Friday, June 11, 2010

ਕਾਇਆ-ਕਪਟ... :: ਲੇਖਕ : ਜੋਗਿੰਦਰ ਪਾਲ

ਉਰਦੂ ਕਹਾਣੀ : ਕਾਇਆ-ਕਪਟ... :: ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਭੌਂਕ ਨਾ, ਟਾਇਗਰ! ਭੌਂਕ–ਭੌਂਕ ਕੇ ਤਾਂ ਤੂੰ ਇਹ ਸਾਰੀ ਮੁਸੀਬਤ ਖੜ੍ਹੀ ਕੀਤੀ ਐ---ਹਾਂ ਭਰਾਵਾ, ਭੌਂਕਣ ਵਾਲੀ ਗੱਲ ਹੋਵੇ ਤਾਂ ਭੌਂਕਣ ਨੂੰ ਜੀਅ ਤਾਂ ਕਰਦਾ ਈ ਐ, ਪਰ ਪਹਿਲਾਂ ਅੱਗੇ-ਪਿੱਛੇ ਤਾਂ ਵੇਖ ਲੈਣਾ ਚਾਹੀਦੈ-ਮੈਂ?-ਨਹੀਂ, ਮੇਰੀ ਹੁਣ ਕੌਣ ਸੁਣਦੈ ਟਾਇਗਰ ਬੱਚਿਆ---ਤੇਰਾ ਤੇ ਮੇਰਾ-ਸਾਡਾ ਦੋਵਾਂ ਦਾ ਮਾਲਕ ਹੁਣ ਮੇਰਾ ਪੁੱਤ੍ਰ ਐ। ਤੂੰ ਤਾਂ ਭੌਂਕ–ਭੌਂਕ ਕੇ ਚੌਦਾਂ ਵਰ੍ਹਿਆਂ 'ਚ ਈ ਬੁੱਢਾ ਹੋ ਗਿਐਂ; ਪਰ ਮੈਂ ਪਿਛਲੇ ਚਾਲੀ ਸਾਲ ਦਾ ਉਸਦੀ ਖ਼ਿਦਮਤਗੁਜ਼ਾਰੀ ਵਿਚ ਲੱਗਿਆ ਹੋਇਆ ਆਂ...। ਹਾਂ, ਅਗਲੇ ਮਹੀਨੇ ਪੂਰੇ ਸੱਤਰ ਦਾ ਹੋ ਜਾਵਾਂਗਾ।
ਕੀ?...ਤੈਨੂੰ ਆਪਣੀਆਂ ਪੁਰਾਣੀਆਂ ਗੱਲਾਂ ਸੁਣਾਵਾਂ? ਉਹੀ ਤਾਂ ਹਰ ਰੋਜ਼ ਸੁਣਾਉਂਦਾ ਰਹਿਣਾਂ ਟਾਇਗਰ! ਅੱਛਾ, ਅੱਛਾ, ਇਉਂ ਉੱਛਲ ਨਾ ਵਰਨਾ ਇਸ ਉਮਰ ਵਿਚ ਕੋਈ ਹੱਡ-ਪਸਲੀ ਤੁੜਾਅ ਬੈਠਾ ਤਾਂ ਜੁੜਨ 'ਚ ਨਹੀਂ ਆਉਂਣੀ...ਆਰਾਮ ਨਾਲ ਬਹਿ ਜਾ, ਸੁਣਾਉਂਦਾ ਆਂ!...ਅੱਜ ਪਤਾ ਨਹੀਂ ਮੇਰਾ ਪੁਰਾਣਾ ਮੁਹੱਲਾ ਕਿਉਂ ਵਾਰੀ–ਵਾਰੀ ਮੇਰੀਆਂ ਅੱਖਾਂ ਸਾਹਵੇਂ ਜਿਉਂ ਦਾ ਤਿਉਂ ਘੁੰਮ ਰਿਹਾ ਐ; ਜਿਵੇਂ ਅਸੀਂ ਉਸ ਵਿਚ ਘੁੰਮਦੇ ਹੁੰਦੇ ਸੀ। ਠੀਕ ਕਹਿ ਰਿਹੈਂ ਟਾਇਗਰ, ਪਨਾਹਗਾਹਾਂ (ਠਾਹਰਾਂ-ਠਿਕਾਣੇ) ਚੇਤਿਆਂ ਵਿਚ ਵੀ ਬਾਕੀ ਨਾ ਰਹਿਣ ਤਾਂ ਆਦਮੀ ਭੱਜ-ਭਜਾਅ ਕੇ ਜਾਵੇਗਾ ਕਿੱਥੇ?---ਅਸੀਂ ਸਾਰੇ ਮੁਹੱਲੇ ਵਾਲੇ-ਕੁੱਤੇ, ਬਿੱਲੀਆਂ, ਆਦਮੀ---ਸਾਰੇ ਜਣੇ ਈ ਇਕ ਜਾਨ-ਪ੍ਰਾਣ ਹੋ ਕੇ ਆਪਣੇ ਮੁਹੱਲੇ ਦੇ ਸਰੀਰ ਵਿਚ ਖ਼ੂਨ ਵਾਂਗ ਭੌਂਦੇ ਸੀ ਤੇ ਉਸਦੇ ਦਿਲ ਵਿਚੋਂ ਲੰਘ-ਲੰਘ ਕੇ ਹਰ ਪਲ ਪਵਿੱਤਰ ਤੇ ਸ਼ੁੱਧ ਹੋ ਜਾਂਦੇ ਸੀ...ਤੇ---ਨਹੀਂ, ਟੋਕ ਨਾ-ਪਵਿੱਤਰ ਤੇ ਸ਼ੁੱਧ ਹੋ ਕੇ ਸਭਨਾਂ ਦੇ ਚਿਹਰੇ ਦਗ–ਦਗ ਕਰਦੇ ਰਹਿੰਦੇ ਸੀ...
ਐਂ ਕਿਉਂ ਹਊਕਣ ਲੱਗ ਪਿਆ ਐਂ ਟਾਇਗਰ?---ਖ਼ੁਸ਼ੀ ਨਾਲ? ਕਿਸ ਗੱਲ ਦੀ ਖ਼ੁਸ਼ੀ? ਮੈਂ ਸੋਚਿਆ ਸ਼ਾਇਦ ਤੂੰ ਤਾੜ ਗਿਐਂ ਕਿ---ਕਿ ਨਹੀਂ, ਗੱਲ ਕੀ ਹੋਣੀ ਐਂ?---ਤੈਨੂੰ ਇਉਂ ਹੌਂਕਦਿਆਂ ਵੇਖ ਕੇ ਮੈਂ ਐਵੇਂ ਈ ਡਰ ਗਿਆ ਸੀ---ਖ਼ੁਸ਼ੀ ਨਾਲ ਵੀ ਐਨਾਂ ਹੌਂਕਣ ਲੱਗੀਏ ਕਮਲਿਆ ਤਾਂ ਸਾਹ ਅੜ ਜਾਂਦਾ ਐ। ਸਹਿਜੇ-ਸਹਿਜੇ ਖ਼ੁਸ਼ ਹੋਇਆ ਕਰ-ਹਾਂ, ਹਾਂ, ਸਬਰ ਕਰ, ਆਪਣੇ ਮੁਹੱਲੇ ਦੀ ਗੱਲ ਈ ਤਾਂ ਕਰ ਰਿਹਾਂ---ਹਾਂ, ਤਾਂ ਅਸੀਂ ਆਪਣੇ ਮੁਹੱਲੇ ਦੇ ਸਰੀਰ ਵਿਚ ਖ਼ੂਨ ਵਾਂਗ ਦੌੜੇ ਫਿਰਦੇ ਸੀ। ਦੇਹ ਕੇਹੋ ਜਿਹੀ ਵੀ ਬਣੇ ਆਪਣੇ ਖ਼ੂਨ ਤੋਂ ਹੀ ਬਣਦੀ ਐ, ਜਿਵੇਂ ਅਸੀਂ ਆਪ ਈ ਆਪਣਾ ਖ਼ੂਬਸੂਰਤ ਮੁਹੱਲਾ ਹੋਈਏ...
ਉਹ ਕਿਵੇਂ?
ਉਹ ਇਵੇਂ ਕਮਲਿਆ, ਕਿ ਦੇਹ ਨੂੰ ਪ੍ਰਾਣ ਨਾਲੋਂ ਜੁਦਾ ਕਰ ਦਿੱਤਾ ਜਾਵੇ ਤਾਂ ਬਾਕੀ ਰਹਿ ਈ ਕੀ ਜਾਂਦਾ ਐ?---ਤੇਰਾ 'ਵੈਸਟ ਵੇ ਸਟਰੀਟ' ਦਾ ਇਹ 'ਸੀ ਬਲਾਕ'!---ਤੇਰੇ ਇਸ ਬਲਾਕ ਦੀ ਭੀੜ!---ਇਸ ਭੀੜ-ਭੱੜਕੇ ਵਿਚ ਦਮ ਤਾਂ ਘੁਟਦਾ ਐ, ਪਰ ਕਿੰਨਾ ਸੁੰਨਾਂ-ਸੁੰਨਾਂ ਐਂ ਇਹ! ਇੱਥੇ ਇਕ ਵੀ ਬੰਦਾ ਨਹੀਂ ਜਿਸਨੂੰ ਕੋਈ ਬੇਝਿਜਕ ਹੋ ਕੇ ਗ਼ਲੇ ਲਾ ਸਕੇ---ਤੂੰ?---ਮੈਂ ਤੇਰੀ ਗੱਲ ਥੋੜ੍ਹਾ ਈ ਕਰ ਰਿਹਾਂ। ਤੂੰ ਤਾਂ ਆਪਣੇ ਪੰਜਿਆਂ ਨਾਲ ਖੁਰਚ–ਖੁਰਚ ਕੇ ਮੇਰੇ ਦਿਮਾਗ਼ ਦੀ ਸਾਰੀ ਗੰਦਗੀ ਲਾਹ ਦਿੰਦਾ ਐਂ। ਤੂੰ ਵੀ ਨਾ ਹੁੰਦਾ ਤਾਂ ਆਪਣੇ ਅੰਦਰੇ-ਅੰਦਰ ਮੇਰਾ ਰਹਿਣਾ-ਵੱਸਣਾ ਵੀ ਦੁੱਭਰ ਹੋ ਜਾਂਦਾ...ਮੈਂ ਤੇਰੀ ਗੱਲ ਨਹੀਂ ਕਰ ਰਿਹਾ ਟਾਇਗਰ!
ਹੋਰਾਂ ਨੂੰ ਛੱਡ, ਮੇਰੇ ਪੋਤੇ ਨੂੰ ਈ ਵੇਖ ਲੈ, ਕੱਲ੍ਹ ਮੈਨੂੰ ਉਸ ਉੱਤੇ ਜ਼ਰਾ ਕੁ ਪਿਆਰ ਆਉਣ ਲੱਗਿਆ ਤਾਂ ਮੈਂ ਝਿਜਕ-ਝਿਜਕ ਕੇ ਉਸਨੂੰ ਆਪਣੀ ਛਾਤੀ ਨਾਲ ਲਾ ਲਿਆ। ਪਰ ਛੋਹਰ ਮੈਨੂੰ ਪਰ੍ਹਾਂ ਧਰੀਕਦਿਆਂ ਬੋਲਿਆ---'ਛੱਡੋ ਗ੍ਰ੍ਰੈਨ ਪਾ, ਛੱਡ ਦਿਓ ਮੈਨੂੰ...! ਸਾਹ ਘੁਟ ਰਿਹੈ...!'' ਭੜੂਆ ਡੱਬੇ ਦਾ ਦੁਧ ਪੀ-ਪੀ ਕੇ ਲੰਮਾਂ-ਝੰਮਾਂ ਤਾਂ ਹੋ ਰਿਹੈ! ਪਰ ਉਸਨੂੰ ਕੀ ਪਤਾ, ਬੇ-ਮੋਹ ਤੇ ਬਿਨ-ਮਮਤਾ ਦੇ ਸਾਹ ਲਈ ਜਾਣਾ ਈ ਜਿਊਂਣਾ ਨਹੀਂ ਅਖਵਾਉਂਦਾ। ਮੈਂ ਸੋਚਿਆ, ਹਾਲੇ ਨਿਆਣਮੱਤ ਐ, ਤੇ ਕਿਹਾ---'ਆ, ਬਾਹਰ ਪਾਰਕ 'ਚ ਜਾ ਕੇ ਖੁੱਲ੍ਹੀ ਹਵਾ ਵਿਚ ਖੇਡਦੇ ਆਂ।' ਝੱਟ ਜੁਆਬ ਦਿੱਤਾ---'ਮੇਰੇ ਕੋਲ ਖੇਡਣ ਦਾ ਟਾਈਮ ਨਹੀਂ...!' ਪੂਰੀ ਉਮਰ ਪਈ ਐ, ਪਰ ਹੁਣੇ ਤੋਂ ਈ ਟਾਈਮ ਦਾ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕਰ ਦਿੱਤਾ ਐ। ਆਪਣੇ ਮਾਂ-ਪਿਓ ਦਾ ਹੀ ਸਿਖਾਇਆ-ਪੜ੍ਹਾਇਆ ਹੋਇਆ ਐ ਨਾ...ਉਹ ਇਹੋ ਸਮਝਾਉਂਦੇ ਆ ਟਾਇਗਰ ਬਈ ਸਿਰਫ ਟਾਈਮ ਨੂੰ ਜੋੜ-ਜੋੜ ਕੇ ਈ ਆਦਮੀ ਅਮਰ ਹੋ ਜਾਂਦਾ ਐ, ਯਾਨੀ ਜਿਊਂਵੋ ਨਾ; ਜਿਊਂਣ ਦੀਆਂ ਘੜੀਆਂ-ਪਲ, ਜੋੜਦੇ-ਜੋੜਦੇ ਮਰ ਜਾਓ।---ਹਾਂ, ਹਾਂ, ਦਿਲ ਖੋਹਲ ਕੇ ਭੌਂਕ ਲੈ, ਮੈਨੂੰ ਪਤੈ ਭੌਂਕ–ਭੌਂਕ ਕੇ ਤੂੰ ਹੱਸ ਰਿਹਾ ਐਂ। ਹੱਸ ਲੈ ਪੁੱਤ੍ਰਾ, ਜਿੰਨਾ ਸਮਾਂ ਬਾਕੀ ਐ ਖ਼ੂਬ ਹੱਸ ਲੈ, ਨਹੀਂ ਤਾਂ...ਨਹੀਂ, ਮੇਰਾ ਮਤਲਬ ਸਿਰਫ ਇਹ ਈ ਬਈ ਆਪਣੀ ਉਮਰ ਤਾਂ ਅਸੀਂ ਭੋਗੀ ਓ ਬੈਠੇ ਆਂ, ਬਾਕੀ ਸਮਾਂ ਹੱਸਣ ਵਿਚ ਬੀਤ ਜਾਵੇ ਤਾਂ ਏਹ ਤੋਂ ਚੰਗਾ ਹੋਰ ਕੀ ਐ?
ਸਾਡੇ ਮਹੱਲੇ ਵਿਚ ਹੱਸਣ-ਹਸਾਉਣ ਦਾ ਕੋਈ ਮੌਕਾ ਹੁੰਦਾ ਤਾਂ ਸਾਰੇ ਜਣੇ ਆਪਣੇ ਸਾਰੇ ਕੰਮ-ਧੰਦੇ ਛੱਡ ਕੇ ਬਾਹਰ ਗਲੀ 'ਚ ਨਿਕਲ ਆਉਂਦੇ। ਸੁਣ, ਤੈਨੂੰ ਇਕ ਮਜ਼ੇਦਾਰ ਘਟਨਾ ਸੁਣਾਉਂਣਾ...ਇਕ ਵਾਰੀ ਹੋਲੀ ਵਾਲੇ ਦਿਨ ਆਸਮਾਨ ਉੱਤੇ ਬੱਦਲਾਂ ਦੇ ਬਹੁਤ ਸਾਰੇ ਟੁਕੜੇ ਆਪਸ ਵਿਚ ਖੇਡ ਰਹੇ ਸੀ ਕਿ ਅਚਾਨਕ ਠਹਾਕਿਆਂ ਦੀ ਮੂਹਲਾਧਾਰ ਬਰਖ਼ਾ ਹੋਣ ਲੱਗ ਪਈ। ਮੈਂ ਰੰਗ ਵਾਲੀ ਬਾਲਟੀ ਚੁੱਕ ਕੇ ਦੌੜਦਾ ਹੋਇਆ ਬਾਹਰ ਗਲੀ ਵਿਚ ਆ ਗਿਆ। ਗੋਰੀ-ਚਿੱਟੀ ਲੱਖੀ ਮੂੰਹ ਉੱਤੇ ਤਵੇ ਦੀ ਕਾਲਸ ਮਲੀ ਆਪਣੇ ਕਾਲੇ ਭੁਜੰਗ ਪਤੀ ਰਾਘੂ ਨਾਲ ਠਹਾਕੇ ਲਾਉਂਦੀ ਲੋਕਾਂ ਵਿਚ ਘਿਰੀ ਖੜ੍ਹੀ ਸੀ...''ਚਾਚੀ, ਤੇਰਾ ਲਾਡਲਾ ਰਘੂ ਕਹਿੰਦਾ ਐ, ਮੈਨੂੰ ਇਕੋ ਕਾਲਾ ਰੰਗ ਹੀ ਭਾਉਂਦਾ ਆ।'' ਸੁਣ ਰਿਹਾ ਐਂ ਨਾ ਟਾਇਗਰ?...ਮੱਖਣ ਵਰਗੀ ਤੀਵੀਂ ਨੇ ਆਪਣਾ ਮੂੰਹ ਕਾਲਾ ਕਰ ਲਿਆ---ਜਿਵੇਂ ਹੋਵੇ, ਆਪਣੇ ਪੀਆ ਨੂੰ ਭਾਵੇ-ਹੋਰ ਜਾਣਦਾ ਐਂ ਕੀ ਹੋਇਆ ਸੀ? ਰਾਧੂ ਨੇ ਭੋਲੇ ਸ਼ੰਕਰ ਦੀ ਜੈ ਬੋਲ ਕੇ ਸਭਨਾਂ ਦੇ ਸਾਹਮਣੇ ਆਪਣੀ ਈ ਤੀਵੀਂ ਦੇ ਮੂੰਹ ਦੀ ਕਾਲਸ ਨਾਲ ਆਪਣੇ ਬੁੱਲ੍ਹ-ਗੱਲ੍ਹ ਲਿੱਪ ਲਏ ਸੀ---''ਤੂੰ ਗੋਰੀ ਐਂ ਲੱਖੀਏ ਤਾਂ ਕੀ ਹੋਇਆ? ਤੇਰਾ ਮਨ ਤਾਂ ਮੇਰੀ ਓ ਗਾੜ੍ਹੀ ਸਿਆਹੀ ਨਾਲ ਰੰਗਿਆ ਹੋਇਐ ਨਾ?''---ਤੇ ਫੇਰ ਅਸੀਂ ਸਾਰਿਆਂ ਨੇ ਆਪਣੇ ਰੰਗਾਂ ਦੀਆਂ ਪਿਚਕਾਰੀਆਂ ਭਰ-ਭਰ ਕੇ ਉਹਨਾਂ ਨੂੰ ਆਪਣੇ ਨਿਸ਼ਾਨੇ 'ਤੇ ਲੈ ਲਿਆ ਸੀ---“ਹੌਲੀ ਐ!” ਏਧਰ ਸਾਡੀ ਰੰਗਭਰੀ ਆਵਾਜ਼ ਬੱਦਲੀਆਂ ਭਰੇ ਆਸਮਾਨ ਵਿਚ ਗੂੰਜੀ, ਉਧਰ ਆਸਮਾਨ ਵੀ ਬੇਅਖ਼ਤਿਆਰ ਠਹਾਕੇ ਲਾਉਂਦਾ ਹੋਇਆ ਸਾਡੇ ਉਪਰ ਸੱਤੇ ਰੰਗ ਬਰਸਾਉਣ ਲੱਗ ਪਿਆ।
ਰੁਕ ਨਾ, ਟਾਇਗਰ, ਦਿਲ ਖੋਹਲ ਕੇ ਭੌਂਕ ਲੈ, ਤੇਰਾ ਤਾਂ ਹੱਸਣਾ-ਰੋਣਾ, ਪਿਆਰ ਕਰਨਾ, ਗੁੱਸੇ ਹੋਣਾ---ਸਭ ਕੁਝ ਭੌਂਕ-ਭੌਂਕ ਕੇ ਈ ਹੁੰਦਾ ਐ। ਮੁਸ਼ਕਿਲ ਵਿਚਾਰੇ ਆਦਮੀ ਨੂੰ ਐਂ, ਜਿਹੜਾ ਉਂਜ ਤਾਂ ਰੋ ਰਿਹਾ ਹੁੰਦੈ, ਪਰ ਹੱਸੀ ਜਾ ਰਿਹਾ ਹੁੰਦੈ। ਹੱਸਦਿਆਂ-ਹੱਸਦਿਆਂ ਰੋਣ ਦੀ ਇੱਛਾ ਨੂੰ ਦਬਾਅ-ਦਬਾਅ ਕੇ ਉਸਦੀ ਜਾਨ ਹਲਕ ਵਿਚ ਫਸੀ ਹੁੰਦੀ ਐ। ਠਹਿਰ, ਪਹਿਲਾਂ ਪਾਣੀ ਨਾਲ ਡਾਕਟਰ ਦੀ ਗੋਲੀ ਨਿਗਲ ਲਵਾਂ। ਗੋਲੀ ਨਾ ਲਵਾਂ ਟਾਇਗਰ ਤਾਂ ਜਾਨ ਨੂੰ ਵਾਪਸ ਆਪਣੀ ਥਾਵੇਂ ਕਿਵੇਂ ਧਰੀਕਾਂ? ਕੀ ਤੈਨੂੰ ਵੀ ਮੇਰੇ ਹਾਸੇ ਵਿਚ ਖੋਖਲੇਪਨ ਦਾ ਅਹਿਸਾਸ ਹੁੰਦਾ ਐ? ਸੱਚ ਆਖਾਂ ਟਾਇਗਰ? ਮੇਰਾ ਦਿਲ ਕਰਦੈ ਮੈਂ ਫੁੱਟ-ਫੁੱਟ ਕੇ ਰੋਵਾਂ...ਨਹੀਂ, ਹੋਇਆ ਤਾਂ ਕੁਛ ਨਹੀਂ। ਐਵੇਂ ਈ ਪਰਾਣੀਆਂ ਗੱਲਾਂ ਨੂੰ ਚੇਤੇ ਕਰਕੇ ਮਨ ਭਰ ਆਉਂਦਾ ਐ...ਏਨੀਆਂ ਪੁਰਾਣੀਆਂ ਗੱਲਾਂ ਐਂ ਤੇ ਵਾਰੀ-ਵਾਰੀ ਫਰੋਲਨ ਨਾਲ ਚੀਥੜੇ-ਚੀਥੜੇ ਹੋ ਚੁੱਕੀਐਂ ਤੇ ਹਰ ਵਾਰੀ ਕੋਈ ਨਾ ਕੋਈ ਚੀਥੜਾ ਭੁਰ ਵੀ ਜਾਂਦੈ ਤੇ ਟੁੱਟ ਕੇ ਮੁੜ ਚੇਤੇ ਆਉਣ ਵਿਚ ਈ ਨਹੀਂ ਆਉਂਦਾ।
ਨਹੀਂ, ਟਾਇਗਰ ਮੈਨੂੰ ਇਸ ਪਾਟੇ-ਪੁਰਾਣੇ, ਤਾਣੇ-ਬਾਣੇ ਵਿਚ ਹਰਦਮ ਮੂੰਹ ਲੁਕਾਅ ਕੇ ਰਹਿਣਾ ਪਸੰਦ ਨਹੀਂ। ਮੇਰੇ ਵੱਲ ਕਿਸੇ ਨੂੰ ਦੇਖਣ ਦੀ ਫ਼ੁਰਸਤ ਹੋਵੇ ਤਾਂ ਮੈਂ ਅੱਖ ਕੇ ਫੋਰੇ ਵਿਚ ਅੱਧੀ ਸਦੀ ਏਧਰ ਆ ਜਾਵਾਂ ਤੇ ਸਦਾ ਇੱਥੇ ਈ ਰਹਾਂ। ਖ਼ਿਆਲਾਂ ਜਾਂ ਸੁਪਨਿਆਂ ਵਿਚ ਕਾਲਜੇ ਨੂੰ ਠੰਡ ਥੋੜ੍ਹਾ ਈ ਪੈਂਦੀ ਐ? ਪਰ ਜਿੱਥੇ ਬੁੱਢਿਆਂ ਉੱਤੇ ਇਉਂ ਨਜ਼ਰਾਂ ਮਾਰੀਆਂ ਜਾਣ ਜਿਵੇਂ ਕੋਈ ਕੂੜੇ ਦਾ ਢੇਰ ਪਿਆ ਹੁੰਦੈ...ਕੀ ਉੱਥੇ ਆਪਣੀ ਬੂ ਸੁੰਘਣ ਲਈ ਪਿਆ ਰਹਾਂ?
ਸਾਡੇ ਮੁਹੱਲੇ ਵਿਚ ਸਾਡਾ ਇਕ ਵੱਡਾ ਚਾਚਾ ਹੁੰਦਾ ਹੁੰਦਾ ਸੀ ਟਾਇਗਰ...ਸੌਂ ਨਾ ਓਇ ਟਾਇਗਰਾ ਖੁੱਥੜਾ! ਤੇਰੇ ਅਜਿਹੇ ਲੱਛਣਾ ਨਾਲ ਈ ਤਾਂ ਇਹ ਸਾਰੀਆਂ ਮੁਸੀਬਤਾਂ ਆਈਆਂ ਹੋਈਆਂ ਐਂ। ਅੱਖਾਂ ਖੋਹਲ ਕੇ ਮੇਰੀਆਂ ਗੱਲਾਂ ਸੁਣ, ਨਹੀਂ ਤਾਂ ਤੇਰੇ ਕੰਨ ਮੁੜ ਕੇ ਤੇਰੇ ਅੰਦਰ ਵੱਲ ਜਾ ਖੁੱਲ੍ਹਣਗੇ ਤੇ ਆਪਣੇ ਆਪ ਨੂੰ ਪਤਾ ਨਹੀਂ ਕੀ-ਕੀ ਉਟ-ਪਟਾਂਗ ਸੁਣਾਉਂਦਾ ਰਹੇਂਗਾ...ਹਾਂ, ਭੌਂਕਦਾ–ਭੌਂਕਦਾ ਤੂੰ ਅਚਾਨਕ ਸੌਂ ਗਿਆ ਸੀ। ਸ਼ਾਇਦ ਸੁੱਤਾ-ਸੁੱਤਾ ਵੀ ਇਕ ਦੋ ਵਾਰੀ ਭੌਂਕਿਆ ਸੀ। ਆਪਣੀਆਂ ਗੱਲਾਂ ਵਿਚ ਮੇਰਾ ਤੇਰੇ ਵੱਲ ਧਿਆਨ ਈ ਨਹੀਂ ਗਿਆ...ਹਾਂ, ਮੈਂ ਤੈਨੂੰ ਆਪਣੇ ਮੁਹੱਲੇ ਦੇ ਵੱਡੈ ਚਾਚੇ ਬਾਰੇ ਦੱਸ ਰਿਹਾ ਸੀ। ਆਪਣੇ ਜਨਮ ਤੋਂ ਈ ਮੈਂ ਉਸਨੂੰ ਓਨਾ ਬੁੱਢਾ ਦੇਖ ਰਿਹਾ ਸੀ। ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਕਿ ਜਦੋਂ ਉਸਨੂੰ ਵਿਆਹ ਕੇ ਲਿਆਂਦਾ ਗਿਆ ਸੀ, ਵੱਡਾ ਚਾਚਾ ਓਦੋਂ ਵੀ ਐਨਾ ਈ ਬੁੱਢਾ ਨਜ਼ਰ ਆਉਂਦਾ ਸੀ...ਨਹੀਂ, ਕਿਸੇ ਨੂੰ ਨਹੀਂ ਸੀ ਪਤਾ, ਉਸਦੀ ਉਮਰ ਕੀ ਸੀ? ਉਮਰਾਂ ਦਾ ਹਿਸਾਬ ਤਾਂ ਉਦੋਂ ਰੱਖਿਆ ਜਾਂਦਾ ਐ, ਜਦੋਂ ਉਮਰ ਦੇ ਅਗਲੇ ਸਿਰੇ ਦੀ ਟੋਹ ਹੋਵੇ। ਇੱਥੇ ਤਾਂ ਇਹ ਸੀ ਕਿ ਜਿਹੜਾ ਪੈਦਾ ਹੋਇਆ, ਉਹ ਜਿਵੇਂ ਪਹਿਲਾਂ ਤੋਂ ਸਾਡੇ ਨਾਲ ਈ ਸੀ ਤੇ ਜਿਹੜਾ ਮਰ ਗਿਆ, ਉਹ ਵੀ ਸਾਨੂੰ ਛੱਡ ਕੇ ਕਿਤੇ ਨਹੀਂ ਸੀ ਗਿਆ! ਮੇਰੀ ਮਾਂ ਜਦੋਂ ਮੇਰੇ ਸਵਰਗੀ ਦਾਦੇ ਦਾ ਸ਼ਰਾਧ ਕਰਦੀ ਤਾਂ ਆਪਣੇ ਸਾਹਮਣੇ ਖਾਣੇ ਦੀ ਚੌਂਕੀ ਉੱਤੇ ਬੈਠਾ ਬ੍ਰਾਹਮਣ ਉਸਨੂੰ ਆਪਣਾ ਸਹੁਰਾ ਈ ਦਿੱਸਣ ਲੱਗ ਪੈਂਦਾ ਤੇ ਉਹ ਲੰਮਾਂ ਸਾਰਾ ਘੁੰਡ ਕੱਢ ਕੇ ਵਾਰੀ-ਵਾਰੀ ਉਸਦੀ ਥਾਲੀ ਵਿਚ ਪੂਰੀਆਂ ਰੱਖੀ ਜਾਂਦੀ ਰਹਿੰਦੀ...'ਬਸ ਭਾਈਆ ਜੀ ਅਹਿ ਆਖ਼ਰੀ ਤਾਂ ਲੈ ਲਓ!'
ਪਰ ਇਕ ਆਪਣੀ ਬਹੂ ਐ ਟਾਇਗਰ ਕਿ ਸਾਡੇ ਜਿਊਂਦੇ ਜੀਅ ਵੀ ਉਸਨੂੰ ਖ਼ਬਰ ਨਹੀਂ, ਕਿ ਅਸੀਂ ਖਾ ਕੇ ਜਿਊਂਦੇ ਆਂ, ਕਿ ਖਾਧੇ ਬਗ਼ੈਰ। ਕਦੀ ਵਿਖਾਲੀ ਈ ਨਹੀਂ ਦਿੰਦੀ, ਬਸ ਉਸ ਵੱਲੋਂ ਸਮਾਚਾਰ ਮਿਲਦੇ ਰਹਿੰਦੇ ਐ ਕਿ 'ਬਾਬਾ ਸਠਿਆ ਗਿਐ...।' ਤੂੰ ਈ ਦੱਸ ਬਈ ਹੁਣ ਸੱਤਰ ਦੀ ਉਮਰ ਵਿਚ ਕੋਈ ਸਠਿਆਵੇ ਵੀ ਨਾ? ਕਹਿੰਦੀ ਐ ਟਾਇਗਰ, ਮੈਂ ਤੈਨੂੰ ਪੂਰੀ ਤਰ੍ਹਾਂ ਵਿਗਾੜ ਰੱਖਿਆ ਐ। ਮੇਰੇ ਵੱਲ ਮੂੰਹ ਫੁਲਾਅ ਕੇ ਭੌਂਕਣਾ ਕਿਉਂ ਸ਼ੁਰੂ ਕਰ ਦਿੱਤੈ ਓਇ? ਮੈਂ ਥੋੜ੍ਹਾ ਕਹਿ ਰਿਹਾਂ, ਤੂੰ ਤਾਂ ਜਮਾਂਦਰੂ ਵਿਗੜਿਆ ਹੋਇਆ ਐਂ। ਆਪਣੀ ਉਸ ਮਾਂ ਨੂੰ ਭੌਂਕਿਆ ਕਰ...ਪਰ ਇਉਂ ਈ ਤਾਂ ਤੂੰ ਕਰਦਾ ਐਂ...ਦੇਖ ਟਾਇਗਰ, ਉਹ ਕਦੀ ਨਜ਼ਰ ਆਵੇ ਤਾਂ ਨੀਵੀਂ ਪਾ ਕੇ ਇਕ ਪਾਸੇ ਹਟ ਜਾਇਆ ਕਰ। ਤੂੰ ਉਸ ਤੋਂ ਕੀ ਲੈਣਾ-ਦੈਣੈ ਭਲਾ?
ਅੱਛਾ, ਇਹ ਦੱਸ, ਉਸ ਦਿਨ ਅੱਖ ਖੁੱਲ੍ਹਦਿਆਂ ਈ ਅਹਿ ਸਾਲੀ ਦੁੰਬ ਹਿਲਾਉਂਦਾ ਹੋਇਆ ਤੂੰ ਉਸਦੇ ਬੈੱਡਰੂਮ ਵਿਚ ਕਿਉਂ ਜਾ ਵੜਿਆ ਸੀ? ਉੱਥੇ ਤਾਂ ਉਹ ਆਪਣੇ ਨਿਆਣਿਆਂ ਨੂੰ ਵੀ ਨਹੀਂ ਵੜਨ ਦਿੰਦੀ। ਤੇਰੀਆਂ ਝੁਰੜੀਆਂ ਵਿਚ ਤਾਂ ਉਸਨੂੰ ਆਪਣੇ ਪਾਪ ਅਟਕੇ ਹੋਏ ਦਿਖਾਈ ਦਿੰਦੇ ਆ। ਕੀ ਕਹਿੰਦੀ ਸੀ...ਤੈਨੂੰ ਸ਼ੂਟ ਕਰਵਾ ਦਵੇਗੀ? ਕੋਈ ਮਜ਼ਾਕ ਐ! ਐਸੀ-ਵੈਸੀ ਗੱਲ ਹੋਈ ਤਾਂ ਮੈਂ ਉਸਨੂੰ ਫਾਹੇ ਲੁਆ ਦਿਆਂਗਾ...ਪਰ ਨਹੀਂ, ਟਾਇਗਰ, ਤੂੰ ਉਸ ਤੋਂ ਬਚ ਕੇ ਈ ਰਿਹਾ ਕਰ। ਆਪਣੇ ਆਰਾਮ ਦੀ ਖਾਤਰ ਜਦੋਂ ਇਹ ਲੋਕ ਕੁੱਤਿਆਂ ਨੂੰ ਮਰਵਾ ਦਿੰਦੇ ਐ ਤਾਂ ਇਸ ਨੂੰ ਮਰਸੀ ਕਿਲਿੰਗ ਦਾ ਨਾਂਅ ਦੇ ਦਿੱਤਾ ਜਾਂਦਾ ਐ ਤੇ ਮਰਵਾਉਣ ਵਾਲੇ ਨੂੰ ਫਾਹੇ ਲਾਉਣ ਦੀ ਬਜਾਏ ਇੱਜ਼ਤ ਨਾਲ ਦੇਖਿਆ ਜਾਂਦਾ ਐ। ਹਾਂ ਬੱਚਿਆ, ਉਸ ਤੋਂ ਬਚ ਕੇ ਈ ਰਿਹਾ ਕਰ। ਸਾਰੀ ਉਮਰ ਇਹਨਾਂ ਦੀ ਚੌਕੀਦਾਰੀ ਵਿਚ ਬਿਤਾਅ ਚੁੱਕਿਆ ਐਂ। ਹੁਣ ਆਪਣੀ ਚੌਕੀਦਾਰੀ ਕੀਤਾ ਕਰ, ਨਹੀਂ ਤਾਂ ਚੋਰ ਤੈਨੂੰ ਈ ਤੈਥੋਂ ਚੁਰਾਅ ਕੇ ਲੈ ਜਾਣਗੇ...ਨਾ, ਭੌਂਕ ਨਾ...ਤੈਨੂੰ ਏਧਰੋਂ, ਓਧਰ ਜਾਣ ਦੀ ਲੋੜ ਈ ਕੀ ਐ? ਮੈਂ ਕਹਿ ਦਿੱਤਾ ਨਾ, ਭੌਂਕ ਨਾ, ਭੌਂਕ–ਭੌਂਕ ਕੇ ਤਾਂ ਤੂੰ ਇਹ ਸਾਰੀ ਮੁਸੀਬਤ ਖੜ੍ਹੀ ਕੀਤੀ ਐ। ਮੈਨੂੰ ਕਦੀ ਓਧਰ, ਉਹਨਾਂ ਕੋਲ ਜਾਂਦਿਆਂ ਵੇਖਿਆ ਐ? ਤੂੰ ਵੀ ਇੱਥੇ ਈ ਪਿਆ ਰਿਹਾ ਕਰ। ਏਥੇ ਤਾਂ ਇਹ ਐ ਟਾਇਗਰ ਕਿ ਮਰਨ ਤੋਂ ਪਹਿਲਾਂ ਆਪਣੇ ਅਲਗ-ਅਲਗ ਕਮਰਿਆਂ ਵਿਚ ਜ਼ਿੰਦਗੀ ਦੀ ਕੈਦ ਭੁਗਤਦੇ ਰਹੋ...ਸਾਡਾ ਮੁਹੱਲਾ? ਸਾਡੇ ਮੁਹੱਲੇ ਦੀ ਕੀ ਪੁੱਛਦੈਂ? ਉਹ ਤਾਂ ਸਭ ਪਸਿਓਂ ਖੁੱਲ੍ਹਾ-ਡੁੱਲ੍ਹ ਸੀ। ਜਿੱਧਰੋਂ ਜਿੱਧਰ ਮਰਜ਼ੀ ਚਲੇ ਜਾਓ, ਜਾਪਦਾ ਸੀ ਆਪਣੇ ਕੋਲ ਈ ਆ ਪਹੁੰਚੇ ਆਂ ਤੇ ਬੇਫ਼ਿਕਰੀ ਨਾਲ ਅੱਖਾਂ ਬੰਦ ਕਰ ਲਓ ਕਿ ਮਾਂ ਦੀ ਗੋਦ ਵਿਚ ਆ ਪਏ ਆਂ...ਹਾਂ, ਮੈਂ ਤੈਨੂੰ ਵੱਡੇ ਚਾਚੇ ਬਾਰੇ ਦੱਸ ਰਿਹਾ ਸੀ। ਹਰੇਕ ਦਾ ਕਹਿਣਾ ਸੀ ਕਿ 'ਵੱਡਾ ਚਾਚਾ ਸਿਰ 'ਤੇ ਐ ਤਾਂ ਆਪਾਂ ਨੂੰ ਕੀ ਚਿੰਤਾ?' ਬੁੱਢਿਆਂ ਨੂੰ ਉਹਨਾਂ ਦੀ ਵੱਡੀ ਉਮਰ ਨਹੀਂ ਮਾਰਦੀ। ਉਮਰ ਨਾਲ ਤਾਂ ਇਕ ਵਿਸ਼ਵਾਸ ਵੱਝਦਾ ਐ। ਸਾਡਾ ਵੱਡਾ ਚਾਚਾ ਕਿਸੇ ਬਿਮਾਰ ਦੇ 'ਫੂਕਾ' ਮਾਰ ਦੇਂਦਾ ਤਾਂ ਉਹ ਆਪਣੇ ਇਸੇ ਵਿਸ਼ਵਾਸ ਸਦਕਾ ਨੌਂ ਬਰ ਨੌਂ ਹੋ ਜਾਂਦਾ ਕਿ ਵੱਡੇ ਚਾਚੇ ਨੇ 'ਫੂਕਾ' ਮਾਰ ਦਿੱਤੈ, ਹੁਣ ਬਿਮਾਰੀ ਦੀ ਕੀ ਔਕਾਤ?
ਸਾਡੇ ਵੱਡੇ ਚਾਚੇ ਨੇ ਮੁਹੱਲੇ ਦੇ ਹਰ ਜੀਅ ਨੂੰ ਮਾਲਾ ਵਿਚ ਪਰੋਅ ਕੇ ਆਪਣੇ ਗ਼ਲ ਵਿਚ ਪਾਇਆ ਹੋਇਆ ਸੀ ਤੇ ਕਹਿੰਦਾ ਹੁੰਦਾ ਸੀ---'ਬਈ ਮੇਰਾ ਦਿਲ ਹੁਣ ਇਸ ਉਮਰ ਵਿਚ ਆਪਣੇ-ਆਪ ਨਹੀਂਓਂ ਧੜਕਦਾ, ਬਲਿਕੇ ਸੋਨੇ ਦੇ ਇਹਨਾਂ ਮਣਕਿਆਂ ਵਿਚੋਂ ਕੋਈ ਨਾ ਕੋਈ ਹਰ ਪਲ ਇਸ ਵਿਚ ਟੁਣਕਦਾ ਰਹਿੰਦੈ...।'
'ਪਰ ਤੇਰੇ ਕੁਝ ਮਣਕਿਆਂ ਵਿਚ ਖੋਟ ਕੁਛ ਬਹੁਤੀ ਈ ਐ ਵੱਡੇ ਚਾਚਾ।'
'ਫੇਰ ਵੀ, ਸੋਨੇ ਦੇ ਈ ਐ ਨਾ...ਨਕਲੀ ਤਾਂ ਨਹੀਂ...'
ਸਿਆਣਿਆਂ ਦੇ ਨਿੱਘੇ-ਨਿੱਘੇ ਪ੍ਰੇਮ ਨਾਲ ਈ ਜੀਵਨ ਦੇ ਸੰਬੰਧ ਪੀਢੇ ਹੁੰਦੇ ਜਾਂਦੇ ਐ, ਟਾਇਗਰ! ਜਿੱਥੇ ਬੁੱਢਿਆਂ ਦਾ ਆਦਰ-ਮਾਣ ਨਹੀਂ, ਉੱਥੇ ਜਿਊਂਣਾ ਤੇ ਜੁੜਨਾ ਕਿਵੇਂ ਹੋਵੇ? ਤੇਰਾ ਮਾਲਿਕ ਤੇ ਮਾਲਕਿਨ ਸਿਰਫ ਤੇਰੇ ਉੱਤੇ ਈ ਚਿੜੇ ਨਹੀਂ ਰਹਿੰਦੇ, ਆਪਸ ਵਿਚ ਵੀ ਸਿਰਫ ਆਪਣੀਆਂ ਮੁਸਕਰਾਹਟਾਂ ਦਾ ਹਿਸਾਬ-ਕਿਤਾਬ ਈ ਕਰਦੇ ਰਹਿੰਦੇ ਆ। ਤੈਨੂੰ ਪਤਾ ਨਹੀਂ, ਬਹੂ ਨੇ ਕਾਨੂੰਨੀ ਕਾਰਵਾਈ ਰਾਹੀਂ ਮੇਰੇ ਮੁੰਡੇ ਤੋਂ ਬਿਜਨੇਸ ਤੇ ਪ੍ਰਾਪਰਟੀ ਵਿਚ ਆਪਣਾ ਅੱਧਾ ਅਧਿਕਾਰ ਮੰਨਵਾ ਲਿਆ ਐ। ਉਹ ਆਪਸ ਵਿਚ ਲੜਦੇ-ਝਗੜਦੇ ਤਾਂ ਨਹੀਂ, ਪਰ ਸਿਰਫ ਅਸੂਲਾਂ ਤੇ ਨਿਯਮਾਂ ਦੀ ਸਿਧਾਂਤੀ ਜ਼ਿੰਦਗੀ ਜਿਉਂਦੇ ਐ। ਤੂੰ ਵਿਅਰਥ ਈ ਆਪਣੀ ਪਿਆਰ ਦੀ ਸਨਕ ਪੂਰੀ ਨਾ ਹੋਣ ਉੱਤੇ ਭੌਂਕਦਾ ਰਹਿੰਣੈ...।
ਪਰਸੋਂ ਉਹ ਪੂਰੇ ਢਾਈ ਮਹੀਨੇ ਬਾਅਦ ਮੈਨੂੰ ਮਿਲਿਆ ਸੀ...ਹਾਂ, ਮੇਰਾ ਮੁੰਡਾ...ਤੇ ਠਾਹ ਸੋਟਾ ਮਾਰਿਆ ਸੀ, ''ਤੇਰਾ ਟਾਇਗਰ ਹੁਣ ਬੁੱਢਾ ਤੇ ਪਾਗ਼ਲ ਹੋ ਗਿਆ ਐ ਬਾਪੂ।'' ਮੈਂ ਕਿਹਾ---''ਬੁੱਢਾ ਤੇ ਪਾਗ਼ਲ ਤਾਂ ਮੈਂ ਵੀ ਹੋ ਗਿਆਂ ਪੁੱਤਰਾ! ਉਹ ਤਾਂ ਅਜੇ ਤੇਰੇ ਬਾਲ ਜਿੰਨੀ ਉਮਰ ਵੀ ਨਹੀਂ ਜਿਊਂਇਆਂ। ਉਸਨੂੰ ਪਿਆਰ ਕਰ, ਜਾਨਵਰ ਦੇ ਸਾਰੇ ਅਹਿਸਾਸ ਆਪਣੇ-ਆਪ ਪਰਤ ਆਉਣਗੇ।'' ਮਸ਼ੀਨ ਕੁਝ ਮਹਿਸੂਸ ਕੀਤੇ ਬਿਨਾਂ ਚੱਲਦੀ ਰਹੀ---''ਮੇਰੇ ਕੋਲ ਪਿਆਰ ਮੁਹੱਬਤ ਦਾ ਟਾਈਮ ਨਹੀਂ ਬਾਪੂ, ਮੈਂ ਤਾਂ ਹੁਣ ਉਸ ਤੋਂ ਛੁਟਕਾਰਾ ਈ ਪਾ ਲੈਣੈ...'' ਤੂੰ ਪ੍ਰੇਸ਼ਾਨ ਕਿਉਂ ਹੁੰਦਾ ਐਂ ਟਾਇਗਰ? ਉਹ ਤਾਂ ਮੈਥੋਂ ਵੀ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਸੋਚਦਾ ਰਹਿੰਦਾ ਐ---ਹਾਂ, ਮਨ ਭਰ ਆਇਆ ਐ ਤਾਂ ਰੋਕ ਨਾ ਰੋਣ; ਭੌਂਕ ਲੈ-ਖ਼ੂਬ ਭੌਂਕ, ਘਬਰਾਈਂ ਨਾ...ਮੈਂ ਸਭ ਠੀਕ ਕਰ ਲਵਾਂਗਾ।
ਇਕ ਗੱਲ ਦੱਸਾਂ? ਸਾਡੇ ਵੱਡੇ ਚਾਚੇ ਦੇ ਸੋਨੇ ਕੇ ਮਣਕਿਆਂ ਵਿਚ ਪੰਜ...ਨਹੀਂ ਛੇ ਕੁੱਤੇ ਵੀ ਸੀ। ਸਾਡੀ ਸਾਰੀ ਗਲੀ ਉਹਨਾਂ ਨੂੰ ਪਾਲਦੀ ਸੀ। ਵੱਡਾ ਚਾਚਾ ਆਦਮੀਆਂ ਉੱਤੇ ਵੀ ਭਰੋਸਾ ਕਰਦਾ ਸੀ ਪਰ ਆਦਮੀਆਂ ਨਾਲੋਂ ਵੱਧ ਭਰੋਸਾ ਉਸਨੂੰ ਉਹਨਾਂ ਕੁੱਤਿਆਂ ਉੱਤੇ ਸੀ। ਉਹਨਾਂ ਕੁੱਤਿਆਂ ਵਿਚੋਂ ਗੰਗਾਰਾਮ ਖਾਸਾ ਬੁੱਢਾ ਸੀ...ਨਹੀਂ, ਤੂੰ ਅਜੇ ਏਨਾ ਬੁੱਢਾ ਕਿੱਥੇ ਹੋਇਆ ਐਂ? ਆਪਣੇ ਬੁਢੇਪੇ ਦੇ ਜ਼ਿਕਰ ਉੱਤੇ ਚਿੜ ਨਾ ਜਾਇਆ ਕਰ। ਇਸੇ ਲਈ ਤਾਂ ਕੁੱਤਿਆਂ ਦੀ ਕਾਇਆ ਏਨੀ ਜਲਦੀ ਢਿੱਲੀ ਪੈਣ ਲੱਗਦੀ ਐ---ਓ ਭਰਾਵਾ, ਬੁੱਢੇ ਵੀ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੁੰਦੇ, ਵੱਡਾ ਚਾਚਾ ਜਦੋਂ ਮੇਰੇ ਸਾਹਵੇਂ ਜਿਉਂਦਾ ਤਿਉਂ ਘੁੰਮਣ ਫਿਰਨ ਲੱਗਦਾ ਐ ਤਾਂ ਮੇਰੀ ਜਵਾਨੀ ਪਰਤ ਆਉਂਦੀ ਐ। ਬੁੱਢਿਆਂ ਦੀ ਠੰਡੀ ਛਾਂ ਸਾਨੂੰ ਹਮੇਸ਼ ਹਰਿਆ-ਭਰਿਆ ਰੱਖਦੀ ਐ...ਨਹੀਂ, ਟਾਇਗਰ, ਇਹ ਗਲਤ ਐ ਕਿ ਮਹੀਨੇ ਤੇ ਸਾਲ ਸਾਨੂੰ ਬੁੱਢਾ ਕਰਦੇ ਐ। ਬੁੱਢੇ ਅਸੀਂ ਓਦੋਂ ਹੁੰਦੇ ਆਂ ਜਦੋਂ ਸਾਡੇ ਪਿਓ-ਦਾਦੇ ਨਹੀਂ ਰਹਿੰਦੇ, ਹਾਂ, ਆਪਣੇ ਆਪ ਵਿਚ ਨਾ ਰਹਿਣ ਜਾਂ ਸਾਡੇ ਦਿਲ ਤੇ ਦਿਮਾਗ਼ ਵਿਚ...। ਬੂਟੇ ਆਪਣੀਆਂ ਜੜਾਂ 'ਤੇ ਕੰਨ ਲਾਈ ਰੱਖਦੇ ਐ ਤਦੇ ਤਾਂ ਕੜਕਦੀ ਧੁੱਪ ਵਿਚ ਵੀ ਫੁੱਲਾਂ ਵਿਚ ਮੂੰਹ ਦਿੱਤੀ ਟਹਿਕਦੇ ਰਹਿੰਦੇ ਐ---ਹਾਂ, ਟਾਇਗਰ ਮੇਰਾ ਮੁੰਡਾ ਇਸੇ ਲਈ ਸੁੱਕਦਾ ਜਾ ਰਿਹੈ। ਉਸਦੇ ਧੰਦੇ ਤੇ ਰੋਗਾਂ ਦੇ ਸਿਵਾਏ ਉਸਨੂੰ ਕੋਈ ਚਿੰਤਾ ਈ ਨਹੀਂ। ਸੋ ਰੋਗ ਪਲਦੇ ਤੇ ਧੰਦੇ ਵਧਦੇ ਜਾ ਰਹੇ ਐ...ਤੇ ਉਹ ਆਪ, ਖੁਰਦਾ ਜਾ ਰਿਹਾ ਐ।...ਅਸ਼ੀਰਵਾਦ? ਅਸ਼ੀਰਵਾਦ ਤਾਂ ਮੈਂ ਉਸਨੂੰ ਫੇਰ ਵੀ ਦਿੰਦਾ ਈ ਰਹਿਣਾਂ, ਪਰ ਉਹ ਮੇਰੇ ਅਸ਼ੀਰਵਾਦ ਉੱਤੇ ਕੰਨ ਧਰੇ ਤੇ ਉਸਨੂੰ ਆਪਣੇ ਖ਼ੂਨ ਵਿਚ ਰਚਨ-ਵੜਨ ਵੀ ਦੇਵੇ, ਮੇਰੇ ਅਸ਼ੀਰਵਾਦ ਨੂੰ ਘੋਲ-ਘੋਲ ਕੇ ਪੀਂਦਾ ਰਹੇ ਤਾਂ ਦੇਖਦੇ ਈ ਦੇਖਦੇ ਨਿੱਖਰ ਨਾ ਆਏ---ਕਈ ਵਾਰੀ ਆਪੇ 'ਚੋਂ ਬਾਹਰ ਹੋ ਜਾਂਦਾ ਆਂ...ਪਰ ਟੁੱਟਿਆ–ਫੁੱਟਿਆ ਈ ਸਹੀ, ਆਪਣਾ ਈ ਆਪਾ ਐ, ਸਦਾ ਉਸ ਤੋਂ ਬਾਹਰ ਕਿਵੇਂ ਰਹਾਂ?...ਇਕ ਦਿਨ ਮੈਂ ਉਸਨੂੰ ਉਲਾਂਭਾ ਜਿਹਾ ਦਿੱਤਾ---''ਗੋਪਾਲ ਪੁੱਤਰ ਮੇਰੀ ਉਂਗਲ ਫੜ ਕੇ ਈ ਤੁਰਨ ਦੇ ਕਾਬਿਲ ਹੋਇਆ ਐਂ।'' ਮਜ਼ਾਕ ਉਡਾਉਂਦਾ ਹੋਇਆ ਬੋਲਿਆ---''ਤੂੰ ਤਾਂ ਫੇਰ ਹੁਣ ਤੁਰ-ਫਿਰ ਈ ਨਹੀਂ ਸਕਦਾ ਬਾਪੂ, ਕੀ ਮੈਂ ਤੇਰੀ ਉਂਗਲ ਫੜ੍ਹ ਕੇ ਸਾਰਾ ਦਿਨ ਤੇਰੇ ਕੋਲੇ ਬੈਠਾ ਰਿਹਾ ਕਰਾਂ?...'' ਮੈਂ ਇਹ ਤਾਂ ਨਹੀਂ ਕਹਿੰਦਾ ਟਾਇਗਰ ਕਿ ਉਹ ਹਰ ਵੇਲੇ ਮੇਰੇ ਕੋਲੇ ਬੈਠਾ ਰਹੇ ਪਰ ਇਹ ਵੀ ਕੋਈ ਜਿਉਂਣ ਐਂ ਕਿ ਤੁਹਾਡਾ ਲੈਣਾ-ਦੇਣਾ ਪੂਰਾ ਹੋ ਗਿਆ, ਬਸ ਹੁਣ ਸਿਰਫ ਇਸ ਲਈ ਜਿਉਂਦੇ ਰਹੋ ਕਿ ਇਕ ਮਰਨਾ ਬਾਕੀ ਐ।
ਹਾਂ, ਗੰਗਾਰਾਮ ਨੂੰ ਤਾਂ ਮੈਂ ਭੁੱਲ ਈ ਗਿਆ---ਕੁਦਰਤ ਬੜੀ ਸਖੀ ਐ ਟਾਇਗਰ ਕਿ ਬੁੱਢੇਪੇ ਵਿਚ ਸਭ ਕੁਝ ਝੱਟ ਈ ਭੁੱਲ ਜਾਂਦਾ ਐ...ਯਾਦ ਰਹੇ ਤਾਂ ਦਿਮਾਗ ਦੇ ਕੰਡੇ ਕੱਢ-ਕੱਢ ਕੇ ਬੁੱਢੇ ਪਾਗਲ ਹੋ ਜਾਣ---ਨਹੀਂ, ਗੰਗਾਰਾਮ ਤਾਂ ਮੈਨੂੰ ਭੁੱਲ-ਭੁੱਲ ਕੇ ਯਾਦ ਆਉਂਦਾ ਐ। ਹਾਂ---ਗੰਗਾਰਾਮ ਬੜਾ ਬੁੱਢਾ ਸੀ। ਵੱਡੇ ਚਾਚੇ ਦੇ ਘਰ ਦੇ ਸਾਹਮਣੇ ਬੈਠਾ ਰਹਿੰਦਾ ਸੀ। ਵੱਡਾ ਚਾਚਾ ਸਾਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ---'ਬਈ ਮੇਰਾ ਇਹ ਬੁੱਢਾ ਕੁੱਤਾ ਮੇਰੇ ਨਾਲ ਈ ਮਰੂਗਾ। ਏਨੇ ਲੰਮੇ ਸਫਰ ਵਿਚ ਗੰਗਾਰਾਮ ਮੇਰੇ ਅੱਗੇ-ਅੱਗੇ ਨਾ ਹੋਇਆ ਤਾਂ ਮੈਂ ਕਿਤੇ ਰੱਸਤੇ ਵਿਚ ਈ ਨਾ ਰੁਲ ਜਾਵਾਂ।' ਤੇ ਤੂੰ ਹੈਰਾਨ ਹੋਏਂਗਾ ਟਾਇਗਰ, ਸਾਡੇ ਵੱਡੇ ਚਾਚੇ ਤੇ ਗੰਗਾਰਾਮ ਨੇ ਇਕੋ ਸਮੇਂ ਪ੍ਰਾਣ ਛੱਡੇ। ਸਾਨੂੰ ਸਾਰੇ ਮੁਹੱਲੇ ਵਾਲਿਆਂ ਨੂੰ ਪੂਰੀ ਤਸੱਲੀ ਸੀ ਕਿ ਚੱਲੋ ਵੱਡੇ ਚਾਚੇ ਦਾ ਗੰਗਾਰਾਮ ਤਾਂ ਵੱਡੇ ਚਾਚੇ ਦੇ ਨਾਲ ਈ ਐ। ਦੋਵੇਂ ਮੌਜਾਂ ਨਾਲ ਹੌਲੀ-ਹੌਲੀ ਜਾ ਪਹੁੰਚਣਗੇ। ਓਇ ਟਾਇਗਰਾ, ਵੇਖੀਂ ਫ਼ੋਨ ਦੀ ਘੰਟੀ ਵੱਜ ਰਹੀ ਐ---ਨਹੀਂ, ਠਹਿਰ, ਮੈਂ ਆਪ ਈ ਵੇਖਦਾਂ। ਸੁਣਨ ਵਾਲਾ ਏਨਾ ਪੜ੍ਹਿਆ-ਲਿਖਿਆ ਕਿੱਥੇ ਹੋਣੈ ਜੋ ਤੇਰੇ ਭੌਂਕਣ ਦਾ ਅਨੁਵਾਦ ਕਰ ਲਏ?---ਠਹਿਰ, ਚੌੜ ਨਾ ਕਰ---ਨਹੀਂ, ਪਰ੍ਹੇ ਹੋ ਜਾ, ਮੈਂ ਕਿਹਾ ਨਾ, ਮੈਂ ਆਪੇ ਗੱਲ ਕਰ ਲੈਣਾ---''ਹੈਲੋ! ਹੈਲੋ!-ਗੋਪਾਲ?''---ਤੇਰਾ ਮਾਲਿਕ ਐ ਟਾਇਗਰ---ਓਇ, ਭੌਂਕ ਕਿਉਂ ਰਿਹੈਂ?-''ਨਹੀਂ, ਗੋਪਾਲ ਮੈਂ ਟਾਇਗਰ ਨੂੰ ਕਹਿ ਰਿਹਾ ਸੀ---ਹਾਂ, ਉਹੀ ਭੌਂਕ ਰਿਹਾ ਐ---ਨਹੀਂ, ਟਾਇਗਰ ਪਾਗਲ ਨਹੀਂ ਗੋਪਾਲ-ਤ-ਤੂੰ-?---ਮੈਂ ਐਂ ਨਹੀਂ ਹੋਣ ਦਿਆਂਗਾ ਗੋਪਾਲ---ਪਾਗਲ ਤੂੰ ਐਂ---ਨਹੀਂ-ਨਹੀਂ ਗੋਪਾਲ। ਉਹਨਾਂ ਨੂੰ ਨਾ ਲਿਆ---ਨਹੀਂ!''
ਟਾਇਗਰ-ਏਧਰ ਆ ਟਾਇਗਰ---ਘਬਰਾਅ ਨਾ---ਆ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਕਿਧਰੇ ਦੂਰ ਛੱਡ ਆਉਂਣਾ, ਹਾਂ-ਨਹੀਂ ਜਾਂਦਾ?---ਕਿਉਂ ਨਹੀਂ ਜਾਂਦਾ?---ਓਇ ਮੂਰਖਾ ਮਾਲਿਕ ਦੀ ਨੀਅਤ ਖ਼ਰਾਬ ਹੋਣ ਲੱਗੇ ਤਾਂ ਉਹ ਵੀ ਚੋਰ ਹੁੰਦਾ ਐ। ਤੈਨੂੰ ਕੀ ਪਈ ਐ ਬਈ ਚੋਰਾਂ ਦੀ ਰਾਖੀ ਕਰਦਾ ਫਿਰੇਂ?---ਹਾਂ, ਭੌਂਕ ਖ਼ੂਬ, ਗੁੱਸੇ ਵਿਚ ਆ ਕੇ ਭੌਂਕ-ਲਾ---ਪਰ ਠਹਿਰੀਂ, ਇਸ ਤਰ੍ਹਾਂ ਕੰਮ ਨਹੀਂਓਂ ਚੱਲਣਾ-ਆ, ਮੈਂ ਤੈਨੂੰ ਕਿਤੇ ਛੱਡ ਈ ਆਉਣਾ---ਮੇਰੇ ਵੱਲ ਏਨੀਆਂ ਸ਼ਿਕਾਇਤ ਭਰੀਆਂ ਅੱਖਾਂ ਨਾਲ ਨਾ ਵੇਖ---ਜੀਅ ਕਰਦਾ ਐ ਤਾਂ ਵੱਢ ਲੈ---ਲੈ ਵੱਢ ਲਾ, ਪਰ ਐਂ ਨਾਲ ਵੇਖ।
ਜਦੋਂ ਮੈਂ ਤੈਨੂੰ ਪਹਿਲੀ ਵੇਰ ਘਰ ਲਿਆਇਆ ਸੀ ਤੂੰ ਸ਼ਾਇਦ ਕੁਝ ਘੰਟੇ ਪਹਿਲਾਂ ਈ ਜੰਮਿਆਂ ਹੋਏਂਗਾ। ਤੇਰੀ ਮਾਂ ਤੈਨੂੰ ਸਾਡੇ ਪਿੱਛਲੇ ਪਾਰਕ ਵਿਚ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ, ਸ਼ਾਇਦ ਜਾਣ ਤੋਂ ਪਹਿਲਾਂ ਉਹ ਤੇਰੇ ਨੰਨ੍ਹੇ ਮੁੰਨੇ ਭੈਣ-ਭਰਾਵਾਂ ਨੂੰ ਸਮੇਟ ਰਹੀ ਸੀ ਤਾਂ ਤੂੰ ਸ਼ਰਾਰਤ ਵੱਸ ਕਿਸੇ ਝਾੜੀ ਵਿਚ ਲੁਟਕ ਗਿਆ ਸੀ। ਜਦੋਂ ਮੈਂ ਤੈਨੂੰ ਦੇਖਿਆ ਤਾਂ ਏਨੀ ਵੱਡੀ ਦੁਨੀਆਂ ਵਿਚ ਤੂੰ ਨੰਨ੍ਹੀ ਜਿਹੀ ਜਾਨ, ਇਕੱਲਾ ਈ ਖੇਡ ਰਿਹਾ ਸੀ ਤੇ ਤੈਨੂੰ ਕੋਈ ਫਿਕਰ ਨਹੀਂ ਸੀ ਤੇ ਆਪਣੇ ਨਿੱਕੇ-ਨਿੱਕੇ ਪੈਰਾਂ ਉਪਰ ਖੜ੍ਹੇ ਹੋ-ਹੋ ਕੇ ਵਾਰੀ-ਵਾਰੀ ਡਿੱਗਣਾ ਤੈਨੂੰ ਬੜਾ ਚੰਗਾ ਲੱਗ ਰਿਹਾ ਸੀ। ਤੇਰੇ ਮੋਹ ਕਾਰਨ ਮੇਰੇ ਅੰਦਰ ਈ ਅੰਦਰ ਮੇਰੀ ਪੂਛ ਵੀ ਹਿੱਲਣ ਲੱਗ ਪਈ ਤੇ ਮੈਂ ਆਪਣੇ ਆਪ ਨੂੰ ਪੁੱਛਣ ਲੱਗਿਆ ਕਿ ਥੋੜ੍ਹੀ ਦੇਰ ਬਾਅਦ ਜਦੋਂ ਤੈਨੂੰ ਭੁੱਖ ਸਤਾਉਣ ਲੱਗੇਗੀ ਤਾਂ ਤੂੰ ਕੀ ਖਾਏਂਗਾ? ਏਨੀ ਠੰਡ ਵਿਚ ਕਿੱਥੇ ਸੌਵੇਂਗਾ? ਮੈਨੂੰ ਵਿਸ਼ਵਾਸ ਹੋਣ ਲੱਗਾ ਕਿ ਕੁਦਰਤ ਨੇ ਤੈਨੂੰ ਮੇਰੇ ਸਪੁਰਦ ਕਰਨ ਦਾ ਫੈਸਲਾ ਕਰ ਲਿਆ ਐ...
ਮੈਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਐ ਟਾਇਗਰ, ਪਰ ਮੈਂ ਕੀ ਕਰਾਂ? ਮੈਨੂੰ ਤਾਂ ਪਤਾ ਈ ਏ ਕਿ ਮੈਂ ਵੀ ਆਪਣੇ ਪੁੱਤਰ ਦੇ ਦਿਲ ਦੇ ਬਾਹਰ ਈ ਰਹਿ ਰਿਹਾਂ। ਦਿਲ ਤੋਂ ਬਾਹਰ ਹੋਵੇ ਭਾਵੇਂ ਘਰ ਤੋਂ ਬਾਹਰ---ਕੋਈ ਦਿਲ ਵਿਚ ਹੋਵੇ ਭਾਵੇਂ ਕਿਤੇ ਵੀ ਹੋਵੇ---ਦਿਲ ਵਿਚ ਈ ਹੁੰਦਾ ਐ। ਪਿਛਲੇ ਮਹੀਨੇ ਜਦੋਂ ਇਹ ਲੋਕ ਮੇਰੀ ਸਲਾਹ ਦੇ ਬਗ਼ੈਰ ਤੈਨੂੰ ਕਿਤੇ ਬਾਹਰ ਛੱਡ ਆਏ ਸੀ ਤਾਂ ਮੈਨੂੰ ਪਤਾ ਸੀ ਬਈ ਕਿਸੇ ਦਿਨ ਤੂੰ ਮੇਰੇ ਈ ਦਿਲ ਦੇ ਕਿਸੇ ਰਾਸਤੇ 'ਚੋਂ ਅਚਾਨਕ ਅੰਦਰ ਵੜ ਆਵੇਂਗਾ ਤੇ---ਓਵੇਂ ਈ ਹੋਇਆ---ਤੂੰ ਦੋ ਦਿਨਾਂ ਵਿਚ ਈ ਪਰਤ ਆਇਆ ਤੇ ਤੈਨੂੰ ਗ਼ਲੇ ਲਾ ਕੇ ਮੇਰੀ ਜਾਨ ਵਿਚ ਜਾਨ ਆਈ---ਮੈਂ ਕੀ ਕਰਾਂ? ਆਪਣੇ ਹੱਥੀਂ ਤੈਨੂੰ ਬਾਹਰ ਧਰੀਕ ਕੇ ਮੈਂ ਵੀ ਇੱਥੇ ਕਿਵੇਂ ਰਹਾਂਗਾ?---ਤੇ ਤੂੰ ਮੁੜ ਪਰਤ ਆਇਆ ਤਾਂ ਤੂੰ ਕਿਸ ਨੂੰ ਮਿਲੇਂਗਾ?---ਘਬਰਾਅ ਨਾ ਟਾਇਗਰ, ਆਪਾਂ ਦੋਵੇਂ ਬੁੱਢੇ ਇਕੱਠੇ ਈ ਕਿਤੇ ਨਿਕਲ ਜਾਂਦੇ ਆਂ---ਨਹੀਂ ਠਹਿਰ, ਬਾਹਰ ਵੱਲ ਕਿਉਂ ਦੌੜ ਪਿਐਂ? ਇੱਥੇ ਬੈਠੇ-ਬੈਠੇ ਈ ਆਪਣੇ ਰੱਸਤੇ ਪੈ ਲਵਾਂਗੇ...
ਮੈਂ ਕੁਝ ਗੋਲੀਆਂ ਏਸੇ ਪਿੱਛੇ ਈ ਲੈ ਕੇ ਰੱਖੀਆਂ ਹੋਈਆਂ ਐਂ ਟਾਇਗਰ-ਠਹਿਰ, ਇਸ ਅਲਮਾਰੀ ਵਿਚ ਹੈਣਗੀਆਂ। ਅਹਿ ਵੇਖ, ਇਹ ਆ ਸ਼ੀਸ਼ੀ, ਤਿੰਨ ਤੂੰ ਲੈ-ਲੈ ਤੇ ਤਿੰਨ ਮੈਂ---ਠਹਿਰ, ਪਾਣੀ ਨਾਲ ਲਵਾਂਗੇ---ਅੱਛਾ ਹੁਣ ਮੂੰਹ ਖੋਲ੍ਹ! ਦੇਖ ਬੱਚੇ, ਜਲਦੀ ਨਹੀਂ ਕਰਨੀ। ਆਪਾਂ ਦੋਵੇ ਨਾਲੋ-ਨਾਲ ਚੱਲਾਂਗੇ। ਫਿਕਰ ਨਾ ਕਰ, ਮੈਂ ਤੇਰੇ ਅੱਗੇ-ਅੱਗੇ ਤੈਨੂੰ ਸਾਰਾ ਰੱਸਤਾ ਦੱਸਦਾ ਜਾਵਾਂਗਾ। ਸ਼ਾਬਾਸ਼! ਲੈ ਹੁਣ ਦੂਜੀ ਵੀ ਲੰਘਾ ਜਾ।...ਤੇ ਹੁਣ ਇਹ ਤੀਜੀ। ਤੈਨੂੰ ਪਤਾ ਨਹੀਂ, ਗੋਪਾਲ ਤੈਨੂੰ ਮਰਵਾਉਣ ਲਈ ਮਿਉਂਸਪਲ ਕਮੇਟੀ ਦੇ ਬੰਦਿਆਂ ਨੂੰ ਲਿਆ ਰਿਹਾ ਐ। ਉਹ ਲੋਕ ਹੁਣ ਆ ਰਹੀ ਰਹੇ ਹੋਣਗੇ। ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਈ ਆਪਾਂ ਕੂਚ ਕਰ ਚੁੱਕੇ ਹੋਵਾਂਗੇ। ਓਇ!-ਬਾਕੀ ਗੋਲੀਆਂ ਕਿੱਥੇ ਗਈਆਂ?---ਸ਼ੀਸ਼ੀ ਖ਼ਾਲੀ ਐ!---ਟਾਇਗਰ-ਟਾਇਗਰ, ਠਹਿਰੀਂ!---ਟਇ...
ਨਹੀਂ ਟਾਇਗਰ, ਮੈਨੂੰ ਪਤਾ ਸੀ ਕਿ ਸ਼ੀਸ਼ੀ ਖ਼ਾਲੀ ਐ। ਹਾਂ, ਕਹਿ ਤਾਂ ਦਿੱਤਾ ਐ, ਮੈਨੂੰ ਪਤਾ ਸੀ ਕਿ ਸ਼ੀਸ਼ੀ ਖ਼ਾਲੀ ਐ। ਮੈਂ ਤੇਰੇ ਅੱਗੇ-ਅੱਗੇ ਈ ਜਾਣਾ ਚਾਹੁੰਦਾ ਸੀ ਪਰ ਪਿੱਛੇ ਤੈਨੂੰ ਕਿਸ ਦੇ ਸੰਗ ਛੱਡਦਾ?---ਮੇਰੇ ਵੱਲ ਇੰਜ ਘੂਰ-ਘੂਰ ਕੇ ਕਿਉਂ ਦੇਖ ਰਿਹੈਂ?---ਜਾਹ! ਜਾਹ ਹੁਣ, ਨਹੀਂ ਤਾਂ ਉਹ ਲੋਕ ਆ ਰਹੇ ਐ...ਵੋਂ! ਬਊਂ! ਲੈ, ਉਹ ਆ ਗਏ। ਮੈਂ ਕਿਹਾ ਸੀ ਨਾ ਉਹ ਆ ਰਹੇ ਐ ਬਊਂ!---ਹਾਂ, ਉਹ ਈ ਐ! ਆਓ ਗੋਪਾਲ!...ਬਊਂ!...ਬਊਂ!...ਹਾਂ, ਗੋਪਾਲ ਹੁਣ ਇਕੋ ਬੁੱਢਾ ਕੁੱਤਾ ਬਾਕੀ ਰਹਿ ਗਿਐ...! ਇਹਨਾਂ ਲੋਕਾਂ ਨੂੰ ਕਹਿ, ਮੈਨੂੰ ਲੈ ਜਾਣ!...ਬਊਂ!...ਬਊਂ!...
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.





Thursday, June 10, 2010

ਤੀਸਰਾ ਖ਼ਤ... :: ਲੇਖਕ : ਆਬਿਦ ਸੁਹੇਲ

ਉਰਦੂ ਕਹਾਣੀ : ਤੀਸਰਾ ਖ਼ਤ... :: ਲੇਖਕ : ਆਬਿਦ ਸੁਹੇਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਚਾਚੇ ਮੌਜੂ ਦਾ ਇਹ ਤੀਸਰਾ ਖ਼ਤ ਸੀ :
'ਸ਼ੱਬਨ ਨੇ ਸਾਂਝੀ ਕੰਧ ਵਾਲੇ ਮਕਾਨ ਵਿਚ ਆਟਾ ਚੱਕੀ ਲਾ ਲਈ ਹੈ...ਮਕਾਨ ਸਾਰਾ ਦਿਨ ਹਿੱਲਦਾ ਰਹਿੰਦਾ ਹੈ...ਇਕ ਪਲ ਲਈ ਵੀ ਚੈਨ ਨਹੀਂ ਮਿਲਦਾ ਤੇ ਉਸਦੀ ਆਵਾਜ਼ ਸਾਰੀ-ਸਾਰੀ ਰਾਤ ਕੰਨਾਂ ਵਿਚ ਗੂੰਜਦੀ ਰਹਿੰਦੀ ਹੈ। ਪੂਰੀ ਰਾਤ ਜਾਗਦਿਆਂ ਤੇ ਖੰਘਦਿਆਂ ਹੀ ਬੀਤ ਜਾਂਦੀ ਹੈ। ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆ ਕੇ ਘੱÎਟੋਘੱਟ ਇਸ ਮੁਸੀਬਤ ਤੋਂ ਤਾਂ ਖਹਿੜਾ ਛੁਡਾਅ ਜਾ। ਚੱਕੀ ਕਿਤੇ ਹੋਰ ਵੀ ਲਾਈ ਜਾ ਸਕਦੀ ਹੈ। ਉਹ, ਤਲਾਅ ਦੇ ਪਰਲੇ ਪਾਸੇ, ਮੇਰਾ ਦੋ ਕਮਰਿਆਂ ਦਾ ਮਕਾਨ ਖ਼ਾਲੀ ਪਿਆ ਹੈ ਜਿਹੜਾ, ਉਸ ਵਿਚ ਲਾ ਲਏ...ਮੈਂ ਕੋਈ ਕਿਰਾਇਆ ਵੀ ਨਹੀਂ ਲਵਾਂਗਾ...ਘੱਟੋਘੱਟ ਜ਼ਿੰਦਗੀ ਦੇ ਬਚੇ-ਖੁਚੇ ਦਿਨ ਤਾਂ ਇਹ ਧੁੱਕ-ਧੁੱਕ ਸੁਣੇ ਬਗ਼ੈਰ, ਸ਼ਾਂਤੀ ਨਾਲ, ਲੰਘਣ...।'
ਇਸ ਤੋਂ ਅੱਗੇ ਮੇਰੀ ਪਤਨੀ ਲਈ ਅਸ਼ੀਰਵਾਦ ਸੀ ਤੇ ਬੱਚਿਆਂ ਲਈ ਪਿਆਰ...ਤੇ ਮੇਰੀ ਤਰੱਕੀ ਤੇ ਕਾਮਯਾਬੀ ਉੱਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ। ਪਰ ਖ਼ਤ ਖ਼ਤਮ ਕਰਨ ਲੱਗਿਆਂ ਨੂੰ ਕੁਝ ਹੋਰ ਵੀ ਚੇਤੇ ਆ ਗਿਆ ਸੀ-
'ਤੇ ਉਹ ਨਿੱਕਾ ਹੈ ਨਾ? ਉਹੀ ਜਿਸਦਾ ਪਿਓ ਆਪਣੇ ਜੌਆਂ ਵਾਲੇ ਖੇਤ ਦੀ ਰਾਖੀ ਕਰਦਾ ਹੁੰਦਾ ਸੀ...ਜਿਸ ਨੂੰ...' ਤੇ ਏਸ ਪਿੱਛੋਂ ਉਹਨਾਂ ਨੇ ਕੁਝ ਲਿਖ ਕੇ ਇੰਜ ਕੱÎਟਿਆ ਹੋਇਆ ਸੀ ਕਿ ਮੈਂ ਪੜ੍ਹ ਨਾ ਸਕਾਂ। ਪਰ ਮੈਂ ਸਭ ਕੁਝ ਪੜ੍ਹ ਲਿਆ ਸੀ...'ਮੈਂ ਦੋ ਵਾਰੀ ਸੁਨੇਹਾ ਭੇਜਿਆ, ਪਰ ਉਹ ਆਇਆ ਹੀ ਨਹੀਂ। ਉਸਦੀ ਜ਼ਮੀਨ ਮੇਰੀ ਆਤਮਾਂ ਉਪਰ ਬੋਝ ਬਣੀ ਹੋਈ ਏ ਹੁਣ। ਇੰਜ ਲੱਗਦਾ ਏ ਜਿਵੇਂ ਕੋਈ ਛਾਤੀ ਉਤੇ ਹਲ ਚਲਾ ਰਿਹਾ ਹੋਵੇ। ਬੇਟੇ ਆਖ਼ਰ ਉਹ ਆਪਣੀ ਜ਼ਮੀਨ ਵਾਪਸ ਕਿਉਂ ਨਹੀਂ ਲੈ ਲੈਂਦਾ? ਉਹ ਆਪਣੀ ਜ਼ਮੀਨ ਵਾਪਸ ਲੈ ਲਏ ਤੇ ਮੇਰੇ ਸੀਨੇ ਦਾ ਭਾਰ ਹੌਲਾ ਹੋ ਜਾਏ ਤੇ ਫਾਲੇ ਵਾਂਗ ਮੇਰੀ ਛਾਤੀ ਦੇ ਵਿਚ ਤਾਂ ਨਾ ਚੁੱਭੇ...' ਇਸ ਪਿੱਛੋਂ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ, ਪਰ ਵਾਕ ਉੱਖੜੇ-ਪੁੱਖੜੇ ਜਿਹੇ ਸਨ। ਫੇਰ ਉਹਨਾਂ ਮੈਨੂੰ ਚੇਤਾ ਕਰਵਾਇਆ ਸੀ-
'ਤੂੰ ਨਾਰਾਜ਼ ਹੋ ਕੇ ਚਲਾ ਗਿਆ ਸੈਂ...ਗੱਲ ਇੰਜ ਹੋਈ ਸੀ ਕਿ ਬੀ ਅੰਮਾਂ ਦੀ ਸੋਨੇ ਦੀ ਹੰਸਲੀ ਗੁਆਚ ਗਈ ਸੀ, ਸਾਰੇ ਇਹੀ ਕਹਿੰਦੇ ਸਨ ਕਿ ਉਹ ਹੰਸਲੀ ਉਹਨਾਂ ਵੱਡੀ ਭਾਬੀ ਨੂੰ ਦੇ ਦਿੱਤੀ ਹੈ...ਸੋ ਮੈਂ ਤੇਰਾ ਸਾਮਾਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਗੱਲ ਤਾਂ ਬੀ ਅੰਮਾਂ ਦੀ ਮੌਤ ਤੋਂ ਕਈ ਸਾਲ ਬਾਅਦ ਖੁੱਲ੍ਹੀ (ਉਹਨਾਂ ਅਧਰੰਗ ਹੋ ਜਾਣ ਪਿੱਛੋਂ ਕਈ ਸਾਲ ਗੂੰਗਿਆਂ ਵਾਂਗ ਹੀ ਬਿਤਾਏ ਸਨ) ਕਿ ਉਹ ਹੰਸਲੀ ਵੇਚ ਕੇ ਉਹਨਾਂ ਬਜਰੀਏ ਵਾਲੀ ਮਸਜਿਦ ਦਾ ਫ਼ਰਸ਼ ਪੱਕਾ ਕਰਵਾ ਦਿੱਤਾ ਸੀ ਤੇ ਉਸ ਦੀਆਂ ਕੰਧਾਂ ਦੀ ਮੁਰੰਮਤ ਵੀ! ਉਸ ਪਿੱਛੋਂ ਮੈਂ ਤੇਨੂੰ ਕਈ ਖ਼ਤ ਪਾਏ...ਕੋਈ ਤਿੰਨ ਸਾਲ ਪਹਿਲਾਂ ਜਦ ਤੂੰ ਪਿੰਡ ਆਇਆ ਸੈਂ, ਆਖਿਆ ਵੀ ਸੀ ਬਈ ਆਪਣਾ ਸਾਮਾਨ ਲੈ ਜਾ। ਭਾਈ ਸਾਹਬ ਦੇ ਚਲਾਣਾ ਕਰ ਜਾਣ ਮਗਰੋਂ ਜਦੋਂ ਭਾਬੀ ਭੁਪਾਲ ਵਿਚ ਇੱਦਤ ਦੇ ਦਿਨ ਬਿਤਾਅ ਰਹੀ ਸੀ, ਮੈਂ ਤੁਹਾਡੇ ਘਰੋਂ ਸਾਰਾ ਸਾਮਾਨ ਏਸ ਕਰਕੇ ਚੁਕਵਾ ਲਿਆਇਆ ਸੀ ਕਿ ਤੁਸੀਂ ਹੁਣ ਏਥੇ ਹੀ ਰਹੋਗੇ। ਫੇਰ ਜਦ ਤੂੰ ਇਲਾਹਾਬਾਦ ਵਿਚ ਦਾਖ਼ਲਾ ਲੈ ਲਿਆ ਸੀ ਤੇ ਆਪਣਾ ਸਾਮਾਨ ਲੈਣ ਆਇਆ ਸੈਂ, ਇਹ ਪਹਾੜ ਜਿੱਡੇ ਪਲੰਘ, ਪਾਣੀ ਵਾਲੀਆਂ ਟੈਂਕੀਆਂ, ਪੁਰਾਣੇ ਡਜ਼ਾਇਨ ਦੇ ਚੀਨੀ ਦੇ ਬਰਤਨ...ਜਿਨ੍ਹਾਂ ਉਤੇ ਗੂੜੇ ਰੰਗ ਦੇ ਫੁੱਲ ਬੂਟੇ ਬਣੇ ਨੇ ਤੇ ਲੱਕੜ ਦੇ ਉਹ ਵੱਡੇ ਵੱਡੇ ਸੰਦੂਕ, ਬਕਸੇ ਜਿਨ੍ਹਾਂ ਵਿਚ ਬਾਕੀ ਸਾਮਾਨ ਹੁਣ ਤਕ ਬੰਦ ਪਿਆ ਹੈ, ਰੱਖਣ ਜੋਗੀ ਜਗ੍ਹਾ ਨਹੀਂ। ਤੇਰਾ ਮਕਾਨ ਬੜਾ ਹੀ ਛੋਟਾ ਜਿਹਾ ਹੈ। ਪਰ ਬੇਟੇ ਹੁਣ ਲੈ ਵੀ ਜਾ, ਮੈਂ ਭਲਾ ਕਦੋਂ ਤਕ ਸਾਂਭਦਾ ਰਹਾਂਗਾ? ਹੁਣ ਤਾਂ ਮੈਨੂੰ ਉਸ ਕੋਲੋਂ ਭੈ ਆਉਣ ਲੱਗ ਪਿਆ ਹੈ...ਜਾਪਦਾ ਹੈ, ਜਿਵੇਂ ਉਸ ਦੁਆਲੇ ਸੱਪ-ਠੂੰਹੇਂ ਤੁਰੇ ਫਿਰਦੇ ਨੇ ਤੇ ਕਦੀ ਕਦੀ ਮੇਰੇ ਪਲੰਘ ਦੇ ਇਰਦ-ਗਿਰਦ ਆ ਪਹੁੰਚਦੇ ਨੇ...।'
ਇਸ ਪਿੱਛੋਂ ਤਿੰਨ ਚਾਰ ਵਾਕ ਹੋਰ ਅਜਿਹੇ ਹੀ ਸਨ ਤੇ ਫੇਰ ਫੱਜਨ ਤੇ ਨਿੱਕੇ ਦਾ ਜ਼ਿਕਰ ਸੀ ਤੇ ਫੇਰ ਅੱਬਾ ਵਾਲੇ ਬਾਗ ਦਾ ਕਿੱਸਾ। ਉਸ ਫਸਲ ਦਾ ਜ਼ਿਕਰ ਜੋ ਹੁਣ ਵੀ ਉਹਨਾਂ ਦੇ ਨਾਂ ਸੀ ਤੇ ਜਿਸਨੂੰ ਉਹ ਮੇਰੇ ਨਾਂ ਕਰਵਾ ਦੇਣਾ ਚਾਹੁੰਦੇ ਸਨ। ਫੇਰ ਉਸ ਘਟਨਾ ਦਾ ਜ਼ਿਕਰ ਸੀ ਜਦੋਂ ਜ਼ਿਮੀਂਦਾਰੀ ਦੇ ਖਾਤਮੇ ਸਮੇਂ ਚੁਤਾਲੀ ਹਜ਼ਾਰ ਦੇ ਬਾਊਂਡ ਮੁਆਵਜ਼ੇ ਵਜੋਂ ਮਿਲੇ ਸਨ ਤੇ ਮੈਂ ਪੈਸੇ ਪੈਸੇ ਦਾ ਮੁਥਾਜ ਹੁੰਦਾ ਸਾਂ। ਉਹ ਪੈਸਾ ਤਾਂ ਪਤਾ ਨਹੀਂ ਕਦੋਂ ਦਾ ਖ਼ਤਮ ਵੀ ਹੋ ਗਿਆ ਸੀ, ਪਰ ਜ਼ਮੀਨ ਜਾਇਦਾਦ ਜੋ ਵੀ ਬਾਕੀ ਸੀ ਮੇਰੇ ਨਾਂ ਕਰ ਦੇਣ ਬਾਰੇ ਲਿਖਿਆ ਸੀ...'ਬੇਟਾ, ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆਵੀਂ ਜ਼ਰੂਰ। ਬਹੂ ਤੇ ਬੱਚਿਆਂ ਨੂੰ ਵੀ ਨਾਲ ਹੀ ਲਿਆਵੀਂ...ਸ਼ੱਬਨ ਤੇਰੀ ਗੱਲ ਮੰਨ ਲਵੇਗਾ ਤੇ ਨਿੱਕਾ ਵੀ...।'
ਅਖ਼ੀਰ ਵਿਚ ਲਿਖਿਆ ਸੀ-'ਪਿੱਛਲੇ ਸਾਲ ਅੰਬਾਂ ਦੀ ਖਾਸੀ ਫਸਲ ਖ਼ਰਾਬ ਹੋ ਗਈ ਸੀ, ਇਸ ਵਾਰ ਜ਼ਰੂਰ ਚੰਗੀ ਹੋਵੇਗੀ। ਸ਼ਹਿਰ ਵਿਚ ਅੰਬ ਕੀ ਸਵਾਹ ਮਿਲਦੇ ਹੋਣੇ ਨੇ, ਤੇਰੇ ਬਾਗ਼ ਵਰਗਾ ਲੰਗੜਾ ਉੱਥੇ ਕਿੱਥੇ ਮਿਲਦਾ ਹੋਏਗਾ?'
ਚਾਚੇ ਮੌਜੂ ਦਾ ਇਹ ਖ਼ਤ ਕੋਈ ਚਾਰ ਪੰਜ ਦਿਨ ਪਹਿਲਾਂ ਆਇਆ ਸੀ ਤੇ ਮੈਂ ਅੱਠ ਵਾਰੀ ਪੜ੍ਹ ਚੁੱÎਕਿਆ ਸਾਂ। ਸੋਚਿਆ ਸੀ ਇਸ ਵਾਰੀ ਉਹਨਾਂ ਨੂੰ ਖ਼ਤ ਜ਼ਰੂਰ ਲਿਖਾਂਗਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਾਰਾ ਸਾਮਾਨ ਜਿਸ ਨੂੰ ਰੱਖਣ ਵਾਸਤੇ ਮੇਰੇ ਇਸ ਦੋ ਕਮਰਿਆਂ ਦੇ ਮਕਾਨ ਵਿਚ ਸੱਚਮੁੱਚ ਜਗ੍ਹਾ ਨਹੀਂ, ਜ਼ਰੂਰ ਲੈ ਜਾਵਾਂਗਾ...ਭਾਵੇਂ ਉਹ ਛਿੱਛਪੱਤ ਕਿਸੇ ਨੂੰ ਦੇਣਾ ਹੀ ਕਿਉਂ ਨਾ ਪਏ।
੦੦੦
ਮਾਜਿਦ ਚਾਚਾ ਜੀ ਆਪਣੇ ਵੱਡੇ ਸਾਰੇ ਮਕਾਨ ਦੇ ਬਾਹਰ, ਜਿਸਨੂੰ ਪਿੰਡ ਦੇ ਲੋਕੀ ਹਵੇਲੀ ਕਹਿੰਦੇ ਸਨ, ਇਕ ਵੱਡੇ ਸਾਰੇ ਤਖ਼ਤਪੋਸ਼ ਉੱਤੇ, ਜਿਸ ਉੱਤੇ ਇਕ ਦੁੱਧ–ਚਿੱਟੀ ਚਾਦਰ ਵਿਛੀ ਹੋਈ ਹੈ, ਗੋਲ ਸਿਰਹਾਣੇ ਨਾਲ ਢੋਅ ਲਾਈ ਬੈਠੇ ਨੇ। ਬਸ ਪੇਚਵਾਨ ਦੀ ਸਿਗਰਟ ਉਹਨਾਂ ਦੀਆਂ ਉਂਗਲਾਂ ਵਿਚ ਸੁਲਗ ਰਹੀ ਹੈ। ਅੱਖਾਂ ਏਨੀਆਂ ਲਾਲ ਨੇ ਕਿ ਉਹਨਾਂ ਉੱਤੇ ਦੋ ਵਾਰ ਪੋਲਾ ਜਿਹਾ ਹੱਥ ਫੇਰਿਆ ਜਾਏ ਤਾਂ ਖ਼ੂਨ ਤ੍ਰਿਪਨ ਲੱਗ ਪਏ। ਕਤਰੀਆਂ ਕਾਲੀਆਂ ਮੁੱਛਾਂ ਤੇ ਸਿਆਹ–ਕਾਲੇ ਘੁੰਗਰਾਲੇ ਵਾਲਾਂ ਨੇ ਉਹਨਾਂ ਦੇ ਲਾਲ ਸੁਰਖ਼ ਚਿਹਰੇ ਨੂੰ ਅਤੀ ਰੋਅਬਦਾਰ ਬਣਾ ਦਿੱਤਾ ਹੈ। ਤਖ਼ਤ ਕੋਲ ਇਕ ਮੂੜਾ ਰੱਖਿਆ ਹੋਇਆ ਹੈ। ਚੁਫੇਰੇ ਕਰਿੰਦੇ ਵੱਡੀਆਂ ਵੱਡੀਆਂ ਡਾਂਗਾਂ ਚੁੱਕੀ ਖੜ੍ਹੇ ਨੇ।
ਮਾਜਿਦ ਚਾਚਾ ਜੀ ਨੇ ਇਕ ਲੰਮਾਂ ਕਸ਼ ਖਿੱਚਿਆ ਤੇ ਸਿਰ ਨੂੰ ਛੋਟਾ ਜਿਹਾ ਝਟਕਾ ਦੇ ਕੇ ਬੋਲੇ-
''ਮਹਿਕੂ...ਈਦਗਾਹ ਦੇ ਪਰਲੇ ਪਾਸੇ ਵਾਲੇ ਖੇਤਾਂ ਦਾ ਚੱਲਾ ਕੋਠਾਰ ਪਹੁੰਚਾ ਦਿਤੈ?''
''ਹਾਂ ਸਰਕਾਰ।'' ਮਹਿਕੂ ਨੇ ਕੰਮ ਪੂਰਾ ਹੋ ਜਾਣ ਦੀ ਇਤਲਾਹ ਵੀ ਡਰਦਿਆਂ–ਡਰਦਿਆਂ ਹੀ ਦਿੱਤੀ ਸੀ।
''ਤੇ ਬਾਜਰੇ ਵਾਲੇ ਖੇਤਾਂ ਦੀ ਫਸਲ?''
''ਉਹ ਵੀ ਕੱਟੀ ਜਾ ਚੁੱਕੀ ਐ ਸਰਕਾਰ।'' ਮਹਿਕੂ ਕੰਬਣ ਲੱਗਾ।
''ਪਰ ਗੱਲਾ ਅਜੇ ਕੋਠਾਰ ਨਹੀਂ ਪਹੁੰਚਿਆ...ਕਿਉਂ?''
ਕਿਸੇ ਨੇ ਕੋਈ ਉਤਰ ਨਹੀਂ ਦਿੱਤਾ।
ਮਹਿਕੂ ਜਿਸ ਦੀਆਂ ਅੱਖਾਂ ਧਰਤੀ ਉਤੇ ਗੱਡੀਆਂ ਹੋਈਆਂ ਸਨ, ਆਪਣੀ ਡਾਂਗ ਦੀਆਂ ਗੰਢਾਂ ਉੱਤੇ ਉਂਗਲਾਂ ਫੇਰਨ ਲੱਗ ਪਿਆ, ਪਰ ਕਿਸੇ ਕਰਿੰਦੇ ਨੇ ਉਸਦੀ ਇਹ ਹਰਕਤ ਵੇਖੀ ਨਹੀਂ, ਕਿਉਂਕਿ ਉਹਨਾਂ ਦੀਆਂ ਅੱਖਾਂ ਵੀ ਧਰਤੀ ਉਤੇ ਗੱਡੀਆਂ ਹੋਈਆਂ ਸਨ।
''ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ...।'' ਮਾਜਿਦ ਚਾਚੇ ਹੁਰੀਂ ਕੜਕੇ, ਇੰਜ ਲੱਗਿਆ ਜਿਵੇਂ ਬਿਜਲੀ ਕੜਕੀ ਹੋਵੇ ਤੇ ਉਹਨਾਂ ਦੀ ਆਵਾਜ਼ ਬੱਦਲਾਂ ਨਾਲ ਟਕਰਾਅ ਰਹੀ ਹੋਵੇ।
ਮਾਜਿਦ ਚਾਚਾ ਜੀ ਨੇ ਸਿਗਰੇਟ ਸਿਰਹਾਣੇ ਪਈ ਸ਼ੀਸ਼ੇ ਦੀ ਤਸਤਰੀ ਵਿਚ ਰੱਖ ਦਿੱਤੀ। ਰਾਮ ਭਰੋਸੇ ਵੱਲ ਦੇਖਿਆ ਤਾਂ ਤੇਲ ਚੋਪੜੀ ਉਸਦੀ ਡਾਂਗ ਉਸਦੇ ਹੱਥੋਂ ਡਿੱਗ ਪਈ।
ਪਰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸਦੇ ਦੇ ਡਿੱਗਣ ਦਾ ਖੜਾਕ ਸੁਣਿਆ ਹੀ ਨਾ ਹੋਵੇ। ਉਹ ਹੱਥ ਜੋੜ ਕੇ ਬੋਲਿਆ, ''ਹਜ਼ੂਰ ਕੰਮ 'ਤੇ ਸਿਰਫ ਦੋ ਬੰਦੇ ਆਏ ਸੀ।''
''ਹੂੰ,'' ਮਾਜਿਦ ਚਾਚਾ ਜੀ ਨੇ ਜਿਵੇਂ ਗੁੱਸਾ ਪੀਣ ਦੀ ਕੋਸ਼ਿਸ਼ ਕੀਤੀ।
''ਹਜ਼ੂਰ,'' ਰਾਮ ਭਰੋਸੇ ਨੇ ਕੰਬਦੀ ਆਵਾਜ਼ ਕਿਹਾ, ''ਇਕ ਬੰਦਾ ਸ਼ੱਬਨ ਨੂੰ ਬੁਲਾਉਣ ਗਿਆ ਸੀ, ਪਰ ਉਸਦੀ ਮਾਂ ਕਹਿੰਦੀ, ਬਿਮਾਰ ਐ, ਬੇਗਾਰ ਨਹੀਂ ਕਰ ਸਕੇਗਾ।''
''ਹੂੰ...'' ਮਾਜਿਦ ਚਾਚਾ ਦੇ ਸੰਘਣੇ ਭਰਵੱਟੇ ਇਕ ਦੂਜੇ ਨਾਲ ਜੁੜ ਕੇ ਫਰਕਣ ਲੱਗ ਪਏ ਤੇ ਕਰਿੰਦਿਆਂ ਵਿਚ ਭੈ ਦੀ ਲਹਿਰ ਦੌੜ ਗਈ। ਉਸ ਵੇਲੇ ਉਹ ਪੂਰੇ ਗੁੱਸੇ ਵਿਚ ਸਨ।
''ਹਜ਼ੂਰ ਜਿੱਦੈਂ ਦੀ ਉਸਦੇ ਭਰਾ ਨੇ ਸ਼ਹਿਰੋਂ ਪੈਸੇ ਭੇਜ ਕੇ ਉਸਨੂੰ ਆਟਾ ਚੱਕੀ ਲੁਆ ਕੇ ਦਿੱਤੀ ਐ, ਉਹ ਬੇਗਾਰ ਤੋਂ ਕੰਨੀਂ ਕਤਰਾਉਣ ਲੱਗ ਪਿਐ ਜੀ।''
''ਕੱਲ੍ਹ ਤੋਂ ਚੱਕੀ ਦੀ ਆਵਾਜ਼ ਮੇਰੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ।'' ਉਹਨਾਂ ਸਿਗਰੇਟ ਬੁੱਲ੍ਹਾਂ ਨੂੰ ਲਾਈ। ਇਕ ਲੰਮਾਂ ਸੂਟਾ ਖਿੱਚਿਆ ਤੇ ਜਦੋਂ ਤਖ਼ਤਪੋਸ਼ ਤੋਂ ਹੇਠਾਂ ਪੈਰ ਲਮਕਾਏ ਤਾਂ ਕਿਸੇ ਨੇ ਦੇਖਿਆ ਕਿ ਇਕ ਸਲੀਪਰ ਤਖ਼ਤਪੋਸ਼ ਦੇ ਹੇਠਾਂ ਖਿਸਕਿਆ ਹੋਇਆ ਹੈ ਤੇ ਉਸਨੇ ਡਰਦਿਆਂ–ਡਰਦਿਆਂ ਉਹ ਉਹਨਾਂ ਦੇ ਪੈਰ ਕੋਲ ਕਰ ਦਿੱਤਾ। ਮਾਜਿਦ ਚਾਚਾ ਜੀ ਨੇ ਇਕ ਵਾਰੀ ਫੇਰ ਲਠੈਤਾਂ ਵੱਲ ਵੇਖਿਆ ਤੇ ਆਪਣੀ ਗੱਲ ਦੁਹਰਾਈ-
'' ਕੱਲ੍ਹ ਤੋਂ ਚੱਕੀ ਦੀ ਆਵਾਜ਼ ਕੰਨੀਂ ਨਹੀਂ ਪੈਣੀ ਚਾਹੀਦੀ...''
ਰਾਤੋ–ਰਾਤ ਨੇੜੇ–ਤੇੜੇ ਦੀਆਂ ਬਸਤੀਆਂ ਤੇ ਪਿੰਡਾਂ ਵਿਚ ਮੁਨਾਦੀ ਕਰਵਾ ਦਿਤੀ ਗਈ, 'ਕੱਲ੍ਹ ਤੋਂ ਚੱਕੀ 'ਤੇ ਆਟਾ ਪਿਸਵਾਉਣ ਕੋਈ ਨਹੀਂ ਜਾਏਗਾ, ਜਿਸਨੂੰ ਲੋੜ ਹੋਵੇ, ਕਣਕ ਲੈ ਆਵੇ ਤੇ ਹਵੇਲੀ ਦੇ ਪਿੱਛਲੇ ਦਰਵਾਜ਼ੇ ਤੋਂ ਓਨਾ ਹੀ ਆਟਾ ਲੈ ਜਾਵੇ...ਕੋਈ ਪਿਸਾਈ ਨਹੀਂ ਲੱਗੇਗੀ।'
ਅਗਲੇ ਦਿਨ ਪਿੰਡ ਵਿਚ ਮੌਤ ਵਰਗੀ ਚੁੱਪ ਵਾਪਰੀ ਹੋਈ ਸੀ।
ਸ਼ੱਬਨ ਡਰਦਾ–ਡਰਦਾ ਆਪਣੇ ਕੱਚੇ ਮਕਾਨ ਵਿਚੋਂ ਬਾਹਰ ਨਿਕਲਿਆ। ਚੱਕੀ ਪੰਜਾਹ ਸੱਠ ਕਰਮਾਂ 'ਤੇ ਸੀ। ਰਸਤੇ ਵਿਚ ਕਈ ਜਣੇ ਮਿਲੇ...ਉਸਨੇ ਰੋਜ਼ ਵਾਂਗ ਸਲਾਮ, ਬੰਦਗੀ ਤੇ ਰਾਮ ਰਾਮ ਕੀਤੀ, ਪਰ ਕਿਸੇ ਦਾ ਜੁਆਬ ਨਾ ਮਿਲਿਆ। ਕਿਸੇ ਨੇ ਉਸ ਨਾਲ ਅੱਖ ਵੀ ਨਹੀਂ ਮਿਲਾਈ। ਚੱਕੀ ਭਾਂ–ਭਾਂ ਕਰ ਰਹੀ ਸੀ। ਕਣਕ ਦੀ ਇਕ ਗਠੜੀ ਵੀ ਨਹੀਂ ਸੀ ਆਈ। ਕੰਡੇ ਦੇ ਪੱਲੜੇ ਵਿਚ ਵੱਟੇ ਰੱਖ ਕੇ, ਦੂਜੇ ਨੂੰ ਉਹ ਆਪਣੀ ਕਿਸਮਤ ਵਾਂਗ ਹੀ ਹਵਾ ਵਿਚ ਡੋਲਦਾ ਵੇਖਦਾ ਰਿਹਾ। ਜਦੋਂ ਸੂਰਜ ਤਲਾਅ ਵਾਲੇ ਵੱਡੇ ਬੋਹੜ ਪਿੱਛੋਂ ਸਿਰ ਕੱਢ ਕੇ ਸਾਰੇ ਪਿੰਡ ਉੱਤੇ ਆ ਪਹੁੰਚਿਆ ਪਰ ਆਟਾ ਪਿਸਵਾਉਣ ਕੋਈ ਨਾ ਆਇਆ ਤਾਂ ਉਸ ਸੋਚਿਆ ਘਰ ਵਾਪਸ ਚਲਾ ਜਾਏ। ਅਜੇ ਉਸਨੇ ਸੋਚਿਆ ਹੀ ਸੀ ਕਿ ਜੋਖਾ ਸਿਰ ਉੱਤੇ ਇਕ ਵੱਡੀ ਸਾਰੀ ਪੰਡ ਚੁੱਕੀ ਆ ਪਹੁੰਚਿਆ। ਜੋਖੇ ਨੇ ਪੰਡ ਜ਼ਮੀਨ ਉੱਤੇ ਰੱਖ ਦਿਤੀ...ਸ਼ੱਬਨ ਨੇ ਉਸ ਵੱਲ ਲਲਚਾਈਆਂ ਅੱਖਾਂ ਨਾਲ ਵੇਖਿਆ ਜਿਵੇਂ ਕਿਸੇ ਪਰਾਈ ਜਨਾਨੀ ਨੂੰ ਵੇਖ ਰਿਹਾ ਹੋਵੇ-ਪਰ ਡਰਦਿਆਂ–ਡਰਦਿਆਂ।
ਦੋਏ ਚੁੱਪ ਸਨ। ਅਖ਼ੀਰ ਸ਼ੱਬਨ ਨੇ ਕਿਹਾ, ''ਅੱਜ ਚੱਕੀ ਨਹੀਂ ਚੱਲੇਗੀ।''
''ਕਿਉਂ? ਡਰ ਗਿਐਂ?''
''ਨਹੀਂ, ਪਰ ਚੱਕੀ ਨਹੀਂ ਚੱਲਣੀ।''
''ਫਿੱਟੇ ਮੂੰਹ ਤੇਰੇ...ਮੈਂ ਤਾਂ ਤੈਨੂੰ ਮਰਦ ਬੱਚਾ ਸਮਝਦਾ ਸੀ, ਪਰ ਤੂੰ ਤਾਂ ਨਿਰਾ ਉਹ ਨਿਕਲਿਆ ਓਇ।''
ਦੋਹਾਂ ਨੇ ਇਕ ਵਾਰੀ ਫੇਰ ਇਕ ਦੂਜੇ ਵੱਲ ਤੱਕਿਆ।
ਜੋਖਾ ਵੀ ਸ਼ੱਬਨ ਵਾਂਗ ਨਰੋਆ, ਜਵਾਨ ਗਭਰੂ ਸੀ। ਦੋ ਚਾਰ ਸਾਲ ਵੱਡਾ ਹੋਊ ਤਾਂ ਕੀ? ਪਰ ਅੱਜ ਤਕ ਉਸਨੇ ਵਾਲਾਂ ਨੂੰ ਮਹਿੰਦੀ ਨਹੀਂ ਸੀ ਲਾਈ। ਦੋ ਜੁਆਕ ਸਨ ਤੇ ਦੋਏ ਕੁੜੀਆਂ। ਅਸਲ ਵਿਚ ਸ਼ੱਬਨ ਆਪਣੇ ਨਾਲੋਂ ਵੱਧ ਉਸ ਬਾਰੇ ਸੋਚ ਰਿਹਾ ਸੀ। 'ਮੀਆਂ ਉਸਨੂੰ ਨੌਕਰੀ ਤੋਂ ਹਟਾਅ ਦੇਣਗੇ, ਫੇਰ ਵੀ ਬਾਅਜ਼ ਨਾਲ ਆਇਆ ਤਾਂ ਘਰ ਸੜਵਾ ਦੇਣਗੇ। ਕੱਚੀ ਕਬੀਲਦਾਰੀ ਐ, ਕੀ ਬਣੂੰਗਾ ਇਸ ਦਾ?' ਇਹੀ ਸੋਚ ਕੇ ਉਸਨੇ ਆਟਾ ਪੀਸਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼ੱਬਨ ਦੇ ਚੱਕੀ ਚਲਾਉਣ ਜਾਂ ਨਾ ਚਲਾਉਣ ਨਾਲ ਕੋਈ ਫ਼ਰਕ ਨਾ ਪਿਆ...ਜੋਖੇ ਨੂੰ ਨੌਕਰੀਓਂ ਹਟਾਅ ਦਿੱਤਾ ਗਿਆ ਸੀ ਤੇ ਉਸਦਾ ਚਾਰ ਬਿਸਵਿਆਂ ਦਾ ਖੇਤ, ਜਿਹੜਾ ਮੀਆਂ ਦੇ ਖੇਤਾਂ ਨਾਲ ਲੱਗਦਾ ਸੀ, ਰਾਤੋ ਰਾਤ ਖਾਲ ਦੇ ਅੰਦਰਲੇ ਪਾਸੇ ਕਰ ਦਿੱਤਾ ਗਿਆ ਸੀ।
ਪਿੰਡ ਵਿਚ ਦੋ ਚਾਰ ਦਿਨ ਰਤਾ ਤਣਾਅ ਜਿਹਾ ਰਿਹਾ, ਗੁੱਝੀ ਚਰਚਾ ਛਿੜੀ ਤੇ ਚੁੱਪ ਵਾਪਰ ਗਈ...ਸਭ ਕੁਝ ਫੇਰ ਪਹਿਲਾਂ ਵਾਂਗ ਹੀ ਹੋਣ ਲੱਗਾ, ਪਰ ਚੱਕੀ ਦੀ ਆਵਾਜ਼ ਕਦੀ ਕਿਸੇ ਨੂੰ ਨਹੀਂ ਸੁਣਾਈ ਦਿੱਤੀ। ਕਈ ਸਾਲ ਤਕ ਗੱਡਿਆਂ ਉੱਤੇ ਸ਼ਹਿਰੋਂ ਪਿਸਵਾ ਕੇ ਆਟਾ ਲਿਆਂਦਾ ਜਾਂਦਾ ਰਿਹਾ ਤੇ ਹਵੇਲੀ ਦੇ ਪਿੱਛਲੇ ਦਰਵਾਜ਼ੇ ਤੋਂ ਲੋਕ ਦਾਣਿਆਂ ਬਰਾਬਰ ਆਟਾ ਲੈ ਜਾਂਦੇ ਰਹੇ। ਪਿੰਡ ਵਾਲੇ ਖ਼ੁਸ਼ ਸਨ ਕਿ ਚਲੋ ਦੋ ਪੈਸੇ ਪਿਸਾਈ ਬਚ ਜਾਂਦੀ ਹੈ, ਉਹਨਾਂ ਦੋ ਪੈਸਿਆਂ ਦੇ ਤੇਲ ਨਾਲ ਦੋ ਦਿਨ ਘਰ ਵਿਚ ਰੌਸ਼ਨੀ ਹੋ ਜਾਂਦੀ ਹੈ।
੦੦੦
ਉਸ ਚੁੱਪ ਤੇ ਫੇਰ ਸਭ ਕੁਝ ਪਹਿਲਾਂ ਵਰਗਾ ਹੋ ਜਾਣ ਅਤੇ ਚਾਚੇ ਮੌਜੂ ਦੇ ਇਹਨਾਂ ਖ਼ਤਾਂ ਵਿਚਕਾਰ ਘੱਟੋਘੱਟ ਵੀਹ ਸਾਲ ਦਾ ਫਾਸਲਾ ਹੈ। ਸਮੇਂ ਨੇ ਮਾਜਿਦ ਚਾਚਾ ਨੂੰ ਮੌਜੂ ਮੀਆਂ ਬਣਾ ਦਿੱਤਾ ਹੈ। ਉਹ ਇਕ ਹੱਥ ਵਿਚ ਲੋਹੇ ਦਾ ਗੜਵਾ ਤੇ ਦੂਜੇ ਹੱਥ ਵਿਚ ਸੋਟੀ, ਜਿਹੜੀ ਉਹਨਾਂ ਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਹੈ, ਫੜ੍ਹੀ ਮਸਜਿਦ ਅੰਦਰ ਦਾਖ਼ਲ ਹੁੰਦੇ, ਗੜਵਾ ਮਸਜਿਦ ਦੇ ਫ਼ਰਸ਼ ਉਤੇ ਰੱਖਦੇ (ਜਿਹੜਾ ਜਗ੍ਹਾ ਜਗ੍ਹਾ ਤੋਂ ਤਿੜਕ ਚੁੱਕਿਆ ਸੀ) ਤੇ ਸੋਟੀ ਕੰਧ ਨਾਲ ਲਾ ਦਿੰਦੇ ਨੇ, ਪਰ ਪਹਿਲਾਂ ਵਾਂਗ ਕੋਈ ਉਹਨਾਂ ਨੂੰ ਮੂਹਰਲੀ ਕਤਾਰ ਵਿਚ ਆ ਜਾਣ ਲਈ ਨਹੀਂ ਕਹਿੰਦਾ...ਉਹ ਆਖ਼ਰੀ ਜਾਂ ਉਸ ਤੋਂ ਅਗਲੀ ਕਤਾਰ ਵਿਚ ਖਲੋ ਕੇ ਜਾਂ ਕਦੀ ਬੈਠ ਕੇ ਨਮਾਜ਼ ਪੜ੍ਹਦੇ ਤੇ ਫੇਰ ਸੋਟੀ ਟੇਕਦੇ ਹੋਏ ਹਵੇਲੀ ਪਰਤ ਆਉਂਦੇ ਨੇ, ਜਿਸਦੇ ਚਬੂਤਰੇ ਦੀਆਂ ਪੌੜੀਆਂ ਦੀਆਂ ਇੱਟਾਂ ਪਤਾ ਨਹੀਂ ਕਿੱਦੇਂ ਦੀਆਂ ਅਲੋਪ ਹੋਈਆਂ ਹੋਈਆਂ ਨੇ। ਉਹ ਵਾਰੀ ਵਾਰੀ ਝੁਕ ਕੇ ਸੋਟੀ ਤੇ ਗੜਵਾ ਚਬੂਤਰੇ ਉੱਤੇ ਰੱਖਦੇ, ਫੇਰ ਦੋਏ ਹਥੇਲੀਆਂ ਨਾਲ ਕੰਧ ਦਾ ਸਹਾਰਾ ਲੈ ਕੇ ਉੱਤੇ ਚੜ੍ਹਦੇ। ਚਿੱਪ–ਚਿੱਪ ਕਰਦੀਆਂ ਗਿੱਡਲ ਅੱਖਾਂ ਨਾਲ ਚਾਰੇ ਪਸੇ ਵੇਖਦੇ ਤਾਂ ਕੋਈ ਡਾਂਗ ਜ਼ਮੀਨ ਉੱਤੇ ਨਹੀਂ ਡਿੱਗਦੀ, ਕਿਸੇ ਦੇ ਹੱਥ ਨਹੀਂ ਕੰਬਦੇ।
ਉਹਨਾਂ ਦਾ ਖ਼ਤ ਹੁਣ ਵੀ ਮੇਰੇ ਸਾਹਮਣੇ ਪਿਆ ਹੈ, ਮੈਂ ਜਵਾਬ ਵਿਚ ਦੋ ਲਾਈਨਾ ਵੀ ਲਿਖੀਆਂ ਨੇ-
'ਅਤਿ ਸਤਿਕਾਰ ਯੋਗ ਚਚਾ ਜਾਨ,
ਬਹੁਤ ਬਹੁਤ ਸਲਾਮ!
ਤੁਹਾਡਾ ਖ਼ਤ ਮਿਲਿਆ। ਸੁੱਖ ਸਾਂਦ ਦਾ ਪਤਾ ਲੱਗਿਆ। ਖ਼ੁਦਾ ਤੁਹਾਡਾ ਸਾਇਆ ਚਿਰਾਂ ਤਕ ਸਾਡੇ ਸਿਰਾਂ ਉੱਤੇ ਰੱਖੇ। ਤੁਹਾਡਾ ਅਸ਼ੀਰਵਾਦ ਲੈਣ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਜ਼ਰੂਰ ਆਵਾਂਗਾ। ਜੇ ਤੁਹਾਡੀ ਇਹ ਇੱਛਾ ਹੈ ਤਾਂ ਸਾਮਾਨ ਵੀ ਲੈ ਜਾਵਾਂਗ...।'
ਇਸ ਪਿੱਛੋਂ ਮੇਰਾ ਕਲਮ ਰੁਕ ਗਿਆ...ਹੋਰ ਲਿਖਦਾ ਵੀ ਕੀ? ਉਸ ਚੱਕੀ ਬਾਰੇ, ਜਿਸਦਾ ਕੋਈ ਨਾਂ–ਨਿਸ਼ਾਨ ਵੀ ਨਹੀਂ ਸੀ...ਤੇ ਜੋਖੇ ਦੇ ਪੁੱਤਰ ਨਿੱਕੇ ਨੂੰ, ਜਿਸਦਾ ਹੁਣ ਆਪਣਾ ਪੱਕਾ ਦੋ ਮੰਜਿਲਾ ਮਕਾਨ ਹੈ... ਟਿਊਬਵੈੱਲ ਤੇ ਸਾਈਕਲ ਸਪੇਅਰ ਪਾਰਟਸ ਦੀ ਦੁਕਾਨ ਹੈ...ਭਲਾ ਕਿੰਜ ਇਸ ਗੱਲ ਉੱਤੇ ਰਾਜ਼ੀ ਕਰ ਸਕਦਾ ਹਾਂ ਕਿ ਉਹ ਆਪਣੀ ਦੋ ਚਾਰ ਬਿਸਵੇ ਜ਼ਮੀਨ ਲੈ ਲਵੇ। ਉਹ ਚਾਰ ਬਿਸਵੇ ਜ਼ਮੀਨ ਜਿਸ ਨੂੰ ਮਾਜਿਦ ਚਾਚੇ ਦੇ ਮੁੰਡੇ ਕਈ ਸਾਲ ਪਹਿਲਾਂ ਗਹਿਣੇ ਕਰਕੇ ਭੁੱਲ ਵੀ ਚੁੱਕੇ ਹੋਣੇ ਨੇ।
ਮਾਜਿਦ ਚਾਚੇ ਦਾ ਇਹ ਖ਼ਤ ਮੇਜ਼ ਉੱਤੇ ਪਿਆ ਹੈ ਤੇ ਮੇਰਾ ਲਿਖਿਆ ਅਧੂਰਾ ਖ਼ਤ ਵੀ...ਇੰਜ ਹੀ ਪਹਿਲੇ ਦੋ ਖ਼ਤਾਂ ਨਾਲ ਹੋਈ ਸੀ।
000

ਤਾਬੂਤ... :: ਲੇਖਕ : ਰਾਮ ਲਾਲ

ਉਰਦੂ ਕਹਾਣੀ : ਤਾਬੂਤ... :: ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਦੇ ਹਰੇ ਭਰੇ ਲਾਨ ਵਿਚ ਰੀਤਾ ਖੰਡੇਲਵਾਲ ਤੇ ਬਿੱਜੂ ਚਤੁਰਵੇਦੀ ਬੈਠੇ ਬੜੀ ਦੇਰ ਦੇ ਬੀਆਰ ਪੀ ਰਹੇ ਸਨ। ਇਹ ਉਹਨਾਂ ਦਾ ਰੋਜ਼ ਦਾ ਸ਼ੁਗਲ ਸੀ। ਰੀਤਾ ਟੀ.ਵੀ. ਦੇ ਅੱਤ ਥਕਾਅ ਦੇਣ ਵਾਲੇ ਮਾਹੌਲ ਤੋਂ ਵਿਹਲ ਮਿਲਦਿਆਂ ਹੀ ਚਤੁਰਵੇਦੀ ਨੂੰ ਫ਼ੋਨ ਕਰ ਦੇਂਦੀ ਜਾਂ ਚਤੁਰਵੇਦੀ ਹੀ ਉਸਨੂੰ ਆਪਣੇ ਅਖ਼ਬਾਰ ਦੇ ਦਫ਼ਤਰ ਵਿਚੋਂ ਆਪਣੇ ਪ੍ਰੋਗ੍ਰਾਮ ਬਾਰੇ ਦੱਸ ਦਿੰਦਾ ਸੀ। ਇਹ ਇੱਤਫ਼ਾਕ ਬੜਾ ਹੀ ਘੱਟ ਹੁੰਦਾ ਸੀ ਕਿ ਬਿੱਜੂ ਚਤੁਰਵੇਦੀ ਆਕਾਸ਼ਵਾਣੀ ਸਾਹਮਣੇ ਪਹੁੰਚ ਕੇ ਉਸਨੂੰ ਆਪਣੀ ਗੱਡੀ ਵਿਚ ਪਿੱਕਅੱਪ ਨਾ ਕਰ ਸਕਦਾ। ਜੇ ਕਦੀ ਅਜਿਹੀ ਨੌਬਤ ਆਈ ਵੀ ਸੀ ਤਾਂ ਰੀਤਾ ਖ਼ੁਦ ਰਾਤ ਦੇ ਗਿਆਰਾਂ-ਬਾਰਾਂ ਵਜੇ ਪਿੱਛੋਂ ਵੀ ਉਸਦੇ ਫ਼ਲੈਟ ਵਿਚ ਜਾ ਪਹੁੰਚੀ ਸੀ। ਉਹ ਏਨੀ ਦਲੇਰ ਤਾਂ ਹੈ ਹੀ ਸੀ ਕਿ ਏਨੀ ਰਾਤ ਨੂੰ ਵੀ ਉਸਨੂੰ ਇਕੱਲਿਆਂ, ਕਰਜਨ ਰੋਡ ਤੋਂ ਗਰੇਟਰ ਕੈਲਾਸ਼, ਜਾਂਦਿਆਂ ਕਦੀ ਡਰ ਨਹੀਂ ਸੀ ਲੱਗਿਆ। ਜੇ ਕੋਈ ਘਟਨਾ ਵਾਪਰਨੀ ਹੋਏ ਤਾਂ ਵਾਪਰ ਕੇ ਹੀ ਰਹਿੰਦੀ ਹੈ...ਇਸ ਕਥਨ ਵਿਚ ਉਸਦਾ ਪੱਕਾ ਵਿਸ਼ਵਾਸ ਸੀ। ਇਕ ਵਾਰੀ ਇਕ ਟੈਕਸੀ ਡਰਾਇਵਰ ਨੇ ਇਕ ਸੁੰਨਸਾਨ ਜਗ੍ਹਾ ਗੱਡੀ ਰੋਕ ਲਈ ਸੀ ਤੇ ਛੇੜਖਾਨੀ ਉੱਤੇ ਉਤਰ ਆਇਆ ਸੀ...ਪਰ ਅਜੇ ਧੱਕੇ ਨਾਲ ਚੁੰਮਾਂ-ਚੱਟੀ ਤਕ ਹੀ ਨੌਬਤ ਪਹੁੰਚੀ ਸੀ ਕਿ ਪਿੱਛੋਂ ਅਚਾਨਕ ਦੋ ਹੋਰ ਟੈਕਸੀਆਂ ਆ ਗਈਆਂ ਸਨ ਤੇ ਉਸਦੇ ਚੀਕਣ-ਕੂਕਣ ਦੀ ਆਵਾਜ਼ ਸੁਣ ਕੇ ਉਹ ਲੋਕ ਉਸਦੀ ਮਦਦ ਲਈ ਰੁਕ ਗਏ ਸਨ ਤੇ ਉਹਨਾਂ ਉਸਨੂੰ ਘਰ ਤਕ ਸੁਰੱਖਿਅਤ ਪਹੁੰਚਾ ਦਿੱਤਾ ਸੀ।
ਬਿੱਜੂ ਕੁਲ ਮਿਲਾ ਕੇ ਇਕ ਚੰਗਾ ਆਦਮੀ ਹੀ ਸੀ। ਮੁਸੀਬਤ ਸਮੇਂ ਹਮੇਸ਼ਾ ਉਸਦੇ ਕੰਮ ਆਇਆ ਸੀ। ਪਹਿਲੀ ਵਾਰ ਜਦੋਂ ਉਹ ਆਪਣੇ ਪਤੀ ਨੂੰ ਛੱਡ ਕੇ ਪਟਨੇ ਜਾ ਰਹੀ ਸੀ, ਉਸ ਸਫ਼ਰ ਦੌਰਾਨ ਉਸਨੂੰ ਕੁਝ ਕਲਾਕਾਰ ਮਿਲੇ ਸਨ। ਦੋ ਮੁੰਡੇ ਤੇ ਤਿੰਨ ਕੁੜੀਆਂ। ਉਹਨਾਂ ਉਸਨੂੰ ਦੱਸਿਆ ਕਿ ਉਹ ਰੰਗ-ਮੰਚ ਉਪਰ ਨਾਟਕ ਖੇਡਦੇ ਨੇ। ਉਹ ਲੋਕ ਬੜੇ ਚੰਗੇ ਲੱਗੇ ਸਨ ਉਸਨੂੰ, ਕਿਉਂਕਿ ਉਹ ਵੀ ਕਾਲਜ ਦੇ ਦਿਨਾਂ ਵਿਚ ਨਾਟਕਾਂ ਵਿਚ ਹਿੱਸਾ ਲੈਂਦੀ ਰਹੀ ਸੀ। ਉਸਨੇ ਬੜਾ ਚਾਹਿਆ ਕਿ ਉਹ ਉਹਨਾਂ ਨੂੰ ਆਪਣੇ ਮਾਂ-ਬਾਪ ਦੇ ਘਰ ਪਟਨੇ ਲੈ ਜਾਏ, ਜਿੱਥੇ ਉਹ ਆਪਣੇ ਪਤੀ ਨੂੰ ਛੱਡ ਕੇ ਹਮੇਸ਼ਾ ਲਈ ਜਾ ਰਹੀ ਸੀ, ਪਰ ਉਹ ਲੋਕ ਤਾਂ ਕਲਕੱਤੇ ਜਾ ਰਹੇ ਸਨ, ਜਿੱਥੇ ਉਹਨਾਂ ਅਗਲੇ ਦਿਨ ਪ੍ਰੋਗਰਾਮ ਦੇਣਾ ਸੀ। ਉਹਨਾਂ ਨੇ ਉਸਨੂੰ ਵੀ ਆਪਣੇ ਨਾਲ ਕਲਕੱਤੇ ਚੱਲਣ ਲਈ ਕਿਹਾ ਸੀ ਤੇ ਉਹ ਨਾਂਹ ਨਹੀਂ ਸੀ ਕਰ ਸਕੀ। ਉਸਨੇ ਸੋਚਿਆ ਇਹ ਵੀ ਠੀਕ ਰਹੇਗਾ। ਪਤੀ ਨੂੰ ਛੱਡ ਕੇ ਪੇਕੇ ਜਾਣ ਦਾ ਫ਼ੈਸਲਾ ਉਸਨੇ ਬੜੀ ਔਖੀ ਘੜੀ ਵਿਚ ਤੇ ਤੁਰਤ-ਫੁਰਤ ਕੀਤਾ ਸੀ। ਹੁਣ ਉਹ ਪੇਕੇ ਜਾਣ ਤੋਂ ਪਹਿਲਾਂ ਆਰਾਮ ਨਾਲ ਉਸ ਉਪਰ ਸੋਚ ਵਿਚਾਰ ਵੀ ਕਾਰ ਸਕਦੀ ਸੀ। ਉਸਦੇ ਮਾਤਾ-ਪਿਤਾ ਹੁਣ ਬੁੱਢੇ ਹੋ ਚੁੱਕੇ ਸਨ। ਘਰ ਵਿਚ ਉਸਦੇ ਭਰਾਵਾਂ ਤੇ ਭਰਜਾਈਆਂ ਦੀ ਚੱਲਦੀ ਸੀ। ਉਹ ਸ਼ੁਰੂ ਤੋਂ ਹੀ ਉਸ ਨਾਲ ਨਾਰਾਜ਼ ਸਨ ਕਿ ਉਸਨੇ ਪਰਿਵਾਰਕ ਪਰੰਪਰਾ ਨੂੰ ਤੋੜ ਕੇ ਇਕ ਕ੍ਰਿਸਚਿਨ ਲੈਕਚਰਰ ਨਾਲ ਵਿਆਹੀ ਹੀ ਕਿਉਂ ਕਰਵਾਇਆ ਸੀ। ਉਹ ਲੋਕ ਸ਼ਾਇਦ ਹੁਣ ਵੀ ਉਸਨੂੰ ਮੁਆਫ਼ ਕਰਨ ਲਈ ਤਿਆਰ ਨਾ ਹੋਣ। ਇਹ ਵੀ ਹੋ ਸਕਦਾ ਹੈ ਕਿ ਉਸਦੇ ਗ੍ਰਹਿਸਤ ਜੀਵਨ ਦੀ ਅਸਫ਼ਲਤਾ ਦੀ ਸਾਰੀ ਜ਼ਿੰਮੇਂਵਾਰੀ ਉਸ ਦੇ ਸਿਰ ਮੜ੍ਹ ਦਿੱਤੀ ਜਾਏ। ਹਾਲਾਂਕਿ ਉਸਦੇ ਲਈ ਜਮਾਲ ਮਸੀਹ ਵੀ ਜ਼ਿੰਮੇਂਵਾਰ ਸੀ। ਉਹ ਬੜੇ ਨਿਰਾਸ਼ਾਵਾਦੀ ਵਿਚਾਰਾਂ ਦਾ ਆਦਮੀ ਸੀ। ਹਰ ਰਾਤ ਸੌਣ ਤੋਂ ਪਹਿਲਾਂ ਇਕ ਤਾਬੂਤ ਵਿਚ ਜ਼ਰੂਰ ਲੇਟਦਾ ਸੀ। ਇਹ ਤਾਬੂਤ ਉਸਨੇ ਆਪਣੇ ਲਈ ਖਾਸ ਤੌਰ 'ਤੇ ਬਣਵਾਇਆ ਸੀ। ਉਹ ਤਾਬੂਤ ਵਿਚ ਲੇਟ ਕੇ ਅੱਖਾਂ ਬੰਦ ਕਰ ਲੈਂਦਾ, ਛਾਤੀ ਉਪਰ ਕਰਾਸ ਬਣਾ ਕੇ ਮੂੰਹ ਵਿਚ ਕੋਈ ਦੁਆ ਪੜ੍ਹਦਾ ਰਹਿੰਦਾ ਤੇ ਉਸ ਪਿੱਛੋਂ ਬਿਲਕੁਲ ਸਿੱਥਲ ਹੋ ਜਾਂਦਾ...। ਮੁਰਦੇ ਵਾਂਗ ਉਸਨੂੰ ਇਸ ਹਾਲਤ ਵਿਚ ਪਿਆ ਦੇਖ ਕੇ ਰੀਟਾ ਡਰ ਜਾਂਦੀ। ਭਾਵੇਂ ਉਸ ਪਿੱਛੋਂ ਉਹ ਉਠ ਵੀ ਜਾਂਦਾ ਸੀ ਤੇ ਆਪਣੇ ਤਾਬੂਤ ਵਿਚੋਂ ਬਾਹਰ ਆ ਕੇ ਪਹਿਲਾਂ ਵਾਂਗ ਹੀ 'ਨਾਰਮਲ' ਲੱਗਣ ਲੱਗ ਪੈਂਦਾ ਸੀ, ਪਰ ਉਸਨੂੰ ਉਦੋਂ ਵੀ ਇਵੇਂ ਲੱਗਦਾ ਰਹਿੰਦਾ ਸੀ ਜਿਵੇਂ ਉਹ ਮਰ ਕੇ ਮੁੜ ਜਿਉਂਦਾ ਹੋਇਆ ਹੈ...ਤੇ ਪਤਾ ਨਹੀਂ ਜਿਉਂਦਾ ਵੀ ਹੋਇਆ ਹੈ ਕਿ ਨਹੀਂ ! ਉਹ ਉਹੀ ਜਮਾਲ ਮਸੀਹ ਹੈ ਜਾਂ ਉਸਦਾ ਪ੍ਰੇਤ ! ਉਸ ਤੇ ਉਸਦੇ ਅਜੀਬ ਸੁਭਾਅ ਬਾਰੇ ਆਪਣੇ ਘਰ ਵਾਲਿਆਂ ਨਾਲ ਬਹਿਸ ਵਿਚ ਪੈਣ ਦੇ ਬਜਾਏ ਉਸਨੇ ਰੰਗ-ਮੰਚ ਦੇ ਕਲਾਕਾਰਾਂ ਨਾਲ ਕਲਕੱਤੇ ਚਲੇ ਜਾਣ ਤੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਕੁਝ ਸੰਤੁਲਤ ਕਰ ਲੈਣ ਨੂੰ ਹੀ ਵਧੇਰੇ ਠੀਕ ਸਮਝਿਆ ਸੀ। ਇਸ ਲਈ ਉਹ ਉਹਨਾਂ ਨਾਲ ਚਲੀ ਗਈ ਸੀ। ਉੱਥੇ ਉਹਨਾਂ ਲੋਕਾਂ ਦੇ ਨਾਲ ਹੀ ਇਕ ਸ਼ਾਨਦਾਰ ਹੋਟਲ ਵਿਚ ਰਹੀ ਸੀ।...ਤੇ ਉੱਥੇ ਪਹੁੰਚਦਿਆਂ ਹੀ ਉਸ ਉਤੇ ਇਹ ਭੇਦ ਵੀ ਖੁੱਲ੍ਹ ਗਿਆ ਸੀ ਕਿ ਅਸਲ ਵਿਚ ਉਹ ਕੈਬਰੇ ਕਲਾਕਾਰ ਸਨ। ਕੁੜੀਆਂ ਲਗਭਗ ਸਾਰੇ ਕਪੜੇ ਲਾਹ ਕੇ ਨਾਚ ਕਰਦੀਆਂ ਸਨ ਤੇ ਆਪਣੇ ਸਰੀਰ ਦਾ ਭਰਪੂਰ ਪ੍ਰਦਰਸ਼ਨ ਕਰਦੀਆਂ ਸਨ ; ਏਨੇ ਉਤੇਜਨਾ ਭਰੇ ਢੰਗ ਨਾਲ ਕਿ ਜਿਸਨੂੰ ਦੇਖ ਕੇ ਨਵੇਂ ਅਮੀਰ ਬਣੇ ਨੌਜਵਾਨ ਤੇ ਕਈ ਬੁੱਢੇ ਵੀ ਖੁਸ਼ੀ ਵਿਚ ਪਾਗਲਾਂ ਵਾਂਗ ਚੀਕ-ਕੂਕ ਕੇ ਉਹਨਾਂ ਨੂੰ ਦਾਦ ਦਿੰਦੇ ਸਨ। ਉਹ ਦ੍ਰਿਸ਼ ਉਸਨੂੰ ਅਤਿ ਉਦਾਸ ਕਰ ਦੇਣ ਵਾਲੇ ਸਿੱਧ ਹੁੰਦੇ ਸਨ ਕਿ ਦਰਸ਼ਕ ਆਪਣੀਆਂ ਖਾਣੇ ਵਾਲੀਆਂ ਮੇਜ਼ਾਂ ਉਤੇ ਬੈਠੇ ਮਾਸ ਦੀਆਂ ਬੋਟੀਆਂ ਹੀ ਨਹੀਂ ਚੂੰਡ ਰਹੇ ਹੁੰਦੇ ਸਨ ਬਲਕਿ ਕੁੜੀਆਂ ਦੇ ਥਿਰਕਦੇ ਹੋਏ ਸਰੀਰ ਦੇਖ-ਦੇਖ ਕੇ ਉਤੇਜਨਾ ਵੱਸ ਲਲਕਾਰੇ ਮਾਰਦੇ ਹੋਏ ਇੰਜ ਲੱਗਦੇ ਸਨ ਜਿਵੇਂ ਉਹਨਾਂ ਦੇ ਅੱਧ-ਨੰਗੇ ਸਰੀਰ ਹੀ ਚੂੰਡ-ਚੂੰਡ ਕੇ ਖਾ ਰਹੇ ਹੋਣ। ਉਹ ਉਹਨਾਂ ਨਾਲ ਥੋੜ੍ਹੇ ਦਿਨ ਹੀ ਰਹਿ ਸਕੀ ਸੀ, ਹਾਲਾਂਕਿ ਉਹ ਚਾਹੁੰਦੇ ਸਨ ਕਿ ਉਹ ਉਹਨਾਂ ਨਾਲ ਰਹਿ ਕੇ ਡਾਂਸ ਸਿੱਖ ਲਏ...ਪਰ ਉਹਨੀਂ ਦਿਨੀ ਸਬਬ ਨਾਲ ਉਸਨੂੰ ਚਤੁਰਵੇਦੀ ਮਿਲ ਗਿਆ ਸੀ, ਜਿਹੜਾ ਕਲਕੱਤੇ ਵਿਚ ਸਰਵ ਭਾਰਤੀ ਪੱਤਰਕਾਰ ਸੰਮੇਲਨ ਵਿਚ ਭਾਗ ਲੈਣ ਆਇਆ ਹੋਇਆ ਸੀ। ਇਕ ਰਾਤ ਉਹ ਵੀ ਕੈਬਰੇ ਦੇਖਣ ਆ ਪਹੁੰਚਿਆ ਸੀ। ਦੋਵੇਂ ਇਕੋ ਮੇਜ਼ ਉਤੇ ਬੈਠੇ ਸਨ। ਉਸ ਝੱਲਿਆਂ ਵਾਂਗ ਉਛਲ-ਕੁੱਦ ਭਰੇ, ਉਤੇਜਤ ਕਰ ਦੇਣ ਵਾਲੇ ਨਾਚ ਉਤੇ ਟਿੱਪਣੀ ਕਰਦਿਆਂ ਉਸਨੇ ਕਿਹਾ, 'ਦਿੱਲੀ ਵਾਪਸ ਜਾ ਕੇ ਮੈਂ ਇਸਦੇ ਖ਼ਿਲਾਫ਼ ਇਕ ਆਰਟੀਕਲ ਲਿਖਾਂਗਾ।' ਚਤੁਰਵੇਦੀ ਦੇ ਇਸ ਰਵੱਈਏ ਵਿਚ ਹੀ ਉਸਨੂੰ ਆਪਣੇ ਨਿਕਲ ਭੱਜਣ ਦਾ ਰਸਤਾ ਦਿਸ ਪਿਆ ਸੀ। ਉਸਨੇ ਦੋਸਤੀ ਦਾ ਹੱਥ ਵਧਾਇਆ ਤਾਂ ਰੀਤਾ ਖੰਡੇਲਵਾਲ ਨੇ ਉਸ ਨੂੰ ਠੁਕਰਾਇਆ ਨਹੀਂ, ਬਲਕਿ ਉਸਦੇ ਨਾਲ ਉਸੇ ਦਿੱਲੀ ਵਿਚ ਪਰਤ ਆਈ, ਜਿੱਥੋਂ ਨੱਸ ਕੇ ਗਈ ਸੀ। ਪਰ ਹੁਣ ਉਹ ਇਕ ਮਸ਼ਹੂਰ ਪੱਤਰਕਾਰ ਨਾਲ ਆਈ ਸੀ ਜਿਸ ਨੇ ਆਪਣੇ ਪ੍ਰਭਾਵ ਨਾਲ ਉਸਨੂੰ ਟੀ.ਵੀ. ਵਿਚ ਸਰਵਿਸ ਦੁਆ ਦਿੱਤੀ, ਰਹਿਣ ਲਈ ਇਕ ਹੋਸਟਲ ਵਿਚ ਜਗ੍ਹਾ ਵੀ ਦੁਆਈ ਤੇ ਫੇਰ ਉਸ ਨਾਲ ਰੋਜ਼, ਬਿਨਾ ਰੋਕ-ਟੋਕ ਮਿਲਣ ਵੀ ਲੱਗ ਪਿਆ। ਹੁਣ ਉਹ ਦੋ ਸਾਲ ਤੋਂ ਉਸਦੀ ਰਖੈਲ ਹੀ ਕਹੀ ਜਾ ਸਕਦੀ ਸੀ, ਉਹ ਇਸ ਸੁਤੰਤਰ ਜੀਵਨ ਨੂੰ ਹੀ ਪਸੰਦ ਕਰਨ ਲੱਗ ਪਈ ਸੀ। ਇਸ ਵਿਚ ਵੀ ਕਈ ਕਿਸਮ ਦੀਆਂ ਖ਼ੁਸ਼ੀਆਂ ਸਨ, ਅਨੇਕਾਂ ਕਿਸਮ ਦੀਆਂ ਤਸੱਲੀਆਂ ਸਨ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੂੰ ਕਿਸੇ ਨੇ ਲੱਭਣ ਦੀ ਕੋਸ਼ਿਸ਼ ਨਹੀਂ ਸੀ ਕੀਤੀ...ਨਾ ਉਸਦੇ ਪਤੀ ਨੇ ਤੇ ਨਾ ਹੀ ਉਸਦੇ ਮਾਪਿਆਂ ਨੇ। ਸਾਰੇ ਉਸਨੂੰ ਭੁੱਲ ਗਏ ਜਾਪਦੇ ਸਨ। ਜਿਵੇਂ ਉਹ ਉਹਨਾਂ ਲਈ ਮਰ ਗਈ ਹੋਏ। ਇਹ ਵੀ ਠੀਕ ਹੀ ਸੀ। ਉਹਨਾਂ ਨੂੰ ਇੰਜ ਹੀ ਕਰਨਾ ਚਾਹੀਦਾ ਸੀ। ਉਹ ਬਿਨਾ ਕਿਸੇ ਰੋਕ-ਟੋਕ ਦੇ ਆਪਣੀ ਜ਼ਿੰਦਗੀ ਬਿਤਾ ਰਹੀ ਸੀ, ਜਿਹੜੀ ਉਸਨੂੰ ਕਿਸੇ ਪੱਖੋਂ ਵੀ ਊਣੀ ਨਹੀਂ ਸੀ ਲੱਗਦੀ। ਚਤੁਰਵੇਦੀ ਨੇ ਉਸਨੂੰ ਵਧੀਆ ਮਾਹੌਲ ਦਿੱਤਾ ਸੀ। ਉਸ ਦੇ ਨਾਲ ਨਾਲ ਘੁੰਮ ਫਿਰ ਕੇ ਉਸਨੇ ਜ਼ਿੰਦਗੀ ਦੇ ਕਈ ਰੂਪ, ਕਈ ਦਿਸ਼ਾਵਾਂ ਤੇ ਕਈ ਵਰਤਾਰੇ ਦੇਖ ਲਏ ਸਨ। ਰਾਜ ਕਿੰਜ ਕੀਤਾ ਜਾਂਦਾ ਹੈ, ਪਾਰਟੀਆਂ ਕਿਵੇਂ ਬਣਾਈਆਂ ਜਾਂਦੀਆਂ ਨੇ, ਚੋਣਾ ਕਿਵੇਂ ਲੜੀਆਂ ਜਾਂਦੀਆਂ ਹੈਨ, ਰਾਜਨੀਤੀ ਵਿਚ ਕਿੰਜ ਵੜਿਆ ਜਾਂਦਾ ਹੈ, ਇਸ ਲਈ ਪੈਸਾ ਕਿੱਥੋਂ ਆਉਂਦਾ ਹੈ ਤੇ ਕਿੰਨੇ ਹੱਥਾਂ ਵਿਚੋਂ ਹੁੰਦਾ ਹੋਇਆ ਕਿੱਥੇ ਕਿੱਥੇ ਪਹੁੰਚਦਾ ਹੈ? ਹੁਣ ਤਾਂ ਉਹ ਅਖ਼ਬਾਰ ਵਿਚ ਛਪੀ ਹਰੇਕ ਖ਼ਬਰ ਪਿੱਛੇ ਲੁਕੇ ਅਸਲੀ ਚਿਹਰੇ ਤੇ ਉਸਦੀਆਂ ਗਤੀ ਵਿਧੀਆਂ ਨੂੰ ਫੌਰਨ ਸਮਝ ਲੈਂਦੀ ਸੀ, ਕਿਉਂਕਿ ਉਹ ਅਜਿਹੇ ਲੋਕਾਂ ਨੂੰ ਕਾਫੀ ਨੇੜਿਓਂ ਦੇਖ ਚੁੱਕੀ ਸੀ। ਅਣਗਿਣਤ ਵਾਰੀ ਉਹਨਾਂ ਦੀਆਂ ਗੱਲਾਂ-ਬਾਤਾਂ ਕੰਨੀ ਸੁਣ ਚੁੱਕੀ ਸੀ। ਆਦਮੀ ਸੱਤਾ ਦਾ ਵੀ ਭੁੱਖਾ ਹੁੰਦਾ ਹੈ ਤੇ ਦੌਲਤ ਦਾ ਵੀ। ਜਦੋਂ ਇਹਨਾਂ ਨੂੰ ਪ੍ਰਾਪਤ ਕਰਨ ਵਿਚ ਉਹ ਸਿੱਧੇ ਤਰੀਕੇ ਨਾਲ ਅਸਫਲ ਹੁੰਦਾ ਹੈ, ਰਾਜਨੀਤੀ ਵਿਚ ਆ ਜਾਂਦਾ ਹੈ। ਦੇਸ਼ ਦੇ ਅਰਥਿਕ ਪ੍ਰਬੰਧ, ਰਾਜਨੀਤੀ ਤੇ ਪੱਤਰਕਾਰੀ ਨਾਲ ਉਸਦੇ ਸਬੰਧਤ ਉਸਦਾ ਗਿਆਨ ਬਿੱਜੂ ਚਤੁਰਵੇਦੀ ਦੀ ਹੀ ਦੇਣ ਸੀ। ਉਹ ਉਸਦੀ ਬੜੀ ਧੰਨਵਾਦੀ ਸੀ ਪਰ ਉਸਦੇ ਅੰਦਰ ਕਿਸੇ ਕੋਨੇ ਵਿਚ ਉਸਦੇ ਖ਼ਿਲਾਫ਼ ਨਫ਼ਰਤ ਵੀ ਜਨਮ ਲੈ ਚੁੱਕੀ ਸੀ। ਉਸਨੇ ਉਸਨੂੰ ਆਪਣੇ ਅੰਦਰ ਹੀ ਦਫ਼ਨ ਕੀਤਾ ਹੋਇਆ ਸੀ ਤੇ ਜਾਣ ਬੁੱਝ ਕੇ ਉਸਨੂੰ ਪ੍ਰਤੱਖ ਨਹੀਂ ਸੀ ਕਰਨਾ ਚਾਹੁੰਦੀ।
ਕਈ ਦਿਨ ਪਹਿਲਾਂ ਚਤੁਰਵੇਦੀ ਨੇ ਆਪਣੀ ਪਤਨੀ ਦਾ ਜ਼ਿਕਰ ਛੇੜਿਆ ਸੀ...ਉਹ ਇਕ ਅਰਸੇ ਤੋਂ ਕਿਸੇ ਹੋਰ ਸ਼ਹਿਰ ਵਿਚ ਰਹਿ ਰਹੀ ਸੀ ਤੇ ਬੱਚਿਆਂ ਦਾ ਇਕ ਸਕੂਲ ਚਲਾ ਰਹੀ ਸੀ। ਆਪਣੇ ਬੱਚਿਆਂ ਨੂੰ ਵੀ ਆਪਣੇ ਕੋਲ ਹੀ ਰੱਖ ਕੇ ਪਾਲ-ਪੜ੍ਹਾ ਰਹੀ ਸੀ। ਹੁਣ ਉਹ ਚਾਹੁੰਦੀ ਸੀ ਕਿ ਬਿੱਜੂ ਪੱਤਰਕਾਰੀ ਦਾ ਧੰਦਾ ਛੱਡ ਕੇ ਉਹਨਾਂ ਕੋਲ ਆ ਜਾਏ ਕਿਉਂਕਿ ਉਸਦਾ ਸਕੂਲ ਏਨਾ ਵੱਡਾ ਹੋ ਗਿਆ ਸੀ ਕਿ ਉਸ ਇਕੱਲੀ ਤੋਂ ਸਾਂਭਿਆ ਨਹੀਂ ਸੀ ਜਾਂਦਾ। ਇਸ ਦੇ ਇਲਾਵਾ ਉਹਨਾਂ ਦੇ ਬੱਚੇ ਵੀ ਵੱਡੇ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿਆਹ-ਸ਼ਾਦੀਆਂ ਬਾਰੇ ਸੋਚਣਾ ਵੀ ਜ਼ਰੂਰੀ ਸੀ। ਰੀਤਾ ਖੰਡੇਲਵਾਲ ਸਮਝ ਗਈ ਸੀ ਕਿ ਚਤੁਰਵੇਦੀ ਇਕ ਉਲਝਣ ਵਿਚ ਫਸ ਚੁੱਕਿਆ ਹੈ। ਉਸ ਉਲਝਣ ਵਿਚੋਂ ਉਹ ਉਦੋਂ ਹੀ ਨਿਕਲ ਸਕੇਗਾ ਜਦੋਂ ਪੱਤਰਕਾਰੀ ਦੇ ਪੇਸ਼ੇ ਨੂੰ ਸਲਾਮ ਕਹਿ ਕੇ ਆਪਣੀ ਪਤਨੀ ਕੋਲ ਚਲਾ ਜਾਏਗਾ। ਅੱਜ ਉਸਨੇ ਆਪਣੀ ਪਤਨੀ ਦਾ ਫੇਰ ਜ਼ਿਕਰ ਕੀਤਾ ਸੀ ਤੇ ਰੀਤਾ ਵੱਲ ਇਹੋ ਜਿਹੀਆਂ ਘੋਖਵੀਆਂ ਨਜ਼ਰਾਂ ਨਾਲ ਦੇਖਿਆ ਸੀ, ਜਿਵੇਂ ਜਾਣਨਾ ਚਾਹੁੰਦਾ ਹੋਵੇ ਕਿ ਇਸ ਬਾਰੇ ਉਹ ਕੀ ਕਹਿੰਦੀ ਹੈ।
ਰੀਤਾ ਉਸ ਨੂੰ ਕੋਈ ਜਵਾਬ ਦੇਣ ਦੀ ਬਜਾਏ ਉਸੇ ਦੇ ਸਿਗਰੇਟ ਕੇਸ ਵਿਚੋਂ ਸਿਗਰੇਟ ਕੱਢ ਕੇ ਪੀਣ ਲੱਗ ਪਈ। ਜਾਣ ਬੁਝ ਕੇ ਇਧਰ-ਉਧਰ ਦੇਖਦੀ ਰਹੀ। ਲਾਨ ਵਿਚ ਹੋਰ ਵੀ ਕਈ ਜਣੇ ਵੱਖ ਵੱਖ ਮੇਜ਼ਾਂ ਦੁਆਲੇ ਬੈਠੇ ਬੀਅਰ ਪੀਣ ਤੇ ਗੱਲਾਂ ਮਾਰਨ ਵਿਚ ਮਸਤ ਸਨ। ਉਹਨਾਂ ਵਿਚ ਔਰਤਾਂ ਵੀ ਸਨ ਤੇ ਮਰਦ ਵੀ। ਉਹਨਾਂ ਦੇ ਚਿਹਰੇ ਵੀ ਦਿਲਕਸ਼ ਸਨ ਤੇ ਲਿਬਾਸ ਵੀ। ਪਿੱਛਲੇ ਕਈ ਸਾਲਾਂ ਦਾ ਭਾਰਤ ਵਿਚ ਪੁਸ਼ਾਕਾਂ ਤੇ ਪਹਿਰਾਵਿਆਂ ਦਾ ਇਕ ਹੜ੍ਹ ਜਿਹਾ ਆਇਆ ਹੋਇਆ ਹੈ। ਇਹਨਾਂ ਪਹਿਰਾਵਿਆਂ ਕਰਕੇ ਹੀ ਇਹ ਲੋਕ ਕਿੰਨੇ ਦਿਲਕਸ਼ ਲੱਗ ਰਹੇ ਸਨ। ਉਸਨੇ ਬਿੱਜੂ ਵੱਲ ਦੇਖਿਆ, ਜਿਸ ਨੇ ਗਰਦਨ ਤਕ ਵਾਲ ਵਧਾਏ ਹੋਏ ਸਨ। ਉਸਦੀਆਂ ਵੱਡੀਆਂ-ਵੱਡੀਆਂ ਮੁੱਛਾਂ ਤੇ ਕੰਨਾਂ ਤੋਂ ਹੇਠਾਂ ਤਕ ਵਧਾਈਅ ਕਲਮਾਂ ਕਾਰਣ ਉਸ ਦਾ ਚਿਹਰਾ ਬੜਾ ਘੱਟ ਦਿਸ ਰਿਹਾ ਸੀ, ਜਿਹੜਾ ਬੀਅਰ ਦੀਆਂ ਕਈ ਬੋਤਲਾਂ ਪੀ ਲੈਣ ਪਿੱਛੋਂ ਕਾਫੀ ਚਮਕਣ ਲੱਗ ਪਿਆ ਸੀ। ਉਸਦੀ ਫੁੱਲਾਂ ਵਾਲੀ ਰੰਗ-ਬਿਰੰਗੀ ਸ਼ਰਟ ਦੇ ਖੁੱਲ੍ਹੇ ਗਲਮੇਂ ਵਿਚੋਂ ਛਾਤੀ ਦੇ ਵਾਲ ਝਾਕ ਰਹੇ ਸਨ।
ਰੀਤਾ ਨੇ ਆਪਣੇ ਲਿਬਾਸ ਉਤੇ ਵੀ ਨਿਗਾਹ ਮਾਰੀ...ਅੱਜ ਉਹ ਸਿਰਫ ਬਲਾਊਜ਼ ਤੇ ਮੈਕਸੀ ਪਾ ਕੇ ਆਈ ਸੀ। ਉਸਦੇ ਖੁੱਲ੍ਹੇ ਵਾਲ ਕੁਝ ਤਾਂ ਉਸਦੀ ਪਿੱਠ ਉਤੇ ਖਿੱਲਰੇ ਹੋਏ ਸਨ ਤੇ ਕੁਝ ਉਸਦੀ ਗਰਦਨ ਦੋ ਦੋਵੇਂ ਪਾਸੇ ਝੂਲ ਰਹੇ ਸਨ। ਸੱਚਮੁੱਚ ਉਹ ਵੀ ਬੜੀ ਦਿਲਕਸ਼ ਲੱਗ ਰਹੀ ਹੈ। ਉਸਦੇ ਨੇੜਿਓਂ ਲੰਘਦਿਆਂ ਹੋਇਆਂ ਕਈ ਜਣਿਆਂ ਨੇ ਉਸ ਵੱਲ ਬੜੀਆਂ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਤੱਕਿਆ ਹੈ। ਉਸਦੇ ਕੱਦ ਨਾਲੋਂ ਇਕ-ਦੋ ਇੰਚ ਛੋਟਾ ਇਕ ਅੱਧਖੜ ਉਮਰ ਦਾ ਜਰਨਲਿਸਟ ਜਿਹੜਾ ਉਸਦੇ ਸਰੀਰ ਦੀ ਇਕ ਇਕ ਗੋਲਾਈ ਬਾਰੇ ਜਾਣਦਾ ਹੈ, ਵੀ ਆਪਣੀਆਂ ਅੱਖਾਂ ਵਿਚ ਮਰਦਾਂ ਵਾਲੀ ਆਦਮ-ਭੁੱਖ ਭਰੀ ਉਸ ਵੱਲ ਤੱਕ ਰਿਹਾ ਹੈ, ਪਰ ਉਸਦੀਆਂ ਨਜ਼ਰਾਂ ਵਿਚ ਇਕ ਸੰਤੋਖ ਵੀ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਹ ਜਦੋਂ ਚਾਹੇ ਉਸਨੂੰ ਇਕ ਸ਼ਾਨਦਾਰ ਡਿਨਰ ਖੁਆ ਕੇ ਆਪਣੇ ਫਲੈਟ ਵਿਚ ਲੈ ਜਾਏਗਾ ਤੇ ਰਾਤ ਦੇ ਕਿਸੇ ਪਹਿਰ ਆਪਣੀ ਮੋਟਰ ਵਿਚ ਲੱਦ ਕੇ ਉਸਨੂੰ ਹੋਸਟਲ ਦੇ ਗੇਟ ਅੱਗੇ ਛੱਡ ਆਏਗਾ। ਉਹ ਜਾਣਦਾ ਹੈ, ਉਹ ਇਸ ਹੱਦ ਤਕ ਉਸਦੀ ਸੰਪਤੀ ਬਣ ਚੁੱਕੀ ਹੈ।
ਅਚਾਨਕ ਬਿੱਜੂ ਨੇ ਇਕ ਹੋਰ ਬੋਤਲ ਦਾ ਆਡਰ ਦੇ ਦਿੱਤਾ ਤੇ ਕਿਹਾ, ''ਮੈਨੂੰ ਇੰਜ ਲੱਗਦਾ ਏ, ਤੇਲ ਵਾਲਾ ਅਜੇ ਦੇਰ ਨਾਲ ਆਏਗਾ...ਤੇ ਜਦੋਂ ਤਕ ਉਹ ਨਹੀਂ ਆਉਂਦਾ ਆਪਾਂ ਉਸਦੇ ਖਾਤੇ 'ਚ ਪੀਂਦੇ ਰਹਾਂਗੇ।''
ਇਹ ਕਹਿ ਕੇ ਉਹ ਢੀਠਾਂ ਵਾਂਗ ਹੱÎਸਿਆ। ਜਦੋਂ ਉਹ ਕਿਸੇ ਉਤੇ ਉਕਤਾਅ ਜਾਂਦਾ ਸੀ, ਉਸਨੂੰ ਗਾਲ੍ਹ ਵਗੈਰਾ ਨਹੀਂ ਸੀ ਕੱਢਦਾ...ਉਸਦਾ ਜ਼ਿਕਰ ਕਰਕੇ ਇੰਜ ਹੀ ਹੱਸ ਪੈਂਦਾ ਸੀ।
ਰੀਤਾ ਨੇ ਪੁੱਛਿਆ, ''ਇਹ ਤੇਲ ਵਾਲਾ ਕਿਹੜੀ ਨਸਲ ਦਾ ਜਾਨਵਰ ਏ? ਕੀ ਸੱਚਮੁਚ ਇੱਥੇ ਬੈਠੇ ਅਸੀਂ ਉਸੇ ਨੂੰ ਉਡੀਕ ਰਹੇ ਆਂ?''
''ਹਾਂ। ਉਸ ਨੂੰ ਮੈਂ ਇੱਥੇ ਮਿਲਨ ਲਈ ਹੀ ਕਿਹਾ ਸੀ। ਇਸ ਵੇਲੇ ਉਹ ਜੂਨੀਅਰ ਚੈਂਬਰ ਦੀ ਮੀਟਿੰਗ ਵਿਚ ਪ੍ਰੋਵਿਸ਼ਿਅਲ ਤੇ ਸੈਂਟਰਲ ਮਨਿਸਟਰੀ ਦੇ ਲੋਕਾਂ ਨਾਲ ਮੁੰਗਫਲੀ ਦੇ ਭਾਅ ਤੇ ਟਰਾਂਸਪੋਰਟ ਵਗ਼ੈਰਾ ਦੇ ਮਾਮਲਿਆਂ ਉਤੇ ਗੱਲਬਾਤ ਕਰ ਰਿਹਾ ਹੋਏਗਾ। ਮੇਰੇ ਕੋਲ ਆਇਆ ਤਾਂ ਰਾਜ ਸਭਾ ਦੀ ਮੈਂਬਰੀ ਦੇ ਮਸਲੇ ਉਪਰ ਗੱਲ ਕਰੇਗਾ। ਤੂੰ ਦੇਖੀਂ...।''
ਉਹ ਫੇਰ ਹੱਸ ਪਿਆ ਤੇ ਬੈਰੇ ਦੇ ਹੱਥੋਂ ਬੀਅਰ ਫੜ੍ਹ ਕੇ ਗਿਲਾਸ ਵਿਚ ਭਰਨ ਲੱਗ ਪਿਆ।
''ਪਰ ਰਾਜ ਸਭਾ ਦਾ ਮੈਂਬਰ ਬਣਨ ਲਈ ਉਹ ਤੁਹਾਡੇ ਨਾਲ ਕੀ ਗੱਲ ਕਰਨੀ ਚਾਹੁੰਦਾ ਏ?'' ਰੀਤਾ ਖੰਡੇਲਵਾਲ ਨੇ ਆਪਣੀ ਆਵਾਜ਼ ਵਿਚ ਆਪ ਹੀ ਕੁਝ ਕੁਸੈਲ ਜਿਹੀ ਮਹਿਸੂਸ ਕੀਤੀ...ਤੇ ਫੇਰ ਸੰਭਲ ਕੇ ਮੁਸਕਰਾਉਣ ਲੱਗੀ, ''ਕੀ ਤੁਸੀਂ ਵਾਕਈ ਉਸ ਦੀ ਕੁਝ ਮਦਦ ਕਰ ਸਕਦੇ ਓ?''
''ਕਿਉਂ ਨਹੀਂ?'' ਉਹ ਬੋਲਿਆ, ''ਮੈਂ ਉਸ ਲਈ ਸਭ ਕੁਝ ਕਰ ਸਕਦਾਂ। ਮੇਰੇ ਕੋਲ ਦਿਮਾਗ਼ ਹੈ ਤੇ ਵੱਡੇ-ਵੱਡੇ ਲੋਕਾਂ ਨਾਲ ਮੇਰਾ ਸੰਪਰਕ ਏ। ਉਸਨੂੰ ਤਾਂ ਸਿਰਫ ਆਪਣੀ ਬਲੈਕ ਦੀ ਕਮਾਈ ਦਾ ਪੈਸਾ ਖਰਚ ਕਰਨਾ ਪੈਣਾ ਏਂ।''
ਰੀਤਾ ਨੇ ਉਸ ਨੂੰ ਹੋਰ ਕੁਝ ਨਾ ਪੁੱਛਿਆ। ਉਹ ਮਨ ਹੀ ਮਨ ਫੇਰ ਕੁੜ੍ਹਣ ਲੱਗ ਪਈ ਸੀ। ਸੋ ਚੁੱਪ ਹੀ ਰਹੀ। ਫੇਰ ਇਹ ਸੋਚ ਕੇ ਉਸ ਨੂੰ ਹੈਰਾਨੀ ਵੀ ਹੋਈ ਕਿ ਅੱਜ ਉਹ ਚਤੁਰਵੇਦੀ ਦੀਆਂ ਗੱਲਾ ਉਤੇ ਵਾਰੀ-ਵਾਰੀ ਉਤੇਜਤ ਕਿਉਂ ਹੋ ਉਠਦੀ ਏ...ਇੰਜ ਪਹਿਲਾਂ ਤਾਂ ਕਦੀ ਨਹੀਂ ਹੋਇਆ। ਉਸ ਨੇ ਜਲਦੀ-ਜਲਦੀ ਦੋ-ਤਿੰਨ ਘੁੱਟ ਭਰੇ, ਨਵੀਂ ਸਿਗਰੇਟ ਸੁਲਗਾਈ ਤੇ ਉਸ ਵੱਲ ਇੰਜ ਦੇਖਣ ਲੱਗ ਪਈ ਜਿਵੇਂ ਹੁਣ ਉਹ ਉਸ ਦੀ ਹਰੇਕ ਗੱਲ ਨੂੰ ਬਿਨਾ ਟੋਕਿਆਂ ਸੁਣੇਗੀ ਤੇ ਕੋਈ ਇਤਰਾਜ਼ ਨਹੀਂ ਕਰੇਗੀ; ਭਾਵੇਂ ਉਹ ਕੁਝ ਵੀ ਕਹੇ।
ਚਤੁਰਵੇਦੀ ਉਸ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਬੋਲਿਆ, ''ਅੱਜ ਉਹ ਖੂਬ ਸ਼ਰਾਬ ਪੀਵੇਗਾ। ਫੇਰ ਆਪਾਂ ਨੂੰ ਡਿਨਰ ਕਰਵਾਉਣ ਲੈ ਜਾਏਗਾ ਤੇ ਫੇਰ ਕੈਬਰੇ ਵੀ ਜ਼ਰੂਰ ਦੇਖਣ ਜਾਏਗਾ। ਸਾਲਾ ਕੈਬਰੇ ਉਤੇ ਤਾਂ ਜਾਨ ਦਿੰਦਾ ਏ। ਅਹਿਮਦਾਬਾਦ ਤੋਂ ਵੀ ਟ੍ਰੰਕਾਲ ਉਤੇ ਪੁੱਛ ਰਿਹਾ ਸੀ ਕਿਹੜੇ-ਕਿਹੜੇ ਹੋਟਲ ਵਿਚ ਕੀ-ਕੀ ਚੱਲ ਰਿਹਾ ਏ ?''
''ਤੇ ਤੁਸੀਂ ਉਸ ਨੂੰ ਸਭ ਕੁਝ ਦੱਸ ਦਿੱਤਾ ਹੋਏਗਾ ?'' ਰੀਤਾ ਦੀ ਆਵਾਜ਼ ਵਿਚ ਅਜੇ ਵੀ ਕੁਸੈਲ ਘੁਲੀ ਹੋਈ ਸੀ।
''ਹਾਂ, ਦਸ ਦਿੱਤਾ ਸੀ। ਮੈਥੋਂ ਕੀ ਗੁੱਝਾ ਏ, ਰੋਜ਼ ਹੀ ਤਾਂ ਛਾਪੀਦਾ ਏ...ਇਹਨਾਂ ਪ੍ਰੋਗ੍ਰਾਮਾਂ ਬਾਰੇ।'' ਉਸ ਨੇ ਸਹਿਜ ਨਾਲ ਹੀ ਕਹਿ ਦਿੱਤਾ।
ਰੀਤਾ ਨੇ ਏਸ ਵਾਰੀ ਆਪਣੀਆਂ ਅੱਖਾਂ ਵਿਚਲੇ ਗੁੱਸੇ ਨੂੰ ਛਿਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਿੱਧਾ ਉਸ ਦੀਆਂ ਅੱਖਾਂ ਵਿਚ ਤੱਕਿਆ। ਚਤੁਰਵੇਦੀ ਵੀ ਉਸ ਵੱਲ ਦੇਖਦਾ ਤੇ ਮੁਸਕਰਾਉਂਦਾ ਰਿਹਾ। ਫੇਰ ਉਹ ਕੁਝ ਅੱਗੇ ਵੱਲ ਝੁਕ ਕੇ ਜ਼ਰਾ ਧੀਮੀ ਆਵਾਜ਼ ਵਿਚ ਕਹਿਣ ਲੱਗਾ, ''ਮੇਰੇ ਦਿੱਲੀ ਛੱਡਣ ਦੀ ਗੱਲ ਸੁਣ ਕੇ ਤੂੰ ਉਦਾਸ ਹੋ ਗਈ ਸੈਂ। ਮੈਂ ਸਮਝਦਾ ਆਂ, ਜਦੋਂ ਮੈਂ ਚਲਾ ਗਿਆ, ਤੂੰ ਮੈਨੂੰ ਯਾਦ ਕਰ-ਕਰ ਕੇ ਰੋਇਆ ਕਰੇਂਗੀ। ਮੈਂ ਚਾਹੁੰਦਾ ਸਾਂ ਕਿ ਤੂੰ ਕੁਝ ਕਹਿ ਸੁਣ ਕੇ ਆਪਣੇ ਮਨ ਦੀ ਭੜਾਸ ਕੱਢ ਲਏਂ...ਮੈਂ ਤੇਰੀ ਹਰੇਕ ਗੱਲ ਸੁਣਨ ਲਈ ਤਿਆਰ ਸਾਂ, ਪਰ ਤੂੰ ਚੁੱਪ ਰਹੀ ਤੇ ਮੈਂ ਵੀ ਇਹੀ ਠੀਕ ਸਮਝਿਆ ਕਿ ਵਿਸ਼ਾ ਬਦਲ ਕੇ ਤੇਰੀ ਉਦਾਸੀ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂ। ਹਾਂ ਤੇ ਸੁਣ ਇਹ ਉਦਾਸੀ ਠੀਕ ਨਹੀਂ ਹੁੰਦੀ, ਸਾਨੂੰ ਹਰ ਅਸਲੀਅਤ ਨੂੰ 'ਫੇਸ' ਕਰਨਾ ਚਾਹੀਦਾ ਏ। ਸੱਚਵਾਦੀ ਹੋਣਾ ਚਾਹੀਦਾ ਏ। ਅੱਜ ਜੇ ਮੈਂ ਅਚਾਨਕ ਮਰ ਜਾਵਾਂ, ਤਾਂ ਵੀ ਤਾਂ ਤੂੰ ਇਕੱਲੀ ਨਹੀਂ ਰਹਿ ਜਾਏਂਗੀ ਨਾ? ਇੰਜ ਹੀ ਜੇ ਮੈਂ ਕਿਸੇ ਦੂਜੇ ਸ਼ਹਿਰ ਚਲਾ ਜਾਵਾਂਗਾ...। ਦੋਹਾਂ ਹਾਲਤਾਂ ਵਿਚ ਸਬਰ ਕਰਨਾ ਪੈਂਦਾ ਏ ਬਸ।''
ਰੀਤਾ ਸਮਝ ਗਈ ਉਹ ਜਾਣ ਦਾ ਪੱਕਾ ਫੈਸਲਾ ਕਰ ਚੁੱਕਿਆ ਹੈ। ਹੁਣ ਸਿਰਫ ਉਸ ਨੂੰ ਭੌਤਿਕ ਰੂਪ ਵਿਚ ਵਿਛੋੜੇ ਦੀ ਪੀੜ ਸਹਿਣ ਲਈ ਤਿਆਰ ਕਰ ਰਿਹਾ ਹੈ। ਉਸ ਨੇ ਕੋਈ ਜਵਾਬ ਨਾ ਦਿੱਤਾ। ਨੀਵੀਂ ਪਾ ਕੇ ਆਪਣੇ ਗਲਾਸ ਵੱਲ ਦੇਖਦੀ ਰਹੀ, ਜਿਸ ਵਿਚ ਪਈ ਥੋੜ੍ਹੀ ਜਿਹੀ ਬੀਅਰ ਵਿਚ ਪਿਆ ਬਰਫ਼ ਦਾ ਟੁਕੜਾ ਹੌਲੀ-ਹੌਲੀ ਖੁਰ ਰਿਹਾ ਸੀ।
ਚਤੁਰਵੇਦੀ ਨੇ ਕਿਹਾ, ''ਵੈਸੇ ਤੇਰੇ ਭਵਿੱਖ ਬਾਰੇ ਮੈਂ ਇਕ ਹੋਰ ਗੱਲ ਵੀ ਸੋਚੀ ਹੋਈ ਏ। ਮੈਂ ਤੈਨੂੰ ਆਪਣਾ ਇਕ ਹੋਰ ਦੋਸਤ ਦੇ ਜਾਵਾਂਗਾ, ਜਿਹੜਾ ਤੈਨੂੰ ਹਮੇਸ਼ਾ ਖ਼ੁਸ਼ ਰੱਖੇਗਾ। ਮੇਰੇ ਨਾਲੋਂ ਵੀ ਵੱਧ। ਉਸਨੂੰ ਮੈਂ ਚੰਗੀ ਤਰ੍ਹਾਂ ਜਾਣਦਾਂ। ਉਹ ਕਾਫੀ ਦੌਲਤਮੰਦ ਏ...ਤੈਨੂੰ ਹੋਸਟਲ ਵਿਚੋਂ ਕੱਢ ਕੇ ਇਕ ਫਲੈਟ ਲੈ ਦਏਗਾ। ਉਹ ਇਹੋ ਤੇਲ ਵਾਲਾ, ਲੱਖ ਪਤੀ ਏ ਜਿਹੜਾ ਕੁਝ ਚਿਰ ਵਿਚ ਈ ਇੱਥੇ ਪਹੁੰਚਣ ਵਾਲਾ ਏ। ਉਸਨੂੰ ਮਿਲ ਕੇ ਤੂੰ ਯਕੀਨਨ ਖ਼ੁਸ਼ ਹੋਏਂਗੀ।''
ਰੀਤਾ ਇਸ ਤੋਂ ਅੱਗੇ ਨਾ ਸੁਣ ਸਕੀ। ਕੁਰਸੀ ਤੋਂ ਉਠ ਕੇ ਖੜ੍ਹੀ ਹੋ ਗਈ, ''ਤੂੰ ਮੈਨੂੰ ਸਮਝ ਕੀ ਰੱਖਿਆ ਏ? ਮੇਰੇ ਲਈ ਤੇਰੇ ਦਿਲ ਵਿਚ ਬਸ ਏਨੀ ਹੀ ਇੱਜਤ ਸੀ? ਮੈਨੂੰ ਪਤਾ ਨਹੀਂ ਸੀ ਕਿ ਤੂੰ ਏਨਾ ਗਿਰ ਜਾਏਂਗਾ।''
''ਸੁਣ ਤਾਂ ਸਹੀ ਰੀਤਾ...ਰੀਤਾ ਜ਼ਰਾ ਸੁਣ, ਬੈਠ ਜਾ। ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ।'' ਉਸਨੇ ਰੀਤਾ ਦਾ ਹੱਥ ਫੜ੍ਹਨ ਦੀ ਕੋਸ਼ਿਸ਼ ਕੀਤੀ।
''ਮੈਂ ਕੁਛ ਨਹੀਂ ਸੁਣਨਾ ਚਾਹੁੰਦੀ। ਮੈਂ ਜਾ ਰਹੀ ਆਂ।'' ਕਹਿ ਕੇ ਉਹ ਉੱਥੋਂ ਤੁਰ ਪਈ। ਚਤੁਰਵੇਦੀ ਹੈਰਾਨ-ਪ੍ਰੇਸ਼ਾਨ ਜਿਹਾ ਬੈਠਾ ਰਿਹਾ। ਉਸਦੇ ਪਿੱਛੇ ਜਾ ਕੇ ਉਹ ਲੋਕਾਂ ਨੂੰ ਤਮਾਸ਼ਾ ਨਹੀਂ ਸੀ ਦਿਖਾਉਣਾ ਚਾਹੁੰਦਾ।
ਰੀਤਾ ਤੇਜ਼ ਤੇਜ਼ ਤੁਰਦੀ ਹੋਈ ਸੜਕ ਉਤੇ ਆ ਗਈ। ਜਿਹੜੀ ਨਫ਼ਰਤ ਉਸਦੇ ਅੰਦਰ ਨੱਪੀ ਹੋਈ ਸੀ, ਹੁਣ ਪੂਰੀ ਤਰ੍ਹਾਂ ਬਾਹਰ ਆ ਚੁੱਕੀ ਸੀ। ਹਰ ਆਦਮੀ ਇਕ ਵਿਸ਼ੇਸ਼ ਹੱਦ ਤਕ ਹੀ ਚੰਗਾ ਹੁੰਦਾ ਹੈ, ਉਸ ਪਿੱਛੋਂ ਉਹ ਬੇਹੱਦ ਜ਼ਲੀਲ ਤੇ ਕਮੀਨਾ ਹੁੰਦਾ ਹੈ। ਪਰ ਇਹ ਉਸ ਦਾ ਕੈਸਾ ਵਤੀਰਾ ਹੋਇਆ ਕਿ ਉਹ ਉਸ ਨੂੰ ਨਾਲ ਨਹੀਂ ਰੱਖ ਸਕਦਾ ਤਾਂ ਕਿਸੇ ਹੋਰ ਨੂੰ ਸੌਂਪ ਜਾਣ ਲਈ ਤਿਆਰ ਹੋ ਗਿਆ ਹੈ। ਉਸ ਕਿਸੇ ਦੀ ਨਿੱਜੀ ਸੰਪਤੀ ਨਹੀਂ... ਖਰੀਦੀ ਹੋਈ ਗੁਲਾਮ ਨਹੀਂ ਤਾਂ ਕਿਸੇ ਨੂੰ ਕੀ ਹੱਕ ਹੈ ਕਿ ਉਸ ਬਾਰੇ ਇੰਜ ਸੋਚੇ। ਫੈਸਲੇ ਕਰੇ?
ਉਹ ਇੰਜ ਹੀ ਗੁੱਸੇ ਵਿਚ ਸੜਦੀ-ਭੁੱਜਦੀ ਹੋਈ ਤੁਰਦੀ ਰਹੀ ਤੇ ਕਾਫੀ ਦੂਰ ਤਕ ਪੈਦਲ ਹੀ ਨਿਕਲ ਆਈ। ਤੁਰਦੀ-ਤੁਰਦੀ ਥੱਕ ਗਈ, ਫੇਰ ਵੀ ਤੁਰਦੀ ਰਹੀ। ਇਕ ਲੰਮੀ ਸੜਕ ਮੁੱਕ ਗਈ। ਇਕ ਹੋਰ ਸੜਕ ਆ ਗਈ। ਫੇਰ ਇਕ ਹੋਰ...ਫੇਰ ਵੀ ਉਹ ਤੁਰਦੀ ਰਹੀ ਜਿਵੇਂ ਆਪਣੇ ਆਪ ਨੂੰ ਸਜਾ ਦੇ ਰਹੀ ਹੋਏ, ਦੁਖ ਭੋਗਣ ਦੇ ਮੂਡ ਵਿਚ ਹੋਏ। ਉਸਨੇ ਏਨੇ ਲੰਮੇਂ ਅਰਸੇ ਤਕ ਅਜਿਹੇ ਆਦਮੀ ਉਪਰ ਵਿਸ਼ਵਾਸ ਕਿਉਂ ਕੀਤਾ? ਜਦੋਂ ਉਸਦੇ ਪ੍ਰਤੀ ਉਸਦੇ ਅੰਦਰ ਨਫ਼ਰਤ ਪੈਦਾ ਹੋ ਗਈ ਸੀ ਤਾਂ ਉਸ ਨਫ਼ਰਤ ਨੂੰ ਦਿਲ ਵਿਚ ਹੀ ਕਿਉਂ ਰਹਿਣ ਦਿੱਤਾ ਸੀ? ਹੁਣ ਤਾਂ ਉਸਨੂੰ ਆਪਣੇ ਆਪ ਨਾਲ ਵੀ ਨਫ਼ਰਤ ਹੋਣ ਲੱਗ ਪਈ ਸੀ।
ਪਤਾ ਨਹੀਂ ਉਹ ਕਿੰਨੇ ਮੀਲ ਤੁਰ ਚੁੱਕੀ ਸੀ? ਤੁਰਦੀ ਨੂੰ ਘੰਟੇ ਭਰ ਤੋਂ ਉਤੇ ਹੋ ਚੱਲਿਆ ਸੀ ਪਰ ਸ਼ਹਿਰ ਅਜੇ ਤਕ ਖ਼ਤਮ ਨਹੀਂ ਸੀ ਹੋਇਆ। ਉਹ ਅਜੇ ਤਕ ਉਸੇ ਸ਼ਹਿਰ ਵਿਚ ਭਟਕ ਰਹੀ ਸੀ ਜਾਂ ਉਸ ਸ਼ਹਿਰ ਵਿਚ ਵੱਸੇ ਹੋਏ ਇਕ ਦੂਜੇ ਸ਼ਹਿਰ ਵਿਚ ਜਿਹੜਾ ਉਸਨੂੰ ਬਹੁਤ ਵੱਡਾ ਲੱਗਿਆ ਸੀ। ਉਸ ਨੂੰ ਇੰਜ ਵੀ ਲੱਗ ਰਿਹਾ ਸੀ ਕਿ ਉਸ ਸ਼ਹਿਰ ਦੀ ਕੁੱਖ ਵਿਚ ਇਕ ਹੋਰ ਸ਼ਹਿਰ ਵੀ ਵੱਸਿਆ ਹੋਇਆ ਹੈ। ਹੋ ਸਕਦਾ ਹੈ ਹਰ ਸ਼ਹਿਰ ਦੀ ਕੁੱਖ ਇਕ ਨਵੇਂ ਸ਼ਹਿਰ ਦਾ ਭਾਰ ਢੋਅ ਰਹੀ ਹੋਏ, ਜਿਸ ਤੋਂ ਮੁਕਤੀ ਪਾ ਸਕਣਾ ਸੰਭਵ ਹੀ ਨਾ ਹੋਏ।
ਅਚਾਨਕ ਉਹ ਇਕ ਮਕਾਨ ਦੇ ਸਾਹਮਣੇ ਅਟਕ ਗਈ, ਜਿੱਥੇ ਕੁਝ ਲੋਕ ਇਕ ਅਰਥੀ ਨੂੰ ਚੁੱਕ ਕੇ ਬਾਹਰ ਲਿਆ ਰਹੇ ਸਨ। ਚਿੱਟੀ ਚਾਦਰ ਵਿਚ ਲਿਪਟੀ ਉਸ ਲਾਸ਼ ਦੇ ਪਿੱਛੇ-ਪਿੱਛੇ ਇਕ ਔਰਤ ਵਾਲ ਖਿਲਾਰੀ, ਵੈਣ ਪਾਉਂਦੀ ਹੋਈ ਬਾਹਰ ਨਿਕਲੀ। ਉਹ ਸ਼ਵ-ਯਾਤਰਾ ਨੂੰ ਰੋਕ ਲੈਣਾ ਚਾਹੁੰਦੀ ਸੀ। ਕਈ ਔਰਤਾਂ ਉਸ ਨੂੰ ਲਾਸ਼ ਨਾਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਸਨ। ਰੀਤਾ ਖੰਡੇਲਵਾਲ ਇਕ ਪਾਸੇ ਖੜ੍ਹੀ, ਕਿੰਨੀ ਹੀ ਦੇਰ ਤਕ ਇਹ ਸੰਘਰਸ਼ ਦੇਖਦੀ ਰਹੀ। ਉਸਨੂੰ ਗੁੱਸਾ ਵੀ ਆਉਂਦਾ ਰਿਹਾ ਕਿ ਇਹ ਔਰਤ ਆਪਣੇ ਆਦਮੀ ਦੀ ਲਾਸ਼ ਨੂੰ ਠੋਕਰ ਮਾਰ ਕੇ ਪਰਤ ਕਿਉਂ ਨਹੀਂ ਜਾਂਦੀ? ਇਸ ਆਦਮੀ ਨੇ ਇਸ ਨੂੰ ਕਿਹੜਾ ਸੁਖ ਦਿੱਤਾ ਹੋਏਗਾ? ਸ਼ਾਇਦ ਪੂਰੇ ਜੀਵਨ ਵਿਚ ਸੁਖ ਦਾ ਇਕ ਪਲ ਵੀ ਨਹੀਂ। ਫੇਰ ਵੀ ਉਹ ਉਸਨੂੰ ਲਿਜਾਣ ਤੋਂ ਰੋਕ ਰਹੀ ਹੈ। ਹਮੇਸ਼ਾ ਲਈ ਵਿਛੜਨ ਦੇ ਅੰਤਮ ਪਲਾਂ ਵਿਚ ਸਤਯਵਾਨ ਦੀ ਸਾਵਿੱਤਰੀ ਹੋਣ ਦਾ ਨਾਟਕ ਕਰ ਰਹੀ ਹੈ। ਰੀਤਾ ਦੇ ਮਨ ਵਿਚ ਏਨੀ ਨਫ਼ਰਤ ਭਰ ਗਈ ਸੀ ਕਿ ਉਹ ਹੋਰ ਉੱਥੇ ਇਕ ਵੀ ਪਲ ਨਾ ਰੁਕ ਸਕੀ। ਨੇੜਿਓਂ ਲੰਘ ਰਹੀ ਇਕ ਟੈਕਸੀ ਨੂੰ ਰੋਕ ਕੇ ਉਹ ਉਸ ਵਿਚ ਬੈਠ ਗਈ। ਟੈਕਸੀ ਉਸਨੂੰ ਮੌਤ ਦੇ ਉਸ ਨਾਟਕ ਤੋਂ ਤੁਰੰਤ ਦੂਰ ਲੈ ਗਈ।
ਪਿੱਛੋਂ ਉਸਨੂੰ ਪਛਤਾਵਾ ਵੀ ਹੋਇਆ ਕਿ ਉਸ ਨੇ ਏਡੇ ਵੱਡੇ ਦੁਖਾਂਤ ਉਤੇ ਅਜਿਹੀ ਪ੍ਰਤੀਕਿਰਿਆ ਕਿਉਂ ਮਹਿਸੂਸ ਕੀਤੀ ਸੀ। ਹੁਣ ਉਸਦਾ ਦਿਲ ਹੌਲੀ ਹੌਲੀ ਇਕ ਅਜੀਬ ਜਿਹੇ ਦੁੱਖ ਨਾਲ ਭਰਦਾ ਜਾ ਰਿਹਾ ਸੀ। ਇਸ ਅਪਾਰ ਦੁੱਖ ਦੀ ਨਦੀ ਵਿਚ ਆਪਣੇ ਆਪ ਨੂੰ ਡੁੱਬਣ ਤੋਂ ਰੋਕ ਵੀ ਨਹੀਂ ਸੀ ਸਕੀ; ਇੰਜ ਕਰ ਸਕਣਾ ਅਸੰਭਵ ਹੋ ਗਿਆ ਸੀ। ਉਸਨੇ ਅੱਖਾਂ ਬੰਦ ਕਰ ਲਈਆਂ, ਸ਼ਾਇਦ ਇਸੇ ਤਰ੍ਹਾਂ ਦੁਖਾਂਤ ਦੀ ਨਦੀ ਪਾਰ ਕਰ ਲਏ। ਟੈਕਸੀ ਵਾਲਾ ਵੀ ਇੰਨੇ ਨਾਜ਼ੁਕ ਪਲਾਂ ਵਿਚ ਉਸਦਾ ਸਹਾਈ ਬਣ ਗਿਆ ਸੀ। ਪਰ ਉਸਨੂੰ ਪੁੱਛੇ ਬਿਨਾ ਹੀ ਉਸਨੂੰ ਲਈ ਜਾ ਰਿਹਾ ਸੀ। ਪਤਾ ਨਹੀਂ ਕਿੱਥੇ? ਚਲੋ ਠੀਕ ਹੈ। ਜਦੋਂ ਉਹ ਆਪਣੇ ਆਪ ਕਿਤੇ ਰੁਕ ਜਾਏਗਾ ਤਾਂ ਉਹ ਮੀਟਰ ਦੇ ਪੈਸੇ ਪੁੱਛ ਲਏਗੀ ਤੇ ਅੱਖਾਂ ਬੰਦ ਕਰੀ-ਕਰੀ ਹੀ ਉਸਨੂੰ ਅੱਗੇ ਚੱਲਣ ਲਈ ਕਹੇਗੀ। ਉਸਨੂੰ ਪਤਾ ਹੈ ਉਸਦੇ ਪਰਸ ਵਿਚ ਕਿੰਨੇ ਰੁਪਏ ਹਨ। ਉਹਨਾਂ ਦੇ ਬਲ ਉਤੇ ਉਹ ਅੱਗੇ ਵਧਦੀ ਰਹੇਗੀ। ਫੇਰ ਕਿਸੇ ਜਗ੍ਹਾ ਉਤਰ ਜਾਏਗੀ ਤੇ ਉੱਥੋਂ ਫੇਰ ਪੈਦਲ ਤੁਰ ਪਏਗੀ, ਪਰ ਅੱਜ ਉਹ ਵਾਪਸ ਨਹੀਂ ਜਾਏਗੀ। ਅਜਿਹੇ ਹੋਸਟਲ ਵਿਚ ਉਹ ਵਾਪਸ ਕਿਉਂ ਜਾਏ ਜਿਸ ਦੀ ਹਰੇਕ ਕੁੜੀ ਕਿਸੇ ਨਾਲ ਕਿਸੇ ਮਰਦ ਦੇ ਪ੍ਰੇਮ ਜਾਲ ਵਿਚ ਫਸੀ ਹੋਈ ਹੈ।
ਬੰਦ ਅੱਖਾਂ ਨਾਲ ਹੀ ਉਸਨੇ ਮਹਿਸੂਸ ਕੀਤਾ, ਟੈਕਸੀ ਦੀ ਰਫ਼ਤਾਰ ਹੁਣ ਧੀਮੀ ਹੋ ਗਈ ਹੈ...ਤੇ ਫੇਰ, ਉਹ ਰੁਕ ਗਈ ਹੈ। ਇਸ ਲਈ ਰੁਕ ਗਈ ਹੈ ਕਿ ਅੱਗੇ ਜਾਣ ਲਈ ਰਸਤਾ ਨਹੀਂ ਮਿਲ ਰਿਹਾ, ਸਾਰਾ ਟਰੈਫਿਕ ਜਾਮ ਹੋਇਆ ਹੋਇਆ ਹੈ। ਠੀਕ ਹੈ, ਹੁਣੇ ਕੁਝ ਚਿਰ ਵਿਚ ਟਰੈਫਿਕ ਰੂਪੀ ਅਜਗਰ ਫੇਰ ਰੀਂਘਣ ਲੱਗ ਪਏਗਾ। ਉਸਨੂੰ ਕਦੀ ਨਾ ਕਦੀ ਅੱਗੇ ਵਧਣਾ ਹੀ ਪੈਣਾ ਹੈ। ਪਰ ਉਹ ਕਾਫੀ ਦੇਰ ਤਕ ਅੱਗੇ ਨਹੀਂ ਵਧਿਆ। ਅਚਾਨਕ ਉਸਦੇ ਕੰਨਾਂ ਵਿਚ ਹਾਰਨ ਦੀ ਆਵਾਜ਼ ਪਈ ਤੇ ਫੇਰ ਟੈਕਸੀ ਡਰਾਈਵਰ ਦੇ ਹੱਸਣ ਦੀ। ਉਹ ਪੁੱਛ ਰਿਹਾ ਸੀ, ''ਮੇਮ ਸਾਹਬ ! ਮਾਡਲ ਟਾਊਨ ਆ ਗਿਆ...ਤੁਸੀਂ ਕਿਸ ਨੰਬਰ ਵਿਚ ਜਾਣਾ ਏਂ ?''
ਉਸਨੇ ਹੈਰਾਨ ਹੋ ਕੇ ਅੱਖਾਂ ਖੋਲ੍ਹ ਲਈਆਂ। ਉਹ ਸੱਚਮੁੱਚ ਮਾਡਲ ਟਾਊਨ ਦੇ ਗੇਟ ਉਤੇ ਪਹੁੰਚ ਚੁੱਕੀ ਸੀ। ਪਰ ਉਸਨੇ ਡਰਾਈਵਰ ਨੂੰ ਕਿਹਾ ਕਦੋਂ ਸੀ ਕਿ ਉਹ ਉਸਨੂੰ ਇੱਥੇ ਲੈ ਆਏ! ਉਸਨੇ ਦਿਮਾਗ਼ ਉਤੇ ਜ਼ੋਰ ਦੇ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਉਸਨੂੰ ਯਕੀਨ ਸੀ ਉਸਨੇ ਡਰਾਈਵਰ ਨੂੰ ਕਿਤੇ ਵੀ ਲੈ ਚੱਲਣ ਲਈ ਕੁਝ ਨਹੀਂ ਸੀ ਕਿਹਾ। ਉਹ ਆਪਣੇ ਆਪ ਹੀ ਉਸਨੂੰ ਇੱਥੇ ਪਹੁੰਚਾ ਕੇ ਸਾਰੀ ਜ਼ਿੰਮੇਂਵਾਰੀ ਉਸ ਉਤੇ ਸੁੱਟਣਾ ਚਾਹੁੰਦਾ ਸੀ, ਪਰ ਉਸਨੇ ਉਸ ਨਾਲ ਬਹਿਸ ਕਰਨੀ ਠੀਕ ਨਹੀਂ ਸਮਝੀ। ਕਿਰਾਇਆ ਦੇ ਕੇ ਚੁੱਪਚਾਪ ਉਤਰ ਗਈ ਤੇ ਤੁਰ ਪਈ।
ਰਾਤ ਉਤਰ ਆਈ ਸੀ। ਮਕਾਨਾਂ ਤੇ ਸੜਕਾਂ ਦੀਆਂ ਬੱਤੀਆਂ ਜਗ ਪਈਆਂ ਸਨ। ਉਹ ਕਈ ਗਲੀਆਂ ਵਿਚੋਂ ਹੁੰਦੀ ਹੋਈ ਅਚਾਨਕ ਇਕ ਮਕਾਨ ਸਾਹਮਣੇ ਰੁਕ ਗਈ। ਨੇਮ ਪਲੇਟ ਪੜ੍ਹੀ ਤੇ ਅੰਦਰ ਚਲੀ ਗਈ।
ਉਸਦੀ ਖ਼ੁਸ਼ਬੂ ਪਛਾਣ ਕੇ ਇਕ ਛੋਟਾ ਜਿਹਾ ਤਿੱਬਤੀ ਬਰੇਯਰ ਉਸ ਦੇ ਕੋਲ ਆ ਗਿਆ ਤੇ 'ਕੂੰ-ਕੂੰ' ਕਰਦਾ ਹੋਇਆ ਉਸ ਦੀ ਗੋਦੀ ਚੜ੍ਹਨ ਲਈ ਉਛਲਣ ਲੱਗਿਆ। ਉਸਨੇ ਝੁਕ ਕੇ ਉਸਨੂੰ ਚੁੱਕ ਲਿਆ ਤੇ ਉਸਦੀ ਚਿੱਟੀ ਤੇ ਕਾਲੀ, ਨਰਮ ਮੁਲਾਇਮ ਜੱਤ ਉਤੇ ਹੱਥ ਫੇਰਨ ਲੱਗ ਪਈ। ਫੇਰ ਇਕ ਕਮਰੇ ਵਿਚੋਂ ਇਕ ਨੌਕਰ ਬਾਹਰ ਆਇਆ। ਉਹ ਵੀ ਉਸਨੂੰ ਦੇਖ ਕੇ ਹੈਰਾਨੀ ਨਾਲ ਮੁਸਕਰਾਇਆ...ਇਹ ਉਸਨੂੰ ਕੁਝ ਪੁੱਛੇ ਬਿਨਾ ਅੰਦਰ ਚਲੀ ਗਈ। ਡਰਾਇੰਗ ਰੂਮ ਖ਼ਾਲੀ ਪਿਆ ਸੀ, ਪਰ ਇਕ ਪਾਸੇ ਮੇਜ਼ ਉਤੇ ਸ਼ਰਾਬ ਦੀ ਬੋਤਲ ਤੇ ਕਈ ਗਲਾਸ ਬੜੇ ਸੁਚੱਜੇ ਢੰਗ ਨਾਲ ਰੱਖੇ ਹੋਏ ਸਨ। ਉਹ ਉਸਦੇ ਨਾਲ ਲੱਗਵੇਂ ਕਮਰੇ ਵਿਚ ਚਲੀ ਗਈ; ਉੱਥੇ ਵੀ ਕੋਈ ਨਹੀਂ ਸੀ। ਇਹ ਬੈੱਡਰੂਮ ਸੀ। ਉਸ ਦੀ ਨਜ਼ਰ ਕਾਰਨਸ ਉਤੇ ਜਾ ਟਿਕੀ। ਉਸ ਉਤੇ ਇਕ ਔਰਤ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੱਖ ਵੱਖ ਫਰੇਮਾਂ ਵਿਚ ਜੜ ਕੇ ਰੱਖੀਆਂ ਹੋਈਆਂ ਸਨ। ਉਹ ਕਾਫੀ ਦੇਰ ਤਕ ਉਹਨਾਂ ਤਸਵੀਰਾਂ ਵਲ ਦੇਖਦੀ ਰਹੀ। ਉਹ ਸੱਚਮੁੱਚ ਬੜੀ ਸੁੰਦਰ ਸੀ। ਉਸਨੂੰ ਈਰਖਾ ਜਿਹੀ ਹੋਈ, ਹਾਲਾਂਕਿ ਉਹ ਸਾਰੀਆਂ ਤਸਵੀਰਾਂ ਉਸ ਦੀਆਂ ਆਪਣੀਆਂ ਸਨ। ਉਹਨਾਂ ਵਿਚਕਾਰ ਉਸ ਮਰਦ ਦੀ ਵੀ ਇਕ ਤਸਵੀਰ ਪਈ ਸੀ ਜਿਸ ਨੇ ਉਸ ਦੀਆਂ ਏਨੀਆਂ ਤਸਵੀਰਾਂ ਆਪਣੇ ਬੈੱਡਰੂਮ ਵਿਚ ਸਜਾਈਆਂ ਹੋਈਆਂ ਸਨ।
ਅਚਾਨਕ ਉਸਨੂੰ ਨੌਕਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਦਰਵਾਜ਼ੇ ਦਾ ਪਰਦਾ ਹਟਾਅ ਕੇ ਪੁੱਛ ਰਿਹਾ ਸੀ, ''ਚਾਹ ਲਿਆਵਾਂ, ਬੀਬੀ ਜੀ?''
ਉਦੋਂ ਉਹ ਸੱਚਮੁੱਚ ਬੜੀ ਥੱਕੀ ਹੋਈ ਸੀ। ਚਾਹ ਪੀਣ ਲਈ ਤਿਆਰ ਵੀ ਹੋ ਸਕਦੀ ਸੀ, ਪਰ ਉਸਨੇ ਉਸ ਵੱਲ ਦੇਖੇ ਬਿਨਾਂ ਹੀ ਕਿਹਾ, ''ਇਕ ਲਾਰਜ ਪੈੱਗ ਬਣਾ ਲਿਆ।''
ਰਾਘੇ ਵੱਡਾ ਪੈੱਗ ਬਣਾ ਲਿਆਇਆ। ਉਸ ਨੇ ਤਿੱਬਤੀ ਬਰੇਯਰ ਨੂੰ ਫ਼ਰਸ਼ ਉਤੇ ਛੱਡਦਿਆਂ ਪੁੱਛਿਆ, ''ਸਾਹਬ ਕਿੱਥੇਂ ਨੇ?''
''ਜੀ, ਉਹ ਅਜੇ ਯੂਨੀਵਰਸਟੀ ਤੋਂ ਨਹੀਂ ਆਏ। ਦੁਪਹਿਰੇ ਕਹਿ ਰਹੇ ਸਨ, ਸ਼ਾਮੀਂ ਵੀ.ਸੀ. ਸਾਹਿਬ ਨਾਲ ਕੋਈ ਮੀਟਿੰਗ ਏ। ਨੌਂ ਵਜੇ ਤਕ ਆਪਣੇ ਕੁਝ ਦੋਸਤਾਂ ਨਾਲ ਆਉਣਗੇ। ਹੁਣ ਤਾਂ ਆਉਣ ਵਾਲੇ ਈ ਹੋਣਗੇ।''
ਉਹ ਗਲਾਸ ਤਿਪਾਈ ਉਤੇ ਰੱਖ ਕੇ ਚਲਾ ਗਿਆ। ਰੀਤਾ ਡਬਲਬੈੱਡ ਉਤੇ ਬੈਠ ਕੇ ਘੁੱਟ-ਘੁੱਟ ਪੀਣ ਲੱਗ ਪਈ। ਗਲਾਸ ਖ਼ਤਮ ਕਰਕੇ ਉੱਥੇ ਹੀ ਲੇਟ ਗਈ, ਪਰ ਯਕਦਮ ਇਕ ਝਟਕੇ ਨਾਲ ਫੇਰ ਉਠ ਕੇ ਬੈਠ ਗਈ। ਝੁਕ ਕੇ ਪਲੰਘ ਹੇਠ ਕੁਝ ਦੇਖਣ ਲੱਗੀ। ਹੱਥ ਵਧਾਅ ਕੇ ਕਿਸੇ ਚੀਜ਼ ਨੂੰ ਛੂਹਿਆ ਤੇ ਬਾਹਰ ਖਿੱਚ ਲਿਆ। ਉਹ ਉਹੀ ਖ਼ਾਲੀ ਤਾਬੂਤ ਸੀ। ਕਿੰਨੀ ਹੀ ਦੇਰ ਤਕ ਉਹ ਉਸ ਤਾਬੂਤ ਨੂੰ ਘੂਰਦੀ ਰਹੀ। ਬਿਨਾਂ ਢੱਕਣ ਵਾਲਾ ਤਾਬੂਤ ਕਿਸੇ ਖਾਲੀ ਕਬਰ ਵਾਂਗ ਖ਼ਾਮੋਸ਼ ਸੀ। ਉਸ ਵਿਚ ਕੋਈ ਨਹੀਂ ਸੀ। ਫੇਰ ਉਹ ਹੌਲੀ ਹੌਲੀ ਸ਼ੀਸ਼ੇ ਵਲ ਵਧ ਗਈ। ਸ਼ੀਸ਼ੇ ਸਾਹਮਣੇ ਪਹੁੰਚ ਕੇ ਉਸਨੇ ਆਪਣੇ ਵਾਲ ਸੰਵਾਰੇ। ਲਿਪਸਟਿਕ ਲਾਈ। ਗੱਲ੍ਹਾਂ ਉਪਰ ਥੋੜ੍ਹਾ ਜਿਹਾ ਪਫ਼ ਕੀਤਾ ਤੇ ਆਪਣੇ ਕਪੜਿਆਂ ਦੇ ਵੱਟ ਠੀਕ ਕਰਦੀ ਹੋਈ ਤਾਬੂਤ ਵਿਚ ਜਾ ਲੇਟੀ। ਅੱਖਾਂ ਬੰਦ ਕਰ ਕੇ ਛਾਤੀ ਉਤੇ ਕਰਾਸ ਬਣਾਇਆ (ਹਾਲਾਂਕਿ ਈਸਾਈ ਧਰਮ ਵਿਚ ਉਸ ਦੀ ਉੱਕਾ ਹੀ ਸ਼ਰਧਾ ਨਹੀਂ ਸੀ)। ਉਸ ਪਿੱਛੋਂ ਉਸ ਨੇ ਸਾਹ ਰੋਕ ਲਿਆ; ਉਸੇ ਹਾਲਤ ਵਿਚ ਕਈ ਮਿੰਟ ਪਈ ਰਹੀ। ਉਸਨੂੰ ਇਕ ਅਜੀਬ ਜਿਹੀ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਸੀ। ਮਨ ਹੀ ਮਨ ਉਸਨੇ 'ਕਨਫੈਸ਼ਨ' ਵੀ ਕਰ ਲਿਆ...ਉਸਨੂੰ ਲੱਗਿਆ ਉਹ ਫੁੱਲ ਵਰਗੀ ਹੌਲੀ ਹੋ ਗਈ ਹੈ, ਉਸਦੇ ਮਨ ਉਤੇ ਹੁਣ ਕੋਈ ਬੋਝ ਨਹੀਂ ਤੇ ਇਹ ਪਲ ਬੜੇ ਹੀ ਵਚਿੱਤਰ ਨੇ, ਬੜੇ ਆਨੰਦਦਾਈ ਨੇ। ਇਹਨਾਂ ਪਲਾਂ ਦੀ ਤਲਾਸ਼ ਵਿਚ ਹੀ ਉਹ ਇਕ ਮੁੱਦਤ ਤੋਂ ਭਟਕ ਰਹੀ ਸੀ।
ਅਚਾਨਕ ਉਸਦੇ ਕੰਨਾਂ ਵਿਚ ਗੇਟ ਅੰਦਰ ਵੜ ਰਹੀ ਮੋਟਰ ਦੀ ਆਵਾਜ਼ ਪਈ। ਬਹੁਤ ਸਾਰੇ ਲੋਕਾਂ ਦੇ ਗੱਲਾਂ ਕਰਨ ਤੇ ਠਹਾਕੇ ਲਾਉਣ ਦੀ ਵੀ...ਉਹਨਾਂ ਆਵਾਜ਼ਾਂ ਵਿਚ ਯਕੀਨਨ ਇਕ ਆਵਾਜ਼ ਜਮਾਲ ਮਸੀਹ ਦੀ ਵੀ ਸੀ। ਉਹ ਸਾਰੀਆਂ ਆਵਾਜ਼ਾਂ ਪਲ ਪਲ ਉਸਦੇ ਨੇੜੇ ਹੁੰਦੀਆਂ ਗਈਆਂ ਪਰ ਉਹ ਸਾਹ ਰੋਕੀ, ਆਪਣੀ ਛਾਤੀ ਉਤੇ ਨਿਮਰਤਾ ਨਾਲ ਦੋਵੇਂ ਹੱਥ ਬੰਨ੍ਹੀ, ਮੌਨ ਲੇਟੀ ਰਹੀ।
੦੦੦ ੦੦੦ ੦੦੦

ਮੇਚਿਓਰ... :: ਲੇਖ਼ਕਾ : ਮੇਚਿਓਰ... :: ਲੇਖ਼ਕਾ : ਨਜ਼ਮਾ ਜੈਫ਼ਰੀ

ਉਰਦੂ ਕਹਾਣੀ : ਮੇਚਿਓਰ... :: ਲੇਖ਼ਕਾ : ਨਜ਼ਮਾ ਜੈਫ਼ਰੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਅੱਜ ਤੋਂ ਪਹਿਲਾਂ ਸ਼ਾਇਦ ਹੀ ਕਦੀ ਉਸਨੇ ਆਪਣੇ ਆਪ ਨੂੰ ਏਨੀ ਲਾਪ੍ਰਵਾਹੀ ਨਾਲ ਸਜਾਇਆ-ਸੰਵਾਰਿਆ ਹੋਵੇ। ਹਮੇਸ਼ਾ ਮੋਢਿਆਂ ਉੱਤੇ ਲਹਿਰਾਉਂਦੀਆਂ ਰਹਿਣ ਵਾਲੀਆਂ ਖੁੱਲ੍ਹੀਆਂ ਜੁਲਫ਼ਾਂ ਨੂੰ ਲਪੇਟ ਕੇ ਢਿੱਲੜ ਜਿਹਾ ਜੂੜਾ ਕੀਤਾ ਤੇ ਫਿੱਕੀ ਭੂਸਲੇ ਰੰਗ ਦੀ ਸਾਦੀ-ਜਿਹੀ ਸਾੜ੍ਹੀ ਬੰਨ੍ਹ ਕੇ ਡਰੈਸਿੰਗ-ਟੇਬਲ ਦੇ ਸ਼ੀਸ਼ੇ ਵਿਚ ਆਪਣੇ ਆਪ ਨੂੰ ਬੜਾ ਥੱਕਿਆ-ਟੁੱਟਿਆ ਜਿਹਾ ਦੇਖਿਆ ਸੀ। ਉਹ ਆਪਣੀ ਉਮਰ ਨਾਲੋਂ ਕਿਤੇ ਵੱਡੀ ਨਜ਼ਰ ਆ ਰਹੀ ਸੀ, ਪਰ ਅੱਜ ਇਸ ਗੱਲ ਨੇ ਉਹਨੂੰ ਕਿਸੇ ਉਲਝਣ ਵਿਚ ਨਹੀਂ ਸੀ ਪਾਇਆ, ਬਲਿਕੇ ਉਸਨੂੰ ਤਸੱਲੀ ਹੀ ਹੋਈ ਸੀ ਕਿ ਉਹ ਪੱਕੀ-ਉਮਰ ਦੀ ਨਜ਼ਰ ਆਉਣ ਦੀ ਕੋਸ਼ਿਸ ਵਿਚ ਸਫਲ ਹੋ ਗਈ ਸੀ। ਅੱਜ ਉਸ ਸਾਰਾ ਦਿਨ ਬੜੀ ਰੁਝੀ ਰਹੀ ਸੀ। ਉਸਦਾ ਨਿੱਕਾ ਜਿਹਾ, ਸੁਚੱਜੇ ਢੰਗ ਨਾਲ ਸਜਾਇਆ ਹੋਇਆ, ਫਲੈਟ ਸ਼ੀਸ਼ੇ ਵਾਂਗ ਲਿਸ਼ਕ ਰਿਹਾ ਸੀ। ਘਰ ਦੀ ਸਜਾਵਟ ਦੇਖ ਕੇ ਉਸਦੀ ਸਿਆਣਪ ਅਤੇ ਚੰਗੇ ਸ਼ੌਕ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੀ। ਅੱਜ ਉਸਨੇ ਆਪਣੇ ਆਪ ਦੇ ਸਿਵਾਏ ਹਰ ਸ਼ੈ ਨੂੰ ਸਜਾਉਣ ਤੇ ਸੰਵਾਰਨ ਲਈ ਆਪਣੀ ਪੂਰੀ ਟਿੱਲ ਲਾ ਦਿੱਤੀ ਜਾਪਦੀ ਸੀ। ਉਹ ਸੰਤੁਸ਼ਟ ਸੀ ਕਿ ਹਰ ਸ਼ੈ ਆਪਣੀ ਜਗਾਹ ਠੀਕ-ਠਾਕ ਹੈ। ਕਿਚਨ ਵਿਚ ਨਾਸ਼ਤੇ ਦਾ ਸਾਰਾ ਇੰਤਜ਼ਾਮ ਸੀ। ਅਰਸ਼ੀ ਆਪਣੇ ਕਮਰੇ ਵਿਚ ਉਸਦੀ ਇੱਛਾ ਅਨੁਸਾਰ ਗੂੜ੍ਹੇ ਰੰਗ ਦੀ ਸਾੜ੍ਹੀ ਬੰਨ੍ਹ ਕੇ ਤਿਆਰ ਹੋ ਰਹੀ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਫੈਜ਼ਾਨ ਨੂੰ ਵੀ ਉਹਨਾਂ ਦੀ ਕਿਤਾਬ ਤੇ ਸਿਗਾਰ ਸਮੇਤ ਉਹ, ਲਾਇਬਰੇਰੀ ਵਿਚੋਂ ਡਰਾਇੰਗ ਰੂਮ ਵਿਚ ਪਹੁਚਾਉਣ ਵਿਚ ਕਾਮਯਾਬ ਹੋ ਗਈ ਸੀ। ਹੁਣ, ਉਡੀਕ ਸੀ ਤਾਂ ਸਿਰਫ ਤਾਬਿਸ਼ ਦੀ। ਤਾਬਿਸ਼...! ਜਿਸ ਦੀ ਯਾਦ ਦੇ ਨਾਲ ਹੀ ਉਹ ਸੋਚਾਂ ਦੇ ਗਹਿਰੇ ਸਮੁੰਦਰ ਵਿਚ ਡੁੱਬਦੀ ਚਲੀ ਗਈ। ਯਾਦਾਂ ਦੀਆਂ ਲਹਿਰਾਂ ਉਸਨੂੰ ਖਿੱਚ ਕੇ ਦੂਰ ਉਸ ਜਗਾਹ ਲੈ ਗਈਆਂ ਸਨ, ਜਿੱਥੇ ਉਸਦਾ ਬਚਪਨ ਸੀ...
ਉਹ ਬੜੀ ਛੋਟੀ ਸੀ ਜਦੋਂ ਅੱਬਾ, ਅੱਲਾ ਨੂੰ ਪਿਆਰੇ ਹੋ ਗਏ ਸਨ ਤੇ ਉਹ ਆਪਣੀ ਮਾਂ ਦੇ ਨਾਲ ਵੱਡੇ ਅੱਬਾ ਦੇ ਟੁਕੜਿਆ 'ਤੇ ਆ ਬੈਠੀ ਸੀ। ਪਰ ਵੱਡੇ ਅੱਬਾ ਤੇ ਵੱਡੀ ਅੰਮੀ ਨੇ ਕਦੀ ਉਹਨਾਂ ਨੂੰ ਬੋਝ ਨਹੀਂ ਸੀ ਸਮਝਿਆ, ਕਿਉਂਕਿ ਅੱਬਾ ਆਪਣੇ ਜ਼ਿੰਦਗੀ ਵਿਚ ਹੀ ਉਸਦਾ ਰਿਸ਼ਤਾ ਵੱਡੇ ਅੱਬਾ ਦੇ ਇਕਲੌਤੇ ਤੇ ਲਾਇਕ ਬੇਟੇ ਫੈਜ਼ਾਨ ਨਾਲ ਤੈਅ ਕਰੇ ਚੁੱਕੇ ਸਨ, ਜਿਹੜੇ ਉਸ ਤੋਂ ਕਈ ਸਾਲ ਵੱਡੇ ਸਨ...ਤੇ ਜਿਨ੍ਹਾਂ ਤੋਂ ਉਹ ਹਮੇਸ਼ਾ ਹੀ ਪ੍ਰਭਾਵਿਤ ਤੇ ਭੈਭੀਤ ਜਿਹੀ ਰਹਿੰਦੀ ਸੀ। ਇੰਜ ਉਹ ਆਪਣੇ ਸਹੁਰੇ ਘਰ ਹੀ ਪਲ ਕੇ ਵੱਡੀ ਹੋਈ ਸੀ। ਅਜੇ ਜਵਾਨੀ ਦੀ ਦਹਿਲੀਜ਼ ਉੱਤੇ ਪਹਿਲਾ ਪੈਰ ਹੀ ਰੱਖਿਆ ਸੀ ਕਿ ਫੈਜ਼ਾਨ ਨੂੰ ਐੱਮ.ਏ. ਵਿਚ ਸੋਨੇ ਦਾ ਤਮਗਾ ਹਾਸਲ ਕਰਦਿਆਂ ਹੀ ਲੈਕਚਰਾਰ ਸ਼ਿਪ ਮਿਲ ਗਈ। ਉਹ ਤਾਂ ਅਜੇ ਪੀ.ਐੱਚ.ਡੀ. ਕਰਨ ਤਕ ਸ਼ਾਦੀ ਦੇ ਹੱਕ ਵਿਚ ਨਹੀਂ ਸਨ, ਪਰ ਅੰਮਾਂ ਦੀ ਵਿਧਵਾ ਹੋਣ ਦੀ ਮਜ਼ਬੂਰੀ ਤੇ ਵੱਡੇ ਅੱਬਾ ਦੇ ਅਰਮਾਨਾਂ ਨੇ ਉਹਨਾਂ ਨੂੰ ਇਨਕਾਰ ਕਰਨ ਦਾ ਮੌਕਾ ਹੀ ਨਾ ਦਿੱਤਾ। ਏਧਰ ਉਸਦਾ ਹਾਈ ਸਕੂਲ ਦਾ ਨਤੀਜਾ ਆਇਆ ਤੇ ਓਧਰ ਸਿਰਫ ਚੌਦਾਂ ਸਾਲ ਦੀ ਉਮਰ ਵਿਚ ਫੈਜ਼ਾਨ ਦੀ ਦੁਲਹਨ ਬਣ ਕੇ ਉਹ ਉਹਨਾਂ ਦੇ ਕਮਰੇ ਵਿਚ ਪਹੁੰਚ ਗਈ। ਫੈਜ਼ਾਨ ਵਿਚ ਉਂਜ ਤਾਂ ਕੋਈ ਕਮੀ ਨਹੀਂ ਸੀ...ਹਜ਼ਾਰਾਂ ਵਿਚੋਂ ਇਕ ਸਨ, ਪਰ ਉਹਨਾਂ ਤੋਂ ਉਹ ਹਮੇਸ਼ਾ ਹੀ ਡਰਦੀ-ਦਬਦੀ ਰਹੀ ਸੀ ਤੇ ਇਸ ਪਾੜੇ ਨੂੰ ਉਹ ਮਿਸੇਜ ਫੈਜ਼ਾਨ ਬਣ ਕੇ ਵੀ ਨਹੀਂ ਸੀ ਪੂਰ ਸਕੀ। ਏਧਰ ਫੈਜ਼ਾਨ ਜਿਹੜੇ ਏਨੇ ਲਾਇਕ, ਏਨੇ ਪੜ੍ਹੇ-ਲਿਖੇ ਤੇ ਏਨੇ ਸਿਆਣੇ ਸਨ ਤੇ ਜਿਨ੍ਹਾਂ ਨੂੰ ਦੁਨੀਆਂ ਦੀ ਹਰ ਚੀਜ਼ ਨਾਲੋਂ ਵੱਧ ਆਪਣੀਆਂ ਕਿਤਾਬਾਂ ਪਿਆਰੀਆਂ ਸਨ, ਵਿਆਹ ਦੇ ਕੁਝ ਮਹੀਨੇ ਬਾਅਦ ਹੀ, ਦੁਬਾਰਾ ਆਪਣੀ ਕਿਤਾਬਾਂ ਦੀ ਦੁਨੀਆਂ ਵਿਚ ਪਰਤ ਗਏ। ਘਰ ਦੇ ਕੰਮ ਕਾਜ ਨੂੰ ਅੰਮਾਂ ਤੇ ਉਸ ਤੋਂ ਵੀ ਵੱਧ ਵੱਡੀ ਅੰਮਾਂ ਕਦੀ ਉਸਨੂੰ ਹੱਥ ਨਾ ਲਾਉਣ ਦੇਂਦੀਆਂ। ਸ਼ਾਦੀ ਦੇ ਪੂਰੇ ਨੌ ਮਹੀਨੇ ਬਾਅਦ ਜਦੋਂ ਫੁੱਲ ਵਰਗੀ ਹੁਸੀਨ ਤੇ ਸਿਹਤ ਮੰਦ ਅਰਸ਼ੀ ਨੇ ਉਸਦੀ ਦੁਨੀਆਂ ਦੀਆਂ ਰੰਗੀਨੀਆਂ ਤੇ ਮਹਿਕਾਂ ਵਿਚ ਅੱਖਾਂ ਖੋਲ੍ਹੀਆਂ ਤਾਂ ਉਸਨੂੰ ਵੀ ਅੰਮਾਂ ਤੇ ਵੱਡੀ ਅੰਮਾਂ ਨੇ ਹੀ ਸੰਭਾਲ ਲਿਆ। ਉਹ ਫੇਰ ਇਕੱਲੀ ਦੀ ਇਕੱਲੀ ਰਹਿ ਗਈ...ਭੋਲੀ ਭਾਲੀ ਜਿਹੀ ਸ਼ਮੀਨਾ ਜਿਸਦੀ ਅਜੇ ਗੁੱਡੀਆਂ ਨਾਲ ਖੇਡਣ ਦੀ ਉਮਰ ਵੀ ਨਹੀਂ ਸੀ ਪੂਰੀ ਹੋਈ, ਕਿਸੇ ਪੱਖੋਂ ਵੀ ਇਕ ਬੱਚੀ ਦੀ ਮਾਂ ਨਹੀਂ ਸੀ ਲੱਗ ਸਕੀ।
ਸਮਾਂ ਬੀਤਦਾ ਗਿਆ। ਵੱਡੇ ਅੱਬਾ ਤੇ ਵੱਡੀ ਅੰਮੀ ਦੋਹੇਂ ਹੀ ਜਨੱਤ ਸਿਧਾਰ ਗਏ। ਫੈਜ਼ਾਨ ਡਿਗਰੀ 'ਤੇ ਡਿਗਰੀ ਅਤੇ ਤਮਗੇ 'ਤੇ ਤਮਗਾ ਲੈਂਦੇ ਰਹੇ ਤੇ ਤਰੱਕੀ ਦੀਆਂ ਪੈੜੀਆਂ ਚੜ੍ਹਦੇ ਰਹੇ। ਇੰਜ ਹੀ ਕਈ ਸਾਲ ਉਹ ਬਾਹਰਲੇ ਮੁਲਕਾਂ ਵਿਚ ਵੀ ਲਾ ਆਏ। ਸ਼ਮੀਨਾ ਨੇ ਪੁਰਾਣਾ ਮਕਾਨ ਵੇਚ ਕੇ ਯੂਨੀਵਰਸਟੀ ਦੇ ਨੇੜੇ ਇਕ ਨਵਾਂ ਫਲੈਟ ਖਰੀਦ ਲਿਆ। ਅਰਸ਼ੀ ਸਕੂਲ ਜਾਣ ਲੱਗ ਪਈ। ਅੰਮਾਂ ਘਰ ਦੇ ਨਾਲ ਨਾਲ ਅਰਸ਼ੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਓਵੇਂ ਦੀ ਜਿਵੇਂ ਸੰਭਾਲਦੀ ਰਹੀ। ਉਹਨਾਂ ਲਈ ਵੀ ਜਿਵੇਂ ਦੁਨੀਆਂ ਵਿਚ ਅਰਸ਼ੀ ਹੀ ਜਿਉਣ ਦਾ ਸਹਾਰਾ ਰਹਿ ਗਈ ਸੀ। ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਸੀ। ਸ਼ਮੀਨਾ ਨੇ ਜ਼ਿੰਦਗੀ ਦੇ ਕਈ ਸਾਲ ਤਾਂ ਘਰ ਨੂੰ ਅਤੇ ਆਪਣੇ ਆਪ ਨੂੰ ਵੱਖੋ-ਵੱਖਰੇ ਢੰਗ-ਤਰੀਕਿਆਂ ਨਾਲ ਸਜਾਉਣ-ਸੰਵਾਰ ਵਿਚ ਲੰਘਾਅ ਦਿੱਤੇ ਪਰ ਹੁਣ ਉਹ ਏਸ ਇਕੋ ਕਿਸਮ ਦੀ ਜ਼ਿੰਦਗੀ ਤੋਂ ਅੱਕੇਵਾਂ ਮਹਿਸੂਸ ਕਰਨ ਲੱਗ ਪਈ ਸੀ। ਸਮਾਂ ਸੀ ਕਿ ਕਿਸੇ ਤਰ੍ਹਾਂ ਵੀ ਲੰਘਾਇਆਂ ਨਹੀਂ ਸੀ ਲੰਘਦਾ। ਆਖ਼ਰ ਉਸਨੇ ਇਕ ਵਾਰੀ ਫੇਰ ਆਪਣੀ ਅਧੂਰੀ ਛੱਡੀ ਪੜਾਈ ਪੂਰੀ ਕਰਨ ਦਾ ਫੈਸਲਾ ਕਰ ਲਿਆ। ਫੈਜ਼ਾਨ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ। ਵੈਸੇ ਵੀ ਉਹਨਾਂ ਦੀ ਦੁਨੀਆਂ ਕਿਤਾਬਾਂ ਤਕ ਸੀਮਿਤ ਹੋ ਕੇ ਹੀ ਰਹਿ ਗਈ ਸੀ। ਸ਼ਮੀਨਾ ਲਈ ਤਾਂ ਉਹਨਾਂ ਕੋਲ ਬੜਾ ਹੀ ਘੱਟ ਸਮਾਂ ਹੁੰਦਾ ਸੀ...ਹਾਂ, ਅਰਸ਼ੀ ਨਾਲ ਉਹ ਦਸ-ਪੰਦਰਾਂ ਮਿੰਟ ਜ਼ਰੂਰ ਖੇਡ ਲੈਂਦੇ ਸਨ। ਅਰਸ਼ੀ ਦੀ ਉਠਾਣ ਏਨੀ ਚੰਗੀ ਸੀ ਕਿ ਤੇਰਾਂ ਚੌਦਾਂ ਸਾਲ ਦੀ ਉਮਰ ਵਿਚ ਹੀ ਉਹ ਮਾਂ ਨਾਲੋਂ ਇਕ ਮੁੱਠ ਉੱਚੀ ਹੋ ਗਈ ਸੀ ਤੇ ਸ਼ਮੀਨਾ ਦੀ ਛੋਟੀ ਭੈਣ ਲੱਗਦੀ ਸੀ। ਸ਼ਮੀਨਾ ਸ਼ੁਰੂ ਤੋਂ ਹੀ ਬੜੀ ਨਾਜ਼ੁਕ, ਪਤਲੀ-ਦੁਬਲੀ ਤੇ ਹਸੀਨ ਜਿਹੀ ਗੁੱਡੀਆ ਵਰਗੀ ਲੱਗਦੀ ਸੀ ਤੇ ਇਸੇ ਲਈ ਆਪਣੀ ਉਮਰ ਨਾਲੋਂ ਬੜੀ ਛੋਟੀ ਨਜ਼ਰ ਆਉਂਦੀ ਸੀ। ਖੁਸ਼ ਮਿਜਾਜ਼ੀ ਤੇ ਬੇਫਿਕਰੀ ਨੇ ਉਸਦੀ ਸਿਹਤ ਨੂੰ ਕਾਇਮ ਰੱਖਿਆ ਸੀ। ਪੜ੍ਹਾਈ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋਇਆ ਤਾਂ ਉਸਦਾ ਇਕੱਲੇ ਹੋਣ ਦਾ ਅਹਿਸਾਸ ਵੀ ਜਾਂਦਾ ਰਿਹਾ, ਜਿਸਨੇ ਉਸਦੀ ਸਿਹਤ ਤੇ ਹੁਸਨ ਉੱਤੇ ਬੜਾ ਚੰਗਾ ਪ੍ਰਭਾਵ ਪਾਇਆ। ਜਦੋਂ ਧੀ ਨੇ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖਿਆ ਤਾਂ ਮਾਂ 'ਤੇ ਭਰਪੂਰ ਜਵਾਨੀ ਆਈ ਹੋਈ ਸੀ।
ਐੱਮ.ਐੱਸ.ਸੀ. ਵਿਚ ਉਸਨੂੰ ਤਾਬਿਸ਼ ਦਾ ਸਾਥ ਮਿਲਿਆ। ਉਹ ਇਕ ਖਾਂਦੇ ਪੀਂਦੇ ਘਰਾਣੇ ਦਾ ਸੋਹਣੀ ਦਿੱਖ ਵਾਲਾ, ਸੰਜੀਦਾ ਤੇ ਬੜੇ ਚੰਗੇ ਸੁਭਾਅ ਦਾ ਮੁੰਡਾ ਸੀ। ਉਸਦੇ ਤੇ ਤਾਬਿਸ਼ ਦੇ ਸੁਭਾਅ ਵਿਚ ਏਨਾ ਜ਼ਿਆਦਾ ਤਾਲਮੇਲ ਸੀ ਕਿ ਉਹ ਦੋਹੇਂ ਅਣਜਾਣੇ ਵਿਚ ਹੀ ਬੜੇ ਚੰਗੇ ਦੋਸਤ ਬਣ ਗਏ ਸਨ। ਆਪਣੇ ਵਿਸ਼ਿਆਂ ਤੋਂ ਲੈ ਕੇ ਸਾਰੀ ਦੁਨੀਆਂ ਦੇ ਮਸਲਿਆਂ ਅਤੇ ਕਾਲਜ ਦੀ ਰਾਜਨੀਤੀ ਤੋਂ ਲੈ ਕੇ ਦੁਨੀਆਂ ਭਰ ਦੀ ਸਿਆਸਤ ਤਕ ਉਹ ਸਾਰੇ ਵਿਸ਼ਿਆਂ ਉੱਤੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕਰਦੇ ਰਹਿੰਦੇ। ਕਾਲਜ ਵਿਚ ਸ਼ੁਰੂ ਤੋਂ ਹੀ ਉਸਨੇ ਆਪਣੀ ਘਰੇਲੂ ਜ਼ਿੰਦਗੀ ਨੂੰ ਕਦੀ ਵੀ ਗੱਲਬਾਤ ਦਾ ਵਿਸ਼ਾ ਨਹੀਂ ਸੀ ਬਣਨ ਦਿੱਤਾ। ਤਾਬਿਸ਼ ਨਾਲ ਵੀ ਇੰਜ ਚੱਲਦਾ ਰਿਹਾ। ਨਾ ਉਸਨੇ ਕਦੀ ਆਪਣੇ ਬਾਰੇ ਕੁਝ ਦੱਸਿਆ ਤੇ ਨਾ ਹੀ ਉਸ ਬਾਰੇ ਕੁਝ ਪੁੱਛਿਆ। ਉਂਜ ਵੀ ਉਸਦੇ ਦਿਲ ਵਿਚ ਕੋਈ ਚੋਰ ਨਹੀਂ ਸੀ। ਸ਼ਇਦ ਮਾਂ ਦੀ ਸਿਖਿਆ ਦਾ ਹੀ ਅਸਰ ਸੀ ਕਿ ਫੈਜ਼ਾਨ ਦੀਆਂ ਸਾਰੀਆਂ ਲਾਪ੍ਰਵਾਹੀਆਂ ਦੇ ਬਾਵਜ਼ੂਦ ਉਸਨੇ ਫੈਜ਼ਾਨ ਦੇ ਇਲਾਵਾ ਕਦੀ ਕਿਸੇ ਦੂਸਰੇ ਮਰਦ ਬਾਰੇ ਸੋਚਿਆ ਤਕ ਨਹੀਂ ਸੀ। ਫੈਜ਼ਾਨ ਦੇ ਪ੍ਰਤੀ ਉਹ ਪੂਰੀ ਦੀ ਪੂਰੀ ਵਫ਼ਾਦਾਰ ਸੀ। ਕਾਲਜ ਵਿਚ ਜਮਾਤੀ ਮੁੰਡੇ-ਕੁੜੀਆਂ ਦੀ ਦੋਸਤੀ ਦਾ ਰਿਵਾਜ਼ ਆਮ ਹੁੰਦਾ ਹੈ ਤੇ ਇੰਜ ਹੀ ਉਹ ਵੀ ਤਾਬਿਸ਼ ਨੂੰ ਆਪਣਾ ਦੋਸਤ ਸਮਝਦੀ ਸੀ। ਦੋ ਸਾਲ ਬੜੇ ਸੁਖ ਚੈਨ ਨਾਲ ਬੀਤ ਗਏ। ਕਿਆਮਤ ਤਾਂ ਸਾਲਾਨਾ ਇਮਤਿਹਾਨਾ ਪਿੱਛੋਂ ਫੇਅਰ ਵੈੱਲ ਪਾਰਟੀ ਵਿਚ ਆਈ। ਉਸ ਦਿਨ ਰਾਣੀ ਕਲਰ ਦੀ ਸਾੜ੍ਹੀ ਵਿਚ ਉਹ ਬੜੀ ਹੁਸੀਨ ਲੱਗ ਰਹੀ ਸੀ। ਬਹੁਤ ਸਾਰੀਆਂ ਨਜ਼ਰਾਂ ਉਸ ਵੱਲ ਉਠ ਰਹੀਆਂ ਸਨ...ਜਿਨ੍ਹਾਂ ਵਿਚ ਅੱਜ ਕੁਝ ਨਵਾਂ ਰੰਗ ਹੀ ਸੀ। ਇਸ ਨਵੇਂ ਅੰਦਾਜ਼ ਉਪਰ ਉਹ ਬਿਨਾਂ ਗਲੋਂ ਨਰਵਸ ਹੋ ਗਈ ਸੀ। ਤਾਬਿਸ਼ ਨੇ ਕਈ ਵਾਰੀ ਉਸਨੂੰ ਬੁਲਾਉਣਾ ਚਾਹਿਆ ਪਰ ਉਹ ਟਾਲ ਗਈ। ਅੱਜ ਉਸ ਨਾਲ ਗੱਲ ਕਰਨ ਤੋਂ ਪਤਾ ਲਈ ਕਿਉਂ ਸ਼ਮੀਨਾ ਦਾ ਦਿਲ ਡਰ ਰਿਹਾ ਸੀ। ਤਾਬਿਸ਼ ਜਿਸਨੇ ਪਿੱਛਲੇ ਦੋ ਸਾਲ ਵਿਚ ਇਕ ਵਾਰੀ ਵੀ ਆਪਣੀ ਕਿਸੇ ਗੱਲ, ਕਿਸੇ ਅੰਦਾਜ਼, ਕਿਸੇ ਹਰਕਤ ਨਾਲ ਉਸਨੂੰ ਨਹੀਂ ਸੀ ਡਰਾਇਆ, ਪਰ ਪਤਾ ਨਹੀਂ ਅੱਜ ਉਹ ਕਿਉਂ ਏਨਾ ਬਦਲਿਆ ਹੋਇਆ ਲੱਗ ਰਿਹਾ ਸੀ ਕਿ ਜਿਸ ਨਾਲ ਘੰਟਿਆਂ ਬੱਧੀ ਸਾਰੇ ਜਹਾਨ ਦੀਆਂ ਗੱਲਾਂ ਕੀਤੀਆਂ ਸਨ, ਉਸ ਨਾਲ ਗੱਲ ਕਰਦਿਆਂ ਹੋਇਆ ਵੀ ਉਹ ਝਿਜਕ ਰਹੀ ਸੀ। ਆਖ਼ਰ ਇਕ ਕੁਝ ਘੱਟ ਭੀੜ-ਭਾੜ ਵਾਲੀ ਮੇਜ਼ ਕੋਲ ਤਾਬਿਸ਼ ਨੇ ਉਸਨੂੰ ਰੋਕ ਹੀ ਲਿਆ। ਉਹ ਫਰਾਰ ਹੋਣ ਦਾ ਕੋਈ ਬਹਾਨਾ ਨਾ ਕਰ ਸਕੀ।
''ਸ਼ਮੀਨਾ, ਮੈਂ ਤੁਹਾਡੇ ਘਰ ਆਉਂਣਾ ਚਾਹੁੰਦਾ ਹਾਂ।'' ਉਸਨੇ ਬਗ਼ੈਰ ਕਿਸੇ ਭੂਮਿਕਾ ਦੇ ਕਿਹਾ।
''ਜੀ !'' ਊਹ ਸਹਿਮ ਗਈ, ''ਮੈਂ ਸਮਝੀ ਨਹੀਂ।''
''ਮੈਂ ਤੇਰੇ ਵੱਡਿਆਂ ਨਾਲ ਮਿਲਣਾ ਚਾਹੁੰਦਾ ਹਾਂ।'' ਉਸਨੇ ਇਕ ਇਕ ਸ਼ਬਦ ਉੱਤੇ ਜ਼ੋਰ ਦੇ ਕੇ ਕਿਹਾ, ''ਤੇ ਉਹਨਾਂ ਕੋਲੋਂ ਤੇਨੂੰ ਆਪਣੇ ਲਈ ਮੰਗਣਾ ਚਾਹੁੰਦਾ ਹਾਂ। ਪਰ ਸ਼ਰਤ ਇਹ ਹੈ ਕਿ ਜੇ ਤੈਨੂੰ ਵੀ ਮੰਜ਼ੂਰ ਹੋਏ।'' ਉਸਨੇ ਠਰੰਮੇ ਤੇ ਸ਼ਰਾਰਤ ਨਾਲ ਆਪਣੀ ਗੱਲ ਪੂਰੀ ਕੀਤੀ।
ਉਹ ਪੂਰੀ ਤਰ੍ਹਾਂ ਬੌਂਦਲ ਗਈ ਸੀ। ਕੁਝ ਵੀ ਤਾਂ ਨਹੀਂ ਸੀ ਸੁੱਝਿਆ। ਚਾਹ ਦੀ ਪਿਆਲੀ ਹੱਥ ਵਿਚ ਕੰਬ ਗਈ ਸੀ। ਆਪਣੀ ਕਮਜ਼ੋਰੀ ਉੱਤੇ ਉਸਨੂੰ ਹਿਰਖ ਆਉਣ ਲੱਗ ਪਿਆ ਪਰ ਇਹ ਆਫਰ ਏਨੀ ਅਚਾਨਕ ਹੋਈ ਸੀ ਕਿ ਉਹ ਕੁਝ ਬੋਲ ਹੀ ਨਹੀਂ ਸੀ ਸਕੀ। ਜ਼ਬਾਨ ਜਿਵੇਂ ਤਾਲੂ ਨਾਲ ਚਿਪਕ ਕੇ ਰਹਿ ਗਈ ਸੀ। ਜਦੋਂ ਤਾਬਿਸ਼ ਨੇ ਦੁਬਾਰਾ ਕਿਹਾ :
''ਮੈਂ ਅਰਜ਼ ਕੀਤਾ ਏ ਜੀ, ਕੱਲ੍ਹ ਸ਼ਾਮੀਂ ਤੁਹਾਡੇ ਦੌਲਤਖਾਨੇ 'ਤੇ ਹਾਜ਼ਰ ਹੋਵਾਂਗਾ। ਪਤਾ ਤਾਂ ਦੱਸ ਦਿਓ ਜੀ...''
ਉਸਨੇ ਚੁੱਪਚਾਪ ਇਕ ਕਾਗਜ਼ ਦੇ ਟੁਕੜੇ ਉੱਤੇ ਆਪਣਾ ਪਤਾ ਲਿਖ ਕੇ ਉਸਨੂੰ ਫੜਾ ਦਿੱਤਾ ਸੀ। ਤੇ ਫੇਰ ਆਪ ਵੀ ਉੱਥੇ ਨਹੀਂ ਸੀ ਰੁਕ ਸਕੀ।
ਉਹ, ਸਾਰੀ ਰਾਤ ਉਸਨੇ ਮਾਨਸਿਕ ਦਵੰਧ ਵਿਚ ਬਿਤਾਈ ਪਰ ਅਗਲੀ ਸਵੇਰ ਬੜੀ ਸ਼ਾਂਤ ਨਜ਼ਰ ਆਈ ਸੀ ਉਹ। ਚਾਹ ਦੀ ਮੇਜ਼ ਉੱਤੇ ਉਸਨੇ ਫੈਜ਼ਾਨ ਤੇ ਅਰਸ਼ੀ ਨੂੰ ਆਪਣੇ ਫੈਸਲੇ ਬਾਰੇ ਦੱਸਦਿਆਂ ਹੋਇਆਂ ਸ਼ਾਮੀਂ ਤਿਆਰ ਰਹਿਣ ਲਈ ਕਹਿ ਦਿੱਤਾ ਸੀ।
ਕਾਲ ਬੈੱਲ ਦੀ ਆਵਾਜ਼ ਨਾਲ ਉਹ ਤ੍ਰਬਕ ਕੇ ਸੋਚ-ਸਾਗਰ ਵਿਚੋਂ ਬਾਹਰ ਨਿਕਲ ਆਈ। ਅਰਸ਼ੀ ਰਾਣੀ ਕਰਲ ਦੀ ਉਸੇ ਇਤਿਹਾਸਕ ਸਾੜ੍ਹੀ ਵਿਚ ਲਿਪਟੀ ਦਰਵਾਜ਼ੇ ਕੋਲ ਖੜ੍ਹੀ ਮੁਸਕਰਾ ਰਹੀ ਸੀ। ਇਸ ਲਿਬਾਸ ਵਿਚ ਉਹ ਬੜੀ ਪਿਆਰੀ ਤੇ ਥੋੜ੍ਹੀ ਜਿਹੀ ਮੇਚਿਓਰ ਵੀ ਲੱਗ ਰਹੀ ਸੀ। ਉਸਨੇ ਸੁਖ ਦਾ ਇਕ ਲੰਮਾ ਸਾਹ ਲਿਆ ਤੇ ਅਰਸ਼ੀ ਦਾ ਹੱਥ ਫੜ੍ਹ ਕੇ ਡਰਾਇੰਗ ਰੂਮ ਵੱਲ ਤੁਰ ਗਈ, ਜਿੱਥੇ ਫੈਜ਼ਾਨ ਤਾਬਿਸ਼ ਨੂੰ ਜੀ ਆਇਆਂ ਆਖ ਰਹੇ ਸਨ।
੦੦੦ ੦੦੦ ੦੦੦

ਸ਼ਰਤ :: ਲੇਖਕ : ਏਟਨ ਚੇਖ਼ਵ

ਰੂਸੀ ਕਹਾਣੀ : ਸ਼ਰਤ :: ਲੇਖਕ : ਏਟਨ ਚੇਖ਼ਵ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ ।


ਸਰਦੀਆਂ ਦੀ ਇਕ ਰਾਤ ਦਾ ਜ਼ਿਕਰ ਹੈ, ਸੋਚ-ਸਾਗਰ ਵਿਚ ਡੁੱਬਿਆ ਬੁੱਢਾ ਬੈਂਕਰ, ਆਪਣੇ ਪੜ੍ਹਨ-ਕਮਰੇ ਵਿਚ ਟਹਿਲ ਰਿਹਾ ਸੀ। ਪੰਦਰਾਂ ਸਾਲ ਪੁਰਾਣੀ ਇਕ ਪਾਰਟੀ ਦੀ ਯਾਦ ਅਤੇ ਉਸ ਵਿਚ ਵਾਪਰੀ ਇਕ ਘਟਨਾ ਉਸਦੇ ਦਿਮਾਗ ਵਿਚ ਰੜਕ ਰਹੀ ਸੀ। ਪਾਰਟੀ ਵਿਚ ਕਈ ਬੁੱਧੀਜੀਵੀ ਆਏ ਹੋਏ ਸਨ, ਰੌਚਕ ਗੱਲਬਾਤ ਹੋ ਰਹੀ ਸੀ। ਅਣਗਿਣਤ ਵਿਸ਼ਿਆਂ ਉੱਤੇ ਟੀਕਾ-ਟਿੱਪਨੀ ਹੋਈ। ਪਰ ਸਭ ਤੋਂ ਵੱਧ ਮਹੱਤਵ ਪੂਰਨ ਵਿਸ਼ਾ ਜੇ ਕੋਈ ਸੀ¸ਤਾਂ ਉਹ ਸੀ¸ਮੌਤ ਦੀ ਸਜਾ ਚੰਗੀ ਹੈ ਜਾਂ ਮਾੜੀ? ਲੰਮੀ ਬਹਿਸ ਛਿੜ ਗਈ। ਹਾਜ਼ਰ ਮਹਿਮਾਨਾਂ ਵਿਚ ਜ਼ਿਆਦਾ ਪੱਤਰਕਾਰ ਦੇ ਵਿਦਵਾਨ ਲੋਕ ਸਜਾਏ-ਮੌਤ ਦੇ ਉਲਟ ਸਨ। ਉਹਨਾਂ ਦਾ ਖ਼ਿਆਲ ਸੀ ਕਿ ਸਜਾਏ-ਮੌਤ ਦੀ ਸਜਾ, ਗੈਰ-ਮਨੁੱਖੀ ਤੇ ਅਦਮੀ ਦੀ ਬੁਰਛਾਗਰਦੀ ਦੀ ਪ੍ਰਤੀਕ ਹੈ। ਕੁਝ ਹੋਰ ਲੋਕਾਂ ਦੇ ਵਿਚਾਰ ਵਿਚ ਸਜਾਏ-ਮੌਤ ਨੂੰ ਉਮਰ-ਕੈਦ ਵਿਚ ਬਦਲ ਦੇਣਾ ਠੀਕ ਹੋਏਗਾ।
ਬਹਿਸ ਛਿੜੀ ਹੋਈ ਸੀ। ਘਰ ਦੇ ਮਾਲਕ (ਮੇਜ਼ਬਾਨ) ਨੇ ਕਿਹਾ, “ਇਸ ਮਾਮਲੇ 'ਚ ਮੇਰੀ ਰਾਏ ਤੁਹਾਥੋਂ ਵੱਖ ਏ। ਤੁਸੀਂ ਵੀ ਰਤਾ ਗੌਰ ਨਾਲ ਸੋਚੋ ਤਾਂ ਮੇਰੇ ਨਾਲ ਈ ਸਹਿਮਤ ਹੋਵੋਗੇ। ਸਜਾਏ-ਮੌਤ ਪੂਰੀ ਤਰ੍ਹਾਂ ਧਾਰਮਿਕ ਤੇ ਮਨੁੱਖ-ਪੱਖੀ ਹੈ। ਫਾਂਸੀ ਇਕ ਪਲ ਵਿਚ ਆਦਮੀ ਨੂੰ ਜੀਵਨ-ਮੁੱਕਤ ਕਰ ਦੇਂਦੀ ਏ¸ਪਰ ਉਮਰ ਕੈਦ ਵਿਚ ਉਹ ਤਿਲ-ਤਿਲ ਮਰਦਾ ਏ।...ਹੁਣ ਦਸੋ ਦੋਹਾਂ ਵਿਚੋਂ ਕਿਹੜੀ ਮੌਤ ਚੰਗੀ ਹੋਈ?...ਝੱਟ ਪ੍ਰਾਣ ਲੈ ਲੈਣ ਵਾਲੀ ਜਾਂ ਤਿਲ-ਤਿਲ ਮਾਰਨ ਵਾਲੀ?”
ਕਿਸੇ ਹੋਰ ਨੇ ਕਿਹਾ ਸੀ, “ਦੋਹਾਂ ਦਾ ਮੰਤਕ ਇਕੋ ਜੇ¸ਮਾਰ ਮੁਕਾਉਂਣਾ। ਸੋ ਦੋਹੇਂ ਸਜਾਵਾਂ ਇਕੋ ਜਿਹੀਆਂ ਨੇ। ਸਰਕਾਰ ਕਦੇ ਰੱਬ ਦੀ ਬਰਾਬਰੀ ਨਹੀਂ ਕਰ ਸਕਦੀ¸ਜਦੋਂ ਉਹ ਕਿਸੇ ਨੂੰ ਪ੍ਰਾਣ ਦੇ ਹੀ ਨਹੀਂ ਸਕਦੇ ਤਾਂ ਉਹਨਾਂ ਨੂੰ ਕਿਸੇ ਦੇ ਪ੍ਰਾਣ ਲੈ ਲੈਣ ਦਾ ਕੀ ਹੱਕ ਜੇ? ਜੋ ਚੀਜ਼ ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ, ਉਹੀ ਸਾਨੂੰ ਦੂਸਰਿਆਂ ਤੋਂ ਖੋਹ ਲੈਣ ਦਾ ਕੀ ਹੱਕ...?”
ਸਾਰੇ ਆਪੋ-ਆਪਣੀ ਬੋਲੀ ਬੋਲ ਰਹੇ ਸਨ। ਇਕ ਬੰਦਾ ਚੁੱਪ ਸੀ। ਉਹ ਸੀ¸ਪੱਚੀ ਕੁ ਸਾਲ ਦਾ ਵਕੀਲ।
“ਤੁਹਾਡੀ ਕੀ ਰਾਏ ਹੈ, ਵਕੀਲ ਸਾਹਬ!” ਕਿਸੇ ਨੇ ਪੁੱਛਿਆ।
“ਦੋਵੇਂ ਸਜਾਵਾਂ ਨਿੰਦਣ ਯੋਗ ਨੇ।” ਉਹ ਬੋਲਿਆ, “ਪਰ ਜੇ ਕਦੀ ਮੈਨੂੰ ਦੋਵਾਂ 'ਚੋਂ ਇਕ ਚੁਨਣੀ ਪਏ¸ਤਾਂ ਮੈਂ ਉਮਰ ਕੈਦ ਨੂੰ ਪਸੰਦ ਕਰਾਂਗਾ। ਮਰ-ਮੁੱਕ ਜਾਣ ਨਾਲੋਂ ਕੀ ਇਹ ਚੰਗੀ ਨਹੀਂ?”
ਅਚਾਨਕ ਘਰ ਦਾ ਮਾਲਕ ਜੋਸ਼ ਵਿਚ ਆ ਗਿਆ ਸੀ। ਉਹ ਮੇਜ਼ ਉੱਤੇ ਮੁੱਕਾ ਮਾਰ ਕੇ ਬੋਲਿਆ, “ਇਹ ਗੱਲ ਝੂਠ ਹੈ, ਨਿਰਾ ਕੂੜ। ਮੈਂ ਦੋ ਲੱਖ ਰੁਪੈ ਦੀ ਸ਼ਰਤ ਲਾਉਂਣ ਲਈ ਤਿਆਰ ਆਂ ਜੇ ਤੂੰ ਹਨੇਰ ਕੋਠੜੀ ਵਿਚ ਪੰਜ ਸਾਲ ਵੀ ਰਹਿ ਸਕੇਂ।”
ਅਚਾਨਕ ਵਕੀਲ ਨੂੰ ਵੀ ਗੁੱਸਾ ਆ ਗਿਆ ਸੀ। ਉਸ ਕਿਹਾ, “ਜੇ ਇਹੀ ਗੱਲ ਐ ਤਾਂ ਮੈਂ ਪੰਦਰਾਂ ਸਾਲ ਤੱਕ ਇਕ ਕੈਦੀ ਵਾਂਗ ਹਨੇਰ ਕੋਠੜੀ ਵਿਚ ਰਹਾਂਗਾ।”
ਬੈਂਕਰ ਪਹਿਲਾਂ ਹੀ ਕਾਫੀ ਹਿਰਖਿਆ ਹੋਇਆ ਸੀ। ਬੋਲਿਆ, “ਪੰਦਰਾਂ, ਮੰਜ਼ੂਰ।” ਫੇਰ ਹੋਰ ਮਹਿਮਾਨਾਂ ਵੱਲ ਦੇਖ ਕੇ ਬੋਲਿਆ, “ਸਜਣੋ! ਮੇਰੀ ਦੋ ਲੱਖ ਰੂਪੈ ਦੀ ਸ਼ਰਤ ਪੱਕੀ ਰਹੀ।”
ਤੇ ਇੰਜ ਉਹ ਸ਼ਰਤ ਲੱਗ ਗਈ ਸੀ।
ਬੈਂਕਰ ਉਦੋਂ ਜਵਾਨ ਸੀ। ਪੈਸੇ ਦੇ ਨਸ਼ੇ ਵਿਚ ਚੂਰ¸ਉਹ ਸ਼ਰਤ ਲਾ ਕੇ ਬੜਾ ਖੁਸ਼ ਹੋਇਆ ਸੀ। ਖਾਣਾ ਖਾਂਦਿਆਂ ਉਸਨੇ ਵਕੀਲ ਨੂੰ ਛੇੜਿਆ ਵੀ ਸੀ, “ਬਈ ਜਵਾਨਾਂ, ਅਜੇ ਮੌਕਾ ਏ! ਸੰਭਲਣਾ ਈ ਤੇ ਸੰਭਲ ਜਾਅ। ਮੇਰੇ ਲਈ ਦੋ ਲੱਖ ਰੂਪੈ ਦਾ ਕੋਈ ਮਹੱਤਵ ਨਹੀਂ...ਪਰ ਤੂੰ ਆਪਣੀ ਜਵਾਨੀ ਦੇ ਸੁਨਹਿਰੇ ਪੰਦਰਾਂ ਸਾਲ ਗੁਵਾਅ ਰਿਹਾ ਏਂ। ਜਿੰਦਗੀ ਤੇਰੇ ਲਈ ਮੌਤ ਬਰਾਬਰ ਹੋ ਜਾਏਗੀ। ਮੈਨੂੰ ਤੇਰੇ ਤੇ ਤਰਸ ਆਉਂਦਾ ਏ।”
ਪਰ ਵਕੀਲ ਆਪਣੇ ਵਚਨਾਂ ਦਾ ਪੱਕਾ ਰਿਹਾ।
ਤੇ ਅੱਜ ਉਹੀ ਬੈਂਕਰ ਆਪਣੀ ਉਸ ਸਮੇਂ ਦੀ ਮੂਰਖਤਾ ਉਪਰ ਪਛਤਾਅ ਰਿਹਾ ਸੀ। 'ਹਏ, ਮੈਂ ਸ਼ਰਤ ਹੀ ਕਿਉਂ ਲਾਈ? ਵਕੀਲ ਦੀ ਜ਼ਿੰਦਗੀ ਦੇ ਪੰਦਰਾਂ ਸਾਲ ਅਜਾਈਂ ਗਏ ਤੇ ਮੇਰੇ ਦੋ ਲੱਖ ਰੂਪੈ। ਪਰ ਕੀ ਲੋਕਾਂ ਦੀ ਤਸੱਲੀ ਹੋ ਜਾਏਗੀ...ਕਿ ਸਾਜਏ-ਮੌਤ ਉਮਰ-ਕੈਦ ਨਾਲੋਂ ਚੰਗੀ ਹੈ ਜਾਂ ਨਹੀਂ? ਨਹੀਂ ਸਭ ਕੁਝ ਬਕਵਾਸ ਏ! ਮੈਂ ਬੜੀ ਵੱਡੀ ਗਲਤੀ ਕਰ ਬੈਠਾਂ।' ਉਹ ਬਰੜਾਅ ਰਿਹਾ ਸੀ।
ਉਸਨੇ ਛਿਣ-ਪਲ ਦੀ ਉਤੇਜਨਾ ਵਿਚ ਕਿੰਨੀ ਵੱਡੀ ਗਲਤੀ ਕੀਤੀ ਸੀ! ਪੰਦਰਾਂ ਸਾਲ ਪਹਿਲਾਂ ਵਕੀਲ ਨਾਲ ਹੋਈਆਂ ਸਾਰੀਆਂ ਸ਼ਰਤਾਂ ਉਹਨੂੰ ਅੱਜ ਵੀ ਯਾਦ ਸਨ। ਅਚਾਨਕ ਉਹ, ਉਸਨੂੰ ਇਕ ਇਕ ਕਰਕੇ ਯਾਦ ਆਉਂਣ ਲੱਗ ਪਈਆਂ¸
ਪਹਿਲੀ ਸ਼ਰਤ¸ਜਿਸ ਅਨੁਸਾਰ ਵਕੀਲ ਨੇ ਇਕ ਕੈਦੀ ਦਾ ਜੀਵਨ ਜਿਉਣਾ ਸੀ। ਕੈਦਖਾਨਾ ਬੈਂਕਰ ਦੇ ਆਪਣੇ ਬਗ਼ੀਚੇ ਦੀ ਨੁੱਕਰ ਵਿਚ ਹੋਏਗਾ। ਹੋਰ ਸ਼ਰਤਾਂ ਅਨੁਸਾਰ ਵਕੀਲ ਕਿਸੇ ਨੂੰ ਵੀ ਨਹੀਂ ਸੀ ਮਿਲ ਸਕਦਾ; ਉਹ ਕੋਈ ਅਖ਼ਬਾਰ ਵਗੈਰਾ ਨਹੀਂ ਸੀ ਪੜ੍ਹ ਸਕਦਾ ਤੇ ਨਾ ਹੀ ਕਿਸੇ ਨੂੰ ਖ਼ਤ-ਪੱਤਰ ਵਗ਼ੈਰਾ ਲਿਖ ਸਕਦਾ ਸੀ। ਛੋਟਾਂ ਦੇ ਰੂਪ ਵਿਚ ਉਸਨੂੰ ਸਿਰਫ ਵਜਾਉਂਣ ਵਾਲੇ ਸਾਜ, ਸ਼ਰਾਬ, ਤਮਾਕੂ ਤੇ ਪੜ੍ਹਨ ਲਈ ਕਿਤਾਬਾਂ ਮਿਲ ਸਕਦੀਆਂ ਸਨ। ਬਾਹਰੀ ਜਗਤ ਨਾਲ ਉਸਦਾ ਨਾਤਾ ਸਿਰਫ ਇਕ ਬਾਰੀ ਵਿਚੋਂ ਸੀ, ਬੋਲਣ ਦੀ ਆਗਿਆ ਨਹੀਂ ਸੀ। ਮੁੱਕਦੀ ਗੱਲ ਇਹ ਕਿ ਲੋੜੀਂਦੀਆਂ ਵਸਤਾਂ, ਇਕ ਚਿਟ ਉੱਤੇ ਲਿਖ ਕੇ ਉਹ ਬਾਰੀ ਦੇ ਰਾਹੀਂ ਮੰਗਵਾ ਸਕਦਾ ਸੀ। ਹਰੇਕ ਨਿੱਕੀ-ਵੱਡੀ ਸ਼ਰਤ, ਸ਼ਰਨਾਮੇ ਵਿਚ ਦਰਜ ਕਰ ਲਈ ਗਈ ਸੀ। ਜੇ ਵਕੀਲ ਨੇ ਉਸ ਸ਼ਰਤਨਾਮੇ ਦੇ ਵਿਰੁੱਧ ਕੁਝ ਵੀ ਕੀਤਾ¸ਜਾਂ ਸਮੇਂ ਤੋਂ ਪੰਜ ਮਿੰਟ ਪਹਿਲਾਂ ਵੀ ਕਮਰੇ 'ਚੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਰਤ ਦੇ ਦੋ ਲੱਖ ਰੂਪਈਆਂ ਉਪਰ ਉਸਦਾ ਕੋਈ ਹੱਕ ਨਹੀਂ ਰਹੇਗਾ।
ਤੇ ਬੈਂਕਰ ਦੀਆਂ ਅੱਖਾਂ ਮੂਹਰੇ ਕੈਦੀ ਦੀ ਜਿੰਦਗੀ ਦੇ ਪਿਛਲੇ ਪੰਦਰਾਂ ਸਾਲ ਭੌਂ ਗਏ।
ਵਕੀਲ ਦੀਆਂ ਲਿਖੀਆਂ ਛੋਟੀਆਂ-ਛੋਟੀਆਂ ਚਿਟਾਂ ਤੋਂ ਅੰਦਾਜਾ ਲਾਇਆ ਗਿਆ ਕਿ¸ਇਕ ਤਾਂ ਚੁੱਪਚਾਪ ਬੈਠੇ ਰਹਿਣ ਦੀ ਆਦਤ ਨਾ ਹੋਣ ਕਰਕੇ ਪਹਿਲੇ ਸਾਲ ਉਸਨੂੰ ਬੜੀ ਤਕਲੀਫ ਹੋਈ। ਉਸ ਸਾਲ ਨਾ ਉਸਨੇ ਸ਼ਰਾਬ ਪੀਤੀ ਨਾ ਹੀ ਤਮਾਕੂ। ਉਹ ਦਿਨ-ਰਾਤ ਪਿਆਨੋ ਵਜਾਉਂਦਾ ਰਿਹਾ ਸੀ। ਉਸਨੇ ਲਿਖਿਆ ਸੀ: 'ਸ਼ਰਾਬ ਇੱਛਾਵਾਂ ਨੂੰ ਜਨਮ ਦਿੰਦੀ ਹੈ ਤੇ ਬਿਨਾਂ ਕਿਸੇ ਸਾਥ ਤੋਂ ਸ਼ਰਾਬ ਪੀਣਾ ਬੜਾ ਦੁੱਖਦਾਈ ਹੁੰਦਾ ਹੈ। ਤਮਾਕੂ ਦੇ ਧੂੰਏਂ ਨਾਲ ਮਾਹੌਲ ਧੁੰਦਲਾ ਤੇ ਅਸੁਖਾਵਾਂ ਹੋ ਜਾਂਦਾ ਹੈ।' ਪਹਿਲੇ ਸਾਲ ਉਸਨੂੰ ਨਾਵਲ, ਕਹਾਣੀ ਆਦਿ ਹਲਕਾ-ਫੁਲਕਾ ਸਾਹਿਤ ਹੀ ਭੇਜਿਆ ਗਿਆ ਸੀ।
ਦੂਸਰੇ ਸਾਲ ਪਿਆਨੇ ਵੱਜਣਾ ਬੰਦ ਹੋ ਗਿਆ ਸੀ ਤੇ ਕੈਦੀ ਨੇ ਉੱਚੇ ਸਤਰ ਦੇ ਸਾਹਿਤ ਦੀ ਮੰਗ ਕੀਤੀ ਸੀ। ਪੰਜਵੇਂ ਸਾਲ ਫੇਰ ਪਿਆਨੇ ਵੱਜਣ ਲੱਗਾ; ਇਸ ਵਾਰ ਸੁਰਾਂ ਵਿਚ ਗੀਤ ਵੀ ਸਨ। ਏਸ ਸਾਲ ਕੈਦੀ ਨੇ ਸ਼ਰਾਬ ਵੀ ਮੰਗੀ। ਉਸਦੇ ਨਿਗਰਾਨ ਦਾ ਕਹਿਣਾ ਹੈ ਕਿ ਕੈਦੀ ਖਾ-ਪੀ ਕੇ ਪਲੰਘ ਉਪਰ ਲੇਟਿਆ ਰਹਿੰਦਾ ਸੀ। ਉਹ ਅੰਗੜਾਈਆਂ ਲੈਂਦਾ ਤੇ ਆਪ-ਮੁਹਾਰਾ ਹੀ ਕੁਝ ਬਰੜਾਈ ਜਾਂਦਾ। ਕਿਤਾਬਾਂ ਪੜ੍ਹਨੀਆਂ ਉਸਨੇ ਛੱਡ ਦਿੱਤੀਆਂ ਸਨ।
ਕਈ ਵਾਰ ਉਹ ਰਾਤ ਨੂੰ 'ਚਾਣਚਕ ਉੱਠ ਕੇ ਕੁਝ ਲਿਖਣ ਬਹਿ ਜਾਂਦਾ ਸੀ ਤੇ ਕਾਫੀ ਦੇਰ ਤਕ ਲਿਖਦਾ ਰਹਿੰਦਾ ਸੀ...ਤੇ ਦਿਨ ਚੜ੍ਹਨ ਸਾਰ ਸਭ ਕੁਝ ਪਾੜ-ਪੂੜ ਕੇ ਸੁੱਟ ਦਿੰਦਾ...। ਕਈ ਵਾਰੀ ਉਸਨੂੰ ਰੋਂਦਾ ਵੀ ਦੇਖਿਆ ਗਿਆ ਸੀ।
ਛੇਵੇਂ ਸਾਲ ਦੇ ਛੇਵੇਂ ਮਹੀਨੇ ਤੋਂ ਪਿੱਛੋਂ ਉਹ ਬੜੇ ਧਿਆਨ ਨਾਲ ਭਾਸ਼ਾ ਵਿਗਿਆਨ, ਤਰਕ ਸ਼ਸਤਰ ਅਤੇ ਂਿÂਤਿਹਾਸ ਦਾ ਅਧਿਅਨ ਕਰਨ ਲੱਗਾ। ਉਸਦੀ ਪੜ੍ਹਨ ਭੁੱਖ ਏਨੀ ਤੀਬਰ ਹੋ ਗਈ ਸੀ ਕਿ ਬੈਂਕਰ ਉਸਦੀ ਕਿਤਾਬਾਂ ਦੀ ਮੰਗ ਨੂੰ ਬੜੀ ਮੁਸ਼ਕਿਲ ਨਾਲ ਪੂਰੀ ਕਰਦਾ ਸੀ। ਚਾਰ ਸਾਲ ਇੰਜ ਹੀ ਬੀਤੇ। ਉਸਦੀ ਮੰਗ ਅਨੁਸਾਰ ਲਗਭਗ ਛੇ ਸੌ ਨਵੀਆਂ ਕਿਤਾਬਾਂ ਖਰੀਦੀਆਂ ਗਈਆਂ। ਉਦੋਂ ਜਦੋਂ ਉਸਦੀ ਪੜ੍ਹਨ-ਰੂਚੀ ਏਨੀ ਵਧੀ ਹੋਈ ਸੀ¸ਉਸਨੇ ਬੈਂਕਰ ਨੂੰ ਲਿਖਿਆ:
'ਮੇਰੇ ਪਿਆਰੇ ਜੇਲਰ ਸਾਹਬ! ਇਹ ਸਤਰਾਂ ਮੈਂ ਦੁਨੀਆਂ ਦੀਆਂ ਛੇ ਭਾਸ਼ਾਵਾਂ ਵਿਚ ਲਿਖ ਰਿਹਾ ਹਾਂ। ਇਹਨਾਂ ਨੂੰ ਭਾਸ਼ਾ ਵਿਗਿਆਨੀਆਂ ਨੂੰ ਵਿਖਾਲ ਕੇ ਉਹਨਾਂ ਦੀ ਰਾਏ ਪੁੱਛਣੀ...ਤੇ ਜੇ ਮੇਰੀ ਲਿੱਪੀ ਵਿਚ ਕੋਈ ਗ਼ਲਤੀ ਨਾ ਹੋਏ ਤਾਂ ਆਪਣੇ ਬਗ਼ੀਚੇ ਵਿਚ ਇਕ ਵਾਰ ਬੰਦੂਕ ਚਲਾ ਕੇ ਮੈਂਨੂੰ ਇਸ਼ਾਰਾ ਕਰ ਦੇਣਾ ਕਿ ਮੇਰੀ ਮਿਹਨਤ ਅਜਾਈਂ ਨਹੀਂ ਗਈ। ਸੰਸਾਰ ਦੇ ਮਹਾਂ ਪੁਰਸ਼ਾਂ ਨੇ ਸਮੇਂ-ਸਮੇਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਆਪਣੇ ਗਿਆਨ ਦੀ ਅਮਰ ਜੋਤ ਦਿਖਾਈ ਹੈ। ਇਸ ਸਾਹਿਤ ਨੂੰ ਪੜ੍ਹ ਕੇ ਜਿਹੜੀ ਅਪਾਰ ਖੁਸ਼ੀ ਮੈਨੂੰ ਪ੍ਰਾਪਤ ਹੋਈ ਹੈ, ਕਾਸ਼! ਤੁਸੀਂ ਉਹ ਮਹਿਸੂਸ ਸਕਦੇ। ਮੈਂ ਇਸ ਸਾਹਿਤ ਵਿਚ ਸਵਰਗ ਦਾ ਆਨੰਦ ਮਾਣਿਆਂ ਹੈ।'
ਕੈਦੀ ਦੀਆਂ ਲਿਖੀਆਂ ਸਤਰਾਂ ਦਾ ਹਰ ਸ਼ਬਦ ਠੀਕ ਸੀ। ਉਸਦੀ ਖੁਸ਼ੀ ਲਈ ਬਗੀਚੇ ਵਿਚ ਦੋ ਫਾਇਰ ਕੀਤੇ ਗਏ ਸਨ।
ਸਮਾਂ ਬੀਤਦਾ ਰਿਹਾ। ਦਸਵੇਂ ਸਾਲ ਕੈਦੀ ਕਿਸੇ ਬੁੱਤ ਵਾਂਗ ਮੇਜ ਕੋਲ ਬੈਠਾ, ਨਿਊ ਟੇਸਟਾਮੈਂਟ ਪੜ੍ਹਦਾ ਰਹਿੰਦਾ ਸੀ। ਫੇਰ ਉਸਨੇ ਧਰਮ ਅਤੇ ਇਤਿਹਾਸ ਪੜ੍ਹਨਾ ਸ਼ੁਰੂ ਕਰ ਦਿੱਤਾ। ਅਖੀਰਲੇ ਦੋ ਸਾਲਾਂ ਵਿਚ ਕੈਦੀ ਨੇ ਆਸ ਨਾਲੋਂ ਕੁਝ ਵਧੇਰੇ ਹੀ ਪੜ੍ਹਿਆ ਸੀ। ਉਹ ਕਦੀ ਪ੍ਰਕ੍ਰਿਤੀ ਵਿਗਿਆਨ, ਕਦੀ ਸੈਕਸਪੀਅਰ ਦੀਆਂ ਰਚਨਾਵਾਂ ਤੇ ਕਦੀ ਬਾਇਰਨ ਦੀਆਂ ਰਚਨਾਵਾਂ ਦੀ ਮੰਗ ਕਰਦਾ।
'ਤੇ ਕੱਲ੍ਹ ਉਸਦਾ ਆਖਰੀ ਦਿਨ ਹੈ।' ਬੈਂਕਰ ਦੀਆਂ ਸੋਚਾਂ ਜਾਰੀ ਸਨ। ਉਹ ਬੜਾ ਉਤੇਜਤ ਹੋ ਗਿਆ ਸੀ¸ਕੱਲ੍ਹ ਬਾਰਾਂ ਵਜੇ ਉਹ ਆਜਾਦ ਹੋ ਜਾਏਗਾ। ਸ਼ਰਤ ਅਨੁਸਾਰ ਮੈਨੂੰ ਦੋ ਲੱਖ ਰੂਪੈ ਦੇਣੇ ਪੈਣਗੇ ਮੈਂ ਕੰਗਾਲ ਹੋ ਜਾਵਾਂਗਾ¸ਕਿਸੇ ਪਾਸੇ ਦਾ ਨਹੀਂ ਰਹਿਣਾ ਮੈਂ।
ਬਾਰਾਂ ਸਾਲ ਪਹਿਲਾਂ ਬੈਂਕਰ ਕਾਫੀ ਅਮੀਰ ਸੀ, ਪਰ ਅੱਜ ਉਸਦੀ ਹਾਲਤ ਡਾਵਾਂਡੋਲ ਸੀ। ਉਹ ਬੁੱਢਾ ਹੋ ਚੁੱਕਿਆ ਸੀ ਤੇ ਸੱਟੇ ਬਾਜੀ ਨੇ ਉਸਨੂੰ ਭੋਇਂ ਲਾ ਦਿੱਤਾ ਸੀ। ਕੁਝ ਕਿਹਾ ਨਹੀਂ ਸੀ ਜਾ ਸਕਦਾ ਕਿ ਹੁਣ ਉਸਦੀ ਧਨ, ਸੰਪਤੀ ਜਿਆਦਾ ਸੀ ਜਾਂ ਕਰਜਾ!
ਘਬਰਾਹਟ ਤੇ ਹਿਰਖ ਦਾ ਮਾਰਿਆ ਬੁੱਢਾ ਬੈਂਕਰ ਅਚਾਨਕ ਬੜਬੜਾਉਣ ਲੱਗ ਪਿਆ, 'ਹਾਏ ਕਿਹੜੀ ਮਨਹੂਸ ਘੜੀ ਵਿਚ ਮੈਂ ਸ਼ਰਤ ਲਾ ਬੈਠਾ...ਉਹ ਵਕੀਲ ਮਰ ਕਿਉਂ ਨਹੀਂ ਗਿਆ। ਦੋ ਲੱਖ ਰੁਪਏ ਦੇ ਕੇ ਤਾਂ ਮੈਂ ਕੰਗਾਲ ਹੋ ਜਾਵਾਂਗਾ। ਮੇਰਾ ਦਿਵਾਲਾ ਨਿਕਲ ਜਾਏਗਾ। ਧਨਾਡ ਬਣ ਕੇ ਉਹ ਮੌਜਾਂ ਕਰੇਗਾ, ਵਿਆਹ ਕਰਵਾਏਗਾ। ਮੈਂ ਪੈਸੇ-ਪੈਸੇ ਨੂੰ ਤਰਸਾਂਗਾ। ਉਹ ਮੈਨੂੰ ਚਿੜਾਏਗਾ... 'ਸ਼੍ਰੀਮਾਨ ਜੀ, ਜੀਵਨ ਦੀਆਂ ਖੁਸ਼ੀਆਂ ਦੇਣ ਲਈ ਤੁਹਾਡਾ ਧੰਨਵਾਦ। ਆਓ ਹੁਣ ਮੈਂ ਤੁਹਾਡੀ ਤਨ-ਮਨ ਨਾਲ ਮਦਦ ਕਰਾਂ'। ਨਹੀਂ ਨਹੀਂ! ਇਹ ਸਭ ਮੈਥੋਂ ਸਹਾਰ ਨਹੀਂ ਹੋਣਾ। ਦਿਵਾਲੀਏ ਹੋਣ ਨਾਲੋਂ ਤਾਂ ਚੰਗਾ ਏ ਕਿ ਵਕੀਲ ਦੀ ਮੌਤ ਹੀ ਹੋ ਜਾਏ। ਉਸਨੂੰ ਮਰਨਾ ਹੀ ਪਏਗਾ।'
ਟਨ...ਟਨ...ਟਨ
ਘੜੀ ਨੇ ਤਿੰਨ ਵਜਾਏ। ਘਰ ਦਾ ਹਰੇਕ ਜੀਅ ਗੁੜ੍ਹੀ ਨੀਂਦ ਸੁੱਤਾ ਹੋਇਆ ਸੀ। ਬਾਹਰ ਪੱਤਿਆਂ ਉਤੇ ਜੰਮੀ ਬਰਫ਼ ਦੇ ਡਿੱਗਣ ਦੀ ਮੱਧਮ ਆਵਾਜ਼ ਤੋਂ ਬਿਨਾਂ ਚੁੱਪਚਾਂਦ ਸੀ। ਬਗ਼ੈਰ ਕੋਈ ਖੜਾਕ ਕੀਤਿਆਂ ਉਸਨੇ ਸੇਫ ਵਿਚੋਂ ਕੈਦੀ ਦੇ ਕਮਰੇ ਦੀ ਚਾਬੀ ਕੱਢੀ¸ਜਿਹੜਾ ਪਿੱਛਲੇ ਪੰਦਰਾਂ ਸਾਲ ਤੋਂ ਬੰਦ ਸੀ।...ਤੇ ਓਵਰ ਕੋਟ ਪਾ ਕੇ ਬਾਹਰ ਨਿਕਲ ਆਇਆ।
ਬਗ਼ੀਚੇ ਵਿਚ ਹਨੇਰਾ ਹੀ ਹਨੇਰਾ ਸੀ¸ਨਿੱਕੀਆਂ-ਨਿੱਕੀਆਂ ਕਣੀਆਂ ਪੈ ਰਹੀਆਂ ਸਨ। ਹਵਾ ਹੱਡਾਂ ਵਿਚ ਵੜਦੀ ਜਾਪੀ, ਕਹਿਰ ਦੀ ਠੰਡ ਸੀ। ਰੁੱਖਾਂ-ਬੂਟਿਆਂ ਨੂੰ ਵੀ ਕਾਂਬਾ ਛਿੜਿਆ ਲਗਦਾ ਸੀ। ਹਨੇਰਾ ਏਨਾ ਗੂੜ੍ਹਾ ਸੀ ਕਿ ਅੱਖਾਂ ਪਾੜ-ਪਾੜ ਕੇ ਵਿੰਹਦਿਆਂ ਹੋਇਆਂ ਵੀ ਬੈਂਕਰ ਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ।
ਬਗ਼ੀਚੇ ਦੀ ਨੁੱਕਰ ਕੋਲ ਪਹੁੰਚ ਕੇ ਉਸਨੇ ਚੌਕੀਦਾਰ ਨੂੰ ਆਵਾਜ਼ ਮਾਰੀ ਪਰ ਕੋਈ ਉਤਰ ਨਾ ਮਿਲਿਆ। ਮੀਂਹ ਤੋਂ ਬਚਣ ਖਾਤਰ ਚੌਕੀਦਾਰ ਰਸੋਈ ਵੱਲ ਜਾਂ ਹੋਰ ਕਿਤੇ ਜਾ ਕੇ ਸੌਂ ਗਿਆ ਹੋਏਗਾ।
ਜੇ ਮੈਂ ਸਫਲ ਹੋ ਗਿਆ ਤਾਂ ਸਭ ਤੋਂ ਪਹਿਲਾਂ ਚੌਕੀਦਾਰ 'ਤੇ ਹੀ ਇਲਜ਼ਾਮ ਆਏਗਾ।
ਹੱਥਾਂ ਨਾਲ ਟੋਹ-ਟਾਹ ਕੇ ਉਹ ਕੈਦੀ ਦੇ ਕਮਰੇ ਕੋਲ ਪਹੁੰਚ ਗਿਆ। ਬਾਹਰ ਕੋਈ ਵੀ ਨਹੀਂ ਸੀ, ਕਿਸੇ ਦਾ ਖਾਲੀ ਬਿਸਤਰਾ ਪਿਆ ਸੀ ਤੇ ਨੇੜੇ ਅੰਗੀਠੀ ਮਘ ਰਹੀ ਸੀ ਜਿਸ ਦਾ ਮਧੱਮ ਚਾਨਣ ਚੁਫੇਰੇ ਫੈਲਿਆ ਹੋਇਆ ਸੀ। ਕੈਦੀ ਦੇ ਬੂਹੇ ਨੂੰ ਲਾਏ ਹੋਏ ਜਿੰਦਰੇ ਨੂੰ ਸੀਲਾਂ ਓਵੇਂ ਦੀ ਜਿਵੇਂ ਲੱਗੀਆਂ ਹੋਈਆਂ ਸਨ। ਉਹ ਕੁਝ ਹੋਰ ਅਗਾਂਹ ਵਧਿਆ ਤੇ ਬਾਰੀ ਵਿਚੋਂ ਅੰਦਰ ਝਾਕਣ ਲੱਗ ਪਿਆ।
ਲਾਲਟੈਨ ਦੀ ਮੱਧਮ ਰੋਸ਼ਨੀ ਵਿਚ ਕੈਦੀ ਮੰਜੇ ਕੋਲ ਬੈਠਾ ਹੋਇਆ ਸੀ। ਬੈਂਕਰ ਨੂੰ ਸਿਰਫ ਉਸਦੀ ਪਿੱਠ, ਉਸਦੇ ਲੰਮੇ ਵਾਲ ਤੇ ਉਸਦੇ ਹੱਥ ਹੀ ਦਿਸ ਰਹੇ ਸਨ। ਫਰਸ਼ ਉੱਤੇ, ਕੁਰਸੀਆਂ ਉੱਤੇ¸ਚੌਹੀਂ ਪਾਸੀਂ ਕਿਤਾਬਾਂ ਹੀ ਕਿਤਾਬਾਂ ਖਿੱਲਰੀਆਂ ਪਈਆਂ ਸਨ।
ਪੰਜ ਮਿੰਟ ਉਹ ਵਿਹੰਦਾ ਰਿਹਾ¸ਪਰ ਕੈਦੀ ਜ਼ਰਾ ਵੀ ਨਾ ਹਿੱਲਿਆ। ਪੰਦਰਾਂ ਸਾਲ ਦੇ ਕੈਦੀ ਜੀਵਨ ਨੇ ਉਸਨੂੰ ਅਹਿੱਲ, ਅਡੋਲ ਬੈਠੇ ਰਹਿ ਸਕਣ ਦੀ ਆਦਤ ਪਾ ਦਿੱਤੀ ਸੀ। ਬੈਂਕਰ ਨੇ ਬਾਰੀ ਦਾ ਬੂਹਾ ਖੜਕਾਇਆ ਪਰ ਕੈਦੀ ਓਵੇਂ ਹੀ ਬੈਠਾ ਰਿਹਾ।...ਤੇ ਫੇਰ ਬੈਂਕਰ ਨੇ ਹੌਲੀ ਜਿਹੀ ਜਿੰਦਰੇ ਦੀ ਸੀਲ ਤੋੜ ਕੇ ਉਸ ਵਿਚ ਚਾਬੀ ਪਾ ਦਿੱਤੀ। ਜਰਿਆ ਹੋਇਆ ਜਿੰਦਰਾ ਖੁੱਲ੍ਹਣ ਦੀ ਇਕ ਤਿੱਖੀ ਆਵਾਜ਼ ਪਿੱਛੋਂ ਬੂਹੇ ਚਰਮਰਾ ਕੇ ਖੁੱਲ੍ਹ ਗਏ। ਬੈਂਕਰ ਨੇ ਸੋਚਿਆ ਕੈਦੀ ਰੌਲਾ-ਰੱਟਾ ਕਰੇਗਾ ਪਰ ਜਦੋਂ ਤਿੰਨ ਮਿੰਟ ਤਕ ਕੈਦੀ ਦੀ ਹਾਲਤ ਵਿਚ ਕੋਈ ਫਰਕ ਨਾ ਦਿਸਿਆ ਤਾਂ ਉਹ ਕਮਰੇ ਅੰਦਰ ਵੜ ਗਿਆ।
ਮੇਜ ਕੋਲ ਬੈਠਾ ਆਦਮੀ, ਖੱਲ ਵਿਚ ਮੜਿਆ ਹੱਡੀਆਂ ਦਾ ਪਿੰਜਰ ਹੀ ਦਿਸਦਾ ਸੀ। ਉਸਦੇ ਲੰਮੇ ਘੰਗਰਾਲੇ ਤੀਵੀਂਆਂ ਵਰਗੇ ਵਾਲ, ਲੰਮੀ ਦਾੜੀ, ਮਿੱਟੀ ਰੰਗਾ ਚਿਹਰਾ, ਪਿਚਕੀਆਂ ਹੋਈਆਂ ਹਾਬੜਾਂ ਤੇ ਲੰਮੀ ਪਤਲੀ ਪਿੱਠ ਬੜੀ ਅਜੀਬ ਲਗਦੀ ਪਈ ਸੀ। ਬੇਜਾਨ ਜਿਹੇ ਹੱਥਾਂ ਉੱਤੇ ਉਹ ਸਿਰ ਟਿਕਾਈ ਬੈਠਾ ਸੀ। ਵਾਲ ਸਫ਼ੈਦ ਹੋ ਗਏ ਸਨ। ਦੇਖਣ ਵਾਲਾ ਉਸਨੂੰ ਚਾਲੀ ਸਾਲ ਦਾ ਆਦਮੀ ਨਹੀਂ ਸੀ ਕਹਿ ਸਕਦਾ। ਉਸਦੇ ਸਾਹਮਣੇ, ਮੇਜ਼ ਉੱਤੇ ਇਕ ਕਾਗਜ ਰੱਖਿਆ ਹੋਇਆ ਸੀ ਜਿਸ ਉੱਤੇ ਬੜੀ ਬਰੀਕ ਲਿਖਾਈ ਵਿਚ ਕੁਝ ਲਿਖਿਆ ਹੋਇਆ ਸੀ।
'ਮੀਸਣਾ ਨਾ ਹੋਏ ਤਾਂ,' ਬੈਂਕਰ ਨੇ ਸੋਚਿਆ,'ਕਿਵੇਂ ਘੂਕ ਸੁੱਤਾ ਪਿਆ ਏ, ਲਾਜ਼ਮੀ ਲੱਖਾਂ ਦੇ ਸੁਪਨੇ ਦੇਖ ਰਿਹਾ ਹੋਣੈ! ਮੈਨੂੰ ਇਸਨੂੰ ਚੁੱਕ ਕੇ ਬਿਸਤਰੇ 'ਤੇ ਲਿਟਾਣਾ ਪਏਗਾ, ਫੇਰ ਸਿਰਹਾਣੇ ਨਾਲ ਇਸਦਾ ਸਾਹ ਘੁੱਟ ਦਿਆਂਗਾ¸ਫੇਰ ਕੋਈ ਮਾਹਰ ਡਾਕਟਰ ਉਸਦੀ ਮੌਤ ਦੇ ਅਸਲ ਕਾਰਣ ਦਾ ਅੰਦਾਜ਼ਾ ਨਹੀਂ ਲਾ ਸਕੇਗਾ; ਪਰ ਪਹਿਲਾਂ ਦੇਖ ਤਾਂ ਲਵਾਂ, ਕਾਗਜ ਉੱਤੇ ਇਸਨੇ ਕੀ ਊਲ-ਜਲੂਲ ਲਿਖ ਰੱਖਿਆ ਏ!'
ਉਸਨੇ ਮੇਜ਼ ਤੋਂ ਕਾਗਜ ਚੁੱਕਿਆ ਤੇ ਪੜ੍ਹਨ ਲੱਗ ਪਿਆ। ਲਿਖਿਆ ਸੀ: ' ਕੱਲ੍ਹ ਬਾਰਾਂ ਵਜੇ ਮੈਂ ਆਜਾਦ ਹੋ ਜਾਵਾਂਗਾ, ਫੇਰ ਲੋਕਾਂ ਨਾਲ ਮਿਲ-ਵਰਤ ਸਕਾਂਗਾ...ਪਰ ਇਸ ਕਮਰੇ ਤੋਂ ਬਾਹਰ ਸੂਰਜ ਦੀ ਰੋਸ਼ਨੀ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦਸ ਦੇਣਾ ਚਾਹੁੰਦਾ ਹਾਂ। ਆਪਣੀ ਪਵਿੱਤਰ ਆਤਮਾਂ ਤੇ ਪ੍ਰਮਾਤਮਾਂ ਨੂੰ ਸਾਖੀ ਮੰਨ ਕੇ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਆਜ਼ਾਦੀ ਨਾਲ, ਜ਼ਿੰਦਗੀ ਨਾਲ, ਤੰਦਰੁਸਤੀ ਨਾਲ ਤੇ ਹੋਰ ਸੰਸਾਰਕ ਸੁੱਖ ਦੇਣ ਵਾਲੀਆਂ ਤੁਹਾਡੀਆਂ ਸਾਰੀਆਂ ਚੀਜ਼ਾਂ ਨਾਲ, ਦਿਲੀ ਨਫ਼ਰਤ ਹੈ।
'ਪੂਰੇ ਪੰਦਰਾਂ ਸਾਲ ਮੈਂ ਸਬਰ-ਸੰਤੋਖ ਦੇ ਦਾਇਰੇ ਵਿਚ ਰਹਿ ਕੇ ਸੰਸਾਰਕ ਜੀਵਨ ਦਾ ਅਧਿਐਨ ਕੀਤਾ ਹੈ। ਮੈਂ ਕਦੇ ਕਿਸੇ ਆਦਮੀਂ ਨੂੰ ਨਹੀਂ ਮਿਲਿਆ ਤੇ ਨਾ ਹੀ ਮੈਂ ਕਿਸੇ ਵਿਸ਼ਾਲ ਭੂੰ-ਖੰਡ ਉੱਤੇ ਵਿਚਰਿਆ ਹਾਂ। ਪਰ ਤੁਹਾਡੀਆਂ ਭੇਜੀਆਂ ਕਿਤਾਬਾਂ ਵਿਚੋਂ ਮੈਂ ਵੰਨ-ਸੁਵੰਨੀਆਂ ਸ਼ਰਾਬਾਂ ਦਾ ਅਨੰਦ ਮਾਣਿਆਂ ਹੈ, ਜੰਗਲੀ-ਕਰੂਰ ਜੀਵਨ ਦਾ ਸ਼ਿਕਾਰ ਕੀਤਾ ਹੈ, ਔਰਤਾਂ ਨਾਲ ਇਸ਼ਕ ਲੜਾਇਆ ਹੈ¸ਉਹ ਸੁੰਦਰ ਔਰਤਾਂ ਜਿਹਨਾਂ ਦੇ ਨੈਣ-ਨਕਸ਼ ਤੁਹਾਡੇ ਕਵੀ ਬਿਆਨ ਕਰਦੇ ਨੇ...ਉਹ ਬਦਲੀਆਂ ਵਾਂਗ ਰਾਤਾਂ ਨੂੰ ਸੁਪਨਿਆਂ ਵਿਚ ਮੇਰਾ ਪਿੱਛਾ ਕਰਦੀਆਂ ਰਹੀਆਂ ਨੇ! ਉਹਨਾਂ ਮੈਨੂੰ ਏਨੀਆਂ ਸੁੰਦਰ ਕਹਾਣੀਆਂ ਸੁਣਾਈਆਂ ਜਿਹਨਾਂ ਦੀ ਖੁਮਾਰੀ ਸ਼ਰਾਬ ਵਰਗੀ ਸੀ । ਤੁਹਾਡੀਆਂ ਕਿਤਾਬਾਂ ਵਿਚ ਹੀ ਮੈਂ ਅਲਬੁਰਜ ਦੀਆਂ ਪਹਾੜੀਆਂ ਉੱਤੇ ਚੜ੍ਹ ਕੇ ਉੱਗਦੇ, ਢਲਦੇ ਸੂਰਜ ਦੇ ਸੁਨਹਿਰੀ ਦ੍ਰਿਸ਼ ਵੇਖੇ ਹਨ¸ਜਦੋਂ ਉਸਦੀ ਲਾਲੀ ਆਕਾਸ਼ ਵਿਚ ਰੰਗ-ਬਿਰੰਗੇ ਛਿੱਟੇ ਵਰ੍ਹਾ ਰਹੀ ਹੁੰਦੀ ਹੈ। ਇਹਨਾਂ ਕਿਤਾਬਾਂ ਵਿਚ ਹੀ ਮੈਂ ਜੰਗਲਾਂ, ਪਹਾੜਾਂ ਤੇ ਸ਼ਹਿਰਾਂ ਵਿਚ ਵਿਚਰਦਾ ਰਿਹਾ ਹਾਂ। ਮਿੱਠੇ ਸੰਗੀਤ ਨਾਲ ਮੇਰੇ ਕੰਨ ਵੱਜਣ ਲੱਗ ਪੈਂਦੇ ਤੇ ਮੈਂ ਉਹਨਾਂ ਮਨਮੋਹਣੇ ਉਡਨ-ਦੂਤਾਂ ਨਾਲ ਵਿਚਰਦਾ ਰਹਿੰਦਾ ਜਿਹੜੇ ਮੈਨੂੰ ਰੱਬ ਬਾਰੇ ਦਸਦੇ ਰਹਿੰਦੇ ਸਨ। ਤੁਹਾਡੀਆਂ ਕਿਤਾਬਾਂ ਨਾਲ ਹੀ ਮੈਂ ਦੂਰ-ਦੂਰ ਤੀਕ ਭੌਂ ਆਇਆ ਹਾਂ। ਕਈ ਜਾਦੂਈ ਖੇਡ, ਖੇਡੇ¸ਸ਼ਹਿਰਾਂ ਦੇ ਸ਼ਹਿਰ ਤਬਾਹ ਕੀਤੇ; ਨਵਾਂ ਧਰਮ ਪ੍ਰਚਾਰ ਕਰਕੇ ਸਾਰੀ ਦੁਨੀਆਂ ਨੂੰ ਆਪਣਾ ਗ਼ੁਲਾਮ ਬਣਾਅ ਲਿਆ ਸੀ।...
'ਤੁਹਾਡੀਆਂ ਕਿਤਾਬਾਂ ਤੋਂ ਮੈਨੂੰ ਗਿਆਨ ਦੀ ਪ੍ਰਾਪਤੀ ਹੋਈ। ਮਨੁੱਖ ਦਾ ਸਦੀਆਂ ਸਦੀਆਂ ਦਾ ਗਿਆਨ ਮੇਰੇ ਦਿਮਾਗ਼ ਵਿਚ ਕਿਸੇ ਡਲੇ ਵਾਂਗ ਇਕੱਠਾ ਹੋਇਆ ਪਿਆ ਹੈ। ਮੈਨੂੰ ਪਤਾ ਹੈ ਕਿ ਮੈਂ, ਤੁਹਥੋਂ ਸਭ ਤੋਂ ਚਤੁਰ ਹਾਂ।
'ਪਰ...ਪਰ ਮੈਂ ਤੁਹਾਡੀਆਂ ਕਿਤਾਬਾਂ ਨੂੰ ਨਫ਼ਰਤ ਕਰਦਾ ਹਾਂ, ਦੁਨਿਆਵੀ ਅਕਲ 'ਤੇ ਸਾਰੇ ਐਸ਼ਪ੍ਰਸਤੀ ਦੇ ਸਾਧਨਾਂ ਨਾਲ ਮੈਨੂੰ ਨਫ਼ਰਤ ਹੈ। ਇਹ ਸਭ ਕੁਝ, ਕੁਛ ਵੀ ਨਹੀਂ¸ਇਕ ਰੇਤ-ਛਲ ਹੈ। ਤੁਸੀਂ ਭਾਵੇਂ ਕਿੰਨੇ ਵੀ ਅਕਲਮੰਦ, ਸੁੰਦਰ ਜਾਂ ਹੰਕਾਰੀ ਬਣੇ ਫਿਰੋ¸ਮੌਤ ਤੋਂ ਨਹੀਂ ਬਚ ਸਕਦੇ। ਉਹ ਕਿਸੇ ਚੂਹੇ ਵਾਂਗ ਹੀ ਤੁਹਾਨੂੰ ਆਣ ਦਬੋਚੇਗੀ।...ਤੇ ਤੁਹਾਡਾ ਸਾਹਿਤ, ਅਮਰ ਸਾਹਿਤਕਾਰ ਅਤੇ ਇਤਿਹਾਸ ਅਚਾਨਕ ਹੀ ਇਸ ਭੂੰ-ਮੰਡਲ ਵਿਚ ਨਸ਼ਟ ਹੋ ਜਾਣਗੇ।
'ਭਟਕੇ ਹੋਏ ਜੀਵੋ ਤੁਸੀਂ ਪਾਗਲ ਓ। ਤੁਸੀਂ ਝੂਠ ਨੂੰ ਸੱਚ ਤੇ ਕਰੂਪ ਨੂੰ ਸੁੰਦਰ ਮੰਨ ਲਿਆ ਹੈ। ਜਦੋਂ ਸਿਓਆਂ ਤੇ ਨਾਸਪਤੀਆਂ ਦੇ ਰੁੱਖਾਂ ਉੱਤੇ, ਡੱਡਾਂ ਤੇ ਕਿਰਲੀਆਂ ਲੱਗੀਆਂ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਤੁਹਾਡੇ ਵਿਚ ਏਨਾਂ ਆਤਮ ਬਲ ਨਹੀਂ ਕਿ ਤੁਸੀਂ ਗ਼ੁਲਾਬ ਵਿਚੋਂ ਮਹਿਕ ਦੀ ਥਾਂ ਦੁਰਗੰਧ ਆਉਂਦੀ ਦੇਖ ਕੇ ਹੈਰਾਨ ਨਾ ਹੋਵੋ। ਬਸ ਏਸੇ ਲਈ ਮੈਂ ਤੁਹਾਡੀ ਅਕਲ ਉੱਤੇ ਹੈਰਾਨ ਹਾਂ। ਤੁਸੀਂ ਸਵਰਗਾਂ ਨਾਲ ਰਿਸ਼ਤੇ ਜੋੜੀ ਬੈਠੇ ਹੋ, ਮੈਨੂੰ ਕੋਈ ਇੱਛਾ ਨਹੀਂ ਕਿ ਤੁਹਾਨੂੰ ਸਿੱਧੇ ਰਾਹ ਪਾਵਾਂ ਜਾਂ ਤੁਹਾਡੇ ਬਾਰੇ ਕੁਝ ਸੋਚਾਂ।
'ਮੈਨੂੰ ਨਫ਼ਰਤ ਹੈ¸ਹਰੇਕ ਉਸ ਚੀਜ ਨਾਲ ਜਿਸ ਉਤੇ ਤੁਹਾਡੀ ਜ਼ਿੰਦਗੀ ਦੀਆ ਬੁਨਿਆਦ ਟਿਕੀ ਹੋਈ ਹੈ। ਤੁਹਾਡੇ ਰੁਪਏ ਪੈਸੇ ਨਾਲ¸ਸਬੂਤ ਵਜੋਂ ਮੈਂ ਉਹਨਾਂ ਦੋ ਰੁਪਈਆਂ ਨੂੰ ਠੋਕਰ ਮਾਰਦਾ ਹਾਂ ਜਿਹੜੇ ਤੁਹਾਨੂੰ ਸਵਰਗ ਤੋਂ ਵੱਧ ਪਿਆਰੇ ਨੇ। ਉਹਨਾਂ ਰੁਪਈਆਂ ਉੱਤੇ ਮੇਰਾ ਕੋਈ ਅਧਿਕਾਰ ਨਾ ਰਹੇ ਏਸ ਲਈ ਮੈਂ ਕੈਦ ਦੀ ਮਿਆਦ ਪੁੱਗਣ ਤੋਂ ਪੰਜ ਮਿੰਟ ਪਹਿਲਾਂ ਇਸ ਕੋਠੜੀ ਵਿਚੋਂ ਬਾਹਰ ਨਿਕਾਲ ਜਾਵਾਂਗਾ ਤੇ ਸ਼ਰਤ ਤੋੜ ਦਿਆਂਗਾ। ਤਾਂਕਿ ਉਸ ਦੋ ਲੱਖ ਰੂਪੈ ਉੱਤੇ ਮੇਰਾ ਕੋਈ ਹੱਕ ਨਾ ਰਹੇ।'
ਬੈਂਕਰ ਨੇ ਕਾਗਜ ਪੜ੍ਹ ਦੇ ਵਾਪਸ ਮੇਜ਼ ਉੱਤੇ ਰੱਖ ਦਿੱਤਾ। ਉਸ ਮਹਾਨ ਆਦਮੀਂ ਦਾ ਮੱਥਾ ਚੁੰਮਿਆਂ ਤੇ ਉੱਚੀ ਉੱਚੀ ਰੋਣ ਲੱਗ ਪਿਆ। ਫੇਰ ਰੋਂਦਾ-ਰੋਂਦਾ ਹੀ ਉਹ ਆਪਣੇ ਕਮਰੇ ਵਿਚ ਵਾਪਸ ਆਇਆ ਸੀ। ਸੱਟੇ ਵਿਚ ਹਾਰ ਕੇ ਕਦੀ ਉਸਨੂੰ ਏਨੀ ਨਮੋਸ਼ੀ ਨਹੀਂ ਸੀ ਹੋਈ ਜਿੰਨੀ ਕਿ ਅੱਜ। ਉਹ ਆਪਣੇ ਕਮਰੇ ਵਿਚ ਆ ਕੇ ਬਿਸਤਰੇ ਉੱਤੇ ਢਹਿ ਪਿਆ ਸੀ ਪਰ ਮਾਨਸਿਕ ਦਵੰਧ ਕਾਰਨ ਕਾਫੀ ਦੇਰ ਤੀਕ ਉਹ ਸੌਂ ਨਹੀਂ ਸੀ ਸਕਿਆ।
ਦੂਜੇ ਦਿਨ ਚੌਕੀਦਾਰ ਹਫਿਆ ਹੋਇਆ ਉਸ ਕੋਲ ਆਇਆ ਤੇ ਬੋਲਿਆ ਕਿ ਕੈਦੀ ਬਾਰੀ ਦੇ ਰਸਤੇ ਬਗ਼ੀਚੇ ਵਿਚ ਆ ਗਿਆ ਹੈ ਤੇ ਬਾਹਰੀ ਦਰਵਾਜ਼ੇ ਵੱਲ ਜਾ ਰਿਹਾ ਹੈ। ਬੈਂਕਰ ਨੱਸ ਕੇ ਬਾਹਰ ਆਇਆ ਤੇ ਕੋਠੜੀ ਤੀਕ ਪਹੁੰਚਿਆ। ਅਫ਼ਵਾਹਾਂ ਤੋਂ ਬਚਣ ਲਈ ਉਸਨੇ ਉਹ ਕਾਗਜ਼ ਚੁੱਕ ਲਿਆਂਦਾ ਤੇ ਸੇਫ ਵਿਚ ਸੰਭਾਲ ਕੇ ਰੱਖ ਦਿੱਤਾ।
***

ਨੱਪੇ-ਪੀੜੇ :: ਲੇਖਕ : ਜ਼ਿਆ ਬੱਟ

ਪਾਕਿਸਤਾਨੀ ਕਹਾਣੀ : ਨੱਪੇ-ਪੀੜੇ :: ਲੇਖਕ : ਜ਼ਿਆ ਬੱਟ
ਉਰਦੂ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


ਉਮੀਦ ਦਾ ਆਧਾਰ ਕੀ ਹੁੰਦਾ ਹੈ?...ਸੱਚ-ਝੂਠ ਦੇ ਭੁਲੇਖੇ, ਅਸਲੀਅਤ ਦੀ ਪਛਾਣ, ਵਿਸ਼ਵਾਸ ਜਾਂ ਅੰਧ-ਵਿਸ਼ਵਾਸ¸ਉਹ ਬਿਲਕੁਲ ਨਹੀਂ ਸੀ ਜਾਣਦਾ। ਪਰ ਏਨਾ ਜ਼ਰੂਰ ਜਾਣਦਾ ਸੀ ਕਿ ਪਿਛਲੇ ਚਾਲੀ ਦਿਨਾਂ ਤੋਂ ਇਕ ਉਮੀਦ ਹੇਠ ਹੀ ਉਸਦੀ ਜ਼ਿੰਦਗੀ ਦੇ ਕਈ ਮਸਲੇ ਨੱਪੇ-ਪੀੜੇ ਪਏ ਸਨ। ਜਦੋਂ ਦਰਬਾਰ ਵਿਚ ਪੂਰੇ ਚਾਲ੍ਹੀ ਦਿਨ ਹਾਜ਼ਰੀ ਭਰਨ ਪਿੱਛੋਂ ਵੀ ਕਿਸੇ ਨੇ ਵੁਜ਼ੂ (ਨਮਾਜ਼ ਤੋਂ ਪਹਿਲਾਂ ਮੂੰਹ, ਹੱਥ-ਪੈਰ ਵਗੈਰਾ ਧੋਣਾ) ਕਰ ਆਉਣ ਦੇ ਬਹਾਨੇ ਉਸ ਨੂੰ ਨੋਟਾਂ ਵਾਲਾ ਥੈਲਾ ਨਾ ਫੜਾਇਆ ਤੇ ਨਾ ਹੀ ਦਰਬਾਰ ਦੇ ਅਹਾਤੇ ਵਿਚੋਂ ਕੋਈ ਬਟੂਆ ਹੀ ਥਿਆਇਆ ਤਾਂ ਨਿਰਾਸ਼ ਹੋ ਕੇ ਉਸ ਨੇ ਲੋਕਾਂ ਦੀ ਭੀੜ ਵੱਲ ਬੜੀਆਂ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਿਆ ਸੀ¸ਪਰ ਕਿਸੇ ਨੇ ਵੀ ਉਸ ਦੇ ਕੋਲ ਆ ਕੇ ਇੰਜ ਨਹੀਂ ਸੀ ਕਿਹਾ, 'ਮੰਗ ਕੀ ਮੰਗਣਾ ਏਂ' ਤਾਂ ਉਸ ਦਾ ਦਿਲ ਟੁੱਟ ਗਿਆ ਸੀ। ਇੱਛਾ ਹੋਈ ਸੀ ਕਿ ਕੋਈ ਅਲੋਕਾਰ ਭਾਣਾ ਹੀ ਵਰਤ ਜਾਏ ਤੇ ਉਸ ਦਾ ਵਜ਼ੂਦ ਹਵਾ ਵਿਚ ਘੁਲ-ਮਿਲ ਜਾਏ¸ਪਰ ਇੰਜ ਕਿੰਜ ਹੋ ਸਕਦਾ ਸੀ?...ਦੇਹ ਏਨੀ ਭਾਰੀ ਹੋ ਗਈ ਸੀ ਕਿ ਲੱਤਾਂ ਨੂੰ ਭਾਰ ਝੱਲਣਾ ਔਖਾ ਹੋ ਗਿਆ ਸੀ। ਫੇਰ ਉਹ ਪੈਰ ਘਸੀਟਦਾ ਹੋਇਆ ਘਰ ਵੱਲ ਤੁਰ ਪਿਆ...ਦਰਬਾਰ ਦੀਆਂ ਹੱਦਾਂ ਤੋਂ ਬਾਹਰ ਫਕੀਰਾਂ ਦੀ ਇਕ ਲੰਮੀ ਕਤਾਰ ਉਸ ਤੋਂ ਭੀਖ ਮੰਗਦੀ ਰਹੀ...ਡਾਢੀ ਮੁਸ਼ਕਿਲ ਨਾਲ ਉਹ ਆਪਣੇ ਆਪ ਉੱਤੇ ਕਾਬੂ ਰੱਖ ਕੇ, ਗ਼ਮ ਤੇ ਗੁੱਸੇ ਵਿਚ ਭੁੱਜਦਾ ਹੋਇਆ ਅੱਗੇ ਵਧਦਾ ਰਿਹਾ।
ਅਚਾਨਕ ਇਕ ਚੰਗੇ ਭਲੇ ਚਿੱਟ-ਕਪੜੀਏ ਬੰਦੇ ਨੇ ਉਸ ਦਾ ਰਸਤਾ ਰੋਕ ਲਿਆ, “ਹਜ਼ੂਰ, ਦਾਤੇ ਦੇ ਨਾਂਅ 'ਤੇ ਮਿਹਰ ਕਰੋ। ਬੜੇ ਮੰਦੇ ਹਾਲ ਨੇ...ਖ਼ੁਦਾ ਦੀ ਸੌਂਹ ਅੱਜ ਤੋਂ ਬਾਅਦ ਤੌਬਾ ਕਰ ਲਵਾਂਗਾ¸ਅੱਜ ਦਸ ਦਿਓ ਕੀ ਆਵੇਗਾ?” ਖਿਝ ਕੇ ਉੁਸ ਨੇ ਭੈਣ ਦੀ ਗਾਲ੍ਹ ਕੱਢੀ ਸੀ ਤੇ ਕੜਕ ਕੇ ਕਿਹਾ ਸੀ, “ਦਫ਼ਾ ਹੋ ਜਾ ਸੱਟੇਬਾਜਾ।” ਤੇ ਉਸ ਆਦਮੀ ਦੇ ਸਾਥੀ ਨੇ ਕਿਹਾ ਸੀ, “ਨੱਠ ਚੱਲ, ਕੰਮ ਬਣ ਗਿਐ। ਹਜ਼ੂਰ ਨੇ ਫੁਰਮਾਅ ਦਿੱਤੈ¸ਭੈਣ ਦੀ ਬਿੰਦੀ ਤੇ ਗਾਲ੍ਹ ਦੇ ਪਹਿਲੇ ਅੱਖਰ ਦਾ ਚੌਕਾ, ਯਾਨੀ ਕਿ ਚਾਰ ਮੁੰਡਾ ਵੱਟ 'ਤੇ ਪਿਐ...।”
ਦਰਬਾਰ ਤੋਂ ਘਰ ਤੀਕ ਸਿਰਫ ਪੰਦਰਾਂ ਕੁ ਮਿੰਟ ਦਾ ਰਸਤਾ ਸੀ¸ਅੱਜ ਇਹ ਵੀ ਮੁੱਕਣ ਦਾ ਨਾਂਅ ਨਹੀਂ ਸੀ ਲੈ ਰਿਹਾ। ਬਾਜ਼ਾਰ ਦੀਆਂ ਰੌਸ਼ਨੀਆਂ ਵਿਚਕਾਰੋਂ ਲੰਘਦੇ ਨੂੰ ਘਬਰਾਹਟ ਜਿਹੀ ਮਹਿਸੂਸ ਹੋਈ। ਜ਼ਖਮੀ ਰੂਹ ਨਾਲ ਗਲੀ ਦਾ ਮੋੜ ਮੁੜਦਿਆਂ ਇੰਜ ਲੱਗਿਆ ਜਿਵੇਂ ਕੋਈ ਨਾਲ ਨਾਲ ਤੁਰਿਆ ਆ ਰਿਹਾ ਹੈ। ਭੌਂ ਕੇ ਦੇਖਿਆ ਤਾਂ ਇਕ ਸ਼ਾਹ-ਕਾਲਾ ਬੰਦਾ ਉਲਟੇ ਪੈਰੀਂ ਪਿਛਾਂਹ ਵਲ ਵਗਿਆ ਜਾਂਦਾ ਦਿਸਿਆ। ਉਹ ਸਹਿਮ ਗਿਆ। ਦੇਹ ਨੂੰ ਕੰਬਣੀ ਛਿੜ ਪਈ। ਕਾਹਲੀ ਨਾਲ ਤੁਰਦਾ ਹੋਇਆ ਬਿਜਲੀ ਦੇ ਖੰਭੇ ਹੇਠ ਜਾ ਖਲੋਤਾ। ਉਹ ਪਰਛਾਵਾਂ ਅਲੋਪ ਹੋ ਗਿਆ ਸੀ। ਕੁਆਰਟਰਾਂ ਦੀ ਹੱਦ ਵਿਚ ਪੈਰ ਧਰਿਆ ਤਾਂ ਅਚਾਨਕ ਜੈਕੀ ਭੌਂਕ ਕੇ ਪਿਆ, ਜਿਵੇਂ ਲੇਟ ਆਉਣ ਦਾ ਕਾਰਨ ਪੁੱਛ ਰਿਹਾ ਹੋਵੇ। ਜੈਕੀ ਦੀ ਆਵਾਜ਼ ਏਨੀ ਤਿੱਖੀ ਸੀ ਕਿ ਹਰਫਲ ਦੇ ਡਿੱਗ ਹੀ ਪਿਆ ਸੀ ਉਹ। ਚੂਲੇ ਉੱਤੇ ਕਰਾਰੀ ਸੱਟ ਵੱਜੀ...ਫੇਰ ਔਖਾ-ਸੁਖਾਲਾ ਉਠਿਆ ਤੇ ਆਪਣੇ ਸਰਕਾਰੀ ਕੁਆਟਰ ਵੱਲ ਤੁਰ ਪਿਆ। ਬਾਹਰਲਾ ਬੂਹਾ ਖੁੱਲ੍ਹਾ ਸੀ, ਹਰ ਵੇਲੇ ਖੁੱਲ੍ਹਾ ਹੀ ਰਹਿੰਦਾ ਸੀ। ਉਂਜ ਉਸ ਦੇ ਘਰ ਚੁਰਾਇਆ ਜਾ ਸਕਣ ਵਾਲਾ ਹੈ ਹੀ ਕੀ ਸੀ ? ਉਸ ਸੋਚਿਆ ਤੇ ਆਪਣੀ ਸੁੱਤੀ ਪਈ ਪਤਨੀ ਦੇ ਸਿਰਹਾਣੇ ਪਿਆ, ਨਿੰਮ੍ਹਾਂ-ਨਿੰਮ੍ਹਾਂ ਬਲ ਰਿਹਾ, ਹਰੀਕੇਨ ਲੈਂਪ ਚੁੱਕ ਕੇ ਕਰਾਹੁੰਦਾ ਹੋਇਆ ਸਟੋਰ ਵਿਚ ਚਲਾ ਗਿਆ ਤੇ ਮੁਸੱਲੇ (ਨਮਾਜ਼ ਕਰਨ ਵਾਸਤੇ ਵਿਛਾਇਆ ਹੋਇਆ ਆਸਨ) ਉੱਤੇ ਬੈਠ ਗਿਆ। ਇੱਥੇ ਉਹ ਇਬਾਦਤ ਕਰਦਾ ਹੁੰਦਾ ਸੀ ਤੇ ਰਾਤੀਂ ਸੌਂ ਵੀ ਜਾਂਦਾ ਸੀ। ਮੁਸੱਲੇ ਉੱਤੇ ਪਈ ਤਸਬੀਅ (ਮਾਲਾ) ਨੂੰ ਚੁੱਕ ਕੇ ਇਕ ਪਾਸੇ ਰੱਖ ਦਿਤਾ। ਅੱਜ ਉਹ ਬੜਾ ਉਦਾਸ ਸੀ। ਵਾਰੀ ਵਾਰੀ ਸਾਰੇ ਰਿਸ਼ਤੇਦਾਰ ਤੇ ਯਾਰ-ਮਿੱਤਰ ਚੇਤੇ ਆ ਰਹੇ ਸਨ...ਪਰ ਸੱਚਾ ਹਮਦਰਦ ਕੋਈ ਵੀ ਨਹੀਂ ਸੀ ਦਿਸ ਰਿਹਾ।
ਉਹ ਆਪਣੇ ਮੋਏ ਹੋਏ ਪਿਓ ਨੂੰ ਬੁਰਾ ਭਲਾ ਕਹਿਣ ਲੱਗਾ, ਜਿਸ ਨੇ ਹਮੇਸ਼ਾ ਉਸ ਦੀ ਮਰ ਚੁੱਕੀ ਮਾਂ ਤੇ ਉਸ ਨਾਲ ਮਾੜਾ ਸਲੂਕ ਕੀਤਾ ਸੀ। ਇਸ ਦੁਨੀਆਂ ਵਿਚ ਉਸ ਦੀ ਇਕ ਭੈਣ ਵੀ ਸੀ, ਜਿਹੜੀ ਆਪਦੇ ਘਰ ਮੌਜਾਂ ਮਾਣਦੀ ਸੀ, ਪਰ ਉਹਨਾਂ ਦੀ ਬਾਤ ਨਹੀਂ ਸੀ ਪੁੱਛਦੀ। ਉਸ ਦਿਨ ਪਿੱਛੋਂ ਤਾਂ ਉਸ ਨੇ ਉੱਕਾ ਹੀ ਅੱਖਾਂ ਫੇਰ ਲਈਆਂ ਸਨ, ਜਿਸ ਦਿਨ ਦਾ ਉਹ ਮੁਅੱਤਲ ਹੋਇਆ ਸੀ। ਉਹ ਚਾਹੁੰਦੀ ਤਾਂ ਉਸ ਦਾ ਭਾਰ ਵੰਡਾਅ ਸਕਦੀ ਸੀ¸ਉਸ ਦੀ ਕੁੜੀ ਦਾ ਰਿਸ਼ਤਾ ਆਪਣੇ ਮੁੰਡੇ ਲਈ ਲੈ ਜਾਂਦੀ¸ਪਰ ਉਹ ਤਾਂ ਹਮੇਸ਼ਾ ਉਸ ਦੀ ਜ਼ਿੰਦਗੀ 'ਤੇ ਤਬੁਸਰੇ ਈ ਕਰਦੀ ਰਹਿੰਦੀ ਏ। ਉਸ ਨੂੰ ਕੀ ਪਤਾ ਏ ਕਿ ਇਸ ਮਜ਼ਬੂਰ ਜ਼ਿੰਦਗੀ ਵਿਚ ਸਾਰੀ ਭੱਜ-ਨੱਠ ਮੈਂ ਆਪਣੇ ਬੱÎਚਿਆਂ ਖਾਤਰ ਹੀ ਕਰਦਾ ਪਿਆ ਵਾਂ। ਪਰ ਇਹ ਦੁਨੀਆਂ ਵਾਲੇ ਸਿਰਫ ਨਤੀਜੇ ਵਿੰਹਦੇ ਨੇ ਤੇ ਆਪੋ ਆਪਣੀ ਧਾਰਨਾ ਬਣਾ ਬਹਿੰਦੇ ਨੇ। ਉਸ ਨੇ ਹਊਕਾ ਜਿਹਾ ਭਰਿਆ ਤੇ ਨਾਲ ਵਾਲੇ ਕਮਰੇ ਵਿਚ ਝਾਤ ਮਾਰੀ...ਸਾਹਮਣੇ ਦੋ ਮੰਜਿਆਂ ਉੱਤੇ ਛੇ ਕੇਚੂਏ ਜਿਹੇ ਇਕ ਦੂਜੇ ਦੁਆਲੇ ਲੱਤਾਂ-ਬਾਹਾਂ ਦੀਆਂ ਕੁੰਡਲੀਆਂ ਮਾਰੀ ਸੁੱਤੇ ਹੋਏ ਸਨ, ਤੀਜੇ ਮੰਜੇ ਉੱਤੇ ਸਿਰਫ ਉਸ ਦੀ ਪਤਨੀ ਦਾ ਉਭਰਿਆ ਹੋਇਆ ਢਿੱਡ ਹੀ ਦਿਸ ਰਿਹਾ ਸੀ। ਜਾਪਦਾ ਸੀ, ਉਸ ਦੇ ਸਰੀਰ ਦਾ ਸਾਰਾ ਮਾਸ ਖੁਰ-ਖੁਰ ਕੇ ਉਸ ਦੇ ਢਿੱਡ ਵਿਚ ਇਕੱਠਾ ਹੋ ਗਿਆ ਹੈ। ਛੀਏ ਬਾਲ ਨਾ ਜਿਉਂਦਿਆਂ ਵਿਚ ਸਨ, ਨਾ ਮੋਇਆਂ ਵਿਚ...ਉਹ ਵੀ ਜਿਵੇਂ ਚਿਰਾਗਦੀਨ ਦੇ 'ਕੁੰਬੇ-ਅਜਨੀ' (ਮੇਰਾ ਹੁਕਮ ਹੈ, ਜਿਊਂ ਪਵੋ) ਦੀ ਉਡੀਕ ਵਿਚ ਸਨ...ਤੇ ਉਹ ਆਪ 'ਕੁੰਬੇ-ਅਜਨੀ' ਦੇ ਸ਼ਬਦਾਂ ਨੂੰ ਸਾਕਾਰ ਕਰਦਾ ਹੋਇਆ ਕਿੱਥੇ ਦਾ ਕਿੱਥੇ ਪਹੁੰਚ ਗਿਆ ਸੀ।
...ਮਾਯੂਸ ਤੇ ਹਸਰਤ ਭਰੀਆਂ ਨਜ਼ਰਾਂ ਵਾਪਸ ਆ ਕੇ ਸਾਹਮਣੀ ਅਲਮਾਰੀ ਉੱਤੇ ਟਿਕ ਗਈਆਂ...ਜਿਸ ਨੂੰ ਅੱਜ ਤੱਕ ਬੂਹੇ ਨਹੀਂ ਸਨ ਲੱਗ ਸਕੇ। ਅਲਮਾਰੀ ਦੇ ਹੇਠਲੇ ਖਾਨੇ ਵਿਚ ਨਸ਼ਾਦਰ, ਬੀਰ-ਬਹੂਟੀਆਂ ਦਾ ਤੇਲ, ਇਟਸਿਟ ਦੇ ਪੱਤੇ (ਜਿਹੜੇ ਹੁਣ ਸੁੱਕ ਚੁੱਕੇ ਸਨ), ਕਈ ਹੋਰ ਜੜਾਂ-ਬੂਟੀਆਂ ਤੇ ਤਾਂਬੇ ਦਾ ਇਕ ਟੁਕੜਾ ਪਿਆ ਹੋਇਆ ਸੀ। ਉਹ ਟੁਕੜਾ ਕਿਤੋਂ ਕਾਲਾ, ਕਿਤੋਂ ਸੁਨਹਿਰੀ ਤੇ ਕਿਤੋਂ ਸਾਫ ਸੀ। ਤਾਂਬੇ ਦੇ ਇਸ ਟੁਕੜੇ ਨੂੰ ਪੀਸੀਆਂ ਮਿਰਚਾਂ ਵਿਚ ਲਪੇਟ ਕੇ ਪੂਰੇ ਚਾਲੀ ਵਾਰ ਗੋਹਿਆਂ ਦੀ ਅੱਗ ਵਿਚ ਤਾਪਿਆ ਸੀ ਉਸ ਨੇ, ਤੇ ਏਨੀ ਵਾਰੀ ਹੀ ਗਊ ਦੇ ਦੁੱਧ ਦੀ ਖੱਟੀ ਲੱਸੀ ਵਿਚ ਠੰਡਾ ਕੀਤਾ ਸੀ। ਫੇਰ ਇਕ ਕੁਠਾਲੀ ਵਿਚ ਉਸ ਨਾਲ ਆਪਣੀ ਪਤਨੀ ਦੀਆਂ, ਅੱਧੇ ਤੋਲੇ ਸੋਨੇ ਦੀਆਂ, ਵਾਲੀਆਂ ਰੱਖ ਕੇ ਬੜੀ ਮੁਸ਼ਕਿਲ ਨਾਲ ਪ੍ਰਾਪਤ ਕੀਤੇ ਫਾਰਮੂਲੇ ਅਨੁਸਾਰ ਨਸ਼ਾਦਰ, ਬੀਰ-ਬਹੂਟੀਆਂ ਦਾ ਤੇਲ ਤੇ ਹੋਰ ਜੜਾਂ-ਬੂਟੀਆਂ ਪਾ ਕੇ ਲਿਖੀ ਹੋਈ ਵਿਧੀ ਅਨੁਸਾਰ ਗੋਹਿਆਂ ਦੀ ਅੱਗ ਦੇ ਦਿੱਤੀ ਸੀ¸ਪਰ ਸੋਨਾ ਨਹੀਂ ਸੀ ਬਣ ਸਕਿਆ, ਬਲਿਕੇ ਤਾਂਬੇ ਦੀ ਅਸਲੀਅਤ ਵੀ ਗਵਾਚ ਗਈ ਸੀ। ਉਦੋਂ ਚਿਰਾਗਦੀਨ ਦੇ ਉਸਤਾਦ ਨੇ ਕਿਹਾ ਸੀ ਕਿ ਇਕ ਤਾਂ ਤਾਂਬਾ ਸ਼ੁੱਧ ਨਹੀਂ ਸੀ ਤੇ ਦੂਜਾ ਅੱਗ ਘੱਟ ਰਹਿ ਗਈ ਸੀ।...ਤੇ ਪਿਛਲੀ ਵਾਰੀ ਤਾਂਬੇ ਦਾ ਟੁਕੜਾ ਉਸ ਦੀ ਪਤਨੀ ਦੀ ਅਗੂੰਠੀ ਹੜਪ ਗਿਆ ਸੀ ਕਿਉਂਕਿ ਅੱਗ ਜ਼ਿਆਦਾ ਦੇ ਦਿੱਤੀ ਗਈ ਸੀ...ਤੇ ਤਾਂਬੇ ਦੇ ਅਸ਼ੁੱਧ ਹੋਣ ਦਾ ਭੇਦ ਤਾਂ ਦੂਜੀ ਵਾਰੀ ਖੁੱਲ੍ਹਿਆ ਸੀ। ਤੇ ਫੇਰ ਸ਼ੁੱਧ ਤਾਂਬੇ ਦਾ ਇਕ ਟੁਕੜਾ ਪ੍ਰਾਪਤ ਕਰਨ ਖਾਤਰ ਲੋਕੋ ਸ਼ੈਡ ਵਿਚ ਉਸ ਉੱਤੇ ਚੋਰੀ ਦਾ ਇਲਜ਼ਾਮ ਲੱਗ ਗਿਆ ਸੀ ਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਕੀ ਬਣੇਗਾ? ਪਤਨੀ ਤੇ ਬੱÎÎਚਿਆਂ ਨੂੰ ਲੈ ਕੇ ਕਿੱਥੇ ਜਾਵਾਂਗਾ? ਜੀ.ਪੀ. ਫੰਡ ਦੇ ਹਜ਼ਾਰ ਦੋ ਹਜ਼ਾਰ ਰੁਪਿਆਂ ਨਾਲ ਤਾਂ ਕਰਜੇ ਵੀ ਨਹੀਂ ਸੀ ਲੱਥਣੇ। ਕਿੰਨਾ ਚੰਗਾ ਹੁੰਦਾ ਜੇ ਮੈਂ ਵੀ ਸੈਦੇ ਵਾਂਗ ਕੋਈ ਵੱਡਾ ਡਾਕਾ ਮਾਰਦਾ?...ਉਸ ਨੇ ਡਾਕੇ ਮਾਰ-ਮਾਰ ਕੇ ਹੀ ਆਪਣੀਆਂ ਦੋਵਾਂ ਭੈਣਾ ਦੇ ਵਿਆਹ ਕਰ ਦਿੱਤੇ ਸਨ ਤੇ ਠਾਠ ਦੀ ਜ਼ਿੰਦਗੀ ਬਿਤਾਈ ਸੀ। ਮਰਨਾ ਤਾਂ ਹਰੇਕ ਨੇ ਹੀ ਹੈ¸ਕੀ ਫਰਕ ਪੈ ਜਾਣਾ ਸੀ ਜੇ ਮੈਂ ਵੀ ਕਿਸੇ ਪੁਲਸ ਮੁਕਾਬਲੇ ਵਿਚ ਮਾਰਿਆ ਜਾਂਦਾ? ਤਾਂਬਾ ਚੋਰ ਕਹਾਉਣ ਨਾਲੋਂ ਤਾਂ ਹਾਫਿਜ਼ ਵਾਂਗ ਸਮਗਲਿੰਗ ਦਾ ਧੰਦਾ ਹੀ ਕਰ ਲੈਂਦਾ¸ਉਸ ਦੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹ ਲਿਖ ਕੇ ਅੱਜ ਇਸ ਸਭਿਅਕ ਸਮਾਜ ਦਾ ਅੰਗ ਬਣੇ ਹੋਏ ਨੇ। ਜਦ ਹਾਫਿਜ਼ ਮਰਿਆ ਸੀ, ਅੱÎÎਧਿਓਂ ਵੱਧ ਸ਼ਹਿਰ ਉਸ ਦੇ ਜਨਾਜ਼ੇ ਨਾਲ ਗਿਆ ਸੀ¸ਮੇਰੀ ਲਾਸ਼ 'ਤੇ ਤਾਂ ਕਫ਼ਨ ਪਾਉਣ ਵੀ ਕਿਸੇ ਨਹੀਂ ਆਉਣਾ।
ਫੇਰ ਚਿਰਾਗ ਦੀਨ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੀ ਲਾਸ਼ ਦੇਖੀ, ਉਹ ਬਰੜਾਇਆ, “ਓ ਮੁਹੱਲੇਦਾਰੋ! ਜਿਊਂਦੇ ਦੀ ਤੁਸੀਂ ਮੇਰੀ ਬਾਤ ਨ੍ਹੀਂ ਪੁੱਛੀ, ਅੱਜ ਮੇਰੀ ਲਾਸ਼ ਲਈ ਕਫ਼ਨ ਦਾ ਬੰਦੋਬਸਤ ਕਰਨ ਡਹੇ ਓ, ਕਿਉਂ?” ਬੇਧਿਆਨੀ ਵਿਚ ਹੀ ਉਸ ਦੀਆਂ ਨਜ਼ਰਾਂ ਅਲਮਾਰੀ ਦੇ ਦੂਜੇ ਖਾਨੇ ਵਿਚ ਪਈ ਮਨੁੱਖੀ ਖੋਪੜੀ ਉੱਤੇ ਜਾ ਟਿਕੀਆਂ, ਜਿਹੜੀ ਹਨੇਰੇ ਵਿਚ ਕੁਝ ਵਧੇਰੇ ਹੀ ਖੌਫ਼ਨਾਕ ਲੱਗ ਰਹੀ ਸੀ¸ਇਕ ਵਾਰੀ ਚਿਰਾਗਦੀਨ ਨੇ ਹਨੇਰੀਆਂ ਰਾਤਾਂ ਵਿਚ ਇਕ ਕਬਰਸਤਾਨ ਵਿਚ ਦੀਵਾ ਬਾਲ ਕੇ ਉਸ ਖੋਪੜੀ ਉੱਤੇ ਵਜ਼ਾਇਫ (ਨਿਯਮ ਬੱਧ ਦੁਆ) ਪੜ੍ਹ-ਪੜ੍ਹ ਕੇ ਸੁਲੇਮਾਨੀ ਸੁਰਮਾ ਤਿਆਰ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਮੰਦੇ ਭਾਗਾਂ ਨੂੰ ਸੱਤਵੀਂ ਰਾਤ ਹਨੇਰੀ ਨੇ ਦੀਵਾ ਬੁਝਾਅ ਦਿੱਤਾ ਸੀ ਤੇ ਮੁੜ ਦੀਵਾ ਬਾਲਣ ਦੀ ਕੋਸ਼ਿਸ਼ ਵਿਚ ਉਸ ਦੇ ਆਪਣੇ ਦੁਆਲੇ ਖਿੱਚੀ ਹੋਈ ਕਾਰ ਟੁੱਟ ਗਈ ਸੀ, ਤੇ ਫੇਰ ਖੌਫ਼ਨਾਕ ਸ਼ਕਲਾਂ ਤੇ ਚੀਕਾਂ ਨੇ ਘਰ ਤਕ ਉਸ ਦਾ ਪਿੱਛਾ ਕੀਤਾ ਸੀ। ਦਰਵਾਜ਼ੇ ਦੀ ਖੜਖੜਾਹਟ ਸੁਣ ਕੇ ਉਹ ਫੇਰ ਸਹਿਮ ਗਿਆ, ਦਿਲ ਦੀ ਧੜਕਨ ਤੇਜ਼ ਹੋ ਗਈ, ਪੈਰ ਸੁੰਨ ਹੁੰਦੇ ਜਾਪੇ ਤੇ ਦਿਮਾਗ ਸਿਲ-ਪੱਥਰ ਹੋ ਗਿਆ।...ਰੂਹ ਨੇ ਦੇਹ ਦਾ ਸਾਥ ਛੱਡ ਦਿੱਤਾ¸ਇੰਜ ਮਹਿਸੂਸ ਹੋਇਆ ਜਿਵੇਂ ਉਸ ਦੀ ਰੂਹ ਬੜੀ ਤੇਜ਼ੀ ਨਾਲ ਹਨੇਰਿਆਂ ਵਿਚੋਂ ਲੰਘਦੀ, ਕਿਸੇ ਅਣਜਾਣ ਮੰਜ਼ਿਲ ਵਲ ਵਧੀ ਜਾ ਰਹੀ ਹੈ। ਇਕ ਲੰਮੇ ਸਫਰ ਤੋਂ ਬਾਅਦ ਉਹ ਰੂਹਾਂ ਦੀ ਦੁਨੀਆਂ ਵਿਚ ਪਹੁੰਚ ਗਿਆ ਹੈ। ਅਚਾਨਕ ਉਸ ਨੂੰ ਜਲ-ਤਰੰਗ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਵੱਲ ਪਰਤ ਕੇ ਦੇਖਿਆ¸ਸੈਦਾ ਆਪਣੇ ਖਾਸ ਅੰਦਾਜ਼ ਵਿਚ ਸੀਟੀ ਵਜਾਉਂਦਾ ਹੋਇਆ ਉਸ ਦੇ ਲਾਗਿਓਂ ਲੰਘਿਆ ਜਾ ਰਿਹਾ ਸੀ। ਉਸ ਨੇ ਉਸ ਨੂੰ ਬੁਲਾਉਣਾ ਚਾਹਿਆ, ਪਰ ਅਲਗੋਜਿਆਂ ਦੀ ਮਿੱਠੀ ਧੁਨ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ¸ਪੂਰੀ ਮਸਤੀ ਵਿਚ ਝੂੰਮਦਾ ਹੋਇਆ ਹਾਫਿਜ਼ ਦੇਖਦਿਆਂ ਹੀ ਦੇਖਦਿਆਂ ਅੱਖੋਂ ਓਹਲੇ ਹੋ ਗਿਆ। ਉਹ ਜ਼ਰਾ ਹੋਰ ਅੱਗੇ ਵਧਿਆ ਤਾਂ ਇਕ ਰੂਹ ਕਰਾਹੁੰਦੀ ਹੋਈ ਨਜ਼ਰ ਆਈ¸ਇਹ ਕਰਮੂ ਗੁੱਜਰ ਸੀ, ਜਿਸ ਨੇ ਹਾਲਾਤ ਤੋਂ ਤੰਗ ਆ ਕੇ ਖੁਦਕਸ਼ੀ ਕਰ ਲਈ ਸੀ। ਕੁਝ ਫਾਸਲੇ 'ਤੇ ਸ਼ੈਤਾਨੀ ਸੂਰਤ ਵਾਲਾ ਅਬਦੁੱਲਾ ਖੜ੍ਹਾ ਦਿਸਿਆ¸ਜਿਸ ਨੂੰ ਮੁਨਸ਼ੀ ਜੀ ਨੇ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਉਹਨਾਂ ਦੀ ਧੀ ਅਗਵਾਹ ਕਰ ਲਈ ਸੀ।...ਤੇ ਮੁਨਸ਼ੀ ਜੀ, ਪੂਰੇ ਹਿਰਖ ਨਾਲ ਉਸ ਉੱਤੇ ਬੁੱਕ ਕੇ ਅਗਾਂਹ ਲੰਘ ਗਏ। ਹੁਣ ਚਿਰਾਗ ਦੀਨ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਮਰ ਚੁੱਕਿਆ ਹੈ ਤੇ ਉਸ ਦੀ ਰੂਹ ਨੂੰ ਕੁਝ ਚਿਰ ਲਈ ਦੁਨੀਆਂ ਦਾ ਚੱਕਰ ਲਾਉਣ ਦੀ ਇਜਾਜ਼ਤ ਮਿਲੀ ਹੋਈ ਹੈ। ਉਹ ਆਪਣੇ ਪਿਓ ਦੀ ਰੂਹ ਦਾ ਸਾਹਮਣਾ ਹੋਣ ਤੋਂ ਪਹਿਲਾਂ ਹੀ ਇੱਥੋਂ ਖਿਸਕ ਜਾਣਾ ਚਾਹੁੰਦਾ ਸੀ।
ਅਚਾਨਕ ਉਸ ਨੂੰ ਇਸ ਮਾਹੌਲ ਵਿਚ ਇੰਜ ਮਹਿਸੂਸ ਹੋਇਆ ਜਿਵੇਂ ਉਹ ਵਾਪਸ ਜਾ ਰਿਹਾ ਹੋਵੇ। ਧਰਤੀ ਦੀ ਖਿੱਚ ਵਿਚ ਵਾਪਸ ਆਉਣ ਸਾਰ ਉਸ ਨੂੰ ਅੰਤਾਂ ਦੀ ਭੁੱਖ ਲੱਗੀ ਮਹਿਸੂਸ ਹੋਈ। ਉਹ ਦਰਗਾਹ ਦੇ ਤਬਰਕ ਖਾਨੇ (ਲੰਗਰ ਘਰ) ਵਿਚ ਚਲਾ ਗਿਆ। ਤਬਰਕ ਖਾਨੇ ਵਿਚੋਂ ਉਹ ਹਰ ਰੋਜ਼ ਆਪਣੀ ਪਤਨੀ ਤੇ ਬੱÎÎਚਿਆਂ ਲਈ ਖਾਣਾ ਲਿਜਾਂਦਾ ਹੁੰਦਾ ਸੀ।
ਜੁਮੇਂ ਰਾਤ ਦਾ ਦਿਨ ਸੀ। ਪਲਾਅ ਦੀਆਂ ਦੇਗਾਂ ਧੜਾ-ਧੜ ਆ ਰਹੀਆਂ ਸਨ। ਦੋ ਸੇਵਾਦਾਰ ਬਿਲਕੁਲ ਮਸ਼ੀਨੀ ਢੰਗ ਨਾਲ ਚਾਵਲਾਂ ਵਿਚੋਂ ਮੀਟ ਦੀਆਂ ਬੋਟੀਆਂ ਵੱਖ ਕਰ ਰਹੇ ਸਨ ਤੇ ਸਾਦੇ ਚਾਵਲ ਬਾਹਰ ਲੋਕਾਂ ਵਿਚ ਵਰਤਾਉਣ ਲਈ ਭੇਜ ਰਹੇ ਸਨ। ਚਿਰਾਗ ਦੀਨ ਨੇ ਲਲਕਰਾ ਜਿਹਾ ਮਾਰਿਆ, “ਇਹ ਕੀ ਕਰਨ ਡਹੇ ਓ ਓਇ...ਤਬਰਕ ਵਿਚ ਵੀ ਹੇਰਾ-ਫੇਰੀ?” ਪਰ ਕਿਸੇ ਨੇ ਉਸ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਇਕ ਸੇਵਾਦਾਰ ਮੀਟ ਦੀ ਭਰੀ ਹੋਈ ਬਾਲਟੀ ਪਤਾ ਨਹੀਂ ਕਿੱਧਰ ਲੈ ਗਿਆ ਸੀ। ਚਿਰਾਗਦੀਨ ਗੁੱਸੇ ਨਾਲ ਭਰਿਆ ਪੀਤਾ ਬਾਹਰ ਆਇਆ ਤੇ ਮੈਨੇਜਰ ਦੇ ਕਮਰੇ ਵੱਲ ਤੁਰ ਪਿਆ ਤਾਂਕਿ ਉਹਨਾਂ ਦੀ ਸ਼ਿਕਾਇਤ ਕੀਤੀ ਜਾ ਸਕੇ। ਉੱਥੋਂ ਪਤਾ ਲੱਗਿਆ ਕਿ ਮੈਨੇਜਰ ਸਾਹਿਬ ਉਪਰ ਖਜਾਨਾ ਗਿਣਨ ਗਏ ਹੋਏ ਨੇ। ਉਪਰ ਜਾ ਕੇ ਚਿਰਾਗਦੀਨ ਨੇ ਦੇਖਿਆ ਕਿ ਵੱਡੇ ਨੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ, ਸਿਰਫ ਇਕ ਇਕ ਦੇ ਨੋਟਾਂ ਦੀਆਂ ਗੁੱਟੀਆਂ ਗਿਣੀਆਂ ਜਾ ਰਹੀਆਂ ਸਨ¸ਉਹਨਾਂ ਦਾ ਜੋੜ ਇੱਕੀ ਹਜ਼ਾਰ ਬਣਿਆਂ। ਅਮਲੇ ਦੇ ਇਕ ਆਦਮੀ ਨੇ ਹੱਥ ਵਿਚ ਫੜੇ ਕਾਗਜ਼ ਉੱਤੇ ਇੱਕੀ ਹਜ਼ਾਰ ਲਿਖ ਲਿਆ। ਜਦ ਗਿਣਤੀ ਕਰਨ ਵਾਲੇ ਗੁਟੀਆਂ ਸਮੇਟ ਕੇ ਵਾਪਸ ਜਾਣ ਲੱਗੇ ਤਾਂ ਚਿਰਾਗਦੀਨ ਬੋਲਿਆ, “ਸਾਹਬ ਜੀ, ਤਬਰਕ ਖਾਨੇ ਵਿਚ ਹੇਰਾ ਫੇਰੀ ਹੋਣ ਡਈ ਏ।” ਪਰ ਉਹ ਬਗ਼ੈਰ ਕੋਈ ਉੱਤਰ ਦਿੱਤੇ ਆਪਣੇ ਦਫ਼ਤਰ ਵਿਚ ਆ ਗਏ ਤੇ ਰਜਿਸਟਰ ਵਿਚ ਕੈਸ਼ ਦਾ ਲੇਖਾ-ਜੋਖਾ ਦਰਜ ਕਰਨ ਲੱਗੇ। ਉਦੋਂ ਚਿਰਾਗਦੀਨ ਹੈਰਾਨ ਹੀ ਰਹਿ ਗਿਆ ਜਦੋਂ ਉਹਨਾਂ ਇੱਕ ਇੱਕ ਦੇ ਨੋਟਾਂ ਵਾਲੇ ਖਾਨੇ ਵਿਚ ਗਿਆਰਾਂ ਹਜ਼ਾਰ ਦੀ ਰਕਮ ਭਰੀ¸“ਓਇ ਤੇਰਾ ਬੇੜਾ ਗਰਕ ਹੋਏ, ਅਹਿ ਕੀ ਕਰਨ ਡਿਹੈਂ ਤੂੰ?” ਚਿਰਾਗਦੀਨ ਕੂਕਿਆ ਪਰ ਮੈਨੇਜਰ ਦੇ ਕੰਨ 'ਤੇ ਜੂੰ ਨਾ ਸਰਕੀ। ਗਵਾਹ ਨੇ ਰਜਿਸਟਰ ਉੱਤੇ ਆਪਣੇ ਪੂਰੇ ਦਸਤਖ਼ਤ ਕਰ ਦਿੱਤੇ। ਬੈਂਕ ਮੁਲਾਜ਼ਮ ਨੇ ਸਾਰੇ ਨੋਟ ਇਕ ਥੈਲੇ ਵਿਚ ਪਾਏ ਤੇ ਬੈਂਕ ਵੱਲ ਰਵਾਨਾ ਹੋ ਗਿਆ। ਚਿਰਾਗਦੀਨ ਨੇ ਦੇਖਿਆ ਕਿ ਬੈਂਕ ਵੋਚਰ ਵਿਚ ਵੀ ਅਸਲ ਨਾਲੋਂ ਦਸ ਹਜ਼ਾਰ ਘੱਟ ਰਾਸ਼ੀ ਭਰੀ ਗਈ ਸੀ। ਹੇਠਾਂ ਬੈਂਕ ਦੇ ਨੁਮਾਇੰਦੇ ਨੇ ਆਪਣੇ ਦਸਤਖ਼ਤ ਕਰ ਦਿੱਤੇ ਸਨ। ਚਿਰਾਗਦੀਨ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਇਹ ਸਭ ਹੋ ਕੀ ਰਿਹਾ ਸੀ? ਬੈਂਕ ਵਾਲਾ ਕਿਉਂ ਚੁੱਪਚਾਪ ਤੁਰ ਗਿਆ ਸੀ?
ਉਹ ਫੌਰਨ ਬੈਂਕ ਮੈਨੇਜਰ ਦੇ ਕਮਰੇ ਵਿਚ ਪਹੁੰਚਿਆ ਤੇ ਉੱਚੀ ਆਵਾਜ਼ ਵਿਚ ਸਾਰੀ ਗੱਲ ਦੱਸ ਦਿੱਤੀ। ਪਰ ਉਹਨਾਂ ਵੀ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ, ਮੌਜ ਨਾਲ ਕੁਰਸੀ ਦੀ ਢੋਅ ਨਾਲ ਢੋਅ ਲਾਈ ਸਿਗਰੇਟ ਦੇ ਸੂਟੇ ਖਿੱਚਦੇ ਰਹੇ...ਜਿਵੇਂ ਕਿਸੇ ਨੂੰ ਉਡੀਕ ਰਹੇ ਹੋਣ। ਉਦੋਂ ਹੀ ਉਹ ਮੁਲਾਜ਼ਮ ਵੀ ਕਮਰੇ ਵਿਚ ਆਣ ਵੜਿਆ। ਮੈਨੇਜ਼ਰ ਹੁਰਾਂ ਦੇ ਚਿਹਰੇ ਉੱਤੇ ਇਕ ਮੁਸਕਰਾਹਟ ਪਸਰ ਗਈ। ਬੈਂਕ ਮੁਲਾਜ਼ਮ ਨੇ ਪਿੱਛਲੀ ਗਿਣਤੀ ਦਾ ਹਿਸਾਬ ਦੱਸਦਿਆਂ ਕਿਹਾ, “ਹਜ਼ੂਰ ਆਪਣਾ ਦਸ ਪ੍ਰਸੈਂਟ ਕੱਟਣ ਤੋਂ ਬਾਅਦ ਪੂਰੇ ਨੌਂ ਹਜ਼ਾਰ ਰੁਪਏ ਤੁਹਾਡੇ ਬਣਦੇ ਨੇ।” ਤੇ ਇੰਜ ਕਹਿ ਕੇ ਉਸ ਨੇ ਨੋਟਾਂ ਦਾ ਇਕ ਬੰਡਲ ਉਸ ਨੂੰ ਭੇਂਟ ਕਰ ਦਿੱਤਾ ਸੀ। ਮੈਨੇਜ਼ਰ ਨੇ ਮੁਲਾਜ਼ਮ ਦੀ ਫਰਮਾਇਸ਼ ਪੂਰੀ ਕਰਨ ਖਾਤਰ ਇਕ ਕੀਮਤੀ ਚਾਦਰ ਲਿਫਾਫੇ ਵਿਚ ਪਾ ਕੇ ਉਸ ਨੂੰ ਭੇਂਟ ਕੀਤੀ। ਚੀਕ ਚੀਕ ਕੇ ਚਿਰਾਗਦੀਨ ਦਾ ਗਲਾ ਹੀ ਬੈਠ ਗਿਆ¸ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਨੇ ਸੁਲੇਮਾਨੀ ਸੁਰਮਾ ਪਾਇਆ ਹੋਇਆ ਹੈ, ਜਿਸ ਕਰਕੇ ਉਹ ਤਾਂ ਸਾਰਿਆਂ ਨੂੰ ਦੇਖ ਰਿਹਾ ਹੈ ਪਰ ਆਪ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਿਹਾ। ਪਰ...ਪਰ ਇਹ ਲੋਕ ਉਸ ਦੀ ਆਵਾਜ਼ ਕਿਉਂ ਨਹੀਂ ਸੁਣ ਰਹੇ? ਕੀ ਦਰਬਾਰ ਵਿਚ ਕੰਮ ਕਰਨ ਵਾਲੇ ਹਰੇਕ ਆਦਮੀ ਦੇ ਦਿਲ, ਅੱਖਾਂ ਤੇ ਕੰਨਾਂ ਉੱਤੇ ਸੀਲਾਂ ਲੱਗੀਆਂ ਹੋਈਆਂ ਨੇ?
ਦਰਬਾਰ ਦੇ ਖਜਾਨੇ ਵਿਚ ਸ਼ਰਧਾ ਨਾਲ ਪਾਈ ਰਕਮ ਨੂੰ ਖੁਰਦ-ਬੂਰਦ ਹੁੰਦਿਆਂ ਦੇਖ ਕੇ ਉਸ ਨੂੰ ਆਪਣੀ ਜੀ.ਪੀ.ਐਫ ਚੈਤੇ ਆ ਗਈ¸ਦੂਜੇ ਪਲ ਚਿਰਾਗਦੀਨ ਦੀ ਬੇਕਰਾਰ ਰੂਹ ਸਬੰਧਤ ਦਫ਼ਤਰ ਵਿਚ ਸੀ। ਦੌਲਤ ਅਲੀ ਕਲਰਕ ਕਿਸੇ ਆਦਮੀ ਨੂੰ ਕਹਿ ਰਿਹਾ ਸੀ, “ਜੇ ਉਹ ਦੋ ਸੌ ਰੁਪਏ ਖਰਚ ਕਰ ਸਕਦੀ ਹੋਏ ਤਾਂ ਸਾਰੇ ਕਾਗਜ਼ਾਤ ਮੁਕੰਮਲ ਕਰਕੇ ਰਹਿਮਤ ਅਲੀ ਦੀ ਵਿਧਵਾ ਨੂੰ ਸਹਾਇਤਾ ਦੀ ਰਕਮ ਇੱਕੋ ਦਿਨ ਵਿਚ ਮਿਲ ਸਕਦੀ ਹੈ।”...“ਲਾਹਨਤ ਹੈ ਤੁਹਾਡੇ ਜੰਮਣ 'ਤੇ ਓਇ...ਮੁਰਦਿਆਂ ਦਾ ਮਾਲ ਖਾਣੋ ਵੀ ਨਹੀਂ ਟਲਦੇ।” ਪਰ ਚਿਰਾਗਦੀਨ ਦੇ ਇਹ ਸ਼ਬਦ ਵੀ ਦੌਲਤ ਅਲੀ ਦੇ ਕੰਨਾਂ ਤਕ ਨਹੀਂ ਸਨ ਪਹੁੰਚ ਸਕੇ।
ਚੀਕਦੀ-ਕੂਕਦੀ ਰੂਹ ਨਾਲ ਚਿਰਾਗਦੀਨ ਹੋਰ ਰੂਹਾਂ ਦੀ ਦੁਨੀਆਂ ਵਿਚ ਪਰਤ ਆਇਆ¸ਪਰ ਇਕ ਦੱਬਵੀਂ ਜਿਹੀ ਇੱਛਾ ਹੁਣ ਵੀ ਉਸ ਦੇ ਅੰਦਰ ਬਾਕੀ ਸੀ, 'ਕਾਸ਼! ਇਕ ਵਾਰੀ ਫੇਰ ਜ਼ਿੰਦਗੀ ਵਿਚ ਜਾਏ ਤੇ ਉਹ ਹਰੇਕ ਗ਼ਲਤ ਰਵਾਇਤ ਤੇ ਗ਼ਲਤ ਕੰਮ ਦੇ ਖ਼ਿਲਾਫ਼ ਡਟ ਕੇ ਖਲੋ ਸਕੇ।' ਅਚਾਨਕ ਕਿਸੇ ਗੈਬੀ ਤਾਕਤ ਨੇ ਉਸ ਦੀ ਦੁਆ ਕਬੂਲ ਕਰ ਲਈ ਤੇ ਉਹ ਬੜੀ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗਾ। ਬੜੀ ਘਬਰਾਹਟ ਜਿਹੀ ਮਹਿਸੂਸ ਹੋਈ ਤੇ ਚਿਰਾਗਦੀਨ ਦੀ ਰੂਹ ਮੁੜ ਉਸ ਦੇ ਮੁਰਦਾ ਸਰੀਰ ਵਿਚ ਪ੍ਰਵੇਸ਼ ਕਰ ਗਈ¸ਚੂਲੇ ਦਾ ਦਰਦ ਜਾਗ ਪਿਆ ਤੇ ਉਹ ਉਠ ਕੇ ਬੈਠ ਗਿਆ।
ਹੈਰਾਨ ਹੋ ਕੇ ਨਾਲ ਵਾਲੇ ਕਮਰੇ ਵੱਲ ਦੇਖਿਆ, ਦੋ ਮੰਜੀਆਂ ਉੱਤੇ ਛੇ ਕੇਚੂਏ ਓਵੇਂ ਦੀ ਜਿਵੇਂ ਸੁੱਤੇ ਹੋਏ ਸਨ, ਪਤਨੀ ਦੇ ਸਰੀਰ ਦਾ ਕੁਝ ਹੋਰ ਮਾਸ ਉਸ ਦੇ ਢਿੱਡ ਵਿਚ ਪਹੁੰਚ ਚੁੱਕਿਆ ਸੀ...ਪਰ ਅਲਮਾਰੀ ਦੇ ਵਿਚਕਾਰਲੇ ਖਾਨੇ ਵਿਚ ਪਈ ਮਨੁੱਖੀ ਖੋਪੜੀ ਵਿਚ ਕੋਈ ਤਬਦੀਲੀ ਨਜ਼ਰ ਨਹੀਂ ਸੀ ਆਈ।
ਤੇ ਫੇਰ, ਫੇਰ ਚਿਰਾਗਦੀਨ ਨੇ ਕਾਹਲ ਨਾਲ ਤਸਬੀਅ ਚੁੱਕ ਲਈ ਸੀ ਤੇ ਕਾਹਲੀ-ਕਾਹਲੀ ਫੇਰਨ ਲੱਗ ਪਿਆ ਸੀ।
੦੦੦ ੦੦੦ ੦੦੦

Saturday, May 22, 2010

ਗੇ–––:: ਅਲੀ ਅਮਾਮ ਨਕਵੀ

ਉਰਦੂ ਕਹਾਣੀ : ਗੇ–––:: ਅਲੀ ਅਮਾਮ ਨਕਵੀ
ਅਨੁਵਾਦ : ਮਹਿੰਦਰ ਬੇਦੀ ਜੈਤੋ...9417730600.


ਇਹ ਸਾਡੇ ਪੁੱਤਰ ਦਾ ਜਵਾਬ ਨਹੀਂ ਸੀ, ਕੋਈ ਬਦਲ ਪਾਟਿਆ ਸੀ। ਸਾਡੇ ਦਿਲਾਂ ਉੱਤੇ ਭਿਆਨਕ ਬਿਜਲੀ ਡਿੱਗੀ ਸੀ! ਜ਼ਿੰਦਗੀ ਵਿਚ ਕਈ ਵਾਰੀ ਉਹਨੂੰ ਚਮਕਦਿਆਂ-ਕੜਕਦਿਆਂ ਵੇਖਿਆ ਸੀ, ਪਰ ਸਵਾਲੀਆ ਨਿਸ਼ਾਨ ਬਣ ਕੇ ਅੱਜ ਪਹਿਲੀ ਵਾਰੀ ਉਹ ਸਾਡੇ ਸਾਹਮਣੇ ਆਈ ਹੈ। ਬਿਜਲੀ ਡਿੱਗੀ ਹੈ, ਬਾਹਰੋਂ ਵੇਖਣ ਨੂੰ ਕੋਈ ਨੁਕਸਾਨ ਵੀ ਨਹੀਂ ਹੋਇਆ...ਪਰ, ਇਸਦੀ ਸ਼ੰਕਾ ਜ਼ਰੂਰ ਹੈ, ਉਂਜ ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਡੇ ਵਿਚੋਂ ਕੋਈ ਵੀ ਪ੍ਰਭਾਵਿਤ ਨਾ ਹੋਵੇ।
ਅਸੀਂ ਹਾਂ ਵੀ ਕਿੰਨੇ ਕੁ ਜੀਅ?...ਮੈਂ ਹਾਂ, ਇਹ ਹੈ, ਸਾਡਾ ਬੇਟਾ ਤੇ ਬਹੂ ਨੇ। ਮੈਂ ਸ਼ੈਸ਼ਨ ਕੋਰਟ ਵਿਚ ਜੱਜ ਹਾਂ ਤੇ ਮੇਰੀ ਸ਼੍ਰੀਮਤੀ ਫੈਮਿਲੀ ਕੋਰਟ ਦੀ ਇਨਸਾਫ਼ ਦੀ ਕੁਰਸੀ ਉੱਤੇ ਬੈਠਦੀ ਹੈ। ਉਹਨਾਂ ਦੀ ਅਦਾਲਤ ਵਿਚ ਇਸੇ ਕਿਸਮ ਦੇ ਮੁਕੱਦਮੇਂ ਆਉਂਦੇ ਨੇ। ਕੋਈ ਕੇਸ ਵਧੇਰੇ ਹੀ ਉਲਝ ਜਾਵੇ ਤਾਂ ਮੇਰੀ ਅਦਾਲਤ ਤੀਕ ਆਣ ਪਹੁੰਚਦਾ ਹੈ, ਪਰ ਏਥੇ ਤਾਂ ਕੋਈ ਅਦਾਲਤ ਨਹੀਂ। ਮਾਂ, ਬਾਪ, ਬੇਟਾ ਤੇ ਬਹੂ...ਜੋ ਕੁਝ ਵੀ ਮੇਰੇ ਸਾਹਮਣੇ ਆਇਆ, ਮੇਰੀ ਪਤਨੀ ਯਾਨੀ ਫੈਮਿਲੀ ਕੋਰਟ ਦੀ ਜੱਜ ਨੇ ਬਿਆਨ ਕੀਤਾ-ਸਾਰੀਆਂ ਗੱਲਾਂ ਸੁਣ ਕੇ ਮੈਂ ਚੁੱਪ ਜਿਹਾ ਹੋ ਗਿਆ ਤੇ ਉਹ ਵੀ ਬਹੁਤਾ ਨਹੀਂ ਬੋਲੀ। ਬਸ, ਸਾਡੀਆਂ ਅੱਖਾਂ ਤੇ ਉਂਗਲੀਆਂ ਬੋਲਣ ਲੱਗ ਪਈਆਂ। ਦਿਲ–ਦਿਮਾਗ ਕਾਨੂੰਨੀ ਤੇ ਸਮਾਜੀ ਨੁਕਤਿਆਂ ਦੀ ਵਾਦੀ ਵਿਚ ਭਟਕਣ ਲੱਗੇ ਤੇ ਘਰ ਵਿਚ ਚੁੱਪ ਨੇ ਪੈਰ ਪਸਾਰ ਲਏ।
ਉਂਜ ਵੀ ਅਸੀਂ ਦੋਹੇਂ ਗੱਲਾਂ ਬੜੀਆਂ ਘੱਟ ਕਰਦੇ ਹਾਂ। ਪਿੱਛਲੇ ਦਿਨੀਂ ਸਾਡੇ ਵਿਚਕਾਰ ਜ਼ਿਆਦਾ ਗੱਲਬਾਤ ਉਦੋਂ ਹੋਈ ਸੀ, ਜਦੋਂ ਸ਼ਾਹਬਾਨੋ ਦਾ ਮੁਕਦੱਮਾਂ ਅਦਾਲਤ ਵਿਚ ਘੱਟ ਤੇ ਕੋਰਟ–ਰੂਮ ਦੇ ਬਾਹਰ ਵਧੇਰੇ ਹੀ ਬੋਲਣ ਲੱÎਗ ਪਿਆ ਸੀ। ਬੈੱਡ–ਰੂਮ ਵਿਚ ਵੀ ਇਸ ਕੇਸ ਜਾਂ ਇਸ ਨਾਲ ਰਲਦੇ–ਮਿਲਦੇ ਮੁਕੱਦਮਿਆਂ ਦੀਆਂ ਖ਼ਬਰਾਂ ਹੀ ਸਾਡੀ ਗੱਲਬਾਤ ਦਾ ਸਬੱਬ ਬਣਦੀਆਂ ਸਨ...ਤੇ ਇਸ ਮੁਕੱਦਮੇਂ ਨੇ ਵੀ ਸਾਨੂੰ ਗੱਲਬਾਤ ਕਰਨ ਉੱਤੇ ਮਜ਼ਬੂਰ ਕਰ ਦਿੱਤਾ ਹੈ। ਅੱਜ ਉਹਨੂੰ ਪਿੱਕਅੱਪ ਕਰਨ, ਫੈਮਿਲੀ ਕੋਰਟ ਪਹੁੰਚਿਆ ਤਾਂ ਮੇਰੇ ਬਰਾਬਰ ਬੈਠਦਿਆਂ ਹੀ ਉਹਨੇ ਪੁੱÎਛਿਆ :
''ਕੀ ਸੋਚਿਆ ਫੇਰ...?''
''ਇਸ ਦਾ ਕੋਈ ਥਹੁ–ਸਿਰਾ ਨਹੀਂ ਮਿਲ ਰਿਹਾ ਕਿਤੇ।''
''ਫੇਰ ਕੀ ਹੋਏਗਾ?''
''ਤੁਸੀਂ ਆਪਣੀ ਕੰਮ ਵਾਲੀ ਨੂੰ ਟੋਹ ਕੇ ਦੇਖੋ, ਘਰ ਦੇ ਭੇਤ ਇਹਨਾਂ ਲੋਕਾਂ ਤੋਂ ਵੀ ਪਤਾ ਕੀਤੇ ਜਾ ਸਕਦੇ ਨੇ।''
''ਠੀਕ ਕਹਿ ਰਹੇ ਓ-ਪਰ ਇਹ ਭੇਤ ਘਰ ਦਾ ਨਹੀਂ, ਬੈੱਡ–ਰੂਮ ਦਾ ਏ।''
''ਜਾਣਦਾ ਆਂ, ਪਰ ਚੇਤੇ ਰਹੇ, ਘਰ ਸਾਡਾ ਏ ਤੇ ਬੈੱਡ–ਰੂਮ ਸਾਡੇ ਬੇਟੇ ਦਾ...ਤੇ ਕਥਿੱਤ ਦੋਸ਼ੀ ਉਸਦੀ ਵਾਈਫ਼।''
''ਜਾਣਦੀ ਆਂ, ਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਪਹਿਲੀ ਤਾਰੀਖ਼ ਉੱਤੇ ਪੇਸ਼ ਹੋਣ ਵਾਲੇ ਮੁਲਜ਼ਮ ਬਾਅਦ ਵਿਚ ਬੇਗੁਨਾਹ ਵੀ ਸਾਬਤ ਹੋ ਜਾਂਦੇ ਨੇ।''
''ਠੀਕ ਕਹਿ ਰਹੇ ਓ।''
''ਅਸੀਂ ਬੜੇ ਖ਼ਤਰਨਾਕ ਮੋੜ ਉਪਰ ਆ ਗਏ ਆਂ...ਮੁਦਈ ਸਾਡਾ ਸਪੂਤ ਏ।''
''ਅੱਜ ਮੈਂ ਵੀ ਇਸ ਪੱਖ ਉੱਤੇ ਗੌਰ ਕੀਤਾ ਸੀ...ਪਲ–ਛਿਣ ਲਈ ਇਹ ਖ਼ਿਆਲ ਦਿਮਾਗ ਵਿਚ ਆਇਆ, ਸਮੀਰ ਨੂੰ ਕਹਾਂ, ਇਸ ਪ੍ਰਾਬਲਮ ਨੂੰ ਫੈਮਿਲੀ–ਕੋਰਟ ਵਿਚ ਲੈ ਜਾਵੇ, ਪਰ ਇਸ ਖ਼ਿਆਲ ਦੇ ਆਉਂਦਿਆਂ ਈ ਛੇਵੀਂ ਗਿਆਨ ਇੰਦਰੀ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ...।''
''ਫੇਰ ਕੀ ਕੀਤਾ ਜਾਏ?''
''ਕਰਨ ਦਾ ਅਤੀਤ...?''
''ਕਲੀਨ ਏ, ਬਿਲਕੁਲ ਕਲੀਨ। ਇਸ ਦੀ ਗਵਾਹ ਖ਼ੁਦ ਮੈਂ ਆਂ ਤੇ ਇਹ ਨਾ ਭੁੱਲੋ ਕਿ ਕਰਨ ਮੇਰੀ ਪਸੰਦ ਤੇ ਮੇਰੀ ਹੀ ਸਹੇੜ ਵੀ ਏ।''
''ਏਸ ਮਸਲੇ 'ਤੇ ਉਸ ਨਾਲ ਗੱਲ ਕੀਤੀ?''
''ਤੁਹਾਨੂੰ ਇਹ ਦੱਸਣ ਦੀ ਲੋੜ ਏ ਕਿ ਸ਼ੀਸ਼ੇ ਵਿਚ ਤਰੇੜ ਪੈ ਜਾਏਗੀ...''
''ਤੇ ਕੀ ਤੁਹਾਨੂੰ ਇਹ ਦੱਸਣਾ ਜ਼ਰੂਰੀ ਏ ਕਿ ਤਰੇੜ ਤਾਂ ਪੈ ਈ ਚੁੱਕੀ ਏ...''
''ਮੈਂ ਪਹਿਲਾਂ ਵੀ ਕਹਿ ਚੁੱਕੀ ਆਂ, ਮਿਸਟਰ ਕੰਟਰਾਕਟਰ! ਅਸੀਂ ਬੜੇ ਨਾਜ਼ੁਕ ਤੇ ਖ਼ਤਰਨਾਕ ਮੋੜ ਉੱਤੇ ਆ ਗਏ ਆਂ।''
ਬੜਾ ਖ਼ਤਰਨਾਕ ਤੇ ਨਾਜ਼ੁਕ ਮੋੜ ਸੀ, ਜਦੋਂ ਮਿਸੇਜ ਕੰਟਰਾਕਟਰ ਨੇ ਮੈਨੂੰ ਮਿਸਟਰ ਕੰਟਰਾਕਟਰ ਕਹਿ ਕੇ ਸੰਬੋਧਤ ਕੀਤਾ ਸੀ। ਕਾਸਮੋ ਪੋਲਿਟਨ ਸਿਟੀ ਵਿਚ ਪਲ–ਪੜ੍ਹ ਕੇ ਜਵਾਨ ਹੋਣ ਵਾਲੇ ਅਸੀਂ ਦੋਹੇਂ ਪੁਰਾਣਿਆਂ ਵਿਚ ਰਹਿ ਕੇ ਵੀ ਪੁਰਾਣੇ ਨਾ ਹੋਣ ਦੇ ਬਾਵਜੂਦ ਏਨੇ ਨਵੇਂ ਵੀ ਨਹੀਂ ਸਾਂ ਕਿ ਇਕ ਦੂਜੇ ਦਾ ਨਾਂਅ ਲੈ ਕੇ ਬੁਲਾਈਏ। ਜ਼ਿੰਦਗੀ ਵਿਚ ਪਹਿਲੀ ਵੇਰ ਉਹਨਾਂ ਮੈਨੂੰ ਨਾਂਅ ਲੈ ਕੇ ਬੁਲਾਇਆ ਸੀ...ਪਤਾ ਨਹੀਂ ਕਿਉਂ ਚੰਗਾ ਨਾ ਲੱਗਣ ਦੇ ਬਾਵਜੂਦ, ਉਹਨਾਂ ਦੇ ਇਸ ਗੱਲਬਾਤ ਕਰਨ ਦੇ ਢੰਗ ਦਾ ਬੁਰਾ ਨਹੀਂ ਸੀ ਮੰਨਿਆਂ ਮੈਂ। ਕੁਝ ਚਿਰ ਚੋਰ ਅੱਖਾਂ ਨਾਲ ਦੇਖਦੇ ਰਹਿਣ ਦੇ ਪਿੱਛੋਂ ਉਹਨਾਂ ਕੁਝ ਇਸ ਤਰ੍ਹਾਂ ਪਾਸਾ ਬਦਲਿਆ ਕਿ ਉਹਨਾਂ ਦਾ ਚਿਹਰਾ ਖੱਬੇ ਪਾਸੇ ਵੱਲ ਭੌਂ ਗਿਆ। ਘਰ ਪਹੁੰਚ ਕੇ ਫ਼ਰੈੱਸ਼ ਹੋਣ ਪਿੱਛੋਂ ਜਦੋਂ ਅਸੀਂ ਸੋਫੇ 'ਤੇ ਬੈਠੇ ਤੇ ਰੋਜ਼ ਵਾਂਗ ਚਾਹ ਲੈ ਕੇ ਕਰਨ ਸਾਡੇ ਕੋਲ ਆਈ ਤਾਂ ਮਹਿਸੂਸ ਹੋਇਆ ਘਰ ਵਿਚ ਵਾਪਰੀ ਰਹਿਣ ਵਾਲੀ ਚੁੱਪ ਕੁਝ ਵਧੇਰੇ ਹੀ ਗੂੜ੍ਹੀ ਹੋ ਚੁੱਕੀ ਹੈ। ਚਾਹ ਪੀਣ ਦੇ ਇਰਾਦੇ ਨਾਲ ਸੋਫੇ ਉੱਤੇ ਜ਼ਰਾ ਨਿੱਠ ਕੇ ਬੈਠਦਿਆਂ ਮੈਂ ਚੋਰ ਅੱਖ ਨਾਲ ਕਰਨ ਦਾ ਸਿਰ ਤੋਂ ਪੈਰਾ ਤੀਕ ਜਾਇਜ਼ਾ ਲਿਆ, ਤੇ ਜਦੋਂ ਮੇਰੀਆਂ ਨਜ਼ਰਾਂ ਉਸਦੇ ਦੇ ਚਿਹਰੇ 'ਤੇ ਪਈਆਂ ਤਾਂ ਦੇਖਿਆ ਕਿ ਖ਼ੁਦ ਉਹ ਵੀ ਮੈਨੂੰ ਤੇ ਇਹਨਾਂ ਨੂੰ ਉਹਨਾਂ ਨਿਗਾਹਾਂ ਨਾਲ ਹੀ ਵੇਖ ਰਹੀ ਹੈ। ਉਹਨਾਂ ਨੇ ਕੋਲ ਪਏ ਸੋਫੇ ਵੱਲ ਅੱਖਾਂ ਦਾ ਇਸ਼ਾਰਾ ਕਰਦਿਆਂ ਹੋਇਆਂ ਕਰਨ ਨੂੰ ਬੈਠ ਜਾਣ ਲਈ ਕਿਹਾ ਤਾਂ ਉਹ ਚੁੱਪਚਾਪ ਬੈਠ ਗਈ ਤੇ ਚਾਹ ਦੀ ਪਹਿਲੀ ਘੁੱਟ ਭਰਨ ਤੋਂ ਬਾਅਦ ਉਹਨਾਂ ਕਰਨ ਨੂੰ ਕਿਹਾ :
''ਕੱਲ੍ਹ ਸ਼ਾਮੀਂ ਪੰਜ ਵਜੇ ਡਾਕਟਰ ਈਰਾਨੀ ਦੀ ਡਿਸਪੈਂਸਰੀ ਚੱਲਨਾ ਏਂ।''
ਮੈਂ ਦੇਖਿਆ ਕਰਨ ਨੇ ਝੁਕਿਆ ਹੋਇਆ ਸਿਰ ਚੁੱÎਕ ਕੇ ਆਪਣੀ ਸੱਸ ਵੱਲ ਵੇਖਿਆ ਤੇ ਫੇਰ ਪਲਕਾਂ ਝੁਕਾ ਲਈਆਂ-ਕਰਨ ਦੀਆਂ ਕਿਤਾਬੀ ਅੱਖਾਂ ਵਿਚ ਬਸ ਇਕ ਵਾਰੀ ਉਸਦੀਆਂ ਪੁਤਲੀਆਂ ਹੀ ਕੰਬੀਆਂ ਸਨ। ਪਲ ਭਰ ਵਿਚ ਸਵਾਲਾਂ ਤੇ ਸ਼ੰਕਿਆਂ ਦੇ ਪ੍ਰਛਾਵਿਆਂ ਨੂੰ ਇਧਰੋਂ ਉਧਰ ਤੇ ਉਧਰੋਂ ਏਧਰ ਹੁੰਦਿਆਂ ਵੇਖਣ ਤੋਂ ਬਾਅਦ ਮੇਰੀਆਂ ਨਜ਼ਰਾਂ ਉਹਨਾਂ ਦੇ ਚਿਹਰੇ ਉੱਤੇ ਅਟਕ ਗਈਆਂ ਸਨ।
੦੦੦
ਤਸਵੀਰਾਂ ਦੇਖਣ ਪਿੱਛੋਂ ਮੇਰੀਆਂ ਨਜ਼ਰਾਂ ਸੋਨੋਗ੍ਰਾਫ਼ੀ ਰਿਪੋਰਟ ਤੇ ਪਈਆਂ। ਸਾਫ ਸ਼ਬਦਾਂ ਵਿਚ ਸਿਰਫ ਦੋ ਸੱਤਰਾਂ ਦੀ ਰਿਪੋਰਟ ਸੀ :
'ਬਾਟ ਦਿਨ, ਉਨੀ ਘੰਟੇ, ਚੌਂਤੀ ਮਿੰਟ ਤੇ ਪੰਜਾਹ ਸੈਕਿੰਟ। ਤੁਹਾਡੀਆਂ ਉਡੀਕਾਂ ਦੇ ਦਿਨ ਸਮਾਪਤ ਹੋ ਗਏ ਹਨ, ਸ਼ੁਭਇੱਛਾਵਾਂ ਨਾਲ ਪੂਰੇ ਵੇਰਵੇ ਹਾਜ਼ਰ ਹਨ।'
ਇਕ ਲੰਮਾਂ ਸਾਹ ਖਿੱਚ ਕੇ ਉਸਨੂੰ ਹੌਲੀ–ਹੌਲੀ, ਨੱਕ ਰਾਹੀਂ, ਬਾਰ ਕੱਢਦਿਆਂ ਹੋਇਆਂ ਮੈਂ ਰਿਪੋਰਟ ਤਿਪਾਈ ਉੱਤੇ ਰੱਖ ਦਿੱਤੀ ਤੇ ਉਹਨਾਂ ਵੱਲ ਵੇਖਿਆ। ਉਹਨਾਂ ਏਧਰ ਉਧਰ ਵੇਖ ਕੇ ਧੀਮੀਂ ਆਵਾਜ਼ ਵਿਚ ਮੈਨੂੰ ਦੱÎਸਿਆ :
''ਡਾਕਟਰ ਕਹਿ ਰਹੀ ਸੀ ਬੀਜ, ਬੁੱਥ ਦਾ ਰੂਪ ਧਾਰ ਚੁੱÎਕਿਆ ਏ...ਸਾਨੂੰ ਡਲਿਵਰੀ ਤਕ ਇੰਤਜ਼ਾਰ ਕਰਨਾ ਪਏਗਾ।''
''ਸਮੀਰ ਘਰ ਕਦੋਂ ਤਕ ਆ ਜਾਂਦਾ ਏ ?''
ਮੇਰੇ ਪੁੱਛਣ 'ਤੇ ਉਹਨਾਂ ਕਰਨ ਨੂੰ ਆਵਾਜ਼ ਮਾਰੀ ਤਾਂ ਬੈੱਡ–ਰੂਮ ਦੇ ਦਰਵਾਜ਼ੇ ਕੋਲ ਖੜ੍ਹੀ ਕਰਨ ਨੇ ਜਵਾਬ ਦਿੱਤਾ, ''ਪਤਾ ਨਹੀਂ...।''
''ਤੂੰ...ਉਸਦੀ ਪਤਨੀ ਏਂ।''
''ਹਾਂ ਤਾਂ ਡੈਡੀ-ਪਰ...ਪਿੱਛਲੇ ਕੁਝ ਦਿਨਾਂ ਦੇ ਉਹ ਘਰ ਕਦੋਂ ਆਉਂਦੇ ਨੇ, ਮੈਂ ਨਹੀਂ ਜਾਣਦੀ।''
ਜਵਾਬ ਸੁਣ ਕੇ ਮੈਂ ਸਮੀਰ ਨੂੰ ਰਿੰਗ ਕੀਤੀ। ਫ਼ੋਨ ਮਿਲਿਆ ਤਾਂ ਦੋ ਟੁੱਕ ਸ਼ਬਦਾਂ ਵਿਚ ਕਿਹਾ, ''ਅੱਜ ਤੋਂ ਠੀਕ ਨੌ ਵਜੇ ਤਕ ਰਾਤੀਂ ਘਰ ਪਹੁੰਚ ਜਾਇਆ ਕਰੋ...।''
੦੦੦
''ਏਨਾ ਨਿਆਣਾ ਵੀ ਨਹੀਂ ਰਿਹਾ ਕਿ ਗਵਾਚ ਜਾਵਾਂਗਾ ਆਫ਼ਿਸ ਤੇ ਘਰ ਦੀ ਰੁਟੀਨ ਦੇ ਇਲਾਵਾ ਵੀ ਮੇਰੇ ਕਈ ਹੋਰ ਰੁਝੇਵੇਂ ਨੇ।''
ਖਾਣੇ ਦੀ ਮੇਜ਼ ਉਪਰ ਬੈਠ ਕੇ ਪਲੇਟ ਆਪਣੇ ਵੱਲ ਸਰਕਾਉਂਦਿਆਂ ਹੋਇਆਂ ਸਮੀਰ ਨੇ ਕਿਸੇ ਇਕ ਨੂੰ ਨਹੀਂ ਸੀ ਕਿਹਾ ਬਲਿਕੇ ਇਕ ਖੁੱਲ੍ਹਾ ਐਲਾਨ ਕਰ ਦਿੱਤਾ ਸੀ। ਉਸਦੀ ਗੱਲਬਾਤ ਕਰਨ ਦਾ ਢੰਗ ਮੈਨੂੰ ਪਸੰਦ ਨਹੀਂ ਸੀ ਆਇਆ। ਦਿਲ ਵਿਚ ਇਕ ਹਲਚਲ ਜਿਹੀ ਮੱਚ ਗਈ ਸੀ-ਇਸ ਤੋਂ ਪਹਿਲਾਂ ਕਿ ਉਹ ਗੁੱਸੇ ਦਾ ਕੋਈ ਰੂਪ ਧਾਰ ਕੇ ਬਾਹਰ ਨਿਕਲ ਆਉਂਦੀ, ਮੈਂ ਉਹਨਾਂ ਦੀ ਆਵਾਜ਼ ਸੁਣੀ :
''ਤੁਸੀਂ ਵੱਡੇ ਹੋ ਗਏ ਓ, ਅਸੀਂ ਜਾਣਦੇ ਆਂ ਪੁੱਤਰ ਜੀ। ਏਨੇ ਵੱਡੇ ਕਿ ਹੁਣ ਤਾਂ ਅਸੀਂ...ਆਪਣੇ ਆਪ ਨੂੰ ਛੋਟਾ ਸਮਝਣ ਲੱਗ ਪਏ ਆਂ। ਰਹੀ ਗੱਲ ਗਵਾਚਣ ਦੀ, ਤਾਂ ਹਾਲੇ ਤਾਂ ਸਿਰਫ ਮਨ ਦੀ ਸ਼ਾਂਤੀ ਗਵਾਚੀ ਏ...ਹੋਰ ਕਿਸ ਨੇ ਕੀ–ਕੁਛ ਗਵਾਉਣਾ ਏਂ, ਯਕੀਨ ਨਾਲ, ਕੁਛ ਨਹੀਂ ਕਿਹਾ ਜਾ ਸਕਦਾ...''
''ਬੜਾ ਅਜੀਬ ਲੱÎਗਿਆ ਸੀ ਮੰਮੀ!...ਡੈਡੀ ਨੇ ਅੱਜ ਪਹਿਲੀ ਵਾਰੀ ਇਸ ਤਰ੍ਹਾਂ ਆਰਡਰ ਦਿੱਤਾ ਸੀ ਤਾਂ...!!''
''ਹੁਣ ਤਾਂ ਆਰਡਰ ਦੇਣ ਵਾਲੇ ਤੇਰੀ ਆਪਣੀ ਦੁਨੀਆਂ ਵਿਚ ਆ ਰਹੇ ਨੇ...''
''ਜਾਣਦਾ ਆਂ, ਤੇ ਡੈਡੀ ਨੂੰ ਦੱਸ ਵੀ ਚੁੱÎਕਿਆ ਆਂ-ਮੈਂ ਉਸਦਾ ਬਾਪ ਨਹੀਂ...।''
''ਕੀ ਬਕ ਰਿਹਾ ਏਂ...?''
ਮਾਂ ਤੇ ਪੁੱਤਰ ਵਿਚਕਾਰ ਹੋ ਰਹੀਆਂ ਗੱਲਾਂ ਦੇ ਦੌਰਾਨ ਮੇਰੀਆਂ ਨਜ਼ਰਾਂ ਕਰਨ ਦੇ ਹਾਵ-ਭਾਵ ਨੋਟ ਕਰਦੀਆਂ ਰਹੀਆਂ ਸਨ।
ਇਸ ਤੋਂ ਪਹਿਲਾਂ ਕਿ ਉਹ ਜਾਂ ਮੈਂ ਸਮੀਰ ਨੂੰ ਕੁਝ ਕਹਿੰਦੇ, ਕਰਨ ਦੇ ਉੱਚੀ–ਉੱਚੀ ਹੱਸਣ ਦੀ ਆਵਾਜ਼ ਨੇ ਸਾਨੂੰ ਹੈਰਾਨੀ ਵਿਚ ਪਾ ਦਿੱਤਾ। ਸਾਰਿਆਂ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਤਾਂ ਉਸਨੇ ਮੁਸਰਾਂਦਿਆਂ ਹੋਇਆਂ ਸਮੀਰ ਨੂੰ ਕਿਹਾ :
''ਸੱਚ ਦਾ ਕੋਈ ਵਜੂਦ ਨਹੀਂ ਹੁੰਦਾ-ਤੇ ਉਹ ਆਪਣੇ ਆਪ ਨੂੰ ਮੰਨਵਾ ਵੀ ਲੈਂਦਾ ਏ।''
''ਤੂੰ ਕਹਿਣਾ ਕੀ ਚਾਹੁੰਦੀ ਏਂ ?''
''ਦੇਖੋ ਹੁਣ ਤਕ ਮੈਂ ਕੁਝ ਨਹੀਂ ਸੀ ਕਿਹਾ...ਜੋ ਕੁਝ ਕਿਹਾ ਏ, ਤੁਸੀਂ ਹੀ ਕਿਹਾ ਏ। ਜਿਹੜਾ ਮਸਲਾ ਤੁਹਾਡੇ ਤੇ ਮੇਰੇ ਵਿਚਕਾਰ ਸੀ, ਤੁਸੀਂ ਆਪੇ ਉਸਦੇ ਦੋ ਗਵਾਹ ਹੋਰ ਬਣਾ ਲਏ ਨੇ। ਕੀ ਤੁਸੀਂ ਹੁਣ ਵੀ ਮਹਿਸੂਸ ਨਹੀਂ ਕਰ ਰਹੇ ਕਿ ਤੁਸੀਂ ਗਲਤੀ 'ਤੇ ਗਲਤੀ ਕਰਦੇ ਜਾ ਰਹੇ ਓ ?''
''ਤੂੰ...ਕਹਿਣਾ ਕੀ ਚਾਹੁੰਦੀ ਏਂ ਬਹੂ ?''
ਮੈਂ ਕਰਨ ਤੋਂ ਪੁੱÎਛਿਆ ਤਾਂ ਉਸਨੇ ਆਪਣੀਆਂ ਸਵਾਲੀਆਂ ਨਜ਼ਰਾਂ ਸਮੀਰ ਉੱਤੇ ਗੱਡ ਦਿੱਤੀਆਂ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਸਮੀਰ ਦੇ ਝੁਕੇ ਹੋਏ ਸਿਰ ਨੇ ਸਾਨੂੰ ਇਹ ਸੋਚਣ ਤੇ ਸਮਝਣ ਲਈ ਮਜ਼ਬੂਰ ਕਰ ਦਿੱਤਾ ਕਿ ਦੋਸ਼ ਕਰਨ ਦਾ ਨਹੀਂ ਹੋ ਸਕਦਾ। ਮੈਂ ਕੁਝ ਕਹਿਣ ਦਾ ਇਰਾਦਾ ਕੀਤਾ ਸੀ ਕਿ ਉਹ ਬੋਲ ਪਏ :
''ਸੱਚ ਕੀ ਹੈ? ਨੌ ਮਹੀਨੇ ਬਾਅਦ ਪਤਾ ਲੱਗ ਜਾਏਗਾ। ਤੂੰ ਕਿਉਂ ਇਸਨੂੰ ਮਘਦੇ ਹੋਏ ਅੰਗਿਆਰਾਂ ਉੱਤੇ ਲੇਟਣ ਲਈ ਮਜ਼ਬੂਰ ਕਰ ਰਿਹੈਂ...?''
ਅਸਾਂ ਸਾਰਿਆਂ ਨੇ ਜਵਾਬ ਵਿਚ ਫੇਰ ਕਰਨ ਦਾ ਹਾਸਾ ਸੁਣਿਆ। ਇਹਨਾਂ ਤਿੱਖੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਖਾਣਾ ਛੱਡ ਕੇ ਕੁਰਸੀ ਤੋਂ ਉੱਠ ਪਏ।
''ਠੀਕ ਤਾਂ ਇਹੀ ਰਹੇਗਾ ਕਿ ਡੈਡੀ ਨੂੰ ਪੂਰਾ ਮਸਲਾ ਦੱਸ ਦਿਓ।''
ਕਰਨ ਇਹਨਾਂ ਦੀਆਂ ਤੇ ਆਪਣੀਆਂ ਪਲੇਟਾਂ ਟਰਾਲੀ ਵਿਚ ਰੱਖਣ ਤੋਂ ਬਾਅਦ ਉੱਠ ਖੜ੍ਹੀ ਹੋਈ ਤੇ ਟਰਾਲੀ ਧਰੀਕਦੀ ਹੋਈ ਆਪਣੇ ਬੈੱਡ–ਰੂਮ ਵੱਲ ਲੈ ਗਈ। ਅਸੀਂ ਪਿਓ–ਪੁੱਤਰ ਆਪਣੀਆਂ ਪਤਨੀਆਂ ਨੂੰ ਅੱਗੇ–ਪਿੱਛੇ ਬੈੱਡ–ਰੂਮ ਵਿਚ ਵੜਦਿਆਂ ਵੇਖਦੇ ਰਹੇ; ਸਾਡੀਆਂ ਨਜ਼ਰਾਂ ਮਿਲੀਆਂ। ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਪਹਿਲਾਂ ਸਮੀਰ ਮੇਰੇ ਬੈੱਡ–ਰੂਮ ਵੱਲ ਵਧਿਆ, ਫੇਰ ਮੈਂ ਵੀ ਛੋਟੀਆਂ–ਛੋਟੀਆਂ ਪਲਾਂਘਾਂ ਪੁੱਟਦਾ ਹੋਇਆ ਕਮਰੇ ਵਿਚ ਦਾਖ਼ਲ ਹੋਇਆ ਤਾਂ...ਮੈਂ ਸਮੀਰ ਨੂੰ ਆਪਣੀ ਰਾਈਟਿੰਗ ਟੇਬਲ ਉੱਤੇ ਕੁਝ ਲਿਖਦਿਆਂ ਹੋਇਆਂ ਦੇਖਿਆ। ਉਸਨੂੰ ਦੇਖ ਕੇ ਪਲ ਭਰ ਲਈ ਮੈਂ ਰੁਕਿਆ ਤੇ ਜਿਵੇਂ ਹੀ ਮੈਂ ਬੈੱਡ ਵੱਲ ਜਾਣ ਦਾ ਇਰਾਦਾ ਕੀਤਾ ਤਾਂ ਦੇਖਿਆ ਕਿ ਸਮੀਰ ਨੇ ਪੈਨ ਮੇਜ਼ ਉੱਤੇ ਰੱਖਣ ਪਿੱਛੋਂ ਕਾਗਜ਼ ਦਾ ਇਕ ਟੁਕੜਾ ਚੁੱÎਕਿਆ ਤੇ ਉਸਨੂੰ ਫੇਰ ਉੱਥੇ ਹੀ ਰੱਖ ਕੇ ਦਰਵਾਜ਼ੇ ਵੱਲ ਤੁਰ ਗਿਆ। ਅੱਗੇ ਵਧ ਕੇ ਮੈਂ ਉਹ ਕਾਗਜ਼ ਚੁੱਕ ਕੇ ਪੜ੍ਹਿਆ ਤੇ ਕਾਹਲ ਨਾਲ ਬੈੱਡਰੂਮ ਵਿਚੋਂ ਬਾਹਰ ਨਿਕਲ ਆਇਆ-ਸਮੀਰ ਹਾਲ ਕਮਰੇ ਵਿਚ ਨਹੀਂ ਸੀ, ਪਰ ਉਸਦੇ ਬੈੱਡ–ਰੂਮ ਵਿਚੋਂ ਉਸਦੀ ਮਾਂ ਦੀ ਆਵਾਜ਼ ਆ ਰਹੀ ਸੀ :
''ਮੈਂ, ਤੇਰੀ ਚੁੱਪ ਦਾ ਕਾਰਣ ਜਾਣਨਾ ਚਾਹੁੰਦੀ ਆਂ ਕਰਨ...''
''ਮੈਂ ਦੱਸਾਂ...ਦੋਸ਼ੀ ਸਾਡਾ ਸਮੀਰ ਏ-ਉਹ ਗੇ–––'' *
''ਮੈਨੂੰ ਪਤਾ ਲੱਗ ਗਿਆ ਏ ਤੇ...ਹੁਣ ਇਸ ਨੂੰ ਪੁੱਛ ਰਹੀ ਆਂ ਕਿ ਇਹ ਹੁਣ ਤਕ ਚੁੱਪ ਕਿਉਂ ਰਹੀ?''
''ਹੋਰ ਕੀ ਕਰਦੀ? ਤੁਸੀਂ ਤਾਂ ਸਭ ਕੁਝ ਜਾਣਦੇ ਈ ਓ...ਮੈਂ ਆਪਣੇ ਮਾਂ–ਬਾਪ ਦੀ ਚੌਥੀ ਬੇਟੀ ਆਂ। ਸਾਡੀਆਂ ਹਥੇਲੀਆਂ ਉੱਤੇ ਮਹਿੰਦੀ ਦੀ ਲਾਲੀ ਦੇਖਣ ਖਾਤਰ ਉਹਨਾਂ ਦੇ ਪੂਰੇ ਦੇ ਪੂਰੇ ਵਜ਼ੂਦ ਪੀਲੇ ਪੈ ਗਏ ਸੀ। ਮੂੰਹ ਖੋਲ੍ਹਣ ਜਾਂ ਜ਼ਬਾਨ ਹਿਲਾਉਣ ਨਾਲ ਉਹਨਾਂ ਵਿਚੋਂ ਕਿਸੇ ਇਕ ਨੂੰ ਗਵਾਅ ਬਹਿਣਾ ਲਾਜ਼ਮੀ ਹੁੰਦਾ, ਤੇ...ਮਸਲਾ...ਹੱਲ ਤਾਂ ਕੀ ਹੁੰਦਾ; ਹਾਂ, ਹੋਰ ਕਈ ਮਸਲੇ ਖੜ੍ਹੇ ਹੋ ਜਾਣੇ ਸੀ। ਪਰ ਖ਼ੁਦ ਤੁਹਾਡੇ ਬੇਟੇ ਤੇ ਉਹਨਾਂ ਦੀ ਆਉਣ ਵਾਲੀ ਸੰਤਾਨ ਨੇ ਗੱਲ ਖੋਲ੍ਹ ਕੇ ਰੱਖ ਦਿੱਤੀ। ਰਿਹਾ ਮਸਲਾ, ਤਾਂ ਮੰਮੀ! ਮਸਲਾ ਤਾਂ ਆਖ਼ਰ ਮਸਲਾ ਈ ਏ, ਇਕ ਉਘੇੜੋ ਅਨੇਕਾਂ ਉਧੜ ਆਉਂਦੇ ਨੇ...''
''ਉਫ਼-''
''ਉਫ਼ੌ...''

੦੦੦

ਸ਼ਰਈਆਂ ਵਾਲੀ...: ਸਾਦਿਕਾ ਨਵਾਬ ਸਹਿਰ



ਉਰਦੂ ਕਹਾਣੀ : ਸ਼ਰਈਆਂ ਵਾਲੀ...: ਸਾਦਿਕਾ ਨਵਾਬ ਸਹਿਰ
ਅਨੁਵਾਦ : ਮਹਿੰਦਰ ਬੇਦੀ ਜੈਤੋ... 9417730600.


ਇੰਜ ਹੀ ਮੰਗਦੀ-ਖਾਂਦੀ ਹੋਈ ਉਹ ਇਕ ਦਿਨ ਗੁੰਟੂਰ ਤੋਂ ਲਗਭਗ ਢਾਈ ਸੌ ਕਿਲੋਮੀਟਰ ਦੂਰ ਵੱਸੇ ਸ਼ਹਿਰ ਵਰੰਗਲ ਵਿਚ ਜਾ ਪਹੁੰਚੀ ਤੇ ਉੱਥੋਂ ਦੇ ਸਭ ਤੋਂ ਸ਼ਾਨਦਾਰ ਮਕਾਨ ਸਾਹਵੇਂ ਖਲੋਤੀ¸ ਮੋਟੀ-ਤਾਜੀ, ਠੋਸ-ਬਦਨ ਤੇ ਚੌੜੇ-ਮੂੰਹ ਵਾਲੀ, ਗੋਰੀ-ਚਿੱਟੀ, ਲੰਮੀ-ਝੰਮੀ, ਸਜੀ-ਧਜੀ, ਜੇਵਰਾਂ ਨਾਲ ਪੀਲੀ ਹੋਈ ਹੋਈ¸ ਇਕ ਔਰਤ ਬੜੀ ਮਿੱਠੀ ਆਵਾਜ਼ ਵਿਚ ਕੂਕੀ-
“ਸ਼ਰਈਆਂ ਵਾਲੀ ਅੰਮਾਂ! ਤੂੰ!! ਇੱਥੇ?”

ਤੇ ਉਹ ਆਪਣੀ ਉਮਰ ਦੇ ਪਹਿਲੇ ਦੌਰ ਵਿਚ ਜਾ ਪਹੁੰਚੀ...

ਨੌ ਸਾਲ ਦੀ ਨਸੀਬਨ ਦੀ ਸ਼ਾਦੀ ਉਸਦੇ ਚਾਲ੍ਹੀ ਸਾਲਾ ਭਨੋਈਏ ਨਾਲ ਕਰ ਦਿੱਤੀ ਗਈ ਸੀ...ਕਿਉਂਕਿ ਉਸਦੀ ਪਤਨੀ ਯਾਨੀਕਿ ਨਸੀਬਨ ਦੀ ਸਭ ਤੋਂ ਵੱਡੀ ਭੈਣ ਆਪਣੇ ਦੋਵਾਂ ਬੱਚਿਆਂ ਸਮੇਤ ਵਾਰੀ-ਵਾਰੀ ਫਲੂ ਦਾ ਸ਼ਿਕਾਰ ਹੋ ਕੇ ਅੱਲ੍ਹਾ ਨੂੰ ਪਿਆਰੀ ਹੋ ਚੁੱਕੀ ਸੀ ਤੇ ਉਸ ਦੀਆਂ ਆਪਣੇ ਤੋਂ ਵੱਡੀਆਂ ਤਿੰਨੇ ਭੈਣਾ ਦੇ ਵਿਆਹ ਵੀ ਹੋ ਚੁੱਕੇ ਸਨ। ਆਂਧਰਾ ਪ੍ਰਦੇਸ਼ ਦੇ ਜਿਲ੍ਹੇ ਗੁੰਟੂਰ ਵਿਚ ਤਾਂ ਆਪਣੇ ਦੋਵਾਂ ਬੱਚਿਆਂ ਤੇ ਧਨ-ਮਾਨ ਨਾਲ ਭਰੇ ਘਰ ਦੀ ਮਾਲਕਿਨ ਦੇ ਰੂਪ ਵਿਚ, ਸੋਨੇ ਵਿਚ ਚਮਕਦੀ ਨਸੀਬਨ, ਵਿਆਹਾਂ-ਸ਼ਾਦੀਆਂ ਵਿਚ ਸੱਤ ਸੁਹਾਗਨਾਂ ਦੇ ਮੱਥੇ ਨੂੰ ਛੁਹਾਅ ਕੇ, ਦੁਲਹਨ ਨੂੰ ਸੱਸ ਦੇ ਜਰੀਏ ਪਾਏ ਜਾਣ ਵਾਲੇ ਮੰਗਲ ਸੂਤਰ ਦੀ ਰਸਮ ਵਿਚ ਸਭ ਤੋਂ ਪਹਿਲਾਂ ਬੁਲਾਈ ਜਾਂਦੀ ਸੀ। ਮੁਸਲਮਾਨਾਂ ਵਿਚ ਵੀ ਮੰਗਲ ਸੂਤਰ ਜ਼ਰੂਰੀ ਹੁੰਦਾ ਹੈ।
“ਮਾਸ਼ਾ ਅੱਲ੍ਹਾ!” ਉਸਦੀ ਕਿਸਮਤ ਬਾਰੇ ਲੋਕ ਕਹਿੰਦੇ।
ਹਿੰਦੂਆਂ ਵਾਂਗ ਈ ਮੁਸਲਮਾਨਾਂ ਦੇ ਘਰਾਂ ਦੀਆਂ ਸਾਰੀਆਂ ਵਿਆਹੀਆਂ-ਵਰੀਆਂ ਕੁੜੀਆਂ ਤੇ ਜ਼ਨਾਨੀਆਂ ਸਾੜ੍ਹੀਆਂ ਬੰਨ੍ਹਦੀਆਂ...ਪਰ ਨਸੀਬਨ ਕੁਆਰੀਆਂ ਵਾਂਗ ਸਲਵਾਰ-ਕਮੀਜ਼ ਪਾਉਂਦੀ। ਇਸੇ ਲਈ ਨਸੀਬਨ ਨੂੰ 'ਸ਼ਰਈਆਂ ਵਾਲੀ' ਯਾਨੀ 'ਸਲਵਾਰ ਵਾਲੀ' ਕਿਹਾ ਜਾਂਦਾ ਸੀ ਤੇ ਉਸਦਾ ਅਸਲੀ ਨਾਂ ਲੋਕੀ ਭੁੱਲ ਚੁੱਕੇ ਸਨ।
ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਸੀ ਕਿ ਇਕ ਦਿਨ ਉਸਦੀ ਬਾਰਾਂ ਸਾਲ ਦੀ ਧੀ, ਰਾਤ ਨੂੰ ਇੰਜ ਸੁੱਤੀ ਕਿ ਸਵੇਰੇ ਅੱਖ ਨਾ ਖੋਲ੍ਹ ਸਕੀ। ਪਤੀ ਹਊਕਾ ਖਿੱਚ ਗਿਆ ਤੇ ਕੁਝ ਦਿਨ ਬਿਮਾਰ ਰਹਿ ਕੇ ਤੁਰ ਗਿਆ।
ਸਾਲ ਭਰ ਬਾਅਦ ਜ਼ਿੰਦਗੀ ਦਾ ਇਕਲੌਤਾ ਸਹਾਰਾ ਪੁੱਤਰ ਵੀ ਤੇਜ਼ ਬੁਖ਼ਾਰ ਕਾਰਨ ਦੁਨੀਆਂ 'ਚੋਂ ਸਿਧਾਰ ਗਿਆ। ਨਸੀਬਨ ਬੇਸਹਾਰਾ ਹੋ ਗਈ। ਹੁਣ, ਉਸਦੇ ਨਸੀਬਾਂ ਉੱਤੇ ਲੋਕ ਤੌਬਾ ਕਰਦੇ।
ਪਤੀ ਨੇ ਬੇਹੱਦ ਦੌਲਤ ਛੱਡੀ ਸੀ ਪਰ ਏਡੇ ਵੱਡੇ ਮਕਾਨ ਵਿਚ ਇਕੱਲੀ ਰਹਿੰਦੀ ਨੂੰ ਡਰ ਲੱਗਦਾ¸ ਆਖ਼ਰ ਉਸਨੇ ਆਪਣੀ ਇਕ ਰਿਸ਼ਤੇਦਾਰ ਦੇ ਘਰ ਦਾ ਅੱਧਾ ਹਿੱਸਾ ਖ਼ਰੀਦ ਲਿਆ ਤੇ ਵੱਡਾ ਮਕਾਨ ਕਿਰਾਏ 'ਤੇ ਚੜ੍ਹਾ ਕੇ ਉਸ ਸਾਂਝੇ-ਵਿਹੜੇ ਵਾਲੇ ਘਰ ਵਿਚ ਆ ਗਈ।
ਨਵੇਂ ਘਰ ਦੇ ਇਸ ਇਲਾਕੇ ਵਿਚ ਮਜਾਵਰਾਂ ਦੇ ਖਾਨਦਾਨ ਵੱਸਦੇ ਸਨ। ਨਸੀਬਨ ਦਾ ਇਹ ਘਰ 'ਕਾਲੇ ਮਸਤਾਨ ਦੀ ਦਰਗਾਹ' ਦੇ ਸਾਹਮਣੇ ਸੀ। ਇਹ ਇਲਾਕਾ ਮੁਫ਼ਤੀ ਸਟਰੀਟ ਦੇ ਪੁਰਾਣੇ ਮੁਹੱਲੇ ਤੋਂ ਕੁਝ ਦੂਰੀ 'ਤੇ ਸੀ। ਉਹ ਸਵੇਰੇ ਤੇ ਸ਼ਾਮੀਂ ਦਰਗਾਹ ਵਿਚ ਜਾ ਬੈਠਦੀ ਤੇ ਕੁਰਾਨ ਸ਼ਰੀਫ ਪੜ੍ਹ ਕੇ ਵਕਤ ਕਟੀ ਕਰਦੀ। ਇਸ ਇਕੱਲਾਪੇ ਵਿਚ ਵੀ ਘਰ ਗ੍ਰਹਿਤੀ ਚਲਾਉਣ ਵਿਚ ਉਸਨੇ ਕੋਈ ਕਸਰ ਨਹੀਂ ਸੀ ਰੱਖੀ। ਉਹ ਆਪਣੇ ਲਈ ਮਜ਼ੇਦਾਰ ਤੇ ਚਟਪਟੇ ਖਾਣੇ ਬਣਾਉਂਦੀ ਤੇ ਮਜ਼ੇ ਲੈ-ਲੈ ਖਾਂਦੀ। ਉੱਥੇ ਦਰਗਾਹ ਦੇ ਇਕ ਮਜਾਵਰ ਨੇ ਆਪਣੀ ਭੈਣ ਹੱਥ ਉਸਨੂੰ ਪੈਗ਼ਾਮ (ਸ਼ਾਦੀ ਲਈ ਸੁਨੇਹਾ) ਭੇਜਿਆ। ਮਜਾਵਰ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ।
“ਕੀ ਲੋੜ ਐ ਨੀਂ ਤੈਨੂੰ ਮਰਦ ਦੀ? ਤੇਰਾ ਮਰਦ ਐਨਾ ਕੁਛ ਛੱਡ ਕੇ ਮਰਿਐ! ਕੀ ਕਰਨੈਂ ਤੈਂ ਇਹ ਸਭ ਕਰਕੇ? ਲੋਕੀ ਗੱਲਾਂ ਬਣਾਉਣਗੇ!”
“ਕਿੰਜ ਜਿਊਂਵਾਂ...ਇਕੱਲੀ ਕਿੰਜ ਜਿਉਂਵਾਂ? ਮਾਂ-ਅੱਬਾ ਵੀ ਨਹੀਂ ਰਹੇ, ਨਹੀਂ ਤਾਂ ਉਹਨਾਂ ਕੋਲ ਜਾ ਬੈਠਦੀ!” ਨਸੀਬਨ ਨੇ ਆਪਣੀਆਂ ਭੈਣਾ ਨੂੰ ਕਿਹਾ ਤੇ ਚਾਰ ਜਣਿਆ ਦੀ ਹਾਜ਼ਰੀ ਵਿਚ ਉਸਦਾ ਨਿਕਾਹ (ਵਿਆਹ) ਮਜਾਵਰ ਨਾਲ ਹੋ ਗਿਆ। ਉਹ ਉਸਦੇ ਨਾਲ ਇਸ ਅੱਧੇ ਮਕਾਨ ਵਿਚ ਰਹਿਣ ਲਈ ਆ ਗਿਆ।
ਇਹ ਨਵਾਂ 'ਮਰਦ' ਨਸੀਬਨ ਨੂੰ ਜ਼ਰਾ ਵੀ ਚੰਗਾ ਨਹੀਂ ਸੀ ਲੱਗਦਾ। ਹਸਨ ਮਜਾਵਰ ਦਾ ਉਪਰਲਾ ਬੁੱਲ੍ਹ ਇੰਜ ਪਾਟਿਆ ਹੋਇਆ ਸੀ ਕਿ ਦੋ ਦੰਦ ਮਸੂੜ੍ਹਿਆਂ ਸਮੇਤ ਹਮੇਸ਼ਾ ਦਿਸਦੇ ਰਹਿੰਦੇ ਸਨ। ਉਹ ਹਰ ਵੇਲੇ ਮੂੰਹ ਵਿਚੋਂ ਡਿੱਗਣ ਵਾਲੀਆਂ ਲਾਲਾਂ ਨੂੰ ਰੁਮਾਲ ਨਾਲ ਪੂੰਝਦਾ ਰਹਿੰਦਾ। ਇਹ ਸਭ ਤਾਂ ਠੀਕ, ਪਰ ਪਹਿਲੇ ਪਤੀ ਤੋਂ ਮਿਲੀਆਂ ਹੋਈਆਂ ਖੁਸ਼ੀਆਂ ਤੇ ਪਿਆਰ ਇਸ ਨਾਲ ਦਿਲ ਮਿਲਾਉਣ ਵਿਚ ਪਾੜਾ ਬਣਿਆ ਰਹਿੰਦਾ।

“ਨਹੀਂ ਜਚਿਆ ਤਾਂ...ਤਲਾਕ ਲੈ ਲਿਆ।” ਨਸੀਬਨ ਨੇ ਆਪਣੀਆਂ ਭੈਣਾ ਨੂੰ ਜੁਆਬ ਦਿੱਤਾ। ਇਕ ਮਹੀਨੇ ਬਾਅਦ ਹੀ¸ ਦਿਨ ਰਾਤ ਮਸਤੀ ਵਿਚ ਪਏ, ਗਾਂਜੇ ਵਿਚ ਧੁੱਤ ਸ਼ੌਹਰ ਤੋਂ¸ ਉਸਨੇ ਤਲਾਕ ਲੈ ਲਿਆ ਸੀ।
ਉਸ ਪਿੱਛੋਂ ਨਸੀਬਨ ਨੇ ਉਹ ਘਰ ਵੀ ਕਿਰਾਏ 'ਤੇ ਦੇ ਦਿੱਤਾ¸ਇਕੱਲੇਪਨ ਤੋਂ ਪ੍ਰੇਸ਼ਾਨ ਹੋ ਕੇ ਹੁਣ ਉਸਨੇ ਰਿਸ਼ਤੇਦਾਰਾਂ ਦੇ ਘਰੀਂ ਜਾਣ-ਆਉਣ ਸ਼ੁਰੂ ਕਰ ਦਿੱਤਾ ਤੇ ਕਦੀ ਇਧਰ, ਕਦੀ ਉਧਰ ਭਟਕਣ ਲੱਗੀ। ਭੈਣਾ ਦੇ ਘਰ ਗਈ ਤਾਂ ਖਾਣ, ਪੀਣ ਪਹਿਨਣ ਓਢਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਤੋਹਫ਼ੇ ਵਜੋਂ ਨਾਲ ਲੈਂਦੀ ਗਈ। ਕੁਝ ਦਿਨ ਚੰਗਾ ਲੱਗਿਆ, ਫੇਰ ਰਿਸ਼ਤਿਆਂ ਦੀ ਠੰਡਕ ਮਹਿਸੂਸ ਹੋਣ ਲੱਗ ਪਈ। ਭੈਣਾ ਨੂੰ ਬੁਰਾ ਨਾ ਲੱਗੇ ਇਸ ਲਈ ਭਨੋਈਆਂ ਸਾਹਵੇਂ ਘੱਟ ਈ ਜਾਂਦੀ ਕਿ ਉਸਨੂੰ ਦੇਖਦੇ ਈ ਉਹ ਛੇੜਖਾਨੀਆਂ ਉੱਪਰ ਉਤਰ ਆਉਣਗੇ।
ਇਕ ਵਾਰੀ ਗੁੰਟੂਰ ਰੇਲਵੇ ਕੁਆਟਰਸ ਵਿਚ ਉਹ ਆਪਣੇ ਤਾਏ ਜਾਈ ਭੈਣ ਨੂੰ ਮਿਲਣ ਗਈ। ਉੱਥੇ ਗੁਆਂਢ ਵਿਚ ਇਕ ਪਰਿਵਾਰ ਵਾਲਾ ਰੇਲਵੇ ਟੀ.ਸੀ. ਮਸਤਾਨ ਖ਼ਾਨ, ਮਦਰਾਸ ਤੋਂ ਟ੍ਰਾਂਸਫਰ ਹੋ ਕੇ ਆਇਆ ਸੀ। ਉਸਦੇ ਬਹੁਤ ਸਾਰੇ ਬੱਚੇ ਸਨ। ਉਸਨੂੰ ਜਦੋਂ ਨਸੀਬਨ ਦੇ ਮਾਲਦਾਰ ਬੇਵਾ ਹੋਣ ਦਾ ਪਤਾ ਲੱਗਿਆ, ਉਸਨੇ ਨਿਕਾਹ ਦੀ ਤਜਵੀਜ਼ ਰੱਖ ਦਿੱਤੀ ਤੇ ਨਸੀਬਨ ਨੇ ਉਸਨੂੰ ਕਬੂਲ ਵੀ ਕਰ ਲਿਆ। ਹੁਣ ਉਹ ਆਪਣੇ ਪੁਰਾਣੇ ਮੁਫ਼ਤੀ ਮੁਹੱਲੇ ਦੇ ਵੱਡੇ ਕਵੇਲੂ ਯਾਨੀ ਖ਼ਪਰੈਲ ਵਾਲੇ ਮਕਾਨ ਵਿਚ ਰਹਿਣ ਲੱਗੀ...ਤੇ ਮਸਤਾਨ ਖ਼ਾਨ ਦੋ ਦਿਨ ਏਧਰ, ਦੋ ਦਿਨ ਓਧਰ ਬਿਤਾਉਣ ਲੱਗਾ।
“ਮੈਂ ਤੁਹਾਡੇ ਬੀਵੀ-ਬੱਚਿਆਂ ਨੂੰ ਮਿਲਣਾ ਚਾਹੁੰਦੀ ਆਂ।”
“ਹਾਂ, ਦੇਖਾਂਗੇ।” ਉਹ ਟਾਲ ਦੇਂਦਾ। ਦਰਅਸਲ ਇਸ ਵਾਰੀ ਨਸੀਬਨ ਦੇ ਸ਼ਾਦੀ ਦੇ ਇਰਾਦੇ ਵਿਚ ਇਕ ਭਰੇ-ਪੂਰੇ ਖ਼ਾਨਦਾਨ ਵਿਚ ਘੁਲਮਿਲ ਕੇ ਰਹਿਣ ਦੀ ਇੱਛਾ ਵੀ ਸ਼ਾਮਲ ਸੀ...ਤੇ ਪਤੀ ਸੀ ਕਿ ਉਸਨੂੰ ਆਪਣੇ ਖ਼ਾਨਦਾਨ ਦੇ ਕਿਸੇ ਜੀਅ ਨਾਲ ਮਿਲਾਉਂਦਾ ਈ ਨਹੀਂ ਸੀ ਪਿਆ।
ਤੇ ਉਸ ਦਿਨ ਉਹ ਇਕੱਲੀ ਈ ਰੇਲਵੇ ਕੁਆਟਰ ਚਲੀ ਗਈ। ਇਹ ਘਰ ਉਸਦੇ ਘਰ ਤੋਂ ਲਗਭਗ ਅੱਧੇ ਕੁ ਘੰਟੇ ਦੀ ਦੂਰੀ 'ਤੇ ਸੀ।
“ਫੇਰ ਨਾ ਆਵੀਂ ਕਦੀ ਏਧਰ, ਹਾਂ...” ਸੌਕਣ ਤੇ ਬੱਚਿਆਂ ਨੇ ਉਸਨੂੰ ਘਰੇ ਵੜਨ ਈ ਨਹੀਂ ਸੀ ਦਿੱਤਾ।
ਫੇਰ ਮਸਤਾਨ ਦੀ ਵੱਡੀ ਕੁੜੀ ਦੀ ਸ਼ਾਦੀ ਹੋਣ ਲੱਗੀ ਤਾਂ ਨਸੀਬਨ ਨੇ ਇਕ ਮਾਂ ਵਾਂਗ ਈ ਗਹਿਣਾਂ-ਕੱਪੜਾ ਤਿਆਰ ਕੀਤੀ।  
“ਹੁਣ ਤਾਂ ਤਿੰਨ ਸਾਲ ਹੋ ਗਏ...ਖੁਸ਼ੀ ਦਾ ਮੌਕਾ ਏ ਜੀ, ਹੁਣ ਤਾਂ ਲੈ ਚੱਲੋ ਨਾਲ।”
“ਜਾ ਕੇ ਦੇਖਿਆ ਨਹੀਂ ਪਹਿਲਾਂ?” ਮਸਤਾਨ ਖ਼ਾਨ ਨੇ ਹੱਥਲਾ ਅਖ਼ਬਾਰ ਨਹੀਂ ਸੀ ਛੱਡਿਆ।
“ਤੁਸੀਂ ਲੈ ਗਏ ਤਾਂ ਇੰਜ ਨਹੀਂ ਹੋਏਗਾ...ਬੱਚੇ ਮੈਨੂੰ ਛੋਟੀ ਅੰਮੀ ਕਹਿਣਗੇ। ਮੈਂ ਉਹਨਾਂ ਉੱਤੇ ਆਪਣੇ ਬੱਚਿਆਂ ਵਾਂਗਰ ਮਮਤਾ ਦਾ ਖਜਾਨਾ ਲੁਟਾਅ ਦਿਆਂਗੀ।”
...ਪਰ ਇੰਜ ਕੁਝ ਵੀ ਨਹੀਂ ਸੀ ਹੋਇਆ। ਅੱਗੋਂ ਇਕ ਚੁੱਪੀ ਦੇ ਸਿਵਾਅ ਕੁਝ ਹੱਥ ਨਹੀਂ ਸੀ ਆਇਆ। ਇਕ ਦਿਨ ਜਦੋਂ ਰਿਹਾ ਨਾ ਗਿਆ ਤਾਂ ਉਹ ਬਿਨਾਂ ਬੁਲਾਏ ਸਾਜ-ਸਾਮਾਨ ਸਮੇਤ ਉਹਨਾਂ ਦੇ ਘਰ ਪਹੁੰਚ ਗਈ।
“ਅਸਲਾਮ ਆਲੇਕੁਮ” ਦਰਵਾਜ਼ਾ ਖੋਲ੍ਹਦਿਆਂ ਈ ਉਸਨੂੰ ਪਛਾਣ ਕੇ ਛੋਟੀ ਕੁੜੀ ਨੇ ਝੱਟ ਸਲਾਮ ਕੀਤੀ ਤਾਂ ਉਸਨੇ ਖੁਸ਼ੀ ਨਾਲ ਉਸਦੇ ਸਿਰ ਉੱਤੇ ਹੱਥ ਧਰ ਦਿੱਤਾ।
“ਤੂੰ ਰੁਕੱਈਆ ਐਂ ਨਾ ਬੇਟਾ!”
“ਜੀ।”
“ਅੰਮਾਂ ਨੂੰ ਕਹੁ ਛੋਟੀ ਅੰਮੀ ਆਈ ਐ।” ਤੇ ਉਸਨੇ ਆਪਣੇ ਦੂਜੇ ਹੱਥ ਵਿਚ ਫੜਿਆ ਥੈਲਾ ਰੁਕੱਈਆ ਨੂੰ ਫੜਾ ਦਿੱਤਾ।
“ਤੇਰੀ ਆਪਾ ਦੀ ਸ਼ਾਦੀ ਲਈ...”
“ਛੋਟੀ ਅੰਮੀ!!” ਬੱਚੀ ਨੇ ਹੈਰਾਨੀ ਨਾਲ ਦੁਹਰਾਇਆ ਤੇ ਥੈਲਾ ਫੜ੍ਹ ਕੇ ਅੰਦਰ ਚਲੀ ਗਈ।
“ਅਸੀਂ ਤੇਰੇ ਕੁਛ ਨਹੀਂ ਲੱਗਦੇ¸ ਤੇਰਾ ਜੋ ਵੀ ਰਿਸ਼ਤੈ, ਸਾਡੇ ਅੱਬਾ ਨਾਲ ਐ। ਇਸ ਦਰਵਾਜ਼ੇ 'ਚ ਫੇਰ ਕਦੀ ਪੈਰ ਨਾ ਪਾਵੀਂ” ਕੁਝ ਚਿਰ ਬਾਅਦ ਵੱਡੀ ਦੇ ਚਾਰੇ ਮੁੰਡੇ ਦਰਵਾਜ਼ੇ ਕੋਲ ਆਣ ਖੜ੍ਹੇ ਹੋਏ ਸੀ ਤੇ ਉਸਨੂੰ ਕਹਿ ਗਏ ਸੀ। ਨਸੀਬਨ ਵਿਚ ਇਸ ਖੁੱਲ੍ਹੇ ਦਰਵਾਜ਼ੇ ਅੰਦਰ ਪੈਰ ਪਾਉਣ ਦੀ ਹਿੰਮਤ ਵੀ ਨਹੀਂ ਸੀ ਰਹੀ। ਕਾਫੀ ਦੇਰ ਤਕ ਉਹ ਚੁਗਾਠ ਨਾਲ ਲੱਗੀ ਖੜ੍ਹੀ ਰਹੀ...
 ਢੋਲਕੀ ਦੀ ਥਾਪ ਉੱਤੇ ਸ਼ਾਦੀ ਦੇ ਗੀਤ...“ਲਾਲ ਮੋਟਰ ਵਿਚ ਦੁਲਹਾ ਆਇਆ, ਦੁਲਹਨ ਬੀ ਤੇਰੀ ਮਾਂ ਨੇ ਕੀ ਕੀ ਦਿੱਤਾ? ਬੋਲ ਦੁਲਹਨ ਬੀ?” ਦੇ ਨਾਲ ਕੁੜੀਆਂ ਦੇ ਠਹਾਕੇ ਉਸਨੂੰ ਜਿਵੇਂ ਇਤਲਾਹ ਦੇ ਰਹੇ ਹੋਣ¸ “ਹੁਣ ਜਾਹ ਨਸੀਬਨ! ਤੇਰਾ ਤੋਹਫ਼ਾ ਬੇਟੀ ਕੋਲ ਪਹੁੰਚ ਗਿਐ।”  
ਨਸੀਬਨ ਦਾ ਦਿਲ ਟੁੱਟ ਗਿਆ।
“ਕੀ ਰੱਖਿਐ ਇਸ ਮਤਲਬੀ-ਖ਼ੁਦਗਰਜ ਦੁਨੀਆਂ 'ਚ!” ਉਸਨੇ ਹੱਜ ਦੀ ਠਾਣ ਲਈ। ਬੈਂਕ ਵਿਚੋਂ ਤਮਾਕੂ ਦੇ ਖੇਤ ਵੇਚ ਕੇ ਜਮ੍ਹਾਂ ਕੀਤਾ ਪੈਸਾ ਕਢਵਾਇਆ। ਘਰ ਵੇਚਿਆ ਤੇ ਪਤੀ ਨਾਲ ਹੱਜ 'ਤੇ ਜਾਣ ਦੀ ਤਿਆਰੀ ਕਰਨ ਲੱਗ ਪਈ। ਆਪਣਾ ਸਾਂਝੇ ਘਰ ਦਾ ਹਿੱਸਾ ਉਸਨੇ ਆਪਣੇ ਭਾਣਜੇ ਨੂੰ ਵੇਚ ਦਿੱਤਾ, ਇਸ ਸ਼ਰਤ 'ਤੇ ਕਿ 'ਜੇ ਮੈਂ ਹੱਜ ਤੋਂ ਪਰਤ ਆਈ ਤਾਂ ਮੈਨੂੰ ਇਕ ਪਲੰਘ ਜਿੰਨੀ ਥਾਂ ਦੇ ਦਵੀਂ।'
ਬਚੇ ਹੋਏ ਪੈਸਿਆਂ ਨਾਲ ਉਸਨੇ ਗੁੰਟੂਰ ਤੋਂ ਪੰਤਾਲੀ ਮਿੰਟ ਦੀ ਦੂਰੀ ਉੱਤੇ ਸਥਿਤ ਜੁੜਵਾਂ ਸ਼ਹਿਰ ਵਿਜੇਵਾੜਾ ਵਿਚ ਇਕ ਘਰ ਖ਼ਰੀਦ ਲਿਆ।
“ਮੈਨੂੰ ਲੱਗਦੈ ਜਿਵੇਂ ਮੈਂ ਮੁੜ ਕੇ ਨਹੀਂ ਆਉਣਾ।” ਸਭ ਤੋਂ ਛੋਟੀ ਭੈਣ ਕਿਰਾਏ 'ਤੇ ਰਹਿੰਦੀ ਸੀ, ਉਸਨੂੰ ਇਹ ਘਰ ਰਹਿਣ ਲਈ ਦੇਂਦੀ ਹੋਈ ਬੋਲੀ, “ਮਰ ਗਈ ਤਾਂ ਤੂੰ ਰੱਖ ਲਵੀਂ...ਤੇ ਜੇ ਵਾਪਸ ਆ ਗਈ ਤਾਂ ਮੈਨੂੰ ਕਿਰਾਇਆ ਦੇ ਦਿਆ ਕਰੀਂ।” ਦੋਵਾਂ ਭੈਣਾ ਦੀਆਂ ਅੱਖਾਂ ਸਿੱਜਲ ਹੋ ਗਈਆਂ।

ਪਾਣੀ ਦੇ ਜਹਾਜ਼ ਰਾਹੀਂ ਜਦੋਂ ਉਹ ਹੱਜ ਤੋਂ ਵਾਪਸ ਆਈ ਤਾਂ ਇਕ ਦੂਰ ਦੇ ਰਿਸ਼ਤੇ ਦੇ ਭਰਾ ਦੀ ਘਰਵਾਲੀ ਮੁੰਬਈ ਵਿਚ ਸੀ। ਉਹ ਵੀ ਉਸਨੂੰ ਮਿਲਣ ਗਈ। ਕੱਪੜੇ ਦੀ ਇਕ ਭਾਰੀ ਗਠੜੀ ਚੁੱਪਚਾਪ ਉਸਦੇ ਹੱਥ ਵਿਚ ਫੜਾ ਕੇ ਬੋਲੀ-
“ਬੋਚ ਕੇ ਬਾਹਰ ਲੈ ਚੱਲ। ਤੇਰੇ ਲਈ ਵੀ ਖਾਸਾ ਸਾਮਾਨ ਲਿਆਈ ਆਂ।” ਵਾਕਈ ਖਾਸਾ ਸਾਮਾਨ ਸੀ ਉਸ ਕੋਲ।
“ਨਹੀਂ ਸ਼ਰਈਆਂ ਵਾਲੀ ਅੰਮਾਂ, ਸੋਨਾ ਫੜਿਆ ਜਾਏ ਤਾਂ ਜੇਲ੍ਹ ਹੋ ਜਾਂਦੀ ਏ।”
ਗੁੰਟੂਰ ਪਹੁੰਚ ਕੇ ਰਿਸ਼ਤੇਦਾਰਾਂ ਦੀ ਦਾਅਵਤ ਵਿਚ ਨਸੀਬਨ ਨੇ ਉਸਨੂੰ ਖ਼ੂਬ ਭੰਡਿਆ ਤੇ ਉਸਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਤੋਹਫ਼ੇ ਵੀ ਦਿੱਤੇ। ਪਰ ਹੱਜ ਤੋਂ ਲਿਆਂਦੀ ਹੋਈ ਸੁਗਾਤ¸ ਖਜੂਰਾਂ, ਆਬ ਜਮ-ਜਮ (ਪਵਿਤਰ ਜਲ) ਤੇ ਤਸਬੀਹ (ਮਾਲਾ) ਉਸਨੂੰ ਕੁਝ ਦਿਨ ਬਾਅਦ ਪਹੁੰਚਾਅ ਵੀ ਦਿੱਤੇ।
ਹੱਜ ਤੋਂ ਵਾਪਸ ਆ ਕੇ ਨਸੀਬਨ ਨੇ ਭਾਣਜੇ ਤੋਂ ਆਪਣੇ ਵੇਚੇ ਹੋਏ ਘਰ ਵਿਚ ਇਕ ਪਲੰਘ ਦੀ ਜਗ੍ਹਾ ਲੈ ਲਈ। ਓਧਰ ਭੈਣ ਦਸ ਰੁਪਏ ਮਹੀਨਾ ਕਿਰਾਇਆ ਦੇਣ ਲੱਗ ਪਈ। ਹੱਜ ਦੇ ਕੁਝ ਦਿਨਾਂ ਬਾਅਦ ਈ ਮਸਤਾਨ ਖ਼ਾਨ, ਨਾਲ ਖਾਣਾ ਖਾਂਦਾ ਹੋਇਆ, ਦਿਲ ਦਾ ਦੌਰਾ ਪੈਣ ਕਾਰਨ ਮਰ ਗਿਆ। ਬੱਚੇ ਪਿਓ ਦੀ ਮਈਅਤ (ਮੁਰਦਾ/ਲਾਸ਼) ਉਸ ਦੇ ਘਰੋਂ ਚੁੱਕ ਕੇ ਆਪਣੇ ਘਰ ਲੈ ਗਏ। ਪਤਾ ਨਹੀਂ ਕਿੰਜ ਉਸ ਦਿਨ ਉਸਨੂੰ ਕਿਸੇ ਨੇ ਸੌਕਣ ਦੇ ਘਰ ਦੇ ਵਿਹੜੇ ਵਿਚ ਸ਼ੌਹਰ ਦੀ ਮਈਅਤ ਉੱਤੇ ਰੋਣ ਤੋਂ ਨਹੀਂ ਸੀ ਰੋਕਿਆ!
ਪਿੱਛੋਂ ਸੁਣਿਆ, ਉਹਨਾਂ ਲੋਕਾਂ ਨੂੰ ਰੇਲਵੇ ਕੁਆਟਰ ਛੱਡਣਾ ਪਿਆ ਏ ਤੇ ਤੰਗੀ ਵਿਚ ਗੁਜਾਰਾ ਕਰ ਰਹੇ ਨੇ।
ਨਸੀਬਨ ਕੋਲ ਵੀ ਪਹਿਲੇ ਪਤੀ ਦੇ ਧਨ-ਦੌਲਤ ਵਿਚੋਂ ਹੁਣ ਕੁਝ ਨਹੀਂ ਸੀ ਬਚਿਆ¸ ਸਭ ਕੁਝ ਵਿਕ ਚੁੱਕਿਆ ਸੀ। ਦਰਅਸਲ ਉਸ ਜ਼ਮਾਨੇ ਵਿਚ ਹੱਜ ਦਾ ਸਫ਼ਰ ਬੜਾ ਮੁਸ਼ਕਿਲ ਹੁੰਦਾ ਸੀ। ਇਸ ਨੂੰ ਵੀ ਇੰਜ ਈ ਲੱਗਿਆ ਸੀ ਕਿ ਬਚੇਗੀ ਨਹੀਂ। ਸੋਚਿਆ ਈ ਨਹੀਂ ਸੀ ਕਿ ਇਕ ਵਾਰੀ ਫੇਰ ਇਕੱਲ ਉਸਦੇ ਹਿੱਸੇ ਆਏਗੀ। ਉਸਨੂੰ ਲੱਗਿਆ, ਜਿਵੇਂ ਇਹ ਇਕੱਲ ਇਸ ਵਾਰੀ ਸਦਾ ਲਈ ਆਈ ਹੋਵੇ।
ਖਾਣੇ ਦੀ ਹਮੇਸ਼ਾ ਤੋਂ ਚਟੋਰੀ ਸੀ ਪਰ ਹੁਣ ਭਾਂਤ-ਭਾਂਤ ਦੇ ਪਕਵਾਨ ਬਣਾਉਣੇ ਕਿੰਜ ਸੰਭਵ ਹੁੰਦੇ!
ਇਸ ਜ਼ਮਾਨੇ ਵਿਚ ਜਾਪੇ ਦੌਰਾਨ ਬਹੁਤ ਸਾਰੀਆਂ ਔਰਤਾਂ ਮਰ ਜਾਂਦੀਆਂ ਸਨ। ਬੱਚੇ ਦੇ ਜਨਮ ਸਮੇਂ ਕੁਝ ਕੱਚੀਆਂ-ਪੱਕੀਆਂ ਦਾਈਆਂ ਦੇ ਹੱਥੇ ਚੜ੍ਹ ਜਾਂਦੀਆਂ...ਜਿਹੜੀਆਂ ਬਿਮਾਰ ਪੈ ਜਾਂਦੀਆਂ, ਇਲਾਜ਼ ਸਹੀ ਨਾ ਮਿਲਦਾ। ਰੰਡੇ ਹੋਣ ਪਿੱਛੋਂ ਉਹਨਾਂ ਦੇ ਮਰਦ ਦੀ ਫ਼ੌਰਨ ਸ਼ਾਦੀ ਕਰ ਦਿੱਤੀ ਜਾਂਦੀ। ਕਈ ਤਾਂ ਚਹਲਮ (ਚਾਲ੍ਹੀਵੇਂ) ਤਕ ਵੀ ਨਹੀਂ ਸੀ ਰੁਕਦੇ। ਨੰਨ੍ਹੀ ਜਾਨ ਨੂੰ ਚਾਲ੍ਹੀ ਦਿਨ ਵੀ ਕੌਣ ਸੰਭਾਲਦਾ¸ ਦਸ ਵੀਹ ਦਿਨ ਦਾ ਬੱਚਾ ਈ ਦੂਜੀ ਮਾਂ ਦੇ ਹਵਾਲੇ ਕਰ ਦਿੱਤਾ ਜਾਂਦਾ। ਪਰ ਜੇ ਔਰਤ ਦੂਜਾ ਨਿਕਾਹ ਕਰਨਾ ਚਾਹੁੰਦੀ ਤਾਂ ਉਸਨੂੰ ਗੁਨਾਹ ਸਮਝਦੇ। ਫੇਰ ਨਸੀਬਨ ਤਾਂ ਤਿੰਨ ਸ਼ਾਦੀਆਂ ਕਰ ਚੁੱਕੀ ਸੀ। ਖ਼ਾਨਦਾਨ ਵਿਚ ਸਾਰੇ ਤੇ ਖਾਸ ਕਰਕੇ ਗੁੰਟੂਰ ਵਿਚ ਈ ਰਹਿੰਦੇ ਨਸੀਬਨ ਦੇ ਚਚੇਰੇ ਭਰਾ ਹਾਰਸ਼, ਉਸ ਨਾਲ ਬੜੀ ਨਫ਼ਰਤ ਕਰਦੇ ਸਨ।
“ਮਰਦ ਬਣਨ ਚੱਲੀ ਐ¸ ਊਂਹ।” ਉਸਨੂੰ ਦੇਖ ਕੇ ਉਹ ਨਫ਼ਰਤ ਨਾਲ ਬੜਬੜਾਉਂਦੇ। ਇਹ ਵੀ ਇਤਫ਼ਾਕ ਈ ਸੀ ਕਿ ਉਹਨਾਂ ਦੀ ਇਕਲੌਤੀ ਘਰਵਾਲੀ ਵੀ ਉਹਨਾਂ ਦੀ ਤੀਜੇ ਨੰਬਰ ਦੀ ਪਤਨੀ ਸੀ।
ਉਹ ਜਿਸ ਘਰ ਖਾਣਾ ਮੰਗਣ ਜਾਂਦੀ¸ ਉਸਨੂੰ ਖਾਣੇ ਦੇ ਨਾਲ ਕੁਝ ਪੈਸੇ ਵੀ ਖ਼ੈਰਾਤ (ਭੀਖ) ਵਜੋਂ, ਅੱਲ੍ਹਾ ਦੇ ਨਾਂ 'ਤੇ ਮਿਲ ਜਾਂਦੇ। ਇਸ ਤਰ੍ਹਾਂ ਦਾ ਕਾਫੀ ਪੈਸਾ ਉਸਨੇ ਬੈਂਕ ਵਿਚ ਜਮ੍ਹਾਂ ਕੀਤਾ ਹੋਇਆ ਸੀ। ਆਪਣੀ ਮਮੇਰੀ ਬੇਵਾ ਭੈਣ ਨੂੰ ਉਸਨੇ ਆਪਣੇ ਨਾਲ ਰੱਖ ਲਿਆ। ਅਜਿਹੀਆਂ ਵਿਧਵਾਵਾਂ ਉਦੋਂ ਸ਼ਹਿਰ ਵਿਚ ਬੜੀਆਂ ਹੁੰਦੀਆਂ ਸਨ, ਜਿਹੜੀਆਂ ਦੂਜਿਆਂ ਦੀ ਟਹਿਲ ਕਰਕੇ ਜਿਊਂ ਲੈਂਦੀਆਂ ਸਨ।
“ਮੈਨੂੰ ਭੁੱਖ ਲੱਗੀ ਏ ਮਾਂ! ਹੋਏ ਤਾਂ ਕੁਛ ਖਾਣ ਨੂੰ ਦੇਦੇ।” ਰਿਸ਼ਤੇਦਾਰਾਂ ਦੇ ਘਰੀਂ ਉਹ ਰੋਟੀ ਵੇਲੇ ਪਹੁੰਚ ਜਾਂਦੀ। ਮੰਗ ਕੇ ਖਾਣ ਲੱਗਦੀ। ਇੰਜ ਈ ਮੰਗਦੀ-ਖਾਂਦੀ ਇਕ ਦਿਨ ਉਹ ਗੁੰਟੂਰ ਤੋਂ ਵਰੰਗਲ ਪਹੁੰਚ ਗਈ ਤੇ ਉੱਥੋਂ ਦੇ ਸਭ ਤੋਂ ਸ਼ਾਨਦਾਰ ਮਕਾਨ ਸਾਹਵੇਂ ਖਲੋਤੀ¸ ਮੋਟੀ-ਤਾਜੀ, ਠੋਸ-ਬਦਨ ਤੇ ਚੌੜੇ-ਮੂੰਹ ਵਾਲੀ, ਗੋਰੀ-ਚਿੱਟੀ, ਲੰਮੀ-ਝੰਮੀ, ਸਜੀ-ਧਜੀ, ਜੇਵਰਾਂ ਨਾਲ ਪੀਲੀ ਹੋਈ ਹੋਈ¸ ਇਕ ਔਰਤ ਬੜੀ ਮਿੱਠੀ ਆਵਾਜ਼ ਵਿਚ ਕੂਕੀ-
“ਸ਼ਰਈਆਂ ਵਾਲੀ ਅੰਮਾਂ! ਤੂੰ!! ਏਥੇ?”
¸ਅਸਲਾਮ ਆਲੇਕੁਮ' ਨਸੀਬਨ ਦੇ ਦਿਮਾਗ਼ ਵਿਚ ਗੂੰਜਿਆ...'ਹਾਂ ਇਹ ਉਹੀ ਤਾਂ ਐ ਰੁਕੱਈਆ...!...ਗੁੰਟੂਰ ਰੇਲਵੇ ਕੁਆਟਰ ਦਾ ਉਹ ਦਰਵਾਜ਼ਾ ਖੁੱਲ੍ਹਦਿਆਂ ਈ ਜਿਸ ਛੋਟੀ ਜਿਹੀ ਬੱਚੀ ਨੇ ਝੱਟ ਸਲਾਮ ਕੀਤੀ ਸੀ ਤੇ ਉਸਨੇ ਖੁਸ਼ੀ ਨਾਲ ਉਸਦੇ ਸਿਰ ਉੱਤੇ ਮਮਤਾ ਦਾ ਹੱਥ ਧਰ ਦਿੱਤਾ ਸੀ।
“ਰੁਕੱਈਆ?” ਇਹ ਉਸਦੇ ਤੀਜੇ ਪਤੀ ਮਸਤਾਨ ਖ਼ਾਨ ਦੀ ਛੋਟੀ ਬੱਚੀ ਰੁਕਈਆ ਈ ਸੀ। ਹੂ-ਬ-ਹੂ ਪਿਓ ਵਰਗੀ ਤਾਂ ਸੀ। ਨਬੀਬਨ ਨੂੰ ਮਸਤਾਨ ਖ਼ਾਨ ਪੂਰੀ ਤਰ੍ਹਾਂ ਯਾਦ ਆ ਗਿਆ।
“ਜੀ” ਰੁਕੱਈਆ ਨੇ ਫੇਰ ਸਲਾਮ ਕੀਤੀ।
ਦਸਤਰਖ਼ਾਨ ਉੱਤੇ ਸਜਿਆ ਖਾਣਾ, ਮੁਰਗੀ ਦਾ ਕੋਰਮਾ, ਅੰਬਾੜੇ ਦੀ ਭਾਜੀ ਤੇ ਤਲੀ ਹੋਈ ਖਾਰੀ ਮੱਛੀ ਦਾ ਮਜ਼ਾ ਲੈਂਦਿਆਂ ਨਸੀਬਨ ਨੇ ਸੋਚਿਆ¸ ਰੁਕੱਈਆ ਦੀ ਸ਼ਾਦੀ ਵੀ ਉਸੇ ਵਾਂਗ ਗਿਆਰਾਂ-ਬਾਰਾਂ ਸਾਲ ਦੀ ਉਮਰ ਵਿਚ ਵਿਜੇਵਾੜਾ ਵਿਚ ਹੋ ਗਈ ਸੀ। ਸ਼ੌਹਰ ਉਸਨੂੰ ਬੜਾ ਚਾਹੁੰਦਾ ਸੀ। ਪਰ ਬੱਚੇ ਦਾ ਸੁਖ ਉਸਦੇ ਨਸੀਬ ਵਿਚ ਨਹੀਂ ਸੀ¸ ਦੁਆਵਾਂ, ਗੰਡੇ-ਤਾਵੀਤ, ਦਰਗਾਹਾਂ, ਮਜ਼ਾਰ...ਕੁਝ ਵੀ ਤਾਂ ਕੰਮ ਨਹੀਂ ਸੀ ਆਇਆ...
ਇਕ ਸਵੇਰ ਪੂਰੇ ਮੁਹੱਲੇ ਵਿਚ ਹਲਚਲ ਮੱਚ ਗਈ¸ ਰਕੱਈਆ ਨੂੰ ਉਸਦੇ ਦੇ ਘਰਵਾਲੇ ਲੱਭਦੇ ਫਿਰ ਰਹੇ ਸਨ। ਪਤਾ ਨਹੀਂ ਕਿੱਥੇ ਗਾਇਬ ਹੋ ਗਈ ਸੀ। ਪੱਕੇ ਮੁਸਲਮਾਨਾਂ ਦਾ ਮੁਹੱਲਾ ਸੀ।
“ਕਿੱਥੇ ਚਲੀ ਗਈ?”
“ਕਿੱਧਰ ਗਈ ਹੋਈ?”
“ਸਵੇਰੇ ਸਵੇਰੇ ਕਿੱਧਰ ਨਿਕਲ ਗਈ?”
ਜਦੋਂ ਕਈ ਦਿਨਾਂ ਤਕ ਉਸਦੀ ਕੋਈ ਖ਼ਬਰ ਨਾ ਮਿਲੀ ਤਾਂ ਲੋਕਾਂ ਨੇ ਕਿਹਾ-
“ਮਰ-ਮੁੱਕ ਗਈ ਹੋਏਗੇ” ਪੁਲਸ ਵਿਚ ਕੰਪਲੇਂਟ ਦਰਜ ਕਰਵਾਈ ਗਈ। ਗੁੰਟੂਰ ਤੇ ਵਿਜੇਵਾੜਾ ਵਿਚਕਾਰੋਂ ਲੰਘਦੀ ਕ੍ਰਿਸ਼ਨਾ ਨਦੀ ਦੇ ਪੁਲ ਦੇ ਹੇਠੋਂ ਲੰਘੀ ਕਿਸੇ ਲਾਲ ਸਾੜ੍ਹੀ ਵਾਲੀ ਦੀ ਲਾਸ਼ ਦੇ ਜ਼ਿਕਰ ਨਾਲ ਕਾਂਸਟੇਬਲ ਨੇ ਸ਼ੰਕਿਆਂ ਨੂੰ ਪਕਿਆ ਦਿੱਤਾ।
ਸਭ ਨੂੰ ਪੱਕਾ ਯਕੀਨ ਹੋ ਗਿਆ ਕਿ ਰੁਕੱਈਆ ਨਦੀ ਵਿਚ ਡੁੱਬ ਕੇ ਮਰ ਗਈ ਏ। ਰੋ-ਧੋ ਕੇ ਫਾਤਹਾ ਦਰੁਦ (ਮਰਨ ਵਾਲੇ ਦੀ ਰੂਹ ਲਈ ਸ਼ਾਂਤੀ ਪਾਠ) ਪੜ੍ਹ ਦਿੱਤਾ ਗਿਆ। ਨਸੀਬਨ ਦੇ ਤੀਜੇ ਪਤੀ ਦੀ ਧੀ ਰੁਕੱਈਆ ਬਾਰੇ ਇਹ ਸਭ ਕੁਝ ਸਾਰਾ ਗੁੰਟੂਰ ਜਾਣਦਾ ਸੀ...ਇਕ ਪਲ ਵਿਚ ਨਸੀਬਨ ਦੀਆਂ ਅੱਖਾਂ ਸਾਹਵੇਂ ਸਾਰੀ ਰੀਲ੍ਹ ਘੁੰਮ ਗਈ¸ ਸਭ ਕੁਝ ਸਮਝ ਵਿਚ ਆ ਗਿਆ।
ਖਾਣੇ ਪਿੱਛੋਂ ਰੁਕੱਈਆ ਚਾਂਦੀ ਦਾ ਪਾਨਦਾਨ ਖੋਲ੍ਹ ਕੇ ਬੈਠ ਗਈ।
“ਮੇਰੀ ਅੰਮਾਂ, ਭਰਾ-ਭੈਣਾ ਤੇ ਉਹ ਕੈਸੇ ਹੈਨ?” ਰੁਕੱਈਆ ਨੇ ਹਰੇਕ ਬਾਰੇ ਪੁੱਛਿਆ।
“ਸਭ ਆਪਣੇ ਘਰੀਂ ਹੱਸਦੇ-ਵੱਸਦੇ ਐ। ਉਹ ਤੇਰੀ ਯਾਦ ਵਿਚ ਜਿਊਂਦੈ। ਬਸ ਘਰੋਂ ਮਸਜਿਦ, ਮਸਜਿਦੋਂ ਘਰ।”
“ਕੁਛ ਕੰਮ-ਧੰਦਾ ਵੀ ਕਰਦੇ ਐ?” ਰੁਕੱਈਆ ਨੇ ਆਪਣੀ ਆਦਤ ਦੇ ਉਲਟ ਧੀਮੀ ਆਵਾਜ਼ ਵਿਚ ਪੁੱਛਿਆ।
“ਕਦੀ ਕੀਤਾ ਸੀ ਕੁਛ?” ਨਸੀਬਨ ਹੱਸੀ, “ਉਸਦੀ ਅੰਮਾਂ ਵੀ ਹੁਣ ਨਹੀਂ ਰਹੀ। ਭੈਣ ਦੇ ਘਰ ਖਾਂਦੈ, ਅੱਲਾ-ਅੱਲਾ ਕਰਕੇ ਆਪਣੇ ਘਰ ਪਿਆ ਰਹਿੰਦੈ...ਤੂੰ ਏਥੇ ਖੁਸ਼ ਐਂ ਨਾ? ਦੂਜਾ ਕਰ ਲਿਐ ਨਾ ਤੂੰ! ਕੀ ਕਿੱਸਾ ਸੀ?”
“ਅਸਲਾਮ ਆਲੇਕੁਮ...” ਰੁਕੱਈਆ ਨੇ ਪਾਨ ਦਾ ਬੀੜਾ ਪੇਸ਼ ਕਰਦਿਆਂ, ਸਲਾਮ ਦੇ ਬਹਾਨੇ ਗੱਲ ਟਾਲੀ।
“ਅੰਮਾਂ ਨੂੰ ਜਾ ਕੇ ਦੱਸ ਦੇਣਾ ਮੈਂ ਇੱਥੇ ਆਂ…ਜਿਊਂਦੀ ਆਂ” ਰੁਕੱਈਆ ਗੱਲ ਬਦਲ ਕੇ ਨਸੀਬਨ ਨੂੰ ਵਿਦਾਅ ਕਰਨ ਲਈ ਉਠ ਖੜ੍ਹੀ ਹੋਈ।
“ਜੇ ਤੇਰੀ ਅੰਮਾਂ ਦਰਵਾਜ਼ਾ ਖੋਹਲੂ ਤੇ ਮੈਨੂੰ ਅੰਦਰ ਵੜਨ ਦੇਊ ਫੇਰ ਈ ਨਾ...”
ਨਸੀਬਨ ਨੇ ਉਸ ਵੱਲ ਗੌਰ ਨਾਲ ਦੇਖਿਆ...ਢਿੱਡ ਤੋਂ ਖਾਸੀ ਉੱਪਰ ਕਰਕੇ ਸਿੱਧੀ ਬੰਨ੍ਹੀ ਹੋਈ ਸਾੜ੍ਹੀ ਜਿਸਦੀ ਮੋਹਰੀ ਜ਼ਮੀਨ ਨੂੰ ਛੂਹ ਰਹੀ ਸੀ। ਪੰਜਿਆਂ ਕੋਲੋਂ ਮੋਹਰੀ ਦੇ ਸੱਜੇ ਤੇ ਖੱਬੇ ਪਾਸਿਓਂ ਸਾੜ੍ਹੀ ਕੁਝ ਉੱਚੀ ਸੀ। ਜਿਸ ਕਰਕੇ ਉਸਦੇ ਜ਼ਰਾ ਕੁ ਭਾਰੀ ਹੋਏ ਪੈਰਾਂ ਵਿਚ ਕੀਮਤੀ, ਦੋ ਪਟਿਆਂ ਵਾਲੀ, ਚੱਪਲ ਦਿਖਾਈ ਦੇ ਰਹੀ ਸੀ। ਉਸਨੇ ਲੰਮਾ, ਢਿੱਲਾ, ਪਲੇਨ ਬਲਾਊਜ਼ ਪਾਇਆ ਹੋਇਆ ਸੀ, ਜਿਸ ਵਿਚੋਂ ਢਿੱਡ ਨਜ਼ਰ ਨਹੀਂ ਸੀ ਆਉਂਦਾ ਪਿਆ। ਫੁੱਲੀ ਹੋਈ ਪਫ਼ ਵਾਲੀਆਂ ਬਾਹਾਂ ਸਨ ਤੇ ਗਲ਼ੇ ਵਿਚ ਫਰਲ ਲੱਗੀ ਹੋਈ ਸੀ। ਪੱਲਾ ਦੁੱਪਟੇ ਵਰਗਾ ਇਕੋ ਜਿਹਾ ਗੁੱਛਾ ਹੋਇਆ ਖੱਬੇ ਮੋਢੇ ਉੱਤੇ ਪਿਆ ਸੀ ਤੇ ਛਾਤੀ ਨੂੰ ਢਕ ਰਿਹਾ ਸੀ। ਪੱਲੇ ਨੂੰ ਪਿਛਲੇ ਪਾਸਿਓਂ ਖਿੱਚ ਕੇ ਲੱਕ ਕੋਲ ਟੰਗਿਆਂ ਹੋਇਆ ਸੀ। ਜਿਸ ਨਾਲ ਜਿਸਮ ਦੀ ਸ਼ੇਪ ਖੂਬਸੂਰਤ ਨਜ਼ਰ ਆ ਰਹੀ ਸੀ। ਜੂੜੇ ਵਿਚ ਖੁਸ਼ਬੂਦਾਰ ਕੇਵੜੇ ਦੇ ਹਰੇ ਪੱਤਿਆਂ ਦੇ ਨਾਲ, ਲਾਲ ਤੇ ਸਫੇਦ ਫੁੱਲ ਟੁੰਗੇ ਹੋਏ ਸਨ।
“ਅੱਛਾ ਫੇਰ, ਸ਼ਰਈਆਂ ਵਾਲੀ ਅੰਮਾਂ!” ਰੁਕੱਈਆ ਸਮਝ ਗਈ ਕਿ ਇੰਜ ਟਾਲਨਾਂ ਪਸੰਦ ਨਹੀਂ ਸੀ ਆਇਆ ਉਸਨੂੰ।
“ਛੋਟੀ ਅੰਮੀਂ ਨਹੀਂ ਆਖੇਂਗੀ ਕਿ ਬੇਟਾ?” ਨਸੀਬਨ ਨੇ ਗੱਲ ਟੁੱਕੀ।
“ਛੋਟੀ ਅੰਮੀ, ਮੈਂ ਜਿਊਂਦੀ ਆਂ, ਮੇਰੇ ਪੇਕੇ ਘਰ ਇਹ ਖਬਰ ਜ਼ਰੂਰ ਦੇ ਦੇਣਾ।” ਦਹਿਲੀਜ਼ ਉੱਪਰ ਪਹੁੰਚ ਕੇ ਉਸਨੇ ਦੁਬਾਰਾ ਯਾਦ ਕਰਵਾਇਆ।
“ਏਨਾ ਸੋਹਣਾ ਘਰ...! ਸੋਨੇ 'ਚ ਮੜ੍ਹੀ ਜਗਮਗਾਉਂਦੀ ਐ ਕਿਸੇ ਨੇ ਯਕੀਨ ਨਹੀਂ ਮੰਨਣਾ!!” ਨਸੀਬਨ ਤਾਂ ਮੰਗ ਕੇ ਖਾਂਦੀ ਸੀ, ਕਿੰਨੇ ਲੋਕਾਂ ਨੂੰ ਮਿਲਦੀ ਸੀ। ਕਿੰਨੇ ਘਰਾਂ ਵਿਚ ਜਾਂਦੀ ਸੀ...ਪਰ ਵਾਪਸ ਗੁੰਟੂਰ ਆਈ ਤਾਂ ਪਿੰਡ 'ਚ ਢਿੰਡੋਰਾ ਨਹੀਂ ਸੀ ਪਿੱਟਦੀ ਫਿਰੀ¸ ਸਿਰਫ ਰੁਕਈਆ ਦੀ ਮਾਂ ਨੂੰ ਦੱਸਿਆ ਸੀ¸ ਆਖ਼ਰ ਧੀ ਸੀ। ਮਾਂ, ਭਰਾ, ਭੈਣ ਕੋਈ ਰੁਕੱਈਆ ਨੂੰ ਮਿਲਣ ਲਈ ਵਰੰਗਲ ਨਹੀਂ ਗਿਆ। ਸਨਕੀ ਬੁੱਢੜੀ ਦੀਆਂ ਗੱਲਾਂ ਦੀ ਜਾਂਚ ਕਰਨ ਲਈ ਕੌਣ ਏਨੀ ਦੂਰ ਜਾਂਦਾ। ਵੈਸੇ ਵੀ ਇਹ ਲੋਕ ਬੜੇ ਗਰੀਬ ਹੋ ਗਏ ਸਨ। ਰੁਕੱਈਆ ਬੜੀ ਛੋਟੀ ਸੀ ਜਦੋਂ ਉਸਨੇ ਮਾਂ-ਬਾਪ ਦੇ ਘਰ ਖਾਣ-ਪੀਣ ਦਾ ਸੁਖ ਦੇਖਿਆ ਹੋਏਗਾ। ਫੇਰ ਜਿਵੇਂ ਹੱਥੋਂ ਦਿਨ ਤਿਲ੍ਹਕ ਗਏ ਸਨ। ਪਿਓ ਦੀ ਮੌਤ ਪਿੱਛੋਂ ਛੋਟੀ ਜਿਹੀ ਉਮਰ ਵਿਚ ਉਸਨੂੰ ਹੈਦਰਾਬਾਦ ਦੇ ਵੰਜਾਰਾ ਹਲਸ ਇਲਾਕੇ ਵਿਚ ਰਹਿਣ ਵਾਲੀ ਦੂਰ ਦੀ ਇਕ ਰਿਸ਼ਤੇਦਾਰ ਦੇ ਘਰ ਉਹਨਾਂ ਦੇ ਪੁੱਤਰ ਦੀ ਦੇਖ-ਭਾਲ ਕਰਨ ਲਈ ਭੇਜ ਦਿੱਤਾ ਗਿਆ ਸੀ।

ਵਰੰਗਲ ਤੋਂ ਵਾਪਸ ਆਇਆਂ ਨਸੀਬਨ ਨੂੰ ਅੱਠ-ਦਸ ਦਿਨ ਤੋਂ ਵੱਧ ਨਹੀਂ ਸੀ ਹੋਏ ਹੋਣ ਕਿ ਇਕ ਦਿਨ ਸ਼ਾਮੀਂ ਮਗਰਬ ਦੀ ਨਮਾਜ਼ ਪਿੱਛੋਂ ਮੁੱਹਲੇ ਦਾ ਇਕ ਮੁੰਡਾ ਸੁਨੇਹਾ ਲਾ ਗਿਆ:
“ਸ਼ਰਈਆਂ ਵਾਲੀ ਨਾਨੀ, ਮਸਜਿਦ ਵਿਚ ਤੈਨੂੰ ਕੋਈ ਆਦਮੀ ਪੁੱਛ ਰਿਹਾ ਸੀ।”
“ਕੌਣ? ਮੈਨੂੰ ਕੌਣ ਪੁੱਛੇਗਾ?”
“ਪਤਾ ਨਹੀ ਗੁੰਟੂਰ ਦਾ ਤਾਂ ਨਹੀਂ ਸੀ ਲੱਗਦਾ...ਮੈਂ ਨਾਂਅ ਨਹੀਂ ਪੁੱਛਿਆ ਉਸਦਾ। ਉਹ ਮੈਥੋਂ ਨਹੀਂ ਕਿਸੇ ਹੋਰ ਤੋਂ ਤੇਰੇ ਬਾਰੇ ਪੁੱਛ ਰਿਹਾ ਸੀ।”

“ਓ-ਇ ਬਾਬੂ ਕਵਾਲ! ਤੂੰ??” ਨਸੀਬਨ ਹੈਰਾਨੀ ਭਰੀ ਖੁਸ਼ੀ ਵਿਚ ਝੂੰਮੀਂ ਲੱਗੀ¸ 'ਝੂੰਮ ਬਰਾਬਰ ਝੂੰਮ ਸ਼ਰਾਬੀ', ਆਪ-ਮੁਹਾਰੇ ਉਸਦੇ ਮੂੰਹੋ ਨਿਕਲਿਆ ਤਾਂ ਉਹ ਸ਼ਰਮਿੰਦਾ ਵੀ ਹੋ ਗਈ। ਸੰਭਲ ਕੇ ਬੋਲੀ, “ਤੂੰ ਉਹੀ ਬਾਬੂ ਕਵਾਲ ਐਂ ਨਾ!...ਜਿਸਦਾ ਗਲ਼ਾ ਬੜਾ ਸੁਰੀਲਾ ਸੀ!! ਹੈ-ਨਾ?”
“ਹਾਂ ਮੈਂ ਰੁਕੱਈਆ ਦਾ ਦੂਜਾ ਸ਼ੌਹਰ (ਪਤੀ) ਬਾਬੂ ਕਵਾਲ।” ਨਸੀਬਨ ਹੈਰਾਨ ਰਹਿ ਗਈ।
ਨਸੀਬਨ ਨੂੰ ਯਾਦ ਆਇਆ ਵਰੰਗਲ ਤੋਂ ਇਕ ਦਿਨ ਕਵਾਲਾਂ ਦਾ ਇਕ ਟੋਲਾ ਵਿਜੇਵਾੜਾ ਆਇਆ ਸੀ ਤੇ ਉੱਥੇ ਈ ਰੁਕੱਈਆ ਦੇ ਸਹੁਰਿਆਂ ਦੇ ਘਰ ਦੇ ਨੇੜੇ ਕਿਰਾਏ 'ਤੇ ਘਰ ਲੈ ਕੇ ਰਹਿਣ ਲੱਗ ਪਿਆ ਸੀ। ਓਹਨੀਂ ਦਿਨੀ ਈ ਤਾਂ ਰੁਕੱਈਆ ਦੇ ਕ੍ਰਿਸ਼ਨਾ ਨਦੀ ਵਿਚ ਡੁੱਬਣ ਦੀ ਗੱਲ ਉੱਡੀ ਸੀ।
ਉਹ ਸ਼ਾਦੀਆਂ ਦਾ ਮੌਸਮ ਸੀ। ਗਰਮੀਆਂ ਵਿਚ ਮੋਗਰਾ ਖ਼ੂਬ ਖਿੜਦਾ ਏ। ਫੁੱਲਾਂ ਦੀ ਖੁਸ਼ਬੂ ਵਿਚ ਈ ਤਾਂ ਸ਼ਾਦੀ ਦਾ ਅਸਲੀ ਮਜ਼ਾ ਹੁੰਦਾ ਏ। ਸ਼ਾਦੀਆਂ ਮੌਕੇ ਕਵਾਲਾਂ ਨੂੰ ਚੰਗੀ ਕਮਾਈ ਹੋ ਜਾਂਦੀ ਸੀ। ਇਹ ਕਵਾਲ ਕਾਫੀ ਦਿਨ ਤਕ ਇਕੋ ਜਗ੍ਹਾ ਰਹਿੰਦੇ, ਉੱਥੇ ਈ ਘਰਬਾਰ ਵੀ ਵਸਾਅ ਲੈਂਦੇ ਸਨ। ਕਿਤੋਂ ਹੋਰ ਬੁਲਾਵਾ ਆਉਂਦਾ ਤਾਂ ਉੱਥੇ ਚਲੇ ਜਾਂਦੇ। ਜੁਲਾਈ ਵਿਚ ਸਾਰੇ ਕਵਾਲ ਚਲੇ ਗਏ ਸਨ। ਆਖ਼ਰ ਸ਼ਾਦੀਆਂ ਦਾ ਮੌਸਮ ਖਤਮ ਹੋ ਚੁੱਕਿਆ ਸੀ। ਹੁਣ ਕਿਤੇ-ਕਿਤੇ ਇਕ ਅੱਧੀ ਹੀ ਸ਼ਾਦੀ ਹੁੰਦੀ। ਆਂਧਰਾ ਦੇ ਇਸ ਇਲਾਕੇ ਵਿਚ ਇਹ ਮੌਸਮ ਬਰਸਾਤ ਦਾ ਸੀ...ਪਰ ਇਹ ਬਾਬੂ ਕਵਾਲ ਕਾਫੀ ਦਿਨਾਂ ਤਕ ਆਪਣੀ ਬੀਵੀ ਨਾਲ ਉੱਥੇ ਈ ਰਿਹਾ...'ਅੱਛਾ ਤਾਂ ਸਾਜ-ਸਾਮਾਨ ਸਮੇਟਨ ਲੱਗਿਆਂ, ਰੁਕੱਈਆ ਨੂੰ ਵੀ ਉਡਾਅ ਲੈ-ਗਿਆ...?'
“ਤੈਂ ਵਰੰਗਲ, ਸਾਡੇ ਘਰ ਆਈ ਸੈਂ?” ਬਾਬੂ ਕਵਾਲ ਨੇ ਸਵਾਲ ਕੀਤਾ ਤੇ ਉਹ ਆਪਣੀਆਂ ਸੋਚਾਂ ਵਿਚੋਂ ਬਾਹਰ ਨਿਕਲ ਆਈ।
“ਹਾਂ।”
“ਤੇਰੇ ਵਰੰਗਲ ਤੋਂ ਜਾਣ ਪਿੱਛੋਂ ਤੀਜੇ ਦਿਨ ਅਚਾਨਕ ਰੁਕੱਈਆ ਕਿਧਰੇ ਗ਼ਾਇਬ ਹੋ ਗਈ¸ ਗ਼ਾਇਬ ਕੀ, ਘਰ ਛੱਡ ਕੇ ਚਲੀ ਗਈ।” ਬਾਬੂ ਕਵਾਲ ਬਗ਼ੈਰ ਰੁਕੇ ਬੋਲਦਾ ਰਿਹਾ...
“ਉਸਨੂੰ ਲੱਭਦਾ ਹੋਇਆ ਮੈਂ ਪਹਿਲਾਂ ਉਸਦੇ ਸਹੁਰੇ-ਸ਼ਹਿਰ ਵਿਜੇਵਾੜਾ ਜਾ ਪਹੁੰਚਿਆ। ਪਤਾ ਲੱਗਿਆ ਉਹ ਲੋਕ ਘਰ ਵੇਚ ਕੇ ਕਿਧਰੇ ਚਲੇ ਗਏ ਨੇ।  ਅੰਦਾਜ਼ਾ ਸੀ, ਰੁਕੱਈਆ ਜ਼ਰੂਰ ਆਪਣੇ ਪੇਕੇ-ਸ਼ਹਿਰ ਗੁੰਟੂਰ ਗਈ ਹੋਵੇਗੀ। ਮੈਂ ਉਸਦੇ ਪੇਕਿਆਂ ਦੇ ਮੁਹੱਲੇ, ਮੁਫ਼ਤੀ ਸਟਰੀਟ, ਕੋਲ 'ਛੋਟੀ ਮਸਜਿਦ' ਵਿਚ ਠਹਿਰ ਗਿਆ ਤੇ ਸ਼ਰਈਆਂ ਵਾਲੀ ਅੰਮਾਂ ਤੈਨੂੰ ਲੱਭ ਲਿਆ।” ਬਾਬੂ ਨੇ ਇਕ ਲੰਮਾਂ ਸਾਹ ਖਿੱਚਿਆ।
“ਬੁੱਢੀਏ ਤੂੰ ਹੀ ਉਸਨੂੰ ਭਜਾਇਆ ਹੋਏਗਾ। ਜ਼ਰੂਰ ਤੂੰ ਰੁਕਈਆ ਦੇ ਪਹਿਲੇ ਸ਼ੌਹਰ ਦੀ ਏਜੇਂਟ ਏਂ!” ਉਹ ਖਾਸਾ ਕੁਸੈਲਾ ਹੋ ਗਿਆ ਸੀ।
“ਨਹੀਂ, ਝੂਠ ਐ ਇਹ...”
“ਆਪਣੀ ਨੀਅਤ ਸਾਬਤ ਕਰਨ ਲਈ ਸ਼ਰਈਆਂ ਵਾਲੀ ਅੰਮਾਂ! ਤੈਨੂੰ ਰੁਕੱਈਆ ਨੂੰ ਰਾਤੀਂ ਮਸੀਤ ਦੇ ਪਿੱਛੇ ਬੁਲਾਅ ਕੇ ਮੇਰੇ ਨਾਲ ਗੱਲ ਕਰਾਉਣੀ ਪਏਗੀ।”

ਰਾਤ ਦੇ ਪਿਛਲੇ ਪਹਿਰ ਚਾਦਰ ਦੀ ਬੁੱਕਲ ਮਾਰੀ ਸ਼ਰਈਆਂ ਵਾਲੀ ਇਕੱਲੀ ਹੀ ਵਾਪਸ ਆਈ ਤੇ ਇਕ ਲਿਫ਼ਾਫ਼ਾ ਬਾਬੂ ਕਵਾਲ ਦੇ ਹੱਥ ਵਿਚ ਫੜਾ ਦਿੱਤਾ ਜਿਸਨੂੰ ਪੜ੍ਹਦਿਆਂ ਹੋਇਆਂ ਉਸਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗਣ ਲੱਗ ਪਏ।
ਮੈਂ ਨਹੀਂ ਆ ਸਕਦੀ¸ ਮੈਂ ਤੁਹਾਡਾ ਖ਼ਾਨਦਾਨੀ ਗਹਿਣਾ-ਕੱਪੜਾ ਅਲਮਾਰੀ ਵਿਚ ਰੱਖ ਆਈ ਹਾਂ ਜਿਸਦੀਆਂ ਚਾਬੀਆਂ ਪਿਆਜ਼ਾਂ ਵਾਲੇ ਛਿੱਕੂ ਵਿਚ ਰੱਖੀਆਂ ਹੈਨ।
ਯਾਦ ਹੈ ਅਸੀਂ ਡਾਕਟਰਨੀ ਕੋਲ ਗਏ ਸੀ, ਉਸਨੇ ਮੈਨੂੰ ਦੱਸ ਦਿੱਤਾ ਹੈ ਕਿ ਮੇਰੇ ਬੱਚਾ ਹੋ ਈ ਨਹੀਂ ਸਕਦਾ...ਪਰ ਤੁਹਾਡੇ ਹੋ ਸਕਦੇ ਹੈਨ। ਇਹ ਗੱਲ ਤੁਸੀਂ ਮੈਥੋਂ ਲੁਕਾਈ ਸੀ ਨਾ!...ਇਸੇ ਲਈ ਆ ਗਈ ਹਾਂ। ਸੱਚ ਮੰਨੋਗੇ, ਜੇ ਕਹਾਂ¸ਮੇਰੀ ਜ਼ਿੰਦਗੀ ਦੇ ਬੇਹਤਰੀਨ ਦਿਨ ਉਹੀ ਸੱਤ ਸਾਲ ਸਨ, ਜਿਹੜੇ ਤੁਹਾਡੇ ਨਾਲ ਬੀਤਾਏ ਸਨ।'
ਚਿੱਠੀ ਉੱਤੇ ਨਾਂਅ ਸੀ, ਨਾ ਪਤਾ¸ ਪਰ ਪੜ੍ਹ ਕੇ ਬਾਬੂ ਕਵਾਲ ਇੰਜ ਵਿਲਕ ਉਠਿਆ ਕਿ ਸ਼ਰਈਆਂ ਵਾਲੀ ਨੂੰ ਖ਼ੁਦ ਨੂੰ ਸੰਭਲਨਾਂ ਵੀ ਮੁਸ਼ਕਲ ਹੋ ਗਿਆ।
“ਮੈਂ ਨਹੀਂ ਰਹਿਣਾ ਤੇਰੇ ਬਗ਼ੈਰ...ਰੁਕੱਈਆ...ਮੈਂ ਨਹੀਂਓਂ ਰਹਿਣਾ ਤੇਰੇ ਬਗ਼ੈਰ...ਮੈਂ ਨਹੀਂ ਜਿਊਣਾ ਤੇਰੇ ਬਗ਼ੈਰ...ਰੁਕੱਈਆ¸
“ਅੰਮਾਂ ਮੈਂ ਉਸਦੇ ਕਹਿਣ 'ਤੇ ਹੀ ਵੱਡੀ ਬੀਵੀ (ਪਹਿਲੀ ਘਰਵਾਲੀ) ਨੂੰ ਚੰਗੀ ਤਰ੍ਹਾਂ ਰੱਖਿਆ ਸੀ। ਉਸਨੂੰ ਵੀ ਵੱਖਰਾ ਘਰ ਲੈ ਕੇ ਦਿੱਤਾ ਹੋਇਆ ਸੀ” ਅਖ਼ੀਰ ਉਸਨੇ ਅੱਥਰੂ ਪੂੰਝ ਕੇ ਕਿਹਾ, “ਮੈਨੂੰ ਨਹੀਂ ਚਾਹੀਦੇ ਬੱਚੇ-ਬੁੱਚੇ!” ਉਸਨੇ ਫੇਰ ਤੜਫ ਕੇ ਆਸਮਾਨ ਵੱਲ ਦੇਖਿਆ ਤੇ ਧਾਅ ਮਾਰੀ, “ਮੈਂ ਨਹੀਂਓਂ ਰਹਿਣਾ ਤੇਰੇ ਬਗ਼ੈਰ...ਰੁਕੱਈਆ¸”

ਰੁਕੱਈਆ ਆਪਣੇ ਘਰ ਦੇ ਬਾਹਰ ਪਹਿਲਾਂ ਵਾਂਗ ਹੀ ਚਟਾਈ ਵਿਛਾਅ ਕੇ ਖਾਰੀ ਮੱਛੀ, ਚਾਕਲੇਟ ਤੇ ਬਿਸਕੁਟ ਵਗ਼ੈਰਾ ਵੇਚਣ ਲੱਗ ਪਈ ਸੀ। ਹੁਣ ਗੁੰਟੂਰ ਕਿੰਨਾਂ ਬਦਲ ਗਿਆ ਏ¸ ਕਿੰਨੀਆਂ ਵੱਡੀਆਂ-ਵੱਡੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ, ਕੇਡੀਆਂ-ਕੇਡੀਆਂ ਇਮਾਰਤਾਂ ਬਣ ਗਈਆਂ ਹੈਨ...ਪਰ ਪੁਰਾਣਾ ਮੁਹੱਲਾ ਅਜੇ ਵੀ ਨਹੀਂ ਬਦਲਿਆ।
ਉਸਦਾ ਪਹਿਲਾ ਮਰਦ ਕਦੋਂ ਕਮਾਉਂਦਾ ਸੀ, ਪਰ ਉਸਦੀ ਚਾਹਤ ਬੇਹੱਦ ਛਲਕਦੀ ਰਹਿੰਦੀ। ਕੁਝ ਸਾਲ ਰੁਕੱਈਆ ਨੇ ਉਸਦੀ ਬੜੀ ਸੇਵਾ ਕੀਤੀ, ਬੜਾ ਆਰਾਮ ਦਿੱਤਾ। ਉਸਦੇ ਸੰਨ੍ਹਾਂ ਵਿਚ ਬੜਾ ਵੱਡਾ ਫੋੜਾ ਹੋ ਗਿਆ ਏ¸ ਖ਼ੂਨ, ਪਾਕ ਸਾਫ ਕਰਦੀ। ਖਵਾਉਂਦੀ ਪਿਆਉਂਦੀ, ਨੇੜੇ ਦੇ ਪਾਲਾਸ-ਪੱਤਰੀ, ਹਸਪਤਾਲ ਵਿਚ ਡਾਕਟਰ ਤੋਂ ਇਲਾਜ਼ ਕਰਵਾਉਂਦੀ ਤੇ ਘਰ ਦੇ ਸਾਹਵੇਂ ਬੈਠ ਕੇ ਰੋਟੀ ਦਾ ਜੁਗਾੜ ਵੀ ਕਰਦੀ।
ਨਸੀਬਨ ਦਾ ਚਚੇਰਾ ਭਰਾ ਹਾਰਸ਼ ਵੀ ਨਹੀਂ ਰਿਹਾ¸ ਹੁਣ ਨਸੀਬਨ ਦਾ ਉਹਨਾਂ ਦੇ ਘਰ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ। ਉਹਨਾਂ ਦੀ ਬਹੂ ਨਿਗਾਰ ਨੂੰ ਪਹਿਲੀ ਵਾਰੀ ਦੇਖ ਕੇ ਉਸਨੂੰ ਧੁੜਧੁੜੀ ਜਿਹੀ ਆ ਗਈ ਸੀ। ਉਹ ਬੜੀ ਢਿੱਲੀ-ਢਾਲੀ ਕੁੰਦਿਆਂ ਵਾਲੀ ਸਲਵਾਰ ਪਾਉਂਦੀ। ਕੱਪੜੇ ਅਜਿਹੇ ਕਿ ਲੱਗਦਾ ਜਿਵੇਂ ਕਮੀਜ਼ ਉੱਪਰ ਕਮੀਜ਼ ਤੇ ਸਲਵਾਰ ਉੱਤੇ ਸਲਵਾਰ ਪਾਈ ਹੋਈ ਹੋਵੇ। ਜਿਵੇਂ ਨਮਾਜ਼ੀ ਰੁਮਾਲ ਨੂੰ ਪਿੱਛੇ ਬੰਨ੍ਹਦੇ ਨੇ, ਓਵੇਂ ਈ ਇਕ ਪਟਕਾ ਅੱਗੇ ਵੱਲ ਕਰਕੇ ਮੱਥੇ ਉੱਤੇ ਬੰਨ੍ਹ ਲੈਂਦੀ ਜਿਸ ਹੇਠ ਉਸਦੇ ਵਾਲ ਛੁਪ ਜਾਂਦੇ। ਇਸ ਉੱਤੇ ਦੁਪੱਟਾ ਇੰਜ ਲੈ ਲੈਂਦੀ ਕਿ ਗੁੱਛਾ ਹੋ ਕੇ ਸੱਜੇ ਮੋਢੇ ਉੱਪਰ ਜਾ ਪੈਂਦਾ।

“ਸ਼ਰਈਆਂ ਵਾਲੀ ਨਾਨੀ ਨੂੰ ਦੇਖ ਕੇ ਇੰਜ ਲੱਗਦਾ ਏ ਜਿਵੇਂ ਕੋਈ ਸੌ ਵਰ੍ਹਿਆਂ ਦੀ ਬੱਗੀ, ਝੁਰੜੀਆਂ ਵਾਲੀ, ਵੱਡੀਆਂ-ਵੱਡੀਆਂ ਅੱਖਾਂ ਵਾਲੀ, ਸੁਕੱੜੂ ਜਿਹੀ ਜਾਦੂਗਰਨੀ, ਮੰਗਤੀ ਦੇ ਭੇਸ ਵਿਚ ਕੰਨਸੋਆਂ ਲੈਂਦੀ ਫਿਰ ਰਹੀ ਹੋਏ।” ਨਿਗਾਰ ਆਪਣੀ ਸੱਸ ਨੂੰ ਕਹਿੰਦੀ।
“ਕੀ ਪਈ ਕਹਿੰਦੀ ਏਂ ਬੇਟਾ?”
“ਮੋਢੇ ਉੱਪਰ ਪੁਰਾਣਾ ਮਖ਼ਮਲੀ ਥੈਲਾ ਦੇਖ ਕੇ ਅਕਸਰ ਸੋਚਦੀ ਆਂ ਬਈ ਇਸ ਵਿਚ ਜ਼ਰੂਰ ਕੋਈ ਜਾਦੂ ਦੀ ਪਟਾਰੀ ਹੋਏਗੀ ਜਿਸ ਵਿਚ ਕਿਸੇ ਨੂੰ ਗੁੱਡੀ ਬਣਾ ਕੇ ਪਾ ਲੈਂਦੀ ਹੋਏਗੀ ਉਹ।” ਨਿਗਾਰ ਹੱਸ ਕੇ ਕਹਿੰਦੀ।
ਸੱਸ ਸੰਜੀਦਾ ਹੋ ਜਾਂਦੀ। “ਅੱਛਾ ਅੰਮੀ ਮੈਂ ਸ਼ਰਈਆਂ ਵਾਲੀ ਨਾਨੀ ਤੋਂ ਹਮੇਸ਼ਾ ਰੁਕੱਈਆ ਤੇ ਉਹਨਾਂ ਦੀ ਆਪਣੀ ਕਹਾਣੀ ਜਾਨਣਾ ਚਾਹੁੰਦੀ ਆਂ ਪਰ ਹਿੰਮਤ ਨਹੀਂ ਹੁੰਦੀ।”
“ਤਾਂ ਇਕ ਦਿਨ ਬੁਲਾ ਲੈਣੇ ਆਂ ਘਰੇ।” ਸੱਸ ਹੱਸ ਪੈਂਦੀ ਤੇ ਫੇਰ ਨਿਗਾਰ ਦੇ ਚਿਹਰੇ ਦਾ ਰੰਗ ਵੇਖ ਕੇ ਕਹਿੰਦੀ, “ਡਰਪੋਕ ਕਿਤੋਂ ਦੀ!”
“ਰੁਕੱਈਆ ਨੇ ਇੰਜ ਕਿਉਂ ਕੀਤਾ ਅੰਮੀ?” ਨਿਗਾਰ ਸੰਜੀਦਾ ਹੋ ਕੇ ਪੁੱਛਦੀ, “ਕਵਾਲ ਨਾਲ ਕਿਉਂ ਚਲੀ ਗਈ ਸੀ?”
“ਖ਼ੁਮਾਰੀ...” ਉਹਨਾਂ ਦੀ ਆਵਾਜ਼ ਭਾਰੀ ਹੋ ਗਈ ਸੀ, “ਜਵਾਨੀ ਤੇ ਇਸ਼ਕ ਦਾ ਨਸ਼ਾ¸”
“ਤੇ ਉਸਦੇ ਪਹਿਲੇ ਸ਼ੌਹਰ ਨੇ ਉਸਨੂੰ ਫੇਰ ਕਿੰਜ ਰੱਖ ਲਿਆ?”
“ਇਹ ਉਸਦੀ ਮੁਹੱਬਤ” ਇਸ ਜਵਾਬ ਨਾਲ ਨਿਗਾਰ ਦੀ ਤੱਸਲੀ ਨਾ ਹੁੰਦੀ।
“ਤੇ ਅੱਜ ਕੱਲ੍ਹ ਸ਼ਰਈਆਂ ਵਾਲੀ ਨਾਨੀ ਦੀ ਆਵਾਜ਼ ਮੁਹੱਲੇ 'ਚ ਕਿਉਂ ਨਹੀਂ ਗੂੰਜਦੀ...ਕਿਤੇ ਮੰਗਦੀ-ਮੰਗਦੀ ਫੇਰ ਗੁੰਟੂਰ 'ਚੋਂ ਬਾਹਰ ਤਾਂ ਨਹੀਂ ਚਲੀ ਗਈ?”
“ਹੁਣ ਉਹ ਕਿਤੇ ਨਹੀਂ ਜਾਂਦੀ ਬੇਟਾ। ਅੱਜ ਕੱਲ੍ਹ ਉਸਦਾ ਕਾਲਜਾ ਜੋ ਠਰ ਗਿਐ...।”
“ਕੀ ਮਤਲਬ?”
“ਰੁਕੱਈਆ ਦੀ ਅੰਮਾਂ ਦਾ ਇੰਤਕਾਲ ਹੋਇਆ...ਤਾਅਜ਼ੀਤ (ਅਫ਼ਸੋਸ) ਲਈ ਸ਼ਰਈਆਂ ਵਾਲੀ ਉਸਦੇ ਘਰ ਗਈ। ਮੁਹੱਲੇ ਦੀਆਂ ਔਰਤਾਂ ਤੇ ਮੈਂ ਵੀ ਉੱਥੇ ਈ ਸੀ। ਉਸ ਦਿਨ ਰੁਕੱਈਆ ਨੇ ਅੰਮਾਂ ਦੇ ਏਸਾਲ ਤੁਆਬ (ਆਤਮਕ ਸ਼ਾਂਤੀ) ਲਈ ਕੁਰਾਨ ਖਵਾਨੀ (ਕੁਰਾਨ ਦਾ ਪਾਠ) ਰਖਵਾਇਆ ਸੀ। ਪਰ ਖ਼ੁਦ ਬੀਮਾਰ ਸੀ। ਨਸੀਬਨ ਨੂੰ ਦੇਖਦਿਆਂ ਹੀ ਬਿਸਤਰੇ ਤੋਂ ਉੱਠ ਕੇ ਨਸੀਬਨ ਦੇ ਪੈਰਾਂ 'ਤੇ ਜਾ ਝੁਕੀ ਤੇ ਉਹਨਾਂ ਨੂੰ ਛੂਹ ਲਿਆ।
“ਇਹ ਕੀ ਕਰ ਰਹੀ ਐਂ?” ਨਸੀਬਨ ਤ੍ਰਬਕੀ।
“ਤੁਹਾਡੇ ਪੈਰੀਂ ਹੱਥ ਲਾ ਰਹੀ ਆਂ” ਉਸਦੀ ਗੱਲ ਸੁਣ ਕੇ ਨਸੀਬਨ ਸ਼ਰਮਾਅ ਗਈ।
“ਕਿਉਂ ਬਈ ਕਿਉਂ ਲਾ ਰਹੀ ਐਂ ਤੂੰ?”
“ਅੰਮੀ, ਅੱਬੂ ਦੇ ਵੀ ਇਵੇਂ ਲਾਉਂਦੀ ਸਾਂ!...ਹੁਣ ਅੰਮੀ ਨਹੀਂ ਰਹੀ...ਤੁਸੀਂ ਮੇਰੀ ਛੋਟੀ ਅੰਮੀ ਓ ਨਾ!?!”  
    ੦੦੦ ੦੦੦ ੦੦੦