Tuesday, July 20, 2010

ਅਭਿਮੰਨਿਊ ਦਾ ਪੂਰਕ...::ਲੇਖਕ : ਵਿਜੈ





ਹਿੰਦੀ ਕਹਾਣੀ :
ਅਭਿਮੰਨਿਊ ਦਾ ਪੂਰਕ
ਲੇਖਕ : ਵਿਜੈ
ਸੰਪਰਕ : 09313301435

ਅਨੁਵਾਦ: ਮਹਿੰਦਰ ਬੇਦੀ, ਜੈਤੋ


ਚੈਂਬਰ ਦੇ ਬਾਹਰ ਲੱਗੀ ਬਰਾਸ ਪਲੇਟ 'ਤੇ ਚਮਕ ਰਿਹਾ ਹੈ—'ਕਿਰਨ ਕੁਮਾਰ, ਕਮਿਸ਼ਨਰ ਆਫ਼ ਪੁਲਿਸ'—ਨਾਂਅ।
ਦਰਵਾਜ਼ੇ ਉੱਤੇ ਲਾਲ-ਚਿੱਟੇ ਗਲੋਬ ਲੱਗੇ ਹੋਏ ਨੇ। ਅਚਾਨਕ ਗਲੋਬ ਵਿਚ ਜਗ ਰਹੀ ਬੱਤੀ ਬੁਝ ਜਾਂਦੀ ਹੈ। ਕਿਰਨ ਕੁਮਾਰ ਬਾਹਰ ਆਉਂਦੇ ਨੇ। ਚਪੜਾਸੀ ਬਰੀਫ਼ਕੇਸ ਚੁੱਕੀ ਪਿੱਛੇ-ਪਿੱਛੇ ਨਿਕਲਦਾ ਹੈ। ਬਾਹਰ ਵੱਡੇ ਸਾਰੇ ਹਾਲ ਵਿਚ ਵਿਜ਼ਿਟਰ ਵੇਟਿੰਗ ਰੂਮ ਬਣਿਆ ਹੋਇਆ ਹੈ। ਕਿਰਨ ਕੁਮਾਰ ਵਾਲੇ ਕਮਰੇ ਦੇ ਨਾਲ ਵਾਲਾ ਕਮਰਾ, ਉਹਨਾਂ ਦੇ ਸੈਕਟਰੀਆਂ ਦਾ ਕਮਰਾ ਹੈ, ਜਿਸ ਵਿਚ ਇਕ ਆਦਮੀ ਤੇ ਇਕ ਮੁਟਿਆਰ ਕੁੜੀ ਬੈਠੇ ਨੇ।
ਹਾਲ ਵਿਚ ਆਉਂਦਿਆਂ ਹੀ ਕਿਰਨ ਕੁਮਾਰ ਦੀ ਨਿਗਾਹ ਨੀਵੀਂ ਪਾਈ ਬੈਠੇ ਪ੍ਰੋਫ਼ੈਸਰ ਕੁਨਾਲ 'ਤੇ ਜਾ ਪੈਂਦੀ ਹੈ। ਪਛਾਣਿਆ ਜਾਣ ਪਿੱਛੋਂ ਵੀ ਲੱਗਦਾ ਹੈ, ਇਹ ਆਦਮੀ ਉਹ ਨਹੀਂ। ਕਿਰਨ ਕੁਮਾਰ ਨੇ ਮਹਿਸੂਸ ਕੀਤਾ ਕਿ ਇਹ ਆਦਮੀ ਜਿਊਂਦਾ ਤਾਂ ਹੈ—ਪਰ ਇਸਦੇ ਅੰਦਰਲੀ ਸਾਰੀ ਊਰਜਾ ਮੁੱਕ-ਸੁੱਕ ਚੁੱਕੀ ਹੈ; ਸਿਰਫ ਇਕ ਉਮੀਦ ਨੂੰ ਛੱਡ ਕੇ।...ਤੇ ਉਸੇ ਉਮੀਦ ਤੋਂ ਬਚਣ ਖਾਤਰ ਹੀ ਤਾਂ ਅੰਦਰ ਨਹੀਂ ਸੀ ਬੁਲਾਇਆ ਉਹਨਾਂ ਨੇ, ਉਹਨਾਂ ਨੂੰ। ਸੋਚਿਆ ਸੀ—ਐਕਸਕਿਊਜਜ਼ ਦਾ ਆਪਣਾ, ਇਕ ਵੱਖਰਾ ਯਥਾਰਥ ਹੁੰਦਾ ਹੈ—ਜੇ ਆਦਮੀ ਮੁਖੌਟੇ ਨਾ ਬਦਲੇ ਤਾਂ ਉਸਦਾ ਵਿਅਕਤੀਤਵ ਹੀ ਖਿੰਡ-ਪੁੰਡ ਜਾਵੇ! ਸ਼ਰਮ ਰੂਪੀ ਬਲੇਡ ਚਿਹਰੇ ਦੀ ਬਜਾਏ ਦਿਲ ਨੂੰ ਸਲਾਈਸਾਂ ਵਾਂਗ ਕੱਟ ਸੁੱਟੇ?
ਕਿਰਨ ਕੁਮਾਰ ਤੇਜ਼ੀ ਨਾਲ ਪ੍ਰੋਫ਼ੈਸਰ ਕੁਨਾਲ ਵੱਲ ਵਧੇ। ਪ੍ਰਫ਼ੈਸਰ ਕੁਨਾਲ ਨੇ ਵੀ ਉਹਨਾਂ ਨੂੰ ਦੇਖ ਲਿਆ। ਤੋਰੀਆਂ ਦੀ ਸੁੱਕੀ ਵੱਲ ਵਾਂਗ ਮੁਰਝਾਏ ਚਿਹਰੇ ਵਿਚ ਪ੍ਰਾਣ ਨਜ਼ਰ ਆਉਣ ਲੱਗ ਪਏ। ਪੈਰ ਛੂਹੰਦਿਆਂ ਹੋਇਆਂ ਕਿਰਨ ਕੁਮਾਰ ਨੇ ਕਿਹਾ, “ਓ-ਅ...ਤੁਸੀਂ!”
“ਤੈਨੂੰ ਮਿਲਣ ਆਇਆ ਸਾਂ, ਪਰ ਬੁਲਾਵਾ ਈ ਨਹੀਂ ਆਇਆ,” ਸ਼ਬਦਾਂ ਉੱਤੇ ਨਮੋਸ਼ੀ ਭਾਰੂ ਸੀ।
“ਸ਼ਾਇਦ ਇਹ ਲੋਕ ਸਲਿੱਪ ਭੇਜਣੀ ਭੁੱਲ ਗਏ ਹੋਣਗੇ,” ਕਹਿੰਦਿਆਂ ਹੋਇਆਂ ਕਿਰਨ ਕੁਮਾਰ ਨੇ ਪੀ.ਏ.ਦੇ ਕਮਰੇ ਵੱਲ ਇਸ਼ਾਰਾ ਕੀਤਾ...ਤੇ ਗੱਲ ਦਾ ਸਿਰਾ ਫੇਰ ਜੋੜਦੇ ਹੋਏ ਬੋਲੇ, “ਚਲੋ, ਚੰਗਾ ਈ ਹੋਇਆ। ਏਥੇ ਭੀੜ ਤੇ ਜਲਦਬਾਜੀ ਵਿਚ ਗੱਲ ਵੀ ਕਿਹੜੀ ਹੁੰਦੀ! ਹੁਣ ਘਰੇ ਲੰਚ ਲੈਂਦੇ ਹੋਏ ਗੱਲਾਂ ਕਰਾਂਗੇ।” ਅੰਦਰੇ-ਅੰਦਰ ਪੂਰੇ ਸ਼ਹਿਰ ਦੇ ਸੰਸਿਆਂ ਨੂੰ ਖਪਾਅ ਜਾਣ ਵਾਲੇ ਕਿਰਨ ਕੁਮਾਰ ਨੇ ਸਮੱਸਿਆ ਨੂੰ ਇਕ ਪਾਸੇ ਧਰੀਕਦਿਆਂ ਹੋਇਆਂ ਕਿਹਾ ਸੀ ਤੇ ਸੋਚਿਆ ਸੀ ਕਿ ਏਸ ਬਹਾਨੇ, ਅਨਿਆਂ ਦਾ ਥੋੜ੍ਹਾ-ਬਹੁਤ ਪ੍ਰਾਸ਼ਚਿਤ ਵੀ ਹੋ ਜਾਵੇਗਾ। ਫੇਰ ਉਹਨਾਂ ਨੂੰ ਲੱਗਿਆ ਕਿ ਪ੍ਰੋਫ਼ੈਸਰ ਨਾਲ ਕੋਈ ਵੀ ਮੁਲਾਕਾਤ ਵਿਸ਼ਵਾਸ ਦੇ ਧਰਾਤਲ ਉੱਤੇ ਸੰਭਵ ਨਹੀਂ...ਸਿਰਫ ਇਕ ਔਪਚਾਰਕਤਾ ਹੀ ਹੋਵੇਗੀ; ਜਿਵੇਂ ਸਾਰੇ ਮੱਤਭੇਦਾਂ ਦੇ ਬਾਵਜੂਦ, ਦੋ ਕੂਟਨੀਤਿਕ ਹਸਤੀਆਂ ਸਹਿਜੇ ਹੀ ਗਲ਼ੇ ਮਿਲ ਲੈਂਦੀਆਂ ਨੇ। ਅੱਜ ਦੇ ਯੁੱਗ ਵਿਚ ਬਿਨਾਂ ਰਾਜਨੀਤਕ ਟੋਪੀ ਜਾਂ ਥਾਪੜੇ ਦੇ ਕਿਸੇ ਨੂੰ ਨਿਆਂ ਮਿਲਿਆ ਹੈ ਕਦੀ? ਫੇਰ ਉਹ ਕਿੱਥੋਂ ਪ੍ਰੋਫ਼ੈਸਰ ਕੁਨਾਲ ਨੂੰ ਨਿਆਂ ਦੁਆ ਦੇਣ...?
ਪ੍ਰੋਫ਼ੈਸਰ ਕੁਨਾਲ ਪਿੱਛੇ-ਪਿੱਛੇ ਤੁਰ ਪਏ ਨੇ। ਕਮਰੇ ਵਿਚੋਂ ਦੇਖ ਰਹੀ ਸੈਕਟਰੀ ਜੋੜੀ ਨੂੰ ਖਾਸੀ ਹੈਰਾਨੀ ਹੋਈ ਹੈ ਕਿ ਜਿਸਨੂੰ ਅੰਦਰ ਨਹੀਂ ਸੀ ਬੁਲਾਇਆ; ਉਸਨੂੰ ਨਾਲ ਲਈ ਜਾ ਰਹੇ ਨੇ! ਉਸਦੇ ਪੈਰੀਂ ਹੱਥ ਵੀ ਲਾਏ ਸੀ! ਉਹਨਾਂ ਨੂੰ ਕੀ ਪਤਾ ਕਿ ਕੁਛ ਚਿਹਰੇ ਏਨੇ ਨਾਜ਼ੁਕ ਹੁੰਦੇ ਨੇ, ਜਿਹਨਾਂ ਨੂੰ ਸ਼ੀਸੇ 'ਚੋਂ ਵੇਖਿਆਂ ਵੀ ਠੇਸ ਲੱਗ ਸਕਦੀ ਹੈ। ਉਹਨਾਂ ਦੇ ਮੱਥੇ ਲੱਗਣਾ ਇਕ ਲਾਚਾਰੀ ਹੁੰਦਾ ਹੈ।
ਕਾਰ ਵਿਚ ਪ੍ਰੋਫ਼ੈਸਰ ਨੂੰ ਆਪਣੇ ਨਾਲ ਬਿਠਾ ਲੈਂਦੇ ਨੇ ਕਿਰਨ ਕੁਮਾਰ। ਖ਼ੁਦ ਉਸ ਪਾਸੇ ਬੈਠਦੇ ਨੇ ਜਿਧਰ ਛਾਂ ਹੈ, ਜਿਸ ਨਾਲ ਪ੍ਰੋਫ਼ੈਸਰ ਕੁਨਾਲ ਦੀ ਦੇਹ ਵਿਚ ਗੁਣਗੁਣੀ ਧੁੱਪ ਦੀ ਗਰਮਾਹਟ ਬਣੀ ਰਹੇ। ਸਿਰ ਝੁਕਾਅ ਕੇ ਆਪਣੇ-ਆਪ ਵਿਚ ਗੁਆਚੇ ਹੋਏ ਪ੍ਰੋਫ਼ੈਸਰ ਕੁਨਾਲ ਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਦੇ ਨੇ...ਕਿੰਨੇ ਬਦਲ ਗਏ ਨੇ ਉਹ! ਛਿਣ-ਭਰ ਲਈ ਵੀ ਨਿਰਾਸ਼ ਨਾ ਹੋਣ ਵਾਲਾ ਆਦਮੀ, ਸਮੇਂ ਦੀ ਗਲੀ ਵਿਚ ਇਕ ਪਾਟੇ ਪੋਸਟਰ ਵਾਂਗ ਲਟਕ ਕੇ ਰਹਿ ਗਿਆ ਹੈ। ਪਛਾਣ ਦਾ ਕਤਰਾ-ਕਤਰਾ ਮੁੱਕ ਗਿਆ ਹੈ। ਉਮੀਦਾਂ-ਉਮੰਗਾਂ ਨੇ ਖਿੜੇ ਗੁਲਸ਼ਨ ਨੂੰ, ਸਮੇਂ ਦੀ ਮਾਰ ਨੇ ਕੈਕਟਸ ਦੇ ਜੰਗਲ ਵਿਚ ਬਦਲ ਦਿੱਤਾ ਹੈ।
ਆਰਾਮ ਨਾਲ ਕਾਰ ਵਿਚ ਬੈਠ ਕੇ ਭੀੜ ਨੂੰ ਧੂੜ ਦੇ ਚੱਕਰਵਿਊ ਵਿਚ ਪਿੱਛੇ ਛੱਡ ਜਾਣਾ ਬੜਾ ਅਜੀਬ ਜਿਹਾ ਲੱਗਦਾ ਹੈ, ਪ੍ਰੋਫ਼ੈਸਰ ਨੂੰ...ਜਿਵੇਂ ਸੁਖ, ਦੁਖ ਨੂੰ ਅੰਗੂਠਾ ਵਿਖਾਅ ਰਿਹਾ ਹੋਵੇ। ਉਹਨਾਂ ਨੂੰ ਲੱਗਦਾ ਹੈ ਕਿ ਪੈਦਲ ਤੁਰਨ ਵਾਲੇ ਤੇ ਕਾਰ ਜਾਂ ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲੇ ਆਦਮੀ ਦੇ ਅਰਥ-ਸ਼ਾਸਤਰ ਵਿਚ ਬੜਾ ਅੰਤਰ ਹੁੰਦਾ ਹੈ, ਜਦੋਂਕਿ ਉਹ ਇਕੋ ਅਰਥ-ਸ਼ਾਸਤਰ ਸਾਰਿਆਂ ਨੂੰ ਪੜ੍ਹਾਉਂਦੇ ਰਹੇ ਸੀ।
ਕਿਰਨ ਕੁਮਾਰ ਪੁੱਛਦੇ ਨੇ, “ਮਾਤਾ ਜੀ ਠੀਕ ਨੇ?”
ਅਮੀਰ-ਗਰੀਬ ਦੇ ਅਰਥ-ਸ਼ਾਸਤਰ ਵਿਚੋਂ ਬਾਹਰ ਨਿਕਲ ਕੇ ਕਹਿੰਦੇ ਨੇ ਪ੍ਰੋਫ਼ੈਸਰ ਕੁਨਾਲ, “ਹਾਂ, ਠੀਕ ਈ ਐ।” ਅੰਦਰ ਇਕ ਉਥਲ-ਪੁਥਲ ਹੋਣ ਲੱਗ ਪਈ ਹੈ–'ਗੱਲ ਕਿੰਜ ਤੋਰੀ ਜਾਵੇ? ਕਿੱਥੋਂ ਸ਼ੁਰੂ ਕੀਤੀ ਜਾਵੇ? ਕੀ ਕਿਰਨ ਕੁਮਾਰ ਨੂੰ ਕੁਝ ਵੀ ਪਤਾ ਨਹੀਂ...?'
ਪ੍ਰੋਫ਼ੈਸਰ ਕੁਨਾਲ ਕਿਰਨ ਕੁਮਾਰ ਦੀ ਮਜ਼ਬੂਰੀ ਨਹੀਂ ਜਾਣਦੇ। ਉਹਨਾਂ ਨੂੰ ਕੀ ਪਤਾ ਕਿ ਖ਼ਤ ਮਿਲਦਿਆਂ ਹੀ ਉਸ ਨੇ ਇਸ ਸ਼ਹਿਰ ਦੇ ਪੁਲਿਸ ਮਹਿਕਮੇ ਨੂੰ ਫ਼ੋਨ ਕੀਤਾ ਸੀ। ਗੱਲ ਡੀ.ਸੀ.ਪੀ. ਨਾਲ ਹੋਈ ਸੀ, ਪਰ ਤਫ਼ਸੀਲ ਮਿਲਦਿਆਂ ਹੀ ਚੁੱਪ ਹੋ ਗਏ ਸਨ ਕਿਰਨ ਕੁਮਾਰ; ਜਵਾਬ ਨਹੀਂ ਸੀ ਦੇ ਸਕੇ। ਹੁਣ ਮੁਸ਼ਕਿਲ ਇਹ ਹੈ ਕਿ ਤਿੰਨ ਸਾਲ ਬਾਅਦ ਹੋਈ ਤੱਰਕੀ ਕਰਕੇ ਬਦਲ ਕੇ ਆਉਣਾ ਪਿਆ ਸੀ ਇਸ ਸ਼ਹਿਰ ਵਿਚ। ਤੇ ਸਭ ਜਾਣਦਿਆਂ ਹੋਇਆਂ ਵੀ ਅਣਜਾਣ ਹੋਣ ਦੀ ਐਕਟਿੰਗ ਕਰਨੀ ਪੈ ਰਹੀ ਹੈ। ਅੰਦਰੇ-ਅੰਦਰ ਨਮੋਸ਼ੀ ਤੇ ਸ਼ਰਮਿੰਦਗੀ ਚੁਭਣ ਲੱਗ ਪਈਆਂ ਨੇ...ਪਰ ਉਹ ਕਰ ਕੀ ਸਕਦੇ ਨੇ? ਕਮਿਸ਼ਨਰ ਦੀ ਕੁਰਸੀ ਦਾ ਹਰ ਪਾਵਾ ਰਾਜਨੀਤੀ ਦੀ ਰੇਤ ਦਾ ਬਣਿਆ ਹੁੰਦਾ ਹੈ...ਤੇ ਪ੍ਰੋਫ਼ੈਸਰ ਦੀ ਗੁਰੂ-ਦਕਛਣਾ ਦਾ ਅਰਥ ਹੈ—ਅਭਿਮੰਨਿਊ ਬਣਨਾ...ਚੱਕਰਵਿਊ ਤੋੜਦੇ ਹੋਏ ਮਰ ਜਾਣ; ਮਿਟ ਜਾਣਾ।
ਕੋਠੀ ਦੂਰ ਨਹੀਂ ਸੀ। ਸੱਤ ਅੱਠ ਮਿੰਟ ਵਿਚ ਪਹੁੰਚ ਗਏ। ਵੱਡੇ ਗੇਟ ਵਿਚ ਵੜਦਿਆਂ ਹੀ ਠੰਡੀ ਹਵਾ ਨੇ ਸਵਾਗਤ ਕੀਤਾ...ਚਾਰ-ਚੁਫੇਰੇ ਅਸ਼ੋਕ, ਗੁਲਮੋਹਰ, ਅੰਬ ਤੇ ਜਾਮਨਾਂ ਦੇ ਛਾਂ-ਦਾਰ ਰੁੱਖ ਸਨ। ਵਿਚਕਾਰ ਵੱਡਾ ਸਾਰਾ ਬਗ਼ੀਚਾ ਸੀ ਤੇ ਇਕ ਫ਼ੁਆਰਾ ਵੀ। ਪ੍ਰੋਫ਼ੈਸਰ ਕੁਨਾਲ ਨੂੰ ਲੱਗਿਆ: ਕਮਿਸ਼ਨਰ ਦੀ ਕੋਠੀ ਵਿਚ ਸਾਰੇ ਸ਼ਹਿਰ ਦੀ ਹਰਿਆਲੀ, ਗਰਮੀ ਤੇ ਸਰਦੀ ਦੇ ਵਿਰੁੱਧ, ਪਹਿਰਾ ਦੇਂਦੀ ਹੈ ਤੇ ਲੋਕ-ਰਾਜ ਦੀਆਂ 'ਭਾਗਯ ਵਿਧਾਤਾ' ਸੰਘਣੀ ਆਬਾਦੀ ਵਾਲੀਆਂ ਬਸਤੀਆਂ ਦੇ ਨਲਕੇ ਵੀ ਸੋਕਾ ਹੰਢਾਉਂਦੇ ਰਹਿੰਦੇ ਨੇ। ਜਨਤੰਤਰ ਦਾ ਅਰਥ-ਸ਼ਾਸਤਰ ਪਤਾ ਨਹੀਂ ਕਿਵੇਂ ਗਰੀਬ ਦੇ ਹੱਕ 'ਚ ਰੇਤ ਦਾ ਢੇਰ ਤੇ ਅਮੀਰ ਦੇ ਹੱਕ 'ਚ ਸ਼ਰਬਤ ਦੀ ਬੋਤਲ ਬਣ ਜਾਂਦਾ ਹੈ!
ਅੰਦਰ ਬੈਠਕ ਵਿਚ ਬਰਮਾ ਟੀਕ ਦਾ ਨੱਕਾਸ਼ੀਦਾਰ ਫਰਨੀਚਰ ਬਾਲਜਾਕ ਦੀ ਕਲਪਨਾ ਨੂੰ ਸਾਕਾਰ ਕਰ ਰਿਹਾ ਸੀ। ਚਮਚਮ ਕਰਕੇ ਫਰੇਮਾਂ ਵਿਚ ਕੁਝ ਵਿਦੇਸ਼ੀ ਦ੍ਰਿਸ਼ ਟਹਿਕ ਰਹੇ ਸਨ। ਖਿੜਕੀਆਂ ਵਿਚ ਪੈਲਮੇਟ ਰਾਡ ਨਾਲ ਲਟਕੇ ਹੋਏ ਸਨ, ਕੈਕਟਸ। ਪੈਰਾਂ ਹੇਠ ਈਰਾਨੀ ਗਲੀਚਾ ਸੀ...ਪੂਰੇ ਡਰਾਇੰਗ ਰੂਮ ਵਿਚ ਪ੍ਰੋਫ਼ੈਸਰ ਕੁਨਾਲ ਨੂੰ ਹਿੰਦੁਸਤਾਨ ਨਜ਼ਰ ਨਹੀਂ ਸੀ ਆਇਆ।
ਅੰਦਰੋਂ ਵੈਲ ਦੀ ਚਿੱਟੀ ਦੁੱਧ ਸਾੜ੍ਹੀ ਤੇ ਸਲੀਬਲੈੱਸ ਬਲਾਊਜ ਵਿਚ ਸੁਨੈਣਾ ਬਾਹਰ ਆਉਂਦੀ ਹੈ। ਪ੍ਰੋਫ਼ੈਸਰ ਸੀਲਿੰਗ 'ਤੇ ਘੁੰਮ ਰਹੇ ਪੱਖੇ ਵਲ ਦੇਖਦੇ ਹੋਏ ਇਕ ਜ਼ਨਾਨਾ ਆਵਾਜ਼ ਸੁਣਕੇ ਤ੍ਰਬਕ ਜਾਂਦੇ ਨੇ, “ਨਮਸਤੇ ਸਰ।”
“ਤੁਸੀਂ ਨਹੀਂ ਪਛਾਣ ਸਕੋਗੇ; ਵੀਹ ਸਾਲ ਵੀ ਤਾਂ ਹੋ ਗਏ ਨੇ।” ਕਹਿੰਦੀ ਹੋਈ ਉਹ ਖਿੜਖਿੜ ਕਰਕੇ ਹੱਸ ਪੈਂਦੀ ਹੈ। ਨੌਕਰ ਟਰੇ ਵਿਚ ਰੱਖੇ ਗ਼ਲਾਸਾਂ ਵਿਚ ਪਾਣੀ ਲਿਆਉਂਦਾ ਹੈ। ਸੁਨੈਣਾ ਕਹਿੰਦੀ ਹੈ, “ਮੈਂ ਸੁਨੈਣਾ ਆਂ। ਬੀ.ਏ. ਵਿਚ ਤੁਹਾਡੇ ਕੋਲੋਂ ਈ ਇਕਨਾਮਿਕਸ ਪੜ੍ਹਦੀ ਹੁੰਦੀ ਸਾਂ। ਇਕ ਵਾਰੀ ਆਪਣੀਆਂ ਸੋਨੇ ਦੀਆਂ ਚੂੜੀਆਂ ਆਪਣੇ ਨਾਲ ਬੈਠੀ ਕੁੜੀ ਨੂੰ ਦਿਖਾ ਰਹੀ ਸਾਂ। ਤੁਸੀਂ ਫੜ੍ਹ ਲਿਆ ਸੀ। ਚੂੜੀਆਂ ਆਪਣੇ ਕੋਲ ਰੱਖ ਲਈਆਂ ਸਨ। ਪੀਰੀਅਡ ਮੁੱਕਣ 'ਤੇ ਦਿੱਤੀਆਂ ਸਨ। ਮੈਂ ਸਾਰਾ ਪੀਰੀਅਡ ਰੋਂਦੀ ਰਹੀ ਸਾਂ—ਲੱਗਿਆ ਸੀ, ਤੁਸੀਂ ਵਾਪਸ ਨਹੀਂ ਦਵੋਗੇ।”
ਪ੍ਰੋਫ਼ੈਸਰ ਦੇ ਚਿਹਰੇ 'ਤੇ ਫਿੱਕੀ ਜਿਹੀ ਮੁਸਕਰਾਹਟ ਨਜ਼ਰ ਆਉਂਦੀ ਹੈ...ਪਤਾ ਨਹੀਂ ਕਿੰਨੇ ਚਿਹਰੇ ਸਾਹਮਣਿਓਂ ਲੰਘ ਗਏ ਨੇ ਤੇ ਉਹ ਸ਼ੀਸ਼ੇ ਵਾਂਗ ਇਕ ਕੰਧ 'ਤੇ ਟੰਗੇ ਰਹਿ ਗਏ ਸੀ। ਉਹ ਤਾਂ ਕਿਰਨ ਕੁਮਾਰ ਨਾਲ ਖਾਸ ਸੰਬੰਧ ਸੀ, ਸੋ ਯਾਦ ਰਹਿ ਗਿਆ। ਫੇਰ ਵਿਆਹ ਦਾ ਵੀ ਕਿਰਨ ਕੁਮਾਰ ਨੇ ਕਾਰਡ ਭੇਜਿਆ ਸੀ—ਉਦੋਂ ਫੁਰਸਤ ਕਿੱਥੇ ਹੁੰਦੀ ਸੀ। ਥਾਂ-ਥਾਂ ਸੈਮੀਨਾਰ ਤੇ ਗੋਸ਼ਟੀਆਂ ਵਿਚ ਇਕਨਾਮਿਕਸ ਆਫ਼ ਸੋਸ਼ਲਿਸਟ ਕੰਟਰੀਜ਼ 'ਤੇ ਬੋਲਣ ਤੋਂ ਹੀ ਫੁਰਸਤ ਨਹੀਂ ਸੀ ਮਿਲਦੀ। ਲੱਗਦਾ ਸੀ—ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਨੌਜਵਾਨਾਂ ਨੂੰ ਆਦਰਸ਼-ਘੁੱਟੀ ਪਿਆ ਰਹੇ ਨੇ। ਅੱਜ ਮਹਿਸੂਸ ਕਰਦੇ ਨੇ ਕਿ ਅਸਲ ਜੀਵਨ ਉਹ ਹੈ, ਜਿਸਨੂੰ ਲਗਾਤਾਰ ਹੰਢਾਇਆ ਜਾ ਰਿਹਾ ਹੈ। ਜਿਵੇਂ ਲੱਖਾਂ-ਕਰੋੜਾਂ ਲੋਕਾਂ ਦੁਆਰਾ ਹੰਢਾਈ ਜਾ ਰਹੀ ਗਰੀਬੀ ਤੇ ਕੁਝ ਲੋਕਾਂ ਦੁਆਰਾ ਭੋਗੀ ਜਾਣ ਵਾਲੀ ਅਮੀਰੀ। ਬਾਕੀ ਸਭ ਕਾਗਜ਼ਾਂ ਉਪਰ ਅਰਥ-ਸ਼ਾਸਤਰ ਦੇ ਰੂਪ ਵਿਚ ਫੈਲਿਆ ਹੋਇਆ, ਇਕ ਭਰਮ ਜਾਲ ਹੈ...।
ਕੋਈ ਜਵਾਬ ਨਾ ਮਿਲਣ ਕਰਕੇ ਸੁਨਈਆ ਅੰਦਰ ਵੱਲ ਤੁਰ ਜਾਂਦੀ ਹੈ। ਵਰਦੀ ਲਾਹ ਕੇ ਅੰਦਰੋਂ ਬਾਹਰ ਆ ਪਤੀ ਨੂੰ ਮਿਲਣ 'ਤੇ ਕਹਿੰਦੀ ਹੈ, “ਕਿੱਥੋਂ ਲੈ ਆਏ ਬੁੱਢੇ ਖੁੰਢ ਨੂੰ? ਬੋਰ ਕਰ ਦਿੱਤਾ।”
ਕਿਰਨ ਕੁਮਾਰ ਕੁਝ ਨਹੀਂ ਕਹਿੰਦੇ—ਆ ਕੇ ਬੈਠ ਜਾਂਦੇ ਨੇ। ਸ਼ਬਦ ਲੱਭਦੇ ਹੋਏ ਪ੍ਰੋਫ਼ੈਸਰ ਕੁਨਾਲ ਪੁੱਛਦੇ ਨੇ, “ਬੱਚੇ?”
“ਇਕ ਏ। ਅਜਮੇਰ ਵਿਚ ਮੇਯੋ ਕਾਲੇਜ 'ਚ। ਇਸ ਸੂਬੇ ਵਿਚ 'ਤਾਂ...” ਕਹਿੰਦੇ ਕਹਿੰਦੇ ਚੁੱਪ ਕਰ ਜਾਂਦੇ ਨੇ। ਕਹਿਣਾ ਚਾਹੁੰਦੇ ਸੀ ਕਿ ਇਸ ਸੂਬੇ ਵਿਚ ਤਾਂ ਢੰਗ ਦਾ ਕੋਈ ਕਾਲੇਜ ਹੈ ਨਹੀਂ, ਪਰ ਆਪਣਾ ਅਤੀਤ ਤੇ ਪ੍ਰੋਫ਼ੈਸਰ ਕੁਨਾਲ ਦੀ ਮੌਜ਼ੂਦਗੀ ਸ਼ਬਦਾਂ ਦੀ ਡੋਰ ਨੂੰ ਕੱਟ ਦੇਂਦੀ ਹੈ। ਸਭ ਕੁਝ ਜਾਣਦੇ ਹੋਏ ਵੀ ਸੁਣਨ ਦੀ ਉਤਸੁਕਤਾ ਵਿਖਾਉਂਦੇ ਨੇ ਕਿਰਨ ਕੁਮਾਰ। ਪ੍ਰੋ. ਕੁਨਾਲ ਦੇ ਅੰਦਰ ਸ਼ੰਕਾ ਫੇਰ ਪਲਸੇਟੇ ਮਾਰਨ ਲੱਗਦੀ ਹੈ—ਕੀ ਕਿਰਨ ਕੁਮਾਰ ਸਭ ਕੁਝ ਜਾਣਦਾ ਹੋਇਆ ਵੀ ਅਣਜਾਣ ਬਣ ਰਿਹਾ ਹੈ ਜਾਂ ਫੇਰ ਵਾਕਈ ਉਸਨੂੰ ਕੁਛ ਪਤਾ ਨਹੀਂ? ਪਰ ਗੱਲ ਤਾਂ ਅਖ਼ਬਾਰਾਂ ਵਿਚ ਵੀ ਛਪੀ ਸੀ।
ਪੁਲਿਸ ਮਹਿਕਮੇ ਨਾਲ ਗੱਲ ਕਰਨ ਪਿੱਛੋਂ ਕਿਰਨ ਕੁਮਾਰ ਨੇ ਆਪਣੇ ਸਹੁਰੇ ਰਿਟਾਇਰਡ ਜੱਜ ਨਿਰਮਲ ਕੁਮਾਰ ਨਾਲ ਵੀ ਮਸ਼ਵਰਾ ਕੀਤਾ ਸੀ। ਸਹੁਰਾ ਸਾਹਬ ਨੇ ਸਮਝਾਇਆ ਸੀ, “ਤੁਸੀਂ ਕੀ ਕਰ ਸਕਦੇ ਓ? ਪੁਲਿਸ, ਅਸੈਂਬਲੀ ਤੇ ਖ਼ੁਦ ਜਨਤਾ ਜਿਸ ਦਾ ਵਿਰੋਧ ਕਰ ਰਹੀ ਹੋਵੇ, ਉਸ ਵਿਚ ਤੁਸੀਂ ਕੀ ਕਰ ਸਕਦੇ ਓ? ਤੁਹਾਡੀ ਕੋਸ਼ਿਸ਼ ਤੁਹਾਡਾ ਕੈਰੀਅਰ ਬਰਬਾਦ ਕਰ ਸਕਦੀ ਏ; ਉਹਨਾਂ ਨੂੰ ਨਿਆਂ ਨਹੀਂ ਦੁਆ ਸਕਦੀ। ਫੇਰ ਇਸ ਵਿਚ ਲਾਭ ਕੀ ਹੋਵੇਗਾ? ਜਿਹੜੇ ਸਮੇਂ 'ਚੋਂ ਅਸੀਂ ਲੰਘ ਰਹੇ ਆਂ ਉਹ ਨਾ ਤਾਂ ਸਤਯੁਗ ਏ ਤੇ ਨਾ ਹੀ ਤਰੇਤਾ ਜਾਂ ਦੁਆਪਰ। ਹਰ ਚੀਜ਼ ਤੇ ਨਿਆਂ ਉੱਤੇ ਵੀ ਹੁਣ ਉਸੇ ਦਾ ਹੱਕ ਏ, ਜਿਸ ਕੋਲ ਤਾਕਤ ਏ। ਮਜਲੂਮ ਦੇ ਅਰਥ ਹੁਣ ਕਿਸੇ ਡਿਕਸ਼ਨਰੀ ਵਿਚ ਨਹੀਂ—ਬਦਲ ਗਏ ਨੇ ਮਜਲੂਮ ਦੇ ਅਰਥ...ਜਿਹੜਾ ਗਵਾਹ ਖ਼ਰੀਦ ਕੇ ਮੁਕੱਦਮਾ ਜਿੱਤ ਸਕੇ, ਉਹੀ ਮਜਲੂਮ ਏ।”
“ਕੁਛ ਰੁਪਿਆ ਪੈਸਾ ਦੇ ਕੇ ਛੁੱਟੀ ਕਰੋ।” ਜੱਜ ਨੇ ਫੈਸਲਾ ਸੁਣਾ ਦਿੱਤਾ ਸੀ।
ਕਿਰਨ ਕੁਮਾਰ ਨੇ ਮਹਿਸੂਸ ਕੀਤਾ ਕਿ ਜਿਸ ਪੁਲਿਸ ਉੱਤੇ ਇਨਸਾਨੀਅਤ ਦੀ ਸੁਰੱਖਿਆ ਦਾ ਦਾਰੋਮਦਾਰ ਹੈ, ਉਹ ਰਾਜਨੀਤੀ ਦੇ ਹੱਥ ਵਿਚ ਮਦਾਰੀ ਦਾ ਬਾਂਦਰ ਬਣ ਕੇ ਰਹਿ ਗਈ ਹੈ। ਗਾਂਧੀ ਦਾ ਰਾਮਰਾਜ ਸਰਾਪੇ ਹੋਏ ਇੰਦਰ ਵਾਂਗ ਮੂੰਹ ਲਕੋ ਕੇ ਛਿਪਣ ਹੋ ਗਿਆ ਹੈ। ਉਸਦੀ ਉਹ ਆਵਾਜ਼ ਗੂੰਗੀ ਹੋ ਗਈ ਹੈ ਕਿ ਭੀੜ ਦੇ ਝੂਠ ਦੇ ਸਾਹਮਣੇ, ਜਿਸ ਦਿਨ ਇਕਲੌਤੇ ਸੱਚ ਦੀ ਜਿੱਤ ਹੋਵੇਗੀ, ਉਸ ਦਿਨ ਰਾਮਰਾਜ ਹੋਵੇਗਾ। ਅੱਜ ਸੱਚ ਦਾ ਯਥਾਰਥ ਗੰਦੀਆਂ ਨਾਲੀਆਂ ਵਿਚ ਸਕੌਚ ਦੀਆਂ ਬੋਤਲਾਂ ਵਾਂਗ ਰੁੜ੍ਹਿਆ ਫਿਰਦਾ ਹੈ। ਇਕ ਖਾਸ ਕੀਮਤ 'ਤੇ ਵਿਕਦਾ ਹੈ। ਵਰਦੀ ਹੇਠ ਕਿਰਨ ਕੁਮਾਰ ਨੇ ਆਪਣੀ ਦੇਹ ਵਿਚ ਛੁਪੀ ਆਤਮਾਂ ਨੂੰ ਬੜਾ ਲਾਚਾਰ ਵੇਖਿਆ ਸੀ—ਸੁਖ ਤੇ ਅਹੁਦੇ ਨੇ ਹੌਸਲੇ ਦੇ ਤੋਤੇ ਦੀ ਗਰਦਨ ਜਕੜ ਲਈ ਸੀ...ਬੋਲਿਆ ਤਾਂ ਹੱਤਿਆ ਕਰ ਦਿਆਂਗੇ, ਰੋਲ ਦਿਆਂਗੇ ਸੜਕਾਂ ਉੱਤੇ...।
ਪ੍ਰੋਫ਼ੈਸਰ ਕੁਨਾਲ ਕਹਿ ਰਹੇ ਸਨ, “ਦੁਖ ਇਹ ਨਹੀਂ ਕਿਰਨ, ਕਿ ਸੁਪ੍ਰੀਤਾ ਦੀ ਜਿਊਂਦੀ ਲਾਸ਼ ਦੀ ਉਮਰ ਹੌਲੀ ਹੌਲੀ ਅੱਗੇ ਵਧ ਰਹੀ ਏ। ਉਹਦੇ ਦੰਦ ਨਿਕਲ ਗਏ ਨੇ ਤੇ ਨਾਲੀ ਨਾਲ ਦੁੱਧ ਪਿਆਉਣਾ ਪੈਂਦਾ ਐ। ਵਾਲ ਝੜ ਚੁੱਕੇ ਨੇ ਗੰਜੀ ਟਿੰਡ ਨੂੰ ਸੁਹੱਪਣ ਨਾਲ ਕੋਈ ਮੋਹ, ਕੋਈ ਸਰੋਕਾਰ ਨਹੀਂ। ਦੋ ਤਿੰਨ ਸਾਲ ਦੀ ਸੀ ਉਦੋਂ, ਜਦੋਂ ਦੇਖੀ ਸੀ ਤੈਂ। ਹੁਣ ਵੀਹ ਦੀ ਸੀ, ਓਦੋਂ ਦੇਖਦੇ...ਰਤਿ ਦਾ ਸੁੰਦਰ ਸਰੂਪ ਸੀ।”
ਪ੍ਰੋ. ਕੁਨਾਲ ਬੋਲ ਰਹੇ ਨੇ ਤੇ ਕਿਰਨ ਕੁਮਾਰ ਡੁੱਬ ਜਾਂਦੇ ਨੇ—ਅਤੀਤ ਵਿਚ। ਪ੍ਰਾਈਵੇਟ ਨੌਕਰੀ ਦੇ ਨਾਲ ਐਮ.ਏ. ਦੀਆਂ ਕਲਾਸਾਂ ਵਿਚ ਪੂਰੀ ਹਾਜ਼ਰੀ ਸੰਭਵ ਨਹੀਂ ਸੀ। ਫਾਰਮ ਭਰਨ ਦਾ ਸਮਾਂ ਆਇਆ ਤਾਂ ਦੋ ਪ੍ਰਤੀਸ਼ਤ ਹਾਜ਼ਰੀ ਘੱਟ ਸੀ। ਪ੍ਰੋ. ਕੁਨਾਲ ਵਾਈਸ ਪਿੰਸੀਪਲ ਕੋਲ ਲੈ ਗਏ ਸਨ। ਕਿਹਾ ਸੀ, “ਮਿਹਨਤੀ ਤੇ ਹੋਣਹਾਰ ਵਿਦਿਆਰਥੀ ਏ।”
“ਕਾਨੂੰਨ, ਕਾਨੂੰਨ ਏਂ ਪ੍ਰੋਫ਼ੈਸਰ।” ਉਹਨਾਂ ਕਿਹਾ ਸੀ।
“ਗਰੰਟੀ ਦੇ ਰਿਹਾਂ ਪੁਜੀਸ਼ਨ ਦੀ, ਸਰ। ਇਸਨੂੰ ਇਮਤਿਹਾਨ ਦੇਣ ਦਿਓ ਸਰ, ਵਰਨਾ ਮੈਂ ਅਸਤੀਫ਼ਾ ਦੇ ਦਿਆਂਗਾ।” ਪ੍ਰੋ. ਕੁਨਾਲ ਨੇ ਦ੍ਰਿੜਤਾ ਨਾਲ ਕਿਹਾ ਸੀ।
ਬੜਾ ਚਾਹੁੰਦੇ ਸਨ ਵਿਦਿਆਰਥੀ ਪ੍ਰੋ. ਕੁਨਾਲ ਨੂੰ ਤੇ ਬੜਾ ਨਾਂ ਸੀ। ਵੀ.ਸੀ. ਨੇ ਵਿਸ਼ੇਸ਼ ਛੋਟ ਦੇ ਦਿੱਤੀ ਸੀ। ਐਮ.ਏ. ਦਾ ਇਮਤਿਹਾਨ ਦੁਆਉਣ ਪਿੱਛੋਂ ਬੜੀ ਜਿੰਦ-ਜਾਨ ਨਾਲ ਪੜ੍ਹਾਉਣ ਲੱਗੇ ਸਨ ਪ੍ਰੋ. ਕੁਨਾਲ। ਘਰੇ ਦੋ ਤਿੰਨ ਵਰ੍ਹਿਆਂ ਦੀ ਸੁਪ੍ਰੀਤਾ ਤੇ ਚਾਰ ਵਰ੍ਹਿਆਂ ਦਾ ਅਚਲ ਸੀ। ਦੇਰ ਨਾਲ ਵਿਆਹ ਕਰਵਾਇਆ ਸੀ ਪ੍ਰੋ. ਕੁਨਾਲ ਨੇ...ਚਾਲ੍ਹੀ ਦੀ ਉਮਰ ਵਿਚ। ਪਤਨੀ ਤਾਪਤੀ ਖਿਝ ਜਾਂਦੀ, “ਕੁਛ ਭਵਿੱਖ ਬਾਰੇ ਵੀ ਸੋਚੋ!”
ਹੱਸ ਕੇ ਕਿਰਨ ਕੁਮਾਰ ਦੇ ਸਾਹਮਣੇ ਹੀ ਕਿਹਾ ਸੀ ਪ੍ਰੋ. ਕੁਨਾਲ ਨੇ, “ਏਨੇ ਖੇਤਾਂ ਵਿਚ ਬੀਜ ਤੇ ਖਾਦ ਪਾ ਰਿਹਾਂ—ਕੀ ਇਕ ਵੀ ਲਹਿਰਾਅ ਕੇ ਸਾਨੂੰ ਫਸਲ ਨਹੀਂ ਦਏਗਾ, ਤਾਪਤੀ?” ਫੇਰ ਕਿਰਨ ਕੁਮਾਰ ਵੱਲ ਦੇਖਦਿਆਂ ਹੋਇਆਂ ਪੁੱਛਿਆ ਸੀ, “ਕੀ ਤੂੰ ਸੁਪ੍ਰੀਤਾ ਦੇ ਅਚਲ ਦੀ ਦੇਖਭਾਲ ਨਹੀਂ ਕਰੇਂਗਾ ਜੇ ਜ਼ਰੂਰਤ ਪਈ ਤਾਂ?”
“ਜਾਨ ਦੇ ਕੇ ਵੀ ਸਰ!” ਦ੍ਰਿੜਤਾ ਨਾਲ ਕਿਹਾ ਸੀ ਕਿਰਨ ਕੁਮਾਰ ਨੇ। ਪਰ ਅੱਜ ਸੁਪ੍ਰੀਤਾ ਇਕ ਜਿਊਂਦੀ ਲਾਸ਼ ਹੈ ਤੇ ਅਚਲ ਹੱਤਿਆਰਿਆਂ ਦੀ ਰੱਸੀ 'ਤੇ ਝੂਲ ਕੇ, ਆਤਮ-ਹੱਤਿਆ ਦੀ ਸਨਦ ਆਪਣੇ ਮੱਥੇ 'ਤੇ ਮੜ੍ਹਾ ਕੇ ਇਹ ਦੁਨੀਆਂ ਹੀ ਛੱਡ ਗਿਆ ਹੈ।...ਤੇ ਉਸ ਪ੍ਰਤੀਗਿਆ ਨੂੰ ਯਾਦ ਕਰਵਾਉਣ ਲਈ ਪ੍ਰੋ. ਕੁਨਾਲ ਸਾਹਮਣੇ ਬੈਠੇ ਹੋਏ ਸਨ।
ਪ੍ਰੋਫ਼ੈਸਰ ਕੁਨਾਲ ਕਹਿ ਰਹੇ ਸਨ, “ਦੁੱਖ ਇਹ ਨਹੀਂ ਕਿ ਅਚਲ ਦੀ ਹੱਤਿਆ ਹੋਈ ਤੇ ਮੈਂ ਟੁੱਟ ਕੇ ਬੁੱਢਾ ਹੋ ਗਿਆ—ਦੁੱਖ ਹੈ ਆਸਥਾਵਾਂ ਦੇ ਟੁੱਟਣ ਦਾ। ਇਕ ਕੁੜੀ ਬੇਇੱਜ਼ਤ ਹੋਈ...ਉਹਦੀ ਇੱਜ਼ਤ ਦਾ ਮੁੱਲ ਕੀ; ਬਲਤਕਾਰੀਆਂ ਨੂੰ ਸੱਤਾ ਨੇ ਤੱਤੀ 'ਵਾ ਨਹੀਂ ਲੱਗਣ ਦਿੱਤੀ। ਅਚਲ ਦੀ ਹੱਤਿਆ ਹੋਈ, ਉਸਨੂੰ ਪੁਲਿਸ ਨੇ ਆਤਮ-ਹੱਤਿਆ ਕਰਾਰ ਦੇ ਦਿੱਤਾ। ਕੀ ਇਹ ਰਾਮ, ਕਿਸ਼ਨ ਤੇ ਬੁੱਧ ਦਾ ਦੇਸ਼ ਐ? ਕੀ ਏਥੇ ਲੋਕਤੰਤਰ ਐ? ਕੀ ਇੱਥੇ ਹੱਤਿਆਰਿਆਂ ਤੇ ਬਲਾਤਕਾਰੀਆਂ ਨੂੰ ਸਜ਼ਾ ਮਿਲਦੀ ਐ? ਭੁੱਖੇ ਦੀਆਂ ਆਂਦਰਾਂ 'ਚੋਂ ਰੋਟੀ ਖਿੱਚ ਕੇ ਉਸ ਤੋਂ ਪਸੂਆਂ ਵਾਂਗ ਕੰਮ ਲਿਆ ਜਾਂਦਾ ਐ। ਕੀ ਇਸੇ ਨੂੰ ਸਵਰਾਜ ਕਹੋਗੇ?” ਹਫ਼ ਗਏ ਸਨ ਪ੍ਰੋ. ਕੁਨਾਲ, “ਮੈਨੂੰ ਸਿਰਫ ਇਨਸਾਫ ਚਾਹੀਦੈ, ਜਿਸ ਨਾਲ ਇਕ ਉਮੀਦ ਦਾ ਚਿਰਾਗ਼ ਜਗਦਾ ਰੱਖ ਕੇ ਮਰ ਸਕਾਂ, ਨਾ ਕਿ ਇਸ ਵਿਸ਼ਵਾਸ ਨੂੰ ਲੈ ਕੇ ਕਿ ਦੇਸ਼ ਵਿਚ ਇਨਸਾਨੀ ਰਾਜ ਨਹੀਂ ਹੁਣ...”
ਖਾਣਾ ਖਾਂਦੇ ਖਾਂਦੇ ਇਕ ਇਕ ਸ਼ਬਦ ਯਾਦ ਆ ਗਿਆ ਪ੍ਰੋ. ਕੁਨਾਲ ਦੇ ਖ਼ਤ ਦਾ ਕਿਰਨ ਕੁਮਾਰ ਨੂੰ—'ਤੂੰ ਨਰਬਦਾ ਸਿੰਘ ਨੂੰ ਜਾਣਦਾ ਹੈਂ, ਉਹੀ ਜਿਸ ਦਾ ਪਿਤਾ ਉਪ ਮੰਤਰੀ ਹੈ। ਮੈਂ ਤਾਂ ਰਿਟਾਇਰਡ ਹੋ ਗਿਆ ਹਾਂ। ਅਚਲ ਨੇ ਭੱਜ ਦੌੜ ਕਰਕੇ ਇਕ ਕਾਲੇਜ ਵਿਚ ਲੈਕਚਰਰਸ਼ਿਪ ਲਈ ਸੀ। ਸੁਪ੍ਰੀਤਾ ਐਮ.ਏ. ਫਾਈਨਲ ਵਿਚ ਸੀ। ਨਾਲ ਹੀ ਪੜ੍ਹਦਾ ਸੀ ਨਰਬਦਾ। ਇਕ ਅੱਧੀ ਵਾਰੀ ਸੁਪ੍ਰੀਤਾ ਨੂੰ ਛੇੜਿਆ। ਅਚਲ ਨੇ ਘਰ ਜਾ ਕੇ ਤਾੜ ਦਿੱਤਾ। ਪਿਛਲੇ ਮਹੀਨੇ ਨੌ ਤਾਰੀਖ਼ ਨੂੰ ਹੈਡਲੇ ਪਾਰਕ ਵਿਚ ਮਿਲੀ ਸੁਪ੍ਰੀਤਾ—ਸੁੱਟ ਦਿੱਤਾ ਗਿਆ ਸੀ। ਸਿਰ ਵਿਚ ਸੱਟ ਸੀ। ਬਲਾਤਕਾਰੀ ਕਿੰਨੇ ਸਨ, ਪਤਾ ਨਹੀਂ। ਡਾਕਟਰ ਵੀ ਅੰਦਾਜ਼ਾ ਨਹੀਂ ਲਾ ਸਕੇ। ਬੇਸੁਰਤ ਹੈ ਅੱਜ ਵੀ। ਡਾਕਟਰ ਕਹਿੰਦੇ ਨੇ ਕਿ ਦਿਮਾਗ਼ ਵਿਚ ਸੱਟ ਹੈ। ਤੰਦਰੁਸਤ ਹੋ ਜਾਏਗੀ ਤਾਂ ਠੀਕ ਹੋ ਜਾਏਗੀ। ਦਸ ਤਾਰੀਖ਼ ਨੂੰ ਅਚਲ ਗਿਆ ਸੀ ਨਰਮਦਾ ਕੀ ਕੋਠੀ—ਵੜਨ ਨਹੀਂ ਸੀ ਦਿੱਤਾ, ਕੁੱਟਮਾਰ ਕਰਕੇ ਭਜਾਅ ਦਿੱਤਾ ਸੀ। ਕਿਹਾ ਸੀ—ਉਹ ਤਾਂ ਚਾਰ ਦਿਨਾਂ ਦਾ ਦਿੱਲੀ ਗਿਆ ਹੋਇਆ ਹੈ। ਵਾਪਸ ਆ ਕੇ ਕੜਕਿਆ ਸੀ ਅਚਲ। ਆਤਮਾਂ ਦਾ ਗੁਬਾਰ ਉਗਲਿਆ ਸੀ ਸ਼ਾਇਦ—'ਕਿਉਂ ਪੜ੍ਹਾਇਆ ਲਿਖਾਇਆ ਸਾਨੂੰ? ਕਿਉਂ ਇਨਸਾਨੀਅਤ ਸਿਖਾਈ, ਜਦਕਿ ਦੁਨੀਆਂ ਵਿਚ ਇਨਸਾਨ ਰਹਿੰਦੇ ਈ ਨਹੀਂ? ਜੇ ਪੁਲਿਸ ਵਿਚ ਸਿਪਾਹੀ ਹੀ ਲੁਆ ਦਿੱਤਾ ਹੁੰਦਾ ਤਾਂ ਹੱਥ ਵਿਚ ਇਕ ਡੰਡਾ ਤਾਂ ਹੁੰਦਾ! ਨਰਬਦਾ ਵਰਗੇ ਗੁੰਡੇ ਦਾ ਸਿਰ ਪਾੜ ਸਕਦਾ ਸਾਂ। ਇਹ ਕਲਮ ਫੜਾ ਕੇ ਕੀ ਕੀਤੈ ਤੁਸੀਂ?' ਤੇ ਉੱਚੀ ਉੱਚੀ ਰੋਇਆ ਸੀ।
ਕਿਰਨ, ਅਚਲ ਨਹੀਂ ਰੋਇਆ ਸੀ, ਇਨਸਾਨੀਅਤ ਰੋਈ ਸੀ।
ਮੈਂ ਵੀ.ਸੀ. ਕੋਲ ਗਿਆ। ਕਹਿ ਦਿੱਤਾ ਗਿਆ—'ਸਾਡਾ ਕੀ ਲੱਲਾ-ਖੱਖਾ? ਕਈ ਵਰ੍ਹੇ ਹੋ ਗਏ ਤੁਹਾਨੂੰ ਰਿਟਾਇਰ ਹੋਇਆਂ। ਨਾਲੇ ਅਚਲ ਨੇ ਤਾਂ ਆਤਮ-ਹੱਤਿਆ ਕੀਤੀ ਏ, ਭੈਣ ਦੇ ਦੁੱਖ ਵਿਚ।'
ਅਖ਼ਬਾਰ ਦੇ ਦਫ਼ਤਰ ਵਿਚ ਗਿਆ। ਉੱਥੇ ਨਰਬਦਾ ਵੱਲੋਂ ਰਿਸ਼ਵਤ ਤੇ ਧਮਕੀ ਪਹਿਲਾਂ ਹੀ ਪਹੁੰਚ ਚੁੱਕੀ ਸੀ। ਰਾਤੀਂ ਹਸਪਤਾਲ ਵਿਚ ਬਿਮਾਰ ਪਈ ਮਾਂ ਨੂੰ ਖਾਣ ਦੇਣ ਗਿਆ ਸੀ ਅਚਲ। ਤਾਪਤੀ ਉਡੀਕਦੀ ਰਹੀ ਤੇ ਪੁੱਤਰ ਪਹੁੰਚਿਆ ਨਹੀਂ। ਜਿਸ ਪਾਰਕ ਵਿਚ ਭੈਣ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲਿਆ ਗਿਆ ਸੀ, ਉਸੇ ਵਿਚ ਇਕ ਰੁੱਖ ਨਾਲ ਰੱਸੀ ਬੰਨ੍ਹ ਕੇ ਲਮਕਾਅ ਦਿੱਤਾ ਗਿਆ ਉਸਨੂੰ। ਬਾਰਾਂ ਦੀ ਸਵੇਰ ਲਾਸ਼ ਮਿਲੀ।
ਸੁਪ੍ਰੀਤਾ ਨਾਲ ਬਲਾਤਕਾਰ ਦੀ ਰਿਪੋਰਟ ਦਰਜ ਹੋ ਗਈ, ਪਰ ਪੇਪਰ ਵੇਟ ਹੇਠ ਨੱਪੀ ਗਈ। ਸੁਪ੍ਰੀਤਾ ਬੋਲੇ ਤਾਂ ਹੀ ਕਾਰਵਾਈ ਕਰੇਗੀ ਪੁਲਿਸ। ਅਚਲ ਦੇ ਕਤਲ ਨੂੰ ਆਤਮ-ਹੱਤਿਆ ਦਾ ਰੂਪ ਦੇ ਦਿੱਤਾ ਗਿਆ।'
“ਕੀ ਕਰਾਂ ਕਿਰਨ? ਅੱਜ ਤਕ ਉਮੀਦਾਂ ਵੰਡਦਾ ਰਿਹਾ ਸਾਂ। ਅੱਜ ਤੇਰੇ ਸਾਹਮਣੇ ਨਿਆਂ ਲਈ ਫਰਿਆਦ ਕਰ ਰਿਹਾਂ। ਜੇ ਆਦਮੀ ਨੂੰ ਨਿਆਂ ਨਾ ਮਿਲਿਆ ਤਾਂ ਉਹ ਜਾਨਵਰ ਬਣ ਜਾਏਗਾ...। ਇਸ ਦੇਸ਼ ਦਾ ਕੀ ਬਣੇਗਾ? ਇਹ ਸਕੂਲ...ਇਹ ਕਾਲੇਜ ਫੇਰ ਕਿਸ ਲਈ? ਇਹ ਦੇਵ-ਮੰਦਰ, ਇਹ ਨਿਆਂ-ਮੰਦਰ ਫੇਰ ਕਿਸ ਲਈ...?”
ਖਾਣਾ ਖ਼ਤਮ ਹੋ ਗਿਆ। ਬੁਝੀ ਜਿਹੀ ਆਵਾਜ਼ ਵਿਚ ਕਿਹਾ ਸੀ ਕਿਰਨ ਕੁਮਾਰ ਨੇ, “ਸਰ, ਮੈਂ ਫਾਈਲ ਦੇਖਾਂਗਾ, ਫੇਰ ਕੁਛ ਕਹਿ ਸਕਾਂਗਾ...।”
ਡਰਾਈਵਰ ਗੱਡੀ 'ਤੇ ਛੱਡ ਆਇਆ ਸੀ ਪ੍ਰੋ. ਕੁਨਾਲ ਨੂੰ। ਸੁਨੈਨਾ ਨੇ ਆਫ਼ਿਸ ਜਾਂਦੇ ਪਤੀ ਨੂੰ ਕਿਹਾ ਸੀ, “ਅੱਜ ਦੀ ਸਪਰਿਚੁਅਲ ਕਲਾਸ ਦੀਆਂ ਗੱਲਾਂ ਦੱਸਣਾ ਚਾਹੁੰਦੀ ਸਾਂ। ਕੈਸੀਆਂ ਕੈਸੀਆਂ ਮਹਾਨ ਗੱਲਾਂ ਦੱਸੀਆਂ ਨੇ ਸਵਾਮੀ ਪਰਮਾਨੰਦ ਨੇ, ਪਰ ਇਸ ਬੁੱਢੇ ਨੇ ਮੂਡ ਚੌਪਟ ਕਰ ਦਿੱਤਾ।”
ਨੀਵੀਂ ਪਾ ਕੇ ਦਫ਼ਤਰ ਜਾਣ ਲਈ ਗੱਡੀ ਵਿਚ ਜਾ ਬੈਠੇ ਸਨ। ਲੱਗਿਆ ਸੀ, ਉਹਨਾਂ ਦਾ ਯੁਧਿਸ਼ਠਰ ਅੱਧਾ ਝੂਠ ਬੋਲ ਗਿਆ ਸੀ—“ਅਸ਼ਵਥਾਮਾ ਹਤਾ!”
ਦਫ਼ਤਰ ਵਿਚ ਪਹੁੰਚ ਕੇ ਕਿਰਨ ਕੁਮਾਰ ਸਭ ਕੁਝ ਭੁੱਲ ਗਏ। ਲੋਕਾਂ ਦੀਆਂ ਸ਼ਿਕਾਇਤਾਂ ਨਾਲੋਂ ਵੱਧ ਫ਼ੋਨ ਮੰਤਰੀਆਂ ਤੇ ਅਸੈਂਬਲੀ ਮੈਂਬਰਾਂ ਦੇ ਸਨ।...ਆਦੇਸ਼! ਪੂਰੀ ਪੁਲਿਸ ਫੋਰਸ ਉਹਨਾਂ ਦੇ ਜਲੂਸਾਂ ਤੇ ਸੁਰੱਖਿਆ ਲਈ ਤੈਨਾਤ ਹੁੰਦੀ ਹੈ...ਤੇ ਬਾਕੀ ਸ਼ਹਿਰ ਦਾ, ਅੱਲਾ-ਬੇਲੀ। ਕਿਰਨ ਕੁਮਾਰ ਨੂੰ ਲੱਗਿਆ—ਪੂਰਾ ਸ਼ਹਿਰ ਸੈਂਕੜੇ ਨਹੂਸ਼ਾਂ (ਦਰਿੰਦਿਆਂ) ਨਾਲ ਭਰ ਗਿਆ ਹੈ ਜਿਹੜੇ ਸੱਤਾ ਦੇ ਨਸ਼ੇ ਵਿਚ ਆਦਮੀ ਨੂੰ ਚੀਰ ਕੇ ਉਸਦਾ ਲਹੂ ਸ਼ਰਾਬ ਦੇ ਰੂਪ ਵਿਚ ਪੀ ਰਹੇ ਨੇ। ਇਸ ਹਾਲਤ ਵਿਚ ਪ੍ਰੋ. ਕੁਨਾਲ ਵਰਗੇ 'ਕੱਲੇ-'ਕਹਿਰੇ ਆਦਮੀ ਨੂੰ ਬ੍ਰਿਹਸਪਤੀ ਵਾਂਗ ਪਾਲਕੀ ਦਾ ਕੁਹਾਰ ਤਾਂ ਬਣਨਾ ਹੀ ਪਏਗਾ...ਸ਼ਚੀ ਨੂੰ ਸਹਿਣਾ ਹੀ ਪਏਗਾ—ਬਲਾਤਕਾਰ।
ਰਾਤ ਬੇਚੈਨੀ ਵਿਚ ਬੀਤੀ। ਵਾਰੀ ਵਾਰੀ ਸੁਪ੍ਰੀਤਾ ਦਾ ਖੁੱਥੜ ਸਰੀਰ ਪੀੜ ਵੱਸ ਛਟਪਟਾਉਂਦਾ, ਚੀਕਦਾ ਦਿਖਾਈ ਦਿੱਤਾ। ਦੋ ਹੱਡੀਆਂ ਦੇ ਪਿੰਜਰ ਹੱਥ ਉਤਾਂਹ ਚੁੱਕੀ ਇਨਸਾਨੀ ਆਵਾਜ਼ ਵਿਚ ਰੋਂਦੇ ਦਿਖਾਈ ਦਿੱਤੇ। ਚਾਰੇ ਪਾਸੇ ਇੱਲਾਂ, ਕਾਂ ਤੇ ਗਿਰਝਾਂ ਉੱਡਦੀਆਂ ਦਿਖਾਈ ਦਿੱਤੀਆਂ। ਮਹਿਸੂਸ ਹੁੰਦਾ ਰਿਹਾ ਕਿ ਆਦਮੀ ਸਿਰਫ ਮੌਤ ਹੈ ਜਾਂ ਮੌਤ ਦਾ ਮਸੀਹਾ—ਅਸਲੀ ਆਦਮੀ ਨਹੀਂ। ਸਮਗਲਰ, ਗੁੰਡੇ, ਕਾਲਾ ਬਾਜ਼ਾਰੀਏ ਤੇ ਚੋਰ ਡਾਕੂਆਂ ਦੇ ਠਹਾਕੇ ਕੰਨਾਂ ਵਿਚ ਲੋਹਾਂ ਪਿਘਲਾਂਦੇ ਰਹੇ। ਮਹਿਸੂਸ ਹੁੰਦਾ ਰਿਹਾ ਕਿ ਗੁੰਡਾਗਰਦੀ ਦੇ ਚਕਰਵਿਊਹਾਂ ਨੂੰ ਤੋੜਨ ਲਈ ਅੱਜ ਇਕ ਵੀ ਅਭਿਮੰਨਿਊ ਨਜ਼ਰ ਨਹੀਂ ਆ ਰਿਹਾ।
ਸਵੇਰੇ ਉਠਦਿਆਂ ਹੀ ਇਕ ਦਿੜ੍ਹਤਾ ਕਿਰਨ ਕੁਮਾਰ ਦੇ ਮਨ ਨੇ ਫੜ੍ਹ ਲਈ। ਸਹੂਰਾ ਸਾਹਬ ਦੇ ਆਖੇ ਸ਼ਬਦ ਯਾਦ ਆਏ...ਤੁਸੀਂ ਕੀ ਕਰ ਸਕਦੇ ਓ? ਬਸ, ਪੈਸੇ ਦੀ ਮਦਦ ਕਰ ਦਿਓ। ਇਕ ਹਲਕਾ ਜਿਹਾ ਚੈਨ ਰਗ ਰਗ ਨੂੰ ਪਲੋਸਣ ਲੱਗਾ।
ਬਰੀਫ਼ ਕੇਸ ਵਿਚ ਦਸ ਹਜ਼ਾਰ ਦੇ ਨੋਟ ਪਾ ਕੇ ਕਾਰ ਵਲ ਵਧੇ। ਸੁਨੈਣਾ ਨੇ ਰਸਤਾ ਰੋਕ ਲਿਆ—“ਜਲਦੀ ਆਉਣਾ! ਤੁਹਾਨੂੰ ਨਾਸ਼ਤਾ ਕਰਵਾ ਕੇ ਸਪਰਿਚੂਅਲ ਕਲਾਸ ਵਿਚ ਜਾਣਾ ਏਂ। ਸੰਡੇ ਨੂੰ ਤੁਹਾਨੂੰ ਵੀ ਲੈ ਜਾਵਾਂਗੀ...ਇਕ ਨਹੀਂ ਸੁਣਾਗੀ। ਕਹਿੰਦੇ ਨੇ ਕਿ ਕਈਆਂ ਦਾ ਕਲਿਆਨ ਕਰ ਦਿੱਤਾ ਏ ਸਵਾਮੀ ਜੀ ਨੇ। ਅਨੰਤ ਤੇ ਅਜਰ ਸ਼ਕਤੀ ਪੁੰਜ ਨੇ ਸਵਾਮੀ ਜੀ।”
ਅੰਦਰੋਂ ਬਾਹਰ ਵੱਲ ਆ ਰਹੇ ਲੰਮੇ ਵਰਾਂਡੇ ਵਿਚ ਨਿਗਾਹ ਮਾਰਦੇ ਨੇ ਕਿਰਨ ਕੁਮਾਰ—ਰਾਮ ਕ੍ਰਿਸ਼ਨ, ਗੌਤਮ ਬੁੱਧ, ਸਵਾਮੀ ਦਯਾ ਨੰਦ ਦੀਆਂ ਨਵੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਅਧਿਆਤਮ ਕਾ ਭੁਤ ਸਵਾਰ ਹੋਇਆ ਹੋਇਆ ਏ ਸੁਨੈਣਾ ਉਪਰ; ਸਮਝ ਜਾਂਦੇ ਨੇ। ਪਰ ਇਹ ਅਧਿਆਤਮ ਹੈ ਜਾਂ ਫੈਸ਼ਨ? ਅਧਿਆਤਮ ਤਾਂ ਵੈਰਾਗ ਹੈ, ਕਰੂਣਾ ਸੇਵਾ ਤੇ ਭਗਤੀ ਹੈ। ਕੀ ਕਰਮਯੋਗ, ਧਰਮਯੋਗ, ਗਿਆਨਯੋਗ ਹੁਣ ਏ.ਸੀ. ਕਮਰਿਆਂ ਦੇ ਮੁਥਾਜ ਹੋ ਗਏ ਨੇ? ਇਕ ਵਿਅੰਗਮਈ ਗੁੱਝਾ ਹਾਸਾ ਹਸਦੇ ਨੇ। ਮਹਿਸੂਸ ਹੁੰਦਾ ਹੈ—ਘਰ ਹੋਵੇ ਜਾਂ ਦਫ਼ਤਰ, ਉਹਨਾਂ ਦਾ ਵਿਅਕਤੀਤਵ ਇਕ ਕਠਪੁਤਲੀ-ਵਿਅਕਤੀਤਵ ਹੈ।
ਗੱਡੀ ਅਰਸੇ ਬਾਅਦ ਉਹਨਾਂ ਰਸਤਿਆਂ ਉੱਤੇ ਦੌੜਾ ਦੇਂਦੇ ਨੇ ਜਿਹਨਾਂ ਉਪਰੋਂ ਕਦੀ ਰੋਜ਼ ਪੈਦਲ ਲੰਘਦੇ ਸਨ। ਵਿੰਡ ਸਕਰੀਨ ਨੂੰ ਵਾਰੀ-ਵਾਰੀ ਠੰਡ ਦੀ ਸਵੇਰ ਦਾ ਕੋਹਰਾ ਕਥਈ ਕਰ ਦੇਂਦਾ ਹੈ। ਹਵਾ ਸੀਟੀਆਂ ਮਾਰਦੀ ਲੱਗਦੀ ਹੈ। ਗੇਂਦਾ ਸਿੰਘ ਤ੍ਰਬਕ ਕੇ ਸਪੀਡ ਹੌਲੀ ਕਰਦੇ ਨੇ...ਯਾਦਆਸ਼ਤ 'ਤੇ ਜ਼ੋਰ ਦੇ ਕੇ ਸੱਜੇ ਮੁੜ ਜਾਂਦੇ ਨੇ। ਬਿਨਾਂ ਪਲਸਤਰ ਕੀਤੀ ਕੋਠੀ ਦਾ ਦ੍ਰਿਸ਼ ਉਭਰਦਾ ਹੈ—ਮਕਾਨ ਤਾਂ ਬਣਵਾ ਲਿਆ ਸੀ ਪਰ ਸੀਮਿੰਟ ਦਾ ਜੁਗਾੜ ਨਹੀਂ ਸੀ ਕਰ ਸਕੇ ਪ੍ਰੋਫ਼ੈਸਰ ਕੁਨਾਲ। ਲੱਗਿਆ ਹੁਣ ਤਾਂ ਇੱਟਾਂ ਵੀ ਉਖੜ ਗਈਆਂ ਹੋਣਗੀਆਂ। ਗਲੀ ਦੇ ਮੋੜ ਕੋਲ ਗੱਡੀ ਛੱਡ ਕੇ ਪੈਦਲ ਹੀ ਤੁਰ ਪੈਂਦੇ ਨੇ। ਗਲੀ ਇਕ ਮੈਦਾਨ ਵਿਚ ਜਾ ਖੁੱਲ੍ਹਦੀ ਹੈ...ਅਟਕ ਜਾਂਦੇ ਨੇ ਪੈਰ...ਇਕ ਮੰਜਿਲਾ ਕੋਠੀ ਲਗਭਗ ਪੂਰੀ ਸੜ ਚੁੱਕੀ ਹੈ। ਭੀੜ ਵਿਚੋਂ ਕੋਈ ਦਸਦਾ ਹੈ—“ਕੁਲ ਤਿੰਨ ਜਣੇ ਰਹਿੰਦੇ ਸੀ। ਹੁਣ ਤਾਂ ਸੜ-ਭੁੱਜ ਚੁੱਕੇ ਹੋਣਗੇ। ਛੇ ਵਜੇ ਫ਼ੋਨ ਕੀਤਾ ਸੀ, ਫਾਇਰ ਬ੍ਰਿਗੇਡ ਨੂੰ।” ਕਿਰਨ ਕੁਮਾਰ ਘੜੀ ਦੇਖਦੇ ਨੇ—ਪੌਣੇ ਸਤ ਵੱਜੇ ਨੇ। ਅੱਗੇ ਵਧਦੇ ਨੇ। ਭੀੜ ਨੂੰ ਦੂਰ ਰੱਖਣ ਵਿਚ ਰੁੱਝੇ ਹੋਏ ਨੇ, ਦੋ ਸਿਪਾਹੀ। ਕਿਰਨ ਕੁਮਾਰ ਭੀੜ ਤੋਂ ਰਤਾ ਅੱਗੇ ਹੁੰਦੇ ਨੇ ਤਾਂ ਝਾੜ ਦੇਂਦਾ ਹੈ ਇਕ ਪੁਲਿਸ ਵਾਲਾ—“ਮੁੜ ਪਿੱਛੇ ਓਇ! ਕਿਧਰ ਬੂਥਾ ਚੁੱਕਿਐ...”
ਥਾਵੇਂ ਗੱਡੇ ਜਾਂਦੇ ਨੇ ਕਿਰਨ ਕੁਮਾਰ। ਭੀੜ ਉਹਨਾਂ 'ਤੇ ਹੱਸਦੀ ਹੈ।
ਸਿਪਾਹੀ ਦੀ ਬਾਂਹ ਫੜ੍ਹ ਲੈਂਦੇ ਨੇ—“ਮੈਂ ਕਿਰਨ ਕੁਮਾਰ ਸੀ.ਪੀ. ਆਂ।”
ਬੋਲਤੀ ਬੰਦ ਹੋ ਜਾਂਦੀ ਏ ਸਿਪਾਹੀ ਦੀ। ਸਿੱਧਾ ਪੈਂਰਾਂ 'ਤੇ ਡਿੱਗ ਪੈਂਦਾ ਹੈ। ਦੂਜਾ ਸਿਪਾਹੀ ਦੌੜਿਆ ਆਉਂਦਾ ਹੈ। ਗੁੱਸੇ ਨੂੰ ਪੀ ਕੇ ਆਦੇਸ਼ ਦੇਂਦੇ ਨੇ, ਕਿਰਨ ਕੁਮਾਰ। ਦੂਜਾ ਸਿਪਾਈ ਐਸ.ਐਚ.ਓ. ਤੇ ਫਾਇਰ ਬ੍ਰਿਗੇਡ ਨੂੰ ਫ਼ੋਨ ਕਰਨ ਲਈ ਨੱਸ ਜਾਂਦਾ ਹੈ। ਪੰਜਾਂ ਮਿੰਟਾਂ ਵਿਚ ਪੂਰੀ ਫੋਰਸ ਪਹੁੰਚ ਜਾਂਦੀ ਹੈ। ਕਿਰਨ ਕੁਮਾਰ ਮਹਿਸੂਸ ਕਰਦੇ ਨੇ ਕਿ ਪੁਲਿਸ ਤੇ ਜਨ ਸੇਵਾਵਾਂ ਸਮਾਜ ਲਈ ਨਹੀਂ—ਉਹ ਵਿਅਕਤੀ ਲਈ ਨੇ। ਪੈਸੇ ਤੇ ਅਹੂਦੇ ਲਈ ਨੇ। ਆਪਣੇ ਆਪ ਉੱਤੇ ਸ਼ਰਮ ਮਹਿਸੂਸ ਕਰਦੇ ਨੇ। ਲੱਗਦਾ ਹੈ ਪੂਰਾ ਮੁਲਕ ਵਹਿਸ਼ੀਆਂ ਦੀਆਂ ਇੱਛਾਵਾਂ ਸਾਹਮਣੇ ਮਜ਼ਬੂਰ ਹੈ।
ਬੁਝੀ ਹੋਈ ਅੱਗ ਵਿਚੋਂ ਤਿੰਨ ਸੜੀਆਂ ਹੋਈਆਂ ਲਾਸ਼ਾ ਲੈ ਆਉਂਦੇ ਨੇ ਫਾਇਰ ਬ੍ਰਿਗੇਡ ਵਾਲੇ...ਕਿਰਨ ਕੁਮਾਰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ। ਮਹਿਸੂਸ ਕਰਦੇ ਨੇ ਕਿ ਪਛਾਣ ਦਾ ਹਰੇਕ ਚਿੰਨ੍ਹ ਸੜ ਗਿਆ ਹੈ। ਐਸ.ਐਚ.ਓ. ਉਤੇ ਹਿਰਖ ਜਾਂਦੇ ਨੇ ਕਿਰਨ ਕੁਮਾਰ—“ਇਹੀ ਤੁਹਾਡਾ ਪਹਿਰਾ ਏ? ਮਕਾਨ ਸੜ ਗਿਆ ਤੇ ਪਤਾ ਈ ਨਹੀਂ ਲੱਗਿਆ।”
ਭੀੜ ਵਿਚੋਂ ਕੋਈ ਕਹਿੰਦਾ ਹੈ—“ਝੁੱਗੀਆਂ ਝੌਂਪੜੀਆਂ ਹੁੰਦੀਆਂ ਤਾਂ ਪਤਾ ਲੱਗ ਜਾਂਦਾ। ਏਥੇ ਤਾਂ ਸਾਰੇ ਰਜਾਈਆਂ 'ਚ ਮੂੰਹ ਲਕੋ ਕੇ ਸੁੱਤੇ ਹੁੰਦੇ ਨੇ।”
ਕਿਰਨ ਕੁਮਾਰ ਨੂੰ ਯਾਦ ਆਇਆ—ਬੜੇ ਅਰਮਾਨ ਨਾਲ ਕਾਲੋਨੀ ਵਿਚ ਮਕਾਨ ਬਣਵਾਇਆ ਸੀ ਪ੍ਰੋਫ਼ੈਸਰ ਨੇ। ਮਨ ਵਿਚ ਪ੍ਰਸ਼ਨ ਉਠਿਆ—ਅੱਗ ਲੱਗੀ ਜਾਂ ਲਗਵਾਈ ਗਈ?
ਐਸ.ਐਚ.ਓ. ਨੂੰ ਸਖ਼ਤ ਹਦਾਇਤਾਂ ਦੇਂਦੇ ਨੇ ਕਿਰਨ ਕੁਮਾਰ। ਕਾਰ ਦਾ ਬੂਹਾ ਖੋਲਦੇ ਨੇ ਤਾਂ ਬਰੀਫ਼ਕੇਸ ਸਾਹਮਣੇ ਦਿਖਾਈ ਦੇਂਦਾ ਹੈ। ਮਹਿਸੂਸ ਹੁੰਦਾ ਹੈ ਪ੍ਰੋ. ਕੁਨਾਲ ਦਾ ਕਰਜਾ ਸਿਰ ਹੀ ਰਹਿ ਗਿਆ। ਇਕ ਅੱਥਰੂ ਪਲਕਾਂ 'ਤੇ ਆਉਂਦਾ ਆਉਂਦਾ ਰੁਕ ਜਾਂਦਾ ਹੈ।
ਕਾਰ ਚੁਰਾਹੇ ਤੋਂ ਚੌੜੀ ਸੜਕ ਉੱਤੇ ਦੌੜਨ ਲੱਗਦੀ ਹੈ—ਲੱਗਦਾ ਹੈ, ਸਿਰ ਹੌਲਾ ਹੋ ਗਿਆ; ਹਰ ਸਬੂਤ ਮਿਟ ਗਿਆ। ਸਾਰੀਆਂ ਸ਼ਿਕਾਇਤਾਂ ਮੁੱਕ ਗਈਆਂ। ਹੁਣ ਕੌਣ ਉਹਨਾਂ ਨੂੰ ਦੋਸ਼ੀ ਠਹਿਰਾਏਗਾ? ਜਮੀਰ ਦੀ ਗੱਲ ਕੌਣ ਸੁਣਦਾ ਹੈ? ਵਾਦੀ ਹੀ ਨਹੀਂ ਰਿਹਾ ਤਾਂ ਪ੍ਰਤੀਵਾਦੀ ਨੂੰ ਕਿਉਂ ਲੱਭਣ ਜਾਈਏ? ਉਹ ਜਿਵੇਂ ਫ਼ਰਜ਼ ਦੇ ਭਾਰ ਤੋਂ ਮੁਕਤ ਹੋ ਗਏ।
ਅਚਾਨਕ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਲਾਜ਼ਮੀ ਇਸ ਅੱਗ ਪਿੱਛੇ ਵੀ ਨਰਮਦਾ ਦਾ ਹੱਥ ਹੈ। ਪ੍ਰੋ. ਨੂੰ ਖ਼ਤਮ ਕਰਕੇ ਉਹ ਉਹਨਾਂ 'ਤੇ ਹੱਥ ਪਾਵੇਗਾ। ਸੜਕ ਦੇ ਗੁੰਡੇ ਨਾਲ ਨਿਬੜਿਆ ਜਾ ਸਕਦਾ ਹੈ ਪਰ ਇਹਨਾਂ ਨੇਤਾਵਾਂ ਦੀ ਗੁੰਡਾਗਰਦੀ ਦਾ ਕੋਈ ਇਲਾਜ਼ ਨਹੀਂ। ਹਰ ਗਲੀ ਵਿਚ ਇਹਨਾਂ ਦੇ ਗੁੰਡਿਆਂ ਤੇ ਗੁਰਗਿਆਂ ਦਾ ਰਾਜ ਹੈ। ਛੱਡੇ ਜੀ, ਪੁਲਿਸ ਕਮਿਸ਼ਨਰ ਨੂੰ ਕੌਣ ਹੱਥ ਪਾਵੇਗਾ?...ਹੌਸਲਾ ਵਧਾਉ ਇਹ ਵਿਚਾਰ ਵੀ ਉਹਨਾਂ ਨੂੰ ਤੱਸਲੀ ਨਹੀਂ ਦੇ ਸਕਿਆ।
ਗੱਡੀ 'ਚੋਂ ਉਤਰ ਕੇ ਯੂਨੀਫਾਰਮ ਪਾਉਣ ਲਈ ਅੰਦਰ ਜਾਂਦੇ ਨੇ। ਗ੍ਰਹਿਮੰਤਰੀ, ਸੀ.ਐਮ. ਨੂੰ ਮਿਲਣਾ ਪਏਗਾ; ਹਰ ਗੱਲ ਦੱਸਣੀ ਪਏਗੀ। ਹੋਰ ਨਹੀਂ ਤਾਂ ਤਬਾਦਲਾ ਤਾਂ ਹੋ ਹੀ ਜਾਏਗਾ। ਨਰਮਦਾ ਤੋਂ ਬਚਣਾ ਏਂ...ਸ਼ੀਸ਼ੇ ਸਾਹਮਣੇ ਕੰਘੀ ਕਰਦੇ ਹੋਏ ਮਹਿਸੂਸ ਕਰਦੇ ਨੇ ਕਿ ਇਕ ਨੇਤਾ ਦਾ ਗੁਰੀਲਾ ਰੂਪ ਉਹਨਾਂ ਦੀ ਗਰਦਨ ਫੜ੍ਹਨ ਲਈ ਬਿਲਕੁਲ ਨੇੜੇ ਆ ਗਿਆ ਹੈ। ਫੁਰਤੀ ਨਾਲ ਮੁੜਦੇ ਨੇ। ਪਿੱਛੇ ਸੁਨੈਣਾ ਖੜ੍ਹੀ ਸੀ।
ਸੁਨੈਣਾ ਹੱਸਦੀ ਹੈ—“ਡਰ ਗਏ?”
“ਹਾਂ...” ਕਿਰਨ ਕੁਮਾਰ ਕੰਘੀ ਕਰਦੇ ਹੋਏ ਕਹਿੰਦੇ ਨੇ।
“ਏਨੀ ਜਲਦੀ ਤਿਆਰ ਹੋ ਗਏ...ਅਜੇ ਤਾਂ ਨਾਸ਼ਤਾ ਵੀ ਨਹੀਂ ਬਣਿਆ।”
“ਮੈਂ ਆਫ਼ਿਸ 'ਚ ਮੰਗਾਅ ਲਵਾਂਗਾ।” ਫੇਰ ਕੁਛ ਸੋਚ ਕੇ ਕਹਿੰਦੇ ਨੇ—“ਅੱਜ ਸਵਾਮੀ ਜੀ ਵੱਲ ਨਾ ਜਾਵੀਂ।”
“ਕਿਉਂ?” ਚੈਹਕਦੀ ਹੈ ਸੁਨੈਣਾ।
“ਕੁਛ ਗੜਬੜ ਹੈ...” ਕਹਿੰਦੇ ਹੋਏ ਬਾਹਰ ਨਿਕਲਦੇ ਨੇ।
ਡਰਾਈਵਰ ਨੂੰ ਕਾਰ ਗ੍ਰਹਿਮੰਤਰੀ ਦੇ ਬੰਗਲੇ 'ਤੇ ਲਿਜਾਣ ਲਈ ਕਹਿੰਦੇ ਨੇ। ਸੜਕ ਉੱਤੇ ਖਾਸੀ ਭੀੜ ਹੋ ਗਈ ਹੈ। ਗੱਡੀ ਭੀੜ ਵਾਲੀਆਂ ਸੜਕਾਂ ਨੂੰ ਛੱਡ ਕੇ ਸਾਫ ਸੁਥਰੀ ਖ਼ਾਲੀ ਸੜਕ ਉੱਤੇ ਆ ਜਾਂਦੀ ਹੈ। ਅਚਾਨਕ ਇਕ ਪੱਕੀ ਉਮਰ ਦੇ ਆਦਮੀ ਪਿੱਛੇ ਸੱਤ ਅੱਠ ਆਦਮੀ ਦੌੜਦੇ ਹੋਏ ਦਿਖਾਈ ਦੇਂਦੇ ਨੇ। ਡਰਾਈਵਰ ਕਾਰ ਰੋਕ ਲੈਂਦਾ ਹੈ। ਨੇੜਿਓਂ ਲੱਗਦੇ ਉਸ ਆਦਮੀ ਨੂੰ ਬਾਹਾਂ ਵਿਚ ਜਕੜ ਲੈਂਦਾ ਹੈ। ਪਿੱਛੇ ਦੌੜਦੇ ਲੋਕ ਉਸਨੂੰ ਕੁੱਟ-ਮਾਰ ਕਰਨੀ ਚਾਹੁੰਦੇ ਨੇ ਪਰ ਕਿਰਨ ਕੁਮਾਰ ਰੋਕ ਦੇਂਦੇ ਨੇ। ਉਹਨਾਂ ਲੋਕਾਂ ਵਿਚੋਂ ਇਕ ਆਦਮੀ ਪਛਾਣ ਲੈਂਦਾ ਹੈ, ਉਹਨਾਂ ਨੂੰ। ਪੱਕੀ ਉਮਰ ਦਾ ਆਦਮੀ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ।
ਜੋਸ਼ ਵਿਚ ਭਰੇ ਲੋਕ ਕਹਿੰਦੇ ਨੇ—“ਨਰਮਦਾ ਸਿੰਘ ਦਾ ਕਤਲ ਕੀਤਾ ਏ ਇਸ ਨੇ, ਅਸੀਂ ਇਹਨੂੰ ਜਾਨੋਂ ਮਾਰ ਦਿਆਂਗੇ।”
ਠਠੰਬਰ ਜਾਂਦੇ ਨੇ ਕਿਰਨ ਕੁਮਾਰ—ਕੀ ਇਹ ਸੰਭਵ ਹੈ? ਕਿਧਰੋਂ ਆ ਗਿਆ ਇਹ ਅਭਿਮੰਨਿਊ?
ਪੁੱਛਦੇ ਨੇ ਉਸਨੂੰ—“ਤੂੰ ਕਤਲ ਕੀਤਾ ਏ?”
“ਕੀਤਾ ਐ! ਮੈਨੂੰ ਪੁਲਿਸ ਥਾਨੇ ਲੈ ਚੱਲੋ।” ਬਿਨਾਂ ਸਿਰ ਝੁਕਾਇਆਂ ਕਹਿੰਦਾ ਹੈ ਉਹ ਬੁੱਢਾ...ਇਹੀ ਕੋਈ ਪੰਤਾਰੀ-ਪੰਜਾਹ ਸਾਲ ਦਾ ਹੋਵੇਗਾ। ਉਸਦੀਆਂ ਅੱਖਾਂ ਵਿਚ ਨਫ਼ਰਤ ਦੀ ਅੱਗ ਹੈ। ਵੱਡੇ ਸਾਰੇ ਬੰਗਲੇ ਵਿਚ ਘੁਸਦੇ ਨੇ ਉਹ ਸਾਰੇ...ਅਪਰਾਧੀ ਵੀ। ਕਿਰਨ ਕੁਮਾਰ ਕੁਛ ਸੋਚਦੇ ਨੇ—ਜ਼ਰੂਰ ਕੋਈ ਕਰਾਂਤੀਕਾਰੀ ਹੋਵੇਗਾ। ਨਕਸਲਾਈਟ!
ਵਰਾਂਡੇ ਵਿਚ ਰੱਸੀ ਨਾਲ ਬੰਨ੍ਹ ਕੇ ਬਿਠਾਅ ਦਿੱਤਾ ਜਾਂਦਾ ਹੈ ਉਸਨੂੰ। ਕਿਰਨ ਕੁਮਾਰ ਲਾਸ਼ ਦਾ ਮੁਆਇਆਨਾ ਕਰਦੇ ਨੇ—ਬਗ਼ੀਚੇ ਵਿਚ ਬੈਠਾ ਚਾਹ ਪੀ ਰਿਹਾ ਸੀ ਨਰਮਦਾ; ਇਸਨੇ ਪਿੱਛੋਂ ਆ ਕੇ ਗਰਦਨ 'ਤੇ ਗੰਡਾਸੀ ਵਾਹ ਦਿੱਤੀ। ਕਿਰਨ ਕੁਮਾਰ ਦੇਖਦੇ ਨੇ...ਜਿਸਮ ਨਾਲ ਸਿਰਫ ਇਕ ਮਾਸ ਦੇ ਲੋਥੜੇ ਨਾਲ ਲਟਕ ਰਹੇ ਉਸ ਸਿਰ ਨੂੰ; ਹੁਣ ਧੜ ਨਾਲ ਉਸਦਾ ਕੋਈ ਸਰੋਕਾਰ ਨਹੀਂ ਸੀ ਜਾਪ ਰਿਹਾ—ਕਦੀ ਇਹ ਸਿਰ ਇਸ ਧੜ ਦੀਆਂ ਜ਼ਰੂਰਤਾਂ ਲਈ ਡੂੰਘੇ ਪੜਯੰਤਰ ਰਚਦਾ ਹੋਵੇਗਾ...ਤੇ ਅੱਜ?
ਮੰਤਰੀ ਨੂੰ ਹੌਸਲਾ ਦੇਂਦੇ ਨੇ ਕਿਰਨ ਕੁਮਾਰ। ਉੱਚੀ-ਉੱਚੀ ਰੋਣ ਲੱਗਦੇ ਨੇ ਮੰਤਰੀ ਜੀ—“ਕੀ ਵਿਗਾੜਿਆ ਸੀ ਮੇਰੇ ਨਰਮਦਾ ਨੇ ਕਿਸੇ ਦਾ?” ਦੂਜਿਆਂ ਨੂੰ ਕੀੜੇ-ਮਕੌੜੇ ਸਮਝਣ ਵਾਲੇ ਮੰਤਰੀ ਜੀ ਨੇ ਅੱਜ ਆਪਣਾ ਲਹੂ ਪਹਿਲੀ ਵਾਰੀ ਵਹਿੰਦਾ ਜੋ ਵੇਖਿਆ ਸੀ।
ਇਕ ਨਜ਼ਰ ਸ਼ਾਨਦਾਰ ਬੰਗਲੇ 'ਤੇ ਮਾਰਦੇ ਨੇ ਕਿਰਨ ਕੁਮਾਰ। ਯਾਦ ਆਉਂਦਾ ਹੈ—ਪੂਰੀ ਅਸ਼ੋਕ ਨਗਰ ਕਾਲੋਨੀ ਦੇ ਮਾਲਕ ਨੇ। ਕਦੀ ਮਾਮੂਲੀ ਮਾਸਟਰ ਸਨ। ਦਸ ਪੰਦਰਾਂ ਸਾਲ ਵਿਚ ਕਿੱਥੋਂ ਕਿੱਥੇ ਪਹੁੰਚ ਗਏ।
ਧੂੜ ਉਡਾਉਂਦੀਆਂ ਹੋਈਆਂ ਪੁਲਿਸ ਦੀਆਂ ਜੀਪਾਂ ਆ ਜਾਂਦੀਆਂ ਨੇ—ਨਾਲ ਸਿਪਾਹੀਆਂ ਨਾਲ ਭਰਿਆ ਟੱਰਕ ਹੈ।
ਡੀ.ਐਸ.ਪੀ ਪੁੱਛਦੇ ਨੇ—“ਤੇਰਾ ਨਾਂਅ ਕੀ ਏ?”
“ਰਤੋਰੀ।”
“ਤੂੰ ਕਿਉਂ ਮਾਰਿਆ ਏ, ਇਹਨਾਂ ਨੂੰ?”
“ਈਹਨੇ ਕਈਆਂ ਨੂੰ ਮਾਰਿਆ ਸੀ।” ਬਿਨਾਂ ਕਿਸੇ ਘਬਰਾਹਟ ਦੇ ਕਹਿੰਦਾ ਹੈ ਰਜੋਰੀ।
“ਕਿਸ ਨੂੰ ਮਾਰਿਆ ਸੀ ਇਹਨਾਂ ਨੇ?” ਦਰੋਗਾ ਪੁੱਛਦਾ ਹੈ।
“ਸੁਪ੍ਰੀਤਾ ਬੇਟੀ ਦੀ ਇੱਜ਼ਤ ਲੁੱਟੀ, ਅਚਲ ਬਾਬੂ ਨੂੰ ਫਾਹਾ ਲਾ ਦਿੱਤਾ ਤੇ ਕੱਲ੍ਹ ਵੱਡੇ ਬਾਬੂ ਪੁਲਿਸ ਦਫ਼ਤਰ ਗਏ ਸੀ ਤਾਂ ਘਰ ਈ ਸਾੜ ਦਿੱਤਾ!” ਰਤੋਰੀ ਕਹਿੰਦਾ ਹੈ।
ਤ੍ਰਬਕ ਜਾਂਦੇ ਨੇ ਕਿਰਨ ਕੁਮਾਰ। ਅੱਖਾਂ ਸਾਹਵੇਂ ਵੀਹ ਸਾਲ ਪੁਰਾਣਾ ਪ੍ਰੋ. ਕੁਨਾਲ ਦੇ ਨੌਕਰ ਦਾ ਜਵਾਨ ਚਿਹਰਾ ਉਭਰ ਆਉਂਦਾ ਹੈ—“ਓਅ!” ਮੂੰਹੋਂ ਨਿਕਲਦਾ ਹੈ ਕਿ ਉਸਦਾ ਕਰਜਾ ਇਸ ਗਰੀਬ ਆਦਮੀ ਨੇ ਲਾਹਿਆ ਏ। ਰਜੋਰੀ ਨਹੀਂ, ਉਹਨਾਂ ਦਾ ਅਨੁਪੂਰਕ ਹੈ ਇਹ...ਅਭਿਮੰਨਿਊ ਹੈ।
ਡੀ.ਐਸ.ਪੀ. ਫੇਰ ਹੱਥ ਚੁੱਕਦਾ ਹੈ, ਪਰ ਕਿਰਨ ਕੁਮਾਰ ਰੋਕ ਦੇਂਦੇ ਨੇ। ਕਹਿੰਦੇ ਨੇ—“ਜੁਰਮ ਦਾ ਇਕਬਾਲ ਕਰ ਰਿਹੈ, ਹਵਾਲਾਤ ਭੇਜ ਦਿਓ!...”
ਕੋਠੀ ਵਿਚ ਭੀੜ ਵਧਦੀ ਜਾ ਰਹੀ ਹੈ। ਕਿਰਨ ਕੁਮਾਰ ਡੀ.ਐਸ.ਪੀ. ਨੂੰ ਸੁਰੱਖਿਆ ਮਜ਼ਬੂਤ ਕਰਨ ਦੇ ਹੁਕਮ ਦੇਂਦੇ ਨੇ। ਪੁਲਿਸ ਆਪਣੀ ਕਰਵਾਈ ਕਰਦੀ ਰਹਿੰਦੀ ਹੈ...ਫੋਟੋ ਖਿੱਚੇ ਜਾਂਦੇ ਨੇ। ਪ੍ਰੈਸ ਰਿਪੋਰਟਰ ਅਨੇਕਾਂ ਸਵਾਲ ਕਰਦੇ ਨੇ ਰਜੋਰੀ ਨੂੰ; ਮੰਤਰੀ ਨੂੰ। ਇਕ ਅਖ਼ਬਾਰ ਵਾਲਾ ਰਜੋਰੀ ਤੋਂ ਪੁੱਛਦਾ ਹੈ—“ਅੰਦਰ ਕਿੰਜ ਆਏ ਤੁਸੀਂ?”
“ਔਹ, ਉਪਰ ਵਾਲੇ ਦੀ ਮਰਜ਼ੀ ਨਾਲ!” ਰਜੋਰੀ ਉਪਰ ਵੱਲ ਦੇਖਦਾ ਹੈ।
“ਕਤਲ ਕਰਕੇ ਕੀ ਮਿਲਿਆ ਤੁਹਾਨੂੰ?” ਰਿਪੋਰਟਰ ਪੁੱਛਦਾ ਹੈ।
“ਪਾਪੀ ਨੂੰ ਮਾਰਨ ਨਾਲ ਕੀ ਮਿਲਦਾ ਐ?” ਰਜੋਰੀ ਉਸੇ ਨੂੰ ਪੁੱਛਦਾ ਹੈ।
ਮੂੰਹ ਵੱਲ ਦੇਖਦਾ ਰਹਿ ਜਾਂਦਾ ਹੈ ਪ੍ਰੈਸ ਰਿਪੋਰਟਰ। ਸ਼ਾਇਦ ਨਿਸ਼ਕਾਮ ਕਰਮ ਦੇ ਅਰਥ ਪਹਿਲੀ ਵਾਰੀ ਸੰਜੀਵ ਦੇਖ ਰਿਹਾ ਸੀ।
ਕਿਰਨ ਕੁਮਾਰ ਆਪਣੇ ਅੰਦਰ ਬਿਜਲੀ ਦੀ ਲਿਸ਼ਕ ਮਹਿਸੂਸ ਕਰਦੇ ਨੇ। ਉਹਨਾਂ ਨੂੰ ਲੱਗਦਾ ਕਿ ਪੂਰਨ ਧਰਮਰਾਜ ਦਾ ਅਵਤਾਰ ਹੈ ਰਜੋਰੀ, ਜਿਸਨੂੰ ਕਿਸੇ ਛਲ, ਕਪਟ ਜਾਂ ਝੂਠ ਦੀ ਲੋੜ ਨਹੀਂ। ਕਿਸੇ ਵੇਦ ਦੇ ਪਵਿੱਤਰ ਸ਼ਲੋਕ ਵਾਂਗ ਕਿੱਡਾ ਸੱਚ ਫਰੋਲ ਗਿਆ ਹੈ—ਪਾਪੀ ਨੂੰ ਮਾਰਨ ਨਾਲ ਕੀ ਮਿਲਦਾ ਹੈ?
ਮੁੱਖ ਮੰਤਰੀ ਆ ਗਏ ਸਨ। ਸਾਰਿਆਂ ਨੂੰ ਇਕ ਪਾਸੇ ਲੈ ਗਏ—“ਪਾਗਲ ਲੱਗਦਾ ਏ। ਸੋਚ ਕੇ ਖ਼ਬਰ ਵਗ਼ੈਰਾ ਛਾਪਣਾ...ਇਲੈਕਸ਼ਨ ਦੂਰ ਨਹੀਂ।” ਫੇਰ ਪੀ.ਆਰ.ਓ. ਨੂੰ ਕਹਿੰਦੇ ਨੇ—“ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰ ਦਿਓ।”
ਰਾਤੀ ਸੰਸਕਾਰ ਕਰਵਾ ਕੇ ਘਰ ਵਾਪਸ ਆਏ ਨੇ ਕਿਰਨ ਕੁਮਾਰ। ਉਦਾਸ ਸੁਨੈਣਾ ਪੁੱਛਦੀ ਹੈ—“ਤਾਂ ਉਸੇ ਪਾਗਲ ਕਰਕੇ ਬਾਹਰ ਜਾਣ ਤੋਂ ਰੋਕਿਆ ਸੀ?”
“ਕਿਹੜਾ ਪਾਗਲ?” ਤ੍ਰਬਕ ਕੇ ਕਿਰਨ ਕੁਮਾਰ ਨੇ ਪੁੱਛਿਆ ਹੈ। ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਵਤਾਰ ਆਪਣਾ ਕੰਮ ਪੂਰਾ ਕਰਕੇ ਚਲੇ ਜਾਂਦੇ ਨੇ, ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ—ਕਿਉਂਕਿ ਹੁਣ ਲੋਕ ਭਗਾਵਨ ਦਾ ਸਰੂਪ ਨੇਤਾਵਾਂ ਦੇ ਚਿਹਰਿਆਂ ਵਿਚੋਂ ਲੱਭਦੇ ਨੇ।
         ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600

ਇਕ ਜਾਮ ਲਾਹੌਰ ਦੇ ਨਾਮ...:: ਲੇਖਕ : ਰਾਮ ਲਾਲ

ਉਰਦੂ ਕਹਾਣੀ :
ਇਕ ਜਾਮ ਲਾਹੌਰ ਦੇ ਨਾਮ
ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ


ਇਹ ਗੱਲ ਕਦੇ ਵੀ ਪੂਰੇ ਵਿਸ਼ਵਾਸ ਨਾਲ ਨਹੀਂ ਆਖੀ ਜਾ ਸਕਦੀ ਕਿ ਇਕ ਹੁਸੀਨ ਮੁਟਿਆਰ ਜ਼ਨਾਨੀ ਆਪਣੇ ਬੁਢੇਪੇ ਵਿਚ ਵੀ ਏਨੀ ਹੀ ਤੰਦਰੁਸਤ ਤੇ ਦਿਲਕਸ਼ ਨਜ਼ਰ ਆਏਗੀ।
ਕਈ ਸਾਲ ਪਹਿਲਾਂ ਅਚਾਨਕ ਇਕ ਦਿਨ ਹਯਾਤ ਉੱਲਾ ਅੰਸਾਰੀ ਤੇ ਉਹਨਾਂ ਦੀ ਬੇਗ਼ਮ ਸਾਹਿਬਾ ਨੇ ਕਹਿ ਭੇਜਿਆ ਸੀ, 'ਅੱਜ ਚਾਹ ਸਾਡੇ ਨਾਲ ਪੀਓ, ਤੁਹਾਨੂੰ ਉਰਦੂ ਦੀ ਇਕ ਪ੍ਰਸਿੱਧ ਲੇਖਕਾ ਨਾਲ ਮਿਲਾਵਾਂਗੇ।'
ਜਦੋਂ ਮੈਂ ਉੱਥੇ ਪਹੁੰਚਿਆ ਸਾਂ ਤਾਂ ਕੁਰਤੁਲ ਐਨ ਹੈਦਰ ਆਪਣੇ ਅਣਗਿਣਤ ਪ੍ਰਸੰਸ਼ਕਾਂ ਵਿਚਕਾਰ ਘਿਰੀ ਬੈਠੀ ਸੀ, ਮੈਨੂੰ ਬੜੀ ਹੈਰਾਨੀ ਹੋਈ ਸੀ...ਇਸ ਕਰਕੇ ਨਹੀਂ ਕਿ ਉਸਨੂੰ ਪਹਿਲੀ ਵਾਰੀ ਦੇਖ ਰਿਹਾ ਸਾਂ, ਬਲਕਿ ਇਹ ਕਰਕੇ ਕਿ ਉਹ ਆਪਣੀਆਂ ਛਪੀਆਂ ਪੁਰਾਣੀਆਂ ਤਸਵੀਰਾਂ ਜਿੰਨੀ ਹੀ ਦਿਲਕਸ਼ ਦਿਸ ਰਹੀ ਸੀ। ਉਦੋਂ ਮੈਂ ਦਿਲ ਹੀ ਦਿਲ ਵਿਚ ਇਕ ਭਵਿੱਖ-ਬਾਣੀ ਵੀ ਕਰ ਦਿੱਤੀ ਸੀ ਕਿ ਇਹ ਔਰਤ ਹਮੇਸ਼ਾ ਏਨੀ ਹੀ ਗਲੇਮਰਸ ਰਹੇਗੀ...ਤੇ ਮੇਰੀ ਉਸ ਸੋਚ ਦਾ ਸਬੱਬ ਐਨੀ ਦੀ ਖੁਸ਼ਮਿਜਾਜ਼ੀ ਅਤੇ ਖੁੱਲ੍ਹ ਦਿਲੀ ਸੀ ਸ਼ਾਇਦ। ਪਰ ਜਿਹੜੀ ਘਟਨਾ ਮੈਂ ਬਿਆਨ ਕਰਨ ਲੱਗਾ ਹਾਂ, ਉਸਦਾ ਸੰਬੰਧ ਕੁਰਤੁਲ ਐਨ ਹੈਦਰ ਨਾਲ ਬਿਲਕੁਲ ਨਹੀਂ, ਬਲਕਿ ਇਕ ਹੋਰ ਹੈਰਾਨ ਕਰ ਦੇਣ ਵਾਲੀ ਘਟਨਾ ਨਾਲ ਹੈ, ਜਿਹੜੀ ਉਸ ਮੁਲਾਕਾਤ ਤੋਂ ਕਈ ਘੰਟੇ ਬਾਅਦ ਵਾਪਰੀ ਸੀ।
ਉਸ ਦਿਨ ਬਾਅਦ ਦੁਪਹਿਰ ਪੰਜਾਬ ਮੇਲ ਵਿਚ ਮੇਰੀ ਰਿਜ਼ਰਵੇਸ਼ਨ ਕਰਵਾਈ ਹੋਈ ਸੀ। ਜਦੋਂ ਕੰਪਾਰਟਮੈਂਟ ਅੰਦਰ ਪਹੁੰਚਿਆ ਸਾਂ ਤਾਂ ਇਕ ਅਜਿਹਾ ਹੁਸੀਨ ਚਿਹਰਾ ਦਿਸਿਆ ਸੀ, ਜੋ ਹੂ-ਬ-ਹੂ ਐਨੀ ਨਾਲ ਮਿਲਦਾ ਸੀ। ਉਸ ਔਰਤ ਨੇ ਸਲਵਾਰ ਕਮੀਜ਼ ਪਾਈ ਹੋਈ ਸੀ, ਸਿਰ ਉੱਤੇ ਦੁਪੱਟਾ ਸੀ ਤੇ ਉਹ ਹੇਠਲੀ ਬਰਥ ਉੱਤੇ ਸੁੱਤੇ ਹੋਏ ਇਕ ਮੁੰਡੇ ਦੇ ਸਿਰ ਹੇਠਲਾ ਸਿਰਹਾਣਾ ਠੀਕ ਕਰ ਰਹੀ ਸੀ। ਉਸਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਤੇ ਕਿਹਾ,
“ਆਓ ਜੀ...ਪਰ ਜ਼ਰਾ ਠਹਿਰਿਓ, ਤੁਹਾਡੀ ਬਰਥ 'ਤੋਂ ਮੈਂ ਆਪਣੀਆਂ ਚੀਜ਼ਾਂ ਸਮੇਟ ਲਵਾਂ।”
ਇਕ ਤਿੱਖੀ, ਮਿੱਠੀ ਤੇ ਸੁਰੀਲੀ ਆਵਾਜ਼...ਤੇ ਦਿਲ ਵਿਚ ਵੱਸ ਜਾਣ ਵਾਲਾ ਠੇਠ ਪੰਜਾਬੀ ਲਹਿਜ਼ਾ। ਪਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੁਰਤੁਲ ਐਨ ਹੈਦਰ ਨੇ ਏਨੇ ਕੁ ਪਲਾਂ ਵਿਚ ਜ਼ਿੰਦਗੀ ਦਾ ਏਨਾ ਲੰਮਾ ਸਫ਼ਰ ਕਰ ਲਿਆ ਹੈ। ਉਹ ਔਰਤ ਉਸ ਨਾਲੋਂ ਦਸ ਪੰਦਰਾਂ ਸਾਲ ਵੱਡੀ ਲੱਗਦੀ ਸੀ। ਉਸਦੇ ਵਾਲ ਬਿਲਕੁਲ ਚਿੱਟੇ ਸਨ ਤੇ ਰੁੱਖੇ ਵਾਲਾਂ ਨੂੰ ਉਸਨੇ ਇਕ ਫੁੱਲਵੇਂ ਜਿਹੇ ਜੂੜੇ ਦੇ ਰੂਪ ਵਿਚ ਕੈਦ ਕੀਤਾ ਹੋਇਆ ਸੀ। ਪਾਸਿਆਂ ਤੋਂ ਖਿਸਕੀਆਂ ਹੋਈਆਂ ਕੁਝ ਲਿਟਾਂ ਉਸ ਦੇ ਖਿੜੇ-ਖਿੜੇ ਚਿਹਰੇ ਦੇ ਆਸ-ਪਾਸ ਝੂਲ ਰਹੀਆਂ ਸਨ।
ਉਸਨੇ ਹੱਥ ਵਧਾ ਕੇ ਮੈਲੇ ਤੌਲੀਏ, ਸਿਰਹਾਣੇ ਤੇ ਚਾਦਰ ਨੂੰ ਚੁੱਕਣਾ ਚਾਹਿਆ ਤਾਂ ਮੈਂ ਉਸਨੂੰ ਰੋਕ ਦਿੱਤਾ, “ਪਏ ਰਹਿਣ ਦਿਓ ਜੀ...ਮੈਨੂੰ ਸੌਣ ਦੀ ਅਜੇ ਕੋਈ ਕਾਹਲ ਨਹੀਂ।”
ਆਪਣਾ ਸਾਮਾਨ ਇਕ ਪਾਸੇ ਰਖਵਾ ਕੇ ਮੈਂ ਬਰਥ ਦੇ ਇਕ ਪਾਸੇ ਬੈਠ ਗਿਆ। ਉਹਨਾਂ ਦਾ ਸਾਮਾਨ ਬੜੀ ਬੇਤਰਤੀਬੀ ਜਿਹੀ ਨਾਲ ਉਪਰਲੀਆਂ ਦੋਵਾਂ ਬਰਥਾਂ ਉੱਤੇ ਵੀ ਖਿਲਰਿਆ ਹੋਇਆ ਸੀ। ਇਕ ਵਾਰੀ ਫੇਰ ਉਸਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ, ਜਿਵੇਂ ਧੰਨਵਾਦ ਕਹਿ ਰਹੀ ਹੋਵੇ, ਜਿਸਦੀ ਕਿ ਕੋਈ ਖਾਸ ਜ਼ਰੂਰਤ ਵੀ ਨਹੀਂ ਸੀ। ਫੇਰ ਵੀ ਉਸ ਨਿਆਮਤ ਨੂੰ ਮੈਂ ਆਪਣੇ ਸਫਰ ਦੀ ਸ਼ੁਰੂਆਤ ਲਈ ਇਕ ਸ਼ੁਭ-ਸ਼ਗੁਨ ਹੀ ਸਮਝਿਆ ਸੀ ਤੇ ਅੰਦਰੇ-ਅੰਦਰ ਖੁਸ਼ ਵੀ ਹੋਇਆ ਸਾਂ।
ਹੁਣ ਉਹ ਬਾਰੀ ਦੇ ਸਰੀਆਂ ਨਾਲ ਮੂੰਹ ਜੋੜ ਕੇ ਕਿਸੇ ਨੂੰ ਕਹਿ ਰਹੀ ਸੀ, “ਮੈਂ ਕਿਹਾ...ਹੁਣ ਆ ਵੀ ਜਾਓ, ਗੱਡੀ ਚੱਲ ਪਏਗੀ...।”
ਐਨੀ ਲਖ਼ਨਵੀਆਂ ਵਾਂਗ ਜਿੰਨੀ ਸੋਹਣੀ ਉਰਦੂ ਬੋਲ ਲੈਂਦੀ ਹੈ, ਓਨੀਂ ਸੋਹਣੀ ਹੀ, ਉਹ ਆਪਣੀ ਮਾਤ-ਭਾਸ਼ਾ ਪੰਜਾਬੀ ਬੋਲ ਰਹੀ ਸੀ। ਮੇਰੀਆਂ ਨਜ਼ਰਾਂ ਪਲੇਟਫ਼ਾਰਮ ਉੱਤੇ ਖੜ੍ਹੇ ਹੋਏ ਇਕ ਪੱਕੀ ਉਮਰ ਦੇ ਸਰਦਾਰ ਉੱਤੇ ਜਾ ਪਈਆਂ...ਉਹ ਨਲਕੇ ਤੋਂ ਮੂੰਹ ਹੱਥ ਧੋਣ ਪਿੱਛੋਂ ਤੌਲੀਏ ਨਾਲ ਆਪਣੀ ਗਿੱਲੀ ਦਾੜ੍ਹੀ ਨੂੰ ਮਸਲ-ਮਸਲ ਕੇ ਪੂੰਝ ਰਿਹਾ ਸੀ। ਉਸਦੇ ਸਿਰ ਉੱਤੇ ਕੇਸਰੀ ਰੰਗ ਦਾ ਪਟਕਾ ਬੱਝਿਆ ਹੋਇਆ ਸੀ। ਆਪਣੀ ਘਰਵਾਲੀ ਦੀ ਅਵਾਜ਼ ਸੁਣ ਕੇ ਉਹ ਬਾਰੀ ਕੋਲ ਆ ਗਿਆ ਤੇ ਗਰਜਵੀਂ, ਪਰ ਬੜੀ ਨਰਮ ਅਵਾਜ਼ ਵਿਚ ਪੁੱਛਣ ਲੱਗਿਆ, “ਕੀ ਗੱਲ ਈ ਐਨੀ? ਕੁਝ ਚਾਹੀਦੈ? ਸਿਓ ਬੜੇ ਵਧੀਆ ਵਿਕ ਰਹੇ ਨੇ, ਲੈ ਲਈਏ?”
“ਲੈ ਆਓ।”
ਉਹਨਾਂ ਵਿਚਕਾਰ ਹੋਈ ਗੱਲ ਬਾਤ ਦੇ ਇਕ ਸ਼ਬਦ ਨੇ ਮੈਨੂੰ ਫੇਰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਸੀ...ਤਾਂ ਇਸ ਔਰਤ ਦਾ ਨਾਂ ਵੀ ਐਨੀ ਹੈ? ਇਕ ਵਾਰੀ ਦਿਲ ਵਿਚ ਆਇਆ ਕਿ ਅੱਖਾਂ ਮਲ ਕੇ ਗੌਰ ਨਾਲ ਉਸਨੂੰ ਦੇਖਾਂ, ਕਿਤੇ ਸੱਚਮੁੱਚ ਉਹ ਕੁਰਤੁਲ ਐਨ ਹੈਦਰ ਤਾਂ ਨਹੀਂ!
ਉਸਦਾ ਪਤੀ ਕੁਝ ਚਿਰ ਬਾਅਦ ਕਾਫੀ ਸਾਰੇ ਸਿਓ ਤੇ ਕੇਲੇ ਚੁੱਕੀ, ਆਪਣੇ ਆਪ ਨਾਲ ਗੱਲਾਂ ਕਰਦਾ, ਅੰਦਰ ਆਇਆ। 'ਵਾਹ ਜੀ ਵਾਹ, ਬੜੇ ਸ਼ਾਨਦਾਰ ਫਲ ਮਿਲ ਗਏ ਨੇ...ਮਜ਼ਾ ਆ ਗਿਆ।'
ਜਦੋਂ ਉਸਦੀ ਨਜ਼ਰ ਮੇਰੇ ਉੱਤੇ ਪਈ, ਇਕਦਮ ਸੰਜੀਦਾ ਹੋ ਗਿਆ। ਜ਼ਰਾ ਕਰੜੀ ਆਵਾਜ਼ ਵਿਚ ਪੁੱਛਣ ਲੱਗਿਆ, “ਤੈਨੂੰ ਏਸ ਕੰਪਾਰਟਮੈਂਟ ਵਿਚ ਜਗ੍ਹਾ ਦਿੱਤੀ ਗਈ ਜੇ?”
ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਤਿੰਨ ਚਾਰ ਸਟੂਡੈਂਟ ਦਗੜ-ਦਗੜ ਕਰਦੇ ਹੋਏ ਅੰਦਰ ਆ ਵੜੇ। ਉਹਨਾਂ ਉੱਤੇ ਉਹ ਵਰ੍ਹ ਹੀ ਪਿਆ ਸੀ, “ਓਇ, ਏਧਰ ਕਿਧਰ ਮੂੰਹ ਚੁੱਕੀ ਆਉਂਦੇ ਓ? ਅਸਾਂ ਪਟਨੇ ਤੋਂ ਰਿਜ਼ਰਵੇਸ਼ਨ ਕਰਵਾਈ ਹੋਈ ਜੇ। ਵੇਖਦੇ ਨਹੀਂ ਪਏ ਸਾਰੀਆਂ ਬਰਥਾਂ ਫੁੱਲ ਨੇ। ਚੱਲੋ, ਨੱਠ ਜਾਓ, ਕਿਤੇ ਹੋਰ ਜਾ ਕੇ ਮਰੋ।”
ਮੁੰਡੇ ਸ਼ਰੀਫ ਸਨ ਜਾਂ ਫੇਰ ਰੋਅਬ ਹੇਠ ਆ ਗਏ ਸਨ, ਉਸਦੇ। ਆਪਣੀਆਂ ਕਿਤਾਬਾਂ ਕਾਪੀਆਂ ਚੁੱਕ ਕੇ ਅੱਗੇ ਚਲੇ ਗਏ। ਆਮ ਕਰਕੇ ਉਹ ਕਿਸੇ ਦੀ ਨਹੀਂ ਸੁਣਦੇ—ਇਕ ਦੋ ਸਟੇਸ਼ਨਾਂ ਤੱਕ ਬੋਲ-ਬੁਲਾਰਾ ਤੇ ਸ਼ੁਗਲ-ਮੇਲਾ ਕਰਦੇ ਨੇ। ਫੇਰ ਬੜੀ ਬੇਸ਼ਰਮੀ ਨਾਲ ਢੀਠਾਂ ਵਾਂਗ ਹੱਸਦੇ-ਚਿੜਾਉਂਦੇ ਜਾਂ ਇਕ ਅੱਧੀ ਗਾਲ੍ਹ ਵੀ ਕੱਢਦੇ ਹੋਏ ਆਪਣੀ ਮੰਜ਼ਿਲ ਉੱਤੇ ਉਤਰ ਕੇ ਤੁਰ ਜਾਂਦੇ ਨੇ। ਮੈਨੂੰ ਇਹ ਸਰਦਾਰ ਆਪਣੀ ਘਰ ਵਾਲੀ ਨਾਲੋਂ ਵੱਖਰੀ ਕਿਸਮ ਦਾ ਬੰਦਾ ਲੱਗਿਆ ਸੀ—ਵੇਖਣਾ ਇਹ ਸੀ ਕਿ ਉਸ ਨਾਲ ਸਫ਼ਰ ਕਿੰਜ ਲੰਘਦਾ ਹੈ?
ਗੱਡੀ ਤੁਰ ਪਈ ਤੇ ਉਸਨੇ ਉੱਠ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਉਹ ਕਾਫੀ ਸ਼ਾਂਤ ਨਜ਼ਰ ਆ ਰਿਹਾ ਸੀ। ਖੜ੍ਹੇ-ਖੜ੍ਹੇ ਨੇ ਦਾੜ੍ਹੀ ਦੀ ਗੁੱਟੀ ਕੀਤੀ ਤੇ ਬਰਥ ਉੱਤੇ ਖਿੱਲਰੀਆਂ ਚੀਜ਼ਾਂ ਨੂੰ ਪਰ੍ਹੇ ਸਰਕਾ ਕੇ ਮੇਰੇ ਕੋਲ ਹੀ ਬੈਠ ਗਿਆ। ਕਹਿਣ ਲੱਗਾ, “ਮਾਫ਼ ਕਰਨਾ ਜੀ, ਅਸੀਂ ਤੁਹਾਡੀ ਬਰਥ 'ਤੇ ਕਬਜਾ ਕਰੀ ਬੈਠੇ ਵਾਂ ਤੇ ਇਹ ਕਬਜਾ ਛੱਡਣ ਦਾ ਵੀ ਸਾਡਾ ਕੋਈ ਇਰਾਦਾ ਨਹੀਂ। ਏਥੇ ਸਾਡੀ ਵਾਈਫ਼ ਪਏਗੀ—ਮਜ਼ਬੂਰੀ ਜੇ ਜੀ। ਤੁਹਾਨੂੰ ਈ ਜ਼ਰਾ ਤਕਲੀਫ਼ ਕਰਕੇ ਉਪਰ ਜਾਣਾ ਪਏਗਾ।”
ਇਹ ਕਹਿ ਕੇ ਉਸਨੇ ਹੱਸਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿਚ ਕਾਮਯਾਬ ਨਹੀਂ ਹੋਇਆ। ਕਦੇ ਤੈਨੂੰ ਤੇ ਕਦੇ ਤੁਹਾਨੂੰ ਕਹਿ ਕੇ ਗੱਲਾਂ ਕਰਨ ਤੋਂ ਉਸਦੇ ਜਜ਼ਬਾਤੀ ਹੋਣ ਦਾ ਪਤਾ ਲੱਗਦਾ ਸੀ, ਜਿਸ ਅਧਿਕਾਰ ਨਾਲ ਉਸਨੇ ਮੇਰੀ ਬਰਥ ਉੱਤੇ ਕਬਜਾ ਕਰੀ ਰੱਖਣ ਵਾਲੀ ਗੱਲ ਆਖੀ ਸੀ, ਜੇ ਉਹ ਉਸਨੇ ਆਪਣੀ ਪਤਨੀ ਖਾਤਰ ਨਾ ਮੰਗੀ ਹੁੰਦੀ ਤਾਂ ਮੈਂ ਸਾਫ ਇਨਕਾਰ ਕਰ ਦੇਣਾ ਸੀ। ਖ਼ੈਰ, ਮਾਹੌਲ ਵਿਚ ਉਸਨੇ ਜਿਹੜਾ ਤਣਾਅ ਪੈਦਾ ਕਰ ਦਿੱਤਾ ਸੀ, ਉਸਨੂੰ ਘਟਾਉਣ ਵਾਸਤੇ ਕਿਹਾ, “ਡਟੇ ਰਹੋ ਸਰਦਾਰ ਜੀ! ਮੈਨੂੰ ਕੋਈ ਇਤਰਾਜ਼ ਨਹੀਂ।”
“ਅੱਛਾ ਜੀ!” ਧੰਨਵਾਦ ਕਰਨ ਦੀ ਬਜਾਏ ਉਸਨੇ ਹੈਰਾਨੀ ਪਰਗਟ ਕੀਤੀ ਸੀ ਤੇ ਫੇਰ ਖੁਸ਼ ਹੋ ਕੇ ਆਪਣੀ ਪਤਨੀ ਨੂੰ ਆਖਿਆ ਸੀ, “ਵੇਖਿਆ, ਮੈਂ ਕਹਿੰਦਾ ਸੀ ਨਾ ਬਈ ਸਭ ਠੀਕ ਹੋ ਜਾਏਗਾ।”
ਫੇਰ ਉਸਨੇ ਮੈਨੂੰ ਪੁੱਛਿਆ ਸੀ, “ਤਸੀਂ ਜੀ, ਲਖ਼ਨਊ ਦੇ ਰਹਿਣ ਵਾਲੇ ਈ-ਓ? ਹਾਂ, ਗੱਡੀ ਤਾਂ ਲਖ਼ਨਊ ਤੋਂ ਹੀ ਚੜ੍ਹੇ ਸੌ। ਲਖ਼ਨਉ ਵਾਲਿਆਂ ਦਾ ਵੀ ਜਵਾਬ ਨਹੀਂ ਹੁੰਦਾ, ਵਾਹ ਜੀ ਵਾਹ, ਸਾਨੂੰ ਜੀ ਲਖ਼ਨਊ ਬਾਰੇ ਫ਼ਿਲਮਾਂ ਵੇਖਣੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਹੋਰ ਕੋਈ ਫ਼ਿਲਮ ਵੇਖੀਏ ਨਾ ਵੇਖੀਏ, ਲਖ਼ਨਊ ਦੀ ਨਹੀਂ ਛੱਡਦੇ—ਵਾਹ।”
ਫੇਰ ਉਸਨੇ ਆਪਣੀ ਪਤਨੀ ਵੱਲ ਵੇਖ ਕੇ ਪੁੱਛਿਆ ਸੀ, “ਬਈ ਉਹ ਆਪਣਾ ਜਿਹੜਾ ਲਖ਼ਨਊ ਵਾਲਾ ਗੁਆਂਢੀ ਜੇ, ਸ੍ਰੀ ਵਾਸਤਵ...ਕਿੰਨੀਆਂ ਲੱਛੇਦਾਰ ਗੱਲਾਂ ਸੁਨਾਉਂਦਾ ਹੁੰਦਾ ਈ?”
ਉਸਦੀ ਐਨੀ ਹੱਸ ਕੇ ਬੋਲੀ, “ਹਾਂ ਜੀ! ਪਹਿਲਾਂ ਆਪ, ਪਹਿਲਾਂ ਆਪ ਤਾਂ ਕਹਿਣਾ ਜਿਵੇਂ ਉਹ ਭੁੱਲਦਾ ਈ ਨਹੀਂ। ਛਿੱਕ ਵੀ ਮਾਰਨੀ ਹੋਵੇ ਤਾਂ ਇਹੀ ਚਾਹੂ ਬਈ ਪਹਿਲਾਂ ਅਸੀਂ ਓ ਮਾਰੀਏ।” ਐਨੀ ਦੇ ਹਾਸੇ ਦੀ ਖ਼ਨਕਾਰ ਕਾਫੀ ਦੇਰ ਤੱਕ ਮੇਰੇ ਦਿਲ-ਦਿਮਾਗ ਵਿਚ ਗੂੰਜਦੀ ਰਹੀ। ਫੇਰ ਉਸਨੇ ਆਪਣੇ ਹਾਸੇ ਨੂੰ ਬਰੇਕਾਂ ਲਾ ਕੇ ਕਿਹਾ, “ਸ੍ਰੀ ਵਾਸਤਵ ਨੇ ਸਾਨੂੰ ਲਖ਼ਨਊ ਵਾਲਿਆਂ ਦੇ ਬੜੇ ਚੁਟਕਲੇ ਸੁਣਾਏ ਨੇ ਜੀ।”
“ਓ-ਜੀ, ਮੈਂ ਕਿਹਾ ਦਰਜਨਾਂ, ਕਈ ਦਰਜਨਾਂ।” ਦੋਹਾਂ ਨੂੰ ਬੇ-ਤਹਾਸ਼ਾ ਹੱਸਦੇ ਦੇਖ ਕੇ ਮੈਨੂੰ ਇੰਜ ਲੱਗਿਆ ਜਿਵੇਂ ਮਾਹੌਲ ਵਿਚ ਬਹਾਰ ਆ ਗਈ ਹੈ—ਇੰਜ ਹੀ ਮੈਂ ਚਾਹੁੰਦਾ ਵੀ ਸਾਂ।
“ਲਓ ਬਾਦਸ਼ਾਹੋ, ਅਹਿ ਕੇਲੇ ਖਾਓ, ਤੇ ਅਹਿ ਸਿਓ ਵੀ।”
“ਬੱਸ ਜੀ, ਤੁਸੀਂ ਖਾਓ—ਸ਼ੁਕਰੀਆ।”
“ਓ ਜੀ ਸੰਗੋ ਨਾ ਜੀ...ਸਾਨੂੰ ਪਤਾ ਲੱਗ ਗਿਆ ਜੇ ਕਿ ਤੁਸੀਂ ਅਸਲੀ ਲਖ਼ਨਊ ਵਾਲੇ ਈ ਓ। ਪਰ ਸਾਡਾ ਤਾਂ ਇਸ ਗੱਲ ਵਿਚ ਵਿਸ਼ਵਾਸ ਹੈ ਜੀ ਕਿ ਦਾਣੇ ਦਾਣੇ ਉੱਤੇ ਲਿਖਿਆ ਹੁੰਦੈ ਖਾਣ ਵਾਲੇ ਦਾ ਨਾਮ। ਐਨੀ ਇਹਨਾਂ ਨੂੰ ਉਹ ਘਟਨਾ ਤਾਂ ਸੁਣਾ ਜ਼ਰਾ, ਪਿਛਲੇ ਸਾਲ ਵਾਲੀ।”
ਹੁਣ ਮੈਨੂੰ ਦੂਸਰੀ ਐਨੀ ਦੀ ਹੋਂਦ 'ਤੇ ਯਕੀਨ ਆ ਗਿਆ ਸੀ ਤੇ ਮੈਂ ਉਸਨੂੰ ਇਕ ਖਾਸ ਖੁਸ਼ੀ ਦੇ ਪ੍ਰਭਾਵ ਹੇਠ ਸਿਓ ਕੱਟ ਕੱਟ ਕੇ ਪਲੇਟ ਵਿਚ ਰੱਖਦੀ ਨੂੰ ਦੇਖ ਰਿਹਾ ਸਾਂ। ਉਹ ਹੱਸ ਹੱਸ ਕੇ ਦੱਸਣ ਲੱਗੀ, “ਪਾਰ ਸਾਲ ਜੀ, ਇਹਨਾਂ ਨੇ ਇਕ ਸਰਕਾਰੀ ਅਫ਼ਸਰ ਨੂੰ ਰੋਟੀ ਕੀਤੀ—ਬੜੀ ਮੁਸ਼ਕਿਲ ਨਾਲ ਉਹ ਸਾਡੇ ਘਰ ਆਉਣ ਵਾਸਤੇ ਮੰਨਿਆਂ ਸੀ। ਨਵਾਂ ਨਵਾਂ ਆਇਆ ਸੀ, ਸੋ ਕਿਸੇ ਦੇ ਘਰ ਜਾਣੋਂ ਝਿਜਕਦਾ ਸੀ। ਖ਼ੈਰ ਜੀ, ਮੈਂ ਬੜੇ ਚਾਵਾਂ ਨਾਲ ਮੁਰਗਾ ਬਣਾਇਆ, ਪਲਾਅ ਬਣਾਇਆ ਤੇ ਖਾਲਸ ਦੇਸੀ ਘਿਓ ਦਾ ਸੂਜੀ ਦਾ ਕੜ੍ਹਾ ਪ੍ਰਸ਼ਾਦ ਵੀ। ਹੋਰ ਵੀ ਕਈ ਕੁਝ ਬਣਾਇਆ ਸੀ। ਪਰ ਐਨ ਮੌਕੇ 'ਤੇ ਉਸਨੇ ਆਉਣ ਤੋਂ ਨਾਂਹ ਕਹਿ ਦਿੱਤੀ—ਫ਼ੋਨ ਕਰ ਦਿੱਤਾ ਬਈ ਤਬੀਅਤ ਖ਼ਰਾਬ ਹੋ ਗਈ ਹੈ, ਅਚਾਨਕ। ਲਓ ਜੀ, ਇਹ ਤਾਂ ਬੜੇ ਮਾਯੂਸ (ਨਿਰਾਸ਼) ਹੋਏ—ਉਸ ਨੂੰ ਲੈ ਆਉਣ ਲਈ ਆਪ ਕਾਰ ਲੈ ਕੇ ਤੁਰ ਪਏ—ਫੇਰ ਵੀ ਉਹੀ ਮਾਯੂਸੀ ਹੀ ਹੱਥ ਲੱਗੀ। ਮੂੰਹ ਲਟਕਾਈ ਘਰ ਵਾਪਸ ਆਏ ਤੇ ਅੱਗੇ ਕੀ ਦੇਖਦੇ ਨੇ ਕਿ ਇਹਨਾਂ ਦਾ ਇਕ ਪੁਰਾਣਾ ਪਾਰਟਨਰ ਡਰਾਇੰਗ-ਰੂਮ ਵਿਚ ਬੈਠਾ ਏ ਉਸ ਨਾਲ ਠੇਕੇਦਾਰੀ ਦੇ ਮਾਮਲੇ ਵਿਚ ਕੋਈ ਝਗੜਾ ਚੱਲ ਰਿਹਾ ਸੀ—ਉਸ ਦਿਨ ਉਹ ਅਚਾਨਕ ਹੀ ਸੁਲ੍ਹਾ ਕਰਨ ਆ ਗਿਆ ਸੀ। ਖ਼ੈਰ ਜੀ, ਸੁਲਾਹ ਤਾਂ ਹੋ ਹੀ ਗਈ ਤੇ ਮੇਰਾ ਰਿੰਨ੍ਹਿਆਂ ਪਕਾਇਆ ਵੀ ਸਕਾਰਥ ਹੋ ਗਿਆ। ਇਹ ਵੀ ਬੜੇ ਖੁਸ਼ ਸਨ। ਉਸਦੇ ਮੂੰਹ ਉੱਤੇ ਈ ਕਹਿਣ ਲੱਗੇ, 'ਅੱਜ ਦੇ ਖਾਣੇ ਉੱਤੇ ਜਦੋਂ ਸਾਡੇ ਪੁਰਾਣੇ ਪਾਰਟਨਰ ਦੇ ਨਾਮ ਦੀ ਮੋਹਰ ਲੱਗੀ ਹੋਈ ਸੀ ਤਾਂ ਉਸਨੂੰ ਕੋਈ ਹੋਰ ਕਿਵੇਂ ਖਾ ਸਕਦਾ ਸੀ ਜੀ।'”
ਸਰਦਾਰ ਨੇ ਉੱਚੀ ਉੱਚੀ ਹੱਸਦਿਆਂ ਕਿਹਾ, “ਤੇ ਉਹ ਟੀਚਰ ਭੈਣਾ ਵਾਲਾ ਕਿੱਸ ?...ਉਹ ਵੀ ਤਾਂ ਸੁਣਾ ਜ਼ਰਾ ਇਹਨਾਂ ਨੂੰ। ਉਹ ਵੀ ਬੜਾ ਦਿਲਚਸਪ ਜੇ ਜੀ।”
“ਓ-ਜੀ...ਉਹ ਵੀ ਸੁਣ ਲਓ—ਸਾਡੇ ਗੁਆਂਢ ਵਿਚ ਦੋ ਭੈਣਾ ਰਹਿੰਦੀਆਂ ਨੇ...ਬੜੀਆਂ ਚੰਗੀਆਂ ਨੇ ਵਿਚਾਰੀਆਂ। ਨਾਲੇ ਬੜੀਆਂ ਈ ਮਿਲਾਪੜੀਆਂ। ਪਰ ਬਦਕਿਸਮਤੀ ਨਾਲ ਦੋਹਾਂ ਦੀ ਸ਼ਾਦੀ ਨਹੀਂ ਹੋ ਸਕੀ, ਚਾਲੀ-ਚਾਲੀ, ਪੰਤਾਲੀ-ਪੰਤਾਲੀ ਸਾਲਾਂ ਦੀਆਂ ਹੋ ਗਈਆਂ ਨੇ। ਆਪਣੇ ਘਰ ਈਦ-ਬਕਰੀਦ 'ਤੇ ਸਾਨੂੰ ਜ਼ਰੂਰ ਬੁਲਾਉਂਦੀਆਂ ਨੇ ਜੀ। ਸਾਡੇ ਨਾਲ ਉਹਨਾਂ ਦੀ ਬੜੀ ਪੁਰਾਣੀ ਸਾਂਝ ਏ ਜੀ। ਇਕ ਵਾਰੀ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਕਹਿੰਦੀਆਂ ਰਹੀਆਂ—'ਨਾ ਜੀ ਇਹ ਤਾਂ ਸਾਡਾ ਤਿਉਹਾਰ ਹੈ। ਜੀ ਤੁਸੀਂ ਹੀ ਆਇਓ।' ਪਰ ਅਸਾਂ ਵੀ ਜ਼ਿੱਦ ਕਰ ਲਈ ਸੀ, ਏਸ ਵਾਰੀ ਈਦ ਸਾਡੇ ਘਰ ਹੀ ਮਨਾਈ ਜਾਏਗੀ। ਇਸ ਵਿਚ ਹੁੰਦਾ ਈ ਕੀ ਏ ਭਲਾ—ਸੇਵੀਆਂ ਤੇ ਹੋਰ ਖਾਣੇ ਈ ਤਾਂ ਬਣਾਉਣੇ ਹੁੰਦੇ ਨੇ, ਉਹ ਸਭ ਕੁਝ ਬਣਾਉਣ ਮੈਂ ਵੀ ਜਾਣਦੀ ਵਾਂ। ਅਸਲ ਵਿਚ ਸੇਵੀਆਂ ਬਣਾਉਣੀਆਂ ਤਾਂ ਮੈਂ ਉਹਨਾਂ ਟੀਚਰ ਭੈਣਾ ਤੋਂ ਈ ਸਿਖੀਆਂ ਨੇ। ਖ਼ੈਰ ਜੀ, ਈਦ ਦਾ ਦਿਨ ਵੀ ਆ ਪਹੁੰਚਿਆ। ਅਸੀਂ ਮੇਜ਼ ਉੱਤੇ ਖਾਣਾ ਸਜਾਈ ਬੈਠੇ ਉਹਨਾਂ ਨੂੰ ਉਡੀਕਦੇ ਰਹੇ—ਬਈ ਹੁਣ ਆਉਂਦੀਐਂ, ਹੁਣ ਆਉਂਦੀਐਂ। ਉਡੀਕਦਿਆਂ ਨੂੰ ਜੀ, ਪੂਰੇ ਦੋ ਘੰਟੇ ਹੋ ਗਏ ਤਾਂ ਮੈਂ ਪ੍ਰੇਸ਼ਾਨ ਹੋ ਕੇ ਇਹਨਾਂ ਨੂੰ ਕਿਹਾ—'ਜਾ ਕੇ ਦੇਖੋ ਤਾਂ ਸਹੀ ਕੀ ਗੱਲ ਏ, ਆਈਆਂ ਕਿਉਂ ਨਹੀਂ ਹੁਣ ਤਕ?' ਤੇ ਜੀ ਉੱਥੇ ਪਹੁੰਚ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਤਾਂ ਮੁਰਾਦਾਬਾਦ ਤੋਂ ਕਈ ਰਿਸ਼ਤੇਦਾਰ ਅਚਾਨਕ ਆ ਗਏ ਨੇ, ਉੱਥੇ ਫਸਾਦ ਹੋਏ ਸਨ ਨਾ—ਵਿਚਾਰੇ ਮੁਸੀਬਤ ਦੇ ਮਾਰੇ ਬੱਚੇ, ਔਰਤਾਂ ਤੇ ਮਰਦ ਰਲਾ-ਮਿਲਾ ਕੇ ਪੂਰੇ ਪੰਦਰਾਂ ਜਣੇ।...ਤੇ ਦੋਹੇਂ ਟੀਚਰ ਭੈਣਾ ਪ੍ਰੇਸ਼ਾਨ ਸਨ ਤੇ ਮੱਥੇ 'ਤੇ ਹੱਥ ਧਰੀ ਬੈਠੀਆਂ ਸੋਚ ਰਹੀਆਂ ਸਨ ਕਿ 'ਉਹਨਾਂ ਲਈ ਖਾਣਾ ਬਣਾਈਏ ਜਾਂ ਸਾਡੇ ਘਰ ਈਦ ਦਾ ਪਹਿਲਾ ਪ੍ਰੀਤੀ ਭੋਜ ਕਰਨ ਜਾਈਏ...ਕੀ ਕਰੀਏ ਤੇ ਕੀ ਨਾ ਕਰੀਏ?' ਤੇ ਜੀ, ਇਹ ਸਾਡੇ, ਵੱਡੇ ਦਿਲ ਵਾਲੇ ਬੰਦੇ ਨੇ...ਸਾਰਿਆਂ ਨੂੰ ਅੱਗੇ ਲਾ ਲਿਆਏ। ਅਜਿਹੇ ਮੌਕੇ 'ਤੇ ਜ਼ਰਾ ਵੀ ਨਹੀਂ ਘਬਰਾਉਂਦੇ। ਕਹਿੰਦੇ 'ਚੱਲੋ ਚੱਲੋ ਸਾਡੇ ਘਰ, ਸਭ ਲਈ ਖਾਣਾ ਤਿਆਰ ਈ, ਵਾਹਿਗੁਰੂ ਦੀ ਬੜੀ ਕ੍ਰਿਪਾ ਜੇ।'...ਤੇ ਜੀ ਤੁਸੀਂ ਸੱਚ ਜਾਣਿਓਂ ਮੈਨੂੰ ਕੋਈ ਵੀ ਚੀਜ਼ ਦੁਬਾਰਾ ਨਹੀਂ ਸੀ ਬਣਾਉਣੀ ਪਈ। ਇੰਜ ਲੱਗਦਾ ਸੀ ਜਿਵੇਂ ਉਹਨਾਂ ਸਾਰਿਆਂ ਲਈ ਹੀ ਚਾੜ੍ਹੀ-ਪਕਾਈ ਬੈਠੀ ਸਾਂ। ਸਭਨਾਂ ਢਿੱਡ ਭਰ ਕੇ ਖਾਧਾ ਤੇ ਸੀਸਾਂ ਦੇਂਦੇ ਗਏ। ਉਹ ਦੋਹੇਂ ਟੀਚਰ ਭੈਣਾ ਵੀ ਖੁਸ਼ ਸਨ, ਬੜੀਆਂ ਖੁਸ਼ ਸਨ—ਤੁਸੀਂ ਆਪ ਸਮਝਦੇ ਓ।”
ਸਰਦਾਰ ਨੇ ਪੱਟ ਉੱਤੇ ਜ਼ੋਰਦਾਰ ਧੱਫਾ ਮਾਰਦਿਆਂ ਹੋਇਆਂ ਕਿਹਾ, “ਦੇਖਿਆ ਨਾ...ਹੁਣ ਤਾਂ ਯਕੀਨ ਕਰੋਗੇ ਹੀ ਕਿ ਕੋਈ ਕਿਸੇ ਦਾ ਹਿੱਸਾ ਨਹੀਂ ਖਾਂਦਾ। ਜੋ ਵੀ ਜਿਸਦੇ ਨਸੀਬ ਦਾ ਹੁੰਦੈ, ਉਸਨੂੰ ਉਹੀ ਖਾਂਦਾ ਜੇ ਤੇ ਜ਼ਰੂਰ ਖਾਂਦਾ ਜੇ। ਅੱਜ ਤੋਂ ਮੇਰੀ ਗੱਲ ਪੱਲੇ ਬੰਨ੍ਹ ਲਓ, ਤੇ ਲਓ ਅਹਿ ਸਿਓ ਖਾਓ। ਹੁਣ ਤਾਂ ਲਖ਼ਨਊ ਵਾਲਿਆਂ ਵਾਲੀ ਸੰਗ-ਝਿਜਕ ਨੂੰ ਇਕ ਪਾਸੇ ਰੱਖ ਦਿਓ ਬਾਦਸ਼ਾਹੋ।”
ਸਿਓ ਦੇ ਜਿੰਨੇ ਟੁਕੜੇ ਐਨੀ ਨੇ ਮੇਰੇ ਸਾਹਮਣੇ ਰੱਖੇ, ਮੈਂ ਚੁੱਪਚਾਪ ਖਾ ਗਿਆ ਸਾਂ ਤੇ ਹੈਰਾਨੀ ਨਾਲ ਉਸ ਸਰਦਾਰ ਵੱਲ ਦੇਖਦਾ ਰਿਹਾ ਸਾਂ—ਅਖ਼ਰੋਟ ਦੇ ਸਖ਼ਤ ਛਿੱਲੜ ਵਿਚੋਂ ਨਿਕਲੀ ਨਰਮ ਗਿਰੀ ਵਰਗਾ ਨਿਕਲਿਆ ਸੀ ਉਹ, ਇਕ ਦੂਜੀ ਹੀ ਕਿਸਮ ਦਾ ਬੰਦਾ।
ਅਚਾਨਕ ਉਹਨਾਂ ਦੇ ਲੜਕੇ ਨੇ ਪਾਸਾ ਪਰਤਿਆ ਤੇ ਦੋਏ ਉਸ ਉੱਤੇ ਝੁਕ ਗਏ। ਸਰਦਾਰ ਨੇ ਕਿਹਾ, “ਸਿਓ ਖਾਏਂਗਾ? ਖਾ ਲੈ ਪੁੱਤਰਾ, ਬੜਾ ਮਿੱਠਾ ਤੇ ਪੋਲਾ ਪੋਲਾ ਈ।”
ਪਰ ਮੁੰਡਾ ਫੇਰ ਸੌਂ ਗਿਆ ਸੀ।
ਜਦੋਂ ਸਰਦਾਰ ਮੇਰੇ ਕੋਲ ਆਣ ਕੇ ਬੈਠਿਆ ਤਾਂ ਮੈਂ ਪੁੱਛਿਆ, “ਉਂਜ ਕਾਕਾ ਠੀਕ ਤਾਂ ਹੈ?”
“ਬਸ ਜੀ ਵਾਹਿਗੁਰੂ ਦੀ ਕਿਰਪਾ ਜੇ,” ਉਸਨੇ ਬੜੇ ਠਰ੍ਹੰਮੇਂ ਨਾਲ ਕਿਹਾ ਤੇ ਚੁੱਪ ਹੋ ਗਿਆ। ਪਰ ਮੈਨੂੰ ਉਲਝਣ ਵਿਚ ਵੇਖ ਕੇ ਐਨੀ ਬੋਲੀ...:
“ਜਦੋਂ ਸਾਡਾ ਕਾਕਾ ਜੰਮਿਆਂ ਸੀ, ਬੜਾ ਕਮਜ਼ੋਰ ਸੀ। ਡਾਕਟਰ ਨੇ ਕਿਹਾ ਸੀ, 'ਇਹਦੇ ਦਿਲ ਵਿਚ ਛੇਕ ਹੈ, ਜਦੋਂ ਤੀਕ ਅਪ੍ਰੇਸ਼ਨ ਨਹੀਂ ਹੁੰਦਾ, ਇਹ ਠੀਕ ਨਹੀਂ ਹੋਏਗਾ।' ਚਾਰ ਸਾਲਾਂ ਦਾ ਹੋਇਆ ਤਾਂ ਅਸੀਂ ਇਸਨੂੰ ਵਲਵਰ ਲੈ ਗਏ। ਉਦੋਂ ਸਾਊਥ ਇੰਡੀਆਂ ਵਿਚ ਉਹੀ ਸਭ ਤੋਂ ਵੱਡਾ ਹਸਪਤਾਲ ਹੁੰਦਾ ਸੀ ਤੇ ਦੂਰੋਂ ਦੂਰੋਂ ਦਿਲ ਦੇ ਮਰੀਜ਼ ਲਿਆਏ ਜਾਂਦੇ ਸਨ। ਸਾਡੇ ਨਿੱਕੇ ਦਾ ਅਪ੍ਰੇਸ਼ਨ ਤਾਂ ਕਾਮਯਾਬ ਹੋ ਗਿਆ ਪਰ ਵੱਡੇ ਡਾਕਟਰ ਹੁਰਾਂ ਨੇ ਦੱਸਿਆ ਕਿ ਇਕ ਅਪ੍ਰੇਸ਼ਨ ਹੋਰ ਕਰਨਾ ਪਏਗਾ, ਜਿਹੜਾ ਪੰਦਰਾਂ ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਹੋ ਸਕਦਾ। ਉਦੋਂ ਫੇਰ ਲੈ ਆਉਣਾ। ਅੱਜ ਕੱਲ੍ਹ ਉਹੀ ਡਾਕਟਰ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਜੇ। ਸਾਡੇ ਕੋਲ ਉਹਨਾਂ ਦਾ ਖ਼ਤ ਵੀ ਆਇਆ ਈ। ਉੱਥੇ ਜਾਣ ਤੋਂ ਪਹਿਲਾਂ ਅਸੀਂ ਦਰਬਾਰ ਸਾਹਬ ਦੇ ਦਰਸ਼ਨਾ ਲਈ ਜਾ ਰਹੇ ਵਾਂ—ਅੰਮ੍ਰਿਤਸਰ।” ਕਹਿੰਦਿਆਂ ਕਹਿੰਦਿਆਂ ਉਹਦੀਆਂ ਅੱਖਾਂ ਭਰ ਆਈਆਂ ਸਨ।
ਵਾਹਿਗੁਰੂ, ਵਾਹਿਗੁਰੂ' ਬੋਲਦਿਆਂ ਸਰਦਾਰ ਨੇ ਆਪਣੀਆਂ ਸਿੱਜਲ ਅੱਖਾਂ ਨਾਲ ਆਪਣੀ ਪਤਨੀ ਵੱਲ ਤੱਕਿਆ ਸੀ ਤੇ ਫੇਰ ਮੈਥੋਂ ਪੁੱਛਿਆ ਸੀ, “ਤੁਸੀਂ ਵੀ ਅੰਮ੍ਰਿਤਸਰ ਜਾ ਰਹੇ ਹੋ ਜੀ?”
“ਮੈਂ ਲਾਹੌਰ ਜਾ ਰਿਹਾਂ...।”
“ਅੱਛਾ ਜੀ! ਤਾਂ ਤੁਸੀਂ ਪਾਕਿਸਤਾਨ ਦੇ ਰਹਿਣ ਵਾਲੇ ਓ?”
ਲਾਹੌਰ ਦਾ ਨਾਂ ਸੁਣ ਕੇ ਦੋਏ ਹੈਰਾਨੀ ਨਾਲ ਤ੍ਰਬਕੇ ਸਨ ਤੇ ਐਨੀ ਕਈ ਪਲ ਤਕ ਮੇਰੇ ਵੱਲ ਤੱਕਦੀ ਰਹੀ ਸੀ।
“ਕਦੀ ਉੱਥੋਂ ਦਾ ਹੀ ਹੁੰਦਾ ਸਾਂ, ਵੰਡ ਸਮੇਂ ਏਧਰ ਆ ਗਿਆਂ,” ਕਹਿੰਦਿਆਂ ਹੋਇਆਂ ਮੈਨੂੰ ਮਹਿਸੂਸ ਹੋਇਆ ਸੀ ਕਿ ਇਹ ਰਹੱਸ ਖੁੱਲ੍ਹਣ ਪਿੱਛੋਂ ਕਿ ਮੈਂ ਵੀ ਉਹਨਾਂ ਦਾ ਇਲਾਕਾਈ ਭਰਾ ਹਾਂ, ਸਾਡੀਆਂ ਗੱਲਾਂ ਦੀ ਦਿਲਚਸਪੀ ਮੁੱਕ ਜਾਏਗੀ—ਪਰ ਇੰਜ ਨਹੀ ਸੀ ਹੋਇਆ। ਐਨੀ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਸੀ...:
“ਤੁਸੀਂ ਲਾਹੌਰ ਵਿਚ ਕਿੱਥੇ ਰਹਿੰਦੇ ਸੌ?”
ਕਦੇ ਕਦੇ ਇੰਜ ਵੀ ਹੁੰਦਾ ਹੈ ਕਿ ਆਪਣੇ ਸਵਾਲ ਦਾ ਜਵਾਬ ਵੀ ਸਵਾਲ ਵਿਚੋਂ ਹੀ ਲੱਭ ਪੈਂਦਾ ਹੈ—ਮੈਨੂੰ ਉਸਦੀਆਂ ਅੱਖਾਂ ਵਿਚ ਹੈਰਾਨੀ ਤੇ ਖੁਸ਼ੀ ਦੇ ਪਰਦੇ ਇੱਕੋ ਸਮੇਂ ਸਰਕਦੇ ਦਿਖਾਈ ਦਿੱਤੇ, “ਤੁਸੀਂ ਮਿੰਟ ਗੁਮਰੀ ਪਾਰਕ ਕੋਲ ਰਹਿੰਦੇ ਸੀ ਨਾ? ਸਾਡੇ ਮਕਾਨ ਦੇ ਬਿਲਕੁਲ ਸਾਹਮਣੇ—ਜਿੱਥੇ ਤਿਕੋਨਾ ਪਾਰਕ ਹੁੰਦਾ ਸੀ?”
ਤੇ ਮੈਂ ਅਚਾਨਕ ਹੀ ਜਿਵੇਂ ਯਾਦਾਂ ਦੀ ਧੁੰਦ ਦੀਆਂ ਕਈ ਤੈਹਾਂ ਨੂੰ ਪਾੜ ਕੇ ਤਿਕੋਨੇ ਪਾਰਕ ਵਾਲੇ ਆਪਣੇ ਹੁਜਰੇ ਵਰਗੇ ਇੱਕੋ ਇਕ ਕਿਰਾਏ ਦੇ ਕਮਰੇ ਵਿਚ ਜਾ ਪਹੁੰਚਿਆ ਸਾਂ। ਹੀਰਾ ਨੰਦ ਸੋਜ ਵੀ ਮੇਰੇ ਨਾਲ ਹੀ ਰਹਿੰਦਾ ਹੁੰਦਾ ਸੀ। ਅਸੀਂ ਰੇਲਵੇ ਦੀਆਂ ਵੱਖ ਵੱਖ ਵਰਕਸ਼ਾਪਾਂ ਵਿਚ ਅਪਰੈਂਟਸਸ਼ਿਪ ਕਰ ਰਹੇ ਸਾਂ। ਸਵੇਰੇ ਸਵਖਤੇ ਹੀ ਜਦੋਂ ਲੋਕੀ ਹਵਾ ਖੋਰੀ ਕਰਨ ਵਾਸਤੇ ਆਪਣੇ ਆਪ ਨੂੰ ਗਰਮ ਕੱਪੜਿਆਂ ਵਿਚ ਲਪੇਟ ਕੇ ਨਿਕਲਦੇ ਹੁੰਦੇ ਸਨ, ਅਸੀਂ ਤੇਲ ਨਾਲ ਦਾਗੋ-ਦਾਗ ਹੋਏ ਕੱਪੜਿਆਂ, ਬੂਟਾਂ ਤੇ ਹੈਟਾਂ ਵਿਚ ਸਜੇ ਮੁਗਲਪੁਰੇ ਵੱਲ ਜਾ ਰਹੇ ਹੁੰਦੇ ਸਾਂ। ਹਜ਼ਾਰਾਂ ਆਦਮੀਆਂ ਤੇ ਮਸ਼ੀਨਾਂ ਦੇ ਕੰਨ ਪਾੜਵੇਂ ਰੌਲੇ, ਇੰਜਨਾਂ ਦੀਆਂ ਚੀਕਾਂ, ਲੋਹੇ ਦੇ ਜੰਗ ਖਾਧੇ ਢਾਂਚਿਆਂ, ਧੂੰਏਂ ਤੇ ਧੂੜ ਦੀ ਹਵਾੜ੍ਹ ਵਿਚਕਾਰ ਅੱਠ ਘੰਟੇ ਬਿਤਾਅ ਕੇ ਜਦੋਂ ਅਸੀਂ ਵਾਪਸ ਆਉਂਦੇ ਤਾਂ ਸਾਡੇ ਦਿਲ ਦਿਮਾਗ਼ ਲਾਹੌਰ ਦੇ ਹੁਸਨ ਤੇ ਰੁਮਾਂਟਿਕ ਮਾਹੌਲ ਵਿਚ ਪਰਤ ਆਉਣ ਦੀ ਖੁਸ਼ੀ ਨਾਲ ਭਰਪੂਰ ਹੁੰਦੇ। ਸਾਡੀ ਉੱਨੀ-ਵੀਹ ਸਾਲ ਦੀ ਉਸ ਉਮਰ ਦਾ ਜ਼ਮਾਨਾ ਸਾਡੇ ਸਾਹਿਤਕ ਰੁਝਾਨ ਦੀ ਪ੍ਰਫੁੱਲਤਾ ਲਈ ਬੜਾ ਢੁਕਵਾਂ ਸਿੱਧ ਹੋਇਆ ਸੀ—ਦੇਖਣਾ, ਮਹਿਸੂਸ ਕਰਨਾ, ਨਿੱਕੀ ਨਿੱਕੀ ਗੱਲ ਲਈ ਤਰਸਣਾ ਤੇ ਕੁਝ ਲਿਖਣ ਲਈ ਆਪਣੇ ਆਪ ਨੂੰ  ਹਰ ਵੇਲੇ ਤਿਆਰ-ਬਰ-ਤਿਆਰ ਪਾਉਣਾ, ਸਾਡੇ ਲਈ ਇਕ ਅਣ-ਦੇਖੀ ਦੁਨੀਆਂ ਨੂੰ ਲੱਭ ਲੈਂਣ ਬਾਰਬਰ ਹੁੰਦਾ ਸੀ। ਮੈਂ ਸੋਜੀ (ਆਪਣੇ ਸਾਥੀ ਨੂੰ ਮੈਂ ਇਸੇ ਨਾਂ ਨਾਲ ਬੁਲਾਉਂਦਾ ਸਾਂ) ਨੂੰ ਇਸ਼ਾਰੇ ਨਾਲ ਦਿਖਾਇਆ—'ਐਧਰ ਦੇਖ ਯਾਰ, ਪੱਠਾ ਇਕ ਹੋਰ ਜ਼ਨਾਨੀ ਲੈ ਆਇਐ। ਟੋਟਾ ਏ, ਨਿਰਾ ਟੋਟਾ।'
ਸਾਹਮਣੇ ਮਕਾਨ ਦੀ ਦੂਜੀ ਮੰਜ਼ਿਲ ਦੇ ਲੋਹੇ ਦੇ ਛੱਜੇ ਵਿਚ ਚੰਨ ਵਰਗੀ ਨਵੀਂ ਜ਼ਨਾਨੀ ਨਾਲ ਖੜ੍ਹਾ ਇਕ ਲੰਮਾਂ, ਉੱਚਾ, ਬਾਂਕਾ ਸਰਦਾਰ ਕਿਸੇ ਗੱਲ ਉੱਤੇ ਉੱਚੀ ਉੱਚੀ ਹੱਸ ਰਿਹਾ ਸੀ। ਪਰ ਉਹਨੀਂ ਦਿਨੀ ਅਸੀਂ ਉਸਦੀ ਪਹਿਲੀ ਪਤਨੀ ਬਾਰੇ ਕੁਝ ਜ਼ਿਆਦਾ ਹੀ ਸੋਚ ਰਹੇ ਸਾਂ। ਉਹ ਉਮਰ ਵਿਚ ਸਰਦਾਰ ਨਾਲੋਂ ਵੱਡੀ ਜਾਪਦੀ ਸੀ। ਅਸੀਂ ਲੰਘਦੇ-ਟੱਪਦੇ ਉਸ ਵੱਲ ਗੌਰ ਨਾਲ ਦੇਖਦੇ ਹੁੰਦੇ ਸਾਂ ਤੇ ਉਹ ਆਪਣੀ ਐਨਕ ਦੇ ਸ਼ੀਸ਼ਿਆਂ ਪਿੱਛੋਂ ਬੜੀਆਂ ਕੁਸੈਲੀਆਂ ਨਜ਼ਰਾਂ ਨਾਲ ਸਾਨੂੰ ਘੂਰਦੀ ਹੁੰਦੀ ਸੀ।
“ਮੈਂ ਤੇ ਤੁਹਾਨੂੰ ਪਛਾਣ ਹੀ ਨਹੀਂ ਸਕਿਆ ਜੀ—ਮੁੱਦਤਾਂ ਹੋ ਗਈਆਂ ਨੇ, ਚਿਹਰੇ ਬਦਲ ਗਏ ਨੇ, ਉਮਰਾਂ ਢਲ ਗਈਆਂ ਨੇ—ਪਹਿਲਾਂ ਜਿਹਨਾਂ ਦੇ ਵਾਲ ਸ਼ਾਹ ਕਾਲੇ ਹੁੰਦੇ ਸਨ, ਹੁਣ ਚਿੱਟੇ ਬਰਫ਼ ਹੋਏ ਹੋਏ ਨੇ। ਖ਼ੈਰ ਜੀ, ਉਹ ਜ਼ਮਾਨਾ ਬੜਾ ਖ਼ੂਬ ਹੁੰਦਾ ਸੀ—ਬੜਾ ਈ ਵਧੀਆਂ,” ਫੇਰ ਸਰਦਾਰ ਨੂੰ ਜਿਵੇਂ ਅਚਾਨਕ ਹੀ ਕੁਝ ਚੇਤੇ ਆ ਗਿਆ ਹੋਵੇ...ਉਹ ਉਠਿਆ ਤੇ ਉਪਰਲੀ ਬਰਥ ਉੱਤੇ ਪਏ ਬਰੀਫ਼ ਕੇਸ ਵਿਚੋਂ ਇਕ ਬੋਤਲ ਕੱਢ ਲਿਆਇਆ।...ਤੇ ਕਹਿਣ ਲੱਗਾ, “ਓ-ਜੀ, ਤੁਸੀਂ ਤਾਂ ਲਾਹੌਰ ਕੱਲ੍ਹ ਤੀਕ ਪਹੁੰਚੋਗੇ—ਤੇ ਆਪਾਂ ਅੱਜੋ, ਏਥੇ ਆਪਣਾ ਲਾਹੌਰ ਵਸਾਅ ਲੈਂਦੇ ਵਾਂ। ਏ ਐਨੀ, ਜ਼ਰਾ ਟੋਕਰੀ ਵਿਚੋਂ ਦੋ ਗ਼ਲਾਸ ਤਾਂ ਕੱਢ ਤੇ ਫਲਾਸਕ ਵਿਚ ਠੰਡਾ ਪਾਣੀ ਵੀ ਹੋਏਗਾ...” ਕਿਸੇ ਸਮਝਦਾਰ ਪਤਨੀ ਵਾਂਗ ਹੀ ਉਸਨੇ ਇਤਰਾਜ਼ ਕਰਨਾ ਵੀ ਆਪਣਾ ਹੱਕ ਸਮਝਿਆ, “ਗੱਡੀ ਵਿਚ ਹੁਲੜ ਕਰਨਾ ਮੁਨਾਸਿਬ ਹੋਏਗਾ?”
“ਕੀ ਕਰੀਏ? ਲਾਹੌਰ ਦਾ ਜ਼ਿਕਰ ਸੁਣ ਕੇ ਰਿਹਾ ਹੀ ਨਹੀਂ ਜਾਂਦਾ ਪਿਆ—ਲਿਆ, ਝੱਟ ਪੱਟ ਕੱਢ ਦੇ ਗ਼ਲਾਸ, ਬਾਊ ਜੀ ਹੁਰੀਂ ਵੀ ਕੀ ਯਾਦ ਕਰਨਗੇ—ਲਾਹੌਰ ਦੇ ਰਿਸ਼ਤੇ ਕਿੰਨੇ ਮਜ਼ਬੂਤ ਹੁੰਦੇ ਨੇ।”
ਉਸਨੇ ਦੋ ਗਲਾਸਾਂ ਵਿਚ ਪਾ ਕੇ ਇਕ ਮੇਰੇ ਹੱਥ ਫੜਾਂਦਿਆਂ ਕਿਹਾ, “ਫੜ੍ਹ ਉਇ ਬਾਊ,” ਤੇ ਆਪ ਆਪਣਾ ਗ਼ਲਾਸ ਚੁੱਕ ਕੇ ਬੋਲਿਆ, “ਲਾਹੌਰ ਦੇ ਨਾਮ।” ਤੇ ਗਟਾਗਟ ਪੀ ਗਿਆ।
ਮੇਰਾ ਇੰਤਜ਼ਾਰ ਕੀਤੇ ਬਗ਼ੈਰ ਹੀ ਉਹ ਅੱਧਾ ਗਲਾਸ ਹੋਰ ਚੜ੍ਹਾ ਗਿਆ ਤੇ ਬੋਲਿਆ, “ਲਾਹੌਰ...ਮੈਨੂੰ ਏਸ ਕਰਕੇ ਨਹੀਂ ਭੁੱਲਦਾ ਕਿ ਮੇਰੀ ਜ਼ਿੰਦਗੀ ਦੀ ਜੱਦੋ-ਜਹਿਦ ਉੱਥੋਂ ਹੀ ਸ਼ੁਰੂ ਹੋਈ ਸੀ—ਉਸੇ ਸ਼ਹਿਰ ਨੇ ਮੈਨੂੰ ਜਿਉਂਦੇ ਰਹਿਣ 'ਤੇ, ਤੇ ਨਵੇਂ ਸਿਰਿਓਂ ਜੀਵਨ-ਜੰਗ ਲੜਨ ਲਈ ਪ੍ਰੇਰਿਆ ਸੀ। ਮੈਂ ਲਾਹੌਰ ਦਾ ਸ਼ੁਕਰਗੁਜ਼ਾਰ ਵਾਂ, ਕਿਉਂਕਿ ਹੁਣ ਮੈਂ ਜੋ ਕੁਝ ਵੀ ਹਾਂ, ਉਸ ਪਿੱਛੇ ਲਾਹੌਰੀ ਖ਼ੂਨ ਦਾ ਬੜਾ ਵੱਡਾ ਹੱਥ ਜੇ, ਜੋ ਅੱਜ ਵੀ ਮੇਰੀਆਂ ਰਗਾਂ ਵਿਚ ਦੌੜਦਾ ਪਿਆ ਈ।”
ਮੇਰੇ ਹੱਥ ਵਿਚ ਫੜ੍ਹੇ ਗਲਾਸ ਵੱਲ ਦੇਖ ਕੇ ਉਸਨੇ ਨਕਲੀ ਜਿਹੇ ਗੁੱਸੇ ਨਾਲ ਕਿਹਾ ਸੀ, “ਓ ਬਾਊ, ਹੁਣ ਤਕ ਇਸਨੂੰ ਲਈ ਓ ਬੈਠੈਂ...ਮੁਕਾਅ ਤੇ ਦੂਜਾ ਬਣਾਈਏ।”
ਐਨੀ ਜੋ ਹੁਣ ਤਕ ਸਾਡੇ ਵੱਲ ਬੜੀ ਦਿਲਚਸਪੀ ਨਾਲ ਦੇਖ ਰਹੀ ਸੀ, ਬੋਲੀ, “ਇਹਨਾਂ ਦੇ ਮਾਂ-ਬਾਪ ਤਾਂ ਸੱਖਰ ਵਿਚ ਰਹਿੰਦੇ ਸਨ, ਪਰ ਇਹ ਜ਼ਿਆਦਾ ਸਮਾਂ ਲਾਹੌਰ ਵਿਚ ਹੀ ਰਹੇ ਨੇ।”
“ਓ ਜੀ, ਪਹਿਲੇ ਦਸ ਸਾਲ ਹੀ ਸਾਨੂੰ ਆਪਣੇ ਭਾਪੇ ਨਾਲ ਰਹਿਣੇ ਨਸੀਬ ਹੋਏ ਸਨ, ਤੇ ਬੱਸ। ਉਹ ਰੇਲਵੇ ਡਰਾਈਵਰ ਸਨ—ਜਗ੍ਹਾ ਜਗ੍ਹ੍ਹਾ ਬਦਲੀਆਂ ਹੁੰਦੀਆਂ ਰਹਿੰਦੀਆਂ—ਕਦੇ ਕਰਾਚੀ, ਕਦੇ ਕੋਇਟਾ। ਫੋਰਟ ਅੰਡੇਮਾਨ, ਇਰਾਨ ਦੇ ਬਾਰਡਰ ਦੇ ਜ਼ਾਹਦਾਨ ਵਿਚ ਵੀ ਰਹੇ। ਜਦ ਸਾਡੀ ਮਾਂ ਨੇ, ਵਾਹਿਗੁਰੂ ਉਸਦਾ ਸਵਰਗ 'ਚ ਵਾਸਾ ਕਰੇ, ਧੜਾ ਧੜ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੈ, ਉਹਨਾਂ ਨੇ ਸਭਨਾਂ ਨੂੰ ਲਾਹੌਰ ਵਿਚ ਇਕ ਮਕਾਨ ਲੈ ਦਿੱਤਾ, ਕਿਹਾ 'ਹੁਣ ਏਥੇ ਹੀ ਰਹਿ ਕੇ ਪਲੋ, ਵੱਡੇ ਹੋਵੋ ਤੇ ਪੜ੍ਹੋ', ਰਿਟਾਇਰਡ ਹੋਣ ਤੋਂ ਕੁਝ ਸਾਲ ਪਹਿਲਾਂ ਉਹ ਵੀ ਡਿਊਟੀ-ਕੰਟਰੋਲਰ ਬਣ ਕੇ ਲਾਹੌਰ ਆ ਗਏ ਸਨ। 'ਹੁਣ ਕਿਤੇ ਨਹੀਂ ਜਾਵਾਂਗਾ, ਏਥੇ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਾਂਗਾ—ਇਹਨਾਂ ਦੇ ਵਿਆਹ ਕਰਾਂਗਾ।' ਪਰ ਅਜੇ ਤਿੰਨ ਵੱਡੇ ਮੁੰਡਿਆਂ ਨੂੰ ਹੀ ਠਿਕਾਣੇ ਲਾ ਸਕੇ ਸਨ ਕਿ ਵਾਹਿਗੁਰੂ ਨੇ ਆਪਣੇ ਕੋਲ ਬੁਲਾ ਲਿਆ, ਉਹਨਾਂ ਨੂੰ। ਤਿੰਨ ਮੁੰਡੇ ਤੇ ਤਿੰਨ ਕੁੜੀਆਂ ਅਜੇ ਬਾਕੀ ਸਨ। ਉਹਨਾਂ ਵਿਚ ਮੈਂ ਸਭ ਤੋਂ ਵੱਡਾ ਸਾਂ। ਸਾਡੀ ਮਾਂ ਬੜੀ ਹੌਸਲੇ ਵਾਲੀ ਜ਼ਨਾਨੀ ਸੀ ਜੀ। ਉਸਨੂੰ ਦੇਖ ਕੇ ਮੈਂ ਵੀ ਸਹੂੰ ਖਾ ਲਈ ਕਿ ਪਹਿਲਾਂ ਭੈਣ-ਭਰਾਵਾਂ ਦੀ ਪੜ੍ਹਾਈ ਮੁਕੰਮਲ ਕਰਾਵਾਂਗਾ। ਉਹਨਾਂ ਦੇ ਵਿਆਹ ਕਰਾਂਗਾ, ਫੇਰ ਆਪਣੇ ਬਾਰੇ ਕੁਝ ਸੋਚਾਂਗਾ। ਉਸੇ ਜ਼ਮਾਨੇ ਵਿਚ ਵੱਡੇ ਤਿੰਨੇ ਕਨੇਡਾ, ਅਮਰੀਕਾ ਵੱਲ ਨਿਕਲ ਗਏ ਸਨ। ਉਹਨਾਂ ਪਲਟ ਕੇ ਕਦੇ ਸਾਰ ਨਹੀਂ ਲਈ। ਖ਼ੈਰ ਜੀ, ਈਸ਼ਵਰ ਨੇ ਬੜੀ ਕਿਰਪਾ ਕੀਤੀ—ਛੋਟੇ ਭੈਣ-ਭਰਾ ਸਾਰੇ ਹੀ ਮਿਹਨਤੀ ਸਨ, ਪੜ੍ਹਨ ਤੋਂ ਜੀਅ ਨਹੀਂ ਸਨ ਚੁਰਾਉਂਦੇ। ਕੋਈ ਇੰਜੀਨੀਅਰ ਦੀ ਘਰ ਵਾਲੀ ਬਣ ਗਈ, ਕੋਈ ਬਿਜਨੈਸ ਮੈਨ ਦੀ। ਜਿਹੜੀ ਡਾਕਟਰੀ ਪੜ੍ਹ ਰਹੀ ਸੀ, ਉਸਨੇ ਆਪੁ ਇਕ ਡਾਕਟਰ ਨਾਲ ਲਵ ਮੈਰਿਜ ਕਰ ਲਈ। ਦੋ ਭਰਾਵਾਂ ਵਿਚੋਂ ਇਕ ਫਾਰਨ ਸਰਵਿਸ ਵਿਚ ਜੇ, ਦੂਜੇ ਦਾ ਮੋਟਰ ਪਾਰਟਸ ਦਾ ਬਿਜਨੈਸ ਈ ਤੇ ਆਪਣਾ ਵੀ ਜੀ। ਉਦੋਂ ਤੀਕ ਮੇਰੀ ਉਮਰ ਬੱਤੀ ਸਾਲ ਤੋਂ ਉੱਤੇ ਹੋ ਗਈ ਸੀ ਜੀ। ਨਿੱਕੀਆਂ ਮੋਟੀਆਂ ਨੌਕਰੀਆਂ ਕਰਦੇ ਦੇ, ਦਾੜ੍ਹੀ ਮੁੱਛਾਂ ਵਿਚ ਧੌਲੇ ਆਉਣ ਲੱਗ ਪਏ ਸਨ, ਤੇ ਜੀ, ਮੈਨੂੰ ਆਪਣੀ ਕੁੜੀ ਦੇਣ ਲਈ ਕੋਈ ਤਿਆਰ ਨਹੀਂ ਸੀ ਹੁੰਦਾ।”
“ਇਹ ਕੀ ਰਮਾਇਣ ਖੋਲ੍ਹ ਬੈਠੇ ਓ ਤੁਸੀਂ?” ਅਚਾਨਕ ਉਸਦੀ ਘਰ ਵਾਲੀ ਨੇ ਉਸਨੂੰ ਟੋਕਿਆ।
“ਬਈ ਇਹ ਰਮਾਇਣ ਹੀ ਤਾਂ ਸਾਡੀ ਜ਼ਿੰਦਗੀ ਜੇ। ਐਨੀ, ਰਾਮ ਨੂੰ ਅਯੋਧਿਆ ਵਿਚੋਂ ਬਨਵਾਸ ਮਿਲਿਆ ਸੀ ਤੇ ਸਾਨੂੰ ਲਾਹੌਰ ਵਿਚੋਂ। ਉਹ ਤਾਂ ਲੰਕਾ ਫਤਹਿ ਕਰਕੇ ਆਪਣੇ ਘਰੀਂ ਮੁੜ ਆਏ ਸਨ, ਪਰ ਅਸੀਂ ਇੰਜ ਸੋਚ ਵੀ ਨਹੀਂ ਸਕਦੇ, ਕੋਈ ਸੰਭਾਵਨਾ ਹੀ ਨਹੀਂ। ਸਾਨੂੰ ਆਪਣੇ ਬੀਤੇ ਨੂੰ ਦੁਹਰਾਉਣ ਦਾ ਤਾਂ ਹੱਕ ਹੈ ਨਾ, ਜੋ ਲਾਹੌਰ ਨਾਲ ਜੁੜਿਆ ਹੋਇਆ ਜੇ!”
ਮੇਰੇ ਵੱਲ ਭੌਂ ਕੇ ਉਹ ਫੇਰ ਕਹਿਣ ਲੱਗਾ, “ਤਾਂ, ਹਾਂ ਬਾਊ ਜੀ, ਮੈਂ ਕਹਿ ਰਿਹਾ ਸਾਂ, ਕੋਈ ਮੈਨੂੰ ਆਪਣੀ ਧੀ ਦੇਣ ਲਈ ਤਿਆਰ ਨਹੀਂ ਸੀ...ਉਧਰ ਮੇਰੀ ਮਸੇਰ ਭੈਣ ਕੁਆਰੀ ਬੈਠੀ ਸੀ...ਖਾਸੀ ਉਮਰ ਹੋ ਗਈ ਸੀ ਉਸ ਵਿਚਾਰੀ ਦੀ। ਮੈਨੂੰ ਵੇਖਦਿਆਂ ਸਾਰ ਸਾਡੀ ਮਾਸੀ ਨੇ ਆਪਣੀ ਭੈਣ ਸਾਹਮਣੇ ਝੋਲੀ ਅੱਡ ਲਈ, ਤੇ ਕਿਹਾ, 'ਮੁਸਲਮਾਨਾ ਨੂੰ ਤਾਂ ਕੋਈ ਕੁਝ ਨਹੀਂ ਆਖਦਾ। ਰਿਸ਼ਤੇਦਾਰੀਆਂ ਵਿਚ ਹੀ ਵਿਆਹ ਕਰ ਦੇਂਦੇ ਨੇ। ਕਾਹਦੀ ਬੁਰਾਈ ਏ—ਮਾਂਵਾਂ ਅਲੱਗ ਅਲੱਗ ਨੇ ਤੇ ਪਿਓ ਵੀ। ਮੇਰੀ ਮੰਨੇ ਤਾਂ ਹੁਣੇ ਮੰਗਣੀ ਕਰ ਦੇਈਏ।' ਤੇ ਜੀ ਸਾਡੀ ਮਾਂ ਨੇ ਉਸਦੀ ਮੰਨ ਲਈ। ਅਸੀਂ ਵੀ ਆਪਣੀ ਮਾਂ ਦਾ ਦਿਲ ਰੱਖਣ ਲਈ ਮੰਨ ਗਏ—ਭਾਵੇਂ ਉਹ ਕੁੜੀ ਬਿਲਕੁਲ ਪਸੰਦ ਨਹੀਂ ਸੀ। ਜੇ ਕਿਸੇ ਕੁੜੀ ਨੇ ਮੇਰੇ ਦਿਲ ਵਿਚ ਕਦੇ ਕੋਈ ਥਾਂ ਬਣਾਈ ਜੇ ਤਾਂ ਉਹ ਵੇ ਐਨੀ—ਅਹਿ ਜਿਹੜੀ ਤੁਹਾਡੇ ਸਾਹਮਣੇ ਬੈਠੀ ਹੋਈ ਜੇ।”
ਉਸਨੇ ਆਪਨੀ ਪਤਨੀ ਵੱਲ ਬੜੇ ਪਿਆਰ ਨਾਲ ਦੇਖਿਆ। ਉਹ ਇਸ ਉਮਰ ਵਿਚ ਵੀ ਸ਼ਰਮਾਅ ਗਈ ਤੇ ਲੱਗੀ ਅੱਖਾਂ ਹੀ ਅੱਖਾਂ ਵਿਚ ਉਸਨੂੰ ਘੂਰਕਣ, “ਬੱਸ ਹੁਣ ਹੋਰ ਕੁਝ ਨਾ ਦੱਸਿਓ।” ਪਰ ਉਸਨੇ ਆਪਣੀ ਰਾਮ ਕਹਾਣੀ ਜਾਰੀ ਰੱਖੀ ਤੇ ਘੁੱਟ ਘੁੱਟ ਪੀਂਦਾ ਵੀ ਰਿਹਾ।
“ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਟਰੱਕ ਡਰਾਈਵਰੀ ਵੀ ਕੀਤੀ ਜੇ। ਦੂਰੋਂ ਦੂਰੋਂ ਤੇਲ ਦੇ ਡਰਮ ਲੱਦ ਕੇ ਲਾਹੌਰ ਦੇ ਕਾਰਖ਼ਾਨਿਆਂ ਵਿਚ ਪਹੁੰਚਾਂਦਾ ਰਿਹਾ ਵਾਂ। ਇਕ ਵਾਰੀ ਲਾਹੌਰ ਦੇ ਮੁਗਲਪੁਰਾ ਪੁਲ ਉੱਤੇ ਮੇਰਾ ਟਰੱਕ ਉਲਟ ਗਿਆ—ਸਾਰੇ ਡਰੰਮ ਰੁੜ੍ਹ ਗਏ। ਕਾਲੇ ਮੋਬਲਆਇਲ ਦਾ ਦਰਿਆ ਵਗ ਤੁਰਿਆ। ਦਫ਼ਤਰਾਂ ਨੂੰ ਜਾ ਰਹੇ ਬਾਊ ਤੇ ਪੜ੍ਹਨ ਜਾ ਰਹੇ ਬੱਚੇ¸ਅਣਗਿਣਤ ਲੋਕ, ਮੇਰੇ ਸਾਹਮਣੇ, ਉਸ ਉੱਤੋਂ ਤਿਲ੍ਹਕ ਤਿਲ੍ਹਕ ਡਿੱਗੇ। ਉਹ ਸੀਨ ਮੈਨੂੰ ਅੱਜ ਵੀ ਯਾਦ ਈ।...ਤੇ ਯਾਦ ਇਸ ਕਰਕੇ ਈ ਕਿ ਉਸ ਦਿਨ ਹੀ ਮੇਰੀ ਮੰਗਣੀ ਹੋਈ ਸੀ ਤੇ ਮੈਨੂੰ ਠਾਣੇ ਫੜਾ ਦਿੱਤਾ ਗਿਆ ਸੀ; ਮਾਲਕ ਦਾ ਹਜ਼ਾਰਾਂ ਦਾ ਨੁਕਸਾਨ ਜੋ ਹੋ ਗਿਆ ਸੀ।”
ਉਸਦੀ ਪਤਨੀ ਨੂੰ ਸ਼ਾਇਦ ਨੀਂਦ ਆਉਣ ਲੱਗ ਪਈ ਸੀ ਜਾਂ ਫੇਰ ਉਸ ਸੌਣ ਦਾ ਬਹਾਨਾ ਕਰਨ ਲੱਗ ਪਈ ਸੀ। ਆਪਣੇ ਪੁੱਤਰ ਕੋਲ ਥੋੜ੍ਹੀ ਜਿਹੀ ਜਗ੍ਹਾ ਬਣਾ ਕੇ ਲੇਟ ਗਈ। ਉਹ  ਆਪਣੀ ਪਤਨੀ ਵੱਲ ਡੂੰਘੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਜਦੋਂ ਮੈਂ ਪੁੱਛਿਆ, “ਤੁਸੀਂ ਇਹਨਾਂ ਨੂੰ ਐਨੀ ਕਿਉਂ ਆਖਦੇ ਓ? ਕੀ ਤੁਹਾਨੂੰ ਉਰਦੂ ਦੀ ਮਸ਼ਹੂਰ ਲੇਖਕਾ ਕੁਰਤੁਲ ਐਨ ਹੈਦਰ ਦੀਆਂ ਕਹਾਣੀਆਂ ਵਿਚ ਏਨੀ ਦਿਲਚਸਪੀ ਏ?”
ਉਹ ਹੈਰਾਨ ਹੋ ਕੇ ਪੁੱਛਣ ਲੱਗਿਆ, “ਕਿਹੜੀ ਮਸ਼ਹੂਰ ਲੇਖਕਾ? ਮੈਂ ਤਾਂ ਕਦੇ ਉਰਦੂ ਅਖ਼ਬਾਰ ਵੀ ਨਹੀਂ ਪੜ੍ਹਿਆ। ਸ਼ਾਇਰੋ-ਸ਼ਾਇਰੀ ਦਾ ਵੀ ਬਸ ਏਨਾ ਕੁ ਸ਼ੌਕ ਈ ਕਿ ਕਦੇ-ਕਦਾਈਂ ਅਫ਼ਸਰਾਂ ਦੇ ਹੁਕਮ ਨਾਲ ਮੁਸ਼ਾਇਰਿਆਂ ਦੇ ਉੱਚੀ ਕੀਮਤ ਦੇ ਟਿਕਟ ਖ਼ਰੀਦਣੇ ਪੈ ਜਾਂਦੇ ਨੇ। ਉਂਜ ਇਸਦਾ ਪੂਰਾ ਨਾਮ ਅਨੰਤ ਕੌਰ ਜੇ—ਮੈਂ ਪਿਆਰ ਨਾਲ ਇਸ ਨੂੰ ਐਨੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਬਸ। ਇਹ ਕਿੰਜ ਆਈ? ਬਸ, ਇਸ ਨੂੰ ਵੀ ਇਕ ਇਤਫ਼ਾਕ ਹੀ ਸਮਝੋ ਜੀ ਕਿ ਇਸਦਾ ਮੇਰੇ ਨਾਲ ਰਿਸ਼ਤਾ ਹੋ ਗਿਆ। ਜਦੋਂ ਲੰਮੇ ਅਰਸੇ ਤਕ ਮੇਰੀ ਪਹਿਲੀ ਘਰ ਵਾਲੀ ਦੇ ਕੋਈ ਬੱਚਾ ਨਾ ਹੋਇਆ ਤਾਂ ਮੈਂ ਮਾਸੀ ਤੋਂ ਆਪਣੀ ਛੋਟੀ ਸਾਲੀ ਐਨੀ ਦਾ ਹੱਥ ਮੰਗ ਲਿਆ—ਵਰਨਾ ਇਹ ਤਾਂ ਕਿਸੇ ਹੋਰ ਨੂੰ ਚਾਹੁੰਦੀ ਸੀ। ਮੈਨੂੰ ਪਤੈ ਉਹ ਲਾਹੌਰ ਵਿਚ ਹੀ ਮਾਰਿਆ ਗਿਆ ਸੀ। ਉਸਦਾ ਜ਼ਿਕਰ ਅਸੀਂ ਕਦੇ ਨਹੀਂ ਕਰਦੇ। ਪਰ ਮੈਂ ਇਸ ਦੀਆਂ ਅੱਖਾਂ ਵਿਚ ਤੈਰਦੀਆਂ ਗ਼ਮ ਦੀਆਂ ਪਰਛਾਈਆਂ ਨੂੰ ਬੁੱਝ ਲੈਂਦਾ ਵਾਂ ਤੇ ਇਸ ਦੇ ਮਨ ਦਾ ਭਾਰ ਹੌਲਾ ਕਰਨ ਖਾਤਰ ਕੋਈ ਗੀਤ ਸੁਣਾਉਣ ਬੈਠ ਜਾਂਦਾ ਵਾਂ। ਜਿਸ ਨੂੰ ਸੁਣ ਕੇ ਇਹਦੀਆਂ ਅੱਖਾਂ ਵਿਚ ਅਟਕੇ ਅੱਥਰੂ ਝਿਰ ਜਾਂਦੇ ਨੇ।”
ਕਹਿ ਕੇ ਉਹ ਹੌਲੀ ਹੌਲੀ ਗੁਣਗੁਣਾਉਣ ਲੱਗਿਆ...:
“ਏਧਰ ਉਧਰ ਲੁਕ ਲੁਕ ਹੱਸਣ,
ਸ਼ਕਲਾਂ ਸ਼ਹਿਰੋਂ ਪਾਰ ਦੀਆਂ।
ਰੂਹਾਂ ਵਾਂਗੂੰ ਕੋਲੋਂ ਲੰਘਣ,
ਮਹਿਕਾਂ ਬਾਸੀ ਹਾਰ ਦੀਆਂ।
ਕਬਰਸਤਾਨ ਦੇ ਰਸਤੇ ਦੱਸਣ,
ਕੂਕਾਂ ਪਹਿਰੇਦਾਰ ਦੀਆਂ।...”
      ( ਮੁਨੀਰ ਨਿਆਜ਼ੀ )
ਗਾਉਂਦੇ-ਗਾਉਂਦੇ ਅੱਥਰੂ ਵਗ ਤੁਰੇ ਸਨ। ਉਹ ਕਈ ਪਲ ਤਕ ਉਸ ਵੱਲ ਦੇਖਦਾ ਰਿਹਾ, ਫੇਰ ਬੋਲਿਆ, “ਹੋਣੀ ਨੂੰ ਕੌਣ ਟਾਲ ਸਕਦਾ ਜੇ? ਮੈਨੂੰ ਇਹ ਔਰਤ ਵੀ ਬੱਚਾ ਨਹੀਂ ਦੇ ਸਕੀ। ਪਹਿਲੀ ਔਰਤ ਦੇ ਪੇਟੋਂ ਹੀ ਨਿੱਕਾ ਪੈਦਾ ਹੋਇਆ, ਜਿਸਨੂੰ ਇਹ ਹਿੱਕ ਨਾਲ ਲਾਈ ਫਿਰਦੀ ਜੇ।”
“ਪਰ ਇਹਨਾਂ ਦੀ ਸ਼ਕਲ ਉਰਦੂ ਵਾਲੀ ਐਨੀ ਨਾਲ ਇਨ-ਬਿਨ ਮਿਲਦੀ ਏ।” ਮੈਂ ਹੈਰਾਨ ਸਾਂ ਤੇ ਸੁੱਤੀ ਪਈ ਐਨੀ ਦੇ ਦਿਲਕਸ਼ ਚਿਹਰੇ ਦੇ ਨੂਰ ਵਿਚ ਗਵਾਚਿਆ ਹੋਇਆ ਸਾਂ।
ਉਸਨੇ ਜਿਵੇਂ ਮੇਰੀ ਬਿਰਤੀ ਤੋੜਨ ਲਈ ਹੀ ਕਿਹਾ ਸੀ, “ਓ ਛੱਡੋ ਜੀ, ਕੀ ਰੱਖਿਆ ਏ ਇਹਨਾਂ ਗੱਲਾਂ ਵਿਚ? ਇਹ ਦੁਨੀਆਂ ਬੜੀ ਵੱਡੀ ਏ—ਇੱਕੋ ਜਿਹੇ ਕਈ ਨਾਂਅ ਮਿਲ ਜਾਂਦੇ ਨੇ ਤੇ ਕਈ ਕਈ ਸ਼ਕਲਾਂ-ਸੂਰਤਾਂ ਵੀ। ਪਰ ਤੁਸੀਂ ਇੰਜ ਕਦੇ ਨਹੀਂ ਸੁਣਿਆਂ ਹੋਣਾ ਕਿ ਕੋਈ ਸ਼ਹਿਰ ਵੀ ਫਲਾਣੇ ਸ਼ਹਿਰ ਨਾਲ ਮਿਲਦਾ ਜੇ। ਲਾਹੌਰ, ਲਾਹੌਰ ਹੀ ਸੀ। ਚੁੱਕੋ ਆਪਣਾ ਗ਼ਲਾਸ—ਆਪਾਂ ਆਖ਼ਰੀ ਜਾਮ ਵੀ ਲਾਹੌਰ ਦੇ ਨਾਮ ਹੀ ਕਰੀਏ।”
      ੦੦੦

ਲਾਈ ਲੋ...:: ਰਮੇਸ਼ ਉਪਾਧਿਆਏ

ਹਿੰਦੀ ਕਹਾਣੀ :
ਲਾਈ ਲੋ...
ਲੇਖਕ : ਰਮੇਸ਼ ਉਪਾਧਿਆਏ
ਲਿੱਪੀਅੰਤਰ : ਮਹਿੰਦਰ ਬੇਦੀ ਜੈਤੋ


“ਅਪੁਨ ਯੇ ਛੋਕਰੀ ਕੋ ਬਰੋਬਰ ਜਾਨਤਾ ਸਾਬ, ਝੂਟ ਕਾਹੇ ਕਾ ਵਾਸਤੇ ਬੋਲੇਗਾ? ਝੂਠ ਬੋਲਤਾ ਸਾਲਾ ਬੜਾ-ਬੜਾ ਸੇਠ, ਮਿਨਿਸਟਰ, ਆਪੀਸਰ। ਝੂਟ ਬੋਲਤਾ ਸਾਲਾ ਲੀਡਰ ਲੋਗ, ਰੇਡੀਓ ਵਾਲਾ, ਟੀਵੀ ਵਾਲਾ, ਫਿਲਮ ਵਾਲਾ ਲੋਗ। ਰਿਲੀਜਸ ਲੋਗ ਕਾ ਤੋ ਧੰਦਾ ਇਚ (ਹੀ) ਝੂਟ ਬੋਲਨਾ, ਅਬੀ ਤੋ ਸਾਲਾ ਜਨਰਲਿਸਟ ਪਣ (ਵੀ) ਝੂਟ ਬੋਲਤਾ, ਰਾਈਟਰ ਪਣ ਝੂਟ ਬੋਲਤਾ, ਆਰਟਿਸਟ ਪਣ ਝੂਟ ਬੋਲਤਾ। ਕਿਆ?
“ਅਪੁਨ ਛੋਟਾ ਆਦਮੀ ਹੈ, ਟੈਕਸੀ ਚਲਾਤਾ ਹੈ, ਬਰੋਬਰ ਹੈ। ਅਪੁਨ ਦਾਰੂ ਪੀਤਾ ਹੈ, ਗਾਲੀ ਦੇਤਾ ਹੈ, ਗੁੰਡਾ ਲੋਗ ਸੇ ਮਾਰਾਮਾਰੀ ਕਰਤਾ ਹੈ, ਬਰੋਬਰ ਹੈ। ਪਨ (ਪਰ) ਝੂਟ ਕਾਹੇ ਕਾ ਵਾਸਤੇ ਬੋਲੇਗਾ ਸਾਬ? ਅਪੁਨ ਚੋਰ ਨਈਂ, ਗਿਰਾਕਟ ਨਈਂ, ਸਮਗਲਰ ਨਈਂ, ਲੀਡਰ ਨਈਂ। ਬਖਸ਼ਿਸ਼ ਆਪ ਏਕ ਸੌ ਰੂਪੇ ਪਣ ਦੇਗਾ, ਅਪੁਨ ਲੇਗਾ; ਥੈਂਕ-ਯੂ-ਸਰ ਬੋਲ ਕੇ ਸਲਾਮ ਕਰੇਗਾ, ਪਨ ਮੀਟਰ ਸੇ ਏਕੋ ਪਈਸਾ ਜਾਸਤੀ ਨਈਂ ਮਾਂਗਤਾ। ਮੁੰਬਈ (ਬੰਬਈ) ਮੇਂ ਲੋਕਲ-ਟ੍ਰੇਨ ਕਾ ਸਟਰਾਇਕ ਹੋਤਾ, ਬਸ ਕਾ ਚੱਕਾ ਜਾਮ ਹੋਤਾ, ਦੂਸਰਾ ਟੈਕਸੀ ਵਾਲਾ ਚਾਰ ਕਾ ਆਠ ਬਨਾਤਾ, ਅਪੁਨ ਕਾ ਟੈਕਸੀ ਵੋ ਦਿਵਸ ਪਣ ਮੀਟਰ ਸੇ ਚਲਤਾ ਹੋਤਾ। ਕਿਆ?
'ਬਾਹਰਗਾਂਵ ਸੇ ਮੁੰਬਈ ਮੇਂ ਹਜਾਰੋਂ ਪਸਿੰਜਰ ਡੇਲੀ ਆਤਾ, ਦੂਸਰਾ ਟੈਕਸੀ ਵਾਲਾ ਵੋ ਕੋ ਚੀਟ ਕਰਤਾ, ਅਪੁਨ ਕੱਬੀ ਕਿਸੀ ਕੋ ਚੀਟ ਨਈਂ ਕੀਆ। ਅਪੁਨ ਝੂਟ ਕਾਹੇ ਕਾ ਵਾਸਤੇ ਬੋਲੇਗਾ? ਆਪ ਜਰਾ-ਸਾ ਦੇਰ ਕਾ ਪਸਿੰਜਰ ਹੈ; ਦਾਦਰ ਪੇ ਉਤਰ ਜਾਏਂਗਾ। ਆਜ ਅਪੁਨ ਕਾ ਟੈਕਸੀ ਮੇਂ ਆਇਆ, ਕਲ ਦੂਸਰਾ ਟੈਕਸੀ ਮੇਂ ਜਾਏਂਗਾ। ਅਪੁਨ ਕਾ ਟੈਕਸੀ ਮੇਂ ਆਏਂਗਾ ਬੀ ਤੋ ਅਪੁਨ ਕੋ ਰਿਕਗਨਾਈਜ ਨਈਂ ਕਰੇਂਗਾ; ਆਪ ਅਪੁਨ ਕੋ ਰਿਕਗਨਾਈਜ ਨਈਂ ਕਰੇਂਗਾ। ਕਿਆ?
'ਹੰਡਰੇਡ ਪ੍ਰਸੈਂਟ ਸੱਚਾ ਬਾਤ ਬੋਲਤਾ ਸਾਬ, ਯੇ ਛੋਕਰੀ ਆਪ ਸੇ ਪਈਸਾ ਮਾਂਗਾ ਨਾ, ਬਰੋਬਰ ਹਲਕਟ (ਮੱਕਾਰ) ਛੋਕਰੀ ਹੈ, ਡਰੈੱਸ ਬਗੈਰਾ ਦੇਖ ਕੇ ਆਪ ਕੋ ਕਿਆ, ਕਿਸੀ ਕੋ ਬੀ ਧੋਕਾ ਹੋਏਗਾ। ਸਾਲਾ ਕੋਈ ਹਾਈ ਕਲਾਸ ਫੈਮਿਲੀ ਕਾ ਨਜਰ ਆਤਾ। ਟਿਪ-ਟਾਪ। ਇੰਗਲਿਸ਼ ਸਪੀਕਿੰਗ। ਪਨ ਮੈਂ ਇਸਕੋ ਪੈਚਾਨਤਾ ਸਾਬ। ਸਾਲਾ ਪਯੋਰ ਪ੍ਰੋਸਟੀਟਯੂਟ, ਭੰਕਸ ਛੋਕਰੀ। ਅੰਧੇਰੀ ਕਾ ਏਕ ਚਾਲ ਮੇਂ ਰੈਤਾ। ਬਾਪ ਨਈਂ ਹੈ, ਖਾਲੀ ਮਾਂ ਹੈ। ਮਾਂ-ਬੇਟੀ ਦੋਨੋ 'ਚ ਪ੍ਰੋਸਟੀਟਯੂਸ਼ਨ ਕਰਤਾ। ਅੱਛਾ-ਅੱਛਾ ਡਰੈਸ ਪੇਨ ਕੇ ਆਤਾ। ਵੀਟੀ, ਕੋਲਾਬਾ, ਮਰੀਨ ਡ੍ਰਾਇਵ, ਕਿਦਰ ਬੀ ਊਭਾ (ਖਲੋ ਕੇ) ਹੋ ਕੇ ਗਿਰਾਕ ਪਟਾਤਾ, ਜਿਸਮ ਬੇਚਤਾ। ਕੋਈ ਦਿਵਸ ਗਿਰਾਕ ਨਈਂ ਮਿਲਨਾ ਤੋ ਪਰਸ ਚੋਰੀ ਹੋ ਜਾਣੇ ਕਾ ਐਕਟਿੰਗ ਕਰਨਾ। ਆਪ ਕਾ ਮਾਫਿਕ ਭੋਲਾ-ਮਾਣੁਸ ਕਾ ਦਿਲ ਮੇਂ ਪਿਟੀ ਪੈਦਾ ਕਰਕੇ ਪਈਸਾ ਮਾਂਗਨਾ। ਕਿਆ?
'ਏਕ ਬਾਤ ਬੋਲੇਗਾ ਸਾਬ, ਬੁਰਾ ਨਈਂ ਮਾਨਨੇ ਕਾ, ਹੋ? ਅਈਸਾ ਹਲਕਟ ਛੋਕਰੀ ਆਪ ਕਾ ਮਾਫਿਕ ਐਜੂਕੇਟੇਡ ਲੋਗ ਕੋ ਫੂਲ ਬਨਾ ਕੇ ਚੀਟ ਕਰਤਾ, ਪਨ ਆਪ ਸੋਚਤਾ, ਵੋ ਕੋ ਪਾਈਸਾ ਦੇ ਕੇ ਆਪ ਅੱਛਾ ਕਾਮ ਕੀਆ। ਮੈਂ ਬੋਲਤਾ ਸਾਬ, ਯੇ ਕੋਈ ਅੱਛਾ ਕਾਮ ਨਈਂ। ਆਪ ਵੋ ਕੋ ਦਸ ਕਾ ਨੋਟ ਦਿਯਾ। ਵੋ ਇਸਮਾਈਲ ਦੇਕੇ ਆਪ ਕੋ ਥੈਂਕ-ਯੂ ਬੋਲਾ। ਆਪ ਖੁਸ਼ ਹੋ ਕੇ ਬੋਲਾ, ਨੇਵਰ ਮਾਈਂਡ। ਪਨ ਆਪ ਕੋ ਮਾਹਿਤੀ (ਪਤਾ) ਨਈਂ, ਯੇ ਛੋਕਰੀ ਵੋ ਪਾਈਸਾ ਕਾ ਅਬੀ ਕਿਆ ਕਰਤਾ ਹੋਏਗਾ। ਵੋ ਕੋਈ ਆਂਟੀ ਕਾ ਅੱਡਾ ਪਨ ਬਾਈਠ ਕੇ ਦਾਰੂ ਪੀਤਾ ਹੋਏਗਾ। ਪਾਂਚ ਰੂਪੇ ਕਾ ਦਾਰੂ ਪੀਏਗਾ, ਤੀਨ ਰੂਪੇ ਕਾ ਖਾਨਾ ਖਾਏਗਾ, ਦੋਨ ਰੂਪੇ ਮੇਂ ਮਟਕਾ ਮੇਂ ਨੰਬਰ ਲਗਾਏਗਾ। ਫਿਰ ਖੱਲਾਸ  ਹੋ ਕੇ ਕਿਦਰ ਬੀ ਊਭਾ ਹੋਏਗਾ, ਗਿਰਾਕ ਪਟਾਏਗਾ। ਅਪੁਨ ਕੋ ਯੇ ਛੋਕਰੀ ਕਾ ਏਕੋ-ਏਕ ਹਰਕਤ ਕਾ ਮਾਹਿਤੀ ਹੋਤਾ ਸਾਬ। ਕਿਆ?
''ਮੈਂ ਆਪਕੋ ਯੇ ਛੋਕਰੀ ਕਾ ਹੋਲ ਸਟੋਰੀ ਬਤਾਤਾ ਸਾਬ। ਏਕ ਦਿਵਸ ਯੇ ਛੋਕਰੀ ਏਕ ਮੋਟਾ ਸੇਠ ਕਾ ਸਾਥ ਅਪੁਨ ਕਾ ਟੈਕਸੀ ਮੇਂ ਬਈਠਾ ਹੋਤਾ। ਚਰਚ-ਗੇਟ ਸੇ ਜੁਹੂ ਜਾਨੇ ਕਾ। ਰਾਤ ਕਾ ਬਾਰਾ-ਏਕ ਕਾ ਟਾਈਮ ਹੋਤਾ। ਸੇਠ ਮਾਰਵਾੜੀ ਹੋਏਗਾ, ਯੂ ਪੀ ਕਾ ਪਣ ਹੋ। ਉਮਰ ਪੈਂਤ੍ਰੀਸ-ਚਾਲੀਸ। ਅਪ-ਟੂ-ਡੇਟ।  ਬਾਰੋਬਰ ਚੌਕਸ। ਪਨ ਯੇ ਛੋਕਰੀ ਦਾਰੂ ਪੀਏਲਾ। ਅਰਧਾ ਹੋਸ਼ ਮੇਂ, ਅਰਧਾ ਬੇਹੋਸ਼ੀ ਮੇਂ। ਸੇਠ ਕਾ ਸਾਥ ਕੋਈ ਹੋਟਲ ਮੇਂ ਜਾ ਕੇ ਮਸਤੀ ਕੀਆ ਹੋਏਗਾ। ਅੱਛਾ-ਅੱਛਾ ਦਾਰੂ ਪੀਆ ਹੋਏਗਾ। ਅੱਛਾ-ਅੱਛਾ ਖਾਨਾ ਖਾਇਆ ਹੋਏਗਾ। ਥਕੇਲਾ ਹੋਏਗਾ 'ਚ। ਯੇ ਕੋ ਨੀਂਦ ਆਤਾ ਹੋਤਾ। ਸੇਠ ਕੇ ਕੰਧੇ ਪਰ ਸਿਰ ਰੱਖੇ ਕੇ ਸੋਨਾ ਮਾਂਗਤਾ। ਪਨ ਸੇਠ ਸਾਲਾ ਕੋਈ ਔਰ ਆਦਮੀ ਕਾ ਵਾਸਤੇ ਯੇ ਕੋ ਪਟਾਇਆ ਹੋਤਾ। ਯੇ ਇਚ ਵਾਸਤੇ ਸੇਠ ਪੀਛੂ ਵਾਲਾ ਸੀਟ ਪਰ ਬਰੋਬਰ ਵਿੰਡੋ ਕਾ ਪਾਸ, ਛੋਕਰੀ ਸੇ ਅਲਗ ਹਟ ਕੇ ਬਈਠਾ ਹੋਤਾ। ਛੋਕਰੀ ਪਾਸ ਆਕੇ ਕੰਧੇ ਪਰ ਸਿਰ ਰੱਖਾ ਤੋ ਸੇਠ ਯੇ ਕੋ ਧੱਕਾ ਦੇ ਕੇ ਬੋਲਾ, ''ਅਈ, ਈਈ, ਯੇ ਕਿਆ ਕਰਤੀ ਹਇ ਤੁਮ ! ਮੇਰੇ ਕੰਧੇ ਪਰ ਸਿਰ ਰਖਣੇ ਕਾ ਹੱਕ ਤੁਮਕੋ ਨਈਂ। ਯੇ ਕੰਧੇ ਪਰ ਤੋ ਮੇਰੀ ਬੀਵੀ ਹੀ ਸਿਰ ਰੱਖ ਸਕਤੀ ਹਇ।'' ਸੁਣ ਕੇ ਯੇ ਛੋਕਰੀ ਬੋਲਾ, ''ਇਟ ਦਿਸ ਮੋਮੈਂਟ ਆਯੇਮ ਇਜ ਗੁੱਡ ਇਜ ਯੋਰ ਵਾਈਫ਼।'' ਛੋਕਰੀ ਪੀਏਲਾ ਥਾ ਇਚ, ਸੇਠ ਕਾ ਗਰਦਨ ਮੇਂ ਹਾਥ ਡਾਲ ਕੇ ਉਸਕੋ ਕਿਸ ਕੀਆ। ਹਸ ਕੇ ਬੋਲਾ, ''ਮੈਂ ਜਾਨਤੀ ਸੇਠਜੀ, ਆਪ ਕੀ ਬੀਵੀ ਆਜ ਘਰ ਪਰ ਨਈਂ ਹਇ।''
''ਇਦਰ ਮੈਂ ਏਕ ਬਾਤ ਅਪੁਨ ਕੇ ਬਾਰੇ ਮੇਂ ਬੋਲਤਾ ਸਾਬ। ਆਪ ਜਈਸਾ ਅਕੇਲ ਪਸਿੰਜਰ ਕੇ ਸਾਥ ਅਪੁਨ ਕਾ ਬਾਤ ਕਰਤਾ ਹੈ। ਜਾਸਤੀ ਬਾਤ ਪਣ ਕਰਤਾ ਹੈ। ਪਨ ਕਪਲ ਕੋ ਬਈਠਾ ਕੇ ਅਪੁਨ ਸੀਧਾ ਸਾਮਨੇ ਦੇਖਤੇ ਗਾਡੀ ਚਲਾਤਾ। ਫੈੱਡ ਐਂਡ ਡੰਬ। ਯੇ ਲੁਕਿੰਗ-ਗਲਾਸ ਲਗਾ ਹੋਤਾ ਨਾ ਸਾਬ, ਯੇ ਮੇਂ ਅਪੁਨ ਪੀਛੂ ਕਾ ਅਕਖਾ (ਸਾਰਾ) ਨਜਾਰਾ ਦੇਖਤਾ। ਪਨ ਕੋਈ ਬੀ ਧੰਦੇ ਕਾ ਕੁਛ ਕਾਇਦਾ ਹੋਤਾ। ਕਿਆ? ਅਪੁਨ ਅਕਖੀ ਹਰਕਤ ਦੇਖ ਕੇ ਬੀ ਨਈਂ ਦੇਖਤਾ। ਅਕਖੀ ਬਾਤ ਸੁਣ ਕੇ ਬੀ ਨਈਂ ਸੁਨਤਾ। ਔਰਤ-ਮਰਦ ਸਾਥ ਹੋਏਂਗਾ ਤੋ ਅਈਸਾ ਵਈਸਾ-ਹਰਕਤ ਕਰੇਂਗਾ ਇਚ : ਹਸਬੈਂਡ-ਵਾਈਫ ਟੈਕਸੀ ਮੇਂ ਬਈਠ ਕੇ ਝਗੜਾ ਕਰਤਾ। ਯੰਗ ਲਵਰਸ ਹੰਸਤਾ-ਬੋਲਤਾ, ਕਿੱਸ ਕਰਤਾ, ਕਬੀ-ਕਦਾਰ ਰੋਤਾ ਪਣ। ਪਈਸਾ ਖਰਚੀ ਕਰਕੇ ਚਾਲੂ ਔਰਤ ਕੋ ਲਾਨੇ ਵਾਲਾ ਮਾਨੁਸ ਬਟਨ ਬਗੈਰੇ ਪਣ ਖੋਲਤਾ---ਕਬੀ ਓਬਜੇਕਸ਼ਨ ਨਈਂ ਕੀਆ। ਕਾਹੋ ਕੋ ਕਰੇਗਾ ਸਾਬ ? ਅਪੁਨ ਖਾਲੀ ਟੈਕਸੀ ਡਰਾਈਵਰ। ਅਪੁਨ ਕੋ ਖਾਲੀ ਅਪੁਨ ਕਾ ਭਾੜਾ ਮਾਂਗਤਾ। ਕਿਆ ?
''ਪਨ ਯੇ ਛੋਕਰੀ ਵੋ ਦਿਵਸ ਅਪੁਨ ਕੋ ਇੰਟਰਵੀਨ ਕਰਨੇ ਕਾ ਵਾਸਤੇ ਮਜਬੂਰ ਕਰ ਦੀਆ ਸਾਬ। ਯੇ ਜਬ ਸੇਠ ਕੋ ਕਿਸ ਕੀਆ, ਸੇਠ ਯੇ ਕੋ ਏਕ ਝਾਪੜ ਮਾਰਾ ਔਰ ਧੱਕਾ ਦੇ ਕੇ ਬੋਲਾ, ''ਕੀਪ ਅਵੇ ਫਰਾਮ ਮੀ, ਯੂ ਬਿੱਚ ! ਮੈਂ ਤੇਰੇ ਕੋ ਅਪਨੇ ਵਾਸਤੇ ਨਈਂ, ਕੋਈ ਔਰ ਕੋ ਖੁਸ਼ ਕਰਨੇ ਕਾ ਵਾਸਤੇ ਲਾਇਆ।'' ਬਸ, ਸੁਨਨਾ ਕਿ ਯੇ ਛੋਕਰੀ ਕਾ ਨੀਂਦ ਗਾਇਬ। ਅਕਖੀ ਆਂਖ ਖੋਲ ਕੇ ਸੇਠ ਕੋ ਇੰਗਲਿਸ਼ ਮੇਂ ਗਾਲੀ ਦੀਆ, ''ਹਾਊ ਡੇਅਰ ਯੂ ਪਿੱਗ !'' ਸੇਠ ਦੁਬਾਰਾ ਹਾਥ ਉਠਾਇਆ ਯੇ ਕੋ ਮਾਰਨੇ ਕਾ ਵਾਸਤੇ, ਪਨ ਯੇ ਛੋਕਰੀ ਬਿਜਲੀ ਕਾ ਮਾਫਿਕ ਚਮਕਾ ਸਾਬ ! ਸ਼ੇਰਨੀ ਕਾ ਮਾਫ਼ਿਕ ਸੇਠ ਪੇ ਹਮਲਾ ਕੀਆ। ਅਪਨਾ ਆਂਗਲੀ ਕਾ ਲੰਬਾ-ਲੰਬਾ ਨਖ ਸੇ ਸੇਠ ਕਾ ਫੇਸ ਜਖਮੀ ਕਰ ਦਿਯਾ। ਮੈਂ ਪੀਛੂ ਮੁੜ ਕੇ ਦੇਖਾ, ਸੇਠ ਕਾ ਫੇਸ ਪਰ ਲਹੂ। ਮੈਂ ਬੋਲਾ, ''ਏ ਸੇਠ ਟੈਕਸੀ ਮੇਂ ਮਾਰਾਮਾਰੀ ਨਈਂ ਕਰਨੇ ਕਾ।'' ਸੇਠ ਮੇਰੇ ਕੋ ਬੋਲਾ, ''ਠੈਕਸੀ ਰੋਕੋ।'' ਮੈਂ ਟੈਕਸੀ ਰੋਕ ਦੀਆ। ਸੇਠ ਨੇ ਛੋਕਰੀ ਕੋ ਦੂਸਰਾ ਝਾਪੜ ਮਾਰਾ ਔਰ ਧੱਕਾ ਦੇ ਕੇ ਬੋਲਾ, ''ਗੇਟ ਆਊਟ।'' ਛੋਕਰੀ ਬੋਲਾ, ''ਪੈਲੇ ਪਈਸਾ ਦੋ।'' ਸੇਠ ਬੋਲਾ, ''ਪਈਸ ਕਈਸਾ ? ਮੈਂ ਤੇਰੇ ਸਾਥ ਕਿਆ ਕੀਆ ? ਉਲਟਾ ਤੇਰੇ ਕੋ ਦਾਰੂ ਪੀਲਾਇਆ, ਖਾਨਾ ਖਿਲਾਇਆ। ਅਬ ਭਾਗ ਜਾ, ਨਈਂ ਤੋ ਮੈਂ ਤੇਰੇ ਕੋ ਪੁਲਿਸ ਮੇਂ ਦੂੰਗਾ।''
''ਵੋ ਜੁਹੂ ਬੀਚ ਜਾਨੇ ਵਾਲਾ ਰੋਡ ਹੋਤਾ ਸਾਬ। ਰਾਤ ਕਾ ਟਾਈਮ। ਰੋਡ ਬਰੋਬਰ ਖਾਲੀ। ਅਪੁਨ ਸੋਚਾ ਸਾਬ, ਯੇ ਛੋਕਰੀ ਆਜ ਖਲਾਸ। ਅਕੇਲਾ, ਦਾਰੂ ਪੀਏਲਾ, ਯੇ ਕਿਦਰ ਜਾਏਗਾ ? ਇਦਰ ਇਚ ਰੋਡ ਪੇ ਗਿਰ ਜਾਏਗਾ ਔਰ ਕੋਈ ਬਦਮਾਸ਼ ਲੋਗ ਉਠਾਅ ਕੇ ਯੇ ਕੋ ਲੇ ਜਾਏਗਾ। ਕਿਆ ?
''ਮੈਂ ਟੈਕਸੀ ਕਾ ਇੰਜਨ ਬੰਦ ਕੀਆ। ਬਾਹਰ ਆਇਆ। ਸੇਠ ਕਾ ਬਾਜੂ ਵਾਲਾ ਗੇਟ ਖੋਲ ਕੇ ਉਸਕੋ ਬਾਹਰ ਖੀਂਚਾ ਔਰ ਬੋਲਾ, ''ਸੇਠ ਛੋਕਰੀ ਕੋ ਉਸਕਾ ਪਈਸ ਔਰ ਮੇਰੇ ਕੋ ਮੇਰਾ ਭਾੜਾ ਦੋ, ਐਂਡ ਦੈਨ ਯੂ ਗੋ ਟੂ ਹੈਲ।'' ਸੇਠ ਮੇਰੇ ਕੋ ਗਾਲੀ ਦਿਯਾ। ਪੁਲਿਸ ਮੇਂ ਦੇਨੇ ਕੀ ਧਮਕੀ ਦਿਯਾ। ਮੈਂ ਸੁਨਾ। ਬਰੋਬਰ ਚੁਪ ਹੋ ਕੇ ਸੁਨਾ ਸਾਬ। ਪਨ ਜਬ ਵੋ ਪਈਸਾ ਨਈਂ ਨਿਕਾਲਾ, ਮੈਂ ਵੋ ਕੋ ਤੀਨ ਝਾਪੜ ਮਾਰਾ ਔਰ ਬੋਲਾ, ''ਅਪੁਨ ਕਾ ਨਾਂਵ ਹਇ ਭੀਕਾਜੀ। ਟੈਕਸੀ ਨੰਬਰ ਹਇ ਬੀ.ਬੀ.ਐਮ. ਫੋਰ ਸਿਕਸ ਫਾਈਵ ਟੂ। ਪੁਲਿਸ ਕਾ ਨਈਂ, ਪੁਲਿਸ ਕਾ ਬਾਪ ਕਾ ਪਾਸ ਜਾਓ, ਯੂ ਬਾਸਟਰਡ, ਪਨ ਪੈਲੇ ਯੇ ਛੋਕਰੀ ਕਾ ਪਈਸਾ ਔਰ ਅਪੁਨ ਕਾ ਟੈਕਸੀ ਕਾ ਭਾੜਾ ਦੇ ਕੇ ਜਾਓ। ਹਰਕਤ ਕੀਆ ਤੋ ਮੈਂ ਤੁਮਾਰਾ ਹੱਡੀ ਤੋੜ ਕੇ ਇਦਰ ਇਚ ਰੋਡ ਪੇ ਡਾਲ ਦੇਗਾ।''
''ਸੇਠ ਛੋਕਰੀ ਕੋ ਪਈਸਾ ਦਿਯਾ, ਅਪੁਨ ਕੋ ਭਾੜਾ ਦਿਯਾ। ਅਪੁਨ ਉਸਕੋ ਰੋਡ ਪੇ ਇਚ ਛੋੜ ਕੇ ਯੇ ਛੋਕਰੀ ਕੋ ਪੂਛਾ, ''ਬਾਈ ਤੇਰੇ ਕੋ ਕਿਦਰ ਜਾਨੇ ਕਾ ?'' ਯੇ ਬੋਲਾ, ''ਅੰਧੇਰੀ।'' ਮੈਂ ਯੇ ਕੋ ਅੰਧੇਰੀ ਲੇਕੇ ਗਿਆ। ਰਾਸਤੇ ਮੇਂ ਯੇ ਰੋਨੇ ਲਗਾ। ਬੋਲਾ, ''ਬਰਾਦਰ, ਤੁਮ ਹਮਾਰਾ ਭੋਤ ਹੇਲਪ ਕੀਆ।'' ਮੈਂ ਬੋਲਾ, ''ਹੇਲਪ ਯੋਰਸੇਲਫ ਸਿਸਟਰ। ਤੁਮ ਅੱਛੇ ਖਾਨਦਾਨ ਕਾ ਐਜੂਕੇਟੇਡ ਲੜਕੀ ਨਜਰ ਆਤਾ। ਯੇ ਕਾਮ ਨਈਂ ਕਰਨੇ ਕਾ।'' ਤਬੀ ਸਾਬ, ਯੇ ਰੋਤੇ-ਰੋਤੇ ਅਪੁਨ ਕੋ ਯੇ ਕਾ ਹੋਲ ਸਟੋਰੀ ਸੁਨਾਇਆ। ਸੁਨਾ ਕੇ ਬੋਲਤਾ ਹੈ, ''ਸਰਵਿਸ ਮਿਲਤਾ ਨਈਂ, ਸਾਦੀ ਹੋਤਾ ਨਈਂ, ਫੈਮਿਲੀ ਬਾਪ-ਭਾਈ ਵਗੈਰਾ ਕੋਈ ਹਇ ਨਈਂ। ਜਿੰਦਾ ਰੈਨੇ ਕਾ ਵਾਸਤੇ ਕੁਛ ਤੋ ਬੀ ਕਰਨਾ ਇਚ ਹੋਗਾ। ਯੇ ਬੀ ਦੂਸਰਾ ਧੰਦਾ ਕਾ ਮਾਫਿਕ ਏਕ ਧੰਦਾ ਇਚ ਹੈ।''
''ਅਪੁਨ ਪ੍ਰੋਸਟੀਟਯੂਸ਼ਨ ਕੋ ਧੰਦਾ ਨਈਂ ਮਾਨਤਾ ਸਾਬ। ਚੋਰੀ, ਸਮਗਲਿੰਗ, ਡਾਕਾ, ਮਰਡਰ ਪਣ ਧੰਦਾ ਨਈਂ ਹੋਤਾ ਸਾਬ। ਕਿਆ ? ਪਨ ਮੈਂ ਯੇ ਛੋਕਰੀ ਕੋ ਯੇ ਬਾਤ ਬੋਲਾ ਨਈਂ। ਬੋਲਤਾ ਤੋ ਯੇ ਰਿਜੇਂਟ ਕਰਤਾ। ਯੇ ਰਿਜੇਂਟ ਕਰਤਾ, ਅਪੁਨ ਆਰਗੂਮੈਂਟ ਕਰਤਾ। ਫਾਇਦਾ ਕਿਆ ? ਇਸਾਰੇ ਸੇ ਯੇ ਕੋ ਬਤਾ ਦੀਆ, ਜੇ ਤਰਾ ਚੋਰੀ, ਸਮਗਲਿੰਗ, ਮਾਰਡਰ ਬਗੈਰਾ ਧੰਦਾ ਨਈਂ, ਪ੍ਰੋਸਟੀਟਯੂਸ਼ਨ ਪਣ ਧੰਦਾ ਨਈਂ। ਬੋਲ ਕੇ ਆਇਆ, ''ਸਿਸਟਰ ਅਪੁਨ ਛੋਟਾ ਮਾਣੁਸ ਪਨ ਤੁਮਾਰਾ ਹੇਲਪ ਕਰਨੇ ਕਾ ਵਾਸਤੇ ਕੋਸਿਸ ਕਰੇਗਾ। ਕਿਦਰ ਇਚ ਕੋਈ ਕਾਮ ਦਿਲਾਏਗਾ। ਜਿਸਮ ਬੇਚਨੇ ਸੇ ਅੱਛਾ, ਤੁਮ ਅਪਨਾ ਮਹਿਨਤ ਬੇਚੋ। ਮਹਿਨਤ ਮੇਂ ਪਈਸਾ ਕਮ ਹੈ, ਪਨ ਵੋ ਮੇਂ ਤੁਮ ਅਪਨਾ ਆਬਰੂ ਬਚਾ ਕੇ ਰਖ ਸਕਤਾ। ਅਪੁਨ ਪਨ ਗ੍ਰੇਜੂਏਟ ਹੈ। ਚਾਰ ਸਾਲ ਨੌਕਰੀ ਕਾ ਵਾਸਤੇ ਧੱਕਾ ਖਾਇਆ, ਫਿਰ ਡਰਾਈਵਿੰਗ ਸੀਖ ਕੇ ਟੈਕਸੀ ਚਲਾਨਾ ਸ਼ੁਰੂ ਕੀਆ। ਛੋਟਾ ਭਾਈ-ਬਹਿਨ ਕੋ ਐਜੂਕੇਸ਼ਨ ਦਿਲਾਇਆ, ਦੋਨੋ ਕਾ ਮੈਰਿਜ ਬਨਾਇਆ, ਅਪੁਨ ਕਾ ਮੈਰਿਜ ਬਨਾਇਆ। ਅਬੀ ਦੋ ਬੱਚੋਂ ਕਾ ਬਾਪ ਹੈ। ਵੋ ਕੋ ਬੀ ਖਿਲਾਨੇ-ਪਿਲਾਨੇ ਕਾ, ਐਜੂਕੇਸ਼ਨ ਦੇ ਕੇ ਮਾਣੁਸ ਬਨਾਨੇ ਕਾ। ਅਪੁਨ ਟੈਕਸੀ ਡਰਾਈਵਰ ਹੈ, ਪਨ ਚੋਰ ਨਈਂ ਹੈ, ਸਮਗਲਰ ਨਈਂ ਹੈ, ਪਾਕਿਟ ਨਈਂ ਮਾਰਤਾ, ਮਰਡਰ ਨਈਂ ਕਰਤਾ।''
''ਵੋ ਰਾਤ ਮੈਂ ਖੁਸ਼ ਹੋ ਕੇ ਅਪੁਨ ਕਾ ਖੋਲੀ ਮੇਂ ਲੌਟਾ ਸਾਬ। ਪਨ ਦੂਸਰੇ ਦਿਨ ਸੁਬਾ-ਸੁਬਾ ਪੁਲਿਸ ਮੇਰੀ ਖੋਲੀ ਮੇਂ ਆਇਆ। ਮੇਰੇ ਕੋ ਅਰੇਸਟ ਕੀਆ। ਬਾਂਦਰਾ ਪੁਲਿਸ ਸਟੇਸ਼ਨ ਲੇ ਜਾ ਕੇ ਬਹੁਤ ਪਿਟਾਈ ਕੀਆ। ਬਾਦ ਮੇਂ ਮੇਰੇ ਕੋ ਮਾਲੂਮ ਹੁਆ, ਵੋ ਸੇਠ ਸਾਲਾ ਚੀਪ ਮਿਨਿਸਟਰ ਕੋ ਮੇਰਾ ਸ਼ਿਕਾਇਤ ਕੀਆ ਹੋਤਾ। ਯੇ ਬਾਤ ਮੇਰੇ ਕੋ ਵਿਕਰਮ ਭਾਊ ਸੇ ਮਾਲੂਮ ਹੁਆ। ਵਿਕਰਮ ਭਾਊ ਕਾ ਨਾਮ ਸੁਨੇਲਾ ਹੈ ਸਾਬ ? ਵੋ ਅਪੁਨ ਕਾ ਟੈਕਸੀ ਡਰਾਈਵਰਸ ਐਸੋਸੀਏਸ਼ਨ ਕਾ ਲੀਡਰ ਹੈ। ਅਪੁਨ ਫਰੈਂਡ ਪਣ ਹੈ। ਅਪੁਨ ਕਾ ਅਰੇਸਟ ਹੋਣੇ ਕਾ ਬਾਤ ਸੁਨਤੇ 'ਚ ਵੋ ਪੁਲਿਸ ਸਟੇਸ਼ਨ ਆਇਆ। ਬੋਲਤਾ ਹੈ, ''ਭੀਕਾਜੀ, ਤੁਮ ਕੋਈ ਸੇਠ ਕਾ ਸਾਥ ਲਫੜਾ ਕੀਆ ? ਚੀਪ ਮਨਿਸਟਰ ਕਾ ਆਦਮੀ ਮੇਰੇ ਕੋ ਆਕੇ ਬੋਲਾ। ਵੋ ਸੇਠ ਕਾ ਐਡਰੈਸ ਪਣ ਕੋ ਦੇ ਕੇ ਗਿਆ। ਬੋਲ ਕੇ ਗਿਆ, ਭੀਕਾਜੀ ਕੋ ਯੇ ਐਡਰੈਸ ਪਰ ਜਾਕੇ ਮਾਫੀ ਮਾਂਗਨੇ ਕੋ ਬੋਲੋ, ਨਹਿਤਰ ਸੇਠ ਭੀਕਾਜੀ ਪਰ ਕ੍ਰਿਮਿਨਲ ਕੇਸ ਬਨਾਏਗਾ। ਬਰਸ-ਛਹ ਮਹੀਨਾ ਕਾ ਵਾਸਤੇ ਅੰਦਰ ਕਰਾਏਗਾ।''
''ਮੈਂ ਬੋਲਾ, ''ਮਾਫੀ ਕਾਹੇ ਕਾ ਵਾਸਤੇ ਵਿਕਰਮ ਭਾਊ ? ਮੈਂ ਕੋਈ ਗਲਤ ਕਾਮ ਕੀਆ ਕਿਆ ? ਸੇਠ ਸਾਲਾ ਰੰਡੀ ਕਾ ਦਲਾਲ, ਅਪਨਾ ਫਾਇਦਾ ਕਾ ਵਾਸਤੇ ਔਰਤ ਸਪਲਾਈ ਕਰਤਾ। ਦਾਰੂ ਪਿਲਾਅ ਕੇ, ਖਾਨਾ ਖਿਲਾਅ ਕੇ ਛੋਕਰੀ ਪਟਾਤਾ। ਫਿਰ ਵੋ ਛੋਕਰੀ ਕਾ ਇਨਸਲਟ ਕਰਤਾ, ਵੋ ਪੇ ਹਾਥ ਉਠਾਤਾ, ਅਰਧੀ ਰਾਤ ਕਾ ਟਾਈਮ ਖਾਲੀ ਰੋਡ ਪੇ ਮਰਨੇ ਕਾ ਵਾਸਤੇ ਛੋੜ ਕੇ ਜਾਤਾ। ਵੋ ਸਾਲਾ ਸੇਠ ਕ੍ਰਿਮਿਨਲ ਨਈਂ...ਭੀਕਾਜੀ ਸਾਲਾ ਕ੍ਰਿਮਿਨਲ ?''
''ਵਿਕਰਮ ਭਾਊ ਮੇਰੇ ਕੋ ਸਮਝਾਇਆ, ''ਭੀਕਾਜੀ, ਯੇ ਸਿਸਟਮ ਇਚ ਅਈਸਾ ਹੈ। ਇਦਰ ਅਕਖਾ ਕਾਮ ਉਲਟਾ ਇਚ ਹੋਤਾ।''
''ਮੈਂ ਬੋਲਾ, ''ਸਿਸਟਮ ਅਈਸਾ ਹੈ ਤੋ ਅਪੁਨ ਕੋ ਅਈਸਾ ਸਿਸਟਮ ਨਈਂ ਮਾਂਗਤਾ ਵਿਕਰਮ ਭਾਊ। ਅਪੁਨ ਜੇਲ ਜਾਏਗਾ ਪਨ ਸੇਠ ਸੇ ਮਾਫੀ ਮਾਂਗਨੇ ਨਈਂ ਜਾਏਂਗਾ।''
''ਵਿਕਰਮ ਭਾਊ ਅਪੁਨ ਕਾ ਨੇਚਰ ਜਾਨਤਾ ਹੋਤਾ ਸਾਬ। ਵਕੀਲ ਸੇ ਬਾਤ ਕੀਆ। ਵਕੀਲ ਬੋਲਾ, ''ਜੇ ਵੋ ਛੋਕਰੀ ਭੀਕਾਜੀ ਕਾ ਹੱਕ ਮੇਂ ਸੇਠ ਕਾ ਖਿਲਾਫ ਗਵਾਹੀ ਦੇ ਤੋ ਭੀਕਾਜੀ ਛੂਟ ਸਕਤਾ ਹੈ।'' ਵਿਕਰਮ ਭਾਊ ਯੇ ਛੋਕਰੀ ਕੋ ਤਲਾਸ਼ ਕੀਆ। ਗਵਾਹੀ ਕਾ ਵਾਸਤੇ ਬੋਲਾ। ਯੇ ਤੈਯਾਰ ਪਣ ਹੋ ਗਿਆ। ਪਨ ਜਬ ਗਵਾਹੀ ਕਾ ਟਾਈਮ ਆਇਆ, ਯੇ ਛੋਕਰੀ ਸੇਠ ਸੇ ਪਈਸਾ ਖਾ ਕੇ ਅਪੁਨ ਕੇ ਖਿਲਾਫ ਗਵਾਹੀ ਦੀਆ। ਸੇਠ ਮੇਰੇ ਕੋ ਛਹ ਮਹੀਨੇ ਕੇ ਵਾਸਤੇ ਅੰਦਰ ਕਰਾਇਆ। ਯੇ ਤਰਾ ਯੇ ਹਲਕਟ ਮੇਰੇ ਕੋ ਚੀਟ ਕੀਆ ਸਾਬ। ਕਿਆ ?
''ਪੀਛੂ ਜੇਲ ਸੇ ਆਨੇ ਕਾ ਬਾਦ ਮੈਂ ਯੇ ਛੋਕਰੀ ਕੋ ਮਿਲਾ। ਯੇ ਕੋ ਮੈਂ ਏਕ 'ਚ ਬਾਤ ਬੋਲਾ, ''ਏ ਬਾਈ, ਵੋ ਦਿਵਸ ਤੁਮ ਬੋਲਾ, ਤੁਮ ਪਣ ਅਪੁਨ ਕਾ ਮਾਫਿਕ ਧੰਦਾ ਕਰਤਾ। ਪਨ ਸੁਨੋ, ਤੁਮ ਧੰਦਾ ਨਈਂ ਕਰਤਾ, ਹਰਾਮ ਕਾ ਕਮਾਈ ਖਾਤਾ। ਤੁਮ ਖਾਲੀ ਜਿਸਮ ਨਈਂ ਬੇਚਤਾ, ਤੁਮਾਰਾ ਜਮੀਰ ਪਣ ਬੇਚਤਾ ਹੈ।''
''ਦੂਸਰਾ ਕੋਈ ਛੋਕਰੀ ਹੋਤਾ ਤੋ ਸ਼ੇਮ ਫੀਲ ਕਰਤਾ, ਸੌਰੀ ਬੋਲਤਾ, ਪਨ ਯੇ ਹਲਕਟ ਕਿਆ ਬੋਲਾ ਸਾਬ, ਮਾਲੂਮ ? ਬੋਲਤਾ ਹੈ, ''ਭੀਕਾਜੀ, ਵੋ ਦਿਵਸ ਸੇਠ ਕਾ ਸਾਥ ਲਫੜਾ ਕਰਕੇ ਮੈਂ ਬੜਾ ਗਲਤੀ ਕੀਆ। ਤੁਮ ਬੀ ਗਲਤੀ ਕੀਆ ਭੀਕਾਜੀ। ਮਰਦ-ਔਰਤ ਕਾ ਬੀਚ ਮੇਂ ਟੈਕਸੀ ਡਰਾਈਵਰ ਆਨਾ ਨਈਂ ਮਾਂਗਤਾ। ਆਗੇ ਅਈਸਾ ਗਲਤੀ ਨਈਂ ਕਰਨਾ। ਦੁਨੀਆਂ ਮੇਂ ਬਹੁਤ ਬੁਰਾ-ਬੁਰਾ ਕਾਮ ਹੋਤਾ ; ਪਨ ਆਜ ਕਾ ਜਮਾਨਾ ਮੂੰ ਖੋਲਨੇ ਕਾ ਨਈਂ। ਮਾਈ ਮਦਰ ਸੇਜ---'ਆਲਵੇਜ ਲਾਈ ਲੋ, ਐਂਡ ਕੀਪ ਕਵਾਈਟ।' ਮੈਂ ਤੁਮ ਕੋ ਯੇ ਇਚ ਬੋਲਤਾ।''
''ਯੇ ਸੁਨ ਕੇ ਅਪੁਨ ਕੋ ਬਹੁਤ ਜਾਸਤੀ ਗੁੱਸਾ ਆਇਆ ਸਾਬ। ਮੈਂ ਯੇ ਛੋਕਰੀ ਕਾ ਮੂੰ ਪੇ ਥੂਕਾ ਔਰ ਬੋਲ ਕੇ ਆਇਆ, ''ਯੂ ਲਾਈ ਲੋ, ਐਂਡ ਗੈੱਟ ਫਕਡ ; ਬਟ ਆਈ ਸ਼ੈਲ ਕੀਪ ਕਵਾਈਟ।''
''ਯੇ ਇਚ ਵਾਸਤੇ ਮੈਂ ਆਪਕੋ ਬੋਲਾ ਸਾਬ, ਯੇ ਛੋਕਰੀ ਹਲਕਟ ਹੈ। ਅਪੁਨ ਯੇ ਕਾ ਨਾਂਵ ਇਚ ਪੜੇਲਾ ਹੈ---ਲਾਈ ਲੋ ! ਕਿਆ ?

ਟੇਪਚੂ...:: ਲੇਖਕ : ਉਦੈ ਪ੍ਰਕਾਸ਼



ਹਿੰਦੀ ਕਹਾਣੀ :
ਟੇਪਚੂ...
ਲੇਖਕ : ਉਦੈ ਪ੍ਰਕਾਸ਼
ਅਨੁਵਾਦ : ਮਹਿੰਦਰ ਬੇਦੀ, ਜੈਤੋ













ਇੱਥੇ ਜੋ ਕੁਝ ਲਿਖਿਆ ਹੋਇਆ ਏ, ਇਹ ਕੋਈ ਕਹਾਣੀ ਨਹੀਂ—ਕਦੀ-ਕਦੀ ਸੱਚਾਈ, ਕਹਾਣੀ ਨਾਲੋਂ ਵੱਧ ਹੈਰਾਨੀ ਭਰੀ ਹੁੰਦੀ ਏ—ਟੇਪਚੂ ਬਾਰੇ ਸਭ ਕੁਝ ਜਾਣ ਲੈਣ ਪਿੱਛੋਂ ਤੁਹਾਨੂੰ ਵੀ ਇਵੇਂ ਈ ਲੱਗੇਗਾ।
ਟੇਪਚੂ ਨੂੰ ਮੈਂ ਬਿਲਕੁਲ ਨੇੜਿਓਂ ਵੇਖਿਆ ਏ ਤੇ ਚੰਗੀ ਤਰ੍ਹਾਂ ਜਾਣਦਾ ਆਂ। ਸਾਡਾ ਪਿੰਡ ਮਡਰ ਸੋਨ ਨਦੀ ਦੇ ਕੰਢੇ, ਕੋਈ ਦੋ ਕੁ ਫਰਲਾਂਗ ਦੇ ਫਾਸਲੇ ਉੱਤੇ, ਵੱਸਿਆ ਹੋਇਆ ਏ। ਦੂਰੀ ਸ਼ਾਇਦ ਕੁਝ ਹੋਰ ਵੀ ਘੱਟ ਹੋਵੇ, ਕਿਉਂਕਿ ਪਿੰਡ ਦੀਆਂ ਸੁਆਣੀਆਂ ਸਵੇਰੇ ਖੇਤਾਂ ਨੂੰ ਜਾਣ ਤੋਂ ਪਹਿਲਾਂ ਤੇ ਸ਼ਾਮੀਂ ਉੱਥੋਂ ਵਾਪਸ ਆਉਣ ਪਿੱਛੋਂ ਸੋਨ ਨਦੀ ਤੋਂ ਈ ਘਰ ਦੇ ਕੰਮ-ਧੰਦਿਆਂ ਲਈ ਪਾਣੀ ਭਰ ਕੇ ਲਿਆਉਂਦੀਆਂ ਨੇ। ਇਹ ਸੁਆਣੀਆਂ ਕੁਝ ਅਜਿਹੀਆਂ ਔਰਤਾਂ ਨੇ, ਜਿਹਨਾਂ ਨੂੰ ਮੈਂ ਕਦੀ ਥੱਕਿਆਂ ਨਹੀਂ ਵੇਖਿਆ—ਉਹ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਨੇ।
ਪਿੰਡ ਦੇ ਲੋਕ ਸੋਨ ਨਦੀ ਵਿਚ ਟੁੱਭੀਆਂ ਮਾਰ-ਮਾਰ ਨਹਾਉਂਦੇ ਨੇ। ਟੁੱਭੀਆਂ ਮਾਰਨ ਜੋਗਾ ਪਾਣੀ ਡੁੰਘਾ ਕਰਨ ਲਈ ਨਦੀ ਵਿਚ ਖੂਹੀਆਂ ਪੁੱਟਣੀਆਂ ਪੈਂਦੀਆਂ ਨੇ। ਨਦੀ ਦੀ ਵਹਿੰਦੀ ਹੋਈ ਧਾਰ ਦੇ ਹੋਠੋਂ ਬਰੇਤੀ ਨੂੰ ਪੰਜਿਆਂ ਨਾਲ ਸਰਕਾ ਦਿੱਤਾ ਜਾਵੇ ਤਾਂ ਖੂਹੀ ਬਣ ਜਾਂਦੀ ਏ। ਗਰਮੀ ਦੇ ਦਿਨਾਂ ਵਿਚ ਸੋਨ ਨਦੀ ਵਿਚ ਪਾਣੀ ਏਨਾ ਘੱਟ ਹੁੰਦਾ ਏ ਕਿ ਬਿਨਾਂ ਖੂਹੀ ਪੁੱਟਿਆਂ ਆਦਮੀ ਦਾ ਧੜ ਹੀ ਨਹੀਂ ਭਿੱਜਦਾ। ਇਹੀ ਸੋਨ ਨਦੀ ਬਿਹਾਰ ਪਹੁੰਚਦੀ-ਪਹੁੰਚਦੀ ਕੇਡੀ ਵੱਡੀ ਹੋ ਗਈ ਏ—ਇਸ ਦਾ ਅੰਦਾਜ਼ਾ ਸਾਡੇ ਪਿੰਡ ਦੇ ਘਾਟ 'ਤੇ ਖਲੋ ਕੇ ਨਹੀਂ ਲਾਇਆ ਜਾ ਸਕਦਾ।
ਸਾਡੇ ਪਿੰਡ ਵਿਚ ਦਸ ਗਿਆਰਾਂ ਸਾਲ ਪਹਿਲਾਂ ਅਬੀ ਨਾਂਅ ਦਾ ਇਕ ਮੁਸਲਮਾਨ ਰਹਿੰਦਾ ਹੁੰਦਾ ਸੀ। ਪਿੰਡ ਦੇ ਬਾਹਰ-ਵਾਰ ਜਿੱਥੇ ਚਮਿਆਰਾਂ ਦੀ ਬਸਤੀ ਏ, ਉਸ ਤੋਂ ਜ਼ਰਾ ਕੁ ਹਟ ਕੇ, ਤਿੰਨ ਚਾਰ ਘਰ ਮੁਸਲਮਾਨਾ ਦੇ ਹੁੰਦੇ ਸੀ। ਮੁਸਲਮਾਨ, ਮੁਰਗੀਆਂ, ਬੱਕਰੀਆਂ ਪਾਲਦੇ ਸੀ। ਲੋਕੀ ਉਹਨਾਂ ਨੂੰ ਚਿਕਵਾ ਜਾਂ ਕਸਾਈ ਕਹਿੰਦੇ ਸਨ। ਉਹ ਬੱਕਰੇ-ਬੱਕਰੀ ਦੇ ਮੀਟ ਦਾ ਧੰਦਾ ਵੀ ਕਰਦੇ ਸਨ। ਥੋੜ੍ਹੀ-ਬਹੁਤ ਜ਼ਮੀਨ ਵੀ ਹੁੰਦੀ ਸੀ ਉਹਨਾਂ ਕੋਲ।
ਅਬੀ ਆਵਾਰਾ ਤੇ ਫੱਕੜ ਕਿਸਮ ਦਾ ਆਦਮੀ ਸੀ। ਦੋ–ਦੋ ਔਰਤਾਂ ਨਾਲ ਸ਼ਾਦੀ ਕਰਵਾਈ ਹੋਈ ਸੀ ਉਸਨੇ। ਪਿੱਛੋਂ ਇਕ ਔਰਤ ਜਿਹੜੀ ਕੁਝ ਵਧੇਰੇ ਹੁਸੀਨ ਸੀ, ਕਸਬੇ ਦੇ ਇਕ ਦਰਜੀ ਦੇ ਘਰ ਜਾ ਬੈਠੀ। ਅਬੀ ਨੇ ਕੋਈ ਗ਼ਮ ਜਾਂ ਗੁੱਸਾ ਨਹੀਂ ਕੀਤਾ। ਪੰਚਾਇਤ ਨੇ ਦਰਜੀ ਨੂੰ ਜਿੰਨੀ ਰਕਮ ਭਰਨ ਲਈ ਕਿਹਾ, ਉਸਨੇ ਭਰ ਦਿੱਤੀ। ਅਬੀ ਨੇ ਉਹਨਾਂ ਰੁਪਈਆਂ ਨਾਲ ਕੁਝ ਦਿਨ ਐਸ਼ ਕੀਤੀ ਤੇ ਫੇਰ ਇਕ ਹਰਮੋਨੀਅਮ ਖ਼ਰੀਦ ਲਿਆਂਦਾ। ਅਬੀ ਜਦੋਂ ਵੀ ਮੰਡੀ ਜਾਂਦਾ, ਉਸੇ ਦਰਜੀ ਦੇ ਘਰ ਠਹਿਰਦਾ। ਖਾਂਦਾ-ਪੀਂਦਾ, ਜਸ਼ਨ ਮਨਾਉਂਦਾ; ਆਪਣੀ ਪੁਰਾਣੀ ਪਤਨੀ ਨੂੰ ਮੱਖਣ ਲਾ ਕੇ ਕੁਝ ਰੁਪਈਏ ਮਾਂਠਦਾ ਲੈਂਦਾ ਤੇ ਫੇਰ ਖ਼ਰੀਦਾਰੀ ਕਰਕੇ ਘਰ ਪਰਤ ਆਉਂਦਾ।
ਕਹਿੰਦੇ ਨੇ, ਅਬੀ ਵੀ ਸੋਹਣਾ ਸੀ। ਉਸਦੇ ਚਿਹਰੇ ਉੱਤੇ ਹਲਕੀ ਜਿਹੀ ਲੁਈਂ ਸੀ। ਜੁੱਸਾ ਪਤਲਾ ਸੀ। ਬਚਪਨ ਵਿਚ ਬਿਮਾਰ ਰਹਿਣ ਤੇ ਪਿੱਛੋਂ ਢੰਗ ਸਿਰ ਦੀ ਖ਼ੁਰਾਕ ਨਾ ਮਿਲਣ ਕਰਕੇ ਉਸਦਾ ਰੰਗ ਹਲਕਾ ਹਲਦੀਆ ਹੋ ਗਿਆ ਸੀ। ਉਂਜ ਉਹ ਗੋਰਾ ਦਿਸਦਾ ਸੀ। ਲੱਗਦਾ ਸੀ, ਉਸਦੇ ਸਰੀਰ ਨੇ ਜਿਵੇਂ ਕਦੀ ਧੁੱਪ ਨਾ ਸੇਕੀ ਹੋਵੇ। ਹਨੇਰੇ ਵਿਚ, ਧੁੱਪ ਤੇ ਹਵਾ ਤੋਂ ਦੂਰ ਉਗਣ ਵਾਲੇ ਕਣਕ ਦੇ ਪੀਲੇ ਬੂਟੇ ਵਰਗਾ ਸੀ ਉਸਦਾ ਰੰਗ। ਫੇਰ ਵੀ ਉਸ ਵਿਚ ਪਤਾ ਨਹੀਂ ਕੀ ਗੁਣ ਸੀ ਕਿ ਕੁੜੀਆਂ ਉਸ ਉੱਤੇ ਫਿਦਾਅ ਹੋ ਜਾਂਦੀਆਂ ਸਨ। ਸ਼ਾਇਦ ਇਸਦਾ ਇਕ ਕਾਰਣ ਇਹ ਹੋਵੇ ਕਿ ਦੂਰ-ਦੁਰੇਡੇ ਦੇ ਸ਼ਹਿਰਾਂ ਵਿਚ ਚੱਲਣ ਵਾਲੇ ਫੈਸ਼ਨ, ਸਭ ਤੋਂ ਪਹਿਲਾਂ ਉਸੇ ਨਾਲ ਪਿੰਡ ਵਿਚ ਪਹੁੰਚਦੇ ਸਨ। ਜੇਬੀ ਕੰਘੀ, ਧੁੱਪ ਵਾਲੀ ਐਨਕ, ਜਿਹੜੀ ਬਾਹਰੋਂ ਸ਼ੀਸ਼ੇ ਵਾਂਗ ਚਮਕਦੀ ਸੀ, ਪਰ ਅੰਦਰੋਂ ਆਰ-ਪਾਰ ਦਿਖਾਈ ਦੇਂਦਾ ਸੀ, ਤੌਲੀਏ ਵਰਗੇ ਕਪੜੇ ਦੀ ਨੰਬਰਾਂ ਵਾਲੀ ਬਨੈਣ, ਪੰਜਾਬੀਆਂ ਦਾ ਅੱਠਾਂ ਧਾਤਾਂ ਵਾਲਾ ਕੜਾ, ਰਬੜ ਦਾ ਹੰਟਰ ਵਗ਼ੈਰਾ ਅਜਿਹੀਆਂ ਵਸਤਾਂ ਸਨ, ਜਿਹੜੀਆਂ ਅਬੀ ਸ਼ਹਿਰੋਂ ਪਿੰਡ ਲਿਆਇਆ ਸੀ।
ਜਦੋਂ ਦਾ ਅਬੀ ਨੇ ਹਰਮੋਨੀਅਮ ਖ਼ਰੀਦਿਆ ਸੀ, ਉਦੋਂ ਦਾ ਉਹ ਸਾਰਾ ਦਿਨ ਚੀਂਪੌਂ–ਚੀਂਪੌਂ ਕਰਦਾ ਰਹਿੰਦਾ ਸੀ। ਉਸਦੀ ਜੇਬ ਵਿਚ ਇਕ-ਇਕ ਆਨੇ ਵਾਲੀਆਂ ਫਿਲਮੀਂ ਗੀਤਾਂ ਦੀਆਂ ਕਿਤਾਬਾਂ ਹੁੰਦੀਆਂ। ਉਸਨੇ ਸ਼ਹਿਰ ਵਿਚ ਕਵਾਲਾਂ ਨੂੰ ਦੇਖਿਆ ਸੀ ਤੇ ਉਸਦੀ ਦਿਲੀ ਇੱਛਾ ਸੀ ਕਿ ਉਹ ਕਵਾਲ ਬਣ ਜਾਵੇ, ਪਰ ਜੀਅ ਤੋੜ ਕੋਸ਼ਿਸ਼ ਕਰਨ ਪਿੱਛੋਂ ਵੀ...“ਹਮੇਂ ਤੋ ਲੂਟ ਲੀਆ ਮਿਲਕੇ ਹੁਸਨ ਵਾਲੋਂ ਨੇ” ਦੇ ਇਲਾਵਾ ਹੋਰ ਕੋਈ ਸੁਰ ਉਸ ਤੋਂ ਸੂਤ ਨਹੀਂ ਸੀ ਆਈ।
ਬਾਅਦ ਵਿਚ ਅਬੀ ਨੇ ਆਪਣੀ ਦਾੜ੍ਹੀ, ਮੁੱਛਾਂ ਬਿਲਕੁਲ ਸਫਾਚੱਟ ਕਰਵਾ ਦਿੱਤੀਆਂ ਤੇ ਵਾਲ ਵਧਾ ਲਏ। ਚਿਹਰੇ ਉਪਰ ਗੀਆ ਭਾਠਾ ਮਰਲਣ ਲੱਗ ਪਿਆ। ਪਿੰਡ ਦੇ ਧੋਬੀ ਦਾ ਮੁੰਡਾ ਜਿਆਵਨ ਉਸਦੇ ਨਾਲ-ਨਾਲ ਭੌਂਣ ਲੱਗਿਆ ਤੇ ਦੋਵੇਂ ਪਿੰਡੋ-ਪਿੰਡ ਜਾ ਕੇ ਗਾਉਣ-ਵਜਾਉਣ ਲੱਗ ਪਏ। ਅਬੀ ਇਸ ਕੰਮ ਨੂੰ ਆਰਟ ਕਹਿੰਦਾ ਸੀ, ਪਰ ਪਿੰਡ ਦੇ ਲੋਕੀ ਕਹਿੰਦੇ ਸਨ, “ਸਹੁਰੇ ਭੰਡ, ਕਰਦੇ ਕੀ ਫਿਰਦੇ ਐ।” ਅਬੀ ਏਨੀ ਕਮਾਈ ਕਰ ਲੈਂਦਾ ਸੀ ਕਿ ਉਸਦੀ ਘਰਵਾਲੀ ਖੁੱਲ੍ਹਾ ਖਾ-ਪੀ ਸਕੇ।
ਟੇਪਚੂ ਇਸੇ ਅਬੀ ਦਾ ਮੁੰਡਾ ਸੀ।
ਟੇਪਚੂ ਜਦੋਂ ਦੋ ਸਾਲ ਦਾ ਸੀ, ਅਬੀ ਦੀ ਅਚਾਣਕ ਮੌਤ ਹੋ ਗਈ।
ਅਬੀ ਦੀ ਮੌਤ ਵੀ ਬੜੀ ਅਜੀਬੋ-ਗਰੀਬ ਦੁਰਘਟਨਾ ਵਿਚ ਹੋਈ। ਹਾੜ ਦੇ ਦਿਨ ਸਨ। ਸੋਨ ਚੜ੍ਹੀ ਹੋਈ ਸੀ। ਸਫ਼ੇਦ ਝੱਗ ਤੇ ਲੱਕੜ ਦੇ ਗਲ਼ੇ-ਸੜੇ ਫੱਟੇ ਤੇ ਟਾਹਣੇ ਧਾਰ ਵਿਚ ਤੈਰਦੇ ਨਜ਼ਰ ਆਉਂਦੇ—ਪਾਣੀ ਮਿਟਮੈਲਾ ਹੋ ਗਿਆ ਸੀ; ਚਾਹ-ਰੰਗਾ ਤੇ ਉਸ ਵਿਚ ਬੇਲੋੜਾ ਘਾਹ ਫੂਸ ਤੇ ਕਾਈ ਤੈਰਦੇ ਰਹਿੰਦੇ ਸਨ। ਇਹ ਹੜ੍ਹ ਦੀ ਅਗਾਊ ਸੂਚਨਾ ਸੀ। ਘੰਟੇ ਦੋ ਘੰਟਿਆਂ ਵਿਚ ਹੀ ਨਦੀ ਦਾ ਪਾਣੀ ਚੜ੍ਹ ਜਾਣਾ ਸੀ। ਅਬੀ ਤੇ ਜਿਆਵਨ ਨੂੰ ਜਲਦੀ ਸੀ, ਇਸ ਲਈ ਉਹ ਹੜ੍ਹ ਤੋਂ ਪਹਿਲਾਂ ਨਦੀ ਪਾਰ ਕਰ ਲੈਣੀ ਚਾਹੁੰਦੇ ਸਨ। ਜਦੋਂ ਤਕ ਉਹਨਾਂ ਪਾਰ ਜਾਣ ਦਾ ਫੈਸਲਾ ਕੀਤਾ ਤੇ ਪਾਣੀ ਵਿਚ ਪੈਰ ਧਰਿਆ, ਸੋਨ ਵਿਚ ਲੱਕ-ਲੱਕ ਪਾਣੀ ਹੋ ਗਿਆ। ਜਿੱਥੇ ਕਿਤੇ ਪਿੰਡ ਦੇ ਲੋਕਾਂ ਖੂਹੀਆਂ ਬਣਾਈਆਂ ਸਨ, ਪਾਣੀ ਛਾਤੀ ਤਕ ਪਹੁੰਚ ਜਾਂਦਾ। ਕਹਿੰਦੇ ਨੇ ਕਿ ਜਿਆਵਨ ਤੇ ਅਬੀ ਬੜੇ ਆਰਾਮ ਨਾਲ ਨਦੀ ਪਾਰ ਕਰ ਰਹੇ ਸਨ। ਨਦੀ ਦੇ ਦੂਜੇ ਕਿਨਾਰੇ ਉਪਰ ਪਿੰਡ ਦੀਆਂ ਔਰਤਾਂ ਘੜੇ ਚੁੱਕੀ ਖੜ੍ਹੀਆਂ ਸਨ। ਅਬੀ ਉਹਨਾਂ ਨੂੰ ਵੇਖ ਕੇ ਮੌਜ਼ ਵਿਚ ਆ ਗਿਆ। ਜਿਆਵਨ ਨੇ ਪ੍ਰਦੇਸੀਆ ਦੀ ਲੰਮੀ ਤਾਣ ਛੇੜੀ; ਅਬੀ ਵੀ ਸੁਰ ਮਿਲਾਉਣ ਲੱਗ ਪਿਆ। ਗੀਤ ਸੁੱਤੇ-ਸੁਰ ਜਗਾਉਣ ਵਾਲਾ ਸੀ। ਔਰਤਾਂ ਖੁਸ਼ ਸਨ ਤੇ ਖਿੜ-ਖਿੜ ਹੱਸ ਰਹੀਆਂ ਸਨ। ਅਬੀ ਕੁਝ ਹੋਰ ਮਸਤੀ ਵਿਚ ਆ ਗਿਆ। ਜਿਆਵਨ ਦੇ ਗਲ਼ ਵਿਚ ਪਰਨੇ ਨਾਲ ਬੱਧਾ ਹਰਮੋਨੀਅਮ ਝੂਲ ਰਿਹਾ ਸੀ। ਅਬੀ ਨੇ ਹਰਮੋਨੀਅਮ ਉਸ ਤੋਂ ਲੈ ਕੇ ਆਪਣੇ ਗਲ਼ ਵਿਚ ਲਟਕਾਅ ਲਿਆ ਤੇ ਰਸਦਾਰ ਸਾਲਹੋ ਗਾਉਣ ਲੱਗ ਪਿਆ। ਦੂਜੇ ਕਿਨਾਰੇ ਖੜ੍ਹੀਆਂ ਔਰਤ ਖਿੜ-ਖਿੜ ਕਰ ਰਹੀਆਂ ਸਨ ਕਿ ਕਈਆਂ ਦੇ ਮੂੰਹੋਂ ਚੀਕ ਨਿਕਲ ਗਈ। ਜਿਆਵਨ ਮੂੰਹ ਅੱਡੀ ਖੜ੍ਹਾ ਰਹਿ ਗਿਆ। ਅਬੀ ਦਾ ਪੈਰ ਕਿਸੇ ਖੂਹੀ ਜਾਂ ਟੋਏ ਵਿਚ ਜਾ ਪਿਆ ਸੀ। ਉਹ ਧਾਰ ਦੇ ਐਨ ਵਿਚਕਾਰ ਜਾ ਡਿੱਗਿਆ। ਗਲ਼ ਵਿਚ ਲਟਕੇ ਹੋਏ ਹਰਮੋਨੀਅਮ ਨੇ ਉਸਨੂੰ ਹੱਥ-ਪੈਰ ਮਾਰਨ ਦਾ ਮੌਕਾ ਵੀ ਸੀ ਨਹੀਂ ਦਿੱਤਾ। ਹੋਇਆ ਇਹ ਸੀ ਕਿ ਅਬੀ ਕਿਸੇ ਫਿਲਮ ਵਿਚ ਦੇਖੇ ਹੋਏ ਵੈਜੰਤੀਮਾਲਾ ਦੇ ਡਾਂਸ ਦੀ ਨਕਲ ਕਰਨ ਲੱਗਿਆ ਸੀ ਤੇ ਇਸੇ ਦੌਰਾਨ ਉਸਦਾ ਪੈਰ ਕਿਸੇ ਖੂਹੀ ਵਿਚ ਜਾ ਪਿਆ ਸੀ। ਕੁਝ ਲੋਕ ਕਹਿੰਦੇ ਨੇ ਕਿ ਨਦੀ ਵਿਚ 'ਚੋਰ ਬਾਲੂ' ਵੀ ਹੁੰਦਾ ਏ। ਉਪਰੋਂ ਦੇਖਣ 'ਤੇ ਰੇਤ ਦੀ ਤਹਿ ਬਰਾਬਰ ਲੱਗਦੀ ਏ, ਪਰ ਉਸਦੇ ਹੇਠਾਂ ਅਥਾਹ ਗਹਿਰਾਈ ਹੁੰਦੀ ਏ...ਪੈਰ ਰੱਖਦਿਆਂ ਹੀ ਆਦਮੀ ਉਸ ਵਿਚ ਸਮਾਅ ਜਾਂਦਾ ਏ।
ਅਬੀ ਦੀ ਲਾਸ਼ ਤੇ ਹਰਮੋਨੀਅਮ, ਦੋਵਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਗਈ। ਮਲੰਗੂ ਵਰਗਾ ਮਸ਼ਹੂਰ ਮਲਾਹ ਗੋਤੇ ਲਾਉਂਦਾ ਰਿਹਾ, ਪਰ ਸਭ ਬੇਕਾਰ। ਕੁਝ ਥਹੁ ਹੀ ਨਹੀਂ ਸੀ ਲੱਗਿਆ।
ਅਬੀ ਦੀ ਘਰਵਾਲੀ ਫਿਰੋਜ਼ਾ ਜਵਾਨ ਸੀ। ਅਬੀ ਦੇ ਮਰ ਜਾਣ ਪਿੱਛੋਂ ਫਿਰੋਜ਼ਾ ਦੇ ਸਿਰ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਉਹ ਘਰ-ਘਰ ਜਾ ਕੇ ਦਾਲ, ਚੌਲ ਛੱਟਦੀ, ਖੇਤਾਂ ਵਿਚ ਮਜ਼ਦੂਰੀ ਕਰਦੀ, ਬਾਗਾਂ ਦੀ ਰਖਵਾਲੀ ਦਾ ਕੰਮ ਕਰਦੀ, ਤਾਂ ਕਿਤੇ ਜਾ ਕੇ ਰੋਟੀ ਨਸੀਬ ਹੁੰਦੀ। ਸਾਰਾ ਦਿਨ ਧਾਈਂ ਕੁੱਟਦੀ, ਸੋਨ ਨਦੀ ਤੋਂ ਘੜੇ ਭਰ-ਭਰ ਪਾਣੀ ਢੋਂਦੀ, ਘਰ ਦਾ ਸਾਰਾ ਕੰਮ ਕਾਜ ਕਰਨਾ ਪੈਂਦਾ, ਰਾਤ ਨੂੰ ਖੇਤ ਦੀ ਰਾਖੀ ਲਈ ਨਿਕਲ ਜਾਂਦੀ। ਘਰੇ ਇਕ ਬੱਕਰੀ ਸੀ, ਜਿਸਦੀ ਦੇਖਭਾਲ ਵੀ ਉਸੇ ਨੂੰ ਕਰਨੀਂ ਪੈਂਦੀ ਸੀ। ਇਹਨਾਂ ਸਾਰੇ ਕੰਮਾਂ ਦੌਰਾਨ, ਇਕ ਪੁਰਾਣੀ ਸਾੜ੍ਹੀ ਵਿਚ ਵੱਝਿਆ, ਟੇਪਚੂ ਉਸਦੇ ਢਿੱਡ ਉੱਤੇ ਚਮਗਿੱਦੜ ਵਾਂਗ ਝੂਲਦਾ ਰਹਿੰਦਾ।
ਫਿਰੋਜ਼ਾ ਨੂੰ ਇਕੱਲੀ ਸਮਝ ਕੇ ਪਿੰਡ ਦੇ ਕਈ ਖਾਂਦੇ-ਪੀਂਦੇ ਘਰਾਣਿਆਂ ਦੇ ਮੁੰਡਿਆਂ ਉਸਨੂੰ ਫਾਹੁਣ ਦੀ ਕੋਸ਼ਿਸ਼ ਕੀਤੀ, ਪਰ ਟੇਪਚੂ ਹਰ ਸਮੇਂ ਆਪਣੀ ਮਾਂ ਕੋਲ ਕਵਚ ਵਾਂਗ ਹੁੰਦਾ। ਦੂਜੀ ਗੱਲ ਉਹ ਏਨਾ ਘਿਣਾਉਣਾ ਸੀ ਕਿ ਫਿਰੋਜ਼ਾ ਦੀ ਜਵਾਨੀ ਉੱਤੇ ਗੋਹੇ ਵਾਂਗ ਲਿੱਪਿਆ ਲੱਗਦਾ ਸੀ। ਪਤਲੇ-ਪਤਲੇ ਸੁੱਕੜ ਜਿਹੇ ਝੁਰੜੀਆਂ ਭਰੇ ਹੱਥ-ਪੈਰ, ਕੱਦੂ ਵਾਂਗ ਫੁੱਲਿਆ ਹੋਇਆ ਢਿੱਡ, ਫੋੜਿਆਂ ਨਾਲ ਭਰਿਆ ਪਿੰਡਾ। ਲੋਕ ਟੇਪਚੂ ਦੇ ਮਰਨ ਦੀ ਉਡੀਕ ਕਰਦੇ ਰਹੇ। ਇਕ ਸਾਲ ਬੀਤਦਿਆਂ-ਬੀਤਦਿਆਂ ਹੱਡ-ਭੰਨਵੀਂ ਮਿਹਨਤ ਨੇ ਫਿਰੋਜ਼ਾ ਦੀ ਦੇਹ ਨੂੰ ਨਿਚੋੜ ਕੇ ਰੱਖ ਦਿੱਤਾ। ਉਸਦੇ ਵਾਲ ਉਲਝੇ ਹੋਏ, ਰੁੱਖੇ ਤੇ ਗੰਦੇ ਰਹਿੰਦੇ। ਕੱਪੜਿਆਂ ਵਿਚੋਂ ਬੋ ਆਉਂਦੀ। ਸਰੀਰ ਪਸੀਨੇ, ਮੈਲ ਤੇ ਮਿੱਟੀ ਦੀਆਂ ਤੈਹਾਂ ਵਿਚ ਲਿਪਟਿਆ ਰਹਿੰਦਾ। ਉਹ ਲਗਾਤਾਰ ਕੰਮ ਕਰਦੀ ਰਹੀ। ਲੋਕਾਂ ਨੂੰ ਉਸ ਤੋਂ ਘਿਣ ਆਉਣ ਲੱਗ ਪਈ।
ਟੇਪਚੂ ਜਦੋਂ ਸੱਤ ਸਾਲ ਦਾ ਹੋਇਆ, ਪਿੰਡ ਦੇ ਲੋਕਾਂ ਦੀ ਦਿਲਚਸਪੀ ਉਸ ਵਿਚ ਪੈਦਾ ਹੋਣ ਲੱਗੀ।
ਸਾਡੇ ਪਿੰਡ ਦੇ ਬਾਹਰ, ਦੂਰ ਤਕ ਫੈਲੇ ਧਾਨ ਦੇ ਖੇਤਾਂ ਦੇ ਪਾਰ ਅੰਬਾਂ ਦਾ ਇਕ ਵੱਡਾ ਬਗ਼ੀਚਾ ਸੀ। ਕਿਹਾ ਜਾਂਦਾ ਏ ਕਿ ਪਿੰਡ ਦੇ ਰੱਜੇ-ਪੁਜੇ ਕਿਸਾਨ ਘਰਾਣਿਆਂ, ਠਾਕੁਰਾਂ–ਬ੍ਰਾਹਮਣਾ ਦੀਆਂ ਖ਼ਾਨਦਾਨੀ ਕੰਨਿਆਵਾਂ ਉਸੇ ਬਗ਼ੀਚੇ ਦੇ ਹਨੇਰੇ ਕੋਨੇ ਵਿਚ ਆਪਣੇ ਯਾਰਾਂ ਨੂੰ ਮਿਲਦੀਆਂ ਸੀ। ਹਰ ਤੀਜੇ-ਚੌਥੇ ਸਾਲ ਉਸ ਬਗ਼ੀਚੇ ਦੇ ਕਿਸੇ ਕੋਨੇ ਵਿਚ ਚੜ੍ਹਦੀ ਸਵੇਰ ਕੋਈ ਨਵਾਂ ਜੰਮਿਆਂ ਬਾਲ, ਰੋਂਦਾ ਹੋਇਆ, ਲਾਵਾਰਿਸ ਪਿਆ, ਮਿਲਦਾ। ਇਸ ਕਿਸਮ ਕੇ ਵਧੇਰੇ ਬੱਚੇ ਸਿਹਤਮੰਦ, ਸੁੰਦਰ ਤੇ ਗੋਰੇ-ਚਿੱਟੇ ਹੁੰਦੇ। ਪੱਕਾ ਸੀ ਕਿ ਪਿੰਡ ਦੇ ਆਦੀ-ਵਾਸੀਆਂ, ਕੋਲ-ਗੋਂਡਾਂ ਦੇ ਬੱਚੇ ਨਹੀਂ ਸੀ ਕਹੇ ਜਾ ਸਕਦੇ। ਹਰ ਵਾਰੀ ਪੁਲਿਸ ਆਉਂਦੀ। ਦਰੋਗਾ, ਠਾਕੁਰ ਸਾਹਿਬ ਦੇ ਘਰ ਬੈਠਾ ਰਹਿੰਦਾ। ਪੂਰੀ ਪੁਲਿਸ ਪਲਟਨ ਦਾ ਖਾਣਾ ਉੱਥੇ ਪੱਕਦਾ। ਮੁਰਗੇ ਪਿੰਡੋਂ ਫੜਵਾ ਲਏ ਜਾਂਦੇ। ਸ਼ਰਾਬ ਆਉਂਦੀ। ਸ਼ਾਮ ਨੂੰ ਪਾਨ ਚੰਬਦੇ, ਮੁਸਕਰਾਉਂਦੇ ਤੇ ਪਿੰਡ ਦੀਆਂ ਕੁੜੀਆਂ ਨਾਲ ਕਲੋਲ਼ ਕਰਦੇ ਪੁਲਿਸ ਵਾਲੇ ਚਲੇ ਜਾਂਦੇ। ਮਾਮਲਾ ਹਮੇਸ਼ਾ ਰਫ਼ਾ-ਦਫ਼ਾ ਹੋ ਜਾਂਦਾ।
ਇਸ ਬਗ਼ੀਚੇ ਦਾ ਪੁਰਾਣਾ ਨਾਂ ਮੁਖੀਆ ਜੀ ਦਾ ਬਗ਼ੀਚਾ ਸੀ। ਵਰ੍ਹਿਆਂ ਪਹਿਲਾਂ ਚੌਧਰੀ ਬਾਲ ਕਿਸ਼ਨ ਨੇ ਇਹ ਬਗ਼ੀਚਾ ਲਾਇਆ ਸੀ। ਮੰਸ਼ਾ ਇਹ ਸੀ ਕਿ ਖ਼ਾਲੀ ਪਈ ਸਰਕਾਰੀ ਜ਼ਮੀਨ ਉੱਤੇ ਹੌਲੀ-ਹੌਲੀ ਕਬਜ਼ਾ ਕਰ ਲਿਆ ਜਾਵੇ। ਹੁਣ ਤਾਂ ਇੱਥੇ ਅੰਬਾਂ ਦੇ ਦੋ ਢਾਈ ਸੌ ਰੁਖ ਸਨ, ਪਰ ਇਸ ਬਗ਼ੀਚੇ ਦਾ ਨਾਂ ਹੁਣ ਬਦਲ ਗਿਆ ਸੀ। ਇਸ ਨੂੰ ਲੋਕ ਭੂਤਾਂ ਵਾਲਾ ਬਗ਼ੀਚਾ ਕਹਿੰਦੇ ਸਨ, ਕਿਉਂਕਿ ਮੁਖੀਏ ਬਾਲ ਕਿਸ਼ਨ ਸਿੰਘ ਦਾ ਭੂਤ ਉਸ ਵਿਚ ਵੱਸਣ ਲੱਗ ਪਿਆ ਸੀ। ਰਾਤ-ਬਰਾਤੇ ਉਧਰ ਜਾਣ ਵਾਲੇ ਲੋਕਾਂ ਦੀ ਘਿਘਗੀ ਵੱਝ ਜਾਂਦੀ। ਬਾਲ ਕਿਸ਼ਨ ਸਿੰਘ ਦੇ ਵੱਡੇ ਪੁੱਤਰ ਚੌਧਰੀ ਕਿਸ਼ਨ ਪਾਲ ਸਿੰਘ ਇਕ ਵਾਰੀ ਉਧਰੋਂ ਲੰਘ ਰਹੇ ਸਨ ਉਹਨਾਂ ਨੂੰ ਕਿਸੇ ਜ਼ਨਾਨੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਾ ਕੇ ਦੇਖਿਆ...ਝਾਫਿਆਂ-ਸਰਕੜਿਆਂ ਵਿਚ ਨਿਗਾਹ ਮਾਰੀ ਤਾਂ ਕੋਈ ਵੀ ਨਹੀਂ ਸੀ। ਉਹਨਾਂ ਦੇ ਸਿਰ ਦੇ ਵਾਲ ਖੜ੍ਹੇ ਹੋ ਗਏ। ਧੋਤੀ ਦਾ ਲਾਂਗੜ ਖੁੱਲ੍ਹ ਗਿਆ ਤੇ ਉਹ 'ਜੈ-ਹਨੁਮਾਨ—ਜੈ-ਹਨੁਮਾਨ' ਕਰਦੇ ਭੱਜ ਆਏ।
ਉਦੋਂ ਤੋਂ ਅਕਸਰ ਉੱਥੇ ਕਿਸੇ ਜ਼ਨਾਨੀ ਦੇ ਕਰਾਹੁਣ ਜਾਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਜਾਣ ਲੱਗ ਪਈਆਂ। ਦਿਨੇ ਜਾਨਵਰਾਂ ਦੀਆਂ ਹੱਡੀਆਂ, ਜਬਾੜੇ ਜਾਂ ਚੂੜੀਆਂ ਦੇ ਟੋਟੇ ਖਿੱਲਰੇ ਲੱਭਦੇ। ਪਿੰਡ ਦੇ ਕੁਝ ਲਫੰਗਿਆਂ ਦਾ ਕਹਿਣਾ ਸੀ ਕਿ 'ਉਸ ਬਗ਼ੀਚੇ ਵਿਚ ਭੂਤ-ਵੂਤ ਕੁਝ ਨਹੀਂ—ਸਾਰੀਆਂ ਮੁਖੀਆ ਘਰਾਣੇ ਦੀਆਂ ਫੈਲੀਆਂ ਹੋਈਆਂ ਅਫਵਾਹਾਂ ਨੇ। ਸਾਲਿਆਂ ਨੇ ਉਸ ਬਗ਼ੀਚੇ ਨੂੰ ਐਸ਼-ਗਾਹ ਬਣਾਇਆ ਹੋਇਆ ਏ।'
ਇਕ ਵਾਰੀ ਮੈਂ ਨਾਲ ਦੇ ਪਿੰਡ ਵਿਚ ਕਿਸੇ ਸ਼ਾਦੀ ਵਿਚ ਗਿਆ ਸਾਂ। ਮੁੜਦਿਆਂ ਹੋਇਆਂ ਰਾਤ ਪੈ ਗਈ। ਬਾਰਾਂ ਵੱਜੇ ਹੋਣਗੇ। ਨਾਲ ਰਾਧੇ, ਸੰਭਾਰੂ ਤੇ ਬਲਦੇਵ ਸਨ। ਰਸਤਾ ਬਗ਼ੀਚੇ ਵਿਚੋਂ ਹੋ ਕੇ ਲੰਘਦਾ ਸੀ। ਸਾਡੇ ਹੱਥਾਂ ਵਿਚ ਸੋਟੀਆਂ ਸਨ। ਅਚਾਨਕ ਇਕ ਪਾਸਿਓਂ ਸੁੱਕੇ ਪੱਤਿਆਂ ਦੀ ਖੜਖੜਾਹਟ ਸੁਣਾਈ ਦਿੱਤੀ। ਲੱਗਿਆ, ਜਿਵੇਂ ਕੋਈ ਜੰਗਲੀ ਸੂਰ ਬੇਫਿਕਰੀ ਨਾਲ ਪੱਤਿਆਂ ਨੂੰ ਮਿਧਦਾ ਹੋਇਆ ਸਾਡੇ ਵੱਲ ਆ ਰਿਹਾ ਏ। ਅਸੀਂ ਸਾਰੇ ਖਲੋ ਕੇ ਬਿੜਕ ਲੈਣ ਲੱਗ ਪਏ। ਗਰਮੀਆਂ ਦੀ ਰਾਤ ਸੀ। ਜੇਠ ਦਾ ਮਹੀਨਾ। ਅਚਾਨਕ ਆਵਾਜ਼ ਜਿਵੇਂ ਠਿਠਕ ਗਈ। ਚੁੱਪ ਵਾਪਰ ਗਈ। ਅਸੀਂ ਟੋਹ ਲੈਣ ਲੱਗੇ। ਅੰਦਰੋਂ ਡਰ ਵੀ ਲੱਗ ਰਿਹਾ ਸੀ। ਬਲਦੇਵ ਅੱਗੇ ਵਧਿਆ, “ਕਿਹੜਾ ਐਂ ਓਇ, ਖੜ੍ਹ ਤੇਰੀ ਦੀ।” ਉਸਨੇ ਜ਼ਮੀਨ ਉੱਤੇ ਸੋਟੀ ਮਾਰੀ ਹਾਲਾਂਕਿ ਉਸਦੀਆਂ ਨਸਾਂ ਢਿੱਲੀਆਂ ਪੈ ਗਈਆਂ ਸਨ; ਜੇ ਕਿਤੇ ਮੁਖੀਏ ਦਾ ਭੂਤ ਹੋਇਆ ਫੇਰ? ਮੈਂ ਕਿਸੇ ਤਰ੍ਹਾਂ ਹਿੰਮਤ ਕੀਤੀ, “ਕਿਹੜੈ, ਬਈ ਓਇ।” ਬਲਦੇਵ ਨੂੰ ਅੱਗੇ ਵਧਦਾ ਵੇਖ ਕੇ ਸੰਭਾਰੂ ਵੀ ਤੜ ਫੜ੍ਹ ਗਿਆ। ਪਾਗਲਾਂ ਵਾਂਗ ਸੱਜੇ-ਖੱਬੇ, ਉਪਰ–ਹੇਠਾਂ ਸੋਟੀ ਘੁਮਾਉਂਦਾ ਹੋਇਆ ਉਸੇ ਪਾਸੇ ਵਧਿਆ।
ਉਦੋਂ ਹੀ ਇਕ ਬਰੀਕ ਤੇ ਫੁਸਫੁਸੀ ਜਿਹੀ ਆਵਾਜ਼ ਸੁਣਾਈ ਦਿੱਤੀ, “ਮੈਂ ਆਂ ਜੀ, ਚਾ'ਜੀ।”
“ਮੈਂ ਕਿਹਾੜਾ ਓਇ?” ਬਲਦੇਵ ਕੜਕਿਆ।
ਹਨੇਰੇ ਵਿਚੋਂ ਟੇਪਚੂ ਬਾਹਰ ਨਿਕਲ ਆਇਆ, “ਚਾ'ਜੀ, ਮੈਂ ਐਂ ਟੇਪਚੂ।” ਉਹ ਬਗ਼ੀਚੇ ਦੇ ਹਨੇਰੇ ਵਿਚ ਲੁਕਦਾ-ਦਿਸਦਾ ਜਿਹਾ ਖੜ੍ਹਾ ਸੀ। ਹੱਥ ਵਿਚ ਥੈਲਾ ਸੀ। ਮੈਨੂੰ ਹੈਰਾਨੀ ਹੋਈ। “ਏਨੀ ਰਾਤ ਨੂੰ ਏਧਰ ਕੀ ਕਰ ਰਿਹੈਂ ਓਇ ਕਟੁਏ?”
ਕੁਝ ਚਿਰ ਟੇਪਚੂ ਚੁੱਪ ਰਿਹਾ। ਫੇਰ ਡਰਦਾ ਹੋਇਆ ਬੋਲਿਆ, “ਅੰਮਾਂ ਨੂੰ ਲੂ ਲੱਗ ਗਈ ਸੀ। ਦੁਪਹਿਰੇ ਮੁਖੀਏ ਦੇ ਖੇਤ ਦੀ ਰਾਖੀ ਕਰਨ ਗਈ ਸੀ, ਤਾਅ ਖਾ ਗਈ। ਉਸਨੇ ਕਿਹਾ ਕਿ ਕੱਚੀਆਂ ਅੰਬੀਆਂ ਦਾ ਛਿੱਛਾ ਮਿਲ ਜਾਏ ਤਾਂ ਠੀਕ ਹੋ ਜਾਏਗੀ। ਬੜਾ ਤੇਜ਼ ਬੁਖਾਰ ਏ।”
“ਭੂਤਾਂ ਡੈਣਾ ਤੋਂ ਡਰ ਨਹੀਂ ਲੱਗਦਾ ਤੈਨੂੰ ਮੋਇਆ? ਕਿਸੇ ਦਿਨ ਸਾਲੇ ਦੀ ਲਾਸ਼ ਮਿਲੂਗੀ ਕਿਸੇ ਝਾੜੀ 'ਚ ਪਈ।” ਰਾਧੇ ਨੇ ਕਿਹਾ। ਟੇਪਚੂ ਸਾਡੇ ਨਾਲ ਹੀ ਪਿੰਡ ਪਰਤ ਆਇਆ। ਸਾਰੇ ਰਸਤੇ ਚੁੱਪਚਾਪ ਚਲਦਾ ਰਿਹਾ। ਜਦੋਂ ਉਸਦੇ ਘਰ ਜਾਣ ਵਾਲੀ ਗਲੀ ਦਾ ਮੋੜ ਆਇਆ ਤਾਂ ਬੋਲਿਆ, “ਚਾ'ਜੀ, ਮੁਖੀਏ ਨੂੰ ਨਾ ਦੱਸਣਾ ਇਹ ਗੱਲ, ਨਹੀਂ ਤਾਂ ਮਾਰ-ਮਾਰ ਕੇ ਭੁੜਥਾ ਬਣਾ ਦਵੇਗਾ ਮੇਰਾ।”
ਟੇਪਚੂ ਦੀ ਉਮਰ ਉਦੋਂ ਮਸੀਂ ਸਤ-ਅੱਠ ਸਾਲ ਦੀ ਹੋਵੇਗੀ।
ਦੂਜੀ ਵਾਰੀ ਇੰਜ ਹੋਇਆ ਕਿ ਟੇਪਚੂ ਆਪਣੀ ਅੰਮਾਂ ਫਿਰੋਜ਼ਾ ਨਾਲ ਲੜ ਕੇ ਘਰੋਂ ਭੱਜ ਗਿਆ। ਫਿਰੋਜ਼ਾ ਨੇ ਉਸਨੂੰ ਬਲਦੀ ਹੋਈ ਚੁੱਲ੍ਹੇ ਦੀ ਲੱਕੜ ਨਾਲ ਕੁੱਟਿਆ ਸੀ। ਸਾਰੀ ਦੁਪਹਿਰ, ਤਿੱਖੜ ਧੁੱਪ ਵਿਚ ਟੇਪਚੂ ਜੰਗਲ ਵਿਚ ਪਸ਼ੂਆਂ ਡੰਗਰਾਂ ਨਾਲ ਭੌਂਦਾ ਫਿਰਿਆ। ਫੇਰ ਕਿਸੇ ਰੁੱਖ ਹੇਠ, ਛਾਂ ਵਿਚ, ਲੇਟ ਗਿਆ। ਥੱਕਿਆ ਹੋਇਆ ਸੀ। ਅੱਖ ਲੱਗ ਗਈ। ਨੀਂਦ ਖੁੱਲ੍ਹੀ ਤਾਂ ਢਿੱਡ ਵਿਚ ਚੂਹੇ ਨੱਚ ਰਹੇ ਸਨ। ਭੁੱਖ ਦਾ ਭਾਂਬੜ ਮੱਚ ਰਿਹਾ ਸੀ। ਬੜੀ ਦੇਰ ਤਕ ਓਵੇਂ ਹੀ ਪਿਆ ਰਿਹਾ, ਬਿਟਬਿਟ ਆਸਮਾਨ ਵੱਲ ਵਿਹੰਦਾ ਰਿਹਾ। ਫੇਰ ਭੁੱਖ ਦੀ ਅੱਗ ਨਾਲ ਜਦੋਂ ਕੰਨਾਂ ਦੀ ਲੋਲਾਂ ਤਕ ਗਰਮ ਹੋਣ ਲੱਗੀਆਂ ਤਾਂ ਸੁਸਤ ਜਿਹਾ ਉਠ ਕੇ ਸੋਚਣ ਲੱਗਿਆ ਕਿ ਹੁਣ ਕੀ ਜੁਗਾੜ ਕੀਤਾ ਜਾਵੇ। ਉਸਨੂੰ ਯਾਦ ਆਇਆ ਕਿ ਸਰਈ ਦੇ ਰੁਖਾਂ ਦੇ ਪਾਰ ਜੰਗਲ ਵਿਚ ਇਕ ਮੈਦਾਨ ਏਂ। ਉੱਥੇ ਹੀ ਪੁਰਨਿਹਾ ਦਾ ਛੱਪੜ।
ਉਹ ਛੱਪੜ 'ਤੇ ਜਾ ਪਹੁੰਚਿਆ। ਇਸ ਛੱਪੜ ਵਿਚ ਦਿਨੇ ਪਿੰਡ ਦੀਆਂ ਮੱਝਾਂ ਤੇ ਰਾਤ ਨੂੰ ਜੰਗਲੀ ਸੂਰ ਟੁੱਭੀਆਂ ਲਾਉਂਦੇ ਸਨ। ਪਾਣੀ ਕਾਲਾ-ਹਰਾ ਜਿਹਾ ਦਿਖਾਈ ਦੇ ਰਿਹਾ ਸੀ। ਸਾਰੀ ਸਤਿਹ ਉਪਰ ਕਮਲ ਤੇ ਪੁਰਈਨ ਦੇ ਬੂਟੇ ਫੈਲੇ ਹੋਏ ਸਨ। ਵਿਚਕਾਰ ਕਾਈ ਦੀ ਮੋਟੀ ਤੈਹ ਸੀ। ਟੇਪਚੂ ਛੱਪੜ ਵਿਚ ਵੜ ਗਿਆ। ਉਹ ਕਮਲ ਦੀਆਂ ਕੁਕੜੀਆਂ ਤੇ ਪੁਰਈਨ ਦੇ ਟੂਸੇ ਕੱਢ ਲਿਆਉਣਾ ਚਾਹੁੰਦਾ ਸੀ। ਤੈਰਨਾ ਉਹ ਜਾਣਦਾ ਸੀ।
ਛੱਪੜ ਦੇ ਵਿਚਕਾਰ ਪਹੁੰਚ ਕੇ ਉਹ ਕਮਲ ਦੀਆਂ ਕੁਕੜੀਆਂ ਤੋੜਨ ਲੱਗ ਪਿਆ। ਇਕ ਹੱਥ ਵਿਚ ਕਾਫੀ ਸਾਰੀਆਂ ਕਮਲ-ਕੁਕੜੀਆਂ ਤੇ ਪੁਰਈਨ ਦੇ ਟੂਸੇ ਉਸਨੇ ਫੜ੍ਹ ਲਏ। ਵਾਪਸ ਬਾਹਰ ਆਉਣ ਲਈ ਮੁੜਿਆ, ਤਾਂ ਤੈਰਨ ਵਿਚ ਦਿੱਕਤ ਹੋਣ ਲੱਗੀ। ਜਿਸ ਰਸਤੇ ਪਾਣੀ ਨੂੰ ਕੱਟਦਾ ਹੋਇਆ ਉਹ ਵਾਪਸ ਆਉਣਾ ਚਾਹੁੰਦਾ ਸੀ, ਉੱਥੇ ਕਮਲ ਤੇ ਪੁਰਈਨ ਦੇ ਸੰਘਣੇ ਨੜੇ ਆਪਸ ਵਿਚ ਉਲਝੇ ਹੋਏ ਸਨ। ਉਸਦਾ ਪੈਰ ਨੜਿਆਂ ਵਿਚ ਫਸ ਗਿਆ ਤੇ ਛੱਪੜ ਦੇ ਐਨ ਵਿਚਕਾਰ ਉਹ 'ਘਪ-ਘਪ' ਕਰਨ ਲੱਗ ਪਿਆ।
ਪਰਮੇਸਰਾ ਜਦੋਂ ਮੱਝ ਨੂੰ ਪਾਣੀ ਪਿਆਉਣ ਛੱਪੜ 'ਤੇ ਆਇਆ ਤਾਂ ਉਸਨੇ ਗੜਪ-ਗੜਪ ਦੀਆਂ ਆਵਾਜ਼ਾਂ ਸੁਣੀਆਂ। ਉਸਨੂੰ ਲੱਗਿਆ, ਕੋਈ ਵੱਡੀ ਮੱਛੀ ਮਸਤੀ ਵਿਚ ਆ ਕੇ ਜਲ-ਮਸਤੀਆਂ ਕਰ ਰਹੀ ਏ। ਜੇਠ ਦੇ ਮਹੀਨੇ ਵਿਚ ਵੈਸੇ ਵੀ ਮੱਛੀਆਂ ਨੂੰ ਗਰਮੀ ਚੜ੍ਹ ਜਾਂਦੀ ਏ। ਉਸਨੇ ਕੱਪੜੇ ਲਾਹੇ ਤੇ ਪਾਣੀ ਵਿਚ ਉਤਰ ਗਿਆ। ਜਿੱਥੇ ਉਹ ਮੱਛੀ ਭੁੜਕ ਰਹੀ ਸੀ ਉੱਥੇ ਉਸਨੇ ਗੋਤਾ ਮਾਰ ਕੇ ਮੱਛੀ ਨੂੰ ਗਲਫੜਿਆਂ ਤੋਂ ਆਪਣੇ ਪੰਜੇ ਵਿਚ ਦਬੋਚ ਲੈਣਾ ਚਾਹਿਆ ਤਾਂ ਉਸਦੇ ਹੱਥ ਵਿਚ ਟੇਪਚੂ ਦੀ ਗਰਦਨ ਆ ਗਈ। ਉਹ ਪਹਿਲਾਂ ਤਾਂ ਡਰਿਆ, ਫੇਰ ਉਸਨੂੰ ਖਿੱਚ ਕੇ ਬਾਹਰ ਕੱਢ ਲਿਆਇਆ। ਟੇਪਚੂ ਹੁਣ ਮਰਿਆਂ ਵਾਂਗ ਪਿਆ ਸੀ। ਢਿੱਡ ਗੁਬਾਰੇ ਵਾਂਗ ਫੁੱਲਿਆ ਹੋਇਆ ਸੀ ਤੇ ਨੱਕ ਕੰਨ ਵਿਚੋਂ ਪਾਣੀ ਦੀ ਧਾਰ ਵਹਿ ਰਹੀ ਸੀ। ਟੇਪਚੂ ਨੰਗਾ ਸੀ ਤੇ ਉਸਦਾ ਪਿਸ਼ਾਬ ਨਿਕਲ ਰਿਹਾ ਸੀ। ਪਰਮੇਸਰੇ ਨੇ ਉਸਨੂੰ ਲੱਤਾਂ ਤੋਂ ਫੜ੍ਹ ਕੇ ਪੁੱਠਾ ਲਮਕਾਇਆ ਤੇ ਢਿੱਡ ਨੱਪ ਦਿੱਤਾ ਤਾਂ 'ਗੜ-ਗੜ' ਕਰਦਾ ਖਾਸਾ ਪਾਣੀ ਮੂੰਹ ਵਿਚੋਂ ਨਿਕਲਿਆ।
ਇਕ ਬਾਲ੍ਹਟੀ ਪਾਣੀ ਦੀ ਉਲਟੀ ਕਰਨ ਪਿੱਛੋਂ ਟੇਪਚੂ ਮੁਸਕਰਾਇਆ। ਉਠਿਆ ਤੇ ਬੋਲਿਆ, “ਚਾ'ਜੀ, ਥੋੜ੍ਹੇ ਕੁ ਕਮਲ-ਗੱਟੇ ਈ ਕੱਢ ਦੇ ਛੱਪੜ 'ਚੋਂ...ਮੈਂ ਵਾਹਵਾ ਸਾਰੇ ਤੋੜ ਲਏ ਸੀ, ਸਾਲੇ ਸਾਰੇ ਈ ਛੁੱਟ-ਗੇ। ਬੜੀ ਭੁੱਖ ਲੱਗੀ ਹੋਈ ਆ।”
ਪਰਮੇਸਰੇ ਨੇ ਮੱਝ ਹੱਕਣ ਵਾਲੇ ਡੰਡੇ ਨਾਲ ਚਾਰ-ਪੰਜ ਟੇਪਚੂ ਦੇ ਚਿੱਤੜਾਂ 'ਤੇ ਲਾਈਆਂ ਤੇ ਗਾਲ੍ਹਾਂ ਕੱਢਦਾ ਹੋਇਆ ਤੁਰ ਗਿਆ।
ਪਿੰਡ ਦੇ ਬਾਹਰ-ਵਾਰ, ਕਸਬੇ ਵੱਲ ਜਾਣ ਵਾਲੀ ਸੜਕ ਉੱਤੇ ਸਰਕਾਰੀ ਨਰਸਰੀ ਸੀ। ਉੱਥੇ ਪਲਾਂਟੇਸ਼ਨ ਦਾ ਕੰਮ ਚੱਲ ਰਿਹਾ ਸੀ। ਬਿੜਲਾ ਦੇ ਪੇਪਰ ਮਿੱਲ ਵਿਚ ਬਾਂਸ, ਸਾਗਵਾਨ ਤੇ ਯੂਕਲਿਪਟਸ ਦੇ ਰੁੱਖ ਲਾਏ ਗਏ ਸਨ। ਉਸੇ ਨਰਸਰੀ ਵਿਚ, ਖਾਸੀ ਅੰਦਰ ਜਾ ਕੇ, ਤਾੜ ਦੇ ਵੀ ਕਈ ਰੁੱਖ ਸਨ। ਪਿੰਡ ਵਿਚ ਤਾੜੀ ਪੀਣ ਵਾਲਿਆਂ ਦੀ ਵੱਡੀ ਗਿਣਤੀ ਸੀ। ਵਧੇਰੇ ਆਦੀ ਵਾਸੀ ਮਜ਼ਦੂਰ, ਜਿਹੜੇ ਪੀ.ਡਬਲਿਊ.ਡੀ ਵਿਚ ਸੜਕ ਬਣਾਉਣ ਤੇ ਰਾਖੜ ਮਿੱਟੀ ਵਿਛਾਉਣ ਦਾ ਕੰਮ ਕਰਦੇ ਸਨ, ਦਿਨ ਭਰ ਦੀ ਥਕਾਣ ਪਿੱਛੋਂ ਰਾਤ ਨੂੰ ਤਾੜੀ ਪੀ ਕੇ ਗੁੱਟ ਹੋ ਜਾਂਦੇ ਸਨ। ਪਹਿਲਾਂ ਉਹ ਲੋਕ ਸ਼ਾਮ ਦਾ ਘੁਸਮੁਸਾ ਹੁੰਦਿਆਂ ਹੀ ਕੁੱਜੇ ਲਿਜਾਅ ਕੇ ਰੁੱਖਾਂ ਉੱਤੇ ਬੰਨ੍ਹ ਆਉਂਦੇ। ਤਾੜ ਦਾ ਰੁੱਖ ਬਿਲਕੁਲ ਸਿੱਧਾ ਹੁੰਦਾ ਏ। ਉਸ ਉੱਤੇ ਚੜ੍ਹਨ ਦੀ ਹਿੰਮਤ ਜਾਂ ਤਾਂ ਕਿਰਲੀ ਕਰ ਸਕਦੀ ਏ ਜਾਂ ਫੇਰ ਮਜ਼ਦੂਰ। ਸਵੇਰ ਤਕ ਮਟਕੇ ਵਿਚ ਤਾੜੀ ਇਕੱਠੀ ਹੋ ਜਾਂਦੀ। ਲੋਕ ਉਸਨੂੰ ਲਾਹ ਲਿਆਉਂਦੇ।
ਤਾੜ ਉੱਤੇ ਚੜ੍ਹਨ ਲਈ ਲੋਕ ਬਾਂਸ ਦੀਆਂ ਕਿੱਲੀਆਂ ਬਣਾਉਦੇ ਸਨ ਤੇ ਉਸ ਉੱਤੇ ਪੈਰ ਧਰ ਕੇ ਚੜ੍ਹਦੇ ਸਨ। ਇਸ ਤਰ੍ਹਾਂ ਡਿੱਗਣ ਦਾ ਖ਼ਤਰਾ ਘਟ ਜਾਂਦਾ। ਜੇ ਏਨੀ ਉਚਾਈ ਤੋਂ ਕੋਈ ਆਦਮੀ ਡਿੱਗ ਪਵੇ ਤਾਂ ਉਸ ਦੀਆਂ ਹੱਡੀਆਂ ਖਿੱਲਰ ਸਕਦੀਆਂ ਸਨ।
ਹੁਣ ਤਾੜ ਦੇ ਇਹਨਾਂ ਰੁੱਖਾਂ ਉਪਰ ਕਿਸ਼ਨ ਪਾਲ ਦੀ ਮਾਲਕੀ ਹੋ ਗਈ ਸੀ। ਪਟਵਾਰੀ ਨੇ ਉਸ ਸਰਕਾਰੀ ਨਰਸਰੀ ਦੀ ਉਸ ਜ਼ਮੀਨ ਨੂੰ ਵੀ ਕਿਸ਼ਨਪਾਲ ਦੇ ਪਟੇ ਵਿਚ ਕੱਢ ਦਿੱਤਾ ਸੀ। ਹੁਣ ਤਾੜੀ ਕੱਢਣ ਦਾ ਕੰਮ ਉਹੀ ਕਰਦੇ ਸਨ। ਗ੍ਰਾਮ ਪੰਚਾਇਤ ਭਵਨ ਦੇ ਦਫ਼ਤਰ ਵਿਚ, ਜਿੱਥੇ ਮਹਾਤਮਾ ਗਾਂਧੀ ਦੀ ਤਸਵੀਰ ਟੰਗੀ ਹੋਈ ਸੀ, ਉਸ ਹੇਠਾਂ ਬੈਠ ਕੇ ਤਾੜੀ ਵੰਡੀ ਜਾਂਦੀ। ਕਮਰੇ ਦੇ ਅੰਦਰ ਤੇ ਬਾਹਰ ਤਾੜੀ-ਖੋਰ ਮਜ਼ਦੂਰਾਂ ਦੀ ਖਾਸੀ ਭੀੜ ਇਕੱਠੀ ਹੋ ਜਾਂਦੀ। ਕਿਸ਼ਨ ਪਾਲ ਨੂੰ ਚੰਗੀ ਆਮਦਨ ਹੁੰਦੀ।
ਇਕ ਵਾਰ ਟੇਪਚੂ ਨੇ ਵੀ ਤਾੜੀ ਚੱਖਣੀ ਚਾਹੀ। ਉਸਨੇ ਦੇਖਿਆ ਸੀ ਕਿ ਜਦੋਂ ਪਿੰਡ ਦੇ ਲੋਕ ਤਾੜੀ ਪੀਂਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਏ; ਚਿਹਰੇ ਟਹਿਕਣ ਲੱਗ ਪੈਂਦੇ ਨੇ ਤੇ ਮਿੰਨੀ-ਮਿੰਨੀ ਮੁਸਕਾਨ ਕੰਨਾਂ ਤਕ ਫੈਲ ਜਾਂਦੀ ਏ। ਆਨੰਦ ਤੇ ਮਸਤੀ ਵਿਚ ਡੁੱਬੇ ਲੋਕ ਸਾਲਹੋ-ਦਾਦਰ ਗਾਉਂਦੇ, ਠਹਾਕੇ ਲਾਉਂਦੇ ਤੇ ਇਕ ਦੂਜੇ ਦੀ ਮਾਂ-ਭੈਣ ਦੀ ਐਸੀ-ਤੈਸੀ ਕਰਦੇ—ਕੋਈ ਬੁਰਾ ਨਾ ਮੰਨਦਾ। ਲੱਗਦਾ ਜਿਵੇਂ ਸਾਰੇ ਲੋਕ ਪਿਆਰ ਦੇ ਅਥਾਹ ਸਮੁੰਦਰ ਵਿਚ ਤੈਰ ਰਹੇ ਹੋਣ।
ਟੇਪਚੂ ਨੂੰ ਲੱਗਿਆ ਜਿਵੇਂ ਤਾੜੀ ਜ਼ਰੂਰ ਕੋਈ ਚੰਗੀ ਚੀਜ਼ ਹੋਵੇ। ਸਵਾਲ ਇਹ ਸੀ ਕਿ ਤਾੜੀ ਪੀਤੀ ਕਿਵੇਂ ਜਾਵੇ। ਚਾਚਿਆਂ ਤਾਊਆਂ ਤੋਂ ਮੰਗਣ ਤਾ ਮਤਲਬ ਸੀ, ਮਾਰ-ਖਾਣੀ। ਮਾਰ-ਖਾਣ ਤੋਂ ਟੇਪਚੂ ਨੂੰ ਬੜੀ ਨਫ਼ਰਤ ਸੀ। ਉਸਨੇ ਜੁਗਤ ਲੜਾਈ ਤੇ ਇਕ ਦਿਨ ਤੜਕੇ, ਮੂੰਹ ਹਨੇਰੇ, ਜਦੋਂ ਅਜੇ ਸਵੇਰ ਠੀਕ ਤਰ੍ਹਾਂ ਨਹੀਂ ਸੀ ਹੋਈ, ਆਸਮਾਨ ਵਿਚ ਤਾਰੇ ਨਜ਼ਰ ਆ ਰਹੇ ਸਨ, ਉਹ ਟੱਟੀ ਫਿਰਨ ਦੇ ਬਹਾਨੇ ਘਰੋਂ ਨਿਕਲ ਪਿਆ।
ਤਾੜ ਦੀ ਉਚਾਈ ਤੇ ਉਸ ਉਚਾਈ 'ਤੇ ਟੰਗੇ ਹੋਏ ਪੱਕੇ ਨਿੰਬੂ ਦੇ ਆਕਾਰ ਦੇ ਮਟਕੇ ਉਸਨੂੰ ਡਰਾ ਨਹੀਂ ਸੀ ਰਹੇ, ਸਗੋਂ ਅਦ੍ਰਿਸ਼ ਉਂਗਲਾਂ ਨਾਲ ਇਸ਼ਾਰੇ ਕਰਦੇ, ਆਪਣੇ ਕੋਲ ਬੁਲਾਅ ਰਹੇ ਸਨ। ਤਾੜ ਦੇ ਝੂੰਮਦੇ ਹੋਏ ਟਾਹਣੇ ਤਾੜੀ ਦੇ ਸਵਾਦ ਬਾਰੇ ਸਿਰ ਹਿਲਾਅ-ਹਿਲਾਅ ਕੇ ਦਸ ਰਹੇ ਸਨ। ਟੇਪਚੂ ਨੂੰ ਪਤਾ ਸੀ ਕਿ ਛਪਰਾ ਜਿਲ੍ਹੇ ਦਾ ਲਠੈਤ ਮਦਨਾ ਸਿੰਘ ਤਾੜੀ ਦੀ ਰਖਵਾਲੀ ਕਰਦਾ ਸੀ। ਉਹ ਜਾਣਦਾ ਸੀ ਕਿ ਮਦਨਾ ਸਿੰਘ ਅਜੇ ਤਾੜੀ ਦੀ ਖੁਮਾਰੀ ਵਿਚ ਪਿਆ ਘੁਰਾੜੇ ਮਾਰ ਰਿਹਾ ਹੋਵੇਗਾ। ਟੇਪਚੂ ਦੇ ਦਿਮਾਗ਼ ਵਿਚ ਡਰ ਦਾ ਹਲਕਾ ਜਿਹਾ ਅਹਿਸਾਸ ਤਕ ਨਹੀਂ ਸੀ।
ਉਹ ਕਾਟੋ ਵਾਂਗ ਤਾੜ ਦੇ ਇਕਸਾਰ ਸਿੱਧੇ ਤਣੇ ਨਾਲ ਚਿਪਕ ਗਿਆ ਤੇ ਉਪਰ ਸਰਕਣ ਲੱਗਾ। ਪੈਰਾਂ ਨਾਲ ਨਾ ਤਾਂ ਬਾਂਸ-ਫੱਟੀਆਂ ਬੱਧੀਆਂ ਸਨ ਤੇ ਨਾ ਹੀ ਕੋਈ ਰੱਸੀ ਸੀ। ਪੰਜਿਆਂ ਦੇ ਸਾਹਰੇ ਉਹ ਉਪਰ ਸਰਕਦਾ ਰਿਹਾ। ਉਸਨੇ ਦੇਖਿਆ, ਮਦਨਾ ਸਿੰਘ ਦੂਰ ਇਕ ਅੰਬ ਦੇ ਰੁੱਖ ਹੇਠ, ਹੇਠਾਂ ਮੂਕਾ ਵਿਛਾਈ, ਸੁੱਤਾ ਪਿਆ ਏ। ਟੇਪਚੂ ਹੁਣ ਕਾਫੀ ਉਚਾਈ 'ਤੇ ਸੀ। ਅੰਬ, ਮਹੂਏ, ਬਹੇੜੇ ਤੇ ਸਾਗਵਾਨ ਦੇ ਰੁੱਖ ਉਸਨੂੰ ਬੌਣੇ-ਜਿਹੇ ਦਿਖਾਈ ਦੇ ਰਹੇ ਸਨ। 'ਕਾਸ਼ ਮੈਂ ਇੱਲ੍ਹ ਵਾਂਗਰ ਉੱਡ ਸਕਦਾ ਹੁੰਦਾ ਤਾਂ ਕਿੰਨਾਂ ਮਜ਼ਾ ਆਉਂਦਾ!' ਟੇਪਚੂ ਨੇ ਸੋਚਿਆ। ਉਸਨੇ ਦੇਖਿਆ ਉਸਦੀ ਕੁਹਣੀ ਕੋਲ ਇਕ ਲਾਲ ਸੁੰਡੀ ਰੀਂਘ ਰਹੀ ਰਹੀ ਸੀ, “ਸਹੁਰੀ” ਉਸਨੇ ਇਕ ਗੰਦੀ ਗਾਲ੍ਹ ਬਕੀ ਤੇ ਕੁੱਜੇ ਵੱਲ ਸਰਕਣ ਲੱਗਾ।
ਮਦਨਾ ਸਿੰਘ ਪਾਸੇ ਪਰਤਦਾ, ਅੰਗੜਾਈਆਂ ਭੰਨਣ ਲੱਗਾ। ਉਸਦੀ ਅੱਖ ਖੁੱਲ੍ਹ ਗਈ ਸੀ। ਹਨੇਰਾ ਵੀ ਹੁਣ ਓਨਾਂ ਨਹੀਂ ਸੀ ਰਿਹਾ। ਸਾਰਾ ਕੰਮ ਫੁਰਤੀ ਨਾਲ ਕਰਨਾ ਪਵੇਗਾ। ਟੇਪਚੂ ਨੇ ਕੁੱਜੇ ਨੂੰ ਹਿਲਾਇਆ। ਤਾੜੀ ਇਕ ਚੌਥਾਈ ਹਿੱਸੇ ਵਿਚ ਭਰੀ ਜਾਪਦੀ ਸੀ। ਉਸਨੇ ਕੁੱਜੇ ਵਿਚ ਹੱਥ ਪਾ ਕੇ ਤਾੜੀ ਦਾ ਅੰਦਾਜ਼ਾ ਲਾਉਣਾ ਚਾਹਿਆ...
ਤੇ ਬਸ, ਇੱਥੇ ਸਾਰੀ ਗੜਬੜ ਹੋ ਗਈ।
ਕੁੱਜੇ ਵਿਚ ਫਨੀਅਰ ਕਰੈਤ ਸੱਪ ਵੜਿਆ ਬੈਠਾ ਸੀ। ਅਸਲ ਨਾਗ। ਤਾੜੀ ਪੀ ਕੇ ਉਹ ਵੀ ਧੁੱਤ ਸੀ। ਟੇਪਚੂ ਦਾ ਹੱਥ ਅੰਦਰ ਗਿਆ ਤਾਂ ਉਹ ਉਸ ਨਾਲ ਲਿਪਟ ਗਿਆ। ਟੇਪਚੂ ਦਾ ਰੰਗ ਉੱਡ ਗਿਆ, ਚਿਹਰਾ ਬੱਗਾ ਫੂਸ ਹੋ ਗਿਆ। ਇੱਲ੍ਹ ਵਾਂਗ ਉਡਨ ਵਰਗੀ ਹਰਕਤ ਉਸਨੇ ਕੀਤੀ। ਫੇਰ ਕੀ ਸੀ-ਤਾੜ ਦਾ ਰੁੱਖ ਇਕ ਪਾਸੇ ਹੋ ਗਿਆ ਤੇ ਉਸਦੇ ਸਮਾਨਅੰਤਰ ਟੇਪਚੂ ਕਿਸੇ ਭਾਰੀ ਪੱਥਰ ਵਾਂਗ ਹੇਠਾਂ ਨੂੰ ਜਾ ਰਿਹਾ ਸੀ। ਕੁੱਜਾ ਉਸਦੇ ਪਿੱਛੇ ਸੀ।
ਜ਼ਮੀਨ ਉੱਤੇ ਟੇਪਚੂ ਡਿੱਗਿਆ ਤਾਂ ਘੜਮ ਦੀ ਆਵਾਜ਼ ਦੇ ਨਾਲ ਇਕ ਮਰਦੇ ਹੋਏ ਆਦਮੀ ਦੀ ਅੰਤਮ ਚੀਕ ਵੀ ਸੀ। ਉਸ ਪਿੱਛੋਂ ਕੁੱਜਾ ਡਿੱਗਿਆ ਤੇ ਉਹ ਠੀਕਰੀ-ਠੀਕਰੀ ਹੋ ਗਿਆ। ਕਾਲਾ ਸੱਪ ਇਕ ਪਾਸੇ ਪਿਆ ਤੜਫ ਰਿਹਾ ਸੀ, ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਜਾਪਦੀ ਸੀ।
ਮਦਨਾ ਸਿੰਘ ਦੌੜਿਆ ਆਇਆ। ਉਸਨੇ ਦੇਖਿਆ ਤਾਂ ਉਸਦਾ ਤਰਾਹ ਨਿਕਲ ਗਿਆ। ਉਸਨੇ ਤਾੜੀ ਦੇ ਕੁੱਜੇ ਸਮੇਤ ਟੇਪਚੂ ਨੂੰ ਹੇਠਾਂ ਵੱਲ ਡਿੱਗਦਿਆਂ ਦੇਖਿਆ ਸੀ। ਬਚਣ ਦੀ ਕੋਈ ਸੰਭਾਵਨਾ ਨਹੀਂ ਸੀ। ਉਸਨੇ ਇਕ ਦੋ ਵਾਰੀ ਟੇਪਚੂ ਨੂੰ ਹਿਲਾਇਆ। ਫੇਰ ਪਿੰਡ ਵਾਲਿਆਂ ਨੂੰ ਹਾਦਸੇ ਦੀ ਖ਼ਬਰ ਕਰਨ ਲਈ ਦੌੜ ਗਿਆ।
ਧਾਹਾਂ ਮਾਰ-ਮਾਰ ਰੋਂਦੀ, ਛਾਤੀ ਪਿੱਟਦੀ ਫਿਰੋਜ਼ਾ ਲਗਭਗ ਸਾਰੇ ਪਿੰਡ ਨਾਲ ਉੱਥੇ ਆ ਪਹੁੰਚੀ। ਮਦਨਾ ਸਿੰਘ ਉਹਨਾਂ ਨੂੰ ਹਾਦਸੇ ਵਾਲੇ ਥਾਂ 'ਤੇ ਲੈ ਗਿਆ; ਪਰ ਉਹ ਹੱਕਾ ਬੱਕਾ ਰਹਿ ਗਿਆ। ਇੰਜ ਨਹੀਂ ਹੋ ਸਕਦਾ—ਇਹੀ ਤਾੜ ਦਾ ਰੁੱਖ ਸੀ, ਇਸੇ ਹੇਠ ਟੇਪਚੂ ਦੀ ਲਾਸ਼ ਪਈ ਸੀ। ਉਸਨੇ ਤਾੜੀ ਦੇ ਨਸ਼ੇ ਵਿਚ ਸੁਪਨਾ ਤਾਂ ਨਹੀਂ ਦੇਖਿਆ? ਪਰ ਫੁੱਟਿਆ ਹੋਇਆ ਕੁੱਜਾ ਹੁਣ ਵੀ ਉੱਥੇ ਹੀ ਪਿਆ ਸੀ। ਸੱਪ ਦਾ ਸਿਰ ਕਿਸੇ ਨੇ ਪੱਥਰ ਨਾਲ ਚੰਗੀ ਤਰ੍ਹਾਂ ਕੁਚਲ ਦਿੱਤਾ ਸੀ। ਪਰ ਟੇਪਚੂ ਦਾ ਕਿਤੇ ਪਤਾ ਨਹੀਂ ਸੀ। ਆਸੇ-ਪਾਸੇ ਲੱਭਿਆ ਗਿਆ, ਪਰ ਟੇਪਚੂ ਮੀਆਂ ਗਾਇਬ ਸਨ।
ਪਿੰਡ ਵਾਲਿਆਂ ਨੂੰ ਉਸੇ ਦਿਨ ਵਿਸ਼ਵਾਸ ਹੋ ਗਿਆ ਕਿ 'ਹੋਏ ਨਾ ਹੋਏ ਟੇਪਚੂ ਸਾਲਾ ਜਿੰਨ ਏਂ, ਉਹ ਕਦੀ ਮਰ ਨਹੀਂ ਸਕਦਾ।'
ਫਿਰੋਜ਼ਾ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਸੀ। ਗਲ਼ ਦੇ ਦੋਵੇਂ ਪਾਸੇ ਹੱਡੀਆਂ ਉਭਰ ਆਈਆਂ ਸਨ। ਛਾਤੀਆਂ ਸੁੱਕ ਕੇ ਖ਼ਾਲੀ ਪੋਟਲੀਆਂ ਵਾਂਗ ਲਟਕ ਗਈਆਂ ਸਨ। ਪਸਲੀਆਂ ਗਿਣੀਆ ਜਾਂ ਸਕਦੀਆਂ ਸਨ। ਟੇਪਚੂ ਨੂੰ ਉਹ ਬੜਾ ਪਿਆਰ ਕਰਦੀ ਸੀ। ਉਸੇ ਕਰਕੇ ਉਸਨੇ ਦੂਜਾ ਨਿਕਾਹ ਨਹੀਂ ਸੀ ਕਰਵਾਇਆ।
ਟੇਪਚੂ ਦੀਆਂ ਹਰਕਤਾਂ ਤੋਂ ਫਿਰੋਜ਼ਾ ਨੂੰ ਇੰਜ ਲੱਗਦਾ ਕਿ ਉਹ ਕਿਤੇ ਆਵਾਰਾ ਤੇ ਵੈਲੀ ਨਾ ਬਣ ਜਾਏ। ਇਸ ਲਈ ਉਸਨੇ ਇਕ ਦਿਨ ਪਿੰਡ ਦੇ ਪੰਡਤ ਭਗਵਾਨਦੀਨ ਦੇ ਪੈਰ ਫੜ੍ਹ ਲਏ। ਪੰਡਤ ਭਗਵਾਨਦੀਨ ਦੇ ਘਰ ਦੋ ਮੱਝਾਂ ਸਨ ਤੇ ਖੇਤੀ-ਪਾਣੀ ਵੇਚਣ ਦੇ ਇਲਾਵਾ ਦੁੱਧ-ਪਾਣੀ ਵੇਚਣ ਦਾ ਧੰਦਾ ਵੀ ਕਰਦਾ ਸੀ ਉਹ। ਉਸਨੂੰ ਚਰਵਾਹੇ ਦੀ ਲੋੜ ਸੀ ਇਸ ਲਈ ਪੰਦਰਾਂ ਰੁਪਏ ਮਹੀਨਾ ਤੇ ਰੋਟੀ 'ਤੇ ਟੋਪਚੂ ਨੂੰ ਰੱਖ ਲਿਆ ਗਿਆ। ਭਗਵਾਨਦੀਨ ਅਸਲੀ ਕੰਜੂਸ ਸੀ। ਖਾਣੇ ਦੇ ਨਾਂਅ 'ਤੇ ਰਾਤ ਦਾ ਬਚਿਆ ਖੁਚਿਆ ਖਾਣਾ ਜਾਂ ਮੱਕੀ ਦੀ ਮੱਚੀ-ਸੜੀ ਰੋਟੀ ਟੋਪਚੂ ਨੂੰ ਮਿਲਦੀ। ਕਰਾਰ ਤਾਂ ਇਹ ਸੀ ਕਿ ਟੇਪਚੂ ਨੂੰ ਸਿਰਫ ਮੱਝਾਂ ਦੀ ਦੇਖਭਾਲ ਕਰਨੀ ਪਏਗੀ, ਪਰ ਅਸਲ ਵਿਚ ਮੱਝਾਂ ਦੇ ਇਲਾਵਾ ਟੇਪਚੂ ਨੂੰ ਪੰਡਤ ਦੇ ਘਰ ਤੋਂ ਲੈ ਕੇ ਖੇਤ-ਖਾਲੇ ਤਕ ਦੇ ਸਾਰੇ ਹੀ ਕੰਮ ਕਰਨੇ ਪੈਂਦੇ। ਸਵੇਰੇ ਚਾਰ ਵਜੇ ਉਸਨੂੰ ਜਗਾ ਦਿੱਤਾ ਜਾਂਦਾ ਤੇ ਰਾਤੀਂ ਸੌਂਦਿਆਂ-ਸੌਂਦਿਆਂ ਬਾਰਾਂ ਵੱਜ ਜਾਂਦੇ। ਇਕ ਮਹੀਨੇ ਵਿਚ ਹੀ ਟੇਪਚੂ ਦੀ ਹਾਲਤ ਵੇਖ ਕੇ ਫਿਰੋਜ਼ਾ ਪਿਘਲ ਗਈ। ਅੰਦਰੇ-ਅੰਦਰ ਹੁਭਕੀਂ-ਹੌਂਕੀ ਰੋਈ। ਉਸਨੇ ਟੇਪਚੂ ਨੂੰ ਕਿਹਾ ਵੀ ਕਿ 'ਪੁੱਤ ਇਸ ਪੰਡਤ ਦਾ ਦੁਆਰਾ ਛੱਡ ਦੇ। ਕਿਤੇ ਹੋਰ ਦੇਖ ਲਵਾਂਗੇ। ਇਹ ਤਾਂ ਮੋਇਆ ਕਸਾਈ ਏ ਪੂਰਾ।' ਪਰ ਟੇਪਚੂ ਨੇ ਨਾਂਹ ਕਰ ਦਿੱਤੀ।
ਟੇਪਚੂ ਨੇ ਇੱਥੇ ਵੀ ਜੁਗਾੜ ਕਰ ਲਿਆ ਸੀ। ਮੱਝਾਂ ਨੂੰ ਚਰਾਂਦ ਵਿਚ ਲਿਜਾਅ ਕੇ ਉਹ ਖੁੱਲ੍ਹਾ ਛੱਡ ਦੇਂਦਾ ਤੇ ਕਿਸੇ ਰੁੱਖ ਹੇਠ ਰਾਤ ਦੀ ਨੀਂਦ ਪੂਰੀ ਕਰਦਾ। ਇਸ ਪਿੱਛੋਂ ਉਠਦਾ। ਸੋਨ ਨਦੀ ਵਿਚ ਮੱਝਾਂ ਨੂੰ ਨੁਹਾਉਂਦਾ, ਕੁਰਲੀ ਵਗ਼ੈਰਾ ਕਰਦਾ। ਫੇਰ ਇਧਰ ਉਧਰ ਚੰਗੀ ਤਰ੍ਹਾਂ ਦੇਖ ਕੇ ਡਾਲਡੇ ਦੇ ਖ਼ਾਲੀ ਡੱਬੇ ਵਿਚ ਮੱਝ ਦਾ ਕਿੱਲੋ ਕੁ ਤਾਜ਼ਾ ਦੁੱਧ ਚੋਂਦਾ ਤੇ ਚੜ੍ਹਾ ਜਾਂਦਾ। ਉਸਦੀ ਸਿਹਤ ਸੁਧਰਨ ਲੱਗੀ।
ਇਕ ਵਾਰੀ ਪੰਡਤਾਣੀ ਨੇ ਕਿਸੇ ਕੰਮ ਪਿੱਛੇ ਉਸਨੂੰ ਗਾਲ੍ਹਾਂ ਕੱਢੀਆਂ ਤੇ ਖਾਣ ਲਈ ਹੇਠਾਂ ਲੱਗੇ, ਬੇਹੇ, ਚੌਲ ਦੇ ਦਿੱਤੇ। ਉਸ ਦਿਨ ਟੇਪਚੂ ਨੂੰ ਪੰਡਤ ਦੇ ਖੇਤ ਵਿਚੋਂ ਘਾਹ ਵੀ ਕੱਢਣੀ ਪਈ ਸੀ ਤੇ ਥਕਾਣ ਤੇ ਭੁੱਖ ਨਾਲ ਉਸਦਾ ਬੁਰਾ ਹਾਲ ਸੀ। ਚੌਲਾਂ ਦੀ ਪਹਿਲੀ ਗਰਾਹੀ ਮੂੰਹ ਵਿਚ ਪਾਉਂਦਿਆਂ ਹੀ ਪਹਿਲਾਂ ਤਾਂ ਖਟਾਸ ਦਾ ਸਵਾਦ ਆਇਆ ਫੇਰ ਉਲਟੀ ਆ ਗਈ। ਉਸਨੇ ਸਾਰਾ ਖਾਣਾ ਮੱਝਾਂ ਦੀ ਖੁਰਲੀ ਵਿਚ ਸੁੱਟ ਦਿੱਤਾ ਤੇ ਉਹਨਾਂ ਨੂੰ ਹੱਕ ਕੇ ਚਰਾਂਦ ਵੱਲ ਲੈ ਤੁਰਿਆ।
ਸ਼ਾਮ ਨੂੰ ਜਦੋਂ ਮੱਝਾਂ ਚੋਈਆਂ ਜਾਣ ਲੱਗੀਆਂ ਤਾਂ ਹੇਠੋਂ ਇਕ ਛਟਾਂਕ ਦੁੱਧ ਨਹੀਂ ਸੀ ਨਿਕਲਿਆ। ਪੰਡਤ ਭਗਵਾਨਦੀਨ ਨੂੰ ਸ਼ੱਕ ਹੋ ਗਿਆ ਤੇ ਉਸਨੇ ਟੇਪਚੂ ਦੀ ਜੁੱਤੀ ਨਾਲ ਝੰਡ ਸੰਵਾਰੀ। ਦੇਰ ਤਕ ਮੁਰਗਾ ਬਣਾਇਆ, ਕੰਧ ਉੱਤੇ ਉਕੜੂ ਬਿਠਾਈ ਰੱਖਿਆ, ਥੱਪੜ ਮਾਰੇ ਤੇ ਕੰਮ ਤੋਂ ਹਟਾਅ ਦਿੱਤਾ।
ਇਸ ਪਿੱਛੋਂ ਟੇਪਚੂ ਪੀ.ਡਬਲਿਊ.ਡੀ ਵਿਚ ਕੰਮ ਕਰਨ ਲੱਗ ਪਿਆ। ਵੱਟੇ, ਰੋੜੀ ਤੇ ਬੱਜਰੀ ਵਿਛਾਉਣ ਦਾ ਕੰਮ। ਸੜਕਾਂ ਉੱਤੇ ਪ੍ਰੀਮੈਕਸ ਵਿਛਾਉਣ ਦਾ ਕੰਮ। ਵੱਡੇ ਬੰਦਿਆਂ ਵਾਲੇ ਕੰਮ। ਤਿੱਖੜ ਧੁੱਪ ਵਿਚ। ਫਿਰੋਜ਼ਾ ਮੱਕੀ ਦੇ ਆਟੇ ਵਿਚ ਲੂਣ ਪਾ ਕੇ ਰੋਟੀਆਂ ਲਾਹ ਦੇਂਦੀ। ਟੇਪਚੂ ਕੰਮ ਦੌਰਾਨ, ਦੁਪਹਿਰੇ ਉਹਨਾਂ ਨੂੰ ਖਾ ਕੇ ਦੋ ਡੱਬੇ ਪਾਣੀ ਪੀ ਲੈਂਦਾ।
ਹੈਰਾਨੀ ਵਾਲੀ ਗੱਲ ਇਹ ਕਿ ਏਨੀ ਸਖ਼ਤ ਮਿਹਨਤ ਦੇ ਬਾਵਜੂਦ ਟੇਪਚੂ ਸਿਝ-ਪੱਕ ਕੇ ਮਜ਼ਬੂਤ ਹੁੰਦਾ ਜਾ ਰਿਹਾ ਸੀ। ਕਾਠੀ-ਕੱਢਣ ਲੱਗ ਪਿਆ ਸੀ। ਉਸਦੀਆਂ ਵੀਣੀਆਂ ਦੀਆਂ ਹੱਡੀਆਂ ਚੌੜੀਆਂ ਹੋਣ ਲਗੀਆਂ, ਮਾਸ ਪੇਸ਼ੀਆਂ ਕੱਸੀਆਂ ਗਈਆਂ। ਅੱਖਾਂ ਵਿਚ ਅੱਖੜਪਨ, ਰੋਅਬ ਤੇ ਗੁੱਸਾ ਝਲਕਣ ਲੱਗਾ। ਪੰਜੇ ਦੀ ਪਕੜ ਲੋਹੇ ਵਾਂਗਰ ਮਜ਼ਬੂਤ ਹੋ ਗਈ।
ਇਕ ਦਿਨ ਟੇਪਚੂ ਭਰਪੂਰ ਜਵਾਨ ਹੋ ਗਿਆ।
ਪਸੀਨੇ, ਮਿਹਨਤ, ਭੁੱਖ, ਨਿਰਾਦਰ, ਦੁਰਘਟਨਾਵਾਂ ਤੇ ਮੁਸੀਬਤਾਂ ਦੀ ਤਿੱਖੀ ਮਾਰ ਝੱਲਦਾ ਹੋਇਆ ਪੂਰਾ ਆਦਮੀ ਬਣ ਗਿਆ—ਕਦੀ ਉਸਦੇ ਚਿਹਰੇ ਉੱਤੇ ਹਾਰੇ ਹੋਣ ਜਾਂ ਟੁੱਟ ਜਾਣ ਦੀ ਨਮੋਸ਼ੀ ਨਹੀਂ ਉਭਰੀ।
ਉਸਦੇ ਭਰਵੱਟਿਆਂ ਵਿਚਕਾਰ ਇਕ ਚੀਜ਼ ਹਮੇਸ਼ਾ ਬਿਰਾਜਮਾਨ ਰਹਿਣ ਲੱਗੀ—ਉਹ ਸੀ ਗੁੱਸੇ ਜਾਂ ਸ਼ਾਇਦ ਨਫ਼ਰਤ ਦੀ ਗੂੜ੍ਹੀ ਲਕੀਰ।
ਮੈਂ ਇਸ ਦੌਰਾਨ ਪਿੰਡ ਛੱਡ ਦਿੱਤਾ ਸੀ ਤੇ ਬੈਲਾਡਿਲਾ ਦੀ ਆਇਰਨ ਮਿੱਲ ਵਿਚ ਨੌਕਰੀ ਕਰਨ ਲੱਗ ਪਿਆ ਸਾਂ। ਇਸੇ ਦੌਰਾਨ ਫਿਰੋਜ਼ਾ ਦੀ ਮੌਤ ਹੋ ਗਈ। ਬਲਦੇਵ, ਸੰਭਾਰੂ ਤੇ ਰਾਧੇ ਦੇ ਇਲਾਵਾ ਪਿੰਡ ਦੇ ਕਈ ਹੋਰ ਲੋਕ ਵੀ ਬੈਲਾਡਿਲਾ ਵਿਚ ਮਜ਼ਦੂਰੀ ਕਰਨ ਲੱਗ ਪਏ। ਪੰਡਤ ਭਗਵਾਨਦੀਨ ਨੂੰ ਹੈਜਾ ਹੋ ਗਿਆ ਤੇ ਉਹ ਮਰ ਗਏ। ਹਾਂ, ਕਿਸ਼ਨ ਪਾਲ ਉਸੇ ਤਰ੍ਹਾਂ ਤਾੜੀ ਦਾ ਧੰਦਾ ਕਰਦੇ ਰਹੇ। ਉਹ ਕਈ ਸਾਲ ਤੋਂ ਲਗਾਤਾਰ ਸਰਪੰਚ ਬਣ ਰਹੇ ਸਨ। ਕਸਬੇ ਵਿਚ ਉਹਨਾਂ ਦੀ ਪੱਕੀ ਹਵੇਲੀ ਖੜ੍ਹੀ ਹੋ ਗਈ ਸੀ ਤੇ ਬਾਅਦ ਵਿਚ ਉਹ ਐਮ.ਐਲ.ਏ. ਬਣ ਗਏ।
ਲੰਮਾਂ ਸਮਾਂ ਬੀਤ ਗਿਆ। ਬੜੇ ਦਿਨਾਂ ਤਕ ਮੈਨੂੰ ਟੇਪਚੂ ਦੀ ਕੋਈ ਖ਼ਬਰ ਨਹੀਂ ਮਿਲੀ, ਪਰ ਇਹ ਪੱਕਾ ਸੀ ਕਿ ਜਿਹਨਾਂ ਹਾਲਤਾਂ ਵਿਚ ਟੇਪਚੂ ਕੰਮ ਕਰ ਰਿਹਾ ਸੀ, ਆਪਣਾ ਖ਼ੂਨ-ਪਸੀਨਾ ਵਹਾਅ ਰਿਹਾ ਸੀ, ਆਪਣੀਆਂ ਨਸਾਂ ਦੀ ਤਾਕਤ ਇੱਟਾਂ ਵੱਟਿਆਂ ਵਿਚ ਡਾਹ ਰਿਹਾ ਸੀ, ਉਹ ਹਾਲਤਾਂ ਕਿਸੇ ਲਈ ਵੀ ਜਾਨ ਲੈਣੀਆਂ ਸਾਬਤ ਹੋ ਸਕਦੀਆਂ ਸੀ।
ਟੇਪਚੂ ਨਾਲ ਮੇਰੀ ਮੁਲਾਕਾਤ ਉਦੋਂ ਹੋਈ, ਜਦੋਂ ਉਹ ਬੈਲਾਡਿਲਾ ਆਇਆ। ਪਤਾ ਲੱਗਿਆ ਕਿ ਕਿਸ਼ਨ ਪਾਲ ਨੇ ਗੁੰਡਿਆਂ ਕੋਲੋਂ ਉਸਦੀ ਡਾਢੀ ਖੜਕਾਈ ਕਰਵਾਈ ਸੀ। ਗੁੰਡਿਆਂ ਨੇ ਉਸਨੂੰ ਮੋਇਆ ਸਮਝ ਕੇ ਸੋਨ ਨਦੀ ਵਿਚ ਸੁੱਟ ਦਿੱਤਾ ਸੀ, ਪਰ ਉਹ ਸਹੀ ਸਲਾਮਤ ਬਚ ਗਿਆ ਤੇ ਉਸੇ ਰਾਤ ਕਿਸ਼ਨ ਪਾਲ ਦੀ ਪੁਆਲ ਵਿਚ ਅੱਗ ਲਾ ਕੇ ਬੈਲਾਡਿਲਾ ਆ ਗਿਆ। ਮੈਂ ਉਸਦੀ ਸਿਫਾਰਿਸ਼ ਕੀਤੀ ਤੇ ਉਹ ਮਜ਼ਦੂਰਾਂ ਵਿਚ ਭਰਤੀ ਕਰ ਲਿਆ ਗਿਆ।
ਉਹ ਸਨ ਅੱਠਤਰ ਦਾ ਸਾਲ ਸੀ।
ਸਾਡਾ ਕਾਰਖ਼ਾਨਾ ਜਾਪਾਨ ਦੀ ਮਦਦ ਨਾਲ ਚੱਲ ਰਿਹਾ ਸੀ। ਅਸੀਂ ਜਿੰਨਾਂ ਕੱਚਾ ਮਾਲ ਤਿਆਰ ਕਰਦੇ, ਉਸਦਾ ਬਹੁਤ ਵੱਡਾ ਹਿੱਸਾ ਜਾਪਾਨ ਭੇਜ ਦਿੱਤਾ ਜਾਂਦਾ। ਮਜ਼ਦੂਰਾਂ ਨੂੰ ਦਿਨ ਰਾਤ ਖਦਾਨ ਵਿਚ ਕੰਮ ਕਰਨਾ ਪੈਂਦਾ।
ਟੇਪਚੂ ਇਸ ਦੌਰਾਨ ਆਪਣੇ ਸਾਥੀਆਂ ਨਾਲ ਪੂਰੀ ਤਰ੍ਹਾਂ ਘੁਲਮਿਲ ਗਿਆ ਸੀ। ਲੋਕ ਉਸਨੂੰ ਪਿਆਰ ਕਰਦੇ। ਮੈਂ ਉਸ ਵਰਗਾ ਨਿਧੜਕ, ਨਿੱਡਰ ਤੇ ਮੂੰਹ-ਫੱਟ ਬੰਦਾ ਹੋਰ ਕੋਈ ਨਹੀਂ ਦੇਖਿਆ। ਇਕ ਦਿਨ ਉਸਨੇ ਕਿਹਾ ਸੀ, “ਚਾ'ਜੀ, ਮੈਂ 'ਕੱਲਿਆਂ ਕਈ ਲੜਾਈਆਂ ਲੜੀਆਂ ਨੇ। ਹਰ ਵਾਰੀ ਮਾਰ ਖਾਧੀ ਏ। ਹਰ ਵਾਰੀ ਹਾਰਿਆ ਆਂ। ਹੁਣ 'ਕੱਲਾ ਨਹੀਂ, ਸਾਰਿਆਂ ਨਾਲ ਮਿਲ ਕੇ ਦੇਖਾਂਗਾ ਕਿ ਸਾਲਿਆਂ ਵਿਚ ਕਿੰਨਾਂ ਕੁ ਦਮ ਐਂ।”
ਇਹਨੀਂ ਦਿਨੀ ਇਕ ਘਟਨਾ ਵਾਪਰੀ। ਜਾਪਾਨ ਨੇ ਸਾਡੇ ਕਾਰਖ਼ਾਨੇ ਤੋਂ ਲੋਹਾ ਖ਼ਰੀਦਨਾ ਬੰਦ ਕਰ ਦਿੱਤਾ, ਜਿਸ ਕਰਕੇ ਸਰਕਾਰੀ ਹੁਕਮ ਮਿਲਿਆ ਕਿ 'ਹੁਣ ਸਾਨੂੰ ਕੱਚੇ ਲੋਹੇ ਦਾ ਉਤਪਾਦਨ ਘੱਟ ਕਰ ਦੇਣਾ ਚਾਹੀਦਾ ਹੈ।' ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿਚ ਛਾਂਟੀ ਕਰ ਦੇਣ ਦਾ ਸਰਕਾਰੀ ਫੁਰਮਾਨ ਜਾਰੀ ਹੋਇਆ। ਮਜ਼ਦੂਰਾਂ ਵੱਲੋਂ ਮੰਗ ਕੀਤੀ ਗਈ ਕਿ ਪਹਿਲਾਂ ਉਹਨਾਂ ਦੀ ਨੌਕਰੀ ਦਾ ਕੋਈ ਹੋਰ ਬੰਦੋਬਸਤ ਕੀਤਾ ਜਾਵੇ ਫੇਰ ਉਹਨਾਂ ਦੀ ਛਾਂਟੀ ਕੀਤੀ ਜਾਵੇ। ਇਸ ਮੰਗ ਉਪਰ ਬਿਨਾਂ ਕੋਈ ਧਿਆਨ ਦਿੱਤਿਆਂ ਮੈਨੇਜ਼ਮੈਂਟ ਨੇ ਫੌਰਨ ਛਾਂਟੀ ਦੇ ਹੁਕਮ ਉੱਤੇ ਅਮਲ ਸ਼ੁਰੂ ਕਰ ਦਿੱਤਾ। ਮਜ਼ਦੂਰ ਯੂਨੀਅਨ ਨੇ ਵਿਰੋਧ ਵਿਚ ਹੜਤਾਲ ਦਾ ਸੱਦਾ ਦਿੱਤਾ। ਸਾਰੇ ਮਜ਼ਦੂਰ ਆਪਣੀਆਂ ਝੁੱਗੀਆਂ ਵਿਚ ਬੈਠ ਗਏ; ਕੋਈ ਕੰਮ 'ਤੇ ਨਹੀਂ ਗਿਆ।
ਚਾਰੇ ਪਾਸੇ ਪੁਲਸ ਤੈਨਾਤ ਕਰ ਦਿੱਤੀ ਗਈ। ਕੁਝ ਗਸ਼ਤੀ ਟੁਕੜੀਆਂ ਵੀ ਲਾਈਆਂ ਗਈਆਂ, ਜਿਹੜੀਆਂ ਘੁੰਮ ਘੁੰਮ ਕੇ, ਕੁੱਤਿਆਂ ਵਾਂਗ ਸਥਿਤੀ ਨੂੰ ਸੁੰਘਣ ਦਾ ਕੰਮ ਕਰਦੀਆਂ ਸਨ। ਟੇਪਚੂ ਨਾਲ ਮੇਰੀ ਮੁਲਾਕਾਤ ਉਹਨੀਂ ਦਿਨੀ ਸ਼ੇਰੇ ਪੰਜਾਬ ਢਾਬੇ ਦੇ ਸਾਹਮਣੇ ਪਈ ਲੱਕੜ ਦੀ ਬੈਂਚ ਉੱਤੇ ਬੈਠਿਆਂ ਹੋਈ। ਉਹ ਬੀੜੀ ਪੀ ਰਿਹਾ ਸੀ। ਕਾਲੇ ਰੰਗ ਦੀ ਨਿੱਕਰ ਉੱਤੇ ਖ਼ੱਦਰ ਦਾ ਕੁੜਤਾ ਪਾਇਆ ਹੋਇਆ ਸੀ ਉਸਨੇ।
ਮੈਨੂੰ ਦੇਖ ਕੇ ਉਹ ਮੁਸਕਰਾਇਆ, “ਸਲਾਮ ਚਾ'ਜੀ, ਲਾਲ ਸਲਾਮ।” ਫੇਰ ਆਪਣੇ ਕੱਥੇ-ਚੂਨੇ ਰੰਗੇ ਮੈਲੇ ਦੰਦ ਕੱਢ ਕੇ ਹੱਸ ਪਿਆ, “ਮਨੇਜਮੈਂਟ ਦੀ ਗਾਂੜ 'ਚ ਅਸੀਂ ਮੋਟਾ ਡੰਡਾ ਘੁਸੇੜ ਦਿੱਤੈ। ਸਾਲੇ ਚਾਂਘਾਂ ਮਰ ਰਹੇ ਐ ਹੁਣ, ਪਰ ਕੱਢਿਆਂ ਨਹੀਂ ਨਿਕਲਦਾ ਚਾ'ਜੀ, ਦਸ ਹਜ਼ਾਰ ਮਜ਼ਦੂਰਾਂ ਨੂੰ ਫੱਕੜ ਬਣਾ ਕੇ ਡੰਗਰਾਂ ਵਾਂਗ ਹੱਕ ਦੇਣਾ ਕੋਈ ਹਾਸਾ-ਠੱਠਾ ਐ। ਛਾਂਟੀ ਉਪਰੋਂ ਹੋਣੀ ਚਾਹੀਦੀ ਆ। ਜਿਹੜਾ ਪੰਜਾਹ ਮਜ਼ਦੂਰਾਂ ਜਿੰਨੀ ਤਨਖ਼ਾਹ ਲੈਂਦਾ ਹੋਵੇ, ਕੱਢੋ ਸਭ ਤੋਂ ਪਹਿਲਾਂ ਉਸਨੂੰ, ਛਾਂਟੋ ਅਜਮਾਨੀ ਸਾ'ਬ ਨੂੰ ਪਹਿਲਾਂ।”
ਟੇਪਚੂ ਬੜਾ ਬਦਲ ਗਿਆ ਸੀ। ਮੈਂ ਗੌਰ ਨਾਲ ਦੇਖਿਆ ਉਸਦੇ ਹਾਸੇ ਵਿਚ ਕੁਸੈਲ, ਨਫ਼ਰਤ ਤੇ ਗੁੱਸੇ ਦਾ ਵਿਸ਼ਾਲ ਸਮੁੰਦਰ ਠਾਠਾਂ ਮਾਰ ਰਿਹਾ ਸੀ। ਉਸਦੀ ਛਾਤੀ ਤਣੀ ਹੋਈ ਸੀ। ਕੁੜਤੇ ਦੇ ਬਟਨ ਟੁੱਟੇ ਹੋਏ ਸਨ। ਕਾਰਖ਼ਾਨੇ ਦੇ ਵੱਡੇ ਫਾਟਕ ਵਾਂਗ ਖੁੱਲ੍ਹੇ ਗਲ਼ਮੇਂ ਵਿਚੋਂ ਛਾਤੀ ਦੇ ਵਾਲ ਹਿੱਲਦੇ ਦਿਖਾਈ ਦੇ ਰਹੇ ਸਨ—ਕਾਰਖ਼ਾਨੇ ਦੇ ਮੇਨ ਗੇਟ 'ਤੇ ਬੈਠੀ ਮਜ਼ਦੂਰਾਂ ਦੀ ਭੀੜ ਵਾਂਗ। ਟੇਪਚੂ ਨੇ ਆਪਣੇ ਮੋਢੇ 'ਤੇ ਲਟਕ ਰਹੇ ਝੋਲੇ ਵਿਚੋਂ ਪਰਚੇ ਕੱਢੇ ਤੇ ਮੈਨੂੰ ਫੜਾ ਕੇ ਤੁਰ ਗਿਆ।
ਕਹਿੰਦੇ ਨੇ ਤੀਜੀ ਰਾਤ ਯੂਨੀਅਨ ਦਫ਼ਤਰ ਉੱਤੇ ਪੁਲਸ ਨੇ ਛਾਪਾ ਮਾਰਿਆ। ਟੇਪਚੂ ਉੱਥੇ ਹੀ ਸੀ। ਨਾਲ ਹੋਰ ਵੀ ਕਈ ਮਜ਼ਦੂਰ ਸਨ। ਯੂਨੀਅਨ ਦਫ਼ਤਰ ਸ਼ਹਿਰ ਦੇ ਐਨ ਬਾਹਰ-ਵਾਰ ਦੂਜੇ ਸਿਰੇ ਉੱਤੇ ਸੀ। ਆਸੇ-ਪਾਸੇ ਕੋਈ ਆਬਾਦੀ ਨਹੀਂ ਸੀ। ਇਸ ਤੋਂ ਅੱਗੇ ਜੰਗਲ ਸ਼ੁਰੂ ਹੋ ਜਾਂਦਾ ਸੀ। ਜੰਗਲ ਲਗਭਗ ਦਸ ਮੀਲ ਦੇ ਰਕਬੇ ਵਿਚ ਫੈਲਿਆ ਹੋਇਆ ਸੀ।
ਮਜ਼ਦੂਰਾਂ ਨੇ ਪੁਲਸ ਨੂੰ ਰੋਕਿਆ, ਪਰ ਦਰੋਗਾ ਕਰੀਮ ਬਖ਼ਸ਼ ਤਿੰਨ ਚਾਰ ਕਾਂਸਟੇਬਲਾਂ ਨਾਲ ਜਬਰਦਸਤੀ ਅੰਦਰ ਘੁਸ ਗਿਆ। ਉਸਨੇ ਫਾਇਲਾਂ, ਰਜਿਸਟਰ, ਪਰਚੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਦੋਂ ਹੀ ਟੇਪਚੂ ਸਿਪਾਹੀਆਂ ਨੂੰ ਧਰੀਕਦਾ ਹੋਇਆ ਅੰਦਰ ਵੜਿਆ ਤੇ ਚੀਕਿਆ, “ਕਾਗਜ਼ਾਂ–ਪਰਚਿਆਂ ਨੂੰ ਹੱਥ ਨਾ ਲਾਉਣਾ ਦਰੋਗਾ ਜੀ, ਸਾਡੀ ਡਿਊਟੀ ਅੱਜ ਯੂਨੀਅਨ ਦਫ਼ਤਰ ਦੀ ਨਿਗਰਾਨੀ ਦੀ ਐ। ਮੈਂ ਕਹਿ ਰਿਹਾਂ, ਅੱਗਾ ਪਿੱਛਾ ਮੈਂ ਨਹੀਂ ਸੋਚਣਾ, ਪਰ ਤੁਸੀਂ ਲੋਕ ਸੋਚ ਲਓ, ਚੰਗੀ ਤਰ੍ਹਾਂ।”
ਦਰੋਗਾ ਹੈਰਾਨੀ ਵੱਸ ਥਾਵੇਂ ਗੱਡਿਆ ਗਿਆ। ਫੇਰ ਗੁੱਸੇ ਵਿਚ ਉਸਦੀਆਂ ਅੱਖਾਂ ਗੋਲ ਹੋ ਗਈਆਂ, ਤੇ ਨੱਕ ਸਾਨ੍ਹ ਵਾਂਗ ਫੁਕਾਰੇ ਛਡਣ ਲੱਗ ਪਈ, “ਕਿਹੜੈ ਓਇ ਮਾਦਰ...ਤੁਫ਼ਾਨੀ ਸਿੰਘ, ਲਾਓ ਸਾਲੇ ਦੇ ਦਸ ਡੰਡੇ।”
ਤੁਫਾਨੀ ਸਿੰਘ ਅੱਗੇ ਵਧਿਆ ਤਾਂ ਟੇਪਚੂ ਨੇ ਲੰਗੜੀ ਮਾਰ ਕੇ ਉਸਨੂੰ ਦਰਵਾਜ਼ੇ ਦੇ ਅੱਧਾ ਬਾਹਰ ਤੇ ਅੱਧਾ ਅੰਦਰ ਮੁਰਦਾ ਕਿਰਲੀ ਵਾਂਗ ਜ਼ਮੀਨ 'ਤੇ ਪਸਾਰ ਦਿੱਤਾ। ਦਰੋਗੇ ਕਰੀਮ ਬਖ਼ਸ਼ ਨੇ ਇਧਰ ਉਧਰ ਦੇਖਿਆ। ਸਿਪਾਹੀ ਮੁਸ਼ਤੈਦ ਸਨ, ਪਰ ਝਿੱਜਕ ਰਹੇ ਸਨ। ਉਹਨਾਂ ਨੂੰ ਇਸ਼ਾਰਾ ਕੀਤਾ, ਉਦੋਂ ਤਕ ਉਹਨਾਂ ਦੀਆਂ ਧੌਣਾ ਟੇਪਚੂ ਦੀਆਂ ਬਾਹਾਂ ਵਿਚ ਫਸ ਚੁੱਕੀਆਂ ਸੀ।
ਮਜ਼ਦੂਰਾਂ ਦਾ ਜੱਥਾ ਅੰਦਰ ਆ ਗਿਆ ਤੇ ਤਾੜ–ਤਾੜ ਡਾਂਗਾਂ ਚੱਲਣ ਲੱਗ ਪਈਆਂ। ਕਈ ਸਿਪਾਹੀਆਂ ਦੇ ਸਿਰ ਪਾਟ ਗਏ। ਉਹ ਚੀਕ ਰਹੇ ਸਨ ਤੇ ਬਹੂੜੀਆਂ ਘੱਤ ਕਰ ਰਹੇ ਸਨ। ਟੇਪਚੂ ਨੇ ਦਰੋਗੇ ਨੂੰ ਨੰਗਾ ਕਰ ਦਿੱਤਾ।
ਹਾਰੀ ਹੋਈ ਪੁਲਸ ਪਾਰਟੀ ਦਾ ਜਲੂਸ ਨਿਕਲ ਗਿਆ। ਅੱਗੇ-ਅੱਗੇ ਦਰੋਗਾਜੀ, ਫੇਰ ਤੁਫਾਨੀ ਸਿੰਘ, ਪਿੱਛੇ ਇਕ ਲਾਈਨ ਵਿਚ ਪੰਜ ਸਿਪਾਹੀ...ਤੇ ਪਿੱਛੇ-ਪਿੱਛੇ ਮਜ਼ਦੂਰਾਂ ਦੀ ਠਹਾਕੇ ਲਾਉਂਦੀ ਹੋਈ ਭੀੜ। ਪੁਲਸ ਵਾਲਿਆਂ ਦੀ ਬੁਰੀ ਗਤ ਬਣੀ ਸੀ। ਯੂਨੀਅਨ ਦਫ਼ਤਰ ਵਿਚੋਂ ਨਿਕਲ ਕੇ ਜਲੂਸ ਕਾਰਖ਼ਾਨੇ ਦੇ ਗੇਟ ਤਕ ਗਿਆ, ਫੇਰ ਸਿਪਾਹੀਆਂ ਨੂੰ ਛੱਡ ਕੇ ਮਸਤੀ ਤੇ ਹੌਸਲੇ ਵਿਚ ਮਸਤ ਲੋਕ ਵਾਪਸ ਪਰਤ ਗਏ। ਟੇਪਚੂ ਦੀ ਧੌਣ ਆਕੜੀ ਹੋਈ ਸੀ ਤੇ ਉਹ ਸਾਲਹੋ-ਦਾਦਰ ਗਾਉਣ ਲੱਗ ਪਿਆ ਸੀ।
ਅਗਲੇ ਦਿਨ ਸਵੇਰੇ ਟੇਪਚੂ ਝੁੱਗੀ ਵਿਚੋਂ ਨਿਕਲ ਕੇ ਟੱਟੀ ਫਿਰਨ ਜਾ ਰਿਹਾ ਸੀ ਕਿ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਹੋਰ ਵੀ ਬੜੇ ਲੋਕ ਫੜ੍ਹੇ ਗਏ ਸਨ। ਚਾਰੇ ਪਾਸੇ ਗ੍ਰਿਫ਼ਤਾਰੀਆਂ ਹੋ ਰਹੀਆਂ ਸਨ।
ਟੇਪਚੂ ਨੂੰ ਜਦੋਂ ਫੜ੍ਹਿਆ ਗਿਆ ਤਾਂ ਉਸਨੇ ਟੱਟੀ ਵਾਲੀ ਗੜਵੀ ਖਿੱਚ ਕੇ ਤੁਫਾਨੀ ਸਿੰਘ ਦੇ ਮਾਰੀ। ਗੜਵੀ ਮੱਥੇ ਦੇ ਐਨ ਵਿਚਕਾਰ ਵੱਜੀ ਤੇ ਗਾੜ੍ਹਾ ਗੰਦਾ ਖ਼ੂਨ ਨਿਕਲ ਆਇਆ। ਟੇਪਚੂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਘੇਰ ਲਿਆ ਗਿਆ। ਗੁੱਸੇ ਵਿਚ ਪਾਗਲ ਹੋਏ ਤੁਫਾਨੀ ਸਿੰਘ ਨੇ ਤੜਾ-ਤੜ ਡੰਡੇ ਵਰ੍ਹਾਏ। ਉਸਦੇ ਮੂੰਹੋਂ ਬੇਤਹਾਸ਼ਾ ਗਾਲ੍ਹਾਂ ਫੁੱਟ ਰਹੀਆਂ ਸਨ।
ਸਿਪਾਹੀਆਂ ਨੇ ਉਸਨੂੰ ਬੂਟਾਂ ਦੇ ਠੁੱਡ ਮਾਰੇ। ਲੱਤਾਂ ਮੁੱਕੀਆਂ ਨਾਲ ਕੁੱਟਿਆ। ਦਰੋਗਾ ਕਰੀਮ ਬਖ਼ਸ਼ ਵੀ ਜੀਪ ਵਿਚੋਂ ਉਤਰ ਆਇਆ। ਯੂਨੀਅਨ ਦਫ਼ਤਰ ਵਿਚ ਕੀਤੀ ਗਈ ਆਪਣੀ ਬੇਇੱਜ਼ਤੀ ਉਸਨੂੰ ਭੁੱਲੀ ਨਹੀਂ ਸੀ।
ਦਰੋਗੇ ਕਰੀਮ ਬਖ਼ਸ਼ ਨੇ ਤੁਫਾਨੀ ਸਿੰਘ ਨੂੰ ਕਿਹਾ ਕਿ 'ਟੇਪਚੂ ਨੂੰ ਨੰਗਾ ਕੀਤਾ ਜਾਵੇ ਤੇ ਗਾਂਡ ਵਿਚ ਡੰਡਾ ਤੁੰਨ ਦਿੱਤਾ ਜਾਵੇ।' ਤੁਫਾਨੀ ਸਿੰਘ ਨੇ ਇਹ ਕੰਮ ਸਿਪਾਹੀ ਗਜਾਧਰ ਸ਼ਰਮਾ ਦੇ ਸਪੁਰਦ ਕਰ ਦਿੱਤਾ।
ਗਜਾਧਰ ਸ਼ਰਮੇ ਨੇ ਟੇਪਚੂ ਦਾ ਕੱਛਾ ਖਿੱਚਿਆ ਤਾਂ ਦਰੋਗੇ ਕਰੀਮ ਬਖ਼ਸ਼ ਦਾ ਚਿਹਰਾ ਫੱਕ ਹੋ ਗਿਆ। ਫਿਰੋਜ਼ਾ ਨੇ ਟੇਪਚੂ ਦੀ ਬਾਕਾਇਦਾ ਖ਼ਤਨੀ ਕਰਵਾਈ ਹੋਈ ਸੀ। ਟੇਪਚੂ ਦਰੋਗੇ ਦਾ ਨਾਂ ਤਾਂ ਨਹੀਂ ਸੀ ਜਾਣਦਾ, ਪਰ ਉਸਦਾ ਚਿਹਰਾ ਦੇਖ ਕੇ ਜਾਤ ਜ਼ਰੂਰ ਬੁੱਝ ਗਿਆ ਸੀ। ਦਰੋਗੇ ਕਰੀਮ ਬਖ਼ਸ਼ ਨੇ ਟੇਪਚੂ ਦੀ ਪੁੜਪੁੜੀ ਉੱਤੇ ਡੰਡਾ ਮਾਰਿਆ, “ਮਾਦਰ...ਨਾਂਅ ਕੀ ਏ ਤੇਰਾ?”
ਟੇਪਚੂ ਨੇ ਕੁੜਤਾ ਵੀ ਲਾਹ ਕੇ ਸੁੱਟ ਦਿੱਤਾ ਤੇ ਅਲਫ਼ਨੰਗਾ ਹੋ ਗਿਆ, “ਅੱਲਾ ਬਖ਼ਸ਼, ਵਲਦ ਅਬਦੁੱਲਾ ਬਖ਼ਸ਼, ਸਾਕਿਨ ਮਡਰ ਮੌਜਾ ਪੌਂਡੀ, ਤਹਿਸੀਲ ਸੋਹਾਗਪੁਰ, ਥਾਨਾ ਜੈਤਹਰੀ, ਪੇਸ਼ਾ ਮਜ਼ਦੂਰੀ—” ਇਸ ਪਿੱਛੋਂ ਉਸਨੇ ਲੱਤਾਂ ਚੌੜੀਆਂ ਕੀਤੀਆਂ, ਘੁੰਮਿਆਂ ਤੇ ਗਜਾਧਰ ਸ਼ਰਮਾ, ਜਿਹੜਾ ਹੇਠਾਂ ਵੱਲ ਝੁਕਿਆ ਹੋਇਆ ਸੀ, ਉਸਦੇ ਮੋਢੇ ਉੱਤੇ ਪਿਸ਼ਾਬ ਦੀ ਧਾਰ ਛੱਡ ਦਿੱਤੀ, “ਜਿਲਾ ਸ਼ਹਿਡੋਲ, ਹਾਲ ਬਾਸਿੰਦਾ ਬੇਲਾਡਿਲਾ...”
ਟੇਪਚੂ ਨੂੰ ਜੀਪ ਪਿੱਛੇ ਰੱਸੀ ਨਾਲ ਬੰਨ੍ਹ ਕੇ ਡੇਢ ਮੀਲ ਤਕ ਘਸੀਟਿਆ ਗਿਆ। ਸੜਕ ਉੱਤੇ ਵਿਛੀ ਬੱਜਰੀ ਤੇ ਕੰਕਰੀਟ ਨੇ ਉਸਦੀ ਪਿੱਠ ਦੀਆਂ ਤੈਹਾਂ ਛਿੱਲ ਸੁੱਟੀਆਂ। ਜਗ੍ਹਾ-ਜਗ੍ਹਾ ਤੋਂ ਉਚੜਿਆ ਮਾਸ ਲਾਲ ਟਮਾਟਰ ਵਾਂਗ ਦਿਖਾਈ ਦੇਣ ਲੱਗ ਪਿਆ।
ਜੀਪ ਕਸਬੇ ਦੇ ਪਾਰ ਆਖ਼ਰੀ ਚੁੰਗੀ ਨਾਕੇ 'ਤੇ ਰੁਕੀ। ਪੁਲਸ ਪਲਟਨ ਦੇ ਚਿਹਰੇ, ਖ਼ੂੰਖਾਰ ਜਾਨਵਰਾਂ ਵਾਂਗ ਦਗ ਰਹੇ ਸੀ। ਚੁੰਗੀ ਨਾਕੇ 'ਤੇ ਇਕ ਢਾਬਾ ਸੀ। ਪੁਲਸ ਵਾਲੇ ਉੱਥੇ ਚਾਹ ਪੀਣ ਬੈਠ ਗਏ।
ਟੇਪਚੂ ਨੂੰ ਵੀ ਚਾਹ ਦੀ ਤਲਬ ਮਹਿਸੂਸ ਹੋਈ, “ਇਕ ਚਾਹ ਏਧਰ ਮੁੰਡਿਆ, ਕੜਕ।” ਉਹ ਕੂਕਿਆ। ਪੁਲਸ ਵਾਲੇ ਇਕ ਦੂਜੇ ਵੱਲ ਚੋਰ ਅੱਖਾਂ ਨਾਲ ਦੇਖ ਕੇ ਮੁਸਕਰਾਏ। ਟੇਪਚੂ ਨੂੰ ਚਾਹ ਪਿਆਈ ਗਈ। ਉਸਦੀ ਪੁੜਪੁੜੀ ਉੱਤੇ ਗਮੋੜਾ ਨਜ਼ਰ  ਆ ਰਿਹਾ ਸੀ ਤੇ ਪੂਰਾ ਸਰੀਰ ਆਲੂ ਵਾਂਗ ਝਿਰੜਿਆ ਪਿਆ ਸੀ। ਜਗ੍ਹਾ ਜਗ੍ਹਾ ਤੋਂ ਲਹੂ ਸਿਮ ਰਿਹਾ ਸੀ।
ਜੀਪ ਲਗਭਗ ਦਸ ਮਿੰਟ ਬਾਅਦ ਜੰਗਲ ਵਿਚ ਜਾ ਕੇ ਰੁਕੀ। ਚੁਫੇਰੇ ਬਿਲਕੁਲ ਸੁੰਨਸਾਨ ਸੀ। ਟੇਪਚੂ ਨੂੰ ਹੇਠਾਂ ਲਾਹਿਆ ਗਿਆ। ਗਜਾਧਰ ਸ਼ਰਮੇ ਨੇ ਇਕ ਦੋ ਡੰਡੇ ਹੋਰ ਚਲਾਏ। ਦਰੋਗਾ ਕਰੀਮ ਬਖ਼ਸ਼ ਹੁਰੀਂ ਵੀ ਜੀਪ ਵਿਚੋਂ ਉਤਰੇ ਤੇ ਉਹਨਾਂ ਟੇਪਚੂ ਨੂੰ ਕਿਹਾ, “ਅੱਲਾ ਬਖ਼ਸ਼ ਉਰਫ਼ ਟੇਪਚੂ, ਤੈਨੂੰ ਦਸ ਸੈਕਿੰਟ ਦਾ ਟਾਈਮ ਦਿੱਤਾ ਜਾਂਦਾ ਏ। ਸਰਕਾਰੀ ਹੁਕਮ ਮਿਲਿਆ ਏ ਕਿ ਤੇਰਾ ਜ਼ਿਲਾ ਬਦਲ ਕਰ ਦਿੱਤਾ ਜਾਵੇ। ਸਾਹਮਣੇ ਵੱਲ ਸੜਕ ਉੱਤੇ ਤੂੰ ਜਿੰਨੀ ਜਲਦੀ, ਜਿੰਨੀ ਦੂਰ ਤੋਂ ਦੂਰ, ਭੱਜ ਸਕਦਾ ਏਂ, ਭੱਜ ਜਾਹ। ਅਸੀਂ ਦਸ ਤਕ ਗਿਣਤੀ ਗਿਣਾਗੇ।”
ਟੇਪਚੂ ਲੜਖੜਾਉਂਦਾ ਡੋਲਦਾ ਤੁਰ ਪਿਆ। ਕਰੀਮ ਬਖ਼ਸ਼ ਖ਼ੁਦ ਗਿਣਤੀ ਗਿਣ ਰਹੇ ਸਨ—'ਇਕ-ਦੋ-ਤਿੰਨ-ਚਾਰ-ਪੰਜ…'
ਲੰਗੜੇ, ਬੁੱਢੇ, ਬਿਮਾਰ ਬਲ੍ਹਦ ਵਾਂਗ ਖ਼ੂਨ ਵਿਚ ਨਹਾਤਾ ਹੋਇਆ ਟੇਪਚੂ ਆਪਣੇ ਸਰੀਰ ਨੂੰ ਘਸੀਟ ਰਿਹਾ ਸੀ। ਉਸ ਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ, ਤੁਰਨ ਤੇ ਭੱਜਣ ਦੀ ਗੱਲ ਤਾਂ ਦੂਰ ਦੀ ਸੀ।
ਅਚਾਨਕ ਦਸ ਦੀ ਗਿਣਤੀ ਖ਼ਤਮ ਹੋ ਗਈ। ਤੁਫਾਨੀ ਸਿੰਘ ਨੇ ਨਿਸ਼ਾਨਾ ਸਿੰਨ੍ਹਿਆਂ, ਪਹਿਲਾ ਫਾਇਰ ਕੀਤਾ—'ਠਾਹ…'
ਗੋਲੀ ਟੇਪਚੂ ਦੀ ਪਿੱਠ ਵਿਚ ਵੱਜੀ ਤੇ ਉਹ ਰੇਤ ਦੇ ਬੋਰੇ ਵਾਂਗ ਥਾਵੇਂ ਡਿੱਗ ਪਿਆ। ਕੁਝ ਸਿਪਾਈ ਉਸ ਕੋਲ ਪਹੁੰਚੇ। ਸਿਰ ਵਿਚ ਬੂਟਾਂ ਦੇ ਠੁੱਡ ਮਾਰੇ। ਟੇਪਚੂ ਕਰਾਹ ਰਿਹਾ ਸੀ, “ਹਰਾਮਜਾਦਿਓ।”
ਗਜਾਧਰ ਸ਼ਰਮਾ ਨੇ ਦਰੋਗੇ ਨੂੰ ਕਿਹਾ, “ਸਾ'ਬ, ਅਜੇ ਥੋੜ੍ਹਾ ਬਹੁਤ ਬਾਕੀ ਆ।” ਦਰੋਗੇ ਕਰੀਮ ਬਖ਼ਸ਼ ਨੇ ਤੁਫਾਨੀ ਸਿੰਘ ਨੂੰ ਇਸ਼ਾਰਾ ਕੀਤਾ। ਤੁਫਾਨੀ ਸਿੰਘ ਨੇ ਨੇੜੇ ਜਾ ਕੇ ਟੋਪਚੂ ਦੇ ਦੋਵਾਂ ਮੋਢਿਆਂ ਕੋਲ, ਦੋ-ਦੋ ਇੰਚ ਹੇਠਾਂ, ਦੋ-ਦੋ ਗੋਲੀਆਂ ਹੋਰ ਠੋਕ ਦਿੱਤੀਆਂ—ਬੰਦੂਕ ਦੀ ਨਾਲੀ ਬਿਲਕੁਲ ਨਾਲ ਲਾ ਕੇ—ਹੇਠਲੀ ਜ਼ਮੀਨ ਤਕ ਉੱਧੜ ਗਈ।
ਟੇਪਚੂ ਹੌਲੀ-ਹੌਲੀ ਫੜਫੜਾਇਆ। ਮੂੰਹ ਵਿਚੋਂ ਖ਼ੂਨ ਤੇ ਝੱਗ ਦੇ ਬੁਲਬੁਲੇ ਨਿਕਲੇ। ਜੀਭ ਬਾਹਰ ਨਿਕਲ ਆਈ। ਅੱਖਾਂ ਪਥਰਾਅ ਗਈਆਂ। ਫੇਰ ਉਹ ਠੰਡਾ ਹੋ ਗਿਆ।
ਉਸਦੀ ਲਾਸ਼ ਨੂੰ ਜੰਗਲ ਵਿਚ ਮਹੂਏ ਦੇ ਇਕ ਟਾਹਣ ਨਾਲ ਬੰਨ੍ਹ ਕੇ ਲਮਕਾਅ ਦਿੱਤਾ ਗਿਆ। ਮੌਕੇ ਦੀ ਤਸਵੀਰ ਲਈ ਗਈ। ਪੁਲਸ ਨੇ ਦਰਜ ਕੀਤਾ ਕਿ 'ਮਜ਼ਦੂਰਾਂ ਦੇ ਦੋ ਗੁੱਟਾਂ ਵਿਚ ਹਥਿਆਰ ਬੰਦ ਲੜਾਈ ਹੋਈ। ਟੇਪਚੂ ਉਰਫ਼ ਅੱਲਾ ਬਖ਼ਸ਼ ਨੂੰ ਮਾਰ ਕੇ ਰੁੱਖ ਨਾਲ ਲਟਕਾਅ ਦਿੱਤਾ ਗਿਆ ਸੀ। ਪੁਲਸ ਨੇ ਲਾਸ਼ ਬਰਾਮਦ ਕੀਤੀ। ਮੁਜਰਮਾਂ ਦੀ ਭਾਲ ਜਾਰੀ ਹੈ।'
ਇਸ ਪਿੱਛੋਂ ਟੇਪਚੂ ਦੀ ਲਾਸ਼ ਨੂੰ ਚਿੱਟੀ ਚਾਦਰ ਨਾਲ ਢਕ ਕੇ ਸੰਦੂਕ ਵਿਚ ਬੰਦ ਕਰ ਦਿੱਤਾ ਗਿਆ ਤੇ ਜੀਪ ਵਿਚ ਲੱਦ ਕੇ ਪੁਲਸ ਚੌਕੀ ਲਿਆਂਦਾ ਗਿਆ।
ਰਾਏਗੜ੍ਹ ਬਸਤਰ, ਭੋਪਾਲ ਸਭ ਜਗ੍ਹਾ ਤੋਂ ਪੁਲਸ ਦੀਆਂ ਟੁਕੜੀਆਂ ਆ ਗਈਆਂ ਸਨ। ਸੀ.ਆਰ.ਪੀ. ਵਾਲੇ ਗਸ਼ਤ ਲਾ ਰਹੇ ਸਨ। ਚਾਰੇ ਪਾਸੇ ਧੁੰਆਂ ਉਠ ਰਿਹਾ ਸੀ। ਝੁੱਗੀਆਂ ਸਾੜ ਦਿੱਤੀਆਂ ਗਈਆਂ ਸਨ। ਪੰਜਾਹ ਤੋਂ ਵੱਧ ਮਜ਼ਦੂਰ ਮਾਰੇ ਗਏ ਸਨ। ਪਤਾ ਨਹੀਂ ਕੀ ਕੀ ਹੋਇਆ ਸੀ।
ਟੇਪਚੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਡਾਕਟਰ ਐਡਵਿਨ ਵਰਗਿਸ ਓਪਰੇਸ਼ਨ ਥਿਏਟਰ ਵਿਚ ਸਨ। ਉਹ ਬੜੇ ਧਾਰਮਕ ਕਿਸਮ ਦੇ ਈਸਾਈ ਸਨ। ਟ੍ਰਾਲੀ ਸਟਰੇਚਰ ਉੱਤੇ ਟੇਪਚੂ ਦੀ ਲਾਸ਼ ਅੰਦਰ ਲਿਆਂਦੀ ਗਈ। ਡਾ. ਵਰਗਿਸ ਨੇ ਲਾਸ਼ ਦੀ ਹਾਲਤ ਦੇਖੀ। ਜਗ੍ਹਾ-ਜਗ੍ਹਾ ਥਰੀ-ਨਾਟ-ਥਰੀ ਦੀਆਂ ਗੋਲੀਆਂ ਧਸੀਆਂ ਹੋਈਆਂ ਸਨ। ਪੂਰੀ ਲਾਸ਼ ਉੱਤੇ ਇਕ ਸੂਤ ਜਗ੍ਹਾ ਅਜਿਹੀ ਨਹੀਂ ਸੀ, ਜਿਸ ਉੱਤੇ ਸੱਟ-ਫੇਟ ਦਾ ਨਿਸ਼ਾਨ ਨਾ ਹੋਵੇ।
ਉਹਨਾਂ ਆਪਣਾ ਮਾਸਕ ਠੀਕ ਕੀਤਾ, ਫੇਰ ਉਸਤਰਾ ਚੁੱਕਿਆ। ਝੁਕੇ ਤੇ ਉਦੋਂ ਹੀ ਟੇਪਚੂ ਨੇ ਆਪਣੀਆਂ ਅੱਖਾਂ ਖੋਹਲ ਲਈਆਂ। ਹੌਲੀ ਜਿਹੀ ਕਰਾਹਿਆ ਤੇ ਬੋਲਿਆ, “ਡਾਕਟਰ ਸਾਹਬ, ਇਹ ਸਾਰੀਆਂ ਗੋਲੀਆਂ ਕੱਢ ਦਿਓ। ਮੈਨੂੰ ਬਚਾਅ ਲਓ। ਮੈਨੂੰ ਇਹਨਾਂ ਕੁੱਤਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਐ।”
ਡਾਕਟਰ ਵਰਗਿਸ ਦੇ ਹੱਥੋਂ ਉਸਤਰਾ ਛੁੱਟ ਕੇ ਹੇਠਾਂ ਡਿੱਗ ਪਿਆ। ਇਕ ਭਿਚੀ ਜਿਹੀ ਚੀਕ ਉਹਨਾਂ ਦੇ ਗਲ਼ ਵਿਚੋਂ ਨਿਕਲੀ ਤੇ ਉਹ ਓਪਰੇਸ਼ਨ-ਰੂਮ ਵਿਚੋਂ ਬਾਹਰ ਵੱਲ ਦੌੜੇ।

ਤੁਸੀਂ ਕਹੋਗੇ ਕਿ ਅਜਿਹੀਆਂ ਅਣਹੋਣੀਆਂ ਤੇ ਅਸੰਭਵ ਗੱਲਾਂ ਸੁਣਾ ਕੇ ਮੈਂ ਤੁਹਾਡਾ ਸਮਾਂ ਬਰਬਾਦ ਕਰ ਰਿਹਾਂ। ਤੁਸੀਂ ਕਹਿ ਸਕਦੇ ਓ ਕਿ ਇਹ ਸਾਰੀ ਕਹਾਣੀ ਕੋਰੇ-ਝੂਠ ਦੇ ਸਿਵਾਏ ਹੋਰ ਕੁਝ ਵੀ ਨਹੀਂ...
ਮੈਂ ਵੀ ਪਹਿਲਾਂ ਹੀ ਅਰਜ਼ ਕਰ ਦਿੱਤਾ ਸੀ ਕਿ ਇਹ ਕਹਾਣੀ ਨਹੀਂ, ਸੱਚਾਈ ਏ। ਤੁਸੀਂ ਸਵਿਕਾਰ ਕਿਉਂ ਨਹੀਂ ਕਰ ਲੈਂਦੇ ਕਿ ਜੀਵਨ ਦੀ ਅਸਲੀਅਤ ਕਿਸੇ ਵੀ ਕਲਪਿਤ ਸਾਹਿਤਕ ਕਹਾਣੀ ਨਾਲੋਂ ਵੱਧ ਹੈਰਾਨ ਕਰ ਦੇਣ ਵਾਲੀ ਹੁੰਦੀ ਏ। ਤੇ ਫੇਰ ਉਹ ਅਸਲੀਅਤ ਜਿਹੜੀ ਕਿਸੇ ਮਜ਼ਦੂਰ ਦੇ ਜੀਵਨ ਨਾਲ ਜੁੜੀ ਹੋਈ ਹੋਵੇ।
ਸਾਡੇ ਪਿੰਡ ਮਡਰ ਦੇ ਇਲਾਵਾ ਜਿੰਨੇ ਵੀ ਲੋਕ ਟੇਪਚੂ ਨੂੰ ਜਾਣਦੇ ਨੇ ਉਹ ਸਾਰੇ ਮੰਨਦੇ ਨੇ ਕਿ 'ਟੇਪਚੂ ਕਦੀ ਮਰੇਗਾ ਨਹੀਂ—ਸਾਲਾ ਜਿੰਨ ਏਂ।'
ਤੁਹਾਨੂੰ ਹੁਣ ਵੀ ਵਿਸ਼ਵਾਸ ਨਾ ਹੁੰਦਾ ਹੋਵੇ ਤਾਂ ਜਿੱਥੇ, ਜਦੋਂ, ਜਿਸ ਸਮੇਂ ਤੁਸੀਂ ਚਾਹੋ, ਮੈਂ ਤੁਹਾਨੂੰ ਟੇਪਚੂ ਨਾਲ ਮਿਲਵਾ ਸਕਦਾ ਆਂ।
      ੦੦੦ ੦੦੦ ੦੦੦
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

ਪਰਲੋ…:: ਲੇਖਕ : ਪੁਨਤਿੱਲ ਕੁੰਜਬਦੁੱਲਾ

ਮਲਿਆਲੀ ਕਹਾਣੀ :
ਪਰਲੋ…:: ਲੇਖਕ : ਪੁਨਤਿੱਲ ਕੁੰਜਬਦੁੱਲਾ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


(ਪੁਨਤਿੱਲ ਕੁੰਜਬਦੁੱਲਾ 1942 ਵਿਚ ਮਾਲਾਬਾਰ ਵਿਚ ਪੈਦਾ ਹੋਏ। ਬੀ.ਐੱਸ.ਸੀ. ਪਾਸ ਕਰ ਲੈਣ ਪਿੱਛੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਦਾਖ਼ਲਾ ਲੈ ਲਿਆ। ਜਦੋਂ ਅਲੀਗੜ੍ਹ ਪੜ੍ਹਦੇ ਹੁੰਦੇ ਸਨ ਤਾਂ ਇਕ ਈਸਾਈ ਕੁੜੀ ਮਰਿਯੱਮਾ ਨਾਲ ਵਿਆਹ ਕਰਵਾ ਲਿਆ। ਪਰਿਵਾਰ ਤੇ ਸਮਾਜ ਨੇ ਵਿਰੋਧ ਕੀਤਾ ਪਰ ਉਹਨਾਂ ਕੋਈ ਪ੍ਰਵਾਹ ਨਾ ਕੀਤੀ। 1971 ਵਿਚ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ। ਐਮ.ਪੀ. ਮੁਹੰਮਦ ਦੀਆਂ ਕਹਾਣੀਆਂ ਵਾਂਗ ਕੁੰਜਬਦੁੱਲਾ ਦੀਆਂ ਕਹਾਣੀਆਂ ਵਿਚ ਵੀ ਮੁਸਲਿਮ ਸਮਾਜ ਦੇ ਹਨੇਰੇ ਪੱਖ ਦਾ ਚਿੱਤਰਣ ਬੜੀ ਬਾਰੀਕੀ ਨਾਲ ਹੁੰਦਾ ਹੈ—ਅਨੁ.)

ਪਰਲੋ ਦਾ ਆਰੰਭ ਹੋਇਆਂ ਅਜੇ ਸ਼ੁਰੂਆਤ ਹੀ ਸੀ ਕਿ ਓਸ ਇਕੋ ਛਿਣ ਵਿਚ ਉਹਦੇ ਦੋ ਜਨਮ ਸਮਾਪਤ ਹੋ ਗਏ ਤੇ ਤੀਜੇ ਜਨਮ ਦਾ ਵੀ ਆਖ਼ਰੀ ਵੇਲਾ ਆਣ ਪਹੁੰਚਿਆ।'
—ਇਕ ਮੰਦਰ ਦੇ ਸਾਹਮਣੇ ਖਲੋਤੇ ਬੋਹੜ ਦੇ ਟਾਹਣ ਉੱਤੇ ਬੈਠੇ ਵਿਚਾਰੇ ਬਾਂਦਰ ਨੇ ਸੋਚਿਆ।
ਜੋ ਕੁਝ ਉਹ ਇਸ ਜਨਮ ਵਿਚ ਪ੍ਰਾਪਤ ਕਰ ਸਕਿਆ ਹੈ, ਉਸ ਬਾਰੇ ਹੀ ਨਹੀਂ, ਸਗੋਂ ਜੋ ਕੁਝ ਉਹਨੇ ਪਿੱਛਲੇ ਜਨਮਾਂ ਵਿਚ ਪ੍ਰਾਪਤ ਕੀਤਾ ਸੀ, ਉਸ ਸਭ ਬਾਰੇ ਵੀ ਸੋਚ ਰਿਹਾ ਸੀ ਉਹ।
ਪੁਲਾੜ ਵਿਮਾਨ ਵਾਂਗ ਅਕਾਸ਼ ਨੂੰ ਚੀਰਦਾ ਜਾ ਰਿਹਾ ਇਕ ਬਹੁਤ ਵੱਡਾ ਗੋਪੁਰ ਤੇ ਉਸਦੀ ਛਾਤੀ ਉੱਤੇ ਥਣ ਵਰਗੀ ਗੋਲ ਗੰਢ ਜਿਹੀ ਉੱਤੇ ਉਹਦੀ ਨਿਗਾਹ ਪਈ। ਪਿਛਲੇ ਜਨਮ ਦੀਆਂ ਯਾਦਾਂ ਜਦੋਂ ਗਰਭ ਵਿਚ ਪਏ ਬੱਚੇ ਵਾਂਗ ਕੁਰਬਲ-ਕੁਰਬਲ ਕਰਨ ਲੱਗੀਆਂ ਤਾਂ ਅੱਖਾਂ ਵਿਚ ਅੱਥਰੂ ਆ ਗਏ। ਅੱਖਾਂ ਸਿੱਜਲ ਹੋ ਗਈਆਂ ਤੇ ਸਾਰੇ ਦ੍ਰਿਸ਼ ਧੁੰਦਲੇ ਪੈ ਗਏ। ਗੋਪੁਰ ਧੁੰਦਲਾ ਜਿਹਾ ਦਿਸਣ ਲੱਗਾ; ਘੜੀ ਅਸਪੱਸ਼ਟ ਹੋ ਗਈ; ਮੰਦਰ ਵੀ ਧੁੰਦਲਾ ਜਿਹਾ ਦਿਸਣ ਲੱਗਿਆ।
ਧੁੰਦਲਾਪਣ ਵਧਦਾ ਗਿਆ ਤੇ ਵਧਦਿਆਂ ਵਧਦਿਆਂ ਸਾਰੇ ਪਾਸੇ ਹਨੇਰਾ ਪਸਰ ਗਿਆ। ਹਨੇਰੇ ਵਿਚ ਮਨ-ਅੰਤਰ ਦੀਆਂ ਅੱਖਾਂ ਚਮਕ ਪਈਆਂ। ਉਹਨੂੰ ਚਮਕ ਵਿਚ ਪਿਛਲੇ ਜਨਮ ਨਜ਼ਰ ਆਏ—
ਪਹਿਲਾ ਜਨਮ ਰੇਗਿਸਤਾਨ ਵਿਚ ਇਕ ਆਦਮੀ ਪੁੱਤਰ ਦੇ ਰੂਪ ਵਿਚ ਪ੍ਰਾਪਤ ਹੋਇਆ ਸੀ। ਇਕ ਰੱਜੀ-ਪੁੱਜੀ ਤੇ ਸ਼੍ਰੇਸ਼ਟ ਕੁਲ ਦੇ ਕੁਲ-ਨਾਇਕ ਦੀ ਚੌਥੀ ਪਤਨੀ ਦੇ ਤੇਰ੍ਹਵੇਂ ਪੁੱਤਰ ਦੇ ਰੂਪ ਵਿਚ ਉਹਦਾ ਜਨਮ ਹੋਇਆ ਸੀ।
ਜਵਾਨ ਹੋ ਕੇ ਊਠ ਦੌੜਾਂਦਿਆਂ, ਖਜੂਰਾਂ ਖਾਂਦਿਆਂ ਤੇ ਕਸਰਤ ਕਰਦਿਆਂ ਉਹਦੇ ਦਿਨ ਬੀਤਦੇ। ਉਹਨੇ ਵਿਆਹ ਵੀ ਕਰਵਾਇਆ। ਸੱਤਾਂ ਬੱਚਿਆਂ ਦਾ ਪਿਓ ਵੀ ਬਣਿਆ।
ਉਸੇ ਵੇਲੇ ਇਕ ਧਰਮ-ਗੁਰੂ ਦਾ ਉਪਦੇਸ਼ ਸੁਣਾਈ ਦਿੱਤਾ। ਇਹ ਉਹ ਜ਼ਮਾਨਾ ਸੀ ਜਦੋਂ ਰੇਗਿਸਤਾਨ ਵਿਚ ਅੰਦੋਲਨ ਛਿੜਿਆ ਹੋਇਆ ਸੀ। ਧਰਮ-ਗੁਰੂ ਦੇ ਪੈਰੋਕਾਰਾਂ ਤੇ ਵੈਰੀਆਂ ਵਿਚਕਾਰ ਭਿਅੰਕਰ ਸੰਘਰਸ਼ ਚੱਲ ਰਿਹਾ ਸੀ।
ਧਰਮ-ਗੁਰੂ ਹਿਰਾ ਪਹਾੜ ਦੀ ਘਾਟੀ ਵਿਚ ਬੈਠਾ ਭਗਵਾਨ ਨਾਲ ਗੱਲਾਂ ਕਰ ਰਿਹਾ ਸੀ। ਪਵਿੱਤਰ ਗ੍ਰੰਥ ਦੇ ਅਧਿਆਏ ਇਕ ਇਕ ਕਰਕੇ ਧਰਤੀ ਉੱਤੇ ਉਤਰ ਰਹੇ ਸਨ। ਸਤਾਈਵੇਂ ਦਿਨ ਭਗਵਾਨ ਨੇ ਧਰਮ-ਗੁਰੂ ਨੂੰ ਆਪਣੇ ਵੱਲੋਂ, ਆਪਣੇ ਨਿਵਾਸ-ਸਥਾਨ ਆਉਣ ਲਈ ਸੱਦਾ ਭੇਜਿਆ। ਹੈਰਾਨ ਹੋਏ ਧਰਮ-ਗੁਰੂ ਨੇ ਪੁੱਛਿਆ—
“ਮੈਂ ਓਥੇ ਆਵਾਂ? ਆਕਾਸ਼, ਇਕ-ਦੋ ਨਹੀਂ ਸੱਤ ਹੈਨ। ਮੈਂ ਇਹਨਾਂ ਸੱਤਾਂ ਆਕਾਸ਼ਾਂ ਤੇ ਇਹਨਾਂ ਵਿਚਕਾਰਲੇ ਧੰਦੂਕਾਰ ਨੂੰ ਉਲਾਂਘਦਿਆਂ ਅਨੇਕਾ ਯੁੱਗ ਬਿਤਾਏ, ਹੇ ਭਗਵਾਨ। ਹੁਣ ਤੂੰ ਮੈਨੂੰ ਆਪਣੇ ਕੋਲ ਆਉਣ ਲਈ ਕਹਿ ਰਿਹਾ ਏਂ! ਕੀ ਮੈਂ ਇਹ ਕਰ ਸਕਦਾ ਵਾਂ? ਹੇ ਭਗਵਾਨ! ਕੀ ਤੂੰ ਮੇਰੀ ਪ੍ਰੀਖਿਆ ਲੈ ਰਿਹਾ ਹੈਂ?”
ਭਗਵਾਨ ਨੇ ਕਿਹਾ—
“ਧਰਮ-ਗੁਰੂ ਤੂੰ ਇਕ ਗੱਲ ਚੇਤੇ ਰੱਖ। ਮੈਂ ਸਹਾਇਤਾ ਕਰਾਂ ਤਾਂ ਏਸ ਬ੍ਰਹਿਮੰਡ ਵਿਚ ਕੁਝ ਵੀ ਔਖਾ ਨਹੀਂ। ਕੀ ਤੈਨੂੰ ਇਹ ਸੱਚਾਈ ਭੁੱਲ ਗਈ ਕਿ ਤੇਰੇ ਮਨ ਤੋਂ ਬਿਨਾਂ ਪੰਜ ਇੰਦਰੀਆਂ ਹੀ ਨਹੀਂ, ਛੇ ਅੰਗ ਹੋਰ ਵੀ ਹੈਨ?”
ਇਹ ਅਜਿਹੀ ਮੁਲਾਕਤਾ ਸੀ, ਜਿਹੜੀ ਕਦੀ ਭੁੱਲ ਨਹੀਂ ਸਕਦੀ।
ਆਸਾਧਾਰਨ ਤੇ ਗੁੱਝੀਆਂ ਗੱਲਾਂ ਹੋਈਆਂ।
ਧਰਮ-ਗੁਰੂ ਮੁੜ ਧਰਤੀ ਉੱਤੇ ਪਰਤ ਆਇਆ। ਓਸੇ ਵੇਲੇ ਆਜਾਨ ਗੂੰਜੀ। ਧਰਮ-ਗੁਰੂ ਗਦ-ਗਦ ਹੋ, ਸ਼ਾਂਤ ਹੋ ਗਿਆ। "ਇਕ ਰਾਤ ਵਿਚ, ਇਕੋ ਰਾਤ ਵਿਚ, ਹੇ ਪ੍ਰਭੂ...ਧੰਨ ਹੈ ਤੇਰੀ ਲੀਲ੍ਹਾ ਤੇ ਧੰਨ ਤੇਰੀ ਮਾਇਆ।”
ਧਰਮ-ਗੁਰੂ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਦੋਂ ਦੇ ਉਹਨੂੰ ਉਡੀਕ ਰਹੇ ਨੇ।
ਇਹ ਕਥਾ ਸੁਣ ਕੇ ਉਹ ਖਿੜ-ਖਿੜ ਹੱਸਿਆ। ਸ਼ਹਿਰ ਦੇ ਚੁਰਸਤੇ ਵਿਚ ਉਸਨੇ ਇਸ ਕਥਾ ਦੇ ਬੇਅਰਥ ਹੋਣ ਬਾਰੇ ਖੋਲ੍ਹ ਕੇ ਦੱਸ ਦਿੱਤਾ। ਲੋਕਾਂ ਉਸ ਨਾਲ ਮਿਲ ਕੇ ਧਰਮ-ਗੁਰੂ ਦਾ ਮਖ਼ੌਲ ਉਡਾਇਆ। ਉਹ ਵੀ ਹੱਸ ਪਿਆ।
ਹੱਸਦਾ ਹੱਸਦਾ ਉਹ ਘਰ ਪਹੁੰਚਿਆ। ਉਹਦੀ ਪਤਨੀ ਉਦੋਂ ਰਸੋਈ ਵਿਚ ਬੈਠੀ ਰੋਟੀਆਂ ਪਕਾ ਰਹੀ ਸੀ। ਬੱਚੇ ਵਿਹੜੇ ਵਿਚ ਖਜੂਰਾਂ ਦੀਆਂ ਗਿਟਕਾਂ ਨਾਲ ਖੇਡ ਰਹੇ ਸਨ। ਉਹਨੂੰ ਹੱਸਦਾ ਵੇਖ ਕੇ ਪਤਨੀ ਦਾ ਮੱਥਾ ਵਟਿਆ ਗਿਆ। ਉਸਨੇ ਉਹਨੂੰ ਕਿਹਾ, ਐਵੇਂ ਵਕਤ ਖ਼ਰਾਬ ਨਾ ਕਰੇ...ਛੇਤੀ ਦੇਣੇ ਨਹਾਅ ਆਵੇ।
ਡੋਲ ਤੇ ਸਾਬਨ ਚੁੱਕ ਕੇ ਉਹ ਆਪਣੇ ਘਰ ਦੇ ਸਾਹਮਣੇ ਵਾਲੇ ਤਲਾਅ ਵੱਲ ਨਹਾਉਣ ਚਲਾ ਗਿਆ।
ਪਾਣੀ ਵਿਚ ਵੜ ਕੇ ਇਕ ਡੂੰਘੀ ਟੁੱਭੀ ਲਾਈ। ਪਾਣੀ ਵਿਚੋਂ ਨਿਕਲਣ 'ਤੇ ਉਸਨੂੰ ਬੜੀ ਹੈਰਾਨੀ ਹੋਈ! ਉਹ ਇਕ ਨਦੀ ਦੇ ਕਿਨਾਰੇ ਖੜ੍ਹਾ ਸੀ। ਉਸਦੇ ਚਾਰੇ ਪਾਸੇ ਕਈ ਔਰਤਾਂ ਨਹਾਅ ਰਹੀਆਂ ਸਨ। ਬੜੀ ਅਚਰਜ ਗੱਲ ਸੀ। ਉਹ ਏਨੀਆਂ, ਅੱਧ-ਨਗੀਆਂ ਮੁਟਿਆਰਾਂ ਦੇ ਵਿਚਕਾਰ! ਆਪਣੇ ਮੋਢਿਆਂ ਉੱਤੇ ਲਮਕਦੇ ਲੰਮੇ ਵਾਲਾਂ ਤੇ ਭਰਵੀਆਂ ਛਾਤੀਆਂ ਉੱਤੇ ਉਸਦੀ ਨਜ਼ਰ ਪਈ।
ਇਸ ਵਾਰ ਫੇਰ ਉਹ ਮੁੜ੍ਹਕੋ-ਮੁੜ੍ਹਕੀ ਹੋ ਗਿਆ। ਉਹ ਇਕ ਸੁੰਦਰ ਮੁਇਆਰ ਦੇ ਰੂਪ ਵਿਚ ਬਦਲ ਗਿਆ ਸੀ। ਉਹਨੇ ਕੱਪੜੇ ਬਦਲੇ ਤੇ ਪੌੜੀਆਂ ਚੜ੍ਹ ਕੇ ਉੱਪਰ ਆ ਗਿਆ।
ਫੇਰ ਕੀ ਵਾਪਰਿਆ...ਕਿਸੇ ਨੇ ਉਸ ਨਾਲ ਵਿਆਹ ਕਰ ਲਿਆ। ਪਤੀ ਦੇ ਨਾਲ ਜੀਵਨ ਬਿਤਾਇਆ। ਪੰਜ ਬੱਚੇ ਵੀ ਜੰਮੇ। ਵਾਲ ਵੀ ਚਿੱਟੇ ਹੋ ਗਏ।
ਕੋਈ ਖਾਸ ਘਟਨਾ ਨਹੀਂ ਵਾਪਰੀ। ਸਮਾਂ ਬੀਤਦਾ ਰਿਹਾ। ਫੇਰ ਇਕ ਦਿਨ ਆਮ ਵਾਂਗ ਹੀ ਨਦੀ 'ਤੇ ਨਹਾਉਣ ਗਈ…
ਜਦੋਂ ਉਹ ਟੁੱਭੀ ਮਾਰ ਕੇ ਮੁੜ ਸਿੱਧੀ ਹੋਈ ਤਾਂ ਹੈਰਾਨ ਰਹਿ ਗਈ। ਉਹ ਆਪਣੇ ਪੁਰਾਣੇ ਪਿੰਡ ਵਿਚ ਸੀ। ਉਹੀ ਪੁਰਾਣਾ ਤਲਾਅ...ਜਿੱਥੇ ਉਹ ਆਪਣੇ ਮਰਦਾਂ ਵਾਲੇ ਰੂਪ ਵਿਚ ਆਖ਼ਰੀ ਵੇਰ ਨਹਾਤੀ ਸੀ।
ਹੁਣ ਉਹ ਔਰਤ ਦੇ ਰੂਪ ਵਿਚ ਨਹੀਂ ਸੀ।
ਪੌੜੀਆਂ ਉੱਤੇ ਧਰੇ ਕੱਪੜੇ ਓਵੇਂ ਦੀ ਜਿਵੇਂ ਪਏ ਸਨ। ਉਸਨੇ ਕੱਪੜੇ ਪਾਏ। ਓਹੋ ਹੀ ਰਾਹ ਸਨ। ਉਹ ਘਰ ਵੱਲ ਭੱਜ ਤੁਰਿਆ। ਘਰ ਅੱਪੜਿਆ ਤਾਂ ਪਤਨੀ ਅਜੇ ਰੋਟੀਆਂ ਪਕਾਅ ਰਹੀ ਸੀ। ਬੱਚੇ ਹੁਣ ਵੀ ਖਜੂਰਾਂ ਦੀਆਂ ਗਿਟਕਾਂ ਨਾਲ ਖੇਡ ਰਹੇ ਸਨ।
ਉਹ ਡਰ ਨਾਲ ਕੰਬ ਗਿਆ। ਹੈਰਾਨੀ ਨਾਲ ਉਸਦਾ ਸਾਹ ਉੱਖੜਨ ਲੱਗਾ। ਪਤਨੀ ਨੇ ਪੁੱਛਿਆ, “ਏਨੀ ਛੇਤੀ ਨਹਾਅ ਵੀ ਆਏ। ਕਾਵਾਂ ਵਾਂਗ ਖੰਭ ਭਿਓਣੀ ਕਰਕੇ ਮੁੜ ਆਏ ਲੱਗਦੇ ਓ।”
ਉਸਨੂੰ ਸਮੇਂ ਦੇ ਅਲੋਕਾਰ ਚਮਤਕਾਰਾਂ ਦਾ ਅਨੁਭਵ ਹੋਇਆ। ਉੱਥੇ ਕਈ ਸਾਲ ਲੰਘ ਗਏ ਸਨ ਤੇ ਇੱਥੇ ਕੁਝ ਪਲ ਹੀ ਬੀਤੇ ਸੀ। ਉਸਨੂੰ ਇੰਜ ਲੱਗਿਆ ਜਿਵੇਂ ਧਰਮ-ਗੁਰੂ ਦਾ ਆਕਾਸ਼ ਵਿਚ ਬਿਤਾਇਆ ਅੱਧਾ ਦਿਨ, ਧਰਤੀ ਦੇ ਦੋ ਸੌ ਵਰ੍ਹਿਆਂ ਬਰਾਬਰ ਹੋਏਗਾ। ਉਹਨੂੰ ਗਿਆਨ ਪ੍ਰਾਪਤ ਹੋ ਗਿਆ।
ਫੇਰ ਉਹਦੇ ਵਿਸ਼ਵਾਸ ਦੇ ਮਾਪ-ਤੋਲ ਬਦਲ ਗਏ।
ਸਮੇਂ ਦੇ ਅਰਥ ਕੀ ਹਨ?
ਆਕਾਸ਼ ਦਾ ਸਿਰਾ ਕਿੱਥੇ ਹੈ?
ਸਮੇਂ ਬਾਰੇ ਸੋਚਦਿਆਂ ਉਹ ਇਕ ਨਵੇਂ ਸਿੱਟੇ 'ਤੇ ਅੱਪੜਿਆ। ਸਿੱਟਾ ਲਿਖ ਦਿੱਤਾ।
ਸਮਾਂ ਸੀ।
ਸਮਾਂ ਹੋਵੇਗਾ।
ਪਰ ਸਮਾਂ ਹੈ...ਅਜਿਹੀ ਕੋਈ ਸਥਿਤੀ ਸਥਿਰ ਨਹੀਂ। ਪਲ ਬੀਤਦੇ ਨੇ ਤੇ ਅਗਾਂਹ ਲੰਘਦੇ ਜਾਂਦੇ ਨੇ। ਸੂਰਜ ਨਿਕਲਦਾ ਹੈ ਤੇ ਡੁੱਬ ਜਾਂਦਾ ਹੈ। ਲੋਕ ਇਸਨੂੰ ਦਿਨ ਕਹਿੰਦੇ ਨੇ।
ਸਮੇਂ ਦੀ ਗਿਣਤੀ ਹੋਣ ਲੱਗੀ। ਖਜੂਰਾਂ ਦੀਆਂ ਸੱਤਾਂ ਗਿਟਕਾਂ ਨਾਲ ਹਫ਼ਤੇ ਦੇ ਨਿਸ਼ਾਨ ਲਾਏ। ਗੁੰਜੇ ਦੇ ਚਾਰ ਬੀਆਂ ਨਾਲ ਮਹੀਨਾ ਬਣਾ ਲਿਆ। ਧੁੰਧਚੀ ਦੇ ਬੀਅ ਸਾਲ ਦਾ ਪ੍ਰਤੀਕ ਬਣ ਗਏ। ਸੋਨੇ ਦੇ ਦਸ ਸਿੱਕਿਆਂ ਨਾਲ ਦਹਾਕਾ ਮਿਥ ਦਿੱਤਾ।
ਸਮੇਂ ਦਾ ਨਿਰਣਾ ਹੋ ਗਿਆ। ਪਰਛਾਵੇਂ ਮਿਣੇ ਗਏ। ਵਿਸ਼ੇਸ਼ ਕਿਸਮ ਦੀਆਂ ਬੋਤਲਾਂ ਵਿਚ ਰੇਤਾ ਭਰਿਆ ਗਿਆ। ਰੇਤ ਦੇ ਕਣ ਅੱਖ-ਪਲਕਾਰੇ ਦੇ ਹਿਸਾਬ ਨਾਲ ਇਕ ਕਿਨਾਰੇ ਤੋਂ ਹੇਠ ਕਿਰਨ ਲੱਗ ਪਏ।
ਤਾਰਿਆਂ ਨੂੰ ਵੇਖ ਕੇ ਪਹਿਰ ਬਣਾਏ ਗਏ।
ਅੰਕ ਬਣਾਏ ਗਏ।
ਕਲੰਡਰ (ਪਚਾਂਗ) ਦੀ ਕਾਢ ਨਿਕਲੀ।
ਇਸ ਗੇੜ-ਚੱਕਰ ਵਿਚ ਘੜੀ ਆਖ਼ਰੀ ਅਲੋਕਾਰ ਸ਼ੈ ਸੀ।
ਆਕਾਸ਼ ਬਾਰੇ ਅਜੇ ਸੋਚਣ ਹੀ ਲੱਗਿਆ ਸੀ ਕਿ ਉਹ ਮਰ ਗਿਆ।

ਭਾਰਤ ਨਾਂਅ ਦੇ ਦੇਸ਼ ਵਿਚ ਉਹਨੇ ਮਨੁੱਖ ਰੂਪ ਵਿਚ ਦੂਜਾ ਜਨਮ ਲਿਆ। ਜਦੋਂ ਜਨਮ ਹੋਇਆ, ਸਿਰਫ ਕਾਲ ਦੀ ਯਾਦ ਹੀ ਮਨ ਵਿਚ ਸੀ। ਕੁੱਖ ਵਿਚ ਵੀ ਉਹੀ ਯਾਦ ਉਸ ਉੱਤੇ ਹਾਵੀ ਹੋਈ ਰਹੀ ਸੀ।
ਪ੍ਰਮਾਣੂ ਨਾਲ, ਸ਼ੰਕਾ ਨਾਲ, ਜੁਗਿਆਸਾ ਨਾਲ, ਕਾਠ ਨਾਲ, ਤਾਊੜੀ ਨਾਲ, ਘੜੀ ਨਾਲ, ਛਿਣ ਨਾਲ, ਦਿਨ-ਰਾਤ ਨਾਲ, ਮਹੀਨਿਆਂ ਨਾਲ, ਸਾਲਾਂ ਨਾਲ...ਉਹਦਾ ਵਿਕਾਸ ਆਰੰਭ ਹੋਇਆ।
ਦੁਬਾਰਾ ਨਦੀ ਵਿਚ ਇਸ਼ਨਾਨ ਕਰਕੇ ਤੀਰਥ-ਜਲ ਪੀ ਕੇ, ਭਗਵਾਨ ਦੀ ਪ੍ਰੀਤਮਾ ਮੂਹਰੇ ਹੱਥ ਜੋੜ ਕੇ, ਸਿਰਫ ਕੰਦ-ਮੂਲ ਖਾ ਕੇ ਉਹ ਵੱਡਾ ਹੋਇਆ।
ਜਦੋਂ ਉਹ ਵੱਡਾ ਹੋ ਗਿਆ ਤਾਂ ਬੁੱਧੀ ਦਾ ਵਿਕਾਸ ਵੀ ਹੋਇਆ। ਉਹਨੇ ਆਪਣੇ ਆਪ ਤੋਂ ਪੁੱਛਿਆ—
“ਕਾਲ ਕੀ ਹੁੰਦਾ ਹੈ?”
ਕਾਲ ਬਾਰੇ ਗਿਆਨ ਪ੍ਰਾਪਤ ਕਰਨ ਲਈ ਉਹਨੇ ਦਿਨ ਰਾਤ ਜਤਨ ਕੀਤੇ। ਕੋਈ ਸਿੱਟਾ ਨਾ ਨਿਕਲਿਆ। ਪਰ ਇਕ ਗੱਲ ਦੀ ਸੋਝੀ ਜ਼ਰੂਰ ਹੋਈ ਕਿ ਇਸ ਬ੍ਰਹਿਮੰਡ ਵਿਚ ਉਹਨੂੰ ਗਿਆਨੀ ਬਣਾਉਣ ਦੀ ਸਮੱਰਥਾ ਸਿਰਫ ਬ੍ਰਹਮਾ ਵਿਚ ਹੀ ਹੈ।
ਅੱਠੇ-ਪਹਿਰ ਉਹਨੇ ਤਪ ਕੀਤਾ। ਚਾਨਣ ਵਿਚ ਯਾਦ ਬਣ ਕੇ ਰਹਿ ਗਿਆ। ਜਟਾਂ ਸਿਰ ਉੱਤੇ ਲਪੇਟ ਲਈਆਂ, ਦਾੜ੍ਹੀ ਦੇ ਵਾਲ ਵਧਦੇ ਵਧਦੇ ਧਰਤੀ ਨਾਲ ਜਾ ਲੱਗੇ।
ਵਿਸ਼ਨੂੰ ਦੀ ਧੁੱਨੀਂ ਵਿਚੋਂ ਨਿਕਲੇ, ਕਮਲ ਉੱਪਰ ਬਿਰਾਜਮਾਨ ਬ੍ਰਹਮਾ ਦੀ ਇਕੋ ਇਕ ਯਾਦ ਹੀ ਉਹਦੇ ਸਰੀਰ ਦੇ ਰੋਮ-ਰੋਮ ਵਿਚ ਸਮਾਈ ਹੋਈ ਸੀ।
ਵਰ੍ਹੇ ਤਾਂ ਵਰ੍ਹੇ ਯੁੱਗ ਵੀ ਬੀਤ ਗਏ।
ਇਕ ਵਾਰੀ ਦੁਮੇਲ ਵਿਚੋਂ ਕਿਸੇ ਬਿੰਦੂ ਵਰਗਾ ਇਕ ਹੰਸ ਪ੍ਰਗਟ ਹੋਇਆ। ਕੁਝ ਪਲਾਂ ਵਿਚ ਬ੍ਰਹਮਾ ਉਸਦੇ ਸਾਹਮਣੇ ਆਣ ਖਲੋਤੇ।
ਉਸਨੇ ਬ੍ਰਹਮਾ ਦੀ ਵਾਣੀ ਸੁਣੀ।
ਅੱਖਾਂ ਖੋਹਲੀਆਂ।
ਪਰ ਬ੍ਰਹਮਾ ਨੇ ਨੇਤਰ ਨਹੀਂ ਖੋਲ੍ਹੇ।
“ਬੇਟਾ, ਇਹ ਵਿਅਰਥ ਯਤਨ ਕਾਹਦੇ ਲਈ ਕਰ ਰਿਹਾ ਹੈਂ? ਸਮੇਂ ਨਾਲ ਸੰਬੰਧਤ ਹਿਸਾਬ ਸਿਰਫ ਮੇਰੇ ਕੋਲ ਹੀ ਹੈ।”
“ਮਹਾਰਾਜ, ਕ੍ਰਿਪਾ ਕਰਕੇ ਮੈਨੂੰ ਵੀ ਦੱਸ ਦਿਓ।”
“ਫ਼ਜ਼ੂਲ ਗੱਲ, ਤੂੰ ਜਾਣ ਕੇ ਕੀ ਕਰਨੈਂ?”
“ਪ੍ਰਭੂ ਮੇਰੀ ਇਹ ਬੇਨਤੀ ਅਟੱਲ ਹੈ।”
“ਤਾਂ ਫੇਰ ਸੁਣ...” ਬ੍ਰਹਮਾ ਨੇ ਕਿਹਾ, “ਦਿਨ-ਰਾਤ, ਮਹੀਨਿਆਂ-ਰੁੱਤਾਂ, ਜੋਤਸ਼ ਸ਼ਾਸਤਰ, ਮਨੁੱਖਾਂ ਦੇ ਵਰ੍ਹਿਆਂ, ਦੇਵਤਿਆਂ ਦੇ ਵਰ੍ਹਿਆਂ, ਮਹਾਯੁੱਗ ਤੇ ਪਰਲੋ ਵਿਚੋਂ ਲੰਘ ਕੇ ਮੇਰੇ ਇਕ ਦਿਨ ਤੇ ਇਕ ਰਾਤ ਪੂਰੇ ਹੁੰਦੇ ਨੇ। ਉਹ ਇਕ ਦਿਨ ਤੇਰੇ 864,00,00,000 ਸਾਲਾਂ ਦੇ ਬਰਾਬਰ ਹੈ।”
“ਮਹਾਰਾਜ ਮੈਨੂੰ ਖਿਮਾ ਕਰੋ।”
ਬ੍ਰਹਮਾ ਤੇ ਹੰਸ ਅਲੋਪ ਹੋ ਗਏ।
ਉਹਨੇ ਵੀ ਆਸਣ ਛੱਡ ਦਿੱਤਾ।
ਉਦੋਂ ਤੀਕ ਉਹਦੀਆਂ ਪੀੜ੍ਹੀਆਂ ਦੀਆਂ ਨਦੀ ਕਿਨਾਰੇ ਬਣਾਈਆਂ ਸਭਿਅਤਾਵਾਂ ਮਿੱਟੀ ਵਿਚ ਮਿਲ ਚੁੱਕੀਆਂ ਸਨ। ਉਹਨਾਂ ਸੰਸਕ੍ਰਿਤੀਆਂ ਦੀ ਯਾਦ ਨੇ ਪਿੱਛੋਂ ਕਿਸੇ ਨੂੰ ਵੀ ਦੁਖੀ ਨਹੀਂ ਸੀ ਕੀਤਾ। ਇਤਿਹਾਸ ਦੇ ਥੋੜ੍ਹ-ਅਕਲੇ ਵਿਦਿਆਰਥੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਆਪਣੀਆਂ ਕਾਪੀਆਂ ਵਿਚ ਉਹਨਾਂ ਦੀ ਵਿਆਖਿਆ ਲਿਖ ਰਹੇ ਸਨ।
ਏਨੇ ਨੂੰ ਹਿਮਵਾਨ ਦੇਵਤਾ ਦੀ ਵਡੱਤਣ ਨੂੰ ਇਕ ਸ਼ਰਾਪ ਵਾਂਗ ਬਰਬਾਦ ਕਰਨ ਲੱਗੇ ਹੋਏ ਦੋ ਫਾਟਕਾਂ ਵਿਚੋਂ ਦੀ ਹੋ ਕੇ ਮੌਨਸੂਨ ਪੌਣਾ ਅੰਦਰ ਲੰਘ ਆਈਆਂ। ਉਹਨਾਂ ਨਾਲ ਹੀ ਕਈ ਵਿਹੁਲੇ ਜੀਆ-ਜੰਤ ਵੀ ਇਸ ਧਰਮ-ਧਰਤੀ ਵਿਚ ਅਛੋਪਲੇ ਹੀ ਆਣ ਵੜੇ।
ਸਿੱਟੇ ਵਜੋਂ ਇੱਥੇ ਵਰਣ ਸ਼ੰਕਰ ਜਾਤੀਆਂ ਹੋਂਦ ਵਿਚ ਆਈਆਂ। ਉਹਨਾਂ ਦੀ ਸੰਸਕ੍ਰਿਤੀ ਵਿਚ ਵੀ ਮਿਲਾਵਟ ਦੇ ਯਤਨ ਕੀਤੇ ਗਏ।
ਬਹੁਤ ਅਸਹਿ ਮਾਨਸਿਕ ਪੀੜ ਪਿੱਛੋਂ ਉਹਨੂੰ ਇਕ ਤੱਥ ਦੀ ਸਮਝ ਪੈ ਗਈ। ਉਸਦੇ ਪਿਆਰੇ ਬ੍ਰਹਮਾ ਦੇ ਸੰਕਲਪ ਨਸ਼ਟ ਹੋ ਰਹੇ ਨੇ। ਉਹਦੀ ਪ੍ਰੰਪਰਾ ਵੀ ਮਲੀਨ ਹੋ ਰਹੀ ਹੈ।
ਫੇਰ ਉਹ ਵੀ ਨੀਚ ਵਿਦੇਸ਼ੀ ਭਾਸ਼ਾ ਪੜ੍ਹਨ ਲਈ ਮਜ਼ਬੂਰ ਹੋ ਗਿਆ। ਉਸ ਭਾਸ਼ਾ ਰਾਹੀਂ ਉਹਨੇ ਸਮੇਂ ਬਾਰੇ, ਖ਼ਲਾਅ ਬਾਰੇ ਵਿਚਾਰ ਕੀਤਾ।
ਰਾਈਟ ਤੇ ਲੈਫ਼ਟ?
ਟਾਈਮ ਸ਼ੇਅਰਸ ਦਾ ਫੇਟ ਆਵ ਸਪੇਸ।
ਆਰ ਆਲ ਪਾਂਇਟਸ ਆਵ ਵਯੂ ਇਕਵੀਵੇਲੇਂਟ?
ਦਾ ਰਿਲੇਟਿਵ ਏਪਿਯਰਸ ਐਬਸੋਲਿਊਟ,
ਦਾ ਐਬਸੋਲਿਊਟ ਟਰਨਸ ਆਊਟ ਟੂ ਬੀ ਰਿਲੇਟਿਵ।
ਵੇਲੋਸਿਟੀ ਹੈਜ਼ ਇਟਸ ਲਿਮਿਟ।
ਏਨੇ ਦੈਵੀ ਵਾਕ ਸਿੱਖ ਲੈਣ ਪਿੱਛੋਂ ਕਿਸੇ ਨੇ ਉਹਨੂੰ ਆਖਿਆ, “ਸ਼ਾਮ ਦੇ ਪੰਜ ਗਏ ਨੇ।”
ਉਸ ਪੁੱਛਿਆ, “ਕਿੱਥੇ? ਭਾਰਤ ਵਿਚ ਜਾਂ ਅਮਰੀਕਾ ਵਿਚ?” ਇੰਜ ਉਹ ਆਇਨਸਟਾਈਨ ਦਾ ਨਿਰਪੇਖਤਾ ਸਿਧਾਂਤ ਅਜੇ ਅੱਧਾ ਹੀ ਪੜ੍ਹ ਸਕਿਆ ਸੀ ਕਿ ਉਹਦੇ ਦੂਜੇ ਜੀਵਨ ਦੀ ਕਥਾ ਵੀ ਸਮਾਪਤ ਹੋ ਗਈ।
ਪੁਨਰ-ਜਨਮ ਦੀ ਖੋਜ ਵਿਚ ਉਹਦੀ ਆਤਮਾ ਭਟਕਦੀ ਰਹੀ।

ਉਸ ਅਭਾਗੇ ਦਾ ਤੀਜਾ ਜਨਮ ਇਕ ਬਾਂਦਰ ਦੇ ਰੂਪ ਵਿਚ ਹੋਇਆ। ਬਾਂਦਰ ਦਾ ਕੋਈ ਸਾਕ-ਸੰਬੰਧੀ ਜਾਂ ਸੱਜਣ-ਮਿੱਤਰ ਨਹੀਂ ਸੀ। ਇਹ ਜਨਮ ਅਜਿਹੇ ਵਰਗ ਵਿਚ ਹੋਇਆ ਜਿੱਥੇ ਤੀਵੀਆਂ ਸਰਬ-ਸਾਂਝੀ ਸੰਪਤੀ ਮੰਨੀਆਂ ਜਾਂਦੀਆਂ ਸਨ। ਇਸੇ ਲਈ ਉਹਨੂੰ ਆਪਣੇ ਪਿਤਾ ਬਾਰੇ ਕੋਈ ਪਤਾ ਨਹੀਂ ਸੀ। ਮਾਂ ਦੇ ਮਗਰ-ਮਗਰ ਤੁਰਿਆ ਫਿਰਦਾ। ਭੁੱਖ ਲੱਗਦੀ। ਉਸਦਾ ਦੁੱਧ ਚੁੰਘ ਲੈਂਦਾ। ਉਸਦੇ ਸਿਰ ਵਿਚੋਂ ਜੂੰਆਂ ਕੱਢ-ਕੱਢ ਮਾਰਦਾ ਰਹਿੰਦਾ। ਇਹ ਸਾਰੀਆਂ ਗੱਲਾਂ ਉਹਨੂੰ ਚੇਤੇ ਨੇ। ਦੂਜੀ ਵੇਰ ਗਰਭ ਹੋਣ ਮਗਰੋਂ ਉਹਦੀ ਮਾਂ ਨੇ ਉਹਨੂੰ ਆਪਣੇ ਨਾਲੋਂ ਵੱਖ ਕਰ ਦਿੱਤਾ।
ਫੇਰ ਉਹ ਸਾਥੀਆਂ ਨਾਲ ਰਹਿਣ ਲੱਗ ਪਿਆ। ਉਹਨਾਂ ਨਾਲ ਉਹ ਰੁੱਖਾਂ ਉੱਤੇ ਉਛਲਦਾ-ਕੁੱਦਦਾ, ਵੱਡੀਆਂ ਵੱਡੀਆਂ ਕੰਧਾਂ ਉੱਤੇ ਚੜ੍ਹਦਾ ਤੇ ਮੰਦਰ ਦੀ ਉਤਲੀ ਛੱਤ ਉੱਤੇ ਨੱਚਦਾ-ਟੱਪਦਾ ਰਹਿੰਦਾ। ਉਹਦੇ ਦਿਨ ਬੜੇ ਚੰਗੇ ਲੰਘ ਰਹੇ ਸੀ। ਇਕ ਦਿਨ ਉਹ ਅਮਰੂਦਾਂ ਦੇ ਬਾਗ਼ ਵਿਚੋਂ ਚੋਰੀਓਂ ਅਮਰੂਦ ਤੋੜ ਕੇ ਖਾਣ ਲੱਗਾ ਹੋਇਆ ਸੀ ਕਿ ਮਾਲੀ ਨੇ ਗਲੇਲ ਸੇਧ ਕੇ ਵੱਟਾ ਮਾਰਿਆ। ਵੱਟਾ ਉਹਦੀ ਪਿੱਠ ਉੱਤੇ ਏਨੀ ਜ਼ੋਰ ਦੀ ਵੱਜਿਆ ਕਿ ਉਹਦਾ ਰੋਣ ਨਿਕਲ ਗਿਆ। ਦੋ ਦਿਨ ਬੜੀ ਹੀ ਪੀੜ ਹੁੰਦੀ ਰਹੀ। ਫੇਰ ਉਹ ਥਾਂ ਲਾਲ ਹੋ ਕੇ ਸੁੱਜ ਗਿਆ। ਇਕ ਹਫ਼ਤੇ ਪਿੱਛੋਂ ਉੱਥੇ ਜ਼ਖ਼ਮ ਹੋ ਗਿਆ। ਜ਼ਖ਼ਮ ਦੁਆਲਿਓਂ ਵਾਲ ਝੜ ਗਏ। ਜ਼ਖ਼ਮ ਵਿਚ ਪਾਕ ਪੈ ਗਈ ਤੇ ਕਚ-ਲਹੂ ਰਿਸਣ ਲੱਗ ਪਿਆ। ਪਾਕ ਨਾਲ ਵਾਲ ਗਿੱਲੇ ਹੋ ਗਏ: ਫੇਰ ਪਾਕ ਸੁੱਕ ਗਈ। ਜ਼ਖ਼ਮ ਉੱਤੇ ਹਮੇਸ਼ਾ ਮੱਖੀਆਂ ਭਿਣਕਦੀਆਂ ਰਹਿੰਦੀਆਂ। ਉਸ ਵਿਚ ਕੀੜੇ ਵੀ ਪੈ ਗਏ। ਬਦਬੂ ਮਾਰਨ ਲੱਗ ਪਈ। ਉਹ ਸਾਰਿਆਂ ਨਾਲੋਂ ਵੱਖਰਾ ਰਹਿਣ ਲਈ ਮਜ਼ਬੂਰ ਹੋ ਗਿਆ।
ਅੱਜ ਉਹ ਬਾਂਦਰ ਬੇ ਸਹਾਰਾ ਹੈ। ਇਕੱਲਾ ਹੈ। ਨਾ ਮਾਂ ਹੈ, ਨਾ ਪਿਓ। ਸਾਂਝਾ, ਪਰਵਾਰ ਵੀ ਨਹੀਂ। ਕੋਈ ਮਿੱਤਰ ਬੇਲੀ ਨਹੀਂ। ਬੁੱਢੀ ਪਿੱਠ ਉਤਲੇ ਨਾਸੂਰ ਨਾਲ ਕਸ਼ਟ ਭੋਗਦਾ ਉਹ ਸੰਢੇ ਦੀ ਉਡੀਕ ਵਿਚ ਦਿਨ ਕੱਟ ਰਿਹਾ ਹੈ।
ਮੰਦਰ ਦੇ ਸਾਹਮਣੇ ਵਾਲਾ ਬੋਹੜ ਦਾ ਰੁੱਖ ਹੀ ਉਸ ਲਈ ਲੋਕ-ਪਰਲੋਕ ਹੈ। ਉਹ ਬੋਹੜ ਦਾ ਰੁੱਖ ਇਕ ਅਜਿਹੇ ਚੁਰਾਹੇ ਵਿਚ ਹੈ ਜਿੱਥੇ ਮੰਦਰ, ਸ਼ਹਿਰ, ਥਾਣੇ ਤੇ ਨਦੀ ਵੱਲ ਜਾਣ ਵਾਲੀਆਂ ਸੜਕਾਂ ਦਾ ਚੁਰਸਤਾ ਹੈ।
ਅਣਗਿਣਤ ਟਾਹਣੀਆਂ ਤੇ ਟਾਹਣਾ ਵਿਚ ਵੰਡਿਆ, ਦੂਰ ਤਕ ਫੈਲਿਆ ਤੇ ਵਿਸ਼ਾਲ ਮੁੱਢ ਤੇ ਨਰੋਈਆਂ ਜੜਾਂ ਵਾਲਾ ਇਹ ਬੁੱਢਾ ਬੋਹੜ ਪੀੜ੍ਹੀਆਂ ਦੀਆਂ ਲਾਚਾਰੀਆਂ ਨੂੰ ਨਿਸੰਗ ਵਿਹੰਦਾ ਹੋਇਆ ਏਥੇ ਸ਼ਥਿਰ ਖੜ੍ਹਾ ਹੈ। ਉਸਦੀਆਂ ਥੋਥੀਆਂ ਖੋਡਾਂ ਵਿਚ ਸੱਪ ਆਣ ਸ਼ਰਨ ਲੈਂਦੇ ਨੇ। ਟਾਹਣੀਆਂ ਉੱਤੇ ਚਿੱੜੀਆਂ ਦੇ ਆਲ੍ਹਣੇ ਨੇ। ਸੰਘਣੀਆਂ ਸ਼ਾਖਾਵਾਂ ਵਿਚ ਹਵਾ ਸ਼ੂਕਦੀ ਹੈ। ਟਾਹਣੀਆਂ ਉੱਤੇ ਕੀੜੀਆਂ ਦੀਆਂ ਕਤਾਰਾਂ ਦੀਆਂ ਕਤਾਰਾਂ ਤੁਰੀਆਂ ਫਿਰਦੀਆਂ ਨੇ। ਤਨ ਉੱਤੇ ਪਸਰੇ ਨਿੱਕੇ ਵੱਡੇ ਪੱਤੇ ਹਵਾ ਨਾਲ ਕੰਬਦੇ ਤੇ ਹਿੱਲਦੇ ਰਹਿੰਦੇ ਨੇ।
ਕਈ ਸਾਲਾਂ ਦਾ ਇਹ ਬਾਂਦਰ ਏਸੇ ਬੋਹੜ ਦੀ ਕਿਸੇ ਟਾਹਣੀ ਉੱਤੇ ਬੈਠ ਕੇ ਹੇਠਾਂ ਵਿਚਰਦੀ ਜ਼ਿੰਦਗੀ ਵੇਖਦਾ ਰਿਹਾ ਹੈ...ਆਉਂਦੇ ਜਾਂਦੇ ਰਹੀਆਂ ਨੂੰ, ਜਾਨਵਰਾਂ ਨੂੰ ਤੇ ਉਡੇ ਫਿਰਦੇ ਪੰਛੀਆਂ ਤੇ ਜਹਾਜ਼ਾਂ ਨੂੰ ਆਪਣੇ ਪਹਿਲੇ ਜਨਮ ਦੀ ਕਹਾਣੀ ਸੁਣਾਉਣ ਲਈ ਤਰਸਦਾ ਰਿਹਾ ਹੈ। ਮੂੰਹੋਂ ਕੁਝ ਨਹੀਂ ਕਹਿ ਸਕਦਾ। ...ਉਹਨੇ ਪਰਛਾਵਾਂ ਨਾਪ ਕੇ ਸਮੇਂ ਦਾ ਫ਼ੈਸਲਾ ਕੀਤਾ ਸੀ। ਰੇਤੇ ਦੀਆਂ ਸ਼ੀਸ਼ੀਆਂ ਦੀ ਮਦਦ ਨਾਲ ਸਮੇਂ ਨੂੰ ਮਿਣਿਆ ਸੀ ਤੇ ਅੰਕਾਂ ਦੀ ਕਾਢ ਕੱਢੀ ਸੀ। ਕਲੰਡਰ (ਪੰਚਾਂਗ) ਵੀ ਉਹਦੀ ਆਪਣੀ ਦੇਣ ਸੀ। ਤਪ ਕਰਕੇ ਬ੍ਰਹਮਾ ਨੂੰ ਬੁਲਾਇਆ ਸੀ ਉਹਨੇ...ਤੇ ਅਜਿਹੇ ਕਿੰਨੇ ਹੀ ਤੱਥਾਂ ਦੀ ਛਾਪ, ਚਿੱਤਰਾਂ ਦੇ ਰੂਪ ਵਿਚ ਉਹਦੇ ਮਨ, ਮਸਤਕ ਵਿਚ ਪਈ ਸੀ।
ਕੋਈ ਵੀ ਰਾਹੀ-ਪਾਂਧੀ ਉਸ ਵੱਲ ਧਿਆਨ ਨਹੀਂ ਸੀ ਦਿੰਦਾ। ਹੁਣ ਤਾਂ ਬੱਚੇ ਵੀ ਉਸਨੂੰ ਵੇਖ ਕੇ ਉਹਦਾ ਮਖ਼ੌਲ ਨਹੀਂ ਸੀ ਉਡਾਉਂਦੇ। ਖਾਣ ਨੂੰ ਵੀ ਨਹੀਂ ਸੀ ਮਿਲਦਾ। ਮੰਦਰ ਨੂੰ ਜਾਣ ਵਾਲੇ ਰਸਤੇ ਉੱਤੇ ਜਾਂਦੇ ਭਗਤਾਂ ਦੀਆਂ ਪ੍ਰਸ਼ਾਦ ਨਾਲ ਭਰੀਆਂ ਹੋਈਆਂ ਥਾਲੀਆਂ ਵੇਖ-ਵੇਖ ਉਹਦੇ ਮੂੰਹ ਵਿਚ ਪਾਣੀ ਭਰ ਆਉਂਦਾ। ਢਿੱਡ ਵਿਚ ਭੁੱਖ ਦੀ ਅੱਗ ਮੱਚ ਉਠਦੀ। ਜਦੋਂ ਮੰਦਰ ਦਾ ਫਾਟਕ ਬੰਦ ਕਰਕੇ ਪੁਜਾਰੀ ਖੀਰ ਪੀਂਦਾ ਤਾਂ ਉਹ ਬਿਨਾਂ ਅੱਖ ਝਪਕਾਇਆਂ ਉਸਨੂੰ ਵਿਹੰਦਾ ਰਹਿੰਦਾ ਤੇ ਆਪਣੀ ਭੁੱਖ ਭੁਲਾਉਂਦਾ।
ਰਾਤ ਨੂੰ ਜਦੋਂ ਸਾਰੇ ਸੌਂ ਜਾਂਦੇ ਤਾਂ ਉਹ ਰੁੱਖ ਤੋਂ ਹੇਠਾਂ ਉਤਰ ਆਉਂਦਾ ਤੇ ਮੰਦਰ ਦੇ ਵਿਹੜੇ ਵਿਚ ਚਲਾ ਜਾਂਦਾ। ਭਗਤਾਂ ਦੇ ਭੰਨੇ ਹੋਏ ਨਾਰੀਅਲ ਦੇ ਟੋਟੇ, ਸੜੇ ਹੋਏ ਫਲ, ਰੇਤੇ ਨਾਲ ਲਿੱਬੜੀ ਮਠਿਆਈ ਦੇ ਭੋਰੇ, ਜਾਂ ਕਦੀ ਅੰਬ ਦੀਆਂ ਗੁਠਲੀਆਂ ਲੱਭ ਜਾਂਦੀਆਂ। ਕੁਝ ਵੀ ਨਾ ਲੱਭਦਾ ਤਾਂ ਉਹ ਮੰਦਰ ਦੇ ਤਲਾਅ ਵਿਚੋਂ ਪਾਣੀ ਪੀ ਲੈਂਦਾ। ਜੇ ਪੁਜਾਰੀ ਉੱਥੇ ਨਾ ਹੁੰਦਾ ਤਾਂ ਮੰਦਰ ਦੀ ਛੱਤ ਉੱਤੇ ਚੜ੍ਹ ਕੇ ਘੰਟੀ ਵਜਾਉਣ ਲੱਗਦਾ। ਫੇਰ ਅੱਖ-ਪਲਕਾਰੇ ਵਿਚ ਨੱਸ ਕੇ ਬੋਹੜ ਉੱਤੇ ਜਾ ਬੈਠਦਾ।
ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਪਿਛਲੇ ਜਨਮ, ਸਮੇਂ, ਆਕਾਸ਼, ਪਿੱਠ ਦਾ ਅੱਲਾ ਜ਼ਖ਼ਮ, ਆਦੀ ਨੂੰ ਚੇਤੇ ਕਰਕੇ ਉਹਦਾ ਦਿਲ ਦੁਖੀ ਹੋ ਜਾਂਦਾ। ਪਹੁ ਫੁਟਾਲੇ ਸਮੇਂ ਉਹਨੂੰ ਨੀਂਦ ਆਉਣ ਲੱਗ ਪੈਂਦੀ।
ਘੁੱਗੂ ਦੀ ਆਵਾਜ਼ ਸੁਣ ਕੇ ਰੋਜ਼ ਉਹਨੂੰ ਜਾਗ ਆਉਂਦੀ। ਨਗਰ ਪਾਲਿਕਾ ਦੇ ਵੱਡੇ ਦਫ਼ਤਰ ਦੇ ਫਾਟਕ ਉੱਤੇ ਘੁੱਗੂ ਵੱਜਦਾ...ਉਦੋਂ ਘੜੀ ਉੱਤੇ ਛੇ ਵੱਜੇ ਹੁੰਦੇ।
ਗੋਪੁਰ ਵਿਚ, ਗੋਪੁਰ ਦੇ ਥਣ ਵਾਂਗ ਦਿਸਦੀ ਘੜੀ ਨੂੰ ਜਦੋਂ ਦਾ ਉਹ ਵੇਖਦਾ ਆਇਆ ਹੈ ਉਦੋਂ ਤੋਂ ਹੀ ਇਕ ਇੱਛਾ ਉਹਨੂੰ ਬੇਚੈਨ ਕਰਦੀ ਰਹੀ ਹੈ।
ਉਹ ਕਿਸੇ ਦਿਨ ਗੋਪੁਰ ਦੇ ਦਰਵਾਜ਼ੇ ਉੱਪਰ ਚੜ੍ਹ ਕੇ ਘੜੀ ਹਾਸਲ ਕਰਨਾ ਚਾਹੁੰਦਾ ਸੀ। ਜੇ ਹੋ ਸਕਿਆ ਤਾਂ ਪਲ ਭਰ ਲਈ ਚੰਦ ਨੂੰ ਛੂਹ ਲੈਣ ਦੀ ਇੱਛਾ ਵੀ ਸੀ। ਇਹ ਇੱਛਾਵਾਂ ਧੁੰਈਂ ਵਾਂਗ ਉਹਦੇ ਉਸੇ ਦਿਲ ਵਿਚ ਧੁਖਦੀਆਂ ਰਹਿੰਦੀਆਂ ਸਨ, ਜਿਸ ਨੇ ਸਮੇਂ ਬਾਰੇ ਏਨੀ ਸੋਚ ਵਿਚਾਰ ਕਰਕੇ ਉਸਦਾ ਨਿਖੇੜਾ ਕੀਤਾ ਸੀ। ਘੜੀ ਦੀ ਕਾਢ ਕੱਢੀ ਸੀ। ਨਿਰਪੇਖਤਾ ਦੇ ਸਿਧਾਂਤ ਦਾ ਅਧਿਅਨ ਸ਼ੁਰੂ ਕੀਤਾ ਸੀ...ਤੇ ਪਹਿਲੇ ਜਨਮ ਵਿਚ ਨੇਕ ਕੰਮ ਕੀਤੇ ਸਨ।
ਕਈ ਰਾਤਾਂ ਨੂੰ ਉਹ ਗੋਪੁਰ ਵੱਲ ਵੀ ਗਿਆ ਸੀ...ਪਰ ਓਦੋਂ ਤਕ ਗੋਰਖਾ ਪਹਿਰੇਦਾਰ ਗੋਪੁਰ ਦਰਵਾਜ਼ੇ ਦੇ ਫਾਟਕ ਨੂੰ ਜ਼ਿੰਦਰਾ ਮਾਰ ਕੇ ਸੌਂ ਚੁੱਕਿਆ ਹੁੰਦਾ ਸੀ।
ਅਖ਼ੀਰ ਮਹੱਤਵਪੂਰਨ ਦਿਨ ਆਇਆ। ਸੋਹਣੀ ਚਾਨਣੀ ਰਾਤ...ਗੋਪੁਰ ਦੀ ਛਾਤੀ ਦੀ ਤ੍ਰਿਸ਼ੂਲ ਸਿੱਧੀ ਆਸਮਾਨ ਵੱਲ ਤਣੀ ਹੋਈ; ਚੌਕੀਦਾਰ ਗੋਪੁਰ ਦੇ ਦਰਵਾਜ਼ੇ ਨੂੰ ਬੰਦ ਕਰਨਾ ਭੁੱਲ ਗਿਆ ਸੀ ਤੇ ਘੁਰਾੜੇ ਮਾਰ ਰਿਹਾ ਸੀ।
ਬੁੱਢੇ ਦੀ ਪਰਵਾਹ ਨਾ ਕਰਦਾ ਹੋਇਆ, ਜ਼ਖ਼ਮ ਦੀ ਪੀੜ ਸਹਿੰਦਾ ਹੋਇਆ, ਭੁੱਖ ਨੂੰ ਭੁੱਲ ਕੇ ਉਹ ਗੋਪੁਰ ਵੱਲ ਜਾਂਦੀਆਂ ਪੌੜੀਆਂ ਚੜ੍ਹਨ ਲੱਗ ਪਿਆ...
ਉਹਨੂੰ ਪਤਾ ਨਹੀਂ ਕਿ ਉਹ ਕਿੰਨੀ ਦੇਰ ਵਿਚ ਉਤਾਂਹ ਚੜ੍ਹਿਆ ਸੀ। ਸੈਂਕੜੇ ਹਜ਼ਾਰਾਂ ਪੌੜੀਆਂ। ਪਿੰਡਾ ਪਸੀਨੇ ਨਾਲ ਭਿੱਜ ਗਿਆ। ਚੱਕਰ ਆਉਂਣ ਲੱਗ ਪਏ ਸਨ। ਪੈਰ ਥਕਾਵਟ ਸਦਕਾ ਨਾਲੋਂ ਲੱਥ ਗਏ ਜਾਪਦੇ ਸੀ। ਦਿਲ ਦੀ ਧੜਕਣ ਵਧ ਗਈ ਸੀ। ਸਾਹ ਹਨੇਰੀ ਵਾਂਗ ਸ਼ੂਕ ਰਹੇ ਸਨ।
ਆਖ਼ਰ ਉਹ ਆਪਣੇ ਨਿਸ਼ਾਨੇ ਉੱਪਰ ਪਹੁੰਚ ਹੀ ਗਿਆ। ਉਹ ਤੀਬਰਤਾ ਨਾਲ ਘੜੀ ਨੂੰ ਵਿਕਾਰਾਂ ਦੇ ਵੇਗ ਵਿਚ ਪਲੋਸਦਾ ਰਿਹਾ, ਉਸਦੀਆਂ ਸੂਈਆਂ ਨੂੰ ਉਹਨੇ ਚੁੰਮ ਲਿਆ। ਫੇਰ ਸਾਰਾ ਜ਼ੋਰ ਲਾ ਕੇ ਉਸਨੂੰ ਗੋਪੁਰ ਨਾਲੋਂ ਤੋੜ ਲਿਆ।
ਗੋਪੁਰ ਦਾ ਥਣ ਨਸ਼ਟ ਹੋ ਗਿਆ। ਸਰੂਪਨਖਾ ਦੀ ਪੀੜ। ਉਹਦੀ ਇੱਛਾ ਪੂਰੀ ਹੋ ਗਈ। ਘੜੀ ਦੇ ਖੋਜੀ ਦੇ ਹੱਥ, ਘੜੀ ਆ ਗਈ ਸੀ।
ਘੜੀ ਨੂੰ ਆਪਣੀ ਜ਼ਖ਼ਮੀ ਪਿੱਠ ਉੱਤੇ ਚੁੱਕ ਕੇ ਉਹ ਗੋਪੁਰ ਦੇ ਸ਼ਿਖਰ ਉੱਤੇ ਖੜ੍ਹਾ ਰਿਹਾ। ਚਾਨਣ ਧੋਤਾ ਆਕਾਸ਼। ਚੰਦ ਉਸ ਨੋਕ ਤੋਂ ਕੁਝ ਦੂਰੀ 'ਤੇ ਹੀ ਸੀ...ਉਹ ਚਾਹਵੇ ਤਾਂ ਉਸਨੂੰ ਛੂਹ ਸਕਦਾ ਹੈ। ਚੰਦ ਨੂੰ ਛੋਹ ਕੇ ਉਹ ਜਿਸ ਰਾਹ ਤੋਂ ਆਇਆ ਸੀ, ਉਸੇ ਰਾਹੇ ਵਾਪਸ ਚਲਾ ਜਾਵੇਗਾ।
ਚੰਨ ਨੂੰ ਛੂਹਣ ਲਈ ਉਹਨੇ ਇਕ ਹੱਥ ਵਿਚ ਘੜੀ ਫੜ੍ਹ ਲਈ ਤੇ ਪੈਰਾਂ ਦੇ ਵੱਡੇ ਅੰਗੂਠਿਆਂ ਉੱਤੇ ਖਲੋ ਕੇ ਦੂਜਾ ਹੱਥ ਚੰਦ ਵੱਲ ਵਧਾਇਆ। ਪੈਰ ਤਿਲ੍ਹਕ ਗਏ...ਬਸ, ਏਨੀ ਕੁ ਗੱਲ ਹੀ ਯਾਦ ਹੈ।
ਦੂਜੇ ਦਿਨ ਮੰਦਰ ਵਲ ਜਾਣ ਵਾਲੇ ਭਗਤਾਂ ਨੇ ਵੇਖਿਆ ਕਿ ਗੋਪੁਰ ਦੇ ਥੱਲੇ ਖ਼ੂਨ ਵਿਚ ਲੱਥਪੱਥ ਇਕ ਬਾਂਦਰ ਦੀ ਲਾਸ਼ ਤੇ ਟੁੱਟੀ ਹੋਈ ਘੜੀ ਦੇ ਪੁਰਜੇ ਖਿੱਲਰੇ ਪਏ ਨੇ।
ਪਰਲੋ ਦਾ ਅਜੇ ਮੁੱਢ ਵੱਝਿਆ ਹੈ।
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
--- --- ---

ਇਕ ਸਵੀਕਾਰ...:: ਲੇਖਕ : ਸ਼ਬੀਰ ਅਹਿਮਦ

ਉਰਦੂ ਕਹਾਣੀ :
    ਇਕ ਸਵੀਕਾਰ...
       ਲੇਖਕ : ਸ਼ਬੀਰ ਅਹਿਮਦ
       ਅਨੁਵਾਦ : ਮਹਿੰਦਰ ਬੇਦੀ, ਜੈਤੋ
ਉਹ ਸਵੇਰੇ ਸੱਤ ਵਜੇ ਆਉਂਦੀ ਤੇ ਘਰ ਦਾ ਸਾਰਾ ਕੰਮ-ਧੰਦਾ ਨਬੇੜ ਕੇ ਦਸ ਵਜਦੇ ਤਕ ਵਾਪਸ ਚਲੀ ਜਾਂਦੀ। ਉਸਦੇ ਜਾਂਦਿਆਂ ਹੀ ਸੋਮਾਨ ਤੇ ਕੌਸੀਆ ਬੇਟੇ ਨੂੰ ਲੈ ਕੇ ਨਿਕਲ ਪੈਂਦੇ ਤੇ ਉਸਨੂੰ ਸਕੂਲ ਬੱਸ ਵਿਚ ਚੜ੍ਹਾ ਕੇ ਆਪੋ-ਆਪਣੇ ਦਫ਼ਤਰ ਚਲੇ ਜਾਂਦੇ। ਸ਼ਾਮ ਨੂੰ ਉਹ ਸੜਕ ਉੱਤੇ ਆ ਖੜ੍ਹੀ ਹੁੰਦੀ ਤੇ ਜਦੋਂ ਸਰਹਾਨ ਦੀ ਬੱਸ ਆ ਜਾਂਦੀ ਤਾਂ ਉਸਨੂੰ ਨਾਲ ਲੈ ਕੇ ਘਰ ਆ ਜਾਂਦੀ। ਉਸਦੇ ਹੱਥ-ਮੂੰਹ ਧੁਆਉਂਦੀ, ਕੱਪੜੇ ਬਦਲਦੀ, ਦੁੱਧ ਗਰਮ ਕਰਕੇ ਪਿਆਉਂਦੀ...ਇਸ ਦੌਰਾਨ ਸੋਮਾਨ ਤੇ ਕੋਸੀਆ ਵੀ ਦਫ਼ਤਰੋਂ ਆ ਜਾਂਦੇ। ਉਹ ਉਹਨਾਂ ਲਈ ਚਾਹ-ਸ਼ਾਹ ਬਣਾਉਂਦੀ ਤੇ ਰਾਤ ਦਾ ਖਾਣਾ ਬਣਾ ਕੇ ਫੇਰ ਚਲੀ ਜਾਂਦੀ। ਉਸ ਦਿਨ ਸੋਮਾਨ ਇਕੱਲੇ ਹੀ ਆਏ ਸਨ...ਕੋਸੀਆ ਹਾਲੇ ਤਕ ਦਫ਼ਤਰੋਂ ਨਹੀਂ ਸੀ ਆਈ।
ਓਬੇਦਾ ਨੇ ਪੁੱਛਿਆ, “ਬਾਜੀ (ਦੀਦੀ) ਤਾਂ ਹਾਲੇ ਤਕ ਆਈ ਨਹੀਂ, ਤੁਹਾਡੇ ਲਈ ਚਾਹ ਬਣਾ ਦਿਆਂ?”
ਸੋਮਾਨ ਨੇ ਕਿਹਾ ਸੀ, “ਹਾਂ, ਬਣਾਅ ਦੇਅ, ਉਹ ਅੱਜ ਦੇਰ ਨਾਲ ਆਏਗੀ। ਉਸਦੇ ਦਫ਼ਤਰ ਵਿਚ ਕੋਈ ਮੀਟਿੰਗ ਏ।”
ਉਸ ਦਿਨ ਕੌਸੀਆ ਰਾਤ ਦੇ ਨੌ ਵਜੇ ਆਈ ਸੀ...ਥੱਕੀ-ਥੱਕੀ ਤੇ ਨਿਢਾਲ ਜਿਹੀ!! ਬਾਹਰ ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ। ਉਸਨੇ ਖੁੱਲ੍ਹੀ ਛਤਰੀ ਦਰਵਾਜ਼ੇ ਕੋਲ ਹੀ ਰੱਖ ਦਿੱਤੀ। ਸਰਹਾਨ ਅੰਦਰ ਕਮਰੇ ਵਿਚ ਸੁੱਤਾ ਪਿਆ ਸੀ ਤੇ ਸੋਮਾਨ ਉਸਦੇ ਸਿਰਹਾਣੇ ਬੈਠੇ, ਇਕ ਹੱਥ ਉਸਦੇ ਸਿਰ ਉੱਤੇ ਫੇਰ ਰਹੇ ਸਨ ਤੇ ਦੂਜੇ ਵਿਚ ਕੋਈ ਕਿਤਾਬ ਫੜ੍ਹੀ ਹੋਈ ਸੀ। ਓਬੇਦਾ ਡਰਾਇੰਗ ਰੂਮ ਵਿਚ ਸੋਫੇ ਨਾਲ ਢੋਅ ਲਾਈ, ਫਰਸ਼ ਉੱਤੇ, ਬੈਠੀ ਕੋਸੀਆ ਨੂੰ ਉਡੀਕ ਰਹੀ ਸੀ। ਉਸਨੂੰ ਦੇਖਦਿਆਂ ਹੀ ਸੰਭਲ ਕੇ ਬੈਠ ਗਈ। ਕੋਸੀਆ ਨੇ ਇਕ ਨਜ਼ਰ ਉਸ ਵੱਲ ਦੇਖਿਆ ਤੇ ਪੁੱਛਿਆ, “ਤੂੰ ਅਜੇ ਤੀਕ ਗਈ ਨਹੀਂ?”
ਤੇ ਇਸ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦੇਂਦੀ, ਕੋਸੀਆ ਅੰਦਰ ਕਮਰੇ ਵਿਚ ਚਲੀ ਗਈ। ਥੋੜ੍ਹੀ ਦੇਰ ਬਾਅਦ ਓਬੇਦਾ ਨੇ ਕਿਹਾ, “ਬਾਜੀ, ਮੈਂ ਜਾ ਰਹੀ ਆਂ, ਦਰਵਾਜ਼ਾ ਬੰਦ ਕਰ ਲਈਓ।”
ਕੋਸੀਆ ਉਸਦੇ ਪਿੱਛੇ-ਪਿੱਛੇ ਦਰਵਾਜ਼ੇ ਤਕ ਗਈ। ਦਰਵਾਜ਼ੇ ਕੋਲ ਹੀ ਚੱਪਲਾਂ ਵਾਲਾ ਰੈਕ ਸੀ। ਓਬੇਦਾ ਚੱਪਲਾਂ ਕੱਢਣ ਲਈ ਝੁਕੀ ਤੇ ਕੁਝ ਚਿਰ ਉਸੇ ਤਰ੍ਹਾਂ ਝੁਕੀ ਰਹੀ।...ਤੇ ਜਦੋਂ ਉਸਨੂੰ ਆਪਣੀਆਂ ਚੱਪਲਾਂ ਮਿਲ ਗਈ ਤਾਂ ਉਹ ਉਹਨਾਂ ਨੂੰ ਹੱਥ ਵਿਚ ਚੁੱਕੀ ਬਾਹਰ ਚਲੀ ਗਈ। ਕੋਸੀਆ ਦਰਵਾਜ਼ਾ ਬੰਦ ਕਰਕੇ ਮੁੜੀ ਹੀ ਸੀ ਕਿ ਦਰਵਾਜ਼ੇ ਉੱਤੇ ਦਸਤਕ ਹੋਈ। ਉਸਨੇ ਮੁੜ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਸਾਹਮਣੇ ਓਬੇਦਾ ਖੜ੍ਹੀ ਹੈ। ਛਤਰੀ ਕੌਸੀਆ ਦੇ ਪੈਰਾਂ ਕੋਲ ਖੁੱਲ੍ਹੀ ਪਈ ਸੀ। ਓਬੇਦਾ ਨੇ ਕਿਹਾ, “ਬਾਜੀ, ਬਾਰਿਸ਼ ਹੋ ਰਹੀ ਏ, ਤੁਹਾਡੀ ਛਤਰੀ ਲੈ ਜਾਵਾਂ? ਕੱਲ੍ਹ ਸਵੇਰੇ ਲੈਂਦੀ ਆਵਾਂਗੀ।”
ਕੌਸੀਆ ਦੇ ਹਾਮੀ ਭਰਦਿਆਂ ਹੀ ਉਸਨੇ ਝੁਕ ਕੇ ਛਤਰੀ ਚੁੱਕੀ ਤੇ ਉਸਨੂੰ ਬੰਦ ਕਰਨ ਲੱਗੀ। ਬੰਦ ਕਰਨ ਲੱਗਿਆਂ ਛਤਰੀ ਉਸਦੇ ਹੱਥੋਂ ਛੁੱਟ ਕੇ ਕੌਸੀਆਂ ਦੇ ਪੈਰਾਂ ਕੋਲ ਜਾ ਡਿੱਗੀ। ਕੌਸੀਆ ਦੇ ਐਨ ਸਾਹਮਣੇ ਝੁਕ ਕੇ ਓਬੇਦਾ ਨੇ ਛਤਰੀ ਚੁੱਕ ਲਈ ਤੇ ਕਿਹਾ, “ਮੁਆਫ਼ ਕਰਨਾ ਬਾਜੀ, ਹੱਥੋਂ ਛੁੱਟ ਗਈ ਸੀ!”
ਕੌਸੀਆ ਨੇ ਕੋਈ ਜਵਾਬ ਨਾ ਦਿੱਤਾ। ਚੁੱਪਚਾਪ ਖੜ੍ਹੀ ਰਹੀ। ਤੇ ਜਦੋਂ ਓਬੇਦਾ ਛਤਰੀ ਲੈ ਕੇ ਚਲੀ ਗਈ, ਤਾਂ ਉਸਨੇ ਗੌਰ ਨਾਲ ਆਪਣੀ ਸਲਵਾਰ ਦੇ ਪਹੁੰਚਿਆਂ ਵੱਲ ਵੇਖਿਆ ਤੇ ਤ੍ਰਬਕ ਗਈ। ਨਮੋਸ਼ੀ ਜਿਹੀ ਨਾਲ ਸੋਚਣ ਲੱਗੀ, 'ਕਿਤੇ ਉਸਨੇ ਦੇਖ ਤਾਂ ਨਹੀਂ ਲਿਆ? ਹਾਂ, ਦੇਖ ਤਾਂ ਲਿਆ ਏ...ਤੇ ਸ਼ਾਇਦ ਉਸਨੂੰ ਮੇਰੇ ਉੱਤੇ ਸ਼ੱਕ ਵੀ ਹੋ ਗਿਆ ਏ!! ਤਦੇ ਤਾਂ ਵਾਰੀ-ਵਾਰੀ ਝੁਕ ਰਹੀ ਸੀ!!' ਉਹ ਅੰਦਰੇ-ਅੰਦਰ ਬੜਬੜਾਈ ਸੀ, 'ਅੱਛਾ ਜੇ ਦੇਖ ਵੀ ਲਿਐ ਤਾਂ ਫੇਰ ਕੀ ਹੋਇਆ? ਉਸਦਾ ਦਿਮਾਗ਼ ਉੱਥੋਂ ਤੀਕ ਨਹੀਂ ਪਹੁੰਚ ਸਕਦਾ। ਨਹੀਂ, ਨਹੀਂ ਉਸ ਸਮਝ ਜਾਏਗੀ। ਏਨੀ ਭੋਲੀ ਵੀ ਨਹੀਂ ਉਹ!! ਘਾਟ-ਘਾਟ ਦਾ ਪਾਣੀ ਪੀਂਦੀ ਏ!! ਸੱਤੀਂ ਘਰੀਂ ਕੰਮ ਕਰਦੀ ਏ...ਸਭ ਜਾਣੀ ਏ। ਦੇਖਿਆ ਨਹੀਂ ਕਿੰਜ ਬਹਾਨੇ ਲੱਭ-ਲੱਭ ਪੈਰਾਂ ਕੋਲ ਮੰਡਲਾ ਰਹੀ ਸੀ! ਵਾਰੀ-ਵਾਰੀ ਝੁਕ ਰਹੀ ਸੀ!!'
ਕੌਸੀਆ ਦੇ ਦਿਮਾਗ਼ ਵਿਚ ਭੈ ਪਸਰਨ ਲੱਗਾ। ਉਹ ਸਲਵਾਰ ਸਿੱਧੀ ਕਰਨ ਲਈ ਕਾਹਲ ਨਾਲ ਬਾਥਰੂਮ ਵਿਚ ਵੜ ਗਈ।
ਕੌਸੀਆ ਇਕ ਸੈਲਫ ਮੇਡ ਔਰਤ ਸੀ। ਉਸਨੇ ਜ਼ਿੰਦਗੀ ਦੇ ਉਤਾਰ-ਝੜਾਅ ਦੇਖੇ ਸਨ। ਬੜੀ ਜੱਦੋਜਹਿਦ ਕਰਕੇ ਉਹ ਇੱਥੋਂ ਤਕ ਪਹੁੰਚੀ ਸੀ। ਸੋਮਾਨ ਤੇ ਉਹ ਇਕੋ ਕਾਲਜ ਵਿਚ ਪੜ੍ਹਦੇ ਸਨ। ਇਕ ਦੂਜੇ ਨੂੰ ਪਸੰਦ ਕਰਦੇ ਸਨ। ਪੜ੍ਹਾਈ ਦੌਰਾਨ ਹੀ ਸੋਮਾਨ ਇਕ ਸੂਬਾਈ ਮਹਿਕਮੇ ਵਿਚ ਕਲਰਕ ਲੱਗ ਗਿਆ ਸੀ। ਸ਼ਾਦੀ ਦੇ ਦੂਜੇ ਵਰ੍ਹੇ ਹੀ ਉਹਨਾਂ ਦੇ ਘਰ ਇਕ ਨੰਨ੍ਹੀ ਪਰੀ ਨੇ ਪੈਰ ਪਾਏ ਸਨ। ਜ਼ਿੰਦਗੀ ਖੁਸ਼ੀ-ਖੁਸ਼ੀ ਬੀਤ ਰਹੀ ਸੀ। ਦੇਖਦਿਆਂ-ਦੇਖਦਿਆਂ ਆਫ਼ੀ ਤਿੰਨ ਸਾਲ ਦੀ ਹੋ ਗਈ। ਉਹਨਾਂ ਬੜੇ ਚਾਵਾਂ ਨਾਲ ਬੇਟੀ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। ਪਰ ਕੁਝ ਦਿਨਾਂ ਵਿਚ ਹੀ ਉਹਨਾਂ ਦੇ ਇਹ ਚਾਅ ਮੱਠੇ ਪੈਣ ਲੱਗ ਪਏ। ਸ਼ੁਰੂ-ਸ਼ੁਰੂ ਵਿਚ ਉਹ ਛੋਟੀਆਂ-ਮੋਟੀਆਂ ਜ਼ਰੂਰਤਾਂ ਨਾਲ ਸਮਝੌਤਾ ਕਰਦੇ ਰਹੇ, ਪਰ ਜਦੋਂ ਪਾਣੀ ਸਿਰ ਤੋਂ ਉੱਚਾ ਹੋਣ ਲੱਗ ਪਿਆ ਤਾਂ ਕੌਸੀਆ ਨੇ ਵੀ ਨੌਕਰੀ ਕਰਨ ਦਾ ਮਨ ਬਣਾ ਲਿਆ। ਸੋਮਾਨ ਨੂੰ ਭਲਾ ਇਸ ਵਿਚ ਕੀ ਇਤਰਾਜ਼ ਹੋ ਸਕਦਾ ਸੀ? ਘਰ ਤੇ ਬੱਚੀ ਦੀ ਦੇਖਭਾਲ ਲਈ ਇਕ ਆਇਆ (ਖਿਡਾਵੀ-ਖੁਆਵੀ) ਰੱਖ ਕੇ ਉਹ ਇਕ ਕਾਲ ਸੈਂਟਰ ਨਾਲ ਜੁੜ ਗਈ। ਓਦੋਂ ਦੀ ਓਬੇਦਾ ਇਸ ਘਰ ਵਿਚ ਕੰਮ ਕਰ ਰਹੀ ਹੈ। ਹੌਲੀ-ਹੋਲੀ ਉਹਨਾਂ ਦੀ ਮਾਲੀ ਹਾਲਤ ਸੁਧਰਦੀ ਗਈ। ਫੇਰ ਸਰਹਾਨ ਦੇ ਜੰਮਣ ਪਿੱਛੋਂ ਉਹਨਾਂ ਦੀਆਂ ਖ਼ਾਹਿਸ਼ਾਂ-ਇੱਛਾਵਾਂ ਦੂਗਣੀਆਂ ਹੋ ਗਈਆਂ।
ਦੇਖਦੇ-ਦੇਖਦੇ ਪੰਦਰਾਂ ਸਾਲ ਬੀਤ ਗਏ। ਇਸ ਦੌਰਾਨ ਕੌਸੀਆ ਨੂੰ ਨਿੱਕੀਆਂ-ਮੋਟੀਆਂ ਕਈ ਤਰੱਕੀਆਂ ਮਿਲੀਆਂ। ਪਰ ਇਸ ਵਾਰੀ ਡਿਪਟੀ ਸੇਲਜ਼ ਮੈਨੇਜਰ ਦੀ ਪੇਸ਼ਕਸ਼ ਸੀ। ਇਸ ਅਹੂਦੇ ਨੂੰ ਹਾਸਲ ਕਰਨ ਲਈ ਉਸਨੇ ਕੀ ਕੁਝ ਨਹੀਂ ਸੀ ਕੀਤਾ। ਕਈ ਜਣੇ ਦਾਅਵੇਦਾਰ ਸਨ ਪਰ ਕੰਪਨੀ ਦਾ ਐਮ.ਡੀ. ਕੌਸੀਆ ਉੱਤੇ ਕੁਝ ਵਧੇਰੇ ਹੀ ਮਿਹਰਬਾਨ ਸੀ। ਪਰ ਹੁਣ ਉਹ ਛਿਛੋਪੰਜ ਵਿਚ ਪੈ ਗਈ ਸੀ...ਕੰਪਨੀ ਦੀ ਪਾਲਿਸੀ ਦੇ ਮੁਤਾਬਿਕ ਉਸਨੂੰ ਘੱਟੋਘੱਟ ਦੋ ਸਾਲ ਦੱਖਦੀ ਹਿੰਦੁਸਤਾਨ ਵਿਚ ਲਾਉਣੇ ਪੈਣੇ ਸਨ। ਸ਼ੌਹਰ (ਪਤੀ) ਤੇ ਪੁੱਤਰ ਤੋਂ ਵਿਛੋੜੇ ਦਾ ਖ਼ਿਆਲ ਉਸ ਲਈ ਪੈਰਾਂ ਦੀ ਜੰਜ਼ੀਰ ਬਣਿਆ ਹੋਇਆ ਸੀ। ਪਰ ਉਸ ਤੋਂ ਵੱਡੀ ਆਪਣੀ ਮਾਇਕ ਹਾਲਤ ਸੁਧਾਰਣ ਦੀ ਫਿਕਰ ਸੀ।
ਆਫ਼ੀ ਬੰਗਲੌਰ ਦੇ ਇਕ ਇੰਜੀਨੀਅਰ ਕਾਲਜ ਵਿਚ ਪੜ੍ਹ ਰਹੀ ਸੀ, ਤੇ ਸਰਹਾਨ ਕਲਕੱਤੇ ਦੇ ਇਕ ਇੰਗਲਿਸ਼ ਮੀਡੀਅਮ ਸਕੂਲ ਵਿਚ। ਆਫ਼ੀ ਦੀ ਪੜ੍ਹਾਈ ਲਈ ਉਹਨਾਂ ਨੂੰ ਬੈਂਕ ਤੋਂ ਲੋਨ ਲੈਣਾ ਪਿਆ ਸੀ। ਉਸਨੂੰ ਹਰ ਮਹੀਨੇ ਇਕ ਵੱਡੀ ਰਕਮ ਵੀ ਭੇਜਣੀ ਪੈਂਦੀ ਸੀ। ਸਰਹਾਨ ਦੇ ਸਕੂਲ ਦਾ ਖਰਚ ਵੀ ਘੱਟ ਨਹੀਂ ਸੀ। ਟਿਊਸ਼ਨ ਫੀਸ, ਗੱਡੀ ਦਾ ਕਿਰਾਇਆ, ਕਿਤਾਬਾਂ-ਕਾਪੀਆਂ, ਤੇ ਇਸ ਉੱਤੇ ਨਿੱਤ-ਨਿੱਤ ਦੀਆਂ ਜ਼ਿੰਦਗੀ ਦੀਆਂ ਨਵੀਆਂ ਫਰਮਾਇਸ਼ਾਂ! ਪਰ ਆਮਦਨ ਦਾ ਇਕ ਵੱਡਾ ਹਿੱਸਾ ਖ਼ਰੀਦੇ ਹੋਏ ਫਲੈਟ ਦੀ ਮਾਸਿਕ ਕਿਸ਼ਤ ਵਿਚ ਚੱਲਾ ਜਾਂਦਾ ਸੀ। ਭਾਵ ਇਹ ਉਲਦ-ਪੁਲਦ ਕਰਕੇ ਮੁਸ਼ਕਿਲ ਨਾਲ ਘਰ ਚੱਲਦਾ ਸੀ। ਇਸੇ ਕਰਕੇ ਕੌਸੀਆ ਨੇ ਇਹ ਪ੍ਰਮੋਸ਼ਨ ਲੈਣ ਦਾ ਨਿਰਣਾ ਲਿਆ ਸੀ। ਇਸ ਲਈ ਜਾਇਜ਼, ਨਾ-ਜਾਇਜ਼ ਦੇ ਹੱਦ-ਬੰਨੇ ਵੀ ਟੱਪ ਗਈ ਸੀ ਉਹ। ਪਰ ਇਹ ਗੱਲ ਵੀ ਸੱਚ ਸੀ ਕਿ ਉਹ ਆਪਣੇ ਸ਼ੌਹਰ (ਪਤੀ) ਨੂੰ ਬੜਾ ਪਿਆਰ ਕਰਦੀ ਸੀ। ਉਸਨੂੰ ਇਕੱਲਾ ਛੱਡ ਕੇ ਜਾਣਾ ਉਸਨੂੰ ਚੰਗਾ ਨਹੀਂ ਸੀ ਲੱਗ ਰਿਹਾ। ਉਹ ਮਨ-ਮਸੋਸ ਕੇ ਬੋਲੀ, “ਜੇ ਮੈਂ ਚਲੀ ਜਾਵਾਂ ਤਾਂ ਤੁਹਾਨੂੰ ਤਾਂ ਖਾਸਾ ਔਖਾ ਹੋ ਜਾਏਗਾ ਨਾ?”
ਸੋਮਾਨ ਨੇ ਸ਼ਰਾਰਤ ਭਰੀ ਆਵਾਜ਼ ਵਿਚ ਕਿਹਾ, “ਔਖਾ! ਹਾਂ, ਉਹ ਤਾਂ ਹੋ ਈ ਜਾਏਗਾ! ਪਰ ਮੋਹਤਰਮਾ (ਸ਼੍ਰੀਮਤੀ ਜੀ), ਸਬਰ ਨਾਂਅ ਦੀ ਵੀ ਕੋਈ ਚੀਜ਼ ਹੁੰਦੀ ਏ ਇਸ ਦੁਨੀਆਂ ਵਿਚ!! ਮੈਂ ਸਬਰ ਕਰ ਲਵਾਂਗਾ! ਬਸ ਤੁਸੀਂ ਵਿਚ-ਵਿਚਕਾਰ ਆਉਂਦੇ ਰਹੀਓ; ਸਾਡੀਆਂ ਮੁਰਾਦਾਂ ਪੂਰੀਆਂ ਕਰਦੇ ਰਹੀਓ; ਸਾਡੀ ਗੱਡੀ ਚਲਦੀ ਰਹੇਗੀ!!”
ਕੌਸੀਆ ਬੁੱਲ੍ਹਾਂ 'ਚ ਹੱਸੀ, “ਫੇਰ ਉਹੀ ਸ਼ਰਾਰਤ! ਠੀਕ ਏ ਤੁਹਾਨੂੰ ਸਬਰ ਕਰਨ ਦੀ ਲੋੜ ਨਹੀਂ!! ਤੁਸੀਂ ਵੀ ਮੇਰੇ ਨਾਲ ਚੱਲੋ...ਅਸੀਂ ਸਰਹਾਨ ਨੂੰ ਉੱਥੇ ਈ ਕਿਸੇ ਚੰਗੇ ਸਕੂਲ ਵਿਚ ਦਾਖ਼ਲ ਕਰਵਾ ਦਿਆਂਗੇ।”
ਸਰਹਾਨ ਨੇ ਦੋਹੇਂ ਮੋਢੇ ਸਿਕੋੜ ਕੇ ਦੋਹੇਂ ਹੱਥ ਘੁਮਾਏ ਤੇ ਕਿਹਾ, “ਵੈੱਲ, ਆਈਡੀਆ ਬੁਰਾ ਨਹੀਂ!”
ਕੌਸੀਆ ਨੇ ਹੱਸਦਿਆਂ ਹੋਇਆਂ ਕਿਹਾ, “ਤਾਂ ਚੱਲੋ, ਤੁਹਾਡਾ ਵੀ ਸਾਮਾਨ ਪੈਕ ਕਰ ਦੇਨੇਂ ਆਂ!”
ਸੋਮਾਨ ਨੇ ਕਿਹਾ, “ਪਰ ਮੋਹਸ਼ਰਮਾ, ਤੁਸੀਂ ਸ਼ਾਇਦ ਭੁੱਲ ਰਹੇ ਓ ਕਿ ਅਸੀਂ ਸਰਕਾਰੀ ਨੋਕਰ ਆਂ। ਬੀਵੀ ਦੀ ਜੱਚਗੀ (ਜਾਪੇ) ਸਮੇਂ ਸ਼ਾਇਦ ਸਾਨੂੰ ਮੈਟਰਨਟੀ ਲੀਵ ਮਿਲ ਜਾਏ, ਪਰ ਉਸਦੀ ਤਰੱਕੀ 'ਤੇ ਲੀਵ ਮਿਲਣ ਦੀ ਕੋਈ ਉਮੀਦ ਨਹੀਂ। ਜੇ ਇੰਜ ਹੁੰਦਾ ਤਾਂ ਯਕੀਨਨ ਮੈਂ ਤੁਹਾਡਾ ਅਟੈਚੀ ਬਣ ਜਾਂਦਾ...ਹਾਂ, ਇਕ ਰੱਸਤਾ ਹੈ!!”
“ਬਈ ਵਾਹ! ਕਿਆ ਬਾਤ ਐ!!” ਉਸਨੇ ਪਤੀ ਦੇ ਗਲ਼ ਵਿਚ ਬਾਹਾਂ ਪਾ ਕੇ ਝੂਲਦਿਆਂ ਹੋਇਆਂ ਇਕ ਅੱਖ ਦੱਬ ਕੇ ਕਿਹਾ, “ਫੇਰ ਤਾਂ ਤੁਹਾਡੀ ਮੁਰਾਦ ਰੋਜ਼ ਹੀ ਪੂਰੀ ਹੋਇਆ ਕਰੇਗੀ, ਵਾਅਦਾ ਰਿਹਾ! ਪਰ ਦੱਸੋ ਤਾਂ ਸਹੀ ਉਹ ਰੱਸਤਾ ਕਿਹੜਾ ਏ?”
ਸੋਮਾਨ ਨੇ ਉਸਦੇ ਮੋਢਿਆਂ ਉੱਤੇ ਦੋਹੇਂ ਹੱਥ ਰੱਖਦਿਆਂ ਕਿਹਾ, “ਮੇਰੀ ਜਾਨ ਉਹ ਰੱਸਤਾ ਇਹ ਹੈ ਕਿ ਮੈਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿਆਂ!!”
ਇਹ ਸੁਣਦਿਆਂ ਹੀ ਕੌਸੀਆ ਦੇ ਚਿਹਰੇ ਦਾ ਰੰਗ ਉੱਡ ਗਿਆ। ਉਸਨੇ ਬੁਝੀ ਜਿਹੀ ਆਵਾਜ਼ ਵਿਚ ਕਿਹਾ, “ਜੇ ਇੰਜ ਐ ਤਾਂ ਤੁਹਾਨੂੰ ਜਾਣ ਦੀ ਲੋੜ ਨਹੀਂ! ਮੈਂ ਇਕੱਲੀ ਚਲੀ ਜਾਵਾਂਗੀ...ਤੁਸੀਂ ਆਪਣਾ ਤੇ ਸਰਹਾਨ ਦਾ ਖ਼ਿਆਲ ਰੱਖਣਾ ਬਸ!!”
ਦੂਜੇ ਦਿਨ ਕੌਸੀਆ ਚਾਲਾਕ ਸ਼ਿਕਾਰੀ ਵਾਂਗ ਦੂਰ ਬੈਠੀ ਓਬੇਦਾ ਦਾ ਜਾਇਜ਼ਾ ਲੈ ਰਹੀ ਸੀ। ਤੇ ਜਦੋਂ ਉਸਨੂੰ ਇਹ ਯਕੀਨ ਹੋ ਗਿਆ ਕਿ ਉਹ ਬਿਲਕੁਲ ਨਾਰਮਲ ਨਜ਼ਰ ਆ ਰਹੀ ਹੈ ਤਾਂ ਉਸਨੇ ਉਸਨੂੰ ਕੋਲ ਬੁਲਾਅ ਕੇ ਕਿਹਾ ਕਿ ਉਹ ਦੋ ਸਾਲ ਲਈ ਕੋਮਬੇਟੋਰ ਜਾ ਰਹੀ ਹੈ...ਉਹ, ਉਸ ਦੇ ਪਿੱਛੋਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਏ, ਕਿਸੇ ਹੋਰ ਘਰ ਵਿਚ ਕੰਮ ਨਾ ਕਰੇ। ਉਹ ਇਸ ਬਦਲੇ ਉਸਨੂੰ ਏਨੇ ਪੈਸੇ ਦੇ ਦਿਆ ਕਰੇਗੀ ਕਿ ਕਿਸੇ ਤਰ੍ਹਾਂ ਉਹ ਘਾਟੇ ਵਿਚ ਨਹੀਂ ਰਹੇਗੀ।...ਤੇ ਇਹ ਤੈਅ ਹੋ ਗਿਆ ਕਿ ਉਹ ਹਰ ਰੋਜ਼ ਸਵੇਰੇ ਦਸ ਵਜੇ ਆਪਣੇ ਘਰ ਚਲੀ ਜਾਇਆ ਕਰੇਗੀ ਤੇ ਸ਼ਾਮੀਂ ਚਾਰ ਵਜੇ ਕੰਮ 'ਤੇ ਆ ਜਾਇਆ ਕਰੇਗੀ।
ਤੇ ਜਦੋਂ ਕੌਸੀਆ ਦੱਖਣੀ-ਹਿੰਦੁਸਤਾਨ ਵੱਲ ਰਵਾਨਾ ਹੋ ਰਹੀ ਸੀ, ਤਾਂ ਓਬੇਦਾ ਵੀ ਉਸਨੂੰ ਵਿਦਾਅ ਕਰਨ ਲਈ ਏਅਰ ਪੋਰਟ ਗਈ ਸੀ। ਕੌਸੀਆ ਵਾਰੀ-ਵਾਰੀ ਉਸ ਵੱਲ ਚੋਰ ਅੱਖ ਨਾਲ ਦੇਖ ਲੈਂਦੀ, ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ, ਉਹ ਗੱਲ ਆਪਣੇ ਦਿਮਾਗ਼ ਵਿਚੋਂ ਨਹੀਂ ਸੀ ਕੱਢ ਸਕੀ...ਜਦੋਂ ਵੀ ਓਬੇਦਾ ਹੇਠਾਂ ਦੇਖਦੀ, ਉਸਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ, 'ਕਿਤੇ ਇਹ ਮੇਰੀ ਸਲਵਾਰ ਦੇ ਪਹੁੰਚੇ ਤਾਂ ਨਹੀਂ ਦੇਖ ਰਹੀ?'
ਤੇ ਜਦੋਂ ਉਸਨੂੰ ਤਸੱਲੀ ਹੋ ਗਈ ਕਿ ਅਜਿਹੀ ਕੋਈ ਗੱਲ ਨਹੀਂ, ਸਿਰਫ ਉਸਦਾ ਦਿਮਾਗ਼ੀ ਭਰਮ ਹੈ, ਤਾਂ ਉਸਨੇ ਓਬੇਦਾ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਉਸਨੂੰ ਵਾਰੀ-ਵਾਰੀ ਤਾਕੀਦ ਕੀਤੀ ਕਿ 'ਦੇਖ ਓਬੇਦਾ, ਤੇਰੇ ਭਰੋਸੇ ਜਾ ਰਹੀ ਆਂ। ਘਰ ਦੀ ਠੀਕ ਤਰ੍ਹਾਂ ਸਾਂਭ-ਸੰਭਾਲ ਕਰੀਂ। ਸਰਹਾਨ ਤੇ ਉਸਦੇ ਅੱਬੂ ਦਾ ਖ਼ਿਆਲ ਰੱਖੀਂ। ਰਾਤ ਨੂੰ ਸਰਹਾਨ ਕੋਲ ਈ ਸੰਵੀਂ। ਖ਼ਬਰਦਾਰ ਉਸਨੂੰ ਇਕੱਲਾ ਨਹੀਂ ਛੱਡਣਾ, ਉਸਨੂੰ ਨੀਂਦ 'ਚ ਤੁਰਨ ਦੀ ਆਦਤ ਏ...ਤੇ ਹਾਂ, ਉਹਨਾਂ ਦੇ ਕਮਰੇ 'ਚ ਨਾ ਜਾਵੀਂ, ਉਹਨਾਂ ਨੂੰ ਉਕਤਾਹਟ ਹੁੰਦੀ ਏ...'
ਕੌਸੀਆ, ਕੋਮਬੇਟੋਰ ਚਲੀ ਗਈ। ਓਬੇਦਾ ਸਰਹਾਨ ਤੇ ਸੋਹਾਨ ਦਾ ਖ਼ਿਆਲ ਰੱਖਣ ਲੱਗੀ। ਉਹ ਬਾਜ਼ਾਰ ਜਾਂਦੀ, ਉਹਨਾਂ ਦੀਆਂ ਮਨ-ਪਸੰਦ ਚੀਜ਼ਾਂ ਖਰੀਦ ਲਿਆਉਂਦੀ। ਸਰਹਾਨ ਨੂੰ ਉਬਲੇ ਹੋਏ ਆਂਡੇ ਚੰਗੇ ਨਹੀਂ ਸੀ ਲੱਗਦੇ...ਉਹ ਉਸ ਲਈ ਕਦੀ ਚਾਵਮਿੰਨ ਬਣਾਉਂਦੀ, ਕਦੀ ਸੈਂਡਵਿਚ ਤੇ ਕਦੀ ਟਮਾਟਰ ਤੇ ਆਂਡੇ ਦੀ ਭੁਰਜੀ। ਉਸਨੂੰ ਆਪਣੇ ਹੱਥ ਨਾਲ ਖੁਆਉਂਦੀ। ਸਰਹਾਨ ਦੁੱਧ ਨੂੰ ਦੇਖ ਕੇ ਨੱਕ-ਬੁੱਲ੍ਹ ਵਟਦਾ ਤਾਂ ਉਹ ਉਸ ਲਈ ਕਦੀ ਕੈਂਪਲਾਨ, ਕਦੀ ਬੌਰਨਵੀਟਾ ਤੇ ਕਦੀ ਮਾਈਲੋ ਮਿਕਸ ਬਣਾ ਦੇਂਦੀ। ਸੋਮਾਨ ਨੂੰ ਮੋੜ੍ਹੀ (ਚੌਲਾਂ ਦੇ ਚਿੜਬੇ) ਪਸੰਦ ਸੀ। ਇਸ ਲਈ ਉਹ ਸ਼ਾਮ ਦੇ ਨਾਸ਼ਤੇ ਲਈ ਮੋੜ੍ਹੀ ਲੈ ਆਉਂਦੀ ਤੇ ਸਰ੍ਹੋਂ ਦੇ ਤੇਲ ਵਿਚ ਪਿਆਜ ਤੇ ਮਿਰਚ ਲਾਲ ਕਰਕੇ ਉਸ ਵਿਚ ਮੋੜ੍ਹੀ ਤੇ ਮੂੰਗਫਲੀ ਭੁੰਨ ਦੇਂਦੀ। ਸੋਮਾਨ ਦੇ ਟਿਫ਼ਨ ਕੇਰੀਅਰ ਵਿਚ ਇਕ ਅੱਧਾ ਸੁਨੇਹਾ ਰੱਖਣਾ ਨਹੀਂ ਭੁੱਲਦੀ। ਰਾਤ ਦਾ ਖਾਣਾ ਦੇਂਦੀ ਹੋਈ ਗਰਮਾ-ਗਰਮ ਚੌਲਾਂ ਉੱਤੇ ਕਦੀ ਮੱਛੀ ਦਾ ਤਲਿਆ ਹੋਇਆ ਟੁਕੜਾ ਤੇ ਕਦੀ ਮੱਛੀ ਦੇ ਤਲੇ ਹੋਏ ਆਂਡੇ ਰੱਖ ਦੇਂਦੀ।
ਦਿਨ ਬੀਤਦੇ ਰਹੇ। ਸੋਮਾਨ ਤੇ ਓਬੇਦਾ ਵਿਚਕਾਰ ਫਾਸਲਾ ਘਟਦਾ ਰਿਹਾ। ਸ਼ੁਰੂ-ਸ਼ੁਰੂ ਵਿਚ ਓਬੇਦਾ ਦਾ ਸਿਰ ਪੱਲੇ ਨਾਲ ਪੂਰੀ ਤਰ੍ਹਾਂ ਢਕਿਆ ਹੁੰਦਾ; ਪਰ ਹੌਲੀ-ਹੌਲੀ ਉਸਦੇ ਸਿਰ ਤੋਂ ਪੱਲਾ ਸਰਕਦਾ ਗਿਆ...ਹੁਣ ਉਸਦੀ ਸਪਨੀ ਵਾਂਗ ਬਲ ਖਾਂਦੀ ਗੁੱਤ ਦਿਖਾਈ ਦੇਂਦੀ ਰਹਿੰਦੀ। ਬਲਾਊਜ ਦੇ ਹੇਠਾਂ ਪਿੱਠ ਦਾ ਉੱਪਰਲਾ-ਹੇਠਲਾ ਹਿੱਸਾ ਨਜ਼ਰ ਆਉਂਦਾ ਰਹਿੰਦਾ। ਕੱਪੜੇ ਧੋਂਦਿਆਂ, ਸਬਜ਼ੀ ਕੱਟਦਿਆਂ ਤੇ ਭਾਂਡੇ ਮਾਂਜਦਿਆਂ ਹੋਇਆਂ ਉਸਦੀਆਂ ਛਾਤੀਆਂ ਬੁੜਕ-ਬੁੜਕ ਬਾਹਰ ਆਉਣਾ ਲੋਚਦੀਆਂ।
ਫੇਰ ਇਕ ਰਾਤ ਇੰਜ ਹੋਇਆ ਕਿ ਸੋਮਾਨ ਨੇ ਉਸਨੂੰ ਪਿੱਛੋਂ ਦੀ ਜਾ ਦਬੋਚਿਆ। ਓਬੇਦਾ ਨੇ ਖ਼ੁਦ ਨੂੰ ਉਸਦੀ ਜਕੜ ਵਿਚੋਂ ਛੁਡਾਉਂਦਿਆਂ ਹੋਇਆਂ ਕਿਹਾ, “ਮੈਂ ਤੁਹਾਡਾ ਦੁੱਖ ਸਮਝਦੀ ਆਂ ਸਾ'ਬ...ਕਈ ਦਿਨਾਂ ਦੀ ਤੁਹਾਡੀ ਹਾਲਤ ਵੀ ਵੇਖ ਰਹੀ ਆਂ, ਪਰ ਮੈਂ ਮਜ਼ਬੂਰ ਆਂ। ਜੇ ਤੁਸੀਂ ਚਾਹੁੰਦੇ ਓ ਕਿ ਮੈਥੋਂ ਖੁਸ਼ੀ ਹਾਸਿਲ ਕਰੋ, ਤਾਂ ਤੁਹਾਨੂੰ ਕੀਮਤ ਦੇਣੀ ਪਏਗੀ!!”
ਸੋਮਾਨ ਨੇ ਉਸਨੂੰ ਆਪਣੇ ਨੇੜੇ ਖਿੱਚ ਲਿਆ ਤੇ ਬੜਬੜਾਂਦਿਆਂ ਹੋਇਆਂ ਕਿਹਾ, “ਜਦ ਤਕ ਕੌਸੀਆ ਨਹੀਂ ਆ ਜਾਂਦੀ, ਤਦ ਤਕ ਕੀ ਅਸੀਂ ਦੋਸਤਾਂ ਵਾਂਗ ਨਹੀਂ ਰਹਿ ਸਕਦੇ?”
ਓਬੇਦਾ ਨੇ ਫਿੱਕਾ ਜਿਹਾ ਹਾਸਾ ਹੱਸਦਿਆਂ ਕਿਹਾ, “ਸਾ'ਬ, ਮਾਲਕ ਤੇ ਨੌਕਰ ਵਿਚ ਦੋਸਤੀ ਨਹੀਂ ਹੁੰਦੀ, ਸੌਦਾ ਹੁੰਦੈ! ਇਸ ਲਈ ਦੋਸਤੀ-ਦੂਸਤੀ ਦੀਆਂ ਗੱਲਾਂ ਰਹਿਣ ਦਿਓ...ਜੇ ਤੁਹਾਨੂੰ ਮੰਜ਼ੂਰ ਹੋਏ ਤਾਂ ਰੱਖੋ ਕੀਮਤ ਹਥੇਲੀ ਉੱਪਰ!!” ਓਬੇਦਾ ਨੂੰ ਆਪਣੀਆਂ ਹੱਦਾਂ ਦਾ ਅਹਿਸਾਸ ਸੀ। ਉਸਨੇ ਕਦੀ ਸੋਮਾਨ ਨਾਲ ਡਾਈਨਿੰਗ ਟੇਬਲ ਉੱਤੇ ਬੈਠ ਕੇ ਰੋਟੀ ਨਹੀਂ ਸੀ ਖਾਧੀ। ਨਾ ਹੀ ਉਸਦੀ ਕਿੱਲੀ ਉੱਤੇ ਕਦੀ ਆਪਣਾ ਕੱਪੜਾ ਟੰਗਿਆ ਸੀ। ਉਹ ਸੋਮਾਨ ਦੇ ਬੈੱਡ ਉੱਤੇ ਓਦੋਂ ਤਕ ਨਹੀਂ ਸੀ ਬੈਠਦੀ ਜਦੋਂ ਤਕ ਕਿ ਉਹ ਉਸਨੂੰ ਬੈਠਣ ਲਈ ਨਹੀਂ ਸੀ ਕਹਿੰਦਾ ਜਾਂ ਉਸਦਾ ਹੱਥ ਫੜ ਕੇ ਉਸਨੂੰ ਆਪਣੇ ਵੱਲ ਨਹੀਂ ਸੀ ਖਿੱਚ ਲੈਂਦਾ। ਉਸਨੇ ਕਦੀ ਸੋਮਾਨ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਸੀ ਕੀਤੀ। ਪਰ ਉਸ ਦਿਨ ਉਸਤੋਂ ਇਕ ਗ਼ਲਤੀ ਹੋ ਗਈ...
ਕੌਸੀਆ ਇਕ ਮਹੀਨੇ ਦੀਆਂ ਦੋ ਛੁੱਟੀਆਂ ਧੀ ਨਾਲ ਬੰਗਲੌਰ ਵਿਚ ਬਿਤਾਉਂਦੀ ਤੇ ਦੂਜੇ ਮਹੀਨੇ ਦੀਆਂ ਦੋਹੇਂ ਛੁੱਟੀਆਂ ਘਰਵਾਲੇ ਤੇ ਪੁੱਤਰ ਨਾਲ ਕਲਕੱਤੇ ਵਿਚ। ਉਹ ਜਦ ਵੀ ਕਲਕੱਤੇ ਆਉਂਦੀ ਬੜੀ ਡੂੰਘੀ ਨਜ਼ਰ ਨਾਲ ਓਬੇਦਾ ਦੀ ਜਾਂਚ-ਪਰਖ ਕਰਦੀ। ਉਸ ਉੱਤੇ ਕਰੜੀ ਨਿਗਾਹ ਰੱਖਦੀ। ਉਸਦੇ ਪਰਤਿਆਵੇ ਲੈਂਦੀ ਰਹਿੰਦੀ।...ਪਰ ਕਦੀ ਵੀ ਉਸਦੇ ਹੱਥ ਕੋਈ ਅਜਿਹਾ ਸੁਰਾਗ ਨਹੀਂ ਸੀ ਆਇਆ ਕਿ ਉਸਦੇ ਦਿਲ ਵਿਚ ਧੜਕੂ ਪੈਦਾ ਹੁੰਦਾ।...ਤੇ ਉਹ ਸੁਖ-ਸ਼ਾਂਤੀ ਨਾਲ ਵਾਪਸ ਕੋਮਬੇਟੋਰ ਚਲੀ ਜਾਂਦੀ। ਡੇਢ ਸਾਲ ਤਕ ਇਹੋ ਸਿਲਸਿਲਾ ਚੱਲਦਾ ਰਿਹਾ। ਪਰ ਇਸ ਵਾਰੀ ਕੌਸੀਆ ਕਲਕੱਤੇ ਨਹੀਂ ਸੀ ਆ ਸਕੀ, ਉਸਦੇ ਆਫ਼ਿਸ ਵਿਚ ਆਡਿੱਟ ਦਾ ਕੰਮ ਚੱਲ ਰਿਹਾ ਸੀ। ਕੇਂਦਰੀ ਦਫ਼ਤਰ ਤੋਂ ਐਮ.ਡੀ. ਸਾਹਬ ਵੀ ਆਏ ਹੋਏ ਸਨ—ਉਸਨੂੰ ਦਿਨੇ ਆਡਿੱਟ ਪਾਰਟੀ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਤੇ ਰਾਤ ਨੂੰ ਐਮ.ਡੀ. ਸਾਹਬ ਦੇ ਆਰਾਮ ਦਾ ਖ਼ਿਆਲ ਰੱਖਣਾ ਪੈਂਦਾ!! ਖ਼ੈਰ, ਕਾਰਨ ਕੁਛ ਵੀ ਹੋਏ, ਅਸਲੀਅਤ ਇਹ ਸੀ ਕਿ ਉਹ ਇਸ ਵਾਰੀ ਘਰ ਨਹੀਂ ਸੀ ਆ ਸਕੀ।
ਹਾਂ, ਤਾਂ ਪੂਰੀ ਸਾਵਧਾਨੀ ਦੇ ਬਾਵਜੂਦ, ਉਸ ਦਿਨ ਓਬੇਦਾ ਤੋਂ ਇਕ ਗ਼ਲਤੀ ਹੋ ਗਈ—ਉਹ ਰਾਤ ਨੂੰ ਸੋਮਾਨ ਦੇ ਕਮਰੇ ਵਿਚ ਇਹ ਕਹਿੰਦੀ ਹੋਈ ਵੜ ਗਈ, “ਉਫ਼, ਅੱਜ ਤਾਂ ਸਰਹਾਨ ਸੌਣ ਦਾ ਨਾਂ ਈ ਨਹੀਂ ਸੀ ਲੈ ਰਿਹਾ! ਬੜੀ ਮੁਸ਼ਕਿਲ ਨਾਲ ਸੰਵਾਇਐ!!”
ਸੋਮਾਨ ਨੇ ਬੁੱਲ੍ਹਾਂ ਉੱਪਰ ਉਂਗਲ ਰੱਖ ਕੇ ਉਸਨੂੰ ਚੁੱਪ ਰਹਿਣ ਲਈ ਕਿਹਾ, ਤੇ ਜਦੋਂ ਉਸਨੇ ਸੋਮਾਨ ਦੇ ਕੰਨ ਨਾਲ ਮੁਬਾਇਲ ਲੱਗਿਆ ਦੇਖਿਆ ਤਾਂ ਆਪ ਵੀ ਬੌਂਦਲ ਗਈ। ਉਸਦੇ ਪੈਰਾਂ ਹੇਠਲੀ ਜ਼ਮੀਨ ਡੋਲ ਗਈ।
ਰਾਤ ਦੇ ਸਾਢੇ ਬਾਰਾਂ ਵੱਜੇ ਸਨ। ਸੋਮਾਨ ਮੁਬਾਇਲ ਉੱਤੇ ਕੌਸੀਆ ਨਾਲ ਗੱਲ ਕਰ ਰਿਹਾ ਸੀ। ਕੌਸੀਆ ਨੇ ਮੁਬਾਇਲ ਉੱਤੇ ਓਬੇਦਾ ਦੀ ਆਵਾਜ਼ ਸੁਣੀ ਤਾਂ ਉਸਦੀ ਛੇਵੀਂ ਹਿਸ ਜਾਗ ਪਈ। ਉਸਨੇ ਹਿਰਖ ਕੇ ਪੁੱਛਿਆ, “ਏਨੀ ਰਾਤ ਨੂੰ, ਇਹ ਓਬੇਦਾ, ਤੁਹਾਡੇ ਕਮਰੇ 'ਚ ਕੀ ਕਰਨ ਆਈ ਏ?”
ਸੋਮਾਨ ਤੋਂ ਕੋਈ ਵਾਜਬ ਜੁਆਬ ਨਾ ਦਿੱਤਾ ਗਿਆ। ਉਸਦੀ 'ਉਹ-ਉਹ, ਇਹ-ਇਹ' ਨਾਲ ਕੌਸੀਆ ਦੀ ਤਸੱਲੀ ਨਾ ਹੋਈ...ਤੇ ਦੂਜੇ ਦਿਨ ਹੀ ਕਲਕੱਤੇ ਆ ਪਹੁੰਚੀ, ਉਹ। ਸਾਮਾਨ ਇਕ ਪਾਸੇ ਸੁੱਟ ਕੇ, ਦੈਂ-ਦੈਂ ਕਰਦੀ ਹੋਈ, ਸਿੱਧੀ ਅੰਦਰ ਕਮਰੇ ਵਿਚ ਆ ਵੜੀ। ਤੇ...
...ਤੇ ਹਥਨੀਂ ਵਾਂਗ ਚਿੰਘਾੜਨ ਲੱਗੀ, “ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਮੇਰੀ ਵਫ਼ਾਦਰੀ ਦਾ ਇਹ ਸਿਲਾ ਦਿੱਤੈ...ਇਕ ਨੌਕਰਾਣੀ ਨਾਲ...ਥੂਹ!!”
ਤੇ ਫੇਰ ਜ਼ਖ਼ਮੀ ਸ਼ੇਰਨੀ ਵਾਂਗ ਇਧਰ-ਉਧਰ ਦੇਖਦੀ ਹੋਈ ਦਹਾੜਨ ਲੱਗੀ, “ਕਿੱਥੇ ਗਈ, ਉਹ ਹਰਾਮਜ਼ਾਦੀ...!!”
ਤੇ ਜਦੋਂ ਉਹ ਦਹਾੜਦੀ ਹੋਈ ਕਮਰੇ ਵਿਚੋਂ ਬਾਹਰ ਆਈ, ਤਾਂ ਦੇਖਿਆ ਓਬੇਦਾ ਡਰਾਇੰਗ ਰੂਮ ਦੇ ਇਕ ਕੋਨੇ ਵਿਚ ਚੁੱਪਚਾਪ ਬੈਠੀ ਹੋਈ ਹੈ। ਕੌਸੀਆ ਨੇ ਕਿੱਲ੍ਹ ਕੇ ਕਿਹਾ, “ਮੇਰੀ ਗ਼ੈਰ ਮੌਜ਼ੂਦਗੀ ਵਿਚ ਤੂੰ ਚੰਗਾ ਗੁਲ ਖਿਲਾਇਆ! ਜਿਸ ਥਾਲੀ ਵਿਚ ਖਾਧਾ, ਉਸੇ ਵਿਚ ਛੇਕ ਕੀਤਾ!! ਤੈਨੂੰ ਜ਼ਰਾ ਲਾਜ ਨਹੀਂ ਆਈ!! ਥੂਹ-ਥੂਹ-ਥੂਹ...ਚੂਲੀ ਭਰ ਪਾਣੀ 'ਚ ਡੁੱਬ ਮਰ।”
ਓਬੇਦਾ ਨੀਵੀਂ ਪਾਈ, ਫਰਸ਼ ਉੱਤੇ ਨਜ਼ਰਾਂ ਗੱਡੀ ਚੁੱਪਚਾਪ ਬੈਠੀ ਰਹੀ...ਟਸ ਤੋਂ ਮਸ ਨਾ ਹੋਈ।
“ਕਿਓਂ ਹੁਣ ਬੋਲਦੀ ਕਿਓਂ ਨ੍ਹੀਂ?” ਕੌਸੀਆ ਸ਼ਬਦ ਵਾਣ ਛੱਡਦੀ ਰਹੀ, “ਕਰਮਾਂ ਮਾਰੀਏ!! ਮੈਂ ਤੇਰੇ 'ਤੇ ਭਰੋਸਾ ਕਰਕੇ ਗਈ ਸੀ ਤੇ ਤੂੰ ਮੇਰੀ ਹੀ ਛਾਤੀ ਉੱਤੇ ਪਲੱਥਾ ਮਾਰ ਕੇ ਬੈਠ ਗਈ...ਮੇਰੀ ਜਗ੍ਹਾ ਲੈਣੀ ਚਾਹੁੰਦੀ ਏਂ!! ਥੂਹ-ਥੂਹ!!”
ਓਬੇਦਾ ਦਾ ਸਬਰ ਡਾਵਾਂਡੋਲ ਹੋਣ ਲੱਗਾ। ਉਸਨੇ ਧੀਮੀ ਆਵਾਜ਼ ਵਿਚ ਕਿਹਾ, “ਨਹੀਂ, ਮੈਂ ਤੁਹਾਡੀ ਜਗ੍ਹਾ ਕਿੰਜ ਲੈ ਸਕਦੀ ਆਂ? ਮੈਨੂੰ ਆਪਣੀ ਔਕਾਤ ਦਾ ਪਤੈ ਬਾਜੀ!!”
“ਚੁੱਪ ਮੁਰਦਾਰ, ਅੱਗੋਂ ਜ਼ੁਬਾਨ ਲੜਾਉਂਦੀ ਐਂ!” ਕੌਸੀਆ ਨੇ ਅੱਖਾਂ ਕੱਢਦਿਆਂ ਹੋਇਆ ਕਿਹਾ, “ਨਮਕ-ਹਰਾਮ ਕਿਤੋਂ ਦੀ!!”
ਸ਼ਬਦ ਨਮਕ-ਹਰਾਮ ਸੁਣ ਕੇ ਓਬੇਦਾ ਭੁੜਕ ਕੇ ਉਠ ਖੜ੍ਹੀ ਹੋਈ, ਸਾੜ੍ਹੀ ਦਾ ਪੱਲਾ ਪਿੱਛੋਂ ਘੁਮਾਅ ਕੇ ਸਾਹਮਣੇ ਪੇਟ ਕੋਲ ਟੁੰਗ ਲਿਆ ਤੇ ਕੌਸੀਆ ਦੇ ਐਨ ਸਾਹਮਣੇ ਆ ਖੜ੍ਹੀ ਹੋਈ।...ਤੇ ਅੱਖਾਂ ਵਿਚ ਅੱਖਾਂ ਗੱਡ ਕੇ ਬੋਲੀ, “ਮੈਂ ਨਮਕ-ਹਰਾਮ ਨਹੀਂ, ਤੇ ਨਾ ਹੀ ਤੁਹਾਡਾ ਭਰੋਸਾ ਤੋੜਿਐ ਮੈਂ। ਹਾਂ, ਇਕ ਗ਼ਲਤੀ ਕੀਤੀ ਐ ਮੈਂ—ਇਕ ਸ਼ਰੀਫ਼ ਮਰਦ ਨੂੰ ਬਾਜ਼ਾਰੀ ਔਰਤਾਂ ਕੋਲ ਜਾਣੋ ਰੋਕੀ ਰੱਖਿਆ!! ਬਸ ਇਹੀ ਮੇਰਾ ਕਸੂਰ ਏ!! ਪਰ ਯਕੀਨ ਕਰਨਾ, ਮੈਂ ਇਹ ਕੰਮ ਮੁਫ਼ਤ ਵਿਚ ਨਹੀਂ ਕੀਤਾ! ਪੈਸੇ ਲਏ ਨੇ!! ਮੈਂ ਵੀ ਮਾਂ ਆਂ...ਮੇਰੇ ਬੱਚਿਆਂ ਦੀਆਂ ਵੀ ਜ਼ਰੂਰਤਾਂ ਨੇ...ਖਾਣਾ, ਕੱਪੜਾ, ਪੜ੍ਹਾਈ-ਲਿਖਾਈ। ਦਿਨ-ਬ-ਦਿਨ ਖਰਚੇ ਵਧਦੇ ਜਾ ਰਹੇ ਐ—ਤੁਸੀਂ ਵੀ ਤਾਂ ਸਮਝਦੇ ਓ ਨਾ!!”
ਅਚਾਨਕ ਕੌਸੀਆ ਦੇ ਕੰਨਾਂ 'ਚੋਂ ਹੁੰਦਾ ਹੋਇਆ ਸ਼ਬਦ 'ਵੀ' ਧੁਰ ਅੰਦਰ ਤਕ ਲੱਥ ਗਿਆ। ਤੇ ਜਦੋਂ ਉਸਨੇ ਓਬੇਦਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ ਤਾਂ ਉਸਨੂੰ ਕੰਬਨੀ ਛਿੜ ਪਈ!!

ਉਸਨੂੰ ਓਬੇਦਾ ਦੀਆਂ ਅੱਖਾਂ ਵਿਚ ਆਪਣਾ ਅਕਸ ਨਜ਼ਰ ਆਇਆ ਸੀ!! ਤੇ ਇਹ ਮਹਿਸੂਸ ਹੋਇਆ ਸੀ ਕਿ ਓਬੇਦਾ ਦੀਆਂ ਨਜ਼ਰਾਂ ਉਸਦੇ ਪਹੁੰਚਿਆਂ ਉੱਪਰ ਅਟਕੀਆਂ ਹੋਈਆਂ ਨੇ!!!
    ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.