Tuesday, September 14, 2010

ਟੁੱਟੇ ਕੁੰਡੇ ਵਾਲੀ ਪਿਆਲੀ...:: ਲੇਖਕਾ : ਇਸਮਤ ਚੁਗ਼ਤਾਈ


     

ਉਰਦੂ ਕਹਾਣੀ :
ਟੁੱਟੇ ਕੁੰਡੇ ਵਾਲੀ ਪਿਆਲੀ
ਲੇਖਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ


“ਦੂਣੇ, ਓ ਦੂਣਿਆਂ...ਕਿੱਥੇ ਮਰ ਗਿਆ ਏਂ ਜਾ ਕੇ?”
ਦੂਣਾ ਛੱਪੜ ਕੋਲ ਬੈਠਾ ਟੱਟੀ ਫਿਰ ਰਿਹਾ ਸੀ। ਆਵਾਜ਼ ਸੁਣ ਕੇ ਉਸਨੇ ਠੰਡੇ-ਯੱਖ ਪਾਣੀ ਨਾਲ ਛੇਤੀ-ਛੇਤੀ ਹੱਥ ਧੋਤੇ ਤੇ ਨਿੱਕਰ ਬੰਨ੍ਹਦਾ ਹੋਇਆ ਖੇਤ ਦੇ ਖਾਲ ਦੀ ਵੱਟੇ-ਵੱਟ ਹੋ ਲਿਆ—ਆਵਾਜ਼ ਦੇ ਐਨ ਉਲਟੇ ਪਾਸੇ ਵੱਲ ਨੂੰ। ਇਹੀ ਤਾਂ ਖਰਾਬੀ ਹੈ ਦੂਣੇ ਵਿਚ, ਹਰ ਗੱਲ ਨੂੰ ਸੁਣੀ-ਅਣਸੁਣੀ ਕਰ ਦੇਂਦਾ ਹੈ। ਸੁਣਦਾ ਹੈ ਤਾਂ ਸਿਰਫ ਅੱਧ ਕਮਲੇ ਪੀਰੂ ਮੀਆਂ ਦੀ—ਪੀਰੂ ਮੀਆਂ ਨੇ ਉਸਨੂੰ ਕਿਸੇ ਕੰਮ ਦਾ ਨਹੀਂ ਛੱਡਿਆ।
ਸਕੀਨਾ ਕਿੰਨਾ ਹੱਸਦੀ ਹੁੰਦੀ ਸੀ, ਬੱਸ ਗੱਲ-ਗੱਲ 'ਤੇ ਹੱਸੀ ਓ ਜਾਂਦੀ... ਜੀਅ ਕਰਦਾ ਸੀ, ਚੁੜੈਲ ਦੇ ਦੰਦ ਤੋੜ ਦਿਆਂ—ਜਵਾਨ, ਖੁਬਸੂਰਤ 'ਤੇ ਜਾਨਦਾਰ ਦੰਦ ਜਿਹੜੇ ਉਸਦੇ ਕਣਕ-ਵੰਨੇ ਚਿਹਰੇ ਉੱਤੇ ਬਿਜਲੀ ਵਾਂਗ ਲਿਸ਼ਕਦੇ ਹੁੰਦੇ ਸਨ। ਪੀਰੂ ਮੀਆਂ ਤੋਂ ਹੁਣ ਉਹ ਪਰਦਾ ਕਰਨ ਲੱਗ ਪਈ ਸੀ। ਉਹ ਉਸ ਨਾਲੋਂ ਗਿਆਰਾਂ ਸਾਲ ਵੱਡਾ ਜੋ ਸੀ। ਉਸਦੇ ਪੈਦਾ ਹੁੰਦਿਆਂ ਹੀ ਪੀਰੂ ਦੀ ਮਾਂ ਨੇ ਠੀਕਰੇ ਵਿਚ ਰੁਪਈਆ ਪਾ ਕੇ ਉਸਨੂੰ ਮੰਗ ਲਿਆ ਸੀ।
ਪੀਰੂ ਦੇ ਚਾਚੇ ਨੂਰ ਮੁਹੰਮਦ ਦੇ ਅੱਠ ਨਿਆਣੇ ਸਨ—ਉਹਨਾਂ ਵਿਚੋਂ ਇਕ ਚੇਚਕ ਨਾਲ ਠੰਡਾ ਹੋ ਗਿਆ ਸੀ ਤੇ ਇਕ ਛੱਪੜ ਵਿਚ ਡੁੱਬ ਕੇ ਮਰ ਗਿਆ ਸੀ। ਸਕੀਨਾ ਬੜੀ ਲਾਡਲੀ ਧੀ ਸੀ...ਇਕੱਲੀ ਜੋ ਸੀ। ਵੱਡੇ ਚਾਰੇ ਭਰਾ ਕੰਮੀ-ਧੰਦੀ ਲੱਗੇ ਹੋਏ ਸਨ।
ਸਕੀਨਾ ਹੌਲੀ ਫੁੱਲ ਵਰਗੀ ਹੁੰਦੀ ਸੀ। ਪੀਰੂ ਉਸਨੂੰ ਕੁੱਛੜ ਚੁੱਕ ਕੇ ਊਚ-ਨੀਚ ਖੇਡ ਲੈਂਦਾ ਸੀ। ਉਸਨੂੰ ਦੇਖਦਿਆਂ ਹੀ ਉਹ ਠੁਣਕਣ ਲੱਗ ਪੈਂਦੀ। ਸਾਰੇ ਪੀਰੂ ਨੂੰ ਛੇੜਦੇ...ਉਸਦੀ ਦੁਲਹਨ ਬੜੀ ਬੇਸ਼ਰਮੀ ਨਾਲ ਉਸਨੂੰ ਦਿਲ ਦੇ ਬੈਠੀ ਹੈ। ਜਦੋਂ ਉਹ ਉਸਨੂੰ ਗੋਦੀ ਚੁੱਕਦਾ ਉਹ 'ਪੁੱਚ' ਕਰਕੇ ਉਸਦਾ ਚੁੰਮਾਂ ਲੈ ਲੈਂਦੀ। ਪੀਰੂ ਦਾ ਨੱਕ ਲਾਲ ਹੋ ਜਾਂਦਾ, ਉਹ ਛੇਤੀ ਦੇਣੇ ਉਸਨੂੰ ਚਾਚੀ ਦੀ ਗੋਦੀ ਵਿਚ ਸੁੱਟ ਦੇਣਾ ਚਾਹੁੰਦਾ...ਪਰ ਉਹ ਉਸਦੇ ਲੱਕ ਦੁਆਲੇ ਨਿਆਣਾ ਮਾਰ ਲੈਂਦੀ ਤੇ ਉੱਚੀ-ਉੱਚੀ ਚਿਕਾਟੇ ਛੱਡ ਦੇਂਦੀ। ਮਜ਼ਬੂਰਨ ਪੀਰੂ ਉਸਨੂੰ ਲੈ ਕੇ ਬਾਹਰ ਵੱਲ ਨੱਠ ਜਾਂਦਾ। ਉਹ ਸ਼ਰਮਾਅ ਤਾਂ ਜਾਂਦਾ ਸੀ ਪਰ ਗੁੱਸਾ ਨਹੀਂ ਸੀ ਕਰਦਾ ਹੁੰਦਾ। ਉਹ ਕਿਚ-ਕਿਚ ਕਰਕੇ, ਕਦੀ, ਉਸਦਾ ਨੱਕ ਪੁੱਟ ਦੇਂਦੀ ਤੇ ਕਦੀ ਕੰਨ ਵੱਢ ਖਾਂਦੀ, ਪਰ ਉਹ ਹੱਸਦਾ ਹੀ ਰਹਿੰਦਾ।
...ਤੇ ਜਦੋਂ ਸਕੀਨਾ ਬਾਰਾਂ ਸਾਲ ਦੀ ਹੋਈ, ਉਹ ਚੌਵੀਆਂ ਦਾ ਪੂਰਾ ਮਰਦ ਬਣ ਚੁੱਕਿਆ ਸੀ...ਪਰ ਅੱਜ ਤੱਕ ਮੇਹਤਰਾਨੀਆਂ (ਭੰਗਣਾ) ਦੇ ਚੱਕਰ ਵਿਚ ਨਹੀਂ ਸੀ ਪਿਆ। ਪੰਜਾਹ ਕੁ ਕਰਮਾ ਦੀ ਵਿੱਥ 'ਤੇ ਮੇਹਤਰਾਂ (ਭੰਗੀਆਂ) ਦੀ ਬਸਤੀ ਸੀ। ਬਸਤੀ ਦੇ ਮਰਦ ਦੂਰ ਦਰਾਜ਼ ਦੇ ਸ਼ਹਿਰਾਂ ਵਿਚ ਰੋਜੀ ਕਮਾਉਂਣ ਚਲੇ ਜਾਂਦੇ ਤੇ ਦੋ ਦੋ ਸਾਲ ਨਾ ਮੁੜਦੇ, ਪਰ ਮੇਹਤਰਾਨੀਆਂ ਦੀਆਂ ਗੋਦੀਆਂ ਹਰੀਆਂ-ਭਰੀਆਂ ਰਹਿੰਦੀਆਂ—ਤੇ ਕਦੇ ਵੀ ਕਿਸੇ ਮੇਹਤਰ ਨੇ ਆਪਣੀ ਔਲਾਦ ਨੂੰ ਪਰਾਈ ਮੰਨ ਕੇ ਨਹੀਂ ਸੀ ਦੁਰਕਾਰਿਆ। ਸ਼ਾਇਦ ਇਸੇ ਕਰਕੇ ਬਜ਼ੁਰਗ ਕਹਿੰਦੇ ਹੁੰਦੇ ਸਨ...'ਇਹ ਭੰਗੜ ਲੋਕ 'ਮਾਂ-ਜਾਏ' ਹੁੰਦੇ ਨੇ।'
ਰਾਮਕਲੀ ਉਸ ਵੱਲ ਦੇਖ ਕੇ ਹਮੇਸ਼ਾ ਮੁਸਕਰਾਂਦੀ ਹੁੰਦੀ ਸੀ; ਉਸਦਾ ਪਤੀ ਬੰਬਈ 'ਚ ਕਿਸੇ ਵੱਡੀ ਫਰਮ 'ਚ ਚੰਗੀ ਤਨਖਾਹ 'ਤੇ ਲੱਗਿਆ ਹੋਇਆ ਸੀ। ਪੰਜ ਜਵਾਕ ਸਨ। ਏਧਰ ਕਈ ਸਾਲਾਂ ਤੋਂ ਉਸਨੇ ਪੈਸੇ ਭੇਜਣੇ ਵੀ ਬੰਦ ਕੀਤੇ ਹੋਏ ਸਨ। ਸੁਣਿਆ ਸੀ ਕਿਸੇ 'ਮੇਮ' ਨੂੰ ਘਰੇ ਵਸਾਈ ਬੈਠਾ ਹੈ। ਰਾਮਕਲੀ ਬਾਰਾਂ ਘਰਾਂ ਦਾ ਗੰਦ ਚੁੱਕਦੀ ਤਾਂ ਕਿਤੇ ਜਾ ਕੇ ਦੋ-ਦੋ ਰੋਟੀਆਂ ਸਾਰੇ ਟੱਬਰ ਦੇ ਢਿੱਡ ਵਿਚ ਪੈਂਦੀਆਂ। ਕੱਪੜੇ ਲੀੜੇ ਦੀ ਤਾਂ ਖ਼ੈਰ ਕੋਈ ਗੱਲ ਹੀ ਨਹੀਂ ਸੀ...ਪਿੰਡਾਂ ਵਿਚ ਪੁਰਾਣੇ ਲੱਥੜ ਕੋਈ ਨਹੀਂ ਵੇਚਦਾ ਹੁੰਦਾ। ਲੀਰਾਂ-ਟਾਕੀਆਂ ਵੀ ਕੰਮ ਆ ਜਾਂਦੀਆਂ ਨੇ। ਜੁੱਲੀ ਉੱਤੇ ਜਿੰਨੇ ਚੀਥੜੇ ਵੱਧ ਮੜ੍ਹੇ ਜਾਣ, ਉਹ ਓਨੀ ਹੀ ਭਾਰੀ ਤੇ ਨਿੱਘੀ ਹੋ ਜਾਂਦੀ ਹੈ। ਰਾਮਕਲੀ ਨਜ਼ਰਾਂ ਦੇ ਤੀਰ ਚਲਾਉਂਦੀ, ਪਰ ਪੀਰੂ  ਮੀਆਂ ਹੁਰੀਂ ਸਕੀਨਾ ਦੇ ਜਵਾਨ ਹੋਣ ਦੀ ਉਡੀਕ ਵਿਚ ਏਨੇ ਮਗਨ ਹੁੰਦੇ ਕਿ ਨੀਵੀਂ ਪਾਈ ਬਚ ਕੇ ਨਿਕਲ ਜਾਂਦੇ।
ਸਕੀਨਾ ਹੁਣ ਉਸ ਤੋਂ ਪਰਦਾ ਕਰਨ ਲੱਗ ਪਈ ਸੀ, ਪਰ ਇਸਦਾ ਇਹ ਅਰਥ ਨਹੀਂ ਸੀ ਕਿ ਉਹ ਖੇਤ 'ਚੋਂ ਬਾਥੂ ਦਾ ਸਾਗ ਤੋੜਨ ਨਹੀਂ ਸੀ ਜਾਂਦੀ। ਜਦੋਂ ਕਦੀ ਖੇਤ ਦੀ ਵੱਟ ਉੱਤੇ ਜਾਂਦਿਆਂ-ਆਉਂਦਿਆਂ ਦਾ ਸਾਹਮਣਾ ਹੋ ਜਾਂਦਾ, ਉਹ ਨੱਸ ਕੇ ਕਮਾਦ ਵਿਚ ਜਾ ਵੜਦੀ ਤੇ ਪੀਰ ਮੁਹੰਮਦ ਹੁਰੀਂ ਆਪਣੀ ਨੱਕ ਖਾਤਰ, ਨੱਕ ਦੀ ਸੇਧ ਵਿਚ, ਸਿੱਧੇ ਲੰਘ ਜਾਂਦੇ। ਉਦੋਂ ਉਸਨੂੰ ਉਹ ਦਿਨ ਯਾਦ ਆਉਂਦੇ ਜਦੋਂ ਉਹ ਨਿੱਕੀ ਹੁੰਦੀ ਸੀ ਤੇ ਬਿਨਾਂ ਝਿਜਕੇ ਉਸਦਾ ਚੁੰਮਾਂ ਲੈ ਲੈਂਦੀ ਹੁੰਦੀ ਸੀ। ਉਸਨੂੰ ਦੁੱਖ ਹੁੰਦਾ ਸੀ ਕਿ ਉਹ ਵੱਡੀ ਕਿਉਂ ਹੋ ਗਈ ਹੈ। ਓਡੀ ਹੀ ਰਹਿੰਦੀ ਤਾਂ ਉਹ ਉਸਨੂੰ ਓਵੇਂ ਗੋਦੀ ਚੁੱਕ ਕੇ ਲੁਕਣ ਮੀਟੀ ਖੇਡਦਾ ਫਿਰਦਾ। ਪਰ ਦੂਜੇ ਪਾਸੇ ਉਸਨੂੰ ਉਸਦੀ ਜਵਾਨੀ ਦਾ ਵੀ ਇੰਤਜਾਰ ਸੀ। ਏਸੇ ਸ਼ਬੇ-ਬਾਰਾਤ ਦੇ  ਮਹੀਨੇ ਉਹਨਾਂ ਦਾ ਨਿਕਾਹ ਹੋਣ ਵਾਲਾ ਸੀ। ਪੀਰੂ ਦੀ ਮਾਂ ਨੂੰ ਹੁਣ ਖਾਸਾ ਘੱਟ ਦਿਸਣ ਲੱਗ ਪਿਆ ਸੀ। ਵੱਡੀਆਂ ਨੂੰਹਾਂ ਵੱਖ-ਵੱਖ ਕੋਠੜੀਆਂ ਲੈ ਕੇ ਰਹਿਣ ਲੱਗ ਪਈਆਂ ਸਨ। ਉਹ ਆਪਣੀ ਸੇਵਾ ਕਰਵਾਉਂਣ ਵਾਸਤੇ ਨਵੀਂ ਬਹੂ ਲਿਆਉਣੀ ਚਾਹੁੰਦੀ ਸੀ। ਨਾਲੇ ਹੁਣ ਉਸ ਕੋਲੋਂ ਪਾਥੀਆਂ ਵੀ ਨਹੀਂ ਸੀ ਪੱਥੀਆਂ ਜਾਂਦੀਆਂ...ਨਹੂੰ ਗਲ-ਸੜ ਕੇ ਭੁਰ ਗਏ ਸਨ, ਹਥੇਲੀਆਂ ਵਿਚ ਬਿਆਈਆਂ ਪੈ ਗਈਆਂ ਸਨ।
ਓਹਨੀਂ ਦਿਨੀ ਮੁਲਕ ਦੀ ਵੰਡ ਹੋ ਗਈ।
ਨੂਰ ਮੁਹੰਮਦ ਤੇ ਉਹਨਾਂ ਦਾ ਖਾਨਦਾਨ ਬਿਸਤਰੇ ਬੰਨ੍ਹ ਤੁਰੇ। ਪੀਰੂ ਦੀ ਮਾਂ ਨੇ ਬੜਾ ਕਿਹਾ, 'ਕੁੜੀ ਦਾ ਵਿਆਹ ਤਾਂ ਕਰਦੇ ਜਾਓ।' ਪਰ ਉਹਨਾਂ ਕਿਹਾ, 'ਉਹ ਹਮੇਸ਼ਾ ਵਾਸਤੇ ਥੋੜ੍ਹਾ ਈ ਜਾ ਰਹੇ ਨੇ। ਤੇਰਾਂ ਵਿੱਘੇ ਜ਼ਮੀਨ ਵੀ ਕੋਈ ਛੱਡ ਕੇ ਜਾਂਦਾ ਏ? ਜ਼ਰਾ ਇਸਲਾਮੀ ਮੁਲਕ ਦੇ ਦੀਦਾਰ ਕਰਨ ਜਾ ਰਹੇ ਆਂ, ਬਸ।' ਪਿੰਡ ਵਿਚ ਲੁੱਟ-ਮਾਰ ਦੀ ਕੋਈ ਵਾਰਦਾਤ ਨਹੀਂ ਸੀ ਹੋਈ...ਪਤਾ ਵੀ ਨਹੀਂ ਸੀ ਲੱਗਿਆ ਕਿ ਦੇਸ਼ ਵੰਡਿਆ ਜਾ ਚੁੱਕਿਆ ਹੈ। ਇਕ ਵਾਰੀ ਰਾਤ ਨੂੰ ਕੁਝ ਗੁੰਡਿਆਂ ਨੇ ਪਿੰਡ ਉੱਤੇ ਹਮਲਾ ਕੀਤਾ ਸੀ। ਪਰ ਹਮਲਾ ਸਫਲ ਨਹੀਂ ਸੀ ਹੋਣ ਦਿੱਤਾ ਗਿਆ...ਪਿੰਡ ਦਾ ਬੱਚਾ-ਬੱਚਾ ਹਿਫਾਜਤ ਲਈ ਡਟ ਗਿਆ ਸੀ। ਹਿੰਦੂ ਤੇ ਮੁਸਲਮਾਨ ਦੋਏ ਫਿਰਕੇ ਰਾਤ ਨੂੰ ਡਾਂਗਾਂ ਚੁੱਕ ਕੇ ਪਹਿਰਾ ਦੇਂਦੇ—ਚਿੱੜੀ ਤੱਕ ਨਹੀਂ ਸੀ ਫੜਕਣ ਦਿੱਤੀ ਗਈ। ਇਹ ਗੁੰਡੇ ਲੋਕ ਜਦੋਂ ਕਿਸੇ ਪਿੰਡ ਉੱਤੇ ਹਮਲਾ ਕਰਦੇ ਨੇ ਤਾਂ ਹਿੰਦੂ ਜਾਂ ਮੁਸਲਮਾਨ ਨਹੀਂ ਦੇਖਦੇ, ਅੰਨ੍ਹੇ ਵਾਹ ਲੁੱਟ-ਮਾਰ ਕਰਦੇ ਨੇ। ਪਿੰਡ ਦੇ ਸਰਪੰਚ ਨੇ ਕਿਸੇ ਨਾਲ ਹਿੱਸਾ-ਪੱਤੀ ਨਹੀਂ ਸੀ ਕੀਤੀ ਤੇ ਸਾਰਿਆਂ ਨੇ ਰਲ-ਮਿਲ ਕੇ ਅਜਿਹੀ ਚੌਕਸੀ ਰੱਖੀ ਸੀ ਕਿ ਮੁਲਕ ਵਿਚ ਅਮਨ-ਅਮਾਨ ਹੋ ਗਿਆ ਸੀ ਤੇ ਪਿੰਡ ਵਿਚ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ। ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਖੂਨ-ਖਰਾਬਾ ਨਹੀਂ ਸੀ ਹੋਣ ਦਿੱਤਾ ਗਿਆ...ਰਫੂਜੀ ਆਏ ਸਨ ਤੇ ਮੌਜ ਨਾਲ ਪਿੰਡ ਵਿਚ ਵੱਸ ਗਏ ਸਨ।
ਜਦੋਂ ਨੂਰ ਮੁਹੰਮਦ ਕਾ ਖਾਨਦਾਨ ਗਿਆ, ਸਕੀਨਾ ਨੇ ਚੌਦਵੇਂ ਸਾਲ ਨੂੰ ਪਾਰ ਕਰਕੇ ਪੰਦਰਵੇਂ ਵਿਚ ਪੈਰ ਧਰਿਆ ਸੀ। ਜੇ ਪੀਰੂ ਦੇ ਅੱਬਾ ਦੀਨ ਮੁਹੰਮਦ ਜਿਊਂਦੇ ਹੁੰਦੇ ਤਾਂ ਸਕੀਨਾ ਨੂੰ ਨਾ ਲਿਜਾਣ ਦੇਂਦੇ...ਪਰ ਨੂਰ ਮੁਹੰਮਦ ਨੇ ਵੀ ਤਾਂ ਬੜੀ ਇਨਸਾਨੀਅਤ ਨਾਲ ਸਮਝਾਇਆ ਸੀ ਕਿ ਠੀਕਰੇ ਦੀ ਮੰਗ ਨਿਕਾਹ ਵਰਗੀ ਹੀ ਹੁੰਦੀ ਹੈ ਤੇ ਉਹ ਦੋ ਮਹੀਨਿਆਂ ਤੱਕ ਵਾਪਸ ਆ ਕੇ ਪੂਰੇ ਠਾਠ ਨਾਲ ਵਿਆਹ ਕਰਨਗੇ।
ਪਰ ਉਹਨਾਂ ਦੇ ਜਾਣ ਪਿੱਛੋਂ ਹੀ ਪਤਾ ਲੱਗਿਆ ਸੀ ਕਿ ਉਹ ਆਪਣੀ ਜ਼ਮੀਨ ਅੰਦਰਖਾਤੇ ਹੀ ਬੰਤ ਸਿੰਘ ਨੂੰ ਵੇਚ ਗਏ ਸਨ। ਪੀਰੂ ਦੇ ਹੋਸ਼ ਉੱਡ ਗਏ।...ਤੇ ਜਦੋਂ ਦੋ ਮਹੀਨੇ ਬੀਤ ਗਏ ਤੇ ਕੋਈ ਵਾਪਸ ਨਾ ਮੁੜਿਆ ਤਾਂ ਉਸਨੂੰ ਹੌਲ ਪੈਣ ਲੱਗ ਪਏ।
ਪੂਰਾ ਇਕ ਸਾਲ ਪੀਰ ਮੁਹੰਮਦ ਆਪਣੇ ਚਾਚੇ ਦੇ ਮੁੜ ਆਉਂਣ ਦੀ ਉਡੀਕ ਕਰਦਾ ਰਿਹਾ। ਲੋਕ ਉਸਨੂੰ ਛੇੜਦੇ, 'ਇਸਦੀ ਵਹੂਟੀ ਪਰਦੇਸ ਜਾ ਬੈਠੀ ਏ ਜੀ—ਇਸਨੂੰ ਤੜਫਦਾ ਹੋਇਆ ਛੱਡਕੇ।' ਅਖੀਰ ਸਬਰ ਨਾ ਹੋਇਆ ਤਾਂ ਉਹ ਪਾਕਿਸਤਾਨ ਰਵਾਨਾ ਹੋ ਗਿਆ।
ਉੱਥੇ ਉਸਨੂੰ ਕਈ ਨੂਰ ਮੁਹੰਮਦ ਮਿਲੇ, ਪਰ ਉਹਨਾਂ 'ਚੋਂ ਕੋਈ ਵੀ ਉਸਦਾ ਚਾਚਾ ਨਹੀਂ ਸੀ। ਕਈਆਂ ਦੀਆਂ ਕੁੜੀਆਂ ਦੇ ਨਾਂ ਸਕੀਨਾ ਸਨ, ਪਰ ਉਹ ਸਕੀਨਾ ਨਾ ਮਿਲੀ ਜਿਸਨੂੰ ਗੋਦੀ ਚੁੱਕ ਕੇ ਉਹ ਲੁਕਣ-ਮੀਟੀ ਖੇਡਦਾ ਹੁੰਦਾ ਸੀ।...ਤੇ ਜਿਹੜੀ 'ਪੁੱਚ' ਕਰਕੇ ਉਸਦੀ ਗੱਲ੍ਹ ਨੂੰ ਬੜੀ ਬੇਸ਼ਰਮੀ ਨਾਲ ਚੁੰਮ ਲੈਂਦੀ ਹੁੰਦੀ ਸੀ। ਉਹ ਬੌਂਦਲਿਆ-ਭੰਵਤਰਿਆ ਜਿਹਾ ਏਧਰ-ਉਧਰ ਭਟਕਦਾ ਰਿਹਾ। ਕੋਈ ਹੋਰ ਅਕਲਮੰਦ ਹੁੰਦਾ ਤਾਂ ਉੱਥੇ ਹੀ ਠਿਕਾਣਾ ਬਣਾਅ ਲੈਂਦਾ, ਪਰ ਉਸਨੂੰ ਆਪਣੀ ਅੰਨ੍ਹੀ ਮਾਂ ਦੀ ਯਾਦ ਸਤਾਉਣ ਲੱਗ ਪਈ। ਉਸਨੇ ਸੁਣਿਆ ਸੀ, ਪਾਕਿਸਤਾਨ ਲਾਹੌਰ ਤੋਂ ਅੱਗੇ ਦੂਰ ਤੀਕ ਫ਼ੈਲਿਆ ਹੋਇਆ ਹੈ...ਉਹ ਏਡੇ ਲੰਮੇ-ਚੌੜੇ ਮੁਲਕ ਵਿਚ ਚਾਚੇ ਨੂਰ ਮੁਹੰਮਦ ਹੁਰਾਂ ਨੂੰ ਕਿੰਜ ਲੱਭੇਗਾ? ਉਹ ਚਾਹੁੰਦਾ ਤਾਂ ਮਿਹਨਤ ਮਜ਼ਦੂਰੀ ਕਰ ਲੈਂਦਾ, ਪਰ ਉਸਨੂੰ ਅਣਜਾਣ ਮੁਲਕ ਵਿਚ ਵਹਿਸ਼ਤ ਜਿਹੀ ਹੋਣ ਲੱਗ ਪਈ ਸੀ। ਉਹ ਉੱਥੇ ਧੱਕੇ ਖਾਂਦਾ ਨਾ ਫਿਰਦਾ, ਵਾਪਸ ਪਰਤ ਆਉਂਦਾ—ਪਰ ਦਿਲ ਵਿਚ ਬੈਠਿਆ ਹੋਇਆ ਸੀ ਕਿ ਨੂਰ ਮੁਹੰਮਦ ਉਸਦਾ ਸਕਾ ਚਾਚਾ ਹੈ। ਬਾਪੂ ਤੋਂ ਪਿੱਛੋਂ ਉਹੀ ਖਾਨਦਾਨ ਦਾ ਵੱਡਾ ਬਜ਼ੁਰਗ ਹੈ। ਉਹ ਬੇਇਮਾਨੀ ਨਹੀਂ ਕਰ ਸਕਦਾ। ਨਾਲੇ ਠੀਕਰੇ ਦੀ ਮੰਗ ਨਿਕਾਹ ਨਾਲੋਂ ਘੱਟ ਨਹੀਂ ਹੁੰਦੀ। ਤੇ ਫੇਰ ਸ਼ਰੀਫਾਂ ਦੀ ਜੁਬਾਨ, ਜੁਬਾਨ  ਹੁੰਦੀ ਹੈ... ਜੁੱਤੀ ਦਾ ਤਲਾ ਨਹੀਂ। ਸਕੀਨਾ ਪੀਰ ਮੁਹੰਮਦ ਦੀ ਹੈ, ਕਿਸੇ ਹੋਰ ਦੀ ਨਹੀਂ ਹੋ ਸਕਦੀ। ਸ਼ਰੀਫ ਜਾਦੀਆਂ ਦੂਜੇ ਮਰਦ ਦੀ ਸ਼ਕਲ ਤੱਕ ਨਹੀਂ ਦੇਖਦੀਆਂ... ਬੱਸ ਇਕੋ ਮਰਦ ਦੇ ਨਾਂ 'ਤੇ ਜ਼ਿੰਦਗੀ ਬਿਤਾਅ ਦੇਂਦੀਆਂ ਨੇ। ਮਾਂ ਨੇ ਬੜਾ ਕਿਹਾ...
“ਤੂੰ ਰਾਜੀ ਹੋਏਂ ਤਾਂ ਸਲਾਮਤ ਦੀ ਕੁੜੀ ਨਾਲ ਵਿਆਹ ਕਰਵਾ ਦਿਆਂ ...”
ਪਰ ਪੀਰੂ ਦਾ ਦਿਲ ਤਾਂ ਸਕੀਨਾ ਦਾ ਹੋ ਚੁੱਕਿਆ ਸੀ। ਉਹ ਚੁੱਪ-ਚਾਪ ਉਠ ਕੇ ਬਾਹਰ ਵੱਲ ਤੁਰ ਜਾਂਦਾ। ਪਿੰਡ ਵਾਲਿਆਂ ਦੇ ਹਿਸਾਬ ਨਾਲ ਹੁਣ ਉਹ ਬੁੱਢਾ ਹੁੰਦਾ ਜਾ ਰਿਹਾ ਸੀ।...ਤੇ ਇਹ ਲੋਕ ਉਸ ਉੱਤੇ ਹੱਸਦੇ ਵੀ ਸਨ ਕਿ ਹੁਣ ਤਕ ਕੁਆਰਾ ਬੈਠਾ ਹੋਇਆ ਹੈ। ਇਹ ਸੁਣਕੇ ਵੀ ਉਹ ਭੰਗਣਾ ਨੂੰ ਨਹੀਂ ਸੀ ਛੇੜਦਾ, ਕਈ ਤਾਂ  ਉਸਦੀ ਮਰਦਾਨਗੀ ਉੱਤੇ ਵੀ ਸ਼ੱਕ ਕਰਨ ਲੱਗ ਪਏ ਸਨ।
...ਤੇ ਫੇਰ ਉਸ ਦਿਨ ਤਾਂ ਲੋਕਾਂ ਦਾ ਯਕੀਨ ਪੱਕਾ ਹੋ ਗਿਆ ਸੀ ਜਿਸ ਦਿਨ ਯਾਰ-ਮਿੱਤਰ ਜਬਰਦਸਤੀ ਉਸਨੂੰ ਸ਼ਹਿਰ ਲੈ ਗਏ ਸਨ ਤੇ ਉੱਥੇ ਉਸਨੂੰ ਚੋਖੀ ਦਾਰੂ ਪਿਆ ਕੇ ਇਕ ਰੰਡੀ ਦੇ ਕੋਠੇ ਵਿਚ ਧਕੇਲ ਦਿੱਤਾ ਸੀ...ਜਦੋਂ ਰੰਡੀ ਨੇ ਆਪਣੇ ਮੜ੍ਹੇ ਹੋਏ ਦੰਦ ਚਮਕਾਏ ਤਾਂ ਉਸਨੂੰ ਸਕੀਨਾ ਦੀ ਬਿਜਲੀ ਵਾਂਗ ਲਿਸ਼ਕਦੀ-ਕੜਕਦੀ ਹਾਸੀ ਚੇਤੇ ਆ ਗਈ ਤੇ ਉਹ ਨਿੱਕਾ ਜਿਹਾ ਮਾਸੂਮ ਚੁੰਮਾਂ ਵੀ ਉਸਦੀ ਗੱਲ੍ਹ ਉੱਤੇ ਸੁਲਗਣ ਲੱਗ ਪਿਆ, ਜਿਹੜਾ ਉਸਦੀ ਭੁੱਲੀ-ਵਿਸਰੀ ਦੁਨੀਆਂ ਵਿਚ ਸਕੀਨਾ ਨੇ ਉਸਨੂੰ ਬਖ਼ਸ਼ਿਆ ਸੀ। ਉਹ ਪੁੱਠੇ ਪੈਰੀਂ ਨੱਸ ਤੁਰਿਆ ਤੇ ਬੱਸ ਸਟੈਂਡ 'ਤੇ ਜਾ ਕੇ ਰੁਕਿਆ। ਕੜਾਕੇਦਾਰ ਸਰਦੀ ਪੈ ਰਹੀ ਸੀ ਉਸ ਦਿਨ... ਤੇ ਜਨਵਰੀ ਦੀ ਠੰਡੀ-ਯੱਖ ਹਵਾ ਪਿੰਡੇ 'ਚੋਂ ਪਾਰ ਲੰਘ ਜਾਣਾ ਚਾਹੁੰਦੀ ਸੀ। ਸਾਰੀ ਰਾਤ ਉਹ ਕੰਧ ਨਾਲ ਲੱਗ ਕੇ ਕੁੰਗੜਿਆ ਬੈਠਾ ਰਿਹਾ। ਸਵੇਰੇ ਜਦੋਂ ਉਸਦੇ ਯਾਰ-ਮਿੱਤਰ ਅਯਾਸ਼ੀ ਕਰਕੇ ਬੱਸ ਅੱਡੇ ਉੱਪਰ ਪਹੁੰਚੇ, ਉਹ ਬੁਖਾਰ ਨਾਲ ਭੁੱਜ ਰਿਹਾ ਸੀ।
ਇਹ ਬੁਖਾਰ ਕਈ ਮਹੀਨਿਆਂ ਤਕ ਉਸਦੀ ਜਾਨ ਦਾ ਖੌ ਬਣਿਆ ਰਿਹਾ।
ਫੇਰ ਕੋਈ ਪਾਕਿਸਤਾਨ ਦੀ ਸੈਰ ਕਰਕੇ ਵਾਪਸ ਆਇਆ ਤੇ ਉਸਨੇ ਦੱਸਿਆ ਕਿ ਨੂਰ ਮੁਹੰਮਦ ਹੁਰਾਂ ਦੇ ਬੜੇ ਠਾਠ ਨੇ, ਅੱਜ ਕੱਲ੍ਹ। ਉਹਨਾਂ ਨੂੰ ਮਕਾਨ ਅਲਾਟ ਹੋ ਗਿਆ ਏ।...ਮੁੰਡੇ ਛੋਟੇ ਵੱਡੇ ਵਪਾਰ ਵਿਚ ਪੈ ਗਏ ਨੇ। ਨੂਰ ਮੁਹੰਮਦ ਆਪ ਖੋਤੀ-ਰੇਹੜੀ ਚਲਾਉਂਦਾ ਹੈ ਤੇ ਸਕੀਨਾ ਦਾ ਵਿਆਹ ਇਕ ਵੱਡੇ ਅਮੀਰ ਨਾਲ ਹੋ ਗਿਆ ਹੈ। ਉਹ ਵੱਡਾ ਆਦਮੀ ਨੂਰ ਮੁਹੰਮਦ ਨਾਲੋਂ ਥੋੜ੍ਹਾ ਹੀ ਵੱਡਾ ਹੈ। ਉਂਜ ਇੱਟਾਂ ਦੇ ਭੱਠੇ ਦਾ ਮਾਲਕ ਹੈ। ਉਸਨੇ ਸਾਰਿਆਂ ਨੂੰ ਠਿਕਾਣੇ ਸਿਰ ਲਾ ਦਿੱਤਾ ਏ...ਸਕੀਨਾ ਦਾ ਮੁੱਲ ਮਿਲ ਗਿਆ ਏ।
ਉਸ ਦਿਨ ਪੀਰ ਮੁਹੰਮਦ ਬੜਾ ਹੱਸਿਆ, ਲੋਕ ਕਿੱਡੇ ਮੂਰਖ ਹੁੰਦੇ ਨੇ! ਉਸਦੀ ਸਕੀਨਾ ਕਿਸੇ ਹੋਰ ਦੀ ਦੁਲਹਨ ਕਿਵੇਂ ਬਣ ਸਕਦੀ ਹੈ...ਉਹ ਉਸਦੀ ਹੈ ਤੇ ਹਮੇਸ਼ਾ ਉਸੇ ਦੇ ਨਾਂਅ 'ਤੇ ਬੈਠੀ ਰਹੇਗੀ। ਸਕੀਨਾ ਜਿਹੜੀ ਉਸਦੇ ਲੱਕ ਦੁਆਲੇ ਲੱਤਾਂ ਦੀ ਕੁੰਡਲੀ ਮਾਰ ਬਹਿੰਦੀ ਹੁੰਦੀ ਸੀ ਤੇ ਜਦੋਂ ਤਕ ਨੀਂਦ ਨਾਲ ਉਸਦੀਆਂ ਅੱਖਾਂ ਨਹੀਂ ਸਨ ਮਿਚ ਜਾਂਦੀਆਂ, ਉਹ ਉਸਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ ਹੁੰਦੀ ਹੁੰਦੀ। ਉਹ ਉਸਨੂੰ ਗੋਦੀਓਂ ਉਤਾਰਨਾ ਚਾਹੁੰਦਾ ਤਾਂ ਉਸਦੀ ਗਰਦਨ ਨਾਲ ਝੂਲ ਜਾਂਦੀ ਤੇ ਉਸਦੇ ਕੰਨ ਦੀ ਲੌਲ ਚਿੱਥ ਛੱਡਦੀ। ਬੜੇ ਤਿੱਖੇ ਸਨ, ਸਕੀਨਾ ਦੇ ਦੰਦ...ਮਿੱਠੀਆਂ ਸੂਈਆਂ ਵਰਗੇ—ਕਿੰਜ ਕੁੱਤੀ-ਕਲੋਲ ਹੁੰਦਾ ਹੁੰਦਾ ਸੀ!
ਪਰ ਉਸ ਦਿਨ ਪਿੱਛੋਂ ਪੀਰੂ ਜਿਵੇਂ ਅੰਦਰੇ ਅੰਦਰ ਖੁਰਨ ਲੱਗ ਪਿਆ ਸੀ। ਉਹ ਖੇਤਾਂ ਵੱਲ ਜਾਣ ਦੇ ਬਜਾਏ ਸ਼ਹਿਰ ਵੱਲ ਤੁਰ ਪੈਂਦਾ। ਪੰਜ ਛੇ ਮੀਲ ਕਰ ਜਾਂਦਾ। ਗਲੀਆਂ ਵਿਚ ਭੌਂਦਾ ਰਹਿੰਦਾ। ਸੋਚਦਾ, ਜੇ ਉਹ ਖੇਤੀ ਦੇ ਬਜਾਏ ਵਪਾਰ ਕਰਨ ਲੱਗ ਪਏ ਤਾਂ ਸਕੀਨਾ ਉਸਦੀ ਹੋ ਸਕਦੀ ਹੈ। ਸਕੀਨਾ ਖੇਤਾਂ ਵਿਚ ਨਹੀਂ ਸ਼ਹਿਰ ਵਿਚ ਰਹਿਣ ਲੱਗ ਪਈ ਹੈ ਨਾ। ਉਸਦੇ ਪਿਓ ਭਰਾ ਖੇਤੀ ਛੱਡ ਕੇ ਵਪਾਰੀ ਬਣ ਬੈਠੇ ਨੇ। ਉਹ ਉਹਨਾਂ ਨਾਲੋਂ ਵੱਡਾ ਵਪਾਰੀ ਬਣਕੇ ਜਾਏਗਾ ਤਾਂ ਪਾਕਿਸਤਾਨ ਵਿਚ ਧੁਮਾਂ ਮੱਚ ਜਾਣਗੀਆਂ। ਧੀਆਂ ਵਾਲੇ ਅੱਗੇ ਪਿੱਛੇ ਤੁਰੇ ਫਿਰਨਗੇ। ਨੂਰ ਮੁਹੰਮਦ ਵੀ ਆਏਗਾ ਤੇ ਆਪਣਾ ਹੱਕ ਜਤਾਏਗਾ...ਤੇ ਉਹ ਕਹੇਗਾ—
“ਮਾਂ ਤੋਂ ਬਿਨਾਂ ਸ਼ਾਦੀ ਕਿਵੇਂ ਕਰਵਾ ਸਕਦਾਂ ਜੀ, ਪਹਿਲਾਂ ਮਾਂ ਨੂੰ ਬੁਲਾਅ ਲਵਾਂ।” ਫੇਰ ਮਾਂ ਵੀ ਆ ਜਾਏਗੀ ਤੇ ਭਰਾ ਵੀ ਨਖ਼ਰਾ ਛੱਡ ਕੇ ਉਸਦੇ ਵਿਆਹ ਵਿਚ ਸ਼ਾਮਲ ਹੋ ਜਾਣਗੇ। ਦੁਲਹਨ ਘਰ ਆ ਜਾਏਗੀ। ਵਿਹੜੇ 'ਚ ਰੌਣਕਾਂ ਹੋ ਜਾਣਗੀਆਂ। ਉਹ ਨੀਵੀਂ ਪਾਈ ਕੋਠੜੀ 'ਚ ਬੈਠੀ ਹੋਏਗੀ। ਲਾੜਾ ਸਾਹਬ ਉਸਦਾ ਘੁੰਡ ਚੁੱਕਣਗੇ। ਉਦੋਂ ਉਹ ਆਪਣੇ ਨਰਮ ਨਰਮ ਭਖ਼ਦੇ ਹੋਏ ਬੁੱਲ੍ਹ ਉਸਦੀ ਗੱਲ੍ਹ ਉੱਤੇ ਰੱਖ ਦਏਗੀ ਤੇ ਆਪਣੀਆਂ ਸੁਡੌਲ ਲੱਤਾਂ ਦਾ ਘੇਰਾ ਉਸ ਦੁਆਲੇ ਕੱਸ ਲਏਗੀ।
ਛੱਪੜ ਦੇ ਕਿਨਾਰੇ ਬੈਠੇ ਦਾ ਜਿਸਮ ਭਖਣ ਲੱਗਦਾ, ਸਾਰੇ ਪਿੰਡੇ ਵਿਚੋਂ ਚੰਗਿਆੜੀਆਂ ਜਿਹੀਆਂ ਨਿਕਲਣ ਲੱਗਦੀਆਂ, ਹੱਡ ਖੁਰਨ ਲੱਗਦੇ ਤਾਂ ਉਹ ਛੱਪੜ ਵਿਚ ਵੜ ਜਾਂਦਾ...। ਉਧਰ ਤੋਤੇ ਅਮਰੂਦਾਂ ਤੇ ਬੇਰਾਂ ਦਾ ਕੁਤਰਾ ਕਰਦੇ ਰਹਿੰਦੇ, ਉਸ ਨੂੰ ਹੋਸ਼ ਨਾ ਹੁੰਦਾ। ਮਾਲਕ ਗਾਲ੍ਹਾਂ ਕੱਢਦਾ। ਖੇਤਾਂ 'ਤੇ ਭਰਾਵਾਂ ਨੇ ਕਬਜਾ ਕਰ ਲਿਆ ਸੀ, ਇਸ ਲਈ ਉਹ ਬੇਰਾਂ ਤੇ ਅਮਰੂਦਾਂ ਦੀ ਰਾਖੀ ਕਰਦਾ ਸੀ। ਦੋ ਵਕਤ ਦੀ ਰੋਟੀ ਮਿਲ ਜਾਂਦੀ ਸੀ...ਮਾਂ, ਬਹੂ ਲਿਆਉਂਣ ਦਾ ਅਰਮਾਨ ਲਈ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਉਸਨੂੰ ਮੈਸਾਂ ਵਾਲੀ ਕੋਠੜੀ ਵਿਚ ਭੇਜ ਦਿੱਤਾ ਗਿਆ ਸੀ। ਮੈਸਾਂ 'ਤੇ ਉਸਨੂੰ ਕੋਈ ਗੁੱਸ-ਗਿਲਾਅ ਨਹੀਂ ਸੀ...ਉਹ, ਉਸਨੂੰ ਮਿਹਣੇ-ਤਾਅਨੇ ਨਹੀਂ ਸਨ ਮਾਰਦੀਆਂ, ਨਾ ਹੀ ਉਸਦਾ ਮਜ਼ਾਕ ਉਡਾਉਂਦੀਆਂ ਸਨ। ਮੌਜ ਨਾਲ ਜੁਗਾਲੀ ਕਰਦੀਆਂ ਰਹਿੰਦੀਆਂ ਤੇ ਗੋਹਾ ਕਰੀ ਜਾਂਦੀਆਂ। ਸਕੀਨਾ ਕਿੰਨੀਆਂ ਸੋਹਣੀਆਂ ਪਾਥੀਆਂ ਪੱਥਦੀ ਹੁੰਦੀ ਸੀ...ਪਤਲੀਆਂ-ਪਤਲੀਆਂ! ਬਿੰਦ ਵਿਚ ਸੁੱਕ ਜਾਣੀਆਂ ਤੇ ਫਟਾਫਟ ਮੱਚ ਪੈਣੀਆਂ।
ਪਰ ਜਦੋਂ ਉਹ ਉਸਨੂੰ ਪਾਕਿਸਤਾਨ 'ਚੋਂ ਵਿਆਹ ਕੇ ਲਿਆਏਗਾ ਤਾਂ ਪਾਥੀਆਂ ਨਹੀਂ ਪੱਥਣ ਦਏਗਾ। ਉਸਦੇ ਮੈਂਹਦੀ ਰੰਗੇ ਹੱਥ ਚੁੰਮਦਾ ਰਹੇਗਾ—ਤੇ ਛੱਪੜ ਦਾ ਪਾਣੀ ਅੱਗ ਬੁਝਾਅ ਦੇਂਦਾ।

ਦੂਣਾ ਅੱਠ ਨੌਂ ਸਾਲ ਦਾ ਸੀ। ਉਸਦੀ ਮਾਂ ਬੜੀ ਬਾਂਕੀ ਨਾਰ ਸੀ। ਪਿਓ ਕਲਕੱਤੇ ਵਿਚ ਗੁੰਮ ਹੋ ਗਿਆ ਸੀ। ਪੈਸੇ ਆਉਣੇ ਬੰਦ ਹੋ ਗਏ ਸਨ। ਸੋਨਤਾਰਾ ਬੜੀ ਚਟਪਟੀ ਤੀਵੀਂ ਸੀ। ਉਸਨੂੰ ਗੰਦਗੀ ਢੋਣ ਤੋਂ ਨਫ਼ਰਤ ਸੀ। ਖੇਤ ਦੀ ਰਾਖੀ ਕਰਦੀ, ਆਉਂਦੇ-ਜਾਂਦੇ ਨਾਲ ਅੱਖਾਂ ਲੜਾਉਂਦੀ ਰਹਿੰਦੀ...ਪਤਾ ਨਹੀਂ ਕਿਉਂ ਉਸਨੂੰ ਸੱਤ ਖੂਨ ਮੁਆਫ਼ ਦੱਸੀਦੇ ਸਨ। ਉਹ ਪਿੜਾਂ ਵਿਚ ਚੁੱਘੀਆਂ ਭਰਦੀ ਫਿਰਦੀ ਤੇ ਖੇਤਾਂ ਵਿਚ ਸੂਰ ਕਲੋਲਾਂ ਕਰਦੇ ਰਹਿੰਦੇ।
ਇਕ ਦਿਨ ਬਾਹਰੋਂ ਕੋਈ ਦਲਾਲ ਆਇਆ ਤੇ ਉਸਨੂੰ ਭਰਮਾਅ ਕੇ ਲੈ ਗਿਆ। ਦੂਣਾ ਇਕੱਲਾ ਰਹਿ ਗਿਆ। ਕਹਿਣ ਵਾਲੇ ਕਹਿੰਦੇ, 'ਉਹ ਬੰਬਈ ਜਾ ਕੇ ਫ਼ਿਲਮ ਸਟਾਰ ਬਣ ਗਈ ਹੈ।' ਦੂਣਾ ਹੇਮਾ ਮਾਲਿਨੀ ਤੇ ਰੇਖਾ ਦੀਆਂ ਤਸਵੀਰਾਂ ਨੂੰ ਕੰਧਾਂ ਉੱਤੇ ਲੱਗਿਆ ਦੇਖਦਾ ਤਾਂ ਘੰਟਿਆਂ ਬੱਧੀ ਖੜ੍ਹਾ ਦੇਖਦਾ ਹੀ ਰਹਿੰਦਾ।...ਸਾਰੀਆਂ ਹੀਰੋਇਨਾ ਦੀ ਸੂਰਤ ਉਸਨੂੰ ਆਪਣੀ ਮਾਂ ਵਰਗੀ ਲੱਗਦੀ ਹੁੰਦੀ ਸੀ। ਇਹੋ ਜਿਹੀ ਸੀ ਉਸਦੀ ਮਾਂ...ਛੋਲਿਆਂ ਦੀ ਕਿਰੀ ਟਾਟ ਵਰਗੀ। ਉਸਦੇ ਢਿੱਡ ਉਪਰ ਵੀ ਇਹੋ ਜਿਹਾ ਹੀ ਇਕ ਟੋਇਆ ਸੀ, ਜਿਸ  ਉੱਤੇ ਸਿਰ ਰੱਖਦਿਆਂ ਹੀ ਉਸਨੂੰ ਨੀਂਦ ਆਉਣ ਲੱਗ ਪੈਂਦੀ ਸੀ। ਸੁਣਿਆ ਹੈ ਉਸ ਕੋਲ ਬੰਗਲੇ ਨੇ ਤੇ ਨੋਟਾਂ ਦੀਆਂ ਗੁੱਟੀਆਂ ਪਰਛੱਤੀਆਂ ਉੱਪਰ ਸੁੱਟੀਆਂ ਰਹਿੰਦੀਆਂ ਨੇ। ਜਦੋਂ ਉਹ ਆਏਗੀ ਤਾਂ ਦੂਣੇ ਵਾਸਤੇ ਲਾਟੂ ਤੇ ਤੀਰ ਕਮਾਨ ਲੈ ਕੇ ਆਏਗੀ। ਉਹ ਚੌਂਕ ਵਿਚ ਲਾਟੂ ਘੁਮਾਉਂਦਾ ਫਿਰੇਗਾ ਤੇ ਤੀਰ ਕਮਾਨ ਨਾਲ ਬਾਗਾਂ ਵਿਚੋਂ ਤੋਤੇ ਫੁੰਡਿਆ ਕਰੇਗਾ।
ਜਿਵੇਂ ਲੋਹਾ ਚੁੰਬਕ ਵੱਲ ਖਿੱਚਿਆ ਜਾਂਦਾ ਹੈ ਓਵੇਂ ਹੀ ਦੂਣਾ ਪੀਰੂ ਮੀਆਂ ਵੱਲ ਖਿੱਚਿਆ ਗਿਆ ਤੇ ਉਸੇ ਨਾਲ ਚਿਪਕ ਗਿਆ। ਜਦੋਂ ਪੀਰੂ ਮੀਆਂ ਤੇ ਦੂਣਾ ਕਿਧਰੇ ਜਾ ਰਹੋ ਹੋਣ ਤਾਂ ਇੰਜ ਲੱਗਦਾ ਹੈ ਜਿਵੇਂ ਪੀਰੂ ਮੀਆਂ ਦਾ ਇਕ ਟੁਕੜਾ ਉਸ ਨਾਲੋਂ ਵੱਖ ਹੋ ਕੇ ਉਸਦੇ ਨਾਲ-ਨਾਲ ਜਾਂ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਹੈ! ਜ਼ਰੂਰ ਉਹ ਦੋਏ ਕਿਸੇ ਜਨਮ ਵਿਚ ਪਿਓ-ਪੁੱਤਰ ਹੁੰਦੇ ਹੋਣਗੇ। ਸ਼ੁਰੂ-ਸ਼ੁਰੂ ਵਿਚ ਉਸਨੂੰ ਲੋਕਾਂ ਨੇ ਬੜਾ ਟੋਕਿਆ...'ਸ਼ੇਖਜਾਦਾ ਹੋ ਕੇ ਭੰਗੜਾਂ ਦੇ ਛੋਹਰ ਨਾਲ ਉਠਦਾ-ਬੈਠਦਾ, ਖਾਂਦਾ-ਪੀਂਦਾ ਏਂ ਓਏ ...ਸ਼ਰਮ ਆਉਣੀ ਚਾਹੀਦੀ ਏ ਤੈਨੂੰ।'
ਪਰ ਬਾਵਜੂਦ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਪੀਰੂ ਮੀਆਂ ਨੂੰ ਸ਼ਰਮ ਨਾ ਆ ਸਕੀ!
ਪੀਰੂ ਮੀਆਂ ਨੇ ਦੂਣੇ ਨੂੰ ਆਪਣੇ ਨਾਲ ਹੀ ਵਪਾਰ ਵਿਚ ਪਾ ਲਿਆ। ਕੜਾਕੇ ਦੀ ਠੰਡ ਵਿਚ ਉਹ ਦੋਏ ਸਵੇਰੇ-ਸਵਖਤੇ ਉੱਠ ਕੇ ਕੰਮ ਤੇ ਨਿਕਲ ਜਾਂਦੇ ਨੇ। ਪੀਰੂ ਮੀਆਂ ਨੂੰ ਕਿਸੇ ਨੇ ਇਕ ਪੁਰਾਣਾ ਓਵਰਕੋਟ ਦੇ ਦਿੱਤਾ ਹੈ ਜਿਸ ਨੂੰ ਉਹ ਚੜ੍ਹਦੇ ਸਿਆਲ ਪਾ ਲੈਂਦਾ ਹੈ ਤੇ ਕਿਸੇ ਵੇਲੇ ਵੀ ਨਹੀਂ ਲਾਹੁੰਦਾ...ਉਸੇ ਵਿਚ ਸੌਂ ਜਾਂਦਾ ਹੈ, ਉਸਨੂੰ ਪਾ ਕੇ ਹੀ ਜੰਗਲ-ਪਾਣੀ ਹੋ ਆਉਂਦਾ ਹੈ।
ਦੂਣੇ ਖਾਤਰ ਵੀ ਇਕ ਸਾਹਬ ਬਹਾਦਰ ਦੇ ਬੈਰੇ ਨੇ ਇਕ ਡਿਨਰ ਜਾਕਟ ਦੇ ਦਿੱਤੀ ਹੈ। ਕਦੀ ਇਸ ਜਾਕਟ ਨੂੰ ਪਾਉਣ ਵਾਲਾ ਇਸਨੂੰ ਪਾ ਕੇ ਡਿਨਰ ਖਾਂਦਾ ਹੋਏਗਾ, ਹੁਸੀਨ ਕੁੜੀਆਂ ਨਾਲ ਨਾਚ ਕਰਦਾ ਹੋਏਗਾ!
ਦੂਣਾ ਕੁੰਗੜਿਆ-ਕੁੰਗੜਿਆ ਰਹਿੰਦਾ ਹੈ। ਇਹ ਜਾਕਟ ਉਸਦੇ ਗਿੱਟਿਆਂ ਤਕ ਆਉਂਦੀ ਹੈ। ਇਸ ਨੂੰ ਪਾ ਕੇ ਜਿਵੇਂ ਉਹ ਇਕ ਨਰਮ, ਨਿੱਘੀ ਕੋਠੜੀ ਵਿਚ ਬੰਦ ਹੋ ਜਾਂਦਾ ਹੈ। ਟਿੱਚ ਬਟਨਾਂ ਦੀ ਥਾਂ ਰੱਸੀਆਂ ਬੰਨ੍ਹ ਲਈਆਂ ਨੇ ਉਸਨੇ। ਸਿਰ 'ਤੇ ਇਕ ਸੂਤੀ ਕੰਨ ਟੋਪ ਲਿਆ ਹੁੰਦਾ ਹੈ, ਜਿਹੜਾ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਮੁਫ਼ਤ ਹੀ ਹੱਥ ਲੱਗ ਗਿਆ ਸੀ ਉਸਦੇ।
ਪੀਰੂ ਮੀਆਂ ਤੇ ਦੂਣਾ ਸ਼ਹਿਰਾਂ ਤੇ ਕਸਬਿਆਂ ਵਿਚ ਪੁਰਾਣਾ ਸਾਮਾਨ ਚੁਗਦੇ ਫਿਰਦੇ ਨਜ਼ਰ ਆਉਂਦੇ ਨੇ...ਲੋਕ ਕੂੜੇ 'ਚ ਬੜੀਆਂ ਕੀਮਤੀ ਚੀਜਾਂ ਸੁੱਟ ਦੇਂਦੇ ਨੇ...ਖਾਲੀ ਸ਼ੀਸ਼ੀਆਂ ਤੇ ਡੱਬੇ, ਮੈਲੇ ਚੀਥੜੇ, ਜਿਹਨਾਂ ਨੂੰ ਛੱਪੜ ਵਿਚ ਧੋ ਕੇ ਸੁਕਾਅ ਲਓ ਤਾਂ ਭੰਗੀ ਲੋਕ ਆਪਣੀਆਂ ਜੁੱਲੀਆਂ 'ਤੇ ਮੜ੍ਹਨ ਲਈ ਬੜੇ ਸ਼ੌਕ ਨਾਲ ਖਰੀਦ ਲੈਂਦੇ ਨੇ। ਉਹਨਾਂ ਚੀਥੜਿਆਂ ਉੱਤੇ ਕੱਥੇ-ਰੰਗੇ ਧੱਬੇ ਹੁੰਦੇ ਨੇ, ਜਿਹੜੇ ਦੋ ਆਨੇ ਦੀ ਖਾਰਦਾਰ ਸਾਬਣ ਨਾਲ ਵੀ ਨਹੀਂ ਲੱਥਦੇ। ਪੀਰੂ ਮੀਆਂ ਤੇ ਦੂਣਾ ਉਹਨਾਂ ਲੀਰਾਂ ਨੂੰ ਜਵਾਰ ਤੇ ਮੱਕੀ ਦੇ ਬਦਲ ਵਿਚ ਵੇਚ ਲੈਂਦੇ ਨੇ। ਸ਼ੀਸ਼ੀਆਂ ਵੀ ਡੱਬਿਆਂ ਦੇ ਨਾਲ ਹੀ ਵਿਕ ਜਾਂਦੀਆਂ ਨੇ। ਟੁੱਟੀਆਂ ਚੂੜੀਆਂ ਨੂੰ ਕੁੜੀਆਂ-ਕਤਰੀਆਂ ਦੀਵੇ ਦੀ ਲੋਅ ਉੱਤੇ ਗਰਮ ਕਰਕੇ, ਮੋੜ-ਮੋੜ ਕੇ ਕੁੰਡੇ ਬਣਾਅ ਲੈਂਦੀਆਂ। ਉਹਨਾਂ ਕੁੰਡਿਆਂ ਨੂੰ ਜੋੜ ਕੇ ਸ਼ਾਨਦਾਰ ਹਾਰ ਬਣਾਏ ਜਾਂਦੇ ਨੇ, ਜਿਹੜੇ ਕੋਠੀਆਂ ਦੀਆਂ ਕੰਧਾਂ ਉੱਤੇ ਲਮਕਾਅ ਦਿੱਤੇ ਜਾਣ ਤਾਂ ਕੋਠੀਆਂ ਜਗਮਗਾਅ ਉਠਦੀਆਂ ਨੋ।
ਪਰ ਕੁਝ ਈਰਖਾਲੂ ਕਿਸਮ ਦੇ ਲੋਕ ਕਹਿੰਦੇ ਨੇ, ਸੋਨਤਾਰਾ ਬੰਬਈ ਦੇ ਰੰਡੀ ਬਾਜਾਰ ਵਿਚ ਵਿਕ ਗਈ ਹੈ। ਹੁਣ ਉਹ ਗੰਦਗੀ ਵਾਲਾ ਪੀਪਾ ਚੁੱਕਣ ਦੀ ਬਜਾਏ ਖੁਦ ਲੱਕ-ਲੱਕ ਗੰਦਗੀ ਵਿਚ ਧਸ ਚੁੱਕੀ ਹੈ। ਇਕ ਦਿਨ ਇਹ ਗੰਦਗੀ ਉਸਦੇ ਸਿਰ ਉੱਤੋਂ ਦੀ ਹੋ ਜਾਏਗੀ ਤੇ ਉਹ ਸੜਕ ਉੱਤੇ ਕੋਹੜੀਆਂ ਦੀ ਕਤਾਰ ਵਿਚ ਬੈਠੀ ਨਜ਼ਰ ਆਏਗੀ।
“ਬੱਚੂ, ਬਕਵਾਸ ਕਰਦੇ ਆ,” ਪੀਰੂ ਮੀਆਂ ਦੂਣੇ ਨੂੰ ਸਮਝਾਉਂਦੇ, “ਦੇਖੀਂ ਇਕ ਦਿਨ ਉਹ ਮੋਟਰਕਾਰ 'ਚ ਬੈਠ ਕੇ ਆਊ...ਉਦੋਂ ਉਹ ਸਾਰੇ ਬਦਮਾਸ਼ ਮੂੰਹ ਵੇਖਦੇ ਰਹਿ ਜਾਣਗੇ।”
ਦੂਣਾ ਉਸਨੂੰ ਆਪਣਾ ਪੀਰੋ-ਮੁਰਸ਼ਿਦ ਮੰਨਦਾ ਹੈ ਅਤੇ ਸਾਰਿਆਂ ਨਾਲੋਂ ਵੱਧ ਅਕਲਮੰਦ ਸਮਝਦਾ ਹੈ। ਉਸਦੇ ਮੂੰਹੋਂ ਨਿਕਲਿਆ ਹਰੇਕ ਸ਼ਬਦ ਮੋਤੀ ਸਮਝਕੇ ਚੁਣ ਲੈਂਦਾ ਹੈ। ਪੀਰੂ ਮੀਆਂ ਬੜੀਆਂ ਪਹੁੰਚੀਆਂ ਹੋਈਆਂ ਗੱਲਾਂ ਕਰਦੇ ਨੇ...
“ਉਹ ਸਾਲੇ ਅੰਗਰੇਜ਼ ਹੁੰਦੇ ਸੀ ਨਾ, ਬੜੇ ਗੁਸੈਲ ਹੁੰਦੇ ਸੀ ਸਾਲੇ। ਗੱਲ ਗੱਲ 'ਤੇ ਲੱਤੀਂ ਡਹਿ ਪੈਂਦੇ। ਵੱਡੀਆਂ ਵੱਡੀਆਂ ਮੇਖਾਂ ਲੱਗੀਆਂ ਹੁੰਦੀਆਂ ਸੀ ਸਾਲਿਆਂ ਦੇ ਬੂਟਾਂ ਹੇਠ; ਜਿੱਥੇ ਪੈਂਦਾ, ਚਮੜੀ ਉਚੇੜ ਦੇਂਦਾ। ਜਿਸ ਦੇ ਪੈਂਦਾ, ਪਾਣੀ ਨਾ ਮੰਗਣ ਦੇਂਦਾ...ਥਾਂਵੇਂ ਢੇਰ ਕਰ ਦੇਂਦਾ।”
“ਉਹ ਗੋਰੇ ਲੋਕ ਤੈਂ ਦੇਖੇ ਆ ਪੀਰੂ ਮੀਆਂ?” ਦੂਣਾ ਪੁੱਛਦਾ।
“ਬੜੇ ਦੇਖੇ ਐ! ਦੇਖੇ ਕਿਉਂ ਨਹੀਂ!”
“ਤੇਰੇ ਨਹੀਂ ਲੱਤ ਮਾਰੀ ਕਦੇ?”
“ਨਾ ਲੱਲਾ, ਆਪਾਂ ਤਾਂ ਉਹਨਾਂ ਦੇ  ਨੇੜੇ ਈ ਨਹੀਂ ਸੀ ਫੜਕਦੇ ਹੁੰਦੇ! ਉਹ ਵੱਡੇ ਵੱਡੇ ਬੰਗਲਿਆਂ 'ਚ ਰਹਿੰਦੇ ਸੀ ਤੇ ਵੱਡੇ ਵੱਡੇ ਲੋਕ ਈ ਜਾਂਦੇ ਸੀ ਉਹਨਾਂ ਕੋਲ...ਜਿਹਨਾਂ ਦੇ ਆਵਦੇ ਵੱਡੇ ਵੱਡੇ ਬੂਟ ਪਾਏ ਹੁੰਦੇ ਸੀ।”
“ਏਸ ਕੋਠੜੀ ਜਿੱਡੇ ਵੱਡੇ?”
“ਓਏ ਲੱਲਾ, ਇਸ ਤੋਂ ਵੀ ਵੱਡੇ ਵੱਡੇ!”
“ਤੇ ਫੇਰ ਉਹ ਰੇੜ੍ਹੇ 'ਤੇ ਕਿਵੇਂ ਚੜ੍ਹਦੇ ਹੋਣਗੇ ਭਲਾ?”
“ਓਇ ਲੱਲਾ, ਉਹ ਰੇੜ੍ਹੇ-ਰੂੜ੍ਹੇ 'ਤੇ ਨਹੀਂ ਸੀ ਚੜ੍ਹਦੇ ਹੁੰਦੇ...ਉਹ ਤਾਂ ਮੋਟਰਕਾਰ 'ਚ ਚੜ੍ਹਕੇ ਆਉਂਦੇ-ਜਾਂਦੇ ਸੀ।”
“ਟੱਟੀ ਫਿਰਨ ਵੀ ਮੋਟਰਕਾਰ 'ਚ  ਈ ਜਾਂਦੇ ਸੀ?”
“ਨਹੀਂ ਓਏ, ਟੱਟੀ ਤਾਂ ਉਹ ਠੁੱਲ੍ਹਿਆਂ 'ਚ ਫਿਰ ਲੈਂਦੇ ਸੀ...”
“ਠੁੱਲ੍ਹਿਆਂ 'ਚ ਖਾਂਦੇ ਤੇ ਠੁੱਲ੍ਹਿਆਂ 'ਚ ਈ ਫਿਰ ਲੈਂਦੇ?”
“ਨਹੀਂ ਉਹ ਹੋਰ ਠੁੱਲ੍ਹੇ ਹੁੰਦੇ ਐ ਬਈ...ਤੇ ਖਾਣ ਵਾਲੇ ਪਿਆਲੇ ਹੁੰਦੇ ਐ।”
“ਪੀਰੂ ਮੀਆਂ?”
“ਹਾਂ ਲੱਲਾ!”
“ਮਾਂ ਬੈਤਲ ਸੀ ਕਿ?...” ਦੂਣਾ ਯੱਕਦਮ ਪੁੱਛਦਾ।
“ਸੀ-ਤਾਂ-ਸੀ, ਲੱਲਾ!” ਪੀਰੂ ਮੀਆਂ ਬੜੀ ਔਖ ਜਿਹੀ ਨਾਲ ਕਹਿੰਦਾ। ਉਸਨੂੰ ਔਰਤਾਂ ਬਾਰੇ ਜਿਆਦਾ ਤਜ਼ੁਰਬਾ ਵੀ ਨਹੀਂ; ਉਸਨੇ ਬਸ ਇਕ ਨਿੱਕੀ ਜਿਹੀ ਔਰਤ ਨੂੰ ਗੋਦੀ ਵਿਚ ਖਿਡਾਇਆ ਸੀ। ਜਿਹੜੀ ਭਾਵੇਂ ਦੂਰ ਚਲੀ ਗਈ ਸੀ, ਪਰ ਅੱਜ ਤੱਕ ਦਿਲ ਵਿਚ ਵੱਸੀ ਹੋਈ ਸੀ।
“ਪੀਰੂ ਮੀਆਂ?”
“ਹਾਂ ਲੱਲਾ...”
“ਸਕੀਨਾ ਬੀਬੀ ਕਦੋਂ ਆਊਗੀ ਭਲਾਂ?”
“ਬਸ, ਈਦ ਪਿੱਛੋਂ ਆ-ਜੂਗੀ।”
ਦੂਣਾ ਚੁੱਪ ਵੱਟ ਗਿਆ। ਉਹ ਜਾਣਦਾ ਸੀ ਸਕੀਨਾ ਬੀਬੀ ਹੁਣ ਕਦੇ ਨਹੀਂ ਆਏਗੀ। ਪੀਰੂ ਮੀਆਂ ਤਾਂ ਝੱਲੇ ਹੋ ਗਏ ਨੇ, ਹਰ ਵਾਰੀ ਕਹਿ ਦੇਂਦੇ ਨੇ ਈਦ ਪਿੱਛੋਂ ਆ-ਜੂਗੀ...ਪਰ ਕਈ ਈਦਾਂ ਬਕਰੀਦਾਂ ਲੰਘ ਗਈਆਂ ਨੇ, ਸਕੀਨਾ ਬੀਬੀ ਨਹੀਂ ਆਈ! ਉਹ ਆਈ ਤਾਂ ਪੀਰੂ ਮੀਆਂ ਸਾਰਾ ਸਾਰਾ ਦਿਨ ਕੋਠੇ ਵਿਚ ਵੜੇ ਰਿਹਾ ਕਰਨਗੇ, ਸਾਰਾ ਕਾਰੋਬਾਰ ਠੱਪ ਹੋ ਜਾਏਗਾ।

ਕਾਰੋਬਾਰ ਚੋਖੇ ਮੁਨਾਫੇ ਵਾਲਾ ਸੀ ਤੇ ਦਿਲਚਸਪ ਵੀ ਸੀ। ਲੋਕ ਕਿੱਡੇ ਲਾਪ੍ਰਵਾਹ ਹੁੰਦੇ ਨੇ! ਦੂਣੇ ਨੂੰ ਇਕ ਦਿਨ ਕੂੜੇ ਵਿੱਚੋਂ ਇਕ ਸਬੂਤੀ ਗੇਂਦ ਲੱਭੀ...ਬੱਸ ਨਿੱਕਾ ਜਿਹਾ ਸੁਰਾਖ਼ ਸੀ ਤੇ ਪਿਚਕ ਜਾਂਦੀ ਸੀ। ਪੀਰੂ  ਮੀਆਂ ਨੇ ਉਸ ਸੁਰਾਖ਼ ਉੱਪਰ ਜ਼ਰਾ ਜਿੰਨਾ ਆਟਾ ਲਾ ਕੇ ਧੁੱਪ ਵਿਚ ਰੱਖ ਦਿੱਤਾ...ਬਿਲਕੁਲ ਨਵੀਂ ਬਣ ਗਈ। ਇਕ ਦਿਨ ਇਕ ਬੁੰਦਾ ਲੱਭਿਆ, ਬੱਸ ਕੁੰਡਾ ਮੁੜਿਆ ਹੋਇਆ ਸੀ ਉਸਦਾ...ਪੀਰੂ ਨੇ ਸਿੱਧਾ ਕਰ ਦਿੱਤਾ।
ਬੁੰਦੇ ਨੂੰ ਦੇਖ ਕੇ ਪੀਰੂ ਮੀਆਂ ਆਪਣੇ ਕੰਨ ਦੀ ਲੌਲ ਪਲੋਸਨ ਲੱਗ ਪਿਆ ਸੀ। ਸਕੀਨਾ ਉਸਦੇ ਕੰਨ ਦੀ ਲੌਲ ਹੀ ਤਾਂ ਵੱਢ ਖਾਂਦੀ ਹੁੰਦੀ ਸੀ। ਤੇ ਫੇਰ ਇਕ ਦਿਨ ਕੂੜੇ ਦੇ ਢੇਰ ਵਿਚ ਦੱਬੀ ਚਾਹ ਵਾਲੀ ਪਿਆਲੀ ਲੱਭੀ ਦੂਣੇ ਨੂੰ। ਪਿਆਲੀ ਦੇਖ ਕੇ ਉਹ ਦੰਗ ਰਹਿ ਗਿਆ...ਉਸਨੇ ਏਨੀ ਨਾਜ਼ੁਕ ਤੇ ਖ਼ੁਬਸੂਰਤ ਚੀਜ਼ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਸੀ ਦੇਖੀ। ਉਸ ਦੀ ਜ਼ਬਾਨ ਤਾਲੂ ਨਾਲ ਚਿਪਕ ਗਈ। ਸਹਿਮ ਕੇ ਉਸਨੇ ਚਾਰੇ ਪਾਸੇ ਦੇਖਿਆ ਕਿ ਕਿਤੇ ਕੋਈ ਦੇਖ ਤਾਂ ਨਹੀਂ ਰਿਹਾ...ਜ਼ਰੂਰ ਪਿਆਲੀ ਕਿਸੇ ਨੇ ਭੁੱਲ ਕੇ ਸੁੱਟ ਦਿੱਤੀ ਹੋਏਗੀ। ਪਿਆਲੀ ਬਿਲਕੁਲ ਸਾਬਤ ਸੀ, ਬਸ ਕੁੰਡਾ ਟੁੱਟਿਆ ਹੋਇਆ ਸੀ ਉਸਦਾ। ਕਿਸੇ ਮਾਹਿਰ ਕਾਰੀਗਰ ਨੇ ਪੂਰੀ ਰੀਝ ਲਾ ਕੇ ਬਰੀਕ ਸੁੰਬੇ ਨਾਲ ਉਸ ਉਪਰ ਵੇਲ-ਬੂਟੇ ਬਣਾਏ ਹੋਏ ਸਨ। ਪੂਰਾ ਗੁਲਜ਼ਾਰ ਖਿੜਾਇਆ ਹੋਇਆ ਸੀ। ਫੁੱਲਾਂ ਅਤੇ ਕਲੀਆਂ ਦੇ ਗੁੱਛਿਆਂ ਵਿਚਕਾਰ, ਨਿੱਕੇ-ਨਿੱਕੇ ਚੌਲਾਂ ਦੇ ਦਾਣਿਆਂ ਜਿੱਡੀਆਂ ਚਿੜੀਆਂ ਬੈਠੀਆਂ ਸਨ, ਜਿਹਨਾਂ ਦੇ ਪੂੰਝੇ ਇੰਦਰ ਧਨੁਸ਼ ਦੇ ਰੰਗਾਂ ਵਾਂਗ ਅੱਧਾ ਚੱਕਰ ਬਣਾਉਂਦੇ ਸਨ। ਦੂਣੇ ਨੂੰ ਇੰਜ ਲੱਗਿਆ ਜਿਵੇਂ ਉਹ ਕਿਸੇ ਦੇਸ਼ ਦਾ ਰਾਜਕੁਮਾਰ ਹੋਏ ਤੇ ਜਾਦੂ ਨਾਲ ਵਸਾਏ ਹੋਏ ਚਮਨ ਵਿਚ ਪਰੀਆਂ ਦੇ ਝੁੰਡ ਵਿਚਕਾਰ ਖਲੌਤਾ ਹੋਏ।
“ਇਹਦਾ ਕੁੰਡਾ ਤਾਂ ਹੈ ਈ ਨਹੀਂ ਓਇ!” ਪੀਰੂ ਮੀਆਂ ਨੇ ਨੱਕ ਚੜਾਇਆ।
“ਕੁੰਡਾ?”
“ਹਾਂ, ਆਹ ਵੇਖ ਲੱਲਾ ਏਥੇ ਕੁੰਡਾ ਹੁੰਦਾ ਐ...ਉਸ ਵਿਚ ਉਂਗਲ ਅੜਾ ਕੇ ਚਾਹ ਪੀਂਦੇ ਹੁੰਦੇ ਐ ਸਾ'ਬ ਲੋਕ।” ਪਿੰਡ ਵਿਚ ਸਾਰੇ ਲੋਕੀ ਚਾਹ ਕੌਲਿਆਂ ਜਾਂ ਗਲਾਸਾਂ ਵਿਚ ਹੀ ਪੀਂਦੇ ਸਨ। ਦੂਣੇ ਨੇ ਕਦੀ ਕੁੰਡੇਦਾਰ ਪਿਆਲੀ ਨਹੀਂ ਸੀ ਦੇਖੀ। ਜੇ ਉਸਦੀ ਜ਼ਿੰਦਗੀ ਵਿਚ ਕੋਈ ਕੁੰਡਾ ਸੀ ਤਾਂ ਉਹ ਖ਼ੁਦ ਪੀਰੂ ਮੀਆਂ ਦਾ 'ਕੁੰਡਾ' ਸੀ।  ਜਦੋਂ ਉਹ ਦੋਏ ਵਿਹੜੇ ਵਿਚ ਕੋਲੋ-ਕੋਲ ਬੈਠੇ ਧੁੱਪ ਸੇਕ ਰਹੇ ਹੁੰਦੇ ਸਨ ਤਾਂ ਇੰਜ ਲੱਗਦਾ ਸੀ ਜਿਵੇਂ ਕੋਈ ਮੈਲੀ ਜਿਹੀ ਚਾਹ ਵਾਲੀ ਪਿਆਲੀ ਕੰਧ ਕੋਲ ਰੱਖੀ ਹੋਈ ਹੋਏ।
ਪੀਰੂ ਮੀਆਂ ਲਗਭਗ ਬਵੰਜਾ ਤਰਵੰਜਾ ਸਾਲ ਦਾ ਹੋਏਗਾ। ਉਸਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਨੇ। ਲੋਕ ਉਸਨੂੰ ਡੋਗਰਾ ਕਹਿਣ ਲੱਗ ਪਏ ਸਨ। ਭੰਗੀਆਂ ਦੇ ਛੋਹਰ ਨਾਲ ਖਾਣ-ਪੀਣ ਕਰਕੇ ਉਸਦੇ ਸ਼ਰੀਕਾਂ ਨੇ ਉਸਨੂੰ ਬਰਾਦਰੀ ਵਿਚੋਂ ਕੱਢ ਦਿੱਤਾ ਸੀ। ਸੋਨਤਾਰਾ ਜਦੋਂ ਦੀ ਭੱਜੀ ਸੀ, ਉਸਦੀ ਕੋਠੜੀ ਵਿਚ ਉਸਦੀ ਸੱਸ ਨੇ ਮੈਸਾਂ ਤੇ ਬੱਕਰੀਆਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉੱਥੇ ਹੀ ਇਕ ਕੋਨੇ ਵਿਚ ਪੀਰੂ ਮੀਆਂ ਤੇ ਦੂਣਾ ਘਾਹ ਫੂਸ ਉੱਤੇ ਇਕ ਬੋਰੀ ਵਿਛਾਅ ਕੇ ਪੈ ਰਹਿੰਦੇ ਸਨ। ਗਰਮੀਆਂ ਵਿਚ ਤਾਂ ਸਾਰਾ ਜੱਗ ਵਿਛਾਈ ਬਣ ਜਾਂਦਾ ਹੈ, ਪਰ ਬਰਸਾਤ ਤੇ ਸਰਦੀਆਂ ਦੀ ਹੋਰ ਗੱਲ ਹੁੰਦੀ ਹੈ...ਉਦੋਂ ਤਾਂ ਪਸੂ-ਡੰਗਰ ਵੀ ਸਿਰ 'ਤੇ ਛੱਤ ਭਾਲਦਾ ਹੈ।
ਸਰਦੀਆਂ ਕੀ ਆਉਂਦੀਆਂ ਨੇ, ਪਿੰਡ ਉੱਤੇ ਆਫਤ ਆ ਜਾਂਦੀ ਹੈ...ਹਰੇ ਭਰੇ ਖੇਤਾਂ ਨੂੰ ਪਾਲਾ ਮਾਰ ਜਾਂਦਾ ਹੈ। ਮੀਂਹ ਨਾ ਪੈਣ ਤਾਂ ਘਾਹ ਫੂਸ ਵੀ ਨਹੀਂ ਹੁੰਦਾ, ਤੇ ਜੇ ਮੀਂਹ ਪੈ ਜਾਣ ਤਾਂ ਖੇਤ ਤਾਂ ਲਹਿਰਾ ਉਠਦੇ ਨੇ ਪਰ ਖੇਤਾਂ ਵਾਲੇ ਕੁਮਲਾਅ ਜਾਂਦੇ ਨੇ। ਖੰਘ, ਬੁਖ਼ਾਰ, ਦਮਾ, ਗਠੀਆ...ਮਲੋਮੱਲੀ ਆ ਜੱਫੇ ਮਾਰਦੇ ਨੇ। ਆਮ ਤੌਰ ਤੇ ਕਣਕ ਭੁੰਨ ਕੇ ਉਸਨੂੰ ਬਰੀਕ ਪੀਸ ਲਿਆ ਜਾਂਦਾ ਹੈ ਤੇ ਉਸ ਵਿਚ ਗੁੜ ਜਾਂ ਰਾਬ ਮਿਲਾਅ ਕੇ, ਕਾਫੀ ਨਾਲ ਮਿਲਦੀ-ਜੁਲਦੀ ਸ਼ੈ ਜਿਹੀ ਬਣਾਅ  ਲਈ ਜਾਂਦੀ ਹੈ। ਜਿਸਨੂੰ  ਪੀਣ ਨਾਲ ਬੜੀ ਸ਼ਾਂਤੀ ਮਿਲਦੀ ਹੈ। ਥੱਕ ਹਾਰ ਕੇ ਜਾਂ ਬੁਖ਼ਾਰ ਟੁੱਟ ਜਾਂਦਾ ਹੈ ਜਾਂ ਮਰੀਜ਼ ਮੁੱਕ ਜਾਂਦਾ ਹੈ। ਖਾਂਸੀ ਲਈ ਕੱਚਾ ਅਮਰੂਦ ਭੁੰਨ ਕੇ ਖਾ ਲਓ, ਅਕਸੀਰ ਦਾ ਕੰਮ ਕਰੇਗਾ। ਹਾਂ ਜਦੋਂ ਜਾਨ ਐਨ ਬੁੱਲ੍ਹਾਂ ਉੱਤੇ ਆ ਜਾਂਦੀ ਹੈ ਤਾਂ ਪਿੰਡ ਦੇ ਇਕਲੌਤੇ ਡਾਕਟਰ ਕੋਲ ਜਾਂਦੇ ਨੇ। ਪਤਾ ਨਹੀਂ ਉਹ ਕਿਵੇਂ ਡਾਕਟਰ ਬਣ ਬੈਠਾ ਹੈ! ਕਿਸੇ ਨੇ ਉਸਦੀ ਡਿਗਰੀ ਦੇਖਣ ਦੀ ਖੇਚਲ ਨਹੀਂ ਕੀਤੀ ਤੇ ਕੰਪਾਊਡਰ ਹੀ ਡਾਕਟਰ ਬਣ ਗਿਆ। ਉਂਜ ਵੈਦ ਜੀ ਵੀ ਹੈਨ...ਆਮ ਤੌਰ 'ਤੇ ਆਪਣੀਆਂ ਬੱਕਰੀਆਂ ਵਾਸਤੇ ਖੇਤਾਂ ਵਿਚ ਘਾਹ ਖੋਦਦੇ ਹੋਏ ਨਜ਼ਰ ਆਉਂਦੇ ਨੇ।
ਪੀਰੂ ਮੀਆਂ ਨੂੰ ਜਦੋਂ ਸਾਹ ਹੁੰਦਾ ਹੈ, ਸਾਰੀ ਸਾਰੀ ਰਾਤ ਉਕੜੂ ਬੈਠ ਕੇ ਧੌਂਕਣੀ ਚਲਾਉਂਦੇ ਰਹਿੰਦੇ ਨੇ। ਅਲਮੀਨੀਅਮ ਦੇ ਕੌਲੇ ਵਿਚ ਦੂਣਾ ਉਹਨਾਂ ਲਈ ਪਾਣੀ ਉਬਾਲ ਦੇਂਦਾ ਏ ਤੇ ਉਸ ਵਿਚ ਗੁੜ ਪਾ ਕੇ ਪੀਣ ਨਾਲ ਜ਼ਰਾ ਸ਼ਾਂਤੀ ਆ ਜਾਂਦੀ ਹੈ। ਗੁੜ ਨਹੀਂ ਹੁੰਦਾ ਤਾਂ ਲੂਣ ਦੀ ਚੂੰਢੀ ਹੀ ਕੰਮ ਕਰ ਜਾਂਦੀ ਹੈ। ਸਵੇਰੇ ਕੁਝ ਚਿਰ ਧੁੱਪ ਵਿਚ ਬੈਠਦੇ ਨੇ ਤਾਂ ਸਾਹ ਸੀਨੇ ਵਿਚ ਸਮਾਉਣ ਲੱਗ ਜਾਂਦਾ ਹੈ...ਫੇਰ ਉਹ ਉਸੇ ਤਰ੍ਹਾਂ ਹੌਂਕਦਾ ਹੋਇਆ ਵਪਾਰ ਦੀ ਫਿਕਰ ਵਿਚ ਨਿਕਲ ਤੁਰਦਾ ਹੈ।
ਜਿਸ ਦਿਨ ਟੁੱਟੇ ਕੁੰਡੇ ਵਾਲੀ ਪਿਆਲੀ ਲੈ ਕੇ ਪੀਰੂ ਮੀਆਂ ਤੇ ਦੂਣਾ ਪਿੰਡ ਵਿਚ ਵਾਪਸ ਪਰਤੇ ਸਨ, ਸਾਰੇ ਪਿੰਡ ਵਿਚ ਖਲਬਲੀ ਜਿਹੀ ਮੱਚ ਗਈ ਸੀ। ਪਿੰਡ ਦੇ ਬੱਚਿਆਂ ਤੇ ਬੁੱਢਿਆਂ ਦੀਆਂ ਟੋਲੀਆਂ ਉਸ ਅਜੀਬ ਪ੍ਰਾਪਤੀ ਨੂੰ ਦੇਖਣ ਲਈ ਪਹੁੰਚੀਆਂ ਸਨ। ਜਿਹੜਾ ਵੀ ਉਸ ਅਜੀਬ ਅਜੂਬੇ ਨੂੰ ਦੇਖਦਾ...ਦੰਗ ਰਹਿ ਜਾਂਦਾ। ਕਿਸੇ ਨੂੰ ਉਸਦੇ ਕੁੰਡੇ ਦੇ ਨਾ ਹੋਣ ਦਾ ਅਹਿਸਾਸ ਤਕ ਨਹੀਂ ਸੀ ਹੋਇਆ।
ਉਂਜ ਪਿੰਡ ਵਿਚ ਲਾਲੇ ਹੁਰਾਂ ਦੇ ਘਰ ਚਾਹ ਵਾਲੀਆਂ ਪਿਆਲੀਆਂ ਹੈ ਸਨ। ਪਰ ਉਹਨਾਂ ਦੇ ਦਰਸ਼ਨ ਕਿਸੇ ਨੇ ਨਹੀਂ ਸਨ ਕੀਤੇ। ਕਿਸੇ ਵੱਡੇ ਆਦਮੀ ਦੇ ਆਉਣ 'ਤੇ ਹੀ ਕੱਢੀਆਂ ਜਾਂਦੀਆਂ ਸਨ ਤੇ ਨੈਣ ਆਪਣੇ ਹੱਥੀਂ ਉਹਨਾਂ ਨੂੰ ਧੋ ਕੇ ਜਿੰਦਰੇ ਵਿਚ ਬੰਦ ਕਰ ਦੇਂਦੀ ਸੀ। ਪਰ ਕਈ ਸਾਲਾਂ ਤੋਂ ਏਧਰ ਕੋਈ ਏਡਾ ਵੱਡਾ ਆਦਮੀ ਹੀ ਨਹੀਂ ਸੀ ਆਇਆ ਕਿ ਚਾਹ ਵਾਲੀਆਂ ਪਿਆਲੀਆਂ ਨੂੰ ਤਕਲੀਫ ਦਿੱਤੀ ਜਾਂਦੀ। ਗਿਣਤੀ ਵਿਚ ਉਹ ਚਾਰ ਸਨ...ਮੋਟੀਆਂ-ਮੋਟੀਆਂ ਤੇ ਡੱਫ਼ਲ ਜਿਹੀਆਂ।
ਸਕੂਲ ਮਾਸਟਰ ਨੇ ਪਿਆਲੀ ਦੇ ਥੱਲੇ ਤੋਂ ਪੜ੍ਹ ਕੇ ਦੱਸਿਆ ਕਿ ਉਹ 'ਮੇਡ ਇਨ ਇੰਗਲੈਂਡ' ਸੀ। ਜ਼ਰੂਰ ਕੋਈ ਸਾਹਬ ਬਹਾਦਰ ਉਸ ਵਿਚ ਚਾਹ ਪੀਂਦਾ ਰਿਹਾ ਹੋਏਗਾ ਤੇ ਆਪਣੇ ਮੁਲਕ ਨੂੰ ਜਾਂਦਾ ਹੋਇਆ ਕੁੰਡਾ ਨਾਲ ਲੈ ਗਿਆ ਹੋਏਗਾ ਤੇ ਪਿਆਲੀ ਭੁੱਲ ਗਿਆ ਹੋਏਗਾ...ਭੁੱਲ ਹੀ ਗਿਆ ਹੋਏਗਾ, ਨਹੀਂ ਤਾਂ ਕੁੰਡੇ ਦੇ ਨਾ ਹੋਣ 'ਤੇ ਵੀ ਪਿਆਲੀ ਤਾਂ ਪੂਰੇ ਕੰਮ ਦੀ ਸੀ। ਗਰਮ-ਗਰਮ ਚਾਹ ਪਾ ਕੇ ਦੋਏ ਹੱਥਾਂ 'ਚ  ਫੜ੍ਹ ਲਓ...ਮੌਜ ਨਾਲ ਚਾਹ ਪੀਓ, ਹੱਥ ਵੀ ਸੇਕੀ ਜਾਓ ਤੇ ਸਵਾਦ ਵਿਚ ਵੀ ਕੋਈ ਫ਼ਰਕ ਨਾ ਪਏ।
ਫ਼ੌਰਨ ਦੂਣਾ ਗਿਆ ਤੇ ਚਾਹ ਵਾਲੇ ਦੀ ਦੁਕਾਨ ਤੋਂ ਚਾਹ ਮੰਗ ਲਿਆਇਆ। ਉਹ ਉਸ ਦੀਆਂ ਬੱਕਰੀਆਂ ਚਾਰਦਾ ਹੁੰਦਾ ਸੀ ਤੇ ਰੋਜ ਬਾਜਰੇ ਦੀ ਵਾਹਵਾ ਮੋਟੀ ਰੋਟੀ ਮਿਲਦੀ ਹੁੰਦੀ ਸੀ। ਉਸ ਦਿਨ ਉਸਨੇ ਰੋਟੀ ਦੀ ਬਜਾਏ ਚਾਹ ਲੈ ਲਈ, ਗੁੜ ਸੀ ਹੀ...ਪੀਰੂ ਮੀਆਂ ਨੇ ਕੱਲ੍ਹ ਹੀ ਖ਼ਾਲੀ ਸ਼ੀਸ਼ੀਆਂ ਤੇ ਡੱਬੇ ਵੇਚੇ ਸਨ। ਚਾਹ ਬਣਾਈ ਗਈ; ਪਹਿਲਾਂ ਪੀਰੂ ਮੀਆਂ ਨੇ ਪੀਤੀ ਤੇ ਫੇਰ ਦੂਣੇ ਨੇ। ਦੂਣੇ ਨੂੰ ਜਿਵੇਂ ਨਸ਼ਾ ਜਿਹਾ ਚੜ੍ਹ ਗਿਆ...ਏਨੀ ਮਿੱਠੀ ਤੇ ਗਾੜ੍ਹੀ ਚਾਹ ਉਸਨੇ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਸੀ ਪੀਤੀ। ਹੈਂਡ ਪੰਪ  ਉੱਤੇ ਉਸਨੇ ਪਿਆਲੀ ਧੋ ਕੇ ਐਵੇਂ ਹੀ ਦੋ ਘੁੱਟ ਪਾਣੀ ਦੇ ਪੀ ਲਏ, ਪਿਆਲੀ 'ਚ ਪਾਣੀ ਵੀ ਜਿਵੇਂ ਸ਼ਰਬਤ ਹੀ ਬਣ ਗਿਆ ਸੀ।...ਪਤਾ ਨਹੀਂ ਉਹ ਕਿੰਨਾ ਕੁ ਪਾਣੀ ਪੀ ਜਾਂਦਾ, ਜੇ ਪੀਰੂ ਮੀਆਂ ਝਿੜਕ ਨਾ ਦੇਂਦੇ—“ਓਏ ਐਨਾ ਪਾਣੀ ਪੀਏਂਗਾ ਤਾਂ ਸਾਰੀ ਰਾਤ ਨੀਕਰ  ਭਿਉਂਦਾ ਰਹੇਂਗਾ, ਸਾਲਿਆ।”
ਦੂਸਰੇ ਦਿਨ ਸਾਰੇ ਪਿੰਡ ਵਿਚ ਇਹ ਖਬਰ ਫ਼ੈਲ ਚੁੱਕੀ ਸੀ ਕਿ ਪੀਰੂ ਮੀਆਂ ਅਤੇ ਦੂਣਾ ਸ਼ਹਿਰੋਂ ਇਕ ਵਲਾਇਤੀ ਪਿਆਲੀ ਚੁਰਾਅ ਕੇ ਲਿਆਏ ਨੇ। ਉਹਨਾਂ ਬੜੀਆਂ ਸੌਹਾਂ ਖਾਧੀਆਂ ਕਿ ਕੂੜੇ 'ਚ ਪਈ ਮਿਲੀ ਸੀ, ਪਰ ਕਿਸੇ ਨੇ ਯਕੀਨ ਨਹੀਂ ਸੀ ਕੀਤਾ। ਭਲਾ ਇਹੋ ਜਿਹਾ ਕਿਹੜਾ ਸਿਰ ਫਿਰਿਆ ਹੋਏਗਾ, ਜਿਹੜਾ ਵਲਾਇਤੀ ਪਿਆਲੀ ਕੂੜੇ ਵਿਚ ਸੁੱਟ ਦਏ?
ਪਿੰਡ ਦਾ ਥਾਨਾ ਇਕ ਉਜਾੜ ਜਿਹੀ ਪਰ ਅੱਧ ਪੱਕੀ ਇਮਾਰਤ ਵਿਚ  ਹੈ। ਤਿੰਨ ਚਾਰ ਸਿਪਾਹੀ ਨੇ, ਜ਼ਿਆਦਾ ਸਮਾਂ ਉਂਘਦੇ ਰਹਿੰਦੇ ਨੇ ਤੇ ਜਦੋਂ ਚੋਰ ਰਾਤੀਂ ਕਿਸੇ ਦਾ ਖੇਤ ਲੁੱਟ ਰਹੇ ਹੁੰਦੇ ਨੇ, ਉਹ ਘੂਕ ਸੁੱਤੇ ਪਏ ਹੁੰਦੇ ਨੇ। ਉਹਨਾਂ ਨੂੰ ਡਾਂਗ-ਸੋਟਾ ਵਾਹੁਣਾ ਬਿਲਕੁਲ ਪਸੰਦ ਨਹੀਂ। ਚੋਰਾਂ ਦੇ ਚਲੇ ਜਾਣ ਪਿੱਛੋਂ ਉਠਦੇ ਨੇ, ਪੂਰੀ ਸਰਗਰਮੀ ਦਿਖਾਉਂਦੇ ਨੇ, ਇਧਰ-ਉਧਰ ਝਿੜਕ-ਝੰਬ ਕਰਦੇ ਫਿਰਦੇ ਨੇ। ਜਿਹਨਾਂ ਦੇ ਚੋਰੀ ਹੋਈ ਹੁੰਦੀ ਹੈ, ਉਹਨਾਂ ਨੂੰ ਘੰਟਿਆਂ ਬੱਧੀ ਠਾਣੇ ਬਿਠਾਅ ਕੇ ਕਾਗਜੀ ਕਾਰਵਾਈਆਂ ਕਰਦੇ ਨੇ। ਪਿੰਡ ਵਾਲਿਆਂ ਦਾ ਖ਼ਿਆਲ ਹੈ ਚੋਰਾਂ ਦੀ ਉਹਨਾਂ ਨਾਲ ਪੱਤੀ ਹੋਈ ਹੁੰਦੀ ਹੈ। ਪਿੱਛਲੇ ਦਿਨੀਂ ਜਦੋਂ ਰਾਮ ਪਰਸ਼ਾਦ ਹੁਰਾਂ ਦੀਆਂ ਸ਼ਕਰਕੰਦੀਆਂ ਉੱਤੇ ਧਾੜ ਪਈ ਸੀ ਤਾਂ ਹਰ ਵੇਲੇ ਪੁਲਿਸ ਵਾਲਿਆਂ ਦੇ ਨਿਆਣੇ ਸ਼ਕਰਕੰਦੀਆਂ ਖਾਂਦੇ ਫਿਰਦੇ ਨਜ਼ਰ ਆਉਂਦੇ ਸਨ। ਪੁਲਿਸ ਵਾਲਿਆਂ ਦੀਆਂ ਬੱਕਰੀਆਂ ਭਾਵੇਂ ਕਿਸੇ ਖੇਤ ਵਿਚ ਵੜ ਜਾਣ, ਕਿਸੇ ਦੀ ਮਜ਼ਾਲ ਨਹੀਂ ਸੀ ਕਿ ਉਹਨਾਂ ਨੂੰ ਕਾਜੀ ਹਾਊਸ ਦੇ ਆਏ। ਉਹਨਾਂ ਦੇ ਸੂਰ ਤਾਂ ਭੰਗੀਆਂ ਦਾ ਵੀ ਸਤਿਆਨਾਸ ਕਰ ਦੇਂਦੇ ਨੇ, ਪਰ ਕੋਈ ਸਾਹ ਨਹੀਂ ਕੱਢਦਾ। ਹਰੇਕ ਦੁਕਾਨ ਤੋਂ ਕੁਝ ਨਾ ਕੁਝ ਮੰਗਾਉਂਦੇ ਰਹਿੰਦੇ ਨੇ। ਉਧਾਰ ਦੇ ਪੈਸੇ ਮੰਗ ਲੈਣ ਦੀ ਕਿਸੇ ਦੀ ਹਿੰਮਤ ਨਹੀਂ, ਵਰਨਾ ਫੌਰਨ 'ਧਾਰਾ ਇੱਕੀ' ਵਿਚ ਚਲਾਨ ਹੋ ਜਾਏਗਾ...ਤੇ ਭੌਂਕਦਾ ਫਿਰੇਗਾ ਅਦਾਲਤਾਂ ਵਿਚ; ਝੂਠੀਆਂ ਗਵਾਹੀਆਂ ਦੇਣ ਵਾਲਿਆਂ ਦਾ ਘਾਟਾ ਨਹੀਂ...
“ਵਲਾਇਤੀ ਪਿਆਲੀ!” ਕਾਂਸਟੇਬਲ ਚਰੰਜੀ ਲਾਲ ਦੇ ਕੰਨ ਖੜੇ ਹੋ ਗਏ। ਜੇ ਦੇਸੀ ਹੁੰਦੀ ਤਾਂ ਖੈਰ ਹੁੰਦੀ, ਇਹ ਹਨੇਰ ਨਾ ਹੁੰਦਾ। ਆਪਣੇ ਮੈਲੇ ਕੋਟ ਉੱਤੋਂ ਦੀ ਪੇਟੀ ਕਸ ਕੇ ਉਹ ਉਠ ਖੜ੍ਹਾ ਹੋਇਆ ਤੇ ਭੰਗੀਆਂ ਦੀ ਕਲੋਨੀ ਵੱਲ ਰਵਾਨਾ ਹੋ ਗਿਆ। ਜਵਾਕ ਤੇ ਕੁੱਤੇ ਵੀ ਜਲੂਸ ਦੀ ਸ਼ਕਲ ਵਿਚ ਉਸਦੇ ਪਿੱਛੇ ਪਿੱਛੇ ਹੋ ਲਏ। ਜਦੋਂ ਇਹ ਕਾਨੂੰਨ ਦਾ ਰਾਖਾ ਮੁਲਜਮਾਂ ਦੀ ਕੋਠੜੀ ਵਿਚ ਪਹੁੰਚਿਆ, ਉਦੋਂ ਦੂਣਾ ਮਿੱਟੀ ਦੀ ਪਰਾਤ ਵਿਚ ਬਾਜਰੇ ਦਾ ਆਟਾ ਗੁੰਨ੍ਹ ਰਿਹਾ ਸੀ ਤੇ ਪੀਰੂ ਮੀਆਂ ਤਿੰਨ ਇੱਟਾਂ ਦੇ ਚੁੱਲ੍ਹੇ ਵਿਚ ਗਿੱਲੇ ਬੂਝਿਆਂ ਤੇ ਛਟੀਆਂ ਦੀ ਅੱਗ ਬਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਿੱਟੀ ਦਾ ਤਵਾ ਕੰਧ ਨਾਲ ਲੱਗਿਆ ਖੜ੍ਹਾ ਸੀ ਅਤੇ ਕੋਲ ਹੀ ਤੌੜੀ ਪਈ ਸੀ।
“ਕਿਉਂ ਪੀਰੂ ਮੀਆਂ, ਅੱਜ ਕਿੱਥੇ ਹੱਥ ਮਾਰਿਆ ਈ ਫੇਰ?” ਚਰੰਜੀ ਲਾਲ ਗੜਕਿਆ।
“ਕਿਤੇ ਵੀ ਨਹੀਂ ਸਰਕਾਰ।” ਪੀਰੂ ਮੀਆਂ ਖੰਘਿਆ।
“ਮੈਂ ਤੈਨੂੰ ਕਿੰਨੀ ਵਾਰੀ ਕਿਹਾ ਏ ਬਈ ਇਹ ਚੋਰੀ ਚਕਾਰੀ ਦਾ ਧੰਦਾ ਨਹੀਂ ਚਲਣਾ।”
“ਮੈਂ ਕਿਹੜੀ ਚੋਰੀ ਕੀਤੀ ਐ ਜਨਾਬ?”
“ਤੇ ਵਲਾਇਤੀ ਪਿਆਲੀ ਤੇਰਾ ਪਿਓ ਦੇ ਗਿਐ ਤੈਨੂੰ?”
“ਉਹ ਤਾਂ ਕੂੜੇ 'ਚ ਪਈ ਲੱਭੀ ਸੀ ਜੀ।”
“ਤੇ ਭੰਗੜਾਂ ਦਾ ਇਹ ਛੋਹਰ ਵੀ ਕੂੜੇ 'ਚ ਪਿਆ ਲੱਭਿਆ ਹੋਊ ਜੀ?”
ਛੋਹਰ ਦਾ ਜ਼ਿਕਰ ਪੀਰੂ ਦੀ ਦੁਖਦੀ ਰਗ ਸੀ। ਉਸਨੂੰ ਚੁੱਪਚਾਪ ਉਸਨੇ ਕਲਮਾ ਪੜ੍ਹਾ ਲਈਆਂ ਸਨ...ਪਤਾ ਨਹੀਂ ਦੂਣੇ ਦਾ ਪੜ੍ਹਿਆ ਕਲਾਮ ਅੱਲਾ-ਪਾਕ ਦੇ ਪੱਲੇ ਪਿਆ ਹੋਏਗਾ ਕਿ ਨਹੀਂ...ਪਰ ਮਾਮਲਾ ਬੜਾ ਗੰਭੀਰ ਸੀ। ਜੇ ਕਿਤੇ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਉਹ ਤਬਲੀਖ-ਇਸਲਾਮ (ਇਸਲਾਮ ਧਰਮ ਦਾ ਨਿਰਾਦਰ ਕਰਨ) ਦੇ ਜੁਰਮ ਵਿਚ ਧਰ ਲਿਆ ਜਾਂਦਾ। ਖ਼ੈਰ ਉਸਦੇ ਦਿਲ ਨੂੰ ਤੱਸਲੀ ਹੋ ਗਈ ਸੀ ਤੇ ਦੂਣੇ ਨੂੰ ਕੋਈ ਫ਼ਰਕ ਮਹਿਸੂਸ ਨਹੀਂ ਸੀ ਹੋਇਆ। ਉਹ ਕੁੰਡੇ ਵਾਂਗ ਪੀਰੂ ਮੀਆਂ ਨਾਲ ਜੁੜਕੇ ਪਿਆਲੀ ਦੀ ਨੇੜਤਾ ਵਿਚ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਸੀ। ਉਂਜ 'ਕੱਲੇ ਕੁੰਡੇ ਵਿਚਾਰੇ ਦਾ ਤਾਂ ਦੁਨੀਆਂ ਵਿਚ ਕੋਈ ਮਹੱਤਵ ਵੀ ਨਹੀਂ ਹੁੰਦਾ। ਪਿਆਲੀ ਨਾਲ ਜੁੜੇ ਹੋਣ ਕਰਕੇ ਉਸਦਾ ਇਕ ਵਿਸ਼ੇਸ਼ ਸਥਾਨ ਬਣ ਜਾਂਦਾ ਹੈ। ਜਦੋਂ ਉਸਨੂੰ ਬੁਖਾਰ ਚੜ੍ਹਦਾ ਸੀ ਤੇ ਡਰਾਵਨੇ ਸੁਪਨੇ ਸਤਾਉਂਦੇ ਹੁੰਦੇ ਸਨ ਤਾਂ ਪੀਰੂ ਮੀਆਂ ਦੀ ਪਿਚਕੀ ਹੋਈ ਹਿੱਕ ਨਾਲ ਚਿਪਕ ਕੇ ਜਿਵੇਂ ਉਹ ਮਾਂ ਦੀ ਗੋਦ ਵਿਚ ਰਮ ਜਾਂਦਾ ਹੁੰਦਾ ਸੀ। ਇਹ ਇਕੱਲਾਪਣ ਵੀ ਕਿੰਨਾ ਸੁੰਨਮ-ਸੁੰਨਾ ਤੇ ਡਰਾਵਨਾ ਹੁੰਦਾ ਹੈ...ਤੇ ਦੂਣਾ ਅਜੇ ਪੂਰੇ ਅੱਠ ਸਾਲ ਦਾ ਵੀ ਨਹੀਂ ਸੀ ਹੋਇਆ।
“ਇਹ ਹੈ ਜੀ ਉਹ ਪਿਆਲੀ!” ਪੀਰੂ ਮੀਆਂ ਨੇ  ਕੋਨੇ ਵਿਚ ਰੱਖੇ ਕੁੱਜੇ ਉੱਤੋਂ ਚੁੱਕ ਕੇ ਪਿਆਲੀ ਚਰੰਜੀ ਲਾਲ ਨੂੰ ਫੜਾਅ ਦਿੱਤੀ। ਦੂਣੇ ਦਾ ਕਲੇਜਾ ਵੀ ਜਿਵੇਂ ਪਿਆਲੀ ਦੇ ਨਾਲ ਹੀ ਉਸਦੇ ਹੱਥ ਵਿਚ ਚਲਾ ਗਿਆ।
“ਇਹ ਸਾਲੀ ਤਾਂ ਟੁੱਟੀ ਹੋਈ ਏ ਉਇ...ਕੁੰਡਾ ਤਾਂ ਹੈ ਈ ਨਹੀਂ ਈਹਦਾ।” ਚਰੰਜੀ ਲਾਲ ਨੇ ਪਿਆਲੀ ਜ਼ਮੀਨ ਉੱਤੇ ਸੁੱਟ ਦਿੱਤੀ ਤੇ ਵਾਪਸ ਚਲਾ ਗਿਆ।
ਇਕ ਚੀਕ ਮਾਰ ਕੇ ਪਿਆਲੀ ਦੇ ਕਈ ਟੁਕੜੇ ਹੋ ਗਏ...ਦੂਜੀ ਚੀਕ ਦੂਣੇ ਦੇ ਗਲ਼ ਵਿਚ ਫਸੀ ਰਹਿ ਗਈ। ਆਟੇ ਨਾਲ ਲਿੱਬੜੇ ਹੋਏ ਹੱਥਾਂ ਨਾਲ ਉਸਨੇ ਪਿਆਲੀ ਦੇ ਟੁਕੜਿਆਂ ਨੂੰ ਛੂਹਿਆ...ਜਿਵੇਂ ਜਾਂਚ ਕਰ ਰਿਹਾ ਹੋਏ ਕਿ ਸ਼ਾਇਦ ਉਸ ਵਿਚ ਅਜੇ ਵੀ ਜਾਨ ਬਾਕੀ ਹੈ।
“ਰੋ ਨਾ ਲੱਲਾ, ਮੈਂ ਤੈਨੂੰ ਪਿਆਲੀ ਆਟੇ ਨਾਲ ਜੋੜ ਦਿਆਂਗਾ।”
ਪੀਰੂ ਮੀਆਂ ਨੇ ਉਸਨੂੰ ਦਿਲਾਸਾ ਦਿੱਤਾ। ਦੂਣਾ ਦੌੜ ਗਿਆ ਤੇ ਬਾਣੀਏਂ ਦੀ ਹੱਟੀ ਤੋਂ ਕਣਕ ਦਾ ਆਟਾ ਮੰਗ ਲਿਆਇਆ। ਪੀਰੂ ਮੀਆਂ ਆਟਾ ਘੋਲ ਕੇ ਉਸ ਨਾਲ ਪਿਆਲੀ ਦੇ ਟੁੱਕੜੇ ਜੋੜਨ ਲੱਗੇ। ਮਿੰਟਾਂ ਵਿਚ ਪਿਆਲੀ ਜੁੜ ਗਈ ਤੇ ਬਿਲਕੁਲ ਨਵੀਂ ਲੱਗਣ ਲੱਗ ਪਈ—ਜੇ ਗੌਰ ਨਾਲ ਨਾ ਦੇਖੋ ਤਾਂ ਜੋੜ ਵੀ ਨਹੀਂ ਸਨ ਦਿਸਦੇ।
“ਜਾਹ ਰੱਖ ਆ ਵਿਹੜੇ ਵਿਚ ਲੱਲਾ।” ਤੇ ਲੱਲਾ ਨੇ ਬੋਚ ਕੇ ਪਿਆਲੀ ਨੂੰ ਚੁੱਕਿਆ ਤੇ ਬਾਹਰ ਧੁੱਪ ਵਿਚ ਰੱਖ ਦਿੱਤਾ। ਰੋਟੀ ਖਾਂਦਾ ਹੋਇਆ ਵੀ ਉਹ ਇਕਟੱਕ ਪਿਆਲੀ ਵੱਲ ਦੇਖ ਰਿਹਾ ਸੀ। ਫੇਰ ਜਾ ਕੇ ਉਸਦੇ ਕੋਲ ਬੈਠ ਗਿਆ ਤੇ ਉਸਦੇ ਸੁੱਕਣ ਦੀ ਉਡੀਕ ਕਰਨ ਲੱਗਾ। ਦੁੜੰਗੇ ਮਾਰਦੀ ਹੋਈ ਰਾਤ ਆ ਪਹੁੰਚੀ। ਕਈ ਵਾਰੀ ਬੁਲਾਉਣ ਪਿੱਛੋਂ, ਬੜੀ ਮੁਸ਼ਕਿਲ ਨਾਲ ਅਖੀਰ ਦੂਣਾ ਅੰਦਰ ਆਇਆ। ਉਹ ਤਾਂ ਪਿਆਲੀ ਨੂੰ ਵੀ ਨਾਲ ਹੀ ਲਿਆਉਣਾ ਚਾਹੁੰਦਾ ਸੀ, ਪਰ ਪੀਰੂ ਮੀਆਂ ਨੇ ਸਮਝਾਇਆ ਕਿ ਅਗਲੇ ਦਿਨ ਦੀ ਧੁੱਪ ਲੱਗ ਲੈਣ ਦਿੱਤੀ ਜਾਏ; ਅਜੇ ਜੋੜ ਕੱਚੇ ਹੋਣਗੇ...ਹਿਲਾਇਆਂ-ਡੁਲਾਇਆਂ ਖੁੱਲ੍ਹ ਜਾਣਗੇ।
ਅੰਤਾਂ ਦੀ ਠੰਡ ਸੀ। ਬਰਫ਼ ਦੀਆਂ ਸਲਾਖਾਂ ਪਿੰਡੇ 'ਚੋਂ ਪਾਰ ਹੁੰਦੀਆਂ ਜਾਪਦੀਆਂ ਸਨ। ਗਰਮੀਆਂ ਵਿਚ ਤਾਂ ਛੱਪੜ ਵਿਚ ਟੁੱਭੀ ਲਾ ਆਓ; ਏਅਰ-ਕੰਡੀਸ਼ਨ ਬਣ ਜਾਂਦਾ ਹੈ। ਪਰ ਇਹ ਪਾਲਾ, ਪਾਲਾ ਖ਼ੁਦਾ ਨੇ ਸਿਰਫ ਇਨਸਾਨ ਨੂੰ ਅਜ਼ਾਬ ਦੋਜ਼ਖ਼ (ਨਰਕ ਦੇ ਕਸ਼ਟ) ਨੂੰ ਯਾਦ ਰੱਖਣ ਲਈ ਭੇਜਿਆ ਹੋਏਗਾ। ਸੂਰਜ ਦੀ ਅੰਗੀਠੀ ਜਦੋਂ ਤਕ ਮਘਦੀ ਰਹਿੰਦੀ ਹੈ, ਜ਼ਿੰਦਗੀ ਸੁੱਖਾਂ ਦਾ ਭੰਗੂੜਾ ਝੂਟਦੀ ਰਹਿੰਦੀ ਹੈ। ਪਰ ਚਾਰ ਵਜੇ ਤੋਂ ਬਾਅਦ ਹੀ ਸੂਰਜ ਦਮ ਤੋੜਨ ਲੱਗ ਪੈਂਦਾ ਹੈ। ਧੁੱਪ ਹੁੰਦੀ ਹੈ ਪਰ ਠਰੀ-ਠਰੀ ਜਿਹੀ। ਫੇਰ ਹਵਾਵਾਂ ਘੋੜੇ ਚੜ੍ਹਦੀਆਂ ਨੇ, ਹਰ  ਮੁਸਾਮ ਵਿਚ ਬਰਫ਼ ਦੀਆਂ ਸੂਈਆਂ ਪੁਰਣ ਲੱਗ ਪੈਂਦੀਆਂ ਨੇ ਤੇ ਹੱਡਾਂ ਤਕ ਧਸ ਜਾਂਦੀਆਂ ਨੇ। ਲੱਗਦਾ ਹੈ, ਨੱਕ ਚਿਹਰੇ ਨਾਲ ਹੈ ਹੀ ਨਹੀਂ।...ਤੇ ਜੇ ਹੈ ਵੀ ਤਾਂ ਕੁਝ ਚਿਰ ਵਿਚ ਹੀ ਬਰਫ਼ ਦੀ ਡਲੀ ਬਣ ਕੇ ਹੇਠਾਂ ਡਿੱਗ ਪਵੇਗੀ। ਪਾਣੀ ਬਿੱਛੂ ਵਾਂਗ ਡੰਗ ਮਾਰਦਾ ਹੈ।  
ਅਗਲੀ ਸਵੇਰ ਪੀਰੂ ਮੀਆਂ ਦੀ ਅੱਖ ਖੁੱਲ੍ਹੀ ਤਾਂ ਦੂਣਾ ਗਾਇਬ ਸੀ। ਬਾਹਰ ਮੀਂਹ ਪੈ ਰਿਹਾ ਸੀ, ਦਰਵਾਜ਼ਾ ਖੁੱਲ੍ਹਾ ਸੀ, “ਐਨੇ ਮੀਂਹ 'ਚ ਕਿੱਧਰ ਨਿਕਲ ਗਿਆ ਮਲੈਛ; ਟੱਟੀ ਗਿਆ ਹੋਣੈ। ਬਾਹਰ ਜਾਣ ਦੀ ਕੀ ਲੋੜ  ਸੀ...ਜਿੱਥੇ ਜਾਨਵਰਾਂ ਨੇ ਐਨਾ ਗੰਦ ਮਾਰਿਆ ਹੋਇਆ ਆ, ਥੋੜਾ ਹੋਰ ਹੋ ਜਾਂਦਾ...।”
“ਦੂਣਿਆਂ, ਦੂਣਿਆਂ ਓਇ।” ਉਸ ਨੇ ਆਵਾਜ ਮਾਰੀ। ਫੇਰ ਉਸਦਾ ਦਿਲ ਧੜਕਣ ਲੱਗਾ, ਛੱਪੜ ਕੋਲ ਕੋਈ ਕਾਲੀ ਜਿਹੀ ਸ਼ੈ ਪਈ ਦਿਸੀ...ਕੋਈ ਬੱਕਰੀ ਮਰ ਗਈ ਹੋਏਗੀ। ਰਾਤੀਂ, ਬਾਹਰ ਰਹਿ ਗਈ ਹੋਏਗੀ! ਪਰ ਦਿਲ ਨਾ ਮੰਨਿਆਂ। ਬੋਰੀ ਉੱਤੇ ਲੈ ਕੇ ਉਹ ਉਸ ਕਾਲੀ ਸ਼ੈ ਵਲ ਤੁਰ ਪਿਆ।
ਦੂਣਾ ਕੁੰਡੇ ਵਾਂਗ ਮੁੜਿਆ ਪਿਆ ਸੀ। ਉਸਦੇ ਨੱਕ ਵਿਚੋਂ ਲਹੂ ਵਗ ਕੇ ਜੰਮ ਗਿਆ ਸੀ। ਹੱਥਾਂ ਵਿਚ ਆਟੇ ਨਾਲ ਜੋੜੀ ਪਿਆਲੀ ਦੇ ਟੁੱਕੜੇ ਹੁਣ ਤਕ ਫੜ੍ਹੇ ਹੋਏ ਸਨ...ਉਸਦੇ ਜੋੜ ਖੁੱਲ੍ਹ ਚੁੱਕੇ ਸਨ। ਉਸ ਨੇ ਉਸਨੂੰ ਚੁੱਕਣਾ ਚਾਹਿਆ ਪਰ ਉਹ ਆਕੜਿਆ ਪਿਆ ਸੀ। ਉਸਨੇ ਬੋਰੀ ਲਾਹ ਕੇ ਉਸ ਉੱਤੇ ਪਾ ਦਿੱਤੀ।
ਦੁਪਹਿਰ ਤੱਕ ਮੀਂਹ ਰੁਕ ਗਿਆ ਤੇ ਧੁੱਪ ਵੀ ਨਿਕਲ ਆਈ।
ਤੇ ਜਦੋਂ ਦੂਣੇ ਨੂੰ ਅੱਗ ਦਿੱਤੀ ਜਾ ਰਹੀ ਸੀ, ਪੀਰੂ ਮੀਆਂ ਦੂਜੇ ਪਾਸੇ ਮੂੰਹ ਕਰਕੇ ਕੰਧ ਨਾਲ ਲੱਗਿਆ ਬੈਠਾ ਸੀ। ਚਿਤਾ ਦਾ ਮੱਠਾ-ਮੱਠਾ ਸੇਕ ਉਸ ਤਕ ਪਹੁੰਚ ਰਿਹਾ ਸੀ...ਜਿਵੇਂ ਦੂਣਾ ਉਸਨੂੰ ਆਪਣਾ ਆਖ਼ਰੀ ਨਿੱਘ ਦੇ ਰਿਹਾ ਹੋਏ।
ਦੂਰੋਂ ਉਸਨੂੰ ਦੇਖ ਕੇ ਇੰਜ ਜਾਪਦਾ ਸੀ ਜਿਵੇਂ ਕੋਈ ਮੈਲੀ ਜਿਹੀ, ਚਾਹ ਵਾਲੀ ਖ਼ਾਲੀ ਪਿਆਲੀ ਕੰਧ ਕੋਲ ਪਈ ਹੋਈ ਹੈ—ਜਿਸਦਾ ਕੁੰਡਾ ਟੁੱਟਿਆ ਹੋਇਆ ਹੈ।

    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.

Monday, September 13, 2010

ਤੁਮ ਪੇ ਜਾਂ ਨਿਸਾਰ ਜਿੱਨਾਹ...:: ਲੇਖਕਾ : ਮਰਿਦੁਲਾ ਗਰਗ



ਹਿੰਦੀ ਵਿਅੰਗ :
ਤੁਮ ਪੇ ਜਾਂ ਨਿਸਾਰ ਜਿੱਨਾਹ...
ਲੇਖਕਾ : ਮਰਿਦੁਲਾ ਗਰਗ : ਸੰਪਰਕ :-01129222140.
ਅਨੁਵਾਦ : ਮਹਿੰਦਰ ਬੇਦੀ ਜੈਤੋ


ਅੱਜ ਕੱਲ੍ਹ ਇਕ ਨਵਾਂ ਕੌਮੀ ਤਰਾਣਾ ਮੁਲਕ ਦੀ ਫਿਜ਼ਾ ਵਿਚ ਤੈਰ ਰਿਹਾ ਹੈ। ਸੁਰ ਹੈਨ—ਆਹ ਜਿੱਨਾਹ, ਵਾਹ-ਹੇ ਜਿੱਨਾਹ! ਨੇਕ ਦਿਲ ਜਿੱਨਾਹ! ਪਾਕ ਇਰਾਦਤ ਜਿੱਨਾਹ! ਤੁਮ ਪੇ ਜਾਂ ਨਿਸਾਰ ਜਿੱਨਾਹ! ਹਾਏ ਜਿੱਨਾਹ, ਵਾਹ-ਹੇ ਜਿੱਨਾਹ।
ਕੋਈ ਪੁੱਛੇ ਬਈ ਸੱਠ ਸਾਲ ਹੋ ਚੁੱਕੇ ਨੇ ਹਿੰਦ ਨਾਲੋਂ ਕੱਟ ਕੇ ਪਾਕਿਸਤਾਨ ਬਣਾਇਆਂ, ਅੱਜ ਤੀਕ ਤਾਂ ਨਾ ਕਿਸੇ ਜਸ ਨੇ ਪੁੱਛਿਆ...ਨਾ ਤਸ ਨੇ; ਯਾਨੀ ਕਿਸੇ ਮੌਜ਼ੂਦਾ ਜਾਂ ਐਕਸ ਮੰਤਰੀ ਨੇ ਨਹੀਂ ਪੁੱਛਿਆ ਕਿ ਮੁਲਕ ਦੀ ਵੰਡ ਦੀ ਤੋਹਮਤ ਜਿੱਨਾਹ ਦੇ ਸਿਰ ਮੜ੍ਹੀ ਜਾਵੇ ਕਿ ਨਾ?...ਜੀ-ਹਾਂ! ਪਰ ਆਪਣੇ ਮੁਲਕ ਵਿਚ ਗੱਲਾਂ ਉਦੋਂ ਈ ਉਡਦੀਆਂ ਨੇ ਜਦੋਂ ਮੰਤਰੀ ਉਡਾਉਂਦੇ ਨੇ।
ਆਮ ਆਦਮੀ ਤਾਂ ਜਾਣਦਾ ਈ ਸੀ ਸਾਰੇ ਮਸਲੇ ਬਾਰੇ...ਇਕ ਅਰਸੇ ਜਾਂ ਸ਼ੁਰੂ ਤੋਂ ਪਹਿਲਾਂ ਦਾ ਹੀ। ਸਭ ਕੁਝ ਸਾਡੀਆਂ ਅੱਖਾਂ ਸਾਹਵੇਂ ਜੋ ਵਾਪਰਿਆ ਸੀ? ਕੌਣ ਨਹੀਂ ਜਾਣਦਾ ਕਿ ਸੱਤਾ ਦੀ ਇਕ ਤਿੱਕੜੀ ਹੁੰਦੀ ਸੀ—ਨਹਿਰੂ, ਮਾਊਂਟਬੇਟਨ ਤੇ ਪਟੇਲ ਦੀ ਤਿੱਕੜੀ, ਤੇ ਇਕ ਸੀ ਜਿੱਨਾਹ। ਰਲਾਅ-ਮਿਲਾਅ ਕੇ ਬਣ ਗਈ ਚੌਕੜੀ। ਉਹਨਾਂ ਦੀ ਨਾ ਬਣੀ ਹੁੰਦੀ ਤਾਂ ਹੋਰਾਂ ਦੀ ਬਣ ਗਈ ਹੁੰਦੀ, ਆਮ ਆਦਮੀ ਨੂੰ ਕੀ ਫਰਕ ਪੈਣਾ ਸੀ...ਉਸਦਾ ਕੰਮ ਹੈ, ਫਰਕ ਦੇਖਣਾ ਤੇ ਨੋਟ ਕਰਦੇ ਰਹਿਣਾ। ਖ਼ੈਰ! ਅੱਗੇ ਚੱਲੋ, ਦਰਅਸਲ, ਓਹਨੀਂ ਦਿਨੀ ਜਦੋਂ ਭਾਰਤ ਦੀ ਆਜ਼ਾਦੀ ਦੀ ਚਰਚਾ ਛਿੱੜੀ ਹੋਈ ਸੀ—ਗਾਂਧੀ ਜੀ ਦੀ ਛਤਰ-ਛਾਇਆ ਹੇਠ ਤਿੱਕੜੀ ਨਹੀਂ, ਦੁੱਕੜੀ ਹੀ ਹੁੰਦੀ ਸੀ...ਨਹਿਰੂ ਤੇ ਮਾਊਂਟਬੇਟਨ ਦੀ। ਪਟੇਲ ਸੀ, ਫੁੱਲਾਂ ਵਿਚਕਾਰ ਕੰਡਾ; ਜਿਵੇਂ ਜਿੱਨਾਹ। ਯਾਨੀ, ਦੋ ਫੁੱਲ, ਦੋ ਕੰਡੇ। ਕਦੀ ਨਹਿਰੂ ਨੇ ਆਪਣੇ ਤੇ ਮਾਊਂਟਬੇਟਨ ਵਿਚਕਾਰ ਖੜ੍ਹੀ ਐਡਿਵਨਾ ਮਾਊਂਟਬੇਟਨ ਬਾਰੇ ਕਿਹਾ ਸੀ...'ਦੋ ਕੰਡੇ, ਇਕ ਫੁੱਲ।' ਇਸਨੂੰ ਛੱਡੋ, ਇਹ ਗੱਲ ਹੋ ਗਈ ਰੰਗੀਨ ਮਿਜਾਜ਼ੀ ਦੀ ਜਾਂ ਦਿਲਕਸ਼ ਜਵਾਨੀ ਦੀ। ਦੇਸ਼ ਦੇ ਬਗ਼ੀਚੇ ਦੇ ਮਾਲੀ ਸਨ ਗਾਂਧੀ ਤੇ ਚੌਕੜੀ ਵਿਚ ਸਨ—ਦੋ ਫੁੱਲ ਤੇ ਦੋ ਕੰਡੇ। ਮਾਲੀ ਨੇ ਨਿਰਖਿਆ-ਪਰਖਿਆ ਕਿ ਪਟੇਲ ਦੀ ਚੜ੍ਹੀ ਗੁੱਡੀ ਤਾਂ ਕੱਟੀ ਜਾ ਸਕਦੀ ਹੈ, ਨਹਿਰੂ ਦੇ ਮੁਕਾਬਲੇ...ਪਰ ਜਿੱਨਾਹ ਦੀ ਨਹੀਂ। ਇਸ ਲਈ ਕਿਹਾ ਕਿ ਬਣਨ ਦਿਓ ਜਿੱਨਾਹ ਨੂੰ ਅਖੰਡ-ਹਿੰਦ ਦਾ ਵਜ਼ੀਰੇ-ਆਜ਼ਮ। ਪਛਾਣਨ ਵਿਚ ਰਤਾ ਗ਼ਲਤੀ ਕਰ ਗਏ ਸੀ ਗਾਂਧੀ ਜੀ ਕਿ ਗੱਦੀ-ਨਸ਼ੀਂ ਹੋਣ ਲਈ ਓਨੇ ਹੀ ਕਾਹਲੇ ਸਨ ਨਹਿਰੂ ਵੀ, ਜਿੰਨੇ ਜਿੱਨਾਹ।
ਉਹਨਾਂ ਨੂੰ ਲੱਗਿਆ, ਸਭ ਨੇ ਮੰਨ ਲਿਆ ਏ ਕਿ ਸੱਤਾ ਦੀ ਰਾਹ ਉੱਤੇ ਵਿਛੇ ਫੁੱਲਾਂ ਵਿਚ ਇਕ ਕੰਡਾ ਹੈ ਜਿੱਨਾਹ। ਜਦੋਂ ਤੀਕ ਕੱਢਿਆ ਨਾ ਗਿਆ, ਸੱਤਾ ਉੱਤੇ ਕੋਈ ਕਾਬਜ਼ ਨਹੀਂ ਰਹਿ ਸਕੇਗਾ...ਚੈਨ ਨਾਲ। ਕੱਢਣ ਦਾ ਇਕੋ ਤਰੀਕਾ ਸੀ। ਦੇਸ਼ ਨਿਕਾਲਾ ਦੇ ਦਿਓ; ਪਰ ਇੰਜ ਕਿ ਉਹ ਸਮਝੇ ਆਪਣੀ ਮਰਜ਼ੀ ਨਾਲ ਗਿਆ ਏ ਮੁਲਕ ਛੱਡ ਕੇ। ਤਮਾਸ਼ਾ ਦੇਖ ਰਹੀ ਜਨਤਾ ਵੀ ਇਵੇਂ ਸਮਝੇ। ਤੇ ਇੰਜ ਤਦੇ ਹੋ ਸਕਦਾ ਸੀ ਜਦ ਜਿੱਨਾਹ ਨੂੰ ਖੜ੍ਹਾ ਦੇਖਦੇ ਨਹਿਰੂ ਦੇ ਬਰਾਬਰ...ਬਾਕਾਇਦਾ, ਖ਼ੁਦਮੁਖ਼ਤਾਰ ਮੁਲਕ ਦਾ ਸਦਰ ਬਣ ਕੇ। ਇੰਜ ਬਣਿਆ ਪਾਕਿਸਤਾਨ, ਬਾਕਾਇਦਾ।...ਤੇ ਜਿੱਨਾਹ ਬਣੇ ਕਾਇਦੇ-ਆਜ਼ਮ।
ਪਾਕ ਬਣਨ ਤੋਂ ਕੁਝ ਵਰ੍ਹਿਆਂ ਬਾਅਦ ਆਵਾਮ ਨੇ ਸੁਣਿਆ ਕਿ ਪਾਕ ਬਣਨ ਤੋਂ ਪਹਿਲਾਂ ਬਣਨ ਵਾਲੇ ਸੀ ਜਿੱਨ, ਜਿੱਨਾਹ। ਜੇ ਜਿੱਨਾਹ ਨੇ ਉਦੋਂ ਦੱਸਿਆ ਹੁੰਦਾ ਜਾਂ ਕਿਸੇ ਪੱਕੇ ਇਰਾਦੇ ਵਾਲੇ ਖ਼ੁਫੀਆ ਨੇ ਪਤਾ ਕੀਤਾ ਹੁੰਦਾ ਤਾਂ ਹਿੰਦੁਸਤਾਨ ਦੀ ਆਜ਼ਾਦੀ ਏਨੀ ਜਲਦਬਾਜ਼ੀ ਵਿਚ, ਚੋਰੀ ਛਿੱਪੇ, ਅੱਧੀ ਰਾਤ ਨੂੰ ਨਾ ਆਈ ਹੁੰਦੀ। ਕੁਝ ਦਿਨ ਟਲੀ ਰਹਿੰਦੀ। ਜਲਦਬਾਜ਼ੀ ਦਾ ਕਾਰਣ ਸਿਰਫ ਏਨਾ ਕੁ ਸੀ ਨਾ, ਕਿ ਮਾਊਂਟਬੇਟਨ ਚਾਹੁੰਦੇ ਸਨ ਕਿ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਦਾ ਸਿਹਰਾ ਉਹਨਾਂ ਦੇ ਸਿਰ ਵੱਝੇ। ਉਹਨਾਂ ਦੇ ਵਾਇਸਰਾਏ ਰਹਿੰਦਿਆਂ ਹੋਏਗਾ, ਜੇ ਹਿੰਦ ਆਜ਼ਾਦ ਹੁੰਦਾ ਈ ਤਾਂਹੀਤਾਂ ਰਚ ਸਕਦੇ ਸੀ ਯਕਦਮ ਨਵਾਂ ਇਤਿਹਾਸ...ਕਿ ਗ਼ੁਲਾਮ ਤੋਂ ਆਜ਼ਾਦ ਹੋਏ ਮੁਲਕ ਨੇ ਆਪਣੀ ਮਰਜ਼ੀ ਨਾਲ, ਇਕ ਗ਼ੈਰਮੁਲਕੀ ਹਕੂਮਤ ਦੇ ਨੁਮਾਇੰਦੇ ਨੂੰ ਆਪਣਾ ਸਦਰ ਚੁਣ ਲਿਆ ਏ-ਜੀ। ਗਿਨੀਜ਼ ਰਿਕਾਰਡ ਬੁੱਕ ਵਿਚ ਆਉਣ ਲਈ ਬੰਦਾ ਕੀ ਨਹੀਂ ਕਰ ਸਕਦਾ? ਸੋ, ਤੁਰਤ-ਫੁਰਤ ਕੀਤਾ ਹਿੰਦ ਦੀ ਵੰਡ ਨੂੰ ਮੰਜ਼ੂਰ ਤੇ ਹੋ ਗਿਆ ਚੌਕੜੀ ਦਾ ਕਲਿਆਣ। ਇਕ ਬਣਿਆ ਸਦਰ, ਇਕ ਵਜੀਰੇ-ਆਜ਼ਮ, ਇਕ ਵਜੀਰ ਤੇ ਇਕ ਕਾਇਦੇ-ਆਜ਼ਮ। ਪਤਾ ਹੁੰਦਾ ਕਿ ਕੁਛ ਦਿਨ ਬਾਅਦ ਹੋਣ ਵਾਲਾ ਹੈ ਜਿੱਨਾਹ ਦਾ ਆਖ਼ਰੀ ਕੂਚ ਤਾਂ ਸ਼ਾਇਦ ਏਨੇ ਹਜ਼ਾਰ ਲੋਕਾਂ ਦੇ ਕੂਚ ਤੇ ਕਤਲ ਦੀ ਨੌਬਤ ਨਾ ਆਉਂਦੀ। ਉਹਨਾਂ ਦੇ ਜਾਣ ਪਿੱਛੋਂ ਹਿੰਦ ਆਜ਼ਾਦ ਹੁੰਦਾ। ਲਕੋਈ ਨਾ ਹੁੰਦੀ ਗੱਲ ਜਿੱਨਾਹ ਨੇ ਤਾਂ ਕੀ ਰਹਿੰਦੇ ਹਰਦਿਲ ਅਜ਼ੀਜ ਜਿੱਨਾਹ? ਨਾ ਆਖੇ ਜਾਂਦੇ ਕਾਤਿਲੇ-ਆਜ਼ਮ ਜਿੱਨਾਹ? ਹਾਏ ਜਿੱਨਾਹ, ਵਾਹ-ਹੇ ਜਿੱਨਾਹ?
ਆਜ਼ਾਦ ਹੋਣ ਪਿੱਛੋਂ ਕੁਛ ਸਮੇਂ ਲਈ ਜਿੱਨਾਹ ਅਣਵੰਡੇ-ਹਿੰਦ ਦੇ ਵਜੀਰੇ-ਆਜ਼ਮ ਬਣੇ ਰਹਿੰਦੇ, ਫੇਰ ਵਾਗਡੋਰ ਨਹਿਰੂ ਦੇ ਹੱਥਾਂ ਵਿਚ ਆ ਜਾਂਦੀ। ਪਰ ਜੇ ਸੱਤਾ ਹੱਥ ਵਿਚ ਆਉਣ ਪਿੱਛੋਂ ਹੋਣੀ ਨੂੰ ਘਚਾਲੀ ਦੇ ਕੇ ਜਿੱਨਾਹ ਜਾਨ-ਲੇਵਾ ਬਿਮਾਰੀ ਨੂੰ ਅੰਗੂਠਾ ਵਿਖਾਅ ਦੇਂਦੇ ਤੇ ਬਣੇ ਰਹਿੰਦੇ ਵਜੀਰੇ-ਆਜ਼ਮ 1964 ਤੀਕ?...ਫੇਰ ਕੀ ਬਣਦਾ ਬਾਕੀ ਦੀ ਚੌਕੜੀ ਦਾ? ਐਨਾ ਵੱਡਾ ਖਤਰਾ ਮੁੱਲ ਲੈਣ ਨੂੰ ਕੋਈ ਵੀ ਤਿਆਰ ਹੋਣ ਵਾਲਾ ਹੈ ਨਹੀਂ ਸੀ...ਸੋ ਜੋ ਹੋਣਾ ਸੀ, ਉਹੀ ਹੋਇਆ।
ਸਾਡੇ ਵਰਗੇ ਤਮਾਸ਼ਬੀਨ ਕਿਸਮ ਦੇ ਆਮ ਆਦਮੀ ਦਾ ਦੂਜਾ ਸਵਾਲ ਇਹ ਹੈ ਕਿ ਮੰਨ ਲਓ ਨਾ ਹੁੰਦੀ ਮੁਲਕ ਦੀ ਵੰਡ, ਕੀ ਫੇਰ ਵੀ ਹੁੰਦੀ ਹਿੰਦ ਵਿਚ ਮਾਰ-ਕਾਟ ਓਵੇਂ ਹੀ, ਜਿਵੇਂ ਪਹਿਲਾਂ ਹੋਈ ਤੇ ਫੇਰ ਅਨੇਕਾਂ ਵਾਰੀ ਫੇਰ ਹੋਈ? ਲੱਗਦਾ ਤਾਂ ਇਹੋ ਹੈ। ਸਾਡੀ ਜਾਨ ਦਾ ਖੌਅ ਉਹੀ ਮਸਲਾ ਹੈ, ਕਿਉਂ ਹੋਇਆ ਕਤਲੇਆਮ ਵੰਡ ਪਿੱਛੋਂ, ਦੋਵਾਂ ਮੁਲਕਾਂ ਵਿਚ? ਕਿਉਂ ਕਰਨਾ ਪਿਆ ਕੂਚ ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਤੇ ਕਿਉਂ ਛੱਡਣੇ ਪਏ ਆਪਣੇ ਘਰ-ਬਾਰ—ਜਦੋਂ ਕਿ ਦੋਹਾਂ ਮੁਲਕਾਂ ਦੇ ਕਾਇਦੇ-ਆਜ਼ਮ ਕਹਿ ਰਹੇ ਸਨ, ਕਿਸੇ ਕੌਮ ਨਾਲ ਉਹਨਾਂ ਦੀ ਦੁਸ਼ਮਣੀ ਨਹੀਂ?
ਇਸ ਬੁਝਾਰਤ ਦਾ ਹੱਲ ਨਾ ਨਹਿਰੂ ਨੇ ਕੱਢਿਆ, ਨਾ ਜਿੱਨਾਹ ਨੇ...ਪਰ ਕੱਢਣ ਲਗੇ ਨੇ ਜਸਵੰਤ ਭਾਈ, ਤਦੇ ਤਾਂ ਜਿੱਨਾਹ ਦੀ ਕੱਟੜਪੰਥੀ ਦੀ ਜਗ੍ਹਾ ਉਦਾਰਤਾ ਬਾਰੇ ਓਦੋਂ ਤੀਕ ਨਹੀਂ ਬੋਲੇ, ਜਦੋਂ ਤੀਕ ਖ਼ੁਦ ਮੰਤਰੀ ਰਹੇ—ਰੁਕ ਨਾ ਜਾਏ ਕਿਤੇ ਨਫ਼ਰਤ ਦੀ ਰਾਜਨੀਤੀ ਦਾ ਰਥ, ਜਿਸ ਦੇ ਬਲ ਤੇ ਖਾਂਦੇ ਸੀ ਮੰਡੇ, ਹੁਣ ਸਿਰਫ ਰਹਿ ਗਏ ਲਿਖਾਰੀ ਤਾਂ ਲਿਖਣਾ-ਕਹਿਣਾ ਪਿਆ ਕੁਛ ਐਸਾ ਕਿ ਕਿਤਾਬ ਵਿਕੇ। ਪਰ ਬੜੀ ਦੇਰ ਕਰ ਦਿੱਤੀ ਦਿਲਬਰ ਜਾਨੀ, ਕੀ ਕਰੀਏ ਅਸੀਂ ਇਸ ਬਾਸੀ ਕੜ੍ਹੀ ਦਾ? ਸਾਡੇ ਲਈ ਅਸਲ ਮੁੱਦਾ ਇਹ ਨਹੀਂ ਕਿ ਵੰਡ ਕਰਵਾਈ ਕਿਸ ਨੇਤਾ ਨੇ ਸੀ, ਸਾਡੇ ਲਈ ਹਰ ਨੇਤਾ ਬਸ ਨੇਤਾ ਸੀ, ਨੇਤਾ ਹੈ। ਪਰ ਵਹਿਸ਼ੀ ਬਣ ਕੇ ਕਤਲ ਕੀਤੇ ਕਿਉਂ ਆਮ ਆਦਮੀ ਨੇ, ਉਹ ਮਸਲਾ ਸਾਡੇ ਹਿੰਦੁਸਤਾਨੀਆਂ ਲਈ ਨਸਾਂ ਨੂੰ ਤਿੜਕਾਅ ਦੇਣ ਵਾਲਾ ਹੈ। ਜੋ ਹੋਇਆ ਇਕ ਵਾਰੀ...ਕਿਉਂ ਹੁੰਦਾ ਰਿਹਾ ਹੈ ਵਾਰੀ-ਵਾਰੀ? ਜਵਾਬ ਨਾ ਮਿਲਿਆ ਤਾਂ ਹੁੰਦਾ ਰਹੇਗਾ ਵਾਰੋ-ਵਾਰੀ।
ਬਸ ਏਨੀ ਕੁ ਗੱਲ ਅਸੀਂ ਸਮਝੇ ਹਾਂ ਕਿ ਕਿਉਂ ਲਿਖੀ ਗਈ ਇਹ ਕਿਤਾਬ ਅੰਗਰੇਜ਼ੀ ਵਿਚ...ਕਿ ਇੱਥੋਂ ਵਾਲਿਆਂ ਨੂੰ ਮਾਰੋ ਗੋਲੀ, ਓਥੇ ਤਾਂ ਸਨਸਨੀ ਫੈਲ ਜਾਏਗੀ ਨਾ ਕੁਛ, ਜਿੱਥੇ ਛਪੀ ਹੈ ਕਿਤਾਬ। ਆਪਣੇ ਲੋਕ ਏਨਾਂ ਕੁ ਹੱਥ ਤਾਂ ਵੰਡਾਉਣਗੇ ਹੀ ਕਿ ਬੈਨ (ਰੋਕ) ਲਾ ਦੇਣਗੇ ਕਿਤਾਬ ਉੱਪਰ। ਉਹਨਾਂ ਲੋਕਾਂ ਨੂੰ ਲਲਚਾਉਣ ਲਈ ਕਾਫੀ ਹੋਵੇਗਾ, ਜਿਹੜੇ ਹੈਨ ਆਜ਼ਾਦੀ ਤੋਂ ਦੋ ਪੀੜ੍ਹੀਆਂ ਬਾਅਦ ਪੈਦਾ ਹੋਏ, ਤੇ ਜਾਣਨਾ ਚਾਹੁੰਦੇ ਨੇ ਇਤਿਹਾਸ ਦੇ ਸੱਚ ਨੂੰ—ਪਰ ਬਿਨਾਂ ਚਟਖ਼ਾਰਾ ਲਿਆਂ ਜਾਂ ਸਨਸਨੀ ਦੇ ਨਹੀਂ। ਮੰਨ ਗਏ ਜਸ ਤੈਨੂੰ ਕਿ ਕੜ੍ਹੀ ਬਾਸੀ ਭਾਵੇਂ ਹੋਵੇ, ਪਰ ਤੜਕਾ-ਫੜਕਾ ਚੰਗਾ ਲਾਇਆ ਈ, ਬੇਹਦ ਚਟਖ਼ਾਰੇਦਾਰ। ਅਰਸੇ ਬਾਅਦ ਇਹ ਤੈਂ...

ਹਾਏ!
ਉਨਹੇਂ ਰੁਸਵਾਈ ਸੇ ਕਿਆ ਉਬਾਰਾ,
ਬਣ ਗਏ ਤੁਮ ਦੁਨੀਆਂ ਮੇਂ ਨੂਰ!

ਜਿਹੜਾ ਵਿਕ ਜਾਏ ਉਹੀ ਜਿੱਨਾਹ...ਹਾਏ ਜਿੱਨਾਹ, ਵਾਹ-ਹੇ ਜਿੱਨਾਹ।

Friday, September 10, 2010

ਆਸਮਾਨ ਦੇ ਥੰਮ੍ਹਲੇ...:: ਲੇਖਕ : ਰਾਜੇਂਦਰ ਭੱਟ

ਹਿੰਦੀ ਕਹਾਣੀ :
ਆਸਮਾਨ ਦੇ ਥੰਮ੍ਹਲੇ
ਲੇਖਕ : ਰਾਜੇਂਦਰ ਭੱਟ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਓਂਕਾਰ ਦਾ ਇਰਾਦ ਬਿਲਕੁਲ ਪੱਕਾ ਹੈ ਅੱਜ...ਬਸ, ਨਿੰਮੀ ਕੋਲ ਜਾਏਗਾ ਅਤੇ ਬਿਨਾਂ ਕਿਸੇ ਭੂਮਿਕਾ ਦੇ…
ਭੂਮਿਕਾ ? ਭਲਾ ਕਿਸ ਗੱਲ ਦੀ ? ਐਨੇ ਦਿਨਾਂ ਦਾ ਜੋ ਕੁਝ ਹੋ ਰਿਹੈ, ਜਿੰਨਾਂ ਮਰਿਆ-ਖਪਿਆ ਏ ਉਹ...ਉਹੀ ਕਿਸ ਭੂਮਿਕਾ ਨਾਲੋਂ ਘੱਟ ਹੈ ? ਇਹੀ ਇਕ ਕਮੀ ਹੈ ਓਂਕਾਰ ਵਿਚ...ਉਮਰ-ਭਰ, ਬਸ, ਭੂਮਿਕਾ ਦੇ ਚੱਕਰ ਕੱਟਦਾ ਰਿਹਾ। ਉਸ ਤੋਂ ਪਿੱਛੋਂ ਆਏ—ਸਾਰੇ ਪਾਤਰ; ਸਾਰੇ ਲੋਕ—ਇਕ ਭਰਪੂਰ ਜੀਵਨ ਹੰਢਾ ਕੇ ਤੁਰਦੇ ਬਣੇ। ਤੇ ਉਹ—ਹਮੇਸ਼ਾ ਭੂਮਿਕਾ ਵਾਂਗੂੰ ਹੀ—ਸਭ ਤੋਂ ਮੂਹਰੇ, ਸਭ ਤੋਂ ਸ਼ਾਨਦਾਰ, ਪਰ ਹਰੇਕ ਪੱਖ ਤੋਂ ਕੋਰਾ ਤੇ ਫਾਡੀ ਹੀ ਰਿਹਾ। ਉਂਜ ਵੀ ਕਹਾਣੀ ਦੇ ਸ਼ੁਰੂ ਹੋ ਜਾਣ ਪਿੱਛੋਂ, ਭੂਮਿਕਾ ਦੀ ਲੋੜ ਵੀ ਕੀ ਹੁੰਦੀ ਹੈ? ਕੌਣ ਯਾਦ ਰੱਖਦਾ ਹੈ ਉਸਨੂੰ?
ਸੱਚ, ਓਂਕਾਰ ਨੂੰ ਵੀ ਕਦ...ਕਿਸ...ਕਿੱਥੇ...ਯਾਦ ਰੱਖਿਆ ਹੈ? ਲੋਕਾਂ ਵਿਚ ਉਸਦਾ ਪ੍ਰਵੇਸ਼—ਪਹਿਲਾ ਸ਼ਾਨਦਾਰ ਧਮਾਕਾ, ਇਕ ਜ਼ਬਰਦਸਤ ਅਕਰਖ਼ਣ...ਤੇ ਬਸ, ਏਨਾ ਹੀ—ਫੇਰ ਲੋਕ ਆਪਸੀ ਸਮੀਕਰਨ ਜੋੜ ਲੈਂਦੇ ਸਨ। ਕਹਾਣੀਆਂ ਅੱਗੇ ਤੁਰ ਪੈਂਦੀਆਂ ਸਨ ਤੇ ਪਿੱਛੇ ਰਹਿ ਜਾਂਦਾ ਸੀ...ਬਸ, 'ਕੱਲਾ-'ਕਲਾਪਾ ਓਂਕਾਰ, ਨਿਰੀ ਭੂਮਿਕਾ ਵਾਂਗਰ।
ਇਸ ਕਰਕੇ ਨਾ ਕਿ ਕਹਾਣੀ ਵਿਚਲੇ ਕਿਸੇ ਸਮੀਕਰਨ ਦਾ ਹਿੱਸਾ ਬਣਨ ਵਾਸਤੇ, ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਕਿਸੇ ਹੋਰ ਦਾ ਹਿੱਸਾ ਮਾਰ ਜਾਓ। ਮਤਲਬ ਕਿਸੇ ਨੂੰ ਧਰੀਕ ਕੇ, ਕਿਸੇ ਨੂੰ ਕੂਹਣੀ ਮਾਰ ਕੇ, ਕਿਸੇ ਨੂੰ ਲੱਤ ਅੜਾ ਕੇ...ਹੇਠ ਸੁੱਟੋ ਤੇ ਅਧੂਰੇ ਸਮੀਕਰਨਾਂ ਵਿਚਕਾਰ ਲਟਕ ਰਹੇ, ਵਧ ਤੋਂ ਵਧ, ਪਾਤਰਾਂ ਦੇ ਹਿੱਸੇ ਸਮੇਟ ਲਓ। ਕਮਜ਼ੋਰ ਪਾਤਰ ਨੂੰ ਖਾ ਜਾਓ; ਛਾ ਜਾਓ' ਸਮੁੱਚੀ ਕਹਾਣੀ ਉੱਤੇ...
ਤੇ ਇੰਜ ਕਰਨ ਵਾਸਤੇ ਚਾਹੀਦੀ ਹੁੰਦੀ ਹੈ, ਇਕ ਖਾਸ ਕਿਸਮ ਦੀ ਕੋਝੀ, ਬੇਸ਼ਰਮਾਂ ਵਾਂਗਰ ਸਿੱਧੇ ਘੁਸੜੇ ਆਉਣ ਦੀ ਆਦਤ, ਕਈ ਕੁਝ ਅਸਭਿਅ, ਓਪਰਾ ਤੇ ਰੜਕਵਾਂ ਕਹਿ ਤੇ ਕਰ ਸਕਣ ਵਾਲਾ ਸੁਭਾਅ। ਆਪਣੇ ਸਵਾਰਥਾਂ ਨੂੰ ਚਿੱਟੇ-ਨੰਗੇ ਹੋ ਕੇ ਬਿਆਨ ਕਰ ਸਕਣ ਦਾ ਹੌਸਲਾ।...ਤੇ ਇਹ ਜਾਣਦਿਆਂ ਬੁੱਝਦਿਆਂ ਹੋਇਆਂ ਵੀ ਕਿ ਇੰਜ ਹੋਰਾਂ ਦੇ ਹਿੱਤ, ਹਿਓਂ ਜਾਂ ਦਿਲ ਨੂੰ ਠੇਸ ਪਹੁੰਚ ਰਹੀ ਹੈ...
ਤੇ ਇਹੀ ਤਾਂ ਨਹੀਂ ਕਰ ਸਕਿਆ ਸੀ ਓਂਕਾਰ।...ਤੇ ਭੂਮਿਕਾ ਵਿਚ ਵੀ ਇਹ ਸਭ ਕੁਝ ਕਿੱਥੇ ਦਸਿਆ ਹੁੰਦਾ ਹੈ? ਉਸ ਵਿਚ ਤਾਂ ਹੁੰਦੇ ਹਨ...ਕੁਝ ਆਦਰਸ਼ ਵਾਕ; ਨਿਰਮਲ ਅਤੇ ਖਰੇ-ਖਰੇ ਸ਼ਬਦ; ਦੋਸ਼ ਮੁਕਤ ਸੁਪਨੀਲੇ ਯਥਾਰਥ ਦੀ ਖੋਜ ਦੀ ਪ੍ਰਬਲ ਇੱਛਾ। ਭੂਮਿਕਾ—ਵਿਚਲੀ ਮਾਰ-ਧਾੜ, ਹੋਛੇ ਸਵਾਰਥ ਅਤੇ ਗਲ਼-ਕੱਟ ਪ੍ਰਤੀਯੋਗਤਾ ਨੂੰ ਕੱਜਣ ਵਾਲਾ ਚੋਲਾ ਹੀ ਹੁੰਦਾ ਹੈ ਸਿਰਫ਼।...ਤੇ ਇਹ ਗੱਲ ਬੜੀ ਦੇਰ ਬਾਅਦ ਉਸਦੀ ਸਮਝ ਵਿਚ ਆਈ ਸੀ।
ਕਿਸੇ ਪਾਸੇ ਵੀ ਜੁੜ ਨਹੀਂ ਸਕਿਆ ਸੀ ਉਹ, ਵੇਦਾਂ-ਗਰੰਥਾਂ ਦੀ ਭਾਸ਼ਾ ਬੋਲਦਾ ਰਿਹਾ...ਪਰ ਉਹ ਤਾਂ ਪੂਜਣ ਵਾਸਤੇ ਹੁੰਦੇ ਨੇ ਸਿਰਫ਼! ਜੀਵਨ ਉੱਤੇ ਲਾਗੂ ਕਰਨ ਵਾਸਤੇ ਨਹੀਂ। ਕਿਤੇ ਜੁੜਨ ਜਾਂ ਕਿਸੇ ਦੇ ਅੰਦਰ ਵੜ ਜਾਣ ਵਾਸਤੇ ਵੀ ਤਾਂ ਬੜੇ ਜ਼ਰੂਰੀ ਹੋ ਗਏ ਨੇ ਚਲਾਕ ਤੇ ਹਮਲਾਵਰ ਤੇਵਰ, ਅੱਖਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਤੇ ਗਿਰਝ ਵਾਂਗਰ ਝਪਟਾ ਮਾਰ ਕੇ ਖੋਹ ਲੈ ਜਾਣ ਦੀ ਇੱਛਾ...ਤੇ ਇਹੀ ਤੇਵਰ ਤੇ ਇੱਛਾਵਾਂ ਮਾਨਤਾ ਪ੍ਰਾਪਤ ਵੀ ਹੈਨ, ਅੱਜ ਕੱਲ੍ਹ।
ਹਾਂ, ਅੱਜ ਤੋਂ ਅਜਿਹੇ ਤੇਵਰ ਹੀ ਹੋਣਗੇ ਓਂਕਾਰ ਦੇ। ਸ਼ੁਰੂਆਤ ਲਈ ਨਿੰਮੀ ਠੀਕ ਰਹੇਗੀ। ਨਾਂਹ-ਨੁੱਕਰ ਕਰਨ ਦਾ ਕੋਈ ਮੌਕਾ ਹੀ ਨਹੀਂ ਦਏਗਾ ਉਹ।...ਤੇ ਬਾਅਦ ਵਿਚ ਵੀ ਕੋਈ ਖ਼ਤਰਾ ਨਹੀਂ। ਅਪੰਗ, ਸ਼ਰਾਬੀ, ਟੀ.ਬੀ. ਦੇ ਮਰੀਜ਼, ਅੰਦਰੋਂ ਮਰ ਚੁੱਕੇ ਸੁਹਾਗ ਦਾ ਵੀ ਕੋਈ ਆਸਰਾ ਹੁੰਦਾ ਹੈ?
ਤੇ ਸ਼ਾਇਦ ਇਹੀ ਨਿੰਮੀ ਨੂੰ ਵੀ ਪਸੰਦ ਹੋਏ! ਏਸੇ ਝਪਟਾਮਾਰ ਸ਼ੈਲੀ ਦੀ ਤਾਂ ਕਮੀ ਹੈ ਉਸ ਵਿਚ। ਅੱਜ ਕੱਲ੍ਹ ਸਾਰੇ ਖੂਬਸੂਰਤ ਸ਼ਬਦਾਂ—ਪ੍ਰੇਮ, ਲਾਡ, ਪ੍ਰੀਤ, ਮੋਹ—ਨੂੰ ਸਮਝਾਉਣ ਦਾ ਇਹੀ ਇਕ ਉਚਿੱਤ ਢੰਗ ਰਹਿ ਗਿਆ ਹੈ। ਕੌਣ ਜਾਣੇ, ਨੇੜਤਾ ਦੀ ਇਹੀ ਸ਼ੈਲੀ ਨਿੰਮੀ ਨੂੰ ਵੀ ਪਸੰਦ ਹੋਏ!
ਉਸਨੇ ਨਿੰਮੀ ਦੇ ਖ਼ਿਆਲਾਂ ਨਾਲ ਆਪਣੇ ਆਪ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਫੇਰ—ਸਿਰ ਝਟਕ ਦਿੱਤਾ। ਨਿੰਮੀ ਬਾਰੇ ਜਦੋਂ ਵੀ ਸੋਚਦਾ ਹੈ ਉਹ—ਸਰੀਰ ਦੀ ਹਰ ਰੇਖਾ ਬਾਰੇ ਸੋਚ ਕੇ ਵੀ ਸੋਚ ਨਹੀਂ ਸਕਦਾ। ਹਰ ਵਾਰੀ ਇਕ ਗੋਦ, ਇਕ ਸੁੱਕੜ ਜਿਹਾ ਬੱਚਾ ਤੇ ਸਭ ਉਮੀਦਾਂ ਛੱਡ ਚੁੱਕੀਆਂ ਦੋ ਸਿਥਲ, ਮਜ਼ਬੂਰ ਅੱਖਾਂ—ਮ-ਜ਼-ਬੂ-ਰ! ਪਰ ਅੱਜ ਉਹ ਇਹ ਸਭ ਨਹੀਂ ਸੋਚੇਗਾ। ਮਜ਼ਬੂਰ ਹੈ, ਤਦੇ ਹੀ ਤਾਂ ਉਸਦਾ ਫਾਇਦਾ ਉਠਇਆ ਜਾ ਸਕਦਾ ਹੈ। ਲੋਕ ਮਜ਼ਬੂਰ ਹੁੰਦੇ ਨੇ ਤਾਂ ਹੀ ਤਾਂ ਕੁਝ ਦਿੰਦੇ ਨੇ...ਤੇ ਲੋਕਾਂ ਦੀਆਂ ਮਜ਼ਬੂਰੀਆਂ ਕਰਕੇ ਹੀ ਕੁਝ ਲੋਕ ਕਾਮਯਾਬ ਹੁੰਦੇ ਨੇ, ਜ਼ਿੰਦਗੀ ਵਿਚ। ਇਹੀ ਜ਼ਮਾਨੇ ਦਾ ਅਸੂਲ ਵੀ ਹੈ—ਮਜ਼ਬੂਰ ਦੀ ਮਦਦ ਕਰੋ, ਤੇ ਬਦਲੇ ਵਿਚ ਦੂੱਗਣਾ ਵਸੂਲੋ।
ਬਸ, ਏਥੇ ਹੀ ਓਂਕਾਰ ਮਾਰ ਖਾ ਜਾਂਦਾ ਰਿਹੈ। ਜਦੋਂ ਵੀ ਉਸਨੇ ਮਦਦ ਦੀ ਕੀਮਤ ਵਸੂਲ ਕਰਨ ਬਾਰੇ ਸੋਚਿਆ, ਅਜੀਬ ਜੰਜ਼ੀਰਾਂ ਵਿਚ ਜਕੜਿਆ ਗਿਆ। ਉਸਦੀ ਭਾਵੁਕਤਾ ਨੇ ਉਸਦੇ ਮਨ ਨੂੰ ਝੰਜੋੜ ਸੁੱਟਿਆ ਤੇ ਮਨ ਨੇ ਉਸਨੂੰ ਅਜਿਹਾ ਘੋਰ ਪਾਪ ਕਰਨ ਤੋਂ ਮਨ੍ਹਾਂ ਕਰ ਦਿੱਤਾ, ਹਾਲਾਂਕਿ ਓਂਕਾਰ ਇਹ ਵੀ ਜਾਣਦਾ ਸੀ ਕਿ ਕੱਲ੍ਹ ਜਦੋਂ ਅਜਿਹਾ ਮੌਕਾ ਦੂਜੇ ਨੂੰ ਮਿਲੇਗਾ ਤਾਂ ਉਹ ਇਸਨੂੰ ਚਿਰ-ਸਥਾਈ ਤੇ ਲਾਹੇਵੰਦ ਰੂਪ ਜ਼ਰੂਰ ਦਏਗਾ।...ਤੇ ਉਦੋਂ ਉਸਨੂੰ ਕਿਸੇ ਅਜਨਬੀ ਆਦਮੀ ਵਾਂਗ ਹੀ, ਉਹ ਮਜ਼ਬੂਰ ਅੱਖਾਂ ਵੀ ਭੁਲਾ ਦੇਣਗੀਆਂ। ਇਹ ਵੀ ਜਾਣਦਾ ਹੈ ਉਹ ਕਿ ਉਸਦੀ ਮੰਦਹਾਲੀ ਸਮੇਂ ਲੋਕਾਂ ਨੇ ਹਮੇਸ਼ਾ ਹੀ ਸੂਦਖ਼ੋਰ ਮਹਾਜਨ ਵਾਂਗ ਸਤਾਇਆ ਹੈ ਉਸਨੂੰ। ਪਰ ਫੇਰ ਵੀ, ਚਾਹੁੰਦਾ ਹੋਇਆ ਵੀ, ਓਂਕਾਰ ਇੰਜ ਨਹੀਂ ਕਰ ਸਕੇਗਾ। ਪਰ ਅੱਜ ਉਹ ਆਪਣੀ ਮਨ ਆਈ ਕਰੇਗਾ। ਹੌਲੀ-ਹੌਲੀ ਆਦਤ ਪੈ ਜਾਏਗੀ। ਫੇਰ ਕੋਈ ਤਕਲੀਫ਼ ਨਹੀਂ ਹੋਣੀ।
      --- --- ---
ਇਕ ਮੁੰਡਾ ਹੁੰਦਾ ਸੀ। ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਸੋਚਦਾ ਸੀ—ਛੋਟੀ ਤੋਂ ਛੋਟੀ ਇਮਾਰਤ ਵੀ ਥੰਮ੍ਹਲਿਆਂ 'ਤੇ ਟਿਕੀ ਹੁੰਦੀ ਹੈ, ਪਰ ਐਡਾ ਵੱਡਾ ਆਸਮਾਨ ਬਿਨਾਂ ਥੰਮ੍ਹਾਂ ਦੇ ਹੈ...ਕਦੀ ਵੀ ਡਿੱਗ ਸਕਦੈ। ਉਸਨੂੰ ਰਾਤ ਨੂੰ ਨੀਂਦ ਨਾ ਆਉਂਦੀ—ਜੇ ਕਿਤੇ ਆਸਮਾਨ ਡਿੱਗ ਪਿਆ ਤਾਂ...? ਲੋਕਾਂ ਤੋਂ ਪੁੱਛਦਾ। ਲੋਕੀ ਹੱਸਦੇ। ਪਾਗਲ ਸਮਝਦੇ ਸਨ ਉਸਨੂੰ। ਉਹ ਹੈਰਾਨ ਹੁੰਦਾ ਸੀ ਕਿ ਏਨੇ ਮਹੱਤਵਪੂਰਨ ਸਵਾਲ ਵੱਲੋਂ ਲੋਕ ਅੱਖਾਂ ਕਿੰਜ ਮੀਟੀ ਬੈਠੇ ਨੇ...
ਪਤਾ ਨਹੀਂ ਕਿਉਂ, ਓਂਕਾਰ ਨੂੰ ਬਚਪਨ ਵਿਚ ਮਾਂ ਦੀ ਸੁਣਾਈ, ਇਹ ਕਹਾਣੀ ਯਾਦ ਆ ਜਾਂਦੀ ਹੈ ?
'ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ?'' ਬਚਪਨ ਵਿਚ ਵੀ ਉਹ ਹੈਰਾਨ ਹੋ ਕੇ ਪੁੱਛਦਾ ਹੁੰਦਾ ਸੀ। ਭੈ ਨਾਲ ਕੰਬਣ ਲੱਗ ਪੈਂਦਾ ਸੀ। ਠੀਕ ਤਾਂ ਸੀ, ਬਿਨਾਂ ਥੰਮ੍ਹਾਂ ਦਾ ਆਸਮਾਨ, ਜੇ ਸੱਚਮੁੱਚ ਹੀ ਡਿੱਗ ਪਿਆ ਤਾਂ? ਓਂਕਾਰ ਨੂੰ ਹੁਣ ਇਹ ਯਕੀਨ ਹੋ ਚੱਲਿਆ ਹੈ ਉਸ ਕਹਾਣੀ ਦਾ ਉਹ ਪਾਤਰ ਮੁੰਡਾ, ਕਿਸੇ ਨਾ ਕਿਸੇ ਜਨਮ ਵਿਚ, ਉਹ ਆਪ ਹੀ ਹੋਏਗਾ। ਜਿਸ ਗੱਲ ਬਾਰੇ ਲੋਕ ਸੋਚਦੇ ਤਕ ਨਹੀਂ, ਉਸਦੇ ਭੈ ਨਾਲ ਸੁੱਕਦਾ ਜਾ ਰਿਹਾ ਹੈ ਉਹ।
ਬਚਪਨ ਤੋਂ ਹੀ ਓਂਕਾਰ ਨੂੰ ਲੱਗਦਾ ਰਿਹਾ ਹੈ—ਕਿ ਆਸਮਾਨ ਡਿੱਗੇਗਾ ਜ਼ਰੂਰ, ਕਿਸੇ ਨਾ ਕਿਸੇ ਦਿਨ। ਬਸ, ਸੋਚਣ ਦਾ ਤਰੀਕਾ ਬਦਲ ਗਿਆ। ਸ਼ੁਰੂ ਤੋਂ ਦੇਖਿਆ ਹੈ ਓਂਕਾਰ ਨੇ—ਬੜਾ ਕੁਝ ਉਲਟਾ-ਸਿੱਧਾ ਹੋ ਰਿਹੈ, ਏਸੇ ਆਸਮਾਨ ਹੇਠ। ਕਿਤਾਬਾਂ ਵਿਚ ਲਿਖਿਆ ਹੈ—ਸੱਚ ਬੋਲੋ...ਪਰ ਬੋਲਦਾ ਕੋਈ ਨਹੀਂ। ਪੜ੍ਹਦਾ ਹੁੰਦਾ ਸੀ ਤਾਂ ਇਕ ਜਮਾਤੀ ਖਾਸਾ ਟਿਪ-ਟਾਪ ਹੋ ਕੇ ਸਕੂਲ ਆਉਂਦਾ ਸੀ—ਖੂਬ ਪੈਸੇ ਉਡਾਉਂਦਾ ਸੀ। ਮਾਸਟਰ ਲੋਕ ਵੀ ਦਬਦੇ ਸਨ ਉਸਤੋਂ। ਬੱਚੇ ਕਹਿੰਦੇ ਸਨ, 'ਉਸਦੇ ਪਾਪਾ ਸਮਗਲਰ ਨੇ।' ਉਹਨਾਂ ਨੂੰ ਤਾਂ ਸਮਗਲਰ ਦੇ ਅਰਥ ਵੀ ਨਹੀਂ ਸਨ ਆਉਂਦੇ ਹੁੰਦੇ। ਬਸ, ਵੱਡੀਆਂ ਵੱਡੀਆਂ ਅੱਖਾਂ ਅੱਡ ਕੇ, ਇਕ ਇਕ ਸ਼ਬਦ 'ਤੇ ਜ਼ੋਰ ਦੇਂਦਿਆਂ ਆਖਦੇ 'ਸਮ-ਗ-ਲ-ਰ'। ਬੱਚਿਆਂ ਲਈ ਤਾਂ ਬਸ ਟੀਚਰ ਜਾਂ ਫੇਰ ਸਭ ਤੋਂ ਵੱਡੇ ਪ੍ਰਿੰਸੀਪਲ ਸਨ। ਪਰ ਉਸ ਮੁੰਡੇ ਦੇ ਪਾਪਾ ਜਦੋਂ ਸੂਟ-ਬੂਟ ਪਾਈ ਕਾਰ ਵਿਚੋਂ ਉਤਰਦੇ ਤਾਂ ਪ੍ਰਿੰਸੀਪਲ ਸਾਹਬ ਵੀ ਬੜੀ ਇੱਜ਼ਤ ਕਰਦੇ ਸਨ। ਓਂਕਾਰ ਸੀ, ਕਿਤਾਬੀ ਕੀੜਾ—ਪਤਾ ਲਾ ਹੀ ਲਿਆ ਕਿ ਸਮਗਲਰ ਇਕ ਕਿਸਮ ਦਾ ਚੋਰ ਹੁੰਦਾ ਹੈ। ਹੈਰਾਨ-ਪ੍ਰੇਸ਼ਾਨ ਰਹਿ ਗਿਆ ਸੀ ਉਹ! ਆਖ਼ਰ...ਚੋਰ, ਚੋਰੀ ਕਰਦਾ ਹੈ ਤੇ ਜੇਲ੍ਹਖਾਨੇ ਜਾਂਦਾ ਹੈ।
ਪਰ ਸੁਨੀਲ ਦੇ ਪਾਪਾ ਤਾਂ ਬਿਲਕੁਲ ਬਾਊ-ਸਾਹਬ ਨੇ...ਜਿਵੇਂ ਰਾਜ-ਪੁੱਤਰ ਹੋਣ। ਫੇਰ ਇਹੋ ਜਿਹੇ ਕਿੰਜ ਹੋ ਸਕਦੇ ਨੇ? ਆਪਣੀ ਏਸ ਪ੍ਰੇਸ਼ਾਨੀ ਨੂੰ ਉਸਨੇ ਮੁੰਡਿਆਂ ਸਾਹਮਣੇ ਖੋਹਲ ਕੇ ਰੱਖ ਦਿੱਤਾ। ਸਮਗਲਰ ਯਾਨੀ ਚੋਰ...ਤੇ ਸੁਨੀਲ ਦੇ ਪਾਪਾ ਸਮਗਲਰ ਹੁੰਦੇ ਹੋਏ ਵੀ ਬਾਊ ਸਾਹਬਾਂ ਵਰਗੇ ਕਿਉਂ ਸਨ? ਤੇ ਪ੍ਰਿੰਸੀਪਲ ਸਾਹਬ ਉਹਨਾਂ ਦੀ ਇੱਜ਼ਤ ਕਿਉਂ ਕਰਦੇ ਸਨ...? ਉਹਨਾਂ ਨੂੰ ਤਾਂ ਜੇਲ੍ਹ ਭੇਜਣਾ ਚਾਹੀਦਾ ਹੈ—ਗੋਬਰ ਦੀ ਰੋਟੀ ਖਾਣ ਵਾਸਤੇ। ਗੱਲ ਉਸ ਮੁੰਡੇ ਕੋਲ ਪਹੁੰਚ ਗਈ। ਉਸਨੇ ਕੱਸ ਕੇ ਓਂਕਾਰ ਦੇ ਨੱਕ ਉੱਤੇ ਮੁੱਕਾ ਮਾਰਿਆ। ਲਹੂ ਦੀ ਧਾਰ ਪੈਣ ਲੱਗ ਪਈ। ਸਾਰੇ ਮੁੰਡੇ ਚੁੱਪਚਾਪ ਖੜ੍ਹੇ ਦੇਖਦੇ ਰਹੇ...ਸਮਗਲਰ ਬੱਚਾ ਉਹਨਾਂ ਨੂੰ ਖਵਾਂਦਾ ਜੋ ਸੀ। ਤੇ ਜਦੋਂ ਗੱਲ ਪ੍ਰਿੰਸੀਪਲ ਸਾਹਬ ਕੋਲ ਪਹੁੰਚੀ ਤਾਂ ਉਹਨਾਂ ਵੀ ਓਂਕਾਰ ਨੂੰ ਖੂਬ ਕੁਟਾਪਾ ਚਾੜ੍ਹਿਆ—ਪਿੱਠ ਉੱਤੇ ਨਿਸ਼ਾਨ ਪੈ ਗਏ ਸਨ, ਬੈਂਤ ਦੀ ਮਾਰ ਦੇ। ਉਦੋਂ ਤੋਂ ਓਂਕਾਰ ਦਾ ਯਕੀਨ ਪੱਕਾ ਹੋ ਗਿਆ ਸੀ ਕਿ ਜੇ ਇੰਜ ਹੀ ਉਲਟਾ-ਸਿੱਧਾ ਹੁੰਦਾ ਰਿਹਾ ਤਾਂ ਆਸਮਾਨ ਜ਼ਰੂਰ ਡਿੱਗੇਗਾ...ਹਰ ਸਾਫ-ਸੁਥਰੇ, ਵੱਡੇ ਅਹੁਦੇ ਵਾਲੇ ਆਦਮੀ ਤੋਂ ਭੈਭੀਤ ਰਹਿਣ ਲੱਗ ਪਿਆ ਸੀ ਉਹ। ਹੌਲੀ ਹੌਲੀ ਉਹ ਭੈ, ਨਫ਼ਰਤ ਵਿਚ ਬਦਲ ਗਿਆ।
ਮਨ ਖੱਟਾ ਪੈ ਗਿਆ ਸੀ ਓਂਕਾਰ ਦਾ। ਹਰੇਕ ਵਾਰੀ ਸਵਾਲ ਉਠਾਉਣ ਦਾ ਠੇਕਾ, ਉਸਨੇ ਕਿਉਂ ਲਿਆ ਹੋਇਆ ਹੈ ਆਖ਼ਰ? ਜਿਉਂ ਜਿਉਂ ਵੱਡਾ ਹੁੰਦਾ ਗਿਆ, ਤਿਉਂ ਤਿਉਂ ਦੁਨੀਆਂ-ਜਹਾਨ ਦੀਆਂ ਸਮੱਸਿਆਵਾਂ ਵਿਚ ਉਲਝਦਾ ਗਿਆ—ਕਿਸੇ ਨੂੰ ਕੋਈ ਤਕਲੀਫ਼ ਹੋਏ, ਓਂਕਾਰ ਨੂੰ ਦੱਸੋ। ਹੁਣ ਉਹ ਪਹਿਲਾਂ ਓਂਕਾਰ ਦੀ ਤਕਲੀਫ਼ ਹੈ, ਪਿੱਛੋਂ ਕਿਸੇ ਹੋਰ ਦੀ। ਜ਼ਰਾ ਜਿੰਨਾਂ ਮੋਹ, ਜ਼ਰਾ ਜਿੰਨੀ ਅਪਣੱਤ ਦਿਖਾਈ ਕਿਸੇ ਨੇ, ਤਾਂ ਪਿਘਲ ਗਿਆ ਓਂਕਾਰ। ਜਾਨ ਲੜਾ ਦਿੱਤੀ ਉਸ ਪਿੱਛੇ।...ਤੇ ਜਦੋਂ ਕੰਮ ਨਿਕਲ ਜਾਂਦਾ, ਫੇਰ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਜਾਂਦੇ। ਓਂਕਾਰ, ਕਿਸੇ ਵਾਧੂ, ਬੇਕਾਰ ਤੇ ਯਤੀਮ ਬੰਦੇ ਵਾਂਗ ਹੀ, ਪਾਸੇ ਖੜ੍ਹਾ ਦੇਖਦਾ ਰਹਿ ਜਾਂਦਾ...
ਪਿਤਾ ਉਸਦੇ ਬਚਪਨ ਵਿਚ ਹੀ ਮਰ ਗਏ ਸਨ। ਪੜ੍ਹਨ ਦਾ ਸ਼ੌਕ ਪਾਗਲਪਨ ਦੀ ਹੱਦ ਤਕ ਸੀ। ਮੈਟ੍ਰਿਕ ਤਕ ਤਾਂ ਕਿਵੇਂ ਨਾ ਕਿਵੇਂ ਗੱਡੀ ਰਿੜ੍ਹਦੀ ਰਹੀ। ਫੇਰ ਵਾਰੀ ਵਾਰੀ ਦੋਏ ਭਰਾਵਾਂ ਨੇ ਹੱਥ ਖਿੱਚ ਲਏ। ਟਿਊਸ਼ਨਾਂ ਦੇ ਸਹਾਰੇ ਘਿਸਟਦਾ ਰਿਹਾ ਓਂਕਾਰ।...ਤੇ ਭਰਾ ਉਸਦੀ ਨਾਲਾਇਕੀ ਦੇ ਨਸ਼ਤਰ ਮਾਂ ਨੂੰ ਚੋਭਦੇ ਰਹੇ। ਫੇਰ ਹੌਲੀ ਹੌਲੀ ਉਹਨਾਂ ਨੂੰ ਮਾਂ ਦੀ ਜ਼ੁੰਮੇਵਾਰੀ ਫਾਇਦੇ ਦਾ ਸੌਦਾ ਦਿਸਣ ਲੱਗ ਪਈ। ਪੈਦਾ ਹੋ ਰਹੇ ਬੱਚਿਆਂ ਲਈ ਸਸਤੀ ਤੇ ਮਮਤਾਮਈ ਨੌਕਰਾਣੀ, ਅੱਜ ਕੱਲ੍ਹ ਮਿਲਦੀ ਕਿੱਥੇ ਹੈ? ਨਾਲੇ ਲੋਕਾਚਾਰ ਵੀ ਨਿਭ ਜਾਂਦਾ। 'ਸੀਜ਼ਨ' ਦੇ ਹਿਸਾਬ ਨਾਲ ਦੋ-ਤਿੰਨ ਮਹੀਨੇ ਇਕ ਭਰਾ ਮਾਂ ਨੂੰ ਸੱਦ ਲਿਜਾਂਦਾ। ਟਾਈਮ ਲੰਘ ਜਾਣ ਪਿੱਛੋਂ ਆਪਣੀ ਉੱਜਡ ਪਰ ਚਲਾਕ ਘਰਵਾਲੀ ਨਾਲ ਰਲ ਕੇ ਮਾਂ ਨੂੰ ਪਿੰਡ ਭੇਜ ਦੇਂਦਾ। ਬੁੱਢੀ ਮਾਂ ਕਿਵੇਂ ਨਾ ਕਿਵੇਂ ਦਿਨ ਬਿਤਾ ਰਹੀ ਹੁੰਦੀ, ਤਾਂ ਦੂਜੇ ਦੀ 'ਟਰਨ' ਆ ਜਾਂਦੀ। ਹਾਂ, ਇਸ ਗੱਲ ਪੱਖੋਂ ਉਹਨਾਂ ਦੀਆਂ ਪਤਨੀਆਂ ਹਮੇਸ਼ਾ ਸੁਚੇਤ ਰਹਿੰਦੀਆਂ ਸਨ ਕਿ ਕਿਵੇਂ ਨਾ ਕਿਵੇਂ ਮਾਂ ਨੂੰ ਅਹਿਸਾਸ ਕਰਵਾਇਆ ਜਾਏ ਕਿ ਓਂਕਾਰ ਦੀ ਨਾਲਾਇਕੀ ਸਦਕਾ ਸਾਰਾ ਭਾਰ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ।
      --- --- ---
ਓਂਕਾਰ ਦੀ ਲੜਨ ਦੀ ਆਦਤ ਨਾ ਗਈ। ਉਸ ਪਿੱਛੋਂ ਲੜਾਈਆਂ, ਅੰਦੋਲਨਾ ਦਾ ਅਜਿਹਾ ਸਿਲਸਿਲ ਸ਼ੁਰੂ ਹੋਇਆ ਕਿ ਸਾਹ ਲੈ ਕੇ ਪਿੱਛੇ ਦੇਖਿਆ ਤਾਂ ਆਪਣਾ ਨਾਂ ਓਹਨਾਂ ਅੱਤ-ਖ਼ਤਰਨਾਕ ਅਪਰਾਧੀਆਂ ਦੀ ਸੂਚੀ ਵਿਚ ਦਿਸਿਆ ਓਂਕਾਰ ਨੂੰ, ਜਿਹੜੇ ਹਨੇਰੇ ਦੇ ਸਾਮਰਾਜ ਵਿਚ ਇਕ ਮੁੱਠੀ ਸੂਰਜ ਦੀ ਗੱਲ ਸੋਚਦੇ ਹਨ। ਇਹ ਇੰਜ ਕਿੰਜ ਹੋ ਗਿਆ—ਓਂਕਾਰ ਨੇ ਜਦ ਕਰਾਂਤੀ ਬਾਰੇ ਸੋਚਿਆ ਸੀ ਤਾਂ ਪੂਰੀ ਤਰ੍ਹਾਂ ਜਿਊਣ ਲੱਗ ਪਿਆ ਸੀ ਉਸੇ ਲਈ। ਉਸਦਾ ਉਠਣਾ, ਬੈਠਣਾ, ਜਾਗਣਾ ਸੌਣਾ ਸਭ ਕੁਝ ਹੀ ਸਮਰਪਿਤ ਹੋ ਗਿਆ ਸੀ ਉਸ ਕਾਰਜ ਲਈ ਤੇ 'ਮੈਂ' ਤਾਂ ਕਿਤੇ ਰਹੀ ਹੀ ਨਹੀਂ ਸੀ। ਪਰ ਸਾਹ ਲੈ ਕੇ ਜਦ ਚਾਰੇ ਪਾਸੇ ਦੇਖਿਆ—ਤਾਂ ਕੀ ਦੇਖਿਆ—ਕਿ ਲੋਕਾਂ ਨੇ ਇਨਕਲਾਬ ਲਈ ਵੀ ਟਾਈਮ ਟੇਬਲ ਨਿਸ਼ਚਿਤ ਕੀਤਾ ਹੋਇਆ ਸੀ।
ਉਹਨੀਂ ਦਿਨੀ ਇਕ ਸੀਨੀਅਰ ਵਰਕਰ ਨੇ, ਜਿਹੜੀ ਰੈਵੋਲਿਊਸ਼ਨ ਦੀ ਚੈਨਲ ਤੋਂ ਰੋਮਾਂਸ ਭਿੜਾਅ ਰਹੀ ਸੀ, ਉਸਦੇ ਨਾਂ ਦੇ ਕੁਢੱਬੇਪਨ ਤੇ ਬੁਰਜੂਆਈ ਹੋਣ ਦਾ ਕਿੰਨਾਂ ਮਖ਼ੌਲ ਉਡਾਇਆ ਸੀ?...ਠੀਕ ਹੀ ਤਾਂ ਕਿਹਾ ਸੀ ਉਸਨੇ। ਓਂਕਾਰ ਨੂੰ ਲੱਗਦਾ ਹੈ—ਸਾਜਿਸ਼, ਜਨਮਾਂ-ਜਨਮਾਂ ਤੋਂ ਉਸਦੇ ਖਿਲਾਫ਼ ਹੁੰਦੀ ਰਹੀ ਹੈ। ਆਖ਼ਰ ਨਾਂ ਉੱਤੇ ਕੀ ਜ਼ੋਰ ਸੀ ਉਸਦਾ? ਕਿੱਡਾ ਬੋਦਾ ਜਿਹਾ ਨਾਂ ਚੁਣ ਕੇ ਰੱਖਿਆ ਹੋਇਆ ਸੀ ਉਸਦੇ ਹਿੱਸੇ ਵਿਚ?...ਤੇ ਲੋਕ ਤਾਂ ਪਾਰਟੀ ਨੂੰ ਖਾਂਦੇ ਰਹੇ ਤੇ ਪਾਰਟੀ ਉਸਦਾ ਮਾਸ ਚੂੰਡਦੀ ਰਹੀ। ਫੇਰ ਓਂਕਾਰ ਨੂੰ ਲੱਗਿਆ—ਹੁਣ ਚੂੰਡਵਾਉਣ ਲਈ ਮਾਸ ਨਹੀਂ ਰਿਹਾ, ਤਾਂ ਉਸਨੇ ਨੌਕਰੀ ਲਈ ਭੱਜ-ਨੱਸ ਸ਼ੁਰੂ ਕਰ ਦਿੱਤੀ। ਮਾਂ ਦੀਆਂ ਸੁੰਨੀਆਂ ਅੱਖਾਂ ਦੇ ਸੁੱਕੇ ਅੱਥਰੂ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਏ ਸਨ।
ਆਖ਼ਰ ਮਾਂ ਅੱਜ ਹੀ ਕਿਉਂ ਯਾਦ ਆ ਰਹੀ ਹੈ?...ਮਾਂ ਦੀ ਕਹਾਣੀ...? ਤੇ ਲੋਕੀ ਹੱਸਦੇ। ਕਿੱਡਾ ਮੂਰਖ ਮੁੰਡਾ ਏ ਉਹ? ਆਸਮਾਨ ਵੀ ਕਦੀ ਡਿੱਗ ਸਕਦਾ ਏ ਭਲਾਂ? ਉਦੋਂ ਮੁੰਡੇ ਦੀ ਮੁਲਾਕਾਤ ਇਕ ਸੰਤ ਨਾਲ ਹੋਈ। ਉਹਨਾਂ ਕਿਹਾ, ''ਮੈਂ ਤੇਰੇ ਸਵਾਲ ਦਾ ਜਵਾਬ ਦਿਆਂਗਾ, ਬੱਚਾ। ਪਹਿਲਾਂ ਸਾਰੇ ਪਿੰਡ ਵਿਚੋਂ ਗਜਾ ਕਰਕੇ ਲਿਆ—ਪਰ ਤਰੀਕਾ ਇਹ ਹੋਵੇਗਾ ਕਿ ਜਿਸ ਤੋਂ ਵੀ ਭਿਖਿਆ ਮੰਗੇਂ, ਪਹਿਲਾਂ ਉਸਨੂੰ ਖ਼ੂਬ ਗਾਲ੍ਹਾਂ ਕੱਢੀਂ।''
ਮੁੰਡਾ ਘਰਾਂ ਦੇ ਸਾਹਮਣੇ ਰੁਕਦਾ, ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦੇਂਦਾ—ਫੇਰ ਭਿਖਿਆ ਮੰਗਦਾ। ਪ੍ਰਤੱਖ ਸੀ, ਭਿਖਿਆ ਕੀ ਮਿਲਦੀ...! ਲੋਕ ਗਲ਼ ਪੈ ਜਾਂਦੇ, ਮੁੰਡਾ ਨੱਸ ਤੁਰਦਾ। ਬੜਾ ਪ੍ਰੇਸ਼ਾਨ ਸੀ ਉਹ—ਅਜੀਬ ਸਨਕੀ ਸੰਤ ਏ, ਕੈਸਾ ਤਰੀਕਾ ਦੱਸਿਆ ਜੇ!...
ਤੇ ਅਜੀਬ ਸੀ ਮਾਂ ਵੀ। ਐਨੀ ਸਿਧਾਂਤਕ-ਫਿਲਾਸਫੀ ਪੜ੍ਹ ਕੇ ਵੀ ਕਨਫਿਊਜ਼ਡ ਹੈ ਓਂਕਾਰ...ਪਰ ਮਾਂ...ਕਿੰਨੀ ਨਿਹਚਾ, ਕਿੰਨਾਂ ਵਿਸ਼ਵਾਸ ਸੀ ਉਸਨੂੰ ਭਗਵਾਨ ਵਿਚ—ਉਸਦੀ ਦੁਨੀਆਂ ਵਿਚ; ਅੱਛਾਈ ਵਿਚ; ਆਪਣੇ ਆਪ ਵਿਚ। ਕਿਸੇ ਪ੍ਰਮਾਣ ਦੀ ਲੋੜ ਨਹੀਂ ਸੀ ਉਸਨੂੰ…
'ਮੈਂ ਜਾਂਦੇ-ਆਉਂਦੇ ਰਾਹੀਆਂ ਨੂੰ ਰੋਟੀ ਖੁਆਵਾਂਗੀ, ਪਾਣੀ ਪਿਲਾਵਾਂਗੀ ਤਾਂ ਸਾਰੀ ਖ਼ੁਦਾਈ ਵਿਚ ਮੇਰੇ ਬੱਚਿਆਂ ਨੂੰ ਮਦਦ ਮਿਲੇਗੀ।''
ਪਰ ਕਿੱਥੇ ਮਿਲੀ ਹੈ ਮਦਦ ਕਦੇ ਓਂਕਾਰ ਨੂੰ? ਹਰ ਚੀਜ਼ ਲਈ ਦਸ ਗੁਣਾ ਜੂਝਣਾ-ਜੁਟਣਾ ਪਿਆ ਹੈ। ਮਾਂ ਲਈ ਤਾਂ ਆਲ੍ਹਣੇ ਵਿਚੋਂ ਡਿੱਗੇ ਚਿੜੀ ਦੇ ਬੋਟ ਨੂੰ, ਸਾਰਾ ਦਿਨ ਪੂਰੇ ਮਨੋਵੇਗ ਨਾਲ ਦਾਣਾ-ਪਾਣੀ ਖੁਆ ਕੇ ਉੱਡਣ ਯੋਗ ਕਰਨਾ ਵੀ ਬੜੀ ਵੱਡੀ ਸਮੱਸਿਆ ਹੁੰਦੀ ਸੀ। ਪਰ ਲੋਕ...ਘਰ ਦੇ ਹੀ ਲੋਕ…
ਤੇ ਜਦੋਂ ਓਂਕਾਰ ਨੂੰ ਨੌਕਰੀ ਮਿਲੀ ਸੀ, ਭਰਾ ਆਪਣੇ ਬੇ-ਸਊਰੇ ਟੱਬਰਾਂ ਦੀ ਕਿਰਪਾ ਨਾਲ ਨੰਗ ਹੋ ਗਏ ਸਨ। ਉਹਨਾਂ ਪਿਆਰ ਤੇ ਬਲੀਦਾਨ ਦੇ ਲੰਮੇ ਚੌੜੇ ਭਾਸ਼ਨ ਦੇਂਦਿਆਂ, ਖਾਂਦੇ ਪੀਂਦੇ ਪਰਿਵਾਰ ਵਿਚੋਂ ਛੇਕ ਦਿੱਤੇ ਗਏ ਓਂਕਾਰ ਨੂੰ ਭਰਾਤਰੀ ਭਾਵ ਸਮਝਾਇਆ ਤੇ ਆਪਣੀਆਂ ਲੋੜਾਂ-ਥੁੜਾਂ ਦਾ ਸਾਂਝੀਦਾਰ ਬਣਾ ਲਿਆ।
ਉਸਨੇ ਕੁਝ ਨਹੀਂ ਕਿਹਾ—ਭਾਸ਼ਣ ਦੇ ਵੀ ਕਦੋਂ ਸਕਦਾ ਸੀ ਉਹ—ਬਸ, ਕਮਾਈ ਉਹਨਾਂ ਦੀਆਂ ਜ਼ਰੂਰਤਾਂ ਦੇ ਅਥਾਹ ਡੂੰਘੇ ਖੂਹਾਂ ਵਿਚ ਸੁੱਟਣ ਲੱਗਾ। ਪਰ ਉਹ ਖੂਹ ਕਦੇ ਨਹੀ ਭਰ ਸਕੇ। ਪਛੜਦਾ ਗਿਆ ਓਂਕਾਰ—ਉਮਰ ਉਸਨੂੰ ਧੋਖਾ ਦੇਂਦੀ ਰਹੀ…
ਤੇ ਫੇਰ ਇਕ ਦਿਨ ਮਾਂ ਮਰ ਗਈ। ਦਰਦਨਾਕ ਨਹੀਂ ਸੀ ਮਾਂ ਦੀ ਮੌਤ। ਹੋ ਵੀ ਕਿਵੇਂ ਸਕਦੀ ਸੀ...ਉਹ ਆਪਣੇ 'ਘਰ' ਹੀ ਮਰੀ ਸੀ। ਉਹ, ਹਮੇਸ਼ਾ ਸਵਾਗਤ ਲਈ ਖੁੱਲ੍ਹਾ ਰਹਿਣ ਵਾਲਾ ਬੂਹਾ, ਹਰ ਵੇਲੇ ਬਲਦਾ ਚੁੱਲ੍ਹਾ, ਤੁਲਸੀ ਦਾ ਬੂਟਾ, ਚਮਚਮ ਕਰਦੀ ਤਾਂਬੇ ਦੀ ਬਲਟੋਈ ਵਿਚ ਨਿਰਮਲ ਪਹਾੜੀ ਝਰਨੇ ਦਾ ਜਲ, ਉਹ ਥੋੜ੍ਹਾ-ਜਿਹਾ ਕਣਕ ਤੇ ਚੌਲਾਂ ਦਾ ਮਿੱਸਾ ਆਟਾ—ਏਸ ਸਾਦੇ-ਜਿਹੇ ਕੈਨਵਸ ਉੱਤੇ ਮਾਂ ਦੀ ਮੌਤ ਜਿਵੇਂ ਚਿੱਤਰਕਾਰ ਦੀ ਅੰਤਮ, ਮਹਾਨ ਪ੍ਰਾਪਤੀ ਸੀ...ਬਸ, ਬੁਰਸ਼ ਦਾ ਆਖ਼ਰੀ 'ਫਿਨਿਸ਼ਿੰਗ-ਟੱਚ', ਜਿਸ ਵਿਚ ਮਾਂ ਨੂੰ ਜ਼ਮੀਨ ਦੇ ਮੁਕਾਬਲੇ ਜ਼ਰਾ ਕੁ ਗੂੜ੍ਹਾ ਰੰਗ ਦੇ ਦਿੱਤਾ ਗਿਆ ਸੀ—ਜਿਵੇਂ ਆਰਤੀ ਸਮਾਪਤ ਹੋ ਜਾਣ ਪਿੱਛੋਂ, ਕਿਸੇ ਪਹਾੜੀ ਉੱਤੇ ਬਣੇ, ਮੰਦਰ ਦੀਆਂ ਘੰਟੀਆਂ ਦੀ ਗੂੰਜ ਅਜੇ ਬਾਕੀ ਹੋਵੇ...। ਐਨੀ ਸ਼ਾਂਤ, ਐਨੀ ਨਿਰਮਲ ਅਤੇ ਐਨੀ ਹੀ ਭਰਪੂਰ ਸੀ ਮੌਤ...
ਨਹੀਂ, ਏਨੀ ਚੁੱਪ ਭਰੀ ਨਹੀਂ ਸੀ ਮਾਂ ਦੀ ਮੌਤ; ਪਰ ਓਂਕਾਰ ਦੀ ਜ਼ਿੰਦਗੀ ਦਾ ਤਾਂ ਇਕਲੌਤਾ ਚਾਨਣ-ਦਾਇਰਾ ਵੀ ਖੁੱਸ ਗਿਆ ਸੀ। ਮਨੁੱਖਤਾ ਤੇ ਰੌਸ਼ਨੀ ਵਿਚ ਯਕੀਨ ਕਰਵਾਉਣ ਵਾਲਾ ਕੋਈ ਵੀ ਤਾਂ ਨਹੀਂ ਸੀ ਰਿਹਾ। ਮਾਂ ਦੀ ਕਹਾਣੀ ਅੱਗੇ ਵਧਦੀ ਹੈ—ਉਹ ਮੁੰਡਾ ਗਾਲ੍ਹਾਂ ਕੱਢਦਾ ਤੇ ਭਿਖਿਆ ਮੰਗਦਾ ਰਿਹਾ। ਲੋਕ ਉਸਨੂੰ ਕੁੱਟਦੇ-ਮਾਰਦੇ ਰਹੇ...ਤੇ ਇਕ ਦਿਨ ਜਦੋਂ ਇਕ ਘਰ ਦੇ ਸਾਹਮਣੇ ਗਾਲ੍ਹਾਂ ਕੱਢ ਕੇ, ਮਾਰ ਪੈਣ ਤੋਂ ਡਰਦਾ, ਜਿਵੇਂ ਹੀ ਉਹ ਭੱਜਣ ਲੱਗਾ—ਘਰ ਦੀ ਮਾਲਕਣ ਹੱਥ ਵਿਚ ਭਿਖਿਆ ਲੈ ਕੇ ਬਾਹਰ ਆਈ। ਮੁੰਡਾ ਬਸ ਦੇਖਦਾ ਹੀ ਰਹਿ ਗਿਆ। ਮੁਸਕਰਾਉਂਦੀ ਹੋਈ ਉਹ ਬੋਲੀ, ''ਜ਼ਰਾ ਦੇਰ ਹੋ ਗਈ ਏ ਬੇਟਾ, ਖਾਸਾ ਭੁੱਖਾ ਤੇ ਥੱਕਿਆ ਹੋਇਆ ਜਾਪਦਾ ਏਂ, ਗਾਲ੍ਹਾਂ ਤੇ ਦਏਂਗਾ ਹੀ। ਲੈ ਨਾਸ਼ਤਾ ਕਰ, ਤੇ ਥੋੜ੍ਹਾ ਆਰਾਮ ਕਰ ਲੈ।'' ਮੁੰਡਾ ਦੇਖਦਾ ਰਹਿ ਗਿਆ ਕਿ...ਇਹ ਸੱਚ ਸੀ, ਕਿ ਸੁਪਨਾ! ਕੁਝ ਸਮਝ ਵਿਚ ਨਾ ਆਇਆ ਤਾਂ ਪੈਰਾਂ 'ਤੇ ਡਿੱਗ ਪਿਆ; ਰੋਣ ਲੱਗਾ ਉੱਚੀ ਉੱਚੀ। ਘਰ ਦੀ ਮਾਲਕਣ ਆਪਣੀਆਂ ਉਂਗਲਾਂ ਦੇ ਪੋਰਾਂ ਨਾਲ ਉਸਦੇ ਸਿਰ ਵਿਚ ਮਮਤਾ ਸਿੰਜਦੀ ਰਹੀ।
ਮਾਂ ਬਾਰੇ ਸੋਚ ਕੇ ਦਿਲ ਕਿਵੇਂ ਕਿਵੇਂ ਹੋਣ ਲੱਗ ਪੈਂਦਾ ਸੀ ਓਂਕਾਰ ਦਾ! ਪਰ ਅੱਜ ਮਾਂ ਨਹੀਂ, ਸਿਰਫ ਨਿੰਮੀ...ਤੇ ਇਹ ਚੰਦਾ ਕਿਉਂ ਯਾਦ ਆਉਣ ਲੱਗ ਪਈ ਹੈ ਉਸਨੂੰ?
ਸਿਰ ਨੂੰ ਝਟਕਾ ਦਿੱਤਾ ਗੁੱਸੇ ਨਾਲ ਓਂਕਾਰ ਨੇ। ਚਲੋ, ਮੁੰਡੇ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਸਨ—ਪਰ ਮੋਹ-ਮਮਤਾ ਮਿਲ ਜਾਣ ਪਿੱਛੋਂ ਤਾਂ ਸ਼ਰਮਿੰਦਗੀ ਮਹਿਸੂਸ ਕੀਤੀ ਸੀ ਉਸਨੇ, ਤੇ ਮਾਲਕਣ ਦੇ ਪੈਰਾਂ ਉੱਤੇ ਡਿੱਗ ਕੇ ਰੋਇਆ ਵੀ ਸੀ, ਪਰ ਇਹ ਚੰਦਾ...ਮਾਂ ਦੀ ਮੌਤ ਤੋਂ ਬਾਅਦ ਚੰਦਾ ਨਾਲ ਉਸਦਾ ਵਿਆਹ ਵੀ ਕਈ ਹਾਦਸਿਆਂ ਵਿਚੋਂ ਇਕ ਹਾਦਸਾ ਹੀ ਸੀ। ਜਿਸਦੇ ਜ਼ਖ਼ਮ ਲਗਾਤਾਰ ਰਿਸ ਰਹੇ ਨੇ ਤੇ ਉਮਰ ਭਰ ਰਿਸਦੇ ਹੀ ਰਹਿਣਗੇ।
ਆਪਣੇ ਆਪ ਨੂੰ ਖਾਸਾ ਮਜ਼ਬੂਤ ਤੇ ਅਕਲਮੰਦ ਸਮਝਦਾ ਹੁੰਦਾ ਸੀ ਓਂਕਾਰ। ਜਦੋਂ ਚੰਦਾ ਨੂੰ ਪਹਿਲੀ ਵਾਰੀ ਦੱਸਿਆ ਕਿ ਨਾ ਤਾਂ ਉਸਨੂੰ ਜਾਨਵਰਾਂ ਵਾਂਗ ਕੁੱਟ-ਮਾਰ ਕਰਨੀ ਚੰਗੀ ਲੱਗਦੀ ਹੈ ਤੇ ਨਾ ਹੀ ਰੋ-ਪਿੱਟ ਕੇ, ਅੱਥਰੂ ਵਹਾ ਕੇ, ਗਲਤ ਗੱਲ ਨੂੰ ਮੰਨਵਾ ਲੈਣ ਦੀ ਆਦਤ ਪਸੰਦ ਹੈ...ਉਹ ਬਰਾਬਰੀ ਪਸੰਦ ਇਨਸਾਨ ਹੈ। ਕਿਸੇ ਕਿਸਮ ਦੀ ਵੀ 'ਇਮੋਸ਼ਨਲ-ਬਲੈਕ-ਮੇਲਿੰਗ' ਬਰਦਾਸ਼ਤ ਨਹੀਂ ਕਰ ਸਕਦਾ।...ਤੇ ਹਾਂ, ਉਹ ਵੱਡੀ ਤੋਂ ਵੱਡੀ ਗਲਤੀ ਵੀ ਮੁਆਫ਼ ਕਰ ਸਕਦਾ ਹੈ, ਜੇ ਉਹ ਦੁਹਰਾਈ ਨਾ ਜਾਵੇ।...ਤੇ ਦੁਹਰਾਏ ਜਾਣ ਉੱਤੇ ਉਹ ਕੁੱਟਮਾਰ ਜਾਂ ਕਿਸੇ ਹੋਰ ਕਿਸਮ ਦਾ ਵਹਿਸ਼ੀਪੁਣਾ ਨਹੀਂ ਦਿਖਾਏਗਾ, ਉਸ ਤੋਂ ਵੀ ਵੱਡੀ ਸਜ਼ਾ ਦਏਗਾ—ਖ਼ੁਦ ਆਪਣੇ ਆਪ ਨੂੰ ਵੀ—ਅਜਿਹੀਆਂ ਹਾਲਤਾਂ ਵਿਚ ਉਹ ਕਿਸੇ ਕਿਸਮ ਦੇ ਰਿਸ਼ਤੇ ਨੂੰ ਵੀ ਤੋੜ ਦੇਣਾ ਚੰਗਾ ਸਮਝੇਗਾ।
ਤੇ ਸ਼ਾਇਦ ਉਸਨੂੰ ਉਸਤੋਂ ਵੀ ਵੱਧ ਚੰਗੀ ਤਰ੍ਹਾਂ ਸਮਝ ਗਈ ਸੀ ਚੰਦਾ। ਤਦ ਹੀ ਤਾਂ ਗੱਲਬਾਤ ਦੇ ਦੂਜੇ ਤਰੀਕੇ ਨਾਲ ਓਂਕਾਰ ਦੀ ਜ਼ਿੰਦਗੀ ਵਿਚ ਸ਼ਰੀਕ ਹੋਣ ਤੋਂ ਪਹਿਲਾਂ ਹੀ ਉਸਨੇ, ਡਾਇਲਾਗਾਂ ਤੇ ਸਿਸਕੀਆਂ ਨੂੰ ਬਿਲਕੁਲ ਸਹੀ ਅਨੁਪਾਤ ਵਿਚ ਮਿਲਾ ਕੇ, ਆਪਣੇ ਪੁਰਾਣੇ ਸਬੰਧਾਂ ਤੇ ਮਜ਼ਬੂਰੀਆਂ ਨੂੰ ਬਿਆਨ ਕੀਤਾ ਸੀ। ਬਿਲਕੁਲ ਸਤੀ-ਸਾਵਿੱਤਰੀ ਬਣ ਕੇ ਕਿਹਾ ਸੀ ਕਿ ਉਹ ਦੇਵਤਾ ਹੈ ਤੇ ਉਸਦੇ ਚਰਨਾਂ ਨੂੰ ਛੱਡਣ ਦਾ ਕਤਈ ਕੋਈ ਇਰਾਦਾ ਨਹੀਂ ਉਸਦਾ। ਕੀ ਪਤਾ ਸੀ ਓਂਕਾਰ ਨੂੰ ਕਿ ਦੇਵਤਾ ਬਣਾ ਕੇ, ਚਰਨ ਫੜ੍ਹ ਕੇ, ਚੰਦਾ ਉਸਨੂੰ ਹਵਾ ਵਿਚ ਉਛਾਲ ਦਏਗੀ ਤਾਂਕਿ ਰੜੀ ਧਰਤੀ ਉੱਤੇ ਆਪਣੀ ਮਨਭਾਉਂਦੇ ਦੇ ਸਬੰਧ ਕਾਇਮ ਰੱਖ ਸਕੇ! ਉਹ ਦੇਵਤਾ ਨਹੀਂ ਹੈ, ਚੰਗੀ ਤਰ੍ਹਾਂ ਜਾਣਦੀ ਸੀ ਉਹ। ਜਿਹੜਾ ਆਦਮੀ ਹਮਲਾਵਰ ਵਾਂਗ ਆਪਣੇ ਹਿੱਸੇ ਦੀਆਂ ਬੋਟੀਆਂ ਉੱਤੇ ਟੁੱਟ ਕੇ ਨਹੀਂ ਪੈਂਦਾ, ਜਿਹੜਾ ਆਪਣਾ ਹਿੱਸਾ ਨਹੀਂ ਮੰਗਦਾ—ਸਿਰਫ ਦੂਜਿਆਂ ਦੇ ਹੱਕਾਂ ਬਾਰੇ ਸੋਚਦਾ ਰਹਿੰਦਾ ਹੈ—ਉਹ ਦੇਵਤਾ ਹੀ ਤਾਂ ਹੁੰਦਾ ਹੈ; ਉਸਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ, ਉਹ ਵਹਿਸ਼ੀਪੁਣਾ ਕਰ ਹੀ ਨਹੀਂ ਸਕਦਾ...।
ਤੇ ਚੰਦਾ ਦੇ ਪੁਰਾਣੇ ਸਬੰਧ ਜਿਵੇਂ ਦੀ ਤਿਵੇਂ ਹੀ ਰਹੇ। ਜਾਣਦੀ ਹੀ ਸੀ ਉਹ ਕਿ ਉਹ ਮੁਆਫ਼ ਕਰ ਦਏਗਾ...ਉਹ ਓਂਕਾਰ, ਜੋ ਦੇਵਤਾ ਹੈ।
ਮੁੰਡਾ ਭਿਖਿਆ ਲੈ ਕੇ ਸਾਧੂ ਬਾਬੇ ਕੋਲ ਪਰਤ ਆਇਆ। ਬਾਬੇ ਬੋਲੇ, ''ਬਈ ਐਨੀਆਂ ਗਾਲ੍ਹਾਂ ਸਹਿ ਕੇ ਭਿਖਿਆ ਦੇਣ ਤੇ ਪਿਆਰ ਕਰਨ ਵਾਲੇ ਜੀਵ, ਜਦੋਂ ਤੀਕ ਇਸ ਧਰਤੀ ਉੱਤੇ ਮੌਜ਼ੂਦ ਹਨ...ਆਸਮਾਨ ਕਿਵੇਂ ਡਿੱਗ ਸਕਦਾ ਈ ਭਲਾ? ਓਹੀਓ ਆਸਮਾਨ ਦੇ ਥੰਮ੍ਹਲੇ ਨੇ।'' ਤੇ ਮੁੰਡੇ ਦਾ ਡਰ ਦੂਰ ਹੋ ਗਿਆ ਸੀ।
ਹਾਂ, ਬੇਜਾਨ ਥੰਮ੍ਹਲਾ, ਥੰਮ੍ਹਲਾ ਨਹੀਂ ਸਿਰਫ ਕਿੱਲਾ ਹੀ ਸਮਝਦੀ ਰਹੀ ਸੀ ਚੰਦਾ ਉਸਨੂੰ। ਤਿੰਨ ਮਹੀਨਿਆਂ ਦੀ ਪੇਕੇ ਗਈ ਹੋਈ ਹੈ। ਹਰ ਮਹੀਨੇ ਪੈਸੇ ਭੇਜ ਦੇਂਦਾ ਹੈ ਓਂਕਾਰ...ਸਭ ਕੁਝ ਜਾਣਦਾ ਬੁੱਝਦਾ ਹੋਇਆ ਕਿ ਉਹ ਕਿਉਂ ਟਿਕੀ ਹੋਈ ਹੈ ਉੱਥੇ। ਹਰ ਵਾਰੀ ਸੋਚਦਾ ਹੈ, ਐਤਕੀਂ ਕੁਝ ਨਹੀਂ ਭੇਜਾਂਗਾ—ਪਰ ਪਹਿਲੀ ਨੂੰ, ਕਿਸੇ ਜੰਤਰ ਵਾਂਗ ਹੀ, ਮਨੀਆਡਰ ਫਾਰਮ ਖ਼ਰੀਦ ਲਿਆਉਂਦਾ ਹੈ। ਸੰਦੇਸ਼ ਲਈ ਥਾਂ ਉੱਤੇ ਸਿਰਫ ਤਿੰਨ ਲਕੀਰਾਂ ਖਿੱਚ ਦੇਂਦਾ ਹੈ। ਇਹੀ ਪ੍ਰੋਟੈਸਟ ਹੈ ਉਸਦਾ। ਜਦੋਂ ਉਸ ਚਾਰਾਗਾਹ ਦੀ ਹਰੀ ਹਰੀ ਘਾਹ ਚਰਦੀ ਥੱਕ ਜਾਏਗੀ ਚੰਦਾ, ਤਾਂ ਵਾਪਸ ਮੁੜ ਆਏਗੀ, ਆਪਣੇ ਉਸ 'ਖ਼ਤਰਾ-ਰਹਿਤ' ਕਿੱਲੇ ਉੱਤੇ। ਰੋਏਗੀ, ਸਭ ਸਮਝਦਾ ਹੋਏਗਾ ਓਂਕਾਰ। ਵਹਿਸ਼ੀ ਨਹੀਂ ਹੈ ਉਹ, ਬਸ ਚੁੱਪ ਰਹੇਗਾ। ਪਛਤਾਏਗੀ ਉਹ, ਉਸਨੂੰ ਚੁੱਪ ਵੇਖ ਕੇ? ਨਹੀਂ, ਅਜਿਹੇ ਅਹਿਸਾਸ ਦੇ ਸੈੱਲ ਹੀ ਨਹੀਂ ਚੰਦਾ ਵਿਚ। ਸਜ਼ਾ ਤਾਂ ਉਹ ਆਪਣੇ ਆਪ ਨੂੰ ਦੇਂਦਾ ਹੈ।
ਚੁੱਪ...ਚੁੱਪ ਰਹਿਣ ਦੀ ਆਦਤ ਹੈ ਨਿੰਮੀ ਦੀ। ਦਸਾਂ ਸਾਲਾਂ ਦੀ ਜਾਣ-ਪਛਾਣ ਵਿਚ ਨਿੰਮੀ ਦੀ ਹਰ ਮਦਦ ਕੀਤੀ ਉਸਨੇ; ਉਸਨੇ ਹਰ ਕੰਮ ਨਿੰਮੀ ਦੇ ਇਕ ਇਸ਼ਾਰੇ ਉੱਤੇ ਕੀਤਾ...ਏਸੇ ਕਰਕੇ ਨਾ ਕਿ ਉਸਦੀ ਚੁੱਪ ਪਸੰਦ ਸੀ ਉਸਨੂੰ। ਓਂਕਾਰ ਨੂੰ ਇਹੀ ਅਰਥ ਲੱਭੇ ਸਨ ਉਸਦੀ ਚੁੱਪ ਦੇ ਕਿ ਉਹ ਵੀ ਉਸੇ ਵਾਂਗ ਸ਼ਬਦਾਂ ਨੂੰ ਚਾਲਾਕ ਤੇ ਝੂਠੇ ਸਮਝਦੀ ਹੈ। ਵਿਸ਼ਵਾਸ ਸੀ ਉਸਨੂੰ ਕਿ ਨਿੰਮੀ ਕਿਸੇ ਨਾ ਕਿਸੇ ਦਿਨ ਉਹ ਸਭ ਕੁਝ ਜ਼ਰੂਰ ਆਖੇਗੀ, ਜਿਸਦਾ ਉਹ ਪਿਛਲੇ ਦਸਾਂ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹੈ।...ਤੇ ਇੰਜ ਨਿੰਮੀ ਨੇ ਉਸ ਸਮੇਂ ਕੀਤਾ, ਜਦ ਉਸਦੀ ਮਾਂ ਮੋਈ ਸੀ। ਖਾਮੋਸ਼ ਨਿੰਮੀ ਦੀ ਹਮਦਰਦੀ ਸਿਰਫ ਤਿੰਨ ਸ਼ਬਦ ਸਨ 'ਬੜਾ ਮਾੜਾ ਹੋਇਆ'। ਓਂਕਾਰ ਦੀ ਦਸਾਂ ਸਾਲਾਂ ਦੀ ਉਡੀਕ ਦਾ ਜੁਆਬ—ਸਿਰਫ ਤਿੰਨ ਸ਼ਬਦ। ਜਿੱਥੋਂ ਤਕ ਓਂਕਾਰ ਦਾ ਸਵਾਲ ਹੈ, ਖਾਮੋਸ਼ ਨਿੰਮੀ ਤੇ ਬਹੁਤਾ ਬੋਲਣ ਵਾਲੀ ਚੰਦਾ, ਦੋਹਾਂ ਨੇ ਉਸਨੂੰ ਸੁਰੱਖਿਅਤ ਕਿੱਲਾ ਹੀ ਸਮਝਿਆ ਸੀ। ਅਜਿਹਾ ਕਿੱਲਾ ਜਿਸ ਲਈ ਸਮਾਂ ਕਦੀ ਨਹੀਂ ਬੀਤਦਾ...ਤੇ ਜਿਸਨੂੰ ਜਦੋਂ ਜੀਅ ਚਾਹੇ ਛੱਡਿਆ ਤੇ ਮੁੜ ਆਪਣੀ ਸੌਖ ਅਨੁਸਾਰ ਵਰਤਿਆ ਜਾ ਸਕਦਾ ਹੈ। ਦੋਹਾਂ ਨੇ ਡਾਢੇ ਧੋਖੇਬਾਜ਼ ਤੇ ਹਮਲਾਵਰ ਕਿਸਮ ਦੇ ਲੋਕ ਹੀ ਪਸੰਦ ਕੀਤੇ, ਜੋ ਉਹਨਾਂ ਨੂੰ ਮਾਂਸਲ-ਜਿਸਮ ਸਮਝ ਕੇ ਕੰਮ ਹੋ ਜਾਣ ਪਿੱਛੋਂ ਠੁਕਰਾ ਜਾਂਦੇ ਰਹੇ।...ਤੇ ਦੋਹਾਂ ਦੀ ਮਦਦ ਕਰਦਾ ਰਿਹਾ ਓਂਕਾਰ, ਕਿਉਂਕਿ ਉਹ ਸਿਰਫ ਮਦਦ ਹੀ ਕਰ ਸਕਦਾ ਸੀ। ਪਰ ਹੁਣ ਨਹੀਂਓਂ ਚੱਲਣਾ ਏਦਾਂ। ਨਹੀਂ ਲੋੜ ਉਸਨੂੰ ਆਸਮਾਨ ਦਾ ਥੰਮ੍ਹ ਬਣਨ ਦੀ। ਕੀ ਕਿਸਮਤ ਹੈ ਥੰਮ੍ਹ ਦੀ?...ਬਸ, ਸਾਰੀ ਸ਼ਕਤੀ, ਸਾਰੀ ਊਰਜਾ ਨਾਲ ਸਿਰ ਉੱਤੇ ਪੂਰੀ ਇਮਾਰਤ ਦਾ ਬੋਝ ਲੱਦੀ ਰੱਖੇ, ਹਿੱਲ ਵੀ ਨਾ ਸਕੇ...
ਥੰਮ੍ਹ ਨਹੀਂ ਬਣੇਗਾ ਉਹ—ਬਗ਼ਾਵਤ ਕਰੇਗਾ...ਹਿਲੇਗਾ ਜ਼ੋਰ ਜ਼ੋਰ ਨਾਲ, ਝਪਟੇਗਾ ਚੀਜ਼ਾਂ ਉੱਤੇ, ਹੱਲੇ ਬੋਲੇਗਾ। ਡਿੱਗ ਪਏ ਇਮਾਰਤ, ਡਿੱਗਦਾ ਫਿਰੇ ਆਸਮਾਨ—ਆਖ਼ਰ ਸਾਰਿਆਂ ਉੱਤੇ ਹੀ ਤਾਂ ਡਿੱਗੇਗਾ! ਚੰਦਾ, ਨਿੰਮੀ, ਭਰਾ, ਕਾਮਰੇਡ...ਸਾਰਿਆਂ ਨੇ ਹਮੇਸ਼ਾ ਗਿਰਝਾਂ ਵਾਂਗ ਚੂੰਡਿਆ ਹੈ ਉਸਨੂੰ। ਇਸੇ ਕਰਕੇ ਨਾ ਕਿ ਉਸਨੇ ਹਮੇਸ਼ਾ ਗਿਰਝਾਂ ਦੀ ਦਾਅਵਤ ਨੂੰ ਆਪਣੀ ਦੇਹ ਪੇਸ਼ ਕੀਤੀ ਹੈ। ਪਰ ਹੁਣ ਨਹੀਂ ਨਿਭੇਗਾ ਇਹ ਸਭ। ਲੋਕ ਤਾਂ ਹਰਾਮ ਦਾ ਖਾ ਰਹੇ ਨੇ...ਉਹ ਤਾਂ ਸਿਰਫ ਆਪਣੇ ਅਹਿਸਾਨਾਂ ਦਾ ਬਦਲ ਲਏਗਾ—ਖਰਾ ਤੇ ਉੱਕਾ-ਪੁੱਕਾ। ਭਾਵੇਂ ਮੁਆਵਜੇ ਵਜੋਂ ਉਸਨੂੰ ਕਿਸੇ ਦੀ ਚੰਮ ਹੀ ਕਿਉਂ ਨਾ ਲਾਹੁਣੀ ਪਏ।
ਕਮਰੇ ਵਿਚੋਂ ਨਿਕਲ ਪਿਆ ਓਂਕਾਰ। ਪਤਾ ਨਹੀਂ ਕਿਉਂ ਜਦੋਂ ਨਿੰਮੀ ਬਾਰੇ ਸੋਚਦਾ ਹੈ ਤਾਂ ਦੋ ਉਦਾਸੀਆਂ, ਖਾਮੋਸ਼ ਅੱਖਾਂ ਸਾਹਮਣੇ ਆ ਜਾਂਦੀਆਂ ਹਨ। ਸ਼ਾਇਦ ਪਛਤਾਵਾ ਵੀ ਹੈ ਉਹਨਾਂ ਅੱਖਾਂ ਵਿਚ! ਪਰ ਨਿੰਮੀ ਦੀ ਦੇਹ ਕਿੱਥੇ ਅਲੋਪ ਹੋ ਜਾਂਦੀ ਹੈ?
ਨਾ ਸਹੀ ਨਿੰਮੀ—ਪਰ ਨਾ ਕਿਉਂ? ਇਹੀ ਤਾਂ ਕਮਜ਼ੋਰੀ ਹੈ ਓਂਕਾਰ ਵਿਚ...ਚਾਹੁੰਦਿਆਂ ਹੋਇਆਂ ਵੀ ਜਾਨਵਰ ਨਹੀਂ ਬਣ ਸਕਦਾ।
ਚਲੋ ਨਿੰਮੀ ਹੀ ਸਹੀ...ਤੇ ਹੋਰ ਵੀ ਤਾਂ ਹੋ ਸਕਦੀਆਂ ਹਨ। ਅੱਜ ਤੋਂ ਚੰਦਾ ਦੇ ਪੈਸੇ ਬੰਦ। ਉਸਦਾ ਹਿੱਸਾ...ਰੰਡੀ ਦੇ ਕੋਠੇ ਜਾਏਗਾ। ਭਰਪੂਰ ਜੀਵਨ ਜਿਊਂਵੇਗਾ ਉਹ...ਜਿਊਂਦੇ ਜੀਅ। ਸਰੀਰ ਹੈ ਤਾਂ ਵੇਚਣ ਵਿਚ ਬੁਰਾਈ ਕਾਹਦੀ ਹੈ? ਸਰੀਤ ਤਕ ਸੀਮਤ ਨੈਤਿਕਤਾ ਵਿਚ ਉੱਕਾ ਯਕੀਨ ਨਹੀਂ ਹੈ ਓਂਕਾਰ ਨੂੰ। ਪਰ ਕੀ ਉਹ ਆਪਣੀ ਮਰਜ਼ੀ ਨਾਲ ਸਰੀਰ ਵੇਚਦੀਆਂ ਹਨ? ਓਂਕਾਰ ਸਹਿ ਸੁਭਾਅ ਗੁਣਗੁਣਾਉਣ ਲੱਗ ਪਿਆ :
'ਮਦਦ ਚਾਹਤੀ ਹੈ ਹਵਾ ਕੀ ਬੇਟੀ,
ਯਸ਼ੋਦਾ ਕੀ ਹਮ ਜਿੰਸ, ਰਾਧਾ ਕੀ ਬੇਟੀ,
ਪਯੰਬਰ ਕੀ ਉੱਮਤ, ਜੁਲੈਖਾ ਕੀ ਬੇਟੀ...'
ਮੰਨਿਆਂ ਸਰੀਰ ਤਕ ਸੀਮਤ ਨੈਤਿਕਤਾ ਨੂੰ ਨਹੀਂ ਮੰਨਦਾ ਉਹ...ਪਰ ਇਹ ਇਕ ਕੁਰੀਤੀ ਤਾਂ ਹੈ ਨਾ...ਉਂਜ ਦੇਖੀਏ ਤਾਂ 'ਵੇਚਣ ਵਾਲੀ' ਆਪਣੇ ਸਰੀਰ ਦੀ ਮਾਲਕ ਸ਼ਖਸੀਅਤ ਹੀ ਕਦੋਂ ਹੁੰਦੀ ਹੈ? ਸਿਰਫ ਘਾਹ-ਫੂਸ ਦਾ ਭਰਿਆ ਬੋਰਾ ਨਹੀਂ ਰਹਿ ਜਾਂਦੀ? ਰੁਟੀਨ ਵਿਚ ਵਿਕਦੀ ਇਕ ਜਿਨਸ!
ਪਰ ਓਂਕਾਰ ਨੂੰ ਵੀ ਤਾਂ ਜਿਊਣ ਦਾ ਹੱਕ ਹੈ। ਸਮਾਜਿਕ ਕੁਰੀਤੀਆਂ ਦੂਰ ਕਰਨ ਦਾ ਠੇਕਾ ਉਸ ਇਕੱਲੇ ਨੇ ਹੀ ਤਾਂ ਨਹੀਂ ਲਿਆ ਨਾ? ਇਕ ਗਾਹਕ ਦੀ ਹੈਸੀਅਤ ਨਾਲ ਖਰੀਦਣ ਦਾ ਹੱਕ ਹੈ ਉਸਨੂੰ ਵੀ—ਚਾਹੇ ਕੋਈ ਵਸਤੂ ਵਿਕੇ, ਚਾਹੇ ਵਿਅਕਤੀ। ਸੋਧਵਾਦ ਤਾਂ ਵਿਚਾਲੜੀ ਟਰਮ ਹੈ। ਅਜੀਬ ਨਿਰਾਸ਼ਾ ਵੱਸ ਉਤੇਜਿੱਤ ਹੋ ਕੇ ਕੂਕਿਆ ਓਂਕਾਰ—
'ਗਾਹਕ ਜ਼ਿੰਦਾ-ਬਾਦ !
ਦਲਾਲ ਮੁਰਦਾ-ਬਾਦ !
ਰੰਡੀਆਂ ਨੂੰ ਵੋਟ ਦਿਓ। '
ਓਇ, ਪਾਗਲ ਹੋ ਗਿਆ ਏਂ ਓਂਕਾਰਾ !
ਨਹੀਂ, ਨਹੀਂ, ਉਸਦੇ ਹਮਲੇ ਦਾ ਇਕੋ ਨਿਸ਼ਾਨਾ ਹੈ ਅੱਜ—ਨਿੰਮੀ। ਸਾਢੇ ਦਸ ਵੱਜੇ ਸਨ ਰਾਤ ਦੇ...ਉਸਦਾ ਪਤੀ ਨਾਂਅ ਦਾ ਜਾਨਵਰ ਕੱਚੀ ਸ਼ਰਾਬ ਦੇ ਠੇਕੇ 'ਤੇ ਆਊਟ ਪਿਆ ਹੋਏਗਾ। ਘੱਟੋ-ਘੱਟ ਰਾਤੀਂ ਦੋ ਵਜੇ ਤਕ ਪਿਆ ਰਹੇਗਾ...ਪੱਕਾ ਪਤਾ ਸੀ ਓਂਕਾਰ ਨੂੰ; ਸਵੇਰੇ ਹੀ ਤਾਂ ਨਿੰਮੀ ਦੀ ਬਿਮਾਰੀ ਦਾ ਬਹਾਨਾ ਕਰਕੇ ਰੁਪਏ ਮਾਂਠ ਕੇ ਲੈ ਗਿਆ ਸੀ ਉਸ ਤੋਂ।...ਬੇਸ਼ਰਮ, ਕਮੀਨਾ ਕਿਤੋਂ ਦਾ।
ਓਂਕਾਰ ਨੇ ਸੀਟੀ ਵਜਾਉਣੀ ਚਾਹੀ, ਵੱਜੀ ਨਹੀਂ...ਹਵਾ ਜੀਭ ਦੇ ਦੋਏ ਪਾਸਿਓਂ ਨਿਕਲ ਗਈ। ਕੱਚਾ ਜਿਹਾ ਹੋ ਕੇ ਉਸਨੇ ਆਸਮਾਨ ਵੱਲ ਦੇਖਿਆ—ਰਾਤ ਹਨੇਰੀ ਸੀ, ਸੋ ਤਾਰੇ ਕਾਫੀ ਸੰਘਣੇ ਸਨ। ਇਹ ਆਸਮਾਨ ਅੱਜ ਏਨਾ ਨੀਵਾਂ ਕਿਉਂ ਲੱਗ ਰਿਹਾ ਹੈ? ਸਪਾਟ ਜਿਹਾ! ਇਹ ਘੁਟਣ ਜਿਹੀ ਕਿਉਂ ਮਹਿਸੂਸ ਹੋ ਰਹੀ ਹੈ?
      --- --- ---
ਨਿੰਮੀ ਬੈਠੀ ਸੀ—ਬਿਲਕੁਲ ਓਵੇਂ ਹੀ...ਇਕ ਗੋਦ, ਇਕ ਬੱਚਾ, ਇਕ ਜੋੜੀ ਮਜ਼ਬੂਰੀ ਮਾਰੀਆਂ ਅੱਖਾਂ। ਬੱਚਾ ਉਂਜ ਵੀ ਕਾਫੀ ਕਮਜ਼ੋਰ ਸੀ, ਪਰ ਅੱਜ ਤਾਂ ਬਿਲਕੁਲ ਨਿਢਾਲ ਹੋਇਆ ਪਿਆ ਸੀ।
ਨਿੰਮੀ ਦੁਖੀ ਹੁੰਦੀ ਹੈ ਤਾਂ ਰੋਂਦੀ ਸਿਸਕਦੀ ਨਹੀਂ। ਬਸ, ਹੋਰ ਖਾਮੋਸ਼ ਹੋ ਜਾਂਦੀ ਹੈ; ਰੋਂਦੀਆਂ, ਵਿਰਲਾਪ ਕਰਦੀਆਂ ਹਨ, ਬਸ ਉਸਦੀਆਂ ਅੱਖਾਂ।
ਅਜਿਹਾ ਵਹਿਸ਼ੀ ਗੁੱਸਾ ਚੜ੍ਹਿਆ ਹੋਇਆ ਸੀ ਓਂਕਾਰ ਨੂੰ—ਕਿ ਬੱਚੇ ਨੂੰ ਇਕ ਪਾਸੇ ਵਗਾਹ ਮਾਰੇ ਤੇ ਝਪਟ ਪਏ ਨਿੰਮੀ ਉੱਤੇ...ਪਰ ਨਿੰਮੀ ਦੀਆਂ ਦੁਖ ਪਰੁੱਚੀਆਂ ਅੱਖਾਂ—ਕੁਝ ਵੀ ਨਹੀਂ ਸੀ ਕਰ ਸਕਿਆ ਓਂਕਾਰ। ਉਸਦੇ ਹਿੱਸੇ 'ਚ ਤਾਂ ਸਿਰਫ ਰਹਿਮ ਕਰਨਾ, ਕੁਝ ਦੇਣਾ ਤੇ ਆਪਣੀ ਰਾਹ ਟੁਰ ਜਾਣਾ ਹੀ ਲਿਖਿਆ ਹੈ।
'ਉੱਠ ਡਾਕਟਰ ਕੋਲ ਚੱਲੀਏ।'' ਓਂਕਾਰ ਨੇ ਬੱਚੇ ਨੂੰ ਉਸਦੀ ਗੋਦ ਵਿਚੋਂ ਚੁੱਕ ਲਿਆ ਤੇ ਕਿਸੇ ਮਸ਼ੀਨ ਵਾਂਗ ਹੀ ਨਿੰਮੀ ਉੱਠ ਕੇ ਖੜ੍ਹੀ ਹੋ ਗਈ।
ਡਾਕਟਰ ਓਂਕਾਰ ਦਾ ਵਾਕਿਫ਼ ਸੀ। ਪਰ ਵਾਕਫ਼ੀਅਤ ਤੇ ਫੀਸ ਦੋ ਵੱਖ-ਵੱਖ ਚੀਜ਼ਾਂ ਹੁੰਦੀਆਂ ਹਨ। ਤਿਪਹੀਏ ਸਕੂਟਰ ਵਾਲੇ ਨੇ ਨਾਈਟ ਚਾਰਜ ਵੱਖਰਾ ਲਿਆ। ਦਸ ਰੁਪਏ ਬਚ ਗਏ ਹਨ ਬਾਕੀ। 'ਪੇ' ਮਿਲੇਗੀ ਚਾਰ ਦਿਨ ਬਾਅਦ। ਤਦ ਤਕ ਲੰਚ ਦੀ ਛੁਟੀ...ਚੱਲੋ, ਇੰਜ ਹੀ ਸਹੀ...।
ਸੁੱਤੇ ਹੋਏ ਬੱਚੇ ਨੂੰ ਨਿੰਮੀ ਦੇ ਹੱਥਾਂ ਉੱਤੇ ਟਿਕਾਅ ਦਿੱਤਾ ਓਂਕਾਰ ਨੇ। ਨਿੰਮੀ ਦੀਆਂ ਖਾਮੋਸ਼ ਅੱਖਾਂ ਨੇ ਉਸ ਵੱਲ ਤੱਕਿਆ...
'ਨਹੀਂ, ਉਪਰ ਨਹੀਂ ਆਵਾਂਗਾ—ਕਾਫੀ ਵਕਤ ਹੋ ਗਿਆ ਏ—ਹੁਣ ਫਿਕਰ ਕਰਨ ਦੀ ਕੋਈ ਗੱਲ ਨਹੀਂ।'' ਜਬਰੀ ਮੁਸਕਰਾਇਆ ਵੀ ਓਂਕਾਰ।
'ਜਾਓਗੇ !'' ਭਰੜਾਅ ਗਈ ਨਿੰਮੀ ਦੀ ਆਵਾਜ਼। ਕੀ ਉਹ ਰੋ ਰਹੀ ਸੀ? ਨਿੰਮੀ ਦਾ ਖੱਬਾ ਹੱਥ ਉਸਦੇ ਮੋਢੇ ਵੱਲ ਵਧਿਆ, ਸਰੀਰ ਵੀ। ਨਹੀਂ, ਨਹੀਂ ਉਸਨੇ ਬੱਚੇ ਨੂੰ ਹਿੱਕ ਨਾਲ ਘੁੱਟ ਲਿਆ ਤੇ ਫੇਰ ਬੇਆਵਾਜ਼ ਪੌੜੀਆਂ ਚੜ੍ਹਦੀ, ਚਲੀ ਗਈ।
ਜਾਏਗਾ ਹੀ ਓਂਕਾਰ। ਜਾਣਾ ਹੀ ਪਏਗਾ। ਕਿੰਨਾ ਇਕੱਲਾ ਹੈ ਉਹ! ਸਿਰਫ 'ਜਾਓਗੇ' ਤੇ ਕੁਝ ਸਿਸਕੀਆਂ। ਮਨ ਕਿਵੇਂ ਜਿਹੇ ਹੋਣ ਲੱਗ ਪਿਆ ਸੀ—ਜਿਵੇਂ ਕੋਈ ਵਗਦੀ ਹੋਈ ਨਦੀ ਵਿਚ ਪੱਥਰ-ਕੰਕਰ ਸੁੱਟਦਾ ਰਿਹਾ ਹੋਵੇ ਸਾਰਾ ਦਿਨ...ਵਹਿੰਦਾ ਰਹੇ ਪਾਣੀ...ਤੇ ਸ਼ਾਮ ਹੋ ਜਾਏ।
ਓਂਕਾਰ ਦਾ ਜੀਅ ਠਹਾਕਾ ਮਾਰ ਕੇ ਹੱਸਣ ਨੂੰ ਕੀਤਾ, ਪਰ ਇਹ ਰੋਣ ਕਿਉਂ ਨਿਕਲ ਆਇਆ ਹੈ ਉਸਦਾ? ਓਂਕਾਰ ਵੀ ਬਸ, ਓਂਕਾਰ ਹੀ ਹੈ ਤੇ ਰਹੇਗਾ ਵੀ—ਬਿਲਕੁਲ ਨਹੀਂ ਬਦਲੇਗਾ, ਬੁੱਧੂ।
ਓਂਕਾਰ ਨੇ ਆਸਮਾਨ ਵੱਲ ਦੇਖਿਆ। ਚੰਨ ਨਿਕਲ ਆਇਆ ਸੀ। ਏਨੀ ਘੁਟਣ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ ਆਕਾਸ਼...ਹੁਣ ਤਾਂ ਏਨਾ ਨੀਵਾਂ ਵੀ ਨਹੀਂ ਲੱਗਦਾ, ਡਿੱਗਣ ਵਾਲਾ ਤਾਂ ਬਿਲਕੁਲ ਹੀ ਨਹੀਂ। ਏਨੀਆਂ ਨਿਰਮਲ ਰਾਤਾਂ ਵਿਚ ਵੀ ਕਦੀ ਆਸਮਾਨ ਡਿੱਗੇ ਨੇ?

      --- --- ---
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

    e-mail : mpbedijaitu@yahoo.co.in
    Blog at. : mereanuwad.blogspot.com

Thursday, September 9, 2010

ਇਕ ਖ਼ਤ ਅਹਿਮਦਾਬਾਦ ਤੋਂ…:: ਲੇਖਕ : ਵਿਜੈ



ਹਿੰਦੀ ਕਹਾਣੀ :
ਇਕ ਖ਼ਤ ਅਹਿਮਦਾਬਾਦ ਤੋਂ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


“ਖ਼ਤ ਆਇਆ ਏ ਅੰਮੀ,” ਨੀਲੋਫਰ ਦੀ ਆਵਾਜ਼ ਹੈ। “ਕਿਸਦਾ ਏ, ਜ਼ਰਾ ਦੇਖ ਤਾਂ?” ਰਬਿਯਾ ਰਸੋਈ 'ਚੋਂ ਈ ਪੁੱਛਦੀ ਹੈ। “ਆਯਸ਼ਾ ਖਾਲਾ (ਮਾਸੀ) ਦਾ ਅੰਮੀ, ਅਹਿਮਦਾਬਾਦ ਤੋਂ...।”
ਰਬਿਯਾ ਦੇ ਦੋਵੇਂ ਹੱਥ ਆਪ-ਮੁਹਾਰੇ ਉੱਪਰ ਵੱਲ ਉਠ ਜਾਂਦੇ ਨੇ, “ਅੱਲ੍ਹਾ ਖ਼ੈਰ ਕਰੇ। ਆਪਾ (ਵੱਡੀ ਭੈਣ) ਸਲਾਮਤ ਏ—ਮੇਰੀ ਫ਼ਿਕਰ ਮਿਟੀ,” ਰਸੋਈ 'ਚੋਂ ਬਾਹਰ ਆਉਂਦੀ ਰਬਿਯਾ ਬੜਬੜਾ ਰਹੀ ਹੈ, ਪਰ ਜਵਾਨ ਧੀ ਨੂੰ ਗੁੰਮਸੁੰਮ ਖਲੋਤੀ ਵੇਖ ਕੇ ਠਿਠਕ ਜਾਂਦੀ ਹੈ ਤੇ ਖ਼ਤ ਫੜ੍ਹ ਲੈਂਦੀ ਹੈ। ਖ਼ਤ ਉੱਪਰ ਲਫ਼ਜ਼ਾਂ ਦੇ ਨਾਲ ਨਾਲ ਧੱਬੇ ਹੀ ਧੱਬੇ ਸਨ। ਰਬਿਯਾ ਸਮਝ ਜਾਂਦੀ ਹੈ—ਰੋਂਦਿਆਂ ਹੋਇਆਂ ਲਿਖਿਆ ਹੋਏਗਾ, ਆਪਾ ਨੇ ਇਹ ਖ਼ਤ। ਦਿਲ ਦੀਆਂ ਸੱਤ ਪਰਤਾਂ ਹੇਠ, ਕੁਝ ਤਿੜਕ ਰਿਹਾ ਜਾਪਦਾ ਹੈ। ਖ਼ਤ ਦੇ ਲਫ਼ਜ਼ ਧੁੰਦਲੇ ਦਿਖਾਈ ਦੇਣ ਲੱਗ ਪੈਂਦੇ ਨੇ—ਖ਼ੁਦ ਆਪਣੀਆਂ ਅੱਖਾਂ ਜੋ ਸਿੱਜਲ ਹੋ ਗਈਆਂ ਨੇ। ਉਹਨਾਂ ਨੂੰ ਪੂੰਝ ਕੇ ਰਬਿਯਾ ਪੜ੍ਹਣ ਲੱਗ ਪੈਂਦੀ ਹੈ...'ਪਿਆਰੀ ਰਬਿਯਾ, ਦੁਆ! ਕਲੇਜਾ ਜਦੋਂ ਰਤਾ ਸਖ਼ਤ ਹੋਇਆ, ਤੈਨੂੰ ਖ਼ਤ ਲਿਖਣ ਦੀ ਹਿੰਮਤ ਕਰ ਸਕੀ। ਤੁਹਾਡੀ ਮਜ਼ਬੂਰੀ ਮੈਂ ਸਮਝ ਸਕਦੀ ਹਾਂ...ਇਸ ਬਲਦੇ ਹੋਏ ਜੰਗਲ ਵਿਚ ਸਾਨੂੰ ਟੋਲਣ ਆਉਂਦੇ ਤਾਂ ਤੁਸੀਂ ਵੀ ਨਹੀਂ ਸੀ ਬਚਣਾ...ਸਾਡੇ ਵਾਂਗ ਕਿਸੇ ਸੁਲੇਮਾਨ ਜਾਂ ਰਹਿਮਤ ਕੈਂਪ ਵਿਚ ਪਹੁੰਚ ਜਾਂਦੇ। ਹਾਲਾਤ ਤਾਂ ਟੀ.ਵੀ. ਉੱਤੇ ਦੇਖ ਹੀ ਲੈਂਦੀ ਹੋਏਂਗੀ—ਜੋ ਇਸ ਸ਼ਹਿਰ ਦੇ ਹਾਲ ਨੇ, ਉਹੀ ਸਾਡਾ ਹਾਲ ਹੈ। ਪਤਾ ਨਹੀਂ ਕਿਉਂ ਅੱਲ੍ਹਾ ਨੇ ਵੀ ਉਹਨਾਂ ਗਲੀਆਂ ਵਿਚੋਂ ਲੰਘਣਾ ਛੱਡ ਦਿੱਤਾ ਹੈ, ਜਿੱਥੇ ਸੜੇ ਹੋਏ ਮਕਾਨ, ਦੁਕਾਨਾਂ ਤੇ ਜਿਸਮ ਚੀਕ-ਚੀਕ ਕੇ ਉਸਨੂੰ ਪੁਕਾਰਦੇ ਰਹਿੰਦੇ ਨੇ—ਸ਼ਾਇਦ ਅੱਲ੍ਹਾ ਅਮਨ ਚੈਨ ਵਾਲੀਆਂ ਬਸਤੀਆਂ ਵਿਚ ਗਸ਼ਤ ਲਾਉਂਣ ਲੱਗ ਪਿਆ ਏ ਹੁਣ।
ਜਿਸ ਦਿਨ ਗੋਧਰਾ ਵਿਚ ਮੁਸਲਮਾਨਾਂ ਦੀ ਭੀੜ ਨੇ ਪੰਜਾਹ ਸੱਠ ਹਿੰਦੂ ਕਾਰ-ਸੇਵਕਾਂ ਨੂੰ ਰੇਲ ਦੇ ਡੱਬੇ ਵਿਚ ਹੀ ਭੁੰਨ ਸੁੱਟਿਆ ਸੀ, ਸਾਨੂੰ ਅਹਿਸਾਸ ਹੋ ਗਿਆ ਸੀ ਕਿ ਜਾਲਮਾਂ ਦਾ ਬਦਲਾ ਮਜਲੂਮਾਂ ਤੋਂ ਲਿਆ ਜਾਏਗਾ—ਪਰ ਬਦਲਾ ਏਨਾ ਖ਼ੌਫ਼ਨਾਕ ਹੋਏਗਾ, ਸੋਚਿਆ ਨਹੀਂ ਸੀ।
ਦੂਜੀ ਰਾਤ ਨੂੰ ਹੀ ਅਸੀਂ ਸ਼ਹਿਰ ਛੱਡ ਕੇ ਨਿਕਲ ਜਾਣਾ ਦਾ ਫ਼ੈਸਲਾ ਕਰ ਲਿਆ ਸੀ ਕਿ ਰਮੇਸ਼ਭਾਈ ਸ਼ਾਹ ਆ ਗਏ...'ਕਿਧਰੇ ਨਹੀਂ ਜਾਣਾ ਸ਼ਮਸ਼ ਭਾਈ! ਭੂਚਾਲ ਦੇ ਦਿਨਾਂ ਵਿਚ ਵੀ ਅਸਾਂ ਲੋਕਾਂ ਮਿਲ ਕੇ ਮੌਤ ਦਾ ਮੁਕਾਬਲਾ ਕੀਤਾ ਸੀ।'
ਖੁਸ਼ ਹੋ ਗਈ ਸੀ ਸਨੋਵਰ...'ਦੇਖਿਆ ਅੰਮੀ! ਇਹ ਗਾਂਧੀ ਦਾ ਸੂਬਾ ਏ, ਇੱਥੇ ਨਫ਼ਰਤ ਉੱਪਰ ਮੁਹੱਬਤ ਭਾਰੂ ਹੁੰਦੀ ਏ।' ਉਕੀਲ ਦੀ ਵੀ ਇਹੋ ਰਾਏ ਸੀ ਕਿ ਉਸਦੇ ਦੋਸਤ ਸਾਡੀ ਸਾਰਿਆਂ ਦੀ ਹਿਫ਼ਾਜਤ ਜੀ-ਜਾਨ ਨਾਲ ਕਰਨਗੇ। ਚੁੱਪ ਤੇ ਗੁੰਮਸੁੰਮ ਸਨ ਤਾਂ ਸਿਰਫ ਤੇਰੇ ਇਲਹਾ ਭਾਈ। ਦੋਵੇਂ ਬੱਚੇ ਜਦੋਂ ਜਰਾ ਬਾਹਰ ਗਏ ਤਾਂ ਮੈਨੂੰ ਕਹਿਣ ਲੱਗੇ, 'ਮਜ਼ਹਬ ਲੜਨਾ ਨਹੀਂ ਸਿਖਾਉਂਦਾ—ਪਰ ਜਦੋਂ ਮਜ਼ਹਬ ਦੀ ਕਮਾਨ ਗੁੰਡਿਆਂ ਦੇ ਹੱਥ ਹੋਵੇ ਤਾਂ ਇਨਸਾਨ, ਇਨਸਾਨ ਨਹੀਂ ਰਹਿੰਦਾ। ਉਕੀਲ, ਉਰਮਿਲਾ ਮਾਤੋਂਡਕਰ ਤੇ ਗੋਵਿੰਦਾ ਦਾ ਦੀਵਾਨਾ ਹੈ। ਏਸ ਪਸੰਦ ਤੇ ਨਾ-ਪਸੰਦ ਵਿਚਕਾਰ ਮਜ਼ਹਬ ਕਿੱਥੇ ਆਉਂਦੈ? ਇਕ ਮੁਰਦਾ ਮਸਜਿਦ ਨੂੰ ਤੋੜ ਕੇ ਕਿੰਨੇ ਹਿੰਦੂ ਗਾਜੀ ਬਣਨਾ ਚਾਹੁੰਦੇ ਨੇ? ਪਰ ਉਹ ਮੁਸਲਮਾਨ, ਉਹ ਹਿੰਦੂ...ਜਿਹੜੇ ਗੁੰਡਿਆਂ ਤੋਂ ਦੂਰ ਰਹਿਣਾ ਚਾਹੁੰਦੇ ਨੇ, ਉਹਨਾਂ ਦਾ ਵਜੂਦ ਗੁੰਡਿਆਂ ਸਾਹਵੇਂ ਕੀ ਰਹਿ ਜਾਂਦੈ?...ਇਸੇ ਲਈ ਤਾਂ ਲੜਾਈ, ਦੰਗਾ, ਝਗੜੇ ਤੇ ਸਾੜ-ਫੂਕ ਇਸ ਮੁਲਕ ਵਿਚ ਆਮ ਗੱਲ ਹੋ ਗਈ ਏ। ਇੱਥੋਂ ਜਿਹੜੇ ਮੁਸਲਮਾਨ ਪਾਕਿਸਤਾਨ ਗਏ, ਉਹਨਾਂ ਨੂੰ ਅੱਜ ਤੀਕ ਮੁਹਾਜਿਰ ਕਿਹਾ ਜਾਂਦੇ ਏ ਤੇ ਜਿਹੜੇ ਹਿੰਦੁਸਤਾਨ ਵਿਚ ਨੇ ਉਹਨਾਂ ਨੂੰ ਪਾਕਿਸਤਾਨੀ ਸਮਝਿਆ ਜਾਂਦਾ ਏ। ਸ਼ੱਕ ਦੀ ਉਂਗਲ ਉਹਨਾਂ ਵੱਲ ਹਮੇਸ਼ਾ ਸਿੰਨ੍ਹੀ ਰਹਿੰਦੀ ਏ। ਇਹ ਗੋਰੀ ਕੌਮ ਜਿਸਨੇ ਹਿੰਦੁਸਤਾਨ ਨੂੰ ਤੋੜਿਆ ਸੀ...ਇਸੇ ਕੌਮ ਨੇ ਅਫ਼ਗਾਨਿਸਤ 'ਚੋਂ ਨਜੀਬ ਦੀ ਹਕੂਮਤ ਮਿਟਾਉਣ ਖਾਤਰ ਤਾਲਿਬਾਨ ਪੈਦਾ ਕੀਤੇ ਸੀ। ਹੁਣ ਇਹੀ ਕੌਮ ਤਾਲਿਬਾਨਾਂ ਦੇ ਨਾਂਅ 'ਤੇ ਪੂਰੀ ਦੁਨੀਆਂ ਸਾਹਵੇਂ ਮੁਸਲਮਾਨਾਂ ਨੂੰ ਟੈਰਰਿਸਟ ਦੇ ਰੂਪ ਵਿਚ ਪਰਚਾਰ ਰਹੀ ਏ—ਹਰੇਕ ਮੁਸਲਮਾਨ ਵਿਚ ਉਹਨਾਂ ਨੂੰ ਲਾਦੇਨ ਦਿਖਾਈ ਦੇਂਦਾ ਏ। ਜੋ ਖ਼ੁਦ ਦੇਖਦੇ ਨੇ, ਉਹੀ ਹੋਰਾਂ ਨੂੰ ਦਿਖਾਉਣਾ ਚਾਹੁੰਦੇ ਨੇ। ਸਕੇ ਬਣ ਕੇ ਖ਼ੈਰਾਤ (ਭੀਖ) ਦੇ ਬਹਾਨੇ ਆਪਣਾ ਬਾਜ਼ਾਰ ਠੋਸਣਾ ਚਾਹੁੰਦੇ ਨੇ। ਉਹਨਾਂ ਦਾ ਬਾਜ਼ਾਰ ਸੰਭਾਲੋ ਜਾਂ ਗਾਰਤ (ਤਬਾਹ) ਹੋ ਜਾਓ।' ਉਦੋਂ ਹੀ ਬੱਚੇ ਅੰਦਰ ਆ ਗਏ।
'ਜੀ ਅੱਬਾ, ਇਹਨਾਂ ਦੇ ਦਿੱਤੇ ਹਥਿਆਰ ਲੈ ਕੇ ਹੀ ਅਫ਼ਗਾਨੀ ਮਰਸਨਰੀ ਕਸ਼ਮੀਰ 'ਚ ਘੁਸਦੇ ਸੀ। ਇਹਨਾਂ ਕਰਕੇ ਈ ਹਿੰਦੂਆਂ ਨੂੰ ਕਸ਼ਮੀਰ ਛੱਡਣਾ ਪਿਆ ਈ ਤੇ ਹੁਣ ਉੱਥੋਂ ਦੇ ਮੁਸਲਮਾਨਾਂ ਦੀ ਜ਼ਿੰਦਗੀ ਗਾਰਤ ਹੋਈ ਹੋਈ ਏ।' ਸਨੋਵਰ ਨੇ ਕਿਹਾ ਸੀ।
'ਪਰ ਇੱਥੇ ਤਾਂ ਹਾਲ ਇਹ ਈ ਕਿ ਪੁਲਿਸ ਨਾਲ ਰਲ ਕੇ ਨਾਰਕੋਟਿਕਸ ਵੇਚਦਾ ਹਿੰਦੂ ਤਾਂ ਦੇਸ਼ ਭਗਤ ਏ ਤੇ ਅਮਨ ਪਸੰਦ ਮੁਸਲਮਾਨ ਸ਼ੱਕੀ...ਹਰ ਵੇਲੇ ਸ਼ੱਕ ਦੇ ਨਿਸ਼ਾਨੇ ਉੱਤੇ। ਪਰ ਗੋਧਰਾ ਦੇ ਮੁਸਲਮਾਨ ਕਿਉਂ ਪਾਗਲ ਹੋ ਗਏ? ਇਸ ਸਮੇਂ ਸਾਨੂੰ ਬਹਿਸ ਛੱਡ ਕੇ ਹਿਫਾਜਤ ਬਾਰੇ ਸੋਚਣਾ ਚਾਹੀਦਾ ਏ।'
ਹਿਫਾਜਤ! ਕੌਣ ਕਰੇਗਾ? ਕੀ ਇਹ ਗਸ਼ਤ ਲਾਉਂਦੀ ਹੋਈ ਪੁਲਿਸ ਕਿਸੇ ਦੀ ਹਿਫਾਜਤ ਕਰੇਗੀ? ਉਹ ਨਸਲਾਂ ਜਿਹਨਾਂ ਦੀ ਹਿਫਾਜਤ ਕਰਨ ਵਾਲੀ ਤਾਕਤ ਤੇ ਇਨਸਾਫ ਕਰਨ ਵਾਲੀਆਂ ਸੰਸਥਾਵਾਂ ਈ ਬੇਈਮਾਨ ਹੋ ਜਾਣ, ਉਸ ਮੁਲਕ ਨੂੰ ਅੰਦਰੇ-ਅੰਦਰ ਘੁਣ ਖਾ ਜਾਂਦੀ ਏ। ਪੁਲਿਸ ਤੇ ਡਕੈਤਾਂ ਦੀ ਬੰਦੂਕ ਦੀ ਗੋਲੀ ਵਿਚ—ਕੋਈ ਇਨਸਾਫ ਪਸੰਦ ਨਾਗਰਿਕ ਫ਼ਰਕ ਨਹੀਂ ਕੱਢ ਸਕਦਾ। ਇੱਥੇ ਕੋਈ ਵੀ ਘਰ ਕਿਸੇ ਵੀ ਸਮੇਂ ਗੈਸ ਚੈਂਬਰ ਬਣ ਸਕਦਾ ਏ। ਸੁਰੱਖਿਅਤ ਨੇ ਤਾਂ ਗੁੰਡੇ—ਸਿਰਫ ਹਿੰਦੂ ਗੁੰਡੇ ਤੇ ਮੁਸਲਮਾਨ ਗੁੰਡੇ।' ਉਕੀਲ ਜਿਹੜਾ ਹਮੇਸ਼ਾ ਕ੍ਰਿਕੇਟ ਤੇ ਫ਼ਿਲਮਾਂ ਦੀਆਂ ਗੱਲਾਂ ਕਰਦਾ ਸੀ, ਅੱਜ ਬੜਾ ਸੰਜੀਦਾ ਲੱਗ ਰਿਹਾ ਸੀ।
'ਖ਼ੁਦਾ ਖ਼ੈਰ ਕਰੇ,' ਮੇਰੇ ਮੂੰਹੋਂ ਨਿਕਲਿਆ ਸੀ।
ਕੀ ਅਸੀਂ ਰਮੇਸ਼ ਭਾਈ ਸ਼ਾਹ ਹੁਰਾਂ ਉੱਤੇ ਯਕੀਨ ਕਰ ਸਕਦੇ ਆਂ?' ਸਨੋਵਰ ਨੇ ਪੁੱਛਿਆ।
'ਉਹਨਾਂ ਉੱਤੇ ਯਕੀਨ ਨਾ ਕਰਨ ਵਾਲੀ ਕੋਈ ਗੱਲ ਨਹੀਂ...ਪਰ ਜਦੋਂ ਹਮਲਾਵਰ ਹੀ ਬਾਹਰਲੇ ਹੋਣ ਤਾਂ ਉਹ ਵੀ ਲਾਚਾਰ ਹੋ ਜਾਂਦੇ ਨੇ...ਆਪਣੀ ਜਾਨ ਬਚਾਉਣੀ ਵੀ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਏ।'
'ਫੇਰ?' ਉਕੀਲ ਨੇ ਪੁੱਛਿਆ ਸੀ।
ਓਦੋਂ ਹੀ ਬਾਹਰ ਕੁਝ ਓਪਰੇ ਪਰਛਾਵਿਆਂ ਦੀ ਹਿੱਲਜੁਲ ਹੁੰਦੀ ਮਹਿਸੂਸ ਹੋਈ। ਉਕੀਲ ਨੇ ਛੱਤ ਉੱਪਰ ਜਾ ਕੇ ਦੇਖਿਆ ਤੇ ਕਿਹਾ, 'ਅਲਤਾਫ ਭਾਈ ਨੇ।' ਉਹ ਅੰਦਰ ਆਏ, 'ਘਬਰਾਉਣਾ ਨਹੀਂ...। ਮਸਜਿਦ ਵਿਚ ਸਾਡੇ ਨੌਜਵਾਨ ਅਸਲੇ ਸਮੇਤ ਤਿਆਰ ਬੈਠੇ ਨੇ। ਕੱਲ੍ਹ ਕਾਸਿਮ ਮੀਆਂ ਆਉਣਗੇ। ਉਹਨਾਂ ਨੂੰ ਤੁਸੀਂ ਹੋਰ ਅਸਲਾ ਖਰੀਦਨ ਲਈ ਦਸ ਹਜ਼ਾਰ ਰੁਪਏ ਦੇ ਦੇਣਾ।'
ਅਲਤਾਫ ਭਾਈ ਜਿਵੇਂ ਆਏ ਸਨ, ਓਵੇਂ ਹੀ ਪਰਤ ਗਏ। ਤੜਫ ਉਠੇ ਸਨ, ਉਕੀਲ ਦੇ ਅੱਬਾ...'ਹੁਣ ਸਾਨੂੰ ਗੁੰਡਿਆਂ ਦੀ ਨੁਮਾਇੰਦਗੀ ਕਬੂਲ ਕਰਨੀ ਪਏਗੀ, ਜਾਨ ਬਚਾਉਣ ਖਾਤਰ।' ਕਾਫੀ ਦੇਰ ਤਕ ਹੱਥ ਮਲਦੇ ਹੋਏ ਕਮਰੇ ਵਿਚ ਏਧਰ-ਉਧਰ ਭੌਂਦੇ ਰਹੇ ਸਨ। ਉਕੀਲ ਛੱਤ ਉੱਪਰ ਕੁਰਸੀ ਡਾਹ ਕੇ ਬੈਠ ਗਿਆ ਸੀ। ਸਨੋਵਰ ਸਹੇਲੀਆਂ ਨੂੰ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਸਭ ਜਗ੍ਹਾ ਜਵਾਬ ਸੀ...'ਘਰੇ ਨਹੀਂ ਹੈਨ।' ਰਾਤੀਂ ਇਕ ਵਜੇ ਉਕੀਲ ਘਬਰਾਇਆ ਹੋਇਆ ਹੇਠਾਂ ਆਇਆ...'ਹਰ ਘਰ ਨੂੰ ਅੱਗ ਲਾਈ ਜਾ ਰਹੀ ਏ। ਪਿਛਲੇ ਦਰਵਾਜ਼ੇ ਥਾਈਂ ਬਾਹਰ ਨਿਕਲ ਚੱਲੋ।'
ਮੈਂ ਜੇਵਰਾਂ ਵਾਲਾ ਡੱਬਾ ਦੁਪੱਟੇ ਵਿਚ ਲਪੇਟਿਆ। ਸਨੋਵਰ ਤੇ ਉਕੀਲ ਨੇ ਛੁਰੀ ਤੇ ਡੰਡਾ ਚੁੱਕ ਲਏ। ਉਕੀਲ ਦੇ ਅੱਬਾ ਨੇ ਜੇਬ ਵਿਚ ਨੋਟ ਤੁੰਨੇ। ਇਕ ਆਹ ਉਹਨਾਂ ਦੇ ਮੂੰਹੋਂ ਨਿਕਲੀ...'ਦੁਕਾਨ ਵੀ ਸਾੜ ਦਿੱਤੀ ਹੋਏਗੀ—ਗੀਤਾ, ਕੁਰਾਨ ਤੇ ਬਾਈਬਲ ਵੀ ਹੋਰਨਾਂ ਕਿਤਾਬਾਂ ਨਾਲ ਸੜ ਰਹੀਆਂ ਹੋਣਗੀਆਂ।'
ਬਾਹਰ ਭੀੜ ਲੜ ਰਹੀ ਸੀ...ਛੁਰੇ, ਤਲਵਾਰਾਂ, ਪੈਟ੍ਰੋਲ-ਬੰਬ, ਤ੍ਰਿਸ਼ੂਲ ਤੇ ਪਸਤੌਲ ਚੱਲ ਰਹੇ ਸਨ। ਅਸੀਂ ਵਿੱਛੜ ਗਏ। ਅੰਨ੍ਹੇ ਵਾਹ ਜੋ ਭੱਜੇ ਸਾਂ। ਕੌਣ ਕਿੱਧਰ ਗਿਆ, ਪਤਾ ਹੀ ਨਹੀਂ ਸੀ ਲੱਗਿਆ। ਡਿੱਗ ਕੇ ਮੈਂ ਬੇਹੋਸ਼ ਹੋ ਗਈ। ਹੋਸ਼ ਆਇਆ ਤਾਂ ਖ਼ੁਦ ਨੂੰ ਇਕ ਘਰ ਅੰਦਰ ਵੇਖਿਆ—ਡਰ ਗਈ ਕਿ ਕਿਧਰੇ ਮੈਨੂੰ ਗਾਰਤ ਕਰਨ ਲਈ ਤਾਂ ਨਹੀਂ ਲਿਆਂਦਾ ਗਿਆ, ਪਰ ਕੁਝ ਚਿਰ ਵਿਚ ਹੀ ਮੇਰਾ ਡਰ ਮਿਟ ਗਿਆ, ਜਦੋਂ ਇਕ ਔਰਤ ਚਾਹ ਲੈ ਕੇ ਅੰਦਰ ਆਈ। ਮੈਂ ਦੇਖਿਆ ਕਿ ਮੈਂ ਇਕ ਹਿੰਦੂ ਦੇ ਘਰ ਵਿਚ ਹਾਂ...ਪਰ ਉਕੀਲ, ਸਨੋਵਰ ਤੇ ਉਹਨਾਂ ਦੇ ਅੱਬੂ!...ਕਮਰੇ ਵਿਚ ਆਏ ਮਰਦ ਨੇ ਤਸੱਲੀ ਦਿੱਤੀ, 'ਘਬਰਾਓ ਨਾ ਭੈਣਾ। ਫਸਾਦ ਛੇਤੀ ਖ਼ਤਮ ਹੋ ਜਾਏਗਾ। ਸਾਰੇ ਮਿਲ ਜਾਣਗੇ।'
ਪਰ ਛੇਤੀ ਹੀ ਉਹਨਾਂ ਨੂੰ ਫ਼ੋਨ ਦੇ ਜ਼ਰੀਏ ਮੈਨੂੰ ਪੁਲਿਸ ਰਾਹੀਂ ਰਿਲੀਫ਼ ਕੈਂਪ ਭੇਜਣਾ ਪਿਆ—ਕਿਉਂਕਿ ਫਸਾਦੀ ਰੋਜ਼ ਰਾਤ ਨੂੰ ਗਲੀਆਂ ਵਿਚ ਲਲਕਰੇ ਮਾਰਦੇ ਘੁੰਮਦੇ ਸਨ। ਉਹਨਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਰਿਲੀਫ਼ ਕੈਂਪ ਵਿਚ ਉਕੀਲ ਨੂੰ ਵੇਖ ਕੇ ਮੇਰੀ ਰੂਹ ਹਰੀ ਹੋ ਗਈ। ਮੈਂ ਪੁੱਛਿਆ, 'ਤੇਰੇ ਅੱਬੂ ਤੇ ਸਨੋਵਰ?'
ਪਰ ਉਕੀਲ ਦੱਸ ਰਿਹਾ ਸੀ, 'ਸਾਡਾ ਘਰ ਸੜ ਗਿਐ। ਆਸ-ਪਾਸ ਦੇ ਅੱਠ ਘਰਾਂ ਦੇ ਲੋਕ ਬਾਹਰ ਨਹੀਂ ਨਿਕਲ ਸਕੇ। ਉਹਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮੈਂ ਖ਼ੁਦ ਵੇਖ ਕੇ ਆ ਰਿਹਾਂ। ਮੈਂ ਖੁਰਸ਼ੀਦ ਦਾ ਸੜਿਆ ਹੋਇਆ ਮੂੰਹ ਵੇਖਿਐ ਤੇ ਹਲੀਮ ਨੂੰ ਤਾਂ ਅੱਗ ਨੇ ਗੋਸ਼ਤ ਵਾਂਗ ਭੁੰਨ ਛੱਡਿਆ ਸੀ।'
ਮੈਂ ਰੋ ਪਈ, 'ਮੈਂ ਤੇਰੇ ਅੱਬੂ ਤੇ ਸਨੋਵਰ ਬਾਰੇ ਪੁੱਛ ਰਹੀ ਆਂ?'
'ਬੜਾ ਚੀਕੇ ਸੀ ਅੱਬੂ, 'ਮੈ ਬੇਗੁਨਾਹ ਵਾਂ! ਮੈਂ ਥੁੱਕਦਾ ਵਾਂ ਗੋਧਰਾ ਦੇ ਜਲੀਲ ਕਮੀਨਿਆਂ ਉੱਤੇ।' ਪਰ...'
'ਪਰ ਕੀ? ਬੋਲ ਵੀ...'
ਮੈਂ ਦੁਕਾਨ ਦੇ ਫੱਟੇ ਹੇਠ ਨਾਲੀ ਵਿਚ ਪਿਆ ਉਹਨਾਂ ਦੀਆਂ ਚੀਕਾਂ ਸੁਣਦਾ ਰਿਹਾ। ਖ਼ਾਮੋਸ਼ੀ ਛਾ ਜਾਣ ਪਿੱਛੋਂ ਬਾਹਰ ਨਿਕਲਿਆ ਤਾਂ ਉੱਥੇ ਅੱਬੂ ਦਾ ਲਹੂ ਸੀ—ਪਰ ਲਾਸ਼ ਨਹੀਂ ਸੀ। ਸ਼ਾਇਦ ਕਿਸੇ ਸੜਦੇ ਮਕਾਨ ਜਾਂ ਦੁਕਾਨ ਵਿਚ ਸੜਨ ਲਈ ਸੁੱਟ ਦਿੱਤੀ ਗਈ ਹੋਵੇਗੀ।'
ਮੈਂ ਸਿਲ-ਪੱਥਰ ਹੋ ਗਈ। ਮੂੰਹੋਂ ਏਨਾ ਹੀ ਨਿਕਲਿਆ, 'ਤੇ ਸਨੋਵਰ?'
ਜ਼ਹਿਰੀਲੀ ਹੋ ਗਈ ਸੀ ਉਕੀਲ ਦੀ ਆਵਾਜ਼, ਇਸੇ ਕੈਂਪ ਵਿਚ ਮੂੰਹ ਲੁਕਾਈ ਪਈ ਏ।' ਬੇਹੋਸ਼ ਹੁੰਦਿਆਂ-ਹੁੰਦਿਆਂ ਮੇਰੇ ਦਿਮਾਗ਼ ਵਿਚ ਇਕਬਾਲ ਦੀ ਨਜ਼ਮ—'ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ' ਜਿਹੜੀ ਉਕੀਲ ਦੇ ਅੱਬੂ ਅਕਸਰ ਗਾਉਂਦੇ ਹੁੰਦੇ ਸੀ—ਕੁਰਲਾਉਣ ਲੱਗ ਪਈ। ਉਹਨਾਂ ਦਾ ਇਹ ਕਹਿਣਾ ਕਿ ਕਦੀ ਹਕੂਮਤਾਂ ਲਈ ਲੜਦੇ ਹੁੰਦੇ ਸਨ ਹਿੰਦੂ-ਮੁਸਲਮਾਨ—ਪਰ ਹੁਣ ਡੈਮੋਕਰੇਸੀ ਏ, ਚੋਣਾ ਹੈਨ—ਸਭ ਕੁਝ ਮੇਰੇ ਦਿਮਾਗ਼ ਵਿਚੋਂ ਬਾਹਰ ਨਿਕਲ ਗਿਆ ਸੀ—ਸਿਰ ਉਸਦੀ ਗੋਦੀ ਵਿਚ ਸੀ।
ਹੋਸ਼ ਆਇਆ ਤਾਂ ਸਨੋਵਰ ਨੂੰ ਆਪਣੇ ਨਾਲ ਘੁੱਟ ਲਿਆ, 'ਦੋਜਖ਼ 'ਚ ਸੜਣ ਉਹਨਾਂ ਦੇ ਖ਼ਾਨਦਾਨ, ਜਿਹਨਾਂ ਮੇਰੀ ਬੱਚੀ ਨੂੰ ਗਾਰਤ (ਤਬਾਹ) ਕੀਤੈ।'
ਹੈਰਾਨ ਹੋ ਗਈ ਸਾਂ ਜਦੋਂ ਸਨੋਵਰ ਨੂੰ ਕਹਿੰਦਿਆਂ ਸੁਣਿਆ, 'ਅੰਮੀ ਮੈਨੂੰ ਕਿਸੇ ਹਿੰਦੂ ਨੇ ਗਾਰਤ ਨਹੀਂ ਕੀਤਾ। ਜਿਸਨੇ ਮੈਨੂੰ ਗਾਰਤ ਕੀਤੈ ਉਹ ਆਦਮੀ ਨਹੀਂ ਦਰਿੰਦਾ ਸੀ। ਹਰ ਕੌਮ ਵਿਚ ਦਰਿੰਦੇ ਭਰੇ ਪਏ ਨੇ¸ਔਰਤ ਇਸ ਸਿਲਸਿਲੇ ਦੀ ਪੁਰਾਣੀ ਕੜੀ ਏ। ਖ਼ੁਦ ਉਹ ਜਿਹੜਾ ਨੇਕ ਲੋਕਾਂ ਨੂੰ ਬਚਾਉਂਦਾ ਏ, ਕਿਉਂ ਨਹੀਂ ਆਇਆ ਮੈਨੂੰ ਬਚਾਉਣ ਖਾਤਰ? ਤੇ ਪੁਲਿਸ ਵਾਲੇ, ਜਿਹਨਾਂ ਉੱਤੇ ਮੁਲਕ ਦਾ ਬੇਤਹਾਸ਼ਾ ਪੈਸਾ ਖਰਚ ਹੁੰਦਾ ਏ—ਕੀ ਗੁਨਾਹ ਰੋਕਣਾ ਉਹਨਾਂ ਦਾ ਫਰਜ਼ ਨਹੀਂ ਰਿਹਾ ਹੁਣ? ਅਸੀਂ ਵੀ ਕਦ ਅਜਿਹੀ ਸੁਰੱਖਿਆ ਦੇ ਖ਼ਿਲਾਫ਼ ਆਵਾਜ਼ ਉਠਾਈ ਏ? ਤੇ ਇਹ ਨੇਤਾ ਜਿਹੜੇ ਸਾਡੇ ਲਈ ਪਾਰਲੀਮੈਂਟ ਸਿਰ 'ਤੇ ਚੁੱਕੀ ਰੱਖਦੇ ਨੇ, ਕੀ ਸਾਡੇ ਮਦਦਗਾਰ ਨੇ? ਇਹ ਸਾਰੇ ਆਉਣ ਵਾਲੀਆਂ ਚੋਣਾ ਉੱਤੇ ਅੱਖ ਰੱਖਦੇ ਨੇ, ਵਰਨਾ ਕਿਉਂ ਨਹੀਂ ਅਹਿਮਦਾਬਾਦ ਦੀ ਗਲੀ-ਗਲੀ ਵਿਚ ਖੜ੍ਹੇ ਦਿਖਾਈ ਦੇਂਦੇ? ਤੇ ਇਹ ਹਿਊਮਨ ਰਾਈਟਸ ਦੇ ਰਾਖੇ, ਬਿਆਨ ਤਾਂ ਦੇਂਦੇ ਰਹਿੰਦੇ ਨੇ, ਪਰ ਗਲੀਆਂ ਵਿਚ ਆ ਕੇ ਇਨਸਾਨਾਂ ਦੀਆਂ ਚੀਕਾਂ ਨਹੀਂ ਸੁਣਦੇ—ਕਿਉਂ? ਤੇ ਕਿਓਂ, ਅਸੀਂ ਵੀ ਉਹਨਾਂ ਨੂੰ ਇਹ ਸਵਾਲ ਨਹੀਂ ਪੁੱਛਦੇ? ਇਹ ਸਭ ਨੇਤਾ ਤੇ ਹਿਊਮਨ ਰਾਈਟਸ ਵਾਲੇ ਵੀ ਪੁਲਿਸ ਵਲਿਆਂ ਵਰਗੇ ਈ ਨੇ—ਜਿਹੜੇ ਸਭ ਕੁਝ ਵਾਪਰ ਜਾਣ ਪਿੱਛੋਂ ਸਿਰਫ ਆਂਕੜੇ ਜੋੜ ਕੇ ਲਾਸ਼ਾਂ ਬਾਰੇ ਬੋਲਦੇ...। ਜਾਣਦੇ ਓ ਕਿਓਂ ਇਕ ਗਾਂਧੀ ਪਿੱਛੋਂ ਦੂਜਾ ਗਾਂਧੀ ਇਸ ਮੁਲਕ ਵਿਚ ਪੈਦਾ ਨਹੀਂ ਹੋਇਆ? ਕਿਉਂਕਿ ਹਰ ਸਿਆਸੀ ਪਾਰਟੀ ਵਿਚ ਤੇ ਹਰੇਕ ਮਹਿਕਮੇਂ ਵਿਚ ਹੁਣ ਗੋਡਸੇ ਹੀ ਗੋਡਸੇ ਨੇ।'
'ਇਸ ਤੋਂ ਚੰਗਾ ਸੀ, ਅਸੀਂ ਵੀ ਪਾਕਿਸਤਾਨ ਚਲੇ ਗਏ ਹੁੰਦੇ।' ਮੇਰੇ ਮੂੰਹੋਂ ਨਿਕਲਿਆ।
ਓਥੇ ਅਸੀਂ ਮੁਹਾਜਿਰ ਹੁੰਦੇ—ਸਾਡਾ ਮੁਸਲਮਾਨ ਹੋਣਾ ਵੀ ਸ਼ੱਕੀ ਹੋ ਜਾਂਦਾ।'
'ਫੇਰ ਅਸੀਂ ਕਿੱਥੇ ਜਾਈਏ ਸਨੋਵਰ?'
'ਅਸੀਂ ਜਿੱਥੇ ਆਂ, ਉਸੇ ਜ਼ਮੀਨ ਨੂੰ ਇਨਸਾਨਾਂ ਦੇ ਰਹਿਣ ਲਾਇਕ ਬਣਾਈਏ ਅੰਮੀ!'
'ਤੂੰ ਪਾਗਲ ਏਂ ਸਨੋਵਰ! ਮੈਂ ਹੁਣ ਐਮ.ਬੀ.ਏ. ਨਹੀਂ ਕਰਾਂਗਾ। ਇਸਲਾਮੀ ਨੌਜਵਾਨਾਂ ਨਾਲ ਰਲ ਕੇ ਛਾਪਾਮਾਰ ਟੋਲੀ ਬਣਾਵਾਂਗਾ।' ਉਕੀਲ ਕੜਕਿਆ।
'ਜੀ ਹਾਂ! ਤੁਸੀਂ ਕਿਤੇ ਇਕ ਹੋਰ ਗੋਧਰਾ ਬਣਾਓਗੇ ਤੇ ਹਿੰਦੁਸਤਾਨ ਦਾ ਕੋਈ ਹੋਰ ਸ਼ਹਿਰ ਇਕ ਨਵਾਂ ਅਹਿਮਦਾਬਾਦ ਬਣ ਜਾਏਗਾ।'
ਖ਼ਾਮੋਸ਼ ਕੈਂਪ ਅਚਾਨਕ ਚੀਕਾਂ ਨਾਲ ਭਰ ਗਿਆ ਸੀ...'ਇਸ ਮਾਸੂਮ ਦੇ ਕਮਾਊ ਪਿਓ ਨੂੰ ਮਾਰ ਸੁੱਟਿਆ। ਦੱਸੋ ਮੈਂ ਕਿੰਜ ਪਾਲਾਂਗੀ ਇਹਨੂੰ...? ਮੇਰੇ ਪੰਜੇ ਜਵਾਨ ਪੁੱਤਰ ਤੇ ਨੂੰਹਾਂ ਨੂੰ ਕਤਲ ਕਰ ਦਿੱਤਾ ਗਿਐ, ਹਾਏ ਓਇ, ਮੇਰਾ ਸਿਰ ਵੀ ਤਲਵਾਰ ਨਾਲ ਵੱਢ ਦਿਓ, ਕੋਈ।'
...ਚੀਕਾਂ ਗੂੰਜ ਰਹੀਆਂ ਸਨ। ਕੋਈ ਨੇਤਾ ਸਰਕਾਰੀ ਲਾਮ-ਲਸ਼ਕਰ ਸਮੇਤ ਕੈਂਪ ਵਿਚ ਪਧਾਰਿਆ ਸੀ। ਇਸ ਜੁੰਡਲੀ ਵਿਚ ਔਰਤਾਂ ਵੀ ਸਨ। ਇਕ ਸਰਕਾਰੀ ਅਫ਼ਸਰ ਸਾਹਵੇਂ ਤਣ ਕੇ ਖੜ੍ਹੀ ਹੋ ਗਈ ਸਨੋਵਰ, 'ਅਮਨ ਰੱਖਣ ਤੇ ਸ਼ਹਿਰ ਦੀ ਤਰੱਕੀ ਲਈ ਸਰਕਾਰ ਨੇ ਰੱਖਿਆ ਏ ਨਾ ਤੁਹਾਨੂੰ? ਕੀ ਕੀਤਾ ਈ ਤੁਸਾਂ? ਇਸ ਕਤਲੇਆਮ ਦੇ ਤੁਸੀਂ ਲੋਕ ਹੀ ਜ਼ਿੰਮੇਵਾਰ ਓ।'
'ਅਸੀਂ ਮੁਆਵਜ਼ੇ ਦੀ ਸਿਫ਼ਾਰਿਸ਼ ਕਰ ਰਹੇ ਆਂ।'
ਦਿਓ ਮੇਰੀ ਲੁੱਟੀ ਗਈ ਇੱਜ਼ਤ ਦਾ ਮੁਆਵਜ਼ਾ। ਲੈ ਆਓ ਆਪਣੀਆਂ ਧੀਆਂ-ਭੈਣਾ ਨੂੰ, ਲੁਟਵਾਓ ਓਹਨਾਂ ਦੀ ਇੱਜਤ। ਗ਼ੈਰ-ਜ਼ਿੰਮੇਵਾਰੀ ਤੁਹਾਡੀ ਤੇ ਖਾਲੀ ਕਰਨ ਲਈ ਸਰਕਾਰੀ ਖਜ਼ਾਨਾ। ਤੁਸੀਂ ਵਿਕੇ ਹੋਏ ਓ, ਸਰਬ-ਰਾਸ਼ਟਰ ਦੇ ਵਪਾਰੀਆਂ ਦੇ ਹੱਥ। ਇਹਨਾਂ ਨੂੰ ਸਾਡੀ ਜ਼ਮੀਨ ਤੇ ਮਕਾਨ ਚਾਹੀਦੇ ਸੀ। ਤੁਹਾਡੀਆਂ ਜੇਬਾਂ ਭਰੀਆਂ। ਸਾਡੀਆਂ ਇੱਜ਼ਤਾਂ ਲੁੱਟੀਆਂ ਤੇ ਸੈਕੜੇ ਕਤਲ ਹੋਏ। ਕਿਉਂ ਨਾ ਸਰਕਾਰੀ ਅਫ਼ਸਰਾਂ ਤੇ ਪੁਲਿਸ ਵਾਲਿਆਂ ਦੀ ਜ਼ਮੀਨ ਜਾਇਦਾਦ 'ਚੋਂ ਤੇ ਉਹਨਾਂ ਦੀਆਂ ਖਾਤਿਆਂ 'ਚੋਂ ਮੁਆਵਜ਼ਾ ਦਿੱਤਾ ਜਾਏ?' ਸਨੋਵਰ ਅੜੀ ਖੜ੍ਹੀ ਸੀ। ਸਮਾਜ ਸੇਵਕਾਂ ਦੇ ਸਿਰ ਝੁਕੇ ਹੋਏ ਸਨ। ਨਕਲੀ ਜਿਹਾ ਹਾਸਾ ਹੱਸਿਆ ਸੀ ਫਿਤਰੀ ਨੇਤਾ ਨੇ, 'ਗੁੱਸੇ ਵਿਚ ਐ ਬੱਚੀ। ਗੁੱਸਾ ਵਾਜਵ ਐ।'
ਮੈਂ ਜਾਣਦੀ ਸੀ ਇਹ ਸਾਰੇ ਗੁਨਾਹਾਂ ਦੇ ਬੁੱਤ ਨੇ, ਇਹਨਾਂ ਨਾਲ ਸਿਰ ਭੰਨਣ ਨਾਲ ਕੁਝ ਨਹੀਂ ਹੋਣਾ ਇਸ ਲਈ ਆਵਾਜ਼ ਮਾਰੀ, 'ਸਨੋਵਰ!'
ਨੇਤਾ ਅੱਗੇ ਤੁਰ ਪਿਆ। ਪਿੱਛੇ ਪਿੱਛੇ ਫਰਿਆਦੀਆਂ ਦੀ ਭੀੜ ਸੀ ਜਿਸਨੂੰ ਸਰਕਾਰੀ ਅਮਲਾ ਮੁਸ਼ਤੈਦੀ ਨਾਲ ਪਛਾੜ ਰਿਹਾ ਸੀ।
ਸਨੋਵਰ ਪਰਤ ਆਈ। ਮੈਂ ਕਿਹਾ, 'ਕਿਉਂ ਇਹਨਾਂ ਦੇ ਮੂੰਹ ਲੱਗਦੀ ਏਂ!'
ਸਨੋਵਰ ਫੇਰ ਤਣ ਗਈ, 'ਮੈਂ ਇਹਨਾਂ ਦਾ ਮੁਗਾਲਤਾ (ਭਰਮ) ਤੋੜਿਆ ਏ ਅੰਮੀ ਕਿ ਅਸੀਂ ਵੀ ਅਸਲੀ ਗੁਨਾਹਗਾਰਾਂ ਨੂੰ ਪਛਾਣਦੇ ਆਂ। ਮੇਰੀ ਆਵਾਜ਼ ਕੱਲ੍ਹ ਹਜ਼ਾਰਾਂ-ਲੱਖਾਂ ਦੀ ਆਵਾਜ਼ ਬਣੇਗੀ।'
ਉਕੀਲ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਵੱਲ ਦੇਖਦਾ ਰਿਹਾ! ਅੱਜ ਤੀਕ ਦਾ ਹਾਲ ਮੈਂ ਲਿਖ ਦਿੱਤਾ ਹੈ। ਅੱਗੇ ਮੌਕਾ ਮਿਲਦਿਆਂ ਹੀ ਲਿਖਾਂਗੀ। ਅਜੇ ਅਹਿਮਦਾਬਾਦ ਵੱਲ ਮੂੰਹ ਨਾ ਕਰਨਾਂ। ਇੱਥੇ ਅਜੇ ਵੀ ਗਲੀਆਂ ਤੇ ਸੜਕਾਂ ਉੱਪਰ ਅੰਗਾਰ ਮਘਦੇ ਨੇ।
ਖ਼ੁਦਾ ਹਾਫਿਜ਼!
        ਤੇਰੀ ਆਪਾ
        ਆਯਸ਼ਾ।'
ਹੁਣ ਖ਼ਤ ਉੱਤੇ ਰਬਿਯਾ ਦੇ ਹੰਝੂ ਵੀ ਡਿੱਗ ਰਹੇ ਸੀ ਤੇ ਲਫ਼ਜ਼ ਫੈਲਦੇ ਜਾ ਰਹੇ ਸੀ।
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

    e-mail : mpbedijaitu@yahoo.co.in
    Blog at. : mereanuwad.blogspot.com

Friday, August 20, 2010

ਇਕ ਹੋਰ ਤਥਾਗਤ (ਗੌਤਮ ਬੁੱਧ)...:: ਵਿਜੈ




ਹਿੰਦੀ ਕਹਾਣੀ :
ਇਕ ਹੋਰ ਤਥਾਗਤ (ਗੌਤਮ ਬੁੱਧ)...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਹਰੀਸ਼ਚੰਦਰ ਹੋਸਟਲ ਦੇ ਲਾਨ ਵਿਚ ਰੁੱਖਾਂ ਤੋਂ ਉਤਰਦੀਆਂ-ਚੜ੍ਹਦੀਆਂ ਕਾਟੋਆਂ ਅਚਾਨਕ ਥਾਵੇਂ ਰੁਕ ਗਈਆਂ ਤੇ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਈਆਂ। ਛੱਜਿਆਂ 'ਤੇ ਗੁਟਰਗੂੰ ਕਰ ਰਹੇ ਕਬੂਤਰਾਂ ਨੇ ਚੂੰਝਾਂ ਭੁਆਂ ਕੇ ਅੱਖਾਂ ਮਟਕਾਉਂਦਿਆਂ ਹੋਇਆਂ ਹੈਰਾਨੀ ਪਰਗਟ ਕੀਤੀ...ਓਇ ! ਇਹ ਤਾਂ ਆ ਗਿਆ!!
ਕਮਰ ਅਹਸਨ ਨੇ ਡਾ. ਕਾਮਤਾਨਾਥ ਦੇ ਖਿੜੇ ਹੋਏ ਮੁਖ 'ਚੋਂ ਸੁਣੀ ਸੀ ਕਹਾਣੀ...“ਕਿਹੜਾ ਜੁਰਮ ਨਹੀਂ ਕਰ ਸਕਦਾ, ਇਹ ਸ਼ੰਕਰ ਸਿਨਹਾ ! ਨਵੇਂ ਮੂੰਡਿਆਂ ਤੋਂ ਪੈਸੇ ਖੋਹ ਲੈਣਾ, ਡਰੱਗ ਖੁਆਉਣਾ-ਪਿਆਉਣਾ, ਨਕਲ ਕਰਨਾ-ਕਰਵਾਉਣਾ ਤੇ ਪੈਸੇ ਵਾਲਿਆਂ ਦੇ ਮੂੰਡਿਆਂ ਨੂੰ ਫਰੇਬੀ ਔਰਤਾਂ ਦੇ ਜਾਲ ਵਿਚ ਫਸਾ ਕੇ ਪੈਸੇ ਮਾਂਠਣਾ ਤੇ ਹੋਰ ਪਤਾ ਨਹੀਂ ਕੀ-ਕੀ। ਪਤਾ ਨਹੀਂ ਕਿਹੜੀ ਅਦਿੱਖ ਸ਼ਕਤੀ ਸੀ, ਜਿਸਨੇ ਥਾਣੇਦਾਰ ਗੁਰੂਪ੍ਰਸਾਦ ਦੀ ਆਤਮਾ ਨੂੰ ਹਲੂਣਿਆ ਤੇ ਪੁਲਿਸ ਨੇ ਮੈਥੋਂ ਚੁੱਪਚਾਪ ਪ੍ਰਮੀਸ਼ਨ ਲੈ ਕੇ 'ਏ' ਵਿੰਗ 'ਤੇ ਛਾਪਾ ਮਾਰਿਆ। ਬਰਾਊਨ ਸ਼ੂਗਰ ਦੇ ਨਾਲ ਇਕ ਆਸਟ੍ਰੇਲੀਅਨ ਕੁੜੀ ਵੀ ਫੜ੍ਹੀ ਗਈ ਸ਼ੰਕਰ ਸਿਨਹਾ ਦੇ ਰੂਮ ਵਿਚੋਂ। ਬਲੂ ਫਿਲਮ ਚੱਲ ਰਹੀ ਸੀ।”
ਸੁਖ ਦਾ ਸਾਹ ਲੈਂਦਿਆਂ ਹੋਇਆਂ ਬੋਲੇ ਸਨ ਡਾ. ਕਾਮਤਾਨਾਥ...“ਡਰੱਗ ਪੀਣਾ-ਪਿਆਉਣਾ ਵੱਡਾ ਜੁਰਮ ਏ ਕਮਰ ਭਾਈ ! ਦਸ ਸਾਲ ਲਈ ਅੰਦਰ ਗਿਆ ਸਮਝੋ।” ਕਿਸੇ ਭਿਆਨਕ ਬਿਮਾਰੀ ਤੋਂ ਖਹਿੜਾ ਛੁੱਟਣ ਤੋਂ ਬਾਅਦ ਵਾਲੀ ਸ਼ਾਂਤੀ ਫੈਲ ਗਈ ਸੀ ਡਾ. ਕਾਮਤਾਨਾਥ ਦੇ ਚਿਹਰੇ ਉੱਤੇ।
ਇਕ ਦਿਨ ਬਾਅਦ ਹੀ ਰਾਤ ਨੂੰ ਹਮਲਾ ਹੋਇਆ ਸੀ 'ਏ' ਵਿੰਗ ਉੱਪਰ। ਪਰ ਦੂਜੇ ਵਿੰਗ ਵਾਲੇ ਚਾਹ ਕੇ ਵੀ ਮਦਦ ਕਰਨ ਨਹੀਂ ਸੀ ਆ ਸਕੇ। ਨੀਂਦ 'ਚੋਂ ਜਾਗ ਕੇ ਡਾ. ਕਾਮਤਾਨਾਥ ਨੇ ਹੀ ਹੌਸਲਾ ਕੀਤਾ ਸੀ। ਹੇਠਾਂ ਬਿਜਲੀ ਦਾ ਫਿਊਜ਼ ਲਾ ਕੇ ਚੌਕੀਦਾਰ ਦੀਆਂ ਰੱਸੀਆਂ ਖੋਲ੍ਹੀਆਂ ਸਨ। 'ਏ' ਵਿੰਗ ਦੇ ਕਮਰੇ ਅਸਤਬਲ ਵਾਂਗ ਅਸਤ-ਵਿਅਸਤ ਹੋਏ ਹੋਏ ਸਨ। ਕਿਸੇ ਦਾ ਪਰਸ ਗਾਇਬ ਸੀ, ਕਿਸੇ ਦੀ ਘੜੀ ਗਾਇਬ ਸੀ ਤੇ ਕਿਸੇ ਦਾ ਟੂ-ਇਨ-ਵਨ ਲਾਪਤਾ ਸੀ। ਹਰ ਮੁੰਡਾ ਖ਼ਾਮੋਸ਼ ਸੀ। ਭੈ ਨੇ ਗਲ਼ੇ 'ਚ ਜੰਜ਼ੀਰ ਕਸੀ ਹੋਈ ਸੀ ਤੇ ਆਵਾਜ਼ ਨੂੰ ਫਾਂਸੀ ਲੱਗੀ ਜਾਪਦੀ ਸੀ।
ਕਮਰ ਅਹਸਨ ਨੇ ਦੋ ਦਿਨ ਬਾਅਦ ਇਕ ਮੁੰਡੇ ਨੂੰ ਵਿਸ਼ਵਾਸ ਵਿਚ ਲੈ ਕੇ ਪਤਾ ਕੀਤਾ। ਦੱਬਵੀਂ ਸੁਰ ਵਿਚ ਕਿਹਾ ਸੀ ਮੁੰਡੇ ਨੇ...'ਸਰ! ਮੇਰਾ ਨਾਂ ਨਾ ਆਏ। ਵੀਹ-ਪੱਚੀ ਸੀ ਉਹ; ਪਸਤੌਲ, ਕੱਟੇ, ਡਾਂਗਾਂ ਤੇ ਲੋਹੇ ਦੀਆਂ ਛੜਾਂ ਸਨ ਉਹਨਾਂ ਕੋਲ। ਹਰ ਵਿੰਗ ਵਿਚ ਇਕ ਪਸਤੌਲ-ਧਾਰੀ ਖੜ੍ਹਾ ਸੀ। ਕਹਿ ਗਏ ਨੇ ਕਿ ਸ਼ੰਕਰ ਸਿਨਹਾ ਦੇ ਖ਼ਿਲਾਫ਼ ਕਿਸੇ ਨੇ ਗਵਾਹੀ ਦਿੱਤੀ ਤਾਂ ਰਾਤ ਦਾ ਚੰਦ ਜਾਂ ਸਵੇਰ ਦਾ ਸੂਰਜ ਨਹੀਂ ਦੇਖੇਗਾ।'
ਫੇਰ ਵੀ ਡਾ. ਕਾਮਤਾਨਾਥ ਨੂੰ ਉਮੀਦ ਸੀ ਕਿ ਗੁੰਡਿਆਂ ਦੇ ਡੰਡਿਆਂ ਤੇ ਪਸਤੌਲਾਂ ਨਾਲੋਂ ਕਮਜ਼ੋਰ ਨਹੀਂ ਹੋ ਸਕਦੀ ਪੁਲਿਸ। ਸਭ ਕੁਝ ਉਗਲਵਾ ਲਏਗੀ ਸ਼ੰਕਰ ਸਿਨਹਾ ਤੋਂ ਤੇ ਫੇਰ ਫਾਂਸੀ ਦੇ ਰੱਸੇ ਤੋਂ ਥੋੜ੍ਹੀ ਦੂਰ ਹੀ ਰਹਿ ਜਾਏਗੀ ਉਸਦੀ ਗਰਦਨ। ਪੁਲਿਸ ਲੋਕ ਰਾਜ ਦੇ ਸਰੋਕਾਰਾਂ ਨੂੰ ਅੱਖਾਂ ਮੀਚ ਕੇ ਨਕਾਰ ਨਹੀਂ ਸਕਦੀ।
ਪਰ ਹੋਇਆ ਕੁਝ ਹੋਰ ਹੀ। ਪੰਜਵੇਂ ਦਿਨ ਬੇਦਾਗ ਛੁੱਟ ਆਇਆ ਸ਼ੰਕਰ ਸਿਨਹਾ। ਪਿਛਲੀ ਸ਼ਾਮ ਨੂੰ ਹੀ ਗੁਰੂ ਪ੍ਰਸਾਦ ਐਸ.ਐਚ.ਓ. ਦਾ ਈਮਾਨਦਾਰੀ ਦੇ ਇਨਾਮ ਵਜੋਂ ਇਕ ਨੇਤਾ ਦੇ 'ਹੁਕਮਾਂ' ਅਨੁਸਾਰ ਇਕੱਤੀਵਾਂ ਤਬਾਦਲਾ ਹੋ ਗਿਆ ਤੇ ਏ.ਐਸ.ਆਈ. ਰਹਿਮਤ ਖ਼ਾਂ ਨੇ ਰਿਹਾਈ ਤੋਂ ਪਹਿਲਾਂ ਸ਼ੰਕਰ ਸਿਨਹਾ ਨੂੰ ਚਾਹ ਹੀ ਨਹੀਂ ਪਿਆਈ ਬਲਕਿ ਸਰਕਾਰੀ ਸੈਲਯੂਟ ਵੀ ਕੀਤਾ ਤੇ ਫੁਸਫੁਸਾਇਆ...'ਹੁਜ਼ੂਰ! ਆਪਣੇ ਖਾਦਿਮ ਦਾ ਵੀ ਖ਼ਿਆਲ ਰੱਖਿਆ ਕਰੋ। ਤੁਸੀਂ ਲੋਕ ਈ ਤਾਂ ਸਾਡੇ ਬਦਸ਼ਾਹ ਓ!'
ਹੋਸਟਲ ਵਿਚ ਪਹੁੰਚਦਿਆਂ ਹੀ ਪਾਂਡੁ ਦੇ ਚੂਕਣੇ 'ਤੇ ਲੱਤ ਮਾਰੀ ਸੀ ਸਿਨਹਾ ਨੇ...'ਹਰਾਮੀ ਸਮਝ ਰਿਹਾ ਹੋਏਗਾ ਕਿ ਸ਼ੰਕਰ ਸਾਹਬ ਤਾਂ ਜਹਨੁਮ ਗਏ, ਹੁਣ ਉਹਨਾਂ ਦਾ ਕਮਰਾ ਕਿਉਂ ਸਾਫ ਕੀਤਾ ਜਾਏ!'
ਪੈਰ ਫੜ੍ਹ ਕੇ ਆਪਣੀ ਔਕਾਤ ਦਿਖਾ ਦਿੱਤੀ ਪਾਂਡੁ ਨੇ...'ਨਾ ਸ਼ੰਕਰ ਭਾਈ! ਮੈਂ ਤਾਂ ਬੜੀ ਪ੍ਰਾਥਣਾ ਕੀਤੀ ਕਿ ਤੁਸੀਂ ਛੇਤੀ ਛੁੱਟ ਜਾਓ। ਦੋਖੋ, ਦੋ ਦਿਨਾਂ ਦਾ ਤਮਾਕੂ ਦੀ ਥਾਂ ਲਿੱਦ-ਗੋਹਾ ਈ ਫੱਕੀ ਜਾ ਰਿਹਾਂ ਮੈਂ ਤਾਂ।'
ਲੱਤ ਪਾਂਡੁ ਦੇ ਚੂਕਣੇ 'ਤੇ ਪਈ ਸੀ ਪਰ ਤ੍ਰੇਲੀਆਂ ਦੂਜੇ ਕਮਰਿਆਂ ਦੇ ਮੁੰਡਿਆਂ ਨੂੰ ਆਉਣ ਲੱਗ ਪਈਆਂ ਸਨ। ਸਿਨਹਾ ਹੱਸਿਆ ਨਹੀਂ, ਬੱਦਲ ਵਾਂਗ ਗੜਕਿਆ ਸੀ; ਕੰਬ ਗਏ ਸਨ ਹੱਥਾਂ 'ਚ ਕਿਤਾਬਾਂ ਫੜ੍ਹੀ ਮੁੰਡੇ। ਫ਼ੋਨ ਕਰਕੇ ਪੁੱਛਿਆ ਸੀ ਕਾਮਤਾਨਾਥ ਨੇ ਤਾਂ ਰਹਿਮਤ ਖ਼ਾਂ ਨੇ ਲਖ਼ਨਵੀ-ਜਵਾਬ ਦਿੱਤਾ ਸੀ...'ਹੁਜ਼ੂਰ, ਪੁਲਿਸ ਤੋਂ ਸ਼ਿਨਾਖ਼ਤ ਵਿਚ ਗ਼ਲਤੀ ਹੋ ਗਈ ਸੀ। ਸਿਨਹਾ ਸਾਹਬ ਤਾਂ ਸੜਕ 'ਤੇ ਲਾਚਾਰ ਪਈ ਇਕ ਫਾਰਨਰ ਦੀ ਇਮਦਾਦ ਕਰਨ ਖਾਦਰ ਉਸਨੂੰ ਆਪਣੇ ਕਮਰੇ ਵਿਚ ਚੁੱਕ ਲਿਆਏ ਸਨ। ਖ਼ਾਨਦਾਨੀ ਘਰਾਣੇ ਦੇ ਨੇ ਸਾਹਬ! ਚਚਾ ਜਾਨ ਮੰਤਰੀ ਨੇ।'
ਹੂੰਗਰ ਮਾਰ ਕੇ ਬੇਵੱਸ-ਜਿਹੇ ਬੈਠੇ ਰਹਿ ਗਏ ਸਨ ਕਾਮਤਾਨਾਥ। ਉਹ ਦੂਜੇ ਮੁੰਡਿਆਂ ਦੇ ਜਮੀਰ ਦੀ ਲਾਚਾਰੀ ਵੀ ਸਮਝਦੇ ਹਨ। ਮੁੰਡੇ ਘਰੀਂ ਖ਼ਤ ਲਿਖਦੇ ਹਨ...'ਏਥੇ ਹੰਗਾਮੇਂ ਹੁੰਦੇ ਰਹਿੰਦੇ ਨੇ ਪਾਪਾ!' ਤਾਂ ਜਵਾਬ ਆਉਂਦਾ ਹੈ...'ਮਨ ਲਾ ਕੇ ਪੜ੍ਹਦੇ ਰਹੋ ਬੇਟਾ! ਇਕ ਦਿਨ ਨੌਕਰੀ ਦੀ ਕੁਰਸੀ ਮਿਲ ਜਾਏਗੀ ਤਾਂ ਸਾਰੇ ਦੁੱਖ ਭੁੱਲ ਜਾਣਗੇ।'
ਕਾਮਤਾਨਾਥ ਦਾ ਦਿਲ ਡੁੱਬਣ ਲੱਗਦਾ ਹੈ...ਕੀ ਕਰੇਗੀ ਇਹ ਨੌਕਰੀ ਲਈ ਤਿਆਰ ਹੋ ਰਹੀ ਗਊ ਵਰਗੀ ਨਸਲ? ਜਦੋਂ ਇਹਨਾ ਦੇ ਹੇਠ ਕੁਰਸੀਆਂ ਹੋਣਗੀਆਂ, ਉਦੋਂ ਇਹ ਸਲੂਟਾਂ ਮਾਰਦੇ ਰਹਿਣਗੇ ਆਪਣੇ ਤੋਂ ਵੱਡੇ ਅਫਸਰਾਂ ਨੂੰ...ਤੇ ਉਹਨਾਂ ਦੇ ਹੁਕਮਾਂ ਨਾਲ ਦੇਸ਼ ਦੇ ਕੁਰੂਕਸ਼ੇਤਰ ਨੂੰ ਫਤਹਿ ਕਰਦੇ ਰਹਿਣਗੇ...ਤੇ ਫੇਰ ਆਪਣੇ ਆਪ ਨੂੰ ਸਾਰੇ ਦਿਨ ਦੇ ਪਾਪਾਂ ਤੋਂ ਹੌਲਾ ਕਰਨ ਲਈ ਵਿਆਖਿਆ-ਸਹਿਤ ਧਰਮ-ਗ੍ਰੰਥ ਪੜ੍ਹਦੇ ਰਿਹਾ ਕਰਣਗੇ। ਆਦਮੀ ਜਿੰਨਾ ਬੁਜਦਿਲ ਹੁੰਦਾ ਜਾਦਾ ਹੈ, ਓਨਾ ਹੀ ਧਾਰਮਿਕ ਵੀ।
ਰਾਤ ਦੇ ਇਕ ਵਜੇ ਪਾਂਡੁ, ਖਲਾਸੀ ਰਾਮ, ਲਖੋਰੀ ਤੇ ਬਿਸਵਾ, ਸ਼ੰਕਰ ਸਿਨਹਾ ਦਾ ਪੈਗ਼ਾਮ ਹਰ ਹੋਸਟਲਰ ਨੂੰ ਪਹੁੰਚਾ ਰਹੇ ਸਨ ਕਿ ਦਸ ਮਿੰਟ ਵਿਚ ਹੇਠਾਂ ਆ ਜਾਓ!
ਸਤ ਸੌ ਦੀ ਭੀੜ ਸਾਹਮਣੇ ਪਸਤੌਲ ਫੜ੍ਹੀ ਖੜ੍ਹਾ ਸੀ ਸਿਨਹਾ। ਆਸੇ ਪਾਸੇ ਦੋ ਮੁਸ਼ਟੰਡੇ ਖੜ੍ਹੇ ਸਨ ਤੇ ਸਿਨਹਾ ਦਹਾੜ ਰਿਹਾ ਸੀ...“ਦੱਸੋ ਹਰਾਮਜ਼ਾਦਿਓ! ਕਿਸ ਨੇ ਰਿਪੋਰਟ ਦਿੱਤੀ ਸੀ?”
ਵਿਦਿਆਰਥੀਆਂ ਦੀ ਉਹ ਭੀੜ ਜਿਹੜੀ ਜਪਾਨ ਵਿਚ ਨਿਜ਼ਾਮ ਬਦਲ ਸਕਦੀ ਹੈ, ਚੀਨ ਦੇ ਟਿਨਾਮੇਨ ਸਕਵੇਅਰ ਵਿਚ ਆਪਣਾ ਖ਼ੂਨ ਬਹਾਅ ਸਕਦੀ ਹੈ, ਪਾਲਤੂ ਕੁੱਤਿਆਂ ਵਾਂਗ ਸਹਿਮੀ, ਹਰੀਸ਼ਚੰਦਰ ਹੋਸਟਲ ਦੇ ਲਾਨ ਵਿਚ, ਖੜ੍ਹੀ ਸੀ। ਇਕ ਇਕ ਕਰਕੇ ਉਹ ਮਿਆਂਕ ਰਹੇ ਸਨ...'ਮੈਂ ਨਹੀਂ ਸ਼ੰਕਰ ਭਾਈ!' ਇਹੋ ਮਿਆਂਕੂ ਬੇ-ਲੋੜੇ ਸੰਘਰਸ਼ਾਂ ਵਿਚ ਬੱਸਾਂ ਸਾੜ ਦੇਂਦੇ ਨੇ ਤੇ ਜਗ੍ਹਾ ਜਗ੍ਹਾ ਪੱਥਰਾਅ ਕਰਕੇ ਆਪਣੇ ਜਮੀਰ ਸ਼ਾਂਤ ਕਰ ਲੈਂਦੇ ਨੇ।
ਸ਼ੀਂਹ ਦੀ ਤੋਰ ਤੁਰਦਾ ਸਿਨਹਾ ਡਾ. ਕਾਮਤਾਨਾਥ ਵਾਰਡਨ ਦਾ ਦਰਵਾਜ਼ਾ ਖੜਕਾਉਂਦਾ ਹੈ। ਜਾਗਦੇ ਹੋਏ ਕਾਮਤਾਨਾਥ ਅੱਖਾਂ ਵਿਚ ਨੀਂਦ ਦੀ ਖੁਮਾਰੀ ਦੇ ਭਾਵ ਲਿਆ ਕੇ ਦਰਵਾਜ਼ਾ ਖੋਲ੍ਹਦੇ ਨੇ...“ਹੈਲੋ ਸ਼ੰਕਰ!”
ਹੈਲੋ ਦੇ ਜਵਾਬ ਵਿਚ ਸ਼ੰਕਰ ਸਿਨਹਾਂ ਮੂੰਹ ਉੱਤੇ ਗਾਲ੍ਹ ਦੇ ਨਾਲ ਸਵਾਲ ਦਾ ਪੱਥਰ ਮਾਰਦਾ ਹੈ...'ਕਿਉਂ ਕਿਵੇਂ ਐਂ ਪ੍ਰੋਫ਼ੈਸਰ!' ਤਕਸ਼ਿਲਾ, ਨਾਲੰਦਾ ਤੇ ਸ਼ਾਂਤੀ ਨਿਕੇਤਨ ਦੀ ਪਤ ਸੀਤਾ ਵਾਂਗ ਧਰਤੀ 'ਚ ਸਮਾਅ ਜਾਣਾ ਚਾਹੁੰਦੀ ਹੈ। ਵਕਤ ਦਾ ਰਾਵਣ ਹੱਸਦਾ ਹੈ...ਸਾਡੀ ਫੀਸ ਦੇ ਟੁਕੜਿਆਂ ਉੱਪਰ ਪਲਦਾ ਏ ਤੇ ਸਾਡਾ ਹੀ ਵਿਰੋਧ ਕਰਦਾ ਏ? ਢੱਠੇ ਖੂਹ 'ਚ ਗਈ ਤੇਰੀ ਪੁਸਤਕ-ਸੰਸਕ੍ਰਿਤੀ! ਤੇਰੇ ਪੜ੍ਹਾਏ ਕੁਰਸੀਆਂ ਉੱਤੇ ਠੁੱਸ ਹੋਏ ਬੈਠੇ ਨੇ...ਜਾਨ ਹੈ ਤਾਂ ਸਿਰਫ ਉਹਨਾਂ ਦੀਆਂ ਹਥੇਲੀਆਂ ਵਿਚ, ਜਿਹੜੀਆਂ ਰਿਸ਼ਵਤ ਲੈਣ ਖਾਤਰ ਫੈਲੀਆਂ ਰਹਿੰਦੀਆਂ ਨੇ।
ਮੌਨ ਦੇ ਪ੍ਰਤੀ-ਉੱਤਰ ਵਿਚ ਦਹਾੜਿਆ ਸੀ ਸ਼ੰਕਰ ਸਿਨਹਾ...“ਬੁੜ੍ਹਿਆ! ਐਤਕੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਤਾਂ ਡੈਮ ਬਣਾ ਰਹੇ ਤੇਰੇ ਇਕਲੌਤੇ ਇੰਜੀਨੀਅਰ ਪੁੱਤਰ ਦੀ ਲਾਸ਼ ਨਦੀ ਵਿਚ ਤੈਰਦੀ ਮਿਲੇਗੀ! ਅਸਾਂ ਯਾਰਾਂ ਦੇ ਯਾਰ ਆਂ, ਦੁਸ਼ਮਣਾ ਲਈ ਤਲਵਾਰ ਆਂ!”
ਕਮਰ ਅਹਸਨ ਦੀ ਹੱਥੇਲੀ, ਹੱਥਾਂ ਵਿਚ ਘੁੱਟ ਕੇ ਅਤੀਤ ਵਿਚ ਤੈਰ ਗਏ ਸਨ ਡਾ. ਕਾਮਤਾਨਾਥ...'ਇਸੇ ਕਾਲੇਜ ਵਿਚ ਆਜ਼ਾਦੀ ਦੇ ਦੀਵਾਨਿਆਂ ਨਾਲ ਰਿਹਾ ਆਂ ਕਮਰ ਭਰਾ! ਪੁਲਿਸ ਦੀ ਡਾਂਗ ਨਾਲ ਹੱਥ ਦੀ ਹੱਡੀ ਟੁੱਟ ਗਈ ਸੀ। ਬਿਸ਼ਨ ਨੇ ਗੋਲੀ ਖਾਣ ਲਈ ਛਾਤੀ ਤਾਣ ਲਈ ਸੀ। ਉਦੋਂ ਵੀ ਇੱਥੋਂ ਦੇ ਕੁਝ ਮੁੰਡਿਆਂ ਕੋਲ ਪਸਤੌਲ, ਕੱਟੇ ਤੇ ਤਲਵਾਰਾਂ ਹੁੰਦੀਆਂ ਸੀ। ਪਰ ਉਹਨਾਂ ਦੀ ਪ੍ਰਤੀਗਿਆ ਸੀ ਕਿ ਜਦੋਂ ਤੱਕ ਇਹ ਦੇਸ਼ ਆਜ਼ਾਦ ਨਹੀਂ ਹੋ ਜਾਏਗਾ ਉਦੋਂ ਤੱਕ ਅਸੀਂ ਸਾਧੂਆਂ ਵਾਲੀ ਜ਼ਿੰਦਗੀ ਬਿਤਾਵਾਂਗੇ। ਸਾਡੇ ਪਸਤੌਲ ਦੀ ਹਰ ਗੋਲੀ ਗ਼ੁਲਾਮੀ ਦੀ ਜੰਜ਼ੀਰ ਨੂੰ ਤੋੜੇਗੀ। ਅਸੀਂ ਵੀ ਗੱਡੀ ਦੀਆਂ ਪਟੜੀਆਂ ਉਖਾੜੀਆਂ ਨੇ, ਬਿਜਲੀ ਦੇ ਤਾਰ ਕੱਟੇ ਐ, ਪਰ ਅੱਜ ਦੇ ਵਿਦਿਆਰਥੀ ਦੇ ਮੂੰਹੋਂ ਗਾਲ੍ਹਾਂ ਨਿਕਲਦੀਆਂ ਨੇ, ਨਾ ਕਿ ਬੰਦੇ ਮਾਤਰਮ। ਉਹ ਚਿਹਰੇ ਜਿਹਨਾਂ ਵਿਚ ਸੰਸਕਾਰ ਤੇ ਸੱਚ ਦਗਦਾ ਹੁੰਦਾ ਸੀ, ਪਤਾ ਨਹੀਂ ਕਿੱਥੇ ਗਵਾਚ ਗਏ ਨੇ!”
ਕਮਰ ਅਹਸਨ ਹੱਥੇਲੀ ਥਾਪੜ ਕੇ ਕਹਿੰਦੇ ਨੇ...“ਭਾਈ ਜਾਨ! ਵਕਤ ਬਦਲ ਗਿਆ ਏ। ਵੈਲਯੂਜ਼ ਬਦਲ ਰਹੀਆਂ ਨੇ।”
“ਕਿਹਨਾਂ ਵੈਲਯੂਜ਼ ਦੀ ਗੱਲ ਕਰਦੇ ਓ ਤੁਸੀਂ? ਜੇ ਗੁੰਡਾਗਰਦੀ ਅੱਜ ਦੀ ਵੈਲਯੂ ਹੈ ਤਾਂ ਆਪਣੇ ਬੇਟੇ ਨੂੰ ਗੁੰਡਾ ਕਿਉਂ ਨਹੀਂ ਬਣਾਉਂਦੇ? ਮੰਨਿਆਂ ਕਿ ਪਸਤੌਲ ਸਿਰਫ ਸ਼ੰਕਰ ਸਿਨਹਾ ਦੇ ਹੱਥ ਵਿਚ ਸੀ, ਪਰ ਦੋ ਹੱਥ ਤਾਂ ਹਰੇਕ ਮੁੰਡੇ ਕੋਲ ਸਨ। ਇਹਨਾਂ ਦੋ ਹੱਥਾਂ ਵਾਲਿਆਂ ਦੇ ਦਿਲਾਂ ਵਿਚ ਗਿੱਦੜ ਕਿਸ ਬਿਠਾਲ ਦਿੱਤੇ ਨੇ, ਕਿ ਉਹ ਜੁਲਮ ਨੂੰ ਸਮੇਂ ਦਾ ਇਨਸਾਫ ਮੰਨ ਬੈਠੇ ਨੇ? ਕੱਲ੍ਹ ਇਹ ਦੋ ਹੱਥ ਸਰਕਾਰੀ ਬੰਦੂਕਾਂ ਫੜ੍ਹ ਕੇ ਸਰਹੱਦ ਉੱਤੇ ਦੁਸ਼ਮਣ ਨੂੰ ਸੌਂਪ ਕੇ ਨਿਹਾਲ ਹੋ ਸਕਦੇ ਨੇ। ਜਾਲਿਮ ਤਾਂ ਹਰ ਯੁੱਗ ਵਿਚ ਹੋਏ ਨੇ ਪਰ ਜੁਲਮ ਦਾ ਬਦਲਾ ਤੇ ਵਿਰੋਧ ਕਰਨ ਵਾਲੇ ਕਿਤੇ ਵੱਧ ਹੁੰਦੇ ਸੀ ਉਦੋਂ। ਕੌਣ ਚੁਰਾ ਕੇ ਲੈ ਗਿਆ ਇਸ ਉਮਰ ਦਾ ਤਪੱਸਵੀ ਕਿ ਬਚ ਗਈ ਹੈ ਸਿਰਫ ਵਾਸਨਾ?”
ਕਮਰ ਅਹਸਨ ਨੂੰ ਪਤਾ ਹੈ ਕਿ ਡਾ. ਕਾਮਤਾਨਾਥ ਪ੍ਰਿੰਸੀਪਲ ਨੂੰ ਜਾ ਕੇ ਦੱਸਣਗੇ, ਪਰ ਕੀ ਪ੍ਰਿੰਸੀਪਲ ਗਣੇਸ਼ ਸਿੰਘ ਕੁਝ ਕਰੇਗਾ? ਸ਼ੰਕਰ ਸਿਨਹਾ ਵਰਗੇ ਗੁੰਡਿਆਂ ਦੀਆਂ ਪਸਤੌਲਾਂ ਹੀ ਤਾਂ ਨਿਰਵਿਘਨ ਨਕਲ ਕਰਵਾਉਂਦੀਆਂ ਹਨ। ਨਕਲ ਹੀ ਕਿਉਂ, ਜਵਾਬਾਂ ਦੀ ਪ੍ਰਾਂਪਟਿੰਗ ਹੁੰਦੀ ਹੈ ਖੁੱਲ੍ਹੇਆਮ ਕੁਝ ਮੁੰਡਿਆਂ ਲਈ। ਕਾਲੇਜ ਦਾ ਨਤੀਜਾ ਸੌ ਫੀ ਸਦੀ ਆਉਂਦਾ ਹੈ ਅੱਜਕੱਲ੍ਹ। ਮੈਨ ਆਫ ਦੀ ਕਾਲੇਜ ਦਾ ਪੁਰਸਕਾਰ ਦਿੱਤਾ ਹੈ ਪ੍ਰਿੰਸੀਪਲ ਨੇ ਪਿਛਲੇ ਸਾਲ ਸ਼ੰਕਰ ਸਿਨਹਾ ਨੂੰ। ਇਸ ਜਾਦੂਈ ਚਿਰਾਗ਼ ਕਰਕੇ ਹੀ ਤਾਂ ਗਣੇਸ਼ ਸਿੰਘ ਦੀ ਮਹੱਤਵ ਕਾਇਮ ਹੈ।
ਪ੍ਰਿੰਸੀਪਲ ਨੇ ਮੱਥੇ ਵੱਟ ਪਾ ਕੇ ਲਿਤਾੜਿਆ ਸੀ ਡਾ. ਕਾਮਤਾਨਾਥ ਨੂੰ। ਸ਼ਬਦ ਗਰਮ ਤੇਲ ਦੇ ਤੁਬਕਿਆਂ ਵਾਂਗ ਕੰਨਾਂ ਵਿਚ ਜਾ ਰਹੇ ਸਨ ਤੇ ਆਤਮਾ ਛਾਲਿਆਂ ਨਾਲ ਭਰਦੀ ਜਾ ਰਹੀ ਸੀ...“ਖ਼ੂਬ ਤਮਾਸ਼ਾ ਕੀਤਾ ਈ ਤੁਸੀਂ! ਪੰਦਰਾਂ ਦਿਨਾਂ ਲਈ ਬਾਹਰ ਕੀ ਗਿਆ ਕਿ ਆਪਣੇ ਕਾਲੇਜ ਦੀ ਪੈਂਠ ਹੀ ਮਿਟਾਅ ਦਿੱਤੀ। ਤੁਸੀਂ ਆਫ਼ੀਸ਼ਿਏਟ ਕਰ ਰਹੇ ਸੀ। ਸਮਝਾ-ਬੁਝਾਅ ਲੈਂਦੇ ਸ਼ੰਕਰ ਨੂੰ। ਇਨਟੈਲੀਜੈਂਟ ਲੜਕਾ ਏ, ਤੇ ਉੱਪਰ ਤੱਕ ਰਸੂਖ਼ ਵੀ ਏ ਉਸਦਾ। ਪਤਾ ਈ ਕੀ ਕਿਹੈ ਨੇਤਾਜੀ ਨੇ?...'ਕਿਉਂ ਭਾਈ ਗਣੇਸ਼ ਸਿੰਘ! ਬੜੀ ਤਾਰੀਫ ਕਰਦੇ ਸੀ ਨੰਬਰ ਟੂ ਦੀ ਕਿ ਬੜੇ ਕਾਬਿਲ ਨੇ ਡਾ. ਕਾਮਤਾਨਾਥ। ਉਹਨਾਂ ਤੋਂ ਬਿਹਤਰ ਤਾਂ ਮਿੱਟੀ ਦਾ ਬਾਵਾ ਬਿਠਾਅ ਦਿੱਤਾ ਹੁੰਦਾ।' ਕੌਣ ਪੁਲਿਸ ਨੂੰ ਬੁਲਾਅ ਕੇ ਤਲਾਸ਼ੀ ਦੀ ਇਜਾਜ਼ਤ ਦੇ ਸਕਦਾ ਏ?”
“ਪੁਲਿਸ ਪੂਰੀ ਜਾਣਕਾਰੀ ਨਾਲ ਆਈ ਸੀ ਸਿੰਘ ਸਾਹਬ! ਸਾਨੂੰ ਸ਼ੰਕਰ ਕਰਕੇ ਦੂਜੇ ਮੰਡਿਆਂ ਦਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੀਦਾ।” ਜ਼ਖ਼ਮੀ ਆਵਾਜ਼ ਵਿਚ ਕਿਹਾ ਸੀ ਕਾਮਤਾਨਾਥ ਨੇ।
“ਕੀ ਕਰ ਲਿਆ ਤੁਸੀਂ ਜਾਂ ਉਸ ਗੁਰੂ ਪ੍ਰਸਾਦ ਨੇ? ਅੱਜ ਤੱਕ ਸਿੰਗਾਂ ਵਾਲਾ ਭੇਡੂ ਹੁੰਦਾ ਸੀ, ਹੁਣ ਸਾਂਨ੍ਹ ਬਣ ਗਿਆ ਈ ਸ਼ੰਕਰ। ਕਾਲੇਜ ਵੱਖਰਾ ਬਦਨਾਮ ਹੋਇਆ ਏ। ਓ ਬਈ ਨਿਜਾਮ ਦੀ ਹਵਾ ਦੇ ਨਾਲ ਹੀ ਤਾਂ ਚੱਲਦੇ ਨੇ ਲੋਕ। ਜੇ ਸਰਕਾਰ ਚਾਹੇ ਤਾਂ ਇਕ ਗੁੰਡਾ ਸਟੂਡੈਂਟ ਕਾਲੇਜ ਵਿਚ ਦਿਖਾਈ ਨਹੀਂ ਦਏਗਾ। ਪਰ ਕੌਣ ਚਾਹੁੰਦਾ ਏ ਇੰਜ? ਇਹਨਾਂ ਬਾਕੀ ਭੇਡਾਂ-ਰੂਪੀ ਮੁੰਡਿਆਂ ਦਾ ਕੀ ਨੇਤਾ ਲੋਕ ਆਚਾਰ ਪਾਉਣਗੇ? ਗੁੰਡੇ ਹੀ ਤਾਂ ਵੋਟ ਦੁਆਉਂਦੇ ਨੇ। ਗੁੰਡੇ ਜਦੋਂ ਕੰਮ ਆਉਂਦੇ ਨੇ ਤਾਂ ਉਹਨਾਂ ਨੂੰ ਝੱਲਨਾਂ ਵੀ ਤਾਂ ਸਿਖਣਾ ਪਏਗਾ ਸਾਨੂੰ। ਅੱਜ ਦੇ ਨਿਜਾਮ ਦੀ ਪ੍ਰਾਣ-ਸ਼ਕਤੀ ਨੇ ਇਹ ਗੁੰਡੇ!”
ਪ੍ਰਤਿਮਾ ਸ਼ਾਸਤਰੀ ਨੇ ਕਾਫੀ ਦਾ ਕੱਪ ਫੜਾਉਂਦਿਆਂ ਹੋਇਆਂ ਕਿਹਾ ਸੀ...“ਸਰ! ਭੁੱਲ ਜਾਓ ਏਸ ਅਪਮਾਨ ਨੂੰ। ਵਾਰਡਨ ਸ਼ਿਪ ਛੱਡ ਦਿਓ। ਤੁਸੀਂ ਆਂਕੜੇ ਦੇਖੋ ਤਾਂ ਪਤਾ ਲੱਗਦੇ ਕਿ ਪਹਿਲਾਂ ਨਾਲੋਂ ਕਿੰਨੇ ਗੁਣਾ ਵਧ ਗਈ ਹੈ ਪੁਲਿਸ, ਸੀ.ਆਰ.ਪੀ. ਤੇ ਹੋਰ ਪੈਰਾਮਿਲਿਟ੍ਰੀ ਤਾਕਤਾਂ, ਪਰ ਪੀੜੇ ਨੂੰ ਨਪੀੜਿਆ ਹੀ ਜਾ ਰਿਹੈ। ਦੇਸ਼-ਧਰੋਹੀ ਸਮਗਲ ਮਾਣਯੋਗ ਸੱਜਣ ਬਣ ਗਏ ਨੇ। ਸਕੂਲ ਮਾਸਟਰ ਕੁੱਟ ਖਾਂਦਾ ਰਹਿੰਦਾ ਏ ਤੇ ਮੁਸ਼ਕਿਲ ਨਾਲ ਦਸਵੀਂ ਤੱਕ ਪੜ੍ਹਿਆ ਕਾਂਸਟੇਬਲ ਡੰਡਾ ਫੜ੍ਹ ਕੇ ਕਮਜ਼ੋਰ ਭੀੜ ਨੂੰ ਡਰਾਉਂਦਾ ਫਿਰਦਾ ਏ ਤੇ ਕ੍ਰਿਮਿਨਲਸ ਦੇ ਕਮਿਸ਼ਨ 'ਤੇ ਐਸ਼ ਕਰਦਾ ਏ। ਨੈਤਿਕ ਅਤੀਤ, ਅਰਾਜਕ ਹੋ ਰਹੇ ਵਰਤਮਾਨ ਦੀ ਸਹਾਇਤਾ ਕਰਨ ਤੋਂ ਅਸਮਰਥ ਹੈ। ਸਰ, ਤੁਸੀਂ ਹੀ ਤਾਂ ਮੈਨੂੰ ਰਾਜਨੀਤੀ ਤੇ ਸਿਧਾਂਤ ਪੜ੍ਹਾਉਂਦੇ ਹੋਏ ਦੱਸਦੇ ਹੁੰਦੇ ਸੌ...'ਰਾਜਨੀਤੀ ਦਾ ਸਾਧੂ ਵੀ ਸੱਚ ਤੇ ਨਿਆਂ ਦੀ ਮੂਰਤੀ ਨੂੰ ਇਕ ਲੱਤ ਜ਼ਰੂਰ ਮਾਰਦਾ ਏ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ।”
ਆਪਣੀ ਕਲਾਸ ਦੇ ਵਿਦਿਆਰਥੀਆਂ ਤੱਕ ਪ੍ਰਤਿਮਾ ਸ਼ਾਸਤਰੀ ਨੇ ਡਾ. ਕਾਮਤਾਨਾਥ ਦਾ ਦੁੱਖ ਪਹੁੰਚਾਉਣਾ ਚਾਹਿਆ...ਨਤੀਜਾ ਬੜੀ ਛੇਤੀ, ਦੂਜੇ ਦਿਨ ਹੀ, ਸਾਹਮਣੇ ਆ ਗਿਆ। ਪੋਸਟਰਸ, ਹੈਂਡਬਿਲਸ ਤੇ ਨਾਅਰੇ...ਕਾਮਤਾਨਾਥ ਤੇ ਪ੍ਰਤਿਮਾ ਸ਼ਾਸਤਰੀ ਦੇ 'ਸੰਬੰਧਾਂ' ਨੂੰ ਲੈ ਕੇ। ਗੌਤਮ, ਗਾਂਧੀ ਦਾ ਦੇਸ਼ ਅਨੈਤਿਕਤਾ ਨਹੀਂ ਸਹੇਗਾ! ਸਮਾਜਵਾਦ ਜ਼ਿੰਦਾਬਾਦ!
ਡਾ. ਕਾਮਤਾਨਾਥ ਨੇ ਜਲੂਸ ਵਿਚ ਉਹਨਾਂ ਵਿਦਿਆਰਥੀਆਂ ਨੂੰ ਉਤੇਜਿਤ ਨਾਅਰੇ ਲਾਉਂਦਿਆਂ ਦੇਖਿਆ, ਜਿਹਨਾਂ ਦੇ ਲਟਕੇ ਹੋਏ ਹੱਥ ਸ਼ੰਕਰ ਸਿਨਹਾ ਦੀ ਇਕਲੌਤੀ ਪਸਤੌਲ ਸਾਹਵੇਂ ਲੂਲ੍ਹੇ ਹੋ ਕੇ ਝੂਲ ਰਹੇ ਸਨ।
ਇਕ ਵਾਰੀ ਫੇਰ ਹਾਰੇ ਹੋਏ ਪਰਤੇ ਸਨ ਡਾ. ਕਾਮਤਾਨਾਥ, ਪ੍ਰਿੰਸੀਪਲ ਦਾ ਪ੍ਰਵਚਨ ਸੁਣ ਕੇ...'ਤੁਸੀਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਥਾਂ ਸਮੱਸਿਆਵਾਂ ਦਾ ਪਟਾਰਾ ਬਣ ਗਏ ਓ ਪ੍ਰੋਫ਼ੈਸਰ ਸਾਹਬ! ਤੁਹਾਡਾ ਕੰਮ ਸੀ ਪੜ੍ਹਾਉਣਾ, ਹੋਸਟਲ ਵਿਚ ਸਫਾਈ, ਖਾਣੇ-ਪੀਣੇ ਦੀ ਦੇਖਭਾਲ ਕਰਨਾ...ਉਹ ਤਾਂ ਤੁਹਾਥੋਂ ਹੋਇਆ ਨਹੀਂ, ਕਾਂਢ 'ਤੇ ਕਾਂਢ ਕਰੀ ਜਾ ਰਹੇ ਓ! ਗਾਂਧੀ ਬਣਨ ਦੀ ਤਮੰਨਾਂ ਹੋਏ ਤਾਂ ਖੜ੍ਹੇ ਹੋ ਜਾਓ, ਸ਼ੰਕਰ ਸਿਨਹਾ ਦੀ ਪਸਤੌਲ ਦੇ ਸਾਹਮਣੇ! ਪੁਲਿਸ ਦੀ ਬਹੀ ਵਿਚ ਤੁਹਾਡੀ ਹੱਤਿਆ, ਆਤਮ-ਹੱਤਿਆ ਬਣ ਕੇ ਰਹਿ ਜਾਏਗੀ। ਤੁਸੀਂ ਆਪੁ ਈ ਅਸਤੀਫਾ ਦੇ ਜਾਓ...ਇਹ ਮੇਰੀ ਨੇਕ ਸਲਾਹ ਏ। ਪਾਣੀ ਹੁਣ ਸਿਰ ਤੋਂ ਉੱਪਰ ਲੰਘ ਚੁੱਕਿਆ ਏ।'
ਪ੍ਰਤਿਮਾ ਸ਼ਾਸਤਰੀ ਡਾ. ਕਾਮਤਾਨਾਥ ਦੀ ਹਾਰ ਨੂੰ ਜਿੱਤ ਵਿਚ ਬਦਲਨ ਲਈ ਦੌੜੀ ਸੀ...'ਤੁਸੀਂ ਜਾਣਦੇ ਓ ਕਿ ਸਫੇਦ ਝੂਠ ਹੈ ਇਹ? ਸਨੇਹ ਦੇ ਮੰਦਰ ਨੂੰ ਕੁੜਾਘਰ ਬਣਾਉਣ ਵਿਚ ਮਦਦ ਕਰ ਰਹੇ ਓ!'
ਮੈਂ ਕੋਈ ਜੱਜ ਨਹੀਂ ਮਿਸ ਪ੍ਰਤਿਮਾ, ਕਿ ਸੱਚ ਤੇ ਝੂਠ ਨੂੰ ਕਸੌਟੀ 'ਤੇ ਘਿਸਦਾ ਰਹਾਂ। ਨਾ ਹੀ ਮੈਂ ਪੁਲਿਸ ਹਾਂ ਕਿ ਕਿਸੇ ਨੂੰ ਰੋਕਾਂ। ਮੇਰਾ ਕੰਮ ਮੁੰਡਿਆਂ ਦੀ ਪੜ੍ਹਾਈ ਤੱਕ ਹੈ, ਨਾ ਕਿ ਪ੍ਰੋਫ਼ੈਸਰ ਤੇ ਲੈਕਚਰਰ ਦੇ ਸੰਬੰਧਾਂ ਦੀ ਛਾਨਬੀਣ ਜਾਂ ਫੈਸਲੇ ਕਰਾਉਣ ਦਾ।'
ਹੈਰਾਨੀ ਨਾਲ ਦੇਖਦੀ ਰਹਿ ਗਈ ਸੀ ਪ੍ਰਤਿਮਾ ਸ਼ਾਸਤਰੀ। ਮਹਿਸੂਸ ਹੋਇਆ ਕਿ ਪ੍ਰਿੰਸੀਪਲ ਨਹੀਂ ਹੈ ਗਣੇਸ਼ ਸਿੰਘ, ਪੱਠੇ ਕੁਤਰਨ ਵਾਲੀ ਮਸ਼ੀਨ ਹੈ ਜਾਂ ਸੌ ਪ੍ਰਤੀਸ਼ਤ ਰਿਜਲਟ ਛਾਪਣ ਵਾਲੀ ਮਸ਼ੀਨ। ਕੋਈ ਮਰੇ ਭਾਵੇਂ ਜਿਊਂਵੇ, ਉਸਨੂੰ ਪ੍ਰਵਾਹ ਨਹੀਂ। ਸ਼ੰਕਰ ਸਿਨਹਾ ਉਸਦਾ ਹਥਿਆਰ ਹੈ ਜਿਸ ਦੇ ਸਹਾਰੇ ਉਹ ਸੌ ਪ੍ਰਤੀਸ਼ਤ ਰਿਜਲਟ ਪ੍ਰਾਪਤ ਕਰ ਸਕਦਾ ਹੈ ਤੇ ਨਾਮਨਾ ਖੱਟ ਸਕਦਾ ਹੈ।
ਰੋਂਦੀ ਪ੍ਰਤਿਮਾ ਨੂੰ ਡਾ. ਕਾਮਤਾਨਾਥ ਨੇ ਭਰੜਾਈ ਆਵਾਜ਼ ਵਿਚ ਸਮਝਾਇਆ...'ਰੋ ਕੇ ਕੁਛ ਹਾਸਲ ਨਹੀਂ ਹੋਏਗਾ ਪ੍ਰਤਿਮਾ! ਸਮਾਜ ਲਈ ਭਾਵਨਾਵਾਂ ਦਾ ਕੋਈ ਮੁੱਲ ਨਹੀਂ। ਸੱਚ ਨਾਲ ਉਸਦਾ ਢਿੱਡ ਨਹੀਂ ਭਰਦਾ। ਵਿਗਿਆਨ ਤੇ ਇਮਾਨ ਨੂੰ ਵੇਚ ਕੇ ਉਹ ਆਸਾਨੀ ਨਾਲ ਆਪਣੇ ਮਹਿਲ ਬਣਾ ਕੇ ਰਹਿ ਸਕਦਾ ਹੈ। ਇਸੇ ਲਈ ਅੱਜ ਹਰੇਕ ਪਿਤਾ ਆਪਣੇ ਪੁੱਤਰ ਨੂੰ ਨੈਤਿਕ ਬਲ ਦੀ ਜਗ੍ਹਾ ਪੈਸੇ ਕਮਾਉਣ ਦੇ ਇੰਜੈਕਸ਼ਨ ਲਗਵਾ ਰਿਹਾ ਏ। ਇਹਨਾਂ ਇਨਜੈਕਸ਼ਨਾਂ ਨਾਲ ਖੜ੍ਹੇ ਕੀਤੇ ਢਾਂਚੇ, ਕੀ ਕਦੀ ਜੁਲਮ ਦਾ ਵਿਰੋਧ ਕਰ ਸਕਦੇ ਨੇ? ਅੱਜ ਇਕ ਵੀ ਅਭਿਮੰਨਿਊ ਮੈਨੂੰ ਨਜ਼ਰ ਨਹੀਂ ਆ ਰਿਹਾ। ਹਰੇਕ ਮੁੰਡੇ ਦੇ ਹੱਥ ਝੂਲ ਰਹੇ ਨੇ ਜਾਂ ਸ਼ੰਕਰ ਸਿਨਹਾ ਵਾਂਗ ਪਸਤੌਲ ਫੜ੍ਹੀ, ਡਰੱਗ ਵੇਚ ਰਹੇ ਨੇ ਜਾਂ ਕੁਰਸੀ ਵਿਚ ਧਸ ਕੇ ਰਿਸ਼ਵਤ ਲੈ ਰਹੇ ਨੇ। ਤੁਸੀਂ ਨੌਕਰੀ ਕਰਨੀ ਹੈ ਤਾਂ ਮੂੰਹ ਉੱਤੇ ਜਿੰਦਰਾ ਮਾਰ ਲਓ...ਜ਼ਿੰਦਗੀ ਨੂੰ ਸਮੇਂ ਦੀ ਨਦੀ ਵਿਚ ਸ਼ਵ-ਆਸਨ ਲਾ ਕੇ ਛੱਡ ਦਿਓ।'
ਅਸਤੀਫਾ ਦੇ ਕੇ ਨਿਕਲੇ ਤਾਂ ਗਾਂਧੀ ਭਵਨ ਦੀ ਛੱਤ ਤੋਂ ਕਿਸੇ ਨੇ ਗੰਜੀ ਟਿੰਡ ਉੱਪਰ ਟਮਾਟਰ ਮਾਰਿਆ ਤੇ ਨਾਅਰਾ ਲਾਇਆ...'ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ! ਜੋ ਹਮ ਸੇ ਟਕਰਾਏਗਾ, ਚੂਰ ਚੂਰ ਹੋ ਜਾਏਗਾ।' ਹੇਠਾਂ ਖੜ੍ਹਾ ਨੌਜਵਾਨ ਲੈਕਚਰਰ ਮਧੁਕਾਂਤ ਆਪਣੀ ਸਹਿਯੋਗੀ ਮਾਲਿਨੀ ਦੀ ਹਾਸੀ 'ਤੇ ਮੁਸਕੁਰਾਹਟ ਦਾ ਇਤਰ ਛਿੜਕਦਾ ਹੋਇਆਂ ਕੁਝ ਫੁਸਫੁਸਾਇਆ।
ਜਵਾਹਰਲਾਲ ਭਵਨ ਦੀ ਖਿੜਕੀ ਵਿਚੋਂ ਝਾਕ ਕੇ ਫਿਲਾਸਫੀ ਦੇ ਪ੍ਰਵਕਤਾ ਮਨਹਰ ਅਵਸਥੀ ਕਹਿੰਦੇ ਨੇ...“ਜੜ ਦਾ ਜੀਵਨ ਜ਼ਮੀਨ ਦੇ ਅੰਦਰ ਹੁੰਦਾ ਹੈ। ਤਣਾ ਕੈਸਾ ਹੈ, ਜਾਂ ਫਲ ਰਸੀਲੇ ਨੇ ਜਾਂ ਨਹੀਂ, ਉਸ ਨਾਲ ਜੜ ਦਾ ਕੋਈ ਸਰੋਕਾਰ ਨਹੀਂ ਹੁੰਦਾ। ਪ੍ਰੋਫ਼ੈਸਰ ਕਾਮਤਾਨਾਥ ਦੀ ਇਹੀ ਤਾਂ ਤਰਾਸਦੀ ਹੈ!”
ਹੱਸਦੀ ਹੈ ਮੀਤਾ ਨਿਗਮ...“ਫਿਲਾਸਫਰ ਤੇ ਆਮ ਆਦਮੀ ਵਿਚ ਇਹੋ ਤਾਂ ਇਕ ਹੱਥ ਦਾ ਅੰਤਰ ਹੁੰਦਾ ਏ। ਆਮ ਆਦਮੀ ਸਿੱਧੀ ਨੱਕ ਫੜਦਾ ਏ ਤੇ ਫਿਲਾਸਫਰ ਗਰਦਨ ਪਿੱਛੋਂ ਘੁਮਾਅ ਕੇ।”
ਮਖਨ ਲਾਉਂਦੇ ਨੇ ਇਤਿਹਾਸ ਦੇ ਵਿਆਖਿਆਕਾਰ ਰੂਪ ਸਿੰਘ...“ਕੀ ਗੱਲ ਆਖੀ ਏ ਮੀਤਾ ਜੀ! ਇਸ ਦੇਸ਼ ਦੀ ਬਦਕਿਸਮਤੀ ਇਹ ਐ ਕਿ ਲੋਕ ਹੱਸਦੇ ਨਹੀਂ। ਖੁੱਲ੍ਹ ਕੇ ਹੱਸਣ ਨਾਲ ਦੇਸ਼ ਮਜਬੂਤ ਹੁੰਦਾ ਏ। ਹਿਊਮਰ ਸੌ ਬਿਮਾਰੀਆਂ ਦਾ ਸ਼ਰਤੀਆ ਇਲਾਜ਼ ਏ। ਸਾਡਾ ਲੋਕਤੰਤਰ ਰੋਂਦਾ ਜ਼ਿਆਦਾ ਏ, ਹੱਸਦਾ ਘੱਟ...ਏਸੇ ਲਈ ਭੁੱਖਾ ਤੇ ਗਰੀਬ ਏ।”
ਠਹਾਕਾ ਡਾ. ਕਾਮਤਾਨਾਥ ਦੇ ਟਮਾਟਰ ਨਾਲ ਭਿੱਜੇ ਗੰਜੇ ਸਿਰ ਉੱਪਰੋਂ ਪਤਝੜ ਦੇ ਪੱਤੇ ਵਾਂਗ ਸਰਸਰਾਉਂਦਾ ਹੋਇਆ ਨਿਕਲ ਜਾਂਦਾ ਹੈ। ਗੇਟ 'ਤੇ ਸ਼ੰਕਰ ਸਿਨਹਾ ਲੱਕ 'ਤੇ ਹੱਥ ਰੱਖੀ ਖੜ੍ਹਾ ਸੀ। ਪ੍ਰੋਫ਼ੈਸਰ ਸਾਹਬ ਕੋਲ ਆਏ ਤਾਂ ਚਿੜਾਉਣ ਲਈ ਝੁਕ ਕੇ ਸਲਾਮ ਕੀਤਾ ਤੇ ਫਿਰ ਤਣ ਕੇ ਖੜ੍ਹਾ ਹੋ ਗਿਆ।
ਸੁੰਨਮੁੰਨ ਜਿਹੇ ਹੋਏ, ਡਾ. ਕਾਮਤਾਨਾਥ ਅੰਦਰ ਅਚਾਨਕ ਊਰਜਾ ਜਾਗ ਪਈ ਹੈ ਤੇ ਉਹ ਤਥਾਗਤ (ਗੌਤਮਬੁੱਧ) ਵਾਂਗ ਅਸ਼ੀਰਵਾਦ ਦੀ ਮੁੱਦਰਾ ਵਿਚ ਹੱਥ ਚੁੱਕ ਲੈਂਦੇ ਨੇ। ਸਾਹਮਣੇ ਅਜਿੱਤ ਉਂਗਲੀਮਾਰ ਖੜ੍ਹਾ ਸੀ। ਝੁਕੇ ਹੋਏ ਮੋਢਿਆਂ ਤੇ ਲਟਕੇ ਹੋਏ ਹੱਥਾਂ ਵਾਲੀ ਵਿਦਿਆਰਥੀਆਂ ਦੀ ਭੀੜ ਆਪਣੇ ਗਿੱਦੜ ਵਾਂਗ ਧੱਕ-ਧੱਕ ਕਰਦੇ ਦਿਲਾਂ ਨਾਲ ਇਹ ਦੇਖਣ ਲਈ ਖੜ੍ਹੀ ਸੀ ਕਿ ਅੱਜ ਕੌਣ ਜਿੱਤਦਾ ਹੈ?

    ੦੦੦  ੦੦੦  ੦੦੦

ਪੰਜਾਬੀ ਟ੍ਰਿਬਿਊਨ…. 01/08/2010

ਸੋਹਬਤ ਦੀ ਖੁਸ਼ਬੋ... :: ਕਾਜ਼ੀ ਮੁਸ਼ਤਾਕ ਅਹਿਮਦ

ਪਾਕੀ ਉਰਦੂ ਕਹਾਣੀ :
ਸੋਹਬਤ ਦੀ ਖੁਸ਼ਬੋ...
ਲੇਖਕ : ਕਾਜ਼ੀ ਮੁਸ਼ਤਾਕ ਅਹਿਮਦ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਯਾਸਮੀਨ ਨੇ ਪਹਿਲੀ ਵਾਰ ਆਪਣੇ ਪਤੀ ਦੇ ਕੁਆਟਰ ਵਿਚ ਪੈਰ ਪਾਏ ਸਨ ਤੇ ਸਰਜੂ ਨੇ ਬੜੇ ਹੀ ਰਵਾਇਤੀ ਢੰਗ ਨਾਲ ਉਸ ਨੂੰ 'ਜੀ ਆਇਆਂ' ਕਿਹਾ ਸੀ। ਸਰਜੂ, ਅਕਰਮ ਦੀ ਨੌਕਰਾਣੀ ਸੀ। ਉਹ ਪਿੱਛਲੇ ਛੇ ਮਹੀਨਿਆਂ ਤੋਂ ਇੱਥੇ ਇਕੱਲਾ ਰਹਿ ਰਿਹਾ ਸੀ ਤੇ ਏਨੇ ਦਿਨ ਸਰਜੂ ਹੀ ਉਸ ਦਾ ਖਾਣਾ ਪਕਾਉਂਦੀ, ਕੱਪੜੇ ਧੋਂਦੀ ਤੇ ਨਿੱਕੇ-ਮੋਟੇ ਕੰਮ ਸੰਵਾਰਦੀ ਰਹੀ ਸੀ। ਪਰ ਪਤਾ ਨਹੀਂ ਕਿਉਂ—ਕਾਲੀ, ਕੋਝੀ, ਤੁੱਥ-ਮੁੱਥ ਜਿਹੀ ਸਰਜੂ, ਜਿਸ ਦੇ ਕੱਪੜਿਆਂ ਵਿਚੋਂ ਬੋ ਆਉਂਦੀ ਸੀ ਯਾਸਮੀਨ ਨੂੰ ਪਹਿਲੀ ਨਜ਼ਰੇ ਹੀ ਚੰਗੀ ਨਹੀਂ ਸੀ ਲੱਗੀ। ਅਕਰਮ ਵਰਗਾ ਸਫਾਈ ਪਸੰਦ ਬੰਦਾ ਜਿਸ ਨੂੰ ਇਸ ਪੱਖੋਂ ਸਨਕੀ ਵੀ ਕਿਹਾ ਜਾ ਸਕਦਾ ਸੀ, ਏਨੀ ਗੰਦੀ ਨੌਕਰਾਣੀ ਨਾਲ ਕਿੰਜ ਨਿਭ ਰਿਹਾ ਸੀ ? ਅਕਰਮ ਨੂੰ ਵੰਨ-ਸੁਵੰਨੇ ਪ੍ਰਫਿਊਮ ਲਾਉਣ ਦਾ ਬੜਾ ਸ਼ੌਕ ਸੀ। ਜਦੋਂ ਕਿਤੇ ਬਾਹਰ ਜਾਣ ਦਾ  ਪ੍ਰੋਗਰਾਮ ਹੁੰਦਾ, ਉਸ ਦੇ ਇਸੇ ਸ਼ੌਕ ਕਰਕੇ ਦੇਰ ਹੋ ਜਾਂਦੀ। ਯਾਸਮੀਨ ਰਤਾ ਅਕੇਵੇਂ ਜਿਹੇ ਨਾਲ ਕਹਿੰਦੀ, ''ਹਜ਼ੂਰ ਤੁਸਾਂ ਕੋਈ ਦੂਸਰੀ ਸ਼ਾਦੀ ਨਹੀਂ ਕਰਵਾਉਣੀ ਤੇ ਨਾ ਹੀ ਕਿਸੇ ਵੇਖਣ ਆਏ ਸਾਹਮਣੇ ਜਾਣਾ ਏਂ—ਫੇਰ ਭਲਾ ਇਹ ਮੇਕਅਪ ਕਿਸ ਖਾਤਰ ?''
''ਬਸ ਆਦਤ ਈ ਪੈ ਗਈ ਏ ਜਾਨੇ ਮਨ। ਜੇ ਇਹ ਆਦਤ ਨਾ ਹੁੰਦੀ ਤਾਂ ਤੇਰੇ ਵਰਗੀ ਜਨੱਤ ਦੀ ਹੂਰ ਨੂੰ ਕਿਸ ਤਰ੍ਹਾਂ ਫਾਹ ਲੈਂਦੇ ?...ਤੇ ਫੇਰ ਤੇਰੀ ਮੇਰੀ ਪਸੰਦ ਵੀ ਤੇ ਇਕੋਂ ਜਿਹੀ ਏ ਨਾ---ਤੂੰ ਸਫਾਈ ਪਸੰਦ ਏਂ ਤੇ ਮੰਨੂੰ ਪ੍ਰਫਿਊਮਜ਼ ਵੀ ਪਸੰਦ ਨੇ।''
''ਤੇ ਬੈਂਗਨਾ ਦਾ ਭੜਥਾ...''
''ਊਂ-ਹੂੰ ! ਪਤਾ ਨਹੀਂ ਕਿੱਥੇ ਫਰਕ ਪੈ ਗਿਆ...ਮੈਨੂੰ ਤਾਂ ਬੈਂਗਨਾ ਦੇ ਨਾਂਅ ਤੋਂ ਚਿੜ ਏ।''
''ਤੇ  ਗੋਭੀ ?''
''ਇਸ ਦਾ ਤਾਂ ਨਾਂਅ ਸੁਣ ਕੇ ਈ ਉਲਟੀ ਆਉਣ ਵਾਲੀ ਹੋ ਜਾਂਦੀ ਏ।''
ਪਰ ਯਾਸਮੀਨ ਨੇ ਅਕਰਮ ਦੇ ਕੁਆਟਰ ਦੇ ਪਿੱਛਲੇ ਹਿੱਸੇ ਵਿਚ ਏਸੇ ਕਿਸਮ ਦੀਆਂ ਸਾਰੀਆਂ ਸਬਜ਼ੀਆਂ ਲੱਗੀਆਂ ਵੇਖੀਆਂ। ਕੋਈ ਛੇ ਕੁ ਮਹੀਨੇ ਪਹਿਲਾਂ ਅਕਰਮ ਇੱਥੇ ਕ੍ਰਿਸ਼ਨਾ ਡੈਮ ਦਾ ਇੰਜੀਨੀਅਰ ਬਣ ਕੇ ਆਇਆ ਸੀ। ਵਿਆਹ ਪਿੱਛੋਂ ਉਹ ਛੇ ਮਹੀਨੇ ਇਕੱਠੇ ਰਹੇ ਸਨ ਤੇ ਫੇਰ ਅਕਰਮ ਦੀ ਟਰਾਂਸਫਰ ਹੋ ਗਈ ਸੀ। ਉਹ ਇਕੱਲਾ ਹੀ ਇੱਥੇ ਆਇਆ ਸੀ। ਉਸ ਸਹੂਰੇ ਘਰ ਰਹੀ। ਉਸ ਦੀ ਸੱਸ ਬੜੀ ਭਲੀ ਤੀਵੀਂ ਸੀ। ਨੂੰਹ-ਪੁੱਤ ਨੂੰ ਬੜਾ ਹੀ ਪਿਆਰ ਕਰਦੀ ਸੀ। ਵਿਆਹ ਪਿੱਛੋਂ ਉਸ ਨੇ ਯਾਸਮੀਨ ਨੂੰ ਕਦੀ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਉਹ ਕਹਿੰਦੀ, ''ਬਹੂ ਆਪਣੇ ਬੰਦੇ ਨਾਲ ਜਾ ਕੇ ਕੰਮ ਕਰਦੀ ਰਹੀਂ, ਅਜੇ ਵਿਆਹ ਨੂੰ ਦਿਨ ਹੀ ਕਿਹੜੇ ਹੋਏ ਨੇ—ਮੌਜਾਂ-ਮਾਣੋ, ਸੈਰ-ਸਪਾਟੇ ਕਰੋ। ਬਾਲ-ਬੱਚੇ ਹੋ-ਗੇ ਫੇਰ ਚੁੱਲ੍ਹੇ ਚੌਂਕੇ ਤੋਂ ਛੁਟਕਾਰਾ ਕਿੱਥੇ?''
''ਘਰੇ ਵਿਹਲੀ ਬਹਿ ਬਹਿ ਬੋਰ ਹੋ ਜਾਂਦੀ ਆਂ ਬੇ-ਜੀ।''
''ਲੈ ਦੱਸ, ਬੋਰ ਕਿਉਂ ਹੋਣਾ ਏਂ...ਕਿਤਾਬਾਂ ਪੜ੍ਹੋ ਬੇਟਾ, ਤਾਸ਼ ਖੇਲੋ, ਰੇਡੀਓ ਸੁਣੋ, ਸਮਾਂ ਬੀਤ ਜਾਂਦਾ ਏ। ਪੰਜਾਂ ਛੇਆਂ ਘੰਟਿਆਂ ਦੀ ਤਾਂ ਗੱਲ ਹੁੰਦੀ ਏ ਸਾਰੀ। ਸ਼ਾਮੀਂ ਅਕਰਮ ਆ ਈ ਜਾਂਦਾ ਏ ਤੁਸੀਂ ਸੈਰ ਕਰਨ ਚਲੇ ਜਾਇਆ ਕਰੋ।''
ਅਕਰਮ ਘਰ ਆ ਕੇ ਮੂੰਹ ਹੱਥ ਧੋਂਦਾ ਤੇ ਮਾਂ ਉਸ ਨੂੰ ਚਾਹ ਫੜਾ ਕੇ ਕਹਿੰਦੀ, ''ਸਾਰਾ ਦਿਨ ਘਰੇ ਬੈਠੀ ਵਿਚਾਰੀ ਬੋਰ ਹੁੰਦੀ ਰਹਿੰਦੀ ਏ, ਜਾਹ ਬਹੂ ਨੂੰ ਬਾਰਹ ਘੁਮਾਅ ਫਿਰਾਅ ਈ ਲਿਆ ਬੇਟਾ।'' ਅਕਰਮ ਮਖੌਲ ਕਰਦਾ, ''ਬੇ-ਜੀ, ਤੁਸੀਂ ਕਿਹੋ ਜਿਹੀ ਸੱਸ ਓ? ਡਾਂਗ ਫੜ ਕੇ ਮਿਜਾਜ਼ ਦਰੁਸਤ ਕਰ ਦਿਓ, ਬਹੂ ਦੇ। ਮੇਰੇ ਨਾਲ ਇਕੱਲਿਆਂ ਰਹਿਣਾ ਪਿਆ ਤਾਂ ਸਿਰ 'ਤੇ ਚੜ੍ਹ ਜੂ-ਗੀ।''
''ਮੇਰੀ ਚੰਨ ਵਰਗੀ ਨੂੰਹ ਅਜਿਹੀ ਨਹੀਂ ਹੋ ਸਕਦੀ।'' ਮਾਂ ਪੂਰੇ ਵਿਸ਼ਵਾਸ ਨਾ ਕਹਿੰਦੀ, ''ਹਜ਼ਾਰਾਂ 'ਚੋਂ ਇਕ ਏ। ਪੂਰੇ ਦੋ ਸਾਲ ਮੈਂ ਲੱਭਦੀ ਰਹੀ...ਤਾਂ ਕਿਤੇ ਇਹ ਚੰਨ ਘਰ ਆਇਆ ਏ।''
ਅਕਰਮ ਛੇੜਦਾ, ''ਚੱਲ ਚੰਨ ਬੀਬਾ, ਯਾਸਮੀਨ ਸੁਲਤਾਨਾ ਤੈਨੂੰ ਲਲਤਾ ਪਵਾਰ ਦੀ ਫਿਲਮ ਈ ਵਿਖਾ ਲਿਆਈਏ ਬਈ ਆਦਰਸ਼ ਸੱਸਾਂ ਕਿਹੋ ਜਿਹੀਆਂ ਹੁੰਦੀਆਂ ਨੇ!''
ਦੋਵੇਂ ਸਕੂਟਰ ਉੱਤੇ ਬੈਠ ਕੇ ਸੈਰ ਸਪਾਟਾ ਕਰਨ ਨਿਕਲ ਜਾਂਦੇ। ਯਾਸਮੀਨ ਅਕਰਮ ਦਾ ਮਨ ਪਸੰਦਾ ਇਤਰ ਹਿਨਾ ਲਾਉਣਾ ਕਦੀ ਨਹੀਂ ਸੀ ਭੁੱਲਦੀ। ਅਕਰਮ ਕਹਿੰਦਾ, ''ਜਾਨੇਮਨ! ਅਤਰ ਹਿਨਾ ਦੀ ਖੁਸ਼ਬੋ ਮੈਨੂੰ ਨਸ਼ਿਆ ਦੇਂਦੀ ਏ। ਮੈਨੂੰ ਖੁਸ਼ ਵੇਖਣਾ ਚਾਹੇਂ ਤਾਂ ਇਸ ਅਤਰ ਹਿਨਾ ਨੂੰ ਆਪਣੇ ਦਾਮਨ 'ਚ ਛਿਪਾਅ ਕੇ ਰੱਖੀਂ।''
ਤੇ ਫੇਰ ਅਕਰਮ ਇਕੱਲਾ ਹੀ ਡਿਊਟੀ 'ਤੇ ਚਲਾ ਗਿਆ ਸੀ। ਮਾਂ ਪ੍ਰੇਸ਼ਾਨ ਰਹਿਣ ਲੱਗ ਪਈ ਸੀ। ਉਹ ਆਖਦੀ, ''ਬਹੂ ਜਵਾਨ ਮੂੰਡਾ ਏ, ਉਸ ਨੂੰ ਇਕੱਲਿਆਂ ਛੱਡਣਾ ਠੀਕ ਨਹੀਂ। ਤੂੰ ਛੇਤੀ ਤੋਂ ਛੇਤੀ ਉਸ ਕੋਲ ਜਾਂਦੀ ਰਹੂ।''
''ਪਰ ਬੇ-ਜੀ ਤੁਸੀਂ ਇਕੱਲੇ...''
''ਬਾਗਾਂ ਦੇ ਮਸਲੇ ਨਾ ਹੁੰਦੇ ਤਾਂ ਮੈਂ ਵੀ ਨਾਲ ਈ ਚਲੀ ਚਲਦੀ। ਪਰ ਤੁੰ ਮੇਰੀ ਫਿਕਰ ਨਾ ਕਰ... ਮੇਰੇ ਮਨ ਵਿਚ ਹੋਰ ਦੇ ਹੋਰ ਖਿਆਲ ਈ ਆਈ ਜਾਂਦੇ ਨੇ। ਤੂੰ ਅਕਰਮ ਨੂੰ ਖਤ ਲਿਖ ਕੇ ਏਥੇ ਬੁਲਾਅ ਲੈ...''
ਕੁਝ ਦਿਨ ਯਾਸਮੀਨ ਟਾਲ-ਮਟੋਲ ਕਰਦੀ ਰਹੀ। ਜਦੋਂ ਮਾਂ ਨੇ ਕਈ ਵਾਰੀ ਕਿਹਾ ਤਾਂ ਉਸ ਨੇ ਅਕਰਮ ਨੂੰ ਖ਼ਤ ਲਿਖ ਦਿੱਤਾ।
ਅਕਰਮ ਨੇ ਆ ਕੇ ਪੁੱਛਿਆ ਸੀ, ''ਤੂੰ ਉੱਥੇ ਇਕੱਲੀ ਰਹਿ ਲਏਂਗੀ—ਉਸ ਜੰਗਲ ਵਿਚ?''
''ਜਿੱਥੇ ਤੁਸੀਂ, ਉੱਥੇ ਮੈਂ।''
''ਬਈ ਸੋਚ ਲੈ, ਬੋਰ ਹੋ ਜਾਇਆ ਕਰੇਂਗੀ।''
''ਸੋਚ ਲਿਆ...''
'ਮੇਰੀ ਫਿਕਰ ਨਾ ਕਰ ਪਈ। ਮੈਂ ਇਕੱਲਾ ਰਹਿਣਾ ਗਿੱਝ ਗਿਆਂ...'' ਅਕਰਮ ਨੇ ਕਿਹਾ, ''ਸਰਜੂ ਖਾਣਾ ਪਕਾ ਜਾਂਦੀ ਏ, ਕੱਪੜੇ ਧੋ ਜਾਂਦੀ ਏ। ਕਿਸੇ ਗੱਲ ਦੀ ਰਤਾ ਵੀ ਔਖ ਨਹੀਂ।''
''ਮੈਂ ਤੁਹਾਡੇ ਨਾਲ ਈ ਜਾਵਾਂਗੀ।''
''ਤੇ ਬੇ-ਜੀ...?''
'ਉਹ ਕਿੰਜ ਜਾ ਸਕਦੇ ਨੇ ਭਲਾ? ਬਾਗਾਂ ਦਾ ਮਾਮਲਾ ਜੋ ਏ।''
''ਠੀਕ ਏ, ਜੇ ਤੇਰੀ ਇਹੋ ਇੱਛਾ ਏ ਤਾਂ ਮੈਨੂੰ ਮੰਜ਼ੂਰ ਏ।''
ਤੇ ਇੰਜ ਯਾਸਮੀਨ ਆਪਣੇ ਪਤੀ ਦੇ ਨਾਲ ਕ੍ਰਿਸ਼ਨਾ ਡੈਮ ਕਲੋਨੀ ਵਿਖੇ ਉਸ ਦੇ ਕੁਆਟਰ ਵਿਚ ਪਹੁੰਚ ਗਈ।
ਅਕਰਮ ਉਸ ਨੂੰ ਉੱਥੇ ਛੱਡ ਕੇ ਡਿਊਟੀ 'ਤੇ ਚਲਾ ਗਿਆ। ਸਰਜੂ ਘਰੇਲੂ ਕੰਮ ਧੰਦਿਆਂ ਵਿਚ ਉਸ ਦਾ ਹੱਥ ਵੰਡਾਉਣ ਲੱਗੀ।
'ਸਰਜੂ ਅਹਿ ਸਬਜ਼ੀਆਂ ਕਿਸ ਨੇ ਬੀਜੀਆਂ ਨੇ ?''
''ਮੈਂ ਬੀਬੀ ਜੀ। ਬੈਂਗਨ ਨੇ, ਗੋਭੀ ਏ, ਕੱਦੂ ਨੇ।''
'ਕੌਣ ਖਾਂਦਾ ਏ, ਇਹ ਸਭ ਕੁਝ?''
 ''ਸਾਹਬ !'' ਉਹ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਵਿੰਹਦੀ ਰਹਿ ਗਈ। ਫੇਰ ਬੋਲੀ, ''ਸਾਹਬ ਨੂੰ ਗੋਭੀ ਦੀ ਭਾਜੀ ਬੜੀ ਪਸੰਦ ਏ ਤੇ ਬੈਂਗਨਾਂ ਦਾ ਭੜਥਾ ਵੀ...''
'ਕੀ ਪਈ ਬਕਦੀ ਏਂ ?''
'ਸੌਂਹ ਪਾ ਦਿਓ, ਬੀਬੀ ਜੀ। ਪਹਿਲੀ ਵੇਰ ਭਾਜੀ ਬਣਾਈ ਤਾਂ ਰਤਾ ਨਾਰਾਜ਼ ਹੋ ਗਏ...ਪਰ ਇਹ ਜੰਗਲ ਦਾ ਇਲਾਕਾ ਏ ਨਾ, ਨਿੱਤ ਨਿੱਤ ਮੀਟ ਮੁਰਗਾ ਨਹੀਂ ਲਿਆਂਦਾ ਜਾ ਸਕਦਾ ਕਿਤੋਂ। ਸਾਹਬ ਨੂੰ ਮੇਰੇ ਹੱਥ ਦਾ ਬਣਿਆਂ ਬੈਂਗਨਾਂ ਦਾ ਭੜਥਾ ਵੀ ਬੜਾ ਈ ਪਸੰਦ ਏ...ਤੁਹਾਨੂੰ ਵੀ ਬਣਾਅ ਕੇ ਖੁਆਵਾਂਗੀ?''
''ਠੀਕ ਏ, ਠੀਕ ਏ।''
ਤੇ ਸਰਜੂ ਆਪਣੇ ਕੰਮ ਵਿਚ ਜੁਟ ਗਈ।
'ਤੇਰੀ ਤਨਖ਼ਾਹ ਕਿੰਨੀ ਏਂ ਸਰਜੂ?''
''ਜੀ, ਪੰਜਾਹ ਰੁਪਏ ਮਹੀਨਾ।''
''ਪੰਜਾਹ ਰੁਪਏ ?'' ਯਾਸਮੀਨ ਨੂੰ ਏਨੀ ਘੱਟ ਤਨਖ਼ਾਹ ਉੱਤੇ ਬੜੀ ਹੈਰਾਨੀ ਹੋਈ ਸੀ।
''ਤੁਸੀਂ ਆਖੋ ਤਾਂ ਪੰਜ ਰੁਪਏ ਹੋਰ ਘੱਟ ਲੈ ਲਿਆ ਕਰਾਂਗੀ...ਪਰ ਮੈਨੂੰ ਹਟਾਇਓ ਨਾ ਬੀਬੀ ਜੀ। ਜਦੋਂ ਦੇ ਸਾਹਬ ਇਸ ਕਲੋਨੀ ਵਿਚ ਆਏ ਨੇ, ਮੈਨੂੰ ਰੁਜਗਾਰ ਮਿਲ ਗਿਐ।''
''ਨਹੀਂ ਬਈ ਮੈਂ ਤਾਂ ਤੇਰੀ ਤਨਖ਼ਾਹ ਵਧਾਉਣ ਬਾਰੇ ਸੋਚ ਰਹੀ ਸਾਂ।''
''ਸੱਚ ਮਾਲਕਣ...।''
''ਬਿਲਕੁਲ ਸੱਚ। ਇਸ ਮਹੀਨੇ ਤੋਂ ਹੀ ਦਸ ਰੁਪਏ ਵਧਾਏ...ਪਰ ਇਕ ਸ਼ਰਤ ਏ...''
''ਦੱਸੋ ਜੀ ? ਕੀ ?''
'ਤੂੰ ਹਰ ਰੋਜ਼ ਨਹਾਅ ਕੇ ਆਇਆ ਕਰੇਂਗੀ। ਤੇਰੇ ਕੱਪੜਿਆਂ ਵਿਚੋਂ ਬੜੀ ਬੋ ਆਉਂਦੀ ਏ। ਕੀ ਕਦੀ ਸਾਹਬ ਨੇ ਨਹੀਂ ਟੋਕਿਆ?''
''ਸ਼ੁਰੂ ਸ਼ੁਰੂ ਵਿਚ ਇਕ ਦੋ ਵਾਰੀ ਗੁੱਸੇ ਹੋਏ ਸਨ ਪਰ ਹੁਣ ਕੁਝ ਨਹੀਂ ਆਖਦੇ।''
''ਤੇ, ਆਹ ਸਾੜ੍ਹੀ ਲੈ ਜਾ,'' ਯਾਸਮੀਨ ਨੇ ਉਸ ਨੂੰ ਆਪਣੀ ਇਕ ਪੁਰਾਣੀ ਸਾੜ੍ਹੀ ਦੇਂਦਿਆਂ ਕਿਹਾ, ''ਕੱਲ੍ਹ ਤੋਂ ਇਹ ਬੰਨ੍ਹ ਕੇ ਆਵੀਂ।''
'ਅੱਛਾ ਬੀਬੀ ਜੀ। ਹੁਣ ਤੁਸੀਂ ਆਰਾਮ ਕਰ ਲਵੋ। ਬਾਹਰ ਕੱਪੜੇ ਸੁੱਕ ਰਹੇ ਨੇ, ਮੈਂ ਧਿਆਨ ਰੱਖਦੀ ਹਾਂ। ਸਾਹਬ ਆਉਣਗੇ ਤਾਂ ਚਲੀ ਜਾਵਾਂਗੀ।''
ਸਰਜੂ ਬਾਹਰ ਜਾ ਕੇ ਬੈਠ ਗਈ।
ਯਾਸਮੀਨ ਬੂਹਾ ਬੰਦ ਕਰਕੇ ਪਲੰਘ ਉੱਤੇ ਜਾ ਲੇਟੀ। ਲੰਮੇਂ ਸਫਰ ਨੇ ਥਕਾਅ ਮਾਰਿਆ ਸੀ। ਕੁਝ ਚਿਰ ਪਿੱਛੋਂ ਹੀ ਬਾਹਰ ਅਕਰਮ ਦੀ ਆਵਾਜ਼ ਸੁਣੀ, ''ਸਰਜੂ ਤੇਰੇ ਬੀਬੀ ਜੀ ਕੀ ਕਰ ਰਹੇ ਨੇ?''
''ਸੁੱਤੇ ਹੋਏ ਨੇ।''
'ਹੁਣ ਫੇਰ ਤੂੰ ਕਿੱਥੇ ਮਿਲੇਂਗੀ?'' ਬੜੀ ਮੱਧਮ ਆਵਾਜ਼ ਵਿਚ ਅਕਰਮ ਨੇ ਪੁੱਛਿਆ ਸੀ। ਯਾਸਮੀਨ ਤ੍ਰਬਕ ਕੇ ਬਿਸਤਰੇ 'ਚੋਂ ਉੱਠੀ ਤੇ ਖਿੜਕੀ ਕੋਲ ਜਾ ਕੇ ਬਾਹਰ ਦੇਖਣ ਲੱਗ ਪਈ। ਬਾਹਰ ਅਕਰਮ ਸਰਜੂ ਦੇ ਕਾਫੀ ਨੇੜੇ ਖੜ੍ਹਾ ਸੀ। ਯਾਸਮੀਨ ਦਾ ਜੀਅ ਕਾਹਲਾ ਪੈਣ ਲੱਗ ਪਿਆ। ਭਲਾ ਅਕਰਮ ਵਰਗਾ ਸਫਾਈ ਪਸੰਦ ਆਦਮੀ, ਗੰਦੀ ਸਰਜੂ ਦੇ ਏਨਾ ਨੇੜੇ ਕਿਉਂ ਖੜ੍ਹਾ ਹੈ? ਉਸ ਨੂੰ ਗੁੱਸਾ ਚੜ੍ਹ ਗਿਆ, ਪਰ ਉਹ ਵਿਚੇ-ਵਿਚ ਪੀ ਗਈ। ਉਸ ਨੂੰ ਆਪਣੀ ਸੱਸ ਦੀ ਨਸੀਹਤ ਯਾਦ ਆ ਗਈ ਸੀ, 'ਬਹੂ ਅਕਰਮ ਜ਼ਬਾਨ ਦਾ ਮਾੜਾ ਏ, ਦਿਲ ਦਾ ਨਹੀਂ। ਉਸ ਨਾਲ ਕਦੀ ਨਾ ਝਗੜੀਂ। ਗ੍ਰਹਿਸਤੀ ਵਿਚ ਇਕ ਵਾਰ ਝਗੜਾ ਹੋ ਜਾਵੇ ਤਾਂ ਸਦਾ ਦਾ ਕਲੇਸ਼ ਬਣ ਜਾਂਦਾ ਏ। ਔਰਤ ਦਾ ਜਨਮ ਇਸ ਲਈ ਹੋਇਆ ਏ ਕਿ ਉਹ ਹਰੇਕ ਦੁੱਖ ਨੂੰ ਦਾਰੂ ਸਮਝ ਕੇ ਪੀ ਲਵੇ।'
ਬਾਹਰ ਸਰਜੂ ਅਕਰਮ ਨੂੰ ਕਹਿ ਰਹੀ ਸੀ, ''ਨਹੀਂ ਸਾਹਬ, ਹੁਣ ਕਦੇ ਨਹੀਂ। ਜੇ ਤੁਸੀਂ ਜ਼ਿੱਦ ਕੀਤੀ ਤਾਂ ਮੈਂ ਨੌਕਰੀ ਛੱਡ ਦਿਆਂਗੀ। ਹੁਣ ਮਾਲਕਿਨ ਆ ਗਈ ਏ...ਕਿੰਨੀ ਹੁਸੀਨ ਏ ਉਹ? ਅਸੀਂ ਗਰੀਬ ਲੋਕ ਢਿੱਡ ਭਰਨ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਆਂ, ਪਰ ਕਿਸੇ ਦਾ ਵੱਸਦਾ-ਰੱਸਦਾ ਘਰ ਨਹੀਂ ਉਜਾੜਦੇ ਫਿਰਦੇ।''
''ਸਰਜੂ...''
''ਨਹੀਂ ਬਾਬੂ ਜੀ, ਹੁਣ ਕਦੇ ਵੀ ਨਹੀਂ। ਤੁਸੀਂ ਇਕੱਲੇ ਸੌ, ਉਦੋਂ ਦੀ ਗੱਲ ਹੋਰ ਸੀ।'' ਤੇ ਉਹ ਕਾਹਲੀ ਨਾਲ ਬਾਹਰ ਵੱਲ ਤੁਰ ਗਈ।
ਯਾਸਮੀਨ ਵੀ ਖਿੜਕੀ ਕੋਲੋਂ ਹਟ ਕੇ ਡਰੈਸਿੰਗ ਟੇਬਲ ਕੋਲ ਆ ਖੜ੍ਹੀ ਹੋਈ। ਉਸ ਨੇ ਅਕਰਮ ਦਾ ਮਨਪਸੰਦ ਅਤਰ ਹਿਨਾ ਆਪਣੇ ਕੱਪੜਿਆਂ ਉੱਤੇ ਸਪਰੇ ਕੀਤਾ ਤੇ ਕੁੰਡਾ ਖੜਕਾਏ ਜਾਣ ਦਾ ਇੰਤਜ਼ਾਰ ਕਰਨ ਲੱਗੀ।
ਜਦੋਂ ਅਕਰਮ ਨੇ ਬੂਹਾ ਖੜਕਾਇਆ, ਉਸ ਨੇ ਝੱਟ ਖੋਲ੍ਹ ਦਿੱਤਾ। ਅਕਰਮ ਰਤਾ ਘਬਰਾ ਗਿਆ, ''ਤੂੰ ਜਾਗ ਰਹੀ ਸੈਂ?''
'ਬੱਸ ਹੁਣੇ ਹੀ ਜਾਗੀ ਆਂ,'' ਯਾਸਮੀਨ ਨੇ ਰਤਾ ਮੁਸਕਰਾ ਕੇ ਕਿਹਾ, ''ਅੰਦਰ ਤਾਂ ਲੰਘ ਆਓ ਹਜ਼ੂਰ...''
ਉਸ ਦੇ ਅੰਦਰ ਆਉਂਦਿਆਂ ਹੀ ਯਾਸਮੀਨ ਨੇ ਬੂਹੇ ਭੀੜ ਕੇ ਝੱਲਿਆਂ ਵਾਂਗ ਉਸ ਨੂੰ ਜੱਫੀ ਪਾ ਲਈ ਜਿਵੇਂ ਕੋਈ ਗਵਾਚਾ ਖਜਾਨਾ ਲੱਭ ਪਿਆ ਹੋਵੇ। ਪਰ ਅਕਰਮ ਨੇ ਰਤਾ ਵੀ ਬੇਸਬਰੀ ਨਾ ਵਿਖਾਈ। ਹੌਲੀ ਹੌਲੀ ਉਸ ਨੂੰ ਆਪਣੇ ਨਾਲੋਂ ਵੱਖ ਕਰਕੇ ਬੋਲਿਆ, ''ਜਾਨੇਮਨ ਤੂੰ ਬੜੀ ਬੇਦਰਦੀ ਨਾਲ ਅਤਰ ਹਿਨਾਂ ਛਿੜਕਿਆ ਹੋਇਆ ਏ...ਸਿਰ 'ਚ ਪੀੜ ਹੋਣ ਲੱਗ ਪਈ ਏ, ਇਸ ਤਿੱਖੀ ਖੁਸ਼ਬੋ ਨਾਲ।''
     ੦੦੦ ੦੦੦ ੦੦੦


        ਜੱਗ ਬਾਣੀ 17 ਫਰਬਰੀ 1985.

Wednesday, August 4, 2010

ਇਮਾਰਤਾਂ ਢਾਉਣ ਵਾਲੇ...:: ਲੇਖਕ : ਸ਼ਾਨੀ

ਹਿੰਦੀ ਕਹਾਣੀ :
ਇਮਾਰਤਾਂ ਢਾਉਣ ਵਾਲੇ...
ਲੇਖਕ : ਸ਼ਾਨੀ
ਅਨੁ : ਮਹਿੰਦਰ ਬੇਦੀ, ਜੈਤੋ


ਦੂਸਰੇ ਕਮਰੇ 'ਚੋਂ ਸਾਰੀਆਂ ਆਹਟਾਂ ਆ ਰਹੀਆਂ ਨੇ—ਉਹ ਸਾਰੀਆਂ ਆਵਾਜ਼ਾਂ ਜਿਹੜੀਆਂ ਕਿਸੇ ਪਰਿਵਾਰ ਦੀ ਸਵੇਰ ਦੇ ਨਾਲ, ਓਵੇਂ ਹੀ ਆਉਂਦੀਆਂ ਨੇ ਜਿਵੇਂ ਸੂਰਜ ਦੇ ਨਾਲ-ਨਾਲ ਧੁੱਪ! ਹਰ ਘਰ ਦੀ ਸਵੇਰ ਵਰਗੀ ਸਵੇਰ ਸੀ ਜਿਸ ਵਿਚ ਕਿਚਨ ਦੀ ਖਟਖਟ, ਚਾਹ ਦੀਆਂ ਪਿਆਲੀਆਂ ਦੀ ਟੁਣਕਾਰ, ਟੂਟੀ ਦੇ ਚੱਲਣ ਤੇ ਨੰਗੇ ਫ਼ਰਸ਼ ਉੱਤੇ ਪਛਾੜਾਂ ਖਾ ਰਹੇ ਪਾਣੀ ਦੀ ਆਵਾਜ਼ ਤੇ ਬਾਥਰੂਮ ਦੇ ਫਲਸ਼ ਦੀ ਆਵਾਜ਼...
ਮੈਂ ਜਾਣਦਾਂ ਉਹ ਘੜੀ ਆ ਗਈ ਏ, ਜਾਂ ਕਿਸੇ ਪਲ ਵੀ ਯਕਦਮ ਆ ਸਕਦੀ ਏ। ਫੇਰ ਕੀ ਹੋਏਗਾ? ਕੀ ਮੈਂ ਘਬਰਾਇਆ ਹੋਇਆਂ, ਜਾਂ ਡਰ ਗਿਆ ਆਂ? ਸ਼ਾਇਦ ਦੋਏ ਗੱਲਾਂ ਈ ਨੇ। ਕਾਫੀ ਮੂੰਹ ਹਨੇਰੇ ਈ ਮੇਰੀ ਅੱਖ ਖੁੱਲ੍ਹ ਗਈ ਸੀ ਤੇ ਅਚਾਨਕ ਮੈਨੂੰ ਖ਼ਿਆਲ ਆਇਆ ਸੀ ਕਿ ਮੈਂ ਕਿਸੇ ਹੋਰ ਦੇ ਡਰਾਇੰਗ-ਰੂਮ ਵਿਚ ਆਂ। ਪਹਿਲਾਂ ਤਾਂ ਮੈਨੂੰ ਯਕੀਨ ਈ ਨਹੀਂ ਸੀ ਆਇਆ ਕਿ ਮੈਂ ਆਪਣੇ ਘਰ, ਆਪਣੇ ਪਲੰਘ ਉਪਰ ਨਹੀਂ—ਤੇ ਵਰ੍ਹਿਆਂ ਪੁਰਾਣੀ ਆਦਤ ਅਨੁਸਾਰ ਮੇਰਾ ਸਿਰ ਮੇਰੇ ਨਰਮ ਤੇ ਗੁਦਗੁਦੇ ਸਿਰਹਾਣੇ ਉਪਰ ਨਹੀਂ। ਮੇਰੀਆਂ ਬਾਹਾਂ ਵਿਚ ਮੇਰੀ ਪਤਨੀ ਦਾ ਸੁੱਤਾ, ਬਾਸੀ ਸਰੀਰ ਨਹੀਂ ਬਲਕਿ ਇਸ ਦੇ ਐਨ ਉਲਟ ਮੈਂ ਉਹਨਾਂ ਦੇ ਸੋਫੇ ਉਪਰ ਇਕੱਲਾ ਪਿਆ ਹੋਇਆ ਸਾਂ ਤੇ ਸਖ਼ਤ ਸਿਰਹਾਣੇ ਕਾਰਨ ਮੇਰੀ ਧੌਣ ਆਕੜ ਗਈ ਸੀ।...
ਪਿਆਸ ਵੀ ਖਾਸੀ ਲੱਗੀ ਹੋਈ ਸੀ ਤੇ ਸੰਘ ਵਿਚ ਕੰਡੇ ਜਿਹੇ ਉੱਗ ਆਏ ਜਾਪਦੇ ਸਨ—ਅਸਲ ਵਿਚ ਇਸ ਸੁੱਕੇ ਸੰਘ ਨੇ ਈ ਮੈਨੂੰ ਸਮੇਂ ਤੋਂ ਪਹਿਲਾਂ ਜਗਾ ਦਿੱਤਾ ਸੀ। ਨਸ਼ਾ, ਜਿਸਨੂੰ ਖੁਮਾਰ ਕਤਈ ਨਹੀਂ ਸੀ ਆਖਿਆ ਜਾ ਸਕਦਾ, ਅਜੇ ਵੀ ਮੇਰੇ ਸਾਰੇ ਸਰੀਰ ਉਪਰ ਭਾਰੂ ਸੀ। ਸੱਚ ਆਖਾਂ ਤਾਂ ਇਸ ਗੱਲ ਦਾ ਅਹਿਸਾਸ ਹੀ ਮੈਨੂੰ ਹੁਣ ਹੋਇਆ ਸੀ ਕਿ ਰਾਤੀਂ ਮੈਂ ਕਿੰਨੀ ਪੀ ਗਿਆ ਸਾਂ। ਰਾਤ! ਰਾਤ ਦਾ ਚੇਤਾ ਆਉਂਦਿਆਂ ਈ ਧੁੜਧੁੜੀ ਜਿਹੀ ਆ ਗਈ। ਰਾਤੀਂ ਜੋ ਕੁਝ ਹੋਇਆ ਸੀ, ਕੀ ਉਹ ਸੱਚ ਸੀ...ਜਾਂ ਨਸ਼ੇ ਦੀ ਹਾਲਤ ਵਿਚ ਦੇਖੇ ਕਿਸੇ ਸੁਪਨੇ ਦੀ ਝਿਲਮਿਲਾਹਟ...?
ਅਜੇ ਹਨੇਰਾ ਸੀ, ਜੇ ਮੈਂ ਆਪਣੀ ਘੜੀ ਨਾ ਦੇਖੀ ਹੁੰਦੀ ਤਾਂ ਇਹੀ ਸਮਝਦਾ ਕਿ ਅਜੇ ਰਾਤ ਏ। ਮੈਂ ਹੌਲੀ-ਹੌਲੀ ਉਠਿਆ ਤੇ ਇਕ ਹਲਕੀ ਜਿਹੀ ਲੜਖੜਾਹਟ ਪਿੱਛੋਂ ਪਾਣੀ ਦੀ ਭਾਲ ਵਿਚ ਕਿਚਨ ਵੱਲ ਤੁਰ ਪਿਆ। ਬਾਹਰਲੇ ਬੂਹੇ ਤੋਂ ਬਿਨਾਂ ਪੂਰਾ ਘਰ ਖੁੱਲ੍ਹਾ ਪਿਆ ਸੀ। ਕਿਚਨ ਤੇ ਬਾਥਰੂਮ ਦੀਆਂ ਬੱਤੀਆਂ ਜਗ ਰਹੀਆਂ ਸਨ। ਅਨਿਲ ਤੇ ਚੰਦਰਾ ਦਾ ਕਮਰਾ ਵੀ ਜਿਵੇਂ ਦਾ ਤਿਵੇਂ ਪਿਆ ਸੀ, ਜਿਵੇਂ ਮੈਂ ਰਾਤੀਂ ਛੱਡ ਕੇ ਆਇਆ ਸਾਂ। ਪਲੰਘ ਕੋਲ ਪਈ ਤਿਪਾਈ ਉਪਰ ਗ਼ਲਾਸ ਮੂਧੇ-ਸਿੱਧੇ ਪਏ ਸਨ, ਹੇਠਾਂ ਖਾਲੀ ਬੋਤਲਾਂ ਲੁੜਕੀਆਂ ਹੋਈਆਂ ਸਨ। ਕੋਲ ਹੀ ਚੰਦਰਾ ਦੀ ਸਾੜ੍ਹੀ ਪਈ ਸੀ। ਕਮਰੇ ਦੀ ਬੱਤੀ ਵੀ ਜਗ ਰਹੀ ਸੀ ਤੇ ਉਹ ਦੋਏ ਪਤੀ-ਪਤਨੀ, ਮਿੱਧੇ-ਮਸਲੇ ਬਿਸਤਰੇ ਉੱਤੇ ਬੇਸੁੱਧ ਪਏ ਸਨ। ਕਿਚਨ ਵਲੋਂ ਦਬਵੇਂ ਪੈਰੀਂ ਮੁੜਦਾ ਹੋਇਆ ਮੈਂ ਕਾਫੀ ਦੇਰ ਤੱਕ ਉੱਥੇ ਖੜ੍ਹਾ ਰਿਹਾ। ਕਈ ਪਲ ਤੱਕ ਆਪਣੇ ਦੋਸਤ ਅਨਿਲ ਤੇ ਉਸਦੀ ਪਤਨੀ ਦੇ ਘੂਕ ਸੁੱਤੇ ਸਰੀਰਾਂ ਨੂੰ ਦੇਖਦਾ ਰਿਹਾ। ਚੰਦਰਾ ਸਿਰਫ ਪੇਟੀਕੋਟ ਤੇ 'ਬਰਾ' ਵਿਚ ਸੀ। ਉਸਦੀ ਇਕ ਲੱਤ ਗੋਡੇ ਦੀ ਖੁੱਚ ਤੱਕ ਨੰਗੀ ਹੋਈ ਹੋਈ ਸੀ। ਉਸਨੂੰ ਇਸ ਵੇਲੇ ਦੇਖ ਕੇ ਯਕੀਨ ਈ ਨਹੀਂ ਸੀ ਆ ਰਿਹਾ ਕਿ ਇਹ ਰਾਤ ਵਾਲੀ ਉਹੀ ਦੇਹ ਹੈ...।
ਮੈਂ ਡਰਾਇੰਗ ਰੂਮ ਵਿਚ ਪਰਤ ਆਇਆ, ਕਿਉਂਕਿ ਮੈਂ ਨਹੀਂ ਚਾਹੁੰਦਾ ਸਾਂ ਕਿ ਉੱਥੇ ਦੇਖਦਾ ਹੋਇਆ ਫੜਿਆ ਜਾਵਾਂ। ਫੇਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਈ ਨਹੀਂ ਸੀ ਕਿ ਇਕ ਪਿੱਛੋਂ ਇਕ ਸਿਗਰੇਟ ਫੂਕਦਾ ਤੇ ਸਮਾਂ ਬਿਤਾਉਂਦਾ ਰਹਾਂ ਤੇ ਦਿਨ ਚੜ੍ਹ ਆਉਣ ਦੀ ਉਡੀਕ ਕਰਾਂ।
ਇਕ ਵਾਰੀ ਮਨ ਵਿਚ ਇਹ ਵੀ ਆਇਆ ਸੀ ਕਿ ਅਜੇ ਦੋਏ ਸੁੱਤੇ ਪਏ ਨੇ, ਉਠਣ ਵਿਚ ਦੇਰ ਵੀ ਹੋ ਸਕਦੀ ਏ—ਕਿਉਂ ਨਾ ਚੁੱਪਚਾਪ ਘਰੇ ਚਲਾ ਜਾਵਾਂ ਤੇ ਆਉਣ ਵਾਲੇ ਸੰਕਟ ਤੋਂ ਬਚ ਜਾਵਾਂ,  ਪਰ ਫੇਰ ਸੋਚਿਆ ਕਿ ਇਸ ਨੂੰ ਮੇਰੀ ਹੈਸੀਅਤ ਦੇ ਲਿਹਾਜ਼ ਨਾਲ, ਕਿਤੇ ਮੇਰੀ ਕਾਇਰਤਾ ਈ ਨਾ ਸਮਝ ਲਿਆ ਜਾਏ।

ਅਨਿਲ ਮੇਰਾ ਦੋਸਤ ਵੀ ਸੀ ਤੇ ਨਹੀਂ ਵੀ ਸੀ। ਦੋਸਤ ਉਹ ਇਹਨਾਂ ਸ਼ਬਦਾਂ ਵਿਚ ਸੀ ਕਿ ਇਹਨਾਂ ਦਿਨਾਂ ਵਿਚ ਮੇਰਾ ਸਾਰ; ਸਮਾਂ ਉਸੇ ਨਾਲ ਜਾਂ ਉਸਦੇ ਘਰ ਹੀ ਬੀਤਦਾ ਸੀ । ਕਾਰਨ ਭਾਵੇਂ ਕੁਝ ਵੀ ਹੋਏ, ਮੈਂ ਉਸਨੂੰ ਪਸੰਦ ਵੀ ਕਰਨ ਲੱਗ ਪਿਆ ਸਾਂ। ਜੇ ਨਹੀਂ ਸੀ ਤਾਂ ਇਹਨਾਂ ਅਰਥਾਂ ਵਿਚ ਸਾਡੇ ਵਿਚਕਾਰ ਦੋਸਤੀ ਦਾ ਕੋਈ ਆਧਾਰ ਵੀ ਹੈ ਨਹੀਂ ਸੀ ਕਿ ਉਹ ਇਕ ਦਫ਼ਤਰ ਦੀ ਮਾਮੂਲੀ ਜਿਹੀ ਨੌਕਰੀ ਉਪਰ ਦਿਨ-ਕਟੀ ਕਰਨ ਵਾਲਾ ਇਕ ਸਾਧਾਰਣ ਆਦਮੀ ਸੀ ਤੇ ਮੈਂ...
ਮੇਰਾ ਸਬੰਧ ਉਸ ਵਰਗ ਨਾਲ ਏ ਜਿਸ ਦੇ ਵਸੀਲਿਆਂ ਬਾਰੇ ਲੋਕ ਸੱਪ ਦੇ ਪੈਰਾਂ ਵਾਲੀ ਉਦਾਹਰਨ ਦਿੰਦੇ ਨੇ। ਉਂਜ ਕਾਰੋਬਾਰ ਦੇ ਲਿਹਾਜ਼ ਨਾਲ ਮੈਂ ਇਮਾਰਤਾਂ ਢਾਉਣ ਤੇ ਬਣਾਉਣ ਦਾ ਕੰਮ ਕਰਦਾ ਆਂ। ਸੋ ਅਨਿਲ ਤੇ ਮੇਰੇ ਵਰਗ, ਵੱਕਾਰ, ਚੇਤਨਾ ਤੇ ਮਿਜਾਜ਼ ਵਿਚ ਬੜਾ ਅੰਤਰ ਸੀ। ਵੈਸੇ ਵੀ ਅਨਿਲ ਹਮੇਸ਼ਾ ਮੈਥੋਂ ਦਬਿਆ-ਦਬਿਆ ਰਹਿੰਦਾ ਸੀ ਤੇ ਮੈਂ ਬੜੀ ਖੂਬਸੂਰਤੀ ਨਾਲ ਉਸ ਉਪਰ ਕਾਠੀ ਪਾਈ ਹੋਈ ਸੀ। ਅਸੀਂ ਦੋਏ ਇਹ ਗੱਲ ਜਾਣਦੇ ਵੀ ਸੀ। ਜੇ ਸਾਡੀ ਦੋਸਤੀ ਦਾ ਕੋਈ ਆਧਾਰ ਹੋ ਸਕਦਾ ਸੀ ਤਾਂ ਉਹ ਸ਼ਾਇਦ ਇਹ ਸੀ ਕਿ ਅਨਿਲ ਦੇ ਕਹਿਣ ਅਨੁਸਾਰ ਅਸੀਂ ਦੋਏ ਇਕ ਜਗ੍ਹਾ ਦੇ ਰਹਿਣ ਵਾਲੇ ਸਾਂ।
ਇਸ ਸ਼ਹਿਰ ਨੂੰ ਆਪਣੇ ਜਾਂ ਆਪਣੇ ਕਾਰੋਬਾਰ ਲਈ ਮੈਂ ਐਵੇਂ ਈ ਨਹੀਂ ਸੀ ਚੁਣ ਲਿਆ—ਸ਼ੁਰੂ ਤੋਂ ਈ ਇਹ ਮੈਨੂੰ ਇਸ ਕਰਕੇ ਦਿਲਚਸਪ ਲੱਗਿਆ ਸੀ ਕਿ ਇੱਥੇ ਇਕ ਵਿਚ, ਦੋ ਸ਼ਹਿਰ ਨੇ ਜਾਂ ਦੋ ਸ਼ਹਿਰਾਂ ਨੂੰ ਮਿਲਾ ਕੇ ਇਕ ਸ਼ਹਿਰ ਬਣਿਆ ਹੋਇਆ ਏ ਇਹ। ਇਕ ਪਾਸੇ ਪੁਰਾਣੀਆਂ ਇਮਾਰਤਾਂ ਦਾ ਪੁਰਾਣਾ ਸ਼ਹਿਰ ਏ ਤੇ ਦੂਜੇ ਪਾਸੇ ਨਵੀਂਆਂ-ਨਵੀਂਆਂ ਇਮਾਰਤਾਂ ਵਾਲਾ ਬਿਲਕੁਲ ਨਵਾਂ-ਨਕੋਰ ਸ਼ਹਿਰ। ਮੇਰੇ ਨਾਲੋਂ ਵਧ ਕੌਣ ਜਾਣਦਾ ਹੋਏਗਾ ਕਿ ਪਹਿਲਾ ਪੁਰਾਣਾ ਸ਼ਹਿਰ ਜਿਸ ਅਨੁਪਾਤ ਵਿਚ ਟੁੱਟ ਰਿਹਾ ਏ...ਦੂਜਾ, ਦਿਨ-ਬ-ਦਿਨ ਉਸ ਨਾਲੋਂ ਕਿਤੇ ਵਧੇਰੇ ਤੇਜੀ ਨਾਲ ਪਸਰਦਾ ਜਾ ਰਿਹਾ ਏ।
ਇੱਥੇ ਆਉਣ ਤੋਂ ਪਿੱਛੋਂ ਵੀ ਅਸੀਂ ਕਈ ਵਰ੍ਹੇ ਇਕ ਦੂਜੇ ਨੂੰ ਨਹੀਂ ਸੀ ਮਿਲੇ। ਨਾ ਹੀ ਉਸਨੂੰ ਇਹ ਪਤਾ ਸੀ ਕਿ ਮੈਂ ਇਸ ਸ਼ਹਿਰ ਵਿਚ ਆਂ ਤੇ ਨਾ ਹੀ ਮੈਨੂੰ ਕਦੀ ਉਸਦੀ ਲੋੜ ਮਹਿਸੂਸ ਹੋਈ ਸੀ। ਜੇ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਮੈਂ ਅਨਿਲ ਦੇ ਦਫ਼ਤਰ ਨਾ ਗਿਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਕਦੀ ਵੀ ਨਾ ਵਾਪਰਦੀ। ਦਰਅਸਲ ਜਿੰਨਾਂ ਮੈਂ ਆਪਣੇ ਕਾਰੋਬਾਰ  ਨੂੰ ਸਮਝਦਾਂ ਅਜਿਹੀ ਕੋਈ ਗੱਲ ਨਹੀਂ ਕਿ ਉਸ ਨਾਲੋਂ ਘੱਟ ਇਹਨਾਂ ਦਫ਼ਤਰਾਂ ਵਾਲਿਆਂ ਨੂੰ ਸਮਝਦਾ ਹੋਵਾਂ—ਭਾਵੇਂ ਉਹ ਕਲਰਕ ਹੋਣ ਜਾਂ ਅਫ਼ਸਰ। ਅਖੇ, 'ਤੁਮ ਡਾਲ ਡਾਲ, ਹਮ ਪਾਤ ਪਾਤ' ਵਾਲੀ ਚਾਲ ਮੈਨੂੰ ਖੂਬ ਆਉਂਦੀ ਏ। ਸ਼ਾਇਦ ਇਸੇ ਕਰਕੇ ਆਨੰਦ ਦੀ ਗਰਮ ਜੋਸ਼ੀ ਨੇ ਪਹਿਲਾਂ ਤਾਂ ਮੈਨੂੰ ਚੌਕੰਨਾਂ ਕਰ ਦਿੱਤਾ ਸੀ, ਪਰ ਪਿੱਛੋਂ ਇਹ ਦੇਖ ਕੇ ਮੈਨੂੰ ਸ਼ਮਿੰਦਗੀ ਮਹਿਸੂਸ ਹੋਈ ਸੀ ਕਿ ਉਹ, ਉਹ ਨਹੀਂ ਸੀ ਜੋ ਮੈਂ ਸਮਝ ਰਿਹਾ ਸਾਂ। ਇਹੀ ਨਹੀਂ ਮੇਰੇ ਉਪਰ ਸੌ ਘੜੇ ਪਾਣੀ ਦੇ ਹੋਰ ਪੈ ਗਏ ਸਨ, ਜਦੋਂ ਉਸਨੇ ਦਫ਼ਤਰ ਦੇ ਕਾਰੋਬਾਰੀ ਸਬੰਧਾਂ ਨੂੰ ਇਕ ਪਾਸੇ ਰੱਖ ਕੇ, ਪਿੱਛਲੀ ਜਗ੍ਹਾ ਤੇ ਪਿੱਛਲੇ ਦਿਨਾਂ ਦੀਆਂ ਗੱਲਾਂ ਤੋਰ ਲਈਆਂ ਸਨ—
'ਮੈਂ ਜਾਣਦਾਂ, ਤੁਹਾਨੂੰ ਤਾਂ ਸ਼ਾਇਦ ਯਾਦ ਵੀ ਨਾ ਹੋਏ, '' ਉਸਨੇ ਕਿਹਾ ਸੀ, ''ਪਰ ਮੈਂ ਪਹਿਲੇ ਦਿਨ ਹੀ ਤੁਹਾਨੂੰ ਪਛਾਣ ਲਿਆ ਸੀ। ਬਲਾਇਆ ਇਸ ਕਰਕੇ ਨਹੀਂ ਕਿ ਵੱਡੇ ਆਦਮੀ ਨੇ, ਪਤਾ ਨਹੀਂ ਕੀ ਸੋਚ ਬਹਿਣ। ਤੁਹਾਨੂੰ ਭਲਾ ਕੀ ਯਾਦ ਹੋਏਗਾ ਕਿ ਆਪਾਂ ਸਕੂਲ ਦੀਆਂ ਮੁੱਢਲੀਆਂ ਜਮਾਤਾਂ ਵਿਚ ਨਾਲ ਨਾਲ ਹੁੰਦੇ ਸਾਂ। ਯਾਦ ਕਰੋ ਖਾਂ, ਦੁਪਹਿਰ ਦੀ ਰਿਸੈਸ ਵੇਲੇ ਤੁਹਾਨੂੰ ਕੱਚੀ ਇਮਲੀ ਤੋੜ-ਤੋੜ ਕੇ ਕੌਣ ਖਵਾਂਦਾ ਹੁੰਦਾ ਸੀ?...ਜ਼ਰਾ ਸੋਚ ਕੇ ਦੱਸਣਾ ਬਈ  ਛੁੱਟੀ ਵਾਲੇ ਦਿਨ ਜਾਮਨਾਂ ਤੇ ਅਮਰੂਦ ਦੇ ਬਾਗ ਵਿਚ ਗੁਲੇਲ ਚੁੱਕੀ ਤੁਹਾਡੇ ਨਾਲ ਨਾਲ ਕੌਣ ਨੱਠਿਆ ਫਿਰਦਾ ਹੁੰਦਾ ਸੀ?''
ਸੱਚ ਪੁੱਛੋ ਤਾਂ ਮੇਰੇ ਕੁਝ ਵੀ ਯਾਦ ਨਹੀਂ ਸੀ। ਨਾ ਸਥਾਨ ਈ ਯਾਦ ਸਨ ਤੇ ਨਾ ਸਕੂਲ ਦੇ ਸਾਥੀ ਹੀ। ਸੱਚ ਤਾਂ ਇਹ ਈ ਕਿ ਮੈਨੂੰ ਇਸ ਗੱਲ ਉਪਰ ਵੀ ਸ਼ੱਕ ਸੀ ਕਿ ਉਹ ਸਾਡੇ ਪਿੰਡ ਦਾ ਰਹਿਣ ਵਾਲਾ ਸੀ। ਪਰ ਮੈਂ ਜ਼ਾਹਰ ਨਹੀਂ ਸੀ ਕੀਤਾ।
 ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਦੇ ਘਰ ਚੱਲਣ ਦੀ ਬੇਨਤੀ ਨੂੰ ਪਹਿਲੀ ਵਾਰੀ ਮੈਂ ਕਿਉਂ ਸਵੀਕਾਰ ਕਰ ਲਿਆ ਸੀ। ਹੋ ਸਕਦਾ ਏ ਕਿ ਇੰਜ ਮੈਂ ਆਪਦੇ ਵੱਡਪਨ ਦਾ ਇਕ ਹੋਰ ਸਬੂਤ ਦੇਣਾ ਚਾਹੁੰਦਾ ਹੋਵਾਂ...ਤੇ ਇਹ ਵੀ ਹੋ ਸਕਦਾ ਏ ਕਿ ਉਸ ਦੀ ਵਾਰੀ ਵਾਰੀ ਦੀ ਜ਼ਿੱਦ ਤੋਂ ਅੱਕ ਦੇ ਆਪਣਾ ਪਿੱਛਾ ਛੁਡਾਉਣ ਲਈ ਈ ਤੁਰ ਗਿਆ ਹੋਵਾਂ। ਖ਼ੈਰ, ਕਈ ਦਿਨਾਂ ਤੇ ਕਈ ਕਈ ਵਾਰੀ ਦੇ ਸੱਦਿਆਂ ਪਿੱਛੋਂ ਜਦੋਂ ਮੈਂ ਇਸ ਦੇ ਘਰ ਪਹੁੰਚਿਆ ਤੇ ਅਨਿਲ ਨੇ ਆਪਣੀ ਪਤਨੀ ਚੰਦਰਾ ਨੂੰ ਮੇਰੇ ਨਾਲ ਮਿਲਾਇਆ ਤਾਂ ਮੈਨੂੰ ਇਸ ਗੱਲ ਦਾ ਬੜਾ ਅਫ਼ਸੋਸ ਹੋਇਆ ਸੀ ਕਿ ਇਸ ਤੋਂ ਪਹਿਲਾਂ ਮੈਂ ਉਸ ਦੇ ਘਰ ਕਿਉਂ ਨਹੀਂ ਸੀ ਆਇਆ। ਚੰਦਰਾ ਸਿਰਫ ਸੋਹਣੀ ਹੀ ਨਹੀਂ ਸੀ, ਬਲਕਿ ਉਸ ਦੀ ਗੱਲਬਾਤ, ਰੱਖ-ਰਖਾਅ, ਅੱਖਾਂ ਦੀਆਂ ਮੁਦਰਾਵਾਂ ਤੇ ਅੰਦਾਜ਼ ਵਿਚ ਇਕ ਅਜੀਬ ਉਦਾਸੀ-ਪੂਰਨ, ਹੁਸੀਨ ਕਸ਼ਿਸ਼ ਸੀ। ਮੈਂ ਦਸ ਮਿੰਟ ਲਈ ਗਿਆ ਸਾਂ, ਪਰ ਪਹਿਲੇ ਹੀ ਦਿਨ ਦੋ ਘੰਟੇ ਬਾਅਦ ਪਰਤਿਆ ਸਾਂ ਤੇ  ਅਗਲੇ ਦੋ ਦਿਨ ਖਾਸਾ ਬੇਚੈਨ ਰਿਹਾ ਸਾਂ। ਕਹਿਣਾ ਫਜ਼ੂਲ ਏ ਕਿ ਹੁਣ ਅਨਿਲ ਦਾ ਮਹੱਤਵ ਮੇਰੀਆਂ ਨਿਗਾਹਾਂ ਵਿਚ ਕਈ ਗੁਣਾ ਵਧ ਗਿਆ ਸੀ...।
ਮੈਨੂੰ ਇਹ ਦੱਸਣ ਵਿਚ ਜ਼ਰਾ ਵੀ ਸੰਕੋਚ ਨਹੀਂ ਕਿ ਮੈਂ ਬੜਾ ਹੀ ਕੋਰਾ ਤੇ ਕਾਰੋਬਾਰੀ ਜਿਹਾ ਆਦਮੀ ਆਂ। ਚਾਹਾਂ, ਚਾਹੇ ਨਾ ਚਾਹਾਂ ਪਰ ਹਰੇਕ ਚੀਜ਼ ਦਾ ਮੁੱਲ ਇਹ ਦੇਖ ਕੇ ਲਾਉਂਦਾ ਆਂ ਕਿ ਉਹ ਜ਼ਰੂਰੀ ਹੋਣ ਦੇ ਨਾਲ ਨਾਲ ਲਾਭਵੰਤ ਵੀ ਹੈ ਜਾਂ ਨਹੀਂ। ਜ਼ਨਾਨੀ ਦੇ ਮਾਮਲੇ ਵਿਚ ਵੀ ਮੇਰਾ ਦ੍ਰਿਸ਼ਟੀਕੋਣ ਹਮੇਸ਼ਾ ਇਹੀ ਹੁੰਦਾ ਏ। ਮੈਂ ਕਦੀ ਪ੍ਰੇਮ ਨਹੀਂ ਕੀਤਾ ਤੇ ਨਾ ਹੀ ਇਸ ਮੂਰਖਤਾ ਉਤੇ ਵਿਸ਼ਵਾਸ ਹੀ ਹੈ ਮੈਨੂੰ। ਹੋ ਸਕਦਾ ਏ ਕਈਆਂ ਨੂੰ ਇੰਜ ਵੀ ਲੱਗੇ ਕਿ ਮੈਂ ਨਿਰੋਲ ਕਾਰੋਬਾਰੀ ਤੇ ਬਾਣੀਆਂ ਟਾਈਪ ਆਦਮੀ ਆਂ—ਪਰ ਜੇ ਇੰਜ ਵੀ ਹੈ, ਤਾਂ ਵੀ ਮੈਂ ਇਸ ਲਈ ਜ਼ਿੰਮੇਵਾਰ ਨਹੀਂ। ਇੰਜ ਮੇਰੇ ਨਾਲ ਪਹਿਲਾਂ ਕਦੀ ਨਹੀਂ ਸੀ ਹੋਇਆ। ਅਜੀਬ ਗੱਲ ਏ ਕਿ ਚੰਦਰਾ ਨੂੰ ਮਿਲਣ ਤੋਂ ਪਿੱਛੋਂ ਮੇਰੇ ਅੰਦਰ ਇਕ ਅਜੀਬ ਕਿਸਮ ਦੀ ਉਥਲ-ਪੁਥਲ ਹੋਣ ਲੱਗ ਪਈ ਸੀ। ਜਿੱਦਾਂ ਕਿ ਮੈਂ ਕਿਹਾ ਏ, ਮੈਂ ਕਦੀ ਪ੍ਰੇਮ ਨਹੀਂ ਕੀਤਾ—ਪਰ ਕੁੜੀਆਂ ਤੇ ਔਰਤਾਂ ਦੀ ਮੈਨੂੰ ਕਦੇ ਵੀ ਕਮੀ ਨਹੀਂ ਰਹੀ। ਇਕ ਖਾਸ ਵਰਗ ਦੀਆਂ ਔਰਤਾਂ ਐਸ਼ ਕਰਨ ਜਾਂ ਨਾਲ ਸੌਣ ਲਈ ਮੈਨੂੰ ਹਮੇਸ਼ਾ ਮਿਲਦੀਆਂ ਰਹੀਆਂ ਨੇ। ਸ਼ਾਇਦ ਇਕ ਅੱਧੀ ਜ਼ਨਾਨੀ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਸੀ ਪਰ ਬੜੇ ਉਤਲੇ ਸਤਰ ਉੱਤੇ, ਤੇ ਛੇਤੀ ਈ ਮੈਂ ਉਹਨਾਂ ਸਾਰੀਆਂ ਤੋਂ ਪਿੱਛਾ ਛੁਡਾਅ ਲਿਆ ਸੀ।
ਇੰਜ ਪਹਿਲੀ ਵਾਰੀ ਹੋ ਰਿਹਾ ਸੀ ਕਿ ਮਾਮੂਲੀ ਵਰਗ ਦੀ ਇਕ ਮਾਮੂਲੀ ਜਿਹੀ ਔਰਤ ਮੈਨੂੰ ਚੈਲਿੰਜ ਵਾਂਗ ਲੱਗ ਰਹੀ ਸੀ ਤੇ ਮੇਰੇ ਅੰਦਰ ਉਦਾਸੀ ਦਾ ਰੂਪ ਧਾਰ ਕੇ ਬੈਠ ਗਈ ਸੀ ।
ਜਦੋਂ ਮੈਂ ਉਦਾਸ ਰਹਿ ਰਹਿ ਕੇ ਥੱਕ ਗਿਆ, ਆਪਣੇ ਅੰਦਰ ਦੀ ਕੈਦ ਤੋਂ ਮੈਨੂੰ ਘਬਰਾਹਟ ਹੋਣ ਲੱਗ ਪਈ ਤੇ ਉਸ ਦਾ ਅਸਰ ਮੇਰੇ ਕਾਰੋਬਾਰ ਉੱਤੇ ਪੈਣ ਲੱਗਿਆ ਤਾਂ ਇਸ ਦੇ ਇਲਾਵਾ ਹੋਰ ਕੋਈ ਉਪਰਾਲਾ ਨਹੀਂ ਰਿਹਾ ਸੀ ਕਿ ਇਸ ਬਲਾਅ ਤੋਂ ਛੁਟਕਾਰਾ ਪਾ ਲਵਾਂ। ਬਸ, ਇਕ ਦਿਨ ਮੇਰੀ ਲਿਸ਼-ਲਿਸ਼ ਕਰਦੀ ਕਾਰ ਉਸ ਗਲੀ ਵਿਚ ਜਾ ਕੇ ਖੜ੍ਹੀ ਹੋ ਗਈ ਜਿਸ ਵਿਚ ਅਨਿਲ ਦਾ ਘਰ ਸੀ। ਦੁਪਹਿਰ ਦਾ ਸਮਾਂ ਸੀ, ਮੈਂ ਜਾਣਦਾ ਸਾਂ ਕਿ ਅਨਿਲ ਦਫ਼ਤਰ ਵਿਚ ਹੋਏਗਾ ਪਰ ਬਹਾਨੇ ਘੜਨ ਵਿਚ ਮੈਨੂੰ ਕਿਹੜੀ ਦੇਰ ਲਗਦੀ ਏ? ਪਹਿਲੇ ਦਿਨ ਚੰਦਰਾ ਘਬਰਾ ਗਈ ਸੀ ਪਰ ਨਿਰੋਲ ਘਰੇਲੂ ਤੇ ਪੁੱਠੇ ਸਿੱਧੇ ਕੱਪੜਿਆਂ ਵਿਚ ਮੇਰੇ ਸਾਹਮਣੇ ਆ ਕੇ ਉਸਦਾ ਘਬਰਾ ਜਾਣਾ ਮੈਨੂੰ ਹੋਰ ਵੀ ਦਿਲਕਸ਼ ਲੱਗਿਆ ਸੀ। ਪਤਾ ਨਹੀਂ ਅਨਿਲ ਦੀ ਗੈਰਮੌਜੂਦਗੀ ਵਿਚ ਪਹੁੰਚਣ ਦੇ ਮੇਰੇ ਬਹਾਨੇ ਉਪਰ ਚੰਦਰਾ ਨੇ ਕਿੰਨਾ ਕੁ ਯਕੀਨ ਕੀਤਾ ਜਾਂ ਕੀਤਾ ਵੀ ਕਿ ਨਹੀਂ।
'ਬੁਰਾ ਨਾ ਮੰਨੋ ਤਾਂ ਇਕ ਗੱਲ ਕਹਾਂ,'' ਕੁਝ ਦਿਨ ਬਾਅਦ ਚੰਦਰਾ ਨੇ ਮੈਨੂੰ ਕਿਹਾ ਸੀ, ''ਕੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਹਨਾਂ ਦੇ ਹੁੰਦਿਆਂ ਈ ਆਇਆ ਕਰੋ।''
'ਕਿਉਂ?'' ਮੈਂ ਆਪਣੇ ਫ਼ੱਕ ਹੁੰਦੇ ਰੰਗ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ ਸੀ।
'ਇੰਜ ਚੰਗਾ ਨਹੀਂ ਲਗਦਾ,'' ਦੂਜੇ ਪਾਸੇ ਦੇਖਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਚੰਦਰਾ ਸਿਰਫ ਏਨਾ ਹੀ ਕਹਿ ਸਕੀ ਸੀ, ''ਮੇਰਾ ਮਤਲਬ ਏ...ਤੁਸੀਂ ਜਾਣਦੇ ਓ, ਅਨਿਲ ਦੇ ਬਿਨਾਂ ਦੁਨੀਆਂ ਵਿਚ ਮੇਰਾ ਕੋਈ ਨਹੀਂ।'' ਕਹਿ ਕੇ ਚੰਦਰਾ ਉਦਾਸ ਜਿਹੀ ਹੋ ਗਈ ਸੀ ਤੇ ਮੈਂ ਵੀ ਫੈਸਲਾ ਕਰ ਲਿਆ ਸੀ—ਇਸ ਖੇਡ ਦਾ ਇਹ ਰੂਪ ਮੇਰੇ ਲਈ ਵੀ ਖਤਰਨਾਕ ਹੋ ਸਕਦਾ ਏ। ਫੇਰ ਇਸ ਰਾਸਤੇ ਮੇਰਾ ਇਲਾਜ ਵੀ ਨਹੀਂ ਸੀ ਹੋ ਸਕਦਾ। ਮੈਂ ਆਪਣਾ ਰਾਸਤਾ ਯਕਦਮ ਬਦਲ ਦਿੱਤਾ। ਹੁਣ ਅਨਿਲ ਦੀ ਗੈਰ-ਮੌਜੂਦਗੀ ਵਿਚ ਜਾਣ ਦੀ ਬਜਾਏ ਮੈਂ ਸ਼ਾਮਾਂ ਹੀ ਉਸ ਨਾਲ ਬਿਤਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਉਂਕਿ ਹਰ ਸ਼ਾਮ ਘਰੇ ਤਾਂ ਬਿਤਾਈ ਨਹੀਂ ਜਾ ਸਕਦੀ, ਸੋ ਅਨਿਲ ਤੇ ਚੰਦਰਾ ਨੂੰ ਆਪਣੀ ਕਾਰ ਵਿਚ ਲੈ ਕੇ ਅਕਸਰ ਮੈਂ ਬਾਹਰ ਨਿਕਲ ਜਾਂਦਾ ਸੀ। ਉਹਨਾਂ ਨੂੰ ਅਜਿਹੇ ਖਾਸ ਰੈਸਟੋਰੈਂਟਾਂ ਵਿਚ ਲੈ ਕੇ ਗਿਆ ਜਿੱਥੇ ਅਨਿਲ ਜਾਂ ਉਸਦੀ ਹੈਸੀਅਤ ਦੇ ਲੋਕ ਵੜਨ ਦੀ ਹਿੰਮਤ ਨਹੀਂ ਕਰ ਸਕਦੇ। ਉਹਨਾਂ ਲਈ ਓਹ ਇੰਟਰਕਾਂਟੀਨੈਂਟਲ ਡਿਸ਼ੇਜ਼ ਮਗਵਾਏ ਜਿਹਨਾਂ ਦੇ ਉਹਨਾਂ ਕਦੀ ਨਾਂ ਵੀ ਨਹੀਂ ਸਨ ਸੁਣੇ ਹੋਣੇ। ਅਸੀਂ ਉਹਨਾਂ ਨਾਈਟ ਕੱਲਬਾਂ ਵਿਚ ਵੀ ਗਏ ਜਿੱਥੇ ਕੈਬਰੇ-ਗਰਲਜ਼ ਸਟ੍ਰਿਪ ਕਰਦੀਆਂ ਨੇ ਜਾਂ ਫਲੋਰ-ਸ਼ੌ ਦੀ ਓਟ ਵਿਚ ਮਰਦ-ਔਰਤਾਂ ਉਤੇਜਤ ਹੋ ਜਾਂਦੇ ਨੇ। ਅਸੀਂ ਪੀਤੀ ਵੀ ਤੇ ਪਿਲਾਈ ਵੀ। ਅਨਿਲ ਤਾਂ ਇਕ ਅੱਧੀ ਵਾਰੀ ਨਾਂਹ-ਨੁੱਕਰ ਕਰਕੇ ਰਾਜ਼ੀ ਹੋ ਗਿਆ ਸੀ, ਪਰ ਚੰਦਰਾ ਨੂੰ ਰਜ਼ਾਮੰਦ ਕਰਨ ਲਈ ਮੈਨੂੰ 'ਤੇ ਅਨਿਲ ਨੂੰ ਕਾਫੀ ਮਿਹਨਤ ਕਰਨੀ ਪਈ ਸੀ। ਪਹਿਲਾਂ ਤਾਂ ਚੰਦਰਾ ਖ਼ਫਾ ਹੋ ਗਈ ਸੀ, ਮੇਰੇ ਨਾਲੋਂ ਵੱਧ ਅਨਿਲ ਉਪਰ। ਇਸ ਚੱਕਰ ਵਿਚ ਦੋ-ਇਕ ਸ਼ਾਮਾਂ ਬੜੀ ਬੁਰੀ ਤਰ੍ਹਾਂ ਨਾਲ ਬਰਬਾਦ ਵੀ ਹੋਈਆਂ ਸਨ, ਪਰ ਮੈਂ ਜਾਣਦਾ ਆਂ ਕਿ ਇਸ ਸ਼ਹਿਰ ਵਿਚ ਅਨਿਲ ਦੀ ਹੈਸੀਅਤ ਦੇ ਲੋਕਾਂ ਦੀ ਨੈਤਿਕਤਾ ਕਿੰਨੇ ਕੁ ਪਾਣੀ ਵਿਚ ਏ। ਮੈਂ ਇਹੀ ਕਮਜ਼ੋਰ ਰਗ ਫੜੀ ਹੋਈ ਸੀ।
ਤੇ ਕੱਲ੍ਹ ਰਾਤ ਜੋ ਕੁਝ ਹੋਇਆ ਸੀ, ਉਹ ਇਕ ਦਿਨ ਤਾਂ ਹੋਣਾ ਹੀ ਸੀ। ਇਹ ਦਿਨ ਦੋ ਚਾਰ ਦਿਨ ਅੱਗੇ ਪਿੱਛੇ ਹੋ ਸਕਦਾ ਸੀ ਜਾਂ ਇਹ ਵੀ ਹੋ ਸਕਦਾ ਸੀ ਕਿ ਇੰਜ ਨਾ ਹੋ ਕੇ ਕਿਸੇ ਹੋਰ ਤਰ੍ਹਾਂ ਹੋ ਜਾਂਦਾ। ਮੁੱਕਦੀ ਗੱਲ ਇਹ ਕਿ ਸਭ ਕੁਝ ਏਨੀ ਤੇਜ਼ੀ ਨਾਲ, ਏਨੀ ਛੇਤੀ ਤੇ ਏਨੇ ਬਿਨਾਂ ਸੋਚੇ ਢੰਗ ਨਾਲ ਵਾਪਰਿਆ ਕਿ ਮੈਨੂੰ ਹੈਰਾਨ ਹੋਣ ਦਾ ਮੌਕਾ ਵੀ ਨਾ ਮਿਲਿਆ।
ਮੈਂ ਸਾਫ ਦੇਖ ਰਿਹਾ ਸਾਂ ਕਿ ਬਾਹਰਲੀਆਂ ਕੁਝ ਸ਼ਾਮਾਂ ਨੇ ਹੀ ਸਾਨੂੰ ਇਕ ਦੂਜੇ ਦੇ ਬੜਾ ਨੇੜੇ ਕਰ ਦਿੱਤਾ ਏ। ਅਸੀਂ ਆਪਸ ਵਿਚ ਕਾਫੀ ਖੁੱਲ੍ਹ ਗਏ ਆਂ, ਦੂਜੇ ਸ਼ਬਦਾਂ ਵਿਚ ਮੈਂ ਉਹਨਾਂ ਨੂੰ ਕਾਫੀ ਹੱਦ ਤੱਕ ਖੋਹਲ ਲਿਆ ਸੀ। ਜਿਵੇਂ ਅਜੇ ਪਿੱਛਲੀ ਹੀ ਇਕ ਸ਼ਾਮ ਨੂੰ ਅਸੀਂ ਸੁੰਨੇ ਪਾਰਕ ਦੇ ਇਕ ਬੈਂਚ ਉਪਰ ਬੈਠੇ ਹੋਏ ਸਾਂ ਕਿ ਅਚਾਨਕ ਅਨਿਲ ਨੇ ਚੰਦਰਾ ਨੂੰ ਮੇਰੇ ਸਾਹਮਣੇ ਹੀ ਚੰਮ ਲਿਆ ਸੀ। ਪਰਤੱਖ ਏ ਕਿ ਮੈਂ ਜਿਹੜਾ ਬੂਟਾ ਲਾਇਆ ਸੀ, ਉਸ ਉਪਰ ਇਹ ਪਹਿਲੀ ਕਲੀ ਖਿੜੀ ਸੀ।
'ਕੀ ਬਦਤਮੀਜ਼ੀ ਏ ਇਹ?'' ਚੰਦਰਾ ਪਹਿਲਾਂ ਤਾਂ ਹੱਕੀ ਬੱਕੀ ਰਹਿ ਗਈ ਸੀ, ਫੇਰ ਹਿਰਖ ਕੇ ਕੜਕੀ ਸੀ।
'ਕਿਉਂ, ਕੀ ਹੋਇਆ ?'' ਅਨਿਲ ਨੇ ਹੱਸ ਕੇ ਮੇਰੇ ਵੱਲ ਦੇਖਿਆ ਸੀ,''ਬਈ ਆਪਾਂ ਪਤੀ-ਪਤਨੀ ਆਂ ਤੇ ਇਹ ਆਪਣੇ ਦੋਸਤ ਨੇ...ਜੇ ਇਹਨਾਂ ਸਾਹਮਣੇ ਪਿਆਰ ਕਰ ਲਿਆ ਤਾਂ ਕੀ ਆਫ਼ਤ ਆ ਗਈ?'' ਅਨਿਲ ਦਾ ਹਾਸਾ, ਹਾਸਾ ਨਹੀਂ ਸੀ ਲੱਗ ਰਿਹਾ।
ਚੰਦਰਾ ਅਚਾਨਕ ਉਠ ਕੇ ਖੜ੍ਹੀ ਹੋ ਗਈ ਸੀ।
ਭਾਵੇਂ ਮੈਂ ਕੁਝ ਨਹੀਂ ਸੀ ਕਿਹਾ ਪਰ ਮੈਂ ਖੁਸ਼ ਸਾਂ ਕਿ ਅਨਿਲ ਦੇ ਮੂੰਹ ਵਿਚ ਹੁਣ ਮੇਰੀ ਜ਼ਬਾਨ ਏ। ਮੈਂ ਇਹ ਵੀ ਜਾਣਦਾ ਸਾਂ ਕਿ ਚੰਦਰਾ ਦੇ ਵਿਰੋਧ ਤੇ ਗੁੱਸੇ ਦੇ ਬਾਵਜ਼ੂਦ, ਉਹ ਪਾਰਕ ਵਾਲੀ ਸ਼ਾਮ, ਖੇਡ ਦਾ ਅੰਤ ਨਹੀਂ, ਇਕ ਤਰ੍ਹਾਂ ਦੀ ਸ਼ੁਰੂਆਤ ਸੀ...ਇਕ ਅਜਿਹੀ ਸ਼ੁਰੂਆਤ ਜਿਸ ਦਾ ਮੋੜ ਆਖ਼ਿਰ ਮੇਰੇ ਵਾਲੇ ਰਾਸਤੇ ਉਪਰ ਹੀ ਆਉਣਾ ਸੀ।
ਤੇ ਕੱਲ੍ਹ ਉਹੀ ਹੋਇਆ।
ਅਸੀਂ ਤਿੰਨੇ ਅਨਿਲ ਦੇ ਬੈੱਡਰੂਮ ਵਿਚ ਬੈਠੇ ਪੀ ਰਹੇ ਸਾਂ ਤੇ ਖਾਣਾ ਘਰੇ ਹੀ ਮੰਗਵਾ ਲਿਆ ਗਿਆ ਸੀ। ਬੈੱਡਰੂਮ ਵਿਚ ਇਕ ਪਲੰਘ, ਇਕ ਨੀਮ ਆਰਾਮਦੇਹ ਕੁਰਸੀ ਤੇ ਇਕ ਸਟੂਲ ਦੇ ਇਲਾਵਾ ਹੋਰ ਕੋਈ ਫਰਨੀਚਰ ਨਹੀਂ ਸੀ—ਸੋ ਅਨਿਲ ਤੇ ਚੰਦਰਾ ਪਲੰਘ ਉਪਰ ਬੈਠੇ ਹੋਏ ਸਨ ਤੇ ਮੈਂ ਕੁਰਸੀ ਉਪਰ। ਦੋ-ਦੋ ਪੈਗਾਂ ਬਾਅਦ ਬਿਨਾਂ ਸਿਰ ਪੈਰ ਦੀਆਂ ਗੱਲਾਂ ਛਿੜ ਪਈਆਂ ਸਨ ਤੇ ਕਈ ਫ਼ਜੂਲ ਜਿਹੇ ਮਸਲਿਆਂ ਉਪਰ ਬਹਿਸ ਕਰਦੇ, ਉਚੀਆਂ ਆਵਾਜ਼ਾਂ ਵਿਚ ਗੱਲਾਂ ਕਰਦੇ ਤੇ ਬੜੀ ਦੇਰ ਤੱਕ ਹੱਸਦੇ ਰਹੇ ਸੀ ਅਸੀਂ...।
ਕਿਸੇ ਪਰਾਈ ਔਰਤ ਨਾਲ ਸ਼ਰਾਬ ਪੀਣਾ ਮੇਰੇ ਲਈ ਨਵੀਂ ਗੱਲ ਨਹੀਂ ਸੀ ਪਰ ਇਹ ਅਨੁਭਵ ਬਿਲਕੁਲ ਨਵਾਂ ਸੀ ਕਿ ਨਸ਼ੇ ਵਿਚ ਔਰਤ ਏਨੀ ਉਤੇਜਿਤ ਵੀ ਹੋ ਸਕਦੀ ਹੈ। ਇਹ ਸ਼ਰਮ ਤੇ ਸ਼ਰਾਬ ਦਾ ਸੁਮੇਲ ਹੀ ਸੀ ਕਿ ਚੰਦਰਾ ਭੱਠੀ ਵਾਂਗ ਭਖ਼ ਰਹੀ ਸੀ। ਪਤਾ ਨਹੀਂ ਕਿੰਨੀ ਰਾਤ ਹੋ ਗਈ ਸੀ। ਇਹ ਵੀ ਪਤਾ ਨਹੀਂ ਕਿ ਅਸੀਂ ਕਿੰਨੀ ਪੀ ਚੁੱਕੇ ਸਾਂ। ਵਾਰੀ ਵਾਰੀ ਅਨਿਲ ਤੇ ਚੰਦਰਾ ਦੇ ਸਰੀਰ ਮੈਨੂੰ ਧੁੰਦਲੇ, ਛੋਟੇ ਨਜ਼ਰ ਆਉਣ ਲੱਗਦੇ ਸਨ। ਕਈ ਵਾਰੀ ਇੰਜ ਲੱਗਦਾ ਸੀ ਜਿਵੇਂ ਹਵਾ ਵਿਚ ਤੈਰਦੇ ਹੋਏ, ਦੂਰ ਪੈ ਰਹੇ, ਰੌਲੇ-ਰੱਪੇ ਦੀਆਂ ਆਵਾਜ਼ਾਂ ਵਾਂਗ ਚੰਦਰਾ ਦਾ ਚਿਹਰਾ ਐਨ ਕੋਲ ਆ ਕੇ ਅਚਾਨਕ ਪਰਤ ਜਾਂਦਾ ਏ।
ਅਨਿਲ ਬਹਿਕ ਗਿਆ ਸੀ। ਇਕ ਵਾਰੀ ਕੌਤਕ ਕਰਨ ਦੇ ਬਹਾਨੇ ਉਸਨੇ ਆਪਣੇ ਆਪ ਨੂੰ ਚੰਦਰਾ ਦੀ ਗੋਦ ਵਿਚ ਲੁੜਕਾਅ ਦਿੱਤਾ। ਫੇਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਚੰਦਰਾ ਨੂੰ ਬੇਸ਼ਰਮੀ ਨਾਲ ਚੁੰਮਦਿਆਂ ਹੋਇਆਂ, ਉਸਨੇ ਮੇਰੇ ਵੱਲ ਦੇਖਿਆ ਸੀ ਤੇ ਲੜਖੜਾਉਂਦੀ ਹੋਈ ਆਵਾਜ਼ ਵਿਚ ਕਿਹਾ ਸੀ, ''ਤੂ...ਤੂੰ ਉੱਥੇ ਕੀ ਕਰ ਰਿਹੈਂ?''
ਮੈਂ?'' ਕਹਿ ਕੇ ਕੱਚਾ ਜਿਹਾ ਹਾਸਾ ਹੱਸਿਆ ਸਾਂ ਮੈਂ। ਉਹ ਹਾਸਾ, ਹਾਸਾ ਨਹੀਂ ਸੀ। ਮੈਂ ਨਰਵਸ ਹੋ ਗਿਆ ਸਾਂ। ਦੇਖਿਆ, ਚੰਦਰਾ ਸੰਗ ਨਾਲ ਲਾਲ ਹੋਈ ਹੋਈ ਸੀ।
'ਲੈ-ਲੈ ਯਾਰ, ਇਕ ਪੱਪੀ ਤੂੰ ਵੀ ਲੈ-ਲੈ। ਕਿਉਂ ਚੰਦਰਾ?''
ਅਨਿਲ ਨੇ ਅਜੇ ਆਪਣੀ ਗੱਲ ਮੁਸ਼ਕਿਲ ਨਾਲ ਈ ਪੂਰੀ ਕੀਤੀ ਹੋਏਗੀ ਕਿ ਮੈਨੂੰ ਚੰਦਰਾ ਵੱਲ ਦੇਖਣ ਜਾਂ ਉਸਦੀ ਪ੍ਰਤੀਕ੍ਰਿਆ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਸੀ—ਅੱਖ ਦੇ ਫੋਰੇ ਵਿਚ ਕਲਾਬਾਜੀ ਲਾ ਕੇ ਮੈਂ ਪਲੰਘ ਉਪਰ ਪਹੁੰਚ ਚੁੱਕਿਆ ਸਾਂ।

ਅਚਾਨਕ ਪਰਦੇ ਦੇ ਦੂਜੇ ਪਾਸੇ ਕਿਸੇ ਦੇ ਪੈਰਾਂ ਤੇ ਚੂੜੀਆਂ ਦੀ ਆਹਟ ਸੁਣਾਈ ਦਿੱਤੀ ਤੇ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਨ ਲੱਗ ਪਿਆ। ਕੀ ਸੱਚਮੁੱਚ ਉਹ ਘੜੀ ਆਣ ਪਹੁੰਚੀ ਏ? ਬਿੰਦ ਦਾ ਬਿੰਦ ਮੈਂ ਸਾਹ ਰੋਕ ਕੇ ਉਧਰ ਦੇਖਦਾ ਰਿਹਾ, ਫੇਰ ਲੰਮਾ ਸਾਹ ਲੈ ਕੇ ਸਿਗਰੇਟ ਸੁਲਗਾ ਲਈ। ਨਾ ਚੰਦਰਾ ਸੀ, ਨਾ ਅਨਿਲ—ਭਾਂਡੇ ਮਾਂਜਣ ਵਾਲੀ ਬਾਈ ਸੀ। ਉਹ ਚੁੱਪਚਾਪ ਚਾਹ ਰੱਖ ਦੇ ਪਰਤਨ ਲੱਗੀ ਤਾਂ ਮੈਂ ਕਾਹਲ ਨਾਲ ਪੁੱਛਿਆ—
'ਸਾਹਬ ਉਠ ਗਏ?''
'ਜੀ!''
'ਕਿੱਥੇ...?''
'ਬਾਥਰੂਮ ਵਿਚ ਨੇ।'' ਮੇਰੇ ਸਵਾਲ ਤੋਂ ਪਹਿਲਾਂ ਹੀ ਝੱਟ ਜਵਾਬ ਮਿਲਿਆ।
'ਤੇ ਬਾਈ ਸਾ'ਬਾ?''
'ਕਿਚਨ 'ਚ।''
ਇਕ ਪਲ ਲਈ ਲੱਗਿਆ ਜਿਵੇਂ ਨੌਕਰਾਣੀ ਵੀ ਸਭ ਜਾਣਦੀ ਏ।
ਮੈਂ ਸਿਗਰੇਟ ਦੇ ਲੰਮੇ ਲੰਮੇ ਸੂਟੇ ਲਾਉਂਦਾ ਰਿਹਾ। ਕੀ ਮੈਂ ਘਬਰਾਇਆ ਹੋਇਆ ਆਂ ਜਾਂ ਡਰ ਰਿਹਾਂ...? ਪਰ ਕਿਉਂ...? ਕੱਲ੍ਹ ਰਾਤ ਮੇਰੇ ਪਲੰਘ ਉਪਰ ਪਹੁੰਚਣ ਤੋਂ ਪਿੱਛੋਂ ਅਨਿਲ ਇਸ ਨਾਲੋਂ ਵੀ ਲੰਮੇ ਕਸ਼ ਖਿੱਚਣ ਲੱਗ ਪਿਆ ਸੀ। ਫੇਰ ਬਲਦੀ ਹੋਈ ਸਿਗਰੇਟ ਨੂੰ ਐਸ਼ਟਰੇ ਵਿਚ ਸੁੱਟਣ ਦੇ ਬਜਾਏ ਉਸਨੇ ਉਂਜ ਹੀ ਸੁੱਟ ਦਿੱਤਾ ਸੀ, ਘਬਰਾਹਟ ਵਿਚ! ਕੁਝ ਪਲਾਂ ਦੇ ਉਸ 'ਟੁਕੜੇ' ਵਿਚ ਦੇਖਿਆ ਅਨਿਲ ਦਾ ਉਹ ਚਿਹਰਾ, ਕੀ ਮੈਂ ਕਦੀ ਭੁੱਲ ਸਕਾਂਗਾ? ਮੇਰੇ ਲਈ ਸੱਚਮੁੱਚ ਇਹ ਇਕ ਤਜਰਬੇ ਵਾਲੀ ਗੱਲ ਸੀ ਕਿ ਕਿਸੇ ਚਿਹਰੇ ਉਪਰ ਜ਼ਰਾ ਜਿੰਨੇ ਵਕਫ਼ੇ ਵਿਚ ਏਨੇ ਸਾਰੇ ਰੰਗ ਆਉਣ ਤੇ ਬਦਲ ਜਾਣ। ਹਾਂ, ਸਭ ਨਾਲੋਂ ਅਖੀਰੀ ਤੇ ਗੂੜ੍ਹਾ ਰੰਗ ਕੁਝ ਓਹੋ ਜਿਹਾ ਸੀ, ਜਿਹੋ ਜਿਹਾ ਖੇਡ ਵਿਚ ਕੋਈ ਬੱਚਾ ਅਚਾਨਕ ਹੀ ਜ਼ਖ਼ਮੀ ਹੋ ਜਾਏ ਤੇ ਪੀੜ ਕਾਰਨ ਸਿੱਜਲ ਹੋਈਆਂ ਅੱਖਾਂ ਦੇ ਬਾਵਜੂਦ ਆਪਣੇ ਨਿੱਕੇ ਜਿਹੇ ਅਹਿਮ ਦੇ ਸਹਾਰੇ, ਮੁਸਕਰਾਉਣ ਲਈ ਮਜ਼ਬੂਰ ਹੋਏ...
''...ਮਾਰਨਿੰਗ।''
ਅਚਾਨਕ ਅਨਿਲ ਦੀ ਆਵਾਜ਼ ਸੁਣ ਕੇ ਮੈਂ ਤ੍ਰਬਕ ਪਿਆ। ਉਹ ਸਾਹਮਣਾ ਪਰਦਾ ਹਟਾਈ ਖੜ੍ਹਾ ਸੀ, ਮੈਥੋਂ ਕੁਝ ਕਦਮਾਂ ਦੇ ਫਾਸਲੇ ਉਪਰ। ਹਾਂ, ਇਹੀ ਉਹ ਘੜੀ ਸੀ ਜਿਸ ਬਾਰੇ ਸੋਚ ਸੋਚ ਕੇ ਮੇਰੀ ਰੂਹ ਕੰਬ ਰਹੀ ਸੀ।...ਤੇ ਮੈਂ ਨਹੀਂ ਜਾਣਦਾ ਸਾਂ ਕਿ ਇਸ ਦਾ ਸਾਹਮਣਾ ਕਿਵੇਂ ਕਰਾਂਗਾ। ਆਪਣੇ ਅੰਦਰ ਫੈਲੀਆਂ ਸਾਰੀਆਂ ਦਲੀਲਾਂ ਨੂੰ ਛੇਤੀ ਛੇਤੀ ਸਮੇਟਣ ਲੱਗ ਪਿਆ। ਮੈਂ ਸੋਚ ਲਿਆ ਸੀ ਕਿ ਅਨਿਲ ਦੇ ਇਲਜ਼ਾਮ, ਗੁੱਸੇ ਜਾਂ ਕੁਸੈਲ ਨਾਲ ਮੈਂ ਕਿਵੇਂ ਨਿਬੜਾਂਗਾ। ਮੇਰੇ ਜਿਹੇ ਖਿਲਾੜੀ ਆਦਮੀ ਲਈ ਇਹ ਖੱਬੇ ਹੱਥ ਦੀ ਖੇਡ ਸੀ, ਅਨਿਲ ਜਿਹੇ ਪਿੱਦੇ ਦੇ ਵਾਰ ਨੂੰ ਕਿਵੇਂ ਪਛਾੜਨਾ ਤੇ ਵਾਪਸ ਪਰਤਾਅ ਦੇਣਾ ਏ—ਇੰਜ ਕਿ ਉਹ ਮੇਰੇ ਨਾਲ ਅੱਖ ਵੀ ਨਾ ਮਿਲਾ ਸਕੇ।
ਪਰਦੇ ਨੂੰ ਛੱਡ ਕੇ ਉਹ ਜਿਵੇਂ ਹੀ ਮੇਰੇ ਵੱਲ ਵਧਿਆ, ਮੈਂ ਸੇਹ ਵਾਂਗ ਆਪਣੇ ਤੱਕਲੇ ਖੜ੍ਹੇ ਕਰ ਲਏ। ਅਨਿਲ ਗਿਣੇ-ਮਿਣੇ ਪੈਰਾਂ ਨਾਲ ਮੇਰੇ ਐਨ ਸਾਹਮਣੇ ਆ ਖੜ੍ਹਾ ਹੋਇਆ। ਮੈਂ ਅੱਖਾਂ ਉਪਰ ਚੁੱਕੀਆ…
'ਕਿਉਂ?'' ਮੇਰੇ ਨਾਲ ਅੱਖ ਮਿਲਾਉਂਦਿਆਂ ਹੀ ਅਨਿਲ ਬੋਲਿਆ, ''ਕਿਵੇਂ ਰਹੀ?'' ਮੈਂ ਉਸਨੂੰ ਬੜੇ ਗਹੁ ਨਾਲ ਤੱਕਿਆ। ਮਾਈ ਗੁੱਡਨੈਸ! ਉਸਦੇ ਬੁੱਲ੍ਹਾਂ ਉਪਰ ਹਲਕੀ ਜਿਹੀ ਮੁਸਕਰਾਹਟ ਵੀ ਸੀ।
ਮੈਨੂੰ ਖੁਸ਼ ਹੋਣਾ ਚਾਹੀਦਾ ਸੀ। ਹੁਣ ਮੈਂ ਬਿਨਾਂ ਕਿਸੇ ਰੋਸੇ-ਗੁੱਸੇ ਦੇ ਆਪਣੀ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਉੱਥੋਂ ਜਾ ਸਕਦਾ ਸਾਂ...ਪਰ ਹੈਰਾਨੀ ਏ ਕਿ ਨਾ ਤਾਂ ਮੈਥੋਂ ਉਠਿਆ ਹੀ ਜਾ ਰਿਹਾ ਸੀ ਤੇ ਨਾ ਹੀ ਇਹ ਸੰਭਵ ਸੀ ਕਿ ਉੱਥੇ ਬੈਠਾ ਰਹਿ ਸਕਾਂ। ਸ਼ਾਇਦ ਮੈਨੂੰ ਠੇਸ ਪਹੁੰਚੀ ਸੀ। ਕੁਝ ਉਸੇ ਕਿਸਮ ਦਾ ਧੱਕਾ ਜਿਹਾ ਲੱਗਾ ਸੀ, ਜਿਵੇਂ ਕਿਸੇ ਪੁਰਾਣੀ ਇਮਾਰਤ ਨੂੰ ਡੇਗਦਾ ਹੋਇਆ ਮੈਂ ਇਕ ਵਾਰੀ ਜ਼ਖ਼ਮੀ ਹੋ ਗਿਆ ਸਾਂ, ਕਿਵੇਂ ਮੈਨੂੰ ਨਹੀਂ ਪਤਾ!

ਆਖ਼ਰੀ ਪੱਥਰ...:: ਲੇਖਕ : ਰਜੀ ਉਲਦੀਨ ਸਦੀਕੀ

ਪਾਕੀ ਉਰਦੂ ਕਹਾਣੀ :
ਆਖ਼ਰੀ ਪੱਥਰ
ਲੇਖਕ : ਰਜੀ ਉਲਦੀਨ ਸਦੀਕੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਰਾਤ ਦੇ ਪਹਿਲੇ ਪਹਿਰ ਦਾ ਜ਼ਿਕਰ ਹੈ...
ਜੇਲ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਹ ਕਿਸੇ ਪ੍ਰਛਾਵੇਂ ਵਾਂਗ ਅੰਦਰ ਸਰਕ ਗਿਆ। ਜੇਲ ਦੇ ਵੱਡੇ ਅਫ਼ਸਰ ਤੇ ਕੋਠੜੀ ਦੇ ਪਹਿਰੇਦਾਰ ਨੂੰ ਖੁਸ਼ ਕਰਨ ਵਾਸਤੇ ਉਸ ਨੂੰ ਚੋਖੀ ਰਕਮ ਖਰਚ ਕਰਨੀ ਪਈ ਸੀ।
ਅੰਦਰ ਪਤਲਾ ਹਨੇਰਾ ਪਸਰਿਆ ਹੋਇਆ ਸੀ। ਸਾਹਮਣੇ ਇਕ ਖੂੰਜੇ ਵਿਚ ਨਾਦੀਆ ਲੇਟੀ ਹੋਈ ਸੀ। ਅਜੇ ਉਹ ਸੁੱਤੀ ਨਹੀਂ ਸੀ ਸ਼ਾਇਦ। ਜਿਸ ਦੀ ਜ਼ਿੰਦਗੀ ਦਾ ਫੈਸਲਾ ਹੋ ਚੁੱਕਿਆ ਹੋਏ ਤੇ ਉਸ ਨੇ ਸਿਰਫ ਇਕੋ ਰਾਤ ਜਿਉਣਾ ਹੋਏ...ਉਹ ਭਲਾ ਸੌਂ ਵੀ ਕਿੰਜ ਸਕਦਾ ਹੈ?
ਆਉਣ ਵਾਲਾ ਨਾਦੀਆ ਵੱਲ ਵਧਣ ਲੱਗਾ। ਉਸ ਨੇ ਮੂੰਹ ਸਿਰ ਲਪੇਟਿਆ ਹੋਇਆ ਸੀ। ਨਾਦੀਆ ਉੱਠ ਕੇ ਬੈਠ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਨੇੜੇ ਪਹੁੰਚ ਕੇ ਉਸਨੇ ਬੜੀ ਧੀਮੀ ਆਵਾਜ਼ ਵਿਚ ਕਿਹਾ, ''ਨਾਦੀਆ...!'' ਆਵਾਜ਼ ਪਛਾਣ ਕੇ ਨਾਦੀਆ ਨੇ ਨੀਵੀਂ ਪਾ ਲਈ ਸੀ।
'ਨਾਦੀਆ,'' ਉਹ ਬੋਲਣ ਲੱਗਾ, ''ਮੈਂ ਸ਼ਾਮੀ ਹੀ ਵਾਪਸ ਆਇਆ ਸਾਂ। ਬੜਾ ਦੁਖ ਹੋਇਆ ਪੰਚਾਇਤ ਦਾ ਫੈਸਲਾ ਸੁਣ ਕੇ। ਜੇ ਮੈਂ ਏਥੇ ਹੁੰਦਾ।...ਪਰ ਕੀਤਾ ਕੀ ਜਾ ਸਕਦਾ ਏ, ਕਾਰੋਬਾਰ ਹੀ ਅਜਿਹਾ ਏ। ਸਾਰਾ ਹਫਤਾ ਵਿਦੇਸ਼ਾਂ ਵਿਚ ਭਟਕਦਾ ਰਿਹਾਂ। ਖ਼ੈਰ, ਇਹ ਗੱਲ ਤੂੰ ਬੜੀ ਚੰਗੀ ਕੀਤੀ ਜੋ ਕਿਸੇ ਦਾ ਨਾਂ ਨਹੀਂ ਦੱਸਿਆ। ਕੱਲ੍ਹ ਫੇਰ ਤੈਥੋਂ ਪੁੱਛਿਆ ਜਾਏਗਾ। ਮੇਰੀ ਬੇਨਤੀ ਏ, ਮੇਰਾ ਨਾਂ ਨਾ ਦੱਸੀ...।''
ਨਾਦੀਆ ਚੁੱਪ ਬੈਠੀ ਰਹੀ। ਉਸ ਫੇਰ ਕਿਹਾ, ''ਤੇਰੀ ਕਿਸਮਤ ਦਾ ਫੈਸਲਾ ਹੋ ਚੁੱਕਾ ਏ। ਆਪਣੇ ਨਾਲ ਦੂਜਿਆਂ ਨੂੰ ਡੋਬ ਦੇਣਾ ਇਨਸਾਨੀਅਤ ਵਾਲੀ ਗੱਲ ਨਹੀਂ ਹੁੰਦੀ ਨਾਦੀਆ। ਤੂੰ ਤੇ ਜਾਣਦੀ ਏਂ, ਮੇਰਾ ਕਿੱਡਾ ਕਾਰੋਬਾਰ ਏ...ਇੰਪੋਰਟ-ਐਕਸਪੋਰਟ ਦਾ ਮੈਂ ਬਾਦਸ਼ਾਹ ਹਾਂ। ਦੇਸ਼ਾਂ ਵਿਦੇਸ਼ਾਂ ਵਿਚ ਮੇਰੀ ਕੰਪਨੀ ਦੀਆਂ ਸ਼ਾਖਾਵਾਂ ਨੇ। ਇੱਜ਼ਤ ਏ, ਮਾਣ ਏ। ਬਸ ਇਕੋ ਬੇਨਤੀ ਏ ਮੇਰੀ, ਮੇਰਾ ਨਾਂ ਨਾ ਦੱਸੀਂ...ਨਹੀਂ ਤਾਂ ਸਭ ਕੁਝ ਮਿੱਟੀ 'ਚ ਮਿਲ ਜਾਏਗਾ। ਜਿੱਥੇ ਏਨੀ ਤਕਲੀਫ ਝੱਲੀ ਏ, ਥੋੜੀ ਹੋਰ ਸਹੀ। ਵੇਖ ਨਾਦੀਆ, ਜ਼ਿੰਦਗੀ ਵਿਚ ਕਿੰਨੀ ਐਸ਼ ਕਰਵਾਈ ਏ ਮੈਂ ਤੈਨੂੰ...। ਯਕੀਨ ਮੰਨੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁਲਾਂਗਾ। ਅਹਿ ਰੌਲਾ-ਗੌਲਾ ਮੁੱਕ ਜਾਏ, ਮੈਂ ਤੇਰੀ ਇਕ ਸ਼ਾਨਦਾਰ ਯਾਦਗਾਰ ਬਣਵਾ ਦਿਆਂਗਾ। ਲੋਕ ਤੈਨੂੰ ਰਹਿੰਦੀ ਦੁਨੀਆਂ ਤਕ ਯਾਦ ਕਰਿਆ ਕਰਨਗੇ...ਹਾਂ ਨਾਦੀਆ, ਮੈਂ ਵਚਨ ਦੇਂਦਾ ਹਾਂ, ਵੱਧ ਤੋਂ ਵੱਧ ਖਰਚ ਕਰਕੇ ਮੈਂ ਤੇਰੀ ਯਾਦਗਾਰ ਬਣਵਾਵਾਂਗਾ। ਪਰ ਮੇਰੀ ਬੇਨਤੀ ਨਾ ਭੁੱਲੀਂ, ਕੱਲ੍ਹ ਫੇਰ ਪੁੱਛਿਆ ਜਾਏਗਾ, ਮੇਰਾ ਨਾਂ ਨਾ ਦੱਸੀਂ...।'
      ੦੦੦
ਇਹ ਦੇਸ਼ ਇਕ ਛੋਟੇ ਜਿਹੇ ਟਾਪੂ ਉੱਤੇ ਸਥਿਤ ਸੀ।
ਕੁਦਰਤੀ ਖਜਾਨਿਆਂ ਨਾਲ ਭਰਪੂਰ ਇਸ ਧਰਤੀ ਦੇ ਵਾਸੀ ਬੜੇ ਖੁਸ਼ਹਾਲ ਸਨ। ਦੇਸ਼ ਦਾ ਆਪਣਾ ਸੰਵਿਧਾਨ ਸੀ। ਮੁਕੱਦਮਿਆਂ ਦੇ ਫੈਸਲੇ ਪੰਚਾਇਤਾਂ ਕਰਦੀਆਂ ਸਨ। ਨਾਦੀਆ ਦੇ ਕੇਸ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਛੱਡੀ ਸੀ। ਅਖ਼ਬਾਰਾਂ ਨੂੰ ਵੀ ਜਿਵੇਂ ਨਵਾਂ ਵਿਸ਼ਾ ਲੱਭ ਪਿਆ ਸੀ, ਗੱਲ ਨੂੰ ਖੂਬ ਉਛਾਲਿਆ ਗਿਆ। ਤੇ ਫੇਰ ਉਸ ਕੇਸ ਦਾ ਇਕ ਇਤਿਹਾਸਕ ਫੈਸਲਾ ਹੋਇਆ—
ਟਾਪੂ ਦੀ ਪੰਚਾਇਤ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਸਰਪੰਚ ਚੌਧਰੀ ਸਾਹਬ ਆਪਣੀ ਖਾਸ ਕੁਰਸੀ ਉੱਤੇ ਆਣ ਬੈਠੇ, ਉਹਨਾਂ ਤੋਂ ਜ਼ਰਾ ਨੀਵੀਂ ਥਾਂ ਪੰਚਾਇਤ ਦੇ ਹੋਰ ਮੈਂਬਰ ਬੈਠੇ ਹੋਏ ਸਨ। ਇਕ ਪਾਸੇ ਕਟਿਹਿਰੇ ਵਿਚ ਨਾਦੀਆ ਨੀਵੀਂ ਪਾਈ ਖੜ੍ਹੀ ਸੀ...ਉਸ ਦੇ ਨੇੜੇ ਹੀ ਸਥਾਨਕ ਪੁਲਸ ਦੇ ਕੁਝ ਅਫ਼ਸਰ ਖੜ੍ਹੇ ਸਨ। ਹਾਲ ਕਮਰਾ ਲੋਕਾਂ ਨਾਲ ਭਰਿਆ ਹੋਇਆ ਸੀ। ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਸਾਰ ਕਮਰੇ ਵਿਚ ਚੁੱਪ ਵਰਤ ਗਈ। ਸਰਕਾਰੀ ਵਕੀਲ ਨੇ ਨਾਦੀਆ ਉਪਰ ਲਾਏ ਹੋਏ ਇਲਜ਼ਾਮਾਂ ਦੀ ਸੂਚੀ ਪੜ੍ਹ ਕੇ ਸੁਣਾਈ। ਉਸ ਉੱਤੇ ਇਲਜ਼ਾਮ ਸੀ ਕਿ ਉਸ ਨੇ ਦੇਸ਼, ਕੌਮ ਤੇ ਸਮਾਜ ਦੇ ਅਸੂਲਾਂ ਨੂੰ ਤੋੜਿਆ ਹੈ, ਸੰਭੋਗ ਵਰਗਾ ਮਾੜਾ ਜੁਰਮ ਕੀਤਾ ਹੈ ਤੇ ਇਸ ਦੇ ਨਤੀਜੇ ਵਜੋਂ ਆਪਦੇ ਪੇਟ ਵਿਚ ਪਲ ਰਹੀ ਇਕ ਮਾਸੂਮ ਜਿੰਦ ਦੀ ਹੱਤਿਆ ਕੀਤੀ ਹੈ। ਇੰਜ ਉਸ ਨੇ ਦੋ ਮਹਾ-ਅਪਰਾਧ ਕੀਤੇ ਸਨ। ਦੋਹਾਂ ਦੀ ਸਜ਼ਾ ਦੇਸ਼ ਦੇ ਸੰਵਿਧਾਨ ਅਨੁਸਾਰ ਸਿਰਫ ਮੌਤ ਸੀ। ਪਰ ਦੇਸ਼ ਦੇ ਕਾਨੂੰਨ ਵਿਚ ਰਹਿਮ ਦੀ ਗੰਜਾਇਸ਼ ਵੀ ਸੀ। ਜੇ ਨਾਦੀਆ ਨੇ ਇਹ ਜੁਰਮ ਕਿਸੇ ਮਜ਼ਬੂਰੀ ਵਿਚ ਕੀਤੇ ਸਨ ਤਾਂ ਉਸ ਨੂੰ ਆਪਣੇ ਸਾਥੀ ਮੁਜ਼ਰਮ ਦਾ ਨਾਂ ਦੱਸਣਾ ਪੈਣਾ ਸੀ...ਤਾਂਕਿ ਉਸ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਰਿਆਇਤ ਦਿਲੀ ਤੋਂ ਕੰਮ ਲਿਆ ਜਾ ਸਕੇ।
ਸਰਕਾਰੀ ਵਕੀਲ ਨੇ ਪੁੱਛਿਆ, ''ਨਾਦੀਆ, ਕੀ ਤੂੰ ਆਪਣੇ ਜ਼ੁਰਮ ਕੇ ਸਾਂਝੀਵਾਲ ਦਾ ਨਾਂਅ ਦੱਸ ਦੇਣ ਲਈ ਰਜ਼ਾਮੰਦ ਏਂ ?''
ਨਾਦੀਆ ਨੇ ਆਪਣਾ ਝੁਕਿਆ ਹੋਇਆ ਸਿਰ 'ਨਾਂਹ' ਵਿਚ ਹਿਲਾ ਦਿੱਤਾ।
ਸਰਕਾਰੀ ਵਕੀਲ ਨੇ ਸਰਪੰਚ ਚੌਧਰੀ ਸਾਹਬ ਵੱਲ ਮੂੰਹ ਭੂਆਂ ਕੇ ਕਿਹਾ, ''ਆਲੀ ਜਨਾਬ, ਮੁਲਜ਼ਮਾ ਆਪਣੇ ਜ਼ੁਰਮ ਦਾ ਇਕਬਾਲ ਤਾਂ ਕਰ ਰਹੀ ਹੈ ਪਰ ਆਪਣੇ ਸਾਥੀ ਗੁਨਾਹਗਾਰ ਦਾ ਨਾਂਅ ਦੱਸਣ ਲਈ ਤਿਆਰ ਨਹੀਂ। ਦੇਸ਼ ਦੇ ਕਾਨੂੰਨ ਅਨੁਸਾਰ ਮੈਂ ਚਾਹਾਂਗਾ ਕਿ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂਕਿ ਲੋਕਾਂ ਨੂੰ ਅੱਗੇ ਵਾਸਤੇ ਨਸੀਹਤ ਹੋ ਜਾਵੇ।''
ਸਰਪੰਚ ਚੌਧਰੀ ਸਾਹਬ ਬੇਚੈਨੀ ਨਾਲ ਕੁਰਸੀ ਉੱਤੇ ਪਾਸਾ ਪਰਤਦੇ ਹੋਏ ਬੋਲੇ, ''ਮੁਲਜ਼ਮਾ ਨਾਦੀਆ, ਤੈਨੂੰ ਪਤਾ ਈ ਹੋਏਗਾ ਕਿ ਜਿਹੜੇ ਗੁਨਾਹ ਤੂੰ ਕੀਤੇ ਨੇ, ਮੁਲਕ ਦੇ ਕਾਨੂੰਨ ਅਨੁਸਾਰ ਉਹਨਾਂ ਦੀ ਸਜ਼ਾ ਸਿਰਫ ਮੌਤ ਹੈ। ਤੈਨੂੰ ਪਤਾ ਏ ਨਾ? ਤੇ ਤੂੰ ਆਪਣੇ ਗੁਨਾਹਾਂ ਦਾ ਇਕਬਾਲ ਕਰ ਚੁੱਕੀ ਏਂ। ਇਹ ਸੰਭੋਗ ਤੇ ਕਤਲ, ਸਮਾਜ ਵਿਰੋਧੀ ਤੇ ਦੇਸ਼ ਦੁਸ਼ਮਣ ਗੁਨਾਹ ਕਰਨ ਦਾ ਹੌਂਸਲਾ ਕਿੰਜ ਕੀਤਾ ਸੀ ਤੂੰ? ਯਕੀਨਨ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਪਰ ਕਾਨੂੰਨ ਸਿਰਫ ਸਜ਼ਾ ਦੇਣਾ ਹੀ ਨਹੀਂ ਜਾਣਦਾ, ਤੈਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਜੇ ਤੂੰ ਉਸ ਆਦਮੀ ਦਾ ਨਾਂ ਦੱਸ ਦੇਵੇਂ, ਜਿਸ ਨੇ ਤੈਨੂੰ ਇੰਜ ਕਰਨ ਲਈ ਮਜ਼ਬੂਰ ਕੀਤਾ, ਤਾਂ ਤੇਰੀ ਸਜ਼ਾ ਬਦਲੀ ਵੀ ਜਾ ਸਕਦੀ ਏ, ਕੀ ਤੂੰ ਉਸ ਦਾ ਨਾਂ ਦੱਸਣਾ ਚਾਹੇਂਗੀ?''
ਨਾਦੀਆ ਬੁੱਤ ਵਾਂਗ ਖੜ੍ਹੀ ਰਹੀ। ਭੀੜ ਵਿਚ ਖੁਸਰ-ਫੁਸਰ ਹੋਣ ਲੱਗ ਪਈ, ਚੌਧਰੀ ਸਾਹਬ ਬੋਲੇ, ''ਕੀ ਤੂੰ ਉਸ ਆਦਮੀ ਦਾ ਨਾਂ ਦੱਸਣਾ ਏਂ ?''
ਝੁਕੇ ਹੋਏ ਸਿਰ ਨਾਲ ਇਕ ਵਾਰ ਫੇਰ ਨਾਦੀਆ ਨੇ ਇਨਕਾਰ ਕਰ ਦਿੱਤਾ। ਭੀੜ ਵਿਚਲੀ ਭਿਣਭਿਣਾਹਟ ਤੇਜ਼ ਹੋ ਗਈ।
ਤੇ ਫੇਰ ਚੌਧਰੀ ਸਾਹਬ ਨੇ ਫੈਸਲਾ ਸੁਣਾ ਦਿੱਤਾ—
'ਮੁਲਜ਼ਮਾ ਨਾਦੀਆ ਨੇ ਮੁਲਕ ਦੇ ਕਾਨੂੰਨ ਅਨੁਸਾਰ ਇਕ ਨਹੀਂ ਦੋ ਮਹਾ-ਅਪਰਾਧ ਕੀਤੇ ਨੇ ਤੇ ਉਹਨਾਂ ਨੂੰ ਮੰਨ ਵੀ ਲਿਆ ਏ। ਨਾਲੇ ਆਪਣੇ ਸਾਥੀ ਗੁਨਾਹਗਾਰ ਦਾ ਨਾਂ ਵੀ ਨਹੀਂ ਦੱਸਿਆ। ਮੁਲਕ ਦੇ ਕਾਨੂੰਨ ਅਨੁਸਾਰ ਮੈਂ ਇਸ ਨੂੰ ਸੰਗਸਾਰੀ (ਪੱਥਰ ਮਾਰ-ਮਾਰ ਕੇ ਮਾਰ ਦੇਣ) ਦੇ ਜ਼ਰੀਏ, ਸਜ਼ਾਏ ਮੌਤ ਦਾ ਹੁਕਮ ਦੇਂਦਾ ਹਾਂ। ਪਰ ਪੱਥਰਾਅ ਸ਼ੁਰੂ ਕਰਨ ਤੋਂ ਪਹਿਲਾਂ, ਸਵੇਰੇ, ਤੈਨੂੰ ਇਕ ਮੌਕਾ ਹੋਰ ਦਿੱਤਾ ਜਾਏਗਾ। ਜੇ ਤੂੰ ਆਪਣੇ ਸਾਥੀ ਅਪਰਾਧੀ ਦਾ ਨਾਂ ਦੱਸ ਦਏਂਗੀ ਤਾਂ ਹੋ ਸਕਦਾ ਏ ਇਹ ਸਜ਼ਾ ਟਲ ਜਾਏ। ਕੱਲ੍ਹ ਸਵੇਰੇ ਸੂਰਜ ਚੜ੍ਹਣ ਤੋਂ ਪਿੱਛੋਂ, ਸ਼ਹਿਰ ਦੇ ਬਾਹਰਲੇ ਵੱਡੇ ਮੈਦਾਨ ਵਿਚ, ਮੁਲਜ਼ਮਾ ਨਾਦੀਆ ਉੱਤੇ ਸਾਰੀ ਜਨਤਾ ਸਾਹਮਣੇ, ਪਥਰਾਅ ਕੀਤਾ ਜਾਏਗਾ।''
      ੦੦੦
ਅੱਧੀ ਰਾਤ ਤੋਂ ਪਿੱਛੋਂ ਇਕ ਹੋਰ ਪਰਛਾਵਾਂ ਨਾਦੀਆ ਦੀ ਕੋਠੜੀ ਅੰਦਰ ਆਇਆ। ਉਸ ਨੂੰ ਇੱਥੇ ਪਹੁੰਚਣ ਵਾਸਤੇ ਰਿਸ਼ਵਤ ਨਹੀਂ ਦੇਣੀ ਪਈ ਸੀ। ਉਹ ਇਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਸੀ। ਸਾਰੇ ਲੋਕ ਉਸ ਨੂੰ ਜਾਣਦੇ ਸਨ। ਜਦੋਂ ਉਹ ਕੋਠੜੀ ਦੇ ਦਰਵਾਜ਼ੇ ਨੇੜੇ ਪਹੁੰਚਿਆ ਸੀ, ਸੰਤਰੀ ਨੇ ਫੌਜੀਆਂ ਵਾਂਗ ਸਲੂਟ ਮਾਰਿਆ ਸੀ। ਨਾਦੀਆ ਅਜੇ ਜਾਗ ਰਹੀ ਸੀ। ਜਦੋਂ ਉਹ ਉਸ ਦੇ ਨੇੜੇ ਪਹੁੰਚਿਆ, ਉਹ ਉੱਠ ਕੇ ਬੈਠ ਗਈ।
'' ਨਾਦੀਆ,'' ਉਸ ਨੇ ਬੜੀ ਹੌਲੀ ਜਿਹੀ ਕਿਹਾ। ਨਾਦੀਆ ਨੇ ਉਸ ਦੀ ਆਵਾਜ਼ ਵੀ ਪਛਾਣ ਲਈ।
'ਮੈਂ ਬੜੇ ਯਤਨ ਕੀਤੇ ਸਨ ਨਾਦੀਆ ਕਿ ਤੈਨੂੰ ਏਨੀ ਸਖ਼ਤ ਸਜ਼ਾ ਨਾ ਦਿੱਤੀ ਜਾਏ...ਪਰ ਉਹਨਾਂ ਮੇਰੀ ਇਕ ਨਹੀਂ ਸੁਣੀ। ਦੇਸ਼ ਦਾ ਕਾਨੂੰਨ ਬੜਾ ਸਖ਼ਤ ਏ। ਜ਼ਿਆਦਾ ਜ਼ੋਰ ਦੇਂਦਾ ਤਾਂ ਵਿਰੋਧੀ ਪਾਰਟੀ ਨੇ ਗੱਲ ਫੜ੍ਹ ਲੈਣੀ ਸੀ ਤੇ ਏਸੇ ਗੱਲ ਨੂੰ ਉਛਾਲ ਕੇ ਮੈਨੂੰ ਬਦਨਾਮ ਕਰਨ ਲੱਗ ਪੈਣਾ ਸੀ। ਮੈਂ ਏਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਹਾਂ। ਵਿਦੇਸ਼ਾਂ ਵਿਚ ਬੜਾ ਨਾਂ ਏਂ ਮੇਰਾ। ਕਈ ਦੇਸ਼ਾਂ ਦੇ ਨੇਤਾ ਮੈਥੋਂ ਸਲਾਹ-ਮਸ਼ਵਰੇ ਲੈਣ ਆਉਂਦੇ ਨੇ। ਮੇਰੀ ਸਿਆਸੀ ਸੂਝ-ਬੂਝ ਦਾ ਲੋਹਾ ਮੰਨਦੇ ਨੇ। ਪਰ...ਦੇਸ਼ ਦਾ ਕਾਨੂੰਨ ਆਖ਼ਰ ਕਾਨੂੰਨ ਹੁੰਦਾ ਏ ਤੇ ਕਈ ਗੱਲਾਂ ਸਾਹਮਣੇ ਬੰਦਾ ਬੇਵੱਸ ਹੋ ਜਾਂਦਾ ਏ। ਤੂੰ ਆਪ ਸਿਆਣੀ ਏਂ...। ਪਰ ਨਾਦੀਆ, ਤੇਰੇ ਸਾਹਮਣੇ ਮੈਂ ਇਕ ਬੇਨਤੀ ਕਰਨ ਆਇਆ ਹਾਂ, ਰੱਬ ਦਾ ਵਾਸਤਾ ਈ ਮੇਰਾ ਨਾਂ ਨਾ ਦੱਸੀਂ। ਨਹੀਂ ਤੇ ਗ਼ਜ਼ਬ ਹੀ ਹੋ ਜਾਏਗਾ, ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀਆਂ ਤਿੰਨ ਪਤਨੀਆਂ ਤੇ ਬਾਰਾਂ ਬੱਚਿਆ ਦਾ ਕੀ ਬਣੇਗਾ, ਨਾਦੀਆ...।''
ਉਹ ਗਿੜਗਿੜਾਉਂਦਾ ਰਿਹਾ ਤੇ ਨਾਦੀਆ ਨੀਵੀਂ ਪਾ ਕੇ ਚੁੱਪਚਾਪ ਬੈਠੀ ਰਹੀ।
      ੦੦੦
ਅਜੇ ਸ਼ਹਿਰ ਦੀਆਂ ਮਸਜਿਦਾਂ ਵਿਚ ਅਜ਼ਾਨ ਨਹੀਂ ਸੀ ਹੋਈ। ਇਕ ਧਾਰਮਿਕ ਪੇਸ਼ਵਾ ਜੇਲ ਅੰਦਰ ਆਏ ਤੇ ਨਾਦੀਆ ਦੀ ਕੋਠੜੀ ਦੇ ਦਰਵਾਜ਼ੇ ਕੋਲ ਆ ਕੇ ਰੁਕੇ। ਉਹਨਾਂ ਨਾਲ ਜੇਲ ਦਾ ਹਾਕਮ ਵੀ ਆਇਆ ਸੀ। ਕੋਠੜੀ ਦੇ ਸਾਹਮਣੇ ਖਲੋਤੇ ਅਰਦਲੀ ਨੇ ਬੜੇ ਸਤਿਕਾਰ ਨਾਲ ਝੁਕ ਕੇ ਉਹਨਾਂ ਨੂੰ ਸਲਾਮ ਕੀਤੀ ਤੇ ਦਰਵਾਜ਼ਾ ਖੋਲ੍ਹ ਦਿੱਤਾ। ਉਹ ਹੌਲੀ ਹੌਲੀ ਤੁਰਦੇ ਹੋਏ ਅੰਦਰ ਲੰਘ ਗਏ। ਸਜ਼ਾਏ-ਮੌਤ ਦੇ ਕੈਦੀਆਂ ਨੂੰ ਮੌਤ ਤੋਂ ਪਹਿਲਾਂ ਅਗਲੇਰੇ ਜੀਵਨ ਬਾਰੇ ਹਦਾਇਤਾਂ ਕਰਨਾ ਉਹਨਾਂ ਦੇ ਧਾਰਮਿਕ ਫਰਜ਼ ਵਿਚ ਸ਼ਾਮਿਲ ਸੀ।
'ਨਾਦੀਆ,'' ਉਹਨਾਂ ਜ਼ਰਾ ਉੱਚੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, ''ਮੌਤ ਹਰੇਕ ਇਨਸਾਨ ਨੂੰ ਆਉਂਦੀ ਹੈ। ਉਸ ਦੇ ਹੱਥੋਂ ਨਾ ਬਾਦਸ਼ਾਹ ਬਚ ਸਕਿਆ ਏ ਕਦੀ, ਨਾ ਭਿਖਾਰੀ। ਹਰੇਕ ਦੀ ਮੌਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਸਾਨੂੰ ਹਰ ਵੇਲੇ ਸੱਚੇ ਮਾਲਕ ਸਾਹਮਣੇ ਪੇਸ਼ ਹੋਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਉਹ ਹਰੇਕ ਭੁੱਲ ਨੂੰ ਬਖ਼ਸ਼ਣ ਵਾਲ ਹੈ...'' ਤੇ ਫੇਰ ਅਚਾਨਕ ਉਹਨਾਂ ਦੀ ਆਵਾਜ਼ ਖਾਸੀ ਧੀਮੀ ਹੋ ਗਈ ਸੀ, ''ਨਾਦੀਆ ਮੇਰੇ ਉਪਰ ਰਹਿਮ ਕਰੀਂ! ਤੈਨੂੰ ਪਤਾ ਈ ਏ, ਮੈਂ ਏਸ ਸ਼ਹਿਰ ਦਾ ਵੱਡਾ ਪੇਸ਼ਵਾ ਹਾਂ। ਲੋਕ ਸਤਿਕਾਰ ਵਜੋਂ ਮੇਰੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰਦੇ। ਏਥੋਂ ਦੇ ਈ ਨਹੀਂ ਬਾਹਰਲੇ ਮੁਲਕਾਂ ਦੇ ਲੋਕ ਵੀ ਮੇਰੀ ਬੜੀ ਇੱਜ਼ਤ ਕਰਦੇ ਨੇ। ਸਭ ਕੁਝ ਮਿੱਟੀ 'ਚ ਮਿਲ ਜਾਏਗਾ ਨਾਦੀਆ ਜੇ ਤੂੰ ਮੇਰਾ ਨਾਂ ਦੱਸ ਦਿੱਤਾ...ਥੋੜ੍ਹੀ ਜਿਹੀ ਤਕਲੀਫ ਝੱਲ ਲਵੀਂ। ਮੈਂ ਸਵੇਰੇ ਵੀ ਤੇਰੇ ਹੱਕ ਵਿਚ ਦੁਆ ਕਰਾਂਗਾ ਤਾਂਕਿ ਤੇਰੀ ਰੂਹ ਆਸਾਨੀ ਨਾਲ ਜਿਸਮ ਵਿਚੋਂ ਪਰਵਾਜ਼ ਕਰ ਜਾਏ ਤੇ ਬਹੁਤੀ ਤਕਲੀਫ ਨਾ ਝੱਲਣੀ ਪਏ। ਨਾਦੀਆ ਸੋਚ, ਜ਼ਿੰਦਗੀ ਵਿਚ ਮੈਂ ਤੇਰੇ ਉਪਰ ਕਿੰਨੀਆਂ ਮਿਹਰਬਾਨੀਆਂ ਕੀਤੀਆਂ ਨੇ...ਸੱਚ ਜਾਣੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁੱਲਾਂਗਾ, ਤੇਰੀ ਖਾਤਰ ਏਨਾ ਈਸਾਲੇ ਸਵਾਬ (ਆਤਮਕ ਸ਼ਾਂਤੀ ਲਈ ਪਾਠ) ਕਰਾਂਗਾ ਕਿ ਤੇਰੇ ਸਾਰੇ ਗੁਨਾਹ ਧੋਤੇ ਜਾਣਗੇ। ਪਰ ਮੇਰੀ ਇਹੀ ਅਰਜ਼ ਏ ਨਾਦੀਆ, ਵੇਖੀਂ ਮੇਰਾ ਨਾਂ ਨਾ ਦੱਸ ਦੇਵੀਂ...ਨਹੀਂ ਤੇ ਮੇਰੀਆਂ ਚਾਰ ਪਤਨੀਆਂ ਤੇ ਏਨੇ ਸਾਰੇ ਬੱਚਿਆਂ ਦਾ ਕੀ ਬਣੇਗਾ?'' ਉਹ ਲਿਲਕਦਾ ਰਿਹਾ ਤੇ ਨਾਦੀਆ ਚੁੱਪਚਾਪ ਨੀਵੀਂ ਪਾ ਕੇ ਬੈਠੀ ਰਹੀ।
       ੦੦੦
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਦੇ ਬਾਹਰਲੇ ਮੈਦਾਨ ਵਿਚ ਦਰਸ਼ਕਾਂ ਦੀ ਖਾਸੀ ਭੀੜ ਲੱਗ ਗਈ ਸੀ।
ਮਿਥੇ ਹੋਏ ਸਮੇਂ ਅਨੁਸਾਰ ਸਰਪੰਚ ਚੌਧਰੀ ਸਾਹਬ, ਪੰਚਾਇਤ ਦੇ ਹੋਰ ਮੈਂਬਰ, ਪੁਲਸ ਅਧਿਕਾਰੀ ਤੇ ਅਮਾਮਦੀਨ ਸ਼ਹਿਰ ਵੀ ਆ ਪਹੁੰਚੇ। ਇਕ ਪੁਲਸ ਕਾਰ ਵਿਚ ਨਾਦੀਆ ਨੂੰ ਲਿਆਂਦਾ ਗਿਆ। ਮੈਦਾਨ ਦੇ ਐਨ ਵਿਚਕਾਰ, ਤਿੰਨ ਚਾਰ ਫੁੱਟ ਡੂੰਘਾ, ਇਕ ਟੋਇਆ ਪੁਇਆ ਹੋਇਆ ਸੀ ਤੇ ਪੱਥਰਾਂ ਦਾ ਇਕ ਵੱਡਾ ਸਾਰਾ ਢੇਰ ਲਗਵਾ ਦਿੱਤਾ ਗਿਆ ਸੀ।
ਕਾਨੂੰਨ ਦੇ ਮੁਤਾਬਿਕ ਇਕ ਵਾਰ ਫੇਰ ਚੌਧਰੀ ਸਾਹਬ ਨੇ ਨਾਦੀਆ ਤੋਂ ਪੁੱਛਿਆ, ''ਨਾਦੀਆ ਕਾਨੂੰਨਨ ਤੈਨੂੰ ਇਕ ਮੌਕਾ ਹੋਰ ਦਿੱਤਾ ਜਾ ਰਿਹਾ ਏ...ਜੇ ਤੂੰ ਉਸ ਆਦਮੀ ਦਾ ਨਾਂ ਦੱਸਣਾ ਚਾਹੁੰਦੀ ਏਂ, ਤਾਂ ਦੱਸ ਸਕਦੀ ਏਂ, ਜਿਸ ਨੇ ਤੈਨੂੰ ਇਹ ਗੁਨਾਹ ਕਰਨ ਵਾਸਤੇ ਮਜ਼ਬੂਰ ਕੀਤਾ ਸੀ...ਇਹ ਹੋ ਸਕਦਾ ਏ ਕਿ ਤੇਰੀ ਇਹ ਸਜ਼ਾ ਘਟ ਜਾਏ।''
ਜਦੋਂ ਸਾਰੇ ਇੰਤਜ਼ਾਮ ਪੂਰੇ ਹੋ ਗਏ ਤਾਂ ਨਾਦੀਆਂ ਨੂੰ ਨਾਦੀਆ ਨੂੰ ਟੋਏ ਵਿਚ ਖੜ੍ਹਾ ਕਰਕੇ ਲੱਕ-ਲੱਕ ਮਿੱਟੀ ਵਿਚ ਗੱਡ ਦਿੱਤਾ ਗਿਆ। ਪਥਰਾਅ ਕਰਨ ਵਾਸਤੇ ਲੋਕਾਂ ਨੇ ਪੱਥਰ ਚੁੱਕ ਲਏ।
ਰਿਵਾਜ਼ ਮੁਤਾਬਿਕ ਪਹਿਲਾ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਨਾ ਸੀ। ਸਭ ਦੀਆਂ ਨਜ਼ਰਾਂ ਉਹਨਾਂ ਵੱਲ ਭੌਂ ਗਈਆਂ। ਉਹਨਾਂ ਇਕ ਪੱਥਰ ਚੁੱਕਿਆ ਪਰ ਨਾਦੀਆ ਦੇ ਮਾਰਿਆ ਨਹੀਂ। ਕੁਝ ਚਿਰ ਬਾਅਦ ਲੋਕਾਂ ਨੂੰ ਪਥਰਾਅ ਕਰਨ ਦਾ ਇਸ਼ਾਰਾ ਕੀਤਾ...ਇਹ ਗੱਲ ਆਮ ਸੀ ਕਿ ਉਹ ਬੜੇ ਰਹਿਮ ਦਿਲ ਨੇ। ਸ਼ਾਇਦ ਏਸੇ ਕਰਕੇ ਉਹਨਾਂ ਆਪ ਪੱਥਰ ਨਹੀਂ ਸੀ ਮਾਰਿਆ...! ਇਸ਼ਾਰਾ ਮਿਲਣ ਸਾਰ ਲੋਕਾਂ ਨੇ ਜ਼ਮੀਨ ਵਿਚ ਅੱਧ ਗੱਡੀ ਨਾਦੀਆ ਉਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਦੂਰ ਹੋਣ ਕਰਕੇ ਕਈਆਂ ਦੇ ਨਿਸ਼ਾਨੇ ਠੀਕ ਨਹੀਂ ਸਨ ਲੱਗੇ, ਪਰ ਕਈ ਪੱਥਰ ਨਾਦੀਆਂ ਨੂੰ ਵੱਜੇ ਵੀ ਸਨ। ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਸਿਰ ਤੇ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਕੁਝ ਲੋਕ ਤਾਂ ਇਕ ਇਕ ਪੱਥਰ ਮਾਰ ਕੇ ਪਿਛਾਂਹ ਹਟ ਗਏ ਸਨ ਪਰ ਜਿਹੜੇ ਜ਼ਿਆਦਾ ਸ਼ੌਕੀਨ ਤੇ ਪੱਥਰ ਦਿਲ ਸਨ ਵਾਰੀ ਵਾਰੀ ਪੱਥਰ ਚੁੱਕ ਕੇ ਮਾਰਦੇ ਰਹੇ। ਨਾਦੀਆ ਦੇ ਸਰੀਰ ਦੇ ਕਈ ਹਿੱਸਿਆਂ ਵਿਚੋਂ ਲਹੂ ਵਗਣ ਲੱਗ ਪਿਆ ਸੀ।
ਜਿਵੇਂ ਜਿਵੇਂ ਪੱਥਰ ਵੱਜਦੇ ਰਹੇ, ਉਹ ਨਿਢਾਲ ਹੁੰਦੀ ਗਈ। ਪਰ ਨਾ ਉਹ ਚੀਕੀ, ਨਾ ਰੋਈ—ਖਾਸੀ ਕਰੜਾਈ ਵਿਖਾਈ ਸੀ ਉਸ ਨੇ। ਕਈ ਪੱਥਰ ਉਸ ਦੇ ਸਿਰ ਵਿਚ ਵੱਜੇ ਤੇ ਖ਼ੂਨ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਬਰਦਾਸ਼ਤ ਦੀ ਵੀ ਇਕ ਹੱਦ ਹੁੰਦੀ ਹੈ। ਜਦੋਂ ਪੱਥਰਾਂ ਦੀ ਵਾਛੜ ਤੇਜ਼ ਹੋ ਗਈ, ਉਸ ਨੇ ਅਗਾਂਹ ਵੱਲ ਹੱਥ ਹਿਲਾ ਹਿਲਾ ਕੇ ਚੀਕਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਦੇ ਹੱਥ ਰੁਕ ਗਏ। ਪਰ ਸਜ਼ਾ ਤਾਂ ਪੁਰੀ ਕਰਨੀ ਹੀ ਪੈਣੀ ਸੀ। ਸੋ ਮੁੜ ਪਥਰਾਅ ਸ਼ੁਰੂ ਹੋ ਗਿਆ।
ਹੁਣ ਨਾਦੀਆ ਅੱਧਮੋਈ ਜਿਹੀ ਹੋ ਚੁੱਕੀ ਸੀ ਤੇ ਕੁਝ ਬੜਬੜਾ ਵੀ ਰਹੀ ਸੀ। ਭੀੜ ਵਿਚੋਂ ਕੋਈ ਕੂਕਿਆ, ''ਰੂਕ ਜਾਓ, ਉਹ ਕੁਝ ਕਹਿ ਰਹੀ ਏ...''
''ਸ਼ਾਇਦ ਉਸ ਦਾ ਨਾਂ ਦੱਸਣਾ ਚਾਹੁੰਦੀ ਏ...''
ਲੋਕਾਂ ਦੇ ਹੱਥ ਰੁਕ ਗਏ। ਉਹਨਾਂ ਦੀਆਂ ਨਜ਼ਰਾਂ ਤੇ ਕੰਨ ਨਾਦੀਆ ਉੱਤੇ ਟਿਕੇ ਹੋਏ ਸਨ। ਹੁਣ ਕੋਈ ਵੀ ਪੱਥਰ ਨਹੀਂ ਸੀ ਮਾਰ ਰਿਹਾ।
ਉਸ ਦਾ ਚਿਹਰਾ ਖ਼ੂਨ ਨਾਲ ਲੱਥ-ਪੱਥ ਹੋਇਆ-ਹੋਇਆ ਸੀ...ਬੁੱਲ੍ਹ ਫਰਕ ਰਹੇ ਸਨ, ਪਰ ਕੋਈ ਆਵਾਜ਼ ਨਹੀਂ ਸੀ ਸੁਣਾਈ ਦੇਂਦੀ।
'ਕੀ ਤੂੰ ਕਿਸੇ ਦਾ ਨਾਂ ਦੱਸਣਾ ਏਂ ?'' ਭੀੜ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ।
ਨਾਦੀਆ ਨੇ ਲਾਲ ਲਾਲ ਅੱਖਾਂ ਨਾਲ ਪਹਿਲਾਂ ਭੀੜ ਵੱਲ ਤੇ ਫੇਰ ਅਸਮਾਨ ਵੱਲ ਤੱਕਿਆ ਤੇ ਫੇਰ ਕੁਝ ਬਰੜਾਈ।
''ਉਹ ਕਿਸੇ ਦਾ ਨਾਂ ਦੱਸ ਰਹੀ ਏ ਸ਼ਾਇਦ...'' ਕਿਸੇ ਨੇ ਕਿਹਾ। ਲੋਕ ਉਸ ਦੇ ਨੇੜੇ ਹੋਣ ਲੱਗ ਪਏ। ਸਭ ਦੇ ਕੰਨ ਉਸੇ ਵੱਲ ਸਨ।
ਜਦੋਂ ਨਾਦੀਆ ਨੇ ਭੀੜ ਵੱਲ ਮੂੰਹ ਕਰਕੇ ਕੁਝ ਬੋਲਣਾ ਚਾਹਿਆ—
'ਧੱਪ...'' ਇਕ ਵੱਡਾ ਸਾਰਾ ਪੱਥਰ ਉਸ ਦੇ ਮੂੰਹ ਉੱਤੇ ਆ ਵੱਜਿਆ। ਉਸ ਦੇ ਨਾਲ ਹੀ ਨਾਦੀਆ ਦੇ ਕੁਝ ਦੰਦ ਵੀ ਹੇਠਾਂ ਆਣ ਡਿੱਗੇ, ਮੂੰਚ ਵਿਚੋਂ ਖ਼ੂਨ ਦੇ ਘਰਾਲੇ ਵਗ ਤੁਰੇ। ਜਿਸਮ ਨੂੰ ਇਕ ਝੱਟਕਾ ਜਿਹਾ ਵੱਜਾ ਤੇ ਉਹ ਮੁੱਕ ਗਈ।
ਲੋਕਾਂ ਨੇ ਪਿਛਾਂਹ ਭੌਂ ਕੇ ਵੇਖਿਆ। ਚੌਧਰੀ ਸਾਹਬ ਖਾਲੀ ਹੱਥ ਖੜ੍ਹੇ ਸਨ।
ਇਹ ਆਖ਼ਰੀ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਿਆ ਸੀ।
     ੦੦੦ ੦੦੦ ੦੦੦  

ਐਕਸ਼ਨ ਰੀਪਲੇ...:: ਲੇਖਕ : ਇਰਸ਼ਦ ਜਾਵੇਦ

ਪਾਕੀ ਉਰਦੂ ਕਹਾਣੀ :
ਐਕਸ਼ਨ ਰੀਪਲੇ
ਲੇਖਕ : ਇਰਸ਼ਦ ਜਾਵੇਦ
ਅਨੁਵਾਦ : ਮਹਿੰਦਰ ਬੇਦੀ


ਅੱਜ ਸੰਦੂਕ ਵਿਚੋਂ ਰੀਟਾਇਰਮੈਂਟ ਵਾਲੇ ਕਾਗਜ਼ ਲੱਭ ਰਿਹਾ ਸਾਂ ਤਾਂ ਚਾਣਚੱਕ ਹੀ ਆਪਣੀ ਪਹਿਲੀ ਐਪੋਆਇੰਟਮੈਂਟ ਦਾ ਪਾਟਿਆ ਪੁਰਾਣਾ ਕਾਗਜ਼ ਵੀ ਲੱਭ ਪਿਆ। ਸਾਰੇ ਕਾਗਜ਼ ਕਮਲੀ ਦੇ ਝਾਟੇ ਵਾਂਗ ਖਿੱਲਰੇ ਪਏ ਸਨ।...ਤੇ ਉਹ ਟਿੱਡੀਆਂ ਖਾਧਾ, ਉਦਾਸ ਜਿਹੀ ਮਹਿਕ ਵਾਲਾ ਲਿਫ਼ਾਫ਼ਾ ਮੇਰੀਆਂ ਉਂਗਲਾਂ ਵਿਚ ਕਿਸੇ ਮਰ ਰਹੇ ਮਰੀਜ਼ ਦੇ ਸਾਹਾਂ ਵਾਂਗ ਅਟਕ ਗਿਆ ਹੈ। ਮੈਨੂੰ ਇੰਜ ਜਾਪਦਾ ਹੈ ਜਿਵੇਂ ਇਹਨਾਂ ਕਾਗਜ਼ਾਂ ਵਿਚਕਾਰ ਹੀ ਮੇਰੀ ਬੀਤੀ ਹੋਈ ਜ਼ਿੰਦਗੀ ਦੇ ਕਈ ਸਾਲ ਕੈਦ ਹਨ। ਮੈਂ ਐਨ ਉਸ ਬੱਚੇ ਵਾਂਗ ਸਹਿਮ ਗਿਆ ਸਾਂ ਜਿਸ ਨੂੰ ਆਪਣੇ ਮਨ-ਪਸੰਦ ਖਿਡੌਣੇ ਦੇ ਖੁੱਸ ਜਾਣ ਦਾ ਧੜਕੂ ਲੱਗ ਗਿਆ ਹੋਵੇ। ਜ਼ਿੰਦਗੀ ਦੇ ਬੀਤੇ ਹੋਏ ਦਿਨ, ਮਹੀਨੇ ਤੇ ਸਾਲ ਮੈਨੂੰ ਕਿਸੇ ਖੇਡ ਨਾਲੋਂ ਘੱਟ ਨਹੀਂ ਜਾਪਦੇ ਪਏ।
ਮੇਰੇ ਜਿਸਮ ਦੀ ਸਾਰੀ ਗਰਮੀ ਮੇਰੇ ਪੈਰਾਂ ਵਿਚ ਸੁਲਗ ਰਹੀ ਹੈ। ਮੈਂ ਆਪਣੇ ਚਿਹਰੇ ਤੋਂ ਆਪਣੀ ਉਮਰ ਦੀ ਧੂੜ ਪੂੰਝ ਰਿਹਾ ਆਂ ਮੇਰੇ ਸਾਰੇ ਚਿਹਰੇ ਉੱਤੇ ਉਮਰ ਦੀ ਸਫ਼ੈਦੀ ਪੱਸਰੀ ਹੋਈ ਹੈ। ਮੇਰੇ ਸਿਰ ਉੱਤੇ ਬਜ਼ੁਰਗੀ ਦੀ ਦਸਤਾਰ ਬੱਝ ਚੁੱਕੀ ਹੈ ਤੇ ਚਿਹਰਾ ਮੌਤ ਦੇ ਅਚੇਤਨ ਭੈ ਸਦਕਾ ਚਿੱਟੇ ਲੱਠੇ ਵਰਗੀ ਦਾੜ੍ਹੀ ਵਿਚ ਲਿਪਟਿਆ ਹੋਇਆ ਹੈ...ਤੇ ਸਾਰੀ ਦੇਹ ਰੂੰ ਦੇ ਤੂੰਬਿਆਂ ਨਾਲ ਕੱਜੀ ਹੋਈ ਹੈ; ਖਾਮੋਸ਼ ਖੁੱਲ੍ਹਾ ਲਿਫ਼ਾਫ਼ਾ ਮੇਰੇ ਸਾਹਮਣੇ ਹੈ, ਸ਼ਾਇਦ ਇਸ ਨੇ ਵੀ ਉਮਰ ਦਾ ਲਿਹਾਜ਼ ਕਰਨਾ ਸਿੱਖ ਲਿਆ ਹੈ ਜਾਂ ਮੇਰੇ ਬੁਢੇਪੇ 'ਤੇ ਇਸ ਨੂੰ ਤਰਸ ਆ ਗਿਆ ਹੈ। 'ਅਹਿ ਕੌਣ ਏਂ, ਜਿਸਨੇ ਮੇਰੀਆਂ ਅੱਖਾਂ ਵਿਚ ਹੈਰਾਨੀ ਦੇ ਸੂਰਜ ਉਗਾਅ ਦਿੱਤੇ ਨੇ? ਸ਼ਬਦਾਂ ਦੀ ਸ਼ਹਿਜ਼ਾਦੀ ਮੇਰੇ ਸਾਹਮਣੇ ਆਣ ਕੇ ਖਲੋ ਗਈ ਏ।'
ਪਿਆਰੇ ਜੁਗਨੂੰ ਸਾਹਬ—
ਆਪਣੇ ਜਜ਼ਬਿਆਂ ਨੂੰ ਸ਼ਬਦਾਂ ਦੀ ਲੜੀ ਵਿਚ ਮੋਤੀਆਂ ਵਾਂਗ ਕਿੰਜ ਪਰੋਈਦਾ ਏ...ਮੈਨੂੰ ਨਹੀਂ ਪਤਾ! ਇਹ ਹੱਥ ਤਾਂ ਸੱਚ-ਤੱਥ ਲਿਖਣ ਲੱਗਿਆਂ ਵੀ ਕੰਬ ਰਹੇ ਨੇ। ਨਿੱਕੜੀ (ਪੂਨਮ) ਨੇ ਦੱਸਿਆ ਕਿ ਭਾਈਜਾਨ (ਯਾਨੀ ਤੁਸੀਂ) ਇਕ ਬਹੁਤ ਵੱਡੇ ਅਫ਼ਸਰ ਬਣਨ ਵਾਲੇ ਹੋ। ਉਹ ਮੈਨੂੰ ਵਧਾਈਆਂ ਦੇ ਰਹੀ ਸੀ। ਹਾਲਾਂਕਿ ਅਜੇ ਉਹ ਖੁਸ਼ੀ ਦੇ ਸਹੀ ਅਰਥਾਂ ਤੋਂ ਅਣਜਾਣ ਹੈ...।
ਇਹ ਖ਼ਬਰ ਸੁਣ ਕੇ ਮੈਨੂੰ ਇੰਜ ਜਾਪਿਆ ਜਿਵੇਂ ਮੇਰੀ ਜ਼ਿੰਦਗੀ 'ਚੋਂ ਖੁਸ਼ੀਆਂ 'ਫੁਰ -ਰ' ਕਰਕੇ ਉੱਡ ਗਈਆਂ ਹੋਣ। ਸੀਨੇ ਅੰਦਰ ਉਥਲ-ਪੁਥਲ ਹੋ ਰਹੀ ਹੈ ਤੇ ਲਹੂ-ਗੇੜ ਉੱਛਲੇ ਹੋਏ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਹੈ। ਲੋਕ ਇਹਨਾਂ ਜਜ਼ਬਿਆਂ ਨੂੰ ਕੀ ਨਾਂ ਦੇਂਦੇ ਨੇ ਭਲਾ?
ਕੀ ਅਗਮ ਖੁਸ਼ੀ ਇਹੀ ਤਾਂ ਨਹੀਂ ਹੁੰਦੀ? ਮੈਨੂੰ ਸਾਰੇ ਜਜ਼ਬਿਆਂ ਤੋਂ ਜਾਣੂ ਕਰਵਾ ਦਿਓ...ਜ਼ਿੰਦਗੀ ਦੀਆਂ ਰਾਹਾਂ ਵਿਚ, ਨਿਗੂਣੀ ਜਿਹੀ ਮੈਂ ਜਜ਼ਬਿਆਂ ਦੇ ਥਾਲ ਵਿਚ ਉਮੀਦਾਂ ਦੀ ਸੀਰਨੀ ਵੰਡਾਂਗੀ ਕਿਉਂਕਿ ਅੱਜ ਮੇਰਾ ਜੁਗਨੂੰ ਵੱਡਾ ਬਾਬੂ ਬਣ ਗਿਆ ਏ।
ਚੰਨਿਆਂ! ਮੈਂ ਤੈਨੂੰ ਜ਼ਰੂਰ ਮਿਲਣ ਆਉਂਦੀ ਪਰ ਚਾਚੀ ਹਲੀਮਾ ਮੈਨੂੰ ਦੁਸ਼ਮਨ ਦੀਆਂ ਨਜ਼ਰਾਂ ਨਾਲ ਵਿਹੰਦੀ ਏ। ਜੇ ਕਿਤੇ ਏਸ ਹਸਤੀ ਦੀ ਮੁਰਾਦ ਉਹ ਤੋਂ ਹੁੰਦੀ!...ਖ਼ੈਰ ਤੂੰ ਆ ਜਾਵੀਂ। ਆਪਣੀ ਕਾਮਯਾਬੀ ਦੀ ਖ਼ਬਰ ਸੁਣਾਉਣ ਬਹਾਨੇ। ਪਾਪਾ ਤੇ ਅੰਮੀ ਨੂੰ ਵੀ ਤਾਂ ਤੇਰੀ ਉਡੀਕ ਰਹਿੰਦੀ ਏ।
         ਤੇਰੀ....
          'ਸੰਬਲ' '
ਸ਼ਬਦਾਂ ਦੀਆਂ ਲੜੀਆਂ ਟੁੱਟ ਚੁੱਕੀਆਂ ਨੇ। ਮੇਰੇ ਅੰਦਰਲਾ ਜੁਗਨੂੰ ਮੇਰੀ ਹਸਤੀ ਦੇ ਖੋਖੋ ਵਿਚੋਂ ਬਾਹਰ ਝਾਕ ਰਿਹਾ ਹੈ। ਹਾਏ! ਇਸ ਉਮਰ ਦੀ ਮੁੱਠੀ ਵਿਚੋਂ ਜਵਾਨੀ ਦੀ ਰੇਤ ਕਿੰਜ ਕਿਰ ਗਈ...! ਆਪਣੇ ਜਾਣੇ ਮੈਂ ਇਕ ਵੀ ਵਿਰਲ ਨਹੀਂ ਸੀ ਰਹਿਣ ਦਿੱਤੀ। ਸ਼ਾਇਦ ਅਜਿਹੀ ਹੀ ਕਿਸੇ ਘੁਟਨ ਸਦਕਾ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ।
ਕਿੱਥੇ ਰੁਲ ਗਿਆ ਹਾਂ ਮੈਂ? ਮੈਂ...ਮੈਂ ਰਿਟਾਇਰਡ ਡਿਪਟੀ ਕਮਿਸ਼ਨਰ ਨਹੀਂ ਰਹਾਂਗਾ...ਮੁੜ ਜੁਗਨੂੰ ਬਣ ਜਾਵਾਂਗਾ। ਮੈਂ ਕਿਸੇ ਦਾ ਬਾਪ ਨਹੀਂ, ਕਿਸੇ ਦਾ ਬੇਟਾ ਨਹੀਂ...ਨਾ ਕਿਸੇ ਦਾ ਭਰਾ ਹਾਂ।
ਹਾਂ-ਹਾਂ, ਮੈਂ ਜਾਬਰ ਅਲੀ ਡਿਪਟੀ ਕਮਿਸ਼ਨਰ ਵੀ ਨਹੀਂ...ਹਾਂ ਤਾਂ ਸਿਰਫ ਆਪਣੀ ਸੰਬਲ ਦਾ ਜੁਗਨੂੰ ਹਾਂ। ਮੈਂ ਆਪਣੀ ਉਮਰ ਦੀ ਬਗਲੀ 'ਚੋਂ ਝੂਠੀ ਮਾਣ-ਮਰਿਆਦਾ ਦੇ ਸਾਰੇ ਸਿੱਕੇ ਆਪਣੇ ਸੁਪਨਿਆਂ ਦੀ ਦਹਿਲੀਜ਼ ਤੋਂ ਪਾਰ ਸੁੱਟ ਦੇਣਾ ਚਾਹੁੰਦਾ ਹਾਂ।
ਖ਼ਤ ਮੇਰੇ ਪੋਟਿਆਂ ਦੀ ਤਪਸ਼ ਨਾਲ ਪੀਲਾ ਪੈਣ ਲੱਗ ਪਿਆ ਹੈ। ਇਹ ਖ਼ਤ...ਤੌਬਾ ਮੇਰੀ...ਇਹ ਮੇਰੇ ਸ਼ਬਦ !
ਸੰਬਲ ਪਿਆਰੀਏ,
ਟਰੇਨਿੰਗ 'ਤੇ ਜਾਣ ਤੋਂ ਪਹਿਲਾਂ ਮੈਂ ਆਪਣੀਆਂ ਕਿਤਾਬਾਂ ਮੇਜ਼ ਉਪਰ ਰੱਖ ਰਿਹਾ ਸਾਂ ਕਿ ਰਸਾਲੇ ਹੇਠ ਪਿਆ ਇਕ ਰੁੱਕਾ ਮਿਲਿਆ। ਮੈਂ ਝੱਟ ਸਮਝ ਲਿਆ, ਸਾਰੀ ਪੁਰਗੋਸੀ ਦੀ ਮਿਹਰਬਾਨੀ ਹੈ।
ਪਰ ਉਹ ਹਵਾ ਦੇ ਬੁੱਲ੍ਹੇ ਵਾਂਗ ਕਦੋਂ ਆਈ ਤੇ ਕਦੋਂ ਤੇਰਾ ਰੁੱਕਾ ਇੱਥੇ ਰੱਖ ਗਈ !!
ਚੰਨੀਏਂ ! ਤੂੰ ਸੰਬਲ ਏਂ ਨਾ...ਤਦੇ ਤਾਂ ਮੇਰੇ ਕਮਰੇ ਅੰਦਰ ਇਕ ਮਹਿਕ ਜਿਹੀ ਵੱਸੀ ਰਹਿੰਦੀ ਹੈ। ਗ਼ੁਲਾਬ ਦੀ ਕਿਸਮਤ ਹਵਾ ਦੇ ਹੱਥ ਹੁੰਦੀ ਏ...ਉਹ ਜਿੱਥੋਂ ਤਾਈਂ ਚਾਹੇ ਉਸ ਦੀ ਮਹਿਕ ਪਹੁੰਚਾ ਦੇਵੇ।
ਤੂੰ ਮੇਰੀ ਕਾਮਯਾਬੀ ਦੀ ਖਬਰ ਸੁਣ ਕੇ ਉਦਾਸ ਹੋ ਗਈ—ਪਰ ਕਿਉਂ? ਪਰ ਮੈਂ ਤਾਂ ਤੈਨੂੰ ਵਧਾਈਆਂ ਦੇਣ ਵਾਲਾ ਸਾਂ ਕਿ ਇਹ ਕਾਮਯਾਬੀ ਤੇਰੇ ਪਿਆਰ ਦੇ ਅਥਾਹ-ਅਸੀਮ ਸਮੂੰਦਰ ਦੀਆਂ ਮੰਨਤਾਂ ਤੇ ਸੁੱਖਨਾਵਾਂ ਦਾ ਨਤੀਜਾ ਏ। ਜੇ ਤੇਰੇ ਪਿਆਰ ਨੇ ਮੇਰੇ ਮਨ ਨੂੰ ਤਾਜ਼ਗੀ ਨਾ ਬਖ਼ਸ਼ੀ ਹੁੰਦੀ ਤਾਂ ਮੈਂ ਜ਼ਿੰਦਗੀ ਦੇ ਦੂਸਰੇ ਕਿਨਾਰੇ ਖੜ੍ਹਾ ਆਪਣੀ ਬਦਨਸੀਬੀ ਉੱਤੇ ਹੰਝੂ ਕੇਰ ਰਿਹਾ ਹੁੰਦਾ...ਮੇਰਾ ਖ਼ਿਆਲ ਹੈ ਇਹ ਸਾਰੀ ਖੁਸ਼ਨਸੀਬੀ ਆਪਣੀ ਸੱਚੀ ਮੁਹੱਬਤ ਦੇ ਸਿੱਟੇ ਵਜੋਂ ਹੀ ਹੈ। ਭਲਾ ਮੈਨੂੰ ਇੰਜ ਕਰਨ ਦੀ ਤਾਕਤ ਕਿਸ ਦਿੱਤੀ...? ਕਈ ਵਾਰੀ ਆਪਣੇ ਹੱਥ ਦੀਆਂ ਲਕੀਰਾਂ ਵਲ ਵਿੰਹਦਾ ਹਾਂ ਤਾਂ ਸਫਲਤਾ ਦੀ ਜਿਹੜੀ ਲਕੀਰ ਦਿਸਦੀ ਏ ਮੈਨੂੰ, ਮੈਂ ਉਸ ਨੂੰ ਸੰਬਲ ਕਹਿੰਦਾ ਹਾਂ...ਕਿਉਂਕਿ ਤੇਰੇ ਪਵਿੱਤਰ ਪਿਆਰ ਨੇ ਹੀ ਮੇਰੀ ਰੂਹ ਦੀ ਨੁਹਰ ਘੜੀ ਹੈ ਤੇ ਮੇਰੇ ਦਿਲ-ਦਿਮਾਗ਼ ਨੂੰ ਜ਼ਿੰਦਗੀ ਦੇ ਨਵੇਂ-ਨਵੇਂ ਰਾਹਾਂ ਤੋਂ ਜਾਣੂ ਕਰਵਾਇਆ ਹੈ।...ਮੇਰੇ ਜਿਸਮ ਵਿਚ ਕੈਦ ਸਾਹਾਂ ਨੂੰ ਸਿਰਫ ਇੱਕੋ ਚਾਬੀ ਲੱਗਦੀ ਹੈ...ਤੇਰੇ ਪਿਆਰ ਦੀ, ਤੇਰੇ ਨਾਂਅ ਦੀ ਚਾਬੀ...
...ਕਿਉਂਕਿ ਤੂੰ ਮੇਰੀ ਜ਼ਿੰਦਗੀ 'ਚ ਇਕ ਅਲੌਕਿਕ ਤਾਕਤ ਦਾ ਪ੍ਰਤੀਕ ਬਣ ਕੇ ਆਈ ਸੈਂ। ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਡੇ ਵਿਚਕਾਰ ਕੋਈ ਬਰੂਟਸ, ਨਫ਼ਰਤ ਦੀ ਕੰਧ ਨਹੀਂ ਉਸਾਰ ਸਕਦਾ। ਕਿਉਂਕਿ ਮੈਂ ਆਪਣੇ ਇਕੱਲੇ ਨਾਂਅ ਦੇ ਨਾਲ ਤੇਰਾ ਨਾਂਅ ਵੀ ਲਿਖਣਾ ਸ਼ੁਰੂ ਕਰ ਦਿੱਤਾ ਏ।...ਆਪਣੀ ਬੇਕਰਾਰੀ ਲਿਖ ਕੇ ਦੱਸ ਸਕਣ ਦੇ ਹੁਨਰ ਤੋਂ ਅਣਜਾਣ ਹਾਂ।
ਮੈਂ ਆਪਣੇ ਸਾਹਾਂ ਵਿਚ ਤੇਰੀ ਮਹਿਕ ਮਹਿਸੂਸ ਕਰ ਰਿਹਾ ਹਾਂ—ਚੰਗੀਏ ਸੰਬਲੇ, ਮੇਰੀ ਉਡੀਕ ਕਰੀਂ।
          ਜੁਗਨੂੰ। '
ਤੇ ਇਹ ਪੈਂਤੀ ਸਾਲ ਸੁੰਦਰ ਸੁਪਨੇ ਵਾਂਗ ਬੀਤ ਗਏ ਨੇ। ਮੇਰੇ ਦਿਨ ਤੇ ਦਿਮਾਗ਼ ਵਿਚ ਹੈਰਾਨੀਆਂ ਦੇ ਵਾ-ਵਰੋਲੇ ਉੱਠਦੇ ਨੇ ਤੇ ਅਲੋਪ ਹੋ ਜਾਂਦੇ ਨੇ। ਮੇਰੇ ਸਿਰ ਉੱਤੇ ਟਿਕੀ ਹੋਈ ਬਜ਼ੁਰਗੀ ਦੀ ਦਸਤਾਰ ਦੇ ਲੜ ਖੁੱਲ੍ਹਦੇ ਜਾ ਰਹੇ ਨੇ। ਮੈਂ ਉਮਰ ਦੀ ਸਫ਼ੈਦ ਧੂੜ ਨਾਲ ਭਰਿਆ ਹੋਇਆ ਆਪਣਾ ਚਿਹਰਾ ਯਾਦਾਂ ਦੀ ਤਰੇਲ ਨਾਲ ਧੋ ਰਿਹਾ ਹਾਂ। ਮੈਂ ਇਹਨਾਂ ਦੋਵਾਂ ਲਿਖਤਾਂ ਨਾਲ ਪੈਂਤੀ ਸਾਲਾਂ ਦਾ ਸਫਰ ਮੁਕਾਇਆ ਹੈ।
ਆਵਾਜ਼ ਦਾ ਇਕ ਗੋਲਾ ਐਨ ਮੇਰੇ ਨੇੜੇ ਪਾਟਿਆ।
'ਅੰਮੀ ਆ ਜਾਓ ਨਾ !'' ਵੱਡੀ ਨੂੰਹ ਚਾਹ ਪੀਣ ਲਈ ਬੁਲਾ ਰਹੀ ਹੈ।
ਬੱਚਿਆਂ ਦੀ ਚੀਕਾ-ਰੌਲੀ ਮੇਰੀ ਉਮਰ ਦਾ ਪਿੱਛਾ ਕਰ ਰਹੀ ਹੈ।
''ਦਾਦਾ ਜੀ ਨੂੰ ਵੀ ਬੁਲਾਵੋ ਨਾ...ਉਹ ਵੀ ਕ੍ਰਿਕਟ ਮੈਚ ਦਾ ਐਕਸ਼ਨ-ਰੀਪਲੇ ਵੇਖ ਲੈਣ।''
ਮੇਰੀ ਸਾਰੀ ਉਮਰ ਕਿਸੇ ਬਾਰੂਦੀ ਸੁਰੰਗ ਵਾਂਗ ਮੇਰੇ ਦਿਮਾਗ਼ ਵਿਚ ਫਟ ਜਾਂਦੀ ਹੈ। ਕੱਲ੍ਹ ਦੀ ਮਲੂਕ ਸੰਬਲ ਅੱਜ ਬੱਚਿਆਂ ਦੀ ਦਾਦੀ ਬਣੀ ਮੇਰੇ ਸਾਹਾਮਣੇ ਖੜ੍ਹੀ ਹੈ। ਆਵਾਜ਼ਾਂ ਦੇ ਪਟਾਖੇ ਅਜੇ ਤਾਈਂ ਹਵਾਂ ਵਿਚ ਫੁੱਟ ਰਹੇ ਨੇ। 'ਦਾਦਾ ਜੀ...ਐਕਸ਼ਨ-ਰੀਪਲੇ ਵੇਖ ਲੈਣ।' ਪਾਟੀਆਂ-ਪੁਰਾਣੀਆਂ ਲਿਖਤਾਂ ਹੱਥੋਂ ਛੁੱਟ ਕੇ ਹੇਠਾਂ ਡਿੱਗ ਪੈਂਦੀਆਂ ਨੇ।
ਸੰਬਲ ਦੀਆਂ ਅੱਖਾਂ ਪਲ ਵਿਚ ਵਰ੍ਹਿਆਂ ਦਾ ਪੰਧ ਮੁਕਾਅ ਆਈਆਂ ਨੇ! ਕਾਸ਼! ਮੈਂ ਤੀਹ ਪੈਤੀ ਸਾਲ ਪੁਰਾਣਾ ਐਕਸ਼ਨ-ਰੀਪਲੇ ਵੇਖ ਸਕਦਾ!
     ੦੦੦ ੦੦੦ ੦੦੦