Sunday, November 14, 2010

ਤੁਸੀਂ ਜਾਣਦੇ ਓ..:: ਲੇਖਕ : ਰਮੇਸ਼ ਉਪਾਧਿਆਏ




ਹਿੰਦੀ ਕਹਾਣੀ :
ਤੁਸੀਂ ਜਾਣਦੇ ਓ..
ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਤੁਸੀਂ ਜਾਣਦੇ ਓ, ਮੈਂ ਜਾਗਦਾ ਹੋਇਆ ਵੀ ਸੁਪਨੇ ਦੇਖਦਾਂ। ਇਹ ਕੋਈ ਨਵੀਂ ਜਾਂ ਅਨੋਖੀ ਗੱਲ ਨਹੀਂ। ਦੁਨੀਆਂ ਵਿਚ ਅਨੇਕਾਂ ਲੋਕ ਅਜਿਹੇ ਨੇ, ਜਿਹੜੇ ਉਠਦੇ-ਬੈਠਦੇ, ਕੰਮ-ਧੰਦਾ ਕਰਦੇ ਜਾਂ ਖਾਂਦੇ-ਪੀਂਦੇ ਹੋਏ, ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਦੇ ਨੇ। ਨਵੀਂ ਜਾਂ ਅਨੋਖੀ, ਤੇ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਸੁਪਨੇ ਮੈਂ ਦੇਖਦਾਂ, ਹੋਰਨਾਂ ਨੂੰ ਵੀ ਮੇਰੀਆਂ ਅੱਖਾਂ ਵਿਚ ਸਾਫ ਝਿਲਮਿਲਾਉਂਦੇ ਹੋਏ ਦਿਸ ਪੈਂਦੇ ਨੇ। ਤੁਸੀਂ ਸੋਚ ਸਕਦੇ ਓ, ਇਸ ਨਾਲ ਮੈਨੂੰ ਕੈਸੀ ਤੇ ਕਿੰਨੀ ਪ੍ਰੇਸ਼ਾਨੀ ਹੁੰਦੀ ਹੋਵੇਗੀ!
ਅੱਖਾਂ ਮੀਚੀ, ਸੁੱਤੇ ਪਏ, ਤੁਸੀਂ ਆਪਣੇ ਸੁਪਨੇ ਵਿਚ ਕੁਝ ਵੀ ਵੇਖੋਂ...ਸਿਰਫ ਤੁਸੀਂ ਓ ਵੇਖਦੇ ਓ। ਜਦੋਂ ਤਕ ਤੁਸੀਂ ਦੱਸਦੇ ਨਹੀਂ ਕਿ ਰਾਤੀਂ ਸੁਪਨੇ ਵਿਚ ਤੁਸੀਂ ਕੀ ਵੇਖਿਆ, ਕੋਈ ਜਾਣ ਨਹੀਂ ਸਕਦਾ ਕਿ ਤੁਸੀਂ ਕੀ ਵੇਖਿਆ ਏ।...ਤੇ ਇਹ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ 'ਤੇ ਹੁੰਦਾ ਏ ਕਿ ਤੁਸੀਂ ਦੂਜਿਆਂ ਨੂੰ ਆਪਣੇ ਸੁਪਨੇ ਸੁਣਾਓ ਜਾਂ ਨਾ ਸੁਣਾਓ। ਇਹ ਵੀ ਹੋ ਸਕਦਾ ਏ ਕਿ ਤੁਸੀਂ ਉਹਨਾਂ ਨੂੰ ਸੈਂਸਰ ਕਰਕੇ ਆਪਣੇ ਮਨ ਭੌਂਦੇ ਢੰਗ ਨਾਲ ਸੁਣਾਓ ਜਾਂ ਮਨ ਭੌਂਦੇ ਰੂਪ ਵਿਚ ਕੁਝ ਮਿਰਚ-ਮਸਾਲਾ ਲਾ ਦਿਓ। ਕਿਸੇ ਨੂੰ ਕੀ ਪਤਾ ਕਿ ਤੁਸੀਂ ਅਸਲ ਵਿਚ ਕੀ ਵੇਖਿਆ ਸੀ? ਤੇ ਫੇਰ ਪੂਰੇ ਦੇ ਪੂਰੇ ਸੁਪਨੇ ਚੇਤੇ ਵੀ ਕਦੋਂ ਰਹਿੰਦੇ ਨੇ! ਚੇਤੇ ਰਹਿ ਵੀ ਜਾਣ ਤਾਂ ਤੁਸੀਂ ਇਸ ਜਾਣਕਾਰੀ ਸਦਕਾ ਹਮੇਸ਼ਾ ਲਾਭ ਵਿਚ ਰਹਿੰਦੇ ਓ ਕਿ ਸੁਪਨੇ ਤਾਂ ਸੁਪਨੇ ਹੁੰਦੇ ਨੇ; ਕਿਤੋਂ ਵੀ ਸ਼ੁਰੂ, ਤੇ ਕਿਤੇ ਵੀ ਖ਼ਤਮ ਹੋ ਸਕਦੇ ਨੇ। ਜਾਂ ਅਚਾਨਕ ਅੱਖ ਖੁੱਲ੍ਹ ਜਾਣ ਕਰਕੇ ਟੁੱਟ ਸਕਦੇ ਨੇ, ਅਧੂਰੇ ਰਹਿ ਸਕਦੇ ਨੇ। ਤੁਸੀਂ ਆਪਣੇ ਸੁਪਨੇ ਦਾ ਮਾੜਾ ਹਿੱਸਾ ਨਹੀਂ ਵੀ ਸੁਣਾਉਣਾ ਚਾਹੁੰਦੇ, ਤਾਂ ਆਰਾਮ ਨਾਲ ਕਹਿ ਸਕਦੇ ਓ...'ਬਈ, ਇਸ ਪਿੱਛੋਂ ਅੱਖ ਖੁੱਲ੍ਹ ਗਈ ਸੀ।'
ਹੁਣ ਮੇਰੀ ਸਮੱਸਿਆ ਉੱਤੇ ਵਿਚਾਰ ਕਰੋ। ਮੰਨ ਲਓ, ਤੁਸੀਂ ਮੇਰੇ ਗੁਆਂਢੀ ਓ ਤੇ ਮੈਂ ਤੁਹਾਡੇ ਨਾਲ ਮੌਸਮ, ਮਹਿੰਗਾਈ, ਰਾਜਨੀਤੀ ਜਾਂ ਨਵੇਂ ਮਾਡਲ ਦੀ ਕਿਸੇ ਕਾਰ ਬਾਰੇ ਗੱਲਬਾਤ ਕਰ ਰਿਹਾ ਆਂ ਤੇ ਤੁਸੀਂ ਮੇਰੀਆਂ ਅੱਖਾਂ ਵਿਚ ਵੇਖ ਲੈਂਦੇ ਓ ਕਿ ਤੁਹਾਡੀ ਸੁੰਦਰ ਪਤਨੀ ਜਾਂ ਜਵਾਨ ਧੀ ਕਿਸੇ ਬਾਗ਼-ਬਗ਼ੀਚੇ ਦੇ ਇਕਾਂਤ ਵਿਚ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੋਈ ਘੁੰਮ ਰਹੀ ਏ। ਸੋਚੋ, ਤੁਹਾਡੀ ਕੀ ਹਾਲਤ ਹੋਵੇਗੀ ਤੇ ਤੁਸੀਂ ਮੇਰੀ ਕੀ ਗਤ ਬਣਾਓਗੇ! ਹੋ ਸਕਦਾ ਏ, ਤੁਸੀਂ ਕਿਸੇ ਡਰ, ਸ਼ਰਮ ਜਾਂ ਮੁਲਾਹਜੇ ਸਦਕਾ ਮੈਨੂੰ ਕੁਝ ਨਾ ਕਹਿ ਸਕੋਂ, ਪਰ ਆਪਣੇ ਘਰ ਜਾ ਕੇ ਆਪਣੀ ਸੁੰਦਰ ਪਤਨੀ ਜਾਂ ਜਵਾਨ ਧੀ ਦੀ ਹੱਤਿਆ ਕਰ ਦੇਵੋਂ। ਕੀ ਇਹ ਅਸੰਭਵ ਨਹੀਂ? ਹੈ ਨਾ? ਤਾਂ ਸੋਚੋ ਕਿ ਜਾਗਦਿਆ ਹੋਇਆਂ ਸੁਪਨੇ ਵੇਖਣਾ ਕਿੰਨਾ ਖ਼ਤਰਨਾਕ ਹੁੰਦਾ ਏ! ਮੇਰੇ ਲਈ ਈ ਨਹੀਂ, ਹੋਰਾਂ ਲਈ ਵੀ!
ਇਸ ਲਈ, ਤੁਸੀਂ ਜਾਣਦੇ ਓ, ਮੈਂ ਕਿਸੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨੀਂ ਤਾਂ ਦੂਰ ਰਹੀ, ਅੱਖ ਮਿਲਾ ਕੇ ਵੀ ਗੱਲ ਨਹੀਂ ਕਰਦਾ। ਨੀਵੀਂ ਪਾ ਕੇ ਤੁਰਦਾਂ ਤੇ ਨਜ਼ਰਾਂ ਚੁਰਾਅ ਕੇ ਗੱਲ ਕਰਦਾਂ। ਨਤੀਜਾ ਇਹ ਕਿ ਤੁਰਦਿਆਂ ਹੋਇਆਂ ਪੈਰ-ਪੈਰ 'ਤੇ ਟਕਰਾ ਜਾਨਾਂ...ਲੋਕਾਂ ਨਾਲ, ਵਾਹਣਾ ਨਾਲ, ਖੰਭਿਆਂ ਨਾਲ, ਦਰਵਾਜ਼ਿਆਂ ਨਾਲ ਤੇ ਕੰਧਾਂ-ਕੌਲਿਆਂ ਨਾਲ।...ਤੇ ਗੱਲ ਕਰਦਿਆਂ ਹੋਇਆਂ ਦੱਬੂ, ਝੇਂਪੂ, ਕਾਇਰ ਜਾਂ ਬਦਤਮੀਜ਼ ਸਮਝਿਆ ਜਾਂਦਾ ਆਂ। ਸੋਚੋ, ਕਿੰਨੀ ਵੱਡੀ ਸਮੱਸਿਆ ਏ ਇਹ! ਪਰ ਇਹ ਤਾਂ ਮੇਰੀ ਸਮੁੱਚੀ ਸਮੱਸਿਆ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ।
ਤੁਸੀਂ ਮੇਰੀ ਸਮੱਸਿਆ ਦੇ ਰੂਪ ਤੇ ਬੱਡਰੂਪ ਦਾ ਅੰਦਾਜ਼ਾ ਲਾ ਸਕੋ, ਇਸ ਲਈ ਮੈਂ ਅੱਜ ਦੀ ਇਕ ਘਟਨਾ ਸੁਣਾਉਂਦਾ ਆਂ। ਹੋਇਆ ਕੀ, ਕਿ ਸਵੇਰੇ ਕੰਮ 'ਤੇ ਜਾਂਦਾ ਹੋਇਆ ਮੈਂ ਕਿਸੇ ਨਾਲ ਟਕਰਾਅ ਗਿਆ। ਹੁਣ ਕਿਉਂਕਿ ਅੱਖਾਂ ਝੁਕਾਅ ਕੇ ਤੁਰਨ ਕਰਕੇ ਮੈਂ ਪੈਰ-ਪੈਰ 'ਤੇ ਟਕਰਾਉਂਦਾ ਰਹਿੰਦਾ ਆਂ, ਇਸ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਟਕਰਾਅ ਜਾਣ 'ਤੇ ਮੈਂ ਤੁਰੰਤ 'ਸੌਰੀ ਜੀ' ਕਹਿ ਦੇਂਦਾ ਆਂ ਤੇ ਅੱਖਾਂ ਚੁੱਕ ਕੇ ਇਹ ਵੇਖੇ ਬਿਨਾਂ ਈ ਕਿ ਮੈਂ ਕਿਸ ਨਾਲ ਟਕਰਇਆ ਸਾਂ, ਅੱਗੇ ਟੁਰ ਜਾਂਦਾ ਆਂ। ਇੱਥੋਂ ਤਕ ਕਿ ਜਦੋਂ ਕਿਸੇ ਕਾਰ-ਕੂਰ ਨਾਲ ਟਕਰਾਅ ਕੇ ਡਿੱਗ ਪੈਂਦਾ ਆਂ, ਉਦੋਂ ਵੀ ਅੱਖਾਂ ਚੁੱਕ ਕੇ ਨਹੀਂ ਵੇਖਦਾ। ਇਹੀ ਕਾਰਨ ਏਂ ਕਿ ਸੈਂਕੜੇ ਵਾਰੀ ਦੁਰਘਟਨਾਵਾਂ ਹੋ ਜਾਣ 'ਤੇ ਵੀ ਮੈਂ ਅੱਜ ਤਕ ਨਾ ਤਾਂ ਕਿਸੇ ਨਾਲ ਝਗੜਾ ਕੀਤਾ ਏ ਤੇ ਨਾ ਈ ਕੋਈ ਮੁਆਵਜ਼ਾ ਮੰਗਿਆ ਏ। ਤੁਸੀਂ ਜਾਣਦੇ ਓ, ਇੰਜ ਕਰਨ ਲਈ ਅੱਖਾਂ ਚੁੱਕ ਕੇ, ਨਜ਼ਰਾਂ ਮਿਲਾਅ ਕੇ ਗੱਲ ਕਰਨੀਂ ਜ਼ਰੂਰੀ ਏ, ਜਿਹੜੀ ਮੈਂ ਨਹੀਂ ਕਰ ਸਕਦਾ। ਇਸ ਲਈ ਟੱਕਰ ਵਿਚ ਆਪਣਾ ਦੋਸ਼ ਨਾ ਹੋਣ 'ਤੇ ਵੀ ਮੈਂ ਮੰਨ ਲੈਂਦਾ ਆਂ ਕਿ ਮੈਂ ਈ ਦੋਸ਼ੀ ਆਂ ਤੇ ਅਫ਼ਸੋਸ ਪ੍ਰਗਟ ਕਰਕੇ ਅੱਗੇ ਤੁਰ ਜਾਂਦਾ ਆਂ।
ਪਰ ਅੱਜ ਮੈਂ ਇੰਜ ਨਹੀਂ ਕਰ ਸਕਿਆ। ਟਕਰਾਉਂਦਿਆਂ ਈ ਇਕ ਸੁਖਦਾਈ ਕੋਮਲ ਛੂਹ ਦਾ, ਇਕ ਜਾਣੀ-ਪਛਾਣੀ ਮਹਿਕ ਦਾ ਤੇ ਜਿਹੜਾ ਰੰਗ ਮੈਨੂੰ ਵਿਸ਼ੇਸ ਤੌਰ 'ਤੇ ਪਸੰਦ ਏ, ਉਸੇ ਨੀਲੇ ਰੰਗ ਦੀ ਸਾੜ੍ਹੀ ਦੀ ਸਰਸਰਾਹਟ ਦਾ ਅਹਿਸਾਸ ਹੋਇਆ। ਅੱਖਾਂ ਹੇਠਾਂ ਗੱਡੀ ਅਫ਼ਸੋਸ ਪ੍ਰਗਟ ਕਰਕੇ ਅੱਗੇ ਵਧ ਜਾਣ ਦੀ ਬਜਾਏ ਮੈਂ ਨਜ਼ਰਾਂ ਚੁੱਕ ਕੇ ਵੇਖਿਆ ਤੇ ਵੇਖਦਾ ਈ ਰਹਿ ਗਿਆ। ਇਕ ਅਦਭੁਤ ਰੂਪਮਤੀ ਔਰਤ ਮੇਰੇ ਸਾਹਮਣੇ ਖੜ੍ਹੀ ਸੀ...ਤੇ ਹੈਰਾਨੀ ਸੀ ਕਿ ਉਹ ਵੀ, 'ਅੰਨ੍ਹਾਂ ਏਂ? ਵੇਖ ਕੇ ਨਹੀਂ ਤੁਰ ਸਕਦਾ?' ਜਾਂ ਅਜਿਹਾ ਈ ਕੁਝ ਹੋਰ ਕਹਿ ਕੇ ਅੱਗੇ ਵਧ ਜਾਣ ਦੀ ਬਜਾਏ ਮੇਰੇ ਵੱਲ ਵੇਖ ਰਹੀ ਸੀ। ਮੈਨੂੰ ਇੰਜ ਲੱਗਿਆ ਜਿਵੇਂ ਮਨ ਅੰਦਰ ਇਕ ਪੁਰਾਣੀ ਗ਼ਜ਼ਲ ਦਾ ਟੇਪ ਚਾਲੂ ਹੋ ਗਿਆ ਹੋਵੇ...'ਦਿਲ ਮੇਰਾ ਕਹਿਤਾ ਮੁਝ ਸੇ, ਮੈਂ ਕਭੀ ਐਸਾ ਕਰੂੰ; ਸਾਮਨੇ ਤੁਝਕੋ ਬਿਠਾਅ ਕਰ, ਦੇਰ ਤਕ ਦੇਖਾ ਕਰੂੰ।' ਓਧਰ ਉਹ ਵੀ ਮੁਸਕੁਰਾ ਰਹੀ ਸੀ, ਬਲਕਿ ਖਿੜ-ਪੁੜ ਗਈ ਸੀ ਤੇ ਕਿਸੇ ਪੁਰਾਣੀ ਗਾਇਕਾ ਦੇ ਗਾਏ ਦਾਦਰਾ ਦੀ ਨਕਲ ਕਰਦਿਆਂ ਮੈਨੂੰ ਮਸ਼ਕਰੀ ਕਰ ਰਹੀ ਸੀ...'ਹਮਾਰੀ ਅਟਰੀਆ ਪੇ ਆਜਾ ਰੇ ਸੰਵਰੀਆ, ਦੇਖਾ-ਦੇਖੀ ਤਨਿਕ ਹੁਈ ਜਾਏ ਰੇ...'
ਇਹ ਸਵੇਰ ਦੇ 'ਪੀਕ-ਆਵਰਜ਼' ਦਾ ਸਮਾਂ ਸੀ। ਅਸੀਂ ਵਿਪਰੀਤ ਦਿਸ਼ਾਵਾਂ ਤੋਂ ਸੜਕ ਪਾਰ ਕਰਦੇ ਹੋਏ ਸੜਕ ਦੇ ਐਨ ਵਿਚਕਾਰ ਟਕਰਾਏ ਸਾਂ ਤੇ ਇਕ ਦੂਜੇ ਨੂੰ ਵੇਖਦੇ ਹੋਏ ਥਾਵੇਂ ਅਟਕ ਗਏ ਸਾਂ—ਪਤਾ ਨਹੀਂ ਕਿੰਨੀ ਦੇਰ ਤਕ ਇੰਜ ਅਟਕੇ ਰਹੇ। ਪੈਦਲ ਸੜਕ ਪਾਰ ਕਰਨ ਵਾਲਿਆਂ ਲਈ ਹੋਈ ਹਰੀ ਬੱਤੀ ਪਤਾ ਨਹੀਂ ਕਦੋਂ ਲਾਲ ਹੋ ਗਈ ਤੇ ਵਾਹਣਾ ਲਈ ਹੋਈ ਲਾਲ ਬੱਤੀ ਪਤਾ ਨਹੀਂ ਕਦੋਂ ਹਰੀ। ਸਾਨੂੰ ਹੋਸ਼ ਉਦੋਂ ਆਇਆ ਜਦੋਂ ਵਾਹਣਾ ਦੇ ਹਾਰਨ ਚੀਕ-ਚੀਕ ਕੇ ਸਾਨੂੰ ਹਟ ਜਾਣ ਤੇ ਨੱਸ ਜਾਣ ਲਈ ਕਹਿਣ ਲੱਗੇ। ਹੋਸ਼ ਆਉਂਦਿਆਂ ਈ ਅਸੀਂ ਇਕ ਦੂਜੇ ਦਾ ਹੱਥ ਫੜ੍ਹ ਕੇ ਇਕੋ ਪਾਸੇ ਵੱਲ ਨੱਸ ਪਏ ਤੇ ਇਕੋ ਛਿਣ ਵਿਚ ਸੜਕ ਪਾਰ ਕਰ ਗਏ।
ਤੁਸੀਂ ਜਾਣਦੇ ਓ, ਇਹ ਬਿਲਕੁਲ ਫ਼ਿਲਮੀ ਸਿਚੁਏਸ਼ਨ ਏ। ਤੁਹਾਨੂੰ ਈ ਕਿਉਂ ਕਿਸੇ ਨੂੰ ਵੀ ਲੱਗ ਸਕਦਾ ਏ ਕਿ ਅਸੀਂ ਕੋਈ ਵਿੱਛੜੇ ਹੋਏ ਪ੍ਰੇਮੀ ਸਾਂ, ਜਿਹੜੇ ਅੱਜ ਅਚਾਨਕ ਟਕਰਾਅ ਗਏ ਸਾਂ। ਪਰ ਤੁਹਾਡਾ ਇਹ ਅੰਦਾਜ਼ਾ ਸਹੀ ਨਹੀਂ। ਮੈਨੂੰ ਤਾਂ ਕਦੀ ਕਿਸੇ ਨਾਲ ਪ੍ਰੇਮ ਹੋਇਆ ਈ ਨਹੀਂ। ਹੁੰਦਾ ਕਿੰਜ? ਜਿਸ ਵੱਲ ਵੀ ਅੱਖਾਂ ਚੁੱਕ ਕੇ ਵੇਖਿਆ, ਉਸੇ ਨੇ ਮੇਰੀਆਂ ਅੱਖਾਂ ਵਿਚ ਕੋਈ ਨਾ ਕੋਈ ਸੁਪਨਾ ਵੇਖ ਲਿਆ...ਤੇ ਫੇਰ ਕੋਈ ਘਬਰਾਅ ਕੇ ਪਿੱਛੇ ਹਟ ਗਈ, ਕਿਸੇ ਨੇ ਨਫ਼ਰਤ ਨਾਲ ਮੂੰਹ ਭੁੰਆਂ ਲਿਆ, ਕੋਈ ਡਰ ਕੇ ਨੱਸ ਗਈ, ਕੋਈ ਯਕਦਮ ਲੋਹੀ-ਲਾਖੀ ਹੋ ਕੇ ਚੀਕਣ-ਕੂਕਣ ਲੱਗੀ। ਕਿਸੇ ਨੂੰ ਦੇਰ ਤਕ ਵੇਖਣ ਦੀ ਤਾਂ ਗੱਲ ਈ ਕੀ, ਕਿਸੇ ਨਾਲ ਪਲ-ਛਿਣ ਲਈ ਝਾਤੀ-ਵਾਤੀ ਵੀ ਨਹੀਂ ਹੋ ਸਕੀ।
ਤਾਂ ਫੇਰ ਇੰਜ ਕਿਉਂ ਹੋਇਆ ਕਿ ਟਕਰਾਉਣ ਪਿੱਛੋਂ ਅਸੀਂ ਵਿਪਰੀਤ ਦਿਸ਼ਾਵਾਂ ਵੱਲ ਆਪੋ-ਆਪਣੇ ਕੰਮ 'ਤੇ ਚਲੇ ਜਾਣ ਦੀ ਬਜਾਏ ਇਕ ਦੂਜੇ ਦਾ ਹੱਥ ਫੜ੍ਹ ਕੇ ਇਕ ਪਾਸੇ ਵੱਲ ਨੱਸ ਪਏ?
ਹੋਇਆ ਇਹ ਕਿ ਉਸ ਨਾਲ ਟਕਰਾਉਣ ਪਿੱਛੋਂ ਜਿਉਂ ਈ ਮੈਂ ਨਜ਼ਰਾਂ ਚੁੱਕ ਕੇ ਦੇਖਿਆ, ਉਸਦੀਆਂ ਅੱਖਾਂ ਵਿਚ ਮੈਨੂੰ ਉਹੀ ਸੁਪਨਾ ਝਿਲਮਿਲਾਉਂਦਾ ਹੋਇਆ ਦਿਖਾਈ ਦਿੱਤਾ, ਜਿਸ ਨੂੰ ਦੇਖਦਾ ਹੋਇਆ ਮੈਂ ਉਸ ਸਮੇਂ ਤੁਰਿਆ ਜਾ ਰਿਹਾ ਸਾਂ। ਸੁਪਨਾ ਕੀ ਸੀ, ਇਹ ਪਿੱਛੋਂ ਦੱਸਾਂਗਾ, ਪਹਿਲਾਂ ਤੁਸੀਂ ਏਸ ਸੰਯੋਗ ਉੱਪਰ ਵਿਚਾਰ ਕਰੋ ਕਿ ਸੜਕ 'ਤੇ ਅਚਾਨਕ ਟਕਰਾਅ ਜਾਣ ਵਾਲੇ ਦੋ ਵਿਅਕਤੀ ਇਕੋ ਸੁਪਨਾ ਦੇਖ ਰਹੇ ਨੇ! ਅਦਭੁਤ ਸੰਯੋਗ ਏ ਨਾ? ਤੇ ਅਜਿਹਾ ਅਦਭੁਤ ਸੰਯੋਗ ਕੀ ਦੋਵਾਂ ਵਿਅਕਤੀਆਂ ਨੂੰ ਇਕ ਸਮਾਨ ਰਹਿਣ ਦਵੇਗਾ? ਕੀ ਉਹ ਹੈਰਾਨ ਹੋ ਕੇ ਇਕ ਦੂਜੇ ਵੱਲ ਵੇਖਦੇ ਨਹੀਂ ਰਹਿ ਜਾਣਗੇ? ਕੀ ਉਹ ਇਸ ਅਦਭੁਤ ਸੰਯੋਗ ਦਾ ਕਾਰਨ ਨਹੀਂ ਜਾਣਨਾ ਚਾਹੁਣਗੇ? ਬਸ, ਇਹੀ ਕਾਰਨ ਸੀ ਕਿ ਟਕਰਾਉਣ ਪਿੱਛੋਂ ਅਸੀਂ ਵਿਪਰੀਤ ਦਿਸ਼ਾਵਾਂ ਵੱਲ ਆਪੋ-ਆਪਣੇ ਕੰਮ 'ਤੇ ਚਲੇ ਜਾਣ ਦੀ ਬਜਾਏ ਇਕ ਦੂਜੇ ਦਾ ਹੱਥ ਫੜ੍ਹ ਕੇ ਇਕੋ ਦਿਸ਼ਾ ਵੱਲ ਨੱਸ ਪਏ ਸਾਂ।
ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਏ ਕਿ ਅਸੀਂ ਇਕ ਛਿਣ ਵਿਚ ਸੜਕ ਪਾਰ ਕਰ ਗਏ। ਫੁਟਪਾਥ 'ਤੇ ਜਾ ਖਲੋਣ ਪਿੱਛੋਂ ਵੀ ਇਕ ਦੂਜੇ ਦਾ ਹੱਥ ਨਹੀਂ ਛੱਡਿਆ ਤੇ ਫੇਰ ਇਕ ਦੂਜੇ ਦੀਆਂ ਅੱਖਾਂ ਵਿਚ ਵੇਖਿਆ। ਗਹੁ ਨਾਲ ਵੇਖਣ 'ਤੇ ਅਸੀਂ ਮਹਿਸੂਸ ਕੀਤਾ ਕਿ ਕਿਤੇ ਕਿਤੇ ਨਿੱਕੀ-ਮੋਟੀ ਡਿਟੇਲਜ਼ ਵਿਚ ਕੁਝ ਫਰਕ ਜ਼ਰੂਰ ਏ ਪਰ ਕੁੱਲ ਮਿਲਾ ਕੇ ਸੁਪਨਾ ਸਾਵਾਂ ਈ ਏਂ।
ਅਸੀਂ ਇਕ ਅਜਿਹੇ ਘਰ ਦਾ ਸੁਪਨਾ ਵੇਖ ਰਹੇ ਸਾਂ, ਜਿਸ ਵਿਚ ਮੀਂਹ-ਹਨੇਰੀ, ਲੂ-ਧੁੱਪ ਤੇ ਵਰੋਲਿਆਂ-ਝੱਖੇੜਿਆਂ ਤੋਂ ਬੱਚਤ ਲਈ ਜਗ੍ਹਾ ਤਾਂ ਹੋਏਗੀ, ਪਰ ਸਾਨੂੰ ਘੇਰ ਕੇ ਬਾਕੀ ਦੁਨੀਆਂ ਨਾਲੋਂ ਵੱਖ ਕਰ ਦੇਣ ਵਾਲੀਆਂ ਕੰਧਾਂ ਨਹੀਂ ਹੋਣਗੀਆਂ। ਉਸ ਘਰ ਵਿਚ ਸਮੇਂ ਅਨੁਸਾਰ ਸਾਰੀਆਂ ਜ਼ਰੂਰੀ ਵਸਤਾਂ ਲਈ ਜਗ੍ਹਾ ਹੋਏਗੀ, ਪਰ ਅਜਿਹੀ ਕਿਸੇ ਚੀਜ਼ ਲਈ ਕੋਈ ਜਗ੍ਹਾ ਨਹੀਂ ਹੋਏਗੀ, ਜਿਸ ਲਈ ਦੂਜੇ ਲੋਕ ਤਰਸਦੇ ਹੋਣ; ਲਿਲਕਣ ਤੇ ਸਾਡੇ ਨਾਲ ਈਰਖਾ ਕਰਨ ਤੇ ਉਸ ਵਸਤੂ ਨੂੰ ਸਾਥੋਂ ਖੋਹਣ ਲਈ ਸਾਨੂੰ ਮਾਰ ਦੇਣ ਦੀਆਂ ਵਿਉਂਤਾਂ ਘੜਨ ਲੱਗ ਪੈਣ। ਸਿਰਫ ਵਿਖਾਵੇ ਲਈ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ ਲਈ ਸਾਡੇ ਘਰ ਵਿਚ ਕਤਈ ਕੋਈ ਜਗ੍ਹਾ ਨਹੀਂ ਹੋਏਗੀ। ਸਾਡੇ ਘਰ ਵਿਚ ਕਿਤਾਬਾਂ ਪੜ੍ਹਨ ਲਈ ਹੋਣਗੀਆਂ ਤੇ ਭਾਸ਼ਾਵਾਂ ਬੋਲਣ ਲਈ; ਦੂਜਿਆਂ ਨੂੰ ਪ੍ਰਭਾਵਿਤ ਤਾਂ ਭੈਭੀਤ ਕਰਨ ਲਈ ਨਹੀਂ। ਦੂਰਸੰਚਾਰ ਦੇ ਸਾਧਨ ਇਕ ਤਰਫ਼ਾ ਨਹੀਂ, ਦੋ ਤਰਫ਼ਾ ਹੋਣਗੇ, ਜਿਹਨਾਂ ਦਾ ਉਪਯੋਗ ਸੰਵਾਦ ਕਰਨ ਲਈ ਕੀਤਾ ਜਾਏਗਾ, ਵਾਧੂ ਦੀ ਗੱਪਸ਼ੱਪ ਮਾਰਨ ਜਾਂ ਸੌਦੇਬਾਜ਼ੀ ਲਈ ਨਹੀਂ...
ਇਕ ਦੂਜੇ ਦੀਆਂ ਅੱਖਾਂ ਵਿਚ ਆਪਣਾ ਸੁਪਨਾ ਵੇਖ ਕੇ ਸਾਨੂੰ ਖੁਸ਼ੀ ਹੋਈ। ਤੁਸੀਂ ਜਾਣਦੇ ਓ, ਅਜਿਹੇ ਮੌਕਿਆਂ 'ਤੇ ਹੋਣ ਵਾਲੀ ਖੁਸ਼ੀ ਦਾ ਵਰਨਣ ਕਰਨ ਲਈ ਲੋਕ ਖੁਸ਼ੀ ਦੇ ਨਾਲ ਬੜੀ, ਬਹੁਤ, ਅੰਤਾਂ ਦੀ ਜਾਂ ਅਪਾਰ ਵਰਗੇ ਵਿਸ਼ਲੇਸ਼ਣ ਜੋੜ ਲੈਂਦੇ ਨੇ...ਮੈਂ ਕੋਈ ਵਿਸ਼ਲੇਸ਼ਣ ਨਹੀਂ ਜੋੜ ਰਿਹਾ; ਇਸ ਲਈ ਕਿ ਇਹ ਸਾਡੇ ਜੀਵਨ ਦੀ ਪਹਿਲੀ ਤੇ ਇਕਲੌਤੀ ਖੁਸ਼ੀ ਸੀ, ਜਿਸ ਨੂੰ ਤੁਲਨਾਤਮਕ ਦ੍ਰਿਸ਼ਟੀ ਨਾਲ ਨਾਪ-ਤੋਲ ਕੇ ਵਿਸ਼ੇਸ਼ ਦਰਸਾਉਣ ਦਾ ਸਵਾਲ ਈ ਨਹੀਂ ਪੈਦਾ ਹੁੰਦਾ। ਉਸਦਾ ਅਨੁਭਵ ਕੀ ਕਹਿੰਦਾ ਸੀ, ਇਹ ਮੈਨੂੰ ਨਹੀਂ ਸੀ ਪਤਾ...ਪਰ ਇਸ ਤੋਂ ਪਹਿਲਾਂ ਮੇਰਾ ਅਨੁਭਵ ਇਹ ਰਿਹਾ ਸੀ ਕਿ ਮੇਰੀਆਂ ਅੱਖਾਂ ਵਿਚ ਝਿਲਮਿਲਾਉਂਦਾ ਹੋਇਆ ਮੇਰਾ ਇਹ ਸੁਪਨਾ ਵੇਖ ਕੇ ਲੋਕੀ ਮੈਨੂੰ ਹੈਰਾਨੀ ਨਾਲ ਘੂਰਨ ਲੱਗ ਪੈਂਦੇ ਸੀ। ਉਹ ਸ਼ਾਇਦ ਮੈਨੂੰ ਜੇਲ੍ਹ, ਹਸਪਤਾਲ ਜਾਂ ਪਾਗਲਖ਼ਾਨੇ ਭੇਜਣ ਬਾਰੇ ਸੋਚਣ ਲੱਗਦੇ ਸੀ। ਉਹਨਾਂ ਦੀਆਂ ਅੱਖਾਂ ਦਾ ਇਹ ਭਾਵ ਵੇਖ ਕੇ ਮੈਂ ਡਰ ਜਾਂਦਾ ਸਾਂ ਤੇ ਜਾਨ ਬਚਾਅ ਕੇ ਨੱਸ ਜਾਂਦਾ ਸਾਂ ਕਿ ਕਿਤੇ ਕਿਸੇ ਨੂੰ ਮੇਰੀਆਂ ਅੱਖਾਂ ਵਿਚਲਾ ਸੁਪਨਾ ਨਾ ਦਿਸ ਜਾਏ, ਇਸ ਡਰ ਸਦਕਾ ਮੈਂ ਸਿਰ ਝੁਕਾਅ ਕੇ ਤੁਰਦਾ ਸਾਂ ਤੇ ਗੱਲ, ਹਮੇਸ਼ਾ ਅੱਖਾਂ ਨੀਵੀਆਂ ਕਰਕੇ ਕਰਦਾ ਸਾਂ। ਇੰਜ ਤਾਂ ਮੇਰੇ ਨਾਲ ਪਹਿਲੀ ਵਾਰੀ ਵਾਪਰ ਰਿਹਾ ਸੀ ਕਿ ਮੈਨੂੰ ਮੇਰਾ ਸੁਪਨਾ ਕਿਸੇ ਹੋਰ ਦੀਆਂ ਅੱਖਾਂ ਵਿਚ ਦਿਖਾਈ ਦੇ ਰਿਹਾ ਸੀ ਤੇ ਉਹ ਮੇਰੇ ਵੱਲ ਵੇਖਦੀ ਹੋਈ ਮੁਸਕੁਰਾ ਰਹੀ ਸੀ।
“ਕਿੱਦਾਂ ਰਹੇ, ਜੇ ਅੱਜ ਅਸੀਂ ਆਪੋ-ਆਪਣੇ ਕੰਮ 'ਤੇ ਨਾ ਜਾਈਏ ਤੇ ਮੌਜ਼ ਨਾਲ ਘੁੰਮੀਏਂ-ਫਿਰੀਏ?” ਮੈਂ ਸੁਝਾਅ ਦਿੱਤਾ ਤੇ ਉਸਨੇ ਖੁਸ਼ੀ ਨਾਲ ਮੰਨ ਲਿਆ।
“ਆਓ, ਪਹਿਲਾਂ ਕਿਤੇ ਬੈਠ ਕੇ ਚਾਹ ਪੀਨੇਂ ਆਂ”
“ਹਾਂ, ਇਹ ਠੀਕ ਏ!” ਉਸਨੇ ਕਿਹਾ ਤੇ ਮੇਰੇ ਨਾਲ ਤੁਰ ਪਈ।
ਉਸਨੇ ਪੁੱਛਿਆ, ਨਾ ਮੈਂ ਈ ਕਿ ਅਸੀਂ ਕੌਣ ਆਂ, ਕੀ ਕਰਦੇ ਆਂ, ਕਿੱਥੇ ਰਹਿੰਦੇ ਆਂ, ਐਰਾ-ਵਗ਼ੈਰਾ...ਫੇਰ ਵੀ ਚਾਹ-ਘਰ ਪਹੁੰਚਣ ਤਕ ਅਸੀਂ ਲਗਾਤਾਰ ਗੱਲਾਂ ਕਰਦੇ ਰਹੇ। ਤੁਸੀਂ ਜਾਣਦੇ ਓ, ਗੱਲਬਾਤ ਕਰਨ ਲਈ ਸਾਂਝੇ ਸੰਧਰਭਾਂ ਦਾ ਹੋਣ ਲਾਜ਼ਮੀ ਏਂ ਤੇ ਗੱਲਬਾਤ ਨੂੰ ਸਿਰਫ ਰਾਹੇ ਪਾਈ ਰੱਖਣ ਲਈ ਮੌਸਮ, ਮਹਿੰਗਾਈ, ਰਾਜਨੀਤੀ ਜਾਂ ਕਿਸੇ ਨਵੇਂ ਮਾਡਲ ਦੀ ਕਾਰ ਵਰਗੇ ਸਾਂਝੇ ਸੰਧਰਭ ਫਜ਼ੂਲ ਹੁੰਦੇ ਨੇ। ਸਾਡੇ ਸਾਂਝੇ ਸੰਧਰਭ ਫਜ਼ੂਲ ਨਹੀਂ ਸਨ ਤੇ ਸਾਡੀ ਗੱਲਬਾਤ ਸਿੱਧੀ-ਸਾਦੀ ਗੱਲਬਾਤ ਸੀ।
ਉਸਨੇ ਕਿਹਾ, “ਮੈਂ ਆਪਣੇ ਬੱਚਿਆਂ ਨੂੰ ਹੁਣ ਬਿਲਕੁਲ ਨਹੀਂ ਸਮਝ ਸਕਦੀ। ਮੇਰੀ ਭਾਸ਼ਾ ਤਾਂ ਉਹਨਾਂ ਸਕੂਲ ਜਾਣਾ ਸ਼ੁਰੂ ਕਰਦਿਆਂ ਈ ਬੋਲਣੀ ਛੱਡ ਦਿੱਤੀ ਸੀ, ਹੁਣ ਅੰਗਰੇਜ਼ੀ ਵੀ ਅਜਿਹੀ ਬੋਲਣ ਲੱਗ ਪਏ ਨੇ, ਜਿਸਦੀ ਸ਼ਬਦਾਵਲੀ ਮੇਰੀ ਸਮਝ ਤੋਂ ਬਿਲਕੁਲ ਬਾਹਰ ਏ...ਉਹਨਾਂ ਦੇ ਬੋਲੇ ਸ਼ਬਦ ਡਿਕਸ਼ਨਰੀ ਵਿਚ ਲੱਭਿਆਂ ਨਹੀਂ ਲੱਭਦੇ। ਉਹਨਾਂ ਦੇ ਹਰੇਕ ਵਾਕ ਵਿਚ ਦੋ ਚਾਰ ਐਬਰੀਵੀਏਸ਼ਨ ਹੁੰਦੇ ਨੇ, ਜਿਹਨਾਂ ਦੇ ਅਰਥ ਮੈਂ ਉਹਨਾਂ ਕੋਲੋਂ ਪੁੱਛ ਕੇ ਵੀ ਨਹੀਂ ਸਮਝ ਸਕਦੀ। ਮੈਂ ਆਦੇਸ਼ਾਂ ਤੇ ਉਪਦੇਸ਼ਾਂ ਵਿਚ ਯਕੀਨ ਨਹੀਂ ਕਰਦੀ, ਉਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦੀ ਆਂ, ਪਰ ਕਿੱਦਾਂ ਕਰਾਂ? ਗੱਲਬਾਤ ਤਾਂ ਦੂਰ ਦੀ ਗੱਲ ਹੋ ਗਈ, ਕਦੀ ਕਦੀ ਤਾਂ ਇੰਜ ਲੱਗਦਾ ਏ ਜਿਵੇਂ ਉਹਨਾਂ ਨਾਲ ਮੇਰਾ ਕੋਈ ਰਿਸ਼ਤਾ ਈ ਨਾ ਰਿਹਾ ਹੋਵੇ।”
“ਮੈਂ ਵੀ ਸਾਰਥਕ ਸੰਵਾਦ ਵਿਚ ਵਿਸ਼ਵਾਸ਼ ਕਰਦਾ ਆਂ, ਪਰ ਵੇਖਦਾ ਆਂ ਕਿ ਲੇਖਕ ਦੀ ਸਥਿਤੀ ਹੁਣ ਆਤਮ-ਅਲਾਪ ਜਾਂ ਨਿੱਜੀ ਵਿਲਾਪ ਕਰਨ ਵਾਲੇ ਵਰਗੀ ਹੋ ਗਈ ਏ। ਪਹਿਲਾਂ ਮੈਨੂੰ ਲੱਗਦਾ ਸੀ, ਲਿਖ ਕੇ ਕਰਾਂ ਜਾਂ ਬੋਲ ਕੇ, ਲੋਕਾਂ ਨਾਲ ਗੱਲਾਂ ਕਰ ਰਿਹਾ ਆਂ ਤੇ ਉਹ ਮੇਰੇ ਸਾਹਵੇਂ ਬੈਠੇ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਨੇ, ਕਿਤੇ ਕਿਤੇ ਆਪਣੀ ਰਾਏ ਵੀ ਜ਼ਾਹਿਰ ਕਰ ਦੇਂਦੇ ਨੇ...ਕਦੀ ਤਾੜੀਆਂ ਵਜਾ ਕੇ ਤੇ ਕਦੀ ਗਾਲ੍ਹਾਂ ਕੱਢ ਕੇ। ਉਦੋਂ ਮੈਨੂੰ ਲੱਗਦਾ ਸੀ ਕਿ ਮੈਂ ਗਤੀ ਵਿਚ ਆਂ, ਤੇਜ਼ੀ ਨਾਲ ਅੱਗੇ ਵਧ ਰਿਹਾਂ...ਤੇ ਮੈਥੋਂ ਪ੍ਰੇਰਿਤ-ਪ੍ਰਭਾਵਿਤ ਇਕ ਵਿਸ਼ਾਲ ਲੋਕ-ਹੜ੍ਹ ਮੇਰੇ ਨਾਲ-ਨਾਲ ਤੁਰ ਰਿਹਾ ਏ। ਪਰ ਹੁਣ ਲੱਗਦਾ ਏ, ਕੋਈ ਮੇਰੇ ਅੱਗੇ ਐ ਨਾ ਪਿੱਛੇ, ਤੇ ਏਸ ਇਕੱਲ ਵਿਚ ਮੇਰਾ ਸਾਥ ਦੇਣ ਵਾਲਾ ਵੀ ਕੋਈ ਨਹੀਂ।”
“ਮੈਂ ਸਮਝ ਸਕਦੀ ਆਂ। ਤੁਸੀਂ ਜਿਹਨਾਂ ਨਾਲ ਸੰਵਾਦ ਕਰਨਾ ਚਾਹੁੰਦੇ ਓ, ਉਹਨਾਂ ਦੀ ਭਾਸ਼ਾ ਵੀ ਉਸੇ ਤਰ੍ਹਾਂ ਬਦਲ ਗਈ ਏ, ਜਿਸ ਤਰ੍ਹਾਂ ਮੇਰੇ ਬੱਚਿਆਂ ਦੀ ਭਾਸ਼ਾ। ਨਾਲੇ, ਵਿਚਕਾਰ ਅਜਿਹੇ ਮਾਧਿਅਮ ਆ ਗਏ ਨੇ, ਜਿਹਨਾਂ ਉੱਤੇ ਤੁਹਾਡਾ ਕੋਈ ਜ਼ੋਰ ਨਹੀਂ। ਉਹ ਇਕ-ਪਾਸੜ ਵੀ ਨੇ। ਤੁਹਾਨੂੰ ਪੜ੍ਹਨ ਜਾਂ ਸੁਣਨ ਵਾਲੇ ਤੁਹਾਥੋਂ ਕਿਤੇ ਦੂਰ ਪਤਾ ਨਹੀਂ ਕਿੱਥੇ ਹੁੰਦੇ ਨੇ। ਉਹਨਾਂ ਦੀ ਪ੍ਰਤੀਕ੍ਰਿਆ ਵੀ ਤੁਹਾਡੇ ਤਕ ਬੜੀ ਮੁਸ਼ਕਿਲ ਨਾਲ ਈ ਪਹੁੰਚਦੀ ਏ। ਉਹ ਵੀ ਖਰੀ ਤੇ ਆਪਣੇ ਮੂਲ ਰੂਪ ਵਿਚ ਨਹੀਂ।”
“ਜਿਹੜੇ ਮਾਧਿਅਮ ਇਕ ਪਾਸੜ ਨਹੀਂ, ਉਹ ਵੀ ਤੁਹਾਡੇ ਹੱਥ-ਵੱਸ ਕਦੋਂ ਨੇ? ਤੁਸੀਂ ਟੈਲੀਫ਼ੋਨ ਉੱਤੇ ਗੱਲ ਕਰ ਰਹੇ ਹੁੰਦੇ ਓ...ਅਚਾਨਕ ਲਾਈਨ ਕੱਟੀ ਜਾਂਦੀ ਏ, ਜਾਂ ਟੈਲੀਫ਼ੋਨ ਮੌਨ ਧਾਰ ਲੈਂਦਾ ਏ, ਜਾਂ ਕਈ ਲਾਈਨਾ ਜੁੜ ਜਾਂਦੀਆਂ ਨੇ ਤੇ ਇਕੋ ਸਮੇਂ ਆਉਂਦੀਆਂ ਹੋਈਆਂ ਕਈ ਆਵਾਜ਼ਾਂ ਦੇ ਘਪਲੇ ਵਿਚ ਤੁਸੀਂ ਹੈਲੋ-ਹੈਲੋ ਕਰਦੇ ਰਹਿ ਜਾਂਦੇ ਓ।”
ਚਾਹ-ਘਰ ਵਿਚ ਜਾ ਕੇ ਅਸੀਂ ਇਕ ਟੇਬਲ ਉੱਤੇ ਆਹਮਣੋ-ਸਾਹਮਣੇ ਬੈਠ ਗਏ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਆਹਮਣੋ-ਸਾਹਮਣੇ ਬੈਠਣ ਵਾਲੀ ਇਕ ਆਮ ਸਥਿਤੀ ਵੀ ਏਨੀ ਖੁਸ਼ੀ ਭਰੀ ਜਾਂ ਆਨੰਦਮਈ ਹੋ ਸਕਦੀ ਏ। ਮੈਨੂੰ ਲੱਗਿਆ, ਅੱਜ ਮੈਨੂੰ ਉਹ ਮਿਲ ਰਿਹਾ ਏ, ਜਿਹੜਾ ਮੈਂ ਸਦੀਆਂ ਤੋਂ ਚਾਹ ਰਿਹਾ ਆਂ, ਪਰ ਮਿਲ ਨਹੀਂ ਸੀ ਰਿਹਾ।
ਸੋ ਉਹਦੇ ਸਾਹਮਣੇ ਬੈਠ ਕੇ ਮੈਂ ਉਹਦੀਆਂ ਅੱਖਾਂ ਵਿਚ ਵੇਖਿਆ ਤੇ ਮਹਿਸੂਸ ਕੀਤਾ ਕਿ ਘਰ ਵਾਲੇ ਸੁਪਨੇ ਵਿਚ ਖਾਸਾ ਪਰਿਵਰਤਨ ਹੋ ਚੁੱਕਿਆ ਏ। ਸੁਪਨਾ ਘਰ ਦਾ ਈ ਏ, ਪਰ ਬੜਾ ਬਦਲਿਆ ਹੋਇਆ ਏ। ਮੈਂ ਦੇਖਿਆ ਕਿ ਅਸੀਂ ਦੋਵੇਂ ਘਰ ਦੀ ਤਲਾਸ਼ ਵਿਚ ਭਟਕ ਰਹੇ ਆਂ। ਕੋਹਰਾ ਛਾਇਆ ਹੋਇਆ ਏ ਤੇ ਦਿਸ਼ਾਵਾਂ ਦੀ ਜਗ੍ਹਾ, ਹਰ ਜਗ੍ਹਾ ਮਿਰਗਛਲ ਏ। ਪੈਰਾਂ ਹੇਠ ਕੋਈ ਸੜਕ, ਰਸਤਾ ਜਾਂ ਪਗਡੰਡੀ ਨਹੀਂ, ਬੰਜਰ ਜਿਹੀ ਜ਼ਮੀਨ ਏਂ ਤੇ ਉਸ ਉੱਤੇ ਚਮਕੀਲੀਆਂ-ਭੜਕੀਲੀਆਂ ਦੁਕਾਨਾਂ ਦਾ ਜੰਗਲ ਉਗਿਆ ਹੋਇਆ ਏ। ਦੁਕਾਨਾਂ ਉੱਤੇ ਬੜੀ ਭੀੜ ਏ, ਪਰ ਉਹ ਭੀੜ ਉਹਨਾਂ ਗਾਹਕਾਂ ਦੀ ਏ, ਜਿਹੜੇ ਵਸਤਾਂ ਆਪਣੀ ਜ਼ਰੂਰਤ ਲਈ ਨਹੀਂ, ਬਲਕਿ ਦੂਜਿਆਂ ਦੀ ਦੇਖਾ-ਦੇਖੀ, ਸਿਰਫ ਖ਼ਰੀਦਨ ਲਈ, ਖ਼ਰੀਦ ਲੈਂਦੇ ਨੇ। ਅਸੀਂ ਆਪਣੇ ਘਰ ਦੀ ਭਾਲ ਵਿਚ ਆਂ, ਪਰ ਕਿਧਰੇ ਵਿਖਾਲੀ ਈ ਨਹੀਂ ਦੇ ਰਿਹਾ, ਹਾਲਾਂਕਿ ਸਾਡੇ ਬੱਚੇ ਦੁਕਾਨਾਂ ਦੇ ਉਸ ਜੰਗਲ ਵਿਚ ਭਟਕਦੇ ਹੋਏ ਨਜ਼ਰ ਆ ਰਹੇ ਨੇ। ਅਸੀਂ ਉਹਨਾਂ ਨੂੰ ਆਵਾਜ਼ਾਂ ਮਾਰ ਰਹੇ ਆਂ, ਘਰ ਚੱਲਣ ਲਈ ਕਹਿ ਰਹੇ ਆਂ, ਪਰ ਉਹ ਕੰਨਾਂ ਵਿਚ ਈਅਰ ਫ਼ੋਨ ਲਾਈ ਕੋਈ ਤੇਜ਼ ਤੇ ਸ਼ੋਰ ਭਰਿਆ ਵਿਦੇਸ਼ੀ ਸੰਗੀਤ ਸੁਣ ਰਹੇ ਨੇ, ਸਾਡੀ ਆਵਾਜ਼ ਨਹੀਂ...
ਸੁਪਨੇ ਵਿਚ ਦ੍ਰਿਸ਼ ਬਦਲਦਾ ਏ ਤੇ ਦੁਕਾਨਾਂ ਦਾ ਜੰਗਲ ਅਲੋਪ ਹੋ ਜਾਂਦਾ ਏ। ਹੁਣ ਅਸੀਂ ਕਿਸੇ ਪਿੰਡ ਦੀਆਂ ਕੱਚੀਆਂ ਵੀਹਾਂ ਤੇ ਟੁੱਟੇ ਛਪਰਾਂ ਵਾਲੇ ਘਰਾਂ ਵਿਚਕਾਰੋਂ ਲੰਘਦੇ ਹੋਏ ਆਪਣਾ ਘਰ ਲੱਭ ਰਹੇ ਆਂ। ਅਸੀਂ ਥੱਕ ਗਏ ਆਂ ਤੇ ਚਾਹੁੰਦੇ ਆਂ ਕਿ ਕੁਛ ਖਾਣ-ਪੀਣ ਲਈ ਮਿਲ ਜਾਏ, ਪਰ ਪੁੱਛਣ 'ਤੇ ਪਤਾ ਲੱਗਦਾ ਏ ਕਿ ਇੱਥੇ ਤਾਂ ਅਕਾਲ ਪਿਆ ਹੋਇਐ, ਅੰਨ-ਪਾਣੀ ਕੁਛ ਵੀ ਨਹੀਂ...ਤੇ ਸਾਡੀ ਪ੍ਰੇਸ਼ਾਨੀ ਇਹ ਐ ਕਿ ਸਾਡੇ ਘਰ ਜਾਣ ਵਾਲਾ ਰਸਤਾ ਇਸ ਅਕਾਲ ਤੇ ਭੁੱਖ ਮਰੀ ਵਿਚੋਂ ਦੀ ਹੋ ਕੇ ਜਾਂਦਾ ਏ...
ਤੁਸੀਂ ਜਾਣਦੇ ਓ ਕਿ ਅਜਿਹੀ ਯਾਤਰਾ, ਜੇ ਤੁਸੀਂ ਇਸ ਨੂੰ ਯਾਤਰਾ ਕਹਿ ਸਕੋ, ਕਿੰਨੀ ਔਖੀ ਤੇ ਤਰਾਸ ਭਰੀ ਹੁੰਦੀ ਏ! ਤੁਸੀਂ ਤੁਰਦੇ ਘੱਟ ਓ, ਭਟਕ ਹਰ ਪੈਰ 'ਤੇ ਜਾਂਦੇ ਓ। ਇਸ ਲਈ ਥੱਕਦੇ ਵੀ ਜ਼ਿਆਦਾ ਓ। ਭਟਕਣ ਤੇ ਥਕਾਣ ਦੇ ਇਲਾਵਾ ਨਿਰਾਸ਼ਾ ਵੀ ਏਨੀ ਵੱਧ ਹੁੰਦੀ ਏ ਕਿ ਤੁਸੀਂ ਰੁਕ ਜਾਣ, ਡਿੱਗ ਪੈਣ, ਢੈ ਜਾਣ ਤੇ ਮਰ ਜਾਣ ਬਾਰੇ ਸੋਚਣ ਲੱਗ ਪੈਂਦੇ ਓ। ਉਦੋਂ ਤੁਸੀਂ ਆਪ ਭਾਵੇਂ ਈਸ਼ਵਰ ਨੂੰ ਮੰਨੋ ਜਾਂ ਨਾ ਮੰਨੋ, ਪ੍ਰਾਰਥਨਾਂ ਕਰਨ ਲੱਗਦੇ ਓ ਕਿ ਕੋਈ ਸਾਥੀ ਮਿਲ ਜਾਏ।
ਚਾਹ-ਘਰ ਵਿਚ ਉਸ ਦੇ ਨਾਲ ਚਾਹ ਪੀਂਦਿਆਂ ਹੋਇਆਂ ਮੈਨੂੰ ਇੰਜ ਲੱਗਿਆ, ਜਿਵੇਂ ਮੇਰੀ ਪ੍ਰਾਰਥਨਾਂ ਸੁਣ ਲਈ ਗਈ ਏ। ਘਰ ਦਾ ਰਸਤਾ ਬੜਾ ਔਖਾ ਦੇ ਭਿਅੰਕਰ ਏ, ਪਰ ਉਸਦੀ ਖ਼ੂਬਸੂਰਤੀ ਇਹ ਐ ਕਿ ਉਸ ਉੱਪਰ ਅਸੀਂ ਦੋਵੇਂ ਇਕੱਠੇ ਤੁਰ ਰਹੇ ਆਂ।
ਚਾਹ ਪੀਂਦਿਆਂ ਹੋਇਆਂ ਮੈਂ ਉਸਨੂੰ ਪੁੱਛਿਆ, “ਇਹ ਸੁਪਨਾ ਤੂੰ ਕਦੋਂ ਦਾ ਦੇਖ ਰਹੀ ਏਂ?”
“ਜਦੋਂ ਦਾ ਬੱਚਿਆਂ ਨੇ ਮੈਨੂੰ ਇਕ ਗਰੀਬ ਦੇਸ਼ ਦੀ ਪਿਛੜੀ ਹੋਈ ਔਰਤ ਸਮਝਣਾ ਸ਼ੁਰੂ ਕੀਤਾ ਏ ਤੇ ਨੌਕਰਾਣੀ ਵਾਂਗ ਮੈਥੋਂ ਕੰਮ ਲੈਂਦੇ ਹੋਏ ਮੈਨੂੰ 'ਸਟੁਪਿਡ-ਵੋਮਨ' ਕਹਿਣਾ ਸ਼ੁਰੂ ਕੀਤਾ ਏ। ਤੇ ਤੁਸੀਂ...?”
“ਜਦੋਂ ਮੈਨੂੰ ਲੱਗਿਆ ਕਿ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਨੇ, ਤਿਵੇਂ ਤਿਵੇਂ ਮੇਰਾ ਘਰ, ਮੇਰਾ ਨਹੀਂ, ਓਪਰਾ ਹੁੰਦਾ ਜਾ ਰਿਹਾ ਏ। ਮੈਂ ਸੋਚਿਆ ਸੀ, ਆਪਣੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੁਆਵਾਂਗਾ ਤੇ ਖ਼ੁਦ ਉਹਨਾਂ ਨੂੰ ਚੰਗੇ ਤੋਂ ਚੰਗੇ ਸੰਸਕਾਰ ਦਿਆਂਗਾ। ਚੰਗੀ ਸਿੱਖਿਆ ਦੁਆਉਣ ਦਾ ਮਤਲਬ ਸੀ ਉਹਨਾਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਉਣ ਵਾਲੇ ਮਹਿੰਗੇ ਪਬਲਿਕ ਸਕੂਲ ਵਿਚ ਪੜ੍ਹਾਵਾਂਗਾ। ਸ਼ਾਇਦ ਇਹੀ ਮੈਥੋਂ ਪਹਿਲੀ ਗ਼ਲਤੀ ਹੋਈ। ਉਹ ਸਮਝਣ ਲੱਗੇ ਕਿ ਅਸੀਂ ਦੇਸ਼ ਦੇ ਦਸ ਪ੍ਰਤੀਸ਼ਤ ਧਨੀ ਲੋਕਾਂ ਵਿਚੋਂ ਆਂ ਤੇ ਸਾਨੂੰ ਬਾਕੀ ਦੇ ਨੱਬੇ ਪ੍ਰਤੀਸ਼ਤ ਲੋਕਾਂ ਨੂੰ ਆਪਣੇ ਨੌਕਰ ਜਾਂ ਗ਼ੁਲਾਮ ਸਮਝਦਿਆਂ ਹੋਇਆਂ, ਉਹਨਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਵੇਖਣ ਦਾ ਅਧਿਕਾਰ ਏ। ਹੁਣ ਉਹਨਾਂ ਦੇਖਿਆ ਕਿ ਮੈਂ ਨੌਕਰਾਂ ਜਾਂ ਗ਼ੁਲਾਮਾਂ ਵਾਲੀ ਭਾਸ਼ਾ ਵਿਚ ਲਿਖਦਾ ਆਂ ਤੇ ਉਹਨਾਂ ਦੀ ਭਾਸ਼ਾ ਈ ਬੋਲਦਾ ਆਂ, ਤਾਂ ਉਹ ਮੈਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ। ਉਹ ਚਾਹੁਣ ਲੱਗੇ-ਸਗੋਂ ਮੰਗ ਕਰਨ ਲੱਗੇ ਕਿ ਮੈਂ ਅੰਗਰੇਜ਼ੀ ਸਿਖਾਂ, ਅੰਗਰੇਜ਼ੀ ਬੋਲਾਂ ਤੇ ਅੰਗਰੇਜ਼ੀ ਵਿਚ ਈ ਲਿਖਾਂ। ਜਦੋਂ ਮੈਂ ਕਿਹਾ ਕਿ ਇਹ ਸੰਭਵ ਨਹੀਂ, ਤਾਂ ਉਹਨਾਂ ਕਿਹਾ, 'ਠੀਕ ਏ, ਤੁਸੀਂ ਆਪਣੀ ਭਾਸ਼ਾ ਵਿਚ ਈ ਲਿਖੋ, ਪਰ ਦੇਸ਼ ਦੇ ਦਸ ਪ੍ਰਤੀਸ਼ਤ ਧਨੀ ਲੋਕਾਂ ਦੇ ਕੰਮ ਦੀ ਚੀਜ਼ ਲਿਖੋ, ਤਾਂਕਿ ਪੈਸਾ ਮਿਲੇ, ਪ੍ਰਸਿੱਧੀ ਮਿਲੇ ਤੇ ਪ੍ਰਸਿੱਧੀ ਨੂੰ ਇਸਤੇਮਾਲ ਕਰਕੇ ਹੋਰ ਵਧੇਰੇ ਪੈਸਾ ਮਿਲੇ। ਇਹ ਕੀ ਕਿ ਤੁਸੀਂ ਦਿਨ ਰਾਤ ਮਿਹਨਤ ਕਰਕੇ ਲਿਖਦੇ ਓ ਤੇ ਆਪਣੀਆਂ ਰਚਨਾਵਾਂ ਅਜਿਹੀਆਂ ਪੱਤਰਕਾਵਾਂ ਨੂੰ ਭੇਜਦੇ ਓ, ਜਿਹੜੀਆਂ ਹਜ਼ਾਰ-ਪੰਜ ਸੌ ਛਪਦੀਆਂ ਨੇ ਤੇ ਮਿਹਨਤਾਨਾ ਵੀ ਨਹੀਂ ਦੇਂਦੀਆਂ।' ਉਹ ਮੈਨੂੰ ਮੂਰਖ ਜਾਂ ਪਾਗਲ ਸਮਝਣ ਲੱਗ ਪਏ ਸੀ।”
“ਮੇਰੇ ਨਾਲ ਵੀ ਕੁਛ ਇਵੇਂ ਈ ਹੋਇਆ। ਜਦੋਂ ਉਹਨਾਂ ਵੇਖਿਆ ਕਿ ਮੈਂ ਉਹਨਾਂ ਵਰਗੀ ਫੱਰਾਟੇਦਾਰ ਅੰਗਰੇਜ਼ੀ ਨਹੀਂ ਬੋਲ ਸਕਦੀ; ਜਿੰਨੀ ਕੁ ਬੋਲਦੀ ਆਂ, ਉਹ ਵਿਚ ਵੀ ਉਚਾਰਣ ਦੀਆਂ ਗਲਤੀਆਂ ਕਰਦੀ ਆਂ, ਤਾਂ ਉਹਨਾਂ ਦੇ ਮਨ ਵਿਚ ਮੇਰੇ ਲਈ ਕੋਈ ਆਦਰ ਨਹੀਂ ਰਿਹਾ। ਜਦੋਂ ਉਹ ਵੱਡੇ ਹੋਣ ਲੱਗੇ ਤੇ ਮੈਂ ਉਹਨਾਂ ਨੂੰ ਕਹਿਣ ਲੱਗੀ ਕਿ ਸਾਦਾ ਖਾਓ, ਸਾਦਾ ਪਾਓ ਤੇ ਘਰ ਦੇ ਕੰਮ-ਕਾਜ ਵਿਚ ਮੇਰਾ ਹੱਥ ਵੰਡਾਓ; ਤਾਂ ਉਹਨਾਂ ਨੂੰ ਬੜੀ ਬੁਰੀ ਲੱਗਣ ਲੱਗ ਪਈ। ਮੈਂ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਖਾਣ-ਪਾਉਣ ਦਿਆਂ, ਆਜ਼ਾਦੀ ਨਾਲ ਘੁੰਮਣ-ਫਿਰਨ ਦਿਆਂ, ਕੋਈ ਕੰਮ ਕਰਨ ਲਈ ਨਾ ਆਖਾਂ ਤੇ ਖ਼ੁਦ ਉਹਨਾਂ ਲਈ ਨੌਕਰੀ ਕਰਾਂ ਤੇ ਘਰ ਦੇ ਵੀ ਸਾਰੇ ਕੰਮ ਕਰਦੀ ਰਹਾਂ। ਇਹ ਸਭ ਮੇਰੇ ਫ਼ਰਜ਼ ਨੇ ਤੇ ਉਹਨਾਂ ਦੇ ਅਧਿਕਾਰ। ਪਰ ਮੈਨੂੰ ਏਨਾ ਵੀ ਅਧਿਕਾਰ ਨਹੀਂ ਕਿ ਜਦੋਂ ਮੈਂ ਆਪਣੇ ਕੰਮ ਤੋਂ ਥੱਕੀ-ਹਾਰੀ ਆਵਾਂ ਤਾਂ ਉਹਨਾਂ ਨੂੰ ਇਕ ਕੱਪ ਚਾਹ ਬਣਾਉਣ ਲਈ ਵੀ ਕਹਿ ਸਕਾਂ। ਕੀ ਚਾਹ ਬਣਾਉਣੀ ਉਹਨਾਂ ਦਾ ਕੰਮ ਏ? ਕੀ ਉਹ ਮੇਰੇ ਨੌਕਰ ਨੇ? ਨਹੀਂ, ਮੈਂ ਆਂ ਉਹਨਾਂ ਦੀ ਨੌਕਰ; ਤੇ ਪੈਸਾ ਕਮਾਉਣ ਵਾਲੀ ਮਸ਼ੀਨ...!”
“ਹਾਂ, ਉਹ ਮੈਨੂੰ ਵੀ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਸਮਝਦੇ ਨੇ, ਉਹ ਵੀ ਬਹੁਤ ਪੁਰਾਣੇ ਮਾਡਲ ਦੀ, ਬਿਲਕੁਲ ਐਬਸੋਲੀਟ ਟੈਕਨਾਲੋਜੀ ਦੀ। ਹੁਣ ਉਹ ਵੱਡੇ ਤੇ ਮੈਥੋਂ ਵੱਧ ਸਮਝਦਾਰ ਹੋ ਗਏ ਨੇ। ਕਹਿੰਦੇ ਨੇ...'ਪ੍ਰਿੰਟ ਮੀਡੀਏ ਦਾ ਜ਼ਮਾਨਾ ਗਿਆ, ਲਿਖਣਾ ਈ ਏ ਤਾਂ ਇਲੈਕਟਰਾਨਿਕ ਮੀਡੀਏ ਲਈ ਲਿਖੋ। ਪੁਰਾਣੇ ਟਾਈਪਰਾਈਟਰ ਨੂੰ ਸੁੱਟੋ, ਕੰਪਿਊਟਰ ਲੈ ਆਓ। ਕਿਤਾਬਾਂ ਪੜ੍ਹਨ ਦੀ ਪੁਰਾਣੀ ਆਦਤ ਛੱਡੋ, ਇੰਟਰਨੈਟ 'ਤੇ ਸਰਫਿੰਗ ਕਰੋ।' ਮੇਰਾ ਨਵੀਆਂ ਚੀਜ਼ਾਂ ਨਾਲ ਕੋਈ ਵਿਰੋਧ ਨਹੀਂ। ਮੇਰਾ ਵੱਸ ਚੱਲੇ ਤਾਂ ਮੈਂ ਅੱਜ ਈ ਕੰਪਿਊਟਰ ਲੈ ਆਵਾਂ। ਪਰ ਪੈਸਾ ਕਿੱਥੋਂ ਲਿਆਵਾਂ? ਚੋਰੀ ਕਰਾਂ, ਡਾਕਾ ਮਾਰਾਂ ਜਾਂ ਕੋਈ ਘਪਲਾ-ਘੋਟਾਲਾ ਕਰਾਂ? ਮੇਰਾ ਇਹ ਸਵਾਲ ਸੁਣ ਕੇ ਉਹ ਸ਼ਰਮਿੰਦੇ ਨਹੀਂ ਹੁੰਦੇ, ਸਗੋਂ ਮੇਰਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਨੇ...'ਕਰ ਸਕਦੇ ਓ ਤਾਂ ਦਿਖਾਉਣ ਲਈ ਈ ਸਹੀ, ਇਕ ਅੱਧਾ ਕਰਕੇ ਵੀ ਵਿਖਾਓ!' ਅਜਿਹੀਆਂ ਗੱਲਾਂ ਸੁਣ ਕੇ ਮੈਂ ਸੋਚਦਾ ਆਂ...ਇਹ ਘਰ ਹੁਣ ਮੇਰਾ ਨਹੀਂ ਰਿਹਾ।”
“ਮੈਂ ਤਾਂ ਸੋਚ ਲਿਆ ਏ, ਹੁਣ ਮੈਂ ਵੀ ਉਹਨਾਂ ਦੀ ਪ੍ਰਵਾਹ ਨਹੀਂ ਕਰਾਂਗੀ। ਪਾਲ-ਪੋਸ ਕੇ ਵੱਡੇ ਕਰ ਦਿੱਤੇ, ਹੁਣ ਜਾਣ ਤੇ ਆਪਣਾ ਕਮਾਉਣ-ਖਾਣ।”
“ਮੈਂ ਵੀ ਇੰਜ ਈ ਕਰਾਂਗਾ।”
“ਪਰ ਸੁਣੋ, ਤੁਸੀਂ ਸੜਕ 'ਤੇ ਸਿਰ ਸੁੱਟ ਕੇ ਕਿਉਂ ਚੱਲਦੇ ਓ? ਕੀ ਤੁਹਾਨੂੰ ਆਪਣੇ ਨਵੇਂ ਘਰ ਦੇ ਸੁਪਨੇ ਤੋਂ ਸ਼ਰਮ ਆਉਂਦੀ ਏ? ਜਾਂ ਡਰ ਲੱਗਦਾ ਏ ਕਿ ਲੋਕ ਕੀ ਕਹਿਣਗੇ?”
“ਹਾਂ, ਡਰ ਲੱਗਦਾ ਏ।” ਮੈਂ ਕੁਝ ਚਿਰ ਚੁੱਪਚਾਪ ਸੋਚਦੇ ਰਹਿਣ ਪਿੱਛੋਂ ਕਿਹਾ, “ਮੈਂ ਆਪਣੇ ਸੁਪਨੇ ਨੀਂਦ ਵਿਚ ਨਹੀਂ, ਜਾਗਦਿਆਂ ਹੋਇਆਂ ਦੇਖਦਾ ਆਂ ਨਾ। ਉੱਪਰੋਂ ਦਿੱਕਤ ਇਹ ਐ ਕਿ ਮੇਰੇ ਸੁਪਨੇ, ਦੂਜਿਆਂ ਨੂੰ ਵੀ ਮੇਰੀਆਂ ਅੱਖਾਂ ਵਿਚ ਦਿਖਾਈ ਦੇ ਜਾਂਦੇ ਨੇ। ਉਹਨਾਂ ਨੂੰ ਦੇਖ ਕੇ ਉਹ ਮੈਨੂੰ ਜੇਲ੍ਹ, ਹਸਪਤਾਲ ਜਾਂ ਪਾਗਲਖ਼ਾਨੇ ਭਿਜਵਾਉਣ ਬਾਰੇ ਸੋਚਣ ਲੱਗ ਪੈਂਦੇ ਨੇ। ਹਾਲਾਂਕਿ ਉਹਨਾਂ ਵਿਚ ਵੀ ਜ਼ਿਆਦਾ ਅਜਿਹੇ ਨੇ, ਜਿਹੜੇ ਮੇਰੇ ਤੇ ਤੇਰੇ ਵਾਂਗ ਆਪੋ-ਆਪਣੇ ਘਰਾਂ ਵਿਚ ਓਪਰੇ ਤੇ ਪਰਾਏ ਹੋ ਚੁੱਕੇ ਨੇ ਤੇ ਉਹਨਾਂ ਨੂੰ ਨਵੇਂ ਘਰ ਦੀ ਲੋੜ ਏ, ਫੇਰ ਵੀ ਉਹਨਾਂ ਨੂੰ ਪਤਾ ਨਹੀਂ ਕਿਉਂ ਨਵੇਂ ਘਰ ਦੇ ਸੁਪਨੇ ਤੋਂ ਡਰ ਲੱਗਦਾ ਏ।...ਤੇ ਮੈਨੂੰ ਇਸੇ ਚੀਜ਼ ਤੋਂ ਸਭ ਤੋਂ ਵੱਧ ਡਰ ਲੱਗਦਾ ਏ।”
“ਤਾਂ ਹੁਣ ਤੁਸੀਂ ਕੀ ਕਰੋਗੇ?”
“ਸੋਚਦਾ ਆਂ, ਹਫਤੇ ਵਿਚ ਘੱਟੋਘੱਟੋ ਇਕ ਵਾਰੀ ਇਵੇਂ ਈ ਰਾਹ ਚੱਲਦਿਆਂ ਕਿਸੇ ਨਾਲ ਟਕਰਾਅ ਜਾਇਆ ਕਰਾਂ ਤੇ ਮਸਤੀ ਵਿਚ ਘੁੰਮ ਫਿਰ ਕੇ ਪੂਰਾ ਦਿਨ ਬਿਤਾਉਣ ਪਿੱਛੋਂ ਘਰ ਵਾਪਸ ਜਾਇਆ ਕਰਾਂ।”
“ਆਈਡੀਆ ਬੁਰਾ ਨਹੀਂ।” ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ, “ਜਦੋਂ ਸਾਡੇ ਬੱਚੇ ਸਾਡੀ ਕਮਾਈ ਦੇ ਸਿਰ 'ਤੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜਿਊਣਾ ਆਪਣਾ ਅਧਿਕਾਰ ਸਮਝਦੇ ਨੇ, ਤਾਂ ਆਪਣੀ ਕਮਾਈ ਦੇ ਸਿਰ 'ਤੇ ਅਸੀਂ ਵੀ ਦੋ ਚਾਰ ਦਿਨ ਤਾਂ ਆਪਣੇ ਢੰਗ ਨਾਲ ਜਿਊਂ ਈ ਸਕਦੇ ਆਂ।”
“ਚੱਲ, ਹੁਣ ਇੱਥੋਂ ਬਾਹਰ ਨਿਕਲੀਏ ਤੇ ਥੋੜ੍ਹਾ ਘੁੰਮ ਫਿਰ ਲਈਏ।”
“ਹਾਂ, ਚੱਲੋ।”
ਅਸੀਂ ਚਾਹ-ਘਰ ਵਿਚੋਂ ਨਿਕਲੇ ਤੇ ਇਹ ਸੋਚੇ ਬਿਨਾਂ ਕਿ ਅਸੀਂ ਕਿੱਧਰ ਜਾਣਾ ਏਂ, ਇਕ ਪਾਸੇ ਵੱਲ ਤੁਰ ਪਏ। ਮੇਰੇ ਅੰਦਰ ਪਤਾ ਨਹੀਂ ਕਿਉਂ ਤੇ ਕਿਵੇਂ ਏਨਾ ਹੌਸਲਾ ਆ ਗਿਆ ਸੀ ਕਿ ਹੁਣ ਮੈਂ ਸਿਰ ਸੁੱਟ ਕੇ ਹੇਠਾਂ ਵੇਖਦਾ ਹੋਇਆ ਨਹੀਂ, ਬਲਕਿ ਸਿਰ ਚੁੱਕ ਕੇ ਸਾਹਮਣੇ ਵੇਖਦਾ ਹੋਇਆ ਤੁਰ ਰਿਹਾ ਸਾਂ।
ਤੁਸੀਂ ਜਾਣਦੇ ਓ, ਦਿੱਲੀ ਵਰਗੇ ਅਧੁਨਿਕ ਸ਼ਹਿਰ ਤੇ ਅੱਜ ਦੇ ਉਤਰ-ਅਧੁਨਿਕ ਸਮੇਂ ਵਿਚ ਵੀ ਇਸ ਘਟਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਵੇਗਾ। ਭਲਾ ਇੰਜ ਕਿੰਜ ਹੋ ਸਕਦਾ ਏ ਕਿ ਆਪੋ-ਆਪਣੇ ਕੰਮ 'ਤੇ ਜਾਂਦੇ ਹੋਏ ਦੋ ਪੱਕੀ ਉਮਰ ਦੇ ਬਾਲ-ਬੱਚੜਦਾਰ ਔਰਤ-ਮਰਦ ਇੰਜ ਅਚਾਨਕ ਟਕਰਾਅ ਜਾਣ ਤੇ ਨੌਜਵਾਨ ਪ੍ਰੇਮੀਆਂ ਵਾਂਗ ਛੁੱਟੀ ਮਾਰ ਕੇ ਮਸਤੀ ਵਿਚ ਘੁੰਮਦੇ ਫਿਰਨ? ਇਸ ਲਈ ਮੈਂ ਇਸ ਸੱਚੀ ਘਟਨਾ ਨੂੰ ਕਹਾਣੀ ਦਾ ਰੂਪ ਦੇ ਕੇ ਖ਼ਤਮ ਕਰਾਂਗਾ। ਤੁਹਾਨੂੰ ਝਟਕਾ ਦੇਣ ਲਈ ਨਹੀਂ, ਬਲਕਿ ਕਹਾਣੀ ਨੂੰ ਇਕ ਖ਼ੂਬਸੂਰਤ ਮੋੜ ਦੇਣ ਲਈ ਦੱਸ ਦਿਆਂ ਕਿ ਅੱਜ ਜਿਸ ਨਾਲ ਮੈਂ ਟਕਰਾਇਆ ਸਾਂ, ਉਹ ਕੋਈ ਹੋਰ ਨਹੀਂ, ਮੇਰੀ ਪਤਨੀ ਏਂ। ਵੈਸੇ ਮੇਰਾ ਖ਼ਿਆਲ ਏ ਕਿ ਤੁਸੀਂ ਇਹ ਗੱਲ ਸ਼ੁਰੂ 'ਚ ਈ ਸਮਝ ਗਏ ਹੋਵੋਗੇ।
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

Saturday, November 13, 2010

ਨੀਂਦ...:: ਲੇਖਕਾ : ਇਸਮਤ ਚੁਗ਼ਤਾਈ




ਉਰਦੂ ਕਹਾਣੀ :
ਨੀਂਦ...
ਲੇਖਕਾ : ਇਸਮਤ ਚੁਗ਼ਤਾਈ
ਅਨੁਵਾਕ : ਮਹਿੰਦਰ ਬੇਦੀ, ਜੈਤੋ


ਯਕਦਮ ਰਾਤ ਹੱਦੋਂ ਵਧ ਸੁੰਨਸਾਨ ਤੇ ਥੱਕੀ-ਥੱਕੀ ਜਿਹੀ ਮਹਿਸੂਸ ਹੋਣ ਲੱਗ ਪਈ ਸੀ। ਉਹੀ ਰਾਤ ਜਿਹੜੀ ਕੁਝ ਘੰਟੇ ਪਹਿਲਾਂ ਨਸ਼ੇ ਵਿਚ ਚੂਰ, ਚੌਥੀ ਦੀ ਦੁਹਲਨ ਵਾਂਗ ਜਗਮਗਾ ਰਹੀ ਸੀ, ਹੁਣ ਅਚਾਨਕ ਹੀ ਬੁੱਢੀ ਤੇ ਬਿਮਾਰ ਹੋ ਗਈ ਜਾਪਦੀ ਸੀ—ਉਹਨੇ ਆਪਣੀ ਬਾਂਹ 'ਤੇ ਪਏ ਨੌਜਵਾਨ ਦੇ ਭਾਰੀ ਸਿਰ ਦੇ ਭਾਰ ਨੂੰ, ਖਿਸਕਾਅ ਕੇ, ਜ਼ਰਾ ਹੋਰ ਨੇੜੇ ਕਰ ਲਿਆ। ਉਹ ਘੂਕ ਸੁੱਤਾ ਹੋਇਆ ਸੀ। ਉਸਦੀਆਂ ਲੰਮੀਆਂ ਸੁਡੌਲ ਲੱਤਾਂ ਪਲੰਘ ਤੋਂ ਬਾਹਰਵਾਰ ਨਿਕਲੀਆਂ ਹੋਈਆਂ ਸਨ, ਇਕ ਬਾਂਹ ਪਾਸੇ ਹੇਠ ਆਈ ਹੋਈ ਸੀ ਤੇ ਦੂਜੀ ਕਿਸੇ ਭਾਰੀ ਸ਼ਹਿਤੀਰ ਵਾਂਗ ਉਹਦੀ ਹਿੱਕ ਉੱਤੇ ਪਈ ਸੀ।
ਕਿੰਨੀ ਗੂੜ੍ਹੀ ਨੀਂਦ ਸੁੱਤਾ ਹੋਇਆ ਸੀ ਭਲਾਮਾਣਸ! ਜੇ ਇਸ ਵੇਲੇ ਉਸਦੀਆਂ ਸੁਰਮਈ ਅੱਖਾਂ ਖੁੱਲ੍ਹੀਆਂ ਹੁੰਦੀਆਂ ਤਾਂ ਕਥਈ ਵਾਲਾਂ ਦੇ ਗੁੱਛੇ ਪੁਤਲੀਆਂ ਉੱਤੇ ਟਿਕੇ ਹੋਏ ਹੁੰਦੇ। ਉਸਦੀਆਂ ਸੰਦਲੀ ਗੱਲ੍ਹਾਂ ਉੱਤੇ ਅੱਧੀ ਰਾਤ ਦਾ ਹੁਸਨ ਖਿੱਲਰਿਆ ਹੋਇਆ ਸੀ, ਮੂੰਹ ਵਿਚੋਂ ਵਾਥੇ ਤੇ ਵਿਸਕੀ ਦੀ ਮਿੱਠੀ-ਮਿੱਠੀ ਮਹਿਕ ਆ ਰਹੀ ਸੀ।
ਜਵਾਨ ਸੁੱਤਾ ਪਿਆ ਸੀ ਤੇ ਉਹ ਜਾਗ ਰਹੀ ਸੀ। ਉਸਦੀ ਗੂੜ੍ਹੀ ਨੀਂਦ ਉੱਤੇ ਉਹਨੂੰ ਖਿਝ ਚੜ੍ਹਨ ਲੱਗ ਪਈ। ਕੰਬਖ਼ਤ, ਬਾਂਹ ਉੱਤੇ ਸਿਰ ਰੱਖਦਾ ਹੀ ਸੌਂ ਗਿਆ ਸੀ ਤੇ ਘੁਰਾੜੇ ਮਾਰਨ ਲੱਗ ਪਿਆ ਸੀ। ਉਸਦੇ ਘੁਰਾੜੇ ਕਿਸੇ ਮਾਸੂਮ ਬੱਚੇ ਦੇ ਘੁਰਾੜਿਆਂ ਵਾਂਗ ਨਰਮ, ਮੁਲਾਇਮ ਤੇ ਨੀਂਦ ਦੀਆਂ ਸੁਰਾਂ ਵਿਚ ਡੁੱਬੇ ਹੋਏ ਸਨ। ਉਸਦੇ ਮੋਢਿਆਂ ਉੱਤੇ ਲਗਾਤਾਰ ਪਰ ਇਕ ਖਾਸ ਵਕਫੇ ਪਿੱਛੋਂ, ਇਕ ਕੋਸੀ ਜਿਹੀ ਲਕੀਰ ਵਹਿ ਜਾਂਦੀ ਸੀ।
ਉਹ ਜਾਗ ਰਹੀ ਸੀ—ਕਿਉਂਕਿ ਉਹਦੇ ਜਿਸਮ ਦੇ ਏਨੀ ਨੇੜੇ ਹੁੰਦਾ ਹੋਇਆ ਵੀ ਉਹ ਕਿੰਨਾ ਦੂਰ ਸੀ; ਵਿਚਕਾਰ ਕਈ ਸਾਲ ਲੰਮਾ ਪਾੜਾ ਸੀ। ਉਹ ਜ਼ਿੰਦਗੀ ਦੀਆਂ ਰੌੜਾਂ ਵਿਚ ਭਟਕ ਰਹੀ ਸੀ ਤੇ ਨੌਜਵਾਨ ਸਿਪਾਹੀ ਉਸ ਤੋਂ ਦੂਰ ਸੁਪਨਿਆਂ ਦੀ ਵਾਦੀ ਵਿਚ ਆਪਣੀ ਡਾਰਲਿੰਗ ਸ਼ਹੀਨੋ ਨੂੰ ਕਲਾਵੇ ਵਿਚ ਭਰੀ ਉਹਦੇ ਹੋਂਠ ਚੁੰਮ ਰਿਹਾ ਸੀ...ਤੇ ਉਸਦੇ ਬਰਬਾਦ ਤੇ ਸੁੰਨਸਾਨ ਦਿਲ ਨੂੰ, ਉਸ ਨੀਂਦ ਦੀ ਦੁਨੀਆਂ ਤੋਂ ਦੂਰ, ਇਕੱਲਿਆਂ ਛੱਡ ਗਿਆ ਸੀ।
ਉਸਦੀ ਨੀਂਦ ਦਾ ਖ਼ਜ਼ਾਨਾ ਮੁੱਕ ਚੁੱਕਿਆ ਸੀ। ਵਰ੍ਹਿਆਂ ਤੋਂ ਉਹ ਲੋਥ ਹੋ ਕੇ ਸੌਣ ਦਾ ਮਜ਼ਾ ਵੀ ਭੁੱਲ ਚੁੱਕੀ ਸੀ—ਹੁਣ ਤਾਂ ਨੀਂਦ ਦੀਆਂ ਦਵਾਈਆਂ ਦਾ ਵੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ। ਡਾਕਟਰ ਨੇ ਬੜੀ ਸਖ਼ਤੀ ਨਾਲ ਗੋਲੀਆਂ ਦੀ ਮਿਕਦਾਰ ਘੱਟ ਕਰ ਦੇਣ ਦੀ ਹਦਾਇਤ ਕੀਤੀ ਸੀ। ਕਦੀ ਉਹ ਦਿਨ ਵੀ ਹੁੰਦੇ ਸਨ ਜਦੋਂ ਨੀਂਦ ਪਿੱਛਾ ਹੀ ਨਹੀਂ ਸੀ ਛੱਡਦੀ ਹੁੰਦੀ! ਗਿਆਰਾਂ ਦੇ ਆਸ-ਪਾਸ ਪਲਕਾਂ ਲੜਖੜਾਉਣ ਲੱਗ ਪੈਂਦੀਆਂ ਸਨ। ਇਕ ਵਾਰੀ ਤਾਂ ਉਹ ਨਾਚ ਦੇ ਦੌਰਾਨ ਆਪਣੇ ਪਾਰਟਨਰ ਦੀਆਂ ਬਾਹਾਂ ਵਿਚ ਹੀ ਸੌਂ ਗਈ ਸੀ। ਜੇ ਉਸਦਾ ਪਾਰਟਨਰ ਓਨਾਂ ਤਾਕਤਵਰ ਨਾ ਹੁੰਦਾ ਤਾਂ ਉਸਨੂੰ ਬਾਹਾਂ ਵਿਚ ਸੰਭਾਲ ਕੇ ਨੱਚ ਨਹੀਂ ਸੀ ਸਕਦਾ।...ਤੇ ਜੇ ਉਸਨੂੰ ਆਪਣੇ ਪਾਰਟਨਰ ਦੀ ਓਹੀ ਮਰਦਾਨਗੀ ਓਨੀਂ ਪਸੰਦ ਨਾ ਆਈ ਹੁੰਦੀ ਤਾਂ ਅੱਜ ਉਸਦੀ ਜ਼ਿੰਦਗੀ ਵੱਖਰੀ ਕਿਸਮ ਦੀ ਹੁੰਦੀ। ਇਹ ਉਦੋਂ ਦੀਆਂ ਗੱਲਾਂ ਸਨ ਜਦੋਂ ਉਸਦਾ ਵਿਆਹ ਹੋਇਆਂ ਕੁਝ ਵਰ੍ਹੇ ਹੀ ਹੋਏ ਸਨ ਤੇ ਉਦੋਂ ਤਕ ਉਸਦੇ ਪਤੀ ਅਜੇ ਏਨੇ ਬਾਸੀ ਤੇ ਪੁਰਾਣੇ ਵੀ ਨਹੀਂ ਸਨ ਹੋਏ। ਦੋਹੇਂ ਸੁਸਾਇਟੀ ਵਿਚ ਨਵੇਂ-ਨਵੇਂ ਆਏ ਸਨ ਤੇ ਉਚ-ਤਬਕੇ ਦੇ ਜਿੰਦਾ-ਦਿਲ ਲੋਕਾਂ ਨੇ ਖਿੜੇ-ਮੱਥੇ ਉਹਨਾਂ ਨੂੰ ਜੀ-ਆਇਆਂ ਆਖਿਆ ਸੀ। ਨਵ-ਵਿਆਹੇ ਸੁਲੇਮਾਨ ਤੇ ਸ਼ਹੀਨੋ ਦੀ ਜੋੜੀ ਵੀ ਖ਼ੂਬ ਸੀ। ਸੁਲੇਮਾਨ ਦਰਮਿਆਨੇ ਕੱਦ ਦੇ ਸੋਹਣੇ-ਸੁਨੱਖੇ ਨੌਜਵਾਨ ਸਨ। ਉਹਨਾਂ ਦੀਆਂ ਅੱਖਾਂ ਵਿਚ ਮਾਸੂਮੀਅਤ ਸੀ ਆਵਾਜ਼ ਵਿਚ ਅੰਤਾਂ ਦੀ ਮਿਠਾਸ। ਸੁਸਾਇਟੀ ਦੀਆਂ ਉਕਤਾਈਆਂ ਹੋਈਆਂ ਬੇਗ਼ਮਾਂ ਛੇਤੀ ਹੀ ਉਹਨਾਂ ਦੀ ਭੋਲੀ-ਭਾਲੀ ਸੂਰਤ ਉਤੇ ਡੁੱਲ੍ਹ ਗਈਆਂ ਸਨ। ਸ਼ਹਿਨਾਜ਼ ਜਿਸਨੂੰ ਸਾਰੇ ਪਿਆਰ ਨਾਲ ਸ਼ਹੀਨੋ ਆਖਦੇ ਸਨ, ਬੜੀ ਅਲਬੇਲੀ ਸਿੱਧ ਹੋਈ ਸੀ। ਜੇ ਉਸਦਾ ਨੱਕ-ਨਕਸ਼ਾ ਹੁਸਨ ਦੇ ਹਿਸਾਬ ਤੋਂ ਪਰਖਿਆ ਜਾਂਦਾ ਤਾਂ ਉਹ ਘਾਟੇ ਵਿਚ ਰਹਿੰਦੀ, ਪਰ ਦਿੱਖ ਉਸਦੀ ਗ਼ਜ਼ਬ ਦੀ ਸੀ—ਸਰਦਾਰਨੀਆਂ ਵਰਗੀ। ਲੰਮੇ ਕੱਦ-ਬੁੱਤ ਵਿਚ ਕਹਿਰ ਦੀ ਲਚਕ; ਠੋਸ ਜਿਸਮ ਦੇ ਉਤਾਰ-ਚੜਾਅ ਤੇ ਉਪਰੋਂ ਉਸਦਾ ਅਨੋਖਾ ਟੇਸਟ ਟਾਈਟ-ਫਿਟਿੰਗ ਲਿਬਾਸ...ਸੋਨੇ ਉੱਤੇ ਸੁਹਾਗਾ ਸਿੱਧ ਹੁੰਦਾ ਸੀ।
ਉਫ਼! ਕੀ ਦਿਨ ਹੁੰਦੇ ਸਨ ਉਹ, ਜਦੋਂ ਲੋਕਾਂ ਦੀਆਂ ਨਜ਼ਰਾਂ ਉਸ ਦੇ ਪਿੱਛੇ-ਪਿੱਛੇ ਭਟਕਦੀਆਂ ਰਹਿੰਦੀਆਂ ਸਨ। ਕੁਝ ਕੁ ਈਰਵਾਲੂ ਕਿਸਮ ਦੇ ਲੋਕਾਂ ਦਾ ਵਿਚਾਰ ਸੀ ਕਿ ਸੁਲੇਮਾਨ ਸਾਹਬ ਨੂੰ ਸ਼ਹੀਨੋ ਡਾਰਲਿੰਗ ਕਰਕੇ ਹੀ ਏਨਾ ਮਹੱਤਵ ਦਿੱਤਾ ਜਾਂਦਾ ਸੀ ਤੇ ਕੁਝ ਮੂਰਖ ਸਮਝਦੇ ਸੀ ਕਿ ਖੁਸ਼-ਮਜ਼ਾਜ ਜ਼ਨਾਨੀਆਂ ਸੁਲੇਮਾਨ ਕਰਕੇ ਸ਼ਹੀਨੋ ਦੀਆਂ ਧਰਮ-ਭੈਣਾ ਬਣੀਆਂ ਹੋਈਆਂ ਨੇ।
ਇਹ ਉਹ ਜ਼ਮਾਨਾ ਸੀ, ਜਦੋਂ ਨੀਂਦ ਟੁੱਟ ਕੇ ਆਉਂਦੀ ਹੁੰਦੀ ਸੀ। ਸ਼ਾਮ ਹੁੰਦਿਆਂ ਹੀ ਅੱਖਾਂ ਵਿਚ ਮੱਠੀ-ਮੱਠੀ ਰੜਕ ਪੈਣ ਲੱਗ ਪੈਂਦੀ ਤੇ ਉਸਦਾ ਰੂਪ ਦੁਗਣਾ ਹੋ ਜਾਂਦਾ—ਪਰ ਲੋਕ ਕਿਸੇ ਸ਼ਰਤ ਉੱਤੇ ਉਸਨੂੰ ਉਠਣ ਈ ਨਹੀਂ ਸੀ ਦੇਂਦੇ। ਪਾਰਟੀ ਵਿਚੋਂ ਆ ਕੇ ਕਿੰਨੀ ਧਾਕੜ ਕਿਸਮ ਦੀ ਨੀਂਦ ਆਉਂਦੀ ਹੁੰਦੀ ਸੀ। ਸੁਲੇਮਾਨ ਤਾਂ ਸਵੇਰੇ ਉਠ ਕੇ ਦਫ਼ਤਰ ਚਲੋ ਜਾਂਦੇ ਸਨ, ਪਰ ਉਹ ਨਰਮ-ਨਰਮ ਬਿਸਤਰੇ ਉੱਤੇ; ਪਾਸੇ ਪਰਤ-ਪਰਤ ਕੇ ਸੌਂਦੀ ਰਹਿੰਦੀ ਸੀ। ਬੜੀ ਮੁਸ਼ਕਲ ਨਾਲ ਖਾਣਾ ਖਾਣ ਸਮੇਂ ਉਠਦੀ, ਪਰ ਨੀਂਦ ਅੱਖਾਂ ਵਿਚ ਰੜਕ ਰਹੀ ਹੁੰਦੀ, ਨਹਾਅ-ਧੋ ਕੇ ਬਿੰਦ ਝੱਟ ਅੱਖਾਂ ਖੁੱਲ੍ਹਦੀਆਂ, ਖਾਣੇ ਨਾਲ ਥੋੜ੍ਹੀ ਜਿਹੀ ਬੀਅਰ ਪੀਣ ਪਿੱਛੋਂ ਤੁਰੰਤ ਨੀਂਦ ਜੋੜ-ਜੋੜ ਵਿਚ ਸਰਕ ਆਉਂਦੀ। ਕੁਝ ਪੜ੍ਹਨ ਦੀ ਕੋਸ਼ਿਸ਼ ਕਰਦੀ ਤਾਂ ਕਿਤਾਬ ਵਾਰ-ਵਾਰ ਚਿਹਰੇ 'ਤੇ ਆਣ ਡਿੱਗਦੀ।
ਪਰ ਹੁਣ ਤਾਂ ਜਿਵੇਂ ਨੀਂਦ ਦੀਆਂ ਥੈਲੀਆਂ ਹੀ ਸੁੱਕ ਗਈਆਂ ਸਨ। ਸਮਾਂ ਕੀੜੀ ਦੀ ਤੋਰ ਤੁਰਦਾ ਰਹਿੰਦਾ, ਪਰ ਨੀਂਦ ਨਾ ਆਉਂਦੀ। ਜੇ ਆਉਂਦੀ ਤਾਂ ਬੜੀ ਓਪਰੀ ਤੇ ਟੁੱਟਵੀਂ ਜਿਹੀ ਕਿ ਸੌਂ ਕੇ ਵੀ ਜਾਗਦੇ ਰਹਿਣ ਦਾ ਖਰ੍ਹਵਾ ਅਹਿਸਾਸ ਹੁੰਦਾ ਰਹਿੰਦਾ।
ਭਾਰ ਹੇਠ ਦੱਬੀ ਹੋਈ ਬਾਂਹ ਖ਼ੂਨ ਦਾ ਦੌਰਾ ਰੁਕ ਜਾਣ ਕਰਕੇ ਸੁੰਨ ਹੋ ਗਈ ਸੀ। ਉਸਨੇ ਹੌਲੀ-ਹੌਲੀ ਨੀਂਦ ਭਾਰੇ ਸਿਰ ਹੇਠੋਂ ਆਪਣੀ ਬਾਂਹ ਕੱਢੀ ਤੇ ਸ਼ਹਿਤੀਰ ਵਰਗੀ ਬਾਂਹ ਨੂੰ ਪੂਰਾ ਜੋਰ ਲਾ ਕੇ ਪਰ੍ਹਾਂ ਸਰਕਾਇਆ। ਫੇਰ ਕੁਹਨੀ ਭਾਰ ਹੋ ਕੇ ਮਿਲਟਰੀ ਦੇ ਉਸ ਨੌਜਵਾਨ ਵੱਲ ਤੱਕਣ ਲੱਗ ਪਈ। ਉਹਨਾਂ ਦੰਗਾ ਮਸਤੀ ਭਰੇ ਪਲਾਂ ਵਿਚ, ਚੱਜ ਨਾਲ ਉਹ ਉਸਦੀ ਸ਼ਕਲ ਵੀ ਨਹੀਂ ਸੀ ਦੇਖ ਸਕੀ। ਉਹ ਸੀ ਵੀ ਬੇਲਗ਼ਾਮ ਘੋੜੇ ਵਰਗਾ—ਜਵਾਨੀ ਉਸਦੀ ਰਗ-ਰਗ ਵਿਚ ਚੁੱਘੀਆਂ ਭਰਦੀ ਸੀ—ਨਿਚਲਾ ਬਹਿਣਾ ਤਾਂ ਜਿਵੇਂ ਉਸਨੇ ਸਿੱਖਿਆ ਹੀ ਨਹੀਂ ਸੀ। ਇਕ ਥਾਂ ਬੈਠੇ ਨੂੰ ਥਕਾਵਟ ਹੋਣ ਲੱਗ ਪੈਂਦੀ। ਉਸਨੇ ਆਪਣੀ ਜ਼ਿੰਦਗੀ ਵਿਚ ਅਣਗਿਣਤ ਸ਼ਰਾਬੀ ਦੇਖੇ ਸਨ—ਹੱਸਦੇ ਹੋਏ, ਰੋਂਦੇ ਹੋਏ, ਉਲਟੀਆਂ ਕਰਦੇ ਹੋਏ, ਕਈਆਂ ਦਾ ਟੱਟੀ-ਪਿਸ਼ਾਬ ਵਿੱਚੇ ਨਿੱਕਲ ਜਾਂਦਾ ਸੀ। ਪਰ ਅਜਿਹਾ ਸ਼ਰਾਬੀ ਉਸਨੇ ਕਦੀ ਨਹੀਂ ਸੀ ਦੇਖਿਆ—ਜਿੰਨੀ ਉਹ ਕੁਝ ਘੰਟਿਆਂ ਵਿਚ ਪੀ ਗਿਆ ਸੀ, ਦੂਜੇ ਕਈ ਦਿਨਾਂ 'ਚ ਨਹੀਂ ਸੀ ਪੀ ਸਕਦੇ। ਉਪਰੋਂ ਮਜ਼ੇ ਦੀ ਗੱਲ ਇਹ ਸੀ ਕਿ ਨਾ ਤਾਂ ਉਸਦੀ ਆਵਾਜ਼ ਵਿਗੜੀ ਸੀ ਤੇ ਨਾ ਹੀ ਪੈਰ ਲੜਖੜਾਏ ਸਨ। ਉਸਦਾ ਜੋੜ-ਜੋੜ ਚਸਕਣ ਲੱਗ ਪਿਆ ਸੀ, ਪਰ ਉਹ ਚਕਾ-ਚੌਬੰਦ ਨੱਚਦਾ ਰਿਹਾ ਸੀ। ਉਸ ਸ਼ਾਮ ਪਤਾ ਨਹੀਂ ਉਹ ਕਿੰਨੇ ਮੀਲ ਨੱਚਿਆ ਹੋਏਗਾ। ਸ਼ੁਰੂ ਵਿਚ ਹੀ ਉਸਨੇ ਏਨੀ ਪੀਤੀ ਹੋਈ ਸੀ ਕਿ ਉਸਨੇ ਮਿਸੇਜ ਦਾਰਾਬਜੀ ਨੂੰ ਕਹਿ ਕੇ ਇਸ ਜੰਗਲੀ ਤੋਂ ਖਹਿੜਾ ਛੁਡਾਉਣਾ ਚਾਹਿਆ ਸੀ। ਪਰ ਬਦਕਿਸਮਤੀ ਨਾਲ ਹੋਰ ਔਰਤਾਂ ਪਹਿਲਾਂ ਹੀ ਰੁੱਝੀਆਂ ਹੋਈਆਂ ਸਨ। ਨਹੀਂ ਤਾਂ ਮਿਸੇਜ ਦਾਰਾਬਜੀ ਦੇ ਕਹਿਣ ਅਨੁਸਾਰ 'ਇਸ ਛੋਕਰੇ ਦੇ ਤਾਂ ਉਲਟੇ ਦਾਮ ਦਿੱਤੇ ਜਾ ਸਕਦੇ ਸਨ।' ਫੇਰ ਕੁਝ ਚਿਰ ਜਬਰਦਸਤੀ ਭੁਗਤਣ ਤੋਂ ਬਾਅਦ ਉਸਨੂੰ ਉਸ ਉੱਤੇ ਪਿਆਰ ਆਉਣ ਲੱਗ ਪਿਆ ਸੀ—ਉਹ ਇਕੱਲਾ ਸੀ; ਬੜਾ ਹੀ ਇਕੱਲਾ। ਉਸਦੀ ਮਾਂ ਬਚਪਨ ਵਿਚ ਮਰ ਚੁੱਕੀ ਸੀ ਤੇ ਪਿਓ ਉੱਲੂ ਦਾ ਪੱਠਾ ਸੀ ਪੱਕਾ। ਨਾਲੇ ਉਸਨੂੰ ਸ਼ਹੀਨੋ ਨਾਲ ਪਿਆਰ ਹੋ ਗਿਆ ਸੀ। ਹੁਣ ਉਹ ਕਿਤੇ ਨਹੀਂ ਜਾਏਗਾ, ਨੌਕਰੀ ਨੂੰ ਲੱਤ ਮਾਰ ਦਏਗਾ ਤੇ ਸਾਰੀ ਦੁਨੀਆਂ ਨੂੰ ਗੋਲੀ—ਬਸ ਸ਼ਹੀਨੋ ਤੇ ਉਹ ਸਾਰੀ ਉਮਰ ਇਸੇ ਚੀਕਣੇ ਫ਼ਰਸ਼ ਉੱਤੇ ਨੱਚਦੇ-ਥਿਰਕਦੇ ਰਹਿਣਗੇ—ਇਹ ਫ਼ੈਸਲੇ ਉਸਨੇ ਕੁਝ ਘੰਟਿਆਂ ਵਿਚ ਹੀ ਕਰ ਲਏ ਸਨ।
ਖਿੜਕੀ ਵਿਚੋਂ ਆ ਰਹੀ ਸਵੇਰ ਦੀ ਦੂਧੀਆ ਰੋਸ਼ਨੀ ਵਿਚ  ਉਸਨੇ ਜ਼ਰਾ ਗਹੁ ਨਾਲ, ਇਕ ਵਾਰੀ ਫੇਰ, ਘੂਕ  ਸੁੱਤੇ ਹੋਏ ਫੌਜੀ ਜਵਾਨ ਵੱਲ ਤੱਕਿਆ, ਜਿਸਨੇ ਕਿਸੇ ਮਾਰ ਖਾ ਕੇ ਸੁੱਤੇ ਬੱਚੇ ਵਾਂਗ ਹੌਂਕਾ ਲਿਆ ਸੀ, ਜਿਵੇਂ ਕੋਈ ਭਿਆਨਕ ਸੁਪਨਾ ਦੇਖ ਰਿਹਾ ਹੋਏ—ਮੁਹਾਜ ਤੋਂ ਜਿਊਂਦੇ ਪਰਤ ਆਉਣ ਵਾਲੇ ਆਪਣੀ ਰੂਹ ਦਾ ਕੋਈ ਅਦਿੱਖ, ਅਣਜਾਣ ਟੁੱਕੜਾ ਉੱਥੋਂ ਦੀ ਮਿੱਟੀ ਤੇ ਖ਼ੂਨ ਵਿਚ ਤੜਫਦਾ ਹੋਇਆ ਛੱਡ ਆਉਂਦੇ ਨੇ ਤੇ ਜਦੋਂ ਨੀਂਦ ਦੀ ਰਾਣੀ ਉਹਨਾਂ ਨੂੰ ਸੁਪਨੇ ਵਿਚ ਮੁੜ ਉੱਥੇ ਘਸੀਟ ਕੇ ਲੈ ਜਾਂਦੀ ਹੈ ਤਾਂ ਉਹ ਕਿਸੇ ਮਾਸੂਮ ਬੱਚੇ ਵਾਂਗ ਹੀ ਹੌਂਕੇ ਲੈਣ ਲੱਗ ਪੈਂਦੇ ਨੇ।
'ਨੀਂਦ ਵਿਚ ਫ਼ਰੀਦ ਵੀ ਇੰਜ ਹੀ ਹੌਂਕੇ ਲੈਂਦਾ ਹੁੰਦਾ ਸੀ।' ਉਸ ਨੇ ਸੋਚਿਆ।
ਫਰੀਦ ਦੀ ਯਾਦ ਬਿਜਲੀ ਵਾਂਗ ਕੜਕੀ ਤੇ ਤਲਵਾਰ ਵਾਂਗ ਉਸਦੇ ਦਿਲ ਵਿਚੋਂ ਪਾਰ ਲੰਘ ਗਈ। ਜਦੋਂ ਫ਼ਰੀਦ ਜੰਮਿਆਂ ਸੀ, ਉਹ ਕਿੰਨੀ ਨਾਦਾਨ ਹੁੰਦੀ ਸੀ। ਕਿੰਨਾਂ ਗੰਦਾ ਜਿਹਾ ਹੁੰਦਾ ਸੀ ਉਹ, ਲਾਲ ਬੋਟ ਵਰਗਾ, ਦੇਖ ਕੇ ਜੀਅ ਕੱਚਾ ਹੋਣ ਲੱਗ ਪੈਂਦਾ ਸੀ—ਉਸ ਪਿਲਪਿਲੇ ਤਿੱਤਲੀ ਦੇ ਕੀੜੇ ਨੂੰ। ਨਾਲੇ ਫ਼ਰੀਦ ਦਾ ਆਉਣਾ, ਉਸਦੀ ਸੋਸ਼ਲ ਲਾਈਫ਼ ਖਾਤਰ ਮੌਤ ਦਾ ਸੁਨੇਹਾਂ ਸਿੱਧ ਹੋਇਆ ਸੀ—ਡਿਨਰ ਪਾਰਟੀਆਂ ਵਿਚ ਫੁੱਲਿਆ ਪੇਟ ਕਿੰਜ ਲਈ ਫਿਰਦੀ ਭਲਾਂ!
ਬੜੇ ਝੂਠ ਬੋਲਦੇ ਨੇ ਇਹ ਦੁਨੀਆਂ ਵਾਲੇ ਵੀ ਕਿ ਜਦੋਂ ਬੱਚਾ ਮਾਂ ਦੀ ਛਾਤੀ ਨੂੰ ਮੂੰਹ ਵਿਚ ਲੈਂਦਾ ਹੈ, ਰੋਮ-ਰੋਮ ਵਿਚ ਮਮਤਾ ਜਾਗ ਪੈਂਦੀ ਹੈ—ਪੀੜ ਨਾਲ ਉਸਦੀਆਂ ਤਾਂ ਚੀਕਾਂ ਹੀ ਨਿਕਲ ਗਈਆਂ ਸਨ। ਫੇਰ ਨਰਸਾਂ ਨੇ ਲੱਖ ਜਤਨ ਕੀਤੇ, ਪਰ ਉਸਨੇ ਬੱਚੇ ਨੂੰ ਆਪਣੇ ਜਿਸਮ ਨਾਲ ਨਹੀਂ ਸੀ ਛੁਹਣ ਦਿੱਤਾ। ਫ਼ਰਕ ਕੀ ਪੈਂਦਾ ਸੀ? ਉਸ ਸੀ ਵੀ ਆਪਣੇ ਪਿਓ ਵਰਗਾ ਮਾੜਚੂ ਜਿਹਾ।
ਫ਼ਰੂ ਉਸਦੇ ਪੈਰਾਂ ਦੀ ਬੇੜੀ ਨਹੀਂ ਬਣ ਸਕਿਆ ਸੀ। ਅੰਮੀ ਜਾਨ ਉਸਨੂੰ ਰਾਮਪੁਰ ਆਪਣੇ ਨਾਲ ਹੀ ਲੈ ਗਏ ਸਨ। ਸੱਚ ਪੁੱਛੋਂ ਤਾਂ ਉਹ ਉਹਨਾਂ ਦਾ ਹੀ ਪੁੱਤਰ ਜਾਪਦਾ ਸੀ। ਏਨੀ ਛੋਟੀ ਉਮਰ ਵਿਚ ਮਾਂ ਬਣ ਗਈ ਸੀ ਕਿ ਇਹ ਲੇਬਲ ਉਸ ਉੱਤੇ ਫ਼ੱਬਦਾ ਹੀ ਨਹੀਂ ਸੀ। ਉਸਨੂੰ, ਉਹ ਤੋਂ ਮਾਂ ਅਖਵਾਉਂਦੀ ਵੀ ਅਜੀਬ ਜਿਹਾ ਲੱਗਦਾ ਸੀ—ਤੇ ਜਦੋਂ ਉਹ ਉਸਨੂੰ ਸ਼ਹੀਨੋ ਆਖ ਕੇ ਬੁਲਾਂਦਾ ਤਾਂ ਆਪਣੇ ਪੁੱਤਰ ਦੇ ਮੂੰਹੋਂ ਆਪਣਾ ਪਿਆਰ ਦਾ ਨਾਂ ਸੁਣ ਕੇ ਉਸਨੂੰ, ਉਸ ਉੱਤੇ ਪਿਆਰ ਆਉਣ ਲੱਗ ਪੈਂਦਾ ਸੀ।
ਇਹ ਉਹੀ ਜ਼ਮਾਨਾ ਸੀ, ਜਦੋਂ ਅਜੇ ਨੀਂਦ ਉਸ ਨਾਲ ਰੁੱਸੀ ਨਹੀਂ ਸੀ। ਇਸ ਹਰਜਾਈ ਨੀਂਦ ਨੇ ਹੀ ਤਾਂ ਇਕ ਦਿਨ ਉਸਦੀਆਂ ਮਸਤਾਨੀਆਂ ਅੱਖਾਂ ਵਿਚ ਸਮਾਅ ਕੇ ਉਸਨੂੰ ਆਪਣੇ ਪਾਰਟਨਰ ਦੀ ਨਿਰੋਲ ਮਰਜ਼ੀ ਉੱਤੇ ਛੱਡ ਦਿੱਤਾ ਸੀ। ਇਹ ਉਹੀ ਮਜ਼ਬੂਤ ਬਾਹਾਂ ਵਾਲਾ ਪਾਰਟਨਰ ਸੀ, ਜਿਸਨੇ ਕਿਹਾ ਸੀ ਕਿ ਉਹ ਤਾਂ ਸਿਰਫ ਉਸਨੂੰ ਬਾਹਰ ਘਾਹ ਉੱਤੇ ਲਿਟਾਅ ਆਉਣ ਖਾਤਰ ਲੈ ਗਿਆ ਸੀ, ਵੈਸੇ ਉਸਦੀ ਨੀਅਤ ਜ਼ਿਆਦਾ ਬਦ ਨਹੀਂ ਸੀ। ਇਸ ਗੱਲ ਨੇ ਸੁਲੇਮਾਨ ਸਾਹਬ ਨੂੰ ਜਜ਼ਬਾਤੀ ਕਰ ਦਿੱਤਾ ਸੀ। ਪਰ ਉਹਨਾਂ ਉਸਦੇ ਪਾਰਟਨਰ ਦਾ ਜਬਾੜਾ ਨਹੀਂ ਸੀ ਤੋੜਿਆ—ਕਿਉਂਕਿ ਉਹ ਉਹਨਾਂ ਦਾ ਸੀਨੀਅਰ ਅਫ਼ਸਰ ਸੀ। ਜੇ ਕੋਈ ਸੀਨੀਅਰ ਅਫ਼ਸਰ ਆਪਣੇ ਕਿਸੇ ਮੁਲਾਜ਼ਮ ਦੀ ਪਤਨੀ ਨੂੰ, ਜਿਹੜੀ ਨਾਚ ਦੌਰਾਨ ਲੰਮੀ ਤਾਣ ਲਏ, ਮਿਹਰਬਾਨ ਹੋ ਕੇ ਬਾਹਰ ਘਾਹ ਉੱਤੇ ਲਿਟਾਉਣ ਲੈ ਜਾਏ ਤਾਂ ਉਹ ਜਬਾੜੇ ਤੁੜਵਾਉਣ ਦਾ ਹੱਕਦਾਰ ਨਹੀਂ ਹੁੰਦਾ। ...ਤੇ ਜੇ ਸੁਲੇਮਾਨ ਨੇ ਆਪਣੇ ਹੋਛੇਪਨ ਤੇ ਮੂਰਖਤਾ ਦਾ ਸਬੂਤ ਇੰਜ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਗੱਲ ਏਨੀ ਅਗਾਂਹ ਨਾ ਵਧਦੀ—ਤੇ ਫੇਰ ਉਸਨੂੰ ਬਾਸ ਦੀ ਹੱਦੋਂ ਵੱਧ ਦਿਲ ਜੋਈ ਨਾ ਕਰਨੀ ਪੈਂਦੀ।
ਬਾਸ, ਯਾਨੀਕਿ ਮਿਸਟਰ ਦੀਨ, ਹੱਟਾ-ਕੱਟਾ ਹੋਣ ਤੇ ਨਾਲ ਨਾਲ ਕਿਸੇ ਗੁਰੀਲੇ ਜਿੰਨਾ ਹੁਸੀਨ ਵੀ ਸੀ। ਕਾਲਾ-ਡੰਙ, ਇਨ-ਬਿਨ ਚੌਖੂੰਟੇ ਤਮਾਕੂ ਦੇ ਬੰਡਲ ਵਰਗਾ। ਉਸਨੂੰ ਦੇਖ ਕੇ ਇੰਜ ਜਾਪਦਾ ਹੁੰਦਾ ਸੀ ਕਿ ਮਨੁੱਖ ਦੇ ਵੱਡੇ-ਵਡੇਰੇ ਬਾਂਦਰ ਤਾਂ ਹੈ ਹੀ ਸਨ, ਉਹਨਾਂ ਦਾ ਕੋਈ ਨਾ ਕੋਈ ਸੰਬੰਧ ਗੈਂਡਿਆਂ ਨਾਲ ਵੀ ਜ਼ਰੂਰ ਹੁੰਦਾ ਹੋਏਗਾ—ਵੱਡੇ-ਵੱਡੇ ਕੰਨ ਤੇ ਕੱਦ ਸੁਲੇਮਾਨ ਨਾਲੋਂ ਇਕ ਦੋ ਇੰਚ ਛੋਟਾ, ਪਰ ਚੌੜਾਈ ਵਿਚ ਲਗਭਗ ਦੂਣੇ; ਢਾਈ ਗੁਣੇ।
ਸ਼ਹਿਨਾਜ ਨੂੰ ਬਦਸੂਰਤੀ ਨਾਲ ਬਚਪਣ ਤੋਂ ਹੀ ਚਿੜ ਸੀ, ਪਰ ਇਸ ਕਾਲੇ-ਦੈਂਤ ਉੱਪਰ ਪਤਾ ਨਹੀਂ ਇਹ ਸਬਜ-ਪਰੀ ਕਿੱਦਾਂ ਮਿਹਰਬਾਨ ਹੋ ਗਈ ਸੀ! ਵੈਸੇ ਸ਼ਹਿਨਾਜ ਦੇ ਖਰਚੇ ਸ਼ੁਰੂ ਤੋਂ ਹੀ ਜ਼ਿਆਦਾ ਸਨ ਤੇ ਆਮਦਨੀ ਘੱਟ ਸੀ। ਫ਼ਲੈਟ ਮਿਸਟਰ ਦੀਨ ਦੀਆਂ ਮਿਹਰਬਾਨੀਆਂ ਨਾਲ ਮਿਲ ਗਿਆ। ਸੁਸਾਇਟੀ ਵਿਚ ਚੜ੍ਹਤ ਬਣਾਈ ਰੱਖਣ ਲਈ ਪਾਰਟੀਆਂ ਵੀ ਕਰਨੀਆਂ ਪੈਂਦੀਆਂ ਸਨ। ਪੀਣ-ਪਿਆਉਣ ਦੇ ਖਰਚੇ ਵੀ ਘੱਟ ਨਹੀਂ ਹੁੰਦੇ। ਉਸ ਕੋਲ ਜ਼ਿਆਦਾ ਸਾੜ੍ਹੀਆਂ ਦਹੇਜ ਦੀਆਂ ਹੀ ਸਨ ਜਾਂ ਕਦੀ-ਕਦਾਈਂ ਅੰਮੀ ਜਾਨ ਭੇਜ ਦਿੰਦੇ ਸਨ—ਪਰ ਉਹ ਵਧੇਰੇ ਅੱਪ ਟੂ ਡੇਟ ਨਹੀਂ ਸਨ ਹੁੰਦੀਆਂ। ਦੂਜੇ ਮਿਸਟਰ ਦੀਨ ਦੇ ਹੱਥਾਂ ਵਿਚ ਪਤਾ ਨਹੀਂ ਕੀ ਜਾਦੂ ਸੀ ਕਿ ਉਹ ਹੱਥ ਲੱਗਦਿਆਂ ਹੀ ਮੋਮ ਵਾਂਗ ਪਿਘਲ ਜਾਂਦੀ ਸੀ ਉਹ! ਉਹਨਾਂ ਨੂੰ ਪਿਆਰ ਕਰਨ ਦੇ ਢੰਗ-ਤਰੀਕੇ ਆਉਂਦੇ ਸਨ ਸ਼ਾਇਦ!  
ਜਦ ਫ਼ਰੂ ਪੈਦਾ ਹੋਣ ਵਾਲਾ ਸੀ, ਸੁਲੇਮਾਨ ਸਾਹਬ ਆਪਣੇ ਬਾਸ ਦੀ ਬੇਗ਼ਮ ਦੀਆਂ ਤਨਹਾਈਆਂ ਦੂਰ ਕਰਨ ਵਿਚ ਰੁੱਝੇ ਰਹਿੰਦੇ ਸਨ—ਕਿਉਂਕਿ ਦੀਨ ਸਾਹਬ ਯੂਰਪ ਦੇ ਦੌਰੇ  ਉੱਤੇ ਗਏ ਹੋਏ ਸਨ। ਸ਼ਾਇਦ ਇਸ ਲਈ ਉਸਨੂੰ ਫ਼ਰੂ ਨਾਲ ਚਿੜ ਹੋ ਗਈ ਸੀ ਤੇ ਉਸਦੀ ਮਮਤਾ ਜਾਗ ਨਹੀਂ ਸੀ ਸਕੀ। ਜੇ ਉਹ ਪੇਟ ਵਿਚ ਨਾ ਹੁੰਦਾ ਤਾਂ ਹਲੀਮਾ ਦੀਨ ਸੁਲੇਮਾਨ ਨੂੰ ਹਿੱਲ ਸਟੇਸ਼ਨ ਉੱਤੇ ਨਹੀਂ ਸੀ ਲਿਜਾਅ ਸਕਦੀ। ਅਜੇ ਜੱਚਗੀ ਦੀ ਪਿਲਤਣ ਵੀ ਨਹੀਂ ਸੀ ਲੱਥੀ ਕਿ ਸੁਲੇਮਾਨ ਉਸਨੂੰ ਅੰਮੀ ਜਾਨ ਕੋਲ ਛੱਡ ਕੇ ਆਪ, ਆਪਣੇ ਬਾਸ ਦੀ ਗਰਮੀ ਤੋਂ ਉਕਤਾਈ ਹੋਈ ਬੇਗ਼ਮ ਨਾਲ ਪਹਾੜ 'ਤੇ ਚਲੇ ਗਏ ਸਨ।
“ਡਾਰਲਿੰਗ ਇਹ ਸਭ ਨੌਕਰੀ ਖਾਤਰ ਕਰਨਾ ਪੈ ਰਿਹੈ।” ਉਹਨਾਂ ਸਮਝਾਇਆ ਸੀ ਪਰ ਉਸਦੀ ਸਮਝ ਵਿਚ ਨਹੀਂ ਸੀ ਆਇਆ ਤੇ ਪ੍ਰਤੀਕਰਮ ਵਜੋਂ ਜਦੋਂ ਮਿਸਟਰ ਦੀਨ ਵਾਪਸ ਆਏ ਸਨ, ਉਹ ਉਹਨਾਂ ਵੱਲ ਝੁਕਦੀ ਚਲੀ ਗਈ ਸੀ।
ਅੰਮੀ ਜਾਨ ਨੂੰ ਮੁੱਢ ਤੋਂ ਹੀ ਸੁਲੇਮਾਨ ਨਾਲ ਚਿੜ ਸੀ—ਇਕ ਤਾਂ ਉਸਦੀ ਤਨਖ਼ਾਹ ਸ਼ਹਿਨਾਜ਼ ਵਰਗੀ ਕੁੜੀ ਦੇ ਸਟੈਂਡਰਡ ਦੀ ਨਹੀਂ ਸੀ, ਦੂਜਾ ਗਧੇ ਨੇ ਏਨੀ ਫੁਰਤੀ ਨਾਲ ਕੁੜੀ ਨੂੰ ਮਾਂ ਬਣਾਅ ਦਿੱਤਾ ਸੀ ਕਿ ਵਿਚਾਰੀ ਨੂੰ ਖਾਣ-ਖੇਡਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਲੈ ਦੇ ਕੇ ਉਹਨਾਂ ਦੀ ਇਕੋ ਇਕ ਧੀ ਸੀ ਤੇ ਉਹ ਵੀ ਏਨੀ ਬੁੱਧੂ ਕਿ ਸੁਲੇਮਾਨ ਦੀ ਖੋਖਲੀ ਚਾਪਲੂਸੀ ਵਿਚ ਆ ਕੇ ਰਾਜਿਆਂ-ਰਾਠਾਂ ਦੇ ਪੈਗ਼ਾਮ (ਰਿਸ਼ਤੇ) ਠੁਕਰਾਅ ਬੈਠੀ ਸੀ। ਗੱਲਾਂ-ਗੱਲਾਂ ਵਿਚ ਉਹਨਾਂ ਨੇ ਸ਼ਹਿਨਾਜ਼ ਨੂੰ ਵੀ ਸਮਝਾਇਆ ਸੀ ਕਿ ਹਲੀਮਾ ਤੇ ਦੀਨ ਦੀ ਉਂਜ ਵੀ ਘੱਟ ਬਣਦੀ ਹੈ, ਚੰਗਾ ਮੌਕਾ ਹੈ, ਜੇ ਗੱਲ ਬਣ ਜਾਏ ਤਾਂ ਸਾਰੇ ਦਲਿੱਦਰ ਦੂਰ ਹੋ ਸਕਦੇ ਨੇ। ਇਸ ਲਈ ਉਹ ਜਾਣ-ਬੁੱਝ ਕੇ ਫ਼ਰੂ ਨੂੰ ਆਪਣੇ ਨਾਲ ਹੀ ਲੈ ਗਏ ਸਨ। ਆਹ, ਫ਼ਰੂ—ਅੱਜ ਜੇ ਉਹ ਜਿਊਂਦਾ ਹੁੰਦਾ ਤਾਂ ਉਸਦੀਆਂ ਲੱਤਾਂ ਵੀ ਇਸ ਫੌਜੀ ਵਾਂਗ ਪਲੰਘ ਤੋਂ ਬਾਹਰਵਾਰ ਨਿਕਲਦੀਆਂ ਹੁੰਦੀਆਂ। ਪਰ ਫ਼ਰੂ ਦੀਆਂ ਲੱਤਾਂ ਦੇ ਨਸੀਬ ਵਿਚ ਪਲੰਘ ਨਹੀਂ, ਬਰਮਾ ਦੇ ਜੰਗਲਾਂ ਦੀ ਦਲਦਲ ਸੀ।
ਪਰ ਸ਼ਬਾਨਾ ਦੀ ਪੈਦਾਇਸ਼ ਉੱਤੇ ਯਕਦਮ ਉਸਦੀ ਮਮਤਾ ਜਾਗ ਪਈ ਸੀ। ਉਹਦਾ ਉਸਨੂੰ ਜ਼ਰਾ ਵੀ ਕਸ਼ਟ ਜਾਂ ਅਕੇਵਾਂ ਮਹਿਸੂਸ ਨਹੀਂ ਸੀ ਹੋਇਆ, ਹਾਲਾਂਕਿ ਫ਼ਰੂ ਦੇ ਮੁਕਾਬਲੇ ਵਿਚ ਉਹ ਵਧੇਰੇ ਭੱਦੀ ਤੇ ਬਦਸ਼ਕਲ ਜਿਹੀ ਸੀ। ਮਿਸਟਰ ਦੀਨ ਦੀ ਆਪਣੀ ਕੋਈ ਔਲਾਦ ਨਹੀਂ ਸੀ। ਅੰਮੀ ਜਾਨ ਦਾ ਖ਼ਿਆਲ ਸੀ—ਜੇ ਮੁੰਡਾ ਹੋ ਜਾਂਦਾ ਤਾਂ ਸ਼ਾਇਦ ਉਹ ਪਿਘਲ ਹੀ ਜਾਂਦੇ! ਪਰ ਉਹ ਤਾਂ ਦੌਲਤ ਕਮਾਉਣ ਵਿਚ ਰੁੱਝੇ ਹੋਏ ਸਨ। ਕਿਸੇ ਨਾਲ ਪ੍ਰੇਮ-ਪਿਆਰ ਪਾਉਣ ਦੀ ਵਿਹਲ ਹੀ ਨਹੀਂ ਸੀ ਉਹਨਾਂ ਨੂੰ।...ਸ਼ਹਿਨਾਜ਼ ਨੇ ਬੜਾ ਚਾਹਿਆ ਕਿ ਉਹ ਆਪਣੀ ਬੇਗ਼ਮ ਨੂੰ ਤਲਾਕ ਦੇ ਕੇ ਉਸ ਨਾਲ ਸ਼ਾਦੀ ਕਰ ਲੈਣ—ਪਰ ਉਹ ਇਸ ਸਕੈਂਡਲ ਲਈ ਤਿਆਰ ਨਹੀਂ ਹੋਏ। ਉਹਨਾਂ ਦੀ ਬੇਗ਼ਮ ਬਿਜਨੇਸ ਵਿਚ ਅੱਧ ਦੀ ਮਾਲਕਣ ਸੀ। ਸਾਰਾ ਹਿਸਾਬ ਕਿਤਾਬ ਹੀ ਉਸੇ ਦੇ ਹੱਥ ਸੀ। ਉਂਜ ਵੀ ਦੋਹਾਂ ਵਿਚਕਾਰ ਖਾਸੀ ਸੁਲਝੀ ਹੋਈ ਦੋਸਤੀ ਸੀ—ਇਕ ਦੂਜੇ ਦੇ ਨਿੱਜੀ ਮਾਮਲਿਆਂ ਵਿਚ ਦੋਹੇਂ ਦਖਲ ਨਹੀਂ ਸੀ ਦੇਂਦੇ ਤੇ ਸੋਸਾਇਟੀ ਵਿਚ ਵੀ ਪਤੀ-ਪਤਨੀ ਦੀ ਹੈਸੀਅਤ ਨਾਲ ਉਹਨਾਂ ਦਾ ਪੂਰਾ ਆਦਰ-ਮਾਣ ਸੀ। ਸਰਕਾਰੀ ਜਾਂ ਨੀਮ-ਸਰਕਾਰੀ ਪਾਰਟੀਆਂ ਵਿਚ ਦੀਨ ਕਦੀ ਸ਼ਹੀਨੋ ਨੂੰ ਨਾਲ ਨਹੀਂ ਸਨ ਲੈ ਕੇ ਗਏ। ਉਹ ਉਹਨਾਂ ਦਾ ਨਿੱਜੀ ਮਾਮਲਾ ਸੀ ਤੇ ਨਿੱਜੀ ਹੀ ਰਿਹਾ। ਸੁਲੇਮਾਨ ਨੂੰ ਤਾਂ ਭਾਵੇਂ ਕੋਈ ਇਤਰਾਜ਼ ਨਹੀਂ ਸੀ ਪਰ ਉਸਨੇ ਆਪ ਹੀ ਸ਼ਬਾਨਾ ਦਾ ਭਾਰ ਉਹਨਾਂ ਉੱਤੇ ਨਹੀਂ ਸੀ ਸੁੱਟਿਆ ਤੇ ਨਾ ਹੀ ਉਹ ਉਸਨੂੰ ਨਜ਼ਰਾਂ ਤੋਂ ਦੂਰ ਕਰ ਸਕੀ ਸੀ। ਉਸਨੇ ਉਸਦੀ ਦੇਖ-ਭਾਲ ਕਰਨ ਖਾਤਰ ਇਕ ਸੂਝਵਾਨ ਨਰਸ ਰੱਖ ਲਈ ਸੀ ਤੇ ਉਸਦੀ ਰਿਹਾਇਸ਼ ਦਾ ਪ੍ਰਬੰਧ ਇਕ ਸ਼ਾਨਦਾਰ ਹੋਸਟਲ ਵਿਚ ਕਰ ਛੱਡਿਆ ਸੀ—ਸਾਰੇ ਖਰਚ ਬੜੀ ਦਰਿਆ-ਦਿਲੀ ਨਾਲ ਮਿਸਟਰ ਦੀਨ ਹੀ ਝੱਲ ਰਹੇ ਸਨ। ਜਦੋਂ ਕਦੀ ਉਹ ਲੋਕਾਂ ਤੋਂ ਲੁਕ-ਛਿਪ ਕੇ ਆਪਣੇ ਕਲੇਜੇ ਦੀ ਬੋਟੀ ਨੂੰ ਹਿੱਕ ਨਾਲ ਲਾ ਲੈਣ ਵਾਸਤੇ ਚੋਰਾਂ ਵਾਂਗ ਹੋਸਟਲ ਪਹੁੰਚਦੀ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਕਿਸੇ ਸਨਸਨੀ ਭਰਪੂਰ ਨਾਵਲ ਦੀ ਰੋਮਾਂਟਿਕ ਪਾਤਰ ਹੋਏ। ਉਸ ਉਸਨੂੰ ਹਿੱਕ ਨਾਲ ਘੁੱਟ ਕੇ ਰੋਂਦੀ-ਸਿਸਕਦੀ ਰਹਿੰਦੀ। ਅਕਸਰ ਇਸ ਦਰਦਨਾਕ ਸੀਨ ਦਾ ਪਤਾ ਮਿਸਟਰ ਦੀਨ ਨੂੰ ਵੀ ਲੱਗ ਜਾਂਦਾ—ਤੇ ਉਹ ਉਸਦੇ ਹੰਝੂ ਪੂੰਝਣ ਵਾਸਤੇ ਸਾੜ੍ਹੀਆਂ ਦੇ ਪੈਕੇਟ ਭਿਜਵਾ ਦੇਂਦੇ। ਪਰ ਉਸਦੇ ਹੰਝੂ ਨਾ ਸੁੱਕਦੇ। ਹਾਏ ਜਾਲਮ ਸਮਾਜ ਨੇ ਉਸਨੂੰ ਆਪਣੀ ਬੱਚੀ ਤੋਂ ਵੱਖ ਕਰ ਰੱਖਿਆ ਹੈ—ਉਹ ਆਪਣੀ ਲਾਡਲੀ ਨੂੰ ਸ਼ਰੇਆਮ ਚੁੰਮ ਵੀ ਨਹੀਂ ਸਕਦੀ। ਉਹ ਉਸ ਦੁਆਲੇ ਇਕ ਦਰਦਨਾਕ ਮਾਹੌਲ ਸਿਰਜਦੀ ਰਹਿੰਦੀ, ਜਿਸਦੀ ਹੀਰੋਇਨ ਉਹ ਆਪ ਹੁੰਦੀ ਤੇ ਆਪਣੇ ਆਪ ਨੂੰ ਬੜੀ ਰੋਮਾਂਟਿਕ ਮਹਿਸੂਸ ਕਰਦੀ।
ਪਰ ਉਸ ਵਿਚ ਮੱਧ ਵਰਗ ਵਾਲੀਆਂ ਕਈ ਉਕਾਈਆਂ ਵੀ ਸਨ। ਮਿਸਟਰ ਤੇ ਮਿਸੇਜ ਦੀਨ ਵਾਂਗ ਉਹ ਆਪਣੇ ਪਤੀ ਨਾਲ ਸਹਿਜ-ਸੰਬੰਧ ਨਹੀਂ ਸੀ ਰੱਖ ਸਕੀ ਤੇ ਨਾ ਹੀ ਹਲੀਮਾ ਦੀਨ ਵਾਂਗ ਖਿੜੇ-ਮੱਥੇ ਰਹਿ ਸਕੀ ਸੀ। ਜਦੋਂ ਕਦੀ ਦੋਹੇਂ ਜੋੜੇ ਕਿਸੇ ਪੀਣ-ਪਿਲਾਣ ਵਾਲੀ ਮਹਿਫ਼ਿਲ ਵਿਚ ਇਕੱਠੇ ਹੋ ਜਾਂਦੇ, ਦੋ ਚਾਰ ਪੈਗਾਂ ਪਿੱਛੋਂ ਹੀ ਡੰਗ ਤੇ ਚੋਭਾਂ ਸ਼ੁਰੂ ਹੋ ਜਾਂਦੀਆਂ। ਹਾਲਾਂਕਿ ਉਸ ਸੁਸਾਇਟੀ ਵਿਚ ਇਹ ਕੋਈ ਬੁਰੀ ਗੱਲ ਨਹੀਂ ਸੀ—ਜਿਵੇਂ ਔਰਤਾਂ ਚੁੰਨੀਆਂ ਵਟਾਅ ਕੇ ਭੈਣਾ-ਭੈਣਾ ਬਣ ਜਾਂਦੀਆਂ ਨੇ, ਓਵੇਂ ਹੀ ਹਲੀਮਾ ਤੇ ਸ਼ਹਿਨਾਜ਼ ਮਰਦ-ਵਟ ਭੈਣਾ ਸਨ। ਸ਼ਰੀਫ ਜਨਾਨੀਆਂ ਅਜਿਹੇ ਮੌਕਿਆਂ ਉੱਪਰ ਜਜ਼ਬਾਤੀ ਹੋ ਕੇ ਪੂਰੇ ਮਾਹੌਲ ਵਿਚ ਜ਼ਹਿਰ ਨਹੀਂ ਘੋਲਦੀਆਂ। ਫੇਰ ਇਕ ਦਿਨ ਹਾਲਾਤ ਨੇ ਪਲਟਾ ਖਾਧਾ। ਮਿਸਟਰ ਤੇ ਮਿਸੇਜ ਦੀਨ ਦੀ ਸੀਟੀ ਰਲ ਗਈ ਤੇ ਉਹ ਇੰਲਿਸਤਾਨ ਰਵਾਨਾ ਹੋ ਗਏ। ਪਿੱਛੋਂ ਪਤਾ ਲੱਗਿਆ ਕਿ ਉਹਨਾਂ ਆਪਣਾ ਬਿਜਨੇਸ ਇਕ ਸਿੰਧੀ ਨੂੰ ਵੇਚ ਦਿੱਤਾ ਹੈ, ਜਿਸ ਦਾ ਐਕਾਊਂਟ ਇੰਗਲਿਸਤਾਨ ਵਿਚ ਹੀ ਸੀ ਤੇ ਕੁਝ ਉਲਟ ਫੇਰ ਤੋਂ ਬਾਅਦ ਫੈਮਿਲੀ ਪ੍ਰਵਾਸ ਕਰ ਗਈ ਸੀ...ਨਵੇਂ ਬਾਸ ਨੇ ਸੁਲੇਮਾਨ ਦੀ ਵਿਸ਼ੇਸ਼ਤਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਅੱਖ-ਪਲਕਾਰੇ ਵਿਚ ਉਹ ਤੇ ਸ਼ਹਿਨਾਜ਼, ਅਰਸ਼ ਤੋਂ ਫ਼ਰਸ਼ ਉੱਤੇ ਅੱਡੀਆਂ ਰਗੜਦੇ ਨਜ਼ਰ ਆਏ।
ਕਿਆਮਤ ਵਰਗੇ ਦਿਨ ਸਨ ਉਹ—ਛੇ ਮਹੀਨੇ ਦਾ ਫ਼ਲੈਟ ਦਾ ਕਿਰਾਇਆ ਸਿਰ ਚੜ੍ਹ ਗਿਆ ਸੀ। ਉਹ ਦੋਸਤ-ਮਿੱਤਰ ਮਿਸਟਰ ਦੀਨ ਦੀ ਦਿੱਤੀ ਨੌਕਰੀ ਦੀ ਦੇਣ ਸਨ—ਵਕਤ ਬਦਲਦਿਆਂ ਹੀ 'ਫੁੱਰ-ਰ' ਹੋ ਗਏ। ਜੇ ਉਦੋਂ ਮਿਸੇਜ ਦਾਰਾਬਜੀ ਨੇ—ਜਿਹੜੀ ਆਪਣੇ ਸਵਰਗਵਾਸੀ ਪਤੀ ਦੇ ਸ਼ਰਾਬ-ਖਾਨੇ ਨੂੰ ਬੜੀ ਹੁਸ਼ਿਆਰੀ ਨਾਲ ਚਲਾ ਰਹੀ ਸੀ—ਉਹਨਾਂ ਦੀ ਡੁੱਬਦੀ ਕਿਸ਼ਦੀ ਨੂੰ ਦੌਲਤ ਦੇ ਛਿੱਟਿਆਂ ਦਾ ਸਹਾਰਾ ਨਾ ਦਿੱਤਾ ਹੁੰਦਾ, ਤਾਂ ਕੀ ਬਣਦਾ? ਮਾਲਾਬਾਰ ਹਿੱਲ ਉੱਤੇ ਉਸਦਾ ਸ਼ਾਨਦਾਰ ਫ਼ਲੈਟ ਸੀ, ਜਿਸ ਉੱਤੇ ਪੁਲਿਸ ਨੂੰ ਕੁਝ ਸ਼ੱਕ ਹੋ ਗਿਆ ਸੀ। ਉਸ ਫ਼ਲੈਟ ਨੂੰ ਪਗੜੀ ਉੱਤੇ ਦੇ ਕੇ, ਉਹ ਸ਼ਹਿਨਾਜ਼ ਦੇ ਫ਼ਲੈਟ ਦਾ ਇਕ ਕਮਰਾ ਲੈ ਕੇ ਰਹਿਣ ਲੱਗ ਪਈ। ਜਦੋਂ ਉਸਨੂੰ ਉਹਨਾਂ ਦੀ ਹਾਲਤ ਦਾ ਪਤਾ ਲੱਗਾ ਤਾਂ ਛੇ ਮਹੀਨੇ ਦਾ ਕਿਰਾਇਆ ਦੇ ਕੇ ਉਸਨੇ ਪੂਰੇ ਫਲੈਟ ਉੱਤੇ ਕਬਜਾ ਕਰ ਲਿਆ ਤੇ ਇਕ ਕਮਰਾ ਉਹਨਾਂ ਨੂੰ ਦੇ ਦਿੱਤਾ। ਉਹਨੀਂ ਦਿਨੀ ਸੁਲੇਮਾਨ ਦੇ ਜਖ਼ਮੀਂ ਦਿਲ ਉੱਤੇ ਖ਼ੁਰਸ਼ੀਦ ਸਿਨਹਾਂ ਨੇ ਮਲ੍ਹਮ ਲਾਉਣੀ ਸ਼ੁਰੂ ਕਰ ਦਿੱਤੀ ਸੀ। ਸਿਨਹਾਂ ਇਕ ਹਵਾਈ ਹਾਦਸੇ ਵਿਚ ਇਕ ਬਹਾਦਰ ਹਵਾਬਾਜ਼ ਦੀ ਮੌਤ ਮਰ ਕੇ ਆਪਣੀ ਗ਼ਮਗ਼ੀਨ ਬੇਵਾ ਵਾਸਤੇ ਚੋਖੀ ਪੈਨਸ਼ਨ ਦਾ ਪ੍ਰਬੰਧ ਕਰ ਗਿਆ ਸੀ। ਮਿਸੇਜ ਦਾਰਾਬਜੀ ਨੇ ਫ਼ਲੈਟ ਦਾ ਇਕ ਕਮਰਾ ਉਸਨੂੰ ਵੀ ਦਿੱਤਾ ਹੋਇਆ ਸੀ। ਕਈ ਦਿਨ ਇਹ ਅਨੋਖਾ ਖਾਨਦਾਨ ਬੜੇ ਮਜ਼ੇ ਨਾਲ ਰਿਹਾ। ਸੁਲੇਮਾਨ ਤੇ ਖ਼ੁਰਸ਼ੀਦ ਦੀ ਜੋੜੀ ਬਣ ਗਈ—ਮਿਸੇਜ ਦਾਰਾਬਜੀ ਨੇ ਸ਼ਹਿਨਾਜ਼ ਨੂੰ ਕਈ ਦਿਲਚਸਪ ਹਸਤੀਆਂ ਨਾਲ ਮਿਲਵਾਇਆ। ਕਦੀ ਅਫ਼ਸਰਾਂ ਦੇ ਝੁੰਡ ਬੋਤਲਾਂ ਲੈ ਕੇ ਆ ਜਾਂਦੇ, ਕਈ ਜਹਾਜ਼ੀ ਠਹਾਕੇ ਲਾਉਂਦੇ ਆਣ ਵੜਦੇ—ਕਈਆਂ ਨਾਲ ਔਰਤਾਂ ਹੁੰਦੀਆਂ ਤੇ ਕਈਆਂ ਨੂੰ ਮਿਸੇਜ ਦਾਰਾਬਜੀ ਦੀਆਂ ਸਹੇਲੀਆਂ ਸੰਭਾਲ ਲੈਂਦੀਆਂ। ਖ਼ੂਬ ਹਾਸਾ-ਠੱਠਾ ਹੁੰਦਾ! ਰਿਕਾਰਡ ਲਾ ਕੇ ਡਾਂਸ ਕੀਤੇ ਜਾਂਦੇ, ਪਰ ਚੁੰਮਾਂ-ਚੱਟੀ ਤੋਂ ਅਗਾਂਹ ਗੱਲ ਨਾ ਵਧਦੀ—ਇਹ ਹੋਰ ਗੱਲ ਸੀ ਕਿ ਕਦੀ-ਕਦੀ ਕੋਈ ਜੋੜਾ ਉਠ ਕੇ ਕੁਝ ਦੇਰ ਲਈ ਗ਼ਾਇਬ ਹੋ ਜਾਂਦਾ ਹੁੰਦਾ ਸੀ।
ਤੇ ਦਿਨ ਬੀਤਦੇ ਰਹੇ; ਜ਼ਿੰਦਗੀ ਤੁਰਦੀ ਰਹੀ। ਖ਼ੁਰਸ਼ੀਦ ਤੇ ਸੁਲੇਮਾਨ ਦੀ ਦੋਸਤੀ ਹੁਣ ਕਿਸੇ ਤੋਂ ਗੁੱਝੀ ਨਹੀਂ ਸੀ ਰਹੀ। ਜੇ ਉਹ ਵਿਆਹ ਕਰ ਲੈਂਦੇ ਤਾਂ ਪੈਨਸ਼ਨ ਬੰਦ ਹੋ ਜਾਣੀ ਸੀ, ਜਿਸ ਦਾ ਇਕ ਬੜਾ ਵੱਡਾ ਸਹਾਰਾ ਸੀ। ...ਤੇ ਸੁਲੇਮਾਨ ਸਾਹਬ ਸਿਰਫ ਖਰਾ ਇਸ਼ਕ ਕਰਨਾ ਜਾਣਦੇ ਸਨ ...ਗ੍ਰਹਿਸਤੀ ਬਣਾਉਣਾ ਉਹਨਾਂ 'ਤੇ ਜੁਲਮ ਕਰਨ ਬਰਾਬਰ ਸੀ। ਜਦੋਂ ਦੀ ਨੌਕਰੀ ਖੁੱਸੀ ਸੀ, ਖ਼ਰਸ਼ੀਦ ਉਹਨਾਂ ਦੇ ਖਰਚੇ ਝੱਲ ਰਹੀ ਸੀ।
ਖ਼ੁਰਸ਼ੀਦ ਖ਼ੁਸ਼-ਕਿਸਮਤ ਸੀ ਕਿ ਉਸਦਾ ਪਤੀ ਉਸ ਖਾਤਰ ਚੋਖੀ ਪੈਨਸ਼ਨ ਦਾ ਪ੍ਰਬੰਧ ਕਰਕੇ ਮਰਿਆ ਸੀ, ਪਰ ਸ਼ਹਿਨਾਜ਼ ਦਾ ਤਾਂ ਕੋਈ ਸਹਾਰਾ ਵੀ ਨਹੀਂ ਸੀ। ਅੰਮੀ ਜਾਨ ਨੇ ਫ਼ਰੂ ਨੂੰ ਕਮਾਉਣ-ਖਾਣ ਜੋਗਾ ਕਰ ਦਿੱਤਾ ਸੀ। ਸ਼ਬਾਨਾ ਦੇ ਹੋਸਟਲ ਦੇ ਖਰਚੇ ਵੱਸ ਤੋਂ ਬਾਹਰ ਹੁੰਦੇ ਜਾ ਰਹੇ ਸਨ। ਉਹ ਦਰਦਨਾਕ ਕਹਾਣੀ ਵੀ ਹੁਣ ਬਾਸੀ ਹੁੰਦੀ ਜਾ ਰਹੀ ਸੀ। ਇਸ ਲਈ ਉਸਨੇ ਉਸਨੂੰ ਵੀ ਅੰਮੀ ਜਾਨ ਦੇ ਪੱਲੇ ਪਾ ਦਿੱਤਾ। ਉਹ ਰਕਮ ਜੋ ਮਿਸਟਰ ਦੀਨ ਜਾਂਦੇ-ਜਾਂਦੇ ਉਸਨੂੰ ਦੇ ਗਏ ਸਨ, ਗ਼ਮ-ਗ਼ਲਤ ਕਰਨ ਦੇ ਚੱਕਰ ਵਿਚ ਉੱਡ-ਪੁੱਡ ਗਈ ਸੀ—ਕੁਝ ਮਿਸੇਜ ਦਾਰਾਬਜੀ ਦੀਆਂ ਸ਼ਰਾਬ ਦੀਆਂ ਬੋਤਲਾਂ ਵਿਚ ਵੜ ਗਈ ਸੀ ਤੇ ਕੁਝ ਰੇਸ-ਕੋਰਸ ਵਿਚ। ਬੰਬਈ ਵਰਗੇ ਸ਼ਹਿਰ ਵਿਚ ਕੁਝ ਹਜ਼ਾਰ ਨੋਟਾਂ ਦੀ ਹੈਸੀਅਤ ਹੀ ਕੀ ਹੁੰਦੀ ਹੈ?
ਇਹ ਉਹ ਜ਼ਮਾਨਾ ਸੀ ਜਦੋਂ ਫ਼ਰੂ ਦੀ ਅਚਾਣਕ ਮੌਤ ਨੇ ਉਸਨੂੰ ਮੂਧੜੇ-ਮੂੰਹ ਸੁੱਟ ਦਿੱਤਾ ਸੀ। ਪਤਾ ਨਹੀਂ ਮੁੱਦਤਾਂ ਦੀ ਸੁੱਤੀ ਹੋਈ ਮਮਤਾ ਕਿੰਜ, ਇਕੋ ਝਟਕੇ ਵਿਚ, ਜਾਗ ਪਈ ਸੀ! ਫ਼ਰੂ ਦੇ ਜਾਣ ਵੇਲੇ ਉਹ ਆਪਣੇ ਇਕ ਦੋਸਤ ਨਾਲ ਅਜੰਤਾ-ਅਲੋਰਾ ਦੀ ਕਲਾ ਦੇਖਣ ਗਈ ਹੋਈ ਸੀ—ਜੁਦਾਈ ਦਾ ਅਹਿਸਾਸ ਹੀ ਨਹੀਂ ਸੀ ਹੋਇਆ। ਪਰ ਉਸਦੀ ਮੌਤ ਨੇ  ਉਸਨੂੰ ਕੁਚਲ ਕੇ ਰੱਖ ਦਿੱਤਾ ਸੀ। ਕਈ ਮਹੀਨੇ ਗੁੰਮਸੁੰਮ ਰਹੀ। ਪਲ ਭਰ ਲਈ ਵੀ ਹੋਸ਼ ਆਉਂਦਾ ਤਾਂ ਇੰਜ ਜਾਪਦਾ ਹੁਣੇ ਪਾਗ਼ਲ ਹੋ ਜਾਏਗੀ।
ਫ਼ਰੂ ਦੀ ਯਾਦ ਨਾਲ ਉਹ ਇਕਦਮ ਬੀਤੇ ਦੇ ਦਮਘੋਟੂ ਮਾਹੌਲ ਵਿਚੋਂ ਬਾਹਰ ਨਿਕਲ ਆਈ। ਨਾਲ ਪਏ ਗੱਭਰੂ ਨੇ ਪਾਸਾ ਪਰਤਿਆ ਤੇ ਚਾਰੇ ਹੱਥ ਪੈਰ ਖਿਲਾਰ ਕੇ ਪੁਰੇ ਪਲੰਘ ਉੱਤੇ ਪਸਰ ਗਿਆ। ਖਿੜਕੀ ਵਿਚੋਂ ਆ ਰਹੀ ਰੋਸ਼ਨੀ ਕੁਝ ਵਧੇਰੇ ਦੁਧੀਆ ਹੋ ਗਈ ਸੀ। ਉਸਦਾ ਸੁਡੌਲ ਜਿਸਮ ਪੂਰੇ ਪਲੰਘ ਉੱਤੇ ਫ਼ੈਲਿਆ ਹੋਇਆ ਸੀ।
“ਸ਼ਹੀਨੋ ਡਾਰਲਿੰਗ-ਮਾਈ ਸਵੀਟ ਬੇਬੀ,” ਉਸਨੇ, ਉਸਦੇ ਕੰਨ ਦੀ ਲੌਲ ਬੁੱਲ੍ਹਾਂ ਵਿਚਕਾਰ ਘੁੱਟਦਿਆਂ ਸ਼ਾਦੀ ਦੀ ਦਰਖ਼ਵਾਸਤ ਕੀਤੀ ਸੀ। ਤੱਤੜੇ ਦੇ ਉਹ ਸ਼ਬਦ ਹੁਣ ਤਾਈਂ ਸੱਪ ਦੇ ਫੂਕਾਰਿਆਂ ਵਾਂਗ ਕੰਨਾਂ ਵਿਚ ਸਰਕ ਰਹੇ ਸਨ।
“ਸ਼ਾਦੀ!”
ਇਕ ਇਕ ਕਰਕੇ ਪਤਾ ਨਹੀਂ ਕਿੰਨੇ ਸਾਲਾਂ ਦਾ ਭਾਰ ਲੱਥ ਗਿਆ ਸੀ, ਉਸਦੇ ਮੋਢਿਆਂ ਤੋਂ—ਉਸਨੇ ਲੰਮਾਂ ਹਊਕਾ ਲਿਆ ਤੇ ਆਪਣੇ ਆਪ ਨੂੰ ਉਸਦੀਆਂ ਮਜ਼ਬੂਤ ਬਾਹਾਂ ਵਿਚ ਢਿੱਲਿਆਂ ਛੱਡ ਦਿੱਤਾ। ਉਸ ਬਹੁਤ ਥੱਕ ਗਈ ਸੀ। ਜੇ ਕੁਝ ਦਿਨ ਹੋਰ ਨੀਂਦ ਨਾ ਆਈ ਤਾਂ ਇਹ ਹਸਤੀ ਬਾਰੂਦ ਦੇ ਢੇਰ ਵਾਂਗ ਫਟ ਜਾਏਗੀ। ਕਿੰਨੀ ਵਿਸ਼ਾਲਤਾ ਹੈ ਉਸ ਨੌਜਵਾਨ ਦੇ ਚੌੜੇ ਸੀਨੇ ਵਿਚ! ਜਿਸਦੀ ਤਾਜ਼ਗੀ ਦੀ ਛਾਂ ਹੇਠ ਉਸਦੀ ਕਰੰਡ ਹੋਈ ਪਈ ਹਸਤੀ ਮੁੜ ਲਹਿਰਾਉਣ ਲੱਗ ਪਈ ਹੈ। ਉਸਨੇ ਹੰਭੇ-ਹੁੱਟੇ ਮੁਸਾਫਿਰ ਵਾਂਗ ਨਿਢਾਲ-ਜਿਹੀ ਹੋ ਕੇ ਆਪਣਾ ਸਿਰ ਉਹਦੀ ਹਿੱਕ ਉੱਤੇ ਰੱਖ ਦਿੱਤਾ ਤੇ ਕਿਸੇ ਨਿੱਕੀ ਜਿਹੀ ਯਤੀਮ ਬੱਚੀ ਵਾਂਗ ਸਿਸਕਣ ਲੱਗ ਪਈ। ਫੌਜੀ ਜਵਾਨ ਨੇ ਸੁਪਨੇ ਵਿਚ ਪੁਚਕਾਰਿਆ, ਜਿਵੇਂ ਕੁੱਤੇ ਨੂੰ ਪੁਚਕਾਰਿਆ ਹੋਏ—
“...ਬੇਬੀ, ਬੇਬੀ-ਪੁੱਚ...ਮਾਈ ਸਵੀਟ-ਬੇਬੀ ਡਾਰਲਿੰਗ...”
ਉਹ ਫੇਰ ਬੁਰੜਾਇਆ ਤੇ ਦੂਜੇ ਪਲ ਹੀ ਸੁਪਨਿਆਂ ਦੀ ਵਾਦੀ ਵਿਚ ਚੁੱਘੀਆਂ ਭਰਨ ਲੱਗਾ।
ਉਸਦੀਆਂ ਪੁੜਪੁੜੀਆਂ ਵਿਚੋਂ ਸੇਕ ਨਿਕਲਣ ਲੱਗ ਪਿਆ; ਅੱਖਾਂ ਵਿਚ ਭੁੱਬਲ ਰੜਕਣ ਲੱਗੀ ਤੇ ਦਿਲ ਕਿਸੇ ਭਟਕੇ ਹੋਏ ਪੰਛੀ ਵਾਂਗ ਫੜਫੜਾਉਣ ਲੱਗ ਪਿਆ। ਉਹ ਉਹਦੇ ਜਿਸਮ ਉੱਤੇ ਹੌਲੀ ਹੌਲੀ ਹੱਥ ਫੇਰਦੀ ਤੇ ਹੰਝੂ ਕੇਰਦੀ ਰਹੀ।
ਇਹਨਾਂ ਰੌਣਕਾਂ ਵਿਚ ਰੜਕਦੀ ਚੁੱਪ ਤੋਂ ਉਹ ਉਕਤਾਅ ਗਈ ਸੀ। ਫ਼ਲੈਟ ਵਿਚ ਠਹਾਕੇ ਗੂੰਜ ਰਹੇ ਹੁੰਦੇ ਸਨ ਤੇ ਉਸਦੇ ਅੰਦਰਲੀ ਵੀਰਾਨੀ ਵਧ ਰਹੀ ਹੁੰਦੀ ਸੀ। ਮਿਸੇਜ ਦਾਰਾਬਜੀ ਪਤਾ ਨਹੀਂ ਕਿੱਧਰੋਂ ਪੱਛਮੀ ਸੈਲਾਨੀਆਂ ਦੇ ਇਕ ਝੁੰਡ ਨੂੰ ਘੇਰ ਕੇ ਲੈ ਆਈ ਸੀ—ਜਦੋਂ ਦੀ ਸ਼ਰਾਬ ਬੰਦੀ ਲਾਗੂ ਹੋਈ ਸੀ, ਇਹ ਫ਼ਲੈਟ ਅਤੀ ਸਭਿਅਕ ਕਿਸਮ ਦਾ ਰੰਡੀ-ਖਾਨਾ ਬਣਿਆ ਹੋਇਆ ਸੀ...ਗਾਹਕ ਬਿਨਾਂ ਰੋਕ ਟੋਕ ਆਉਂਦੇ, ਪਰਮਿਟ ਦੀ ਸ਼ਰਾਬ ਪਹਿਲੇ ਹੱਲੇ ਵਿਚ ਮੁੱਕ ਜਾਂਦੀ ਤੇ ਫੇਰ ਮਿਸੇਜ ਦਾਰਾਬਜੀ ਦੀਆਂ ਬੋਤਲਾਂ ਦੇ ਡੱਟ ਖੁੱਲ੍ਹਦੇ—ਐਸ਼ ਹੀ ਐਸ਼ ਹੁੰਦੀ!
ਕਈ ਵਾਰੀ ਅੱਕ ਕੇ ਉਸਨੇ ਵਿਆਹ ਕਰਵਾ ਲੈਣ ਦੀ ਸੋਚੀ—ਇਕ ਜਾਨ ਕੀ ਹਜ਼ਾਰਾਂ ਜਾਨਾਂ ਨਾਲ ਆਸ਼ਕ ਵੀ ਹੋਈ—ਆਪਣਾ ਤਨ, ਮਨ, ਧਨ ਸਭੋ ਕੁਝ ਲੁਟਾਅ ਦਿੱਤਾ ਪਰ ਸ਼ਿਕਾਰ ਹਮੇਸ਼ਾ ਰੱਸਾ ਤੁੜਾਅ ਦੇ ਨੱਸ ਗਿਆ। ਜਦੋਂ ਕੋਈ ਇੰਜ ਘਚਾਲੀ ਦੇ ਜਾਂਦਾ ਸੀ, ਉਸਨੂੰ ਫੇਰ ਗਸ਼ੀਆਂ ਪੈਣ ਲੱਗ ਪੈਂਦੀਆਂ—ਪੁਰਾਣੇ ਰੋਗ ਮੁੜ ਉਘੜ ਆਉਂਦੇ, ਹੌਲ ਪੈਣ ਲੱਗ ਪੈਂਦੇ, ਟੱਟੀਆਂ ਲੱਗ ਜਾਂਦੀਆਂ, ਖ਼ੂਨ ਦਾ ਦਬਾਅ ਘੱਟ ਜਾਂਦਾ ਤੇ ਆਪਣੇ ਟੁੱਟੇ ਹੋਏ ਦਿਲ ਨੂੰ ਜੋੜਨ ਖਾਤਰ ਉਹ ਮੁੜ ਸ਼ਰਾਬ ਦਾ ਸਹਾਰਾ ਲੈ ਲੈਂਦੀ। ਉਦੋਂ ਮਿਸੇਜ ਦਾਰਾਬਜੀ ਉਸਨੂੰ ਵਾਹਵਾ ਖਰੀਆਂ-ਖਰੀਆਂ ਸੁਣਾਉਂਦੀ। ਇਕ ਵਾਰੀ ਤਾਂ ਮਿਸੇਜ ਦਾਰਾਬਜੀ ਨੇ ਉਸਨੂੰ ਏਨਾ ਹਿਰਖਾ ਦਿੱਤਾ ਸੀ ਕਿ ਜੁੱਤੀ ਲੈ ਕੇ ਉਸਨੇ ਉਸਦੀ ਝੰਡ ਸੰਵਾਰ ਦਿੱਤੀ ਸੀ ਤੇ ਉਹ ਹਿਰਖ ਕੇ ਬੁੜਬੁੜ ਕਰਦੀ ਹੋਈ ਤੁਰ ਗਈ ਸੀ। ਇਸ ਘਟਨਾ ਤੋਂ ਬਾਅਦ ਸ਼ਹਿਨਾਜ਼ ਦੀ ਜ਼ਿੰਦਗੀ ਵਿਚ ਇਕ ਅਜੀਬ ਇਨਕਲਾਬ ਆਇਆ ਸੀ। ਉਸਦੀ ਮੁਲਾਕਾਤ ਇਕ ਧੱਕੜ ਕਿਸਮ ਦੇ ਇਨਕਲਾਬੀ ਸ਼ਾਇਰ ਨਾਲ ਹੋਈ। ਉਹ ਪੂਰੀ ਹਿੰਮਤ ਤੇ ਹੌਸਲੇ ਨਾਲ ਦੇਸ਼ ਵਿਚ ਇਨਕਲਾਬ ਲਿਆਉਣ ਲਈ ਅੜਿੰਗ ਸੀ। ਹਰਾਮ-ਬੱਚੀ ਦੀ ਮਾਂ ਦੀ ਹੈਸੀਅਤ ਨਾਲ ਉਹ ਆਪਣੇ ਆਪ ਨੂੰ ਚੋਟੀ ਦੀ ਇਨਕਲਾਬਣ ਸਮਝਦੀ ਸੀ। ਇੰਜ ਆਰਟ ਤੇ ਕਲਚਰ ਦੀ ਸੇਵਾ ਦੇ ਸਿਲਸਿਲੇ ਵਿਚ ਉਸਨੂੰ ਸਮੇਂ ਸਮੇਂ ਕਈ ਕਲਾਕਾਰਾਂ ਉੱਤੇ ਆਸ਼ਕ ਹੋਣ ਦਾ ਮੌਕਾ ਵੀ ਮਿਲਿਆ। ਮਿਸਟਰ ਦੀਨ ਦੀਆਂ ਬਖ਼ਸ਼ੀਆਂ ਹੋਈਆਂ ਸਾੜ੍ਹੀਆਂ ਬਿਲਕੁਲ ਬੇਕਾਰ ਹੋ ਚੁੱਕੀਆਂ ਸਨ। ਉਹਨੀਂ ਦਿਨੀ ਉਸਨੇ ਅਤਿ ਬਾਗੀਆਨਾ ਢੰਗ ਨਾਲ, ਮੈਲੀਆਂ ਪੁਰਾਣੀਆਂ ਸਾੜ੍ਹੀਆਂ ਵਿਚ ਮਜ਼ਦੂਰਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਮਾਹੌਲ ਵਿਚ ਅੰਗਰੇਜ਼ੀ ਸ਼ਰਾਬ ਫੱਬਦੀ ਵੀ ਨਹੀਂ ਸੀ ਤੇ ਨਾ ਹੀ ਆਸਾਨੀ ਨਾਲ ਮਿਲਦੀ ਸੀ—ਸੋ ਉਸਨੇ ਸਸਤੀ ਦਾਰੂ ਤੇ ਡੰਗਾ ਲਾਹੁਣਾ ਸ਼ੁਰੂ ਕਰ ਦਿੱਤਾ ਸੀ।
ਉਫ਼! ਕਿੰਨਾਂ ਹੂ-ਹੱਲਾ ਹੁੰਦਾ ਹੁੰਦਾ ਸੀ ਓਹਨੀਂ ਦਿਨੀ—ਰੁਲੇ-ਖੁਲੇ ਕਲਾਕਾਰਾਂ ਨਾਲ ਫ਼ਲੈਟ ਭਰਿਆ ਹੁੰਦਾ, ਵਾਤਾਵਰਣ ਵਿਚ ਠੱਰੇ (ਲਾਹਣ) ਦੀ ਬੂ ਭਰੀ ਹੁੰਦੀ—ਸੰਸਾਰ ਭਰ ਦੇ ਸਾਹਿਤ, ਫ਼ਲਸਫ਼ੇ ਤੇ ਸ਼ਾਇਰੀ ਉੱਤੇ ਗਰਮਾ-ਗਰਮ ਬਹਿਸਾਂ ਹੁੰਦੀਆਂ ਸਨ—ਜਿਹਨਾਂ ਦਾ ਅੰਤ ਅਕਸਰ ਛਿੱਤਰੋ-ਛਿੱਤਰੀ ਹੋ ਕੇ ਹੁੰਦਾ ਹੁੰਦਾ ਸੀ।
ਪਰ ਛੇਤੀ ਹੀ ਉਸਨੂੰ ਚਾਨਣ ਹੋ ਗਿਆ ਕਿ ਭੁੱਖੇ ਨੰਗੇ ਫਨਕਾਰਾਂ (ਕਲਾਕਾਰਾਂ) ਦੀ ਸੋਹਬਤ ਵਿਚ ਆਤਮਕ ਸ਼ਾਂਤੀ ਤਾਂ ਮਿਲ ਸਕਦੀ ਹੈ, ਪਰ ਮਕਾਨ ਦਾ ਕਿਰਾਇਆ ਤੇ ਹੋਰ ਘਰੇਲੂ ਖਰਚੇ, ਜੇ ਉਹਨਾਂ ਦੀ ਖੱਲ ਵੀ ਲਾਹ ਲਈ ਜਾਏ ਤਾਂ ਵੀ, ਪੂਰੇ ਨਹੀਂ ਹੋ ਸਕਦੇ। ਮਜ਼ਬੂਰਨ ਉਸ ਨੇ ਫੇਰ ਮਿਸੇਜ ਦਾਰਾਬਜੀ ਨਾਲ ਮੇਲ ਕਰ ਲਿਆ। ਉਹ ਵੀ ਸ਼ਾਇਦ ਉਡੀਕਦੀ ਹੀ ਪਈ ਸੀ, ਝੱਟ ਰਾਜ਼ੀ-ਬੰਦਾ ਹੋ ਗਿਆ। ਉਸਨੇ ਆਪਣੇ ਉੱਜੜੇ ਹੋਏ ਫ਼ਲੈਟ ਨੂੰ ਮੁੜ ਸਜਾਇਆ-ਸੰਵਾਰਿਆ ਤੇ ਦੁਬਾਰਾ ਉਹੀ ਸੂਫ਼ੀ ਕਿਸਮ ਦੀ ਦੋਸਤੀ ਤੇ ਵਲਾਇਤੀ ਸ਼ਰਾਬ ਦਾ ਦੌਰ ਸ਼ੁਰੂ ਹੋ ਗਿਆ। ਟੂਰਿਸਟਾਂ ਦੀ ਭੀੜ ਰਹਿਣ ਲੱਗੀ।
ਉਤਰੀ ਹਿੰਦ ਦਾ ਇਹ ਗੱਭਰੂ ਵੀ ਉਸੇ ਸਿਲਸਿਲੇ ਦੀ ਇਕ  ਕੜੀ ਸੀ। ਸਿੱਲ੍ਹੀਆਂ ਅੱਖਾਂ ਨਾਲ ਉਸਨੇ ਨੀਂਦ ਵਿਚ ਮਸਤ ਨੌਜਵਾਨ ਵੱਲ ਤੱਕਿਆ। ਉਸਦੇ ਨੱਕ ਤੇ ਉਪਰਲੇ ਬੁੱਲ੍ਹ ਦੇ ਉੱਪਰ ਨਿੱਕੀਆਂ ਨਿੱਕੀਆਂ ਪਸੀਨੇ ਦੀਆਂ ਬੂੰਦਾਂ, ਹੀਰੇ ਦੀਆਂ ਕਣੀਆਂ ਵਾਂਗ ਲਿਸ਼ਕ ਰਹੀਆਂ ਸਨ। ਉਸਨੇ ਝੁਕ ਕੇ ਆਪਣੇ ਠੰਡੇ ਤੇ ਬਾਸੀ ਹੋਂਠ ਉਸਦੇ ਮੂੰਹ ਦੇ ਦਹਾਨੇ ਦੇ ਸਿਰੇ ਉਤੇ ਟਿਕਾਅ ਦਿੱਤੇ, ਜਿੱਥੇ ਜਾਗਦੇ ਸਮੇਂ ਨਿੱਕਾ ਜਿਹਾ ਟੋਇਆ ਮੁਸਕਰਾਉਂਦਾ ਰਹਿੰਦਾ ਸੀ।
ਪਹੁ ਫੁੱਟਣ ਲੱਗੀ—ਕੁਝ ਚਿਰ ਬਾਅਦ ਸੂਰਜ ਦੀਆਂ ਬੇਰਹਿਮ ਬਰਛੀਆਂ ਉਹਨਾਂ ਬੰਦਾ ਅੱਖਾਂ ਵਿਚ ਚੁਭਣ ਲੱਗ ਪੈਣਗੀਆਂ ਤੇ ਫੌਜੀ ਜਵਾਨ ਜਾਗ ਪਏਗਾ। ਉਸਨੇ ਇਕ ਵਾਰ ਫੇਰ ਜੀਅ ਭਰ ਕੇ ਲਾਡਲੇ ਨੂੰ ਤੱਕਿਆ ਤੇ ਉੱਤੇ ਚਾਦਰ ਦੇ ਦਿੱਤੀ।
ਅਗਲੇ ਪਲ ਉਹ ਬਗ਼ੈਰ ਅੱਖਾਂ ਝਪਕਾਏ, ਆਪਣੇ ਥੱਕੇ-ਟੁੱਟੇ ਸਰੀਰ ਨੂੰ ਘਸੀਟ ਕੇ ਬਿਸਤਰੇ ਤੋਂ ਉਠ ਖੜ੍ਹੀ ਹੋਈ।
ਸ਼ੀਸ਼ੇ ਵਿਚ ਆਪਣੇ ਵੀਰਾਨ ਖੰਡਰ ਵਰਗੇ ਚਿਹਰੇ ਨੂੰ ਦੇਖ ਕੇ ਤ੍ਰਬਕ ਗਈ। ਉਸਦੇ ਜਾਗਣ ਤੋਂ ਪਹਿਲਾਂ ਪਹਿਲਾਂ ਮੁਰੰਮਤ ਕਰਨੀ ਪਏਗੀ। ਉਹ ਅਛੋਪਲੇ ਹੀ ਕਮਰੇ ਅੰਦਰ ਆਈ ਤਾਂ ਉਹ ਜਾਗ ਰਿਹਾ ਸੀ। ਉਸਨੂੰ ਵਿੰਹਦਿਆਂ ਹੀ ਉਸਦੀ ਅੰਗੜਾਈ ਅੱਧ-ਵਿਚਾਲੇ ਰਹਿ ਗਈ ਤੇ ਘਬਰਾ ਕੇ ਚਾਦਰ ਆਪਣੇ ਦੁਆਲੇ ਲਪੇਟਦਿਆਂ ਤੇ ਆਪਣੀ ਕੱਚੀ ਜਿਹੀ ਮੁਸਕਾਨ ਨੂੰ ਸਿਗਰੇਟ ਦੇ ਧੁੰਏਂ ਪਿੱਛੇ ਛਿਪਾਉਂਦਿਆਂ, ਉਹ ਹਕਲਾਇਆ—
“ਬੇਬੀ...” ਉਹ ਪੱਥਰ ਦੇ ਬੁੱਤ ਵਾਂਗ ਥਾਵੇਂ ਖੜ੍ਹੀ ਰਹਿ ਗਈ।
“ਬੇਬੀ, ਕਿੱਥੇ ਐ?” ਉਹਨੇ ਸਿਗਰੇਟ ਦੇ ਸੁਲਗਦੇ ਹੋਏ ਹਿੱਸੇ ਉੱਤੇ ਨਜ਼ਰਾਂ ਟਿਕਾਅ ਕੇ ਪੁੱਛਿਆ।
“ਬੇ-ਬੀ?” ਆਵਾਜ਼ ਉਸਦੇ ਹਲਕ ਵਿਚ ਸਹਿਮ ਗਈ।
“ਹਾਂ...” ਉਹ ਗਹੁ ਨਾਲ ਉਸਦੇ ਵੱਲ ਤੱਕਦਾ ਹੋਇਆ ਬੋਲਿਆ, “ਉਹ ਤੁਹਾਡੀ ਬੇਟੀ ਏ ਨਾ?...ਕਿੰਨੀ ਮਿਲਦੀ ਏ ਸ਼ਕਲ ਤੁਸਾਂ ਦੋਹਾਂ ਦੀ!” ਉਸਨੇ ਅੰਗਰੇਜ਼ੀ ਵਿਚ ਕਿਹਾ ਸੀ। “ਹਾਓ, ਕਲੋਜ ਟੂ...”
“ਕੀ ਬਕ ਰਿਹਾ ਏਂ?” ਉਹ ਗੱਭਰੂ ਵੱਲ ਤਣ ਕੇ ਗੜ੍ਹਕੀ।
“ਮੈਂ ਏਨਾਂ ਕਮੀਨਾ ਨਹੀਂ ਮੈਡਮ! ਅਸੀਂ ਸ਼ਾਦੀ ਕਰ ਲਵਾਂਗੇ।”
ਉਹ ਪਾਟੀਆਂ ਜਿਹੀਆਂ ਅੱਖਾਂ ਨਾਲ ਕੁਝ ਚਿਰ ਉਸ ਵੱਲ ਤੱਕਦੀ ਰਹੀ, ਫੇਰ ਦੋਹਾਂ ਹੱਥਾਂ ਵਿਚ ਮੇਕਅੱਪ ਬਕਸ ਚੁੱਕਿਆ ਤੇ ਕਾਹਲ ਨਾਲ ਕਮਰੇ ਵਿਚੋਂ ਬਾਹਰ ਨਿਕਲ ਗਈ।
ਉਸਨੇ ਇਕ ਵਾਰੀ ਫੇਰ ਸ਼ੀਸ਼ੇ ਵਿਚ ਆਪਣੀ ਸ਼ਕਲ ਦੇਖੀ—ਤੇ ਉਸ ਸੁੰਨਸਾਨ ਖੰਡਰ ਵਿਚ ਉਸ ਮਾਸੂਮ ਹੁਸੀਨਾ ਨੂੰ ਲੱਭਣ ਲੱਗੀ, ਜਿਸਨੇ ਇਕ ਸ਼ਾਮ ਖਾਤਰ ਉਸ ਨੀਮ-ਹਨੇਰੇ, ਧੂੰਆਂ-ਭਰੇ ਕਮਰੇ ਵਿਚ, ਸ਼ਰਾਬ ਨਾਲ ਬਹਿਕੀਆਂ ਉਸ ਨੌਜਵਾਨ ਦੀਆਂ ਅੱਖਾਂ ਵਿਚ ਜਨਮ ਲਿਆ ਸੀ ਤੇ ਚੜ੍ਹਦੇ ਸੂਰਜ ਦੀਆਂ ਜਾਲਮ ਕਿਰਨਾਂ ਨੇ ਉਸਨੂੰ ਭਸਮ ਕਰ ਦਿੱਤਾ ਸੀ। ਉਹ ਸੁਪਨਿਆਂ ਦੀ ਸ਼ਹਿਜਾਦੀ, ਉਸ ਦੇ ਨਜ਼ਦੀਕ ਹੀ, ਇਸ ਖੰਡਰ ਵਿਚ ਕਿਤੇ ਦਫ਼ਨ ਸੀ ਤੇ ਅਜ਼ਲੀ ਨੀਂਦ ਸੁੱਤੀ ਹੋਈ ਸੀ। ਉਸਨੇ ਮੇਕਅੱਪ ਬਕਸ ਇਕ ਕੋਨੇ ਵਿਚ ਵਗਾਹ ਮਾਰਿਆ ਤੇ ਰੋਂਦੜ-ਜਿਹੇ ਠਹਾਕੇ ਲਾਉਣ ਲੱਗ ਪਈ।
ਨਾਸ਼ਤੇ ਦੀ ਮੇਜ਼ ਉੱਪਰ ਸੁੱਜੀਆਂ-ਸੁਰਖ਼ ਅੱਖਾਂ ਵਾਲਾ ਨੌਜਵਾਨ ਬੜੀ ਬੇਕਰਾਰੀ ਨਾਲ ਬੇਬੀ ਨੂੰ ਉਡੀਕ ਰਿਹਾ ਸੀ—ਵਾਰੀ ਵਾਰੀ ਉਸਦੀਆਂ ਅੱਖਾਂ ਉਹਦੇ ਚਿਹਰੇ ਵਿਚ ਆਪਣੇ ਗੁਆਚੇ ਹੋਏ ਸੁਪਨੇ ਨੂੰ ਲੱਭਣ ਲੱਗ ਪੈਂਦੀਆਂ ਸਨ ਤੇ ਫੇਰ ਸੰਗ ਕੇ ਨੀਵੀਂ ਪਾ ਲੈਂਦਾ ਸੀ ਉਹ।
“ਜਾਣ ਤੋਂ ਪਹਿਲਾਂ ਸਿਰਫ ਕੁਝ ਮਿੰਟ ਲਈ ਮੈਨੂੰ ਉਸ ਨਾਲ ਮਿਲਾਅ ਦਿਓ, ਉਸਦੇ ਲਹਿਜੇ ਦੀ ਮਿਠਾਸ ਨੇ ਉਸਦੇ ਕਾਲਜੇ ਵਿਚ ਠੰਡ ਪਾ ਦਿੱਤੀ, ਸ਼ਰਮਾਉਂਦਾ-ਸੰਗਦਾ ਹੋਇਆ ਵੀ ਬੜਾ ਪਿਆਰਾ ਲੱਗਦਾ ਸੀ ਉਹ।
“ਤੂੰ ਉਸਨੂੰ ਨਹੀਂ ਮਿਲ ਸਕਦਾ।” ਉਸਨੇ ਜਜ਼ਬਾਤ ਵੱਸ ਭਰੜਾਈ ਆਵਾਜ਼ ਵਿਚ ਬੱਸ ਏਨਾ ਹੀ ਕਿਹਾ।
“ਕਿਓਂ? ਪਰ—ਮੈਂ ਉਸਤੋਂ ਬਿਨਾਂ ਜਿਊਂਦਾ ਨਹੀਂ ਰਹਿ ਸਕਾਂਗਾ...।”
“ਪਲੀਜ਼ ਨਾਸ਼ਤਾ ਕਰੋ ਤੇ ਤਸ਼ਰੀਫ ਲੈ ਜਾਓ...” ਉਸਨੂੰ ਗੁੱਸਾ ਚੜ੍ਹਨ ਲੱਗਾ ਜਿਵੇਂ ਸੱਚਮੁੱਚ ਉਸਨੇ ਉਸਦੀ ਮਾਸੂਮ ਧੀ ਨੂੰ ਖਰਾਬ ਕਰ ਦਿੱਤਾ ਹੋਏ।  
ਉਸਨੇ ਨਾਸ਼ਤਾ ਨਹੀਂ ਕੀਤਾ ਚੁੱਪਚਾਪ ਬੈਠਾ ਪਲੇਟਾਂ ਵੱਲ ਤੱਕਦਾ ਰਿਹਾ।
“ਥੋੜ੍ਹੀ ਕੁ ਵਿਸਕੀ ਮਿਲ ਸਕਦੀ ਏ?” ਉਸਨੇ ਦੋਹਾਂ ਹੱਥਾਂ ਵਿਚਕਾਰ ਪੁੜਪੁੜੀਆਂ ਘੁੱਟਦਿਆਂ ਕਿਹਾ।
“ਨਹੀਂ...” ਉਸਨੇ ਪੂਰੀ ਕਰੜਾਈ ਨਾਲ ਕਿਹਾ। ਜਾਣ ਸਮੇਂ ਉਸਨੇ ਤਰਲਾ ਜਿਹਾ ਮਾਰਿਆ—
“ਬੇਬੀ ਨੂੰ ਕਹਿਣਾ, ਮੇਰੀ ਉਡੀਕ ਕਰੇ—ਵਾਪਸੀ 'ਤੇ ਮੈਂ ਫੇਰ ਆਵਾਂਗਾ—ਸ਼ਾਦੀ ਤੋਂ ਬਾਅਦ ਉਸਨੂੰ ਲੁਧਿਆਣੇ ਲੈ ਜਾਵਾਂਗਾ।” ਉਹ ਮੂਰਖਾਂ ਵਾਂਗ ਅੱਖਾਂ ਫਰਕਾਉਂਦਿਆਂ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜਦੋਂ ਉਹ ਚਲਾ ਗਿਆ, ਉਹ ਬੜੀ ਦੇਰ ਤਕ, ਦੁਮੇਲ ਲਾਗੇ, ਬੇਬੀ ਨੂੰ ਉਸ ਨੌਜਵਾਨ ਦੀਆਂ ਮਜ਼ਬੂਤ ਬਾਹਾਂ ਵਿਚ ਸੁੱਤੀ ਦੇਖਦੀ ਰਹੀ...ਬੰਬਈ ਦੇ ਭੀੜ-ਭੜੱਕੇ ਤੋਂ ਦੂਰ; ਇਸ ਸਭਿਅ ਰੰਡੀ-ਖਾਨੇ ਤੇ ਮਿਸੇਜ ਦਾਰਾਬਜੀ ਦੇ ਪੰਜੇ ਤੋਂ ਆਜਾਦ; ਨਿੱਤ ਨਵੇਂ ਸੈਲਾਨੀਆਂ ਦੀ ਪਕੜ ਤੋਂ ਮੁਕਤ ਖੁੱਲ੍ਹੇ ਖੇਤਾਂ ਦੀ ਤਰੇਲ ਧੋਤੀ ਕੱਚੀ ਧਰਤੀ ਦੀ ਮਹਿਕ ਭਰੀ ਗੰਧ ਵਿਚ ਮਤਵਾਲੇ ਨੈਣਾ ਵਾਲੇ ਦੋ ਜਵਾਨ ਜਿਸਮ, ਗੇਂਦੇ ਤੇ ਚਮੇਲੀ ਦੇ ਤਾਜ਼ੇ ਗੁੰਦੇ ਦੋ ਗਜਰਿਆਂ ਵਾਂਗ ਹੀ ਉਲਝੇ ਹੋਏ ਸਨ—ਤੇ ਉਸਦੀਆਂ ਬੇਰੌਣਕ ਅੱਖਾਂ ਵਿਚ ਅਟਕੇ ਹੋਏ ਹੰਝੂਆਂ ਵਾਂਗ ਥਿਰਕ ਰਹੇ ਸਨ—ਤੇ ਨੀਂਦ ਉਸਦੀਆਂ ਬੁੱਢੀਆਂ ਅੱਖਾਂ ਵਿਚ ਜ਼ਹਿਰ ਘੋਲ ਕੇ ਪਤਾ ਨਹੀਂ ਕਿੱਥੇ ਉੱਜੜੀ ਹੋਈ ਸੀ...
    000
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

Wednesday, November 10, 2010

ਮੰਮੀ...:: ਸਆਦਤ ਹਸਨ ਮੰਟੋ




ਉਰਦੂ ਕਹਾਣੀ :
ਮੰਮੀ...
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਉਸਦਾ ਨਾਂ ਮਿਸੇਜ਼ ਸਟੈਲਾ ਸੀ, ਪਰ ਸਾਰੇ ਉਸਨੂੰ ਮੰਮੀ ਕਹਿੰਦੇ ਸਨ। ਦਰਮਿਆਨੇ ਕੱਦ ਤੇ ਪੱਕੀ ਉਮਰ ਦੀ ਔਰਤ ਸੀ ਉਹ। ਉਸਦਾ ਪਤੀ ਜੈਕਸਨ ਪਹਿਲੇ ਮਹਾ-ਯੁੱਧ ਵਿਚ ਮਾਰਿਆ ਗਿਆ ਸੀ। ਜਿਸਦੀ ਪੈਨਸ਼ਨ ਸਟੈਲਾ ਨੂੰ ਲਗਭਗ ਦਸ ਸਾਲ ਤੋਂ ਮਿਲ ਰਹੀ ਸੀ।
ਉਹ ਪੂਨੇ ਵਿਚ ਕਿੰਜ ਆਈ, ਕਦੋਂ ਦੀ ਉੱਥੇ ਹੈ, ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਅਸਲ ਵਿਚ ਮੈਂ ਇਸ ਬਾਰੇ ਜਾਣਨ ਦੀ ਕਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਉਹ ਏਨੀ ਦਿਲਚਸਪ ਜ਼ਨਾਨੀ ਸੀ ਕਿ ਉਸਨੂੰ ਮਿਲ ਕੇ ਸਿਵਾਏ ਉਸਦੇ ਵਿਅੱਕਤੀਤਵ ਦੇ ਹੋਰ ਕਿਸੇ ਸ਼ੈ ਵਿਚ ਦਿਲਚਸਪੀ ਵੀ ਨਹੀਂ ਸੀ ਰਹਿੰਦੀ। ਉਸਦੇ ਸਬੰਧ ਕਿਸ ਨਾਲ ਨੇ, ਕਿਸ ਨਾਲ ਨਹੀਂ—ਇਹ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੁੰਦੀ, ਕਿਉਂਕਿ ਉਹ ਪੂਨੇ ਦੇ ਕਣ-ਕਣ ਨੂੰ ਜਾਣਦੀ ਸੀ। ਹੋ ਸਕਦਾ ਹੈ ਕਿ ਇਹ ਇਕ ਹੱਦ ਤੱਕ ਕਿਸੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਹੋਵੇ, ਪਰ ਮੇਰੇ ਲਈ ਪੂਨਾ ਉਹੀ ਪੂਨਾ ਸੀ। ਉਸਦੇ ਉਹ ਕਣ—ਉਹੀ ਸਾਰੇ ਕਣ ਨੇ, ਜਿਹਨਾਂ ਨਾਲ ਮੇਰੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੰਮੀ ਦਾ ਵਚਿੱਤਰ ਵਿਅੱਕਤੀਤਵ ਉਹਨਾਂ ਸਾਰਿਆਂ ਵਿਚ ਬਿਰਾਜਮਾਨ ਹੈ।
ਉਸ ਨਾਲ ਮੇਰੀ ਪਹਿਲੀ ਮੁਲਾਕਾਤ ਪੂਨੇ ਵਿਚ ਹੀ ਹੋਈ ਸੀ...ਮੈਂ ਬੜਾ ਹੀ ਸੁਸਤ ਕਿਸਮ ਦਾ ਆਦਮੀ ਹਾਂ। ਉਂਜ ਘੁੰਮਣ-ਫਿਰਨ ਦੀਆਂ ਵੱਡੀਆਂ-ਵੱਡੀਆਂ ਉਮੰਗਾਂ ਨੇ ਮੇਰੇ ਦਿਲ ਵਿਚ, ਤੇ ਜੇ ਤੁਸੀਂ ਮੇਰੇ ਬਾਰੇ ਗੱਲਾਂ ਸੁਣੋ ਤਾਂ ਤੁਹਾਨੂੰ ਇੰਜ ਲੱਗੇਗਾ ਕਿ ਮੈਂ ਕੰਚਨਜੰਗਾ ਜਾਂ ਹਿਮਾਲਿਆ ਦੀ ਇਸੇ ਵਰਗੀ ਕਿਸੇ ਹੋਰ ਚੋਟੀ ਨੂੰ ਫਤਿਹ ਕਰਨ ਲਈ ਤੁਰ ਜਾਣ ਵਾਲਾ ਹਾਂ। ਇੰਜ ਹੋ ਸਕਦਾ ਹੈ, ਪਰ ਇਸ ਨਾਲੋਂ ਵੀ ਵਧ ਸੰਭਾਵਨਾ ਇਸ ਗੱਲ ਦੀ ਹੈ ਕਿ ਉਹ ਚੋਟੀ ਫਤਿਹ ਕਰਕੇ ਮੈਂ ਉੱਥੋਂ ਦਾ ਹੋ ਕੇ ਹੀ ਰਹਿ ਜਾਵਾਂ।
ਰੱਬ ਜਾਣੇ ਕਿੰਨੇ ਵਰ੍ਹਿਆਂ ਦਾ ਬੰਬਈ ਵਿਚ ਸਾਂ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਪੂਨੇ ਗਿਆ ਤਾਂ ਪਤਨੀ ਮੇਰੇ ਨਾਲ ਸੀ। ਮੁੰਡਾ ਹੋ ਕੇ ਗੁਜਰੇ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਸਨ। ਇਸ ਦੌਰਾਨ ਮੈਂ...ਠਹਿਰਨਾ, ਮੈਂ ਹਿਸਾਬ ਲਾ ਲਵਾਂ...ਤੁਸੀਂ ਇਹ ਸਮਝ ਲਓ ਕਿ ਅੱਠ ਸਾਲਾਂ ਤੋਂ ਬੰਬਈ ਵਿਚ ਸਾਂ, ਪਰ ਹਾਲੇ ਤੀਕ ਮੈਨੂੰ ਉੱਥੋਂ ਦਾ ਵਿਕਟੋਰੀਆ ਗਾਰਡਨ ਤੇ ਮਿਊਜ਼ਿਅਮ ਦੇਖਣ ਦੀ ਵਿਹਲ ਨਹੀਂ ਸੀ ਮਿਲੀ। ਇਹ ਤਾਂ ਸਿਰਫ ਸਬੱਬ ਦੀ ਗੱਲ ਸੀ ਕਿ ਮੈਂ ਯਕਦਮ ਪੂਨੇ ਜਾਣ ਲਈ ਤਿਆਰ ਹੋ ਗਿਆ—ਜਿਸ ਫ਼ਿਲਮ ਕੰਪਨੀ ਵਿਚ ਨੌਕਰ ਸਾਂ, ਉਸਦੇ ਮਾਲਕ ਨਾਲ ਇਕ ਨਿੱਕੀ-ਜਿਹੀ ਗੱਲ ਉੱਤੇ ਤਕਰਾਰ ਹੋ ਗਿਆ ਤਾਂ ਮੈਂ ਸੋਚਿਆ ਕਿ ਏਸ ਕੁਸੈਲ ਨੂੰ ਦੂਰ ਕਰਨ ਲਈ ਪੂਨੇ ਹੋ ਆਵਾਂ। ਉਹ ਵੀ ਇਸ ਲਈ ਕਿ ਉਹ ਨੇੜੇ ਸੀ ਤੇ ਮੇਰੇ ਕੁਝ ਦੋਸਤ ਉੱਥੇ ਰਹਿੰਦੇ ਸਨ।
ਮੈਂ ਪ੍ਰਭਾਤ ਨਗਰ ਜਾਣਾ ਸੀ, ਜਿੱਥੇ ਮੇਰਾ  ਫ਼ਿਲਮਾਂ ਦਾ ਇਕ ਪੁਰਾਣਾ ਸਾਥੀ ਰਹਿੰਦਾ ਸੀ। ਸਟੇਸ਼ਨ 'ਚੋਂ ਬਾਹਰ ਨਿਕਲ ਕੇ ਪਤਾ ਲੱਗਿਆ ਕਿ ਉਹ ਜਗ੍ਹਾ ਕਾਫੀ ਦੂਰ ਹੈ, ਪਰ ਤਦ ਤੀਕ ਅਸੀਂ ਤਾਂਗਾ ਕਰ ਚੁੱਕੇ ਸਾਂ।
ਸੁਸਤ ਰਿਫ਼ਤਾਰ ਨਾਲ ਚੱਲਣ ਵਾਲੀਆਂ ਚੀਜ਼ਾਂ ਤੋਂ ਮੇਰੀ ਤਬੀਅਤ ਬੜੀ ਖਿਝ ਜਾਂਦੀ ਹੈ...ਤੇ ਮੈਂ ਆਪਣੇ ਦਿਲ ਦੀ ਖਿਝ ਮਿਟਾਉਣ ਖਾਤਰ ਇੱਥੇ ਆਇਆ ਸਾਂ, ਇਸ ਲਈ ਮੈਨੂੰ ਪ੍ਰਭਾਤ ਨਗਰ ਪਹੁੰਚਣ ਦੀ ਬੜੀ ਜਲਦੀ ਸੀ। ਤਾਂਗਾ ਬੜਾ ਹੀ ਘਟੀਆ ਕਿਸਮ ਦਾ ਸੀ, ਅਲੀਗੜ੍ਹ ਦੇ ਯੱਕਿਆਂ ਨਾਲੋਂ ਵੀ ਗਿਆ-ਬੀਤਿਆ, ਜਿਹਨਾਂ ਵਿਚੋਂ ਹਰ ਪਲ ਡਿੱਗਣ ਦਾ ਖਤਰਾ ਰਹਿੰਦਾ ਸੀ। ਘੋੜਾ ਅੱਗੇ ਵੱਲ ਘਿਸਟਦਾ ਰਹਿੰਦਾ ਹੈ ਤੇ ਸਵਾਰੀ ਪਿੱਛੇ ਵੱਲ ਰਿਸਕਦੀ ਰਹਿੰਦੀ ਹੈ। ਇਕ ਦੋ ਧੂੜ ਭਰੇ ਬਾਜ਼ਾਰਾਂ ਤੇ ਸੜਕਾਂ ਨੂੰ ਪਾਰ ਕਰਦੇ-ਕਰਦੇ ਮੇਰੀ ਤਬੀਅਤ ਬੇਹੱਦ ਖਰਾਬ ਹੋ ਗਈ। ਮੈਂ ਆਪਣੀ ਪਤਨੀ ਨਾਲ ਸਲਾਹ ਕੀਤੀ ਤੇ ਪੁੱਛਿਆ ਕਿ ਅਜਿਹੀ ਹਾਲਤ ਵਿਚ ਕੀ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ 'ਧੁੱਪ ਤੇਜ਼ ਹੈ। ਮੈਂ ਜਿਹੜੇ ਹੋਰ ਤਾਂਗੇ ਦੇਖੇ ਨੇ ਉਹ ਵੀ ਇਸੇ ਕਿਸਮ ਦੇ ਨੇ। ਜੇ ਇਸ ਨੂੰ ਛੱਡ ਦਿੱਤਾ ਤਾਂ ਪੈਦਲ ਤੁਰਨਾ ਪਏਗਾ, ਜਿਹੜਾ ਪਰਤੱਖ ਹੈ ਸੀ ਕਿ ਇਸ ਸਵਾਰੀ ਨਾਲੋਂ ਵਧੇਰੇ ਤਕਲੀਫ ਦੇਅ ਸਿੱਧ ਹੋਏਗਾ।' ਗੱਲ ਠੀਕ ਸੀ। ਧੁੱਪ ਸੱਚਮੁੱਚ ਬੜੀ ਤੇਜ਼ ਸੀ।
ਘੋੜਾ ਇਕ ਫਰਲਾਂਗ ਅੱਗੇ ਵਧਿਆ ਹੋਏਗਾ ਕਿ ਨੇੜਿਓਂ ਉਸ ਵਰਗਾ ਹੀ ਇਕ ਵਾਹਿਯਾਤ ਕਿਸਮ ਦਾ ਟਾਂਗਾ ਲੰਘਿਆ। ਮੈਂ ਸਰਸਰੀ ਤੌਰ 'ਤੇ ਉਧਰ ਦੇਖਿਆ। ਉਦੋਂ ਹੀ ਯਕਦਮ ਕੋਈ ਚੀਕਿਆ, “ਓਇ, ਮੰਟੋ ਦੇ ਘੋੜੇ!”
ਮੈਂ ਹੈਰਾਨੀ ਨਾਲ ਤ੍ਰਬਕਿਆ। ਚੱਡਾ ਸੀ, ਇਕ ਘਿਸੀ ਹੋਈ ਮੇਮ ਨਾਲ। ਦੋਵੇਂ ਨਾਲੋ-ਨਾਲ ਜੁੜੇ ਬੈਠੇ ਸਨ। ਮੇਰੀ ਪਹਿਲੀ ਪ੍ਰਤੀਕ੍ਰਿਆ ਬੜੀ ਦੁਖਦਾਈ ਸੀ ਕਿ ਚੱਡੇ ਦਾ ਸੁੰਦਰਤਾ ਪ੍ਰਤੀ ਪ੍ਰੇਮ ਕਿੱਥੇ ਗਿਆ, ਜਿਹੜਾ ਇਸ ਲਾਲ-ਲਗਾਮੀਂ (ਬੁੱਢੀ ਘੋੜੀ ਲਾਲ ਲਗਾਮ—ਮੁਹਾਵਰੇ ਵਜੋਂ ਅਨੁ.) ਨਾਲ ਢੁੱਕ ਕੇ ਬੈਠਾ ਹੋਇਆ ਹੈ। ਉਮਰ ਦਾ ਠੀਕ ਅੰਦਾਜ਼ਾ ਤਾਂ ਮੈਂ ਉਸ ਵੇਲੇ ਨਹੀਂ ਸਾਂ ਲਾ ਸਕਿਆ, ਪਰ ਔਰਤ ਦੀਆਂ ਝੁਰੜੀਆਂ, ਪਾਊਡਰ ਤੇ ਰੂਜ਼ ਦੀਆਂ ਪਰਤਾਂ ਹੇਠੋਂ ਵੀ ਸਾਫ ਦਿਖਾਈ ਦਿੰਦੀਆਂ ਸਨ। ਏਨਾ ਗੂੜ੍ਹਾ ਮੇਕਅੱਪ ਸੀ ਕਿ ਦੇਖਣ ਨਾਲ ਅੱਖਾਂ ਨੂੰ ਤਕਲੀਫ ਹੁੰਦੀ ਸੀ।
ਮੈਂ ਚੱਡੇ ਨੂੰ ਕਾਫੀ ਅਰਸੇ ਪਿੱਛੋਂ ਦੇਖਿਆ ਸੀ। ਉਹ ਮੇਰੇ ਨਾਲ ਕਾਫੀ ਖੁੱਲਿਆ ਹੋਇਆ ਸੀ। 'ਓਇ, ਮੰਟੋ ਦੇ ਘੋੜੇ' ਦੇ ਜਵਾਬ ਵਿਚ ਮੈਂ ਵੀ ਕੁਝ ਇਸੇ ਕਿਸਮ ਦਾ ਨਾਅਰਾ ਲਾਇਆ ਹੁੰਦਾ, ਪਰ ਉਸ ਔਰਤ ਨੂੰ ਦੇਖ ਕੇ ਮੇਰੀ ਸਾਰੀ ਖੁੱਲ੍ਹ-ਦਿਲੀ ਝਿਰਖੀ-ਝਰੀਟੀ ਗਈ।
ਮੈਂ ਆਪਣਾ ਤਾਂਗਾ ਰੁਕਵਾ ਲਿਆ। ਚੱਡੇ ਨੇ ਵੀ ਆਪਣੇ ਕੋਚਵਾਨ ਨੂੰ ਰੁਕਣ ਲਈ ਕਿਹਾ। ਫੇਰ ਉਸਨੇ ਉਸ ਔਰਤ ਨੂੰ ਅੰਗਰੇਜ਼ੀ ਵਿਚ ਕਿਹਾ, “ਮੰਮੀ, ਜਸਟ ਏ ਮਿੰਟ।”
ਤਾਂਗੇ ਵਿਚੋਂ ਛਾਲ ਮਾਰ ਕੇ ਉਹ ਮੇਰੇ ਵੱਲ ਆਪਣਾ ਹੱਥ ਲਹਿਰਾਉਂਦਾ ਹੋਇਆ ਬੋਲਿਆ, “ਤੂੰ...ਏਥੇ ਕਿਵੇਂ ਬਈ?” ਫੇਰ ਆਪਣਾ ਵਧਿਆ ਹੋਇਆ ਹੱਥ ਮੇਰੀ ਖੁੱਲ੍ਹ-ਦਿਲੀ-ਪਤਨੀ ਨਾਲ ਮਿਲਾਉਂਦਿਆਂ ਹੋਇਆਂ ਕਿਹਾ, “ਭਾਬੀ ਜਾਨ, ਤੁਸੀਂ ਤੇ ਕਮਾਲ ਈ ਕਰ ਦਿੱਤੈ! ਇਸ ਗੁਲਮੁਹੰਮਦ ਨੂੰ ਆਖ਼ਰ ਖਿੱਚ ਕੇ ਲੈ ਹੀ ਆਏ ਇੱਥੇ!”
ਮੈਂ ਉਸਨੂੰ ਪੁੱਛਿਆ, “ਤੂੰ ਜਾ ਕਿੱਥੇ ਰਿਹੈਂ?”
ਚੱਡੇ ਨੇ ਉੱਚੀ ਆਵਾਜ਼ ਵਿਚ ਕਿਹਾ, “ਇਕ ਕੰਮ ਜਾ ਰਿਹਾਂ—ਤੁਸੀਂ ਇੰਜ ਕਰੋ, ਸਿੱਧੇ...” ਉਹ ਇਕੋਦਮ ਪਲਟ ਕੇ ਸਾਡੇ ਤਾਂਗੇ ਵਾਲੇ ਨੂੰ ਕਹਿਣ ਲੱਗਾ, “ਦੇਖ, ਸਾਹਬ ਨੂੰ ਸਾਡੇ ਘਰ ਲੈ ਜਾਅ—ਕਿਰਾਇਆ-ਕਰੂਆ ਨਹੀਂ ਲੈਣਾ ਇਹਨਾਂ ਤੋਂ।” ਓਧਰੋਂ ਤੁਰੰਤ ਨਿੱਬੜ ਕੇ ਉਸਨੇ ਨਿਸ਼ਚਿੰਤ ਜਿਹਾ ਹੋ ਕੇ ਮੈਨੂੰ ਕਿਹਾ, “ਤੂੰ ਜਾਹ, ਨੌਕਰ ਹੋਏਗਾ ਉੱਥੇ, ਬਾਕੀ ਤੂੰ ਦੇਖ ਲਵੀਂ।”
ਤੇ ਉਹ ਭੁੜਕ ਕੇ ਆਪਣੇ ਤਾਂਗੇ ਵਿਚ ਉਸ ਬੁੱਢੀ ਮੇਮ ਕੋਲ ਜਾ ਬੈਠਾ, ਜਿਸਨੂੰ ਉਸਨੇ ਮੰਮੀ ਕਿਹਾ ਸੀ। ਇਸ ਨਾਲ ਮੇਰੇ ਮਨ ਨੂੰ ਇਕ ਤਸੱਲੀ ਜਿਹੀ ਹੋਈ ਜਾਂ ਇੰਜ ਕਹਿ ਲਓ ਕਿ ਜਿਹੜਾ ਬੋਝ ਉਹਨਾਂ ਦੋਵਾਂ ਨੂੰ ਇਕੱਠਿਆਂ ਦੇਖ ਕੇ ਮੇਰੇ ਦਿਲ ਨੇ ਮੰਨ ਲਿਆ ਸੀ, ਕਾਫੀ ਹੱਦ ਤਕ ਲੱਥ ਗਿਆ ਸੀ।
ਉਸਦਾ ਤਾਂਗਾ ਤੁਰ ਪਿਆ। ਮੈਂ ਆਪਣੇ ਤਾਂਗੇ ਵਾਲੇ ਨੂੰ ਕੁਝ ਨਹੀਂ ਕਿਹਾ। ਤਿੰਨ ਚਾਰ ਫਰਲਾਂਗ ਜਾਣ ਪਿੱਛੋਂ ਉਹ ਇਕ ਡਾਕ-ਬੰਗਲੇ ਵਰਗੀ ਇਮਾਰਤ ਅੱਗੇ ਰੁਕਿਆ ਤੇ ਹੇਠਾਂ ਉਤਰ ਕੇ ਬੋਲਿਆ, “ਚੱਲੋ ਸਾਹਬ...”
ਮੈਂ ਪੁੱਛਿਆ, “ਕਿੱਥੇ?”
ਉਸਨੇ ਉਤਰ ਦਿੱਤਾ, “ਚੱਡਾ ਸਾਹਬ ਦਾ ਮਕਾਨ ਇਹੀ ਏ।”
“ਓ-ਅ!” ਮੈਂ ਸਵਾਲੀਆ ਨਿਗਾਹਾਂ ਨਾਲ ਆਪਣੀ ਪਤਨੀ ਵੱਲ ਤੱਕਿਆ। ਉਸਦੀ ਤਿਊੜੀ ਨੇ ਉਤਰ ਦਿੱਤਾ ਕਿ ਉਹ ਚੱਡੇ ਦੇ ਮਕਾਨ ਵਿਚ ਰਹਿਣ ਦੇ ਹੱਕ ਵਿਚ ਨਹੀਂ। ਸੱਚ ਪੁੱਛੋ ਤਾਂ ਉਹ ਪੂਨੇ ਆਉਣ ਦੇ ਹੱਕ ਵਿਚ ਵੀ ਨਹੀਂ ਸੀ। ਉਸਨੂੰ ਯਕੀਨ ਸੀ, ਮੈਨੂੰ ਉੱਥੇ ਪੀਣ-ਪਿਆਉਣ ਵਾਲੇ ਦੋਸਤ ਮਿਲ ਜਾਣਗੇ। ਮਨ ਦਾ ਸੰਤਾਪ ਦੂਰ ਕਰਨ ਦਾ ਬਹਾਨਾ ਤਾਂ ਪਹਿਲਾਂ ਹੈ ਹੀ—ਇਸ ਲਈ ਦਿਨ ਰਾਤ ਉੱਡੇਗੀ। ਮੈਂ ਤਾਂਗੇ ਵਿਚੋਂ ਉਤਰ ਗਿਆ। ਛੋਟਾ ਜਿਹਾ ਅਟੈਚੀ ਕੇਸ ਸੀ, ਉਹ ਮੈਂ ਚੁੱਕ ਲਿਆ ਤੇ ਆਪਣੀ ਪਤਨੀ ਨੂੰ ਕਿਹਾ, “ਚੱਲ ਉਤਰ!”
ਉਹ ਸ਼ਾਇਦ ਮੇਰੇ ਤੇਵਰ ਤਾੜ ਗਈ ਸੀ ਕਿ ਹਰ ਹਾਲਤ ਵਿਚ ਉਸਨੂੰ ਮੇਰਾ ਫ਼ੈਸਲਾ ਮੰਨਣਾ ਪਏਗਾ, ਇਸ ਲਈ ਉਸਨੇ ਕੋਈ ਹੀਲ-ਹੁੱਜਤ ਨਹੀਂ ਸੀ ਕੀਤੀ ਤੇ ਚੁੱਪਚਾਪ ਮੇਰੇ ਨਾਲ ਤੁਰ ਪਈ ਸੀ।
ਬੜਾ ਸਾਧਾਰਣ ਕਿਸਮ ਦਾ ਮਕਾਨ ਸੀ। ਇੰਜ ਲੱਗਦਾ ਸੀ ਜਿਵੇਂ ਮਿਲਟਰੀ ਵਾਲਿਆਂ ਨੇ ਟੈਂਪਰੇਰੀ ਤੌਰ 'ਤੇ ਇਹ ਛੋਟਾ ਜਿਹਾ ਬੰਗਾਲ ਬਣਾਇਆ ਸੀ ਤੇ ਕੁਝ ਚਿਰ ਇਸਤੇਮਾਲ ਕਰਨ ਪਿੱਛੋਂ ਛੱਡ ਕੇ ਚਲੇ ਗਏ ਸਨ। ਗਾਰੇ-ਚੂਨੇ ਦਾ ਕੰਮ ਬੜਾ ਕੱਚਾ ਸੀ। ਜਗ੍ਹਾ-ਜਗ੍ਹਾ ਤੋਂ ਪਲਸਤਰ ਉੱਖੜਿਆ ਹੋਇਆ ਸੀ ਤੇ ਘਰ ਦੇ ਅੰਦਰਲਾ ਹਿੱਸਾ ਵੀ ਓਹੋ-ਜਿਹਾ ਹੀ ਸੀ ਜਿਹੋ-ਜਿਹਾ ਕਿਸੇ ਕੁਆਰੇ ਆਦਮੀ ਦੇ ਘਰ ਦਾ ਹੋ ਸਕਦਾ ਹੈ, ਜਿਹੜਾ ਫ਼ਿਲਮਾਂ ਦਾ ਹੀਰੋ ਹੋਏ ਤੇ ਕਿਸੇ ਅਜਿਹੀ ਕੰਪਨੀ ਵਿਚ ਨੌਕਰ ਹੋਏ, ਜਿੱਥੇ ਮਹੀਨੇ ਦੀ ਤਨਖ਼ਾਹ ਹਰ ਤੀਸਰੇ ਮਹੀਨੇ ਮਿਲਦੀ ਹੋਏ ਤੇ ਉਹ ਵੀ ਕਿਸ਼ਤਾਂ ਵਿਚ।
ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਉਹ ਜ਼ਨਾਨੀ ਜਿਹੜੀ ਘਰਵਾਲੀ ਹੋਏ ਅਜਿਹੇ ਗੰਦੇ ਵਾਤਾਵਰਣ ਵਿਚ ਲਾਜ਼ਮੀਂ ਘੁਟਨ ਤੇ ਪ੍ਰੇਸ਼ਾਨੀ ਮਹਿਸੂਸ ਕਰੇਗੀ। ਪਰ ਮੈਂ ਸੋਚਿਆ ਸੀ ਕਿ ਚੱਡਾ ਆ ਜਾਏ ਤਾਂ ਉਸਦੇ ਨਾਲ ਹੀ ਪ੍ਰਭਾਤ ਨਗਰ ਚੱਲਾਂਗੇ। ਉੱਥੇ ਜਿਹੜਾ ਮੇਰਾ ਫ਼ਿਲਮਾਂ ਦਾ ਪੁਰਾਣਾ ਸਾਥੀ ਰਹਿੰਦਾ ਸੀ, ਉਸਦੀ ਪਤਨੀ ਤੇ ਬਾਲ-ਬੱਚੇ ਵੀ ਸਨ। ਉਸ ਵਾਤਾਵਾਰਣ ਵਿਚ ਮੇਰੀ ਪਤਨੀ ਜਿਵੇਂ-ਤਿਵੇਂ ਕਰਕੇ ਦੋ-ਤਿੰਨ ਦਿਨ ਕੱਟ ਸਕਦੀ ਸੀ।
ਨੌਕਰ ਵੀ ਅਜੀਬ ਬੇਫਿਕਰਾ ਆਦਮੀ ਸੀ। ਜਦੋਂ ਅਸੀਂ ਉਸ ਘਰ ਵਿਚ ਪਹੁੰਚੇ ਤਾਂ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਤੇ ਉਹ ਮੌਜ਼ੂਦ ਨਹੀਂ ਸੀ। ਜਦੋਂ ਉਹ ਆਇਆ ਤਾਂ ਉਸਨੇ ਸਾਡੀ ਹੋਂਦ ਵੱਲ ਕੋਈ ਧਿਆਨ ਹੀ ਨਾ ਦਿੱਤਾ, ਜਿਵੇਂ ਅਸੀਂ ਵਰ੍ਹਿਆਂ ਤੋਂ ਉੱਥੇ ਹੀ ਰਹਿੰਦੇ ਹੋਈਏ ਤੇ ਇਸੇ ਤਰ੍ਹਾਂ ਬੈਠੇ ਰਹਿਣ ਦੇ ਆਦੀ ਹੋਈਏ।
ਜਦੋਂ ਉਹ ਕਮਰੇ ਵਿਚ ਆਇਆ ਤੇ ਸਾਨੂੰ ਦੇਖੇ ਬਿਨਾਂ ਕੋਲੋਂ ਦੀ ਲੰਘ ਗਿਆ ਤਾਂ ਮੈਂ ਸੋਚਿਆ ਕਿ ਕੋਈ ਮਾਮੂਲੀ ਐਕਟਰ ਹੈ, ਜਿਹੜਾ ਚੱਡੇ ਨਾਲ ਰਹਿੰਦਾ ਹੈ...ਪਰ ਜਦੋਂ ਮੈਂ ਉਸ ਤੋਂ ਨੌਕਰ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹੀ ਜਨਾਬ, ਚੱਡਾ ਸਾਹਬ ਦੇ ਚਹੇਤੇ ਨੌਕਰ ਨੇ।
ਮੈਨੂੰ ਤੇ ਮੇਰੀ ਪਤਨੀ ਦੋਵਾਂ ਨੂੰ ਹੀ ਪਿਆਸ ਲੱਗੀ ਹੋਈ ਸੀ। ਉਸਨੂੰ ਪਾਣੀ ਲਿਆਉਣ ਲਈ ਕਿਹਾ ਤਾਂ ਉਹ ਗ਼ਲਾਸ ਲੱਭਣ ਲੱਗ ਪਿਆ। ਬੜੀ ਦੇਰ ਬਾਅਦ ਉਸਨੇ ਇਕ ਟੁੱਟਿਆ ਹੋਇਆ ਜੱਗ ਅਲਮਾਰੀ ਹੇਠੋਂ ਕੱਢਿਆ ਤੇ ਬੜਬੜਾਇਆ, “ਰਾਤੀਂ ਇਕ ਦਰਜਨ ਗ਼ਿਲਾਸ ਸਾਹਬ ਨੇ ਮੰਗਵਾਏ ਸੀ, ਪਤਾ ਨਹੀਂ ਕਿੱਧਰ ਗਏ...”
ਮੈਂ ਉਸਦੇ ਹੱਥ ਵਿਚ ਫੜੇ ਜੱਗ ਵੱਲ ਇਸ਼ਾਰਾ ਕੀਤਾ, “ਕੀ ਤੁਸੀਂ ਇਸ ਵਿਚ ਤੇਲ ਲੈਣ ਜਾਓਗੇ?”
'ਤੇਲ ਲੈਣ ਜਾਣਾ' ਬੰਬਈ ਦਾ ਇਕ ਖਾਸ ਮੁਹਾਵਰਾ ਹੈ। ਮੇਰੀ ਪਤਨੀ ਇਸ ਦਾ ਮਤਲਬ ਨਹੀਂ ਸਮਝਦੀ, ਪਰ ਹੱਸ ਪਈ। ਨੌਕਰ ਬੌਂਦਲ ਗਿਆ, “ਨ-ਨਹੀਂ ਸਾਹਬ...ਮੈਂ ਤਾਂ...ਲੱਭ ਰਿਹਾਂ ਬਈ ਗ਼ਿਲਾਸ ਕਿੱਥੇ ਨੇ!”
ਮੇਰੀ ਪਤਨੀ ਨੇ ਉਸਨੂੰ ਪਾਣੀ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ। ਉਸਨੇ ਉਹ ਟੁੱਟਿਆ ਹੋਇਆ ਜੱਗ ਮੁੜ ਅਲਮਾਰੀ ਹੇਠ ਇੰਜ ਰੱਖ ਦਿੱਤਾ ਜਿਵੇਂ ਉਹੀ ਉਸਦੀ ਪੱਕੀ ਥਾਂ ਹੋਵੇ...ਜੇ ਉਸਨੂੰ ਕਿਤੇ ਹੋਰ ਰੱਖ ਦਿੱਤਾ ਗਿਆ ਤਾਂ ਸਾਰੀ ਸੈਟਿੰਗ ਖ਼ਰਾਬ ਹੋ ਜਾਏਗੀ। ਇਸ ਪਿੱਛੋਂ ਉਹ ਕਮਰੇ ਵਿਚੋਂ ਇੰਜ ਬਾਹਰ ਨੱਸਿਆ ਜਿਵੇਂ ਉਸਨੂੰ ਪਤਾ ਹੋਏ ਕਿ ਸਾਡੇ ਮੂੰਹ ਵਿਚ ਕਿੰਨੇ ਦੰਦ ਨੇ।
ਮੈਂ ਪਲੰਘ ਉੱਤੇ ਬੈਠ ਗਿਆ ਸਾਂ, ਜਿਹੜਾ ਸ਼ਾਇਦ ਚੱਡੇ ਦਾ ਸੀ। ਇਸ ਤੋਂ ਕੁਝ ਦੂਰੀ ਉੱਤੇ ਦੋ ਆਰਾਮ ਕੁਰਸੀਆਂ ਪਈਆਂ ਸਨ, ਉਹਨਾਂ ਵਿਚੋਂ ਇਕ ਉੱਤੇ ਬੈਠੀ ਮੇਰੀ ਪਤਨੀ ਪਾਸੇ ਪਰਤ ਰਹੀ ਸੀ। ਕਾਫੀ ਦੇਰ ਤਕ ਅਸੀਂ ਦੋਵੇਂ ਚੁੱਪ ਬੈਠੇ ਰਹੇ; ਏਨੇ ਵਿਚ ਚੱਡਾ ਆ ਗਿਆ। ਉਹ ਇਕੱਲਾ ਸੀ। ਉਸਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਅਸੀਂ ਉਸਦੇ ਮਹਿਮਾਨ ਹਾਂ ਤੇ ਇਸ ਲਿਹਾਜ਼ ਨਾਲ ਉਸਨੂੰ ਸਾਡੀ ਖਾਤਰਦਾਰੀ ਕਰਨੀ ਚਾਹੀਦੀ ਹੈ। ਕਮਰੇ ਅੰਦਰ ਵੜਦਿਆਂ ਹੀ ਉਸਨੇ ਮੈਨੂੰ ਕਿਹਾ, “ਵੇਟ ਇਜ਼ ਵੇਟ। ਤਾਂ ਤੂੰ ਆ ਗਿਐਂ ਓਲਡ ਬੁਆਏ! ਚੱਲ ਜ਼ਰਾ ਸਟੂਡੀਓ ਤਕ ਹੋ ਆਈਏ। ਤੂੰ ਨਾਲ ਹੋਏਂਗਾ ਤਾਂ ਐਡਵਾਂਸ ਮਿਲਣ ਵਿਚ ਆਸਾਨੀ ਹੋ ਜਾਏਗੀ...ਅੱਜ ਸ਼ਾਮੀਂ...” ਮੇਰੀ ਪਤਨੀ ਉੱਤੇ ਨਜ਼ਰ ਪਈ ਤਾਂ ਉਹ ਰੁਕ ਗਿਆ ਤੇ ਖਿੜ-ਖਿੜ ਕਰਕੇ ਹੱਸਣ ਲੱਗਾ, “ਭਾਬੀ ਜਾਨ, ਕਿਤੇ ਤੁਸੀਂ ਇਸਨੂੰ ਮੌਲਵੀ ਤਾਂ ਨਹੀਂ ਬਣਾ ਦਿੱਤਾ ਨਾ?” ਫੇਰ ਹੋਰ ਜ਼ੋਰ ਨਾਲ ਹੱਸਿਆ, “ਤੇਰੇ ਮੌਲਵੀ ਦੀ ਐਸੀ ਦੀ ਤੈਸੀ! ਉੱਠ ਮੰਟੋ, ਭਾਬੀ ਜਾਨ ਇੱਥੇ ਬੈਠਦੇ ਨੇ, ਆਪਾਂ ਹੁਣੇ ਆਏ।”
ਮੇਰੀ ਪਤਨੀ ਬਲ ਕੇ ਕੋਇਲਾ ਹੋਈ ਹੋਈ ਸੀ, ਹੁਣ ਬੁਝ ਕੇ ਰਾਖ ਹੋ ਗਈ ਹੋਏਗੀ। ਮੈਂ ਉੱਠਿਆ ਤੇ ਚੱਡੇ ਨਾਲ ਹੋ ਲਿਆ। ਮੈਨੂੰ ਪਤਾ ਸੀ ਕਿ ਕੁਝ ਚਿਰ ਗੁੱਸੇ ਰਹੇਗੀ ਫੇਰ ਉਹ ਸੌਂ ਜਾਏਗੀ। ਸੋ ਇੰਜ ਹੀ ਹੋਇਆ। ਸਟੂਡੀਓ ਨੇੜੇ ਹੀ ਸੀ। ਹਫ਼ੜਾ-ਦਫ਼ੜੀ ਵਿਚ ਮਹਿਤਾ ਜੀ ਦੇ ਸਿਰ 'ਤੇ ਸਵਾਰ ਹੋ ਕੇ ਚੱਢੇ ਨੇ ਦੋ ਸੌ ਰੁਪਏ ਵਸੂਲ ਲਏ ਤੇ ਪੌਣੇ ਦੋ ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਦੇਖਿਆ ਕਿ ਉਹ ਬੜੇ ਆਰਾਮ ਨਾਲ, ਆਰਾਮ ਕੁਰਸੀ ਉੱਤੇ ਸੁੱਤੀ ਹੋਈ ਸੀ। ਅਸੀਂ ਉਸਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਸਮਝਿਆ ਤੇ ਦੂਜੇ ਕਮਰੇ ਵਿਚ ਚਲੇ ਗਏ, ਜਿਹੜਾ ਕਿਸੇ ਕਬਾੜਖਾਨੇ ਨਾਲ ਰਲਦਾ-ਮਿਲਦਾ ਸੀ। ਇਸ ਵਿਚ ਜਿਹੜੀਆਂ ਵੀ ਚੀਜ਼ਾਂ ਸਨ, ਅਜੀਬ ਢੰਗ ਨਾਲ ਟੁੱਟੀਆਂ-ਭੱਜੀਆਂ ਹੋਈਆਂ ਸਨ ਤੇ ਸਾਰੀਆਂ ਰਲ ਕੇ ਇਕ ਪੂਰਨਤਾ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।
ਹਰ ਚੀਜ਼ ਉੱਤੇ ਧੂੜ ਦੀ ਪਰਤ ਜੰਮੀ ਹੋਈ ਸੀ ਤੇ ਉਸ ਜੰਮੀ ਹੋਈ ਧੂੜ ਵਿਚ ਵੀ ਇਕ ਤਰ੍ਹਾਂ ਦੀ ਅਪਣੱਤ ਸੀ, ਜਿਵੇਂ ਉਸਦੀ ਮੌਜ਼ੂਦਗੀ ਉਸ ਕਮਰੇ ਵਿਚ ਜ਼ਰੂਰੀ ਹੋਏ। ਚੱਡੇ ਨੇ ਤੁਰੰਤ ਆਪਣੇ ਨੌਕਰ ਨੂੰ ਲੱਭ ਲਿਆ ਤੇ ਉਸਨੂੰ ਸੌ ਰੁਪਏ ਦਾ ਨੋਟ ਦੇ ਕੇ ਕਿਹਾ, “ਚੀਨ ਦੇ ਸ਼ਹਿਜ਼ਾਦੇ! ਦੋ ਬੋਤਲਾਂ ਥਰਡ ਕਲਾਸ ਰੰਮ ਦੀਆਂ ਫੜ ਲਿਆ...ਮੇਰਾ ਮਤਲਬ ਏ, 'ਥਰੀ ਐਕਸ ਰੰਮ' ਦੀਆਂ ਤੇ ਅੱਧੀ ਦਰਜਨ ਗ਼ਿਲਾਸ।”
ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਸਦਾ ਨੌਕਰ ਸਿਰਫ ਚੀਨ ਦਾ ਹੀ ਨਹੀਂ, ਦੁਨੀਆਂ ਦੇ ਹਰ ਵੱਡੇ ਦੇਸ਼ ਦਾ ਸ਼ਹਿਜ਼ਾਦਾ ਸੀ। ਚੱਡੇ ਦੀ ਜ਼ਬਾਨ 'ਤੇ ਜਿਸ ਦੇਸ਼ ਦਾ ਨਾਂਅ ਆ ਜਾਂਦਾ, ਉਹ ਉਸੇ ਦਾ ਸ਼ਹਿਜ਼ਾਦਾ ਬਣ ਜਾਂਦਾ ਸੀ। ਉਸ ਸਮੇਂ ਦਾ ਚੀਨ ਦਾ ਸ਼ਹਿਜ਼ਾਦਾ ਸੌ ਦੇ ਨੋਟ ਨੂੰ ਉਂਗਲਾਂ ਵਿਚ ਖੜਖੜਾਉਂਦਾ ਹੋਇਆ ਚਲਾ ਗਿਆ।
ਚੱਡੇ ਨੇ ਟੁੱਟੇ ਹੋਏ ਸਪਰਿੰਗਾਂ ਵਾਲੇ ਪਲੰਘ ਉੱਤੇ ਬੈਠ ਕੇ ਆਪਣੇ ਬੁੱਲ੍ਹ ਥਰੀ ਐਕਸ ਰੰਮ ਦੇ ਸਵਾਗਤ ਵਿਚ ਚਟਖਾਰਦਿਆਂ ਕਿਹਾ, “ਵੇਟ ਇੰਜ ਵੇਟ—ਆਫਟਰ ਆਲ, ਤੂੰ ਇੱਥੇ ਆ ਹੀ ਗਿਆ।” ਫੇਰ ਇਕਦਮ ਚਿੰਤਤ ਹੋ ਕੇ ਬੋਲਿਆ, “ਯਾਰ ਭਾਬੀ ਦਾ ਕੀ ਬਣੇਗਾ? ਇਹ ਤਾਂ ਘਬਰਾਅ ਜਾਏਗੀ!”
ਚੱਡਾ ਅਜੇ ਕੁਆਰਾ ਸੀ, ਪਰ ਉਸਨੂੰ ਦੂਜਿਆਂ ਦੀਆਂ ਪਤਨੀਆਂ ਦਾ ਬੜਾ ਖ਼ਿਆਲ ਰਹਿੰਦਾ ਸੀ। ਉਹ ਓਹਨਾਂ ਦਾ ਏਨਾਂ ਸਨਮਾਣ ਕਰਦਾ ਸੀ, ਜਿਵੇਂ ਸਾਰੀ ਉਮਰ ਕੁਆਰਾ ਰਹਿਣਾ ਚਾਹੁੰਦਾ ਹੋਵੇ। ਉਹ ਕਹਿੰਦਾ ਹੁੰਦਾ ਸੀ, 'ਇਹ ਹੀਣ ਭਾਵਨਾਂ ਹੈ, ਜਿਸ ਨੇ ਮੈਨੂੰ ਹੁਣ ਤਕ ਇਸ ਨੇਅਮਤ ਤੋਂ ਸੱਖਣਾ ਰੱਖਿਆ ਹੋਇਆ ਹੈ। ਜਦੋਂ ਸ਼ਾਦੀ ਦਾ ਸਵਾਲ ਆਉਂਦਾ ਏ ਤਾਂ ਫੌਰਨ ਤਿਆਰ ਹੋ ਜਾਂਦਾ ਹਾਂ, ਪਰ ਬਾਅਦ ਵਿਚ ਇਹ ਸੋਚ ਕੇ ਕਿ ਮੈਂ ਪਤਨੀ ਰੱਖਣ ਦੇ ਕਾਬਿਲ ਨਹੀਂ ਹਾਂ ਤਾਂ ਸਾਰੀ ਤਿਆਰੀ ਕੋਲਡ ਸਟੋਰ ਵਿਚ ਸੁੱਟ ਦੇਂਦਾ ਹਾਂ।'
ਰੰਮ ਬੜੀ ਜਲਦੀ ਆ ਗਈ, ਗ਼ਲਾਸ ਵੀ। ਚੱਡੇ ਨੇ ਛੇ ਮੰਗਵਾਏ ਸਨ ਤੇ ਚੀਨ ਦਾ ਸ਼ਹਿਜ਼ਾਦਾ ਤਿੰਨ ਲਿਆਇਆ ਸੀ, ਬਾਕੀ ਦੇ ਤਿੰਨ ਰਸਤੇ ਵਿਚ ਟੁੱਟ ਗਏ ਸਨ। ਚੱਡੇ ਨੇ ਉਹਨਾਂ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਭਗਵਾਨ ਨੂੰ ਧੰਨਵਾਦ ਦਿੱਤਾ ਕਿ ਬੋਤਲਾਂ ਸਲਾਮਤ ਰਹਿ ਗਈਆਂ ਸਨ। ਇਕ ਬੋਤਲ ਕਾਹਲ ਨਾਲ ਖੋਹਲ ਕੇ ਉਸਨੇ ਕੋਰੇ ਗ਼ਲਾਸਾਂ ਵਿਚ ਰੰਮ ਪਾਈ ਤੇ ਕਿਹਾ, “ਤੇਰੇ ਪੂਨੇ ਆਉਣ ਦੀ ਖੁਸ਼ੀ ਵਿਚ।”
ਅਸਾਂ ਦੋਵਾਂ ਨੇ ਲੰਮੇਂ-ਲੰਮੇਂ ਘੁੱਟ ਭਰੇ 'ਤੇ ਗ਼ਲਾਸ ਖ਼ਾਲੀ ਕਰ ਦਿੱਤੇ।
ਦੂਜਾ ਦੌਰ ਸ਼ੁਰੂ ਕਰਕੇ ਚੱਡਾ ਉੱਠਿਆ ਤੇ ਕਮਰੇ ਵਿਚ ਦੇਖ ਆਇਆ ਕਿ ਮੇਰੀ ਪਤਨੀ ਅਜੇ ਤਕ ਸੁੱਤੀ ਹੋਈ ਹੈ। ਉਸਨੂੰ ਬੜਾ ਤਰਸ ਆਇਆ। ਕਹਿਣ ਲੱਗਾ, “ਮੈਂ ਬੜਾ ਰੌਲਾ ਪਾਂਨਾਂ ਯਾਰ, ਉਸਦੀ ਨੀਂਦ ਟੁੱਟ ਜਾਏਗੀ—ਫੇਰ ਇੰਜ ਕਰਾਂਗੇ...ਠਹਿਰ...ਪਹਿਲਾਂ ਮੈਂ ਚਾਹ ਮੰਗਵਾ ਲਵਾਂ।” ਇਹ ਕਹਿ ਕੇ ਉਸਨੇ ਰੰਮ ਦਾ ਇਕ ਛੋਟਾ ਜਿਹਾ ਘੁੱਟ ਭਰਿਆ ਤੇ ਨੌਕਰ ਨੂੰ ਆਵਾਜ਼ ਮਾਰੀ, “ਓਇ...ਜਮੀਕਾ ਦੇ ਸ਼ਹਿਜ਼ਾਦੇ!”
ਜਮੀਕਾ ਦਾ ਸ਼ਹਿਜ਼ਾਦਾ ਤੁਰੰਤ ਆ ਬਹੁੜਿਆ। ਚੱਡੇ ਨੇ ਉਸਨੂੰ ਕਿਹਾ, “ਜਾਹ, ਮੰਮੀ ਨੂੰ ਕਹਿ, ਇਕਦਮ ਫਸਟ ਕਲਾਸ ਚਾਹ ਤਿਆਰ ਕਰਕੇ ਭੇਜ ਦਏ।”
ਨੌਕਰ ਚਲਾ ਗਿਆ। ਚੱਡੇ ਨੇ ਆਪਣਾ ਗ਼ਲਾਸ ਖ਼ਾਲੀ ਕੀਤਾ ਤੇ ਇਕ ਸਾਊਆਂ ਵਾਲਾ ਪੈਗ ਪਾ ਕੇ ਬੋਲਿਆ, “ਮੈਂ ਵੀਰੇ, ਜ਼ਿਆਦਾ ਨਹੀਂ ਪੀਆਂਗਾ। ਪਹਿਲੇ ਚਾਰ ਪੈਗ ਮੈਨੂੰ ਬੜਾ ਜਜ਼ਬਾਤੀ ਬਣਾ ਦੇਂਦੇ ਨੇ। ਮੈਂ ਭਾਬੀ ਨੂੰ ਛੱਡਣ ਤੇਰੇ ਨਾਲ ਪ੍ਰਭਾਤਨਗਰ ਵੀ ਤਾਂ ਜਾਣਾ ਏਂ।”
ਅੱਧੇ ਘੰਟੇ ਬਾਅਦ ਚਾਹ ਆ ਗਈ। ਬੜੇ ਸਾਫ-ਸੁਥਰੇ ਭਾਂਡੇ ਸਨ ਤੇ ਬੜੇ ਹੀ ਸੁਚੱਜੇ ਢੰਗ ਨਾਲ ਟਰੇ ਵਿਚ ਰੱਖੇ ਹੋਏ ਸਨ। ਚੱਡੇ ਨੇ ਟੀਕੋਜੀ ਚੁੱਕ ਕੇ ਚਾਹ ਦੀ ਖ਼ੁਸ਼ਬੂ ਸੁੰਘੀ ਤੇ ਖ਼ੁਸ਼ੀ ਪ੍ਰਗਟ ਕਰਦਾ ਹੋਇਆ ਬੋਲਿਆ, “ਮੰਮੀ ਇਜ਼ ਏ ਜਿਊਲ...” ਫੇਰ ਉਸਨੇ ਇਥੋਪੀਆ ਦੇ ਸ਼ਹਿਜ਼ਾਦੇ ਉੱਤੇ ਵਰ੍ਹਣਾ ਸ਼ੁਰੂ ਕਰ ਦਿੱਤਾ। ਉਸਨੇ ਏਨਾ ਰੌਲਾ ਪਾਇਆ ਕਿ ਮੇਰੇ ਕੰਨ ਸਾਂ-ਸਾਂ ਕਰਨ ਲੱਗ ਪਏ। ਉਸ ਪਿੱਛੋਂ ਉਸਨੇ ਟਰੇ ਚੁੱਕੀ ਤੇ ਕਿਹਾ, “ਆ...!”
ਮੇਰੀ ਪਤਨੀ ਜਾਗ ਪਈ ਸੀ। ਚੱਡੇ ਨੇ ਟਰੇ ਬੜੀ ਸਾਵਧਾਨੀ ਨਾਲ ਟੁੱਟੀ ਹੋਈ ਤਿਪਾਈ ਉੱਤੇ ਰੱਖ ਦਿੱਤੀ ਤੇ ਬੜੇ ਅਦਬ ਨਾਲ ਕਿਹਾ, “ਹਾਜ਼ਿਰ ਹੈ, ਬੇਗ਼ਮ ਸਾਹਿਬਾ...” ਮੇਰੀ ਪਤਨੀ ਨੂੰ ਇਹ ਮਜ਼ਾਕ ਪਸੰਦ ਨਹੀਂ ਸੀ ਆਇਆ, ਪਰ ਚਾਹ ਦਾ ਸਾਮਾਨ ਕਿਉਂਕਿ ਸਾਫ-ਸੁਥਰਾ ਸੀ, ਇਸ ਲਈ ਉਸਨੇ ਨਾਂਹ ਨਹੀਂ ਕੀਤੀ ਤੇ ਦੋ ਪਿਆਲੀਆਂ ਪੀ ਲਈਆਂ। ਇਸ ਨਾਲ ਉਸਨੂੰ ਕੁਝ ਤਾਜ਼ਗੀ ਮਿਲੀ। ਇਸ ਪਿੱਛੋਂ ਸਾਡੇ ਦੋਵਾਂ ਵੱਲ ਭੌਂ ਕੇ ਬੜੀ ਰਹੱਸਮਈ ਆਵਾਜ਼ ਵਿਚ ਕਿਹਾ, “ਤੁਸੀਂ ਆਪਣੀ ਚਾਹ ਤਾਂ ਪਹਿਲਾਂ ਹੀ ਪੀਤੀ ਬੈਠੇ ਓ!”
ਮੈਂ ਕੋਈ ਜਵਾਬ ਨਾ ਦਿੱਤਾ ਪਰ ਚੱਡੇ ਨੇ ਝੁਕ ਕੇ ਬੜੀ ਈਮਾਨਦਾਰੀ ਦਿਖਾਂਦਿਆਂ ਹੋਇਆਂ ਕਿਹਾ, “ਜੀ ਹਾਂ, ਇਹ ਗ਼ਲਤੀ ਅਸੀਂ ਕਰੀ ਬੈਠੇ ਆਂ...ਪਰ ਸਾਨੂੰ ਵਿਸ਼ਵਾਸ ਸੀ ਕਿ ਤੁਸੀਂ ਜ਼ਰੂਰ ਮੁਆਫ਼ ਕਰ ਦਿਓਗੇ।”
ਮੇਰੀ ਪਤਨੀ ਮੁਸਕਰਾਈ ਤਾਂ ਉਹ ਖਿੜ-ਖਿੜ ਕਰਕੇ ਹੱਸਦਾ ਬੋਲਿਆ, “ਅਸੀਂ ਦੋਵੇਂ ਬੜੀ ਉੱਚੀ ਨਸਲ ਦੇ ਸੂਰ ਆਂ, ਜਿਹਨਾਂ ਲਈ ਹਰ ਹਰਾਮ ਚੀਜ਼, ਹਲਾਲ ਏ। ਚੱਲੋ, ਹੁਣ ਤੁਹਾਨੂੰ ਮਸਜਿਦ ਤੀਕ ਛੱਡ ਆਈਏ।”
ਮੇਰੀ ਪਤਨੀ ਨੂੰ ਫੇਰ ਚੱਡੇ ਦਾ ਇਹ ਮਜ਼ਾਕ ਪਸੰਦ ਨਹੀਂ ਸੀ ਆਇਆ। ਅਸਲ ਵਿਚ ਉਸਨੂੰ ਚੱਡੇ ਨਾਲ ਨਫ਼ਰਤ ਸੀ ਜਾਂ ਇੰਜ ਕਹੀਏ ਉਸਨੂੰ ਮੇਰੇ ਹਰੇਕ ਦੋਸਤ ਨਾਲ ਨਫ਼ਰਤ ਸੀ, ਤੇ ਚੱਡਾ ਉਸਨੂੰ ਸਭ ਤੋਂ ਵੱਧ ਰੜਕਦਾ ਸੀ, ਕਿਉਂਕਿ ਕਦੀ ਕਦੀ ਉਹ ਸਭਿਅਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਸੀ। ਪਰ ਚੱਡੇ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਮੇਰਾ ਖ਼ਿਆਲ ਹੈ ਕਿ ਉਸਨੇ ਕਦੀ ਇਸ ਬਾਰੇ ਸੋਚਿਆ ਹੀ ਨਹੀਂ ਸੀ। ਉਹ ਅਜਿਹੀਆਂ ਬੇਕਾਰ ਗੱਲਾਂ 'ਤੇ ਦਿਮਾਗ਼ ਖਰਚ ਕਰਨ ਨੂੰ ਇਕ ਅਜਿਹੀ 'ਇਨ ਡੋਰ ਗੇਮ' ਸਮਝਦਾ ਸੀ, ਜਿਹੜੀ ਲੁੱਡੋ ਨਾਲੋਂ ਵੀ ਵੱਧ ਅਰਥਹੀਣ ਹੁੰਦੀ ਹੈ। ਉਸਨੇ ਮੇਰੀ ਪਤਨੀ ਦੇ ਵਿਗੜੇ ਤੇਵਰਾਂ ਨੂੰ ਬੜੀਆਂ ਖੁਸ਼-ਖੁਸ਼ ਨਜ਼ਰਾਂ ਨਾਲ ਦੇਖਿਆ ਤੇ ਨੌਕਰ ਨੂੰ ਆਵਾਜ਼ ਮਾਰੀ, “ਓਇ ਓ, ਕਬਾਬਿਸਤਾਨ ਦੇ ਸ਼ਹਿਜ਼ਾਦੇ! ਇਕ ਅੱਧਾ ਟਾਂਗਾ ਫੜ੍ਹ ਲਿਆ—ਰੋਲਸ ਰਾਏਸ ਵਰਗਾ।”
ਕਬਾਬਿਸਤਾਨ ਦਾ ਸ਼ਹਿਜ਼ਾਦਾ ਚਲਾ ਗਿਆ ਤੇ ਨਾਲ ਹੀ ਚੱਡਾ ਵੀ। ਉਹ ਸ਼ਾਇਦ ਦੂਜੇ ਕਮਰੇ ਵਿਚ ਗਿਆ ਸੀ। ਇਕਾਂਤ ਮਿਲਿਆ ਤਾਂ ਮੈਂ ਆਪਣੀ ਪਤਨੀ ਨੂੰ ਸਮਝਾਇਆ ਕਿ ਕਬਾਬ ਹੋਣ (ਖਿਝਣ-ਕਰਿਝਣ) ਦੀ ਕੋਈ ਲੋੜ ਨਹੀਂ। ਆਦਮੀ ਦੀ ਜ਼ਿੰਦਗੀ ਵਿਚ ਕਦੀ ਕਦੀ ਅਜਿਹੇ ਪਲ ਵੀ ਆ ਹੀ ਜਾਂਦੇ ਨੇ, ਜਿਹੜੇ ਚਿੱਤ-ਚੇਤੇ ਵੀ ਨਹੀਂ ਹੁੰਦੇ। ਉਹਨਾਂ ਨੂੰ ਬਿਤਾਉਣ ਦਾ ਸਭ ਤੋਂ ਚੰਗਾ ਢੰਗ ਇਹੀ ਹੈ ਕਿ ਉਹਨਾਂ ਨੂੰ ਬੀਤ ਜਾਣ ਦਿੱਤਾ ਜਾਏ। ਪਰ ਸੁਭਾਅ ਅਨੁਸਾਰ ਉਸਨੇ ਮੇਰੀ ਇਸ ਸਿੱਖਿਆ ਵੱਲ ਕੋਈ ਧਿਆਨ ਨਾ ਦਿੱਤਾ ਤੇ ਬੁੜ-ਬੁੜ ਕਰਦੀ ਰਹੀ। ਏਨੇ ਵਿਚ ਕਬਾਬਿਸਤਾਨ ਦਾ ਸ਼ਹਿਜ਼ਾਦਾ ਰੋਲਸ ਰਾਏਸ ਕਿਸਮ ਦਾ ਤਾਂਗਾ ਲੈ ਕੇ ਆ ਗਿਆ ਤੇ ਅਸੀਂ ਪ੍ਰਭਾਤ ਨਗਰ ਵੱਲ ਤੁਰ ਪਏ।
ਬੜਾ ਹੀ ਚੰਗਾ ਹੋਇਆ ਮੇਰਾ ਫ਼ਿਲਮਾਂ ਦਾ ਪੁਰਾਣਾ ਸਾਥੀ ਘਰੇ ਹੈ ਨਹੀਂ ਸੀ, ਉਸਦੀ ਪਤਨੀ ਸੀ। ਚੱਡੇ ਨੇ ਮੇਰੀ ਪਤਨੀ ਨੂੰ ਉਸਦੇ ਹਵਾਲੇ ਕਰਦਿਆਂ ਕਿਹਾ, “ਖਰਬੂਜਾ, ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਏ...ਪਤਨੀ, ਪਤਨੀ ਨੂੰ ਦੇਖ ਕੇ ਰੰਗ ਫੜਦੀ ਏ, ਇਹ ਹੁਣੇ ਆ ਕੇ ਦੇਖਦੇ ਹਾਂ ਬਈ ਕੀ ਬਣਦਾ ਏ।” ਫੇਰ ਉਹ ਮੇਰੇ ਵੱਲ ਭੌਂ ਕੇ ਬੋਲਿਆ, “ਚੱਲ ਮੰਟੋ, ਸਟੂਡੀਓ ਵਿਚ ਚੱਲ ਕੇ ਤੇਰੇ ਦੋਸਤ ਨੂੰ ਫੜਦੇ ਆਂ।”
ਚੱਡਾ ਕੁਝ ਅਜਿਹੀ ਹਫੜਾ-ਦਫੜੀ ਮਚਾਅ ਦਿੰਦਾ ਸੀ ਕਿ ਦੂਜੇ ਨੂੰ ਸੋਚਣ-ਸਮਝਣ ਦਾ ਬੜਾ ਘੱਟ ਮੌਕਾ ਮਿਲਦਾ ਸੀ। ਉਸਨੇ ਮੇਰੀ ਬਾਂਹ ਫੜ੍ਹੀ ਤੇ ਬਾਹਰ ਲੈ ਗਿਆ ਤੇ ਮੇਰੀ ਪਤਨੀ ਦੇਖਦੀ ਹੀ ਰਹਿ ਗਈ। ਤਾਂਗੇ ਵਿਚ ਸਵਾਰ ਹੋ ਕੇ ਜਦੋਂ ਚੱਡੇ ਨੇ ਕੁਝ ਸੋਚਦਿਆਂ ਹੋਇਆਂ ਕਿਹਾ, “ਇਹ ਤਾਂ ਨਿਬੜਿਆ, ਹੁਣ ਕੀ ਪ੍ਰੋਗਰਾਮ ਏਂ?” ਫੇਰ ਖਿੜ-ਖਿੜ ਕਰਕੇ ਹੱਸਿਆ, “ਮੰਮੀ...ਗ੍ਰੇਟ ਮੰਮੀ!”
ਮੈਂ ਉਸ ਤੋਂ ਪੁੱਛਣ ਹੀ ਵਾਲਾ ਸਾਂ ਕਿ ਇਹ ਮੰਮੀ ਕਿਸ ਚਿੜੀਮਾਰ ਦੀ ਔਲਾਦ ਹੈ ਕਿ ਚੱਡੇ ਨੇ ਗੱਲਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਤੇ ਮੇਰਾ ਪ੍ਰਸ਼ਨ ਬੇਮੌਤ ਮਰ ਗਿਆ।
ਤਾਂਗਾ ਵਾਪਸ ਉਸ ਡਾਕ-ਬੰਗਲੇ ਵਰਗੀ ਕੋਠੀ ਸਾਹਮਣੇ ਆ ਪਹੁੰਚਿਆ, ਜਿਸਦਾ ਨਾਂਅ ਸਈਦਾ ਕਾਟੇਜ ਸੀ, ਪਰ ਚੱਡਾ ਉਸਨੂੰ 'ਰੰਜੀਦਾ ਕਾਟੇਜ' ਕਹਿੰਦਾ ਹੁੰਦਾ ਸੀ, 'ਕਿਉਂਕਿ ਉਸ ਵਿਚ ਰਹਿਣ ਵਾਲੇ ਸਾਰੇ ਹੀ ਰੰਜੀਦਾ (ਦੁੱਖੀ) ਰਹਿੰਦੇ ਨੇ।' ਹਾਲਾਂਕਿ ਇਹ ਗ਼ਲਤ ਸੀ, ਜਿਵੇਂ ਕਿ ਮੈਨੂੰ ਬਾਅਦ ਵਿਚ ਪਤਾ ਲੱਗਿਆ।
ਉਸ ਕਾਟੇਜ ਵਿਚ ਕਈ ਆਦਮੀ ਰਹਿੰਦੇ ਸਨ, ਹਾਲਾਂਕਿ ਪਹਿਲੀ ਨਜ਼ਰ ਨਾਲ ਦੇਖਣ ਨਾਲ ਇਹ ਜਗ੍ਹਾ ਬਿਲਕੁਲ ਗੈਰ-ਆਬਾਦ ਜਾਪਦੀ ਸੀ। ਸਾਰੇ ਹੀ ਉਸੇ ਫ਼ਿਲਮ ਕੰਪਨੀ ਦੇ ਨੌਕਰ ਸਨ, ਜਿਹੜੀ ਮਹੀਨੇ ਦੀ ਤਨਖ਼ਾਹ ਹਰ ਤਿੰਨ ਮਹੀਨਿਆਂ ਬਾਅਦ ਦਿੰਦੀ ਸੀ ਤੇ ਉਹ ਵੀ ਕਈ ਕਿਸ਼ਤਾਂ ਵਿਚ। ਇਕ ਇਕ ਕਰਕੇ ਜਦੋਂ ਉੱਥੇ ਦੇ ਵਾਸੀਆਂ ਨਾਲ ਮੇਰੀ ਜਾਣ-ਪਛਾਣ ਹੋਈ, ਤਾਂ ਪਤਾ ਲੱਗਾ ਕਿ ਸਾਰੇ ਹੀ ਅਸਿਸਟੈਂਟ ਡਾਇਰੈਕਟਰ ਸਨ, ਕੋਈ ਚੀਫ਼ ਅਸਿਸਟੈਂਟ ਡਾਇਰੈਕਟਰ ਸੀ ਕੋਈ ਉਸਦਾ ਸਹਾਇਕ ਤੇ ਕੋਈ ਉਸਦਾ ਸਹਾਇਕ। ਹਰ ਦੂਸਰਾ ਕਿਸੇ ਪਹਿਲੇ ਦਾ ਸਹਾਇਕ ਸੀ ਤੇ ਆਪਣੀ ਨਿੱਜੀ ਫ਼ਿਲਮ ਕੰਪਨੀ ਬਣਾਉਣ ਲਈ ਪੈਸੇ ਜੋੜ ਰਿਹਾ ਸੀ। ਆਪਣੇ ਪਹਿਰਾਵੇ, ਹਾਵ-ਭਾਵ ਤੇ ਚਾਲ-ਢਾਲ ਤੋਂ ਹਰੇਕ ਹੀ ਕੋਈ ਹੀਰੋ ਲੱਗਦਾ ਸੀ। ਕੰਟਰੋਲ ਦਾ ਜ਼ਮਾਨਾ ਸੀ, ਪਰ ਕਿਸੇ ਕੋਲ ਕੋਈ ਰਾਸ਼ਨ ਕਾਰਡ ਨਹੀਂ ਸੀ। ਉਹ ਚੀਜ਼ਾਂ ਵੀ ਜਿਹੜੀਆਂ ਥੋੜ੍ਹੀ ਜਿਹੀ ਤਕਲੀਫ਼ ਪਿੱਛੋਂ ਆਸਾਨੀ ਨਾਲ ਘੱਟ ਕੀਮਤ 'ਤੇ ਮਿਲ ਸਕਦੀਆਂ ਸਨ, ਇਹ ਲੋਕ ਬਲੈਕ ਮਾਰਕੀਟ ਵਿਚੋਂ ਖਰੀਦਦੇ ਸਨ। ਪਿਕਚਰ ਜ਼ਰੂਰ ਦੇਖਦੇ ਸਨ, ਰੇਸ ਦਾ ਦਿਨ ਹੁੰਦਾ ਤਾਂ ਰੇਸ ਖੇਡਦੇ ਸਨ, ਨਹੀਂ ਤਾਂ ਸੱਟਾ...ਜਿੱਤਦੇ ਕਦੀ-ਕਦਾਰ ਹੀ ਸਨ, ਪਰ ਹਾਰਦੇ ਰੋਜ਼ ਹੀ ਸਨ।
ਸਈਦਾ ਕਾਟੇਜ ਦੀ ਆਬਾਦੀ ਬੜੀ ਸੰਘਣੀ ਸੀ। ਕਿਉਂਕਿ ਜਗ੍ਹਾ ਘੱਟ ਸੀ, ਇਸ ਲਈ ਮੋਟਰ ਗੈਰੇਜ ਤੋਂ ਵੀ ਰਿਹਾਇਸ਼ ਦਾ ਕੰਮ ਲਿਆ ਜਾ ਰਿਹਾ ਸੀ। ਉਸ ਵਿਚ ਇਕ ਪਰਿਵਾਰ ਰਹਿੰਦਾ ਸੀ। ਸ਼ੀਰੀਂ ਨਾਂਅ ਦੀ ਇਕ ਜ਼ਨਾਨੀ ਸੀ, ਜਿਸ ਦਾ ਪਤੀ ਸ਼ਾਇਦ ਇਕਰੂਪਤਾ ਤੋੜਨ ਲਈ ਅਸਿਸਟੈਂਟ ਡਾਇਰੈਕਟਰ ਨਹੀਂ ਸੀ। ਉਹ ਉਸੇ ਫ਼ਿਲਮ ਕੰਪਨੀ ਦਾ ਨੌਕਰ ਸੀ, ਪਰ ਮੋਟਰ ਡਰਾਈਵਰ ਸੀ। ਪਤਾ ਨਹੀਂ ਉਹ ਕਦੋਂ ਆਉਂਦਾ ਸੀ ਤੇ ਕਦੋਂ ਚਲਾ ਜਾਂਦਾ ਸੀ, ਕਿਉਂਕਿ ਮੈਂ ਉਸ ਸ਼ਰੀਫ ਆਦਮੀ ਨੂੰ ਕਦੀ ਉੱਥੇ ਨਹੀਂ ਸੀ ਦੇਖਿਆ। ਸ਼ੀਰੀਂ ਦਾ ਇਕ ਛੋਟਾ ਜਿਹਾ ਮੁੰਡਾ ਸੀ, ਜਿਸਨੂੰ ਸਈਦਾ ਕਾਟੇਜ ਦੇ ਸਾਰੇ ਵਾਸੀ ਵਿਹਲੇ ਸਮੇਂ ਵਿਚ ਪਿਆਰ ਕਰਦੇ ਸਨ। ਸ਼ੀਰੀਂ, ਜਿਹੜੀ ਕਾਫੀ ਸੁੰਦਰ ਸੀ, ਆਪਣਾ ਵਧੇਰੇ ਸਮਾਂ ਗੈਰੇਜ ਵਿਚ ਹੀ ਬਿਤਾਉਂਦੀ ਸੀ।
ਕਾਟੇਜ ਦਾ ਸਭ ਨਾਲੋਂ ਵਧੀਆ ਹਿੱਸਾ ਚੱਡੇ ਤੇ ਉਸਦੇ ਦੋ ਸਾਥੀਆਂ ਕੋਲ ਸੀ। ਉਹ ਦੋਵੇਂ ਵੀ ਐਕਟਰ ਸਨ, ਪਰ ਹੀਰੋ ਨਹੀਂ ਸਨ। ਇਕ ਸਈਦ ਸੀ, ਜਿਸਦਾ ਫ਼ਿਲਮੀ ਨਾਂ ਰਣਜੀਤ ਕੁਮਾਰ ਸੀ। ਚੱਡਾ ਕਹਿੰਦਾ ਸੀ ਕਿ ਸਈਦਾ ਕਾਟੇਜ ਉਸੇ ਗਧੇ ਦੇ ਨਾਂਅ ਨਾਲ ਪ੍ਰਸਿੱਧ ਹੈ, ਨਹੀਂ ਤਾਂ ਇਸਦਾ ਨਾਂਅ 'ਰੰਜੀਦਾ ਕਾਟੇਜ' ਹੋਣਾ ਸੀ। ਉਹ ਬੜਾ ਸੁੰਦਰ ਤੇ ਘੱਟ ਬੋਲਣ ਵਾਲਾ ਆਦਮੀ ਸੀ। ਚੱਡਾ ਕਦੀ ਕਦੀ ਉਸਨੂੰ ਕੱਛੂ ਵੀ ਕਹਿੰਦਾ ਸੀ, ਕਿਉਂਕਿ ਉਹ ਹਰ ਕੰਮ ਬੜੀ ਧੀਮੀ ਰਿਫ਼ਤਾਰ ਨਾਲ ਕਰਦਾ ਸੀ।
ਦੂਜੇ ਐਕਟਰ ਦਾ ਨਾਂਅ ਪਤਾ ਨਹੀਂ ਕੀ ਸੀ, ਪਰ ਸਾਰੇ ਉਸਨੂੰ ਗ਼ਰੀਬ ਨਵਾਜ਼ ਕਹਿੰਦੇ ਸਨ। ਉਹ ਹੈਦਰਾਬਾਦ ਦੇ ਇਕ ਸਰਦੇ-ਵਰਦੇ ਘਰਾਣੇ ਨਾਲ ਸੰਬੰਧ ਰੱਖਦਾ ਸੀ ਤੇ ਐਕਟਿੰਗ ਦੇ ਸ਼ੌਕ ਸਦਕਾ ਇੱਥੇ ਆ ਗਿਆ ਸੀ। ਤਨਖ਼ਾਹ ਢਾਈ ਸੌ ਰੁਪਏ ਮਹੀਨਾ ਵੱਝੀ ਸੀ, ਪਰ ਉਸਨੂੰ ਨੌਕਰੀ ਕਰਦਿਆਂ ਇਕ ਸਾਲ ਹੋ ਗਿਆ ਸੀ ਤੇ ਇਸ ਦੌਰਾਨ ਉਸਨੇ ਸਿਰਫ ਇਕ ਵਾਰੀ ਢਾਈ ਸੌ ਰੁਪਏ ਐਡਵਾਂਸ ਦੇ ਰੂਪ ਵਿਚ ਲਏ ਸਨ...ਉਹ ਵੀ ਚੱਡੇ ਦੀ ਖਾਤਰ, ਜਿਸਨੇ ਇਕ ਖ਼ੂੰਖ਼ਾਰ ਪਠਾਨ ਦੇ ਪੈਸੇ ਦੇਣੇ ਸਨ। ਊਟ-ਪਟਾਂਗ ਕਿਸਮ ਦੀ ਭਾਸ਼ਾ ਵਿਚ ਫ਼ਿਲਮੀ ਕਹਾਣੀਆਂ ਲਿਖਣਾ ਉਸਦਾ ਸ਼ੁਗਲ ਸੀ ਤੇ ਕਦੀ ਕਦੀ ਉਹ ਸ਼ਾਇਰੀ ਵੀ ਕਰ ਲੈਂਦਾ ਸੀ। ਕਾਟੇਜ਼ ਦਾ ਹਰ ਆਦਮੀ ਉਸਦਾ ਕਰਜਾਈ ਸੀ।
ਸ਼ਕੀਲ ਤੇ ਅਕੀਲ ਦੋ ਭਰਾ ਸਨ। ਦੋਵੇਂ ਕਿਸੇ ਅਸਿਸਟੈਂਟ ਡਾਇਰੈਕਟਰ ਦੇ ਅਸਿਸਸਟੈਂਟ ਸਨ ਤੇ ਸਾਰਿਆਂ ਵਾਂਗ ਆਪਣੀ ਫ਼ਿਲਮ ਕੰਪਨੀ ਬਣਾਉਣ ਲਈ ਪੈਸੇ ਇਕੱਠੇ ਕਰਨ ਦੇ ਚੱਕਰ ਵਿਚ ਸਨ।
ਤਿੰਨੇ ਵੱਡੇ—ਯਾਨੀ ਚੱਡਾ, ਸਈਦ ਤੇ ਗਰੀਬ ਨਵਾਜ਼ ਸ਼ੀਂਰੀ ਦਾ ਬੜਾ ਖ਼ਿਆਲ ਰੱਖਦੇ ਸਨ। ਕਦੀ ਉਸਨੂੰ ਬਾਜ਼ਾਰੋਂ ਸੌਦਾ-ਪੱਤਾ ਲਿਆ ਦਿੰਦੇ, ਕਦੀ ਲਾਂਡਰੀ ਵਿਚ ਉਸਦੇ ਕੱਪੜੇ ਧੋਣੇ ਦੇ ਆਉਂਦੇ ਤੇ ਕਦੀ ਉਸਦੇ ਰੋਂਦੇ ਹੋਏ ਬੱਚੇ ਨੂੰ ਖਿਡਾਉਣ-ਵਰਾਉਣ ਜਾ ਬਹਿੰਦੇ। ਉਹਨਾਂ ਵਿਚੋਂ 'ਰੰਜੀਦਾ' ਕੋਈ ਵੀ ਨਹੀਂ ਸੀ ਲੱਗਿਆ, ਸਾਰੇ ਹੀ ਪ੍ਰਸੰਨ ਚਿੱਤ ਸਨ। ਆਪਣੀਆਂ ਔਖੀਆਂ ਪ੍ਰਸਥਿਤੀਆਂ ਦੀ ਚਰਚਾ ਵੀ ਕਰਦੇ ਸਨ ਤਾਂ ਬੜੇ ਉਤਸਾਹ ਨਾਲ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਬੜੀ ਦਿਲਚਸਪ ਸੀ।
ਅਸੀਂ ਕਾਟੇਜ਼ ਦੇ ਗੇਟ ਅੰਦਰ ਵੜ ਰਹੇ ਸਾਂ ਤੇ ਗਰੀਬ ਨਵਾਜ਼ ਬਾਹਰ ਆ ਰਿਹਾ ਸੀ। ਚੱਡੇ ਨੇ ਉਸ ਵੱਲ ਗਹੁ ਨਾਲ ਦੇਖਿਆ ਤੇ ਆਪਣੀ ਜੇਬ ਵਿਚ ਹੱਥ ਪਾ ਕੇ ਨੋਟ ਕੱਢੇ। ਬਿਨਾਂ ਗਿਣੇ ਉਸਨੇ ਉਹ ਗਰੀਬ ਨਵਾਜ਼ ਨੂੰ ਫੜਾਂਦਿਆਂ ਹੋਇਆਂ ਕਿਹਾ, “ਚਾਰ ਬੋਤਲਾਂ ਸਕਾਚ ਦੀਆਂ ਚਾਹੀਦੀਆਂ ਨੇ। ਘੱਟ ਹੋਣ ਤਾਂ ਆਪਣੇ ਕੋਲੋਂ ਪਾ ਲਵੀਂ, ਵੱਧਣ ਤਾਂ ਮੈਨੂੰ ਵਾਪਸ ਕਰ ਦਵੀਂ।”
ਗਰੀਬ ਨਵਾਜ਼ ਦੇ ਹੈਦਰਾਬਾਦੀ ਬੁੱਲ੍ਹਾਂ ਉੱਤੇ ਗੂੜ੍ਹੀ, ਕਣਕ-ਵੰਨੀ ਮੁਸਕਾਨ ਆ ਗਈ। ਚੱਡਾ ਖਿੜ-ਖਿੜ ਕਰਕੇ ਹੱਸਿਆ ਤੇ ਮੇਰੇ ਵੱਲ ਦੇਖ ਕੇ ਉਸਨੇ ਗਰੀਬ ਨਵਾਜ਼ ਨੂੰ ਕਿਹਾ, “ਇਹ ਮਿਸਟਰ ਮੰਟੋ ਨੇ...ਪਰ ਇਹਨਾਂ ਨਾਲ ਭਰਪੂਰ ਮੁਲਾਕਾਤ ਦਾ ਸਮਾਂ ਇਸ ਸਮੇਂ ਨਹੀਂ ਦਿੱਤਾ ਜਾ ਸਕਦਾ। ਇਹਨਾਂ ਰੰਮ ਪੀਤੀ ਹੋਈ ਏ। ਸ਼ਾਮੀਂ ਸਕਾਚ ਆ ਜਾਏ ਤਾਂ...ਤੋ ਤੁਸੀਂ ਹੁਣ ਜਾ ਸਕਦੇ ਓ।”
ਗਰੀਬ ਨਵਾਜ਼ ਚਲਾ ਗਿਆ। ਅਸੀਂ ਅੰਦਰ ਚਲੇ ਗਏ। ਚੱਡੇ ਨੇ ਇਕ ਭਰਪੂਰ ਅੰਗੜਾਈ ਲਈ ਤੇ ਰੰਮ ਦੀ ਬੋਤਲ ਚੁੱਕ ਲਈ, ਜਿਹੜੀ ਅੱਧੀ ਤੋਂ ਵੱਧ ਖ਼ਾਲੀ ਸੀ। ਉਸਨੇ ਰੌਸ਼ਨੀ ਵਿਚ ਕਰਕੇ ਉਸਦੀ ਮਾਤਰਾ ਦਾ ਸਰਸਰੀ ਨਜ਼ਰੇ ਅੰਦਾਜ਼ਾ ਲਾਇਆ ਤੇ ਨੌਕਰ ਨੂੰ ਆਵਾਜ਼ ਮਾਰੀ, “ਕਜਾਕਿਸਤਾਨ ਦੇ ਸ਼ਹਿਜ਼ਾਦੇ!” ਜਦੋਂ ਉਹ ਨਾ ਆਇਆ ਤਾਂ ਉਸਨੇ ਆਪਣੇ ਗ਼ਲਾਸ ਵਿਚ ਵੱਡਾ ਸਾਰਾ ਪੈਗ ਪਾਂਦਿਆਂ ਕਿਹਾ, “ਵਹਵਾ ਪੀ ਗਿਆ ਏ ਕੰਮਬਖ਼ਤ!”
ਗ਼ਲਾਸ ਖ਼ਤਮ ਕਰਦਿਆਂ ਹੋਇਆਂ ਉਹ ਕੁਝ ਫਿਕਰਮੰਦ ਜਿਹਾ ਹੋ ਗਿਆ, “ਯਾਰ, ਭਾਬੀ ਨੂੰ ਤੂੰ ਖ਼ਾਹਮ-ਖ਼ਾਹ ਇੱਥੇ ਲੈ ਆਇਐਂ। ਸੌਂਹ ਖ਼ੁਦਾ ਦੀ ਮੈਨੂੰ ਆਪਣੀ ਛਾਤੀ ਤੇ ਬੋਝ ਮਹਿਸੂਸ ਹੋ ਰਿਹੈ।” ਫੇਰ ਆਪੇ ਹੀ ਉਸਨੇ ਆਪਣੇ ਆਪ ਨੂੰ ਹੌਸਲਾ ਜਿਹਾ ਦਿੱਤਾ, “ਪਰ ਮੇਰਾ ਖ਼ਿਆਲ ਏ ਕਿ ਉਹ ਬੋਰ ਨਹੀਂ ਹੋਏਗੀ ਉੱਥੇ।”
ਮੈਂ ਕਿਹਾ, “ਹਾਂ, ਉੱਥੇ ਰਹਿ ਕੇ ਉਹ ਮੈਨੂੰ ਕਤਲ ਕਰਨ ਦਾ ਇਰਾਦਾ ਜਲਦੀ ਨਹੀਂ ਕਰ ਸਕਦੀ।” ਇਹ ਕਹਿ ਕੇ ਮੈਂ ਆਪਣੇ ਗ਼ਲਾਸ ਵਿਚ ਰੰਮ ਪਾਈ, ਜਿਸਦਾ ਸਵਾਦ ਬੁਸੇ ਹੋਏ ਗੁੜ ਵਰਗਾ ਸੀ।
ਜਿਸ ਕਬਾੜਖਾਨੇ ਵਿਚ ਅਸੀਂ ਬੈਠੇ ਸਾਂ, ਉਸ ਵਿਚ ਸਰੀਆਂ ਵਾਲੀਆਂ ਦੋ ਤਾਕੀਆਂ ਵੀ ਸਨ ਜਿਹਨਾਂ ਵਿਚੋਂ ਕਾਟੇਜ ਦਾ ਬਾਹਰਲਾ ਖ਼ਾਲੀ ਹਿੱਸਾ ਨਜ਼ਰ ਆਉਂਦਾ ਸੀ। ਇਧਰੋਂ ਕਿਸੇ ਨੇ ਚੱਡੇ ਦਾ ਨਾਂਅ ਲੈ ਕੇ ਜ਼ੋਰ ਨਾਲ ਆਵਾਜ਼ ਮਾਰੀ। ਮੈਂ ਤ੍ਰਬਕ ਗਿਆ ਤੇ ਦੇਖਿਆ ਮਿਊਜ਼ਿਕ ਡਾਇਰੈਕਟਰ ਵਣਕਤਰੇ ਹੈ। ਕੁਝ ਸਮਝ ਵਿਚ ਨਹੀਂ ਸੀ ਆਇਆ ਕਿ ਉਹ ਕਿਸ ਨਸਲ ਦਾ ਹੈ—ਮੰਗੋਲ ਹੈ, ਹਬਸ਼ੀ ਹੈ, ਆਰੀਆ ਹੈ ਜਾਂ ਕੀ ਬਲਾਅ ਹੈ! ਕਦੀ-ਕਦੀ ਉਸਨੂੰ ਕਿਸੇ ਇਕ ਕੋਨ ਤੋਂ ਦੇਖਦਾ ਹੋਇਆ ਆਦਮੀ ਕਿਸੇ ਸਿੱਟੇ 'ਤੇ ਪਹੁੰਚਣ ਵਾਲਾ ਹੁੰਦਾ ਕਿ ਬਦਲੇ ਹੋਏ ਕੋਨ ਤੋਂ ਉਹ ਕੁਝ ਹੋਰ ਹੀ ਨਜ਼ਰ ਆਉਣ ਲੱਗ ਪੈਂਦਾ ਤੇ ਆਦਮੀ ਨੂੰ ਨਵੇਂ ਸਿਰੇ ਤੋਂ ਵਿਚਾਰ ਕਰਨੀ ਪੈ ਜਾਂਦੀ। ਵੈਸੇ ਉਹ ਮਰਾਠਾ ਸੀ, ਪਰ ਸ਼ਿਵਾ ਜੀ ਦੀ ਤਿੱਖੀ ਨੱਕ ਦੀ ਬਜਾਏ ਉਸਦੇ ਚਿਹਰੇ ਉੱਤੇ ਬੜੀ ਹੈਰਾਨ ਕਰ ਦੇਣ ਵਾਲੀ ਮੁੜੀ-ਤੁੜੀ, ਚਪਟੀ ਜਿਹੀ ਨੱਕ ਸੀ, ਜਿਹੜੀ ਉਸਦੇ ਵਿਚਾਰ ਅਨੁਸਾਰ ਉਹਨਾਂ ਸੁਰਾਂ ਲਈ ਬੜੀ ਜ਼ਰੂਰੀ ਸੀ, ਜਿਹਨਾਂ ਦਾ ਸਿੱਧਾ ਸੰਬੰਧ ਨੱਕ ਨਾਲ ਹੁੰਦਾ ਹੈ। ਉਸਨੇ ਮੈਨੂੰ ਦੇਖਿਆ ਤਾਂ ਕੂਕਿਆ, “ਮੰਟੋ—ਮੰਟੋ ਸੇਠ!”
ਚੱਡੇ ਨੇ ਉਸ ਨਾਲੋਂ ਉੱਚੀ ਆਵਾਜ਼ ਵਿਚ ਕਿਹਾ, “ਸੇਠ ਦੀ ਐਸੀ ਦੀ ਤੈਸੀ—ਚੱਲ, ਅੰਦਰ ਆ!”
ਉਹ ਝੱਟ ਅੰਦਰ ਆ ਗਿਆ। ਉਸਨੇ ਹੱਸਦਿਆਂ ਹੋਇਆਂ ਆਪਣੀ ਜੇਬ ਵਿਚੋਂ ਰੰਮ ਦੀ ਇਕ ਬੋਤਲ ਕੱਢੀ ਤੇ ਤਿਪਾਈ ਉੱਤੇ ਰੱਖ ਦਿੱਤੀ, “ਮੈਂ ਸਾਲਾ ਉਧਰ ਮੰਮੀ ਕੋਲ ਗਿਆ। ਉਹ ਬੋਲੀ, 'ਤੁਹਾਡਾ ਫਰੈਂਡ ਆਇਆ ਹੋਇਐ।' ਮੈਂ ਬੋਲਾ, 'ਸਾਲਾ ਇਹ ਫਰੈਂਡ ਕਿਹੜਾ ਆ ਗਿਆ...ਸਾਲਾ ਪਤਾ ਈ ਨਈਂ ਸੀ, ਸਾਲਾ ਮੰਟੋ ਐ!”
ਚੱਡੇ ਨੇ ਵਣਕਤਰੇ ਦੇ ਕੱਦੂ ਵਰਗੇ ਸਿਰ ਉੱਤੇ ਇਕ ਥੱਫਾ ਜੜ ਦਿੱਤਾ, “ਚੁੱਪ ਵੀ ਕਰ ਸਾਲੇ ਦਿਆ ਸਾਲਿਆ...ਤੂੰ ਰੰਮ ਲੈ ਆਇਐਂ...ਬਸ ਠੀਕ ਏ!” ਵਣਕਤਰੇ ਨੇ ਆਪਣਾ ਸਿਰ ਪਲੋਸਿਆ ਤੇ ਮੇਰਾ ਖ਼ਾਲੀ ਗ਼ਲਾਸ ਚੁੱਕ ਕੇ ਆਪਣੇ ਲਈ ਪੈਗ ਬਣਾਇਆ—“ਮੰਟੋ, ਇਹ ਸਾਲਾ ਅੱਜ ਮਿਲਦਾ ਹੀ ਕਹਿਣ ਲੱਗਾ, 'ਅੱਜ ਪੀਣ ਨੂੰ ਜੀਅ ਕਰਦੈ'...ਮੈਂ ਯਕਦਮ ਖਾਲੀ-ਖੀਸੇ...ਸੋਚਿਆ, ਕੀ ਕਰਾਂ...”
ਚੱਡੇ ਨੇ ਇਕ ਹੋਰ ਥੱਫਾ ਉਸਦੇ ਸਿਰ ਉੱਤੇ ਮਾਰਿਆ, “ਚੁੱਪ ਕਰਕੇ ਬੈਠ, ਜਿਵੇਂ ਤੂੰ ਸੱਚਮੁੱਚ ਹੀ ਕੁਝ ਸੋਚ ਲਿਆ ਹੋਏਗਾ।”
“ਸੋਚਿਆ ਨਾ ਹੁੰਦਾ ਤਾਂ ਇਹ ਸਾਲੀ ਐਡੀ ਵੱਡੀ ਬੋਤਲ ਕਿੱਥੋ ਆਉਂਦੀ—ਤੇਰਾ ਪਿਤਾਜੀ ਦੇ ਗਿਆ ਕੋਈ?” ਵਣਕਤਰੇ ਨੇ ਇਕੋ ਘੁੱਟ ਵਿਚ ਗ਼ਲਾਸ ਖ਼ਾਲੀ ਕਰ ਦਿੱਤਾ। ਚੱਡੇ ਨੇ ਉਸਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ ਤੇ ਉਸਨੂੰ ਪੁੱਛਿਆ, “ਤੂੰ ਇਹ ਤਾਂ ਦੱਸ ਬਈ ਮੰਮੀ ਕੀ ਕਹਿ ਰਹੀ ਸੀ?—ਦੱਸਿਐ, ਕੁਝ ਕਿ ਮੋਜ਼ੇਲ ਕਦ ਆਵੇਗੀ?...ਤੇ ਹਾਂ...ਉਹ ਪਲੇਟੀਨਮ ਬਲੌਂਡ!”
ਵਣਕਤਰੇ ਨੇ ਜਵਾਬ ਵਿਚ ਕੁਝ ਕਹਿਣਾ ਚਾਹਿਆ, ਪਰ ਚੱਡੇ ਨੇ ਮੇਰੀ ਬਾਂਹ ਫੜ੍ਹ ਕੇ ਕਹਿਣਾ ਸ਼ੁਰੂ ਕਰ ਦਿੱਤਾ, “ਮੰਟੋ ਸੌਂਹ ਖ਼ੁਦਾ ਦੀ, ਕਿਆ ਚੀਜ਼ ਏ! ਸੁਣਦੇ ਹੁੰਦੇ ਸਾਂ ਕਿ ਇਕ ਚੀਜ਼ ਪਲਾਟੀਨਮ ਬਲੌਂਡ ਵੀ ਹੁੰਦੀ ਏ, ਪਰ ਦੇਖਣ ਦਾ ਮੌਕਾ ਕੱਲ੍ਹ ਮਿਲਿਆ—ਵਾਲ ਨੇ, ਜਿਵੇਂ ਚਾਂਦੀ ਦੇ ਬਰੀਕ-ਬਰੀਕ ਤਾਰ...ਗ੍ਰੇਟ...ਸੌਂਹ ਖ਼ੁਦਾ ਦੀ ਮੰਟੋ, ਅਤਿ ਗ੍ਰੇਟ...ਮੰਮੀ ਜ਼ਿੰਦਾਬਾਦ!” ਫੇਰ ਉਸਨੇ ਗੁਸੈਲੀਆਂ ਨਜ਼ਰਾਂ ਨਾਲ ਵਣਕਤਰੇ ਵੱਲ ਦੇਖਿਆ ਤੇ ਕੜਕ ਕੇ ਕਿਹਾ, “ਓਇ ਕੰਨਕੁਤਰੇ ਦੇ ਬੱਚੇ—ਨਾਅਰਾ ਕਿਉਂ ਨਹੀਂਓਂ ਲਗਾਂਦਾ ਪਿਆ—ਮੰਮੀ ਜ਼ਿੰਦਾਬਾਦ!”
ਚੱਡੇ ਤੇ ਵਣਕਤਰੇ ਦੋਵਾਂ ਨੇ ਰਲ ਕੇ 'ਮੰਮੀ ਜ਼ਿੰਦਾਬਾਦ!' ਦੇ ਕਈ ਨਾਅਰੇ ਲਾਏ। ਇਸ ਪਿੱਛੋਂ ਵਣਕਤਰੇ ਨੇ ਫੇਰ ਚੱਡੇ ਦੇ ਸਵਾਲ ਦਾ ਜਵਾਬ ਦੇਣਾ ਚਾਹਿਆ, ਪਰ ਉਸਨੇ ਚੁੱਪ ਕਰਵਾ ਦਿੱਤਾ, “ਛੱਡ ਯਾਰ...ਮੈਂ ਜਜ਼ਬਾਤੀ ਹੋ ਗਿਆ ਆਂ—ਇਸ ਵੇਲੇ ਇਹ ਸੋਚ ਰਿਹਾਂ ਬਈ ਆਮ ਕਰਕੇ ਮਾਸ਼ੂਕਾਵਾਂ ਦੇ ਵਾਲ ਕਾਲੇ ਹੁੰਦੇ ਨੇ, ਜਿਹਨਾਂ ਨੂੰ ਕਾਲੀਆਂ ਘਟਾਵਾਂ ਕਿਹਾ ਜਾਂਦਾ ਏ...ਪਰ ਇਹ ਤਾਂ ਕੁਝ ਹੋਰ ਹੀ ਮਾਮਲਾ ਹੋ ਗਿਆ।” ਫੇਰ ਉਹ ਮੇਰੇ ਵੱਲ ਭੌਂ ਕੇ ਕਹਿਣ ਲੱਗਾ, “ਮੰਟੋ—ਬੜੀ ਗੜਬੜ ਹੋ ਗਈ ਏ, ਉਸਦੇ ਵਾਲ ਚਾਂਦੀ ਦੀਆਂ ਤਾਰਾਂ ਵਰਗੇ ਨੇ—ਚਾਂਦੀ-ਰੰਗੇ ਵੀ ਨਹੀਂ ਕਹੇ ਜਾ ਸਕਦੇ—ਪਤਾ ਨਹੀਂ, ਪਲੇਟੀਨਮ ਦਾ ਰੰਗ ਕੈਸਾ ਹੁੰਦੈ, ਕਿਉਂਕਿ ਮੈਂ ਅਜੇ ਤੀਕ ਇਹ ਧਾਤ ਦੇਖੀ ਨਹੀਂ...ਕੁਝ ਅਜੀਬ ਜਿਹਾ ਹੀ ਰੰਗ ਏ—ਫੌਲਾਦ ਤੇ ਚਾਂਦੀ ਦੋਵਾਂ ਨੂੰ ਮਿਲਾ ਦਿੱਤਾ ਜਾਏ...”
ਵਣਕਤਰੇ ਨੇ ਦੂਜਾ ਪੈਗ ਖ਼ਤਮ ਕਰਦਿਆਂ ਹੋਇਆਂ ਕਿਹਾ, “ਤੇ ਉਸ ਵਿਚ ਥੋੜ੍ਹੀ ਜਿਹੀ ਥ੍ਰੀ ਐਕਸ ਰੰਮ ਵੀ ਮਿਕਸ ਕਰ ਦਿੱਤੀ ਜਾਏ।”
ਚੱਡੇ ਨੇ ਹਿਰਖ ਕੇ ਉਸਨੂੰ ਇਕ ਮੋਟੀ ਸਾਰੀ ਗਾਲ੍ਹ ਕੱਢੀ। “...ਬਕਵਾਸ ਨਾ ਕਰ!” ਫੇਰ ਉਸਨੇ ਬੜੀਆਂ ਉਦਾਸੀਆਂ ਹੋਈਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ, “ਯਾਰ...ਮੈਂ ਸੱਚਮੁੱਚ ਜਜ਼ਬਾਤੀ ਹੋ ਗਿਆਂ...ਹਾਂ...ਉਹ ਰੰਗ...ਸੌਂਹ ਖ਼ੁਦਾ ਦੀ, ਲਾਜਵਾਬ ਰੰਗ ਏ...ਉਹ ਤੂੰ ਦੇਖਿਐ...ਉਹ ਜਿਹੜਾ ਮੱਛੀ ਦੇ ਢਿੱਡ 'ਤੇ ਹੁੰਦੈ...ਨਹੀਂ-ਨਹੀਂ, ਸਾਰੇ ਪਿੰਡੇ 'ਤੇ ਨਹੀਂ ਹੁੰਦਾ...ਪੋਮਫ੍ਰੇਟ ਮੱਛੀ...ਉਸਦੇ ਉਹ ਕੀ ਹੁੰਦੇ ਨੇ?...ਨਹੀਂ, ਸੱਪਾਂ ਦੇ ਨਹੀਂ...ਉਹ ਛੋਟੇ-ਛੋਟੇ ਖਪਰੇ...ਹਾਂ, ਖਪਰੇ...ਬਸ, ਉਸਦਾ ਰੰਗ...ਖਪਰੇ..ਇਹ ਸ਼ਬਦ ਮੈਨੂੰ ਇਸ ਹਿੰਦੁਸਤੋੜੇ ਨੇ ਦੱਸਿਆ ਸੀ...ਏਡੀ ਸੁੰਦਰ ਚੀਜ਼ ਤੇ ਏਡਾ ਕੋਝਾ ਨਾਂਅ...ਪੰਜਾਬੀ ਵਿਚ ਆਪਾਂ ਲੋਕ ਇਹਨਾਂ ਨੂੰ ਚਾਣੇ ਕਹਿੰਦੇ ਆਂ। ਇਸ ਸ਼ਬਦ ਵਿਚ ਇਕ ਚਿਣਤੀ ਏ...ਉਹੀ, ਬਿਲਕੁਲ ਉਹੀ, ਜਿਹੜੀ ਉਸਦੇ ਵਾਲਾਂ ਦੀ ਏ। ਨਿੱਕੀਆਂ ਨਿੱਕੀਆਂ ਲਿਟਾਂ ਉਹਨਾਂ ਸਪੋਲੀਆਂ ਵਰਗੀਆਂ ਲੱਗਦੀਆਂ ਨੇ, ਜਿਹੜੇ ਵਲ-ਵਲੇਵੇਂ ਖਾ ਰਹੇ ਹੁੰਦੇ ਨੇ...।” ਉਹ ਅਚਾਨਕ ਉੱਠਿਆ। “ਸਪੋਲੀਆਂ ਦੀ ਐਸੀ ਦੀ ਤੈਸੀ! ਮੈਂ ਜਜ਼ਬਾਤੀ ਹੋ ਗਿਆਂ...।”
ਵਣਕਤਰੇ ਨੇ ਬੜੇ ਭੋਲੇਪਨ ਨਾਲ ਪੁੱਛਿਆ, “ਉਹ ਕੀ ਹੁੰਦੈ...?”
“ਸੈਂਟੀਮੈਂਟਲ,” ਚੱਡੇ ਨੇ ਜਵਾਬ ਦਿੱਤਾ, “ਪਰ ਤੂੰ ਕੀ ਸਮਝੇਂਗਾ ਬਾਲਾਜੀ ਬਾਜੀਰਾਵ ਤੇ ਨਾਨਾ ਫਰਨਵੀਸ ਦੀਏ ਔਲਾਦੇ...!”
ਵਣਕਤਰੇ ਨੇ ਆਪਣੇ ਲਈ ਇਕ ਹੋਰ ਪੈਗ ਬਣਾਇਆ ਤੇ ਮੇਰੇ ਵੱਲ ਭੌਂ ਕੇ ਕਹਿਣ ਲੱਗਾ, “ਇਹ ਸਾਲਾ ਚੱਡਾ ਸਮਝਦਾ ਏ ਕਿ ਮੈਂ ਇੰਗਲਿਸ਼ ਨਹੀਂ ਸਮਝਦਾ। ਮੈਟ੍ਰੀਕੁਲੇਟ ਹਾਂ...ਸਾਲਾ ਮੇਰਾ ਪਿਤਾਜੀ ਮੈਨੂੰ ਬੜਾ ਪਿਆਰ ਕਰਦਾ ਸੀ...ਉਸਨੇ...।”
ਚੱਡੇ ਨੇ ਚਿੜ ਕੇ ਕਿਹਾ, “ਉਸਨੇ ਤੈਨੂੰ ਤਾਨਸੈਨ ਬਣਾ ਦਿੱਤਾ...ਤੇ ਤੇਰੀ ਨੱਕ ਮਰੋੜ ਦਿੱਤੀ, ਤਾਂ ਕਿ ਨੁਕਰੇ ਸੁਰ ਆਸਾਨੀ ਨਾਲ ਤੇਰੀ ਨੱਕ ਵਿਚੋਂ ਨਿਕਲ ਸਕਣ। ਬਚਪਨ ਵਿਚ ਹੀ ਉਸਨੇ ਤੈਨੂੰ ਧੁਰਪਦ ਗਾਉਣਾ ਸਿਖਾਅ ਦਿੱਤਾ ਸੀ, ਤੇ ਦੁੱਧ ਪੀਣ ਲਈ ਤੂੰ ਮੀਆਂ ਦੀ ਟੋੜੀ ਵਿਚ ਰੋਂਦਾ ਹੁੰਦਾ ਸੈਂ ਤੇ ਪਿਸ਼ਾਬ ਕਰਨ ਵੇਲੇ ਅੜਾਨਾ ਰਾਗ ਵਿਚ...ਤੇ ਤੂੰ ਪਹਿਲੀ ਗੱਲ ਪਟਦੀਪ ਵਿਚ ਕੀਤੀ ਸੀ...ਤੇ ਤੇਰਾ ਪਿਤਾਜੀ... ਜਗਤ-ਉਸਤਾਦ ਸੀ, ਬੈਜੂ ਬਾਵਰੇ ਦੇ ਵੀ ਕੰਨ ਕੁਤਰਦਾ ਸੀ...ਤੇ ਤੂੰ ਅੱਜ ਕੱਲ੍ਹ ਉਸਦੇ ਕੰਨ ਕੁਤਰਦਾ ਏਂ, ਇਸ ਲਈ ਤੇਰਾ ਨਾਂਅ ਕੰਨਕੁਤਰੇ ਹੈ।” ਏਨਾ ਕਹਿ ਕੇ ਉਹ ਮੇਰੇ ਵੱਲ ਮੁੜਿਆ, “ਮੰਟੋ, ਇਹ ਸਾਲਾ ਜਦੋਂ ਵੀ ਪੀਂਦਾ ਏ, ਆਪਣੇ ਪਿਓ ਦੀ ਤਾਰੀਫ਼ ਸ਼ੁਰੂ ਕਰ ਦੇਂਦਾ ਏ। ਉਹ ਇਸਨੂੰ ਪਿਆਰ ਕਰਦਾ ਸੀ ਤਾਂ ਮੇਰੇ 'ਤੇ ਕੀ ਅਹਿਸਾਨ ਕਰਦਾ ਸੀ ? ਉਸਨੇ ਇਸਨੂੰ ਮੈਟ੍ਰੀਕੁਲੇਟ ਬਣਾ ਦਿੱਤਾ ਤਾਂ ਇਸਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਆਪਣੀ ਬੀ.ਏ. ਦੀ ਡਿਗਰੀ ਪਾੜ ਕੇ ਸੁੱਟ ਦਿਆਂ।”
ਵਣਕਤਰੇ ਨੇ ਇਸ ਬੌਛਾਰ ਉੱਤੇ ਇਤਰਾਜ਼ ਕਰਨਾ ਚਾਹਿਆ, ਪਰ ਚੱਡੇ ਨੇ ਉਸਨੂੰ ਉੱਥੇ ਹੀ ਰੋਕ ਦਿੱਤਾ, “ਚੁੱਪ ਰਹਿ...ਮੈਂ ਕਹਿ ਚੁੱਕਿਆਂ ਕਿ ਮੈਂ ਸੈਂਟੀਮੈਂਟਲ ਹੋ ਗਿਆਂ...ਹਾਂ, ਉਹ ਰੰਗ...ਪੋਮਫ੍ਰੇਟ ਮੱਛੀ ਦੇ...ਨਹੀਂ-ਨਹੀਂ—ਸੱਪ ਦੇ ਨੰਨ੍ਹੇ-ਨੰਨ੍ਹੇ ਛਿੰਬ੍ਹ...ਬਸ, ਅਜਿਹਾ ਹੀ ਰੰਗ...ਮੰਮੀ ਨੇ ਰੱਬ ਜਾਣੇ ਆਪਣੀ ਬੀਨ ਉੱਤੇ ਕਿਹੜਾ ਰਾਗ ਵਜਾਅ ਕੇ ਉਸ ਨਾਗਨ ਨੂੰ ਬਾਹਰ ਕੱਢਿਆ ਏ!”
ਵਣਕਤਰੇ ਸੋਚਣ ਲੱਗਾ। ਫੇਰ ਬੋਲਿਆ, “ਪੇਟੀ ਮੰਗਾਓ, ਮੈਂ ਵਜਾਅ ਕੇ ਦਸਦਾਂ।”
ਚੱਡਾ ਠਹਾਕਾ ਮਾਰ ਕੇ ਹੱਸਿਆ, “ਚੁੱਪ ਬੈਠ ਓ ਮੈਟ੍ਰੀਕੁਲੇਟ ਦੇ ਚਾਕਲੇਟ...!” ਉਸਨੇ ਰੰਮ ਦੀ ਬੋਤਲ ਵਿਚ ਬਚੀ ਹੋਈ ਸ਼ਰਾਬ ਨੂੰ ਆਪਣੇ ਗ਼ਲਾਸ ਵਿਚ ਪਾਇਆ ਤੇ ਮੈਨੂੰ ਕਿਹਾ, “ਮੰਟੋ, ਜੇ ਉਹ ਪਲੇਟੀਨਮ ਬਲੌਂਡ ਨਾ ਫਸੀ ਤਾਂ ਚੱਡਾ ਹਿਮਾਲਿਆ ਪਹਾੜ ਦੀ ਕਿਸੇ ਚੋਟੀ ਉੱਤੇ ਧੂੰਨੀ ਰਮਾ ਕੇ ਬੈਠ ਜਾਏਗਾ...।” ਤੇ ਉਸਨੇ ਗ਼ਲਾਸ ਖ਼ਾਲੀ ਕਰ ਦਿੱਤਾ।
ਵਣਕਤਰੇ ਨੇ ਆਪਣੀ ਲਿਆਂਦੀ ਹੋਈ ਬੋਤਲ ਖੋਲ੍ਹਣੀ ਸ਼ੁਰੂ ਕੀਤੀ। “ਮੰਟੋ ਮੁਲਗੀ (ਕੁੜੀ) ਏਕਦਮ ਚਾਂਗਲੀ (ਸੋਹਣੀ) ਹੈ।”
ਮੈਂ ਕਿਹਾ, “ਦੇਖ ਲਵਾਂਗੇ।”
“ਅੱਜ ਹੀ...ਅੱਜ ਰਾਤੀਂ ਮੈਂ ਇਕ ਪਾਰਟੀ ਦੇ ਰਿਹਾਂ। ਇਹ ਬੜਾ ਹੀ ਚੰਗਾ ਹੋਇਆ ਕਿ ਤੂੰ ਆ  ਗਿਐਂ ਤੇ ਸ਼੍ਰੀ-ਸ਼੍ਰੀ ਇਕ ਸੌ ਅੱਠ ਮਹਿਤਾ ਜੀ ਨੇ ਤੇਰੇ ਕਰਕੇ ਐਡਵਾਂਸ ਵੀ ਦੇ ਦਿੱਤੈ, ਨਹੀਂ ਤਾਂ ਬੜੀ ਮੁਸ਼ਕਿਲ ਹੋ ਜਾਣੀ ਸੀ...ਅੱਜ ਰਾਤ...” ਚੱਡੇ ਨੇ ਬੜੀਆਂ ਬੇਸੁਰੀਆਂ ਸੁਰਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ, “ਅੱਜ ਦੀ ਰਾਤ ਸਾਜੇ ਦਰਦ ਨਾ ਛੇੜ...ਓਇ!”
ਵਿਚਾਰਾ ਵਣਕਤਰੇ ਉਸਦੀ ਇਸ ਵਧੀਕੀ ਬਾਰੇ ਕੁਝ ਕਹਿਣ ਹੀ ਲੱਗਾ ਸੀ ਕਿ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਆ ਗਏ। ਦੋਵਾਂ ਕੋਲ ਸਕਾਚ ਦੀਆਂ ਦੋ ਦੋ ਬੋਤਲਾਂ ਸਨ। ਉਹ ਉਹਨਾਂ ਮੇਜ਼ ਉੱਤੇ ਰੱਖ ਦਿੱਤੀਆਂ।
ਰਣਜੀਤ ਕੁਮਾਰ ਨਾਲ ਮੇਰੇ ਚੰਗੇ ਸਬੰਧ ਸਨ; ਪਰ ਅਸੀਂ ਬਹੁਤੇ ਖੁੱਲ੍ਹੇ ਨਹੀਂ ਸਾਂ, ਇਸ ਲਈ ਦੋਵਾਂ ਨੇ ਥੋੜ੍ਹੀ ਜਿਹੀ, 'ਤੁਸੀਂ ਕਦੋਂ ਆਏ?', 'ਅੱਜ ਹੀ ਆਇਆਂ।' ਵਰਗੀਆਂ ਰਸਮੀਂ ਗੱਲਾਂ ਕੀਤੀਆਂ ਤੇ ਗ਼ਲਾਸ ਟਕਰਾਅ ਕੇ ਪੀਣ ਲੱਗ ਪਏ।
ਚੱਡਾ ਸੱਚਮੁੱਚ ਬੜਾ ਜਜ਼ਬਾਤੀ ਹੋ ਗਿਆ ਸੀ। ਹਰ ਗੱਲ ਵਿਚ ਉਸ ਪਲੈਟੀਨਮ ਬਲੌਂਡ ਦਾ ਜ਼ਿਕਰ ਲੈ ਆਉਂਦਾ। ਰਣਜੀਤ ਕੁਮਾਰ ਦੂਜੀ ਬੋਤਲ ਦਾ ਚੌਥਾ ਹਿੱਸਾ ਚੜ੍ਹਾ ਗਿਆ ਸੀ। ਗਰੀਬ ਨਿਵਾਜ਼ ਨੇ ਸਕਾਚ ਦੇ ਤਿੰਨ ਪੈਗ ਪੀਤੇ ਸਨ। ਨਸ਼ੇ ਦੇ ਮਾਮਲੇ ਵਿਚ ਓਹਨਾਂ ਸਭਨਾਂ ਦੀ ਹਾਲਤ ਇਕੋ ਜਿਹੀ ਸੀ। ਮੈਂ ਕਿਉਂਕਿ ਜ਼ਿਆਦਾ ਪੀਣ ਦਾ ਆਦੀ ਸਾਂ, ਇਸ ਲਈ ਮੈਂ ਜਿਉਂ ਦਾ ਤਿਉਂ ਬੈਠਾ ਸਾਂ। ਉਹਨਾਂ ਦੀ ਗੱਲਬਾਤ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਚਾਰੇ ਉਸ ਨਵੀਂ ਕੁੜੀ ਉੱਤੇ ਬੁਰੀ ਤਰ੍ਹਾਂ ਮਰ ਮਿਟੇ ਸਨ, ਜਿਹੜੀ ਮੰਮੀ ਨੇ ਪਤਾ ਨਹੀਂ ਕਿੱਧਰੋਂ ਪੈਦਾ ਕੀਤੀ ਸੀ। ਇਸ ਅਮੁੱਲ ਮੋਤੀ ਦਾ ਨਾਂ ਫਿਲਿਸ ਸੀ। ਪੂਨੇ ਵਿਚ ਕੋਈ ਹੇਅਰ ਡਰੈਸਿੰਗ ਸੈਲੂਨ ਸੀ, ਜਿੱਥੇ ਉਹ ਨੌਕਰੀ ਕਰਦੀ ਸੀ। ਉਸਦੇ ਨਾਲ ਆਮ ਕਰਕੇ ਇਕ ਖੁਸਰਿਆਂ ਵਰਗਾ ਮੁੰਡਾ ਹੁੰਦਾ ਸੀ। ਕੁੜੀ ਦੀ ਉਮਰ ਚੌਦਾਂ ਪੰਦਰਾਂ ਸਾਲ ਦੇ ਨੇੜੇ-ਤੇੜੇ ਸੀ। ਗਰੀਬ ਨਿਵਾਜ਼ ਤਾਂ ਇੱਥੋਂ ਤਕ ਉਸ ਉੱਤੇ ਰੀਝਿਆ ਹੋਇਆ ਸੀ ਕਿ ਉਹ ਹੈਦਰਾਬਾਦ ਵਿਚ ਆਪਣੇ ਹਿੱਸੇ ਦੀ ਜਾਇਦਾਦ ਵੇਚ ਕੇ ਵੀ ਉਸਦੇ ਦਾਅ 'ਤੇ ਲਾਉਣ ਲਈ ਤਿਆਰ ਸੀ। ਚੱਡੇ ਕੋਲ ਇਕੋਇਕ ਕੰਮ ਦਾ ਪੱਤਾ ਸੀ, ਆਪਣੇ ਰੂਪ ਦਾ। ਵਣਕਤਰੇ ਦਾ ਖ਼ਿਆਲ ਸੀ ਕਿ ਉਸਦੀ ਪੇਟੀ ਸੁਣ ਕੇ ਉਹ ਪਰੀ ਜ਼ਰੂਰ ਸ਼ੀਸ਼ੇ ਵਿਚ ਉਤਰ ਆਵੇਗੀ, ਤੇ ਰਣਜੀਤ ਕੁਮਾਰ ਦਾ ਵਿਸ਼ਵਾਸ ਜ਼ੋਰ ਜਬਰਦਸਤੀ ਵਿਚ ਸੀ...ਪਰ ਅੰਤ ਵਿਚ ਸਾਰੇ ਇਹੋ ਸੋਚਦੇ ਸਨ ਕਿ ਦੇਖੋ, ਮੰਮੀ ਕਿਸ ਉੱਤੇ ਕਿਰਪਾਲੂ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਸੀ ਕਿ ਉਸ ਪਲੇਟੀਨਮ ਬਲੌਂਡ ਫਿਲਿਸ ਨੂੰ ਉਹ ਜ਼ਨਾਨੀ, ਜਿਸ ਨੂੰ ਮੈਂ ਚੱਡੇ ਨਾਲ ਤਾਂਗੇ ਵਿਚ ਦੇਖਿਆ ਸੀ, ਕਿਸੇ ਦੇ ਵੀ ਹਵਾਲੇ ਕਰ ਸਕਦੀ ਸੀ।
ਫਿਲਿਸ ਦੀਆਂ ਗੱਲਾਂ ਕਰਦਿਆਂ, ਚੱਡੇ ਨੇ, ਅਚਾਨਕ ਆਪਣੀ ਘੜੀ ਦੇਖੀ ਤੇ ਮੈਨੂੰ ਕਿਹਾ, “ਜਹਨੁੱਮ 'ਚ ਜਾਏ ਇਹ ਛੋਹਰੀ—ਚੱਲ ਯਾਰ...ਭਾਬੀ ਉੱਥੇ ਕੋਇਲੇ ਹੋ ਰਹੀ ਹੋਵੇਗੀ—ਪਰ ਮੁਸੀਬਤ ਇਹ ਹੈ ਕਿ ਮੈਂ ਉੱਥੇ ਵੀ ਕਿਤੇ ਸੈਂਟੀਮੈਂਟਲ ਨਾ ਹੋ ਜਾਵਾਂ...ਖ਼ੈਰ, ਤੂੰ ਮੈਨੂੰ ਸੰਭਾਲ ਲਵੀਂ।” ਆਪਣੇ ਗ਼ਲਾਸ ਦੀਆਂ ਕੁਝ ਬੂੰਦਾਂ ਆਪਣੇ ਮੂੰਹ ਵਿਚ ਉਲੱਦ ਕੇ ਉਸਨੇ ਨੌਕਰ ਨੂੰ ਆਵਾਜ਼ ਮਾਰੀ, “ਮੰਮੀਆਂ ਦੇ ਮੁਲਕ, ਮਿਸਰ ਦੇ ਸ਼ਹਿਜ਼ਾਦੇ...”
ਮੰਮੀਆਂ ਦੇ ਮੁਲਕ, ਮਿਸਰ ਦਾ ਸ਼ਹਿਜਾਦਾ ਇੰਜ ਅੱਖਾਂ ਮਲਦਾ ਹੋਇਆ ਉੱਥੇ ਆਇਆ, ਜਿਵੇਂ ਉਸਨੂੰ ਸਦੀਆਂ ਪਿੱਛੋਂ ਖੋਦ ਕੇ ਬਾਹਰ ਕੱਢਿਆ ਗਿਆ ਹੋਵੇ। ਚੱਡੇ ਨੇ ਉਸਦੇ ਮੂੰਹ ਉੱਤੇ ਰੰਮ ਦੇ ਛਿੱਟੇ ਮਾਰੇ ਤੇ ਕਿਹਾ, “ਦੋ ਵਧੀਆ ਤਾਂਗੇ ਲੈ ਆ...ਜਿਹੜੇ ਮਿਸਰ ਦੇ ਰਥ ਲੱਗਦੇ ਹੋਣ।”
ਤਾਂਗੇ ਆ ਗਏ। ਅਸੀਂ ਸਾਰੇ ਉਹਨਾਂ ਉੱਤੇ ਚੜ੍ਹ ਕੇ ਪ੍ਰਭਾਤਨਗਰ ਵੱਲ ਤੁਰ ਪਏ। ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਹਰੀਸ਼ ਘਰੇ ਹੀ ਸੀ। ਏਨੀ ਦੂਰ ਸਥਿੱਤ ਸਥਾਨ ਉੱਤੇ ਰਹਿਣ ਦੇ ਬਾਵਜ਼ੂਦ ਉਸਨੇ ਮੇਰੀ ਪਤਨੀ ਦੀ ਖਾਤਰਦਾਰੀ ਵਿਚ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਚੱਡੇ ਨੇ ਅੱਖ ਦੇ ਇਸ਼ਾਰੇ ਨਾਲ ਉਸਨੂੰ ਸਾਰਾ ਮਾਮਲਾ ਸਮਝਾ ਦਿੱਤਾ ਸੀ, ਸੋ ਉਹ ਬੜਾ ਲਾਭਕਾਰੀ ਸਾਬਤ ਹੋਇਆ। ਮੇਰੀ ਪਤਨੀ ਨੇ ਆਪਣਾ ਕੋਪ ਜ਼ਾਹਰ ਨਹੀਂ ਕੀਤਾ। ਉਸਦਾ ਸਮਾਂ ਉੱਥੇ ਕੁਝ ਚੰਗਾ ਹੀ ਬੀਤਿਆ ਜਾਪਦਾ ਸੀ। ਹਰੀਸ਼ ਨੇ ਜਿਹੜਾ ਔਰਤਾਂ ਦੇ ਸੁਭਾਅ ਦਾ ਚੰਗਾ ਜਾਣਕਾਰ ਸੀ, ਬੜੀਆਂ ਮਜ਼ੇਦਾਰ ਗੱਲਾਂ ਕੀਤੀਆਂ ਤੇ ਅੰਤ ਵਿਚ ਮੇਰੀ ਪਤਨੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਸ਼ੂਟਿੰਗ ਦੇਖਣ ਚੱਲੇ, ਜਿਹੜੀ ਉਸ ਦਿਨ ਹੋਣੀ ਸੀ। ਮੇਰੀ ਪਤਨੀ ਨੇ ਪੁੱਛਿਆ, “ਕੋਈ ਗਾਣਾ ਫ਼ਿਲਮਾ ਰਹੇ ਹੋ ਤੁਸੀਂ?”
ਹਰੀਸ਼ ਨੇ ਉਤਰ ਦਿੱਤਾ, “ਜੀ ਨਹੀਂ—ਉਹ ਕੱਲ੍ਹ ਦਾ ਪ੍ਰੋਗਰਾਮ ਏਂ—ਮੇਰਾ ਖ਼ਿਆਲ ਏ ਤੁਸੀਂ ਕੱਲ੍ਹ ਹੀ ਚੱਲਿਓ।”
ਹਰੀਸ਼ ਦੀ ਪਤਨੀ ਸ਼ੂਟਿੰਗ ਦੇਖ-ਦੇਖ ਕੇ ਤੇ ਦਿਖਾਅ-ਦਿਖਾਅ ਕੇ ਤੰਗ ਆਈ ਹੋਈ ਜਾਪਦੀ ਸੀ। ਉਸਨੇ ਝੱਟ ਮੇਰੀ ਪਤਨੀ ਨੂੰ ਕਿਹਾ, “ਹਾਂ, ਕੱਲ੍ਹ ਠੀਕ ਰਹੇਗਾ।” ਫੇਰ ਸਾਰਿਆਂ ਵੱਲ ਦੇਖ ਕੇ ਬੋਲੀ, “ਅੱਜ ਇਹਨਾਂ ਨੂੰ ਸਫ਼ਰ ਦੀ ਥਕਾਣ ਵੀ ਹੈ।”
ਅਸਾਂ ਸਾਰਿਆਂ ਨੇ ਸੁਖ ਦਾ ਸਾਹ ਲਿਆ। ਹਰੀਸ਼ ਨੇ ਫੇਰ ਕੁਝ ਚਿਰ ਹੋਰ ਮਜ਼ੇਦਾਰ ਗੱਲਾਂ ਕੀਤੀਆਂ, ਅਖੀਰ ਵਿਚ ਮੈਨੂੰ ਕਿਹਾ, “ਚੱਲ ਯਾਰ, ਤੂੰ ਚੱਲ ਮੇਰੇ ਨਾਲ,” ਫੇਰ ਮੇਰੇ ਤਿੰਨਾਂ ਸਾਥੀਆਂ ਵੱਲ ਦੇਖਿਆ, “ਇਹਨਾਂ ਨੂੰ ਛੱਡੋ...ਸੇਠ ਸਾਹਬ ਤੁਹਾਡੀ ਕਹਾਣੀ ਸੁਣਨਾ ਚਾਹੁੰਦੇ ਨੇ।”
ਮੈਂ ਪਤਨੀ ਵੱਲ ਦੇਖਿਆ ਤੇ ਹਰੀਸ਼ ਨੂੰ ਕਿਹਾ, “ਇਹਨਾਂ ਤੋਂ ਇਜਾਜ਼ਤ ਲੈ ਲੈ ਬਈ।”
ਮੇਰੀ ਭੋਲੀ-ਭਾਲੀ ਪਤਨੀ ਜਾਲ ਵਿਚ ਫਸ ਚੁੱਕੀ ਸੀ। ਉਸਨੇ ਹਰੀਸ਼ ਨੂੰ ਕਿਹਾ, “ਮੈਂ ਬੰਬਈ ਤੋਂ ਤੁਰਨ ਲੱਗਿਆਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਆਪਣਾ ਡਾਕੂਮੈਂਟ ਵਾਲਾ ਬਕਸ ਨਾਲ ਲੈ ਚੱਲੀਏ, ਪਰ ਇਹਨਾਂ ਨੇ ਕਿਹਾ, ਕੋਈ ਲੋੜ ਨਹੀਂ। ਹੁਣ ਇਹ ਕਹਾਣੀ ਕੀ ਸੁਣਾਉਣਗੇ?”
ਹਰੀਸ਼ ਨੇ ਕਿਹਾ, “ਜ਼ਬਾਨੀ ਸੁਣਾ ਦਏਗਾ।” ਫੇਰ ਉਸਨੇ ਮੇਰੇ ਵੱਲ ਇੰਜ ਦੇਖਿਆ, ਜਿਵੇਂ ਕਹਿ ਰਿਹਾ ਹੋਵੇ ਕਿ ਜਲਦੀ ਹਾਂ ਕਹਿ ਬਈ।
ਮੈਂ ਹੌਲੀ ਜਿਹੇ ਕਿਹਾ, “ਹਾਂ, ਇੰਜ ਹੋ ਸਕਦਾ ਏ।”
ਚੱਡੇ ਨੇ ਉਸ ਡਰਾਮੇਂ ਨੂੰ ਅੰਤਿਮ ਟੱਚ ਦਿੱਤਾ, “ਤਾਂ ਭਰਾ ਅਸੀਂ ਚੱਲਦੇ ਆਂ।” ਤੇ ਉਹ ਤਿੰਨੇ ਸਲਾਮ-ਨਮਸਤੇ ਕਰਕੇ ਚਲੇ ਗਏ। ਥੋੜ੍ਹੇ ਚਿਰ ਪਿੱਛੋਂ ਮੈਂ ਤੇ ਹਰੀਸ਼ ਨਿਕਲੇ। ਪ੍ਰਭਾਤਨਗਰ ਦੇ ਬਾਹਰ ਤਾਂਗੇ ਖੜ੍ਹੇ ਸਨ। ਚੱਡੇ ਨੇ ਸਾਨੂੰ ਦੇਖਿਆ ਤੇ ਜ਼ੋਰਦਾਰ ਨਾਅਰਾ ਲਾਇਆ, “ਰਾਜਾ ਹਰੀਸ਼ ਚੰਦਰ ਦੀ, ਜੈ!”
    --- --- ---
ਸ਼ਾਮੀਂ ਸਾਡੀ ਮਹਿਫ਼ਿਲ ਜੰਮੀ, ਮੰਮੀ ਦੇ ਘਰ।
ਇਹ ਵੀ ਇਕ ਕਾਟੇਜ ਸੀ—ਸ਼ਕਲ ਸੂਰਤ ਤੇ ਬਨਾਵਟ ਵਿਚ ਸਈਦਾ ਕਾਟੇਜ ਵਰਗਾ ਹੀ—ਪਰ ਬੜਾ ਸਾਫ-ਸੂਥਰਾ, ਜਿਸ ਵਿਚ ਮੰਮੀ ਦੇ ਸਲੀਕੇ ਦਾ ਪਤਾ ਲੱਗਦਾ ਸੀ। ਫਰਨੀਚਰ ਆਮ ਵਰਗਾ ਹੀ ਸੀ, ਪਰ ਜਿਹੜੀਆਂ ਚੀਜਾਂ ਇੱਥੇ ਸਨ, ਸਜੀਆਂ ਹੋਈਆਂ ਸਨ। ਮੈਂ ਸੋਚਿਆ ਸੀ ਮੰਮੀ ਦਾ ਘਰ ਕੋਈ ਰੰਡੀਖਾਨਾ ਹੋਏਗਾ, ਪਰ ਉਸ ਘਰ ਦੀ ਕਿਸੇ ਚੀਜ ਤੋਂ ਵੀ ਨਜ਼ਰਾਂ ਨੂੰ ਅਜਿਹੀ ਸ਼ੰਕਾ ਨਹੀਂ ਸੀ ਹੁੰਦੀ। ਉਹ ਓਨਾਂ ਹੀ ਸ਼ਰੀਫ਼ਾਨਾ ਸੀ ਜਿੰਨਾਂ ਇਕ ਮੱਧ ਵਰਗੀ ਈਸਾਈ ਦਾ ਘਰ ਹੁੰਦਾ ਹੈ। ਪਰ ਮੰਮੀ ਦੀ ਉਮਰ ਦੇ ਮੁਕਾਬਲੇ ਉਹ ਕੁਝ ਵਧੇਰੇ ਹੀ ਜਵਾਨ ਦਿਖਾਈ ਦਿੱਤਾ ਸੀ। ਉਸ ਉੱਤੇ ਉਹ ਮੇਕਅੱਪ ਨਹੀਂ ਸੀ, ਜਿਹੜਾ ਮੈਂ ਮੰਮੀ ਦੇ ਝੁਰੜੀਆਂ ਵਾਲੇ ਚਿਹਰੇ ਉੱਤੇ ਦੇਖਿਆ ਸੀ। ਜਦੋਂ ਮੰਮੀ ਡਰਾਇੰਗ-ਰੂਮ ਵਿਚ ਆਈ ਤਾਂ ਮੈਂ ਸੋਚਿਆ ਕਿ ਆਲੇ ਦੁਆਲੇ ਦੀਆਂ ਜਿੰਨੀਆਂ ਚੀਜਾਂ ਨੇ, ਉਹ ਅੱਜ ਦੀਆਂ ਨਹੀਂ ਕਈ ਵਰ੍ਹੇ ਪੁਰਾਣੀਆਂ ਨੇ, ਸਿਰਫ ਮੰਮੀ ਅੱਗੇ ਨਿਕਲ ਕੇ ਬੁੱਢੀ ਹੋ ਗਈ ਹੈ ਤੇ ਉਹ ਜਿਵੇਂ ਦੀਆਂ ਤਿਵੇਂ ਹੀ ਪਈਆਂ ਨੇ। ਉਹਨਾਂ ਦੀ ਜੋ ਉਮਰ ਸੀ, ਉਹ ਉੱਥੇ ਹੀ ਅਟਕੀ ਰਹੀ...ਪਰ ਜਦੋਂ ਮੈਂ ਉਸਦੇ ਗੂੜ੍ਹੇ ਭੜਕੀਲੇ ਮੇਕਅੱਪ ਵੱਲ ਦੇਖਿਆ ਤਾਂ ਮੇਰੇ ਦਿਲ ਵਿਚ ਪਤਾ ਨਹੀਂ ਕਿਉਂ, ਇਹ ਇੱਛਾ ਪੈਦਾ ਹੋਈ ਕਿ ਉਹ ਵੀ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਾਂਗ ਜਵਾਨ ਬਣ ਜਾਏ।
ਚੱਡੇ ਨੇ ਉਸ ਨਾਲ ਮੇਰੀ ਜਾਣ-ਪਛਾਣ ਕਰਵਾਈ, ਜਿਹੜੀ ਬੜੀ ਸੰਖੇਪ ਸੀ ਤੇ ਫੇਰ ਸੰਖੇਪ ਵਿਚ ਹੀ ਉਸਨੇ ਮੈਨੂੰ ਮੰਮੀ ਬਾਰੇ ਇਹ ਦੱਸਿਆ, “ਇਹ ਮੰਮੀ ਏਂ...ਦੀ ਗਰੇਟ ਮੰਮੀ...।”
ਮੰਮੀ ਆਪਣੀ ਪ੍ਰਸ਼ੰਸਾ ਸੁਣ ਕੇ ਮੁਸਕਰਾ ਪਈ ਤੇ ਮੇਰੇ ਵੱਲ ਦੇਖ ਕੇ ਉਸਨੇ ਚੱਡੇ ਨੂੰ ਅੰਗਰੇਜ਼ੀ ਵਿਚ ਕਿਹਾ, “ਤੂੰ ਜਿਹੜੀ ਚਾਹ ਮੰਗਵਾਈ ਸੀ, ਉਹ ਬੜੀ ਕਾਹਲੀ ਵਿਚ ਬਣੀ ਸੀ, ਉਹ ਸ਼ਾਇਦ ਇਹਨਾਂ ਨੂੰ ਪਸੰਦ ਨਾ ਆਈ ਹੋਵੇ।” ਫੇਰ ਉਸਨੇ ਮੇਰੇ ਵੱਲ ਭੌਂ ਕੇ ਕਿਹਾ, “ਮਿਸਟਰ ਮੰਟੋ, ਮੈਂ ਬੜੀ ਸ਼ਰਮਿੰਦਾ ਆਂ। ਅਸਲ ਵਿਚ ਸਾਰਾ ਕਸੂਰ ਤੁਹਾਡੇ ਦੋਸਤ ਚੱਡੇ ਦਾ ਏ, ਜਿਹੜਾ ਮੇਰਾ ਬੜਾ ਹੀ ਵਿਗੜਿਆ ਹੋਇਆ ਬੱਚਾ ਏ।”
ਮੈਂ ਯੋਗ ਸ਼ਬਦਾਂ ਵਿਚ ਚਾਹ ਦੀ ਪ੍ਰਸ਼ੰਸਾ ਕੀਤੀ ਤੇ ਉਸਨੂੰ ਧੰਨਵਾਦ ਦਿੱਤਾ। ਮੰਮੀ ਨੇ ਮੈਨੂੰ ਵਾਧੂ ਦੀ ਤਾਰੀਫ ਨਾ ਕਰਨ ਲਈ ਕਿਹਾ ਤੇ ਫੇਰ ਚੱਡੇ ਨੂੰ ਕਿਹਾ, “ਰਾਤ ਦਾ ਖਾਣਾ ਤਿਆਰ ਏ...ਇਹ ਮੈਂ ਇਸ ਲਈ ਕੀਤਾ ਕਿ ਤੂੰ ਐਨ ਮੌਕੇ 'ਤੇ ਮੇਰੇ ਸਿਰ 'ਤੇ ਸਵਾਰ ਹੋ ਜਾਏਂਗਾ...।”
ਚੱਡੇ ਨੇ ਮੰਮੀ ਨੂੰ ਗਲ਼ੇ ਲਾ ਲਿਆ, “ਯੂ ਆਰ ਏ ਜਿਊਲ ਮੰਮੀ! ਇਹ ਖਾਣਾ ਹੁਣ ਅਸੀਂ ਖਾਵਾਂਗੇ।”
ਮੰਮੀ ਨੇ ਤ੍ਰਬਕ ਕੇ ਕਿਹਾ, “ਕੀ?...ਨਹੀਂ, ਬਿਲਕੁਲ ਨਹੀਂ।” ਚੱਡੇ ਨੇ ਉਸਨੂੰ ਦੱਸਿਆ, “ਮਿਸੇਜ ਮੰਟੋ ਨੂੰ ਅਸੀਂ ਪ੍ਰਭਾਤ ਨਗਰ ਛੱਡ ਆਏ ਆਂ।”
ਮੰਮੀ ਕੂਕੀ, “ਖ਼ੁਦਾ ਤੈਨੂੰ ਗਰਕ ਕਰੇ ਇਹ ਤੁਸੀਂ ਕੀ ਕੀਤਾ—ਇਹ ਤੂੰ ਕੀ ਕੀਤਾ!” ਚੱਡਾ ਖਿੜਖਿੜ ਕਰਕੇ ਹੱਸਿਆ, “ਅੱਜ ਪਾਰਟੀ ਜੋ ਹੋਣੀ ਸੀ।”
“ਉਹ ਤਾਂ ਮੈਂ ਮਿਸਟਰ ਮੰਟੋ ਨੂੰ ਦੇਖਦਿਆਂ ਹੀ ਆਪਣੇ ਵੱਲੋਂ ਕੈਂਸਲ ਕਰ ਦਿੱਤੀ ਸੀ।” ਮੰਮੀ ਨੇ ਆਪਣੀ ਸਿਗਰੇਟ ਸੁਲਗਾਈ।
ਚੱਡੇ ਦਾ ਦਿਲ ਬੈਠ ਗਿਆ। “ਖ਼ੁਦਾ ਹੁਣ ਤੈਨੂੰ ਗਰਕ ਕਰੇ...ਤੇ ਇਹ ਸਾਰਾ ਪਲਾਨ ਤਾਂ ਅਸੀਂ ਇਸੇ ਪਾਰਟੀ ਲਈ ਬਣਾਇਆ ਸੀ।” ਉਹ ਕੁਰਸੀ ਉੱਤੇ ਨਿਰਾਸ਼ ਜਿਹਾ ਹੋ ਕੇ ਬੈਠ ਗਿਆ ਤੇ ਕਮਰੇ ਦੇ ਕਣ-ਕਣ ਨੂੰ ਸੰਬੋਧਤ ਕਰਕੇ ਕਹਿਣ ਲੱਗਾ, “ਲੈ, ਸਾਰੇ ਸੁਪਨੇ ਮਲੀਆਮੇਟ ਹੋ ਗਏ ਨੇ...ਪਲੇਟੀਨਮ ਬਲੌਂਡ...ਮੂਧੇ ਸੱਪ ਦੇ ਨਿੱਕੇ-ਨਿੱਕੇ ਛਿੰਭਾਂ ਤੇ ਚਾਣਿਆਂ ਰੰਗੇ ਵਾਲਾਂ ਵਾਲੀਏ ਕੁੜੀਏ...।” ਯਕਦਮ ਉੱਠ ਕੇ ਉਸਨੇ ਮੰਮੀ ਨੂੰ ਬਾਹਾਂ ਤੋਂ ਫੜ੍ਹ ਲਿਆ, “ਕੈਂਸਲ ਕਰ ਦਿੱਤੀ—ਆਪਣੇ ਵੱਲੋਂ ਕੈਂਸਲ ਕੀਤੀ ਸੀ ਨਾ...ਲਓ, ਮੈਂ ਉਸ ਉੱਤੇ ਸਹੀ ਦਾ ਨਿਸ਼ਾਨ ਲਾ ਦੇਂਦਾ ਆਂ।” ਤੇ ਉਸਨੇ ਮੰਮੀ ਦੇ ਦਿਲ ਵਾਲੀ ਥਾਂ ਬੜੀ ਵੱਡੀ ਸਹੀ ਮਾਰੀ ਤੇ ਉੱਚੀ ਆਵਾਜ਼ ਵਿਚ ਕੂਕਿਆ, “ਹੁਰ-ਰੇ!”
ਮੰਮੀ ਸਬੰਧਤ ਲੋਕਾਂ ਨੂੰ ਸੁਨੇਹੇ ਭੇਜ ਚੁੱਕੀ ਸੀ ਕਿ ਪਾਰਟੀ ਕੈਂਸਲ ਹੋ ਚੁੱਕੀ ਹੈ। ਪਰ ਮੈਂ ਮਹਿਸੂਸ ਕੀਤਾ ਕਿ ਉਹ ਚੱਡੇ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦੀ। ਇਸ ਲਈ ਉਸਨੇ ਬੜੇ ਲਾਡ ਨਾਲ ਉਸ ਦੀਆਂ ਗੱਲ੍ਹਾਂ ਥਾਪੜਦਿਆਂ ਹੋਇਆਂ ਕਿਹਾ, “ਤੂੰ ਫਿਕਰ ਨਾ ਕਰ ਮੈਂ ਹੁਣੇ ਇੰਤਜ਼ਾਮ ਕਰਦੀ ਆਂ।”
ਉਹ ਇੰਤਜ਼ਾਮ ਕਰਨ ਬਾਹਰ ਚਲੀ ਗਈ। ਚੱਡੇ ਨੇ ਖੁਸ਼ੀ ਦਾ ਇਕ ਹੋਰ ਨਾਅਰਾ ਲਾਇਆ ਤੇ ਵਣਕਤਰੇ ਨੂੰ ਕਿਹਾ, “ਜਨਰਲ ਵਣਕਤਰੇ—ਜਾਓ, ਹੈਡਕਵਾਰਟਰ ਤੋਂ ਸਾਰੀਆਂ ਤੋਪਾਂ ਲੈ ਆਓ।”
ਵਣਕਤਰੇ ਨੇ ਸੈਲਸੂਟ ਕੀਤਾ ਤੇ ਆਗਿਆ ਦਾ ਪਾਲਨ ਕਰਨ ਲਈ ਚਲਾ ਗਿਆ। ਸਈਦਾ ਕਾਟੇਜ ਬਿਲਕੁਲ ਨੇੜੇ ਹੀ ਸੀ। ਦਸ ਮਿੰਟ ਦੇ ਅੰਦਰ-ਅੰਦਰ ਉਹ ਬੋਤਲਾਂ ਲੈ ਕੇ ਵਾਪਸ ਆ ਗਿਆ। ਉਸਦੇ ਨਾਲ ਚੱਡੇ ਦਾ ਨੌਕਰ ਵੀ ਸੀ। ਚੱਡੇ ਨੇ ਉਸਨੂੰ ਦੇਖਿਆ ਤਾਂ ਉਸਦਾ ਸਵਾਗਤ ਕੀਤਾ, “ਆਓ, ਆਓ—ਮੇਰੇ ਕੋਹਕਾਫ ਦੇ ਸ਼ਹਿਜ਼ਾਦੇ...ਉਹ...ਉਹ ਸੱਪ ਦੇ ਛਿੰਬਾਂ ਤੇ ਚਾਣਿਆਂ ਦੀ ਰੰਗਤ ਵਾਲੇ ਵਾਲਾਂ ਵਾਲੀ ਕੁੜੀ ਆ ਰਹੀ ਹੈ...ਤੂੰ ਵੀ ਕਿਸਮਤ ਆਜ਼ਮਾਈ ਕਰ ਲਵੀਂ।”
ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੂੰ ਚੱਡੇ ਦਾ ਇੰਜ ਖੁੱਲ੍ਹਾ ਸੱਦਾ ਦੇਣਾ ਚੰਗਾ ਨਹੀਂ ਸੀ ਲੱਗਿਆ। ਦੋਵਾਂ ਨੇ ਮੈਨੂੰ ਕਿਹਾ ਕਿ ਇਹ ਚੱਡੇ ਨੇ ਬੜੀ ਘਟੀਆ ਗੱਲ ਕੀਤੀ ਹੈ। ਇਹ ਘਟੀਆ ਗੱਲ ਉਹਨਾਂ ਨੂੰ ਚੁਭ ਗਈ ਜਾਪਦੀ ਸੀ। ਚੱਡਾ ਆਦਤ ਅਨੁਸਾਰ ਆਪਣੇ ਘੋੜੇ ਦੌੜਾਉਂਦਾ ਰਿਹਾ ਤੇ ਉਹ ਚੁੱਪਚਾਪ ਇਕ ਨੁੱਕਰੇ ਬੈਠੇ, ਰੰਮ ਪੀਂਦੇ ਤੇ ਇਕ ਦੂਜੇ ਨਾਲ ਆਪਣਾ ਸੁਖ-ਦੁਖ ਸਾਂਝਾ ਕਰਦੇ ਰਹੇ।
ਮੈਂ ਮੰਮੀ ਬਾਰੇ ਸੋਚ ਰਿਹਾ ਸਾਂ। ਡਰਾਇੰਗ-ਰੂਮ ਵਿਚ ਗਰੀਬ ਨਿਵਾਜ਼, ਰਣਜੀਤ ਕੁਮਾਰ ਤੇ ਚੱਡਾ ਬੈਠੇ ਸਨ। ਇੰਜ ਲੱਗਦਾ ਸੀ ਕਿ ਛੋਟੇ-ਛੋਟੇ ਬੱਚੇ ਬੈਠੇ ਨੇ ਤੇ ਇਹਨਾਂ ਦੀ ਮਾਂ ਬਾਹਰ ਖਿਡੌਣੇ ਲੈਣ ਗਈ ਹੈ ਤੇ ਇਹ ਸਾਰੇ ਉਸ ਦੀ ਉਡੀਕ ਕਰ ਰਹੇ ਨੇ। ਚੱਡਾ ਸੰਤੁਸ਼ਟ ਹੈ ਕਿ ਸਭ ਤੋਂ ਵਧੀਆਂ ਖਿਡੌਣਾ ਉਸਨੂੰ ਮਿਲੇਗਾ, ਇਸ ਲਈ ਕਿ ਉਹ ਆਪਣੀ ਮਾਂ ਦਾ ਚਹੇਤਾ ਹੈ। ਬਾਕੀ ਦੋਵਾਂ ਦਾ ਦੁੱਖ ਕਿਉਂਕਿ ਇਕੋ ਜਿਹਾ ਸੀ, ਇਸ ਲਈ ਉਹ ਇਕ ਦੂਜੇ ਦੇ ਹਿਤੈਸ਼ੀ ਬਣ ਗਏ ਸਨ। ਸ਼ਰਾਬ ਇਸ ਵਾਤਾਵਰਣ ਵਿਚ ਦੁੱਧ ਜਾਪਦੀ ਸੀ। ਉਹ ਪਲੈਟੀਨਮ ਬਲੌਂਡ...ਉਸਦੀ ਕਲਪਣਾ ਦਿਮਾਗ਼ ਵਿਚ ਇਕ ਛੋਟੀ ਜਿਹੀ ਗੁੱਡੀਆ ਵਾਂਗ ਆਉਂਦੀ ਸੀ...ਹਰ ਵਾਤਾਵਰਣ ਦਾ ਆਪਣਾ ਇਕ ਵਿਸ਼ੇਸ਼ ਸੰਗੀਤ ਹੁੰਦਾ ਹੈ। ਉਸ ਸਮੇਂ ਜਿਹੜਾ ਸੰਗੀਤ ਮੇਰੇ ਦਿਲ ਤੇ ਕੰਨਾਂ ਤਕ ਪਹੁੰਚ ਰਿਹਾ ਸੀ, ਉਸ ਵਿਚ ਕੋਈ ਸੁਰ ਉਤੇਜਕ ਨਹੀਂ ਸੀ। ਹਰ ਚੀਜ ਮਾਂ ਤੇ ਉਸਦੇ ਬੱਚਿਆਂ ਦੇ ਆਪਸੀ ਸੰਬੰਧਾਂ ਵਾਂਗ ਸਪਸ਼ਟ ਸੀ।
ਮੈਂ ਜਦੋਂ ਉਸਨੂੰ ਤਾਂਗੇ ਵਿਚ ਚੱਡੇ ਨਾਲ ਦੇਖਿਆ ਸੀ, ਉਦੋਂ ਮੈਨੂੰ ਧੱਕਾ ਜਿਹਾ ਲੱਗਾ ਸੀ। ਮੈਨੂੰ ਅਫ਼ਸੋਸ ਹੋਇਆ ਕਿ ਮੇਰੇ ਦਿਲ ਵਿਚ ਉਹਨਾਂ ਦੋਵਾਂ ਦੇ ਸੰਬੰਧ ਬਾਰੇ ਬੁਰੇ ਵਿਚਾਰ ਪੈਦਾ ਹੋਏ; ਪਰ ਇਹ ਚੀਜ ਮੈਨੂੰ ਵਾਰ ਵਾਰ ਸਤਾਅ ਰਹੀ ਸੀ ਕਿ ਉਹ ਏਨਾ ਗੂੜ੍ਹਾ ਮੇਕਅੱਪ ਕਿਉਂ ਕਰਦੀ ਹੈ, ਜਿਹੜਾ ਉਸਦੀਆਂ ਝੁਰੜੀਆਂ ਦੀ ਬੇਅਦਬੀ ਹੈ। ਉਸ ਮਮਤਾ ਦਾ ਅਪਮਾਨ ਹੈ, ਜਿਹੜੀ ਉਸਦੇ ਦਿਲ ਵਿਚ ਚੱਡੇ, ਗਰੀਬ ਨਿਵਾਜ਼ ਤੇ ਵਣਕਤਰੇ ਲਈ ਮੌਜ਼ੂਦ ਹੈ...ਤੇ ਰੱਬ ਜਾਣੇ ਹੋਰ ਕਿਸ ਕਿਸ ਲਈ...
ਗੱਲਾਂ ਗੱਲਾਂ ਵਿਚ ਮੈਂ ਚੱਡੇ ਤੋਂ ਪੁੱਛਿਆ, “ਯਾਰ, ਇਹ ਤਾਂ ਦੱਸ ਕਿ ਤੇਰੀ ਮੰਮੀ ਏਨਾ ਭੜਕੀਲਾ ਮੇਕਅੱਪ ਕਿਉਂ ਕਰਦੀ ਏ?”
“'ਇਸ ਲਈ ਕਿ ਦੁਨੀਆਂ ਹਰੇਕ ਭੜਕੀਲੀ ਚੀਜ਼ ਨੂੰ ਪਸੰਦ ਕਰਦੀ ਏ—ਤੇਰੇ ਤੇ ਮੇਰੇ ਵਰਗੇ ਉੱਲੂ ਇਸ ਦੁਨੀਆਂ ਵਿਚ ਬੜੇ ਘੱਟ ਨੇ, ਜਿਹੜੇ ਮੱਧਮ ਸੁਰਾਂ ਤੇ ਫਿੱਕੇ ਰੰਗ ਨੂੰ ਪਸੰਦ ਕਰਦੇ ਨੇ। ਜਿਹੜੇ ਜਵਾਨੀ ਨੂੰ ਬਚਪਨ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ ਤੇ...ਤੇ ਜਿਹੜੇ ਬੁਢੇਪੇ ਵਿਚ ਜਵਾਨੀ ਦੀ ਟਿੱਪ-ਟਾਪ ਨੂੰ ਪਸੰਦ ਨਹੀਂ ਕਰਦੇ। ਅਸੀਂ ਜਿਹੜੇ ਖ਼ੁਦ ਨੂੰ ਕਲਾਕਾਰ ਕਹਿੰਦੇ ਹਾਂ, ਉੱਲੂ ਦੇ ਪੱਠੇ ਆਂ...ਮੈਂ ਤੈਨੂੰ ਇਕ ਦਿਲਚਸਪ ਘਟਨਾ ਸੁਣਾਉਦਾ ਆਂ...ਵਿਸਾਖੀ ਦਾ ਮੇਲਾ ਸੀ...ਤੁਹਾਡੇ ਅੰਮ੍ਰਿਤਸਰ ਵਿਚ...ਰਾਮ ਬਾਗ ਦੇ ਉਸ ਬਾਜ਼ਾਰ ਵਿਚੋਂ, ਜਿੱਥੇ ਟਕੈਈਆਂ (ਵੇਸ਼ਵਾਵਾਂ) ਰਹਿੰਦੀਆਂ ਨੇ, ਕੁਝ ਜੱਟ ਲੰਘ ਰਹੇ ਸਨ...ਇਕ ਤੰਦਰੁਸਤ ਜਵਾਨ, ਖਾਲਸ ਦੁੱਧ ਤੇ ਮੱਖਣ ਉੱਤੇ ਪਲੇ ਹੋਏ ਜਵਾਨ ਨੇ, ਜਿਸਦੀ ਨਵੀਂ ਜੁੱਤੀ ਉਸਦੀ ਡਾਂਗ ਉੱਤੇ ਬਾਜ਼ੀਗਰੀ ਕਰ ਰਹੀ ਸੀ, ਉਪਰ ਇਕ ਕੋਠੇ ਵੱਲ ਦੇਖਿਆ, ਇਕ ਟਕੈਈ ਦੀਆਂ ਤੇਲ ਨਾਲ ਤਰ ਜੁਲਫ਼ਾਂ ਉਸਦੇ ਮੱਥੇ ਉੱਤੇ ਬੜੇ ਬਦਸੂਰਤ ਢੰਗ ਨਾਲ ਜੰਮੀਆਂ ਹੋਈਆਂ ਸਨ। ਉਸਨੇ ਆਪਣੇ ਸਾਥੀ ਦੀ ਵੱਖੀ ਵਿਚ ਹੁੱਜਾ ਜਿਹਾ ਮਾਰ ਕੇ ਕਿਹਾ, 'ਓਇ ਲਹਿਣਾ ਸਿਆਂ...ਵੇਖ, ਔਹ ਉਪਰ ਵੇਖ, ਅਸੀਂ ਤੇ ਪਿੰਡ ਵਿਚ ਮੱਝਾਂ ਈ...'” ਅੰਤਮ ਸ਼ਬਦ ਪਤਾ ਨਹੀਂ ਚੱਡੇ ਨੇ ਕਿਉਂ ਗੋਲ ਕਰ ਦਿੱਤੇ ਸਨ। ਹਾਲਾਂਕਿ ਉਹ ਕਿਸੇ ਕਿਸਮ ਦੀ ਫਾਰਮੈਲਟੀ ਵਰਤਨ ਵਾਲਾ ਬੰਦਾ ਨਹੀਂ ਸੀ। ਫੇਰ ਉਹ ਖਿੜਖਿੜ ਕਰਕੇ ਹੱਸਣ ਲੱਗਾ ਤੇ ਮੇਰੇ ਗ਼ਲਾਸ ਵਿਚ ਰੰਮ ਪਾ ਕੇ ਬੋਲਿਆ, “ਉਸ ਜੱਟ ਲਈ ਉਹ ਚੁੜੈਲ ਹੀ ਉਦੋਂ ਕੋਹਕਾਫ ਦੀ ਪਰੀ ਸੀ ਤੇ ਨਰੋਈਆਂ ਮੁਇਆਰਾਂ ਬੇਡੌਲ ਮੱਝਾਂ...ਅਸੀਂ ਸਾਰੇ ਝੱਬੂ ਹਾਂ...ਵਿਚਾਲੜੇ ਦਰਜ਼ੇ ਦੇ...ਇਸੇ ਲਈ ਕਿ ਇਸ ਦੁਨੀਆਂ ਵਿਚ ਕੋਈ ਚੀਜ ਅੱਵਲ ਦਰਜੇ ਦੀ ਨਹੀਂ...ਤੀਜੇ ਦਰਜੇ ਦੀ ਏ ਜਾਂ ਵਿਚਾਲੜੇ ਦਰਜੇ ਦੀ...ਪਰ...ਪਰ ਫਿਲਿਸ ਖਾਸਮ-ਖਾਸ ਦਰਜੇ ਦੀ ਚੀਜ ਹੈ...ਉਹ ਸੱਪ ਦੇ ਛਿੰਬ...।”
ਵਣਕਤਰੇ ਨੇ ਆਪਣਾ ਗ਼ਲਾਸ ਚੁੱਕ ਕੇ ਚੱਡੇ ਦੇ ਸਿਰ ਉੱਤੇ ਉਲਟ ਦਿੱਤਾ। “ਛਿੰਬ...ਚਾਣੇ...ਤੇਰਾ ਦਿਮਾਗ਼ ਖ਼ਰਾਬ ਹੋ ਗਿਐ।”
ਚੱਡੇ ਨੇ ਮੱਥੇ ਤੋਂ ਚੋ ਰਹੀ ਰੰਮ ਦੀਆਂ ਬੁੰਦਾਂ ਨੂੰ ਚੱਟਣਾ ਸ਼ੁਰੂ ਕਰ ਦਿੱਤਾ ਤੇ ਵਣਕਤਰੇ ਨੂੰ ਕਿਹਾ, “ਲੈ, ਹੁਣ ਸੁਣਾਅ...ਤੇਰਾ ਪਿਓ ਸਾਲਾ ਤੈਨੂੰ ਕਿੰਨੀ ਮੁਹੱਬਤ ਕਰਦਾ ਸੀ...ਮੇਰਾ ਦਿਮਾਗ਼ ਹੁਣ ਕਾਫੀ ਠੰਡਾ ਹੋ ਗਿਆ ਏ।”
ਵਣਕਤਰੇ ਬੜਾ ਗੰਭੀਰ ਹੋ ਕੇ ਮੈਨੂੰ ਕਹਿਣ ਲੱਗਾ, “ਬਾਈ ਗਾਡ, ਉਹ ਮੈਨੂੰ ਬੜੀ ਮੁਹੱਬਤ ਕਰਦਾ ਸੀ...ਮੈਂ ਫਿਫਟੀਨ ਈਅਰ ਦਾ ਸੀ ਕਿ ਉਸਨੇ ਮੇਰੀ ਸ਼ਾਦੀ ਕਰ ਦਿੱਤੀ।”
ਚੱਡਾ ਉੱਚੀ ਸਾਰੀ ਹੱਸਿਆ, “ਕਾਰਟੂਨ ਬਣਾ ਦਿੱਤਾ ਏ ਉਸ ਸਾਲੇ ਨੇ ਤੈਨੂੰ...ਭਗਵਾਨ ਉਸਨੂੰ ਸਵਰਗ ਵਿਚ ਵੀ ਕੇਸਰੀਅਲ ਦੀ ਪੇਟੀ ਦਏ ਕਿ ਉਹ ਉੱਥੇ ਵੀ ਉਸਨੂੰ ਵਜਾ-ਵਜਾ ਕੇ ਤੇਰੀ ਲਈ ਕੋਈ ਖ਼ੂਬਸੂਰਤ ਹੂਰ ਲੱਭਦਾ ਫਿਰੇ...ਤੇ ਤੇਰੀ ਖ਼ੂਸੂਰਤ ਪਤਨੀ ਦੀ ਐਸੀ ਦੀ ਤੈਸੀ...ਇਸ ਵੇਲੇ ਫਿਲਿਸ ਦੀ ਗੱਲ ਕਰ...ਉਸ ਨਾਲੋਂ ਵੱਧ ਕੋਈ ਹੋਰ ਖ਼ੂਬਸੂਰਤ ਨਹੀਂ ਹੋ ਸਕਦੀ।” ਚੱਡੇ ਨੇ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਵੱਲ ਦੇਖਿਆ, ਜਿਹੜੇ ਇਕ ਨੁੱਕਰ ਵਿਚ ਬੈਠੇ ਫਿਲਿਸ ਦੀ ਸੁੰਦਰਤਾ ਬਾਰੇ ਆਪਣੀ ਰਾਏ ਇਕ ਦੂਜੇ ਨਾਲ ਸਾਂਝੀ ਕਰਨ ਵਾਲੇ ਸਨ। “ਗਨ ਪਾਊਡਰ ਪਲਾਂਟ ਦੇ ਬਾਣੀਓਂ...ਸੁਣ ਲਓ, ਤੁਹਾਡੀ ਕੋਈ ਸਾਜਿਸ਼ ਕਾਮਯਾਬ ਨਹੀਂ ਹੋ ਸਕਦੀ—ਮੈਦਾਨ ਚੱਡੇ ਦੇ ਹੱਥ ਰਹੇਗਾ...ਕਿਉਂ ਵੇਲਜ਼ ਦੇ ਸ਼ਹਿਜ਼ਾਦੇ?”
ਵੇਲਜ਼ ਦਾ ਸ਼ਹਿਜ਼ਾਦਾ ਰੰਮ ਦੀ ਖਾਲੀ ਹੋ ਰਹੀ ਬੋਤਲ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਚੱਡੇ ਨੇ ਠਹਾਕਾ ਲਾਇਆ ਤੇ ਉਸਨੂੰ ਅੱਧਾ ਗ਼ਲਾਸ ਭਰ ਕੇ ਦੇ ਦਿੱਤਾ। ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਇਕ ਦੂਜੇ ਨਾਲ ਫਿਲਿਸ ਬਾਰੇ ਘੁਲ ਮਿਲ ਕੇ ਗੱਲਾਂ ਤਾਂ ਕਰ ਰਹੇ ਸਨ, ਪਰ ਆਪਣੇ ਦਿਮਾਗ਼ ਵਿਚ ਉਸਨੂੰ ਪ੍ਰਾਪਤ ਕਰਨ ਦੇ ਵੱਖੋ-ਵੱਖ ਪ੍ਰੋਗਰਾਮ ਬਣਾ ਰਹੇ ਸਨ—ਇਹ ਉਹਨਾਂ ਦੀ ਗੱਲਬਾਤ ਦੇ ਢੰਗ ਤੋਂ ਸਾਫ ਨਜ਼ਰ ਆ ਰਿਹਾ ਸੀ।
ਡਰਾਇੰਗ ਰੂਮ ਵਿਚ ਹੁਣ ਬਿਜਲੀ ਦੇ ਬਲਬ ਜਗਾ ਦਿੱਤੇ ਗਏ ਸਨ, ਕਿਉਂਕਿ ਸ਼ਾਮ ਗੂੜ੍ਹੀ ਹੁੰਦੀ ਜਾ ਰਹੀ ਸੀ। ਚੱਡਾ ਮੈਨੂੰ ਬੰਬਈ ਦੀ ਫ਼ਿਲਮ ਇੰਡਸਟਰੀ ਦੇ ਤਾਜ਼ੇ ਸਮਾਚਾਰ ਸੁਣਾ ਰਿਹਾ ਸੀ ਕਿ ਬਾਹਰ ਵਰਾਂਡੇ ਵਿਚ ਮੰਮੀ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ। ਚੱਡੇ ਨੇ ਨਾਅਰਾ ਲਾਇਆ ਤੇ ਬਾਹਰ ਚਲਾ ਗਿਆ। ਗਰੀਬ ਨਿਵਾਜ਼ ਨੇ ਰਣਜੀਤ ਕੁਮਾਰ ਵੱਲ ਭੇਤ-ਭਰੀਆਂ ਨਜ਼ਰਾਂ ਨਾਲ ਦੇਖਿਆ। ਫੇਰ ਦੋਵੇਂ ਦਰਵਾਜ਼ੇ ਵੱਲ ਦੇਖਣ ਲੱਗੇ।
ਮੰਮੀ ਖਿੜੀ-ਪੁੜੀ ਅੰਦਰ ਆਈ। ਉਸ ਦੇ ਨਾਲ ਚਾਰ ਪੰਜ ਐਂਗਲੋ ਇੰਡੀਅਨ ਕੁੜੀਆਂ ਸਨ। ਵਚਿੱਤਰ ਜਿਹੇ ਨੈਣ-ਨਕਸ਼ਾਂ ਤੇ ਕੱਦ-ਕਾਠੀ ਵਾਲੀਆਂ। ਪੋਲੀ, ਡੋਲੀ, ਐਲੀਮਾ ਤੇ ਥੈਲੀਮਾ...ਤੇ ਉਹ ਖੁਸਰੇ ਵਰਗਾ ਮੂੰਡਾ...ਉਸਨੂੰ ਚੱਡਾ ਸਿਸੀ ਕਹਿ ਕੇ ਬੁਲਾਉਂਦਾ ਸੀ। ਫਿਲਿਸ ਸਭ ਤੋਂ ਪਿੱਛੋਂ ਆਈ ਤੇ ਉਹ ਵੀ ਚੱਡੇ ਦੇ ਨਾਲ। ਉਸਦੀ ਇਕ ਬਾਂਹ ਪਲੇਟੀਨਮ-ਬਲੌਂਡ ਦੇ ਪਤਲੇ ਲੱਕ ਪਿੱਛੇ ਸੀ। ਮੈਂ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਦੀ ਪ੍ਰਤੀਕ੍ਰਿਆ ਨੋਟ ਕੀਤੀ। ਉਹਨਾਂ ਨੂੰ ਚੱਡੇ ਦੀ ਇਹ ਬਨਾਉਟੀ ਜੈਤੂਆਂ ਵਾਲੀ ਹਰਕਤ ਪਸੰਦ ਨਹੀਂ ਸੀ ਆਈ।
ਕੁੜੀਆਂ ਦੇ ਅੰਦਰ ਆਉਂਦਿਆਂ ਹੀ ਰੌਲਾ-ਰੱਪਾ ਤੇਜ਼ ਹੋ ਗਿਆ। ਯਕਦਮ ਏਨੀ ਅੰਗਰੇਜ਼ੀ ਵਰ੍ਹੀ ਕਿ ਵਣਕਤਰੇ ਮੈਟਰੀਕੂਲੇਸ਼ਨ, ਇਮਤਿਹਾਨ ਵਿਚ ਕਈ ਵਾਰੀ ਫੇਲ੍ਹ ਹੋਇਆ। ਪਰ ਉਸਨੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਲਗਾਤਾਰ ਬੋਲਦਾ ਰਿਹਾ। ਜਦੋਂ ਕਿਸੇ ਨੇ ਉਸਦਾ ਨੋਟਸ ਨਾ ਲਿਆ ਤਾਂ ਉਹ ਐਲੀਮਾ ਦੀ ਵੱਡੀ ਭੈਣ ਥੈਲੀਮਾ ਨਾਲ ਇਕ ਸੋਫੇ ਉੱਤੇ ਇਕ ਪਾਸੇ ਹੋ ਕੇ ਬੈਠ ਗਿਆ ਤੇ ਪੁੱਛਣ ਲੱਗਾ ਕਿ ਉਸਨੇ ਹਿੰਦੁਸਤਾਨੀ ਡਾਂਸ ਦੇ ਹੋਰ ਕਿੰਨੇ ਤੋੜ ਸਿੱਖ ਲਏ ਨੇ—ਉਹ 'ਧਾ-ਨੀ-ਤਾ-ਕਤ-ਤਾ-ਥਈ-ਥਈ' ਦੀ 'ਵਨ-ਟੂ-ਥਰੀ' ਬਣਾ-ਬਣਾ ਕੇ ਉਸਨੂੰ ਤੋੜੇ ਦਸਦਾ ਰਿਹਾ, ਉਧਰ ਚੱਡਾ ਬਾਕੀ ਕੁੜੀਆਂ ਦੇ ਝੁਰਮੁਟ ਨੂੰ ਅੰਗਰੇਜ਼ੀ ਵਿਚ ਨਵੇਂ-ਨਵੇਂ ਚੁਟਕਲੇ ਸੁਣਾ ਰਿਹਾ ਸੀ, ਜਿਹੜੇ ਉਹਨੂੰ ਹਜ਼ਾਰਾਂ ਦੀ ਸੰਖਿਆ ਵਿਚ ਜ਼ਬਾਨੀ ਯਾਦ ਸਨ। ਮੰਮੀ ਸੋਢੇ ਦੀਆਂ ਬੋਤਲਾਂ ਤੇ ਖਾਣ-ਪੀਣ ਦਾ ਸਾਮਾਨ ਮੰਗਵਾ ਰਹੀ ਸੀ। ਰਣਜੀਤ ਕੁਮਾਰ ਸਿਗਰੇਟ ਦੇ ਕਸ਼ ਲਾਉਂਦਾ ਇਕ ਟੱਕ ਫਿਲਿਸ ਵੱਲ ਦੇਖ ਰਿਹਾ ਸੀ, ਤੇ ਗਰੀਬ ਨਿਵਾਜ਼ ਮੰਮੀ ਨੂੰ ਵਾਰੀ ਵਾਰੀ ਕਹਿ ਰਿਹਾ ਸੀ ਕਿ ਰੁਪਏ ਘੱਟ ਹੋਣ ਤਾਂ ਉਹ ਉਸ ਤੋਂ ਲੈ ਲਏ।
ਸਕਾਚ ਖੁੱਲ੍ਹੀ ਤੇ ਪਹਿਲਾ ਦੌਰ ਸ਼ੁਰੂ ਹੋਇਆ। ਫਿਲਿਸ ਨੂੰ ਜਦੋਂ ਸਾਥ ਦੇਣ ਲਈ ਕਿਹਾ ਗਿਆ ਤਾਂ ਉਸਨੇ ਆਪਣੇ ਪਲੇਟੀਨਮੀ-ਵਾਲਾਂ ਨੂੰ ਇਕ ਹਲਕਾ ਜਿਹਾ ਝਟਕਾ ਦੇ ਕੇ ਨਾਂਹ ਕਰ ਦਿੱਤੀ ਕਿ ਉਹ ਵਿਸਕੀ ਨਹੀਂ ਪੀਂਦੀ।
ਸਾਰਿਆਂ ਨੇ ਮਿੰਨਤ ਖ਼ੁਸ਼ਾਮਦ ਕੀਤੀ ਪਰ ਉਹ ਨਹੀਂ ਮੰਨੀ। ਚੱਡੇ ਨੇ ਇਸ ਉੱਤੇ ਦੁਖ ਪ੍ਰਗਟ ਕੀਤਾ ਤਾਂ ਮੰਮੀ ਨੇ  ਇਕ ਨਿੱਕਾ ਜਿਹਾ ਪੈਗ ਤਿਆਰ ਕਰਕੇ ਫਿਲਿਸ ਦੇ ਬੁੱਲ੍ਹਾਂ ਨਾਲ ਲਾਂਦਿਆਂ ਬੜੇ ਦੁਲਾਰ ਨਾਲ ਕਿਹਾ, “ਬਹਾਦਰ ਕੁੜੀ ਬਣ, ਤੇ ਪੀ ਜਾ।”
ਫਿਲਿਸ ਨਾਂਹ ਨਹੀਂ ਕਰ ਸਕੀ। ਚੱਡਾ ਖੁਸ਼ ਹੋ ਗਿਆ ਤੇ ਉਸਨੇ ਏਸੇ ਖੁਸ਼ੀ ਵਿਚ ਵੀਹ ਪੱਚੀ ਹੋਰ ਨੰਗੇ ਚੁਟਕਲੇ ਸੁਣਾ ਦਿੱਤੇ। ਸਾਰੇ ਮਜ਼ੇ ਲੈਂਦੇ ਰਹੇ। ਮੈਂ ਸੋਚਿਆ,  ਆਦਮੀ ਨੇ ਨੰਗੇਜ਼ ਤੋਂ ਤੰਗ ਆ ਕੇ ਕੱਪੜੇ ਪਾਉਣੇ ਸ਼ੁਰੂ ਕੀਤੇ ਹੋਣਗੇ। ਇਹੀ ਕਾਰਣ ਹੈ ਕਿ ਹੁਣ ਉਹ ਕੱਪੜਿਆਂ ਤੋਂ ਅੱਕ ਕੇ ਕਦੀ ਕਦੀ ਨੰਗੇਜ਼ ਵੱਲ ਦੌੜਨ ਲੱਗਦਾ ਹੈ। ਸਭਿਅਤਾ ਦਾ ਵਿਪਰੀਤ, ਅਸਭਿਅਤਾ ਜੋ ਹੁੰਦਾ ਹੈ। ਇਸ ਪ੍ਰਵਾਸ ਦਾ ਇਕ ਦਿਲਚਸਪ ਪੱਖ ਇਹ ਵੀ ਹੈ ਕਿ ਆਦਮੀ ਨੂੰ ਇੰਜ ਕਰਨ ਨਾਲ ਨਿਰੰਤਰ ਜੀਵਨ ਦੀ ਇਕ-ਰਸਤਾ ਦੇ ਕਸ਼ਟ ਤੋਂ ਕੁਝ ਪਲਾਂ ਲਈ ਮੁਕਤੀ ਮਿਲ ਜਾਂਦੀ ਹੈ...।
ਮੈਂ ਮੰਮੀ ਵੱਲ ਦੇਖਿਆ, ਜਿਹੜੀ ਉਹਨਾਂ ਜਵਾਨ ਕੁੜੀਆਂ ਵਿਚ ਘੁਲੀ ਮਿਲੀ ਬੈਠੀ ਚੱਡੇ ਦੇ ਨੰਗ-ਧੜੰਗੇ ਚੁਟਕਲੇ ਸੁਣ-ਸੁਣ ਹੱਸ ਰਹੀ ਸੀ ਤੇ ਠਹਾਕੇ ਲਾ ਰਹੀ ਸੀ। ਉਸਦੇ ਚਿਹਰੇ ਉੱਤੇ ਉਹੀ ਕੁਢੱਬਾ ਮੇਕਅੱਪ ਸੀ। ਉਸਦੇ ਹੇਠ ਉਸਦੀਆਂ ਝੁਰੜੀਆਂ ਸਾਫ ਨਜ਼ਰ ਆ ਰਹੀਆਂ ਸਨ। ਉਹ ਵੀ ਖਿੜੀ ਬੈਠੀ ਸੀ...ਮੈਂ ਸੋਚਿਆ, ਅਖ਼ੀਰ ਲੋਕ ਕਿਉਂ ਪ੍ਰਵਾਸ ਨੂੰ ਬੁਰਾ ਸਮਝਦੇ ਨੇ...ਉਹ ਪ੍ਰਵਾਸ, ਜਿਹੜਾ ਮੇਰੀਆਂ ਅੱਖਾਂ ਸਾਹਮਣੇ ਸੀ। ਉਸਦਾ ਵਿਰਾਟ ਰੂਪ ਭਾਵੇਂ ਸੁੰਦਰ ਨਹੀਂ ਸੀ ਪਰ ਸੂਖਮ ਬੜਾ ਸੁੰਦਰ ਸੀ...ਉਸ ਉੱਤੇ ਕੋਈ ਮੇਕਅੱਪ ਨਹੀਂ ਸੀ। ਕੋਈ ਲਿੱਪਾ-ਪੋਚੀ ਨਹੀਂ ਸੀ, ਕੋਈ ਵਟਨਾ-ਗਾਚੀ ਨਹੀਂ ਸੀ ਮਲੀ ਹੋਈ।—ਪੋਲੀ ਸੀ, ਉਹ ਇਕ ਕੋਨੇ ਵਿਚ ਖੜ੍ਹੀ ਰਣਜੀਤ ਕੁਮਾਰ ਨਾਲ ਆਪਣੀ ਨਵੀਂ ਫਰਾਕ ਬਾਰੇ ਕੋਈ ਗੱਲ ਕਰ ਰਹੀ ਸੀ ਤੇ ਉਸਨੂੰ ਦੱਸ ਰਹੀ ਸੀ ਕਿ ਸਿਰਫ ਆਪਣੀ ਹੁਸ਼ਿਆਰੀ ਨਾਲ ਬੜੀ ਘੱਟ ਲਾਗਤ 'ਚ ਉਸਨੇ ਇਕ ਵਧੀਆ ਚੀਜ ਤਿਆਰ ਲਈ ਹੈ। ਦੋ ਟੋਟੇ ਸਨ, ਜਿਹੜੇ ਬਿਲਕੁਲ ਬੇਕਾਰ ਜਾਪਦੇ ਸਨ, ਪਰ ਹੁਣ ਉਹ ਇਕ ਸੁੰਦਰ ਪੋਸ਼ਾਕ ਵਿਚ ਬਦਲ ਗਏ ਸਨ। ਤੇ ਰਣਜੀਤ ਕੁਮਾਰ ਬੜੀ ਗੰਭੀਰਤਾ ਨਾਲ ਉਸਨੂੰ ਦੋ ਨਵੇਂ ਡਰੈੱਸ ਬਣਵਾ ਦੇਣ ਦਾ ਵਾਅਦਾ ਕਰ ਰਿਹਾ ਸੀ, ਹਾਲਾਂਕਿ ਉਸਨੂੰ ਫ਼ਿਲਮ ਕੰਪਨੀ ਤੋਂ ਏਨੇ ਰੁਪਏ ਇਕੱਠੇ ਮਿਲਣ ਦੀ ਕੋਈ ਆਸ ਨਹੀਂ ਸੀ।—ਡੋਲੀ ਸੀ, ਉਹ ਗਰੀਬ ਨਿਵਾਜ਼ ਤੋਂ ਕੁਝ ਕਰਜਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਨੂੰ ਵਿਸ਼ਵਾਸ ਦਿਵਾਅ ਰਹੀ ਸੀ ਕਿ ਦਫ਼ਤਰ ਵਿਚੋਂ ਤਨਖ਼ਾਹ ਮਿਲਦਿਆਂ ਹੀ ਉਹ ਇਹ ਕਰਜ਼ਾ ਜ਼ਰੂਰ ਲਾਹ ਦਏਗੀ। ਗਰੀਬ ਨਿਵਾਜ਼ ਨੂੰ ਪਤਾ ਸੀ ਕਿ ਉਹ ਇਹ ਰੁਪਏ ਵਾਅਦੇ ਮੁਤਾਬਿਕ ਕਦੀ ਵਾਪਸ ਨਹੀਂ ਕਰੇਗੀ, ਪਰ ਉਹ ਉਸਦੇ ਵਾਅਦੇ ਉੱਤੇ ਵਿਸ਼ਵਾਸ ਕਰ ਰਿਹਾ ਸੀ। ਥੈਲੀਮਾ ਵਣਕਤਰੇ ਤੋਂ ਤਾਂਡਵ ਨਾਚ ਦੇ ਬੜੇ ਔਖੇ ਤੋੜੇ ਸਿਖਣ ਦੀ ਕੋਸ਼ਿਸ਼ ਕਰ ਰਹੀ ਸੀ। ਵਣਕਤਰੇ ਨੂੰ ਪਤਾ ਸੀ ਕਿ ਸਾਰੀ ਉਮਰ ਉਸਦੇ ਪੈਰ ਕਦੀ ਉਸਦੇ ਭਾਵ ਨਹੀਂ ਦਰਸਾਅ ਸਕਣਗੇ, ਪਰ ਉਹ ਉਸਨੂੰ ਸਿਖਾ ਰਿਹਾ ਸੀ। ਥੈਲੀਮਾ ਵੀ ਪੱਕੀ ਤਰ੍ਹਾਂ ਜਾਣਦੀ ਸੀ ਕਿ ਉਹ ਐਵੇਂ ਹੀ ਆਪਣਾ ਤੇ ਵਣਕਤਰੇ ਦਾ ਸਮਾਂ ਬਰਬਾਦ ਕਰ ਰਹੀ ਹੈ, ਪਰ ਉਹ ਬੜੀ ਲਗਣ ਤੇ ਤਤਪਰਤਾ ਨਾਲ ਪਾਠ ਯਾਦ ਕਰ ਰਹੀ ਸੀ। ਐਲੀਮਾ ਤੇ ਕਿਟੀ ਦੋਵੇਂ ਪੀ ਰਹੀਆਂ ਸਨ ਤੇ ਆਪਸ ਵਿਚ ਕਿਸੇ ਅਜਿਹੇ ਆਦਮੀ ਬਾਰੇ ਗੱਲਬਾਤ ਕਰ ਰਹੀਆਂ ਸਨ, ਜਿਸਨੇ ਪਿੱਛਲੀ ਰੇਸ ਵਿਚ ਰੱਬ ਜਾਣੇ ਕਦੋਂ ਦਾ ਬਦਲਾ ਲੈਣ ਲਈ ਟਿੱਪ ਦਿੱਤੀ ਸੀ। ਤੇ ਚੱਡਾ ਫਿਲਿਸ ਦੇ ਚਾਣੇ ਰੰਗੇ ਵਾਲਾਂ ਨੂੰ ਪਿਘਲੇ ਹੋਏ ਸੋਨੇ ਦੇ ਰੰਗ ਦੀ ਸ਼ਰਾਬ ਵਿਚ ਘੋਲ ਕੇ ਪੀ ਰਿਹਾ ਸੀ। ਫਿਲਿਸ ਦਾ ਖੁਸਰਿਆਂ ਵਰਗਾ ਦੋਸਤ ਵਾਰੀ ਵਾਰੀ ਜੇਬ ਵਿਚੋਂ ਕੰਘੀ ਕੱਢਦਾ ਤੇ ਆਪਣੇ ਵਾਲ ਵਾਹੁਣ ਲੱਗ ਪੈਂਦਾ। ਮੰਮੀ ਕਦੀ ਇਸ ਨਾਲ ਗੱਲ ਕਰਦੀ, ਕਦੀ ਉਸ ਨਾਲ; ਕਦੀ ਸੋਢਾ ਖੁਲਵਾਉਂਦੀ, ਕਦੀ ਟੁੱਟੇ ਹੋਏ ਗ਼ਲਾਸ ਦੇ ਟੁਕੜੇ ਚੁਕਵਾਉਂਦੀ...ਉਸਦੀ ਨਜ਼ਰ ਸਾਰਿਆਂ 'ਤੇ ਸੀ, ਉਸ ਬਿੱਲੀ ਵਾਂਗ, ਜਿਹੜੀ ਦੇਖਣ ਨੂੰ ਤਾਂ ਆਪਣੀਆਂ ਅੱਖਾਂ ਬੰਦ ਕਰੀ ਪਈ ਉਂਘ ਰਹੀ ਹੁੰਦੀ ਹੈ, ਪਰ ਉਸਨੂੰ ਪਤਾ ਹੁੰਦਾ ਹੈ ਕਿ ਉਸਦੇ ਪੰਜੇ ਬੱਚੇ ਕਿੱਥੇ ਕਿੱਥੇ ਨੇ ਤੇ ਕੀ-ਕੀ ਸ਼ਰਾਰਤਾਂ ਕਰ ਰਹੇ ਨੇ।
ਇਸ ਦਿਲਚਸਪ ਚਿੱਤਰ ਵਿਚ ਕਿਹੜਾ ਰੰਗ, ਕਿਹੜੀ ਲਕੀਰ ਗ਼ਲਤ ਸੀ?...ਮੰਮੀ ਦਾ ਉਹ ਭੜਕੀਲਾ ਤੇ ਗੂੜ੍ਹਾ ਮੇਕਅੱਪ ਵੀ ਇੰਜ ਜਾਪਦਾ ਸੀ ਕਿ ਉਸ ਚਿੱਤਰ ਦਾ ਇਕ ਜ਼ਰੂਰੀ ਅੰਗ ਹੈ।
ਗ਼ਲਿਬ ਕਹਿੰਦਾ ਹੈ :-

 'ਕੈਦੇ-ਹਯਾਤ-ਓ-ਬੰਦੇ ਗ਼ਮ1, ਅਸਲ ਮੇਂ ਦੋਨੋਂ ਏਕ ਹੈਂ।
 ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ2 ਪਾਏ ਕਿਉਂ ?'
(1.ਜੀਵਨ ਰੂਪੀ ਕੈਦ ਤੇ ਗ਼ਮ ਦੀ ਪਕੜ; 2.ਮੁਕਤੀ-ਅਨੁ.)

ਕੈਦੇ-ਹਯਾਤ ਤੇ ਬੰਦੇ-ਗ਼ਮ ਜੇ ਸੱਚਮੁੱਚ ਹੀ ਹੈ ਤਾਂ ਇਹ ਕਿਉਂ ਜ਼ਰੂਰੀ ਹੈ ਕਿ ਆਦਮੀ ਮੌਤ ਤੋਂ ਪਹਿਲਾਂ ਨਿਜਾਤ (ਮੁਕਤੀ) ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਾ ਕਰੇ? ਇਸ ਤੋਂ ਮੁਕਤੀ ਲਈ ਕੌਣ ਯਮਰਾਜ ਦਾ ਇੰਤਜ਼ਾਰ ਕਰੇ...ਕਿਉਂ ਆਦਮੀ ਕੁਝ ਪਲਾਂ ਲਈ ਮਨ ਦੀ ਮੌਜ਼ ਦੀ ਖੇਡ ਵਿਚ ਹਿੱਸਾ ਨਾ ਲਵੇ!...
ਮੰਮੀ ਹਰੇਕ ਦੀ ਪ੍ਰਸ਼ੰਸਾ ਕਰ ਰਹੀ ਸੀ। ਉਸਦੇ ਸੀਨੇ ਵਿਚ ਅਜਿਹਾ ਦਿਲ ਸੀ, ਜਿਸ ਵਿਚ ਉਹਨਾਂ ਸਾਰਿਆਂ ਲਈ ਮਮਤਾ ਸੀ। ਮੈਂ ਸੋਚਿਆ ਕਿ ਸ਼ਾਇਦ ਇਸ ਲਈ ਉਸਨੇ ਆਪਣੇ ਚਿਹਰੇ ਉੱਤੇ ਰੰਗ ਮਲ ਲਿਆ ਹੈ ਕਿ ਲੋਕਾਂ ਨੂੰ ਉਸਦੀ ਸੱਚਾਈ ਦਾ ਪਤਾ ਨਾ ਲੱਗੇ...ਉਸ ਵਿਚ ਸ਼ਾਇਦ ਏਨੀ ਸਰੀਰਕ ਸ਼ਕਤੀ ਨਹੀਂ ਸੀ ਕਿ ਉਹ ਹਰ ਕਿਸੇ ਦੀ ਮਾਂ ਬਣ ਸਕਦੀ ਤੇ ਇਸੇ ਲਈ ਉਸਨੇ ਆਪਣੀ ਮਮਤਾ ਤੇ ਸਨੇਹ ਦੀ ਖਾਤਰ ਕੁਝ ਵਿਅੱਕਤੀ ਚੁਣ ਲਏ ਸਨ ਤੇ ਬਾਕੀ ਸਾਰੀ ਦੁਨੀਆਂ ਨੂੰ ਛੱਡ ਦਿੱਤਾ ਸੀ।
ਮੰਮੀ ਨੂੰ ਪਤਾ ਸੀ ਕਿ ਚੱਡਾ ਇਕ ਤਗੜਾ ਪੈਗ ਫਿਲਿਸ ਨੂੰ ਪਿਆ ਚੁੱਕਿਆ ਹੈ। ਚੋਰੀ ਛਿੱਪੇ ਨਹੀਂ ਸਾਰਿਆਂ ਦੇ ਸਾਹਮਣੇ; ਪਰ ਮੰਮੀ ਤਾਂ ਉਦੋਂ ਰਸੋਈ ਵਿਚ ਪਟੇਟੋ ਚਿਪਸ ਤਲ ਰਹੀ ਸੀ...ਹੁਣ ਫਿਲਿਸ ਨਸ਼ੇ ਵਿਚ ਸੀ, ਤੇ ਜਿਸ ਤਰ੍ਹਾਂ ਉਸਦੇ ਪਾਲਿਸ਼ ਕੀਤੇ ਹੋਏ ਫੌਲਾਦ ਰੰਗੇ ਵਾਲ ਹੌਲੀ ਹੌਲੀ ਲਹਿਰਾ ਰਹੇ ਸਨ, ਉਸੇ ਤਰ੍ਹਾਂ ਉਹ ਆਪ ਵੀ ਲਹਿਰਾ ਰਹੀ ਸੀ।
ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਵਣਕਤਰੇ ਥੈਲੀਮਾ ਨੂੰ ਤੋੜੇ ਸਿਖਾ-ਸਿਖਾ ਕੇ ਥੱਕ ਜਾਣ ਪਿੱਛੋਂ ਹੁਣ ਦਸ ਰਿਹਾ ਸੀ ਕਿ ਉਸਦਾ ਪਿਓ ਸਾਲਾ ਉਸ ਨਾਲ ਬੜਾ ਪਿਆਰ ਕਰਦਾ ਸੀ। ਬਚਪਨ ਵਿਚ ਹੀ ਉਸਨੇ ਉਸਦਾ ਵਿਆਹ ਕਰ ਦਿੱਤਾ ਸੀ। ਉਸਦੀ ਵਾਈਫ਼ ਬੜੀ ਬਿਊਟੀ-ਫੁੱਲ ਹੈ...ਤੇ ਗਰੀਬ ਨਿਵਾਜ਼ ਡੋਲੀ ਨੂੰ ਕਰਜ਼ਾ ਦੇ ਕੇ ਭੁੱਲ ਵੀ ਚੁੱਕਿਆ ਸੀ। ਰਣਜੀਤ ਕੁਮਾਰ ਪੋਲੀ ਨੂੰ ਆਪਣੇ ਨਾਲ ਕਿੱਧਰੇ ਬਾਹਰ ਲੈ ਗਿਆ ਸੀ। ਐਲੀਮਾ ਤੇ ਕਿਟੀ ਦੋਵੇਂ ਦੁਨੀਆਂ ਭਰ ਦੀਆਂ ਗੱਲ ਕਰਕੇ ਥੱਕ ਚੁੱਕੀਆਂ ਸਨ ਤੇ ਆਰਾਮ ਕਰਨਾ ਚਾਹੁੰਦੀਆਂ ਸਨ—ਤਿਪਾਈ ਦੇ ਇਰਦ-ਗਿਰਦ ਫਿਲਿਸ, ਉਸਦਾ ਖੁਸਰੇ ਮੂੰਹਾਂ ਸਾਥੀ ਦੋਸਤ ਤੇ ਮੰਮੀ ਬੈਠੇ ਸਨ। ਚੱਡਾ ਹੁਣ ਜਜ਼ਬਾਤੀ ਨਹੀਂ ਸੀ। ਫਿਲਿਸ ਉਸਦੇ ਨਾਲ ਢੁੱਕ ਕੇ ਬੈਠੀ ਹੋਈ ਸੀ, ਜਿਸਨੇ ਪਹਿਲੀ ਵੇਰ ਸ਼ਰਾਬ ਦਾ ਸਵਾਦ ਚੱਖਿਆ ਸੀ—ਉਸਨੂੰ ਪ੍ਰਾਪਤ ਕਰਨ ਦਾ ਸੰਕਲਪ ਉਸਦੀਆਂ ਅੱਖਾਂ ਵਿਚ ਸਾਕਾਰ ਸੀ। ਮੰਮੀ ਇਸ ਗੱਲ ਤੋਂ ਅਣਜਾਣ ਨਹੀਂ ਸੀ।
ਥੋੜ੍ਹੀ ਦੇਰ ਬਾਅਦ ਫਿਲਿਸ ਦਾ ਖੂਸਰੇ ਮੂੰਹਾਂ ਦੋਸਤ ਉਠ ਕੇ ਸੋਫੇ ਉੱਤੇ ਜਾ ਲੇਟਿਆ ਤੇ ਆਪਣੇ ਵਾਲਾਂ ਵਿਚ ਕੰਘੀ ਕਰਦਾ ਕਰਦਾ ਸੌਂ ਗਿਆ। ਗਰੀਬ ਨਿਵਾਜ਼ ਤੇ ਡੋਲੀ ਉਠ ਕੇ ਕਿੱਧਰੇ ਚੱਲੇ ਗਏ। ਏਲੀਮਾ ਤੇ ਕਿਟੀ ਨੇ ਵਿਦਾ ਲਈ ਤੇ ਚਲੀਆਂ ਗਈਆਂ...ਵਣਕਤਰੇ ਨੇ ਆਖ਼ਰੀ ਵਾਰੀ ਆਪਣੀ ਪਤਨੀ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕੀਤੀ ਤੇ ਫਿਲਿਸ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਿਆ, ਫੇਰ ਥੈਲੀਮਾ ਵੱਲ ਜਿਹੜੀ ਉਸਦੇ ਕੋਲ ਬੈਠੀ ਸੀ, ਤੇ ਫੇਰ ਉਹ ਉਸਦੀ ਬਾਂਹ ਫੜ੍ਹ ਕੇ ਉਸਨੂੰ ਚੰਦ ਦਿਖਾਉਣ ਲਈ ਬਾਹਰ ਖੁੱਲ੍ਹੇ ਮੈਦਾਨ ਵਿਚ ਲੈ ਗਿਆ।
ਅਚਾਣਕ ਪਤਾ ਨਹੀਂ ਕੀ ਹੋਇਆ ਕਿ ਚੱਡੇ ਤੇ ਮੰਮੀ ਵਿਚਕਾਰ ਗਰਮਾ-ਗਰਮ ਬਹਿਸ਼ ਸ਼ੁਰੂ ਹੋ ਗਈ। ਚੱਡੇ ਦੀ ਆਵਾਜ਼ ਲੜਖੜਾ ਰਹੀ ਸੀ। ਉਹ ਇਕ ਨਾਲਾਇਕ ਪੁੱਤਰ ਵਾਂਗ ਮੰਮੀ ਨੂੰ ਅਵਾ-ਤਵਾ ਬੋਲਣ ਲੱਗਾ। ਫਿਲਿਸ ਨੇ ਕਿਸੇ ਹੱਦ ਤਕ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੱਡਾ ਹਵਾ ਦੇ ਘੋੜੇ 'ਤੇ ਸਵਾਰ ਸੀ। ਉਹ ਫਿਲਿਸ ਨੂੰ ਆਪਣੇ ਨਾਲ ਸਈਦਾ ਕਾਟੇਜ ਲੈ ਜਾਣਾ ਚਾਹੁੰਦਾ ਸੀ ਤੇ ਮੰਮੀ ਇਸ ਦੇ ਵਿਰੁੱਧ ਸੀ। ਉਹ ਉਸਨੂੰ ਬੜੀ ਦੇਰ ਤਕ ਸਮਝਾਉਂਦੀ ਰਹੀ ਕਿ ਉਹ ਇਸ ਇਰਾਦੇ ਤੋਂ ਬਾਅਜ਼ ਆਵੇ, ਪਰ ਉਹ ਸੀ ਕਿ ਮੰਨਦਾ ਹੀ ਨਹੀਂ ਸੀ ਪਿਆ ਤੇ ਵਾਰੀ-ਵਾਰੀ ਮੰਮੀ ਨੂੰ ਕਹਿ ਰਿਹਾ ਸੀ, 'ਤੂੰ ਪਾਗਲ ਹੋ ਗਈ ਏਂ...ਬੁੱਢੀਏ ਦਲਾਲਨੇ...ਫਿਲਿਸ ਮੇਰੀ ਹੈ...ਪੁੱਛ ਲੈ ਇਸ ਨੂੰ।'
ਮੰਮੀ ਨੇ ਬੜੀ ਦੇਰ ਤਕ ਉਸਦੀਆਂ ਗਾਲ੍ਹਾਂ ਸੁਣੀਆਂ, ਅੰਤ ਵਿਚ ਬੜੇ ਸਮਝਾਉਣ ਵਾਲੇ ਢੰਗ ਨਾਲ ਕਿਹਾ, “ਚੱਡੇ, ਮਾਈ ਸਨ...ਤੂੰ ਕਿਉਂ ਨਹੀਂ ਸਮਝਦਾ...ਸ਼ੀ ਇਜ ਯੰਗ...ਸ਼ੀ ਇਜ ਵੈਰੀ ਯੰਗ...।”
ਉਸਦੀ ਆਵਾਜ਼ ਕੰਬ ਰਹੀ ਸੀ, ਉਸ ਵਿਚ ਇਕ ਤਰਲਾ ਸੀ, ਇਕ ਤਾੜਨਾ ਸੀ, ਇਕ ਬੜੀ ਭਿਆਨਕ ਤਸਵੀਰ ਸੀ, ਪਰ ਚੱਡਾ ਉੱਕਾ ਨਹੀਂ ਸਮਝਿਆ। ਉਦੋਂ ਉਸਦੇ ਸਾਹਵੇਂ ਸਿਰਫ ਫਿਲਿਸ ਤੇ ਉਸਦੀ ਪ੍ਰਾਪਤੀ ਸੀ। ਮੈਂ ਫਿਲਿਸ ਵੱਲ ਦੇਖਿਆ ਤੇ ਪਹਿਲੀ ਵਾਰੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਉਹ ਸੱਚਮੁੱਚ ਬੜੀ ਛੋਟੀ ਉਮਰ ਦੀ ਸੀ, ਮੁਸ਼ਕਿਲ ਨਾਲ ਪੰਦਰਾਂ ਸਾਲ ਦੀ...ਉਸਦਾ ਗੋਰਾ ਚਿਹਰਾ, ਚਾਂਦੀ ਰੰਗੇ ਬੱਦਲਾਂ ਵਿਚ ਘਿਰਿਆ, ਬਰਸਾਤ ਦੀ ਪਹਿਲੀ ਬੂੰਦ ਵਾਂਗ ਲਰਜ਼ ਰਿਹਾ ਸੀ।
ਚੱਡੇ ਨੇ ਉਸਨੂੰ ਬਾਹੋਂ ਫੜ੍ਹ ਕੇ ਆਪਣੇ ਵੱਲ ਖਿੱਚਿਆ ਤੇ ਫ਼ਿਲਮਾਂ ਦੇ ਹੀਰੋ ਵਾਂਗ ਆਪਣੀ ਛਾਤੀ ਨਾਲ ਲਾ ਕੇ ਘੁੱਟ ਲਿਆ। ਮੰਮੀ ਯਕਦਮ ਲਾਲ-ਪੀਲੀ ਹੋ ਕੇ ਕੂਕੀ, “ਚੱਡੇ...ਛੱਡ ਦੇ...ਫਾਰ ਗੋਡ ਸੇਕ...ਛੱਡ ਦੇ ਇਸਨੂੰ!”
ਜਦੋਂ ਚੱਡੇ ਨੇ ਆਪਣੀ ਚੌੜੀ ਛਾਤੀ ਨਾਲੋਂ ਫਿਲਿਸ ਨੂੰ ਵੱਖ ਨਾ ਕੀਤਾ ਤਾਂ ਮੰਮੀ ਨੇ ਉਸਦੇ ਮੂੰਹ ਉੱਤੇ ਇਕ ਜ਼ੋਰਦਾਰ ਚਪੇੜ ਕੱਢ ਮਾਰੀ ਤੇ ਕੂਕੀ, “ਗੇਟ ਆਊਟ...ਗੇਟ ਆਊਟ...”
ਚੱਡਾ ਭੰਵਤਰ ਗਿਆ। ਫਿਲਿਸ ਨੂੰ ਆਪਣੇ ਨਾਲੋਂ ਵੱਖ ਕਰਕੇ ਇਕ ਧੱਕਾ ਮਾਰਿਆ ਤੇ ਮੰਮੀ ਵੱਲ ਅੱਗ ਵਰ੍ਹਾਂਦੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਬਾਹਰ ਨਿਕਲ ਗਿਆ। ਮੈਂ ਵੀ ਉਠ ਕੇ ਵਿਦਾਅ ਲਈ ਤੇ ਚੱਡੇ ਦੇ ਪਿੱਛੇ ਪਿੱਛੇ ਤੁਰ ਪਿਆ।
ਸਈਦਾ ਕਾਟੇਜ ਪਹੁੰਚ ਕੇ ਮੈਂ ਦੇਖਿਆ ਉਹ ਪੈਂਟ, ਕਮੀਜ਼ ਤੇ ਬੂਟਾਂ ਸਮੇਤ, ਪਲੰਘ ਉੱਤੇ, ਮੂਧੜੇ- ਮੁੰਹ ਪਿਆ ਸੀ। ਮੈਂ ਉਸ ਨਾਲ ਕੋਈ ਗੱਲ ਨਾ ਕੀਤੀ ਤੇ ਦੂਜੇ ਕਮਰੇ ਵਿਚ ਵੱਡੀ ਮੇਜ਼ ਉੱਤੇ ਸੌਂ ਗਿਆ।
ਸਵੇਰੇ ਦੇਰ ਨਾਲ ਉਠਿਆ। ਦਸ ਵੱਜੇ ਹੋਏ ਸਨ। ਚੱਡਾ ਸਵੇਰੇ ਸਵੇਰੇ ਹੀ ਉਠ ਕੇ ਬਾਹਰ ਚਲਾ ਗਿਆ ਸੀ। ਕਿੱਥੇ, ਇਹ ਕਿਸੇ ਨੂੰ ਨਹੀਂ ਸੀ ਪਤਾ। ਪਰ ਜਦੋਂ ਮੈਂ ਗੁਸਲਖ਼ਾਨੇ ਵਿਚੋਂ ਬਾਹਰ ਨਿਕਲ ਰਿਹਾ ਸਾਂ ਤਾਂ ਮੈਨੂੰ ਉਸਦੀ ਆਵਾਜ਼ ਸੁਣਾਈ ਦਿੱਤੀ, ਜਿਹੜੀ ਗੈਰਾਜ ਦੇ ਬਾਹਰੋਂ ਆ ਰਹੀ ਸੀ। ਉਹ ਕਿਸੇ ਨੂੰ ਕਹਿ ਰਿਹਾ ਸੀ, “ਉਹ ਲਾਜਵਾਬ ਔਰਤ ਏ। ਖ਼ੁਦਾ ਦੀ ਸੌਂਹ, ਬੜੀ ਲਾਜਵਾਬ ਔਰਤ ਏ—ਦੁਆ ਕਰ ਕਿ ਉਸਦੀ ਉਮਰ ਨੂੰ ਪਹੁੰਚ ਕੇ ਤੂੰ ਵੀ ਉਸ ਵਰਗੀ ਗਰੇਟ ਬਣ ਜਾਵੇਂ।”
ਉਸਦੀ ਆਵਾਜ਼ ਵਿਚ ਇਕ ਵਚਿੱਤਰ ਕੁਸੈਲ ਘੁਲੀ ਹੋਈ ਸੀ। ਪਤਾ ਨਹੀਂ ਉਸਦਾ ਨਿਸ਼ਾਨਾ ਉਸ ਦੇ ਆਪਣੇ ਵੱਲ ਸੀ ਜਾਂ ਉਸ ਵਿਅੱਕਤੀ ਵੱਲ, ਜਿਸ ਨੂੰ ਉਹ ਕਹਿ ਰਿਹਾ ਸੀ। ਮੈਂ ਬਹੁਤੀ ਦੇਰ ਉੱਥੇ ਰੁਕਿਆ ਰਹਿਣਾ ਠੀਕ ਨਹੀਂ ਸਮਝਿਆ ਤੇ ਅੰਦਰ ਚਲਾ ਗਿਆ। ਅੱਧਾ ਘੰਟਾ ਮੈਂ ਉਸਦੀ ਉਡੀਕ ਕੀਤੀ। ਜਦੋਂ ਉਹ ਨਾ ਆਇਆ ਤਾਂ ਮੈਂ ਪ੍ਰਭਾਤ ਨਗਰ ਵੱਲ ਤੁਰ ਗਿਆ।
ਮੇਰੀ ਪਤਨੀ ਦਾ ਮੂਡ ਠੀਕ ਸੀ—ਹਰੀਸ਼ ਘਰੇ ਨਹੀਂ ਸੀ। ਹਰੀਸ਼ ਦੀ ਪਤਨੀ ਨੇ ਉਸ ਬਾਰੇ ਪੁੱਛਿਆ ਤਾਂ ਮੈਂ ਕਹਿ ਦਿੱਤਾ ਕਿ ਉਹ ਅਜੇ ਸਟੂਡੀਓ ਵਿਚ ਸੁੱਤਾ ਪਿਆ ਹੈ।
ਪੂਨੇ ਵਿਚ ਖਾਸਾ ਮੌਜ਼ ਮੇਲਾ ਹੋ ਗਿਆ ਸੀ, ਇਸ ਲਈ ਮੈਂ ਹਰੀਸ਼ ਦੀ ਪਤਨੀ ਤੋਂ ਜਾਣ ਦੀ ਆਗਿਆ ਮੰਗੀ। ਸਭਿਅਤਾ ਦੇ ਨਾਤੇ ਉਸਨੇ ਸਾਨੂੰ ਰੁਕਣ ਲਈ ਕਿਹਾ, ਪਰ ਮੈਂ ਸਈਦਾ ਕਾਟੇਜ ਵਿਚ ਹੀ ਫ਼ੈਸਲਾ ਕਰ ਲਿਆ ਸੀ ਕਿ ਰਾਤ ਵਾਲੀ ਘਟਨਾ ਮੇਰੀ ਮਾਨਸਿਕ ਜੁਗਾਲੀ ਲਈ ਵਾਧੂ ਹੈ।
ਅਸੀਂ ਤੁਰ ਪਏ। ਰਸਤੇ ਵਿਚ ਮੰਮੀ ਦੀਆਂ ਗੱਲਾਂ ਹੋਈਆਂ। ਜੋ ਕੁਝ ਵਾਪਰਿਆ ਸੀ, ਮੈਂ ਪਤਨੀ ਨੂੰ ਸਭ ਕੁਝ ਦਸ ਦਿੱਤਾ। ਉਸਦਾ ਕਹਿਣਾ ਸੀ ਕਿ ਫਿਲਿਸ ਉਸਦੀ ਕੋਈ ਰਿਸ਼ਤੇਦਾਰ ਹੋਏਗੀ ਜਾਂ ਉਹ ਉਸਨੂੰ ਕਿਸੇ ਚੰਗੀ ਅਸਾਮੀ ਨੂੰ ਪੇਸ਼ ਕਰਨਾ ਚਹੁੰਦੀ ਹੋਏਗੀ, ਤਦੇ ਉਸਨੇ ਚੱਡੇ ਨਾਲ ਲੜਾਈ ਕੀਤੀ...ਮੈਂ ਚੁੱਪ ਰਿਹਾ। ਨਾ ਹਮੀਂ ਭਰੀ, ਨਾ ਵਿਰੋਧ ਕੀਤਾ।
    --- --- ---
ਕਈ ਦਿਨ ਬੀਤ ਜਾਣ ਪਿੱਛੋਂ ਚੱਡੇ ਦਾ ਖ਼ਤ ਆਇਆ, ਜਿਸ ਵਿਚ ਉਸ ਰਾਤ ਵਾਲੀ ਘਟਨਾ ਦਾ ਸਰਸਰੀ ਜਿਹਾ ਜ਼ਿਕਰ ਸੀ ਤੇ ਉਸਨੇ ਆਪਣੇ ਬਾਰੇ ਵਿਚ ਇਹ ਕਿਹਾ ਸੀ, 'ਮੈਂ ਉਸ ਰਾਤ ਜਾਨਵਰ ਬਣ ਗਿਆ ਸਾਂ ਲਾਹਨਤ ਹੈ ਮੇਰੇ 'ਤੇ।'
ਤਿੰਨ ਮਹੀਨੇ ਬਾਅਦ ਮੈਨੂੰ ਇਕ ਜ਼ਰੂਰੀ ਕੰਮ ਲਈ ਫੇਰ ਪੂਨੇ ਜਾਣਾ ਪਿਆ। ਸਿੱਧਾ ਸਈਦਾ ਕਾਟੇਜ ਪਹੁੰਚਿਆ। ਚੱਡਾ ਉੱਥੇ ਨਹੀਂ ਸੀ। ਗਰੀਬ ਨਿਵਾਜ਼ ਨਾਲ ਉਸ ਸਮੇਂ ਮੁਲਾਕਾਤ ਹੋਈ ਜਦੋਂ ਉਹ ਗੈਰੇਜ ਵਿਚੋਂ ਨਿਕਲ ਕੇ ਸ਼ੀਰੀਂ ਦੇ ਨਿੱਕੇ ਬੱਚੇ ਨੂੰ ਪਿਆਰ ਕਰ ਰਿਹਾ ਸੀ। ਉਹ ਉੱਡ ਕੇ ਮਿਲਿਆ। ਥੋੜ੍ਹੀ ਦੇਰ ਬਾਅਦ ਰਣਜੀਤ ਕੁਮਾਰ ਆ ਗਿਆ, ਕੱਛੂ ਦੀ ਤੋਰ ਤੁਰਦਾ ਹੋਇਆ, ਤੇ ਚੁੱਪਚਾਪ ਬੈਠ ਗਿਆ। ਮੈਂ ਜਦ ਉਸਨੂੰ ਕੁਝ ਪੁੱਛਦਾ ਸਾਂ ਤਾਂ ਉਹ ਬੜਾ ਸੰਖੇਪ ਜਿਹਾ ਉਤਰ ਦੇ ਦਿੰਦਾ ਸੀ। ਉਸ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਚੱਡਾ ਉਸ ਰਾਤ ਤੋਂ ਪਿੱਛੋਂ ਮੰਮੀ ਵੱਲ ਨਹੀਂ ਗਿਆ ਤੇ ਨਾ ਹੀ ਉਹ ਇੱਥੇ ਆਈ ਹੈ। ਫਿਲਿਸ ਨੂੰ ਉਸਨੇ ਦੂਜੇ ਦਿਨ ਹੀ ਉਸਦੇ ਮਾਂ-ਪਿਓ ਕੋਲ ਭੇਜ ਦਿੱਤਾ ਸੀ। ਉਹ ਉਸ ਖੁਸਰੇ ਵਰਗੇ ਮੁੰਡੇ ਨਾਲ ਘਰੋਂ ਭੱਜ ਕੇ ਆਈ ਸੀ।...ਰਣਜੀਤ ਕੁਮਾਰ ਨੂੰ ਵਿਸ਼ਵਾਸ ਸੀ ਕਿ ਜੇ ਉਹ ਕੁਝ ਦਿਨ ਹੋਰ ਪੂਨੇ ਵਿਚ ਰਹਿੰਦੀ ਤਾਂ ਉਹ ਜ਼ਰੂਰ ਉਸਨੂੰ ਲੈ ਉੱਡਦਾ। ਗਰੀਬ ਨਿਵਾਜ਼ ਨੇ ਅਜਿਹਾ ਕੋਈ ਦਾਅਵਾ ਨਹੀਂ ਸੀ ਕੀਤਾ...ਪਰ ਏਨਾ ਅਫ਼ਸੋਸ ਜ਼ਰੂਰ ਸੀ ਕਿ ਉਹ ਚਲੀ ਗਈ ਸੀ।
ਚੱਡੇ ਬਾਰੇ ਇਹ ਪਤਾ ਲੱਗਿਆ ਕਿ ਦੋ ਤਿੰਨ ਦਿਨਾਂ ਦੀ ਉਸਦੀ ਤਬੀਅਤ ਠੀਕ ਨਹੀਂ ਹੈ, ਪਰ ਉਹ ਕਿਸੇ ਡਾਕਟਰ ਤੋਂ ਰਾਏ ਨਹੀਂ ਲੈਂਦਾ—-ਸਾਰਾ ਦਿਨ ਇਧਰ ਉਧਰ ਭੌਂਦਾ ਰਹਿੰਦਾ ਹੈ। ਗਰੀਬ ਨਿਵਾਜ਼ ਨੇ ਜਦੋਂ ਮੈਨੂੰ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਰਣਜੀਤ ਕੁਮਾਰ ਉਠ ਕੇ ਚਲਾ ਗਿਆ। ਮੈਂ ਸਰੀਆਂ ਵਾਲੇ ਜੰਗਲੇ ਰਾਹੀਂ ਦੇਖਿਆ, ਉਹ ਗੈਰੇਜ ਵੱਲ ਗਿਆ ਸੀ।
ਮੈਂ ਗਰੀਬ ਨਿਵਾਜ਼ ਤੋਂ ਗੈਰੇਜ ਵਾਲੀ ਸ਼ੀਰੀਂ ਬਾਰੇ ਕੁਝ ਪੁੱਛਣ ਲਈ ਸੋਚ ਹੀ ਰਿਹਾ ਸਾਂ ਕਿ ਵਣਕਤਰੇ ਬੜਾ ਘਬਰਾਇਆ ਹੋਇਆ ਕਮਰੇ ਵਿਚ ਆ ਵੜਿਆ। ਉਸ ਤੋਂ ਪਤਾ ਲੱਗਾ ਕਿ ਚੱਡੇ ਨੂੰ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ। ਉਹ ਉਸਨੂੰ ਤਾਂਗੇ ਵਿਚ ਲੱਦ ਕੇ ਇੱਥੇ ਲਿਆਇਆ ਹੈ ਕਿਉਂਕਿ ਉਹ ਰਸਤੇ ਵਿਚ ਬੇਹੋਸ਼ ਹੋ ਗਿਆ ਸੀ...ਮੈਂ ਤੇ ਗਰੀਬ ਨਿਵਾਜ਼ ਬਾਹਰ ਵੱਲ ਦੌੜੇ। ਤਾਂਗੇ ਵਾਲਾ ਬੇਹੋਸ਼ ਚੱਡੇ ਨੂੰ ਸੰਭਾਲੀ ਬੈਠਾ ਸੀ। ਅਸਾਂ ਸਾਰਿਆਂ ਨੇ ਉਸਨੂੰ ਚੁੱਕਿਆ ਤੇ ਕਮਰੇ ਵਿਚ ਲਿਆ ਕੇ ਬਿਸਤਰੇ ਉੱਤੇ ਲਿਟਾਅ ਦਿੱਤਾ। ਮੈਂ ਉਸਦੇ ਮੱਥੇ ਉੱਤੇ ਹੱਥ ਰੱਖ ਕੇ ਦੇਖਿਆ, ਸੱਚਮੁੱਚ ਬੜਾ ਤੇਜ਼ ਬੁਖ਼ਾਰ ਸੀ। ਇਕ ਸੌ ਛੇ ਡਿਗਰੀ ਤੋਂ ਘੱਟ ਨਹੀਂ ਹੋਣਾ।
ਮੈਂ ਗਰੀਬ ਨਿਵਾਜ਼ ਨੂੰ ਕਿਹਾ, “ਫੌਰਨ ਡਾਕਟਰ ਨੂੰ ਬੁਲਾਉਣਾ ਚਾਹੀਦਾ ਏ।” ਉਸਨੇ ਵਣਕਤਰੇ ਨਾਲ ਸਲਾਹ ਕੀਤੀ ਤੇ 'ਹੁਣੇ ਆਇਆ' ਕਹਿ ਕੇ ਬਾਹਰ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਉਸ ਨਾਲ ਮੰਮੀ ਵੀ ਸੀ। ਉਹ ਹਫੀ ਹੋਈ ਸੀ। ਅੰਦਰ ਆਉਂਦਿਆਂ ਹੀ ਉਸਨੇ ਚੱਡੇ ਵੱਲ ਦੇਖਿਆ ਤੇ ਲਗਭਗ ਕੂਕ ਕੇ ਪੁੱਛਿਆ, “ਕੀ ਹੋਇਆ ਏ, ਮੇਰੇ ਬੱਚੇ ਨੂੰ?”
ਵਣਕਤਰੇ ਨੇ ਜਦੋਂ ਉਸਨੂੰ ਦੱਸਿਆ ਕਿ ਚੱਡਾ ਕਈ ਦਿਨਾਂ ਦਾ ਬਿਮਾਰ ਸੀ ਤਾਂ ਮੰਮੀ ਨੇ ਬੜੇ ਦੁੱਖ ਤੇ ਗੁੱਸੇ ਨਾਲ ਕਿਹਾ, “ਤੁਸੀਂ ਕੈਸੇ ਲੋਗ ਓ—ਮੈਨੂੰ ਖ਼ਬਰ ਕਿਉਂ ਨਹੀਂ ਕੀਤੀ?” ਫੇਰ ਉਸਨੇ ਗਰੀਬ ਨਿਵਾਜ਼, ਮੈਨੂੰ ਤੇ ਵਣਕਤਰੇ ਨੂੰ ਕਈ ਹਦਾਇਤਾਂ ਦਿੱਤੀਆਂ...ਇਕ ਨੂੰ ਚੱਡੇ ਦੇ ਪੈਰਾਂ ਦੀਆਂ ਤਲੀਆਂ ਝੱਸਣ ਦੀ, ਦੂਜੇ ਨੂੰ ਬਰਫ਼ ਲਿਆਉਣ ਦੀ ਤੇ ਤੀਜੇ ਨੂੰ ਪੱਖਾ ਝੱਲਣ ਦੀ। ਚੱਡੇ ਦੀ ਹਾਲਤ ਵੇਖ ਕੇ ਉਸਦੀ ਆਪਣੀ ਹਾਲਤ ਵੀ ਵਿਗੜ ਗਈ ਸੀ, ਪਰ ਉਸਨੇ ਹੌਸਲੇ ਤੋਂ ਕੰਮ ਲਿਆ ਤੇ ਡਾਕਟਰ ਨੂੰ ਬੁਲਾਉਣ ਚਲੀ ਗਈ।
ਪਤਾ ਨਹੀਂ ਰਣਜੀਤ ਕੁਮਾਰ ਨੂੰ ਗੈਰੇਜ ਵਿਚ ਕਿੰਜ ਪਤਾ ਲੱਗਿਆ। ਉਹ ਮੰਮੀ ਦੇ ਜਾਣ ਦੇ ਤੁਰੰਤ ਬਾਅਦ ਘਬਰਾਇਆ ਹੋਇਆ ਅੰਦਰ ਆਇਆ। ਉਸਦੇ ਪੁੱਛਣ 'ਤੇ ਵਣਕਤਰੇ ਨੇ ਉਸਦੇ ਬੇਹੋਸ਼ ਹੋਣ ਦੀ ਘਟਨਾ ਦਾ ਵਰਨਣ ਕਰ ਦਿੱਤਾ ਤੇ ਇਹ ਵੀ ਦੱਸਿਆ ਕਿ ਮੰਮੀ ਡਾਕਟਰ ਕੋਲ ਗਈ ਹੈ। ਇਹ ਸੁਣ ਕੇ ਰਣਜੀਤ ਕੁਮਾਰ ਦੀ ਬੇਚੈਨੀ ਕਿਸੇ ਹੱਦ ਤਕ ਦੂਰ ਹੋ ਗਈ।
ਮੈਂ ਦੇਖਿਆ ਕਿ ਉਹ ਤਿੰਨੇ ਬੜੇ ਸੰਤੁਸ਼ਟ ਸਨ, ਜਿਵੇਂ ਚੱਡੇ ਦੀ ਸਿਹਤ ਦੀ ਸਾਰੀ ਜ਼ਿੰਮੇਵਾਰੀ ਮੰਮੀ ਨੇ ਆਪਣੇ ਸਿਰ ਲੈ ਲਈ ਹੋਵੇ।
ਉਸਦੀ ਹਦਾਇਤ ਅਨੁਸਾਰ ਚੱਡੇ ਦੀਆਂ ਤਲੀਆਂ ਮਲੀਆਂ ਜਾ ਰਹੀਆਂ ਸਨ, ਮੱਥੇ ਉੱਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾ ਰਹੀਆਂ ਸਨ। ਮੰਮੀ ਜਦੋਂ ਡਾਕਟਰ ਨੂੰ ਨਾਲ ਲੈ ਕੇ ਆਈ, ਉਹ, ਕੁਝ ਕੁਝ ਹੋਸ਼ ਵਿਚ ਆ ਚੁੱਕਿਆ ਸੀ। ਡਾਕਟਰ ਨੇ ਮੁਆਨੇ ਵਿਚ ਕਾਫੀ ਦੇਰ ਲਾ ਦਿੱਤੀ। ਉਸਦੇ ਚਿਹਰੇ ਤੋਂ ਇੰਜ ਜਾਪਦਾ ਸੀ ਜਿਵੇਂ ਚੱਡੇ ਦੀ ਜ਼ਿੰਦਗੀ ਖ਼ਤਰੇ ਵਿਚ ਹੈ। ਮੁਆਇਨਾਂ ਕਰਨ ਪਿੱਛੋਂ ਡਾਕਟਰ ਨੇ ਮੰਮੀ ਨੂੰ ਇਸ਼ਾਰਾ ਕੀਤਾ ਤੇ ਉਹ ਦੋਵੇਂ ਕਮਰੇ 'ਚੋਂ ਬਾਹਰ ਚਲੇ ਗਏ। ਮੈਂ ਸਲਾਖਾਂ ਰਾਹੀਂ ਦੇਖਿਆ ਕਿ ਗੈਰੇਜ ਦੇ ਟਾਟ ਦਾ ਪਰਦਾ ਹਿੱਲ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਮੰਮੀ ਆਈ। ਗਰੀਬ ਨਿਵਾਜ਼, ਵਣਕਤਰੇ ਤੇ ਰਣਜੀਤ ਕੁਮਾਰ ਨੂੰ ਵਾਰੀ ਵਾਰੀ ਨਾਲ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ। ਚੱਡਾ ਹੁਣ ਅੱਖਾਂ ਖੋਲ੍ਹ ਕੇ ਸੁਣ ਰਿਹਾ ਸੀ। ਮੰਮੀ ਨੂੰ ਉਸ ਨੇ ਹੈਰਾਨੀ ਨਾਲ ਨਹੀਂ ਦੇਖਿਆ ਸੀ, ਪਰ ਇਕ ਉਲਝਣ ਜਿਹੀ ਜ਼ਰੂਰ ਮਹਿਸੂਸ ਕਰ ਰਿਹਾ ਸੀ। ਕੁਝ ਛਿਣ ਬਾਅਦ ਜਦੋਂ ਉਹ ਸਮਝ ਗਿਆ ਕਿ ਮੰਮੀ ਕਿਉਂ ਤੇ ਕਿੰਜ ਆਈ ਹੈ, ਤਾਂ ਉਸਨੇ ਮੰਮੀ ਦਾ ਹੱਥ ਆਪਣੇ ਹੱਥ ਵਿਚ ਲੈਂਦਿਆਂ ਜ਼ਰਾ ਦਬਾਅ ਕੇ ਕਿਹਾ, “ਮੰਮੀ, ਯੂ ਆਰ ਗਰੇਟ!”
ਮੰਮੀ ਉਸ ਕੋਲ ਪਲੰਘ ਉੱਤੇ ਬੈਠ ਗਈ। ਉਹ ਮਮਤਾ ਦੀ ਸਾਕਾਰ ਮੂਰਤ ਲੱਗ ਰਹੀ ਸੀ। ਉਸਨੇ ਚੱਡੇ ਦੇ ਭਖਦੇ ਹੋਏ ਮੱਥੇ ਉੱਤੇ ਹੱਥ ਫੇਰ ਕੇ ਮੁਸਕਰਾਂਦਿਆਂ ਹੋਇਆਂ ਸਿਰਫ ਏਨਾ ਕਿਹਾ, “ਮੇਰੇ ਬੱਚੇ...ਮੇਰੇ ਗਰੀਬ ਬੇਟੇ!”
ਚੱਡੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਪਰ ਤੁਰੰਤ ਹੀ ਉਸਨੇ ਉਹਨਾਂ ਨੂੰ ਪੀ ਜਾਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, “ਨਹੀਂ, ਤੇਰਾ ਬੇਟਾ ਅੱਵਲ ਦਰਜ਼ੇ ਦਾ ਸਕਾਉਂਡਰਲ ਏ...ਜਾਹ ਆਪਣੇ ਸਵਰਗਵਾਸੀ ਪਤੀ ਦਾ ਪਿਸਤੌਲ ਚੁੱਕ ਲਿਆ ਤੇ ਇਸਦੀ ਛਾਤੀ 'ਚੋਂ ਕੱਢ ਦੇ।”
ਮੰਮੀ ਨੇ ਚੱਡੇ ਦੀ ਗੱਲ੍ਹ ਉੱਤੇ ਪੋਲੀ ਜਿਹੀ ਚਪੇੜ ਮਾਰੀ, “ਵਾਧੂ ਦੀਆਂ ਗੱਲਾਂ ਨਾ ਕਰ।” ਫੇਰ ਉਹ ਕਿਸੇ ਚੁਸਤ ਤੇ ਸਮਝਦਾਰ ਨਰਸ ਵਾਂਗ ਉਠੀ ਤੇ ਸਾਡੇ ਸਾਰਿਆਂ ਵੱਲ ਭੌਂ ਕੇ ਬੋਲੀ, “ਮੁੰਡਿਓ, ਚੱਡਾ ਬਿਮਾਰ ਹੈ ਤੇ ਮੈਂ ਇਸਨੂੰ ਹਸਪਤਾਲ ਲੈ ਜਾਣਾ ਏਂ—ਸਮਝੇ?”
ਸਾਰੇ ਸਮਝ ਗਏ। ਗਰੀਬ ਨਿਵਾਜ਼ ਨੇ ਤੁਰੰਤ ਟੈਕਸੀ ਦਾ ਬੰਦੋਬਸਤ ਕਰ ਦਿੱਤਾ। ਚੱਡੇ ਨੂੰ ਚੁੱਕ ਕੇ ਉਸ ਵਿਚ ਪਾਇਆ ਗਿਆ। ਉਹ ਬੜਾ ਕਹਿੰਦਾ ਰਿਹਾ ਕਿ ਅਜਿਹੀ ਕੀ ਆਫ਼ਤ ਆਈ ਹੈ ਕਿ ਮੈਨੂੰ ਹਸਪਤਾਲ ਦੇ ਹਵਾਲੇ ਕੀਤਾ ਜਾ ਰਿਹਾ ਹੈ, ਪਰ ਮੰਮੀ ਕਹਿੰਦੀ ਰਹੀ ਕਿ ਗੱਲ ਕੁਝ ਵੀ ਨਹੀਂ, ਹਸਪਤਾਲ ਵਿਚ ਜ਼ਰਾ ਆਰਾਮ ਰਹਿੰਦਾ ਹੈ। ਚੱਡਾ ਬੜਾ ਜ਼ਿੱਦੀ ਸੀ, ਪਰ ਇਸ ਸਮੇਂ ਉਹ ਮੰਮੀ ਦੀ ਕਿਸੇ ਗੱਲ ਤੋਂ ਇਨਕਾਰ ਨਹੀਂ ਸੀ ਕਰ ਸਕਿਆ।
ਚੱਡੇ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਮੰਮੀ ਨੇ ਮੈਨੂੰ ਇਕਾਂਤ ਵਿਚ ਲਿਜਾਅ ਕੇ ਦੱਸਿਆ ਕਿ ਬੀਮਾਰੀ ਬੜੀ ਖ਼ਤਰਨਾਕ ਹੈ—ਯਾਨੀ ਪਲੇਗ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਖ਼ੁਦ ਮੰਮੀ ਵੀ ਬੜੀ ਪ੍ਰੇਸ਼ਾਨ ਸੀ, ਪਰ ਉਸਨੂੰ ਉਮੀਦ ਸੀ ਕਿ ਇਹ ਬਲਾਅ ਟਲ ਜਾਏਗੀ ਤੇ ਚੱਡਾ ਬੜੀ ਛੇਤੀ ਠੀਕ ਹੋ ਜਾਏਗਾ।
ਇਲਾਜ਼ ਹੁੰਦਾ ਰਿਹਾ। ਪ੍ਰਾਈਵੇਟ ਹਸਪਤਾਲ ਸੀ। ਡਾਕਟਰਾਂ ਨੇ ਚੱਡੇ ਦਾ ਇਲਾਜ਼ ਬੜੇ ਧਿਆਨ ਨਾਲ ਕੀਤਾ, ਪਰ ਕਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ—ਉਸਦਾ ਪਿੰਡਾ ਥਾਂ-ਥਾਂ ਤੋਂ ਪਾਟਨ ਲੱਗ ਪਿਆ ਤੇ ਬੁਖਾਰ ਵਧਦਾ ਗਿਆ। ਅੰਤ ਵਿਚ ਡਾਕਟਰਾਂ ਨੇ ਇਹ ਰਾਏ ਦਿੱਤੀ ਕਿ ਉਸਨੂੰ ਬੰਬਈ ਲੈ ਜਾਇਆ ਜਾਏ, ਪਰ ਮੰਮੀ ਨਹੀਂ ਮੰਨੀ। ਉਸਨੇ ਚੱਡੇ ਨੂੰ ਉਸੇ ਹਾਲਤ ਵਿਚ ਚੁੱਕਿਆ ਤੇ ਆਪਣੇ ਘਰ ਲੈ ਗਈ।
ਮੈਂ ਬਹੁਤੇ ਦਿਨ ਪੂਨੇ ਵਿਚ ਨਹੀਂ ਰਹਿ ਸਕਦਾ ਸਾਂ। ਵਾਪਸ ਬੰਬਈ ਆਇਆ ਤੇ ਟੈਲੀਫ਼ੋਨ ਦੇ ਜ਼ਰੀਏ ਕਈ ਵਾਰੀ ਉਸਦਾ ਹਾਲਚਾਲ ਪਤਾ ਕੀਤਾ। ਮੇਰਾ ਸ਼ੱਕ ਸੀ ਕਿ ਉਸ ਹੁਣ ਜਿਉਂਦੇ ਨਹੀਂ ਰਹਿਣਾ, ਪਰ ਮੈਨੂੰ ਪਤਾ ਲੱਗਿਆ ਕਿ ਹੌਲੀ ਹੌਲੀ ਉਸਦੀ ਹਾਲਤ ਸੰਭਲ ਰਹੀ ਹੈ। ਇਕ ਮੁਕੱਦਮੇ ਦੇ ਸਬੰਧ ਵਿਚ ਮੈਨੂੰ ਲਾਹੌਰ ਜਾਣਾ ਪਿਆ। ਉੱਥੋਂ ਪੰਦਰਾਂ ਦਿਨ ਬਾਅਦ ਵਾਪਸ ਪਰਤਿਆ ਤਾਂ ਮੇਰੀ ਪਤਨੀ ਨੇ ਚੱਡੇ ਦਾ ਇਕ ਖ਼ਤ ਦਿੱਤਾ, ਜਿਸ ਵਿਚ ਸਿਰਫ ਇਹ ਲਿਖਿਆ ਸੀ—“ਮਹਾਮਾਇਆ ਮੰਮੀ ਨੇ ਆਪਣੇ ਕਪੂਤ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਂਦਾ ਹੈ।”
ਉਹਨਾਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਬੜਾ ਕੁਝ ਸੀ...ਭਾਵਨਾਵਾਂ ਦਾ ਇਕ ਪੂਰਾ ਸਮੁੰਦਰ। ਮੈਂ ਆਪਣੀ ਪਤਨੀ ਨਾਲ ਇਸ ਦਾ ਜ਼ਿਕਰ ਬੜੀ ਭਾਵੁਕਤਾ ਨਾਲ ਕੀਤਾ ਤਾਂ ਉਸਨੇ ਪ੍ਰਭਾਵਿਤ ਹੋ ਕੇ ਸਿਰਫ ਏਨਾ ਕਿਹਾ, “ਅਜਿਹੀਆਂ ਔਰਤਾਂ ਅਕਸਰ, ਸੇਵਾ ਭਾਵ ਵਾਲੀਆਂ ਹੁੰਦੀਆਂ ਨੇ।”
ਮੈਂ ਚੱਡੇ ਨੂੰ ਦੋ ਤਿੰਨ ਖ਼ਤ ਲਿਖੇ, ਜਿਹਨਾਂ ਦਾ ਜਵਾਬ ਨਹੀਂ ਆਇਆ। ਪਿੱਛੋਂ ਪਤਾ ਲੱਗਿਆ ਕਿ ਮੰਮੀ ਨੇ ਉਸਨੂੰ ਜਲਵਾਯੂ ਬਦਲਣ ਲਈ ਆਪਣੀ ਇਕ ਸਹੇਲੀ ਕੋਲ ਸੋਨਾਵਾਲ ਭੇਜ ਦਿੱਤਾ ਸੀ। ਚੱਡਾ ਬੜੀ ਮੁਸ਼ਕਿਲ ਨਾਲ ਉੱਥੇ ਇਕ ਹਫ਼ਤਾ ਰਿਹਾ ਤੇ ਉਕਤਾਅ ਕੇ ਵਾਪਸ ਆ ਗਿਆ। ਜਿਸ ਦਿਨ ਉਹ ਪੂਨੇ ਪਹੁੰਚਿਆ, ਸਬੱਬ ਨਾਲ ਮੈਂ ਉੱਥੇ ਹੀ ਸਾਂ। ਪਲੇਗ ਦੇ ਜਬਰਦਸਤ ਹਮਲੇ ਕਾਰਨ ਉਹ ਬੜਾ ਕਮਜ਼ੋਰ ਹੋ  ਗਿਆ ਸੀ, ਪਰ ਉਸਦਾ ਹੁਲੜ੍ਹ ਮਚਾਉਣ ਵਾਲਾ ਸੁਭਾਅ ਅੱਜ ਵੀ ਤਿਵੇਂ ਦਾ ਤਿਵੇਂ ਹੀ ਸੀ। ਆਪਣੀ ਬੀਮਾਰੀ ਦਾ ਜ਼ਿਕਰ ਉਸਨੇ ਇੰਜ ਕੀਤਾ, ਜਿਵੇਂ ਆਦਮੀ ਸਾਈਕਲ ਦੀ ਮਾਮੂਲੀ ਜਿਹੀ ਫੇਟ ਦਾ ਕਿੱਸਾ ਸੁਨਾਉਂਦਾ ਹੈ। ਹੁਣ ਜਦੋਂ ਕਿ ਉਹ ਬਚ ਗਿਆ ਸੀ, ਆਪਣੀ ਖ਼ਤਰਨਾਕ ਬੀਮਾਰੀ ਬਾਰੇ ਗੱਲ ਕਰਨਾ ਫਜ਼ੂਲ ਸਮਝਦਾ ਸੀ।
ਸਈਦਾ ਕਾਟੇਜ ਵਿਚ ਚੱਡੇ ਦੀ ਗੈਰਹਾਜ਼ਰੀ ਵਿਚ ਨਿੱਕੇ-ਨਿੱਕੇ ਕਈ ਪਰੀਵਰਤਨ ਹੋਏ ਸਨ। ਅਕੀਲ ਤੇ ਸ਼ਕੀ ਕਿਤੇ ਹੋਰ ਚਲੇ ਗਏ ਸਨ ਕਿਉਂਕਿ ਉਹਨਾਂ ਆਪਣੀ ਨਵੀਂ ਫ਼ਿਲਮ ਕੰਪਨੀ ਖੋਲ੍ਹਣੀ ਸੀ, ਜਿਸ ਲਈ ਉਹਨਾਂ ਨੂੰ ਸਈਦਾ ਕਾਟੇਜ ਦਾ ਮਾਹੌਲ ਠੀਕ ਨਹੀਂ ਸੀ ਲੱਗਿਆ। ਉਹਨਾਂ ਦੀ ਜਗ੍ਹਾ ਇਕ ਬੰਗਾਲੀ ਮਿਊਜ਼ਿਕ ਡਾਇਰੈਕਟਰ ਆ ਗਿਆ ਸੀ। ਉਸਦਾ ਨਾਂਅ ਸੈਨ ਸੀ। ਉਸ ਨਾਲ ਲਾਹੌਰ ਤੋਂ ਭੱਜਿਆ ਹੋਇਆ ਇਕ ਮੁੰਡਾ ਰਾਮਸਿੰਘ ਰਹਿੰਦਾ ਸੀ। ਸਈਦਾ ਕਾਟੇਜ ਵਿਚ ਰਹਿਣ ਵਾਲੇ ਸਾਰੇ ਲੋਕ ਹੀ ਉਸ ਤੋਂ ਆਪਣੇ ਕੰਮ ਕਰਵਾ ਲੈਂਦੇ ਸਨ। ਸੁਭਾਅ ਦਾ ਬੜਾ ਨਰਮ ਤੇ ਸਾਰਿਆਂ ਦਾ ਸੇਵਾਦਾਰ ਸੀ। ਚੱਡੇ ਕੋਲ ਉਹ ਉਦੋਂ ਆਇਆ ਸੀ ਜਦੋਂ ਉਹ ਮੰਮੀ ਦੇ ਕਹਿਣ 'ਤੇ ਸੋਨਾਵਾਲਾ ਜਾ ਰਿਹਾ ਸੀ। ਉਸਨੇ ਗਰੀਬ ਨਿਵਾਜ਼ ਤੇ ਰਣਜੀਤ ਨੂੰ ਕਹਿ ਦਿੱਤਾ ਸੀ ਕਿ ਉਸਨੂੰ ਸਈਦਾ ਕਾਟੇਜ ਵਿਚ ਰੱਖ ਲਿਆ ਜਾਵੇ। ਸੇਨ ਦੇ ਕਮਰੇ ਵਿਚ ਕਿਉਂਕਿ ਜਗ੍ਹਾ ਖਾਲੀ ਸੀ, ਇਸ ਲਈ ਉਸਨੇ ਉੱਥੇ ਹੀ ਆਪਣਾ ਡੇਰਾ ਲਾ ਲਿਆ ਸੀ।
ਰਣਜੀਤ ਕੁਮਾਰ ਨੂੰ ਕੰਪਨੀ ਦੀ ਨਵੀਂ ਫ਼ਿਲਮ ਲਈ ਹੀਰੋ ਵਜੋਂ ਚੁਣ ਲਿਆ ਗਿਆ ਸੀ ਤੇ ਉਸ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਫ਼ਿਲਮ ਸਫਲ ਹੋਈ ਤਾਂ ਉਸਨੂੰ ਦੂਜੀ ਫ਼ਿਲਮ ਡਾਇਰੈਕਟ ਕਰਨ ਦਾ ਮੌਕਾ ਦਿੱਤਾ ਜਾਏਗਾ। ਚੱਡਾ ਆਪਣੀ ਦੋ ਸਾਲਾਂ ਦੀ ਪੈਂਡਿੰਗ ਤਨਖ਼ਾਹ ਵਿਚੋਂ ਡੇਢ ਹਜ਼ਾਰ ਰੁਪਏ ਯਕ-ਮੁਸ਼ਤ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ ਸੀ, ਇਸ ਲਈ ਉਸਨੇ ਰਣਜੀਤ ਕੁਮਾਰ ਨੂੰ ਕਿਹਾ ਸੀ, “ਮੇਰੀ ਜਾਨ, ਜੇ ਕੁਝ ਵਸੂਲ ਕਰਨਾ ਚਾਹੁੰਦੇ ਹੋ ਤਾਂ ਮੇਰੇ ਵਾਂਗ 'ਪਲੇਗ-ਰੋਗੀ' ਹੋ ਜਾਓ...ਹੀਰੋ ਤੇ ਡਾਇਰੈਕਟਰ ਬਣਨ ਨਾਲੋਂ, ਇਹ ਵਧੇਰੇ ਚੰਗਾ ਏ।”
ਗਰੀਬ ਨਿਵਾਜ਼ ਕੁਝ ਦਿਨ ਪਹਿਲਾਂ ਹੀ ਹੈਦਰਾਬਾਦ ਹੋ ਕੇ ਆਇਆ ਸੀ, ਇਸ ਲਈ ਸਈਦਾ ਕਾਟੇਜ ਖੁਸ਼ਹਾਲ ਨਜ਼ਰ ਆ ਰਿਹਾ ਸੀ। ਮੈਂ ਦੇਖਿਆ, ਗੈਰੇਜ ਦੇ ਬਾਹਰ ਲਾਂਅ ਉੱਤੇ ਅਜਿਹੀਆਂ ਕਮੀਜ਼ਾਂ ਤੇ ਸਲਵਾਰਾਂ ਲਟਕ ਰਹੀਆਂ ਸਨ, ਜਿਹਨਾਂ ਦਾ ਕੱਪੜਾ ਚੰਗਾ ਤੇ ਕੀਮਤੀ ਸੀ। ਸ਼ੀਰੀਂ ਦੇ ਬੱਚੇ ਕੋਲ ਨਵੇਂ ਖਿਡੌਣੇ ਸਨ।
ਮੈਨੂੰ ਪੂਨੇ ਵਿਚ ਪੰਦਰਾਂ ਦਿਨ ਰਹਿਣਾ ਪਿਆ। ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਹੁਣ ਨਵੀਂ ਫ਼ਿਲਮ ਦੀ ਹੀਰੋਇਨ ਨੂੰ ਪਿਆਰ ਦੀ ਫਾਹੀ ਵਿਚ ਫਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਡਰਦਾ ਸੀ, ਕਿਉਂਕਿ ਇਹ ਹੀਰੋਇਨ ਪੰਜਾਬਣ ਸੀ ਤੇ ਉਸਦਾ ਪਤੀ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਹੱਟਾ-ਕੱਟਾ ਮੁਸ਼ਟੰਡਾ। ਚੱਡੇ ਨੇ ਸਲਾਹ ਦਿੱਤੀ ਸੀ, “ਕੋਈ ਪ੍ਰਵਾਹ ਨਾ ਕਰੀਂ, ਉਸ ਸਾਲੇ ਦੀ...ਜਿਸ ਪੰਜਾਬੀ ਐਕਟ੍ਰੇਸ ਦਾ ਪਤੀ ਵੱਡੀਆਂ ਮੁੱਛਾਂ ਵਾਲਾ ਪਹਿਲਵਾਨ ਹੋਵੇ, ਉਹ ਇਸ਼ਕ ਦੇ ਮੈਦਾਨ ਵਿਚ ਜ਼ਰੂਰ ਚਾਰੋ ਖਾਨੇ ਚਿੱਤ ਡਿੱਗਿਆ ਹੁੰਦੈ। ਬਸ ਏਨਾ ਕਰ ਕਿ ਸੌ ਰੁਪਏ ਫੀ ਗਾਲ੍ਹ ਦੇ ਹਿਸਾਬ ਨਾਲ ਮੈਥੋਂ ਦਸ-ਵੀਹ ਹੈਵੀ-ਵੇਟ ਗਾਲ੍ਹਾਂ ਸਿਖ ਲੈ। ਉਹ ਤੇਰੇ ਔਖੇ ਵੇਲੇ ਬੜਾ ਕੰਮ ਆਇਆ ਕਰਨਗੀਆਂ।”
ਹਰੀਸ਼ ਇਕ ਬੋਤਲ ਫੀ ਗਾਲ੍ਹ ਦੇ ਹਿਸਾਬ ਨਾਲ ਛੇ ਗਾਲ੍ਹਾਂ ਠੇਠ ਪੰਜਾਬੀ ਲਹਿਜ਼ੇ ਵਿਚ ਯਾਦ ਕਰ ਚੁੱਕਿਆ ਸੀ, ਪਰ ਅਜੇ ਤਕ ਉਸਨੂੰ ਆਪਣੇ ਇਸ਼ਕ ਦੇ ਰਸਤੇ ਵਿਚ ਕੋਈ ਅਜਿਹੀ ਔਕੜ ਨਹੀਂ ਸੀ ਆਈ ਕਿ ਉਹ ਉਹਨਾਂ ਦਾ ਪ੍ਰਭਾਵ ਵੇਖ ਸਕੇ।
ਮੰਮੀ ਦੇ ਘਰ ਪਹਿਲਾਂ ਵਾਂਗ ਹੀ ਮਹਿਫ਼ਿਲਾਂ ਸਜਦੀਆਂ ਸਨ। ਪੋਲੀ, ਡੋਲੀ, ਕਿੱਟੀ, ਐਲਿਮਾ, ਥੈਲਿਮਾ ਆਦਿ ਸਾਰੀਆਂ ਆਉਂਦੀਆਂ ਸਨ। ਵਣਕਤਰੇ ਪਹਿਲਾਂ ਵਾਂਗ ਹੀ ਥੈਲਿਮਾ ਨੂੰ ਕਥਾਕਲੀ ਤੇ ਤਾਂਡਵ ਨਾਚ ਦੀ 'ਤਾ-ਥਈ', ਤੇ 'ਧਾ- ਨੀ-ਨਾ-ਕਤ' ਦਾ 'ਵਨ-ਟੂ-ਥਰੀ' ਬਣਾ-ਬਣਾ ਕੇ ਦਸਦਾ ਸੀ, ਤੇ ਉਹ ਉਸਨੂੰ ਸਿੱਖਣ ਦੀ ਪੂਰੀ ਕੋਸ਼ਿਸ਼ ਕਰਦੀ ਸੀ। ਗਰੀਬ ਨਿਵਾਜ਼ ਉਸੇ ਤਰ੍ਹਾਂ ਕਰਜੇ ਦੇ ਰਿਹਾ ਸੀ, ਤੇ ਰਣਜੀਤ ਕੁਮਾਰ ਜਿਸ ਨੂੰ ਹੁਣ ਕੰਪਨੀ ਵਿਚ ਨਵੀਂ ਫ਼ਿਲਮ ਦੇ ਹੀਰੋ ਦਾ ਚਾਂਸ ਮਿਲ ਰਿਹਾ ਸੀ, ਉਹਨਾਂ ਵਿਚੋਂ ਕਿਸੇ ਵੀ ਇਕ ਨੂੰ ਬਾਹਰ ਖੁੱਲ੍ਹੀ ਹਵਾ ਵਿਚ ਲੈ ਜਾਂਦਾ ਸੀ—ਚੱਡੇ ਦੇ ਨੰਗੇ ਚਿੱਟੇ ਮਜ਼ਾਕ ਸੁਣ-ਸੁਣ ਕੇ ਉਸੇ ਤਰ੍ਹਾਂ ਠਹਾਕੇ ਗੂੰਜਦੇ ਸਨ—ਇਕ ਸਿਰਫ ਉਹ ਨਹੀਂ ਸੀ ਹੁੰਦੀ...ਉਹ, ਜਿਸਦੇ ਵਾਲਾਂ ਦੇ ਰੰਗ ਦੀ ਸਹੀ ਉਪਮਾ ਲੱਭਣ ਲਈ ਚੱਡੇ ਨੇ ਕਾਫੀ ਸਮਾਂ ਲਾਇਆ ਸੀ। ਤੇ ਇਹਨਾਂ ਮਹਿਫਿਲਾਂ ਵਿਚ ਹੁਣ ਚੱਡੇ ਦੀਆਂ ਨਜ਼ਰਾਂ ਉਸਨੂੰ ਲੱਭਦੀਆਂ ਵੀ ਨਹੀਂ ਸਨ। ਪਰ ਫੇਰ ਵੀ ਜਦੋਂ ਕਦੀ ਚੱਡੇ ਦੀਆਂ ਨਜ਼ਰਾਂ ਮੰਮੀ ਦੀਆਂ ਨਜ਼ਰਾਂ ਨਾਲ ਟਕਰਾਅ ਕੇ ਝੁਕ ਜਾਂਦੀਆਂ ਤਾਂ ਮੈਂ ਮਹਿਸੂਸ ਕਰਦਾ ਕਿ ਉਸਨੂੰ ਆਪਣੀ ਉਸ ਰਾਤ ਦੀ ਦੀਵਾਨਗੀ ਦਾ ਅਫ਼ਸੋਸ ਹੈ। ਅਜਿਹਾ ਅਫ਼ਸੋਸ, ਜਿਸਨੂੰ ਯਾਦ ਕਰਕੇ ਉਸਨੂੰ ਤਕਲੀਫ ਹੁੰਦੀ ਹੈ। ਫੇਰ ਵੀ ਚੌਥੇ ਪੈਗ ਪਿੱਛੋਂ ਕਦੇ-ਕਦਾਰ ਇਕ-ਅੱਧਾ ਅਜਿਹਾ ਵਾਕ ਉਸਦੇ ਮੂੰਹੋਂ ਨਿਕਲ ਹੀ ਜਾਂਦਾ ਸੀ, “ਓਇ ਚੱਡਿਆ, ਯੂ ਆਰ ਏ ਡੇਮ ਬਰੂਟ!”
ਇਹ ਸੁਣ ਕੇ ਮੰਮੀ ਬੁੱਲ੍ਹਾਂ ਵਿਚ ਮੁਸਕਰਾ ਪੈਂਦੀ, ਜਿਵੇਂ ਉਹ ਉਸ ਮੁਸਕਰਾਹਟ ਦੀ ਮਿਠਾਸ ਵਿਚ ਲਪੇਟ ਕੇ ਕਹਿ ਰਹੀ ਹੋਵੇ—'ਡਾਂਟ ਟਾਕ ਰਾਟ!”
ਵਣਕਤਰੇ ਨਾਲ ਪਹਿਲਾਂ ਵਾਂਗ ਹੀ ਉਸਦੀ ਚਖ਼ਚਖ਼ ਚਲਦੀ ਸੀ। ਨਸ਼ੇ ਵਿਚ ਆ ਕੇ ਜਦੋਂ ਵੀ ਉਹ ਆਪਣੇ ਪਿਓ ਦੀ ਪ੍ਰਸ਼ੰਸਾ ਵਿਚ ਜਾਂ ਆਪਣੀ ਪਤਨੀ ਦੀ ਸੁੰਦਰਤਾ ਦੇ ਸੰਬੰਧ ਵਿਚ ਕੁਝ ਕਹਿਣ ਲੱਗਦਾ, ਉਹ ਉਸਦੀ ਗੱਲ ਵੱਡੇ ਗੰਡਾਸੇ ਨਾਲ ਟੁੱਕ ਦੇਂਦਾ। ਉਹ ਵਿਚਾਰਾ ਚੁੱਪ ਹੋ ਜਾਂਦਾ ਤੇ ਆਪਣਾ ਮੈਟ੍ਰੀਕੁਲੇਸ਼ਨ ਦਾ ਸਰਇਫਿਕੇਟ ਤੈਹ ਕਰਕੇ ਜੇਬ ਵਿਚ ਪਾ ਲੈਂਦਾ।
ਮੰਮੀ, ਉਹੀ ਮੰਮੀ ਸੀ...ਪੋਲੀ ਦੀ ਮੰਮੀ, ਡੋਲੀ ਦੀ ਮੰਮੀ, ਚੱਡੇ ਦੀ ਮੰਮੀ, ਰਣਜੀਤ ਕੁਮਾਰ ਦੀ ਮੰਮੀ। ਸੋਢੇ ਦੀਆਂ ਬੋਤਲਾਂ, ਖਾਣ-ਪੀਣ ਦੇ ਸਾਮਾਨ ਤੇ ਮਹਿਫਲ ਜਮਾਉਣ ਵਾਲੇ ਦੂਜੇ ਸਾਜ-ਸਾਮਾਨ ਦੇ ਪ੍ਰਬੰਧ ਵਿਚ ਉਹ ਓਵੇਂ ਹੀ ਸਨੇਹ-ਭਿੱਜੀ ਦਿਲਚਸਪੀ ਨਾਲ ਹਿੱਸਾ ਲੈਂਦੀ। ਉਸਦੇ ਚਿਹਰੇ ਦਾ ਮੇਕਅੱਪ ਵੀ ਓਨਾਂ ਹੀ ਵਾਹਿਯਾਤ ਹੁੰਦਾ ਸੀ। ਉਸਦੇ ਕੱਪੜੇ ਉਸੇ ਤਰ੍ਹਾਂ ਭੜਕੀਲੇ ਸਨ। ਲਾਲੀ ਦੀਆਂ ਤੇਹਾਂ ਹੇਠੋਂ ਉਸਦੀਆਂ ਝੁਰੜੀਆਂ ਓਵੇਂ ਹੀ ਝਾਕਦੀਆਂ ਸਨ, ਪਰ ਮੈਨੂੰ ਹੁਣ ਪਵਿੱਤਰ ਦਿਖਾਈ ਦਿੰਦੀਆਂ ਸਨ। ਏਨੀਆਂ ਪਵਿੱਤਰ ਕਿ ਪਲੇਗ ਦੇ ਕਿਟਾਣੂੰ ਉਹਨਾਂ ਤਕ ਨਹੀਂ ਸੀ ਪਹੁੰਚ ਸਕੇ। ਡਰ ਕੇ ਕਿਤੇ ਨੱਸ ਗਏ ਸਨ...ਚੱਡੇ ਦੇ ਸਰੀਰ ਵਿਚੋਂ ਵੀ ਨਿਕਲ ਕੇ ਨੱਸ ਗਏ ਸਨ, ਕਿਉਂਕਿ ਉਹ ਉਹਨਾਂ ਝੁਰੜੀਆਂ ਦੀ ਛਤਰ-ਛਾਇਆ ਹੇਠ ਜੋ ਸੀ—ਉਹ ਪਵਿੱਤਰ ਝੁਰੜੀਆਂ ਜਿਹੜੀਆਂ ਹਰ ਵੇਲੇ ਬੜੇ ਹੀ ਵਾਹਿਯਾਤ ਰੰਗਾਂ ਨਾਲ ਲਿੱਪੀਆਂ ਹੁੰਦੀਆਂ ਸਨ।
ਵਣਕਤਰੇ ਦੀ ਖੂਬਸੂਰਤ ਪਤਨੀ ਦਾ ਜਦੋਂ ਗਰਭਪਾਤ ਹੋਇਆ ਸੀ ਤਾਂ ਮੰਮੀ ਦੀ ਝਟਫਟ ਸਹਾਇਤਾ ਨੇ ਉਸਦੀ ਜਾਨ ਬਚਾਈ ਸੀ। ਥੈਲਿਮਾ ਜਦੋਂ ਹਿੰਦੁਸਤਾਨੀ ਨਾਚ ਸਿੱਖਣ ਦੇ ਸ਼ੌਕ ਵਿਚ ਇਕ ਮਾਰਵਾੜੀ ਕਥਕ ਦੇ ਹੱਥੇ ਚੜ੍ਹ ਗਈ, ਤੇ ਉਸ ਸੌਦੇ ਵਿਚ ਜਦੋਂ ਇਕ ਦਿਨ ਉਸਨੂੰ ਪਤਾ ਲੱਗਿਆ ਕਿ ਉਸਨੇ ਇਕ ਖ਼ਤਰਨਾਕ ਰੋਗ ਖਰੀਦ ਲਿਆ ਹੈ ਤਾਂ ਮੰਮੀ ਨੇ ਉਸਨੂੰ ਬੜਾ ਝਿੜਕਿਆ ਸੀ ਤੇ ਉਸ ਨਾਲ ਕੋਈ ਸੰਬੰਧ ਨਾ ਰੱਖਣ ਦੀ ਪੱਕੀ ਠਾਣ ਲਈ ਸੀ, ਪਰ ਫੇਰ ਉਸ ਦੀਆਂ ਅੱਖਾਂ ਵਿਚ ਅੱਥਰੂ ਦੇਖ ਕੇ ਉਸਦਾ ਦਿਲ ਪਸੀਜ ਗਿਆ ਸੀ। ਉਸਨੇ ਉਸੇ ਦਿਨ ਸ਼ਾਮ ਨੂੰ ਆਪਣੇ ਪੁੱਤਰਾਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਥੈਲਿਮਾ ਦਾ ਇਲਾਜ਼ ਕਰਵਾਉਣ। ਕਿੱਟੀ ਨੂੰ ਇਕ ਪਜ਼ਲ (ਬੁਝਾਰਤ) ਹੱਲ ਕਰਨ ਬਦਲੇ ਪੰਜ ਸੌ ਰੁਪਏ ਦਾ ਇਨਾਮ ਮਿਲਿਆ ਸੀ ਤੇ ਮੰਮੀ ਨੇ ਉਸਨੂੰ ਮਜ਼ਬੂਰ ਕੀਤਾ ਸੀ ਕਿ  ਘੱਟੋਘੱਟ ਅੱਧੇ ਰੁਪਏ ਗਰੀਬ ਨਿਵਾਜ਼ ਨੂੰ ਦੇ ਦੇਵੇ, ਕਿਉਂਕਿ ਉਦੋਂ ਗਰੀਬ ਦਾ ਹੱਥ ਤੰਗ ਸੀ। ਉਸਨੇ ਕਿੱਟੀ ਨੂੰ ਕਿਹਾ ਸੀ, “ਤੂੰ ਇਸ ਮੌਕੇ ਉਸਨੂੰ ਦੇ ਦੇ—ਬਾਅਦ ਵਿਚ ਲੈਂਦੀ ਰਹੀਂ।” ਤੇ ਉਸਨੇ ਮੇਰੀ ਪੰਦਰਾਂ ਦਿਨ ਦੀ ਠਾਹਰ ਦੌਰਾਨ ਕਈ ਵਾਰੀ ਮੇਰੀ ਮਿਸੇਜ ਬਾਰੇ ਪੁੱਛਿਆ ਸੀ ਤੇ ਦੁੱਖ ਪ੍ਰਗਟ ਕੀਤਾ ਸੀ ਕਿ ਪਹਿਲੇ ਬੱਚੇ ਦੀ ਮੌਤ ਨੂੰ ਏਨੇ ਸਾਲ ਹੋ ਗਏ ਨੇ, ਦੂਜਾ ਬੱਚਾ ਕਿਉਂ ਨਹੀਂ ਹੋਇਆ। ਰਣਜੀਤ ਕੁਮਾਰ ਨਾਲ ਉਹ ਬਹੁਤੀ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕਰਦੀ। ਇੰਜ ਜਾਪਦਾ ਸੀ ਜਿਵੇਂ ਉਸਦੀ ਦਿਖਾਵੇ ਵਾਲੀ ਆਦਤ ਉਸਨੂੰ ਚੰਗੀ ਨਹੀਂ ਸੀ ਲੱਗਦੀ। ਮੇਰੇ ਸਾਹਮਣੇ ਵੀ ਇਕ ਦੋ ਵਾਰੀ ਇਸ ਦੀ ਚਰਚਾ ਕਰ ਚੁੱਕੀ ਸੀ। ਮਿਊਜ਼ਿਕ ਡਾਇਰੈਕਟਰ ਸੈਨ ਨੂੰ ਉਹ ਨਫ਼ਰਤ ਕਰਦੀ ਸੀ। ਚੱਡਾ ਉਸਨੂੰ ਆਪਣੇ ਨਾਲ ਲੈ ਆਉਂਦਾ ਸੀ ਤਾਂ ਉਹ ਉਸਨੂੰ ਕਹਿੰਦੀ ਸੀ, “ਅਜਿਹੇ ਜ਼ਲੀਲ ਆਦਮੀ ਨੂੰ ਇੱਥੇ ਨਾ ਲਿਆਇਆ ਕਰੋ।” ਚੱਡਾ ਉਸਨੂੰ ਕਾਰਣ ਪੁੱਛਦਾ ਤਾਂ ਉਹ ਬੜੀ ਗੰਭੀਰਤਾ ਨਾਲ ਉਤਰ ਦੇਂਦੀ, “ਮੈਨੂੰ ਇਹ ਆਦਮੀ ਓਪਰਾ-ਓਪਰਾ ਜਿਹਾ ਲੱਗਦਾ ਹੈ, ਬਸ—ਜਚਦਾ ਨਹੀਂ ਮੇਰੇ ਦਿਲ ਨੂੰ।” ਇਹ ਸੁਣ ਕੇ ਚੱਡਾ ਹੱਸ ਪੈਂਦਾ ਸੀ।
ਮੰਮੀ ਦੀਆਂ ਮਹਿਫ਼ਿਲਾਂ ਵਿਚੋਂ ਪਿਆਰ ਭਰਿਆ ਨਿੱਘ ਲੈ ਕੇ ਮੈਂ ਵਾਪਸ ਬੰਬਈ ਚਲਾ ਗਿਆ। ਇਹਨਾਂ ਮਹਿਫ਼ਿਲਾਂ ਵਿਚ ਸ਼ਰਾਬ ਦੀ ਮਸਤੀ ਸੀ, ਸੈਕਸ ਸੀ, ਪਰ ਕੋਈ ਓਹਲਾ ਨਹੀਂ ਸੀ। ਹਰ ਚੀਜ਼ ਗਰਭਵਤੀ ਜ਼ਨਾਨੀ ਦੇ ਢਿੱਡ ਵਾਂਗ ਸਪਸ਼ਟ ਸੀ। ਉਸੇ ਤਰ੍ਹਾਂ ਉੱਭਰੀ ਹੋਈ, ਦੇਖਣ ਵਿਚ ਉਸੇ ਵਾਂਗ ਕੁਢੱਬੀ ਤੇ ਚੌਂਧੀ ਲਾ ਦੇਣ ਵਾਲੀ, ਪਰ ਅਸਲ ਵਿਚ ਬੜੀ ਹੀ ਸਭਿਅਕ ਤੇ ਆਪਣੀ ਜਗ੍ਹਾ ਸਥਿਰ।
ਦੂਜੇ ਦਿਨ ਅਖ਼ਬਾਰਾਂ ਵਿਚ ਪੜ੍ਹਿਆ ਕਿ ਸਈਦਾ ਕਾਟੇਜ ਵਿਚ ਮਿਊਜ਼ਿਕ ਡਾਇਰੈਕਟਰ ਸੈਨ ਮਾਰਿਆ ਗਿਆ ਹੈ। ਉਸਦੀ ਹੱਤਿਆ ਕਰਨ ਵਾਲਾ ਕੋਈ ਰਾਮਸਿੰਘ ਹੈ, ਜਿਸਦੀ ਉਮਰ ਚੌਦਾਂ ਪੰਦਰਾਂ ਸਾਲ ਦੇ ਲਗਭਗ ਦੱਸੀ ਜਾਂਦੀ ਹੈ। ਮੈਂ ਤੁਰੰਤ ਪੂਨੇ ਫ਼ੋਨ ਕੀਤਾ, ਪਰ ਫ਼ੋਨ 'ਤੇ ਕੋਈ ਨਾ ਮਿਲ ਸਕਿਆ।
ਇਕ ਹਫ਼ਤੇ ਬਾਅਦ ਚੱਡੇ ਦਾ ਖ਼ਤ ਆਇਆ, ਜਿਸ ਵਿਚ ਉਸ ਹੱਤਿਆ ਕਾਂਢ ਦਾ ਪੂਰਾ ਵੇਰਵਾ ਸੀ। ਰਾਤ ਨੂੰ ਸਾਰੇ ਸੁੱਤੇ ਹੋਏ ਸਨ ਕਿ ਅਚਾਨਕ ਚੱਡੇ ਦੇ ਪਲੰਘ ਉਪਰ ਕੋਈ ਡਿੱਗਿਆ। ਉਹ ਘਬਰਾ ਕੇ ਉਠ ਖੜ੍ਹਾ ਹੋਇਆ। ਬਿਜਲੀ ਜਗਾਈ ਤਾਂ ਦੇਖਿਆ, ਸੈਨ ਹੈ, ਖ਼ੂਨ ਵਿਚ ਲੱਥਪੱਥ। ਚੱਡਾ ਅਜੇ ਪੂਰੀ ਤਰ੍ਹਾਂ ਚਤੰਨ ਵੀ ਨਹੀਂ ਸੀ ਹੋਇਆ ਕਿ ਦਰਵਾਜ਼ੇ ਵਿਚ ਰਾਮਸਿੰਘ ਖੜ੍ਹਾ ਦਿਖਾਈ ਦਿੱਤਾ। ਉਸਦੇ ਹੱਥ ਵਿਚ ਛੁਰੀ ਸੀ। ਤੁਰੰਤ ਹੀ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਵੀ ਆ ਗਏ। ਸਾਰਾ ਸਈਦਾ ਕਾਟੇਜ ਜਾਗ ਪਿਆ। ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੇ ਰਾਮਸਿੰਘ ਨੂੰ ਫੜ੍ਹ ਲਿਆ ਤੇ ਉਸਦੇ ਹੱਥੋਂ ਛੁਰੀ ਖੋਹ ਲਈ। ਚੱਡੇ ਨੇ ਸੈਨ ਨੂੰ ਆਪਣੇ ਪਲੰਘ ਉੱਤੇ ਲਿਟਾਅ ਦਿੱਤਾ ਤੇ ਉਸਦੇ ਜ਼ਖ਼ਮ ਬਾਰੇ ਕੁਝ ਪੁੱਛਣਾ ਹੀ ਚਾਹੁੰਦਾ ਸੀ ਕਿ ਉਸਨੇ ਆਖ਼ਰੀ ਹਿਚਕੀ ਲਈ ਤੇ ਠੰਡਾ ਹੋ ਗਿਆ।
ਰਾਮ ਸਿੰਘ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਦੀ ਜਕੜ ਵਿਚ ਸੀ, ਪਰ ਉਹ ਦੋਵੇਂ ਕੰਬ ਰਹੇ ਸਨ। ਸੈਨ ਮਰ ਗਿਆ ਤਾਂ ਰਾਮਸਿੰਘ ਨੇ ਚੱਡੇ ਨੂੰ ਪੁੱਛਿਆ, “ਭਾਪਾਜੀ...ਮਰ ਗਿਆ?”
ਚੱਡੇ ਨੇ 'ਹਾਂ' ਵਿਚ ਉਤਰ ਦਿੱਤਾ, ਤਾਂ ਰਾਮ ਸਿੰਘ ਨੇ ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੂੰ ਕਿਹਾ, “ਮੈਨੂੰ ਛੱਡ ਦਿਓ, ਮੈਂ ਭੱਜਾਂਗਾ ਨਹੀਂ।”
ਚੱਡੇ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ...ਉਸਨੇ ਤੁਰੰਤ ਨੌਕਰ ਨੂੰ ਭੇਜ ਕੇ ਮੰਮੀ ਨੂੰ ਬੁਲਾਅ ਲਿਆ। ਮੰਮੀ ਆਈ ਤਾਂ ਸਾਰੇ ਨਿਸ਼ਚਿੰਤ ਹੋ ਗਏ ਕਿ ਹੁਣ ਮਾਮਲਾ ਸੁਲਝ ਜਾਏਗਾ। ਉਸਨੇ ਰਾਮਸਿੰਘ ਨੂੰ ਛੁਡਵਾ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਆਪਣੇ ਨਾਲ ਥਾਨੇ ਲੈ ਗਈ ਤੇ ਉਸਦਾ ਬਿਆਨ ਦਰਜ ਕਰਵਾ ਦਿੱਤਾ। ਇਸ ਪਿੱਛੋਂ ਚੱਡਾ ਤੇ ਉਸਦੇ ਸਾਥੀ ਕਈ ਦਿਨ ਤਕ ਪ੍ਰੇਸ਼ਾਨ ਰਹੇ। ਪੁਲਿਸ ਦੀ ਪੁੱਛਗਿੱਛ, ਬਿਆਨ, ਫੇਰ ਅਦਾਲਤ ਵਿਚ ਮੁਕੱਦਮੇ ਦੀ ਪੈਰਵੀ। ਮੰਮੀ ਇਸ ਦੌਰਾਨ ਖਾਸੀ ਭੱਜ-ਨੱਠ ਕਰਦੀ ਰਹੀ। ਚੱਡੇ ਨੂੰ ਵਿਸ਼ਵਾਸ ਸੀ ਕਿ ਰਾਮਸਿੰਘ ਬਰੀ ਹੋ ਜਾਏਗਾ, ਤੇ ਇਵੇਂ ਹੀ ਹੋਇਆ। ਅਦਾਲਤ ਨੇ ਉਸਨੂੰ ਸਾਫ ਬਰੀ ਕਰ ਦਿੱਤਾ। ਅਦਾਲਤ ਵਿਚ ਉਸਦਾ ਉਹੀ ਬਿਆਨ ਸੀ, ਜਿਹੜਾ ਉਸਨੇ ਥਾਨੇ ਵਿਚ ਦਿੱਤਾ ਸੀ। ਮੰਮੀ ਨੇ ਉਸਨੂੰ ਕਿਹਾ ਸੀ, “ਪੁੱਤਰ, ਘਬਰਾਉਣਾ ਨਹੀਂ, ਜੋ ਕੁਝ ਹੋਇਐ, ਸੱਚ-ਸੱਚ ਦੱਸ ਦੇਅ।” ਤੇ ਉਸਨੇ ਸਾਰੀ ਗੱਲ ਜਿਵੇਂ ਦੀ ਤਿਵੇਂ ਬਿਆਨ ਕਰ ਦਿੱਤੀ ਸੀ ਕਿ 'ਸੈਨ ਨੇ ਉਸਨੂੰ ਪਲੇਬੈਕ ਸਿੰਗਰ ਬਣਾ ਦੇਣ ਦਾ ਲਾਲਚ ਦਿੱਤਾ ਸੀ। ਖ਼ੁਦ ਉਸਨੂੰ ਵੀ ਸੰਗੀਤ ਨਾਲ ਬੜਾ ਪਿਆਰ ਸੀ ਤੇ ਸੈਨ ਬੜਾ ਚੰਗਾ ਗਵਈਆ ਸੀ। ਉਹ ਇਸ ਚੱਕਰ ਵਿਚ ਆ ਕੇ ਉਸਦੀ ਹੈਵਾਨੀ ਇੱਛਾ ਪੂਰੀ ਕਰਦਾ ਰਿਹਾ, ਪਰ ਉਸਨੂੰ ਇਸ ਨਾਲ ਬੜੀ ਨਫ਼ਰਤ ਸੀ। ਉਸਦਾ ਦਿਲ ਵਾਰੀ-ਵਾਰੀ ਉਸਨੂੰ ਲਾਹਨਤਾਂ ਪਾਉਂਦਾ ਸੀ। ਅੰਤ ਵਿਚ ਉਹ ਏਨਾ ਤੰਗ ਆ ਗਿਆ ਸੀ ਕਿ ਉਸਨੇ ਸੈਨ ਨੂੰ ਕਹਿ ਵੀ ਦਿੱਤਾ ਸੀ ਕਿ ਉਸਨੇ ਫੇਰ ਉਸਨੂੰ ਮਜ਼ਬੂਰ ਕੀਤਾ ਤਾਂ ਉਹ ਉਸਨੂੰ ਜਾਨੋਂ ਮਾਰ ਦਏਗਾ'। ਅਖ਼ੀਰ ਘਟਨਾ ਵਾਲੀ ਰਾਤ ਇੰਜ ਹੀ ਹੋਇਆ।
ਅਦਾਲਤ ਵਿਚ ਉਸਨੇ ਇਹੀ ਬਿਆਨ ਦਿੱਤਾ। ਮੰਮੀ ਵੀ ਉੱਥੇ ਸੀ। ਅੱਖਾਂ ਅੱਖਾਂ ਵਿਚ ਹੀ ਉਹ ਰਾਮਸਿੰਘ ਨੂੰ ਦਲਾਸੇ ਦੇਂਦੀ ਰਹੀ ਕਿ ਘਬਰਾਅ ਨਾ, ਜੋ ਸੱਚ ਹੈ, ਕਹਿ ਦੇ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਤੇਰੇ ਹੱਥਾਂ ਨੇ ਖ਼ੂਨ ਕੀਤਾ ਹੈ, ਪਰ ਇਕ ਮਹਾ ਮਨਹੂਸ ਜੀਵ ਦਾ, ਇਕ ਹੈਵਾਨ ਦਾ, ਇਕ ਅਮਾਨੁਸ਼ ਦਾ।
ਰਾਮਸਿੰਘ ਨੇ ਬੜੀ ਸਾਦਗੀ ਤੇ ਭੋਲੇਪਨ ਨਾਲ ਸਾਰੀ ਘਟਨਾ ਬਿਆਨ ਕਰ ਦਿੱਤੀ...ਮਜਿਸਟ੍ਰੇਟ ਏਨਾ ਪ੍ਰਭਾਵਿਤ ਹੋਇਆ ਕਿ ਉਸਨੇ ਰਾਮਸਿੰਘ ਨੂੰ ਬਰੀ ਕਰ ਦਿੱਤਾ।
ਚੱਡੇ ਨੇ ਕਿਹਾ, “ਇਸ ਝੂਠ ਦੇ ਜ਼ਮਾਨੇ ਵਿਚ ਇਹ ਸੱਚ ਦੀ ਅਨੋਖੀ ਜਿੱਤ ਹੈ, ਤੇ ਇਸਦਾ ਸਿਹਰਾ ਮੇਰੀ ਬੁੱਢੀ ਮੰਮੀ ਦੇ ਸਿਰ ਹੈ।”
ਚੱਡੇ ਨੇ ਮੈਨੂੰ ਉਸ ਪਾਰਟੀ ਵਿਚ ਬੁਲਾਇਆ ਸੀ ਜਿਹੜੀ ਰਾਮਸਿੰਘ ਦੀ ਰਿਹਾਈ ਦੀ ਖ਼ੁਸ਼ੀ ਵਿਚ ਸਈਦਾ ਕਾਟੇਜ ਵਾਲੇ ਕਰ ਰਹੇ ਸਨ; ਪਰ ਮੈਂ ਰੁਝੇਵਿਆਂ ਕਾਰਨ ਉਹ ਵਿਚ ਸ਼ਾਮਲ ਨਹੀਂ ਸੀ ਹੋ ਸਕਿਆ।
ਸ਼ਕੀਲ ਤੇ ਅਕੀਲ ਦੋਵੇਂ ਸਈਦਾ ਕਾਟੇਜ ਵਿਚ ਵਾਪਸ ਆ ਗਏ ਸਨ। ਬਾਹਰਲਾ ਵਾਤਵਰਣ ਵੀ ਉਹਨਾਂ ਨੂੰ ਨਿੱਜੀ ਫ਼ਿਲਮ ਕੰਪਨੀ ਦੀ ਨੀਂਹ ਰੱਖਣ ਲਈ ਰਾਸ ਨਹੀਂ ਸੀ ਆਇਆ।
ਹੁਣ ਉਹ ਫੇਰ ਆਪਣੀ ਪੁਰਾਣੀ ਫ਼ਿਲਮ ਕੰਪਨੀ ਵਿਚ ਕਿਸੇ ਅਸਿਸਟੈਂਟ ਦੇ ਅਸਿਸਟੈਂਟ ਲੱਗੇ ਹੋਏ ਸਨ। ਉਹਨਾਂ ਦੋਵਾਂ ਕੋਲ ਉਸ ਪੂੰਜੀ ਵਿਚੋਂ ਕੁਝ ਸੈਂਕੜੇ ਬਚੇ ਸਨ ਜਿਹੜੀ ਉਹਨਾਂ ਨਿੱਜੀ ਫ਼ਿਲਮ ਕੰਪਨੀ ਦੀ ਨੀਂਹ ਰੱਖਣ ਲਈ ਬਚਾਈ ਹੋਈ ਸੀ। ਚੱਡੇ ਦੀ ਸਲਾਹ ਮੰਨ ਕੇ ਉਹਨਾਂ ਉਹ ਰੁਪਈਆ ਉਸ ਪਾਰਟੀ ਨੂੰ ਸਫਲ ਬਣਾਉਣ ਲਈ ਦੇ ਦਿੱਤਾ। ਚੱਡੇ ਨੇ ਉਹਨਾਂ ਨੂੰ ਕਿਹਾ ਸੀ, “ਹੁਣ ਮੈਂ ਚਾਰ ਪੈਗ ਪੀ ਕੇ ਅਰਦਾਸ ਕਰਾਂਗਾ ਕਿ ਉਹ ਤੁਹਾਡੀ ਨਿੱਜੀ ਫ਼ਿਲਮ ਕੰਪਨੀ ਜਲਦੀ ਬਣਾ ਦਏ।”
ਚੱਡੇ ਦਾ ਕਹਿਣਾ ਸੀ ਕਿ ਇਸ ਪਾਰਟੀ ਵਿਚ ਵਣਕਤਰੇ ਨੇ ਸ਼ਰਾਬ ਪੀ ਕੇ ਆਪਣੀ ਆਦਤ ਦੇ ਉਲਟ ਆਪਣੇ ਪਿਉ ਦੀ ਪ੍ਰਸ਼ੰਸਾ ਨਹੀਂ ਸੀ ਕੀਤੀ ਤੇ ਨਾ ਹੀ ਆਪਣੀ ਸੁੰਦਰ ਪਤਨੀ ਦਾ ਜ਼ਿਕਰ ਹੀ ਕੀਤਾ ਸੀ। ਗਰੀਬ ਨਿਵਾਜ਼ ਨੇ ਕਿੱਟੀ ਨੂੰ ਸਮੇਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੋ ਸੌ ਰੁਪਏ ਉਧਾਰ ਦਿੱਤੇ ਸਨ ਤੇ ਰਣਜੀਤ ਕੁਮਾਰ ਨੇ ਉਸਨੂੰ ਕਿਹਾ ਸੀ, “ਤੂੰ ਇਹਨਾਂ ਵਿਚਾਰੀਆਂ ਕੁੜੀਆਂ ਨੂੰ ਇੰਜ ਅਧੂਰੇ ਸੁਪਨੇ ਨਾ ਵੰਡਿਆ ਕਰ...ਹੋ ਸਕਦਾ ਹੈ ਤੇਰੀ ਨੀਅਤ ਸਾਫ ਹੋਵੇ, ਪਰ ਲੈਣ ਦੇ ਮਾਮਲੇ ਵਿਚ ਇਹਨਾਂ ਦੀ ਨੀਅਤ ਏਨੀ ਸਾਫ ਨਹੀਂ ਹੁੰਦੀ—ਕੁਝ ਨਾ ਕੁਝ ਦੇਈ ਰੱਖਿਆ ਕਰ।”
ਮੰਮੀ ਨੇ ਉਸ ਪਾਰਟੀ ਵਿਚ ਰਾਮਸਿੰਘ ਨੂੰ ਬੜਾ ਪਿਆਰ ਕੀਤਾ ਤੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਉਸਨੂੰ ਘਰ ਵਾਪਸ ਜਾਣ ਲਈ ਕਿਹਾ ਜਾਵੇ। ਤੇ ਅਖ਼ੀਰ ਉਹੀ ਫ਼ੈਸਲਾ ਹੋਇਆ ਤੇ ਦੂਜੇ ਦਿਨ ਗਰੀਬ ਨਿਵਾਜ਼ ਨੇ ਉਸ ਲਈ ਟਿਕਟ ਦਾ ਪ੍ਰਬੰਧ ਕਰ ਦਿੱਤਾ। ਸ਼ੀਰੀਂ ਨੇ ਸਫ਼ਰ ਲਈ ਉਸਨੂੰ ਖਾਣਾ ਬਣਾਅ ਕੇ ਦਿੱਤਾ। ਸਟੇਸ਼ਨ ਤਕ ਸਾਰੇ ਉਸਨੂੰ ਛੱਡਣ ਗਏ। ਗੱਡੀ ਤੁਰੀ ਤਾਂ ਉਹ ਦੇਰ ਤਕ ਹੱਥ ਹਿਲਾਉਂਦੇ ਰਹੇ।
ਇਹ ਛੋਟੀਆਂ ਛੋਟੀਆਂ ਗੱਲ ਮੈਨੂੰ ਪਾਰਟੀ ਤੋਂ ਦਸ ਦਿਨ ਬਾਅਦ ਪਤਾ ਲੱਗੀਆਂ ਸਨ, ਜਦੋਂ ਮੈਨੂੰ ਇਕ ਜ਼ਰੂਰੀ ਕੰਮ ਪੂਨੇ ਜਾਣਾ ਪਿਆ ਸੀ। ਸਈਦਾ ਕਾਟੇਜ ਵਿਚ ਕੋਈ ਤਬਦੀਲੀ ਨਹੀਂ ਸੀ ਹੋਈ। ਇੰਜ ਜਾਪਦਾ ਸੀ, ਉਹ ਇਕ ਅਜਿਹਾ ਪੜਾਅ ਹੈ, ਜਿਸਦਾ ਰੰਗ-ਰੂਪ ਹਜ਼ਾਰਾਂ ਕਾਫਲਿਆਂ ਦੇ ਠਹਿਰਣ ਨਾਲ ਵੀ ਨਹੀਂ ਬਦਲਦਾ। ਉਹ ਜਗ੍ਹਾ ਹੀ ਕੁਝ ਅਜਿਹੀ ਸੀ, ਜਿਹੜੀ ਆਪਣੇ ਖਾਲੀਪਨ ਨੂੰ ਆਪੇ ਭਰ ਲੈਂਦੀ ਸੀ। ਮੈਂ ਜਿਸ ਦਿਨ ਉੱਥੇ ਪਹੁੰਚਿਆ, ਸ਼ੀਰਨੀ ਵੰਡੀ ਜਾ ਰਹੀ ਸੀ। ਸ਼ੀਰੀਂ ਦੇ ਇਕ ਹੋਰ ਮੁੰਡਾ ਹੋਇਆ ਸੀ। ਵਣਕਤਰੇ ਦੇ ਹੱਥ ਵਿਚ ਗਲੇਕਸੋ ਦਾ ਡੱਬਾ ਸੀ। ਉਹਨੀਂ ਦਿਨੀਂ ਉਹ ਬੜੀ ਮੁਸ਼ਕਿਲ ਨਾਲ ਮਿਲਦਾ ਹੁੰਦਾ ਸੀ। ਆਪਣੇ ਬੱਚੇ ਲਈ ਉਸਨੇ ਕਿਧਰੋਂ ਦੋ ਲਿਆਂਦੇ ਸਨ, ਉਹਨਾਂ ਵਿਚੋਂ ਇਕ ਸ਼ੀਰੀਂ ਦੇ ਨਵੇਂ ਜੰਮੇ ਬਾਲ ਲਈ ਲੈ ਆਇਆ ਸੀ। ਚੱਡੇ ਨੇ ਆਖ਼ਰੀ ਦੋ ਲੱਡੂ ਉਸਦੇ ਮੂੰਹ ਵਿਚ ਤੁੰਨ ਦਿੱਤੇ ਤੇ ਕਿਹਾ, “ਤੂੰ ਗਲੇਕਸੋ ਦਾ ਡੱਬਾ ਲੈ ਆਇਆ...ਬੜਾ ਕਮਾਲ ਕੀਤਾ ਏ ਤੂੰ...ਪਰ ਦੇਖੀਂ, ਆਪਣੇ ਸਾਲੇ ਪਿਉ ਦੀ ਤੇ ਆਪਣੀ ਸਾਲੀ ਘਰਵਾਲੀ ਦੀ, ਕੋਈ ਗੱਲ ਨਾ ਕਰੀਂ।”
ਵਣਕਤਰੇ ਨੇ ਬੜੇ ਭੋਲੇਪਨ ਨਾਲ ਕਿਹਾ, “ਸਾਲਿਆ, ਮੈਂ ਕੋਈ ਪੀਤੀ ਹੋਈ ਏ ਹੁਣ?...ਉਹ ਤਾਂ ਦਾਰੂ ਬੋਲ ਰਹੀ ਹੁੰਦੀ ਏ...ਵੈਸੇ ਬਾਈ ਗਾਡ, ਮੇਰੀ ਘਰਵਾਲੀ ਬੜੀ ਹੈਂਡਸਮ ਏਂ...।”
ਚੱਡੇ ਨੇ ਏਨਾ ਜ਼ੋਰਦਾਰ ਠਹਾਕਾ ਲਾਇਆ ਕਿ ਵਣਕਤਰੇ ਨੂੰ ਕੁਝ ਹੋਰ ਕਹਿਣ ਦਾ ਮੌਕਾ ਨਹੀਂ ਮਿਲਿਆ। ਉਸ ਪਿੱਛੋਂ ਚੱਡਾ, ਗਰੀਬ ਨਿਵਾਜ਼ ਤੇ ਰਣਜੀਤ ਸਿੰਘ ਮੇਰੇ ਵੱਲ ਭੌਂ ਗਏ ਤੇ ਉਸ ਕਹਾਣੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜਿਹੜੀ ਮੈਂ ਆਪਣੇ ਪੁਰਾਣੇ ਫ਼ਿਲਮਾਂ ਦੇ ਸਾਥੀ ਦੇ ਰਾਹੀਂ ਉੱਥੋਂ ਦੇ ਇਕ ਪ੍ਰੋਡਿਊਸਰ ਲਈ ਲਿਖ ਰਿਹਾ ਸਾਂ। ਫੇਰ ਕੁਝ ਚਿਰ ਸ਼ੀਰੀਂ ਦੇ ਨਵੇਂ ਜੰਮੇ ਮੁੰਡੇ ਦਾ ਨਾਂਅ ਰੱਖਿਆ ਜਾਂਦਾ ਰਿਹਾ। ਸੈਂਕੜੇ ਨਾਂਅ ਰੱਖੇ ਗਏ, ਪਰ ਚੱਡੇ ਨੂੰ ਕੋਈ ਪਸੰਦ ਨਾ ਆਇਆ। ਅੰਤ ਵਿਚ ਮੈਂ ਕਿਹਾ ਕਿ ਜਨਮ ਸਥਾਨ ਭਾਵ ਕਿ ਸਈਦਾ ਕਾਟੇਜ ਦੇ ਨਾਂਅ 'ਤੇ ਮੁੰਡੇ ਦਾ ਨਾਂਅ ਮਸਊਦ ਹੋਣਾ ਚਾਹੀਦਾ ਹੈ। ਚੱਡੇ ਨੂੰ ਪਸੰਦ ਨਹੀਂ ਆਇਆ, ਪਰ ਅਸਥਾਈ ਤੌਰ 'ਤੇ ਉਸਨੇ ਮੰਨ ਲਿਆ।
ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਚੱਡਾ, ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਕੁਝ ਬੁਝੇ ਬੁਝੇ ਜਿਹੇ ਨੇ। ਮੈਂ ਸੋਚਿਆ, ਸ਼ਾਇਦ ਇਸ ਦਾ ਕਾਰਨ ਪਤਝੜ ਦਾ ਮੌਸਮ ਹੋਏ, ਜਦੋਂ ਆਦਮੀ ਬਿਨਾਂ ਕਾਰਨ ਹੀ ਥਕਾਵਟ ਜਿਹੀ ਮਹਿਸੂਸ ਕਰਨ ਲੱਗਦਾ ਹੈ। ਸ਼ੀਰੀਂ ਦਾ ਨਵਾਂ ਬੱਚਾ ਵੀ ਇਸ ਸਿੱਥਲਤਾ ਦਾ ਕਾਰਨ ਹੋ ਸਕਦਾ ਸੀ, ਪਰ ਇਹ ਕੋਈ ਠੋਸ ਕਾਰਨ ਨਹੀਂ ਸੀ ਜਾਪਦਾ। ਸੈਨ ਦੇ ਕਤਲ ਦੀ ਟ੍ਰੈਜਡੀ? ਪਤਾ ਨਹੀਂ ਕੀ ਕਾਰਨ ਸੀ...ਪਰ ਮੈਂ ਪੂਰੀ ਤਰ੍ਹਾਂ ਮਹਿਸੂਸ ਕੀਤਾ ਕਿ ਉਹ ਸਾਰੇ ਉਦਾਸ ਸਨ; ਅੰਦਰੇ-ਅੰਦਰ ਘੁੱਟੇ ਹੋਏ ਸਨ।
ਮੈਂ ਪ੍ਰਭਾਤ ਨਗਰ ਵਿਚ ਆਪਣੇ ਪੁਰਾਣੇ ਫ਼ਿਲਮੀਂ ਦੋਸਤ ਦੇ ਘਰ ਵਿਚ ਕਹਾਣੀ ਲਿਖਦਾ ਰਿਹਾ। ਇਹ ਰੁਝੇਵਾਂ ਪੂਰੇ ਸੱਤ ਦਿਨ ਚੱਲਿਆ। ਮੈਨੂੰ ਵਾਰੀ ਵਾਰੀ ਖ਼ਿਆਲ ਆਉਂਦਾ ਸੀ ਕਿ ਇਸ ਦੌਰਾਨ ਚੱਡੇ ਨੇ ਕੋਈ ਅੜਿਕਾ ਕਿਉਂ ਨਹੀਂ ਲਾਇਆ। ਵਣਕਤਰੇ ਵੀ ਕਿਤੇ ਗ਼ਾਇਬ ਸੀ। ਰਣਜੀਤ ਕੁਮਾਰ ਨਾਲ ਮੇਰਾ ਕੋਈ ਖਾਸ ਸਬੰਧ ਨਹੀਂ ਸੀ, ਜਿਹੜਾ ਉਹ ਮੇਰੇ ਕੋਲ ਏਨੀ ਦੂਰ ਆਉਂਦਾ। ਗਰੀਬ ਨਿਵਾਜ਼ ਬਾਰੇ ਮੈਂ ਸੋਚਿਆ ਸੀ, ਸ਼ਾਇਦ ਹੈਦਰਾਬਾਦ ਚਲਾ ਗਿਆ ਹੋਏਗਾ। ਤੇ ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਆਪਣੀ ਨਵੀਂ ਫ਼ਿਲਮ ਦੀ ਹੀਰੋਇਨ ਨਾਲ, ਉਸਦੇ ਘਰ ਵਿਚ, ਉਸਦੀਆਂ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਪਤੀ ਦੀ ਮੌਜ਼ੂਦਗੀ ਵਿਚ, ਇਸ਼ਕ ਲੜਾਉਣ ਦਾ ਦ੍ਰਿੜ੍ਹ ਨਿਸ਼ਚਾ ਕਰ ਰਿਹਾ ਸੀ।
ਮੈਂ ਆਪਣੀ ਕਹਾਣੀ ਦੇ ਇਕ ਬੜੇ ਹੀ ਦਿਲਚਸਪ ਹਿੱਸੇ ਦੇ ਸੰਵਾਦਾਂ ਦੀ ਵਿਉਂਤਬੰਦੀ ਕਰ ਰਿਹਾ ਸਾਂ ਕਿ ਚੱਡਾ ਆ ਗਿਆ ਤੇ ਕਮਰੇ ਵਿਚ ਵੜਦਿਆਂ ਹੋਇਆ ਉਸਨੇ ਮੈਨੂੰ ਪੁੱਛਿਆ, “ਇਸ ਬਕਵਾਸ ਦਾ ਤੈਨੂੰ ਕੁਝ ਮਿਲਿਆ ਵੀ ਏ ਕਿ ਨਹੀਂ?”
ਉਸਦਾ ਇਸ਼ਾਰਾ ਮੇਰੀ ਕਹਾਣੀ ਵੱਲ ਸੀ, ਜਿਸਦੇ ਮਿਹਨਤਾਨੇ ਦੀ ਦੂਜੀ ਕਿਸ਼ਤ ਮੈਂ ਦੋ ਦਿਨ ਪਹਿਲਾਂ ਹੀ ਵਸੂਲ ਕੀਤੀ ਸੀ। “ਹਾਂ, ਦੋ ਹਜ਼ਾਰ ਪਰਸੋਂ ਲਏ ਨੇ।”
“ਕਿੱਥੇ ਨੇ?” ਇਹ ਕਹਿੰਦਾ ਹੋਇਆ ਚੱਡਾ ਮੇਰੇ ਕੋਟ ਵੱਲ ਵਧਿਆ।
“ਮੇਰੀ ਜੇਬ ਵਿਚ।”
ਚੱਡੇ ਨੇ ਮੇਰੀ ਜੇਬ ਵਿਚ ਹੱਥ ਪਾਇਆ। ਸੌ ਸੌ ਦੇ ਚਾਰ ਨੋਟ ਕੱਢੇ ਤੇ ਮੈਨੂੰ ਕਿਹਾ, “ਅੱਜ ਸ਼ਾਮੀਂ ਮੰਮੀ ਦੇ ਪਹੁੰਚ ਜਾਵੀਂ...ਇਕ ਪਾਰਟੀ ਏ।”
ਮੈਂ ਉਸ ਪਾਰਟੀ ਬਾਰੇ ਕੁਝ ਪੁੱਛਣ ਹੀ ਲੱਗਾ ਸਾਂ ਕਿ ਉਹ ਚਲਾ ਗਿਆ। ਉਹ ਸਿੱਥਲਤਾ ਤੇ ਉਦਾਸੀ ਜਿਹੜੀ ਮੈਂ ਕੁਝ ਦਿਨ ਪਹਿਲਾਂ ਮਹਿਸੂਸ ਕੀਤੀ ਸੀ, ਤਿਵੇਂ ਦੀ ਤਿਵੇਂ ਸੀ। ਉਹ ਕੁਝ ਬੇਚੈਨ ਵੀ ਸੀ। ਮੈਂ ਉਸਦੇ ਬਾਰੇ ਵਿਚ ਸੋਚਣਾ ਚਾਹਿਆ, ਪਰ ਦਿਮਾਗ਼  ਤਿਆਰ ਨਾ ਹੋਇਆ। ਉਹ ਕਹਾਣੀ ਦੇ ਦਿਲਚਸਪ ਹਿੱਸੇ ਵਿਚ ਪੂਰੀ ਤਰ੍ਹਾਂ ਉਲਝਿਆ ਹੋਇਆ ਸੀ।
ਆਪਣੇ ਪੁਰਾਣੇ ਫ਼ਿਲਮਾਂ ਦੇ ਸਾਥੀ ਦੀ ਪਤਨੀ ਨਾਲ ਆਪਣੀ ਪਤਨੀ ਦੀਆਂ ਗੱਲਾਂ ਕਰਕੇ ਸ਼ਾਮ ਨੂੰ ਸਾਢੇ ਪੰਜ ਦੇ ਲਾਗੇ ਮੈਂ ਉੱਥੋਂ ਤੁਰ ਕੇ ਸੱਤ ਵਜੇ ਸਈਦਾ ਕਾਟੇਜ ਪਹੁੰਚ ਗਿਆ। ਗੈਰੇਜ ਦੇ ਬਾਹਰ ਵਾਲੀ ਲਾਂਅ ਉਪਰ ਗਿੱਲੇ ਪੋਤੜੇ ਲਮਕ ਰਹੇ ਸਨ ਤੇ ਨਲਕੇ ਕੋਲ ਅਕੀਲ ਤੇ ਸ਼ਕੀਲ ਸ਼ੀਰੀਂ ਦੇ ਵੱਡੇ ਮੁੰਡੇ ਨਾਲ ਖੇਡ ਰਹੇ ਸਨ। ਗੈਰੇਜ ਦੇ ਟਾਟ ਦਾ ਪਰਦਾ ਚੁੱਕਿਆ ਹੋਇਆ ਸੀ ਤੇ ਸ਼ੀਰੀਂ ਉਹਨਾਂ ਨਾਲ ਸ਼ਾਇਦ ਮੰਮੀ ਦੀਆਂ ਗੱਲਾਂ ਕਰ ਰਹੀ ਸੀ। ਮੈਨੂੰ ਦੇਖ ਕੇ ਉਹ ਚੁੱਪ ਹੋ ਗਏ। ਮੈਂ ਚੱਡੇ ਬਾਰੇ ਪੁੱਛਿਆ ਤਾਂ ਅਕੀਲ ਨੇ ਕਿਹਾ ਕਿ ਮੰਮੀ ਦੇ ਘਰ ਮਿਲੇਗਾ।
ਮੈਂ ਉੱਥੇ ਪਹੁੰਚਿਆ ਤਾਂ ਦੇਖਿਆ, ਇਕ ਸ਼ੋਰ ਮੱਚਿਆ ਹੋਇਆ ਸੀ—ਸਾਰੇ ਨੱਚ ਰਹੇ ਸਨ। ਗਰੀਬ ਨਿਵਾਜ਼ ਪੋਲੀ ਨਾਲ, ਰਣਜੀਤ ਕੁਮਾਰ ਕਿੱਟੀ ਤੇ ਐਲਿਮਾ ਨਾਲ ਤੇ ਵਣਕਤਰੇ ਥੈਲਿਮਾ ਨਾਲ। ਉਹ ਉਸਨੂੰ ਕਥਾ ਕਲੀ ਦੀ ਮੁਦਰਾ ਦਸ ਰਿਹਾ ਸੀ। ਚੱਡਾ ਮੰਮੀ ਨੂੰ ਗੋਦੀ ਵਿਚ ਚੁੱਕ ਕੇ ਇਧਰ ਉਧਰ ਭੁੜਕ ਰਿਹਾ ਸੀ। ਸਾਰੇ ਨਸ਼ੇ ਵਿਚ ਸਨ। ਇਕ ਤੂਫ਼ਾਨ ਆਇਆ ਹੋਇਆ ਜਾਪਦਾ ਸੀ। ਜਦੋਂ ਅੰਦਰ ਵੜਿਆ ਤਾਂ ਸਭ ਤੋਂ ਪਹਿਲਾਂ ਚੱਡੇ ਨੇ ਨਾਅਰਾ ਲਾਇਆ। ਉਸ ਪਿੱਛੋਂ ਦੇਸੀ ਵਿਦੇਸ਼ੀ ਭਾਸ਼ਾਵਾਂ ਦਾ ਇਕ ਗੋਲਾ ਜਿਹਾ ਫੁੱਟਿਆ, ਜਿਸ ਦੀ ਗੂੰਜ ਦੇਰ ਤਕ ਕੰਨਾਂ ਵਿਚ ਸਰਸਰਾਉਂਦੀ ਰਹੀ। ਮੰਮੀ ਬੜੀ ਉੱਡ ਕੇ ਮਿਲੀ—ਇੰਜ ਕਿ ਸ਼ਿਸ਼ਟਾਚਾਰ ਦੀਆਂ ਸਾਰੀਆਂ ਕੰਧਾਂ ਢਹਿ ਗਈਆਂ। ਮੇਰਾ ਹੱਥ ਆਪਣੇ ਹੱਥ ਵਿਚ ਲੈ ਕੇ ਉਸਨੇ ਕਿਹਾ, “ਕਿਸ ਮੀ ਡੀਅਰ!” ਪਰ ਉਸਨੇ ਖ਼ੁਦ ਹੀ ਮੇਰੀ ਗੱਲ੍ਹ ਚੁੰਮ ਲਈ ਤੇ ਮੈਨੂੰ ਘਸੀਟ ਕੇ ਨੱਚਣ ਵਾਲਿਆਂ ਦੇ ਝੂੰਡ ਵਿਚਕਾਰ ਲੈ ਗਈ। ਚੱਡਾ ਯਕਦਮ ਕੂਕਿਆ, “ਬੰਦ ਕਰੋ ਹੁਣ—ਸ਼ਰਾਬ ਦਾ ਦੌਰ ਚੱਲੇਗਾ!” ਫੇਰ ਉਸਨੇ ਨੌਕਰ ਨੂੰ ਆਵਾਜ਼ ਮਾਰੀ, “ਸਕਾਟਲੈਂਡ ਦੇ ਸ਼ਹਿਜ਼ਾਦੇ! ਵਿਸਕੀ ਦੀ ਨਵੀਂ ਬੋਤਲ ਲਿਆ!” ਸਕਾਟਲੈਂਡ ਦਾ ਸ਼ਹਿਜ਼ਾਦਾ ਲੈ ਆਇਆ। ਉਹ ਨਸ਼ੇ ਵਿਚ ਟੁੰਨ ਸੀ...ਖੋਹਲਣ ਲੱਗਿਆ ਤਾਂ ਹੱਥੋਂ ਡਿੱਗੀ ਤੇ ਚੂਰ-ਚੂਰ ਹੋ ਗਈ। ਮੰਮੀ ਨੇ ਤਾੜਨਾਂ ਚਾਹਿਆ ਤਾਂ ਚੱਡੇ ਨੇ ਰੋਕ ਦਿੱਤਾ, “ਇਹ ਤਾਂ ਬੋਤਲ ਟੁੱਟੀ ਏ ਮੰਮੀ, ਜਾਣ ਦਿਓ, ਏਥੇ ਦਿਲ ਟੁੱਟੇ ਹੋਏ ਨੇ।”
ਮਹਿਫ਼ਿਲ ਯਕਦਮ ਸੁੰਨੀ ਹੋ ਗਈ, ਪਰ ਤੁਰੰਤ ਹੀ ਚੱਡੇ ਨੇ ਉਦਾਸੀ ਨੂੰ ਆਪਣੇ ਠਹਾਕਿਆਂ ਨਾਲ ਲੀਰੋ-ਲੀਰ ਕਰ ਦਿੱਤਾ। ਨਵੀਂ ਬੋਤਲ ਆਈ। ਹਰ ਗ਼ਲਾਸ ਵਿਚ ਵੱਡਾ-ਤਕੜਾ ਪੈਗ ਪਾਇਆ ਗਿਆ। ਇਸ ਪਿੱਛੋਂ ਚੱਡੇ ਨੇ ਉੱਖੜਿਆ-ਪੁੱਖੜਿਆ ਜਿਹਾ ਭਾਸ਼ਣ ਸ਼ੁਰੂ ਕੀਤਾ, “ਲੇਡੀਜ਼ ਐਂਡ ਜੈਂਟਲ ਮੈਨ...ਤੁਸੀਂ ਸਾਰੇ ਜਹੱਨੁਮ (ਨਰਕ) ਵਿਚ ਜਾਓ...ਮੰਟੋ ਸਾਡੇ ਵਿਚਕਾਰ ਮੌਜ਼ੂਦ ਹੈ, ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਕਹਾਣੀਕਾਰ ਸਮਝਦਾ ਹੈ। ਮਨੁੱਖੀ ਸੁਭਾਅ ਦੀ, ਉਹ ਕੀ ਕਹਿੰਦੇ ਨੇ, ਡੁੰਘਾਈ ਵਿਚ ਉਤਰ ਜਾਂਦਾ ਹੈ...ਪਰ ਮੈਂ ਕਹਿੰਦਾ ਹਾਂ ਕਿ ਬਕਵਾਸ ਹੈ...ਖੂਹ 'ਚ ਉਤਰਨ ਵਾਲੇ...ਖੂਹ ਦੇ ਡੱਡੂ...” ਉਸਨੇ ਇਧਰ ਉਧਰ ਦੇਖਿਆ, “ਅਫ਼ਸੋਸ ਹੈ ਕਿ ਇੱਥੇ ਕੋਈ ਹਿੰਦੁਸਤੁੜ ਨਹੀਂ, ਇਕ ਹੈਦਰਾਬਾਦੀ ਹੈ, ਜਿਹੜਾ 'ਕੱਕੇ' ਨੂੰ 'ਗੱਗਾ' ਕਹਿੰਦਾ ਹੈ, ਤੇ ਜਿਸ ਨਾਲ ਦਸ ਵਰ੍ਹੇ ਬਾਅਦ ਮੁਲਾਕਾਤ ਹੋਈ ਤਾਂ ਵੀ ਕਹੇਗਾ ਕਿ ਪਰਸੋਂ ਤੁਹਾਨੂੰ ਮਿਲਿਆ ਸਾਂ—ਲਾਹਨਤ ਹੈ ਉਸਦੇ ਨਿਜ਼ਾਮ ਹੈਦਰਾਬਾਦ ਉੱਤੇ ਜਿਸ ਕੋਲ ਕਈ ਲੱਖਾਂ ਟਨ ਸੋਨਾ ਹੈ, ਕਰੋੜਾਂ ਦੇ ਜਵਾਹਰਾਤ ਨੇ, ਪਰ ਇਕ ਮੰਮੀ ਨਹੀਂ...ਹਾਂ...ਓ ਖੂਹ 'ਚ ਉਤਰਨ ਵਾਲੇ...ਮੈਂ ਕੀ ਕਿਹਾ ਸੀ ਕਿ ਸਭ ਬਕਵਾਸ ਹੈ? ਪੰਜਾਬ ਵਿਚ ਜਿਹਨਾਂ ਨੂੰ ਟਿੱਬੇ ਕਹਿੰਦੇ ਨੇ...ਉੱਥੇ ਲੇਟੇ ਲਾਉਣ ਵਾਲੇ, ਉਹ ਇਸਦੇ ਮੁਕਾਬਲੇ ਮਨੁੱਖੀ ਸੁਭਾਅ ਨੂੰ ਕਈ ਗੁਣਾ ਵੱਧ ਸਮਝਦੇ ਨੇ। ਇਸ ਲਈ ਮੈਂ ਕਹਿੰਦਾ ਹਾਂ...”
ਸਾਰਿਆਂ ਨੇ ਜ਼ਿੰਦਾਬਾਦ ਦਾ ਨਾਅਰਾ ਲਾਇਆ। ਚੱਡਾ ਕੂਕਿਆ, “ਇਹ ਸਾਜਿਸ਼ ਹੈ...ਇਸ ਮੰਟੋ ਦੀ ਸਾਜਿਸ਼ ਹੈ, ਨਹੀਂ ਤਾਂ ਮੈਂ ਹਰ-ਹਿਟਲਰ ਵਾਂਗ ਮੁਰਦਾਬਾਦ ਦੇ ਨਾਅਰੇ ਦਾ ਇਸ਼ਾਰਾ ਕੀਤਾ ਸੀ...ਤੁਸੀਂ ਸਾਰੇ ਮੁਰਦਾਬਾਦ...ਪਰ ਪਹਿਲਾਂ ਮੈਂ...ਮੈਂ...ਮੈਂ...।” ਉਹ ਜਜ਼ਬਾਤੀ ਹੋ ਗਿਆ। “ਮੈਂ...ਜਿਸ ਨੇ ਉਸ ਰਾਤ...ਸੱਪ ਦੇ ਛਿੰਬਾਂ ਰੰਗੇ ਵਾਲਾਂ ਵਾਲੀ ਇਕ ਕੁੜੀ ਲਈ ਆਪਣੀ ਮਾਂ ਨੂੰ ਨਾਰਾਜ਼ ਕਰ ਦਿੱਤਾ ਸੀ। ਮੈਂ ਖ਼ੁਦ ਨੂੰ, ਪਤਾ ਨਹੀਂ ਕਿੱਥੋਂ ਦਾ ਜੁਆਨ-ਜਹਾਨ ਸਮਝਦਾ ਸਾਂ...ਪਰ ਨਹੀਂ, ਉਸਨੂੰ ਪ੍ਰਾਪਤ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਸੀ। ਮੈਨੂੰ ਆਪਣੀ ਜਵਾਨੀ ਦੀ ਸੌਂਹ, ਇਕੋ ਚੁੰਮੀ ਵਿਚ ਉਸ ਪਲੈਟੀਨਮ ਬਲੌਂਡ ਦੇ ਕੁਆਰੇਪਨ ਦਾ ਸਾਰਾ ਰਸ ਮੈਂ ਆਪਣੇ ਇਹਨਾਂ ਮੋਟੇ-ਮੋਟੇ ਬੁੱਲ੍ਹਾਂ ਨਾਲ ਚੁਸ ਸਕਦਾ ਸਾਂ...ਪਰ ਇਹ ਇਕ ਗ਼ਲਤ ਕੰਮ ਹੁੰਦਾ...ਉਹ ਕੱਚੀ ਉਮਰ ਦੀ ਸੀ। ਏਨੀ ਘੱਟ ਉਮਰ, ਏਨੀਂ ਕਮਜ਼ੋਰ, ਏਨੀ ਕਰੇਕਟਰਲੈਸ...ਏਨੀ...” ਉਸਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। “ਦੱਸ ਯਾਰ ਉਸਨੂੰ ਉਰਦੂ, ਫ਼ਾਰਸੀ ਜਾਂ ਅਰਬੀ ਵਿਚ ਕੀ ਆਖਾਂਗੇ...ਕਰੇਕਟਲੈਸ...ਲੇਡੀਜ਼ ਐਂਡ ਜੈਂਟਲ ਮੈਨ...ਉਹ ਏਨੀ ਛੋਟੀ, ਕੱਚੀ ਤੇ ਏਨੀ ਮਾਸੂਮ ਸੀ ਕਿ ਉਸ ਰਾਤ ਪਾਪਾ ਵਿਚ ਸ਼ਾਮਲ ਹੋ ਕੇ ਸਾਰੀ ਉਮਰ ਪਛਤਾਉਂਦੀ ਰਹਿੰਦੀ ਜਾਂ ਉਸਨੂੰ ਬਿਲਕੁਲ ਭੁੱਲ ਜਾਂਦੀ...ਉਹਨਾਂ ਥੋੜ੍ਹੇ ਛਿਣਾ ਦੇ ਆਨੰਦ ਦੀ ਯਾਦ ਦੇ ਸਹਾਰੇ ਜਿਊਣ ਦਾ ਸਲੀਕਾ ਉਸਨੂੰ ਬਿਲਕੁਲ ਨਾ ਆਉਂਦਾ...ਮੈਨੂੰ ਇਸਦਾ ਦੁਖ ਹੁੰਦਾ...ਚੰਗਾ ਹੋਇਆ ਕਿ ਮੰਮੀ ਨੇ ਉਸੇ ਸਮੇਂ ਮੇਰਾ ਹੁੱਕਾ ਪਾਣੀ ਬੰਦ ਕਰ ਦਿੱਤਾ...ਮੈਂ ਹੁਣ ਆਪਣੀ ਬਕਵਾਸ ਬੰਦਾ ਕਰਦਾ ਹਾਂ। ਮੇਰਾ ਅਸਲ ਵਿਚ ਇਕ ਬੜਾ ਲੰਮਾਂ ਚੌੜਾ ਲੈਕਚਰ ਕਰਨ ਦਾ ਇਰਾਦਾ ਸੀ, ਪਰ ਮੈਥੋਂ ਕੁਝ ਬੋਲਿਆ ਨਹੀਂ ਜਾ ਰਿਹਾ...ਮੈਂ ਇਕ ਪੈਗ ਹੋਰ ਪੀਂਦਾ ਹਾਂ।”
ਉਸਨੇ ਇਕ ਪੈਗ ਹੋਰ ਪੀਤਾ। ਲੈਕਚਰ ਦੌਰਾਨ ਸਾਰੇ ਚੁੱਪ ਸਨ। ਉਸ ਪਿੱਛੋਂ ਵੀ ਚੁੱਪ ਰਹੇ। ਮੰਮੀ ਪਤਾ ਨਹੀਂ ਕੀ ਸੋਚ ਰਹੀ ਸੀ। ਪਾਊਡਰ ਤੇ ਲਾਲੀ ਦੀਆਂ ਤੈਹਾਂ ਹੇਠ ਝੁਰੜੀਆਂ ਵੀ ਇੰਜ ਦਿਖਾਈ ਦੇਂਦੀਆਂ ਸਨ ਜਿਵੇਂ ਉਹ ਵੀ ਕਿਸੇ ਡੂੰਘੀ ਚਿੰਤਾ ਵਿਚ ਡੁੱਬੀਆਂ ਹੋਈਆਂ ਨੇ। ਬੋਲਣ ਪਿੱਛੋਂ ਚੱਡਾ ਜਿਵੇਂ ਖਾਲੀ ਜਿਹਾ ਹੋ ਗਿਆ। ਉਹ ਇਧਰੋਂ ਉਧਰ, ਭਟਕ ਰਿਹਾ ਸੀ ਜਿਵੇਂ ਕੋਈ ਗਵਾਚੀ ਹੋਈ ਸ਼ੈ ਲੱਭਣ ਲਈ ਨੁੱਕਰ-ਕੋਨਾ ਦੇਖ ਰਿਹਾ ਹੋਵੇ, ਜਿਹੜੀ ਉਸਦੇ ਦਿਮਾਗ਼ ਵਿਚ ਪੁਰੀ ਤਰ੍ਹਾਂ ਸੁਰੱਖਿਅਤ ਰਹੇ। ਮੈਂ ਉਸਨੂੰ ਇਕ ਵੇਰ ਪੁੱਛਿਆ, “ਕੀ ਗੱਲ ਏ ਚੱਡਾ?”
ਉਸਨੇ ਠਹਾਕਾ ਲਾ ਕੇ ਉਤਰ ਦਿੱਤਾ, “ਕੁਛ ਨਹੀਂ...ਗੱਲ ਇਹ ਹੈ ਕਿ ਅੱਜ ਵਿਸਕੀ ਮੇਰੇ ਦਿਮਾਗ਼ ਦੇ ਚਿੱਤੜਾਂ ਤੇ ਲੱਤ ਨਹੀਂ ਮਾਰ ਰਹੀ।” ਉਸਦਾ ਠਹਾਕਾ ਖੋਖਲਾ ਸੀ।
ਵਣਕਤਰੇ ਨੇ ਥੈਲਿਮਾ ਨੂੰ ਉਠਾ ਕੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਇਧਰ ਉਧਰ ਦੀਆਂ ਗੱਲਾਂ ਕਰਨ ਪਿੱਛੋਂ ਆਪਣੇ ਪਿਉ ਦੀ ਪ੍ਰਸ਼ੰਸਾ ਸ਼ੁਰੂ ਕਰ ਦਿੱਤੀ ਕਿ ਉਹ ਬੜਾ ਗੁਣੀ ਆਦਮੀ ਸੀ। ਇਹੋ ਜਿਹਾ ਹਰਮੋਨੀਅਮ ਵਜਾਉਂਦਾ ਸੀ ਕਿ ਲੋਕ ਦੰਗ ਰਹਿ ਜਾਂਦੇ ਸਨ। ਫੇਰ ਉਸਨੇ ਆਪਣੀ ਪਤਨੀ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਬਚਪਨ ਵਿਚ ਹੀ ਉਸਦੇ ਪਿਉ ਨੇ ਉਸਨੂੰ ਵਿਆਹ ਦਿੱਤਾ ਸੀ। ਬੰਗਾਲੀ ਮਿਊਜ਼ਿਕ ਡਾਇਰੈਕਟਰ ਸੈਨ ਦੀ ਗੱਲ ਤੁਰੀ ਤਾਂ ਉਸਨੇ ਕਿਹਾ, “ਮਿਸਟਰ ਮੰਟੋ, ਇਕਦਮ ਫਰਾਡ ਆਦਮੀ ਸੀ...ਕਹਿੰਦਾ ਸੀ, ਮੈਂ ਖ਼ਾਨ ਸਾਹਿਬ ਅਬਦੁੱਲ ਕਰੀਮ ਦਾ ਚੇਲਾ ਆਂ...ਝੂਠ, ਬਿਲਕੁਲ ਝੂਠ...ਉਹ ਬੰਗਾਲ ਦੇ ਕਿਸੇ ਭੜੂਏ ਦਾ ਚੇਲਾ ਸੀ...।”
ਘੜੀ ਨੇ ਦੋ ਵਜਾਏ। ਚੱਡੇ ਨੇ ਕਿੱਟੀ ਨੂੰ ਧੱਕਾ ਮਾਰ ਕੇ ਇਕ ਪਾਸੇ ਸੁੱਟ ਦਿੱਤਾ ਤੇ ਅੱਗੇ ਵਧ ਕੇ ਵਣਕਤਰੇ ਦੇ ਕੱਦੂ ਵਰਗੇ ਸਿਰ ਉੱਤੇ ਧੱਫਾ ਮਾਰ ਕੇ ਕਿਹਾ, “ਬਕਵਾਸ ਬੰਦ ਓਇ...ਉੱਠ...ਤੇ ਕੁਝ ਗਾ...ਪਰ ਖ਼ਬਰਦਾਰ, ਜੇ ਤੂੰ ਕੋਈ ਪੱਕਾ ਰਾਗ ਗਾਇਆ।”
ਵਣਕਤਰੇ ਨੇ ਤੁਰੰਤ ਗਾਣਾ ਸ਼ੁਰੂ ਕਰ ਦਿੱਤਾ। ਆਵਾਜ਼ ਚੰਗੀ ਨਹੀਂ ਸੀ। ਇਕ ਸੁਰ ਦੀਆਂ ਕਈ ਕਈ ਗਰਾਰੀਆਂ ਉਸਦੇ ਗਲ਼ੇ ਵਿਚੋਂ ਨਿਕਲਦੀਆਂ ਸਨ; ਪਰ ਜੋ ਵੀ ਗਾਉਂਦਾ ਸੀ, ਪੂਰੀ ਲਗਣ ਨਾਲ ਗਾਉਂਦਾ ਸੀ। ਮਾਲਕੋਸ਼ ਵਿਚ ਉਸਨੇ ਦੋ ਤਿੰਨ ਫ਼ਿਲਮੀ ਗੀਤ ਸੁਣਾਏ, ਜਿਹਨਾਂ ਵਾਤਾਵਰਣ ਨੂੰ ਹੋਰ ਵੀ ਉਦਾਸ ਕਰ ਦਿੱਤਾ। ਮੰਮੀ ਤੇ ਚੱਡਾ ਇਕ ਦੂਜੇ ਵਲ ਦੇਖਦੇ ਸਨ ਤੇ ਨਜ਼ਰਾਂ ਕਿਸੇ ਹੋਰ ਪਾਸੇ ਭੁੰਆਂ ਲੈਂਦੇ ਸਨ...ਗਰੀਬ ਨਿਵਾਜ਼ ਏਨਾ ਪ੍ਰਭਾਵਿਤ ਹੋਇਆ ਕਿ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ। ਚੱਡੇ ਨੇ ਜ਼ੋਰ ਦਾ ਠਹਾਕਾ ਲਾਇਆ ਤੇ ਕਿਹਾ, “ਹੈਦਰਾਬਾਦ ਵਾਲਿਆਂ ਦੀਆਂ ਅੱਖਾਂ ਦਾ ਮਸਾਨਾ ਬੜਾ ਕਮਜ਼ੋਰ ਹੁੰਦਾ ਏ—ਮੌਕੇ-ਬੇਮੌਕੇ ਟਪਕਨ ਲੱਗ ਪੈਂਦੈ। ਕਿਉਂ ਭਾਊ...?”
ਗਰੀਬ ਨਿਵਾਜ਼ ਨੇ ਆਪਣੇ ਅੱਥਰੂ ਪੂੰਝੇ ਤੇ ਏਲਿਮਾ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਵਣਕਤਰੇ ਨੇ ਗਰਾਮੋਫ਼ੋਨ ਦੇ ਚਕਲੇ ਉੱਤੇ ਰਿਕਾਰਡ ਰੱਖ ਕੇ ਸੂਈ ਲਾ ਦਿੱਤੀ। ਘਿਸੀ ਹੋਈ ਟਿਊਨ ਵੱਜਣ ਲੱਗੀ। ਚੱਡੇ ਨੇ ਮੰਮੀ ਨੂੰ ਫੇਰ ਗੋਦੀ ਵਿਚ ਚੁੱਕ ਲਿਆ ਤੇ ਉੱਛਲ-ਉੱਛਲ ਕੇ ਰੌਲਾ ਪਾਉਣ ਲੱਗ ਪਿਆ। ਉਸਦਾ ਗਲ਼ਾ ਬੈਠ ਗਿਆ ਸੀ, ਉਹਨਾਂ ਮਰਾਸੀਆਂ ਵਾਂਗ, ਜਿਹੜੇ ਸ਼ਾਦੀ ਵਿਆਹ ਦੇ ਮੌਕੇ 'ਤੇ ਉੱਚੀਆਂ ਸੁਰਾਂ ਵਿਚ ਗਾ-ਗਾ ਕੇ ਆਪਣੀ ਆਵਾਜ਼ ਦਾ ਨਾਸ ਮਾਰ ਲੈਂਦੇ ਨੇ।
ਉਸ ਉੱਛਲ-ਕੁੱਦ ਤੇ ਚੀਕਾ-ਰੌਲੀ ਵਿਚ ਸਵੇਰ ਦੇ ਚਾਰ ਵੱਜ ਗਏ। ਮੰਮੀ ਬਿਲਕੁਲ ਚੁੱਪ ਹੋ ਗਈ। ਫੇਰ ਉਸਨੇ ਚੱਡੇ ਵੱਲ ਮੁੜ ਕੇ ਕਿਹਾ, “ਬਸ, ਹੁਣ ਖਤਮ ਕਰੋ!”
ਚੱਡੇ ਨੇ ਬੋਤਲ ਨੂੰ ਮੂੰਹ ਲਾਇਆ ਤੇ ਉਸਨੂੰ ਖਾਲੀ ਕਰਕੇ ਇਕ ਪਾਸੇ ਸੁੱਟ ਦਿੱਤਾ ਤੇ ਮੈਨੂੰ ਕਿਹਾ, “ਚੱਲ ਮੰਟੋ, ਚੱਲੀਏ।”
ਮੈਂ ਉੱਠ ਕੇ ਮੰਮੀ ਤੋਂ ਇਜਾਜ਼ਤ ਲੈਣੀ ਚਾਹੀ ਕਿ ਚੱਡੇ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ, “ਅੱਜ ਕੋਈ ਵਿਦਾਈ ਨਹੀਂ ਲਏਗਾ।”
ਅਸੀਂ ਦੋਵੇਂ ਬਾਹਰ ਨਿਕਲ ਰਹੇ ਸਾਂ ਕਿ ਵਣਕਤਰੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਚੱਡੇ ਨੂੰ ਕਿਹਾ, “ਠਹਿਰ, ਦੇਖੀਏ ਕੀ ਗੱਲ ਏ।” ਪਰ ਉਹ ਮੈਨੂੰ ਧਰੀਕ ਕੇ ਅੱਗੇ ਲੈ ਗਿਆ। “ਉਸ ਸਾਲੇ ਦੀਆਂ ਅੱਖਾਂ ਦਾ ਮਸਾਨਾ ਵੀ ਕਮਜ਼ੋਰ ਐ।”
ਮੰਮੀ ਦੇ ਘਰ ਤੋਂ ਸਈਦਾ ਕਾਟੇਜ ਬਿਲਕੁਲ ਨੇੜੇ ਹੀ ਸੀ। ਰਸਤੇ ਵਿਚ ਚੱਡੇ ਨੇ ਕੋਈ ਗੱਲ ਨਹੀਂ ਕੀਤੀ। ਸੌਣ ਤੋਂ ਪਹਿਲਾਂ ਮੈਂ ਉਸ ਤੋਂ ਇਸ ਵਚਿੱਤਰ ਪਾਰਟੀ ਬਾਰੇ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ, “ਮੈਨੂੰ ਨੀਂਦ ਆ ਰਹੀ ਹੈ।” ਤੇ ਉਹ ਬਿਸਤਰੇ 'ਤੇ ਜਾ ਲੇਟਿਆ।
ਸਵੇਰੇ ਉੱਠ ਕੇ ਮੈਂ ਗੁਸਲਖ਼ਾਨੇ ਵਿਚ ਗਿਆ। ਬਾਹਰ ਨਿਕਲਿਆ ਤਾਂ ਦੇਖਿਆ ਕਿ ਗਰੀਬ ਨਿਵਾਜ਼ ਗੈਰੇਜ ਦੇ ਟਾਟ ਨਾਲ ਲੱਗਿਆ ਖਲੋਤਾ ਹੈ ਤੇ ਰੋ ਰਿਹਾ ਹੈ। ਮੈਨੂੰ ਦੇਖ ਕੇ ਉਹ ਹੰਝੂ ਪੂੰਝਦਾ ਉੱਥੋਂ ਪਰ੍ਹਾਂ ਵਲ ਹਟ ਗਿਆ। ਮੈਂ ਕੋਲ ਜਾ ਕੇ ਉਸਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, “ਮੰਮੀ ਚਲੀ ਗਈ।”
“ਕਿੱਥੇ?”
“ਪਤਾ ਨਹੀਂ।” ਇਹ ਕਹਿ ਕੇ ਗਰੀਬ ਨਿਵਾਜ਼ ਸੜਕ ਵੱਲ ਤੁਰ ਗਿਆ।
ਚੱਡਾ ਬਿਸਤਰੇ 'ਤੇ ਲੇਟਿਆ ਹੋਇਆ ਸੀ। ਇੰਜ ਜਾਪਦਾ ਸੀ ਕਿ ਉਹ ਪਲ ਛਿਣ ਲਈ ਵੀ ਨਹੀਂ ਸੀ ਸੁੱਤਾ। ਮੈਂ ਉਸਨੂੰ ਮੰਮੀ ਬਾਰੇ ਪੁੱਛਿਆ ਤਾਂ ਉਸਨੇ ਮੁਸਕਰਾ ਕੇ ਕਿਹਾ, “ਚਲੀ ਗਈ, ਸਵੇਰ ਦੀ ਗੱਡੀ 'ਤੇ...ਉਸਨੇ ਪੂਨਾ ਛੱਡਣਾ ਸੀ।”
ਮੈਂ ਪੁੱਛਿਆ, “ਪਰ ਕਿਉਂ?”
ਚੱਡੇ ਦੀ ਆਵਾਜ਼ ਵਿਚ ਕੁਸੈਲ ਘੁਲ ਗਈ, “ਹਕੂਮਤ ਨੂੰ ਉਸਦੀ ਅਦਾ ਪਸੰਦ ਨਹੀਂ ਸੀ—ਉਸਦੇ ਰੰਗ ਢੰਗ ਪਸੰਦ ਨਹੀਂ ਸਨ। ਉਸਦੇ ਘਰ ਦੀਆਂ ਮਹਿਫ਼ਿਲਾਂ ਉਹਨਾਂ ਦੀਆਂ ਨਜ਼ਰਾਂ ਵਿਚ ਇਤਰਾਜ਼ ਯੋਗ ਸਨ। ਇਸ ਲਈ ਕਿ ਪੁਲਿਸ ਉਸਦੇ ਸਨੇਹ ਤੇ ਮਮਤਾ ਨੂੰ ਭਰਿਸ਼ਟਾਚਾਰ ਦੇ ਰੂਪ ਵਿਚ ਦੇਖਣਾ ਚਾਹੁੰਦੀ ਸੀ...ਉਹ ਉਸਨੂੰ ਮਾਂ ਕਹਿ ਕੇ ਉਸ ਤੋਂ ਕਿਸੇ ਦੱਲੀ ਦਾ ਕੰਮ ਲੈਣਾ ਚਾਹੁੰਦੇ ਸਨ...ਇਕ ਲੰਮੇ ਸਮੇਂ ਤੋਂ ਉਸਦੇ ਇਕ ਕੇਸ ਦੀ ਛਾਣਬੀਣ ਹੋ ਰਹੀ ਸੀ। ਅਖ਼ੀਰ ਸਰਕਾਰ ਪੁਲਿਸ ਦੀ ਛਾਣਬੀਣ ਨਾਲ ਸਹਿਮਤ ਹੋ ਗਈ ਤੇ ਉਸਨੂੰ 'ਤੜੀ ਪਾਰ' ਕਰ ਦਿੱਤਾ। ਇਸ ਸ਼ਹਿਰ 'ਚੋਂ ਕੱਢ ਦਿੱਤਾ...ਜੇ ਉਹ ਵੇਸ਼ੀਆ ਸੀ, ਜਾਂ ਦੱਲੀ ਸੀ... ਉਸਦੀ ਹੋਂਦ ਸਮਾਜ ਲਈ ਹਾਨੀਕਾਰਕ ਸੀ ਤਾਂ ਉਸਨੂੰ ਖਤਮ ਕਰ ਦੇਣਾ ਚਾਹੀਦਾ ਸੀ...ਪੂਨੇ ਦੀ ਗੰਦਗੀ ਨੂੰ ਇਹ ਕਿਉਂ ਕਿਹਾ ਗਿਆ ਕਿ ਤੂੰ ਇੱਥੋਂ ਚਲੀ ਜਾ ਤੇ ਜਿੱਥੇ ਮਰਜ਼ੀ ਜਾ ਕੇ ਢੇਰ ਹੋ ਜਾ?” ਚੱਡੇ ਨੇ ਬੜੇ ਜ਼ੋਰ ਨਾਲ ਠਹਾਕਾ ਲਾਇਆ ਤੇ ਥੋੜ੍ਹੀ ਦੇਰ ਚੁੱਪ ਰਿਹਾ। ਫੇਰ ਉਸਨੇ ਬੜੀ ਭਾਵੁਕ ਆਵਾਜ਼ ਵਿਚ ਕਿਹਾ, “ਮੈਨੂੰ ਦੁੱਖ ਹੈ ਮੰਟੋ ਕਿ ਉਸ ਗੰਦਗੀ ਦੇ ਨਾਲ ਇਕ ਅਜਿਹੀ ਪਵਿੱਤਰਤਾ ਵੀ ਚਲੀ ਗਈ ਹੈ, ਜਿਸਨੇ ਉਸ ਰਾਤ ਮੇਰੀ ਇਕ ਬੜੀ ਗ਼ਲਤ ਤੇ ਗੰਦੀ ਤਰੰਗ ਨੂੰ ਮੇਰੇ ਦਿਲ ਦਿਮਾਗ਼ ਵਿਚੋਂ ਕੱਢ ਦਿੱਤਾ ਸੀ—ਪਰ ਮੈਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ...ਉਹ ਪੂਨੇ ਵਿਚੋਂ ਚਲੀ ਗਈ...ਮੇਰੇ ਵਰਗੇ ਜਵਾਨਾਂ ਵਿਚ ਅਜਿਹੀਆਂ ਗ਼ਲਤ ਤੇ ਗੰਦੀਆਂ ਤਰੰਗਾਂ ਉੱਥੇ ਵੀ ਪੈਦਾ ਹੁੰਦੀਆਂ ਹੋਣਗੀਆਂ, ਜਿੱਥੇ ਉਹ ਆਪਣਾ ਘਰ ਬਣਾਵੇਗੀ...ਮੈਂ ਆਪਣੀ ਮੰਮੀ ਉਹਨਾਂ ਦੇ ਹਵਾਲੇ ਕਰਦਾ ਹਾਂ...ਜ਼ਿੰਦਾਬਾਦ ਮੰਮੀ...ਜ਼ਿੰਦਾਬਾਦ...ਚੱਲ ਗਰੀਬ ਨਿਵਾਜ਼ ਨੂੰ ਲੱਭੀਏ। ਰੋ ਰੋ ਕੇ ਉਸਨੇ ਆਪਣਾ ਬੁਰਾ ਹਾਲ ਕਰ ਲਿਆ ਹੋਏਗਾ...ਇਹਨਾਂ ਹੈਦਰਾਬਾਦੀਆਂ ਦੀਆਂ ਅੱਖਾਂ ਦਾ ਮਸਾਨਾ ਬੜਾ ਕਮਜ਼ੋਰ ਹੁੰਦੈ, ਮੌਕੇ-ਬੇਮੌਕੇ ਟਪਕਦਾ ਰਹਿੰਦਾ ਏ...”
ਮੈਂ ਦੇਖਿਆ, ਚੱਡੇ ਦੀਆਂ ਅੱਖਾਂ ਵਿਚ ਅੱਥਰੂ ਇਸ ਤਰ੍ਹਾਂ ਤੈਰ ਰਹੇ ਸਨ, ਜਿਵੇਂ ਮੰਮੀ ਦੇ ਦੋਖ਼ੀਆਂ ਦੀਆਂ ਲਾਸ਼ਾਂ ਹੋਣ।
    --- --- ---
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.