Monday, April 26, 2010

ਮੈਨੂੰ ਮੁਕਤੀ ਦੇ ਦੇ... :: ਲੇਖਕ : ਤੇਜੇਂਦਰ ਸ਼ਰਮਾ

ਮੈਨੂੰ ਮੁਕਤੀ ਦੇ ਦੇ... :: ਲੇਖਕ : ਤੇਜੇਂਦਰ ਸ਼ਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ : ਮੋਬਾਇਲ : 9417730600.


ਰਮੇਸ਼ ਨਾਥ ਕਹਾਣੀ ਲਿਖਣ ਵਿਚ ਵਿਅਸਤ ਸੀ। ਬਾਹਰੋਂ ਯੂਕਲਿਪਟਸ ਦੇ ਰੁੱਖਾਂ ਨਾਲ ਕਲੋਲ ਕਰਦੀ ਠੰਡੀ ਹਵਾ ਬੇਮੁਹਾਰੀ ਕਮਰੇ ਵਿਚ ਆਣ ਵੜਦੀ ਸੀ...ਤੇ ਯੂਕਲਿਪਟਸ ਦੀ ਨਿੰਮ੍ਹੀ-ਨਿੰਮ੍ਹੀ ਗੰਧ ਸਦਕਾ ਉਸਦੀਆਂ ਨਾਸਾਂ ਫੜਕਣ ਲੱਗ ਪੈਂਦੀਆਂ ਸਨ। ਦੂਰੋਂ ਕਿਸੇ ਕੁੱਤੇ ਦੇ ਰੋਣ ਦੀ ਆਵਾਜ਼ ਆਈ। ਰਮੇਸ਼ ਨਾਥ ਨੂੰ ਜਿਵੇਂ ਕੁੱਤੇ ਦਾ ਰੋਣਾ ਸੁਣਿਆ ਹੀ ਨਹੀਂ ਸੀ। ਉਹ ਤਾਂ ਕਹਾਣੀ ਲਿਖਣ ਵਿਚ ਰੁੱਝਿਆ ਹੋਇਆ ਸੀ।
ਅੱਜ ਸ਼ਾਮੀਂ ਉਸਨੇ ਸਿਰਫ ਤਿੰਨ ਪੈਗ ਹੀ ਪੀਤੇ ਸਨ। ਜਿਸ ਰਾਤ ਲਿਖਣਾ ਹੁੰਦਾ ਹੈ, ਉਹ ਇਵੇਂ ਹੀ ਤਿੰਨ ਪੈਗ ਲੈਂਦਾ ਹੈ। ਨਹੀਂ ਤਾਂ 'ਬਾਟਮਜ਼ ਅੱਪ' ਕੀਤੇ ਬਿਨਾਂ ਉਠਦਾ ਹੀ ਨਹੀਂ। ਸ਼ਾਮ ਦੇ ਤਿੰਨ ਪੈਗਾਂ ਦਾ ਸਰੂਰ, ਯੂਕਲਿਪਟਸ ਦੀ ਗੰਧ ਤੇ ਰਾਤ ਦਾ ਇਕੱਲਾਪਨ...ਕੁੱਲ ਮਿਲਾਅ ਕੇ ਰਮੇਸ਼ ਨਾਥ ਲਈ ਲਿਖਣ ਦਾ ਜਬਰਦਸਤ ਮਾਹੌਲ ਬਣਿਆ ਹੋਇਆ ਸੀ।
ਕਲਮ ਕਾਗਜ਼ ਉੱਤੇ ਦੌੜ ਰਹੀ ਸੀ। ਰਮੇਸ਼ ਨਾਥ ਕਹਾਣੀ ਪਹਿਲਾਂ ਆਪਣੇ ਦਿਮਾਗ਼ ਵਿਚ ਪੱਕੀ ਕਰ ਲੈਂਦਾ ਹੈ। ਕਾਗਜ਼ ਉੱਤੇ ਕਹਾਣੀ ਓਦੋਂ ਉਤਰਦੀ ਹੈ, ਜਦੋਂ ਪੂਰੀ ਕਹਾਣੀ ਉਸਦੇ ਦਿਮਾਗ਼ ਵਿਚ ਲਿਖੀ ਜਾ ਚੁੱਕੀ ਹੁੰਦੀ ਹੈ। ਇਸੇ ਕਰਕੇ ਰਮੇਸ਼ ਨਾਥ ਕਹਾਣੀ ਨੂੰ ਇਕ ਜਾਂ ਦੋ ਸਿਟਿੰਗਜ਼ ਵਿਚ ਪੂਰਾ ਕਰ ਲੈਂਦਾ ਹੈ। ਉਸਦੀ ਕਹਾਣੀ ਕਦੀ ਵੀ ਵਿਚਾਰਾਂ ਦੀ ਕਮੀ ਕਾਰਨ ਅਧੂਰੀ ਨਹੀਂ ਰਹੀ।
ਅੱਜ ਦੀ ਕਹਾਣੀ ਦਾ ਵਿਸ਼ਾ ਵੀ ਉਸਦਾ ਪਿਆਰਾ ਵਿਸ਼ਾ ਹੈ...ਪਤੀ-ਪਤਨੀ ਸੰਬੰਧ! ਰਮੇਸ਼ ਨਾਥ ਇਸ ਵਿਸ਼ੇ ਉੱਤੇ ਏਨੀਆਂ ਕਹਾਣੀਆਂ ਲਿਖ ਚੁੱਕਿਆ ਹੈ ਕਿ ਇਸ ਵਿਸ਼ੇ ਉੱਤੇ ਕਿਸੇ ਵੀ ਯੂਨੀਵਰਸਟੀ ਵੱਲੋਂ ਉਸਨੂੰ ਡਾਕਟਰੇਟ ਦੀ ਡਿਗਰੀ ਮਿਲ ਸਕਦੀ ਹੈ। 'ਪਤੀ-ਪਤਨੀ ਤੇ ਉਹ' ਵਾਲਾ ਫਾਰਮੂਲਾ ਰਮੇਸ਼ ਨਾਥ ਲਈ ਸਦਾ ਬਹਾਰ ਫਾਰਮੂਲਾ ਰਿਹਾ ਹੈ। ਇਹ ਵਿਸ਼ਾ ਤਾਂ ਕਦੀ ਵੀ ਪੁਰਾਣਾ ਨਹੀਂ ਹੋ ਸਕਦਾ ਤੇ ਰਮੇਸ਼ ਨਾਥ ਦੀਆਂ ਮਹੱਤਵਪੂਰਨ ਲਿਖਤਾਂ ਇਸੇ ਦੇ ਆਲੇ ਦੁਆਲੇ ਘੁੰਮਦੀਆਂ ਨੇ।
ਕਹਾਣੀ ਇਕ ਮਹੱਤਵਪੂਰਨ ਮੋੜ 'ਤੇ ਪਹੁੰਚ ਚੁੱਕੀ ਹੈ। ਰਮੇਸ਼ ਨਾਥ ਦੀ ਕਲਮ ਤੇ ਦਿਮਾਗ਼ ਪੂਰੀ ਤਰ੍ਹਾਂ ਲਿਖਣ ਵਿਚ ਰੁੱਝਿਆ ਹੋਇਆ ਹੈ। ਯਕਦਮ ਉਸਨੂੰ ਲੱਗਿਆ ਉਸਨੂੰ ਨੀਂਦ ਆਉਣ ਲੱਗ ਪਈ ਹੈ। ਇੰਜ ਤਾਂ ਘੱਟ ਹੀ ਹੁੰਦਾ ਹੈ ਕਿ ਉਹ ਕਹਾਣੀ ਲਿਖਣ ਬੈਠੇ ਤੇ ਉਸਨੂੰ ਨੀਂਦ ਆ ਜਾਏ। ਫੇਰ ਅੱਜ? ਆਪਣੇ ਆਪ ਉੱਤੇ ਖਿਝ ਜਿਹੀ ਚੜ੍ਹਨ ਲੱਗ ਪਈ। ਫੇਰ ਸੋਚਿਆ ਕੱਲ੍ਹ ਤਾਂ ਦਫ਼ਤਰ ਵਿਚ ਛੁੱਟੀ ਹੈ, ਚਲੋ ਬਾਕੀ ਕਹਾਣੀ ਕੱਲ੍ਹ ਪੂਰੀ ਕਰ ਲਵਾਂਗਾ।
ਬਿਸਤਰੇ ਉਤੇ ਲਤਾ ਪਹਿਲਾਂ ਹੀ ਸੁੱਤੀ ਹੋਈ ਸੀ। ਉਸਦੀ ਚਾਦਰ, ਕੀ ਕੱਪੜੇ...ਸਭ ਕਾਸੇ ਵਿਚ ਜ਼ਿੰਦਗੀ ਦੀਆਂ ਥੁੜਾਂ, ਛੇਕ ਤੇ ਟਾਕੀਆਂ ਬਣ ਕੇ ਟੰਗੇ ਹੋਏ ਸਨ। ਇਸ ਸਮੇਂ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਬੜੀ ਦੂਰ ਕਿਸੇ ਹੋਰ ਦੁਨੀਆਂ ਦੀ ਯਾਤਰਾ 'ਤੇ ਨਿਕਲੀ ਜਾਪਦੀ ਸੀ। ਰਮੇਸ਼ ਨਾਥ ਇਕ ਟੱਕ ਲਤਾ ਦੇ ਚਿਹਰੇ ਵੱਲ ਦੇਖਣ ਲੱਗਾ। ਰੋਜ਼ ਵਾਂਗ ਹੀ ਅੱਜ ਵੀ ਉਹ ਦਫ਼ਤਰੋਂ ਆਉਂਦਾ ਹੋਇਆ ਲੇਟ ਹੋ ਗਿਆ ਸੀ। ਹੁਣ ਦੋ ਬੱਚਿਆਂ ਪਿੱਛੋਂ ਲਤਾ ਨੇ ਵੀ ਪੁੱਛਣਾ ਬੰਦ ਕਰ ਦਿੱਤਾ ਸੀ ਕਿ ਦੇਰ ਕਿਉਂ ਹੋਈ...।
ਵਿਆਹ ਤੋਂ ਕੁਝ ਦਿਨ ਬਾਅਦ ਤਾਂ ਰਮੇਸ਼ ਨਾਥ ਨੇ ਦਫ਼ਤਰ, ਦੋਸਤਾਂ, ਜਾਣ-ਪਛਾਣ ਵਾਲਿਆਂ...ਸਭਨਾਂ ਤੋਂ ਛੁੱਟੀ ਲੈ ਲਈ ਸੀ। ਸਿਰਫ ਲਤਾ ਤੇ ਖ਼ੁਦ ਰਮੇਸ਼ ਨਾਥ; ਹੋਰ ਕੋਈ ਨਹੀਂ। ਲਤਾ ਲਈ ਤਾਂ ਪ੍ਰੇਮ-ਵਿਆਹ ਹੀ ਸੀ...ਪਰ ਕੀ ਸਿਰਫ ਲਤਾ ਨਾਲ ਹੀ ਪ੍ਰੇਮ ਕੀਤਾ ਸੀ ਉਹਨੇ! ਵਿਆਹ ਤਾਂ ਕਿਸੇ ਨਾਲ ਵੀ ਹੋ ਸਕਦਾ ਸੀ। ਪਿਆਰ ਤਾਂ ਉਹ ਸੁਮਿੱਤਰਾ ਨੂੰ ਵੀ ਕਰਦਾ ਸੀ, ਫੇਰ ਅਵਿਨਾਸ਼ ਕੌਰ ਵੀ ਤਾਂ ਉਸਦੀਆਂ ਕਹਾਣੀਆਂ ਦੀ ਦੀਵਾਨੀ ਸੀ...ਉਹ ਤਾਂ ਉਸ ਲਈ ਕੁਝ ਵੀ ਕਰਨ ਸਕਦੀ ਸੀ। ਕਰੁਣਾ ਵੀ ਤਾਂ ਉਸਨੂੰ ਕਿੰਨਾ ਚਾਹੁੰਦੀ ਸੀ। ਉਸਦੇ ਪਿਤਾ ਕੋਲ ਤਾਂ ਪੈਸਾ ਵੀ ਬੜਾ ਸੀ। ਫੇਰ ਲਤਾ ਹੀ ਕਿਉਂ? ਸ਼ਾਇਦ ਕਿਸੇ ਇਕ ਛਿਣ ਦੀ ਕਮਜ਼ੋਰੀ ਹੀ ਇਸਦਾ ਕਾਰਨ ਹੋ ਸਕਦੀ ਹੈ। ਇਸੇ ਲਈ ਲਤਾ ਦੀ ਏਨੀ ਪ੍ਰਵਾਹ ਵੀ ਨਹੀਂ ਸੀ ਕਰਦਾ। ਔਰਤ-ਦੋਸਤਾਂ ਦੀ ਕਮੀ ਨਾ ਤਾਂ ਪਹਿਲਾਂ ਹੀ ਕਦੀ ਸੀ, ਨਾ ਅੱਜ ਹੀ ਹੈ।
ਪਰ ਲਤਾ ਤਾਂ ਵਿਆਹਤਾ ਪਤਨੀ ਹੈ।...ਸੋ ਪਤਨੀ ਦੇ ਅਧਿਕਾਰ ਤਾਂ ਲਤਾ ਨੂੰ ਹੀ ਮਿਲਣਗੇ। ਤੇ ਰਮੇਸ਼ ਨਾਥ ਦੇ ਘਰ, ਪਤਨੀ ਦਾ ਸਭ ਤੋਂ ਵੱਡਾ ਅਧਿਕਾਰ ਸੀ...'ਆਪਣੇ ਆਪ ਨੂੰ ਜ਼ਿੰਦਗੀ ਦੀਆਂ ਲੋੜਾਂ-ਥੁੜਾਂ ਦੀ ਆਦੀ ਬਣਾਅ ਲੈਣਾ।' ਰਮੇਸ਼ ਨਾਥ ਦੀ ਤਨਖ਼ਾਹ ਦਾ ਵੱਡਾ ਹਿੱਸਾ ਤਾਂ ਪ੍ਰੈੱਸ ਕਲੱਬ ਦੇ ਸ਼ਰਾਬ ਦੇ ਬਿੱਲਾਂ ਵਿਚ ਚਲਾ ਜਾਂਦਾ ਹੈ। ਬੱਚਿਆਂ ਲਈ ਦੁੱਧ, ਉਹਨਾਂ ਦੇ ਸਕੂਲ ਦੀ ਫੀਸ, ਕਿਤਾਬਾਂ, ਕੱਪੜੇ ਸਭ ਦੂਸਰੇ ਦਰਜੇ ਦੀਆਂ ਲੋੜਾਂ ਨੇ।
ਕਈ ਵਾਰੀ ਤਾਂ ਲੱਗਣ ਲੱਗਦਾ ਹੈ ਕਿ ਰਮੇਸ਼ ਨਾਥ ਭਾਰਤ ਸਰਕਾਰ ਦਾ ਹੀ ਇਕ ਪ੍ਰਤੀਕ ਹੈ। ਦੇਸ਼ ਵਿਚ ਕਰੋੜਾਂ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਘਿਸਟ ਰਹੇ ਨੇ, ਪਿਸ ਰਹੇ ਨੇ। ਬੱਚੇ, ਬੁੱਢੇ ਤੇ ਔਰਤਾਂ ਭੁੱਖੇ ਸੌਂਦੇ ਤੇ ਮਰ ਜਾਂਦੇ ਨੇ। ਭਰਿਸ਼ਟਾਚਾਰ ਆਪਣਾ ਫ਼ਨ ਹਰ ਦਿਮਾਗ਼ ਵਿਚ ਫੈਲਾਈ ਖੜ੍ਹਾ ਹੈ, ਤੇ ਭਾਰਤ ਸਰਕਾਰ ਰੰਗੀਨ-ਟੈਲੀਵਿਜ਼ਨ ਸੈਂਟਰ ਖੋਲ੍ਹਣ ਵਿਚ ਰੁੱਝੀ ਹੋਈ ਹੈ। ਇਕ ਮੰਤਰੀ ਦੇ ਸਾਲਾਨਾ ਖਰਚੇ ਨਾਲ ਸੈਂਕੜੇ ਪਰਿਵਾਰਾਂ ਨੂੰ ਸਾਲ ਭਰ ਦੀ ਰੋਟੀ ਨਸੀਬ ਹੋ ਸਕਦਾ ਹੈ। ਪਰ ਮੰਤਰੀ ਦੇਸ਼ ਦੀ ਸਮੱਸਿਆ ਸੁਲਝਾਉਣ ਖਾਤਰ ਨਿਊਯਾਰਕ ਸਥਿਤ ਯੂ.ਐਨ.ਓ. ਚਲਾ ਜਾਂਦਾ ਹੈ। ਐਨ ਓਵੇਂ ਹੀ ਰਮੇਸ਼ ਨਾਥ ਦੇ ਘਰ ਵਿਚ ਵੀ ਬੱਚਿਆਂ ਤੇ ਪਤਨੀ ਦੀਆਂ ਸਮੱਸਿਆਂ ਗਰੀਬੀ ਦੀ ਰੇਖਾ ਹੇਠ ਵਧ-ਫੁੱਲ ਰਹੀਆਂ ਨੇ। ਪਰ ਰਮੇਸ਼ ਨਾਥ ਹਰੇਕ ਸ਼ਾਮ ਪੌਣੀ ਬੋਤਲ ਅੰਦਰ ਢਾਲ ਕੇ ਸ਼ਾਹਿਤ ਦੀ ਸਿਰਜਣਾ ਕਰਨ ਵਿਚ ਵਿਅਸਤ ਹੋ ਜਾਂਦਾ ਹੈ।
ਸ਼ਾਹਿਤ ਵਿਚ ਰਮੇਸ਼ ਨਾਥ ਨੇ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਇਕ ਮਹੱਤਵਪੂਰਣ ਰਸਾਲੇ ਦਾ ਸੰਪਾਦਕ ਬਣ ਗਿਆ ਹੈ। ਆਪਣੇ ਅਲੋਚਕਾਂ ਲਈ ਉਸ ਕੋਲ ਇਕੋ ਉਤਰ ਹੈ, 'ਓ ਸਾਹਬ ਜੀ, ਅਲੋਚਕਾਂ ਦਾ ਕੀ ਐ। ਇਹ ਤਾਂ ਸਾਰੇ ਕੁੱਤੇ ਨੇ ਕੁੱਤੇ। ਜਿਹੜਾ ਹੱਡੀ ਪਾ ਦਵੇ, ਉਸਦੇ ਗੁਣਗਾਉਣ ਲੱਗ ਪੈਣਗੇ। ਮੈਂ ਕਿਸੇ ਅਲੋਚਕ ਲਈ ਸਾਹਿਤ ਨਹੀਂ ਰਚਦਾ। ਮੇਰੇ ਅੰਦਰਲੀ ਉਥਲ-ਪੁਥਲ ਸਾਹਿਤ ਬਣ ਕੇ, ਬਾਹਰ ਨਿਕਲਦੀ ਏ। ਇਹ ਸਾਲੇ ਅਲੋਚਕ ਮੇਰੇ ਬਾਰੇ ਲਿਖਦੇ ਈ ਕਿਉਂ ਨੇ? ਓਇ ਬਈ, ਜੇ ਮੈਂ ਚੰਗਾ ਨਹੀਂ ਲਿਖਦਾ, ਤਾਂ ਨਕਾਰ ਦਿਓ ਮੈਨੂੰ। ਜੇ ਮੈਨੂੰ ਨਕਾਰ ਕੇ ਹਿੰਦੀ ਕਹਾਣੀ ਦਾ ਇਤਿਹਾਸ ਲਿਖ ਸਕਦੇ ਓ, ਤਾਂ ਕਰ ਵੇਖੋ ਕੋਸ਼ਿਸ਼ਾਂ ਭਰਾਵੋ...ਬਈ ਮੈਂ ਤਾਂ ਜੋ ਹਾਂ ਉਹੀ ਰਹਾਂਗਾ ਤੇ ਜੋ ਲਿਖਦਾ ਆਂ, ਓਹੀਓ ਲਿਖਾਂਗਾ।'
ਸੱਚ ਵੀ ਤਾਂ ਹੈ, ਐਨੀ ਸੁੰਦਰ ਭਾਸ਼ਾ ਦੇ ਰਚਨਾਕਾਰ ਨੂੰ ਕੋਈ ਨਕਾਰੇ ਵੀ ਤਾਂ ਕਿਸ ਤਰ੍ਹਾਂ? ਪਰ, ਜਦੋਂ ਇਹੀ ਆਦਮੀ ਰਾਤ ਨੂੰ ਸ਼ਰਾਬ ਪੀ ਕੇ ਲਤਾ ਨੂੰ ਕੁੱਟ-ਮਾਰ ਕਰਦਾ ਹੈ, ਮਾਂ-ਭੈਣ ਦੀਆਂ ਗਾਲ੍ਹਾਂ ਕੱਢਦਾ ਹੈ, ਤਾਂ ਇਸ ਦੀ ਭਾਸ਼ਾ ਨੂੰ ਕੀ ਹੋ ਜਾਂਦਾ ਹੈ?
ਕਦੀ ਆਤਮ-ਨਮੋਸ਼ੀ ਦੇ ਪਲਾਂ ਵਿਚ ਰਮੇਸ਼ ਨਾਥ ਆਪਣੇ ਆਪ ਨੂੰ ਫਿਟਕਾਰਦਾ ਵੀ ਸੀ...'ਕੀ ਦਿੱਤਾ ਏ ਮੈਂ ਲਤਾ ਨੂੰ! ਉਸਦਾ ਸਾਰਾ ਜੀਵਨ ਹੀ ਵਿਅਰਥ ਕਰ ਦਿੱਤਾ। ਕੀ ਬਚਿਆ ਏ ਲਤਾ ਕੋਲ?' ਪਰ ਇਹਨਾਂ ਛਿਣਾ 'ਚੋਂ ਬਾਹਰ ਆਉਂਦਿਆਂ ਹੀ ਰਮੇਸ਼ ਨਾਥ ਸੰਪਾਦਕ ਬਣ ਜਾਂਦਾ ਸੀ ਤੇ ਉਸਦੀ ਪਤਨੀ ਨੂੰ ਵੀ ਲੇਖਕਾਂ ਦੀਆਂ ਰਚਨਾਵਾਂ ਵਾਂਗ ਉਡੀਕ ਕਰਨੀ ਪੈਂਦੀ ਸੀ ਕਿ ਕਦੋਂ ਸੰਪਾਦਕ ਸਾਹਬ ਨੂੰ ਸਮਾਂ ਮਿਲੇ ਤੇ ਰਚਨਾਂ ਨੂੰ ਆਪੁ ਪੜ੍ਹਨ।
ਅੱਜ ਲਤਾ ਨੂੰ ਦੇਖਦਿਆਂ ਹੋਇਆਂ ਕੁਝ ਅਜਿਹੇ ਪਲਾਂ ਵਿਚੋਂ ਲੰਘ ਰਿਹਾ ਸੀ ਰਮੇਸ਼ ਨਾਥ। ਲਤਾ ਦੇ ਚਿਹਰੇ ਨੂੰ ਦੇਖਦਾ ਹੋਇਆ ਪਤਾ ਨਹੀਂ ਕੀ ਕੀ ਸੋਚਣ ਲੱਗਾ ਸੀ ਉਹ। ਤੇ ਫੇਰ ਨੀਂਦ ਨਾਲ ਅੱਖਾਂ ਹੋਰ ਭਾਰੀਆਂ ਹੋ ਗਈਆਂ ਸਨ।
ਭੂਚਾਲ ਵਰਗੀ ਗੂੰਜ ਸੁਣਾਈ ਦਿੱਤੀ ਤੇ ਰਮੇਸ਼ ਨਾਥ ਦਾ ਬੈੱਡ ਹਿਚਕੋਲੇ ਖਾਣ ਲੱਗਾ। ਰਮੇਸ਼ ਨਾਥ ਨੇ ਅੱਖਾਂ ਮੀਚਦਿਆਂ ਹੋਇਆਂ ਦੇਖਿਆ...ਸਾਹਮਣੇ, ਪਸੀਨੋ-ਪਸੀਨੀ ਹੋਈ, ਲਤਾ ਖੜ੍ਹੀ ਸੀ। ਉਹ ਬੌਂਦਲ ਗਿਆ।
“ਕਿੰਨੇ ਆਰਾਮ ਨਾਲ ਸੁੱਤੇ ਪਏ ਓ? ਸਮਝਦੇ ਕੀ ਓ ਆਪਣੇ ਆਪ ਨੂੰ! ਅੱਜ ਮੈਂ ਤੁਹਾਨੂੰ ਇਵੇਂ ਨਹੀਂ ਸੌਣ ਦਿਆਂਗੀ। ਅੱਜ ਤੁਹਾਨੂੰ ਮੇਰੇ ਹਰੇਕ ਸਵਾਲ ਦਾ ਜਵਾਬ ਦੇਣਾ ਪਏਗਾ। ਅੱਜ ਤੁਹਾਡੀ ਹਰੇਕ ਕਹਾਣੀ ਦਾ ਕੱਚਾ-ਚਿੱਠਾ ਤੁਹਾਡੇ ਸਾਹਮਣੇ ਖੋਲ੍ਹਣਾ ਏਂ ਮੈਂ। ਤੁਹਾਡੀ ਹਰ ਕਹਾਣੀ ਵਿਚ ਪਤਨੀ ਹੁੰਦੀ ਹੈ, ਇਕ ਖਲਨਾਇਕਾ।...ਤੇ ਪਤਨੀ ਦੇ ਹੁੰਦਿਆਂ ਵੀ ਗ਼ੈਰ-ਔਰਤਾਂ ਨਾਲ ਸੰਬੰਧ ਰੱਖਣ ਵਾਲੇ ਤੁਸੀਂ, ਹੁੰਦੇ ਓ ਸਾਊ-ਨਾਇਕ।...ਤੇ ਤੁਹਾਡੀਆਂ ਕੁੱਤੀਆਂ, ਹੁੰਦੀਆਂ ਨੇ ਨਾਇਕਾਵਾਂ। ਕਦੀ ਆਪਣੇ ਅੰਦਰ ਵੀ ਝਾਕ ਕੇ ਦੇਖੋ ਲੇਖਕ ਸਾਹਬ! ਏਨਾ ਕੂੜਾ ਨਜ਼ਰ ਆਏਗਾ ਕਿ ਸੜ੍ਹਾਂਦ ਦੇ ਮਾਰੇ ਉਲਟੀ ਆਉਣ ਵਾਲੀ ਹੋ ਜਾਏਗੀ। ਜੈਨੀਆਂ ਵਾਂਗ ਨੱਕ ਤੇ ਮੂੰਹ ਢਕਣਾ ਸ਼ੁਰੂ ਕਰ ਦਿਓਗੇ।
“ਵੈਸੇ ਯਾਦ ਏ...ਆਪਣਾ ਵਿਆਹ ਕਦੋਂ, ਕਿੰਜ ਤੇ ਕਿਹੜੀਆਂ ਹਾਲਤਾਂ ਵਿਚ ਹੋਇਆ ਸੀ? ਛੱਡ ਆਈ ਸਾਂ ਸਾਰਿਆਂ ਨੂੰ, ਇਕ ਤੁਹਾਡੀ ਖਾਤਰ ਮੈਂ। ਓਹਨੀਂ ਦਿਨੀ ਤਾਂ ਤੁਹਾਡੇ ਕਹਿਣ 'ਤੇ ਅੱਗ ਵਿਚ ਵੀ ਛਾਲ ਮਾਰ ਸਕਦੀ ਸਾਂ। ਤੁਹਾਡੀਆਂ ਗੱਲਾਂ ਦਾ ਜਾਦੂ ਹੀ ਕੁਝ ਅਜਿਹਾ ਚੜ੍ਹਿਆ ਹੋਇਆ ਸੀ ਮੇਰੇ ਉੱਤੇ। ਤੁਸੀਂ ਤਾਂ ਇਕ ਵਾਰੀ ਵੀ ਨਹੀਂ ਕਿਹਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਲਓਗੇ। ਮੈਂ ਹੀ ਤੁਹਾਡੀ ਦੀਵਾਨੀ ਹੋ ਗਈ ਸਾਂ। ਜੋ ਤੁਸੀਂ ਕਿਹਾ ਉਹ ਸਮਝ ਲਿਆ, ਜੋ ਨਹੀਂ ਕਿਹਾ ਉਹ ਵੀ ਸਮਝ ਲਿਆ।
“ਤੁਸੀਂ ਤਾਂ ਬਿਲਕੁਲ ਹੀ ਘਬਰਾ ਗਏ ਸੀ ਮੇਰੇ ਅਚਾਨਕ ਆਉਣੇ 'ਤੇ।...ਤੇ ਜੇ ਤੁਹਾਨੂੰ ਜ਼ਰਾ ਵੀ ਮੌਕਾ ਮਿਲਦਾ ਤਾਂ ਪਤਾ ਨਹੀਂ ਕੀ ਕਰਦੇ। ਸ਼ਾਇਦ ਜ਼ਮੀਰ ਨਾਂਅ ਦੀ ਚੀਜ਼, ਓਦੋਂ ਤਕ ਜਿਊਂਦੀ ਸੀ ਤੁਹਾਡੇ ਅੰਦਰ...ਤਦੇ ਤਾਂ ਤੁਸੀਂ ਯਕਦਮ ਮੇਰੇ ਨਾਲ ਵਿਆਹ ਕਰਵਾ ਲਿਆ।
“ਕਿੰਨੇ ਸੁਪਨੇ ਦੇਖਦੀ ਹੁੰਦੀ ਸਾਂ, ਵਿਆਹੁਤਾ ਜੀਵਨ ਦੇ। ਕੀ ਪਤਾ ਸੀ ਵਿਆਹ ਪਿੱਛੋਂ ਇੰਜ ਵੀ ਹੁੰਦਾ ਹੁੰਦਾ ਏ। ਮੰਜੂ ਦੀਦੀ ਦਾ ਪਰਿਵਾਰ ਦੇਖ ਕੇ ਕਿੰਨਾ ਆਨੰਦ ਆਉਂਦਾ ਹੁੰਦਾ ਸੀ। ਦੀਦੀ, ਜੀਜਾਜੀ ਤੇ ਉਹਨਾਂ ਦਾ ਪੁੱਤਰ ਵਿਸ਼ਾਲ। ਉਹਨਾਂ ਦਾ ਵਿਆਹ ਤਾਂ ਮਾਂ ਤੇ ਪਿਤਾ ਜੀ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ। ਫੇਰ ਵੀ ਦੀਦੀ ਦੇ ਚਿਹਰੇ 'ਤੇ ਤਾਂ, ਕਦੀ ਸ਼ਿਕਾਇਤ ਨਹੀਂ ਦੇਖੀ। ਇਕ ਦਿਨ ਤਾਂ ਪੁੱਛ ਹੀ ਬੈਠੀ ਸਾਂ ਦੀਦੀ ਨੂੰ ਕਿ ਇਕ ਅਜਨਬੀ ਇਨਸਾਨ ਨਾਲ ਕਿੰਜ ਸਾਰਾ ਜੀਵਨ ਬਿਤਾਅ ਲਏਗੀ ਉਹ? ਜਿਸਦੇ ਨਾਲ ਪਿਆਰ ਹੀ ਨਹੀਂ ਕੀਤਾ ਉਸ ਨਾਲ ਸਾਰਾ ਜੀਵਨ ਬਿਤਾਅ ਦੇਣਾ ਕੀ ਜੀਵਨ ਨੂੰ ਅਰਥਹੀਣ ਨਹੀਂ ਬਣਾ ਦੇਂਦਾ? ਦੀਦੀ ਨੇ ਸਿਰਫ ਇਕ ਹਲਕੀ ਜਿਹੀ ਮੁਸਕਰਾਹਟ ਹੇਠ ਮੇਰੇ ਸਵਾਲ ਦਫਨਾ ਦਿੱਤੇ ਸੀ। ਦੀਦੀ ਨੇ ਆਪਣੇ ਆਪ ਨੂੰ ਜੀਜਾ ਜੀ ਦੇ ਪਰਿਵਾਰ ਅਨੁਸਾਰ ਢਾਲ ਲਿਆ ਸੀ, ਤਾਂ ਜੀਜਾ ਜੀ ਵੀ ਤਾਂ ਦਿਨ-ਰਾਤ ਦੀਦੀ ਦੀ ਤਾਰੀਫ਼ ਕਰਦੇ ਨਹੀਂ ਸੀ ਥੱਕਦੇ ਹੁੰਦੇ। ਮੰਜੂ ਦੀਦੀ ਨੂੰ ਹਮੇਸ਼ਾ 'ਚੌਧਰੀ ਸਾਹਬ' ਕਹਿ ਕੇ ਬੁਲਾਉਦੇ ਨੇ ਉਹ। ਘਰ ਦੀ ਚੌਧਰੀ, ਮੰਜੂ ਦੀਦੀ ਹੀ ਤਾਂ ਏ। ਕਿੰਨੇ ਮਾਨ ਨਾਲ ਦੀਦੀ ਕਹਿੰਦੀ ਏ ਕਿ ਉਹਦੇ ਪਤੀ ਵਰਗਾ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਕਾਸ਼! ਮੈਂ ਵੀ ਇੰਜ ਕਹਿ ਸਕਦੀ।
“ਵੈਸੇ ਤਾਂ ਕਹਿ ਵੀ ਸਕਦੀ ਹਾਂ ਕਿ ਤੁਹਾਡੇ ਵਰਗਾ ਕੋਈ ਦੂਸਰਾ ਇਨਸਾਨ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਆਪਣੀ ਕਿਸਮ ਦੇ ਇਕੋ-ਇਕ ਆਦਮੀ ਹੋ ਜਿਹੜੇ ਕਦੀ ਵੀ ਆਪਣੀ ਪਤਨੀ ਦੇ ਹੋ ਕੇ ਨਹੀਂ ਰਹਿ ਸਕਦੇ। ਮੈਨੂੰ ਤਾਂ ਸਾਰੀ ਉਮਰ ਇਹੀ ਮਲਾਲ਼ ਰਹੇਗਾ ਕਿ ਮੇਰਾ ਪਤੀ ਕਦੀ ਵੀ ਪੂਰਨ ਰੂਪ ਵਿਚ ਮੇਰਾ ਨਹੀਂ ਹੋਇਆ। ਕਰੂਣਾ, ਸੁਮਿੱਤਰਾ, ਰੀਟਾ, ਮਿਰਿੰਡਾ ਪਤਾ ਨਹੀਂ ਕਿੰਨੀਆਂ ਕੁੜੀਆਂ ਵਿਚ ਵੰਡਿਆ ਹੋਇਆ ਏ ਮੇਰਾ ਪਤੀ। ਕਿਸੇ ਸਮੇਂ ਤਾਂ ਮੈਂ ਹੀ ਤੁਹਾਡੀ ਪ੍ਰੇਰਨਾ ਹੁੰਦੀ ਸਾਂ। ਪਰ ਅੱਜ ਤੁਹਾਡੇ ਦੋ-ਦੋ ਬੱਚਿਆਂ ਦੀ ਮਾਂ ਬਣਨ ਪਿੱਛੋਂ ਮੇਰੇ ਸਰੀਰ ਵਿਚ ਉਹ ਨਮਕ ਕਿੱਥੇ ਰਹਿ ਗਿਆ ਏ ਕਿ ਤੁਹਾਡੀ ਪ੍ਰੇਰਨਾ ਬਣ ਸਕਾਂ।
“ਪ੍ਰੇਰਨਾ ਬਣਨਾ ਤਾਂ ਇਕ ਪਾਸੇ ਰਿਹਾ, ਮੇਰੇ ਲਈ ਤਾਂ ਤੁਹਾਡੀਆਂ ਕਹਾਣੀਆਂ ਵਿਚ ਵੀ ਕੁਝ ਖਾਸ ਹੀ ਵਿਸ਼ੇਸ਼ਣ ਹੁੰਦੇ ਨੇ। ਤੁਹਾਡੀ ਕਿਸੇ ਕਹਾਣੀ ਵਿਚ ਮੈਂ ਤੁਹਾਡੇ ਕਿਸੇ ਪਿਛਲੇ ਜਨਮ ਦਾ ਪਾਪ ਹੁੰਦੀ ਆਂ, ਤਾਂ ਕਿਸੇ ਦੂਜੀ ਵਿਚ ਤੁਹਾਡੇ ਲਈ ਕਿਸੇ ਗਾਲ੍ਹ ਬਰੋਬਰ। ਆਪਣੀ ਇਕ ਕਹਾਣੀ ਵਿਚ ਤਾਂ ਤੁਸੀਂ ਇਹ ਵੀ ਲਿਖਿਆ ਸੀ, 'ਘਰ ਆਉਂਦਿਆਂ ਹੀ ਜਦੋਂ ਪਤਨੀ ਦੀ ਸੂਰਤ ਦੇਖਦਾ ਹਾਂ, ਤਾਂ ਲੱਗਦਾ ਹੈ ਜਿਵੇਂ ਲੋੜਾਂ-ਥੁੜਾਂ ਦੀ ਮੂਰਤ ਮੇਰੇ ਸਾਹਮਣੇ ਆਣ ਖਲੋਤੀ ਹੈ।' ਤੁਹਾਡੀ ਹਰੇਕ ਕਹਾਣੀ ਵਿਚ ਮੈਂ ਇਕ ਬਕਬਕ ਕਰਨ ਵਾਲੀ ਵਾਹਯਾਤ ਕਿਸਮ ਦੀ ਜ਼ਨਾਨੀ ਆਂ...ਝਗੜਾਲੂ, ਈਰਖਾਲੂ, ਬਦਦਿਮਾਗ਼, ਬੇਵਕੂਫ਼ ਤੇ ਪਤਾ ਨਹੀਂ ਕੀ ਕੀ। ਜਦੋਂ ਜਦੋਂ ਆਪਣੀਆਂ ਕਹਾਣੀਆਂ ਵਿਚ ਤੁਸੀਂ ਮੈਨੂੰ ਆਪਣੀ ਕਿਸੇ ਸਬਜ਼-ਪਰੀ ਨਾਲ ਤੋਲਿਆ, ਤਾਂ ਮੈਂ ਉਹਦੇ ਮੁਕਾਬਲੇ ਹਮੇਸ਼ਾ ਊਣੀ ਹੀ ਰਹੀ ਹਾਂ।
“ਰਮੇਸ਼ ਨਾਥ ਜੀ ਅੱਜ ਮੈਂ ਹਾਰਨ ਲਈ ਤਿਆਰ ਨਹੀਂ...ਮੈਂ ਜੀਵਨ ਵਿਚ ਬੜੀ ਵਾਰੀ ਹਾਰ ਕੇ ਦੇਖ ਲਿਆ। ਮੈਂ ਸਮਝਦੀ ਸਾਂ ਇਨਸਾਨ ਦੀ ਅੱਛਾਈ ਦੀ ਤਾਰੀਫ਼ ਤਾਂ ਹੋਣੀ ਹੀ ਚਾਹੀਦੀ ਏ। ਪਰ ਚੰਗਿਆਈ ਨੂੰ ਸਮਝਣ ਲਈ ਸਾਹਮਣੇ ਵਾਲਾ ਇਨਸਾਨ ਵੀ ਤਾਂ ਚੰਗਾ ਹੋਣਾ ਚਾਹੀਦਾ ਏ ਨਾ...
“ਹੁਣ ਹੋਰ ਨਹੀਂ। ਇਹ ਤਾਂ ਮੇਰੀ ਬੇਵਕੂਫ਼ੀ ਹੀ ਸੀ ਕਿ ਮੈਂ ਤੁਹਾਨੂੰ ਉਹ ਸਭ ਕੁਝ ਕਰਨ ਦਿੱਤਾ ਜੋ ਕੁਝ ਤੁਸੀਂ ਕਰਦੇ ਰਹੇ ਓ। ਮੈਂ ਸਦਾ ਇਹੀ ਮੰਨਦੀ ਰਹੀ ਕਿ ਤੁਸੀਂ ਇਕ ਲੇਖਕ ਓ ਇਸ ਲਈ ਹੋਰਨਾਂ ਨਾਲੋਂ ਵੱਖਰੀ ਤਰ੍ਹਾਂ ਦੇ ਓ। ਤੇ ਤੁਸੀਂ ਇਸੇ ਗੱਲ ਦਾ ਫਾਇਦਾ ਉਠਾਉਂਦੇ ਰਹੇ ਕਿ ਤੁਸੀਂ ਲੇਖਕ ਓ, ਤੁਹਾਨੂੰ ਉਹ ਹਰੇਕ ਕੰਮ ਕਰਨ ਦੀ ਆਜ਼ਾਦੀ ਏ ਜਿਸਦੀ ਇਕ ਆਮ ਆਦਮੀ ਨੂੰ ਮਨਾਹੀ ਹੁੰਦੀ ਏ। ਮੈਂ ਪੁੱਛਦੀ ਆਂ, ਤੁਹਾਡੀ ਸਮੱਸਿਆ ਕੀ ਹੈ? ਔਰਤ ਨੂੰ ਦੇਖ ਕੇ ਤੁਹਾਨੂੰ ਕੀ ਹੋ ਜਾਂਦਾ ਹੈ? ਕਿਉਂ ਤੁਸੀਂ ਪੂਛ ਹਿਲਾਉਣੀ ਸ਼ੁਰੂ ਕਰ ਦੇਂਦੇ ਓ, ਕਿਸੇ ਵੀ ਔਰਤ ਨੂੰ ਦੇਖ ਕੇ? ਔਰਤ ਤੁਹਾਡੀ ਕਮਜ਼ੋਰੀ ਕਿਉਂ ਹੈ?
“ਤੁਹਾਨੂੰ ਆਪਣੀ ਕਹਾਣੀ 'ਚਿੱਤਕਾਰ' ਚੇਤੇ ਈ? ਉਸ ਵਿਚ ਤੁਸੀਂ ਲਿਖਿਆ ਸੀ ਕਿ ਅਨੁਜਾ ਦੂਸਰੇ ਸ਼ਹਿਰ 'ਚੋਂ ਆਈ ਸੀ ਤੇ ਤੁਸੀਂ ਉਸਨੂੰ ਮਿਲਣ ਗਏ ਸੌ? ਕਿੰਨਾ ਘਿਣੌਨਾ ਦ੍ਰਿਸ਼ ਬੰਨ੍ਹਿਆ ਸੀ ਤੁਸੀਂ, ਉਸ ਕਹਾਣੀ ਵਿਚ, ਅਨੁਜਾ ਦੇ ਸਰੀਰ ਦਾ। ਉਸਦੀਆਂ ਅੱਖਾਂ, ਹੋਂਠ, ਗਰਦਨ, ਛਾਤੀਆਂ, ਧੁੰਨੀ, ਯੋਨੀ ਹਰ ਅੰਗ ਨੂੰ ਨੰਗਾ ਕਰ ਦਿੱਤਾ ਸੀ ਤੁਸੀਂ। ਕੀ ਉਸ ਕਹਾਣੀ ਨੂੰ ਸਿਰਫ ਕਲਪਣਾ ਮੰਨਿਆਂ ਜਾ ਸਕਦਾ ਏ? ਨਹੀਂ। ਮੈਂ ਜਾਣਦੀ ਆਂ, ਅਨੁਜਾ ਕੌਣ ਏ। ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਉਸ ਔਰਤ ਨੂੰ ਆਪਣੇ ਪਾਠਕਾਂ ਸਾਹਮਣੇ ਨੰਗਾ ਕਰਨ ਲੱਗਿਆਂ, ਜਿਸਨੇ ਪੂਰੇ ਵਿਸ਼ਵਾਸ ਨਾਲ ਆਪਣਾ ਸਰੀਰ ਤੁਹਾਨੂੰ ਸੌਂਪ ਦਿੱਤਾ ਸੀ!
“ਹੈ ਨਾ ਮਜ਼ੇਦਾਰ ਗੱਲ ਕਿ ਘਰ ਵਿਚ ਭੀੜ ਦੇ ਇਕੱਲੇਪਨ ਤੋਂ ਪ੍ਰੇਸ਼ਾਨ ਹੋ ਕੇ ਤੁਸੀਂ ਅਨੁਜਾ ਨਾਲ ਹੋਟਲ ਵਿਚ ਉਸਦੇ ਸਰੀਰ ਨੂੰ ਭੋਗਣ ਗਏ। ਮੈਂ ਤੇ ਬੱਚੇ ਤੁਹਾਡੇ ਲਈ ਭੀੜ ਹਾਂ। ਤੇ ਬਈ ਅਨੁਜਾ ਵੀ ਤਾਂ ਦੋ ਬੱਚਿਆਂ ਦੀ ਮਾਂ ਏਂ। ਫੇਰ ਉਸਦੇ ਸਰੀਰ ਵਿਚ ਤੁਹਾਨੂੰ ਕਿਹੜਾ ਆਨੰਦ ਆਉਣ ਲੱਗਦਾ ਏ। ਸੱਚੀ ਗੱਲ ਤਾਂ ਇਹ ਹੈ ਰਮੇਸ਼ ਨਾਥ ਜੀ ਕਿ ਤੁਸੀਂ ਜ਼ਿੰਮੇਵਾਰੀਆਂ ਤੋਂ ਨੱਠਦੇ ਓ; ਡਰਦੇ ਹੋ। ਹਾਂ, ਅਨੁਜਾ ਦੇ ਸਰੀਰ ਨੂੰ ਭੋਗ ਕੇ ਤੁਸੀਂ ਤਣਾਅ ਤੋਂ ਮੁਕਤੀ ਪਾ ਸਕਦੇ ਸੀ ਕਿ ਅਨੁਜਾ ਦੇ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਉਸਨੂੰ ਵੀ ਤੁਹਾਡਾ ਸਰੀਰ ਭੋਗਣ ਵਿਚ ਹੀ ਰੂਚੀ ਸੀ ਤੇ ਤੁਹਾਨੂੰ ਵੀ ਸਰੀਰ ਤੋਂ ਅੱਗੇ ਕੋਈ ਸਰੋਕਾਰ ਨਹੀਂ ਸੀ। ਤੁਹਾਡੇ ਵਰਗੇ 'ਸੂਡੋ ਇੰਟਲੈਕਚੁਅਲ' ਗੱਲਾਂ ਤਾਂ ਬੜੀਆਂ ਉੱਚੀਆਂ ਕਰਦੇ ਨੇ। ਪਰ ਔਰਤ ਦੇ ਸਾਹਮਣੇ ਆਉਂਦਿਆਂ ਹੀ ਕੁੱਤੇ ਵਾਂਗ ਪੂਛ ਹਿਲਾਉਣ ਲੱਗ ਪੈਂਦੇ ਨੇ। ਉਦੇਸ਼ ਤੁਹਾਡਾ ਸਭਨਾਂ ਦਾ ਇਕੋ ਹੁੰਦਾ ਏ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਉਸਦੇ ਸਰੀਰ ਨੂੰ ਭੋਗ ਲਓ। ਤੁਸੀਂ ਤੇ ਤੁਹਾਡੇ ਦੋਸਤ ਜਿਸ ਤਰ੍ਹਾਂ ਵੱਖ-ਵੱਖ ਕੁੜੀਆਂ ਬਾਰੇ ਮਜ਼ੇ ਲੈ ਲੈ ਕੇ ਤੇ ਭੱਦੀਆਂ ਸੈਨਤਾਂ ਕਰ-ਕਰ ਕੇ ਗੱਲਾਂ ਕਰਦੇ ਓ, ਉਹ ਸਭ ਮੈਥੋਂ ਲੁਕਿਆ ਥੋੜ੍ਹਾ ਈ ਏ।
“ਤੇ ਫੇਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਅਨੁਜਾ ਦੇ ਸਰੀਰ ਨੂੰ ਭੋਗ ਕੇ, ਉਸਦੇ ਇਕ ਇਕ ਅੰਗ ਦਾ ਚਟਖਾਰੇਦਾਰ ਵਰਨਣ ਕਰਕੇ, ਕਹਾਣੀ ਦੇ ਅੰਤ ਵਿਚ ਤੁਸੀਂ ਆਪਣੀ ਪਤਨੀ ਕੋਲ ਵਾਪਸ ਆ ਗਏ। ਤੇ ਵਾਪਸ ਆਉਂਦੇ ਹੋਏ ਵੀ ਆਪਣੀਆਂ ਦੋਗਲੀਆਂ-ਗੱਲਾਂ ਕਰ ਕਰ ਕੇ ਆਪਣੇ ਹੀਰੋ ਬਣਨ ਦੇ ਲੋਭ ਨੂੰ ਵਰਜ ਨਹੀਂ ਸਕੇ ਤੁਸੀਂ।...ਕੀ ਕਹਾਣੀ ਦੇ ਅੰਤ ਵਿਚ ਤੁਹਾਨੂੰ ਆਪਣੀ ਪਤਨੀ ਦੀ ਕੁਰਲਾਹਟ ਸੁਣਾਈ ਨਹੀਂ ਦਿੱਤਾ?
“ਹੀਰੋ ਸਾਹਬ ਮੈਂ ਤੁਹਾਥੋਂ ਹੀ ਪੁੱਛ ਲੈਂਦੀ ਹਾਂ ਕਿ ਕੀ ਦਿੱਤਾ ਏ ਤੁਸੀਂ ਅੱਜ ਤਕ ਮੈਨੂੰ ਜਾਂ ਆਪਣੇ ਬੱਚਿਆਂ ਨੂੰ? ਐ ਸਮਾਜ ਦੇ ਬੁੱਧੀਜੀਵੀ ਪ੍ਰਾਣੀ, ਮਮਤਾ ਤਾਂ ਸਾਡੀ ਪਹਿਲੀ ਬੱਚੀ ਸੀ। ਫੇਰ ਵੀ ਕੁੜੀ ਦੇ ਜੰਮ ਪੈਣ 'ਤੇ ਕੈਸਾ ਕੁਸੈਲਾ-ਮੂੰਹ ਬਣਾਇਆ ਸੀ ਤੁਸੀਂ? ਜਿਵੇਂ ਕਿਸੇ ਨੇ ਕੌੜੀ ਦਵਾਈ ਦੀ ਗੋਲੀ ਮੂੰਹ ਵਿਚ ਪਾ ਦਿੱਤੀ ਹੋਵੇ। ਉਹ ਤਾਂ ਚੰਗਾ ਹੋਇਆ ਕਿ ਮਮਤਾ ਪਿੱਛੋਂ ਸੰਦੀਪ ਹੋ ਗਿਆ...ਨਹੀਂ ਤਾਂ ਤੁਸੀਂ ਮੈਨੂੰ ਦੋ ਕੁੜੀਆਂ ਜੰਮਣ ਦੇ ਦੋਸ਼ ਵਿਚ ਘਰੋਂ ਹੀ ਕੱਢ ਦੇਂਦੇ।
“ਅੱਜ ਤਾਂ ਤੁਹਾਨੂੰ ਸੰਦੀਪ ਵਿਚ ਵੀ ਕੋਈ ਰੂਚੀ ਨਹੀਂ। ਕੀ ਤੁਹਾਨੂੰ ਪਤਾ ਏ ਕਿ ਮਮਤਾ ਤੇ ਸੰਦੀਪ ਦਾ ਸਕੂਲ ਕਿੱਥੇ ਹੈ? ਉਹਨਾਂ ਦਾ 'ਹੋਮ-ਵਰਕ' ਕਿੰਜ ਜਾਂ ਕਿਵੇਂ ਹੁੰਦਾ ਹੈ? ਉਹਨਾਂ ਦੀ ਯੂਨੀਫਾਰਮ ਕਦੋਂ ਜਾਂ ਕਿੱਥੋਂ ਆਉਂਦੀ ਏ? ਉਹਨਾਂ ਦੀ ਫੀਸ ਕਦੋਂ ਦੇਣੀ ਹੁੰਦੀ ਏ? ਕੀ ਕਿਸੇ ਵੀ ਜ਼ਿੰਮੇਵਾਰੀ ਦਾ ਖਿਆਲ ਹੈ ਤੁਹਾਨੂੰ? ਲੇਖਕ ਆਮ ਆਦਮੀ ਨਾਲੋਂ ਭਿੰਨ ਹੁੰਦਾ ਹੈ, ਇਹ ਤਾਂ ਮੈਂ ਮੰਨਦੀ ਆਂ। ਪਰ ਆਮ ਆਦਮੀ ਵਾਂਗ ਲੇਖਕ ਵਿਆਹ ਕਿਉਂ ਕਰਵਾਉਂਦਾ ਹੈ ਫੇਰ? ਬੱਚੇ ਕਿਉਂ ਪੈਦਾ ਕਰਦਾ ਹੈ? ਆਮ ਆਦਮੀ ਵਾਂਗ ਲੇਖਕ ਮਜ਼ਾ ਤਾਂ ਲੈਣਾ ਚਾਹੁੰਦਾ ਹੈ, ਪਰ ਆਮ ਆਦਮੀ ਵਾਂਗ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਲੇਖਕ ਦੀ ਨਾਨੀ ਕਿਉਂ ਮਰ ਜਾਂਦੀ ਹੈ?
“ਹੋਰ ਵੀ ਤਾਂ ਲੇਖਕ ਨੇ; ਉਹ ਸਾਰੇ ਕਿੰਜ ਸਮੇਂ ਸਿਰ ਹਰ ਰੋਜ਼ ਆਪਣੇ ਘਰ ਵਾਪਸ ਪਹੁੰਚ ਜਾਂਦੇ ਨੇ? ਉਹਨਾਂ ਨੂੰ ਕਿਉਂ ਨਹੀਂ ਹਰ ਸ਼ਾਮ ਪ੍ਰੈੱਸ-ਕਲੱਬ ਵਿਚ ਜਾ ਕੇ ਪੀਣ ਦੀ ਭਲ਼ ਉਠਦੀ? ਬਹੁਤ ਸਾਰੇ ਲੇਖਕਾਂ ਤੇ ਸੰਪਾਦਕਾਂ ਦੇ ਘਰੀਂ ਗਈ ਹਾਂ ਮੈਂ, ਕਿਉਂ ਸਾਡਾ ਘਰ ਓਹੋ ਜਿਹਾ ਨਹੀਂ ਹੋ ਸਕਦਾ? ਕਿਉਂ ਮੇਰੇ ਬੱਚੇ ਆਪਣੇ ਪਿਤਾ ਦੀ ਸੂਰਤ ਦੇਖਣ ਨੂੰ ਤਰਸ ਜਾਂਦੇ ਨੇ? ਸਵੇਰੇ ਜਦੋਂ ਬੱਚੇ ਸਕੂਲ ਜਾਂਦੇ ਨੇ ਤਾਂ ਤੁਸੀਂ ਸੁੱਤੇ ਪਏ ਹੁੰਦੇ ਓ, ਤੇ ਡੂੰਘੀ ਰਾਤੇ ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿਚ ਘਰ ਵਾਪਸ ਆਉਂਦੇ ਓ ਤਾਂ ਬੱਚੇ ਸੌਂ ਚੁੱਕੇ ਹੁੰਦੇ ਨੇ। ਕਿਉਂ ਤੁਹਾਨੂੰ ਕਦੀ ਇੱਛਾ ਨਹੀਂ ਹੁੰਦੀ ਕਿ ਆਪਣੇ ਬੱਚਿਆਂ ਨਾਲ ਗੱਲਾਂ ਕਰੋਂ, ਉਹਨਾਂ ਨਾਲ ਹੱਸੋ-ਖੇਡੋਂ? ਤੁਹਾਨੂੰ ਯਾਦ ਹੈ ਕਿ ਕਦੀ ਸਾਡੇ ਬੱਚੇ ਵੀ ਤੋਤਲੀ ਜ਼ੁਬਾਨ ਵਿਚ ਬੋਲਦੇ ਹੁੰਦੇ ਸਨ? ਕੀ ਕਦੀ ਤੁਸੀਂ ਉਹਨਾਂ ਲਈ ਘੋੜਾ ਬਣੇ? ਜੇ ਮੇਰੇ ਪ੍ਰਤੀ ਨਹੀਂ ਤਾਂ ਕੀ ਆਪਣੇ ਪ੍ਰਤੀ ਆਪਣਾ ਕੋਈ ਫਰਜ਼ ਤੁਸੀਂ ਮਹਿਸੂਸ ਕੀਤਾ? ਜਾਂ ਫੇਰ ਮਹੀਨੇ ਦੇ ਪੈਸੇ ਦੇ ਕੇ ਮੁਕਤ ਹੋ ਜਾਂਦੇ ਓ ਤੁਸੀਂ?
“ਤੇ ਪੈਸੇ ਵੀ ਕਿੰਨੇ ਦੇਂਦੇ ਓ? ਕੀ ਕਦੀ ਸੋਚਿਆ ਹੈ ਕਿ ਉਹਨਾਂ ਪੈਸਿਆਂ ਨਾਲ ਮੈਂ ਘਰ ਕਿੰਜ ਚਲਾਉਂਦੀ ਆਂ? ਕੀ ਤੁਹਾਡੀ ਕਿਸੇ ਕਹਾਣੀ ਵਿਚ ਇਸ ਗੱਲ ਦਾ ਜ਼ਿਕਰ ਵੀ ਆਇਆ ਕਿ ਤੁਹਾਡੀ ਪਤਨੀ ਏਨੇ ਥੋੜ੍ਹੇ ਪੈਸਿਆਂ ਵਿਚ ਮਹੀਨੇ ਭਰ ਦਾ ਖਰਚਾ ਕਿੰਜ ਚਲਾ ਰਹੀ ਹੈ? ਇਸ ਝੌਂਪੜੀ ਵਰਗੇ ਮਹਿਲ ਵਿਚ, ਇੱਥੋਂ ਦੇ ਮਾਹੌਲ ਵਿਚ ਬੱਚਿਆਂ ਨੂੰ ਪਾਲ ਰਹੀ ਆਂ ਮੈਂ? ਪਿਛਲੇ ਹਫ਼ਤੇ ਕਿੰਨਾ ਸ਼ਰਮਿੰਦਾ ਹੋਣਾ ਪਿਆ ਮੈਨੂੰ। ਅਚਾਨਕ ਮਹਿਤਾ ਜੀ ਤੇ ਉਹਨਾਂ ਦੀ ਪਤਨੀ ਆ ਗਏ ਸਨ। ਘਰੇ ਇਕ ਤਿੱਪ ਦੁੱਧ ਨਹੀਂ ਸੀ ਕਿ ਉਹਨਾਂ ਨੂੰ ਫੋਕੀ ਚਾਹ ਈ ਪਿਆ ਸਕਾਂ। ਸਤਾਈ ਤਾਰੀਖ਼ ਸੀ। ਉਸ ਦਿਨ ਘਰੇ ਏਨੇ ਪੈਸੇ ਵੀ ਨਹੀਂ ਸੀ ਕਿ ਬਾਜ਼ਾਰੋਂ ਅੱਧਾ ਲਿਟਰ ਦੁੱਧ ਮੰਗਵਾ ਲੈਂਦੀ। ਅੱਜ ਤਕ ਮਹਿਤਾ ਜੀ ਤੇ ਉਹਨਾਂ ਦੀ ਪਤਨੀ ਨਾਲ ਅੱਖਾਂ ਨਹੀਂ ਮਿਲਾ ਸਕਦੀ। ਉਹਨਾਂ ਨੂੰ ਕਿੰਜ ਸਮਝਾਵਾਂ ਕਿ ਇਕ ਮਹਾਨ ਸਾਹਿਤਕਾਰ ਦੀ ਪਤਨੀ ਹੋਣ ਦਾ ਕੀ ਕੀ ਮੁੱਲ ਤਾਰਣਾ ਪੈਂਦਾ ਏ। ਇਸ ਨਾਲੋਂ ਤਾਂ ਅਸੀਂ ਹਾਪੁੜ ਵਿਚ ਹੀ ਚੰਗੇ ਸੀ। ਗੁਜਾਰਾ ਚੰਗਾ ਹੋ ਜਾਂਦਾ ਸੀ। ਇਸ ਸੁਰਸਾ ਮਹਾਨਗਰੀ ਵਿਚ ਤਾਂ ਸਦਾ ਹੀ ਪੈਸਿਆਂ ਦੀ ਤੋਟ ਪਈ ਰਹਿੰਦੀ ਹੈ।
“ਪੈਸਿਆਂ ਦੀ ਤੋਟ ਕਰਕੇ ਹੀ ਤਾਂ ਅੱਜ ਤਕ ਮੇਰਾ ਇਲਾਜ਼ ਨਹੀਂ ਹੋ ਸਕਿਆ। ਛਾਤੀ ਵਿਚ ਇਕ ਸਾਲ ਤੋਂ ਗਿਲਟੀ ਹੈ। ਪਰ ਤੁਸੀਂ ਤਾਂ ਅੱਜ ਤਕ ਟੈਸਟ ਵੀ ਨਹੀਂ ਕਰਵਾਇਆ। ਕਿੰਨੀ ਵਾਰੀ ਤੁਹਾਨੂੰ ਯਾਦ ਕਰਵਾ ਚੁੱਕੀ ਹਾਂ। ਪਰ ਆਪਣੀ ਪਤਨੀ ਦੇ ਇਲਾਜ਼ ਲਈ ਤੁਹਾਡੇ ਕੋਲ ਸਮਾਂ ਹੀ ਕਿੱਥੇ?...ਪਿਛਲੇ ਹਫ਼ਤੇ ਤਾਂ ਵਾਅਦਾ ਵੀ ਕਰਕੇ ਗਏ ਸੀ ਕਿ ਸ਼ਾਮ ਨੂੰ ਮੈਨੂੰ ਹਸਪਤਾਲ ਜ਼ਰੂਰ ਲੈ ਚੱਲੋਗੇ। ਤੇ ਫੇਰ ਟਾਟਾ ਹਸਪਤਾਲ ਤਾਂ ਤੁਹਾਡੇ ਪ੍ਰੈੱਸ-ਕਲੱਬ ਦੇ ਬਿਲਕੁਲ ਹੀ ਨੇੜੇ ਹੈ। ਉੱਥੋਂ ਹੀ ਤਾਂ ਟੈਸਟ ਕਵਾਉਣੇ ਨੇ। ਪਰ ਤੁਸੀਂ ਤਾਂ ਉਸ ਰਾਤ ਨਸ਼ੇ ਦੀ ਹਾਲਤ ਵਿਚ ਡਿੱਗਦੇ-ਢੈਂਦੇ, ਤਿੰਨ ਵਜੇ ਵਾਪਸ ਆਏ ਸੌ। ਕਮਲੀ ਹੋ ਗਈ ਸਾਂ ਤੁਹਾਡੇ ਦੋਸਤਾਂ ਨੂੰ ਫ਼ੋਨ ਕਰ-ਕਰ ਕੇ।
“ਕਈ ਵਾਰੀ ਤਾਂ ਸੋਚਦੀ ਹਾਂ, ਇਹ ਗਿਲਟੀ ਕੈਂਸਰ ਹੀ ਨਿਕਲੇ ਤੇ ਮੈਨੂੰ ਜੀਵਨ ਤੋ ਮੁਕਤੀ ਮਿਲ ਜਾਏ। ਫੇਰ ਤੁਸੀਂ ਜਿੰਨੀਆਂ ਚਾਹੋ ਸਹੇਲੀਆਂ ਨਾਲ ਐਸ਼ ਕਰ ਲੈਣਾ। ਪਰ ਮੈਨੂੰ ਤਾਂ ਏਨਾ ਵੀ ਵਿਸ਼ਵਾਸ ਨਹੀਂ ਕਿ ਤੁਸੀਂ ਮਮਤਾ ਤੇ ਸੰਦੀਪ ਦਾ ਜ਼ਰਾ ਵੀ ਖ਼ਿਆਲ ਰੱਖ ਸਕੋਗੇ। ਮੇਰੇ ਦੋਨੇਂ ਬੱਚੇ ਤਾਂ ਸੜਕ ਦੇ ਭਿਖਾਰੀ ਬਣ ਜਾਣਗੇ। ਨਹੀਂ, ਅਜਿਹੀ ਮੁਕਤੀ ਦੀ ਮੈਨੂੰ ਲੋੜ ਨਹੀਂ।
“ਹਾਂ ਮੁਕਤੀ ਤਾਂ ਤੁਹਾਨੂੰ ਚਾਹੀਦੀ ਹੈ ਨਾ ਮੈਥੋਂ। ਅੱਜ ਵਾਲੀ ਕਹਾਣੀ ਵਿਚ ਵੀ ਤਾਂ ਇਹੀ ਲਿਖ ਰਹੇ ਸੀ ਨਾ ਕਿ ਤੰਗ ਆ ਗਏ ਹੋ ਇਕ-ਰਸ ਜੀਵਨ ਜਿਊਂਦੇ ਹੋਏ। ਮੈਂ ਤੁਹਾਨੂੰ ਮੁਕਤੀ ਦੇ ਦਿਆਂ, ਚਾਹੇ ਪੰਦਰਾਂ ਵੀਹ ਦਿਨ ਲਈ ਹੀ ਸਹੀ। ਐ ਮਹਾਨ ਲੇਖਕ! ਤੈਂ ਆਪਣੀ ਪਤਨੀ ਵਿਚ ਸ਼ਕਤੀ ਲੱਭਣ ਦਾ ਯਤਨ ਕਿਉਂ ਨਹੀਂ ਕੀਤਾ? ਸਿਰਫ ਮੁਕਤੀ ਕਿਉਂ ਚਾਹੀ? ਇਸੇ ਕਰਕੇ ਹੀ ਤਾਂ ਤੇਰੇ ਜੀਵਨ ਵਿਚ ਭਟਕਣ ਹੈ। ਨੈਨੀਤਾਲ ਜਾਂ ਮੰਸੂਰੀ ਦੀਆਂ ਪਹਾੜੀਆਂ ਵਿਚ ਕੀ ਲੱਭਣਾ ਚਾਹੁੰਦਾ ਏਂ? ਕੀ ਮਿਲੇਗਾ ਤੈਨੂੰ ਉੱਥੇ?...ਤੂੰ...ਤੂੰ ਪਲਾਇਨ ਦੀ ਸਭ ਤੋਂ ਵੱਡੀ ਤੇ ਜਿਊਂਦੀ-ਜਾਗਦੀ ਮਿਸਾਲ ਏਂ। ਬਈ ਜੇ ਜੀਵਨ ਤੋਂ ਏਨਾ ਹੀ ਅੱਕ ਗਿਆ ਏਂ, ਤੇ ਸੱਚਮੁੱਚ ਹੀ ਮੈਥੋਂ ਤੇ ਬੱਚਿਆਂ ਤੋਂ ਮੁਕਤੀ ਚਾਹੁੰਦਾ ਏਂ, ਤਾਂ ਜਾਹ, ਤੇ ਲੈ ਲੈ ਸਨਿਆਸ। ਭੌਂਦਾ-ਭਟਦਾ ਫਿਰ ਹਿਮਾਲਿਆ ਦੀਆਂ ਕੰਦਰਾਵਾਂ ਵਿਚ। ਮੈਂ ਵੀ ਆਪਣੇ ਮਨ ਨੂੰ ਸਮਝਾ ਲਵਾਂਗੀ। ਪਰ ਇਹ ਵੀ ਕੀ ਕਿ ਤੇਰੇ ਹਰੇਕ ਨਾਟਕ ਪਿੱਛੇ ਕੋਈ ਮੰਸ਼ਾ ਛੁਪਿਆ ਹੁੰਦਾ ਹੈ। ਪੰਦਰਾਂ-ਵੀਹ ਦਿਨ ਘਰੋਂ ਦੂਰ ਰਹਿ ਕੇ ਕਿੰਨਾ ਕੁ ਤਰੋਤਾਜ਼ਾ ਹੋ ਜਾਵੇਂਗਾ ਤੂੰ? ਹੁਣ ਕਿਹੜੀ ਸਹੇਲੀ ਨਾਲ ਐਸ਼ ਕਰਨ ਦਾ ਪ੍ਰੋਗ੍ਰਾਮ ਬਣਾ ਰਿਹਾ ਏਂ?...ਜਾਹ, ਮੈਂ ਤੈਨੂੰ ਮੁਕਤ ਕਰਦੀ ਹਾਂ। ਮੈਂ ਤੈਨੂੰ ਅੱਜ ਤਕ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕੀਤਾ।
“ਪਰ ਆਪਣੇ ਵਿਆਹੁਤਾ ਜੀਵਨ ਵਿਚ ਅੱਜ ਪਹਿਲੀ ਵਾਰੀ ਮੈਂ ਵੀ ਤੈਥੋਂ ਕੁਝ ਮੰਗਦੀ ਹਾਂ। ਆਪਣੇ ਸ਼ਰਾਬੀ ਪਤੀ ਦੀਆਂ ਗਾਲ੍ਹਾਂ ਤੇ ਮਾਰ ਖਾ-ਖਾ ਕੇ, ਮੈਂ ਅੱਕ ਗਈ ਹਾਂ, ਇਸ ਜੀਵਨ ਤੋਂ। ਅੱਕ ਗਈ ਹਾਂ, ਆਪਣੇ ਬੱਚਿਆਂ ਨੂੰ ਤਰਸਾਅ-ਤਰਸਾਅ ਕੇ ਪਾਲਨ ਤੋਂ...ਕੁਝ ਦਿਨਾਂ ਲਈ ਮੈਂ ਵੀ ਜਿਊਣਾ ਚਾਹੁੰਦੀ ਹਾਂ ਰਮੇਸ਼ ਨਾਥ! ਥੋੜ੍ਹੇ ਦਿਨਾਂ ਲਈ ਤੂੰ ਵੀ ਮੈਨੂੰ ਮੁਕਤੀ ਦੇ ਦੇ!...ਮੈਂ...ਮੈਂ ਵੀ ਇਕ ਸਰੀਰ ਦੇਖਿਆ ਹੈ। ਮੈਂ ਵੀ ਉਸਨੂੰ ਭੋਗਣਾ ਚਾਹੁੰਦੀ ਹਾਂ। ਇਹ ਮੇਰਾ ਵਾਅਦਾ ਹੈ ਕਿ ਵਾਪਸ ਜ਼ਰੂਰ ਆਵਾਂਗੀ। ਤੇ ਮੈਨੂੰ ਵਿਸ਼ਵਾਸ ਹੈ ਕਿ ਤੂੰ ਵੀ ਮੈਨੂੰ ਓਵੇਂ ਹੀ ਅਪਣਾਅ ਲਏਂਗਾ, ਜਿਵੇਂ ਤੇਰੀਆਂ ਕਹਾਣੀ ਵਿਚ ਤੇਰੀ ਪਤਨੀ ਤੈਨੂੰ ਅਪਣਾਅ ਲੈਂਦੀ ਹੈ...ਤੇ ਮੈਂ ਵੀ ਤੈਨੂੰ ਵਿਸਥਾਰ ਸਮੇਤ ਉਸ ਸਰੀਰ ਦਾ ਬਿਓਰਾ ਦਿਆਂਗੀ...ਉਹਨਾਂ ਤਾਕਤਵਰ ਬਾਹਾਂ, ਚੌੜੇ ਵਾਲਾਂ ਭਰੇ ਸੀਨੇ, ਸਰੀਰ ਦੀ ਮਹਿਕ ਤੇ ਲਿੰਗ ਦੀ ਪੂਰੀ ਰਿਪੋਰਟ ਦਿਆਂਗੀ ਲਿਖਾਰੀ ਸਾਹਬ। ਬੋਲੋ! ਤੁਸੀਂ ਮੈਨੂੰ ਮੁਕਤੀ ਦਿਓਗੇ ਨਾ?...ਬੋਲੋ...ਬੋਲੋ...ਬੋਲੋ।”
ਘਬਰਾ ਕੇ ਉਠ ਬੈਠਾ ਹੋਇਆ ਰਮੇਸ਼ ਨਾਥ। ਸਥਿਤੀ ਸਮਝਣ ਵਿਚ ਕੁਝ ਸਮਾਂ ਲੱਗਿਆ ਉਸਨੂੰ । ਗਲਾ ਖੁਸ਼ਕ ਹੋਇਆ ਹੋਇਆ ਸੀ। ਆਵਾਜ਼ ਗਲੇ ਵਿਚ ਫਸ ਗਈ ਜਾਪਦੀ ਸੀ। ਦੇਖਿਆ, ਲਤਾ ਓਵੇਂ ਦੀ ਜਿਵੇਂ ਸੁੱਤੀ ਹੋਈ ਸੀ। ਤਾਂ ਕੀ ਉਹ ਸੁਪਨਾ ਦੇਖ ਰਿਹਾ ਸੀ? ਹਾਂ! ਇਹ ਤਾਂ ਸੁਪਨਾ ਹੀ ਹੋ ਸਕਦਾ ਹੈ...ਇਕ ਮਾੜਾ ਸੁਪਨਾ। ਰਮੇਸ਼ ਨਾਥ ਉਠਿਆ, ਇਕ ਗਲਾਸ ਪਾਣੀ ਪੀਤਾ। ਲਤਾ ਵੱਲ ਦੇਖਿਆ।...ਤੇ ਆਪਣੀ ਕਹਾਣੀ ਵਾਲੇ ਵਰਕੇ ਚੁੱਕੇ ਤੇ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ।
--- --- ---

Sunday, April 11, 2010

ਉਡਾਨ... :: ਲੇਖਕ : ਤੇਜੇਂਦਰ ਸ਼ਰਮਾ

ਉਡਾਨ... :: ਲੇਖਕ : ਤੇਜੇਂਦਰ ਸ਼ਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ


ਬੰਬਈ ਮੈਥੋਂ ਛੁੱਟ ਰਹੀ ਏ। ਗੱਡੀ ਮੈਨੂੰ ਇਸ ਤੋਂ ਦੂਰ, ਦਿੱਲੀ ਵੱਲ, ਲਈ ਜਾ ਰਹੀ ਏ। ਕੀ ਮੈਂ ਦਿੱਲੀ ਵਾਪਸ ਜਾਣ ਲਈ ਇੱਥੇ ਆਈ ਸਾਂ? ਇੰਜ ਤਾਂ ਨਹੀਂ ਸੀ ਸੋਚਿਆ ਮੈਂ। ਹੋਰ ਵੀ ਕਿਸ ਨੇ ਸੋਚਿਆ ਹੋਏਗਾ? ਪਿਤਾ ਜੀ ਕਹਿ ਰਹੇ ਸੀ, 'ਵੀਨੂ ਬੇਟਾ, ਹੁਣ ਤੂੰ ਏਅਰ-ਹੋਸਟੇਸ ਬਣ ਗਈ ਏਂ...ਮੇਰੇ ਤਾਂ ਸਿਰ ਦਾ ਭਾਰ ਲੱਥ ਗਿਐ। ਆਪਣੇ ਭਰਾ-ਭੈਣਾ ਨੂੰ, ਤੂੰ ਈਂ ਸਿਰੇ ਲਾਉਣਾ ਏਂ ਹੁਣ।' ਕਿੰਨਾ ਪਿਆਰ ਕਰਦੇ ਨੇ ਉਹ ਮੈਨੂੰ! ਹਰ ਵੇਲੇ ਉਹਨਾਂ ਨੂੰ ਮੇਰੀ ਈ ਚਿੰਤਾ ਲੱਗੀ ਰਹਿੰਦੀ ਸੀ। ਮੈਂ ਇਕੱਲੀ ਕਿੰਜ ਬੰਬਈ ਵਰਗੇ ਸ਼ਹਿਰ ਵਿਚ ਰਹਾਂਗੀ। ਮੇਰੇ ਖਾਣ-ਪੀਣ ਤੇ ਰਹਿਣ ਦੀ ਚਿੰਤਾ।
ਬਾਂਦਰਾ ਦੇ ਹੋਸਟਲ ਵਿਚੋਂ ਕੱਟੜਾ ਨੀਲ, ਚਾਂਦਨੀ ਚੌਂਕ, ਵਿਚ ਮੁੜ ਵਾਪਸੀ! ਇਹ ਸਭ ਮੈਨੂੰ ਬੜਾ ਓਪਰਾ-ਓਪਰਾ ਕਿਉਂ ਲੱਗ ਰਿਹਾ ਏ? ਮੈਂ ਆਪਣੇ ਘਰ ਵਾਪਸ ਈ ਤਾਂ ਜਾ ਰਾਹੀ ਆਂ।
ਘਰ! ਕੀ ਉਹ ਘਰ ਏ? ਪਿਤਾ ਜੀ ਦੇ ਸਰੀਰ ਵਾਂਗਰ ਓਵਰ-ਟਾਈਮ ਕਰ ਕਰ ਕੇ ਥੋਥਾ-ਬੋਦਾ ਹੋਇਆ ਪਿਆ ਏ। ਦਾਦਾ ਜੀ ਨੇ ਕਦੀ ਪੰਦਰਾਂ ਰੁਪਏ ਮਹੀਨੇ ਕਰਾਏ 'ਤੇ ਲਿਆ ਸੀ। ਪਿਤਾ ਜੀ ਅੱਜ ਵੀ ਪੰਦਰਾਂ ਰੁਪਏ ਈ ਦੇ ਰਹੇ ਨੇ। ਛੱਤ ਦੇ ਲਿਫੇ ਹੋਏ ਸ਼ਤੀਰ, ਅੰਗੀਠੀ ਤੇ ਸਟੋਵ ਦੇ ਧੂੰਏ ਕਾਰਨ ਲਟਕਦੇ ਹੋਏ ਕਾਲੇ ਜਾਲੇ। ਪਿਛਲੇ ਸਤ ਸਾਲਾਂ ਤੋਂ ਘਰ ਨੂੰ ਕਲੀ ਵੀ ਨਹੀਂ ਕਰਵਾਈ ਜਾ ਸਕੀ। ਸੂਰਜ ਦੀ ਰੌਸ਼ਨੀ ਤਾਂ ਕਦੀ ਵੀ ਉਸ ਘਰ ਦੇ ਹਨੇਰਿਆਂ ਨੂੰ ਪਾਰ ਨਹੀਂ ਕਰ ਸਕੀ। ਉਸ ਘਰ ਵਿਚ ਵਾਪਸ ਜਾਵਾਂਗੀ ਮੈਂ। ਨਾਲੀ ਵਿਚ ਵਗਦਾ ਗੰਦਾ ਪਾਣੀ ਤੇ ਨੱਕ ਸਾੜਵੀਂ ਬੋ! ਕਿਉਂ ਨਾ ਜੰਜ਼ੀਰ ਖਿੱਚ ਕੇ ਹੇਠਾਂ ਉਤਰ ਜਾਵਾਂ?...ਪਰ ਵਾਪਸ ਤਾਂ ਜਾਣਾ ਈ ਪਏਗਾ, ਬੰਬਈ ਵਿਚ ਹੁਣ ਮੇਰਾ ਹੈ-ਈ ਕੌਣ? ਨੀਲਮ ਵੀ ਹੌਲੀ ਹੌਲੀ ਮੈਨੂੰ ਭੁੱਲ ਜਾਏਗੀ। ਕੌਣ ਕਿਸੇ ਨੂੰ ਯਾਦ ਰੱਖਦਾ ਏ!
“ਵੀਨਾ ਜਦ ਮੈਂ ਬੰਬਈ ਆਈ ਸਾਂ, ਤਾਂ ਤੇਰੀ ਜਿੰਨੀ ਭਾਗਾਂਵਾਲੀ ਨਹੀਂ ਸਾਂ। ਇੱਥੇ, ਇਸੇ ਕਮਰੇ ਵਿਚ ਇਕੱਲੀ ਪਈ ਇਹਨਾਂ ਕੰਧਾਂ ਨੂੰ ਘੂਰਦੀ ਰਹਿੰਦੀ। ਮੈਨੂੰ ਤਾਂ ਇਸ ਨੌਕਰੀ ਤੇ ਬੰਬਈ ਦੋਨਾਂ ਨਾਲ ਹੀ ਨਫ਼ਰਤ ਹੋ ਗਈ ਸੀ। ਪਰ ਹੁਣ ਹੌਲੀ ਹੌਲੀ ਆਦਤ ਪੈ ਗਈ ਏ।”
“ਨੀਲਮ ਮੈਂ ਵੀ ਸੋਚਦੀ ਆਂ, ਸੱਚਮੁੱਚ ਕਿੰਨੀ ਭਾਗਾਂਵਾਲੀ ਆਂ ਮੈਂ! ਬੀ.ਏ. ਕਰਦਿਆਂ ਈ ਇਹ ਏਅਰ ਹੋਸਟੇਸ ਦੀ ਨੌਕਰੀ ਤੇ ਤੇਰੇ ਵਰਗੀ ਸਹੇਲੀ...ਮੇਰੇ ਵਰਗੀ ਭਾਗਵਾਨ ਸ਼ਾਇਦ ਈ ਕੋਈ ਹੋਰ ਹੋਏ।”
ਭਾਗਵਾਨ! ਕੀ ਅਰਥ ਸੀ ਉਸ ਸ਼ਬਦ ਦੇ? ਕੀ ਮੈਂ ਆਪਣੇ ਮਾਂ-ਬਾਪ, ਭਰਾ-ਭੈਣਾ ਨੂੰ ਛੱਡ ਕੇ ਬੰਬਈ ਵਿਚ ਰਹਿਣ ਕਰਕੇ ਭਾਗਵਾਨ ਸਾਂ?...ਤੇ ਅੱਜ ਜਦੋਂ ਆਪਣੇ ਘਰ ਵਾਪਸ ਜਾ ਰਹੀ ਆਂ ਤਾਂ ਖ਼ੁਦ ਨੂੰ ਅਭਾਗੀ ਸਮਝ ਰਹੀ ਆਂ!
ਕੀ ਮੈਨੂੰ ਫੇਰ ਉਸੇ ਸੜਕ ਉੱਤੇ ਵਾਰ ਵਾਰ ਤੁਰਨਾ ਪਏਗਾ, ਜਿਸ ਉੱਤੇ ਮੇਰੇ ਜੀਵਨ ਦੇ ਪਿਛਲੇ ਵੀਹ ਸਾਲ ਬੀਤੇ ਸੀ? ਫਤਹਿ ਪੁਰੀ ਦੀ ਮਸਜਿਦ ਤੋਂ ਲਾਲ ਕਿਲੇ ਤਕ...ਰਸਤੇ ਵਿਚ ਟਾਊਨ-ਹਾਲ, ਫੁਆਰਾ, ਕੋਤਵਾਲੀ, ਸੀਸ-ਗੰਜ ਗੁਰੂਦੁਆਰਾ, ਚਰਚ, ਸ਼ਿਵਜੀ ਦਾ ਮੰਦਰ, ਮੋਤੀ ਸਿਨੇਮਾ ਤੇ ਪੰਛੀਆਂ ਦਾ ਹਸਪਤਾਲ...ਕਿਸ ਸ਼ਾਨ ਨਾਲ ਦੁਨੀਆਂ ਨੂੰ ਜਿਊਣਾ ਸਿਖਾਉਂਦੇ ਨੇ! ਕਿਧਰੇ ਪੂਰੀਆਂ ਵਿਕ ਰਹੀਆਂ ਨੇ, ਤੇ ਕਿਤੇ ਕੋਈ ਹਕੀਮ ਸਾਹਬ ਮੁੱਛਾਂ ਨੂੰ ਤਾਅ ਦੇਂਦੇ ਹੋਏ ਮਰਦਾਨਗੀ ਵੇਚ ਰਹੇ ਨੇ। ਪਰ ਮੇਰੇ ਮਨ ਦੀ ਕਮਜ਼ੋਰੀ, ਮੈਨੂੰ ਕਿੱਥੇ ਲੈ ਜਾਏਗੀ? ਹੈ ਕੋਈ, ਇਸਦਾ ਇਲਾਜ਼?
ਮੇਰੇ ਸਾਹਮਣੇ ਬੈਠਾ ਮੁੰਡਾ ਕੇਡੀ ਬੇਹਯਾਈ ਨਾਲ ਮੈਨੂੰ ਘੂਰ ਰਿਹਾ ਏ! ਘੂਰਦਾ ਤਾਂ ਮੈਨੂੰ ਰਾਜੂ ਵੀ ਸੀ...ਪਰ ਕਿੰਨੇ ਪਿਆਰ ਨਾਲ! ਉਸਦੀ ਤਾਂ ਬਾਤ ਹੀ ਕੁਛ ਹੋਰ ਸੀ। ਨੀਲੇ ਰੰਗ ਦੇ ਕੱਪੜਿਆਂ ਵਿਚ ਉਸਦਾ ਵਿਅਕਤੀਤਵ ਕੇਡਾ ਨਿੱਖਰਿਆ ਹੁੰਦਾ ਸੀ! ਉਸਦੇ ਗੋਰੇ ਰੰਗ 'ਤੇ ਮੁੱਛਾਂ ਕਿੰਨੀਆਂ ਫੱਬਦੀਆਂ ਸਨ! ਪਹਿਲੀ ਨਜ਼ਰੇ ਈ ਉਹ ਮੈਨੂੰ ਕੁਛ ਖਾਸ ਈ ਚੰਗਾ ਲੱਗਿਆ ਸੀ। ਮੈਨੂੰ ਆਪਣੇ ਘਰ ਵੀ ਤਾਂ ਲੈ ਗਿਆ ਸੀ। ਆਪਣੀ ਮਾਂ ਨਾਲ ਵੀ ਮਿਲਵਾਇਆ ਸੀ।
“ਵੀਨਾ! ਅੱਜ ਤੈਨੂੰ ਮਾਂ ਨਾਲ ਮਿਲਵਾਣ ਲੈ ਜਾਣਾ ਏਂ। ਤੂੰ ਸਾੜ੍ਹੀ ਬੰਨ੍ਹ ਕੇ ਆਵੀਂ, ਉਹੀ ਪੀਲੀ ਸਾੜ੍ਹੀ। ਉਸ ਵਿਚ ਤੂੰ ਬੜੀ ਪਿਆਰੀ ਲੱਗਦੀ ਏਂ।”
“ਰਾਜੂ, ਮੈਨੂੰ ਪਸੰਦ ਕਰ ਲੈਣਗੇ ਮਾਂ-ਜੀ?”
“ਜਿਹੜਾ ਤੈਨੂੰ ਪਸੰਦ ਨਾ ਕਰੂ, ਉਸਦੀ ਆਪਣੀ ਨਜ਼ਰ 'ਚ ਕੋਈ ਦੋਸ਼ ਹੋਊ ਬਈ।”
ਦੋਸ਼! ਕਿਸ ਨੂੰ ਦੋਸ਼ੀ ਕਹਾਂ ਮੈਂ? ਇਹਨਾਂ ਛੇ ਮਹੀਨਿਆਂ 'ਚ ਕਿੰਨਾਂ ਲੰਮਾਂ ਸਫਰ ਕਰ ਆਈ ਆਂ। ਹੱਸਦੀ-ਖੇਡਦੀ ਵੀਨੂ ਤੋਂ ਇਕ ਗੰਭੀਰ ਚਿੰਤਨਸ਼ੀਲ ਕੁੜੀ ਬਣ ਗਈ ਆਂ ਮੈਂ।
ਗੱਡੀ ਸੂਰਤ ਸਟੇਸ਼ਨ 'ਤੇ ਰੁਕੀ ਏ। ਉਹ ਮੁੰਡਾ ਹੁਣ ਵੀ ਢੀਠਾਂ ਵਾਂਗ ਮੇਰੇ ਵੱਲ ਤੱਕ ਰਿਹਾ ਏ। ਚਾਹਵਾਲਾ 'ਚਾਏ ਗਰਮ' ਦੀਆਂ ਆਵਾਜ਼ਾਂ ਲਾ ਰਿਹਾ ਏ। ਕੀ ਇਹ ਵੀ ਏਅਰ ਹੋਸਟੇਸ ਦਾ ਈ ਦੂਜਾ ਰੂਪ ਏ? ਕੀ ਮੈਂ ਵੀ ਹਵਾਈ ਜਹਾਜ਼ ਵਿਚ ਚਾਹ-ਕਾਫੀ ਲਈ ਪੁੱਛਦੀ ਇੰਜ ਹੀ ਲੱਗਦੀ ਹੋਵਾਂਗੀ?...ਨਹੀਂ!...ਮੈਂ ਐਸੀ ਨਹੀਂ ਹੋ ਸਕਦੀ। ਮੈਂ ਸਿਰਫ ਚਾਹ ਜਾਂ ਸ਼ਰਾਬ ਵੇਚਣ ਵਾਲੀ ਨਹੀਂ ਹੋ ਸਕਦੀ ਮੈਂ। ਮੈਂ ਤਾਂ ਏਅਰ ਹੋਸਟੇਸ ਸਾਂ। ਮੇਰਾ ਕੰਮ ਸੀ ਯਾਤਰੀਆਂ ਦੇ ਆਰਾਮ ਦੀ ਦੇਖਭਾਲ। ਮੈਂ ਤਾਂ ਘਰ ਦੀ ਮਾਲਕਨ ਵਾਂਗ ਉਹਨਾਂ ਦੀ ਤੇ ਉਹਨਾਂ ਦੇ ਬੱਚਿਆਂ ਦੀ ਆਓ-ਭਾਗਤ ਕਰਦੀ ਸਾਂ। ਉਹਨਾਂ ਨੂੰ ਖਾਣਾ ਖੁਆਉਣਾ ਤਾਂ ਸਿਰਫ 'ਇਕ ਕੰਮ' ਸੀ। ਮੈਂ ਤਾਂ ਹੋਰ ਵੀ ਬਹੁਤ ਕੁਝ ਕਰਦੀ ਸਾਂ। 'ਕੰਪਾਰਟਮੈਂਟ' ਦੀ ਹਰੇਕ ਚੀਜ਼ ਪੀਲੀ-ਜਿਹੀ ਦਿਖਾਈ ਦੇਣ ਲੱਗੀ। ਅੱਖਾਂ ਅੱਗੇ ਹਨੇਰਾ ਜਿਹਾ ਆ ਗਿਆ। ਕੀ ਹਨੇਰਾ ਵੀ ਗੂੜ੍ਹਾ ਹੋਣ ਤੋਂ ਪਹਿਲਾਂ ਪੀਲਾ ਹੁੰਦਾ ਏ?
“ਤੇਰੀ ਯੂਨੀਫਾਰਮ ਦੀ ਸਾੜ੍ਹੀ ਦੇ ਦੋ ਰੰਗ ਨੇ...ਪੀਲਾ ਤੇ ਹਰਾ। ਦੋਨਾਂ ਵਿਚ ਕਾਲੇ ਤੇ ਲਾਲ ਰੰਗ ਦੇ ਡਿਜ਼ਾਇਨ ਨੇ। ਵੀਨੂ ਤੈਨੂੰ ਕਿਹੜਾ ਰੰਗ ਪਸੰਦ ਏ ?”
“ਜੀ, ਪੀਲਾ, ਮੈਡਮ !”
ਮਿਸਟਰ ਸ਼ਾਹ ਮੇਰੀ ਕਲਾਸ ਨੂੰ ਪੜ੍ਹਾਉਣ ਆਉਂਦੇ ਸੀ। ਉਹਨਾਂ ਦੀਆਂ ਮੁੱਛਾਂ ਕੁਝ ਵਿਸ਼ੇਸ਼ ਈ ਸਨ। ਉਹ ਚਿਹਰੇ ਤੋਂ ਈ ਕੋਈ ਮੇਜਰ ਜਾਂ ਕਰਨਲ ਲੱਗਦੇ ਸਨ। ਪਰ ਸੀ, ਬੜੇ ਈ ਨੇਕ ਦਿਲ ਆਦਮੀ। ਮੈਨੂੰ ਚੀਜਾਂ ਤੇ ਵਾਈਨ ਦੇ ਨਾਂ ਕਦੀ ਨਹੀਂ ਸੀ ਯਾਦ ਰਹਿੰਦੇ। ਸਾਰੇ ਫਰਾਂਸੀਸੀ ਨਾਂ ਸਨ। ਉਹਨਾਂ ਮੈਨੂੰ ਕਦੀ ਨਹੀਂ ਸੀ ਤਾੜਿਆ। ਹਮੇਸ਼ਾ ਵੀਨੂ ਬੇਟਾ ਕਹਿ ਕੇ ਈ ਬੁਲਾਂਦੇ ਸਨ। ਏਅਰ ਲਾਈਨ ਦੇ ਹੋਰ ਲੋਕ ਤਾਂ 'ਹਨੀ', 'ਡਾਰਲਿੰਗ' ਤੇ 'ਲਵ' ਈ ਬੁਲਾਂਦੇ ਨੇ ਸਾਰੀਆਂ ਕੁੜੀਆਂ ਨੂੰ। ਕਾਸ਼! ਉਹ ਇਹਨਾਂ ਸ਼ਬਦਾਂ ਦਾ ਅਰਥ ਸਮਝ ਸਕਦੇ! ਅਰਥਾਂ ਪੱਖੋਂ ਕੋਰੇ ਲੋਕ!
ਮੇਰੀ ਪਹਿਲੀ ਫਲਾਈਟ ਦੁਬਈ ਤੇ ਮਸਕਟ ਲਈ ਸੀ। ਏਅਰ ਲਾਈਨ ਵਿਚ ਨਵਾਂ ਨਿਯਮ ਬਨਾਇਆ ਗਿਆ ਸੀ। ਟ੍ਰੇਨੀਜ਼ ਸਿਰਫ ਗਲਫ ਫਲਾਈਟਸ 'ਤੇ ਹੀ ਜਾਣਗੇ। ਉਹਨਾਂ ਨੂੰ ਲੰਦਨ ਜਾਂ ਲੰਮੀ ਫਲਾਈਟਸ 'ਤੇ ਨਹੀਂ ਭੇਜਿਆ ਜਾਏਗਾ।
“ਓਇ ਬਈ ਵੀਨੂ, ਜਦ ਮੈਂ ਟ੍ਰੇਨੀ ਸੀ ਤਾਂ ਪਹਿਲੀ ਫਲਾਈਟ 'ਤੇ ਹੀ ਹਾਂਗਕਾਂਗ ਗਈ ਸੀ। ਤੁਹਾਡੀ ਲੋਕਾਂ ਦੀ ਕਿਸਮਤ ਤਾਂ ਦੁਬਈ ਤੱਕ ਹੀ ਸਿਮਟ ਗਈ ਏ।”
ਨੀਲੂ ਬੇਗ਼ਮ, ਜੇ ਕਿਸਮਤ ਦੀ ਖਰਾਬੀ ਏਥੇ ਤਕ ਈ ਰੁਕ ਜਾਏ ਤਾਂ ਬੜਾ ਏ, ਕਿਤੇ ਵਧਦੀ ਓ ਨਾ ਜਾਏ।
ਮੈਨੂੰ ਹੋਸਟਲ 'ਚੋਂ ਲੈਣ ਲਈ ਏਅਰਲਾਈਨ ਦੀ ਗੱਡੀ ਆਈ ਸੀ। ਉਸ ਵਿਚ ਇਕ ਹੋਸਟੇਸ ਤੇ ਦੋ ਪਰਸਰ ਵੀ ਬੈਠੇ ਹੋਏ ਸਨ। ਪਰਸਰ ਨੂੰ ਅਸੀਂ ਮਰਦਾਨਾ-ਹੋਸਟੇਸ ਵੀ ਕਹਿੰਦੇ ਆਂ। ਮੈਂ ਸਾਰਿਆਂ ਨੂੰ ਆਪਣੀ ਜਾਣ-ਪਛਾਣ ਕਰਵਾਈ। ਹਵਾਈ ਅੱਡੇ ਪਹੁੰਚ ਕੇ ਸਾਰੇ ਜਣੇ ਇਕ ਆਫਿਸ ਵਿਚ ਇਕੱਠੇ ਹੋਏ। ਉੱਥੇ ਵੀ ਮੈਂ ਸਾਰਿਆਂ ਨੂੰ ਆਪਣੇ ਬਾਰੇ ਦੱਸਣਾ ਸੀ। ਯੂਨੀਫਾਰਮ ਵਿਚ ਸਾਰੇ ਚਿਹਰੇ ਇਕੋ ਜਿਹੇ ਲੱਗ ਰਹੇ ਸਨ। ਮੈਂ ਘਬਰਾਹਟ ਵਿਚ ਕਈ ਲੋਕਾਂ ਨੂੰ ਆਪਣੇ ਬਾਰੇ ਦੋ ਜਾਂ ਤਿੰਨ ਵਾਰੀ ਦੱਸ ਗਈ। ਮੇਰੀ ਚੈਕ ਹੋਸਟੇਸ ਨੇ ਮੇਰਾ ਹੌਸਲਾ ਵਧਾਇਆ ਤੇ ਫਲਾਈਟ ਦੇ ਸੰਬੰਧ ਵਿਚ ਕੁਝ ਹਦਾਇਤਾਂ ਦਿੱਤੀਆਂ। ਜਹਾਜ਼ ਨੂੰ ਪਹਿਲੀ ਵਾਰੀ ਅੰਦਰੋਂ ਦੇਖ ਕੇ ਮੈਂ ਆਪਣੇ ਆਪ ਉੱਤੇ ਕਾਬੂ ਨਹੀਂ ਸੀ ਰੱਖ ਸਕੀ। ਇਕ ਗਰੀਬ ਪਰਿਵਾਰ ਦੀ ਬੱਚੀ ਤੇ 382 ਸੀਟਾਂ ਵਾਲਾ ਦੈਂਤ-ਆਕਾਰ ਜੰਬੋ ਜੇਟ। ਫਲਾਈਟ ਵਿਚ ਐਲਾਨ ਵੀ ਮੈਂ ਕਰਨੇ ਸਨ। ਮੈਂ ਬੋਲਣਾ ਸ਼ੁਰੂ ਕੀਤਾ। ਹੰਝੂ ਬਾਹਰ ਆਉਣ ਲਈ ਮਚਲਣ ਲੱਗੇ। ਘਬਰਾਹਟ, ਖੁਸ਼ੀ ਤੇ ਮੌਕੇ ਦੀ ਨਜ਼ਾਕਤ ਸਭੇ ਆਪਣਾ ਰੰਗ ਵਿਖਾਲ ਰਹੇ ਸਨ। ਜਹਾਜ਼ ਦੇ ਉਡਦਿਆਂ ਹੀ ਸਰੀਰ ਨੂੰ ਇਕ ਝਟਕਾ ਜਿਹਾ ਲੱਗਿਆ। ਖਿੜਕੀ ਵਿਚੋਂ ਝਾਕ ਕੇ ਦੇਖਿਆ ਤਾਂ ਬੰਬਈ ਰਾਤ ਦੀਆਂ ਬਾਹਾਂ ਵਿਚ ਬਿਜਲੀ ਬਣ ਕੇ ਚਮਕ ਰਹੀ ਸੀ। ਜੁਗਨੂੰਆਂ ਦੀਆਂ ਕਤਾਰਾਂ ਵਾਂਗ ਲੱਗ ਰਹੀਆਂ ਸਨ, ਸ਼ਹਿਰ ਦੀਆਂ ਬੱਤੀਆਂ...।
ਗੱਡੀ ਆਪਣੀ ਮੰਜ਼ਿਲ ਵੱਲ ਦੌੜੀ ਜਾ ਰਹੀ ਏ। ਦਰਖ਼ਤ ਪਿੱਛੇ ਰਹਿੰਦੇ ਜਾ ਰਹੇ ਨੇ। ਨੰਗਧੜ ਬੱਚੇ, ਟੱਡੀਆਂ-ਅੱਖਾਂ ਨਾਲ ਗੱਡੀ ਵੱਲ ਦੇਖ ਰਹੇ ਨੇ। ਜਿਵੇਂ ਕੋਈ ਲੋਹੇ ਦਾ ਦੈਂਤ ਦਹਾੜਦਾ ਹੋਇਆ ਨੱਸਿਆ ਜਾ ਰਿਹਾ ਹੋਏ। ਕਦੀ ਹਵਾਈ ਜਹਾਜ਼ ਦੇਖ ਕੇ ਮੇਰੀਆਂ ਅੱਖਾਂ ਵੀ ਇੰਜ ਹੀ ਟੱਡੀਆਂ ਜਾਂਦੀਆਂ ਸਨ। ਖੁੱਲ੍ਹੀਆਂ ਤੇ ਫੈਲੀਆਂ ਹੋਈਆਂ! ਮੇਰਾ ਦਿਲ ਵੀ ਆਈਕੈਰਸ ਵਾਂਗ ਉਡਾਨ ਭਰਨ ਨੂੰ ਕਰਦਾ ਹੋਏਗਾ। ਉਸੇ ਵਾਂਗ ਮੇਰੇ ਖੰਭ ਵੀ ਗਲ ਗਏ ਨੇ। ਮੈਂ ਧਰਤੀ 'ਤੇ ਆਣ ਡਿੱਗੀ ਆਂ। ਆਕਾਸ਼ ਨੂੰ ਆਪਣੀਆਂ ਬਾਹਾਂ ਵਿਚ ਨਹੀਂ ਸਮੇਟ ਸਕੀ।
ਸਾਹਮਣੇ ਬੈਠੇ ਮੁੰਡੇ ਨੇ ਗੁਫਾ ਵਰਗਾ ਮੂੰਹ ਅੱਡ ਕੇ ਉਬਾਸੀ ਲਈ, ਤਾਂ ਕੀੜੇ ਖਾਧੀਆਂ ਦਾੜ੍ਹਾਂ ਦਿਖਾਈ ਦਿੱਤੀਆਂ।
“ਤੂੰ ਆਪਣੇ ਦੰਦ ਡਾਕਟਰ ਨੂੰ ਦਿਖਾਅ ਵੀਨੂ, ਹੁਣੇ ਤੇਰੀ ਇਕ ਦਾੜ੍ਹ ਨੂੰ ਕੀੜਾ ਲੱਗ ਗਿਆ ਏ।”
“ਤੈਨੂੰ ਹਮੇਸ਼ਾ ਮੇਰੀ ਕਿੰਨੀ ਫਿਕਰ ਰਹਿੰਦੀ ਏ ਰਾਜੂ, ਚੱਲ ਹੁਣੇ ਡਾਕਟਰ ਅਰੋੜਾ ਨੂੰ ਦਿਖਾਅ ਲੈਂਦੇ ਆਂ।”
ਚਾਚਾ ਜੀ ਦੀ ਦਾੜ੍ਹ ਨੂੰ ਵੀ ਕੀੜਾ ਲੱਗ ਗਿਆ ਸੀ। ਕਿੰਨੀ ਪੀੜ ਹੋਈ ਸੀ ਉਹਨਾਂ ਦੇ! ਉਹ ਅਮਰੀਕਾ ਤੋਂ ਦਿੱਲੀ ਆਏ ਹੋਏ ਸਨ। ਪਿਤਾ ਜੀ ਦੇ ਨਾਲ ਮੈਂ ਵੀ ਉਹਨਾਂ ਨੂੰ ਹਵਾਈ ਅੱਡੇ 'ਤੇ ਲੈਣ ਗਈ ਸਾਂ। ਚਾਚੀ ਵੀ ਉਹਨਾਂ ਦੇ ਨਾਲ ਆਈ ਸੀ। ਚਾਚਾ-ਚਾਚੀ ਸਾਡੇ ਘਰ ਨਾ ਆ ਕੇ ਸਿੱਧੇ ਭੂਆ ਕੇ ਘਰ, ਲੋਧੀ ਕਾਲੋਨੀ, ਚਲੇ ਗਏ ਸਨ। ਗਰੀਬ ਭਰਾ ਦੇ ਘਰ ਨਾਲੋਂ ਅਮੀਰ ਭੈਣ ਦਾ ਘਰ ਕਿਤੇ ਵਧ ਸੁਹਾਉਂਦਾ ਹੋਏਗਾ ਉਹਨਾਂ ਨੂੰ। ਪਿਤਾ ਜੀ ਵੀ ਤਾਂ ਸਤਯਕਾਮ ਬਣੇ ਰਹਿੰਦੇ ਨੇ। ਕਿਉਂ ਨਹੀਂ ਲੈਂਦੇ ਹੋਰਾਂ ਵਾਂਗ ਰਿਸ਼ਵਤ? ਸਾਡਾ ਵੀ ਇਕ ਸੁੰਦਰ ਘਰ ਹੁੰਦਾ। ਗਰੀਬੀ, ਸਰਾਲ ਵਾਂਗ ਸਾਡੇ ਘਰ ਨੂੰ ਨਾ ਨਿਗਲਦੀ। ਚਾਚੀ ਸਾਡੇ ਘਰ ਵੀ ਤਾਂ ਆਈ ਸੀ।
“ਵੀਨੂ! ਬੜੀ ਵੱਡੀ ਹੋ ਗਈ ਏਂ! ਸੋਹਣੀ ਖਾਸੀ ਨਿਕਲ ਆਈ ਏਂ। ਤੈਨੂੰ ਤਾਂ ਫਿਲਮਾਂ ਦਾ ਸ਼ੌਕ ਵੀ ਨਹੀਂ ਸੀ। ਫੇਰ ਇਹ ਏਅਰ ਹੋਸਟੇਸ!” ਏਅਰ ਹੋਸਟੇਸ ਦੇ ਨਾਂ ਨਾਲ ਈ ਮੇਰੇ ਸਾਰੇ ਸਰੀਰ 'ਚ ਸੀਤ ਲਹਿਰ ਦੌੜ ਜਾਂਦੀ ਸੀ। ਅਨੂ ਦੀ ਭੈਣ ਮਧੂ ਵੀ ਤਾਂ ਏਅਰ ਹੋਸਟੇਸ ਏ। ਹੋਰ ਕਿਸੇ ਵੀ ਅਕਰਖਣ ਨਾਲੋਂ ਵੱਧ ਮੈਨੂੰ ਅਨੂ ਤੋਂ ਇਹੋ ਪ੍ਰੇਰਨਾ ਮਿਲੀ ਸੀ ਕਿ ਮੈਂ ਵੀ ਏਅਰ ਹੋਸਟੇਸ ਬਣਾ। ਕਿੰਜ ਚਟਖਾਰੇ ਲੈ ਲੈ ਕੇ ਆਪਣੀ ਵਿਦੇਸ਼ ਯਾਤਰਾ ਦੇ ਕਿੱਸੇ ਸੁਣਾਉਂਦੀ ਹੁੰਦੀ ਸੀ ਮੈਨੂੰ! ਮਧੂ ਦੀਦੀ ਦਾ ਜੀਵਨ ਤਾਂ ਫਾਈਵ ਸਟਾਰ ਹੋਟਲਾਂ ਦੇ ਗਲੈਮਰ ਵਿਚ ਈ ਬੀਤਦਾ ਰਿਹਾ ਏ। ਉਹਨਾਂ ਦੇ ਘਰ ਹਰੇਕ ਕੰਮ ਲਈ ਸਪਰੇ ਇਸਤੇਮਾਲ ਹੁੰਦਾ ਏ, ਇੱਥੋਂ ਤਕ ਕਿ ਮੱਛਰ ਮਾਰਨ ਲਈ ਵੀ ਦੀਦੀ ਲੰਦਨ ਤੋਂ ਸਪਰੇ ਲਿਆਉਂਦੀ ਏ। ਉਸ ਦਿਨ ਤਾਂ ਹੱਦ ਈ ਹੋ ਗਈ, ਜਦੋਂ ਮੈਂ ਮਧੂ ਦੀਦੀ ਨੂੰ ਛੂਹ ਕੇ ਦੇਖਿਆ ਕਿ ਕੀ ਏਅਰ ਹੋਸਟੇਸ ਵੀ ਹੱਡ-ਮਾਸ ਦੀ ਈ ਬਣੀ ਹੁੰਦੀ ਏ?
“ਤੂੰ ਏਨੀ ਘਬਰਾਈ ਕਿਉਂ ਹੋਈ ਏਂ, ਵੀਨੂ? ਅਨੂ ਮੇਰੇ ਨਾਲ ਅਕਸਰ ਤੇਰੀਆਂ ਗੱਲਾਂ ਕਰਦੀ ਰਹਿੰਦੀ ਏ। ਜਿਵੇਂ ਮੈਂ ਅਨੂ ਦੀ ਦੀਦੀ ਓਵੇਂ ਹੀ ਤੇਰੀ ਵੀ। ਹਾਂ, ਤੈਨੂੰ ਹੋਸਟੇਸ ਬਣਨ ਦਾ ਸ਼ੌਕ ਏ ਨਾ?”
“ਸ਼ੌਕ, ਦੀਦੀ! ਇਹੋ ਤਾਂ ਮੇਰੀ ਜ਼ਿੰਦਗੀ ਦਾ ਸੁਪਨਾ ਏਂ। ਪੰਛੀਆਂ ਵਾਂਗ ਖੰਭ ਲੱਗ ਜਾਣਗੇ ਮੇਰੇ। ਅੱਜ ਲੰਦਨ ਤੇ ਕੱਲ੍ਹ ਸਿਡਨੀ। ਸਾਰੀ ਦੁਨੀਆਂ ਦੇਖਾਂਗੀ ਮੈਂ। ਕੀ ਇੰਜ ਹੋ ਸਕਦਾ ਏ, ਮਧੂ ਦੀਦੀ?”
“ਓਇ ਬਈ, ਕਿਉਂ ਨਹੀਂ ਹੋ ਸਕਦਾ! ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲੈ ਆਪਣੀ। ਹੁਣ ਤਾਂ ਬੀ.ਏ. ਪੂਰੀ ਹੋਣ 'ਚ ਡੇਢ ਸਾਲ ਈ ਬਾਕੀ ਰਹਿ ਗਿਆ ਏ।”
ਡੇਢ ਸਾਲ। ਕਿੰਨਾਂ ਥੋੜ੍ਹਾ ਲੱਗਦਾ ਏ ਸੁਣਨ ਵਿਚ, ਤੇ ਬੀਤਾਉਣਾ ਹੋਏ ਤਾਂ ਸਦੀਆਂ ਵਾਂਗਰ। ਆਕਾਸ਼ ਵਿਚ ਉਡਦੇ ਹਰੇਕ ਜਹਾਜ਼ ਨੂੰ ਤੱਕਦੀ ਰਹਿੰਦੀ ਸੀ, ਉਹਨੀਂ ਦਿਨੀ। ਆਪਣੀ ਧੁਨ ਵਿਚ ਹੀ ਮਸਤ ਰਹਿਣ ਲੱਗ ਪਈ ਸਾਂ ਮੈਂ। ਕਿਸੇ ਹੋਰ ਕੰਮ ਵਿਚ ਮੇਰੀ ਰੂਚੀ ਈ ਨਹੀਂ ਸੀ ਹੁੰਦੀ।
ਗੱਡੀ ਯਕਦਮ ਰੁਕ ਗਈ ਏ। ਬਾਹਰ ਕੋਈ ਸਟੇਸ਼ਟ ਵੀ ਨਹੀਂ। ਬਿਲਕੁਲ ਉਜਾੜ-ਬੀਆਬਾਨ ਏ। ਦੂਰ ਤਕ ਦਰਖ਼ਤ ਖੜ੍ਹੇ ਨੇ। ਗੱਡੀ ਨੂੰ ਖੜ੍ਹੀ ਦੇਖ ਕੇ ਉਹ ਵੀ ਖਲੋ ਗਏ ਨੇ। ਜਿਵੇਂ ਗੱਡੀ ਦਾ ਹਾਲਚਾਲ ਪੁੱਛ ਰਹੇ ਹੋਣ। ਦੌੜ ਸਮਾਪਤ ਹੋ ਗਈ ਜਾਪਦੀ ਏ, ਪਰ ਮੇਰੀ ਮੰਜ਼ਿਲ ਤਾਂ ਹਾਲੇ ਦੂਰ ਏ। ਡੱਬੇ ਵਿਚ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਉਣ ਲੱਗ ਪਈ। ਉਸਦੀ ਮਾਂ ਉਸਨੂੰ ਤਾੜ ਰਹੀ ਏ। ਮਾਂਵਾਂ ਤਾਂ ਤਾੜਦੀਆਂ ਈ ਹੁੰਦੀਆਂ ਨੇ।
“ਵੀਨੂ ਤੂੰ ਏਅਰ ਹੋਸਟੇਸ ਨਹੀਂ ਬਣਨਾ। ਸਾਡੇ ਖਾਨਦਾਨ ਵਿਚ ਅੱਜ ਤਾਈਂ ਕਦੀ ਕੋਈ ਕੁੜੀ ਅਜਿਹੀ ਮਟਰ-ਗਸ਼ਤੀ ਵਾਲੀ ਨੌਕਰੀ ਵਿਚ ਨਹੀਂ ਗਈ। ਕਿਸ ਦੇ ਭਰੋਸੇ 'ਤੇ ਤੈਨੂੰ ਦੇਸ਼-ਵਿਦੇਸ਼ ਜਾਣ ਦਿਆਂ? ਤੂੰ ਬੀ.ਏ. ਪੂਰੀ ਕਰ ਲੈ, ਤਾਂ ਤੇਰੇ ਹੱਥ ਪੀਲੇ ਕਰ ਦਿਆਂਗੀ। ਮੈਨੂੰ ਨਹੀਂ ਚਾਹੀਦੀ ਤੇਰੀ ਕਮਾਈ। ਰੁੱਖੀ-ਸੁੱਕੀ ਖਾ ਲਵਾਂਗੇ, ਪਰ ਕੁੜੀ ਨੂੰ ਐਸੀ ਬੇਸ਼ਰਮ ਨੌਕਰੀ ਨਹੀਂ ਕਰਨ ਦਿਆਂਗੇ। ਉਹ ਪੁਰੀ ਸਾਹਬ ਦੀ ਛੋਕਰੀ ਮਧੂ ਨੂੰ ਦੇਖੋ,ਕੇਹੇ ਕੱਪੜੇ ਪਾਂਦੀ ਏ, ਰਾਮ ਰਾਮ। ਪਤਾ ਨਹੀਂ ਲੱਗਦਾ ਕੁੜੀ ਏ ਕਿ ਮੁੰਡਾ! ਸੁਣ ਲਿਆ ਨਾ ਤੂੰ?”
ਮੈਂ ਤਾਂ ਆਪਣੇ ਮਨ ਦੀ ਗੱਲ ਬੜਾ ਚਿਰ ਪਹਿਲਾਂ ਈ ਸੁਣ ਚੁੱਕੀ ਸਾਂ। ਏਅਰ ਹੋਸਟੇਸ ਬਣਨਾ ਈ ਮੇਰੇ ਜੀਵਨ ਦਾ ਨਿਸ਼ਾਨਾ ਬਣ ਗਿਆ ਸੀ। ਪਿਤਾ ਜੀ ਨੇ ਹਮੇਸ਼ਾਂ ਵਾਂਗ ਫੇਰ ਮੇਰਾ ਸਾਥ ਦਿੱਤਾ। ਤੇ ਮੈਂ ਏਅਰ ਹੋਸਟੇਸ ਦੀ ਨੌਕਰੀ ਲਈ ਅਰਜ਼ੀ ਭੇਜ ਦਿੱਤੀ। ਲਗਭਗ ਦੋ ਮਹੀਨੇ ਬਾਅਦ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ। ਇੰਟਰਵਿਊ ਲਈ ਜਾਂਦਿਆਂ ਹੋਇਆਂ ਮੇਰੀਆਂ ਲੱਤਾਂ ਕੰਬ ਰਹੀਆਂ ਸੀ। ਗਲਾ ਖ਼ੁਸ਼ਕ ਹੋ ਗਿਆ ਸੀ। ਫੇਰ ਵੀ ਆਪਣੇ ਆਪ ਉੱਤੇ ਕਾਬੂ ਰੱਖਦਿਆਂ ਹੋਇਆਂ ਮੈਂ ਹਰੇਕ ਸਵਾਲ ਦਾ ਜਵਾਬ ਬੜੇ ਸਹਿਜ ਮਤੇ ਨਾਲ ਦਿੱਤਾ...।
ਫੇਰ ਸ਼ੁਰੂ ਹੋਈ ਉਡੀਕ ਤੇ ਪੂਰੇ ਪੰਜ ਮਹੀਨੇ ਬੀਤ ਗਏ। ਫੇਰ ਇਕ ਦਿਨ ਏਅਰ ਲਾਈਨ ਦੀ ਚਿੱਠੀ ਆ-ਈ ਪਹੁੰਚੀ ਕਿ ਮੇਰੀ ਨਿਯੁਕਤੀ ਹੋ ਗਈ ਏ। ਦਿਨਕਰ ਤੇ ਮੀਨੂ ਬੜੇ ਖੁਸ਼ ਸਨ। ਉਹਨਾਂ ਦੀ ਦੀਦੀ ਏਅਰ ਹੋਸਟੇਸ ਜੋ ਬਣ ਗਈ ਸੀ। ਉਹਨਾਂ ਤਾਂ ਪਹਿਲਾਂ ਈ ਆਪਣੀਆਂ ਫਰਮਾਇਸ਼ਾਂ ਦੀ ਸੂਚੀ ਮੈਨੂੰ ਫੜਾ ਦਿੱਤੀ ਸੀ। ਮੇਰੇ ਪੈਰ ਧਰਤੀ 'ਤੇ ਨਹੀਂ ਸੀ ਟਿਕ ਰਹੇ। ਮੇਰਾ ਸੁਪਨਾ ਮੇਰੇ ਕਿੰਨਾ ਨੇੜੇ ਸੀ! ਤੇ ਸੱਚ ਹੋ ਰਿਹਾ ਸੀ।
“ਪਿਤਾ ਜੀ, ਮੇਰੇ ਨਿਯੁਕਤੀ-ਪੱਤਰ ਆ ਗਿਆ ਏ। ਮੈਂ ਦਸ ਦਿਨਾਂ ਵਿਚ ਬੰਬਈ ਪਹੁੰਚਣਾ ਏਂ...ਹੁਣੇ ਤੋਂ ਤਿਆਰੀ ਕਰਨੀ ਪਏਗੀ।”
“ਹਾਂ ਬੇਟਾ, ਮੈਂ ਵੀ ਇਹੋ ਸੋਚ ਰਿਹਾਂ। ਤੇਰੇ ਲਈ ਨਵੇਂ ਕਪੜੇ...ਤੇ ਸਾਡੀ ਬੇਟੀ ਚੇਅਰ-ਕਾਰ ਵਿਚ ਜਾਏਗੀ। ਤੂੰ ਚਿੰਤਾ ਨਾ ਕਰ ਬੇਟਾ, ਮੈਂ ਸਾਰੇ ਪ੍ਰਬੰਧ ਕਰ ਲਵਾਂਗਾ।”
ਪਿਤਾ ਜੀ ਨੇ ਪ੍ਰਬੰਧ ਕਰ ਲਏ। ਦੱਸਿਆ ਤਕ ਨਹੀਂ ਕਿ ਕਿੱਥੋਂ ਕਰਜਾ ਲਿਆ। ਮੈਂ ਤਾਂ ਉਹ ਕਰਜਾ ਵੀ ਨਹੀਂ ਲਾਹ ਸਕੀ।
ਬੰਬਈ ਵਿਚ ਮਾਮੀ ਦੇ ਵਤੀਰੇ ਨੇ ਇਕ ਹਫਤੇ ਵਿਚ ਈ ਦੱਸ ਦਿੱਤਾ ਕਿ ਮੈਨੂੰ ਰਹਿਣ ਲਈ ਹੋਸਟਲ ਲੱਭਣਾ ਪਏਗਾ। ਨੀਲਮ ਨੇ ਮੇਰੀ ਕਿੰਨੀ ਮਦਦ ਕੀਤੀ ਓਹਨੀਂ ਦਿਨੀ...ਰਿਸ਼ਤੇਦਾਰਾਂ ਵਾਲੇ ਸਾਰੇ ਫਰਜ਼ ਓਟ ਲਏ ਸੀ ਉਸਨੇ। ਮੈਨੂੰ ਪੈਸੇ ਵੀ ਕਿੰਨੇ ਮਿਲਦੇ ਸੀ ਟ੍ਰੇਨਿੰਗ ਦੌਰਾਨ! ਤੇ ਫੇਰ ਬੰਬਈ ਵਰਗੇ ਮਹਾਨਗਰ ਦੇ ਹੋਸਟਲ ਵਿਚ ਰਹਿਣਾ। ਹਰ ਪ੍ਰੇਸ਼ਾਨੀ ਦਾ ਇਕੋ ਹੱਲ ਸੀ...ਨੀਲਮ।
“ਵੀਨੂ, ਤੇਰੇ ਲਈ ਲੰਦਨ ਤੋਂ ਇਹ ਲਿਪਸਟਿਕ ਤੇ ਨੇਲ-ਪਾਲਸ਼ ਲਿਆਈ ਆਂ। ਹਾਂ, ਇਹ ਡਰੈਸ ਵੀ ਤੇਰੀ ਈ ਏ।”
“ਨੀਲੂ, ਏਨੀ ਚੰਗੀ ਨਾ ਬਣ ਕਿ ਮੈਂ ਆਪਣੇ ਆਪ ਨੂੰ ਛੋਟੀ ਮਹਿਸੂਸ ਕਰਨ ਲੱਗਾਂ।”
“ਬਕਵਾਸ ਨਹੀਂ ਕਰੀਦੀ, ਮੈਂ ਕੋਈ ਅਹਿਸਾਨ ਨਹੀਂ ਕਰ ਰਹੀ ਤੇਰੇ 'ਤੇ।”
“ਨੀਲੂ, ਕੀ ਮੈਂ ਵੀ ਕਦੀ ਲੰਦਨ ਜਾਵਾਂਗੀ? ਮੇਰੇ ਜੀਵਨ ਦਾ ਸਭ ਤੋਂ ਵੱਡਾ ਸੁਪਨਾ ਵੀ ਸੱਚ ਹੋਏਗਾ?”
“ਹੁਣ ਤਾਂ ਟ੍ਰੇਨਿੰਗ ਪੂਰੀ ਹੋਣ ਵਾਲੀ ਏ ਤੇਰੇ। ਬਸ, ਅਗਲੇ ਮਹੀਨੇ ਹੀ ਤੇਰੀ ਫਲਾਇੰਗ ਸ਼ੁਰੂ ਹੋ ਜਾਏਗੀ। ਲੰਦਨ ਜਾਣ ਲੱਗੇਂ ਤਾਂ ਸਾਨੂੰ ਭੁੱਲ ਨਾ ਜਾਵੀਂ।”
“ਮੈਂ ਤੈਨੂੰ ਕਿੰਜ ਭੁੱਲ ਸਕਦੀ ਆਂ ਨੀਲੂ? ਮੇਰੀਆਂ ਯਾਦਾਂ ਦਾ ਸੋਮਾ ਤਾਂ ਤੂੰ ਈ ਏਂ।” 'ਦਿੱਲੀ 'ਚ ਵੀ ਸਦਾ ਤੇਰੇ ਬਾਰੇ 'ਚ ਈ ਸੋਚਾਂਗੀ'
ਗੱਡੀ ਫੇਰ ਰੁਕ ਗਈ ਏ। ਬਾਹਰ ਸਟੇਸ਼ਨ ਨਜ਼ਰ ਨਹੀਂ ਆ ਰਿਹਾ। ਹਨੇਰਾ ਕੁਝ ਗੂੜ੍ਹਾ ਹੋ ਗਿਆ ਏ, ਬਾਹਰ ਵੀ ਤੇ ਅੰਦਰ ਵੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਰਾਜੂ, ਨੀਲਮ, ਪਿਤਾ ਜੀ, ਮਾਂ, ਬਾਂਦਰਾ, ਚਾਂਦਨੀ ਚੌਕ, ਦਿੱਲੀ, ਬੰਬਈ...ਸਭ ਇਕ ਫਿਲਮ ਵਰਗੇ ਲੱਗ ਰਹੇ ਨੇ। ਗੱਡੀ ਦੇ ਹਨੇਰੇ ਵਿਚ ਇਹ ਫਿਲਮ ਪਰਤੱਖ ਰੂਪ ਵਿਚ ਜਾਰੀ ਏ। ਹਨੇਰੇ ਵਿਚ ਵੀ ਉਹ ਮੁੰਡਾ ਮੈਨੂੰ ਬਿੱਲੀ ਵਰਗੀਆਂ ਅੱਖਾਂ ਨਾਲ ਘੂਰ ਰਿਹਾ ਏ। ਬਿਲਕੁਲ ਝਪਟਣ ਲਈ ਤਿਆਰ-ਬਰ-ਤਿਆਰ।
ਏਅਰ ਲਾਈਨ ਵਿਚ ਅਜਿਹੀਆਂ ਬਹੁਤ ਸਾਰੀਆਂ ਅੱਖਾਂ ਨੂੰ ਮੈਂ ਜਾਣਦੀ-ਪਛਾਣਦੀ ਆਂ...ਜਿਹੜੀਆਂ ਮੌਕਾ ਮਿਲਦਿਆਂ ਈ ਆਪਣੇ ਸ਼ਿਕਾਰ ਨੂੰ ਸ਼ਿਕੰਜੇ ਵਿਚ ਜਕੜ ਲੈਂਦੀਆਂ ਨੇ। ਮੈਂ ਵੀ ਉਹਨਾਂ ਲਈ ਇਕ ਨਵਾਂ ਬੱਕਰਾ ਈ ਸਾਂ। ਕੋਈ ਮੇਰੀਆਂ ਅੱਖਾਂ ਦੀ ਤਾਰੀਫ਼ ਕਰਦਾ ਤੇ ਕਿਸੇ ਨਾ ਕਿਸੇ ਬਹਾਨੇ ਮੈਨੂੰ ਛੋਹਣ ਦੀ ਕੋਸ਼ਿਸ਼ ਕਰਦਾ। ਮੈਂ ਸੋਚਦੀ, ਕਿੰਨਾ ਨਕਲੀ ਜਿਹਾ ਏ ਇੱਥੋਂ ਦਾ ਵਾਤਾਵਰਨ, ਕਿਸੇ ਵਿਚ ਕਿਤੇ ਵੀ ਸਹਿਜਤਾ ਨਹੀਂ। ਬਨਾਵਟ ਈ ਬਨਾਵਟ ਏ!
ਏਨੀ ਠਸਾਠਸ ਭਰੀ ਗੱਡੀ ਵਿਚ ਇਕੱਲਾਪਨ ਮੈਨੂੰ ਬੁਰੀ ਤਰ੍ਹਾਂ ਚੂੰਡ ਰਿਹਾ ਏ। ਕਦੀ ਭੀੜ ਭਰੀ ਬੰਬਈ ਨਗਰੀ ਵਿਚ ਵੀ ਇਕੱਲਾਪਨ ਮੈਨੂੰ ਇੰਜ ਈ ਆ ਚੰਬੜਦਾ ਹੁੰਦਾ ਸੀ।
ਮੈਨੂੰ ਟ੍ਰੇਨੀ ਫਲਾਈਟਸ ਕਰਦਿਆਂ ਤਿੰਨ ਮਹੀਨੇ ਹੋ ਚੁੱਕੇ ਸੀ। ਮੇਰੀ ਚੈਕ ਹੋਸਟੇਸ ਨੇ ਮੈਨੂੰ ਸੋਲੋ ਦੇ ਦਿੱਤੀ ਸੀ ਯਾਨੀ ਕਿ ਹੁਣ ਮੈਂ ਸੁਤੰਤਰ ਰੂਪ ਵਿਚ ਏਅਰ ਹੋਸਟੇਸ ਬਣ ਗਈ ਸਾਂ। ਮੇਰਾ ਦਿਲ ਖੁਸ਼ੀ ਵੱਸ ਝੂੰਮ ਉੱਠਿਆ ਸੀ। ਪਹਿਲੀ ਸੋਲੋ ਵਿਚ ਈ ਮੈਂ ਰੋਮ, ਲੰਦਨ ਤੇ ਫਰੈਂਕਫਰਡ ਜਾਣਾ ਸੀ। ਇਕੋ ਉਡਾਨ ਵਿਚ ਪੂਰਾ ਯੂਰਪ! ਨੀਲੂ ਮੁਸਕੁਰਾ ਰਹੀ ਸੀ ਮੇਰੀ ਖੁਸ਼ੀਆਂ ਭਰੀ ਘਬਰਾਹਟ ਉੱਤੇ। ਕਦੀ ਉਹ ਵੀ ਅਜਿਹੀ ਸਥਿਤੀ ਵਿਚੋਂ ਲੰਘੀ ਸੀ।
ਮੈਂ ਬੜੀ ਨਰਵਸ ਸਾਂ। ਆਪਣਾ ਅਟੈਚੀ ਨੀਲੂ ਦੀ ਸਹਾਇਤਾ ਨਾਲ ਤਿਆਰ ਕਰ ਰਹੀ ਸਾਂ। ਨੀਲੂ ਵੀ ਤਾਂ ਹੱਦ ਕਰ ਦੇਂਦੀ ਏ!
“ਵੀਨੂੰ ਤੂੰ ਤਾਂ ਇੰਜ ਘਬਰਾਈ ਹੋਈ ਏਂ, ਜਿਵੇਂ ਡੋਲੀ 'ਚ ਬੈਠਣਾ ਹੋਏ।”
“ਨਹੀਂ ਯਾਰ, ਪਹਿਲੀ ਵਾਰੀ ਵਿਦੇਸ਼ 'ਚ ਇਕੱਲੀ ਰਹਾਂਗੀ ਨਾ ਏਸੇ ਲਈ ਜ਼ਰਾ ਪ੍ਰੇਸ਼ਾਨ ਆਂ। ਨਾਲ-ਦੇ ਮੁੰਡਿਆਂ ਦਾ ਵਤੀਰਾ ਕੈਸਾ ਹੋਏਗਾ, ਇਹੀ ਸੋਚ ਰਹੀ ਆਂ।”
“ਦੇਖ! ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ, ਕਿਸੇ ਨੂੰ ਲੋੜ ਨਾਲੋਂ ਵੱਧ ਲਿਫਟ ਦੇਣ ਦੀ ਲੋੜ ਨਹੀਂ। ਤੈਨੂੰ ਠੰਡਾ ਤੇ ਸਭਿਅਕ ਬਣ ਕੇ ਰਹਿਣਾ ਪਏਗਾ। ਕੋਈ ਵੀ ਤੈਨੂੰ ਕੁਛ ਨਹੀਂ ਕਹਿ ਸਕੇਗਾ। ਆਪਣੇ ਆਪ ਵਿਚ ਮਸਤ ਰਹੀਂ, ਤੇ ਕਿਸੇ ਨਾਲ ਬਹੁਤਾ ਖੁੱਲ੍ਹੀਂ-ਈ ਨਾ।”
ਅਸੀਂ ਦੋਨੇਂ ਗੱਲਾਂ ਕਰਦੇ ਰਹੇ ਤੇ ਰਾਤੀਂ ਖਾਸੀ ਦੇਰ ਨਾਲ ਸੁੱਤੇ। ਅਗਲੀ ਸਵੇਰ ਡਰਾਈਵਰ ਏਅਰ ਲਾਈਨ ਦੀ ਗੱਡੀ ਲੈ ਕੇ ਸਾਡੇ ਹੋਸਟਲ ਆ ਗਿਆ। ਉਸਨੇ ਮੇਰੇ ਬਾਰੇ ਪੁੱਛਿਆ ਤੇ ਮੈਨੂੰ ਇਕ ਚਿੱਠੀ ਫੜਾ ਕੇ ਬੋਲਿਆ, “ਮੇਮ ਸਾਹਬ, ਤੁਹਾਡੇ ਲਈ ਮੇਸੈਜ਼ ਏ।” ਮੇਰੇ ਮੱਥੇ 'ਤੇ ਪਸੀਨਾ ਆ ਗਿਆ। ਇਹ ਕੀ ਨਵੀਂ ਚੀਜ਼ ਹੋਈ! ਮੈਂ ਸੋਚ ਰਹੀ ਸਾਂ। ਨੀਲੂ ਨੇ ਮੇਰਾ ਹੌਸਲਾ ਵਧਾਇਆ ਤੇ ਪੱਤਰ ਖੋਲ੍ਹਿਆ...
ਗੱਡੀ ਕਿਸੇ ਨਦੀ ਦੇ ਪੁਲ ਤੋਂ ਲੰਘ ਰਹੀ ਏ। ਧੜ-ਧੜ ਦਾ ਸ਼ੋਰ ਵਧਦਾ ਈ ਜਾ ਰਿਹਾ ਏ। ਉਹ ਮੁੰਡਾ ਮੇਰੇ ਨਾਲ ਗੱਲ ਕਰਨ ਦਾ ਦੋ ਵਾਰੀ ਅਸਫਲ ਯਤਨ ਕਰ ਚੁੱਕਿਆ ਏ। ਸ਼ੋਰ ਹੋਰ ਵੱਧਦਾ ਜਾ ਰਿਹਾ ਏ।
ਕੁਝ ਇਸੇ ਕਿਸਮ ਦਾ ਸ਼ੋਰ ਮੈਨੂੰ ਉਹ ਖ਼ਤ ਪੜ੍ਹ ਕੇ ਮਹਿਸੂਸ ਹੋਇਆ ਸੀ। ਕੁਝ ਇਸੇ ਕਿਸਮ ਦਾ ਪੀਲਾ ਹਨੇਰਾ ਉਸ ਸਮੇਂ ਵੀ ਸੀ। ਕਿੰਨੇ ਵਪਾਰਕ ਠੰਡੇਪਨ ਨਾਲ ਲਿਖਿਆ ਗਿਆ ਸੀ :
“ਏਅਰ ਲਾਈਨ ਵਿਚ ਏਅਰ ਹੋਸਟੇਸਸ ਦੀ ਭਰਤੀ ਲੋੜ ਨਾਲੋਂ ਵੱਧ ਹੋ ਗਈ ਹੈ। ਇਸ ਲਈ ਤੁਹਾਨੂੰ ਏਅਰ ਲਾਈਨ ਦੀ ਸੇਵਾ ਤੋਂ ਮੁਕਤ ਕੀਤਾ ਜਾਂਦਾ ਹੈ। ਤਿੰਨ ਮਹੀਨੇ ਦੀ ਤਨਖਾਹ ਦਾ ਚੈੱਕ ਨਾਲ ਹੈ।”
ਮੇਰੇ ਸਾਰੇ ਸੁਪਨੇ ਆਕਾਸ਼ 'ਚੋਂ ਡਿੱਗ ਕੇ ਪਤਾਲ 'ਚ ਧਸ ਗਏ ਸਨ। ਕੀ ਇਹ ਚੈੱਕ ਮੇਰੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਏ?
ਹਰ ਬੰਦਾ ਮੈਨੂੰ ਆਪਣੇ ਢੰਗ ਨਾਲ ਹੌਸਲਾ ਦੇਂਦਾ। ਮੇਰੇ ਵਰਗੇ ਹੋਰ ਵੀ ਕਈ ਸੀ। ਬਿਗਾਨੀਆਂ ਤਸੱਲੀਆਂ ਸਾਡੇ ਦਿਲਾਂ ਨੂੰ ਵਲੂੰਧਰ ਸੁੱਟਦੀਆਂ। ਸਿਰਫ ਨੀਲੂ ਦੇ ਮੋਢੇ 'ਤੇ ਸਿਰ ਰੱਖ ਕੇ ਰੋ ਲੈਂਦੀ। ਉਸੇ ਸਮੇਂ ਅਸੀਂ ਯੂਨੀਅਨ ਦੇ ਦਫਤਰ ਪਹੁੰਚੇ। ਉੱਥੇ ਐਮਰਜੈਂਸੀ ਵਰਗੀ ਸਥਿਤੀ ਨਜ਼ਰ ਆਈ। ਯੂਨੀਅਨ ਨੇ ਬੜਾ ਰੌਲਾ ਪਾਇਆ। ਉੱਪਰ ਬੈਠੇ ਲੋਕ ਬੜੀ ਉੱਪਰ ਬੈਠੇ ਸਨ, ਉਹਨਾਂ ਨੂੰ ਸੁਣਾਈ ਈ ਨਹੀਂ ਸੀ ਦਿੱਤਾ।
ਰਾਜੂ ਤਾਂ ਮੇਰੀ ਨੌਕਰੀ ਖੁਸਦਿਆਂ ਈ ਪਰਾਇਆ ਜਿਹਾ ਹੋ ਗਿਆ ਸੀ। ਮੈਨੂੰ ਦਿਲਾਸਾ ਦੇਣ ਲਈ ਵੀ ਨਹੀਂ ਸੀ ਆਇਆ। ਵਾਹ, ਬਈ ਪਿਆਰ! ਪਿਤਾ ਜੀ ਨੇ ਬੜਾ ਠਰੰਮੇਂ ਭਰਪੂਰ ਖ਼ਤ ਲਿਖਿਆ ਸੀ, 'ਤੂੰ ਆ ਜਾ, ਵੀਨੂ ਬੇਟਾ! ਮੈਂ ਸਭ ਸੰਭਾਲ ਲਵਾਂਗਾ। ਆਪਣੇ ਦਿਲ 'ਤੇ ਨਾ ਲਾਵੀਂ। ਬਸ, ਆ ਜਾ ਏਥੋਂ।'
ਤੇ ਮੈਂ ਜਾ ਰਹੀ ਆਂ ਵਾਪਸ। ਆਪਣੇ ਪਰਿਵਾਰ ਦੇ ਜੀਵਨ-ਸਤਰ ਨੂੰ ਉੱਚਾ ਚੁੱਕਣ ਦੇ ਸੁਪਨੇ ਦੀ ਲਾਸ਼ ਨੂੰ ਮੋਢਿਆਂ 'ਤੇ ਢੋਂਦੀ ਹੋਈ। ਸਾਹਮਣੇ ਬੈਠਾ ਮੁੰਡਾ ਉਸੇ ਚਿਤਾ ਵਿਚੋਂ ਕੋਈ ਬਚੀ-ਖੁਚੀ ਚੰਗਿਆੜੀ ਲੱਭ ਰਿਹਾ ਏ। ਉਸਨੂੰ ਕੀ ਪਤਾ ਇਸ ਗੱਡੀ ਵਿਚ ਇਕ ਲੁਟਿਆ ਹੋਇਆ ਕਾਫਲਾ ਵਾਪਸ ਜਾ ਰਿਹਾ ਏ। ਹੁਣ ਉਸ ਕੋਲ ਲੁੱਟਿਆ ਜਾ ਸਕਣ ਵਾਲਾ ਕੁਝ ਵੀ ਨਹੀਂ...।
--- --- ---

Monday, October 26, 2009

ਵਿੱਥਾਂ ਤੇ ਪਾੜੇ... ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਵਿੱਥਾਂ ਤੇ ਪਾੜੇ... ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਉਹ ਮੈਨੂੰ ਕਨਾਟ ਪਲੇਸ ਦੇ ਪਾਰਕ ਵਿਚ ਮਿਲੀ ਸੀ...ਇਹ ਸੱਚ ਨਹੀਂ, ਬਲਿਕੇ ਉਸਨੇ ਮੈਨੂੰ ਆਣ ਘੇਰਿਆ ਸੀ। ਉਦੋਂ ਮੈਂ ਭੁੱਖਾ ਲੇਟਿਆ ਹੋਇਆ ਸਾਂ ਤੇ ਆਪਣੇ ਅਤੇ ਆਸਮਾਨ ਦੇ ਵਿਚਕਾਰ, ਭਖ਼ ਰਹੇ ਗੁਲਮੋਹਰ ਦੇ ਫੁੱਲਾਂ ਵੱਲ ਵੇਖ ਰਿਹਾ ਸਾਂ। ਚਿੜੀਆਂ ਦੀ ਚਹਿਚਹਾਟ, ਟਰੈਫ਼ਿਕ ਦੀ ਗਰਗਰਾਹਟ ਨਾਲੋਂ ਉੱਚੀ ਜਾਪਦੀ ਸੀ ਤੇ ਉਸ ਵਿਚ ਆਸ-ਪਾਸ ਤਾਸ਼ ਖੇਡ ਰਹੀਆਂ ਟੋਲੀਆਂ ਦਾ ਰੌਲਾ-ਰੱਪਾ ਵੀ ਘੁਲ-ਮਿਲ ਰਿਹਾ ਸੀ।...ਭੁੱਖ ਦੇ ਅਜਿਹੇ ਪਲਾਂ ਵਿਚ ਜਦੋਂ ਦੂਜੇ ਆਪਣੀ ਖਿਝ ਮਿਆਉਣ ਵਾਸਤੇ ਕਿਸੇ ਨਾ ਕਿਸੇ ਸ਼ੈ ਨੂੰ ਦੋਸ਼ੀ ਠਹਿਰਾਉਂਦੇ ਨੇ, ਪਤਾ ਨਹੀਂ ਕਿਉਂ ਮੈਂ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ ਹਾਂ। ਭੁੱਖ ਵੀ ਕਈ ਕਿਸਮ ਦੀ ਹੁੰਦੀ ਹੈ; ਮੇਰੀ ਭੁੱਖ ਅਜਿਹੀ ਹੈ, ਜਿਸਦਾ ਅਹਿਸਾਸ ਮੈਨੂੰ ਆਪ ਨੂੰ ਕਦੀ ਨਹੀਂ ਹੋਇਆ।
ਗਰਮ ਲੂ ਦੀ ਮਾਰ ਸਦਕਾ ਪਿੰਡਾ ਤਪ ਰਿਹਾ ਸੀ; ਕੱਪੜੇ ਪਸੀਨੇ ਨਾਲ ਭਿੱਜੇ ਹੋਏ ਸਨ। ਆਸੇ-ਪਾਸੇ ਦੇ ਲੋਕਾਂ ਦੀਆਂ ਨਜ਼ਰਾਂ ਉਸ ਉੱਤੇ ਟਿਕ ਗਈਆਂ ਸਨ; ਦੂਹਰੇ ਅਰਥਾਂ ਵਾਲੇ ਸ਼ਬਦ ਤੇ ਮਜ਼ਾਕੀਆ ਵਾਕ ਹਵਾ ਵਿਚ ਉਛਾਲੇ ਜਾ ਰਹੇ ਸਨ; ਇਸ਼ਾਰੇ ਬਾਜ਼ੀ ਸ਼ੁਰੂ ਹੋ ਚੁੱਕੀ ਸੀ ਤੇ ਉਹ ਸਭ ਪਾਸਿਓਂ ਲਾਪ੍ਰਵਾਹ ਤੇ ਅਵੇਸਲੀ-ਜਿਹੀ ਹੋ ਕੇ ਮੇਰੇ ਉੱਪਰ ਝੁਕੀ ਹੋਈ ਸੀ।
ਉਸਦਾ ਮਿਲਣਾ ਮੈਨੂੰ ਰੜਕ ਰਿਹਾ ਸੀ, ਜਦੋਂ ਕਿ ਮੈਨੂੰ ਕੋਈ ਕੰਮ ਨਹੀਂ ਸੀ ਤੇ ਨਾ ਹੀ ਇਹ ਕਿਤੇ ਜਾਣ ਦੇ ਦਿਨ ਸਨ। ਦਿਨ ਵੀ ਕਈ ਤਰ੍ਹਾਂ ਦੇ ਹੁੰਦੇ ਨੇ ; ਛੋਟੇ ਦਿਨ, ਵੱਡੇ ਦਿਨ, ਡਰਾਵਣੇ ਦਿਨ, ਇਕੱਲ ਦਾ ਅਹਿਸਾਸ ਕਰਵਾਉਂਦੇ ਰਹਿਣ ਵਾਲੇ ਦਿਨ, ਕਈ ਦਿਨ ਭੁੱਲ ਜਾਣ ਵਾਲੇ ਹੁੰਦੇ ਨੇ ਤੇ ਕਈ-ਕਈ ਹਮੇਸ਼ਾ ਚੇਤੇ ਰੱਖਣ ਵਾਲੇ। ਪਰ ਇਹ ਬੜਾ ਹੀ ਵਾਧੂ ਜਿਹਾ ਦਿਨ ਸੀ...ਆਪਣੀ ਹੀਣਤਾ ਦਾ ਅਹਿਸਾਸ ਕਰਵਾਉਣ ਵਾਲਾ ਦਿਨ, ਜਾਂ ਫੇਰ ਕਿਸੇ ਪਾਰਕ ਦੇ ਕੋਨੇ ਵਿਚ ਗੁਲਮੋਹਰ ਹੇਠ ਪਏ ਰਹਿਣ ਵਾਲਾ ਦਿਨ। ਉਸਨੂੰ ਵੇਖ ਕੇ ਇੰਜ ਮਹਿਸੂਸ ਹੋਇਆ ਸੀ, ਜਿਵੇਂ ਉਸਨੇ ਮੈਨੂੰ ਚੋਰੀ ਕਰਦੇ ਨੂੰ ਫੜ ਲਿਆ ਹੈ। ਦੂਜਿਆਂ ਤੋਂ ਨੱਸ ਕੇ ਅਜਿਹੀਆਂ ਗੱਲਾਂ ਬਾਰੇ ਸੋਚਣਾ, ਜਿਹੜੀਆਂ ਹਕੀਕਤ ਵਿਚ ਕਦੀ-ਕਿਤੇ ਹੀ ਵਾਪਰਦੀਆਂ ਨੇ, ਵੀ ਇਕ ਚੋਰੀ ਹੀ ਹੁੰਦਾ ਹੈ...ਚੋਰੀ ਨਾ ਕਰਨ ਦੀ ਚੋਰੀ, ਜਿਵੇਂ ਮੈਂ ਉਸਦਾ ਕੁਝ ਵੀ ਨਹੀਂ ਸੀ ਚੁਰਾਇਆ।
ਉਸ ਵੇਲੇ ਨਵੀਂ ਦਿੱਲੀ ਦੀਆਂ ਰੌਣਕਾਂ ਵਿਚਕਾਰ ਮੈਨੂੰ ਆਪਣੀ ਯਤੀਮੀ ਦਾ ਡੂੰਘਾ ਅਹਿਸਾਸ ਹੋ ਰਿਹਾ ਸੀ। ਇੱਛਾ ਸੀ, ਕੋਈ ਦਿਸ ਪਏ। ਪਰ ਉਹ!...ਉਹਦਾ ਮਿਲਣਾ ਤਾਂ ਉਂਜ ਹੀ ਮੇਰੇ ਉੱਪਰ ਕਿਸੇ ਬੋਝ ਵਾਂਗ ਲੱÎਦਿਆ ਜਾਂਦਾ ਸੀ। ਹਾਲਾਂਕਿ ਉਹਨੇ ਮੈਨੂੰ ਕਦੀ ਪ੍ਰੇਸ਼ਾਨ ਨਹੀਂ ਸੀ ਕੀਤਾ, ਸਗੋਂ ਮੈਂ ਉਸਨੂੰ ਤੰਗ ਕਰਦਾ ਰਹਿੰਦਾ ਸਾਂ। ਨਾ ਉਹ ਕਦੇ ਕੋਈ ਫਰਮਾਇਸ਼ ਕਰਦੀ ਤੇ ਨਾ ਹੀ ਕਿਸੇ ਚੀਜ਼ ਖਾਤਰ ਜ਼ਿੱਦ। ਪਰ ਕਦੀ ਕਦੀ ਕੁਝ ਮਾਮੂਲੀ ਜਿਹੀਆਂ ਗੱਲਾਂ ਵੀ ਪ੍ਰੇਸ਼ਾਨ ਕਰਨ ਲੱਗ ਪੈਂਦੀਆਂ ਨੇ, ਜਿਵੇਂ ਉਸਦੀ ਚੁੱਪ ਤੇ ਕੱਛੂ ਵਰਗੀ ਤੋਰ। ਉਹ ਹਮੇਸ਼ਾ ਹੌਲੀ-ਹੌਲੀ, ਮੇਰੇ ਪਿੱਛੇ ਪਿੱਛੇ ਤੁਰੀ ਆਉਂਦੀ। ਜਦੋਂ ਚੰਗਾ ਖਿਝ ਜਾਂਦਾ, ਕਾਹਲੀ-ਕਾਹਲੀ ਟੁਰਨ ਲੱਗ ਪੈਂਦਾ ਤੇ ਉਹ ਹਫਦੀ-ਹੌÎਂਕਦੀ ਹੋਈ ਮਗਰੇ-ਮਗਰ ਨੱਸੀ ਆਉਂਦੀ। ਸਿਰਫ ਉਸਨੂੰ ਤੰਗ ਕਰਨ ਵਾਸਤੇ ਕਿਸੇ ਰਾਹ ਜਾਂਦੇ ਨੂੰ ਰੋਕ ਕੇ ਫਜ਼ੂਲ ਜਿਹੀਆਂ ਗੱਲਾਂ ਪੁੱਛਣ ਲੱਗ ਪੈਂਦਾ। ਉਹ ਕੁਝ ਵਿੱਥ ਪਾ ਕੇ ਚੁੱਪਚਾਪ ਖੜ੍ਹੀ ਮੈਨੂੰ ਘੂਰਦੀ ਰਹਿੰਦੀ। ਮੁੜ ਮੈਂ ਟੁਰ ਪੈਂਦਾ ਤੇ ਉਹ ਵੀ ਪਿੱਛੇ-ਪਿੱਛੇ ਲੱਗ ਟੁਰਦੀ। ਬੜੀ ਵਾਰੀ ਇੰਜ ਹੀ ਸਾਰਾ ਦਿਨ ਘੁੰਮਦੇ-ਘੁਮਾਂਦੇ ਰਾਤ ਨੂੰ ਮੁੜਦੇ, ਪਰ ਆਪਸ ਵਿਚ ਕੋਈ ਗੱਲ ਨਹੀਂ ਸਾਂ ਕਰਦੇ। ਅਜਿਹੀ ਚੁੱਪ ਵਿਚੋਂ ਉਸਨੂੰ ਪਤਾ ਨਹੀਂ ਕੀ ਲੱਭਦਾ ਸੀ ਤੇ ਮੈਨੂੰ ਵੀ...
ਅਖ਼ੀਰ ਥੱਕ-ਹਾਰ ਕੇ ਹਮੇਸ਼ਾ ਕਾਫੀ-ਹਾਊਸ ਵਿਚ ਆ ਬੈਠਦੇ ਸਾਂ। ਹੋਰ ਕੋਈ ਜਗ੍ਹਾ ਵੀ ਨਹੀਂ ਸੀ ਜਿੱਥੇ ਬਗ਼ੈਰ ਪੈਸਿਆਂ ਤੋਂ ਜਾਂ ਥੋੜ੍ਹੇ ਜਿਹੇ ਖਰਚੇ ਵਿਚ ਏਨੇ ਸਾਰੇ ਲੋਕਾਂ ਵਿਚਕਾਰ, ਪੂਰੇ ਅਧਿਕਾਰ ਨਾਲ ਬੈਠ ਸਕੀਏ। ਉੱਥੇ ਪਹੁੰਚਦੇ ਤੇ ਬਹੁਤ ਸਾਰੀਆਂ ਨਜ਼ਰਾਂ ਸਾਡੇ ਉੱਪਰ ਚਿਪਕ ਜਾਂਦੀਆਂ। ਲੋਕ ਮੈਨੂੰ ਇੰਜ ਘੂਰ-ਘੂਰ ਕੇ ਵੇਂਹਦੇ, ਜਿਵੇਂ ਮੈਂ ਉਹਨਾਂ ਦੀ ਕੋਈ ਪਿਆਰੀ ਸ਼ੈਅ ਚੁਰਾਅ ਲਈ ਹੋਵੇ। ਉਹਨਾਂ ਅੱਖਾਂ ਵਿਚ ਚਲਾਕੀ, ਹੁਸ਼ਿਆਰੀ ਤੇ ਸਸਤਾ ਜਿਹਾ ਹਾਸਾ ਹੁੰਦਾ ਸੀ। ਉਹ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ, ਕੋਈ ਖਾਲੀ ਕੁਰਸੀ ਮੱਲ ਬਹਿੰਦੀ ਤੇ ਆਪਣਾ ਬੈਗ਼ ਮੇਜ਼ ਉੱਤੇ ਟਿਕਾਅ ਦੇਂਦੀ। ਮੈਂ ਸ਼ਰਾਰਤੀ ਨਜ਼ਰਾਂ ਨਾਲ ਸਭ ਦੀਆਂ ਸ਼ਕਲਾਂ ਵੇਂਹਦਾ ਰਹਿੰਦਾ।
'ਫਰੀ ਲਵਰਜ਼'...'ਖਾਮੋਸ਼ ਪਰਿੰਦੇ'...'ਗੂੰਗਾ ਜੋੜਾ' ਚਾਰੇ ਪਾਸੇ ਹੋ ਰਹੀ ਖੁਸਰ-ਫੁਸਰ ਵਿਚੋਂ ਛਣ-ਛਣ ਆਉਂਦੇ ਇਹਨਾਂ ਸ਼ਬਦਾਂ ਨੂੰ ਸੁਣਦਾ ਤੇ ਅੰਦਰੇ-ਅੰਦਰ ਦੁਹਰਾਉਂਦਾ ਰਹਿੰਦਾ।
ਭੁੱਖੀਆਂ ਨਜ਼ਰਾਂ ਉਸਨੂੰ ਚੂੰਡਣ ਵਿਚ ਰੁੱਝ ਜਾਂਦੀਆਂ। ਉਹ ਬੜੀ ਬੇਪ੍ਰਵਾਹੀ ਨਾਲ ਮੇਰੇ ਥੈਲੇ ਵਿਚੋਂ ਕੋਈ ਕਿਤਾਬ ਕੱਢ ਕੇ ਪੜ੍ਹਨ ਦਾ ਨਾਟਕ ਕਰਦੀ ਰਹਿੰਦੀ।
ਹਮੇਸ਼ਾ ਇਹੀ ਸਿਲਸਿਲਾ ਚੱਲਦਾ ਸੀ। ਅਜਿਹੇ ਹੀ ਇਕ ਦਿਨ ਜਦੋਂ ਰਾਤੀਂ ਮੈਂ ਆਪਣੇ ਥੈਲੇ ਵਿਚੋਂ ਕਿਤਾਬ ਕੱਢੀ ਤਾਂ ਹੈਰਾਨ ਰਹਿ ਗਿਆ। ਹਾਸ਼ੀਏ ਉੱਤੇ ਇਕ ਜਗ੍ਹਾਂ ਲਿਖਿਆ ਸੀ : 'ਉਹ ਨਜ਼ਰਾਂ ਮੇਜੇ ਕੱਪੜੇ ਲਾਹ ਸੁੱਟਣਾ ਚਾਹੁੰਦੀਆਂ ਨੇ। ਲੋਕ ਕੱਪੜਿਆਂ ਦੇ ਅੰਦਰ ਹੀ ਕਿਉਂ ਝਾਕਦੇ ਨੇ? ਕੀ ਇਕ ਔਰਤ ਤੇ ਇਕ ਮਰਦ ਦਾ ਬਿਸਤਰੇ ਤੋਂ ਬਿਨਾਂ ਕੋਈ ਹੋਰ ਰਿਸ਼ਤਾ ਨਹੀਂ ਹੋ ਸਕਦਾ? ਕੀ ਸਾਡੀ ਦੋਸਤੀ ਮਾਨਸਿਕ ਪੱਧਰ ਦੀ ਨਹੀਂ ਹੋ ਸਕਦੀ? ਲੋਕ ਕਮੀਨਗੀ ਨਾਲ, ਅਜਿਹੇ ਸੰਬੰਧਾਂ ਦੇ ਦੂਜੇ ਹੀ ਅਰਥ ਕਿਉਂ ਕੱਢ ਬਹਿੰਦੇ ਨੇ? ਉਹ ਕਿਸੇ ਕੁੜੀ ਨੂੰ ਇਕ ਮੂੰਡੇ ਨਾਲ ਜਾਂਦੀ ਵੇਖ ਕੇ ਇੰਜ ਕਿਉਂ ਸੋਚਦੇ ਨੇ?'
ਮੈਂ ਕਿਤਾਬ ਬੰਦ ਕਰ ਦਿੱਤੀ, ਉਸ ਰਾਤ ਪੜ੍ਹਨ ਨੂੰ ਮਨ ਨਹੀਂ ਸੀ ਮੰਨਿਆਂ। ਉਹ ਕਦੀ ਕਦੀ ਅਜਿਹੀਆਂ ਚੁਭਵੀਆਂ ਤੇ ਸਪਸ਼ਟ ਗੱਲਾਂ ਵੀ ਲਿਖ ਦੇਂਦੀ ਹੈ...ਜਿਹਨਾਂ ਨੂੰ ਅਸੀਂ ਕੁੜੀਆਂ ਦੇ ਮੂੰਹੋਂ ਸੁਣਨ ਦੇ ਆਦੀ ਨਹੀਂ ਹੁੰੁੁੁੁੁੁੁੁੁੁਦੇ। ਇਕ ਵੇਰ ਅਸੀਂ ਕਿਸੇ ਮੀਟਿੰਗ ਵਿਚ ਗਏ ਸਾਂ। ਉੱਥੇ ਮੇਰੇ ਇਕ ਦੋਸਤ ਨੇ ਔਰਤ ਦੀ ਆਜ਼ਾਦੀ ਦੀ ਬਰਾਬਰੀ ਦੇ ਵਿਸ਼ੇ 'ਤੇ ਇਕ ਲੰਮਾਂ ਚੌੜਾ ਭਾਸ਼ਣ ਦਿੱਤਾ ਸੀ। ਉਸ ਰਾਤ ਵੀ ਮੇਰੇ ਥੈਲੇ ਵਿਚੋਂ ਇਕ ਪਰਚੀ ਨਿੱਕਲੀ ਸੀ : 'ਤੇਰਾ ਉਹ ਭਾਸ਼ਣਬਾਜ਼ ਦੋਸਤ, ਸਵੇਰ ਤੋਂ ਸ਼ਾਮ ਤਕ ਇਕ ਕਾਫੀ ਹਾਊਸ ਵਿਚ ਬੈਠਣ ਤੇ ਉਸਦੇ ਬੰਦ ਹੋਣ ਤੋਂ ਬਾਅਦ ਕਿਤੋਂ ਪੀ-ਪੂ ਕੇ ਘਰੇ ਵੜਦਾ ਹੈ। ਉਸਦੀ ਪਤਨੀ ਨੂੰ ਆਜ਼ਾਦੀ ਕੌਣ ਦਵੇਗਾ? ਕੀ ਉਹ ਉਸਦੀ ਜ਼ਾਇਦਾਦ ਹੈ?'
ਦੂਜੇ ਦਿਨ ਮੈਂ ਵੀ ਇਕ ਪਰਚੀ ਲਿਖ ਕੇ ਉਸਦੀ ਕਿਤਾਬ ਵਿਚ ਪਾ ਦਿੱਤੀ ਸੀ, ਜਿਸ ਉੱਤੇ ਲਿਖਿਆ ਸੀ : 'ਉਂਜ ਤਾਂ ਸਾਰੇ ਵਿਚਾਰਾਂ ਦੀ ਬਰਾਬਰੀ ਚਾਹੁੰਦੇ ਨੇ, ਪਰ ਉਹਨਾਂ ਦੇ ਅਚੇਤ ਮਨ, ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਔਰਤ, ਉਹਨਾਂ ਦੇ ਆਸ-ਪਾਸ, ਉਹਨਾਂ ਦੀ ਬਣਾਈ ਦੁਨੀਆਂ ਵਿਚ, ਉਹਨਾਂ ਵਾਂਗਰ ਹੀ, ਬਿਨਾਂ ਉਹਨਾਂ ਉੱਤੇ ਨਿਰਭਰ ਹੋਇਆਂ, ਰਹਿ ਰਹੀ ਹੋਵੇ। ਅਜਿਹੇ ਲੋਕਾਂ ਨੂੰ ਮੁਆਫ਼ ਕਰ ਦਿਆ ਕਰ। ਇਹਨਾਂ ਗੱਲਾਂ ਲਈ ਉਹ ਜ਼ਿੰਮੇਵਾਰ ਨਹੀਂ, ਵਿਚਾਰੇ। ਇਹ ਤਾਂ ਉਹ ਨੇ ਜਿਹਨਾਂ ਦਾ ਭਾਰ ਉਹ ਢੋ ਰਹੇ ਨੇ। ਸ਼ਾਇਦ ਹੁਣ ਉਹਨਾਂ ਦੀ ਤੱਕਣੀ ਤੇ ਉਹਨਾਂ ਅੱਖਾਂ ਵਿਚ ਵੱਸੀ ਹੋਈ ਹਵਸ ਤੈਨੂੰ ਓਨੀਂ ਬੁਰੀ ਨਹੀਂ ਲੱਗੇਗੀ...'
ਪਰਚੀ ਪੜ੍ਹਨ ਪਿੱਛੋਂ ਉਸਨੇ ਮੈਨੂੰ ਹੋਰ ਤਰ੍ਹਾਂ ਹੀ ਵੇਖਿਆ ਸੀ। ਸ਼ਾਇਦ ਉਸਨੂੰ ਯਕੀਨ ਨਹੀਂ ਸੀ ਆਇਆ ਕਿ ਮੈਂ ਇੰਜ ਵੀ ਸੋਚ ਸਕਦਾ ਹਾਂ। ਉਸ ਰਾਤ ਜਿਹੜੀ ਪਰਚੀ ਮੈਨੂੰ ਮਿਲੀ ਸੀ, ਉਸ ਉੱਤੇ ਮੇਰੀਆਂ ਆਖ਼ਰੀ ਸਤਰਾਂ ਲਿਖੀਆਂ ਸਨ...'ਉਦੋਂ ਉਹ ਕਿਸੇ ਔਰਤ ਨੂੰ ਨਹੀਂ, ਬਲਿਕੇ ਆਪਣੀ ਭੁੱਖ ਨੂੰ ਵੇਖ ਰਹੇ ਹੁੰਦੇ ਨੇ'...'ਤੇਰੀ ਇਹ ਗੱਲ ਮੈਨੂੰ ਜਚ ਗਈ ਏ।'
''ਅੱਜ ਆਪਾਂ ਸ਼ਹਿਰੋਂ ਬਾਹਰਵਾਰ ਚੱਲਾਂਗੇ।'' ਉਸਦੀ ਇਸ ਗੱਲ ਨੇ ਮੈਨੂੰ ਡਰਾ ਦਿੱਤਾ ਸੀ।
ਸ਼ਹਿਰੋਂ ਬਾਹਰਵਾਰ ; ਜਿੱਥੇ ਅਸੀਂ, ਅਸੀਂ ਨਹੀਂ ਹੁੰਦੇ। ਜਿੱਥੇ ਸਿਰਫ ਡਿੱਗੇ-ਢੱਠੇ ਖੰਡਰ, ਪੁਰਾਣੇ ਕਿਲੇ, ਮਕਬਰੇ, ਪੁਰਾਣੀਆਂ ਇਮਾਰਤਾਂ, ਉਜਾੜ-ਉਦਾਸ ਮੈਦਾਨ ਹੀ ਹੁੰਦੇ ਨੇ। ਉੱਥੇ ਪਹੁੰਚ ਕੇ ਅਸੀਂ ਆਪਣੀ ਹੋਂਦ, ਅਣਹੋਂਦ ਦੇ ਅਹਿਸਾਸ ਦੀ ਸੁੰਨ-ਸਮਾਧ ਵਿਚ ਲਟਕ ਜਾਂਦੇ ਹਾਂ...ਭਾਵੇਂ ਕੁਝ ਪਲਾਂ ਵਾਸਤੇ ਹੀ ਸਹੀ।
ਉਸ ਦਿਨ ਏਨੀ ਦੂਰ ਜਾ ਕੇ, ਸਿਰਫ ਅਜਿਹਾ ਕੁਝ ਪ੍ਰਾਪਤ ਕਰਨਾ ਜਾਂ ਮਹਿਸੂਸ ਕਰਨਾ ਬੜਾ ਹੀ ਮੁਸ਼ਕਿਲ ਜਾਪਦਾ ਸੀ। ਹਾਲਾਂਕਿ ਉਸਨੇ ਪਹਿਲੀ ਵਾਰ, ਕਿਧਰੇ ਚੱਲਣ ਵਾਸਤੇ ਆਪ ਕਿਹਾ ਸੀ, ਉਂਜ ਜਿੱਧਰ ਮੈਂ ਜਾਂਦਾ ਸਾਂ, ਉਹ ਵੀ ਉਧਰੇ ਟੁਰ ਪੈਂਦੀ ਸੀ...ਮੇਰਾ ਧਿਆਨ ਗੁਲਮੋਹਰ ਦੇ ਫੁੱਲਾਂ ਵੱਲੋਂ ਆਪਣੇ ਪਸੀਨੇ-ਭਿੱਜੇ ਕਪੜਿਆਂ, ਭੁੱਖ ਨਾਲ ਪਿਚਕੇ ਹੋਏ ਢਿੱਡ ਤੇ ਖ਼ਾਲੀ ਜੇਬਾਂ ਵੱਲ ਚਲਾ ਗਿਆ। ਮੈਨੂੰ ਇੰਜ ਲੱÎਗਿਆ ਜਿਵੇਂ ਉਸਨੇ ਮੈਨੂੰ ਆਪਣੀਆਂ ਖ਼ਾਲੀ ਜੇਬਾਂ ਵਿਚ ਝਾਕਦੇ ਨੂੰ ਉੱਤੋਂ ਫੜ੍ਹ ਲਿਆ ਹੋਵੇ...ਹਾਲਾਂਕਿ ਮੈਂ ਅਜੇ ਇੰਜ ਸੋਚਿਆ ਹੀ ਸੀ।
ਪਤਾ ਨਹੀਂ ਇੰਜ ਕਿਉਂ ਹੁੰਦਾ ਹੈ? ਮੈਂ ਕਦੇ ਵੀ ਆਪਣੀਆਂ ਮਜ਼ਬੂਰੀਆਂ ਕਰਕੇ ਆਪਣੇ ਆਪ ਨੂੰ ਹੀਣ ਨਹੀਂ ਸਮਝਿਆ ਤੇ ਫੇਰ ਵੀ ਇੰਜ ਵਾਪਰ ਜਾਂਦਾ ਹੈ। ਕਿਉਂ? ਮੈਂ ਉੱਠ ਕੇ ਖੜ੍ਹਾ ਹੋ ਗਿਆ ਸਾਂ ਤੇ ਉਸ ਵੱਲ ਵੇਖਣ ਦੀ ਬਜਾਏ, ਉਂਜ ਹੀ ਏਧਰ ਉਧਰ ਝਾਕਣ ਲੱਗ ਪਿਆ ਸਾਂ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵਾਂ। ਨੇੜੇ ਦੂਰ ਕੋਈ ਸਿਆਣੂੰ ਬੰਦਾ ਨਹੀਂ ਸੀ ਦਿਸਿਆ। ਕਨਾਟਪਲੇਸ ਦੀ ਗੋਲ ਸੜਕ ਉੱਤੇ ਕਾਰਾਂ ਨੱਸੀਆਂ ਜਾ ਰਹੀਆਂ ਸਨ। ਫੁਹਾਰਿਆਂ ਵਿਚੋਂ ਪਾਣੀ ਅਤਿਸ਼ਬਾਜ਼ੀ ਦੇ ਅਨਾਰ ਵਾਂਗਰ ਉਤਾਂਹ ਉੱਠ ਰਿਹਾ ਸੀ। ਪਾਣੀ ਦੀ ਫੁਹਾਰ ਦੇ ਪਰਲੇ ਪਾਸੇ ਕਈ ਕਈ ਮੰਜ਼ਿਲਾ ਇਮਾਰਤਾਂ ਸਨ। ਉਹਨਾਂ ਦੀਆਂ ਬਾਰੀਆਂ ਅਕਸਰ ਰਾਤ ਦੇ ਹਨੇਰੇ ਵਿਚ ਮੜ੍ਹੀਆਂ ਵਾਂਗ ਚਮਕਦੀਆਂ ਨੇ। ਗੋਲ ਵਰਾਂਡਿਆਂ ਵਿਚ ਸਦੀਵੀਂ ਚਹਿਲ ਪਹਿਲ ਸੀ।
''ਕੀ ਸੋਚਣ ਲੱਗ ਪਿਆ ਏਂ?''
ਉਸਦੇ ਹੁਸੀਨ ਚਿਹਰੇ ਉੱਤੇ ਹਮੇਸ਼ਾ ਵਾਂਗ ਹੀ, ਲੰਮੇ ਰੇਸ਼ਮੀ ਵਾਲਾਂ ਦੀ ਇਕ ਲਿਟ ਝੂਲ ਰਹੀ ਸੀ। ਉਸਦੀਆਂ ਸਿਪ ਦੇ ਆਕਾਰ ਦੀਆਂ ਕਿਸ਼ਤੀਆਂ ਵਰਗੀਆਂ ਅੱਖਾਂ ਵਿਚ ਆਪਣੀ ਖਾਸ ਚਮਕ ਦੇ ਨਾਲ ਨਾਲ ਇਕ ਉਦਾਸ ਜਿਹੀ ਸਿਲ੍ਹ ਵੱਸੀ ਹੋਈ ਸੀ। ਉਹ ਅੱਖਾਂ ਜਿਧਰ ਵੇਖਦੀਆਂ ਸਨ, ਸਾਰੇ ਉਹਨਾਂ ਨੂੰ ਵੇਖਦੇ ਰਹਿ ਜਾਂਦੇ ਸਨ। ਉਦੋਂ ਇੰਜ ਮਹਿਸੂਸ ਹੁੰਦਾ ਸੀ, ਜਿਵੇਂ ਉਹ ਦੂਜਿਆਂ ਦਾ ਹਾਲ-ਚਾਲ ਧੁਰ-ਅੰਦਰ ਤਕ ਪੜ੍ਹ ਸਕਦੀ ਹੈ। ਹੁਣ ਉਹੀ ਅੱਖਾਂ ਮੇਰੇ ਉੱਤੇ ਟਿਕੀਆਂ ਹੋਈਆਂ ਸਨ। ਸ਼ਾਇਦ ਇਸੇ ਕਰਕੇ ਮੇਰਾ ਧਿਆਨ ਕਦੇ ਉਸਦੀ ਖ਼ੂਬਸੂਰਤੀ ਵੱਲ ਨਹੀਂ ਸੀ ਗਿਆ। ਉਹ ਮੇਰੇ ਨਾਲ ਢੁੱਕ ਕੇ ਖੜ੍ਹੀ ਸੀ। ਉਸਦੇ ਜਿਸਮ ਤੇ ਅੱਖਾਂ ਦੀ ਤਪਸ਼ ਕੋਲੋਂ ਮੈਨੂੰ ਭੈਅ ਆਉਣ ਲੱਗ ਪਿਆ। ਉਸਦੀਆਂ ਚੱਪਲਾਂ ਉੱਤੇ ਖਾਸੀ ਧੂੜ ਜੰਮੀ ਹੋਈ ਸੀ। ਇਕ ਗੱਲ ਸਾਫ ਹੋ ਗਈ ਸੀ ਕਿ ਉਹ ਮੈਨੂੰ ਮੇਰੇ ਸਾਰੇ ਠਿਕਾਣਿਆਂ ਉੱਤੇ ਵੇਖ ਆਈ ਸੀ।
''ਕਹੇਂ ਤਾਂ ਸ਼ਿਵਾਜੀ ਪਾਰਕ ਸਟੇਡੀਅਮ ਨੇੜੇ ਕਲਾਕ-ਟਾਵਰ ਚੱਲੀਏ ?''
ਉਹ ਉਸਦਾ ਮਨਪਸੰਦ ਰੇਸਤਰਾਂ ਸੀ।
''ਨਹੀਂ, ਜਾਂ ਛੱਤ ਵਾਲੇ ਕਾਫੀ-ਹਾਊਸ...ਜਾਂ ਫੇਰ ਉਸਦੇ ਸਾਹਮਣੇ ਓਪਨ-ਏਅਰ ?''
ਮੈਂ ਉਸਦੀ ਆਵਾਜ਼ ਤਕ ਨਹੀਂ ਸੁਣਨਾ ਚਾਹੁੰਦਾ ਸਾਂ। ਕਈ ਆਵਾਜ਼ਾਂ ਭੈੜੀਆਂ ਨਹੀਂ ਹੁੰਦੀਆਂ, ਖਾਸ-ਖਾਸ ਮੌਕਿਆਂ ਉੱਤੇ ਹੀ ਬੁਰੀਆਂ ਲੱਗਦੀਆਂ ਨੇ। ਤੇ ਇਸ ਦਾ ਕਾਰਨ, ਆਪਣੇ ਅੰਦਰਲਾ ਕੋਈ ਪ੍ਰੇਤ ਹੀ ਹੁੰਦਾ ਹੈ, ਸ਼ਾਇਦ। ਉਹ ਪਹਿਲੀ ਵਾਰੀ ਮੇਰ ਜਿਹੀ ਨਾਲ ਬੋਲ ਰਹੀ ਸੀ, ਕਿੰਨਾਂ ਚੰਗਾ ਹੁੰਦਾ ਜੇ ਕਿਸੇ ਹੋਰ ਮੌਕੇ ਬੋਲੀ ਹੁੰਦੀ।
''ਸੇਲਰ ਚੱਲੀਏ?''
ਰੀਗਲ ਵੱਲ ਇਸ਼ਾਰਾ ਕਰਕੇ ਉਹ ਖਿੜ-ਖਿੜ ਕਰਕੇ ਹੱਸ ਪਈ। ਸ਼ਰਾਰਤ ਵਜੋਂ ਉਸਦੀਆਂ ਅੱਖਾਂ ਮਿਚ ਗਈਆਂ ਤੇ ਗੱਲ੍ਹਾਂ ਵਿਚ ਟੋਏ ਪੈਣ ਲੱਗ ਪਏ।
''ਤੂੰ ਜ਼ਰਾ ਏਥੇ ਖਲੋ, ਮੈਂ ਹੁਣੇ ਆਇਆ।''
''ਨਹੀਂ! ਮੈਂ ਵੀ ਤੇਰੇ ਨਾਲ ਈ ਚੱਲਾਂਗੀ।''
ਉਸਦੀ ਆਵਾਜ਼ ਵਿਚ ਪੂਰਾ ਅਧਿਕਾਰ ਸੀ। ਸ਼ਾਇਦ ਉਹ ਮੇਰੀ ਖੇਡ ਤਾੜ ਚੁੱਕੀ ਸੀ। ਹੁਣ ਨੱਸ ਕੇ ਕਿਤੋਂ ਉਧਾਰ ਫੜ੍ਹ ਲਿਆਉਣ ਦਾ ਤਾਂ ਸਵਾਲੀ ਹੀ ਨਹੀਂ ਸੀ ਪੈਦਾ ਹੁੰਦਾ।
''ਮੈਂ ਤੈਥੋਂ ਕੁਛ ਪੁੱਛਣਾ ਏਂ...'' ਉਸਦੀ ਆਵਾਜ਼ ਵਿਚ ਝੂਠ ਨਹੀਂ, ਇਕ ਖਾਸ ਕਿਸਮ ਦੀ ਦ੍ਰਿੜਤਾ ਸੀ।
''ਕਿਸੇ ਰੇਸਤਰਾਂ ਵਿਚ ਬੈਠਣ ਦਾ ਅੱਜ ਮੇਰਾ ਮੂਡ ਨਹੀਂ, ਆਪਾਂ ਕਿਧਰੇ ਬਾਹਰ ਹੀ ਚੱਲਾਂਗੇ।''
ਮੈਂ ਫੜ ਮਾਰ ਦਿੱਤੀ, ਪਰ ਅੰਦਰੇ-ਅੰਦਰ ਸਹਿਮ ਗਿਆ ਕਿ ਅੱਜ ਭੁੱਖੇ-ਪੇਟ, ਏਨੀ ਦੂਰ ਤੱਕ ਟੁਰ ਕਿੰਜ ਸਕਾਂਗਾ? ਨਾਲੇ ਉਹ ਉੱਥੇ ਪਹੁੰਚਦਿਆਂ ਹੀ ਸਭ ਕੁਝ ਭੁੱਲ ਜਾਏਗੀ। ਕਿਸੇ ਕੋਨੇ ਵਿਚ ਬੈਠ ਕੇ, ਖੁੱਲ੍ਹੇ ਅਸਮਾਨ ਵਿਚ ਉੱਡਦੇ ਪੰਛੀਆਂ ਨੂੰ ਵੇਂਹਦੀ-ਨਿਰਖਦੀ, ਨਿੱਕੀਆਂ-ਨਿੱਕੀਆਂ ਡਲੀਆਂ ਚੁੱਕ-ਚੁੱਕ ਕੇ, ਏਧਰ-ਉਧਰ ਸੁੱਟਦੀ ਰਹੇਗੀ। ਵਿਚਾਲਿਓਂ ਕੁਝ ਯਾਦ ਆਉਣ ਸਾਰ ਛੋਟੀਆਂ-ਛੋਟੀਆਂ ਪਰਚੀਆਂ ਉੱਤੇ ਲਿਖ-ਲਿਖ ਕੇ ਆਪਣੇ ਬੈਗ ਵਿਚ ਪਾਉਂਦੀ ਰਹੇਗੀ, ਜਿਵੇਂ ਸਾਰੀਆਂ ਗੱਲਾਂ ਉਸਨੂੰ ਸ਼ਹਿਰੋਂ ਬਾਹਰ, ਕਬਰਾਂ ਤੇ ਖੰਡਰਾਂ ਦੀ ਚੁੱਪ ਵਿਚਕਾਰ ਪਹੁੰਚ ਕੇ ਹੀ ਚੇਤੇ ਆਉਂਦੀਆਂ ਸਨ। ਜਿਹੜੇ ਸਕੈੱਚ ਉਹ ਇਹੋ-ਜਿਹੀਆਂ ਥਾਵਾਂ ਉੱਤੇ ਬੈਠ ਕੇ ਆਪਣੀ ਕਾਪੀ ਵਿਚ ਬਣਾਉਂਦੀ ਹੈ, ਉਹਨਾਂ ਦਾ ਸੰਬੰਧ ਉਹਨਾਂ ਥਾਵਾਂ ਦੇ ਮਾਹੌਲ ਨਾਲ ਬਿਲਕੁਲ ਨਹੀਂ ਹੁੰਦਾ ਬਲਿਕੇ ਉਸ ਮਾਹੌਲ ਤੋਂ ਪੈਦਾ ਹੋਏ ਦਿਮਾਗ਼ੀ ਮਾਹੌਲ ਨਾਲ ਹੁੰਦਾ ਹੈ।
ਪਹਿਲੀ ਵਾਰ ਉਹ ਮੈਨੂੰ ਬਚਨ ਨਾਲ ਕਾਫੀ-ਹਾਊਸ ਵਿਚ ਮਿਲੀ ਸੀ। ਉਹ ਕੋਈ ਬਹਾਨਾ ਕਰਕੇ ਖਿਸਕ ਗਿਆ ਸੀ। ਅਸੀਂ ਬੜੀ ਦੇਰ ਤੱਕ ਉਸਨੂੰ ਉਡੀਕਦੇ ਰਹੇ...
''ਤੁਹਾਡੇ ਕੋਲ ਕੁਝ ਪੈਸੇ ਹੈਨ ?'' ਉਹ ਸਮਝ ਗਈ ਬਚਨ ਹੁਣ ਵਾਪਸ ਨਹੀਂ ਆਏਗਾ। ਉਸਨੂੰ ਮੰਦਾ-ਚੰਗਾ ਆਖਦੀ ਰਹੀ। ਮੈਂ ਵੀ ਸਮਝ ਗਿਆ ਸਾਂ ਕਿ ਉਹ ਨਹੀਂ ਆਏਗਾ। ਸੋ ਉਸਦੀ ਬੁਜ਼ਦਿਲੀ ਉੱਤੇ ਪਰਦਾ ਪਾਉਣ ਵਾਸਤੇ ਚੁੱਪਚਾਪ ਬਿੱਲ ਦੇ ਆਇਆ ਸਾਂ।
''ਤੁਸੀਂ ਮੇਰੇ ਨਾਲ ਤੁਗ਼ਲਕ ਆਬਾਦ ਫੋਰਟ ਤੱਕ ਚੱਲ ਸਕਦੇ ਓ ?'' ਕਾਫੀ-ਹਾਊਸ ਤੋਂ ਬਾਹਰ ਆ ਕੇ ਉਸਨੇ ਪੁੱÎਛਿਆ ਸੀ। ਉੱਥੋਂ ਅਸੀਂ ਸਿੱਧੇ ਤੁਗ਼ਲਕ ਆਬਾਦ ਦੇ ਕਿਲੇ ਵਿਚ ਜਾ ਪਹੁੰਚੇ ਸਾਂ। ਕਿਲੇ ਉੱਪਰ, ਚਾਰੇ ਪਾਸੇ ਪਸਰੀ ਹੋਈ ਚੁੱਪ ਵਿਚਕਾਰ ਇਕ ਚਾਲੂ ਸਟੋਨ-ਕਰੈਸ਼ਰ ਦੀ ਆਵਾਜ਼, ਦੂਰ ਵੱਜਦੀ ਹੋਈ ਕਿਸੇ ਮਿੱਠੀ ਧੁਨ ਵਾਂਗ ਹੀ ਭਲੀ ਲੱਗ ਰਹੀ ਸੀ। ਉਸਨੇ ਦੂਰ ਤੱਕ ਦਿਸ ਰਹੀ ਹਰ ਸ਼ੈ ਨੂੰ ਵੇਖਿਆ। ਏਧਰ-ਉਧਰ ਘੁੰਮ-ਫਿਰ ਕੇ ਇਕ ਕੋਨੇ ਵਿਚ ਜਾ ਬੈਠੀ ਤੇ ਕਾਪੀ ਕੱਢ ਕੇ ਉਸ ਉੱਤੇ ਸਕੈੱਚ ਬਣਾਉਣ ਲੱਗ ਪਈ। ਅਖ਼ੀਰ ਮੈਂ ਖਿਝ ਕੇ ਪੁੱÎਛਿਆ ਸੀ, ''ਵਾਪਸ ਜਾਣ ਦਾ ਇਰਾਦਾ ਹੈ ਕਿ ਨਹੀਂ...?''
ਉਸਦੀਆਂ ਨਜ਼ਰਾਂ, ਸਾਹਮਣੇ, ਡੁੱਬ ਰਹੇ ਸੂਰਜ ਦੀ ਲਾਲੀ ਵਿਚ ਉਲਝੀਆਂ ਹੋਈਆਂ ਸਨ, ਜਿਹੜੀ ਦਰਖ਼ਤਾਂ ਉੱਤੇ ਟਿਕੀ ਹੋਈ ਜਾਪਦੀ ਸੀ। ਉਹ ਉਸੇ ਵਿਚ ਕਿਤੇ ਗਵਾਚੀ ਹੋਈ ਸੀ। ਲੱਗਦਾ ਸੀ, ਉਸਨੇ ਮੇਰੀ ਆਵਾਜ਼ ਹੀ ਨਹੀਂ ਸੁਣੀ। ਸ਼ਾਇਦ ਉਸੇ ਦਿਨ ਤੋਂ, ਨਾ ਚਾਹੁੰਦਿਆਂ ਹੋਇਆਂ ਵੀ, ਮੈਨੂੰ ਉਸ ਨਾਲ ਚਿੜ ਜਿਹੀ ਹੋ ਗਈ ਸੀ। ਜਦੋਂ ਕਿ ਜੇ ਉਸ ਦਿਨ ਮੈਂ ਉਸ ਨਾਲ ਨਾ ਜਾਂਦਾ ਤਾਂ ਸਾਡੀ ਦੋਸਤੀ ਵੀ ਨਹੀਂ ਸੀ ਹੋਈ ਹੋਣੀ ਤੇ ਅਸੀਂ ਇਕ ਦੂਜੇ ਤੋਂ ਜੋ ਕੁਝ ਸਿੱÎਖੇ ਹਾਂ, ਉਹ ਅਧੂਰਾ ਹੀ ਰਹਿ ਜਾਣਾ ਸੀ...
''ਨਹੀਂ, ਆਪਾਂ ਬਹੁਤੀ ਦੂਰ ਨਹੀਓਂ ਜਾਣਾ।'' ਉਸਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਵੇਂਹਦਿਆਂ ਆਖਿਆ। ਮੇਰੀਆਂ ਲੱਤਾਂ ਵਿਚ ਵੱਸੀ ਥਕਾਵਟ ਤੇ ਕਮਜ਼ੋਰੀ ਨੂੰ ਉਸ ਤਾੜ ਲਿਆ ਸੀ ਸ਼ਾਇਦ।
ਉਸ ਦਿਨ ਮੈਥੋਂ ਉਸ ਨਾਲੋਂ ਅੱਗੇ ਤਾਂ ਕੀ, ਉਸਦੇ ਬਰਾਬਰ ਵੀ ਨਹੀਂ ਸੀ ਤੁਰਿਆ ਜਾ ਰਿਹਾ। ਸਾਡਾ ਆਪਸੀ ਸਮਝੌਤਾ ਜਿਹੜਾ ਕਦੇ ਹੋਇਆ ਹੀ ਨਹੀਂ ਸੀ, ਮੈਨੂੰ ਪਹਿਲੀ ਵਾਰੀ ਟੁੱਟਦਾ ਦਿਸਿਆ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਗਰਮ ਜ਼ਮੀਨ ਦੀ ਤਪਸ਼ ਪੈਰਾਂ ਵੱਲੋਂ ਹੋ ਕੇ ਸਾਰੇ ਪਿੰਡੇ ਵਿਚ ਫਿਰਦੀ ਜਾ ਰਹੀ ਸੀ।
''ਅੱਜ ਆਪਾਂ ਕੁਤਬ ਤੋਂ ਪਰ੍ਹਾਂ ਤੱਕ ਚੱਲਾਂਗੇ।'' ਮੈਂ ਆਪਣੀ ਸਾਰੀ ਤਾਕਤ ਸਮੇਟਦਿਆਂ ਕਿਹਾ। ਉਸ ਤੋਂ ਹਾਰ ਜਾਣ ਦੇ ਮੂਡ ਵਿਚ ਨਹੀਂ ਸਾਂ। ਮੇਰੀ ਆਵਾਜ਼ ਵਿਚ ਗੜ੍ਹਕਾ ਸੀ ਤੇ ਮਰਦਾਨਗੀ ਵੀ, ਜਿਹੜੀ ਅਕਸਰ ਕੁੜੀਆਂ ਸਾਹਵੇਂ ਆਪਣੇ ਆਪ ਆ ਜਾਂਦੀ ਹੈ। ਉਦੋਂ ਅਸੀਂ ਜਨਪਥ ਉੱਤੇ ਖੜ੍ਹੇ ਸਾਂ।
''ਤੂੰ ਹੋਸ਼ ਵਿਚ ਤਾਂ ਹੈਂ ਨਾ ?'' ਉਸਨੇ ਇਸ਼ਾਰੇ ਨਾਲ ਸਕੂਟਰ ਰੁਕਵਾ ਲਿਆ। ਉਸਦੀ ਆਵਾਜ਼ ਵਿਚ ਅਪਣੱਤ ਸੀ, ਮੇਰੀ ਹੇਠੀ ਕਰਨ ਦੀ ਇੱਛਾ ਨਹੀਂ।
''ਨਹੀਂ ਆਪਾਂ ਪੈਦਲ ਹੀ ਚੱਲਾਂਗੇ।'' ਮੈਂ ਹਿਰਖ ਕੇ ਕੂਕਿਆ।
''ਪਹਿਲਾਂ ਬੈਠ ਜਾ, ਸੜਕ ਉੱਤੇ ਤਮਾਸ਼ਾ ਨਾ ਕਰ।'' ਉਸਨੇ ਰਤਾ ਕਰੜੀ ਆਵਾਜ਼ ਵਿਚ ਮੈਨੂੰ ਝਿੜਕ ਦਿੱਤਾ ਸੀ। ਉਂਜ ਵੀ ਪਹਿਲਾਂ ਕਦੇ ਇੰਜ ਨਹੀਂ ਸੀ ਹੋਇਆ ਕਿ ਪਹਿਲਾਂ ਉਹ ਬੈਠੀ ਹੋਏ ਤੇ ਪਿੱਛੋਂ ਮੈਂ...ਇੰਜ ਉਸਦੀ ਹਿਫ਼ਾਜ਼ਤ ਵਾਸਤੇ ਇਕ ਆਦਤ ਜਿਹੀ ਬਣੀ ਹੋਈ ਸੀ, ਸਾਡੀ। ਨਾਲੇ ਰਾਜਧਾਨੀ ਦੇ ਕਿਸੇ ਸਕੂਟਰ ਜਾਂ ਟੈਕਸੀ ਵਿਚ ਬੈਠਣ ਦੇ ਇਹੋ ਆਦਾਬ ਵੀ ਨੇ ਸ਼ਾਇਦ।
''ਅਸੀਂ ਉਸ ਤੋਂ ਅਗਾਂਹ ਨਹੀਂ ਜਾਣਾ।''
''ਕਿਉਂ?''
ਉਸਨੇ ਝੱਟ ਬੈਗ਼ ਵਿਚੋਂ ਪੈਸੇ ਕੱਢ ਕੇ ਡਰਾਈਵਰ ਨੂੰ ਦੇ ਦਿੱਤੇ ਸਨ...ਏਨੀ ਫੁਰਤੀ ਨਾਲ ਕਿ ਉਸਨੂੰ ਮੇਰੇ ਵੱਲ ਵੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਉਹ ਜ਼ਰੂਰ ਤਾੜ ਗਈ ਸੀ। ਨਹੀਂ ਤਾਂ ਪੈਸੇ ਕਿਉਂ ਦੇਂਦੀ? ਹਮੇਸ਼ਾ ਮੈਂ ਹੀ ਪੈਸੇ ਦੇਂਦਾ ਸਾਂ। ਉਹ ਨੱਸ ਕੇ ਸਾਹਮਣੇ ਖੋਖਿਆਂ ਵਿਚੋਂ ਦੋ ਪੱਤੇ ਤੇ ਇਕ ਡਬਲਰੋਟੀ ਵੀ ਫੜ੍ਹ ਲਿਆਈ, ਜਿਵੇਂ ਮੈਂ ਲੈ ਆਉਂਦਾ ਹੁੰਦਾ ਸਾਂ।
ਉਹ ਅਸ਼ੋਕ ਪਿੱਲਰ ਤੋਂ ਅੱਗੇ ਲੰਘ ਕੇ ਖੰਡਰ ਦੇ ਪਿਛਲੇ ਪਾਸੇ ਜਾ ਬੈਠੀ ਸੀ। ਫੇਰ ਉਸਨੇ ਇਕ ਪੱਤਾ ਤੇ ਅੱਧੀ ਡਬਲਰੋਟੀ ਮੇਰੇ ਸਾਹਮਣੇ ਰੱਖ ਦਿੱਤੀ, ਜਿਵੇਂ ਮੈਂ ਉਸਦੇ ਸਾਹਮਣੇ ਰੱਖਦਾ ਹੁੰਦਾ ਸਾਂ। ਮੈਨੂੰ ਸ਼ਰਮ ਜਿਹੀ ਮਹਿਸੂਸ ਹੋਈ ਕਿ ਅਸੀਂ ਦੋਏ ਇੱਕੋ ਪੱਤੇ ਵਿਚ ਕਿਉਂ ਨਹੀਂ ਖਾ ਸਕਦੇ? ਏਨੀ ਗੱਲ ਨੇ ਇਕ ਵਾਰ ਫੇਰ ਮੈਨੂੰ ਆਪਣੀ ਹੀਣਤਾ ਦਾ ਅਹਿਸਾਸ ਕਰਵਾ ਦਿੱਤਾ। ਜੇ ਇਸ ਦੀ ਜਗ੍ਹਾ ਮੇਰਾ ਕੋਈ ਮਰਦ ਦੋਸਤ ਹੁੰਦਾ, ਕੀ ਫੇਰ ਵੀ ਅਸੀਂ ਵੱਖੋ-ਵੱਖਰੇ ਪੱÎਤਿਆਂ ਵਿਚ ਖਾਂਦੇ...
ਸ਼ਾਮ ਤਕ ਉੱਥੇ ਬੈਠੇ ਕੁਤਬ ਮੀਨਾਰ ਉੱਤੇ ਤੁਰੇ ਫਿਰਦੇ ਲੋਕਾਂ ਨੂੰ ਵੇਖਦੇ ਰਹੇ। ਉਹ ਬੌਣਿਆਂ ਵਰਗੇ ਦਿਸ ਰਹੇ ਸਨ। ਉੱਤੋਂ, ਉਹ ਕਾਗਜ਼ ਦੇ ਨਿੱਕੇ ਨਿੱਕੇ ਟੁਕੜੇ ਹੇਠਾਂ ਸੁੱਟਦੇ, ਜਿਹੜੇ ਹਵਾ ਵਿਚ ਖਿੱਲਰ ਕੇ ਇਧਰ ਉਧਰ ਉੱਡੇ ਫਿਰਦੇ। ਉਸਦੀਆਂ ਅੱਖਾਂ ਹਵਾ ਵਿਚ ਤੈਰਦੇ ਹੋਏ ਉਹਨਾਂ ਖੰਭਾਂ ਵਰਗੇ ਕਿਸੇ ਕਾਗਜ਼ ਦੇ ਟੁਕੜੇ ਦਾ ਪਿੱਛਾ ਕਰਦੀਆਂ ਤੇ ਮੁੜ ਕਿਸੇ ਹੋਰ ਟੁਕੜੇ ਉੱਤੇ ਟਿਕ ਜਾਂਦੀਆਂ, ਜਿਵੇਂ ਉਹ ਇਹਨਾਂ ਉੱਡਦੀਆਂ ਹੋਈਆਂ ਪਰਚੀਆਂ ਦਾ ਨਜ਼ਾਰਾ ਵੇਖਣ ਵਾਸਤੇ ਹੀ ਏਥੇ ਆਈ ਸੀ ਤੇ ਓਸੇ ਖੇਡ ਵਿਚ ਮਸਤ ਹੋ ਗਈ ਸੀ। ਕਈ ਪ੍ਰੇਮੀ ਜੋੜੇ, ਇਕਾਂਤ ਦਾ ਫਾਇਦਾ ਉਠਾਉਣ ਵਾਸਤੇ ਉਧਰ ਚਲੇ ਜਾਂਦੇ ਨੇ, ਜਿਧਰ ਕੰਧਾਂ ਦੇ ਪ੍ਰਛਾਵੇਂ ਕੁਝ ਸੰਘਣੇ ਹੋ ਚੁੱਕੇ ਸਨ। ਉਹ ਇਕ ਦੂਜੇ ਨੂੰ ਚੁੰਮਦੇ ਤੇ ਝੱਟ ਵੱਖ ਹੋ ਜਾਂਦੇ, ਚਾਰੇ ਪਾਸੇ ਪ੍ਰਛਾਵੇਂ ਲੰਮੇ ਹੋ ਰਹੇ ਸਨ। ਘੁਸਮੁਸੇ ਜਿਹੇ ਵਿਚਕਾਰ ਆਕਾਸ਼ ਉੱਤੇ ਪਰਿੰਦਿਆਂ ਦੇ ਝੁੰਡ ਉੱਡੇ ਜਾ ਰਹੇ ਸਨ।
''ਤੂੰ ਮੈਥੋਂ ਕੁਝ ਪੁੱਛਣਾ ਸੀ !''
ਉਸਨੇ ਉੱਚੀ ਮੀਨਾਰ ਵੱਲ ਵੇਖਿਆ। ਉਸ ਉਪਰੋਂ ਪਰਿੰਦਿਆਂ ਦੀ ਇਕ ਡਾਰ ਉੱਡੀ ਜਾ ਰਹੀ ਸੀ। ਕਦੇ ਕਦੇ ਉਹਨਾਂ ਦੇ ਖੰਭਾਂ ਉੱਤੇ ਸੂਰਜ ਦੀ ਰੌਸ਼ਨੀ ਇੰਜ ਪੈਂਦੀ ਕਿ ਇਕ ਸੁਨਹਿਰੀ ਜਿਹੀ ਲਿਸ਼ਕ ਸਿੱਧੀ ਅੱਖਾਂ ਵਿਚ ਆ ਵੱਜਦੀ ਸੀ।...
''ਬੜੀ ਦੇਰ ਹੋ ਗਈ।''
ਜਿਵੇਂ ਪਰਿੰਦਿਆਂ ਨੇ ਆਉਣ ਵਿਚ ਦੇਰ ਕਰ ਦਿੱਤੀ ਹੋਏ। ਉਸਦੀ ਆਵਾਜ਼ ਪਰਿੰਦਿਆਂ ਦੀ ਚਹਿਚਹਾਟ ਵਿਚ ਹੀ ਗਵਾਚ ਗਈ ਸੀ। ਉਸਨੇ ਹੈਰਾਨੀ ਨਾਲ ਚਾਰ ਚੁਫੇਰੇ ਤੱਕਿਆ। ਹਵਾ ਰੁਕ ਗਈ ਸੀ ਤੇ ਝੂਮਦੀ ਹੋਏ ਦਰਖ਼ਤ, ਪੱਥਰ ਦੀਆਂ ਮੂਰਤੀਆਂ ਵਾਂਗ ਅਹਿੱਲ-ਅਡੋਲ ਖੜ੍ਹੇ ਸਨ। ਪੁਰਾਣੀਆਂ ਕੰਧਾਂ ਅਤੇ ਮੀਨਾਰ ਉੱਤੇ ਸੁਨਹਿਰੀ ਧੁੱਪ ਦੀ ਲਾਲੀ ਸਰਕਦੀ ਹੋਈ ਮਹਿਸੂਸ ਹੋ ਰਹੀ ਸੀ। ਖੰਡਰਾਂ ਵਿਚੋਂ ਇਕ ਹੂਕ ਜਿਹੀ ਉਠਦੀ ਮਹਿਸੂਸ ਹੁੰਦੀ ਸੀ ਜਾਂ ਇਹ ਉਹ ਭਰਮ ਸੀ, ਜਿਹੜਾ ਅਕਸਰ ਅਜਿਹੀਆਂ ਥਾਵਾਂ ਉੱਤੇ ਹੋਣ ਲੱਗ ਪੈਂਦਾ ਹੈ।
''ਤੂੰ ਉਹ ਕਵਿਤਾ ਪੜ੍ਹੀ ਏ ਨਾ, ਜਿਸ ਵਿਚ ਉਹ ਦੋਏ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਉਜਾੜ ਥਾਵਾਂ ਵਿਚ ਘੁੰਮਦੇ ਹੋਏ ਅਖ਼ੀਰ ਗੂੰਗਿਆਂ ਵਾਂਗ ਈ ਇਕ ਦੂਜੇ ਤੋਂ ਵਿਦਾਅ ਹੋ ਜਾਂਦੇ ਨੇ...ਕੋਈ ਖ਼ਾਮੋਸ਼ ਗਵਾਹ ਗਰੀਬੀ ਵੰਡਣ ਵਾਲਾ...ਉਸਦੀ ਆਵਾਜ਼ ਏਨੀ ਮਧੱਮ ਸੀ ਕਿ ਉੱਤੇ ਉੱਡੇ ਜਾ ਰਹੇ ਪਰਿੰਦਿਆਂ ਦੀ ਆਵਾਜ਼ ਤਾਂ ਸੁਣੀ ਜਾ ਸਕਦੀ ਸੀ, ਪਰ ਉਸਦੀ ਨਹੀਂ।
''ਹਰੇਕ ਚੀਜ਼ ਨੂੰ ਮਹਿਸੂਸ ਕਰਨ ਦਾ ਇਕ ਖਾਸ ਵਕਤ ਹੁੰਦਾ ਏ।''
''ਤੂੰ ਮੈਥੋਂ ਕੁਝ ਪੁੱਛਣਾ ਚਾਹੁੰਦੀ ਸੈਂ...''
''ਉਸ ਕਵੀ ਨੇ ਜ਼ਰੂਰ ਕੌੜਾ ਜੀਵਨ ਹੰਢਾਇਆ ਹੋਏਗਾ, ਤਾਂ ਹੀ ਤਾਂ ਚੁੱਪ ਨੂੰ ਏਨੀ ਚੰਗੀ ਤਰ੍ਹਾਂ ਸਮਝ ਸਕਿਆ ਏ ਉਹ! ਮੈਂ ਤੈਨੂੰ ਪੂਰੀ ਕਵਿਤਾ ਸੁਣਾਦੀ ਹਾਂ...''
“ਤੂੰ ਮੇਰਾ ਅਪਮਾਨ ਕਰ ਰਹੀ ਏਂ।”
''ਅਪ...ਮਾਨ...।'' ਉਹ ਬੌÎਂਦਲ ਗਈ ਤੇ ਭੁੜਕ ਕੇ ਉਠ ਖੜ੍ਹੀ ਹੋਈ, ''ਨਹੀਂ !'' ਉਸਦੀ ਆਵਾਜ਼ ਬਿਲਕੁਲ ਖਰੀ ਸੀ, ਉਸ ਵਿਚ ਝੂਠ ਦੀ ਮਿਲਾਵਟ ਨਹੀਂ ਸੀ, ਬਲਿਕੇ ਉਹ ਮੇਰੇ ਵੱਲ ਇੰਜ ਵੇਖ ਰਹੀ ਸੀ, ਜਿਵੇਂ ਮੈਂ ਉਸਦੀ ਬੇਇੱਜ਼ਤੀ ਕੀਤੀ ਹੋਵੇ। ਉਸਦੀਆਂ ਅੱਖਾਂ ਭਰ ਆਈਆਂ ਤੇ ਫੇਰ ਉਸਨੇ ਦੂਜੇ ਪਾਸੇ ਮੂੰਹ ਭੂਆਂ ਲਿਆ।
ਸਾਹਮਣੇ ਮੈਦਾਨ ਵਿਚ ਟੂਰਿਸਟ ਕੁੜੀਆਂ ਦੀਆਂ ਦੋ ਟੋਲੀਆਂ ਵਿਚਕਾਰ ਫਿਲਮੀ ਗੀਤਾਂ ਦਾ ਮੁਕਾਬਲਾ ਹੋ ਰਿਹਾ ਸੀ। ਰੇਸਤਰਾਂ ਦੀਆਂ ਸਾਰੀਆਂ ਮੇਜ਼ਾਂ ਦੁਆਲੇ ਲੋਕ ਬੈਠੇ ਸਨ। ਕੁਝ ਮੁੰਡੇ, ਕੁੜੀਆਂ ਅਜੇ ਵੀ ਰਿੰਗ ਖੇਡ ਰਹੇ ਸਨ। ਉਹ ਬੜੀ ਤੇਜ਼ੀ ਨਾਲ ਫਾਟਕ ਵੱਲ ਨੱਸਦੀ ਜਾ ਰਹੀ ਸੀ...
੦ ੦ ੦
ਸਕੂਟਰ ਵਿਚ ਅਸੀਂ ਦੋਏ ਚੁੱਪ ਸਾਂ। ਮਰਕਰੀ ਟਿਊਬਾਂ ਦੀ ਨੀਲੀ-ਦੁਧੀਆ ਰੌਸ਼ਨੀ ਸਾਰੀ ਸੜਕ ਉੱਤੇ ਫੈਲੀ ਹੋਈ ਸੀ। ਸਾਹਮਣਿਓਂ ਆ ਰਹੀਆਂ ਕਾਰਾਂ ਦੀ ਰੌਸ਼ਨੀ ਅੱਖਾਂ ਨੂੰ ਚੁੰਧਿਆ ਦੇਂਦੀ ਤੇ ਬਿੰਦ ਦਾ ਬਿੰਦ ਅੰਨ੍ਹਿਆਂ ਕਰ ਦੇਂਦੀ। ਜਿਓਂ ਹੀ ਕਾਰ ਲੰਘ ਜਾਂਦੀ, ਫੇਰ ਪਹਿਲਾਂ ਵਾਂਗ ਦਿਸਣ ਲੱਗ ਪੈਂਦਾ। ਸਫ਼ਦਰ ਜੰਗ ਓਵਰ ਬਰਿਜ ਤੋਂ ਹਵਾਈ ਅੱਡੇ ਦੀ ਪਟੜੀ ਦੀਆਂ ਬੱਤੀਆਂ ਜੁਗਨੂੰਆਂ ਵਾਂਗ ਟਿਮਟਿਮਾਂਦੀਆਂ ਦਿਸ ਰਹੀਆਂ ਸਨ। ਪੁਲ ਦੇ ਵਿਚਕਾਰ ਪਹੁੰਚੇ ਤਾਂ ਉਹ ਧਰਤੀ ਨਾਲ ਲੱਗ ਗਈਆਂ, ਪਰ ਉਹਨਾਂ ਬੱਤੀਆਂ ਦੀ ਰੌਸ਼ਨੀ ਜਗਬੁਝ ਕਰਦੀ ਤੇ ਲੁਕਣ ਮੀਟੀ ਖੇਡਦੀ ਰਹੀ। ਇੰਜ ਜਾਪਦਾ ਸੀ ਜਿਵੇਂ ਇਕ ਪਿੱਛੋਂ ਦੂਜੀ ਤੇ ਫੇਰ ਤੀਜੀ ਸਾਨੂੰ ਵੇਖ ਕੇ ਅੱਖਾਂ ਖੋਹਲ ਰਹੀਆਂ ਨੇ।
ਮੇਨ ਬਾਜ਼ਾਰ ਕੋਲ ਉਸਨੇ ਸਕੂਟਰ ਰੁਕਵਾ ਲਿਆ। ਕਹਿਣ ਲੱਗੀ, 'ਆਪਾਂ ਬਾਜ਼ਾਰ ਵਿਚੋਂ ਹੁੰਦੇ ਹੋਏ ਘਰ ਚੱਲਾਂਗੇ।' ਮੈਨੂੰ ਘਰ ਦਾ ਨਾਂ ਸੁਣ ਕੇ ਹਾਸਾ ਆ ਗਿਆ ਸੀ, ਓਵੇਂ ਮਹਿਸੂਸ ਹੋਇਆ ਸੀ, ਜਿਵੇਂ ਗੋਰਕੀ ਦੇ ਇਕ ਪਾਤਰ ਨੂੰ ਇਹ ਸ਼ਬਦ ਸੁਣ ਕੇ ਹੁੰਦਾ ਹੈ।
ਲੋਕ ਸਾਰੀ ਉਮਰ ਘਰ ਬਣਾਉਂਦੇ ਮਰ ਜਾਂਦੇ ਨੇ, ਪਰ ਉਹਨਾਂ ਨੂੰ ਅਖ਼ੀਰ ਤਕ ਘਰ ਦੀ ਸਹੀ ਸਮਝ ਨਹੀਂ ਹੁੰਦੀ। ਮੈਂ ਵੀ ਅਜੇ ਤਕ ਉਸਦੇ ਸਹੀ ਅਰਥ ਨਹੀਂ ਸਮਝ ਸਕਿਆ। ਜਿੱਥੇ ਆਪਣੀ ਅਟੈਚੀ, ਉਹੀ ਆਪਣਾ ਘਰ ! ਇਕ ਪਿੱਛੋਂ ਦੂਜਾ, ਦੂਜੇ ਪਿੱਛੋਂ ਤੀਜਾ, ਇੰਜ ਹੀ ਘਰਾਂ ਦੀ ਇਕ ਲੰਮੀ ਕਤਾਰ ਲੱਗੀ ਹੋਈ ਹੈ। ਭਲਾ ਇਕ ਸੈਲਾਨੀ (ਘੁੱਕੜ) ਦੇ ਘਰਾਂ ਦੀ ਗਿਣਤੀ ਕਿੰਜ ਕੀਤੀ ਜਾ ਸਕਦੀ ਹੈ। ਘਰ ਦੇ ਨਾਂ ਨਾਲ ਅਣਗਿਣਤ ਘਰ ਯਾਦ ਆ ਗਏ ਸਨ...ਜਿੱਥੇ ਕਦੀ ਨਿੱਘੇ ਪਲ ਬਿਤਾਏ ਸਨ। ਕੁਝ ਘਰ ਉਦਾਸ ਹੁੰਦੇ ਨੇ, ਸੁੰਨੇ-ਸੱਖਣੇ। ਕੁਝ ਘਰਾਂ ਦੀਆਂ ਬਾਰੀਆਂ ਹਮੇਸ਼ਾ ਅੰਦਰ ਵੱਲ ਖੁੱਲ੍ਹਦੀਆਂ ਨੇ, ਜਿੱਥੋਂ ਕੋਈ ਵੀ ਰੱਸਤਾ ਬਾਹਰ ਵੱਲ ਨਹੀਂ ਜਾਂਦਾ। ਕੁਝ ਘਰ ਮੋਟੀਆਂ ਕੰਧਾਂ ਤੇ ਉੱਚੀਆਂ ਛੱਤਾਂ ਵਾਲੇ ਹੁੰਦੇ ਨੇ ਤੇ ਦਰਵਾਜ਼ਿਆਂ ਉੱਤੇ ਮੋਟੇ ਪਰਦੇ ਲਟਕ ਰਹੇ ਹੁੰਦੇ ਨੇ, ਉਹਨਾਂ ਦੀ ਹਰੇਕ ਗੱਲ ਭੇਦ ਭਰੀ ਹੁੰਦੀ ਹੈ। ਕੁਝ ਘਰ ਅਜਿਹੇ ਵੀ ਸਨ, ਜਿੱਥੇ ਮੈਂ ਸੁਖ-ਚੈਨ ਤੇ ਸ਼ਾਂਤੀ ਮਹਿਸੂਸ ਕੀਤੀ...ਅਜਿਹੇ ਘਰਾਂ ਅੰਦਰ ਜਾ ਕੇ ਮੈਨੂੰ ਉਹ ਗੱਲਾਂ ਯਾਦ ਆਉਣ ਲੱਗ ਪੈਂਦੀਆਂ ਨੇ, ਜਿਹਨਾਂ ਨੂੰ ਮੈਂ ਅਜੇ ਪੂਰਾ ਕਰਨਾ ਹੈ ਜਾਂ ਉਹ ਗੱਲਾਂ ਜਿਹਨਾਂ ਨੂੰ ਭੁੱਲਦਾ ਜਾ ਰਿਹਾ ਹਾਂ। ਅਜਿਹੇ ਘਰਾਂ ਦੇ ਦਰਵਾਜ਼ੇ ਤੇ ਬਾਰੀਆਂ ਹਮੇਸ਼ਾ ਅੰਦਰ ਵੱਲ ਖੁੱਲ੍ਹਦੇ ਨੇ। ਅੰਦਰ ਜਾ ਕੇ ਉਹਨਾਂ ਵਿਚ ਰਹਿਣ ਵਾਲਿਆਂ ਪ੍ਰਤੀ ਹਮਦਰਦੀ ਪੈਦਾ ਹੋ ਜਾਂਦੀ ਹੈ। ਉਹ ਨਸ਼ੇ ਵਿਚ ਚੂਰ ਆਪਣੇ ਹਨੇਰੇ ਕਮਰਿਆਂ ਵਿਚ ਬੈਠੇ ਰੌਸ਼ਨੀ ਨੂੰ ਉਡੀਕ ਰਹੇ ਹੁੰਦੇ ਨੇ।
ਅਜਿਹੇ ਘਰਾਂ ਦਾ ਮੇਰੀ ਜ਼ਿੰਦਗੀ ਵਿਚ ਬੜਾ ਲੰਮਾਂ ਸਿਲਸਿਲਾ ਹੈ ਤੇ ਉਸ ਵਿਚ ਮੇਰੇ ਬਚਪਨ ਦੇ ਇਕ ਨਿੱਕੇ ਜਿਹੇ ਘਰ ਦੀ ਤਸਵੀਰ ਵੀ ਹੈ। ਜਿੱਥੇ ਹਰ ਵੇਲੇ ਸਿੱਲ੍ਹ ਦੀ ਹਵਾੜ, ਅਚਾਰਾਂ ਤੇ ਸਬਜ਼ੀਆਂ ਦੀ ਮਹਿਕ ਪੱਸਰੀ ਹੁੰਦੀ ਸੀ। ਮੰਜੇ ਉੱਤੇ ਪਈ ਮਾਂ ਬਰੜਾਉਂਦੀ ਸੀ, 'ਮੈਂ ਠੀਕ ਹਾਂ, ਮੈਨੂੰ ਕੋਈ ਤਕਲੀਫ਼ ਨਹੀਂ।' ਜਦੋਂ ਤਕ ਉਹ ਜਿਊਂਦੀ ਰਹੀ, ਮੈਂ ਉਸ ਘਰ ਨਾਲ ਬੱÎਝਿਆ ਰਿਹਾ। ਮਾਂ ਤੋਂ ਬਾਅਦ ਇਕ ਲੰਮਾਂ, ਵਿੰਗਾ-ਟੇਢਾ ਸਿਲਸਿਲਾ ਹੈ...ਉੱਥੋਂ ਤੋਂ ਏਥੋਂ ਤਕ। ਘਰ ਦੇ ਨਾਂ ਉੱਤੇ ਮੇਰਾ ਹੱਸਣਾ ਤੇ ਬਹਿਕ ਜਾਣਾ ਵਾਜਬ ਗੱਲ ਹੀ ਹੈ।
''ਕਿਉਂ ਹੱਸ ਕਿਉਂ ਰਿਹਾ ਏਂ?'' ਉਸਨੇ ਬਾਜ਼ਾਰ ਵੱਲ ਮੁੜਦਿਆਂ ਪੁੱÎਛਿਆ।
''ਮੈਂ ਏਧਰ ਦੀ ਨਹੀਂ ਜਾਵਾਂਗਾ...ਲੋਕਾਂ ਦੇ ਪੈਸੇ ਦੇਣੇ ਨੇ, ਮੈਂ।'' ਮੈਂ ਸਪਸ਼ਟ ਹੀ ਕਹਿ ਦਿੱਤਾ ਸੀ।
''ਆਪਾਂ ਉਹਨਾਂ ਨੂੰ 'ਫੇਸ' ਕਰਾਂਗੇ...ਕੀ ਖਾਸ ਗੱਲ ਏ ਭਲਾ?''
ਅਸੀਂ ਚੁੱਪਚਾਪ ਟੁਰਦੇ ਰਹੇ। ਮੈਨੂੰ ਕਿਸੇ ਨੇ ਵੀ ਟੋਕਿਆ ਜਾਂ ਰੋਕਿਆ ਨਹੀਂ ਤੇ ਨਾ ਹੀ ਕਿਸੇ ਕੋਈ ਮੰਗ ਕੀਤੀ। ਆਪਣੇ ਵੰਨੀਓਂ ਮੈਂ ਹਰੇਕ ਆਉਣ ਵਾਲੇ ਖ਼ਤਰੇ ਤੇ ਬੇਪਤੀ ਨੂੰ 'ਫੇਸ' ਕਰਨ ਵਾਸਤੇ ਤਿਆਰ ਸਾਂ। ਢਾਬੇ ਸਾਹਮਣੇ ਰੁਕਣਾ ਜ਼ਰਾ ਮੁਸ਼ਕਿਲ ਸੀ। ਉਹ ਕਦੇ ਕਦੇ ਮੇਰੇ ਨਾਲ ਇੱਥੇ ਆ ਜਾਂਦੀ ਸੀ। ਢਾਬੇ ਅੰਦਰ ਪੈਰ ਧਰਦਿਆਂ ਹੀ ਏਥੋਂ ਦੀ ਹਰੇਕ ਸ਼ੈ ਹਰਕਤ ਵਿਚ ਆ ਜਾਂਦੀ ਸੀ। ਪਹਿਲਾਂ ਚਿਹਰਿਆਂ ਉੱਤੇ ਰੌ ਆਉਂਦੀ।...ਕੰਮ ਕਰਨ ਵਾਲੇ ਮੁੰਡੇ ਚਹਿਕਣ ਲੱਗ ਪੈਂਦੇ ਤੇ ਇਕ ਦੂਜੇ ਨੂੰ ਸੈਨਤਾਂ ਨਾਲ ਦੱਸਦੇ ਬਈ 'ਮਾਲ' ਆ ਗਿਆ। ਗਾਹਕਾਂ ਦੀਆਂ ਨਿਗਾਹਾਂ ਉਸਦੇ ਜਿਸਮ ਨੂੰ ਟੋਹਣ-ਟਟੋਲਣ ਲੱਗ ਪੈਂਦੀਆਂ। ਇੱਥੋਂ ਦੇ ਉਧਾਰ ਖਾਤੇ ਦੀ ਹਰੇਕ ਸਹੂਲਤ ਉਸਦੇ ਪ੍ਰਤਾਪ ਨਾਲ ਹੀ ਸੀ। ਪਰ ਉਸ ਉੱਤੇ ਕਿਸੇ ਗੱਲ ਦਾ ਵੀ ਅਸਰ ਨਹੀਂ ਸੀ ਹੁੰਦਾ। ਇਹੀ ਗੱਲ ਮੈਨੂੰ ਪ੍ਰੇਸ਼ਾਨ ਕਰ ਦੇਂਦੀ ਸੀ। ਮੂੰਹ ਦਾ ਸਵਾਦ ਕੁਸੈਲਾ ਜਿਹਾ ਹੋ ਜਾਂਦਾ ਸੀ। ਸਾਡੇ ਪਹੁੰਚਣ ਸਾਰ ਇਕ ਖਲਬਲੀ ਜਿਹੀ ਮੱਚ ਗਈ। ਉਹ ਖਾਣਾ ਪੈਕ ਕਰਵਾਉਣ ਲੱਗੀ।
''ਸ਼ਾਹ ਜੀ, ਕਿੱਧਰ ਹੋ ਆਏ? ਕੋਈ ਚੀਜ਼ ਘੱਟ ਤੇ ਨਹੀਂ ਨਾ?'' ਢਾਬੇ ਦਾ ਮਾਲਕ ਖੜ੍ਹਾ ਦੰਦੀਆਂ ਕੱਢਦਾ ਰਿਹਾ। ਉਸਦੇ ਸੋਨੇ ਦੇ ਤਿੰਨੇ ਦੰਦ ਕੁਝ ਵਧੇਰੇ ਹੀ ਹੱਸ ਰਹੇ ਸਨ, ਪਰ ਮੇਰੀ ਖਾਤਰ ਨਹੀਂ...
''ਇਹ ਤੂੰ ਠੀਕ ਨਹੀਂ ਕੀਤਾ।''
ਉਹ ਮੇਰੇ ਵੱਲ ਝਾਕੀ ਹੀ ਨਹੀਂ।
ਉਦੋਂ ਮੈਨੂੰ ਉਹ ਦਿਨ ਯਾਦ ਆ ਗਿਆ, ਜਿਸ ਦਿਨ ਪਹਿਲੀ ਵਾਰੀ ਉਸਨੇ ਕਲਾਕ-ਟਾਵਰ ਵਿਚ ਮੇਰਾ ਹੱਥ ਰੋਕ ਕੇ ਇਕ ਬਰਾਬਰ ਦੇ ਦੋਸਤ-ਮਿੱਤਰ ਵਾਂਗ ਬਿੱਲ ਦਿੱਤਾ ਸੀ। ਮੈਨੂੰ ਅੰਦਰੇ-ਅੰਦਰ ਬੜੀ ਖੁਸ਼ੀ ਮਹਿਸੂਸ ਹੋਈ ਸੀ ਕਿ ਕੁੜੀ ਨੇ ਪਹਿਲੀ ਵਾਰ ਪੂਰੇ ਅਧਿਕਾਰ ਨਾਲ ਆਪਣਾ ਪਰਸ ਖੋਲ੍ਹ ਕੇ ਉਸ ਵਿਚੋਂ ਪੈਸੇ ਕੱਢੇ ਸਨ। ਉਹ ਮੈਨੂੰ ਬੜੀ ਚੰਗੀ ਲੱਗੀ ਸੀ ਤੇ ਮੈਂ ਪਹਿਲੀ ਵਾਰ ਉਸ ਵੱਲ ਗਹੁ ਨਾਲ ਤੱÎਕਿਆ ਸੀ।...ਫੇਰ, ਅੱਜ ਕਿਉਂ ਬਰਦਾਸ਼ਤ ਨਹੀਂ ਸੀ ਹੋ ਰਿਹਾ!
''ਮੈਂ ਸਾਰੇ ਬਿੱਲ ਭੁਗਤਾਅ ਦਿੱਤੇ ਨੇ, ਤੇਰਾ ਸਾਮਾਨ ਵੀ ਢਾਬੇ 'ਚੋਂ ਚੁਕਾਅ ਲਗਈ ਆਂ।'' ਉਸਨੇ ਖਾਣੇ ਦਾ ਪੈਕੇਟ ਮੈਨੂੰ ਫੜਾ ਦਿੱਤਾ।
''ਨਾਲੇ ਤੂੰ ਝੂਠ ਵੀ ਬੋਲਿਆ ਸੀ ਕਿ ਮੈਂ ਬਾਹਰ ਗਿਆ ਹੋਇਆ ਆਂ। ਤੂੰ ਮੈਨੂੰ ਜ਼ਲੀਲ ਕਰ ਦਿੱਤਾ ਏ। ਤੈਨੂੰ ਨਹੀਂ ਪਤਾ ਸ਼ਾਇਦ ਕਿ ਮੈਂ ਸਾਰੀ ਜ਼ਿੰਦਗੀ ਕਿਸੇ ਹੱਥ ਅੱਗੇ ਨਹੀਂ ਅੱÎਡਿਆ। ਮੇਰਾ ਸਾਮਾਨ ਵੇਚ ਕੇ ਆਪਣੇ ਪੈਸੇ ਵਸੂਲ ਕਰ ਲਵੀਂ, ਤੂੰ ਮੇਰੇ 'ਤੇ ਤਰਸ ਕੀਤਾ ਏ ਨਾ !''...ਮੈਂ ਮੱਧ ਸ਼੍ਰੇਣੀ ਵਾਲੀ ਆਪਣੀ ਸ਼ਾਨ ਤੇ ਗੁੱਸੇ ਵਿਚ ਉਸਨੂੰ ਖਾਸਾ ਮਧੋਲਿਆ ਸੀ।
''ਬਸ, ਚਲਾ ਜਾਹ। ਮੁੜ ਕਦੀ ਸੂਰਤ ਨਾ ਵਿਖਾਵੀਂ ਆਪਣੀ।'' ਉਸਨੇ ਅੰਗਰੇਜ਼ੀ ਵਿਚ ਕਿਹਾ ਤੇ ਮੂੰਹ ਦੂਜੇ ਪਾਸੇ ਕਰ ਲਿਆ। ਉਹ ਬੜੀ ਦੇਰ ਤਕ ਰਸਤੇ ਵਿਚ ਹੀ ਖੜ੍ਹੀ ਰਹੀ ਸੀ।
''ਤੇਰੇ ਤੇ ਹੋਰਾਂ ਵਿਚ ਫ਼ਰਕ ਈ ਕੀ ਏ?''
'ਫ਼ਰਕ' ਸ਼ਬਦ ਕਿਸੇ ਗਾਲ੍ਹ ਵਰਗਾ ਹੀ ਲੱÎਗਿਆ ਸੀ, ਮੈਨੂੰ...ਤੇ ਅੰਦਰ ਤਕ ਚੀਰਦਾ ਚਲਾ ਗਿਆ ਸੀ। ਉਸਨੂੰ ਯਕੀਨ ਹੀ ਨਹੀਂ ਸੀ ਕਿ ਮੈਂ ਕਦੇ ਅਜਿਹੀ ਗੱਲ ਵੀ ਆਖ ਸਕਦਾ ਹਾਂ। ਮੈਂ ਆਪ ਹੈਰਾਨ ਸਾਂ ਕਿ ਮੈਂ ਕਦੇ ਇੰਜ ਸੋਚਿਆ ਵੀ ਨਹੀਂ ਸੀ, ਫੇਰ ਇੰਜ ਕਿੰਜ ਹੋ ਗਿਆ ! ਖ਼ੈਰ ਮੇਰੀ ਜ਼ਿੰਦਗੀ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ, ਜਿਹਨਾਂ ਨਾਲ ਮੇਰੀ ਸਾਂਝ ਹੁੰਦੀ ਹੈ...ਉਹਨਾਂ ਨਾਲ ਗੱਲਾਂ ਕਰਦਿਆਂ ਕਰਦਿਆਂ ਮੈਨੂੰ ਤਾਅ ਆ ਜਾਂਦਾ ਹੈ ਤੇ ਮੈਂ ਕਿਸੇ ਹੋਛੇ ਆਦਮੀ ਵਾਂਗ ਹੀ ਸਲੂਕ ਕਰਨ ਲੱਗ ਪੈਂਦਾ ਹਾਂ। ਉਦੋਂ ਅਸਲ ਵਿਚ ਮੇਰੇ ਆਪਣੇ ਹੀ ਹੱਥ ਵੱਸ ਨਹੀਂ ਰਹਿੰਦਾ ; ਕਈ ਘਟੀਆ ਗੱਲਾਂ ਮੂੰਹੋਂ ਨਿਕਲ ਜਾਂਦੀਆਂ ਨੇ, ਜਿਹੜੀਆਂ ਦਰਅਸਲ ਮੇਰੀਆਂ ਨਹੀਂ ਹੁੰਦੀਆਂ। ਜਾਪਦਾ ਹੈ ਮੈਂ ਉਹ ਬਣ ਜਾਂਦਾ ਹਾਂ ਜੋ ਅਸਲ ਵਿਚ ਮੈਂ ਹਾਂ ਨਹੀਂ।...ਰਾਹ ਵਿਚ ਖਲੋਤਿਆਂ ਨੂੰ ਵੇਖ ਕੇ ਲੋਕ ਸਾਨੂੰ ਘੂਰ ਕੇ ਵੇਂਹਦੇ ਤੇ ਅੱਗੇ ਲੰਘ ਜਾਂਦੇ...
ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਕਿ ਕੋਈ ਸਾਨੂੰ ਮੰਗਤੇ ਸਮਝੇ। ਉਸਦੀ ਆਵਾਜ਼ ਭਰੜਾਈ ਹੋਈ ਸੀ। ਉਸਨੇ ਗਾਲ੍ਹ ਨਾਲੋਂ ਵੱਡੀ ਗਾਲ੍ਹ ਕੱਢ ਦਿੱਤੀ। ਉਹ, ਉਹੀ ਸੀ। ਪਰ ਮੈਨੂੰ ਬਦਲੀ ਬਦਲੀ ਲੱਗੀ ਸੀ। ਉਸਦੇ ਤਾਂ ਜਿਵੇਂ ਸਾਰੇ ਅਰਥ ਹੀ ਬਦਲ ਗਏ ਸਨ। ਮੇਰੇ ਅੰਦਰ ਗੁਨਾਹ ਦਾ ਅਹਿਸਾਸ ਜਾਗ ਪਿਆ। ਕਿਤੇ ਉਸਨੂੰ ਸਿਰਫ ਇਕ ਕੁੜੀ ਸਮਝ ਕੇ ਹੀ ਤਾਂ ਮੈਂ ਅਜਿਹਾ ਸਲੂਕ ਨਹੀਂ ਸੀ ਕਰ ਬੈਠਾ! ਜੇ ਨਹੀਂ ਤਾਂ ਫੇਰ ਇਕ ਕੁੜੀ ਦੀ ਮਦਦ ਓਵੇਂ ਕਬੂਲ ਕਿਉਂ ਨਹੀਂ ਸੀ ਕੀਤੀ, ਜਿਵੇਂ ਕਿਸੇ ਮਰਦ ਦੋਸਤ ਦੀ ਕਰ ਸਕਦਾ ਸਾਂ? ਜੇ ਉਸਨੇ ਮੇਰੀ ਬੇਇੱਜ਼ਤੀ ਕੀਤੀ ਸੀ ਤਾਂ ਮੈਂ ਕੀ ਕਰਦਾ ਰਿਹਾ ਸਾਂ, ਅੱਜ ਤੱਕ...?
''ਨਹੀਂ, ਤੇਰਾ ਕੀ ਕਸੂਰ ਏ ? ਤੇਰੇ ਵਾਸਤੇ ਤਾਂ ਮੈਂ ਅਜਨਬੀ ਹਾਂ,''
''ਅਜਨਬੀ...'' ਉਸਨੇ ਘੂਰ ਕੇ ਮੇਰੇ ਵੱਲ ਦੇਖਿਆ, ''ਇਹ ਤੂੰ ਕਹਿ ਰਿਹਾ ਏਂ ?''
''ਨਹੀਂ ਅਸੀਂ ਦੋਏ ਈ,'' ਮੈਂ ਜੋਸ਼ ਵਿਚ ਆ ਕੇ ਉਸਦਾ ਹੱਥ ਫੜ ਲਿਆ।
''ਸੱਚ ?''
ਉਹ ਮੇਰੇ ਨਾਲ ਜੁੜ ਕੇ ਖਲੋ ਗਈ। ਉਸਦੇ ਤੇਜ਼ ਸਾਹਾਂ ਦੀ ਗਰਮੀ, ਮੈਂ ਆਪਣੇ ਚਿਹਰੇ ਉੱਤੇ ਮਹਿਸੂਸ ਕੀਤੀ। ਉਸਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਂਦਿਆਂ ਹੋਇਆਂ ਕਿਹਾ, ''ਮੈਂ ਲਗਾਤਾਰ ਤੈਨੂੰ ਲੱਭਦੀ ਰਹੀ। ਸੋਚਦੀ ਸਾਂ, ਤੂੰ ਕਿੱਥੇ ਰਹਿੰਦਾ ਹੋਏਂਗਾ ? ਕਿੱਥੇ ਸੌÎਂਦਾ ਹੋਏਂਗਾ? ਪੜ੍ਹਦਾ-ਲਿਖਦਾ ਕਿੱਥੇ ਹੋਏਂਗਾ? ਜਦ ਕਮਰਾ ਖੁਸ ਗਿਆ ਸੀ ਤਾਂ ਤੂੰ ਮੈਨੂੰ ਕਿਉਂ ਨਾ ਦੱÎਸਿਆ ?''
''ਮਾ'ਫ਼ ਕਰ ਦੇਅ।'' ਮੈਂ ਜਜ਼ਬਾਤਾਂ ਵਿਚ ਵਹਿ ਗਿਆ।
''ਪਤਾ ਨਹੀਂ ਕਿਉਂ, ਤੂੰ ਮੈਨੂੰ ਏਨਾ ਚੰਗਾ ਲੱਗਦਾ ਏਂ...ਤੇਰੇ ਨਾਲ ਰਹਿ ਕੇ ਕੁੜੀ ਹੁੰਦੀ ਹੋਈ ਵੀ ਮੈਂ, ਇਕ ਦੋਸਤ ਵਾਂਗ ਆਜ਼ਾਦ ਹੁੰਦੀ ਹਾਂ...ਦੂਜੇ ਦੋ ਗੱਲਾਂ ਪਿੱਛੋਂ ਹੀ, ਫਿੱਟ ਕੇ ਨੰਗੇ ਹੋ ਜਾਂਦੇ ਨੇ ਤੇ ਉਸੇ ਥਾਂ ਆ ਜਾਂਦੇ ਨੇ, ਜਿੱਥੇ ਮਰਦ ਨੇ ਆਉਣਾ ਹੁੰਦਾ ਏ। ਮੈਨਰਜ਼ ਵਜ਼ੋਂ ਕੀਤੀਆਂ ਗੱਲਾਂ ਦੇ ਦੂਜੇ ਅਰਥ ਹੀ ਕੱਢ ਬਹਿੰਦੇ ਨੇ।''
ਉਸਨੇ ਬੈਗ਼ ਵਿਚੋਂ ਸਿਗਰੇਟ ਪੈਕੇਟ ਕੱਢ ਕੇ ਦਿੱਤਾ, ਮੈਂ ਇਕ ਸਿਗਰੇਟ ਸੁਲਗਾ ਲਈ ਤੇ ਬੀਤੀਆਂ, ਪਹਿਲੀਆਂ ਖ਼ਾਮੋਸ਼ ਮੁਲਾਕਾਤਾਂ ਵੱਲ ਪਹਿਲੀ ਵੇਰ ਧਿਆਨ ਦਿੱਤਾ, ਪਰ ਦੂਜੇ ਅਰਥਾਂ ਵਿਚ!
''ਪਹਿਲੀ ਵਾਰੀ ਤੈਨੂੰ ਇਹ ਆਖਦਿਆਂ ਸੁਣਿਆਂ ਸੀ ਕਿ ਤੂੰ ਆਪਣੇ ਮਿਸ਼ਨ ਵਾਸਤੇ ਬਿਨਾਂ ਹੌਸਲਾ ਛੱਡੇ, ਲਗਾਤਾਰ ਭੁੱਖ ਬਰਦਾਸ਼ਤ ਕਰ ਸਕਦਾ ਏਂ।''
ਉਸ ਦਿਨ ਮੈਂ ਦੋਸਤਾਂ ਵਿਚਕਾਰ ਘਿਰਿਆ ਹੋਇਆ ਸਾਂ ਤੇ ਕਿਸੇ ਨੇ ਮੇਰੀ ਬੇਇੱਜ਼ਤੀ ਵੀ ਕੀਤੀ ਸੀ। ਸ਼ਾਇਦ ਤਦੇ ਫੁੱਟ ਪਿਆ ਸਾਂ।
''ਸੱਚ ਪੁੱਛੇਂ ਤਾਂ ਮੈਂ ਵੀ ਏਸੇ ਕਰਕੇ ਜਿਊਂ ਰਹੀ ਹਾਂ। ਬੜੀਆਂ ਈ ਗੱਲਾਂ ਅੰਦਰ ਭਰੀਆਂ ਪਈਆਂ ਨੇ, ਪਰ ਕੋਈ ਸੁਣਨ ਵਾਲਾ ਈ ਨਹੀਂ...ਦੂਜਿਆਂ ਦੀ ਬਣਾਈ ਹੋਈ ਦੁਨੀਆਂ ਵਿਚ ਅਸੀਂ ਕਿਉਂ ਬਰਬਾਦ ਹੋਈਏ ! ਇਸ ਵਿਚ ਰਹਿਣਾ ਮਜ਼ਬੂਰੀ ਏ ਤਾਂ ਕੀ ਅਸੀਂ ਦੁਨੀਆਂ ਛੱਡ ਦੇਈਏ ?''
ਇਹ ਇਕ ਚਪੇੜ ਸੀ, ਮੇਰੇ ਮੂੰਹ ਉੱਤੇ। ਬਿਨਾਂ ਕਾਰਨ ਆਪਣੀ ਫੌਕੀ ਸ਼ਾਨ ਕਾਇਮ ਰੱਖਣ ਵਾਸਤੇ ਸਭ ਤੋਂ ਛਿਪਦਾ ਜੋ ਰਿਹਾ ਸਾਂ, ਪਰ ਉਸਨੂੰ ਏਸ ਚਪੇੜ ਦਾ ਅਹਿਸਾਸ ਨਹੀਂ ਸੀ ਹੋਇਆ।
''ਜਿਹੜੇ ਆਪਣੇ ਸਮਿਆਂ ਵਿਚ ਬਗ਼ਾਵਤਾਂ ਕਰਕੇ ਕੁਝ ਪ੍ਰਾਪਤ ਕਰ ਲੈਂਦੇ ਨੇ, ਉਹ ਦੂਜਿਆਂ ਨੂੰ ਉਹੀ ਅਧਿਕਾਰ ਕਿਉਂ ਨਹੀਂ ਦਿੰਦੇ ?...ਮਾਂ ਤੇ ਪਿਤਾ ਜੀ ਦਾ ਵਿਆਹ ਵੀ ਅਜਿਹੀ ਹੀ ਇਕ ਬਗ਼ਾਵਤ ਸੀ ਤੇ ਹੁਣ ਆਪਣੀ ਔਲਾਦ ਦੀਆਂ ਉਹੀ ਗੱਲਾਂ ਉਹਨਾਂ ਨੂੰ ਗਲਤ ਲੱਗਦੀਆਂ ਨੇ...''
''ਕਿਤੇ ਤੂੰ ਘਰੋਂ ਲੜ ਕੇ ਤਾਂ ਨਹੀਂ ਆਈ?'' ਮੈਂ ਉਸਨੂੰ ਟੋਕਿਆ।
''ਤੂੰ ਤਾਂ ਇੰਜ ਪੁੱਛ ਰਿਹਾ ਏਂ, ਜਿਵੇਂ ਮੈਂ ਕੋਈ ਜੁਆਕੜੀ ਹੋਵਾਂ। ਮੈਂ ਆਪਣੇ ਫੈਸਲੇ ਆਪ ਕਰਦੀ ਹਾਂ।''
'ਆਪ' ਸ਼ਬਦ ਉੱਤੇ ਉਸਨੇ ਖਾਸਾ ਜ਼ੋਰ ਦਿੱਤਾ ਸੀ ; ਪਤਾ ਨਹੀਂ ਉਹ ਕੁਸੈਲ ਘਰ ਵਾਲਿਆਂ ਪ੍ਰਤੀ ਸੀ ਜਾਂ ਮੇਰੇ ਪ੍ਰਤੀ।
''ਮੈਨੂੰ ਉਹ ਮੁੰਡਾ ਪਸੰਦ ਨਹੀਂ ਤੇ ਨਾ ਹੀ ਉਹ ਪੁਰਾਣੇ ਰਸਮ-ਰਿਵਾਜ਼, ਜਿਹੜੇ ਉਹ ਦੁਬਾਰਾ ਦੁਹਰਾਉਣਾ ਚਾਹੁੰਦੇ ਸਨ। ਪਿਤਾ ਜੀ ਮੈਨੂੰ ਆਪਣੇ ਇਕ ਦੋਸਤ ਦੇ ਮੁੰਡੇ ਨਾਲ ਵਸਾਉਣਾ ਚਾਹੁੰਦੇ ਨੇ।'' ਮੈਂ ਹੈਰਾਨੀ ਨਾਲ ਉਸ ਵੱਲ ਤੱÎਕਿਆ, ਇਹ ਕੁੜੀ ਅੱਜ ਤਕ ਚੁੱਪ ਕਿੰਜ ਰਹੀ?
''ਹਾਂ-ਹਾਂ, ਉਹੀ ਦੇਣ ਲੈਣ ਦੀਆਂ ਗੱਲਾਂ ਵੀ...'' ਉਹ ਹੱਸ ਪਈ। ਉਸਨੇ ਇੰਜ ਕਿਹਾ ਸੀ, ਜਿਵੇਂ ਮੇਰੀ ਕਿਸੇ ਗੱਲ ਦਾ ਜੁਆਬ ਦਿੱਤਾ ਹੋਵੇ।
''ਪਿਤਾ ਜੀ 'ਸੈਲਫ ਮੇਡ' ਆਦਮੀ ਨੇ। ਉਹਨਾਂ ਨੂੰ ਦੂਜਿਆਂ ਦੀ ਹਰੇਕ ਗੱਲ ਗਲਤ ਲੱਗਦੀ ਏ। ਸਾਰਿਆਂ 'ਤੇ ਆਪਣੀ ਧਾਕ ਜਮਾਉਣਾ ਚਾਹੁੰਦੇ ਨੇ। ਉਹਨਾਂ ਨੂੰ ਦੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਉਹ ਕੁਝ ਅਗਾਂਹ ਏਸ ਵਾਸਤੇ ਵਧੇ ਸੀ ਕਿ ਫੇਰ ਪਿਛਾਂਹ ਪਰਤ ਆਉਣ...ਜਿੱਥੋਂ ਜ਼ਿੰਦਗੀ ਸ਼ੁਰੂ ਕੀਤੀ ਸੀ, ਉੱਥੇ ਹੀ ਖ਼ਤਮ ਕਰ ਲਈ ਜਾਵੇ। ਸਾਡੇ ਵੰਨੀ ਵੀ ਪ੍ਰੇਮ ਵਿਆਹਾਂ ਦਾ ਅੰਤ ਇੰਜ ਹੀ ਹੁੰਦੈ...ਤੇ ਉਹਨਾਂ ਨੂੰ ਮੇਰੀ ਪੇਟਿੰਗ ਵੀ ਫ਼ਜ਼ੂਲ ਹੀ ਜਾਪਦੀ ਹੈ।''
ਉਸਦੀ ਆਵਾਜ਼ ਹੋਰਾਂ ਨਾਲੋਂ ਅਲੱਗ-ਥਲੱਗ ਤੇ ਵੱਖਰੀ ਜਿਹੀ ਸੀ; ਕਿਸੇ ਅਨੋਖੇ ਸਵਾਦ ਵਰਗੀ! ਉਹਨਾਂ ਬਾਲਾਂ ਵਰਗੀ ਜਿਹੜੇ ਇਕ ਮਾਹੌਲ ਤੋਂ ਨੱਸ ਕੇ, ਥੋੜ੍ਹੀ ਦੂਰੀ 'ਤੇ ਹੀ ਆਪੋ ਵਿਚ ਕੁਝ ਵੰਡਣ ਬਹਿ ਜਾਂਦੇ ਨੇ। ਆਪਣੇ ਨਿੱਕੇ ਨਿੱਕੇ ਤਜ਼ੁਰਬਿਆਂ ਨੂੰ ਅੱਤ ਹੁਸੀਨ ਮੰਨ ਕੇ ਆਪਣੀ ਪੁਰਾਣੀ ਦੁਨੀਆਂ ਵਿਚ ਪਰਤ ਜਾਂਦੇ ਨੇ...ਅਜਿਹੇ ਲੋਕ ਤੇ ਅਜਿਹੀਆਂ ਆਵਾਜ਼ਾਂ ਹੋਰਾਂ ਵਾਸਤੇ ਖਿੱਚ ਭਰਪੂਰ ਹੋ ਸਕਦੀਆਂ ਨੇ; ਹੁੰਦੀਆਂ ਵੀ ਨੇ, ਪਰ ਇਹਨਾਂ ਨੂੰ ਛਿਪਾਉਣ ਵਿਚ ਹੀ ਇਕ ਖਾਸ ਕਿਸਮ ਦਾ ਆਨੰਦ ਹੁੰਦਾ ਹੈ!...ਉਹ ਲੋਕ ਸਦਾ ਅਧੂਰੇ ਹੁੰਦੇ ਨੇ।
ਕਈ ਵਾਰੀ ਉਸਨੂੰ ਕੁਝ ਹੋਰ ਪੁੱਛਣ ਦੀ ਇੱਛਾ ਹੋਈ, ਪਰ ਆਪਣੇ ਆਪ ਨੂੰ ਰੋਕੀ ਰੱÎਖਿਆ...ਕਿਤੇ ਉਹ ਇੰਜ ਹੀ ਨਾ ਸਮਝ ਬੈਠੇ ਕਿ ਮੈਂ ਵੀ ਓਹੋ ਜਿਹੀਆਂ ਗੱਲਾਂ ਪੁੱਛਣ ਲੱਗ ਪਿਆ ਹਾਂ ਜਿਹੋ ਜਿਹੀਆਂ ਲੋਕ ਸਿਰਫ ਮਜ਼ਾ ਲੈਣ ਖਾਤਰ ਭਗੌੜਿਆਂ ਤੋਂ ਤੇ ਖਾਸ ਕਰਕੇ ਕੁੜੀਆਂ ਤੋਂ ਪੁੱਛਦੇ ਨੇ।
''ਪਿੱਛੇ ਜਿਹੇ ਮਾਂ ਆਈ ਸੀ।'' ਤ੍ਰਬਕ ਕੇ ਉਹ ਇੰਜ ਬੋਲਣ ਲੱਗ ਪਈ, ਜਿਵੇਂ ਕੋਈ ਭੁੱਲੀ ਗੱਲ ਅਚਾਨਕ ਹੀ ਚੇਤੇ ਆ ਗਈ ਹੋਵੇ। ''ਕਹਿਣ ਲੱਗੀ, 'ਜੇ ਪਿਤਾ ਕੋਲੋਂ ਮਾ'ਫ਼ੀ ਮੰਗ ਲਵੇਂ ਤਾਂ ਵਾਪਸ ਘਰ ਆ ਸਕਦੀ ਏਂ।' ਸੁਣ ਕੇ ਮੇਰਾ ਹਾਸਾ ਨਿਕਲ ਗਿਆ ਸੀ; ਉਸਦਾ ਆਖਣ ਦਾ ਢੰਗ ਹੀ ਕੁਝ ਇਹੋ ਜਿਹਾ ਸੀ, ਜਿਵੇਂ ਮੈਂ ਘਰ ਜਾਣ ਵਾਸਤੇ ਮਿੰਨਤਾਂ ਕੀਤੀਆਂ ਹੋਣ।'' ਤੇ ਫੇਰ ਉਹ ਇੰਜ ਹੱਸੀ ਸੀ, ਜਿਵੇਂ ਮਾਂ ਹੁਣ ਵੀ ਉਸਦੇ ਸਾਹਮਣੇ ਖੜ੍ਹੀ ਹੋਵੇ। ਉਸਨੇ ਦੱÎਸਿਆ ਕਿ ਉਸਦੀ ਮਾਂ ਬੜੀ ਸਮਝਦਾਰ ਹੈ, ਪਰ ਵਿਆਹ ਤੋਂ ਬਾਅਦ ਹੋਰਾਂ ਔਰਤਾਂ ਵਾਂਗ ਹੀ ਉਹ ਆਪਦੇ ਪਤੀ ਦੀ ਮਰਜ਼ੀ ਅਨੁਸਾਰ ਚਲਦੀ ਰਹੀ। ਉਹ ਸਹੂਲਤਾਂ ਦੀ ਭੁੱਖੀ ਨਹੀਂ; ਫੇਰ ਵੀ ਉਸ ਵਿਚ ਆਪਣਾ ਕੁਝ ਵੀ ਬਾਕੀ ਨਹੀਂ ਰਿਹਾ।
''ਮਾਂ ਚਲੀ ਗਈ ?''
''ਹੋਰ ਕੀ ਇੱਥੇ ਈ ਰਹਿਣ ਵਾਸਤੇ ਆਈ ਸੀ? ਉਹ ਸਾਰੀ ਉਮਰ ਕੁਝ ਛਿਪਾਉਂਦੀ ਰਹੀ ਹੈ, ਆਪਣਿਆਂ ਕੋਲੋਂ ਵੀ ਤੇ ਬਿਗਾਨਿਆਂ ਕੋਲੋਂ ਵੀ। ਜਾਂਦੀ ਹੋਈ ਇਹ ਪੈਸੇ ਤੇ ਅਹਿ ਖ਼ਤ ਮੇਰੇ ਬੈਗ਼ ਵਿਚ ਰੱਖ ਗਈ ਸੀ।'' ਉਸਨੇ ਇਕ ਮੁੜਿਆ-ਤੁੜਿਆ ਖ਼ਤ ਮੇਰੇ ਵੱਲ ਵਧਾਅ ਦਿੱਤਾ।
ਸੱਚਮੁਚ ਉਸਦੀ ਮਾਂ ਅਜਿਹੀ ਹੀ ਹੈ...ਜਾਂ ਫੇਰ ਉਹ ਆਪ ਹਰੇਕ ਗੱਲ ਦੀ ਡੂੰਘਿਆਈ ਤਕ ਪਹੁੰਚ ਜਾਂਦੀ ਹੈ? ਖ਼ਤ ਵਿਚ ਪਤਾ ਨਹੀਂ ਕੀ ਰਹੱਸ ਹੈ? ਗਰਮ ਹਵਾ ਦਾ ਕੋਈ ਕੋਈ ਥੱਪੜ ਪਿੰਡੇ ਉੱਤੇ ਪੈਂਦਾ...ਸੜਕ ਅਜੇ ਵੀ ਤਪਦੀ ਪਈ ਸੀ। ਬਿਜਲੀ ਦੇ ਖੰਭਿਆਂ ਹੇਠ ਪਤਲੇ ਚਾਨਣ-ਦਾਇਰੇ ਬਣੇ ਹੋਏ ਸਨ। ਆਵਾਜਾਈ ਜ਼ੋਰਾਂ ਉੱਤੇ ਸੀ। ਅਸੀਂ ਦੋਏ ਚੁੱਪਚਾਪ ਟੁਰਦੇ ਰਹੇ। ਮੇਰੇ ਅੰਦਰਲੀਆਂ ਕੁਝ ਪਰਤਾਂ ਆਪਣੇ ਆਪ ਉੱਖੜਨ ਲੱਗ ਪਈਆਂ, ਜਿਵੇਂ ਕੋਈ ਉਹਨਾਂ ਨੂੰ ਉਪਰੋਂ ਖੁਰਚਣ ਲੱਗ ਪਿਆ ਹੋਵੇ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ, ਜਿਹੜੀਆਂ ਆਦਮੀ ਨੂੰ ਮੱÎਲੋਮੱÎਲੀ ਜਜ਼ਬਾਤੀ ਬਣਾ ਦੇਂਦੀਆਂ ਨੇ। ਉਦੋਂ ਮੇਰੇ ਦਿਮਾਗ਼ ਅੰਦਰ ਸੋਚਾਂ ਦਾ ਹੜ੍ਹ ਜਿਹਾ ਆ ਜਾਂਦਾ ਹੈ। ਪਰ ਰਿਸ਼ਤਿਆਂ ਦੇ ਮਾਮਲੇ ਵਿਚ ਇੰਜ ਕਦੇ ਨਹੀਂ ਹੁੰਦਾ, ਕਿਉਂਕਿ, ਮੈਂ ਕਦੇ ਵੀ ਨਾਪ ਤੋਲ ਕੇ ਰਿਸ਼ਤਾ ਨਹੀਂ ਜੋੜਿਆ...ਉਹ ਤਾਂ ਹੌਲੀ ਹੌਲੀ ਆਪ-ਮੁਹਾਰੇ, ਅਣਜਾਣਪੁਨੇ ਵਿਚ ਪੀਢੇ ਹੋ ਜਾਂਦੇ ਨੇ ਤੇ ਜਦੋਂ ਉਹਨਾਂ ਦਾ ਅਹਿਸਾਸ ਹੁੰਦਾ ਹੈ ਤਾਂ ਕੋਈ ਹੈਰਾਨੀ ਵੀ ਨਹੀਂ ਹੁੰਦੀ। ਪਿੱਛਲੀਆਂ ਗੱਲਾਂ ਆਪਣੇ ਆਪ ਖੁੱਲ੍ਹਣ ਲੱਗ ਪੈਂਦੀਆਂ ਨੇ। ਇਹਨਾਂ ਗੱਲਾਂ ਨੂੰ ਅਸੀਂ ਸਹਿਜ-ਸੁਭਾਏ ਕਬੂਲ ਨਹੀਂ ਕਰਦੇ। ਮੈਂ ਨਵੇਂ ਰਿਸ਼ਤਿਆਂ ਦੇ, ਜਿਹੜੇ ਅਸਲ ਵਿਚ ਪੁਰਾਣੇ ਹੀ ਹੁੰਦੇ ਨੇ ਤੇ ਸਿਰਫ ਮੇਰੇ ਵਾਸਤੇ, ਮੇਰੇ ਆਪਣੇ ਅਰਥਾਂ ਵਿਚ, ਨਵੇਂ ਹੁੰਦੇ ਨੇ, ਉਸ ਲੰਮੇ ਸਿਲਸਿਲੇ ਨੂੰ ਫੜ੍ਹਨ ਦੀ ਕੋਸ਼ਿਸ਼ ਕਰਨ ਲੱਗ ਪਿਆ।
ਬੜੀ ਹੈਰਾਨੀ ਹੋਈ...ਕੀ ਰਿਸ਼ਤਿਆਂ ਦੀ ਕੋਈ ਅਸਲੀਅਤ ਵੀ ਹੁੰਦੀ ਹੈ? ਉਹ ਤਾਂ ਹਮੇਸ਼ਾ ਬਦਲਦੇ ਰਹਿੰਦੇ ਨੇ। ਅਸੀਂ ਆਪਣੀ ਆਪਣੀ ਗਰਜ਼ ਅਨੁਸਾਰ ਉਹਨਾਂ ਨੂੰ ਮਹਿਸੂਸ ਕਰਦੇ ਹਾਂ।
ਪਿਛਲੇ ਦਿਨਾਂ ਵਿਚ ਜੋ ਹਾਲਤ ਮੇਰੀ ਸੀ, ਉਸਦਾ ਜ਼ਿੰਮੇਂਵਾਰ ਮੈਂ ਆਪ ਹੀ ਸਾਂ। ਮੇਰੇ ਉੱਤੇ ਕਿਸੇ ਦਾ ਕੋਈ ਦਬਾਅ ਨਹੀਂ ਸੀ ਤੇ ਨਾ ਹੀ ਕਿਸੇ ਦਾ ਕੋਈ ਡਰ। ਫੇਰ ਕਿਉਂ ਛਿਪਦਾ, ਝਿਜਕਦਾ ਰਹਿੰਦਾ ਸਾਂ? ਦੂਜਿਆਂ ਤੋਂ ਕੰਨੀ ਕਤਰਾਉਂਦਾ ਰਿਹਾ ਹਾਂ ਮੈਂ। ਜਦੋਂ ਕਿ ਮੈਨੂੰ ਆਪਣੇ ਬੇਰੁਜ਼ਗਾਰ ਹੋਣ ਦੀ ਕਦੇ ਵੀ ਚਿੰਤਾ ਨਹੀਂ ਸੀ ਹੋਈ ਤੇ ਨਾ ਹੀ ਕਦੇ ਬੇਰੁਜ਼ਗਾਰ ਅਖਵਾਉਣ ਦਾ ਸ਼ੌਕ ਜਾਗਿਆ ਸੀ। ਮੈਨੂੰ ਆਪਣੇ ਅਸੂਲ ਪਿਆਰੇ ਸਨ। ਤੇ ਅਸੂਲ...?...ਸਭ ਕੁਝ ਥੋਥਾ ਮਹਿਸੂਸ ਹੋਇਆ। ਮੈਂ ਉੱਥੇ ਕਿਉਂ ਨਹੀਂ ਗਿਆ, ਜਿੱਥੇ ਮੈਨੂੰ ਆਪਣਾ ਮਨਪਸੰਦ ਕੰਮ ਮਿਲ ਸਕਦਾ ਸੀ? ਕਿਉਂ?
ਮੇਰੇ ਅੰਦਰਲੇ ਦਾ ਇਸ਼ਾਰਾ ਉਸ ਬਿੰਦੂ ਵੱਲ ਹੈ, ਜਿੱਥੇ ਅਜਿਹੀਆਂ ਗੱਲਾਂ ਦਾ ਮੁੱਢ ਬੱÎਝਿਆ ਹੁੰਦਾ ਹੈ; ਜਿੱਥੇ ਜ਼ਰੂਰਤਾਂ ਤੇ ਜ਼ਿੰਮੇਂਵਾਰੀਆਂ ਨੂੰ ਰਵਾਇਤੀ ਲੀਹਾਂ ਉੱਤੇ ਤੋਰਨ ਲੱÎਗਿਆਂ ਚਿੜ ਹੋ ਜਾਂਦੀ ਹੈ।
''ਮਾਂ ਨੇ ਸਾਡੇ ਸਬੰਧਾਂ ਨੂੰ ਵੀ ਚੰਗੀ ਨਜ਼ਰ ਨਾਲ ਨਹੀਂ ਸੀ ਵੇਖਿਆ ; ਜਿੰਨੇ ਦਿਨ ਰਹੀ ਇੱਕੋ ਸ਼ੰਕਾ ਪਾਲੀ ਰੱਖਿਆ। ਉਸਦੀ ਸਮਝ 'ਚ ਹੀ ਨਹੀਂ ਸੀ ਆ ਰਿਹਾ ਕਿ ਕੋਈ ਲੰਮੇਂ ਸਮੇਂ ਤਕ ਬਿਨਾਂ ਸਰੀਰਕ ਸਬੰਧ ਜੋੜੇ ਕਿੰਜ ਰਹਿ ਸਕਦਾ ਹੈ? ਉਸਨੇ ਮਿਹਣਾ ਜਿਹਾ ਮਾਰਿਆ ਸੀ, 'ਚੱਲ ਠੀਕ ਏ, ਤੂੰ ਕੋਈ ਲੱਭ ਤਾਂ ਲਿਆ ਏ ਨਾ'...ਲਹਿਜ਼ਾ ਉਹੀ ਹੀ ਸੀ...'ਪਿੱਛੋਂ ਪਛਤਾਏਂਗੀ।' ਜਾਂਦੀ ਹੋਈ ਇੰਜ ਵੀ ਆਖ ਗਈ ਸੀ, 'ਇਕ ਡਰ ਤਾਂ ਮੁੱÎਕਿਆ, ਬਈ ਤੂੰ ਬਹੁਤ ਸਾਰੇ ਲੋਕਾਂ ਦੀ ਮਹਿਬੂਬਾ ਨਹੀਂ...' ਤੇ ਮੇਰੇ ਮੂੰਹੋਂ ਮਾਂ ਨੂੰ ਗਾਲ੍ਹ ਨਿਕਲ ਗਈ ਸੀ।''
ਉਹ ਚੁੱਪ ਕਰ ਗਈ; ਅਸੀਂ ਟੁਰਦੇ ਰਹੇ। ਅਚਾਨਕ ਉਸਦੇ ਚਿਹਰੇ ਉੱਤੇ ਡਰ ਦੇ ਪ੍ਰਛਾਵੇਂ ਥਿਰਕਨ ਲੱਗੇ। ਉਹ ਰਤਾ ਠਿਠਕਦੀ ਤੇ ਮੇਰੇ ਮੂੰਹ ਵੱਲ ਤੱਕਦੀ ਹੋਈ ਬੋਲੀ, ''ਮਾਂ ਦੇ ਹੁੰਦਿਆਂ, ਬਿਪਨ ਇਕ ਦਿਨ ਪੀ ਕੇ ਆ ਵੜਿਆ ਸੀ। ਮੇਰੀ ਤੇ ਉਸਦੀ ਹੱਥਾਪਾਈ ਵੀ ਹੋ ਪਈ ਸੀ।''
''ਤੂੰ ਮੈਨੂੰ ਕਿਉਂ ਨਹੀਂ ਦੱÎਸਿਆ?''
ਮੈਨੂੰ ਆਪਣੀ ਏਸ ਗੱਲ ਉੱਤੇ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਤੇ ਫੇਰ ਅੰਦਰ ਉਠਦਾ ਗੁੱਸਾ ਆਪਣੇ ਆਪ ਦਬ ਗਿਆ।
''ਹੁਣ ਕਦੀ ਆਉਣ ਦੀ ਹਿੰਮਤ ਨਹੀਂ ਕਰੇਗਾ ਉਹ।'' ਉਸਨੇ ਲਿਸ਼ਕਦੀਆਂ ਅੱਖਾਂ ਨਾਲ ਮੇਰੇ ਤੱÎਕਿਆ ਤੇ ਮੁਸਕਰਾ ਪਈ।
''ਜਾਣ ਤੋਂ ਪਹਿਲਾਂ ਮਾਂ ਨੇ ਮੈਥੋਂ ਮਾ'ਫ਼ੀ ਮੰਗੀ ਸੀ। ਉਸਨੂੰ ਯਕੀਨ ਆ ਗਿਆ ਸੀ ਕਿ ਇਕ ਔਰਤ ਤੇ ਇਕ ਮਰਦ ਦਾ ਰਿਸ਼ਤਾ ਇੰਜ ਵੀ ਹੋ ਸਕਦਾ ਹੈ। ਮੈਂ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਸੀ, ਜਦੋਂ ਕੋਈ ਮੈਨੂੰ ਪਸੰਦ ਆਏਗਾ, ਮੈਂ ਉਸ ਨਾਲ ਸਰੀਰਕ ਸਬੰਧ ਵੀ ਜੋੜ ਲਵਾਂਗੀ। ਲਕੋਅ ਨਹੀਂ ਰੱਖਾਂਗੀ।''
ਮੇਰਾ ਹੱਥ ਜੇਬ ਵਿਚ ਚਲਾ ਗਿਆ। ਖ਼ਤ ਵਿਚਲੇ ਰਹੱਸ ਨੂੰ ਜਾਣਨ ਦੀ ਇੱਛਾ ਤੀਬਰ ਹੋ ਗਈ।
''ਮਾਂ ਨੇ ਮੇਰੀਆਂ ਸਾਰੀਆਂ ਡਾਇਰੀਆ ਪੜ੍ਹ ਲਈਆਂ...ਜੋ ਉਹ ਮੇਰੇ ਬਾਰੇ ਸੋਚਦੀ ਸੀ, ਸਭ ਗ਼ਲਤ ਨਿਕਲਿਆ। ਜੋ ਉਸਦੇ ਪ੍ਰਤੀ ਮੇਰੇ ਮਨ ਵਿਚ ਸੀ, ਉਸਨੂੰ ਪੜ੍ਹ ਦੇ ਉਸਨੂੰ ਇੰਜ ਜਾਪਿਆ ਸੀ, ਜਿਵੇਂ ਉਸਨੂੰ ਚਾਨਣ ਹੋ ਗਿਆ ਹੋਵੇ...ਤੇ ਉਸਨੂੰ ਸਪਸ਼ਟ ਹੋ ਗਿਆ ਕਿ ਉਹ ਸੱਚਮੁੱਚ ਆਪਣੇ ਆਪ ਤੋਂ ਦੂਰ ਤੇ ਵੱਖ-ਵੱਖ ਰਹੀ ਹੈ...ਉਹ ਖਾਸੀ ਦੇਰ ਤੱਕ ਰੋਂਦੀ ਰਹੀ। ਫੇਰ ਉਸਨੇ ਕਿਹਾ ਕਿ ਹੁਣ ਕਦੇ ਵੀ ਉਹ ਮੈਨੂੰ ਘਰ ਵਾਪਸ ਚੱਲਣ ਵਾਸਤੇ ਨਹੀਂ ਕਹੇਗੀ। ਇਹੋ ਸਭ ਉਸਨੇ ਖ਼ਤ ਵਿਚ ਲਿਖਿਆ ਏ। ਉਹ ਹੈਰਾਨ ਸੀ ਕਿ ਜਿਹੜੀਆਂ ਗੱਲਾਂ ਉਸਨੇ ਕਦੀ ਕਿਸੇ ਨੂੰ ਨਹੀਂ ਸਨ ਦੱਸੀਆਂ, ਤੇ ਨਾ ਹੀ ਆਪ ਸੋਚੀਆਂ ਸਨ, ਉਹਨਾਂ ਦਾ ਮੈਨੂੰ ਕਿੰਜ ਪਤਾ ਲੱਗ ਗਿਆ ਸੀ ?''
ਕਮਰਾ ਸਾਡੇ ਸਾਮਾਨ ਨਾਲ ਦੋ ਹਿੱÎਸਿਆਂ ਵਿਚ ਵੰਡਿਆ ਗਿਆ; ਹਰੇਕ ਚੀਜ਼ ਬੜੇ ਸੁਚੱਜੇ ਢੰਗ ਨਾਲ ਸਜਾ ਕੇ ਰੱਖੀ ਗਈ ਸੀ। ਪਰ ਵੇਖਣ ਨੂੰ ਇਕੋ ਕਮਰਾ ਸੀ। ਇਕ ਪਾਸੇ ਉਸਦਾ ਸਾਮਾਨ...ਇਕ ਟਰੰਕ, ਜਿਸਦਾ ਦੀਵਾਨ ਬਣਾਇਆ ਹੋਇਆ ਸੀ; ਸੂਟਕੇਸ, ਕਿਤਾਬਾਂ ਵਾਲਾ ਰੈਕ, ਬੁਰਸ਼, ਰੰਗਾਂ ਦੇ ਡੱਬੇ, ਟ੍ਰੇ, ਤੇਲ ਦੇ ਡੱਬੇ ਤੇ ਪਲੇਟਾਂ ਪਈਆਂ ਸਨ। ਕੰਧਾਂ ਉੱਤੇ ਉਸਦੀਆਂ ਪੇਂਟਿੰਗਜ਼ ਟੰਗੀਆਂ ਸਨ। ਬਾਰੀ ਕੋਲ ਸਟੈਂਡ ਉੱਤੇ ਇਕ ਅਧੂਰੀ ਪੇਂਟਿੰਗ ਪਈ ਸੀ।
ਉਸਦੀਆਂ ਏਨੀਆਂ ਸਾਰੀਆਂ ਪੇਂਟਿੰਗਜ਼ ਵੇਖ ਕੇ ਮੈਂ ਹੈਰਾਨ ਰਹਿ ਗਿਆ। ਏਨਾਂ ਕੰਮ ਕਦੋਂ ਕਰ ਲੈਂਦੀ ਹੈ, ਉਹ? ਕੰਧਾਂ ਉੱਤੇ ਜਿੱਥੇਂ ਵੀ ਜਗ੍ਹਾ ਸੀ, ਉਸਦੀ ਬਣਾਈ ਕੋਈ ਨਾ ਕੋਈ ਤਸਵੀਰ ਲੱਗੀ ਹੋਈ ਸੀ। ਫ਼ਰਸ਼ ਉੱਤੇ ਵੀ ਕਈ ਫਰੇਮ ਪਏ ਸਨ। ਉਸਦੀ ਪੇਂਟਿੰਗ ਮੇਰੇ ਸਾਹਮਣੇ ਸੀ; ਸ਼ਕਲਾਂ ਦੀ ਬਜਾਏ ਗੈਰ-ਕੁਦਰਤੀ ਤੇ ਅਦਿੱਖ ਅਹਿਸਾਸਾਂ ਦਾ ਸਮੂਹ! ਉਸਦੀ ਸਕੈੱਚ-ਬੁੱਕ ਵੇਖੀ ਤਾਂ ਹੱਦ ਤੋਂ ਵੱਧ ਹੈਰਾਨੀ ਹੋਈ। ਇਕ ਇਕ ਪੇਂਟਿਗ ਦੀ ਖੋਜ ਵਿਚ ਕਈ ਕਈ ਸਕੈੱਚ, ਉਹ ਉਹਨਾਂ ਥਾਵਾਂ ਉੱਤੇ ਬੈਠੀ ਬਣਾਉਂਦੀ ਹੁੰਦੀ ਸੀ, ਜਿੱਥੇ ਅਸੀਂ ਦੋਏ ਅਕਸਰ ਜਾਂਦੇ ਹੁੰਦੇ ਸਾਂ। ਦੂਜੇ ਪਾਸੇ ਮੇਰੀ 'ਕੁੱਲ-ਦੁਨੀਆਂ' ਸੀ...ਇਕ ਛੋਟੀ ਮੇਜ਼, ਰੈਕ ਵਿਚ ਕਿਤਾਬਾਂ, ਡਾਇਰੀਆਂ, ਨੋਟਿਸ ਪੈਡ, ਕਾਪੀਆਂ, ਫਾਇਲਾਂ; ਪੁਰਾਣੇ ਰਸਾਲਿਆਂ ਦੇ ਬੰਡਲ ਇਕ ਕੋਨੇ ਵਿਚ ਰੱਖੇ ਹੋਏ ਸਨ। ਮੇਰੇ ਕਪੜੇ ਜਿਹੜੇ ਅੱਜ ਤਕ ਕਦੇ ਵੀ ਠੀਕ ਢੰਗ ਨਾਲ ਨਹੀਂ ਪਾਏ ਗਏ; ਧੋਤੇ ਹੋਏ ਸਨ ਤੇ ਹੈਂਗਰਾਂ ਉੱਤੇ ਲਟਕ ਰਹੇ ਸਨ। ਮੇਜ਼ ਉੱਤੇ ਇਕ ਟਾਈਪ ਮਸ਼ੀਨ ਰੱਖ ਹੋਈ ਸੀ...ਜਿਹੜੀ, ਅੱਜ ਤੋਂ ਪਹਿਲਾਂ, ਲੱਖ ਇੱਛਾਵਾਂ ਦੇ ਬਾਵਜ਼ੂਦ ਵੀ ਮੈਨੂੰ ਨਸੀਬ ਨਹੀਂ ਸੀ ਹੋਈ।
''ਇਹ ਟਾਈਪ-ਰਾਈਟਰ ਤੂੰ ਲਿਆਂਦਾ ਏ?'' ਅੰਦਰ ਜ਼ਖ਼ਮ ਸੀ ਕਿ ਕਿੰਨੀਆਂ ਜ਼ਰੂਰੀ ਚੀਜ਼ਾਂ ਵੀ ਅਸੀਂ ਹਾਸਿਲ ਨਹੀਂ ਦਰ ਸਕਦੇ।
''ਪਤਾ ਏ, ਜਦੋਂ ਮੈਂ ਮਾਂ ਨੂੰ ਦੱÎਸਿਆ ਕਿ ਤੂੰ ਤੁਰਦਾ ਹੋਇਆ, ਲੇਟਿਆ ਹੋਇਆ, ਦੂਜਿਆਂ ਦੇ ਘਰ ਅੰਦਰ ਪਹੁੰਚਦਾ ਹੀ ਸੋਚਣ ਲੱਗ ਪੈਂਦਾ ਏਂ ਤੇ ਹਮੇਸ਼ਾ ਕੁਝ ਦਿਨਾਂ ਵਿਚ ਹੀ ਸਭ ਕੁਝ ਭੁੱਲ ਜਾਂਦਾ ਏਂ ਤੇ ਤੈਨੂੰ ਏਨਾ ਵੀ ਚੇਤੇ ਨਹੀਂ ਰਹਿੰਦਾ ਕਿ ਤੂੰ ਉਹ ਗੱਲਾਂ ਕਦੇ ਸੋਚੀਆਂ ਸਨ, ਤਾਂ ਸੁਣ ਕੇ ਮਾਂ ਹੱਸ ਪਈ ਸੀ ਤੇ ਉਸਨੇ ਮੇਰੀ ਗੱਲ ਨੂੰ ਦੂਜੇ ਰੁਖ਼ ਮੋੜ ਦਿੱਤਾ ਸੀ, ਜਿਵੇਂ ਕੋਈ ਚਲਾਕ ਬੱਚਾ ਕਿਸੇ ਡਰ ਸਦਕਾ ਸਾਰਿਆਂ ਦਾ ਧਿਆਨ ਹੋਰ ਪਾਸੇ ਕਰ ਦੇਂਦਾ ਹੈ...ਪਤੈ, ਮਾਂ ਨੇ ਕੀ ਕਿਹਾ ਸੀ? 'ਉਸ ਵਾਸਤੇ ਇਕ ਟਾਈਪ-ਰਾਈਟਰ ਖ਼ਰੀਦ ਲਵੀਂ'...''
''ਨਹੀਂ, ਇਹਦੀ ਕੋਈ ਲੋੜ ਨਹੀਂ, ਮੈਨੂੰ ਨਿੱਕੀਆਂ ਨਿੱਕੀਆਂ ਪਰਚੀਆਂ ਉੱਤੇ ਲਿਖਣ ਦੀ ਤੇਰੀ ਆਦਤ ਬੜੀ ਚੰਗੀ ਲੱਗੀ ਏ।...ਤੇ ਮੈਂ ਵੀ ਇਹੀ ਆਦਤ ਪਾ ਲਈ ਏ। ਬਾਹਰੀ ਸਲੂਕ ਦੇ ਪ੍ਰਤੀਕਰਮ ਵਜੋਂ ਜੋ ਵੀ ਅਸੀਂ ਅੰਦਰੇ-ਅੰਦਰ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਸਨੂੰ ਯਾਦ ਰੱਖਣ ਦਾ ਇਸ ਤੋਂ ਵਧੀਆਂ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਪਰ ਤੈਨੂੰ ਮੇਰੇ ਬਾਰੇ ਇਹ ਸਭ ਕੁਝ ਕਿਸ ਨੇ ਦੱÎਸਿਆ?''
''ਮੈਂ ਪੈਸੇ ਮਾਂ ਨੂੰ ਵਾਪਸ ਭੇਜ ਦਿੱਤੇ ਸਨ...ਤੇ ਲਿਖ ਦਿੱਤਾ ਸੀ ਕਿ ਅੱਗੇ ਤੋਂ ਕਦੀ ਪੈਸੇ ਨਾ ਭੇਜੇ।''
ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਦੱਸਦੀ ਰਹੀ ਕਿ ਮਾਂ ਨੇ ਘਰ ਜਾ ਕੇ ਪੈਸੇ ਭੇਜੇ ਸਨ, ਤਾਂਕਿ ਉਹ ਮੇਰੇ ਵਾਸਤੇ ਸਭ ਲੋੜੀਂਦੀਆਂ ਵਸਤਾਂ ਖ਼ਰੀਦ ਲਏ।
''ਖਾਣਾ ਕੱਢ, ਖਾਈਏ, ਮੈਨੂੰ ਭੁੱਖ ਲਈ ਹੋਈ ਏ...'' ਕੋਈ ਭੇਦ ਉਸਦੇ ਅੰਦਰ ਜ਼ਰੂਰ ਸੀ; ਜਾਂ ਫੇਰ ਉਸਦੀ ਕਲਪਨਾ ਵਿਚ ਕੋਈ ਗੱਲ ਅਟਕ ਗਈ ਸੀ। ਕੋਨੇ ਵਿਚ ਪਈ ਟੋਕਰੀ ਵਿਚੋਂ ਪਲੇਟਾਂ ਕੱਢਦੀ ਹੋਈ ਬੋਲੀ :
''ਪਤੈ, ਮਾਂ ਨੇ ਤੇਰੀਆਂ ਡਾਇਰੀਆਂ ਵੀ ਪੜ੍ਹੀਆਂ ਸੀ। ਦੂਜਿਆਂ ਦੀ ਹੱਡਬੀਤੀ ਪੜ੍ਹਨਾ ਉਸਦੀ ਕਮਜ਼ੋਰੀ ਹੈ।''
ਮੇਜ਼ ਖ਼ਾਲੀ ਕਰਕੇ ਉਸ ਕੋਲ ਮੂੜ੍ਹੇ ਰੱਖ ਦਿੱਤੇ...ਪਰਦਾ ਖਿੱਚ ਕੇ ਕੰਧ ਨਾਲ ਲਾ ਦਿੱਤਾ। ਉਹ ਦੋ ਪੁਰਾਣੀਆਂ ਸਾੜ੍ਹੀਆਂ ਨੂੰ ਜੋੜ ਕੇ ਬਣਾਇਆ ਹੋਇਆ ਸੀ। ਹੇਠਲੇ ਪਾਸੇ ਨਿੱਕੇ ਨਿੱਕੇ ਘੁੰਗਰੂ ਲੱਗੇ ਸਨ ; ਜਿਹੜੇ ਕਮਰੇ ਦੀ ਚੁੱਪ ਵਿਚਕਾਰ ਹੌਲੀ ਹੌਲੀ ਖੜਕਣ ਲੱਗੇ।
''ਤੇਰੀ ਮਾਂ ਦੂਜਿਆਂ ਦੀ ਜ਼ਿੰਦਗੀ ਵਿਚ ਆਪਣੇ ਆਪ ਨੂੰ ਭਾਲਦੀ ਰਹਿੰਦੀ ਹੈ ਤੇ ਉਹਨੂੰ ਆਪਣੀਆਂ ਭੁੱਲੀਆਂ ਹੋਈਆਂ ਯਾਦਾਂ, ਦੂਜਿਆਂ ਨਾਲ ਵਾਪਰੀਆਂ ਘਟਨਾਵਾਂ ਨੂੰ ਪੜ੍ਹ ਕੇ ਮੁੜ ਯਾਦ ਆ ਜਾਂਦੀਆਂ ਨੇ।''
ਉਹ ਸੁਰਾਹੀ ਵਿਚੋਂ ਗਲਾਸ ਵਿਚ ਪਾਣੀ ਉਲੱਦ ਰਹੀ ਸੀ; ਅਟਕ ਗਈ। ਬਿੰਦ ਦਾ ਬਿੰਦ ਉਸਦੀਆਂ ਅੱਖਾਂ ਦੀ ਲਿਸ਼ਕ ਮਧੱਮ ਪੈ ਗਈ...ਤੇ ਫੇਰ ਉਸਦੀਆਂ ਉਦਾਸ ਸਿੱਲ੍ਹੀਆਂ ਅੱਖਾਂ ਵਿਚ ਖ਼ੁਸ਼ੀ ਟਹਿਕਣ ਲੱਗ ਪਈ।
''ਤੇਰੇ ਵਿਚ ਏਨਾ ਆਜ਼ਾਦ ਰਹਿਣ ਦੀ ਜ਼ਿੱਦ ਕਿੱਥੋਂ ਆਈ ਏ?''
''ਜ਼ਿੱਦ !''
ਉਸਨੇ ਤ੍ਰਬਕ ਕੇ ਮੇਰੇ ਵੱਲ ਵੇਖਿਆ, ਜਿਵੇਂ ਜ਼ਿੰਦਗੀ ਵਿਚ ਪਹਿਲੀ ਵਾਰ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ।
''ਮਾਂ ਪ੍ਰਤੀ ਪਿਆਰ ਤੇ ਹਮਦਰਦੀ ਨੇ ਹੀ ਸ਼ਾਇਦ ਮੈਨੂੰ ਪ੍ਰੇਰਿਆ ਏ। ਪਿਤਾ ਜੀ ਗੱਲ ਗੱਲ 'ਤੇ ਮਾਂ ਨੂੰ ਝਿੜਕਾਂ ਦੇਣ ਲੱਗ ਪੈਂਦੇ ਸਨ, ਕਦੀ ਕਦੀ ਮਾਰਨ-ਕੁੱਟਣ ਵੀ ਲੱਗ ਪੈਂਦੇ ਸਨ। ਜਿਵੇਂ ਮਾਂ ਉਹਨਾਂ ਦੇ ਰਾਹ ਦਾ ਰੋੜਾ ਸੀ। ਸ਼ੁਰੂ ਸ਼ੁਰੂ ਵਿਚ ਉਹ ਵੀ ਅੱਗੋਂ ਬੋਲਦੀ, ਪਰ ਫੇਰ ਚੁੱਪ ਰਹਿਣ ਲੱਗ ਪਈ; ਦੂਜਿਆਂ ਦੇ ਸਾਹਮਣੇ ਆਪਣੀ ਬੇਇੱਜ਼ਤੀ ਬਰਦਾਸ਼ਤ ਕਰਨ ਲੱਗ ਪਈ...ਕੁਝ ਅਜਿਹੇ ਹੀ ਕਾਰਨ ਹੋ ਸਕਦੇ ਨੇ।''
ਪਰ ਮੈਂ ਕਿਧਰੇ ਹੋਰ ਗਵਾਚਿਆ ਹੋਇਆ ਸਾਂ। ਉਹਨਾਂ ਗੱਲਾਂ ਤੇ ਜ਼ਰੂਰਤਾਂ ਵਿਚਕਾਰ ਮਨ ਭਟਕ ਰਿਹਾ ਸੀ, ਜਿਹੜੀਆਂ ਹੁਣ ਤੋਂ ਬਾਅਦ ਸ਼ੁਰੂ ਹੋ ਜਾਣੀਆਂ ਸਨ। ਸਾਰੀ ਉਮਰ ਇਕੱਲਾ ਰਹਿੰਦਾ ਰਿਹਾ ਸਾਂ, ਇਸ ਕਰਕੇ ਇਹ ਡਰ ਵਾਜਵ ਵੀ ਸੀ। ਉਂਜ ਦੂਜਿਆਂ ਕੋਲ ਪਹੁੰਚਦਿਆਂ ਸਾਰ ਮੇਰੀ ਆਪਣੀ ਕੋਈ ਜ਼ਰੂਰਤ ਨਹੀਂ ਰਹਿੰਦੀ। ਇਹ ਵਿੰਗੇ-ਟੇਢੇ ਚੱਕਰਦਾਰ ਰੱਸਤਿਆਂ ਉੱਤੇ ਭਟਕਦੇ ਰਹਿਣ ਤੋਂ ਬਾਅਦ ਦੀ ਆਦਤ ਹੈ।...ਏਨੇ ਛੋਟੇ ਕਮਰੇ ਵਿਚ ਉਹ ਆਪਣਾ ਕੰਮ ਕਿੰਜ ਕਰਿਆ ਕਰੇਗੀ? ਤੇ ਸਾਡੀ ਗੱਡੀ ਬਿਨਾਂ ਕੰਮ ਕੀਤਿਆਂ ਕਿਵੇਂ ਰੁੜ੍ਹੇਗੀ?
''ਤੂੰ ਖੁਸ਼ ਨਹੀ ਜਾਪਦਾ।'' ਮੈਨੂੰ ਇੰਜ ਲੱÎਗਿਆ ਜਿਵੇਂ ਉਹ ਖਾਸੀ ਦੇਰ ਬਾਅਦ ਬੋਲੀ ਹੋਵੇ। ਮੈਂ ਪੰਘਰ ਗਿਆ।
''ਨਹੀਂ ਮੈਂ ਹਮੇਸ਼ਾ ਇਕੱਲਾ ਰਿਹਾ ਹਾਂ ਨਾ...ਮੈਨੂੰ...''
''ਤੂੰ ਇਕ ਵਾਰੀ ਵੀ ਨਹੀਂ ਪੁੱÎਛਿਆ, ਮੈਂ ਤੈਥੋਂ ਕੀ ਪੁੱਛਣਾ ਸੀ?'' ਉਸਨੇ ਟੋਕਿਆ।
''ਮੈਨੂੰ ਪਤਾ ਏ...।''
ਸੁਣ ਕੇ ਉਹ ਬੱÎਚਿਆਂ ਵਾਂਗ ਖਿੜਪੁੜ ਗਈ। ਕੁਝ ਚਿਰ ਪਹਿਲਾਂ ਉਸਦੀਆਂ ਗੱਲਾਂ ਜ਼ਹਿਰ ਲੱਗ ਰਹੀਆਂ ਸਨ, ਹੁਣ ਉਹਨਾਂ ਵਿਚ ਰਸ ਆਉਂਣ ਲੱਗ ਪਿਆ, ਉਸਦੀ ਹੋਂਦ ਖੁਸ਼ੀ ਦਾ ਕਾਰਨ ਲੱਗ ਰਹੀ ਸੀ। ਉਸਦੇ ਨਾਲ ਖਾਣਾ ਖਾਂਦੇ ਨੂੰ ਓਵੇਂ ਹੀ ਮਹਿਸੂਸ ਹੋਇਆ, ਜਿਵੇਂ ਕਲਾਕ ਟਾਵਰ ਵਿਚ ਉਸਨੂੰ ਬਿੱਲ ਦੇਂਦਿਆਂ ਵੇਖ ਕੇ ਹੋਇਆ ਸੀ। ਤੇ ਨਾਲ ਵਾਲੀ ਮੇਜ਼ ਉੱਤੇ ਬੈਠੀ ਕੁੜੀ ਨੇ ਆਪਣੇ ਪ੍ਰੇਮੀ ਨੂੰ ਅੱਖ ਦਾ ਇਸ਼ਾਰਾ ਕੀਤਾ ਸੀ। ਅਸੀਂ ਦੋਏ ਬੜੀ ਦੇਰ ਤੱਕ ਹੱਸਦੇ ਰਹੇ ਸਾਂ, ਉਸ ਦਿਨ। ਉਹ ਅੱਜ ਵੀ ਓਵੇਂ ਹੀ ਹੱਸ ਰਹੀ ਸੀ। ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਉਸਨੂੰ ਬੜੇ ਲੰਮੇਂ ਅਰਸੇ ਤੋਂ ਜਾਣਦਾ ਹਾਂ। ਕਦੇ ਉਸਦੇ ਬੀਤੇ ; ਘਰ ਪਰਿਵਾਰ ਤੇ ਹੋਰਾਂ ਗੱਲਾਂ ਬਾਰੇ ਜਾਣਨ ਦੀ ਖੇਚਲ ਹੀ ਨਹੀਂ ਸੀ ਕੀਤੀ। ਮੇਰੇ ਅੰਦਰ ਨਵੀਆਂ ਨਵੀਆਂ ਗੱਲਾਂ ਸਿਰ ਚੁੱਕਣ ਲੱਗ ਪਈਆਂ : ਕੱਲ੍ਹ ਤੋਂ ਲੋਕ ਸਾਡੀ ਨਵੀਂ ਜ਼ਿੰਦਗੀ ਬਾਰੇ ਕੀ ਕੀ ਗੱਲਾਂ ਕਰਿਆ ਕਰਨਗੇ? ਹਰੇਕ ਗੱਲ ਦੇ ਦੂਜੇ ਅਰਥ ਕੱਢੇ ਜਾਣਗੇ। ਗੱਲ ਨਿੱਕੀ-ਮੋਟੀ ਵੀ ਨਹੀਂ ਸੀ...ਜਦੋਂ ਉਸਦੀ ਨੇੜਤਾ ਵਿਚ ਏਨਾ ਆਨੰਦ ਸੀ ਤਾਂ ਕੀ ਇੱਕੋ ਕਮਰੇ ਵਿਚ ਅਸਾਂ ਦੋਹਾਂ ਦਾ ਰਹਿਣਾ ਮਨ ਤੋਂ ਸਰੀਰ ਤੱਕ ਨਹੀਂ ਪਹੁੰਚ ਸਕਦਾ?
''ਮੈਂ ਤੈਨੂੰ ਉਹੀ ਕਵਿਤਾ ਸੁਣਾਂਦੀ ਹਾਂ।''
''ਕੀ ਤੂੰ ਮੇਰੀਆਂ ਸਭ ਡਾਇਰੀਆਂ ਪੜ੍ਹ ਲਈਆਂ ਨੇ?'' ਹਾਲਾਂਕਿ ਮੈਨੂੰ ਪਤਾ ਸੀ ਕਿ ਉਹ ਪੜ੍ਹ ਚੁੱਕੀ ਹੈ। ਉਹ ਕਾਹਲ ਨਾਲ ਉਠ ਕੇ ਮੇਰੀ ਇਕ ਡਾਇਰੀ ਚੁੱਕ ਲਿਆਈ; ਜਿਸ ਵਿਚ ਲਿਖਿਆ ਹੋਇਆ ਮੈਨੂੰ ਆਪ ਨੂੰ ਵੀ, ਕੁਝ ਵੀ, ਯਾਦ ਨਹੀਂ ਸੀ। ਉਹ ਮੁੱਢਲੇ ਦਿਨਾਂ ਦੀਆਂ ਅਲ੍ਹੜ ਸੋਚਾਂ ਦੀ ਡਾਇਰੀ ਸੀ।
''ਤੂੰ ਜ਼ਰਾ ਇਹਨੂੰ ਪੜ੍ਹ ਕੇ ਤਾਂ ਸੁਣਾ।''
''ਨਹੀਂ, ਮੈਂ ਨਹੀਂ ਪੜ੍ਹ ਸਕਾਂਗਾ।''
''ਕਿਉਂ ?''
''ਫੇਰ ਮੈਨੂੰ ਕਈ ਦਿਨ ਨੀਂਦ ਨਹੀਂ ਆਉਣੀ।''
ਉਹ ਉਦਾਸੀਆਂ ਭਰੇ ਦਿਨ ਸਨ। ਮੈਂ ਉਹਨਾਂ ਵਿਚਕਾਰ ਵਾਪਸ ਨਹੀਂ ਜਾਣਾ ਚਾਹੁੰਦਾ ਸਾਂ।
ਉਸਨੇ ਡਾਇਰੀ ਮੇਜ਼ ਉੱਤੇ ਰੱਖ ਦਿੱਤੀ। ਅਸੀਂ ਚੁੱਪ ਸਾਂ। ਵਿਚਕਾਰ ਕੋਈ ਪਾੜਾ ਨਹੀਂ ਸੀ; ਜਿਹੜਾ ਹਕੀਕਤ ਵਿਚ ਕਿਤੇ ਹੁੰਦਾ ਵੀ ਨਹੀਂ, ਕੁਝ ਕਾਰਨਾਂ ਕਰਕੇ ਅਸੀਂ ਮਹਿਸੂਸ ਕਰਨ ਲੱਗ ਪੈਂਦੇ ਹਾਂ...ਜਾਂ ਮਿਥ ਬਹਿੰਦੇ ਹਾਂ। ਮੇਰੇ ਮਨ ਵਿਚ ਉਹ ਖ਼ਤ ਪੜ੍ਹਨ ਦੀ ਇੱਛਾ ਸੀ, ਜਿਹੜਾ ਕਿਸੇ ਰਹੱਸ ਵਾਂਗ ਹੀ ਮੇਰੀ ਜੇਬ ਵਿਚ ਪਿਆ ਸੀ।
--- --- ---

ਓਪਲ... :: ਲੇਖਕ : ਗੁਸਟਾਫ਼ ਮਾਇਰਿੰਕ

ਜਰਮਨ ਕਹਾਣੀ : ਓਪਲ... :: ਲੇਖਕ : ਗੁਸਟਾਫ਼ ਮਾਇਰਿੰਕ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


(ਗੁਸਟਾਫ਼ ਮਾਇਰਿੰਕ ਆਸਟਰੀਆ ਦੇ ਪ੍ਰਸਿੱਧ ਲੇਖਕ ਰਹੇ ਹਨ। ਉਹਨਾਂ ਦਾ ਜਨਮ ਸਨ 1767 ਵਿਚ ਵਿਏਨਾ ਵਿਚ ਹੋਇਆ। ਮਾਇਰਿੰਕ ਨੇ ਕਹਾਣੀਆਂ ਦੇ ਇਲਾਵਾ ਨਾਵਲ ਵੀ ਲਿਖੇ। ਕਹਾਣੀਕਾਰ ਦੇ ਰੂਪ ਵਿਚ ਆਸਟਰੀਆਈ ਸਾਹਿਤ ਵਿਚ ਉਹਨਾਂ ਦਾ ਸਥਾਨ ਉਹੀ ਮੰਨਿਆਂ ਜਾਂਦਾ ਹੈ ਜਿਹੜਾ ਐਡਗਰ ਐਲਨ ਪੋ ਦਾ ਅਮਰੀਕੀ ਸਾਹਿਤ ਵਿਚ। ਮਾਇਰਿੰਕ ਪੂਰਬ ਦੇ ਰਹੱਸਵਾਦ ਤੇ ਅਧਿਆਤਮਕਤਾ ਤੋਂ ਬੜੇ ਪ੍ਰਭਾਵਿਤ ਸਨ, ਜਿਸਦੀ ਇਕ ਝਲਕ ਇਸ ਕਹਾਣੀ ਵਿਚ ਪੇਸ਼ ਕੀਤੀ ਜਾ ਰਹੀ ਮਿਲਦੀ ਹੈ। ਪਰ...)

ਉਹ ਓਪਲ ਜਿਸਨੂੰ ਮਿਸ ਹਿੰਟ ਨੇ ਆਪਣੀ ਉਂਗਲ ਵਿਚ ਪਾਇਆ ਹੋਇਆ ਸੀ, ਸਾਰਿਆਂ ਦੀ ਪ੍ਰਸ਼ੰਸਾ ਦਾ ਭਾਗੀ ਬਣਿਆ ਹੋਇਆ ਸੀ।
''ਇਹ ਮੈਨੂੰ ਆਪਣੇ ਪਿਤਾ ਤੋਂ ਮਿਲਿਆ ਸੀ, ਜਿਹਨਾਂ ਲੰਮੇ ਸਮੇਂ ਤਕ ਬੰਗਾਲ ਵਿਚ ਕੰਮ ਕੀਤਾ ਈ। ਇਸ ਤੋਂ ਪਹਿਲਾਂ ਇਹ ਇਕ ਬ੍ਰਾਹਮਣ ਕੋਲ ਹੁੰਦਾ ਸੀ।'' ਉਹ ਬੋਲੀ ਤੇ ਉਂਗਲ ਦੇ ਪੋਰ ਨੂੰ ਉਸ ਚਮਕੀਲੇ ਨਗ ਉੱਤੇ ਫੇਰਨ ਲੱਗ ਪਈ, ''ਐਸਾ ਪਾਣੀ ਸਿਰਫ ਭਾਰਤੀ ਰਤਨਾਂ ਦਾ ਹੀ ਹੁੰਦਾ ਏ। ਇਹ ਇਸਦੀ ਵਧੀਆਂ ਘਿਸਾਈ ਸਦਕਾ ਏ ਜਾਂ ਇਸਦੀ ਆਪਣੀ ਚਮਕ ਦੇ ਕਾਰਨ, ਮੈਂ ਨਹੀਂ ਜਾਣਦੀ ; ਪਰ ਕਦੀ ਕਦੀ ਮੈਨੂੰ ਇੰਜ ਲੱਗਦਾ ਏ ਜਿਵੇਂ ਇਸ ਚਮਕ ਵਿਚ ਜਾਨ ਹੋਵੇ, ਇਕ ਬੇਚੈਨੀ ਹੋਵੇ-ਕਿਸੇ ਜਿਊਂਦੀ ਅੱਖ ਵਾਂਗ।''
''ਕਿਸੇ ਜਿਊਂਦੀ ਅੱਖ ਵਾਂਗ!'' ਸੋਚਾਂ ਵਿਚ ਖੁੱਭੇ ਮਿਸਟਰ ਹਾਰਗ੍ਰੇਵ ਜੈਨਿੰਗਸ ਨੇ ਦੁਹਰਾਇਆ।
''ਕੀ ਤੁਹਾਨੂੰ ਇਸ ਵਿਚ ਕੋਈ ਖਾਸ ਗੱਲ ਲੱਗਦੀ ਏ ਮਿਸਟਰ ਜੈਨਿੰਗਸ ?''
ਲੋਕ ਉੱਥੇ ਸੰਗੀਤ, ਨਾਚ-ਸਮਾਰੋਹ ਤੇ ਨਾਟਕਾਂ ਜਾਂ ਇੰਜ ਕਹੀਏ, ਹਰ ਸੰਭਵ ਵਿਸ਼ੇ ਉੱਤੇ ਗੱਲਬਾਤ ਕਰ ਰਹੇ ਸਨ। ਪਰ ਗੱਲਾਂ ਹਰ ਵਾਰੀ ਘੁੰਮ ਫਿਰ ਕੇ ਭਾਰਤੀ ਰਤਨ ਓਪਲ ਉੱਤੇ ਆਣ ਖਲੋਂਦੀਆਂ ਸਨ।
''ਮੈਂ ਤੁਹਾਨੂੰ ਇਹਨਾਂ ਰਤਨਾਂ ਬਾਰੇ-ਤੇ ਖਾਸ ਕਰਕੇ ਇਸ ਤਥਾਕਥਿਤ ਰਤਨ ਬਾਰੇ-ਕੁਛ ਦੱਸ ਸਕਦਾ ਆਂ।'' ਅਖ਼ੀਰ ਵਿਚ ਮਿਸਟਰ ਜੈਨਿੰਗਸ ਨੇ ਕਿਹਾ, ''ਪਰ ਮੈਨੂੰ ਡਰ ਏ ਕਿ ਇਸ ਨਾਲ ਮਿਸ ਹਿੰਟ ਆਪਣੀ ਇਸ ਅੰਗੂਠੀ ਤੋਂ ਸਦਾ ਲਈ ਹੱਥ ਧੋ ਬੈਠੇਗੀ। ਜੇ ਤੁਸੀਂ ਕੁਛ ਚਿਰ ਰੁਕੋ ਤਾਂ ਮੈਂ ਕਾਗਜ਼ਾਂ ਵਿਚੋਂ ਇਕ ਹੱਥ–ਲਿਖਤ ਲੱਭ ਲਿਆਉਂਦਾ ਆਂ।''
ਸਾਰੇ ਲੋਕ ਉਤਸੁਕ ਹੋ ਗਏ।
''ਹਾਂ, ਤਾਂ ਹੁਣ ਸੁਣੋ। ਜੋ ਕੁਛ ਮੈਂ ਪੜ੍ਹਨ ਲੱਗਾਂ ਉਹ ਸਾਡੀਆਂ-ਮੇਰੀਆਂ ਤੇ ਮੇਰੇ ਭਰਾ ਦੀਆਂ-ਯਾਤਰਾਵਾਂ ਦੀਆਂ ਯਾਦਾਂ ਦਾ ਇਕ ਹਿੱਸਾ ਏ। ਉਹਨੀਂ ਦਿਨੀਂ ਅਸੀਂ ਫੈਸਲਾ ਕੀਤਾ ਸੀ ਕਿ ਆਪਣੇ ਅਨੁਭਵਾਂ ਨੂੰ ਕਿਤੇ ਛਪਵਾਵਾਂਗੇ ਨਹੀਂ।...
''ਕਿੱਸਾ ਇੰਜ ਹੈ : ਮਹਾਬਲੀਪੁਰਮ ਦੇ ਲਾਗੇ ਹੀ ਇਕ ਜੰਗਲ ਹੈ, ਜਿਹੜਾ ਇਕ ਪਤਲੀ ਪੱਟੀ ਦੇ ਰੂਪ ਵਿਚ ਸਮੁੰਦਰ ਨਾਲ ਜਾ ਲੱਗਦਾ ਹੈ। ਮਦਰਾਸ ਤੋਂ ਉੱਥੋਂ ਤੱਕ ਤ੍ਰਿਚਨਾਪੱਲੀ ਨਹਿਰ ਵਰਗੇ ਕੁਝ ਜਲਮਾਰਗ ਨੇ, ਜਿਹੜੇ ਸਰਕਾਰ ਨੇ ਬਣਾਏ ਨੇ। ਇਸ ਦੇ ਬਾਵਜ਼ੂਦ ਇਸ ਇਲਾਕੇ ਦਾ ਅੰਦਰੂਨੀ ਹਿੱਸਾ ਅਛੂਤਾ ਹੀ ਹੈ। ਇਕ ਅਜਿਹੇ ਜੰਗਲ ਵਾਂਗ ਜਿਸ ਵਿਚ ਵੜਨਾ ਮੁਸ਼ਕਿਲ ਹੋਵੇ, ਜਿਵੇਂ ਉਹ ਕੋਈ ਬੇਲੋੜਾ ਇਲਾਕਾ ਹੋਵੇ।...
''ਸਾਡਾ ਅਭਿਆਨ ਦਲ ਹੁਣੇ ਹੁਣੇ ਪਹੁੰਚਿਆ ਸੀ। ਸ਼ਾਮ ਰੰਗ ਵਾਲੇ ਤਾਮਿਲ ਸੇਵਕਾਂ ਨੇ ਕਿਸ਼ਤੀਆਂ ਵਿਚੋਂ ਟੈਂਟ, ਡੱਬੇ ਤੇ ਸੰਦੂਕ ਉਤਾਰੇ, ਤਾਂ ਕਿ ਸਥਾਨਿਕ ਲੋਕ ਉਹਨਾਂ ਨੂੰ ਧਾਨ ਦੇ ਸੰਘਣੇ ਖੇਤਾਂ ਦੇ ਰਸਤੇ ਚਟਾਨਾਂ ਦੇ ਸ਼ਹਿਰ ਮਹਾਬਲਿਪੁਰਮ ਲੈ ਜਾਣ। ਰਸਤੇ ਵਿਚ ਜਗ੍ਹਾ ਜਗ੍ਹਾ ਤਾੜ ਦੇ ਰੁੱਖਾਂ ਦੇ ਝੂੰਡ ਸਨ ਤੇ ਇੰਜ ਲੱਗਦਾ ਸੀ ਜਿਵੇਂ ਹਲਕੇ ਹਰੇ ਰੰਗ ਵਾਲੇ ਸ਼ਾਂਤ ਸਮੁੰਦਰ ਵਿਚ ਛੋਟੇ ਵੱਡੇ ਟਾਪੂ ਹੋਣ। ਕਰਨਲ ਸਟਰਟ, ਮੇਰਾ ਭਰਾ ਹਾਰਗਰੇਵ ਤੇ ਮੈਂ ਤਿੰਨਾਂ ਨੇ ਉਹਨਾਂ ਛੋਟੇ ਮੰਦਰਾਂ ਵਿਚੋਂ ਇਕ ਵਿਚ ਤੁਰੰਤ ਡੇਰਾ ਲਾ ਲਿਆ, ਜਿਹਨਾ ਨੂੰ ਇਕੋ ਚਟਾਨ ਵਿਚੋਂ ਤਰਾਸ਼ ਕੇ-ਬਲਿਕੇ ਕੱਟ ਕੇ-ਬਣਾਇਆ ਗਿਆ ਸੀ। ਇਹ ਮੰਦਰ ਪੁਰਾਣੀ ਦਰਾਵੜ ਵਾਸਤੂਕਲਾ ਦਾ ਸਹੀ ਉਦਹਾਰਣ ਪੇਸ਼ ਕਰਦੇ ਸਨ। ਬੌਧ ਸ਼ਰਧਾਲੂਆਂ ਦੀ ਬੇਮਿਸਾਲ ਕਾਰੀਗਰੀ ਦਾ ਨਮੂਨਾ ਪੇਸ਼ ਕਰਨ ਵਾਲੇ ਇਹ ਮੰਦਰ ਹੋ ਸਕਦਾ ਹੈ, ਸਦੀਆਂ ਤਕ ਮਹਾਤਮਾ ਬੁੱਧ ਦੇ ਉਤਸਾਹੀ ਅਨੁਯਾਈਆਂ ਦੇ ਪ੍ਰਾਰਥਨਾਂ–ਸਥਾਨ ਰਹੇ ਹੋਣ; ਪਰ ਹੁਣ ਇਹ ਸ਼ਿਵ ਭਗਤ ਬ੍ਰਾਹਮਣਾ ਦੇ ਹੱਥ ਆ ਗਏ ਹਨ...ਬਿਲਕੁਲ ਉਸੇ ਤਰ੍ਹਾਂ ਇਹ ਉੱਚੇ ਖੰਭਿਆਂ ਵਾਲੇ ਸੱਤੇ ਪਵਿੱਤਰ ਮਠਾਂ ਵੀ ਚਟਾਨਾਂ ਤਰਾਸ਼ ਕੇ ਬਣਾਏ ਗਏ ਸਨ।
''ਮੈਦਾਨ 'ਚੋਂ ਉੱਠ ਰਹੀ ਸੰਘਣੀ ਧੂੰਦ, ਧਾਨ ਦੇ ਖੇਤਾਂ ਤੇ ਹਰੇ-ਭਰੇ ਢਲਵਾਨਾਂ ਉਪਰ ਪਸਰ ਰਹੀ ਸੀ ਤੇ ਜੋੜ ਤੋੜ ਕਰਕੇ ਬਣਾਏ ਗਏ ਬਲਦ ਗੱਡਿਆਂ ਦੀ ਘਰੀਂ ਜਾ ਰਹੀ ਇੰਦਰ ਧਨੁਸ਼ੀ ਕਤਾਰ ਨੂੰ ਕੋਹਰਾ ਆਪਣੀ ਬੁੱਕਲ ਵਿਚ ਲੁਕੋ ਰਿਹਾ ਸੀ। ਰੌਸ਼ਨੀ ਤੇ ਘੁਸਮੁਸੇ ਦਾ ਸੰਗਮ, ਮਨ ਨੂੰ ਮੋਹ ਕੇ ਸੁਪਨਿਆਂ ਦੀ ਦੁਨੀਆਂ ਵੱਲ ਲਈ ਜਾ ਰਿਹਾ ਸੀ।
“ਚਟਾਨਾਂ ਤਕ ਜਾਣ ਵਾਲੇ ਰਸਤੇ ਤੋਂ ਪਹਿਲਾਂ ਸਥਿਤ ਭੀੜੀਆਂ ਗੁਫਾਵਾਂ-ਕੰਦਰਾਵਾਂ ਵਿਚ ਸਾਡੇ ਸਿਪਾਹੀਆਂ ਨੇ ਪੜਾਅ ਲਾ ਲਿਆ ਸੀ। ਉਹਨਾਂ ਰੰਗ–ਬਿਰੰਗੀਆਂ ਪੁਸ਼ਾਕਾਂ ਤੇ ਲਾਲ ਪੀਲਆਂ ਵਾਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਸਮੁੰਦਰ ਦੇ ਤਟ ਨਾਲ ਏਧਰ-ਓਧਰ ਬਣੇ ਮਠਾਂ ਦੇ ਗੁਫ਼ਾ ਰੂਪੀ ਖੁੱਲ੍ਹੇ ਗਲਿਆਰਿਆਂ ਨਾਲ, ਲਹਿਰਾਂ ਦੀਆਂ ਟੱਕਰਾਂ ਦੇ ਗੜਗਜ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਇੰਜ ਲੱਗ ਰਿਹਾ ਸੀ ਜਿਵੇਂ ਸਮੁੰਦਰ ਸੰਹਾਰਕਰਤਾ ਸ਼ਿਵ ਦੀ ਸਤੂਤੀ ਕਰ ਰਿਹਾ ਹੋਵੇ।
''ਦਿਨ ਜਦੋਂ ਪਹਾੜੀਆਂ ਪਿੱਛੇ ਛੁਪ ਰਿਹਾ ਸੀ ਤੇ ਹਵਾ ਪੁਰਾਣੇ, ਵੱਡੇ ਵੱਡੇ ਕਮਰਿਆਂ ਵਿਚ ਠੁਸ ਹੋਈ ਖਲੋਤੀ ਸੀ, ਲਹਿਰਾਂ ਦਾ ਸ਼ੋਰ ਤੇ ਗੜਗਜ ਸਾਨੂੰ ਉੱਥੇ ਹੀ ਵਧੇਰੇ ਉੱਚਾ ਤੇ ਸ਼ਪਸਟ ਸੁਣਾਈ ਦੇਣ ਲੱਗ ਪਿਆ ਸੀ।
''ਸੇਵਕਾਂ ਨੇ ਸਾਡੇ ਮੰਦਰ ਵਿਚ ਮਸ਼ਾਲਾਂ ਲਾ ਦਿੱਤੀਆਂ ਸਨ ਤੇ ਆਪ ਹੇਠਾਂ ਪਿੰਡ ਵਿਚ ਆਪਣੇ ਸਾਥੀਆਂ ਕੋਲ ਚਲੇ ਗਏ ਸਨ। ਅਸੀਂ ਸਾਰੀਆਂ ਕੋਠੜੀਆਂ ਤੇ ਕੋਨਿਆਂ ਵਿਚ ਰੌਸ਼ਨੀ ਕਰਵਾ ਦਿੱਤੀ ਸੀ। ਚਟਾਨਾਂ ਵਿਚਕਾਰ ਅਨੇਕ ਹਨੇਰੇ ਗਲਿਆਰੇ ਬਣੇ ਹੋਏ ਸਨ ਤੇ ਨਰਿਤ–ਮੁਦਰਾ ਵਿਚ ਬਣੀਆਂ ਦੇਵੀ–ਦੇਵਤਾਵਾਂ ਦੀਆਂ ਬੇਹੱਦ ਖ਼ੂਬਸੂਰਤ ਮੂਰਤੀਆਂ, ਜਿੰਨ੍ਹਾਂ ਦੀਆਂ ਹਥੇਲੀਆਂ ਸਾਹਮਣੇ ਵੱਲ ਸਨ ਤੇ ਉਂਗਲਾਂ ਰਹੱਸਮਈ ਮੁਦਰਾਵਾਂ ਬਣਾਅ ਰਹੀਆਂ ਸਨ...ਉਹਨਾਂ ਦੇ ਪ੍ਰਛਾਵਿਆਂ ਨਾਲ ਪ੍ਰਵੇਸ਼ ਦਵਾਰ ਇੰਜ ਢਕੇ ਹੋਏ ਸਨ, ਜਿਵੇਂ ਹਰ ਦੇਹਰੀ ਉੱਪਰ ਪਹਿਰੇਦਾਰ ਖਲੋਤੇ ਹੋਣ।
''ਬੜੇ ਘੱਟ ਲੋਕ ਜਾਣਦੇ ਹਨ ਕਿ ਇਹਨਾਂ ਅਨੋਖੀਆਂ ਮੂਰਤੀਆਂ ਦੀ ਤਰਤੀਬ; ਆਪਸੀ ਤਾਲਮੇਲ ਵਾਲੀਆਂ ਇਹਨਾਂ ਮੁਦਰਾਵਾਂ; ਖੰਭਿਆਂ ਦੀ ਗਿਣਤੀ ਤੇ ਉਹਨਾਂ ਦੀ ਉਚਾਈ ਤੇ ਲਿੰਗ ਤੋਂ ਉਹਨਾਂ ਅਣਜਾਣੇ ਤੇ ਡੂੰਘੇ ਰਹੱਸਾਂ ਦੀ ਜਾਣਕਾਰੀ ਮਿਲਦੀ ਹੈ, ਜਿਹਨਾ ਬਾਰੇ ਸਾਨੂੰ ਪੱਛਮ ਵਾਸੀਆਂ ਨੂੰ ਜ਼ਰਾ ਵੀ ਗਿਆਨ ਨਹੀਂ।
''ਹਾਰਗ੍ਰੇਵ ਨੇ ਇਕ ਖੰਭੇ ਦੇ ਹੇਠਲੇ ਸਿਰੇ ਲੱਗੀ ਇਕ ਸੁੰਦਰ ਵਸਤੂ-ਇਕ ਸੋਟੀ-ਸਾਨੂੰ ਦਿਖਾਈ, ਜਿਸ ਉੱਤੇ ਚੌਵੀ ਗੰਢਾਂ ਸਨ ਤੇ ਜਿਸ ਦੇ ਸੱਜੇ ਪਾਸੇ ਇਕ ਡੋਰੀ ਲਮਕ ਰਹੀ ਸੀ। ਉਸਦੇ ਹੇਠਲੇ ਕਿਨਾਰੇ ਦੋ ਹਿੱÎਸਿਆਂ ਵਿਚ ਵੰਡੇ ਹੋਏ ਸਨ, ਮਨੁੱਖ ਦੇ ਮੇਰੂਦੰਡ ਦੇ ਰੂਪ ਵਿਚ ਇਸ ਦੇ ਲਾਗੇ ਹੀ ਅਲੌਕਿਕ ਆਨੰਦ ਨੂੰ ਦਰਸ਼ਾਉਂਦੀਆਂ ਮੂਰਤੀਆਂ ਸਨ। ਸ਼੍ਰੀ-ਸਿੱਧੀ ਪ੍ਰਾਪਤੀ ਦੇ ਮਾਰਗ ਉੱਤੇ ਚੱਲਦਾ ਹੋਇਆ ਇਕ ਯੋਗੀ ਜਦੋਂ ਆਪਣੇ ਵਿਚਾਰਾਂ ਤੇ ਮਨੋਭਾਵਾਂ ਨੂੰ ਮੇਰੂਦੰਡ ਦੇ ਖਾਸ ਖਾਸ ਹਿੱÎਸਿਆਂ ਉਪਰ ਕੇਂਦਰਿਤ ਕਰਦਾ ਹੈ ਤਾਂ ਇਹਨਾਂ ਅਵਸਥਾਵਾਂ ਵਿਚ ਪਹੁੰਚ ਜਾਂਦਾ ਹੈ।
'' 'ਇਹ ਪਿੰਗਲਾ ਹੈ...ਵਿਸ਼ਾਲ ਸੂਰਜ ਨਾੜੀ।' ਸਿਰ ਹਿਲਾਅ ਕੇ ਸਾਡੇ ਦੁਰਭਾਸ਼ੀਏ ਅਖਿਲ ਰਾਵ ਨੇ ਪੁਸ਼ਟੀ ਕੀਤੀ।
''ਉਦੋਂ ਹੀ ਕਰਨਲ ਸਟਰਟ ਨੇ ਮੇਰੀ ਬਾਂਹ ਫੜੀ ਤੇ ਬੋਲੇ, 'ਚੁੱਪ ! ਤੁਸੀਂ ਕੁਝ ਸੁਣਿਆਂ ?'
''ਅਸੀਂ ਆਪਣੇ ਕੰਨ ਬੜੇ ਧਿਆਨ ਨਾਲ ਗੰਗਾ ਨਦੀ ਦੀ ਦਿਸ਼ਾ ਵੱਲ ਲਾ ਦਿੱਤੇ, ਜਿਹੜੀ ਦੇਵੀ ਕਾਲ ਭੈਰਵ ਦੀ ਵਿਸ਼ਾਲ ਮੂਰਤੀ ਦੇ ਪਿੱਛੇ ਛਿਪੀ ਹਨੇਰੇ ਵੱਲ ਵਹਿ ਰਹੀ ਸੀ।
''ਸਿਰਫ ਮਸ਼ਾਲਾਂ ਵਿਚੋਂ ਹੀ ਅੱਗ ਦੇ ਚਟਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਵਰਨਾ ਚਾਰੇ ਪਾਸੇ ਬਿਲਕੁਲ ਚੁੱਪ ਵਾਪਰੀ ਹੋਈ ਸੀ।
''ਇਕ ਘਾਤਕ ਸੰਨਾਟਾ, ਜਿਸ ਵਿਚ ਲੂੰ-ਕੰਡੇ ਖੜੇ ਹੋ ਜਾਣ; ਆਤਮਾਂ ਨੂੰ ਕਾਂਬਾ ਛਿੜ ਪਏ ਤੇ ਇੰਜ ਲੱਗੇ ਕਿ ਕੋਈ ਭਿਆਨਕ ਘਟਨਾ ਕਿਸੇ ਵੀ ਪਲ ਬਿਜਲੀ ਵਾਂਗ ਲਿਸ਼ਕੇ, ਕੜਕੇ ਤੇ ਵਾਪਰ ਜਾਵੇਗੀ। ਇਕ ਧਮਾਕੇ ਵਾਂਗ ਅਗਿਆਤ ਦੇ ਹਨੇਰੇ ਵਿਚੋਂ ਤੇ ਹਰ ਕੋਨੇ ਤੇ ਹਰ ਕੋਠੜੀ ਵਿਚੋਂ ਘਾਤਕ ਵਾਰਾਂ ਦਾ ਇਕ ਸਿਲਸਿਲਾ ਚਾਣਚੱਕ ਸ਼ੁਰੂ ਹੋ ਜਾਵੇਗਾ। ਅਜਿਹੇ ਪਲਾਂ ਵਿਚ ਲੈ-ਬੱਧ, ਹਥੌੜੇ ਵਾਂਗ ਚਲਦੀ ਦਿਲ ਦੀ ਧੜਕਨ ਤੋਂ ਡਰੀ ਡਰੀ ਕਰਾਹੁੰਦੀ ਜਿਹੀ ਆਵਾਜ਼ ਨਿਕਲਦੀ ਹੈ, ਉਹ ਸੁਣਨ ਵਿਚ ਇਕ ਗੂੰਗੇ ਤੇ ਬੋਲੇ ਆਦਮੀ ਦੇ ਅਸਪਸ਼ਟ ਸ਼ਬਦਾਂ ਨਾਲ ਰਲਦੀ ਮਿਲਦੀ ਹੁੰਦੀ ਹੈ, ਇੰਜ ਜਿਵੇਂ ਕੋਈ ਗਰਾਰੇ ਕਰ ਰਿਹਾ ਹੋਵੇ...ਉਗ, ਗਰਰ...ਉਗ...ਗਰਰ...ਉਗ...ਉਗ-ਗਰਰ...।
''ਅਸੀਂ ਧਿਆਨ ਨਾਲ ਸੁਣਿਆਂ, ਪਰ ਬੇਕਾਰ। ਹੁਣ ਕੋਈ ਆਵਾਜ਼ ਨਹੀਂ ਸੀ ਆ ਰਹੀ।
“ 'ਅਜਿਹੀ ਆਵਾਜ਼ ਸੀ ਜਿਵੇਂ ਹੇਠਾਂ ਕੋਈ ਚੀਕਿਆ ਹੋਵੇ।' ਕਰਨਲ ਨੇ ਦਬਵੀਂ ਆਵਾਜ਼ ਵਿਚ ਕਿਹਾ।
“ਮੈਨੂੰ ਇੰਜ ਲੱÎਗਿਆ ਜਿਵੇਂ ਕਾਲ ਭੈਰਵ, ਹੈਜੇ ਦੇ ਪ੍ਰੇਤ, ਦੀ ਮੂਰਤੀ ਹਿੱਲ ਰਹੀ ਹੋਵੇ। ਮਸ਼ਾਲ ਦੀ ਟਿਮਟਿਮਾਉਂਦੀ ਰੌਸ਼ਨੀ ਵਿਚ ਉਸ ਦਾਨਵ ਦੀਆਂ ਛੀਏ ਭੁਜਾਵਾਂ ਹਿੱਲ ਰਹੀਆਂ ਸਨ ਤੇ ਸਫ਼ੈਦ ਸ਼ਾਮ ਰੰਗ ਵਿਚ ਰੰਗੀਆਂ ਉਸਦੀਆਂ ਅੱਖਾਂ ਝਪਕ ਰਹੀਆਂ ਸਨ, ਕਿਸੇ ਪਾਗਲ ਦੀਆਂ ਅੱਖਾਂ ਵਾਂਗ।
“ 'ਚੱਲੋ, ਖੁੱਲ੍ਹੇ ਵਿਚ ਚੱਲਦੇ ਹਾਂ ਮੰਦਰ ਦੇ ਮੁੱਖ ਦਰਵਾਜ਼ੇ ਵਲ।' ਹਾਰਗ੍ਰੇਵ ਨੇ ਸੁਝਾਅ ਦਿੱਤਾ, 'ਇਹ ਜਗ੍ਹਾ ਤਾਂ ਬੜੀ ਡਰਾਵਨੀ ਹੈ।'
“ਚੱਟਾਨੀ ਸ਼ਹਿਰ ਹਰੀ ਰੌਸ਼ਨੀ ਵਿਚ ਡੁੱÎਬਿਆ ਹੋਇਆ ਸੀ, ਜਿਵੇਂ ਕੋਈ ਮੰਤਰ-ਜੜੁੱਤ ਹੋ ਗਿਆ ਹੋਵੇ।
“ਸਮੁੰਦਰ ਉੱਤੇ ਚਾਂਦਨੀ ਇਕ ਲੰਮੀ ਚੌੜੀ ਤਲਵਾਰ ਵਾਂਗ ਤਣੀ ਹੋਈ ਸੀ ; ਇਕ ਅਜਿਹੀ ਤਲਵਾਰ ਜਿਸ ਦੀ ਨੋਕ ਕਿਤੇ ਦੂਰ ਅਦ੍ਰਿਸ਼ ਹੋ ਗਈ ਹੋਵੇ।
“ਅਸੀਂ ਸਾਰੇ ਆਰਾਮ ਕਰਨ ਲਈ ਚਬੂਤਰੇ ਉੱਤੇ ਲੇਟ ਗਏ। ਹਵਾ ਬਿਲਕੁਲ ਸ਼ਾਂਤ ਸੀ ਤੇ ਕੋਠੜੀਆਂ ਵਿਚਲੀ ਰੇਤ ਮਖਮਲ ਜਿਹੀ ਮੁਲਾਇਮ ਸੀ।
“ਪਰ ਸਾਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਈ। ਚੰਦ ਹੋਰ ਉਪਰ ਨਿਕਲ ਆਇਆ ਸੀ ਤੇ ਮਠਾਂ ਤੇ ਪੱਥਰਾਂ ਦੇ ਬਣੇ ਹਾਥੀਆਂ ਦੇ ਪ੍ਰਛਾਵੇਂ ਸੁੰਗੜ ਕੇ ਸਫ਼ੈਦ ਚੱਟਾਨੀ ਫਰਸ਼ ਉਪਰ ਡੱਡੂਆਂ ਵਰਗੇ ਕਿਸੇ ਜੀਵ ਦੇ ਭੇਸ ਦੀਆਂ ਸ਼ਕਲਾਂ ਵਿਚ ਬਦਲ ਗਏ ਸਨ।
“ 'ਮੁਗਲਾਂ ਦੀ ਲੁੱਟਮਾਰ ਦੇ ਹਮਲਿਆਂ ਤੋਂ ਪਹਿਲਾਂ ਦੇਵੀ ਦੇਵਤਿਆਂ ਦੀਆਂ ਇਹਨਾਂ ਸਾਰੀਆਂ ਮੂਰਤੀਆਂ ਵਿਚ ਬਹੁਤ ਸਾਰੇ ਹੀਰੇ ਜਵਾਹਰ ਜੜੇ ਹੋਏ ਸਨ। ਗਲੇ ਵਿਚ ਪੰਨੇ ਦੇ ਹਾਰ ਪਏ ਹੁੰਦੇ ਸਨ। ਅੱਖਾਂ ਵਿਚ ਸੁਲੇਮਾਨੀ ਤੇ ਓਪਲ ਰਤਨ ਦਗ ਰਹੇ ਹੁੰਦੇ ਸਨ।' ਕਰਨਲ ਸਟਰਟ ਨੇ ਅਚਾਨਕ ਧੀਮੀ ਆਵਾਜ਼ ਵਿਚ ਮੈਨੂੰ ਦੱÎਸਿਆ। ਬਿਨਾਂ ਇਹ ਜਾਣਿਆਂ ਕਿ ਮੈਂ ਸੌÎਂ ਗਿਆ ਹਾਂ ਜਾਂ ਨਹੀਂ। ਮੈਂ ਕੋਈ ਉਤਰ ਨਾ ਦਿੱਤਾ।
“ਅਖਿਲ ਰਾਵ ਦੇ ਡੂੰਘੇ ਲੰਮੇ ਸਾਹਾਂ ਦੀ ਆਵਾਜ਼ ਦੇ ਇਲਾਵਾ ਕੋਈ ਆਵਾਜ਼ ਨਹੀਂ ਆ ਰਹੀ ਸੀ।
“ਅਚਾਨਕ ਅਸੀਂ ਸਾਰੇ ਡਰ ਦੇ ਮਾਰੇ ਤ੍ਰਬਕ ਕੇ ਉੱਠ ਬੈਠੇ ਹੋਏ। ਮੰਦਰ ਵਿਚੋਂ ਇਕ ਭਿਆਨਕ ਚੀਕ ਸੁਣਾਈ ਦਿੱਤੀ। ਬਿੰਦ ਦੇ ਬਿੰਦ ਇਹ ਸਮਝ ਹੀ ਨਹੀਂ ਸੀ ਆਇਆ ਕਿ ਇਹ ਕੋਈ ਚੀਕ ਸੀ ਜਾਂ ਕਿਸੇ ਦਾ ਹਾਸਾ, ਪਰ ਹੋਇਆ ਇੰਜ ਤਿੰਨ ਵਾਰੀ ਸੀ। ਉਸਦੀ ਗੂੰਜ ਅਜਿਹੀ ਸੀ ਜਿਵੇਂ ਕੋਈ ਚੀਜ਼ ਜਾਂ ਕੱਚ ਚਕਨਾਚੂਰ ਹੋਇਆ ਹੋਵੇ।
“ਮੇਰੇ ਭਰਾ ਨੇ ਕੰਧ ਨਾਲੋਂ ਇਕ ਬਲਦੀ ਹੋਈ ਮਸ਼ਾਲ ਲਾਹ ਲਈ ਤੇ ਅਸੀਂ ਸਾਰੇ ਕਾਹਲ ਨਾਲ ਹਨੇਰੇ ਵਿਚ ਹੇਠਲੇ ਗਲਿਆਰੇ ਵੱਲ ਨੱਸੇ।
“ਅਸੀਂ ਚਾਰ ਜਣੇ ਸਾਂ। ਡਰਨ ਵਾਲੀ ਕੀ ਗੱਲ ਸੀ। ਹਾਰਗ੍ਰੇਵ ਨੇ ਜਲਦੀ ਹੀ ਮਸ਼ਾਲ ਸੁੱਟ ਦਿੱਤੀ, ਕਿਉਂਕਿ ਗਲਿਆਰਾ ਇਕ ਅਜਿਹੀ ਨਕਲੀ ਗੁਫ਼ਾ ਵਿਚ ਮੁੜਿਆ ਜਿਸ ਉਪਰ ਕੋਈ ਛੱਤ ਨਹੀਂ ਸੀ ਤੇ ਚਾਂਦਨੀ ਨਾਲ ਭਰਿਆ ਹੋਇਆ ਸੀ। ਖੰਭਿਆਂ ਦੇ ਪ੍ਰਛਾਵਿਆਂ ਦੀ ਓਟ ਵਿਚ ਅਸੀਂ ਦਬਵੇਂ ਪੈਰੀਂ ਹੋਰ ਅੱਗੇ ਵਧੇ।
“ਘੱਟ ਉਚਾਈ ਵਾਲੀ ਬਲੀ ਦੀ ਇਕ ਵੇਦੀ ਵਿਚੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ, ਜਿਸ ਦੀ ਰੌਸ਼ਨੀ ਵਿਚ ਉੱਥੇ ਇਕ ਫਕੀਰ ਗਲੇ ਵਿਚ ਰੰਗ ਬਿਰੰਗੇ, ਪਾਟੇ ਪੁਰਾਣੇ ਕਪੜੇ ਤੇ ਬੰਗਾਲ ਦੇ ਦੁਰਗਾ ਉਪਾਸਕਾਂ ਵਾਂਗ ਹੱਡੀਆਂ ਦੀਆਂ ਮਾਲਾਵਾਂ ਪਾਈ ਝੂੰਮ ਰਿਹਾ ਸੀ।
“ਉਹ ਕਿਸੇ ਮੰਤਰ ਦੇ ਉਚਾਰਨ ਵਿਚ ਮਸਤ ਸੀ ਤੇ ਅਸਪਸ਼ਟ ਸ਼ਬਦਾਂ ਵਿਚ ਰੋਂਦਾ, ਸਿਸਕਦਾ ਜਿਹਾ ਆਪਣੀ ਗਰਦਨ ਨੂੰ ਕਿਸੇ ਦਰਵੇਸ਼ ਵਾਂਗ ਹੀ ਤੇਜ਼ੀ ਨਾਲ ਸੱਜੇ ਖੱਬੇ ਤੇ ਫੇਰ ਪਿੱਛੇ ਅੱਗੇ ਵੱਲ ਘੁਮਾਅ ਰਿਹਾ ਸੀ, ਜਿਸ ਨਾਲ ਉਸਦੇ ਸਫ਼ੈਦ ਦੰਦ, ਪਲੇ-ਪਲੇ, ਅੱਗ ਦੀ ਰੌਸ਼ਨੀ ਕਾਰਨ ਲਿਸ਼ਕੋਰਾਂ ਮਾਰ ਰਹੇ ਸਨ।
“ਕੱਟੇ ਹੋਏ ਸਿਰ ਵਾਲੇ ਦੋ ਮਨੁੱਖੀ ਸਰੀਰ ਉਸਦੇ ਪੈਰਾਂ ਕੋਲ ਪਏ ਸਨ। ਕਪੜਿਆਂ ਨੂੰ ਦੇਖਦਿਆਂ ਹੀ ਅਸੀਂ ਤੁਰੰਤ ਪਛਾਣ ਲਿਆ ਕਿ ਇਹ ਲਾਸ਼ਾਂ ਸਾਡੇ ਸਿਪਾਹੀਆਂ ਵਿਚੋਂ ਕਿਸੇ ਦੋ ਦੀਆਂ ਸਨ। ਮੌਤ ਦੀਆਂ ਉਹ ਭਿਆਨਕ ਚੀਕਾਂ ਵੀ ਇਹਨਾਂ ਦੋਵਾਂ ਦੀਆਂ ਹੀ ਹੋਣਗੀਆਂ, ਜਿਹੜੀਆਂ ਸਾਨੂੰ ਉਪਰ ਬੈਠਿਆਂ ਸੁਣਾਈ ਦਿੱਤੀਆਂ ਸਨ।
“ਕਰਨਲ ਤੇ ਸਾਡਾ ਦੁਭਾਸ਼ੀਆ ਦੋਵੇਂ ਉਸ ਫਕੀਰ ਉੱਤੇ ਟੁੱਟ ਪਏ; ਪਰ ਉਸਨੇ ਉਹਨਾਂ ਨੂੰ ਤੁਰੰਤ ਘੁਮਾਅ ਕੇ ਕੰਧ ਵੱਲ ਉਛਾਲ ਦਿੱਤਾ।
“ਉਸ ਸੁਕੱੜ ਜਿਹੇ ਬੰਦੇ ਵਿਚ ਬੜੀ ਤਾਕਤ ਨਜ਼ਰ ਆਈ। ਤੇ ਇਸ ਤੋਂ ਪਹਿਲਾਂ ਕਿ ਉਹ ਉੱਛਲ ਕੇ ਮੁੜ ਉਸ ਤੀਕ ਪਹੁੰਚਦੇ, ਉਹ ਫਕੀਰ ਗੁਫਾ ਦੇ ਪ੍ਰਵੇਸ਼ ਦਰਵਾਜ਼ੇ ਤੀਕ ਪਹੁੰਚ ਚੁੱÎਕਿਆ ਸੀ।
“ਬਲੀ ਦੀ ਵੇਦੀ ਪਿੱਛੇ ਸਾਨੂੰ ਦੋਵਾਂ ਮਰਾਠੀ ਸਿਪਾਹੀਆਂ ਦੇ ਸਿਰ ਮਿਲੇ।''

ਸ਼੍ਰੀ ਹਾਰਗ੍ਰੇਵ ਜੈਨਿੰਗਸ ਨੇ ਖਰੜੇ ਨੂੰ ਤੈਹ ਕਰਕੇ ਬੰਦ ਕਰ ਦਿੱਤਾ ਤੇ ਬੋਲੇ, ''ਇੱਥੇ ਇਸ ਖਰੜੇ ਦਾ ਇਕ ਪੰਨਾ ਗਾਇਬ ਹੈ। ਅੱਗੇ ਦਾ ਕਿੱਸਾ ਮੈਂ ਤੁਹਾਨੂੰ ਖ਼ੁਦ ਹੀ ਸੁਣਾਦਾ ਹਾਂ...
“ਮ੍ਰਿਤਕਾਂ ਦੇ ਚਿਹਰੇ ਉੱਤੇ ਜਿਹੜੇ ਭਾਵ ਸਨ, ਉਹਨਾਂ ਨੂੰ ਬਿਆਨ ਕਰਨਾ ਬੜਾ ਮੁਸ਼ਕਿਲ ਈ। ਅੱਜ ਵੀ ਮੇਰੇ ਦਿਲ ਦੀ ਧੜਕਨ ਮੱਠੀ ਪੈ ਜਾਂਦੀ ਏ, ਜਦੋਂ ਮੈਂ ਉਸ ਡਰ ਨੂੰ ਚੇਤੇ ਕਰਦਾ ਆਂ, ਜਿਸਨੇ ਸਾਨੂੰ ਸਾਰਿਆਂ ਨੂੰ ਘੇਰ ਲਿਆ ਸੀ। ਜਿੰਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਉਹਨਾਂ ਦੇ ਚਿਹਰਿਆਂ ਦੇ ਭਾਵਾਂ ਨੂੰ ਡਰ ਦੀ ਸੰਘਿਆ ਦੇਣੀ ਠੀਕ ਨਹੀਂ ਹੋਏਗੀ। ਉਹ ਤਾਂ ਇਕ ਵਿਗੜੀ ਹੋਈ ਪਾਗਲਾਂ ਵਰਗੀ ਹਾਸੀ ਲੱਗ ਰਹੀ ਸੀ। ਬੁੱਲ੍ਹ ਤੇ ਨਾਸਾਂ ਉਪਰ ਵੱਲ ਖਿੱਚੀਆਂ ਹੋਈਆਂ ਸਨ, ਮੂੰਹ ਪੂਰਾ ਖੁੱਲ੍ਹਾ ਸੀ ਤੇ ਅੱਖਾਂ-ਅੱਖਾਂ ਡਰਾਵਨੀਆਂ। ਕਲਪਨਾ ਕਰੋ, ਅੱਖਾਂ ਸੁੱਜ ਕੇ ਬਾਹਰ ਵੱਲ ਨਿਕਲੀਆਂ ਹੋਈਆਂ ਸਨ-ਨਾ ਤਾਂ ਉਹਨਾਂ ਦੀਆਂ ਪੁਤਲੀਆਂ ਸਨ, ਨਾ ਹੀ ਪਿਛਲਾ ਸਫ਼ੈਦ ਹਿੱਸਾ। ਪਰ ਉਹਨਾਂ ਦੀ ਚਮਕ ਤੇ ਦਮਕ ਦੋਵੇਂ ਕਾਇਮ ਸਨ-ਬਿਲਕੁਲ ਇੰਜ ਜਿਵੇਂ ਮਿਸ ਇੰਟ ਦੀ ਉਂਗਲ ਵਿਚ ਪਏ ਇਸ ਪੱਥਰ ਦੀ ਐ।...
''ਤੇ ਜਦੋਂ ਅਸੀਂ ਉਹਨਾਂ ਦੀ ਜਾਂਚ-ਪੜਤਾਲ ਕੀਤੀ ਤਾਂ ਦੇਖਿਆ ਕਿ ਉਹ ਅਸਲੀ ਓਪਲ ਸਨ। ਬਾਅਦ ਵਿਚ ਉਹਨਾਂ ਦਾ ਰਸਾਇਨਕ ਵਿਸ਼ਲੇਸ਼ਣ ਕਰਵਾਉਣ 'ਤੇ ਵੀ ਇਹੀ ਪਤਾ ਲੱÎਗਿਆ। ਅੱਖਾਂ ਕੀਮਤੀ ਨਗ ਓਪਲ ਵਿਚ ਕਿੰਜ ਬਦਲ ਗਈਆਂ, ਮੇਰੇ ਲਈ ਇਹ ਸਦਾ ਇਕ ਬੁਝਾਰਤ ਹੀ ਰਹੇਗੀ। ਇਕ ਬਜ਼ੁਰਗ ਬ੍ਰਾਹਮਣ ਨੇ, ਜਿਸ ਨੂੰ ਮੈਂ ਇਸ ਬਾਰੇ ਪੁੱÎਛਿਆ ਸੀ, ਦਾਅਵੇ ਨਾਲ ਕਿਹਾ ਕਿ ਤਥਾਕਥਿਤ ਤੰਤਰ ਵਿਦਿਆ ਨਾਲ ਇੰਜ ਕੀਤਾ ਜਾ ਸਕਦਾ ਹੈ। ਇੰਜ ਮਨੋਬਲ ਨਾਲ ਹੁੰਦਾ ਹੈ ਤੇ ਇਹ ਪ੍ਰਕ੍ਰਿਆ ਬੜੀ ਸ਼ੋਹਲੀ ਹੁੰਦੀ ਹੈ। ਪਰ ਇਸ ਗੱਲ ਉੱਤੇ ਕੌਣ ਯਕੀਨ ਕਰੇਗਾ। ਉਸ ਬ੍ਰਾਹਮਣ ਨੇ ਇਹ ਵੀ ਦੱÎਸਿਆ ਕਿ 'ਭਾਰਤ ਦੇ ਸਾਰੇ ਓਪਲ ਰਤਨਾਂ ਦੀ ਉਤਪਤੀ ਇਵੇਂ ਹੋਈ ਤੇ ਹੁੰਦੀ ਹੈ...ਤੇ ਇਹ ਰਤਨ ਪਾਉਣ ਵਾਲੇ ਲਈ ਬੜੇ ਅਸ਼ੁਭ ਸਿੱਧ ਹੁੰਦੇ ਨੇ, ਕਿਉਂਕਿ ਵਿਨਾਸ਼ ਦੀ ਦੇਵੀ ਦੁਰਗਾ ਦੇ ਚੜ੍ਹਾਵੇ ਲਈ ਸਿਰਫ ਅੱਖਾਂ ਹੀ ਬਚਦੀਆਂ ਨੇ'।''
ਕਿੱਸੇ ਨੂੰ ਸੁਣਨ ਵਾਲੇ ਕਿੱਸੇ ਦੇ ਪ੍ਰਭਾਵ ਸਦਕਾ ਬਿਨਾਂ ਕੁਝ ਬੋਲੇ ਸਿਲ-ਪੱਥਰ ਹੋਏ ਖੜ੍ਹੇ ਸਨ। ਮਿਸ ਇੰਟ ਆਪਣੀ ਅੰਗੂਠੀ ਨਾਲ ਛੇੜਛਾੜ ਕਰ ਰਹੀ ਸੀ।
''ਤੁਹਾਨੂੰ ਵਿਸ਼ਵਾਸ ਹੈ ਮਿਸਟਰ ਜੈਨਿੰਗਸ, ਕਿ ਓਪਲ ਸੱਚਮੁੱਚ ਇਸੇ ਕਾਰਣ ਅਸ਼ੁਭ ਹੁੰਦੇ ਨੇ ?'' ਅੰਤ ਵਿਚ ਉਹ ਬੋਲੀ।
''ਜੇ ਤੁਹਾਨੂੰ ਵਿਸ਼ਵਾਸ ਹੈ ਤਾਂ ਕ੍ਰਿਪਾ ਕਰਕੇ ਇਸ ਨਗ ਨੂੰ ਨਸ਼ਟ ਕਰ ਦਿਓ।''
ਤੇ ਮਿਸਟਰ ਜੈਨਿੰਗਸ ਨੇ ਮੇਜ਼ ਉੱਤੇ ਪੇਪਰ ਵੇਟ ਦੇ ਰੂਪ ਵਿਚ ਰੱਖੇ ਲੋਹੇ ਦੇ ਇਕ ਨੁਕੀਲੇ ਟੁਕੜੇ ਨੂੰ ਚੁੱÎਕਿਆ ਤੇ ਉਸ ਨਾਲ ਹੌਲੀ ਹੌਲੀ ਓਪਲ ਉਪਰ ਸੱਟਾਂ ਲਾਉਣ ਲੱਗ ਪਏ ਤੇ ਤਦ ਇੰਜ ਕਰਦੇ ਰਹੇ ਜਦ ਤਕ ਉਹ ਸਿੱਪੀਆਂ ਵਾਂਗ ਅਨੇਕਾਂ ਚਮਕਦਾਰ ਟੁਕੜਿਆਂ ਦੇ ਰੂਪ ਵਿਚ ਵਟ ਕੇ ਹੇਠਾਂ ਨਹੀਂ ਡਿੱਗ ਪਿਆ।
(... ਮਾਇਰਿੰਕ ਕਦੀ ਭਾਰਤ ਨਹੀਂ ਆਏ, ਇਸੇ ਲਈ ਭਾਰਤ ਬਾਰੇ ਉਹਨਾਂ ਦੀ ਜਾਣਕਾਰੀ ਵਧੇਰੇ ਠੋੋਸ ਨਹੀਂ ਜਾਪਦੀ। ਇਸੇ ਕਰਕੇ ਉਹਨਾਂ ਦੀ ਇਸ ਕਹਾਣੀ ਵਿਚ ਭੂਗੋਲ ਤੇ ਤੱਥਾਂ ਨਾਲ ਸੰਬੰਧਤ ਕੁਝ ਉਣਤਾਈਆਂ ਨਜ਼ਰ ਆਉਂਦੀਆਂ ਹਨ, ਜਿਵੇਂ ਕਾਲ ਭੈਰਵ ਨੂੰ ਦੇਵੀ ਦੱਸਣਾ ਤੇ ਮਦਰਾਸ ਵਿਚ ਗੰਗਾ ਨਦੀ ਵਹਿੰਦੀ ਦੱਸਣਾ। ਅਸਲ ਵਿਚ ਅਜਿਹੀਆਂ ਕਹਾਣੀਆਂ ਭਾਰਤੀ ਮਿਥਕ ਨੂੰ ਪੱਕੇ ਪੈਰੀਂ ਕਰਨ ਲਈ ਲਿਖੀਆਂ ਜਾਂਦੀਆਂ ਨੇ...ਇਸ ਵਿਗਿਆਨ ਦੇ ਯੁੱਗ ਵਿਚ ਇਕ ਵਰਗ ਅਜਿਹਾ ਵੀ ਹੈ ਜਿਹੜਾ ਚਾਹੁੰਦਾ ਹੈ ਕਿ ਲੋਕਾਂ ਹਮੇਸ਼ਾ ਵਹਿਮਾਂ-ਭਰਮਾਂ ਦੇ ਸ਼ਿਕਾਰ ਰਹਿਣ। ਸੋ ਇਹ ਇਕ ਓਪਲ ਦੀ ਝੂਠੀ ਕਹਾਣੀ ਹੈ-ਅਨੁ.)
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
e-mail : mpbedijaitu0yahoo.co.in

ਇਕ ਛਾਪਾਮਾਰ ਦਾ ਪਾਪ-ਸਵੀਕਾਰ :: ਲੇਖਕ : ਹਾਮਾ ਤੁਮਾ

ਅਫ਼ਰੀਕੀ ਕਹਾਣੀ : ਇਕ ਛਾਪਾਮਾਰ ਦਾ ਪਾਪ-ਸਵੀਕਾਰ : ਲੇਖਕ : ਹਾਮਾ ਤੁਮਾ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


(ਹਾਮਾ ਤੁਮਾ ਦਾ ਜਨਮ 1950 ਵਿਚ ਆਦਿਸ ਅਬਾਬਾ ਵਿਚ ਹੋਇਆ। ਉਹਨਾਂ ਨੇ ਹੇਲ ਸਲਾਸੀ ਯੂਨੀਵਰਸਟੀ ਵਿਚ ਅਧਿਅਨ ਕੀਤਾ ਤੇ ਵਰ੍ਹਿਆਂ ਤੀਕ ਇਥਿਯੋਪੀਆ ਦੇ ਮੈਂਗਿਸਤੁ ਸ਼ਾਸਨ ਦਾ ਖੁੱਲ੍ਹ ਕੇ ਵਿਰੋਧ ਕੀਤਾ। ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚੋਂ ਇਕ ਹੈ ਉਹਨਾਂ ਦਾ ਅੰਗਰੇਜ਼ੀ ਵਿਚ ਛਪਿਆ ਕਾਵਿ ਸੰਗ੍ਰਹਿ 'ਆਫ ਸਪੇਡਸ ਐਂਡ ਇਥਿਯੋਪਿਯੰਸ' ਤੇ ਇਕ ਕਹਾਣੀ ਸੰਗ੍ਰਹਿ 'ਦਿ ਕੇਸ ਆਫ ਦਿ ਸੋਸ਼ਲਿਸਟ ਵਿਚਡਾਕਟਰ'-ਅਨੁ.।)
ਬੁੱਢਾ ਆਦਮੀ ਮੁਸਕੁਰਾਇਆ। ਉਸ ਦੀਆਂ ਭੂਰੀਆਂ ਅੱਖਾਂ ਉਦਾਸ ਸਨ।
“ਮੈਨੂੰ ਕਹਿ ਦਿਓ ਕਿ ਮਰਨ ਵਾਲਾ ਹਾਂ, ਮੈਂ ਤੁਹਾਨੂੰ ਅਸ਼ੀਰਵਾਦ ਦਿਆਂਗਾ।” ਉਸਨੇ ਕਿਹਾ।
ਮੈਂ ਜਾਣਦਾ ਸਾਂ ਕਿ ਉਹ ਮਰ ਰਿਹਾ ਹੈ। ਹਾਲਾਂਕਿ ਮੈਂ ਕੋਈ ਡਿਗਰੀਧਾਰੀ ਡਾਕਟਰ ਨਹੀਂ ਸਾਂ ਤੇ ਨਾ ਹੀ ਯੂਨੀਵਰਸਟੀ ਵਿਚ ਆਪਣੀ ਡਾਕਟਰੀ ਦੀ ਪੜ੍ਹਾਈ ਹੀ ਪੂਰੀ ਕਰ ਸਕਿਆ ਸਾਂ, ਪਰ ਮੈਂ ਛੇ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਜੰਗਲ ਵਿਚ ਡਾਕਟਰੀ ਕਰ ਰਿਹਾ ਸਾਂ। ਇਸ ਦੌਰਾਨ ਮੈਂ ਹਰ ਕਿਸਮ ਦੇ ਜ਼ਖ਼ਮੀਆਂ ਤੇ ਰੋਗੀਆਂ ਨੂੰ ਵੇਖਿਆ ਸੀ...ਭਿਅੰਕਰ ਰੂਪ ਵਿਚ ਬਿਮਾਰ ਲੋਕ, ਮਰਦੇ ਹੋਏ ਲੋਕ...ਤੇ ਮੈਂ ਕਹਿ ਸਕਦਾ ਸਾਂ ਕਿ ਇਹ ਬੁੱਢਾ ਆਦਮੀ ਵੀ ਮਰਨ ਵਾਲਾ ਹੈ। ਉਹ ਕਮਜ਼ੋਰ ਸੀ, ਉਸ ਵਿਚ ਖ਼ੂਨ ਦੀ ਕਮੀ ਸੀ, ਤੇ ਸ਼ਾਇਦ ਉਸਦਾ ਖ਼ੂਨ, ਪਾਣੀ ਵੀ ਬਣਨ ਲੱਗ ਪਿਆ ਸੀ। ਪਰ ਮੇਰੇ ਕੋਲ ਇਹ ਸਿੱਧ ਕਰਨ ਦਾ ਕੋਈ ਸਾਧਨ ਨਹੀਂ ਸੀ। ਲੇਬਾਰਟਰੀ ਵਿਚ ਉਸਦੀ ਭਰਪੂਰ ਜਾਂਚ ਦੀ ਬੜੀ ਸਖ਼ਤ ਲੋੜ ਸੀ। ਪਰ ਇਕ ਛਾਪਾਮਾਰ ਦਲ ਦਾ ਡਾਕਟਰ ਹੋਣ ਦੇ ਨਾਤੇ ਇਹ ਮੇਰੇ ਬੂਤੇ ਤੋਂ ਬਾਹਰ ਸੀ। ਮੈਨੂੰ ਇਸ ਗੱਲ ਦੀ ਵੀ ਸ਼ੰਕਾ ਸੀ ਕਿ ਜੇ ਮੈਂ ਉਸਦੇ ਰੋਗ ਦਾ ਪਤਾ ਲਾ ਵੀ ਲਵਾਂ, ਤਾਂ ਵੀ ਮੇਰੇ ਕੋਲ ਸ਼ਾਇਦ ਉਸਦੇ ਇਲਾਜ਼ ਲਈ ਜ਼ਰੂਰੀ ਦਵਾਈਆਂ ਦਾ ਪ੍ਰਬੰਧ ਨਹੀਂ ਹੋਣਾ।
“ਤੁਸੀਂ ਠੀਕ ਹੋ ਜਾਓਗੇ।” ਮੈਂ ਝੂਠ ਬੋਲਿਆ।
“ਤੂੰ ਬੜਾ ਦਿਆਲੂ ਏਂ।” ਪੂਰੀ ਤਰ੍ਹਾਂ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਸਨੂੰ ਸੱਚ ਨਹੀਂ ਦੱਸ ਰਿਹਾ, ਉਸਨੇ ਹੰਢੇ-ਵਰਤੇ ਆਦਮੀ ਵਾਂਗ ਕਿਹਾ, “ਪਰ ਮੈਨੂੰ ਲੱਗਦਾ ਏ, ਮੇਰਾ ਅੰਤ ਨਜ਼ਦੀਕ ਏ। ਵੈਸੇ ਵੀ ਸਮਾਂ ਆ ਗਿਆ ਏ ਕਿ ਮੈਂ ਖ਼ੁਦ ਨੂੰ ਪੈਦਾ ਕਰਨ ਵਾਲੇ ਨੂੰ ਮਿਲਾਂ, ਤੇ ਉਸਦਾ ਫੈਸਲਾ ਸੁਣਾ। ਤੂੰ ਆਪਣੀਆਂ ਕੀਮਤੀ ਦਵਾਈਆਂ ਮੇਰੇ ਉੱਤੇ ਜ਼ਾਇਆ ਨਾ ਕਰ। ਇਹ ਤੂੰ ਆਪਣੇ ਬਿਮਾਰ ਤੇ ਜ਼ਖ਼ਮੀ ਦੋਸਤਾਂ ਲਈ ਰੱਖ ਛੱਡ। ਉਹਨਾਂ ਵਿਚਾਰਿਆਂ ਨੂੰ ਇਹਨਾਂ ਦੀ ਵਧੇਰੇ ਲੋੜ ਏ।”
ਦੂਰ-ਦਰਾਜ ਦੇ ਪ੍ਰਸਿੱਧ ਵਾਲਦਿਬਾ ਮਠ ਦੇ ਪੁਰੋਹਤ ਸਾਡੇ ਛਾਪਾਮਾਰਾਂ ਬਾਰੇ ਗੱਲ ਕਰਦੇ ਤਾਂ ਹਮੇਸ਼ਾ ਇਕ ਉਦਾਸੀ ਨਾਲ ਬੋਲਦੇ। ਉਹਨਾਂ ਵਿਚੋਂ ਵਧੇਰੇ ਕਹਿੰਦੇ–“ਆਹ, ਕੇਡੇ ਭਰਪੂਰ ਜੀਵਨ ਨਾਲ ਛਲਕਦੇ ਨੌਜਵਾਨ ਨੇ ਇਹ! ਪਰ ਫੇਰ ਵੀ ਛੇਤੀ ਹੀ ਮਰ ਜਾਣੇ ਨੇ!” ਉਹਨਾਂ ਵਿਚੋਂ ਕੁਝ ਰੋਣ ਲੱਗ ਪੈਂਦੇ, ਕੁਝ ਦੁੱਖੀ ਹੋ ਕੇ ਸਿਰ ਹਿਲਾਉਣ ਲੱਗਦੇ ਤੇ ਕੁਝ ਸਿਰਫ ਮੂੰਹ ਭੁੰਆਂ ਲੈਂਦੇ ਤਾਂ ਕਿ ਸਾਨੂੰ ਵੇਖ ਕੇ ਉਹਨਾਂ ਨੂੰ ਦੁੱਖ ਨਾ ਹੋਵੇ।
ਵਾਲਦਿਬਾ ਦਾ ਇਹ ਮਠ ਬੜਾ ਪ੍ਰਸਿੱਧ ਹੈ। ਸਦੀਆਂ ਪੁਰਾਣਾ ਹੈ ਇਹ । ਇਸ ਵਿਚ ਔਰਤਾਂ ਦੇ ਆਉਣ 'ਤੇ ਪਾਬੰਦੀ ਹੈ। ਇਸਦੀ ਆਪਣੀ ਧਰਮਸੱਤਾ ਹੈ; ਜਿਸਦਾ ਆਪਣਾ ਵਿਧਾਨ ਹੈ ਤੇ ਆਪਣੇ ਕਠੋਰ ਨਿਯਮ ਨੇ। ਕੋਈ ਵੀ ਵਿਅਕਤੀ ਜਿਸ ਦਾ ਮਨ ਭੌਤਿਕ ਸੰਸਾਰ ਤੋਂ ਉਚਾਟ ਹੋ ਚੁੱਕਿਆ ਹੋਵੇ, ਇਸ ਮਠ ਵਿਚ ਆ ਸਕਦਾ ਹੈ। ਨਵੇਂ ਆਉਣ ਵਾਲੇ ਲੋਕ ਪਹਿਲੇ ਇਕ ਜਾਂ ਦੋ ਸਾਲ ਸੇਵਾ ਕਰਦੇ ਨੇ, ਜਿਵੇਂ ਪਸ਼ੂਆਂ ਦੀ ਦੇਖਭਾਲ, ਮਠ ਦੀ ਜ਼ਮੀਨ 'ਤੇ ਵਾਹੀ ਬਿਜਾਈ, ਪਾਣੀ ਭਰ ਕੇ ਲਿਆਉਣਾ, ਮਠ ਦੇ ਆਪਣੇ ਸੰਚਾਈ ਤੰਤਰ ਦੀ ਮਦਦ ਨਾਲ ਕੇਲਿਆਂ ਦੇ ਬਾਗ ਦੀ ਦੇਖ-ਭਾਲ ਕਰਨਾ। ਇਸ ਸੇਵਾ ਕਾਲ ਪਿੱਛੋਂ ਉਹਨਾਂ ਦੀ ਪਦ-ਉਂਨਤੀ ਹੋ ਜਾਂਦੀ ਹੈ। ਹਰੇਕ 'ਪੁਰੋਹਿਤ' ਜਾਂ ਇਕਾਂਤ ਵਾਸੀ ਨੂੰ ਉਸਦੀ ਆਪਣੀ ਕੁਟੀਆ ਮਿਲ ਜਾਂਦੀ ਹੈ। ਉਹ ਦਿਨ ਭਰ ਤੇ ਸਾਰੀ ਸਾਰੀ ਰਾਤ ਪ੍ਰਾਥਨਾਵਾਂ ਕਰਦੇ ਹੋਏ ਆਪਣਾ ਸਾਰਾ ਸਮਾਂ ਆਪਣੀ ਕੁਟੀਆ ਵਿਚ ਹੀ ਬਿਤਾਉਂਦੇ ਨੇ। ਇਸੇ ਲਈ ਉਹਨਾਂ ਦਾ ਰੰਗ ਚਿੱਟਾ ਜਾਂ 'ਬੱਗਾ' ਹੋ ਜਾਂਦਾ ਹੈ। ਇੱਥੋਂ ਦਾ ਜੀਵਨ ਸਾਦਾ ਤੇ ਕਠੋਰ ਹੈ–ਨਸ਼ੇ ਵਾਲਾ ਕੋਈ ਪੇਅ ਨਹੀਂ, ਭੋਜਨ ਵਿਚ ਸਿਰਫ ਮਸਲੇ ਹੋਏ ਕੇਲੇ, ਜਿਹਨਾਂ ਵਿਚ ਥੋੜ੍ਹਾ ਸ਼ਹਿਦ ਜਾਂ ਸ਼ੀਰਾ ਮਿਲਾ ਦਿੱਤਾ ਜਾਂਦਾ ਹੈ। ਨਾ ਮਾਸ, ਨਾ ਆਟੇ ਵਿਚ ਖਮੀਰ ਪਾ ਕੇ ਬਣਾਈ ਗਈ ਰੋਟੀ।...ਤੇ ਆਮ ਤੌਰ 'ਤੇ ਬਹੁਤ ਸਾਰੇ ਮਠ ਵਾਸੀ ਲੰਮੇਂ ਇਕਾਂਤਵਾਸ ਵਿਚ ਚਲੇ ਜਾਂਦੇ ਨੇ। ਇਸ ਦੌਰਾਨ ਨਾ ਤਾਂ ਕੋਈ ਉਹਨਾਂ ਨੂੰ ਮਿਲਣ ਆਉਂਦਾ ਹੈ, ਨਾ ਉਹ ਕਿਸੇ ਨੂੰ ਮਿਲਣ ਜਾਂਦੇ ਨੇ। ਉਹ ਆਪਣੀ ਕੁਟੀਆ ਵਿਚ ਸਭਨਾਂ ਨਾਲੋਂ ਟੁੱਟੇ ਰਹਿੰਦੇ ਨੇ ਤੇ ਟੱਟੀ-ਪਾਣੀ ਜਾਣ ਲਈ ਵੀ ਘੁੱਪ ਹਨੇਰੀ ਰਾਤ ਵਿਚ ਹੀ ਬਾਹਰ ਨਿਕਲਦੇ ਨੇ।
“ਮੈਂ ਤੈਨੂੰ ਆਪਣਾ ਇਲਾਜ਼ ਕਰਨ ਲਈ ਨਹੀਂ ਬੁਲਾਇਆ।” ਬੁੱਢੇ ਪੁਰੋਹਿਤ ਨੇ ਕਿਹਾ, “ਮੈਨੂੰ ਤੇਰੇ ਤੀਕ ਇਕ ਹੋਰ ਕੰਮ ਏਂ।”
“ਮੇਰੇ ਵੱਸਦਾ ਹੋਇਆ, ਤਾਂ ਮੈਂ ਜ਼ਰੂਰ ਕਰਾਂਗਾ।” ਮੈਂ ਝੱਟ ਕਿਹਾ।
“ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ 'ਕਨਫੈਸ਼ਨ' (ਪਾਪ-ਸਵੀਕਾਰ) ਸੁਣ ਲੈ।” ਬੁੱਢੇ ਆਦਮੀ ਨੇ ਸ਼ਾਂਤ ਭਾਵ ਨਾਲ ਪਰ ਇੰਜ ਕਿਹਾ ਜਿਵੇਂ ਉਹਨੇ ਮੈਨੂੰ ਮੇਰੀ ਬੇਧਿਆਨੀ ਵਿਚ ਅਚਾਨਕ ਫੜ੍ਹ ਲਿਆ ਹੋਵੇ।
'ਮੇਰਾ ਪਾਪ-ਸਵੀਕਾਰ ਸੁਣ ਲੈ।' ਇਕ ਮਠ ਵਾਸੀ ਪੁਰੋਹਿਤ ਦਾ ਪਾਪ-ਸਵੀਕਾਰ! ਮੇਰੇ ਚਿਹਰੇ ਨੇ ਜ਼ਰੂਰ ਮੇਰੀ ਅੰਦਰਲੀ ਹੈਰਾਨੀ ਨੂੰ ਉਸ ਉੱਤੇ ਜ਼ਾਹਿਰ ਕਰ ਦਿੱਤਾ ਹੋਵੇਗਾ, ਕਿਉਂਕਿ ਉਹ ਮੁਸਕੁਰਾਇਆ। ਉਸਦੀਆਂ ਅੱਖਾਂ ਹੁਣ ਵੀ ਉਦਾਸ ਸਨ ਤੇ ਉਸਨੇ ਮੈਨੂੰ ਗਰਦਨ ਹਿਲਾਅ ਕੇ ਨੇੜੇ ਆਉਣ ਦਾ ਇਸ਼ਾਰਾ ਕੀਤਾ। ਮੈਂ ਬਰਚ ਦੀ ਲੱਕੜ ਦੀ ਬਣੀ ਤਿਪਾਈ ਚੁੱਕੀ ਤੇ ਉਸਦੇ ਬਿਸਤਰੇ ਕੋਲ ਜਾ ਕੇ ਬੈਠ ਗਿਆ। ਉਸ ਵਿਚੋਂ ਲੁਬਾਨ ਦੀ ਓਹੀ ਮਹਿਕ ਆ ਰਹੀ ਸੀ, ਜਿਹੜੀ ਉਸ ਛੋਟੀ ਜਿਹੀ ਕੁਟੀਆ ਵਿਚ ਵੱਸੀ ਹੋਈ ਸੀ।
“ਸ਼ਾਇਦ ਤੈਨੂੰ ਹੈਰਾਨੀ ਹੋ ਰਹੀ ਹੋਵੇਗੀ ਕਿ ਆਪਣਾ ਪਾਪ-ਸਵੀਕਾਰ ਪੁਰੋਹਿਤਾਂ ਸਾਹਮਣੇ ਕਰਨ ਦੀ ਬਜਾਏ ਤੇਰੇ ਸਾਹਮਣੇ ਕਿਉਂ ਕਰ ਰਿਹਾ ਆਂ ਮੈਂ?” ਉਸਨੇ ਪ੍ਰਭਾਵਸ਼ਾਲੀ ਢੰਗ ਨਾਲ ਬੋਲਣਾ ਸ਼ੁਰੂ ਕੀਤਾ। ਮੈਂ ਇਨਕਾਰ ਵਿਚ ਸਿਰ ਹਿਲਾਇਆ ਤਾਂ ਉਹਨੇ ਕਿਹਾ, “ਕਾਰਨ ਬੜਾ ਸਿੱਧਾ ਏ। ਤੂੰ ਇਕ ਛਾਪਾਮਾਰ ਏਂ, ਜਿਸਨੇ ਆਪਣੀ ਜ਼ਿੰਦਗੀ ਦੂਜਿਆਂ ਦੀ ਜ਼ਿੰਦਗੀ ਬਚਾਉਣ ਖਾਤਰ ਸਮਰਪਤ ਕੀਤੀ ਹੋਈ ਏ। ਤੂੰ ਡਾਕਟਰ ਏਂ ਤੇ ਗਰੀਬਾਂ ਦੀ ਸੇਵਾ ਕਰਦਾ ਏਂ। ਅਹਿ ਮੇਰਾ, ਤੇ ਦੂਜਿਆਂ ਦਾ ਇਲਾਜ਼ ਕਰਨ ਤੂੰ ਬਥੇਰੀ ਵਾਰ ਆਇਆ ਏਂ। ਮੈਂ ਤੈਨੂੰ ਹਮੇਸ਼ਾ ਈ ਬੜਾ ਨੇਕ ਦਿਲ ਤੇ ਬੜਾ ਹੀ ਨਿਮਰ ਵੇਖਿਆ ਏ। ਮੁੱਖ ਗੱਲ ਇਹ ਆ ਕਿ ਤੂੰ ਦੂਜਿਆਂ ਦੀ ਸੇਵਾ ਕਰਨ ਤੇ ਦੂਜਿਆਂ ਲਈ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਏ। ਮੈਂ ਈਸਾ ਮਸੀਹ ਦਾ ਓਨਾਂ ਅਨੁਯਾਯੀ ਨਹੀਂ, ਜਿੰਨਾ ਕਿ ਤੂੰ ਏਂ। ਨਹੀਂ ਮੇਰੀ ਗੱਲ ਦਾ ਵਿਰੋਧ ਨਾ ਕਰ, ਕਿਉਂਕਿ ਇਹ ਖਰਾ-ਸੱਚ ਏ। ਮੈਂ ਕੀ ਕੀਤਾ ਏ? ਮੈਂ ਖ਼ੁਦ ਨੂੰ ਇਹਨਾਂ ਕੰਧਾਂ ਵਿਚ ਕੈਦ ਕਰ ਲਿਆ ਏ, ਬਾਹਰਲੀ ਦੁਨੀਆਂ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਜਦਕਿ ਉਹ ਅਜੇ ਵੀ ਮੇਰਾ ਪਿੱਛਾ ਕਰਦੀ ਪਈ ਏ...ਤੇ ਮੈਂ ਇੰਜ ਸਿਰਫ ਆਪਣੇ ਆਪ ਨੂੰ ਬਚਾਉਣ ਖਾਤਰ ਕੀਤਾ ਏ। ਬਾਹਰ ਦੁਨੀਆਂ 'ਚ ਜਿਹੜਾ ਅਨਿਆਂ ਹੋ ਰਿਹੈ, ਉਸ ਬਾਰੇ ਮੈਂ ਸਭ ਕੁਛ ਜਾਣਦਾ ਆਂ। ਪਰ ਉਸਦੇ ਵਿਰੁੱਧ ਸੰਘਰਸ਼ ਕਰਨ ਲਈ ਮੈਂ ਜੋ ਕੀਤਾ, ਉਹ ਤਾਂ ਕੁਛ ਵੀ ਨਹੀਂ। ਬਲਿਕੇ ਮੈਂ ਤਾਂ ਭੱਜ ਆਇਆਂ...ਤੇ ਏਥੇ ਇਸ ਮਠ 'ਚ ਆ ਕੇ ਲੁਕ ਗਿਆਂ। ਦੁਖੀਆਂ ਦੀ ਚਿੰਤਾ ਕੌਣ ਕਰਦਾ ਏ ? ਜਦੋਂ ਸ਼ਾਸਕ ਗਰੀਬਾਂ ਨੂੰ ਕੁਚਲ ਰਹੇ ਹੁੰਦੇ ਨੇ, ਤਾਂ ਕਿਹੜਾ ਨਿਆਂ ਲਈ ਆਵਾਜ਼ ਉਠਾਉਂਦਾ ਏ ? ਕੌਣ ਉਹਨਾਂ ਲੋਕਾਂ ਦੇ ਅੱਥਰੂ ਪੂੰਝਦਾ ਏ, ਜਿਹਨਾਂ ਦੇ ਪੁੱਤ-ਧੀਆਂ ਰੋਜ਼ ਮਾਰੇ ਜਾ ਰਹੇ ਹੁੰਦੇ ਨੇ ? ਜਦੋਂ ਤੇਰੀ ਮਾਂ ਤੇਰੇ ਲਈ ਫਿਕਰ ਕਰ ਰਹੀ ਹੁੰਦੀ ਏ ਤਾਂ ਕੌਣ ਉਹਨੂੰ ਦਿਲਾਸਾ ਦੇਂਦਾ ਏ ?ਮੈਂ ਤਾਂ ਨਹੀਂ। ਯਕੀਨਨ, ਮੈਂ ਬਿਹਤਰ ਦਿਨਾਂ ਲਈ ਤੇ ਪੀੜਾਂ ਪਰੁੱਚੇ ਇਹਨਾਂ ਵਰ੍ਹਿਆਂ ਦੀ ਸਮਾਪਤੀ ਲਈ ਪ੍ਰਾਰਥਨਾ ਕਰਦਾ ਹਾਂ। ਪਰ ਸਿਰਫ ਪ੍ਰਾਰਥਨਾਵਾਂ ਕਰਨੀਆਂ ਕਾਫੀ ਨਹੀਂ...ਈਸਾ ਸਾਡੇ ਪਾਪਾ ਦੀ ਸਜ਼ਾ ਭੋਗਣ ਲਈ ਖ਼ੁਦ ਧਰਤੀ 'ਤੇ ਆਇਆ ਸੀ। ਸਾਨੂੰ ਵੀ ਉਸੇ ਵਾਂਗ ਕਰਨਾ ਚਾਹੀਦਾ ਏ। ਪਰ ਮੈਂ ਓਵੇਂ ਨਹੀਂ ਕੀਤਾ।”
ਮੈਂ ਉਸਦੀ ਗੱਲ ਦਾ ਵਿਰੋਧ ਕਰਨਾ ਚਾਹੁੰਦਾ ਸਾਂ। ਉਸਨੂੰ ਦੱਸਣਾ ਚਾਹੁੰਦਾ ਸਾਂ ਕਿ ਉਹ ਸਿਰਫ ਆਪਣੇ ਲਈ ਨਹੀਂ, ਬਲਿਕੇ ਸਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤੇ ਇੰਜ ਆਪਣੇ ਢੰਗ ਨਾਲ ਸਾਡੀ ਮਦਦ ਕਰ ਰਿਹਾ ਹੈ। ਪਰ ਮੈਂ ਕੁਝ ਕਹਿ ਨਹੀਂ ਸੀ ਸਕਿਆ; ਚੁੱਪਚਾਪ ਉਸ ਵੱਲ ਦੇਖਦਾ ਰਿਹਾ ਸਾਂ ਤੇ ਉਸਨੇ ਆਪਣੀ ਕਹਾਣੀ ਸ਼ੁਰੂ ਕਰ ਦਿੱਤੀ ਸੀ–ਕੇਡੀ ਵਚਿੱਤਰ ਕਹਾਣੀ ਸੀ ਉਹ!
“ਇੱਥੇ ਵਾਲਦਿਬਾ ਵਿਚ ਰਹਿਣ ਵਾਲੇ ਸਾਡੇ ਲੋਕਾਂ ਵਿਚੋਂ ਬਹੁਤ ਸਾਰੇ ਲੋਕ ਸ਼ੁਰੂ ਤੋਂ ਹੀ ਪੁਰੋਹਿਤ ਨਹੀਂ ਸਨ।” ਉਸਨੇ ਕਿਹਾ, “ਤੰੂੰ ਜਾਣਦਾ ਏਂ, ਮੇਰੇ ਵਰਗੇ ਏਥੇ ਕਈ ਲੋਕ ਨੇ, ਜਿਹੜੇ ਪੁਰੋਹਿਤ ਨਹੀਂ। ਮੇਰੇ ਵਰਗੇ ਕਈ ਲੋਕ ਸ਼ਹਿਰਾਂ ਤੋਂ ਤੇ ਦੂਜੇ ਲੋਕ ਪਿੰਡਾਂ 'ਚੋਂ ਇੱਥੇ ਆਏ ਨੇ। ਅਸੀਂ ਸਾਰੇ ਏਥੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਆਏ ਸਾਂ। ਕਈਆਂ ਨੇ ਹੱਤਿਆਵਾਂ ਕੀਤੀਆਂ ਸੀ, ਤੇ ਬਾਕੀਆਂ ਨੇ ਕੋਈ ਹੋਰ ਪਾਪ। ਇੱਥੇ ਆ ਕੇ ਕੁਛ ਲੋਕ ਤਾਂ ਆਪਣੇ ਪਾਪਾ ਦਾ ਪ੍ਰਾਸ਼ਚਿਤ ਕਰਨ ਵਿਚ ਸਫਲ ਹੋ ਜਾਂਦੇ ਨੇ, ਪਰ ਬਾਕੀ ਸਾਰੇ ਕਮਜ਼ੋਰ ਪੈ ਜਾਂਦੇ ਨੇ ਤੇ ਇੱਥੇ ਇਸ ਮਠ ਵਿਚ ਰਹਿੰਦੇ ਹੋਏ ਵੀ ਪਹਿਲਾਂ ਨਾਲੋਂ ਕਿਤੇ ਵਧ ਪਾਪ ਕਰਨ ਲੱਗ ਪੈਂਦੇ ਨੇ। ਸਾਜਿਸ਼ਾਂ ਕਰਨਾ, ਦੂਜਿਆਂ ਪ੍ਰਤੀ ਦੁਰਭਾਵਨਾ ਰੱਖਣਾ, ਪਿੱਠ ਪਿੱਛੇ ਦੂਜਿਆਂ ਦੀ ਬੁਰਿਆਈ ਕਰਨਾ, ਘਟੀਆ ਤੇ ਸਵਾਰਥਪੂਰਨ ਕੰਮ ਕਰਨਾ–ਇਹ ਸਭ ਵਾਲਦਿਬਾ ਵਿਚ ਵੀ ਹੁੰਦਾ ਏ।”
ਮੈਂ ਜਾਣਦਾ ਸਾਂ ਕਿ ਵਾਲਦਿਬਾ ਵਿਚ ਏਨਾ ਅਤੀਸੰਜਮ ਵਰਤਿਆ ਜਾਂਦਾ ਹੈ ਕਿ ਇੱਥੇ ਗਾਉਣਾ ਵੀ ਮਨ੍ਹਾਂ ਹੈ। ਇਸ ਲਈ ਕਿਤੇ ਕੁਝ ਅਸੰਭਵ ਦੇ ਵਾਪਰ ਜਾਣ 'ਤੇ ਲੋਕ ਕਹਿ ਦਿੰਦੇ ਸਨ ਕਿ 'ਵਾਲਦਿਬਾ ਵਿਚੋਂ ਵੀ ਤਾਂ ਕਦੇ ਕਦਾਈਂ ਗਾਉਣ ਦੀ ਆਵਾਜ਼ ਆ ਈ ਜਾਂਦੀ ਐ।' ਮੈਨੂੰ ਇਹ ਵੀ ਪਤਾ ਲਗਿਆ ਸੀ ਕਿ ਮਠ ਵਾਸੀਆਂ ਵਿਚ ਅੰਦਰੂਨੀ ਝਗੜੇ ਹੁੰਦੇ ਰਹਿੰਦੇ ਨੇ, ਜਿਹਨਾਂ ਦਾ ਕਾਰਨ ਹੈ ਮਠ ਦੀ ਸੰਪਤੀ 'ਤੇ ਕਬਜਾ ਕਰਨ ਤੇ ਉਸਦਾ ਮਨ ਚਾਹਿਆ ਇਸਤੇਮਾਲ ਕਰਨ ਲਈ ਹੋਣ ਵਾਲਾ ਸੱਤਾ ਸੰਘਰਸ਼। ਰਾਜਨੀਤੀ ਵੀ ਮਠ ਵਿਚ ਘੁਸ ਆਈ ਸੀ। ਇੱਥੋਂ ਦੇ ਕੁਝ ਲੋਕ ਸਰਕਾਰ ਦੇ ਸਮਰਥਕ ਸਨ ਤੇ ਕੁਝ ਸਾਡੇ ਛਾਪਾਮਾਰਾਂ ਦੇ।
“ਮੇਰਾ ਪਾਪ ਸਵੀਕਾਰ ਤੈਨੂੰ ਸਪਸ਼ਟ ਕਰ ਦਏਗਾ ਕਿ ਮੈਂ ਸੱਚ ਕਹਿ ਰਿਹਾ ਆਂ।” ਮਠਵਾਸੀ ਅਤੀ ਧੀਮੀ ਘੁਸਰ ਫੁਸਰੀ ਆਵਾਜ਼ ਵਿਚ ਕਹਿ ਰਿਹਾ ਸੀ। ਇਹ ਫੁਸਫੁਸਾਹਟ ਵਰ੍ਹਿਆਂ ਦੇ ਅਭਿਆਸ ਦਾ ਨਤੀਜਾ ਸੀ, ਕਿਉਂਕਿ ਮਠ ਵਿਚ ਉੱਚੀ ਆਵਾਜ਼ ਵਿਚ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।
“ਮੈਂ ਲਗਭਗ ਛੇ ਸਾਲ ਪਹਿਲਾਂ ਆਦਿਸ ਅਬਾਬਾ ਤੋਂ ਵਾਲਦਿਬਾ ਆਇਆ। ਮੈਂ ਆਪਣੀ ਪਿਛਲੀ ਜ਼ਿੰਦਗੀ ਵਿਚ ਇਕ ਰਿਟਾਇਰਡ ਪੁਲਿਸ ਵਾਲਾ ਸਾਂ। ਮੈਂ ਦੇਖ ਰਿਹਾਂ ਕਿ ਤੈਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਏ। ਪਰ ਵਾਲਦਿਬਾ ਵਚਿੱਤਰ ਲੋਕਾਂ ਨਾਲ ਭਰਿਆ ਪਿਆ ਏ। ਤੀਹ ਸਾਲ ਮੈਂ ਪੁਲਿਸ ਵਿਚ ਨੌਕਰੀ ਕੀਤੀ ਏ ਤੇ ਮੈਂ ਸਾਰਜੈਂਟ ਬਣ ਕੇ ਰਿਟਾਇਰ ਹੋਇਆ ਸਾਂ। ਪਰ ਮੈਂ ਕਦੀ ਕਿਸੇ ਲੜਾਈ ਵਿਚ ਨਹੀਂ ਗਿਆ ਤੇ ਮੈਂ ਕਦੀ ਕਿਸੇ ਮਨੁੱਖ ਦੀ ਜਾਨ ਨਹੀਂ ਲਈ। ਗਾਰਡ ਦੀ ਡਿਊਟੀ ਚੋਰਾਂ ਨੂੰ ਫੜ੍ਹਨਾ, ਰਾਤ ਦੀ ਗਸ਼ਤ–ਇਹੀ ਸਭ ਮੈਂ ਕੀਤਾ।
“1974 ਵਿਚ ਜਦੋਂ ਤਬਾਹੀ ਸ਼ੁਰੂ ਹੋਈ, ਉਦੋਂ ਤਕ ਮੈਂ ਰਿਟਾਇਰ ਹੋ ਚੁੱਕਿਆ ਸਾਂ। ਮੈਂ ਗਰੀਬ ਸਾਂ, ਪਰ ਖੁਸ਼ ਸਾਂ। ਮੇਰੇ ਦੋ ਬੇਟੇ ਸਕੂਲ ਵਿਚ ਪੜ੍ਹ ਰਹੇ ਸੀ ਤੇ ਮੈਨੂੰ ਮਾਣ ਸੀ ਕਿ ਮੈਂ ਉਹਨਾਂ ਨੂੰ ਆਪਣੇ ਬੂਤੇ, ਠੀਕ ਢੰਗ ਨਾਲ ਵੱਡਾ ਕੀਤਾ ਏ। ਉਹਨਾਂ ਦੀ ਮਾਂ, ਜਿਹੜੀ ਇਕ ਭਲੀ ਔਰਤ ਸੀ, ਉਹਨਾਂ ਨੂੰ ਮੇਰੇ ਜ਼ਿੰਮੇਂ ਛੱਡ ਕੇ ਜਵਾਨੀ ਵਿਚ ਹੀ ਚੱਲ ਵੱਸੀ ਸੀ। ਮੈਂ ਦੋਵਾਂ ਨੂੰ ਪਿਆਰ ਦਿੱਤਾ, ਦੁਬਾਰਾ ਸ਼ਾਦੀ ਨਹੀਂ ਕੀਤੀ ਤੇ ਉਹਨਾਂ ਦੋਵਾਂ ਲਈ ਪੂਰੀ ਮਿਹਨਤ ਕੀਤੀ। ਈਸ਼ਵਰ ਦੇ ਅਸ਼ੀਰਵਾਦ ਨਾਲ ਮੇਰੀ ਜ਼ਿੰਦਗੀ ਵਾਕਈ ਬੜੀ ਚੰਗੀ ਸੀ। ਵੱਡੇ ਬੇਟੇ ਨੇ ਹਾਈ ਸਕੂਲ ਪਾਸ ਕਰਨ ਪਿੱਛੋਂ ਆਪਣੇ ਆਪ ਹੀ ਆਪਣੇ ਲਈ ਇਕ ਨੌਕਰੀ ਲੱਭ ਲਈ ਤੇ ਅਸੀਂ ਇਕ ਛੋਟੀ ਜਿਹੀ ਦੁਕਾਨ ਖੋਲ੍ਹਣ ਦਾ ਇੰਤਜ਼ਾਮ ਕਰ ਲਿਆ, ਜਿਸ ਨੂੰ ਪੈਨਸ਼ਨ ਮਿਲਣ ਤੋਂ ਬਾਅਦ ਮੈਂ ਚਲਾਉਣ ਲੱਗਾ ਸਾਂ। ਫੇਰ ਕਿਸਮਤ ਨਾਲ ਉਸਨੂੰ ਇਕ ਵਜੀਫਾ ਲੱਗ ਗਿਆ ਤੇ ਫਰੰਗੀਆਂ ਦੇ ਦੇਸ਼ ਜਾਣ ਦਾ ਇਕ ਮੌਕਾ ਮਿਲਿਆ–ਮੇਰੇ ਖ਼ਿਆਲ ਵਿਚ ਉਹ ਦੇਸ਼ ਅਮਰੀਕਾ ਸੀ। “ਮੇਰਾ ਛੋਟਾ ਲੜਕਾ ਆਦਿਸ ਯੂਨੀਵਰਸਟੀ ਵਿਚ ਦਾਖ਼ਲ ਹੋ ਗਿਆ ਤੇ ਮੇਰੇ ਨਾਲ ਰਿਹਾ। ਜਦੋਂ ਅਫਰਾ ਤਫਰੀ ਸ਼ੁਰੂ ਹੋਈ, ਤਾਂ ਮੇਰਾ ਇਹ ਜਵਾਨ ਮੁੰਡਾ ਵੀ ਦੂਜੇ ਮੁੰਡਿਆਂ ਵਾਂਗ ਵਿਰੋਧ ਪ੍ਰਦਰਸ਼ਨ ਤੇ ਇਸ ਤਰ੍ਹਾਂ ਦੇ ਦੂਜੇ ਪੰਗਿਆਂ ਵਿਚ ਪੈ ਗਿਆ। ਸ਼ੁਰੂ ਵਿਚ ਮੈਂ ਉਸਨੂੰ ਇਹਨਾ ਗਤੀਵਿਧੀਆਂ ਵਿਚ ਪੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਵੇਖਿਆ ਕਿ ਉਸਦਾ ਇਰਾਦਾ ਪੱਕਾ ਏ ਤੇ ਜਿੰਨਾ ਮੈਂ ਉਸ ਉੱਤੇ ਰਾਜਨੀਤੀ ਛੱਡਣ ਦਾ ਦਬਾਅ ਪਾਇਆ, ਓਨਾਂ ਹੀ ਉਹ ਮੈਥੋਂ ਦੂਰ ਹੁੰਦਾ ਗਿਆ। ਤੂੰ ਜਾਣਦਾ ਈ ਏਂ, ਉਸ ਸਮੇਂ ਮਾਤਾ ਪਿਤਾ ਤੇ ਬੱਚਿਆਂ ਵਿਚਕਾਰ ਕੈਸੀ ਸਮੱਸਿਆ ਪੈਦਾ ਹੋ ਗਈ ਸੀ। ਕੋਈ ਸਮਝੌਤਾ ਨਹੀਂ। ਮੈਂ ਕਦੀ ਸਮਝ ਈ ਨਹੀਂ ਸਕਿਆ ਕਿ ਆਖ਼ਰ ਜਵਾਨ ਪਨੀਰੀ ਨੂੰ ਓਹਨੀਂ ਦਿਨੀ ਹੋ ਕੀ ਗਿਆ ਸੀ। 'ਓਹਨੀਂ ਦਿਨੀ' ਕੀ ਆਖਾਂ ਮੈਂ ਤਾਂ ਹੁਣ ਵੀ ਨਹੀਂ ਜਾਣਦਾ ਕਿ ਤੁਸੀਂ ਸਾਰੇ ਕਿਸ ਗੱਲ 'ਤੇ ਭੜਕੇ ਹੋਏ ਓ।
“ਖ਼ੈਰ, ਮੈਂ ਉਸਨੂੰ ਉਸਦੇ ਹਾਲ 'ਤੇ ਛੱਡ ਦਿੱਤਾ। ਸੋਚ ਲਿਆ ਕਿ ਹੁਣ ਈਸ਼ਵਰ ਹੀ ਉਸਦੀ ਰੱਖਿਆ ਕਰੇਗਾ। ਆਖ਼ਰ ਉਹੀ ਤਾਂ ਸਾਡਾ ਭਾਗ-ਵਿਧਾਤਾ ਹੈ। ਹੈ ਨਾ ? ਪੂਰਾ ਇਕ ਸਾਲ ਉਹ ਉਥਲ-ਪੁਥਲ ਵਿਚ ਵਿਚਰਦਾ ਰਿਹਾ। ਕਦੀ ਕਦੀ ਉਹ ਕਈ ਕਈ ਦਿਨਾਂ ਤੀਕ ਘਰ ਨਹੀਂ ਸੀ ਆਉਂਦਾ ਤੇ ਮੈਨੂੰ ਉਸਦੀ ਸ਼ਕਲ ਨਾ ਵਿਖਾਲੀ ਦਿੰਦੀ। ਉਸ ਇਲਾਕੇ ਵਿਚ ਸਾਰੇ ਮਾਂ-ਬਾਪ ਇਵੇਂ ਈ ਪ੍ਰੇਸ਼ਾਨ ਸਨ। ਅਸੀਂ ਸਾਰੇ ਚਰਚ ਵਿਚ ਮਿਲਦੇ, ਆਪਣਾ ਦੁੱਖ ਸਾਂਝਾ ਕਰਦੇ ਤੇ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਕਿ ਸਾਡੇ ਬੱਚਿਆਂ ਦੀ ਰੱਖਿਆ ਕਰੇ।
“ਰਾਜੇ ਦਾ ਤਖ਼ਤਾ ਪਲਟ ਦਿਤਾ ਗਿਆ ਤੇ ਉਸਦੀ ਜਗ੍ਹਾ ਫੌਜੀ ਆ ਗਏ। ਉਹਨਾਂ ਵਾਅਦਾ ਕੀਤਾ ਕਿ ਹੁਣ ਚੰਗੇ ਦਿਨ ਆਉਣਗੇ। ਮੈਂ ਤੈਨੂੰ ਦੱਸ ਚੁੱਕਿਆਂ ਕਿ ਮੈਂ ਪੁਲਿਸ 'ਚ ਹੁੰਦਾ ਸਾਂ ਤੇ ਮੈਂ ਆਪਣੇ ਦਿਨਾਂ 'ਚ ਬੜਾ ਅਨਿਆਂ ਵੇਖਿਆ ਸੀ। ਫੇਰ ਵੀ, ਰਾਜਾ ਏਨਾ ਬੁਰਾ ਆਦਮੀ ਨਹੀਂ ਸੀ, ਜਿੰਨਾ ਮੇਰਾ ਬੇਟਾ ਸਮਝਦਾ ਸੀ। ਮੈਨੂੰ ਇਹ ਵੇਖ ਕੇ ਦੁਖ ਹੁੰਦਾ ਸੀ ਕਿ ਜਿਹੜੀ ਫੌਜੀ ਕੱਲ੍ਹ ਤੀਕ ਰਾਜੇ ਦੀ ਸੇਵਾ ਕਰਦੇ ਸੀ, ਹੁਣ ਅਚਾਨਕ ਉਹੀ ਸੰਘ ਪਾੜ-ਪਾੜ ਕੇ ਨਿੰਦ ਰਹੇ ਨੇ। ਕੁਛ ਲੋਕਾਂ ਤਾੜੀਆਂ ਵਜਾ ਕੇ ਫੌਜੀਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ 'ਇਹ ਬਦਲ ਬਿਹਤਰੀ ਲਈ ਹੋਇਆ ਏ।' ਪਰ ਮੈਂ ਜਾਣਦਾ ਸਾਂ ਕਿ ਉਹ ਗਲਤ ਸੋਚ ਰਹੇ ਨੇ। ਮੈਂ ਖ਼ੁਦ ਫੌਜੀ ਰਿਹਾ ਸਾਂ ਤੇ ਫੌਜੀਆਂ ਨੂੰ ਜਾਣਦਾ ਸਾਂ। ਮੈਂ ਜਾਣਦਾ ਸਾਂ ਕਿ ਨਾ ਤਾਂ ਸਾਡੇ ਵਿਚ ਦੇਸ਼ ਨੂੰ ਚਲਾਉਣ ਦਾ ਬਲ ਏ, ਨਾ ਧੀਰਜ, ਨਾ ਸਾਧਾਰਣ-ਨਿਹੱਥੇ ਲੋਕਾਂ ਪ੍ਰਤੀ ਕੋਈ ਸਨਮਾਨ, ਤੇ ਨਾ ਹੀ ਸਹਿਜ-ਸੁਭਾਅ। ਮੈਨੂੰ ਸ਼ੱਕ ਸੀ ਇਹਨਾਂ ਫੌਜੀਆਂ ਦੀ ਜੈ ਜੈਕਾਰ ਕਰਨ ਵਾਲਿਆਂ ਵਿਚੋਂ ਬਹੁਤ ਸਾਰੇ ਇਹਨਾਂ ਫੌਜੀਆਂ ਦੇ ਹੱਥੋਂ ਹੀ ਮਾਰੇ ਜਾਣਗੇ। ਹੈਰਾਨੀ ਦੀ ਗੱਲ ਏ ਕਿ ਮੇਰੇ ਬੇਟੇ ਦਾ ਵੀ ਇਹੋ ਖ਼ਿਆਲ ਸੀ। ਉਸਨੇ ਮੈਨੂੰ ਦੱਸਿਆ ਕਿ ਫੌਜੀਆਂ ਨੇ ਉਸ ਕਰਾਂਤੀ ਦਾ ਅਪਹਰਨ ਕਰ ਲਿਆ ਏ, ਜਿਸ ਮੁਤਾਬਿਕ ਜਨਤਾ ਨੇ ਆਪਣਾ ਰਾਜ ਖ਼ੁਦ ਚਲਾਉਣਾ ਸੀ। ਹਾਲਾਂਕਿ ਮੈਂ ਬਿਲਕੁਲ ਨਹੀਂ ਸੀ ਜਾਣਦਾ ਕਿ ਆਖ਼ਰ ਜਨਤਾ ਖ਼ੁਦ ਆਪਣਾ ਰਾਜ ਕਿੰਜ ਚਲਾ ਸਕਦੀ ਏ, ਫੇਰ ਵੀ ਮੈਨੂੰ ਆਪਣੇ ਬੇਟੇ ਦੀ ਗੱਲ ਸਹੀ ਲੱਗੀ ਸੀ।...ਤੇ ਜਿਵੇਂ ਕਿ ਤੂੰ ਜਾਣਦਾ ਈ ਏਂ, ਥੋੜ੍ਹੇ ਸਮੇਂ ਵਿਚ ਈ ਲੜਾਈ ਇਕ ਨਵੇਂ ਢੰਗ ਨਾਲ ਸ਼ੁਰੂ ਹੋ ਗਈ–ਇਸ ਵਾਰ ਫੌਜੀਆਂ ਤੇ ਮੇਰੇ ਬੇਟੇ ਵਰਗੇ ਲੋਕਾਂ ਵਿਚਕਾਰ ਸੀ।
“ਮੈਂ ਇਸ ਵਾਰ ਵੀ ਆਪਣੇ ਬੇਟੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸਨੂੰ ਕਿਹਾ ਕਿ 'ਫੌਜੀਆਂ ਨੂੰ ਥੋੜ੍ਹਾ ਵਕਤ ਦਿਓ', ਭਾਵੇਂ ਮੈਂ ਜਾਣਦਾ ਸਾਂ ਕਿ ਵਕਤ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਮੇਰੇ ਬੇਟੇ ਨੇ ਕਿਹਾ–'ਵਕਤ ਸੱਪ ਦੇ ਆਂਡਿਆਂ ਨੂੰ ਕਬੂਤਰ ਦੇ ਆਂਡਿਆਂ 'ਚ ਨਹੀਂ ਬਦਲ ਸਕਦਾ ਪਾਪਾ।' ਉਸ ਸਮੇਂ ਜਿਹੜੀਆਂ ਹੋਰ ਗੱਲਾਂ ਕਹੀਆਂ ਜਾ ਰਹੀਆਂ ਸਨ, ਮੇਰੀ ਸਮਝ ਤੋਂ ਪਰ੍ਹੇ ਸਨ, ਪਰ ਆਪਣੇ ਬੇਟੇ ਦੀ ਇਹ ਗੱਲ ਮੈਂ ਸਮਝ ਗਿਆ ਸਾਂ। ਉਸ ਸਮੇਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ, ਉਹਨਾਂ ਵਿਚ ਕੀ ਹੁੰਦਾ ਸੀ? ਬਹੁਤ ਸਾਰੇ ਸ਼ਬਦ, ਨਵੇਂ ਸ਼ਬਦ, ਘਿਰਣਾ ਦੀਆਂ ਪੰਡਾਂ, ਪਰ ਸਬਰ ਬੜਾ ਹੀ ਘੱਟ। ਮੈਂ ਇਹਨਾਂ ਨੂੰ ਨਹੀਂ ਸਮਝ ਸਕਿਆ ਸਾਂ, ਪਰ ਇਕ ਗੱਲ ਚੰਗੀ ਤਰ੍ਹਾਂ ਸਮਝਦਾ ਸਾਂ ਕਿ ਫੌਜੀਆਂ ਕੋਲ ਬੰਦੂਕਾਂ ਨੇ, ਜਦਕਿ ਮੇਰਾ ਬੇਟਾ ਤੇ ਉਸਦੇ ਸਾਥੀ ਨਿਹੱਥੇ ਨੇ। ਮੈਂ ਦੇਖ ਸਕਦਾ ਸਾਂ ਕਿ ਇਹ ਸਥਿਤੀ ਲੋਕ-ਘਾਣ ਵੱਲ ਲੈ ਜਾਣ ਵਾਲੀ ਸਥਿਤੀ ਏ। ਪਰ ਈਸ਼ਵਰ ਦੇ ਚੱਕਰ ਨੂੰ ਕੌਣ ਰੋਕ ਸਕਦਾ ਏ? ਜੋ ਹੋਣਾ ਏ, ਹੋ ਕੇ ਈ ਰਹੇਗਾ। ਕਿਸਮਤ 'ਚ ਜੋ ਲਿਖਿਆ ਏ, ਉਸਨੂੰ ਕੌਣ ਮੇਟ ਸਕਦਾ ਏ ? ਜੋ ਕੁਝ ਹੋ ਰਿਹੈ, ਸਭ ਉਸ ਉਪਰ ਵਾਲੇ ਦੀ ਇੱਛਾ ਨਾਲ ਹੋ ਰਿਹੈ। ਨਵੇਂ ਸ਼ਾਸਕਾਂ ਦੁਆਰਾ ਲੋਕ ਇੱਥੇ ਉੱਥੇ ਮਾਰੇ ਜਾ ਰਹੇ ਸੀ। ਰੇਡੀਓ, ਫਾਂਸੀ ਦੇ ਐਲਾਨ ਕਰਨ ਵਿਚ ਵਿਅਸਤ ਸੀ...ਪੂਰਾਣੇ ਸੱਤਾਧਾਰੀਆਂ ਵਿਚੋਂ ਬਹੁਤ ਸਾਰੇ ਲੋਕ ਮਾਰ ਦਿੱਤੇ ਗਏ ਸੀ, ਪਰ ਉਹਨਾਂ ਦੇ ਨਾਲ ਨਾਲ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਮਾਰ ਦਿੱਤੇ ਗਏ ਸਨ, ਜਿਹਨਾਂ ਪੁਰਾਣੇ ਸੱਤਾਧਾਰੀਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਲਈ ਸਾਡੇ ਵਿਚੋਂ ਬਹੁਤ ਸਾਰੇ ਲੋਕ ਇਹ ਨਹੀਂ ਸਮਝ ਸਕੇ ਕਿ ਜਿਸਨੂੰ ਤੁਸੀਂ ਸਾਰੇ ਕਰਾਂਤੀ ਜਾਂ ਪਰਿਵਰਤਨ ਕਹਿੰਦੇ ਓ, ਉਸਦਾ ਅਰਥ ਕੀ ਏ?
“ਮੇਰਾ ਦੂਜਾ ਬੇਟਾ ਬ੍ਰਿਟਿਸ਼ ਤੋਂ ਵਾਪਸ ਆ ਗਿਆ। ਉਸਦੇ ਆਉਣ 'ਤੇ ਮੈਂ ਬੜਾ ਖੁਸ਼ ਸਾਂ, ਨਾਲ ਈ ਫਿਕਰਮੰਦ ਵੀ। ਪਰ ਉਹ ਆਪਣੇ ਭਰਾ ਨਾਲੋਂ ਬਿਲਕੁਲ ਵੱਖਰੇ ਸੁਭਾਅ ਦਾ ਨਿਕਲਿਆ। ਉਹ ਸ਼ਾਂਤ ਸੀ ਤੇ ਉਸ ਵੇਲੇ ਮੈਨੂੰ ਲੱਗਿਆ ਕਿ ਉਹ ਗ਼ੈਰ ਰਾਜਨੀਤਿਕ ਏ। ਉਸਨੇ ਇਕ ਚੰਗੀ ਜਿਹੀ ਨੌਕਰੀ ਕਰ ਲਈ ਤੇ ਜਿੱਥੋਂ ਤਕ ਮੇਰਾ ਖ਼ਿਆਲ ਸੀ, ਉਹ ਰਾਜਨੀਤੀ ਤੋਂ ਦੂਰ ਰਹਿੰਦਾ ਸੀ। ਰਾਤ ਦੇ ਖਾਣੇ ਵੇਲੇ ਉਹ ਮੇਰੀ ਤਰਫ਼ਦਾਰੀ ਕਰਦਿਆਂ ਹੋਇਆਂ ਆਪਣੇ ਛੋਟੇ ਭਰਾ ਨੂੰ ਰਾਜਨੀਤੀ ਛੱਡ ਕੇ ਪੜ੍ਹਾਈ ਉੱਤੇ ਧਿਆਨ ਦੇਣ ਦੀ ਸਲਾਹ ਦੇਂਦਾ। ਇਹ ਸਲਾਹ ਛੋਟੇ ਨੇ ਕਦੀ ਨਹੀਂ ਮੰਨੀ। ਉਹਨਾਂ ਦੋਵਾਂ ਵਿਚਕਾਰ ਸੰਬੰਧ ਠੀਕ ਨਹੀਂ ਸਨ ਤੇ ਮੈਂ ਉਸਦਾ ਜ਼ਿਮੇਂਵਾਰ ਛੋਟੇ ਨੂੰ ਹੀ ਕਹਿੰਦਾ ਸਾਂ।
“ਫੇਰ ਗੋਲੀਬਾਰੀ ਸ਼ੁਰੂ ਹੋ ਗਈ। ਤੁਸਾਂ ਲੋਕਾਂ ਉਸਨੂੰ ਸ਼ੁਰੂ ਕੀਤਾ। ਜਿੱਥੋਂ ਤੀਕ ਮੈਂ ਜਾਣਦਾ ਆਂ, ਤੂੰ ਵੀ ਉਸ ਵਿਚ ਸ਼ਾਮਿਲ ਹੋਵੇਂਗਾ। ਮੇਰਾ ਬੇਟਾ ਤਾਂ ਉਸ ਵਿਚ ਸ਼ਾਮਿਲ ਹੈ ਹੀ ਸੀ। ਉਸਨੇ ਮੈਨੂੰ ਕਦੀ ਨਹੀਂ ਦੱਸਿਆ, ਪਰ ਜਦੋਂ ਉਹ ਘਰ ਛੱਡ ਕੇ ਗਾਇਬ ਹੋ ਗਿਆ, ਮੈਨੂੰ ਸ਼ੱਕ ਹੋ ਗਿਆ ਕਿ ਉਹ ਕਿੱਥੇ ਗਿਆ ਹੋਵੇਗਾ। ਜਦੋਂ ਉਹ ਕਈ ਕਈ ਦਿਨ ਗਾਇਬ ਰਹਿੰਦਾ, ਮੈਂ ਸੋਚਦਾ ਕਿ ਉਹ ਮਰ ਚੁੱਕਿਆ ਏ। ਪਰ ਕਿਸੇ ਅੱਧੀ ਰਾਤ ਨੂੰ ਉਹ, ਪਹਿਲਾਂ ਕੋਈ ਸੂਚਨਾ ਦਿੱਤੇ ਬਿਨਾਂ, ਅਚਾਨਕ ਆ ਜਾਂਦਾ ਸੀ। ਉਹ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਤੇ ਫੇਰ ਹਫ਼ਤਿਆਂ ਲਈ ਗਾਇਬ ਹੋ ਜਾਂਦਾ। ਤੇ ਫੇਰ ਇਕ ਦਿਨ ਮੈਨੂੰ ਪਤਾ ਲੱਗਿਆ ਕਿ ਰਾਤ ਉਸਨੂੰ ਗ੍ਰਿਫਤਾਰ ਕਰਕੇ ਗੋਲੀ ਮਾਰ ਦਿੱਤੀ ਗਈ। ਉਸਨੂੰ ਦਫਨਾਇਆ ਨਹੀਂ ਗਿਆ। ਬਸ ਕਿਸੇ ਖੱਡ ਵਿਚ ਸੁੱਟ ਦਿੱਤਾ ਗਿਆ, ਪਤਾ ਨਹੀਂ ਕਿੱਥੇ, ਤੇ ਵਿਸਾਰ ਦਿਤਾ ਗਿਆ। ਲੋਕਲ ਜਿਲ੍ਹਾ ਸੰਮਤੀ ਦੇ ਅਫ਼ਸਰਾਂ ਨੇ ਮੈਨੂੰ ਇਹ ਖ਼ਬਰ ਦਿੱਤੀ, ਕਿਉਂਕਿ ਉਹਨਾਂ ਵਿਚੋਂ ਕੁਝ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ। ਮੈਂ ਨਾ ਤਾਂ ਕਿਸੇ ਮੂਹਰੇ ਰੋ ਈ ਸਕਦਾ ਸਾਂ ਤੇ ਨਾ ਹੀ ਮਾਤਮ ਮਨਾਅ ਸਕਦਾ ਸਾਂ, ਕਿਉਂਕਿ ਲੋਕਲ ਸ਼ਾਸਨ ਵੱਲੋਂ ਇਹ ਸਭ ਕਰਨ 'ਤੇ ਰੋਕ ਸੀ।
“ਤਦ ਮੈਂ ਬੋਈਜੇਰੋ ਅਸਕਾਲੁ ਨਾਂਅ ਦੀ ਆਪਣੀ ਇਕ ਪੁਰਾਣੀ ਮਿੱਤਰ ਦੇ ਘਰ ਗਿਆ। ਉਹ ਇਕ ਭਲੀ ਔਰਤ ਸੀ, ਜਿਸਦਾ ਪਤੀ ਬੜਾ ਚਿਰ ਪਹਿਲਾਂ ਮਰ ਚੁੱਕਿਆ ਸੀ। ਉਸਨੇ ਨੌਕਰਾਣੀ ਦਾ ਕੰਮ ਕਰਕੇ ਤੇ ਦੇਸੀ ਸ਼ਰਾਬ ਵੇਚ ਵੇਚ ਕੇ ਆਪਣੇ ਇਕਲੌਤੇ ਬੇਟੇ ਨੂੰ ਪਾਲਪੋਸ ਕੇ ਵੱਡਾ ਕੀਤਾ ਸੀ ਤੇ ਯੂਨੀਵਰਸਟੀ ਭੇਜਿਆ ਸੀ। ਉਸਨੇ ਦੁਬਾਰਾ ਸ਼ਾਦੀ ਨਹੀਂ ਸੀ ਕੀਤੀ, ਪਰ ਉਹ ਸ਼ਰਾਬ ਵੇਚਣ ਵਾਲੀਆਂ ਹੋਰਨਾਂ ਔਰਤਾਂ ਵਾਂਗ ਨਹੀਂ ਸੀ ਤੇ ਵੇਸ਼ੀਆ-ਬਿਰਤੀ ਵਿਚ ਸ਼ਾਮਿਲ ਨਹੀਂ ਸੀ ਹੋਈ। ਕਹਿ ਸਕਦੇ ਓ ਕਿ ਉਹ ਵਰ੍ਹਿਆਂ ਤੋਂ ਮੇਰੀ ਬੜੀ ਚੰਗੀ ਮਿੱਤਰ ਸੀ। ਅਸੀਂ ਆਪਣੀਆਂ ਚਿੰਤਾਵਾਂ, ਆਪਣੇ ਦੁੱਖ ਤੇ ਕਦੇ-ਕਦਾਰ ਨਸੀਬ ਹੋਣ ਵਾਲੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਨ। ਸਾਨੂੰ ਇਕ ਦੂਜੇ ਨਾਲ ਪ੍ਰੇਮ ਸੀ, ਪਰ ਅਸੀਂ ਆਪਣੀ ਮਿੱਤਰਤਾ ਨੂੰ ਬਿਸਤਰੇ ਤੀਕ ਲਿਜਾਅ ਕੇ ਬਡਰੂਪ ਨਹੀਂ ਸੀ ਕੀਤਾ। ਉਸਦਾ ਬੇਟਾ ਮੇਰੇ ਬੇਟੇ ਦਾ ਦੋਸਤ ਸੀ। ਉਹ ਇਕ ਚੰਗਾ ਵਿਦਿਆਰਥੀ ਤੇ ਬੜਾ ਈ ਸਾਊ ਮੁੰਡਾ ਸੀ। ਉਹ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਸੀ ਤੇ ਜੂਨ ਸੁਖਾਲੀ ਕਰਨ ਲਈ ਸ਼ਾਮੀ ਕਿੱਧਰੇ ਕੰਮ ਵੀ ਕਰਦਾ ਸੀ। ਤੂੰ ਕਹਿ ਸਕਦਾ ਏਂ ਕਿ ਉਹ ਉਸੇ ਲਈ ਜਿਊਂਦੀ ਸੀ।
“ਜਦ ਮੇਰਾ ਬੇਟਾ ਮਰਿਆ, ਮੈਂ ਉਸਦੇ ਘਰ ਗਿਆ ਤੇ ਹਫ਼ਤਾ ਭਰ ਗੁਪਤ ਰੂਪ ਵਿਚ ਉੱਥੇ ਦੁੱਖ ਮਨਾਉਂਦਾ ਰਿਹਾ। ਉਹ ਮੇਰੇ ਦੁੱਖ ਵਿਚ ਸ਼ਾਮਿਲ ਹੋਈ। ਉਸਦਾ ਬੇਟਾ ਵੀ ਦੁਖੀ ਸੀ, ਜਿਵੇਂ ਉਸਨੂੰ ਇਸ ਗੱਲ ਦੀ ਗਲਾਨੀ ਹੋਵੇ ਕਿ ਉਹ ਜਿਊਂਦਾ ਹੈ, ਜਦਕਿ ਮੇਰਾ ਬੇਟਾ ਮਰ ਗਿਆ ਏ। ਮੇਰੇ ਗੁਆਂਢੀਆਂ ਤੇ ਜਿਲ੍ਹੇ ਦੇ ਹੋਰ ਜਾਣਕਾਰਾਂ ਨੇ ਚੁੱਪਚਾਪ ਮੇਰਾ ਗਮ ਵੰਡਾਇਆ ਤੇ ਚੋਰੀ ਛਿਪੇ ਆਪਣਾ ਅਫ਼ਸੋਸ ਜ਼ਾਹਿਰ ਕੀਤਾ। ਜਲਦੀ ਹੀ ਮੈਨੂੰ ਵੀ ਉਹਨਾਂ ਲਈ ਇਹੀ ਸਭ ਕਰਨਾ ਪਿਆ, ਕਿਉਂਕਿ ਆਏ ਦਿਨ ਵੱਧ ਤੋਂ ਵੱਧ ਲੋਕਾਂ ਦੇ ਬੱਚੇ-ਬੱਚੀਆਂ ਦੀ ਹੱਤਿਆ ਕੀਤੀ ਜਾ ਰਹੀ ਸੀ। ਹਰ ਰਾਤ ਗੋਲੀਆਂ ਦੀ ਆਵਾਜ਼ ਗੂੰਜਦੀ ਤੇ ਹਰ ਰਾਤ ਅਸੀਂ ਮਾਤਾ-ਪਿਤਾ ਤਿਲ ਤਿਲ ਮਰਦੇ। ਬਹੁਤ ਸਾਰੇ ਲੋਕ ਸੈਨਿਕ ਸ਼ਾਸਨ ਨਾਲ ਲੜਨ ਵਿਚ ਆਪਣੇ ਬੱਚਿਆਂ ਦੀ ਮਦਦ ਕਰਦੇ ਹੋਏ ਖ਼ੁਦ ਵੀ ਮਾਰੇ ਗਏ। ਹੋਰ ਬਹੁਤ ਸਾਰੇ ਇਸ ਤੁਫ਼ਾਨ ਵਿਚ, ਜਿਹੜਾ ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ...'ਕੀ ਕਰਨ, ਕੀ ਨਾ ਕਰਨ' ਦੀ ਸਥਿਤੀ ਵਿਚ ਫਸੇ ਖੜ੍ਹੇ ਸੀ। ਉਸ ਸਮੇਂ ਤਰਕ, ਦਲੀਲ ਕੋਈ ਨਹੀਂ ਸੁਣ ਰਿਹਾ ਸੀ। ਕੋਈ ਕਿਸੇ ਤੋਂ ਸਲਾਹ ਨਹੀਂ ਲੈ ਰਿਹਾ ਸੀ। ਹਰੇਕ ਗੋਲੀ ਚਲਾਉਣ, ਲੜਨ ਤੇ ਬਹਿਸ ਕਰਨ ਵਿਚ ਵਿਅਸਤ ਸੀ। ਮੈਂ ਪ੍ਰਾਰਥਨਾ ਕਰਦਾ ਸਾਂ। ਅਸੀਂ ਸਾਰੇ ਪ੍ਰਾਰਥਨਾ ਕਰਦੇ ਸਾਂ। ਪਰ ਚਰਚ ਵੀ ਸ਼ਾਂਤੀ ਨਹੀਂ ਸੀ। ਕਿਵੇਂ ਹੋ ਸਕਦੀ ਸੀ, ਜਦਕਿ ਹਜ਼ਾਰਾਂ ਲੋਕੀ ਰੋਜ਼ ਮਰ ਰਹੇ ਸੀ? ਕਿਤੇ ਵੀ ਸ਼ਾਂਤੀ ਕਿੰਜ ਹੋ ਸਕਦੀ ਸੀ, ਜਦ ਬੱਚੇ ਬਗਿਆੜਾਂ ਦਾ ਗਰਾਸ ਬਣਾਏ ਜਾ ਰਹੇ ਸੀ? ਕੁਛ ਪੁਰੋਹਿਤਾਂ ਨੇ ਇਹ ਗੱਲ ਆਪਣੇ ਪ੍ਰਵਚਨਾ ਵਿਚ ਆਖੀ, ਕਈਆਂ ਨੇ ਸਿੱਧੇ-ਸਾਦੇ ਢੰਗ ਨਾਲ ਤੇ ਕੁਝ ਨੇ ਉਦਹਾਰਣਾ ਤੇ ਰੂਪਕਾਂ ਰਾਹੀਂ। ਪਰ ਇਹ ਗੱਲ ਅਸੀਂ ਸਾਰੇ ਜਾਣਦੇ ਸੀ। ਚਾਰੇ ਪਾਸੇ ਭੈ ਦਾ ਪਸਾਰ ਸੀ।...ਕਿਤੇ ਮੈਂ ਇਸ ਕਹਾਣੀ ਨਾਲ ਤੈਨੂੰ ਬੋਰ ਤਾਂ ਨਹੀਂ ਕਰ ਰਿਹਾ, ਜਿਸਨੂੰ ਸ਼ਾਇਦ ਤੂੰ ਖ਼ੁਦ ਮੇਰੇ ਨਾਲੋਂ ਬਿਹਤਰ ਜਾਣਦਾ ਏਂ ?”
“ਨਹੀਂ-ਨਹੀਂ।” ਮੈਂ ਜਵਾਬ ਦਿੱਤਾ। ਹਾਲਾਂਕਿ ਬੁੱਢਾ ਜਿਹਨਾਂ ਦਿਨਾਂ ਦੀ ਗੱਲ ਕਰ ਰਿਹਾ ਸੀ, ਉਹਨੀਂ ਦਿਨੀ ਮੈਂ ਉੱਥੇ ਈ ਸਾਂ, ਉਸੇ ਲੜਾਈ ਵਿਚ, ਪਰ ਉਸਦੀ ਕਹਾਣੀ ਨੇ ਮੈਨੂੰ ਕੀਲ ਲਿਆ ਸੀ। ਲੜਾਈ ਲੜਨ ਵਾਲਿਆਂ ਤੇ ਉਸਨੂੰ ਵੇਖਣ ਤੇ ਉਸਦੇ ਨਤੀਜੇ ਭੁਗਤਣ ਵਾਲਿਆਂ ਦੇ ਦ੍ਰਿਸ਼ਟੀਕੋਨ ਵਿਚ ਅੰਤਰ ਹੁੰਦਾ ਹੈ। ਬੁੱਢਾ ਉਸ ਲੜਾਈ ਦਾ ਦਰਸ਼ਕ ਤੇ ਭੁਗਤਾ ਸੀ। ਉਸਦੀਆਂ ਗੱਲਾਂ ਵਿਚ ਮਾਤ-ਪਿਤਾ ਦੀ ਚਿੰਤਾ ਤੇ ਬੇਚੈਨੀ ਸੀ ਤੇ ਮੈਨੂੰ ਇਹਨਾਂ ਗੱਲਾਂ ਦਾ ਕੋਈ ਪਰਤੱਖ ਅਨੁਭਵ ਨਹੀਂ ਸੀ।
“ਮੈਂ ਤੈਨੂੰ ਬਹੁਤਾ ਬੋਰ ਨਹੀਂ ਕਰਾਂਗਾ।” ਬੁੱਢੇ ਨੇ ਕਿਹਾ, “ਮੌਤਾਂ ਤੇ ਹੰਝੂ ਭਰੇ ਉਹਨਾਂ ਦਿਨਾਂ ਦੀ ਹੀ ਗੱਲ ਏ, ਇਕ ਦਿਨ ਮੇਰੀ ਮਿੱਤਰ ਅਸਕਾਲੁ ਮੇਰੇ ਘਰ ਆਈ। ਘਰ ਵਿਚ ਵੜਦੀ ਹੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਤੇ ਮਾਤਮੀ ਵਿਰਲਾਪ ਕਰਨ ਲੱਗੀ। ਮੈਨੂੰ ਇਹ ਸਮਝਣ ਵਿਚ ਥੋੜ੍ਹਾ ਸਮਾਂ ਲੱਗਿਆ ਕਿ ਦਰਵਾਜ਼ਾ ਖੋਹਲਦਿਆਂ ਹੋਇਆਂ ਉਹਦੀਆਂ ਹੰਝੂਆਂ ਭਰੀਆਂ ਅੱਖਾਂ ਵੇਖ ਕੇ ਜਿਹੜੀ ਸ਼ੰਕਾ ਮੇਰੇ ਮਨ ਵਿਚ ਪੈਦਾ ਹੋਈ ਸੀ, ਉਹ ਸੱਚ ਸੀ। ਉਸਦਾ ਇਕੋਇਕ ਮੁੰਡਾ ਮਾਰ ਦਿਤਾ ਗਿਆ ਸੀ। ਇਸ ਨਾਲੋਂ ਵੀ ਮਾੜੀ ਗੱਲ ਇਹ ਸੀ ਕਿ ਉਸਦੀ ਮਰਿਤ ਦੇਹ ਉਸਨੂੰ ਦਿਖਾਉਣ ਲਈ ਨਾਲ ਵਾਲੀ ਇਕ ਸੜਕ ਉੱਤੇ ਸੁੱਟ ਦਿੱਤੀ ਗਈ ਸੀ। ਕਿਸੇ ਨੇ ਉਸਦੀ ਲਾਸ਼ ਵੇਖ ਕੇ ਹੀ ਉਸਦੀ ਮਾਂ ਨੂੰ ਖ਼ਬਰ ਦਿੱਤੀ ਸੀ। ਮਾੜਾ ਸਮਾਂ ਮਾੜੇ ਢੰਗ ਤਰੀਕਿਆਂ ਨੂੰ ਜਨਮ ਦਿੰਦਾ ਏ। ਉਸਦੇ ਬੇਟੇ ਦੇ ਮਾਰੇ ਜਾਣ ਦੀ ਖ਼ਬਰ ਪਹਿਲਾਂ ਸਾਨੂੰ ਦਿੱਤੀ ਜਾਣੀ ਚਾਹੀਦੀ ਸੀ, ਤਾਂਕਿ ਇਹ ਖ਼ਬਰ ਅਸੀਂ ਉਸਨੂੰ ਦਿਲਾਸਾ ਦੇਂਦੇ ਹੋਏ ਹੌਲੀ ਹੌਲੀ ਸੁਣਾਦੇ।
“ਮੈਂ ਅਸਕਾਲੁ ਨੂੰ ਸ਼ਾਂਤ ਕੀਤਾ ਤੇ ਇਕ ਗੁਆਂਢੀ ਨੂੰ ਉਸਦਾ ਧਿਆਨ ਰੱਖਣ ਲਈ ਬੁਲਾ ਲਿਆ, ਤਾਂਕਿ ਉਹ ਏਨੀ ਉੱਚੀ ਆਵਾਜ਼ ਵਿਚ ਨਾ ਰੋਏ ਕਿ ਪਹਿਰੇਦਾਰ ਸੁਣ ਲੈਣ ਤੇ ਉਸਨੂੰ ਫੜ੍ਹ ਕੇ ਲੈ ਜਾਣ। ਇਸ ਪਿੱਛੋਂ ਮੈਂ ਬਾਹਰ ਗਿਆ ਤੇ ਅਸਕਾਲੁ ਦੇ ਬੇਟੇ ਦੀ ਲਾਸ਼ ਆਪਣੀ ਅੱਖੀਂ ਵੇਖੀ। ਉਹ ਚੀਥੜੇ-ਚੀਥੜੇ ਹੋ ਗਈ ਸੀ, ਜਿਵੇਂ ਕੋਈ ਬਘਿਆੜ ਉਸ ਨਾਲ ਖੇਡਦਾ ਰਿਹਾ ਹੋਵੇ। ਮੈਂ ਉੱਥੇ ਖਾਸੀ ਦੇਰ ਤੀਕ ਖੜ੍ਹਾ ਰਿਹਾ, ਉਹ ਭਲੇ ਮੁੰਡੇ ਦੇ ਉੱਧੜੇ-ਉੱਖੜੇ ਪਿੰਜਰ ਨੂੰ ਦੇਖਦਾ ਹੋਇਆ, ਜਿਹੜਾ ਉਸ ਪਿਆਰੀ ਔਰਤ ਦੇ ਦੁੱਖ ਤੇ ਤਕਲੀਫ਼ ਦਾ ਕਾਰਨ ਸੀ। ਮੈਂ ਲਾਸ਼ ਕੋਲ ਖੜ੍ਹੇ ਪਹਿਰੇਦਾਰ ਵੱਲ ਦੇਖਿਆ, ਜਿਹੜਾ ਤਮਾਸ਼ਬੀਨਾਂ 'ਤੇ ਨਜ਼ਰ ਰੱਖ ਰਿਹਾ ਸੀ ਕਿ ਕਿਤੇ ਉਹਨਾਂ ਵਿਚ ਕੋਈ ਰੋਣ ਦਾ ਅਪਰਾਧ ਤਾਂ ਨਹੀਂ ਸੀ ਕਰ ਰਿਹਾ।
“ਮੈਂ ਬੜੀ ਮੁਸ਼ਕਿਲ ਨਾਲ ਆਪਣੇ ਹੰਝੂਆਂ ਨੂੰ ਰੋਕਿਆ। ਤੇ ਤੈਨੂੰ ਦੱਸਾਂ, ਉਸੇ ਛਿਣ ਮੈਂ ਮਨ ਮਨ ਹੀ ਮਨ ਇਕ ਬਹੁਤ ਭਿਅੰਕਰ ਅਪਰਾਧ ਕੀਤਾ। ਮੈਂ ਹਿਰਖ ਵੱਸ ਈਸ਼ਵਰ ਨੂੰ ਲਲਕਰਾ-ਜਿਹਾ ਮਾਰਿਆ-'ਓਇ ਕਿੱਥੇ ਐਂ ਤੂੰ ?' ਮੈਂ ਭੰਵਤਰੀ ਜਿਹੀ ਆਵਾਜ਼ ਵਿਚ ਪੁੱਛਿਆ, 'ਏਥੇ ਸਾਡੇ ਬੱਚੇ ਮਾਰੇ ਜਾ ਰਹੇ ਨੇ ਤੇ ਤੂੰ ਕਿੱਥੇ ਐਂ ? ਕੀ ਮੇਰਾ ਮੁੰਡਾ ਤੇ ਹੋਰ ਹਜ਼ਾਰਾਂ ਕਾਫੀ ਨਹੀਂ ਸੀ, ਜੋ ਤੂੰ ਇਸ ਭਲੀ ਔਰਤ ਦਾ ਇਕਲੌਤਾ ਪੁੱਤਰ ਵੀ ਖੋਹ ਲਿਆ?'
“ਮੈਂ ਏਨਾ ਹਿਰਖਿਆ ਹੋਇਆ ਸੀ ਕਿ ਦੱਸ ਨਹੀਂ ਸਕਦਾ। ਤੇ ਹਿਰਖ ਪਾਪਾ ਵੱਲ ਲੈ ਤੁਰਦਾ ਏ। ਸੋ ਮੈਂ ਪਾਪ ਕਰ ਲਿਆ। ਮੈਂ ਘਰ ਪਰਤ ਆਇਆ। ਉਸ ਵਿਚਾਰੀ ਔਰਤ ਦੀ ਖਿੱਲਰੀ-ਪੁਲਰੀ ਜ਼ਿੰਦਗੀ ਕੋਲ, ਜਿਹੜੀ ਵਰ੍ਹਿਆਂ ਤੋਂ ਮੇਰੀ ਮਿੱਤਰ ਸੀ। ਅਜਿਹੀ ਔਰਤ ਨੂੰ ਮੈਂ ਕਹਿ ਕੀ ਸਕਦਾ ਸਾਂ? 'ਹੌਸਲਾ ਰੱਖ?' 'ਈਸ਼ਵਰ 'ਤੇ ਭਰੋਸਾ ਰੱਖ?' ਸਾਰੇ ਸ਼ਬਦ ਖੋਖਲੇ ਤੇ ਨਾਕਾਫੀ ਸਨ। ਮੈਂ ਬਸ ਉਸਦੇ ਨਾਲ ਨਾਲ ਰੋਂਦਾ ਰਿਹਾ। ਉਹ ਉਸੇ ਤਰ੍ਹਾਂ ਹਫ਼ਤਾ ਭਰ ਮੇਰੇ ਘਰ ਰਹੀ, ਜਿਵੇਂ ਮੈਂ ਉਸਦੇ ਘਰ ਰਿਹਾ ਸਾਂ। ਅਸੀਂ ਆਪਣਾ ਦੁੱਖ ਵੰਡਿਆ, ਪਰ ਵੰਡਣ ਨਾਲ ਵੀ ਉਹ ਘੱਟ ਸੀ ਨਹੀਂ ਹੋਇਆ। ਅਸੀਂ ਕੋਲੋ ਕੋਲ ਬੈਠੇ ਰੋਂਦੇ ਰਹੇ।
“ਹਾਂ, ਮੈਂ ਤੈਨੂੰ ਦੱਸਣਾ ਭੁੱਲ ਗਿਆ, ਮੇਰਾ ਵੱਡਾ ਬੇਟਾ, ਹਫ਼ਤਾ ਹਫ਼ਤਾ ਬਾਹਰ ਰਹਿਣ ਲੱਗ ਪਿਆ ਸੀ। ਉਸਨੇ ਮੈਨੂੰ ਦੱਸਿਆ ਕਿ ਉਸਦੀ ਡਿਊਟੀ ਬੜੀ ਸਖ਼ਤ ਏ, ਤੇ ਉਸਨੂੰ ਰਾਤ ਨੂੰ ਵੀ ਕੰਮ ਕਰਨਾ ਪੈਂਦਾ ਏ, ਤੇ ਕਰਫ਼ਿਊ ਤੇ ਗੋਲਾਬਾਰੀ ਕਰਕੇ ਇਹੀ ਬਿਹਤਰ ਏ ਕਿ ਉਹ ਆਪਣੇ ਦਫ਼ਤਰ ਵਿਚ ਈ ਸੰਵੇਂ। ਪਰ ਉਹ ਹਰ ਐਤਵਾਰ ਦੀ ਰਾਤ ਮੈਨੂੰ ਮਿਲਣ ਆਉਂਦਾ ਤੇ ਸਵੇਰੇ ਤੜਕੇ ਈ ਚਲਾ ਜਾਂਦਾ। ਮੈਂ ਇਸ ਉੱਤੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ।
“ਬੋਇਜੇਰੋ ਅਸਕਾਲੁ ਆਪਣੇ ਘਰ ਚਲੀ ਗਈ, ਪਰ ਉਹ ਬਦਲ ਗਈ ਸੀ। ਮੈਂ ਹਰ ਰੋਜ਼ ਉਹਦੇ ਘਰ ਜਾਂਦਾ, ਪਰ ਇੰਜ ਲੱਗਦਾ, ਜਿਵੇਂ ਕਿਸੇ ਲਾਸ਼ ਨੂੰ ਮਿਲ ਕੇ ਆਇਆ ਹੋਵਾਂ। ਉਹ ਮੁਸ਼ਕਿਲ ਨਾਲ ਹੀ ਕੋਈ ਗੱਲ ਕਰਦੀ, ਬੜਾ ਘੱਟ ਖਾਂਦੀ ਤੇ ਸਾਰਾ ਦਿਨ ਰੋਂਦੀ ਰਹਿੰਦੀ। ਮੈਨੂੰ ਉਸਦੀ ਫਿਕਰ ਹੋ ਗਈ ਤੇ ਮੈਂ ਕਈ ਕਈ ਘੰਟੇ ਉਸਦੇ ਘਰ ਰੁਕਣ ਲੱਗਾ। ਮੈਂ ਹੋਰ ਲੋਕਾਂ ਨਾਲ ਵੀ ਗੱਲ ਕੀਤੀ ਤੇ ਉਸਦਾ ਧਿਆਨ ਰੱਖਣ ਲਈ ਅਸੀਂ ਵਾਰੀ ਨਾਲ ਬਹਾਨੇ ਸਿਰ ਰਾਤ ਨੂੰ ਉਸਦੇ ਘਰ ਰਹਿਣ ਲੱਗੇ...ਇਸ ਤਰ੍ਹਾਂ ਕਿ ਉਸਨੂੰ ਪਤਾ ਨਾ ਲੱਗੇ। ਮੈਨੂੰ ਡਰ ਸੀ ਕਿ ਉਸਨੂੰ ਇਕੱਲੀ ਛੱਡ ਦਿਤਾ ਗਿਆ, ਤਾਂ ਉਹ ਆਪਣੀ ਜਾਨ ਲੈ ਲਵੇਗੀ। ਕੇਡੀ ਗਲਤ ਫਹਿਮੀਂ ਵਿਚ ਸਾਂ ਮੈਂ! ਜਦੋਂ ਸਾਹ ਲੈਂਦੀ ਹੋਈ ਤੇ ਤੁਰਦੀ ਫਿਰਦੀ ਹੋਈ ਵੀ ਉਹ ਮੁਰਦੇ ਵਾਂਗ ਲੱਗ ਰਹੀ ਸੀ, ਤਾਂ ਆਪਣੀ ਜਾਨ ਕਿੰਜ ਲੈ ਸਕਦੀ ਸੀ? ਮੈਂ ਉਸਨੂੰ ਪਿਆਰ ਕੀਤਾ ਸੀ ਤੇ ਉਸਦੀ ਇਸ ਮੌਤ ਦੇ ਨਾਲ ਮੈਂ ਵੀ ਮਰ ਗਿਆ। ਮੈਨੂੰ ਦੁਨੀਆਂ ਨਾਲ, ਸਰਕਾਰ ਨਾਲ, ਨਫ਼ਰਤ ਹੋ ਗਈ। ਖ਼ੂਨ ਨਾਲ ਰੰਗੇ ਹੱਥਾਂ ਵਾਲੇ ਪਹਿਰੇਦਾਰਾਂ ਨੂੰ ਸ਼ਾਨ ਨਾਲ ਆਕੜ ਕੇ ਤੁਰਦਿਆਂ ਵੇਖ ਕੇ ਮੈਨੂੰ ਘਿਣ ਆਉਣ ਲੱਗ ਪੈਂਦੀ। ਉਹਨਾਂ ਨੂੰ ਆਪਣੇ ਆਪ ਉੱਤੇ ਸ਼ਰਮ ਆਉਣੀ ਚਾਹੀਦੀ ਸੀ, ਪਰ ਉਹ ਆਕੜ ਨਾਲ ਆਪਣਾ ਪ੍ਰਦਰਸ਼ਣ ਕਰਦੇ ਤੁਰਦੇ। ਬੱਚਿਆਂ ਤੇ ਬੁੱਢਿਆਂ, ਔਰਤਾਂ-ਮਰਦਾਂ ਦੇ ਹੱਤਿਆਰੇ ਸਨ ਉਹ! ਸਾਰੇ ਦੇ ਸਾਰੇ ਅਪਰਾਧੀ!
“ਫੇਰ ਇਕ ਦੁਪਹਿਰ ਮੈਂ ਜਾਣਿਆ ਕਿ ਨਰਕ ਕੀ ਹੁੰਦਾ ਹੈ। ਮੈਂ ਆਪਣੇ ਘਰ ਬੈਠਾ ਡੇਵਿਡ ਦੇ ਭਜਨ ਪੜ੍ਹ ਰਿਹਾ ਸਾਂ ਕਿ ਮੇਰਾ ਇਕ ਪੁਰਾਣਾ ਮਿੱਤਰ ਮੈਨੂੰ ਮਿਲਣ ਆ ਗਿਆ। ਉਹ ਮੇਰੇ ਨਾਲ ਪੁਲਿਸ ਵਿਚ ਨੌਕਰੀ ਕਰਦਾ ਸੀ। ਕੁਛ ਦੇਰ ਅਸੀਂ ਪੁਰਾਣੇ ਦਿਨਾਂ ਦੀਆਂ ਤੇ ਫੇਰ ਇਹਨਾਂ ਕਰੂਰ ਨਵੇਂ ਦਿਨਾਂ ਦੀਆਂ ਗੱਲਾਂ ਕੀਤੀਆਂ। ਉਸਨੇ ਮੇਰੇ ਬੇਟੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ।
“'ਹੋਰ, ਅਸਕਾਲੁ ਕੈਸੀ ਹੈ?' ਉਸਨੇ ਮੈਨੂੰ ਪੁੱਛਿਆ। ਮੈਂ ਉਸਨੂੰ ਦਸਿਆ ਕਿ ਉਹ ਜਿਊਂ ਤਾਂ ਰਹੀ ਏ, ਪਰ ਮੁਰਦੇ ਵਾਂਗ। 'ਵਿਚਾਰੀ ਔਰਤ' ਉਸਨੇ ਦੁਖ ਪਰੁੱਚੀ ਆਵਾਜ਼ ਵਿਚ ਕਿਹਾ ਤੇ ਨਾਲ ਹੀ ਜੋੜਿਆ, 'ਤੇ ਵਿਚਾਰਾ ਤੂੰ!' ਮੈਂ ਉਸਨੂੰ ਪੁੱਛਿਆ ਕਿ ਉਸਨੇ ਇੰਜ ਕਿਉਂ ਕਿਹਾ ਏ। ਉਹ ਰਤਾ ਪ੍ਰੇਸ਼ਾਨ ਜਿਹਾ ਹੋ ਗਿਆ, ਪਰ ਫੇਰ ਜਦੋਂ ਮੈਂ ਜ਼ੋਰ ਦਿਤਾ ਤਾਂ ਉਸਨੇ ਦੱਸ ਦਿਤਾ। ਤੇ ਮੈਂ ਉਸ ਦਿਨ ਨੂੰ ਫਿਟਕਾਰ ਰਿਹਾ ਹਾਂ, ਜਿਸ ਦਿਨ ਉਹ ਮੈਨੂੰ ਮਿਲਣ ਆਇਆ ਸੀ।”
ਬੁੱਢੇ ਨੇ ਕਹਾਣੀ ਰੋਕ ਦਿਤੀ ਤੇ ਮੈਨੂੰ ਪਾਣੀ ਦੇਣ ਲਈ ਕਿਹਾ। ਪਾਣੀ ਪੀ ਕੇ ਉਸਨੇ ਫੇਰ ਕਹਿਣਾ ਸ਼ੁਰੂ ਕੀਤਾ :
“ਉਸਨੇ ਮੈਨੂੰ ਦੱਸਿਆ ਕਿ ਮੇਰਾ ਵੱਡਾ ਬੇਟਾ ਅਸਕਾਲੁ ਦੇ ਬੇਟੇ ਦੀ ਮੌਤ ਦਾ ਜ਼ਿਮੇਂਵਾਰ ਹੈ। ਕੇਡਾ ਝਟਕਾ ਦਿਤਾ ਸੀ ਉਸਨੇ ਮੈਨੂੰ! ਮੈਂ ਬਿਲਕੁਲ ਸੁੰਨ ਹੋ ਗਿਆ ਸਾਂ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਸੀ ਆਇਆ। ਇੱਥੋਂ ਤਕ ਮੈਂ ਆਪਣੇ ਮਿੱਤਰ ਦੀ ਗੱਲ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੋਇਆ ਹਿਰਖ ਵੱਸ ਉਸ ਉੱਤੇ ਵਰ੍ਹ ਵੀ ਗਿਆ ਸਾਂ। ਪਰ ਆਪਣੇ ਅੰਦਰਲੀ ਡੁੰਘਿਆਈ ਵਿਚ ਕਿਤੇ ਨਾ ਕਿਤੇ ਮੈਨੂੰ ਸ਼ੱਕ ਹੋਣ ਲੱਗ ਪਿਆ ਸੀ। 'ਮੈਨੂੰ ਮੁਆਫ਼ ਕਰੀਂ।' ਮੇਰੇ ਮਿੱਤਰ ਨੇ ਕਿਹਾ, 'ਮੈਂ ਸੋਚਿਆ ਤੂੰ ਜਾਣਦਾ ਹੋਵੇਂਗਾ।' ਪਰ ਮੈਂ ਕੁਝ ਨਹੀਂ ਜਾਣਦਾ ਸੀ। ਮੈਂ ਖ਼ੁਦ ਨੂੰ ਸ਼ਾਂਤ ਕੀਤਾ ਤੇ ਉਸਨੂੰ ਸਭ ਕੁਝ ਸੱਚ-ਸੱਚ ਦੱਸ ਦੇਣ ਦੀ ਪ੍ਰਾਰਥਨਾ ਕੀਤੀ। ਤੇ ਉਸਨੇ ਮੈਨੂੰ ਦਸਿਆ।...ਉਸਨੇ ਮੈਨੂੰ ਦਸਿਆ ਕਿ ਮੇਰਾ ਬੇਟਾ ਸੈਨਿਕ ਸੱਤਾ ਦਾ ਸਮਰਥਨ ਕਰਨ ਵਾਲੇ ਇਕ ਗੁੱਟ ਦਾ ਮੈਂਬਰ ਏ ਤੇ ਹੱਤਿਆਰਿਆਂ ਦੇ ਨਾਲ ਹੁੰਦਾ ਏ। ਉਸਨੇ ਮੈਨੂੰ ਦਸਿਆ ਕਿ ਮੇਰੇ ਬੇਟੇ ਨੇ ਅਸਕਾਲੁ ਦੇ ਬੇਟੇ ਵੱਲ ਉਂਗਲ ਕਰਕੇ ਕਿਹਾ ਕਿ ਉਹ 'ਅਰਾਜਕ ਹੈ'। ਉਸਨੇ ਮੈਨੂੰ ਦਸਿਆ ਕਿ ਇਸੇ ਦੇ ਸਿੱਟੇ ਵਜੋਂ ਅਸਕਾਲੁ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੇਰੇ ਬੇਟੇ ਨੇ, ਦੂਜਿਆਂ ਨਾਲ ਰਲ ਕੇ ਉਸ ਤੋਂ ਪੁੱਛਗਿੱਛ ਕਰਦਿਆਂ ਹੋਇਆਂ ਉਸਨੂੰ ਘੋਰ ਤਸੀਹੇ ਦਿਤੇ। ਉਸਨੇ ਮੈਨੂੰ ਦਸਿਆ ਕਿ ਇਹ ਗੱਲ ਸੋਲਾਂ ਆਨੇ ਸੱਚ ਏ ਕਿ ਮੇਰਾ ਬੇਟਾ ਨਜ਼ਦੀਕ ਦੀ ਇਕ ਖੇਤਰੀ ਜੇਲ੍ਹ ਵਿਚ, ਜਿਸਨੂੰ ਉਸਦੇ ਦੋਸਤ ਚਲਾਉਂਦੇ ਨੇ, ਆਪਣੀਆਂ ਰਾਤਾਂ ਬਿਤਾਉਂਦਾ ਏ ਤੇ ਇਹ ਲੋਕ ਹਰ ਰਾਤ ਕਈ ਨੌਜਵਾਨਾ ਨੂੰ ਤਸੀਹੇ ਦੇ ਦੇ ਕੇ ਮਾਰ ਦੇਂਦੇ ਨੇ। ਉਸਨੇ ਹੈਰਾਨੀ ਵਿਖਾਈ ਕਿ ਜਦੋਂ ਜਿਲ੍ਹੇ ਦੇ ਬਹੁਤ ਸਾਰੇ ਲੋਕ ਮੇਰੇ ਬੇਟੇ ਦੀਆਂ ਗਤੀ-ਵਿਧੀਆਂ ਨੂੰ ਜਾਣਦੇ ਨੇ, ਤਾਂ ਮੈਂ ਇਸ ਤੋਂ ਅਣਜਾਣ ਕਿੰਜ ਹੋ ਸਕਦਾ ਹਾਂ!
“ਮੈਂ ਕੀ ਕਹਿ ਸਕਦਾ ਸੀ? ਮੇਰੇ ਬੇਟੇ ਨੇ ਕਿਹਾ ਸੀ ਕਿ ਉਸਨੂੰ ਰਾਤ ਨੂੰ ਕੰਮ ਕਰਨਾ ਪੈਂਦਾ ਏ। ਐਤਵਾਰ ਦੀ ਰਾਤ ਨੂੰ ਆਉਣਾ, ਸਵੇਰੇ ਜਲਦੀ ਚਲੇ ਜਾਣਾ; ਆਪਣੇ ਕੰਮ ਬਾਰੇ ਕਦੀ ਕੁਛ ਨਾ ਦਸਣਾ...ਕਦੀ ਕੁਛ ਦਸਦਾ ਈ ਨਹੀਂ ਸੀ ਉਹ। ਹੁਣ ਸਾਰੀਆਂ ਕੜੀਆਂ ਜੁੜਨ ਲੱਗੀਆਂ–ਤੇ ਆਪਣੇ ਦੁਖ ਨੇ ਮੈਨੂੰ ਇਹ ਵੀ ਚੇਤਾ ਕਰਾਅ ਦਿਤਾ ਕਿ ਆਪਣੇ ਛੋਟੇ ਭਰਾ ਦੇ ਮਰਨ 'ਤੇ ਉਹ ਖਾਸ ਦੁਖੀ ਨਹੀਂ ਸੀ ਹੋਇਆ। ਆਪਣੇ ਦੁਖ ਸਦਕਾ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਹਰ ਵਾਰੀ ਮੈਨੂੰ ਦੇਖਦਿਆਂ ਹੀ ਅਸਕਾਲੁ ਕਿਉਂ ਫੁਟ ਫੁਟ ਕੇ ਰੋਣ ਲੱਗ ਪੈਂਦੀ ਸੀ। ਮੈਂ ਸੋਚਦਾ ਸੀ ਕਿ ਉਹ ਆਪਣੇ ਪੁੱਤਰ ਦੇ ਮੁੱਕ ਜਾਣ ਕਰਕੇ ਦੁਖੀ ਹੈ, ਜਦਕਿ ਉਹ ਅਸਲ ਵਿਚ ਮੇਰੇ ਲਈ ਰੋ ਰਹੀ ਹੁੰਦੀ ਸੀ।”
ਬੁੱਢੇ ਦੀਆਂ ਗਲ੍ਹਾਂ 'ਤੇ ਅੱਥਰੂ ਢਿਲਕ ਆਏ, “ਕਾਸ਼, ਮੈਂ ਆਪਣੀ ਪਤਨੀ ਜਾਂ ਆਪਣੇ ਛੋਟੇ ਬੇਟੇ ਦੇ ਨਾਲ ਈ ਮਰ ਗਿਆ ਹੁੰਦਾ! ਮੈਂ ਇਕ ਸ਼ਰਮਸਾਰ, ਤਬਾਹ ਤੇ ਇਕ ਅਭਾਗਾ ਬੁੱਢਾ ਆਦਮੀ ਸਾਂ। ਮੇਰਾ ਆਪਣਾ ਖ਼ੂਨ ਉਸ ਔਰਤ ਦੇ ਦੁੱਖਾਂ ਦਾ ਕਾਰਣ ਸੀ, ਜਿਸਨੂੰ ਮੈਂ ਪ੍ਰੇਮ ਕਰਦਾ ਸਾਂ। ਮੇਰਾ ਆਪਣਾ ਬੇਟਾ ਇਕ ਖ਼ੂਨੀ ਸੀ। ਮੈਂ ਖ਼ੁਦ ਨੂੰ ਗੰਦਾ ਦੇ ਘਿਣਾਉਣਾ ਮਹਿਸੂਸ ਕਰਨ ਲੱਗਾ–ਖ਼ੂਨ ਦੀ ਦੁਰਗੰਧ ਨਾਲ ਲਿਬੜਿਆ ਹੋਇਆ, ਧੁਰ ਅੰਦਰ ਤੀਕ ਗਲੀਜ਼। ਮੈਂ ਚਰਚ ਜਾਣਾ ਬੰਦ ਕਰ ਦਿਤਾ। ਅਸਕਾਲੁ ਦੇ ਘਰ ਜਾਂਦੇ ਹੋਏ ਸ਼ਰਮ ਆਉਂਦੀ ਸੀ, ਪਰ ਮੈਂ ਖ਼ੁਦ ਨੂੰ ਉੱਥੇ ਜਾਣ ਲਈ ਮਜ਼ਬੂਰ ਕੀਤਾ। ਉਸਨੇ ਮੈਨੂੰ ਵੇਖਿਆ, ਤਾਂ ਰੋ ਪਈ। ਮੈਂ ਵੀ ਚੁਪਚਾਪ ਰੋਂਦਾ ਰਿਹਾ ਤੇ ਤੁਰਨ ਤੋਂ ਪਹਿਲਾਂ ਮੈਂ ਬਸ ਉਸਨੂੰ ਏਨਾ ਕਿਹਾ ਕਿ 'ਮੈਂ ਜਾਣਦਾ ਆਂ। ਮੈਨੂੰ ਮੁਆਫ਼ ਕਰ ਦੇਅ।' ਉਸ ਸੁਹਿਰਦ ਔਰਤ ਨੇ ਮੇਰੇ ਹੱਥ ਘੁੱਟ ਕੇ ਫੜ੍ਹ ਲਏ ਤੇ ਅੱਖਾਂ ਵਿਚ ਅੱਥਰੂ ਭਰ ਕੇ ਬੋਲੀ–'ਇਸ ਵਿਚ ਤੇਰੀ ਕੋਈ ਗਲਤੀ ਨਹੀਂ। ਈਸ਼ਵਰ ਜਾਣਦਾ ਏ, ਇਹ ਸਮਾਂ ਈ ਗਲਤ ਏ।' ਤੇ ਇਸ ਨਾਲ ਮੇਰਾ ਸੰਤਾਪ ਹੋਰ ਵਧ ਗਿਆ। ਸ਼ਾਇਦ ਮੈਂ ਚਾਹੁੰਦਾ ਸਾਂ ਕਿ ਉਹ ਮੈਨੂੰ ਮਿਹਣੇ ਮਾਰੇ ਤੇ ਇਸ 'ਤੇ ਮੈਨੂੰ ਉਸ ਉਤੇ ਗੁੱਸਾ ਆਵੇ ਤੇ ਮੈਂ ਆਪਣੀ ਨਮੋਸ਼ੀ ਕੁਝ ਘੱਟ ਕਰ ਸਕਾਂ, ਪਰ ਉਹ ਤਾਂ ਮੇਰੇ ਲਈ ਰੋ ਰਹੀ ਸੀ। ਪਰ ਮੈਂ ਉਸਦੇ ਬੇਟੇ ਦੇ ਹੱਤਿਆਰੇ ਦਾ ਪਿਤਾ ਹੋਣ ਦੇ ਨਾਤੇ ਭਲਾ ਆਪਣੇ ਬੇਟੇ ਦੇ ਅਪਰਾਧਾਂ ਦਾ ਜ਼ਿਮੇਂਵਾਰ ਕਿਉਂ ਨਹੀਂ ਸਾਂ?
“ਮੈਂ ਸ਼ਾਂਤ ਮਨ ਨਾਲ ਐਤਵਾਰ ਦੀ ਉਡੀਕ ਕੀਤੀ। ਨਹੀਂ, ਇਹ ਪੂਰੀ ਤਰ੍ਹਾਂ ਸੱਚ ਨਹੀਂ। ਮੇਰੇ ਅੰਦਰ ਖਲਬਲੀ ਮੱਚੀ ਹੋਈ ਸੀ। ਕੀ ਮੈਂ ਘਰ ਛੱਡ ਕੇ ਚਲਾ ਜਾਵਾਂ ਤੇ ਫੇਰ ਕਦੀ ਉਸਦੀ ਸੂਰਤ ਨਾ ਵੇਖਾਂ? ਜਾਂ ਮੈਨੂੰ ਉਸਦਾ ਸਾਹਮਣਾ ਕਰਨਾ ਚਾਹੀਦਾ ਏ? ਜੇ ਉਸਦੀ ਮਾਂ ਜਿਊਂਦੀ ਹੁੰਦੀ, ਤਾਂ ਉਹ ਕੀ ਮਹਿਸੂਸ ਕਰਦੀ? ਮੇਰਾ ਮੋਇਆ ਪੁੱਤਰ ਕੀ ਸਲਾਹ ਦੇਂਦਾ, ਜੇ ਉਹ ਜਿਊਂਦਾ ਹੁੰਦਾ? ਮੈਂ ਅਸਕਾਲੁ ਨੂੰ ਪੁੱਛਦਾ, ਤਾਂ ਉਹ ਕੀ ਜਵਾਬ ਦੇਂਦੀ? ਜੇ ਉਸਦਾ ਮੋਇਆ ਪੁੱਤਰ ਆਪਣੀ ਕਬਰ 'ਚੋਂ ਮੇਰੇ ਨਾਲ ਗੱਲ ਕਰ ਸਕਦਾ, ਤਾਂ ਉਹ ਕੀ ਕਹਿੰਦਾ? ਮੈਂ ਕੋਈ ਆਵਾਜ਼ ਨਹੀਂ ਸੁਣੀ, ਕੋਈ ਸੁਪਨਾ ਨਹੀਂ ਵੇਖਿਆ, ਪਰ ਮੈਂ ਉਡੀਕ ਕੀਤੀ।
“ਐਤਵਾਰ ਦੀ ਰਾਤ ਆਈ ਤੇ ਮੇਰਾ ਪੁੱਤਰ ਘਰ ਆਇਆ। ਉਹ ਹਮੇਸ਼ਾ ਵਾਂਗ ਆਪਣੇ ਆਪ ਵਿਚ ਮਗਨ ਸੀ ਤੇ ਉਸਦਾ ਧਿਆਨ ਹੀ ਨਹੀਂ ਸੀ ਕਿ ਮੈਂ ਉਸਨੂੰ ਇੰਜ ਗੌਰ ਨਾਲ ਵੇਖ ਰਿਹਾ ਆਂ ਜਿਵੇਂ ਉਹ ਵਚਿੱਤਰ ਆਦਤਾਂ ਤੇ ਰੰਗ-ਢੰਗ ਵਾਲਾ ਕੋਈ ਅਜਨਬੀ ਹੋਵੇ। ਆਖ਼ਰ ਮੈਂ ਜੋ ਕਹਿਣਾ ਸੀ, ਮੈਂ ਕਿਹਾ। ਸਮਾਂ ਤੇ ਸ਼ਬਦ ਬਰਬਾਦ ਕਰਨ ਦਾ ਕੋਈ ਮਤਲਬ ਨਹੀਂ ਸੀ, ਇਸ ਲਈ ਮੈਂ ਉਸਨੂੰ ਸਿੱਧਾ ਹੀ ਪੁੱਛਿਆ, 'ਕੀ ਤੂੰ ਜਿਲ੍ਹਾ ਸੰਮਤੀ ਲਈ ਕੰਮ ਕਰਦਾ ਏਂ?'
“ਉਸਨੇ ਮੈਨੂੰ ਸਿੱਧਾ ਸਾਦਾ ਕੋਈ ਜਵਾਬ ਨਹੀਂ ਦਿੱਤਾ, ਪਰ ਉਸਦੀਆਂ ਅੱਖਾਂ ਸਭ ਕੁਝ ਦਸ ਰਹੀਆਂ ਸੀ। ਮੈਂ ਤੈਨੂੰ ਬੋਰ ਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਮੈਂ ਏਨਾ ਜ਼ਰੂਰ ਦੱਸਣਾ ਏਂ ਕਿ ਅਖ਼ੀਰ ਉਸਨੇ ਸਵੀਕਾਰ ਕੀਤਾ ਤੇ ਇੱਥੋਂ ਤੀਕ ਕਿ ਮੈਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ 'ਅਸਕਾਲੁ ਦੇ ਪੁੱਤਰ ਵਰਗੇ 'ਲੋਕ-ਦੁਸ਼ਮਣ' ਜੇ ਆਪਣੇ ਵਿਚਾਰ ਨਹੀਂ ਬਦਲਦੇ, ਤਾਂ ਉਹਨਾਂ ਨੂੰ ਮਾਰਨਾ ਈ ਪਏਗਾ।' ਜਿੰਨੀ ਦੇਰ ਉਹ ਬੋਲਦਾ ਰਿਹਾ, ਓਨੀ ਦੇਰ ਮੈਨੂੰ ਉਸਦੀ ਆਵਾਜ਼ ਰੇਡੀਓ ਵਰਗੀ ਲੱਗਦੀ ਰਹੀ। ਤੇ ਓਨਾਂ ਹੀ ਉਹ ਮੈਨੂੰ ਮੇਰੇ ਸਾਹਮਣੇ ਬੈਠਾ ਹੋਇਆ ਓਪਰਾ ਆਦਮੀ ਲੱਗਣ ਲੱਗਾ। ਮੇਰੀਆਂ ਅੱਖਾਂ ਵਿਚ ਅੱਥਰੂ ਨਹੀਂ ਆਏ। ਮੈਂ ਸੁੰਨ-ਮੰਨ ਤੇ ਸਿਲ-ਪੱਥਰ ਜਿਹਾ ਹੋ ਗਿਆ। ਜਿਵੇਂ ਕੋਈ ਔਤਰਾ ਆਦਮੀ ਹੋਵਾਂ।
“ਸਵੇਰੇ ਉਹ ਅਗਲੇ ਐਤਵਾਰ ਆਉਣ ਦਾ ਵਾਅਦਾ ਕਰਕੇ ਚਲਾ ਗਿਆ। ਮੇਰੇ ਲਈ ਇਹ ਹਫ਼ਤਾ ਬੜਾ ਲੰਮਾ ਹੋ ਗਿਆ ਸੀ। ਅਸਕਾਲੁ ਇਕ ਦੋ ਵਾਰ ਆਈ, ਜਿਵੇਂ ਮੈਂ ਉਸ ਤੋਂ ਵੱਧ ਤਰਸਯੋਗ ਹੋਵਾਂ। ਉਸਨੂੰ ਵੇਖ ਕੇ ਮੇਰੀ ਨਮੋਸ਼ੀ ਵਧ ਗਈ ਤੇ ਇੰਜ ਮੇਰਾ ਇਰਾਦਾ ਪੱਕਾ ਹੋ ਗਿਆ। ਮੇਰਾ ਵਿਸ਼ਵਾਸ ਸੀ ਕਿ ਹਰੇਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਏ। ਮੇਰਾ ਪੁੱਤਰ ਮੇਰੀ ਜ਼ਿਮੇਂਵਾਰੀ ਸੀ। ਮੈਂ ਉਸਨੂੰ ਇਸ ਦੁਨੀਆਂ ਵਿਚ ਲਿਆਇਆ ਸਾਂ। ਉਹ ਮੇਰਾ ਬੋਝ ਸੀ। ਤੇ ਫੇਰ ਵੀ ਮੈਂ ਉਹ ਕਰਨ ਦਾ ਫੈਸਲਾ ਨਹੀਂ ਲੈ ਸਕਿਆ, ਜੋ ਮੇਰੀ ਸਮਝ 'ਚ ਮੈਨੂੰ ਕਰਨਾ ਚਾਹੀਦਾ ਸੀ। ਮੈਂ ਡਰਪੋਕ ਸਾਂ, ਜਾਂ ਸ਼ਾਇਦ ਇਕ ਪਿਤਾ। ਸਿਰਫ ਇਕ ਪਿਤਾ।
“ਮੈਂ ਆਪਣੇ ਇਲਾਕੇ ਦੇ ਇਕ ਮੁੰਡੇ ਨੂੰ ਜਾਣਦਾ ਸਾਂ, ਜਿਸ ਬਾਰੇ ਮੈਨੂੰ ਸ਼ੱਕ ਸੀ ਕਿ ਉਹ ਗੁਪਤ ਰੂਪ ਵਿਚ ਤੇਰੇ ਦੋਸਤਾਂ ਨਾਲ ਕੰਮ ਕਰਦਾ ਏ। ਮੈਂ ਉਸ ਕੋਲ ਗਿਆ ਤੇ ਅਸੀਂ ਗੱਲਬਾਤ ਕੀਤੀ। ਸਿੱਧੇ ਢੰਗ ਨਾਲ ਨਹੀਂ। ਮੈਂ ਉਸਨੂੰ ਦਸਿਆ ਕਿ ਮੈਂ ਉਸ ਬਾਰੇ ਜਾਣਦਾ ਹਾਂ। ਉਸਨੇ ਨਾ ਤਾਂ ਇਨਕਾਰ ਕੀਤਾ ਤੇ ਨਾ ਹੀ ਇਸ ਗੱਲ ਦੀ ਤਸਦੀਕ ਕੀਤੀ, ਕਿਉਂਕਿ ਮੈਂ ਖੁੱਲ੍ਹ ਕੇ ਕੁਝ ਵੀ ਨਹੀ ਸੀ ਕਿਹਾ। ਮੈਂ ਉਸਨੂੰ ਦਸਿਆ ਕਿ ਮੇਰਾ ਬੇਟਾ ਆਮ ਤੌਰ 'ਤੇ ਹਰ ਐਤਵਾਰ ਦੀ ਰਾਤ ਮੈਨੂੰ ਮਿਲਣ ਆਉਂਦਾ ਏ ਤੇ ਸਵੇਰੇ ਜਲਦੀ ਈ ਚਲਾ ਜਾਂਦਾ ਏ। ਮੈਂ ਬਸ ਏਨਾ ਹੀ ਕਿਹਾ, ਹੋਰ ਕੁਝ ਨਹੀਂ। ਜਦੋਂ ਮੈਂ ਤੁਰਨ ਲੱਗਿਆ, ਮੁੰਡੇ ਨੇ ਪੁੱਛਿਆ, 'ਕਿਸ ਲਈ?' ਮੈਂ ਉਸ ਵੱਲ ਦੇਖਿਆ ਤੇ ਕਿਹਾ, 'ਅਸਕਾਲੁ ਦੇ ਬੇਟੇ ਲਈ। ਤੇਰੇ ਲਈ। ਤੇ ਆਪਣੇ ਉਸ ਜਿਉਂਦੇ ਬੇਟੇ ਦੇ ਲਈ ਵੀ।' ਤੇ ਮੈਂ ਤੁਰ ਆਇਆ। ਮੈਂ 'ਮੇਰੇ ਲਈ' ਨਹੀਂ ਕਿਹਾ, ਹਾਲਾਂਕਿ ਮੈਂ ਸੋਚਦਾ ਰਿਹਾ ਹਾਂ ਕਿ ਮੈਂ ਇਹ ਵੀ ਕਹਿ ਸਕਦਾ ਸਾਂ।
“ਐਤਵਾਰ ਆਇਆ ਤੇ ਮੇਰਾ ਹੱਤਿਆਰਾ ਬੇਟਾ ਮੈਨੂੰ ਮਿਲਣ ਆਇਆ। ਉਹ ਇਕ ਖਾਮੋਸ਼ ਰਾਤ ਸੀ। ਮੈਂ ਦੇਰ ਤੀਕ ਉਸ ਵਲ ਵੇਖਦਾ ਰਿਹਾ ਤੇ ਦਿਲ ਹੀ ਦਿਲ 'ਚ ਉਸਨੂੰ ਅਲਵਿਦਾ ਕਹਿੰਦਾ ਰਿਹਾ। ਮੈਂ ਰੋਇਆ ਨਹੀਂ। ਤੜਕੇ ਠੀਕ ਕਰਫ਼ਿਊ ਦੇ ਸਮੇਂ ਤੋਂ ਪਿੱਛੋਂ ਮੈਂ ਉਸਨੂੰ ਜਾਂਦਿਆਂ ਸੁਣਿਆ। ਕੁਝ ਮਿੰਟ ਬਾਅਦ ਮੈਂ ਕੁਝ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਮੈਂ ਜਾਣਦਾ ਸੀ ਕੀ ਹੋਇਆ ਏ। ਮੈਂ ਉਸਨੂੰ ਵੇਖਣ ਬਾਹਰ ਨਹੀਂ ਗਿਆ। ਪਿਛੋਂ ਸਰਕਾਰੀ ਲੋਕ ਉਸਦੀ ਲਾਸ਼ ਮਕਾਨ ਅੰਦਰ ਲੈ ਆਏ, ਪਰ ਮੈਂ ਉਸਦੀ ਮਰਿਤ ਦੇਹ ਦੇਖਣ ਤੋਂ ਬਚਦਾ ਰਿਹਾ। ਮੈਂ ਨਹੀਂ ਰੋਇਆ ਤੇ ਉਹਨਾਂ ਸੋਚਿਆ ਕਿ ਮੈਂ ਕਰਾਂਤੀ ਲਈ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ ਤਿਆਰ ਇਕ ਸਖ਼ਤ ਜਾਨ ਬੁੱਢਾ ਹਾਂ। ਉਸਦਾ ਨਾਂਅ ਅਖ਼ਬਾਰਾਂ ਵਿਚ ਛਪਿਆ ਤੇ ਸਰਕਾਰੀ ਅਫ਼ਸਰ ਉਸਦੇ ਜਨਾਜੇ ਵਿਚ ਸ਼ਾਮਿਲ ਹੋਏ। ਪਿੱਛੋਂ ਮੈਂ ਸੁਣਿਆ ਕਿ ਉਸਦੀ ਮੌਤ ਦੇ ਬਦਲੇ ਕੁਝ ਕੈਦੀਆਂ ਦੀ ਹੱਤਿਆ ਕਰ ਦਿਤੀ ਗਈ। ਯਾਨੀ ਮਰ ਕੇ ਵੀ ਉਹ ਕੁਛ ਹੋਰ ਮੌਤਾਂ ਦਾ ਕਾਰਨ ਬਣਿਆ। ਇਕ ਸਰਾਪਿਆ ਹੋਇਆ ਪੁੱਤਰ, ਤੇ ਮੈਂ, ਉਸਦਾ ਸਰਾਪਿਆ ਹੋਇਆ ਪਿਓ।
“ਕੁਛ ਸਮੇਂ ਬਾਅਦ ਮੈਨੂੰ ਇਸ ਪਾਸੇ ਆਉਣ ਲਈ ਜਿਲ੍ਹਾ ਸੰਮਤੀ ਵੱਲੋਂ ਆਗਿਆ ਪੱਤਰ ਮਿਲ ਗਿਆ। ਪਰ ਘਰ ਛੱਡਣ ਤੋਂ ਪਹਿਲਾਂ ਮੈਂ ਅਸਕਾਲੁ ਕੋਲ ਗਿਆ ਤੇ ਉਸਨੂੰ ਦਸਿਆ ਕਿ ਮੈਂ ਇਹ ਭੌਤਕ ਸੰਸਾਰ ਛੱਡ ਕੇ ਇਕਾਂਤ ਵਾਸੀ ਬਣ ਜਾਣ ਦਾ ਫੈਸਲਾ ਕੀਤਾ ਏ। ਉਸਨੇ ਮੈਨੂੰ ਅਲਵਿਦਾ ਕਿਹਾ ਤੇ ਦਸਿਆ ਕਿ ਉਹ ਵੀ ਦੇਵ੍ਰੇ ਦੇ ਲਿਬਾਨੋਸ ਮਠ ਵਿਚ ਨਨ ਬਣਨ ਜਾ ਰਹੀ ਏ।
“ਤੇ ਇਹੀ ਮੇਰਾ ਪਾਪ-ਸਵੀਕਾਰ ਏ।” ਬੁੱਢੇ ਨੇ ਕਿਹਾ, “ਮੈਂ ਆਪਣੇ ਪੁੱਤਰ ਦੀ ਮੌਤ ਦਾ ਕਾਰਨ ਬਣਿਆ। ਤੇ ਤੇਰਾ ਇਹ ਸਭ ਕੁਝ ਸੁਣ ਲੈਣਾ ਵੀ ਠੀਕ ਈ ਰਿਹਾ, ਕਿਉਂਕਿ ਇਸ ਵਿਚ ਤੇਰਾ ਸੰਘਰਸ਼ ਵੀ ਸ਼ਾਮਿਲ ਏ। ਤੇਰੇ ਰਾਹੀਂ ਮੇਰਾ ਪਾਪ-ਸਵੀਕਾਰ ਸੁਣਿਆ ਜਾਣਾ ਉਹਨਾਂ ਦੂਸਰੇ ਕਰਨਾ ਤੋਂ ਵੀ ਉਚਿੱਤ ਏ, ਜਿਹੜੇ ਮੈਂ ਤੈਨੂੰ ਪਹਿਲਾਂ ਦਸ ਚੁੱਕਿਆ ਆਂ।”
ਉਸਨੇ ਮੁਸਕਰਾਉਂਦਿਆਂ ਹੋਇਆਂ ਕਹਿਣਾ ਜਾਰੀ ਰੱਖਿਆ, “ਇਹੀ ਕਾਰਨ ਏ ਕਿ ਮੈਂ ਮਰਨਾ ਚਾਹੁੰਦਾ ਆਂ। ਮੇਰੇ ਇਲਾਜ਼ 'ਤੇ ਤੇਰੀਆਂ ਦੁਆਈਆਂ ਬੇਕਾਰ ਜਾਣਗੀਆਂ, ਕਿਉਂਕਿ ਮੈਂ ਮਰਨਾ ਚਾਹੁੰਦਾ ਆਂ ਤੇ ਮਰ ਜਾਵਾਂਗਾ।”
“ਤੁਸੀਂ ਮੇਰੇ 'ਤੇ ਇਕ ਭਾਰੀ ਜ਼ਿਮੇਂਵਾਰੀ ਦਾ ਬੋਝ ਪਾ ਰਹੇ ਓ।” ਮੈਂ ਬੁੱਢੇ ਨੂੰ ਕਿਹਾ।
“ਨਹੀਂ ਮੈਂ ਮਨੁੱਖਾਂ ਦੇ ਪਾਪਾਂ ਬਾਰੇ ਤੇਰੇ ਗਿਆਨ 'ਚ ਵਾਧਾ ਕਰ ਰਿਹਾਂ।” ਉਸਨੇ ਕਿਹਾ, “ਮੈਂ ਆਪਣੇ ਪਾਪ ਲਈ ਤੈਥੋਂ ਕੋਈ ਮੁਆਫ਼ੀ ਨਹੀਂ ਮੰਗ ਰਿਹਾ। ਮੈਂ ਈਸ਼ਵਰ ਦੇ ਫੈਸਲੇ ਦੀ ਉਡੀਕ ਕਰ ਰਿਹਾਂ। ਪਰ ਆਪਣੀ ਕਹਾਣੀ ਦੇ ਜ਼ਰੀਏ ਮੈਂ ਤੈਨੂੰ ਇਹੀ ਸਲਾਹ ਦੇ ਰਿਹਾਂ ਕਿ ਤੂੰੂ ਭਲਾਈ ਕਰਨਾ ਜਾਰੀ ਰੱਖ। ਦੁਨੀਆਂ ਬੁਰਾਈ ਨਾਲ ਭਰੀ ਪਈ ਏ, ਪਰ ਉਹ ਭਲਾਈ ਨਾਲ ਵੀ ਭਰੀ ਹੋਈ ਏ। ਤੂੰ ਦੂਜਿਆਂ ਦੇ ਭਲੇ ਲਈ ਤਕਲੀਫ਼ ਝੱਲਦਾ ਏਂ, ਕੀ ਇਹ ਭਲਾਈ ਨਹੀਂ? ਏਨੀਆਂ ਸਾਰੀਆਂ ਮੌਤਾਂ ਹੁਣ ਵੀ ਜਾਰੀ ਨੇ...ਇਹ ਕਿੰਨੇ ਦੁਖ ਵਾਲੀ ਗੱਲ ਏ। ਹੱਤਿਆ, ਹੱਤਿਆ, ਹੱਤਿਆ...ਇਹ ਸਭ ਕਦੋਂ ਰੁਕੇਗਾ? ਈਸ਼ਵਰ ਕਦੋਂ ਸਾਡੀ ਪੁਕਾਰ ਸੁਣੇਗਾ ਤੇ ਕਦੋਂ ਅਸੀਂ ਇਸ ਤਕਲੀਫ਼ ਤੋਂ ਬਚਾਂਗੇ? ਕਦੋਂ ਉਹ ਉਹਨਾਂ ਜਿਊਂਦੇ ਲੋਕਾਂ 'ਤੇ ਦਯਾ ਕਰੇਗਾ, ਜਿਹਨਾਂ ਨੂੰ ਆਏ ਦਿਨ ਕਸ਼ਟ ਭੋਗਦਿਆਂ ਜਿਊਣਾ ਪੈ ਰਿਹਾ ਏ? ਮੈਂ ਛੇਤੀ ਈ ਉਹਨੂੰ ਮਿਲਾਂਗਾ ਤੇ ਇਹਨਾਂ ਸਵਾਲਾਂ ਦੇ ਜਵਾਬ ਮੰਗਾਂਗਾ।” ਬੱਢੇ ਨੇ ਬਿਨਾਂ ਮੁਸਕਰਾਇਆਂ ਕਿਹਾ।
“ਮੈਨੂੰ ਲੱਗਦਾ ਏ ਉਹ ਤੁਹਾਡੀ ਗੱਲ ਜ਼ਰੂਰ ਸਮਝ ਜਾਏਗਾ।” ਮੈਂ ਆਪਣੇ ਆਪ ਨੂੰ ਲਾਚਾਰ ਜਿਹਾ ਮਹਿਸੂਸ ਕਰਦਿਆਂ ਕਿਹਾ। ਤੇ ਹੋਰ ਮੈਂ ਕਹਿ ਵੀ ਕੀ ਸਕਦਾ ਸਾਂ? ਇਕ ਯੋਧੇ ਦੇ ਰੂਪ ਵਿਚ ਮੈਨੂੰ ਯਕੀਨ ਸੀ ਕਿ ਉਸਨੇ ਜੋ ਕੀਤਾ, ਉਹ ਸਲਾਹੁਣ ਯੋਗ ਸੀ। ਪਰ ਮੈਂ ਉਸ ਪੀੜ ਨੂੰ ਵੀ ਮਹਿਸੂਸ ਕੀਤਾ, ਜਿਹੜੀ ਉਹਦੇ ਦਿਲ ਨੂੰ ਚੀਰ ਰਹੀ ਸੀ। ਕੀ ਕੋਈ ਪਿਤਾ ਆਪਣੇ ਪੁੱਤਰ ਨੂੰ ਮਰਵਾਉਣ ਲਈ ਵਧਾਈ ਦਾ ਪਾਤਰ ਹੁੰਦਾ ਹੈ? ਕੀ ਕੋਈ ਪੁੱਤਰ, ਜਿਹੜਾ ਹੱਤਿਆਵਾਂ ਕਰਨ ਤੇ ਉਤਾਰੂ ਹੁੰਦਾ ਹੈ ਤੇ ਆਪਣੇ ਦਾ ਪਿਤਾ ਦਾ ਹੀ ਦਿਲ ਤੋੜਦਾ ਹੈ, ਹਮਦਰਦੀ ਦਾ ਪਾਤਰ ਹੁੰਦਾ ਹੈ? ਉਹਨਾਂ ਕਿਸਮਤ ਮਾਰੇ ਮਾਪਿਆਂ ਉੱਤੇ ਤਰਸ ਹੀ ਖਾਧਾ ਜਾ ਸਕਦਾ ਹੈ, ਜਿਹਨਾਂ ਦੇ ਬੱਚੇ ਨਿਰਦੋਸ਼ ਲੋਕਾਂ ਦੇ ਹੱਤਿਆਰੇ ਬਣ ਜਾਂਦੇ ਨੇ।
ਮੈਂ ਬੁੱਢੇ ਆਦਮੀ ਨੂੰ ਅਲਵਿਦਾ ਕਿਹਾ। ਮੈਨੂੰ ਪਤਾ ਸੀ ਕਿ ਮੈਂ ਉਸਨੂੰ ਫੇਰ ਕਦੀ ਨਹੀਂ ਵੇਖ ਸਕਾਂਗਾ। ਮੈਂ ਉਸਨੂੰ ਕੋਈ ਦਵਾਈ ਨਹੀਂ ਦਿਤੀ, ਕਿਉਂਕਿ ਕੋਈ ਵੀ ਦਵਾਈ ਉਸਦਾ ਦਰਦ ਘੱਟ ਨਹੀਂ ਸੀ ਕਰ ਸਕਦੀ। ਜੇ ਇਸ ਗੱਲ ਨੂੰ ਛੱਡ ਵੀ ਦਿਤਾ ਜਾਏ ਕਿ ਮੇਰੇ ਵਰਗੇ ਛਾਪਾਮਾਰ ਡਾਕਟਰ ਕੋਲ ਜੀਵਨ ਰੱਖਿਅਕ ਦਵਾਈਆਂ ਘੱਟ ਪਹੁੰਚਦੀਆਂ ਸਨ, ਤਾਂ ਵੀ ਉਸਦੀ ਪੀੜ, ਵਿਗਿਆਨ ਦੀ ਜੀਵਨ ਰੱਖਿਅਕ ਪਹੁੰਚ ਤੋਂ ਪਰ੍ਹੇ ਸੀ।
ਵਾਲਦਿਬਾ ਵਿਚ ਹਮੇਸ਼ਾ ਵਾਂਗ ਭਿਆਨਕ ਖਾਮੋਸ਼ੀ ਛਾਈ ਹੋਈ ਸੀ। ਉਹ ਜਿਊਂਦੇ ਮੁਰਦਿਆਂ ਦਾ ਮਠ ਸੀ। ਮੁਰਦਾ ਆਤਮਾਵਾਂ ਦਾ ਨਿਵਾਸ। ਕੁਟੀਆਂ ਦੇ ਬੰਦ ਦਰਵਾਜ਼ਿਆਂ ਪਿੱਛੇ ਲੁਕੇ ਪੀੜ-ਪਰੁੱਚੇ ਰਹੱਸਾਂ ਦਾ ਰੱਖਵਾਲਾ। ਵਾਲਦਿਬਾ ਵਿਚ ਕੋਈ ਕਦੀ ਉੱਚੀ ਆਵਾਜ਼ ਵਿਚ ਨਹੀਂ ਬੋਲਦਾ, ਫੁਸਫੁਾਉਂਦਾ ਹੈ। ਇਥਿਯੋਪੀਆ ਦੀਆਂ ਭਿਆਨਕ ਗਾਥਾਵਾਂ ਜ਼ੁਬਾਨਾਂ ਨੂੰ ਲਕਵਾ ਤੇ ਕੰਨਾਂ ਨੂੰ ਬੋਲਾ ਕਰ ਦੇਂਦੀਆਂ ਨੇ।
ਮੈਂ ਆਪਣੀ ਜ਼ਿੰਦਗੀ ਜਿਊਣੀ ਸੀ ਤੇ ਅੰਤਹੀਣ ਸੰਘਰਸ਼ ਜਾਰੀ ਰੱਖਣਾ ਸੀ। ਮੈਂ ਬੁੱਢੇ ਆਦਮੀ ਨੂੰ ਉੱਥੇ ਛੱਡ ਕੇ ਆਪਣੇ ਛਾਪਾਮਾਰ ਸਾਥੀਆਂ ਕੋਲ ਪਰਤ ਗਿਆ। ਮੈਂ ਕਈ ਹੋਰ ਲੜਾਈਆਂ ਲੜੀਆਂ, ਕਈ ਹੋਰ ਦਰਦ ਭਰੀਆਂ ਕਹਾਣੀਆਂ ਸੁਣੀਆਂ, ਜਿਹਨਾਂ ਵਿਚੋਂ ਕੁਝ ਫੁਸਫੁਸਾਹਟਾਂ ਵਿਚ ਕਹੀਆਂ ਗਈਆਂ, ਕੁਝ ਉੱਚੀ ਆਵਾਜ਼ ਵਿਚ।
ਮੌਤ ਤੋਂ ਪਹਿਲਾਂ ਪਾਪ-ਸਵੀਕਾਰ ਦਾ ਸਮਾਂ ਮਿਲੇ ਤਾਂ ਇਕ ਛਾਪਾਮਾਰ ਦੂਜੇ ਛਾਪਾਮਾਰ ਸਾਹਮਣੇ ਹੀ ਆਪਣਾ ਪਾਪ-ਸਵੀਕਾਰ ਕਰਦਾ ਹੈ।
ਪੋਸਟ : ਮੁਹਾਂਦਰਾ : 22/07/2009.

੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
e-mail : mpbedijaitu0yahoo.co.in
2log at. : mbedijaitu.blogspot.com