Wednesday, August 4, 2010

ਰਿਆਸਤ…:: ਲੇਖਕ : ਵਿਜੈ




ਹਿੰਦੀ ਕਹਾਣੀ :
ਰਿਆਸਤ…::
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਕੋਠੀ ਵਿਚ ਸੁਜਾਤਾ ਨੂੰ ਇਕ ਅਜੀਬ ਜਿਹੀ ਗੰਧ ਮਹਿਸੂਸ ਹੋਈ। ਗੰਧ ਜਿਹੜੀ ਜਿਸਮ ਨਾਲ ਲਿਪਟੀ ਹੁੰਦੀ ਹੈ ਪਰ ਸਾਹਾਂ ਤੀਕ ਪਹੁੰਚ ਕੇ ਬੜੀ ਓਪਰੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਉਸਨੂੰ ਲੱਗਿਆ ਕਿ ਜਿਸ ਕੋਠੀ ਨੂੰ ਸੱਤ ਸਾਲ ਪਹਿਲਾਂ ਛੱਡਦਿਆਂ ਹੋਇਆਂ ਬੜਾ ਦੁੱਖ ਹੋਇਆ ਸੀ...ਹੁਣ ਉਸ ਦੀ ਉਹ ਖਿੱਚ ਅਲੋਪ ਹੋ ਗਈ ਹੈ। ਵੱਡਾ ਸਾਰਾ ਡਰਾਇੰਗ ਰੂਮ ਸੁੰਨਾ ਪਿਆ ਸੀ, ਨੌਕਰ ਸਾਮਾਨ ਉਪਰ ਵਾਲੇ ਕਿਸੇ ਕਮਰੇ ਵਿਚ ਰੱਖਣ ਲਈ ਲੈ ਜਾ ਰਿਹਾ ਸੀ।
ਸੁਜਾਤਾ ਨੇ ਖ਼ੁਦ ਨੂੰ ਅੰਦਰੇ-ਅੰਦਰ ਸੰਭਾਲਿਆ...ਮਨ ਤ੍ਰਿਸ਼ੰਕੂ ਵਾਂਗ ਹੁੰਦਾ ਹੈ। ਕਿਰਨ ਨਿਕਲਦੀ ਹੈ, ਸੱਤਰੰਗੀ ਬਣ ਕੇ। ਸੁੰਨੇ ਕਮਰੇ ਵਿਚ ਹੁਣ ਜਦੋਂ ਕਿ ਨਾ ਕਾਕਾ ਜੀ (ਚਾਚਾ ਜੀ) ਨੇ, ਨਾ ਨਵੀਂ ਮਾਂ ਤੇ ਨਾ ਹੀ ਦਾਦੀ ਤਾਂ ਭਾਵਨਾਹੀਣ ਜੜ੍ਹਤਾ ਵਿਚ ਰੰਗ ਕਿਹੜੇ ਹੋ ਸਕਦੇ ਨੇ? ਪਰ ਕੈਸੀ ਅਜੀਬ ਗੱਲ ਹੈ...ਇਹਨਾਂ ਕੰਧਾਂ ਨੇ ਕਦੀ ਉਸਨੂੰ ਆਉਣ ਲਈ ਬੁਲਾਇਆ ਹੀ ਨਹੀਂ! ਉਸਦੇ ਤੋਤਲਿਆਂ ਤੋਂ ਸੰਜੀਦਾ ਹੁੰਦੇ ਹੋਏ ਬੋਲਾਂ ਦਾ ਅਤੀਤ, ਕੀ ਕਦੀ ਈਕੋ ਬਣ ਕੇ ਨਹੀਂ ਗੁੰਜਿਆ ਹੋਏਗਾ? ਗੁੰਜਿਆ ਵੀ ਹੋਏਗਾ ਤਾਂ...ਉਹ ਦੂਰ ਸੀ ਤੇ ਦੂਜਿਆਂ ਨੇ ਸੁਣਿਆ ਨਹੀਂ ਹੋਣਾ।
ਬਸ ਆਉਂਦੇ ਰਹਿੰਦੇ ਸਨ, ਸਾਲ ਵਿਚ, ਦੋ-ਚਾਰ ਖ਼ਤ ਨਵੀਂ ਮਾਂ ਦੇ...ਜਿਹਨਾਂ ਦੀ ਸੁੰਦਰ ਲਿਖਾਵਟ ਹੌਲੀ-ਹੌਲੀ ਸੱਤ ਸਾਲਾਂ ਵਿਚ ਝਰੀਟਾਂ ਵਰਗੀ ਬਣ ਗਈ ਸੀ। ਕੀ ਕਦੀ ਖ਼ਤ ਵੀ ਸ਼ੁੰਨ ਨੂੰ ਭਰ ਸਕਦੇ ਨੇ? ਭਰ ਵੀ ਸਕਦੇ ਨੇ, ਜੇ ਉਹਨਾਂ ਵਿਚ ਭਾਵਨਾਵਾਂ ਹੋਣ। ਸਿਰਫ ਸਮਾਚਾਰ ਤੇ ਉਹ ਵੀ ਸਪਾਟ...'ਤੇਰੀ ਦਾਦੀ ਹੁਣ ਕਾਫੀ ਕੁਛ ਭੁੱਲ ਜਾਂਦੀ ਹੈ। ਤੇਰੇ ਕਾਕਾ ਜੀ ਵਕਾਲਤ ਵਿਚ ਖ਼ੂਬ ਤਰੱਕੀ ਕਰ ਰਹੇ ਨੇ। ਮੈਂ ਠੀਕ ਹਾਂ'...ਤੋਂ ਲੈ ਕੇ...'ਹੁਣ ਕਦੀ-ਕਦੀ ਤਬੀਅਤ ਖਰਾਬ ਹੋ ਜਾਂਦੀ ਹੈ। ਤੈਨੂੰ ਏਥੇ ਸਾਰੇ ਬੜਾ ਯਾਦ ਕਰਦੇ ਨੇ। ਉਹਨਾਂ ਸਾਰਿਆਂ ਦਾ ਤੇ ਮੇਰਾ ਢੇਰ ਸਾਰਾ ਪਿਆਰ।'
ਤੇ ਆਖ਼ਰੀ ਖ਼ਤ...'ਮੇਰੀ ਤਬੀਅਤ ਖਰਾਬ ਰਹੀ, ਇਸ ਲਈ ਕਾਫੀ ਦਿਨਾਂ ਦੀ ਖ਼ਤ ਨਹੀਂ ਲਿਖ ਸਕੀ। ਹਾਂ, ਵਿਆਹ ਬਾਰੇ ਕੀ ਸੋਚਿਆ ਹੈ? ਆਪਣੀ ਦਾਦੀ ਦੀ ਨਿਗਾਹ ਵਿਚ ਤਾਂ ਤੂੰ ਹਾਲੇ ਵੀ ਬੱਚੀ ਈ ਏਂ। ਉਮਰ ਵੀ ਨੱਬੇ ਹੋ ਗਈ ਹੈ ਉਹਨਾਂ ਦੀ, ਏਥੇ ਯਾਦਾਂ ਰੁਕ ਜਾਂਦੀਆਂ ਨੇ। ਕਾਕਾ ਜੀ ਨੂੰ ਤੇਰੀ ਬੜੀ ਫਿਕਰ ਰਹਿੰਦੀ ਹੈ। ਤੂੰ ਜਾਣਦੀ ਹੀ ਹੈਂ ਕਿ ਰਾਜਪੂਤ ਘਰਾਣੇ ਕੁੜੀਆਂ ਪ੍ਰਤੀ ਕਿੰਨੇ ਫਿਕਰਮੰਦ ਹੁੰਦੇ ਨੇ।'
ਪੌੜੀਆਂ ਚੜ੍ਹਦੀ ਹੋਈ ਸੋਚਦੀ ਹੈ...ਫਿਕਰ! ਕਾਕਾ ਜੀ ਨੇ ਆਪਣੀ ਫਿਕਰ ਕਿਉਂ ਨਹੀਂ ਕੀਤੀ? ਸਾਰੇ ਖ਼ਤਾਂ ਵਿਚ ਪੁੱਛਿਆ ਉਸਨੇ ਕਿ ਕਾਕਾ ਜੀ ਕਦੋਂ ਸ਼ਾਦੀ ਕਰ ਰਹੇ ਓ...ਪਰ ਕਦੀ ਇਸ ਗੱਲ ਦਾ ਉਤਰ ਨਹੀਂ ਮਿਲਿਆ। ਅੱਜ ਉਤਰ ਲੈਣ ਹੀ ਤਾਂ ਆਈ ਹੈ ਉਹ। ਪਰ ਏਥੇ ਚਿਹਰੇ ਸੱਚਾਈ ਛੁਪਾਉਣ ਦੇ ਮਾਹਰ ਨੇ।
ਨੌਕਰ ਨੇ ਜਿਸ ਕਮਰੇ ਵਿਚ ਸਾਮਾਨ ਰੱਖਿਆ ਸੀ, ਖ਼ੂਬ ਸਜਿਆ ਹੋਇਆ ਸੀ। ਯਾਦ ਆਇਆ ਇਹ ਕਮਰਾ ਹੀ ਤਾਂ ਉਸਦੇ ਪਾਪਾ ਤੇ ਮੰਮੀ ਦਾ ਸੀ। ਖਿੜਕੀ ਵਿਚੋਂ ਲਾਨ ਦੀ ਪੂਰੀ ਝਾਕੀ ਨਜ਼ਰ ਆਉਂਦੀ ਸੀ। ਨਾਲ ਵਾਲਾ ਕਮਰਾ ਉਸਦਾ ਆਪਣਾ ਸੀ ਤੇ ਤੀਸਰਾ ਕਮਰਾ ਮਹਿਮਾਨਾ ਲਈ ਸੀ। ਹੇਠਾਂ ਕਾਕਾ ਜੀ ਦਾ ਕਮਰਾ, ਉਹਨਾਂ ਦੇ ਮੰਨਸ਼ੀ ਤੇ ਮੁਵਕਿਲਾਂ ਲਈ ਬੈਠਕ, ਦਾਦੀ ਦਾ ਕਮਰਾ, ਵੱਡਾ ਸਾਰਾ ਰੀਡਿੰਗ ਤੇ ਡਰਾਇੰਗ ਰੂਮ।
ਆਪਣੇ ਕਮਰੇ ਵਿਚੋਂ ਬਾਹਰ ਆ ਕੇ ਦੋਹਾਂ ਕਮਰਿਆਂ ਦੇ ਦਰਵਾਜ਼ੇ ਧਰੀਕਦੀ ਹੈ। ਦੋਹਾਂ ਵਿਚ ਡਬਲ ਬੈਡ ਲੱਗੇ ਸਨ, ਪਰ ਖਾਲੀ ਸਨ। ਨੌਕਰ ਪਾਣੀ ਦਾ ਜੱਗ ਲਿਆਇਆ ਤਾਂ ਪੁੱਛਿਆ, “ਸਾਰੇ ਕਿੱਥੇ ਨੇ?”...ਹੱਥ ਵਿਚ ਸਿਰਹਾਣੇ ਉੱਤੇ ਵਿਛਿਆ, ਲੰਮਾਂ ਵਾਲ ਆ ਗਿਆ ਸੀ। ਕਿਸਦਾ ਹੋਏਗਾ?
“ਹੇਠਾਂ ਨੇ, ਛੋਟੀ ਮੇਮਸਾਹਬ!” ਨੌਕਰ ਕਹਿ ਰਿਹਾ ਸੀ।
“ਹੇਠਾਂ! ਫੇਰ ਕੋਈ ਆਇਆ ਕਿਉਂ ਨਹੀਂ?” ਉਹ ਦਗੜ-ਦਗੜ ਕਰਦੀ ਹੋਈ ਹੇਠਾਂ ਉਤਰਦੀ ਹੈ ਤੇ ਡਰਾਇੰਗ ਰੂਮ ਪਾਰ ਕਰਕੇ ਪਹਿਲੇ ਕਮਰੇ ਵੱਲ ਮੁੜਦੀ ਹੈ। ਅੰਦਰ ਬੱਲਬ ਜਗ ਰਿਹਾ ਸੀ ਜਦਕਿ ਕਮਰੇ ਵਿਚ ਚਾਨਣ ਭਰਿਆ ਹੋਇਆ ਸੀ। ਜ਼ਮੀਨ ਤੋਂ ਦੋ ਗਿੱਠਾਂ ਉੱਚੇ ਦੀਵਾਨ ਉਪਰ ਇਕ ਗਠੜੀ ਜਿਹੀ ਰੱਖੀ ਲੱਗੀ, ਪਰ ਗਠੜੀ ਹਿੱਲ ਰਹੀ ਸੀ। ਜੋਧਪਰੀ, ਪਤਲੀ ਰਜ਼ਾਈ ਸਿਰ ਉੱਤੇ ਲਈ ਕੋਈ ਬੈਠਾ ਸੀ। ਸੁਜਾਤਾ ਨੇ ਰਜਾਈ ਖਿੱਚ ਲਈ ਤਾਂ ਚਿਹਰਾ ਬਾਹਰ ਨਿਕਲ ਆਇਆ, “ਕਿਹੜੈ! ਰਾਤ ਨੂੰ ਵੀ ਟਿਕਾਅ ਨੀਂ!”
“ਰਾਤ ਕਿੱਥੇ ਈ ਦਾਦੀ?...ਦਿਨ ਦੇ ਬਾਰਾਂ ਵੱਜ ਗਏ ਨੇ, ਤੇ ਮੈਂ ਸੁਜਾਤਾ ਆਂ...ਸੁਜਾਤਾ।” ਸੁਜਾਤਾ ਨੂੰ ਦਾਦੀ ਦੇ ਕਮਰੇ ਵਿਚ ਬਸੰਤੀ ਫੁੱਲਾਂ ਵਰਗੀ ਮਹਿਕ ਦਾ ਅਹਿਸਾਸ ਹੋਇਆ।
ਦਾਦੀ ਨੇ ਸਿਰਹਾਣੇ ਹੇਠੋਂ ਲੱਭ ਕੇ ਐਨਕ ਚੜ੍ਹਾ ਲਈ ਹੈ। ਉਸਦੀਆਂ ਝੁਰੜੀਆਂ ਵਿਚ ਸਨੇਹ ਤੇ ਪਿਆਰ ਛਲਕਣ ਲੱਗ ਪਿਆ ਹੈ। ਹੱਥ ਫੜ੍ਹ ਲੈਂਦੀ ਹੈ, “ਨੀਂ ਲਾਡੋ ਤੂੰ! ਤੂੰ ਅੱਜ ਕਿਵੇਂ ਆ-ਗੀ? ਸੁਜਾਨ ਕਹਿੰਦਾ ਸੀ, ਬੰਗਾਲ 'ਚ ਹਿਕਮਤ ਪੜ੍ਹ ਰਹੀ ਐ...ਚੱਲ ਠੀਕ ਐ। ਹੁਣ ਕੋਈ ਜੜੀ-ਬੂਟੀ ਭਾਲ ਤੇ ਪਹਿਲਾਂ ਮੇਰੀਆਂ ਅੱਖਾਂ ਠੀਕ ਕਰ। ਜੰਫਰ ਦਾ ਬਟਨ ਟੁੱਟ ਜਾਏ ਤਾਂ ਨਾਰੰਗੀ ਨੂੰ ਤਿੰਨ ਵਾਰੀ ਕਹਿਣਾ ਪੈਂਦੈ।”
ਦਾਦੀ ਦੀ ਗੋਦੀ ਵਿਚ ਵਿਛਦੀ ਹੋਈ, ਇਕ ਹੱਥ ਉਸਦੇ ਲੱਕ ਦੁਆਲੇ ਵਲ ਲੈਂਦੀ ਹੈ ਉਹ, “ਦਾਦੀ ਤੂੰ ਤਾਂ ਪਹਿਲਾਂ ਨਾਲੋਂ ਜਵਾਨ ਹੋ ਗਈ ਏਂ ਬਈ। ਮੈਂ ਮੁੰਡਾ ਹੁੰਦੀ ਤਾਂ...”
“ਚੱਲ ਨਲੈਕ। ਮੈਨੂੰ ਬਣਾਉਂਦੀ ਐਂ। ਮੂੰਹ 'ਚ ਦੰਦ ਨਹੀਂ ਤਾਂ ਘੋੜੀ ਜਵਾਨ ਕੇਹੀ। ਪਰ ਤੂੰ ਤਾਂ ਨਲੈਕੇ, ਕੱਲ੍ਹ ਆਉਣਾ ਸੀ...ਅੱਜ ਕਿਵੇਂ ਟਪਕ ਪਈ। ਏਸੇ ਲਈ ਸੁਜਾਨ ਘਰੇ ਨਹੀਂ।”
“ਰਿਜਰਵੇਸ਼ਨ ਇਕ ਦਿਨ ਪਹਿਲਾਂ ਦੀ ਮਿਲ ਗਈ। ਸੋਚਿਆ ਸਰਪਰਾਈਜ਼ ਦਿਆਂਗੀ।”
“ਦਿਖਾਅ ਕਿੱਥੇ ਐ ਤੇਰਾ ਸਰਫਿਰਾਇਜ?”
“ਦਾਦੀ ਸਰਫਿਰਾਇਜ ਨਹੀਂ, ਸਰਪਰਾਈਜ਼। ਮਤਲਬ ਸਾਰਿਆਂ ਨੂੰ ਹੈਰਾਨ ਕਰ ਦਿਆਂਗੀ।...ਤੇ ਮੈਂ ਹਿਕਮਤ ਨਹੀਂ, ਕਲਕੱਤੇ 'ਚ ਐਮ.ਡੀ. ਕੀਤੀ ਏ...ਪੂਰੀ ਡਾਕਟਰੀ ਦੀ ਪੜ੍ਹਾਈ।”
“ਹਟ ਸਹੁਰੀ! ਗਾਂ-ਮੱਝ ਦੇ ਖ਼ੂਨ ਨਾਲ ਭਰੀਆਂ ਹੁੰਦੀਐਂ, ਡਾਕਦਰੀ-ਗੋਲੀਆਂ! ਮੈਂ ਤਾਂ ਨੀਂ ਖਾਣੀ-ਖੂਣੀ ਤੇਰੀ ਦਵਾਅ।”
“ਖਾਣੀ-ਖੂਣੀ ਕਿਵੇਂ ਨੀਂ, ਮੈਂ ਤਾਂ ਢਾਅ ਕੇ ਖੁਆ ਦਿਆ ਕਰੂੰਗੀ। ਤੈਨੂੰ ਤਾਂ ਬੱਕਰੇ ਦੇ ਖਰੌੜਿਆਂ ਦਾ ਸੂਪ ਪਿਆਵਾਂਗੀ। ਪਰ ਨਵੀਂ ਮਾਂ ਕਿੱਥੇ ਈ?”
“ਬਹੂ, ਵਿਚਾਰੀ ਤਾਂ ਮੰਜਾ ਫੜ੍ਹੀ ਪਈ ਐ। ਏਸ ਵਾਰੀ ਤਾਂ ਖਾਸੀ ਬਿਮਾਰ ਐ।” ਕਹਿੰਦੀ ਹੋਈ ਦਾਦੀ ਅੱਖਾਂ ਚੁਰਾਉਣ ਲੱਗ ਪਈ। ਫੇਰ ਸਹਿਜ ਹੋ ਕੇ ਬੋਲੀ, “ਪਹਿਲਾਂ ਚਾਹ ਪੀ ਲੈ।...ਪਰ ਸੁਣ ਉਹ ਸੂਪ-ਸਾਪ ਨਾ ਪਿਆਈਂ।”
ਦਾਦੀ ਨੇ ਮੰਜੇ ਕੋਲ ਲੱਗਿਆ ਸਵਿੱਚ ਨੱਪਿਆ ਤੇ ਸਾਹਮਣੇ ਇਕ ਕੁੜੀ ਆਣ ਖੜ੍ਹੀ ਹੋਈ। ਸੁਜਾਤਾ ਪਛਾਣਨ ਦੀ ਕੋਸ਼ਿਸ਼ ਕਰਦੀ ਹੈ ਤਾਂ ਦਾਦੀ ਕਹਿੰਦੀ ਹੈ, “ਸੋਮਾ ਐ। ਨਾਰੰਗੀ ਦੀ ਕੁੜੀ! ਓਦੋਂ ਵਾਹਵਾ ਛੋਟੀ ਸੀ ਜਦੋਂ ਤੂੰ ਗਈ ਸੀ।”
ਸੋਮਾ ਪੁੱਛਦੀ ਹੈ, “ਹੁਕਮ ਦਾਦੀ ਮਾਂ।”
“ਜਾਹ ਚਾਹ ਤੇ ਨਾਸ਼ਤਾ ਲੈ ਆ।” ਆਵਾਜ਼ ਵਿਚ ਰੋਅਬ ਆ ਜਾਂਦਾ ਹੈ।
“ਸਭ ਤਿਆਰ ਐ ਦਾਦੀ ਜੂ। ਅੰਮਾਂ ਲਿਆ ਰਹੀ ਐ।” ਉਦੋਂ ਹੀ ਨਾਰੰਗੀ ਟਰੇ ਚੁੱਕੀ ਕਮਰੇ ਵਿਚ ਆਉਂਦੀ ਹੈ। ਚਾਲੀ ਬਿਆਲੀ ਸਾਲ ਦੀ ਨਾਰੰਗੀ ਵਿਚ ਕੋਈ ਖਾਸ ਫਰਕ ਨਹੀਂ ਆਇਆ। ਟਰੇ ਰੱਖੀ ਤਾਂ ਸੁਜਾਤਾ ਨੇ ਜੱਫੀ ਪਾ ਲਈ। ਨਾਰੰਗੀ ਸਹਿਮ ਜਿਹੀ ਗਈ। ਸੁਜਾਤਾ ਨੂੰ ਯਾਦ ਆਇਆ...ਨੌਕਰਾਂ ਨੂੰ ਮੂੰਹ ਲਾਉਣ ਦੀ ਪ੍ਰਥਾ ਨਹੀਂ, ਇਸ ਘਰ ਵਿਚ। ਪਰ ਉਹ ਤਾਂ ਇਸ ਛੱਤ ਤੋਂ ਕੀ...ਇਸ ਛੱਤ ਹੇਠਲੇ ਦਰਸ਼ਨ ਤੋਂ ਵੀ ਬੜੀ ਦੂਰ ਜਾ ਚੁੱਕੀ ਹੈ।
ਨਾਰੰਗੀ ਖੁਸ਼ ਹੋ ਗਈ ਸੀ, “ਸੁਜਾਤਾ ਬੇਬੀ, ਐਨੇ ਦਿਨਾਂ ਬਾਅਦ ਆਏ। ਕਦੀ ਸਾਡੀ ਲੋਕਾਂ ਦੀ ਯਾਦ ਨਹੀਂ ਆਈ?”
“ਪੜ੍ਹ ਰਹੀ ਸੀ ਨਾਰੰਗੀ। ਇੱਥੇ ਰਹਿੰਦੀ, ਤਾਂ-ਕੀ ਪੜ੍ਹ ਸਕਦੀ ਸੀ? ਹੁਣ ਤਕ ਤਾਂ ਦੋ ਬੱਚਿਆਂ ਦੀ ਮਾਂ ਬਣ ਗਈ ਹੁੰਦੀ।” ਕਹਿ ਕੇ ਹੱਸਦੀ ਹੈ ਸੁਜਾਤਾ। ਪਰ ਮੁਸਕੁਰਾ ਕੇ ਨੀਵੀਂ ਪਾ ਲੈਂਦੀ ਹੈ ਨਾਰੰਗੀ। ਵੀਹ ਸਾਲਾਂ ਤੋਂ ਇਸ ਘਰ ਦੀ ਸੇਵਾ ਕਰ ਰਹੀ ਹੈ। ਨੌਕਰਾਂ-ਨੌਕਰਾਣੀਆਂ ਦਾ ਹੱਸਣਾ-ਬੋਲਣਾ ਇੱਥੇ ਠੀਕ ਨਹੀਂ ਸਮਝਿਆ ਜਾਂਦਾ।
ਨਾਸ਼ਤਾ ਕਰ ਰਹੀ ਸੁਜਾਤਾ ਨੂੰ ਪੁੱਛਦੀ ਹੈ ਨਾਰੰਗੀ, “ਖਾਣੇ ਵਿਚ ਕੀ ਬਣਾਵਾਂ ਬੇਬੀ?”
“ਮਾਹਾਂ ਦੀ ਖੜ੍ਹੀ-ਖੜ੍ਹੀ ਦਾਲ, ਬੈਂਗਨਾਂ ਦਾ ਭੜਥਾ, ਆਲੂ-ਫਰਾਈ, ਰੋਟੀਆਂ ਤੇ ਚੌਲ।”
“ਵੱਡੀ ਡਾਕਦਰਨੀ ਬਣ ਗਈ, ਪਰ ਪਸੰਦ ਪੂਰਾਣੀ ਓ-ਐ। ਖ਼ੁਦ ਖਰੌੜਿਆਂ ਦਾ ਸੂਪ-ਸਾਪ ਨੀਂ ਪੀਂਦੀ ਕਿ?” ਦਾਦੀ ਤੁੜਕੀ।
“ਉਹ ਮਰੀਜ਼ਾਂ ਲਈ ਹੁੰਦਾ ਏ ਦਾਦੀ। ਰਹੀ ਮੇਰੇ ਖਾਣੇ ਦੀ ਗੱਲ, ਤਾਂ ਢਿੱਡ ਨਹੀਂ ਬਦਲਿਆਂ ਤਾਂ ਖਾਣਾ ਕਿੰਜ ਬਦਲੇਗਾ।” ਖਿੜ-ਖਿੜ ਕਰਕੇ ਹੱਸਦੀ ਹੈ ਸੁਜਾਤਾ। ਨਾਰੰਗੀ, ਦਾਦੀ ਤੇ ਸੋਮਾ ਹੈਰਾਨੀ ਨਾਲ ਦੇਖਦੀਆਂ ਨੇ...ਓਥੇ ਰਹਿ ਕੇ ਕਿੰਨਾ ਬਦਲ ਗਈ ਹੈ ਸੁਜਾਤਾ!
“ਨਵੀਂ ਮਾਂ ਕਿੱਥੇ ਈ?” ਸੁਜਾਤਾ ਬੇਫਿਕਰੀ ਨਾਲ ਪੁੱਛਦੀ ਹੈ।
“ਹੁਣੇ ਅੱਖ ਲੱਗੀ ਐ, ਰਾਤ ਭਰ ਸੁੱਤੀ ਨਹੀਂ ਰਾਣੀ ਜੂ।”
“ਠੀਕ ਏ, ਮੈਂ ਜਾ ਕੇ ਦੇਖਦੀ ਆਂ ਜਰਾ ਠਹਿਰ ਕੇ।”
ਨਾਰੰਗੀ ਪ੍ਰੇਸ਼ਾਨ ਜਿਹੀ ਹੋ ਜਾਂਦੀ ਹੈ। ਇਹ ਕੀ ਹੋ ਰਿਹਾ ਹੈ? ਸੱਤ ਸਾਲ ਵਿਚ ਕੀ ਸਭ ਕੁਝ ਭੁੱਲ ਗਈ? ਕਿਤੇ ਜਾਣ ਬੁੱਝ ਕੇ ਤਾਂ ਚਿੜਾ ਨਹੀਂ ਰਹੀ? ਫੇਰ ਸੋਮਾ ਨੂੰ ਅੱਗੇ ਕਰਕੇ ਬੋਲਦੀ ਹੈ, “ਇਹ ਤੁਹਾਡੀ ਟਹਿਲ ਕਰੇਗੀ ਬੇਬੀ।”
“ਕਿਉਂ? ਮੈਂ ਕੋਈ ਅਪਾਹਜ ਆਂ...ਇਸਨੂੰ ਖੇਡਣ-ਕੁੱਦਣ ਦੇਅ।”
ਦਾਦੀ ਨੀਵੀਂ ਪਾ ਲੈਂਦੀ ਹੈ ਤੇ ਨਾਰੰਗੀ ਦੰਦਾਂ ਹੇਠ ਜੀਭ ਨੱਪ ਲੈਂਦੀ ਹੈ। ਸੁਜਾਤਾ ਪੂਰੀਆਂ ਬਾਹਾਂ ਦਾ ਸਵੈਟਰ ਲਾਹ ਕੇ ਪੈਂਦਾਂ ਵੱਲ ਸੁੱਟਦੀ ਹੋਈ, ਦਾਦੀ ਨੂੰ ਖਿੱਚ ਕੇ ਆਪਣੇ ਉਪਰ ਸੁੱਟ ਲੈਂਦੀ ਹੈ ਤੇ ਖ਼ੁਦ ਲੇਟ ਜਾਂਦੀ ਹੈ। ਦਾਦੀ ਨੂੰ ਚੰਗਾ ਲੱਗਦਾ ਹੈ। ਸੁਜਾਤਾ ਨੂੰ ਵੀ ਲੱਗਦਾ ਹੈ ਕਿ ਸਾਰੀ ਥਕਾਣ ਲੱਥ ਗਈ ਹੈ।
ਸੁਜਾਤਾ ਕਹਿੰਦੀ ਹੈ, “ਦਾਦੀ, ਪੁਰਾਣੀਆਂ ਗੱਲਾਂ ਸੁਣਾਅ, ਤੇਰੇ ਵੇਲੇ ਦੀਆਂ? ਸਾਡੇ ਪੜਦਾਦਾ ਸ਼੍ਰੀ ਰਿਆਸਤ ਦੇ ਮੰਤਰੀ ਹੁੰਦੇ ਸੀ ਨਾ...ਖ਼ੂਬ ਲਾਪਰੀਆਂ ਗੱਬਰੀ-ਮੁੱਛਾਂ, ਲੱਕ ਨਾਲ ਟੰਗੀ ਤਲਵਾਰ, ਚਮਚਮ ਕਰਦੀ ਛੀਂਟ ਦੀ ਪਗੜੀ, ਚੂੜੀਦਾਰ ਪਾਜਾਮਾ ਤੇ...”
ਦਾਦੀ ਉਹਦੇ ਗੱਲ੍ਹ ਥਾਪੜਦੀ ਹੈ, “ਕੁਛ ਵੀ ਭੁੱਲੀ ਨਹੀਂ ਤੂੰ। ਫੇਰ ਕਿਉਂ ਪੁੱਛ ਰਹੀ ਐਂ?”
“ਦਾਦਾ ਜੀ ਤਾਂ ਫੌਜ ਵਿਚ ਸਨ। ਕਪਤਾਨ ਸਨ ਨਾ? ਬਰਮਾ ਦੀ ਲੜਾਈ ਵਿਚ ਜੋਹਰ ਵਿਖਾਏ ਸੀ। ਤੇ ਤੂੰ ਦਾਦੀ ਹੋਰਾਂ ਦੀਆਂ ਗੱਲਾਂ ਛੱਡ...ਚਰਖਾ ਕੱਤਦੀ ਹੁੰਦੀ ਸੈਂ ਨਾ, ਤੇ ਅੜ ਕੇ ਘੋੜੇ ਦੀ ਸਵਾਰੀ ਕਰਦੀ ਹੁੰਦੀ ਸੈਂ...”
“ਝੂਠੀ! ਮੈਨੂੰ ਬਣਾਅ ਰਹੀ ਐਂ। ਮੈਂ ਨੀਂ ਕਦੀ ਘੋੜੇ-ਘੁੜੇ 'ਤੇ ਚੜ੍ਹੀ।”
ਦਾਦੀ ਦੀ ਗੁਲਗੁਲੇ ਵਰਗੀ ਦੇਹ ਨਾਲ ਲਿਪਟੇ ਰਹਿਣਾ ਬੜਾ ਸੁਖਦਾਈ ਲੱਗਦਾ ਹੈ। ਸੁਜਾਤਾ ਨੂੰ ਦਾਦੀ ਦੀਆਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ। 'ਬੜਾ ਬਹਾਦੁਰ ਪਰਿਵਾਰ ਹੈ ਸਾਡਾ...ਪੰਜ ਜੌਹਰ ਹੋਏ ਨੇ ਸਾਡੇ ਪਰਿਵਾਰ ਵਿਚ। ਮੇਰੀ ਭੂਆ ਸੱਸ ਦਾ ਵਿਆਹ ਤੈਅ ਹੋਇਆ ਰਾਜੇ ਭੁਪੇਂਦਰ ਕੇ। ਪਰ ਰਾਜਾ ਘੋੜੇ ਤੋਂ ਡਿੱਗ ਕੇ ਐਨ ਸ਼ਾਦੀ ਤੋਂ ਇਕ ਦਿਨ ਪਹਿਲਾਂ ਮਰ ਗਿਆ। ਭੂਆ ਸੱਸ ਕੁਆਰੀ ਸੀ। ਘੌੜ-ਸਵਾਰ ਦੌੜੇ, ਚਿਤਾ ਵਿਚੋਂ ਲੱਕੜੀ ਕੱਢ ਲਿਆਏ। ਭੂਆ ਸੱਸ ਦੀ ਚਿਤਾ ਸਜੀ। ਉਸੇ ਬਲਦੀ ਲੱਕੜੀ ਨਾਲ ਅਗਨੀ ਦਿੱਤੀ ਗਈ ਉਸਨੂੰ, ਤੇ ਭੂਆ ਸਤਾਰਾਂ ਦੀ ਉਮਰ ਵਿਚ ਸਤੀ ਹੋ ਗਈ। ਮੇਰੀ ਮਸੇਰੀ ਭੈਣ ਦੀ ਮੰਗਣੀ ਹੋਈ ਸੀ ਰਾਜ ਪਰਿਵਾਰ ਵਿਚ। ਤੀਜੀ ਸ਼ਾਦੀ ਸੀ ਰਾਜੇ ਵੀਰੇਂਦਰ ਸਿੰਘ ਦੀ। ਬੜਾ ਕਿਹਾ, ਪਿਤਾ ਨੂੰ; ਰੋਈ-ਕੁਰਲਾਈ...ਪਰ ਵਚਨ ਤਾਂ ਵਚਨ ਸੀ! ਰਾਤ ਨੂੰ ਛੱਤ ਦੀ ਕੜੀ ਨਾਲ ਲਟਕ ਗਈ।'
ਦਾਦੀ ਇੱਥੇ ਰੁਕ ਜਾਂਦੀ ਤੇ ਸੁਜਾਤਾ ਕੁਰੇਦਦੀ, “ਤੇਰੀ ਵੀ ਤਾਂ ਦਾਦੀ...ਤੂੰ ਕਿੰਜ ਸਹਿ ਲਿਆ?”
“ਕੀ ਕਰਦੀ? ਹਰੀਰੇ 'ਚ ਅਫੀਮ ਰਲੀ ਸੀ। ਮੇਰੀ ਅੱਖ ਲੱਗ ਗਈ। ਪੰਜ ਘੰਟਿਆਂ ਬਾਅਦ ਖੁੱਲ੍ਹੀ। ਬੱਚੀ ਗਾਇਬ ਸੀ। ਪੁੱਛਿਆ ਤਾਂ ਦੱਸਿਆ ਮਰ ਗਈ। ਪਿਓ ਤੇ ਬਾਬਾ ਦੱਬਣ ਗਏ ਐ। ਉਦੋਂ ਨਾਰੰਗੀ ਦੀ ਸੱਸ ਕੰਮ ਕਰਦੀ ਹੁੰਦੀ ਸੀ ਆਪਣੇ।”
ਲੰਮਾਂ ਹਊਕਾ ਜਿਹਾ ਖਿੱਚ ਕੇ ਬੋਲੀ ਦਾਦੀ, “ਇਕ ਦਿਨ ਛੁਰੀ ਲੈ ਕੇ ਉਸਦੀ ਹਿੱਕ 'ਤੇ ਚੜ੍ਹ ਬੈਠੀ ਮੈਂ...'ਦੱਸ ਕੀ ਹੋਇਆ ਸੀ?' ਉਦੋਂ ਪਤਾ ਲੱਗਿਆ...'ਪਾਵੇ ਹੇਠ ਦੱਬ ਕੇ ਮਾਰਵਈ ਸੀ ਦਾਈ ਤੋਂ। 'ਕੀਂ...ਕੀਂ' ਕੀਤੀ ਸੀ ਨਿੱਕੜੀ ਜਿੰਦ ਨੇ। ਨਾਰੰਗੀ ਦੀ ਸੱਸ ਮਲੋਦਾ ਦੱਸਦੀ ਸੀ...'ਬੜੀ ਸੁਣੱਖੀ ਸੀ ਅਭਾਗੀ।' ”
“ਤੂੰ ਦਾਦਾ ਜੀ ਨਾਲ ਲੜੀ ਨਹੀਂ?”
“ਲੜੀ! ਪੁੱਛਦਿਆਂ ਈ ਹੰਟਰਾਂ ਨਾਲ ਛਿੱਲ ਦਿੱਤਾ ਸੀ...'ਸਾਲੀ ਔਰਤ ਜਾਤ। ਮਰਦ ਨੂੰ ਸਵਾਲ ਕਰਦੀ ਐ...' ”
“ਫੇਰ?”
“ਫੇਰ ਕੀ ਹੈਂਕੜੀ। ਰਾਜਪੂਤ ਅਯਾਸ਼ੀ ਵਿਚ ਜ਼ਮੀਨ ਵੇਚਦੇ ਰਹੇ। ਸ਼ੂਦਰ ਤੇ ਗੈਰਜਾਤ ਖਰੀਦ ਦੇ ਰਹੇ। ਕਦੀ ਨਰਪਤ ਗੜ੍ਹ ਜਾਵੇਂ ਤਾਂ ਦੇਖੀਂ...ਮਿਹਨਤ-ਮਜ਼ਦੂਰੀ ਕਰਕੇ ਕਿੰਨੇ ਵਧ-ਫੁਲ ਗਏ ਨੇ ਉਹ। ਰਾਜਪੂਤਾਂ ਦੀ ਡਿਓਢੀ 'ਚ ਮੱਖੀਆਂ ਭਿਣਕਦੀਆਂ ਐਂ। ਸੁੱਕੇ ਹਲਕ, ਪਰ ਮੁੱਛਾਂ ਨੂੰ ਮਲਾਈ ਤੇ ਵੱਟ...ਅੱਜ ਵੀ ਓਵੇਂ। ਤੇਰੇ ਪਿਓ ਨੇ ਫੌਜ ਵਿਚ ਅਫਸਰ ਬਣਦਿਆਂ ਹੀ ਪਿੰਡ ਛੱਡ ਦਿੱਤਾ। ਇੱਥੇ ਕੋਠੀ ਬਣਵਾ ਲਈ। ਸੁਜਾਨ ਨੇ ਵੀ ਅਲ-ਅਲ-ਬੀ ਕੀਤੀ, ਤੇ ਜੱਜਾਂ ਨੂੰ ਫਿਟਕਾਰਨ ਲੱਗ ਪਿਆ।”
ਸੁਣ ਕੇ ਹੱਸਦਿਆਂ-ਹੱਸਦਿਆਂ ਸੁਜਾਤਾ ਡੂੰਘਾ ਸਾਹ ਖਿੱਚਦੀ ਹੈ। ਯਾਦ ਆਉਂਦਾ ਹੈ...ਮਾਂ ਖ਼ੂਬ ਭੜਕੀਲੇ ਰੰਗਾਂ ਦੇ ਕੱਪੜੇ ਪਾਉਂਦੀ। ਕਾਕਾ, ਪਾਪਾ ਤੋਂ ਬਾਰ੍ਹਾਂ ਵਰ੍ਹੇ ਛੋਟੇ ਸਨ। ਉਹਨਾਂ ਨੂੰ ਬੱਚਿਆਂ ਵਾਂਗ ਖੁਆਂਦੀ। ਪਰ ਪਾਪਾ ਦੀ ਕੋਈ ਹੋਰ ਵੀ ਸੀ। ਕੌਣ ਸੀ? ਦਾਦੀ ਨੂੰ ਕਈ ਵਾਰੀ ਪੁੱਛਿਆ ਤਾਂ ਹਿਰਖ ਕੇ ਪੈਂਦੀ...'ਨਾਂਅ ਨਾ ਪੁੱਛ, ਕਮੀਨੀ ਕੁੱਤੀ ਦਾ। ਰੰਡੀ ਤਾਂ ਕੋਠੇ 'ਤੇ ਬੈਠਦੀ ਐ, ਉਹ ਰੰਡੀ ਤਾਂ ਘਰੇ ਯਾਰ ਪਾਲੀ ਬੈਠੀ ਸੀ। ਪਰ ਕਮੀ ਤੇਰੀ ਮਾਂ 'ਚ ਵੀ ਸੀ। ਇਕ ਮੁੰਡਾ ਨਹੀਂ ਜੰਮ ਸਕੀ ਮਰਨ ਤੱਕ।'
ਮਾਂ ਰੰਗੀਨ ਕੱਪੜਿਆਂ ਤੇ ਗਹਿਣਿਆਂ ਵਿਚ ਮੜ੍ਹੀ ਹੁੰਦੀ, ਪਰ ਮੁਸਕੁਰਾ ਨਹੀਂ ਸੀ ਸਕਦੀ। ਦਿਨ ਵਿਚ ਕਈ-ਕਈ ਵਾਰੀ ਉਸਦੇ ਸਿਰ 'ਤੇ ਹੱਥ ਫੇਰ ਕੇ ਹਿੱਕ ਨਾਲ ਲਾ ਲੈਂਦੀ। ਕੁੜੀਆਂ ਦੇ ਸਕੂਲ ਵਿਚ ਮੈਟ੍ਰਿਕ ਕੀਤੀ ਤਾਂ ਪਾਪਾ ਸਟ੍ਰਿਫਿਕੇਟ ਕਟਾ ਲਿਆਏ ਸਨ—'ਬਸ ਹੋ ਗਈ ਪੜ੍ਹਾਈ ਹੁਣ ਸ਼ਾਨਦਾਰ ਸ਼ਾਦੀ ਕਰਾਂਗੇ। ਰਾਜਪੁਤਾਨਾ ਰਾਈਫਲਸ ਦੇ ਕਰਨਲ ਧੀਰਜ ਸਿੰਘ ਦਾ ਲੜਕਾ ਏ। ਇੰਗਲੈਂਡ ਵਿਚ ਰਹਿ ਕੇ ਪੜ੍ਹ ਰਿਹੈ।'
“ਨਾ। ਸੁਜਾਤਾ ਪੜ੍ਹੇਗੀ।” ਮਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਸੀ।
“ਕੀ?” ਕੜਕੇ ਸੀ ਪਾਪਾ।
ਨਾਗਿਨ ਬਣ ਗਈ ਸੀ ਮਾਂ, “ਸਿਸੋਦੀਆ ਖਾਨਦਾਨ ਨੂੰ ਆਪਣੀਆਂ ਕੁੜੀਆਂ 'ਤੇ ਵਿਸ਼ਵਾਸ ਕਿਉਂ ਨਹੀਂ...”
“ਵਿਸ਼ਵਾਸ! ਪੂਰਾ ਏ ਪਰ ਜ਼ਮਾਨਾਂ?”
“ਜ਼ਮਾਨਾਂ! ਜ਼ਮਾਨਾਂ ਠੀਕ-ਠਾਕ ਅੱਗੇ ਵਧ ਰਿਹਾ ਏ...ਪਿੱਛੇ ਰਹਿ ਗਏ ਆਂ ਅਸੀਂ।”
ਮਾਂ ਆਕੜ ਗਈ ਸੀ। ਉਸ ਰਾਤ ਹੰਟਰਾਂ ਨਾਲ ਬੜਾ ਮਾਰਿਆ ਸੀ ਉਹਨਾਂ। ਸਵੇਰੇ ਸੁੱਜੇ ਗੱਲ੍ਹ ਤੇ ਚਸਕਦੀਆਂ ਹੱਡੀਆਂ ਨਾਲ ਕਰਾਹੁੰਦਿਆਂ ਹੋਇਆ ਕਿਹਾ ਸੀ ਉਸਨੇ, “ਤੂੰ ਪੜ੍ਹੀਂ! ਮੈਂ ਜਾਨ ਦੇ ਦਿਆਂਗੀ ਪਰ ਤੇਰੀ ਪੜ੍ਹਾਈ ਨਹੀਂ ਰੁਕਣ ਦਿਆਂਗੀ।”
ਦਾਦੀ ਵੀ ਮਾਂ ਦੇ ਪੱਖ ਵਿਚ ਸੀ। ਪਾਪਾ ਗੁੱਸੇ ਵਿਚ ਆਪਣੀ ਉਸ ਦੇ ਘਰ ਚਲੇ ਗਏ। ਦੋ-ਤਿੰਨ ਰਾਤਾਂ ਵਿਚ ਪਤਾ ਨਹੀਂ ਕੀ ਹੋਇਆ ਕਿ ਮਾਂ ਦੇ ਦਿਲ ਦੀ ਧੜਕਣ ਰੁਕ ਗਈ। ਪਾਪਾ ਨੂੰ ਕਾਕਾ ਜੀ ਵਾਪਸ ਲੈ ਕੇ ਆਏ ਸਨ। ਜੜ੍ਹ ਬਣਿਆ ਹੋਇਆ ਸੀ ਉਹਨਾਂ ਦਾ ਚਿਹਰਾ। ਪਹਿਲੀ ਵਾਰ ਉਸਦੇ ਅੰਦਰ ਵੀ ਆਪਣੇ ਪਾਪਾ ਦੇ ਪ੍ਰਤੀ ਨਫ਼ਰਤ ਜਾਗੀ ਸੀ।
ਡੇਢ ਮਹੀਨੇ ਵਿਚ ਹੀ ਪਾਪਾ ਦੀ ਪ੍ਰੇਮਿਕਾ ਗਾਇਬ ਹੋ ਗਈ, ਮਾਲ-ਮੱਤੇ ਸਮੇਤ। ਪਿੰਡ ਜ਼ਮੀਨ ਵੇਚਣ ਗਏ ਸੀ ਕਾਕਾ ਜੀ ਤੇ ਪਾਪਾ ਚਾਰ ਪੰਜ ਮਹੀਨਿਆ ਬਾਅਦ। ਕਾਕਾ ਜੀ ਨੇ ਵਕਾਲਤ ਸ਼ੁਰੂ ਕਰ ਦਿੱਤੀ। ਇਕ ਦਿਨ ਪਾਪਾ ਆਏ ਤਾਂ ਨਾਲ ਨਵੀਂ ਮਾਂ ਵੀ ਸੀ।
ਹੋਰ ਵਧ ਗਈ ਸੀ, ਪਾਪਾ ਪ੍ਰਤੀ ਸੁਜਾਤਾ ਦੀ ਨਫ਼ਰਤ। ਨਵੀਂ ਮਾਂ ਉਸਨੂੰ ਚੰਗੀ ਲੱਗੀ ਪਰ ਕਾਕਾ ਜੀ ਚੁੱਪ-ਚੁੱਪ ਰਹਿਣ ਲੱਗੇ। ਪਾਪਾ ਨੇ ਜਲਦੀ ਹੀ ਆਪਣੀ ਮਹਾਨਤਾ ਦਾਦੀ ਸਾਹਮਣੇ ਬਿਆਨ ਕਰ ਦਿੱਤੀ।...'ਕੌਡੀ ਕੌਡੀ ਦਾ ਮੁਥਾਜ ਸੀ ਏਨੇ ਨਾਮੀ ਰਾਜਪੂਤਾਂ ਦਾ ਘਰ। ਮਾਂ ਤੇ ਧੀ। ਮੈਂ ਸੋਚਿਆ ਕੁਛ ਭਲਾ ਹੋਏਗਾ ਉਹਨਾਂ ਦਾ ਤੇ ਸੁਜਾਤਾ ਦੀ ਦੇਖ-ਭਾਲ ਵੀ ਹੋ ਜਾਏਗੀ।'
ਨਵੀਂ ਮਾਂ ਨਾਲ ਉਸਦੀ ਖਾਸੀ ਬਣਨ ਲੱਗ ਪਈ ਸੀ। ਉਹ ਜਬਰਦਸਤੀ ਨਵੀਂ ਮਾਂ ਨੂੰ ਆਪਣੇ ਕਮਰੇ ਵਿਚ ਸੁਆਉਂਦੀ, ਪਰ ਰਾਤ ਨੂੰ ਕਈ ਵਾਰੀ ਅੱਖ ਖੁੱਲ੍ਹਦੀ ਤਾਂ ਉਹ ਬਿਸਤਰੇ 'ਤੇ ਨਹੀਂ ਸੀ ਹੁੰਦੀ। ਪੁੱਛਣ 'ਤੇ ਕਹਿੰਦੀ...'ਜੀਅ ਘਬਰਾ ਰਿਹਾ ਸੀ। ਜ਼ਰਾ ਉਪਰ ਚਲੀ ਗਈ।' ਪਾਪਾ ਛੁੱਟੀ ਆਉਂਦੇ ਤਾਂ ਉਹ ਓਨੀ ਖੁਸ਼ ਨਜ਼ਰ ਨਹੀਂ ਸੀ ਆਉਂਦੀ ਹੁੰਦੀ।
ਦਾਦੀ ਆਪਣੇ ਆਪ ਵਿਚ ਬੁੜਬੁੜ ਕਰਦੀ ਫਿਰਦੀ...'ਅਰਜੁਨ ਕੀ ਅੰਨ੍ਹਾਂ ਸੀ? ਔਰਤ ਨਾ ਹੋਈ ਡੱਬੇ ਦਾ ਮਾਸ ਹੋ ਗਈ...ਜਦੋਂ ਚਾਹਿਆ ਪਕਾ ਕੇ ਖਾ ਲਿਆ। ਉਹ ਕਾਕਾ ਜੀ ਨੂੰ ਕਹਿੰਦੀ, 'ਹੁਣ ਤੁਸੀਂ ਕਾਕੀ ਲੈ ਆਓ।'
ਸੰਜੀਦਾ ਮੁਸਕੁਰਾਹਟ ਨਾਲ ਕਹਿੰਦੇ, 'ਤੇਰਾ ਵਿਆਹ ਕਰਾਂਗੇ ਪਹਿਲਾਂ।' ਇਕ ਦਿਨ ਬੁਰੀ ਖਬਰ ਆ ਗਈ...ਪਾਪਾ ਨਹੀਂ ਰਹੇ ਦਾ ਦੁਖ ਨਵੀਂ ਮਾਂ ਦੇ ਤਨ ਦੇ ਚਿੱਟੇ ਕੱਪੜਿਆਂ ਹੇਠ ਢਕਿਆ ਗਿਆ। ਮਨ ਹੀ ਮਨ ਸੋਚਦੀ...ਨਵੀਂ ਮਾਂ ਪਾਪਾ ਨਾਲੋਂ ਘੱਟੋਘੱਟ ਪੰਦਰਾਂ ਸਾਲ ਛੋਟੀ ਤਾਂ ਹੈ ਹੀ; ਮੇਰੇ ਨਾਲੋਂ ਇਹੀ ਕੋਈ ਪੰਜ ਵਰ੍ਹੇ ਵੱਡੀ ਹੋਏਗੀ। ਕਿੰਜ ਬੀਤੇਗੀ ਜ਼ਿੰਦਗੀ?
ਕਾਕਾ ਜੀ ਨਵੀਂ ਮਾਂ ਨੂੰ ਚਿੱਟੇ ਕੱਪੜਿਆਂ ਵਿਚ ਦੇਖ ਕੇ ਨੀਵੀਂ ਪਾ ਲੈਂਦੇ। ਉਦੋਂ ਹੀ ਮਾਮਾ ਜੀ ਆ ਗਏ, 'ਸੁਜਾਤਾ ਨੂੰ ਲੈਣ ਆਇਆਂ। ਦੀਦੀ ਨੇ ਮਰਨ ਤੋਂ ਪਹਿਲਾਂ ਖ਼ਤ ਵਿਚ ਵੀ ਇਹੋ ਲਿਖਿਆ ਹੈ...ਉਸਨੂੰ ਪੜ੍ਹਾਉਣਾ, ਡਾਕਟਰ ਬਣਾਉਣਾ ਉਸਨੂੰ।
ਜਿਸਦੇ ਵਿਰੋਧ ਕਰਨ ਦੀ ਸੰਭਾਵਨਾਂ ਸੀ, ਉਹ ਸਹਿਜੇ ਹੀ ਮੰਨ ਗਈ। ਦਾਦੀ ਨੇ ਪਿੱਠ 'ਤੇ ਹੱਥ ਫੇਰਦਿਆਂ ਕਿਹਾ, “ਲੈ ਜਾ ਇਸਨੂੰ। ਸੁਜਾਨ ਨੂੰ ਅਦਾਲਤ ਤੋਂ ਫੁਰਸਤ ਨਹੀਂ। ਬਹੂ ਦੁੱਖਾਂ ਵਿਚ ਡੁੱਬੀ ਹੋਈ ਐ ਤੇ ਮੈਂ ਬੁੱਢੀ। ਓਥੇ ਇਸਨੂੰ ਸਹੀ ਵਾਤਾਵਰਨ ਮਿਲੇਗਾ, ਪਰ ਅਸੀਂ ਹਰ ਮਹੀਨੇ ਰੋਕੜ ਭੇਜਾਂਗੇ, ਮਨ੍ਹਾਂ ਨਾ ਕਰੀਂ। ਇਹ ਖਾਨਦਾਨ ਅਹਿਸਾਨ ਨਹੀਂ ਲੈਂਦਾ।”
ਜਮਸ਼ੇਦਪੁਰ ਪਹੁੰਚ ਕੇ ਵੀ ਸੁਜਾਤਾ ਇਸ ਘਰ ਨੂੰ ਨਹੀਂ ਸੀ ਭੁੱਲ ਸਕੀ...ਇਮਤਿਹਾਨ ਦਾ ਨਤੀਜਾ ਆਇਆ ਤੇ ਉਹ ਡਾਕਟਰੀ ਲਈ ਵੀ ਚੁਣ ਲਈ ਗਈ। ਪੜ੍ਹਾਈ ਦੌਰਾਨ ਮਨ ਤੇ ਤਨ ਦੇ ਰਿਸ਼ਤੇ ਸਪਸ਼ਟ ਹੋਣ ਲੱਗੇ। ਬਿਨਾਂ ਦੱਸਿਆਂ ਸਮਝ ਗਈ...ਕਾਕਾ ਜੀ ਦੇ ਵਿਆਹ ਨਾ ਕਰਵਾਉਣ ਦਾ ਕਾਰਣ, ਪਿਤਾ ਜੀ ਦੀ ਗ਼ੈਰਹਾਜ਼ਰੀ ਵਿਚ ਨਾਲ ਪਈ ਨਵੀਂ ਮਾਂ ਦਾ ਗ਼ਾਇਬ ਹੋ ਜਾਣਾ ਤੇ ਦਾਦੀ ਦੀ ਬੁੜਬੁੜ...'ਅਰਜੁਨ ਕੀ ਅੰਨ੍ਹਾਂ ਸੀ?' ਯਾਦ ਆਉਂਦਾ ਖਾਨਦਾਨੀ ਇਤਿਹਾਸ...ਸਤੀ, ਆਤਮ-ਹੱਤਿਆ ਤੇ ਪੈਦਾ ਹੁੰਦਿਆਂ ਹੀ ਕੁੜੀਆਂ ਦੀ ਹੱਤਿਆ। ਪਿਛਲੇ ਸੌ ਵਰ੍ਹਿਆਂ ਵਿਚ ਵਰਤੀ ਕਠੋਰਤਾ, ਨਿਰਦਈਤਾ ਅੱਜ ਪਾਪ ਦੀ ਸ਼ਰਣ ਲੈ ਚੁੱਕੀ ਹੈ।
ਸੁਜਾਤਾ ਦਾਦੀ ਦੇ ਕਮਰੇ ਵਿਚੋਂ ਨਿਕਲ ਕੇ ਦੱਬਵੇਂ ਪੈਰੀਂ ਨਵੀਂ ਮਾਂ ਦੇ ਕਮਰੇ ਵਿਚ ਪਹੁੰਚ ਜਾਂਦੀ ਹੈ...ਚੂਸੀਆਂ ਹੋਈਆਂ ਗੱਲ੍ਹਾਂ ਦਾ ਗੁਲਾਬੀ ਰੰਗ ਫਿੱਕਾ ਪੈ ਚੁੱਕਿਆ ਸੀ। ਸੋਚਦੀ ਹੈ, ਕੀ ਉਮਰ ਹੋਏਗੀ ਨਵੀਂ ਮਾਂ ਦੀ...ਇਹੋ ਕੋਈ ਤੇਤੀ ਜਾਂ ਚੌਂਤੀ।
ਬਾਹੀ 'ਤੇ ਬੈਠੀ ਤਾਂ ਜਾਗ ਪਈ ਨਵੀਂ ਮਾਂ। ਹੱਥ ਵਧਾ ਕੇ ਹਿੱਕ ਨਾਲ ਘੁੱਟ ਲਿਆ। ਹੱਥ ਚੁੰਮੇ ਤਾਂ ਬਿਸਤਰੇ ਉੱਤੇ ਚੌਂਕੜੀ ਮਾਰ ਕੇ ਬੈਠਦਿਆਂ ਗੌਰ ਨਾਲ ਦੇਖਿਆ।...ਭਿਆਨਕ ਸੰਨਾਟਾ ਸੀ ਚਿਹਰੇ 'ਤੇ, ਤੂਫ਼ਾਨ ਤੋਂ ਬਾਅਦ ਵਾਲੀ ਚੁੱਪ।
ਨਵੀਂ ਮਾਂ ਅੱਖ ਨਹੀਂ ਮਿਲਾ ਸਕੀ। ਸੁਜਾਤਾ ਦੇ ਤਜ਼ੁਰਬਾਕਾਰ ਹੱਥ ਧੁੰਨੀ ਤੋਂ ਹੇਠਾਂ ਤੀਕ ਪੇਟ ਦਬਾਉਂਦੇ ਰਹੇ ਤੇ ਆਵਾਜ਼ ਕਰੜੀ ਹੋ ਗਈ, “ਪਹਿਲੀ ਵਾਰੀ ਇੰਜ ਨਹੀਂ ਹੋਇਆ, ਇੰਜ ਲੱਗਦੈ।”
ਨਵੀਂ ਮਾਂ ਅੱਖਾਂ ਝੁਕਾਅ ਲੈਂਦੀ ਹੈ। ਵਿਅੰਗ ਨਾਲ ਟੇਢਾ ਹੋ ਜਾਂਦਾ ਹੈ ਸੁਜਾਤਾ ਦਾ ਮੂੰਹ, “ਧੰਨ ਨੇ ਰਾਜਪੂਤੀ ਲੋਕ।”
ਸੁਜਾਤਾ ਤੇਰੇ ਕਾਕਾ ਜੀ ਆਪਣੇ ਲਈ ਤੇਰੇ ਪਾਪਾ ਨੂੰ ਦਿਖਾਉਣ ਲੈ ਗਏ ਸੀ। ਜ਼ਮੀਨ ਦਾ ਤਾਂ ਬਹਾਨਾ ਸੀ। ਤੇਰੇ ਪਾਪਾ ਨੇ ਕਿਹਾ ਵੀ ਸੀ...ਆਪਣੇ ਖਾਨਦਾਨ ਦੀ ਬਣਾਉਣਾ ਚਾਹੁੰਦੇ ਆਂ। ਮੈਂ ਤੇ ਮਾਂ ਕੁਛ ਹੋਰ ਹੀ ਸਮਝੀਆਂ, ਪਰ ਰਾਤ ਨੂੰ ਜਦੋਂ ਮੰਡਪ ਵਿਚ ਬੈਠੇ ਤਾਂ ਮਾਂ ਸਿਲ-ਪੱਥਰ ਹੋ ਗਈ ਸੀ ਤੇ ਮੈਨੂੰ ਕਾਰ ਵਿਚ ਪਤਾ ਲੱਗਿਆ ਸੀ।”
“ਸ਼ਾਬਾਸ ਨਵੀਂ ਮਾਂ। ਅਣਚਾਹੇ ਪੁਰਸ਼ ਨਾਲ ਬਲਤਕਾਰ ਤਾਂ ਸਹਿੰਦੀ ਹੀ ਰਹੀ ਤੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਚਹੇਤੇ ਪੁਰਸ਼ ਦੇ ਮਿਲਣ ਨੂੰ ਵੀ ਦੋਖੀ ਕਰਦੀ ਰਹੀ...ਇਕ ਪਿੱਛੋਂ ਇਕ ਓਬਾਰਸ਼ਨ...ਥੂਹ।”
ਦੋ ਅੱਥਰੂ ਸਨ, ਇਸ ਦੇ ਜਵਾਬ। ਆਪਣੇ ਸੀਨੇ ਵਿਚ ਹੀ ਆਪਣੀ ਸ਼ਰਮ ਨੂੰ ਸ਼ਰਣ ਦੇ ਸਕੀ ਨਵੀਂ ਮਾਂ।
ਇਸੇ ਲਈ ਦਾਦੀ ਨੇ ਮੈਨੂੰ ਜਾਣ ਦਿੱਤਾ ਕਿ ਗੱਲ ਖੁੱਲ੍ਹ ਨਾ ਜਾਏ। ਮੈਂ ਤਾਂ ਦਾਦੀ ਨੂੰ ਸਿੱਧੀ-ਸਿਧਰੀ ਸਮਝਦੀ ਸੀ।
ਨਾਰੰਗੀ ਨੂੰ ਬੁਲਾਅ ਕੇ ਉਪਰ ਸਾਮਾਨ ਨਾਲ ਰੱਖਿਆ ਆਪਣਾ ਡਾਕਟਰੀ ਬੈਗ ਮੰਗਵਾ ਲਿਆ ਸੁਜਾਤਾ ਨੇ। ਖਾਸੀ ਦੇਰ ਤਕ ਜਾਂਚ ਕਰਦੀ ਰਹੀ।
ਬਾਹਰ ਡਰਾਇੰਗ ਰੂਪ ਵਿਚ ਫ਼ੋਨ ਕੋਲ ਪਈ ਡਾਇਰੈਕਟਰੀ ਚੁੱਕੀ, ਡਾਕਟਰ ਮਿਨਾਕਸ਼ੀ ਅਰੋੜਾ ਨੂੰ ਫ਼ੋਨ ਕਰਕੇ ਬੁਲਾ ਲਿਆ। ਇਕ ਘੰਟੇ ਵਿਚ ਜਾਂਚ ਪੂਰੀ ਕਰਕੇ ਐਂਬੂਲੇਂਸ ਬੁਲਵਾ ਲਈ ਡਾਕਟਰ ਅਰੋੜਾ ਨੇ। ਖ਼ੂਨ ਜਿਵੇਂ ਜਿਵੇਂ ਅੰਦਰ ਜਾਂਦਾ ਰਿਹਾ...ਨਵੀਂ ਮਾਂ ਦੇ ਚਿਹਰੇ ਉੱਤੇ ਓਵੇਂ ਓਵੇਂ ਰੌ ਆਉਂਦੀ ਗਈ।
ਸ਼ਾਮ ਨੂੰ ਕਾਕਾ ਜੀ ਵੀ ਨਰਸਿੰਗ ਹੋਮ ਪਹੁੰਚ ਗਏ, “ਇਕ ਦਿਨ ਪਹਿਲਾਂ ਆ ਗਈ ਤੂੰ?”
“ਮੈਂ ਤਾਂ ਇਕ ਦਿਨ ਪਹਿਲਾਂ ਆ ਗਈ ਕਾਕਾ ਜੀ ਪਰ ਤੁਸੀਂ ਜਿਹੜੇ ਲਗਾਤਾਰ ਲੇਟ ਹੋ ਰਹੇ ਓ ਉਹ!”
“ਲੇਟ! ਕੇਹਾ ਲੇਟ!”
“ਮੈਂ ਬੱਚੀ ਨਹੀਂ ਆਂ ਕਾਕਾ ਜੀ। ਔਰਤ ਵੀ ਆਂ ਤੇ ਡਾਕਟਰ ਵੀ। ਖਾਨਦਾਨ ਦੀ ਇੱਜ਼ਤ ਦੇ ਨਾਂਅ 'ਤੇ ਅੰਨ੍ਹੇ ਖੂਹ ਦੀ ਨਰਕ ਯਾਤਰਾ ਨੂੰ ਵੀ ਸਮਝ ਗਈ ਆਂ। ਗਿਲਟ ਉੱਪਰ ਚਾਂਦੀ ਦੀ ਪਾਲਸ਼ ਵਾਲੇ ਖਾਨਦਾਨੀ ਨੱਕ ਦੀ ਫਿਕਰ ਤਾਂ ਹੈ ਤੁਹਾਨੂੰ, ਪਰ ਖਾਨਦਾਨ ਖਤਮ ਹੋ ਜਾਣ ਦਾ ਦੁੱਖ ਨਹੀਂ...ਕਪਟੀ ਬ੍ਰਾਹਮਣ ਤੁਹਾਡੀ ਸ਼ਕਤੀ ਦੇ ਸੰਚਾਲਕ ਸੀ ਤਾਂ ਉਹਨਾਂ ਦੇ ਫੈਨੇਟਿਜ਼ਮ ਦੇ ਤੁਸੀਂ ਵੀ ਤਾਂ ਦਾਸ ਓ ਅੱਜ ਤੱਕ।”
“ਕੀ ਕਹਿ ਰਹੀ ਏਂ ਤੂੰ!” ਹਿਰਖੇ ਸਨ ਕਾਕਾ ਸੁਜਾਨ।
“ਜੋ ਕਹਾਂ ਤੁਸੀਂ ਕਰਨਾਂ। ਨਹੀਂ ਦੇ ਅਰਥ ਨੱਕ ਦੇ ਨਾਲ ਵਕਾਲਤ ਦਾ ਚੋਲਾ ਵੀ ਜਾਏਗਾ।” ਸ਼ਰਮ ਨਾਲ ਸਿਰ ਝੁਕਾ ਲਿਆ ਵਕੀਲ ਸੁਜਾਨ ਨੇ। ਲੱਗਿਆ ਦੁਸ਼ਮਣ ਬਣ ਗਈ ਹੈ ਭਤੀਜੀ। ਸੁਜਾਤਾ ਨੂੰ ਲੱਗਿਆ ਕਿ ਏਨੀ ਸ਼ਰਮ ਦੀ ਜਗ੍ਹਾ—ਕਾਸ਼ ਏਨੀ ਹਿੰਮਤ ਹੁੰਦੀ ਕਾਕਾ ਜੀ ਵਿਚ।
ਜਬਰਦਸਤੀ ਵਿਆਹ ਦੀ ਦਰਖ਼ਾਤ ਉੱਤੇ ਦਸਤਖ਼ਤ ਕਰਵਾ ਕੇ ਅਦਾਲਤ ਵਿਚ ਦੇ ਆਈ ਸੁਜਾਤਾ। ਪੂਰੇ ਇਕ ਮਹੀਨੇ ਬਾਅਦ ਦੀ ਤਾਰੀਖ਼ ਮਿਲੀ। ਪੰਦਰਾਂ ਦਿਨ ਬਚੇ ਸਨ ਮਹੀਨਾ ਪੂਰਾ ਹੋਣ ਵਿਚ ਕਿ ਕਾਕਾ ਜੀ ਗ਼ਾਇਬ ਹੋ ਗਏ। ਘਰ ਵਿਚ ਉਠੀ ਖੁਸ਼ੀ ਦੀ ਲਹਿਰ ਸੋਗ ਵਿਚ ਬਦਲ ਗਈ। ਦਾਦੀ ਬੜੀ ਨਾਰਾਜ਼ ਸੀ, “ਵੱਡੀ ਕਰਾਂਤੀ ਕਰਨ ਲੱਗੀ ਸੀ ਛੋਹਰੀ। ਘਰ ਉਜਾੜ ਦਿੱਤਾ।”
ਵਰ੍ਹ ਹੀ ਤਾਂ ਪਈ ਸੀ ਸੁਜਾਤਾ, “ਜਦੋਂ ਔਰਤਾਂ ਸਤੀ ਹੋਈਆਂ ਓਦੋਂ ਘਰ ਨਹੀਂ ਉੱਜੜੇ, ਪਾਪ ਦਾ ਭੈ ਤਾਂ ਹੁਣ ਮਿਟਿਆ ਏ, ਫੇਰ ਸੋਗ ਕਾਸ-ਦਾ?”
“ਢੱਠੇ ਖ਼ੂਹ 'ਚ ਪੈ ਤੂੰ!” ਦਾਦੀ ਬਿਸਤਰੇ ਵਿਚ ਦੁਬਕ ਗਈ। ਸ਼ਿਕਾਇਤ ਨਵੀਂ ਮਾਂ ਦੀਆਂ ਅੱਖਾਂ ਵਿਚ ਵੀ ਸੀ...ਚੋਰੀ ਛਿੱਪੇ ਦੇ ਮਿਲਣ ਦੀ ਪੀੜ ਵਿਚ ਸੁਖ ਤਾਂ ਸੀ ਕਿਤੇ। ਤੂੰ ਤਾਂ ਉਹ ਜੀਵਨ ਵੀ ਮਿਟਾਅ ਦਿੱਤਾ ਸੁਜਾਤਾ।
ਹੈਰਾਨੀ ਤੇ ਪ੍ਰੇਸ਼ਾਨੀ ਵਿਚਕਾਰ ਲਟਕੀ ਹੋਈ ਸੁਜਾਤਾ ਸੋਚਾਂ ਵਿਚ ਡੁੱਬ ਜਾਂਦੀ ਹੈ...ਕੀ ਗਲਤ ਹੋਇਆ? ਕੀ ਸੱਚ ਦਾ ਅਰਥ ਸ਼ਰਮਨਾਕ ਹੋ ਸਕਦਾ ਹੈ ਹੁਣ ਤੇ ਔਰਤ ਚੱਬ-ਚਿੱਥ ਕੇ ਸੁੱਟਿਆ ਫੌਕ ਤੇ ਆਦਮੀ ਸਿਰਫ ਹਨੇਰੇ ਦਾ ਸੌਦਾਗਰ ਬਣ ਕੇ ਰਹਿ ਗਿਆ ਹੈ?...ਧਰਮ ਦਾ ਅਰਥ ਅਨਰਥ ਦੀ ਓਟ ਹੋ ਗਿਆ ਹੈ?
ਫੇਰ ਇਸ ਨੂੰ ਲੱਗਿਆ ਕਿ ਵਾਰਿਯਰ ਕੌਮ ਨੂੰ ਬ੍ਰਾਹਮਣਾ ਨੇ ਪਹਿਲਾਂ ਮੰਤਰੀ ਤੇ ਪੁਰੋਹਿਤ ਬਣ ਕੇ ਇਕ ਹੋਣ ਦੀ ਜਗ੍ਹਾ ਲੜਾ ਕੇ ਆਪਣਾ ਉੱਲੂ ਸਿੱਧ ਕੀਤਾ। ਹਿੰਦੁਸਤਾਨ ਨੂੰ ਗੁਲਾਮ ਬਣਵਾ ਦਿੱਤਾ। ਓਥੇ ਹੀ ਸੰਸਕਾਰ ਦੇ ਨਾਂਅ 'ਤੇ ਉਹਨਾਂ ਨੂੰ ਹੰਕਾਰੀ, ਲੋਭੜ ਤੇ ਝੂਠੇ ਬਣਾਇਆ। ਬਾਹਰਲੀ ਦੁਨੀਆਂ ਉੱਤੇ ਘੁੰਮਡ ਦੀ ਤੇਗ ਨਹੀਂ ਚੱਲੀ ਤਾਂ ਔਰਤ ਨੂੰ ਕਮਜ਼ੋਰ ਮੰਨ ਕੇ ਤਾੜਨ-ਝਾੜਨ ਦਾ ਅਧਿਕਾਰ ਬਣਾ ਲਿਆ। ਫੇਰ ਵੀ ਅੱਜ ਤਕ ਜਿੱਥੇ ਅਤੀਤ ਵਿਚ ਆਤਮ-ਹੱਤਿਆ, ਹੱਤਿਆ, ਸਤੀ ਸਿਰਫ ਨਾਰੀ ਹੀ ਹੋਈ ਹੈ, ਇਸ ਵਾਰੀ ਮੈਦਾਨ ਛੱਡ ਕੇ ਮਰਦ ਨੱਸਿਆ ਹੈ, ਜਿਹੜਾ ਕਦੀ ਪਿੱਠ ਨਹੀਂ ਦਿਖਾਉਂਦਾ।
ਵਾਪਸ ਜਾਣ ਦੀ ਬਜਾਏ ਸੁਜਾਤਾ ਨੇ ਆਪਣੀ ਡਿਸਪੈਂਸਰੀ ਉੱਥੇ ਹੀ ਖੋਲ੍ਹਣ ਦਾ ਫੈਸਲਾ ਕਰ ਲਿਆ। ਫਟ ਪਈ ਸੀ ਦਾਦੀ, “ਜੋ ਮਨ 'ਚ ਆਏ ਕਰ, ਘਰ ਤੋੜਨੀਏਂ।” ਨਵੀਂ ਮਾਂ ਚੁੱਪ ਸੀ।...ਜਿਵੇਂ ਨਿਰਲੇਪ ਹੋਵੇ।
ਸੁਜਾਤਾ ਮਨ ਹੀ ਮਨ ਸੋਚਦੀ ਹੈ, ਦੇਖਦੇ ਹਾਂ ਕਦੋਂ ਤਕ ਨਹੀਂ ਮੁੜਦਾ ਰਣ ਦਾ ਬਾਂਕਾ। ਤਲਵਾਰ ਛੱਡ, ਸ਼ੋਸ਼ਿਤ ਤੋਂ ਵੀ ਤਕੜੀ ਫੀਸ ਫਸੂਲ ਕਰਨ ਵਾਲਾ ਰਣਛੋੜ ਸਿੰਘ ਕਿੰਨੇ ਦਿਨ ਭਟਕੇਗਾ...ਸੜਕ ਉੱਤੇ ਅਣਜਾਣ ਤੇ ਆਮ ਆਦਮੀ ਬਣ ਕੇ, ਕਿੰਜ ਜਿਊਂ ਸਕੇਗਾ! ਬਾਹਰ ਔਰਤ ਹਾਸਿਲ ਕਰਨ ਲਈ ਵੀ ਪੈਸੇ ਚਾਹੀਦੇ ਹੁੰਦੇ ਨੇ।
ਦੁੱਖ ਸੀ ਤਾਂ ਸਿਰਫ ਇਸ ਗੱਲ ਦਾ ਸੀ ਕਿ ਸੁਜਾਤਾ ਦਾਦੀ ਤੇ ਨਵੀਂ ਮਾਂ ਨਾਲ ਆਪਣੀ ਸੋਚ ਸਾਂਝੀ ਨਹੀਂ ਸੀ ਕਰ ਸਕੀ...ਵੰਡਾਅ ਨਹੀਂ ਸੀ ਸਕੀ ਉਹਨਾਂ ਦੀ ਪੀੜ।  
*** *** ***

ਗ਼ਮ ਸੇ ਨਜਾਤ ਪਾਏਂ ਕਿਊਂ…:: ਲੇਖਕ : ਸ਼ਮੀਮ ਹੈਦਰ

ਪਾਕੀ ਉਰਦੂ ਕਹਾਣੀ :
ਗ਼ਮ ਸੇ ਨਜਾਤ ਪਾਏਂ ਕਿਊਂ…::
ਲੇਖਕ : ਸ਼ਮੀਮ ਹੈਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਰ ਕੱਲ੍ਹ ਪਹਿਲੇ ਦਿਨ ਕਲਾਸ ਵਿਚ ਤੁਹਾਥੋਂ ਬਿਨਾਂ ਸਾਰੇ ਪ੍ਰੋਫ਼ੈਸਰਜ਼ ਨੇ ਇੰਟਰੋਡਕਸ਼ਨ ਕਰਨ ਲਈ ਕਿਹਾ ਸੀ, ਪਰ ਤੁਸੀਂ ਆਉਂਦਿਆਂ ਹੀ ਉਰਦੂ ਗ਼ਜ਼ਲ ਦੇ ਇਤਿਹਾਸ ਉਪਰ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਸੀ। ਮੰਨਿਆਂ ਕਿ ਲੋਕ ਤੁਹਾਡੇ ਅਥਾਹ ਗਿਆਨ ਤੇ ਪੜ੍ਹਾਉਣ ਢੰਗ ਦੀ ਕਦਰ ਕਰਦੇ ਨੇ, ਪਰ ਦਸ ਸਾਲ ਵਿਚ ਆਪਣੇ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਲੈਣੀ ਕੋਈ ਬਹੁਤੀ ਵੱਡੀ ਗੱਲ ਨਹੀਂ। ਮੇਰੀ ਦਾਦੀ ਦਾ ਤੋਤਾ ਬੜਾ ਹੀ ਸਾਫ ਬੋਲਦਾ ਸੀ।...ਤੇ ਉਸ ਨੇ ਬਹੁਤ ਸਾਰੇ ਸ਼ਬਦ ਦੋ ਸਾਲਾਂ ਵਿਚ ਹੀ ਸਿਖ ਲਏ ਸਨ। ਉਂਜ ਕਲਾਸ ਦਾ ਵਾਤਾਵਰਣ ਰਤਾ ਅਸੁਖਾਵਾਂ ਤੇ ਓਪਰਾ ਰਿਹਾ ਸੀ। ਜੇ ਸਾਡੇ ਵਿਚਕਾਰ ਇਹੋ ਓਪਰਾਪਨ ਰਿਹਾ ਤਾਂ ਮੇਰਾ ਖ਼ਿਆਲ ਏ, ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਾਂਗੇ। ਸਿੱਖਿਆ ਪਿਆਰ ਤੇ ਭਰੱਪੇ ਦਾ ਦੂਸਰਾ ਨਾਂ ਏਂ...। ਤੁਹਾਡਾ ਕੀ ਖ਼ਿਆਲ ਹੈ ਸਰ?'
ਪ੍ਰੋਫੈਸਰ ਨਦੀਮ ਫਾਰੂਕੀ ਨੇ ਅੱਜ ਦੀ ਡਾਕ ਦਾ ਤੀਸਰਾ ਖ਼ਤ ਪੜ੍ਹਿਆ ਤੇ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। ਬਿੰਦ ਦਾ ਬਿੰਦ ਸੋਚਿਆ, 'ਅਜਿਹੀਆਂ ਕੋਝੀਆਂ ਹਰਕਤਾਂ ਆਮ ਕੁੜੀਆਂ ਚੰਗੇ ਨੰਬਰ ਖਾਤਰ ਜਾਂ ਆਪਣਾ ਸਿੱਕਾ ਜਮਾਉਣ ਲਈ ਕਰਦੀਆਂ ਨੇ।' ਪਿਛਲੇ ਦਸ ਸਾਲ ਵਿਚ ਇੰਜ ਕਈ ਵਾਰ ਹੋਇਆ ਸੀ। ਉਹਨਾਂ ਅੱਖਾਂ ਬੰਦ ਕਰ ਲਈਆਂ ਤੇ ਅਗਲੀ ਕਲਾਸ ਦੇ ਲੈਕਚਰ ਬਾਰੇ ਸੋਚਣ ਲੱਗ ਪਏ।
ਸਰ—ਪਹਿਲਾਂ ਧਨਵਾਦ...ਤੁਸਾਂ ਮੇਰੇ ਖ਼ਤ ਉਪਰ ਧਿਆਨ ਤਾਂ ਦਿੱਤਾ। ਭਾਵੇਂ ਦੋ ਚਾਰ ਵਾਕ ਹੀ ਬੋਲੇ ਸਨ—'ਮੈਨੂੰ ਇੰਟਰੋਡਕਸ਼ਨ ਵਿਚ ਵਿਸ਼ਵਾਸ ਨਹੀਂ। ਅਸਲ ਵਿਚ ਵਿਦਿਆਰਥੀ, ਇਕ ਸਾਲ ਵਿਚ ਹੀ ਆਪਣੀਆਂ ਖੂਬੀਆਂ, ਬੇਵਕੂਫੀਆਂ ਜਾਂ ਸ਼ਰਾਰਤਾਂ ਸਦਕਾ, ਮੇਰੇ ਸਾਹਮਣੇ ਏਨਾ ਖੁੱਲ੍ਹ ਜਾਂਦਾ ਹੈ ਕਿ ਕਈ ਵਾਰੀ ਮੈਨੂੰ ਹੀ ਉਸ ਦੇ ਨਾਂ ਤੋਂ ਬਿਨਾਂ, ਹੋਰ ਵੀ ਕਈ ਕੁਝ ਦੱਸਣਾ ਪੈਂਦਾ ਏ ਉਸ ਨੂੰ। ਨਾਲੇ ਕਿਸੇ ਦਾ ਨਾਂ ਪਤਾ ਲੱਗ ਜਾਣ ਨਾਲ ਤਾਂ ਜਾਣ-ਪਛਾਣ ਨਹੀਂ ਹੋ ਜਾਂਦੀ...।' ਚੱਲੋ ਮੰਨ ਲਿਆ। ਹੁਣ ਮੈਨੂੰ ਤੁਸੀਂ ਕਿਸ ਖਾਨੇ ਵਿਚ ਰੱਖੋਗੇ? ਪਰ ਤੁਹਾਨੂੰ ਇਹ ਜਾਣਨ ਲਈ ਵੀ ਤਾਂ ਇਕ ਸਾਲ ਚਾਹੀਦਾ ਹੋਏਗਾ। ਮੈਂ ਕਈ ਅਜਿਹੇ ਬੰਦਿਆਂ ਬਾਰੇ ਸੁਣਿਆਂ ਏਂ, ਜਿਹੜੇ ਚਿਹਰਾ ਵੇਖ ਕੇ ਅੰਤਰ-ਮਨ ਦੀਆਂ ਬੁੱਝ ਲੈਂਦੇ ਨੇ। ਚਿਹਰੇ ਪੜ੍ਹਨਾ ਵੀ ਇਕ ਇਲਮ ਹੈ ਨਾ ਸਰ? ਤੁਹਾਡਾ ਕੀ ਵਿਚਾਰ ਏ ਸਰ?'
ਪ੍ਰੋਫ਼ੈਸਰ ਨੇ ਇਸ ਖ਼ਤ ਦੇ ਕੁਝ ਵਧੇਰੇ ਹੀ ਟੁਕੜੇ ਕਰ ਦਿੱਤੇ ਸਨ। ਉਹਨਾਂ ਚਪੜਾਸੀ ਨੂੰ ਚਾਹ ਲੈ ਆਉਣ ਦਾ ਹੁਕਮ ਦਿੱਤਾ ਤੇ ਇਕ ਕਿਤਾਬ ਪੜ੍ਹਨ ਲੱਗ ਪਏ।
...ਏਸ ਵਾਰੀ ਉਹਨਾਂ ਖ਼ਤ ਦੀ ਲਿਖਾਵਟ ਪਛਾਣ ਕੇ ਹੀ ਪਾੜ ਦਿੱਤਾ ਸੀ।
ਸਰ—ਮੈਂ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਰਤਾ ਜਜ਼ਬਾਤੀ ਹੋ ਕੇ ਬੋਲਦੇ ਹੋ ਤਾਂ ਲੈਕਚਰ ਵਿਚ ਕੁਝ ਵਧੇਰੇ ਹੀ ਨਿਖਾਰ ਆ ਜਾਂਦਾ ਹੈ। ਉਂਜ ਆਪਣੇ ਵਿਸ਼ੇ 'ਤੇ ਤੁਸੀਂ ਰਤਾ ਰੁਕ ਰੁਕ ਕੇ, ਬੜੇ ਠਰ੍ਹਮੇਂ ਨਾਲ ਬੋਲਦੇ ਹੋ। ਮਨੁੱਖ ਦੇ ਸੁਭਾਅ ਅਤੇ ਸਦਾਚਾਰ ਉਪਰ ਤੁਹਾਡਾ ਛੋਟਾ ਜਿਹਾ ਭਾਸ਼ਣ, ਸਫਲਤਾ ਦੀ ਟੀਸੀ ਤੋਂ ਵੀ ਰਤਾ ਸਿਰ ਕੱਢਵਾਂ ਹੀ ਸੀ। ਤੁਹਾਡੀ ਗਲਤ ਫਹਿਮੀ ਦੂਰ ਕਰ ਦੇਵਾਂ ਕਿ ਮੈਨੂੰ ਮਾਰਕਸ ਪੜ੍ਹਨ ਲਈ ਤੁਹਾਡੀ ਮਿਹਰ-ਦ੍ਰਿਸ਼ਟੀ ਦੀ ਕੋਈ ਲੋੜ ਨਹੀਂ ਤੇ ਨਾ ਹੀ ਇਹ ਕੋਈ ਇਸ਼ਕ-ਮਾਸ਼ੂਕੀ ਦਾ ਚੱਕਰ ਹੈ। ਉਂਜ ਹਉਮੈਂ ਦੇ ਕਿਲੇ ਦਾ ਬੁਜ਼ਦਿਲ ਕੈਦੀ, ਕਦੀ ਦਲੇਰ ਜਾਂ ਸਨੇਹੀ ਨਹੀਂ ਹੋ ਸਕਦਾ। ਪਰ ਮੈਨੂੰ ਤਾਂ ਕਿਵੇਂ ਨਾ ਕਿਵੇਂ, ਤੁਹਾਨੂੰ ਇਕ ਸਾਲ ਤਕ ਬਰਦਾਸ਼ਤ ਕਰਨਾ ਹੀ ਪਏਗਾ।'
...ਉਪਰ ਉਹੀ ਕੁਝ ਲਿਖ ਰਹੀ ਹਾਂ ਜਿਹੜਾ ਸ਼ਾਇਦ ਤੁਸੀਂ ਬਗ਼ੈਰ ਪੜ੍ਹੇ ਹੀ ਪਾੜ ਕੇ ਸੁੱਟ ਦਿੱਤਾ ਸੀ। ਅਸਲ ਵਿਚ ਮੇਰੇ ਪਹਿਲੇ ਖ਼ਤ ਜਾਂ ਉਸ ਦੀ ਆਖ਼ਰੀ ਟੋਕ ਦਾ ਕੋਈ ਪ੍ਰਤੀਕਰਮ, ਕੱਲ੍ਹ ਤੁਹਾਡੇ ਚਿਹਰੇ ਉੱਤੇ ਨਹੀਂ ਸੀ ਦਿਸਿਆ। ਸੋ ਮੈਂ ਸਮਝ ਗਈ ਕਿ ਤੁਸੀਂ ਲਿਖਤ ਪਛਾਣ ਕੇ ਹੀ ਖ਼ਤ ਪਾੜ ਦਿੱਤਾ ਹੋਏਗਾ। ਮੇਰੇ ਵਿਚਾਰ ਵਿਚ ਇਹੀ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਤੁਸੀਂ ਜ਼ਰਾ ਜਿੰਨਾ ਵੀ ਮਾਨਸਿਕ ਦਬਾਅ ਨਹੀਂ ਝੱਲ ਸਕਦੇ। ਇਸ ਲਈ ਮੈਂ ਲਿਖਾਵਟ ਬਦਲ ਕੇ ਲਿਖ ਰਹੀ ਹਾਂ। ਸਰ, ਮੈਂ ਲਿਖਾਵਟ ਬਦਲ ਕੇ ਲਿਖਣ ਦਾ ਬੜਾ ਹੀ ਤਜ਼ਰਬਾ ਹੈ। ਆਪਣੇ ਏਸ ਸ਼ੌਕੇ ਦੀ ਪੂਰਤੀ ਲਈ ਮੈਂ ਪੂਰੇ ਪੰਜ ਸਾਲ ਮਿਹਨਤ ਕੀਤੀ ਹੈ...ਹੁਣ ਤੁਸੀਂ ਆਪਣੇ ਸਾਰੇ ਖ਼ਤ ਪਾੜ ਕੇ ਸੁੱਟ ਦਿਆ ਕਰੋਗੇ ਜਾਂ ਫੇਰ ਇਹ ਖ਼ਤ ਵੀ ਤੁਹਾਨੂੰ ਪੜ੍ਹਨੇ ਹੀ ਪੈਣਗੇ। ਕਿਉਂ ?
ਬੜਾ ਮਜ਼ਾ ਆ ਰਿਹਾ ਸੀ ਜਦੋਂ ਤੁਸੀਂ ਹਉਮੈਂ, ਕਿਲਾ, ਬੁਜ਼ਦਿਲ, ਦਲੇਰ, ਸਨੇਹੀ ਆਦਿ ਸ਼ਬਦਾਂ ਦਾ ਇਤਿਹਾਸਕ ਪਿਛੋਕੜ ਬਿਆਨ ਕਰ ਰਹੇ ਸੀ ਕਿ ਕਿਹੜਾ ਸ਼ਬਦ ਕਿੰਨਾ ਹਾਲਤਾਂ ਵਿਚ ਬਣਦਾ- ਵਿਗੜਦਾ ਜਾਂ ਟੁੱਟਦਾ-ਭੱਜਦਾ ਹੋਇਆ, ਉਰਦੂ ਭਾਸ਼ਾ ਵਿਚ ਆਇਆ ਏ ਤੇ ਵਾਕ ਵਿਚ ਕਿੰਜ ਵਰਤਿਆ ਜਾਏ ਤਾਂ ਫੱਬਦਾ ਏ ! ਮੈਨੂੰ ਤੁਹਾਡੀ ਠੋਸ ਤੇ ਜਜ਼ਬਾਤੀ ਜਾਣਕਾਰੀ ਬੜਾ ਹੀ ਲਾਭ ਹੋਇਆ ਹੈ।...ਪਰ ਸਾਰੀ ਕਲਾਸ ਤੁਹਾਨੂੰ ਸ਼ਬਦ-ਜਾਲ ਵਿਚ ਉਲਝਿਆ ਵੇਖ ਕੇ ਹੈਰਾਨ ਸੀ।...ਤੇ ਸ਼੍ਰੀਮਾਨ ਜੀਓ, ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਹਾਨੂੰ ਕਿੰਜ ਵਿਸ਼ਵਾਸ ਦਿਵਾਇਆ ਜਾਏ ਕਿ ਇਹ ਖ਼ਤ ਕਿਸੇ ਮੰਜ਼ਿਲ ਤਕ ਪਹੁੰਚਣ ਲਈ ਡੰਗੋਰੀਆਂ ਵਰਗਾ ਸਹਾਰਾ ਨਹੀਂ। ਨਾਲੇ ਤੁਹਾਨੂੰ ਤਾਂ ਆਪਣੇ ਆਪ ਉੱਤੇ ਪੂਰਾ ਯਕੀਨ ਹੈ ਕਿ ਤੁਸੀਂ ਕੋਈ ਅਜਿਹੀ ਮੰਜ਼ਿਲ ਨਹੀਂ, ਜਿੱਥੇ ਨਿੱਜੀ ਚੱਸ ਜਾਂ ਲਾਲਚ ਦੀ ਹਵਾ ਵੀ ਪਹੁੰਚ ਸਕੇ ! ਫੇਰ ਤੁਸੀਂ ਸੰਤੁਸ਼ਟ ਕਿਉਂ ਨਹੀਂ ? ਇਹ ਭੜਕਾਹਟ ਕਿਉਂ ? ਅਸਲ ਵਿਚ ਇਹੀ ਤੁਹਾਡੀ ਮਜ਼ਬੂਰੀ ਹੈ ਕਿ ਤੁਸੀਂ ਮਾਨਸਿਕ ਹਮਲੇ ਦਾ ਮੋੜਵਾਂ ਜਵਾਬ ਦਿੱਤੇ ਬਗ਼ੈਰ ਸ਼ਾਂਤ ਨਹੀਂ ਹੋ ਸਕਦੇ। ਇਕ ਗੱਲ ਤੁਹਾਡੀ ਜਾਣਕਾਰੀ ਲਈ ਅਰਜ਼ ਕਰਾਂ...ਮੈਂ ਤੁਹਾਡੇ ਦਸ-ਸਾਲਾ ਆਧਿਅਪਕ-ਜੀਵਨ ਦੇ ਅਸੂਲਾਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਮੈਂ ਇਹ ਵੀ ਜਾਣਦੀ ਹਾਂ ਕਿ ਤੁਹਾਡੇ ਬੂਹੇ ਉੱਤੇ ਲੋੜਵੰਦ ਲੋਕਾਂ ਦੇ ਨੰਬਰ ਕਦੀ ਵਧਾਏ ਨਹੀਂ ਗਏ, ਕੱਟੇ ਹੀ ਗਏ ਨੇ। ਹੁਣ ਤੁਸੀਂ ਆਪ ਹੀ ਸੋਚੋ, ਭਲਾ ਕਿਹੜਾ ਮੂਰਖ, ਮੰਦਭਾਗੀ ਹੋਏਗਾ ਜਿਹੜਾ ਤੁਹਾਨੂੰ ਕਹਿਣ ਆਏਗਾ, 'ਜਾਂਦੀਏ ਬਲਾਏ...' ? ਪਰ ਫੇਰ ਵੀ ਸਰ...ਜੇ ਕਦੀ ਇਹ ਹੱਥ ਆਪਣੇ ਸੁਆਰਥ ਲਈ ਤੁਹਾਡੇ ਮੂਹਰੇ ਅੱÎÎਡਿਆ ਜਾਏ ਤਾਂ ਕੱਟ ਕੇ ਆਪਣੇ ਅਸੂਲਾਂ ਦੇ ਅਜਾਇਬ ਘਰ ਵਿਚ ਸਜਾ ਲੈਣਾ ਤਾਂਕਿ ਕਹਿ ਸਕੋ ਕਿ ਗਿਆਰ੍ਹਵੇਂ ਸਾਲ, ਤੁਸੀਂ ਨੰਬਰ ਨਹੀਂ ਹੱਥ ਹੀ ਕੱਟ ਲਿਆ ਸੀ...। ਗਿਆਨ-ਵਿਖਿਆਨ ਦੇ ਖੇਤਰ ਦੇ ਬੇਤਾਜ ਬਾਦਸ਼ਾਹ, ਤੁਸੀਂ ਆਪਣੇ ਜੀਵਨ ਦੇ ਪੰਤਾਲੀ ਪਤਝੜ ਵੇਖ ਚੁੱਕੇ ਹੋ। ਆਪਣੇ ਏਨੇ ਲੰਮੇ ਤਜ਼ਰਬੇ ਤੋਂ ਤੁਸੀਂ ਮੇਰੇ ਇਸ ਖ਼ਤ ਜਾਂ ਅੱਗੇ ਤੋਂ ਲਿਖੇ ਕਿਸੇ ਵੀ ਖ਼ਤ ਦੀ ਲਿਖਾਵਟ ਦਾ ਕੋਈ ਆਪਸੀ ਮੇਲ ਬਿਠਾਅ ਸਕੋਂ ਤਾਂ ਮੰਨ ਜਾਵਾਂ। ਤੁਸੀਂ ਇੰਜ ਕਰ ਹੀ ਨਹੀਂ ਸਕਦੇ। ਮੈਨੂੰ ਤੁਹਾਡੀ ਇਕ ਹੋਰ ਆਦਤ ਦਾ ਵੀ ਪਤਾ ਹੈ...ਜੇ ਤੁਸੀਂ ਖ਼ਤ ਖੋਹਲ ਲਵੋ ਤਾਂ ਪੜ੍ਹਦੇ ਜ਼ਰੂਰ ਹੋ।
ਤੁਸੀਂ ਠੀਕ ਹੀ ਸਮਝਿਆ ਹੈ...ਜ਼ਿੰਦਗੀ ਦੇ ਪੰਤਾਲੀ 'ਪਤਝੜ' ਮੈਂ ਵਿਅੰਗ ਵਜੋਂ ਹੀ ਲਿਖਿਆ ਸੀ। ਉਂਜ ਐਮ.ਏ. ਭਾਗ ਪਹਿਲਾ ਦੀ ਇਹ ਵਿਦਿਆਰਥਣ ਏਨਾ ਤਾਂ ਜਾਣਦੀ ਹੀ ਹੈ ਕਿ ਮਹਾਵਰਾ 'ਬਹਾਰ' ਦਾ ਹੁੰਦਾ ਹੈ। ਪਰ ਤੁਹਾਡਾ ਇਹ ਆਖਣਾ...'ਵਿਅੰਗ ਦਾ ਇਹ ਘਟੀਆ ਤਰੀਕਾ 'ਚੰਦ ਉੱਤੇ ਥੁੱਕਣ ਵਾਲੀ ਗੱਲ ਹੈ।', ਬਿਲਕੁਲ ਫੱÎਬਿਆ ਨਹੀਂ...ਇੰਜ ਲੱਗਾ ਜਿਵੇਂ ਇਹ ਮੁਹਾਵਰਾ ਕਿਸੇ ਸਹੇਲੀ ਜਾਂ ਸਾਥੀ ਵਿਦਿਆਰਥੀ ਨੇ ਵਰਤਿਆ ਹੋਏ। ਸਰ, ਪ੍ਰੋਫੈਸਰ ਅਤੇ ਸਟੂਡੈਂਟ ਵਿਚ ਮਾੜਾ-ਮੋਟਾ ਫਰਕ ਤਾਂ ਹੋਣਾ ਚਾਹੀਦਾ ਏ।...ਜਿਸ ਬੰਦੇ ਨੇ ਪੱਚੀ ਸਾਲ ਬਹਾਰ ਦਾ ਮੂੰਹ ਨਾ ਵੇਖਿਆ ਹੋਏ ਤੇ ਉਹੀ ਹੋਰਾਂ ਨੂੰ ਬਹਾਰਾਂ ਬਾਰੇ ਸਮਝਾਉਣ ਲੱਗ ਪਏ ਤਾਂ ਸਰੋਤਿਆਂ ਦਾ ਕੀ ਹਾਲ ਹੋਏਗਾ ਭਲਾ  ? 'ਬਹਾਰ' ਦੇ ਸ਼ਬਦੀ ਅਰਥ ਭਾਵੇਂ ਕੁਝ ਵੀ ਹੋਣ...ਪਰ ਮੇਰੀ ਨਜ਼ਰ ਵਿਚ ਹਰਿਆਲੀ ਤੇ ਵੇਲ-ਬੂਟੇ, ਮੀਂਹ ਤੇ ਧਰਤੀ, ਹਵਾ ਤੇ ਸਰਸਰਾਹਟ ਹੀ ਹੈ। ਕਿਸੇ ਤਪਦੇ ਰੇਗਿਸਤਾਨ ਵਿਚ ਜੇ ਕੋਈ ਬੂਟਾ ਆਪਣੇ ਆਪ ਨੂੰ ਕਚਨਾਰ ਸਮਝ ਬੈਠੇ ਤਾਂ ਕੀ ਫਾਇਦਾ ?
ਪ੍ਰੋਫੈਸਰ ਨੇ ਖ਼ਤ ਪੜ੍ਹ ਕੇ ਸਿਰ ਉੱਤੇ ਹੱਥ ਫੇਰਦਿਆਂ ਸੋਚਿਆ...'ਇਹ ਕੁੜੀ, ਕੌਣ ਹੋ ਸਕਦੀ ਏ ?' ਉਹਨਾਂ ਦੇ ਤਜ਼ਰਬੇ ਨੇ ਇਕ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਲਿਖਾਵਟ ਭਾਵੇਂ ਬਦਲੀ ਹੋਈ ਹੈ ਪਰ ਹੈ ਕਿਸੇ ਕੁੜੀ ਦੀ ਹੀ। ਉਹ ਕੌਣ ਹੋ ਸਕਦੀ ਹੈ ? ਸੁਸ਼ਮਾਂ : ਬੜੀ ਬੇਸ਼ਰਮ ਏਂ, ਮੇਰੇ ਵੱਲ ਘੂਰ ਘੂਰ ਕੇ ਵਿਹੰਦੀ ਰਹਿੰਦੀ ਏ। ਨਕਹਤ : ਉਸ ਬਾਰੇ ਤਾਂ ਸੁਣਨ ਵਿਚ ਆਉਂਦਾ ਏ ਕਿ ਉਹ ਕਲੀਮ ਨਾਲ...। ਮਹੇਸ਼ : ਉਹ ਘੁੱਨੀਂ ਜਿਹੀ, ਕਿਸੇ ਰਬੜ ਦੀ ਗੁੱਡੀ ਵਰਗੀ ਸੰਗਾਲੂ ਕੁੜੀ ਤਾਂ ਸ਼ੋ-ਕੇਸ ਵਿਚ ਸਜਾ ਕੇ ਰੱਖਣ ਵਾਲੀ ਏ। ਨਹੀਂ, ਉਹ ਨਹੀਂ ਹੋ ਸਕਦੀ। ਫਰੀਦਾ : ਹਾਂ ਇਹ ਰਤਾ ਚਲਾਕ ਏ, ਵਾਰੀ ਵਾਰੀ ਉਲਟੇ-ਪੁਲਟੇ ਸਵਾਲ ਪੁੱਛਦੀ ਰਹਿੰਦੀ ਏ। ਅਚਾਨਕ ਕਦੀ ਨਜ਼ਰ ਮਿਲ ਜਾਏ ਤਾਂ ਮੁਸਕਰਾਉਣ ਲੱਗ ਪੈਂਦੀ ਏ। ਨਾਜੀ...ਨਸ਼ਾਤ...ਆਂਚਲ...ਸੁਭਾ...ਸਫ਼ੀਆ...ਕਿਹੜੀ ਹੋਈ ? ਛੱਡੇ ਜੀ ਮੈਂ ਵੀ ਕਿੱਧਰ ਉਲਝ ਗਿਆਂ, ਧਿਆਨ ਹੀ ਨਾ ਦਿਆਂ, ਆਪੇ ਸਮੁੰਦਰ ਦੀ ਝੱਗ ਵਾਂਗ ਬੈਠ ਜਾਏਗੀ। ਪਰ...ਹੋਈ ਕਿਹੜੀ ?
ਸਰ, ਕੱਲ੍ਹ ਕਲਾਸ ਵਿਚ ਤੁਹਾਡੀਆਂ ਨਜ਼ਰਾਂ ਕਿਸੇ ਨੂੰ ਲੱਭ ਰਹੀਆਂ ਸਨ...ਸ਼ਾਇਦ ਖ਼ਤ ਲਿਖਣ ਵਾਲੀ ਨੂੰ। ਪਰ ਮੈਂ ਸੰਤੁਸ਼ਟ ਹਾਂ ਕਿਉਂਕਿ 'ਜੋਤਸ਼' ਤੁਹਾਡਾ ਵਿਸ਼ਾ ਨਹੀਂ। ਇਹ ਤਾਂ ਅਹਿਸਾਸ ਤੇ ਅਨੁਭਵ ਦੀਆਂ ਬਾਤਾਂ ਨੇ ਤੇ ਜਿਹੜਾ ਬੰਦਾ ਏਸ ਪੱਖੋਂ ਕੋਰਾ ਹੋਵੇ...ਖ਼ੈਰ ਸਰ, ਇਹ ਤਾਂ ਦੱਸੋ ਕਿ ਜਿਸ ਨੇ ਆਪਣੇ ਚੌਹੀਂ-ਪਾਸੀਂ ਇਕੱਲ ਰੂਪੀ ਲਛਮਣ ਰੇਖਾ ਖਿੱਚੀ ਹੋਈ ਹੋਵੇ, ਉਹ ਕਿਵੇਂ ਜਾਣ ਸਕਦਾ ਹੈ ਕਿ ਚਿਹਰੇ ਵੀ ਬੋਲਦੇ ਨੇ ਤੇ ਚੁੱਪ ਵਿਚ  ਕੁਰਲਾਹਟ ਵੀ ਹੁੰਦੀ ਏ। ਬਾਹਰੀ ਦੁਨੀਆਂ ਵਿਚ ਦੁੱਖ-ਦਰਦ, ਦਿਲ-ਮੁਹੱਬਤ ਤੇ ਚਾਹਤ ਵਰਗੀਆਂ ਚੀਜ਼ਾਂ ਵੀ ਹੁੰਦੀਆਂ ਨੇ। ਮੈਂ ਤੁਹਾਡੀ ਸੀਮਿਤ ਜ਼ਿੰਦਗੀ ਵਿਚ ਕੋਈ ਝਰੋਖਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ। ਕਿਸੇ ਦੇ ਗੁੱਝੇ ਭੇਤ ਜਾਣਨਾ ਮੇਰੀ 'ਹਾਬੀ' ਹੈ।
ਪ੍ਰੋਫੈਸਰ ਤੁਹਾਡੀ ਬੀਤੀ ਹੋਈ ਜ਼ਿੰਦਗੀ ਦੇ ਕੁਝ ਪੰਨੇ ਪੜ੍ਹਨ ਦਾ ਮੌਕਾ ਮਿਲਿਆ...ਇਕ ਰਵਾਇਤੀ ਕਹਾਣੀ ਹੈ। ਤੁਹਾਡਾ ਮਾਮਲਾ ਵੀ ਦੁਨੀਆਂ ਦੇ ਹੋਰ ਆਸ਼ਕ-ਮਾਸ਼ੂਕੀ ਦੇ ਮਾਮਲਿਆਂ ਨਾਲੋਂ ਬਹੁਤਾ ਵੱਖਰਾ ਨਹੀਂ। ਬਸ ਥੋੜ੍ਹਾ ਜਿਹਾ ਫਰਕ ਹੈ।...ਤੁਹਾਡੇ ਆਦਰਸ਼ ਨੇ ਤੁਹਾਡੀ ਖਾਤਰ ਜਾਨ ਦੇ ਦਿੱਤੀ...ਆਪਣੇ ਬਾਪ ਦੀ ਖ਼ਾਨਦਾਨੀ ਨੱਕ ਹੇਠ, ਪਵਿੱਤਰਤਾ ਚੁੱਪਚਾਪ ਕਤਲ ਹੋ ਗਈ।...ਤੇ ਕਹਾਣੀ ਮੁੱਕ ਗਈ। ਸਰ, ਇਕ ਸੱਚੀ ਗੱਲ ਆਖਣ ਦਾ ਹੌਸਲਾ ਕਰ ਰਹੀ ਹਾਂ...ਤੁਹਾਡੇ ਜਿਉਣ ਦਾ ਕੋਈ ਹੱਜ ਹੈ ? ਏਸ ਮਹਾਨ ਕੁਰਬਾਨੀ ਪਿੱਛੋਂ ਤੁਹਾਨੂੰ ਵੀ ਮਰ ਜਾਣਾ ਚਾਹੀਦਾ ਸੀ, ਜਾਂ ਫੇਰ ਪਾਗਲ ਹੀ ਹੋ ਜਾਂਦੇ। ਆਪਣੇ ਆਪ ਨੂੰ ਕਿਸੇ ਖਾਸ ਹੱਦਬੰਦੀ ਵਿਚ ਰੱਖ ਕੇ ਮਸ਼ੀਨੀ ਜੀਵਨ ਜਿਉਣਾ...ਸਭ ਦਿਖਾਵੇ ਦੀਆਂ ਗੱਲਾਂ ਨੇ। ਇਹਨਾਂ ਨਾਲ ਕੀ ਫਰਕ ਪੈਂਦਾ ਹੈ ? ਤੁਸੀਂ ਜਿਊਂ ਤਾਂ ਰਹੇ ਹੋ ਨਾ ? ਇਉਂ ਆਪਣੀ ਸ਼ਖਸੀਅਤ ਨੂੰ ਲਾਪ੍ਰਵਾਹੀ ਦੀ ਸੂਲੀ ਉੱਤੇ ਲਟਕਾਅ ਕੇ ਜਾਂ ਆਪਣੇ ਆਪ ਨੂੰ ਥੁੜਾਂ ਵਿਚ ਰੱਖ ਕੇ, ਕੀ ਤੁਸੀਂ ਸਮਝਦੇ ਹੋ ਕਿ ਓਸ ਮਹਾਨ ਕੁਰਬਾਨੀ ਦਾ ਲਗਾਨ ਦੇ ਰਹੇ ਹੋ ?...ਜਾਂ ਆਪਣੀ ਜਵਾਨੀ ਨੂੰ ਬੇਅਸੂਲੀ ਖ਼ਾਨਕਾਹ ਵਿਚ ਸਜਾ ਕੇ ਓਸ ਅਲ੍ਹੜ ਜਵਾਨ ਰੂਹ ਨੂੰ ਸ਼ਰਧਾਂਜਲੀ ਅਰਪਤ ਕਰ ਰਹੇ ਹੋ ? ਇਹ ਫਾਲਤੂ ਗੱਲਾਂ ਨੇ...ਕੋਰੀ ਬਕਵਾਸ। ਜਵਾਨੀ ਲੁਟਾਅ ਦਿੱਤੀ ਹੈ ਤਾਂ ਬੜਾ ਤੀਰ ਮਾਰਿਆ ਹੈ। ਜਨਾਬ ਪਿਆਰ ਵਿਚ ਤਾਂ ਦੀਨ-ਇਮਾਨ ਲੁਟਾਏ ਜਾਂਦੇ ਨੇ। ਜਵਾਨੀ ਲੁਟਾਅ ਦਿਓਗੇ, ਬੁੱਢੇ ਹੋ ਜਾਓਗੇ। ਪਰ ਜਿਉਂਦੇ ਤਾਂ ਫੇਰ ਵੀ ਰਹੋਗੇ ਨਾ...ਭਾਵੇਂ ਆਪਦੇ ਸਰੀਰ ਰੂਪੀ ਮਕਬਰੇ ਵਿਚ ਹੀ ਸਹੀ। ਜਿਉਂਦੇ ਬੰਦੇ ਦੀ ਕਹਾਣੀ, ਕਹਾਣੀ ਨਹੀਂ ਹੁੰਦੀ...ਅਸਲ ਕਹਾਣੀ ਤਾਂ ਮੌਤ ਤੋਂ ਪਿੱਛੋਂ ਸ਼ੁਰੂ ਹੁੰਦੀ ਏ। ਇੰਜ ਕਰਨਾ ਹੀ ਹੈ ਤਾਂ ਆਪਣੇ ਆਪ ਨੂੰ ਦੇਹ ਦੇ ਮਕਬਰੇ ਵਿਚ ਹੀ ਨਹੀਂ, ਜਾਂ ਲੋੜਾਂ ਤੇ ਥੁੜਾਂ ਦੀ ਕਤਲਗਾਹ ਵਿਚ ਹੀ ਨਹੀਂ, ਸਗੋਂ ਪਿਆਰ ਤੇ ਬਿਰਹਾ ਦੀ ਕਬਰ ਵਿਚ ਜਾ ਕੇ ਵੇਖੋ...ਸ਼ਾਂਤੀ ਹੀ ਸ਼ਾਂਤੀ ਮਿਲੇਗੀ। ਪਰ ਇੰਜ ਕਰਨ ਲਈ ਹਿੰਮਤ, ਹੌਸਲੇ ਤੇ ਦਿਲ-ਗੁਰਦੇ ਦੀ ਲੋੜ ਹੁੰਦੀ ਹੈ...ਨਦੀਮ ਸਾਹਬ ! ਤੇਰੀ ਰਾਏ ਏ  ਿਹੁਣ ਤੁਸੀਂ ਏਸ ਕਵਚ ਨੂੰ ਲਾਹ ਦਿਓ।
ਸਰ, ਤੁਸੀਂ ਪ੍ਰੇਸ਼ਾਨ ਜਿਹੇ ਰਹਿਣ ਲੱਗ ਪਏ ਹੋ। ਮੈਂ ਸ਼ਰਮਿੰਦਾ ਹਾਂ ਕਿਉਂਕਿ ਮੇਰੇ ਖ਼ਤਾਂ ਦੀ ਸੱਚਾਈ ਨੇ ਤੁਹਾਨੂੰ ਤੜਫਾ ਤੇ ਉਲਝ ਦਿੱਤਾ ਹੈ। ਏਸੇ ਕਰਕੇ ਤੁਸੀਂ ਕਲਾਸ ਨਹੀਂ ਲਈ। ਮੈਂ ਵਚਨ ਦੇਂਦੀ ਹਾਂ ਕਿ ਅੱਗੇ ਤੋਂ ਖ਼ਤ ਨਹੀਂ ਲਿਖਾਂਗੀ। ਤੁਸੀਂ ਆਪਣੀ ਮਰਜ਼ੀ ਮੁਤਾਬਿਕ ਜ਼ਿੰਦਗੀ ਜਿਉਣ ਦੇ ਆਦੀ ਹੋ ਚੁੱਕੇ ਹੋ। ਮੈਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ...ਬਸ ਹਮਦਰਦੀ ਹੈ।

ਤੁਹਾਡੇ ਨਾਲ ਵਾਅਦਾ ਕੀਤਾ ਸੀ...ਅੱਗੇ ਤੋਂ ਖ਼ਤ ਨਹੀਂ ਲਿਖਾਂਗੀ...ਪਰ ਤੁਹਾਡੇ ਭੋਲੇ-ਭਾਲੇ ਵਾਕਾਂ ਨੇ ਕਿ ਕਦੀ ਕਦੀ ਆਦਮੀ ਨੂੰ ਕਿਸੇ ਚੀਜ ਦੀ ਆਦਤ ਜਿਹੀ ਹੋ ਜਾਂਦੀ ਹੈ, ਉਹ ਨਾ ਮਿਲੇ ਤਾਂ ਥੁੜ ਮਹਿਸੂਸ ਹੁੰਦੀ ਹੈ...ਜਿਵੇਂ ਸਿਗਰੇਟ ਦੀ, ਸਵੇਰ ਦੀ ਸੈਰ ਦੀ, ਇੱਥੋਂ ਕਿ ਕਿਸੇ ਖਾਸ ਆਦਮੀ ਨਾਲ ਗੱਪਾਂ ਮਾਰਨ ਜਾਂ ਕੋਈ ਚਿੱਠੀ-ਪੱਤਰ ਪੜ੍ਹਨ ਦੀ ਆਦਤ। ਮੇਰੀਆਂ ਉਂਗਲਾਂ ਦੀ ਫੜਕਣ ਨੇ ਮੈਨੂੰ ਕਜ਼ਬੂਰ ਕਰ ਦਿੱਤਾ।
ਸਰ, ਮੇਰੀ ਇਕ ਛੋਟੀ ਜਿਹੀ ਇੱਛਾ ਏ ਕਿ ਤੁਸੀਂ ਕਲਾਸ ਵਿਚ ਆਪਣੇ ਵਾਲ ਵਾਹ ਕੇ ਰਤਾ ਬਣ-ਠਣ ਕੇ ਆਇਆ ਕਰੋ।
ਨਹੀਂ ਮੈਂ ਗਲਤ ਹੀ ਲਿਖ ਦਿੱਤਾ ਸੀ। ਹੁਣ ਧਿਆਨ ਦਿੱਤਾ ਏ ਕਿ ਮੈਨੂੰ ਤੁਹਾਡੇ ਖੁਸ਼ਕ ਤੇ ਉਲਝੇ ਹੋਏ ਵਾਲ ਹੀ ਚੰਗੇ ਲੱਗਦੇ ਨੇ। ਚੰਗਾ ਹੀ ਹੋਇਆ ਕਿ ਤੁਸੀਂ ਮੇਰੀ ਇੱਛਾ ਨੂੰ ਕੋਈ ਮਹੱਤਵ ਨਹੀਂ ਦਿੱਤਾ। ਸਰ, ਤੁਸੀਂ ਸੈਂਟ ਕਿਹੜਾ ਵਰਤਦੇ ਹੋ ? ਜਦੋਂ ਮੈਂ ਤੁਹਾਡੇ ਕੋਲੋਂ ਲੰਘਦੀ ਹਾਂ ਤਾਂ ਪਲ-ਛਿਨ ਲਈ ਇਕ ਖੁਸ਼ਬੂ ਜਿਹੀ ਮਹਿਸੂਸ ਹੁੰਦੀ ਹੈ। ਜੇ ਤੁਹਾਡੇ ਕੋਲ ਰੁਕ ਜਾਵਾਂ ਤਾਂ ਅਲੋਪ ਹੋ ਜਾਂਦੀ ਹੈ। ਮੇਰਾ ਜੀਅ ਕਰਦਾ ਹੈ ਕਿ ਓਸ ਪਲ-ਛਿਨ ਦੀ ਖੁਸ਼ਬੂ ਲਈ ਵਾਰੀ ਵਾਰੀ ਤੁਹਾਡੇ ਨੇੜਿਓਂ ਲੰਘਾਂ। ਕਈ ਵਾਰੀ ਇੰਜ ਕੀਤਾ ਵੀ ਹੈ। ਉਂਜ ਹੀ ਲਿਖ ਦਿੱਤਾ ਹੈ ਕੋਈ ਡੂੰਘਾ ਅਰਥ ਨਾ ਕੱਢ ਬਹਿਣਾ ਕਿਧਰੇ। ਤੁਸੀਂ ਟਾਈ ਕਿਉਂ ਨਹੀਂ ਲਾਉਂਦੇ ?
ਇਹ ਵੀ ਚੰਗਾ ਹੀ ਹੋਇਆ ਕਿ ਤੁਸੀਂ ਟਾਈ ਨਹੀਂ ਲਾਈ। ਦਰਅਸਲ ਅਜੇ ਮੈਂ ਆਪ ਵੀ ਸ਼ਸ਼ੋਪੰਜ ਵਿਚ ਪਈ ਹੋਈ ਹਾਂ ਕਿ ਮੈਨੂੰ ਤੁਹਾਡੇ ਕਿਹੜੀ ਚੀਜ ਪਾਈ ਚੰਗੀ ਲੱਗੇਗੀ ? ਟਾਈ ਲਾ ਕੇ ਤਾਂ ਆਦਮੀ ਦੀ ਉਰਿਜਨੈਲਟੀ ਹੀ ਖਤਮ ਹੋ ਜਾਂਦੀ ਹੈ। ਮੈਨੂੰ ਕਢਾਈ ਵਾਲਾ ਕੁਰਤਾ ਪਾਜਾਮਾ ਸੋਹਣਾ ਲੱਗਦਾ ਹੈ...ਨਹੀਂ, ਨਹੀਂ...ਸਫੈਦ ਚਮਕੀਲੀ ਪੈਂਟ-ਸ਼ਰਟ...ਇਹ ਵੀ ਨਹੀਂ। ਸਰ, ਬਸ ਤੁਸੀਂ ਜਿਹੜਾ ਗਰੇ ਕਲਰ ਦਾ ਸੂਟ ਅਤੇ ਗਲੇ ਵਿਚ ਲਾਲ ਮਫ਼ਲਰ ਬੰਨ੍ਹਦੇ ਹੋ ਨਾ, ਉਹੀ ਜਚਦਾ ਏ। ਤੁਸੀਂ ਮੁਸਕਰਾ ਰਹੇ ਹੋ, ਬਸ ਏਸੇ ਮੁਸਕਰਾਹਟ ਨੂੰ ਜੀਵਨ ਦਾ ਅੰਗ ਬਣਾ ਲਵੋ।
ਤੁਹਾਡੇ ਕਾਲੇ ਬੂਟਾਂ ਦੀ ਪਾਲਿਸ਼ ਫਿੱਟ ਗਈ ਏ। ਅੱਜ ਤੁਹਾਡੇ ਸੱਜੇ ਹੱਥ ਦੀ ਤੀਸਰੀ ਉਂਗਲ ਉਪਰ ਪੱਟੀ ਕਿਉਂ ਬੱਝੀ ਸੀ ? ਸ਼ੇਵ ਕਰਨ ਲੱÎਗਿਆਂ ਬਲੇਡ ਵੱਜ ਗਿਆ ਹੋਏਗਾ...ਘੱਟੋਘਟ ਸ਼ੇਵ ਤਾਂ...।
ਸਰ...ਕੁਝ ਪਤਾ ਏ ਤੁਹਾਨੂੰ...ਲਾਈਟ ਗਰੀਨ ਸ਼ਰਟ ਦੇ ਉਪਰਲੇ ਤਿੰਨ ਅਲੋਪ ਹੋ ਚੁੱਕੇ ਨੇ।
ਅੱਜ ਪਤਾ ਨਹੀਂ ਕਿਉਂ ਮਨ ਨੂੰ ਤਲਖੀ ਲੱਗੀ ਹੋਈ ਏ। ਚਾਰ ਦਿਨ ਬਾਅਦ ਕਾਲਜ, ਪੰਦਰਾਂ ਦਿਨਾਂ ਲਈ ਬੰਦ ਹੋ ਜਾਣੇ ਨੇ। ਮੈਂ ਸੋਚ ਰਹੀ ਹਾਂ...ਇਹ...ਪੰਦਰਾਂ ਦਿਨ...ਉਫ਼ ! ਮੈਨੂੰ ਕੀ ਹੋ ਗਿਆ ਸੀ? ਦੋ ਦਿਨ ਲਾਈਨਾ ਵਿਚ ਫੇਰ ਲਕੀਰਾਂ ਹੀ ਮਾਰ ਦਿੱਤੀਆਂ ਨੇ। ਰੱਬ ਦੀ ਸੌਂਹ ਇੰਜ ਅਣਜਾਣੇ ਵਿਚ ਹੀ ਹੋ ਗਿਆ ਏ, ਬਿਲਕੁਲ ਅਚਣਚੇਤ...ਪਤਾ ਨਹੀਂ ਕਿਉਂ ?
ਨਦੀਮ...ਪ੍ਰੋਫੈਸਰ...ਮੇਰਾ ਪ੍ਰੋਫੈਸਰ...ਫਾਰੂਕੀ...ਖ਼ਤ...ਉਫ਼ ! ਸਰ, ਇਹ ਖ਼ਤ...ਕੀ ਹੋ ਗਿਆ ਏ ਮੈਨੂੰ ? ਲਿਖਣ ਲੱÎਗਿਆਂ ਦਿਮਾਗ ਵਿਚ 'ਸ਼ਾਂ-ਸ਼ਾਂ' ਹੋਣ ਲੱਗ ਪੈਂਦੀ ਏ...ਮਾਨਸਿਕ ਤਣਾਅ ਵਧ ਗਿਆ...ਏਸ ਲਈ ਕੱਲ੍ਹ ਕਾਲਜ ਵੀ ਨਹੀਂ ਆ ਸਕੀ।
ਪ੍ਰੋਫੈਸਰ ਨਦੀਮ ਫਾਰੂਕੀ ਨੇ ਇਹ ਟੁੱਟੇ-ਫੁੱਟੇ ਵਾਕ ਪੜ੍ਹੇ। ਉਹਨਾਂ ਦੇ ਮੱਥੇ ਉੱਤੇ ਦੋ ਵਾਰ ਤਿਉੜੀਆਂ ਪਈਆਂ ਤੇ ਅਲੋਪ ਹੋ ਗਈਆਂ।  ਫੇਰ ਉਹਨਾਂ ਹਾਜ਼ਰੀ ਰਜਿਸਟਰ ਚੁੱਕ ਕੇ ਵੇਖਿਆ ਕਿ ਕੱਲ੍ਹ ਕੌਣ ਕੌਣ ਗੈਰਹਾਜ਼ਰ ਸੀ। ਬੁੱਲ੍ਹਾਂ ਉੱਤੇ ਮੁਸਕਾਨ ਖਿੱਲਰ ਗਈ ਤੇ ਫੇਰ ਉਹ ਸ਼ਾਂਤ ਹੋ ਗਏ। ਉਹਨਾਂ ਸੋਚਿਆ ਕੱਲ੍ਹ ਕਹਿ ਦਿਆਂਗਾ ਖ਼ਤ ਦੇ ਨਾਲ ਨਾਲ ਲਿਖਣ ਵਾਲੀ ਦੀ ਆਦਮ ਪਾਉਣ ਨੂੰ ਵੀ ਜੀਅ ਕਰਦਾ ਹੈ।
ਦੂਜੇ ਦਿਨ ਸਾਰੇ ਕਾਲਜ ਵਿਚ ਮਹੇਸ਼ ਦੇ ਪਾਗਲ ਹੋ ਜਾਣ ਦੀ ਖ਼ਬਰ ਫੈਲੀ ਹੋਈ ਸੀ। ਪ੍ਰੋਫੈਸਰ ਨਦੀਮ ਦੇ ਦਿਮਾਗ ਵਿਚ ਉਸ 'ਘੁੰਨੀਂ ਜਿਹੀ ਕਿਸੇ ਰਬੜ ਦੀ ਗੁੱਡੀ ਵਰਗੀ ਸੰਗਾਲੂ ਕੁੜੀ, ਜਿਹੜੀ ਕਿਸੇ ਸ਼ੋ-ਕੇਸ ਵਿਚ ਸਜਾ ਕੇ ਰੱਖਣ ਵਾਲੀ ਸੀ।'...ਮਹੇਸ਼ ਦੀ ਸ਼ਕਲ ਉਭਰ ਆਈ। ਉਹ ਸਟਾਫ ਰੂਮ ਕੇ ਸੋਫੇ ਉੱਤੇ ਜਾ ਬੈਠੇ, ਐਨਕ ਲਾਹੀ ਤੇ ਅੱਖਾਂ ਦੇ ਹੰਝੂ ਰੁਮਾਲ ਵਿਚ ਬੋਚ ਲਏ।
     ੦੦੦ ੦੦੦ ੦੦੦

Tuesday, August 3, 2010

ਨਿਤਾਣੀ...:: ਮੁਹੰਮਦ ਮੰਸ਼ਾ ਯਾਦ




ਪਾਕੀ ਉਰਦੂ ਕਹਣੀ :
ਨਿਤਾਣੀ...
ਲੇਖਕ : ਮੁਹੰਮਦ ਮੰਸ਼ਾ ਯਾਦ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਦੁਪਹਿਰ ਢਲ ਗਈ ਸੀ ਜਦੋਂ ਨੰਬਰਦਾਰ ਦੀ ਘਰਵਾਲੀ ਸਤਭਰਾਈ ਉਸਨੂੰ ਆਪਣੇ ਨਾਲ ਲੈ ਕੇ ਉਸਦੇ ਘਰ ਛੱਡ ਆਉਣ ਲਈ ਨਿਕਲੀ ਸੀ—
ਉਹ ਮੇਲੇ ਵਿਚ ਲੁੱਟ ਲਏ ਜਾਣ ਵਾਲੇ ਤੇ ਖ਼ਾਲੀ ਹੱਥ ਘਰ ਵਾਪਸ ਆਉਣ ਵਾਲੇ ਬੱਚੇ ਵਾਂਗ ਨੀਵੀਂ ਪਾਈ, ਗੁੰਮਸੁੰਮ ਜਿਹੀ ਸਤਭਰਾਈ ਦੇ ਪਿੱਛੇ-ਪਿੱਛੇ ਤੁਰ ਰਹੀ ਸੀ। ਉਹ ਉਸਨੂੰ ਵਾਰੀ-ਵਾਰੀ ਤਸੱਲੀਆਂ ਦੇ ਰਹੀ ਸੀ ਪਰ ਉਹ ਸੁੱਕੇ-ਪੱਤੇ ਵਾਂਗ ਕੰਬ ਰਹੀ ਸੀ। ਉਹ ਚਿਹਰਾ ਜਿਸ ਉੱਤੇ ਗ਼ੁਲਾਬ ਟਹਿਕਦੇ ਤੇ ਕਲੀਆਂ ਝੁੰਮਦੀਆਂ ਸਨ, ਹਲਦੀ ਵਾਂਗ ਪੀਲਾ ਹੋਇਆ-ਹੋਇਆ ਸੀ। ਉਸਨੇ ਚਾਦਰ ਨਾਲ ਸਾਰਾ ਸਰੀਰ ਤੇ ਮੂੰਹ ਸਿਰ-ਲਪੇਟਿਆ ਹੋਇਆ ਸੀ ਪਰ ਉਸਨੂੰ ਆਪਣੇ ਨੰਗੇਪਣ ਦਾ ਅਹਿਸਾਸ ਖਾਈ ਜਾ ਰਿਹਾ ਸੀ। ਪਿੰਡ ਦੀਆਂ ਤੀਵੀਂਆਂ ਤੇ ਮੁੰਡੇ-ਖੁੰਡੇ ਉਸਨੂੰ ਇੰਜ ਰੁਕ-ਰੁਕ ਕੇ ਦੇਖ ਰਹੇ ਸਨ ਜਿਵੇਂ ਉਹ ਮਦਾਰੀ ਦੇ ਪਿੱਛੇ-ਪਿੱਛੇ ਤੁਰ ਰਹੀ ਬਾਂਦਰੀ ਹੋਵੇ ਤੇ ਹੁਣੇ ਕਿਸੇ ਮੋੜ 'ਤੇ ਰੁਕ ਕੇ ਖੇਡਾ ਪਾਉਣ ਵਾਲੀ ਹੋਵੇ—
'ਕਾਸ਼! ਉਹ ਉਸਨੂੰ ਰਾਤ ਦੇ ਹਨੇਰੇ ਵਿਚ ਲੈ ਕੇ ਆਉਂਦੀ।' ਉਸਨੇ ਦੁਖੀ ਮਨ ਨਾਲ ਸੋਚਿਆ। ਪਰ ਹੁਣ ਸਾਰੇ ਫੈਸਲੇ ਦੂਜਿਆਂ ਦੇ ਹੱਥ ਸਨ। ਆਪਣਾ ਫੈਸਲਾ ਗ਼ਲਤ ਸਾਬਤ ਹੋ ਜਾਵੇ ਤਾਂ ਅਗਲੇ ਫੈਸਲਿਆਂ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈ।
ਉਸਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਪੈਰ ਲੜਖੜਾ ਰਹੇ ਸਨ—ਜਿਵੇਂ ਉਹ ਆਪਣੇ ਘਰ ਨਾ ਜਾ ਰਹੀ ਹੋਵੇ ਬਲਿਕ ਫਾਂਸੀ ਦੇ ਤਖ਼ਤੇ ਵੱਲ ਤੁਰੀ ਜਾ ਰਹੀ ਹੋਵੇ। ਨੰਬਰਦਾਰ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਉਸਨੂੰ ਲਿਆਉਣ ਵੇਲੇ ਯਕੀਨ ਦਿਵਾਇਆ ਸੀ ਕਿ ਉਸਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਉਹ ਆਪਣੇ ਘਰਵਾਲਿਆਂ ਨੂੰ ਜਾਣਦੀ ਸੀ ਕਿ ਜੇ ਉਹ ਕਿਸੇ ਤਰ੍ਹਾਂ ਜਿਊਂਦੀ ਬਚ ਗਈ ਤਾਂ ਉਸਦਾ ਜਿਊਂਣਾ ਮੌਤ ਨਾਲੋਂ ਬਦਤਰ ਹੋਵੇਗਾ, ਉਹ ਉਸਦੇ ਹੱਥ ਪੈਰ ਜ਼ਰੂਰ ਤੋੜ ਦੇਣਗੇ ਤੇ ਉਹ ਕਈ ਦਿਨਾਂ ਤੀਕ ਜਖ਼ਮਾਂ ਦੀ ਪੀੜ ਨਾਲ ਕਰਾਹੁੰਦੀ ਰਹੇਗੀ।
ਸਤਭਰਾਈ ਉਸਦੇ ਅੱਗੇ-ਅੱਗੇ ਉਸਦੇ ਘਰ ਵਿਚ ਇੰਜ ਵੜੀ ਜਿਵੇਂ ਜੇਤੂ ਫੌਜ ਦਾ ਜਰਨੈਲ ਫਤਿਹ ਕੀਤੀ ਸਲਤਲਤ ਵਿਚ ਪ੍ਰਵੇਸ਼ ਕਰ ਰਿਹਾ ਹੋਵੇ। ਪਰ ਉੱਥੇ ਉਹਨਾਂ ਦੋਵਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਨਹੀਂ ਸੀ ਦੇਖਿਆ। ਮਾਂ ਵਰਾਂਡੇ ਵਿਚ ਮੰਜੀ ਉੱਤੇ ਬੈਠੀ ਚੌਲ ਸਾਫ ਕਰ ਰਹੀ ਸੀ, ਉਹ ਉਸੇ ਤਰ੍ਹਾਂ ਚੁੱਪਚਾਪ ਬੈਠੀ ਚੌਲ ਚੁਗਦੀ ਰਹੀ। ਛੋਟਾ ਭਰਾ ਲੱਕੜਾਂ ਪਾੜ ਰਿਹਾ ਸੀ, ਉਹ ਓਵੇਂ ਹੀ ਲੱਕੜਾਂ ਪਾੜਦਾ ਰਿਹਾ। ਵੱਡਾ ਇਕ ਕੋਨੇ ਵਿਚ ਪਈ ਮੰਜੀ ਦੀ ਦੌਣ ਕਸ ਰਿਹਾ ਸੀ, ਉਹ ਵੀ ਆਪਣੇ ਕੰਮ ਵਿਚ ਰੁੱਝਿਆ ਰਿਹਾ। ਸਿਰਫ ਭਾਬੀ ਨੇ ਉਸ ਵੱਲ ਇਕ ਨਜ਼ਰੇ ਦੇਖਿਆ ਸੀ ਪਰ ਇੰਜ ਜਿਵੇਂ ਘਰੇ ਵੜ ਆਏ ਕਿਸੇ ਕੁੱਤੇ-ਬਿੱਲੇ ਵੱਲ ਦੇਖਿਆ ਜਾਂਦਾ ਹੈ।...ਹਾਂ, ਉਸਨੇ ਸਤਭਰਾਈ ਨੂੰ ਬੈਠਣ ਲਈ ਸਰ ਦਾ ਮੂੜਾ ਲਿਆ ਦਿੱਤਾ ਸੀ, ਪਰ ਮੂੰਹੋਂ ਕੁਝ ਨਹੀਂ ਸੀ ਬੋਲੀ। ਸਤਭਰਾਈ ਖ਼ੁਦ ਹੀ ਵਾਰੀ-ਵਾਰੀ ਸਾਰਿਆਂ ਨੂੰ ਮਸ਼ਵਰੇ ਦੇਂਦੀ ਤੇ ਨਸੀਹਤ ਕਰਦੀ ਰਹੀ ਕਿ 'ਆਦਮੀ ਗਲਤੀਆਂ ਦਾ ਪੁਤਲਾ ਐ...ਇਸ ਉਮਰ ਵਿਚ ਅਜਿਹੀ ਗਲਤੀ ਹੋ ਈ ਜਾਂਦੀ ਆ...ਅੱਲਾ ਤਾਅਲਾ ਮੁਆਫ਼ ਕਰਨ ਵਾਲੇ ਦੇ ਇੱਜ਼ਤ-ਮਾਣ ਵਿਚ ਬੜਾ ਵਾਧਾ ਕਰਦਾ ਐ'...ਵਗ਼ੈਰਾ, ਵਗ਼ੈਰਾ।
ਉਹ ਸਿੱਧੀ ਪਿੱਛਲੇ ਕਮਰੇ ਵਿਚ ਚਲੀ ਗਈ ਤੇ ਦਰਵਾਜ਼ੇ ਨਾਲ ਲੱਗ ਕੇ ਉਸ ਜਗ੍ਹਾ ਬੈਠ ਗਈ ਜਿੱਥੋਂ ਸਾਰੇ ਨਜ਼ਰ ਆ ਰਹੇ ਸਨ—ਉਸ ਸਭ ਕੁਝ ਦੇਖਦੀ ਤੇ ਸੁਣਦੀ ਰਹਿਣਾ ਚਾਹੁੰਦੀ ਸੀ; ਉਸਨੂੰ ਡਰ ਸੀ ਕਿ ਲੱਕੜਾਂ ਪਾੜਦਾ ਹੋਇਆ ਭਰਾ ਕੁਹਾੜੇ ਸਮੇਤ ਉਸ ਕੋਲ ਆਵੇਗਾ ਤੇ ਸੁੱਕੀ ਲੱਕੜ ਵਾਂਗ ਉਸਦੇ ਟੋਟੇ-ਟੋਟੇ ਕਰ ਸੁੱਟੇਗਾ।
ਥੋੜ੍ਹੀ ਦੇਰ ਬਾਅਦ ਸਤਭਰਾਈ ਜਾਣ ਲੱਗੀ ਤਾਂ ਉਸਦੇ ਦਿਲ ਨੂੰ ਡੋਬ ਪੈਣ ਲੱਗਾ। ਉਸਨੂੰ ਲੱਗ ਰਿਹਾ ਸੀ, ਉਸਦੇ ਜਾਂਦਿਆਂ ਹੀ ਉਹ ਅੰਦਰ ਆ ਜਾਣਗੇ ਤੇ ਉਹ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭੀਖ ਵੀ ਨਹੀਂ ਮੰਗ ਸਕੇਗੀ। ਕੁਝ ਮੰਗਣ ਜਾਂ ਕੁਝ ਮੁਆਫ਼ ਕਰਵਾਉਣ ਲਈ ਲਫ਼ਜ਼ ਜ਼ਰੂਰੀ ਹੁੰਦੇ ਨੇ ਤੇ ਉਸ ਦੇ ਕੋਲ ਪਛਤਾਵੇ ਤੇ ਅਫ਼ਸੋਸ ਦੇ ਸਿਵਾਏ ਕੁਝ ਵੀ ਨਹੀਂ ਸੀ। ਪਰ ਜਦੋਂ ਸਤਭਰਾਈ ਦੇ ਜਾਣ ਤੋਂ ਕਾਫੀ ਦੇਰ ਬਾਅਦ ਵੀ ਕਿਸੇ ਨੇ ਉਸਨੂੰ ਬੁਰਾ-ਭਲਾ ਕਿਹਾ ਨਾ ਕੋਈ ਡੰਡਾ-ਝੰਡਾ ਲੈ ਕੇ ਅੰਦਰ ਆਇਆ ਤਾਂ ਉਸਨੂੰ ਹੌਲ ਪੈਣ ਲੱਗ ਪਏ...ਸ਼ਇਦ ਉਸਦਾ ਜੁਰਮ ਅਜਿਹਾ ਸੀ ਕਿ ਕਿਸੇ ਛੋਟੀ-ਮੋਟੀ ਸਜ਼ਾ ਨਾਲ ਉਸਦੀ ਮੁਆਫ਼ੀ ਸੰਭਵ ਨਹੀਂ ਸੀ।
ਸ਼ਾਮ ਹੋਣ ਵਾਲੀ ਸੀ ਵਰਿਆਮੂ ਕੁਹਾੜਾ ਇਕ ਪਾਸੇ ਸੁੱਟ ਕੇ ਦੁੱਧ ਚੋਣ ਚਲਾ ਗਿਆ। ਵੱਡਾ ਭਰਾ ਗਾਮੂ ਹੁੱਕਾ ਤਾਜ਼ਾ ਕਰਨ ਲੱਗਿਆ, ਭਾਬੀ ਨਿੱਕੀ ਸਗਰੀਆ ਨੂੰ ਗੋਦੀ ਚੁੱਕ ਕੇ ਚੁੱਲ੍ਹੇ ਕੋਲ ਜਾ ਬੈਠੀ ਤੇ ਚੌਲ ਬਣਾਉਣ ਲੱਗ ਪਈ ਤੇ ਮਾਂ ਲਾਂਅ ਤੋਂ ਸੁੱਕੇ ਕੱਪੜੇ ਲਾਹੁਣ ਲੱਗ ਪਈ। ਕੱਪੜੇ ਲੈ ਕੇ ਉਹ ਅੰਦਰ ਆਈ ਤੇ ਉਸ ਦੇ ਨੇੜਿਓਂ ਇੰਜ ਲੰਘ ਗਈ ਜਿਵੇਂ ਉਹ ਉਸਨੂੰ ਦਿਖਾਈ ਹੀ ਨਾ ਦਿੱਤੀ ਹੋਵੇ। ਮਾਂ ਨੇ ਕਿੱਲੀ ਤੋਂ ਲਾਲਟੈਨ ਲਾਹੀ ਤੇ ਉਸਨੂੰ ਬਾਲ ਕੇ ਦਰਵਾਜ਼ੇ ਦੀ ਕੁੰਡੀ ਨਾਲ ਲਮਕਾਅ ਦਿੱਤਾ। ਉਸਨੂੰ ਲਾਲਟੈਨ ਦੀ ਰੌਸ਼ਨੀ ਬੜੀ ਭੈੜੀ ਲੱਗੀ ਜਿਵੇਂ ਉਸਨੇ ਉਸਨੂੰ ਹੋਰ ਵੀ ਨੰਗਾ ਕਰ ਦਿੱਤਾ ਹੋਵੇ। ਉਸਦੇ ਵੱਸ ਵਿਚ ਹੁੰਦਾ ਤਾਂ ਉਹ ਮੱਖੀ ਬਣ ਕੇ ਕਿਸੇ ਟਰੰਕ ਪਿੱਛੇ ਬੈਠ ਜਾਂਦੀ ਜਾਂ ਕੀੜੀ ਬਣ ਕੇ ਕਿਸੇ ਦਰਜ ਵਿਚ ਵੜ ਜਾਂਦੀ।
ਛੋਟਾ ਭਰਾ ਦੁੱਧ ਵਾਲੀ ਟੋਕਨੀ ਸਿਰ 'ਤੇ ਚੁੱਕੀ ਆ ਪਹੁੰਚਿਆ ਤਾਂ ਦੋਵੇਂ ਭਰਾ ਚੁੱਲ੍ਹੇ ਕੋਲ ਬੈਠ ਕੇ ਥਾਲਾਂ ਵਿਚ ਚੌਲ ਪੁਆ ਕੇ ਖਾਣ ਲੱਗ ਪਏ। ਮਾਂ ਨਿੱਕੀ ਸਗਰੀਆ ਨੂੰ ਤੁਰ-ਫਿਰ ਕੇ, ਥਾਪੜ-ਥਾਪੜ, ਸੰਵਾਉਣ ਲੱਗੀ।
ਉਸਨੇ ਸਵੇਰ ਦਾ ਕੁਝ ਨਹੀਂ ਸੀ ਖਾਧਾ। ਖਾਣ-ਪੀਣ ਦੀ ਉਸਨੂੰ ਹੋਸ਼ ਹੀ ਕਿੱਥੇ ਸੀ। ਸਤਭਰਾਈ ਨੇ ਉਸਨੂੰ ਆਪਣੇ ਘਰ ਰੋਟੀ ਦਿੱਤੀ ਸੀ ਪਰ ਇਕ ਗਰਾਹੀ ਵੀ ਉਸਦੇ ਸੰਘੋਂ ਨਹੀਂ ਸੀ ਲੱਥੀ। ਉਹ ਖ਼ਾਲੀ ਪੇਟ ਏਨੀ ਦੂਰੋਂ ਪੈਦਲ ਤੁਰ ਕੇ ਆਈ ਸੀ, ਪਰ ਹੁਣ ਵੀ ਉਸਨੂੰ ਖਾਣ ਦੀ ਇੱਛਾ ਨਹੀਂ ਸੀ ਹੋ ਰਹੀ। ਫੇਰ ਵੀ ਜੇ ਖਾਣਾ ਖਾ ਰਹੇ ਭਰਾਵਾਂ ਵਿਚੋਂ ਕੋਈ ਉਸ ਬਾਰੇ ਪੁੱਛ ਲੈਂਦਾ ਕਿ 'ਉਸਨੇ ਕੁਝ ਖਾਧਾ ਐ ਕਿ ਨਹੀਂ' ਤਾਂ ਉਹ ਬਿਨਾਂ ਖਾਧੇ-ਪੀਤੇ ਰੱਜ ਜਾਂਦੀ। ਪਰ ਉਹਨਾਂ ਨੇ ਤਾਂ ਸ਼ਾਇਦ ਹਮੇਸ਼ਾ ਲਈ ਉਸਨੂੰ ਪਰਿਵਾਰ ਵਿਚੋਂ ਛੇਕ ਦਿੱਤਾ ਲੱਗਦਾ ਸੀ। ਪਰ ਭਾਬੀ ਨੂੰ ਅਖ਼ੀਰ ਉਸਦਾ ਧਿਆਨ ਆ ਹੀ ਗਿਆ, ਉਸਨੇ ਥਾਲੀ ਵਿਚ ਚੌਲ ਪਾਏ ਤੇ ਅੰਦਰ ਆ ਕੇ ਥਾਲੀ ਉਸਦੇ ਅੱਗੇ ਸਰਕਾ ਦਿੱਤੀ ਤੇ ਕੁਝ ਕਹੇ-ਸੁਣੇ ਬਗ਼ੈਰ ਪਰਤ ਗਈ। ਉਸਨੂੰ ਲੱਗਿਆ ਜਿਵੇਂ ਸੱਚਮੁੱਚ ਉਹ ਇਕ ਪਾਲਤੂ ਕੁੱਤੀ ਹੋਵੇ ਤੇ ਉਸਨੂੰ ਰਾਤਬ (ਪਾਲਤੂ ਜਾਨਵਰਾਂ ਦੀ ਵੱਝਵੀਂ ਖੁਰਾਕ) ਪਾ ਦਿੱਤੀ ਗਈ ਹੋਵੇ। ਉਹ ਆਪਣੇ ਹੀ ਘਰ ਵਿਚ ਬਿਗਾਨੀ ਹੋ ਗਈ ਸੀ। ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਰੋਣ ਨਿਕਲ ਹੀ ਗਿਆ। ਉਸਦੇ ਸਿਸਕਨ ਤੇ ਹਟੋਕਰੇ ਭਰਨ ਦੀ ਆਵਾਜ਼ ਸੁਣ ਕੇ ਵੀ ਕਿਸੇ ਦਾ ਹੱਥ ਨਹੀਂ ਰੁਕਿਆ ਤੇ ਨਾ ਹੀ ਕਿਸੇ ਨੇ ਉਸ ਵੱਲ ਧਿਆਨ ਹੀ ਦਿੱਤਾ। ਉਹ ਰੋ-ਧੋ ਕੇ ਆਪੇ ਚੁੱਪ ਹੋ ਗਈ। ਢਿੱਡ ਦੀ ਅੱਗ ਬੁਝਾਉਣ ਲਈ ਚੌਲਾਂ ਦੀਆਂ ਕੁਝ ਗਰਾਹੀਆਂ ਵੀ ਅੰਦਰ ਸੁੱਟ ਲਈਆਂ। ਉਸਨੂੰ ਪਿਆਸ ਲੱਗੀ ਹੋਈ ਸੀ, ਪਰ ਭਾਬੀ ਪਾਣੀ ਨਹੀਂ ਸੀ ਦੇ ਕੇ ਗਈ ਤੇ ਉਸਦਾ ਬਾਹਰ ਨਲਕੇ ਜਾਂ ਤੋੜੇ ਤੀਕ ਜਾ ਕੇ ਪਾਣੀ ਪੀ ਲੈਣ ਦਾ ਹੀਆ ਨਹੀਂ ਸੀ ਪੈ ਰਿਹਾ।
ਬਾਹਰਲਾ ਦਰਵਾਜ਼ਾ ਅਕਸਰ ਖੁੱਲ੍ਹਾ ਰਹਿੰਦਾ ਸੀ ਪਰ ਅੱਜ ਉਸਨੂੰ ਬੰਦ ਕਰ ਦਿੱਤਾ ਗਿਆ ਸੀ। ਬੰਦ ਦਰਵਾਜ਼ਾ ਦੇਖ ਕੇ ਉਸਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋਇਆ ਜਿਵੇਂ ਹਵਾ ਦਾ ਰਸਤਾ ਰੋਕ ਦਿੱਤਾ ਗਿਆ ਹੋਵੇ। ਦੋ ਇਕ ਵਾਰੀ ਕਿਸੇ ਨੇ ਕੁੰਡੀ ਖੜਕਾਈ ਤਾਂ ਉਸਦੀ ਮਾਂ ਦਰਵਾਜ਼ੇ ਕੋਲ ਗਈ ਤੇ ਹਰ ਵਾਰੀ ਬੁੜਬੁੜ ਕਰਦੀ ਹੋਈ ਦਰਵਾਜ਼ਾ ਖੋਹਲੇ ਬਗ਼ੈਰ ਵਾਪਸ ਆ ਗਈ। ਜ਼ਰੂਰ ਪਿੰਡ ਦੀਆਂ ਬੁੜ੍ਹੀਆਂ ਆਉਣਾ ਚਾਹੁੰਦੀਆਂ ਹੋਣਗੀਆਂ, ਜਿਹਨਾਂ ਨੂੰ ਬੁਰਾ-ਭਲਾ ਸੁਣਾ ਕੇ ਮਾਂ ਨੇ ਉੱਥੋਂ ਹੀ ਵਾਪਸ ਮੋੜ ਦਿੱਤਾ ਸੀ। ਉਸਦੇ ਘਰ ਵਾਲੇ ਪਹਿਲਾਂ ਵੀ ਪਿੰਡ ਵਾਲਿਆਂ ਨਾਲ ਬਹੁਤਾ ਮਿਲਨਾ-ਜੁਲਨਾ ਪਸੰਦ ਨਹੀਂ ਸੀ ਕਰਦੇ ਤੇ ਹੁਣ ਤਾਂ ਉਹ ਹੋਰ ਵੀ ਭਖੇ ਹੋਏ ਸਨ। ਖਾਣਾ ਖਾ ਕੇ ਦੋਵੇਂ ਭਰਾ ਵਿਹੜੇ ਵਿਚ ਜਾ ਬੈਠੇ ਤੇ ਹੁੱਕਾ ਪੀਂਦੇ ਰਹੇ। ਵਰਿਆਮੂ ਵਾੜੇ ਵਿਚ ਜਾ ਕੇ ਸੌਂਦਾ ਸੀ ਪਰ ਘਰੇ ਹੀ ਲੇਟ ਗਿਆ। ਗਾਮੂ ਵੀ ਆਦਤ ਦੇ ਉਲਟ, ਜਲਦੀ ਉੱਠ ਕੇ ਸੌਣ ਲਈ ਚਲਾ ਗਿਆ ਜਿਵੇਂ ਉਹਨਾਂ ਜਲਦੀ ਉਠਣਾ ਤੇ ਕਿਸੇ ਅਹਿਮ ਮੁਹਿੰਮ 'ਤੇ ਜਾਣਾ ਹੋਵੇ। ਉਸਦਾ ਦਿਲ, ਕਿਸੇ ਡਰ ਸਦਕਾ, ਜ਼ੋਰ-ਜ਼ੋਰ ਨਾਲ ਧੜਕਨ ਲੱਗ ਪਿਆ।
ਕੁਝ ਚਿਰ ਭਾਬੀ ਜੂਠੇ ਭਾਂਡੇ 'ਕੱਠੇ ਕਰਦੀ ਤੇ ਮਾਂਜਦੀ ਰਹੀ। ਫੇਰ ਨਿੱਕੀ ਸਗਰੀਆ ਨੂੰ ਚੁੱਕ ਕੇ ਉਹ ਵੀ ਆਪਣੇ ਕਮਰੇ ਵਿਚ ਚਲੀ ਗਈ। ਮਾਂ ਵਰਾਂਡੇ ਵਿਚ ਬੈਠੀ ਤਾਜ਼ਾ ਪੀਸਿਆ ਹੋਇਆ ਆਟਾ ਤੌੜੀ ਵਿਚ ਪਾ ਰਹੀ ਸੀ। ਉਸਨੇ ਖਾਣਾ ਨਹੀਂ ਸੀ ਖਾਧਾ; ਉਸਨੇ ਖਾਣਾ ਕਿਉਂ ਨਹੀਂ ਖਾਧਾ, ਇਹ ਸੋਚ ਕੇ ਉਸਦੀਆਂ ਅੱਖਾਂ ਸਾਹਵੇਂ ਹਨੇਰਾ ਛਾਉਣ ਲੱਗਿਆ ਕਿ ਕਿਤੇ ਘਰ ਵਿਚ ਕੁਝ ਹੋਣ ਵਾਲਾ ਤਾਂ ਨਹੀਂ...?
ਲਾਲਟੈਨ ਬੁਝਾ ਕੇ ਮਾਂ ਵਰਾਂਡੇ ਵਿਚ ਆ ਕੇ ਮੰਜੀ ਉੱਤੇ ਲੇਟ ਗਈ ਤਾਂ ਉਹ ਕੁਝ ਚਿਰ ਤਾਂ ਬੈਠੀ ਰਹੀ ਫੇਰ ਹਿੰਮਤ ਕਰਕੇ ਉੱਠੀ ਤੇ ਉਸਦੀ ਪੁਆਂਦੀ ਜਾ ਬੈਠੀ। ਉਹ ਉਸਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਣਾ ਚਾਹੁੰਦੀ ਸੀ ਪਰ ਮਾਂ ਨੇ ਪੈਰ ਖਿੱਚ ਲਏ, ਲੱਤਾਂ ਇਕੱਠੀਆਂ ਕਰ ਲਈਆਂ ਤੇ ਪਾਸਾ ਪਰਤ ਲਿਆ। ਉਹ ਚੁੱਪਚਾਪ ਸਾਹ ਰੋਕੀ ਉਸੇ ਜਗ੍ਹਾ ਬੈਠੀ ਰਹੀ। ਮਾਂ ਜਾਗ ਰਹੀ ਸੀ ਪਰ ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰ ਰਹੀ ਸੀ। ਉਹ ਕਈ ਰਾਤਾਂ ਦੀ ਉਨੀਂਦੀ ਤੇ ਸਾਰੇ ਦਿਨ ਦੀ ਥੱਕੀ ਹੋਈ ਸੀ। ਉਸਨੂੰ ਪੈਂਦਾਂ ਉੱਤੇ ਬੈਠੀ ਨੂੰ ਨੀਂਦ ਆਉਂਣ ਲੱਗ ਪਈ ਪਰ ਉਸਨੂੰ ਆਪਣੀ ਮੰਜੀ ਉੱਤੇ ਇਕੱਲੀ ਸੌਂਣ ਤੋਂ ਡਰ ਲੱਗ ਰਿਹਾ ਸੀ...ਪਤਾ ਨਹੀਂ ਕਦੋਂ ਛੋਟਾ ਜਾਂ ਵੱਡਾ ਜਾਂ ਉਹ ਦੋਵੇਂ ਭਰਾ ਚੁੱਪਚਾਪ ਅੰਦਰ ਆ ਜਾਣ ਤੇ ਉਸਨੂੰ ਨਾਲ ਚੱਲਣ ਲਈ ਕਹਿਣ। ਉਹ ਚੀਕਣਾ-ਕੂਕਣਾ ਚਾਹੇ, ਪਰ ਉਸਦੇ ਮੂੰਹੋਂ ਆਵਾਜ਼ ਨਾ ਨਿਕਲ ਸਕੇ। ਫੇਰ ਪਤਾ ਨਹੀਂ ਉਹ ਉਸਨੂੰ ਕਿੱਥੇ ਲੈ ਜਾਣ? ਕਿਸ ਤਰ੍ਹਾਂ ਕਤਲ ਕਰਨ? ਹੋ ਸਕਦਾ ਹੈ ਗਲ਼ ਘੁੱਟ ਦੇਣ; ਛੁਰੀ ਜਾਂ ਟੋਕੇ ਨਾਲ ਧੌਣ ਵੱਢ ਕੇ ਜ਼ਮੀਨ ਵਿਚ ਨੱਪ ਦੇਣ, ਖੂਹ ਜਾਂ ਨਹਿਰ ਵਿਚ ਧੱਕਾ ਦੇ ਦੇਣ। ਉਸਨੂੰ ਯਕੀਨ ਸੀ ਕਿ ਜਦੋਂ ਉਹ ਉਸਨੂੰ ਲੈਣ ਆਉਣਗੇ, ਮਾਂ ਇੰਜ ਹੀ ਚੁੱਪਚਾਪ ਪਈ, ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰਦੀ ਰਹੇਗੀ...ਉਹ ਉਸਦੀ ਏਡੀ ਵੱਡੀ ਗਲਤੀ ਕਿੰਜ ਮੁਆਫ਼ ਕਰ ਸਕਦੀ ਸੀ? ਮੁਆਫ਼ ਕਰਨਾ ਤਾਂ ਇਸ ਘਰ ਦੇ ਲੋਕਾਂ ਨੇ ਜਿਵੇਂ ਸਿੱਖਿਆ ਹੀ ਨਹੀਂ ਸੀ। ਤੇ ਨਾਲੇ ਉਹ ਆਪਣੇ ਪੁੱਤਰਾਂ ਤੋਂ ਬੜੀ ਡਰਦੀ ਸੀ...ਉਹ ਹਿਰਖ ਜਾਂਦੇ ਸੀ ਤਾਂ ਮਾਂ ਨੂੰ ਵੀ ਬੇਇੱਜ਼ਤ ਤੇ ਲਹੂ-ਲੂਹਾਣ ਕਰ ਦੇਂਦੇ ਸੀ। ਘਰ ਵਿਚ ਇਕ ਭਾਬੀ ਸੀ ਜਿਹੜੀ ਉਸਦੀ ਜਾਨ ਬਚਾ ਸਕਦਾ ਸੀ, ਪਰ ਉਹ ਕਿਉਂ ਬਚਾਉਂਦੀ—ਉਸਨੇ ਭਾਬੀ ਦੇ ਕੁੱਬੇ ਭਰਾ ਦਾ ਰਿਸ਼ਤਾ ਠੁਕਰਾ ਕੇ ਉਸਨੂੰ ਹਮੇਸ਼ਾ ਲਈ ਆਪਣੀ ਦੁਸ਼ਮਣ ਬਣਾ ਲਿਆ ਸੀ। ਵੈਸੇ ਵੀ ਉਹ ਕਿੱਸੇ-ਕਹਾਣੀਆਂ ਦੀ ਰਵਾਇਤੀ ਭਾਬੀ ਵਾਂਗ ਉਸ ਉੱਤੇ ਮੱਚੀ ਹੀ ਰਹਿੰਦੀ ਸੀ ਤੇ ਸ਼ਾਇਦ ਉਸਦੇ ਖ਼ੂਨ ਨਾਲ ਸ਼ਾਲੂ ਰੰਗਣ ਦੀ ਇੱਛਾ ਵੀ ਰੱਖਦੀ ਸੀ।
ਉਹ ਮਾਂ ਦੀ ਪੁਆਂਦੀ ਬੈਠੀ ਹੂਬਕੀਂ ਰੋਂਦੀ ਰਹੀ। ਉਸਦੀ ਮਾਂ ਜ਼ਿਦ ਦੀ ਪੱਕੀ ਤੇ ਦਿਲ ਦੀ ਸਖ਼ਤ ਜ਼ਰੂਰ ਸੀ ਪਰ ਕਦੀ-ਕਦੀ ਮਿਹਰਬਾਨ ਵੀ ਹੋ ਜਾਂਦੀ ਸੀ ਜਾਂ ਘੱਟੋਘੱਟ ਥੋੜ੍ਹੀ ਦੇਰ ਲਈ ਨਰਮ ਪੈ ਜਾਂਦੀ ਸੀ ਪਰ ਅੱਜ ਉਸਦਾ ਦਿਲ ਪਿਘਲ ਹੀ ਨਹੀਂ ਸੀ ਰਿਹਾ। ਫੇਰ ਪਤਾ ਨਹੀਂ ਕਦੋਂ ਤੇ ਕਿਵੇਂ ਉਹ ਰੋਂਦੀ-ਰੋਂਦੀ ਉੱਥੇ ਪੁਆਂਦੀ ਹੀ ਗੁੱਛਾ-ਮੁੱਛਾ ਜਿਹੀ ਹੋ ਕੇ ਸੌਂ ਗਈ...ਪਰ ਭਿਆਨਕ ਸੁਪਨੇ ਦੇਖਦੀ ਤੇ ਵਾਰੀ-ਵਾਰੀ ਉੱਠ ਬੈਠਦੀ ਰਹੀ—ਇੰਜ ਸੌਣ ਤੇ ਜਾਗਣ ਵਿਚਕਾਰ ਉਸਨੂੰ ਕੋਈ ਫਰਕ ਮਹਿਸੂਸ ਨਹੀਂ ਸੀ ਹੋਇਆ—ਸੁਪਨਿਆਂ ਨੇ ਵੀ ਉਸਨੂੰ ਪਨਾਹ ਦੇਣੀ ਛੱਡ ਦਿੱਤੀ ਜਾਪਦੀ ਸੀ।
ਅਗਲੇ ਦਿਨ ਉਸਨੇ ਭਰਾਵਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿ ਕੇ ਘਰ ਦੇ ਨਿੱਕੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਭਾਂਡੇ ਮਾਂਜੇ, ਕੱਪੜੇ ਧੋਤੇ, ਮੰਜੇ ਡਾਹੇ ਤੇ ਵਿਛਾਏ। ਝਾੜੂ ਦਿੱਤੀ ਤੇ ਨਿੱਕੀ ਸਗਰੀਆ ਨੂੰ ਖਿਡਾਉਂਦੀ ਰਹੀ, ਪਰ ਭਾਬੀ ਨੇ ਉਸਨੂੰ ਖਾਣ-ਪੀਣ ਵਾਲੀਆਂ ਚੀਜਾਂ ਨੂੰ ਹੱਥ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਤੀਜੇ ਚੌਥੇ ਦਿਨ ਉਸਨੇ ਖਾਣਾ ਖਾਂਦੇ ਹੋਏ ਵੱਡੇ ਭਰਾ ਕੋਲ ਡਰਦਿਆਂ-ਡਰਦਿਆਂ ਪਾਣੀ ਦਾ ਗਲਾਸ ਲਿਜਾ ਕੇ ਰੱਖਿਆ ਤਾਂ ਉਸਨੇ ਗਲਾਸ ਚੁੱਕ ਕੇ ਕੰਧ ਨਾਲ ਮਾਰਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਫੇਰ ਖਾਣਾ ਛੱਡ ਕੇ ਪੈਰ ਪਟਕਦਾ ਹੋਇਆ ਬਾਹਰ ਨਿਕਲ ਗਿਆ। ਇਸ ਪਿੱਛੋਂ ਉਹ ਮੁੜ ਸਹਿਮ ਗਈ ਤੇ ਉਸਨੂੰ ਭਾਂਤ-ਭਾਂਤ ਦੇ ਸ਼ੰਕਿਆਂ ਨੇ ਘੇਰ ਲਿਆ।
ਉਹ ਘਰ ਵਿਚ ਰਹਿੰਦੀ ਸੀ ਪਰ ਘਰ ਦਾ ਕੋਈ ਜੀਅ ਉਸ ਨਾਲ ਗੱਲ ਨਹੀਂ ਸੀ ਕਰਦਾ...ਉਸਨੇ ਮਾਂ ਨਾਲ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਂ ਜਵਾਬ ਨਾ ਦੇਂਦੀ। ਸਿਵਾਏ ਨਿੱਕੀ ਸਗਰੀਆ ਦੀ 'ਹੂੰ-ਹਾਂ' ਦੇ ਉਹ ਗੱਲਾਂ ਕਰਨ ਨੂੰ ਵੀ ਤਰਸ ਗਈ ਸੀ। ਇਕ ਰਾਤ ਉਸਨੇ ਮਾਂ ਦੇ ਪੈਰ ਫੜ੍ਹ ਲਏ ਤੇ ਰੋਂਦੀ ਹੋਈ ਕਹਿਣ ਲੱਗੀ—
'ਮਾਂ ਮੈਨੂੰ ਮਾਰ—ਮੇਰੇ ਉੱਤੇ ਥੁੱਕ, ਮੈਨੂੰ ਗਾਲ੍ਹਾਂ ਦੇਅ ਤੇ ਤਾਅਨੇ-ਮਿਹਣੇ ਮਾਰ...ਪਰ ਖ਼ੁਦਾ ਦਾ ਵਾਸਤਾ ਈ, ਕੁਝ ਤਾਂ ਕਹਿ—''
''ਮੈਂ ਤੇਰੀ ਮਾਂ ਨਹੀਂ...ਤੂੰ ਕਿਸੇ ਕੁੱਤੀ ਦੀ ਔਲਾਦ ਏਂ।''
'ਨਹੀਂ ਮਾਂ—ਖ਼ੁਦਾ ਦਾ ਵਾਸਤਾ ਈ ਇੰਜ ਨਾ ਕਹਿ।''
''ਆਪਣੀ ਗੰਦੀ ਜ਼ਬਾਨ ਨਾਲ ਖ਼ੁਦਾ ਰਸੂਲ ਦਾ ਨਾਂ ਨਾ ਲੈ।''
''ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਮਾਂ।''
''ਕੋਈ ਫਾਇਦਾ ਨਹੀਂ।''
''ਤਾਂ ਕੀ ਸੱਚਮੁੱਚ ਮਾਂ...?''
''ਹਾਂ...''
''ਕਦ...?''
''ਇਹ ਮੈਨੂੰ ਨਹੀਂ ਪਤਾ।''
ਡਰ ਦੇ ਮਾਰੇ ਉਸਦਾ ਸਾਹ ਸੁੱਕ ਗਿਆ, ਹੱਥ ਪੈਰ ਕੁੰਬਣ ਲੱਗੇ। ਅੱਖਾਂ ਸਾਹਵੇਂ ਹਨੇਰਾ ਛਾ ਗਿਆ।
      ੦੦੦      

ਪਿੰਡ ਤੋਂ ਕਸਬੇ ਨੂੰ ਜਾਣ ਵਾਲੀ ਕੱਚੀ ਸੜਕ ਉੱਤੇ ਇਕ ਹਵੇਲੀ ਸੀ—ਜਿਸਨੂੰ ਕੁੱਤਿਆਂ ਵਾਲੀ ਹਵੇਲੀ ਕਿਹਾ ਜਾਂਦਾ ਸੀ। ਦੋ ਖ਼ੂੰਖ਼ਾਰ ਕਿਸਮ ਦੇ ਬੂਬੀ ਕੁੱਤੇ ਦਿਨ-ਰਾਤ ਇਸ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਸਨ। ਉਹਨਾਂ ਦੇ ਮਾਲਕਾਂ ਦਾ ਜਦੋਂ ਜੀਅ ਕਰਦਾ ਉਹਨਾਂ ਨੂੰ ਬੰਨ੍ਹ ਦੇਂਦੇ, ਜਦੋਂ ਜੀਅ ਕਰਦਾ ਖੁੱਲ੍ਹੇ ਛੱਡ ਦੇਂਦੇ। ਉਹਨਾਂ ਕੁੱਤਿਆਂ ਤੋਂ ਡਰਦਿਆਂ ਲੋਕਾਂ ਨੇ ਕੱਚੀ ਸੜਕ ਤੋਂ ਲੰਘਣਾ ਵੀ ਛੱਡ ਦਿੱਤਾ ਸੀ ਤੇ ਉਹਨਾਂ ਨੇ ਕਸਬੇ ਵਿਚ ਜਾਣ-ਆਉਣ ਲਈ ਖੇਤਾਂ ਦੇ ਵਿਚਕਾਰੋਂ ਲੰਘਦੀ ਕੱਚੀ ਪਗਡੰਡੀ ਵਾਲੇ ਰਸਤੇ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਈ ਅਜਨਬੀ ਜਾਂ ਭੁੱਲਿਆ-ਭਟਕਿਆ ਰਾਹੀ-ਪਾਂਧੀ ਇਧਰ ਆ ਜਾਂਦਾ ਤਾਂ ਉਸਨੂੰ ਕੁੱਤਿਆਂ ਤੋਂ ਜਾਨ ਬਚਾਉਣੀ ਔਖੀ ਹੋ ਜਾਂਦੀ। ਉਹਨਾਂ ਕੁੱਤਿਆਂ ਨੇ ਕਈ ਲੋਕਾਂ ਨੂੰ ਵੱਢਿਆ ਵੀ ਸੀ। ਪਿੰਡ ਵਾਲੇ ਇਤਰਾਜ਼ ਭਰੇ ਉਲਾਂਭੇ ਵੀ ਲੈ ਕੇ ਗਏ ਸਨ ਪਰ ਉਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਸੀ ਹੋਇਆ। ਪਿੰਡ ਦੇ ਮੁੰਡੇ ਜਿਹੜੇ ਕਸਬੇ ਦੇ ਸਕੂਲ ਵਿਚ ਪੜ੍ਹਨ ਜਾਂਦੇ ਸਨ ਬੜਾ ਹੀ ਬਚ-ਬਚਾਅ ਕੇ ਤੇ ਲੰਮਾਂ ਚੱਕਰ ਲਾ ਕੇ ਉਧਰੋਂ ਲੰਘਦੇ ਸਨ। ਉਹਨਾਂ, ਉਹਨਾਂ ਕੁੱਤਿਆਂ ਦਾ ਨਾਂ ਹੀ ਗਾਮੂ ਤੇ ਵਰਿਆਮੂ ਰੱਖ ਦਿੱਤਾ ਸੀ।
ਗਾਮੂ ਤੇ ਵਰਿਆਮੂ ਨੂੰ ਲੋਕ ਬੜੇ ਹੀ ਉਜੱਡ ਦੇ ਮੂਰਖ ਬੰਦੇ ਸਮਝਦੇ ਸਨ। ਜਿਹਨਾਂ ਆਪਣੀ ਸਕੀ ਭੈਣ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਰੋੜ੍ਹ ਦਿੱਤਾ ਜਾਂ ਟੋਇਆ ਪੁੱਟ ਕੇ ਕਿਸੇ ਖੇਤ ਵਿਚ ਨੱਪ ਦਿੱਤਾ ਸੀ।...ਤੇ ਪਿੰਡ ਵਾਲਿਆਂ ਨਾਲੋਂ ਹਰ ਰਿਸ਼ਤਾ ਤੋੜ ਲਿਆ ਸੀ।...ਤੇ ਪਿੰਡ ਦੀ ਮੇਰ ਨੂੰ ਤਜ ਕੇ ਇੱਥੇ ਸਭ ਨਾਲੋਂ ਵੱਖਰੇ-ਵਾਂਝੇ ਰਹਿਣ ਲੱਗ ਪਏ ਸਨ। ...ਤੇ ਸਾਰੇ ਪਿੰਡ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ।
ਇਹ ਹਵੇਲੀ ਕਿਸੇ ਜ਼ਮਾਨੇ ਵਿਚ ਪਸ਼ੂਆਂ ਦਾ ਵਾੜਾ ਹੁੰਦੀ ਸੀ। ਉੱਥੇ ਇਕ ਖੂਹ ਵੀ ਸੀ ਜਿਸਨੂੰ ਹੁਣ ਪੂਰ ਦਿੱਤਾ ਗਿਆ ਸੀ। ਗਜ਼ੂਰਾਂ ਦੇ ਗਾਇਬ ਹੋ ਜਾਣ ਜਾਂ ਕਤਲ ਹੋ ਜਾਣ ਪਿੱਛੋਂ ਉਹਨਾਂ ਲੋਕਾਂ ਇਸ ਵਿਚ ਕੁਝ ਹੋਰ ਕਮਰੇ ਪਾ ਕੇ ਉਸਨੂੰ ਹਵੇਲੀ ਦੀ ਸ਼ਕਲ ਦੇ ਦਿੱਤੀ ਸੀ।
ਪਿੰਡ ਵਿਚ ਉਸ ਹਵੇਲੀ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿੱਸੇ ਮਸ਼ਹੂਰ ਸਨ। ਬਾਗ ਅਲੀ ਨਾਈ ਦਾ ਕਹਿਣਾ ਸੀ ਕਿ ਇਕ ਦੁਪਹਿਰ ਨੂੰ ਉਹ ਕਸਬੇ ਦੀ ਚੱਕੀ ਤੋਂ ਆਟਾ ਪਿਸਵਾ ਕੇ ਲਿਆ ਰਿਹਾ ਸੀ ਕਿ ਹਵੇਲੀ ਤੋਂ ਕੁਝ ਫਾਸਲੇ 'ਤੇ ਇਕ ਜ਼ਨਾਨੀ ਨੇ ਉਸਦਾ ਨਾਂਅ ਲੈ ਕੇ ਆਵਾਜ਼ ਮਾਰੀ। ਉਸਨੇ ਚਾਰੇ ਪਾਸੇ ਦੇਖਿਆ ਪਰ ਉੱਥੇ ਕੋਈ ਵੀ ਨਹੀਂ ਸੀ।
ਦੋਸੇ ਵਰਗੇ ਸਿੱਧੜ ਬੰਦੇ ਦਾ ਬਿਆਨ ਸੀ ਕਿ ਉਸਨੇ ਇਕ ਰਾਤ ਖੇਤਾਂ ਨੂੰ ਪਾਣੀ ਛੱਡਿਆ ਹੋਇਆ ਸੀ ਕਿ ਉਸਨੇ ਦੇਖਿਆ—ਇਕ ਭਰ ਜਵਾਨ ਔਰਤ ਵਾਲ ਖਿਲਾਰੀ ਖਾਲ ਦੇ ਅੰਦਰ ਬਿਨਾਂ ਆਵਾਜ਼ ਤੁਰੀ ਜਾ ਰਹੀ ਸੀ। ਉਸਨੇ ਆਵਾਜ਼ ਦਿੱਤੀ ਤਾਂ ਠਹਾਕਾ ਮਾਰ ਕੇ ਗਾਇਬ ਹੋ ਗਈ। ਹਵੇਲੀ ਤੋਂ ਥੋੜ੍ਹੇ ਫਾਸਲੇ ਉੱਤੇ ਇਕ ਬੜਾ ਉੱਚਾ ਖ਼ਜੂਰ ਦਾ ਰੁੱਖ ਸੀ, ਕੁਝ ਲੋਕਾਂ ਨੇ ਉਸ ਖ਼ਜੂਰ ਦੇ ਰੁੱਖ ਹੇਠਾਂ ਵੀ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਸਨ। ਦੱਤੂ ਮਰਾਸੀ ਨੇ ਤਾਂ ਇਕ ਪਿੱਛਲ-ਪੈਰੀ ਨੂੰ ਦੇਖਿਆ ਵੀ ਸੀ।
ਇਕ ਦਿਨ ਚੌਧਰੀ ਸਰਵਰ ਦੀ ਧੀ ਪਿਓ ਦਾ ਖਾਣਾ ਲੈ ਕੇ ਖੇਤ ਗਈ। ਚੌਧਰੀ ਸਰਵਰ ਅੰਬ ਦੇ ਰੁੱਖ ਹੇਠ ਬੈਠਾ ਖਾਣਾ ਖਾ ਰਿਹਾ ਸੀ ਤੇ ਉਹ ਕੋਲ ਬੈਠੀ ਪੱਖਾ ਝੱਲ ਰਹੀ ਸੀ ਕਿ ਅਚਾਨਕ ਉਸਨੂੰ ਪਤਾ ਨਹੀਂ ਕੀ ਸੁੱਝੀ...ਉਹ ਨੱਠ ਕੇ ਰੁੱਖ ਉੱਤੇ ਚੜ੍ਹ ਗਈ। ਚੌਧਰੀ ਸਰਵਰ ਨੇ ਗੁੱਸੇ ਹੋ ਕੇ ਤਾੜਿਆ ਕਿ ਜਵਾਨ ਕੁੜੀਆਂ ਰੁੱਖਾਂ 'ਤੇ ਨਹੀਂ ਚੜ੍ਹਦੀਆਂ ਤਾਂ ਉਹ ਜਵਾਬ ਵਿਚ ਠਹਾਕੇ ਲਾਉਂਦੀ ਹੋਈ ਹੋਰ ਉਪਰ ਚੜ੍ਹਦੀ ਗਈ। ਫੇਰ ਉਸਨੇ ਉਪਰੋਂ ਛਾਲ ਮਾਰ ਦਿੱਤੀ ਤੇ ਡਿੱਗ ਕੇ ਬੇਹੋਸ਼ ਹੋ ਗਈ। ਹੁਣ ਉਹ ਫੌੜ੍ਹੀਆਂ ਦੇ ਸਹਾਰੇ ਤੁਰਦੀ ਸੀ।
ਲੋਕਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਤੇ ਕਿੱਸਿਆਂ ਦੀਆਂ ਤੰਦਾਂ ਹਵੇਲੀ ਨਾਲ ਮੇਲ ਦਿੱਤੀਆਂ ਸਨ...ਤੇ ਇਹ ਮੰਨ ਲਿਆ ਸੀ ਕਿ ਗਜ਼ੂਰਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰਕੇ ਹਵੇਲੀ ਵਿਚ ਜਾਂ ਕਿਤੇ ਆਸੇ-ਪਾਸੇ ਦੇ ਖੇਤ ਵਿਚ ਦਫ਼ਨ ਕਰ ਦਿੱਤਾ ਗਿਆ ਸੀ ਤੇ ਉਸਦੀ ਅਸ਼ਾਂਤ ਰੂਹ, ਭੂਤ ਜਾਂ ਚੁੜੈਲ ਬਣ ਕੇ ਉੱਥੇ ਭਟਕ ਰਹੀ ਸੀ। ਪਿੰਡ ਵਿਚ ਸਿਰਫ ਇਕ ਮੌਲਵੀ ਫਿਰੋਜ਼ ਉੱਲ ਦੀਨ ਸਨ, ਜਿਹੜੇ ਇਹਨਾਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੇ ਤੇ ਇਸ ਨੂੰ ਅਣਪੜ੍ਹ ਲੋਕਾਂ ਦੇ ਵਹਿਮ-ਭਰਮ ਦੱਸਦੇ ਸਨ...ਪਰ ਫੇਰ ਇਕ ਦਿਨ ਉਹਨਾਂ ਨਾਲ ਵੀ ਇਕ ਬੜੀ ਅਜੀਬ ਘਟਨਾਂ ਵਾਪਰੀ-ਉਹ ਰਾਤ ਨੂੰ ਕਸਬੇ ਤੋਂ ਵਾਪਸ ਪਰਤ  ਰਹੇ ਸਨ ਕਿ ਅਚਾਨਕ ਉਹਨਾਂ ਦੇ ਸਾਹਮਣੇ ਇਕ ਦੀਵਾ ਬਲਣ ਲੱਗਾ। ਕੁਝ ਚਿਰ ਲਈ ਭੈੜੀਆਂ ਸ਼ੈਆਂ ਨੂੰ ਦੂਰ ਭਜਾਉਣ ਵਾਲੀਆਂ ਖਾਸ ਦੁਆਆਂ ਤੇ ਵਜੀਫ਼ੇ ਪੜ੍ਹਦੇ ਰਹੇ, ਪਰ ਜਦੋਂ ਬਲਦਾ ਹੋਇਆ ਦੀਵਾ ਉਹਨਾਂ ਦੇ ਖਾਸਾ ਨੇੜੇ ਆ ਗਿਆ ਤੇ ਹਵਾ ਵਿਚ ਤੈਰਦਾ ਹੋਇਆ ਉਹਨਾਂ ਦੇ ਨਾਲ ਨਾਲ ਉੱਡਣ ਲੱਗਾ ਤਾਂ ਉਹ ਸਾਰੀਆਂ ਦੁਆਆਂ ਭੁੱਲ ਗਏ ਤੇ ਬੇਹੋਸ਼ ਹੋ ਕੇ ਡਿੱਗ ਪਏ।
ਕੁਝ ਲੋਕਾਂ ਦਾ ਖ਼ਿਆਲ ਸੀ ਕਿ ਗਜ਼ੂਰਾਂ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਸੁੱਟ ਦਿੱਤਾ ਗਿਆ ਸੀ। ਕੁਝ ਦਾ ਕਹਿਣਾ ਸੀ ਕਿ ਉਸਨੂੰ ਪਿੰਡ ਵਾਲੇ ਮਕਾਨ ਵਿਚ ਕਤਲ ਕਰਕੇ ਉੱਥੇ ਹੀ ਦੱਬ ਦਿੱਤਾ ਗਿਆ ਹੈ। ਇਸ ਮਕਾਨ ਨੂੰ ਅੱਜ ਵੀ ਜਿੰਦਰਾ ਲੱਗਾ ਹੋਇਆ ਸੀ—ਉਹ ਉਸਨੂੰ ਵੇਚਦੇ ਸਨ ਨਾ ਉਸਦੀ ਦੇਖ ਭਾਲ ਤੇ ਮੁਰੰਮਤ ਵੱਲ ਧਿਆਨ ਦੇਂਦੇ ਸਨ। ਪਰ ਨਾਲ ਦੇ ਪਿੰਡ ਦੇ ਮਿਸਤਰੀ ਜ਼ਹੂਰੇ ਨੇ ਜਿਹੜਾ ਹਵੇਲੀ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਕਰਦਾ ਰਿਹਾ ਸੀ ਲੋਕਾਂ ਨੂੰ ਦੱਸਿਆ ਸੀ ਕਿ ਹਵੇਲੀ ਦੇ ਅੰਦਰ ਗਾਮੂ ਤੇ ਵਰਿਆਮੂ ਦੇ ਕਮਰਿਆਂ ਦੇ ਐਨ ਵਿਚਕਾਰ ਇਕ ਚਬੂਤਰਾ ਜਿਹਾ ਬਣਿਆ ਹੋਇਆ ਸੀ ਜਿਸ ਉੱਤੇ ਸਰਕੜੇ ਤੇ ਸੁੱਕੀਆਂ ਲੱਕੜਾਂ ਦਾ ਢੇਰ ਪਿਆ ਰਹਿੰਦਾ ਸੀ। ਜਿਹਨਾਂ ਨੂੰ ਉਹ ਲੋਕ ਲੋੜ ਪੈਣ 'ਤੇ ਵੀ ਨਹੀਂ ਸੀ ਮਚਾਉਂਦੇ। ਉਸਦਾ ਖ਼ਿਆਲ ਸੀ ਕਿ ਇਹ ਚਬੂਤਰਾ ਦਰਅਸਲ ਇਕ ਕਬਰ ਸੀ ਤੇ ਉਸਦੀ ਨਿਗਰਾਨੀ ਦੀ ਖਾਤਰ ਹੀ ਉਹ ਲੋਕ ਪਿੰਡ ਵਾਲਾ ਮਕਾਨ ਛੱਡ ਕੇ ਉੱਥੇ ਚਲੇ ਗਏ ਸਨ।
ਪਿੰਡ ਦੀਆਂ ਤੀਵੀਂਆਂ, ਬੁੱਢੀ ਸਕੀਨਾ ਨੂੰ ਵੀ ਡਾਇਨ ਕਹਿ ਕੇ ਹੀ ਯਾਦ ਕਰਦੀਆਂ ਸਨ, ਜਿਹੜੀ ਆਪਣੀ ਧੀ ਦੀ ਰੱਖਿਆ ਨਹੀਂ ਸੀ ਕਰ ਸਕੀ ਤੇ ਮਾਂ ਹੋ ਕੇ ਉਸਨੂੰ ਮੰਦੇ ਵਿਹਾਰ ਤੋਂ ਤੰਗ ਆ ਕੇ ਘਰੋਂ ਭੱਜ ਜਾਣ 'ਤੇ ਮਜ਼ਬੂਰ ਕਰ ਦਿੱਤਾ ਸੀ। ਫੇਰ ਉਸਦੇ ਦੋਸ਼ ਉੱਤੇ ਪਰਦਾ ਪਾਉਣ ਦੇ ਬਜਾਏ ਕਤਲ ਹੋ ਜਾਣ ਦਿੱਤਾ ਸੀ। ਉਹ ਪਿੰਡ ਵਿਚ ਬੜੀ ਘੱਟ ਆਉਂਦੀ ਸੀ ਪਰ ਜਦੋਂ ਵੀ ਆਉਂਦੀ, ਜਿੱਧਰੋਂ ਲੰਘਦੀ ...ਸੁਹਾਗਨਾ, ਗਰਭਵਤੀ-ਜ਼ਨਾਨੀਆਂ ਤੇ ਮੁਇਆਰ-ਕੁੜੀਆਂ ਉਸਦੇ ਪ੍ਰਛਾਵੇਂ ਤੋਂ ਬਚਣ ਲਈ ਰਸਤਾ ਬਦਲ ਲੈਂਦੀਆਂ। ਉਹਨਾਂ ਦਾ ਖ਼ਿਆਲ ਸੀ ਉਸ ਜਿਸਨੂੰ ਵੀ ਛੂਹ ਲਵੇਗੀ ਜਾਂ ਜਿਸ ਨਾਲ ਗੱਲ ਕਰੇਗੀ ਉਸਦੀ ਕੁੱਖ ਕਦੀ ਹਰੀ ਨਹੀਂ ਹੋਵੇਗੀ ਤੇ ਗੋਦ ਖ਼ਾਲੀ ਹੋ ਜਾਵੇਗੀ। ਉਸ ਬਾਰੇ ਇਹ ਵੀ ਮਸ਼ਹੂਰ ਹੋ ਗਿਆ ਸੀ ਕਿ ਉਹ ਜਿਸ ਰੁੱਖ ਹੇਠ ਬੈਠ ਜਾਂਦੀ ਸੀ, ਉਹ ਸਮੇਂ ਤੋਂ ਪਹਿਲਾਂ ਹੀ ਸੁੱਕ-ਸੜ ਜਾਂਦਾ ਸੀ। ਪਿੰਡ ਵਿਚ  ਜਦੋਂ ਵੀ ਕੋਈ ਅਣਹੋਣੀ ਘਟਨਾਂ ਵਾਪਰਦੀ, ਬੁੱਢੀ ਸਕੀਨਾ ਤੇ ਉਸਦੇ ਖਾਨਦਾਨ ਨੂੰ ਜ਼ਰੂਰ ਉਸ ਨਾਲ ਜੋੜ ਦਿੱਤਾ ਜਾਂਦਾ। ਵੱਡੀਆਂ-ਬੁੱਢੀਆਂ ਨੇ ਤਾਂ ਗਾਮੂ ਦੇ ਘਰ ਔਲਾਦ ਨਾ ਹੋਣ ਨੂੰ ਵੀ ਗਜ਼ੂਰਾਂ ਦੀ ਰੂਹ ਦਾ ਇੰਤਕਾਮ (ਬਦਲਾ) ਹੀ ਸਮਝਿਆ ਸੀ। ਤੇ ਜਦੋਂ ਵਰਿਆਮੂ ਦਾ ਨੌਜਵਾਨ ਮੁੰਡਾ ਸੱਪ ਦੇ ਡੰਗਣ ਨਾਲ ਮਰ ਗਿਆ ਸੀ ਤਾਂ ਉਸਨੂੰ ਵੀ ਉਸੇ ਇੰਤਕਾਮ ਦੀ ਕੜੀ ਸਮਝਿਆ ਗਿਆ ਸੀ ਜਿਹੜਾ ਗਜ਼ੂਰਾਂ ਆਪਣੇ ਘਰਵਾਲਿਆਂ ਤੋਂ ਲੈ ਰਹੀ ਸੀ।
ਸਕੀਨਾ ਨੇ ਵੀ ਕਦੀ ਆਪਣੀ ਸਫਾਈ ਵਿਚ ਕੁਝ ਕਹਿਣਾ ਜ਼ਰੂਰੀ ਨਹੀਂ ਸੀ ਸਮਝਿਆ। ਸ਼ੁਰੂ ਵਿਚ ਲੋਕ ਜਦੋਂ ਪੁੱਛਦੇ ਤਾਂ ਉਹ ਬੜਾ ਸਾਦਾ ਜਿਹਾ ਜੁਆਬ ਦੇ ਕੇ ਅੱਗੇ ਤੁਰ ਜਾਂਦੀ—
''ਚਲੀ ਗਈ...ਜਿੱਥੋਂ ਆਈ ਸੀ, ਕਰਮਾਂ ਹਾਰੀ।''
ਕਈ ਲੋਕਾਂ ਇਸ ਦਾ ਇਹ ਮਤਲਬ ਕੱਢਿਆ ਸੀ ਕਿ ਉਹ ਘਰਵਾਲਿਆਂ ਦੇ ਮਾੜੇ ਵਤੀਰੇ ਕਾਰਣ ਦੂਬਾਰਾ ਭੱਜ ਕੇ ਮੋਚੀਆਂ ਕੋਲ ਚਲੀ ਗਈ ਸੀ ਜਿਹੜੇ ਉਸਦੇ ਭਰਾਵਾਂ ਦੇ ਡਰ ਕਾਰਣ ਕਿੱਧਰੇ ਹੋਰ ਜਾ ਟਿਕੇ ਸਨ। ਪਰ ਕਈ ਲੋਕਾਂ ਦਾ ਕਹਿਣਾ ਸੀ ਕਿ ਬੁੱਢੀ ਨੇ ਸੱਚੀ-ਸੁੱਚੀ ਗੱਲ ਕੀਤੀ ਸੀ ਕਿ ਆਦਮੀ ਮਰ ਕੇ ਵੀ ਤਾਂ ਉੱਥੇ ਹੀ ਜਾਂਦਾ ਹੈ, ਜਿੱਥੋਂ ਆਇਆ ਹੁੰਦਾ ਹੈ।
      ੦੦੦

ਪਿੰਡ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਇਹ ਖਾਨਦਾਨ ਪੁਰਾਣੇ ਜ਼ਮਾਨੇ ਦੇ ਕਿਸੇ ਅਜਿਹੇ ਵਿਦੇਸ਼ੀ ਹਮਲਾਵਰ ਕਬੀਲੇ ਨਾਲ ਸਬੰਧ ਰੱਖਦਾ ਹੈ ਜਿਹੜਾ ਜਿਸਮਾਨੀ ਖੂਬਸੂਰਤੀ ਵਿਚ ਬੇਮਿਸਾਲ ਸੀ। ਖਾਸ ਕਰਕੇ ਉਹਨਾਂ ਦੀਆਂ ਜ਼ਨਾਨੀਆਂ ਖੂਬਸੂਰਤੀ ਦੇ ਨੂਰ ਦੀਆਂ ਬੇਮਿਸਾਲ ਮੂਰਤਾਂ ਹੁੰਦੀਆਂ ਸਨ। ਸੋ ਸਗਰੀਆ ਨੇ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖਿਆ ਤਾਂ ਆਸੇ-ਪਾਸੇ ਦੇ ਸਾਰੇ ਇਲਾਕੇ ਵਿਚ ਇਕ ਵਾਰੀ ਫੇਰ ਉਹਨਾਂ ਦੇ ਖਾਨਦਾਨ ਦੇ ਹੁਸਨ ਦੀਆਂ ਧੁੰਮਾਂ ਮੱਚ ਗਈਆਂ—
ਭਾਵੇਂ ਸਗਰੀਆ ਬੜੀ ਘੱਟ ਹਵੇਲੀ ਵਿਚੋਂ ਬਾਹਰ ਨਿਕਲਦੀ ਸੀ ਪਰ ਹੁਣ ਉਸ ਹਵੇਲੀ ਦੁਆਲੇ ਦਾ ਘੇਰਾ ਪਹਿਲਾਂ ਜਿੰਨਾਂ ਮਜ਼ਬੂਤ ਨਹੀਂ ਰਿਹਾ—ਵਰਿਆਮੂ ਤੇ ਗਾਮੂ ਦਾ ਇਕ ਦੂਜੇ ਨਾਲ ਝਗੜਾ ਹੋ ਗਿਆ ਹੈ ਤੇ ਉਹ ਇਕ ਘਰ ਵਿਚ ਰਹਿੰਦੇ ਹੋਏ ਵੀ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਨੇ ਤੇ ਇਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ। ਗਾਮੂ ਨੂੰ ਨਰੀਨਾ ਦੇ ਔਲਾਦ ਨਾ ਹੋਣ ਦੇ ਗ਼ਮ ਨੇ ਸਮੇਂ ਤੋ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ। ਸਕੀਨਾ ਬੁੱਢੀ ਤੇ ਕਮਜ਼ੋਰ ਹੋ ਗਈ ਹੈ ਭਾਵੇਂ ਉਹ ਵਰਿਆਮੂ ਨਾਲ ਰਹਿੰਦੀ ਹੈ ਪਰ ਉਹ ਮਾਂ ਨਾਲੋਂ ਵੱਧ ਸਗਰੀਆ ਦਾ ਖ਼ਿਆਲ ਰੱਖਦੀ ਹੈ। ਉਹਨਾਂ ਦੇ ਬੂਬੀ ਕੁੱਤੇ ਮਰ-ਖਪ ਗਏ ਨੇ—ਇਕ ਬੀਮਾਰ ਹੋ ਗਿਆ ਸੀ, ਦੂਜੇ ਨੂੰ ਕਿਸੇ ਨੇ ਗੋਲੀਆਂ ਪਾ ਦਿੱਤੀਆਂ ਸਨ। ਕੁੱਤੇ ਹੁਣ ਵੀ ਹਵੇਲੀ ਦੀ ਰਖਵਾਲੀ ਕਰਦੇ ਨੇ ਪਰ ਉਹ ਭੌਂਕ ਕੇ ਚੁੱਪ ਕਰ ਜਾਂਦੇ ਨੇ ਜਾਂ ਥੋੜ੍ਹੀ ਦੂਰ ਤੀਕ ਪਿੱਛਾ ਕਰਕੇ ਹਫ਼ ਜਾਣ ਵਾਲੇ ਆਮ ਜਿਹੇ ਕੁੱਤੇ ਨੇ। ਉਹਨਾਂ ਲੋਕਾਂ ਦੇ ਪਿੰਡ ਵਾਲਿਆਂ ਨਾਲ ਸਬੰਧ ਵੀ ਸੁਧਰ ਰਹੇ ਨੇ ਤੇ ਸ਼ਾਦੀ-ਗਮੀਂ ਦੇ ਮੌਕਿਆਂ ਉੱਤੇ ਪਿੰਡ ਵਿਚ ਆਉਣ-ਜਾਣ ਵੀ ਲੱਗ ਪਏ ਨੇ ਉਹ। ਸਗਰੀਆ ਇਕੱਲੀ ਕਿਤੇ ਨਹੀਂ ਜਾਂਦੀ ਪਰ ਮਾਂ ਜਾਂ ਦਾਦੀ ਦੇ ਨਾਲ ਕਦੀ ਕਦੀ ਪਿੰਡ ਚਲੀ ਜਾਂਦੀ ਹੈ।
ਪਿੱਛਲੇ ਕੁਝ ਅਰਸੇ ਤੋਂ ਹਵੇਲੀ ਦੇ ਆਲੇ-ਦੁਆਲੇ ਚੱਕਰ ਲਾਉਣ ਵਾਲੇ ਜਵਾਨ ਮੁੰਡਿਆਂ ਦੀ ਗਿਣਤੀ ਵਿਚ ਖਾਸਾ ਵਾਧਾ ਹੋ ਗਿਆ ਹੈ। ਰਾਤ ਨੂੰ ਚਾਰੇ ਪਾਸਿਓਂ ਬੰਸਰੀਆਂ, ਅਲਗੋਜਿਆਂ ਤੇ ਗੀਤਾਂ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ ਨੇ। ਸਗਰੀਆ ਦਿਨੇ ਵਾਰੀ ਵਾਰੀ ਛੱਤ ਉੱਤੇ ਆਉਣ-ਜਾਣ ਤੇ ਰਾਤ ਨੂੰ ਦੇਰ ਤੀਕ ਜਾਗਣ ਲੱਗੀ ਹੈ। ਇਹ ਸਰਦੀਆਂ ਦੀ ਇਕ ਲੰਮੀ, ਹਨੇਰੀ ਰਾਤ ਦਾ ਕਿੱਸਾ ਹੈ ਜਦੋਂ ਅੱਧੀ ਰਾਤ ਦੇ ਲੱਗਭਗ ਰਾਬੀਆ ਨੇ ਆਪਣੇ ਸੁੱਤੇ ਹੋਏ ਪਤੀ ਨੂੰ ਜਗਾ ਕੇ ਦੱਸਿਆ ਕਿ 'ਸਗਰੀਆ ਹਵੇਲੀ ਵਿਚ ਨਹੀਂ...।'
''ਕਿੱਥੇ ਗਈ...'' ਗਾਮੂ ਹੜਬੜਾ ਕੇ ਉੱਠ ਬੈਠਾ ਹੋਇਆ।
''ਮੇਰੀ ਅੱਖ ਖੁੱਲ੍ਹੀ ਤਾਂ ਉਹ ਆਪਣੇ ਬਿਸਤਰੇ 'ਤੇ ਨਹੀਂ ਸੀ। ਮੈਂ ਪਹਿਲਾਂ ਤਾਂ ਇਹੀ ਸੋਚਿਆ ਬਈ ਏਥੇ ਈ ਹੋਵੇਗੀ, ਹੁਣੇ ਆ ਜਾਵੇਗੀ ਪਰ ਉਸਦਾ ਕੋਈ ਪਤਾ ਨਹੀਂ...''
''ਤੈਨੂੰ ਉਸਦਾ ਧਿਆਨ ਰੱਖਣਾ ਚਾਹੀਦਾ ਸੀ...ਮੈਂ ਉਸ ਕੁਤੀੜ ਨੂੰ ਜਿਊਂਦੀ ਨਹੀਂ ਛੱਡਾਂਗਾ।'' ਰੌਲਾ ਸੁਣ ਕੇ ਸਕੀਨਾ ਵੀ ਜਾਗ ਪਈ ਤੇ ਲੜਖੜਾਂਦੀ ਹੋਈ ਅੰਦਰ ਆਈ।
ਰਾਬੀਆ ਨੇ ਲਾਲਟੈਂਨ ਜਗਾਈ। ਗਾਮੂ ਨੇ ਟਕੁਆ ਚੁੱਕ ਲਿਆ। ਲਾਲਟੈਂਨ ਲੈ ਕੇ ਉਹ ਤਿੰਨੇ ਕੁਝ ਚਿਰ ਉਸਨੂੰ ਹਵੇਲੀ ਦੇ ਅੰਦਰ-ਬਾਹਰ ਲੱਭਦੇ ਰਹੇ। ਉਹਨਾਂ ਵਰਿਆਮੂ ਵਾਲੇ ਪਾਸੇ ਵੀ ਦੇਖਿਆ ਪਰ ਉਸਦਾ ਕੁਝ ਪਤਾ ਨਹੀਂ ਸੀ। ਫੇਰ ਸਕੀਨਾ ਨੇ ਸਲਾਹ ਦਿੱਤੀ, ''ਤੂੰ ਤ'ਖ਼ਾਨਾਂ ਕੇ ਜਾ ਕੇ ਦੇਖ ਆ, ਉਹਨਾਂ ਕਾ ਮੁੰਡਾ ਫ਼ਜ਼ਲੂ ਅਕਸਰ ਹਵੇਲੀ ਦੇ ਆਸ-ਪਾਸ ਭੌਂਦਾ ਰਹਿੰਦਾ ਈ...ਜਲਦੀ ਕਰ।''
ਗਾਮੂ ਟਕੁਆ ਚੁੱਕੀ, ਹਨੇਰੇ ਵਿਚ ਲੰਮੀਆਂਲੰਮੀਆਂ ਪਲਾਂਘਾਂ ਪੁੱਟਦਾ ਪਿੰਡ ਵੱਲ ਚਲਾ ਗਿਆ ਤਾਂ ਰਬੀਆ ਰੋਂਦੀ ਹੋਈ ਆਪਣੀ ਸੱਸ ਨਾਲ ਲਿਪਟ ਗਈ।
''ਹੁਣ ਕੀ ਹੋਵੇਗਾ ਮਾਸੀ?''
''ਓਹੀ ਜੋ ਇਸ ਘਰ ਵਿਚ ਹੁੰਦਾ ਆਇਐ।''
'ਨਹੀਂ ਮਾਸੀ—ਖ਼ੁਦਾ ਦੇ ਲਈ ਇੰਜ ਨਾ ਕਹਿ—ਮੇਰੀ ਇਕੋਇਕ ਧੀ ਏ।''
'ਮੇਰੇ ਕਹਿਣ ਨਾ ਕਹਿਣ ਨਾਲ ਕੀ ਫ਼ਰਕ ਪੈਂਦਾ ਈ, ਮੇਰੀ ਇਸ ਘਰ 'ਚ ਕੌਣ ਸੁਣਦੈ —''
'ਤੂੰ ਉਸਦੇ ਪਿੱਛੇ ਜਾਹ ਮਾਸੀ—ਉਹ ਉਸਨੂੰ ਮਾਰ ਮੁਕਾਏਗਾ...''
''ਨਹੀਂ ਇਹ ਗ਼ੈਰਤ ਦਾ ਮਾਮਲਾ ਏ, ਉਹ ਮੇਰੀ ਇਕ ਨਹੀਂ ਸੁਣੇਗਾ।''
ਅਜੇ ਪਹੁ-ਫੁਟਾਲਾ ਨਹੀਂ ਸੀ ਹੋਇਆ ਜਦੋਂ ਹਵੇਲੀ ਦੇ ਬਾਹਰ ਖੜਾਕ ਸੁਣਾਈ ਦਿੱਤਾ। ਦੂਜੇ ਹੀ ਪਲ ਉਹਨਾਂ ਦੇਖਿਆ ਉਹ ਉਸਨੂੰ ਨਾਲ ਲਈ ਆਣ ਪਹੁੰਚਿਆ ਸੀ। ਉਸਦੀ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ ਤੇ ਵਾਲ ਖਿੱਲਰੇ ਹੋਏ ਸਨ, ਜਾਪਦਾ ਸੀ ਉਸਨੂੰ ਵਾਲੋਂ ਫੜ੍ਹ ਕੇ ਘਸੀਟਿਆ ਗਿਆ ਹੈ। ਉਹ ਡਰੀ ਤੇ ਸਹਿਮੀਂ ਹੋਈ ਸੀ।
ਹਵੇਲੀ ਦਾ ਬਾਹਰਲਾ ਦਰਵਾਜ਼ਾ ਬੰਦ ਕਰਦੇ ਗਾਮੂ ਉਸ ਕੋਲ ਆਇਆ ਤੇ ਉਸਨੂੰ ਲੱਤਾਂ-ਮੁੱਕੀਆਂ ਨਾਲ ਕੁੱਟਣ ਡਹਿ ਪਿਆ। ਉਹ ਭੋਇੰ ਡਿੱਗ ਪਈ ਤੇ ਉਹ ਦਹਾੜਿਆ—
''ਟੋਕਾ ਕਿੱਥੇ ਈ, ਮੈਂ ਇਸਦੇ ਟੋਟੇ ਕਰ ਦਿਆਂਗਾ...?''
'ਟੋਕਾ ਤੇਰੇ ਕੋਲ ਪਿਆ ਈ ਗਾਮੂ...'' ਸਕੀਨਾ ਨੇ ਜਜ਼ਬਾਤੋਂ ਸੱਖਣੀ ਆਵਾਜ਼ ਵਿਚ ਕਿਹਾ।
ਰਾਬੀਆ ਨੇ ਗੁੱਸੇ ਤੇ ਨਫ਼ਰਤ ਨਾਲ ਤੇ ਸਗਰੀਆ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਗਾਮੂ ਟੋਕਾ ਚੁੱਕਣ ਲਈ ਮੁੜਿਆ ਤਾਂ ਰਾਬੀਆ ਨੇ ਉਸਨੂੰ ਰੋਕ ਦਿੱਤਾ ਤੇ ਬੋਲੀ—
''ਹੋਸ਼ ਕਰ...ਗੁੱਸੇ ਵਿਚ ਤੂੰ ਪਾਗਲ ਹੋ ਜਾਣੈ...।''
ਫੇਰ ਉਸਨੇ ਟੋਕਾ ਖੋਹ ਕੇ ਦੂਰ ਹਨੇਰੇ ਵਿਚ ਵਗਾਹ ਮਾਰਿਆ ਤੇ ਭੋਇੰ ਡਿੱਗੀ ਸਗਰੀਆ ਨੂੰ ਸਹਾਰਾ ਦੇ ਕੇ ਅੰਦਰ ਲੈ ਗਈ।
'ਮੈਂ ਦੇਖ ਰਹੀ ਆਂ ਗਾਮੂ,'' ਸਕੀਨਾ ਬੋਲੀ, ''ਜਾਂ ਤਾਂ ਤੂੰ ਬੁੱਢਾ ਤੇ ਬੁਜ਼ਦਿਲ ਹੋ ਗਿਐਂ...ਜਾਂ ਫੇਰ ਬੇਗ਼ੈਰਤ।''
''ਮਾਂ...'' ਗਾਮੂ ਨੇ ਮੁਰਝਾਈ ਹੋਈ ਆਵਾਜ਼ ਵਿਚ ਕਿਹਾ ਤੇ ਨੀਵੀਂ ਪਾ ਕੇ ਅੰਦਰ ਚਲਾ ਗਿਆ।
ਜਦੋਂ ਉਹ ਆਪੋ-ਆਪਣੇ ਬਿਸਤਰਿਆਂ ਵਿਚ ਜਾ ਲੇਟੇ ਤਾਂ ਉਹਨਾਂ ਨੂੰ ਚਬੂਤਰੇ ਵਾਲੇ ਪਾਸਿਓਂ ਉੱਚੀ ਆਵਾਜ਼ ਵਿਚ ਵੈਣ ਪਾਉਣ ਦੀ ਆਵਾਜ਼ ਸੁਣਾਈ ਦਿੱਤੀ—
'ਨੀਂ ਕਰਮਾਂ ਹਾਰੀਏ ਗਜ਼ੂਰੋ—ਉਸ ਰਾਤ ਤੇਰਾ ਬਾਪੂ ਜਿਉਂਦਾ ਹੁੰਦਾ ਤਾਂ ਤੇਰੀ ਨਿਤਾਣੀ ਦੀ ਫਰਿਆਦ ਵੀ ਸੁਣ ਲੈਂਦਾ...।''
ਫੇਰ ਉਸਦੇ ਦੁਹੱਥੜੀਂ ਛਾਤੀ ਪਿੱਟਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਜਿਵੇਂ ਗਜ਼ੂਰਾਂ ਹੁਣੇ-ਹੁਣੇ ਕਤਲ ਹੋਈ ਹੋਵੇ।
      ੦੦੦  

Sunday, August 1, 2010

ਦਹਿਸ਼ਤ ਪਰੁੱਚਾ ਇਕ ਦਿਨ...:: ਐੱਮ. ਮੁਬੀਨ




ਉਰਦੂ ਕਹਾਣੀ :
ਦਹਿਸ਼ਤ ਪਰੁੱਚਾ ਇਕ ਦਿਨ...
ਲੇਖਕ : ਐੱਮ. ਮੁਬੀਨ
ਅਨੁਵਾਦ : ਮਹਿੰਦਰ ਬੇਦੀ ਜੈਤੋ



ਜਦੋਂ ਉਹ ਘਰੋਂ ਨਿਕਲਿਆ ਸੀ, ਸਭ ਕੁਝ ਆਮ ਵਾਂਗ ਨਜ਼ਰ ਆ ਰਿਹਾ ਸੀ।
ਬਿਲਡਿੰਗ ਦਾ ਵਾਚਮੈਨ ਉਸਨੂੰ ਦੇਖਦੇ ਹੀ ਉੱਠ ਕੇ ਖੜ੍ਹਾ ਹੋ ਗਿਆ ਤੇ ਸਲਾਮ ਕੀਤਾ। ਉਸਨੇ ਸਿਰ ਦੇ ਇਸ਼ਾਰੇ ਨਾਲ ਉਸਦੇ ਸਲਾਮ ਦਾ ਜਵਾਬ ਦਿੱਤਾ। ਅੱਗੇ ਵਧਿਆ ਤਾਂ ਐਸ.ਟੀ.ਡੀ. ਬੂਥ ਵਿਚ ਬੈਠੇ ਸਾਜਿਦ ਨੇ ਉਸਨੂੰ ਸਲਾਮ ਕੀਤਾ। ਉਸ ਦਿਨ ਉਸਦੇ ਝੇਰਾੱਕਸ, ਪੀ.ਸੀ.ਓ. ਵਿਚ ਭੀੜ ਕੁਝ ਵਧ ਹੀ ਸੀ ਤੇ ਫ਼ੋਨ ਕਰਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ।
ਕਲਾਸਿਕ ਆਇਲ ਡੀਪੂ ਵਿਚ ਬੈਠੇ ਗੁੱਡੂ ਨੇ ਵੀ ਉਸਨੂੰ ਸਲਾਮ ਕੀਤਾ, ਉਸਦੇ ਸਲਾਮ ਦਾ ਜਵਾਬ ਦੇਂਦਾ ਹੋਇਆ ਉਹ ਪੌੜੀਆਂ ਉਤਰ ਗਿਆ।
ਸਾਹਮਣੇ ਆਲੂ ਪਿਆਜ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਜਾਣੀਆਂ-ਪਛਾਣੀਆਂ ਸ਼ਕਲਾਂ ਤੇ ਚਿਹਰੇ ਦਿਖਾਈ ਦਿੱਤੇ! ਉਹੀ ਰਿਕਸ਼ਾ, ਹੱਥ-ਗੱਡੀਆਂ, ਮੋਟਰ ਸਾਈਕਲ ਤੇ ਸਕੂਟਰਾਂ ਦੀ ਭੀੜ...ਤੇ ਉਹਨਾਂ ਦੇ ਹਾਰਨਾਂ ਦਾ ਸ਼ੋਰ।
ਉਹਨਾਂ ਵਿਚਕਾਰੋਂ ਰੱਸਤਾ ਬਣਾ ਕੇ ਲੰਘਦਾ ਹੋਇਆ ਉਹ, ਔਖੇ-ਸੁਖਾਲੇ, ਅੱਗੇ ਵਧਦਾ ਗਿਆ—
ਬਿਸਮਿੱਲਾ ਚਿਕਨ ਸੈਂਟਰ ਸਾਹਵੇਂ ਚਿਕਨ ਖਰੀਦਨ ਵਾਲਿਆਂ ਦੀ ਕਤਾਰ ਲੱਗੀ ਹੋਈ ਸੀ। ਜਿਸ ਤਖ਼ਤੀ ਉੱਤੇ ਅੱਜ ਦਾ ਭਾਅ ਲਿਖਿਆ ਸੀ, ਉਹ ਹਵਾ ਵਿਚ ਲਟਕਦੀ ਹੋਈ ਗੋਲ-ਗੋਲ ਘੁੰਮ ਰਹੀ ਸੀ।
ਉਸਦੇ ਸਾਹਮਣੇ ਵਾਲੀ ਦੁਕਾਨ ਦਾ ਰੇਟ ਇਕ ਰੁਪਈਆ ਘੱਟ ਸੀ। ਸਤਿਗੁਰ ਹੋਟਲ ਦੇ ਸਾਹਮਣੇ ਮਿਠਿਆਈ ਬਣਾਉਣ ਵਾਲਾ ਪਿਆਜ ਦੇ ਪਕੌੜੇ ਕੱਢ ਰਿਹਾ ਸੀ—ਕੋਲ ਹੀ ਤਾਜ਼ੀਆਂ ਕੱਢੀਆਂ ਜਲੇਬੀਆਂ, ਬੜਿਆਂ ਤੇ ਆਲੂ ਦੇ ਪਕੌੜਿਆਂ ਨਾਲ ਭਰਿਆ ਇਕ ਵੱਡਾ ਸਾਰਾ ਥਾਲ ਪਿਆ ਸੀ।
ਗੁਲਜਾਰ ਕੋਲਡਰਿੰਕਸ ਵਿਚ ਇਕ ਦੋ ਗਾਹਕ ਬੈਠੇ ਠੰਡੇ ਦਾ ਆਨੰਦ ਮਾਣ ਰਹੇ ਸਨ।
ਬਰਫ਼ ਵਾਲੀ ਗੱਡੀ ਆ ਗਈ ਸੀ। ਬਰਫ਼ ਦੀਆਂ ਵੱਡੀਆਂ ਵੱਡੀਆਂ ਸਿਲਾਂ ਉਸ ਵਿਚੋਂ ਲਾਹੀਆਂ ਜਾ ਰਹੀਆਂ ਸਨ। ਬਰਫ਼ ਲੈਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਜਿਉਂ ਹੀ ਕੋਈ ਗਾਹਕ ਬਰਫ਼ ਦੀ ਕੀਮਤ ਦੇਂਦਾ ਦੋ ਆਦਮੀ ਲੋਹੇ ਦੇ ਵੱਡੇ ਸਾਰੇ ਕੈਂਚੇ ਨਾਲ ਚੁੱਕ ਕੇ ਸਿਲ ਰਿਕਸ਼ਾ ਵਿਚ ਰੱਖ ਆਉਂਦੇ। ਮਾਮੂ ਅਬੁਜੀ ਦੀ ਦੁਕਾਨ ਉੱਤੇ ਦੁੱਧ ਲੈਣ ਵਾਲਿਆਂ ਦੀ ਭੀੜ ਸੀ। ਉਸਦੇ ਸਿਰ ਉੱਤੇ ਦੁੱਧ ਦੇ ਰੇਟ ਵਾਲੀ ਤਖ਼ਤੀ ਹਵਾ ਵਿਚ ਝੂਲ ਰਹੀ ਸੀ।
ਤਿੰਨ ਰੁਪਈਏ ਪਾਈਆ—ਦਸ ਰੁਪਏ ਦਾ ਕਿੱਲੋ...' 'ਤਿੰਨ ਰੁਪਈਏ ਪਾਈਆ—ਦਸ ਰੁਪਏ ਦਾ ਕਿੱਲੋ...'
ਟਮਾਟਰ ਵੇਚਣ ਵਾਲੇ ਉੱਚੀ-ਉੱਚੀ ਹੋਕਰੇ ਮਾਰ ਰਹੇ ਸੀ।
“ਭਾਈ ਅੱਸਲਾਮ ਵਾਲੇ ਕੁਮ” ਹੋਕਰੇ ਮਾਰਦੇ ਹੋਏ ਅਨਵਰ ਤੇ ਸ਼ਕੀਲ ਨੇ ਨਿੱਤ ਵਾਂਗ ਉਸਨੂੰ ਸਲਾਮ ਕੀਤਾ।
ਸਲਾਮ ਦਾ ਜਵਾਬ ਦੇ ਕੇ ਖ਼ੁਦ ਨੂੰ ਭੀੜ ਦੇ ਧੱਕਿਆਂ ਤੇ ਹੇਠਾਂ ਫੈਲੇ ਚਿੱਕੜ ਤੋਂ ਬਚਾਉਂਦਾ ਹੋਇਆ ਉਹ ਅੱਗੇ ਵਧ ਗਿਆ। ਰਿਕਸ਼ਿਆਂ ਦੀ ਕਤਾਰ ਵਿਚ ਖੜ੍ਹੇ ਅਜੀਜ਼ ਨੇ ਮੁਸਕੁਰਾ ਕੇ ਉਸਨੂੰ ਸਲਾਮ ਕੀਤਾ।
ਪੁਲਸ ਸਟੇਸ਼ਨ ਦੇ ਬਾਹਰ ਕਈ ਸਿਪਾਹੀ ਖੜ੍ਹੇ ਸਨ ਤੇ ਇਕ ਸਿਪਾਹੀ ਉਹਨਾਂ ਨੂੰ ਉਹਨਾਂ ਦੀ ਡਿਊਟੀ ਦਾ ਏਰੀਆ ਦੱਸ ਰਿਹਾ ਸੀ।
“ਨਮਸਕਾਰ ਸਾਹਬ” ਇਕ ਸਿਪਾਹੀ ਨੇ ਉਸਨੂੰ ਨਮਸਤੇ ਕੀਤੀ।
“ਬਈ ਪੋਤਦਾਰ ਤੂੰ...ਆ ਚੱਲੀਏ...।” ਉਸਨੇ ਉਸਨੂੰ ਕਿਹਾ।
“ਨਹੀਂ ਜੀ, ਅੱਜ ਮੇਰੀ ਡਿਊਟੀ ਨਹੀਂ...ਅੱਜ ਸ਼ਾਇਦ ਕੋਈ ਹੋਰ ਸਿਪਾਹੀ ਜਾਏ...” ਸਿਪਾਹੀ ਨੇ ਉਤਰ ਦਿੱਤਾ।
ਮਿਰਚਾਂ ਵਾਲਿਆਂ ਦੀ ਦੁਕਾਨ ਅੱਗੋਂ ਲੰਘਦਿਆਂ ਹੋਇਆਂ ਉਸਨੂੰ ਘੰਗ ਛਿੜ ਪਈ।
ਉਹ ਖੰਘਦਾ ਹੋਇਆ ਕਾਹਲ ਨਾਲ ਅੱਗੇ ਵਧ ਗਿਆ। ਸੰਗਮ ਜਵੇਲਰਸ ਕੀ ਦੁਕਾਨ ਖੁੱਲ੍ਹ ਗਈ ਸੀ। ਰਾਜਦੀਪ ਹੋਟਲ ਦੇ ਕਾਊਂਟਰ ਦੇ ਬੈਠੇ ਸੰਦੀਪ ਨੇ ਨਮਸਤੇ ਕੀਤੀ ਤੇ ਬਾਹਰ ਪੂਰੀਆਂ ਛੋਲੇ ਬਣਾਉਣ ਵਾਲੇ ਆਦਮੀ ਨੂੰ ਗਾਲ੍ਹ ਕੱਢਦਿਆਂ ਹੋਇਆਂ ਉਸਨੂੰ ਜਲਦੀ-ਜਲਦੀ ਆਰਡਰ ਦਾ ਮਾਲ ਬਣਾਉਣ ਲਈ ਕਿਹਾ।
ਸਿਨੇਮੇ ਵਾਲੀ ਗਲੀ ਵਿਚੋਂ ਹੁੰਦਾ ਹੋਇਆ ਉਹ ਪੋਸਟ ਆਫ਼ਿਸ ਤਕ ਆਇਆ। ਪੋਸਟ ਆਫ਼ਿਸ ਦੇ ਬਾਹਰ ਮਨੀ ਆਰਡਰ, ਰਜਿਸਟਰੀਆਂ ਕਰਵਾਉਣ ਵਾਲਿਆਂ ਦੀ ਭੀੜ ਸੀ।
ਸਈਦੀ ਹੋਟਲ ਦੇ ਬਾਹਰ ਦੋ ਚਾਰ ਆਵਾਰਾ ਮੁੰਡੇ ਬੈਠੇ ਆਉਣ ਜਾਣ ਵਾਲਿਆਂ ਨੂੰ ਛੇੜ ਰਹੇ ਸਨ ਤੇ ਆਉਣ ਜਾਣ ਵਾਲੀਆਂ ਕੁੜੀਆਂ ਤੇ ਔਰਤਾਂ ਉੱਪਰ ਭੱਦੇ ਸ਼ਬਦ ਉਛਾਲ ਰਹੇ ਸਨ। ਏਨਾ ਸਭ ਪਾਰ ਕਰਕੇ ਉਹ ਸਮੇਂ 'ਤੇ ਆਫ਼ਿਸ ਪਹੁੰਚ ਗਿਆ। ਤੇ ਆਫ਼ਿਸ ਦੇ ਕੰਮ ਵਿਚ ਰੁੱਝ ਗਿਆ।
ਆਫ਼ਿਸ ਵਿਚ ਉਸ ਦਿਨ ਜ਼ਿਆਦਾ ਭੀੜ ਸੀ, ਕੰਮ ਦਾ ਬੋਝ ਵੀ ਵੱਧ ਸੀ।
ਇਕ ਇਕ ਨੂੰ ਨਿਪਟਾਉਂਦਿਆਂ ਹੋਇਆਂ ਕਦੋਂ ਦੋ-ਤਿੰਨ ਘੰਟੇ ਬੀਤ ਗਏ, ਪਤਾ ਹੀ ਨਹੀਂ ਸੀ ਲੱਗਿਆ।
ਅਚਾਨਕ ਉਸਦੇ ਇਕ ਸਾਥੀ ਮੋਹਨ ਨੂੰ ਉਸਦੇ ਭਰਾ ਦਾ ਫ਼ੋਨ ਆਇਆ। ਫ਼ੋਨ 'ਤੇ ਗੱਲਬਾਤ ਕਰਨ ਪਿੱਛੋਂ ਜਦੋਂ ਉਸਨੇ ਰਸੀਵਰ ਰੱਖਿਆ, ਉਸਦਾ ਮੂੰਹ ਉੱਡਿਆ ਹੋਇਆ ਸੀ।
“ਕੀ ਗੱਲ ਏ?” ਉਸਨੇ ਮੋਹਨ ਨੂੰ ਪੁੱਛਿਆ।
“ਭਰਾ ਦਾ ਫ਼ੋਨ ਸੀ...ਨਾਕੇ 'ਤੇ ਕਿਸੇ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ ਏ—ਉਹ ਥਾਵੇਂ ਈ ਮਰ ਗਿਆ—ਸ਼ਹਿਰ 'ਚ ਭਗਦੜ ਮੱਚੀ ਹੋਈ ਏ...ਦੁਕਾਨਾਂ ਬੰਦ ਹੋ ਰਹੀਆਂ ਨੇ...ਗੜਬੜ ਹੋਣ ਦੀ ਸ਼ੰਕਾ ਏ। ਮੇਰੇ ਭਾਈ ਨੇ ਕਿਹਾ ਏ ਕਿ ਮੈਂ ਆਫ਼ਿਸ 'ਚੋਂ ਆ ਜਾਵਾਂ।”
ਇਹ ਗੱਲ ਸੁਣ ਕੇ ਉਸਦਾ ਮੱਥਾ ਫਿਕਰ ਦੀਆਂ ਲਕੀਰਾਂ ਨਾਲ ਵਟਿਆ ਗਿਆ—ਉਸਨੇ ਬਾਸ ਵੱਲ ਸਵਾਲੀਆ ਨਿਗਾਹਾਂ ਨਾਲ ਦੇਖਿਆ।
“ਮੈਂ ਫ਼ੋਨ ਕਰਕੇ ਸਾਰੇ ਜਾਣਕਾਰੀ ਲੈਂਦਾ ਵਾਂ...” ਕਹਿੰਦਿਆਂ ਹੋਇਆਂ ਬਾਸ ਨੇ ਰਸੀਵਰ ਚੁੱਕਿਆ ਤੇ ਦੋ ਤਿੰਨ ਨੰਬਰ ਡਾਇਲ ਕਰਨ ਪਿੱਛੋਂ ਹਿਰਖ ਕੇ ਰਸੀਵਰ ਰੱਖ ਦਿੱਤਾ।
“ਫ਼ੋਨ ਡੈਡ ਹੋ ਗਿਆ ਲੱਗਦਾ ਏ...”
ਥੋੜ੍ਹੀ ਦੇਰ ਪਿੱਛੋਂ ਚਪੜਾਸੀ ਅੰਦਰ ਆਇਆ...ਉਹ ਕਿਸੇ ਕੰਮ ਕਾਰਨ ਬਾਹਰ ਗਿਆ ਸੀ।
“ਕੀ ਹੋਇਆ ਯਾਦਵ?” ਉਸਨੇ ਪੁੱਛਿਆ।
“ਕੁਛ ਸਮਝ ਨਹੀਂ ਆ ਰਿਹਾ ਸਾ'ਬ—ਪੂਰੇ ਸ਼ਹਿਰ 'ਚ ਭਗਦੜ ਮੱਚੀ ਹੋਈ ਐ। ਕਹਿੰਦੇ ਐ, ਕਿਸੇ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ ਐ। ਦੁਕਾਨਾਂ ਬੰਦ ਹੋਈ ਜਾਂਦੀਐਂ...ਲੋਕ ਘਬਰਾ ਕੇ ਘਰੋ-ਘਰੀ ਭੱਜੇ ਜਾ ਰਹੇ ਐ...ਦੱਸਦੇ ਐ, ਆਟੋ-ਰਿਕਸ਼ਾ ਤੇ ਮੋਟਰਾਂ-ਕਾਰਾਂ 'ਤੇ ਪਥਰਾਅ ਕੀਤਾ ਜਾ ਰਿਹੈ। ਮੈਂ ਆਪ ਤਿੰਨ ਚਾਰ ਟੁੱਟੇ ਸ਼ੀਸ਼ਿਆਂ ਵਾਲੇ ਅਟੋ-ਰਿਕਸ਼ੇ ਭੱਜੇ ਜਾਂਦੇ ਦੇਖੇ ਐ-ਜੀ...ਸਭ ਤੋਂ ਵੱਧ ਰੌਲਾ-ਰੱਟਾ ਨਜ਼ਰਾਨਾ ਵੱਲ ਸੁਣੀਦੈ-ਜੀ...”
“ਨਜ਼ਰਾਨਾ!” ਇਹ ਸੁਣਦਿਆਂ ਹੀ ਬਾਸ ਦੇ ਚਿਹਰੇ ਦਾ ਰੰਗ ਉੱਡ ਗਿਆ। “ਮੇਰੇ ਬੇਟੀ ਇਸ ਸਮੇਂ ਉੱਥੇ ਟਿਉਸ਼ਨ 'ਤੇ ਗਈ ਹੋਏਗੀ।”
ਤੇ ਉਹ ਘਬਰਾ ਕੇ ਰਸੀਵਰ ਚੁੱਕ ਕੇ ਫੇਰ ਨੰਬਰ ਡਾਇਲ ਕਰਨ ਲੱਗ ਪਏ।
ਸਬੱਬ ਨਾਲ ਫ਼ੋਨ ਮਿਲ ਗਿਆ।
“ਮੀਨਾ ਕਿੱਥੇ ਈ? ਟਿਊਸ਼ਨ 'ਤੇ ਗਈ ਏ? ਟਿਊਸ਼ਨ ਦਾ ਸਮਾਂ ਤਾਂ ਖ਼ਤਮ ਹੋ ਗਿਆ ਜੇ...ਉਹ ਹਾਲੇ ਤਕ ਵਾਪਸ ਕਿਉਂ ਨਹੀਂ ਆਈ? ਸੁਣਿਆਂ ਏਂ ਉਸ ਇਲਾਕੇ 'ਚ ਬੜੀ ਗੜਬੜ ਚੱਲ ਰਹੀ ਏ। ਤੁਰੰਤ ਕਿਸੇ ਨੂੰ ਭੇਜ ਕੇ ਉਸਨੂੰ ਟਿਊਸ਼ਨ ਕਲਾਸ ਵਿਚੋਂ ਬੁਲਾਅ ਲਿਆਓ...” ਕਹਿ ਕੇ ਉਸਨੇ ਰਸੀਵਰ ਰੱਖ ਦਿੱਤਾ।
ਪਰ ਉਸਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਗੂੜ੍ਹੀਆਂ ਹੋ ਚੁੱਕੀਆਂ ਸਨ। ਉਸ ਪਿੱਛੋਂ ਉਸਨੇ ਘਰ ਫ਼ੋਨ ਕਰਕੇ ਹਾਲਾਤ ਦਾ ਪਤਾ ਕਰਨਾ ਚਾਹਿਆ...ਪਰ ਫ਼ੋਨ ਫੇਰ ਡੈਡ ਹੋ ਗਿਆ ਸੀ।
ਆਫ਼ਿਸ ਦੇ ਬਾਹਰ ਦੇਖਿਆ ਤਾਂ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਸੜਕਾਂ ਸੁੰਨਸਾਨ ਹੋ ਗਈਆਂ ਸਨ। ਸੜਕਾਂ ਉੱਤੇ ਕੋਈ ਵਾਹਨ, ਸਵਾਰੀ ਨਜ਼ਰ ਨਹੀਂ ਆ ਰਹੀ ਸੀ। ਲੋਕ ਦੋ-ਦੋ, ਚਾਰ-ਚਾਰ ਦੀਆਂ ਦੀਆਂ ਟੋਲੀਆਂ ਬਣਾ ਕੇ ਆਪਸ ਵਿਚ ਗੱਲਾਂ ਕਰ ਰਹੇ ਸਨ।
“ਕੀ ਕੀਤਾ ਜਾਏ?” ਉਸਨੇ ਬਾਸ ਨੂੰ ਪੁੱਛਿਆ।
“ਆਫ਼ਿਸ ਬੰਦ ਕਰ ਦਿੱਤਾ ਜਾਏ?”
“ਬਿਲਕੁਲ ਬੰਦ ਕਰ ਦਿੱਤਾ ਜਾਏ। ਛੇਤੀ ਛੇਤੀ ਬਾਕੀ ਬਚੇ ਕੰਮ ਨਿਪਟਾਅ ਲਓ।” ਬਾਸ ਨੇ ਕਿਹਾ ਤੇ ਫੇਰ ਘਰ ਫ਼ੋਨ ਮਿਲਾਉਣ ਦਾ ਯਤਨ ਕਰਨ ਲੱਗੇ।
“ਯਾਦਵ, ਸਾਹਮਣੇ ਨਸੀਮ ਤੋਂ ਮੁਬਾਇਲ ਲੈ ਆ...ਸ਼ਾਇਦ ਉਹ ਮਿਲ ਜਾਏ।” ਬਾਸ ਨੇ ਚਪਰਾਸੀ ਨੂੰ ਕਿਹਾ।
ਯਾਦਵ ਦੇ ਨਾਲ ਹੀ ਨਸੀਮ ਖ਼ੁਦ ਮੁਬਾਇਲ ਲੈ ਕੇ ਆ ਗਿਆ।
“ਸਾਹਬ ਸਾਰੇ ਟੈਲੀਫ਼ੋਨ ਡੈਡ ਹੋ ਗਏ ਨੇ...ਮੈਂ ਵੀ ਕਈ ਜਗ੍ਹਾ ਮਿਲਾਉਣ ਦਾ ਯਤਨ ਕੀਤੈ, ਪਰ ਮਿਲ ਨਹੀਂ ਰਹੇ। ਤੁਹਾਡਾ ਕਿਹੜਾ ਨੰਬਰ ਮਿਲਾਵਾਂ?”
ਬਾਸ ਨੇ ਨੰਬਰ ਦੱਸਿਆ। ਨਸੀਮ ਨੇ ਨੰਬਰ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਨਹੀਂ ਲੱਗਿਆ।
“ਲੱਗਦਾ ਏ, ਸਾਰੇ ਸ਼ਹਿਰ ਦੇ ਫ਼ੋਨ ਬੰਦ ਕਰ ਦਿੱਤੇ ਗਏ ਨੇ।”
ਸਾਰੇ ਆਪੋ-ਆਪਣਾ ਕੰਮ ਸਮੇਟਨ ਵਿਚ ਰੁੱਝ ਗਏ। ਉਸਨੇ ਦੋ-ਤਿੰਨ ਵੇਰ ਫੇਰ ਘਰ ਫ਼ੋਨ ਲਾਉਣ ਦੀ ਕੋਸ਼ਿਸ਼ ਕੀਤੀ। ਸਬੱਬ ਨਾਲ ਇਕ ਵਾਰੀ ਫ਼ੋਨ ਮਿਲ ਗਿਆ।
“ਕੀ ਸਥਿਤੀ ਏ?” ਉਸਨੇ ਪੁੱਛਿਆ।
“ਏਥੇ ਬੜੀ ਗੜਬੜ ਏ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਨੇ। ਸੜਕ ਦੇ ਦੋਵੇਂ ਪਾਸੇ ਹਜ਼ਾਰਾਂ ਲੋਕਾਂ ਦੀ ਭੀੜ ਏ ਜਿਹੜੀ ਇਕ ਦੂਜੇ ਦੇ ਵਿਰੁੱਧ ਨਾਅਰੇ ਲਾ ਰਹੀ ਐ। ਮਾਮਲਾ ਕਦੇ ਵੀ ਵਿਗੜ ਸਕਦੈ।”
“ਮੈਂ ਘਰ ਆਵਾਂ?” ਉਸਨੇ ਪੁੱਛਿਆ।
“ਘਰ ਆਉਣ ਦੀ ਮੂਰਖਤਾ ਨਾ ਕਰਨਾ, ਸਾਰੇ ਰਸਤੇ ਬੰਦ ਨੇ। ਸੜਕਾਂ ਉੱਤੇ ਲੋਕਾਂ ਦੀ ਭੀੜ ਜੁੜੀ ਹੋਈ ਏ ਤੇ ਜੋਸ਼ ਤੇ ਕਰੋਧ ਵਿਚ ਉਬਲਦੀ ਭੀੜ ਕਿਤੇ ਵੀ ਕੁਝ ਵੀ ਕਰ ਸਕਦੀ ਏ। ਤੁਸੀਂ ਜਿੱਥੇ ਹੋ ਉੱਥੇ ਹੀ ਰਹੋ। ਜਦੋਂ ਹਾਲਾਤ ਠੀਕ ਹੋ ਜਾਣਗੇ, ਘਰ ਆ ਜਾਣਾ...ਵਰਨਾ ਆਉਣ ਦੀ ਕੋਈ ਲੋੜ ਨਹੀਂ। ਆਫ਼ਿਸ ਦੇ ਆਸ ਪਾਸ ਤੁਹਾਡੇ ਕਈ ਦੋਸਤ ਨੇ। ਕਿਸੇ ਦੇ ਵੀ ਘਰ ਰੁਕ ਜਾਣਾ ਤੇ ਮੈਨੂੰ ਫ਼ੋਨ ਕਰ ਦੇਣਾ।” ਉਸਦੀ ਪਤਨੀ ਨੇ ਉਤਰ ਦਿੱਤਾ।
ਉਸਨੇ ਰਸੀਵਰ ਰੱਖ ਦਿੱਤਾ।
ਆਫ਼ਿਸ ਬੰਦ ਕਰਨ ਦੀ ਤਿਆਰੀ ਹੋ ਗਈ ਸੀ।
ਮੋਹਨ ਦਾ ਭਰਾ ਸਕੂਟਰ ਲੈ ਕੇ ਆ ਗਿਆ।
“ਅੱਛਾ, ਮੈਂ ਚੱਲਦਾਂ।” ਮੋਹਨ ਨੇ ਕਿਹਾ।
“ਸੁਣੀ...” ਉਸਨੇ ਮੋਹਨ ਨੂੰ ਕਿਹਾ, “ਪੁਰਾਣੇ ਪੁਲ ਵਾਲੇ ਰਸਤੇ ਨਾ ਜਾਇਓ...ਓਧਰ ਵੱਧ ਖ਼ਤਰਾ ਏ।”
“ਨਹੀਂ, ਅਸੀਂ ਨਵੇਂ ਪੁਲ ਵੱਲ ਦੀ ਜਾਵਾਂਗੇ।”
ਸਾਹਬ ਤੇ ਯਾਦਵ ਵੀ ਆਫ਼ਿਸ ਬੰਦ ਕਰਕੇ ਜਾਣ ਦੀ ਤਿਆਰੀ ਕਰ ਰਹੇ ਸਨ। ਉਹਨਾਂ ਦੇ ਘਰ ਆਫ਼ਿਸ ਦੇ ਨੇੜੇ ਹੀ ਸਨ।
“ਤੁਸੀਂ ਕੀ ਕਰੋਗੇ?” ਬਾਸ ਨੇ ਪੁੱਛਿਆ।
“ਪਤਨੀ ਨੂੰ ਫ਼ੋਨ ਕੀਤਾ ਸੀ, ਉਹ ਕਹਿੰਦੀ ਏ ਮੈਂ ਘਰ ਆਉਣ ਦੀ ਮੂਰਖਤਾ ਨਾ ਕਰਾਂ। ਸਾਰੇ ਰਸਤੇ ਭੀੜ ਨੇ ਘੇਰੇ ਹੋਏ ਨੇ...ਲੋਕਾਂ ਦੇ ਹੱਥਾਂ ਵਿਚ ਹਥਿਆਰ ਨੇ। ਪਥਰਾਅ ਹੋ ਰਿਹੈ। ਰਸਤੇ ਵਿਚ ਕੁਛ ਵੀ ਹੋ ਸਕਦੈ। ਮੈਂ ਜਿਸ ਰਸਤੇ ਤੋਂ ਹੋ ਕੇ ਘਰ ਜਾਂਦਾ ਆਂ, ਉਧਰ ਤਾਂ ਖਾਸਾ ਤਣਾਅ ਦੱਸੀਦਾ ਐ। ਨਾਲੇ ਉਸ ਰਸਤੇ ਦਾ ਹਰੇਕ ਆਦਮੀ ਮੈਨੂੰ ਪਛਾਣਦਾ ਏ। ਜ਼ਰਾ ਵੀ ਗੜਬੜ ਵਾਲੀ ਸਥਿਤੀ ਵਿਚ ਮੇਰੀ ਜਾਨ ਨੂੰ ਖਤਰਾ ਹੋ ਸਕਦੈ।”
“ਤੋ ਮੇਰੇ ਘਰ ਚੱਲੋ। ਹਾਲਾਤ ਠੀਕ ਹੋ ਜਾਣ ਤਾਂ ਆਪਣੇ ਘਰ ਚਲੇ ਜਾਣਾ।” ਬਾਸ ਨੇ ਕਿਹਾ।
“ਨਹੀਂ ਮੈਂ ਇੱਥੇ ਰੁਕਦਾਂ, ਜੇ ਜ਼ਰੂਰਤ ਹੋਈ ਤਾਂ ਤੁਹਾਡੇ ਘਰ ਆ ਜਾਵਾਂਗਾ।”
ਆਫ਼ਿਸ ਬੰਦ ਕਰ ਦਿੱਤਾ ਗਿਆ।
ਬਾਸ ਤੇ ਯਾਦਵ ਚਲੇ ਗਏ।
ਉਹ ਆਫ਼ਿਸ ਸਾਹਮਣੇ ਖਲੋ ਕੇ ਸੁਸਤਾਉਣ ਲੱਗ ਪਿਆ।
ਉਦੋਂ ਹੀ ਸਾਹਮਣੇ ਮੁਸਤਫਾ ਆਉਂਦਾ ਦਿਖਾਈ ਦਿੱਤਾ।
“ਮੁਸਤਫਾ, ਤੈਂ ਕਿੱਧਰ ਬਈ?” ਉਸਨੇ ਪੁੱਛਿਆ।
“ਤੁਹਾਡੇ ਵੱਲ ਈ ਆ ਰਿਹਾ ਸਾਂ ਜਾਵੇਦ ਭਾਈ। ਪੂਰੇ ਸ਼ਹਿਰ ਵਿਚ ਗੜਬੜ ਚੱਲ ਰਹੀ ਏ, ਤੁਹਾਡਾ ਘਰ ਜਾਣਾ ਠੀਕ ਨਹੀਂ। ਚੱਲੋ, ਮੇਰੇ ਘਰ ਚੱਲੋ। ਰਾਤੀਂ ਮੇਰੇ ਘਰ ਰੁਕ ਜਾਣਾ...ਮੈਂ ਭਾਬੀ ਨੂੰ ਫ਼ੋਨ ਕੀਤਾ ਸੀ। ਭਾਬੀ ਨੇ ਕਿਹੈ, ਮੈਂ ਤੁਹਾਨੂੰ ਘਰ ਨਾ ਆਉਣ ਦਿਆਂ, ਆਪਣੇ ਘਰ ਲੈ ਜਾਵਾਂ...ਓਧਰ ਖਾਸੀ ਗੜਬੜ ਐ।”
ਉਹ ਮੁਸਤਫਾ ਨਾਲ ਗੱਲਾਂ ਕਰਦਾ ਹੋਇਆ ਉਸਦੇ ਘਰ ਵੱਲ ਤੁਰ ਪਿਆ।
“ਇਹ ਗੜਬੜ ਸ਼ੁਰੂ ਕਿੰਜ ਹੋਈ?”
“ਪਤਾ ਨਹੀਂ, ਉਹ ਵਕੀਲ ਸ਼ਹਿਰ ਦੇ ਚੌਰਾਹੇ ਵਿਚੋਂ ਹੁੰਦਾ ਹੋਇਆ ਕੋਰਟ ਜਾ ਰਿਹਾ ਸੀ। ਅਚਾਨਕ ਦੋ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਰੋਕ ਕੇ ਉਸਦੇ ਸਿਰ ਵਿਚ ਗੋਲੀ ਮਾਰ ਦਿੱਤੀ। ਉਹ ਥਾਵੇਂ ਢੇਰ ਹੋ ਗਿਆ। ਹੋਏਗੀ ਕੋਈ ਪੁਰਾਣੀ ਦੁਸ਼ਮਣੀ ਜਾਂ ਗੈਂਗਵਾਰ ਦਾ ਚੱਕਰ...ਵੈਸੇ ਵੀ ਉਹ ਵਕੀਲ ਕਾਫੀ ਕਾਲੇ ਕਾਰਨਾਮਿਆਂ ਵਿਚ ਸ਼ਾਮਲ ਸੀ ਤੇ ਕਾਫੀ ਬਦਨਾਮ ਸੀ। ਪਰ ਇਕ ਰਾਜਨੀਤਕ ਪਾਰਟੀ ਦੇ ਪੱਖ ਵਿਚ ਕੇਸ ਲੜਦਾ ਸੀ। ਇਸ ਲਈ ਉਸ ਪੱਖ ਨੇ ਪਹਿਲਾਂ ਰਾਜਨੀਤਕ ਤੇ ਫੇਰ ਸੰਪਰਦਾਇਕ ਰੰਗ ਦੇ ਦਿੱਤਾ।
ਦੁਕਾਨਾਂ ਬੰਦ ਕਰਾਈਆਂ ਜਾਣ ਲੱਗੀਆਂ। ਦੁਕਾਨ ਬੰਦ ਨਾ ਕਰਨ ਵਾਲੇ ਦੁਕਾਨਦਾਰਾਂ ਨੂੰ ਮਾਟ-ਕੁੱਟ ਕੀਤੀ ਜਾਣ ਲੱਗੀ। ਕਈ ਆਟੋ-ਰਿਕਸ਼ਿਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ, ਇਕ ਰਿਕਸ਼ਾ ਉਲਟ ਕੇ ਉਸਨੂੰ ਅੱਗ ਲਾ ਦਿੱਤੀ ਗਈ। ਵਿਸ਼ੇਸ਼ ਰੂਪ ਵਿਚ ਦਾੜ੍ਹੀ ਵਾਲੇ ਰਿਕਸ਼ਾ ਡਰਾਈਵਰਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਸੀ।” ਹਿਰਖ ਵੱਸ ਉਸਦੇ ਜਬਾੜੇ ਕਸੇ ਗਏ।
“ਸਾਫ ਜਿਹੀ ਗੱਲ ਹੈ ਕਿ ਨਿੱਜੀ ਦੁਸ਼ਮਣੀ ਜਾਂ ਕਿਸੇ ਹੋਰ ਕਾਰਨ ਕਰਕੇ ਇਕ ਸਾਧਾਰਨ ਆਦਮੀ ਦੀ ਹੱਤਿਆ ਹੋ ਗਈ...ਪਰ ਉਸਨੂੰ ਤੁਰੰਤ ਰਾਜਨੀਤਕ ਤੇ ਸੰਪਰਦਾਇਕ ਰੰਗ ਦੇ ਕੇ ਸ਼ਹਿਰ ਦੀ ਸ਼ਾਂਤੀ ਨਸ਼ਟ ਕੀਤੀ ਜਾਏ ਤੇ ਨਾਗਰਿਕਾਂ ਦੀ ਜਾਨ ਤੇ ਮਾਲ ਨਾਲ ਖੇਡਿਆ ਜਾਏ...ਇਹ ਵੀ ਕੋਈ ਤਰੀਕਾ ਏ।”
ਦੁਪਹਿਰ ਦਾ ਖਾਣਾ ਉਸਨੇ ਮੁਸਤਫਾ ਦੇ ਘਰ ਖਾਧਾ।
ਇਕ ਦੋ ਵਾਰੀ ਉਸਨੇ ਘਰੇ ਫ਼ੋਨ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫ਼ੋਨ ਬੰਦ ਹੋਣ ਕਾਰਨ ਸੰਪਰਕ ਨਾ ਹੋ ਸਕਿਆ।
ਇਕ ਘੰਟੇ ਬਾਅਦ ਅਚਾਨਕ ਸੰਪਰਕ ਹੋ ਗਿਆ।
“ਇੱਥੇ ਖਾਸੀ ਗੜਬੜ ਏ...” ਪਤਨੀ ਦੱਸਣ ਲੱਗੀ, “ਅਸੀਂ ਬਿਲਡਿੰਗ ਦੀ ਟੇਰਿਸ 'ਤੇ ਗਏ ਸਾਂ। ਚੁਫੇਰੇ ਹਜ਼ਾਰਾਂ ਲੋਕ ਇਕੱਠੇ ਹੋਏ ਹੋਏ ਨੇ। ਸਾਹਮਣੇ ਵਾਲੀ ਮਸਜਿਸ ਉੱਪਰ ਪਥਰਾਅ ਹੋ ਰਿਹੈ। ਇਸਲਾਮੀ ਹੋਟਲ ਉੱਤੇ ਵੀ ਪਥਰਾਅ ਕੀਤਾ ਗਿਆ ਸੀ ਤੇ ਉਸਨੂੰ ਲੁੱਟਣ ਤੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪਰ ਹੋਟਲ ਵਾਲੀ ਗਲੀ ਵਿਚ ਹਜ਼ਾਰਾਂ ਮੁੰਡੇ ਇਕੱਠੇ ਹੋ ਗਏ ਸਨ, ਉਹਨਾਂ ਜਵਾਬੀ ਪਥਰਾਅ ਕੀਤਾ ਤਾਂ ਹਮਲਾਕਾਰੀ ਟਲ ਗਏ ਪਰ ਦੋਹੇਂ ਪਾਸਿਓਂ ਨਾਅਰੇ ਬਾਜੀ ਹੋ ਰਹੀ ਐ। ਸਥਿਤੀ ਕਦੇ ਵੀ ਵਿਗੜ ਸਕਦੀ ਏ। ਤੁਸੀਂ ਇਸ ਪਾਸੇ ਆਉਣ ਦੀ ਬਿਲਕੁਲ ਵੀ ਮੂਰਖਤਾ ਨਾ ਕਰਨਾ। ਮੁਸਤਫਾ ਕੇ ਘਰ ਹੀ ਰੁਕ ਜਾਓ...”
“ਦੇਖ ਜੇ ਤੈਨੂੰ ਬਿਲਡਿੰਗ 'ਚ ਖਤਰਾ ਮਹਿਸੂਸ ਹੋਏ ਤਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਜਾਵੀਂ।”
“ਉਂਜ ਤਾਂ ਬਿਲਡਿੰਗ ਨੂੰ ਕੋਈ ਖਤਰਾ ਨਹੀਂ ਪਰ ਹਜ਼ਾਰਾਂ ਲੋਕਾਂ ਦੀ ਭੀੜ ਜ਼ਰੂਰ ਭੜਕੀ ਫਿਰਦੀ ਐ...ਕੁਝ ਵੀ ਹੋ ਸਕਦਾ ਏ, ਅਜਿਹੀ ਕੋਈ ਗੱਲ ਮਹਿਸੂਸ ਹੋਈ ਤਾਂ ਮੈਂ ਬੱਚਿਆਂ ਨੂੰ ਲੈ ਕੇ ਅੱਬੂ ਕੇ ਘਰ ਚਲੀ ਜਾਵਾਂਗੀ।” ਪਤਨੀ ਬੋਲੀ।
ਪਤਨੀ ਦਾ ਪੇਕਾ-ਘਰ ਬਹੁਤੀ ਦੂਰ ਨਹੀਂ ਸੀ ਤੇ ਉਸਨੂੰ ਇਸ ਗੱਲ ਦਾ ਹੌਸਲਾ ਵੀ ਸੀ ਕਿ ਗਲੀਆਂ ਦੇ ਅੰਦਰ-ਅੰਦਰ ਹੀ ਉੱਥੇ ਸੁਰੱਖਿਅਤ ਪਹੁੰਚਿਆ ਜਾ ਸਕਦਾ ਸੀ।
ਪਰ ਆਪਣੇ ਘਰ ਦਾ ਕੀ ਬਣੇਗਾ?
ਕੋਈ ਗੜਬੜ ਹੋਈ ਤਾਂ ਉਸਨੂੰ ਲੁੱਟਣ ਤੇ ਸੜਨ ਤੋਂ ਕੌਣ ਬਚਾਏਗਾ?
ਉਹਨਾਂ ਨੂੰ ਇਹ ਮਕਾਨ ਲਿਆਂ ਅੱਠ ਮਹੀਨੇ ਵੀ ਨਹੀਂ ਸਨ ਹੋਏ। ਸਾਰੀ ਜ਼ਿੰਦਗੀ ਦੀ ਕਮਾਈ, ਬੈਂਕ ਦਾ ਕਰਜਾ, ਜੇਵਰ ਵੇਚਣ ਤੋਂ ਬਾਅਦ ਉਹਨਾਂ ਨੇ ਉਹ ਮਕਾਨ ਲਿਆ ਸੀ ਤੇ ਹੌਲੀ-ਹੌਲੀ ਉਸ ਵਿਚ ਜ਼ਰੂਰਤ ਦੀ ਹਰ ਚੀਜ਼ ਸਜਾਈ ਸੀ। ਜੇ ਉਹ ਘਰ ਲੁੱਟ ਲਿਆ ਗਿਆ ਜਾਂ ਸਾੜ ਦਿੱਤਾ ਗਿਆ ਤਾਂ ਫੇਰ ਕੀ ਬਣੇਗਾ?
ਉਸਦੇ ਦਿਲ ਦੀ ਧੜਕਨ ਤੇਜ਼ ਹੋ ਗਈ ਤੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਲਿਸ਼ਕਣ ਲੱਗੀਆਂ...
ਮੁਸਤਫਾ ਨੇ ਟੀ.ਵੀ. ਚਾਲੂ ਕਰ ਦਿੱਤਾ।
ਟੀ.ਵੀ. ਦੇ ਹਰ ਚੈਨਲ ਤੋਂ ਸ਼ਹਿਰ ਵਿਚ ਹੋਣ ਵਾਲੇ ਹੰਗਾਮੇ ਦੀਆਂ ਖਬਰਾਂ ਆ ਰਹੀਆਂ ਸਨ।
“ਸ਼ਹਿਰ ਵਿਚ ਇਕ ਵਕੀਲ ਦੀ ਹੱਤਿਆ ਪਿੱਛੋਂ ਇਕ ਰਾਜਨੀਤਕ ਪਾਰਟੀ ਦੇ ਕਾਰਜਕਰਤਾਵਾਂ ਦੁਆਰਾ ਹੰਗਾਮਾ, ਪਥਰਾਅ, ਤੋੜ-ਫੋੜ...” ਖਬਰਾਂ ਵਿਚ ਪਹਿਲਾਂ ਉਸ ਵਕੀਲ ਦਾ ਸੰਬੰਧ ਉਸ ਪਾਰਟੀ ਨਾਲ ਸਿਰਫ ਏਨਾ ਦੱਸਿਆ ਗਿਆ ਸੀ ਕਿ ਉਹ ਉਸਦੇ ਕੇਸ ਲੜਦਾ ਸੀ।
ਫੇਰ ਖਬਰਾਂ ਵਿਚ ਉਸ ਵਕੀਲ ਨੂੰ ਉਸ ਪਾਰਟੀ ਦਾ ਮੈਂਬਰ ਕਿਹਾ ਜਾਣ ਲੱਗ ਪਿਆ।
ਤੇ ਅੰਤ ਵਿਚ ਉਸਨੂੰ ਇਸ ਰਾਜਨੀਤਕ ਪਾਰਟੀ ਦਾ ਇਲਾਕਾ ਪ੍ਰਧਾਨ ਕਿਹਾ ਜਾਣ ਲੱਗ ਪਿਆ ਸੀ।
“ਇਕ ਰਾਜਨੀਤਕ ਪਾਰਟੀ ਦੇ ਇਲਾਕਾ ਪ੍ਰਧਾਨ, ਇਕ ਵਕੀਲ, ਦੀ ਹੱਤਿਆ ਪਿੱਛੋਂ ਸ਼ਹਿਰ ਵਿਚ ਭਾਰੀ ਤਣਾਅ, ਪਥਰਾਅ ਦੀਆਂ ਘਟਨਾਵਾਂ, ਦੁਕਾਨਾਂ ਲੁੱਟਣ ਤੇ ਛੁਰੇਬਾਜੀ ਦੀਆਂ ਵਾਰਦਾਤਾਂ...ਅਮੋਲ ਕਾਟੇਕਰ ਨਾਮਕ ਇਕ ਵਿਅਕਤੀ ਨੂੰ ਮਾਰ-ਮਾਰ ਕੇ ਲੋਕਾਂ ਅੱਧ ਮੋਇਆ ਕਰ ਦਿੱਤਾ...ਸ਼੍ਰੀ ਪ੍ਰੋਵੀਜਨ ਨਾਮੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਮਹਾਦੇਵ ਮੈਡੀਕਲ ਲੁੱਟ ਲਈ ਗਈ।”
ਵਰਗੀਆਂ ਖਬਰਾਂ ਹਰੇਕ ਚੈਨਲ ਦੇਣ ਲੱਗ ਪਿਆ ਸੀ ਤੇ ਉਹਨਾਂ ਨੂੰ ਸੁਣ-ਸੁਣ ਕੇ ਤਣਾਅ ਤੇ ਹਿੰਸਾ ਹੋਰ ਵਧ ਗਿਆ ਸੀ। ਸਥਿਤੀ ਗੰਭੀਰ ਹੁੰਦੀ ਜਾ ਰਹੀ ਸੀ। ਉਸਦੇ ਦਿਲ ਨੂੰ ਕੁਝ ਹੋਣ ਲੱਗ ਪਿਆ।
ਉਸਨੂੰ ਲੱਗਿਆ ਸ਼ਹਿਰ ਬਾਰੂਦ ਦਾ ਢੇਰ ਬਣ ਗਿਆ ਹੈ ਤੇ ਹੁਣ ਉਹ ਪਾਟਣ ਹੀ ਵਾਲਾ ਹੈ।
ਅੱਖਾਂ ਸਾਹਵੇਂ ਗੁਜਰਾਤ ਦੇ ਦੰਗਿਆਂ ਦੀਆਂ ਤਸਵੀਰਾਂ ਤੇ ਖਬਰਾਂ ਭੌਂ ਰਹੀਆਂ ਸਨ।
ਲੋਕਾਂ ਨੂੰ ਜਿਊਂਦੇ ਸਾੜਿਆ ਜਾਣਾ...ਚੁਣ, ਚੁਣ ਕੇ ਮੌਤ ਦੇ ਘਾਟ ਉਤਾਰਨਾ...ਉਹਨਾਂ ਦੀ ਸੰਪਤੀ ਨਸ਼ਟ ਕਰ ਦੇਣੀ, ਉਹਨਾਂ ਦੇ ਘਰਾਂ, ਪੂਜਾ ਸਥਾਨਾਂ ਨੂੰ ਮਲਬੇ ਦੇ ਢੇਰਾਂ ਵਿਚ ਬਦਲ ਦੇਣਾ।
ਉਸਦੇ ਦਿਲ ਨੂੰ ਡੋਬ ਪੈਣ ਲੱਗ ਪਏ ਤੇ ਅੱਖਾਂ ਮੂਹਰੇ ਹਨੇਰਾ ਜਿਹਾ ਛਾਉਣ ਲੱਗਾ—ਕੀ ਇਹੋ ਸਭ ਸਾਡੀ ਕਿਸਮਤ ਬਣ ਗਿਆ ਹੈ?
ਬਾਹਰ ਲੋਕਾਂ ਦੀ ਭੀੜ ਜਗ੍ਹਾ-ਜਗ੍ਹਾ ਟੋਲੀਆਂ ਦੇ ਰੂਪ ਵਿਚ ਇਕੱਠੀ ਹੋ ਰਹੀ ਸੀ। ਹਰ ਕੋਈ ਇਹੋ ਸੋਚ ਰਿਹਾ ਸੀ ਕਿ ਜੇ ਦੰਗਾ ਸ਼ੁਰੂ ਹੋ ਗਿਆ ਤਾਂ ਕੀ ਕਰੇਗਾ...ਕੁਝ ਲੋਕ ਬਚਾਅ ਦੇ ਤਰੀਕੇ ਸੋਚ ਰਹੇ ਸਨ ਤੇ ਕੁਝ ਲੁੱਟਮਾਰ ਕਰਨ ਦੀਆਂ ਸਕੀਮਾਂ ਬਣਾ ਰਹੇ ਸਨ—ਤੇ ਕੁਝ ਲੋਕ ਹਮਲੇ ਦੇ ਜਵਾਬ ਵਿਚ ਹਮਲਾ ਕਰਨ ਦੀ ਰਣਨੀਤੀ ਤਿਆਰ ਕਰ ਰਹੇ ਸਨ।
ਜਿਹੜੇ ਲੋਕ ਉਸ ਜਗ੍ਹਾ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ, ਉਸਨੂੰ ਛੱਡ ਕੇ ਸੁਰੱਖਿਅਤ ਜਗਾਹਾਂ ਉੱਪਰ ਜਾ ਰਹੇ ਸਨ।
ਕਿਸੇ ਇਲਾਕੇ ਵਿਚ ਪੁਲਸ ਦਾ ਨਾਂਅ-ਨਿਸ਼ਾਨ ਤਕ ਨਹੀਂ ਸੀ ਤੇ ਕਿਸੇ ਇਲਾਕੇ ਨੂੰ ਪੁਲਸ ਛਾਉਣੀ ਬਣਾ ਦਿੱਤਾ ਗਿਆ ਸੀ। ਇੰਜ ਕੁਝ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਤੇ ਕੁਝ ਇਲਾਕਿਆਂ ਦੇ ਲੋਕਾਂ ਨੂੰ ਬੇਮੁਹਾਰ ਛੱਡ ਦਿੱਤਾ ਗਿਆ ਸੀ। ਉਹ ਜੋ ਚਾਹੁਣ ਕਰ ਸਕਦੇ ਨੇ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਤੇ ਕੁਝ ਇਲਾਕੇ ਨੂੰ ਇੰਜ ਸੀਲ ਕਰ ਦਿੱਤਾ ਗਿਆ ਸੀ ਕਿ ਉੱਥੇ ਪੰਛੀ ਵੀ ਖੰਭ ਨਹੀਂ ਸੀ ਮਾਰ ਸਕਦਾ। ਤੇ ਉਹ ਕੁਝ ਨਹੀਂ ਕਰ ਸਕਦੇ ਸਨ। ਸ਼ਹਿਰ ਵਿਚ ਹੋਣ ਵਾਲੀਆਂ ਮੰਦੀਆਂ ਘਟਨਾਵਾਂ ਦੀਆਂ ਖਬਰਾਂ ਲਗਾਤਾਰ ਆ ਰਹੇ ਸਨ।
ਹਰੇਕ ਖਬਰ ਪਿੱਛੋਂ ਇੰਜ ਮਹਿਸੂਸ ਹੁੰਦਾ ਸੀ, ਸਥਿਤੀ ਗੰਭੀਰ ਤੋਂ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਤਣਾਅ ਤੇ ਹਿੰਸਾ ਜਾਰੀ ਹੈ।
ਉਸਨੇ ਕਈ ਵਾਰੀ ਘਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਜਿਸ ਕਰਕੇ ਉਹਦੀ ਚਿੰਤਾ ਲਗਾਤਾਰ ਵਧਦੀ ਰਹੀ। ਪਤਨੀ ਘਰੇ ਇਕੱਲੀ ਏ ਉਸਨੂੰ ਆਪਣੇ ਪੇਕੇ ਘਰ ਚਲੇ ਜਾਣ ਲਈ ਕਿਹਾ ਸੀ—ਪਤਾ ਨਹੀਂ ਉਹ ਗਈ ਵੀ ਹੈ ਜਾਂ ਨਹੀਂ?
ਉਸਨੂੰ ਚਲੇ ਜਾਣਾ ਚਾਹੀਦਾ ਸੀ...ਪਰ ਉਹ ਨਹੀਂ ਜਾਏਗੀ¸ਜਾਨ ਘਰ ਵਿਚ ਜੋ ਅਟਕੀ ਹੋਈ ਹੈ।
ਏਨੀਆਂ ਮੁਸ਼ਕਿਲਾਂ ਨਾਲ ਉਹਨਾਂ ਆਪਣਾ ਘਰ ਬਣਾਇਆ ਹੈ। ਘਰ ਦੀ ਇਕ ਇਕ ਚੀਜ਼ ਵਿਚ ਆਪਣਾ ਖ਼ੂਨ ਪਸੀਨਾ ਲਾਇਆ ਹੈ। ਘਰ ਦੀ ਹਰੇਕ ਇੱਟ ਵਿਚ ਉਹਨਾਂ ਦੇ ਅਰਮਾਨ, ਸੁਪਨੇ ਚਿਣੇ ਹੋਏ ਨੇ। ਭਲਾ ਉਹ ਉਸ ਘਰ ਨੂੰ ਛੱਡ ਕੇ ਕਿੰਜ ਜਾ ਸਕਦੀ ਹੈ?
ਉਸਨੂੰ ਡਰ ਹੈ—ਉਸਦੇ ਇਹ ਸਾਰੇ ਅਰਮਾਨ, ਸੁਪਨੇ ਸਾੜ ਕੇ ਸਵਾਹ ਨਾ ਕਰ ਦਿੱਤੇ ਜਾਣ। ਜੇ ਉਹ ਇੰਜ ਸੋਚ ਰਹੀ ਹੈ ਤਾਂ ਇਹ ਉਸਦੀ ਮੂਰਖਤਾ ਹੈ—ਜੇ ਘਰੇ ਰਹੀ ਤਾਂ ਨਾ ਘਰ ਨੂੰ ਬਚਾਅ ਸਕੇਗੀ, ਨਾ ਆਪਣੇ ਆਪ ਨੂੰ ਤੇ ਨਾ ਹੀ ਬੱਚਿਆਂ ਨੂੰ।
ਇਕ ਕਮਜ਼ੋਰ ਔਰਤ ਆਪਣੇ ਆਪ ਨੂੰ ਭਲਾ ਕਿੰਜ ਬਚਾਅ ਸਕਦੀ ਹੈ? ਹਜ਼ਾਰਾਂ ਘਟਨਾਵਾਂ ਉਸਦੇ ਦਿਮਾਗ਼ ਵਿਚ ਘੁੰਮ ਰਹੀਆਂ ਸਨ। ਅਜਿਹੀਆਂ ਔਰਤਾਂ ਨੂੰ ਵਾਸਨਾ ਦਾ ਸ਼ਿਕਾਰ ਬਣਾ ਕੇ ਜਿਊਂਦਿਆਂ ਸਾੜ ਦਿੱਤਾ ਗਿਆ। ਬੱਚਿਆਂ ਨੂੰ ਸੰਗੀਨਾਂ ਤੇ ਤਿਰਸ਼ੂਲਾਂ ਨਾਲ ਵਿੰਨ੍ਹ, ਸਾੜ ਦਿੱਤਾ ਗਿਆ।
“ਨਹੀਂ...” ਉਸਦੀ ਚੀਕ ਨਿਕਲ ਗਈ।
“ਕੀ ਹੋਇਆ?” ਮੁਸਤਬਾ ਨੇ ਤ੍ਰਬਕ ਕੇ ਪੁੱਛਿਆ।
“ਕੁਛ ਨਹੀਂ ਇਕ ਭਿਆਨਕ ਸੁਪਨਾ ਦੇਖ ਰਿਹਾ ਸਾਂ।”
“ਜਾਗਦੇ ਹੋਏ!” ਮੁਸਤਫਾ ਨੇ ਮੁਸਕਰਾ ਕੇ ਕਿਹਾ।
“ਜੋ ਕੁਛ ਹੋ ਰਿਹੈ ਉਹ ਕਿਸੇ ਭਿਆਨਕ ਸੁਪਨੇ ਨਾਲੋਂ ਵੀ ਘਿਣਾਉਣਾ ਏਂ। ਅਜਿਹੀ ਸਥਿਤੀ ਵਿਚ ਜਾਗਣਾ ਤੇ ਸੌਣਾ ਇਕ ਬਰਾਬਰ ਏ...” ਉਸਨੇ ਕਿਹਾ।
ਮੁਸਤਫਾ ਉਸਦੀ ਗੱਲ ਸਮਝ ਨਹੀਂ ਸੀ ਸਕਿਆ।
ਸ਼ਾਮ ਨੂੰ ਉਸਨੇ ਮਨ ਬਣਾਇਆ ਕਿ ਉਹ ਥੋੜ੍ਹੀ ਦੂਰ ਤਕ ਸਥਿਤੀ ਦਾ ਮੁਆਇਆਂ ਕਰਨ ਜਾਏਗਾ। ਮੁਸਤਫਾ ਨੇ ਉਸਨੂੰ ਇੰਜ ਕਰਨ ਤੋਂ ਰੋਕਿਆ ਕਿ ਉਹ ਘਰ ਜਾਣ ਦੀ ਮੂਰਖਤਾ ਨਾ ਕਰੇ।
“ਜਾਵੇਦ ਭਾਈ ਤੁਸੀਂ ਘਰ ਜਾਣ ਦੀ ਕਤਈ ਕੋਸ਼ਿਸ਼ ਨਾ ਕਰਨਾ...ਇੰਜ ਕਰਨ ਵਿਚ ਬੜਾ ਵੱਡਾ ਖਤਰਾ ਏ। ਤੁਹਾਡਾ ਘਰ ਜਿਸ ਪਾਸੇ ਐ ਉਹ ਰਸਤੇ ਬੜੇ ਖਤਰਨਾਕ ਹੋਏ ਹੋਏ ਨੇ। ਚੰਗਾ ਇਹੋ ਏ ਤੁਸੀਂ ਰਾਤੀਂ ਇੱਥੇ ਹੀ ਰੁਕ ਜਾਓ। ਵੈਸੇ ਕਹਿ ਰਹੇ ਨੇ, ਹਾਲਾਤ ਕਾਬੂ ਵਿਚ ਨੇ...ਪਰ ਕਦੋਂ ਕੀ ਹੋ ਜਾਏ, ਕਿਹਾ ਨਹੀਂ ਜਾ ਸਕਦਾ...”
“ਨਹੀਂ ਮੈਂ ਘਰ ਨਹੀਂ ਜਾ ਰਿਹਾ, ਬਸ ਉਂਜ ਈ ਥੋੜ੍ਹੀ ਦੂਰ ਤਕ ਟਹਿਲ ਕੇ ਵਾਪਸ ਆ ਜਾਵਾਂਗਾ।” ਉਸਨੇ ਉਤਰ ਦਿੱਤਾ।
ਉਸਨੇ ਮੁਸਤਫਾ ਨੂੰ ਯਕੀਨ ਦਿਵਾਇਆ ਕਿ ਉਹ ਘਰ ਜਾਣ ਦੀ ਕੋਸ਼ਿਸ਼ ਨਹੀਂ ਕਰੇਗਾ।

ਕੁਝ ਦੂਰ ਗਿਆ ਤਾਂ ਉਸ ਦਾ ਇਕ ਜਾਣ-ਪਛਾਣ ਵਾਲਾ ਮਿਲ ਗਿਆ।
“ਵੈਸੇ ਤੁਸੀਂ ਸੁਰੱਖਿਅਤ ਰਸਤਿਆਂ ਰਾਹੀਂ ਘਰ ਜਾਣਾ ਚਾਹੋ ਤਾਂ ਜਾ ਸਕਦੇ ਓ। ਉਹਨਾਂ ਰਸਤਿਆਂ ਉੱਤੇ ਕੋਈ ਖਤਰਾ ਨਹੀਂ। ਮੈਂ ਤੁਹਾਨੂੰ ਘਰ ਛੱਡ ਦੇਂਦਾ ਆਂ...।”
ਉਸਨੇ ਉਸਨੂੰ ਮੋਟਰਸਾਈਕਲ ਉੱਤੇ ਬਿਠਾਇਆ ਤੇ ਸੁਰੱਖਿਤ ਰਾਹਾਂ ਤੋਂ ਹੁੰਦੇ ਹੋਏ ਉਹ ਅੱਗੇ ਵਧੇ।
ਉਹਨਾਂ ਰਾਹਾਂ ਤੇ ਮੁਹੱਲਿਆਂ ਵਿਚੋਂ ਲੰਘਦਿਆਂ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਉੱਥੇ ਬੜਾ ਕੁਝ ਵਾਪਰ ਚੁੱਕਿਆ ਹੈ।
ਹਰ ਜਗ੍ਹਾ ਭੀੜ ਸੀ। ਰਾਜਨੇਤਾ ਤੇ ਵੱਡੇ ਬਜ਼ੁਰਗ ਲੋਕ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਭੀੜ ਨੂੰ ਸਮਝਾਉਣ ਦੇ ਯਤਨ ਕਰ ਰਹੇ ਸਨ...ਤੇ ਜੋਸ਼ ਵਿਚ ਆ ਕੇ ਕੁਝ ਮੰਦਾ-ਮਾੜਾ ਕਰ ਬਹਿਣ ਤੋਂ ਰੋਕ ਰਹੇ ਸਨ।
ਗੁੱਸੇ ਤੇ ਰੋਸੇ ਵਿਚ ਰਿੱਝਦੇ ਨੌਜਵਾਨ ਉਹਨਾਂ ਨੂੰ ਕਈ ਕਿਸਮ ਦੇ ਸਵਾਲ ਪੁੱਛ ਰਹੇ ਸਨ ਤੇ ਆਪਣੇ ਨਾਲ ਵਾਰ ਵਾਰ ਹੋਣ ਵਾਲੇ ਅਨਿਆਂ ਦਾ ਹਿਸਾਬ ਪੁੱਛ ਰਹੇ ਸਨ।
ਘਰ ਦੇ ਨੇੜੇ ਪਹੁੰਚੇ ਤਾਂ ਪਿਛਲੀ ਗਲੀ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਜੁੜੀ ਹੋਈ ਸੀ।
ਦੋ ਨੇਤਾ ਉਹਨਾਂ ਨੂੰ ਸਮਝਾ ਕੇ ਖ਼ੁਦ ਉੱਪਰ ਕਾਬੂ ਰੱਖਣ ਤੇ ਸ਼ਾਂਤੀ ਰੱਖਣ ਲਈ ਕਹਿ ਰਹੇ ਸਨ।
ਘਰ ਪਹੁੰਚਿਆ ਤਾਂ ਅੱਗੋਂ ਪਤਨੀ ਭੜਕ ਗਈ।
“ਏਨਾ ਸਮਝਾਉਣ 'ਤੇ ਵੀ ਤੁਸੀਂ ਨਹੀਂ ਮੰਨੇ। ਤੁਹਾਨੂੰ ਸਮਝਾਇਆ ਸੀ ਨਾ ਬਾਈ ਘਰ ਨਾ ਆਇਓ? ਆਪਣੀ ਜਾਨ ਨੂੰ ਏਨੇ ਖਤਰੇ 'ਚ ਪਾ ਕੇ ਆਏ ਓ...ਜੇ ਕੁਝ ਹੋ ਜਾਂਦਾ ਫੇਰ...?”
“ਨਹੀਂ ਐਸੀ ਕੋਈ ਗੱਲ ਨਹੀਂ...ਮੈਂ ਖ਼ੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਸੂਸ ਕਰਨ ਪਿੱਛੋਂ ਹੀ ਇੱਧਰ ਆਇਆਂ—ਇਕ ਜਾਣ-ਪਛਾਣ ਵਾਲਾ ਮਿਲ ਗਿਆ ਸੀ, ਉਹ ਮੋਟਰ ਸਾਈਕਲ 'ਤੇ ਇੱਥੋਂ ਤਕ ਛੱਡ ਗਿਐ...”
ਰਾਤ ਤਕ ਸਥਿਤੀ ਆਮ ਵਾਂਗ ਹੋ ਗਈ ਸੀ। ਨਾਲ ਇਹ ਵੀ ਸੀ ਕਿ ਰਾਤ ਦਹਿਸ਼ਤ ਦੇ ਤਣਾਅ ਵਿਚਕਾਰ ਲੰਘੇਗੀ।
ਖ਼ੈਰ! ਇਕ ਦਹਿਸ਼ਤ ਪਰੁੱਚਾ ਦਿਨ ਤਾਂ ਬੀਤ ਗਿਆ ਸੀ।
--------------------------

ਇਕ ਸੀ ਪਿੰਕੀ, ਇਕ ਸੀ ਸਵੀਟੀ... :: ਐਮ. ਨਾਗ

ਉਰਦੂ ਕਹਾਣੀ :
ਇਕ ਸੀ ਪਿੰਕੀ, ਇਕ ਸੀ ਸਵੀਟੀ...
ਲੇਖਕ : ਐਮ. ਨਾਗ
ਅਨੁਵਾਦ : ਮਹਿੰਦਰ ਬੇਦੀ, ਜੈਤੋ


...ਤੇ ਫੇਰ ਉਹ ਆ ਗਈ, ਹਾਂ, ਉਹ ਵਾਪਸ ਆ ਗਈ ਸੀ।  ਪਰ ਇੰਜ ਜਿਵੇਂ ਕਈ ਮੀਲ ਪੈਦਲ ਟੁਰ ਕੇ ਜਾਂ ਫੇਰ ਮਣਾਂ ਮੂੰਹੀਂ ਭਾਰ ਢੋਂਦੀ ਰਹੀ ਹੋਵੇ।
ਮਾਂ ਦਾ ਦਿਲ 'ਧੱਕ-ਧੱਕ' ਕਰਨ ਲੱਗ ਪਿਆ ਤੇ ਜਦੋਂ ਉਸ ਨੇ ਉੱਠ ਕੇ ਉਸ ਨੂੰ ਜੱਫੀ ਪਾਈ ਤਾਂ ਪਿੰਕੀ ਦਾ ਰੋਣ ਨਿਕਲ ਗਿਆ, ਜਿਵੇਂ ਕੋਈ ਪੁਰਾਣਾ ਬੰਨ੍ਹ ਟੁੱਟ ਗਿਆ ਹੋਵੇ।
   ੦ ੦ ੦
ਦੋ ਦਿਨ ਪਹਿਲਾਂ ਉਹ ਤਿੰਨ ਭਿਆਨਕ ਚਿਹਰੇ, ਪਤਾ ਨਹੀਂ ਕਿਧਰੋਂ, ਇਸ ਬਲਾਕ ਵਿਚ ਆ ਵੜੇ ਸਨ! ਉਸ ਦਿਨ ਘਰੇ ਉਹ ਤੇ ਉਸ ਦੀਆਂ ਦੋਵੇਂ ਧੀਆਂ ਹੀ ਸਨ...ਬਸ। ਉਹ ਰਸੋਈ ਵਿਚ ਸੀ, ਸਵੀਟੀ ਬਿਸਤਰੇ ਉੱਤੇ ਪਈ ਕੋਈ ਮੈਗਜ਼ੀਨ ਪੜ੍ਹ ਰਹੀ ਸੀ ਤੇ ਪਿੰਕੀ ਗੁਸਲਖ਼ਾਨੇ ਵਿਚ ਨਹਾਅ ਰਹੀ ਸੀ। ਅਚਾਨਕ ਉਹਨਾਂ ਨੇ ਚਾਕੂ ਕੱਢ ਲਏ ਸਨ ਤੇ ਸਵੀਟੀ ਦਾ ਤ੍ਰਾਹ ਹੀ ਨਿਕਲ ਗਿਆ ਸੀ। ਮਾਂ ਹਾਲ ਵਿਚ ਆਈ ਤਾਂ ਹੈਰਾਨੀ ਤੇ ਡਰ ਨਾਲ ਸਿਲ-ਪੱਥਰ ਹੀ ਹੋ ਗਈ...ਤੇ ਫੇਰ ਉਹਨਾਂ ਨੇ ਮਾਂ ਦੇ ਮੂੰਹ ਵਿਚ ਕੱਪੜਾ ਤੁੰਨ ਕੇ ਉਸ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਸੀ। ਹਾਲ ਵਿਚ ਦਹਿਸ਼ਤ ਭਰੀ ਚੁੱਪ ਵਰਤੀ ਹੋਈ ਸੀ ਪਰ...ਪੱਖੇ ਦੀ ਘੂਕਰ, ਸਟੋਵ ਦੀ ਫਰਫਰਾਹਟ, ਪਿੰਕੀ ਦੀ ਗੁਣਗੁਣਾਹਟ ਤੇ ਪਾਣੀ ਦੇ ਡਿੱਗਣ ਦਾ ਖੜਾਕ...ਆਪੋ ਵਿਚ ਰਲਗੱਡ ਹੋ ਰਹੇ ਸਨ। ਇਕ ਚੀਕ ਸੀ ਜਿਹੜੀ ਸਵੀਟੀ ਦੀ ਕਣਕ-ਵੰਨੀ, ਦੇਹ ਰੂਪੀ ਸਰਾਂ ਵਿਚ ਗੂੰਜ ਰਹੀ ਸੀ—ਪਰ ਚਾਕੂਆਂ ਦੇ ਡਰ ਸਦਕਾ ਆਵਾਜ਼ ਦੇ ਰੂਪ ਵਿਚ ਨਹੀਂ ਸੀ ਢਲ ਸਕੀ। ਉਹਨਾਂ ਵਿਚੋਂ ਇਕ ਆਦਮੀ ਜੈਤੂਆਂ ਵਾਂਗ ਮੁਸਕਰਾਉਂਦਾ ਹੋਇਆ ਸਵੀਟੀ ਵੱਲ ਵਧਣ ਲੱਗਾ...ਉਦੋਂ ਹੀ ਬਾਥਰੂਮ ਦਾ ਬੂਹਾ ਖੁੱਲ੍ਹਿਆ ਤੇ ਪਿੰਕੀ ਹਾਲ ਵਿਚ ਆ ਗਈ, ਤਿੰਨੇ ਉਸ ਵੱਲ ਭੌਂ ਪਏ। ਉਹਨਾਂ ਦੀਆਂ ਨਜ਼ਰਾਂ ਪਿੰਕੀ ਦੇ ਅੱਧ ਕੱਜੇ ਗੋਰੇ ਸਰੀਰ ਉੱਤੇ ਅਟਕ ਗਈਆਂ। ਪਿੰਕੀ ਡੌਰ-ਭੌਰ ਜਿਹੀ ਹੋਈ ਖੜ੍ਹੀ ਸੀ। ਕੁਝ ਪਲ ਇੰਜ ਹੀ ਬੀਤ ਗਏ। ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਪਿੰਕੀ ਤੇ ਸਵੀਟੀ ਦੀ ਸਰੀਰਕ ਬਣਤਰ ਵਿਚ ਫ਼ਰਕ ਨੋਟ ਕਰਦੀਆਂ ਰਹੀਆਂ...ਤੇ ਫੇਰ ਉਹ ਪਿੰਕੀ ਨੂੰ ਅਗਵਾਹ ਕਰਕੇ ਲੈ ਗਏ ਸਨ।
ਮਾਂ ਰੌਲਾ ਵੀ ਨਹੀਂ ਸੀ ਪਾ ਸਕੀ, ਸਵੀਟੀ ਚੀਕ ਵੀ ਨਹੀਂ ਸੀ ਸਕੀ।...ਤੇ ਬਾਅਦ ਵਿਚ ਪਿੰਕੀ ਨੇ ਵੀ ਇਸ ਘਟਨਾ ਦਾ ਕਿਸੇ ਕੋਲ ਜ਼ਿਕਰ ਨਹੀਂ ਸੀ ਕੀਤਾ...ਹਰ ਹੀਲੇ ਨੱਕ ਤਾਂ ਸਲਾਮਤ ਰੱਖਣੀ ਹੀ ਪੈਣੀ ਸੀ ਨਾ...।
ਸਵੀਟੀ ਨੇ ਕਿਹਾ, ''ਉਹ ਫੇਰ ਆਉਣਗੇ''
ਮਾਂ ਬੋਲੀ, ''ਨਹੀਂ। ਆਪਾਂ ਕੁਝ ਦਿਨਾਂ ਲਈ ਪੂਨੇ ਚਲੇ ਜਾਵਾਂਗੇ। ਤੁਸੀਂ ਉਹ ਸਭ ਭੁੱਲ ਜਾਓ।''
ਸਵੀਟੀ ਨੇ ਪੁੱਛਿਆ, ''ਕੀ ਆਪਾਂ ਸਾਰੀ ਉਮਰ ਏਦਾਂ ਹੀ ਜਾਨ ਲੁਕਾਉਂਦੇ ਫਿਰਾਂਗੇ?''
ਮਾਂ ਨੇ ਉਸ ਨੂੰ ਝਿੜਕਿਆ, ''ਚੁੱਪ ਰਹਿ! ਏਸ ਮਾਮਲੇ ਵਿਚ ਮੈਂ ਇਕ ਵੀ ਸ਼ਬਦ ਹੋਰ ਨਹੀਂ ਸੁਣਨਾ ਚਾਹੁੰਦੀ।''
''ਜੇ ਥਾਨੇ ਰਿਪੋਰਟ ਲਿਖਵਾਈ ਜਾਏ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਹੋਏਗੀ।''
'ਤੈਨੂੰ ਸੁਣਿਆ ਨਹੀਂ?...ਮੈਂ ਕਿਹਾ ਬਕਵਾਸ ਨਾ ਕਰ। ਜਾਹ, ਜਾ ਕੇ ਆਪਣੀ ਪੜ੍ਹਾਈ ਕਰ, ਕੱਲ੍ਹ ਤੇਰਾ ਪੇਪਰ ਏ।''
ਸਵੀਟੀ ਦੂਜੇ ਕਮਰੇ ਵਿਚ ਚਲੀ ਗਈ ਪਰ ਜਦੋਂ ਉਸ ਨੇ ਕਿਤਾਬ ਖੋਹਲੀ ਤਾਂ ਹੈਰਾਨ ਹੀ ਰਹਿ ਗਈ! ਸ਼ਬਦ ਕਿੱਥੇ ਚਲੇ ਗਏ ਸਨ? ਕੱਲ ਤਾਈਂ ਤਾਂ ਇੱਥੇ ਹੀ ਸਨ। ਉਸ ਨੇ ਕਿਤਾਬ ਬੰਦ ਕਰ ਦਿੱਤੀ।
ਪਿੰਕੀ ਚੁੱਪ ਸੀ। ਦੂਰ ਪ੍ਰਦੇਸ ਵਿਚ ਬੈਠੇ ਪਾਪਾ ਬੋਲ ਰਹੇ ਸਨ—ਮੌਤ ਦੀ ਸਜ਼ਾ ਹੋਵੇਗੀ, ਪਰ ਸਜ਼ਾ ਦਿਵਾਏਗਾ ਕੌਣ? ਉਹੀ ਡਾਕਟਰ ਨੇ, ਉਹੀ ਪੁਲਸ ਹੈ, ਉਹੀ ਵਕੀਲ ਨੇ ਤੇ ਉਹੀ ਗਵਾਹ! ਓਸੇ ਢੰਗ ਦੀ ਬਹਿਸ, ਓਵੇਂ ਗਵਾਹਾਂ ਨੂੰ ਮੁਕਰਾਉਣਾ—ਸਜ਼ਾ ਦਿਵਾਏਗਾ ਕੌਣ!
ਪਿੰਕੀ ਨੇ ਸੋਚਿਆ, 'ਥਾਣੇ ਰਿਪੋਰਟ ਲਿਖਵਾਉਣ ਦਾ ਕੋਈ ਫਾਇਦਾ ਨਹੀਂ—ਬਦਨਾਮੀ ਮੁਫ਼ਤ ਵਿਚ ਹੋਵੇਗੀ।'
ਮਾਂ ਨੇ ਕਿਹਾ, ''ਸਭ ਕੁਝ ਭੁੱਲ ਜਾਓ। ਖਬਰਦਾਰ ਕਿਸੇ ਨੂੰ ਕੁਝ ਦੱਸਿਆ ਤਾਂ...।''
   ੦ ੦ ੦
ਪਿੰਕੀ ਸਭ ਕੁਝ ਭੁੱਲ ਜਾਣਾ ਚਾਹੁੰਦੀ ਸੀ ਪਰ ਭੁੱਲ ਕਿੰਜ ਜਾਂਦੀ?...ਉਸ ਦਾ ਸ਼ੇਰ ਤੋਂ ਗਿੱਦੜ ਬਣਨਾ, ਵਾਟ 69 ਦੀ ਬੋਤਲ ਦਾ ਖੁੱਲ੍ਹਣਾ, 555 ਦੀਆਂ ਸਿਗਰਟਾਂ ਦਾ ਧੂੰਆਂ! ਬਾਂਦਰ, ਗਿੱਦੜ ਅਤੇ ਲੂੰਬੜ ਦਾ ਲੱਕੜਬੱਗੇ ਨਾਲ ਰਲ ਕੇ ਚਾਂਬੜਾਂ ਪਾਉਣਾ! ਉਹ ਭੁੱਲ ਕਿੰਜ ਸਕਦੀ ਸੀ?
'ਤੇਰੇ ਅਚੇਤ ਮਨ ਵਿਚ ਇਹ ਗੱਲ ਅਟਕੀ ਹੋਈ ਏ ਨਾ ਕਿ ਕੋਈ ਤੇਰੇ ਨਾਲ ਸੰਭੋਗ ਕਰੇ?...ਸੋ ਅਸੀਂ ਤਿਆਰ ਆਂ—ਕਿਉਂ ਬਈ ਯਾਰੋ।'' ਗਿੱਦੜ ਨੇ ਪਿੰਕੀ ਵੱਲ ਵਿੰਹਦਿਆਂ ਇਹ ਸ਼ਬਦ ਆਖੇ।
''ਪਰ ਹਜ਼ੂਰੇ ਵਾਲਾ, ਇੰਜ ਵੀ ਤਾਂ ਕਹਿੰਦੇ ਨੇ ਕਿ 'ਔਰਤ ਦੀ ਰਜ਼ਾਮੰਦੀ ਤੋਂ ਬਿਨਾਂ ਸੰਭੋਗ ਹੋ ਹੀ ਨਹੀਂ ਸਕਦਾ'।'' ਲੂੰਬੜ ਬੋਲਿਆ।
'ਇਸੇ ਲਈ ਅਸੀਂ ਰੇਪ ਕਰਨ ਦੇ ਮੂਡ ਵਿਚ ਆਂ।'' ਗਿੱਦੜ ਨੇ ਕਿਹਾ, ''ਜ਼ਰਾ ਜ਼ੋਰ-ਜ਼ਬਰੀ ਦੇ ਦੂਸਰੇ ਜਾਂ ਤੀਸਰੇ ਰਾਊਂਡ ਵਿਚ ਕੁੜੀਆਂ ਆਪੇ 'ਵੱਲ' ਹੋ ਜਾਂਦੀਆਂ ਨੇ—ਕਿਉਂ ਕੁੜੀਏ?''
'ਮੈਨੂੰ ਜਾਣ ਦਿਓ—ਰੱਬ ਦਾ ਵਾਸਤਾ ਈ ਮੈਨੂੰ ਘਰ ਜਾਣ ਦਿਓ।'' ਪਿੰਕੀ ਨੇ ਮਿੰਨਤ ਜਿਹੀ ਕੀਤੀ, ਪਰ ਗਿੱਦੜ ਘੁਰਕਿਆ...:
'ਚੁੱਪ! ਮੈਨੂੰ ਪਤਾ ਏ ਤੇਰੇ ਵਰਗੀਆਂ ਕੁੜੀਆਂ ਰੇਪ ਹੋਣ ਤਕ ਚੁੱਪਚਾਪ ਲੇਟੀਆਂ ਰਹਿੰਦੀਆਂ ਨੇ, ਪਰ ਬਾਅਦ ਵਿਚ ਚੀਕਣ-ਕੂਕਣ ਲੱਗ ਪੈਂਦੀਆਂ ਨੇ—ਕਿਉਂ ਕੁੜੀਏ?''
''ਪਰ ਤੂੰ ਨਾ ਪਹਿਲਾਂ ਰੌਲਾ ਪਾਏਂਗੀ, ਨਾ ਬਾਅਦ ਵਿਚ।'' ਲੂੰਬੜ ਨੇ ਕਿਹਾ, ''ਗੱਲ ਪੱਲੇ ਬੰਨ੍ਹ ਲੈ...ਇਹ ਗਿੱਦੜ ਘੁਰਕੀ ਨਹੀਂ।''
   ੦ ੦ ੦
ਸਵੀਟੀ ਨੇ ਸੋਚਿਆ, 'ਉਹ ਲਿਜਾਣਾ ਤਾਂ ਚਾਹੁੰਦੇ ਸਨ ਮੈਨੂੰ, ਪਰ ਲੈ ਗਏ ਪਿੰਕੀ ਨੂੰ...ਕਿਉਂ?'
ਪਿੰਕੀ ਦੀ ਪਿੱਠ ਸੀ, ਸਵੀਟੀ ਵੱਲ। ਸ਼ਾਇਦ ਉਹ ਸੌਂ ਗਈ ਸੀ, ਪਰ ਸਵੀਟੀ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਚਾਕੂ ਉਸ ਦੀ ਰੂਹ ਨੂੰ ਜਖ਼ਮੀਂ ਕਰ ਗਏ ਸਨ। 'ਪਿੰਕੀ ਤਾਂ ਸੌਂ ਗਈ ਏ ਪਰ ਮੇਰੀ ਨੀਂਦ ਕਿੱਥੇ ਚਲੀ ਗਈ ਏ?...ਉਹ ਲੈ ਕੇ ਤਾਂ ਜਾਣਾ ਚਾਹੁੰਦੇ ਸਨ ਮੈਨੂੰ, ਪਰ ਲੈ ਗਏ ਪਿੰਕੀ ਨੂੰ...ਕਿਉਂ?'
ਅਚਾਨਕ ਸਵੀਟੀ ਦਾ ਹੱਕ ਪਿੰਕੀ ਦੀ ਪਿੱਠ ਨੂੰ ਛੂਹ ਗਿਆ। ਪਿੰਕੀ ਨੇ ਪਾਸਾ ਪਰਤਦਿਆਂ ਪੁੱਛਿਆ, ''ਕਿਉਂ? ਅਜੇ ਤੂੰ ਸੁੱਤੀ ਨਹੀਂ?''
''ਨਹੀਂ, ਨੀਂਦ ਨਹੀਂ ਆ ਰਹੀ।'' ਸਵੀਟੀ ਨੇ ਢਿੱਲੀ ਜਿਹੀ ਆਵਾਜ਼ ਵਿਚ ਕਿਹਾ ਸੀ।
'ਛੇਤੀ ਹੀ ਆਪਾਂ ਪੂਨੇ ਚਲੇ ਜਾਵਾਂਗੇ—ਤੂੰ ਡਰ ਨਾ।''
ਸਵੀਟੀ ਉੱਠ ਕੇ ਬੈਠ ਗਈ, ''ਡਰ! ਡਰ ਕਾਹਦਾ? ਮੈਂ ਕਿਸੇ ਤੋਂ ਨਹੀਂ ਡਰਦੀ ਤੇ ਨਾ ਹੀ ਮੈਂ ਪੂਨੇ ਜਾਣਾ ਏਂ।''
ਪਿੰਕੀ ਵੀ ਉੱਠ ਕੇ ਬੈਠ ਗਈ। ਉਸ ਨੇ ਸਵੀਟੀ ਦੇ ਸਿਰ ਉੱਤੇ ਹੱਥ ਫੇਰਿਆ।
'ਉਹ ਫੇਰ ਆਉਣਗੇ—ਆਉਣਗੇ ਜ਼ਰੂਰ।''
'ਸੌਂ ਜਾ ਬੀਬੇ ਬੱਚਿਆਂ ਵਾਂਗ—ਕਹਾਣੀ ਸੁਣਾਵਾਂ?''
ਸਵੀਟੀ ਨੇ ਉਸ ਦਾ ਹੱਥ ਝਟਕ ਕੇ ਕਿਹਾ, ''ਮੈਂ ਬੱਚੀ ਨਹੀਂ, ਤੂੰ ਕਿਉਂ ਆ ਗਈ ਸੈਂ ਵਿਚਕਾਰ। ਉਹ ਮੈਨੂੰ ਲਿਜਾਣਾ ਚਾਹੁੰਦੇ ਸੀ। ਤੂੰ ਹਰੇਕ ਮਾਮਲੇ ਵਿਚ ਮੇਰਾ ਅੱਗਾ ਰੋਕ ਬਹਿੰਦੀ ਏਂ...ਹਰੇਕ ਮਾਮਲੇ ਵਿਚ।''
ਪਿੰਕੀ ਦੇ ਕੁਝ ਵੀ ਪੱਲੇ ਨਹੀਂ ਸੀ ਪਿਆ। ਉਸ ਕਿਹਾ, ''ਮੈਂ ਤੈਨੂੰ ਬਚਾਉਣ ਖਾਤਰ, ਆਪਣਾ ਸਭ ਕੁਝ ਲੁਟਾਅ ਬੈਠੀ ਆਂ।...ਤੇ ਤੂੰ ਮੇਰੇ ਨਾਲ ਝਗੜ ਰਹੀ ਏਂ!''
'ਉਹ ਸਭ ਕੁਝ ਲੁਟਾਏ ਜਾਣ ਲਈ ਹੀ ਹੁੰਦਾ ਏ। ਅੱਜ ਨਹੀਂ ਤਾਂ ਕੱਲ੍ਹ ਲੁੱਟਿਆ ਈ ਜਾਣਾ ਸੀ। ਸਾਂਭ ਕੇ ਰੱਖਦੀ ਤਾਂ ਕੀ ਇਨਾਮ ਮਿਲ ਜਾਂਦਾ...?''
''ਹੁਣ ਫੇਰ ਤੂੰ ਲੜਨਾ ਏਂ ਮੇਰੇ ਨਾਲ?''
'ਆਹੋ, ਲੜਨਾ ਏਂ! ਇਕ ਵਾਰੀ ਨਹੀਂ ਸੌ ਵਾਰ—ਤੂੰ ਤਾਂ ਮੱਚਦੀ ਏਂ ਮੇਰੇ 'ਤੇ।''
'ਚਲ ਚੰਗਾ, ਹੁਣ ਸੌਂ ਜਾ—ਸਵੇਰੇ ਲੜ ਲਵੀਂ।''
''ਨਹੀਂ।''
'ਐਵੇਂ ਚੀਕ ਨਾ—ਮਾਂ ਜਾਗ ਪਏਗੀ।''
''ਤੂੰ ਮੈਨੂੰ ਬੱਚੀ ਕਿਵੇਂ ਕਿਹਾ ਸੀ ਨੀਂ?''
ਅੱਛਾ ਬਾਬਾ ਮੁਆਫ਼ ਕਰ ਦੇ! ਅਗਾਂਹ ਤੋਂ ਨਹੀਂ ਕਹਿੰਦੀ।''
ਪਿੰਕੀ ਨੂੰ ਮੁਆਫ਼ੀ ਮੰਗਦਿਆਂ ਵੇਖ ਕੇ ਸਵੀਟੀ ਭੜਕ ਉੱਠੀ, ''ਏਸ ਭਰਮ 'ਚ ਨਾ ਰਹੀਂ ਕਿ ਤੂੰ ਮੈਨੂੰ ਬਚਾਇਆ ਏ।''
ਪਿੰਕੀ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਤੱਕਦੀ ਰਹੀ ਤੇ ਸਵੀਟੀ ਨੇ ਆਪਣੀ ਗੱਲ ਪੂਰੀ ਕਰ ਦਿੱਤੀ...''ਤੂੰ ਮੈਨੂੰ ਬਚਾਇਆ ਨਹੀਂ, ਬਲਕਿ ਆਪਣੇ ਆਪ ਨੂੰ ਪੇਸ਼ ਕੀਤਾ ਸੀ।''
   ੦੦੦ ੦੦੦ ੦੦੦

ਇਕ ਔਰਤ...:: ਲੇਖਕ : ਕਰਾਮਤ ਉੱਲਾ ਗੌਰੀ

ਪਾਕੀ ਉਰਦੂ ਕਹਾਣੀ :
ਇਕ ਔਰਤ
ਲੇਖਕ : ਕਰਾਮਤ ਉੱਲਾ ਗੌਰੀ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਪਹਿਲੀ ਵੇਰ ਮੈਂ ਉਸਨੂੰ ਆਪਣੇ ਦਫ਼ਤਰ ਵਿਚ ਹੀ ਵੇਖਿਆ ਸੀ। ਉਹ ਮੇਰੇ ਕੋਲ ਇਨਸਾਫ ਮੰਗਣ ਆਈ ਸੀ ਤੇ ਆਈ ਸੀ ਉਸ ਵੇਲੇ ਜਦੋਂ ਮੈਂ ਅਣਗਿਣਤ ਫਾਈਲਾਂ ਅਤੇ ਮੁਲਾਕਾਤੀਆਂ ਨਾਲ ਸਿਰ ਖਪਾਈ ਕਰਨ ਪਿੱਛੋਂ ਇਸ ਦੁਨੀਆਂ ਤੋਂ ਅੱਕਿਆ ਬੈਠਾ ਸਾਂ। ਅਜਿਹੇ ਪਲਾਂ ਵਿਚ ਜਦੋਂ ਚਪੜਾਸੀ ਨੇ ਉਸਨੂੰ ਅੰਦਰ ਭੇਜ ਦੇਣ ਦੀ ਇਜਾਜ਼ਤ ਮੰਗੀ, ਮੈਂ ਉਸਨੂੰ ਪੈ ਨਿਕਲਿਆ—
'ਨਹੀਂ ਕੋਈ ਜ਼ਰੂਰਤ ਨਹੀਂ, ਹੁਣ ਕਿਸੇ ਨੂੰ ਵੀ ਅੰਦਰ ਭੇਜਣ ਦੀ। ਜਾਹ ਜਾ ਕੇ ਆਖ ਦੇਅ ਮੁਲਾਕਾਤ ਦਾ ਵਕਤ ਖ਼ਤਮ ਹੋ ਚੁੱਕਿਆ...।'' ਮੈਂ ਉੱਚੀ ਆਵਾਜ਼ ਵਿਚ ਸਾਰੇ ਹੁਕਮ ਝਾੜ ਦਿੱਤੇ ਸਨ...ਪਰ ਮੇਰੇ ਚੁੱਪ ਹੋਣ ਤੋਂ ਪਹਿਲਾਂ ਹੀ ਉਹ ਅੰਦਰ ਵੜ ਆਈ ਸੀ, ਸ਼ਾਇਦ ਦਰਵਾਜ਼ੇ ਕੋਲ ਖੜ੍ਹੀ ਸਭ ਕੁਝ ਸੁਣਦੀ ਰਹੀ ਸੀ। ਉਸਨੇ ਰਤਾ ਕੁਸੈਲੀ ਆਵਾਜ਼ ਵਿਚ ਕਿਹਾ, ''ਸਾਹਬ ਜੀ ! ਪੂਰੇ ਤਿੰਨ ਦਿਨ ਹੋ ਗਏ ਨੇ ਮੈਨੂੰ ਤੁਹਾਡੇ ਬੂਹੇ 'ਤੇ ਹਾਜ਼ਰੀ ਦੇਂਦਿਆਂ। ਆਖ਼ਰ ਮੈਂ ਵੀ ਇਨਸਾਨ ਆਂ, ਕੋਈ ਡੰਗਰ-ਪਸੂ ਨਹੀਂ ਬਈ ਤੁਹਾਡੇ ਕਿੱਲੇ ਨਾਲ ਵੱਝ ਕੇ ਬੈਠੀ ਰਹਾਂ।'' ਉਹ ਪੂਰੇ ਆਤਮ ਵਿਸ਼ਵਾਸ ਨਾਲ ਬੋਲ ਰਹੀ ਸੀ।
ਮੈਂ ਹਿਰਖ ਗਿਆ ਸਾਂ ਕਿਉਂਕਿ ਸਾਰੇ ਜਿਲੇ ਵਿਚ ਮੇਰੇ ਨਾਲ ਅਜਿਹੇ ਤਿੱਖੇ ਲਹਿਜ਼ੇ ਵਿਚ ਗੱਲ ਕਰਨ ਦੀ ਹਿੰਮਤ ਕਿਸੇ ਦੀ ਨਹੀਂ ਸੀ। ਬਿੰਦ ਦਾ ਬਿੰਦ ਦਿਲ ਵਿਚ ਆਇਆ ਕਿ ਚਪੜਾਸੀ ਨੂੰ ਕਹਾਂ ਕਿ 'ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਆ।' ਪਰ ਅਚਾਨਕ ਹੀ ਮੇਰੇ ਅੰਦਰਲਾ ਕਲਾਕਾਰ, ਅਫਸਰ ਉੱਤੇ ਭਾਰੂ ਹੋ ਗਿਆ ਸੀ। ਸੋਚਿਆ ਇਹ ਔਰਤ ਬਗ਼ੈਰ ਗੱਲੋਂ ਏਨੀ ਅੱਖੜ ਨਹੀਂ ਹੋ ਸਕਦੀ। ਉਂਜ ਵੀ ਸਾਡੇ ਦੇਸ਼ ਦੀਆਂ ਔਰਤਾਂ ਬੁਨਿਆਦੀ ਤੌਰ 'ਤੇ ਕਿੱਲੇ ਨਾਲ ਬੱਧੀਆਂ ਗਊਆਂ ਹੁੰਦੀਆਂ ਨੇ...ਤੇ ਉਦੋਂ ਤਕ ਕਿੱਲੇ ਨਾਲ ਹੀ ਬੱਧੀਆਂ ਰਹਿੰਦੀਆਂ ਨੇ ਜਦੋਂ ਤਕ ਕਿੱਲਾ ਕੰਮਜ਼ੋਰ ਨਹੀਂ ਹੋ ਜਾਂਦਾ ਜਾਂ ਕੋਈ ਚੋਰ ਉੱਚਕਾ ਉਹਨਾਂ ਨੂੰ ਖੋਲ੍ਹ ਕੇ ਜਾਂ ਵਰਗਲਾ ਕੇ ਨਸਾਅ ਨਹੀਂ ਲੈ ਜਾਂਦਾ। ਅਜਿਹੀਆਂ ਹਾਲਤਾਂ ਵਿਚ ਉਹ ਆਪ ਵੀ ਰੱਸੇ ਤੁੜਵਾ ਜਾਂਦੀਆਂ ਨੇ ਤੇ ਏਨੀਆਂ ਮੂੰਹ-ਜ਼ੋਰ ਹੋ ਜਾਂਦੀਆਂ ਨੇ ਕਿ ਕਹਿੰਦੇ-ਕਹਾਉਂਦਿਆਂ ਦੇ ਕਾਬੂ ਨਹੀਂ ਆਉਂਦੀਆਂ। ਉਹ ਔਰਤ ਵੀ ਮੈਨੂੰ ਓਹੋ ਜਿਹੀ ਮੂੰਹ-ਜ਼ੋਰ ਹੀ ਜਾਪੀ ਸੀ। ਮੈਨੂੰ ਯਕੀਨ ਹੋ ਗਿਆ ਕਿ ਉਸਦੇ ਅੱਖੜਪੁਣੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈ। ਸੋ ਇਸ ਤੋਂ ਪਹਿਲਾਂ ਕਿ ਮੇਰਾ ਵਫਾਦਾਰ ਚਪੜਾਸੀ ਆਪਣੇ ਸਾਹਬ ਪ੍ਰਤੀ ਵਫਾਦਾਰੀ ਦਾ ਸਬੂਤ ਦੇਣ ਖਾਤਰ ਉਸ ਨਾਲ ਮੱਥਾ ਲਾ ਲੈਂਦਾ, ਮੈਂ ਇਸ਼ਾਰੇ ਨਾਲ ਉਸਨੂੰ ਰੋਕ ਦਿੱਤਾ। ਏਨੇ ਚਿਰ ਵਿਚ ਉਹ ਮੇਰੇ ਮੇਜ਼ ਦੇ ਨੇੜੇ ਆਣ ਖੜ੍ਹੀ ਹੋਈ ਸੀ। ਮੈਂ ਉਸਨੂੰ ਬੈਠ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਸਾਹਮਣੀ ਕੁਰਸੀ ਉੱਤੇ ਇੰਜ ਜਚ ਕੇ ਬੈਠ ਗਈ ਜਿਵੇਂ ਇਹ ਕੁਰਸੀ ਉਸ ਆਪਣੇ ਪੇਕਿਓਂ ਦਾਜ ਵਿਚ ਲਿਆਂਦੀ ਹੋਵੇ।
ਫੇਰ ਮੈਨੂੰ ਪਤਾ ਲੱਗਿਆ ਕਿ ਉਸਦਾ ਨਾਂ ਨੂਰਾਂ ਸੀ। ਉਹ ਨੇੜੇ ਦੇ ਕਿਸੇ ਪਿੰਡ ਦੇ ਇਸ ਸਾਧਾਰਨ ਕਿਸਾਨ ਦੀ ਪਤਨੀ ਸੀ ਤੇ ਮੇਰੇ ਕੋਲ ਆਪਣੇ ਪਿੰਡ ਦੇ ਜ਼ਿਮੀਂਦਾਰ ਦੀ ਸ਼ਿਕਾਇਤ ਕਰਨ ਆਈ ਸੀ, ਜਿਸ ਨੇ ਉਸ ਕਿਸਾਨ ਯਾਨੀ ਕਿ ਉਸਦੇ ਪਤੀ ਦੇ ਬਲ੍ਹਦ ਜਬਰਦਸਤੀ ਖੋਹ ਲਏ ਸਨ ਤੇ ਮੋੜਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਮੈਂ ਉਸਨੂੰ ਪੱਛਿਆ ਸੀ ਕਿ ਇਸ ਗੱਲ ਦੀ ਸ਼ਿਕਾਇਤ ਉਹ ਆਪ ਕਿਉਂ ਕਰਨ ਆਈ ਹੈ? ਉਸਦਾ ਪਤੀ ਕਿਉਂ ਨਹੀਂ ਆਇਆ?...ਤੇ ਉਸਨੇ ਝੱਟ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ, ''ਸਾਹਬ ਜੀ ਮਰਦ ਤਾਂ ਉਹ ਬਸ ਸਿਰਫ ਨਾਂਅ ਦਾ ਈ ਐ...ਉਂਜ ਉਹਨਾਂ ਬਲ੍ਹਦਾਂ ਤੋਂ ਵੀ ਗਿਆ ਬੀਤਿਐ ਜਿਹੜੇ ਜੱਗੂ ਨੇ ਖੋਹ ਲਏ ਐ। ਮਿੱਟੀ ਦਾ ਮਾਧੋ ਐ ਨਿਰਾ। ਜੇ ਮਰਦ ਹੁੰਦਾ ਤਾਂ ਮੈਨੂੰ ਕਿਉਂ ਇੱਥੇ ਆਉਣਾ ਪੈਂਦਾ ਜੀ...।''
ਮੈਨੂੰ ਉਸਦੀ ਦਲੀਲ ਬੜੀ ਠੋਸ ਲੱਗੀ। ਜੇ ਮਰਦ ਚੂੜੀਆਂ ਪਾ ਕੇ ਘਰੇ ਬੈਠੇ ਰਹਿਣ ਤਾਂ ਔਰਤਾਂ ਨੂੰ ਹੀ ਬਿਸਤਰੇ ਦੇ ਵੱਟਾਂ ਵਿਚੋਂ ਨਿਕਲ ਕੇ ਜ਼ਮਾਨੇ ਦੀ ਰੇਤ ਫੱਕਣ ਆਉਣਾ ਪੈਂਦਾ ਹੈ।
ਨੂਰਾਂ ਅਜਿਹੀ ਹੀ ਇਕ ਔਰਤ ਸੀ...ਨਰੋਈ, ਕਦਾਵਰ ਤੇ ਗੰਭੀਰ। ਉਹ ਆਪਣੇ ਮਰਦ ਦੀ ਨਾਮਰਦੀ ਤੋਂ ਖਿਝਕੇ ਆਪਣੇ ਅਤੇ ਉਸਦੇ ਹੱਕਾਂ ਦੀ ਖਾਤਰ ਜ਼ਮਾਨੇ ਦੀ ਤੱਤੀ ਧੁੱਪ ਵਿਚ ਨਿਕਲ ਆਈ ਸੀ...ਪਰ ਸ਼ਾਇਦ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਧੁੱਪ ਇਕ ਪਾਸੇ ਜ਼ਿੰਦਗੀ ਬਖ਼ਸ਼ਦੀ ਹੈ, ਦੂਜੇ ਪਾਸੇ ਉਸਦੇ ਕੁੰਦਣ ਵਰਗੇ ਰੰਗ ਰੂਪ ਨੂੰ ਝੁਲਸਾ ਕੇ ਕੋਇਲਾ ਵੀ ਬਣਾਅ ਸਕਦੀ ਹੈ।
ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਜਿਸ ਜ਼ਿਮੀਂਦਾਰ ਨਾਲ ਉਹ ਟਾਕਰਾ ਕਰਨਾ ਚਾਹੁੰਦੀ ਹੈ ਉਹ ਇਕ ਚਲਦਾ ਪੁਰਜਾ ਬੰਦਾ ਹੈ। ਕਈ ਸਿਆਸੀ ਨੇਤਾਵਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਤੱਕ ਉਸਦੀ ਪਹੁੰਚ ਹੈ। ਪਰ ਨੂਰਾਂ ਆਪਣੀ ਜ਼ਿਦ ਉੱਤੇ ਅੜੀ ਰਹੀ ਕਿ ਕਾਨੂੰਨਨ ਇਨਸਾਫ ਕੀਤਾ ਜਾਵੇ ਤੇ ਜਾਲਮ ਨੂੰ ਸਜ਼ਾ ਦਿੱਤੀ ਜਾਵੇ। ਜਿਸ ਨਿੱਡਰਤਾ ਅਤੇ ਹੌਸਲੇ ਨਾਲ ਉਹ ਆਪਣੇ ਹੱਕਾਂ ਦੀ ਹਮਾਇਤ ਵਿਚ ਤੇ ਜ਼ਿਮੀਂਦਾਰ ਦੇ ਜ਼ੁਲਮ ਦੇ ਖ਼ਿਲਾਫ਼ ਭਾਸ਼ਨ ਦੇ ਰਹੀ ਸੀ, ਉਸਨੂੰ ਸੁਣ ਕੇ ਮੈਨੂੰ ਇੰਜ ਜਾਪਿਆ ਸੀ ਜਿਵੇਂ ਉਸਨੇ ਇਸ ਵਿਸ਼ੇ ਉੱਤੇ ਬਣੀ ਹਰੇਕ ਫਿਲਮ ਵੇਖੀ ਹੀ ਨਹੀਂ ਬਲਕਿ ਉਸਦੇ ਰੋਹਿਲੇ ਡਾਇਲਾਗ ਮੂੰਹ ਜ਼ਬਾਨੀ ਯਾਦ ਵੀ ਕੀਤੇ ਹੋਏ ਨੇ।
ਮੈਂ ਨੂਰਾਂ ਦੀ ਵਕਾਲਤ ਤੋਂ ਪ੍ਰਭਾਵਿਤ ਹੋ ਕੇ ਜ਼ਿਮੀਂਦਾਰ ਦੇ ਖ਼ਿਲਾਫ਼ ਬੜਾ ਸਖ਼ਤ ਐਕਸ਼ਨ ਲਿਆ ਸੀ ਤੇ ਉਸਦੇ ਬਲ੍ਹਦ ਉਹਨਾਂ ਨੂੰ ਵਾਪਸ ਮਿਲ ਗਏ ਸਨ। ਫੇਰ ਉਹ ਬਲ੍ਹਦਾਂ ਦੇ ਨਾਲ ਹੀ ਕਿਤੇ ਅਲੋਪ ਹੋ ਗਈ ਸੀ। ਮੈਂ ਵੀ ਉਸਨੂੰ ਭੁੱਲ-ਭੁਲਾਅ ਗਿਆ ਸਾਂ ਤੇ ਫੇਰ ਉੱਥੋਂ ਮੇਰਾ ਤਬਾਦਲਾ ਹੋ ਗਿਆ ਸੀ।
      ੦੦੦
ਇਸ ਘਟਨਾ ਤੋਂ ਕਈ ਵਰ੍ਹੇ ਪਿੱਛੋਂ ਇਕ ਹੋਰ ਘਟਨਾ ਹੋਈ। ਉਦੋਂ ਮੇਰੀ ਪੋਸਟਿੰਗ ਜਿਸ ਸਰਹੱਦੀ ਇਲਾਕੇ ਵਿਚ ਹੋਈ ਹੋਈ ਸੀ—ਉਹ ਇਲਾਕਾ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ, ਗੈਰ ਕਾਨੂੰਨੀ ਤੇ ਚੋਰੀ ਛਿਪੇ ਦਾਖਲੇ ਕਰਕੇ ਬਦਨਾਮ ਸੀ। ਇਕ ਦਿਨ ਮੈਨੂੰ ਖ਼ਬਰ ਮਿਲੀ ਕਿ ਇਕ ਨਸ਼ੀਲੀਆਂ ਦਵਾਈਆਂ ਸਮਗਲ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਪਤਾਨ ਖਹਿੜੇ ਹੀ ਪੈ ਗਿਆ ਸੀ ਕਿ ਜ਼ਿਲੇ ਦਾ ਵੱਡਾ ਅਫਸਰ ਹੋਣ ਦੇ ਨਾਤੇ ਮੈਂ ਉਸ ਗਿਰੋਹ ਨੂੰ ਇਕ ਵਾਰ ਜ਼ਰੂਰ ਵੇਖ ਆਵਾਂ। ਉਹ ਆਪਣੀ ਕਾਰਗੁਜ਼ਾਰੀ ਵਿਖਾ ਕੇ ਮੈਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਮੈਂ ਰਤਾ ਉਦਾਰ ਚਿੱਤ ਬੰਦਾ ਵਾਂ ਸੋ ਉਸਦਾ ਦਿਲ ਰੱਖਣ ਵਾਸਤੇ ਉਸ ਜਗ੍ਹਾ ਦਾ ਦੌਰਾ ਕਰਨ ਵਾਸਤੇ ਜਾ ਪਹੁੰਚਿਆ ਜਿੱਥੇ ਸਮਗਲਰਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਉਹ ਕਈ ਸਨ—ਵੱਡੀਆਂ ਵੱਡੀਆਂ ਮੁੱਛਾਂ ਤੇ ਪੱਗੜਾਂ ਵਾਲੇ। ਉਹਨਾਂ ਦੀਆਂ ਅੱਖਾਂ ਚਰਸ ਤੇ ਗਾਂਜੇ ਦੇ ਨਸ਼ੇ ਸਦਕੇ ਲਾਲ-ਝਰੰਗ ਹੋਈਆਂ ਹੋਈਆਂ ਸਨ। ਉਹਨਾਂ ਨਾਲ ਇਕ ਔਰਤ ਵੀ ਫੜ੍ਹੀ ਗਈ ਸੀ, ਜਿਸਦਾ ਹੁਲੀਆ ਵੀ ਉਹਨਾਂ ਵਰਗਾ ਹੀ ਸੀ ਪਰ ਉਹ ਆਪਣੇ ਸੁਡੌਲ ਔਰਤਪਨ ਸਦਕਾ ਵੱਖਰੀ ਹੀ ਦਿਸ ਰਹੀ ਸੀ। ਉਸਨੂੰ ਵੇਖ ਕੇ ਮੈਂ ਹੈਰਾਨੀ ਨਾਲ ਤ੍ਰਬਕ ਪਿਆ ਸਾਂ...ਉਹ ਕੁਝ ਜਾਣੀ-ਪਛਾਣੀ ਜਿਹੀ ਲੱਗੀ ਸੀ।...ਤੇ ਫੇਰ ਉਸਨੇ ਆਪੇ ਹੀ ਮੇਰੀ ਹੈਰਾਨੀ ਦੂਰ ਕਰ ਦਿੱਤੀ...
'ਸਾਹਬ ਜੀ, ਸਲਾਮ,'' ਉਸ ਢੀਠਾਂ ਵਾਂਗ ਕਿਹਾ, ''ਸ਼ਾਇਦ ਤੁਸੀਂ ਮੈਨੂੰ ਪਛਾਣਿਆਂ ਨਹੀਂ?'' ਉਹ ਇੰਜ ਆਖ ਰਹੀ ਸੀ ਜਿਵੇਂ ਮੇਰੀ ਦੂਰ ਨੇੜੇ ਦੀ ਕੋਈ ਰਿਸ਼ਤੇਦਾਰ ਹੋਵੇ...ਤੇ ਜਿਵੇਂ ਨਾ ਪਛਾਣ ਕੇ ਮੈਂ ਉਸਨੂੰ ਠੇਸ ਪਹੁਚਾਈ ਹੋਵੇ।
ਉਸਦਾ ਗੱਲਬਾਤ ਕਰਨ ਦਾ ਢੰਗ ਤੇ ਵਿਅੰਗਮਈ ਲਹਿਜ਼ਾ ਮੈਨੂੰ ਨੂਰਾਂ ਦੀ ਯਾਦ ਤਾਜ਼ਾ ਕਰਵਾਉਣ ਲਈ ਕਾਫੀ ਸੀ, ਜਿਸਨੂੰ ਕਈ ਵਰ੍ਹੇ ਪਹਿਲਾਂ ਮੈਂ ਖੇਤਾਂ ਤੇ ਮੈਦਾਨਾਂ ਦੀ ਮਿੱਟੀ ਵਿਚ ਛੱਡ ਆਇਆ ਸਾਂ।
'ਹਾਂ, ਹਾਂ ਬਈ। ਯਾਦ ਆਇਆ, ਪਹਿਲਾਂ ਵੀ ਤੇਰੇ ਨਾਲ ਮੁਲਾਕਾਤ ਹੋ ਚੁੱਕੀ ਏ। ਤੇਰਾ ਨਾਂਅ ਕੀ ਏ ਭਲਾ?'' ਮੈਂ ਪੁੱਛਿਆ।
'ਬਸ਼ੀਰਾਂ ਨਾਂਅ ਐਂ ਜੀ ਮੇਰਾ—ਤੇ ਇਹ ਮੇਰਾ ਮਰਦ ਐ—ਇਹਨਾਂ ਸਰਿਆਂ ਦਾ ਸਰਦਾਰ।'' ਉਸਨੇ ਇਕ ਲੰਮੇ-ਝੰਮੇ ਭਰਵੇਂ ਚਿਹਰੇ ਵਾਲੇ ਆਦਮੀ ਵੱਲ ਇਸ਼ਾਰਾ ਕਰਕੇ ਦੱਸਿਆ।
ਇਕ ਵਾਰ ਫੇਰ ਮੈਂ ਤ੍ਰਬਕ ਪਿਆ। ਇਹ ਨਾਂ ਤਾਂ ਨਹੀਂ ਸੀ ਉਸਦਾ ਜਦੋਂ ਉਹ ਪਹਿਲੀ ਵਾਰੀ ਮੈਥੋਂ ਮਦਦ ਮੰਗਣ ਆਈ ਸੀ ਤੇ ਇਹ ਉਸਦਾ ਮਰਦ ਵੀ ਨਹੀਂ ਸੀ ਹੋ ਸਕਦਾ ਜਿਸ ਬਾਰੇ ਉਸ ਨੇ ਕਿਹਾ ਸੀ ਕਿ ਮੇਰਾ ਮਰਦ ਮਰਦਾਨਗੀ ਦੇ ਨਾਂ ਉੱਤੇ ਧੱਬਾ ਹੈ ਤੇ ਇਹ ਕਿਸੇ ਵੀ ਪੱਖੋਂ ਉਹ ਨਹੀਂ ਸੀ ਹੋ ਸਕਦਾ, ਜਿਹੜਾ ਕਿਸੇ ਬੁਲਡਾਗ ਵਾਂਗ ਉਸਦਾ ਰਾਖਾ ਬਣਿਆਂ ਖੜ੍ਹਾ ਸੀ।
'ਪਰ ਉਦੋਂ ਤੂੰ ਸ਼ਾਇਦ ਹੋਰ ਹੀ ਕੋਈ ਨਾਂ ਦੱਸਿਆ ਸੀ ਆਪਣਾ...'' ਮੈਂ ਆਪਣੀ ਹੈਰਾਨੀ ਉੱਤੇ ਕਾਬੂ ਪਾ ਲਿਆ ਸੀ।
'ਹਾਂ ਸਾਹਬ ਜੀ। ਔਰਤ ਦਾ ਆਪਣਾ ਕੋਈ ਨਾਂ ਨਹੀਂ ਹੁੰਦਾ ਤੇ ਨਾ ਹੀ ਕੋਈ ਧੰਦਾ ਹੁੰਦਾ ਐ।'' ਉਹ ਅੱਖਾਂ ਤੇ ਲੱਕ ਮਟਕਾਉਂਦੀ ਬੋਲੀ, ''ਉਸ ਮਰਦ ਨੂੰ ਨੂਰਾਂ ਨਾਂਅ ਪਸੰਦ ਸੀ ਤੇ ਮੈਂ ਨੂਰਾਂ ਬਣ ਕੇ ਤੁਹਾਡੇ ਕੋਲ ਪਹੁੰਚੀ ਸਾਂ। ਹੁਣ ਇਹ ਮੇਰਾ ਮਰਦ ਐ ਜਿਹੜਾ...'' ਉਸ ਨੇ ਬੜੇ ਪਿਆਰ ਨਾ ਉਸ ਲਾਲ ਲਾਲ ਅੱਖਾਂ ਤੇ ਸੰਘਣੀ ਦਾੜ੍ਹੀ ਵਾਲੇ ਵੱਲ ਇਸ਼ਾਰਾ ਕਰਕੇ ਕਿਹਾ, ''ਇਸਨੂੰ ਬਸ਼ੀਰਾਂ ਨਾਂਅ ਪਸੰਦ ਐ ਤਾਂ ਮੈਂ ਬਸ਼ੀਰਾਂ ਆਂ। ਆਪਣਾ ਕੀ ਵਿਗੜਦੈ-ਜੀ...ਨਾਂਅ ਭਾਵੇਂ ਕੋਈ ਵੀ ਹੋਵੇ ਕੰਮ ਤਾਂ ਮਰਦ ਨੂੰ ਖੁਸ਼ ਕਰਨਾ ਈ ਐ ਨਾ-ਜੀ?''
ਮੈਨੂੰ ਉਸਦੀਆਂ ਗੱਲਾਂ ਬੜੀਆਂ ਘਟੀਆ, ਅਜੀਬ-ਓਪਰੀਆਂ ਤੇ ਭੈੜੀਆਂ ਲੱਗੀਆਂ ਸਨ ਜਾਂ ਸ਼ਾਇਦ ਮੈਂ ਅਜਿਹੀਆਂ ਗੱਲਾਂ ਸੁਣਨ ਵਾਸਤੇ ਤਿਆਰ ਹੋ ਕੇ ਨਹੀਂ ਸੀ ਆਇਆ। ਉਸਦੀ ਜ਼ਿੰਦਗੀ ਤੇ ਸੋਚ ਨੇ ਮੇਰੇ ਸੰਸਕਾਰਾਂ ਨੂੰ ਠੇਸ ਪਹੁੰਚਾਈ ਸੀ...ਤੇ ਮੇਰੇ ਸੰਸਕਾਰ ਮੇਰੀ ਜ਼ਿੰਦਗੀ ਦਾ ਅੰਗ ਬਣ ਚੁੱਕੇ ਸਨ। ਸੋ ਮੈਂ ਉਸਨੂੰ ਉਸਦੀ ਆਜ਼ਾਦ ਸੋਚ ਵਿਚਕਾਰ ਉੱਥੇ ਹੀ ਛੱਡ ਕੇ ਤੁਰ ਆਇਆ ਸਾਂ। ਫੇਰ ਕਪਤਾਨ ਦੀ ਰਿਪੋਰਟ ਤੋਂ ਪਤਾ ਲੱਗਿਆ ਸੀ ਕਿ ਪੂਰੇ ਦੇ ਪੂਰੇ ਗਿਰੋਹ ਨੂੰ ਤੇ ਬਸ਼ੀਰਾਂ ਜਾਂ ਨੂਰਾਂ ਨੂੰ ਵੱਖਰੇ-ਵੱਖਰੇ ਸਮੇਂ ਦੀ ਕੈਦ ਹੋ ਗਈ ਸੀ। ਸਾਰੇ ਆਪਣੇ ਕੀਤੇ ਦੀ ਸਜ਼ਾ ਭੁਗਤਨ ਵਾਸਤੇ ਜੇਲ੍ਹ ਭੇਜ ਦਿੱਤੇ ਗਏ ਸਨ। ਮੇਰੇ ਮਨ ਵਿਚ ਬਸ਼ੀਰਾਂ ਜਾਂ ਨੂਰਾਂ ਬਾਰੇ ਜਾਣਨ ਜਾਂ ਪੁੱਛਣ ਦੀ ਇੱਛਾ ਵੀ ਹੋਈ ਪਰ ਫੇਰ ਮੈਂ ਉਸ ਕੋਝੀ ਇੱਛਾ ਨੂੰ ਲਾਹੌਲ ਪੜ੍ਹ ਕੇ ਪਰ੍ਹਾਂ ਧਰੀਕ ਦਿੱਤਾ ਸੀ।
ਅਜਿਹੀ ਵਿਗੜੈਲ, ਖਤਰਨਾਕ ਤੇ ਚੋਰ-ਉਚੱਕੀ ਤੀਵੀਂ ਦਾ ਕੀ ਬਣਿਆਂ, ਮੈਨੂੰ ਇਹ ਜਾਣਨ ਦੀ ਕੀ ਚੱਟੀ ਪਈ ਸੀ ਭਲਾ...।
      ੦੦੦
ਕਈ ਵਰ੍ਹੇ ਹੋਰ ਬੀਤ ਗਏ। ਮੈਨੂੰ ਵਿਦੇਸ਼ੀ ਮਾਮਲਿਆਂ ਸੰਬੰਧੀ ਵਿਭਾਗ ਵਿਚ ਨਿਯੁਕਤ ਕਰਕੇ ਖਲੀਚ ਦੀ ਇਕ ਰਿਆਸਤ ਵਿਚ ਭੇਜ ਦਿੱਤਾ ਗਿਆ। ਉੱਥੇ ਮੈਂ ਆਪਣੇ ਹਮਵਤਨਾਂ ਦੀਆਂ ਹਰ ਰੋਜ਼ ਦੀਆਂ ਮੁਸ਼ਕਿਲਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਵਾਉਣ ਦੇ ਯਤਨਾਂ ਵਿਚ ਕੁਝ ਅਜਿਹਾ ਉਲਝਿਆ ਕਿ ਕੁਝ ਚਿਰ ਵਾਸਤੇ ਤਾਂ ਇਹ ਵੀ ਭੁੱਲ ਗਿਟਾ ਕਿ ਮੇਰੇ ਦੇਸ਼ ਵਿਚ ਵੀ ਪੈਰ ਪੈਰ ਉੱਤੇ ਅਜਿਹੇ ਹੀ ਬਹੁਤ ਸਾਰੇ ਮਸਲੇ ਸਨ ਜਿਹਨਾਂ ਨਾਲ ਮੈਂ ਵੱਖੋ-ਵੱਖਰੇ ਹਾਲਾਤਾਂ ਵਿਚ ਨਿਬੜਦਾ ਰਿਹਾ ਸਾਂ...ਤੇ ਹੁਣ ਇੰਜ ਜਾਪਦਾ ਹੈ ਜਿਵੇਂ ਦੇਸ਼ ਦੇ ਸਾਰੇ ਮਸਲੇ ਵਤਨ ਦੀ ਮਿੱਟੀ ਵਿਚੋਂ ਆਪਣੀਆਂ ਜੜਾਂ ਕੱਢ ਕੇ ਸੱਤ ਸਮੁੰਦਰ ਪਾਰ ਏਥੇ ਆ ਵੱਸੇ ਨੇ ਤੇ ਰੇਗਿਸਤਾਨ ਦੀ ਇਸ ਰੇਤ ਤੇ ਗਰਮੀ ਨੇ ਉਹਨਾਂ ਜੜਾਂ ਨੂੰ ਸਿਰਫ ਕਬੂਲ ਹੀ ਨਹੀਂ ਕੀਤਾ ਸਗੋਂ ਬੜੀ ਤੇਜ਼ੀ ਨਾਲ ਪ੍ਰਵਾਨ ਵੀ ਚੜ੍ਹਾ ਰਹੀ ਹੈ।
ਇਕ ਦਿਨ ਮੈਂ ਆਪਣੇ ਸਫਾਰਤਖ਼ਾਨੇ ਦੇ ਦਫਤਰ ਵਿਚ ਬੈਠਾ ਅਜਿਹੇ ਉਲਝੇ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਚਪੜਾਸੀ ਨੇ ਅੰਦਰ ਆ ਕੇ ਦੱਸਿਆ ਕਿ ਵਤਨ ਦੀ ਇਕ ਦਾਸੀ ਮੈਨੂੰ ਮਿਲਣਾ ਚਾਹੁੰਦੀ ਹੈ। ਪਹਿਲਾਂ ਤਾਂ ਮੇਰੇ ਮਨ ਵਿਚ ਆਇਆ ਕਿ ਉਸਨੂੰ ਆਪਣੇ ਕਿਸੇ ਨਾਇਬ ਕੋਲ ਭੇਜ ਦਿਆਂ ਕਿਉਂਕਿ ਪਤਾ ਸੀ ਕਿ ਉਸਦੀ ਕਹਾਣੀ ਵੀ ਉਹਨਾਂ ਬੇਜ਼ਬਾਨ ਤੇ ਮਜ਼ਲੂਮ ਔਰਤਾਂ ਨਾਲੋਂ ਵੱਖਰੀ ਨਹੀਂ ਹੋਵੇਗੀ ਜਿਹੜੀਆਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਖਾਤਰ ਪਤਾ ਨਹੀਂ ਕੀ ਕੀ ਯਤਨ ਕਰਕੇ, ਕਿਹੜੇ ਕਿਹੜੇ ਪਾਪੜ ਵੇਲ ਕੇ, ਕਿਹੜੇ ਸੁਨਿਹਿਰੇ ਸੁਪਣਿਆਂ ਦੀ ਪੂਰਤੀ ਕਰਨ ਲਈ ਇਹਨਾਂ ਇਲਾਕਿਆਂ ਵੱਲ ਆਉਂਦੀਆਂ ਨੇ। ਦੁੱਖ ਤਕਲੀਫਾਂ ਝੱਲਦੀਆਂ ਨੇ, ਨੌਕਰੀਆਂ ਕਰਦੀਆਂ ਨੇ ਤੇ ਘਰ ਘਰ ਭਾਂਡੇ ਮਾਂਜਦੀਆਂ ਨੇ। ਸਾਰਾ ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਮਿਹਨਤ ਦੀ ਚੱਕੀ ਵਿਚ ਪਿਸਦੀਆਂ ਰਹਿੰਦੀਆਂ ਨੇ ਤੇ ਕੁੱਟ-ਮਾਰ ਵੀ ਸਹਿੰਦੀਆਂ ਨੇ। ਫੇਰ ਵੀ ਉਹਨਾਂ ਨੂੰ ਉਹਨਾਂ ਦੀ ਉਸ ਮਿਹਨਤ ਦਾ ਮੁੱਲ ਨਹੀਂ ਦਿੱਤਾ ਜਾਂਦਾ ਜਿਹੜਾ ਪਹਿਲਾਂ ਖੋਹਲਿਆ ਜਾਂਦਾ ਹੈ। ਆਪਣੇ ਆਵਦੇ ਹਮਵਤਨ ਹੀ ਉਹਨਾਂ ਦੀ ਮਿਹਨਤ ਤੇ ਇੱਜ਼ਤ ਨੂੰ ਵਿਦੇਸ਼ੀ ਮਾਲਕਾਂ ਦੇ ਹੱਥ ਕੌਡੀਆਂ ਦੇ ਭਾਅ ਵੇਚ ਦਿੰਦੇ ਨੇ ਤੇ ਆਪਣਾ ਕਮਿਸ਼ਨ ਲੈ ਕੇ ਇੰਜ ਲਾਂਭੇ ਹੋ ਜਾਂਦੇ ਨੇ ਜਿਵੇਂ ਬਕਰੀਦ ਵਾਲੇ ਦਿਨ ਬਲੀ ਦੇ ਬੱਕਰਿਆਂ, ਦੁੰਬਿਆਂ ਦਾ ਵਪਾਰੀ ਕਿਸੇ ਜਾਨਵਰ ਨੂੰ ਖਰੀਦਦਾਰ ਦੇ ਹੱਥ ਵੇਚ ਕੇ ਸੁਰਖਰੂ ਹੋ ਜਾਂਦਾ ਹੈ ਕਿ ਹੁਣ ਉਹ ਕਦੀ ਉਹਨਾਂ ਦੀ ਸ਼ਕਲ ਨਹੀਂ ਵੇਖੇਗੇ।
ਦੁਖ ਤਕਲੀਫਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਮੇਰੇ ਕੰਨ ਸੁੰਨ ਹੋਏ ਹੋਏ ਸਨ ਤੇ ਮੁਸ਼ੀਬਤਾਂ ਮਾਰੇ ਚਿਹਰੇ ਵੇਖ ਵੇਖ ਕੇ ਅੱਖਾਂ ਸਿਲ-ਪੱਥਰ। ਉਸ ਔਰਤ ਨੂੰ ਵੀ ਮੈਂ ਅਜਿਹੀ ਹੀ ਕੋਈ ਦੁਖਾਂਤ ਕਹਾਣੀ ਸਮਝ ਕੇ ਅੱਖੋਂ ਓਹਲੇ ਕਰ ਛੱਡਣਾ ਸੀ ਜਾਂ ਸਰਕਾਰੀ ਬੋਲੀ ਵਿਚ ਟਾਲ ਦੇਣਾ ਸੀ। ਪਰ ਚਪੜਾਸੀ ਦੇ ਕਹਿਣ ਉੱਤੇ ਕਿ ਉਹ ਬੜੀ ਦੁਖੀ ਹੈ ਤੇ ਕਈ ਦਿਨਾਂ ਤੋਂ ਮੈਨੂੰ ਮਿਲਣ ਦੇ ਵਾਸਤੇ ਕਹਿ ਰਹੀ ਹੈ। ਅਖ਼ੀਰ ਚਪੜਾਸੀ ਦੀ ਸਿਫਾਰਸ਼ ਉੱਤੇ ਮੈਂ ਉਸਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਿਆ। ਜਦੋਂ ਉਹ ਉਸਨੂੰ ਅੰਦਰ ਲਿਆਇਆ ਸੀ ਮੈਂ ਹੈਰਾਨ ਹੀ ਰਹਿ ਗਿਆ ਸਾਂ। ਇਹ ਉਹੀ ਔਰਤ ਸੀ—ਨੂਰਾਂ ਜਾਂ ਬਸ਼ੀਰਾਂ! ਪਰ ਸ਼ਕਲ ਸੂਰਤ ਤੋਂ ਉਸ ਔਰਤ ਦਾ ਭੂਤ ਹੀ ਜਾਪਦੀ ਸੀ ਜਿਸਨੂੰ ਪਹਿਲੀ ਵੇਰ ਪਿੰਡ ਦੇ ਜ਼ਿਮੀਂਦਾਰ ਦੇ ਜ਼ੁਲਮਾਂ ਦੇ ਖ਼ਿਲਾਫ਼ ਕਿਸੇ ਨੌਜਵਾਨ ਸਿਪਾਹੀ ਵਾਂਗ ਡਟੀ ਹੋਈ ਵੇਖਿਆ ਸੀ ਤੇ ਦੂਜੀ ਵੇਰ ਕਿਸੇ ਨਵੀਂ ਫੜ੍ਹੀ ਸ਼ੇਰਨੀ ਵਾਂਗ ਆਪਣੀ ਤਾਕਤ ਤੇ ਗਰੂਰ ਦੇ ਨਸ਼ੇ ਵਿਚ ਚੂਰ, ਮਿਲਣ ਵਾਲੀ ਸਜ਼ਾ ਤੇ ਕੈਦੀ ਜੀਵਨ ਦੀਆਂ ਔਕੜਾਂ ਵੱਲੋਂ ਅਤਿ ਲਾਪ੍ਰਵਾਹ ਵੇਖਿਆ ਸੀ। ਪਰ ਇਹ ਔਰਤ ਜਿਹੜੀ ਇਸ ਵੇਲੇ ਮੇਰੇ ਸਾਹਮਣੇ ਖੜ੍ਹੀ ਸੀ...ਸਿਰ ਤੋਂ ਪੈਰਾਂ ਤੱਕ ਦੁੱਖਾਂ ਦੀ ਮੂੰਹੋਂ ਬੋਲਦੀ ਤਸਵੀਰ ਲੱਗ ਰਹੀ ਸੀ। ਨਾ ਉਹ ਕੁੰਦਨ ਵਰਗਾ ਲਿਸ਼ਕਦਾ ਹੋਇਆ ਰੰਗ ਰੂਪ ਸੀ ਤੇ ਨਾ ਹੀ ਸ਼ੇਰਨੀ ਵਰਗਾ ਗਠੀਲਾ ਸਰੀਰ। ਉਸਦਾ ਜਿਸਮ ਢਲ ਚੱਕਿਆ ਸੀ ਤੇ ਅੱਖਾਂ ਦੀ ਚਮਕ ਕਿਸੇ ਬੁਝ ਰਹੇ ਚਿਰਾਗ਼ ਵਾਂਗ ਮੱਧਮ ਪੈ ਚੁੱਕੀ ਸੀ। ਇੰਜ ਜਾਪਦਾ ਸੀ ਜਿਵੇਂ ਸਮੇਂ ਦੀਆਂ ਬੇਰਹਿਮ ਨਹੁੰਦਰਾਂ ਨੇ ਉਸਦੇ ਰੂਪ ਦੀ ਸ਼ੋਈ ਨੂੰ ਖੁਰਚ ਦਿੱਤਾ ਹੋਵੇ।
'ਕੀ ਨਾਂ ਏਂ ਤੇਰਾ ?'' ਮੈਂ ਉਸਨੂੰ ਪੁੱਛਿਆ, ''ਸ਼ਾਇਦ ਮੈਂ ਪਹਿਲਾਂ ਵੀ ਤੈਨੂੰ ਕਿਤੇ ਵੇਖਿਆ ਏ।''
'ਹਾਂ ਸਾਹਬ ਜੀ, ਤੁਸੀਂ ਮੈਨੂੰ ਪਹਿਲਾਂ ਵੀ ਵੇਖ ਚੁੱਕੇ ਓ।'' ਉਸ ਨੇ ਮੁਰਦਲ ਜਿਹੀ ਆਵਾਜ਼ ਵਿਚ ਕਿਹਾ। ਉਸਦੀ ਆਵਾਜ਼ ਵਿਚ ਹੁਣ ਉਹ ਦਮਗਜਾ, ਕੜਕ ਤੇ ਖਣਕ ਨਹੀਂ ਸੀ ਰਹੀ, ''ਮੇਰਾ ਨਾਂਅ ਨਜ਼ੀਰਾਂ ਐ-ਜੀ।''
ਮੈਂ ਫੇਰ ਤ੍ਰਬਕਿਆ।
''ਇਹ ਨਾਂ ਤਾਂ ਨਹੀਂ ਸੀ ਤੇਰਾ !''
'ਇਹ ਨਹੀਂ ਸੀ ਤਾਂ ਕੋਈ ਹੋਰ ਹੋਵੇਗਾ।'' ਉਸਦੀ ਆਵਾਜ਼ ਮੁੜ ਉੱਚੀ, ਕੁਸੈਲੀ ਤੇ ਭਾਰੀ ਹੋ ਗਈ, ''ਔਰਤ ਦੇ ਨਾਂ ਵਿਚ ਰੱਖਿਆ ਈ ਕੀ ਹੁੰਦੈ, ਸਾ'ਬ ਜੀ ! ਜਿਸ ਨੇ ਜੋ ਜਚਿਆ ਨਾਂ ਰੱਖ ਦਿੱਤਾ। ਜਿਸ ਧੰਦੇ ਚਾਹਿਆ ਲਾ ਦਿੱਤਾ। ਔਰਤ ਤਾਂ ਬਚਪਨ ਤੋਂ ਹੀ ਆਪਣੇ ਬਾਪ ਦੀ ਉਂਗਲੀ ਦੇ ਸਹਾਰੇ ਤੁਰਨ ਸਿੱਖਦੀ ਐ ਤੇ ਜਵਾਨੀ ਵਿਚ ਕਿਸੇ ਮੱਝ ਗਾਂ ਵਾਂਗ ਹੀ ਆਪਣੇ ਪਤੀ ਰੂਪੀ ਮਾਲਕ ਦੇ ਮਗਰੇ ਮਗਰ। ਬਿਨਾਂ ਮਰਦ ਦੇ ਮੋਢੇ ਦੇ ਸਹਾਰੇ ਤੋਂ ਤਾਂ ਉਹ ਆਪਣੀ ਕਬਰ ਤੱਕ ਵੀ ਨਹੀਂ ਜਾ ਸਕਦੀ।'' ਉਸਦੀ ਆਵਾਜ਼ ਵਿਚ ਗੂੜ੍ਹੀ ਉਦਾਸੀ ਤੇ ਸੰਘਣੀ ਕੁਸੈਲ ਸੀ।
''ਕਿਸੇ ਮੁਸੀਬਤ ਵਿਚ ਫਸ ਗਈ ਜਾਪਦੀ ਏਂ...'' ਮੈਂ ਉਸਨੂੰ ਤੱਸਲੀ ਦੇਣਾ ਚਾਹੁੰਦਾ ਸਾਂ।
'ਇਹ ਸਭ ਵੀ ਇਕ ਮਰਦ ਦੀ ਹੀ ਦੇਣ ਐ ਸਾ'ਬ ਜੀ ਕਿ ਮੈਂ ਅੱਜ ਇੰਜ ਜੁੱਤੀਆਂ 'ਚ ਰੁਲਦੀ ਪਈ ਆਂ,'' ਉਸਨੇ ਆਪਣੇ ਅੰਦਰਲਾ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ, ''ਔਰਤ ਦਾ ਰੂਪ, ਬਡਰੂਪ ਸਭ ਕੁਝ ਮਰਦ ਦੀ ਦੇਣ ਹੁੰਦੈ। ਉਹ ਵੀ ਇਕ ਮਰਦ ਸੀ ਜਿਸਦੇ ਖੁੱਸੇ ਹੋਏ ਬਲ੍ਹਦਾਂ ਨੂੰ ਵਾਪਸ ਕਰਵਾਉਣ ਵਾਸਤੇ ਮੈਂ ਜ਼ਾਲਮ ਜ਼ਿਮੀਂਦਾਰ ਨਾਲ ਭਿੜ ਗਈ ਸਾਂ। ਫੇਰ ਉਹ ਵੀ ਇਕ ਮਰਦ ਸੀ ਜਿਸਨੇ ਮੈਨੂੰ ਚਰਸ ਤੇ ਗਾਂਜਾ ਪੀਣ ਤੇ ਸਮਗਲਿੰਗ ਕਰਨ ਲਾਇਆ। ਉਸਦੀ ਖਾਤਰ ਮੈਂ ਜੇਲ੍ਹ ਗਈ, ਚੱਕੀ ਪੀਸੀ...ਸਿਰਫ ਏਸ ਆਸ ਉੱਤੇ ਕਿ ਉਹ ਹਮੇਸ਼ਾ ਮੇਰਾ ਆਪਣਾ ਬਣ ਕੇ ਰਹੇਗਾ। ਪਰ ਜੇਲ੍ਹ ਵਿਚੋਂ ਰਿਹਾ ਹੁੰਦਿਆਂ ਹੀ ਉਸਨੇ ਮੈਨੂੰ ਕੁਝ ਹਜ਼ਾਰ ਸਿੱਕਿਆਂ ਬਦਲੇ ਇਹਨਾਂ ਦਲਾਲਾਂ ਦੇ ਹੱਥ ਵੇਚ ਦਿੱਤਾ ਤੇ ਹੁਣ ਮੈਂ ਇਹਨਾਂ ਦੀ ਖਰੀਦੀ ਹੋਈ ਗੁਲਾਮ ਆਂ। ਹੁਣ ਮੇਰੇ ਵਿਚ ਕੁਝ ਵੀ ਬਾਕੀ ਨਹੀਂ ਰਿਹਾ ਸਾਹਬ ਜੀ। ਮੈਂ ਮਿੱਟੀ ਹੋ ਗਈ ਆਂ...ਤੇ ਇਹ ਮਿੱਟੀ ਆਪਣੇ ਵਤਨ ਦੀ ਮਿੱਟੀ ਵਿਚ ਜਾ ਰਲਣਾ ਚਾਹੁੰਦੀ ਐ। ਮੇਰਾ ਕੋਈ ਹੋਰ ਠਿਕਾਣਾ ਨਹੀਂ ਤੇ ਨਾ ਹੀ ਮੇਰਾ ਆਪਣਾ ਕੋਈ ਨਾਂ ਐਂ। ਨੂਰਾਂ, ਬਸ਼ੀਰਾਂ, ਨਜ਼ੀਰਾਂ...ਪਤਾ ਨਹੀਂ ਕਿਹਾੜਾ ਨਾਂ ਕਿਸ ਨੇ ਰੱਖਿਆ ਸੀ। ਅਸਲ ਵਿਚ ਮੇਰਾ ਆਪਣਾ ਕੋਈ ਨਾਂ ਈ ਨਹੀਂ ਸੀ-ਜੀ। ਮੈਂ ਸਿਰਫ ਮਿੱਟੀ ਸਾਂ ਸਾ'ਬ ਜੀ। ਵੱਖੋ-ਵੱਖਰੇ ਹੱਥਾਂ ਵਿਚ, ਅੱਡੋ-ਅੱਡਰੀਆਂ ਸ਼ਕਲਾਂ ਵਿਚ ਢਲਦੀ ਰਹੀ, ਖਿਡੌਣਿਆਂ ਵਾਂਗ। ਹੁਣ ਇਸ ਮਿੱਟੀ ਵਿਚ ਤਰਾਵਟ ਨਹੀਂ ਰਹੀ, ਇਹ ਸੁੱਕ ਕੇ ਭੁਰਭੁਰੀ ਹੋ ਗਈ ਐ। ਇਸ ਮਿੱਟੀ ਨੂੰ ਆਪਣੀ ਮਿੱਟੀ ਵਿਚ ਜਾ ਰਲਣ ਦਾ ਹੁਕਮਨਾਮਾ ਜਾਰੀ ਕਰ ਦਿਓ...ਮੈਨੂੰ ਵਤਨ ਵਾਪਸ ਜਾਣ ਦਾ ਪ੍ਰਵਾਨਾ ਦੇ ਦਿਓ ਸਾ'ਬ ਜੀ।''
ਉਸਦੇ ਵਤਨ ਵਾਪਸ ਜਾਣ ਲਈ ਸਰਕਾਰੀ ਇਜਾਜ਼ਤਨਾਮੇਂ ਦੇ ਕਾਗਜ਼ ਮੇਰੇ ਸਾਹਮਣੇ ਰੱਖ ਦਿੱਤੇ ਸਨ। ਮੈਂ ਉਹਨਾਂ ਕਾਗਜ਼ਾਂ ਨੂੰ ਰਤਾ ਗਹੁ ਨਾਲ ਵੇਖਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਨਾਂ ਵਾਲੇ ਸਾਰੇ ਖਾਨਿਆਂ ਵਾਲੀ ਥਾਂ ਖਾਲੀ ਹੈ ਤੇ ਉੱਥੇ ਸਿਰਫ ਭੁਰਭੁਰੀ ਮਿੱਟੀ ਦੇ ਕਣ ਖਿੱਲਰੇ ਹੋਏ ਨੇ।
ਫੇਰ ਮੈਂ ਉਸ ਵੱਲ ਵੇਖੇ ਬਿਨਾਂ ਹੀ ਕਾਗਜ਼ਾਂ ਉੱਤੇ ਦਸਤਖਤ ਕਰ ਦਿੱਤੇ ਸਨ।
     ੦੦੦ ੦੦੦ ੦੦੦

ਜਜ਼ੀਆ...:: ਲੇਖਕ : ਵਿਜੈ




ਹਿੰਦੀ ਕਹਾਣੀ :
ਜਜ਼ੀਆ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ

ਭਗਵਾਨ ਦੇ ਮੰਦਰ ਦੇ ਬਾਹਰੀ ਦਰਵਾਜ਼ੇ ਨੂੰ ਜਿੰਦਰਾ ਮਾਰਦਿਆਂ ਉਹਨਾਂ ਅਮਲ ਨੂੰ ਕਿਹਾ–'ਮੈਂ ਕੀ ਐਵੇਂ ਈ ਜਾਣ ਲਈ ਤਿਆਰ ਹੋਇਆਂ? ਅੱਧੇ ਜਿਹੜੇ ਬਚੇ ਨੇ ਉਹਨਾਂ ਦੇ ਬਾਂਸ-ਬਿਸਤਰੇ ਤਕ ਵਿਕ ਗਏ ਨੇ...ਮੰਦਰ ਵਿਚ ਜੋਤ-ਬੱਤੀ ਕਿਹੜੇ ਘਿਓ-ਤੇਲ ਨਾਲ ਜਗਾਵਾਂਗਾ? ਚੋਪੜਨ ਦੀ ਗੱਲ ਤਾਂ ਦੂਰ, ਕੱਦੂ-ਤੋਰੀ ਨੂੰ ਤੜਕਾ ਲਾਉਣ ਖਾਤਰ ਪਾਣੀ ਮਿਲਣਾ ਵੀ ਮੁਸ਼ਕਲ ਹੋ ਗਿਐ ਤਾਂ ਫੇਰ ਭਗਵਾਨ ਨੂੰ ਭੋਗ ਕਿੱਥੋਂ ਲੱਗੇਗਾ? ਭਗਤਾਂ ਦੀਆਂ ਆਹਾਂ-ਅੱਥਰੂਆਂ ਨਾਲ ਤਾਂ ਮੰਦਰ ਦੀ ਆਰਤੀ-ਪ੍ਰਸ਼ਾਦ ਨਹੀਂ ਚੱਲਦੇ ਨਾ।'
ਅਮਲ ਨੇ ਇਕ-ਦੋ ਉੱਚੇ-ਪੱਕੇ ਮਕਾਨਾਂ ਵੱਲ ਇਸ਼ਾਰਾ ਕੀਤਾ, ਤਾਂ ਬੋਲੇ ਭਵਨਾਥ–'ਇਹਨਾਂ ਤਿਲਾਂ 'ਚ ਹੁਣ ਤੇਲ ਨਹੀਂ ਰਿਹਾ, ਚੋ ਲਿਆ ਜਿੰਨਾ ਜ਼ਰੂਰੀ ਸੀ। ਹੁਣ ਇਹ ਸ਼ਹਿਰੀਂ ਜਾ ਕੇ ਕਾਰਖ਼ਾਨੇ ਲਾਉਣਗੇ...ਸਰਕਾਰ ਕੋਲ ਇਹਨਾਂ ਨੂੰ ਦੇਣ ਲਈ ਖਜਾਨਾ ਹੈ ਹੀ।'
ਅਮਲ ਦਾ ਮਨ ਮੰਦਰ ਛੱਡਣ ਕਰਕੇ ਦੁਖੀ ਸੀ। ਅੱਜ ਤੋਂ ਪੰਜ ਵਰ੍ਹੇ ਪਹਿਲਾਂ ਬਾਬੇ ਨੇ ਵੰਸ਼-ਨਸਲ ਬਚਾਉਣ ਲਈ ਭਵਨਾਥ ਨੂੰ ਫੜਾ ਦਿੱਤੀ ਸੀ ਉਸਦੀ ਬਾਂਹ–'ਨੂੰਹ-ਪੁੱਤ ਗਏ, ਮੇਰੀ ਵੀ ਤਿਆਰੀ ਓ ਐ ਹੁਣ। ਤੇਰੇ ਕੋਲ ਦੋ ਟੀਕਰ ਖਾ ਕੇ ਜਿਊਂ ਲਏਗਾ, ਸੇਵਾ ਕਰੇਗਾ ਤੇ ਜਾਣੇ-ਅਣਜਾਣੇ ਪਿਤਰਾਂ ਨੂੰ ਜਲ ਦੀ ਚੂਲੀ ਮਿਲ ਜਾਇਆ ਕਰੇਗੀ।'
ਭਵਨਾਥ ਨੇ ਤੇਜ਼ ਚੱਲਣ ਲਈ ਕਿਹਾ ਸੀ। ਉਹਨੂੰ ਡਰ ਹੋਏਗਾ ਕਿ ਬੁੱਢਾ ਮਰ ਗਿਆ ਤਾਂ ਮੁਫ਼ਤ ਵਿਚ ਵਿਧੀਪੂਰਨ ਸੰਸਕਾਰ ਕਰਨਾ ਪਏਗਾ। ਬਾਰਾਂ ਸਾਲ ਦਾ ਚਿਪਕੇ ਢਿੱਡ ਵਾਲਾ ਅਮਲ ਭਾਤ (ਚੌਲਾਂ) ਦੇ ਲੋਭ ਵਿਚ ਨੰਗੇ ਪੈਰੀਂ, ਅੱਗੇ ਅੱਗੇ, ਦੌੜ ਪਿਆ ਸੀ। ਆਪਣੇ ਬੁੱਢੇ ਬਾਬੇ ਵੱਲ ਭੌਂ ਕੇ ਵੀ ਨਹੀਂ ਸੀ ਦੇਖਿਆ ਉਸਨੇ। ਦੋ ਕੋਹ ਦੇ ਲੰਮੇ ਪੰਧ ਦੌਰਾਨ ਪੈਰੀਂ ਚੁਭੇ ਕੰਡਿਆਂ ਦੀ ਪੀੜ ਕਾਰਨ 'ਸੀ' ਤਕ ਨਹੀਂ ਸੀ ਕੀਤੀ ਉਸਨੇ। ਭਵਨਾਥ ਖੁਸ਼ ਹੋਏ, ਉਸਦੇ ਪੀੜ ਝੱਲਣ ਦੇ ਹੌਸਲੇ ਨੂੰ ਦੇਖ ਕੇ। ਉਹਨਾਂ ਨੂੰ ਲੱਗਿਆ ਕਿ ਅਜਿਹਾ ਸੇਵਕ ਹਮੇਸ਼ਾ ਲਾਭਕਾਰੀ ਹੁੰਦਾ ਏ।
ਪਰ ਜਦੋਂ ਅਮਲ ਚੌਲਾਂ ਦਾ ਭਰਿਆ ਹੋਇਆ ਕੌਲਾ, ਚੁੰਢੀ ਕੁ ਲੂਣ ਪਾ ਕੇ, ਬਿਨਾਂ ਚਿੱਥਿਆਂ ਹੀ ਨਿਗਲ ਗਿਆ ਤਾਂ ਸ਼ੱਕੀ ਮਨ ਨੇ ਸੋਚਿਆ–'ਸੀਮਿਤ ਕਰਨੀ ਪਏਗੀ, ਗੁਲਾਮ ਰਾਕਸ਼ਸ ਦੀ ਖੁਰਾਕ।' ਗੁਰੂ-ਗੰਭੀਰ ਆਗਿਆ ਦਿੱਤੀ—'ਮੰਦਰ ਦੇ ਭੋਗ ਦਾ ਇਕ ਇਕ ਦਾਣਾ, ਈਸ਼ਵਰ ਨੂੰ ਸਮਰਪਿਤ ਏ ਅਮਲ! ਉਸ ਉਪਰ ਸਾਡਾ ਅਧਿਕਾਰ ਨਹੀਂ। ਓਨੇ ਵਿਚ ਹੀ ਸੰਤੁਸ਼ਟ ਰਹਿਣਾ ਪਏਗਾ, ਜਿੰਨਾ ਉਹ ਆਪਣੀ ਮਰਜ਼ੀ ਨਾਲ ਦੇ ਦਏ।'
ਅਮਲ ਨੇ ਸੇਵਾ, ਮਿਹਨਤ ਤੇ ਆਪਣੀ ਬੁੱਧੀ ਨਾਲ ਖੁਸ਼ ਕਰ ਦਿੱਤਾ ਸੀ ਪੁਜਾਰੀ ਭਵਨਾਥ ਨੂੰ। ਆਰਤੀ, ਕਥਾ ਵਗ਼ੈਰਾ ਕਰਨ ਦਾ ਜਿੱਥੋਂ ਜੋ ਕੁਝ ਵੀ ਉਸਨੂੰ ਮਿਲਦਾ, ਉਹ ਭਵਨਾਥ ਦੇ ਚਰਣਾ ਵਿਚ ਰੱਖ ਦੇਂਦਾ। ਜੋ ਦਾਣਾ-ਪਾਣੀ ਮਿਲਦਾ ਉਸੇ 'ਤੇ ਸੰਤੋਖ ਕਰਕੇ ਸੇਵਾ ਵਿਚ ਜੁਟਿਆ ਰਹਿੰਦਾ। ਅਮਲ ਦੀ ਸੁੰਦਰ, ਨਰੋਈ ਦੇਹ ਨੂੰ ਦੇਖ ਕੇ, ਇਕ ਨਵੀਂ ਸਕੀਮ ਭਵਨਾਥ ਦੇ ਦਿਮਾਗ਼ ਵਿਚ ਆ ਗਈ ਹੈ। ਅਕਸਰ ਸਿਰ ਉੱਤੇ ਹੱਥ ਫੇਰ ਕੇ ਕਹਿੰਦੇ ਨੇ—'ਸਭ ਕੁਝ ਤੇਰਾ ਹੋ ਜਾਣਾ ਏਂ ਅਮਲ। ਇਕ ਦਿਨ ਤੈਨੂੰ ਈ ਮਿਲੇਗਾ ਜੋ ਕੁਛ ਵੀ ਮੇਰਾ ਏ।'
ਅਮਲ ਦੇ ਮਨ ਨੂੰ ਦੁੱਖਾਂ ਨੇ ਘੇਰਿਆ ਹੋਇਆ ਹੈ। ਕਦੀ ਛੱਪੜ-ਟੋਭੇ ਭਰੇ ਹੁੰਦੇ ਸੀ। ਰੁੱਖ-ਝਾੜੀਆਂ, ਹਰ ਪਾਸੇ, ਹਰਿਆਲੀ ਹੀ ਹਰਿਆਲੀ ਹੁੰਦੀ ਸੀ। ਅੱਜ ਕੱਲ੍ਹ ਤਾਂ ਕਿਸੇ ਦੇ ਤਨ 'ਤੇ ਹਰਾ ਕੱਪੜਾ ਵੀ ਨਹੀਂ ਦਿਸਦਾ। ਲੱਗਦਾ ਹੈ ਕਿ ਹਰਾ ਰੰਗ ਛਿਪਣ ਹੋ ਗਿਆ ਹੈ ਕਿਤੇ! ਹੁਣ ਸੜਕ ਦਾ ਇਸਤੇਮਾਲ ਸਿਰਫ ਜਾਣ ਲਈ ਹੁੰਦਾ ਹੈ, ਕੋਈ ਆਉਂਦਾ ਨਹੀਂ। ਸੁੱਕੇ, ਮਰੀਅਲ ਬਚੇ-ਖੁਚੇ ਪਸ਼ੂ ਸਿੱਧੇ, ਨੱਕ ਦੀ ਸੀਧ ਵਿਚ, ਤੁਰੇ ਜਾਂਦੇ ਨੇ ਕਿਉਂਕਿ ਮੂੰਹ ਮਾਰਨ ਲਈ ਘਾਹ ਤੇ ਪੱਤੇ ਹੈ ਹੀ ਕਿੱਥੇ ਨੇ?
ਰਾਖਾਲ ਪਾਂਡੇ ਦੀ ਦਾਦੀ ਵਾਲੀ ਗੱਲ ਉਸਨੂੰ ਹਿਲਾਅ ਕੇ ਰੱਖ ਦੇਂਦੀ ਹੈ—'ਜੜ ਪੁੱਟ ਕੇ ਮੂੰਹ ਵਿਚ ਪਾ ਲਈ ਸੀ। ਘਬਰਾ ਕੇ, ਐਨ ਜੀਭ ਦੇ ਵਿਚਕਾਰ, ਡੰਗ ਮਾਰਿਆ ਸੀ ਠੂੰਹੇ ਨੇ। ਡੰਗ ਦਾ ਡਰ ਵਿਸਾਰ ਕੇ, ਨਾਲ ਹੀ, ਨਿਗਲ ਗਈ ਸੀ ਉਸਨੂੰ ਵੀ। ਸ਼ਾਇਦ ਆਸ ਹੋਏਗੀ ਕਿ ਪ੍ਰਾਣ ਨੂੰ ਪ੍ਰਾਣ ਬਚਾਅ ਲੈਣਗੇ। ਦਸ ਮਿੰਟ ਤੜਫ ਕੇ ਨਿੱਬੜ ਗਈ ਸੀ...ਅੱਖਾਂ ਬਾਹਰ ਨਿਕਲ ਆਈਆਂ ਸਨ।'
ਭਵਨਾਥ ਨੇ ਸੁਣਿਆ ਤਾਂ ਗੰਭੀਰ ਸੁਰ ਵਿਚ ਬੋਲੇ—'ਨੀਚ, ਜੜ੍ਹ-ਮੱਤ ਦਾ ਅੰਤ ਐਸਾ ਈ ਹੁੰਦਾ ਏ। ਮੈਂ ਬੜਾ ਕਿਹਾ ਬਈ ਰਾਖਾਲ ਦੀ ਭੈਣ ਪਦਮਾ ਨੂੰ ਸੁਦਾਮਾ ਮੋਹੰਤੀ ਨਾਲ ਵਿਆਹ ਦੇਅ। ਰਾਖਾਲ ਦਾ ਇਲਾਜ਼ ਹੋ ਜਾਏਗਾ, ਵੰਸ਼-ਬਿਰਖ ਚੱਲ ਪਏਗਾ ਤੇ ਪਦਮਾ ਰਾਜ ਕਰੇਗੀ।...ਪਰ ਮੰਨੀ ਈ ਨੀਂ ਬੁੱਢੀ।...ਬੁੱਢੇ ਮੋਹੰਤੀ ਨੂੰ ਬਾਰਾਂ ਵਰ੍ਹਿਆਂ ਦੀ ਦੇਵੀ ਕੰਨਿਆਂ ਕਿੰਜ ਦੇ ਦਿਆਂ? ਊਂ-ਹ।'
ਉਸ ਰਾਤ ਅਮਲ ਨੇ ਪਦਮਾ ਨੂੰ ਬੀਮਾਰ ਭਰਾ ਰਾਖਾਲ ਦਾ ਹੱਥ ਫੜ੍ਹੀ, ਹੌਲੀ ਹੌਲੀ, ਅੰਨ੍ਹੇ ਖੂਹ ਵੱਲ ਜਾਂਦਿਆਂ ਦੇਖਿਆ ਸੀ, ਤਾਂ ਇਹੋ ਸੋਚਿਆ ਸੀ ਕਿ ਬੁੱਢੀ ਦੀ ਮਿੱਟੀ ਸਮੇਟਨ ਦਾ ਪ੍ਰਬੰਧ ਕਰਨ ਚੱਲੇ ਹੋਣਗੇ...ਪਰ ਅਗਲੇ ਦਿਨ ਪੁਲਸ ਆਈ ਸੀ ਮਸ਼ੀਨਾਂ ਲੈ ਕੇ। ਪਿੱਠ ਨਾਲ ਚਿਪਕੇ ਢਿੱਡ ਖ਼ੂਬ ਭਰ ਗਏ ਸੀ, ਚਿੱਕੜ ਖਾ-ਖਾ ਕੇ। ਤੇ ਕਾਲੀ ਗੱਡੀ ਬੁੱਢੀ ਦੀ ਮੁਸ਼ਕੀ ਲਾਸ਼ ਵੀ ਲੈ ਗਈ ਸੀ।
ਘਟਨਾ ਤੋਂ ਇਕ ਦਿਨ ਪਹਿਲਾਂ ਮਰੀ ਜਿਹੀ ਆਵਾਜ਼ ਵਿਚ ਅਮਲ ਨੇ ਭਵਨਾਥ ਤੋਂ ਪੁੱਛਿਆ ਸੀ—'ਦੋ ਬੁੱਕ ਅੰਨ੍ਹੀ ਬੁੱਢੀ ਨੂੰ ਦੇ ਆਵਾਂ?'
ਹਟ ਸਾਲਾ ਕਮਲਾ! ਭਗਵਾਨ ਦੀ ਸੰਪਤੀ 'ਤੇ ਡਾਕਾ ਮਾਰਨ ਦਾ ਇਰਾਦਾ ਏ? ਮੰਦਰ 'ਚ ਲੋਕ ਚੜ੍ਹਾਉਣ ਆਉਂਦੇ ਨੇ। ਮੰਦਰ 'ਚੋਂ ਉਹਨਾਂ ਦੇ ਘਰੀਂ ਜਾਣ ਦਾ ਮਤਲਬ ਸਮਝਦਾ ਏਂ? ਇਕ ਦਾਣਾ ਵੀ ਕੋਈ ਬਾਹਰਲਾ ਖਾਏਗਾ ਤਾਂ ਉਸਨੂੰ ਹੈਜਾ ਹੋ ਜਾਏਗਾ।'
ਉਸ ਪਿੱਛੋਂ ਕਦੇ ਅਮਲ ਨੇ ਕੁਝ ਬਾਹਰ ਦੇਣ ਦੀ ਗੱਲ ਨਹੀਂ ਸੀ ਕੀਤੀ। ਆਲੇ-ਦੁਆਲੇ ਦੇ ਪਿੰਡਾਂ ਵਿਚ ਰੋਜ਼ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਅਕਾਲ-ਮ੍ਰਿਤੂ ਹੋਈ ਰਹਿੰਦੀ। ਉਸਨੂੰ ਮੰਦਰ ਦੀ ਨਿਗਰਾਨੀ 'ਤੇ ਬਿਠਾਅ ਕੇ ਭਵਨਾਥ ਚਲੇ ਜਾਂਦੇ।
ਸ਼ਮਸ਼ਾਨ ਗਿਆਨ ਦਾ ਵਿਆਖਿਆਨ ਕਰਦੇ ਹੋਏ ਸਾਫ ਕਹਿ ਦੇਂਦੇ—'ਮਰਗ ਵਾਲੇ ਘਰ ਦਾ ਬਣਿਆ ਕੁਛ ਨਹੀਂ ਖਾਂਦਾ। ਦਾਨ ਵਿਚ ਜੈਸਾ ਦਿਓਗੇ, ਲੈ ਲਵਾਂਗਾ...ਵੈਸਾ ਹੀ ਅੱਗੇ ਜਾ ਕੇ, ਮ੍ਰਿਤਕ ਦੀ ਆਤਮਾ ਨੂੰ ਸਹਾਈ ਹੋਏਗਾ।'
ਪਚਵੰਜਾ ਨੂੰ ਪਹੁੰਚੇ ਭਵਨਾਥ ਹੁਣ ਕਦੇ ਕਦੇ ਉਸਨੂੰ ਮੂਰਤੀ-ਭਵਨ ਵਿਚ ਲੰਮੀ ਸਾਧਨਾ ਲਈ ਬਿਠਾ ਦੇਂਦੇ ਨੇ ਜਾਂ ਕੋਠੜੀ ਜਾ ਕੇ ਧਿਆਨ ਕਰਨ ਦਾ ਹੁਕਮ ਦੇਂਦੇ ਨੇ। ਉਸ ਰਾਤ ਅਚਾਨਕ ਹੀ ਸਾਧਨਾ ਤੋਂ ਉਠ ਕੇ ਉਹ ਕਮਰੇ ਵਿਚ ਆ ਗਿਆ ਸੀ। ਅਨੁਰੂਪਾ ਦੀ ਮੁੱਠੀ-ਚਾਪੀ ਕਰ ਸਨ ਭਵਨਾਥ। ਅਮਲ ਨੂੰ ਦੇਖਦੇ ਹੀ  ਸਿੱਧੇ ਹੁੰਦੇ ਹੋਏ ਬੋਲੇ—'ਕਿਉਂ, ਬਿੱਛੂ ਦੇ ਡੰਗ ਦੀ ਪੀੜ ਘਟੀ ਕੁਛ? ਹੁਣ ਭਾਤ ਲੈ ਤੇ ਆਪਣੇ ਪਿਤਾ ਨਾਲ ਜਾਹ ਘਰੇ।' ਕੁੜੀ ਦਾ ਪਥਰਾਇਆ ਜਿਹਾ ਚਿਹਰਾ ਸ਼ਾਂਤ ਸੀ ਜਿਵੇਂ ਇਸ ਤੋਂ ਪਹਿਲਾਂ ਵੀ ਉਸਦਾ ਪਿਓ ਸੱਪ ਜਾਂ ਬਿੱਛੂ ਦੇ ਡੰਗ ਦਾ ਜ਼ਹਿਰ ਲੁਹਾਉਣ ਲਈ ਥਾਂ-ਥਾਂ ਲੈ ਜਾ ਚੁੱਕਿਆ ਹੋਏ ਉਸਨੂੰ।
ਅਮਲ ਉੱਤੇ ਹਿਰਖ ਗਏ ਸੀ—'ਸਾਧਨਾ ਅਧੂਰੀ ਛੱਡ ਕੇ ਕਿਉਂ ਉਠਿਆ ਸੈਂ ਤੂੰ?'
'ਲਘੂਸ਼ੰਕਾ (ਪਿਸ਼ਾਪ ਦੀ ਹਾਜਤ) ਹੋਈ ਸੀ।'
ਤਾਂ ਕਰਦਾ ਰਹੂ ਹੁਣ ਲਘੂ, ਜਾਂ ਕੋਈ ਹੋਰ ਸ਼ੰਕਾ। ਸਾਧਨਾ ਤੇਰੇ ਵੱਸ ਦਾ ਰੋਗ ਨਹੀਂ।'
ਜਦੋਂ ਕਰੋਧ ਕੁਝ ਘੱਟ ਹੋਇਆ ਤਾਂ ਅਮਲ ਨੇ ਪੁੱਛਿਆ—'ਮੰਤਰ ਨਾਲ ਉਤਾਰ ਰਹੇ ਸੀ?'
'ਹਾਂ...! ਹੁਣ ਹੋਰ ਕਰ ਕੀ ਸਕਦਾ ਆਂ; ਥੱਕੀ ਦੇਹ ਨਾਲ ਵਿਦਿਆ ਵੀ ਥੱਕ ਜਾਂਦੀ ਐ। ਇਸੇ ਲਈ ਦੇਰ ਲੱਗਦੀ ਏ।'
ਉਸ ਰਾਤ ਭਵਨ ਦੀ ਮੂਰਤੀ ਦਾ ਧਿਆਨ ਕਰਦਿਆਂ, ਅਮਲ ਦੀਆਂ ਅੱਖਾਂ ਸਾਹਵੇਂ ਅਨੁਰੂਪਾ ਦੀ ਦੇਹ ਆਉਂਦੀ ਰਹੀ। ਦੂਜੇ ਦਿਨ ਉਸਨੇ ਮਿੰਨਤ ਜਿਹੀ ਕੀਤੀ—'ਮੈਨੂੰ ਵੀ ਮੰਤਰ ਦੀਕਸ਼ਾ ਦੇ ਦਿਓ ਹੁਣ।'
ਪਤਾ ਨਹੀਂ ਕੀ ਸੁੱਝੀ ਸੀ ਭਵਨਾਥ ਨੂੰ ਕਿ ਅਮਲ ਦੀ ਗੋਰੀ ਗੱਲ੍ਹ ਉੱਪਰ ਦੰਦ ਗੱਡ ਦਿੱਤੇ ਸਨ ਆਪਣੇ। ਅਮਲ ਚੀਕਿਆ ਤਾਂ ਹੱਸ ਕੇ ਬੋਲੇ—'ਹੁਣ ਬੈਠ, ਤੇਰਾ ਦਰਦ ਦੂਰ ਕਰਾਂ।' ਕਹਿ ਕੇ ਅਗਰਬੱਤੀ ਦੀ ਸਵਾਹ ਗੱਲ੍ਹ ਉੱਤੇ ਮਲਦੇ ਹੋਏ ਕੁਝ ਬੁੜਬੜਾਉਣ ਲੱਗ ਪਏ ਸੀ। ਮਲਨ ਨਾਲ ਦਰਦ ਘੱਟ ਗਿਆ। ਫੇਰ ਬੋਲੇ ਸਨ—'ਅਜੇ ਸੋਲਾਂ-ਸਤਾਰਾਂ ਦਾ ਏਂ ਤੂੰ। ਇਕ ਦੋ ਸਾਲ ਹੋਰ ਸਾਧਨਾ ਕਰ ਲੈ, ਫੇਰ ਮੰਤਰ-ਤੰਤਰ ਵੀ ਸਿਖਾਅ ਦਿਆਂਗਾ।'
ਆਗਿਆ ਨਾ ਹੋਣ 'ਤੇ ਵੀ ਅਮਲ ਮੰਦਰ 'ਚੋਂ ਨਿਕਲ ਕੇ ਦੇਵੀ-ਗ੍ਰਾਮ ਵਿਚ ਭਟਕਣ ਤੁਰ ਜਾਂਦਾ। ਅੱਧਾ ਪਿੰਡ ਖਾਲੀ ਪਿਆ ਸੀ। ਜਵਾਨ ਮਰਦ ਰੋਟੀ-ਭਾਤ ਦਾ ਜੁਗਾੜ ਕਰਨ ਖਾਤਰ ਪ੍ਰਦੇਸੀਂ ਦੌੜ ਗਏ ਸਨ। ਜਵਾਨ ਕੁੜੀਆਂ ਤੇ ਔਰਤਾਂ ਲਿੱਸੜ ਦੇਹਾਂ ਲਈ ਬੈਠੀਆਂ ਉਡੀਕਦੀਆਂ ਰਹਿੰਦੀਆਂ ਸਨ। ਕਰਨ ਲਈ ਕੋਈ ਕੰਮ-ਧੰਦਾ ਸੀ ਕਿੱਥੇ! ਓਦੋਂ ਹੀ ਸਾਈਕਲ 'ਤੇ ਡਾਕੀਆ ਰਸ਼ੀਦ ਮੀਆਂ ਆ ਗਿਆ। ਦੋ ਘਰਾਂ ਦਾ ਮਨੀਆਡਰ ਲਿਆਇਆ ਸੀ। ਬਾਕੀ ਉਤਸੁਕ ਔਰਤਾਂ ਵਾਪਸ ਪਰਤ ਗਈਆਂ। ਇਕ ਨਿਢਾਲ ਪਏ ਬੁੱਢੇ ਨੂੰ ਡਾਕੀਏ ਨੇ ਕਿਹਾ—'ਬੱਦਲ ਦੇ ਦੁੱਧ 'ਚ ਫਟਕੜੀ ਡਿੱਗ ਪਈ ਏ ਮੰਜੂ-ਦਾ! ਦੁੱਧ ਪਾਟ ਕੇ ਪੱਥਰ ਹੋ ਗਿਆ ਜਾਪਦੈ। ਬਾਕੀ ਲੋਕਾਂ ਨੂੰ ਉਹਨਾਂ ਪੱਥਰਾਂ ਦੀ ਵਾਛੜ ਵਿਚ ਮਰਨਾ ਪਏਗਾ।'
ਮੱਥੇ 'ਤੇ ਹੱਥ ਮਾਰ ਕੇ ਬੁੱਢੇ ਨੇ ਕਿਹਾ—'ਸਾਡੇ ਕਰਮਾਂ ਨੂੰ ਸਰਾਲ ਨਿਗਲ ਗਈ ਏ ਮੀਆਂ। ਉਸੇ ਦੇ ਢਿੱਡ 'ਚ ਪਏ ਗਲ-ਸੜ ਰਹੇ ਆਂ, ਮਰਨ ਦੀ ਉਡੀਕ 'ਚ।'
ਬਿਨਾਂ ਘੰਟੀ ਵਜਾਇਆਂ ਰਸ਼ੀਦ ਮੀਆਂ ਚਲੇ ਗਏ। ਚੰਗਾ ਸਮਾਂ ਹੁੰਦਾ ਤਾਂ ਬਿਨਾਂ ਚਾਹ-ਨਾਸ਼ਤੇ ਦੇ ਜਾ ਸਕਦੇ ਸੀ ਭਲਾ ਰਸ਼ੀਦ ਮੀਆਂ!
ਰਾਤ ਸੂਰਜ ਡਿੱਗਿਆ ਸੀ ਬੁੱਢੇ ਕੇਸ਼ਵ ਦੀ ਝੁੱਗੀ ਉੱਤੇ। ਸੁੱਕੇ ਘਾਹ-ਫੂਸ ਦੀ ਝੁੱਗੀ ਭੜ-ਭੜ ਮੱਚਣ ਲੱਗ ਪਈ ਸੀ। ਅੰਦਰ ਦਬੋਚਿਆ ਹੋਇਆ ਸੀ ਪਿਓ ਨੂੰ ਅਨੁਰੂਪਾ ਨੇ—ਕਿਤੇ ਨੱਸ ਕੇ ਬਾਹਰ ਨਾ ਨਿਕਲ ਜਾਏ। ਬੁੱਢਾ ਚੀਕ ਰਿਹਾ ਸੀ। ਲੋਕ ਰੇਤਾ ਉਛਾਲ ਰਹੇ ਸਨ, ਪਰ ਪਹਾੜੀ ਆਲੂ ਵਾਂਗ ਭੁੱਜ ਗਏ ਸੀ ਦੋਹੇਂ। ਆਤਮ-ਹੱਤਿਆ ਕਰਨ ਲੱਗੀ ਤਾਂ ਲੋਭੀ ਪਿਓ ਨੂੰ ਵੀ ਨਹੀਂ ਬਖ਼ਸ਼ਿਆ ਅਨੁਰੂਪਾ ਨੇ। ਸੋਚਿਆ ਹੋਏਗਾ ਕਿ ਅਨੁਰੂਪਾ ਮਰ ਗਈ ਤਾਂ ਕਿਸੇ ਹੋਰ ਧੀ-ਭੈਣ ਨੂੰ ਵੇਚ ਕੇ ਢਿੱਡ ਦੀ ਅੱਗ ਬੁਝਾਏਗਾ! ਢਿੱਡ ਨਾਲੋਂ ਵੱਡਾ ਪਾਪੀ ਹੋਰ ਕੋਈ ਨਹੀਂ ਹੁੰਦਾ। ਕਈ ਹੋਰ ਅਫਵਾਹਾਂ ਵੀ ਫੈਲੀਆਂ ਸਨ।...ਪਰ ਮਾਯੂਸ ਚਿਹਰੇ ਉਹਨਾਂ ਨੂੰ ਸੁਣ ਕੇ ਹੁਣ ਭੈੜਾ-ਜਿਹਾ ਮੂੰਹ ਨਹੀਂ ਸੀ ਬਣਾਉਂਦੇ।...ਕਲਿਆਣੀ ਕਿਤੋਂ ਕਿਸੇ ਦਾ ਬੱਚਾ ਚੁੱਕ ਲਿਆਈ ਸੀ, ਜਠਰਅਗਨੀ (ਢਿੱਡ ਦੀ ਅੱਗ) ਬੁਝਉਣ ਖਾਤਰ। ਪਿੰਡ ਵਿਚ ਭੌਂਦੇ ਆਵਾਰਾ ਕੁੱਤੇ ਇਕ ਇਕ ਕਰਕੇ ਗਾਇਬ ਹੋ ਰਹੇ ਸਨ। ਅਮਲ ਨੂੰ ਆਪਣੇ ਰੋਗੀ ਪਿਤਾ ਤੇ ਮਾਂ ਦੀ ਯਾਦ ਆ ਗਈ। ਇਕ ਘੰਟੇ ਦੇ ਫਰਕ ਨਾਲ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ ਸਨ। ਬਾਰ 'ਚ ਬੈਠੇ ਇਕ ਮਰੀਅਲ ਜਿਹੇ ਕਤੂਰੇ ਵੱਲ ਹਮੇਸ਼ਾ ਦੇਖਦੀਆਂ ਰਹਿੰਦੀਆਂ ਸੀ ਦੋਹਾਂ ਦੀਆਂ ਅੱਖਾਂ। ਪਾਪ, ਪੁੰਨ ਦਾ ਫੈਸਲਾ ਨਹੀਂ ਕਰ ਸਕੇ; ਤੇ ਮੁੱਕ ਗਏ ਦੋਹੇਂ।
ਚਾਰ ਮੀਲ ਦੂਰ ਸੁਤੀਕਸ਼ਣ ਦੀ ਹਵੇਲੀ ਵਿਚੋਂ ਆਏ ਸਨ ਦੋਹੇਂ। ਬੜੇ ਦਿਨਾਂ ਬਾਅਦ ਫੁੱਲ-ਪੱਤੀਆਂ ਵੇਖੀਆਂ ਸਨ ਅਮਲ ਨੇ। ਆਉਣ ਵੇਲੇ ਭਵਨਾਥ ਨੂੰ ਇਕ ਸੌ ਇਕ ਤੇ ਉਸਨੂੰ ਗਿਆਰਾਂ ਰੁਪਏ ਮਿਲੇ ਸੀ। ਗਦਗਦ ਹੋਏ ਭਵਨਾਥ ਨੇ ਰਸਤੇ ਵਿਚ ਕਿਹਾ ਸੀ—'ਦਾਤਾ ਦੇਂਦਾ ਏ ਤਾਂ ਹੀ ਸੌ ਗੁਣਾ ਪ੍ਰਾਪਤ ਹੁੰਦਾ ਏ। ਦੱਸ ਕੋਈ ਕਮੀ ਏਂ ਸੁਤੀਕਸ਼ਣ ਬਾਊ ਕੇ ਘਰ?' ਮਲਾਈਦਾਰ ਦੁੱਧ ਦਾ ਸਵਾਦ ਅਮਲ ਦੀ ਜੀਭ 'ਤੇ ਅਜੇ ਤਕ ਬਿਰਾਜਮਾਨ ਸੀ।
ਉਸ ਰਾਤ ਵੱਡੇ ਸਿਰਹਾਣੇ ਦੇ ਗਿਲਾਫ਼ ਵਿਚੋਂ ਚੋਰ ਅੱਖ ਨਾਲ ਬਹੁਤ ਸਾਰੇ ਨੋਟ ਗਿਣਦਿਆਂ ਦੇਖਿਆ ਸੀ ਭਵਨਾਥ ਨੂੰ ਅਮਲ ਨੇ। ਸੁਪਨੇ ਵਿਚ ਵਾਰੀ ਵਾਰੀ ਨੋਟਾਂ ਦੇ ਪਹਾੜ ਨਜ਼ਰ ਆਉਂਦੇ ਰਹੇ ਸੀ; ਜਿਹਨਾਂ ਹੇਠ ਭੁੱਖੇ ਇਨਸਾਨ ਤੜਫਦੇ ਦਿਖਾਈ ਦਿੱਤੇ ਸਨ।
ਸਵੇਰੇ ਉਠ ਕੇ ਪੁੱਛਿਆ ਸੀ—'ਇਹਨਾਂ ਗਰੀਬਾਂ ਉੱਪਰ ਕਿਉਂ ਕ੍ਰਿਪਾ ਨਹੀਂ ਕਰਦੇ ਭਗਵਾਨ? ਤੁਸੀਂ ਮੇਘ ਜਾਪ ਕਰਕੇ ਮੀਂਹ ਕਿਉਂ ਨਹੀਂ ਪੁਆ ਦੇਂਦੇ?'
'ਮੈਂ ਕੋਈ ਮਾਲਕ ਆਂ ਛੋਹਰਾ? ਈਸ਼ਵਰ ਦਾ ਦਾਸ ਆਂ। ਜੋ ਉਹ ਕਹਿੰਦਾ ਏ ਉਹੀ ਕਰਦਾਂ। ਇਹ ਲੋਕ ਧਰਮ ਤੋਂ ਬੇਮੁਖ ਹੋ ਗਏ ਨੇ। ਸਿਰਫ ਆਪਣਾ ਪੇਟ ਦੇਖਦੇ ਨੇ। ਈਸ਼ਵਰ ਦਾ ਹਿੱਸਾ ਹੜੱਪ ਜਾਂਦੇ ਨੇ, ਫੇਰ ਭਗਵਾਨ ਇਹਨਾਂ ਉੱਪਰ ਕਿੰਜ ਜਾਂ ਕਿਉਂ ਦਯਾ ਕਰਨ?'
ਬਾਹਰ ਅੱਗ ਦੀਆਂ ਲਪਟਾਂ ਉਠੀਆਂ ਸਨ। ਕੋਈ ਇਕ ਫਰਲਾਂਗ ਦੀ ਦੂਰੀ 'ਤੇ ਕੋਈ ਚਿਤਾ ਬਲ ਰਹੀ ਸੀ। ਲੱਕੜਾਂ ਦੀ ਜਗ੍ਹਾ ਮੰਜੇ, ਬਾਂਸ ਤੇ ਕਾਠ ਦੇ ਤੱਪੜ ਆਦੀ ਨਾਲ ਕੰਮ ਚਲਾਇਆ ਜਾ ਰਿਹਾ ਸੀ। ਕਿਸ ਵਿਚ ਤਾਕਤ ਬਚੀ ਹੈ ਕਿ ਕੁਹਾੜਾ ਚਲਾਉਣ ਦੀ! ਮਰਦਾਂ ਨਾਲੋਂ ਵੱਧ ਔਰਤਾਂ ਚਿਤਾ ਨੂੰ ਘੇਰੀ ਖੜ੍ਹੀਆਂ ਸੀ।
ਮੰਦਰ ਦੇ ਵਿਹੜੇ ਵਿਚ ਚਾਰ ਪਿੰਡਾਂ ਦੀ ਰਸਦ ਭਵਨਾਥ ਨੂੰ ਸਾਕਸ਼ੀ ਬਣਾ ਕੇ ਵੰਡੀ ਗਈ—ਪ੍ਰਤੀ ਵਿਅਕਤੀ ਪੱਚੀ ਰੁਪਏ ਤੇ ਦੋ ਕਿੱਲੋ ਚੌਲ। ਭਵਨਾਥ ਪੰਜਾਹ ਦੀ ਰਕਮ ਤੇ ਪੰਸੇਰੀ ਚੌਲ ਪੜ੍ਹ ਕੇ ਵੀ ਚੁੱਪ ਰਹੇ। ਉਹਨਾਂ ਦੇ ਅਮਲ ਦੇ ਹਿੱਸੇ ਜ਼ਰੂਰ ਪੂਰੀ ਰਸਦ ਆਈ। ਜਾਣ ਵੇਲੇ ਰਸਦ-ਅਧਿਕਾਰੀ ਨੇ ਇਕ ਸੌ ਇਕ ਰੁਪਈਆ ਨਕਦ ਮੂਰਤੀ 'ਤੇ ਚੜ੍ਹਾ ਕੇ ਪੁੱਛਿਆ—'ਠੀਕ ਐ ਨਾ ਪੰਡਤ ਜੀ?'
ਹਰ ਵਾਰੀ ਅਧਿਕਾਰੀ ਇਹੀ ਪੁੱਛਦਾ ਤੇ ਹਰ ਵਾਰੀ ਅਹਿਸਾਨ ਹੇਠ ਨੱਬੇ ਭਵਨਾਥ ਅਸ਼ੀਸ਼ ਦੇ ਕੇ ਚੁੱਪ ਹੋ ਜਾਂਦੇ। ਚਾਰ-ਪੰਜ ਦਿਨ ਜਿਊਂ ਕੇ ਜ਼ਿੰਦਗੀ ਫੇਰ ਮੌਤ ਦੇ ਪੜਾਅ ਵੱਲ ਖਿਸਕਣ ਲੱਗ ਪੈਂਦੀ!
ਅਮਲ ਨੇ ਇਕ ਵਾਰੀ ਕਿਹਾ ਵੀ ਕਿ ਇਹ ਤਾਂ ਠੱਗੀ ਹੈ!
ਠੱਗ ਕਿਹੜਾ ਨਹੀਂ ਓਇ? ਇਹ ਪਿੰਡ ਵਾਲੇ ਜੇ ਮੌਕਾ ਮਿਲੇ ਤਾਂ ਛੱਡ ਦੇਣਗੇ? ਉਹ ਘੱਟੋਘੱਟ ਭਗਵਾਨ ਦਾ ਹਿੱਸਾ ਤਾਂ ਦੇ ਜਾਂਦਾ ਏ!'
ਫੇਰ ਚਾਰ ਦਿਨ ਬਾਅਦ ਸਾਧਨਾ ਵਿਚ ਬਹਿਣ ਦਾ ਹੁਕਮ ਹੋਇਆ। ਉਤਸੁਕਤਾ ਵੱਸ ਬਾਰ ਦੀ ਝਿਰੀ ਵਿਚੋਂ ਝਾਕ ਕੇ ਦੇਖਿਆ। ਭਵਨਾਥ ਆਪਣੀ ਦੇਹ, ਕਿਸੇ ਔਰਤ ਦੀ ਦੇਹ ਨਾਲ ਰਗੜ ਰਹੇ ਸੀ। ਸੋਚਿਆ—'ਜ਼ਰੂਰ ਕੋਈ ਜ਼ਹਿਰੀ ਕੀੜਾ ਛੂਹ ਗਿਆ ਹੋਏਗਾ।' ਸੁੱਕੜ ਜਿਹੀ ਦੇਹ ਬੇਜਾਨ ਪਈ ਸਹਿ ਰਹੀ ਸੀ। ਅਮਲ ਦੀਆਂ ਮੁੱਠੀਆਂ ਕਸੀਆਂ ਗਈਆਂ।
ਸਵੇਰੇ ਦੋ ਕਿੱਲੋ ਚੌਲ ਚੁੱਕਣ ਤੋਂ ਅਸਮਰਥ ਉਸ ਔਰਤ ਨੂੰ ਉਦਾਸਗੰਜ ਤਕ ਛੱਡਣ ਗਿਆ ਸੀ ਉਹ। ਰਾਹ ਵਿਚ ਪੁੱਛਿਆ ਸੀ—'ਜ਼ਹਿਰ ਪੂਰੀ ਤਰ੍ਹਾਂ ਉਤਰ ਗਿਆ ਨਾ?'
ਸੁੰਨੀਆਂ-ਸੱਖਣੀਆਂ ਅੱਖਾਂ ਹੇਠ ਬੁੱਲ੍ਹ ਫਰਕ ਕੇ ਰਹਿ ਗਏ ਸਨ। ਅਮਲ ਦੇ ਮਨ ਵਿਚ ਆਈ ਕਿ ਲੁਟਾਅ ਦਏ ਸਿਰਹਾਣੇ ਵਿਚ ਛੁਪੀ ਦੌਲਤ ਤੇ ਬੋਰੇ ਵਿਚ ਭਰੇ ਚੌਲ। ਪਰ ਸੁੱਤੇ-ਜਾਗਦੇ ਪੂਰੇ ਚੌਕਸ ਹੁੰਦੇ ਸੀ ਭਵਨਾਥ।
ਜਿੰਦਰੇ ਨੂੰ ਤਿੰਨ ਵਾਰੀ ਖਿੱਚਿਆ; ਕੰਧ ਉੱਤੇ ਕੋਇਲੇ ਨਾਲ ਲਿਖ ਦਿੱਤਾ ਭਵਨਾਥ ਨੇ—'ਤੀਰਥ ਯਾਤਰਾ ਹੋ ਆਉਣ ਪਿੱਛੋਂ, ਦੋ ਮਹੀਨੇ ਬਾਅਦ, ਖੁੱਲ੍ਹੇਗਾ ਮੰਦਰ।'
ਬਸ, ਰੇਲ ਤੇ ਫੇਰ ਬਸ ਤੋਂ ਉਤਰ ਕੇ ਇਕ ਖੁੱਲ੍ਹੀ ਬਸਤੀ ਦੇ ਇਕਹਿਰੇ ਮਕਾਨ ਦੀ ਕੁੰਡੀ ਜਾ ਖੜਕਾਈ ਭਵਨਾਥ ਨੇ। ਚਾਰੇ ਪਾਸੇ ਜ਼ਿੰਦਗੀ ਹੱਸ ਰਹੀ ਸੀ। ਹੈਰਾਨ ਸੀ ਅਮਲ।
ਇਕ ਬੇਡੌਲ ਮੌਟੀ ਔਰਤ ਨੇ ਅੱਖਾਂ ਫਰਕਾਉਂਦਿਆਂ ਹੋਇਆਂ ਦਰਵਾਜ਼ਾ ਖੋਹਲਿਆ, ਦੇਖਿਆ ਤੇ ਮੂੰਹ ਬਣਾਅ ਕੇ ਕਿਹਾ—'ਪੂਰਾ ਸਵਾ ਮਹੀਨਾ ਦੇਰ ਨਾਲ ਆਏ ਓ!'
'ਪੂਰੇ ਸਾਲ ਦਾ ਜੁਗਾੜ ਮੁਸ਼ਕਲ ਨਾਲ ਹੋਇਐ, ਬੜਾ ਭਿਅੰਕਰ ਅਕਾਲ ਪਿਆ ਹੋਇਐ ਓਥੇ।'
'ਤੁਸੀਂ ਤਾਂ ਸੁੱਕ ਕੇ ਹਾਥੀ ਹੋਏ ਹੋਏ ਓ!'
ਭਵਨਾਥ ਦੀ ਨਰੋਈ ਕਾਇਆ ਵਾਸਤੇ ਇਹ ਮੁਹਵਰਾ ਸੁਣ ਕੇ ਮੁਸਕੁਰਾ ਪਿਆ ਸੀ ਅਮਲ।
ਔਰਤ ਤੁੜ੍ਹਕੀ—'ਕੌਣ ਏ ਇਹ ਲੂੰਬੜ?'
ਭਵਨਾਥ ਮੁਸਕਰਾਇਆ—'ਦੱਸਾਂਗਾ!' ਫੇਰ ਅਮਲ ਨੂੰ ਕਿਹਾ—'ਮਾਂ ਨੂੰ ਪ੍ਰਣਾਮ ਕਰੋ!' ਥੋੜ੍ਹੀ ਦੇਰ ਬਾਅਦ ਹਿਡੰਬਾ ਵਰਗੀ ਸੋਲਾਂ ਸਤਾਰਾਂ ਸਾਲ ਦੀ ਕੁੜੀ ਆ ਕੇ ਪਿਓ ਦੀ ਗਰਦਨ ਨਾਲ ਝੂਟ ਗਈ। ਭਵਨਾਥ ਦੀਆਂ ਲੱਤਾਂ ਨਿਕਲ ਗਈਆਂ, ਗੋਡਿਆਂ ਭਾਰ ਧਰਤੀ 'ਤੇ ਡਿੱਗੇ। ਮਾਂ-ਧੀ ਖ਼ੂਬ ਹੱਸੀਆਂ।
ਰਾਤ ਨੂੰ ਸੋਣ ਦਾ ਬਹਾਨਾ ਕਰਕੇ ਅਮਲ ਨੇ ਪਤੀ-ਪਤਨੀ ਦੀਆਂ ਗੱਲਾਂ ਸੁਣੀਆਂ—'ਆਪਣੇ ਕੋਈ ਮੁੰਡਾ ਨਹੀਂ। ਸੋਨਾ ਦਾ ਵਿਆਹ ਕਰ ਦਿਆਂਗੇ। ਧੰਦਾ ਤੇ ਘਰ ਦੋਹੇਂ ਸੰਭਾਲ ਲਏਗਾ।' ਔਰਤ ਨੇ ਹੁੰਘਾਰਾ ਭਰਿਆ ਤੇ ਘੁਰਾੜੇ ਮਾਰਨ ਲੱਗੀ। ਇਕ ਪਾਸੇ ਪਈ ਸੋਨਾ ਦੀ ਫੁਲਦੀ ਪਿਚਕਦੀ ਕਾਇਆ ਤੇ ਨਜ਼ਰ ਪਈ ਤਾਂ ਅਮਲ ਦੀ ਅੱਧੀ ਜਾਨ ਨਿਕਲ ਗਈ। ਸੋਨਾ ਦੇ ਰੂਪ ਵਿਚ ਉਸਨੂੰ ਆਪਣੀ ਅਕਾਲ ਮਰਿਤੂ ਨਜ਼ਰ ਆਈ।
ਨੇਫੇ ਵਿਚ ਚੱਪਲਾਂ ਟੁੰਗ ਕੇ ਚੁੱਪਚਾਪ ਕੁੰਡਾ ਖੋਹਲਿਆ ਤੇ ਬਾਹਰ ਆ ਗਿਆ। ਉਸਨੂੰ ਲੱਗਿਆ ਕਿ ਭਵਨਾਥ ਦੇ ਵਪਾਰ ਦਾ ਗੁਪਤ ਭੇਤ ਉਸਨੇ ਬੁੱਝ ਲਿਆ ਹੈ ਤੇ ਇੱਥੇ ਵੀ ਮੌਤ ਭੁੱਖ ਦੇ ਰਸਤੇ ਆਉਣੀ ਹੈ, ਓਥੇ ਉਹ ਧਾਰਮਿਕ ਜਜ਼ੀਆ ਵਸੂਲ ਕਰਕੇ ਸੁਤੰਤਰ ਜੀਵਨ ਬਿਤਾਅ ਸਕਦਾ ਹੈ।
ਥੋੜ੍ਹਾ ਡਰ ਲੱਗਿਆ ਹਨੇਰੇ ਤੋਂ, ਪਰ ਅਮਲ ਰੁਕਿਆ ਨਹੀਂ। ਇਕ ਗੱਲ ਸਮਝ ਵਿਚ ਨਹੀਂ ਸੀ ਆਈ ਅਮਲ ਦੇ ਕਿ ਕਾਲਾਹਾਂਡੀ ਦੀਆਂ ਭੁੱਖੀਆਂ, ਖੁੱਥੜ ਤੇ ਮਰੀਅਲ ਜਿਹੀਆਂ ਔਰਤਾਂ ਨੂੰ ਇਕਾਂਤ ਵਿਚ ਜਿਹੜਾ ਭਵਨਾਥ ਸਬੂਤੀਆਂ ਨਿਗਲਣ ਦੀ ਕੋਸ਼ਿਸ਼ ਕਰਦਾ ਸੀ, ਉਹ ਮੋਟੀ-ਮੁਰਗੀ ਵਰਗੀ ਜ਼ਨਾਨੀ ਕੋਲੋਂ ਏਨਾ ਡਰਦਾ ਕਿਉਂ ਸੀ?

    ---  ---  ---

ਬੈਕ ਲੇਨ (ਪਿਛਲੀ ਗਲੀ)...:: ਲੇਖਕ : ਜੋਗਿੰਦਰ ਪਾਲ

ਉਰਦੂ ਕਹਾਣੀ :
ਬੈਕ ਲੇਨ (ਪਿਛਲੀ ਗਲੀ)
ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਲਾਲ ਪੱਗ ਵਾਲੇ ਨੇ ਮੈਨੂੰ ਰੋਕ ਲਿਆ ਹੈ।
''ਕਿੱਧਰ ਜਾ ਰਿਹੈਂ ਓਇ...?''
ਮੇਰੀ ਸਮਝ ਵਿਚ ਨਹੀਂ ਆ ਰਿਹਾ ਕਿ ਉਸਨੂੰ ਕੀ ਦੱਸਾਂ।
''ਜਾਹ। ਖਬਰਦਾਰ, ਜੇ ਏਧਰ ਉਧਰ ਵੇਖਿਆ...ਨੱਕ ਦੀ ਸੀਧ ਵਿਚ ਤੁਰਿਆ ਜਾਵੀਂ।''
ਚਲੋ, ਛੁੱਟੀ ਹੋਈ। ਇਹ ਲੋਕ ਪਤਾ ਨਹੀਂ ਕਿਉਂ ਮੈਨੂੰ ਰੋਕ-ਰੋਕ ਕੇ ਖਬਰਦਾਰ ਕਰਦੇ ਰਹਿੰਦੇ ਨੇ। ਮੈਂ ਕੋਈ ਐਸਾ-ਵੈਸਾ ਆਦਮੀ ਵੀ ਨਹੀਂ! ਹਮੇਸ਼ਾ ਆਪਣੀ ਨੱਕ ਦੀ ਸੀਧ ਵਿਚ ਤੁਰਦਾ ਹਾਂ। ਕੋਈ ਕਿਸੇ ਪਾਸੇ ਵੀ ਵੇਖੇ, ਤੁਰਨਾ ਤਾਂ ਉਸਨੂੰ ਉਸੇ ਪਾਸੇ ਪੈਂਦਾ ਹੈ ਨਾ, ਜਿੱਧਰ ਉਸਦੇ ਨੱਕ ਨੇ ਮੂੰਹ ਕੀਤਾ ਹੋਇਆ ਹੋਵੇ—ਸਿੱਧੀ ਤੇ ਸਾਦੀ ਜਿਹੀ ਗੱਲ ਹੈ, ਪਰ ਗਰੀਬ ਵਿਚਾਰਾ ਬੋਲੇ ਤਾਂ ਕੀ ਬੋਲੇ?
ਮੈਂ ਸਿਰ ਹਿਲਾ-ਹਿਲਾ ਕੇ ਜਿਵੇਂ ਲਾਲ ਪੱਗ ਵਾਲੇ ਨੂੰ ਵਾਰੀ–ਵਾਰੀ ਸਲਾਮ ਕਰਦਾ ਹੋਇਆ ਨੱਕ ਦੀ ਸੀਧ ਵਿਚ ਤੁਰ ਰਿਹਾ ਹਾਂ ਤੇ ਸ਼ਰਮਿੰਦਾ ਹਾਂ ਕਿ ਕੁਝ ਨਾ ਕਰਨ 'ਤੇ ਵੀ ਫੜ੍ਹਿਆ ਗਿਆ ਹਾਂ।
''ਰੁਕੀਂ ਓਇ...!''
ਉਸਦੀ ਆਵਾਜ਼ ਸੁਣ ਕੇ ਮੇਰੇ ਪੈਰ, ਤੁਰਦੇ-ਤੁਰਦੇ, ਮੇਰੀ ਇੱਛਾ ਜਾਂ ਅਣਇੱਛਾ ਦੇ ਬਿਨਾਂ ਹੀ ਯਕਦਮ ਰੁਕ ਗਏ ਨੇ। ਮੈਂ ਹਾਂ ਕੌਣ, ਜਿਹੜਾ ਆਪਣੀ ਮਰਜ਼ੀ ਨਾਲ ਰੁਕਾਂ ਜਾਂ ਤੁਰਾਂ? ਉਸਨੇ ਕਾਹਲ ਨਾਲ ਮੇਰੇ ਕੋਲ ਆ ਕੇ ਪੁੱਛਿਆ ਹੈ, ''ਇਸ ਝੋਲੇ 'ਚ ਕੀ ਐ?'' ਮੈਂ ਆਪਣੇ ਕੰਮ 'ਤੇ ਨਿਕਲਦਾ ਹਾਂ ਤਾਂ ਚਾਦਰ ਦਾ ਝੋਲਾ ਜਿਹਾ ਬਣਾਅ ਕੇ ਸੱਜੇ ਮੋਢੇ ਉੱਤੇ ਲਮਕਾਅ ਲੈਂਦਾ ਹਾਂ।
''ਬੋਲ...!''
ਮੈਂ ਘਬਰਾ ਕੇ ਝੋਲੇ ਨੂੰ ਪਿੱਠ ਵੱਲ ਸਰਕਾ ਲਿਆ ਹੈ। ਏਨਾ ਓਹਲਾ ਤਾਂ ਹੋਣਾ ਹੀ ਚਾਹੀਦਾ ਹੈ ਕਿ ਦਿਲ ਟੁੱਟੇ ਤਾਂ ਖੱਲ 'ਚੋਂ ਬਾਹਰ ਆ ਕੇ ਨਾ ਖਿੱਲਰੇ!
'ਬੋਲਦਾ ਕਿਉਂ ਨਹੀਂ? ਝੋਲੇ 'ਚ ਕੀ ਲੁਕਾਇਆ ਹੋਇਆ ਐ?''
ਲਾਲ ਪੱਗ ਵਾਲੇ ਨੇ ਝਪਟ ਕੇ ਝੋਲੇ ਨੂੰ ਕਾਹਲ ਨਾਲ ਟਟੋਲਿਆ ਹੈ ਤੇ ਫੇਰ ਮੂੰਹ ਲਟਕਾਅ ਕੇ ਕਿਹਾ ਹੈ, ''ਇਹ ਤਾਂ ਖ਼ਾਲੀ ਆ ਓਇ।''
ਉਸਦਾ ਮੂੰਹ ਗੁੱਸੇ ਵਿਚ ਫੁੱਲ ਕੇ ਪਾਟੇ-ਪੁਰਾਣੇ ਫੁਟਬਾਲ ਵਰਗਾ ਹੋ ਗਿਆ ਹੈ...ਮੁਨੂੰ ਕਬਾੜੀਏ ਕੋਲ ਲੈ ਜਾਵਾਂ ਤਾਂ ਇਸ ਹਾਲਤ ਵਿਚ ਵੀ ਚਵਾਨੀ ਤਾਂ ਦੇ ਹੀ ਦਵੇਗਾ—ਭੈਭੀਤ ਹੋਣ ਦੇ ਬਾਵਜ਼ੂਦ ਮੈਂ ਸ਼ਾਇਦ ਨਿੰਮ੍ਹਾਂ-ਨਿੰਮ੍ਹਾਂ ਮੁਸਕਰਾ ਰਿਹਾ ਹਾਂ।
'ਹੱਸ ਕਿਉਂ ਰਿਹੈਂ ਓਇ? ਮੈਨੂੰ ਮੂਰਖ ਸਮਝਦਾ ਪਿਆ ਐਂ!''
ਮੈਂ 'ਨਹੀਂ' ਕਹਿਣ ਲਈ ਬੜੀ ਸਭਿਅਤਾ ਨਾਲ ਸਿਰ ਹਿਲਾਇਆ ਹੈ, ਪਰ ਕਿਸੇ ਮੂਰਖ ਨੂੰ ਝੂਠ-ਮੂਠ ਇਹ ਵਿਸ਼ਵਾਸ ਦਿਵਾਇਆ ਜਾਵੇ ਕਿ ਉਹ ਮੂਰਖ ਨਹੀਂ ਹੈ ਤਾਂ ਉਸਨੂੰ ਆਪਣੀ ਮੂਰਖਤਾ ਉੱਤੇ ਹੋਰ ਵੀ ਗੁੱਸਾ ਆਉਣ ਲੱਗ ਪੈਂਦਾ ਹੈ।
'ਤੁਹਾਨੂੰ ਬਦਮਾਸ਼ਾਂ ਨੂੰ ਮੈਂ ਖ਼ੂਬ ਜਾਣਦਾਂ। ਖ਼ਾਲੀ ਝੋਲਾ ਲਮਕਾਈ, ਮੌਕੇ ਦੀ ਤਾੜ ਵਿਚ ਘੁੰਮਦੇ ਫਿਰਦੇ ਓ।''
ਇਹ ਗੱਲ ਉਸਦੀ ਝੂਠੀ ਨਹੀਂ ਸੀ, ਪਰ ਸਾਰੇ ਲੋਕ ਹੀ ਇੰਜ ਕਰਦੇ ਨੇ। ਹਰੇਕ ਆਪਣੇ ਦਿਲ ਵਿਚ ਝੋਲਾ ਲਟਕਾਈ ਇਸੇ ਤਾੜ ਵਿਚ ਭੌਂਦਾ–ਭਟਕਦਾ ਫਿਰ ਰਿਹਾ ਹੈ ਕਿ ਕੀ ਪਤਾ, ਕਦੋਂ ਕੀ ਹੱਥ ਲੱਗ ਜਾਵੇ!
''ਦੌੜ ਜਾ, ਵਰਨਾ ਖ਼ੂਨ ਪੀ ਜਾਵਾਂਗਾ।''
ਮੈਂ ਇਹ ਸੋਚਦਾ ਹੋਇਆ ਅੱਗੇ ਤੁਰ ਪਿਆ ਹਾਂ ਕਿ ਹਜ਼ਾਰ ਗੁੱਸੇ ਵਿਚ ਵੀ ਜੰਗਲੀ ਜਾਨਵਰ ਪੀਣ ਤਾਂ ਪਾਣੀ ਹੀ ਪੀਂਦੇ ਨੇ, ਫੇਰ ਆਦਮੀ ਕਿਉਂ ਆਪਣਾ ਪਾਰਾ ਚੜ੍ਹਦਿਆਂ ਹੀ ਆਦਮੀ ਦੇ ਖ਼ੂਨ ਦਾ ਪਿਆਸਾ ਹੋ ਜਾਂਦਾ ਹੈ? ਅੱਜ ਸਵੇਰ ਦੀ ਗੱਲ ਹੈ ਕਿ ਖਾਣ ਲਈ ਰੋਟੀਆਂ ਵਾਲੀ ਪੋਟਲੀ ਖੋਹਲ ਕੇ ਮੈਂ ਜਿਵੇਂ ਹੀ ਜ਼ਰਾ ਪਿੱਠ ਮੋੜੀ ਸੀ, ਫਕੀਰੇ ਨੇ ਝਪਟਾ ਮਾਰ ਕੇ ਰੋਟੀਆਂ ਮੂੰਹ ਵਿਚ ਚੁੱਕੀਆਂ ਸਨ ਤੇ ਦੌੜ ਗਿਆ ਸੀ। ਫਕੀਰਾ ਮੇਰਾ ਕੁੱਤਾ ਹੈ ਜਿਹੜਾ ਮੇਰੀ ਗੈਰਹਾਜ਼ਰੀ ਵਿਚ ਮੇਰੀ ਝੁੱਗੀ ਦੀ ਰਖਵਾਲੀ ਕਰਦਾ ਹੈ...ਮੈਂ ਉਸਦੇ ਪਿੱਛੇ ਗਾਲ੍ਹਾਂ ਦੀ ਪੂਰੀ ਫੌਜ ਦੌੜਾ ਦਿੱਤੀ ਸੀ, ਪਰ ਸਭਨਾਂ ਤੋਂ ਬਚ-ਬਚਾਅ ਕੇ ਨਿਕਲ ਗਿਆ ਸੀ ਉਹ। ਦੱਸਣ, ਮੈਂ ਇਹ ਲੱਗਿਆ ਸਾਂ ਕਿ ਫਕੀਰੇ ਨੂੰ ਗਾਲ੍ਹਾਂ ਬਕਦਿਆਂ ਹੋਇਆਂ ਮੇਰੀ ਜੀਭ ਦੰਦਾਂ ਹੇਠ ਆ ਕੇ ਕੱਟੀ ਗਈ ਸੀ ਤੇ ਖ਼ੂਨੋ-ਖ਼ੂਨ ਹੋ ਗਈ ਸੀ ਤੇ—ਪਤਾ ਨਹੀਂ ਭੁੱਖ ਲੱਗੀ ਹੋਣ ਕਰਕੇ ਜਾਂ ਕੋਈ ਹੋਰ ਕਾਰਣ ਸੀ ਕਿ ਖ਼ੂਨ ਦਾ ਸਵਾਦ ਮੈਨੂੰ ਬੜਾ ਹੀ ਚੰਗਾ ਲੱਗਿਆ ਸੀ ਤੇ ਮੈਂ ਕਾਫੀ ਦੇਰ ਤੀਕ ਆਪਣਾ ਹੀ ਖ਼ੂਨ ਮਜ਼ੇ ਲੈ-ਲੈ ਕੇ ਅੰਦਰ ਲੰਘਾਉਂਦਾ ਰਿਹਾ ਸਾਂ। ਆਪਣੀ ਖੁਰਾਕ ਦਾ ਜੁਗਾੜ, ਜੇ ਆਪਣੇ ਸਰੀਰ ਵਿਚੋਂ ਹੀ ਹੁੰਦਾ ਰਹੇ ਤਾਂ ਬੰਦਾ ਸਾਰੇ ਝੰਜਟਾਂ ਤੋਂ ਮੁੱਕਤੀ ਪਾ ਜਾਏ...
ਆਪਣੇ ਵਿਚਾਰਾਂ ਦੀ ਰੌਅ ਵਿਚ ਮੈਂ ਇੱਥੇ ਕੋਠੀਆਂ ਅੱਗੇ ਸੜਕ ਉੱਤੇ ਆ ਗਿਆ ਹਾਂ। ਮੇਰਾ ਇੱਥੇ ਕੀ ਕੰਮ? ਸੜਕ ਦੇ ਦੋਵੇਂ ਪਾਸੀਂ ਪਾਲਿਸ਼ ਕੀਤੇ ਹੋਏ ਪੱਥਰ ਦੀਆਂ ਸੁੰਦਰ ਇਮਾਰਤਾਂ ਨੇ ਤੇ ਇਹਨਾਂ ਦੇ ਅੱਗੇ ਚਾਰ ਕੁ ਫੁੱਟ ਦੀ ਬਾਹਰਲੀ ਕੰਧ ਤੀਕ ਪਥਰੀਲੇ ਫਰਸ਼ ਉੱਤੇ ਬਗੀਚੇ ਲੱਗੇ ਹੋਏ ਨੇ, ਜਿਹਨਾਂ ਦੇ ਰੰਗ-ਬਿਰੰਗੇ ਫੁੱਲਾਂ ਨੇ ਕੰਧ ਪਿੱਛੋਂ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ ਹੈ ਤੇ ਫੇਰ ਆਪਸ ਵਿਚ ਘੁਸਰ-ਮੁਸਰ ਕਰਕੇ ਹੱਸਣ ਲੱਗ ਪਏ ਨੇ।
ਮੈਂ ਸ਼ਰਮਿੰਦਾ ਹੋ ਕੇ ਸਿਰ ਝੁਕਾਅ ਲਿਆ ਹੈ।
ਮੇਰੇ ਪੈਰਾਂ ਹੇਠਲੀ ਸੜਕ ਏਨੀ ਸਾਫ ਹੈ ਕਿ ਉਸ ਉੱਤੇ ਤੁਰਦਿਆਂ ਹੋਇਆਂ ਮੈਨੂੰ ਆਪਣਾ ਸਰੀਰ ਕਿਸੇ ਧੱਬੇ ਵਰਗਾ ਲੱਗ ਰਿਹਾ ਹੈ—ਹਾਂ, ਏਨੇ ਸਾਫ-ਸੁਥਰੇ ਆਲੇ-ਦੁਆਲੇ ਵਿਚ ਮੇਰਾ ਕੀ ਕੰਮ? ਇਕ ਮੈਂ ਹੀ ਹਾਂ ਜਿਹੜਾ ਇੱਥੇ ਗੰਦਾ, ਗੰਦ ਲੱਗ ਰਿਹਾ ਹਾਂ, ਜਿਵੇਂ ਕਿਸੇ ਕੋਠੀ ਵਾਲੇ ਨੇ ਆਪਣਾ ਕੂੜਾ-ਕਚਰਾ ਕੋਠੀ ਦੀ ਪਿਛਲੀ ਗਲੀ ਦੇ ਬਜਾਏ ਅੱਗੇ ਸੁੱਟ ਦਿੱਤਾ ਹੋਵੇ। ਮੁਨੂੰ ਕਬਾੜੀਏ ਨੂੰ ਮੈਂ ਕਈ ਵਾਰੀ ਕਿਹਾ ਹੈ, ਕਬਾੜ ਘੱਟ ਹੈ ਤਾਂ ਮੈਨੂੰ ਵੀ ਇਸ ਨਾਲ ਰੱਖ ਲੈ, ਪਰ ਪੈਸੇ ਪੂਰੇ ਦੇਵੀਂ। ਪਰ ਮੁਨੂੰ ਮੈਨੂੰ ਕੋਰਾ ਜਵਾਬ ਦਿੰਦਾ ਹੈ, 'ਪੈਸੇ ਤਾਂ ਕੰਮ ਦੀ ਚੀਜ਼ ਦੇ ਮਿਲਦੇ ਐ, ਤੂੰ ਕਿਸ ਕੰਮ ਦੈਂ ਓਇ?' ਸੋ ਮੈਂ ਇਹਨਾਂ ਕੋਠੀਆਂ ਦੀਆਂ ਪਿਛਲੀਆਂ ਗਲੀਆਂ ਵਿਚ ਸੁੱਟੀ, ਉਹਨਾਂ ਦੀ ਢੇਰ ਸਾਰੀ ਗੰਦਗੀ ਵਿਚੋਂ, ਉਸਦੇ ਕੰਮ ਦੀਆਂ ਚੀਜ਼ਾਂ ਛਾਂਟ-ਛਾਂਟ ਕੇ ਝੋਲੇ ਵਿਚ ਭਰਦਾ ਰਹਿੰਦਾ ਹਾਂ।
ਮੈਂ ਪਿਛਲੀ ਗਲੀ ਵਿਚ ਜਾਣ ਲਈ ਘੁੰਮ ਗਿਆ ਹਾਂ—ਤੇ ਉੱਥੇ ਪਹੁੰਚ ਕੇ ਨਾਸਾਂ ਵਿਚ ਜਾਣੀ-ਪਛਾਣੀ ਬੂ-ਬਾਸ ਘੁਸਦਿਆਂ ਹੀ ਮੇਰੇ ਅੰਦਰ ਚੁਸਤੀ ਪੈਦਾ ਹੋਣ ਲੱਗ ਪਈ ਹੈ। ਇਹਨਾਂ ਜਾਣੀਆਂ-ਪਛਾਣੀਆਂ ਬੂਆਂ ਦੇ ਵਰੋਲਿਆਂ ਵਿਚ ਮੇਰਾ ਦਿਲ ਚਾਹੁੰਦਾ ਹੈ ਕਿ ਬੇ-ਅਖ਼ਤਿਆਰ ਹੱਸਣਾ ਸ਼ੁਰੂ ਕਰ ਦਿਆਂ। ਪਿਛਲੇ ਹਫਤੇ ਏਸੇ ਦਸ਼ਾ ਵਿਚ ਮੇਰਾ ਹਾਸਾ ਰੁਕਣ ਵਿਚ ਹੀ ਨਹੀਂ ਸੀ ਆ ਰਿਹਾ ਕਿ ਇਕ ਮੁਰਗਾ—ਉਹ-ਹਾਂ, ਓਹੀ ਹੈ—ਉਹ ਮੁਰਗਾ ਆਪਣੀ ਮੁਰਗੀ ਪਿੱਛੇ ਨੱਸਦਾ ਹੋਇਆ ਅਚਾਨਕ ਉੱਛਲ ਕੇ ਮੇਰੇ ਮੋਢੇ 'ਤੇ ਆ ਬੈਠਿਆ ਤੇ ਹਿੱਕ ਦਾ ਪੂਰਾ ਜ਼ੋਰ ਲਾ ਕੇ ਬਾਂਗਾਂ ਦੇਣ ਲੱਗ ਪਿਆ, ਤੇ ਉਦੋਂ ਮੈਨੂੰ ਇੰਜ ਲੱਗਿਆ ਸੀ ਜਿਵੇਂ ਇਕ ਕਰਾਰੀ ਬਾਂਗ ਤੇ ਖੰਭਾਂ ਦੀ ਫੜਫੜਾਹਟ ਹੇਠ ਮੈਂ ਆਂਡੇ ਵਾਂਗ ਆਪਣੇ ਆਪ ਫੁੱਟ ਗਿਆ ਹਾਂ ਤੇ ਹਨੇਰੇ 'ਚੋਂ ਬਾਹਰ ਆ ਕੇ ਚਾਨਣ ਦੇ ਜਲ-ਥਲ ਵਿਚ ਨਹਾਅ ਰਿਹਾ ਹਾਂ।
ਬਾਬੂ ਕੁੱਤਾ ਵੀ ਮੇਰੇ ਪਿੱਛੇ-ਪਿੱਛੇ ਹੀ ਗਲੀ ਵਿਚ ਆ ਪਹੁੰਚਿਆ ਹੈ। ਬਾਬੂ ਨੂੰ ਉਸਦਾ ਨਾਂਅ ਮੇਰਾ ਹੀ ਦਿੱਤਾ ਹੋਇਆ ਹੈ, ਹੋਰ ਦੇਣ ਲਈ ਮੇਰੇ ਕੋਲ ਹੈ ਹੀ ਕੀ? ਇੱਥੋਂ ਦੇ ਨੌਕਰਾਂ ਤੇ ਕੁੱਤਿਆਂ ਨੂੰ ਬਾਬੂ ਆਖ ਕੇ ਬੁਲਾਂਦਾ ਹਾਂ ਤਾਂ ਬੜੇ ਖੁਸ਼ ਹੁੰਦੇ ਨੇ। ਇਕ ਵਾਰੀ ਚਾਰ ਨੰਬਰ ਵਾਲਿਆਂ ਦੇ ਨੌਕਰ ਦਾ ਮੂੰਹ ਆਪਣੇ ਘਰਵਾਲਿਆਂ ਦੀਆਂ ਗਾਲ੍ਹਾਂ ਖਾ-ਖਾ ਕੇ ਸੁੱਜਿਆ ਹੋਇਆ ਸੀ ਕਿ ਮੈਂ ਬੜੇ ਪਿਆਰ ਨਾਲ ਉਸਨੂੰ ਕਿਹਾ, 'ਦਵਾਈ ਲਈ ਪੈਸੇ ਨਾ ਹੋਣ ਤਾਂ ਬਾਬੂ, ਬੀਮਾਰੀ ਹੱਸ ਖੇਡ ਕੇ ਝੱਲ ਲੈਣ ਨਾਲ ਵੀ ਠੀਕ ਹੋ ਜਾਂਦੀ ਏ।' ਉਹ ਵਿਚਾਰਾ ਰੋਣ ਲੱਗ ਪਿਆ ਸੀ—'ਰੋ ਨਾ ਬਾਬੂ।' ਬਾਬੂ! ਮੈਨੂੰ ਕੀ ਪਤਾ ਸੀ ਬਾਬੂ ਕੁੱਤਾ ਵੀ ਕੋਲ ਹੀ ਖੜ੍ਹਾ ਹੈ? ਉਸਨੇ ਮੈਨੂੰ ਆਪਣਾ ਨਾਂਅ ਉਸ ਮੁੰਡੂ ਦੇ ਹਵਾਲੇ ਕਰਦਿਆਂ ਦੇਖਿਆ ਤਾਂ ਗੁੱਸੇ ਵਿਚ ਭੜਕ ਕੇ ਉਸ ਵਿਚਾਰੇ ਬੇਦੋਸੇ ਦੀ ਪਿੰਜਨੀ ਨੂੰ ਜਾ ਮੂੰਹ ਪਾਇਆ ਸੀ! ਬਾਬੂ ਕਿਤੇ ਵੀ ਹੋਵੇ, ਮੇਰੇ ਇੱਥੇ ਪਹੁੰਚਦਿਆਂ ਹੀ ਹਵਾ ਵਿਚ ਮੇਰੀ ਬੂ ਸੰਘ ਕੇ ਪੂਛ ਹਿਲਾਉਂਦਾ ਹੋਇਆ ਆ ਜਾਂਦਾ ਹੈ।
ਮੇਰਾ ਧਿਆਨ ਆਪਣੇ ਵੱਲ ਨਾ ਦੇਖ ਕੇ ਬੰਦ ਮੂੰਹ ਵਿਚ ਘੁਰਘੁਰਾਉਂਦਾ ਹੈ—'ਹਾਂ, ਹਾਂ, ਦੇਖ ਲਿਐ ਮੈਂ ਬਾਬੂ...ਦੱਸ ਕੀ ਗੱਲ ਆ?'
ਮੈਂ ਉਸ ਵੱਲ ਮੂੰਹ ਭੁੰਆਂ ਕੇ ਵੇਖਿਆ ਹੈ ਤੇ ਉਸਦੇ ਮੂੰਹ ਵਿਚ ਪੂਰੀ ਡਬਲਰੋਟੀ ਦੇਖ ਕੇ ਮੇਰਾ ਢਿੱਡ ਖ਼ਾਲੀ ਢੋਲਕੀ ਵਾਂਗ ਵੱਜਣ ਲੱਗ ਪਿਆ ਹੈ—'ਉਰੇ ਆ!'
ਮੈਂ ਗਲੀ ਦੇ ਵਿਚਕਾਰ ਹੀ ਬੈਠ ਗਿਆ ਹਾਂ ਤੇ ਉਸਨੇ ਆਪਣਾ ਮੂੰਹ ਖੋਹਲ ਕੇ ਡਬਲਰੋਟੀ ਮੇਰੇ ਅੱਗੇ ਮਿੱਟੀ ਵਿਚ ਹੀ ਸੁੱਟ ਦਿੱਤੀ ਹੈ।
ਓ ਮੂਰਖਾ, ਮਿੱਟੀ 'ਚ ਕਿਉਂ ਸੁੱਟ ਦਿੱਤੀ? ਖਾਣ ਵਾਲੀ ਚੀਜ਼ ਨੂੰ ਤਾਂ ਅਖਾਂ 'ਤੇ ਬਿਠਾਈ ਰੱਖਣਾ ਚਾਹੀਦਾ ਆ, ਕਮਲਿਆ।'
ਮੈਂ ਡਬਲਰੋਟੀ ਤੋਂ ਮਿੱਟੀ ਝਾੜ ਕੇ ਅੱਧੀ ਉਸਨੂੰ ਪਾ ਦਿੱਤੀ ਹੈ ਤੇ ਅੱਧੀ ਉੱਤੇ ਆਪਣਾ ਮੂੰਹ ਮਾਰਦਿਆਂ ਹੋਇਆਂ ਮੈਨੂੰ ਚੇਤੇ ਆਇਆ ਹੈ ਕਿ ਅੱਜ ਮੈਂ ਛੋਟੂ ਦੇ ਹੱਥ ਫਕੀਰੇ ਨੂੰ ਰੋਟੀ ਭੇਜੀ ਸੀ। ਭੁੱਖਾ ਆਦਮੀ ਹੈ। ਉਸਨੇ ਆਪ ਹੀ ਖਾ ਲਈ ਹੋਵੇਗੀ।—ਮੈਂ ਹੱਸਣ ਲੱਗਿਆ ਹਾਂ, ਖਾਲੀ ਢਿੱਡ ਵਿਚ ਡਬਲਰੋਟੀ ਪਹੁੰਚਣ 'ਤੇ ਜਾਂ ਆਪਣੇ ਇਸ ਵਿਚਾਰ ਉੱਤੇ ਕਿ ਜਿਸਨੂੰ ਅਸੀਂ ਕੁੱਤਾ ਕਹਿੰਦੇ ਹਾਂ, ਉਸਦੀ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਹੁੰਦੀ ਹੈ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਆਦਮੀਆਂ ਵਾਂਗ ਪਿਛਲੀਆਂ ਦੋ ਲੱਤਾਂ 'ਤੇ ਖੜ੍ਹਾ ਹੋ ਜਾਵੇ ਤੇ ਅਗਲੀਆਂ ਨੂੰ ਹੱਥਾਂ ਵਾਂਗ ਜੋੜ ਕੇ ਸਾਥੋਂ ਆਪਣੀ ਮਿਹਨਤ ਦੀ ਭੀਖ ਮੰਗਦਾ ਰਹੇ—ਮੈਂ ਜਿਵੇਂ ਫਕੀਰੇ ਨੂੰ ਪਿਆਰ ਕਰਨ ਖਾਤਰ ਬਾਬੂ ਦੀ ਪਿੱਠ ਉੱਤੇ ਹੱਥ ਫੇਰਿਆ ਹੈ ਤੇ ਉਸ ਬੇਜ਼ੁਬਾਨ ਨੇ ਭੌਂਕ ਕੇ ਮੈਥੋਂ ਪੁੱਛਿਆ ਹੈ—ਹੋਰ ਲਿਆਵਾਂ?
ਮੈਨੂੰ ਪਤਾ ਹੈ ਕਿ ਬਾਹਰਲੀ ਸੜਕ ਵਾਲਾ ਚਿੜਚਿੜਾ, ਬੁੱਢਾ ਹਲਵਾਈ ਜਦੋਂ ਗੱਦੀ 'ਤੇ ਬੈਠਾ ਉਂਘ ਰਿਹਾ ਹੁੰਦਾ ਹੈ, ਬਾਬੂ ਮੌਕਾ ਤਾੜ ਕੇ ਉਸਦੀਆਂ ਥਾਲੀਆਂ ਵਿਚੋਂ ਕੁਝ ਨਾ ਕੁਝ ਉਡਾਅ ਲੈਂਦਾ ਹੈ। ਬੁੱਢਾ ਵਿਚਾਰਾ ਹਰ ਚੀਜ਼ ਗਿਣ ਕੇ ਰੱਖਦਾ ਹੋਵੇਗਾ, ਪਰ ਉਸਦੇ ਘਟ ਜਾਣ ਪਿੱਛੋਂ ਆਪਣੀ ਬੁੱਢੀ ਯਾਦਆਸ਼ਤ ਤੇ ਜਵਾਨ ਮੁੰਡੇ ਉੱਤੇ ਕੁੜ੍ਹਦਾ ਰਹਿੰਦਾ ਹੋਏਗਾ—'ਹਰਾਮ ਦੀ ਔਲਾਦ, ਆਵਾਰਾਗਰਦੀ ਕਰਦਾ ਫਿਰਦੈ। ਸਾਰਾ ਕੰਮ ਸੰਭਾਲ ਲਏ ਤਾਂ ਮੈਂ ਕਿਉਂ ਹੱਡੀਆਂ ਨੂੰ ਕੁੱਟ-ਕੁੱਟ ਲੱਡੂ ਵੱਟਦਾ ਰਹਾਂ?'
ਤਿੰਨ ਚਾਰ ਦਿਨ ਪਹਿਲਾਂ ਮੇਰੀ ਜੇਬ ਪੈਸਿਆਂ ਨਾਲ ਭਰੀ ਹੋਈ ਸੀ। ਮੈਂ ਬਾਬੂ ਨੂੰ ਕਿਹਾ—''ਆ, ਅੱਜ ਬੁੱਢੇ ਨੂੰ ਪੈਸੇ ਵਟਾਅ ਕੇ ਖਾਂਦੇ ਆਂ।'' ਬਾਬੂ ਮੇਰੇ ਅੱਗੇ-ਅੱਗੇ, ਜਿਵੇਂ ਸੂਟ-ਬੂਟ ਪਾ ਕੇ ਤੁਰ ਪਿਆ ਤੇ ਬੁੱਢੇ ਦੀ ਦੁਕਾਨ ਸਾਹਮਣੇ ਜਾ ਕੇ ਬੜੀ ਸ਼ਾਨ ਨਾਲ ਭੌਂਕਿਆ ਜਿਵੇਂ ਕਹਿ ਰਿਹਾ ਹੋਵੇ—'ਦੋ ਡਬਲਰੋਟੀਆਂ ਦੇਅ...ਜਲਦੀ ਕਰ।'
ਬਾਬੂ ਨੇ ਫੇਰ ਮੈਥੋਂ ਪੁੱਛਿਆ ਹੈ—ਬਸ, ਜਾਂ ਹੋਰ...?
''ਨਹੀਂ, ਏਨੀ ਈ ਬੜੀ ਐ। ਆ ਹੁਣ ਆਪਣਾ ਕੰਮ ਕਰੀਏ।''
ਸਭ ਤੋਂ ਪਹਿਲਾਂ ਮੈਂ ਕੂੜੇ ਦੇ ਡਰੱਮ ਨੂੰ ਉਲਟ ਦਿੰਦਾ ਹਾਂ, ਤੇ ਬਾਬੂ ਮੇਰੀ ਸਹੂਲੀਅਤ ਲਈ ਪੰਜੇ ਮਾਰ-ਮਾਰ ਕੇ ਸਾਰਾ ਕੁੜਾ ਖ਼ੂਬ, ਖਿਲਾਰ ਦਿੰਦਾ ਹੈ...ਤੇ ਫੇਰ ਮੈਂ ਆਪਣੇ ਮਤਲਬ ਦੀਆਂ ਚੀਜ਼ਾਂ ਚੁਣ-ਚੁਗ ਕੇ, ਕੂੜਾ ਇਕੱਠਾ ਕਰਕੇ ਉਸਨੂੰ ਓਵੇਂ ਹੀ ਡਰਮ ਵਿਚ ਪਾ ਦਿੰਦਾ ਹਾਂ। ਹਰ ਕੋਠੀ ਦਾ ਡਰੱਮ ਉਲਟਦਿਆਂ ਹੀ ਉਹਨਾਂ ਦੀ ਸਾਰੀ ਗੰਦਗੀ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੀ ਹੈ। ਰੱਬ ਬਚਾਵੇ, ਮੇਰਾ ਧੰਦਾ ਹੀ ਇਹ ਹੈ। ਮੈਨੂੰ ਪਤਾ ਹੈ, ਹੋਰਨਾਂ ਦੀ ਗੰਦਗੀ ਉਘਾੜਨਾ ਕੋਈ ਚੰਗੀ ਗੱਲ ਨਹੀਂ ਹੁੰਦੀ। ਜੇ ਗੰਦ ਢਕਿਆ, ਕੱਜਿਆ ਨਾ ਰਹੇ ਤਾਂ ਕਈ ਰੋਗ ਫੈਲਦੇ ਨੇ, ਪਰ ਕੀ ਕਰਾਂ? ਉਹਨਾਂ ਦੇ ਕੂੜੇਦਾਨਾਂ ਦੇ ਢੱਕਣ ਨਾਲ ਖੋਲ੍ਹਦਾ ਰਹਾਂ ਤਾਂ ਭੁੱਖਾ ਮਰ ਜਾਵਾਂ।
'ਆ!'' ਮੈਂ ਤਿੰਨ ਨੰਬਰ ਵਾਲੇ ਦਾ ਡਰੱਮ ਉਲਟ ਕੇ ਬਾਬੂ ਨੂੰ ਆਖਿਆ ਹੈ। ਮੈਨੂੰ ਪਹਿਲਾਂ ਹੀ ਪਤਾ ਹੈ ਕਿ ਇਸ ਡਰੱਮ ਵਿਚੋਂ ਰੱਦੀ ਕਾਗਜ਼, ਸ਼ਰਾਬ ਦੇ ਖ਼ਾਲੀ ਅਧੀਏ-ਪਊਏ ਤੇ ਸਿਗਰੇਟਾਂ ਦੇ ਬੇਹਿਸਾਬ ਟੋਟੇ ਨਿਕਲਣਗੇ। ਮੁਨੂੰ ਕਬਾੜੀਆ ਕਹਿੰਦਾ ਹੈ ਕਿ ਅਖ਼ਬਾਰੀ ਕਾਗਜ਼ ਲਿਆਇਆ ਕਰ। ਕਿੱਥੋਂ ਲਿਆਵਾਂ ਅਖ਼ਬਾਰ ਦਾ ਕਾਗਜ਼? ਘਰਵਾਲੇ ਨੂੰ ਖ਼ਬਰਾਂ ਦੀ ਭੁਸ ਵੀ ਹੋਵੇ। ਉਸਨੂੰ ਤਾਂ ਏਨਾ ਵੀ ਪਤਾ ਨਹੀਂ ਕਿ ਉਸਦੇ ਘਰ ਵਿਚ ਕੀ ਵਾਪਰ ਰਿਹਾ ਹੈ! ਪ੍ਰੋਫ਼ੈਸਰ ਸਾਹਬ ਜਦੋਂ ਰਾਤ ਦਿਨ ਆਪਣੀਆਂ ਊਲ-ਜਲੂਲ ਸੋਚਾਂ ਨਾਲ ਕੋਰੇ ਕਾਗਜ਼ ਕਾਲੇ ਕਰ-ਕਰ ਕੇ ਰੱਦੀ ਦੀ ਟੋਕਰੀ ਭਰ ਰਹੇ ਹੁੰਦੇ ਨੇ ਤਾਂ ਨਾਲ ਵਾਲੇ ਕਮਰੇ ਵਿਚ ਉਹਨਾਂ ਦੀ ਪਤਨੀ ਜਵਾਨ ਨੌਕਰ ਨੂੰ ਗਰਮਾਅ ਰਹੀ ਹੁੰਦੀ ਹੈ...ਸਭ ਤੋਂ ਪਹਿਲਾਂ ਮੈਂ ਖ਼ਾਲੀ ਬੋਤਲਾਂ ਚੁੱਕ ਕੇ ਝੋਲੇ ਵਿਚ ਪਾਉਂਦਾ ਹਾਂ—ਕੀ ਮਜ਼ਾਲ ਕਿਸੇ ਵਿਚ ਸ਼ਰਾਬ ਦੀ ਇਕ ਬੂੰਦ ਵੀ ਬਾਕੀ ਬਚੀ ਹੋਵੇ। ਸਾਲਾ ਨੌਕਰ ਹਰ ਬੋਤਲ ਵਿਚੋਂ ਬਚੀ-ਖੁਚੀ ਨੂੰ ਪਾਣੀ ਵਿਚ ਘੋਲ ਕੇ ਗਟਾਗਟ ਚਾੜ੍ਹ ਜਾਂਦਾ ਹੈ, ਨਹੀਂ ਤਾਂ ਏਨੀਆਂ ਬੋਤਲਾਂ ਵਿਚੋਂ ਬੂੰਦ-ਬੂੰਦ ਵੀ ਇਕੱਠੀ ਕਰ ਲਿਆ ਕਰਾਂ ਤਾਂ ਹਫ਼ਤੇ ਵਿਚ ਇਕ ਵਾਰ ਤਾਂ ਮੈਨੂੰ ਵੀ ਮੌਜ਼ਾਂ ਲੱਗ ਜਾਇਆ ਕਰਨ। ਹਾਂ, ਉਸ ਦਿਨ ਮੈਨੂੰ ਇਸ ਡਰੱਮ ਵਿਚੋਂ ਇਕ ਪੂਰਾ ਅੱਧ-ਖੁੱਲ੍ਹਿਆ ਅਧੀਆ ਮਿਲਿਆ ਸੀ। ਗਲਤੀ ਨਾਲ ਸੁੱਟ ਦਿੱਤਾ ਗਿਆ ਹੋਵੇਗਾ, ਵਰਨਾ ਉਸ ਮਾਂ ਦੇ ਯਾਰ ਦੇ ਹੱਥੇ ਚੜ੍ਹ ਜਾਂਦਾ ਤਾਂ ਕੀ ਉਸਨੂੰ ਆਪਣੇ ਪਿਓ ਦੀ ਖਾਤਰ ਇੱਥੇ ਸੁੱਟ ਦੇਂਦਾ? ਮੈਂ ਉਸੇ ਪਲ ਕੰਮ-ਧੰਦਾ ਛੱਡ ਕੇ ਖੁਸ਼ੀ ਵਿਚ ਹੌਂਕਦਾ ਹੋਇਆ ਸਿੱਧਾ ਆਪਣੀ ਝੁੱਗੀ ਵਿਚ ਆ ਗਿਆ ਸਾਂ ਤੇ ਖ਼ਾਲੀ ਪੇਟ ਬੋਤਲ ਖ਼ਾਲੀ ਕਰਕੇ ਸਾਰਾ ਦਿਨ ਤੇ ਸਾਰੀ ਰਾਤ ਫਰਸ਼ ਉੱਤੇ ਮੂਧੇ ਮੂੰਹ ਪਿਆ ਰਿਹਾ ਸਾਂ। ਫਕੀਰਾ ਗੁੱਸੇ ਵਿਚ ਘੁਰਕ-ਘੁਰਾਅ ਕੇ ਮੇਰੇ ਦੰਦੀਆਂ ਵੱਢਦਾ ਰਿਹਾ ਸੀ, ਪਰ ਨਸ਼ੇ ਵਿਚ ਮੈਨੂੰ ਇੰਜ ਹੀ ਲੱਗਦਾ ਰਿਹਾ ਸੀ ਜਿਵੇਂ ਮੇਰੇ ਭਾਗ ਖੁੱਲ੍ਹ ਗਏ ਨੇ ਤੇ ਦੁਧੀਆ-ਚਮੜੀ ਵਿਚ ਲਿਪਟੀ ਹੋਈ ਮੇਰੀ ਘਰਵਾਲੀ ਸੱਚਮੁਚ ਕਿਤੋਂ ਮੇਰੇ ਨਾਲ ਵੱਸਣ ਲਈ ਆ ਗਈ ਹੈ ਤੇ ਮੇਰੇ ਪਿੰਡੇ ਨੂੰ ਚੁੰਮ-ਚੱਟ ਕੇ ਮੇਰੀ ਜਨਮਾਂ-ਜਨਮਾਂ ਦੀ ਥਕਾਣ ਚੂਸੀ ਜਾ ਰਹੀ ਹੈ।...ਦੂਜੇ ਦਿਨ ਮੇਰੀ ਅੱਖ ਖੁੱਲ੍ਹੀ ਤਾਂ ਫਕੀਰੇ ਨੇ ਮੈਨੂੰ ਦਿਲ ਖੋਹਲ ਕੇ ਸੁਣਾਈਆਂ ਤੇ ਮੈਂ ਪਹਿਲਾਂ ਤਾਂ ਨਮੋਸ਼ੀ ਵਿਚ ਪਿਆ ਉਸਦੀਆਂ ਸੁਣਦਾ ਰਿਹਾ, ਪਰ ਫੇਰ ਸਿਰ ਉਪਰ ਚੁੱਕੇ ਬਿਨਾਂ ਉਸਨੂੰ ਕਿਹਾ—'ਹੁਣ ਬਸ ਵੀ ਕਰ ਪਿਓਆ ਮੇਰਿਆ, ਜੋ ਹੋ ਗਿਆ, ਸੋ ਹੋ ਗਿਆ।' ਪ੍ਰੋਫ਼ੈਸਰ ਦੀਆਂ ਰੱਦੀ ਸੋਚਾਂ ਦਾ ਬੰਡਲ ਬੰਨ੍ਹਦਿਆਂ ਹੋਇਆਂ ਤੁਹਾਨੂੰ ਦੱਸਿਆ ਹੈ ਕਿ ਮੈਂ ਆਪ ਕਿੰਨਾਂ ਬੋਝਲ ਹੋ ਗਿਆ ਸਾਂ, ਪਰ ਮੁਨੂੰ ਇਸ ਦੇ ਦਸ ਪੈਸੇ ਦੇਣ ਲਈ ਵੀ ਤਿਆਰ ਨਹੀਂ ਹੋਏਗਾ—ਹੁਣ ਸਿਗਰੇਟਾਂ ਦੇ ਟੋਟਿਆਂ ਵੱਲ ਧਿਆਨ ਦਿੱਤਾ। ਏਨੇ ਛੋਟੇ-ਛੋਟੇ ਟੋਟੇ ਕਿ ਜਦੋਂ ਤੀਕ ਉਂਗਲਾਂ ਨਹੀਂ ਸੜਣ ਲੱਗ ਪੈਂਦੀਆਂ ਹੋਣੀਆਂ, ਆਪਣੇ ਇਰਦ-ਗਿਰਦ ਧੂੰਏਂ ਦੇ ਬੱਦਲ ਇਕੱਠੇ ਕਰਦਾ ਰਹਿੰਦਾ ਹੋਏਗਾ।—ਓ ਭਰਾ, ਕੁਝ ਸੋਚਣਾ ਹੀ ਹੈ ਤਾਂ ਬਾਹਰ ਆ ਕੇ ਖੁੱਲ੍ਹੇ ਸੱਚ ਨੂੰ ਦੇਖ ਕੇ ਸੋਚ, ਜਿਸ ਲਈ ਸੋਚਣਾ ਬਣਦਾ ਹੈ। ਇਹ ਕੀ ਕਿ ਆਪਣੀਆਂ ਸੋਚਾਂ ਵਿਚ ਹੀ ਵੜੀ ਜਾਓ ਤੇ ਸੋਚੀ ਜਾਓ—ਮੈਂ ਦੋ ਚਾਰ ਸਿਗਰੇਟਾਂ ਦੇ ਜ਼ਰਾ ਵੱਡੇ ਟੁਕੜੇ ਚੁੱਕ ਕੇ ਜੇਬ ਵਿਚ ਪਾ ਲਏ ਨੇ। ਇਕ-ਇਕ ਦੋ-ਦੋ ਸੂਟੇ ਤਾਂ ਨਿਕਲ ਹੀ ਆਉਣਗੇ।—ਓਇ ਬਸ!—ਮੈਂ ਬਾਬੂ ਨੂੰ ਕਿਹਾ ਹੈ ਤੇ ਮਲਵੇ ਨੂੰ ਦੁਬਾਰਾ ਡਰੱਮ ਵਿਚ ਪਾਉਣ ਲਈ ਇਕੱਠਾ ਕਰਨ ਲੱਗ ਪਿਆ ਹਾਂ।
ਅਜੇ ਤੀਕ ਮੈਂ ਇਹੀ ਸਮਝ ਰਿਹਾ ਸਾਂ ਕਿ ਆਪ ਹੀ ਆਪਣੇ ਦਿਮਾਗ਼ ਵਿਚ ਬੋਲੀ ਜਾ ਰਿਹਾ ਹਾਂ। ਅਸਲ ਵਿਚ ਹੋ ਇਹ ਰਿਹਾ ਸੀ ਕਿ ਇਕ ਡੱਡੂ ਅਗਲੇ ਘਰ ਦੀ ਢੱਕੀ ਹੋਈ ਨਾਲੀ ਦੀ ਸੜ੍ਹਾਂਦ ਵਿਚ ਫੁਦਕਦਾ ਹੋਇਆ, ਜ਼ੋਰ-ਸ਼ੋਰ ਨਾਲ ਟਰ-ਟਰ ਕਰੀ ਜਾ ਰਿਹਾ ਸੀ। ਏਨੇ ਵਿਚ, ਮੇਰੇ ਦੇਖਦੇ ਹੀ ਦੇਖਦੇ, ਇਕ ਸੱਪ ਕਿਤੋਂ ਫਾਂ-ਫਾਂ ਕਰਦਾ ਨਿਕਲਿਆ ਤੇ ਉਸਦੇ ਪਿੱਛੇ ਨਾਲੀ ਵਿਚ ਜਾ ਘੁਸੜਿਆ।
ਬਾਬੂ ਭੌਂਕਣ ਲੱਗ ਪਿਆ ਹੈ।
ਕਿਉਂ ਭੌਂਕਣ ਡਿਹੈਂ ਓਇ ਬਾਬੂ? ਡੱਡੂ ਨੂੰ ਵੀ ਜਾਨ ਪਿਆਰੀ ਆ ਤਾਂ ਜੋ ਦਿਸਦੈ ਉਸਨੂੰ ਚੁੱਪਚਾਪ ਦੇਖਦਾ ਰਹੇ—ਦੇਖ ਕੇ ਟਰ-ਟਰ ਕਿਉਂ ਕਰਨ ਲੱਗ ਪੈਂਦੈ?—ਇਕ ਗੱਲ ਚੇਤੇ ਰੱਖੀਂ ਬਾਬੂ, ਇਹ ਸਾਰੀਆਂ ਕੰਧਾਂ ਇਸ ਲਈ ਸੁਰੱਖਿਅਤ ਖੜ੍ਹੀਐਂ ਕਿ ਕੁਝ ਵੀ ਹੋ ਜਾਵੇ ਸਦਾ ਚੁੱਪ ਰਹਿੰਦੀਐਂ। ਬੋਲਣ ਲੱਗ ਪੈਣ ਤਾਂ ਉਸੇ ਛਿਣ ਢਹਿ-ਢੇਰੀ ਹੋ ਜਾਣ। ਅੱਛਾ ਇਹ ਦੱਸ, ਇਸ ਘਰ ਦੀ ਔਰਤ ਰਾਤ ਨੂੰ ਏਨੀ ਦੇਰ ਨਾਲ ਕਿੱਥੋਂ ਆਉਂਦੀ ਐ? ਜਿਸਦੇ ਨਾਲ ਆਉਂਦੀ ਐ ਉਸਦੀ ਗੱਡੀ ਥੋੜ੍ਹੀ ਦੂਰ ਰੁਕਵਾ ਲੈਂਦੀ ਐ ਤੇ ਬਿੱਲੀ ਵਾਂਗ ਪੱਬਾਂ ਭਾਰ ਤੁਰਦੀ ਹੋਈ ਪਿਛਲੇ ਗੇਟ ਥਾਈਂ ਆਪਣੇ ਘਰ ਅੰਦਰ ਵੜ ਜਾਂਦੀ ਐ—ਨਹੀਂ ਓਇ ਮੂਰਖਾ, ਇਸਦੇ ਪਤੀ ਨੂੰ ਸਭ ਪਤੈ! ਉਹੀ ਤਾਂ ਇਸਦੀ ਗੈਰਹਾਜ਼ਰੀ ਵਿਚ ਬੱਚਿਆਂ ਨੂੰ ਸੰਭਾਲਦਾ, ਸੰਵਾਂਦਾ ਐ—ਜਦੋਂ ਇਹ ਮੁੜਦੀ ਐ ਤਾਂ ਦਰਵਾਜ਼ਾ ਖੋਹਲਦਾ ਈ ਇਸਦੀ ਉਹ ਬਾਂਹ ਅੰਦਰ ਖਿੱਚ ਲੈਂਦੈ ਜਿਸ ਉਪਰ ਉਸਦਾ ਪਰਸ ਝੂਲ ਰਿਹਾ ਹੁੰਦੈ। ਏਨੀ ਦੇਰ ਉਡੀਕ ਕਰਨ ਪਿੱਛੋਂ ਹੁਣ ਕਿਤੇ ਜਾ ਕੇ ਵਿਚਾਰੇ ਦੀ ਵਾਰੀ ਆਈ ਐ ਕਿ ਪਤਨੀ ਨਾਲ ਸੰਵੇਂ—ਨਹੀਂ, ਚੁੱਪ। ਆਪਾਂ ਕੀ ਲੈਣੈ?...ਕਲਰਕ ਆਦਮੀ ਐ ਤਾਂ ਕੀ ਹੋਇਆ? ਕੇਡੀ ਆਣ-ਬਾਣ ਨਾਲ ਰਹਿੰਦੈ।—ਹਾਂ, ਦਫ਼ਤਰ ਦੀ ਤਨਖ਼ਾਹ ਨਾਲ ਗੁਜਾਰਾ ਵੀ ਮੁਸ਼ਕਿਲ ਨਾਲ ਹੀ ਹੁੰਦਾ ਆ। ਜੋ ਕਰਦੈ ਠੀਕ ਈ ਕਰਦੈ। ਏਨੀ ਸ਼ਾਨਦਾਰ ਕੋਠੀ ਵਿਚ ਰਹਿੰਦੈ ਤੇ ਆਪਣਾ ਸਾਰਾ ਕੂੜਾ ਰੋਜ਼ ਦੀ ਰੋਜ਼ ਸਾਫ ਕਰਕੇ ਬਾਹਰ ਸੁੱਟ ਦਿੰਦੈ—ਓ ਭਰਾ, ਇਸ ਨਾਲੋਂ ਤਾਂ ਚੰਗੈ ਕਿ ਬੰਦਾ ਲਾਲਾਂ ਸੁੱਟ-ਸੁੱਟ ਕੇ ਹੋਰਨਾਂ ਦਾ ਕੂੜਾ ਧੋਂਦਾ ਰਹੇ।
ਇਸ ਕੋਠੀ ਦਾ ਡਰੱਮ ਅਕਸਰ ਖ਼ਾਲੀ ਹੀ ਹੁੰਦਾ ਹੈ, ਕਿਉਂਕਿ ਇਹ ਲੋਕ ਆਪਣੇ ਪਿਛਵਾੜੇ ਦਾ ਵੀ ਅੱਗਾ ਸਾਫ ਦਿਖਾਉਣ ਲਈ ਆਪਣੀ ਗੰਦਗੀ ਆਸੇ-ਪਾਸੇ ਵਾਲਿਆਂ ਦੇ ਡਰੱਮਾਂ ਵਿਚ ਪਾ ਦਿੰਦੇ ਨੇ। ਮੈਂ ਇਸ ਡਰੱਮ ਖੋਲ੍ਹੇ ਬਿਨਾਂ ਹੀ ਅੱਗੇ ਤੁਰ ਜਾਂਦਾ ਹਾਂ, ਪਰ ਫੇਰ ਖ਼ਿਆਲ ਆਉਂਦਾ ਹੈ ਕਿ ਇਕ ਵਾਰੀ ਦੇਖ ਹੀ ਲਵਾਂ। ਡਰੱਮ ਵਿਚ ਪਏ ਵਾਲਾਂ ਦੇ ਇਕ ਸੁਨਹਿਰੀ ਕਲਿੱਪ ਨੇ ਮੈਨੂੰ ਦੇਖ ਕੇ ਅੱਖ ਮਾਰੀ ਹੈ, ਸ਼ਾਇਦ ਸੋਨੇ ਦਾ ਹੈ। ਮੈਂ ਕਾਹਲ ਨਾਲ ਉਸਨੂੰ ਚੁੱਕ ਲਿਆ ਹੈ—ਨਹੀਂ, ਤਾਂਬੇ ਦਾ ਹੋਵੇਗਾ...ਮੈਨੂੰ ਸੋਨੇ ਦੀ ਪਛਾਣ ਹੈ; ਨਾ ਤਾਂਬੇ ਦੀ...ਮੁਨੂੰ ਕਬਾੜੀਆ ਤਾਂ ਖਰਾ ਸੋਨਾ ਵੀ ਲਵੇ ਤਾਂ ਤਾਂਬੇ ਦਾ ਭਾਅ ਹੀ ਦਵੇਗਾ। ਮੈਂ ਕਲਿੱਪ ਨੂੰ ਆਪਣੀ ਜੇਬ ਵਿਚ ਪਾ ਲਿਆ ਹੈ ਤੇ ਸੋਚਣ ਲੱਗਾ ਹਾਂ ਕਿ ਰੁਲਦੂ ਦੀ ਘਰਵਾਲੀ ਦੇ ਵਾਲਾਂ ਵਿਚ ਇਸਦੀ ਫੱਬਤ ਕੈਸੀ ਲੱਗੇਗੀ। ਜੇ ਸੋਨੇ ਦਾ ਹੈ ਤਾਂ ਇਕ ਨਹੀਂ, ਦਸ 'ਤੇ ਸੌਦਾ ਪੱਕਾ ਕਰਕੇ ਦਿਆਂਗਾ...ਮੇਰੇ  ਨੇੜੇ ਹੀ ਇਕ ਝੁੱਗੀ ਵਿਚ ਰੁਲਦੂ ਵੀ ਆਪਣੀ ਘਰਵਾਲੀ ਤੋਂ ਧੰਦਾ ਕਰਵਾਉਂਦਾ ਹੈ। ਪਰ ਉਸਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸ਼ਰੇਆਮ ਸਭ ਕੁਝ ਕਰਦਾ ਹੈ। ਓ ਭਰਾ—ਇਕ ਦਿਨ ਉਹ ਮੈਨੂੰ ਦੱਸ ਰਿਹਾ ਸੀ ਕਿ 'ਜਦ ਮੈਨੂੰ ਸ਼ੱਕ ਹੋਇਆ ਕਿ ਮੇਰੀ ਤੀਵੀਂ ਦੇ ਲੱਛਣ ਠੀਕ ਨਹੀਂ ਤਾਂ ਮੈਂ ਉਸਨੂੰ ਵੇਸ਼ੀਆ ਸਮਝ ਕੇ ਉਸ ਨਾਲ ਪੇਸ਼ ਆਉਣ ਲੱਗ ਪਿਆ। ਕਿਸੇ ਹੋਰ ਕੋਲ ਜਾਵਾਂ ਤਾਂ ਪੂਰਾ ਸੌ ਲੈ ਕੇ ਵੀ ਏਨਾ ਖ਼ਿਆਲ ਨਾ ਰੱਖੇ...ਉਹ ਤਾਂ ਕਈ ਸੌ ਦੇਂਦੀ ਵੀ ਹੈ, ਤੇ ਮੇਰੇ ਪਸੀਨੇ ਉੱਤੇ ਖ਼ੂਨ ਵੀ ਵਹਾਉਂਦੀ ਹੈ, ਸਮਝਿਆ?'...ਮੈਂ ਆਪਣੇ ਆਪ ਨੂੰ ਕਿਹਾ ਹੈ ਕਿ ਮੈਂ ਭਲਾ ਕੀ ਸਮਝਾਂ ਅਜਿਹੀਆਂ ਬਾਤਾਂ ਨੂੰ! ਕੋਈ ਮਿਲ ਜਾਵੇ ਤਾਂ ਇਹ ਸਭ ਮੇਰੀ ਸਮਝ ਵਿਚ ਵੀ ਆ ਜਾਵੇ।
ਇਹ ਦੇਖ ਕੇ ਕਿ ਮੈਂ ਉਸੇ ਨਾਲੀ ਦੇ ਮੂੰਹ ਕੋਲ ਖੜ੍ਹਾ ਹਾਂ ਜਿਸ ਵਿਚ ਸੱਪ ਵੜਿਆ ਸੀ, ਮੈਂ ਡਰ ਕੇ ਏਨੀ ਤੇਜ਼ੀ ਨਾਲ ਅਗੇ ਵੱਲ ਵਧ ਗਿਆ ਹਾਂ ਕਿ ਨੇੜੇ ਤੁਰੀ ਫਿਰਦੀ ਇਕ ਮੁਰਗੀ ਮੇਰੀਆਂ ਲੱਤਾਂ ਵਿਚੋਂ ਫੜਫੜ ਕਰਕੇ ਮੇਰੇ ਅੱਗੇ ਨਿਕਲ ਗਈ ਹੈ ਤੇ ਉਸ ਵੱਲ ਦੇਖਦਿਆਂ ਹੋਇਆਂ ਮੈਨੂੰ ਲੱਗਿਆ ਹੈ ਕਿ ਮੈਂ ਰੁਲਦੂ ਦੀ ਤੀਵੀਂ ਦੇ ਪਿੱਛੇ ਦੌੜ ਰਿਹਾ ਹਾਂ।
ਅਗਲੇ ਡਰੱਮ ਵਿਚਲਾ ਕੂੜਾ ਭਰ-ਭਰ ਕੇ ਹੇਠਾਂ ਜ਼ਮੀਨ ਉੱਤੇ ਡੁਲ੍ਹਿਆ ਹੋਇਆ ਹੈ। ਡਰੱਮ ਨੂੰ ਉਲਟਣ ਤੋਂ ਪਹਿਲਾਂ ਮੈਂ ਬੈਠ ਗਿਆ ਹਾਂ ਤੇ ਅਜੇ ਮੇਰੀਆਂ ਅੱਖਾਂ ਜ਼ਮੀਨ ਉੱਤੇ ਆਪਣੇ ਮਤਲਬ ਦੀ ਚੀਜ਼ ਲੱਭ ਹੀ ਰਹੀਆਂ ਨੇ ਕਿ ਇਸ ਕੋਠੀ ਵਾਲੇ ਦੀ ਨੌਕਰਾਣੀ ਅਚਾਨਕ ਦਰਵਾਜ਼ੇ 'ਚੋਂ ਨਿਕਲੀ ਤੇ ਮੇਰੇ ਸਿਰ ਉੱਤੇ ਘਰ ਦੀ ਗੰਦਗੀ ਇਸ ਤਰ੍ਹਾਂ ਉਲਟ ਗਈ ਹੈ ਜਿਵੇਂ ਕੁੜੇ ਦੇ ਢੇਰ ਉੱਤੇ ਹੀ ਕੂੜਾ ਸੁੱਟ ਗਈ ਹੋਵੇ। ਮੈਂ ਉਦੋ ਤੀਕ ਸਾਹ ਰੋਕ ਕੇ ਢੇਰ ਦਾ ਢੇਰ ਬਣਿਆ ਬੈਠਾ ਰਿਹਾ ਜਦੋਂ ਤੀਕ ਉਸਨੇ ਆਪਣੇ ਦਰਵਾਜ਼ੇ ਅੰਦਰ ਵਾਪਸ ਘੁਸ ਕੇ ਅੰਦਰੋਂ ਚਿਟਕਣੀ ਨਹੀਂ ਲਾ ਲਈ, ਤੇ ਫੇਰ ਸਰੀਰ ਨੂੰ ਛੰਡਦਾ ਹੋਇਆ ਖੜ੍ਹਾ ਹੋ ਗਿਆ ਹਾਂ ਤੇ ਡਰੱਮ ਨੂੰ ਉਲਟਦਿਆਂ ਹੋਇਆ ਬਾਬੂ ਨੂੰ ਇਸ਼ਾਰਾ ਕੀਤਾ ਹੈ ਕਿ ਆਪਣਾ ਕੰਮ ਸ਼ੁਰੂ ਕਰੇ।
ਇਸ ਡਰੱਮ ਦੇ ਘਰਵਾਲੇ ਦੋ ਭਰਾ ਨੇ, ਜਿਹੜੇ ਕੱਪੜੇ ਦਾ ਵਪਾਰ ਕਰਦੇ ਨੇ। ਵੱਡੇ ਦੇ ਦੌਲਤ ਦੇ ਨਸ਼ੇ ਵਿਚ ਹੋਸ਼ ਗਵਾਚੇ ਰਹਿੰਦੇ ਨੇ ਤੇ ਛੋਟਾ ਹੈ ਹੀ ਪਾਗਲ। ਵੱਡਾ ਹੇਠਲੇ ਹਿੱਸੇ ਵਿਚ ਰਹਿੰਦਾ ਹੈ ਤੇ ਛੋਟਾ ਪਹਿਲੇ ਮੰਜ਼ਿਲੇ ਉਪਰ...ਤੇ ਸਭ ਤੋਂ ਉਪਰਲੀ ਛੱਤ ਉੱਤੇ ਇਕ ਕਮਰਾ ਹੈ ਜਿਸ ਵਿਚ ਇਹਨਾਂ ਦੋਵਾਂ ਦੀ ਬੁੱਢੀ ਤੇ ਅਪਾਹਜ ਮਾਂ ਰਹਿੰਦੀ ਹੈ। ਕਈ ਵਾਰੀ ਬੁੱਢੀ ਦੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਮੈਂ ਆਪਣਾ ਕੰਮ ਰੋਕ ਕੇ, ਮੂੰਹ ਉਤਾਂਹ ਚੁੱਕ ਕੇ ਦੇਖਣ ਲੱਗਦਾ ਹਾਂ ਤੇ ਮੇਰੀ ਨਜ਼ਰ ਅੱਖਾਂ ਵਿਚੋਂ ਨਿਕਲ ਕੇ ਬੁੱਢੜੀ ਕੋਲ ਜਾ ਪਹੁੰਚਦੀ ਹੈ...ਅਹਿ ਦੇਖ, ਤੇਰੇ ਲਈ ਗੁੜ ਵਾਲੇ ਛੋਲੇ ਲਿਆਇਆਂ, ਮਾਂ! ਦੰਦ ਨਹੀਂ ਤਾਂ ਗੁੜ ਹੀ ਚੂਸ ਲੈ...ਖੀਰ! ...ਖੀਰ ਕਿੱਥੋਂ ਲਿਆਵਾਂ ਮੈਂ?...ਇਹਨਾਂ ਭਰਾਵਾਂ ਦੇ ਨੌਕਰ ਨੇ ਇਕ ਵਾਰੀ ਮੈਨੂੰ ਦੱਸਿਆ ਸੀ, ਬੁੱਢੀ ਹਰ ਵੇਲੇ ਖੀਰ ਮੰਗ-ਮੰਗ ਕੇ ਰੋਂਦੀ ਰਹਿੰਦੀ ਹੈ...ਤੇ ਜਦੋਂ ਚੁੱਪ ਹੁੰਦੀ ਹੈ ਆਸਮਾਨ ਵੱਲ ਸਿਰ ਚੁੱਕ ਕੇ, ਮੂੰਹ ਖੋਲ੍ਹ-ਖੋਲ੍ਹ ਕੇ ਹਿਲਾਅ ਰਹੀ ਹੁੰਦੀ ਹੈ ਜਿਵੇਂ ਉਪਰੋਂ ਮੂੰਹ ਵਿਚ ਖੀਰ ਟਪਕ ਰਹੀ ਹੋਵੇ...ਆਪਣੀ ਮਾਂ ਨੂੰ ਤਾਂ ਇਹ ਭਰਾ ਤਰਸਾਅ-ਤਰਸਾਅ ਕੇ ਮਾਰ ਰਹੇ ਨੇ, ਪਰ ਇਹਨਾਂ ਦੇ ਡਰੱਮ ਵਿਚ ਏਨੀ ਜੂਠ ਹੁੰਦੀ ਹੈ ਕਿ ਦਸ ਜਣਿਆਂ ਦਾ ਢਿੱਡ ਆਰਾਮ ਨਾਲ ਭਰ ਜਾਵੇ। ਮੁਨੂੰ ਕਬਾੜੀਆ ਜਿਸ ਦਿਨ ਮੁੱਠੀ ਗਰਮ ਨਹੀਂ ਕਰਦਾ, ਉਸ ਦਿਨ ਇੱਥੋਂ ਹੀ ਮੈਂ ਆਪਣੇ ਪੇਟ ਲਈ ਬਾਲਣ ਚੁਣ ਲੈਂਦਾ ਹਾਂ ਤੇ ਮੂੰਹ ਬਣਾ-ਵਿਗਾੜ ਕੇ ਖਾਣਾ ਸ਼ੁਰੂ ਕਰ ਦਿੰਦਾ ਹਾਂ, ਫੇਰ ਖਾਂਦੇ-ਖਾਂਦੇ ਨੂੰ ਮਜ਼ਾ ਆਉਣ ਲੱਗ ਪੈਂਦਾ ਹੈ ਤੇ ਉਦੋਂ ਤੀਕ ਬਾਬੂ ਨੂੰ ਨੇੜੇ ਨਹੀਂ ਫੜਕਣ ਦਿੰਦਾ ਜਦੋਂ ਤੀਕ ਖ਼ੂਬ ਰੱਜ ਨਾ ਜਾਵਾਂ। ਦੋਵਾਂ ਦੀਆਂ ਪਤਨੀਆਂ ਆਪ ਤਾਂ ਖਟ-ਮਿਠੀਆਂ ਹੈ ਹੀ ਨੇ, ਖਾਣਾ ਉਹ ਆਪਣੇ ਨਾਲੋਂ ਵੀ ਵੱਧ ਖੱਟਾ-ਮਿੱਠਾ ਬਣਾ ਲੈਂਦੀਆਂ ਨੇ, ਸ਼ਾਇਦ ਏਸੇ ਲਈ ਦੋਵਾਂ ਭਰਾਵਾਂ ਦੇ ਢਿੱਡ ਏਨੇ ਫੁੱਲੇ ਹੋਏ ਨੇ। ਆਪਣੇ ਨੌਕਰ ਬਤੀਏ ਨੂੰ ਉਹਨਾਂ ਕੱਢ ਦਿੱਤਾ ਹੈ। ਉਹ ਮੈਨੂੰ ਬੀੜੀ ਵੀ ਪਿਆਉਂਦਾ ਹੁੰਦਾ ਸੀ ਤੇ ਬੀੜੀ ਦੇ ਧੂੰਏ ਵਿਚ ਇਹਨਾਂ ਦੀਆਂ ਧੂੰਆਂਧਾਰ ਗੱਲਾਂ ਵੀ ਸੁਨਾਉਂਦਾ ਹੁੰਦਾ ਸੀ। ਚੰਗਾ ਹੀ ਹੋਇਆ ਜੋ ਉਹ ਚਲਾ ਗਿਆ, ਵਰਨਾ ਮੈਂ ਆਪਣਾ ਕੰਮ-ਧੰਦਾ ਛੱਡ ਕੇ ਉਸਦੇ ਕੋਲ ਵਿਹਲਾ ਬੈਠਾ ਰਹਿੰਦਾ ਸੀ। ਵੱਡਾ ਭਰਾ ਆਪਣੇ ਕਮਲੇ ਭਰਾ ਨੂੰ ਇੰਜ ਤਾੜਦਾ-ਝਾੜਦਾ ਰਹਿੰਦਾ ਹੈ ਜਿਵੇਂ ਆਪਣੇ ਮੁੰਡਿਆਂ ਨੂੰ, ਪਰ ਉਸਦੀ ਪਤਨੀ ਨੂੰ ਇੱਥੇ-ਉੱਥੇ ਇਕੱਲੀ ਵੇਖ ਲੈਂਦਾ ਹੈ ਤਾਂ ਹੱਥ ਪਾਉਣੋਂ ਬਾਅਜ਼ ਨਹੀਂ ਆਉਂਦਾ। ਛੋਟੇ ਦੇ ਪੰਜੇ ਦੇ ਪੰਜੇ ਮੁੰਡੇ ਵੱਡੇ ਭਾਈ ਦੇ ਨੇ—ਬਤੀਏ ਨੇ ਮੈਨੂੰ ਦੱਸਿਆ ਸੀ...ਲੈ, ਹੋਰ ਬੀੜੀ ਪੀ...ਤੇ ਸੁਣ...ਵੱਡੀ ਵੀ ਆਪਣੇ ਆਦਮੀ ਨਾਲੋਂ ਘੱਟ ਨਹੀਂ। ਉਸਨੇ ਆਪਣੇ ਕਮਲੇ ਦਿਓਰ ਨੂੰ ਇੰਜ ਸੈੱਟ ਕੀਤਾ ਹੋਇਐ ਕਿ ਉਸਦੀ ਸਮਝ ਵਿਚ ਹੋਰ ਕੁਝ ਆਵੇ ਭਾਵੇਂ ਨਾ ਆਵੇ, ਉਹ ਆਪਣੀ ਪਿਆਰੀ ਭਾਬੀ ਦੀ ਸੈਨਤ ਨੂੰ ਤੁਰੰਤ ਸਮਝ ਲੈਂਦਾ ਹੈ। ਵੱਡੀ ਦੇ ਦੋਵੇਂ ਛੋਟੇ ਬੱਚਿਆਂ ਦਾ ਮੁਹਾਂਦਰਾ ਹੂ-ਬ-ਹੂ ਆਪਣੇ ਕਮਲੇ ਚਾਚੇ 'ਤੇ ਗਿਆ ਹੈ। ਏਨੀ ਛੋਟੀ ਉਮਰ ਵਿਚ ਵੀ ਉਹ ਏਨੇ ਗੰਭੀਰ ਦੇ ਕਠੋਰ ਨੇ ਕਿ ਇਹਨਾਂ ਨੂੰ ਦੂਰੋਂ ਦੇਖ ਕੇ ਹੀ ਕਮਲੇ ਨੂੰ ਦੋ-ਦੋ ਪਿਓ ਦਿਖਾਈ ਦੇਣ ਲੱਗ ਪੈਂਦੇ ਨੇ ਤੇ ਡਰਦੇ ਮਾਰੇ ਦਾ ਮੂਤ ਵਿਚੇ ਨਿਕਲ ਜਾਂਦਾ ਹੈ।
ਬਤੀਏ ਨੂੰ ਭਰਾਵਾਂ ਨੇ ਇਸ ਲਈ ਕੱਢ ਦਿੱਤਾ ਸੀ ਕਿ ਰੰਗਭੂਮੀ ਦੇ ਤੇਵਰ ਦੇਖ ਕੇ ਇਕ ਦਿਨ ਉਸ ਵਿਚਾਰੇ ਦੀ ਖੋਪੜੀ ਵੀ ਉਲਟ ਗਈ ਸੀ ਤੇ ਵੱਡੀ ਦੇ ਨਾਂਹ-ਨਾਂਹ ਕਹਿਣ ਦੇ ਬਾਵਜ਼ੂਦ ਵੀ ਉਹ ਉਸਨੂੰ ਲੁੱਟ ਦਾ ਮਾਲ ਸਮਝ ਬੈਠਾ ਸੀ, ਤੇ ਆਪਣੇ ਕਮਲੇ ਮਾਲਕ ਵਾਂਗ ਹੀ ਮੂੰਹ ਵਿਚ ਅੰਗੂਠਾ ਪਾ ਕੇ ਉਸ ਵੱਲ ਵਧਦਾ ਚਲਾ ਗਿਆ ਸੀ। ਪਰ ਛੋਟੀ ਹੋਵੇ ਜਾਂ ਵੱਡੀ, ਮਾਲ ਤਾਂ ਭਰਾਵਾਂ ਦਾ ਹੀ ਸੀ। ਬਤੀਏ ਨੂੰ ਮਾਰ-ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਸ਼ਰੀਫ਼ਾਂ ਦੇ ਘਰੀਂ ਗੁੰਡਿਆਂ ਦਾ ਕੀ ਕੰਮ! ਜਾਹ...ਜਾਹ, ਜੋ ਏਥੇ ਕਰਨਾ ਚਾਹੁੰਦਾ ਸੈਂ ਆਪਣੀ ਮਾਂ-ਭੈਣ ਨਾਲ ਜਾ ਕੇ ਕਰ।
ਮੈਂ ਉਹਨਾਂ ਦੀ ਗੰਦਗੀ ਨੂੰ ਫਰੋਲ-ਵਰੋਲ ਕੇ ਵੇਖ ਰਿਹਾ ਹਾਂ। ਮੁਨੂੰ ਕਬਾੜੀਏ ਨੇ ਮੈਨੂੰ ਦੱਸਿਆ ਸੀ ਕਿ ਵੱਡੇ-ਵੱਡੇ ਦੁਕਾਨਦਾਰਾਂ ਦੇ ਡਰੱਮ ਧਿਆਨ ਨਾਲ ਵੇਖਿਆ ਕਰਾਂ। ਇਹ ਲੋਕ ਕਾਲਾ ਧੰਦਾ ਕਰਦੇ ਨੇ ਤੇ ਜਦੋਂ ਪੁਲਿਸ ਦੇ ਛਾਪੇ ਦਾ ਡਰ ਹੋਵੇ, ਜਾਨ ਬਚਾਉਣ ਲਈ ਨੋਟਾਂ ਦੀਆਂ ਗੁੱਟੀਆਂ ਵੀ ਕੂੜੇ ਵਿਚ ਸੁੱਟ ਦਿੰਦੇ ਨੇ। ਪਤਾ ਨਹੀਂ ਕਿਉਂ ਮੈਨੂੰ ਵਿਸ਼ਵਾਸ ਜਿਹਾ ਹੋ ਗਿਆ ਸੀ ਕਿ ਕਦੀ ਨਾ ਕਦੀ ਜ਼ਰੂਰ ਇੱਥੋਂ ਨੋਟ ਹੀ ਨੋਟ ਹੱਥ ਲੱਗਣਗੇ, ਪਰ ਏਨੇ ਸਾਰੇ ਨੋਟਾਂ ਦਾ ਮੈਂ ਕਰਾਂਗਾ ਕੀ?...ਮੁਨੂੰ ਕਬਾੜੀਏ ਕੋਲ ਲੈ ਜਾਵਾਂਗਾ?...ਉਹ ਤਾਂ ਸਾਰੇ ਨੋਟਾਂ ਦੀ ਕੀਮਤ ਵੀ ਰੁਪਈਏ ਦੋ ਰੁਪਈਏ ਤੋਂ ਵੱਧ ਨਹੀਂ ਲਾਵੇਗਾ...ਹੁਣ ਤਾਂ ਖੁਸ਼ ਹੋ ਜਾ ਫੱਜੂ! ਰੇਟ ਨਾਲੋਂ ਪੂਰੇ ਪੱਚੀ ਪੈਸੇ ਵੱਧ ਦੇ ਰਿਹਾਂ...
ਅੱਜ ਮੈਨੂੰ ਭਾਈਆਂ ਦੇ ਡਰੱਮ ਵਿਚੋਂ ਕੁਝ ਵੀ ਨਹੀਂ ਸੀ ਮਿਲ ਰਿਹਾ। ਛੋਟੀ ਤੇ ਵੱਡੀ ਦੀ ਮਹਾਵਾਰੀ ਦੀਆਂ ਸੁੱਕੀਆਂ ਕਾਤਰਾਂ ਉਹਨਾਂ ਦੀ ਜੂਠ ਵਿਚ ਲਿਬੜੀਆਂ ਹੋਈਆਂ ਨੇ, ਜਾਂ ਫੇਰ ਨਿਰੋਧ ਦੇ ਕੁਝ ਬੁਲਬੁਲੇ ਨੇ ਜਿਹਨਾਂ ਨੂੰ ਮੈਂ ਸਾਫ ਕਰਕੇ ਥੈਲੇ ਵਿਚ ਸੁੱਟ ਲਿਆ ਹੈ। ਹਰ ਘਰ ਦੇ ਡਰੱਮ ਵਿਚ ਕੁਝ ਕੁ ਠੀਕ-ਠਾਕ ਬੁਲਬੁਲੇ ਵੀ ਜ਼ਰੂਰ ਮਿਲ ਜਾਂਦੇ ਨੇ ਮੈਨੂੰ। ਕਈ ਵਾਰੀ ਤਾਂ ਕੋੜੀ ਤੋਂ ਵੀ ਉੱਤੇ ਹੋ ਜਾਂਦੇ ਨੇ। ਮੈਂ ਇਹਨਾਂ ਨੂੰ ਵੀ ਮੁਨੂੰ ਨੂੰ ਹੀ ਫੜਾਅ ਆਉਂਦਾ ਹਾਂ...ਇਹਨਾਂ ਨੂੰ ਸਾਬਨ ਨਾਲ ਥੋ ਕੇ ਲਿਆਇਆ ਕਰ ਫੱਜੂ...ਤੇ ਮੈਂ ਉਂਜ ਹੀ ਦੇ ਆਉਂਦਾ ਹਾਂ। ਏਨੇ ਪੈਸੇ ਵੀ ਨਹੀਂ ਦਿੰਦਾ ਕਿ ਦੇਸੀ ਸਾਬਨ ਦਾ ਇਕ ਟੋਟਾ ਹੀ ਆ ਜਾਵੇ। ਛੋਟੀ ਤੇ ਵੱਡੀ ਦੇ ਵਾਲਾਂ ਦੇ ਗੁੱਛੇ ਵੀ ਮੈਂ ਸਾਫ ਕਰਕੇ ਆਪਣੇ ਝੋਲੇ ਵਿਚ ਸੁੱਟ ਲਏ ਨੇ। ਮੁਨੂੰ ਆਖਦਾ ਹੈ—ਸੁਨਹਿਰੀ ਵਾਲ ਲਿਆਇਆ ਕਰ...ਸੁਨਹਿਰੀ ਵਾਲ ਲਿਆਉਣ ਲਈ ਹੁਣ ਵਲੈਤ ਜਾਵਾਂ?...ਜੋ ਮਿਲ ਜਾਂਦਾ ਹੈ ਉਹੀ ਲੈ-ਲੈ ਕੇ ਸ਼ੁਕਰ ਕਰਦਾ ਰਹੁ ਮੁਨੂੰ ਭਰਾ! ਔਰਤਾਂ ਦੀ ਬੁੱਧੀ ਭਰਸ਼ਟ ਹੁੰਦੀ ਜਾ ਰਹੀ ਹੈ। ਇਹੀ ਹਾਲ ਰਹੇ ਤਾਂ ਸਭਨਾਂ ਦੀਆਂ ਖੋਪੜੀਆਂ ਗੰਜੀਆਂ ਹੋ ਜਾਣੀਆਂ ਨੇ। ਫੇਰ ਸੁਨਹਿਰੇ ਤਾਂ ਕੀ ਚਿੱਟੇ ਵਾਲ ਵੀ ਵੇਖਣ ਨੂੰ ਤਰਸਿਆ ਕਰਾਂਗੇ...ਅਚਾਨਕ ਮੈਨੂੰ ਉਪਰੋਂ ਭਾਈਆਂ ਦੀ ਬੁੱਢੜੀ ਦੇ ਰੋਣ ਦੀ ਆਵਾਜ਼ ਸੁਨਾਈ ਦਿੱਤੀ ਹੈ। ਦੋਵੇਂ ਪੁੱਤਰ ਇਕ ਦੂਜੇ ਦੀ ਪਤਨੀ ਨੂੰ ਚੋਰੀ-ਚੋਰੀ ਲਈ ਪਏ ਹੋਣਗੇ...ਬੁੱੜਢੀ ਦੀ ਖ਼ਬਰ ਕੌਣ ਲਏ?
ਮੈਂ ਸੋਚਣ ਲੱਗਾ ਹਾਂ ਕਿ ਬੁੱੜਢੀ ਜੇ ਆਪਣੇ ਘਰ ਵਾਲਿਆਂ ਲਈ ਕੂੜਾ ਬਣ ਕੇ ਰਹਿ ਗਈ ਹੈ ਤਾਂ ਉਹ ਉਸਨੂੰ ਘੜੱਪ ਕਰਕੇ ਬਾਹਰ ਕੂੜੇ ਵਾਲੇ ਡਰੱਮ ਵਿਚ ਕਿਉਂ ਨਹੀਂ ਸੁੱਟ ਦੇਂਦੇ? ਮੈਂ ਖ਼ਿਆਲਾਂ ਵਿਚ ਹੀ ਬੁੱੜਢੀ ਨੂੰ ਝਾੜ-ਪੂੰਝ ਕੇ ਆਪਣੀ ਝੁੱਗੀ ਵਿਚ ਲੈ ਆਇਆ ਹਾਂ...ਲੈ ਭਰਾ ਫਕੀਰਿਆ, ਦੇਖ, ਆਪਣੀ ਦੋਵਾਂ ਦੀ ਮਾਂ ਆ ਗਈ ਆ। ਮੇਰੀ ਝੁੱਗੀ ਵਿਚ ਪਿਆ ਹੀ ਕੀ ਸੀ, ਜਿਸ ਉਪਰ ਪਹਿਰਾ ਦਿੰਦਾ ਰਹਿੰਦਾ ਸੀ...? ਘਰ ਤਾਂ ਹੁਣ ਭਰਿਐ! ਜੀਅ ਭਰ ਕੇ ਹੁਣ ਮਾਂ ਦੀ ਦੇਖ ਭਾਲ ਕਰਿਆ ਕਰੀਂ...ਲੈ ਮਾਂ ਤੇਰੇ ਲਈ ਅਹਿ ਗੁੜ ਵਾਲੇ ਛੋਲੇ ਲਿਆਇਆਂ...ਗੁੜ ਵਾਲੇ ਛੋਲੇ ਮੈਨੂੰ ਬੜੇ ਚੰਗੇ ਲੱਗਦੇ ਨੇ ਤੇ ਫਕੀਰੇ ਉੱਤੇ ਅਕਸਰ ਇਸੇ ਲਈ ਹਿਰਖ ਜਾਂਦਾ ਆਂ ਕਿ ਮੈਨੂੰ ਗੁੜ ਵਾਲੇ ਛੋਲੇ ਖਾਂਦਿਆਂ ਵੇਖ ਲੈਂਦਾ ਐ ਤਾਂ ਉੱਚੀ ਉੱਚੀ ਭੌਂਕਣ ਲੱਗ ਪੈਂਦੈ...ਓ ਭਰਾ, ਤੈਨੂੰ ਚੰਗੇ ਨਹੀਂ ਲਗਦੇ, ਪਰ ਮੈਨੂੰ ਤਾਂ ਖਾਣ ਦੇਅ-ਖਾਹ ਮਾਂ, ਦੰਦ ਨਹੀਂ ਤਾਂ ਗੁੜ ਈ ਚੂਸ ਲੈ...ਹੋਰ ਲੈ...
ਮਾਂ ਗੁੜ ਵਾਲੇ ਛੋਲਿਆਂ ਦਾ ਗੁੜ ਚੂਸ ਰਹੀ ਹੈ ਤੇ ਉਸਦਾ ਸਵਾਦ ਮੇਰੇ ਖ਼ਾਲੀ ਮੂੰਹ ਵਿਚ ਘੁਲ ਰਿਹਾ ਹੈ ਤੇ ਫਕੀਰਾ ਮਜ਼ਾਕ ਉਡਾਉਣ ਲਈ ਭੌਂਕ ਰਿਹਾ ਹੈ...ਓਇ ਚਲ, ਪਰ੍ਹਾਂ ਹਟ!...ਕੁੱਤੇ ਦੀ ਜਾਤ...! ਤੈਨੂੰ ਕੀ ਪਤਾ, ਆਦਮੀਆਂ ਦਾ ਖਾਣਾ ਕੀ ਹੁੰਦੈ?...ਤੂੰ ਖਾਹ, ਮਾਂ...ਹੋਰ ਦਿਆਂ?...ਨਹੀਂ, ਨਹੀਂ ਮੇਰੀ ਮਾਂ ਨਹੀਂ, ਕਦੇ ਨਹੀਂ ਸੀ...ਮੇਰਾ ਪਿਓ? ਮਾਂ ਸੀ, ਤਾਂ ਹੀ ਤਾਂ ਕਿਸਨੇ ਤਾਂ ਉਸਨੂੰ ਗਲੇ ਲਾ ਕੇ ਮੈਨੂੰ ਪੈਦਾ ਕੀਤਾ ਹੋਵੇਗਾ?...ਜਾਂ ਕਿਸੇ ਮਲਵੇ ਵਿਚੋਂ ਆਪਣੇ ਆਪ ਹੀ ਵਿਲ੍ਹਕਦਾ ਹੋਇਆ ਫੁੱਟ ਪਿਆ ਹੋਵਾਂਗਾ...ਲੈ ਮਾਂ, ਹੋਰ ਲੈ...ਮੈਂ ਐਵੇਂ ਹੀ ਕੂੜਾ ਫਰੋਲੀ ਜਾ ਰਿਹਾਂ। ਉੱਥੇ ਕੁਝ ਹੋਵੇ ਤਾਂ ਮਿਲੇ...ਇਕ ਠੰਡਾ ਸਾਹ ਖਿੱਚ ਕੇ ਮੈਂ ਗੋਡਿਆਂ ਦਾ ਸਹਾਰਾ ਲਿਆ ਤੇ ਉੱਠ ਖੜ੍ਹਾ ਹੋਇਆ ਹਾਂ ਤੇ ਅਜੇ ਕੁਝ ਕਦਮਾਂ ਹੀ ਤੁਰਿਆ ਹਾਂ ਕਿ ਕਿਸੇ ਬੱਚੇ ਦੇ ਰੋਣ ਦੀ ਬਰੀਕ ਜਿਹੀ ਆਵਾਜ਼ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ ਨੇ। ਮੈਂ ਬੜੇ ਧਿਆਨ ਨਾਲ ਆਪਣੇ ਆਲੇ-ਦੁਆਲੇ ਵੇਖਿਆ ਹੈ...ਕੋਈ ਵੀ ਤਾਂ ਨਹੀਂ...ਆਵਾਜ਼ ਫੇਰ ਆਈ...ਅਸੀਂ ਦੋਵੇਂ ਜਾਨਵਰ...ਬਾਬੂ ਅਤੇ ਮੈਂ...ਇਕਦਮ ਇਕ ਦਿਸ਼ਾ ਵੱਲ ਅਹੁਲੇ ਹਾਂ ਤੇ ਇਕ ਖੁੱਲ੍ਹੇ ਡਰੱਮ ਦੇ ਕੋਲ ਆ ਖੜੇ ਹੋਏ ਹਾਂ, ਜਿਸ ਵਿਚ ਕੂੜੇ ਦੀ ਸੇਜ ਉੱਤੇ ਇਕ ਨਵ-ਜਾਇਆ ਬੱਚਾ ਆਪਣੀ ਪਿੱਠ ਭਾਰ ਲੇਟ ਕੇ ਨਿੱਕੇ-ਨਿੱਕੇ ਹੱਥ ਪੈਰ ਮਾਰ ਰਿਹਾ ਹੈ ਤੇ ਉਸਨੂੰ ਦੇਖ ਕੇ ਮੈਨੂੰ ਇੰਜ ਲੱਗਿਆ ਹੈ ਕਿ ਮੇਰੀ ਛਾਤੀ ਦੁੱਧ ਨਾਲ ਭਰ ਕੇ ਚੂ ਰਹੀ ਹੈ ਤੇ ਮੈਂ ਉਸਨੂੰ ਆਪਣੀਆਂ ਅੱਖਾਂ ਦੇ ਸਾਰੇ ਨਿੱਘ ਨਾਲ ਆਪਣੇ ਹੱਥਾਂ ਵਿਚ ਚੁੱਕ ਲਿਆ ਹੈ ਤੇ ਸੋਚਣ ਲੱਗਾ ਹਾਂ—ਕੀ ਸਮਾਂ ਆ ਗਿਆ ਹੈ! ਪੱਥਰ-ਦਿਲ ਲੋਕ ਆਪਣੀਆਂ ਨਸਲਾਂ ਨੂੰ ਪੈਦਾ ਹੋਣ ਸਾਰ ਕੂੜੇ ਵਿਚ ਸੁੱਟ ਦਿੰਦੇ ਨੇ...
      ੦੦੦ ੦੦੦ ੦੦੦