਰ ਫੁੱਲ ਹੈਨ ਕਿੱਥੇ ?"
ਵੱਡਾ ਬੋਲਿਆ, "ਉਹੀ ਤਾਂ ਮੈਂ ਕਹਿ ਰਿਹਾਂ..."
ਏਨਾ ਸੁਣਦਿਆਂ ਹੀ ਛੋਟੇ ਨੇ ਸਿਰ ਫੜ੍ਹ ਲਿਆ ਤੇ ਕੁਝ ਪਲ ਲਈ ਬੁੱਤ ਬਣਿਆ ਰਿਹਾ---ਫੇਰ ਧੀਮੀ ਆਵਾਜ਼ ਵਿਚ ਘੁਸਰ-ਮੁਸਰ ਕੀਤੀ :
"ਜੇ ਤੈਨੂੰ ਯਾਦ ਨਾ ਆਈ ਹੁੰਦੀ ਇਹ ਗੱਲ ਤਾਂ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੁੰਦੀ।"
ਮੋਹਨ ਨੇ ਝੱਟ ਕਿਹਾ, "ਅਜੇ ਵੀ ਦੇਰੀ ਨਹੀਂ ਹੋਈ, ਹੁਣ ਤੂੰ ਨਿਕਲ ਪੈ---ਮਲੀਆ (ਮਿੱਟੀ ਦਾ ਇਕ ਭੀੜੇ ਮੂੰਹ ਵਾਲਾ ਕੁੱਜਾ) ਏਧਰੋਂ ਹੀ ਖਰੀਦ ਲਵੀਂ। ਅਜੇ ਘੰਟੇ ਕੁ ਦਾ ਦਿਨ ਬਾਕੀ ਐ। ਰਾਤ ਹੁੰਦਿਆਂ-ਹੁੰਦਿਆਂ ਪਰਤ ਆਵੇਂਗਾ।"
ਫੇਰ ਸੋਹਨ ਪਲ ਭਰ ਰੁਕੇ ਬਿਨਾਂ ਕਾਹਲੇ ਪੈਰੀਂ ਉੱਥੋਂ ਤੁਰ ਗਿਆ ਸੀ।
ਖਾਸੀ ਦੇਰ ਪਿੱਛੋਂ ਮਾਂ ਨੇ ਪੁੱਛਿਆ :
"ਸੋਹਨ ਨਹੀਂ ਦਿਸ ਰਿਹਾ, ਕਿਤੇ ਭੇਜਿਆ ਐ ਕਿ…"
ਮੋਹਨ ਅਚਾਨਕ ਭਵੰਤਰ ਗਿਆ, ਫੇਰ ਸੰਭਲ ਕੇ ਬੋਲਿਆ :
"ਬਸ ਅਯੋਧਿਆ ਤੱਕ ਗਿਐ ਬੇਬੇ। ਓਥੇ ਇਕ ਸਾਥੀ ਐ ਮੇਰਾ। ਸਿਰ 'ਤੇ ਆ ਪਿਐ ਬਾਪੂ ਦਾ ਕਾਰਜ…ਮੈਂ ਕੋਈ ਮਰਨਾ-ਪਰਨਾ ਨੀਂ ਕੀਤਾ। ਸੋਚਿਆ ਉਸਨੂੰ ਬੁਲਾਅ ਲਵਾਂ। ਉਹ ਜਾਣਕਾਰ ਐ।"
ਜਵਾਬ ਬੜੀ ਸਹਿਜਤਾ ਤੇ ਵਿਸ਼ਵਾਸ ਨਾਲ ਦਿੱਤਾ ਗਿਆ ਸੀ, ਤੇ ਮਾਂ ਸੰਤੁਸ਼ਟ ਹੋ ਗਈ ਸੀ---ਪਰ ਉਹ ਸਿਸਕਣ ਲੱਗ ਪਈ। ਅੰਤ ਵਿਚ ਚੁੰਨੀ ਦਾ ਇਕ ਸਿਰਾ ਮੂੰਹ ਵਿਚ ਤੁੰਨੀ ਝੁੱਗੀ ਵਿਚ ਚਲੀ ਗਈ।
ਕੁਝ ਚਿਰ ਪਿੱਛੋਂ ਸੋਹਨ ਪਰ ਆਇਆ। ਭਰਾ ਨੇ ਸੈਂਤ ਨਾਲ ਪੁੱਛਿਆ, 'ਕੰਮ ਹੋ ਗਿਆ ?'
'ਹਾਂ', ਉਸਨੇ ਜਵਾਬ ਵੀ ਇਸ਼ਾਰੇ ਵਿਚ ਹੀ ਦਿੱਤਾ।
ਮੋਹਨ ਨੇ ਅਤੀ ਧੀਮੀ ਆਵਾਜ਼ ਵਿਚ ਕਿਹਾ, "ਜਗ੍ਹਾ ਯਾਦ ਐ ਨਾ…।"
"ਯਾਦ ਐ। ਪੂਰਬ ਵਾਲੇ ਟੱਕ ਦੇ ਦੱਖਣੀ ਸਿਰੇ 'ਤੇ। ਵੱਟ ਦੇ ਐਨ ਨਾਲ ਕਰਕੇ…"
ਸੋਹਨ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੋਹਨ ਨੇ ਸ਼ੰਕੇ ਗਰਸੀ ਆਵਾਜ਼ ਵਿਚ ਪੁੱਛਿਆ :
"ਓਦੋਂ ਤੈਨੂੰ ਕਿਸੇ ਨੇ ਵੇਖਿਆ ਤਾਂ ਨੀਂ ਨਾ ?"
"ਨਹੀਂ-ਨਹੀਂ। ਮੈਂ ਟੋਇਆ ਪੁੱਟਣ ਤੋਂ ਪਹਿਲੋਂ ਸਾਰੇ ਪਾਸੇ ਨਿਗਾਹ ਮਾਰ ਲਈ ਸੀ।"
"ਕਿੰਨਾ ਕੁ ਡੂੰਘਾ ਨੱਪਿਆ ਐ ਮਲੀਆ ?"
"ਡੇਢ ਹੱਥ। ਧਰਤੀ ਸਿੱਲ੍ਹੀ ਸੀ, ਸੋ ਪੁੱਟਣ ਵਿਚ ਕੋਈ ਦਿੱਕਤ ਨਹੀਂ ਆਈ।"
ਵੱਡੇ ਭਰਾ ਨੇ ਇਕ ਵਾਰੀ ਫੇਰ ਲੰਮਾ ਸਾਹ ਖਿੱਚਿਆ, ਫੇਰ ਧੀਮੀ ਆਵਾਜ਼ ਵਿਚ ਫੁਸਫੁਸਾਇਆ :
"ਚੱਲੋ, ਇਕ ਵੱਡਾ ਕਾਰਜ ਨਿਬੜਿਆ। ਬੇਬੇ ਪੁੱਛੇ ਤਾਂ ਕਹਿ ਦੇਵੀਂ, ਭਰਾ ਦੇ ਕਹਿਣ 'ਤੇ ਅਯੋਧਿਆ ਗਿਆ ਸੀ, ਉਸਦੇ ਕਿਸੇ ਸਾਥੀ ਨੂੰ ਕਹਿਣ। ਮੈਂ ਉਸਨੂੰ ਇਹੀ ਕਿਹੈ…"
ਫੇਰ ਦੋਵੇਂ ਭਰਾ ਪੂਰੀ ਤਰ੍ਹਾਂ ਬੇਫਿਕਰ ਹੋ ਗਏ ਸੀ।
ਅਗਲੇ ਦਿਨ ਦੋਵਾਂ ਭਰਾਵਾਂ ਨੇ ਸਵੱਖਤੇ ਹੀ ਬਿਸਤਰਾ ਛੱਡ ਦਿੱਤਾ ਤੇ ਛੇਤੀ-ਛੇਤੀ ਨਹਾਅ ਧੋ ਕੇ ਤਿਆਰ ਹੋ ਗਏ। ਫੇਰ ਸੋਹਨ ਚਲਾ ਗਿਆ, ਪੰਡਤ ਜੀ ਨੁੰ ਬੁਲਾਉਣ। ਪਰ ਮਾਂ ਕਦੋਂ ਉਠ ਪਈ ਸੀ, ਮੁੰਡਿਆਂ ਨੂੰ ਪਤਾ ਈ ਨਹੀਂ ਸੀ ਲੱਗਿਆ, ਕਿਉਂਕਿ ਉਹਨਾਂ ਦੇ ਉਠਣ ਤੋਂ ਪਹਿਲਾਂ ਦੀ ਜਾਗੀ ਹੋਈ ਸੀ ਉਹ।
ਉਹ ਜਾਣਦੀ ਸੀ ਸੋਹਨ ਕਿੱਥੇ ਤੇ ਕਿਉਂ ਗਿਆ ਹੈ, ਫੇਰ ਵੀ ਪੁੱਛਣ ਲੱਗੀ :
"ਕੀ ਸੋਹਨ ਨੂੰ ਪੰਡਤ ਜੀ ਵੱਲ ਭੇਜਿਆ ਐ ਬੱਚਿਆ ?"
"ਹਾਂ, ਬੇਬੇ।"
"ਫੁੱਲ ਅੱਜ ਈ ਪ੍ਰਵਾਹ ਕਰਨੇ ਐਂ ਨਾ ?"
ਮਾਂ ਨੂੰ ਚੰਗਾ ਭਲਾ ਪਤਾ ਸੀ, ਫੇਰ ਵੀ ਪੁੱਛ ਰਹੀ ਸੀ।
ਮੋਹਨ ਵੀ ਜਾਣਦਾ ਸੀ ਕਿ ਮਾਂ ਨੂੰ ਪਤਾ ਹੈ ਇਸ ਗੱਲ ਦਾ, ਤਾਂ ਵੀ ਓਨੀ ਹੀ ਸਹਿਜਤਾ ਨਾਲ ਬੋਲਿਆ :
"ਹਾਂ, ਅੱਜ ਈ ਪ੍ਰਵਾਹ ਕਰਨੇ ਐਂ। ਤਾਂਹੀਏਂ ਤਾਂ ਪੰਡਤ ਜੀ ਨੂੰ ਕਹਿ ਭੇਜਿਆ ਐ। ਤੂੰ ਤਾਂ ਜਾਣਦੀ ਈ ਐਂ ਉਹਨਾਂ ਦੀ ਲੇਟ-ਲਤੀਫ਼ਾਂ ਵਾਲੀ ਆਦਤ ਨੂੰ। ਇਸ ਲਈ ਛੇਤੀ ਈ ਦੌੜਾ ਦਿੱਤਾ ਸੋਹਨੇ ਨੂੰ…"
ਕਦੀ-ਕਦੀ ਗੱਲਾਂ ਦਾ ਕੋਈ ਮੰਤਵ ਨਹੀਂ ਹੁੰਦਾ। ਉਹ ਸਿਰਫ ਮਨ ਦਾ ਖਲਾਅ ਪੂਰਨ ਦੇ ਕੰਮ ਆਉਂਦੀਆਂ ਨੇ। ਜਿਹੜੀ ਚੀਜ਼ ਨਾ ਰਹਿ ਗਈ ਹੋਵੇ, ਉਸਨੂੰ ਵੀ ਇਕ ਰੂਪ ਦੇ ਦੇਂਦੀਆਂ ਨੇ, ਉਸ ਨਾਲ ਜੁੜੀਆਂ ਹੋਈਆਂ ਗੱਲਾਂ। ਪਤੀ ਨਹੀਂ ਰਿਹਾ, ਤਾਂ ਉਸਦੀਆਂ ਗੱਲਾਂ ਹੀ ਸਹੀ…ਪਰ ਗੱਲਾਂ ਦੇ ਮਹੱਤਵ ਦੀ ਵੀ ਇਕ ਹੱਦ ਹੁੰਦੀ ਏ। ਮਾਂ ਕੁਝ ਪਲ ਤੱਕ ਪਤਾ ਨਹੀਂ ਕਿੱਥੇ ਗਵਾਚੀ ਰਹੀ, ਫੇਰ ਅਚਾਨਕ ਬੜਬੜਾਉਣ ਲੱਗੀ :
"ਉਹਦੀ ਸਵਾਹ ਦੀ ਵੀ ਬੜੀ ਤਸੱਲੀ ਸੀ ਪੁੱਤ, ਤੁਸੀਂ ਉਸਨੂੰ ਵੀ ਤਾਰ ਆਓਗੇ ਤਾਂ ਕਿਸ ਆਸਰੇ ਸੰਤੋਖ ਕਰਾਂਗੀ ਮੈਂ ? ਪਰ ਦੁਨੀਆਂ ਦੀ ਰੀਤ ਐ, ਤਾਰ ਆਓ। ਪਰ…"
"ਪਰ ਕੀ ਬੇਬੇ ? ਦੱਸ ਕੀ ਕਹਿਣ ਲੱਗੀ ਸੀ ਤੂੰ ?"
"ਮਲੀਆ, ਇਕ ਵਾਰੀ ਘਰ ਲੈ ਆਉਂਦੇ…ਉਹਦਾ ਤਨ ਨਾ ਦੇਖ ਸਕੀ, ਹੱਡੀਆਂ ਈ ਸਹੀ…ਉਹਦੀ ਰਾਖ ਈ ਮਲ ਲੈਂਦੀ ਛਾਤੀ 'ਤੇ, ਤਾਂ ਕਾਲਜਾ ਠਰ ਜਾਂਦਾ…ਤੁਸੀਂ ਕੀ ਜਾਣੋ ਬੱਚਾ, ਕਿੰਨੀ ਪੀੜ ਭਰੀ ਐ ਅੰਦਰ ! ਆਦਮੀ ਚਲਾ ਜਾਵੇ, ਤੇ ਤੀਵੀਂ ਉਹਦਾ ਮੂੰਹ ਵੀ ਨਾ ਵੇਖ ਸਕੇ ! ਇਸ ਨਾਲੋਂ ਵੱਡੀ ਤਕਲੀਫ਼ ਵਾਲੀ ਗੱਲ ਹੋਰ ਕਿਹੜੀ ਹੋਵੇਗੀ, ਕਿਸੇ ਤੀਵੀਂ ਲਈ…"
ਕਹਿੰਦੀ ਹੋਈ ਉਹ ਫੇਰ ਫਿਸ ਪਈ।
ਮੋਹਨ ਸੋਚਾਂ ਵਿਚ ਡੁੱਬ ਗਿਆ। ਕੁਝ ਚਿਰ ਦੀ ਚੁੱਪ ਪਿੱਛੋਂ ਅਚਾਨਕ ਬੋਲਿਆ :
"ਆਖੇਂ ਤਾਂ ਮਲੀਆ ਲੈ ਆਵਾਂ ਬੇਬੇ। ਬਸ ਅਸੁਗਨ ਵਾਲੀ ਗੱਲ ਸੀ ਜਰਾ ਜੇਨੀ…ਲੋਕ ਕਹਿੰਦੇ ਐ, ਫੁੱਲ ਘਰ ਨੀਂ ਲਿਆਉਂਦੇ ਹੁੰਦੇ।"
ਉਸਦੀ ਗੱਲ ਸੁਣ ਕੇ ਮਾਂ ਅਚਾਨਕ ਚੀਕ ਪਈ :
"ਨਾ ਨਾ…ਬੱਚਾ, ਬਿਲਕੁਲ ਨਹੀਂ। ਘਰੇ ਕੋਈ ਹੋਰ ਅਸੁਗਨ, ਹੁਣ ਮੈਥੋਂ ਝੱਲ ਨੀਂ ਹੋਣਾ। ਸ਼੍ਰੀਰਾਮ ਜੀ ਥੋਨੂੰ ਦੋਵਾਂ ਨੂੰ ਸਲਾਮਤ ਰੱਖਣ, ਹੁਣ ਤਾਂ ਬਸ ਏਨੀ ਈ ਬੇਨਤੀ ਐ ਉਹਨਾਂ ਅੱਗੇ। ਵੈਸੇ ਇਕ ਗੱਲ ਪੁੱਛਾਂ…"
"ਪੁੱਛ ਬੇਬੇ।"
"ਤੇਰੇ ਬਾਪੂ ਦਾ ਸੰਸਕਾਰ ਕਿਵੇਂ ਹੋਇਆ ਸੀ ਫੇਰ…ਚਾਰ ਬੰਦੀ ਸੀ ਨਾਲ ?"
"ਚਾਰ ਕੀ ਸੈਂਕੜੇ ਸੀ ਬੇਬੇ। ਐਨੇ ਬੰਦੇ ਤਾਂ ਏਥੇ ਵੀ ਨਾ ਹੁੰਦੇ। ਜਿਸਨੇ ਸੁਣਿਆ, ਉਹੀ ਨਾਲ ਹੋ ਲਿਆ। ਦਿੱਲੀ ਦੇ ਲੋਕ ਬੜੇ ਭਲੇ ਬੰਦੇ ਐ ਬੇਬੇ।"
"ਪਹਿਲੇ ਕਾਹਣੀ ਤਾਂ ਤੁਸੀਂ ਦੋਵੇਂ ਭਰਾ ਈ..."
ਮਾਂ ਦੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਕਿ ਮੋਹਨ ਝੱਟ ਬੋਲਿਆ, "ਇਹ ਵੀ ਕੋਈ ਪੁੱਛਣ ਆਲੀ ਗੱਲ ਆ ਬੇਬੇ ?"
"ਜਿੱਥੇ ਪੂਰਾ ਹੋਇਆ ਸੀ ਓਥੋਂ ਘਾਟ ਕਿੱਡੀ ਦੂਰ ਸੀ ਬੱਚਾ ?"
"ਘ-ਘ-ਘਾਟ !" ਮੁੰਡਾ ਕੇਰਾਂ ਹਕਲਾਇਆ ਫੇਰ ਸੰਭਲ ਗਿਆ, "ਬਹੁਤਾ ਨਹੀਂ, ਪਰ ਏਨਾ ਤਾਂ ਸੀ ਈ ਜਿੰਨੀ ਅਯੋਧਿਆ ਐ ਏਥੋਂ। ਉਹੀ ਕੋਈ ਸਵਾ ਕੋਹ..."
"ਤੇ ਅਗਨੀ ਕਿਸ ਨੇ ਦਿੱਤੀ ?"
"ਮੇਰੇ ਹੁੰਦਿਆਂ ਭਲਾ ਹੋਰ ਕੌਣ ਦਿੰਦਾ ?"
"ਚੰਗਾ ਕੀਤਾ। ਇਵੇਂ ਹੋਣ ਵੀ ਚਾਹੀਦਾ ਸੀ। ਭਾਵੇਂ ਘੰਟਾ ਈ ਸਹੀ, ਪਰ ਵੱਡਾ ਪੁੱਤ ਤਾਂ ਤੂੰਹੀਓਂ ਐਂ ਆਪਣੇ ਬਾਪੂ ਦਾ। ਫੇਰ ਤਾਂ ਕਰਮੀ-ਧਰਮੀ ਵੀ ਤੂੰ ਈ ਬੈਠਾ ਹੋਵੇਂਗਾ ? ਓਇ ! ਕ੍ਰਿਆ ਕਰਮ ਆਲੀ ਗੱਲ ਤਾਂ ਭੁੱਲ ਈ ਗਈ ਸੀ ਮੈਂ..."
ਕਹਿੰਦੀ ਹੋਈ ਮਾਂ ਝੱਟ ਉੱਠੀ ਤੇ ਅਹੁਲ ਕੇ ਝੁੱਗੀ ਦੇ ਉਸ ਕੋਨੇ ਤੱਕ ਜਾ ਪਹੁੰਚੀ ਜਿੱਥੇ ਧੂੰਏਂ ਨਾਲ ਪੂਰੀ ਤਰ੍ਹਾਂ ਕਾਲੀ ਹੋ ਚੱਕੀ ਇਕ ਟਰੰਕੀ ਰੱਖੀ ਹੋਈ ਸੀ। ਉਹ ਉਸਨੂੰ ਖੋਲ੍ਹ ਕੇ ਕੁਝ ਚਿਰ ਫਰੋਲਦੀ ਰਹੀ ਫੇਰ ਇਕ ਕਾਲਾ ਧਾਗਾ ਕੱਢ ਦੇ ਆਪਣੇ ਪੁੱਤਰ ਕੋਲ ਲੈ ਆਈ ਤੇ ਉਸਨੂੰ ਦਿੰਦੀ ਹੋਈ ਬੋਲੀ :
"ਇਸਨੂੰ ਪਾ ਲੈ ਗਲੇ 'ਚ। ਕ੍ਰਿਆ ਆਲੇ 'ਤੇ ਮ੍ਰਿਤਕ ਦੀ ਆਤਮ ਔਖੀ ਰਹਿੰਦੀ ਆ। ਉਹ ਇਸ ਲਈ, ਕਿਉਂ ਸਾੜਿਆ ਸੀ ਮੈਨੂੰ ? ਏਨਾ ਕੁ ਹੋਸ਼ ਉਸਨੂੰ ਰਹਿੰਦੇ ਦਸਵੇਂ ਤਾਈਂ। ਫੇਰ ਆਤਮਾ ਮੁਕਤ ਹੋ ਕੇ ਭਗਵਾਨ ਦੇ ਲੋਕ ਚਲੀ ਜਾਂਦੀ ਐ।"
ਮੋਹਨ ਨੇ ਵੇਖਿਆ, ਉਸ ਕਾਲੇ ਧਾਗੇ ਨਾਲ ਇਕ ਨਿੱਕਾ ਜਿਹਾ ਚਾਕੂ ਬੰਨ੍ਹਿਆ ਹੋਇਆ ਸੀ। ਉਸਨੂੰ ਗਲੇ ਵਿਚ ਪਾ ਕੇ ਉਹ ਝੁੱਗੀ ਵਿਚੋਂ ਬਾਹਰ ਨਿਕਲ ਆਇਆ। ਉਸਦੇ ਪਿੱਛੇ ਮਾਂ ਵੀ ਆ ਗਈ। ਉਦੋਂ ਹੀ ਕੁਝ ਦੂਰ ਸਾਹਮਣੀ ਪਗਡੰਡੀ ਉੱਤੇ ਪੰਡਤ ਜੀ ਦੇ ਨਾਲ ਸੋਹਨ ਤੁਰਿਆ ਆਉਂਦਾ ਦਿਖਾਈ ਦਿੱਤਾ। ਮਾਂ ਅਚਾਨਕ ਡਿੱਕ-ਡੋਲੇ ਖਾਣ ਲੱਗ ਪਈ। ਮੋਹਨ ਕੁਝ ਸਮਝ ਸਕਦਾ ਇਸ ਤੋਂ ਪਹਿਲਾਂ ਹੀ ਉਹ ਸੁੱਕੇ ਟਾਹਣ ਵਾਂਗ ਘੜੰਮ ਕਰਕੇ ਚੁਫਾਲ ਜਾ ਡਿੱਗੀ। ਮੋਹਨ ਘਬਰਾ ਕੇ ਕੂਕਿਆ, "ਦੌੜ ਕੇ ਆ ਭਰਾ। ਦੇਖ, ਬੇਬੇ ਡਿੱਗ ਪਈ…।"
ਸੋਹਨ ਦੌੜ ਕੇ ਆਇਆ। ਮਾਂ ਨੂੰ ਹਿਲਾਇਆ-ਝੰਜੋੜਿਆ। ਉਹ ਬੇਹੋਸ਼ ਪਈ ਸੀ। ਉਸਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ ਗਏ। ਕੁਝ ਚਿਰ ਪਿੱਛੋਂ ਉਹ ਕਸਮਸਾਈ, ਅੱਖਾਂ ਖੋਹਲੀਆਂ ਤੇ ਫੇਰ ਪੂਰੀ ਤਰ੍ਹਾਂ ਹੋਸ਼ ਵਿਚ ਆ ਗਈ। ਵੱਡੇ ਨੇ ਪੁੱਛਿਆ, "ਕੀ ਹੋਇਆ ਸੀ ਬੇਬੇ ?"
ਉਹ ਬੜਬੜਾਈ, "ਸਾਹਮਣੇ ਛੋਟੇ ਨੂੰ ਆਉਂਦਾ ਦੇਖਿਆ, ਤਾਂ ਲੱਗਿਆ ਤੁਹਾਡਾ ਬਾਪੂ ਆ ਰਿਹੈ। ਕੀ ਦੱਸਾਂ ਪੁੱਤ ਹੁਣ ਤਾਂ ਬਸ ਸੁਪਨੇ ਈ ਦੇਖਣੇ ਐਂ। ਜਾਓ ਪ੍ਰਵਾਹ ਕਰ ਆਓ, ਉਹਨੂੰ ਸਰਜੂ ਮਈਆ ਦੀ ਗੋਦ 'ਚ। ਉਹਨੂੰ ਬੇਨਤੀ ਕਰ ਆਉਣਾ,ਤੇਰੇ ਕੰਢੇ ਬਾਪੂ ਦੀ ਮਿੱਟੀ ਨਹੀਂ ਲਿਆ ਸਕੇ ਤਾਂ ਉਹਦੀ ਰਾਖ ਲੈ ਆਏ ਆਂ। ਸਵੀਕਾਰ ਕਰੋ ਮਾਂ ਤੇ ਸਵਰਗ 'ਚ ਵਾਸਾ ਕਰੋ ਉਹਦਾ…" ਫੇਰ ਉਹ ਪੰਡਤ ਜੀ ਵੱਲ ਭੌਂ ਕੇ ਬੋਲੀ, "ਹੁਣ ਜਾਓ ਪੰਡਤ ਜੀ ਮੇਰੇ ਮੁੰਡਿਆਂ ਨੂੰ ਲੈ ਕੇ। ਇਹਨਾਂ ਦੇ ਬਾਪੂ ਨੂੰ ਮੁਕਤੀ ਦਿਵਾਅ ਆਓ ਮਹਾਰਾਜ…" ਕਹਿੰਦੀ ਹੋਈ ਪੰਡਤ ਜੀ ਦੇ ਚਰਨਾਂ 'ਤੇ ਡਿੱਗ ਪਈ।
ਫੇਰ ਦੋਵੇਂ ਭਰਾ ਪੰਡਤ ਜੀ ਦੇ ਨਾਲ ਹੋ ਲਏ ਸੀ। ਰਸਤੇ ਵਿਚੋਂ ਸੋਹਨ ਨੇ ਆਪਣੇ ਖੇਤ ਵਿਚ ਰੁਕ ਕੇ ਫੁੱਲਾਂ ਵਾਲਾ ਮਲੀਆ ਕੱਢਿਆ, ਫੇਰ ਲਗਭਗ ਇਕ ਘੰਟੇ ਦੀ ਪਦ-ਯਾਤਰਾ ਪਿੱਛੋਂ ਅਯੋਧਿਆ ਦੇ ਉਸ ਘਾਟ 'ਤੇ ਜਾ ਪਹੁੰਚੇ ਜਿੱਥੇ ਕਦੀ ਜੋਧਾ ਖ਼ੁਦ ਬੇੜੀ ਲਾਉਂਦਾ ਹੁੰਦਾ ਸੀ।
ਸੂਰਜ ਕਾਫੀ ਉੱਚਾ ਚੜ੍ਹ ਆਇਆ ਸੀ। ਘਾਟ 'ਤੇ ਬੇੜੀਆਂ ਕਤਾਰ 'ਚ ਲੱਗੀਆਂ ਹੋਈਆਂ ਸਨ। ਕੁਝ ਤੁਰਨ ਲਈ ਤਿਆਰ ਸਨ, ਕੁਝ ਧਾਰ ਵਿਚੋਂ ਵਾਪਸ ਪਰਤ ਰਹੀਆਂ ਸਨ। ਮੋਹਨ ਆਪਣੇ ਪਿਓ ਦਾ ਅਸਥੀਕਲਸ਼ ਚੁੱਕੀ ਇਕ ਬੇੜੀ ਵਿਚ ਜਾ ਬੈਠਾ। ਉਹ ਖ਼ੁਦ ਮਲਾਹ ਸਨ, ਇਸ ਲਈ ਕਿਰਾਏ ਦੀ ਕੋਈ ਗੱਲ ਨਹੀਂ ਹੋਈ। ਫੇਰ ਸੋਹਨ ਤੇ ਪੰਡਤ ਜੀ ਵੀ ਜਾ ਚੜ੍ਹੇ ਸਨ, ਉਸੇ ਬੇੜੀ ਉੱਤੇ। ਪਰ ਜਦੋਂ ਬੇੜੀ ਤੁਰਨ ਲੱਗੀ ਤਾਂ ਕੋਈ ਦੂਰੋਂ ਹੀ ਕੂਕਿਆ :
"ਚਾਚਾ, ਓ ਚਾਚਾ ਜੀ…"
ਪੰਡਤ ਜੀ ਨੇ ਮੁੜ ਕੇ ਦੇਖਿਆ ਤਾਂ ਖਿੜ ਕੇ ਬੋਲੇ :
"ਓਇ, ਇਹ ਤਾਂ ਮੇਰਾ ਦੇਵਵਰਤ ਐ…"
ਉਦੋਂ ਤਕ ਮੋਹਨ ਨੇ ਵੀ ਪਿੱਛੇ ਭੌਂ ਕੇ ਦੇਖ ਲਿਆ ਸੀ ਤੇ ਪੰਡਤ ਜੀ ਮੁਸਕਰਾ ਕੇ ਬੋਲੇ ਸੀ :
"ਤੂੰ ਉਹਨੂੰ ਪਛਾਣਿਆ ਨਹੀਂ ਮੋਹਣਿਆ ? ਮੇਰਾ ਭਤੀਜਾ ਏ ਦੇਵਵਰਤ…ਪਰ ਸਾਲ ਦਾ ਦਿੱਲੀ 'ਚ ਰਹਿਣ ਲੱਗਾ ਏ। ਅੱਜਕੱਲ੍ਹ ਈ ਆਇਆ ਹੋਵੇਗਾ, ਵਰਨਾ ਪਿੰਡ ਆਉਂਦਾ ਜ਼ਰੂਰ ਮੈਨੂੰ ਮਿਲਣ…ਇਸਦਾ ਮਕਾਨ ਫੈਜ਼ਾਬਾਦ 'ਚ ਈ ਤਾਂ ਐ।"
ਮੋਹਨ ਬੋਲ ਪਿਆ, "ਜਾਣਦਾ ਆਂ ਪੰਡਤ ਜੀ ਹਜ਼ਾਰ ਵਾਰੀ ਤਾਂ ਆਇਆ ਐ ਪਿੰਡ। ਕਈ ਵਾਰੀ ਗੱਲਬਾਤ ਵੀ ਹੋਈ ਆ..."
ਓਦੋਂ ਤੱਕ ਦੇਵਵਰਤ ਬੇੜੀ ਕੋਲ ਆਣ ਪਹੁੰਚਿਆ ਸੀ।
"ਤੂੰ ਕਦ ਆਇਆ ਬਈ ਦਿੱਲੀਓਂ ?"
ਪੰਡਤ ਜੀ ਨੇ ਪੁੱਛਿਆ ਤਾਂ ਉਸਨੇ ਆਪਣੇ ਚਾਚੇ ਦੇ ਗੋਡੀਂ ਹੱਥ ਲਾਉਂਦਿਆਂ ਕਿਹਾ, "ਕੱਲ੍ਹ ਈ ਆਇਆਂ, ਚਾਚਾ ਜੀ। ਰਾਤ ਗੁਆਂਢ ਚ ਇਕ ਮਰਗ ਹੋ ਗਈ ਤਾਂ ਏਥੇ ਆਉਣਾ ਪਿਆ। ਵਰਨਾ ਏਸ ਵੇਲੇ ਮੈਂ ਸ਼ਿਵਦਹਾ 'ਚ ਹੁੰਦਾ।" ਪੰਡਤ ਜੀ ਨੇ ਧੌਣ ਅਕੜਾ ਕੇ ਮੋਹਨ ਵੱਲ ਦੇਖਿਆ ਤੇ ਬੋਲੇ :
"ਕਿਹਾ ਸੀ ਨਾ ਮੋਹਣਿਆ, ਇਹ ਅੱਜਕੱਲ੍ਹ 'ਚ ਈ ਆਇਆ ਹੋਣੈ, ਵਰਨਾ ਮੈਨੂੰ ਮਿਲੇ ਬਿਨਾਂ ਇਹਨੂੰ ਚੈਨ ਕਿੱਥੇ…"
ਓਦੋਂ ਹੀ ਦੇਵਵਰਤ ਬੋਲਿਆ :
"ਇਹ ਤਾਂ ਜੋਧੇ ਚਾਚੇ ਦੇ ਮੁੰਡੇ ਐ ਨਾ ਚਾਚਾ ਜੀ ! ਮੈਨੂੰ ਭੁਲੇਖਾ ਤਾਂ ਨਹੀਂ ਪੈਂਦਾ ਨਾ ?"
ਪਰ ਉਸਦੇ ਚਾਚਾ ਜੀ, ਯਾਨੀ ਪੰਡਤ ਜੀ ਦੇ ਬੋਲਣ ਤੋਂ ਪਹਿਲਾਂ ਹੀ ਮੋਹਨ ਬੋਲ ਪਿਆ :
"ਤੂੰ ਠੀਕ ਪਛਾਣਿਆ ਐਂ ਭਰਾ। ਮੈਂ ਤਾਂ ਤੇਰਾ ਘਰ ਵੀ ਜਾਣਦਾ ਆਂ। ਕਈ ਵਰ੍ਹੇ ਪਹਿਲਾਂ ਜਦੋਂ ਸਾਡੀ ਬੇਬੇ ਲੰਮੀ ਬੀਮਾਰੀ ਨਾਲ ਮਰਦੀ-ਮਰਦੀ ਬਚੀ ਸੀ ਉਦੋਂ ਬੇੜੀ ਵਿਕ ਗਈ ਸੀ ਤੇ ਅੱਧਾ ਖੇਤ ਵੀ…ਅਸੀਂ ਦੋਵੇਂ ਭਰਾ ਦਿਹਾੜੀ ਕਰਨ ਫੈਜ਼ਾਬਾਦ ਈ ਤਾਂ ਜਾਂਦੇ ਹੁੰਦੇ ਸੀ…"
ਦੇਵਵਰਤ ਹੈਰਾਨੀ ਨਾਲ ਬੋਲਿਆ, "ਤਾਂ ਕੀ ਤੁਹਾਡੀ ਬੇਬੇ ਗੁਜ਼ਰ ਗਈ ?"
"ਐਂ ਨਾ ਕਹਿ ਭਰਾ !" ਮੋਹਨ ਨੇ ਧੁੜਧੁੜੀ ਜਿਹੀ ਲੈਂਦਿਆਂ ਕਿਹਾ, "ਹੁਣ ਤਾਂ ਬੇਬੇ ਦਾ ਈ ਆਸਰਾ ਐ, ਇਹ ਫੁੱਲ ਤਾਂ ਬਾਪੂ ਦੇ ਐ।"
"ਪਰ ਮੈਂ ਤਾਂ ਉਹਨੂੰ ਹਫ਼ਤਾ ਕੁ ਪਹਿਲਾਂ ਦਿੱਲੀ 'ਚ ਵੇਖਿਆ ਸੀ..."
ਮੋਹਨ ਦਾ ਦਿਲ ਧੱਕ-ਧੱਕ ਕਰਨ ਲੱਗ ਪਿਆ। ਇਸ ਤੋਂ ਪਹਿਲਾਂ ਕਿ ਦੇਵਵਰਤ ਕੁਝ ਹੋਰ ਕਹਿੰਦਾ ਉਹ ਅਸਥੀਕਲਸ਼ ਆਪਣੇ ਭਰਾ ਨੂੰ ਫੜਾ ਕੇ ਬੇੜੀ ਵਿਚੋਂ ਛਾਲ ਮਾਰ ਕੇ ਉਤਰਿਆ ਤੇ ਕਿਨਾਰੇ ਖੜ੍ਹੇ ਦੇਵਵਰਤ ਕੋਲ ਜਾ ਪਹੁੰਚਿਆ। ਉੱਥੋਂ ਹੀ ਪੰਡਤ ਜੀ ਨੂੰ ਕਿਹਾ :
"ਬਸ ਪੰਜ ਮਿੰਟ ਦੀ ਮੋਹਲਤ ਦਿਓ ਪੰਡਤ ਜੀ, ਮੈਂ ਹੁਣ ਆਇਆ…" ਫੇਰ ਮਰੀਅਲ ਜਿਹੀ ਆਵਾਜ਼ ਵਿਚ ਬੜਬੜਾਇਆ, "ਭਰਾ ਦੇਵਵਰਤ, ਤੂੰ ਕਿੱਥੇ ਵੇਖਿਆ ਸੀ ਸਾਡੇ ਬਾਪੂ ਨੂੰ…" ਉਹਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ।
ਕੁਝ ਚਿਰ ਚੁੱਪ ਰਹਿਣ ਪਿੱਛੋਂ ਦੇਵਵਰਤ ਨੇ ਹੌਲੀ ਜਿਹੀ ਪੁੱਛਿਆ, "ਤੁਹਾਡਾ ਬਾਪੂ ਪੂਰਾ ਕਿਸ ਦਿਨ ਹੋਇਆ ਸੀ ਭਲਾ ?"
"ਪਿੱਛਲੇ ਸ਼ੁਕਰਵਾਰ ਨੂੰ।"
"ਤੇ ਤੁਸੀਂ ਉਸਨੂੰ ਲਿਆਏ ਕਿਸ ਦਿਨ ਸੀ ਓਥੋਂ ?"
"ਛਨੀਵਾਰ ਨੂੰ। ਲਿਆਏ ਕੀ…ਲਾਸ਼ ਨੂੰ ਏਨੀ ਦੂਰ ਲਿਆਉਂਦੇ ਵੀ ਕਿਵੇਂ ? ਤਾਂ ਅਸੀਂ ਓਥੇ ਈ ਸੰਸਕਾਰ ਕਰ 'ਤਾ ਸੀ ਉਹਦਾ।"
ਏਨਾ ਸੁਣਦਿਆਂ ਹੀ ਦੇਵਵਰਤ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਕੁਝ ਚਿਰ ਚੁੱਪ ਰਹਿਣ ਪਿੱਛੋ ਹੌਲੀ ਜਿਹੀ ਬੜਬੜਾਇਆ, "ਤਾਂ ਫੇਰ ਮੈਂ ਜਮਨਾਂ ਚ ਵਹਿੰਦਿਆਂ ਕਿਸ ਨੂੰ ਵੇਖਿਆ ਸੀ ?"
"ਵਹਿੰਦਾ ਵੇਖਿਆ ਸੀ ! ਪਰ ਕਿਸ ਨੂੰ ਵੇਖਿਆ ਸੀ ਤੂੰ ?"
ਕਹਿੰਦੇ ਹੋਏ ਮੋਹਨ ਦੀ ਆਵਾਜ਼ ਕੰਬਣ ਲੱਗ ਪਈ, ਪਰ ਦੇਵਵਰਤ ਓਨੀ ਦ੍ਰਿੜ੍ਹਤਾ ਨਾਲ ਹੀ ਬੋਲਿਆ, "ਮੈਂ ਤਾਂ ਜੋਧੇ ਚਾਚੇ ਨੂੰ ਈ ਵੇਖਿਆ ਸੀ…" ਉਦੋਂ ਹੀ ਨਦੀ ਵੱਲੋਂ ਆਈ ਆਵਾਜ਼ ਨੂੰ ਸੁਣ ਕੇ ਦੋਵੇਂ ਤ੍ਰਬਕ ਪਏ। ਪੰਡਤ ਜੀ ਨੇ ਖਾਸੀ ਉੱਚੀ ਆਵਾਜ਼ ਵਿਚ ਹਾਕ ਮਾਰੀ ਸੀ, "ਜਲਦੀ ਕਰ ਮੋਹਣੇ, ਵਰਨਾ ਫੁੱਲ ਪ੍ਰਵਾਹੁਣ ਦਾ ਮਹੂਰਤ ਨਿਕਲ ਜਾਊਗਾ…"
ਪਰ ਮੋਹਨ ਉਹਨਾਂ ਦੀ ਅਣਸੁਣੀ ਕਰਦਾ ਬੋਲਿਆ :
"ਤੂੰ ਕਿਸੇ ਹੋਰ ਨੂੰ ਵੇਖਿਆ ਹੋਵੇਗਾ। ਕਦੀ ਕਦੀ ਲੋਕਾਂ ਦੀਆਂ ਸ਼ਕਲਾਂ ਵੀ ਤਾਂ ਮਿਲ ਜਾਂਦੀਆਂ ਐਂ। ਪਰ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਐਂ, ਇਸ ਲਈ ਰੁਕੀਂ। ਫੁੱਲ ਪ੍ਰਵਾਹ ਕਰਕੇ ਮੈ ਆਉਣੈ ਤੇਰੇ ਕੋਲ। ਮੇਰੀ ਉਡੀਕ ਕਰੀਂ ਭਰਾ…"
ਕਹਿੰਦਾ ਹੋਇਆ ਉਹ ਮੁੜਿਆ ਤੇ ਬੇੜੀ 'ਤੇ ਜਾ ਚੜ੍ਹਿਆ। ਫੇਰ ਬੇੜੀ ਧਾਰ ਵੱਲ ਰੁੜ੍ਹ ਪਈ।
ਪੰਡਤ ਜੀ ਮੁਸਕਰਾਉਂਦੇ ਹੋਏ ਬੋਲੇ, "ਮੇਰੇ ਭਤੀਜੇ ਨਾਲ ਤਾਂ ਤੇਰਾ ਖਾਸਾ ਯਾਰਾਨਾ ਲੱਗਦੈ ਬਈ ਮੋਹਣਿਆਂ।"
"ਯਾਰਾਨਾ ਕੀ ਪੰਡਤ ਜੀ…" ਉਹ ਬੁਝੀ ਜਿਹੀ ਆਵਾਜ਼ ਵਿਚ ਬੋਲਿਆ, "ਡੇਢ ਵਿਘੇ ਜ਼ਮੀਨ ਨਾਲ ਕਿੰਜ ਢਿੱਡ ਭਰ ਸਕਾਂਗੇ ਅਸੀਂ ਤਿੰਨ ਜੀਅ। ਬੇੜੀ ਵੀ ਤਾਂ ਨਹੀਂ ਰਹੀ। ਮਲਾਹੀ ਤੋਂ ਵੀ ਗਏ, ਤੇ ਕਿਸਾਨੀ ਤੋਂ ਵੀ। ਤਾਂ ਸੋਚਿਆ ਕਿ ਦਿੱਲੀ 'ਚ ਕਿਤੇ ਨੌਕਰੀ-ਚਾਕਰੀ ਦੀ ਗੱਲ ਕਰ ਲਵਾਂ ਦੇਵ ਨਾਲ।"
ਪੰਡਤ ਜੀ ਬੋਲੇ, "ਦਿੱਲੀ ਤੇਰੇ ਲਈ ਸ਼ੁਭ ਨਹੀਂ ਮੋਹਣਿਆਂ। ਕੰਮ ਈ ਕਰਨਾ ਹੋਇਆ ਤਾਂ ਕਿਸੇ ਹੋਰ ਸ਼ਹਿਰ 'ਚ ਜਾਂਦਾ ਰਹੀਂ। ਦੂਰ ਕਿਉਂ, ਫੈਜ਼ਾਬਾਦ 'ਚ ਈ ਭਰਾ ਨੂੰ ਕਹਿ ਕੇ ਕੋਈ ਕੰਮ ਲੁਆ ਦਿਆਂਗਾ। ਦੇਵਵਰਤ ਦਾ ਪਿਓ, ਸਕਾ ਨਹੀਂ, ਪਰ ਸਕਿਆਂ ਨਾਲੋਂ ਵੱਧ ਏ ਉਹ। ਛੋਟਾ ਭਰਾ ਸਮਝ ਮੇਰਾ…"
ਏਨੇ ਵਿਚ ਬੇੜੀ ਨਦੀ ਦੇ ਐਨ ਵਿਚਕਾਰ ਪਹੁੰਚ ਕੇ ਰੁਕ ਗਈ। ਫੇਰ ਪੰਡਤ ਜੀ ਨੇ ਮੰਤਰ ਉਚਾਰਣੇ ਸ਼ੁਰੂ ਕਰ ਦਿੱਤੇ, ਜਿਹਨਾਂ ਦੇ ਪੂਰੇ ਹੁੰਦਿਆਂ ਹੀ ਮੋਹਨ ਨੇ ਮਲੀਆ ਪਾਣੀ ਵਿਚ ਉਲਟ ਦਿੱਤਾ…ਮਲੀਆ ਤੇ ਸਵਾਹ ਪਾਣੀ ਦੀਆਂ ਲਹਿਰਾਂ ਉੱਤੇ ਉਛਲਣ ਲੱਗੇ। ਕੁਝ ਚਿਰ ਤੱਕ ਉਹਨਾਂ ਨੂੰ ਇਕਟੱਕ ਵਿਹੰਦੇ ਰਹੇ ਦੋਵੇਂ ਭਰਾ, ਕਿ ਅਚਾਨਕ ਉਹਨਾਂ ਦੇ ਮਨ ਵਿਚ ਇ ਕ ਗੱਲ ਉੱਠੀ।
ਬੇਬੇ ਨੇ ਬਾਪੂ ਦੀ ਮੁਕਤੀ ਲਈ ਸਰਜੂ ਮਈਆ ਨੂੰ ਅਰਦਾਸ ਕਰਨ ਲਈ ਕਿਹਾ ਸੀ। ਪਰ ਅਸੀਂ ਕੀ ਕਰੀਏ ਅਰਦਾਸ, ਇਹ ਰਾਖੀ ਤਾਂ…
ਪਰ ਬੇੜੀ ਦੇ ਕੰਢੇ 'ਤੇ ਲੱਗਦਿਆਂ ਹੀ ਇਹ ਸਾਰੀਆਂ ਗੱਲਾਂ ਦਿਮਾਗ਼ ਵਿਚੋਂ ਲੱਥ ਗਈਆਂ ਤੇ ਬੇੜੀ ਦੇ ਸਥਿਰ ਹੁੰਦਿਆਂ ਹੀ ਮੋਹਨ ਛਾਲ ਮਾਰ ਕੇ ਹੇਠਾਂ ਉਤਰ ਆਇਆ। ਉਸਨੇ ਆਪਣੇ ਭਰਾ ਨੂੰ ਕਿਹਾ, "ਪੰਡਤ ਜੀ ਨਾਲ ਤੂੰ ਪਿੰਡ ਜਾਹ ਸੋਹਨ, ਮੈਂ ਥੋੜ੍ਹੀ ਦੇਰ 'ਚ ਆਉਣਾ।"
ਪੰਡਤ ਜੀ ਮੁਸਕੁਰਾ ਕੇ ਬੋਲੇ, "ਮੈਂ ਸਮਝ ਗਿਆ। ਮੇਰੇ ਭਤੀਜੇ ਨਾਲ ਤੂੰ ਆਪਣੀ ਨੌਕਰੀ ਦੀ ਗੱਲ ਪੱਕੀ ਕਰਕੇ ਈ ਆਏਂਗਾ। ਪਰ ਏਥੇ ਬਹੁਤੀ ਦੇਰ ਤੱਕ ਨਾ ਰੁਕੀਂ, ਤੇ ਨਾ ਹੀ ਕਿਧਰੇ ਹੋਰ ਜਾਵੀਂ…ਫੁੱਲ ਪ੍ਰਵਾਹ ਕਰਨ ਪਿੱਛੋਂ ਸਿੱਧੇ ਘਰੇ ਜਾਣਾ ਹੁੰਦੈ।"
ਏਨੀ ਹਦਾਇਤ ਕਰਕੇ ਪੰਡਤ ਜੀ ਸੋਹਨ ਨਾਲ ਤੁਰ ਗਏ।
ਮੋਹਨ ਖੜ੍ਹਾ ਦੋਵਾਂ ਨੂੰ ਜਾਂਦਿਆਂ ਦੇਖਦਾ ਰਿਹਾ। ਜਦੋਂ ਉਹ ਖਾਸੀ ਦੂਰ ਚਲੇ ਗਏ, ਉਹ ਓਧਰ ਤੁਰ ਪਿਆ ਜਿਧਰ ਲੋਕਾਂ ਦੀ ਭੀੜ ਖੜ੍ਹੀ ਸੀ ਤੇ ਕਈ ਜਣੇ ਲੱਕੜਾਂ ਦੀ ਚਿਤਾ ਬਣਾ ਰਹੇ ਸਨ।
ਉੱਥੇ ਹੀ ਦੇਵਵਰਤ ਦਿਖਾਈ ਦਿੱਤਾ ਤਾਂ ਮੋਹਨ ਨੇ ਇਸ਼ਾਰੇ ਨਾਲ ਉਸਨੂੰ ਆਪਣੇ ਕੋਲ ਬੁਲਾਇਆ। ਫੇਰ ਥੋੜ੍ਹੀ ਦੂਰ ਜਾ ਕੇ ਉਹ ਦੋਵੇਂ ਇਕ ਦਰਖ਼ਤ ਹੇਠ ਜਾ ਖਲੋਤੇ। ਉੱਥੇ ਆਸੇ-ਪਾਸੇ ਕੋਈ ਨਹੀਂ ਸੀ। ਇਸ ਦੌਰਾਨ ਮੋਹਨ ਨੇ ਗੱਲ ਨੂੰ ਸੰਭਾਲਣ ਲਈ ਪੂਰਾ ਮਨ ਹੀ ਮਨ ਪੂਰਾ ਪਲਾਨ ਘੜ ਲਿਆ ਸੀ। ਪਹਿਲਾਂ ਦੇਵਵਰਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸਨੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀ, ਫੇਰ ਸਿੱਧਾ ਸਵਾਲ ਕਰ ਦਿੱਤਾ :
"ਤਾਂ ਸੱਚਮੁੱਚ ਉਹ ਲਾਸ਼, ਮੇਰੇ ਬਾਪੂ ਨਾਲ ਮਿਲਦੀ-ਜੁਲਦੀ ਸੀ ?"
ਪਰ ਦੇਵਵਰਤ ਉਸ ਨਾਲੋਂ ਵੱਧ ਦ੍ਰਿੜ੍ਹਤਾ ਨਾਲ ਬੋਲਿਆ :
"ਮਿਲਦੀ-ਜੁਲਦੀ ! ਮੈਂ ਕਹਿਨਾ ਕਿ ਉਹ ਤੇਰਾ ਬਾਪੂ ਹੀ ਸੀ…ਪਰ ਕੈਪੀਟਲ ਨਰਸਿੰਗ ਹੋਮ ਵਰਗੇ ਹਸਪਤਾਲ ਵਿਚ ਤੁਸੀਂ ਉਹਨੂੰ ਲੈ ਕੇ ਹੀ ਕਿਉਂ ਗਏ ?"
ਏਨਾ ਸੁਣਦੇ ਹੀ ਮੋਹਨ ਦੇ ਦਿਲ ਨੂੰ ਡੋਬ ਪੈਣ ਵਾਲਾ ਹੋ ਗਿਆ ; ਚੱਕਰ ਜਿਹਾ ਆ ਗਿਆ ਤੇ ਉਹ ਥਾਵੇਂ ਹੀ ਬੈਠ ਗਿਆ। ਥੋੜ੍ਹੀ ਦੇਰ ਦੀ ਚੁੱਪ ਪਿੱਛੋਂ ਉਸ ਧੀਮੀ ਆਵਾਜ਼ ਵਿਚ ਪੁੱਛਿਆ, "ਪਹਿਲਾਂ ਇਹ ਦੱਸ ਬਈ ਤੈਨੂੰ ਇਹ ਕਿਵੇਂ ਪਤਾ ਲੱਗਿਆ ਕਿ ਬਾਪੂ ਉਸ ਹਸਪਤਾਲ 'ਚ ਭਰਤੀ ਸੀ ?"
ਦੇਵਵਰਤ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲਿਆ, "ਤੂੰ ਇਸ ਸਮਝ ਬਈ ਮੈਨੂੰ ਸਭ ਕੁਝ ਪਤਾ ਏ…"
ਤੇ ਫੇਰ ਮੋਹਨ ਲਈ ਆਤਮ ਸਮਰਪਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਉਸਨੇ ਹਥਿਆਰ ਸੁੱਟਦਿਆਂ ਕਿਹਾ, "ਤਾਂ ਆ ਭਰਾ, ਤੂੰ ਵੀ ਬੈਠ ਜਾ ਏਥੇ ਈ। ਮੈਨੂੰ ਤੇਰੀ ਮਦਦ ਦੀ ਲੋੜ ਆ। ਪਹਿਲਾਂ ਸੋਚਿਆ ਸੀ ਤੈਥੋਂ ਛਿਪਾਅ ਸਕਾਂਗਾ ਪਰ ਜਦ ਤੂੰ ਐਨਾ ਕੁਝ ਜਾਣਦਾ ਐਂ ਤਾਂ ਬਾਕੀ ਗੱਲਾਂ ਵੀ ਜਾਣ ਲੈ। ਦੇਖ, ਮੈਂ ਮਲਾਹ ਆਂ ਤੇ ਤੂੰ ਪੰਡੇ। ਨਾਈ-ਪੰਡਤ ਵਰਗੀ ਆਪਣੀ ਜੋੜੀ ਐ। ਪਰ ਸਾਡੀ ਬਦਕਿਸਮਤੀ ਕਿ ਅਸੀਂ ਦੋਵੇਂ ਆਪਣੇ ਪਿਤਾ ਪੁਰਖੀ ਧੰਦੇ ਤੋਂ ਦੂਰ ਹੋ ਗਏ। ਚੰਗਾ ਈ ਹੋਇਆ ਜੋ ਬਚ ਗਏ ਇਸ ਕਫ਼ਨ ਚੋਰੀ ਤੋਂ…"
ਤੇ ਫੇਰ ਦੇਵਵਰਤ ਵੀ ਉਸਦੇ ਕੋਲ ਹੀ ਬੈਠ ਗਿਆ ਸੀ। ਕੁਝ ਪਲਾਂ ਪਿੱਛੋਂ ਮੋਹਨ ਨੇ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕੀਤੀ :
"ਦੱਸਿਆ ਸੀ ਨਾ, ਪੰਜ ਸਾਲ ਪਹਿਲਾਂ ਜਦੋਂ ਬੇਬੇ ਬੀਮਾਰ ਹੋਈ ਸੀ ਤੇ ਪੂਰੇ ਦੋ ਸਾਲ ਤੱਕ ਇਲਾਜ ਚਲਦਾ ਰਿਹਾ ਸੀ ਉਹਦਾ…ਓਦੋਂ ਬੇੜੀ ਵਿਕ ਗਈ ਸੀ ਤੇ ਅੱਧੀ ਜ਼ਮੀਨ ਵੀ। ਬਚਿਆ ਡੇਢ ਵਿਘਾ, ਤਾਂ ਉਸ ਨਾਲ ਚਾਰ ਜੀਆਂ ਦਾ ਢਿੱਡ ਭਰਨਾ ਅਸੰਭਵ ਸੀ ਭਰਾ। ਪਰ ਤਦ ਤੱਕ ਅਸੀਂ ਦੋਵੇਂ ਭਰਾ ਜਵਾਨ ਹੋ ਚੱਲੇ ਸੀ। ਫੇਰ ਲੱਗ ਪਏ ਮਿਹਨਤ-ਮਜੂਰੀ ਕਰਨ। ਚਾਰ ਪੈਸੇ ਹੱਥ ਆਏ ਤਾਂ ਖੇਤੀ ਵੀ ਕੁਝ ਨਾਲ ਕੁਝ ਦੇਣ ਲੱਗੀ।
"ਵੈਸੇ ਸੱਚ ਆਖਾਂ, ਢਿੱਡ ਪੇਟ ਬੰਨ੍ਹ ਕੇ ਪੈਬੇ ਜੋੜਨ ਵਿਚ ਸਾਡਾ ਜੋੜ ਨਹੀਂ ਸੀ। ਤਿੰਨ ਸਾਲਾਂ ਵਿਚ ਪੂਰੇ ਪੱਚੀ ਹਜ਼ਾਰ ਜੋੜ ਲਏ ਸੀ ਅਸੀਂ। ਬਾਪੂ ਕਹਿੰਦਾ, 'ਤੇਰਾ ਵਿਆਹ ਕਰਾਂਗਾ।' ਮੈਂ ਕਿਹਾ, 'ਪਹਿਲਾਂ ਬੇੜੀ ਬਣਾਵਾਂਗੇ।'
"ਬਾਪੂ ਜ਼ਿਦ 'ਤੇ ਅੜ ਗਿਆ, 'ਨੂੰਹ ਦੇ ਹੱਥ ਦੀ ਰੋਟੀ ਖਾਣ ਦਾ ਬੜਾ ਮਨ ਐ। ਇਸ ਲਈ ਵਿਆਹ ਤਾਂ ਤੈਨੂੰ ਪਹਿਲਾਂ ਈ ਕਰਾਉਣਾ ਪਊਗਾ।'
"ਪਰ ਮੈਂ ਵੀ ਅੜਿਆ ਰਿਹਾ, 'ਬਸ ਇਕ ਸਾਲ ਹੋਰ ਠਹਿਰ ਜਾ ਬਾਪੂ। ਤੂੰ ਇਕ ਕਹਿਣੈ, ਤੇਰੀਆਂ ਦੋ ਨੂੰਹਾਂ 'ਕੱਠੀਆਂ ਲੈ ਆਵਾਂਗੇ। ਫੇਰ ਜਿੰਨੇ ਮਰਜ਼ੀ ਪਰੌਂਠੇ ਖਾਈਂ ਉਹਨਾਂ ਦੇ ਹੱਥਾਂ ਦੇ…'
"ਕੀ ਦੱਸਾਂ ਭਰਾ, ਸਿਰਫ ਛੇ ਮਹੀਨੇ ਪਹਿਲਾਂ ਦੀ ਗੱਲ ਐ ਇਹ। ਫੇਰ ਤਾਂ ਬਾਪੂ ਨੂੰ ਮੇਰੀ ਗੱਲ ਮੰਨਣੀ ਈ ਪਈ ਸੀ। ਜਿਸ ਦਿਨ ਉਹ ਬੇੜੀ ਦੀ ਗੱਲ ਕਰਨ ਫੈਜ਼ਾਬਾਦ ਗਿਆ ਸੀ, ਉਸੇ ਦਿਨ ਉਹਦੇ ਢਿੱਡ 'ਚ ਬੜੀ ਭਿਆਨਕ ਪੀੜ ਉੱਠੀ। ਅਸੀਂ ਉਸਨੂੰ ਫੈਜ਼ਾਬਾਦ ਹਸਪਤਾਲ ਲੱਦ ਲਗਏ, ਭਰਤੀ ਕਰਵਾ ਦਿੱਤਾ। ਦੋ ਦਿਨਾਂ ਬਾਅਦ ਜਵਾਬ ਮਿਲ ਗਿਆ, 'ਲਖ਼ਨਊ ਲੈ ਜਾਓ।'
"ਪਰ ਪਤਾ ਨੀਂ ਕੀ ਚਮਤਕਾਰ ਹੋਇਆ ਕਿ ਉਹਦਾ ਦਰਦ ਮੱਠਾ ਪੈਂਦਾ ਗਿਆ ਤੇ ਆਪਣੇ ਆਪ ਬਿਲਕੁਲ ਠੀਕ ਵੀ ਹੋ ਗਿਆ।…ਪਰ ਫੇਰ ਉਹੀ ਦਰਦ ਕੋਈ ਦੋ ਹਫ਼ਤੇ ਪਿੱਛੋਂ ਫੇਰ ਉੱਠਿਆ, ਫੇਰ ਹਟਿਆ ਈ ਨੀਂ। ਉਹਦੀ ਜਾਨ ਲੈ ਕੇ ਛੱਡੀ ਉਸ ਰਾਕਸ਼ ਨੇ।
"ਫੇਰ ਪਹਿਲਾਂ ਫੈਜ਼ਾਬਾਦ ਤੋਂ ਜਵਾਬ ਮਿਲਿਆ, ਫੇਰ ਲਖ਼ਨਊ ਤੋਂ। ਉਹਨਾਂ ਕਿਹਾ, 'ਇ'ਹਨੂੰ ਦਿੱਲੀ ਲੈ ਜਾਓ।'
"ਅਸੀਂ ਅਨਪੜ੍ਹ ਕੀ ਜਾਣੀਏਂ ਦਿੱਲੀ-ਬੰਬਈ। ਕਦੀ ਸੁਪਨੇ 'ਚ ਵੀ ਨੀਂ ਸੀ ਸੋਚਿਆ ਉੱਥੇ ਜਾਣ ਬਾਰੇ। ਜਦੋਂ ਇਹ ਗੱਲ ਸੁਣੀ ਤਾਂ ਸਾਨੂੰ ਦਿਨੇਂ ਤਾਰੇ ਨਜ਼ਰ ਆਉਣ ਲੱਗ ਪਏ। ਰੋਏ-ਕੁਰਲਾਏ। ਕਈ ਜਣਿਆਂ ਤੋਂ ਪੁੱਛ-ਪੜਤਾਲ ਕੀਤੀ। ਇਕ ਅਜਨਬੀ ਟੱਕਰ ਗਿਆ। ਬੋਲਿਆ, 'ਦਿੱਲੀ ਦੇ ਇਕ ਨਾਮੀਂ ਹਸਪਤਾਲ ਦਾ ਪਤਾ ਦੇਂਦਾ ਆਂ,' ਉਹੀ, 'ਕੈਪਟਲ ਨਰਸਿੰਗ'…ਜਿਹੜਾ ਨਾਂਅ ਹੁਣੇ ਤੂੰ ਲਿਆ ਸੀ। ਉਸਨੇ ਵੱਡੇ ਦਾਅਵੇ ਨਾਲ ਕਿਹਾ ਸੀ ਕਿ 'ਉਥੇ ਸ਼ਰਤੀਆ ਠੀਕ ਹੋ ਜਾਏਗਾ ਤੁਹਾਡਾ ਬਾਪੂ। ਤੁਸੀਂ ਉਹਨੂੰ ਲੈ ਜਾਓ ਬਸ, ਉਸ ਹਸਪਤਾਲ ਤੱਕ।'
"ਸਾਡੇ ਪੱਲੇ ਓਦੋਂ ਸਾਢੇ ਬਾਈ ਹਜ਼ਾਰ ਰੁਪਈਏ ਸਨ। ਓਨੇ ਘੱਟ ਨੀਂ ਹੁੰਦੇ ਸਾਡੇ ਵਰਗੇ ਗਰੀਬ ਬੰਦਿਆਂ ਲਈ। ਸੋਚਿਆ, ਰੁਪਈਏ ਤਾਂ ਫੇਰ ਆ ਜਾਣਗੇ, ਪਹਿਲਾਂ ਬਾਪੂ ਨੂੰ ਬਚਾਅ ਲਈਏ। ਫੇਰ ਅਸੀਂ ਲਖ਼ਨਊ ਤੋਂ ਪੂਰੀ ਤਿਆਰੀ ਵੱਟ ਕੇ ਦਿੱਲੀ ਦੇ ਉਸ ਕਸਾਈਵਾੜੇ 'ਚ ਜਾ ਪਹੁੰਚੇ ਸੀ ; ਜਿਸਨੂੰ ਓਸ ਆਦਮੀ ਨੇ ਬੜਾ ਨਾਮੀ ਹਸਪਤਾਲ ਦੱਸਿਆ ਸੀ। ਉਹ ਨਾਮੀ ਹਸਪਤਾਲ ਨਾ ਹੁੰਦਾ ਤਾਂ ਓਥੋਂ ਦਾ ਮੈਂਜਰ ਸਾਥੋਂ ਕਿਵੇਂ ਡੁੱਕ ਲੈਂਦਾ ਚਾਰ-ਪੰਜ ਹਜ਼ਾਰ ਰੁਪਈਏ ਰੋਜ਼ ਦੇ ? ਉਹ ਕਿੰਨਾ ਖਰਚ ਕਰਦਾ ਸੀ ਇਲਾਜ਼ ਉੱਪਰ, ਸਾਨੂੰ ਮੂਰਖਾਂ ਨੁੰ ਕੀ ਪਤਾ ਸੀ। ਉਹ ਮੰਗਦਾ ਤਾਂ ਅਸੀਂ ਉਂਗਲਾਂ ਨੂੰ ਥੁੱਕ ਲਾ ਕੇ ਖੁਸ਼ੀ-ਖੁਸ਼ੀ ਗਿਣ ਦਿੰਦੇ ਨੋਟ ਕਿ ਸਾਡਾ ਬਾਪੂ ਚੰਗਾ ਹੋ ਕੇ ਚੱਲੇਗਾ ਸ਼ਿਵਦਹਾ।
"ਸਾਡੇ ਇਸ ਲਾਲਚ ਨੂੰ ਤੂੰ ਮਜ਼ਬੂਰੀ ਕਹਿ ਜਾਂ ਸਵਾਰਥ, ਪਰ ਉਸਨੇ ਇਹੀ ਤਾੜ ਕੇ ਸਾਡੀ ਤਿੰਨਾਂ ਸਾਲਾਂ ਦੀ ਹੱਡ-ਭੰਨਵੀਂ ਮਿਹਨਤ ਦੀ ਕਮਾਈ ਸਿਰਫ਼ ਚਾਰ ਦਿਨਾਂ 'ਚ ਡੁੱਕ ਲਈ ਸੀ।
"ਜਿਵੇਂ-ਤਿਵੇਂ ਉੱਥੇ ਤਿੰਨ ਰਾਤਾਂ ਲੰਘਾਈਆਂ। ਚੌਥੇ ਦਿਨ ਸਵੇਰੇ ਈ ਉਸਨੇ ਸਾਨੂੰ ਪੁੱਛਿਆ : 'ਕਿੰਨੇ ਰੁਪਏ ਨੇ ਬਈ ਤੁਹਾਡੇ ਕੋਲ ?'
"ਤਾਂ ਮੈਂ ਵੀ ਪੁੱਛ ਲਿਆ, 'ਲੋੜ ਕਿੰਨਿਆਂ ਦੀ ਐ ?'
"ਉਸ ਕਿਹਾ, 'ਘੱਟੋ-ਘੱਟ ਪੰਜਾਹ ਹਜ਼ਾਰ ਦੀ।'
"ਐਨਾ ਸੁਣਦਿਆਂ ਈ ਮੈਨੂੰ ਸੱਪ ਸੁੰਘ ਗਿਆ। ਪਰ ਮੈਂ ਕੁਝ ਜ਼ਾਹਰ ਨਾ ਹੋਣ ਦਿੱਤਾ, ਕਿਹਾ, 'ਰੁਪਈਏ ਕੁਛ ਘੱਟ ਆ।'
"ਉਹ ਬੋਲਿਆ, 'ਤਾਂ ਝੱਟ ਮੰਗਵਾ ਲਓ। ਅੱਜ ਤੋਂ ਬੜਾ ਤਕੜਾ ਇਲਾਜ਼ ਸ਼ੁਰੂ ਹੋਣੈ…।'
"ਮੈਂ ਸੋਚਿਆ ਸੀ ਬਾਪੂ ਠੀਕ ਹੋ ਜਾਵੇ, ਫੇਰ ਦੇਖਿਆ ਜਾਊਗਾ। ਜੇ ਉਹ ਮੰਨ ਗਿਆ ਤਾਂ ਕਿਸ਼ਤਾਂ ਵਿਚ ਲਾਹ ਦਿਆਂਗੇ, ਨਹੀਂ ਤਾਂ ਡੇਢ ਵਿੱਘਾ ਜ਼ਮੀਨ ਤਾਂ ਵੇਚੀ ਈ ਜਾ ਸਕਦੀ ਐ। ਬਾਕੀ ਹਿਸਾਬ ਮਜੂਰੀ ਕਰਕੇ ਪੂਰਾ ਕਰ ਦਿਆਂਗੇ ਅਸੀਂ ਦੋਵੇਂ ਭਰਾ। ਪਰ ਭਰਾਵਾ ਕੀ ਦੱਸਾਂ ਇਸਦੀ ਨੌਬਤ ਈ ਨੀਂ ਆਈ…"
ਕਹਿੰਦੇ ਦਾ ਗੱਚ ਭਰ ਆਇਆ ਸੀ ਮੋਹਨ ਦਾ।
ਕੁਝ ਪਲ ਬਾਅਦ ਦੇਵਵਰਤ ਨੇ ਪੁੱਛਿਆ : "ਫੇਰ ਕੀ ਹੋਇਆ ?"
ਮੋਹਨ ਭਰੜਾਈ ਆਵਾਜ਼ ਵਿਚ ਬੋਲਿਆ :
"ਹੋਇਆ ਇਹ, ਕਿ ਜਿਸ ਬਿਸਤਰੇ 'ਤੇ ਬਾਪੂ ਸੀ, ਸਵੇਰੇ ਅਸੀਂ ਖਾਲੀ ਪਿਆ ਵੇਖਿਆ। ਮੈਂ ਸੋਚਿਆ, ਸ਼ਾਇਦ ਉਸਨੂੰ ਕਿਤੇ ਲੈ ਗਏ ਹੋਣੇ ਐਂ, ਐਕਸਰੇ-ਫੈਕਸਰੇ ਲਈ…ਇਹ ਗੱਲ ਐ ਪੰਜਵੇਂ ਦਿਨ ਦੀ। ਫੇਰ ਆਸਿਓਂ-ਪਾਸਿਓਂ ਪੁੱਛ-ਪੜਤਾਲ ਕਰਨੀ ਚਾਹੀ, ਪਰ ਕਿਸੇ ਨੇ ਕੁਝ ਦੱਸਿਆ ਈ ਨਹੀਂ। ਦੇਵਵਰਤ ਭਰਾ, ਬੁਰਾ ਨਾ ਮੰਨੀਂ। ਤੇਰੀ ਦਿੱਲੀ ਦਾ ਪਤਾ ਨਹੀਂ ਇਹ ਕੈਸਾ ਰਿਵਾਜ਼ ਐ ਕਿ ਕੋਈ ਕਿਸੇ ਨਾਲ ਬੋਲਦਾ ਈ ਨੀਂ, ਬੁਲਾਓ ਤਾਂ ਵੀ ਨਹੀਂ ਬੋਲਦਾ। ਪਤਾ ਨੀਂ ਕਿਸ ਗਰੂਰ 'ਚ ਰਹਿੰਦੇ ਐ ਸਾਰੇ। ਮੈਂਨਰ ਵੀ ਸਾਡੇ ਨਾਲ ਉਦੋਂ ਈ ਬੋਲਦਾ ਸੀ, ਜਦੋਂ ਸਾਥੋਂ ਰੁਪਈਏ ਲੈਣੇ ਹੁੰਦੇ ਸੀ ਉਸਨੇ।…ਪਰ ਆਪਣੇ ਏਥੇ ਤਾਂ ਐਂ ਨੀਂ। ਜਦੋਂ ਬਾਪੂ ਨੂੰ ਪਹਿਲੀ ਵਾਰੀ ਦਾਖ਼ਲ ਕਰਵਾਇਆ ਸੀ ਫੈਜ਼ਾਬਾਦ ਜਿਲ੍ਹਾ ਹਸਪਤਾਲ 'ਚ, ਤਾਂ ਦੋ ਚਾਰ ਦਿਨਾਂ 'ਚ ਈ ਪੂਰੇ ਵਾ'ਡ ਨਾਲ ਸੂੰਹ-ਸਿਆਣ ਹੋ ਗਈ ਸੀ। ਸਾਰੇ ਇਕ ਦੂਜੇ ਦਾ ਹਾਲ-ਚਾਲ ਪੁੱਛ ਲੈਂਦੇ ਸੀ ਤੇ ਜਦੋਂ ਕੋਈ ਮਰੀਜ਼ ਮਰਦਾ ਤਾਂ ਉਹਦੇ ਘਰ ਵਾਲਿਆਂ ਨਾਲ ਪੂਰਾ ਵਾ'ਡ ਰੋਣ ਲੱਗ ਪੈਂਦਾ ਸੀ। ਪਰ ਦਿੱਲੀ 'ਚ ਤਾਂ ਕੋਈ ਝੂਠ-ਮੂਠ ਦਾ ਹਾਅ ਦਾ ਨਾਅਰਾ ਮਾਰਨ ਵਾਲਾ ਵੀ ਨੀਂ ਸੀ ਟਕਰਿਆ…"
ਕਹਿ ਕੇ ਮੋਹਨ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ। ਦੇਵਵਰਤ ਨੇ ਫੇਰ ਪੁੱਛਿਆ :
"ਸਵੇਰੇ ਬਿਸਤਰਾ ਖ਼ਾਲੀ ਵੇਖਿਆ, ਫੇਰ ?"
"ਫੇਰ ਕੀ ! ਕਿਸੇ ਨੇ ਕੁਝ ਨਾ ਦੱਸਿਆ ਤਾਂ ਅਸੀਂ ਭੱਜੇ-ਭੱਜੇ ਮੈਂਜਰ ਕੋਲ ਗਏ। ਉਸ ਤੋਂ ਪੁੱਛਿਆ, 'ਸਾਡਾ ਬਾਪੂ ਕਿੱਥੇ ਐ ?'
"ਉਹ ਬੋਲਿਆ, 'ਆਈ. ਸੀ. ਯੂ. 'ਚ।'
"ਮੈਂ ਕਿਹਾ, 'ਉਹ ਕੀ ਹੁੰਦੈ ?'
" 'ਜਿੱਥੇ ਮੁਰਦੇ ਵੀ ਜਿਊਂਦੇ ਹੋ ਜਾਂਦੇ ਨੇ…ਰੁਪਏ ਲਿਆਏ ?'
"ਮੈਂ ਕਿਹਾ, 'ਪਹਿਲਾਂ ਸਾਨੂੰ ਸਾਡੇ ਬਾਪੂ ਕੋਲ ਲੈ ਚੱਲ।'
"ਪਰ ਉਹ ਅੜ ਗਿਆ, 'ਪਹਿਲਾਂ ਰੁਪਏ ਲਿਆਓ।'
"ਇਸ ਗੱਲ 'ਤੇ ਅਸੀਂ ਦੋਵੇਂ ਚੁੱਪ ਹੋ ਗਏ। ਫੇਰ ਚੁੱਪ-ਚਾਪ ਨਿਕਲ ਆਏ ਕਮਰੇ ਵਿਚੋਂ। ਉਸ ਪਿੱਛੋਂ ਅਸੀ ਆਪਣੇ ਬਾਪੂ ਨੂੰ ਸਾਰੇ ਕਮਰਿਆਂ ਵਿਚ ਝਾਕ-ਝਾਕ ਕੇ ਲੱਭਦੇ ਰਹੇ, ਪਰ ਤਰਸ ਗਏ ਉਸਦੀ ਇਕ ਝਲਕ ਵੇਖਣ ਨੂੰ। ਸਾਨੂੰ ਵਾਰੀ-ਵਾਰੀ ਰੋਣਾ ਆ ਰਿਹਾ ਸੀ, ਪਰ ਅਸੀਂ ਜਿਵੇ-ਤਿਵੇਂ ਕਰਕੇ ਹਿੰਮਤ ਰੱਖੀ।
"ਥੱਕ-ਹਾਰ ਕੇ ਜਦੋਂ ਅਸੀਂ ਪੰਜਵੀਂ ਮੰਜ਼ਲ ਤੋਂ ਹੇਠਾਂ ਉਤਰ ਰਹੇ ਸੀ ਤਾਂ ਸਾਨੂੰ ਪੌੜੀਆਂ ਚੜ੍ਹਦੀ ਉਹ ਟਿਪਟਾਪ ਜਮਾਂਦਰਨੀ ਦਿਸ ਪਈ, ਜਿਹੜੀ ਲਿਸ਼ਲਿਸ਼ ਕਰਦੀ ਨੀਲੀ ਵਰਦੀ ਪਾ ਕੇ ਆਉਂਦੀ ਹੁੰਦੀ ਸੀ ਬਾਪੂ ਦੇ ਕੱਪੜੇ ਬਦਲਣ ਤੇ ਸਾਫ਼-ਸਫ਼ਾਈ ਕਰਨ। ਅਸੀਂ ਉਹਨੂੰ ਦੇਖਦੇ ਈ ਫਿਸ ਪਏ, 'ਭੈਣ ਜੀ, ਇਕ ਸੌ ਸੋਲਾਂ ਨੰਬਰ, ਸਾਡਾ ਬਾਪੂ…
" 'ਐਕਸਪਾਯਰਡ।'
" 'ਅਸੀਂ ਸਮਝੇ ਨਹੀਂ ਭੈਣ ਜੀ, ਕੀ ਕਿਹੈ ਤੁਸੀਂ ?'
" 'ਜਾ ਕੇ ਬਾਡੀ ਡਿਸਚਾਰਜ ਕਰਵਾ ਲਓ।'
" 'ਬਾਡੀ ! ਕਿਸ ਦੀ ਬਾਡੀ ? ਸਾਨੂੰ ਸਾਡੇ ਬਾਪੂ ਨੂੰ ਮਿਲਾ ਦਿਓ। ਕਿੱਥੇ ਐ ਉਹ…'
" 'ਮੋਰਚਰੀ ਵਿਚ। ਸ਼ਾਮੀਂ ਛੇ ਵਜੇ ਤੱਕ ਬਾਡੀ ਲੈ ਜਾਓ, ਵਰਨਾ ਇਕ ਦਿਨ ਦਾ ਪੰਜ ਹਜ਼ਾਰ ਹੋਰ ਚੜ੍ਹ ਜਾਏਗਾ ਤੁਹਾਡੇ ਸਿਰ…'
"ਹਾਂ ਭਰਾ, ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਕੀ ਹੁੰਦੀ ਐ ਮੋਰਚਰੀ, ਤੇ ਕਿਉਂ ਹੁੰਦੀ ਐ ਉਸਦੀ ਐਨੀ ਫੀਸ…"
ਏਨਾ ਕਹਿ ਕੇ ਮੋਹਨ ਨੇ ਧੌਣ ਚੁੱਕੀ ਤੇ ਉੱਪਰ ਦਰਖ਼ਤ ਦੀਆਂ ਫੈਲੀਆਂ, ਛਤਰੀ ਵਰਗੀਆਂ ਟਾਹਣੀਆਂ ਵਿਚ ਕੁਝ ਲੱਭਦਾ ਜਿਹਾ ਝਾਕਦਾ ਰਿਹਾ।
"ਉਸ ਪਿੱਛੋਂ ਕੀ ਹੋਇਆ ?" ਦੇਵਵਰਤ ਨੇ ਪੁੱਛਿਆ ਤਾਂ ਮੋਹਨ ਨੇ ਗੱਲ ਅੱਗੇ ਤੋਰੀ।
"ਹੋਣਾ ਕੀ ਸੀ, ਫੇਰ ਅਸੀਂ ਦੋਵਾਂ ਭਰਾਵਾਂ ਨੇ ਜਾ ਘੇਰਿਆ ਮੈਂਜਰ ਨੂੰ। ਅਸੀਂ ਉਸ ਉੱਤੇ ਹਿਰਖਣ ਲੱਗੇ ਤਾਂ ਉਹ ਕੜਕ ਕੇ ਬੋਲਿਆ, 'ਪਹਿਲਾਂ ਫੀਸ ਭਰੋ।'
"ਮੈਂ ਪੁੱਛਿਆ, 'ਕਿੰਨੀ ?'
"ਤਾਂ ਉਹਨੇ ਸਾਫ ਕਹਿ ਦਿੱਤਾ, 'ਸੱਤਰ ਹਜ਼ਾਰ ਰੁਪਏ ਲਿਆਓ ਤੇ ਬਾਡੀ ਲੈ ਜਾਓ।'
"ਪਰ ਅਸੀਂ ਦੋਵੇਂ ਭਰਾ ਅੜ ਗਏ, 'ਪਹਿਲਾਂ ਸਾਡਾ ਬਾਪੂ ਤਾਂ ਵਿਖਾਅ।' ਉਸਨੇ ਸਾਫ ਇਨਕਾਰ ਕਰ ਦਿੱਤਾ ਤਾਂ ਅਸੀਂ ਮਿੰਨਤ ਕੀਤੀ। ਸਾਡੀਆਂ ਲੱਖ ਮਿੰਨਤਾਂ 'ਤੇ ਵੀ ਉਹ ਨਾ ਪਸੀਜਿਆ ਤਾਂ ਸਾਡਾ ਦੋਵਾਂ ਭਰਾਵਾਂ ਦਾ ਰੋਣ ਨਿਕਲ ਗਿਆ।
"ਮੈਂਨਰ ਨੇ ਕੁਝ ਸੋਚਿਆ। ਫੇਰ ਦੋ ਵਰਦੀ ਵਾਲਿਆਂ ਨੂੰ ਪਤਾ ਨਹੀਂ ਕੀ ਇਸ਼ਾਰਾ ਕੀਤਾ। ਤੈਨੂੰ ਇਕ ਗੱਲ ਹੋਰ ਦੱਸਾਂ ਭਰਾ, ਹਸਪਤਾਲ ਵਾਲਿਆਂ ਨੇ ਆਪਣੇ ਓਥੇ ਕੁਝ ਸਿਪਾਈ ਵੀ ਤੈਨਾਤ ਕੀਤੇ ਹੋਏ ਆ। ਉਹ ਸਾਨੂੰ ਨਾਲ ਲੈ ਕੇ ਇਕ ਕੋਠੜੀ ਵਿਚ ਜਾ ਵੜੇ, ਜਿੱਥੇ ਐਨੀ ਠੰਡ ਸੀ ਕਿ ਕਾਂਬਾ ਛਿੜ ਪਿਆ। ਉਸ ਵਿਚ ਕੱਚ ਦੀਆਂ ਕਈ ਸੰਦੂਕੜੀਆਂ ਸਨ, ਜਿਹਨਾਂ ਵਿਚ ਮੁਰਦੇ ਪਏ ਹੋਏ ਸਨ। ਅਸੀਂ ਦੇਖਿਆ, ਇਕ ਸੰਦੂਕੜੀ 'ਚ ਸਾਡਾ ਬਾਪੂ ਵੀ ਸੀ। ਉਹਨੂੰ ਦੇਖਦਿਆਂ ਹੀ ਸਾਡੀਆਂ ਅੱਖਾਂ ਟੱਡੀਆਂ ਰਹਿ ਗਈਆਂ। ਮੈਂ ਬੜੀ ਬੇਤਾਬੀ ਨਾਲ ਬੋਲਿਆ, 'ਝੱਟ ਢੱਕਣ ਖੋਹਲ ਦੇ ਦੀਵਾਨ ਜੀ, ਮੈਂ ਆਪਣੇ ਬਾਪੂ ਨੂੰ ਮਿਲਣੈ, ਰੋਣੈ ਤੇ ਉਸਨੂੰ ਪੁੱਛਣੈ ਬਈ ਤੂੰ ਸਾਨੂੰ ਛੱਡ ਕੇ ਕਿਉਂ ਚਲਿਆ ਗਿਆ…'
"ਮੇਰੇ ਸੋਹਨੇ ਨੇ, ਮੇਰੇ ਮੋਢੇ ਤੇ ਸਿਰ ਧਰ ਕੇ ਧਾਹ ਮਾਰੀ, 'ਹਾਏ ਓ ਮੇਰਾ ਬਾਪੂ…'
"ਸਿਪਾਹੀ ਕੜਕ ਕੇ ਬੋਲਿਆ, 'ਖਾਮੋਸ਼ ! ਸ਼ੋਰ ਨਹੀਂ। ਏਥੇ ਮਰੀਜ਼ ਪਏ ਆ।'
"ਮੈਂ ਮਨ ਹੀ ਮਨ ਬੜਬੜਾਇਆ, 'ਝੂਠਾ ਕਿਤੋਂ ਦਾ ! ਕਹਿੰਦੈ ਮਰੀਜ਼ ਪਏ ਆ…ਪਰ ਏਸ ਕੋਠੜੀ 'ਚ ਤਾਂ ਮੁਰਦੇ ਐ।'
"ਪਰ ਉਹਨਾਂ ਅਸਲਾਧਾਰੀ ਸਿਪਾਹੀਆਂ ਦਾ ਗੜ੍ਹਕਾ ਸੁਣ ਕੇ ਅਸੀਂ ਦੋਵੇਂ ਭਰਾ ਸਹਿਮ ਗਏ ਸੀ। ਉਹ ਸੀ ਵੀ ਬੜੇ ਰੋਅਬ-ਦਾਅਬ ਵਾਲੇ। ਦੂਜੀ ਇਹ ਗੱਲ ਕਿ ਅਸੀਂ ਫਸੇ ਪਏ ਸੀ, ਪ੍ਰਦੇਸ਼ 'ਚ, ਜਿੱਥੇ ਸਾਡੀ ਜਾਣ-ਪਛਾਣ ਦਾ ਕੋਈ ਬੰਦਾ-ਪਰਿੰਦਾ ਵੀ ਨੀਂ ਸੀ।…
"ਮੈਂ ਸਿਪਾਹੀ ਨੂੰ ਸੰਦੂਕੜੀ ਖੋਲ੍ਹਣ ਲਈ ਫੇਰ ਮਿੰਨਤ ਕੀਤੀ, ਪਰ ਉਸ ਸਾਫ ਇਨਕਾਰ ਕਰ ਦਿੱਤਾ ਤੇ ਅਸੀਂ ਮਨ ਮਸੋਸ ਕੇ ਰਹਿ ਗਏ। ਸਾਡਾ ਬੜਾ ਦਿਲ ਕੀਤਾ ਕਿ ਬਾਪੂ ਕੋਲ ਕੁਛ ਚਿਰ ਹੋਰ ਬਿਤਾ ਲਈਏ। ਛੁਹਣਾ ਨਾ ਸਹੀ, ਦੇਖਣਾ ਹੀ ਸਹੀ…ਸੱਚ ਮੰਨੀ ਭਰਾ, ਆਪਣਾ ਬਾਪੂ ਈ ਸਾਡੇ ਲਈ ਓਦੋਂ ਕਿੰਨਾ ਦੁਰਲੱਭ ਹੋ ਗਿਆ ਸੀ…
"ਪਰ ਉਹਨਾਂ ਹਰਾਮਜ਼ਾਦਿਆਂ ਨੇ ਸਾਨੂੰ ਉੱਥੇ ਬਹੁਤੀ ਦੇਰ ਰੁਕਣ ਈ ਨੀਂ ਦਿੱਤਾ। ਜਦੋਂ ਉੱਥੋਂ ਨਿਕਲਣ ਲੱਗੇ ਤਾਂ ਸੋਹਨ ਨੇ ਇਕ ਸਿਪਾਹੀ ਨੂੰ ਪੁੱਛਿਆ, 'ਜੇ ਰੁਪਈਆਂ ਦਾ ਬੰਦੋਬਸਤ ਨਾ ਹੋ ਸਕਿਆ ਫੇਰ ?'
" 'ਇੰਚਾਰਜ ਨੇ ਨਾ ਤੁਹਾਨੂੰ ਛੱਡਣੈ, ਨਾ ਤੁਹਾਡੇ ਪਿਓ ਨੂੰ। ਏਥੇ ਭੋਰਿਆਂ 'ਚ ਬਥੇਰੀਆਂ ਕੋਠੜੀਆਂ ਐਂ। ਕਿਸੇ ਇਕ 'ਚ ਤੁਹਾਨੂੰ, ਉਦੋਂ ਤੱਕ ਡੱਕੀ ਰੱਖੂਗਾ ਜਦੋਂ ਤੱਕ ਪੈਸੇ ਨਹੀਂ ਮੰਗਵਾ ਲਓਗੇ। ਸੜ ਜਾਓਗੇ ਏਥੇ ਪਏ-ਪਏ।'
"ਉਸਦੀ ਇਸ ਧਮਕੀ ਨੇ ਸਾਨੂੰ ਹੋਰ ਵੀ ਡਰਾ ਦਿੱਤਾ। ਅਸੀਂ ਸੋਚਿਆ, ਜਿਵੇਂ ਵੀ ਹੋਵੇ, ਇਸ ਕਸਾਈਵਾੜੇ ਚੋਂ ਭੱਜ ਲਈਏ। ਘਰੇ ਇਕੱਲੀ ਮਾਂ ਉਡੀਕ ਰਹੀ ਹੋਵੇਗੀ। ਉਸਨੂੰ ਇਕ-ਇਕ ਮਿੰਟ ਕੱਟਣਾ ਭਾਰੀ ਹੋਇਆ ਪਿਆ ਹੋਊ…ਜੇ ਕਿਤੇ ਅਸੀਂ ਵੀ ਫਸੇ ਰਹਿ ਗਏ ਤਾਂ ਉਹਦਾ ਕੀ ਬਣੂੰ ? ਸੱਚ ਮੰਨੀ ਭਰਾ, ਇਹਨਾਂ ਸਾਰੀਆਂ ਸੋਚਾਂ ਨੇ ਸਾਡੀ ਸੁਰਤ ਈ ਮਾਰ ਦਿੱਤੀ ਤੇ ਅਸੀਂ ਇਹ ਵੀ ਭੁੱਲ ਗਏ ਕਿ ਉਸ ਕੋਠੜੀ 'ਚ ਸਾਡਾ ਪਿਓ ਮਰਿਆ ਪਿਆ ਐ…
"ਫੇਰ ਉਹਨਾਂ ਸਿਪਾਹੀਆਂ ਨੇ ਸਾਨੂੰ ਗ੍ਰਿਫਤਾਰ ਕੈਦੀਆਂ ਵਾਂਗ ਹੇਠਾਂ ਲਿਆ ਕੇ ਮੈਂਜਰ ਦੇ ਹਵਾਲੇ ਕਰ ਦਿੱਤਾ ਸੀ।
"ਕੁਛ ਚਿਰ ਬਾਅਦ ਮੈਂਜਰ ਸਾਡੇ ਵੱਲ ਭੌਂ ਕੇ ਬੋਲਿਆ : 'ਕਿੰਨੀ ਦੇਰ ਚ ਆ ਜਾਣਗੇ ਰੁਪਈਏ ?'
"ਮੈਂ ਝੱਟ ਕਿਹਾ ਸੀ, 'ਰੁਪਈਏ ਤਾਂ ਆ ਗਏ ਐ। ਸਾਡਾ ਚਾਚਾ ਟੇਸ਼ਨ ਤੇ ਆਇਆ ਬੈਠੈ। ਪਰ ਉਹਨੂੰ ਲੈਣ ਕੌਣ ਜਾਊ…'
" 'ਆਪਣੇ ਭਰਾ ਨੂੰ ਭੇਜ ਦੇ।' ਮੈਂਜਰ ਦੇ ਮੂੰਹੋ ਨਿਕਲਿਆ ਸੀ ਕਿ ਫੌਰਨ ਤੁਰ ਪਿਆ ਸੀ ਸੋਹਨਾ।
"ਮੈਂਜਰ ਨੇ ਕੜਕ ਕੇ ਕਿਹਾ, 'ਛੇਤੀ ਆਵੀਂ।'
"ਪਰ ਉਸਨੇ ਪਿੱਛਾ ਭੌਂ ਕੇ ਨੀਂ ਸੀ ਵੇਖਿਆ, ਝੱਟ ਦਰਵਾਜ਼ਾ ਪਾਰ ਕਰ ਗਿਆ ਸੀ। ਫੇਰ ਰਾਮ ਜੀ ਦੀ ਕ੍ਰਿਪਾ, ਕਿ ਕੁਝ ਚਿਰ ਬਾਅਦ ਈ ਕਈ ਲੋਕ ਆ ਵੜੇ ਉਸਦੇ ਕਮਰੇ 'ਚ। ਮੈਂਜਰ ਉਹਨਾਂ ਨਾਲ ਗੱਲਾਂ 'ਚ ਰੁੱਝ ਗਿਆ। ਫੇਰ ਕੁਝ ਚੁੱਕਣ ਜਾਂ ਧਰਨ ਲਈ ਉਹਨੂੰ ਅਲਮਾਰੀ ਕੋਲ ਜਾਣਾ ਪਿਆ। ਮੈਂ ਤਾਂ ਇਸੇ ਤਾੜ 'ਚ ਸੀ। ਉਸਨੇ ਅਲਮਾਰੀ ਦੇ ਬੂਹੇ ਖੋਲ੍ਹੇ ਮੈਂ ਦਰਵਾਜ਼ੇ ਤੱਕ ਖਿਸਕ ਆਇਆ, ਫੇਰ ਅੱਗਾ ਵੇਖਿਆ ਨਾ ਪਿੱਛਾ, ਅੱਖ ਦੇ ਫੋਰੇ 'ਚ ਸ਼ੂਟ ਵੱਟ ਲਈ। ਉਸ ਪਿੱਛੋਂ ਕੋਈ ਹੋਸ਼ ਈ ਨੀਂ ਰਿਹਾ। ਪਿੰਜਰੇ 'ਚੋਂ ਛੁੱਟੇ ਪੰਛੀ ਵਾਂਗ ਮੈਂ ਉੱਥੋਂ ਫੁੱਰਰ ਹੋ ਗਿਆ।
"ਫੇਰ ਕੁਝ ਚਿਰ ਬਾਅਦ ਮੈਂ ਉਸ ਢਾਬੇ 'ਤੇ ਜਾ ਪਹੰਚਿਆ, ਜਿੱਥੇ ਅਸੀਂ ਦੋਵੇਂ ਭਰਾ ਰੋਟੀ ਖਾਂਦੇ ਹੁੰਦੇ ਸੀ। ਪਲਾਨ ਮੁਤਾਬਿਕ ਸੋਹਨ ਉੱਥੇ ਈ ਸੀ। ਉਸਨੂੰ ਦੇਖ ਕੇ ਮੇਰੀ ਜਾਨ 'ਚ ਜਾਨ ਆਈ ਤੇ ਅਸੀਂ ਉੱਥੋਂ ਵੀ ਸ਼ੂਟ ਵੱਟ ਲਈ। ਪਿੱਛੋਂ ਆਉਂਦਾ ਇਕ ਟੰਪੂ ਵਾਲਾ ਸਾਨੂੰ ਦੇਖ ਕੇ ਕੂਕਿਆ, 'ਕਿੱਥੇ ਜਾਣੈ ?'
"ਮੈਂ ਕਿਹਾ, 'ਸਿਨਟਰਲ ਇਸਟੇਸ਼ਨ।'
"ਉਸਨੇ ਕਿਹਾ, 'ਫੇਰ ਪੁੱਛਦੇ ਕੀ ਓ, ਚੱਲੋ।'
"ਸੱਚ ਮੰਨੀ ਭਰਾ, ਟੰਪੂ ਵਿਚ ਸਵਾਰ ਹੋਣ ਪਿੱਛੋਂ ਹੀ ਸਾਨੂੰ ਸੁਖ ਦਾ ਸਾਹ ਆਇਆ ਸੀ ਪਰ ਪੂਰੀ ਤਰ੍ਹਾਂ ਬੇਫ਼ਿਕਰੇ ਓਦੋਂ ਵੀ ਨਹੀਂ ਸੀ ਹੋਏ। ਸਾਨੂੰ ਵਾਰੀ-ਵਾਰੀ ਲੱਗ ਰਿਹਾ ਸੀ, ਉਹਨਾਂ ਦੇ ਕਰਿੰਦੇ ਸਾਡਾ ਪਿੱਛਾ ਕਰ ਰਹੇ ਐ। ਸਟੇਸ਼ਨ ਤੇ ਤਾਂ ਇਕ ਵਾਰੀ ਲੱਗਿਆ, ਜਿਵੇਂ ਮੈਂਜਰ ਸਾਕਾਰ ਪ੍ਰਗਟ ਹੋ ਗਿਆ ਹੋਵੇ, ਪਰ ਕਿਸਮਤ ਵਾਲੇ ਸੀ ਉਹ ਕੋਈ ਹੋਰ ਨਿਕਲਿਆ। ਅਸੀਂ ਅੱਧੀ ਰਾਤ ਤੱਕ ਚੌਕੰਨੇ ਹੋ ਕੇ ਇਧਰ-ਉਧਰ ਲੁਕਦੇ ਫਿਰੇ, ਫੇਰ ਜਿਵੇਂ ਈ ਲਖ਼ਨਊ ਵਾਲੀ ਗੱਡੀ ਆਈ, ਅਸੀਂ ਉਸ ਵਿਚ ਜਾ ਚੜ੍ਹੇ।
"ਅਗਲੇ ਦਿਨ ਅਸੀਂ ਲਖ਼ਨਊ ਪਹੁੰਚੇ। ਫੇਰ ਉੱਥੋਂ ਫੈਜ਼ਾਬਾਦ, ਤੇ ਘਰ ਤੱਕ ਆਉਂਦਿਆਂ ਨੂੰ ਰਾਤ ਪੈ ਗਈ। ਮਾਂ ਨੂੰ ਦੱਸਿਆ, ਬਾਪੂ ਨੀਂ ਰਿਹਾ। ਮੈਂ ਦਿੱਲੀ 'ਚ ਉਹਦਾ ਸੰਸਕਾਰ ਕਰ ਦਿੱਤਾ। ਉਹ ਰੋ-ਰੋ ਕੇ ਹਲਕਾਣ ਹੋਣ ਲੱਗੀ…ਬਾਪੂ ਦਾ ਮੂੰਹ ਕਿਵੇਂ ਦੇਖੇ, ਉਹਨੂੰ ਬਸ ਇਹੀ ਗਮ ਸੀ।
"ਤੇ ਭਰਾ ਇਸ ਸਾਰੀਆਂ ਗੱਲਾਂ ਮੇਰੀ ਛਾਤੀ ਤੇ ਪਹਾੜ ਬਣੀਆਂ ਹੋਈਆਂ ਸੀ। ਇਹ ਮੈਂ ਕਿਸਨੂੰ ਦੱਸਦਾ ? ਤੈਨੂੰ ਦੱਸ ਕੇ ਕੁਝ ਹਲਕਾ ਹੋ ਗਿਆਂ। ਵੈਸੇ ਇਕ ਗੱਲ ਪੁੱਛਾਂ ?"
"ਪੁੱਛ।" ਦੇਵਵਰਤ ਨੇ ਭਾਰੇ ਮਨ ਨਾਲ ਕਿਹਾ ਤੇ ਮੋਹਨ ਨੇ ਪੁੱਛਿਆ, "ਆਪਣੇ ਨਗਰ ਖੇੜੇ 'ਚ ਐਨੀ ਹੈਸੀਅਤ ਵਾਲੇ ਕਿੰਨੇ ਕੁ ਲੋਕ ਹੋਣਗੇ ਜਿਹੜੇ ਨਕਦ ਸੱਤਰ ਹਜ਼ਾਰ ਦੇ ਕੇ ਆਪਣੇ ਬਾਪੂ ਦੀ ਲਾਸ਼ ਛੁਡਵਾਅ ਕੇ ਲਿਆ ਸਕਦੇ ਹੋਣਗੇ ?"
ਦੇਵਵਰਤ ਕੁਝ ਨਾ ਬੋਲਿਆ ਤਾਂ ਮੋਹਨ ਨੇ ਫੇਰ ਕਿਹਾ, "ਡੇਢ ਵਿਘਾ ਜ਼ਮੀਨ ਤੇ ਇਕ ਝੁੱਗੀ ਵਰਗਾ ਘਰ ਵੇਚ ਕੇ ਵੀ ਪੂਰੇ ਨੀਂ ਸੀ ਹੋਣ' ਸੱਤਰ ਹਜ਼ਾਰ। ਮੈਂ ਤਾਂ ਕਹਿਣਾ, ਬਿਮਾਰੀ, ਦੂਸ਼ਮਣ ਨੂੰ ਵੀ ਨਾ ਲਾਵੇ ਭਗਵਾਨ…ਸਿੱਧੀ ਮੌਤ ਦੇ ਦਵੇ ; ਤਾਂਕਿ ਸਾਡੇ ਵਰਗੇ ਗਰੀਬਾਂ ਨੂੰ ਇਹਨਾਂ ਕਸਾਈਵਾੜਿਆਂ ਤੱਕ ਜਾਣ ਦੀ ਲੋੜ ਈ ਨਾ ਪਵੇ।
"ਭਰਾ ਅਸੀਂ ਹੋਏ ਪਿੰਡਾਂ ਵਾਲੇ। ਸਾਨੂੰ ਕੀ ਪਤਾ ਸੀ ਕਿ ਸਾਡੇ ਗਰੀਬ ਦੇਸ਼ ਵਿਚ ਐਨੀਆਂ ਅਮੀਰ ਥਾਵਾਂ ਵੀ ਹੈਨ, ਜਿੱਥੇ ਆਦਮੀ ਦੀ ਜਾਨ ਕੱਢ ਕੇ, ਉਸਨੂੰ ਐਲਾਨੀਆਂ ਸੰਦੂਕੜੀ ਵਿਚ ਧਰ ਦਿੱਤਾ ਜਾਂਦੈ। ਫੇਰ ਬੋਲੀ ਲਾਈ ਜਾਂਦੀ ਐ ਸੱਤਰ ਹਜ਼ਾਰ ਦੀ। ਤਾਂ ਤੂੰ ਈ ਦੱਸ, ਜਿੱਥੇ ਮੁਰਦਿਆਂ ਦੀ ਕੀਮਤ ਲੱਗਦੀ ਹੋਵੇ, ਉਸਨੂੰ ਅਸੀਂ ਕਸਾਈਵਾੜਾ ਨਾ ਕਹੀਏ ਤਾਂ ਹੋਰ ਕੀ ਕਹੀਏ ?
"ਸਾਨੂੰ ਭੱਜਣਾ ਪਿਆ, ਆਪਣੇ ਬਾਪੂ ਦੀ ਲਾਸ਼ ਛੱਡ ਕੇ, ਕਿ ਉਹ ਕਸਾਈ ਕਿਤੇ ਸਾਨੂੰ ਵੀ ਲਾਸ਼ ਨਾ ਬਣਾ ਦੇਣ। ਅਸੀਂ ਭੱਜੇ ਤਾਂ ਬਚਾਅ ਲਿਆਏ ਘਰ ਤੱਕ ਪੰਦਰਾਂ ਸੌ ਰੁਪਈਏ। ਮਿੱਟੀ ਨਾ ਸਹੀ, ਬਾਪੂ ਦਾ ਦਸਵਾਂ-ਤੇਰ੍ਹਵਾਂ ਈ ਸਹੀ। ਉਹ ਵੀ ਨਾ ਕਰ ਸਕਦੇ ਤਾਂ ਪੂਰੇ ਇਲਾਕੇ 'ਚ ਥੂਹ-ਥੂਹ ਹੋ ਜਾਂਦੀ ਕਿ ਬਾਪੂ ਦੇ ਸੰਸਕਾਰ ਵਿਚ ਵੀ ਕੰਜੂਸੀ ਕਰ ਗਏ ਮੁੰਡੇ। ਪਰ ਇਹਨਾਂ ਕਸਾਈਆਂ ਤੇ ਥੁੱਕਣ ਵਾਲਾ ਕੋਈ ਨੀਂ। ਜਿਸਨੂੰ ਜਿੰਨਾ ਚਾਹੁਣ, ਹਲਾਲ ਕਰ ਲੈਣ…"
ਦੇਵਵਰਤ ਭਾਰੀ ਮਨ ਨਾਲ ਬੜਬੜਾਇਆ :
"ਇਸ ਮੁਲਕ 'ਚ ਕਸਾਈਵਾੜੇ ਹੋਰ ਵੀ ਹੈਨ ਭਰਾ ! ਤੂੰ ਹਸਪਤਾਲ ਦੀ ਚਿੱਟੀ ਵਰਦੀ ਤਾਂ ਵੇਖ ਲਈ ਪਰ ਹੋਰ ਵਰਦੀਆਂ ਨਾਲ ਤੇਰਾ ਵਾਹ ਨਹੀਂ ਪਿਆ। ਨਾ ਖਾਕੀ ਵਰਦੀ ਨਾਲ, ਨਾ ਕਾਲੀ ਵਰਦੀ ਨਾਲ। ਨਾ ਹੁਣ ਤੱਕ ਕਿਸੇ ਪੁਲਿਸ ਵਾਲੇ ਦੇ ਹੱਥੀਂ ਚੜ੍ਹਿਆ ਏਂ, ਨਾ ਕਿਸੇ ਵਕੀਲ ਦੀ ਬੈਂਚ ਤੇ ਮੱਥਾ ਰਗੜਿਆ ਏ। ਕਿਸਮਤ ਨਾਲ ਤੂੰ ਅਛੂਤਾ ਈ ਰਹਿ ਗਿਓਂ ਥਾਣੇ ਤੇ ਕਚਿਹਰੀ ਤੋਂ…
"ਤੂੰ ਸੋਚਦਾ ਹੋਵੇਂਗਾ, ਮੈਂ ਖੁਸ਼ੀ ਨਾਲ ਦਿੱਲੀ ਗਿਆ ਸਾਂ !...ਤਾਂ ਸੁਣ, ਚਾਰ ਵਰ੍ਹੇ ਪਹਿਲਾਂ ਸਾਡੇ ਗੁਆਂਢ 'ਚ ਇਕ ਕਤਲ ਹੋ ਗਿਆ ਸੀ। ਪੁਲਿਸ ਵਾਲਿਆਂ ਕਿਹਾ, ਤੂੰ ਗਵਾਹ ਬਣ ਜਾ। ਮੇਰੇ ਪਿਤਾ ਜੀ ਨੇ ਸਾਫ ਇਨਕਾਰ ਕਰ ਦਿੱਤਾ ਤਾਂ ਸਾਲਿਆਂ ਨੇ ਮੈਨੂੰ ਈ ਫਸਾਅ ਦਿੱਤਾ, ਉਸ ਕੇਸ 'ਚ। ਪਹਿਲਾਂ ਜੇਲ੍ਹ, ਫੇਰ ਬੜੀ ਮੁਸ਼ਕਲ ਨਾਲ ਜਮਾਨਤ ਹੋਈ। ਫੇਰ ਤਿੰਨ ਸਾਲ ਤੱਕ ਕੱਢਦੇ ਰਹੇ ਅਸੀਂ ਕਚਹਿਰੀ ਦੇ ਚੱਕਰ। ਜਿਸ ਵਿਚ ਘਰ ਤੱਕ ਵਿਕਦਾ-ਵਿਕਦਾ ਬਚਿਆ। ਪਿਤਾ ਜੀ ਨੇ ਕਿਹਾ, 'ਹੁਣ ਫੈਜ਼ਾਬਾਦ ਛੱਡ ਦੇ। ਇਹ ਕੁੱਤੇ ਦੀ ਜਾਤ ਤੈਨੂੰ ਫੇਰ ਫਸਾਅ ਦੇਣਗੇ…'
"ਉਹਨਾਂ ਦਾ ਇਕ ਜਾਣਕਾਰ ਰਹਿੰਦਾ ਸੀ ਦਿੱਲੀ 'ਚ। ਉਹਨਾਂ ਉਸਨੂੰ ਕਿਹਾ, ਤੇ ਉਸਨੇ ਮੈਨੂੰ ਲਗਵਾ ਦਿੱਤਾ ਇਕ ਫੈਕਟਰੀ 'ਚ। ਅੱਛਾ ਛੱਡ ਏਹਨਾਂ ਗੱਲਾਂ ਨੂੰ, ਹੁਣ ਮੈਂ ਯਾਦ ਵੀ ਨਹੀਂ ਕਰਨਾ ਚਾਹੁੰਦਾ ; ਮਨ ਖੱਟਾ ਹੋ ਜਾਂਦਾ ਏ…"
ਕਹਿ ਕੇ ਦੇਵਵਰਤ ਚੁੱਪ ਹੋ ਗਿਆ।
ਕੁਝ ਚਿਰ ਬਾਅਦ ਮੋਹਨ ਬੋਲਿਆ, "ਪਰ ਮੈਂ ਹਾਲੇ ਵੀ ਬੜਾ ਹੈਰਾਨ ਆਂ ਕਿ ਤੈਨੂੰ ਕਿਵੇਂ ਪਤਾ ਲੱਗਾ, ਬਾਪੂ ਦੇ ਉਸ ਹਸਪਤਾਲ 'ਚ ਭਰਤੀ ਹੋਣ ਵਾਲੀ ਗੱਲ ਦਾ ?"
ਤੇ ਦੇਵਵਰਤ ਨੇ ਗੱਲ ਅੱਗੇ ਤੋਰੀ, "ਹੁਣੇ ਤੂੰ ਈ ਦੱਸਿਆ ਸੀ ਕਿ ਸ਼ੁਕਰਵਾਰ ਨੂੰ ਮਰੇ ਸੀ ਤੇਰੇ ਬਾਪੂ। ਤਾਂ ਉਸਦੇ ਅਗਲੇ ਦਿਨ ਯਾਨੀ ਛਨੀਵਾਰ ਦੀ ਸਵੇਰ, ਮੇਰੇ ਫੈਕਟਰੀ ਦੇ ਮਾਲਕ ਦਾ ਫ਼ੋਨ ਆਇਆ :
' 'ਫੈਕਟਰੀ ਦੇ ਕਾਮਿਆਂ ਵਿਚ ਫੈਜ਼ਾਬਾਦ-ਅਯੋਧਿਆ ਦਾ ਕੌਣ ਏਂ ?'
"ਮੈਨੇਜਰ ਨੇ ਮੈਨੂੰ ਬੋਲਾਇਆ ਤੇ ਸਿੱਧਾ ਮਾਲਕ ਨਾਲ ਗੱਲ ਕਰਵਾ ਦਿੱਤੀ। ਮਾਲਕ ਨੇ ਪੁੱਛਿਆ , 'ਕੀ ਫੈਜ਼ਾਬਾਦ ਦੇ ਆਸ-ਪਾਸ ਕੋਈ ਸ਼ਿਵਦਹਾ ਨਾਂਅ ਦਾ ਪਿੰਡ ਵੀ ਏ ?'
" 'ਜੀ ਹਾਂ, ਹੈ। ਅਯੋਧਿਆ ਤੋਂ ਤਿੰਨ ਕੁ ਮੀਲ ਦੂਰ।'
" 'ਓਥੇ ਕੋਈ ਜੋਧਾ ਨਾਂਅ ਦਾ ਆਦਮੀ ਰਹਿੰਦਾ ਏ ?'
"ਮੈਂ ਹੈਰਾਨੀ ਵੱਸ ਤ੍ਰੁਬਕਿਆ ਕਿ ਏਡੇ ਵੱਡੇ ਆਦਮੀ ਨੂੰ, ਏਡੇ ਛੋਟੇ ਬੰਦੇ ਦਾ ਨਾਂਅ ਕਿੰਜ ਪਤਾ ਲੱਗਾ ?
"ਮੈ ਕਿਹਾ, 'ਜੀ ਸਰ।'
" 'ਮੋਹਨ ਕੀ ਲੱਗਦਾ ਏ ਉਸਦਾ ?' ਉਸਨੇ ਫੇਰ ਪੁੱਛਿਆ ਤਾਂ ਮੈਂ ਕਿਹਾ : 'ਉਹਨਾਂ ਦਾ ਵੱਡਾ ਲੜਕਾ ਏ ਜੀ। ਉਹ ਦੋ ਭਰਾ ਨੇ ਮੋਹਨ ਤੇ ਸੋਹਨ।'
" 'ਹੈਸੀਅਤ ਕੀ ਏ ?'
" 'ਬੜੇ ਗਰੀਬ। ਇਕ, ਡੇਢ ਵਿਘਾ ਜ਼ਮੀਨ ਦੇ ਸਿਵਾਏ, ਹੋਰ ਕਝ ਪੱਲੇ ਨਹੀਂ।'
" 'ਤੈਨੂੰ ਪੱਕਾ ਪਤਾ ਏ ਉਹਨਾਂ ਬਾਰੇ ?'
" 'ਜੀ, ਸਰ।'
"ਫੇਰ ਮਾਲਕ ਨੇ ਫ਼ੋਨ ਰੱਖ ਦਿੱਤਾ ਸੀ।
"ਫੇਰ ਸ਼ਾਮ ਹੋਈ ਤਾਂ ਫੈਕਟਰੀ ਵਿਚੋਂ ਨਿਕਲ ਕੇ ਆਪਣੇ ਘਰ ਆ ਰਿਹਾ ਸਾਂ। ਫੈਕਟਰੀ ਦੇ ਪਿਛਲੇ ਪਾਸੇ ਈ ਸਾਡੇ ਮੁਲਾਜ਼ਮਾਂ ਦੇ ਕੁਆਟਰ ਨੇ। ਦਰਅਸਲ ਉਹ ਦਿੱਲੀ ਦਾ ਬਾਹਰੀ ਇਲਾਕਾ ਏ, ਜਿੱਥੇ ਸਾਡੀ ਫੈਕਟਰੀ ਬਣੀ ਹੋਈ ਏ। ਉੱਥੇ ਹੋਰ ਵੀ ਕਈ ਨਿੱਕੀਆਂ-ਵੱਡੀਆਂ ਫੈਕਟਰੀਆਂ ਨੇ। ਜਮਨਾਜੀ ਬਿਲਕੁਲ ਕੋਲੋਂ ਦੀ ਲੰਘਦੀ ਏ। ਕਾਰਖਾਨਿਆਂ ਦੇ ਨਾਲੇ, ਨਦੀ 'ਚ ਪੈਂਦੇ ਨੇ ਤੇ ਉਹਨਾਂ ਦੇ ਕੂੜੇ-ਕੁਬਾੜੇ ਨਾਲ ਨਦੀ ਦਾ ਪਾਟ ਭਰਿਆ ਰਹਿੰਦਾ ਏ। ਪਾਣੀ ਦੇ ਵਿਚਕਾਰ ਕੂੜ-ਕਬਾੜ ਦੇ ਛੋਟੇ-ਛੋਟੇ ਟਾਪੂ ਬਣ ਹੋਏ ਨੇ। ਦੂਰੋਂ ਘਾਟ ਵੱਲੋਂ ਵਹਿ ਆਏ ਬਾਂਸ, ਸਰਕੜੇ, ਕਫਨ, ਲੱਥੜ ਲੀਰਾਂ, ਨਾਰੀਅਲ ਦੇ ਗੋਲੇ ਤੇ ਹੋਰ ਵੀ ਪਤਾ ਨਹੀਂ ਕੀ-ਕੀ ਤੈਰ ਆਉਂਦਾ ਏ, ਉਸ ਕੰਢੇ ਤੀਕ। ਹੋਰ ਤਾਂ ਹੋਰ ਨਦੀ ਵਿਚ ਰੋੜ੍ਹ ਦਿੱਤੀਆਂ ਗਈਆਂ ਲਾਵਾਰਸ ਲਾਸ਼ਾਂ ਵੀ ਉੱਥੇ ਆ ਕੇ ਫਸ ਜਾਂਦੀਆਂ ਨੇ ਅਕਸਰ, ਤੇ ਓਥੋਂ ਦੇ ਕੁੱਤੇ ਤਾਂ ਏਨੇ ਜ਼ਾਲਮ ਨੇ ਕਿ ਤੈਰ ਕੇ ਐਨ ਵਿਚਕਾਰ ਤੱਕ ਜਾਂਦੇ ਨੇ ਤੇ ਲੱਤੋਂ ਫੜ੍ਹ ਕੇ ਘੜੀਸ ਲਿਆਉਂਦੇ ਨੇ ਮੁਰਦੇ ਨੂੰ ਕਿਨਾਰੇ ਤੀਕ। ਆਦਮੀ ਦਾ ਮਾਸ ਜੋ ਮੂੰਹ ਲੱਗ ਗਿਐ ਸਾਲਿਆਂ ਦੇ…
"ਤੇ ਭਰਾ, ਉਸ ਰਾਤ ਮੈਂ ਸੌਂ ਨਹੀਂ ਸੀ ਸਕਿਆ ਚੱਜ ਨਾਲ---ਵਾਰੀ -ਵਾਰੀ ਅੱਖ ਖੁੱਲ੍ਹ ਜਾਂਦੀ ਤੇ ਮੈਂ ਸੋਚਣ ਲੱਗਦਾ ਬਈ ਕਿੱਥੇ ਦਿੱਲੀ ਤੇ ਕਿੱਥੇ ਸ਼ਿਵਦਹਾ ! ਕਿੱਥੇ ਮੇਰਾ ਅਰਬਪਤੀ ਮਾਲਕ ਤੇ ਕਿੱਥੇ ਅਸੀਂ ਗਰੀਬ ਲੋਕ ! ਮੈਂ ਮੱਥਾ-ਪੱਚੀ ਤਾਂ ਬੜੀ ਕੀਤੀ, ਪਰ ਕੋਈ ਤਾਰ ਨਾ ਜੋੜ ਸਕਿਆ ਆਪੋ ਵਿਚ।
"ਸਵੇਰ ਹੋਈ ਤਾਂ ਮੈਂ ਨਿਕਲ ਪਿਆ ਰੋਜ਼ ਵਾਂਗ ਟਹਿਲਣ। ਥੋੜ੍ਹਾ ਜਿਹਾ ਅੱਗੇ ਜਾਣ ਤੇ ਨਦੀ ਉਸ ਰਸਤੇ ਦੇ ਕਾਫੀ ਨੇੜਿਓਂ ਹੋ ਕੇ ਲੰਘਦੀ ਸੀ। ਮੈਂ ਬਸ ਮੀਲ ਕੁ ਗਿਆ ਸਾਂ ਕਿ ਨਿਗਾਹ ਘੁੰਮਦੀ-ਘੁੰਮਦੀ ਜਾ ਪਈ ਇਕ ਮੁਰਦੇ ਉੱਤੇ। ਜ਼ਰਾ ਉਸਦੇ ਨੇੜੇ ਪਹੁੰਚਿਆ ਤਾਂ ਹੱਕਾ-ਬੱਕਾ ਰਹਿ ਗਿਆ। ਮੈਂ ਅਹੁਲ ਕੇ ਕੁੱਤਿਆਂ ਨੂੰ ਸ਼ਿਸ਼ਕਰਿਆ ਤੇ ਇਕਟੱਕ ਦੇਖਣ ਲੱਗਾ ਲਾਸ਼ ਦਾ ਚਿਹਰਾ। ਹੂਬਹੂ ਜੋਧਾ ਚਾਚਾ। ਲਾਸ਼ ਫੁੱਲ ਗਈ ਸੀ, ਪਰ ਪਛਾਣਨ 'ਚ ਕੋਈ ਦਿੱਕਤ ਨਹੀਂ ਸੀ ਹੋ ਰਹੀ। ਗਨੀਮਤ ਇਹ ਸੀ ਕਿ ਮੈਂ ਸਹੀ ਸਮੇਂ ਸਿਰ ਪਹੁੰਚ ਗਿਆ ਸਾਂ। ਕੁੱਤੇ ਲਾਸ਼ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾ ਸਕੇ।
"ਉਸ ਸੁੰਨਸਾਨ ਜਗ੍ਹਾ, ਆਪ-ਮੁਹਾਰੇ ਹੀ ਮੇਰੇ ਮੂੰਹੋਂ ਨਿਕਲਿਆ ਸੀ, 'ਹੇ ਭਗਵਾਨ, ਇਹ ਕੀ ਦੇਖ ਰਿਹਾ ਆਂ ਮੈਂ ?'
"ਮੈਂ ਆਪਣੀਆਂ ਅੱਖਾਂ ਮਲੀਆਂ, ਦੇਖਿਆ ਤੇ ਫੇਰ ਦੇਖਿਆ। ਇਕ ਵਾਰੀ ਮਨ 'ਚ ਸ਼ੰਕਾ ਵੀ ਹੋਈ ਕਿ ਸ਼ਾਇਦ ਰਲਦੀ-ਮਿਲਦੀ ਸ਼ਕਲ ਵਾਲਾ ਕੋਈ ਹੋਰ ਹੋਵੇ ਪਰ ਮਾਲਕ ਦਾ ਫ਼ੋਨ ਯਾਦ ਆਉਂਦਿਆਂ ਹੀ ਗੱਲ ਸਾਫ ਹੋ ਗਈ ਸੀ।
"ਤੂੰ ਯਕੀਨ ਮੰਨੀ ਮੋਹਨ, ਮੈਨੂੰ ਬੜਾ ਮੋਹ ਆਇਆ ਸੀ ਤੇਰੇ ਬਾਪੂ ਦਾ। ਕਿੰਨੀ ਮਾੜੀ ਗੱਲ ਸੀ ਕਿ ਮੇਰੇ ਪਿੰਡਾਂ ਵੱਲ ਦਾ ਇਕ ਆਦਮੀ, ਉਸ ਸੁੰਨ-ਮਸਾਨ ਜਗ੍ਹਾ ਲਾਵਾਰਿਸ ਲਾਸ਼ ਬਣਿਆਂ ਪਿਆ ਸੀ। ਉਹ ਜਿਊਂਦਾ ਹੁੰਦਾ ਤਾਂ ਫਤੇਹ-ਫਤੂਹੀ ਹੁੰਦੀ। ਪਿੰਡ, ਘਰ ਦਾ ਹਾਲ-ਚਾਲ ਪਤਾ ਲਗਦਾ। ਨਾਲ ਖਾਣਾ-ਪੀਣਾ ਹੁੰਦਾ। ਉਦੋਂ ਨਾ ਜਾਤ ਵੇਖੀ ਜਾਂਦੀ ਨਾ, ਬਿਰਾਦਰੀ। ਤੇ ਜਾਣ ਵੇਲੇ ਉਹ ਮੇਰਾ ਸੁਨੇਹਾ ਵੀ ਲੈ ਜਾਂਦੇ, ਕਿ 'ਮੇਰੇ ਸ਼ਿਵਦਹਾ ਵਾਲੇ ਚਾਚਾਜੀ ਨੂੰ ਕਹਿਣਾ, ਦੇਵਵਰਤ ਮਿਲਿਆ ਸੀ, ਦਿੱਲੀ 'ਚ। ਉਹ ਮੌਜ 'ਚ ਏ। ਉਸਨੇ ਪੈਰੀਂ-ਪੈਣਾ ਕਿਹੈ…'
"ਤੇ ਤੂੰ ਹੀ ਸੋਚ ਭਰਾ, ਮੰਨ ਲੈ ਤੂੰ ਕਿਸੇ ਦੂਰ ਦੇਸ਼ 'ਚ ਹੋਵੇਂ, ਤੇ ਤੈਨੂੰ ਉੱਥੇ ਕੋਈ ਆਪਣੇ ਇਲਾਕੇ ਦਾ ਮਿਲ ਪਵੇ…ਨਾ ਇਲਾਕਾ ਤਾਂ ਤਹਿਸੀਲ ਈ ਸਹੀ ਜਾਂ ਨੇੜੇ-ਤੇੜੇ ਜਿਲ੍ਹੇ ਦਾ ਈ ਹੋਵੇ ਤਾਂ ਲੱਗੇਗਾ, ਜਿਵੇਂ ਆਪਣਾ ਸਕਾ ਭਰਾ ਮਿਲ ਗਿਆ ਹੋਵੇ। ਘਰ ਦਾ ਬੰਦਾ ਮਿਲ ਗਿਆ ਹੋਵੇ…
"ਓਵੇਂ ਈ ਮੈਨੂੰ ਵੀ ਲੱਗਿਆ ਸੀ ਉਦੋਂ, ਫੇਰ ਮੈਂ ਕਿਵੇਂ ਛੱਡ ਕੇ ਚਲਾ ਜਾਂਦਾ ਆਪਣੇ ਜੋਧੇ ਚਾਚੇ ਨੂੰ ? ਮੇਰਾ ਮਨ ਸੀ, ਢੰਗ ਨਾਲ ਉਹਦੀ ਮਿੱਟੀ ਸਮੇਟ ਦਿਆਂ। ਪਰ ਸਮੱਸਿਆ ਇਹ ਸੀ ਉੱਥੋਂ ਹਟਾਂ ਕਿੱਦਾਂ ? ਆਦਮਖੋਰ ਕੁੱਤਿਆਂ ਦਾ ਝੁੰਡ, ਦਸ ਪੰਦਰਾਂ ਕਰਮਾਂ ਤੇ ਖੜ੍ਹਾ ਉਦੋਂ ਵੀ ਸਾਨੂੰ ਘੂਰ ਰਿਹਾ ਸੀ, ਕਿ ਮੈਂ ਹਟਾਂ ਤੇ ਉਹ ਟੁੱਟ ਪੈਣ।
"ਅਖ਼ੀਰ ਮੈਂ ਮਨ ਹੀ ਮਨ ਉਹਨਾਂ ਤੋਂ ਮੁਆਫ਼ੀ ਮੰਗ ਲਈ, ਕਿ ਇਸ ਹਾਲਤ 'ਚ ਤੁਹਾਡੇ ਲਈ ਕੁਝ ਕਰ ਸਕਣ ਤੋਂ ਆਹਰੀ ਆਂ ਮੈਂ। ਤਾਂ ਵੀ ਜਿੰਨਾ ਕੁ ਵੱਸ ਏ ਕਰ ਦੇਂਦਾ ਆਂ…
"ਫੇਰ ਬਿਨਾਂ ਇਕ ਪਲ ਗਵਾਇਆਂ ਮੈਂ ਆਪਣੇ ਕੰਮ ਵਿਚ ਲੱਗ ਗਿਆ। ਝੱਟ ਨਦੀ ਕਿਨਾਰੇ ਪਏ ਦੋ ਬਾਂਸ ਚੁੱਕ ਲਿਆਇਆ, ਨਾਲ ਈ ਕੁਝ ਸਰਕੜੇ ਤੇ ਕਫਨ ਦੇ ਟੋਟੇ ਵੀ। ਬਸ ਉਹਨਾਂ ਨਾਲ ਈ ਇਕ ਕੰਮ ਚਲਾਊ ਅਰਥੀ ਜਿਹੀ ਬਣਾ ਲਈ ਤੇ ਉਸ ਉੱਤੇ ਹੌਲੀ ਜਿਹੀ ਲਿਟਾਅ ਦਿੱਤਾ ਤੇਰੇ ਬਾਪੂ ਨੂੰ। ਫੇਰ ਦੋਵਾਂ ਬਾਂਸ ਦੇ ਸਹਾਰੇ ਹੌਲੀ-ਹੌਲੀ ਅਰਥੀ ਨੂੰ ਸਰਕਾਉਂਦਾ ਹੋਇਆ ਪਾਣੀ ਤੱਕ ਲੈ ਆਇਆ। ਉਸ ਪਿੱਛੋਂ ਪੂਰਾ ਜ਼ੋਰ ਲਾ ਕੇ ਬਾਡੀ ਸਮੇਤ ਉਸਨੂੰ ਧਾਰ ਵੱਲ ਧਰੀਕ ਦਿੱਤਾ ਸੀ ਮੈਂ…"
ਮੋਹਨ ਨੇ ਕਾਹਲ ਨਾਲ ਪੁੱਛਿਆ ਸੀ :
"ਧਾਰ ਨਾਲ ਬਾਪੂ ਦੀ ਲਾਸ਼ ਤੁਰ ਪਈ ਸੀ ਨਾ ? ਕਿਤੇ ਐਂ ਤਾਂ ਨੀਂ ਕਿ ਬਾਅਦ 'ਚ ਫੇਰ…"
"ਨਹੀਂ, ਨਹੀਂ…" ਦੇਵਵਰਤ ਨੇ ਪੂਰੇ ਵਿਸ਼ਵਾਸ ਨਾਲ ਕਿਹਾ, "ਫੇਰ ਬਾਡੀ ਰੁਕੀ ਨਹੀਂ ਸੀ। ਮੈਂ ਖੜ੍ਹਾ-ਖੜ੍ਹਾ ਉਸਨੂੰ ਵੇਖਦਾ ਰਿਹਾ ਸਾਂ, ਪੁਲ ਤੱਕ। ਉਹ ਵਹਿੰਦੀ ਜਾ ਰਹੀ ਸੀ। ਉਸ ਪਿੱਛੋਂ ਮੈਂ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ।, ਕਿਉਂਕਿ ਪੁਲ ਦੇ ਉਸ ਪਾਸੇ ਉਸਦੇ ਰੁਕਣ ਦਾ ਸਵਾਲ ਹੀ ਨਹੀਂ ਸੀ। ਉੱਥੇ ਵਹਾਅ ਬੜਾ ਤੇਜ਼ ਹੋ ਜਾਂਦਾ ਏ…"
ਏਨਾ ਦੱਸ ਕੇ ਦੇਵਵਰਤ ਚੁੱਪ ਹੋ ਗਿਆ। ਕੁਝ ਚਿਰ ਤੱਕ ਮੋਹਨ ਵੀ ਚੁੱਪ ਬੈਠਾ ਕੁਝ ਸੋਚਦਾ ਰਿਹਾ। ਫੇਰ ਅਚਾਨਕ ਉਸਨੇ ਪੁੱਛਿਆ :
"ਅੱਛਾ ਏਨਾ ਦੱਸ ਦੇ ਭਰਾ, ਕਿ ਤੂੰ ਬਾਪੂ ਨੂੰ ਦੇਖਿਆ ਵੀ ਸੀ ਤੇ ਛੂਹਿਆ ਵੀ ਸੀ, ਕਿਤੇ ਗਰਮ ਤਾਂ ਨਹੀਂ ਸੀ ਉਹਦੀ ਦੇਹ ? ਮੇਰਾ ਮਤਲਬ, ਸੁਣਦੇ ਆਂ ਕਿ ਕਦੀ-ਕਦੀ ਦਿਲ ਡੁੱਬ ਜਾਣ ਪਿੱਛੋਂ ਵੀ ਪ੍ਰਾਣ ਮੁੜ ਆਊਂਦੇ ਐ। ਮੈਂ ਤਾਂ ਉਸਨੂੰ ਉਸ ਕੱਚ ਦੀ ਬੰਦ ਸੰਦੂਕੜੀ 'ਚ ਈ ਦੇਖਿਆ ਸੀ। ਜੇ ਛੁਹਣ ਦਿੱਤਾ ਹੁੰਦਾ ਤਾਂ ਉਸਦੀ ਨਬਜ਼ ਵੇਖ ਲੈਂਦਾ ਤੇ ਦਿਲ ਦੀ ਧੜਕਣ ਵੀ…ਪਰ ਕਿਹਾ ਨਾ ਉਸ ਹਸਪਤਾਲ ਵਾਲੇ ਸਭ ਕਸਾਈ ਸੀ ਕਸਾਈ…"
ਦੇਵਵਰਤ ਉਸਨੂੰ ਤਸੱਲੀ ਦੇਂਦਾ ਹੋਇਆ ਬੋਲਿਆ, "ਨਹੀਂ ਭਰਾ, ਉਸ ਵਿਚ ਬਿਲਕੁਲ ਜਾਨ ਨਹੀਂ ਸੀ। ਮਿੱਟੀ ਤੋਂ ਸਾਫ ਪਤਾ ਲੱਗਦਾ ਸੀ, ਮੌਤ ਇਕ ਅੱਧਾ ਦਿਨ ਪਹਿਲਾਂ ਹੋਈ ਹੋਈ ਏ।"
ਤੇ ਵਿਚਕਾਰਲੇ ਉਹਨਾਂ ਪਲਾਂ ਵਿਚ ਮੋਹਨ ਦਾ ਦਿਮਾਗ਼ ਵੀ ਆਪਣੀ ਤਸੱਲੀ ਲਈ ਪਤਾ ਨਹੀਂ ਕੀ-ਕੀ ਊਲ-ਜਲੂਲ ਸੋਚਣ ਲੱਗ ਪਿਆ ਸੀ…
ਕਿ ਸ਼ਾਇਦ ਉਸਦਾ ਬਾਪੂ ਵਹਿੰਦਾ-ਵਹਿੰਦਾ ਕਿਸੇ ਅਜਿਹੇ ਪਿੰਡ ਦੇ ਕਿਨਾਰੇ ਜਾ ਲੱਗੇ ਜਿੱਥੋਂ ਜਮਨਾ ਜੀ ਬਿਲਕੁਲ ਨਾਲ ਦੀ ਵਹਿੰਦੀ ਹੋਵੇ। ਫੇਰ ਪਿੰਡ ਵਾਲਿਆਂ ਦੀ ਮਦਦ ਨਾਲ ਉਹ ਚੰਗਾ ਭਲਾ ਵੀ ਹੋ ਜਾਵੇ…ਕਿਤੇ ਇੰਜ ਹੋ ਜਾਵੇ ਤੇ ਉਹ ਕਦੀ ਮੁੜ ਆਵੇ ਪਿੰਡ ਨੂੰ ; ਤਾਂ ਕਿੰਨੀ ਖੁਸ਼ ਹੋਵੇਗੀ ਮਾਂ, ਤੇ ਕਿੰਨੇ ਹੈਰਾਨ ਹੋ ਜਾਣਗੇ ਪਿੰਡ ਵਾਲੇ…
ਪਰ ਦਿਨ ਦਿਹਾੜੇ ਵੇਖੇ ਗਏ ਕੁਝ ਪਲਾਂ ਦੇ ਸੁਪਨੇ ਸਨ ਜਿਹੜੇ ਦੇਵਵਰਤ ਦੇ ਸਾਫ ਜਵਾਬ ਨਾਲ ਟੁੱਟੇ ਕੱਚ ਦੀਆਂ ਕੈਂਕਰਾਂ ਵਾਂਗ ਖਿੰਡ-ਪੁੰਡ ਗਏ ਸਨ।
ਮੋਹਨ ਫੇਰ ਡੂੰਘੀ ਸੋਚ ਵਿਚ ਲੱਥ ਗਿਆ। ਫੇਰ ਕੁਝ ਚਿਰ ਪਿੱਛੋਂ ਉਸਨੇ ਚੁੱਪ ਤੋੜੀ :
"ਪਰ ਤੂੰ ਦੱਸਿਆ ਨਹੀਂ, ਕਿ ਤੈਨੂੰ ਕਿਵੇਂ ਪਤਾ ਲੱਗਿਆ ਸੀ ਉਸ ਹਸਪਤਾਲ ਦਾ ਨਾਂਅ ਤੇ ਉਸ ਵਿਚ ਭਰਤੀ ਹੋਣ ਆਲੀ ਬਾਪੂ ਦੀ ਗੱਲ ਦਾ ?"
ਦੇਵਵਰਤ ਨੇ ਸਾਫ ਕਰ ਦਿੱਤਾ :
"ਫੈਕਟਰੀ ਦਾ ਮਾਲਕ ਈ ਉਸ ਹਸਪਤਾਲ ਦਾ ਵੀ ਮਾਲਕ ਏ। ਉਸਨੇ ਫ਼ੋਨ ਵੀ ਆਪਣੇ ਉਸੇ ਨਰਸਿੰਗ ਹੋਮ ਵਿਚੋਂ ਕੀਤਾ ਸੀ। ਜਦੋਂ ਉਸਨੂੰ ਯਕੀਨ ਹੋ ਗਿਆ ਕਿ ਰੁਪਏ ਨਹੀਂ ਮਿਲਣੇ ਤਾਂ ਉਸਨੇ ਲਾਸ਼ ਨਦੀ 'ਚ ਸੁਟਵਾ ਦਿੱਤੀ। ਪਰ ਏਨਾ ਕੁਝ ਜਾਣਨ ਪਿੱਛੋਂ ਵੀ ਮੈਂ ਬੜੀ ਦੁਚਿੱਤੀ ਵਿਚ ਸਾਂ ਕਿ ਜੋਧੇ ਚਾਚੇ ਨੂੰ ਆਖ਼ਰ ਦਿੱਲੀ ਤੱਕ ਲਿਆਇਆ ਕੌਣ ਹੋਇਆ ! ਤੇ ਛੱਡ ਕੇ ਕਿਉਂ ਭੱਜ ਗਿਆ ਉਸਨੂੰ ਇਸ ਹਾਲਤ ਵਿਚ ? ਇਸ ਗੁੱਥੀ ਨੂੰ ਸੁਲਝਾਉਣ ਖਾਤਰ ਮੈਂ ਅੱਜ ਸਵੇਰੇ ਹੀ ਪਹੁੰਚ ਗਿਆ ਹੁੰਦਾ ਸ਼ਿਵਦਹੇ, ਜੇ ਕੱਲ੍ਹ ਰਾਤੀਂ ਸਾਡੇ ਗੁਆਂਢ 'ਚ ਮਰਗ ਨਾ ਹੋ ਗਈ ਹੁੰਦੀ। ਪਰ ਭਰਾ ਤੂੰ ਦੱਸ ਜਿਹੜੀ ਰਾਖ ਤੇ ਹੱਡੀਆਂ ਨੂੰ ਤੁਸੀਂ ਹੁਣੇ ਪ੍ਰਵਾਹ ਕੀਤਾ ਸੀ, ਉਹ ਕਿਸਦੀ ਸੀ ?"
ਮੋਹਨ ਨੇ ਤਰਲਾ ਜਿਹਾ ਕੀਤਾ :
"ਸ਼ਮਸ਼ਾਨ 'ਚ ਰਾਖ ਤੇ ਹੱਡੀਆਂ ਦੀ ਕਮੀ ਨੀਂ ਹੁੰਦੀ…ਪਰ ਭਰਾ ਕਹੇਂ ਤਾਂ ਤੇਰੇ ਪੈਰੀਂ ਪੈ ਜਾਵਾਂ, ਇਸ ਗੱਲ ਨੂੰ ਹਮੇਸ਼ਾ ਲਈ ਹਜ਼ਮ ਕਰ ਜਾਵੀਂ। ਜੇ ਗੱਲ ਖੁੱਲ੍ਹ ਗਈ ਤਾਂ ਸਾਡਾ ਵੰਸ਼ ਮਿਟਿਆ ਜਾਣੀ…ਕਿਉਂਕਿ ਪਹਿਲਾਂ ਮਾਂ ਮਰ ਜਾਊਗੀ ਸਦਮੇ ਨਾਲ ; ਫੇਰ ਅਸੀਂ ਦੋਵੇਂ ਭਰਾ ਆਦਮ-ਹੱਤਿਆ ਕਰ ਲਵਾਂਗੇ…"
ਕਹਿੰਦਾ ਹੋਇਆ ਮੋਹਨ ਸੱਚ ਮੁੱਚ ਦੇਵਵਰਤ ਦੇ ਪੈਰੀਂ ਜਾ ਪਿਆ ਸੀ।

ਧੀਰਾ ਪੰਡਤ, ਕੇਕੜੇ ਤੇ ਮਕੜੀਆਂ :: ਲੇਖਕਾ : ਕਮਲਾ ਦੱਤ

ਹਿੰਦੀ ਕਹਾਣੀ : ਧੀਰਾ ਪੰਡਤ, ਕੇਕੜੇ ਤੇ ਮਕੜੀਆਂ :: ਲੇਖਕਾ : ਕਮਲਾ ਦੱਤ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

---------------------------------------------------------------
ਇਹ ਕਹਾਣੀ, ਪ੍ਰਵਚਨ ਦੇ ਅੰਕ : 33 : ਅਕਤੂਬਰ-ਦਸੰਬਰ 2009. ਵਿਚ ਛਪੀ ਹੈ।
---------------------------------------------------------------


ਤੂੰ ਘਰੇ ਰਹਿ।
ਉਹ ਬਾਹਰ ਰਹੇ।
ਤੂੰ ਜੀਵਨ ਜਾਚ ਸਿੱਖ। ਉਸਦਾ ਘਰ ਨਾ ਉਜਾੜ। ਤੇਰਾ ਵੀ ਵੱਸਦਾ ਰਹੇ।
ਤੂੰ ਆਜ਼ਾਦ ਏਂ…!
***
ਤੂੰ ਆਜ਼ਾਦ ਏਂ…!
ਕੋਈ ਹਥੌੜੇ ਮਾਰ ਰਿਹਾ ਸੀ ਧੀਰਾ ਦੇ ਦਿਮਾਗ਼ ਉਪਰ। ਉਸਨੇ ਕੁਰਸੀ ਮੇਜ਼ ਨੇੜੇ ਖਿਸਕਾ ਲਈ ਸੀ ਤੇ ਮੇਜ਼ ਉੱਤੇ ਸਿਰ ਟਿਕਾਅ ਲਿਆ ਸੀ। ਕੁਝ ਚਿਰ ਸਿਸਕਦੀ ਰਹੀ ਸੀ ਤੇ ਫੇਰ ਪੂਰੇ ਜ਼ੋਰ ਨਾਲ ਮੇਜ਼ ਉੱਤੇ ਸਿਰ ਮਾਰਨ ਲੱਗ ਪਈ ਸੀ---ਡਾ. ਜਸਿਕੀ ਡੌਰ-ਭੌਰ ਹੋਏ ਬੈਠੇ ਸਨ, ਉਹਨਾਂ ਨੂੰ ਸੁੱਝ ਹੀ ਨਹੀਂ ਸੀ ਰਿਹਾ ਕਿ ਉਹ ਕੀ ਕਰਨ ? ਤੇ ਫੇਰ ਕਾਹਲ ਨਾਲ ਉਠ ਕੇ ਉਹਨਾਂ ਧੀਰਾ ਨੂੰ ਮੋਢਿਆਂ ਤੋਂ ਜਾ ਫੜ੍ਹਿਆ ਸੀ, 'ਸਟਾਪ ਇੱਟ, ਸਟਾਪ ਇੱਟ।' ਤੇ ਬਿੰਦ ਦਾ ਬਿੰਦ ਧੀਰਾ ਉਹਨਾਂ ਦੀ ਮਜ਼ਬੂਤ ਪਕੜ ਵਿਚ ਸਿੱਥਲ ਜਿਹੀ ਹੋ ਗਈ ਸੀ। ਪਰ ਉਹ ਸਿਸਕ ਰਹੀ ਸੀ ਤੇ ਕਦੀ ਕਦੀ ਤਾਂ ਕਿਸੇ ਜ਼ਖ਼ਮੀ ਜਾਨਵਰ ਵਾਂਗ ਚੀਕਣ-ਕੂਕਣ ਵੀ ਲੱਗ ਪੈਂਦੀ ਸੀ।
ਫੇਰ ਇਕ ਪਿੱਛੋਂ ਇਕ, ਪੇਪਰ-ਨੈਪਕਿਨ ਟੋਕਰੀ ਵਿਚ ਆ ਡਿੱਗੇ ਸਨ।
'ਤੂੰ ਇੰਜ ਹੀ ਨੈਪਕਿਨ ਸੁੱਟਦੀ ਰਹੀ, ਤਾਂ ਮੈਨੂੰ, ਹੋਰ ਕਿੰਨੇ ਡੱਬਿਆਂ ਦਾ ਆਡਰ ਦੇਣਾ ਪਏਗਾ ?'
ਧੀਰਾ ਦੇ ਹੰਝੂ ਭਿੱਜੇ ਚਿਹਰੇ ਉੱਤੇ ਇਕ ਫਿੱਕੀ ਜਿਹੀ ਮੁਸਕਾਨ ਆਈ ਤੇ ਅਲੋਪ ਹੋ ਗਈ।
ਤੇ ਫੇਰ ਉਹ ਜਿਵੇਂ ਆਪਣੇ ਆਪ ਵਿਚ ਹੀ ਗਵਾਚ ਗਈ ਸੀ। ਡਾ. ਜਸਿਕੀ ਤੋਂ ਪਰ੍ਹੇ, ਕੰਧ ਤੋਂ ਵੀ ਅਗਾਂਹ…ਕੁਝ ਲੱਭ ਰਹੀਆਂ ਉਸਦੀਆਂ ਅੱਖਾਂ, ਸਿਲ-ਵੱਟੇ ਹੋ ਗਈਆਂ ਸਨ।
ਡਾ. ਜਸਿਕੀ ਨੇ ਕੁਰੇਦਿਆ---
'ਕੀ ਸੋਚਣ ਲੱਗ ਪਈ ਏਂ ?'
'ਕੁਛ ਵੀ ਨਹੀਂ...'
'ਕੁਛ ਤਾਂ ਸੋਚ ਹੀ ਰਹੀ ਸੈਂ...'
ਉਦੋਂ ਹੀ ਡਾ. ਜਸਿਕੀ ਉਠੇ ਸਨ ਤੇ ਖਿੜਕੀ ਦੇ ਪਰਦੇ ਹਟਾਅ ਆਏ ਸਨ---ਬਾਹਰ ਦਰਖ਼ਤਾਂ ਦਾ ਰੰਗ ਜ਼ਰਾ ਬਦਲਿਆ ਹੋਇਆ ਜਾਪਦਾ ਸੀ।
'ਐਤਕੀਂ ਪਤਝੜ ਕੁਝ ਅਗੇਤੀ ਆ ਗਈ ਏ।'
'ਹੂੰ।' ਧੀਰਾ ਦੀ ਹੂੰਗਰ, ਪਤਝੜ ਦੀ ਹਵਾਂ ਦੇ ਨਾਲ, ਵਾਤਾਵਰਨ ਵਿਚ ਖਿੱਲਰ ਗਈ।
ਸਰਦੀਆਂ ਦੀ ਪਹਿਲੀ ਠੰਡ ਉਤਰ ਆਉਣ ਦਾ ਇਕ ਭੁਲੇਖਾ।
'ਹਾਂ, ਦੱਸਿਆ ਨਹੀਂ ਕੀ ਸੋਚ ਰਹੀ ਸੈਂ ?'
'ਮੇਰੇ ਬਚਪਨ ਦੀ ਗੱਲ ਏ, ਓਦੋਂ ਅਸੀਂ ਸ਼ਿਮਲੇ ਵਿਚ ਰਹਿੰਦੇ ਹੁੰਦੇ ਸਾਂ। ਚਾਰੇ ਪਾਸੇ ਦਰਖ਼ਤਾਂ ਉੱਤੇ ਬਾਂਦਰ ਰਹਿੰਦੇ ਸੀ। ਇਕ ਵਾਰੀ ਇਕ ਬਾਂਦਰੀ ਦਾ ਬੱਚਾ ਮਰ ਗਿਆ। ਉਹ ਆਪਣੇ ਮੋਏ ਹੋਏ ਬੱਚੇ ਨੂੰ ਛਾਤੀ ਨਾਲ ਲਾਈ, ਇਧਰ ਉਧਰ ਭਟਕਦੀ ਰਹਿੰਦੀ। ਫੇਰ ਬੱਚੇ ਦੀ ਲਾਸ਼ ਗਲਣ ਲੱਗੀ---ਸਭ ਪਾਸੇ ਸੜ੍ਹਾਂਦ ਫੈਲ ਗਈ। ਲੋਕ ਡਰ ਗਏ ਕਿ ਕਿਤੇ ਕੋਈ ਬਿਮਾਰੀ ਹੀ ਨਾ ਫੈਲ ਜਾਏ। ਫੇਰ ਕੁਝ ਸਮਝਦਾਰ ਲੋਕਾਂ ਨੇ ਪਾਟੀਆਂ ਲੀਰਾਂ ਦਾ ਇਕ ਗੋਲਾ ਬਣਾਇਆ ਸੀ, ਉਸਨੂੰ ਮਿੱਟੀ ਦੇ ਤੇਲ ਵਿਚ ਭਿਊਂ ਕੇ ਅੱਗ ਲਾ ਦਿੱਤੀ ਸੀ, ਤੇ ਉਤਾਂਹ ਦਰਖ਼ਤ ਵੱਲ ਸੁੱਟ ਦਿੱਤਾ ਸੀ। ਉੱਤੇ ਬਾਂਦਰੀ ਬੈਠੀ ਹੋਈ ਸੀ। ਜਦੋਂ ਉਹ ਡਰ ਕੇ ਭੱਜੀ ਤਾਂ ਬੱਚੇ ਦੀ ਲਾਸ਼ ਹੇਠਾਂ ਡਿੱਗ ਪਈ…ਤੇ ਲੋਕਾਂ ਨੇ ਉਸਨੂੰ ਸਾੜ ਦਿੱਤਾ। ਪਰ ਬਾਂਦਰੀ ਕਈ ਦਿਨਾਂ ਤਕ ਕੂਕਦੀ-ਕੁਰਲਾਂਦੀ ਰਹੀ ਸੀ।'
***
ਧੀਰਾ ਨੂੰ ਫੇਰ ਆਪਣੇ ਆਪ ਵਿਚ ਗਵਾਚਿਆਂ ਦੇਖ, ਡਾ. ਜਸਿਕੀ ਨੇ ਪੁੱਛਿਆ ਸੀ, 'ਹਾਂ, ਦੱਸਿਆ ਨਹੀਂ, ਕੀ ਸੋਚ ਰਹੀ ਸੈਂ ?'
'ਕਦੋਂ ?'
'ਆ-ਹ, ਹੁਣੇ।'
'ਬਸ, ਉਸ ਦਿਨ ਦੀ ਗੱਲ।'
'ਕਿਸ ਦਿਨ ਦੀ ?'
ਉਸ ਦਿਨ ਧੀਰਾ ਨੇ ਹੀ ਬਿਲਡਿੰਗ ਸੁਪਰਡੈਂਟ ਦੀ ਮਿੰਨਤ ਕੀਤੀ ਸੀ, 'ਮੈਂ ਬਸ ਇਕ ਵਾਰੀ ਉਸਨੂੰ ਦੇਖਣਾ ਚਾਹੁੰਦੀ ਹਾਂ। ਕੀ ਤੂਸੀਂ ਆਪਣੀ ਕਾਰ ਵਿਚ ਲੈ ਚਲੋਗੇ ?'
'ਕੀ ਕਰੇਂਗੀ ਦੇਖ ਕੇ, ਤੂੰ ਖ਼ੁਦ ਸਮਝਦਾਰ ਏਂ…'
ਇਹ ਇਕ ਵਾਰੀ ਹੋਈ ਜੰਗ ਹੈ, ਇਕ ਵਾਰੀ ਹੋਈ ਲੜਾਈ।
ਤੇ ਫੇਰ ਕਾਰ ਵਿਚ ਬੈਠਦਿਆਂ ਹੋਇਆਂ ਇਕ ਵਾਰੀ ਫੇਰ ਮਿਸੇਜ ਸਲੇਵਨ ਨੂੰ ਸ਼ੱਕ ਹੋਇਆ ਸੀ, 'ਸਹਿ ਲਏਂਗੀ, ਤੇਰੇ ਅੰਦਰ ਏਨੀ ਸਹਿਣ ਸ਼ਕਤੀ…?'
ਧੀਰਾ ਨੇ ਕਿਹਾ ਸੀ, 'ਕਦੀ ਮਰੀਜ਼ ਵੀ ਸਰਜਰੀ ਲਈ ਤਿਆਰ ਹੋਇਆ ਏ ਮਿਸੇਜ ਸਲੇਵਨ ?...ਇਕ ਵਾਰੀ ਦੇਖ ਲਵਾਂਗੀ ਤਾਂ ਸ਼ਾਇਦ ਮਨ ਸੰਭਲ ਜਾਏ ; ਮੇਰੇ ਅੰਦਰ ਸੱਚ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਆ ਜਾਏ।'
***
ਜੀਤ ਦੀ ਗੱਡੀ ਬਰਕਸ਼ਾਇਰ ਟਾਊਸੇਜ ਦੇ ਸਾਹਮਣੇ ਰੁਕੀ ਸੀ। ਉਹ ਕਾਰ ਵਿਚੋਂ ਉਤਰ ਕੇ ਏਧਰ-ਉਧਰ ਦੇਖ ਰਿਹਾ ਸੀ। ਫੇਰ ਪਤਾ ਨਹੀਂ ਕਿੱਧਰੋਂ ਨਿਕਲ ਕੇ, ਮਧਰੇ-ਕੱਦ ਦੀ ਸੂਨਹਿਰੇ ਵਾਲਾਂ ਵਾਲੀ ਕੁੜੀ ਨੇ ਉਸਨੂੰ ਜੱਫੀ ਪਾ ਲਈ ਸੀ---ਤੇ ਦੋਏ ਵਹਿਸ਼ੀਆਂ ਵਾਂਗ ਇਕ ਦੂਸਰੇ ਨੂੰ ਚੁੰਮਣ-ਚੱਟਣ ਲੱਗ ਪਏ ਸਨ। ਧੀਰਾ ਕਾਰ 'ਚੋਂ ਨਿਕਲ ਕੇ ਪਾਗਲਾਂ ਵਾਂਗ ਉਹਨਾਂ ਵੱਲ ਨੱਸਣ ਲਗੀ ਤਾਂ ਮਿਸੇਜ ਸਲੇਵਨ ਨੇ ਜਬਰਦਸਤੀ ਉਸਨੂੰ ਮੁੜ ਕਾਰ ਵਿਚ ਸੁੱਟ ਲਿਆ ਸੀ।
***
ਦੂਸਰੀ ਮੰਜ਼ਿਲ ਦੀ ਇਕ ਖਿੜਕੀ ਦਾ ਪਰਦਾ ਸਰਕਿਆ ਸੀ। ਇਕ ਮਰਦ-ਚਿਹਰਾ ਵੀ ਉਹਨਾਂ ਦੋਹਾਂ ਵੱਲ ਦੇਖ ਰਿਹਾ ਸੀ। ਧੀਰਾ ਨੇ ਸੋਚਿਆ, ਉਹ ਗੋਲੀ ਕਿਉਂ ਨਹੀਂ ਮਾਰ ਦਿੰਦਾ ? ਕੀ ਉਸ ਕੋਲ ਪਿਸਤੌਲ ਨਹੀਂ ? ਗੁਹਾਯੁਗ ਦਾ ਆਦਮੀ ਕੀ ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ? ਆਦਮੀ ਕੀ ਜਾਨਵਰ ਵੀ ਆਪਣੀ ਸਾਥਣ ਨੂੰ ਕਿਸੇ ਹੋਰ ਨਾਲ ਜਾਂਦਿਆਂ ਦੇਖ ਕੇ ਭੜਕ ਜਾਂਦੇ ਨੇ…ਧੀਰਾ ਨੂੰ ਟੈਲੀਵਿਜ਼ਨ ਦਾ ਉਹ ਪ੍ਰੋਗ੍ਰਾਮ ਯਾਦ ਆ ਗਿਆ ਸੀ, ਜਿਸ ਵਿਚ ਇਕ ਕੈਰਾਬੂ ਦੂਸਰੇ ਨੂੰ ਜ਼ਖ਼ਮੀ ਕਰ ਦੇਂਦਾ ਹੈ, ਤੇ ਫੇਰ ਜੇਤੂ ਕੈਰਾਬੂ ਮਾਦਾ ਨਾਲ ਤੁਰ ਜਾਂਦਾ ਹੈ। ਤਾਂ ਜੀਤ ਤੇ ਉਹ ਜੇਤੂ ਨੇ ? ਤੇ ਉਹ ਤੇ ਖਿੜਕੀ ਵਾਲਾ ਚਿਹਰਾ ਹਾਰੇ ਹੋਏ ? ਕੀ ਉਹਨਾਂ ਨੂੰ ਮੈਦਾਨ ਛੱਡ ਦੇਣਾ ਚਾਹੀਦਾ ਹੈ ? ਫੇਰ ਚਾਣਚੱਕ ਉਸਨੂੰ ਚੱਕਰ ਆ ਗਿਆ ਸੀ। ਮਿਸੇਜ ਸਲੇਵਨ ਨੇ ਕਾਰ ਵਾਪਸ ਮੋੜ ਲਈ ਸੀ। ਇਕ ਰੇਸਤਰਾਂ ਸਾਹਮਣੇ ਰੋਕ ਕੇ ਉਸਨੂੰ ਰਸ ਪਿਆਇਆ ਸੀ ਤੇ ਅਪਾਰਟਮੈਂਟ ਬਿਲਡਿੰਗ ਵਿਚ ਆ ਕੇ ਕਿਹਾ ਸੀ, 'ਤੂੰ ਆਪਣੀ ਕਿਸੇ ਹਿੰਦੁਸਤਾਨੀ ਦੋਸਤ ਨੂੰ ਫ਼ੋਨ ਕਰਕੇ ਬੁਲਾ ਲੈ। ਅੱਜ ਦੇ ਦਿਨ ਤੈਨੂੰ ਇਕੱਲਿਆਂ ਨਹੀਂ ਰਹਿਣਾ ਚਾਹੀਦਾ।'
***
ਜਦੋਂ ਮਿਸੇਜ ਸਲੇਵਨ ਗਰਾਸਰੀ ਸ਼ਾਪਿੰਗ ਤੋਂ ਵਾਪਸ ਆਈ ਸੀ ਤਾਂ ਕਾਰੀਡੋਰ ਵਿਚ ਲੋਕਾਂ ਦੀ ਖੁਸਰ-ਫੁਸਰ ਤੇ ਗੈਸ ਦੀ ਬੂ ਫੈਲੀ ਹੋਈ ਸੀ…ਅੱਧਬਲੀ ਧੀਰਾ ਹਸਪਤਾਲ ਪਹੁੰਚਾ ਦਿੱਤੀ ਗਈ ਸੀ।…ਤੇ ਕੁ ਹਫ਼ਤੇ ਪਿੱਛੋਂ ਜਦੋਂ ਉਹ ਵਾਪਸ ਆਈ ਤਾਂ ਉਸਦੀ ਸਹੇਲੀ ਬਿੰਦੂ ਮੱਲੋਮਲੀ ਹੀ ਉਸਨੂੰ ਡਾ. ਜਸਿਕੀ ਕੋਲ ਲੈ ਆਈ ਸੀ।
***
ਹੁਣ ਇਹ ਗੱਲਾਂ ਕਾਫੀ ਪੁਰਾਣੀਆਂ ਹੋ ਗਈਆਂ ਨੇ। ਗੰਢੇ ਦੇ ਪੱਤਾਂ ਵਾਂਗ ਧੀਰਾ ਨੇ ਬੜਾ ਹੀ ਕੁਝ ਡਾ. ਜਸਿਕੀ ਸਾਹਮਣੇ ਖੋਹਲ ਦਿੱਤਾ ਸੀ---ਇਕ ਪੂਰੀ ਸੰਸਕ੍ਰਿਤੀ, ਇਕ ਪੂਰੀ ਸਭਿਅਤਾ। ਏਸ ਵਾਰੀ ਉਹ ਪੂਰੇ ਇਕ ਸਾਲ ਬਾਅਦ ਆਈ ਹੈ…ਫੇਰ ਰੋਂਦੀ ਵਿਲਕਦੀ ਹੋਈ।
***
ਪਿਛਲੇ ਕਿਸੇ ਸੈਸ਼ਨ ਵਿਚ ਉਹ ਖਾਸੀ ਦੇਰ ਤਕ ਡਾ. ਜਸਿਕੀ ਨੂੰ ਘੂਰ-ਘੁਰ ਵਿਹੰਦੀ ਰਹੀ ਸੀ।
'ਇੰਜ ਕੀ ਦੇਖ ਰਹੀ ਏਂ ?'
'ਤੁਸੀਂ ਮੇਰੇ ਬਾਪ-ਸਮਾਨ ਹੋ। ਮੈਂ ਸੋਲ੍ਹਾਂ ਵਰ੍ਹਿਆਂ ਦੀ ਸਾਂ, ਜਦੋਂ ਉਹ ਗੁਜਰੇ ਸਨ। ਭਾ-ਜੀ ਨੇ ਹੀ ਮੇਰੀ ਤੇ ਮੇਰੇ ਨਿੱਕੇ ਭਰਾ ਦੀ ਦੇਖਭਾਲ ਕੀਤੀ ਏ। ਮਾਂ ਤੇ ਦਾਦੀ ਪਿੰਡ ਰਹਿੰਦੀਆਂ ਸੀ। ਭਾਬੀ ਨੇ ਕਦੀ ਨਵੀਂਆਂ-ਨਵੀਂਆਂ ਸਾੜ੍ਹੀਆਂ ਨਹੀਂ ਖਰੀਦੀਆਂ। ਪ੍ਰੋਫੈਸਰ ਦੀ ਤਨਖ਼ਾਹ ਹੀ ਕਿੰਨੀ ਹੁੰਦੀ ਹੈ ? ਤੇ ਨਾਲੇ ਉੱਥੇ ਤਾਂ ਮਹਿੰਗਾਈ ਹੀ ਬੜੀ ਹੈ।'
'ਪਰ ਧੀਰਾ ਮੈਨੂੰ ਸਮਝ ਨਹੀਂ ਆ ਰਹੀ ਕਿ ਬਿਨਾਂ ਕੁਛ ਜਾਣੇ-ਬੁੱਝੇ ਹੀ ਤੂੰ ਵਿਆਹ ਲਈ ਰਾਜੀ ਕਿੰਜ ਹੋ ਗਈ ? ਤੂੰ ਪੜ੍ਹੀ-ਲਿਖੀ ਸੈਂ।'
ਉਹਨਾਂ ਦੀਆਂ ਗੱਲਾਂ ਨੂੰ ਪੂਰੀ ਸੰਸਕ੍ਰਿਤੀ ਉੱਤੇ ਟਿੱਪਣੀ ਸਮਝ ਕੇ ਧੀਰਾ ਨੂੰ ਗੁੱਸਾ ਆ ਗਿਆ ਸੀ। 'ਓਥੇ ਵੀ ਪਰਿਵਾਰ ਦੇਖੇ ਜਾਂਦੇ ਨੇ। ਗੱਲ ਉਂਜ ਹੀ ਹੈ, ਜਿਵੇਂ ਕੰਮਪਿਊਟਰ ਆਂਕੜੇ ਮਿਲਾ ਦਏ, ਤੇ ਕੰਪਿਊਟਰ ਵੀ ਤਾਂ ਗਲਤ ਹੋ ਜਾਂਦੇ ਨੇ, ਕਿਉਂ ਕਿ ਉਹਨਾਂ ਨੂੰ ਵੀ ਤਾਂ ਆਦਮੀ ਹੀ ਚਲਾਉਂਦੇ ਨੇ ਨਾ ?...ਤੇ ਏਥੋਂ ਦੇ ਸਾਰੇ ਵਿਆਹ ਕਦੋਂ ਸਫਲ ਹੁੰਦੇ ਨੇ ?'
ਡਾ. ਜਸਿਕੀ ਨੇ ਸਮਝਾਇਆ ਸੀ, 'ਤੈਨੂੰ ਇੰਜ ਡਿਫੈਂਸਿਵ ਨਹੀਂ ਹੋਣਾ ਚਾਹੀਦਾ,' ਤੇ ਫੇਰ ਬੋਲੇ ਸਨ, 'ਸਾਰੇ ਹਿੰਦੁਸਤਾਨੀ ਅਲੋਚਨਾ ਨੂੰ ਏਨਾ ਨਿੱਜੀ ਕਿਉਂ ਸਮਝ ਬਹਿੰਦੇ ਨੇ ? ਸ਼ਾਇਦ ਇਹ ਪ੍ਰਵਾਸੀਆਂ ਦੀ ਰੀਤ ਹੈ। ਆਪਣੀ ਧਰਤੀ ਤੋਂ ਵੱਖ ਹੋਣ ਦਾ ਦੁੱਖ ਤੇ ਕੁਸੈਲ। ਤੇ ਇਹ ਅਪਰਾਧੀਆਂ ਵਾਲਾ ਅਹਿਸਾਸ ਕਿ ਮਾਮੂਲੀ ਸੁਖਾਂ ਖਾਤਰ ਉਹਨਾਂ ਆਪਣੀ ਧਰਤੀ ਛੱਡ ਦਿੱਤੀ ਹੈ। ਸੋ ਉੱਥੋਂ ਦੀ ਹਰੇਕ ਸ਼ੈ ਨੂੰ ਰੁਮਾਂਟਿਕ ਢੰਗ ਨਾਲ ਦੇਖਣ ਲੱਗ ਪੈਂਦੇ ਨੇ।'
***
ਧੀਰਾ ਪਿਛਲੇ ਚਹੂੰ ਸਾਲਾਂ ਤੋਂ ਕਾਲੇਜ-ਪ੍ਰੋਫੈਸਰ ਸੀ। ਕੋਈ ਚੰਗਾ ਮੁੰਡਾ ਹੀ ਨਹੀਂ ਸੀ ਮਿਲ ਰਿਹਾ। ਇਕ ਡਾਕਟਰ ਨਾਲ ਮੰਗਣੀ ਹੋਈ, ਪਰ ਉਸਦੀ ਮਾਂ ਬੜੀ ਲਾਲਚਣ ਸੀ। ਮਾਂ ਤੇ ਭਾ-ਜੀ ਤਾਂ ਜ਼ਮੀਨ ਵੇਚਣ ਲਈ ਤਿਆਰ ਹੋ ਗਏ ਸਨ, ਪਰ ਧੀਰਾ ਅੜ ਗਈ ਸੀ, 'ਮੈਂ ਕੋਈ ਵਿਕਾਊ ਮੱਝ-ਗਾਂ ਨਹੀਂ। ਪੜ੍ਹੀ-ਲਿਖੀ ਹਾਂ, ਨੈਣ-ਨਕਸ਼, ਕੱਦ-ਕਾਠ ਕਿਸ ਚੀਜ਼ ਦੀ ਕਮੀ ਹੈ, ਮੇਰੇ ਵਿਚ।'
***
ਤੇ ਉਹਨਾਂ ਦਿਨਾਂ ਵਿਚ ਅਜੀਤ ਵਿਆਹ ਕਰਵਾਉਣ ਭਾਰਤ ਆਇਆ ਹੋਇਆ ਸੀ। ਉਸਦੀ ਮਾਂ ਤੇ ਭੈਣ ਆਈਆਂ ਤੇ ਧੀਰਾ ਨੂੰ ਪਸੰਦ ਕਰ ਗਈਆਂ।
'ਮੈਨੂੰ ਪਹਿਲਾਂ ਹੀ ਸ਼ੱਕ ਹੋ ਜਾਣਾ ਚਾਹੀਦਾ ਸੀ। ਜਦੋਂ ਦੇਖਣ ਆਇਆ ਤੇ ਜਿਵੇਂ ਕਿ ਰਿਵਾਜ਼ ਹੈ, ਚਾਹ ਪਿੱਛੋਂ ਸਾਨੂੰ ਦੋਹਾਂ ਨੂੰ ਕੁਝ ਚਿਰ ਇਕੱਲਿਆਂ ਛੱਡ ਦਿੱਤਾ ਗਿਆ ਕਿ ਗੱਲਾਂ ਬਾਤਾਂ ਕਰ ਲਈਏ, ਆਪਸੀ ਤੱਸਲੀ ਕਰ ਲਈਏ---ਤੱਸਲੀ ਹੁੰਦੀ ਏ ਸਵਾਹ ਤੇ ਖੇਹ, ਪੰਦਰਾਂ ਵੀਹ ਮਿੰਟਾਂ 'ਚ। ਜਾਣਦੇ ਹੋ, ਪਹਿਲਾ ਸਵਾਲ ਕੀ ਪੁੱਛਿਆ ਸੀ ?'
'ਕੀ ਪੁੱਛਿਆ ਸੀ ?'
'ਕਿ ਤੂੰ ਕਿਸੇ ਨੂੰ ਪਿਆਰ ਕਰਦੀ ਏਂ ? ਕਿਸੇ ਨਾਲ ਕਰਦੀ ਸੈਂ ? ਜਾਂ ਏਸ ਤਰ੍ਹਾਂ ਦਾ ਕੋਈ ਹੋਰ ਸਬੰਧ ਹੋਏ ?'
'ਮੈਂ ਖਿਝ ਗਈ ਸਾਂ---ਇਹਨਾਂ ਸਵਾਲਾਂ ਉੱਤੇ। ਮੈਂ ਸਿਰ ਹਿਲਾ ਕੇ ਇਨਕਾਰ ਕਰ ਦਿੱਤਾ ਸੀ---ਨਹੀਂ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ, ਨਾ ਹੀ ਕਿਸੇ ਨਾਲ ਮੇਰੇ ਅਜਿਹੇ ਸਬੰਧ ਨੇ। ਜੇ ਭਲਾ ਕੋਈ ਅਜਿਹਾ ਸਬੰਧ ਹੁੰਦਾ ਜਾਂ ਹੈ, ਤਾਂ ਜਨਾਬ ਨਾਲ ਵਿਆਹ ਕਰਵਾਉਣ ਲਈ 'ਹਾਂ' ਹੀ ਕਿਉਂ ਕਰਦੀ ?
'ਭਾਬੀ ਨੇ ਸਮਝਾਇਆ ਸੀ---'ਕੋਈ ਘਟਨਾ ਵਾਪਰ ਗਈ ਹੋਊ ਵਿਚਾਰੇ ਨਾਲ, ਤੇ ਅਮਰੀਕਾ 'ਚ ਰਹਿ ਕੇ ਲੋਕ ਬੜੇ ਸਪਸ਼ਟਵਾਦੀ ਹੋ ਜਾਂਦੇ ਨੇ। ਇਹ ਵਿਚਾਰਾ ਕੀ ਜਾਣੇ ਕਿ ਸਾਡੀ ਧੀਰਾ ਕੋਈ ਐਸੀ-ਵੈਸੀ ਕੁੜੀ ਨਹੀਂ।'
'ਤੇ ਫੇਰ ਦੋ ਹਫ਼ਤਿਆਂ ਵਿਚ ਹੀ ਵਿਆਹ ਹੋ ਗਿਆ ਸੀ। ਸਾਰੇ ਆਖਦੇ ਸਨ---'ਕਿੰਨਾ ਮਿਲਣਸਾਰ ਏ, ਕਿੱਡਾ ਮਿੱਠ-ਬੋਲੜਾ ਏ। ਤੇਰਾਂ ਸਾਲ ਅਮਰੀਕਾ ਵਿਚ ਰਿਹਾ ਏ, ਪਰ ਜ਼ਰਾ ਵੀ 'ਫੂੰ-ਫਾਂ' ਨਹੀਂ।' '
***
'ਭਾਈ ਸਾਹਬ ਨੇ ਵਿਤੋਂ ਵਧ ਕੇ ਖਰਚ ਕੀਤਾ ਸੀ। ਵਿਆਹ ਪਿੱਛੋਂ ਤਿੰਨ ਹਫ਼ਤੇ ਰਾਤ-ਦਿਨ ਪਿੱਛੇ-ਪਿੱਛੇ ਫਿਰਦਾ ਰਿਹਾ ਸੀ। 'ਧੀਰਾ-ਧੀਰਾ!!' ਕਹਿ ਕੇ ਲੋਕਾਂ ਦੇ ਸਾਹਮਣੇ ਹੀ ਬਾਹਾਂ ਵਿਚ ਲੈ ਲੈਂਦਾ। ਮੈਨੂੰ ਬੜੀ ਸ਼ਰਮ ਆਉਂਦੀ ਸੀ। ਮਨ੍ਹਾਂ ਕਰਦੀ ਤਾਂ ਆਖਦਾ, 'ਬਈ ਵਾਹ ! ਤੂੰ ਅਸਾਡੀ ਪਤਨੀ ਏਂ, ਕੋਈ ਭਜਾ ਕੇ ਤਾਂ ਨਹੀਂ ਲਿਆਏ।' ਘਰਵਾਲਿਆਂ ਨੇ ਵੀ ਮੈਨੂੰ ਹੀ ਮੱਤਾਂ ਦਿੱਤੀਆਂ ਸਨ---'ਤੂੰ ਖਿਝਿਆ ਨਾ ਕਰ, ਤੇਰਾਂ ਸਾਲ ਅਮਰੀਕਾ 'ਚ ਰਿਹਾ ਏ, ਸਭ ਸੱਚ ਏ…' '
ਡਾ. ਜਸਿਕੀ ਨੇ ਇਕ ਵਾਰ ਫੇਰ ਉਸਦੇ ਖਿਆਲਾਂ ਦੀ ਤੰਦ ਨੂੰ ਟੁੱਕ ਦਿੱਤਾ ਸੀ---'ਫੇਰ ਕਿਹੜੇ ਸੋਚ-ਸਾਗਰ 'ਚ ਖੁੱਭ ਗਈ ਏਂ ?'
'ਉਹਨਾਂ ਦਿਨਾਂ ਵਿਚ ਇੰਜ ਲੱਗਦਾ, ਜਿਵੇਂ ਫਿਲਮਾਂ ਵਿਚ ਦੇਖਿਆ ਤੇ ਕਿਤਾਬਾਂ ਵਿਚ ਪੜ੍ਹਿਆ ਪਿਆਰ ਜ਼ਿੰਦਗੀ ਵਿਚ ਵੀ ਹੋ ਸਕਦਾ ਹੈ, ਤੇ ਇਹ ਵੀ ਸੱਚ ਸੀ ਕਿ ਉਹ ਪਹਿਲਾ ਮਰਦ ਸੀ, ਜਿਸਨੇ ਮੈਨੂੰ ਬਾਹਾਂ ਵਿਚ ਲਿਆ, ਪਿਆਰ ਕੀਤਾ ਤੇ ਕਿਹਾ ਸੀ---'ਤੂੰ ਬੜੀ ਸੋਹਣੀ ਏਂ, ਪਿਆਰੀ ਲੱਗਦੀ ਏਂ।' ਲੋਕ ਏਡਾ ਵੱਡਾ ਝੂਠ ਏਨੀ ਆਸਾਨੀ ਨਾਲ ਕਿੰਜ ਬੋਲ ਲੈਂਦੇ ਨੇ ? ਹਨੀਮੂਨ ਲਈ ਅਸੀਂ ਨੈਨੀਤਾਲ ਗਏ ਤਾਂ…ਉੱਥੇ ਝੀਲ ਦੇ ਕਿਨਾਰੇ ਟਹਿਲਦਿਆਂ ਕਦੀ-ਕਦੀ ਇੰਜ ਲੱਗਦਾ ਸੀ, ਉਹ ਬੜਾ ਬੇਚੈਨ ਜਿਹਾ ਹੈ। ਸ਼ਾਇਦ ਮੇਰੇ ਨਾਲ ਨਾਰਾਜ਼। ਮੈਂ ਪੁੱਛਦੀ ਤਾਂ ਬਸ, ਟਾਲ ਦੇਂਦਾ। ਹਰ ਵਾਰੀ ਟਾਲ ਦੇਂਦਾ। ਹਰ ਵਾਰੀ ਇਹੋ ਆਖਦਾ---'ਤੂੰ ਬੜੀ ਚੰਗੀ ਏਂ, ਬੜੀ ਸਮਝਦਾਰ ਏਂ। ਅਮਰੀਕੀ ਕੁੜੀਆਂ ਤਾਂ ਡਾਢੀਆਂ ਚਲਾਕ ਹੁੰਦੀਆਂ ਨੇ। ਬਸ ਕੋਈ ਭਰੋਸਾ ਨਹੀਂ---ਕਹਿਣਗੀਆਂ ਕੁਝ ਹੋਰ ਤੇ ਕਰਨਗੀਆਂ ਕੁਝ ਹੋਰ।' ਮਤਲਬੀ…
'ਬਸ, ਫੇਰ ਮੇਰਾ ਵੀਜਾ ਮਿਲਣ ਵਿਚ ਅੱਠ-ਸੱਤ ਮਹੀਨੇ ਤਾਂ ਲੱਗਣੇ ਹੀ ਸਨ।'
***
'ਆਉਂਦਿਆਂ ਹੀ ਉਸਨੇ ਇਕ ਟੈਲੀਗ੍ਰਾਮ ਭੇਜੀ ਤੇ ਫੇਰ ਇਕ ਬੜਾ ਹੀ ਲੰਮਾ, ਪਿਆਰਾ ਖ਼ਤ…ਤੇ ਫੇਰ ਖ਼ਤ ਆਉਣੇ ਬੰਦ ਹੋ ਗਏ ਸਨ। ਤੇ ਜਦੋਂ ਮੇਰੇ ਪੰਜ ਖ਼ਤਾਂ ਦਾ ਕੋਈ ਜਵਾਬ ਨਾ ਆਇਆ ਤਾਂ ਘਬਰਾ ਕੇ ਮੇਰੀ ਮਾਂ ਤੇ ਦਾਦੀ ਦੋਏ ਉਸਦੀ ਮਾਂ ਨੂੰ ਮਿਲਣ ਗਈਆਂ ਸਨ। ਅੱਗੋਂ ਉਸ ਕਿਹਾ ਸੀ---'ਬਸ , ਐਵੇਂ ਕੰਮੀ-ਧੰਦੀਂ ਰੁੱਝ ਗਿਆ ਹੋਵੇਗਾ। ਬੜਾ ਆਲਸੀ ਮੁੰਡਾ ਏ…ਨਾ ਜੀ, ਅਸਾਂ ਵਿਆਹ ਲਈ ਕੋਈ ਜਬਰਦਸਤੀ ਨਹੀਂ ਕੀਤੀ। ਪਹਿਲਾਂ ਵੀ ਤਿੰਨ ਵਾਰ ਆਇਆ ਸੀ। ਹਰ ਵਾਰੀ 'ਨਾਂਹ-ਨਾਂਹ' ਹੀ ਕਰਦਾ ਰਿਹਾ। ਅਸਾਂ ਤੇ ਏਨਾ ਵੀ ਆਖ ਦਿੱਤਾ ਸੀ ਬਈ, ਉੱਥੇ ਈ ਕੋਈ ਪਸੰਦ ਏ ਤਾਂ ਲੈ ਆ। ਅਸਾਂ ਆਪੇ ਸ਼ਗਨਾ ਦੇ ਚਾਅ ਪੂਰੇ ਕਰ ਲਵਾਂਗੇ। ਹਰ ਵਾਰੀ ਇਹੋ ਆਖਦਾ ਰਿਹਾ---'ਮੈਂ ਨਹੀਓਂ ਕਰਵਾਉਣਾ ਵਿਆਹ, ਮੈਂ ਹੋਇਆ ਸੈਲਾਨੀ ਬੰਦਾ, ਵਿਆਹ ਦੇ ਧੰਦ ਕੌਣ ਪਿੱਟੂ'…ਤੇ ਇਸ ਵਾਰ ਆਉਂਦਾ ਈ ਕਹਿਣ ਲੱਗਾ---'ਮਾਂ ਬੜਾ ਚਾਅ ਏ ਨਾ ਤੈਨੂੰ ਮੇਰੇ ਵਿਆਹ ਦਾ, ਸੋ ਲਾਹ ਲੈ ਰੀਝਾਂ ਹੁਣ'…ਅਸਾਂ ਆਖਿਆ ਵੀ, 'ਬੱਚੜਾ ਤੂੰ ਹੁਣ ਤੀਕ ਟਾਲ-ਮਟੋਲ ਕਰਦਾ ਰਿਹੈਂ, ਹੁਣ ਏਨੀ ਛੇਤੀ ਚੰਗੀ ਕੁੜੀ, ਤੇ ਹੋਰ ਸਾਰੇ ਬੰਦੋਬਸਤ ਕਿਵੇਂ ਕਰਾਂਗੇ ? ਸਾਨੂੰ ਪਹਿਲਾਂ ਲਿਖ ਦੇਣਾ ਸੀ, ਕੁੜੀ ਦੇਖ ਰੱਖਦੇ। ਹੁਣ ਪੰਜਾਂ ਹਫ਼ਤਿਆਂ 'ਚ ਸਾਰੇ ਬੰਦੋਬਸਤ ਕਿਵੇਂ ਹੋਣਗੇ ?'
'…ਕਹਿਣ ਲੱਗਾ, 'ਮਾਂ ਜੇ ਇਸ ਵਾਰੀ ਨਹੀਂ ਨਾ ਹੋਇਆ, ਫੇਰ ਕਦੇ ਨਹੀਂ ਕਰਵਾਣਾ। ਫੇਰ ਨਾ ਆਖੀਂ'…ਬਸ ਜੀ, ਅਸੀਂ ਨੱਸ-ਭੱਜ ਸ਼ੁਰੂ ਕਰ ਦਿੱਤੀ। ਧੀਰਾ ਸਾਨੂੰ ਪਸੰਦ ਆ ਗਈ ਤੇ ਉਸਨੂੰ ਵੀ। ਬਸ ਇਹੋ ਆਖਦਾ ਰਹਿੰਦਾ ਸੀ, 'ਬੜੀ ਸਮਝਦਾਰ ਏ। ਮੈਨੂੰ ਤਿਤਲੀ ਵਰਗੀਆਂ ਕੁੜੀਆਂ ਪਸੰਦ ਨਹੀਂ। ਬਹੁਤਾ ਵਧੀਆ ਤਾਂ ਨਹੀਂ ਪਰ ਚੰਗਾ ਵਿਅਕਤੀਤਵ ਹੈ।' '
***
ਸੋਚਦੀ ਸੋਚਦੀ ਧੀਰਾ ਕੁਸੈਲਾ ਜਿਹਾ ਹਾਸਾ ਹੱਸੀ ਸੀ।
'ਯਾਰੀਆਂ ਲਾਉਣ ਲਈ
ਚੁਲਬੁਲੀਆਂ ਅਮਰੀਕਣਾ
ਤੇ ਵਿਆਹ ਕਰਵਾਉਣ ਲਈ
ਸਮਝਦਾਰ ਹਿੰਦੁਸਤਾਨਣਾ।'
***
'ਉਸਦੀ ਮਾਂ ਬਸ ਇਹੋ ਕਹਿੰਦੀ ਰਹੀ ਸੀ ਵਾਰੀ-ਵਾਰੀ---'ਭਾਈ, ਫਿਕਰ ਨਾ ਕਰੋ। ਸੁਣਿਆਂ ਏ, ਅਮੀਰਕਾ ਵਿਚ ਰਿਵਾਜ਼ ਏ…ਕੁੜੀਆਂ, ਮੁੰਡਿਆਂ ਦੇ ਪਿੱਛੇ ਪਈਆਂ ਰਹਿੰਦੀਆਂ ਨੇ। ਤੇ ਨਾਲੇ ਭਾਈ ਸਾਹਬ ਤੁਹਾਡਾ ਜੀਤ ਤਾਂ ਸੁਖ ਨਾਲ ਸੋਹਣਾ, ਗਭਰੂ ਜਵਾਨ ਏਂ। ਬਸ ਜੀ ਹੁਣੇ ਜ਼ਰਾ ਡਾਂਟ ਕੇ ਖ਼ਤ ਲਿਖਦੀ ਹਾਂ। ਊਂ-ਜੀ ਜ਼ਰਾ ਲਾਪ੍ਰਵਾਹ ਏ। ਭਾਈ ਸਾਹਬ, ਤੁਹਾਡੀ ਵਾਕਫੀਅਤ ਏ ਜ਼ਰਾ ਵੀਜਾ ਆਫਿਸ ਜ਼ੋਰ ਪਾਓ ਨਾ। ਧੀਰਾ ਜਾ ਕੇ ਸਭ ਕੁਝ ਠੀਕ-ਠਾਕ ਕਰ ਲਏਗੀ। ਸਾਡਾ ਤੇ ਜੀ ਇਕੋ ਇਕ ਮੁੰਡਾ ਏ। ਪੋਤੇ-ਪੋਤੀਆਂ ਦੀ ਆਸ ਲਾਈ ਬੈਠੇ ਹਾਂ, ਅਸੀਂ ਵੀ…'
ਤੇ ਜਦੋਂ ਧੀਰਾ ਨੇ ਪੈਰੀਂ ਹੱਥ ਲਾਏ ਸਨ ਤਾਂ 'ਦੁਧੋ ਨਹਾਓ, ਸੌ ਪੁੱਤੋਂ ਫਲੋ' ਦੀ ਅਸੀਸ ਦਿੱਤੀ ਗਈ ਸੀ।…ਤੇ ਧੀਰਾ ਭਾਰਤੀ ਸੰਸਕ੍ਰਿਤੀ ਅਨੁਸਾਰ ਡਾ. ਜਸਿਕੀ ਨੂੰ ਪੁੱਤਰਾਂ ਦਾ ਮਹੱਤਵ ਦੱਸਣ ਲੱਗ ਪਈ ਸੀ।
ਤੇ ਜਵਾਬ ਵਿਚ ਡਾ. ਜਸਿਕੀ ਨੇ ਦੱਸਿਆ, 'ਧੀਰਾ, ਯਹੂਦੀਆਂ ਵਿਚ ਵੀ ਇਵੇਂ ਹੀ ਹੈ।'
***
'ਫੇਰ ਉਸ ਮਹੀਨੇ ਇਕ ਖ਼ਤ ਆਇਆ ਤੇ ਇਕ ਲੰਮੀ ਚੁੱਪ ਸਾਧ ਲਈ ਗਈ। ਆਂਢੀ-ਗੁਆਂਢੀ ਤੇ ਰਿਸ਼ਤੇਦਾਰ ਵੀ ਪੁੱਛਣ ਲੱਗ ਪਏ ਸਨ---'ਧੀਰਾ ਕਦੋਂ ਜਾ ਰਹੀ ਏਂ ਫੇਰ ? ਚਿੱਠੀ-ਚੀਰਾ ਤਾਂ ਆਉਂਦਾ ਈ ਰਹਿੰਦਾ ਹੋਏਗਾ…।'
'ਭਾ-ਜੀ, ਭਾਬੀ, ਮਾਂ, ਦਾਦੀ ਤੇ ਮੈਂ ਸਾਰੇ ਉਹੀ ਇਕ ਰਟਿਆ-ਰਟਾਇਆ ਜਵਾਬ ਦਿੰਦੇ ਸਾਂ---'ਸਭ ਫਸ'ਕਲਾਸ ਏ ਜੀ, ਪਿੱਛਲੇ ਹਫ਼ਤੇ ਈ ਇਕ ਖ਼ਤ ਆਇਆ ਏ। ਬਸ ਜੀ, ਇਕ ਦੋ ਮਹੀਨਿਆਂ ਦੀ ਗੱਲ ਹੋਰ ਏ। ਸਾਡੇ ਕੋਲ ਰਹਿ ਲਏ, ਫੇਰ ਕਦੋਂ ਆਉਣੇ ਹੁੰਦੇ ਨੇ ; ਏਨੀ ਦੂਰੋਂ…ਛੇਤੀ ਕਿੱਥੇ ਆਇਆ ਜਾਂਦਾ ਏ ਜੀ ?'
***
'ਵੀਜਾ ਮਿਲ ਗਿਆ ਸੀ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਸਨ---ਨਵੇਂ-ਕੱਪੜੇ, ਸਾੜ੍ਹੀਆਂ ਦੇ ਫਾਲ, ਨਵੇਂ ਬਲਾਊਜ਼।…ਤੇ ਉਹਨਾਂ ਦਿਨਾਂ ਵਿਚ ਹੀ ਜੀਤ ਦੀ ਮਾਂ ਰੋਂਦੀ ਹੋਈ ਆ ਪਹੁੰਚੀ ਸੀ---'ਭਾਈ ਸਾਹਬ, ਲੱਗਦਾ ਏ ਉਸਦਾ ਦਿਮਾਗ਼ ਖਰਾਬ ਹੋ ਗਿਐ। ਕਹਿੰਦਾ ਏ, ਅਜੇ ਧੀਰਾ ਨੂੰ ਨਾ ਭੇਜੋ। ਮੈਂ ਏਥੇ ਇਕ ਮੁਸੀਬਤ ਵਿਚ ਫਸ ਗਿਆ ਵਾਂ…ਧੀਰਾ ਨਾਲ ਵਿਆਹ ਇਕ ਗਲਤੀ ਈ ਜਾਪਦੀ ਏ। ਮਾਂ ਉਸਨੂੰ ਨਾ ਭੇਜੀਂ ਏਥੇ…'
'ਪਹਿਲਾਂ ਸਾਰਿਆਂ ਨੂੰ ਗੁੱਸਾ ਚੜ੍ਹ ਗਿਆ ਸੀ, ਫੇਰ ਉਹ ਰੋਣ ਲੱਗ ਪਏ, ਤੇ ਫੇਰ ਇਕ ਚੁੱਪ ਵਰਤ ਗਈ ਸੀ।
'ਫੇਰ ਜੀਤ ਦੀ ਮਾਂ, ਮੇਰੀ ਮਾਂ, ਭਾਬੀ ਤੇ ਭਾਈ ਸਾਹਬ ਸਾਰਿਆਂ ਨੇ ਰਲ ਕੇ ਇਕ ਸਾਂਝਾ ਫੈਸਲਾ ਕੀਤਾ ਸੀ---'ਇੱਥੇ ਰੱਖ ਕੇ ਵੀ ਕੀ ਕਰਾਂਗੇ, ਐਵੇਂ ਲੋਕ ਗੱਲਾਂ ਬਣਾਉਣਗੇ। ਬਸ ਜਿਵੇਂ ਤਿਵੇਂ ਉੱਥੇ ਹੀ ਭੇਜ ਦੇਈਏ। ਉੱਥੇ ਪਹੁੰਚ ਕੇ ਆਪੇ ਸਭ ਠੀਕ-ਠਾਕ ਕਰ ਲਏਗੀ। ਇਹ ਕੀ ਫਤੂਰ ਹੋਇਆ ਬਈ ਆਪੇ ਵਿਆਹ ਕਰਵਾ ਗਿਆ ਏ ਤੇ ਹੁਣ ਕਹਿੰਦਾ ਏ, ਨਾ ਭੇਜੋ।'
'ਦਾਦੀ ਸਭ ਤੋਂ ਵਧ ਬੇਚੈਨ ਸੀ। 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ…ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।' ਬੁੜਬੁੜਾਉਂਦੀ ਹੋਈ ਅੰਦਰ ਬਾਹਰ ਤੁਰੀ ਫਿਰਦੀ ਸੀ। ਤੇ ਫੇਰ ਕਈ ਹੋਰ ਕਿੱਸੇ ਕਹਾਣੀਆਂ---'ਜਨੇਜਿਆਂ ਕਾ ਜਵਾਈ ਵੀ ਨਹੀਂ ਸੀ ਬੁਲਾਂਦਾ ਆਪਣੀ ਜ਼ਨਾਨੀ ਨੂੰ…ਕਿਸੇ ਮੇਮ ਦੇ ਚੱਕਰ 'ਚ ਪੈ ਗਿਆ ਸੀ। ਬਸ ਜੀ, ਉੱਥੇ ਗਈ ਤੇ ਸਭ ਠੀਕ-ਠਾਕ ਹੋ ਗਿਆ। ਤੇ ਸ਼ਰਮੇਂ ਕਾ ਜਵਾਈ, ਉਸਦਾ ਵੀ ਇਹੀ ਹਾਲ ਸੀ। ਕੁੜੀ ਉੱਥੇ ਗਈ, ਪਹਿਲਾਂ ਕੋਸ਼ਿਸ਼ ਕੀਤੀ ਗੱਲ ਸੰਭਲ ਜਾਏ। ਜਦੋਂ ਪੱਲਾ ਈ ਨਾ ਫੜਾਇਆ ਤਾਂ ਤਲਾਕ ਲੈ ਲਿਆ। ਮਕਾਨ, ਪੈਸੇ ਆਪਣੇ ਨਾਂ ਕਰਵਾ ਲਏ। ਹੁਣ ਤਾਂ ਸੁਣਿਆਂ ਏ ਦੂਜੀ ਸ਼ਾਦੀ ਵੀ ਕਰਵਾ ਲਈ ਏ। ਬਸ ਜੀ, ਹਿੰਮਤ ਦੀ ਲੋੜ ਏ, ਥੋੜਾ ਸਬਰ ਚਾਹੀਦਾ ਏ…ਸਭ ਠੀਕ-ਠਾਕ ਹੋ ਜਾਊ।'
***
'ਸੋਮਵਾਰ ਦੇ ਵਰਤ ਰੱਖ ਧੀਰਾ। ਸ਼ਿਵ ਲਿੰਗ 'ਤੇ ਜਲ ਚੜ੍ਹਾਇਆ ਕਰ। ਪੂਰਨਮਾਸ਼ੀ ਦਾ ਵਰਤ ਰੱਖਿਆ ਕਰ…ਸਭ ਠੀਕ-ਠਾਕ ਹੋ ਜਾਏਗਾ।'
'ਧੀਰਾ ਮੰਗਲੀਕ ਏ, ਮੂੰਗਾ ਪਵਾਓ-ਜੀ।'
ਤੇ ਧੀਰਾ ਸਾਰੇ ਵਰਤਾਂ, ਤਿਉਹਾਰਾਂ ਤੇ ਮੰਨਤਾਂ ਦਾ ਮਹੱਤਵ ਡਾ. ਜਸਿਕੀ ਨੂੰ ਸਮਝਾਉਂਦੀ ਰਹੀ ਸੀ।
***
ਹਾਲਾਤ ਉੱਤੇ ਕਾਬੂ ਪਾਉਣ ਲਈ ਰੋਂਦੀ-ਸਿਸਕਦੀ ਧੀਰਾ ਨੂੰ ਇੱਥੇ ਭੇਜ ਦਿੱਤਾ ਗਿਆ ਸੀ। ਕਿੰਜ ਉਹ ਡਰੀ-ਸਹਿਮੀ ਜਿਹੀ ਮਠਿਆਈ ਦੇ ਡੱਬੇ ਤੇ ਹਾਰ ਸੰਭਾਲਦੀ ਹੋਈ ਜਹਾਜ਼ ਵਿਚ ਆ ਬੈਠੀ ਸੀ। ਪੇਟੀ ਬੰਨਣ ਲੱਗਿਆਂ ਬੜੀ ਔਖ ਹੋਈ ਸੀ, ਉਸਨੂੰ। ਨਾਲ ਸਫ਼ਰ ਕਰ ਰਹੇ ਗੁਜਰਾਤੀ ਪਰਿਵਾਰ ਨੇ ਖਾਸੀ ਤਸੱਲੀ ਦਿੱਤੀ ਸੀ। ਕਾਲੇਜ ਵਿਚ ਮੁੰਡਿਆਂ ਨੂੰ ਪੜ੍ਹਾਉਣ ਵਾਲੀ ਧੀਰਾ ਯਕਦਮ ਹੀ ਬੜੀ ਲਾਚਾਰ ਜਿਹੀ ਹੋ ਗਈ ਸੀ, ਨਿਊਯਾਰਕ ਏਅਰਪੋਰਟ ਉੱਤੇ ਬਿਨਾਂ ਕਿਸੇ ਕੁਲੀ ਤੋਂ ਵੱਡੇ-ਵੱਡੇ ਬਕਸੇ ਸਾਂਭਣ ਵਿਚ ਬੜੀ ਔਖ ਹੋਈ ਸੀ। ਕਸਟਮ ਤੋਂ ਨਿਪਟ ਕੇ ਗੁਜਰਾਤੀ ਪਰਿਵਾਰ ਨੇ ਵਾਰ-ਵਾਰ ਅਨਾਊਂਸਮੈਂਟ ਕਰਵਾਈ ਸੀ---'ਮਿਸਟਰ ਜੀਤ, ਕਿਰਪਾ ਕਰਕੇ ਆਪਣੇ ਮਹਿਮਾਨ ਨੂੰ ਏਅਰ ਇੰਡੀਆ ਦੇ ਕਾਊਂਟਰ ਉੱਤੇ ਮਿਲ ਲੈਣ…ਮਿਸਟਰ ਜੀਤ ਕਿਰਪਾ…'
ਸ਼ਾਇਦ ਕਾਰ ਵਿਚ ਆ ਰਿਹਾ ਹੋਏ ਤੇ ਰਾਹ ਵਿਚ ਗੱਡੀ ਖਰਾਬ ਹੋ ਗਈ ਹੋਵੇ। ਕਈ ਵਾਰੀ ਸੈਕਰੇਮੈਂਟੋ ਟੈਲੀਫ਼ੋਨ ਕੀਤਾ ਗਿਆ---ਬਸ ਘੰਟੀ ਵੱਜਦੀ ਰਹੀ।
***
ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਨੇ ਉੱਥੇ ਹੀ ਧੀਰਾ ਨੂੰ ਅੱਧਮੋਈ ਕਰ ਦਿੱਤਾ ਸੀ। ਥੱਕੀ-ਹਾਰੀ ਧੀਰਾ ਨੇ ਰਾਤ ਹੋਟਲ ਵਿਚ ਕੱਟੀ…ਤੇ ਸਵੇਰੇ ਮਠਿਆਈ ਦੇ ਡੱਬੇ, ਜਾਣ-ਪਛਾਣ ਵਾਲਿਆਂ ਦੇ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਘੱਲੇ ਹੋਏ ਤੋਹਫ਼ੇ ਤੇ ਹੋਰ ਨਿੱਕੜ-ਸੁੱਕੜ ਸੰਭਾਲਦੀ ਹੋਈ ਧੀਰਾ ਸੈਕਰੇਮੈਂਟ ਜਾਣ ਵਾਲੇ ਹਵਾਈ ਜਹਾਜ਼ ਵਿਚ ਜਾ ਬੈਠੀ ਸੀ। ਬੈਗ ਵਿਚ ਤੁੰਨੇ-ਤੂੜੇ ਫੁੱਲਾਂ ਦੇ ਹਾਰਾਂ ਵਿਚੋਂ ਬੋ ਵਰਗੀ ਹਵਾੜ ਆਉਣ ਲੱਗ ਪਈ ਸੀ। ਧੀਰਾ ਨੇ ਕਈ ਵਾਰੀ ਚੂੜੇ ਦੀਆਂ ਚੂੜੀਆਂ ਗਿਣੀਆਂ---ਇਹ ਭਾਬੀ ਨੇ ਆਉਣ ਵੇਲੇ ਮੱਲੋਮੱਲੀ ਉਸਦੀ ਬਾਂਹ ਵਿਚ ਪਾ ਦਿੱਤੀਆਂ ਸਨ।
ਹਾਥੀ ਦੰਦ ਦੀਆਂ ਚੂੜੀਆਂ, ਹਾਥੀ ਵਾਂਗ ਅੜਿੰਗ ਸੁਹਾਗਨ।
***
'ਡਾਕਟਰ ਸਾਹਬ, ਉਹ ਸੈਕਰੇਮੈਂਟ ਏਅਰਪੋਰਟ 'ਤੇ ਵੀ ਨਹੀਂ ਸੀ ਆਇਆ। ਸੱਚ ਦੱਸਾਂ, ਉਸ ਦਿਨ ਮੈਂ ਏਨੀ ਡਰੀ-ਸਹਿਮੀ ਹੋਈ ਸਾਂ ਕਿ ਪਿਆਸ ਨਾਲ ਸੰਘ ਸੁੱਕ ਗਿਆ ਸੀ, ਪਰ ਮੇਰੀ ਹਿੰਮਤ ਨਹੀਂ ਸੀ ਪਈ ਕਿ ਕੋਕ ਮਸ਼ੀਨ ਵਿਚ ਪੈਸੇ ਪਾ ਕੇ ਕੋਕ ਈ ਪੀ ਲਵਾਂ। ਇਕ ਵਾਰ ਜੀਅ ਵਿਚ ਆਇਆ ਕਿ ਕਿਸੇ ਨੂੰ ਕਹਾਂ, 'ਅਹਿ ਲਓ ਪੈਸੇ, ਮੈਨੂੰ ਇਕ ਕੋਕ ਪਿਲਾ ਦਿਓ।' ਉਂਜ ਵਾਟਰ ਫਾਊਂਟੇਨ ਸੀ, ਪਰ ਡਰਦੀ ਸਾਂ ਕਿ ਗਲਤ ਚਲਾ ਕੇ ਆਪਣੇ ਸਾਰੇ ਕੱਪੜੇ ਈ ਨਾ ਭਿਉਂ ਲਵਾਂ। ਦੋ ਘੰਟੇ ਏਅਰਪੋਰਟ 'ਤੇ ਹੀ ਬੈਠੀ ਰਹੀ ਸਾਂ। ਫੇਰ ਏਅਰਪੋਰਟ ਅਥਾਰਟੀ ਦੇ ਲੋਕਾਂ ਨੇ ਰਾਏ ਦਿੱਤੀ ਸੀ---'ਤੁਹਾਡੇ ਕੋਲ ਪਤਾ ਏ, ਕੈਬ ਕਰੋ, ਘਰ ਚਲੇ ਜਾਓ।' ਉਂਜ ਅੰਗਰੇਜ਼ੀ ਸਕੂਲ ਵਿਚ ਪੜ੍ਹੀ ਸਾਂ, ਪਰ ਹੈਰਾਨੀ ਹੋਈ ਕਿ ਕਿਸੇ ਨੂੰ ਵੀ ਮੇਰੀ ਅੰਗਰੇਜ਼ੀ ਸਮਝ ਨਹੀਂ ਸੀ ਆ ਰਹੀ। ਹਰੇਕ ਗੱਲ ਦੋ-ਦੋ, ਤਿੰਨ-ਤਿੰਨ ਵਾਰੀ ਸਮਝਾਉਣੀ ਪੈਂਦੀ ਸੀ। ਕੈਬ ਵਾਲਾ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਹੀ ਉਤਾਰ ਕੇ ਤੁਰਦਾ ਹੋਇਆ। ਬਾਹਰਲਾ ਦਰਵਾਜ਼ਾ ਖੋਲ੍ਹ ਕੇ ਲਾਬੀ ਅੰਦਰ ਆ ਗਈ। ਉਹ ਅਪਾਰਟਮੈਂਟ 'ਚ ਵੀ ਨਹੀਂ ਸੀ। ਨਿਢਾਲ ਜਿਹੀ ਹੋ ਕੇ ਲਾਬੀ ਵਿਚ ਆਪਣੇ ਬਕਸੇ ਉੱਤੇ ਹੀ ਬੈਠ ਗਈ ਸਾਂ---ਬਸ, ਜਾਣ-ਆਉਣ ਵਾਲਿਆਂ ਨੂੰ ਦੇਖ-ਦੇਖ ਕੇ ਮੁਸਕਰਾਂਦੀ ਰਹੀ ਸਾਂ---ਅਣਜਾਣ ਸ਼ਹਿਰ ਦੇ ਅਜਨਬੀ ਲੋਕ…ਅਤਿ ਮੁਸ਼ਕਲ ਨਾਲ ਆਪਣੇ ਹੰਝੂ ਡੱਕੇ ਹੋਏ ਸਨ। ਤੇ ਫੇਰ ਕੋਈ ਮਿਸੇਜ ਸਲੇਵਨ ਨੂੰ ਬੁਲਾਅ ਲਿਆਇਆ ਸੀ।
'ਤਾਂ ਤੁਸੀਂ ਓ ਸ਼੍ਰੀਮਤੀ ਜੀਤ ? ਮੈਨੂੰ ਤਾਂ ਇੰਜ ਲੱਗਿਆ ਸੀ ਕਿ ਉਹ ਉਸ ਸੁਨਹਿਰੇ ਵਾਲਾਂ ਵਾਲੀ ਕੁੜੀ ਨਾਲ ਈ ਵਿਆਹ ਕਰਵਾਏਗਾ…' ਤੇ ਫੇਰੇ ਮੇਰੇ ਚਿਹਰੇ ਦਾ ਹਾਵ ਭਾਵ ਦੇਖ ਕੇ ਬੋਲੀ ਸੀ, 'ਨਾ-ਨਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੋਹਣੀਏਂ। ਤੂੰ ਉਸ ਖਾਤਰ ਠੀਕ ਏਂ, ਉਸ ਕੁੜੀ ਨਾਲੋਂ ਵੱਧ ਸੁੰਦਰ ਵੀ ਏਂ।' '
***
ਮਾਂ ਦੀ ਆਖੀ ਹੋਈ ਗੱਲ ਧੀਰਾ ਦੇ ਦਿਮਾਗ਼ ਵਿਚ ਘੁੰਮ ਰਹੀ ਸੀ---'ਤੂੰ ਉਸਦੇ ਪੈਰਾਂ 'ਤੇ ਸਿਰ ਰੱਖ ਕੇ ਕਹੀਂ, ਜਿਹੋ ਜਿਹੀ ਹਾਂ ਤੇਰੀ ਹਾਂ। ਤੁਹੀਓਂ ਰੱਖ ਲੈ ਲਾਜ ਸਾਡੀ ਤੇ ਆਪਣੀ ਵੀ, ਵਿਆਹ ਤਾਂ ਤੂੰ ਮੇਰੇ ਨਾਲ ਹੀ ਕੀਤਾ ਏ ਨਾ। ਕੋਈ ਐਸਾ-ਵੈਸਾ ਹੋ ਗਿਆ ਏ ਤਾਂ ਭੁੱਲ ਜਾ, ਛੱਡ ਉਸਨੂੰ। ਪਿਓ-ਦਾਦਿਆਂ ਦੀ ਇੱਜ਼ਤ ਨਾ ਰੋਲ। ਤੂੰ ਵੀ ਖ਼ਾਨਦਾਨੀ ਏਂ, ਅਸੀਂ ਵੀ ਲੰਡੀ-ਬੁੱਚੀ ਨਹੀਂ।'
ਸੁਨਹਿਰੇ ਵਾਲਾਂ ਵਾਲੀ ਦੀਆਂ ਤਸਵੀਰਾਂ ਚੌਹੀਂ ਪਾਸੀਂ ਖਿਲਰੀਆਂ ਪਈਆਂ ਸਨ। ਚਾਹ ਦੀ ਬੜੀ ਇੱਛਾ ਸੀ, ਪਰ ਉਹ ਕੁਕਿੰਗ ਰੇਂਜ ਨਹੀਂ ਸੀ ਬਾਲ ਸਕੀ। ਸੀਖਾਂ ਦੀ ਡੱਬੀ ਹੀ ਕਿਤੇ ਨਹੀਂ ਸੀ ਲੱਭੀ। ਅਚਾਨਕ ਭੁੱਖ ਦਾ ਅਹਿਸਾਸ ਹੋਇਆ ਸੀ। ਫਰਿਜ਼ ਵਿਚ ਦੇਖਿਆ। ਦੋ ਗਲੇ ਹੋਏ ਟਮਾਟਰ, ਇਕ ਪਿਆਜ ਤੇ ਕੁਝ ਬੀਅਰ ਦੀਆਂ ਬੋਤਲਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਅਖ਼ੀਰ ਨਾਲ ਲਿਆਂਦੀ ਮਠਿਆਈ ਦੇ ਡੱਬੇ ਵਿਚੋਂ ਕਲਾਕੰਦ ਕੱਢ ਕੇ ਖਾਧੀ ਸੀ। ਅੱਜ ਵੀ ਸਾਰੀਆਂ ਗੱਲਾਂ ਓਵੇਂ ਦੀ ਜਿਵੇਂ ਯਾਦ ਨੇ---ਮੋਤੀਚੂਰ ਦੇ ਲੱਡੂਆਂ ਦੇ ਕਈ ਡੱਬੇ ਉਸਦੇ ਘਰ ਵਾਲਿਆਂ ਨੇ ਉਸਨੂੰ ਭੇਜੇ ਸਨ---ਜੀਤ ਨੂੰ ਬੜੇ ਪਸੰਦ ਸੀ।
***
ਉਹ ਹੱਸ ਪਈ ਸੀ, ਲੱਡੂ ਵੀ ਭਲਾ ਕੋਈ ਖਾਣ ਵਾਲੀ ਚੀਜ਼ ਹੁੰਦੀ ਏ !
ਡਾ. ਜਸਿਕੀ ਨੇ ਪੁੱਛਿਆ, 'ਕੀ ਗੱਲ ਏ ਧੀਰਾ, ਬੜਾ ਨਿੰਮ੍ਹਾਂ-ਨਿੰਮ੍ਹਾ ਮੁਰਕਰਾ ਰਹੀ ਏਂ ?'
ਦਸਦਿਆਂ ਵੀ ਸ਼ਰਮ ਆਉਂਦੀ ਸੀ ਕਿ ਦਿਮਾਗ਼ ਵਿਚ ਮਠਿਆਈਆਂ ਘੁੰਮ ਰਹੀਆਂ ਨੇ। ਕੁਝ ਚਿਰ ਪਹਿਲਾਂ ਇਹੀ ਧੀਰਾ ਵਿਲਕ ਰਹੀ ਸੀ…ਤੇ ਹੁਣ ਮਠਿਆਈਆਂ ਨੂੰ ਯਾਦ ਕਰਕੇ ਬੱਚਿਆਂ ਵਾਂਗ ਖੁਸ਼ ਹੋ ਰਹੀ ਸੀ।
***
ਇਕ ਚੁੱਪ ਤੇ ਉਹ ਫੇਰ ਪਹਿਲੀ ਰਾਤ ਵਿਚ ਪਹੁੰਚ ਗਈ ਸੀ…ਉਹ ਸੋਫੇ ਉੱਤੇ ਬੈਠੀ-ਬੈਠੀ ਹੀ ਸੌਂ ਗਈ ਸੀ। ਅੱਧੀ ਰਾਤੇ ਜੀਤ ਆਇਆ ਸੀ, ਤੇ ਉਸਦੇ ਅੰਦਰ ਆਉਣ ਤੋਂ ਪਹਿਲਾਂ ਹੀ ਸ਼ਰਾਬ ਦੀ ਬੋ---'ਤੂੰ ਆ ਗਈ ? ਲਿਖਿਆ ਸੀ, ਤੂੰ ਨਾ ਆਵੀਂ। ਫੇਰ ਕਿਉਂ ਆਈ ਏਂ ? ਕੋਈ ਕਾਰਨ ਸੀ ਤੈਨੂੰ ਇੱਥੇ ਨਾ ਬੁਲਾਉਣ ਦਾ…।'
ਖ਼ੁਦਦਾਰ ਧੀਰਾ ਉਸਦੇ ਪੈਰਾਂ 'ਤੇ ਸਿਰ ਤਾਂ ਨਹੀਂ ਸੀ ਰੱਖ ਸਕੀ, ਪਰ ਬੱਚਿਆਂ ਵਾਂਗ ਵਿਲਕਣ ਲੱਗ ਪਈ ਸੀ। ਫੇਰ ਕਦੋਂ ਜੀਤ ਨੇ ਅਗਾਂਹ ਵਧ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਕਦੋਂ ਉਹ ਬਿਸਤਰੇ ਉੱਤੇ ਲੇਟੇ…ਉਹ ਪਲ ਅੱਜ ਵੀ ਉਸਦੇ ਤਨ ਮਨ ਵਿਚ ਸਿੰਙਰੇ ਹੋਏ ਨੇ ਤੇ ਕੁਝ ਪਲਾਂ ਵਿਚ ਹੀ ਦਿਨਾਂ ਮਹੀਨਿਆਂ ਦਾ ਰਿੱਝ ਰਿਹਾ ਲਾਵਾ ਸ਼ਾਂਤ ਹੋ ਗਿਆ ਸੀ।
***
ਫੇਰ ਸਵੇਰੇ ਜੀਤ ਨੇ ਝੰਜੋੜ ਕੇ ਉਸਨੂੰ ਜਗਾਇਆ ਸੀ, 'ਕੋਈ ਜ਼ਰੂਰੀ ਗੱਲ ਕਰਨੀ ਏ ਤੇਰੇ ਨਾਲ, ਉੱਠ।'
ਉਹ ਪਲੰਘ ਦੇ ਇਕ ਪਾਸੇ ਨੀਵੀਂ ਪਾਈ ਬੈਠਾ ਲਗਾਤਾਰ ਬੋਲਦਾ ਰਿਹਾ, 'ਕਿਸੇ ਗੱਲ ਕਰਕੇ ਹੀ ਤੈਨੂੰ ਇੱਥੇ ਆਉਣ ਤੋਂ ਰੋਕਿਆ ਸੀ। ਤੈਨੂੰ ਸੋਚਣਾ ਚਾਹੀਦਾ ਸੀ, ਏਥੇ ਆ ਕੇ ਤੂੰ ਹਾਲਾਤ ਵਧੇਰੇ ਉਲਝਾਅ ਦਿੱਤੇ ਨੇ।…
'ਮੇਰੇ ਇਕ ਅਮਰੀਕਨ ਔਰਤ ਨਾਲ ਕਈ ਸਾਲਾਂ ਦੇ ਸਬੰਧ ਨੇ। ਤੇਰੇ ਨਾਲ ਜ਼ਿਆਦਤੀ ਹੋਈ ਏ। ਮੈਂ ਸੋਚਿਆ ਸੀ, ਹਿੰਦੁਸਤਾਨ ਆਵਾਂਗਾ, ਵਿਆਹ ਕਰਵਾਉਣ ਪਿੱਛੋਂ ਸਭ ਠੀਕ ਹੋ ਜਾਏਗਾ। ਜੀਕਰ ਪਾਗਲਪੁਣੇ ਵਿਚ ਹੀ ਸਭ ਕੁਝ ਵਾਪਰ ਗਿਆ। ਪਾਗਲਪਨ ਵਿਚ ਕੀਤੇ ਗਏ ਕਤਲ ਦੀ ਵੀ ਤਾਂ ਕੋਈ ਸਜ਼ਾ ਨਹੀਂ ਹੁੰਦੀ ਨਾ…'
ਇੱਛਾ ਹੋਣ ਦੇ ਬਾਵਜੂਦ ਵੀ ਉਹ ਕਹਿ ਨਹੀਂ ਸੀ ਸਕੀ ਕਿ ਪਾਗਲਾਂ ਨੂੰ ਪਾਗਲਖਾਨੇ ਵਿਚ ਡੱਕ ਦਿੱਤਾ ਜਾਂਦਾ ਏ, ਸੜਕਾਂ ਉੱਤੇ ਖੁੱਲ੍ਹੇਆਮ ਨਹੀਂ ਛੱਡ ਦਿੱਤਾ ਜਾਂਦਾ ਕਿ ਹਰੇਕ ਆਉਂਦੇ-ਜਾਂਦੇ ਦੇ ਵੱਟੇ ਮਾਰਨ, ਹੋਰਾਂ ਨੂੰ ਦੁਖੀ ਕਰਨ।

'ਉਸ ਔਰਤ ਨਾਲ ਵਿਆਹ ਕਿਉਂ ਨਾ ਰਚਾਅ ਲਿਆ ?'
'ਕੱਟੜ ਕੈਥੋਲਿਕ ਏ ਕੰਬਖ਼ਤ। ਕੈਥੋਲਿਕ ਧਰਮ ਵਿਚ ਤਲਾਕ ਗ਼ੈਰ ਕਾਨੂੰਨੀ ਏਂ।'
' ਤੇ ਕੈਥੋਲਿਕ ਧਰਮ, ਗ਼ੈਰ ਕਾਨੂੰਨੀ ਸਬੰਧਾਂ ਦੀ ਇਜਾਜ਼ਤ ਦੇਂਦਾ ਏ ?'
'ਇਹੀ ਤਾਂ ਮੇਰੀ ਲੜਾਈ ਏ ਉਸ ਨਾਲ।…ਤੇ ਅਜਿਹੀ ਇਕ ਲੜਾਈ ਪਿੱਛੋਂ ਮੈਂ ਭਾਰਤ ਚਲਾ ਗਿਆ ਸਾਂ ਤੇ ਵਿਆਹ ਹੋ ਗਿਆ ਸੀ।'
'ਤੁਸੀਂ ਕੋਈ ਜਾਨਵਰ ਸੌ, ਜਿਹੜੇ ਮੱਲੋਮੱਲੀ ਨੂੜ ਦਿੱਤੇ ਗਏ ? ਮੰਨਿਆਂ ਹਿੰਦੁਸਤਾਨੀ ਕੁੜੀਆਂ ਤਾਂ ਗਊਆਂ ਵਾਂਗ ਨਰੜ ਦਿਤੀਆਂ ਜਾਂਦੀਆਂ ਨੇ, ਤੁਸੀਂ ਤਾਂ ਮਰਦ ਸੌ।'
ਉਹ ਆਪ ਮੁਹਾਰਾ ਹੀ ਬੋਲਦਾ ਰਿਹਾ, 'ਧਰਮ ਦੀ ਅੜਚਣ, ਉਹ ਤਲਾਕ ਨਹੀਂ ਲੈ ਸਕਦੀ, ਤੇ ਅਸੀਂ ਇਕ ਦੂਜੇ ਬਿਨਾਂ ਰਹਿ ਵੀ ਨਹੀਂ ਸਕਦੇ। ਉਸਦੇ ਪਤੀ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ ਏ। ਨਾਲੇ ਤਿੰਨ ਬੱਚੇ ਵੀ ਨੇ ਉਸਦੇ। ਸਾਡੇ ਦੁਖੜੇ ਕੌਣ ਵਿਹੰਦਾ ਏ ?'
'ਤੇ ਮੇਰੇ ਦੁਖੜੇ ਕੌਣ ਵਿਹੰਦਾ ਏ ?'
'ਤੇਰੇ ਨਾਲ ਵਿਆਹ ਕਰਾ ਕੇ ਚਿੱਤ ਨੂੰ ਬੜਾ ਹੌਸਲਾ ਹੋਇਆ ਸੀ। ਇੱਥੇ ਆ ਕੇ ਉਸਨੂੰ ਫ਼ੋਨ ਵੀ ਨਹੀਂ ਕੀਤਾ। ਫੇਰ ਜਦੋਂ ਆਫ਼ਿਸ ਵਿਚ ਮਿਲੀ, ਪੁਰਾਣੀਆਂ ਗੱਲਾਂ ਚਾਣਚੱਕ ਸਾਹਮਣੇ ਆ ਖਲੋਤੀਆਂ। ਮੈਂ ਉਸਨੂੰ ਬਾਰਾਂ ਸਾਲਾਂ ਦਾ ਜਾਣਦਾ ਹਾਂ। ਉਹ ਮੇਰੇ ਲੂੰ-ਲੂੰ ਵਿਚ ਵੱਸੀ ਹੋਈ ਏ। ਅਸੀਂ ਇਕ ਦੂਜੇ ਦੇ ਬਿਨਾਂ ਅਧੂਰੇ ਆਂ। ਸਾਡੇ ਲਈ ਅੱਗੇ ਕਿਹੜਾ ਆਸਾਨ ਸੀ, ਬਗ਼ੈਰ ਸ਼ਾਦੀ ਤੋਂ ਇਹ ਰਿਸ਼ਤਾ ਨਿਭਾਉਣਾ ?...ਤੇ ਹੁਣ ਤੂੰ ਆ ਗਈ ਏਂ।'
'ਮੈਂ ਆ ਗਈ ਆਂ…ਕਿਉਂ ਤੁਸੀਂ ਮੇਰੇ ਨਾਲ ਵਿਆਹ ਨਹੀਂ ਸੀ ਕਰਵਾਇਆ ?...ਆਪੇ ਹੀ ਸਾਡੇ ਘਰ ਆਏ ਸੌ।…ਤੇ ਉਹ ਹਰ ਵੇਲੇ ਦੀ 'ਧੀਰਾ-ਧੀਰਾ'। ਉਹ ਪਿਆਰ…ਕੀ ਸਭ ਦਿਖਾਵਾ ਸੀ ? ਨਾਟਕ ਸੀ ? ਤੇ-ਤੇ ਤੁਹਾਡੇ ਨਾਟਕ ਦੀ ਕੀਮਤ ਮੈਨੂੰ ਤੇ ਮੇਰੇ ਘਰ ਵਾਲਿਆਂ ਨੂੰ ਚੁਕਾਣੀ ਪਏਗੀ ਹੁਣ ?'
'ਤੂੰ ਏਥੇ ਈ ਰਹਿ ਬਈ ਏਸ ਅਪਾਰਟਮੈਂਟ ਵਿਚ। ਅਗਾਂਹ ਪੜ੍ਹ-ਪੁੜ੍ਹ ਲੈ, ਹੋਰ, ਫੀਸਾਂ ਮੈਂ ਦੇ ਦਿਆ ਕਰਾਂਗਾ। ਤੂੰ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਅ।…ਤੇ ਫੇਰ ਸ਼ਾਇਦ ਤੈਨੂੰ ਕੋਈ ਹੋਰ ਮਰਦ ਜਚ ਜਾਏ, ਏਥੇ ਈ।'
ਇੰਜ ਲੱਗਿਆ ਸੀ ਜਿਵੇਂ ਉਬਲਦਾ ਹੋਇਆ ਤੇਲ ਕੰਨਾਂ ਵਿਚ ਪਾ ਦਿੱਤਾ ਹੋਏ, ਕਿਸੇ ਨੇ---ਬਸ, ਸਿਲ-ਪੱਥਰ ਹੋਈ ਬੈਠੀ ਰਹੀ।
***
ਸੁੱਧ ਆਈ ਤਾਂ ਸੋਚਿਆ, 'ਜ਼ਿਆਦਾ ਪਿਆਰ ਕਰਾਂਗੀ ਤਾਂ ਸ਼ਾਇਦ ਸੰਭਲ ਹੀ ਜਾਏਗਾ। ਕੀ ਨਹੀਂ ਮੇਰੇ ਕੋਲ, ਜੋ ਉਸ ਕੋਲ ਹੈ। ਗੰਧਾਰੀ ਧਿਰਤਰਾਸ਼ਟਰ ਖਾਤਰ ਅੰਨ੍ਹੀ ਬਣੀ ਰਹੀ ਸੀ। ਸਾਵਿੱਤਰੀ ਨੇ ਸਤਯਵਾਨ ਨੂੰ ਯਮ ਕੋਲੋਂ ਮੁੜਵਾ ਲਿਆਂਦਾ ਸੀ। ਕੀ ਮੈਂ ਜੀਤ ਨੂੰ ਮਾਰੀਆ ਦੇ ਪੰਜੇ 'ਚੋਂ ਨਹੀਂ ਛੁਡਾਅ ਸਕਦੀ ?'
ਡਾ. ਜਸਿਕੀ ਉਸਦੇ ਮੂੰਹੋਂ ਗੰਧਾਰੀ, ਸਾਵਿੱਤਰੀ ਦੇ ਕਿੱਸੇ ਸੁਣ ਕੇ ਖਿਝ ਗਏ ਸਨ, 'ਧੀਰਾ, ਛੱਡ ਏਨ੍ਹਾਂ ਗੱਲਾਂ ਨੂੰ ਉਸਦੀ ਜ਼ਿੰਦਗੀ ਵਿਚ ਕੋਈ ਹੋਰ ਆ ਗਿਆ ਏ। ਤੁਹਾਡਾ ਸਤਯਵਾਨ ਵਾਪਸ ਆਉਣਾ ਚਾਹੁੰਦਾ ਸੀ---ਪਰ ਜੀਤ ਨਹੀਂ। ਤੇ ਧਿਰਤਰਾਸ਼ਟਰ ਅੰਨ੍ਹਾਂ ਸੀ---ਸਾਰਿਆਂ ਵਾਸਤੇ, ਨਾ ਕਿ ਸਿਰਫ ਗੰਧਾਰੀ ਵਾਸਤੇ।'
ਡਾ. ਜਸਿਕੀ ਉਸਦੀਆਂ ਗੱਲਾਂ ਨੂੰ ਰੂੜੀਵਾਦੀ ਮੰਨ ਕੇ ਸ਼ਾਇਦ ਉਸਨੂੰ ਪਾਗਲ ਹੀ ਸਮਝ ਬੈਠੇ ਸੀ, ਉਹ ਹਿਰਖ ਗਏ ਸਨ, 'ਤੂੰ ਪੜ੍ਹੀ-ਲਿਖੀ ਏਂ, ਸਮਝਦਾਰ ਏਂ, ਪਰ ਤੇਰੀਆਂ ਸਾਵਿੱਤਰੀ-ਸਤਯਵਾਨ ਦੀਆਂ ਕਹਾਣੀਆਂ ਵਿਚ ਸੱਚਾਈ ਕੀ ਏ…ਸਿਰਫ ਬਕਵਾਸ ਏ…ਬਾਸੀ। ਸਮਝਾਦਰ ਬਣ…ਹਕੀਕਤ ਨੂੰ ਮੰਨ ; ਮੰਨ ਲੈ।'
***
ਇਸ ਵਾਰ ਧੀਰਾ ਆਈ ਸੀ ਤਾਂ ਡਾ. ਜਸਿਕੀ ਨੇ ਸੋਚਿਆ ਸੀ ਕਿ ਧੀਰਾ ਹੁਣ ਤਕ ਗੰਧਰੀ ਤੋਂ ਬਹੁਤ ਅਗਾਂਹ ਲੰਘ ਗਈ ਏ।
***
ਧੀਰਾ ਨੇ ਆਪਣੀ ਰਾਏ ਪੇਸ਼ ਕੀਤੀ ਸੀ, 'ਕੁਝ ਦਿਨਾਂ ਵਾਸਤੇ ਆਪਾਂ ਕਿਤੇ ਬਾਹਰ ਈ ਚਲੇ ਚਲੀਏ। ਇਕ ਦੂਜੇ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਸ਼ਾਇਦ ਸਭ ਕੁਝ ਠੀਕ ਹੀ ਹੋ ਜਾਏ।'
'ਧੀਰਾ ਤੇਰਾ ਕਸੂਰ ਨਹੀਂ ਇਸ ਵਿਚ। ਮੈਂ ਉਸ ਔਰਤ ਨੂੰ ਇਕ ਬਿੰਦ ਲਈ ਵੀ ਭੁੱਲ ਨਹੀਂ ਸਕਦਾ। ਸਾਡੇ ਵਿਚਕਾਰ ਜਿਹੜੇ ਸਬੰਧ ਨੇ, ਉਹ ਏਨੇ ਵਿਸ਼ੇਸ਼ ਤੇ ਇਸ ਕਾਬਲ ਨੇ ਕਿ ਉਹਨਾਂ ਖਾਤਰ ਕੋਈ ਵੀ ਤਿਆਗ ਕੀਤਾ ਜਾ ਸਕਦਾ ਹੈ।' ਉਸਨੇ ਵਿਰੋਧ ਕੀਤਾ ਸੀ।
ਬੜੀਆਂ ਮਿੰਨਤਾਂ ਕਰਨ ਪਿੱਛੋਂ ਆਖ਼ਰ ਜੀਤ ਮੰਨ ਗਿਆ ਸੀ ਤੇ ਉਹ ਦੋਏ ਹਵਾਈ ਚਲੇ ਗਏ ਸਨ। ਦੂਜੇ ਦਿਨ ਹੀ ਜਦੋਂ ਉਹ ਬਾਥਰੂਮ ਵਿਚੋਂ ਬਾਹਰ ਨਿਕਲੀ ਸੀ, ਜੀਤ ਮਾਰੀਆ ਨਾਲ ਟੈਲੀਫ਼ੋਨ ਉੱਤੇ ਗੱਲਾਂ ਕਰ ਰਿਹਾ ਸੀ। ਸਾਰੀ ਸ਼ਰਮ-ਲਿਹਾਜ਼ ਛੱਡ ਕੇ ਧੀਰਾ ਬਿੱਫਰ ਹੀ ਗਈ ਸੀ, 'ਕੀ ਉਸਨੂੰ ਕੱਲ੍ਹ ਰਾਤ ਦਾ ਬਿਓਰਾ ਦਿੱਤਾ ਜਾ ਰਿਹਾ ਏ ਕਿ ਤੇਰੀ ਪਤਨੀ ਉਸਦੇ ਬਰਾਬਰ ਨਹੀਂ ? ਤੇ ਕੀ ਉਹ ਵੇਸਵਾ ਵੀ ਆਪਣੇ ਪਤੀ ਨਾਲੋਂ ਉਠ ਕੇ ਇੰਜ ਹੀ ਤੇਰੇ ਨਾਲ ਨੋਟਿਸ ਕੰਪੇਅਰ ਕਰਦੀ ਏ…' ਜੀਤ ਨੇ ਤਾੜ-ਤਾੜ ਕਈ ਚਪੇੜਾਂ ਜੜ ਦਿੱਤੀਆਂ ਸਨ। ਬਚਪਨ ਵਿਚ ਧੀਰਾ ਨੂੰ ਸਿਰਫ ਇਕੋ ਵਾਰੀ ਮਾਰ ਪਈ ਸੀ। ਪਲੀਜ਼-ਪਲੀਜ਼ ਕਹਿਣ ਵਾਲੀ ਧੀਰਾ, ਪਾਗਲ ਜਿਹੀ ਹੋ ਗਈ। ਲੈਂਪ, ਕੱਪੜੇ, ਸੂਟਕੇਸ ਤੇ ਪਤਾ ਨਹੀਂ ਕੀ ਕੀ ਫ਼ਰਸ਼ ਉੱਤੇ ਵਗਾਹ ਮਾਰਿਆ ਸੀ ਉਸਨੇ, ਤੇ ਫੇਰ ਰੋਂਦੀ-ਪਿੱਟਦੀ ਆਪ ਵੀ ਫ਼ਰਸ਼ ਉੱਤੇ ਢੈਅ ਪਈ ਸੀ।
ਉਹ ਦੋ ਦਿਨ ਪਿੱਛੋਂ ਹੀ ਸੈਕਰੇਮੈਂਟ ਵਾਪਸ ਆ ਗਏ ਸਨ।
***
ਕਈ ਵਾਰੀ ਧੀਰਾ ਨੇ ਆਪਣੇ ਆਪ ਨੂੰ ਸਮਝਾਇਆ ਸੀ, 'ਮੈਂ ਇਕਾਗਰ ਚਿੱਤ ਹੋ ਕੇ ਪੂਜਾ-ਪਾਠ ਕਰਾਂਗੀ ਤਾਂ ਸਭ ਠੀਕ-ਠਾਕ ਹੋ ਜਾਏਗਾ। ਸੋਮਵਾਰ ਦੇ ਵਰਤ ਰਖਾਂਗੀ ਤਾਂ ਸਭ ਕੁਝ ਠੀਕ-ਠਾਕ ਹੋ ਜਾਏਗਾ। ਪੰਡਤਾਂ, ਜੋਤਸ਼ੀਆਂ, ਵਗ਼ੈਰਾ-ਵਗ਼ੈਰਾ---ਕਿੱਥੇ-ਕਿੱਥੇ ਨਹੀਂ ਸੀ ਭਟਕਦੀ ਰਹੀ ਉਹ। ਇਕ ਅਮਰੀਕਨ ਔਰਤ ਉਸਨੂੰ ਇਕ ਲੇਡੀ ਮਨੋਚਕਿਤਸਕ ਕੋਲ ਲੈ ਗਈ ਸੀ। ਉਹ ਦਿਨ ਯਾਦ ਕਰਕੇ ਅੱਜ ਵੀ ਡਰ ਲੱਗਦਾ ਏ। ਉਸ ਹਨੇਰੇ, ਗੁਫ਼ਾ ਵਰਗੇ ਕਮਰੇ ਵਿਚ ਚੌਹੀਂ ਪਾਸੀਂ ਬਿੱਲੀਆਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਕਮਰੇ ਵਿਚ ਬੜੀ ਮੱਧਮ ਰੌਸ਼ਨੀ ਸੀ। ਇੰਜ ਮਹਿਸੂਸ ਹੋਇਆ ਸੀ ਕਿ ਉਹ ਬਿੱਲੀਆਂ ਚਾਣਚੱਕ ਹੀ ਉਸਨੂੰ ਚੀਰ-ਪਾੜ ਸੁੱਟਣਗੀਆਂ।…ਤੇ ਫੇਰ ਉਹਨਾਂ ਬਿੱਲੀਆਂ ਦੀਆਂ ਅੱਖਾਂ ਉਸਨੂੰ ਮਾਰੀਆ ਦੀਆਂ ਅੱਖਾਂ ਵਰਗੀਆਂ ਲੱਗੀਆਂ ਸਨ।
ਲੇਡੀ ਮਨੋਚਕਿਤਸਕ ਦੀ ਆਵਾਜ਼ ਸੁਣ ਕੇ ਉਸਦਾ ਤ੍ਰਾਹ ਨਿਕਲ ਗਿਆ ਸੀ---'ਉਸਦਾ ਕੋਈ ਕੱਪੜਾ ਲਿਆਈ ਏਂ ?' ਉਸਨੇ ਡਰ ਨਾਲ ਕੰਬਦੇ ਹੱਥਾਂ ਨਾਲ ਜੀਤ ਦਾ ਸਵੈਟਰ ਉਸਨੂੰ ਫੜਾ ਦਿੱਤਾ ਸੀ। ਕਈ ਪਲ ਉਹ ਜੀਤ ਦੇ ਸਵੈਟਰ ਨੂੰ ਹੱਥਾਂ ਵਿਚ ਫੜ ਕੇ ਅੱਖਾਂ ਬੰਦ ਕਰੀ ਬੈਠੀ ਰਹੀ ਸੀ। ਤੇ ਫੇਰ ਬੋਲੀ ਸੀ---'ਮੈਂ ਕੁਝ ਦੇਖ ਰਹੀ ਹਾਂ। ਅੱਗ ਹੀ ਅੱਗ। ਬਲਦੇ ਹੋਏ ਮਕਾਨ ਤੇ ਢੈਂਦੀਆਂ ਹੋਈਆਂ ਦੀਵਾਰਾਂ ; ਤੇ ਤੂੰ ਉਹਨਾਂ ਹੇਠ ਦਬਦੀ ਪਈ ਏਂ। ਫੇਰ ਨਾ ਆਖੀਂ ਕਿ ਲਾਰਵਨ ਨੇ ਦੱਸਿਆ ਨਹੀਂ, ਤੋੜ ਦੇ ਏਸ ਸਬੰਧ ਨੂੰ ਤੋੜ ਦੇ ! ਪਰ ਡਰ ਨਾ, ਇਕ ਬੜਾ ਪਿਆਰਾ ਮਰਦ ਚਿਹਰਾ ਵੀ ਹੈ---ਅੱਗ ਵਿਚੋਂ ਤੈਨੂੰ ਸਹਾਰਾ ਦੇ ਕੇ ਬਾਹਰ ਕੱਢ ਰਿਹੈ…ਤੈਨੂੰ ਤੱਸਲੀ ਦੇਂਦਾ ਹੋਇਆ।'
ਸ਼ਾਇਦ ਵੱਡੇ ਭਾ-ਜੀ ਹੋਣ।
ਉੱਥੋਂ ਵਾਪਸ ਆਈ ਤਾਂ ਕਾਫੀ ਡਰ ਗਈ ਸਾਂ। ਪਰ ਸਮਝ ਨਹੀਂ ਸੀ ਆ ਰਹੀ ਕਿ ਡਰ ਉਸਦਾ ਸੀ ਜਾਂ ਬਲਦੇ ਹੋਏ ਮਕਾਨ ਦਾ ?
ਉਸ ਪਿੱਛੋਂ ਕਈ ਦਿਨਾਂ ਤਕ ਰਾਤ ਨੂੰ ਬਿੱਲੀਆਂ ਦੇ ਸੁਪਨੇ ਆਉਂਦੇ ਰਹੇ ਸਨ।
***
ਕਈ ਵਾਰੀ ਆਪਣੇ ਆਪ ਨੂੰ ਸਮਝਾਇਆ ਸੀ ਤੇ ਕਈ ਵਾਰੀ ਦਿਲ ਛੱਡ ਬੈਠੀ ਸਾਂ। ਕਈ ਵਾਰ ਨੰਬਰ ਮਿਲਾਉਣ ਪਿੱਛੋਂ ਫ਼ੋਨ ਮਿਲਿਆ ਤਾਂ ਦੂਜੇ ਪਾਸੇ ਕਿਸੇ ਨੇ ਬਿਨਾਂ ਗੱਲ ਕੀਤਿਆਂ ਹੀ ਫ਼ੋਨ ਰੱਖ ਦਿੱਤਾ ਸੀ। ਉਹ ਜੀਤ ਉੱਤੇ ਹਿਰਖ ਗਈ ਸੀ, 'ਆਪਣੀ ਰਖੈਲ ਨੂੰ ਕਹੋ, ਫ਼ੋਨ ਉੱਤੇ ਜਵਾਬ ਦਿੱਤਾ ਕਰੇ, ਕੋਈ ਮੈਨਰ ਸਿੱਖੇ…' ਤੇ ਉਹ ਆਪ ਮੈਨਰ ਭੁੱਲਦੀ ਜਾ ਰਹੀ ਸੀ। ਜੀਤ ਰਾਤੀਂ ਕਾਫੀ ਲੇਟ ਆਇਆ ਤਾਂ ਉਹ ਭੜਕ ਉਠੀ। ਪਾਗਲਪਨ ਵਿਚ ਉਸਨੇ ਚੂੜੀਆਂ, ਪਲੇਟਾਂ ਤੇ ਪਤਾ ਨਹੀਂ ਹੋਰ ਕੀ ਕੁਝ ਤੋੜ ਦਿੱਤਾ ਸੀ। ਜੀਤ ਨੂੰ ਸਜ-ਧਜ ਕੇ ਜਾਂਦਿਆਂ ਦੇਖ ਕੇ ਬੂਹਾ ਰੋਕ ਕੇ ਖੜ੍ਹੀ ਹੋ ਗਈ ਸੀ। ਉਸਨੇ ਖਿਝ ਕੇ ਪਰ੍ਹਾਂ ਕਰ ਦਿੱਤਾ ਸੀ ਤਾਂ ਕੰਧ ਨਾਲ ਟੱਕਰਾਂ ਮਾਰਨ ਲੱਗ ਪਈ ਸੀ ਤੇ ਫੇਰ ਚੂੜੀਆਂ ਤੇ ਪਲੇਟਾਂ ਦੀਆਂ ਕੈਂਕਰਾਂ-ਟੁੱਕੜੇ ਚੁੱਕਦੀ ਹੋਈ ਆਪ ਹੀ ਲਹੂ-ਲੁਹਾਨ ਹੋ ਗਈ ਸੀ। ਪਤਾ ਨਹੀਂ ਕਿੰਨੀਆਂ ਰਾਤਾਂ ਏਸ ਅਜਨਬੀ ਸ਼ਹਿਰ ਵਿਚ ਰੋਂਦਿਆਂ ਲੰਘ ਗਈਆਂ ਸਨ।
***
'ਮੈਂ ਤੈਨੂੰ ਕਦੋਂ ਰੋਕਿਆ ਏ ? ਤੂੰ ਵੀ ਬਾਹਰ ਜਾਹ। ਡੇਟਿੰਗ ਕਰ।'
ਧੀਰਾ ਚਿਣਕ ਕੇ ਬੋਲੀ, 'ਤੂੰ ਤੇ ਸ਼ਰਮ-ਲਿਹਾਜ਼ ਸਭ ਘੋਲ ਕੇ ਪੀਤੀ ਬੈਠੈਂ। ਮੈਂ ਹੁਣ ਪਤੀ ਦੇ ਹੁੰਦਿਆਂ ਬੁਆਏ-ਫਰੈਂਡ ਲੱਭਣ ਜਾਵਾਂ ?'
ਤੇ ਉਸ ਨੇ ਕਿਹਾ ਸੀ, 'ਤਾਂ ਤੇ ਹੋਰ ਵੀ ਜ਼ਰੂਰੀ ਏ, ਆਪਾਂ ਤਲਾਕ ਲੈ ਲਈਏ।'
***
ਭਾ-ਜੀ ਦੇ ਦੋਸਤ ਦਾ ਫ਼ੋਟ ਸ਼ਿਕਾਗੋ ਤੋਂ ਆਇਆ ਸੀ ਤੇ ਉਹ ਸਿਸਕਦੀ ਰਹੀ ਸੀ। 'ਤੂੰ ਸਮਝਦਾਰੀ ਤੋਂ ਕੰਮ ਲੈ ਧੀਰਾ,' ਉਹਨਾਂ ਦੀ ਪਤਨੀ ਨੇ ਕਿਹਾ ਸੀ, 'ਮਾੜੀ-ਮੋਟੀ ਬੇਸ਼ਰਮੀ ਧਾਰ ਲੈ। ਇਹ ਵੀ ਅਮਰੀਕੀ ਔਰਤਾਂ ਦੇ ਤਿਤਲੀਪੁਣੇ ਉੱਤੇ ਮਰਦੇ ਨੇ। ਨਹੀਂ ਤਾਂ ਕੀ ਹੈ ਇਹਨਾਂ ਚਿੱਟੀ-ਚਮੜੀ ਵਾਲੀਆਂ ਕੋਲ ? ਕੁਝ ਨਾਈਟੀਜ਼ ਖਰੀਦ ਲੈ ਤੇ…'
ਤੇ ਇਕ ਰਾਤ ਨਾਈਟੀ ਪਾ ਕੇ ਉਸਦਾ ਇੰਤਜ਼ਾਰ ਕਰਿਦਆਂ ਹੋਇਆਂ, ਉਸਨੇ ਸੱਚਮੁੱਚ ਆਪਣੇ ਆਪ ਨੂੰ ਵੇਸਵਾ ਮਹਿਸੂਸ ਕੀਤਾ ਸੀ।
ਉਹ ਕਾਫੀ ਰਾਤ ਗਏ ਨਸ਼ੇ ਵਿਚ ਗੁੱਟ ਹੋਇਆ ਆਇਆ ਸੀ।
ਤੇ ਉਹ ਕਈ ਹਫ਼ਤਿਆਂ ਤਕ ਬਿਮਾਰ ਪਈ ਰਹੀ ਸੀ।
ਡਾ. ਜਸਿਕੀ ਨੇ ਵਾਰੀ ਵਾਰੀ ਸਮਝਾਇਆ ਸੀ, 'ਧੀਰਾ ਜਾਂ ਤਾਂ ਹਾਲਾਤ ਨਾਲ ਸਮਝੌਤਾ ਕਰ ਲੈ ਤੇ ਉਸ ਅਨੁਸਾਰ ਜੀਣਾ ਸਿੱਖ ਤੇ ਜਾਂ ਫੇਰ ਏਸ ਰਿਸ਼ਤੇ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ। ਨਵੇਂ ਦੋਤ ਬਣਾ, ਨਵੀਂ ਜ਼ਿੰਦਗੀ ਜਿਊਂ।'
ਭਾ-ਜੀ ਦੇ ਦੋਸਤ ਦੀ ਪਤਨੀ ਨੇ ਸਮਝਾਇਆ ਸੀ, 'ਇਹ ਵੀ ਇਕ ਵਾਰ ਫਸ ਗਏ ਸੀ ਇਕ ਮੇਮ ਦੇ ਚੱਕਰ ਵਿਚ। ਬੇਬੀ ਸਿਸਟਰ ਸੀ ਕੋਈ। ਜਦੋਂ ਪਤਾ ਲੱਗਿਆ, ਜਾ ਝਾਟਿਓਂ ਫੜੀ…ਤੇ ਉਹ ਦੁਰਗਤ ਬਣਾਈ ਕਿ ਮੁੜ ਇਹਨਾਂ ਨੂੰ ਮਿਲਣ ਦੀ ਹਿੰਮਤ ਨਹੀਂ ਪਈ ਉਸਦੀ…'
***
ਅਤੇ ਧੀਰਾ ਨੇ ਵੀ ਇਕ ਦਿਨ ਮਾਰੀਆ ਨੂੰ ਬੜੀ ਹਿੰਮਤ ਨਾਲ ਫ਼ੋਨ ਕੀਤਾ ਸੀ---'ਆਖ਼ਰ ਤੁਸੀਂ ਚਾਹੁੰਦੇ ਕੀ ਓ ? ਕਿਰਪਾ ਕਰਕੇ ਮੇਰੇ ਪਤੀ ਦਾ ਖਹਿੜਾ ਛੱਡ ਦਿਓ।'
'ਅੱਛਾ ! ਤੂੰ ਤਾਂ ਏਸ ਖੇਡ ਵਿਚ ਬੜੀ ਦੇਰ ਬਾਅਦ ਆਈ ਸੈਂ। ਇਸ ਉਲਝਣ ਨੂੰ ਨਾ ਸੁਲਝਾਅ ਸਕੇਂ ਤਾਂ ਤੇਰਾ ਕਸੂਰ ਏ।' ਉਹ 'ਹੈਂ-ਹੈਂ' ਕਰਦੀ ਰਹਿ ਗਈ ਸੀ ਤੇ ਉਸ ਅਮਰੀਕਨ ਨੇ ਫ਼ੋਨ ਰੱਖ ਦਿੱਤਾ ਸੀ। ਧੀਰਾ ਦੇ ਦਿਮਾਗ਼ ਵਿਚ ਵਾਰੀ-ਵਾਰੀ ਉਹੀ ਗੱਲ ਗੂੰਜਦੀ ਰਹੀ ਸੀ---'ਜੇ ਨਾ ਸੁਲਝਾਅ ਸਕੇਂ ਤਾਂ ਤੇਰਾ ਕਸੂਰ ਏ…ਜੇ ਨਾ ਸੁਲਝਾਅ ਸਕੇਂ ਤਾਂ ਤੇਰਾ ਕਸੂਰ ਏ।'
***
ਡਾ. ਜਸਿਕੀ ਨੇ ਰਾਏ ਦਿੱਤੀ ਸੀ, 'ਤੂੰ ਵਾਪਸ ਹਿੰਦੁਸਤਾਨ ਕਿਉਂ ਨਹੀਂ ਚਲੀ ਜਾਂਦੀ ?'
ਭਾ-ਜੀ ਦਾ ਖ਼ਤ ਆਇਆ ਸੀ---'ਉਂਜ ਤਾਂ ਧੀਰਾ ਤੂੰ ਆਪ ਈ ਸਮਝਦਾਰ ਏਂ। ਦੁਬਾਰਾ ਨੌਕਰੀ ਮਿਲਣੀ ਕਿਹੜੀ ਆਸਾਨ ਏਂ ? ਤੇ ਲੋਕ ਸਾਰੇ ਜਹਾਨ ਦੀਆਂ ਗੱਲਾਂ ਬਣਾਉਣਗੇ। ਅਸੀਂ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ। ਦੂਜੇ ਵਿਆਹ ਦੇ ਮੌਕੇ ਵੀ ਇੱਥੇ ਕਿੰਨੇ ਕੁ ਨੇ ਭਲਾ ? ਤੇ ਨਾਲੇ ਹੁਣ ਕੁਝ ਸਾਲਾਂ 'ਚ ਹੀ ਮੀਨਾ ਵਿਆਹੁਣ ਯੋਗ ਹੋ ਜਾਏਗੀ। ਤੂੰ ਖ਼ੁਦ ਸਮਝਦਾਰ ਏਂ, ਬਹੁਤਾ ਕੀ ਲਿਖਾਂ ? ਆਪਣ ਕੈਰੀਅਰ ਉੱਥੇ ਹੀ ਬਣਾ ਲੈ ਤੇ ਕੁਛ ਅਰਸੇ ਵਿਚ ਕੋਈ ਚੰਗਾ ਮੁੰਡਾ ਵੀ ਸ਼ਾਇਦ ਤੈਨੂੰ ਮਿਲ ਹੀ ਜਾਏਗਾ।'
ਜਿਸ ਵਿਆਹ ਵਿਚ ਧੀਰਾ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ; ਜਿਸ ਤਲਾਕ ਵਿਚ ਉਸਦੀ ਆਪਣੀ ਕੋਈ ਮਰਜ਼ੀ ਨਹੀਂ ਹੋਏਗੀ---ਉਹੀ ਮੀਨਾ ਦੇ ਵਿਆਹ ਵਿਚ ਰੁਕਾਵਟ ਬਣ ਜਾਏਗਾ ! 'ਕੀ ਕਸੂਰ ਏ ਮੇਰਾ ?'
***
ਮਾਂ ਦਾ ਖ਼ਤ ਵੱਖਰਾ ਆਇਆ ਸੀ ਤੇ ਦਾਦੀ ਦਾ ਵੱਖਰਾ। ਉਹ ਸਾਰਿਆਂ ਨਾਲੋਂ ਵਧੇਰੇ ਹਿੰਮਤ ਵਾਲੀ ਲੱਗੀ---'ਕੁੜੀਏ ਤੂੰ ਆ ਜਾ ਇੱਥੇ, ਦੋਹੇਂ ਮਾਂਵਾਂ ਧੀਆਂ ਰਲ ਕੇ ਰਹਿ ਲਾਂਗੇ। ਰੁੜ੍ਹ ਜਾਣਾ ਏਂ, ਕੋਈ ਵਲੈਤ ਏ ? ਇਕ ਛੱਡੀ, ਦੂਜੀ ਵਿਆਹੀ ; ਦੂਜੀ ਛੱਡੀ, ਤੀਜੀ ਵਿਆਹੀ। ਅਸੀਂ ਕੋਈ ਕੁੜੀ ਸੁੱਟੀ ਨਹੀਂ ਸੀ। ਉਸਦੀ ਮਾਂ ਹੀ ਆਈ ਸੀ ਝੋਲੀ ਅੱਡ ਕੇ। ਮੈਂ ਤਾਂ ਕਹਿੰਦੀ ਸਾਂ, ਜਿਹੜਾ ਵਹੁਟੀ ਦੇ ਅੱਗੇ-ਪਿੱਛੇ ਫਿਰਦਾ ਏ, ਜ਼ਰੂਰ ਕੋਈ ਐਬ ਹੋਏਗਾ। ਤੂੰ ਆ ਜਾ ਕੁੜੀਏ, ਕੀ ਕਰੇਂਗੀ ਪਰਾਏ ਮੁਲਕ ਵਿਚ 'ਕੱਲਮ-'ਕੱਲੀ। ਰੱਬ ਵੀ ਨੇਕਾਂ ਨੂੰ ਤੰਗ ਕਰਦਾ ਏ। ਕੁੜੀਏ ਯਾਦ ਰੱਖ, ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ…'
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ….?
***
'ਇਕ ਬੱਚਾ ਜੰਮ ਲੈ।'
'ਕੀ ਬਦਲ ਜਾਏਗਾ ਬੱਚੇ ਨਾਲ ? ਜਿਹੜਾ ਵਿਆਹ ਨਾਲ ਨਹੀਂ ਬਦਲਿਆ, ਇੱਥੇ ਆਉਣ ਨਾਲ ਨਹੀਂ ਬਦਲਿਆ…ਬਸ ਮੈਂ ਵੱਝ ਜਾਵਾਂਗੀ, ਇਕ ਹੋਰ ਜਾਨ ਨਾਲ।'
***
ਉਹ ਕੰਪਿਊਟਰ ਦੀ ਪੜ੍ਹਾਈ ਜਾਰੀ ਨਹੀਂ ਸੀ ਰੱਖ ਸਕੀ---ਜੀਤ-ਮਾਰੀਆ ਹੀ ਦਿਲ-ਦਿਮਾਗ਼ ਉੱਤੇ ਛਾਏ ਰਹਿੰਦੇ ਸਨ।
ਡਾ. ਜਸਿਕੀ ਨੇ ਸਲਾਹ ਦਿੱਤੀ, 'ਤੂੰ ਪੜ੍ਹੀ-ਲਿਖੀ ਏਂ, ਦੂਸਰਾ ਸਾਥੀ ਲੱਭ ਲੈ। ਜਿਹਨਾਂ ਦੇ ਪਤੀ ਮਰ ਜਾਂਦੇ ਨੇ, ਉਹ ਵੀ ਤਾਂ ਸਬਰ ਕਰਦੀਆਂ ਨੇ।'
ਮੇਰਾ ਪਤੀ ਮਰਿਆ ਨਹੀ.। ਅਜੇ ਉਹ ਮੋਇਆ ਨਹੀਂ…ਉਸਨੇ ਸੋਚਿਆ ਸੀ।
***
ਇਕ ਆਦਮੀ ਕਿਸੇ ਦੂਜੇ ਦੀ ਜ਼ਿੰਦਗੀ ਨਾਲ ਕਿੰਜ ਖੇਡ ਸਕਦਾ ਹੈ ? ਉਸਨੇ ਵੇਦ-ਮੰਤਰਾਂ ਨੂੰ ਸਾਖੀ ਮੰਨ ਕੇ ਮੇਰੇ ਨਾਲ ਵਿਆਹ ਕੀਤਾ ਹੈ…ਛੱਡ ਖਹਿੜਾ ਹੁਣ ਵੇਦ-ਮੰਤਰਾਂ ਦਾ ਧੀਰਾ…।
ਜਾਂ ਇਕੱਲੀ ਰਹਿ ਜਾਂ ਕੋਈ ਹੋਰ ਸਾਥੀ ਲੱਭ…।
ਹੁਣ ਏਸ ਉਮਰ ਵਿਚ ਮੈਨੂੰ ਕੌਣ ਮਿਲੇਗਾ ? ਕੋਈ ਬੁੱਢਾ-ਪੰਛੀ ?
***
ਡਾ. ਜਸਿਕੀ ਨੇ ਪੱਛਮੀ ਮਨੋਵਿਗਿਆਨ ਦੀ ਕਸੌਟੀ ਉੱਤੇ ਉਸਦੀ ਜਾਂਚ ਕੀਤੀ ਸੀ। ਇੱਥੋਂ ਦੀਆਂ ਪ੍ਰੰਪਰਾਵਾਂ ਅਨੁਸਾਰ ਉਸਦੀ ਮਾਨਸਿਕ ਸਥਿਤੀ ਉੱਤੇ ਸੋਚ-ਵਿਚਾਰ ਕੀਤੀ ਸੀ। ਉਹ ਵਾਰ-ਵਾਰ ਉਹਨਾਂ ਉੱਤੇ ਹਿਰਖ ਜਾਂਦੀ ਸੀ।
'ਤੈਨੂੰ ਏਥੇ ਆਉਣਾ ਈ ਨਹੀਂ ਚਾਹੀਦਾ ਸੀ, ਧੀਰਾ ! ਹੁਣ ਆ ਹੀ ਗਈ ਏਂ ਤਾਂ ਆਪਣ ਹੱਕਾਂ ਖਾਤਰ ਲੜ। ਆਪਣੇ ਆਪ ਨੂੰ ਮਜ਼ਬੂਤ ਬਣਾ। ਅਸੀਂ ਹਰ ਵੇਲੇ ਸਹਿਣ-ਸ਼ੀਲਤਾ ਦਾ ਚੌਲਾ ਪਈ ਰੱਖਦੇ ਹਾਂ ਤੇ ਦਿਖਾਵਾ ਕਰਦੇ ਹਾਂ ਕਿ ਅਸੀਂ ਸਭ ਕੁਝ ਸਹਿ ਲਵਾਂਗੇ। ਜੀਤ ਨੇ ਹੋਰ ਕੁੜੀਆਂ ਵੀ ਦੇਖੀਆਂ ਹੋਣਗੀਆਂ, ਪਰ ਉਸਨੂੰ ਤੂੰ ਹੀ ਕਿਉਂ ਪਸੰਦ ਆਈ ? ਤੂੰ ਹੀ ਕਿਉਂ ਸਮਝਦਾਰ ਲੱਗੀ ? ਸੋਚਿਆ ਹੋਊ, ਤੂੰ ਸਭ ਕੁਝ ਜਰ ਲਏਂਗੀ। ਤੇ ਘਰੇ ਪਤਨੀ ਬਣੀ ਰਹੇਂਗੀ, ਤੇ ਉਹ ਬਾਹਰ ਪ੍ਰੇਮਿਕਾ ਰੱਖ ਸਕੇਗਾ। ਸਭ ਕੁਝ ਸਹਿ ਜਾਣ ਵਾਲੀ ਤੂੰ ਹੋਰ ਔਰਤ ਨਾਲ ਉਸਦੇ ਸਬੰਧਾਂ ਨੂੰ ਵੀ ਸਹਿ ਲਏਂਗੀ। ਤੂੰ ਏਨੀ ਗਰੀਬੜੀ ਜਿਹੀ ਕਿਉਂ ਬਣੀ ਬੈਠੀ ਏਂ ? ਏਨੀ ਸਹਿਣਸ਼ੀਲਤਾ ਤੇ ਨਿਮਰਤਾ ਕਿਸ ਖਾਤਰ ?'
'ਪਿਤਾ ਜੀ ਦੀ ਮੌਤ ਤੋਂ ਪਿੱਛੋਂ ਮਹਿਸੂਸ ਹੋਇਆ, ਜਿਵੇਂ ਆਪਣੀ ਜ਼ਿੰਦਗੀ ਉੱਤੇ ਮੇਰਾ ਆਪਣਾ ਕੋਈ ਹੱਕ ਨਹੀਂ। ਮੈਂ ਜਿਵੇਂ ਮਾਂ, ਭਰਾ, ਭਾਬੀ ਸਾਰਿਆਂ ਉੱਤੇ ਇਕ ਬੋਝ ਵਾਂਗ ਹਾਂ। ਭਾ-ਜੀ ਫੀਸ ਦੇ ਦੇਂਦੇ ਸਨ, ਪਰ ਕਿਤਾਬਾਂ ਕਾਪੀਆਂ ਲਈ ਪੈਸੇ ਮੰਗਦੀ ਨੂੰ ਸ਼ਰਮ ਆਉਂਦੀ ਸੀ। ਝਿਜਕਦੀ ਰਹਿੰਦੀ ਸਾਂ। ਹਮੇਸ਼ਾ ਇੰਜ ਲੱਗਦਾ, ਜੋ ਮੇਰੇ ਉੱਤੇ ਖਰਚ ਹੋ ਰਿਹਾ ਏ, ਭਰਾ-ਭਾਬੀ ਦੇ ਬੱਚਿਆਂ ਦੇ ਮੂੰਹੋਂ ਖੋਹਿਆ ਜਾ ਰਿਹਾ ਹੈ। ਆਪਣੇ ਬੋਝ ਹੋਣ ਦਾ ਅਹਿਸਾਸ ਹਮੇਸ਼ਾ ਰੜਕਦਾ ਰਹਿੰਦਾ ਸੀ। ਉਂਜ ਦੇਖਣ ਨੂੰ ਕੋਈ ਖਾਸ ਗੱਲ ਨਹੀਂ ਸੀ, ਪਰ ਕਈ ਨਿੱਕੀਆਂ ਨਿੱਕੀਆਂ ਗੱਲਾਂ ਹੋ ਹੀ ਜਾਂਦੀਆਂ ਨੇ…ਜਿਹੜੀਆਂ ਬਿਨਾਂ ਚਾਹਿਆਂ ਈ ਆਪਣੇ ਅਸਰ ਛੱਡ ਜਾਂਦੀਆਂ ਨੇ। ਪਹਿਲੀ ਤਨਖ਼ਾਹ ਵਿਚੋਂ ਮੈਂ ਢੇਰ ਸਾਰੀਆਂ ਚੀਜ਼ਾਂ ਖਰੀਦੀਆਂ ਸਨ---ਭਰਾ-ਭਾਬੀ, ਮਾਂ-ਦਾਦੀ, ਬੱਚਿਆਂ…ਸਭਨਾ ਖਾਤਰ। ਬੜੀ ਖੁਸ਼ੀ ਮਹਿਸੂਸ ਹੋਈ ਸੀ ਉਦੋਂ।'
ਡਾ. ਜਸਿਕੀ ਨੇ ਤਰਕ ਦਾ ਪੱਲਾ ਨਾ ਛੱਡਿਆ, 'ਧੀਰਾ, ਚਲੋ ਮੰਨ ਲਿਆ ਬਈ ਉੱਥੋਂ ਦੀ ਸਥਿਤੀ ਤੇਰੇ ਹੱਥ-ਵੱਸ ਨਹੀਂ ਸੀ, ਪਰ ਤੇਰੀ ਹੁਣ ਦੀ ਸਥਿਤੀ ਤੇ ਤੇਰੇ ਹੁਣ ਦੇ ਫੈਸਲਿਆਂ ਉੱਤੇ ਤਾਂ ਤੇਰਾ ਪੂਰਾ ਪੂਰਾ ਅਧਿਕਾਰ ਏ ਨਾ ? ਚਾਹੇਂ ਤਾਂ ਕੁਝ ਵੀ ਕਰ ਸਕਦੀ ਏਂ।'
ਉਹ ਡਾ. ਜਸਿਕੀ ਉੱਤੇ ਹਿਰਖ ਗਈ ਸੀ, 'ਮੇਰੀ ਸਥਿਤੀ ਤੇ ਮੇਰੇ ਫੈਸਲਿਆਂ ਉੱਤੇ ਮੇਰਾ ਏਨਾ ਹੀ ਅਧਿਕਾਰ ਏ ਨਾ, ਜਿੰਨਾ ਉਹਨਾਂ ਫਲਸਤੀਆਂ ਦਾ ਜਿਹੜੇ ਪਹਿਲਾਂ ਆਪਣੇ ਘਰਾਂ 'ਚੋਂ ਉਜਾੜ ਦਿੱਤੇ ਗਏ…ਫੇਰ ਇਕ ਸ਼ਰਨਾਰਥੀ ਕੈਂਪ 'ਚੋਂ ਦੂਜੇ ਸ਼ਰਨਾਰਥੀ ਕੈਂਪ ਵਿਚ ਹਿੱਕੇ ਜਾਂਦੇ ਰਹੇ ਤੇ ਅਖ਼ੀਰ ਕੰਧਾਂ ਨਾਲ ਲਾ ਕੇ ਗੋਲੀਆਂ ਨਾਲ ਉਡਾਅ ਦਿੱਤੇ ਗਏ ! ਕੀ ਉਹਨਾਂ ਦੀ ਮਨੋਬਿਰਤੀ ਵੀ ਅਜਿਹੀ ਹੀ ਹੈ ਕਿ ਲੋਕਾਂ ਨੂੰ ਸੱਦਾ ਦਿਓ, 'ਬਈ ਆਓ ! ਸਾਨੂੰ ਘਰੋਂ ਬੇਘਰ ਕਰ ਦਿਓ : ਤੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਗੋਲੀ ਮਾਰ ਦਿਓ, ਅਸੀਂ ਤੁਹਾਡੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਚਾਹੁੰਦੇ ਹਾਂ' ?'
'ਮੰਨਿਆਂ ਕੁਝ ਸਮਾਨਤਾਵਾਂ ਨੇ ਧੀਰਾ, ਪਰ ਘਟਨਾਵਾਂ ਨੂੰ ਨਾਟਕੀ ਬਣਾ ਦੇਣ ਦੀ ਪ੍ਰਵਿਰਤੀ ਵੀ ਤਾਂ ਹੈ ਤੇਰੇ ਵਿਚ। ਉਹਨਾਂ ਨੂੰ ਬਹੁਤ ਵੱਡਿਆਂ ਕਰਕੇ ਦੇਖਣਾ…ਪਤਾ ਨਹੀਂ ਕਿਉਂ ਤੂੰ ਆਪਣੇ ਆਪ ਨੂੰ ਹਾਰਿਆਂ ਹੋਇਆਂ ਦੀ ਕਤਾਰ ਵਿਚ ਖੜ੍ਹਾ ਕਰਕੇ ਦੇਖਦੀ ਏਂ ?'
ਤੂੰ ਜੀਤ ਨੂੰ ਕਰਾਸ ਕਰ ਸਕਦੀ ਏਂ।
ਤੂੰ ਤਲਾਕ ਉਪਰੋਂ ਲੰਘ ਸਕਦੀ ਏਂ।
***
ਤੇ ਫੇਰ ਵਕੀਲ ਨੇ ਜੀਤ ਦੇ ਬਾਸ ਨਾਲ ਗੱਲ ਕੀਤੀ ਸੀ, ਪਰ ਉਸਨੇ ਕਿਹਾ ਸੀ, 'ਉਂਜ ਤਾਂ ਮੈਨੂੰ ਇਸ ਬੇਸਹਾਰਾ ਕੁੜੀ ਉੱਤੇ ਤਰਸ ਆਉਂਦੈ, ਪਰ ਦੇਖੋ ਨਾ…ਉਸਨੇ ਮੌਕੇ-ਬੇਮੌਕੇ ਫ਼ੋਨ ਉੱਤੇ ਮਾਰੀਆ ਨੂੰ ਧਮਕੀਆਂ ਦੇ ਕੇ ਕਿੱਡਾ ਬੇ-ਅਕਲਾ ਕੰਮ ਕੀਤਾ ਏ। ਉਹ ਆਸਾਨੀ ਨਾਲ ਇਸ ਗੱਲ ਨੂੰ ਸਾਬਤ ਕਰ ਸਕਦਾ ਹੈ ਕਿ ਇਹ ਔਰਤ ਪਾਗਲ ਹੈ ਤੇ ਨਾਲ ਰੱਖਣ ਦੇ ਕਾਬਲ ਨਹੀਂ…ਤੇ ਉਸਦੀ ਮਾਰੀਆ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਅਸੀਂ ਸਾਰਿਆਂ ਨੇ ਸੁਣੀ ਏਂ। ਉਹ ਉਸਨੂੰ ਪਾਗਲ ਕਰਾਰ ਦੇ ਸਕਦੈ।
'ਪਾਗਲ ਕਰਾਰ ਦੇ ਸਕਦੈ…' ਤੇ ਧੀਰਾ ਨੂੰ ਆਪਣੇ ਸ਼ਹਿਰ ਦਾ ਪਾਗਲ ਯਾਦ ਆ ਗਿਆ ਸੀ। ਵਿਚਾਰਾ ਨੰਗ-ਧੜੰਗ, ਇਧਰ-ਉਧਰ ਭੌਂਦਾ ਫਿਰਦਾ ਸੀ। ਬੱਚੇ ਛੇੜਦੇ, 'ਪਾਗਲ ; ਪਾਗਲ ਓਇ''। ਘੂਰੀਆਂ ਵੱਟਦਾ ਤੇ ਉਹਨਾਂ ਨੂੰ ਡਰਾਉਂਦਾ ਰਹਿੰਦਾ।
ਤੇ ਫੇਰ ਜੀਤ ਆਪਣੀ ਦਸ ਸਾਲਾ ਨੌਕਰੀ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀ। ਚੈਕਿੰਗ ਅਕਾਊਂਟ ਦੋ ਤਿੰਨ ਹਜ਼ਾਰ ਡਾਲਰ, ਇਕ ਪੁਰਾਣੀ ਕਾਰ ਤੇ ਅੱਧੋਰਾਣਾ ਫਰਨੀਚਰ ਧੀਰਾ ਦੇ ਹਿੱਸੇ ਆਇਆ ਸੀ।
***
ਇਸ ਵਾਰੀ ਧੀਰਾ ਪੂਰੇ ਇਕ ਸਾਲ ਪਿੱਛੋਂ ਆਈ ਸੀ। ਉਹ 'ਕੀ-ਪੰਚਿੰਗ' ਦੀ ਨੌਕਰੀ ਤੋਂ ਅਗਾਂਹ ਨਹੀਂ ਸੀ ਵਧ ਸਕੀ। ਜੈਕ ਨਾਲ ਉਸਦੀ ਮੁਲਾਕਾਤ ਦਫ਼ਤਰ ਵਿਚ ਹੀ ਹੋਈ ਸੀ। ਉਸਦੀ ਪਤਨੀ ਉਸਨੂੰ ਛੱਡ ਕੇ ਉਸਦੇ ਕਿਸੇ ਦੋਸਤ ਨਾਲ ਨੱਸ ਗਈ ਸੀ। ਉਹ ਧੀਰਾ ਦੇ ਪਿੱਛੇ ਹੀ ਪੈ ਗਿਆ ਸੀ, 'ਮੈਂ ਤੈਨੂੰ ਤੇਰੇ ਪਤੀ ਵਾਂਗ ਦੁਖੀ ਨਹੀਂ ਕਰਾਂਗਾ। ਮੈਂ ਤੈਨੂੰ ਬੜੇ ਪਿਆਰ ਨਾਲ ਰੱਖਾਂਗਾ। ਤੱਤੀ ਵਾ ਨਹੀਂ ਲੱਗਣ ਦਿਆਂਗਾ। ਤੇਰੇ ਸਭ ਦੁੱਖ ਓਟ ਲਵਾਂਗਾ ਮੈਂ। ਤੇਰੇ ਇੱਛਾ ਹੋਏ ਤਾਂ ਏਥੇ ਹੀ ਵਿਆਹ ਕਰ ਲਈਏ, ਤੂੰ ਚਾਹੇਂ ਤਾਂ ਹਿੰਦੁਸਤਾਨ ਚਲੇ ਚੱਲੀਏ।'
ਪਹਿਲਾਂ ਕੁਝ ਮਹੀਨੇ ਧੀਰਾ ਆਪਣੇ ਆਪ ਨੂੰ ਬਚਾਉਂਦੀ ਰਹੀ ਸੀ। ਫੇਰ ਉਹ ਹਾਰ ਗਈ ਸੀ। ਸੋਚਿਆ ਸੀ, ਕਿੰਨਾ ਪਿਆਰ ਕਰਦਾ ਏ ਮੈਨੂੰ। ਸ਼ੁਰੂ ਤੋਂ ਹੀ ਡਾ. ਜਸਿਕੀ ਸਮਝਾਉਂਦੇ ਰਹੇ ਸਨ, 'ਧੀਰਾ ਕੁਝ ਸਮਾਂ ਪੈ ਲੈਣ ਦੇ…ਤੂੰ ਇਕ ਪਤੀ ਦੇ ਜਾਲ ਵਿਚੋਂ ਨਿਕਲਣ ਸਾਰ ਦੂਜਾ ਪਤੀ ਲੱਭ ਲਿਆ ਏ, ਏਨੀ ਛੇਤੀ ?'
ਤੇ ਫੇਰ ਤਾਂ ਉਸਨੇ ਡਾ. ਜਸਿਕੀ ਕੋਲ ਜਾਣਾ ਵੀ ਛੱਡ ਦਿੱਤਾ ਸੀ। ਸੋਚਿਆ ਸੀ---'ਉਹ ਬੜੀਆਂ ਘੁਣਤਰਾਂ ਕੱਢਦੇ ਨੇ, ਮੱਲੋਮੱਲੀ ਚਿੱਤ ਦੁਖੀ ਹੋ ਜਾਂਦਾ ਏ। ਨਾਲੇ ਉਲਟੇ-ਪੁਲਟੇ ਸਵਾਲ ਪੁੱਛਦੇ ਨੇ, ਤੇ ਨਾਲੇ ਫੀਸ ਵੀ ਤਾਂ ਜ਼ਿਆਦਾ ਲੈਂਦੇ ਨੇ।'
***
ਤੇ ਜਦੋਂ ਡੇਢ ਸਾਲ ਪਿੱਛੋਂ ਧੀਰਾ ਨੇ ਵਿਆਹ ਦੀ ਗੱਲ ਤੋਰੀ ਤਾਂ ਜੈਕ ਮੁੱਕਰ ਗਿਆ ਸੀ---'ਦੇਖ ਧੀਰਾ, ਬੜੇ ਵੱਡੇ ਪਾੜੇ ਨੇ…ਆਪਾਂ ਦੋਹਾਂ ਵਿਚਕਾਰ, ਭਾਸ਼ਾ, ਸੰਸਕ੍ਰਿਤੀ…ਤੇ ਹੁਣ ਤਾਂ ਮੇਰੀ ਪਿੱਛਲੀ ਪਤਨੀ ਵੀ ਮੇਰੇ ਦੋਸਤ ਨਾਲੋਂ ਵੱਖ ਰਹਿਣ ਲੱਗ ਪਈ ਏ, ਤੇ ਨਾਲੇ ਮੇਰੇ ਬੱਚੇ ! ਆਪਣੀ ਉਹ ਗੱਲ ਤਾਂ ਬਣੀ ਨਹੀਂ। ਮੈਂ ਇਕ ਗਲਤੀ ਨੂੰ ਮੁੜ ਦੁਹਰਾਉਣਾ ਨਹੀਂ ਚਾਹੁੰਦਾ। ਆਪਾਂ ਹੋਰਾਂ ਦੇ ਨਾਲ ਕਿਉਂ ਨਾ ਰਲ ਜਾਈਏ…ਮੈਂ ਤੇ ਤੂੰ !'
***
ਤੇ ਐਤਕੀਂ ਧੀਰਾ ਬੜੇ ਗੁੱਸੇ ਵਿਚ ਸੀ ਤੇ ਰੋਂਦੀ-ਕੁਰਾਉਂਦੀ ਹੋਈ ਪਹੁੰਚੀ ਸੀ।
'ਤੇਰਾ ਇਉਂ ਕਹਿਣਾ ਕਿ ਉਸਨੇ ਤੈਨੂੰ ਵਰਤਿਆ ਏ, ਠੀਕ ਨਹੀਂ। ਇਹਨਾਂ ਪਿਛਲੇ ਲਾਵਾਰਸੀ ਦੋ ਸਾਲਾਂ ਵਿਚ ਉਸਨੇ ਤੈਨੂੰ ਸਹਾਰਾ ਦਿੱਤਾ ; ਜੀਤ ਨੂੰ ਭੁੱਲ ਸਕਣ ਵਿਚ ਮਦਦ ਕੀਤੀ। ਪਤੀ ਦੁਆਰਾ ਛੱਡੀ ਧੀਰਾ ਨੂੰ ਸਹਾਰੇ ਦੀ ਲੋੜ ਸੀ ਤੇ ਪਤਨੀ ਦੁਆਰਾ ਛੱਡੇ ਹੋਏ ਜੈਕ ਨੂੰ ਕਿਸੇ ਆਸਰੇ ਦੀ। ਤੂੰ ਉਸਨੂੰ ਸੰਭਾਲਿਆ ਤੇ ਉਸਨੇ ਤੈਨੂੰ। ਤੁਹਾਨੂੰ ਦੋਹਾਂ ਨੂੰ ਇਕ ਦੂਜੇ ਦੀ ਜ਼ਰੂਰਤ ਸੀ। ਇਹ ਜ਼ਰੂਰੀ ਨਹੀਂ ਕਿ ਤੁਸੀਂ ਦੋਏ ਹੁਣ ਇਕ ਦੂਸਰੇ ਨਾਲ ਬੱਝ ਹੀ ਜਾਓ।'
'ਪਰ ਉਹ ਤੇ ਆਖਦਾ ਸੀ, ਆਪਾਂ ਵਿਆਹ ਕਰਾਂਗੇ। ਹਮੇਸ਼ਾ ਵਾਸਤੇ ਇਕ ਹੋ ਜਾਵਾਂਗੇ।'
'ਕਮਜ਼ੋਰ ਵਿਅਕਤੀ ਬੜਾ ਕੁਝ ਆਖਦਾ ਏ ਤੇ ਸ਼ਕਤੀਮਾਨ ਹੋ ਕੇ ਸਭ ਕੁਝ ਭੁੱਲ ਜਾਂਦਾ ਏ।'
'ਤੂੰ ਜੀਤ ਨੂੰ ਕਰਾਸ ਕਰ ਆਈ ਏ।
ਤੂੰ ਜੈਕ ਨੂੰ ਵੀ ਭੁੱਲ ਜਾਏਂਗੀ।'
***
'ਧੀਰਾ ਕਿੱਥੇ ਗਵਾਚੀ ਹੋਈ ਸੈਂ ?'
'ਪਤਾ ਈ ਮੈਂ ਕੀ ਸੋਚ ਰਹੀ ਸਾਂ ? ਉਹ ਟੈਲੀਵਿਜ਼ਨ ਪ੍ਰੋਗ੍ਰਾਮ ਯਾਦ ਆ ਗਿਆ ਸੀ, ਜਿਸ ਵਿਚ ਦਿਖਾਇਆ ਸੀ ਕਿ ਕੇਕੜੇ ਦੀ ਇਕ ਕਿਸਮ ਅਜਿਹੀ ਵੀ ਹੁੰਦੀ ਹੈ, ਜਿਸਦਾ ਨਰ ਹਮੇਸ਼ਾ ਕਿਸੇ ਅਜਿਹੀ ਮਾਦਾ ਦੀ ਭਾਲ ਵਿਚ ਤੁਰਦਾ-ਫਿਰਦਾ ਰਹਿੰਦਾ ਏ, ਜਿਸਦੀ ਕੁੰਜਲ ਲੱਥ ਰਹੀ ਹੋਏ। ਉਹ ਪਹਿਲਾਂ ਉਸਦੀ ਮਦਦ ਕਰਦਾ ਏ, ਉਸਨੂੰ ਹੋਰਨਾਂ ਜਾਨਵਰਾਂ ਤੋਂ ਬਚਾਉਂਦਾ ਏ। ਤੇ ਜਦੋਂ ਉਹ ਕਮਜ਼ੋਰ ਮਾਦਾ ਪੂਰੀ ਤਰ੍ਹਾਂ ਉਹ 'ਤੇ ਨਿਰਭਰ ਹੋ ਜਾਂਦੀ ਏ, ਤੇ ਆਪਣੇ ਆਪ ਨੂੰ ਸਰੱਖਿਅਤ ਮਹਿਸੂਸ ਕਰਨ ਲੱਗ ਪੈਂਦੀ ਏ ਤਾਂ ਚਾਣਚੱਕ ਹਮਾਲਾ ਕਰਕੇ ਉਹ ਉਸ ਨਾਲ ਜਬਰਦਸਤੀ ਕਰਦਾ ਹੈ ਤੇ ਜ਼ਖ਼ਮੀ-ਬੌਂਦਲੀ ਹੋਈ ਮਾਦਾ ਨੂੰ ਉੱਥੇ ਹੀ ਪਈ ਛੱਡ ਕੇ ਕਿਸੇ ਕੁੰਜਲ ਉਤਰੀ ਮਾਦਾ ਦੀ ਭਾਲ ਵਿਚ ਤੁਰ ਜਾਂਦਾ ਏ।'
ਡਾ. ਜਸਿਕੀ ਹੱਸ ਪਏ ਸਨ, 'ਇਕ ਹੋਰ ਟੀ.ਵੀ. ਪ੍ਰੋਗ੍ਰਾਮ ਵੀ ਤਾਂ ਸੀ…ਜਿਸ ਵਿਚ ਮੱਕੜੀ ਦੀ ਇਕ ਕਿਸਮ ਉਸ ਜਬਰਦਸਤੀ ਤੋਂ ਤੁਰੰਤ ਬਾਅਦ ਜਿਊਂਦੇ ਨਰ ਨੂੰ ਹੀ ਨਿਗਲ ਜਾਂਦੀ ਹੈ।'
'ਤੁਸੀਂ ਚਾਹੁੰਦੇ ਓ, ਮੈਂ ਵੀ ਮੱਕੜੀ ਬਣ ਜਾਵਾਂ ?'
'ਨਹੀਂ-ਨਹੀਂ, ਕੇਕੜੇ ਤੇ ਮੱਕੜੀਆਂ ਵਿਚਕਾਰ ਹੋ ਵੀ ਕਈ ਰਸਤੇ ਨੇ।'

ਡਿੱਗਦੇ ਹੋਏ ਦਰਖ਼ਤ :: ਲੇਖਕ : ਸ਼ਰਵਨ ਕੁਮਾਰ ਵਰਮਾ

ਉਰਦੂ ਕਹਾਣੀ : ਡਿੱਗਦੇ ਹੋਏ ਦਰਖ਼ਤ :: ਲੇਖਕ : ਸ਼ਰਵਨ ਕੁਮਾਰ ਵਰਮਾ। ਸੰਪਰਕ ਨੰਬਰ : 01832555580.
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


---------------------------------------------------------------
ਇਹ ਕਹਾਣੀ, ਧਰਤੀ ਦਾ ਸੂਰਜ ਦੇ ਅੰਕ : 60 : ਅਪ੍ਰੈਲ 2009. ਵਿਚ ਛਪੀ ਹੈ।
---------------------------------------------------------------

ਸਾਰਾ ਝਗੜਾ ਬੁੱਧ ਦੇ ਸਿਰ ਦਾ ਸੀ।

ਬੁੱਧ ਦਾ ਉਹ ਸਿਰ ਭਾਬੀ ਨੁਮਾਇਸ਼ 'ਚੋਂ ਲਿਆਈ ਸੀ। ਉਸਨੇ ਉੱਥੋਂ ਹੋਰ ਵੀ ਕਈ ਚੀਜ਼ਾਂ ਖਰੀਦੀਆਂ ਸਨ---ਕੁਝ ਸਜਾਵਟੀ ਖਿਡੌਣੇ, ਕੁਝ ਅਜਿਹੀਆਂ ਵਸਤਾਂ ਜਿਹੜੀਆਂ ਔਰਤਾਂ ਸਿਰਫ ਪੈਸੇ ਖਰਚ ਕਰਨ ਦੀ ਇੱਛਾ ਨਾਲ ਈ ਖਰੀਦ ਲੈਂਦੀਆਂ ਨੇ। ਭਾਈ ਸਾਹਬ ਨੇ ਬਿੱਲ ਦਿੱਤਾ ਤਾਂ ਦੁਕਾਨਦਾਰ ਕੋਲ ਬਕਾਇਆ ਮੋੜਨ ਲਈ ਰਕਮ ਘਟ ਗਈ। ਉਸਨੇ ਟੁੱਟੇ ਲਿਆਉਣ ਖਾਤਰ ਮੁੰਡੇ ਨੂੰ ਇਧਰ-ਉਧਰ ਦੌੜਾਇਆ। ਭਾਬੀ ਉਡੀਕ ਨਹੀਂ ਸੀ ਸਕਦੀ। ਉਸਨੂੰ ਚਾਟ ਖਾਣ ਦੀ ਕਾਹਲ ਜੋ ਸੀ। ਸੋ ਉਸਨੇ ਦੁਕਾਨਦਾਰ ਨੂੰ ਬੁੱਧ ਦਾ ਉਹ ਸਿਰ ਪੈਕ ਕਰ ਦੇਣ ਲਈ ਕਹਿ ਦਿੱਤਾ, ਜਿਸਨੂੰ ਉਹ ਪਹਿਲਾਂ ਅੱਖੋਂ-ਪਰੋਖੇ ਕਰ ਚੁੱਕੀ ਸੀ। ਹੁਣ ਇਕ ਰੁਪਈਆ ਕੁਝ ਪੈਸੇ ਇਹਨਾਂ ਵੱਲ ਵਧ ਗਏ, ਜਿਹੜੇ ਦੁਕਾਨਦਾਰ ਨੇ ਹੱਸ ਕੇ ਰਿਆਇਤ ਵਜੋਂ ਛੱਡ ਦਿੱਤੇ। ਇਹ ਸਮਝੋ ਕਿ ਉਹ ਸਿਰ ਭਾਬੀ ਨੇ ਮੁਫ਼ਤ ਵਿਚ ਹੀ ਲੈ ਆਂਦਾ।

ਘਰ ਆ ਕੇ ਇਹ ਘਟਨਾ ਭਾਬੀ ਨੇ ਬੜੇ ਮਾਣ ਨਾਲ ਸੁਣਾਈ। ਘਰ ਦੇ ਸਾਰੇ ਜੀਅ ਬੜੇ ਖੁਸ਼ ਹੋਏ। ਸਭ ਦੀ ਮੌਜੂਦਗੀ ਵਿਚ ਸਾਮਾਨ ਖੋਲ੍ਹਿਆ ਗਿਆ। ਹਰ ਚੀਜ਼ ਦੀ ਚੰਗੀ-ਚੋਖੀ ਤਾਰੀਫ਼ ਹੋਈ। ਇਹ ਫੈਸਲਾ ਵੀ ਹੋਇਆ ਕਿ ਕਿਹੜੀ ਚੀਜ਼ ਕਿੱਥੇ ਰੱਖੀ ਜਾਵੇਗੀ। ਪਰ ਬੁੱਧ ਦੇ ਉਸ ਸਿਰ ਵੱਲ ਕਿਸੇ ਨੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ। ਭਾਬੀ ਸਿਲ੍ਹੀ ਮਾਚਸ ਵਰਗੀ ਹੋ ਗਈ। ਸਫਾਈਆਂ ਦੇਣ ਲੱਗ ਪਈ :

"ਖੰਨਾ ਸਾਹਬ ਕੇ ਘਰ ਵੇਖਿਆ ਸੀ, ਸੋ ਮੈਂ ਵੀ ਲੈ ਆਈ…ਕਿਤੇ ਪਿਆ ਰਹੇਗਾ…"

"ਉਹ ਪਿੱਤਲ ਦਾ ਏ, ਖੰਨਾ ਸਾਹਬ ਕਾਠਮੰਡੂ ਤੋਂ ਲਿਆਏ ਸੀ।" ਭਾਈ ਸਾਹਬ ਨੇ ਦੱਸਿਆ, ਉਹਨਾਂ ਦੇ ਬੁੱਕ-ਸ਼ੈਲਫ਼ 'ਚ ਬੁੱਧ ਇਜ਼ਮ 'ਤੇ ਮੋਟੀ ਸਾਰੀ ਕਿਤਾਬ ਵੀ ਪਈ ਏ।"

"ਪੁਰੀ ਸਾਹਿਬ ਜਾਪਾਨ ਤੋਂ ਬਰਾਊਂਜ਼ ਦਾ ਲਿਆਏ ਸੀ।" ਮੇਰੀ ਭੈਣ ਦੀ ਸਹੇਲੀ ਸਰਲਾ ਨੇ ਦੱਸਿਆ। "ਅੱਜਕਲ੍ਹ ਉਹਨਾਂ ਦੇ ਬੇਟੇ ਦੇ ਬੈੱਡ-ਰੁਮ 'ਚ ਰੱਖਿਆ ਹੋਇਆ ਏ।"

ਸਾਰਿਆਂ ਨੇ ਉਸ ਵੱਲ ਅਜਿਹੀਆਂ ਨਜ਼ਰਾਂ ਨਾਲ ਵੇਖਿਆ ਕਿ ਵਿਚਾਰੀ ਸ਼ਰਮਾਅ ਗਈ।

ਮੇਰਾ ਧਿਆਨ ਸੜਕ 'ਤੇ ਕੰਮ ਕਰ ਰਹੇ ਮਜ਼ਦੂਰਾਂ ਵੱਲ ਸੀ। ਸੜਕ, ਡਬਲ ਕੀਤੀ ਜਾ ਰਹੀ ਸੀ। ਸਾਹਮਣੇ ਬੋਰਡ ਲੱਗਿਆ ਹੋਇਆ ਸੀ---'ਇਮਪਰੂਵਮੈਂਟ ਟਰੱਸਟ।'

'CITY BEAUTIFYING SCHEME IN PROGRESS' ਇਸ ਦਾ ਫੈਸਲਾ ਆਮ ਆਦਮੀਆਂ ਦੇ ਇਜਲਾਸ ਵਿਚ ਨਹੀਂ ਬਲਕਿ ਲਾਈਨਜ਼ ਕਲੱਬ ਤੇ ਰੋਟਰੀ ਕਲੱਬ ਦੇ ਮੈਂਬਰਾਂ ਨੇ ਕੀਤਾ ਸੀ। ਜਦੋਂ ਦਾ ਸਾਡੀ ਸਰਕਾਰ ਨੇ ਸੋਸ਼ਲਿਜ਼ਮ ਤੇ ਡੈਮੋਕਰੇਸੀ ਦਾ ਚੋਲਾ ਪਾਇਆ ਹੈ---ਸਾਰੇ ਫੈਸਲੇ ਅਜਿਹੀਆਂ ਕਲੱਬਾਂ ਤੇ ਮਜਲਿਸਾਂ ਵਿਚ ਹੀ ਹੁੰਦੇ ਨੇ।

ਸੜਕ ਉੱਤੇ ਕਿਸੇ ਦਰਖ਼ਤ ਦੇ ਡਿੱਗਣ ਦੀ ਆਵਾਜ਼ ਆਈ। ਉਹ ਸ਼ਾਇਦ ਕੋਈ ਬੜਾ ਹੀ ਸੰਘਣਾ ਤੇ ਪੁਰਾਣਾ ਦਰਖ਼ਤ ਸੀ। ਸਾਰੇ ਪੁਰਾਣੇ ਦਰਖ਼ਤ ਇਕ ਇਕ ਕਰਕੇ ਡੇਗੇ ਜਾ ਰਹੇ ਸਨ। ਦੇਰ ਤਕ ਵਾਤਾਵਰਣ ਵਿਚ ਪੱਤਿਆਂ ਦੇ ਖਿੱਲਰਣ, ਟਾਹਣੀਆਂ ਦੇ ਟੁੱਟਣ ਤੇ ਪੰਛੀਆਂ ਦੇ ਚੀਕਣ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ---ਕਮਰੇ ਵਿਚ ਯਕਦਮ ਖ਼ਾਮੋਸ਼ੀ ਛਾ ਗਈ ਸੀ। ਮੈਂ ਭੌਂ ਕੇ ਵੇਖਿਆ---ਬੁੱਧ ਦਾ ਉਹ ਸਿਰ, ਸਭ ਤੋਂ ਅਲਗ-ਥਲਗ ਇਕ ਪਾਸੇ ਲੁੜਕਿਆ ਪਿਆ ਸੀ ਤੇ ਸਾਰੇ ਜਣੇ ਚਾਹ ਪੀ ਰਹੇ ਸਨ।

ਭਾਬੀ ਦੀ ਲਿਆਂਦੀ ਹੋਈ ਹਰ ਚੀਜ਼ ਮੁਨਾਸਿਬ ਜਗ੍ਹਾ ਉੱਤੇ ਸਜਾ ਦਿੱਤੀ ਗਈ---ਰਹਿ ਗਿਆ ਉਹ ਸਿਰ, ਜਿਹੜਾ ਕਈ ਦਿਨ ਤਾਂ ਭਾਬੀ ਦੇ ਕਮਰੇ ਵਿਚ ਹੀ ਪਿਆ ਰਿਹਾ। ਉਸ ਉੱਤੇ ਧੂੜ ਜੰਮਦੀ ਰਹੀ। ਇਕ ਦਿਨ ਖੰਨਾ ਸਾਹਬ ਦੀ ਪਤਨੀ ਨੇ ਉਸਦਾ ਧਿਆਨ ਉਸ ਵੱਲ ਦਿਵਾਇਆ ਤਾਂ ਭਾਬੀ ਨੇ ਅਗਲੇ ਦਿਨ ਉਸਦੀ ਧੂੜ ਝਾੜ ਕੇ, ਲਿਆ ਕੇ, ਮੇਰੀ ਭੈਣ ਦੇ ਕਮਰੇ ਵਿਚ ਰੱਖ ਦਿੱਤਾ। ਉਸਨੇ 'ਡਾਕਟਰ ਨੋ' ਤੋਂ ਨਜ਼ਰਾਂ ਹਟਾਈਆਂ, ਇਕ ਨਜ਼ਰ ਉਸ ਵੱਲ ਦੇਖਿਆ ਤੇ ਜੇਮਜ਼ ਬਾਂਡ ਨਾਲ ਕਿੱਧਰੇ ਦੂਰ ਨਿਕਲ ਗਈ। ਜਦੋਂ ਉਸਦੀ ਸ਼ੈਲਫ਼ ਉੱਤੇ CHASE ਸੀਰੀਜ਼ ਦੀਆਂ ਕਿਤਾਬਾਂ ਵਧ ਗਈਆਂ ਤਾਂ ਉਹ ਸਿਰ ਲਿਆ ਕੇ ਉਸਨੇ ਛੋਟੀ ਭਾਬੀ ਦੇ ਕਮਰੇ ਵਿਚ ਰੱਖ ਦਿੱਤਾ। ਕੁਝ ਦਿਨ ਉਹ ਉੱਥੇ ਵੀ ਸ਼ਰਨਾਰਥੀਆਂ ਵਾਂਗ ਪਿਆ ਰਿਹਾ। ਜਦੋਂ ਛੋਟੀ ਭਾਬੀ ਕੱਚ ਦਾ ਫੁੱਲਦਾਨ ਤੇ ਪਲਾਸਟਿਕ ਦੇ ਫੁੱਲ ਲੈ ਆਈ ਤਾਂ ਉਹ 'ਸਿਰ' ਉਸਨੇ ਮਾਂ ਦੇ ਕਮਰੇ 'ਚ ਪਹੁੰਚਾ ਦਿੱਤਾ। ਮਾਂ ਪਾਠ-ਪੂਜਾ ਵਿਚ ਏਨੀ ਮਗਨ ਰਹਿੰਦੀ ਸੀ ਕਿ ਪਿਤਾ ਜੀ ਨੇ ਉਸਦਾ ਨਾਂਅ 'ਮੀਰਾ ਬਾਈ' ਰੱਖਿਆ ਹੋਇਆ ਸੀ। ਇਕ ਦਿਨ ਉਸ ਬੁੱਤ ਦੀ ਸ਼ਾਮਤ ਆਈ ਸੀ ਸ਼ਾਇਦ ਕਿ ਮਾਂ ਤੇ ਪਿਤਾ ਜੀ ਵਿਚਕਾਰ ਪੂਜਾ-ਪਾਠ ਨੂੰ ਲੈ ਕੇ ਝਗੜਾ ਹੋ ਗਿਆ। ਉਹਨਾਂ ਦਾ ਖ਼ਿਆਲ ਸੀ ਕਿ ਮਾਂ ਨੇ ਮੂਰਤੀਆਂ ਵਿਚ ਇਕ ਹੋਰ ਵਾਧਾ ਕਰ ਲਿਆ ਹੈ। ਮਾਂ ਨੇ ਪਿਤਾ ਜੀ ਨੂੰ ਚਿੜਾਉਣ ਖਾਤਰ ਉਹਨਾਂ ਦੇ ਕਾਰਡ-ਰੂਮ ਵਿਚ ਉਹ ਸਿਰ ਸਜਾ ਦਿੱਤਾ। ਦੋ ਚਾਰ ਦਿਨ ਵਿਚਾਰੇ ਨੇ ਉੱਥੇ ਈ ਇਕ ਕੋਨੇ ਵਿਚ ਬਿਤਾਏ---ਜਦੋਂ ਇਕ ਦਿਨ ਉਹ ਟੈਲੀਫ਼ੋਨ ਦੇ ਰਸੀਵਰ ਨਾਲ ਟਕਰਾਅ ਕੇ ਟੁੱਟਣੋ ਬਚਿਆ ਤਾਂ ਉਹਨਾਂ ਨੌਕਰ ਨੂੰ ਉਸ ਨੂੰ ਚੁੱਕ ਲਿਜਾਣ ਲਈ ਕਿਹਾ। ਤੇ ਉਹ ਲਿਜਾਅ ਕੇ ਉਸਨੂੰ ਡਰਾਇੰਗ-ਰੂਮ ਵਿਚ ਰੱਖ ਆਇਆ।

ਮੈਂ ਉਸ ਸਿਰ ਨੂੰ ਹਰ ਜਗ੍ਹਾ, ਹਰ ਹਾਲਤ ਵਿਚ ਦੇਖਿਆ ਸੀ। ਇਸ ਲਈ ਉਸ ਵਿਚ ਦਿਲਚਸਪੀ ਹੋ ਗਈ ਸੀ। ਹੁਣ ਉਹ ਉਸ ਅਲਮਾਰੀ 'ਤੇ ਰੱਖਿਆ ਹੋਇਆ ਸੀ, ਜਿੱਥੇ ਕਦੀ ਲਖ਼ਨਊ ਤੋਂ ਲਿਆਂਦੇ ਗਏ ਮਿੱਟੀ ਦੇ ਬਾਜੇ ਵਾਲੇ ਰੱਖੇ ਹੁੰਦੇ ਸਨ।

ਸੜਕ ਉੱਤੇ ਕੰਮ ਤੇਜੀ ਨਾਲ ਹੋ ਰਿਹਾ ਸੀ। ਮੈਂ ਖਿੜਕੀ ਵਿਚ ਖੜ੍ਹਾ ਤਮਾਸ਼ਾ ਦੇਖ ਰਿਹਾ ਸਾਂ। ਰੋਡ-ਰੋਲਰ ਦਾ ਸਿੱਖ ਡਰਾਈਵਰ ਚਾਹ ਪੀ ਰਿਹਾ ਸੀ। ਮੈਂ ਉਸਨੂੰ ਜਦੋਂ ਵੀ ਦੇਖਿਆ, ਚਾਹ ਪੀਂਦਿਆਂ ਈ ਦੇਖਿਆ। ਇਕ ਮਜ਼ਦੂਰ ਫੁਆਰੇ ਨਾਲ ਲੁੱਕ ਛਿੜਕ ਰਿਹਾ ਸੀ, ਦੋ ਚਾਰ ਮਜ਼ਦੂਰ ਬਰੀਕ ਬੱਜਰੀ, ਟੋਕਰੀਆਂ ਨਾਲ ਘੁੰਮਾਅ-ਘੁੰਮਾਅ ਕੇ ਸੜਕ ਉੱਤੇ ਸੁੱਟ ਰਹੇ ਸਨ। ਮਜ਼ਦੂਰ ਔਰਤਾਂ ਇਕ ਪਾਸੇ ਬੈਠੀਆਂ, ਇੱਟਾਂ ਦੇ ਚੁੱਲ੍ਹੇ ਉੱਤੇ ਚਾਹ ਬਣਾ ਰਹੀਆਂ ਸਨ।

ਭਾਬੀ ਆ ਗਈ। ਉਹ ਬੜੀ ਖੁਸ਼ ਸੀ। ਬੋਲ :

"ਉਹ ਮਿਲੀ ਸੀ…"

ਉਹ ਤੋਂ ਉਸਦਾ ਇਸ਼ਾਰਾ ਉਸਦੀ ਭੈਣ ਦੀ ਕੁੜੀ ਵੱਲ ਸੀ। ਅਮੀਰ ਮਾਂ-ਪਿਓ ਦੀ ਇਕਲੌਤੀ ਸੰਤਾਨ---ਕਾਰਖ਼ਾਨਿਆਂ, ਕੋਠੀਆਂ, ਕਾਰਾਂ ਦੀ ਇਕੱਲੀ ਵਾਰਸ। ਉਸਦੀ ਇਸ ਖ਼ੂਬੀ ਉੱਤੇ ਭਾਬੀ ਸੈਂਕੜੇ ਵਾਰੀ, ਹਜ਼ਾਰਾਂ ਪੱਖਾਂ ਤੋਂ ਰੌਸ਼ਨੀ ਪਾ ਚੁੱਕੀ ਸੀ। ਉਹ ਲਾਡ-ਪਿਆਰ ਨਾਲ ਮੁੰਡਿਆਂ ਵਾਂਗ ਪਾਲੀ ਗਈ ਸੀ। ਉਸਨੇ ਵਾਲ ਵੀ ਕਟਵਾ ਲਏ ਸਨ। ਪੈਂਟ ਪਾਉਂਦੀ ਸੀ ਤੇ ਕਾਰ ਏਨੀ ਤੇਜ ਚਲਾਉਂਦੀ ਸੀ ਕਿ ਉਸ ਨਾਲ ਬੈਠਣ ਤੋਂ ਪਹਿਲਾਂ ਘਰਵਾਲਿਆਂ ਨਾਲ ਗਲੇ-ਮਿਲ ਕੇ ਭੁੱਲ-ਚੁੱਕ ਮੁਆਫ਼ ਕਰਵਾ ਲੈਣ ਨੂੰ ਜੀਅ ਕਰਦਾ ਸੀ।

"ਉਸਨੇ ਸਾੜ੍ਹੀ ਬੰਨ੍ਹੀ ਹੋਈ ਸੀ…" ਭਾਬੀ ਨੇ ਮਾਣ ਨਾਲ ਦੱਸਿਆ ਤੇ ਮੇਰੀਆਂ ਅੱਖਾਂ ਵਿਚ ਇੰਜ ਦੇਖਿਆ ਜਿਵੇਂ ਕਹਿ ਰਹੀ ਹੋਵੇ, 'ਹੁਣ ਇਹ ਸ਼ੈ ਇਨਕਾਰ ਦੇ ਕਾਬਿਲ ਨਹੀਂ…'

ਮੈਨੂੰ ਮਹਿਸੂਸ ਹੋਇਆ---ਉਹ ਰੋਟੀ ਦੀ ਬੁਰਕੀ ਵਿਖਾਅ ਕੇ, ਚੂਹੇ ਨੂੰ ਪਿੰਜਰੇ ਵਿਚ ਵੜਣ ਦਾ ਸੱਦਾ ਦੇ ਰਹੀ ਹੈ। ਹਾਲਾਂਕਿ ਉਹ ਬੁਰਕੀ ਸੋਨੇ ਦੀ ਸੀ, ਪਰ ਏਸ ਵੇਲੇ ਮੇਰਾ ਢਿੱਡ ਭਰਿਆ ਹੋਇਆ ਸੀ ਤੇ ਮੈਂ ਕਿਤੇ ਬਾਹਰ ਜਾ ਕੇ ਕਾਫੀ ਪੀਣਾ ਚਾਹੁੰਦਾ ਸਾਂ। ਮੈਂ ਕਮਰੇ ਵਿਚੋਂ ਬਾਹਰ ਨਿਕਲ ਆਇਆ।

ਕਾਰ ਲੈ ਕੇ ਨਿਕਲਿਆ ਤਾਂ ਸੜਕ 'ਤੇ ਅਜੀਬ ਦ੍ਰਿਸ਼ ਸੀ। ਏਧਰ-ਉਧਰ ਕਈ ਆਲ੍ਹਣੇ ਖਿੱਲਰੇ ਪਏ ਸਨ, ਆਂਡੇ ਟੁੱਟ ਗਏ ਸਨ। ਸੁੱਕੀਆਂ ਟਾਹਣੀਆਂ, ਮਜ਼ਦੂਰ ਔਰਤਾਂ ਨੇ ਇਕੱਠੀਆਂ ਕਰ ਲਈਆਂ ਸਨ ਤੇ ਮੋਟੇ ਟਾਹਣ, ਰੋਲਰ ਦੇ ਡਰਾਈਵਰ ਨੇ ਇੰਜਣ ਨਾਲ ਬੰਨ੍ਹ ਲਏ ਸਨ।

ਚੌਂਕ ਵਿਚ ਮੈਨੂੰ ਰੱਜੀ ਮਿਲ ਪਈ। ਉਹ ਇਸੇ ਸ਼ਹਿਰ ਵਿਚ ਕੁੜੀਆਂ ਦੇ ਇਕ ਕਾਲੇਜ ਵਿਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੀ ਹੈ। ਸਾਦੀ ਤੇ ਸੰਜੀਦਾ, ਘੱਟ ਬੋਲਣ ਵਾਲੀ ਬੁੱਧੀਮਾਨ ਕੁੜੀ ਹੈ ਉਹ। ਉਸਦੀ ਹਾਜ਼ਰੀ ਵਿਚ ਆਪਣੇ ਆਪ ਉੱਤੇ ਵਿਦਿਆਰਥੀ ਹੋਣ ਦਾ ਸ਼ੱਕ ਹੋਣ ਲੱਗ ਪੈਂਦਾ ਹੈ। ਉਹ ਰਿਕਸ਼ਾ ਵਾਲੇ ਨਾਲ ਉਲਝੀ ਹੋਈ ਸੀ। ਮੈਂ ਰਿਕਸ਼ੇ ਵਾਲੇ ਨੂੰ ਮੂੰਹ ਮੰਗਿਆ ਕਿਹਾਇਆ ਦੇ ਦਿੱਤਾ ਤੇ ਰੱਜੀ ਨੂੰ ਕਾਰ ਵਿਚ ਬਿਠਾਅ ਲਿਆ---ਉਹ ਬੈਠ ਤਾਂ ਗਈ ਪਰ ਕਈ ਮਿੰਟ ਤਕ ਚੁੱਪ ਰਹੀ।

"ਚੁੱਪ ਕਿਉਂ ਹੋ ਗਈ ਬਈ ?"

"ਤੁਸੀਂ ਅਮੀਰ ਲੋਕ ਈ ਇਹਨਾਂ ਲੋਕਾਂ ਦਾ ਦਿਮਾਗ਼ ਖਰਾਬ ਕਰ ਰਹੇ ਓ।"

"ਤੂੰ ਅਜੇ ਤਕ ਉਸ ਰਿਕਸ਼ੇ ਵਾਲੇ ਬਾਰੇ ਹੀ ਸੋਚ ਰਹੀ ਏਂ, ਅਜੀਬ ਕੁੜੀ ਏਂ ਤੂੰ…ਕੁਝ ਪੈਸਿਆਂ ਖਾਤਰ ਆਪਣੇ ਆਪ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਚੱਲੋ ਕਾਫੀ ਪੀਏ…ਤੇਰੇ ਨਾਲ ਇਕ ਗੱਲ ਵੀ ਕਰਨੀ ਏਂ।" ਮੈਂ ਜਦੋਂ ਵੀ ਉਸਨੂੰ ਮਿਲਦਾ, ਇਹੋ ਕਹਿੰਦਾ ਤੇ ਉਹ ਮੁਸਕਰਾ ਕੇ ਚੁੱਪ ਕਰ ਜਾਂਦੀ।

ਅਸੀਂ ਇਕ ਰੇਸਤੋਰਾਂ ਵਿਚ ਜਾ ਬੈਠੇ। ਮੈਂ ਉਸ ਨੂੰ ਬੁੱਧ ਦੇ ਉਸ ਸਿਰ ਬਾਰੇ ਪੂਰੇ ਵਿਸਥਾਰ ਨਾਲ ਦੱਸਿਆ। ਮੈਂ ਹੱਸਦਾ ਰਿਹਾ, ਪਰ ਉਹ ਮੁਸਕਰਾਈ ਤਕ ਨਹੀਂ। ਉਸਨੇ ਸਿਰ ਸੋਫੇ ਦੀ ਢੋਅ ਨਾਲ ਲਾ ਕੇ ਇੰਜ ਅੱਖਾਂ ਮੀਚ ਲਈਆਂ ਸੀ ਜਿਵੇਂ ਬੜੀ ਥੱਕੀ ਹੋਈ ਹੋਵੇ। ਮੈਂ ਉਸ ਵੱਲ ਦੇਖਦਾ ਰਿਹਾ। ਕਈ ਮਿੰਟ ਬਾਅਦ ਉਸਨੇ ਅੱਖਾਂ ਖੋਲ੍ਹੀਆਂ ਤੇ ਮੇਜ਼ ਉਤੋਂ ਆਪਣੀਆਂ ਚੀਜ਼ਾਂ ਸਮੇਟਨ ਲੱਗੀ।

"ਜਾ ਰਹੀ ਏਂ ?"

"ਹਾਂ।"

"ਬੈਠ।"

"ਮੈਂ ਇਕ ਕਮਰਾ ਵੇਖਣ ਜਾਣਾ ਏਂ…ਜਿਥੇ ਰਹਿੰਦੀ ਆਂ, ਉਹ ਕਮਰਾ ਮਾਲਿਕ ਮਕਾਨ ਨੂੰ ਆਪਣੇ ਲਈ ਚਾਹੀਦਾ ਏ।"

"ਹਾਲੇ ਕੁਛ ਹਫ਼ਤੇ ਪਹਿਲਾਂ ਹੀ ਤਾਂ ਤੂੰ ਕਮਰਾ ਬਦਲਿਆ ਸੀ…"

"ਹਾਂ…"

ਉਹ ਚਲੀ ਗਈ। ਮੈਂ ਬੈਠਾ ਰਹਿ ਗਿਆ। ਰੱਜੀ ਬਾਰੇ ਸੋਚਦਾ ਰਿਹਾ। ਉਹ ਇਸ ਵੱਡੇ ਸ਼ਹਿਰ ਵਿਚ ਇਕੱਲੀ ਰਹਿੰਦੀ ਸੀ। ਉਸਦੇ ਪਿਓ ਦੀ ਨੇੜੇ ਕਿਸੇ ਕਸਬੇ ਵਿਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਹੈ। ਉਹ ਨੌਕਰੀ ਨਾ ਕਰੇ ਤਾਂ ਘਰ ਨਹੀਂ ਚੱਲ ਸਕਦਾ। ਮੈਂ ਚਾਹੁੰਦਾ ਸੀ ਉਹ ਕੁਝ ਚਿਰ ਹੋਰ ਬੈਠੇ ਪਰ ਉਹ ਏਨੇ ਪੱਕੇ ਇਰਾਦੇ ਨਾਲ ਫੈਸਲੇ ਕਰਦੀ ਹੈ ਕਿ ਉਸਨੂੰ ਰੋਕਿਆ ਨਹੀਂ ਜਾ ਸਕਦਾ। ਉਸਦੀ ਇਕ ਹੋਰ ਵੀ ਅਜੀਬ ਆਦਤ ਹੈ, ਗੱਲਾਂ ਕਰਦੀ ਕਰਦੀ ਯਕਦਮ ਇੰਜ ਚੁੱਪ ਹੋ ਜਾਂਦੀ ਹੈ ਜਿਵੇਂ ਡੂੰਘੇ ਪਾਣੀ ਵਿਚ ਗੋਤਾ ਮਾਰ ਗਈ ਹੋਵੇ। ਤੁਸੀਂ ਬੈਠੇ ਉਡੀਕਦੇ ਰਹੋ। ਇੰਜ ਵੀ ਹੋ ਸਕਦਾ ਹੈ ਕਿ ਉਹ ਆਪਣੇ ਇਸ ਦੌਰੇ ਵਿਚ ਹੀ ਉਠ ਕੇ ਚਲੀ ਜਾਵੇ। ਇਕ ਵਾਰੀ ਤਾਂ ਉਹ ਆਪਣਾ ਮਨੀ ਬੈਗ ਹੀ ਭੁੱਲ ਗਈ ਸੀ, ਜਿਹੜਾ ਕਈ ਦਿਨ ਤੱਕ ਮੇਰੇ ਕਮਰੇ ਵਿਚ ਪਿਆ ਰਿਹਾ। ਭਾਬੀ ਨੇ ਵੇਖਿਆ ਤਾਂ ਛੇੜਛਾੜ ਦੇ ਮੂਡ ਵਿਚ ਆ ਗਈ, ਬੈਗ ਮਨ੍ਹਾਂ ਕਰਨ ਦੇ ਬਾਵਜੂਦ ਖੋਲ੍ਹ ਲਿਆ। ਚੀਜ਼ਾਂ ਸਾਹਮਣੇ ਉਲਟ ਲਈਆਂ। ਇਕ ਪੈਨ, ਇਕ ਲਾਲ ਪੈਨਸਲ, ਬੱਸ ਦੀਆਂ ਪੁਰਾਣੀਆਂ ਟਿਕਟਾਂ, ਜਿਹਨਾਂ ਪਿੱਛੇ ਹਿਸਾਬ ਕਿਤਾਬ ਲਿਖਆ ਹੋਇਆ ਸੀ। ਇਕ ਛੋਟਾ ਜਿਹਾ ਰੁਮਾਲ, ਦੋ ਚਾਰ ਵੱਖ-ਵੱਖ ਦਵਾਈਆਂ ਦੀਆਂ ਗੋਲੀਆਂ। ਤਿੰਨ ਰੁਪਏ, ਕੁਝ ਭਾਨ ਤੇ ਫਰੀ ਹੋਮਿਓਪੈਥਿਕ ਡਿਸਪੈਂਸਰੀ ਦਾ ਕਾਰਡ। ਭਾਬੀ ਨੇ ਭੈੜਾ ਜਿਹਾ ਮੂੰਹ ਬਣਾ ਕੇ ਸਭ ਕੁਝ ਵਾਪਸ ਪਾ ਦਿੱਤਾ ਸੀ।

"ਕੌਣ ਏ ਇਹ ?" ਉਸਨੂੰ ਆਪਣੀ ਭਾਂਜੀ ਦਾ ਭਵਿੱਖ ਹਨੇਰੇ ਵਿਚ ਨਜ਼ਰ ਆ ਰਿਹਾ ਸੀ।

"ਕੋਈ ਨਹੀਂ।"

"ਤੂੰ ਮੈਨੂੰ ਮੁਰਖ ਸਮਝਦਾ ਏਂ ?"

"ਮੇਰਾ ਮਤਲਬ ਏ, ਮੇਰੀ ਕੋਈ ਨਹੀਂ।"

ਭਾਬੀ ਨੂੰ ਜਿਵੇਂ ਕੁਝ ਤਸੱਲੀ ਹੋਈ। ਮੈਂ ਉਸਨੂੰ ਯਕੀਨ ਦਿਵਾਇਆ ਕਿ ਰੱਜੀ ਨਾਲ ਸਿਵਾਏ ਚਾਹ ਪੀ ਲੈਣ ਦੇ ਮੇਰਾ ਹੋਰ ਕੋਈ ਰਿਸ਼ਤਾ ਨਹੀਂ। ਪਰ ਦਿਲ ਦੀਆਂ ਡੂੰਘਾਈਆਂ ਵਿਚ ਮੈਂ ਮਹਿਸੂਸ ਕੀਤਾ ਕਿ ਮੈਂ ਥੋੜ੍ਹਾ ਜਿਹਾ ਝੂਠ ਬੋਲ ਰਿਹਾ ਹਾਂ। ਇਕ ਰਿਸ਼ਤਾ ਜ਼ਰੂਰ ਸੀ, ਜਿਸਨੂੰ ਮੈਂ ਕੋਈ ਨਾਂਅ ਨਹੀਂ ਸੀ ਦੇ ਰਿਹਾ। ਪਰ ਇਹ ਵੀ ਠੀਕ ਸੀ ਕਿ ਰੱਜੀ ਦੀ ਗੰਭੀਰਤਾ ਤੇ ਘੱਟ ਬੋਲਣ ਦੀ ਆਦਤ ਨੇ ਸਾਡੇ ਵਿਚਕਾਰ ਮੇਜ਼ ਦਾ ਫਾਸਲਾ ਹਮੇਸ਼ਾ ਰੱਖਿਆ ਸੀ। ਉਹ ਮੇਰੇ ਬਾਰੇ ਕੀ ਸੋਚਦੀ ਹੈ, ਇਹ ਉਸਨੇ ਕਦੀ ਨਹੀਂ ਸੀ ਦੱਸਿਆ। ਮੈਂ ਉਸ ਬਾਰੇ ਕੀ ਸੋਚਦਾ ਹਾਂ, ਇਹ ਮੈਨੂੰ ਖ਼ੁਦ ਨੂੰ ਵੀ ਕਦੀ ਸਪਸ਼ਟ ਤੌਰ 'ਤੇ ਸਮਝ ਨਹੀਂ ਸੀ ਆਇਆ। ਪਰ ਭਾਬੀ ਉਸ ਦਿਨ ਖੁਸ਼ ਖੁਸ਼ ਮੇਰੇ ਕਮਰੇ ਵਿਚੋਂ ਗਈ ਤੇ ਜਾਂਦੀ ਹੋਈ ਇਹ ਵੀ ਦੱਸ ਗਈ ਕਿ ਉਹਦੀ ਭਾਂਜੀ ਨੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਨੇ।

ਮੈਂ ਉਹ ਬੈਗ ਰੱਜੀ ਨੂੰ ਵਾਪਸ ਕੀਤਾ ਤਾਂ ਉਸਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਵਿਹੰਦਿਆਂ ਬੈਗ ਵਾਪਸ ਲੈ ਲਿਆ, ਪਰ ਕਿਹਾ ਕੁਝ ਨਹੀ ; ਚੁੱਪ ਰਹੀ।

ਮੈਂ ਰੇਸਤੋਰਾਂ ਵਿਚ ਇਕੱਲਾ ਬੈਠਾ ਇਹੋ ਸੋਚ ਰਿਹਾ ਸਾਂ ਕਿ ਸਰਲਾ ਆ ਗਈ। ਉਹ ਸਿੱਧੀ ਮੇਰੇ ਵੱਲ ਆਈ ਤੇ ਬਿਨਾਂ ਪੁੱਛੇ ਬੈਠ ਗਈ।

"ਤੇਰੀ ਕਾਰ ਦੇਖ ਕੇ ਆ ਗਈ।"

"ਸ਼ੁਕਰੀਆ।"

ਅਜੀਬ ਧਾਕੜ ਕਿਸਮ ਦੀ ਕੁੜੀ ਹੈ। ਬੇਮੁਹਾਰਾ ਬੋਲਦੀ ਹੈ ਤੇ ਖ਼ੂਬ ਖਾਂਦੀ ਹੈ। ਫ਼ਿਲਮਾਂ ਦੇਖਦੀ ਹੈ ਤੇ ਕਈ ਹੀਰੋਇਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਹੈ। 'ਥਰੀ ਇਨ ਵਨ' ਬਣ ਕੇ ਰਹਿ ਗਈ ਹੈ। ਮੈਂ ਉਸ ਲਈ ਕਾਫੀ ਮੰਗਵਾਈ। ਸੈਂਡਵਿਚਜ਼ ਦਾ ਆਰਡਰ ਉਹਨੇ ਆਪੁ ਦੇ ਦਿੱਤਾ। ਉਹਨੇ ਗੱਲ ਰਿਹਾਨਾ ਸੁਲਤਾਨ ਦੇ ਸੈਕਸੀ ਸੀਨ ਤੋਂ ਸ਼ੁਰੂ ਕੀਤੀ ਤੇ ਸ਼ਹਿਰ ਵਿਚ ਚੱਲ ਰਹੀ ਮੰਦਰ ਦੀ ਕਾਰ ਸੇਵਾ 'ਤੇ ਜਾ ਕੇ ਤਾਣ ਤੋੜੀ। ਫੇਰ ਉਸਨੇ ਪੂਜੂ ਦੇ ਗਾਡਫਾਦਰ ਦੀ ਚਰਚਾ ਛੇੜੀ ਹੀ ਸੀ ਕਿ ਮੈਂ ਉਠ ਕੇ ਖੜ੍ਹਾ ਹੋ ਗਿਆ। ਉਹ ਮੇਰੇ ਨਾਲ ਅਗਲੀ ਸੀਟ ਉੱਤੇ ਆਣ ਬੈਠੀ ਤੇ ਫੇਰ ਕਿਸੇ ਨਾਵਲ ਦਾ ਜ਼ਿਕਰ ਛੇੜ ਲਿਆ…ਸਰਕ ਕੇ ਬਿਲਕੁਲ ਨਾਲ ਚਿਪਕ ਗਈ ਤੇ ਪੂਰੀ ਕਹਾਣੀ ਸੁਣਾਉਣ ਲੱਗ ਪਈ। ਮੈਨੂੰ ਉਸਦੇ ਇੰਜ ਚਿਪਕਣ-ਚੰਬੜਨ ਤੋਂ ਬੜਾ ਡਰ ਲੱਗਦਾ ਸੀ।

"ਤੈਨੂੰ ਘਰ ਛੱਡ ਆਵਾਂ ?"

"ਇੰਜ ਮੇਰੀ ਇੰਸਲਟ ਕਰੋਗੇ ਤਾਂ ਲੜਾਈ ਹੋ ਜਾਏਗੀ ਆਪਣੀ।" ਕੁਝ ਚਿਰ ਚੁੱਪ ਰਹਿ ਕੇ ਬੋਲ, "ਐੱਡ ਨੋ ਸੀਜ਼ ਫਾਇਰ…" ਤੇ ਫੇਰ ਉਹ ਹੱਸ ਪਈ ਤੇ ਬੁੱਲ੍ਹ ਇੰਜ ਮੇਰੇ ਵੱਲ ਵਧਾਅ ਦਿੱਤੇ ਜਿਵੇਂ ਡਿਨਰ ਪਿੱਛੋਂ ਕੋਈ ਸਵੀਟ ਡਿਸ਼ ਪੇਸ਼ ਕਰ ਰਹੀ ਹੋਵੇ।

ਮੈਂ ਸੀਟੀ ਵਜਾਉਣ ਲੱਗ ਪਿਆ। ਉਹ ਅਮਿਤਾਬ ਬਚਨ ਦਾ ਜ਼ਿਕਰ ਛੇੜ ਬੈਠੀ ; ਫੇਰ ਮੌਸਮ ਬਾਰੇ ਆਪਣੀ ਰਾਏ ਦੇਣ ਲੱਗ ਪਈ। ਮੈਂ ਮਹਿਸੂਸ ਕੀਤਾ ਕਿ ਉਹ ਖ਼ੁਦ ਮੌਸਮ ਵਾਂਗ ਸੁਰੀਲੀ ਹੋ ਗਈ ਹੈ। ਇਸ ਸੁਰੀਲੇਪਨ ਵਿਚ ਉਸ ਨੇ ਭਾਬੀ ਦੀ ਭਾਂਜੀ ਦੇ ਵਿਰੁੱਧ ਕਈ ਕੌੜੀਆਂ-ਕਰੜੀਆਂ ਗੱਲਾਂ ਵੀ ਆਖੀਆਂ।

ਜਦੋਂ ਮੈਂ ਕੁਝ ਨਾ ਬੋਲਿਆ, ਬਸ ਚੁੱਪ ਹੀ ਰਿਹਾ ਤਾਂ ਉਸਨੇ ਸ਼ਾਪਿੰਗ ਦਾ ਇਰਾਦਾ ਜ਼ਾਹਿਰ ਕਰ ਦਿੱਤਾ। ਅਸੀਂ ਸ਼ਹਿਰ ਚਲੇ ਗਏ। ਫੁੱਟਪਾਥ 'ਤੇ ਬਹੁਤ ਸਾਰੀਆਂ ਦੁਕਾਨਾਂ ਉੱਤੇ ਵਿਦੇਸ਼ੀ, ਪੁਰਾਣੇ, ਹੰਢਾਏ ਹੋਏ ਕੱਪੜਿਆਂ ਦੇ ਢੇਰ ਲੱਗੇ ਹੋਏ ਸਨ ਤੇ ਲੋਕ ਧੜਾਧੜ ਖਰੀਦ ਰਹੇ ਸਨ। ਉੱਥੇ ਉਸਨੇ ਮੈਨੂੰ ਰੁਕਣ ਲਈ ਕਿਹਾ। ਉਹ ਮੈਨੂੰ ਨਾਲ ਲੈ ਜਾਣਾ ਚਾਹੁੰਦੀ ਸੀ, ਪਰ ਮੈਂ ਨਹੀਂ ਗਿਆ। ਉਹ ਪੈਰ ਪਟਕਦੀ ਹੋਈ ਇਕ ਦੁਕਾਨ ਵਿਚ ਵੜ ਗਈ।

ਦੂਰ ਦੂਰ ਤੱਕ ਗਰਮ ਕੱਪੜਿਆਂ ਦੇ ਢੇਰ ਲੱਗੇ ਹੋਏ ਸੀ। ਵਾਤਾਵਰਨ ਵਿਚ ਇਕ ਬੂ ਰਚੀ ਹੋਈ ਸੀ। ਮੈਂ ਸਿਗਰੇਟ ਸੁਲਗਾ ਲਈ, ਪਰ ਬੂ ਘੱਟ ਨਾ ਹੋਈ। ਪਤਾ ਨਹੀਂ ਕਿਸ-ਕਿਸ ਜਿਸਮ ਦੇ ਲੱਥੜ ਹੁੰਦੇ ਨੇ ਇਹ ; ਕਿਹੋ ਜਿਹੇ ਜਰਾਸੀਮ ਹੋਣਗੇ ਇਹਨਾਂ ਵਿਚ ! ਮੈਂ ਸੋਚਿਆ ਤੇ ਬਹੁਤੀ ਦੇਰ ਉੱਥੇ ਨਹੀਂ ਰੁਕ ਸਿਕਿਆ। ਸਰਲਾ ਦੁਕਾਨਦਾਰ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਮੈਂ ਉਸਨੂੰ ਦੱਸੇ ਬਿਨਾਂ ਆ ਗਿਆ।

ਘਬ ਪਹੁੰਚ ਕੇ ਕਾਰ ਵਿਚੋਂ ਨਿਕਲਿਆ ਤਾਂ ਭਾਬੀ ਸਾਹਮਣੇ ਆ ਗਈ। ਉਹ ਸ਼ਾਇਦ ਕਿਧਰੇ ਜਾਣ ਲਈ ਤਿਆਰ ਸੀ। ਹੋਰ ਦੋਵੇਂ ਕਾਰਾਂ ਘਰ ਦੇ ਦੂਜੇ ਮੈਂਬਰ ਲੈ ਗਏ ਸਨ। ਉਹ ਕਾਰ ਵਿਚ ਬੈਠਣ ਲੱਗੀ ਤਾਂ ਤ੍ਰਬਕ ਪਈ।

"ਇਹ ਕੀ ਚੱਕਰ ਏ ?"

ਮੈਂ ਵੇਖਿਆ। ਸਰਲਾ ਦਾ ਮਨੀ ਬੈਗ ਸੀ। ਅਜੀਬ ਉਲਝਣ ਵਿਚ ਫਸ ਗਿਆ ਸਾਂ---ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਭਾਬੀ ਨੂੰ ਸਾਰਾ ਕਿੱਸਾ ਸੁਣਾ ਦਿੱਤਾ। ਭਾਬੀ ਨਾਰਾਜ਼ ਸੀ। ਬੋਲੀ, "ਇਹ ਕੀ ਚੱਕਰ ਹੋਇਆ ?"

ਸੌਹਾਂ ਖਾ-ਖਾ ਕੇ ਉਸਨੂੰ ਸਮਝਾਇਆ ਕਿ ਕੋਈ ਐਸੀ-ਵੈਸੀ ਗੱਲ ਨਹੀਂ। ਸਿਰਫ ਇਤਫ਼ਾਕ ਏ। ਪਰ ਭਾਬੀ ਦੀਆਂ ਅੱਖਾਂ ਵਿਚੋਂ ਸ਼ੱਕ ਝਲਕ ਰਿਹਾ ਸੀ।

"ਤੇਰੀਆਂ ਗੱਲਾਂ ਮੇਰੀ ਤਾਂ ਸਮਝ 'ਚ ਨਹੀਂ ਆਉਂਦੀਆਂ। ਨਿੱਤ ਨਵੀਂ ਕੁੜੀ ਨੂੰ ਮਿਲਦਾ ਏਂ ਤੇ ਕਹਿੰਦਾ ਏਂ 'ਐਸੀ-ਵੈਸੀ ਗੱਲ ਨਹੀਂ' ਅਜੀਬ ਲੋਕ ਓ ਤੁਸੀਂ…"

"ਦੋਸਤੀ ਭਾਬੀ, ਦੋਸਤੀ।"

"ਅੱਗ ਤੇ ਫੂਸ ਦੀ…" ਕਹਿ ਕੇ ਭਾਬੀ ਚਲੀ ਗਈ। ਸਰਲਾ ਦਾ ਬੈਗ ਵੀ ਨਾਲ ਲੈ ਗਈ। ਮੈਂ ਸੋਚਿਆ, ਚਲੋ ਇਹ ਵੀ ਚੰਗਾ ਹੀ ਹੋਇਆ।

ਸੜਕ ਉੱਤੇ ਕੰਮ ਕਰਨ ਵਾਲੀ ਇਕ ਮਜ਼ਦੂਰ ਕੁੜੀ ਦਾ ਵਿਆਹ, ਉੱਥੇ ਹੀ ਫਟਾਫਟ ਤੇ ਸਿੱਧੇ-ਸਾਦੇ ਢੰਗ ਨਾਲ ਹੋਇਆ ਸੀ। ਉਸ ਦਿਨ ਉਹਨਾਂ ਲੋਕਾਂ ਖ਼ੂਬ ਖੁਸ਼ੀਆਂ ਮਨਾਈਆਂ ਸਨ। ਲੱਡੂ ਵੰਡੇ ਸਨ। ਸਾਡੇ ਨੌਕਰ ਨੂੰ ਵੀ ਮਿਲੇ ਸਨ।

ਉਸ ਸ਼ਾਮ ਜਦੋਂ ਰੱਜੀ ਤੇ ਮੈਂ ਚਾਹ ਪੀਣ ਬੈਠੇ ਤਾਂ ਮੈਂ ਸਰਲਾ ਵਾਲਾ ਕਿੱਸਾ ਉਸਨੂੰ ਸੁਣਾਇਆ। ਉਸਨੇ ਮੇਰੇ ਉੱਤੇ ਸ਼ੱਕ ਕੀਤਾ, ਨਾ ਇਸ ਕਹਾਣੀ ਵਿਚ ਦਿਲਚਸਪੀ ਲਈ। ਚੁੱਪਚਾਪ ਸੁਣਦੀ ਰਹੀ। ਮੈਂ ਸੁਣਾ ਹਟਿਆ ਤਾਂ ਬੋਲੀ :

"ਬੁੱਧ ਦੇ ਉਸ ਸਿਰ ਦਾ ਕੀ ਬਣਿਆ ?"

ਮੈਂ ਲਗਭਗ ਉਸਨੂੰ ਭੁੱਲ ਹੀ ਗਿਆ ਸਾਂ। ਕਹਿ ਦਿੱਤਾ, "ਓਥੇ ਡਰਾਇੰਗ ਰੂਮ 'ਚ ਈ ਪਿਆ ਹੋਏਗਾ…ਕਿਉਂ ?"

"ਉਂਜ ਈ…" ਉਸਨੇ ਕੁਝ ਪਲ ਦੀ ਖ਼ਾਮੋਸ਼ੀ ਪਿੱਛੋਂ ਕਿਹਾ, "ਯਾਦ ਆ ਗਿਆ ਸੀ---ਮੈਂ ਸੋਚਿਆ, ਹੁਣ ਤੇਰੇ ਕਮਰੇ 'ਚ ਪਹੁੰਚ ਗਿਆ ਹੋਏਗਾ।"

"ਸੁਣਿਆ ਏ, ਤੂੰ ਫੇਰ ਕਮਰੇ ਦੀ ਭਾਲ 'ਚ ਏਂ ?"

"ਹਾਂ, ਉਹ ਲੋਕ ਰਾਤ ਨੂੰ ਦੇਰ ਨਾਲ ਆਉਂਦੇ ਨੇ ਤੇ ਚੀਕਾ-ਰੌਲੀ ਪਾਈ ਰੱਖਦੇ ਨੇ। ਏਨਾ ਰੌਲਾ ਕਿ ਤੋਬਾ ! ਕਲਬ, ਸਿਨੇਮਾ, ਟੈਲੀਵਿਜ਼ਨ, ਪਾਰਟੀਆਂ, ਲੋਕਾਂ ਦੇ ਸਕੈਂਡਲ---ਇਸ ਦੇ ਸਿਵਾਏ ਉਹਨਾਂ ਨੂੰ ਹੋਰ ਕੁਝ ਆਉਂਦਾ ਈ ਨਹੀਂ। ਮੇਰਾ ਤਾਂ ਉੱਥੇ ਜੀਅ ਕਾਹਲਾ ਪੈਂਦਾ ਏ।"

"ਮਿਲੀ ਕੋਈ ਜਗ੍ਹਾ ?"

"ਦੇਖੀ ਤਾਂ ਹੈ, ਕਾਲੇਜ ਤੋਂ ਦੂਰ ਏ।" ਉਹ ਕਈ ਮਿੰਟ ਚੁੱਪ ਰਹੀ, ਫੇਰ ਬੋਲੀ, "ਤਾਂ ਬੁੱਧ ਦਾ ਉਹ ਸਿਰ, ਉੱਥੇ ਹੀ ਪਿਆ ਏ ਅਜੇ ?"

"ਹੋਏਗਾ, ਕਦੀ ਬਹੁਤਾ ਧਿਆਨ ਨਹੀਂ ਦਿੱਤਾ---ਪਰ ਤੈਨੂੰ ਅੱਜ ਉਹ ਏਨਾ ਯਾਦ ਕਿਉਂ ਆ ਰਿਹੈ ?"

"ਕੋਈ ਮਾੜੀ ਗੱਲ ਏ ?"

ਮੈਂ ਚੁੱਪ ਹੋ ਗਿਆ। ਉਹ ਅਜਿਹੇ ਮੌਕੇ ਨਾਰਾਜ਼ ਹੋ ਜਾਂਦੀ ਹੈ। ਮੈਂ ਸੋਚਿਆ, ਘਰ ਜਾ ਕੇ ਉਹ ਸਿਰ ਆਪਣੇ ਕਮਰੇ ਵਿਚ ਲੈ ਆਵਾਂਗਾ ਤੇ ਫੇਰ ਰੱਜੀ ਨੂੰ ਦੱਸਾਂਗਾ ; ਉਹ ਖੁਸ਼ ਹੋ ਜਾਏਗੀ। ਉਸ ਵੱਲ ਦੇਖਿਆ ਤਾਂ ਉਹ ਅੱਖਾਂ ਬੰਦ ਕਰੀ ਬੈਠੀ ਸੀ। ਫੇਰ ਦੌਰਾ ਪਿਆ ਲੱਗਦਾ ਸੀ---ਉਠੀ ਤੇ ਚਲੀ ਗਈ ਸੀ।

ਮੈਂ ਘਰ ਪਹੁੰਚ ਕੇ ਸਿੱਧਾ ਡਰਾਇੰਗ-ਰੂਮ ਵਿਚ ਗਿਆ। ਉਹ ਸਿਰ ਉੱਥੇ ਨਹੀਂ ਸੀ---ਕਿਸੇ ਵੀ ਕਮਰੇ ਵਿਚ ਨਹੀਂ ਸੀ। ਮੈਂ ਪ੍ਰੇਸ਼ਾਨ ਜਿਹਾ ਹੋ ਕੇ ਪਿੱਛਲੇ ਪਾਸੇ, ਨੌਕਰਾਂ ਦੇ ਕੁਆਟਰਾਂ ਵੱਲ ਤੁਰ ਗਿਆ। ਬੁੱਢੇ ਬੋਹੜ ਦੀ ਛਾਂ ਵਿਚ, ਸੁੱਕੇ ਪੱਤਿਆਂ ਦੇ ਢੇਰ ਉੱਤੇ 'ਸਿਰ' ਦੇ ਟੁਕੜੇ ਪਏ ਸਨ। ਮੈਂ ਆਪਣੇ ਕਮਰੇ ਵਿਚ ਆ ਗਿਆ ਤੇ ਕਾਰਨਸ ਵੱਲ ਦੇਖਿਆ ; ਜਿੱਥੇ ਮੈਂ ਉਹ ਸਿਰ ਰੱਖਣਾ ਚਾਹੁੰਦਾ ਸਾਂ…ਕਿਸੇ ਨੇ ਉੱਥੇ ਭਾਬੀ ਦੀ ਭਾਂਜੀ ਦੀ ਤਸਵੀਰ ਰੱਖ ਦਿੱਤੀ ਸੀ---ਸਾੜ੍ਹੀ ਬੰਨ੍ਹੀ, ਵਾਲਾਂ ਦਾ ਜੂੜਾ ਕਰੀ, ਸਾਈਡ ਪੋਜ ਵਿਚ। ਮੈਂ ਖਿੜਕੀ ਕੋਲ ਜਾ ਖੜ੍ਹਾ ਹੋਇਆ।

ਰੱਜੀ ਰਿਕਸ਼ਾ ਵਿਚ ਆਪਣਾ ਥੋੜ੍ਹਾ ਜਿਹਾ ਸਾਮਾਨ ਰੱਖੀ ਸੜਕ 'ਤੇ ਜਾ ਰਹੀ ਸੀ।

ਮੇਰੀਆਂ ਅੱਖਾਂ ਤੋਂ ਪਰ੍ਹੇ ਇਕ ਸੰਘਣਾ ਦਰਖ਼ਤ ਹੋ ਡਿੱਗਿਆ, ਜਿਸਦੀ ਆਵਾਜ਼ ਦੇਰ ਤੱਕ ਮੇਰੇ ਕੰਨਾਂ ਵਿਚ ਗੂੰਜਦੀ ਰਹੀ।