Thursday, March 24, 2011

ਭੁਜਾਵਾਂ...:: ਲੇਖਕ : ਹਰੀਸ਼ੀਕੇਸ਼ ਸੁਲਭ




ਹਿੰਦੀ ਕਹਾਣੀ :


ਭੁਜਾਵਾਂ...
ਲੇਖਕ : ਹਰੀਸ਼ੀਕੇਸ਼ ਸੁਲਭ

ਅਨੁਵਾਦ : ਮਹਿੰਦਰ ਬੇਦੀ, ਜੈਤੋ




ਅਸ਼ਟਭੁਜਾ ਲਾਲ ਨੂੰ ਆਪਣੇ ਬੀਤੇ ਹੋਏ ਦਿਨਾਂ ਬਾਰੇ ਸੋਚਣਾ ਚੰਗਾ ਨਹੀਂ ਲੱਗਦਾ। ਬੀਤੇ ਦਿਨਾਂ ਦੀ ਯਾਦ ਆਉਂਦਿਆਂ ਹੀ ਉਹਨਾਂ ਦਾ ਚਿੱਤ ਘਿਰਨ ਲੱਗ ਪੈਂਦਾ ਹੈ। ਉਹਨਾਂ ਨੂੰ ਲੱਗਦਾ ਹੈ ਜਿਵੇਂ ਆਪਣੀ ਪਤਨੀ ਦੇ ਵਾਰਡਰੋਬ ਵਿਚ ਬੰਦ ਹੋ ਗਏ ਹੋਣ। ਇਸ ਵਾਰਡਰੋਬ ਦੀ ਯਾਦ ਉਹਨਾਂ ਲਈ ਕਿਸੇ ਬਦਬੂਦਾਰ, ਬੜ੍ਹਕੇ ਹੋਏ ਨਾਲੇ ਵਿਚ ਡਿੱਗ ਪੈਣ ਜਿੰਨੀ ਦੁਖਦਾਈ ਹੈ। ਇਸ ਤਕਲੀਫ਼ ਤੋਂ ਮੁਕਤ ਹੋਣ ਲਈ ਉਹ ਲਗਾਤਾਰ ਹੱਥ-ਪੈਰ ਮਾਰਦੇ ਰਹਿੰਦੇ ਨੇ—ਲਾਚਾਰ ਜ਼ਖ਼ਮੀ ਵਾਂਗ ਛਟਪਟਾਉਂਦੇ ਰਹਿੰਦੇ ਨੇ। ਜਦੋਂ ਦਾ ਉਹਨਾਂ ਨੇ ਆਪਣੀ ਪਤਨੀ ਦਾ ਵਾਰਡਰੋਬ ਦੇਖਿਆ ਹੈ, ਜੀਵਨ ਦੇ ਬੀਤੇ ਹੋਏ ਦਿਨਾਂ ਦੇ ਅਜੀਬ-ਅਜੀਬ ਚਿੱਤਰ, ਮਨ ਵਿਚ, ਬਣਦੇ-ਢਹਿੰਦੇ ਰਹਿੰਦੇ ਨੇ। ਕਿਸੇ ਡਰਾਉਣੇ ਸੁਪਨੇ ਵਾਂਗ ਇਹ ਵਾਰਡਰੋਬ ਉਹਨਾਂ ਦੇ ਦਿਲ-ਦਿਮਾਗ਼ ਉੱਤੇ ਛਾਇਆ ਹੋਇਆ ਹੈ।
ਪਿਛਲੇ ਦਿਨੀਂ ਪਤਨੀ ਦੇ ਪੇਕਾ-ਪ੍ਰਵਾਸ ਦੇ ਦੌਰਾਨ ਵਾਰਡਰੋਬ ਦੀ ਚਾਬੀ ਉਹਨਾਂ ਦੇ ਹੱਥ ਲੱਗ ਗਈ ਸੀ। ਪਤਨੀ ਉਸ ਨੂੰ ਨਾਲ ਲੈ ਜਾਣਾ ਭੁੱਲ ਗਈ ਸੀ। ਬਿਨਾਂ ਕਿਸੇ ਮਾੜੀ ਭਾਵਨਾ ਦੇ, ਸਿਰਫ ਜੁਗਿਆਸਾ ਵੱਸ, ਉਹਨਾਂ ਵਾਰਡਰੋਬ ਖੋਲ੍ਹ ਕੇ ਦੇਖਣਾ ਚਾਹਿਆ ਕਿ 'ਆਖ਼ਰ ਕੀ-ਕੀ ਸਾਂਭ-ਛੁਪਾਅ ਕੇ ਰੱਖਿਆ ਹੋਇਆ ਏ ਸ਼੍ਰੀਮਤੀ ਕੁਸਮ ਕੁਮਾਰੀ ਨੇ?'...ਤੇ ਅਸ਼ਟਭੁਜਾ ਲਾਲ ਨੇ ਮੁਸੀਬਤ ਮੁੱਲ ਲੈ ਲਈ। ਨਾ ਦੇਖਤੇ ਤਾਂ ਸ਼ਾਇਦ ਉਹਨਾਂ ਦੇ ਜੀਵਨ ਦੇ ਬੀਤੇ ਹੋਏ ਦਿਨਾਂ ਦੇ ਮੂਹਰੇ, ਵਾਰ-ਵਾਰ, ਪਤਨੀ ਦਾ ਵਾਰਡਰੋਬ ਇੰਜ ਨਾ ਆਣ ਖੜ੍ਹਾ ਹੁੰਦਾ। ਬੜ੍ਹਕੇ, ਬਦਬੂਦਾਰ ਨਾਲੇ ਵਿਚ ਡਿੱਗ ਕੇ ਨਿਕਲਣ ਲਈ ਹੱਥ-ਪੈਰ ਮਾਰਨ ਵਰਗੀ ਇਹ ਤਕਲੀਫ਼ ਤਾਂ ਨਾ ਝੱਲਣੀ ਪੈਂਦੀ ਉਹਨਾਂ ਨੂੰ।
ਉਸ ਦਿਨ ਪਤਨੀ ਦੇ ਵਾਰਡਰੋਬ ਵਿਚ ਉਹਨਾਂ ਨੂੰ ਭਾਂਤ-ਭਾਂਤ ਦੀਆਂ ਚੀਜ਼ਾਂ ਮਿਲੀਆਂ ਸਨ। ਵਾਰਡਰੋਬ ਖੋਲ੍ਹਦਿਆਂ ਹੀ ਉਹਨਾਂ ਨੂੰ ਲੱਗਿਆ ਸੀ ਕਿ ਅੱਜ ਕੋਈ ਅਣਹੋਣੀ ਹੋਣ ਵਾਲੀ ਹੈ। ਉਹ ਹੱਥ ਪਾਉਂਦੇ ਝਿਜਕ ਰਹੇ ਸਨ। ਉਹ ਜਦੋਂ ਜਦੋਂ ਆਪਣਾ ਹੱਥ ਖਿੱਚਦੇ, ਇਕ ਦੂਜੇ ਨਾਲ ਗੁਥੀਆਂ ਹੋਈਆਂ ਚੀਜ਼ਾਂ ਬਾਹਰ ਨਿਕਲ ਆਉਂਦੀਆਂ ਤੇ ਅਸ਼ਟਭੁਜਾ ਲਾਲ ਉਲਝ ਕੇ ਰਹਿ ਜਾਂਦੇ। ਉਹ ਆਪਣੇ ਨੂੰ ਫਿਟਕਾਰਦੇ, ਆਪਣਾ ਮੱਥਾ ਪਿੱਟਦੇ ਤੇ ਖ਼ੁਦ ਆਪਣੀ ਲਾਹਨਤ-ਮਲਾਮਤ ਕਰਦੇ ਹੋਏ ਵਰਡਰੋਬ ਵਿਚ ਫਸੇ ਰਹੇ ਸਨ। ਉਹਨਾਂ ਸਾਹਮਣੇ ਖਿੱਲੀਆਂ ਹੋਈਆਂ ਸਨ, ਵਾਰਡਰੋਬ ਵਿਚੋਂ ਨਿਕਲੀਆਂ ਹੋਈਆਂ ਚੀਜ਼ਾਂ—ਮਸਲਨ, ਸ਼ਾਦੀ-ਸ਼ੁਦਾ ਵੱਡੀ ਬੇਟੀ ਧੰਨੀ ਦੇ ਬਚਪਨ ਦੇ ਦਿਨਾਂ ਦੀ ਦੁੱਧ ਵਾਲੀ ਬੋਤਲ...ਜਵਾਨ ਹੋ ਕੇ ਵਿਆਹ ਦੀ ਉਡੀਕ ਵਿਚ ਅਟਕੀ ਚੌਵੀ ਵਰ੍ਹਿਆਂ ਦੀ ਦੂਜੀ ਬੇਟੀ ਬੰਨੀ ਦੇ ਬਚਪਨ ਦੇ ਦਿਨਾਂ ਦਾ ਪੁਰਾਣਾ ਫਰਾਕ ਤੇ ਚੱਡੀ...ਪਤਨੀ ਦੇ ਦੋ-ਦੋ ਪੁਰਾਣੇ ਹੁੱਕਹੀਣ ਬਰਾ...ਆਰਜੂ, ਤਾਜ-ਮਹਲ, ਮੇਰੇ ਮਹਿਬੂਬ ਜਿਹੀਆਂ ਪੁਰਾਣੀਆਂ ਫ਼ਿਲਮਾਂ ਦੇ ਗਾਣਿਆਂ ਦੀਆਂ ਕਿਤਾਬੜੀਆਂ...ਸ਼ਿੰਗਾਰ ਦੇ ਸਾਮਾਨ ਦੀਆਂ ਕੁਝ ਖਾਲੀ ਸ਼ੀਸ਼ੀਆਂ...ਉਹਨਾਂ ਦੀ ਪ੍ਰਚੰਡ ਜਵਾਨੀ ਦੇ ਦਿਨਾਂ ਦੀ ਇਕ ਕਾਲੀ-ਚਿੱਟੀ ਫ਼ੋਟੋ, ਜਿਸ ਵਿਚ ਉਹਨਾਂ ਦੇ ਗਲ਼ ਛੀਂਟ ਵਾਲੀ ਟਾਈ ਕਸੀ ਹੋਈ ਸੀ ਤੇ ਜੁਲਫ਼ਾਂ ਦੇਵਾ ਨੰਦ ਵਾਂਗ ਉਪਰ ਉਠੀਆਂ ਹੋਈਆਂ ਸਨ। ਤੇ ਇਸੇ ਵਾਰਡਰੋਬ ਵਿਚ ਉਹਨਾਂ ਨੂੰ ਮਿਲਿਆ ਸੀ...। ਸ਼੍ਰੀਮਤੀ ਕੁਸਮ ਕੁਮਾਰੀ ਦੇ ਇਸ ਫੂਹੜਪਨ ਨੇ ਉਹਨਾਂ ਦੇ ਜੀਵਨ ਦੀ ਸ਼ਕਲੋ-ਸੂਰਤ ਹੀ ਬਦਲ ਦਿੱਤੀ ਸੀ। ਉਹਨਾਂ ਨੂੰ ਆਪਣਾ ਸਾਰਾ ਜੀਵਨ ਫੂਹੜ ਦਿਖਾਈ ਦੇ ਰਿਹਾ ਸੀ। ਇੱਥੋਂ ਤਕ ਕਿ ਉਹਨਾਂ ਨੂੰ ਆਪਣੇ ਨਾਂ ਨਾਲ ਵੀ ਚਿੜ ਹੋਣ ਲੱਗ ਪਈ ਸੀ। ਆਪਣੇ ਨਾਂ ਦਾ ਸੰਬੋਧਨ ਸੁਣਦਿਆਂ ਹੀ ਉਹਨਾਂ ਦੀ ਇੱਛਾ ਹੁੰਦੀ ਕਿ ਉਹ ਬੁਲਾਉਣ ਵਾਲੇ ਦਾ ਮੂੰਹ ਵਲੂੰਧਰ ਦੇਣ।
ਅਸ਼ਟਭੁਜਾ ਲਾਲ ਦੇ ਨਾਂ ਦੀ ਕਥਾ ਦੇ ਸੂਤਰ ਉਹਨਾਂ ਦੇ ਜਨਮ ਦੀ ਕਥਾ ਵਿਚ ਛੁਪੇ ਸਨ। ਉਹਨਾਂ ਦੇ ਜਨਮ ਤੇ ਉਸ ਤੋਂ ਪਹਿਲਾਂ ਜੰਮਣ ਤਕ ਦੀਆਂ ਸਥਿਤੀਆਂ ਵੀ ਉਲਝੀਆਂ ਹੋਈਆਂ ਸਨ। ਉਹਨਾਂ ਨੂੰ ਆਪਣੇ ਘਰ ਵਿਚ ਪੈਦਾ ਕਰਨ ਲਈ ਉਹਨਾਂ ਦੇ ਮਾਤਾ-ਪਿਤਾ ਦੇ ਸੰਘਰਸ਼ ਨੇ ਉਹਨਾਂ ਨੂੰ ਇਹ ਨਾਂ ਦਿੱਤਾ ਸੀ। ਉਹਨਾਂ ਦੀ ਮਾਤਾ ਮਾਨੋ ਦੇਈ ਦੁਰਲੱਭ ਸੁੰਦਰਤਾ ਤੇ ਵਿਅਕਤੀਤਵ ਦੀ ਮਲਿਕਾ ਸੀ। ਸਤਾਰਾਂ ਵਰ੍ਹਿਆਂ ਦੀ ਉਮਰ ਤਕ ਆਪਣੇ ਪੇਕਾ-ਘਰ ਦੇ ਵਿਹੜੇ ਵਿਚ ਕੋਇਲ ਵਾਂਗ ਕੂਕਦੀ ਰਹਿਣ ਵਾਲੀ ਮਾਨੋ ਦੇਈ ਨੂੰ ਉਸਦੇ ਕਾਤਿਬ ਪਿਤਾ ਨੇ ਜਦੋਂ ਝੂਲਨ ਲਾਲ ਦੇ ਹਵਾਲੇ ਕੀਤਾ, ਉਹਨਾਂ ਦਾ ਆਪਣੇ ਘਰ ਦਾ ਵਿਹੜਾ ਸੁੰਨਾ ਹੋ ਗਿਆ...ਤੇ ਦੂਜੇ ਪਾਸੇ ਛਪਰਾ ਕਚਹਿਰੀ ਦੇ ਨਾਮਵਰ ਵਕੀਲ ਬਾਬੂ ਹਨੁਮੰਤ ਸਹਾਏ ਦੇ ਕਾਰ-ਮੁਖਤਿਆਰ ਝੂਲਨ ਲਾਲ ਦਾ ਘਰ ਤੇ ਵਿਹੜਾ, ਮਾਨੋ ਦੇਈ ਦੀ ਹੋਂਦ ਸਦਕਾ, ਵਹਿੰਦੇ ਹੋਏ ਝਰਨੇ ਦੀਆਂ ਫੁਆਰਾਂ ਨਾਲ ਭਰ ਗਿਆ। ਵਿਆਹ ਤੋਂ ਪਿੱਛੋਂ ਪੂਰਾ ਇਕ ਮਹੀਨਾ ਨਾ ਤਾਂ ਝੂਲਨ ਲਾਲ ਕਚਹਿਰੀ ਗਏ, ਤੇ ਨਾ ਹੀ ਵਕੀਲ ਸਾਹਬ ਕੇ ਘਰ। ਖੱਸੀ ਬਣਵਾ-ਬਣਵਾ ਖਾਂਦੇ ਤੇ ਮਾਨੋ ਦੇਈ ਦੀਆਂ ਝੁਮਕੀ ਵਾਲੀਆਂ ਝਾਂਜਰਾਂ ਦੀ ਛਮ-ਛਮ ਦੇ ਪਿੱਛੇ-ਪਿੱਛੇ ਭੌਂਦੇ ਫਿਰਦੇ। ਜਦੋਂ ਮਾਨੋ ਦੇਈ ਨੂੰ ਉਲਟੀਆਂ ਆਉਣ ਲੱਗ ਪਈਆਂ ਤੇ ਬਹੂ ਨੂੰ ਆਉਣ ਵਾਲੀਆਂ ਇਹਨਾਂ ਉਲਟੀਆਂ ਦਾ ਸਵਾਗਤ ਸੱਸ ਨੇ ਸੋਹਰ ਦੇ ਬੋਲਾਂ ਨਾਲ ਕੀਤਾ—ਓਦੋਂ ਝੂਲਨ ਲਾਲ ਨੇ ਕਚਹਿਰੀ ਦੀ ਸੁੱਧ ਲਈ।
ਲਗਭਗ ਅੱਠ ਵਰ੍ਹਿਆਂ ਵਿਚ ਧੜਾਧੜ ਸੱਤ ਕੁੜੀਆਂ ਜੰਮ ਦੇਣ ਪਿੱਛੋਂ, ਜਦੋਂ ਪੱਚੀਆਂ ਦੀ ਹੋਈ ਮਾਨੋ ਦੇਈ ਤਾਂ ਸਬਰ ਨੇ ਝੂਲਨ ਲਾਲ ਦਾ ਸਾਥ ਛੱਡ ਦਿੱਤਾ। ਨਿਰਾਸ਼ਾ ਦੇ ਡੂੰਘੇ ਖ਼ੂਹ ਵਿਚ ਡਿੱਗ ਪਏ ਤੈਤੀ ਵਰ੍ਹਿਆਂ ਦੇ ਮੁੰਸ਼ੀ ਝੂਲਨ ਲਾਲ। ਸੱਤ ਕੁੜੀਆਂ ਵਿਚੋਂ ਪਹਿਲੀ ਦੋ ਸਾਲ ਤਕ ਜਿਊਂਦੀ ਰਹਿਣ ਪਿੱਛੋਂ ਚੱਲ ਵੱਸੀ। ਦੂਜੀ ਤੇ ਤੀਜੀ ਕੁੜੀ ਨੇ ਇਕ-ਇਕ ਵਰ੍ਹੇ ਤਕ ਝੂਲਨ ਲਾਲ ਦੇ ਵਿਹੜੇ ਵਿਚ ਬਾਲ-ਲੀਲ੍ਹਾ ਕਰਨ ਪਿੱਛੋਂ ਇਸ ਦੁਨੀਆਂ ਨਾਲੋਂ ਨਾਤਾ ਤੋੜਿਆ। ਚੌਥੀ ਤੇ ਪੰਜਵੀਂ ਨੇ ਕੁਝ ਘੰਟੇ ਤਕ ਇਸ ਧਰਤੀ ਨੂੰ ਪਵਿੱਤਰ ਕਰਨ ਪਿੱਛੋਂ ਪਲਾਇਨ ਕੀਤਾ। ਮਾਨਸਿਕ ਰੂਪ ਵਿਚ ਅਪਾਹਜ ਛੇਵੀਂ ਪੁੱਤਰੀ ਵੀ ਮਾਨੋ ਦੇਈ ਦੀ ਕੁੱਖ ਦੀ ਲਾਜ ਬਚਾਉਣ ਲਈ ਜਿਊਂਦੀ ਨਹੀਂ ਰਹਿ ਸਕੀ ਤੇ ਸੱਤਵੀਂ ਨੇ ਗਰਭ ਵਿਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਸਾਥ ਛੱਡ ਦਿੱਤਾ। ਸੱਤਵੀਂ ਬੱਚੀ ਦੇ ਮੁਰਦਾ ਪੈਦਾ ਹੋਣ ਪਿੱਛੋਂ ਝੂਲਨ ਲਾਲ ਨਗਰ ਦੇ ਬਾਹਰ ਸਰਯੂ-ਤਟ 'ਤੇ ਬਣੇ ਸਿੱਧ ਸ਼ਕਤੀਪੀਠ ਅਸ਼ਟਭੁਜਾ ਮੰਦਰ ਪਹੁੰਚੇ। ਮੰਦਰ ਦੀ ਦੇਹਲੀ 'ਤੇ ਮੱਥਾ ਟੇਕ ਕੇ ਉਹਨਾਂ ਮਾਤਾ ਅਸ਼ਟਭੁਜਾ ਤੋਂ ਪੁੱਤਰ ਦੀ ਕਾਮਨਾ ਕੀਤੀ ਤੇ ਮਾਤਾ ਨੂੰ ਵਚਨ ਦਿੱਤਾ ਕਿ ਜਦੋਂ ਤਕ ਜਿਊਂਦੇ ਰਹਿਣਗੇ, ਸਵੇਰੇ-ਸ਼ਾਮ, ਦੋਵੇਂ ਵੇਲੇ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਭਰਣ ਆਉਣਗੇ। ਉਸੇ ਰਾਤ ਮਾਤਾ ਅਸ਼ਟਭੁਜਾ ਨੇ ਉਹਨਾਂ ਨੂੰ ਸੁਪਨੇ ਵਿਚ ਦਰਸ਼ਨ ਦਿੱਤੇ ਤੇ ਆਸ਼ੀਰਵਾਦ ਵੀ। ਮਾਤਾ ਅਸ਼ਟਭੁਜਾ 'ਲੋਪ ਹੋਈ ਤੇ ਉਹਨਾਂ ਦੀ ਨੀਂਦ ਖੁੱਲ੍ਹੀ। ਮਾਤਾ ਦੇ ਦਰਸ਼ਨ ਦੀ ਖੁਸ਼ੀ ਵਿਚ ਗਦਗਦ ਉਹ ਜੱਚਾ ਦੀ ਕੋਠੜੀ 'ਚ ਪਹੁੰਚੇ। ਰਤਹੀਣ ਦੇਹ ਲਈ ਮਾਨੋ ਦੇਈ ਮਰਨ ਕਿਨਾਰੇ ਪਈ ਸੀ। ਝੂਲਨ ਲਾਲ ਨੇ ਪਤਨੀ ਦੇ ਮੱਥੇ 'ਤੇ ਹੱਥ ਫੇਰਿਆ। ਮਾਨੋ ਦੇਈ ਨੇ ਅੱਖਾਂ ਖੋਲ੍ਹ ਕੇ ਪਤੀ ਵੱਲ ਦੇਖਿਆ। ਸੁਪਨੇ ਵਿਚ ਮਾਤਾ ਦੇ ਦਰਸ਼ਨ ਤੇ ਆਸ਼ੀਰਵਾਦ ਦੀ ਸੂਚਨਾ ਪ੍ਰਾਪਤ ਕੀਤੀ ਤੇ ਸੁੰਨੀਆਂ ਅੱਖਾਂ ਨਾਲ ਬੜੀ ਦੇਰ ਤਕ ਪਤੀ ਵੱਲ ਤੱਕਦੀ ਰਹੀ। ਉਸਦੀਆਂ ਅੱਖਾਂ ਵਿਚ ਇਕ ਤਰਲਾ ਸੀ—ਕਸਾਈ ਤੋਂ ਜਾਨ ਦੀ ਭੀਖ ਮੰਗ ਰਹੀ ਬਕਰੀ ਦੀਆਂ ਅੱਖਾਂ ਵਰਗਾ ਤਰਲਾ।
ਇਸ ਰਾਤ ਤੋਂ ਅੱਠ ਵਰ੍ਹੇ ਬਾਅਦ ਝੂਲਨ ਲਾਲ ਦੀ ਅੱਠਵੀਂ ਸੰਤਾਨ ਦੇ ਰੂਪ ਵਿਚ ਮਾਨੋ ਦੇਈ ਨੇ ਅਸ਼ਟਭੁਜਾ ਲਾਲ ਨੂੰ ਜਨਮ ਦਿੱਤਾ। ਪਰ ਇਸ ਸ਼ੁਭ ਘੜੀ ਦੇ ਸਾਕਸ਼ੀ ਨਹੀਂ ਬਣ ਸਕੇ ਝੂਲਨ ਲਾਲ। ਲੰਮੇਂ ਸਮੇਂ ਤਕ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਾਉਂਦਿਆਂ, ਚਾਕਰੀ ਕਰਦਿਆਂ, ਝੂਲਨ ਲਾਲ ਨਿਰਾਸ਼ ਹੋ ਚੁੱਕੇ ਸਨ। ਸੰਤਾਨ-ਸੁਖ ਨਾ ਪ੍ਰਾਪਤ ਹੋਣ ਦੀ ਇਸ ਨਿਰਾਸ਼ਾ ਸਦਕਾ ਉਹਨਾਂ ਆਪਣੇ ਲਈ ਇਕ ਵੱਖਰਾ ਸੰਸਾਰ ਵਸਾਅ ਲਿਆ ਸੀ। ਬਹੁਤ ਘੱਟ ਬੋਲਦੇ। ਚੁੱਪਚਾਪ ਸੁੰਨੀਆਂ ਅੱਖਾਂ ਨਾਲ ਘੰਟਿਆਂ ਬੱਧੀ ਆਸਮਾਨ ਵੱਲ ਤੱਕਦੇ ਰਹਿੰਦੇ। ਕਚਹਿਰੀ ਜਾਣ ਦੀ ਇੱਛਾ ਨਾ ਹੁੰਦੀ, ਪਰ ਜ਼ਿੰਦਗੀ ਦਾ ਰੇੜ੍ਹਾ ਤਾਂ ਰੇੜਣਾ ਹੀ ਪੈਣਾ ਸੀ। ਮੁਵਕਿਲਾਂ ਤੋਂ ਜੋ ਮਿਲਦਾ, ਬਿਨਾਂ ਹੀਲ-ਹੁੱਜਤ ਦੇ ਲੈ ਲੈਂਦੇ। ਉਹਨਾਂ ਦੇ ਚਾਰੇ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਪੱਸਰੀ ਰਹਿੰਦੀ।...ਤੇ ਅਜਿਹੀ ਹੀ ਇਕ ਸਵੇਰ ਜਦੋਂ ਉਹ ਮੰਦਰ 'ਚੋਂ ਪੂਜਾ ਕਰਕੇ ਵਾਪਸ ਆਏ, ਮਾਨੋ ਦੇਈ ਨੇ ਉਹਨਾਂ ਨੂੰ ਆਪਣੇ ਗਰਭਵਤੀ ਹੋਣ ਦੀ ਸੂਚਨਾ ਦਿੱਤੀ। ਇਹ ਸੂਚਨਾ ਮਿਲਣ 'ਤੇ ਪਹਿਲਾਂ ਤਾਂ ਉਹ ਖੁਸ਼ ਹੋਏ, ਫੇਰ ਉਹਨਾਂ ਨੇ ਮੋਈਆਂ ਹੋਈਆਂ ਸੱਤੇ ਧੀਆਂ ਦੇ ਜਨਮ ਪਿੱਛੋਂ ਬੀਤੇ ਵਰ੍ਹਿਆਂ ਦੇ ਇਕ-ਇਕ ਦਿਨ ਨੂੰ ਯਾਦ ਕੀਤਾ। ਆਪਣੇ ਦਿਮਾਗ਼ ਉੱਤੇ ਲਗਾਤਾਰ ਦਬਾਅ ਪਾਉਣ ਦੇ ਬਾਵਜੂਦ ਵੀ ਉਹ, ਉਸ ਛਿਣ ਦੀ ਯਾਦ ਨੂੰ ਨਹੀਂ ਲੱਭ ਸਕੇ। ਉਹਨਾਂ ਆਪਣੇ ਬੀਤੇ ਹੋਏ ਵਰ੍ਹਿਆਂ ਦਾ ਕੋਨਾ-ਕੋਨਾ ਛਾਣ ਮਾਰਿਆ। ਲੱਭਦੇ-ਲੱਭਦੇ ਉਹਨਾਂ ਦਾ ਦਿਮਾਗ਼ ਥੱਕ ਕੇ ਚੂਰ-ਚੂਰ ਹੋ ਗਿਆ, ਪਰ ਉਹਨਾਂ ਨੂੰ ਉਹ ਛਿਣ ਨਹੀਂ ਲੱਭਾ। ਅਖ਼ੀਰ ਉਹਨਾਂ ਪਤਨੀ ਨੂੰ ਪੁੱਛਿਆ। ਮਾਨੋ ਦੇਈ ਨੇ ਕੁਝ ਵੀ ਨਾ ਛਿਪਾਇਆ। ਸਭ ਕੁਝ ਸਾਫ-ਸਾਫ ਦੱਸ ਦਿੱਤਾ। ...ਤੇ ਤਦ ਉਹਨਾਂ ਦੀ ਨਜ਼ਰ ਆਪਣੇ ਮਮੇਰੇ ਭਰਾ ਬਚਨੂ ਲਾਲ 'ਤੇ ਪਈ, ਜਿਹੜੇ ਪਿਛਲੇ ਇਕ ਵਰ੍ਹੇ ਤੋਂ ਉਹਨਾਂ ਦੇ ਘਰ ਸਥਾਈ ਮਹਿਮਾਨ ਬਣ ਕੇ ਰਹਿ ਰਹੇ ਸਨ ਤੇ ਕਚਹਿਰੀ ਵਿਚ ਮੁਹਰਰ ਦੇ ਕੰਮ 'ਤੇ ਲੱਗੇ ਹੋਏ ਸਨ। ਝੂਲਨ ਨਾਲ ਨੇ ਪਤਨੀ ਵੱਲ ਗਹੁ ਨਾਲ ਦੇਖਿਆ। ਸੱਤਵੀ ਬੇਟੀ ਦੇ ਬਾਅਦ ਜੱਚਾ ਦੀ ਕੋਠੜੀ ਵਿਚ ਪਈ, ਖੁੱਥੜ ਜਿਹੀ ਕਾਇਆ ਵਾਲੀ, ਮਾਨੋ ਦੇਈ ਦੀ ਸੂਰਤ ਉਹਨਾਂ ਦੀਆਂ ਅੱਖਾਂ ਸਾਹਵੇਂ ਭੌਂ ਗਈ। ਉਹ ਬੜੀ ਦੇਰ ਤਕ ਮਾਨੋ ਦੇਈ ਵੱਲ ਘੂਰਦੇ ਰਹੇ। ਉਹਦੇ ਚਿਹਰੇ ਦੀ ਗੋਰੀ ਪਾਰਦਰਸ਼ੀ ਚਮੜੀ ਹੇਠ ਦਮਕਦੀ ਲਹੂ ਦੀ ਆਭਾ, ਵੱਡੀਆਂ-ਵੱਡੀਆਂ ਕਜਰਾਰੀਆਂ ਅੱਖਾਂ ਦੀਆਂ ਜਲਦੀ-ਜਲਦੀ ਬਦਲਦੀਆਂ ਮੁਦਰਾਵਾਂ, ਛਾਤੀਆਂ ਦੇ ਬੋਝ ਨਾਲ ਲਚਕਦਾ ਪਤਲਾ ਲੱਕ ਤੇ ਭਾਰੀ ਪਿੱਛੇ ਨੂੰ ਤੱਕਦੇ ਰਹੇ ਝੂਲਨ ਲਾਲ। ਪਿਛਲੇ ਵਰ੍ਹਿਆਂ ਵਿਚ ਆਪਣੇ ਹਿੱਸੇ ਆਈ ਨਿਰਾਸ਼ਾ ਨੂੰ ਉਹਨਾਂ ਵਾਰ-ਵਾਰ ਘੋਖਣ ਦਾ ਜਤਨ ਕੀਤਾ। ਮਾਨੋ ਦੇਵੀ ਨੇ ਆਪਣੇ ਰੂਪ ਦੀ ਦਮਕ ਤੇ ਦੇਹ ਦੀ ਜਿਹੜੀ ਸੁਡੌਲਤਾ ਕਮਾਈ ਸੀ, ਉਸ ਨਾਲ ਆਪਣੇ ਅਯੋਗ-ਸਹਿਯੋਗ ਦੀ ਤੁਲਨਾ ਕਰਦੇ ਹੋਏ ਲਗਭਗ ਮਹੀਨਾ ਕੁ ਜਿਊਂਦੇ ਰਹੇ ਸੀ ਝੂਲਨ ਲਾਲ।...ਤੇ ਇਕ ਰਾਤ ਅਸ਼ਟਭੁਜਾ ਮੰਦਰ 'ਚੋਂ ਪੂਜਾ ਕਰਕੇ ਆਏ ਤੇ ਲੰਮੀ ਨੀਂਦ ਸੌਣ ਲਈ ਚਲੇ ਗਏ। ਗਰਭ ਦਾ ਸਮਾਂ ਪੂਰਾ ਹੋਇਆ। ਮਾਨੋ ਦੇਈ ਨੇ ਪੁੱਤਰ ਨੂੰ ਜਨਮ ਦਿੱਤਾ। ਝੂਲਨ ਲਾਲ ਨੇ ਸਵਰਗ ਵਿਚੋਂ ਹੀ ਮਾਤਾ ਅਸ਼ਟਭੁਜਾ ਨੂੰ ਪ੍ਰਣਾਮ ਕਰਕੇ ਇਸ ਕ੍ਰਿਪਾ ਲਈ ਧੰਨਵਾਦ ਦਿੱਤਾ। ਸੱਤ ਬੇਟੀਆਂ ਦੇ ਜਨਮ ਦੇ ਅੱਠ ਵਰ੍ਹਿਆਂ ਬਾਅਦ ਅੱਠਵੀਂ ਸੰਤਾਨ ਦੇ ਰੂਪ ਵਿਚ ਮਾਤਾ ਅਸ਼ਟਭੁਜਾ ਦੀ ਕ੍ਰਿਪਾ ਨਾਲ ਪੈਦਾ ਹੋਏ ਆਪਣੇ ਪੁੱਤਰ ਦਾ ਨਾਂ ਮਾਨੋ ਦੇਈ ਨੇ ਅਸ਼ਟਭੁਜਾ ਰੱਖਿਆ। ਪ੍ਰਕ੍ਰਿਤੀ, ਕਿਸਮਤ ਤੇ ਸਮਾਜ ਉੱਤੇ ਜਿੱਤ ਤੋਂ ਬਾਅਦ ਇਸ ਨਾਂ ਨੂੰ ਮਾਨੋ ਦੇਈ ਨੇ ਬੜੇ ਮਾਣ ਨਾਲ ਆਪਣੇ ਪੁੱਤਰ ਨੂੰ ਸੌਂਪਿਆ ਸੀ। ਇਹ ਨਾਂ ਅਸ਼ਟਭੁਜਾ ਲਾਲ ਦੇ ਪਿਤਾ ਦੀਆਂ ਧਾਰਮਿਕ ਆਸਥਾਵਾਂ ਤੇ ਮਾਤਾ ਦੇ ਸੰਘਰਸ਼ ਦਾ ਪ੍ਰਤੀਫਲ ਸੀ। ਅਣਜਾਣੇ ਵਿਚ ਵੀ ਆਪਣੇ ਜਿਸ ਨਾਂ ਦੀ ਚਰਚਾ ਕਰਦੇ ਨਹੀਂ ਸੀ ਥੱਕੇ ਅਸ਼ਟਭੁਜਾ ਲਾਲ, ਉਹੀ ਨਾਂ ਉਹਨਾਂ ਨੂੰ ਵੱਢਣ-ਖਾਣ ਨੂੰ ਪੈ ਰਿਹਾ ਸੀ।...ਉਸ ਵਾਰਡਰੋਬ ਨੇ ਉਹਨਾਂ ਦੇ ਜੀਵਨ ਵਿਚ ਉਥਲ-ਪੁਥਲ ਮਚਾ ਦਿੱਤੀ ਸੀ।
***  
ਸ਼੍ਰੀਮਤੀ ਕੁਸਮ ਕੁਮਾਰੀ ਪੂਰੇ ਕੁਨਬੇ ਸਮੇਤ ਪੇਕਾ-ਪ੍ਰਵਾਸ ਤੋਂ ਵਾਪਸ ਆਈ। ਉਹ ਆਪਣੇ ਵੱਡੇ ਭਰਾ ਦੇ ਛੋਟੇ ਸਪੁੱਤਰ ਦੇ ਵਿਆਹ ਉਤਸਵ ਵਿਚ ਸ਼ਾਮਿਲ ਹੋਣ ਲਈ, ਛੋਟੀ ਬੇਟੀ ਬੰਨੀ ਨਾਲ, ਪਟਨੇ ਗਈ ਹੋਈ ਸੀ। ਵੱਡੀ ਬੇਟੀ ਧੰਨੀ ਵੀ ਪਤੀ ਤੇ ਬੱਚਿਆਂ ਸਮੇਤ ਮਮੇਰੇ ਭਰਾ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਲਈ ਉੱਥੇ ਪਹੁੰਚੀ ਸੀ।...ਸੋ ਬੇਟੀਆਂ, ਜਵਾਈ ਤੇ ਦੋਹਤਵਾਨਾਂ ਨੂੰ ਵੀ ਨਾਲ ਹੀ ਲੈਂਦੀ ਆਈ ਸੀ ਸ਼੍ਰੀਮਤੀ ਕੁਸਮ ਕੁਮਾਰੀ।
ਐਤਵਾਰ ਦਾ ਦਿਨ ਸੀ। ਅਸ਼ਟਭੁਜਾ ਲਾਲ ਬਿਨਾਂ ਕੁਝ ਖਾਧੇ-ਪੀਤੇ, ਢਿੱਡ ਹੇਠ ਸਿਰਹਾਣਾ ਰੱਖੀ, ਮੂਧੇ-ਮੂੰਹ ਪਏ ਸਨ। ਕਾਲਬੈੱਲ ਦੀ ਆਵਾਜ਼ ਸੁਣ ਕੇ ਉਠੇ। ਦਰਵਾਜ਼ਾ ਖੋਲ੍ਹਿਆ। ਪਤਨੀ ਵੱਲ ਟੇਢੀ ਅੱਖ ਨਾਲ ਦੇਖਿਆ। ਇਸ ਤੋਂ ਪਹਿਲਾਂ ਕਿ ਲੋਕ ਪੈਰ ਛੂਹ ਕੇ ਅਸ਼ੀਰਵਾਦ ਲੈਣ, ਅਸ਼ਟਭੁਜਾ ਲਾਲ, ਕਾਹਲੀ ਨਾਲ ਮੁੜੇ 'ਤੇ ਬਾਥ-ਰੂਮ ਵਿਚ ਵੜ ਗਏ। ਦਸ ਦਿਨਾਂ ਦਾ ਖਾਲੀ ਭਾਂਡੇ ਵਾਂਗ ਡੌਂ-ਡੌਂ ਕਰਦਾ ਘਰ, ਘਰ ਲੱਗਣ ਲੱਗ ਪਿਆ। ਦੋਵਾਂ ਦੋਹਤਵਾਨਾਂ ਦੀ ਖੜਮਸਤੀ ਦਾ ਸੰਗੀਤ ਗੂੰਜ ਰਿਹਾ ਸੀ। ਚੜ੍ਹਦੀ ਜਵਾਨੀ ਨੂੰ ਜਿਉਂ-ਤਿਉਂ ਸੰਭਾਲ, ਕੁਆਰੇਪਨ ਦੇ ਦਿਨ ਕੱਟਦੀ, ਬੰਨੀ ਦਾ ਦੁਪੱਟਾ ਪੂਰੇ ਘਰ ਵਿਚ ਲਹਿਰਾ ਰਿਹਾ ਸੀ। ਪੰਜ ਵਰ੍ਹਿਆਂ ਦੇ ਵਿਆਹੁਤਾ ਜੀਵਨ ਵਿਚ ਦੋ ਬੱਚਿਆਂ ਨੂੰ ਜਨਮ ਦੇ ਕੇ ਵੱਡਾ ਸਾਰਾ ਢਿੱਡ ਤੇ ਤਕੜਾ-ਭਾਰੀ ਪਿੱਛਾ ਖੱਟੀ ਧੰਨੀ, ਤਖ਼ਤਪੋਸ ਉੱਤੇ ਹੱਥ-ਪੈਰ ਪਸਾਰੀ ਪਈ, ਸਿਰ ਦਰਦ ਨਾਲ ਕਰਾਹ ਰਹੀ ਸੀ। ਬੈਂਕ ਵਿਚ ਮੁਲਾਜ਼ਿਮ ਜਵਾਈ ਮੁਕੰਦ ਬਿਹਾਰੀ ਵਰਮਾ ਡਰਾਇੰਗ-ਰੂਮ ਵਿਚ ਸੋਫ਼ੇ 'ਤੇ ਬੈਠੇ ਆਪਣੀ ਸਾਲੀ ਦੇ ਦੁਪੱਟੇ ਦੀ ਛਾਂ ਦੇ ਪਿੱਛੇ ਖੋਜੀ ਤੇ ਜੀਭ-ਚਟੋਰੀ ਬਿੱਲੀ ਵਾਂਗ ਅੱਖਾਂ ਦੌੜਾ ਰਹੇ ਸਨ। ਸ਼੍ਰੀਮਤੀ ਕੁਸਮ ਕੁਮਾਰੀ ਸੂਟਕੇਸ ਤੇ ਬੈਗ ਖੋਲ੍ਹ ਕੇ ਪੇਕਿਓਂ ਮਿਲੀਆਂ ਸੁਗਾਤਾਂ ਵੇਖਣ ਵਿਚ ਵਿਅਸਤ ਸੀ।...ਬੂੰਦੀ ਦੇ ਲੱਡੂ...ਚੁਨਰੀ ਪ੍ਰਿੰਟ ਦੀ ਸਾੜ੍ਹੀ...ਬੰਨੀ ਲਈ ਸਲਵਾਰ ਕਮੀਜ਼ ਦਾ ਕੱਪੜਾ ਤੇ ਪਤੀ ਲਈ ਕੁਰਤੇ-ਪਾਜਾਮੇਂ ਦਾ ਕੱਪੜਾ। ਧੰਨੀ ਦੇ ਪਰਿਵਾਰ ਦੇ ਕੱਪੜੇ ਉਸਦੇ ਸੂਟਕੇਸ ਵਿਚ ਸਨ। ਸ਼੍ਰੀਮਤੀ ਕੁਸਮ ਕੁਮਾਰੀ ਜੈਤੂਆਂ ਵਾਂਗ ਵਾਪਸ ਆਈ ਸੀ। ਤੀਹ ਸਾਲ ਪਹਿਲਾਂ ਛੁੱਟ ਗਏ ਪੇਕਿਆਂ ਤੋਂ ਅੱਜ ਦੇ ਜ਼ਮਾਨੇ ਵਿਚ ਏਨਾ ਕੁਝ ਵਸੂਲ ਕੇ ਲੈ ਆਉਣਾ ਆਸਾਨ ਕੰਮ ਨਹੀਂ ਸੀ। ਤੇ ਉਹ ਵੀ ਓਦੋਂ, ਜਦੋਂ ਭਰਜਾਈਆਂ ਚੰਟ ਹੋਣ ਤੇ ਭਰਾ ਗ਼ੁਲਾਮਾਂ ਵਾਂਗ ਉਹਨਾਂ ਦੇ ਪਿੱਛੋ-ਪਿੱਛੇ ਪੂਛ ਹਿਲਾਉਂਦੇ ਫਿਰ ਰਹੇ ਹੋਣ। ਹਾਲਾਂਕਿ ਅਸਟਭੁਜਾ ਲਾਲ ਲਈ ਕੱਪੜੇ ਦੇ ਨਾਂ 'ਤੇ ਦਮ ਸਾਧ ਲਿਆ ਸੀ ਭਰਜਾਈਆਂ ਨੇ। ਅਖ਼ੀਰ, ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਸਰਕਾਰੀ ਪੈਂਸ਼ਨ ਦੀ ਨਿੱਜੀ ਰਾਸ਼ੀ ਵਿਚੋਂ ਸ਼੍ਰੀਮਤੀ ਕੁਸਮ ਕੁਮਾਰੀ ਦੀ ਮਾਂ ਨੇ ਉਤਸਵ ਵਿਚ ਗ਼ੈਰ-ਹਾਜ਼ਰ ਜਵਾਈ ਲਈ ਕੱਪੜਾ ਖ਼ਰੀਦ ਦਿੱਤਾ। ਅਸ਼ਟਭੁਜਾ ਲਾਲ ਬਾਥ-ਰੂਮ ਵਿਚੋਂ ਨਿਕਲੇ। ਆਪਣੇ ਸਾਹਵੇਂ ਪੰਸਾਰ ਦੀ ਦੁਕਾਨ ਸਜਾਈ, ਫਰਸ਼ ਉੱਤੇ ਪਲਾਥੀ ਮਾਰੀ ਬੈਠੀ, ਪਤਨੀ ਵੱਲ ਦੇਖਿਆ ਤੇ ਅੱਗੇ ਲੰਘ ਗਏ। ਸ਼੍ਰੀਮਤੀ ਕੁਸਮ ਕੁਮਾਰੀ ਨੇ ਕਿਹਾ—“ਸੁਣਿਓ! ਤੁਹਾਡੇ ਲਈ ਭਾਬੀ ਨੇ ਕੱਪੜਾ ਲੈ ਕੇ ਦਿੱਤਾ ਏ। ਕੁਰਤੇ ਲਈ ਮਲਮਲ...”
“ਮੇਰੇ ਲਈ?” ਅਸ਼ਟਭੁਜਾ ਲਾਲ ਮੁੜੇ। ਪਤਨੀ ਵੱਲ ਘੂਰ ਕੇ ਦੇਖਿਆ। ਫੇਰ ਪੁੱਛਿਆ—“ਦਿੱਤਾ ਏ ਜਾਂ ਤੂੰ ਮੰਗ ਕੇ ਲਿਆਈ ਏਂ?”
ਗੋਲੀ ਨਿਸ਼ਾਨੇ 'ਤੇ ਲੱਗੀ ਤੇ ਆਰ-ਪਾਰ ਹੋ ਗਈ। ਪਤੀ ਦੇ ਇਸ ਸਧੇ ਹੋਏ ਹਮਲੇ ਨਾਲ ਸ਼੍ਰੀ ਕੁਸਮ ਕੁਮਾਰੀ ਦੇ ਪੈਰ ਉੱਖੜ ਗਏ। ਉਹ ਹਕਲਾਉਂਦੀ ਹੋਈ ਬੋਲੀ—“ਆਖ਼ਰ ਗੱਲ ਕੀ ਏ? ਆਈ ਆਂ ਓਦੋਂ ਦੀ ਦੇਖ ਰਹੀ ਆਂ ਕਿ ਮੂੰਹ ਫੁਲਾਇਆ ਹੋਇਆ ਏ। ਨਾ ਹੂੰ, ਨਾ ਹਾਂ। ਬੱਚਿਆਂ ਤਕ ਦੀ ਰਾਜੀ ਖ਼ੁਸ਼ੀ ਨਹੀਂ ਪੁੱਛੀ।”
“ਹੁਣ ਪੇਕੇ ਦਾ ਪੜਪੰਚ ਸਮੇਟ ਤੇ ਉਠ। ਪੇਕਿਆਂ ਦੀ ਪਟਾਰੀ ਦੇਖ-ਦੇਖ ਖੁਸ਼ ਹੋਣ ਲਈ ਬੜੀ ਉਮਰ ਪਈ ਏ ਹਾਲੇ—ਦੇਖ ਦੀ ਤੇ ਖੁਸ਼ ਹੁੰਦੀ ਰਹੀਂ...ਪਹਿਲਾਂ ਚਾਹ ਬਣਾ।”
ਅਸ਼ਟਭੁਜਾ ਲਾਲ ਡਰਾਇੰਗ-ਰੂਮ ਵੱਲ ਮੁੜ ਗਏ। ਜਵਾਈ ਨੇ ਆ ਕੇ ਪੈਰੀਂ ਹੱਥ ਲਾਏ। ਉਹਨਾਂ ਜਵਾਈ ਨੂੰ ਦੋਵਾਂ ਬਾਂਹਵਾਂ ਵਿਚ ਘੁੱਟ ਕੇ ਮੋਹ ਕੀਤਾ ਤੇ ਆਪਣੇ ਕਮਰੇ ਵੱਲ ਮੁੜ ਗਏ। ਜਿਵੇਂ ਗੋਲਾ ਦਾਗਨ ਪਿੱਛੋਂ ਤੋਪ ਦੀ ਨਾਲੀ ਪਿੱਛੇ ਖਿੱਚ ਕੇ ਤੋਪ-ਗੱਡੀ ਵਾਪਸ ਮੁੜ ਗਈ ਹੋਵੇ। ਸ਼੍ਰੀਮਤੀ ਕੁਸਮ ਕੁਮਾਰੀ ਢੈ-ਢੇਰੀ ਹੋ ਚੁੱਕੀ ਸੀ। ਲੱਤਾਂ ਪਸਾਰੀ, ਹੱਥ 'ਤੇ ਹੱਥ ਧਰੀ ਬੈਠੀ, ਸਹੁਰੇ-ਜਵਾਈ ਦੇ ਮਿਲਾਪ ਨੂੰ ਬਿੱਟ-ਬਿੱਟ ਤੱਕਦੀ ਰਹੀ। ਉਹਨੇ ਉਠਣ ਦੀ ਕੋਸ਼ਿਸ਼ ਕੀਤੀ, ਪਰ ਉਸ ਛਿਣ ਉਠ ਨਹੀਂ ਸਕੀ। ਦੇਹ ਜਿਵੇਂ ਧਰਤੀ ਨਾਲ ਚਿਪਕ ਗਈ ਸੀ।
ਦਿਨ ਜਿਵੇਂ-ਤਿਵੇਂ ਬੀਤਿਆ। ਧੰਨੀ ਨੇ ਸਿਰ ਦਰਦ ਦੇ ਬਹਾਨੇ ਘੁਰਾੜੇ ਮਾਰਦਿਆਂ ਸਾਰਾ ਦਿਨ ਲੰਘਾ ਦਿੱਤਾ। ਮੁਕੰਦ ਬਿਹਾਰੀ ਵਰਮਾ ਤੇ ਬੰਨੀ ਜੀਜਾ-ਸਾਲੀ ਦੇ ਵਿਚਕਾਰ ਹਾਸੇ-ਮਖ਼ੌਲ ਦੇ ਸਹਿਜ ਸੰਬੰਧਾਂ ਦੀ ਓਟ ਵਿਚ ਇਕ ਦੂਜੇ ਨਾਲ ਸ਼ਤਰੰਜ ਦੇ ਖਿਡਾਰੀਆਂ ਵਾਂਗ ਚਾਲਾਂ ਚਲਦੇ ਰਹੇ। ਬੰਨੀ ਦਾ ਦੁੱਪਟਾ ਲਹਿਰਾਉਂਦਾ ਰਿਹਾ ਤੇ ਬੈਂਕ ਬਾਬੂ ਉਸਦੇ ਦੁੱਪਟੇ ਦੀ ਹਵਾ ਦੇ ਬੁੱਲ੍ਹਿਆਂ ਨਾਲ ਇਧਰ-ਉਧਰ ਉਡਦੇ ਰਹੇ। ਅਸ਼ਟਭੁਜਾ ਲਾਲ ਨੇ ਪਤਨੀ ਵੱਲੋਂ ਮੂੰਹ ਮੋੜਦਿਆਂ ਦੋਹਤਰਿਆਂ ਨਾਲ ਮਨ ਪ੍ਰਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਭੋਲੀਆਂ ਸ਼ਰਾਰਤਾਂ ਤੇ ਸ਼ੈਤਾਨੀਆਂ 'ਤੇ ਖੁੱਲ੍ਹ ਕੇ ਹੱਸਣਾ ਚਾਹਿਆ—ਪਰ ਪਤਨੀ ਦੇ ਵਾਰਡਰੋਬ ਵਿਚ ਛੁਪਿਆ ਸੱਚ ਵਾਰ-ਵਾਰ ਉਹਨਾਂ ਦੇ ਕਾਲਜੇ ਵਿਚ ਬੰਬ-ਗੋਲੇ ਵਾਂਗ ਫਟਦਾ ਤੇ ਉਹ ਲਹੂ-ਲੁਹਾਨ ਹੋ ਜਾਂਦੇ।
ਸ਼੍ਰੀਮਤੀ ਕੁਸਮ ਕੁਮਾਰੀ ਸਾਰਾ ਦਿਨ ਵਿਅਸਤ ਰਹੀ। ਇਸ ਰੁਝੇਵੇਂ ਵਿਚ ਪੇਕੇ ਦੀਆਂ ਯਾਦਾਂ ਨੇ ਉਹਦਾ ਪੱਲਾ ਫੜ੍ਹੀ ਰੱਖਿਆ। ਤੀਹ ਵਰ੍ਹਿਆਂ ਬਾਅਦ ਪੁਰਾਣੇ ਜ਼ਖ਼ਮ ਇਕ ਵਾਰੀ ਫੇਰ ਹਰੇ ਹੋ ਗਏ ਸਨ। ਹਾਲਾਂਕਿ ਬੰਨੀ ਦੀ ਪੈਦਾਇਸ਼ ਤੋਂ ਪਿੱਛੋਂ ਵੀ ਉਹ ਲਗਾਤਾਰ ਸਹਾਏ ਦੇ ਪ੍ਰਛਾਵੇਂ ਹੇਠ ਜਿਊਂਦੀ ਰਹੀ ਸੀ। ਬੜੇ ਔਖੇ ਸਨ ਉਹ ਵਰ੍ਹੇ। ਕਿਸੇ ਦੇ ਪ੍ਰਛਾਵੇਂ ਦਾ ਸਾਥ ਲੈ ਕੇ, ਕਿਸੇ ਦੂਜੇ ਦੇ ਨਾਲ ਜਿਊਣਾ, ਤਿਲ-ਤਿਲ ਖੁਰ ਕੇ ਮਰਨ ਨਾਲੋਂ ਵੱਖਰਾ ਹੋਰ ਕੁਝ ਨਹੀਂ ਹੁੰਦਾ। ਜਿਊਣ ਦੀ ਕੋਸ਼ਿਸ਼ ਵਿਚ ਇੰਜ ਹੀ ਮਰ-ਮਰ ਕੇ ਉਸਨੇ ਬੜੀ ਮੁਸ਼ਕਿਲ ਨਾਲ ਨਿਰੰਜਨ ਸਹਾਏ ਨੂੰ ਪਿੱਛੇ ਧਰੀਕਿਆ—ਕੁੜੀਆਂ ਦੇ ਪਾਲਨ-ਪੋਸ਼ਣ ਵਿਚ ਉਲਝ ਕੇ ਜਿਊਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਏਨਾ ਸਮਾਂ ਕੱਟ ਲਿਆ। ...ਪਰ ਬੋਤਲ ਵਿਚ ਬੰਦ ਜਿੰਨ ਜਿਵੇਂ ਢੱਕਣ ਤੋੜ ਕੇ ਬਾਹਰ ਨਿਕਲ ਆਇਆ ਹੋਵੇ, ਓਵੇਂ ਹੀ ਇਸ ਵਾਰ ਨੀਰੂ ਨੇ...। ਨੀਰੂ! ਨਿਰੰਜਨ ਨੂੰ ਉਹ ਪਿਆਰ ਨਾਲ ਨੀਰੂ ਕਹਿੰਦੀ ਸੀ। ਸੀ ਕੀ?...ਅੱਜ ਵੀ ਕਹਿੰਦੀ ਹੈ। ਉਸ ਦਿਨ ਵੀ ਤਾਂ ਇਹੀ ਨਿਕਲਿਆ ਸੀ ਉਸਦੇ ਮੂੰਹੋਂ।
ਹਵਾ ਵਿਚ ਉਡਦੇ ਰੂੰ ਦੇ ਤੂੰਬਿਆਂ ਵਾਂਗ ਨੀਰੂ ਦੀਆਂ ਯਾਦਾਂ ਉਡਨ ਲੱਗੀਆਂ ਸਨ। ਵਰ੍ਹਿਆਂ ਤਕ ਚੁੱਪ ਦੇ ਝੁਰਮੁਟਾਂ ਵਿਚ ਛਿਪੇ ਰਹਿਣ ਪਿੱਛੋਂ ਸ਼੍ਰੀਮਤੀ ਕੁਸਮ ਕੁਮਾਰੀ ਦਾ ਮਨ ਬਾਹਰ ਨਿਕਲ ਆਇਆ ਸੀ।...ਅੱਜ ਵੀ ਓਹੀ ਮੁਸਕਾਨ ਹੈ ਨੀਰੂ ਦੀ। ਓਵੇਂ ਹੀ ਸ਼ਬਦਾਂ ਉੱਤੇ ਜ਼ੋਰ ਦੇ ਕੇ ਬੋਲਦਾ ਹੈ। ਮਸਤੀ ਬੋਤੇ ਵਾਂਗ ਉਸਦੀ ਤੋਰ ਵੀ ਵੈਸੀ ਹੀ ਹੈ। ਉਹ ਔਰਤਾਂ ਦੀ ਭੀੜ ਵਿਚ ਬੈਠੀ ਸੀ ਤੇ ਉਹ, ਉਸਨੂੰ ਪਛਾਣ ਗਿਆ। ਭੀੜ ਵਿਚ ਘੁਸ ਕੇ ਸਾਹਮਣੇ ਖੜ੍ਹਾ ਹੋ ਗਿਆ। ਉਸਦੇ ਮੂੰਹੋਂ ਨਿਕਲਿਆ 'ਨੀਰੂ'...ਤੇ ਨੀਰੂ ਉਸ ਵੱਲ ਬਿਨਾਂ ਅੱਖਾਂ ਝਪਕਾਏ ਦੇਖਿਆ ਰਿਹਾ—ਜਿਵੇਂ ਕੋਈ ਡਰਿਲ ਚਟਾਨ ਨੂੰ ਡਰਿਲ ਕਰ ਰਹੀ ਹੋਵੇ। ਕਾਸ਼...ਉਹ ਵੀ ਚਟਾਨ ਵਾਂਗ ਕਠੋਰ ਬਣੀ ਰਹਿ ਸਕਦੀ! ਪਰ ਇੰਜ ਹੋਇਆ ਕਿੱਥੇ? ਨੀਰੂ ਦੀ ਇਕ ਨਜ਼ਰ ਨੇ ਉਸਨੂੰ ਮੋਮ ਬਣਾ ਦਿੱਤਾ ਸੀ। ਉਹਨੇ ਅੱਖਾਂ ਝੁਕਾ ਲਈਆਂ ਸਨ।
“ਕੁਸਮ ਏਧਰ ਆ।” ਨੀਰੂ ਨੇ ਕਿਹਾ ਸੀ।
ਸ਼੍ਰੀਮਤੀ ਕੁਸਮ ਕੁਮਾਰੀ ਉਠ ਕੇ ਯੰਤਰ ਵਾਂਗ ਉਸਦੇ ਪਿੱਛੇ-ਪਿੱਛੇ ਤੁਰ ਪਈ। ਵਰਾਂਡੇ ਸਾਹਮਣੇ ਵਿਹੜੇ ਵਿਚ ਕੁਰਸੀਆਂ ਡਾਹੀਆਂ ਹੋਈਆਂ ਸਨ। ਦੋ ਕੁਰਸੀਆਂ ਖਿੱਚ ਕੇ ਪਹਿਲਾਂ ਉਸਨੂੰ ਬੈਠਣ ਲਈ ਕਿਹਾ। ਫੇਰ ਖ਼ੁਦ ਬੈਠਿਆ ਤੇ ਗੱਲਾਂ ਕਰਦਾ ਰਿਹਾ। ਬੱਚਿਆਂ ਤੇ ਪਤੀ ਬਾਰੇ ਪੁੱਛਿਆ। ਪਤੀ ਦੇ ਨਾ ਆਉਣ ਦਾ ਕਾਰਨ ਪੁੱਛਿਆ। ਧੰਨੀ, ਬੰਨੀ, ਜਵਾਈ ਤੇ ਦੋਹਤਿਆਂ ਨੂੰ ਬੁਲਵਾ ਕੇ ਮਿਲਿਆ। ਆਪਣੇ ਬਾਰੇ ਦੱਸਿਆਂ ਕਿ ਇਕ ਬੇਟੀ ਤੇ ਦੋ ਬੇਟੇ ਨੇ। ਬੇਟੀ ਦੀ ਸ਼ਾਦੀ ਹੋ ਚੁੱਕੀ ਏ। ਵੱਡਾ ਮੁੰਡਾ ਵਿਆਹ ਪਿੱਛੋਂ ਵਿਦੇਸ਼ ਜਾ ਵੱਸਿਆ ਸੀ; ਛੋਟੇ ਨੇ ਇਸੇ ਸਾਲ ਬੈਂਕ ਦੀ ਨੌਕਰੀ ਜਵਾਇਨ ਕੀਤੀ ਏ। ਨਾਲ ਈ ਰਹਿੰਦਾ ਏ। ਪਤਨੀ ਚਾਰ ਸਾਲ ਪਹਿਲਾਂ ਗੁਜਰ ਗਈ ਸੀ; ਅੱਛੀ ਪ੍ਰੈਕਟਿਸ ਏ। ਵਕਾਲਤ ਦੇ ਪੇਸ਼ੇ ਕਰਕੇ ਕਿਧਰੇ ਜਾਣਾ-ਆਉਣਾ ਘੱਟ ਈ ਹੁੰਦਾ ਏ। ਉਸਦੇ ਪਿਤਾ ਨਵਰੰਗ ਸਹਾਏ ਅਜੇ ਜਿਊਂਦੇ ਨੇ। ਅੱਸੀ ਤੋਂ ਉਪਰ ਹੋ ਚੁੱਕੇ ਨੇ। ਨਾਲ ਈ ਰਹਿੰਦੇ ਨੇ। ਉਹਨਾਂ ਦੀ ਸੇਵਾ ਲਈ ਇਕ ਫੁੱਲ-ਟਾਈਮ ਨਰਸ ਰੱਖੀ ਹੋਈ ਏ...।
ਸ਼੍ਰੀਮਤੀ ਕੁਸਮ ਕੁਮਾਰੀ ਕਦੀ ਉਸਦੇ ਪ੍ਰਸ਼ਨਾਂ ਦੇ ਜਵਾਬ ਦੇਂਦੀ, ਕਦੀ ਉਸਦੀਆਂ ਗੱਲਾਂ ਸੁਣਦੀ ਹੋਈ ਪੁਰਾਣੇ ਦਿਨਾਂ ਦੀ ਕਿਸੇ ਯਾਦ ਦੇ ਪ੍ਰਛਾਵੇਂ ਨੂੰ ਫੜਨ ਲੱਗ ਪੈਂਦੀ...ਤੇ ਕਦੀ ਉਸਦੀ ਕਿਸੇ ਗੱਲ 'ਤੇ ਮੁਸਕੁਰਾ ਕੇ ਅੱਖਾਂ ਝੁਕਾ ਲੈਂਦੀ। ਬੜੀ ਦੇਰ ਤਕ ਦੋਵੇਂ ਇਕੱਠੇ ਬੈਠੇ ਰਹੇ ਸਨ। ਇਸ ਦੌਰਾਨ ਬੰਨੀ ਚਾਹ ਦੇ ਗਈ ਸੀ। ਚਾਹ ਖ਼ਤਮ ਕਰਕੇ ਸ਼੍ਰੀਮਤੀ ਕੁਸਮ ਕੁਮਾਰੀ ਨੇ ਪੁੱਛਿਆ—“ਅਜੇ ਤਾਂ ਰੁਕੋਗੇ ਨਾ?”
“ਹਾਂ, ਪਰਸੋਂ ਬਹੂਭੋਜ ਪਿੱਛੋਂ ਦੇਰ ਰਾਤ ਵਾਲੀ ਗੱਡੀ 'ਤੇ ਨਿਕਲਾਂਗਾ।...ਕੁਸਮ! ਸ਼ਾਦੀ ਵਿਆਹ ਵਾਲਾ ਘਰ ਏ, ਫੇਰ ਫੁਰਸਤ ਮਿਲੇ ਨਾ ਮਿਲੇ! ਇਕ ਗੱਲ ਕਰਨੀਂ ਚਾਹੁਣਾ...।” ਨੀਰੂ ਦੀ ਆਵਾਜ਼ ਵਿਚ ਗੰਭੀਰਤਾ ਸੀ।
ਕੰਬ ਗਈ ਸੀ ਸ਼੍ਰੀਮਤੀ ਕੁਸਮ ਕੁਮਾਰੀ—“ਦੱਸੋ।”
“ਬੰਨੀ ਨੂੰ ਮੈਨੂੰ ਸੌਂਪ ਦੇਅ। ਛੋਟੇ ਪੁੱਤਰ ਲਈ ਕੁੜੀ ਲੱਭਣ ਦੇ ਅਭਿਆਨ 'ਤੇ ਨਿਕਲਿਆ ਸਾਂ। ਪਤਾ ਸੀ ਤੂੰ ਆ ਰਹੀ ਏਂ। ਬੰਨੀ ਬਾਰੇ ਤੇਰੀ ਮਾਂ ਤੋਂ ਫ਼ੋਨ 'ਤੇ ਜਾਣਕਾਰੀ ਮਿਲੀ ਸੀ।...ਪਹਿਲਾਂ ਤਾਂ ਸੋਚਿਆ ਸੀ, ਮੇਰਾ ਬੇਟਾ ਏ, ਸੋ ਜ਼ਰੂਰ ਇਸ਼ਕ ਦਾ ਕੀੜਾ ਉਸ ਵਿਚ ਵੀ ਹੋਏਗਾ ਤੇ ਕਿਤੇ ਨਾ ਕਿਤੇ ਗੁਲ ਖਿਲਾਏਗਾ ਹੀ।...ਪਰ ਨਾਲਾਇਕ ਨਿਕਲਿਆ।...ਹਾਂ ਦਹੇਜ਼ ਜ਼ਰੂਰ ਲਵਾਂਗਾ।” ਨੀਰੂ ਦੇ ਬੁੱਲ੍ਹਾਂ 'ਤੇ ਮੁਸਕਾਨ ਸੀ।
“ਕੀ ਲਓਗੇ?”
“ਸੰਬੰਧਨ ਚਾਹੀਦੀ ਏ ਦਹੇਜ਼ ਵਿਚ।” ਇਕ ਜ਼ੋਰਦਾਰ ਠਹਾਕਾ ਲਾਇਆ ਸੀ ਬਾਬੂ ਨਿਰੰਜਨ ਸਹਾਏ ਐਡਵੋਕੇਟ ਨੇ।
ਸ਼੍ਰੀਮਤੀ ਕੁਸਮ ਕੁਮਾਰੀ ਨੇ ਸ਼ਰਮਾਉਂਦਿਆਂ ਹੋਇਆਂ ਨਜ਼ਰਾਂ ਝੁਕਾ ਲਈਆਂ ਸਨ ਤੇ ਹੌਲੀ-ਜਿਹੀ ਉਸਦੇ ਬੁੱਲ੍ਹ ਕੰਬੇ ਸੀ—“ਛਪਰਾ ਜਾ ਕੇ ਖ਼ਤ ਲਿਖਾਂਗੀ।”
ਪੇਕਾ-ਪ੍ਰਵਾਸ ਦਾ ਇਕ-ਇਕ ਛਿਣ ਯਾਦਗਾਰ ਬਣਦਾ ਗਿਆ। ਭੀੜ ਵਿਚ ਹਰ ਛਿਣ ਨੀਰੂ ਦੀਆਂ ਅੱਖਾਂ ਸ਼੍ਰੀਮਤੀ ਕੁਸਮ ਕੁਮਾਰੀ ਦਾ ਪਿੱਛਾ ਕਰਦੀਆਂ ਰਹੀਆਂ ਸਨ। ਹਰ ਰਸਮ 'ਤੇ ਜਦੋਂ ਉਹ ਸਜਦੀ-ਸੰਵਰਦੀ, ਉਹਦੀ ਇਹੋ ਇੱਛਾ ਹੁੰਦੀ ਕਿ ਨੀਰੂ ਦੇਖ ਲਏ! ਤੇ ਹੁੰਦਾ ਵੀ ਇਵੇਂ। ਜਿਵੇਂ ਬਾਬੂ ਨਿਰੰਜਨ ਸਹਾਏ ਇਸ ਛਿਣ ਦੀ ਉਡੀਕ ਕਰ ਰਹੇ ਹੁੰਦੇ ਸੀ ਤੇ ਅਚਾਨਕ ਪ੍ਰਗਟ ਹੋ ਜਾਂਦੇ ਸੀ। ਬਹੂਭੋਜ ਦੀ ਰਾਤ, ਭੀੜ ਵਿਚ ਨੀਰੂ ਦੀਆਂ ਅੱਖਾਂ ਸਿਰਫ ਉਸਦੇ ਪਿੱਛੇ ਹੀ ਘੁੰਮਦੀਆਂ ਰਹੀਆਂ। ਲੇਸਰ ਕਿਰਨਾਂ ਵਾਂਗ ਉਸਦੇ ਧੁਰ ਅੰਦਰ ਤਕ ਵਿੰਹਦੀਆਂ ਰਹੀਆਂ ਨੀਰੂ ਦੀਆਂ ਅੱਖਾਂ।
ਸ਼੍ਰੀਮਤੀ ਕੁਸਮ ਕੁਮਾਰੀ ਦੇ ਮਨ ਦਾ ਕੋਨਾ-ਕੋਨਾ ਰੁਸ਼ਨਾਅ ਗਿਆ ਸੀ। ਅਸੰਖ ਕੰਦੀਲਾਂ ਦੇ ਚਾਨਣ ਵਿਚ ਜਗਮਗਾ ਉਠੇ ਸਨ ਮਨ ਦੇ ਡੂੰਘੇ-ਗੁੱਝੇ ਗਾਰ। ਆਪਣੇ ਵਿਆਹ ਪਿੱਛੋਂ ਮੁੱਢਲੇ ਦਿਨਾਂ ਵਿਚ ਕਿਰੇ ਹੰਝੂਆਂ ਦੇ ਟੇਪੇ ਫੁੱਲ ਬਣ-ਬਣ ਟਹਿਕਣ ਲੱਗੇ...ਉਸਦੇ ਮਨ ਦੇ ਆਕਾਸ਼ ਵਿਚ ਮਹਿਕਣ ਲੱਗੇ। ਖ਼ੁਸ਼ੀ ਨਾਲ ਭਰੀ ਛਪਰਾ ਵਾਪਸ ਆਈ ਸੀ ਸ਼੍ਰੀਮਤੀ ਕੁਸਮ ਕੁਮਾਰੀ। ਸੋਚਿਆ ਸੀ, ਘਰ ਪਹੁੰਚਦਿਆਂ ਹੀ ਪਤੀ ਨੂੰ ਇਹ ਖ਼ੁਸ਼ਖ਼ਬਰੀ ਦਏਗੀ। ਉਹਨੂੰ ਵਿਸ਼ਵਾਸ ਸੀ ਕਿ ਮੁੰਡਾ ਲੱਭਣ ਦੀ ਤੇ ਦਹੇਜ਼ ਇਕੱਠਾ ਕਰਨ ਦੀ ਤਰਾਸਦੀ ਤੋਂ ਮੁਕਤੀ ਦਾ ਇਹ ਸੁਨੇਹਾਂ ਪਤੀ ਨੂੰ ਖ਼ੁਸ਼ੀ ਨਾਲ ਭਰ ਦਏਗਾ। ਪਰ ਇੱਥੇ ਤਾਂ ਮੌਸਮ ਹੀ ਬਦਲਿਆ ਹੋਇਆ ਸੀ। ਸ਼੍ਰੀਮਤੀ ਕੁਸਮ ਕੁਮਾਰੀ ਦਿਨ ਭਰ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਰਹੀ, ਪਰ ਅਸ਼ਟਭੁਜਾ ਲਾਲ ਨੇ ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੱਤੀ। ਉਹ ਪਿੱਛੇ-ਪਿੱਛੇ ਘੁੰਮਦੀ ਤੇ ਅਸ਼ਟਭੁਜਾ ਲਾਲ ਦੁੱਲਤੀ ਝਾੜ ਕੇ ਹੋਰ ਪਾਸੇ ਨਿਕਲ ਜਾਂਦੇ।
ਰਾਤ ਹੋਈ। ਖਾਣੇ ਦੀ ਮੇਜ਼ 'ਤੇ ਸਾਰੇ ਲੋਕ ਇਕੱਠੇ ਹੋਏ। ਧੰਨੀ ਦੇ ਬੱਚੇ ਪਹਿਲਾਂ ਹੀ ਖਾ-ਪੀ ਕੇ ਸੌਂ ਚੁੱਕੇ ਸਨ। ਅਸ਼ਟਭੁਜਾ ਲਾਲ ਬੇ-ਮਨ ਜਿਹੇ ਰੋਟੀ ਦੇ ਟੁਕੜੇ ਕੁਤਰ ਰਹੇ ਸਨ। ਪਤਨੀ ਨੇ ਜਾਣਨਾ ਚਾਹਿਆ, “ਤਬੀਅਤ ਤਾਂ ਠੀਕ ਏ ਨਾ?”
ਅਸ਼ਟਭੁਜਾ ਲਾਲ ਦੇ ਜ਼ਖ਼ਮ ਅਗਿਣਤ ਸੂਰਜਾਂ ਵਾਂਗ ਮਘਣ ਲੱਗੇ। ਉਹਨਾਂ ਨੇ ਅੱਗ ਉਗਲਦੀਆਂ ਅੱਖਾਂ ਨਾਲ ਪਤਨੀ ਨੂੰ ਘੂਰਿਆ ਤੇ ਥਾਲੀ ਸਰਕਾ ਕੇ ਉਠ ਗਏ। ਸ਼੍ਰੀਮਤੀ ਕੁਸਮ ਕੁਮਾਰੀ ਅੱਗੇ ਥਾਲੀ ਰੱਖੀ ਹੈਰਾਨ ਪ੍ਰੇਸ਼ਾਨ ਜਿਹੀ ਬੈਠੀ ਰਹੀ। ਪਿਤਾ ਦੇ ਜਾਣ ਪਿੱਛੋਂ ਬੰਨੀ ਨੇ ਵਾਤਵਰਣ ਨੂੰ ਸਹਿਜ ਬਣਾਉਣ ਲਈ ਜੀਜੇ ਨੂੰ ਛੇੜਿਆ, ਤਾਂ ਧੰਨੀ ਨੇ ਰੰਗ ਵਿਖਾਇਆ। ਦਿਨ ਭਰ ਬਿਨਾਂ ਰੋਕ-ਟੋਕ ਬੰਨੀ ਨਾਲ ਚੁਹਲ ਕਰਦੇ ਰਹਿਣ ਦੀ ਛੁੱਟੀ ਸਦਕਾ ਧੰਨੀ ਦੀ ਮੌਜ਼ੂਦਗੀ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਮੁਕੰਦ ਬਿਹਾਰੀ ਵਰਮਾ ਦੇ ਹੋਸ਼, ਉਸਨੇ ਆਪਣੀ ਮੁਖਮੁਦਰਾ ਨਾਲ, ਠਿਕਾਣੇ ਲਿਆ ਦਿੱਤੇ। ਬੈਂਕ ਬਾਬੂ ਨੇ ਛਿੱਥਾ ਜਿਹਾ ਪੈ ਕੇ ਥਾਲੀ 'ਤੇ ਜੋ ਨਜ਼ਰਾਂ ਗੱਡੀਆਂ, ਖਾਣਾ ਖਤਮ ਹੋਣ ਪਿੱਛੋਂ ਹੀ ਬੰਨੀ ਵੱਲ ਦੇਖ ਸਕੇ। ਦਿਨ ਭਰ ਦੀ ਗੂੜ੍ਹੀ ਨੀਂਦ ਪਿੱਛੋਂ ਸਜ-ਧਜ ਕੇ ਤਿਆਰ ਧੰਨੀ ਆਪਣੇ ਖਜਾਨੇ ਉੱਤੇ ਨਾਗਨ ਵਾਂਗ ਕੁੰਡਲੀ ਮਾਰ ਕੇ ਬੈਠੀ ਫੁਕਾਰ ਰਹੀ ਸੀ। ਬੰਨੀ ਉਠੀ ਤੇ ਡਰਾਇੰਗ-ਰੂਮ ਦੇ ਸੋਫੇ ਉੱਤੇ ਜਾ ਕੇ ਪਸਰ ਗਈ। ਧੰਨੀ ਨੇ ਪਤੀ ਨਾਲ ਬੰਨੀ ਵਾਲੇ ਕਮਰੇ ਦੇ ਪਲੰਘ ਉੱਤੇ ਕਬਜਾ ਜਮਾ ਲਿਆ। ਸ਼੍ਰੀਮਤੀ ਕੁਸਮ ਕੁਮਾਰੀ ਬਿਨਾਂ ਕੁਝ ਖਾਧੇ ਉਠੀ, ਮੇਜ਼ ਸਾਫ ਕੀਤੀ, ਕਿਚਨ ਠੀਕ-ਠਾਕ ਕੀਤੀ ਤੇ ਜਾ ਕੇ ਛੱਤ 'ਤੇ ਬੈਠ ਗਈ।
ਮਈ ਦਾ ਆਖ਼ਰੀ ਹਫ਼ਤਾ ਚਲ ਰਿਹਾ ਸੀ। ਦਿਨ ਤਪਦੇ ਤੇ ਰਾਤਾਂ ਉਮਸ ਭਰੀਆਂ ਹੁੰਦੀਆਂ। ਦੇਰ ਰਾਤ ਤਕ ਲੋਕ ਛੱਤਾਂ 'ਤੇ ਹੁੰਦੇ। ਪਹਿਲੇ ਜ਼ਮਾਨੇ ਵਿਚ ਲੋਕ ਦਰਵਾਜ਼ਿਆਂ ਸਾਹਵੇਂ ਖੁੱਲ੍ਹੇ ਥਾਂ ਮੰਜੀਆਂ ਡਾਹ ਕੇ ਸੌਂਦੇ ਹੁੰਦੇ ਸਨ। ...ਪਰ, ਹੁਣ ਤਾਂ ਲੋਕ ਸੂੰਗੜ ਕੇ ਘਰਾਂ ਅੰਦਰ ਜਾਂ ਛੱਤਾਂ 'ਤੇ ਸੌਣ ਲੱਗ ਪਏ ਸਨ।...ਦਾਨਾਪੁਰ ਰੇਲਵੇ ਕਾਲੋਨੀ ਦੀ ਗਰਮੀ ਦੀਆਂ ਰਾਤਾਂ ਸਾਕਾਰ ਹੋ ਉਠੀਆਂ ਸ਼੍ਰੀਮਤੀ ਕੁਸਮ ਕੁਮਾਰੀ ਦੀਆਂ ਅੱਖਾਂ ਸਾਹਵੇਂ।
ਰੇਲਵੇ ਕਾਲੋਨੀ ਵਿਚ ਆਪੋ-ਆਪਣੇ ਕਵਾਰਟਰਾਂ ਸਾਹਮਣੇ ਮੰਜੀਆਂ ਡਾਹ ਕੇ ਸੌਂਦੇ ਹੁੰਦੇ ਸਨ ਲੋਕ। ਉਸਦੇ ਪਿਤਾ ਵਾਸੁਦੇਵ ਸ਼ਰਣ ਮਾਲ ਬਾਬੂ ਸਨ। ਬਾਬੂ ਨਵਰੰਗ ਸਹਾਏ ਟੀ.ਸੀ. ਤੇ ਵਾਸੁਦੇਵ ਸ਼ਰਣ ਦੇ ਕਵਾਰਟਰ ਆਹਮਣੇ-ਸਾਹਮਣੇ ਸਨ। ਇਹਨਾਂ ਕਵਾਰਟਰਾਂ ਵਿਚ ਸ਼੍ਰੀਮਤੀ ਕੁਸਮ ਕੁਮਾਰੀ ਤੇ ਨਿਰੰਜਨ ਸਹਾਏ ਐਡਵੋਕੇਟ ਦੇ ਬਚਪਨ ਤੋਂ ਲੈ ਕੇ ਜਵਾਨੀ ਦੇ ਮੁੱਢਲੇ ਦਿਨ ਗੁਜਰੇ ਸਨ। ਇਸੇ ਦਾਨਾਪੁਰ ਰੇਲਵੇ ਕਾਲੋਨੀ ਦੇ ਆਕਾਸ਼, ਸੂਰਜ-ਚੰਦ ਤੇ ਤਾਰਿਆਂ ਨੇ ਦੋਵਾਂ ਨੂੰ ਗੋਡਿਆਂ ਭਾਰ ਰਿੜ੍ਹਨ ਤੋਂ ਲੈ ਕੇ ਜਵਾਨੀ ਦੇ ਵਾ-ਵਰੋਲਿਆਂ ਵਿਚ ਇਕੱਠੇ ਉਡਦਿਆਂ ਦੇਖਿਆ ਸੀ। ਇੱਥੇ ਮੈਟ੍ਰਿਕ ਪਾਸ ਹੋਣ ਦੀ ਖੁਸ਼ੀ ਵਿਚ ਕੁਮਾਰੀ ਕੁਸਮ ਨੇ ਪਹਿਲੀ ਵੇਰ ਚੁੰਮਨ ਦਾ ਮੌਲਿਕ ਤੇ ਦੁਰਲੱਭ ਤੋਹਫ਼ਾ ਦਿੱਤਾ ਸੀ ਆਪਣੇ ਨੀਰੂ ਨੂੰ। ਇਸੇ ਕਾਲੋਨੀ ਵਿਚ ਦੁਰਗਾ ਪੂਜਾ ਵਾਲੀ ਰਾਤ ਆਪਣੀ ਮਾਂ ਦੀ ਪੇਟੀ ਵਿਚੋਂ ਪੈਸੇ ਚੁਰਾਉਂਦਾ ਹੋਇਆ ਫੜਿਆ ਜਾਣ 'ਤੇ ਨਵਰੰਗ ਸਹਾਏ ਤੋਂ ਜੁੱਤੀਆਂ ਦੀ ਮਾਰ ਖਾਂਦੇ ਨੀਰੂ ਨੂੰ ਜਦੋਂ ਉਸਦੀ ਮਾਂ ਮੁਕਤੀ ਨਹੀ ਸੀ ਦਿਵਾ ਸਕੀ, ਉਦੋਂ ਕੁਸਮ ਨੇ ਢਾਲ ਵਾਂਗ ਆਪਣੀ ਪਿੱਠ ਵਿਛਾਅ ਦਿੱਤੀ ਸੀ। ਇੱਥੇ ਬੜਾ ਕੁਝ ਹੋਇਆ ਸੀ। ਛੋਟੇ-ਛੋਟੇ ਕਾਗਜ਼ਾਂ ਦੀਆਂ ਪਰਚੀਆਂ 'ਤੇ ਲਿਖੇ ਸੁਨੇਹੇਂ ਲੰਮੇਂ ਪ੍ਰੇਮ-ਪੱਤਰਾਂ ਵਿਚ ਵਟ ਗਏ ਸਨ। ਬੀ.ਏ. ਵਿਚ ਫੇਲ੍ਹ ਹੋਣ ਪਿੱਛੋਂ ਮਹੀਨਿਆਂ ਤਕ ਮੂੰਹ ਹਨੇਰੇ ਨਿਕਲ ਕੇ ਦੇਰ ਰਾਤ ਵਾਪਸ ਆਉਣ 'ਤੇ ਆਪਣੀ ਉਡੀਕ ਵਿਚ ਕੁਸਮ ਕੁਮਾਰੀ ਨੂੰ ਰਾਹ ਤੱਕਦਿਆਂ ਦੇਖ ਕੇ ਨੀਰੂ ਨੇ ਇਸ ਧਰਤੀ ਉੱਤੇ ਬੜਾ ਵੱਡਾ ਆਦਮੀ ਬਣਨ ਦੀ ਸੌਂਹ ਖਾਧੀ ਸੀ। ਇਸੇ ਦਾਨਾਪੁਰ ਰੇਲਵੇ ਕਾਲੋਨੀ ਦੇ ਅੰਤਮ ਸਿਰੇ 'ਤੇ ਬਣੇ ਕਵਾਰਟਰ ਵਿਚ ਰਹਿੰਦੇ ਸਨ ਵਾਸੁਦੇਵ ਸ਼ਰਣ ਦੇ ਦੋਸਤ ਤੇ ਬਚਨੂ ਨਾਲ ਦੇ ਸਾਲੇ, ਜਿਹਨਾਂ ਦੀ ਬੇਟੀ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਛਪਰਾ ਤੋਂ ਆਈ ਸੀ ਮਾਨੋ ਦੇਈ। ਉਹ ਨੇ ਰਜਿਸਟਰੀ ਆਫ਼ਿਸ ਵਿਚ ਕਲਰਕੀ ਕਰ ਰਹੇ ਆਪਣੇ ਬੇਟੇ ਅਸ਼ਟਭੁਜਾ ਲਾਲ ਲਈ ਕੁਸਮ ਕੁਮਾਰੀ ਨੂੰ ਪਸੰਦ ਕਰ ਲਿਆ ਸੀ।
ਦਾਨਾਪੁਰ ਰੇਲਵੇ ਕਾਲੋਨੀ ਦੀ ਇਸ ਧਰਤੀ ਨੇ ਉਹਨੀਂ ਦਿਨੀ ਹਰ ਛਿਣ ਇਤਿਹਾਸ ਰਚਿਆ ਸੀ। ਵਿਆਹ ਦੀ ਗਹਿਮਾ-ਗਹਿਮੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਨੀਰੂ ਨੇ ਕੁਸਮ ਨੂੰ ਕਿਹਾ ਸੀ—“ਹੁਣ ਤਾਂ ਤੂੰ ਜਾ ਰਹੀ ਏਂ। ਮੈਂ ਇਸ ਲਾਇਕ ਨਹੀਂ ਕਿ ਤੈਨੂੰ ਰੋਕ ਸਕਾਂ।...ਪਰ ਤੇਰੇ ਨਾਲ ਥੋੜ੍ਹੀ ਦੇਰ ਲਈ ਇਕਾਂਤ 'ਚ ਮਿਲਣਾ ਚਾਹੁਣਾ। ਇਕ-ਦੋ ਦਿਨਾਂ 'ਚ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਜਾਣਗੇ—ਤੇਰਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਏਗਾ...ਕੀ ਅੱਜ...?”
...ਤੇ ਉਸੇ ਰਾਤ ਵਾਸੁਦੇਵ ਸ਼ਰਣ ਦੇ ਕਵਾਰਟਰ ਦੇ ਪਿੱਛੇ ਭਾਰਤੀ ਰੇਲ ਮਜ਼ਦੂਰ ਸੰਘ ਦੇ ਦਫ਼ਤਰ ਦੇ ਵਰਾਂਡੇ ਦੇ ਸੰਘਣੇ ਹਨੇਰੇ ਵਿਚ ਦੋ ਪ੍ਰੇਮ-ਭੁੱਖੀਆਂ ਆਤਮਾਵਾਂ ਤੇ ਦੇਹਾਂ ਦਾ ਮਹਾ-ਮਿਲਣ ਹੋਇਆ। ਈਸ਼ਵਰ ਇਸ ਮਹਾ-ਮਿਲਣ ਦੇ ਸਾਕਸ਼ੀ ਹੀ ਨਹੀਂ ਬਣੇ, ਬਲਕਿ ਉਹਨਾਂ ਫੜੇ ਜਾਣ ਤੋਂ ਵੀ ਇਹਨਾਂ ਦੀ ਰੱਖਿਆ ਕੀਤੀ। ਬੀ.ਏ. ਫੇਲ੍ਹ ਨੀਰੂ, ਨੌਕਰੀ ਪੇਸ਼ਾ ਅਸ਼ਟਭੁਜਾ ਲਾਲ ਦੇ ਰਥ ਨੂੰ ਰੋਕ ਨਾ ਸਕਿਆ। ਚੁੱਪਚਾਪ ਨੀਰੂ ਨੇ ਆਪਣੇ ਹੱਥੀਂ ਬਾਰਾਤੀਆਂ ਨੂੰ ਭੋਜਨ ਪਰੋਸਿਆ ਤੇ ਜੂਠੇ ਪਤਲ ਚੁੱਕੇ। ਵਿਦਾਅ ਹੁੰਦੀ ਸ਼੍ਰੀਮਤੀ ਕੁਸਮ ਕੁਮਾਰੀ ਨੂੰ ਆਸ਼ੀਸ਼ ਦਿੱਤੀ। ਕਿਸੇ ਧਾੜਵੀ ਯੋਧੇ ਵਾਂਗ ਆਏ ਅਸ਼ਟਭੁਜਾ ਲਾਲ ਤੇ ਕੁਸਮ ਕੁਮਾਰੀ ਨੂੰ ਲੈ ਕੇ ਚਲੇ ਗਏ।
ਅਸ਼ਟਭੁਜਾ ਲਾਲ ਨੂੰ ਨੀਂਦ ਨਹੀਂ ਆ ਰਹੀ ਸੀ। ਅੱਗ ਦੀ ਸੇਜ 'ਤੇ ਲੇਟੇ ਉਹ ਛਟਪਟਾ ਰਹੇ ਸਨ। ਅੱਖਾਂ ਮੀਚਦੇ, ਤਾਂ ਹਨੇਰੇ ਵਿਚ ਵਾਰਡਰੋਬ ਝਲਕਣ ਲੱਗਦਾ। ਉਹ ਵਾਰਡਰੋਬ ਉਹਨਾਂ ਲਈ ਉੱਚੇ ਤਾਪ 'ਤੇ ਦਹਿਕਦੀ ਪ੍ਰਮਾਣੂ ਭੱਠੀ ਵਾਂਗ ਸੀ, ਜਿਸ ਵਿਚ ਕੈਦ ਉਹਨਾਂ ਦੀ ਹੋਂਦ ਤੇ ਹਸਤੀ ਗਲ ਕੇ ਪਾਣੀ ਬਣ ਰਹੀ ਸੀ। ਉਹਨਾਂ ਸੱਜੇ-ਖੱਬੇ, ਹਰ ਪਾਸੇ, ਸੌਣ ਦਾ ਦਾ ਜਤਨ ਕੀਤਾ। ਕਦੀ ਢਿੱਡ ਭਾਰ, ਤੇ ਕਦੀ ਚਿੱਤ ਲੇਟੇ ਪਰ ਚੈਨ ਨਾ ਮਿਲਿਆ। ਕੁਝ ਦੇਰ ਤਕ ਜਦੋਂ ਸ਼੍ਰੀਮਤੀ ਕੁਸਮ ਕੁਮਾਰੀ ਕਮਰੇ ਵਿਚ ਨਾ ਪਹੁੰਚੀ—ਉਹ, ਉਸਨੂੰ ਦੇਖਣ ਲਈ ਬਾਹਰ ਨਿਕਲੇ।
ਬੰਨੀ ਸੋਫੇ 'ਤੇ ਪਸਰੀ ਹੋਈ ਸੀ। ਧੰਨੀ ਪਤੀ ਨਾਲ ਕਮਰੇ 'ਚ ਬੰਦ ਸੀ। ਖਾਣੇ ਦੀ ਮੇਜ਼, ਕਿਚਨ, ਸਭ ਖਾਲੀ ਸੀ। ਕਿੱਥੇ ਗਈ ਹੋਈ, ਸ਼੍ਰੀਮਤੀ ਕੁਸਮ ਕੁਮਾਰੀ? ਦੱਬਵੇਂ ਪੈਰੀਂ ਪੌੜੀਆਂ ਚੜ੍ਹਦੇ ਹੋਏ ਅਸ਼ਟਭੁਜਾ ਲਾਲ ਛੱਤ 'ਤੇ ਪਹੁੰਚੇ—ਦੇਖਿਆ ਸ਼੍ਰੀਮਤੀ ਕੁਸਮ ਕੁਮਾਰੀ ਬੈਂਤ ਵਾਲੀ ਕੁਰਸੀ 'ਤੇ ਢੋਅ ਲਾਈ ਬੈਠੀ ਆਸਮਾਨ ਵੱਲ ਤੱਕ ਰਹੀ ਸੀ। ਉਹ ਫੇਰ ਦੱਬਵੇਂ ਪੈਰੀਂ ਹੇਠਾਂ ਉਤਰ ਆਏ। ਕੁਸਮ ਕੁਮਾਰੀ ਨੂੰ ਪਤਾ ਤਕ ਨਹੀਂ ਲੱਗਿਆ ਕਿ ਕੋਈ ਆ ਕੇ ਵਾਪਸ ਚਲਾ ਗਿਆ ਸੀ।
ਦਾਨਾਪੁਰ ਰੇਲਵੇ ਕਾਲੋਨੀ ਸਥਿਤ ਅਖਿਲ ਭਾਰਤੀ ਰੇਲ ਮਜ਼ਦੂਰ ਸੰਘ ਦੇ ਹਨੇਰੇ ਵਰਾਂਡੇ ਦੀਆਂ ਯਾਦਾਂ 'ਚੋਂ ਇਕ ਲੰਮਾਂ ਸਾਹ ਖਿੱਚ ਕੇ ਬਾਹਰ ਨਿਕਲੀ ਸ਼੍ਰੀਮਤੀ ਕੁਸਮ ਕੁਮਾਰੀ। ਉਠੀ ਤੇ ਆਸਮਾਨ ਵੱਲ ਮੂੰਹ ਚੁੱਕ ਕੇ ਦੋਵਾਂ ਹਥੇਲੀਆਂ ਨਾਲ ਚਿਹਰਾ ਪੂੰਝਿਆ। ਖੁੱਲ੍ਹੇ-ਖਿੱਲਰੇ ਵਾਲਾਂ ਨੂੰ ਸਮੇਟ ਕੇ ਢਿੱਲਾ ਜਿਹਾ ਜੂੜਾ ਕੀਤਾ। ਹੇਠਾਂ ਉਤਰੀ ਤੇ ਕਮਰੇ ਵਿਚ ਚਲੀ ਗਈ। ਅਸ਼ਟਭੁਜਾ ਲਾਲ ਨੂੰ ਜਦੋਂ ਸ਼੍ਰੀਮਤੀ ਕੁਸਮ ਕੁਮਾਰੀ ਦੇ ਆਉਣ ਦੀ ਆਹਟ ਮਿਲੀ ਤਾਂ ਉਹ ਪਾਸਾ ਪਰਤ ਕੇ ਲੇਟ ਗਏ।
ਸ਼੍ਰੀਮਤੀ ਕੁਸਮ ਕੁਮਾਰੀ ਪਤੀ ਕੋਲ ਜਾ ਕੇ ਲੇਟ ਗਈ। ਥੋੜ੍ਹੀ ਦੇਰ ਤਕ ਉਸਦੀ ਨਜ਼ਰ ਕਮਰੇ ਦੀਆਂ ਕੰਧਾਂ 'ਤੇ ਭਟਕਦੀ ਰਹੀ। ਬੜੀ ਮੁਸ਼ਕਿਲ ਨਾਲ ਉਸਨੇ ਆਪਣੇ ਆਪ ਨੂੰ ਸਮੇਟਿਆ। ਪਿਘਲ ਕੇ ਵਹਿ ਰਹੇ ਮਨ ਨੂੰ ਬੰਨ੍ਹ ਮਾਰਿਆ ਤੇ ਪਤੀ ਦੇ ਮੋਢੇ 'ਤੇ ਹੱਥ ਰੱਖਦੀ ਹੋਈ ਬੋਲੀ—“ਸੁਣੋ! ਇਕ ਜ਼ਰੂਰੀ ਗੱਲ ਕਰਨੀ ਏ ਤੁਹਾਡੇ ਨਾਲ।”
“ਬੋਲ।” ਬਿਨਾਂ ਪਾਸਾ ਪਰਤਿਆਂ ਅਸ਼ਟਭੁਜਾ ਲਾਲ ਨੇ ਕਿਹਾ।
“ਮੇਰੇ ਵੱਲ ਘੁੰਮੋ ਤਾਂ ਕੋਈ ਗੱਲ ਕਰਾਂ।” ਸ਼੍ਰੀਮਤੀ ਕੁਸਮ ਕੁਮਾਰੀ ਨੇ ਕਿਹਾ।
“ਗੱਲ ਕਰਨ ਲਈ ਚਿਹਰਾ ਦੇਖਣਾ ਜ਼ਰੂਰੀ ਨਹੀਂ ਹੁੰਦਾ। ਕਹਿ ਜੋ ਕਹਿਣਾ ਏਂ।” ਅਸ਼ਟਭੁਜਾ ਲਾਲ ਨੇ ਫੁਕਾਰਾ ਜਿਹਾ ਮਾਰਿਆ।
“ਕਿਸ ਗੱਲ 'ਤੇ ਨਾਰਾਜ਼ ਓ?...ਬਿਨਾਂ ਅਪਰਾਧ ਦੱਸੇ ਸਜ਼ਾ ਦੇਣਾ ਕਿੱਥੋਂ ਦਾ ਇਨਸਾਫ ਏ?...ਤੇ ਇੰਜ ਕੋਈ ਗੱਲ ਕਹਿਣ, ਸੁਣਨ ਦਾ ਕੀ ਲਾਭ?...ਪਹਿਲਾਂ ਮੇਰੇ ਵੱਲ ਘੁੰਮੋ, ਫੇਰ ਦੱਸਾਂਗੀ।” ਸ਼੍ਰੀਮਤੀ ਕੁਸਮ ਕੁਮਾਰੀ ਨੇ ਆਪਣੀ ਆਵਾਜ਼ ਮਿੱਠੀ ਕੀਤੀ ਤੇ ਪਤੀ ਦੀ ਪਿੱਠ ਨਾਲ ਲਗਦਿਆਂ ਹੋਇਆਂ ਸੱਜੀ ਬਾਂਹ ਨਾਲ ਅਸ਼ਟਭੁਜਾ ਲਾਲ ਨੂੰ ਨਾਲ ਘੁੱਟ ਲੈਣ ਦੀ ਕੋਸ਼ਿਸ਼ ਕੀਤੀ।
“ਜੋ ਕਹਿਣਾ ਏਂ ਜਲਦੀ ਕਹਿ। ਮੈਨੂੰ ਨੀਂਦ ਆ ਰਹੀ ਏ।” ਅਸ਼ਟਭੁਜਾ ਲਾਲ ਜਿਵੇਂ ਦੀ ਤਿਵੇਂ ਬਣੇ ਰਹਿਣਾ ਚਾਹੁੰਦੇ ਸਨ।
“ਨਹੀਂ ਪਹਿਲਾਂ ਏਧਰ ਮੂੰਹ ਕਰੋ।...ਮੇਰੇ ਵੱਲ ਦੇਖੋ, ਤਦ ਬੋਲਾਂਗੀ।” ਸ਼੍ਰੀਮਤੀ ਕੁਸਮ ਕੁਮਾਰੀ ਨੇ ਅਸ਼ਟਭੁਜਾ ਲਾਲ ਦੀ ਪਿੱਠ 'ਤੇ ਆਪਣੀਆਂ ਛਾਤੀਆਂ ਦਾ ਦਬਾਅ ਵਧਾਅ ਦਿੱਤਾ। ਉਹਨਾਂ ਦੇ ਮੋਢੇ ਤੇ ਗਰਦਨ ਦੇ ਹੇਠ ਹੌਲੀ ਜਿਹੀ ਦੰਦ ਚੁਭੋ ਦਿੱਤੇ।
ਅਸ਼ਟਭੁਜਾ ਲਾਲ ਨੇ ਪਾਸਾ ਪਰਤਿਆ। ਪੱਕੇ ਫਲ ਵਾਂਗ ਆਪਣੀ ਝੋਲੀ 'ਚ ਡਿੱਗਦੇ ਪਤੀ ਨੂੰ ਦੋਵਾਂ ਬਾਹਾਂ ਵਿਚ ਕਸ ਕੇ ਸ਼੍ਰੀਮਤੀ ਕੁਸਮ ਕੁਮਾਰੀ ਮੁਸਕੁਰਾਈ। ਫੇਰ ਬੋਲੀ—“ਬੇਟੀਆਂ ਦੇ ਸਾਹਮਣੇ ਜਿੰਨਾ ਚਾਹੋ ਨਾਰਾਜ਼ ਹੋ ਲਓ...ਜੋ ਬੋਲਣਾ ਚਾਹੋ, ਬੋਲ ਲਓ...ਪਰ ਜਵਾਈ ਦੇ ਸਾਹਮਣੇ ਤਾਂ ਮੇਰਾ ਮਾਣ ਰੱਖ ਲਿਆ ਕਰੋ।”
ਛਿਣ ਭਰ ਲਈ ਅਸ਼ਟਭੁਜਾ ਲਾਲ ਨੇ ਪਤਨੀ ਦੀਆਂ ਅੱਖਾਂ 'ਚ ਤੱਕਿਆ ਤੇ ਬੋਲੇ—“ਕਹਿ, ਕੀ ਕਹਿਣਾ ਏਂ?”
“ਤੁਹਾਨੂੰ ਨੀਰੂ ਯਾਦ ਏ?...ਨਿਰੰਜਨ, ਸਾਡੀ ਸ਼ਾਦੀ 'ਚ ਤਾਂ ਦੇਖਿਆ ਈ ਸੀ ਤੁਸੀਂ ਉਸਨੂੰ।”
“ਨਹੀਂ, ਮੈਨੂੰ ਕੋਈ ਯਾਦ ਨਹੀਂ।” ਅਸ਼ਟਭੁਜਾ ਲਾਲ ਨੇ ਆਪਣੀਆਂ ਅੱਖਾਂ ਸ਼੍ਰੀਮਤੀ ਕੁਸਮ ਕੁਮਾਰੀ ਦੀਆਂ ਅੱਖਾਂ ਵਿਚ ਗੱਡ ਦਿੱਤੀਆਂ।
“ਦਾਨਾਪੁਰ ਰੇਲਵੇ ਕਾਲੋਨੀ 'ਚ ਐਨ ਸਾਡੇ ਕਵਾਰਟਰ ਦੇ ਸਾਹਮਣੇ ਉਹਨਾਂ ਲੋਕਾਂ ਦਾ ਕਵਾਰਟਰ ਸੀ। ਨਵਰੰਗ ਚਾਚਾਜੀ ਦਾ ਕਵਾਰਟਰ...। ਨਿਰੰਜਨ ਅੱਜ ਕਲ੍ਹ ਬੜਾ ਵੱਡਾ ਵਕੀਲ ਏ। ਭਾਗਲਪੁਰ 'ਚ ਪ੍ਰੈਕਟਿਸ ਕਰਦਾ ਏ। ਆਪਣਾ ਮਕਾਨ ਏ। ਕਾਫ਼ੀ ਪੈਸਾ ਤੇ ਜਾਇਦਾਦ ਏ...ਉਸੇ ਦੇ ਛੋਟੇ ਬੇਟੇ ਨਾਲ ਬੰਨੀ ਦੀ ਗੱਲ ਚਲਾਈ ਏ। ਮੁੰਡਾ ਬੈਂਕ 'ਚ ਅਫ਼ਸਰ ਏ।...ਸਾਡੇ ਦੋਵੇਂ ਜਵਾਈ ਬੈਂਕ ਵਾਲੇ ਹੋ ਜਾਣਗੇ। ਕੋਈ ਬੇਟੀ ਕਿਸੇ ਤੋਂ ਘੱਟ ਨਹੀਂ ਰਹੇਗੀ।...ਬੜੇ ਵੱਡੇ ਲੋਕ ਨੇ। ਪੁਰਾਣੇ ਸੰਬੰਧਾਂ ਕਰਕੇ ਮੰਨ ਗਏ ਨੇ। ਮਾਂ ਤੇ ਵੀਰ ਹੁਰਾਂ ਨੇ ਦਬਾਅ ਪਾਇਆ ਤਾਂ ਉਹਨਾਂ ਨੂੰ ਮੰਨਣਾ ਈ ਪਿਆ।...ਹੁਣ ਉਹ ਆਪਣੇ ਬੇਟੇ ਨਾਲ ਬੰਨੀ ਨੂੰ ਦੇਖਣ ਆਉਣਾ ਚਾਹੁੰਦੇ ਨੇ...ਅਗਲੇ ਈ ਮਹੀਨੇ।”
“ਬੰਨੀ ਨੂੰ ਦੇਖਣ ਆਉਣਾ ਚਾਹੁੰਦੇ ਨੇ ਕਿ ਆਪਣੀ ਚਹੇਤੀ ਨੂੰ ਮਿਲਣ?” ਦੰਦ ਪੀਂਹਦਿਆਂ ਹੋਇਆ ਪੁੱਛਿਆ ਅਸ਼ਟਭੁਜਾ ਲਾਲ ਨੇ। ਉਹਨਾਂ ਦੀਆਂ ਅੱਖਾਂ ਵਿਚ ਕਰੋਧ ਦੀਆਂ ਲਪਟਾਂ ਸਨ ਤੇ ਨਾਸਾਂ ਫੁੱਲ-ਪਿਚਕ ਰਹੀਆਂ ਸਨ।
“ਕੀ ਹੋ ਗਿਆ ਏ ਤੁਹਾਨੂੰ?” ਸ਼੍ਰੀਮਤੀ ਕੁਸਮ ਕੁਮਾਰੀ ਮਿਨਮਿਨਾਈ ਸੀ।
“ਮੈਨੂੰ ਤਾਂ ਕੁਝ ਨਹੀਂ ਹੋਇਆ।...ਹਾਂ, ਤੈਨੂੰ ਖੰਭ ਜ਼ਰੂਰ ਲੱਗ ਗਏ ਨੇ।...ਬੇਟੀ ਦੇ ਬਹਾਨੇ ਪੁਰਾਣੇ ਯਾਰ ਨਾਲ ਰਿਸ਼ਤਾ ਜੋੜਨਾ ਚਾਹੁੰਦੀ ਏਂ ਤੂੰ...” ਗਰਜੇ ਸੀ ਅਸ਼ਟਭੁਜਾ ਲਾਲ ਤੇ ਚੀਤੇ ਜਿਹੀ ਫੁਰਤੀ ਨਾਲ ਉਛਲ ਕੇ ਸ਼੍ਰੀਮਤੀ ਕੁਸਮ ਕੁਮਾਰੀ ਦੀ ਛਾਤੀ 'ਤੇ ਸਵਾਰ ਹੋ ਗਏ ਸੀ।
“ਤੁਹਾਡਾ ਦਿਮਾਗ਼...”
ਇਸ ਤੋਂ ਪਹਿਲਾਂ ਕਿ ਆਪਣੀ ਗੱਲ ਪੂਰੀ ਕਰੇ ਸ਼੍ਰੀਮਤੀ ਕੁਸਮ ਕੁਮਾਰੀ, ਅਸ਼ਟਭੁਜਾ ਲਾਲ ਨੇ ਇਕ ਜ਼ੋਰਦਾਰ ਥੱਪੜ ਮਾਰਿਆ। ਪਲੰਘ ਦੇ ਬਿਸਤਰੇ ਹੇਠ ਹੱਥ ਪਾ ਕੇ ਪੁਰਾਣੇ ਖ਼ਤਾਂ ਦਾ ਇਕ ਬੰਡਲ ਕੱਢਿਆ ਤੇ ਸ਼੍ਰੀਮਤੀ ਕੁਸਮ ਕੁਮਾਰੀ ਦੇ ਮੂੰਹ 'ਤੇ ਦੇ ਮਾਰਿਆ। ਬੋਲੇ—“ਮੇਰਾ ਦਿਮਾਗ਼ ਤਾਂ ਉਸੇ ਦਿਨ ਦਾ ਖ਼ਰਾਬ ਹੋਇਆ ਹੋਇਆ ਏ ਜਿਸ ਦਿਨ ਦੀ ਤੂੰ ਪਟਨੇ ਗਈ ਏਂ।...ਲੈ, ਪੜ੍ਹ ਆਪਣੇ ਪੁਰਾਣੇ ਯਾਰ ਦੀਆਂ ਇਹ ਚਿੱਠੀਆਂ।” ਵਿਆਹ ਤੋਂ ਪਹਿਲਾਂ ਲਿਖੇ ਨੀਰੂ ਦੇ ਖ਼ਤ ਪਲੰਘ ਉੱਤੇ ਖਿੱਲਰ ਗਏ। ਸ਼੍ਰੀਮਤੀ ਕੁਸਮ ਕੁਮਾਰੀ ਦੀ ਛਾਤੀ 'ਤੇ ਸਵਾਰ ਸਨ ਅਸ਼ਟਭੁਜਾ ਲਾਲ। ਕਦੀ ਥੱਪੜ, ਕਦੀ ਮੁੱਕੇ ਮਾਰਦੇ ਤੇ ਕਦੀ ਮੁੱਠੀਆਂ ਵਿਚ ਵਾਲ ਜਕੜ ਕੇ ਝੰਜੋੜਦੇ। ਉਹਨਾਂ ਦਾ ਰੂਪਾਂਤਰਣ ਹੋ ਚੁੱਕਿਆ ਜਾਪਦਾ ਸੀ। ਉਹਨਾਂ ਸੱਚਮੁੱਚ ਅਸ਼ਟਭੁਜਾਧਾਰੀ ਆੱਕਟੋਪਸ ਵਾਂਗ ਸ਼੍ਰੀਮਤੀ ਕੁਸਮ ਕੁਮਾਰੀ ਨੂੰ ਆਪਣੀ ਪਕੜ ਵਿਚ ਜਕੜਿਆ ਹੋਇਆ ਸੀ।
ਪਤੀ ਦੇ ਇਸ ਬਡਰੂਪ ਦਾ ਰਹੱਸ ਪਲ ਭਰ ਵਿਚ ਸਮਝ ਗਈ ਸ਼੍ਰੀਮਤੀ ਕੁਸਮ ਕੁਮਾਰੀ। ਉਹ ਪਤੀ ਦੇ ਹਮਲਿਆਂ ਸਦਕਾ ਬਦਹਾਲ ਹੋਈ ਹੋਈ ਸੀ, ਪਰ ਉਸਨੇ ਉਸੇ ਛਿਣ ਫ਼ੈਸਲਾ ਕਰ ਲਿਆ ਕਿ ਅਸ਼ਟਭੁਜਾ-ਨਾਮਧਾਰੀ ਇਸ ਆੱਕਟੋਪਸ ਤੋਂ ਮੁਕਤੀ ਲਈ ਇਹੀ ਮੌਕਾ ਠੀਕ ਹੈ—ਆਪਣੇ ਅੰਦਰ ਹੌਸਲੇ ਨੂੰ ਇਕੱਤਰ ਕੀਤਾ ਤੇ ਇਕ ਝਟਕੇ ਨਾਲ ਉਠੀ। ਅਸ਼ਟਭੁਜਾ ਲਾਲ ਦੀ ਪਕੜ ਢਿੱਲੀ ਪੈ ਗਈ ਤੇ ਉਹ ਤਿਲਮਿਲਾਉਂਦੇ ਹੋਏ ਪਰ੍ਹੇ ਜਾ ਡਿੱਗੇ। ਤਣ ਕੇ ਖੜ੍ਹੀ ਹੋ ਗਈ ਸ਼੍ਰੀਮਤੀ ਕੁਸਮ ਕੁਮਾਰੀ। ਬੋਲੀ—“ਬਸ! ਹੁਣ ਹੱਥ ਨਾ ਲਾਵੀਂ ਮੈਨੂੰ।...ਤੈਨੂੰ ਇਹ ਚਿੱਠੀਆਂ ਤਾਂ ਵਾਰਡਰੋਬ ਵਿਚ ਮਿਲ ਗਈਆਂ...ਪਰ ਆਪਣੀ ਮਾਂ ਦੀ ਡਾਇਰੀ ਨਹੀਂ ਮਿਲੀ?...ਉਸੇ 'ਚ ਪਈ ਐ...ਜਾਹ ਕੱਢ ਤੇ ਪੜ੍ਹ ਲੈ। ਮਰਨ ਤੋਂ ਪਹਿਲਾਂ ਮੈਨੂੰ ਦੇ ਗਈ ਸੀ ਤੇਰੀ ਮਾਂ ਮਾਨੋ ਦੇਈ। ਕੈਥੀ ਲਿੱਪੀ 'ਚ ਐ।...ਉਸਦੇ ਮਰਨ ਪਿੱਛੋਂ ਤੈਥੋਂ ਈ ਕੈਥੀ ਸਿੱਖ ਕੇ ਪੜ੍ਹੀ ਸੀ ਮੈਂ। ਤੂੰ ਵੀ ਪੜ੍ਹ ਲੈ।...ਤੇ ਕਲ੍ਹ ਤੋਂ ਅਸ਼ਟਭੁਜਾ ਲਾਲ ਵਲਦ ਝੂਲਨ ਲਾਲ ਨਾ ਲਿਖੀਂ—ਲਿਖੀਂ, ਅਸ਼ਟਭੁਜਾ ਲਾਲ ਵਲਦ ਬਚਨੂ ਲਾਲ...”
ਅਸ਼ਟਭੁਜਾ ਲਾਲ ਪਲੰਘ 'ਤੇ ਲੋਥ ਵਾਂਗ ਪਏ ਸਨ। ਉਹਨਾਂ ਦੀਆਂ ਸਾਰੀਆਂ ਭੁਜਾਵਾਂ ਪਤਾ ਨਹੀਂ ਕਿੱਥੇ ਵਲੀਨ ਹੋ ਚੁੱਕੀਆਂ ਸਨ।  
   ੦੦੦ ੦੦੦ ੦੦੦

ਸਮਝੌਤਾ... :: ਲੇਖਕਾ : ਕਾਦੰਬਰੀ ਮਹਿਰਾ




ਪ੍ਰਵਾਸੀ ਹਿੰਦੀ ਕਹਾਣੀ :

ਸਮਝੌਤਾ...
ਲੇਖਕਾ : ਕਾਦੰਬਰੀ ਮਹਿਰਾ

ਅਨੁਵਾਦ ਮਹਿੰਦਰ ਬੇਦੀ, ਜੈਤੋ




ਛਿੰਦੋ ਦਾ ਰੋਣ ਪੂਰੀ ਓਵਰਟਨ ਸਟਰੀਟ 'ਤੇ ਗੂੰਜ ਰਿਹਾ ਏ—ਇਕ ਸਿਰੇ ਤੋਂ ਦੂਜੇ ਸਿਰੇ ਤੀਕ—ਪੂਰੇ ਇਕ ਸੌ ਦਸ ਘਰਾਂ ਦੇ ਬੂਹੇ ਖੜਕਾ ਰਿਹਾ ਏ। ਛਿੰਦੋ ਅੜਤਾਲੀ ਨੰਬਰ ਦੇ ਘਰ 'ਚ ਰਹਿੰਦੀ ਏ।
ਉਸਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ, ਉਸ ਕੋਲ। ਜਦੋਂ ਰੋਂਦੀ-ਰੋਂਦੀ ਥੱਕ ਜਾਂਦੀ ਏ ਤਾਂ ਥੋੜ੍ਹੀ ਸ਼ਾਂਤੀ ਹੋ ਜਾਂਦੀ ਏ। ਓਦੋਂ ਮਲਕੀਤ, ਸਾਰੇ ਜਿਸਨੂੰ ਮੌਲੀ ਕਹਿੰਦੇ ਨੇ—ਉਸ ਕੋਲ ਜਾ ਕੇ ਉਸਨੂੰ ਹਿਲਾਉਂਦੀ ਏ। ਦੋ-ਚਾਰ ਵਾਰੀ ਇਵੇਂ ਈ ਹੋਇਆ ਏ—ਪਹਿਲੀ ਵਾਰੀ ਛਿੰਦੋ ਨੇ ਪਾਣੀ ਮੰਗਿਆ ਸੀ; ਫੇਰ ਉਸਨੇ ਸੋਚ ਲਿਆ ਕਿ ਦਾਦੀ ਨੂੰ ਪਾਣੀ ਪਿਆਉਣਾ ਚਾਹੀਦਾ ਏ, ਇਸ ਲਈ ਜਦੋਂ ਵੀ ਉਹ ਨੀਮ-ਬੇਹੋਸ਼ੀ ਦੀ ਹਾਲਤ 'ਚ ਸਿਰ ਸੁੱਟ ਕੇ ਅਧਮੋਈ ਜਿਹੀ ਹੋ ਜਾਂਦੀ, ਮੌਲੀ ਉਸਨੂੰ ਕੱਪ ਨਾਲ ਪਾਣੀ ਪਿਆ ਦੇਂਦੀ। ਥੋੜ੍ਹਾ ਝੰਜੋੜਦੀ ਤੇ ਹਿਲਾਅ ਕੇ ਪੁੱਛਦੀ, “ਆਰ ਯੂ ਆਲ ਰਾਈਟ ਦਾਦੀ? (ਦਾਦੀ, ਤੁਸੀਂ ਠੀਕ ਓ ਨਾ?)” ਛਿੰਦੋ ਅੱਖਾਂ ਖੋਲ੍ਹ ਕੇ ਸੁੰਨੀਆਂ-ਸੱਖਣੀਆਂ ਨਜ਼ਰਾਂ ਨਾਲ ਮੌਲੀ ਵੱਲ ਤੱਕਦੀ, ਉਸਨੂੰ ਪਿਆਰ ਨਾਲ ਪਲੋਸਦੀ ਤੇ ਆਪਣੀ ਹਿੱਕ ਨਾਲ ਲਾ ਕੇ ਜ਼ੋਰ ਨਾਲ ਘੁੱਟ ਲੈਂਦੀ—ਫੇਰ, ਹੌਲੀ-ਹੌਲੀ ਜਕੜ ਢਿੱਲੀ ਪੈਣ ਲੱਗਦੀ ਤੇ ਅੱਖਾਂ ਵਰ੍ਹਣ ਲੱਗ ਪੈਂਦੀਆਂ। ਇਕ-ਇਕ ਕਰਕੇ ਉਹੀ ਵਾਕ ਮੂੰਹੋਂ ਨਿਕਲਣ ਲੱਗਦੇ ਜਿਹਨਾਂ ਦੇ ਅਰਥ ਮੌਲੀ ਦੀ ਸਮਝ ਤੋਂ ਪਰ੍ਹੇ ਸਨ...:
“ਮੇਰਾ ਲਾਲ...ਵੇ ਮੈਂ ਕਿੱਥੇ ਲੱਭਣ ਜਾਵਾਂ...”
“ਵੇ ਤੂੰ ਆ ਕੇ ਬੈੱਲ ਵਜਾਅ-ਅ।...ਮੇਰਾ ਸੱਤਾ, ਮੇਰੇ ਬੂਹੇ ਮਾਰ ਗਿਆ-ਅ।...ਕਿੱਥੇ ਚਲਾ ਗਿਓਂ-ਵੇ, ਮਾਂ ਨੂੰ ਛੱਡ ਕੇ...”
“ਵੇ ਲੈ ਗਏ ਮੇਰਾ ਦੁੱਧ ਪਤਾਸਾ-ਆ-ਅ। ਮੇਰਾ ਸੱਤਾ-ਆ-ਅ। ਆ ਜਾ ਮਾਂ ਸਦਕੇ-ਏ-ਵੇ...”
ਦਾਦੀ ਦਾ ਵਿਲਾਪ ਏਨਾਂ ਦਿਲ ਹਿਲਾ ਦੇਣ ਵਾਲਾ ਸੀ ਕਿ ਮੌਲੀ ਵੀ ਕਈ ਵਾਰੀ ਰੋ ਚੁੱਕੀ ਸੀ। ਸੇਬ ਖਾਂਦੀ ਹੋਈ, ਉਹ ਆਪਣੀ ਗੁਡੀਆ ਨੂੰ ਗੋਦੀ ਵਿਚ ਚੁੱਕੀ, ਦਾਦੀ ਨਾਲ ਲੱਗੀ ਬੈਠੀ ਏ। ਉਸਦੀਆਂ ਅੱਖਾਂ ਤੇ ਨੱਕ ਵੀ ਡੁਸਕਣ ਕਰਕੇ ਵਹਿਣ ਲੱਗ ਪਏ ਨੇ ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਕਿ ਉਹ ਏਨਾ ਕਿਉਂ ਰੋ ਰਹੀ ਏ। ਸੱਟ ਤਾਂ ਉਸਦੀ ਮਾਂ ਦੇ ਵੱਜੀ ਸੀ। ਸੱਤਾ, ਯਾਨੀ ਡੈਡ ਤਾਂ ਬਸ ਉਸਦੇ ਨਾਲ ਗਏ ਸਨ।
ਕਲ੍ਹ ਦੀ ਈ ਤਾਂ ਗੱਲ ਏ।
ਜੋਗਿੰਦਰ—ਜੱਗੋ—ਜੈਗ, ਮੌਲੀ ਨੂੰ ਸਕੂਲ ਲੈ ਜਾ ਰਹੀ ਸੀ। ਰਸਤੇ 'ਚੋਂ ਕੀਰਤੀ ਦੀ ਮਮ ਵੀ ਨਾਲ ਈ ਹੋ ਲਈ। ਕੀਰਤੀ ਪੰਜਾਹ ਨੰਬਰ ਦੇ ਘਰ 'ਚ ਰਹਿੰਦੀ ਤੇ ਉਸ ਦੀ ਕਲਾਸ 'ਚ ਈ ਪੜ੍ਹਦੀ ਏ। ਕੀਰਤੀ ਦੀ ਮਮ ਨੇ ਪੁੱਛਿਆ ਕਿ 'ਸਕੈਨ ਕਰਵਾਇਆ ਤਾਂ ਕੀ ਆਇਆ—ਮੁੰਡਾ ਕਿ ਕੁੜੀ?' ਮੌਲੀ ਜਾਣਦੀ ਸੀ ਕਿ ਦਾਦੀ ਨੇ ਮਮ ਨੂੰ ਕਿਸੇ ਨੂੰ ਦੱਸਣ ਤੋਂ ਮਨ੍ਹਾਂ ਕੀਤਾ ਸੀ; ਇਸ ਲਈ ਜੈਗ ਨੇ ਟਾਲਦਿਆਂ ਹੋਇਆਂ ਕਿਹਾ ਕਿ 'ਸਕੈਨ ਬੱਚੇ ਲਈ ਚੰਗੀ ਚੀਜ਼ ਨਹੀਂ ਹੁੰਦੀ, ਇਸ ਲਈ ਨਹੀਂ ਕਰਵਾਈ। ਬਸ ਦਸ ਹਫ਼ਤਿਆਂ ਦੀ ਤਾਂ ਗੱਲ ਏ।' ਮੌਲੀ ਨਵੇਂ ਬੱਚੇ ਦੀ ਉਡੀਕ ਵਿਚ ਹਰ ਰੋਜ਼ ਇਕ ਕਲੰਡਰ ਦੇ ਦਿਨਾਂ-ਤਾਰੀਖ਼ਾਂ ਉੱਤੇ ਪੈਨਸਲ ਨਾਲ ਸਹੀ ਦਾ ਨਿਸ਼ਾਨ ਲਾਉਂਦੀ ਰਹਿੰਦੀ। ਰੋਜ਼ ਰਾਤ ਨੂੰ ਉਸਦੇ ਡੈਡ ਸਤਵੰਤ ਸਿੰਘ ਉਸ ਨੂੰ ਪੁੱਛਦੇ...:
“ਹੁਣ ਕਿੰਨੇ ਦਿਨ ਰਹਿ ਗਏ ਨੇ ਮੌਲੀ?”
ਮੌਲੀ ਇਕ ਘੱਟਾ ਕੇ ਉਤਰ ਦੇਂਦੀ ਸੈਵਨ, ਸੈਵੇਂਟੀ ਸਿਕਸ, ਸੈਵੇਂਟੀ ਫਾਈਵ ਆਦਿ—ਇੰਜ ਉਹ ਘਟਾਓ ਸਿੱਖ ਰਹੀ ਸੀ।
ਕਲ੍ਹ ਘਰ ਆ ਕੇ ਉਸਨੇ ਬਸਤਾ ਰੱਖਿਆ, ਬੂਟ ਲਾਹੇ ਤੇ ਹੱਥ-ਮੂੰਹ ਧੋ ਕੇ ਬਾਬੇ ਦੀ ਫ਼ੋਟੋ ਸਾਹਮਣੇ ਮੱਥਾ ਟੇਕਿਆ। ਮਮ ਨੇ ਉਸਨੂੰ ਟੋਸਟ ਨਾਲ ਸਾਸੇਜ ਤੇ ਵੀਂਸ ਗਰਮ ਕਰਕੇ ਖੁਆਏ। ਮਿਲਕ ਸ਼ੇਕ ਪਿਆਇਆ ਤੇ ਘਰ ਦਾ ਕੰਮ ਕਰਦੇ-ਕਰਦੇ ਉਸ ਕੋਲੋਂ ਦਿਨ ਭਰ ਦੀਆਂ ਖ਼ਬਰਾਂ ਪੁੱਛਣ ਲੱਗੀ—ਏਨੇ ਵਿਚ ਡੈਡ ਆ ਗਏ; ਰੋਜ਼ ਨਾਲੋਂ ਜਲਦੀ। ਉਹਨਾਂ ਜ਼ੋਰ ਨਾਲ, ਫਟਾਕ ਕਰਕੇ, ਦਰਵਾਜ਼ਾ ਬੰਦ ਕੀਤਾ। ਉਹ ਬੜੇ ਗੁੱਸੇ ਵਿਚ ਜਾਪਦੇ ਸਨ। ਮਮ ਘਰ ਦੇ ਪਿੱਛਲੇ ਪਾਸੇ ਲਾਂ ਤੋਂ ਕੱਪੜੇ ਲਾਹੁਣ ਗਈ ਹੋਈ ਸੀ। ਆਵਾਜ਼ ਸੁਣ ਕੇ ਅੰਦਰ ਆਈ...:
“ਕੀ ਹੋਇਆ?”
“ਇਟਸ ਡੈਡ! ਹੀ ਇਜ ਅਪਸੇਟ।” (ਡੈਡ ਨੇ, ਅਪਸੈੱਟ ਲੱਗਦੇ ਨੇ।) ਸਹਿਮੀ ਜਿਹੀ ਮੌਲੀ ਨੇ ਕਿਹਾ।
ਅਜੇ ਜੈਗ ਪੁੱਛ ਈ ਰਹੀ ਸੀ ਕਿ ਸੱਤੇ ਨੇ ਕੱਟਗਲਾਸ ਦੀ ਐਸ਼-ਟਰੇ ਵਗਾਹ ਕੇ ਮਾਰੀ। ਮਾਰੀ ਤਾਂ ਉਸਨੇ ਰਸੋਈ ਤੇ ਪੈਸੇਜ ਦੇ ਵਿਚਕਾਰਲੇ ਦਰਵਾਜ਼ੇ 'ਤੇ ਸੀ, ਪਰ ਜੈਗ ਨੇ ਉਸੇ ਸਮੇਂ ਬੂਹਾ ਖੋਲ੍ਹਿਆ ਤੇ ਉਹ ਸਿੱਧੀ ਉਸਦੇ ਸਿਰ ਵਿਚ ਜਾ ਵੱਜੀ। ਤੇ ਲਹੂ ਦਾ ਫੁਆਰਾ ਫੁੱਟ ਪਿਆ। ਸੱਟ ਪੁੜਪੁੜੀ 'ਤੇ ਵੱਜੀ ਸੀ। ਜੈਗ ਬਾਂਹ ਉੱਤੇ ਕੱਪੜਿਆਂ ਦਾ ਢੇਰ ਚੁੱਕੀ ਥਾਂਵੇਂ ਡਿੱਗ ਪਈ। ਉਹ ਬੇਸੁੱਧ ਹੋ ਗਈ ਸੀ।
ਸੱਤਾ ਹੋਸ਼ ਵਿਚ ਆ ਕੇ ਕੂਕਿਆ, “ਓ ਮਾਈ ਗਾਡ! ਮੌਲੀ ਪਾਣੀ ਲਿਆ।”
ਮੌਲੀ ਪੱਥਰ ਦਾ ਬੁੱਤ ਬਣੀ ਹੋਈ ਸੀ। ਸੱਤਾ ਫੇਰ ਚੀਕਿਆ, “ਫਾਸਟ ਮੌਲੀ ਕਵਿੱਕ! ਸ਼ੀ ਇਜ ਸੀਰੀਅਸ।” (ਛੇਤੀ ਮੌਲੀ ਛੇਤੀ! ਉਹ ਸੀਰੀਅਸ ਏ।)
ਮੌਲੀ ਨੇ ਕੱਪ 'ਚ ਭਰ ਕੇ ਪਾਣੀ ਫੜਾਇਆ ਤਾਂ ਸੱਤੇ ਨੇ ਜੈਗ ਦੇ ਮੂੰਹ 'ਤੇ ਛਿੱਟੇ ਮਾਰੇ। ਤੌਲੀਏ ਨਾਲ ਖ਼ੂਨ ਰੋਕਣਾ ਚਾਹਿਆ, ਫੇਰ ਬੇਹੱਦ ਘਬਰਾ ਗਿਆ। ਕਾਹਲ ਨਾਲ ਫ਼ੋਨ ਕੀਤਾ। ਨੰਬਰ ਮਿਲਾਇਆ 999। ਉਧਰੋਂ ਉਤਰ ਮਿਲਣ 'ਤੇ ਬੋਲਿਆ...:
“ਐਂਬੂਲੈਂਸ ਪਲੀਜ਼, ਥਰੀ ਏਟ, ਓਵਰਟਨ ਸਟਰੀਟ। ਆਈ ਹੈਵ ਹਰਟ ਮਾਈ ਵਾਈਫ਼। ਹਰ ਹੇੱਡ ਇਜ ਬਲੀਡਿੰਗ। ਸ਼ੀ ਇਜ ਪ੍ਰੈਗਨੈਂਟ।” (ਐਂਬੂਲੈਂਸ ਭੇਜੋ ਪਲੀਜ਼, ਮੈਥੋਂ ਮੇਰੀ ਘਰਵਾਲੀ ਦੇ ਸੱਟ ਵੱਜ ਗਈ ਏ...ਲਹੂ ਵਗ ਰਿਹੈ..ਉਹ ਮਾਂ ਬਣਨ ਵਾਲੀ ਏ।)
ਤੁਰਤ-ਫੁਰਤ ਉੱਥੇ ਇਕ ਐਂਬੂਲੈਂਸ ਆ ਗਈ। ਦੋ ਸਧੇ ਹੋਏ ਪੈਰਾਮੈਡੀਕਸ ਨੇ ਜੈਗ ਨੂੰ ਸੰਭਾਲ ਕੇ ਉਸ 'ਚ ਲਿਟਾਅ ਦਿੱਤਾ ਪਰ ਅਜੇ ਉਹ ਬਾਹਰ ਈ ਸਨ ਕਿ ਪੁਲਿਸ ਦੀ ਗੱਡੀ ਵੀ ਸਾਇਰਨ ਵਜਾਉਂਦੀ ਹੋਈ ਆ ਪਹੁੰਚੀ।
ਅੰਦਰ ਆ ਕੇ ਉਹਨਾਂ ਨੇ ਸੱਤੇ ਨੂੰ ਕੜਕ ਕੇ ਬੈਠ ਜਾਣ ਲਈ ਕਿਹਾ। ਮੌਲੀ ਡੈਡ ਨਾਲ ਚਿਪਕ ਗਈ ਤੇ ਉੱਚੀ-ਉੱਚੀ ਰੋਣ ਲੱਗ ਪਈ। ਓਦੋਂ ਈ ਇਕ ਔਰਤ ਕਾਂਸਟੇਬਲ ਨੇ ਟੀਚਰ ਵਾਂਗ, ਰੋਅਬ ਨਾਲ, ਉਸਨੂੰ ਆਪਣੇ ਨਾਲ ਦੂਜੇ ਕਮਰੇ ਵਿਚ ਚੱਲਣ ਲਈ ਕਿਹਾ। ਮੌਲੀ ਜਾਂਦੀ ਨਹੀਂ ਸੀ ਪਈ, ਪਰ ਡੈਡ ਨੇ ਉਸਨੂੰ ਪੁਚਕਾਰ ਕੇ ਸਮਝਾਇਆ ਤੇ ਕਿਹਾ...:
“ਡੂ ਇਜ ਯੂ ਆਰ ਟੋਲਡ ਲਾਈਕ ਏ ਗੁੱਡ ਗਰਲ।” (ਜੋ ਇਹ ਕਹਿ ਰਹੇ ਨੇ, ਅੱਛੇ ਬੱਚਿਆਂ ਵਾਂਗ ਮੰਨੋ ਬੇਟਾ।)
ਉਹ ਅੰਦਰ ਚਲੀ ਗਈ। ਪਰ ਦੇਰ ਤੀਕ ਹੁਭਕੀਂ-ਹਉਕੀਂ ਰੋਂਦੀ ਰਹੀ।
ਪੁਲਿਸ ਵਾਲੇ ਡੈਡ ਤੋਂ ਅੰਗਰੇਜ਼ੀ 'ਚ ਪੁੱਛਗਿੱਛ ਕਰਦੇ ਰਹੇ। ਉਹ ਹਰੇਕ ਗੱਲ ਦਾ ਜਵਾਬ ਨੋ-ਨੋ 'ਚ ਦੇ ਰਹੇ ਸਨ। ਸੱਤੇ ਦੇ ਉਹਨਾਂ ਬ੍ਰੇਥੇਲਾਈਜਰ ਲਾਇਆ। ਜਿਸ ਨੇ ਉਸਦੀ ਸ਼ਰਾਬ ਦੀ ਮਾਤਰਾ ਕਾਫੀ ਜ਼ਿਆਦਾ ਦੱਸੀ।
ਸੱਤਾ ਇਕ ਟੈਕਸੀ ਡਰਾਈਵਰ ਸੀ। ਦਿਨੇ ਸ਼ਰਾਬ ਪੀ ਕੇ ਟੈਕਸੀ ਚਲਾਉਣ ਤੇ ਪਤਨੀ ਨੂੰ ਕੁੱਟਮਾਰ ਕਰਨ ਦਾ ਇਲਜਾਮ ਝੱਟ ਪੁਲਿਸ ਨੇ ਉਸ ਉੱਤੇ ਲਾ ਦਿੱਤਾ। ਸੱਤੇ ਨੇ ਬਥੇਰੀਆਂ ਦਲੀਲਾਂ ਦਿੱਤੀਆਂ। ਉਸਨੇ ਦੱਸਿਆ ਕਿ ਲੰਚ ਪਿੱਛੋਂ ਇਕ ਹੋਟਲ 'ਚੋਂ ਨਿਕਲੇ ਚਾਰ ਗੋਰੇ ਆਦਮੀ ਉਸਦੀ ਟੈਕਸੀ 'ਚ ਬੈਠੇ ਤੇ ਲੰਦਨ ਦੇ ਬਾਹਰੀ ਸਿਰੇ ਦੇ ਇਕ ਪਿੰਡ 'ਚ ਗਏ। ਉਹ ਖਾਸੀ ਨਿਰਾਲੀ ਜਗ੍ਹਾ ਸੀ। ਉਤਰ ਕੇ ਉਹਨਾਂ ਪੈਸੇ ਨਹੀਂ ਦਿੱਤੇ ਤੇ ਮੰਗਣ 'ਤੇ ਉਸਨੂੰ ਕਿਹਾ, “ਬਲਡੀ ਪਾਕੀ ਗੈਟ ਲਾਸਟ।” (ਪਾਕੀ, ਪਾਕਿਸਤਾਨੀ ਦਾ ਸੰਖੇਪ ਪਰ ਇੰਗਲਿਸਤਾਨ ਵਿਚ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਗਾਲ੍ਹ ਵਰਗਾ ਨਕਾਰਾਤਮਕ ਸ਼ਬਦ-ਅਨੁ.) ਇਹੀ ਨਹੀਂ ਇਕ ਨੇ ਉਸਦੀ ਪੱਗ ਢਾਅ ਦਿੱਤੀ ਤੇ ਮਖ਼ੌਲ ਉਡਾਉਂਦਾ ਹੋਇਆ ਬੋਲਿਆ, “ਆਨ ਯੋਰ ਬਾਈਕ ਔਰ ਆਈ ਵਿਲ ਸਟ੍ਰੈਂਗਲ ਯੂ ਵਿਦ ਯੋਰ ਸ਼ੀਟ।” (ਗੱਡੀ ਸਟਾਰਟ ਕਰ ਤੇ ਉਡਦਾ ਹੋ, ਵਰਨਾ ਤੇਰੀ ਏਸੇ ਸ਼ੀਟ ਨਾਲ ਨੂੜ ਦਿਆਂਗਾ।)
ਸੱਤਾ ਇਕੱਲਾ ਸੀ, ਘਬਰਾ ਗਿਆ ਤੇ ਫੁਰਤੀ ਨਾਲ ਐਕਸੀਲੇਟਰ 'ਤੇ ਪੈਰ ਦਾ ਦਬਾਅ ਵਧਾ ਦਿੱਤਾ, ਪਰ ਉਸਨੂੰ ਪੱਗ 'ਤੇ ਹੱਥ ਪਾਏ ਜਾਣ 'ਤੇ ਡਾਢਾ ਗੁੱਸਾ ਸੀ। ਆਪਣਾ ਗੁੱਸਾ ਘੱਟ ਕਰਨ ਲਈ ਉਸਨੇ ਆਪਣੇ ਆਫ਼ਿਸ ਆ ਕੇ ਦੋ ਪੈਗ ਚੜ੍ਹਾ ਲਏ। ਕੰਮ ਕਰਨ ਦਾ ਬਿਲਕੁਲ ਮਨ ਨਹੀਂ ਸੀ ਹੋ ਰਿਆ। ਉਹ ਘਰ ਆ ਗਿਆ। ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਜੱਗੋ ਇੰਜ ਸਾਹਮਣੇ ਆ ਜਾਏਗੀ।
ਪੁਲਿਸ ਅਫ਼ਸਰ ਵੀਹ-ਪੱਚੀ ਦੀ ਉਮਰ ਦੇ ਹੋਣੇ ਨੇ। ਸੱਤੇ ਦੀ ਉਹਨਾਂ ਇਕ ਨਹੀਂ ਸੁਨੀਂ। ਉਸਦੀਆਂ ਗੱਲਾਂ ਨੂੰ ਮਨ-ਘੜੰਤ ਕਹਾਣੀ ਦੱਸਿਆ ਤੇ ਕਿਹਾ ਕਿ 'ਸ਼ਰਾਬ ਪੀ ਕੇ ਘਰਵਾਲੀ ਨੂੰ ਕੁੱਟਣ ਦੀਆਂ ਅਜਿਹੀਆਂ ਘਟਨਾਵਾਂ ਏਸ਼ੀਆਈ ਸਮਾਜ ਦਾ ਸੁਭਾਅ ਬਣ ਚੁੱਕੀਆਂ ਨੇ। ਭਾਰਤੀ ਪਤੀ ਤੇ ਜੰਗਲੀ ਜਾਨਵਰ ਵਿਚ ਕੋਈ ਅੰਤਰ ਨਹੀਂ ਹੁੰਦਾ—ਇਹ ਜਗਤਜਾਣੀ ਗੱਲ ਹੈ।' ਉਹਨਾਂ ਨੇ ਇਹ ਵੀ ਕਿਹਾ ਕਿ 'ਸੱਤੇ ਵਰਗੇ ਸ਼ਰਾਬੀਆਂ ਨੂੰ ਇਕ ਸਭਿਅ ਸਮਾਜ ਵਿਚ ਰਹਿਣ ਦੀ ਤਮੀਜ਼ ਨਹੀਂ। ਉਹ ਹਰ ਰੋਜ਼ ਆਪਣੇ ਗੁਆਂਢੀਆਂ ਤੇ ਸਰਕਾਰ ਦੀ ਸ਼ਾਂਤੀ ਭੰਗ ਕਰਦੇ ਨੇ।' ਸਿਰੇ ਦੀ ਗੱਲ ਇਹ ਕਿ 'ਉਹਨੂੰ ਪੁਲਿਸ ਸਟੇਸ਼ਨ ਚੱਲ ਕੇ ਆਪਣੀ ਸਫਾਈ ਵਿਚ ਬਿਆਨ ਦੇਣਾ ਪਏਗਾ। ਝੂਠ ਪਰਖਣ ਵਾਲੀ ਮਸ਼ੀਨ ਲਾਈ ਜਾਏਗੀ ਉਸਨੂੰ।' ਵਗ਼ੈਰਾ ਵਗ਼ੈਰਾ।
ਫਸ ਗਏ ਤੋ ਫੜਕਣ ਕਾਹਦੀ? ਮੂੰਹ ਦੀ ਆਖੀ ਗੱਲ ਤਾਂ ਇਹ ਛੋਕਰੇ ਮੰਨ ਈ ਨਹੀਂ ਸੀ ਰਹੇ, ਫੇਰ ਸੱਤਾ ਕੀ ਕਰਦਾ?
ਜਾਂਦੇ-ਜਾਂਦੇ ਮੌਲੀ ਨੂੰ ਕਿਹਾ, “ਆਈ ਵਿਲ ਬੀ ਬੈਕ ਸੂਨ। ਦਾਦੀ ਨੂੰ ਦੱਸ ਦਵੀਂ। ਦਾਦੀ ਆਉਂਦੀ ਈ ਹੋਏਗੀ।”
ਰੋਂਦੀ-ਵਿਲਕਦੀ ਬਾਲੜੀ ਨੂੰ ਪੁਲਿਸ ਔਰਤ ਕੈਥੀ ਜੋਂਸ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ। ਪੰਜ ਵਜੇ ਛਿੰਦੋ ਆਪਣੀ ਨੌਕਰੀ ਤੋਂ ਵਾਪਸ ਆ ਗਈ।
ਜਦੋਂ ਉਸਨੇ ਪੁੱਛਿਆ ਤਾਂ ਪੁਲਿਸ ਔਰਤ ਕੈਥੀ ਨੇ ਦੱਸਿਆ ਕਿ 'ਉਸਦਾ ਬੇਟਾ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਕੁੱਟਮਾਰ ਕਰ ਰਿਹਾ ਸੀ ਤੇ ਉਹ ਬੇਹੋਸ਼ ਹੋ ਗਈ ਸੀ। ਮਾਮਲਾ ਜੀ.ਬੀ.ਐੱਚ. ਯਾਨੀ ਗ੍ਰੀਵੀਅਸ ਬੈਡਲੀ ਹਾਰਮ ਯਾਨੀ ਸ਼ਰੀਰਕ-ਤਸੀਹੇ ਦੇਣ ਦਾ ਏ। ਸੋ ਉਸਨੂੰ ਫੜ੍ਹ ਕੇ ਲੈ ਗਏ ਨੇ ਪੁਲਿਸ ਸਟੇਸ਼ਨ।'
ਇਹ ਸੁਣਦਿਆਂ ਹੀ ਮੌਲੀ ਚੀਕੀ, “ਨਹੀਂ ਦਾਦੀ, ਇਹ ਸੱਚ ਨਹੀਂ। ਇਟ ਇਜ ਨਾਟ ਰਾਈਟ। ਮਾਈ ਡੈਡ ਥ੍ਰਿਯੂ ਐਨ ਐਸ਼ ਟਰੇ ਐਂਡ ਮਾਈ ਮਮ ਗਾੱਟ ਹਰਟ ਬਾਈ ਐਕਸੀਡੈਂਟ। ਹੀ ਡਿਡਨਾਟ ਬੀਟ ਐਨੀਵਨ।” (ਡੈਡ ਨੇ ਐਸ਼ਟਰੇ ਚਲਾ ਕੇ ਮਾਰੀ ਤੇ ਮਮ ਅਚਾਨਕ ਸਾਹਮਣੇ ਆ ਗਈ। ਉਹਨਾਂ ਕਿਸੇ ਨੂੰ ਨਹੀਂ ਕੁਟਿਆ ਮਾਰਿਆ।) ਸਕੂਲ ਦੇ ਖੇਡ ਮੈਦਾਨ ਵਿਚ ਆਪਸੀ ਧੀਂਗਾ-ਮਸਤੀ ਦੌਰਾਨ ਸੱਟ ਖਾਧੇ ਬੱਚਿਆਂ ਦੀ ਲੜਾਈ ਦਾ ਫ਼ੈਸਲਾ ਕਰਨ ਸਮੇਂ ਡਿਊਟੀ ਅਧਿਆਪਕਾਵਾਂ ਅਕਸਰ ਪੁੱਛਦੀਆਂ ਨੇ, “ਤੁਸੀਂ ਜਾਣ-ਬੁੱਝ ਕੇ ਮਾਰਿਆ ਸੀ ਜਾਂ ਗ਼ਲਤੀ ਨਾਲ ਵੱਜ ਗਿਐ?”
“ਚਲੋ ਇਕ ਦੂਜੇ ਨੂੰ ਸਾੱਰੀ ਬੋਲੋ।” ਨਿਆਂ ਦੀ ਏਸ ਮੂਲ ਕਾਰਜ-ਵਿਧੀ ਦਾ ਮੌਲੀ ਨੂੰ ਪਤਾ ਸੀ।
ਛਿੰਦੋ ਨੇ ਵੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਕੈਥੀ ਨੂੰ ਵਿਸ਼ਵਾਸ ਦਿਵਾਇਆ...:
“ਮਾਈ ਸਨ ਲਵ ਹਿਜ ਵਾਈਫ਼ ਵੈਰੀ ਮੱਚ। ਸ਼ੀ ਇਜ ਪ੍ਰੈਗਨੈਂਟ। ਹੀ ਨਾੱਟ ਪਾੱਸੀਬਲ ਬੀਟ ਹਰ। ਸ਼ੀ ਇਜ ਵੈਰੀ ਗੁੱਡ ਵਾਈਫ਼।” (ਮੇਰਾ ਪੁੱਤਰ ਆਪਣੀ ਪਤਨੀ ਨੂੰ ਬੜਾ ਪਿਆਰ ਕਰਦਾ ਏ। ਉਹ ਢਿੱਡੋਂ ਏ। ਨਹੀਂ, ਉਹ ਨਹੀਂ ਮਾਰ ਸਕਦਾ ਉਸਨੂੰ, ਉਹ ਬੜੀ ਚੰਗੀ ਪਤਨੀ ਏਂ।)
ਕੈਥੀ ਜੋਂਸ ਨੇ ਸ਼ਾਂਤ ਆਵਾਜ਼ ਵਿਚ ਕਿਹਾ ਕਿ 'ਅਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਾਂਗੇ। ਉਹ ਖ਼ੁਦ ਆਪਣੇ ਉਪਰ ਵਾਲੇ ਅਫ਼ਸਰਾਂ ਨਾਲ ਇਹ ਗੱਲ ਸਾਫ ਕਰੇਗੀ ਕਿ ਇਹ ਘਟਨਾ ਸਿਰਫ ਇਕ ਐਕਸੀਡੈਂਟ ਏ। ਭਾਵੇਂ ਤਹਿਕੀਕਾਤ ਹੁੰਦਿਆਂ-ਹੁੰਦਿਆਂ ਚਾਰ-ਪੰਜ ਘੰਟੇ ਲੱਗ ਸਕਦੇ ਨੇ। ਸਭ ਠੀਕ ਰਿਹਾ ਤਾਂ ਉਸਦਾ ਬੇਟਾ ਡਿਨਰ-ਟਾਈਮ ਤੀਕ ਵਾਪਸ ਆ ਜਾਏਗਾ।'
 ਛਿੰਦੋ ਨੇ ਸੰਤੁਸ਼ਟ ਹੋ ਕੇ ਉਸਨੂੰ ਵਿਦਾਅ ਕੀਤਾ ਤੇ ਰੋਂਦੀ ਹੋਈ ਮੌਲੀ ਨੂੰ ਸਮਝਾ-ਬੁਝਾਅ ਕੇ ਸ਼ਾਂਤ ਕੀਤਾ। ਮੌਲੀ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਡੈਡ ਕਿਸੇ ਹੋਰ ਜਗ੍ਹਾ ਗਿਆ ਏ। ਉਹ ਇਹੀ ਸਮਝਦੀ ਸੀ ਕਿ ਉਹਨੂੰ ਦੂਜੀ ਕਾਰ ਵਿਚ ਮਾਂ ਨਾਲ ਈ ਲੈ ਜਾਇਆ ਗਿਆ ਏ।
ਸ਼ਾਮ ਦੇ ਛੇ ਵੱਜ ਚੁੱਕੇ ਸਨ। ਛਿੰਦੋ ਨੇ ਕੱਪੜੇ ਬਦਲੇ, ਮੱਥਾ ਟੇਕਿਆ। ਮੌਲੀ ਨੂੰ ਕੋਟ ਤੇ ਬੂਟ ਪਾ ਲੈਣ ਲਈ ਕਿਹਾ। ਇਕ ਕੱਪ ਚਾਹ ਬਣਾ ਕੇ ਖ਼ੁਦ ਪੀਤੀ ਤੇ ਬਸ ਫੜ੍ਹ ਕੇ ਜੈਗ ਨੂੰ ਦੇਖਣ ਹਸਪਤਾਲ ਚਲੀ ਗਈ। ਜੈਗ ਇਨਟੈਸਿਵ ਕੇਅਰ ਵਿਚ ਪਈ ਸੀ। ਸਿਰ 'ਤੇ ਲੰਮਾਂ ਜ਼ਖ਼ਮ ਸੀ। ਪੱਟੀ ਬੰਨ੍ਹੀ ਸੀ ਤੇ ਉਸਨੂੰ ਸੰਵਾਅ ਦਿੱਤਾ ਗਿਆ ਸੀ।
ਦੇਖ ਕੇ ਛਿੰਦੋ ਆਪਣਾ ਰੋਣ ਨਾ ਰੋਕ ਸਕੀ। ਮੌਲੀ ਵੀ ਰੋਣ ਲੱਗ ਪਈ। ਦੋਵਾਂ ਨੂੰ ਸਮਝਾ-ਬੁਝਾਅ ਕੇ ਨਰਸਾਂ ਬਾਹਰ ਲੈ ਆਈਆਂ। ਘਰ ਆਉਂਦਿਆਂ-ਆਉਂਦਿਆ ਸਾਢੇ ਅੱਠ ਵੱਜ ਗਏ। ਮੌਲੀ ਭੁੱਖੀ ਸੀ। ਛਿੰਦੋ ਨੇ ਰੋਟੀ ਪਕਾ ਕੇ ਉਸਨੂੰ ਖੁਆਈ ਤੇ ਹੱਥ-ਮੂੰਹ ਧੁਆ ਕੇ ਸੰਵਾਅ ਦਿੱਤਾ। ਮੌਲੀ ਨੀਂਦ ਵਿਚ ਵੀ ਡੈਡ-ਡੈਡ ਬੜਬੜਾਂਦੀ ਰਹੀ।
ਆਪ ਛਿੰਦੋ ਭੁੱਖੀ-ਪਿਆਸੀ ਆਪਣੇ ਸੱਤੇ ਦੇ ਘਰ ਆਉਣ ਦੀ ਉਡੀਕ ਕਰਦੀ ਰਹੀ। ਦਸ ਵੱਜ ਗਏ, ਗਿਆਰਾਂ ਵੱਜ ਗਏ। ਛਿੰਦੋ ਕਿਸ ਨੂੰ ਦੱਸੇ—'ਪੁਲਿਸ ਫੜ ਕੇ ਲੈ ਗਈ ਏ, ਸੁਣਦੇ ਈ ਸਾਰੇ ਸਮਾਜ ਵਿਚ ਥੂਹ-ਥੂਹ ਹੋ ਜਾਏਗੀ।' ਪਰ ਉਸਦੇ ਢਿੱਡ ਦਾ ਖਾਲੀਪਨ ਵਧਦਾ ਈ ਜਾ ਰਿਹਾ ਸੀ। ਦੋ ਵਾਰੀ ਉਹ ਆਪਣਾ ਅਸਥਮੇਂ ਵਾਲਾ ਪੰਪ ਖਿੱਚ ਚੁੱਕੀ ਸੀ ਫੇਰ ਵੀ ਸਾਹ ਘੁਟ ਰਿਹਾ ਸੀ ਸੀਨੇ ਵਿਚ। ਦਿਲ ਦੀ ਧੜਕਨ ਵਧਦੀ ਜਾ ਰਹੀ ਸੀ। ਕਿਤੇ ਉਸਨੂੰ ਈ ਨਾ ਕੁਝ ਹੋ ਜਾਏ। ਕੀ ਬਣੇਗਾ ਮੌਲੀ ਦਾ? ਜਦੋਂ ਨਾ ਈ ਰਿਹਾ ਗਿਆ ਤਾਂ ਖਿੜਕੀ ਕੋਲ ਜਾ ਖੜੀ ਹੋਈ। ਚਾਰੇ-ਪਾਸੇ ਘਰਾਂ ਦੀਆਂ ਬੱਤੀਆਂ ਬੁਝ ਚੁੱਕੀਆਂ ਸਨ। ਉਹ ਇੰਜ ਈ ਤਾਂ ਹੱਥ-ਮਲਦੀ ਨਹੀਂ ਸੀ ਬੈਠੀ ਰਹਿ ਸਕਦੀ। ਝੱਟ ਕੋਟ ਪਾਇਆ ਤੇ ਚੱਪਲਾਂ ਘਸੀਟਦੀ ਹੋਈ ਸਾਹਮਣੇ ਵਾਲੇ ਘਰ ਤੀਕ ਜਾ ਪਹੁੰਚੀ ਕਿਉਂਕਿ ਉੱਥੇ ਇਕ ਬੱਤੀ ਜਗ ਰਹੀ ਸੀ।
ਚਾਰ ਪੰਜ ਵਾਰੀ ਘੰਟੀ ਵਜਾਉਣ 'ਤੇ ਇਕ ਮਰਦਾਵਾਂ ਆਵਾਜ਼ ਨੇ ਪੁੱਛਿਆ, “ਕੌਣ ਏਂ?” ਛਿੰਦੋ ਦੀ ਆਵਾਜ਼ ਕੰਬ ਰਹੀ ਸੀ। ਉਂਜ ਵੀ ਉਸਦਾ ਨਾਂ ਕੌਣ ਜਾਣਦਾ ਸੀ ਇੱਥੇ, ਸੋ ਏਨਾ ਈ ਕਹਿ ਸਕੀ, “ਆਈ ਇੰਡੀਅਨ, ਹੈਲਪ।”
ਜਨਾਨਾ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦਿੱਤਾ ਗਿਆ। ਜਿਵੇਂ-ਤਿਵੇਂ ਛਿੰਦੋ ਨੇ ਸਾਰੀ ਕਹਾਣੀ ਉਸਨੂੰ ਸੁਣਾਈ। ਮਰਦ ਭਲਾ ਆਦਮੀ ਸੀ, ਉਪਰੋਂ ਉਸਦੀ ਪਤਨੀ ਵੀ ਆ ਗਈ। ਦੋਵੇਂ ਛਿੰਦੋ ਦੇ ਘਰ ਆ ਗਏ। ਆਦਮੀ ਨੇ ਆਪਣਾ ਨਾਂ ਪੀਟਰ ਦੱਸਿਆ ਤੇ ਪਤਨੀ ਦਾ ਹੈਲੇਨ। ਛਿੰਦੋ ਨੇ ਖ਼ੁਦ ਨੂੰ ਮਿਸੇਜ ਸਿੰਘ ਦੱਸਿਆ। ਹੈਲੇਨ ਨੇ ਚਾਹ ਬਣਾ ਕੇ ਛਿੰਦੋ ਨੂੰ ਪਿਆਈ ਤੇ ਦੋ ਬਿਸਕੁਟ ਵੀ ਖੁਆਏ।
ਕਈ ਵਾਰੀ ਫ਼ੋਨ ਕਰਨ ਪਿੱਛੋਂ ਪੀਟਰ ਨੇ ਪਤਾ ਕੀਤਾ ਕਿ ਕਿਉਂਕਿ ਘਟਨਾ ਸ਼ਾਮ ਦੇ ਪੰਜ ਵਜੇ ਤੋਂ ਪਹਿਲਾਂ ਵਾਪਰੀ ਸੀ ਇਸ ਲਈ ਉਦੋਂ ਜਿਹੜੇ ਲੋਕ ਡਿਊਟੀ 'ਤੇ ਸਨ ਉਹੀ ਦੱਸ ਸਕਦੇ ਸਨ ਕਿ ਕੀ ਹੋਇਆ, ਪਰ ਉਹ ਸਭ ਕਲ੍ਹ ਸਵੇਰ ਤੀਕ ਲਈ ਜਾ ਚੁੱਕੇ ਸਨ। ਰਾਤ ਦੀ ਡਿਊਟੀ 'ਤੇ ਆਉਣ ਵਾਲੇ ਲੋਕ ਕੁਝ ਵੀ ਦੱਸਣ ਤੋਂ ਅਸਮਰਥ ਨੇ। ਫੇਰ ਵੀ ਇੰਜ ਲੱਗਦਾ ਏ ਕਿ ਜਿਹੜੇ ਲੋਕ ਸ਼ਾਮ ਨੂੰ ਗਿਰਫ਼ਤਾਰ ਹੋਏ ਸਨ, ਉਹਨਾਂ ਵਿਚੋਂ ਕਿਸੇ ਨੂੰ ਵੀ ਨਹੀਂ ਸੀ ਛੱਡਿਆ ਗਿਆ। ਲੱਗਦਾ ਏ ਰਾਤ ਉਸਨੂੰ ਪੁਲਿਸ ਥਾਨੇ ਵਿਚ ਈ ਕੱਟਣੀ ਪਏਗੀ ਤੇ ਸਵੇਰੇ ਦਸ ਵਜੇ ਜਦੋਂ ਕੇਸ ਦੀ ਇਨਕਵਾਏਰੀ ਪੂਰੀ ਹੋ ਜਾਏਗੀ, ਉਸਨੂੰ ਘਰ ਭੇਜ ਦਿੱਤਾ ਜਾਏਗਾ।
ਛਿੰਦੋ ਕਲ੍ਹ ਦੀ ਉਡੀਕ ਵਿਚ ਕੁਝ ਸ਼ਾਂਤ ਹੋ ਗਈ। ਮਰਦੀ ਕੀ ਨਾ ਕਰਦੀ। ਪੀਟਰ ਤੇ ਹੈਲੇਨ ਸਵੇਰੇ ਆਉਣ ਦਾ ਵਾਅਦਾ ਕਰਕੇ ਚਲੇ ਗਏ। ਛਿੰਦੋ ਦੀਆਂ ਅੱਖਾਂ 'ਚ ਨੀਂਦ ਕਿੱਥੇ? ਸ਼ਾਇਦ ਸੁੱਤੀ ਵੀ ਹੋਏ ਕੁਝ ਦੇਰ ਲਈ, ਪਰ ਮਾੜੇ ਸੁਪਨਿਆਂ ਨੇ ਨੀਂਦ ਉਖਾੜ ਦਿੱਤੀ। ਸਵੇਰ ਦੇ ਚਾਰ ਵਜੇ ਉਸਨੇ ਇਸ਼ਨਾਨ ਕੀਤਾ ਤੇ ਦਸਾਂ ਗੁਰੂਆਂ ਦਾ ਧਿਆਨ ਧਰਦੀ, ਸੁਖਮਨੀ ਸਾਹਬ ਦਾ ਪਾਠ ਕਰਨ ਬੈਠ ਗਈ।
ਰਬ-ਰਬ ਕਰਕੇ ਸਵੇਰ ਹੋਈ। ਮਲਕੀਤ—ਮੌਲੀ ਉਠ ਬੈਠੀ। ਉਸਨੂੰ ਤਿਆਰ ਹੋ ਕੇ ਸਕੂਲ ਜਾਣ ਲਈ ਕਿਹਾ ਤਾਂ ਰੋਹਾਂਸੀ-ਜਿਹੀ ਹੋ ਕੇ ਬੋਲੀ...:
“ਜਦੋਂ ਡੈਡ ਆਉਣਗੇ ਉਦੋਂ ਜਾਵਾਂਗੀ। ਪਲੀਜ਼ ਦਾਦੀ ਕੈਨ ਆਈ ਸਟੇ ਵਿਦ ਯੂ। ਡੈਡ ਟੋਲਡ ਮੀ।” ਛਿੰਦੋ ਨੇ ਸੋਚਿਆ ਬਾਲੜੀ ਏ। ਹੋਰਨਾਂ ਨਾਲ ਗੱਲ ਕਰੇਗੀ ਤਾਂ ਬੇਕਾਰ ਅਫ਼ਵਾਹਾਂ ਉਡਨਗੀਆਂ। ਅੰਦਰੋਂ ਉਹ ਖ਼ੁਦ ਵੀ ਪੋਲੀ ਪਈ ਹੋਈ ਸੀ, ਹਿੰਮਤ ਪੱਖੋਂ। ਉਸਨੇ ਮੌਲੀ ਨੂੰ ਰੋਕ ਲਿਆ।
ਅੱਠ ਵਜੇ ਦਫ਼ਤਰ ਜਾਣ ਤੋਂ ਪਹਿਲਾਂ ਪੀਟਰ ਫੇਰ ਆਇਆ। ਉਸਨੇ ਪੁਲਿਸ ਸਟੇਸ਼ਨ ਫ਼ੋਨ ਕੀਤਾ। ਕਿਸੇ ਅਫ਼ਸਰ ਨੇ ਉਸਨੂੰ ਕਿਹਾ ਕਿ ਦਸ ਵਜੇ ਤੀਕ ਜਾਂਚ-ਪੜਤਾਲ ਪੂਰੀ ਹੋ ਸਕੇਗੀ”—ਜਦੋਂ ਕਲ੍ਹ ਵਾਲੀ ਟੀਮ ਵਾਪਸ ਡਿਊਟੀ 'ਤੇ ਆਏਗੀ।...ਤੇ ਜੇ ਮਾਂ ਮਿਲਣਾ ਚਾਹੁੰਦੀ ਏ ਤਾਂ ਇਸ ਤੋਂ ਪਹਿਲਾਂ ਸੰਭਵ ਨਹੀਂ।
ਪੀਟਰ ਨੇ ਮਹਿਸੂਸ ਕੀਤਾ ਕਿ ਗੱਲਬਾਤ ਦਾ ਢੰਗ ਬਦਲ ਗਿਆ ਏ। ਪਹਿਲਾਂ ਤਾਂ ਕਹਿ ਰਹੇ ਸੀ ਕਿ ਉਹਨੂੰ ਘਰ ਵਾਪਸ ਭੇਜ ਦਿੱਤਾ ਜਾਏਗਾ ਤੇ ਹੁਣ ਜੇ ਮਾਂ ਮਿਲਣਾ ਚਾਹੇ ਤਾਂ ਉਸਨੂੰ ਉੱਥੇ ਮਿਲਣ ਜਾਣਾ ਪਏਗਾ। ਸ਼ਾਇਦ ਕੋਈ ਗੰਭੀਰ ਮਾਮਲਾ ਏ, ਕਰਾਈਮ ਦਾ। ਸੋ ਉਸਨੇ ਛਿੰਦੋ ਨੂੰ ਸਮਝਾ-ਬੁਝਾਅ ਕੇ ਹੌਸਲਾ ਰੱਖਣ ਲਈ ਕਿਹਾ ਤੇ ਆਪਣੇ ਕੰਮ 'ਤੇ ਚਲਾ ਗਿਆ।
ਛਿੰਦੋ ਇਕੱਲੀ ਰਹਿ ਗਈ। ਨੌ ਵੱਜੇ, ਦਸ ਵੱਜੇ, ਕੋਈ ਫ਼ੋਨ ਨਹੀਂ ਆਇਆ। ਸਾਢੇ ਦਸ ਵਜੇ ਪੁਲਿਸ ਦੀ ਕਾਰ 'ਚ ਇਕ ਵੱਡਾ ਅਫ਼ਸਰ ਤੇ ਦੋ ਜ਼ਨਾਨਾ-ਪੁਲਿਸ ਵਾਲੀਆਂ ਆਈਆਂ ਤੇ ਛਿੰਦੋ ਨੂੰ ਇਕ ਪਾਸੇ ਲੈ ਗਈਆਂ। ਉਹਨਾਂ ਵਿਚ ਇਕ ਔਰਤ ਉਹੀ ਕਲ੍ਹ ਸ਼ਾਮ ਵਾਲੀ ਕੈਥੀ ਜੋਂਸ ਵੀ ਸੀ। ਉਹ ਮੌਲੀ ਨੂੰ ਅਲਗ ਉਸਦੇ ਕਮਰੇ ਵਿਚ ਲਿਜਾ ਕੇ ਕਹਾਣੀਆਂ ਸੁਣਾਉਣ ਲੱਗ ਪਈ।
ਲਗਭਗ ਪੰਦਰਾਂ ਮਿੰਟ ਬਾਅਦ ਉਹ ਲੋਕ ਚਲੇ ਗਏ। ਮੌਲੀ ਉਹਨਾਂ ਨੂੰ ਬਾਏ-ਬਾਏ ਕਹਿ ਕੇ ਹੱਸਦੀ-ਖੇਡਦੀ ਦਾਦੀ ਕੋਲ ਆਈ ਤਾਂ ਦਾਦੀ ਨੇ ਬਿਨਾਂ ਕੁਝ ਬੋਲੇ ਉਸ ਵੱਲ ਆਪਣੀਆਂ ਬਾਂਹਵਾਂ ਪਸਾਰ ਦਿੱਤੀਆਂ। ਮੌਲੀ ਉਸਦੀ ਹਿੱਕ ਨਾਲ ਲੱਗ ਗਈ। ਛਿੰਦੋ ਦੀਆਂ ਚੀਕਾਂ ਅਸਮਾਨੀਂ ਛੇਕ ਪਾਉਣ ਲੱਗੀਆਂ।
ਸਤਿਆਨਾਸ਼ ਹੋ ਚੁੱਕਿਆ ਸੀ।
ਪੁਲਿਸ ਦੇ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਰਾਤ ਨੂੰ ਵਧੇਰੇ ਸ਼ਰਾਬ ਪੀ ਲੈਣ ਤੇ ਵਧੇਰੇ ਗੁੱਸਾ ਕਰਨ ਕਰਕੇ ਸਤਵੰਤ ਸਿੰਘ ਦੇ ਦਿਮਾਗ਼ ਦੀ ਨਸ ਫਟ ਗਈ ਤੇ ਉਹ ਲਾਕਅੱਪ ਵਿਚ ਸੁੱਤਾ-ਸੁੱਤਾ ਈ ਮਰ ਗਿਆ। ਰਾਤ ਨੂੰ ਉਹ ਉਸ ਹਾਲਤ ਵਿਚ ਨਹੀਂ ਸੀ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਸੋ ਉਸਨੂੰ ਲਾਕਅੱਪ ਵਿਚ ਰੱਖਣਾ ਜ਼ਰੂਰੀ ਹੋ ਗਿਆ, ਜਿੱਥੇ ਬਦਕਿਸਮਤੀ ਨਾਲ ਉਹ ਮਰ ਗਿਆ।
ਛਿੰਦੋ ਕੀ ਕਰੇ, ਕਿਸਨੂੰ ਕਹੇ। ਕੋਈ ਵੀ ਤਾਂ ਨਹੀਂ ਸੀ ਆਪਣਾ। ਉਸਦੇ 'ਦਾਰਜੀ' ਗੁਜਰ ਚੁੱਕੇ ਸਨ। ਉਹ ਉਹਨਾਂ ਦੀ ਤੀਜੀ ਪਤਨੀ ਸੀ। ਉਸਦਾ ਭਰਾ ਮੱਖਣ ਸਿੰਘ ਉਸਦੇ ਨਾਲ ਲੰਦਨ ਆਇਆ ਸੀ, ਪਰ ਵੱਡਾ ਹੋਣ 'ਤੇ ਉਹ 'ਮਾਈਕਲ' ਬਣ ਗਿਆ; ਆਪਣੇ-ਆਪ ਨੂੰ ਮਿੱਕੀ ਕਹਿਣ ਲੱਗਾ ਤੇ ਇਕ ਆਈਰਿਸ਼ ਕੈਥੋਲਿਕ ਕੁੜੀ ਨਾਲ ਸ਼ਾਦੀ ਕਰਕੇ ਅਮਰੀਕਾ ਚਲਾ ਗਿਆ। ਅੱਜ-ਕਲ੍ਹ ਉਹ ਬਾਸਟਨ ਵਿਚ ਰਹਿੰਦਾ ਸੀ। ਕਾਫੀ ਪੜ੍ਹਿਆ-ਲਿਖਿਆ ਵੀ ਸੀ ਪਰ ਆਉਂਦਾ-ਆਉਂਦਾ ਈ ਆਉਂਦਾ।
ਰੋਂਦੇ-ਪਿੱਟਦਿਆਂ ਸ਼ਾਮ ਹੋਣ ਲੱਗੀ। ਕਿੰਜ ਉਹ ਮੌਲੀ ਨੂੰ ਦੱਸੇ ਕਿ ਹੁਣ ਉਸਦਾ ਡੈਡ ਕਦੀ ਨਹੀਂ ਆਏਗਾ। ਕੈਥੀ ਵੀ ਮਨ੍ਹਾਂ ਕਰ ਗਈ ਸੀ। ਕਿੱਤੇ ਨਿਆਣੀ ਵਿੱਟਰ ਗਈ ਤਾਂ ਛਿੰਦੋ ਕਿੰਜ ਸੰਭਾਲੇਗੀ। ਉਹ ਵਾਅਦਾ ਕਰਕੇ ਗਈ ਸੀ ਕਿ ਕਿਸੇ ਨੂੰ ਸਹਾਇਤਾ ਲਈ ਭੇਜ ਦਏਗੀ, ਪਰ ਕੋਈ ਨਹੀਂ ਸੀ ਆਇਆ।
ਛਿੰਦੋ ਆਪਣੇ ਵਾਲ ਪੁੱਟਦੀ ਰਹੀ ਪਰ ਉਸਦੇ ਸਿਰ ਦਾ ਚਕਰਾਉਣਾ ਬੰਦ ਨਾ ਹੋਇਆ। ਦੋਵੇਂ ਛਾਤੀਆਂ ਦੁਹੱਥੜਾਂ ਮਾਰ-ਮਾਰ ਕੇ ਸੁਜਾ ਲਈਆਂ ਪਰ ਅੰਦਰਲਾ ਅੰਬਾਅ (ਭਾਰਾਪਨ, ਅੰਦਰੂਨੀ ਪੀੜ ਜਿਹੜੀ ਸਿਰਫ ਮਹਿਸੂਸ ਹੀ ਕੀਤੀ ਜਾ ਸਕਦੀ ਹੈ) ਨਹੀਂ ਘਟਿਆ।
“ਸੱਤੇ ਆ, ਮੇਰੇ ਬੱਛੜੇ, ਤੈਨੂੰ ਦੁੱਧ ਪਿਆਵਾਂ।” ਮਮਤਾ ਦੀਆਂ ਮਾਰੀਆਂ ਦੋਵੇਂ ਬੁੱਢੀਆਂ ਛਾਤੀਆਂ ਅੰਦਰੂਨੀ ਤਣਾਅ ਸਦਕਾ ਸਨਸਨਾ ਰਹੀਆਂ ਸਨ।
ਸ਼ਾਮ ਦੇ ਚਾਰ ਵਜੇ ਕੀਰਤੀ ਦੀ ਮੰਮ—ਸੰਗੀਤਾ—ਦੇਖਣ ਆਈ ਕਿ ਮੌਲੀ ਸਕੂਲ ਕਿਉਂ ਨਹੀਂ ਪਹੁੰਚੀ? ਜੈਗ ਠੀਕ ਤਾਂ ਏ ਨਾ! ਮੌਲੀ ਉਸ ਨਾਲ ਲਿਪਟ ਗਈ।
“ਆਂਟੀ ਮਾਈ ਦਾਦੀ। ਲੁਕ ਇਟ ਹਰ। ਸ਼ੀ ਵਿਲ ਡਾਈ। ਸ਼ੀ ਇਜ ਕਰਾਇੰਗ ਸੋ ਮੱਚ।” (ਆਂਟੀ ਮੇਰੀ ਦਾਦੀ—ਦੇਖੋ ਨਾ, ਮਰ ਜਾਏਗੀ—ਰੋਈ ਈ ਜਾਂਦੀ ਏ।)
ਸੰਗੀਤਾ ਦੇ ਹੋਣ ਕਰਕੇ ਛਿੰਦੋ ਦਾ ਬੰਨ੍ਹ ਟੁੱਟ ਗਿਆ। ਉਸਨੇ ਰੋ-ਰੋ ਕੇ ਸਭ ਦੱਸ ਦਿੱਤਾ। ਕੋਹਰਾਮ ਮੱਚ ਗਿਆ। ਦੋਵੇਂ ਬੱਚੀਆਂ ਉੱਚੀ-ਉੱਚੀ ਰੋਣ ਲੱਗ ਪਈਆਂ, ਉਦੋਂ ਹੀ ਪੀਟਰ ਤੇ ਹੈਲੇਨ ਵੀ ਆ ਗਏ ਤੇ ਸਭ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗ ਗਿਆ। ਸੰਗੀਤਾ ਨੇ ਮੱਖਣ ਸਿੰਘ ਨੂੰ ਫ਼ੋਨ ਕੀਤਾ। ਗੁਰਦੁਆਰੇ ਖ਼ਬਰ ਕੀਤੀ, ਛਿੰਦੋ ਦੀ ਦੇਖਭਾਲ ਲਈ ਆਪਣੀ ਮਾਂ ਨੂੰ ਬੁਲਾਅ ਲਿਆ।
ਚਾਰ ਧੜ ਇਕੱਠੇ ਹੋਏ। ਚਾਰ ਦਿਨ ਬਾਅਦ ਵੀ ਪੁਲਿਸ ਲਾਸ਼ ਨੂੰ ਦਿਖਾਉਣ ਵਿਚ ਆਨਾਕਾਨੀ ਕਰ ਰਹੀ ਸੀ। ਪੋਸਟ ਮਾਰਟਮ ਦੀ ਰਿਪੋਰਟ ਵਿਚ ਉਹੀ ਬਰੇਨ-ਹੈਮਰੇਜ ਦਿਖਾਇਆ ਗਿਆ ਸੀ। ਮੱਖਣ ਸਿੰਘ ਨੇ ਇਕ ਵਕੀਲ ਕਰ ਲਿਆ।
ਉਧਰ ਜੈਗ ਨੂੰ ਹੋਸ਼ ਆ ਗਿਆ ਸੀ। ਉਸਦੀ ਡਾਕਟਰ ਤੇ ਨਰਸਾਂ ਉਸਦਾ ਬਿਆਨ ਕੈਥੀ ਜੋਂਸ ਦੀ ਮੌਜ਼ੂਦਗੀ ਵਿਚ ਲੈ ਚੁੱਕੀਆਂ ਸਨ। ਕੈਥੀ ਨੂੰ ਜਦੋਂ ਭਾਵਨਾਤਮਕ ਸਹਾਰਾ ਦੇਣ ਲਈ ਛਿੰਦੋ ਤੇ ਮੌਲੀ ਕੋਲ ਦੁਬਾਰਾ ਜਾਣਾ ਪਿਆ ਤਾਂ ਉਹ ਆਤਮ-ਗਿਲਾਨੀ ਨਾਲ ਮਰ ਜਿਹੀ ਗਈ। ਨਿੱਕੀ-ਜਿਹੀ ਮੌਲੀ ਉਸਨੂੰ ਦੇਖਦਿਆਂ ਈ ਚੀਕ ਪਈ...:
“ਆਈ ਟੋਲਡ ਯੂ, ਮਾਈ ਮਦਰ ਗੌਟ ਹਰਟ ਬਾਈ ਐਕਸੀਡੈਂਟ। ਮਾਈ ਡੈਡ ਡਿਡ ਨਾਟ ਹਿਟ ਹਰ ਆਨ ਪਰਪਸ। ਸਟਿੱਲ ਯੂ ਟੁਕ ਹਿਮ ਅਵੇ ਐਂਡ ਯੂ ਕਿੱਲ ਹਿਮ। ਗੋ ਅਵੇ। ਹੋ ਅਵੇ।” (ਮੈਂ ਤੁਹਾਨੂੰ ਦੱਸਿਆ ਸੀ, ਮੇਰੀ ਮਾਂ ਹਾਦਸੇ ਕਾਰਨ ਜ਼ਖ਼ਮੀ ਹੋਈ ਏ। ਮੇਰੇ ਡੈਡ ਨੇ ਜਾਣਬੁੱਝ ਕੇ ਨਹੀਂ ਮਾਰਿਆ। ਫੇਰ ਵੀ ਤੁਸੀਂ ਉਹਨਾਂ ਨੂੰ ਫੜ੍ਹ ਕੇ ਲੈ ਗਏ ਤੇ ਮਾਰ ਦਿੱਤਾ। ਜਾਓ, ਚਲੇ ਜਾਓ।)
ਕੈਥੀ ਰੋ ਪਈ। ਉਸਨੇ ਮੌਲੀ ਨੂੰ ਗੋਦੀ ਚੁੱਕ ਲਿਆ ਤੇ ਪਿਆਰ ਕਰਦੀ ਹੋਈ ਬੋਲੀ...:
“ਡਾਰਲਿੰਗ ਆਈ ਟੋਲਡ ਦੈੱਮ ਵੈੱਨ ਆਈ ਵੈਂਟ ਬੈਕ ਟੂ ਦ ਸਟੇਸ਼ਨ, ਬਟ ਇਟ ਵਾਜ ਟੂ ਲੇਟ।” (ਬੇਟਾ ਮੈਂ ਉਹਨਾਂ ਨੂੰ ਦੱਸਿਆ ਸੀ ਜਦ ਮੈਂ ਵਾਪਸ ਥਾਨੇ ਗਈ ਸਾਂ। ਪਰ ਦੇਰ ਹੋ ਚੁੱਕੀ ਸੀ।)
 ਛਿੰਦੋ ਤੇ ਮਿਕੀ ਨੇ ਖ਼ੁਦ ਆਪਣੇ ਕੰਨਾਂ ਨਾਲ ਸੁਣਿਆ, ਯਾਨੀ ਜਦੋਂ ਤੀਕ ਕੈਥੀ ਪਹੁੰਚੀ, ਇਹ ਲੋਕ ਸੱਤੇ ਦੀ ਰੱਜਵੀਂ ਪਿਟਾਈ ਕਰ ਚੁੱਕੇ ਸਨ, ਜਿਸ ਨਾਲ ਉਸਦਾ ਪ੍ਰਾਣ-ਪੰਛੀ ਉੱਡ ਗਿਆ ਸੀ।
ਮੱਖਣ ਸਿੰਘ ਨੇ ਮਾਮਲਾ ਹਿਊਮਨ ਰਾਈਟ ਕਮੀਸ਼ਨ ਦੇ ਸਾਹਵੇਂ ਰੱਖਣ ਦੀ ਧਮਕੀ ਦਿੱਤੀ। ਮੌਲੀ ਦੀ ਸਕੂਲ ਟੀਚਰ ਨੂੰ ਜਦੋਂ ਇਸ ਸਭ ਦਾ ਪਤਾ ਲੱਗਿਆ ਤਾਂ ਉਸਨੇ ਵੀ ਬਣਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਤੇ ਖ਼ੁਦ ਬੱਚੀ ਤੇ ਉਸਦੇ ਮਾਂ-ਬਾਪ ਦੇ ਚੰਗੇ ਸੰਬੰਧਾਂ ਦੀ ਗਵਾਹੀ ਦੇਣ ਦਾ ਬੀੜਾ ਚੁੱਕਿਆ। ਉਧਰ ਜੈਗ ਦੀਆਂ ਨਰਸਾਂ ਨੇ ਮੁਸ਼ਕਿਲ ਨਾਲ ਉਸਨੂੰ ਸੰਭਾਲਿਆ ਹੋਇਆ ਸੀ। ਉਸਦੇ ਹੋਣ ਵਾਲੇ ਬੱਚੇ ਦੀ ਜਾਨ ਖਤਰੇ 'ਚ ਸੀ। ਦਰਅਸਲ ਉਸਨੂੰ ਦੱਸਿਆ ਈ ਨਹੀਂ ਸੀ ਗਿਆ। ਜਦੋਂ ਉਹ ਸੱਤੇ ਬਾਬਤ ਪੁੱਛਦੀ, ਉਸਨੂੰ ਕਹਿ ਦਿੱਤਾ ਜਾਂਦਾ, ਸੱਤਾ ਟੈਕਸੀ ਲੈ ਕੇ ਯੂਰਪ ਗਿਆ ਹੋਇਆ ਏ।
ਅੱਠ ਦਿਨ ਹੋ ਚੁੱਕੇ ਸਨ ਤੇ ਲਾਸ਼ ਦਾ ਪਤਾ ਨਹੀਂ ਸੀ। ਕੈਥੀ ਦੇ ਖ਼ਿਲਾਫ਼ ਕਈ ਆਵਾਜ਼ਾਂ ਉਠ ਰਹੀਆਂ ਸਨ। ਮੌਲੀ ਇਕ ਮਹੱਤਵਪੂਰਨ ਗਵਾਹ ਸੀ। ਉਹ ਵਾਰੀ-ਵਾਰੀ ਯਾਦ ਦਿਵਾਉਂਦੀ ਕਿ ਉਸਦੀ ਟੀਚਰ ਨੇ ਤਾਂ ਕਿਹਾ ਸੀ ਕਿ ਪੁਲਿਸ ਸਾਡੀ ਰੱਖਿਆ ਕਰਦੀ ਏ ਤੇ ਮਿੱਤਰ ਹੁੰਦੀ ਏ ਫੇਰ ਉਹ ਕਿਉਂ ਮਿੱਤਰਤਾ ਨਹੀਂ ਦਿਖਾਉਂਦੀ ਪਈ। ਕਿਉਂ ਉਸਨੇ ਸੱਚੋ-ਸੱਚ ਨਹੀਂ ਦੱਸਿਆ? ਕਿਉਂ ਉਹ ਮੌਲੀ ਦਾ ਵਿਸ਼ਵਾਸ ਨਹੀਂ ਕਰਦੀ ਪਈ?
ਕੈਥੀ ਜਾਣਦੀ ਸੀ ਕਿ ਪੁਲਿਸ ਕਰਮਚਾਰੀ ਪ੍ਰਭੂਤਾ-ਤੰਤਰ ਦੇ ਗ਼ੁਲਾਮ ਸਨ ਤੇ ਅਵਿਸ਼ਵਾਸ ਤੇ ਪੁਰਾਣੀ-ਪਾੜਤ ਅਨੁਸਾਰ ਸ਼ਰੀਰਕ ਤਸੀਹੇ ਦੇਣਾ ਉਹਨਾਂ ਦੇ ਹਥਿਆਰ ਸਨ, ਜਿਸ ਨਾਲ ਉਹ ਆਪਣੇ ਆਹਮ ਦੀ ਤ੍ਰਿਪਤੀ ਕਰਦੇ ਸਨ। ਇਹ ਨੌਜਵਾਨ ਅਫ਼ਸਰ ਮੁੰਡੇ ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਤੇ ਟੁੱਟੇ ਹੋਏ ਪਰਿਵਾਰਾਂ ਦੇ ਬੱਚੇ ਸਨ। ਇਕ ਅੰਸ਼ ਸਫ਼ਲਤਾ ਵੀ ਇਹਨਾਂ ਦੇ ਨਾਂ ਨਾਲ ਨਹੀਂ ਸੀ ਜੁੜੀ ਕਦੀ। ਆਪਣੇ ਆਪ ਨੂੰ ਵੱਡਾ ਸਿੱਧ ਕਰਨ ਖਾਤਰ ਉਹਨਾਂ ਨੂੰ ਨਸਲ-ਪ੍ਰਸਤੀ, ਰੰਗ-ਭੇਦ ਤੇ ਮਾਂਸਲ-ਸ਼ਕਤੀ ਦਾ ਸਹਾਰਾ ਲੈਣਾ ਪੈਂਦਾ ਸੀ। ਆਪਣੀ ਹੀਣਤਾ ਛਿਪਾਉਣ ਲਈ ਇਹ ਦੂਜਿਆਂ ਨੂੰ ਹੀਣ ਸਿੱਧ ਕਰਦੇ। ਸ਼ਿਕਾਰ ਮਿਲਦਿਆਂ ਈ ਬਿਨਾਂ ਅੱਗਾ-ਪਿੱਛਾ ਵੇਖਿਆਂ ਉਸ ਉੱਤੇ ਟੁੱਟ ਪੈਂਦੇ।
ਕੈਥੀ ਨੂੰ ਪਤਾ ਸੀ ਕਿ ਸੱਤੇ ਦੀ ਮੌਤ ਸਿਰ ਤੇ ਪੁੜਪੁੜੀ ਉੱਤੇ ਬੂਟਾਂ ਦੀਆਂ ਠੋਕਰਾਂ ਮਾਰਨ ਕਰਕੇ ਹੋਈ ਏ। ਉਸਦੀ ਪੱਗ ਲਾਹ ਕੇ ਦਰਿੰਦਿਆਂ ਨੇ ਉਸਨੂੰ ਧਰਤੀ 'ਤੇ ਮਧੋਲਿਆ ਸੀ ਤੇ ਮਾਰ ਈ ਮੁਕਾਇਆ ਸੀ।
ਕੈਥੀ, ਮੌਲੀ ਦਾ ਪਿਤਾ, ਛਿੰਦੋ ਦਾ ਪੁੱਤਰ ਤੇ ਜੈਗ ਦਾ ਪਤੀ ਤਾਂ ਵਾਪਸ ਨਹੀਂ ਸੀ ਲਿਆ ਸਕਦੀ ਪਰ ਏਨੇ ਵੱਡੇ ਜ਼ਖ਼ਮ 'ਤੇ ਮਲ੍ਹਮ ਜ਼ਰੂਰ ਲਾ ਸਕਦੀ ਸੀ। ਇਸ ਲਈ ਉਸਨੇ ਉਪਰਲੇ ਅਫ਼ਸਰਾਂ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਜੇ ਜ਼ਰੂਰਤ ਪਈ ਤਾਂ ਉਹ ਮੱਖਣ ਸਿੰਘ ਦਾ ਸਾਥ ਦਏਗੀ, ਭਾਵੇਂ ਉਸਨੂੰ ਅਸਤੀਫ਼ਾ ਈ ਕਿਉਂ ਨਾ ਦੇਣਾ ਪਏ। ਪੁਲਿਸ ਉਂਜ ਵੀ ਡਰੀ ਹੋਈ ਸੀ ਕਿ ਜੇ ਇਹ ਮਾਮਲਾ ਸਿੱਖ ਭਾਈਚਾਰੇ ਤੇ ਪ੍ਰੈਸ ਵਿਚ ਉਛਲ ਗਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਇਹ ਸੋਲਾਂ ਆਨੇ ਸਹੀ ਸੀ ਕਿ ਜੇ ਸਤਵੰਤ ਸਿੰਘ ਦੀ ਥਾਂ ਕੋਈ ਅੰਗਰੇਜ਼ ਹੁੰਦਾ ਤਾਂ ਉਸਨੂੰ ਫੜਿਆ ਈ ਨਹੀਂ ਸੀ ਜਾਣਾ; ਕੁੱਟਮਾਰ ਕਰਨੀ ਤਾਂ ਦੂਰ ਦੀ ਗੱਲ ਸੀ।
ਇਸ ਪਿੱਛੋਂ ਮੁਹੱਲੇ ਵਾਲਿਆਂ ਨੇ ਦੇਖਿਆ, ਰੋਜ਼ ਇਕ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਦਸਤਾ ਛਿੰਦੋ ਕੇ ਘਰ ਆਉਂਦਾ। ਘੰਟਿਆਂ ਬੱਧੀ ਮਸ਼ਵਰਾ ਹੁੰਦਾ, ਫੇਰ ਚਲਾ ਜਾਂਦਾ। ਕੈਥੀ ਵੀ ਰੋਜ਼ ਉਹਨਾਂ ਨੂੰ ਭਾਵਨਾਤਮਕ ਸੁਰੱਖਿਆ ਤੇ ਹੌਸਲਾ ਦੇਣ ਆਉਂਦੀ। ਮੌਲੀ ਨੂੰ ਉਸਨੇ ਆਪਣੇ ਕੋਲੋਂ ਅਣਗਿਣਤ ਤੋਹਫ਼ੇ ਦਿੱਤੇ। ਅਸਲ ਵਿਚ ਜਿਹੜਾ ਵੀ ਸੁਣਦਾ ਮੌਲੀ ਨੂੰ ਤੋਹਫ਼ਾ ਭੇਜਦਾ। ਛਿੰਦੋ ਦੀ ਰੋਣ ਦੀ ਸ਼ਕਤੀ ਮੁੱਕ ਚੁੱਕੀ ਸੀ। ਉਸਦੀ ਥਾਂ ਘੋਰ ਨਿਰਾਸ਼ਾ ਨੇ ਲੈ ਲਈ ਸੀ। ਅਫ਼ਸਰ ਆਉਂਦੇ, ਉਹ ਦਰਵਾਜ਼ਾ ਖੋਲ੍ਹ ਕੇ ਇਕ ਪਾਸੇ ਜਾ ਬੈਠਦੀ। ਉਹਨਾਂ ਦੀਆਂ ਦਲੀਲਾਂ ਉਸਦੇ ਕੰਨਾਂ ਨਾਲ ਟਕਰਾ ਕੇ ਕੰਧਾਂ ਵਿਚ ਸਮਾਅ ਜਾਂਦੀਆਂ। ਮੱਖਣ ਸਿੰਘ ਉਸ ਵੱਲੋਂ ਆਖਦਾ-ਸੁਣਦਾ ਰਹਿੰਦਾ। ਉਹਨਾਂ ਦੇ ਜਾਣ ਪਿੱਛੋਂ ਪੀਟਰ ਤੇ ਹੈਲੇਨ ਨਾਲ ਸਲਾਹ-ਮਸ਼ਵਰਾ ਕਰਦਾ।
ਆਖ਼ਰਕਾਰ ਗਰੀਬਨੀ ਵਿਕ ਗਈ!
ਪੀਟਰ, ਹੈਲਨ, ਕੈਥੀ ਆਦਿ ਸਾਰਿਆਂ ਨੇ ਰਲ ਕੇ ਮੱਖਣ ਸਿੰਘ 'ਤੇ ਦਬਾਅ ਪਾਇਆ ਕਿ ਉਹ ਪਲਿਸ ਦੇ ਸੁਝਾਅ ਨੂੰ ਮੰਨ ਕੇ ਛਿੰਦੋ ਤੇ ਜੈਗ ਨੂੰ ਰਾਜ਼ੀ ਕਰ ਲਏ। ਮੱਖਣ ਸਿੰਘ ਨੇ ਵੀ ਵਾਪਸ ਬੋਸਟਨ ਚਲੇ ਜਾਣਾ ਸੀ। ਛਿੰਦੋ ਵਿਚਾਰੀ ਕਿੰਜ ਕੋਰਟ-ਕਚਹਿਰੀਆਂ ਭੁਗਤਦੀ! ਜੈਗ ਦਾ ਆਉਣ ਵਾਲਾ ਬੱਚਾ ਉਹਨਾਂ ਦੇ ਜੀਵਨ ਦੀ ਆਸ ਤੇ ਸੱਤੇ ਦਾ ਅੰਸ਼ ਸੀ।
ਛਿੰਦੋ ਨੇ ਛਾਤੀ 'ਤੇ ਪੱਥਰ ਰੱਖ ਲਿਆ। ਅਗਲੀ ਸਵੇਰ ਸੱਤੇ ਦੀ ਮੌਤ ਦੇ ਬਾਰ੍ਹਵੇਂ ਦਿਨ ਛਿੰਦੋ ਸਵੇਰੇ-ਸਵੇਰੇ ਮੌਲੀ ਨੂੰ ਸਕੂਲ ਭੇਜਣ ਪਿੱਛੋਂ ਜੈਗ ਕੋਲ ਹਸਪਤਾਲ ਜਾ ਪਹੁੰਚੀ। ਜੈਗ ਪੂਰੀ ਤਰ੍ਹਾਂ ਹੋਸ਼ ਵਿਚ ਸੀ ਤੇ ਰੋਜ਼ ਘਰ ਜਾਣ ਦੀ ਉਡੀਕ ਕਰਦੀ ਸੀ। ਸੱਸ ਨੂੰ ਦੇਖ ਕੇ ਰੋਸੇ ਭਰੀ ਆਵਾਜ਼ 'ਚ ਬੋਲੀ, “ਮੰਮੀ ਜੀ ਤੁਸੀਂ ਇਹ ਕੀ ਹਾਲ ਬਣਾ ਰੱਖਿਆ ਏ? ਸੱਤਾ ਕਿੱਥੇ ਈ? ਮੈਂ ਸੋਚਦੀ ਆਂ, ਆਪਣੀ ਕਰਨੀ 'ਤੇ ਸ਼ਰਮਿੰਦਾ ਹੋ ਰਿਹਾ ਹੋਏਗਾ, ਇਸੇ ਲਈ ਮਿਲਣ ਨਹੀਂ ਆਇਆ। ਉਸਨੂੰ ਕਹਿ ਦੇਣਾ ਕਿ ਮੈਨੂੰ ਕੋਈ ਗਿਲਾ ਨਹੀਂ। ਐਕਸੀਡੈਂਟ ਹੋਇਆ, ਸੋ ਹੋ ਗਿਆ। ਹੋਰ ਕੀ। ਕੋਈ ਗੱਲ ਨਹੀਂ ਵਧਾਉਣੀ। ਹੁਣ ਤਾਂ ਮੈਂ ਠੀਕ ਆਂ। ਆਵੇ ਤੇ ਸਾਈਨ ਕਰਕੇ ਮੈਨੂੰ ਘਰ ਲੈ ਜਾਵੇ।”
ਛਿੰਦੋ ਸ਼ਾਂਤ ਉਸਦੇ ਐਨ ਸਾਹਮਣੇ ਬੈਠ ਗਈ। ਫੇਰ ਉਸਦੇ ਮੋਢਿਆਂ 'ਤੇ ਦੋਵੇਂ ਹੱਥ ਰੱਖ ਕੇ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦ੍ਰਿੜ ਆਵਾਜ਼ ਵਿਚ ਬੋਲੀ, “ਜੱਗੋ ਸਾਈਨ ਮੈਂ ਕਰਾਂਗੀ। ਪਹਿਲੋਂ ਤੂੰ ਮੇਰੇ ਨਾਲ ਇਹ ਵਾਅਦਾ ਕਰ, ਜੋ ਮੈਂ ਤੈਨੂੰ ਦੱਸਣ ਲੱਗੀ ਆਂ, ਓਹ ਸੁਣਕੇ ਤੂੰ ਰੋਏਂਗੀ ਨਹੀਂ। ਤੈਨੂੰ ਬਾਬੇ ਦੀ ਸਹੁੰ।”
ਫੇਰ ਉਸਨੇ ਜੈਗ ਦਾ ਹੱਥ ਫੜ ਕੇ ਆਪਣੇ ਹੱਥਾਂ ਵਿਚ ਘੁੱਟ ਲਿਆ, “ਜੱਗੋ ਵਾਅਦ ਕਰ ਤੂੰ, ਮੈਂ ਜੋ ਮੰਗਾਂ ਦਏਂਗੀ। ਹੋਰ ਕੋਈ ਨਹੀਂ ਦੇ ਸਕਦਾ, ਖ਼ੁਦ ਭਗਵਾਨ ਵੀ ਨਹੀਂ। ਬੋਲ ਦਏਂਗੀ?”
ਜੈਗ ਹੈਰਾਨ-ਜਿਹੀ ਬੈਠੀ ਸੱਸ ਵੱਲ ਤੱਕਦੀ ਰਹੀ। ਉਸਦੇ ਚੇਤਿਆਂ ਵਿਚ ਦੂਰ-ਦੂਰ ਤੀਕ ਕੋਈ  ਦੁੱਖਾਂਤ ਨਹੀਂ ਸੀ ਫੇਰ ਇਹ ਸਭ ਕਿਉਂ ਕਹਿ ਰਹੇ ਨੇ ਮੰਮੀ ਜੀ?
“ਮੈਂ ਕੀ ਦਿਆਂ ਮੰਮੀ ਜੀ?”
“ਮੇਰਾ ਸੱਤਾ।”
“ਕੀ? ਮੈਂ ਉਸਨੂੰ ਛੱਡ ਦਿਆਂ?”
“ਨਾ ਬੱਲੀ ਨਾ। ਰੱਬ ਰੱਖੇ ਤੈਨੂੰ! ਸੱਤਾ ਬਸ ਹੁਣ ਏਥੇ ਐ।” ਕਹਿੰਦੀ-ਕਹਿੰਦੀ ਛਿੰਦੋ ਨੇ ਆਪਣੀ ਹਥੇਲੀ ਜੈਗ ਦੇ ਗਰਭ 'ਤੇ ਟਿਕਾਅ ਦਿੱਤੀ। ਉਸਦੀ ਆਵਾਜ਼ ਕੰਬ ਰਹੀ ਸੀ, ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ।
ਜੈਗ ਨੇ ਦੋਵਾਂ ਹੱਥਾਂ ਨਾਲ ਉਸਨੂੰ ਝੰਜੋੜਿਆ।
“ਕੀ ਗੱਲ ਏ, ਦੱਸੋ ਵੀ?”
“ਸੱਤਾ ਨਹੀਂ ਰਿਹਾ ਦੁਨੀਆਂ 'ਚ। ਬਸ ਓਹਦੀ ਨਿਸ਼ਾਨੀ ਤੇਰੇ ਕੋਲ ਏ। ਓਹਨੂੰ ਸੰਭਾਲ ਪੁੱਤਰ। ਪੱਥਰ ਹੋ ਜਾ ਮੇਰੇ ਵਾਂਗ ਪਰ ਰੋਈਂ ਨਾ।”
ਜੈਗ ਪੱਥਰ ਹੋ ਗਈ। ਸਾਰੀ ਕਹਾਣੀ ਤਾਂ ਉਸਨੂੰ ਹੌਲੀ-ਹੌਲੀ ਪਤਾ ਲੱਗੀ। ਰੋਣ ਲਈ ਸਾਰੀ ਉਮਰ ਪਈ ਸੀ। ਜੇ ਛਿੰਦੋ ਨੇ ਇਕਲੌਤਾ ਪੁੱਤਰ ਗੰਵਾਅ ਕੇ ਏਨੀ ਹਿੰਮਤ ਕਰ ਲਈ ਸੀ ਤਾਂ ਉਸਨੇ ਵੀ ਤਾਂ ਇਕਲੌਤੇ ਪੁੱਤਰ ਦੀ ਰੱਖਿਆ ਕਰਨੀ ਸੀ।
ਦੋ ਹਫ਼ਤੇ ਹੋ ਚੁੱਕੇ ਸਨ ਸਤਵੰਤ ਸਿੰਘ ਨੂੰ ਮਰਿਆਂ।
ਸਤਵੰਤ ਸਿੰਘ ਦੀ ਅਰਥੀ ਪੁਲਿਸ ਬੈਂਡ ਨਾਲ ਗੁਰਦੁਆਰੇ ਲਿਆਂਦੀ ਗਈ। ਪੂਰੀ ਹਾਈ ਸਟ੍ਰੀਟ 'ਚ ਇਕ ਘੰਟੇ ਲਈ ਟਰੈਫ਼ਿਕ ਜਾਮ ਹੋ ਗਿਆ, ਜਿਸ ਦਾ ਸੰਚਾਲਨ ਟਰੈਫ਼ਿਕ ਪੁਲਿਸ ਨੇ ਕੀਤਾ। ਲਗਭਗ ਸੌ ਵਰਦੀਧਾਰੀ ਪੁਲਿਸ ਕਰਮਚਾਰੀ ਅਰਥੀ ਨੂੰ ਘੇਰ ਕੇ ਚੱਲ ਰਹੇ ਸਨ। ਅਰਥੀ ਨੂੰ ਪੁਲਿਸ ਦੀ ਵਿਸ਼ੇਸ਼ ਕਾਲੇ ਘੋੜਿਆਂ ਵਾਲੀ ਬੱਘੀ ਵਿਚ ਰੱਖਿਆ ਗਿਆ ਸੀ। ਉਸਦੇ ਪਿੱਛੇ ਕਾਲੀ ਰੋਲਸ ਰਾਏਸ ਗੱਡੀ ਵਿਚ ਛਿੰਦੋ, ਜੈਗ, ਮੌਲੀ ਤੇ ਮੱਖਣ ਸਿੰਘ ਬੈਠੇ ਸਨ। ਚਾਰ ਹੋਰ ਕਾਲੀਆਂ ਗੱਡੀਆਂ ਨਾਲ ਸਨ, ਜਿਹਨਾਂ ਵਿਚ ਪੁਲਿਸ ਅਫ਼ਸਰ ਬੈਠੇ ਸਨ।
ਸਿੱਖ ਸਮਾਜ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ। ਲਗਭਗ ਇਕ ਹਜ਼ਾਰ ਬੰਦੇ ਸਫੇਦ ਪੱਗਾਂ ਵਿਚ ਅਰਥੀ ਦੇ ਨਾਲ ਤੁਰੇ ਸਨ। ਗੁਰਦੁਆਰੇ ਦਾ ਗ੍ਰੰਥੀ ਉਸਦੇ ਅੱਗੇ ਸੀ। ਅਰਥੀ ਚੁੱਕਣ ਵਾਲੇ ਜਵਾਨ ਵੀ ਪੁਲਿਸ ਵਰਦੀ ਵਿਚ ਸਨ। ਸਾਰੇ ਅੱਗੇ-ਅੱਗੇ ਤੇ ਪਿੱਛੇ ਪੁਲਿਸ ਦਾ ਝੰਡਾ ਚੁੱਕੀ ਇਕ ਘੋੜ ਸਵਾਰ।
ਜਦੋ ਤੀਕ ਪੂਰਾ ਸੰਸਕਾਰ ਨਹੀਂ ਹੋ ਗਿਆ, ਪੁਲਿਸ ਅਫ਼ਸਰ ਸ਼ਾਂਤ ਬੈਠੇ ਰਹੇ। ਕੈਥੀ ਸੋਗੀ ਕਾਲੀ ਡਰੈੱਸ ਤੇ ਲੈਸਵਾਲੀ ਕਾਲੀ ਹੈਟ ਵਿਚ ਨਾਲ  ਆਈ ਸੀ। ਉਸਦੀਆਂ ਅੱਖਾਂ ਪਰਲ-ਪਰਲ ਵਗ ਰਹੀਆਂ ਸਨ।
ਜਦੋਂ ਦਾਹਮਸ਼ੀਨ ਦਾ ਬਟਨ ਨੱਪਿਆ ਗਿਆ ਤਾਂ ਸਤਵੰਤ ਸਿੰਘ ਦੇ ਸਨਮਾਨ ਵਿਚ ਰਾਈਫਲਾਂ ਦਾਗ਼ ਕੇ ਅੰਤਿਮ ਸਲਾਮੀ ਦਿੱਤੀ ਗਈ।
ਚੌਥੇ ਵਾਲੇ ਦਿਨ ਪਾਠ ਦੇ ਪਿੱਛੋਂ ਕਿਸੇ ਮਿਲਣ ਵਾਲੀ ਨੇ ਪੁੱਛਿਆ...:
“ਨੀਂ ਛਿੰਦੋ ਤੂੰ ਏਨ੍ਹਾਂ ਮਰ ਜਾਣਿਆਂ 'ਤੇ ਮੁਕੱਦਮਾਂ ਕਿਉਂ ਨਹੀਂ ਕੀਤਾ?”
ਛਿੰਦੋ ਨੇ ਦੂਰ ਆਸਮਾਨ ਵੱਲ ਤੱਕਦਿਆਂ ਹੋਇਆਂ ਕਿਹਾ, “ਨੀਂ ਸੱਤੇ ਦੀ ਚਿੱਟੀ ਚਾਦਰ ਨੂੰ ਦਾਗ਼ ਕਿਸ ਤਰ੍ਹਾਂ ਲਾ ਦੇਂਦੀ? ਆਪਣੀ ਮੌਤ ਮਰਿਆ—ਉਸਦੀ ਆਈ ਸੀ। ਜੋ ਵਾਹਿਗੁਰੂ ਜੀ ਦੀ ਮਰਜ਼ੀ।”
ਦੋ ਮਹੀਨੇ ਬਾਅਦ ਛਿੰਦੋ ਦੇ ਪੋਤਾ ਹੋਇਆ। ਛਿੰਦੋ ਨੇ ਨਾਮ-ਅੱਖਰ ਕਢਵਾਇਆ ਤਾਂ 'ਸੱਸਾ' ਈ ਨਿਕਲਿਆ। ਛਿੰਦੋ ਨੇ ਉਸਦਾ ਨਾਂ ਸਤਨਾਮ ਸਿੰਘ ਰੱਖਿਆ।
ਜੈਗ ਨੇ ਟੈਕਸੀ ਕੰਪਨੀ ਖੋਲ੍ਹ ਲਈ। ਅੱਜ ਦੀ ਤਾਰੀਖ਼ ਵਿਚ ਉਸਦੀ ਫਲੀਟ 'ਚ ਲੀਮੂਸੀਨ, ਰੋਲਸ ਰਾਏਸ, ਟੂਰ ਕੋਚ ਵਗ਼ੈਰਾ ਸਭ ਨੇ। ਮਰਨਾ ਹੋਏ, ਸ਼ਾਦੀ ਹੋਏ, ਕੋਚ ਟ੍ਰਿਪ ਹੋਏ, 'ਸੱਤਾ ਐਂਡ ਸੱਤਾ ਟੈਕਸੀਜ' ਹਾਜ਼ਰ ਏ। ਜੈਗ ਦਾ ਸਭ ਤੋਂ ਚੰਗਾ ਗਾਹਕ ਏ ਸਥਾਨਿਕ ਪੁਲਿਸ ਵਿਭਾਗ।

*** *** ***

   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
   ਮੋਬਾਇਲ ਨੰ : 94177-30600.

Monday, February 21, 2011

ਮੇਰਾ ਅਪਰਾਧ ਕੀ ਸੀ...:: ਉਸ਼ਾ ਰਾਜੇ ਸਕਸੇਨਾ




ਪ੍ਰਵਾਸੀ ਹਿੰਦੀ ਕਹਾਣੀ :
ਮੇਰਾ ਅਪਰਾਧ ਕੀ ਸੀ...
ਲੇਖਕਾ : ਉਸ਼ਾ ਰਾਜੇ ਸਕਸੇਨਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਓਹਨੀਂ ਦਿਨੀ ਮੇਰੇ ਪਿਤਾ ਪੋਰਟਸਮਥ 'ਚ ਇਕ ਜਹਾਜ਼ੀ ਬੇੜੇ 'ਤੇ ਕੰਮ ਕਰਦੇ ਸਨ। ਉਹਨਾਂ ਦੀ ਗ਼ੈਰ-ਮੌਜ਼ੂਦਗੀ 'ਚ ਆਪਣੇ ਇਕੱਲੇਪਨ ਨੂੰ ਨਾ ਸਹਿ ਸਕਣ ਕਰਕੇ ਮੇਰੀ ਅਲ੍ਹੱੜ ਉਮਰ ਦੀ ਮਾਂ ਨੂੰ ਪੀਣ ਦੀ ਲਤ ਪੈ ਗਈ।
ਪਿਤਾ ਤਿੰਨ ਮਹੀਨੇ ਬਾਅਦ ਘਰ ਆਉਂਦੇ। ਜਦੋਂ ਉਹ ਘਰ ਹੁੰਦੇ ਤਾਂ ਉਹ ਮੇਰੀ ਮਮੀ ਤੋਂ ਇਕ ਪਲ ਦੀ ਜੁਦਾਈ ਵੀ ਨਾ ਸਹਿ ਸਕਦੇ। ਉਹਨਾਂ ਨਾਲ ਮਮੀ ਜਾਂ ਬੈੱਡ-ਰੂਮ ਵਿਚ ਹੁੰਦੀ ਜਾਂ ਪੱਬ ਵਿਚ। ਮਮੀ ਦੀ ਹਦਾਇਤ ਸੀ ਕਿ ਜਦੋਂ ਤੀਕ ਡੈਡੀ ਘਰ ਹੋਣ ਅਸੀਂ ਬੱਚੇ ਘੱਟ ਤੋਂ ਘੱਟ ਸਮਾਂ ਉਹਨਾਂ ਕੋਲ ਰਹੀਏ। ਮੈਨੂੰ ਤਾਂ ਉਹਨਾਂ ਦੇ ਸਾਹਮਣੇ ਜਾਣ ਦੀ ਵੀ ਸਖ਼ਤ ਮਨਾਹੀ ਸੀ। ਮੈਂ ਆਪਣਾ ਬਿਸਤਰਾ ਓਹਨੀਂ ਦਿਨੀ ਏਟਿਕ (ਪਰਛੱਤੀ) ਵਿਚ ਲਾ ਲੈਂਦੀ। ਸਕੂਲੋਂ ਆਉਂਦੀ ਹੀ ਰਸੋਈ ਦੇ ਵਰਕ-ਟਾਪ 'ਤੇ ਰੱਖੇ ਸੈਂਡਵਿਚ ਦਾ ਪੈਕੇਟ ਤੇ ਪਾਣੀ ਵਾਲੀ ਬੋਤਲ ਚੁੱਕ ਕੇ ਚੂਹੇ ਵਾਂਗ ਚੁੱਪਚਾਪ, ਲਟਕਵੀਂ-ਪੌੜੀ ਚੜ੍ਹ ਕੇ, ਪਰਛੱਤੀ ਵਿਚ ਜਾ ਪਹੁੰਚਦੀ ਤੇ ਟ੍ਰੈਪ-ਡੋਰ ਬੰਦ ਕਰ ਲੈਂਦੀ। ਪਰਛੱਤੀ ਵਿਚ ਰਹਿਣਾ ਮੈਨੂੰ ਕਤਈ ਬੁਰਾ ਨਹੀਂ ਸੀ ਲੱਗਦਾ—ਉਹ ਮੇਰੇ ਇਕੱਲੇਪਨ ਨੂੰ ਰਾਸ ਆ ਜਾਂਦਾ। ਓਹਨੀਂ ਦਿਨੀ ਮੈਂ ਉੱਥੇ ਆਪਣੀ ਇਕ ਵੱਖਰੀ ਦੁਨੀਆਂ ਵਸਾ ਲੈਂਦੀ।
ਏਟਿਕ ਵਿਚ ਦੁਨੀਆਂ ਭਰ ਦੇ ਅਜੂਬੇ ਤੇ ਗ਼ੈਰ-ਜ਼ਰੂਰੀ ਸਾਮਾਨ ਤੂੜਿਆ ਹੋਇਆ ਸੀ। ਇਸ ਸਾਮਾਨ ਨਾਲ ਖੇਡਣਾ, ਤੇ ਉਸਨੂੰ ਇਧਰ-ਉਧਰ ਸਜ਼ਾ-ਸੰਵਾਰ ਕੇ ਰੱਖਣਾ ਮੈਨੂੰ ਚੰਗਾ ਲੱਗਦਾ ਸੀ। ਅਕਸਰ ਮੈਂ ਉੱਥੇ ਰੱਖੇ ਲਾਲ ਰੰਗ ਦੇ ਬੀਨ-ਬੈਗ ਉੱਤੇ ਬੈਠ ਕੇ ਖਿੜਕੀ ਵਿਚੋਂ ਸੜਕ 'ਤੇ ਆਉਂਦੇ-ਜਾਂਦੇ ਵਾਹਣਾ ਜਾਂ ਗੁਆਂਢੀਆਂ ਦੇ ਪਿੱਛਲੇ ਪਾਸੇ ਵਾਲੇ ਬਾਗ਼ ਵਿਚਲੇ ਰੁੱਖ-ਬੂਟਿਆਂ, ਕਾਟੋਆਂ ਤੇ ਕੁੱਤੇ-ਬਿੱਲੀਆਂ ਨੂੰ ਇਧਰ-ਉਧਰ ਨੱਸਦੇ-ਭੱਜਦੇ, ਚਿੜੀਆਂ ਤੇ ਖ਼ਰਗੋਸ਼ਾਂ ਦਾ ਪਿੱਛਾ ਕਰਦੇ ਦੇਖਦੀ ਜਾਂ ਫੇਰ ਪੁਰਾਣੇ ਜ਼ਮਾਨੇ ਦੇ ਬਣੇ ਗੁਦਗੁਦੇ 'ਸੇਸ਼ਲਾਗ' ਉੱਤੇ ਸਲੀਪਿੰਗ ਬੈਗ ਵਿਛਾ ਕੇ ਉਸ ਵਿਚ ਘੁਸੜ ਕੇ ਸੌਂ ਜਾਂਦੀ।
ਸਵੇਰੇ ਤਿੰਨ ਸਾਲ ਦੇ ਛੋਟੇ ਰਾੱਨੀ ਨੂੰ ਸੁੱਤਾ ਛੱਡ ਕੇ ਅਸੀਂ ਤਿੰਨੇ ਭਰਾ-ਭੈਣ ਮਮੀ-ਡੈਡੀ ਦੇ ਉਠਣ ਤੋਂ ਪਹਿਲਾਂ ਦੁੱਧ ਨਾਲ ਕਾਰਨ-ਫਲੇਕਸ ਜਾਂ ਵੀਟਾਬਿਕਸ ਵਰਗੀ ਕੋਈ ਚੀਜ਼ ਖਾ ਕੇ, ਸਕੂਲ ਨੱਸ ਲੈਂਦੇ। ਸਕੂਲੇ ਦੁਪਹਿਰ ਦਾ ਗਰਮਾ-ਗਰਮ ਖਾਣਾ ਸਾਨੂੰ ਮੁਫ਼ਤ ਵਿਚ ਮਿਲਦਾ, ਕਿਉਂਕਿ ਅਸੀਂ ਲੋਕ ਘੱਟ ਆਮਦਨੀ ਵਾਲੇ ਪਰਿਵਾਰ 'ਚੋਂ ਜੋ ਸਾਂ। ਜੇ ਕਦੀ ਮੈਂ ਗਲਤੀ ਨਾਲ ਡੈਡੀ ਦੇ ਸਾਹਮਣੇ ਆ ਜਾਂਦੀ ਤਾਂ ਉਹ ਬਿਨਾਂ ਮੇਰਾ ਕੰਨ ਪੁੱਟਿਆਂ ਜਾਂ ਚੱਪਲ ਨਾਲ ਕੁੱਟਿਆਂ ਨਹੀਂ ਸੀ ਛੱਡਦੇ। ਪਤਾ ਨਹੀਂ ਕਿਉਂ ਉਹਨਾਂ ਨੂੰ ਮੈਥੋਂ ਬੇਹੱਦ ਚਿੜ ਸੀ? ਮੈਨੂੰ ਸਤਾਉਣ ਲਈ ਉਹ ਮੇਰੇ ਸਾਹਮਣੇ ਫ਼ਿਯੋਨਾ, ਸ਼ਰਲੀਨ ਤੇ ਰਾੱਨੀ ਨੂੰ ਚਾਕਲੇਟ ਤੇ ਲਾਲੀ ਦੇਂਦੇ, ਉਹਨਾਂ ਨੂੰ ਗੋਦ ਵਿਚ ਬਿਠਾਅ ਲੈਂਦੇ ਤੇ ਮੈਨੂੰ ਠੁੱਡ ਮਾਰਦੇ ਹੋਏ ਚਪੇੜ ਜੜ ਦੇਂਦੇ, ਜਾਂ ਪੈਰਾਂ ਹੇਠ ਮਸਲ ਕੇ ਲਾਲੀ ਜਾਂ ਚਾਕਲੇਟ ਮੇਰੇ ਸਾਹਵੇਂ ਸੁੱਟ ਦੇਂਦੇ। ਮੇਰੇ ਭਰਾ-ਭੈਣ ਮੈਨੂੰ ਮਾਰ ਪੈਂਦੀ ਦੇਖ ਕੇ ਸਹਿਮ ਜਾਂਦੇ ਤੇ ਕੋਈ ਮੇਰੀ ਮਦਦ ਲਈ ਨਾ ਆਉਂਦਾ। ਫਿਟਕਾਰ ਦਿੱਤੇ ਜਾਣ 'ਤੇ ਮੈਂ ਹਮੇਸ਼ਾ ਚੁੱਪ ਰਹਿੰਦੀ ਤੇ ਹੈਰਾਨ-ਪ੍ਰੇਸ਼ਾਨ ਜਿਹੀ ਹੋਈ ਇਹੋ ਸੋਚਦੀ ਕਿ ਮੇਰਾ ਅਪਰਾਧ ਕੀ ਹੈ? ਕਿਉਂ ਡੈਡੀ ਏਨੀ ਬੇਦਰਦੀ ਨਾਲ ਮੇਰੇ ਨਾਲ ਪੇਸ਼ ਆਉਂਦੇ ਨੇ? ਮੇਰਾ ਜ਼ਖ਼ਮੀ ਹੋਇਆ ਬਾਲ-ਮਨ ਅੰਦਰੇ-ਅੰਦਰ ਵਿਲਕਦਾ ਰਹਿੰਦਾ।
ਮਮੀ ਨੂੰ ਘਰ-ਗ੍ਰਹਿਸਤੀ ਵਿਚ ਕੋਈ ਰੁਚੀ ਨਹੀਂ ਸੀ। ਸਾਡੇ ਘਰ ਹਮੇਸ਼ਾ ਖਿਲਾਰ ਪਿਆ ਹੁੰਦਾ। ਅਕਸਰ ਸਾਡੀ ਬੁੱਢੀ ਹੁੰਦੀ ਜਾ ਰਹੀ ਨਾਨਾ (ਨਾਨੀ) ਬੁੜਬੁੜ ਕਰਦੀ ਹੋਈ ਆਉਂਦੀ। ਘਰ ਨੂੰ ਪੂੰਝ-ਬੁਹਾਰ ਕੇ ਠੀਕ-ਠਾਕ ਕਰਦੀ ਤੇ ਸਾਨੂੰ ਬੱਚਿਆਂ ਨੂੰ ਨੁਹਾਉਂਦੀ-ਧੁਵਾਉਂਦੀ।...ਤੇ ਬਚੇ-ਖੁਚੇ ਡਬਲਰੋਟੀ ਦੇ ਟੁਕੜੇ ਦੁੱਧ ਵਿਚ ਪਾ ਕੇ ਸਵਾਦੀ ਬਰੈੱਡ-ਪੁੜਿੰਗ ਜਾਂ ਹਾਟ-ਪਾਟ (ਦਾਲਾਂ ਤੇ ਸਬਜ਼ੀਆਂ ਦੀ, ਮੱਠੀ ਅੱਗ ਉੱਤੇ ਬਣੀ, ਬੜੀ ਪਤਲੀ-ਪਤਲੀ ਖਿਚੜੀ) ਖੁਆਉਂਦੀ। ਮਮਾ ਨਾਨਾ ਦੀ ਇਕਲੌਤੀ ਸੰਤਾਨ ਸੀ। ਨਾਨਾ, ਮਮਾ ਦੀਆਂ ਲਾਪ੍ਰਵਾਹੀਆਂ ਨੂੰ ਨਜ਼ਰ-ਅੰਦਾਜ਼ ਕਰਦੀ ਹੋਈ, ਅਕਸਰ ਮੈਨੂੰ ਹੀ ਉਸਦੀਆਂ ਮੁਸੀਬਤਾਂ ਦੀ ਜੜ ਕਹਿ ਕੇ ਅਪਰਾਧ-ਬੋਧ ਨਾਲ ਭਰ ਦੇਂਦੀ। ਭਾਵੇਂ ਇਸ ਦੇ ਬਾਵਜੂਦ ਉਹ ਆਪਣਾ ਪਿਆਰ ਸਾਡੇ ਸਾਰਿਆਂ ਵਿਚ ਸਮਾਨ-ਰੂਪ ਵਿਚ ਵੰਡਦੀ। ਨਾਨਾ ਦੇ ਇਸ ਕਥਨ ਦਾ ਅਰਥ ਬੜੀ ਦੇਰ ਬਾਅਦ ਮੇਰੀ ਸਮਝ 'ਚ ਆਇਆ।
ਡੈਡੀ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਖਾਣ-ਪੀਣ ਦਾ ਸਾਮਾਨ ਲਾਰਡਰ ਵਿਚ ਰੱਖਣ ਦੇ ਨਾਲ, ਮਮੀ ਦੇ ਸਾਰੇ ਕਰਜੇ ਵੀ ਲਾਹ ਜਾਂਦੇ। ਮਮੀ ਸੁਭਾਅ ਦੀ ਅਲੱੜ੍ਹ ਤੇ ਲਾਪ੍ਰਵਾਹ ਸੀ। ਡੈਡੀ ਦੀ ਗ਼ੈਰ-ਮੌਜ਼ੁਦਗੀ ਵਿਚ ਉਹ ਸਾਨੂੰ ਅਕਸਰ ਘਰ 'ਚ ਇਕੱਲੇ ਛੱਡ ਕੇ ਦੋਸਤਾਂ ਨਾਲ ਪੱਬ ਚਲੀ ਜਾਂਦੀ ਸੀ ਤੇ ਕਦੀ-ਕਦੀ ਰਾਤ ਨੂੰ ਵੀ ਘਰ ਨਹੀਂ ਸੀ ਆਉਂਦੀ ਹੁੰਦੀ। ਸਾਡਾ ਘਰ ਸ਼ੰਕਿਆਂ ਵਿਚ ਘਿਰਿਆ ਹੋਇਆ ਸੀ। ਆਂਢ-ਗੁਆਂਢ ਦੇ ਲੋਕ ਸਾਡੇ ਘਰ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਮੈਂ ਬਚਪਨ ਤੋਂ ਹੀ 'ਦੁੱਰ-ਦੁੱਰ' ਦੀ ਆਦੀ ਹੋ ਚੱਲੀ ਸਾਂ। ਸਰਕਾਰੀ ਸੋਸ਼ਲ ਵਰਕਰ ਸਾਡੇ ਘਰ ਦੇ ਚੱਕਰ ਵਾਰ-ਵਾਰ ਲਾਉਂਦੇ ਰਹੇ। ਸਾਨੂੰ ਚੁੱਪ ਤੇ ਸੋਸ਼ਲ ਕਸਟਡੀ ਵਿਚ ਰਹਿਣ ਦੀ ਆਦਤ ਜਿਹੀ ਪੈ ਚੁੱਕੀ ਸੀ। ਅਕਸਰ ਮਮੀ ਲੜ-ਝਗੜ ਤੇ ਰੋ-ਧੋ ਕੇ ਕਸਮਾਂ ਖਾਂਦੀ ਸਾਨੂੰ ਵਾਪਸ ਘਰ ਲੈ ਆਉਂਦੀ ਸੀ। ਉਸ ਸਮੇਂ ਤਕ ਮੈਨੂੰ ਨਹੀਂ ਸੀ ਪਤਾ ਕਿ ਮਮੀ ਸਾਨੂੰ ਚਿਲਡਰਨ-ਅਲਾਉਂਸ ਲਈ ਘਰ ਲਿਆਉਂਦੀ ਹੁੰਦੀ ਸੀ। ਅਸੀਂ ਬੱਚੇ ਮਮੀ ਲਈ ਸ਼ਤਰੰਜ ਦੇ ਮੋਹਰੇ ਸਾਂ।
ਪਹਿਲਾਂ ਨਾਨਾ ਸਾਡੇ ਘਰ ਦੇ ਨਾਲ ਵਾਲੇ ਘਰ ਵਿਚ ਰਹਿੰਦੀ ਸੀ। ਸੋਸ਼ਲ ਵਰਕਰ ਦੀ ਮਿਨੀ ਦੇਖਦੀ ਹੀ ਉਹ ਪਿੱਛਲੇ ਦਰਵਾਜ਼ੇ ਵਿਚੋਂ ਸਾਨੂੰ ਆਪਣੇ ਘਰ ਲੈ ਆਉਂਦੀ, ਜਾਂ ਫੇਰ ਹੇਠਾਂ ਸੋਫੇ ਉੱਤੇ ਸੌਣ ਦਾ ਬਹਾਨਾ ਬਣਾਉਂਦੀ। ਨਾਨਾ ਦੱਸਦੀ, ਦੂਜੇ ਮਹਾ ਯੁੱਧ ਵਿਚ ਉਸਦਾ ਸਾਰਾ ਪਰਿਵਾਰ ਮਰਿਆ ਗਿਆ। ਮਮਾ, ਉਸਦੀ ਇਕਲੌਤੀ ਔਲਾਦ, ਹਮੇਸ਼ਾ ਦੀ ਜ਼ਿੱਦੀ ਤੇ ਲਾਪ੍ਰਵਾਹ ਸੁਭਾਅ ਦੀ ਰਹੀ। ਉਸ ਵਿਚ ਕਦੀ ਵੀ, ਕਿਸੇ ਵੀ ਤਰ੍ਹਾਂ, ਠਹਿਰਾਅ ਨਹੀਂ ਆਇਆ। ਨਾਨਾ ਹੁਣ ਬਿਰਧ-ਆਸ਼ਰਮ ਚਲੀ ਗਈ ਹੈ। ਕਈ ਵਰ੍ਹਿਆਂ ਦਾ ਡੈਡੀ ਦਾ ਵੀ ਕੁਛ ਪਤਾ ਨਹੀਂ। ਮਮੀ ਫੇਰ ਗਰਭਵਤੀ ਹੋ ਗਈ ਤੇ ਸੋਸ਼ਲ ਸਰਵਿਸਜ਼ ਨੇ ਫੇਰ ਸਾਨੂੰ ਆਪਣੀ ਦੇਖ-ਰੇਖ ਵਿਚ ਲੈ ਲਿਆ। ਇਸ ਵਾਰੀ ਮਮੀ ਦੇ ਰੋਣ-ਗਿੜਗਿੜਾਉਣ ਦਾ ਵੀ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ।
ਮੇਰੇ ਸਾਰੇ ਭਰਾ-ਭੈਣ ਗੋਰੇ-ਚਿੱਟੇ ਨੇ। ਉਹਨਾਂ ਦੀਆਂ ਅੱਖਾਂ ਨੀਲੀਆਂ ਤੇ ਵਾਲ ਸੁਨਹਿਰੇ ਜਾਂ ਭੂਰੇ ਨੇ। ਪਿਛਲੇ ਦੋ ਵਰ੍ਹਿਆਂ ਵਿਚ ਮੇਰੇ ਤਿੰਨੋ ਭਰਾ-ਭੈਣ, ਇਕ ਇਕ ਕਰਕੇ ਸਾਰੇ ਜਾਂ ਤਾਂ ਗੋਦ ਲੈ ਲਏ ਗਏ ਜਾਂ ਕਿਸੇ ਫੋਸਟਰ ਪੈਰੇਂਟਸ (ਪਾਲਕ ਮਾਤਾ-ਪਿਤਾ) ਕੋਲ ਚਲੇ ਗਏ। ਪਤਾ ਨਹੀਂ ਕਿੰਨੇ ਲੋਕ ਮੈਨੂੰ ਦੇਖਣ ਆਏ, ਪਰ ਸਾਰੇ ਮੈਨੂੰ ਅਸਵੀਕਾਰ ਕਰਕੇ ਚਲੇ ਗਏ। ਮੈਂ ਕਿੰਨੀ ਵਾਰੀ ਮੁੜ-ਮੁੜ ਸਥਾਪਿਤ ਹੋਈ, ਕਿੰਨੇ ਅਸਥਾਈ ਫੋਸਟਰ ਹੋਮਸ ਵਿਚ ਰਹੀ, ਕਿੰਨੇ ਅਨਾਥ ਆਸ਼ਰਮਾਂ ਵਿਚ ਪਲੀ, ਕਿੰਨੀਆਂ ਝਾੜਾਂ-ਝਿੜਕਾਂ ਖਾਧੀਆਂ ਤੇ ਕਿੰਨੀ ਮਾਰ ਖਾਧੀ—ਹੁਣ ਯਾਦ ਨਹੀਂ। ਮੈਨੂੰ ਪਾਰਕ-ਹਾਊਸ ਚਿਲਡਰਨਸ ਹੋਮ ਵਿਚ ਜਦੋਂ ਲਿਆਂਦਾ ਗਿਆ ਉਦੋਂ ਮੈਂ ਨੱਕ ਸੁੜਕਦੀ, ਅੱਠਾਂ ਵਰ੍ਹਿਆਂ ਦੀ ਜ਼ਿੱਦੀ, ਸੁੱਕੜ-ਜਿਹੀ, ਅੱਖੜ ਗੂੜ੍ਹੀਆਂ ਭੂਰੀਆਂ-ਕਾਲੀਆਂ ਅੱਖਾਂ, ਰੁੱਖੜ ਖੱਲੜੀ ਵਾਲੀ ਰਤਾ ਛੋਟੇ ਕੱਦ ਦੀ ਬੱਚੀ ਸਾਂ। ਪਾਰਕ-ਹਾਊਸ ਚਿਲਡਰਨਸ ਹੋਮ ਵਿਚ ਆਇਆਂ ਮੈਨੂੰ ਅੱਠ ਵਰ੍ਹੇ ਹੋ ਚੁੱਕੇ ਨੇ। ਇੱਥੇ ਮੇਰੀ ਸਕੂਲਿੰਗ ਮੁੜ ਨਿਯਮ ਨਾਲ ਸ਼ੁਰੂ ਹੋਈ। ਪੜ੍ਹਨ-ਲਿਖਣ ਵਿਚ ਮੇਰਾ ਮਨ ਨਾ ਲੱਗਦਾ। ਜਦ ਕਦੀ ਮੈਂ ਪੜ੍ਹਨ ਬੈਠਦੀ ਮੈਨੂੰ ਉਬਾਸੀਆਂ ਆਉਣ ਲੱਗ ਪੈਂਦੀਆਂ ਜਾਂ ਸਿਰ ਪੀੜ ਹੋਣ ਲੱਗ ਪੈਂਦਾ। ਪਾਰਕ ਹਾਊਸ ਦੀਆਂ ਨਨਾ ਮੈਨੂੰ ਘੁੰਨੀ, ਆਲਸੀ ਤੇ ਜੰਗਲੀ ਸਮਝਦੀਆਂ, ਉਹਨਾਂ ਕਦੀ ਮੇਰੇ ਉਲਝੇ ਮਨੋਵਿਗਿਆਨ ਤੇ ਉਲਝਣਾ-ਔਝੜਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।
ਆਏ ਦਿਨ ਮੈਂ ਉੱਥੇ ਕਿਸੇ ਨਾ ਕਿਸੇ ਛੋਟੀ-ਮੋਟੀ ਸ਼ਰਾਰਤ ਕਾਰਨ 'ਚਿਲ ਆਊਟ ਵੇ' ਦੀ ਸਜ਼ਾ ਭੁਗਤਦੀ। ਹੌਲੀ-ਹੌਲੀ ਮੈਂ ਲਾਪ੍ਰਵਾਹ ਨਿਰੰਕੁਸ਼ ਤੇ ਢੀਠ ਹੁੰਦੀ ਗਈ। ਨਨਾ ਨੂੰ ਤੰਗ ਕਰਨਾ ਉਹਨਾਂ ਨੂੰ ਖਿਝਾਉਣਾ-ਹਿਰਖਾਉਣਾ, ਉਹਨਾਂ ਦੀਆਂ ਨਕਲਾਂ ਲਾਹੁਣਾ, ਮੇਰੀ ਆਦਤ ਵਿਚ ਸ਼ਾਮਲ ਹੁੰਦਾ ਗਿਆ। ਜਦੋਂ ਮੇਰੀਆਂ ਹਰਕਤਾਂ ਉੱਤੇ ਮੇਰੀਆਂ ਸਾਥੀ ਕੁੜੀਆਂ ਮੂੰਹ ਲੁਕਾ ਕੇ ਫਿਸ-ਫਿਸ ਹੱਸਦੀਆਂ ਤਾਂ ਮੈਂ ਹੋਰ ਵੀ ਮੂਰਖਤਾ ਭਰਪੂਰ ਹਰਕਤਾਂ ਕਰਦੀ ਤੇ ਸਜ਼ਾ ਭੁਗਤਦੀ।
ਹੁਣ ਮੈਂ ਪੂਰੇ ਸੋਲਾਂ ਵਰ੍ਹਿਆਂ ਦੀ ਹੋ ਚੁੱਕੀ ਹਾਂ। ਉਸ ਦਿਨ ਮੈਨੂੰ ਨਹੀਂ ਸੀ ਪਤਾ ਕਿ ਅਗਲਾ ਦਿਨ ਫੇਰ ਮੈਨੂੰ ਅਸਥਿਰ ਤੇ ਪੂਰੀ ਤਰ੍ਹਾਂ ਬੇਚੈਨ ਕਰ ਦੇਣ ਵਾਲਾ ਹੋਏਗਾ। ਸਵੇਰੇ ਨਾਸ਼ਤੇ ਪਿੱਛੋਂ ਸਿਸਟਰ ਮਾਰੀਆ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾ ਕੇ ਕਿਹਾ, “ਸੋਸ਼ਲ ਵਰਕਰ ਮਿਸੇਜ਼ ਹਾਵਰਡ ਹੁਣੇ ਥੋੜ੍ਹੀ ਦੇਰ ਵਿਚ ਇੱਥੇ ਆਏਗੀ ਤੇ ਤੈਨੂੰ ਅਸੈਸਮੈਂਟ ਸੈਂਟਰ ਲੈ ਜਾਏਗੀ।” ਮੈਂ ਚੁੱਪ। ਇਹ ਅਸੈਸਮੈਂਟ ਸੈਂਟਰ ਕੀ ਹੁੰਦਾ ਹੈ? ਮੈਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ। ਦਹਿਸ਼ਤ ਵਿਚ ਖੁੱਭੀ, ਮੈਂ ਥਾਵੇਂ ਖੜ੍ਹੀ ਰਹੀ। ਥੋੜ੍ਹੀ ਦੇਰ ਤਕ ਸਿਸਟਰ ਮਾਰੀਆ ਆਪਣੀ ਕਾਗਜ਼ੀ ਕਾਰਵਾਈ ਵਿਚ ਰੁੱਝੀ ਰਹੀ ਫੇਰ ਬਿਨਾਂ ਸਿਰ ਚੁੱਕਿਆਂ ਅੱਗੇ ਕਿਹਾ, “ਦੇਖ ਤੂੰ ਨਵੀਂ ਜਗ੍ਹਾ ਜਾ ਰਹੀ ਏਂ। ਆਪਣੇ ਉਪਰ ਕਾਬੂ ਰੱਖੀਂ, ਆਪਣੀਆਂ ਬੇਵਕੂਫ਼ੀਆਂ ਤੇ ਸ਼ਰਾਰਤਾਂ ਨਾਲ ਪਾਰਕ-ਹਾਊਸ ਦਾ ਨਾਮ ਨਾ ਬਦਨਾਮ ਕਰੀਂ।”
“'ਅਸੈਸਮੈਂਟ ਸੈਂਟਰ' ਕੀ ਹੁੰਦਾ ਏ ਮਿਸ?” ਅੱਖਾਂ ਵਿਚ ਆਏ, ਗੱਲ੍ਹਾਂ 'ਤੇ ਢਲਕਣ ਲਈ ਬੇਤਾਬ, ਅੱਥਰੂ ਪੀਂਦਿਆਂ ਤੇ ਗਲ਼ੇ ਵਿਚ ਆਈ ਗੁਠਲੀ ਨੂੰ ਨਿਗਲਦਿਆਂ ਹੋਇਆਂ ਮੈਂ ਪੁੱਛਿਆ। ਸਿਸਟਰ ਮਾਰੀਆ ਆਪਣੇ ਕੰਮ ਵਿਚ ਰੁੱਝੀ ਰਹੀ। ਉਹਨੇ ਮੇਰੇ ਪ੍ਰਸ਼ਨ ਦਾ ਕੋਈ ਉਤਰ ਨਹੀਂ ਦਿੱਤਾ। ਜਿਵੇਂ ਮੇਰੇ ਪ੍ਰਸ਼ਨ ਦਾ ਕੋਈ ਮਹੱਤਵ ਹੀ ਨਾ ਹੋਵੇ। 'ਅਸੈਸਮੈਂਟ ਸੈਂਟਰ' ਸ਼ਬਦ ਮੇਰੇ ਦਿਮਾਗ਼ ਵਿਚ ਖਰੂਦ ਪਾ ਰਿਹਾ ਸੀ। ਮੇਰੀਆਂ ਲੱਤਾਂ ਦੀ ਸ਼ਕਤੀ ਨੁੱਚੜਦੀ ਜਾ ਰਹੀ ਸੀ। ਦਿਲ ਬੈਠਦਾ ਜਾ ਰਿਹਾ ਸੀ। ਅਸੈਸਮੈਂਟ ਸੈਂਟਰ 'ਚੋਂ ਪਨਿਸ਼ਮੈਂਟ ਸੈਂਟਰ ਵਰਗੀ ਬੂ ਆ ਰਹੀ ਸੀ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਪਾਰਕ-ਹਾਊਸ ਦੀ ਕਾਲੇ ਚੋਂਗੇ ਵਾਲੀ ਸਿਸਟਰ ਮਾਰੀਆ ਪਨਿਸ਼ਮੈਂਟ ਲਈ ਮੈਨੂੰ ਅਸੈਸਮੈਂਅ ਸੈਂਟਰ ਭੇਜ ਰਹੀ ਹੈ। ਮੈਂ ਕੋਈ ਬੁਰੀ ਲੜਕੀ ਨਹੀਂ ਹਾਂ। ਮੈਂ ਅੱਜ ਤਕ ਕੋਈ ਬੁਰਾ ਕੰਮ ਨਹੀਂ ਕੀਤਾ। ਬਸ ਥੋੜ੍ਹੀ ਜ਼ਿੱਦੀ ਤੇ ਸ਼ਰਾਰਤੀ ਹਾਂ। ਮੇਰੇ ਨਾਲ ਦੀਆਂ ਕਈ ਹੋਰ ਕੁੜੀਆਂ ਮੇਰੇ ਨਾਲੋਂ ਵੀ ਕਿਤੇ ਵੱਧ ਸ਼ਰਾਰਤੀ ਨੇ—ਪਰ ਉਹਨਾਂ ਨੂੰ ਅਕਸਰ ਮੁਆਫ਼ ਕਰ ਦਿੱਤਾ ਜਾਂਦਾ ਹੈ। ਮੈਂ ਸੁੰਨਮੁੰਨ ਜਿਹੀ ਹੋ ਗਈ ਸਾਂ।
ਸੋਸ਼ਲ ਵਰਕਰ ਕਾਰ ਲੈ ਕੇ ਆ ਚੁੱਕੀ ਸੀ। ਰਿਪੋਰਟ ਵਾਲਾ ਭੂਰਾ ਲਿਫ਼ਾਫ਼ਾ ਮੇਰੇ ਹੱਥ ਵਿਚ ਫੜਾ, ਰੁੱਖੀ ਜਿਹੀ ਆਵਾਜ਼ ਵਿਚ ਮਾਰੀਆ ਨੇ ਮੈਨੂੰ ਬਾਹਰ ਜਾਣ ਦਾ ਆਦੇਸ਼ ਦੇਂਦਿਆਂ ਕਿਹਾ, “ਡੇਮਿਯਨ ਤੇਰਾ ਸੂਟਕੇਸ ਲੈ ਕੇ ਆ ਰਹੀ ਏ।” ਸਭ ਕੁਝ ਏਨੀ ਜਲਦੀ ਵਿਚ ਕੀਤਾ ਗਿਆ ਕਿ ਮੈਨੂੰ ਆਪਣੇ ਕਿਸੇ ਸਾਥੀ ਨੂੰ ਗੁੱਡ-ਬਾਈ ਕਹਿਣ ਤੀਕ ਦਾ ਮੌਕਾ ਨਹੀਂ ਮਿਲਿਆ। ਚਾਰੇ ਪਾਸੇ ਪਸਰਿਆ ਸੰਨਾਟਾ ਦੱਸ ਰਿਹਾ ਸੀ ਅੱਜ ਸਾਰਾ ਪਾਰਕ-ਹਾਊਸ ਕਿਸੇ ਜ਼ਰੂਰੀ ਕੰਮ ਵਿਚ ਵਿਆਸਤ ਹੋ ਗਿਆ ਹੈ। ਮੇਰੇ ਜਾਣ ਦੀ ਕਿਸੇ ਨੂੰ ਕੋਈ ਖਬਰ ਨਹੀਂ। ਮੈਂ ਨਰਵਸ ਤੇ ਰੋਹਾਂਸੀ ਜਿਹੀ ਹੋ ਗਈ।
ਆਫ਼ਿਸ 'ਚੋਂ ਬਾਹਰ ਢਿੱਲੇ-ਢਾਲੇ ਕਾਲੇ ਤੇ ਸਫੇਦ ਲਿਬਾਸ ਵਿਚ ਦਰਮਿਆਨੇ ਕੱਦ ਦੀ ਗੋਭਲੀ ਜਿਹੀ ਇਕ ਸੋਸ਼ਲ ਵਰਕਰ ਕਾਲੀ ਮਿਨੀ ਦਾ ਦਰਵਾਜ਼ਾ ਖੋਲ੍ਹੀ ਖੜ੍ਹੀ ਸੀ। ਮੈਂ ਸੰਜੀਦਗੀ ਨਾਲ ਫਾਈਲ ਉਸਨੂੰ ਫੜਾ ਦਿੱਤੀ। ਉਸਨੇ 'ਹੈਲੋ' ਕਹਿੰਦਿਆਂ ਹੋਇਆਂ, ਮੈਨੂੰ ਮਿਨੀ ਵਿਚ ਬੈਠਣ ਦਾ ਇਸ਼ਾਰਾ ਕੀਤਾ। ਮੈਂ ਗੱਡੀ ਵਿਚ ਬੈਠਦਿਆਂ ਹੋਇਆਂ ਗਰਦਨ ਚੁੱਕ ਕੇ ਆਪਣੀ ਡਾਰਮੇਟਰੀ ਵੱਲ ਦੇਖਿਆ, ਜਿੱਥੇ ਕਈ ਵਰ੍ਹੇ ਸੌਂਦੀ ਰਹੀ ਸੀ। ਇਹ ਸੋਸ਼ਲ ਵਰਕਰ ਮੈਨੂੰ ਕਿੱਥੇ ਲੈ ਜਾਏਗੀ? ਮੈਨੂੰ ਕੁਝ ਪਤਾ ਨਹੀਂ ਸੀ। ਮੇਰਾ ਮਨ ਪਾਰੇ ਵਾਂਗ ਥਰ-ਥਰਾਉਣ ਲੱਗਾ। ਫੇਰ ਵੀ ਮੈਂ ਖ਼ੁਦ ਨੂੰ ਸੰਭਾਲਿਆ ਹੋਇਆ ਸੀ। ਸ਼ਾਇਦ ਮੇਰੀ ਜ਼ਿੱਦੀ ਮਨੋਬਿਰਤੀ ਮੇਰੀ ਸਹਾਇਤਾ ਕਰ ਰਹੀ ਸੀ।
“ਆਪਣਾ ਖ਼ਿਆਲ ਰੱਖਣਾ ਸਟੇਲਾ।” ਝਾੜੀਆਂ ਪਿੱਛੋਂ ਪਾਰਕ-ਹਾਊਸ ਦੀ ਸਫਾਈ-ਕਰਮੀ ਡੇਮਿਯਨ ਦਾ ਝੁਰੜੀਦਾਰ ਚਿਹਰਾ ਉਭਰਿਆ। ਡੇਮਿਯਲ ਜਿਸਦੇ ਗਰੀਬੜੇ ਜਿਹੇ ਸਨੇਹ ਨੇ ਪਿੱਛਲੇ ਸਾਲਾਂ ਵਿਚ ਕਈ ਵਾਰੀ ਮੈਨੂੰ ਨਿਰਾਸ਼ਾ ਦੇ ਮੁਸ਼ਕਿਲ ਪਲਾਂ ਵਿਚ, ਇਕੱਲ ਵਿਚ ਘਿਰੀ ਨੂੰ, ਪਲੋਸਿਆ ਸੀ।
“ਤੁਸੀਂ ਵੀ ਆਪਣਾ ਖ਼ਿਆਲ ਰੱਖਣਾ।” ਕਹਿੰਦਿਆਂ ਹੋਇਆਂ ਮੈਂ ਡੇਮਿਯਨ ਦੇ ਹੱਥੋਂ ਆਪਣਾ ਸੂਟਕੇਸ ਲੈ ਕੇ ਸੀਟ ਉੱਤੇ ਰੱਖ ਦਿੱਤਾ। ਮੇਰਾ ਜੀਅ ਕੀਤਾ ਮੈਂ ਦੌੜ ਕੇ ਡੇਮਿਯਨ ਦੇ ਗਲ਼ ਲੱਗ ਕੇ ਖ਼ੂਬ ਰੋਵਾਂ ਤੇ ਕਹਾਂ, “ਮੈਂ ਅਸੈਸਮੈਂਟ ਸੈਂਟਰ ਨਹੀਂ ਜਾਣਾ, ਤੂੰ ਮੈਨੂੰ ਆਪਣੇ ਘਰ ਲੈ ਚੱਲ।” ਪਰ ਮੈਂ ਨਾਮੁਰਾਦ ਕੁਝ ਵੀ ਨਹੀਂ ਕਹਿ ਸਕੀ, ਬਸ ਨੀਵੀਂ ਪਾ ਕੇ ਗੱਡੀ ਦਾ ਦਰਵਾਜ਼ਾ ਹੌਲੀ-ਜਿਹੀ ਬੰਦ ਕਰਕੇ ਪਾਰਕ-ਹਾਊਸ ਵਰਗੇ ਫੀਕੇ ਤੇ ਬਦਰੰਗ ਜੀਵਨ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਦੀ ਰਹੀ। ਸੋਸ਼ਲ ਵਰਕਰ ਦੇ ਸਾਹਮਣੇ ਮੈਂ ਟੁੱਟਣਾ ਨਹੀਂ ਸੀ ਚਾਹੁੰਦੀ। ਅਖ਼ੀਰ ਅੱਖਾਂ ਮੀਚੀ ਕਾਰ ਦੇ ਸਟਾਰਟ ਹੋਣ ਦੀ ਉਡੀਕ ਕਰਦੀ ਰਹੀ...
ਸੋਸ਼ਲ ਵਰਕਰ ਨੇ ਜਿਵੇਂ ਹੀ ਕਾਰ ਦਾ ਇੰਜਨ ਸਟਾਰਟ ਕੀਤੀ...ਮੈਂ ਆਪਣੇ ਡਰਾਵਨੇ ਵਰਤਮਾਨ ਨਾਲੋਂ ਨਾਤਾ ਤੋੜਨ ਲਈ, ਹੋਰ ਸਾਰੀਆਂ ਗ਼ੈਰ-ਜ਼ਰੂਰੀ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਜਿਵੇਂ ਇਹ ਸੋਸ਼ਲ ਵਰਕਰਸ ਮਿਨੀ ਹੀ ਕਿਉਂ ਚਲਾਉਂਦੀਆਂ ਨੇ?...ਕੀ ਇਹਨਾਂ ਨੂੰ ਹੋਰ ਕੋਈ ਕਾਰ ਚਲਾਉਣੀ ਨਹੀਂ ਆਉਂਦੀ? ਮੇਰੇ ਜੀਵਨ ਵਿਚ ਜਿੰਨੀਆਂ ਸੋਸ਼ਲ ਵਰਕਰ ਆਈਆਂ ਉਹਨਾਂ ਸਭਨਾਂ ਕੋਲ ਮਿਨੀ ਹੀ ਸੀ। ਇਹ ਤਾਂ ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਇਹ ਗੱਡੀਆਂ ਉਹਨਾਂ ਦੀਆਂ ਆਪਣੀਆਂ ਨਹੀਂ, ਸੋਸ਼ਲ ਸਰਵਿਸਿਜ਼ ਦੀਆਂ ਹੁੰਦੀਆਂ ਨੇ।
ਫੇਰ ਜਿਵੇਂ ਹੀ ਅਸੀਂ ਸੜਕ 'ਤੇ ਆਏ, ਮੈਂ ਸੂਟਕੇਸ ਖੋਲ੍ਹ ਕੇ ਆਪਣੀ ਇਕੋ ਇਕ ਗੁਲਾਬੀ ਲਾਇਕਰਾ ਡਰੈੱਸ ਕੱਢੀ। ਥੋੜ੍ਹੀ ਦੇਰ ਉਸਨੂੰ ਗਲ਼ ਲਾਇਆ, ਉਸਦੀ ਰੇਸ਼ਮੀ ਛੂਹ ਨੂੰ ਮਹਿਸੂਸ ਕੀਤਾ। ਫੇਰ ਇਕ ਝਟਕੇ ਨਾਲ ਆਪਣੇ ਪਾਰਕ-ਹਾਊਸ ਦੇ ਭੱਦੇ ਹਰੇ ਰੰਗ ਦੇ ਹੈਟ, ਕੋਟ ਤੇ ਪਿਨਾਕੋਰ (ਇਕ ਤਰ੍ਹਾਂ ਦਾ ਫ਼ਰਾਕ) ਨੂੰ ਲਾਹ ਕੇ ਸੂਟਕੇਸ ਕੇਸ ਵਿਚ ਤੁੰਨਿਆਂ ਤੇ ਡਰੈੱਸ ਨੂੰ ਏਨੀ ਕਾਹਲ ਨਾਲ ਪਾਇਆ ਕਿ ਸੋਸ਼ਲ ਵਰਕਰ ਮੈਨੂੰ ਕੱਪੜੇ ਬਦਲਦਿਆਂ ਨਾ ਦੇਖ ਸਕੀ। ਪਰ ਉਸਦੀਆਂ ਇੱਲ੍ਹ ਵਰਗੀਆਂ ਤੇਜ਼ ਅੱਖਾਂ ਲੰਦਨ ਦੀ ਤੇਜ਼ ਰਿਫ਼ਤਾਰ ਟ੍ਰੈਫ਼ਿਕ ਦੀ ਗਤੀ 'ਤੇ ਟਿਕੀਆਂ ਹੋਣ ਦੇ ਬਾਵਜੂਦ ਮੇਰੇ ਉੱਤੇ ਨਿਗਾਹ ਰੱਖ ਰਹੀਆਂ ਸਨ। ਪਿੱਛੇ ਮੁੜ ਕੇ ਉਸਨੇ ਮੈਨੂੰ ਇਕ ਪਲ ਲਈ ਦੇਖਿਆ, ਫੇਰ ਸਾਹਮਣੇ ਟ੍ਰੈਫ਼ਿਕ ਉੱਤੇ ਧਿਆਨ ਟਿਕਾਉਂਦਿਆਂ ਹੋਇਆਂ ਬੋਲੀ, “ਭੱਜਣ ਦੀ ਕੋਸ਼ਿਸ਼ ਬੇਕਾਰ ਐ, ਦਰਵਾਜ਼ਿਆਂ ਵਿਚ ਸੇਫਟੀ ਲਾਕ ਲੱਗੇ ਹੋਏ ਨੇ।” ਫੇਰ ਹੱਸਦੀ ਹੋਈ ਬੋਲੀ, “ਮੇਰਾ ਅਨੁਭਵ ਦੱਸਦਾ ਏ, ਤੂੰ ਭਗੌੜੀ ਨਹੀਂ ਏਂ, ਕਿਉਂ?” ਉਸਦੀ ਹਾਸੀ ਵਿਚ ਲਿਪਟਿਆ ਵਿਅੰਗ ਮੈਨੂੰ ਅੰਦਰ ਤੀਕ ਚੀਰ ਗਿਆ। ਮੈਂ ਕੋਈ ਉਤਰ ਨਾ ਦਿੱਤਾ। ਯੂਨੀਫ਼ਾਰਮ ਲਾਹੁਣ ਤੋਂ ਬਾਅਦ ਮੈਂ ਕੁਛ ਸਹਿਜ ਮਹਿਸੂਸ ਕਰ ਰਹੀ ਸਾਂ।
ਇਹ ਗੁਲਾਬੀ ਡਰੈੱਸ ਮੇਰੀ ਵੱਡੀ ਭੈਣ ਫ਼ਿਯੋਨਾ ਦੀ ਲੱਥੜ ਦੀ, ਜਿਸ ਵਿਚੋਂ ਉਸਦੇ ਬਦਨ ਹੀ ਖ਼ੁਸਬੂ ਆ ਰਹੀ ਸੀ। ਕਿੱਥੇ ਹੋਏਗੀ ਫ਼ਿਯੋਨਾ? ਕਿੱਥੇ ਹੋਣਗੇ ਰਾੱਨੀ ਤੇ ਸ਼ਰਲੀਨ? ਤੇ ਕਿੱਥੇ ਹੋਏਗਾ ਨਿੱਕੜਾ ਬੇਨ? ਅਸੀਂ ਇਕ ਦੂਜੇ ਨੂੰ ਪਿਛਲੇ ਵਰ੍ਹੇ ਮਮਾ ਦੇ ਜਨਾਜ਼ੇ ਸਮੇਂ ਕਬਰਸਤਾਨ ਵਿਚ ਦੂਰੋਂ ਹੀ ਦੇਖਿਆ ਸੀ। ਸੋਚਦਿਆਂ ਹੋਇਆਂ ਦੂਜੇ ਹੀ ਛਿਣ ਮੇਰਾ ਧਿਆਨ ਇਹਨਾਂ ਸਭਨਾਂ ਵੱਲੋਂ ਹਟ ਕੇ ਆਪਣੇ ਵਰਤਮਾਨ, ਆਪਣੇ ਮੁੜ-ਮੁੜ ਹੁੰਦੇ ਉਜਾੜੇ ਤੇ ਵਸੇਬੇ ਵੱਲ ਮੁੜ ਗਿਆ ਕਿ ਆਖ਼ਰ ਮੇਰਾ ਅਪਰਾਧ ਕੀ ਹੈ? ਲੋਕ ਕਿਉਂ ਮੈਨੂੰ ਦੇਖਦਿਆਂ ਹੀ ਮੂੰਹ ਫੇਰ ਲੈਂਦੇ ਨੇ? ਆਖ਼ਰ ਮੈਨੂੰ ਹੀ ਕਿਉਂ ਵਰਜਿਆ-ਹੌੜਿਆ ਜਾਂਦਾ ਹੈ? ਥੋੜ੍ਹੀ ਬਹੁਤ ਖੜਮਸਤੀ ਤਾਂ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਕਰਦੀਆਂ ਨੇ। ਪਰ ਫੇਰ ਵੀ ਮੈਨੂੰ ਹੀ ਕਿਉਂ ਸਜ਼ਾ ਮਿਲਦੀ ਹੈ? ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ? ਮੈਨੂੰ ਹੀ ਅਸੈਸਮੈਂਟ ਸੈਂਟਰ ਕਿਉਂ ਭੇਜਿਆ ਜਾ ਰਿਹਾ ਹੈ? ਉਹਨਾਂ ਨੂੰ ਕਿਉਂ ਨਹੀਂ ਭੇਜਿਆ ਜਾ ਰਿਹਾ? ਮੇਰੇ ਦਿਮਾਗ਼ ਵਿਚ ਪ੍ਰਸ਼ਨਾਂ ਦੀ ਘੋੜ-ਦੌੜ ਲੱਗੀ ਹੋਈ ਸੀ।
ਕਿਤੇ ਮੈਂ ਕੋਈ ਐਸੀ-ਵੈਸੀ ਹਰਕਤ ਨਾ ਕਰ ਬੈਠਾਂ, ਇਸ ਲਈ ਸੋਸ਼ਲ ਵਰਕਰ ਮੈਨੂੰ ਗੱਲਾਂ ਵਿਚ ਲਾਈ ਰੱਖਣਾ ਚਾਹੁੰਦੀ ਸੀ। ਮੇਰਾ ਮਨ ਉਚਾਟ ਤੇ ਬੋਝਲ ਸੀ। ਜੀਅ ਕੱਚਾ-ਕੱਚਾ ਹੋ ਰਿਹਾ ਸੀ। ਨਾਲੇ ਮੈਂ ਉਸਦੀਆਂ ਦਿਖਾਵਟੀ-ਬਨਾਵਟੀ ਗੱਲਾਂ ਦੇ ਜਵਾਬ ਵੀ ਨਹੀਂ ਸੀ ਦੇਣੇ ਚਾਹੁੰਦੀ। ਉਲਟੀ ਰੋਕਣ ਲਈ ਮੈਂ ਲੰਮੇ ਸਾਹ ਲੈਂਦਿਆਂ ਹੋਇਆਂ ਸੜਕ ਦੇ ਕਿਨਾਰੇ ਲੱਗੇ ਰੁੱਖਾਂ ਨੂੰ ਬੇਮਤਲਬ ਹੀ ਗਿਣਨਾ ਸ਼ੁਰੂ ਕਰ ਦਿੱਤਾ।
“ਤੈਨੂੰ ਪਤੈ ਅਸੀਂ ਕਿੱਥੇ ਜਾ ਰਹੇ ਆਂ?”
'ਪਤਾ ਹੋਣ ਨਾਲ ਕੀ ਹੁੰਦਾ ਏ? ਸਾਰੀਆਂ ਜਗਾਹਵਾਂ ਇਕੋ ਜਿਹੀਆਂ ਬੇਹੂਦੀਆਂ ਹੁੰਦੀਆਂ ਨੇ।' ਮੈਂ ਮਨ ਹੀ ਮਨ ਉਸਦਾ ਮੂੰਹ ਚਿੜਾਉਂਦਿਆਂ ਕਿਹਾ।
“ਪਤਾ ਏ ਅਸੀਂ ਰੇਡਿੰਗ ਜਾ ਰਹੇ ਆਂ...”
ਮੈਂ ਕਦੀ ਰੇਡਿੰਗ ਦਾ ਨਾਂ ਨਹੀਂ ਸੀ ਸੁਣਿਆ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਰੇਡਿੰਗ, ਪਾਰਕ-ਹਾਊਸ ਤੋਂ ਕਿਸ ਪਾਸੇ ਤੇ ਕਿੰਨੀ ਕੂ ਦੂਰੀ 'ਤੇ ਹੈ।
ਮੇਰੀ ਚੁੱਪੀ ਸ਼ਾਇਦ ਸੋਸ਼ਨ ਵਰਕਰ ਨੂੰ ਖਤਰਨਾਕ ਲੱਗ ਰਹੀ ਸੀ। ਉਸਦਾ ਵਾਰ-ਵਾਰ ਬੁੱਲ੍ਹਾਂ ਉੱਤੇ ਜੀਭ ਫੇਰਨਾ ਤੇ ਵਾਲਾਂ ਨੂੰ ਬੇਮਤਲਬ ਕੰਨਾਂ ਪਿੱਛੇ ਟੁੰਗਣਾ ਦਸ ਰਿਹਾ ਸੀ ਕਿ ਉਹ ਮੇਰੀ ਚੁੱਪ ਕਾਰਨ ਚਿੰਤਤ ਤੇ ਨਰਵਸ ਹੋ ਰਹੀ ਹੈ। ਸ਼ਾਇਦ ਮੇਰੇ ਬਾਰੇ ਵਿਚ ਉਸਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਗਿਆ ਹੈ ਕਿ ਮੈਂ ਇਕ ਭਿਅੰਕਰ ਮੁਸੀਬਤ ਹਾਂ ਤੇ ਕਿਸੇ ਸਮੇਂ, ਕੋਈ ਵੀ, ਖ਼ੁਰਾਫ਼ਾਤ ਕਰ ਸਕਦੀ ਹਾਂ। ਟ੍ਰੈਫ਼ਿਕ 'ਤੇ ਨਜ਼ਰ ਰੱਖਦਿਆਂ ਹੋਇਆਂ ਵੀ ਉਹ ਉਪਰ ਲੱਗੇ ਸ਼ੀਸ਼ੇ ਵਿਚ ਮੈਨੂੰ ਲਗਾਤਾਰ ਦੇਖੀ ਜਾ ਰਹੀ ਸੀ।
“ਰੇਡਿੰਗ ਇਕ ਚੰਗਾ ਸ਼ਹਿਰ ਹੈ ਤੈਨੂੰ ਉੱਥੇ ਚੰਗਾ ਲੱਗੇਗਾ।” ਉਸਦੇ ਕਿਹਾ, ਪਰ ਮੈਂ ਫੇਰ ਵੀ ਖ਼ਾਮੋਸ਼ ਰਹੀ। ਮੇਰਾ ਜੀ ਹਾਲੇ ਵੀ ਕੱਚਾ-ਕੱਚਾ ਹੋ ਰਿਹਾ ਸੀ। ਸੋਸ਼ਲ ਵਰਕਰ ਦੀ ਜ਼ਬਾਨ ਟੇਪ-ਰਿਕਾਰਡਰ ਵਾਂਗ ਚੱਲਦੀ ਰਹੀ।
“ਸੁਣ, ਤੇਰੇ ਕਿੰਨੇ ਭਰਾ-ਭੈਣ ਨੇ?” ਜਿਵੇਂ ਮੇਰਾ ਕੋਈ ਨਾਂ ਨਾ ਹੋਵੇ। ਭੂਰੇ ਲਿਫ਼ਾਫ਼ੇ 'ਤੇ ਮੇਰਾ ਨਾਂ ਲਿਖਿਆ ਹੋਇਆ ਸੀ। ਉਹ ਚਾਹੁੰਦੀ ਤਾਂ ਮੈਨੂੰ ਮੇਰੇ ਨਾਂ ਨਾਲ ਬੁਲਾ ਸਕਦੀ ਸੀ। ਡੇਮਿਯਨ ਨੇ ਮੈਨੂੰ ਮੇਰੇ ਨਾਂ ਨਾਲ ਬੁਲਾਇਆ ਸੀ।
ਮੈਂ ਚੁੱਪ, ਮੈਨੂੰ ਉਸ ਉੱਤੇ ਚਿੜ ਚੜ੍ਹਨ ਲੱਗ ਪਈ ਸੀ।
“ਤੇਰੇ ਦੋਸਤਾਂ ਦੇ ਕੀ ਨਾਂ ਨੇ?”
“... ...”
“ਤੇਰਾ ਪਿਆਰਾ ਪਾਪ-ਸਿੰਗਰ ਕਿਹੜਾ ਏ?”
“... ...”
“ਤੂੰ ਕੋਈ ਮੈਗਜ਼ੀਨ ਪੜ੍ਹਨਾ ਪਸੰਦ ਕਰਦੀ ਏਂ?” ਵਗ਼ੈਰਾ-ਵਗ਼ੈਰਾ।
ਮੇਰੇ ਢਿੱਡ ਵਿਚ ਵੱਟ ਤੇ ਗੁੜ-ਗੁੜ ਸ਼ੁਰੂ ਹੋ ਗਈ, ਮੂੰਹ ਵਿਚ ਖੱਟਾਸ ਘੁਲ ਗਈ ਤੇ ਕੁਸੈਲਾ ਪਾਣੀ ਭਰਨ ਲੱਗਾ। ਇਕ ਹੱਥ ਨਾਲ ਢਿੱਡ ਤੇ ਮੂੰਹ ਘੁੱਟ ਕੇ ਮੈਂ ਬੜੀ ਔਖ ਨਾਲ ਕਿਹਾ, “ਮੈਨੂੰ ਉਲਟੀ ਆ ਰਹੀ ਏ। ਗੱਡੀ ਰੋਕੋ ਪਲੀਜ਼।” ਉਸਨੇ ਇਕ ਵਾਰੀ ਫੇਰ ਮੈਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਿਆ। ਮੇਰਾ ਚਿਹਰਾ ਜ਼ਰਦ ਤੇ ਬੇਜਾਨ ਹੋਇਆ ਹੋਇਆ ਸੀ। ਖਿੜਕੀ ਦਾ ਸ਼ੀਸ਼ਾ ਹੇਠਾਂ ਕਰਦਿਆ ਟ੍ਰੈਫ਼ਿਕ ਲਾਈਟ ਤੋਂ ਕੁਝ ਪਹਿਲਾਂ ਉਸਨੇ ਝਟਕੇ ਨਾਲ, ਨਾਲ ਵਾਲੀ ਗਲੀ ਵਿਚ ਗੱਡੀ ਮੋੜ ਦਿੱਤੀ।
“ਥੈਂਕ ਗਾਡ, ਤੂੰ ਮੈਨੂੰ ਪਹਿਲਾਂ ਈ ਦੱਸ ਦਿੱਤਾ, ਜੇ ਕਿਤੇ ਮੈਂ ਮੋਟਰ-ਵੇ ਜਵਾਇਨ ਕਰ ਲਿਆ ਹੁੰਦਾ ਤਾਂ ਮੁਸੀਬਤ ਹੋ ਜਾਂਦੀ। ਮੇਰਾ ਘਰ ਨੇੜੇ ਈ ਏ। ਮੈਂ ਤੈਨੂੰ ਆਪਣੇ ਘਰ ਲੈ ਚਲਦੀ ਆਂ। ਉੱਥੇ ਮੈਂ ਤੈਨੂੰ ਉਲਟੀ ਰੋਕਣ ਵਾਲੀ ਗੋਲੀ ਦਿਆਂਗੀ। ਬਸ ਥੋੜ੍ਹੀ ਦੇਰ 'ਚ ਤੂੰ ਠੀਕ ਹੋ ਜਾਏਂਗੀ।” ਮੈਨੂੰ ਸਹਿਜ ਕਰਨ ਲਈ ਉਹ ਮੁਸਕੁਰਾਈ, ਉਸਦੇ ਪ੍ਰਤੀ ਮੇਰੇ ਵਿਚਾਰਾਂ ਵਿਚ ਬਦਲਾਅ ਆਇਆ, ਮੈਨੂੰ ਲੱਗਿਆ ਇਹ ਸੋਸ਼ਲ ਵਰਕਰ ਦੂਜੀਆਂ ਸੋਸ਼ਲ ਵਰਕਰਾਂ ਵਾਂਗ ਸਖ਼ਤ ਸੁਭਾਅ ਵਾਲੀ ਤੇ ਨਿਰਮੋਹੀ ਨਹੀਂ।
ਥੋੜ੍ਹੀ ਦੇਰ ਵਿਚ ਹੀ ਅਸੀਂ ਉਸਦੇ ਘਰ ਪਹੁੰਚ ਗਏ।

ਜਿਵੇਂ ਹੀ ਕਾਰ ਰੁਕੀ, ਮੇਰੇ ਸਾਹ ਵਿਚ ਸਾਹ ਆਇਆ, ਬਾਹਰ ਨਿਕਲਦਿਆਂ ਹੀ ਮੈਨੂੰ ਦੋ ਤਿੰਨ ਵੱਡੀਆਂ ਵੱਡੀਆਂ ਡਕਾਰਾਂ ਆਈਆਂ ਤੇ ਮੈਂ ਕੁਝ ਬਿਹਤਰ ਮਹਿਸੂਸ ਕਰਨ ਲੱਗੀ। ਮੈਂ ਸਮਝਦੀ ਸੀ ਕਿ ਸੋਸ਼ਲ ਵਰਕਰਾਂ ਦੇ ਘਰ ਸਾਫ-ਸੁਥਰੇ ਤੇ ਸੁਚੱਜੇ ਢੰਗ ਨਾਲ ਸਜ਼ੇ ਹੋਏ ਹੁੰਦੇ ਹੋਣਗੇ ਕਿਉਂਕਿ ਉਹ ਦੂਜਿਆਂ ਦੇ ਘਰਾਂ ਦੇ ਨਰੀਖਣ ਕਰਦੀਆਂ ਨੇ। ਪਰ ਏਥੇ ਤਾਂ ਨਜ਼ਾਰਾ ਹੀ ਦੂਜਾ ਸੀ। ਮਿਸ ਹਾਵਰਡ ਦੀ ਰਸੋਈ ਦੀਆਂ ਅਲਮਾਰੀਆਂ ਵਿਚੋਂ ਕੋਈ ਖੁੱਲ੍ਹੀ ਸੀ, ਤੇ ਕੋਈ ਬੰਦ। ਚਾਰੇ ਪਾਸੇ ਜੂਠੇ ਗ਼ਲਾਸ, ਮਗ, ਤਸ਼ਤਰੀਆਂ ਤੇ ਖਾਣੇ-ਪੀਣੇ ਦੇ ਅਧ-ਖੁੱਲੇ ਪੈਕੇਟ ਖਿੱਲਰੇ ਹੋਏ ਸਨ। ਲੱਭ-ਲੱਭ ਕੇ ਉਸਨੇ ਕਿਚਨ ਕੈਬਨੇਟ ਦੀ ਦਰਾਜ਼ ਵਿਚੋਂ ਇਕ ਪੁਰਾਣੀ ਜਿਹੀ ਡੱਬੀ 'ਚੋਂ ਦੋ ਗੋਲੀਆਂ ਕੱਢ ਕੇ ਮੇਰੇ ਹੱਥ ਉੱਤੇ ਰੱਖਦਿਆਂ ਹੋਇਆਂ ਪਾਣੀ ਦਾ ਗ਼ਲਾਸ ਫੜਾਇਆ ਤੇ ਕਿਹਾ, “ਲੈ ਇਹ ਲੰਘਾ ਲੈ।”
ਦਵਾਈ ਦਾ ਪੱਤਾ ਮੁੜਿਆ-ਤੁੜਿਆ ਤੇ ਬਦਰੰਗ ਸੀ। ਭਗਵਾਨ ਜਾਣੇ, ਕਿੰਨੀਆਂ ਪੁਰਾਣੀਆਂ ਗੋਲੀਆਂ ਨੇ? ਸ਼ਾਇਦ ਇਹਨਾਂ ਦੀ ਤਾਰੀਖ਼ ਵੀ ਨਿਕਲ ਚੁੱਕੀ ਹੋਏਗੀ। ਸੋਚਦਿਆਂ ਹੋਇਆਂ ਮੈਂ ਕਿਹਾ, “ਨਹੀਂ ਹੁਣ ਮੈਂ ਬਿਹਤਰ ਮਹਿਸੂਸ ਕਰ ਰਹੀ ਆਂ, ਮੈਨੂੰ ਗੋਲੀਆਂ ਦੀ ਹੁਣ ਕੋਈ ਲੋੜ ਨਹੀਂ।” ਤੇ ਮੈਂ ਗੋਲੀਆਂ ਰਸੋਈ ਦੇ ਵਰਕ ਟਾਪ ਉੱਤੇ ਰੱਖ ਦਿੱਤੀਆਂ।
ਮਿਸ ਹਾਵਰਡ ਨੇ ਮੇਰੀ ਹਿਚਕਚਾਹਟ ਤਾੜ ਲਈ, ਤੇ ਹੱਸਦੀ ਹੋਈ ਬੋਲੀ, “ਮੈਂ ਤੈਨੂੰ ਜ਼ਹਿਰ ਥੋੜ੍ਹਾ ਈ ਦੇ ਰਹੀ ਆਂ। ਇਹ ਸਫ਼ਰ ਦੌਰਾਨ ਉਲਟੀਆਂ ਰੋਕਣ ਵਾਲੀਆਂ ਗੋਲੀਆਂ ਨੇ। ਖਾ ਲੈ, ਅਜੇ ਰਸਤਾ ਲੰਮਾ ਏਂ। ਇਹਨਾਂ ਦੀ ਤਾਰੀਖ਼ ਅਜੇ ਨਹੀਂ ਨਿਕਲੀ।” ਮੇਰੇ ਕੋਲ ਗੋਲੀਆਂ ਨੂੰ ਨਿਗਲਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਰਿਹਾ—ਉਹ ਮੇਰੇ ਸਿਰ 'ਤੇ ਖੜ੍ਹੀ ਸੀ। ਗੋਲੀਆਂ ਨਿਗਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਆਰਾਮ ਮਹਿਸੂਸ ਹੋਇਆ। ਮੇਰੇ ਪੀਲੇ ਚਿਹਰੇ ਦੀ ਰੰਗਤ ਬਦਲੀ ਤੇ ਅਸੀਂ ਵਾਪਸ ਗੱਡੀ ਵਿਚ ਆ ਕੇ ਬੈਠ ਗਏ। ਮੋਟਰ-ਵੇ ਉੱਤੇ ਜਦੋਂ ਮਿਨੀ ਸੱਠ ਤੇ ਸੱਤਰ ਦੀ ਰਿਫ਼ਤਾਰ ਨਾਲ ਦੌੜੀ ਤਾਂ ਮੈਨੂੰ ਝਪਕੀ ਆ ਗਈ। ਮੇਰੀ ਨੀਂਦ ਓਦੋਂ ਖੁੱਲ੍ਹੀ ਜਦੋਂ ਮਿਸ ਹਾਵਰਡ ਗੱਡੀ ਰੋਕ ਕੇ ਕਿਸੇ ਰਾਹੀ ਤੋਂ ਅਸੈਸਮੈਂਟ ਸੈਂਟਰ ਦਾ ਰਸਤਾ ਪੁੱਛ ਰਹੀ ਸੀ। ਥੋੜ੍ਹੀ ਦੇਰ ਵਿਚ ਹੀ ਤਿੰਨ ਚਾਰ ਟ੍ਰੈਫ਼ਿਕ-ਲਾਈਟ ਪਾਰ ਕਰਕੇ ਅਸੀਂ ਯਾਰਕ-ਸ਼ਾਯਰ ਪੱਥਰਾਂ ਦੇ ਬਣੇ ਇਕ ਵਿਸ਼ਾਲ ਭਵਨ ਦੇ ਉੱਚੇ ਗੇਟ ਸਾਹਵੇਂ ਜਾ ਪਹੁੰਚੇ, ਜਿਸਦੇ ਚਾਰੇ ਪਾਸੇ ਉੱਚੀ ਫ਼ੈਂਸ ਲੱਗੇ ਹੋਏ ਸੀ। ਗੇਟ ਦੇ ਦੋਵੇਂ ਪਾਸੇ ਕੋਨਿਫ਼ਰ ਦੇ ਉੱਚੇ ਰੁੱਖ ਪਹਿਰੇਦਾਰਾਂ ਵਾਂਗ ਖੜ੍ਹੇ ਸਨ। ਵਿਚਕਾਰ ਰਸਤੇ ਉੱਤੇ ਲਾਲ ਬੱਜਰੀ ਵਿਛੀ ਹੋਈ ਸੀ। ਜਦੋਂ ਤਕ ਮੈਂ ਅਲਸਾਈ ਜਿਹੀ ਗੱਡੀ ਵਿਚੋਂ ਉਤਰਦੀ, ਸੋਸ਼ਲ ਵਰਕਰ ਨੇ ਅੱਗੇ ਵਧ ਕੇ ਦਰਵਾਜ਼ੇ ਦੀ ਘੰਟੀ ਵਜਾ ਦਿੱਤੀ। ਕਾਲੀ ਜੀਂਸ ਤੇ ਪੀਲੀ ਸ਼ਰਟ ਪਾਈ ਭੂਰੇ ਘੁੰਘਰਾਲੇ ਵਾਲਾਂ ਵਾਲੇ ਇਕ ਸਾਧਾਰਣ ਕੱਦ-ਕਾਠੀ ਦੇ ਆਦਮੀ ਨੇ ਹੱਸਦਿਆਂ ਹੋਇਆਂ ਤੇ “ਹਾਏ ਯੰਗ ਲੇਡੀਜ਼” ਕਹਿੰਦਿਆਂ ਹੋਇਆਂ ਸਾਡਾ ਸਵਾਗਤ ਕੀਤਾ। ਗੱਡੀ ਵਿਚੋਂ ਉਤਰਦੀ ਹੋਈ ਮੈਂ ਸੋਚ ਰਹੀ ਸੀ ਕਿ ਕਿਤੇ ਇੱਥੋਂ ਦੀ ਬਾਗਡੋਰ ਵੀ ਕੁੜੈਲ ਨਨਾਂ ਵਰਗੇ ਲੋਕਾਂ ਦੇ ਹੱਥ 'ਚ ਤਾਂ ਨਹੀਂ? ਪਰ ਉਸ ਆਦਮੀ ਦੀ ਪੁਸ਼ਾਕ, ਹਸਮੁਖ ਚਿਹਰੇ ਤੇ ਦਿਲਕਸ਼ ਗੱਲਬਾਤ ਦੇ ਢੰਗ ਨੂੰ ਦੇਖ ਕੇ ਲੱਗਿਆ ਕਿ ਸ਼ਾਇਦ ਮੇਰੀ ਸੋਚ ਗ਼ਲਤ ਹੈ।
ਉਸ ਆਦਮੀ ਨੇ ਅੱਗੇ ਵਧ ਕੇ ਮੇਰੇ ਤੇ ਮਿਸੇਜ ਹਾਵਰਡ ਨਾਲ ਹੱਥ ਮਿਲਾਉਂਦਿਆਂ ਹੋਇਆਂ ਕਿਹਾ, “ਵੈੱਲ-ਕਮ ਟੂ ਏਜਹਿਲ ਅਸੈਸਮੈਂਟ ਸੈਂਟਰ।” ਫੇਰ ਉਸਨੇ ਮੇਰੇ ਵੱਲ ਦੇਖ ਕੇ ਕਿਹਾ, “ਹਾਏ ਮਿਸ ਰਾਜਰਸ।” ਪਹਿਲੀ ਵਾਰੀ ਕਿਸੇ ਨੇ ਮੈਨੂੰ ਏਨੇ ਆਦਰ ਨਾਲ ਬੁਲਾਇਆ ਸੀ। ਉਹ ਆਦਮੀ ਮੈਨੂੰ ਚੰਗਾ ਲੱਗਿਆ।

ਅਜੇ ਅਸੀਂ ਅੰਦਰ ਉਸ ਲਾਉਂਜ ਵਰਗੇ ਕਮਰੇ ਵਿਚ ਹੀ ਬੈਠੇ ਸਾਂ ਕਿ ਉਸਦਾ ਇਕ ਦੂਜਾ ਸਾਥੀ ਲਾਲ-ਹਰੇ ਵਾਲਾਂ ਦੀ ਪੋਨੀ ਟੇਲ ਕਰੀ, ਪੀਲੀ ਟੀ-ਸ਼ਰਟ ਤੇ ਡੰਗਰੀ ਪਾਈ ਲਾਰਲ (ਲਾਰਲ ਐਂਡ ਹਾਰਡੀ—ਅਮਰੀਕੀ ਕਮੇਡੀਅਨ) ਵਰਗੀਆਂ ਹਸਾਉਣੀਆਂ ਹਰਕਤਾਂ ਕਰਦਾ, ਅੱਧ-ਸੁੱਤਾ, ਅੱਖਾਂ ਮਿਚਮਿਚਾਉਂਦਾ, ਅੰਗੜਾਈਆਂ ਲੈਂਦਾ ਹੋਇਆ, ਮੇਰੇ ਸਾਹਮਣੇ ਵਾਲੀ ਕੁਰਸੀ 'ਤੇ ਲੜਖੜਾਉਂਦਾ ਹੋਇਆ ਆ ਕੇ ਬੈਠ ਗਿਆ। ਥੋੜ੍ਹੀ ਦੇਰ ਉਹ ਆਪਣੀਆਂ ਕਾਲੀਆਂ ਚਮਕੀਲੀਆਂ ਅੱਖਾਂ ਗੋਲ-ਗੋਲ ਘੁਮਾਉਂਦਾ ਤੇ ਪਲਕਾਂ ਝਪਕਦਾ ਮੈਨੂੰ ਦੇਖਦਾ ਰਿਹਾ, ਫੇਰ ਹੱਥ ਦਾ ਪਿਆਲਾ ਬਣਾ ਕੇ ਕਾਫੀ ਸੁੜਕਣ ਦੀ ਐਕਟਿੰਗ ਕਰਦਾ ਤੇ ਦੰਦੀਆਂ ਕੱਢਦਾ ਹੋਇਆ ਬੋਲਿਆ, “ਕਾਫੀ?”
ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਾਂ, ਉਸਨੇ ਪਰਕਿਊਲੇਟਰ ਵਿਚੋਂ ਕਾਫੀ ਕੱਢ ਕੇ ਮੇਰੇ ਹੱਥਾਂ ਵਿਚ ਲਾਲ ਰੰਗ ਦਾ ਇਕ ਮਗ ਫੜਾ ਦਿੱਤਾ, ਫੇਰ ਸਿਪਾਹੀਆਂ ਵਾਂਗ ਸੈਲਯੂਟ ਮਾਰ ਕੇ, ਟੇਢੇ-ਤਿਰਛੇ ਕਦਮ ਰੱਖਦਾ ਹੋਇਆ ਇਧਰ-ਉਧਰ ਹੋ ਗਿਆ। 'ਅਜੀਬ ਜੋਕਰ ਏ, ਇਸਨੂੰ ਤਾਂ ਸਰਕਸ ਵਿਚ ਹੋਣਾ ਚਾਹੀਦਾ ਏ', ਸੋਚਦੀ ਹੋਈ ਮੈਂ ਹੱਸ ਪਈ। ਇਹ ਕੈਸੀ ਜਗ੍ਹਾ ਹੈ? ਇਸ ਜਗ੍ਹਾ ਦੀ ਦਿੱਖ ਸਾਰੀਆਂ ਉਹਨਾਂ ਜਗਾਹਾਂ ਨਾਲੋਂ ਪੂਰੀ ਤਰ੍ਹਾਂ ਵੱਖਰੀ ਸੀ ਜਿੱਥੇ ਹੁਣ ਤਕ ਮੈਂ ਸਮੇਂ-ਸਮੇਂ ਰਹੀ ਸਾਂ। ਫੇਰ ਕੁਝ ਦੇਰ ਬਾਅਦ ਹੀ ਇਸ ਜਗ੍ਹਾ ਦਾ ਅਜਨਬੀਪਨ ਮੈਨੂੰ ਭੈਭੀਤ ਕਰਨ ਲੱਗ ਪਿਆ। ਮੈਨੂੰ ਠੰਡਾ ਪਸੀਨਾ ਆਉਣ ਲੱਗਾ। ਉਸ ਵੱਡੇ ਸਾਰੇ ਕਮਰੇ ਵਿਚ ਆਪਣੇ ਆਪ ਨੂੰ ਇਕੱਲੀ ਵੇਖ ਕੇ ਮੈਂ ਏਨੀ ਨਰਵਸ ਹੋ ਗਈ ਕਿ ਮੇਰਾ ਰੋਣ ਨਿਕਲ ਗਿਆ। ਮਨ ਵਿਚ ਪਤਾ ਨਹੀਂ ਕੇਹੇ ਕੇਹੇ ਸ਼ੰਕੇ ਉਠ ਰਹੇ ਸਨ। ਇਸ ਦੌਰਾਨ ਸੋਸ਼ਲ ਵਰਕਰ ਪਤਾ ਨਹੀਂ ਕਦੋਂ ਮੇਰੀ ਫਾਈਲ ਲੈ ਕੇ ਪੀਲੀ ਟੀ-ਸ਼ਰਟ ਵਾਲੇ ਆਦਮੀ ਨਾਲ ਉਸਦੇ ਆਫ਼ਿਸ ਵਿਚ ਖਿਸਕ ਗਈ। ਸਾਊਂਡ-ਪਰੂਫ਼ ਆਫ਼ਿਸ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਸੀ। ਪਰ ਫੇਰ ਵੀ 'ਜ਼ਿੱਦੀ', 'ਜੰਗਲੀ', 'ਮੰਦ-ਬੁੱਧੀ' ਤੇ 'ਨਾਲਾਇਕ' ਵਰਗੇ ਸ਼ਬਦ ਆਪਣੇ ਆਪ ਮੇਰੇ ਕੰਨਾਂ ਵਿਚ ਗੂੰਜਦੇ ਰਹੇ। ਸ਼ਾਇਦ ਉਹ ਲੋਕ ਮੇਰੇ ਬਾਰੇ ਵਿਚ ਹੀ ਗੱਲਾਂ ਕਰ ਰਹੇ ਸਨ। ਅਜੇ ਦਸ ਮਿੰਟ ਹੀ ਬੀਤੇ ਹੋਣਗੇ ਕਿ ਸੋਸ਼ਲ ਵਰਕਰ ਆਪਣਾ ਬਰੀਫ਼ ਕੇਸ ਚੁੱਕੀ ਬਾਹਰ ਆਈ। ਤੁਰਦੇ-ਤੁਰਦੇ ਉਸਨੇ ਪੀਲੀ ਟੀ. ਸ਼ਰਟ ਵਾਲੇ ਨਾਲ ਹੱਥ ਮਿਲਾਉਂਦਿਆਂ ਹੋਇਆਂ ਕਿਹਾ, “ਫੇਰ ਮੈਂ ਚੱਲਦੀ ਆਂ, ਹੁਣ ਇਹ ਤੁਹਾਡੇ ਸਪੁਰਦ ਏ। ਗੁੱਡ ਲੱਕ ਮੇਟ!” ਫੇਰ ਪਲਟ ਕੇ ਮੇਰੇ ਵੱਲ ਦੇਖ ਕੇ ਉਹ ਮੁਸਕੁਰਾਈ, ਹੱਥ ਹਿਲਾਇਆ ਤੇ ਫਟਾਫਟ ਗੱਡੀ ਸਟਾਰਟ ਕਰਕੇ ਤੁਰਦੀ ਹੋਈ। ਪਤਾ ਨਹੀਂ ਕਿਉਂ ਉਸਦੀ ਮੁਸਕੁਰਾਹਟ ਮੈਨੂੰ ਚੰਗੀ ਨਹੀਂ ਲੱਗੀ, 'ਬਲੱਡੀ ਸੋਸ਼ਲ ਵਰਕਰ!' ਮੈਂ ਮਨ ਹੀ ਮਨ ਉਸਨੂੰ ਗਾਲ੍ਹ ਕੱਢੀ।
ਪੀਲੀ ਸ਼ਰਟ ਵਾਲਾ ਸ਼ਾਇਦ ਉੱਥੋਂ ਦਾ ਮੈਨੇਜਰ ਸੀ, ਉਸਨੇ ਮੇਰੀਆਂ ਬਾਹਾਂ ਨੂੰ ਥਾਪੜਦਿਆਂ ਹੋਇਆਂ ਮੈਨੂੰ ਆਪਣੇ ਕਮਰੇ ਵਿਚ ਆਉਣ ਲਈ ਕਿਹਾ ਜਿਹੜਾ ਕਿ ਉਸਦਾ ਆਫ਼ਿਸ ਸੀ। ਆਫ਼ਿਸ ਦੇ ਸਾਹਮਣੇ ਵਾਲੇ ਦਰਵਾਜ਼ੇ 'ਤੇ ਇਕ ਵੱਡਾ ਚਾਰਟ ਟੰਗਿਆ ਹੋਇਆ ਸੀ ਜਿਸ ਉੱਤੇ ਕਈ ਨਾਂ ਲਿਖੇ ਹੋਏ ਸਨ। ਇਹਨਾਂ ਨਾਂਵਾਂ ਦੇ ਅੱਗੇ ਵੱਖੋ-ਵੱਖਰੇ ਰੰਗ ਦੀਆਂ ਚਿਟਾਂ ਲੱਗੀਆਂ ਸਨ। ਹੁਣ ਮੇਰਾ ਨਾਂ ਵੀ ਇਸ ਲਿਸਟ ਵਿਚ ਜੁੜ ਜਾਏਗਾ, ਪਤਾ ਨਹੀਂ ਕਿਸ ਰੰਗ ਦੀ ਚਿਟ ਲੱਗੇਗੀ ਮੇਰੇ ਅੱਗੇ! ਬਾਅਦ ਵਿਚ ਮੈਨੂੰ ਇਹਨਾਂ ਚਿਟਾਂ ਦੇ 'ਕਲਰ ਕੋਡ' ਦੇ ਅਰਥਾਂ ਦਾ ਪਤਾ ਲੱਗਿਆ ਕਿ ਇਹ ਚਿਟਾਂ ਵੱਖ-ਵੱਖ ਸੇਵਾਵਾਂ ਦੀਆਂ ਪ੍ਰਤੀਕ ਸਨ ਜਿਵੇਂ ਕਿ ਸਾਇਕੈਟ੍ਰਿਕ, ਸਾਈਕਾਲੋਜਿਸਟ, ਸਪੀਚ ਥੇਰੈਪੀ, ਸਪੈਸ਼ਲ ਹੈਲਪ ਆਦਿ-ਆਦਿ।
ਪੀਲੀ ਸ਼ਰਟ ਵਾਲੇ ਨੇ ਮੈਨੂੰ ਦੱਸਿਆ ਕਿ ਉਸਦਾ ਨਾਂ ਪੀਟਰ ਹੈਰਿੰਗੇ ਹੈ ਤੇ ਉਹ ਇਸ ਅਸੈਸਮੈਂਟ ਸੈਂਟਰ ਦੀ ਦੇਖ- ਭਾਲ ਆਪਣੇ ਹੋਰ ਸਹਿਯੋਗੀਆਂ ਤੇ ਸਾਥੀਆਂ ਨਾਲ ਕਰਦਾ ਹੈ। ਅੱਗੇ ਉਸਨੇ ਅਸੈਸਮੈਂਟ ਸੈਂਟਰ ਦਾ ਉਦੇਸ਼ ਦੱਸਦਿਆਂ ਮੈਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, “ਮਿਸ ਰਾਜਰਸ ਨਹੀਂ...ਨਹੀਂ, ਸਟੇਲਾ, ਕਿਉਂ ਠੀਕ ਏ ਨਾ? ਅਸੀਂ ਇਸ ਸੈਂਟਰ ਵਿਚ ਸਾਰਿਆਂ ਨੂੰ ਉਹਨਾਂ ਦੇ ਪਹਿਲੇ ਨਾਂ ਨਾਲ ਈ ਬੁਲਾਉਂਦੇ ਆਂ ਕਿਉਂਕਿ ਇੱਥੇ ਕੋਈ ਬਾਸ ਨਹੀਂ, ਸਾਰੇ ਦੋਸਤ ਨੇ। ਅਸੀਂ ਸਾਰੇ ਰਲ ਕੇ ਆਪਸ ਵਿਚ ਸਲਾਹ ਮਸ਼ਵਰਾ ਕਰਕੇ ਸੈਂਟਰ ਨੂੰ ਚਲਾਉਂਦੇ ਆਂ। ਇਹ ਅਸੈਸਮੈਂਟ ਸੈਂਟਰ ਇਕ ਪ੍ਰਗਤੀਸ਼ੀਲ ਪ੍ਰਯੋਗਸ਼ਾਲਾ ਏ।” ਮੈਂ ਚੁੱਪ, ਉਹ ਜੋ ਕੁਝ ਕਹਿ ਰਿਹਾ ਸੀ ਉਹ ਸਭ ਮੇਰੇ ਲਈ ਬਿਲਕੁਲ ਨਵਾਂ ਸੀ, ਮੇਰੇ ਹੁਣ ਤਕ ਦੇ ਅਨੁਭਵ ਤੋਂ ਪਰ੍ਹੇ। ਅੱਜ ਤੀਕ ਕਿਸੇ ਨੇ ਮੈਨੂੰ ਇੰਜ ਸਨਮਾਨ ਦੇ ਕੇ ਗੱਲ ਨਹੀਂ ਸੀ ਕੀਤੀ। ਮੈਂ ਵਾਰੀ-ਵਾਰੀ ਅੰਦਰ ਹੀ ਅੰਦਰ ਸੰਗ ਜਾਂਦੀ ਸਾਂ। ਅੱਗੇ ਉਸਨੇ ਮੇਰਾ ਧਿਆਨ ਆਪਣੇ ਵੱਲ ਖਿੱਚਣ ਲਈ ਮੈਨੂੰ ਮੇਰੇ ਪਹਿਲੇ ਨਾਂ ਨਾਲ ਸੰਬੋਧਨ ਕਰਦਿਆਂ ਹੋਇਆਂ ਕਿਹਾ, “ਸਟੇਲਾ! ਸਾਡੀ ਪੂਰੀ ਕੋਸ਼ਿਸ਼ ਹੁੰਦੀ ਏ ਕਿ ਇਸ ਅਸੈਸਮੈਂਟ ਸੈਂਟਰ ਵਿਚ ਆਉਣ ਵਾਲੀ ਹਰ ਲੜਕੀ ਨੂੰ ਅਠ-ਦਸ ਹਫ਼ਤੇ ਦੇ ਅੰਦਰ-ਅੰਦਰ ਹੀ ਜਾਂ ਤਾਂ ਕਿਸੇ ਚੰਗੇ ਪਰਿਵਾਰ ਵਿਚ ਜਗ੍ਹਾ ਮਿਲ ਜਾਏ ਜਾਂ ਉਹ ਕਿਸੇ ਵੋਕੇਸ਼ਨਲ ਟ੍ਰੇਨਿੰਗ ਵਿਚ ਲੱਗ ਜਾਏ ਜਾਂ ਛੱਡੀ ਹੋਈ ਆਪਣੀ ਪੜ੍ਹਾਈ ਚਾਲੂ ਕਰ ਲਏ।” ਉਸਨੇ ਕੁਝ ਕਿਤਾਬਾਂ ਤੇ ਕਾਮਿਕਸ ਮੈਨੂੰ ਦੇਂਦਿਆਂ ਹੋਇਆਂ ਕਿਹਾ, “ਇਸ ਸਮੇਂ ਸੈਂਟਰ ਵਿਚ ਦਸ ਕੁੜੀਆਂ ਨੇ ਜਿਹਨਾਂ ਵਿਚੋਂ ਤਿੰਨ ਕੁੜੀਆਂ ਦੇ ਫ਼ੋਸਟਰ ਪੇਰੈਂਟਸ ਮਿਲ ਚੁੱਕੇ ਨੇ, ਉਹ ਦੋ-ਤਿੰਨ ਦਿਨਾਂ ਵਿਚ ਚਲੀਆਂ ਜਾਣਗੀਆਂ।” ਮੇਰਾ ਕੀ ਹੋਏਗਾ? ਕੀ ਮੈਨੂੰ ਵੀ ਕੋਈ ਫ਼ੋਸਟਰ ਕਰੇਗਾ? ਮੈਥੋਂ ਆਪਣੇ ਭਵਿੱਖ ਦੀ ਕੋਈ ਤਸਵੀਰ ਨਹੀਂ ਸੀ ਬਣ ਰਹੀ। ਮੇਰੀ ਹੀਣ-ਗ੍ਰੰਥੀ ਮੈਨੂੰ ਆਪਣੇ ਸ਼ਿਕੰਜੇ ਵਿਚ ਕਸ ਰਹੀ ਸੀ। ਮੇਰਾ ਉਦਾਸ ਚਿਹਰਾ, ਰੀੜ੍ਹ ਦੀ ਝੁਕੀ ਹੋਈ ਹੱਡੀ ਤੇ ਕੂੰਗੜੇ ਮੋਢੇ ਮੇਰੇ ਅੰਦਰਲੀ ਬੇਚੈਨੀ ਦਰਸਾਅ ਰਹੇ ਸਨ...ਪੀਟਰ ਕੁਝ ਚਿਰ ਮੈਨੂੰ ਗੌਰ ਨਾਲ ਦੇਖਦਾ ਰਿਹਾ, ਫੇਰ ਕੁਰਸੀ ਤੋਂ ਉਠਦਿਆਂ ਹੋਇਆ ਜ਼ਰਾ ਹੱਸ ਕੇ ਬੋਲਿਆ, “ਆ ਸਟੇਲਾ, ਚੱਲ! ਤੈਨੂੰ ਸੈਂਟਰ ਦੇ ਭੂਗੋਲ ਤੋਂ ਜਾਣੂ ਕਰਵਾ ਦਿਆਂ।”
ਮੈਂ ਬੇ-ਮਨ ਜਿਹੀ ਉਠ ਖੜ੍ਹੀ ਹੋਈ ਤੇ ਉਸਦੇ ਨਾਲ ਭਾਰੇ ਕਦਮਾਂ ਨਾਲ ਤੁਰ ਪਈ।
ਪੀਟਰ ਜੋ ਕੁਝ ਕਹਿ ਰਿਹਾ ਸੀ ਉਹ ਸਭ ਪੂਰੀ ਤਰ੍ਹਾਂ ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ। ਪਰ ਉਸਦੇ ਵਿਅਕਤੀਤਵ ਵਿਚ ਕੁਝ ਅਜਿਹਾ ਸੀ ਕਿ ਉਸਦੇ ਨਾਲ ਚੱਲਣ ਵਿਚ ਮੈਨੂੰ ਤਣਾਅ ਨਹੀਂ, ਇਕ ਅਜੀਬ ਜਿਹੀ ਸ਼ਾਂਤੀ ਤੇ ਆਤਮ-ਬਲ ਮਿਲ ਰਿਹਾ ਸੀ। ਸੈਂਟਰ ਦੀ ਸਜ਼ਾਵਟ ਸੁੰਦਰ, ਮੋਹਕ ਨਿੱਖਰੇ ਹੋਏ ਸ਼ੋਖ ਰੰਗ ਇਸ ਤਰ੍ਹਾਂ ਸੀ ਜਿਵੇਂ ਮੈਨੂੰ ਕਹਿ ਰਹੇ ਹੋਣ, 'ਆ ਸਾਨੂੰ ਆਜ਼ਮਾਅ, ਸਾਨੂੰ ਜਾਣ, ਸਾਨੂੰ ਪਰਖ।' ਇੱਥੇ ਦੂਰੀਆਂ-ਦੁਤਕਾਰਾਂ ਜਾਂ ਚੈਲੇਂਜ ਨਹੀਂ, ਦੋਸਤੀ ਵਰਗਾ ਕੁਝ ਮਹਿਸੂਸ ਹੋ ਰਿਹਾ ਸੀ।
ਹੇਠਲੀ ਮੰਜ਼ਿਲ ਤੇ ਬਣੇ ਲਾਉਂਜ, ਕਿਚਨ, ਲਾਇਬਰੇਰੀ ਆਦਿ ਦਿਖਾਉਣ ਪਿੱਛੋਂ ਪੌੜੀਆਂ ਚੜ੍ਹਦਿਆਂ ਹੋਇਆਂ ਉਸਨੇ ਪਹਿਲੀ ਮੰਜ਼ਿਲ 'ਤੇ ਇਕ ਸਿੱਧੀ ਲਾਈਨ ਵਿਚ ਬਣੇ ਬਾਥ-ਰੂਮਸ ਵਲ ਇਸ਼ਾਰਾ ਕਰਦਿਆਂ ਕਿਹਾ, “ਇਸ ਮੰਜ਼ਿਲ 'ਤੇ ਪੰਜ ਬਾਥ-ਰੂਮ ਤੇ ਇਕ ਫੈਮਿਲੀ-ਰੂਮ ਏ, ਜਿਸ ਵਿਚ ਟੈਲੀਵਿਜ਼ਨ ਤੇ ਹਲਕਾ-ਫੁਲਕਾ ਰੀਡਿੰਗ ਮੈਟੀਰੀਅਲ ਰੱਖਿਆ ਹੁੰਦਾ ਏ। ਉਸਦੇ ਨਾਲ ਵਾਲਾ ਉਹ ਵੱਡਾ ਸਾਰਾ ਕਮਰਾ ਜਿਮ ਏ, ਜਿਸਨੂੰ ਮਾਰਟਿਨ ਸੁਪਰਵਾਈਜ਼ ਕਰਦਾ ਏ। ਉਸਦੇ ਸਾਹਮਣੇ ਵਾਲਾ ਕਮਰਾ, ਉਹ ਰੰਗ-ਬਿਰੰਗੇ ਦਰਵਾਜ਼ਿਆਂ ਵਾਲਾ, ਸਾਡੀ ਨਾਟਕ-ਸ਼ਾਲ ਏ ਜਿਸਦੇ ਨਿਗਰਾਨ ਸ਼ੋਹੇਬ ਤੇ ਸੁਬਰੀਨਾ ਨੇ।” ਉੱਪਰ ਤੀਜੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਪੀਟਰ ਨੇ ਕਿਹਾ, “ਸ਼ੋਹੇਬ ਅੱਛਾ-ਖਾਸਾ ਕਾਮਯਾਬ ਜੋਕਰ ਏ, ਨਕਲਾਂ ਲਾਹੁਣ ਵਿਚ ਤਾਂ ਅਜਿਹਾ ਉਸਤਾਦ ਏ ਕਿ ਇਨਸਾਨ ਹੱਸਦਾ-ਹੱਸਦਾ ਲੋਟਪੋਟ ਹੋ ਜਾਂਦਾ ਏ।” ਪੀਟਰ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਿਹਾ ਸੀ ਜਿਵੇਂ ਮੈਂ ਉਸ ਉੱਤੇ ਥੋਪੀ ਗਈ ਕੋਈ ਅਨਾਥ ਨਹੀਂ, ਉਸਦੀ ਕੋਈ ਮਹਿਮਾਨ ਹੋਵਾਂ। ਮੈਨੂੰ ਉਸਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ। ਮੇਰੇ ਅੰਦਰਲੇ ਫਿਊਜ਼ ਬਲਬ ਹੌਲੀ-ਹੌਲੀ ਜਗਨ ਲੱਗ ਪਏ ਸਨ ਤੇ ਮੈਂ ਆਪਣੀਆਂ ਤੰਗ ਗਲੀਆਂ 'ਚੋਂ ਬਾਹਰ ਆਉਣ ਲੱਗੀ ਸਾਂ...
“ਸੱਚੀਂ, ਮੈਨੂੰ ਵੀ ਨਕਲਾਂ ਲਾਹੁਣ ਵਿਚ ਬੜਾ ਮਜ਼ਾ ਆਉਂਦਾ ਏ। ਪਾਰਕ-ਹਾਊਸ ਵਿਚ ਜਦੋਂ ਮੈਂ ਨਨਾਂ ਦੀਆਂ ਨਕਲਾਂ ਲਾਹੁੰਦੀ ਤਾਂ ਮੇਰੇ ਸਾਥੀ ਖ਼ੂਬ ਹੱਸਦੇ ਪਰ ਮੈਨੂੰ 'ਚਿਲ ਆਉਟ ਕਾਰਨਰ' ਦੀ ਸਜ਼ਾ ਮਿਲਦੀ।” ਕਹਿਣ ਨੂੰ ਤਾਂ ਮੈਂ ਕਹਿ ਗਈ ਪਰ ਫੇਰ ਆਪਣੇ ਆਪ ਵਿਚ ਕਿਸੇ ਹੇਜਹੋਂਗ (ਸੇਹ, ਸਾਹੀ) ਵਾਂਗ ਸੁੰਗੜ ਗਈ।
ਉਸਨੇ ਸ਼ਾਇਦ ਮੇਰਾ ਪਿਛਲਾ ਵਾਕ ਨਹੀਂ ਸੀ ਸੁਣਿਆ...ਜਾਂ ਸੁਣਿਆ ਸੀ ਤਾਂ ਅਣ-ਸੁਣਿਆ ਕਰ ਦਿੱਤਾ।
“ਬਈ ਵਾਹ! ਇਹ ਤਾਂ ਬੜੀ ਵਧੀਆ ਗੱਲ ਏ ਸਟੇਲਾ। ਤਾਂ ਤੂੰ ਵੀ ਮਖੌਲੀ ਏਂ। ਅਸੀਂ ਇੱਥੇ ਆਪਣੇ ਸੈਂਟਰ ਵਿਚ ਹਰ ਮਹੀਨੇ ਇਕ ਕਮੇਡੀ ਸ਼ੋ ਕਰਦੇ ਆਂ। ਲੋਕਲ ਬਿਰਧ-ਆਸ਼ਰਮ ਦੇ ਸ਼ੌਕੀਨ ਉਸਨੂੰ ਦੇਖਣ ਆਉਂਦੇ ਨੇ। ਤੈਨੂੰ ਇੱਥੇ ਆਪਣੇ ਹੁਨਰ ਨੂੰ ਵਿਕਸਿਤ ਕਰਨ ਦੇ ਬੜੇ ਮੌਕੇ ਮਿਲਣਗੇ।”
“ਓ, ਨਹੀਂ-ਜੀ!”
“ਓ, ਹਾਂ-ਜੀ!” ਪੀਟਰ ਨੇ ਮੇਰੀ ਨਕਲ ਲਾਹੀ, ਮੈਂ ਹੱਸ ਪਈ। ਮੇਰੇ ਅੰਦਰ ਜੰਮੀ ਬਰਫ਼ ਦੀ ਸਿਲ ਪਿਘਲਨ 'ਤੇ ਮਜ਼ਬੂਰ ਹੋ ਗਈ...ਮੈਂ ਕਿਹਾ, “ਉਹ ਡੰਗਰੀ ਪਾਈ, ਪੋਨੀ ਟੇਲ ਵਾਲਾ ਲਾਰਲ, ਸ਼ੋਹਾਬ ਸੀ ਨਾ?” ਮੇਰੀ ਝਿਜਕ ਲੱਥ ਚੁੱਕੀ ਸੀ।
“ਹਾਂ, ਪੱਕਾ ਜੋਕਰ ਏ, ਮਸ਼ਖਰਾ। ਪਰ ਆਪਣਾ ਕੰਮ ਪੂਰੀ ਮੁਸਤੈਦੀ ਨਾਲ ਕਰਦਾ ਏ।”
“ਅੱਛਾ, ਲੱਗਦਾ ਤਾਂ ਸਿਰਫ ਮਸ਼ਖਰਾ ਈ ਏ।”
“ਉਹ ਤਾਂ ਤੈਨੂੰ ਸਹਿਜ ਕਰਨ ਲਈ ਉਸਨੇ ਸਿਰਫ ਇਕ ਯਤਨ ਕੀਤਾ ਸੀ।” ਮੈਂ ਫੇਰ ਉਂਜ ਈ ਫਿਸ ਕਰਕੇ ਹੱਸ ਪਈ। ਉਸ ਨਾਲ ਗੱਲਾਂ ਕਰਨਾ ਮੈਨੂੰ ਚੰਗਾ ਲੱਗ ਰਿਹਾ ਸੀ।

ਸੈਕੇਂਡ ਫਲੋਰ 'ਤੇ ਦਸ ਕਮਰੇ ਸਨ। ਪੰਜ ਨੰਬਰ ਦੇ ਕਮਰੇ ਉੱਤੇ ਮੇਰੇ ਨਾਂ ਦਾ ਲੇਬਲ ਚਿਪਕਾਉਂਦਿਆਂ ਹੋਇਆਂ ਪੀਟਰ ਨੇ ਕਿਹਾ, “ਲੈ ਇਹ ਤੇਰਾ ਕਮਰਾ ਹੋ ਗਿਆ।” ਨਾਲ ਹੀ ਕਮਰੇ ਵਿਚ ਲੱਗੇ ਲਾਕਰ ਦੀ ਚਾਬੀ ਦੇਂਦਾ ਹੋਇਆ ਬੋਲਿਆ, “ਤੇ ਇਹ ਹੈ ਤੇਰਾ ਲਾਕਰ। ਤੂੰ ਆਪਣੇ ਕੱਪੜੇ ਤੇ ਮੇਕਅੱਪ ਆਦਿ ਦਾ ਸਾਮਾਨ ਇਸ 'ਚ ਰੱਖ ਕੇ, ਇਸ ਨੂੰ ਲਾਕ ਕਰ ਸਕਦੀ ਏਂ।” ਮੇਰਾ ਆਪਣਾ ਕਮਰਾ, ਮੇਰਾ ਆਪਣਾ ਲਾਕਰ—ਏਨੀਆਂ ਸੁਲੱਭਤਾਂ! ਯਕੀਨ ਨਹੀਂ ਸੀ ਆ ਰਿਹਾ।
ਸੈਂਟਰ ਦੀ ਬਨਾਵਟ ਤੇ ਸਜ਼ਾਵਟ ਪਾਰਕ-ਹਾਊਸ ਦੇ ਪੁਰਾਣੇ ਫਿੱਕੇ ਢੰਗ ਦੇ ਰੱਖ-ਰਖਾਅ ਦੇ ਬਿਲਕੁਲ ਉਲਟ ਅਧੁਨਿਕ, ਨਵੇਂ ਰੰਗਾਂ ਵਿਚ ਰਚੀ-ਬਸੀ ਸੀ। ਏਡਾ ਸੁਤੰਤਰ, ਮਨ ਭੌਂਦਾ ਵਾਤਾਵਰਣ! ਅਚਾਨਕ ਪਿਘਲੀ ਸ਼ਿਲ ਫੇਰ ਬਰਫ਼ ਦਾ ਤੋਦਾ ਬਣ ਗਈ। ਇਕ ਬਿਲਕੁਲ ਨਵੇਂ ਕਿਸਮ ਦੇ ਭੈ ਤੇ ਸ਼ੰਕਾਵਾਂ ਨਾਲ ਮੇਰਾ ਦਿਲ ਡਰਨ ਲੱਗਾ। ਕਿੰਜ ਰਹਿ ਸਕਾਂਗੀ ਇਸ ਖੁੱਲ੍ਹੇ, ਬੰਧਨ ਰਹਿਤ, ਸ਼ੋਖ ਵਾਤਾਵਰਣ ਵਿਚ? ਮੈਨੂੰ ਤਾਂ ਟੱਟੂਆਂ ਵਾਂਗ ਬੱਧੇ-ਪੈਰੀਂ ਤੁਰਨ ਦੀ ਆਦਤ ਹੈ। ਪੀਟਰ ਨੇ ਪਤਾ ਨਹੀਂ ਕਿੰਜ ਮੇਰੇ ਅੰਦਰ ਹੋਣ ਵਾਲੀ ਹਲਚਲ ਨੂੰ ਬੁੱਝ ਲਿਆ! ਉਸਨੇ ਇਕ ਵਾਰੀ ਫੇਰ ਹੌਲੀ-ਜਿਹੇ ਮੇਰਾ ਮੋਢਾ ਥਾਪੜਿਆ ਤੇ ਮੈਨੂੰ ਸਮਝਾਉਂਦਿਆਂ ਹੋਇਆਂ ਕਿਹਾ...:
“ਇਹ ਜਗ੍ਹਾ ਸਵੈ-ਰਚਨਾਤਮਕ ਹੈ। ਮੁੜ ਬਸੇਰੇ ਲਈ ਹੈ। ਘਬਰਾ ਨਾ ਸਟੇਲਾ। ਇੱਥੇ ਹੋਰ ਵੀ ਤੇਰੇ ਜਿਹੀਆਂ, ਪ੍ਰਸਥਿਤੀਆਂ ਦੀ ਦਾਸ ਬਣ ਕੇ ਰਹਿ ਗਈਆਂ, ਕੁੜੀਆਂ ਰਹਿੰਦੀਆਂ ਨੇ। ਹਾਲੇ ਸਾਢੇ ਤਿੰਨ ਵੱਜੇ ਨੇ। ਦਸ ਪੰਦਰਾਂ ਮਿੰਟਾਂ 'ਚ ਕੁੜੀਆਂ ਟ੍ਰੇਨਿੰਗ ਸੈਂਟਰ 'ਚ ਵਾਪਸ ਆ ਜਾਣਗੀਆਂ, ਫੇਰ ਸੈਂਟਰ ਦਾ ਸੰਨਾਟਾ ਇੰਜ ਟੁੱਟੇਗਾ ਕਿ ਲੱਗੇਗਾ ਹੀ ਨਹੀਂ ਕਿ ਇੱਥੇ ਕਦੀ ਸੰਨਾਟਾ ਸੀ।”
ਪੀਟਰ ਦੇ ਬੋਲਣ ਦਾ ਢੰਗ, ਉਸਦੇ ਸੁਰਾਂ ਦਾ ਉਤਾਰ-ਚੜਾਅ, ਉਸਦੇ ਸ਼ਬਦ, ਮੇਰੇ ਖਿੱਲਰੇ-ਪੁੱਲਰੇ ਆਤਮ-ਵਿਸ਼ਵਾਸ ਨੂੰ ਜਿਵੇਂ ਕਿਸੇ ਅਦ੍ਰਿਸ਼ ਫੈਵੀਕੋਲ ਨਾਲ ਜੋੜ ਕੇ ਮੁੜ ਨੁਹਾਰ ਦੇ ਰਹੇ ਸਨ। ਮੇਰੇ ਅੰਦਰ ਉਮੀਦ ਦੀ ਇਕ ਲਹਿਰ ਥਰਥਰਾਈ...ਐਸਾ ਸੁਹਿਰਦ, ਐਸਾ ਸੰਵੇਦਨਸ਼ੀਲ ਤੇ ਮਨ ਵਿਚ ਉਠ ਰਹੀ ਹਰ ਤਰੰਗ ਨੂੰ ਸਮਝ ਲੈਣ ਵਾਲਾ ਰਾਹ ਦਿਖੇਵਾ ਜੇ ਪਹਿਲਾਂ ਮਿਲ ਗਿਆ ਹੁੰਦਾ...
“ਦੇਖ ਇਹ ਕੁੜੀਆਂ ਬਿਲਕੁਲ ਵੱਖਰੇ-ਵੱਖਰੇ ਸ਼ਹਿਰੀ ਮਾਹੌਲ 'ਚੋਂ ਆਈਆਂ ਨੇ ਸੋ ਇਹ ਤੇਰੇ ਨਾਲੋਂ ਬੜੀਆਂ ਭਿੰਨ, ਮੂੰਹ-ਫੱਟ, ਚੁਲਬੁਲੀਆਂ, ਦਾਦਾ ਟਾਈਪ ਤੇ ਦੰਗੇਬਾਜ਼ ਨੇ। ਪਰ ਸਾਰੀਆਂ ਦਿਲ ਦੀਆਂ ਚੰਗੀਆਂ ਨੇ। ਜੈਸੇ ਵੀ ਨੇ, ਉਹਨਾਂ ਸਭਨਾਂ ਵਿਚ ਕਈ ਚੰਗੇ ਜਨਮਜਾਤ ਗੁਣ ਵੀ ਨੇ। ਉਹਨਾਂ ਦੇ ਇਹ ਗੁਣ ਉਹਨਾਂ ਦੀਆਂ ਪ੍ਰਸਥਿਤੀਆਂ ਤੇ ਮਾਹੌਲ ਨੇ ਕੁਚਲ ਕੇ ਬਡਰੂਪ ਕਰ ਦਿੱਤੇ ਨੇ। ਪਰ ਹੌਲੀ-ਹੌਲੀ ਉਹਨਾਂ ਵਿਚ ਆਤਮ-ਵਿਸ਼ਵਾਸ ਦੇ ਨਾਲ ਨਾਲ ਜੀਵਨ ਦੇ ਪ੍ਰਤੀ ਨਵੇਂ ਦ੍ਰਿਸ਼ਟੀਕੋਨ ਵੀ ਪਨਪ ਰਹੇ ਨੇ।” ਮੇਰੀਆਂ ਅੱਖਾਂ ਵਿਚ ਹੈਰਾਨੀ ਭਰ ਗਈ। ਕੀ ਇਹ ਪੀਟਰ ਮੈਨੂੰ, ਮੇਰੇ ਬਾਰੇ ਵਿਚ ਹੀ ਇਹਨਾਂ ਕੁੜੀਆਂ ਦੇ ਬਹਾਨੇ ਨਾਲ ਦੱਸ ਰਿਹਾ ਹੈ!
“ਪੀਟਰ, ਤੁਸੀਂ ਮੇਰੀ ਰਿਪੋਰਟ ਪੜ੍ਹੀ?” ਮੈਂ ਥੋੜ੍ਹੀ ਸਾਵਧਾਨ ਹੋਈ।
“ਨਹੀਂ, ਮੈਂ ਰਿਪੋਰਟ ਅਸੈਸਮੈਂਟ ਤੋਂ ਬਾਅਦ ਪੜ੍ਹਦਾ ਆਂ।” ਮੇਰੀ ਖੱਬੀ ਬਾਂਹ ਨੂੰ ਆਪਣੀ ਮੁੱਠੀ ਦੀਆਂ ਗੰਢਾਂ ਨਾਲ ਸਹਿਲਾਉਂਦਿਆਂ ਹੋਇਆਂ ਉਸਨੇ ਮੈਨੂੰ ਤਸੱਲੀ ਜਿਹੀ ਦਿੱਤੀ।
“ਕਿਉਂ?”
“ਕਿਉਂਕਿ ਮੈਂ ਪਹਿਲਾਂ ਖ਼ੁਦ ਕਿਤਾਬ ਪੜ੍ਹਦਾਂ ਫੇਰ ਆਲੋਚਕਾਂ ਦੀ ਪ੍ਰਤੀਕ੍ਰਿਆ 'ਤੇ ਗੌਰ ਕਰਦਾਂ।” ਉਹ ਮੇਰੇ ਵੱਲ ਦੇਖ ਕੇ ਮੁਸਕੁਰਾਇਆ। ਪ੍ਰਤੀਕ੍ਰਿਆ ਵਿਚ ਮੈਂ ਵੀ ਮੁਸਕੁਰਾਈ। ਮੈਂ ਫੇਰ ਸਹਿਜ ਹੋ ਗਈ।
“ਤੁਸੀਂ ਮੇਰੀ ਰਿਪੋਰਟ ਕਦੀ ਨਾ ਪੜ੍ਹਨਾ ਪੀਟਰ...” ਮੈਂ ਬੱਚਿਆਂ ਵਾਂਗ ਮਚਲ ਕੇ ਕਿਹਾ।
“ਨਹੀਂ ਪੜ੍ਹਾਂਗਾ। ਨਹੀਂ ਪੜ੍ਹਾਂਗਾ।” ਉਸਨੇ ਆਪਣੇ ਕੰਨਾਂ ਨੂੰ ਹੱਥ ਲਾਏ, ਭਰਵੱਟਿਆਂ ਨੂੰ ਉਪਰ ਚੁੱਕਿਆ, ਗੋਲ-ਗੋਲ ਅੱਖਾਂ ਘੁਮਾਅ ਕੇ ਛਾਤੀ ਤੇ ਕਰਾਸ ਬਣਾਇਆ ਤੇ ਜੋਕਰਾਂ ਵਰਗਾ ਹਸੌੜਾ ਮੂੰਹ ਬਣਾਇਆ। ਮੈਂ ਖਿੜ-ਖਿੜ ਕਰਕੇ ਹੱਸ ਪਈ।
“ਤੂੰ ਹੱਸਦੀ ਏਂ ਤਾਂ ਦਿਲਕਸ਼ ਲੱਗਦੀ ਏਂ। ਤੇਰੀਆਂ ਅੱਖਾਂ ਦੀ ਚਮਕ ਵਧ ਜਾਂਦੀ ਏ ਤੇ ਤੇਰੇ ਨਿੱਕੇ ਨਿੱਕੇ ਦੰਦ ਮੋਤੀਆਂ ਚਮਕਣ ਲੱਗ ਪੈਂਦੇ ਨੇ।”
“ਪੀਟਰ!” ਮੈਂ ਕੂਕੀ, “ਮੇਰਾ ਮਜ਼ਾਕ ਨਾ ਉਡਾਓ! ਜੇ ਮੈਂ ਏਡੀ ਈ ਖ਼ੂਬਸੂਰਤ ਹੁੰਦੀ ਤਾਂ ਹੁਣ ਤੀਕ ਮੈਨੂੰ ਕਿਸੇ ਨੇ ਗੋਦ ਕਿਉਂ ਨਹੀਂ ਲੈ ਲਿਆ; ਕਿਸੇ ਨੇ ਮੇਰੀ ਫੋਸਟਰਿੰਗ ਕਿਉਂ ਨਹੀਂ ਕੀਤੀ; ਮੇਰਾ ਬਾਪ ਮੈਨੂੰ ਠੁੱਡ ਕਿਉਂ ਮਾਰਦਾ ਰਿਹਾ?” ਮੇਰੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ, ਆਵਾਜ਼ ਕੰਬਣ ਲੱਗ ਪਈ...
“ਮੈਂ ਕਿਉਂ ਲਾਵਾਰਸਾਂ ਵਾਂਗ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸੁੱਟ ਦਿੱਤੀ ਜਾਂਦੀ ਰਹੀ, ਜਦ ਕਿ ਮੇਰੇ ਸਾਰੇ ਭਰਾ-ਭੈਣ ਤੇ ਸਾਥੀ ਇਕ ਇਕ ਕਰਕੇ ਚੁਣ ਲਏ ਗਏ, ਚੰਗੇ ਘਰਾਂ ਵਿਚ ਸਥਾਪਿਤ ਹੁੰਦੇ ਰਹੇ ਤੇ ਮੈਂ ਅਪਮਾਨਤ ਕੀਤੀ ਤੇ ਨਕਾਰੀ ਜਾਂਦੀ ਰਹੀ। ਮੈਨੂੰ ਨਹੀਂ ਪਤਾ ਮੇਰਾ ਅਪਰਾਧ ਕੀ ਹੈ?” ਕਹਿੰਦਿਆਂ ਕਹਿੰਦਿਆਂ ਮੈਂ ਬਿਸਤਰੇ 'ਤੇ ਡਿੱਗ ਕੇ, ਗੋਡਿਆਂ ਵਿਚ ਮੂੰਹ ਛਿਪਾ ਕੇ, ਫੁੱਟ ਫੁੱਟ ਕੇ ਰੋਣ ਲੱਗੀ। ਪੀਟਰ ਉੱਥੇ ਕੋਲ ਹੀ ਪਈ ਕੁਰਸੀ ਉੱਤੇ ਬੈਠਾ ਥੋੜ੍ਹੀ ਦੇਰ ਮੈਨੂੰ ਰੋਂਦਿਆਂ ਦੇਖਦਾ ਰਿਹਾ, ਫੇਰ ਉਠ ਕੇ ਹੇਠਾਂ ਚਲਾ ਗਿਆ, ਜਦੋਂ ਵਾਪਸ ਆਇਆ ਤਾਂ ਉਸਦੇ ਹੱਥਲੀ ਟਰੇ ਵਿਚ ਚਾਹ ਦੇ ਦੋ ਮਗ, ਸੈਂਡਵਿਚ ਤੇ ਪਾਣੀ ਦਾ ਗ਼ਲਾਸ ਸੀ। ਉਸਨੇ ਪਾਣੀ ਦਾ ਗ਼ਲਾਸ ਮੈਨੂੰ ਫੜਾਉਂਦਿਆਂ ਹੋਇਆਂ ਕਿਹਾ, “ਇਹ ਚੰਗਾ ਹੋਇਆ ਕਿ ਤੂੰ ਰੋ ਪਈ। ਪਤਾ ਨਹੀਂ ਕਦੋਂ ਦਾ ਇਹ ਰੋਣ, ਇਹ ਘੁਟਣ ਤੇਰੇ ਅੰਦਰ ਕੈਦ ਸੀ। ਕਦੀ ਕਦੀ ਰੋ ਲੈਣਾ ਸਿਹਤ ਲਈ ਚੰਗਾ ਹੁੰਦਾ ਏ।” ਉਸਨੇ ਨਾਲ ਰੱਖੇ ਟੀਸ਼ੂ ਬਾਕਸ ਨੂੰ ਮੇਰੇ ਹੱਥ ਵਿਚ ਫੜਾਉਂਦਿਆਂ ਹੋਇਆਂ ਕਿਹਾ, “ਇਹ ਜੀਵਨ ਅਜ਼ੀਬੋ-ਗਰੀਬ ਘਟਨਾਵਾਂ ਨਾਲ ਭਰਿਆ ਹੋਇਆ ਏ—ਇਸ ਦਾ ਕੋਈ ਸਮੀਕਰਣ ਨਹੀਂ।”
“ਕਿਉਂ? ਕੀ ਤੁਸੀਂ ਇਹ ਨਾਟਕ, ਇਹ ਸ਼ਬਦ ਮੈਨੂੰ ਰੁਆਉਣ ਲਈ ਕਹੇ ਸਨ, ਪੀਟਰ? ਤੁਸੀਂ ਵੀ ਲੋਕਾਂ ਵਾਂਗ ਹੀ ਮੈਨੂੰ ਜੰਗਲੀ, ਬੇਵਕੂਫ਼ ਤੇ ਮੰਦਬੁੱਧੀ ਸਮਝਦੇ ਓ।” ਮੇਰੀ ਦੇਹ ਦੀਆਂ ਸਾਰੀਆਂ ਨਸਾਂ ਤਣੀਆ ਹੋਈਆਂ ਸਨ। ਮੇਰੀਆਂ ਅੱਖਾਂ ਵਿਚੋਂ ਅੰਗਿਆਰ ਡਿੱਗ ਰਹੇ ਸਨ।
“ਨਹੀਂ!” ਪੀਟਰ ਨੇ ਛੋਟਾ ਜਿਹਾ ਉਤਰ ਦੇ ਕੇ ਜਿਵੇਂ ਮੈਨੂੰ ਖਾਰਜ ਕਰ ਦਿੱਤਾ ਹੋਏ। ਮੇਰੇ ਤਨ-ਮਨ ਵਿਚ ਅੱਗ ਲੱਗ ਗਈ, ਮੈਂ ਅੱਗ ਵਰ੍ਹਾਉਂਦੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਿਆਂ ਕੜਕ ਕੇ ਕਿਹਾ...:
“ਝੂਠ, ਪੀਟਰ, ਝੂਠ! ਮੈਂ ਜਾਣਦੀ ਆਂ ਕਿ ਮੈਂ ਖ਼ੂਬਸੂਰਤ ਨਹੀਂ—ਤੂੰ ਮੈਨੂੰ ਖ਼ੂਬਸੂਰਤ ਕਿੰਜ ਕਿਹਾ? ਮੇਰੀ ਦੁਖਦੀ ਰਗ 'ਤੇ ਵਾਰ ਕਿਉਂ ਕੀਤਾ? ਇਮਾਨਦਾਰੀ ਨਾਲ ਜਵਾਬ ਦੇਅ।” ਮੈਂ ਫੇਰ ਉਤੇਜਨਾ ਵੱਸ ਡੁਸਕਣ ਲੱਗ ਪਈ।
“ਸਟੇਲਾ, ਮੈਂ ਤੈਨੂੰ ਖ਼ੂਬਸੂਰਤ ਨਹੀਂ ਕਿਹਾ।” ਪੀਟਰ ਦੀ ਦ੍ਰਿੜ੍ਹ ਆਵਾਜ਼ ਸੰਤੁਲਿਤ ਤੇ ਗੰਭੀਰ ਸੀ। ਪਤਾ ਨਹੀਂ ਕਿੰਜ ਮੈਂ ਮਨੋਂ ਉਸਨੂੰ ਸੁਣਨ ਲਈ ਤਿਆਰ ਹੋ ਗਈ।
“ਮੇਰੇ ਸ਼ਬਦਾਂ ਨੂੰ ਯਾਦ ਕਰ। ਮੈਂ ਕਿਹਾ ਸੀ ਜਦੋਂ ਤੂੰ ਹੱਸਦੀ ਏਂ ਤਾਂ ਦਿਲਕਸ਼ ਲੱਗਦੀ ਏਂ।”
“ਇਕੋ ਗੱਲ ਏ।” ਮੈਂ ਫੇਰ ਜ਼ਿੱਦ 'ਤੇ ਉਤਰ ਆਈ।
“ਨਹੀਂ, ਇਹ ਇਕੋ ਗੱਲ ਨਹੀਂ। ਇਕ ਤਿੱਖੇ ਨੱਕ-ਨਕਸ਼ੇ ਵਾਲਾ ਇਨਸਾਨ ਜੇ ਹੀਣ-ਗ੍ਰੰਥੀਆਂ ਹੇਠ ਨੱਪਿਆ, ਸਦਾ ਮੂੰਹ ਲਟਕਾਈ ਰੱਖਦਾ ਏ ਤਾਂ ਉਸਦੇ ਤਿੱਖੇ ਨਕਸ਼ਾਂ ਵੱਲ ਕਿਸੇ ਦੀ ਨਜ਼ਰ ਨਹੀਂ ਜਾਂਦੀ, ਇਸ ਲਈ ਉਹ ਖਿੱਚ ਭਰਪੂਰ ਨਹੀਂ ਲੱਗਦਾ। ਉਸਦੀ ਖ਼ੂਬਸੂਰਤੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਪਰ ਇਕ ਸਾਧਾਰਣ ਸ਼ਕਲ ਸੂਰਤ ਵਾਲਾ ਵੀ ਖਿੜਖਿੜ ਹੱਸਦਾ ਏ ਤਾਂ ਉਹ ਦਿਲਕਸ਼ ਤੇ ਖ਼ੂਬਸੂਰਤ ਲੱਗਣ ਲੱਗ ਪੈਂਦਾ ਏ।” ਉਸਨੇ ਮੇਰੀਆਂ ਅੱਖਾਂ ਵਿਚ ਸਿੱਧਾ ਦੇਖਦਿਆਂ ਹੋਇਆਂ ਕਿਹਾ।
“ਤੁਹਾਡੀਆਂ ਗੱਲਾਂ 'ਚ ਸੱਚਾਈ ਏ।” ਮੈਂ ਫੇਰ ਸਹਿਜ ਹੋਣ ਲੱਗੀ। ਮੇਰੇ ਅੰਦਲੀਆਂ ਗੰਢਾਂ ਖੁੱਲ੍ਹ ਰਹੀਆਂ ਸਨ। ਮੈਨੂੰ ਪੀਟਰ ਨਾਲ ਇੰਜ ਅਸਭਿਅਕਾਂ ਵਾਂਗ ਗੱਲ ਕਰਨ ਦਾ ਕੋਈ ਹੱਕ ਨਹੀਂ—ਮੈਂ ਆਪਣੇ ਆਪ ਨੂੰ ਮਨ ਹੀ ਮਨ ਫਿਟਕਾਰਿਆ।
“ਸਾਰੀ ਪੀਟਰ, ਮੈਨੂੰ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਸੀ।”
ਪੀਟਰ ਠਹਾਕਾ ਮਾਰ ਕੇ ਹੱਸ ਪਿਆ, ਉਸਦਾ ਹਾਸਾ ਮੈਨੂੰ ਚੰਗਾ ਲੱਗਿਆ।
“ਕਿਉਂ ਨਹੀਂ ਕਰਨੀ ਚਾਹੀਦੀ ਸੀ? ਤੈਨੂੰ ਕਿਸੇ ਦੀ ਕੋਈ ਗੱਲ ਠੀਕ ਨਹੀਂ ਲੱਗਦੀ ਤਾਂ ਤੈਨੂੰ ਪੂਰਾ ਅਧਿਕਾਰ ਏ ਕਿ ਤੂੰ ਆਪਣਾ ਵਿਰੋਧ ਜ਼ਾਹਰ ਕਰੇਂ। ਜੇ ਅਸੀਂ ਆਪਣੀਆਂ ਪ੍ਰਤੀਕ੍ਰਿਆਵਾਂ ਨੂੰ ਜ਼ਾਹਰ ਨਹੀਂ ਕਰਾਂਗੇ ਤਾਂ ਲੋਕ ਸਾਨੂੰ ਸੁਣਨਗੇ ਕਿੰਜ? ਸਾਡੇ ਇਸ ਸੈਂਟਰ ਵਿਚ ਵੱਖ-ਵੱਖ ਸੁਭਾਅ ਦੇ ਲੋਕ ਆਉਂਦੇ ਨੇ। ਕੁਝ ਅਪਰਾਧੀ ਪ੍ਰਵਿਰਤੀਆਂ ਦੇ ਹੁੰਦੇ ਨੇ ਉਹਨਾਂ ਦੀ ਸੋਚ ਬਿਲਕੁਲ ਵੱਖਰੀ ਹੁੰਦੀ ਏ। ਪਰ ਅਸੀਂ ਇੱਥੇ ਖੁੱਲ੍ਹ ਕੇ ਆਪਸ ਵਿਚ ਇਕ ਦੂਜੇ ਦੇ ਵਿਚਾਰਾਂ ਉੱਤੇ ਟਿੱਪਟਨੀਆਂ ਦੇ ਕੇ ਆਪਣੀ ਆਪਣੀ ਪ੍ਰਤੀਕ੍ਰਿਆ ਜ਼ਾਹਰ ਕਰਦੇ ਆਂ। ਇਸ ਤਰ੍ਹਾਂ ਅਸੀਂ ਇਕ ਦੂਜੇ ਨੂੰ ਕਦੀ ਇਕੋ ਵਾਰੀ ਕਦੀ ਹੌਲੀ ਹੋਲੀ ਸਮਝਣ ਲੱਗਦੇ ਆਂ।” ਪੀਟਰ ਦੀਆਂ ਅੱਖਾਂ ਵਿਚ ਸੱਚਾਈ ਤੇ ਈਮਾਨਦਾਰੀ ਸੀ। ਮੈਂ ਫੇਰ ਸਹਿਜ ਹੋਣ ਲੱਗੀ, ਮੇਰੀਆਂ ਗੰਢਾਂ ਫੇਰ ਖੁੱਲ੍ਹਣ ਲੱਗੀਆਂ, ਅਖ਼ੀਰ ਫਿਸ ਪਈ...:
“ਪਤਾ ਈ ਪਾਰਕ-ਹਾਊਸ ਦੀਆਂ ਨਨਾਂ ਗੋਰੀਆਂ-ਚਿੱਟੀਆਂ ਹੋਣ ਦੇ ਬਾਵਜੂਦ ਮੈਨੂੰ ਕਦੀ ਸੰਦਰ ਨਹੀਂ ਲੱਗੀਆਂ, ਉਹ ਮੈਨੂੰ ਹਮੇਸ਼ਾ ਚੁੜੈਲਾਂ ਲੱਗਦੀਆਂ, ਪਰ ਬੁੱਢੀ ਡੇਮਿਯਨ ਦਾ ਝੁਰੜਦਾਰ ਚਿਹਰਾ ਫਰਿਸ਼ਤੇ ਵਰਗਾ ਕੋਮਲ ਲੱਗਦਾ, ਉਹ ਮੇਰੀ, ਮਰੀਅਮ ਸੀ।”
ਪੀਟਰ ਮੇਰੀਆਂ ਗੱਲਾਂ ਸੁਣ ਕੇ ਮੁਸਕੁਰਾਇਆ, ਉਸਦੀ ਮੁਸਕੁਰਾਹਟ ਨੇ ਮੈਨੂੰ ਕੁਝ ਹੋਰ ਤਸੱਲੀ ਦਿੱਤੀ।
“ਮੈਨੂੰ ਖੁਸ਼ੀ ਏ ਕਿ ਤੂੰ ਆਪਣੇ 'ਚੋਂ ਬਾਹਰ ਆ ਰਹੀ ਏਂ। ਠੀਕ ਹੋ ਰਹੀ ਏਂ।” ਕਹਿੰਦਿਆਂ ਹੋਇਆਂ ਪੀਟਰ ਨੇ ਟਰੇ ਵਿਚ ਰੱਖੇ ਹੋਏ ਸੈਂਡਵਿਚ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ, “ਇਹ ਹੈ ਤੇਰਾ ਲੰਚ। ਚਾਹੇਂ ਤਾਂ ਖਾ ਕੇ ਆਰਾਮ ਕਰ ਲਵੀਂ ਨਹੀਂ ਤਾਂ ਹੇਠਾਂ ਆਫ਼ਿਸ 'ਚ ਆ ਜਾਵੀਂ। ਸ਼ਾਇਦ ਅਸੈਸਮੈਂਟ ਸੈਂਟਰ ਬਾਰੇ ਤੂੰ ਕੁਝ ਹੋਰ ਵੀ ਜਾਣਨਾ ਚਾਹੇਂ।”
“ਹਾਂ ਠੀਕ ਏ ਪੀਟਰ ਮੈਂ ਫਰੈਸ਼ ਹੋ ਕੇ ਆ ਰਹੀ ਆਂ।”
“ਤੇ ਹਾਂ,” ਜਾਂਦਾ ਹੋਇਆ ਉਹ ਬੋਲਿਆ, “ਕਲ੍ਹ ਸਵੇਰੇ ਤੇਰਾ ਅਸੈਸਮੈਂਟ ਹੋਏਗਾ, ਤੇਰੇ ਸਕੋਰ ਮੁਤਾਬਕ, ਤੇਰੀ ਰੁਚੀ ਅਨੁਸਾਰ, ਤੈਨੂੰ ਵੋਕੇਸ਼ਨਲ ਟਰੇਨਿੰਗ ਲਈ ਭੇਜਿਆ ਜਾਏਗਾ। ਤੇ ਸੁਣ ਇਕ ਖੁਸ਼ਖਬਰੀ, ਤੇਰੇ ਬੈਨੇਫਿਟ (ਅਨ-ਏਮਪਲਾਈਮੈਂਟ ਭੱਤਾ) ਦੇ ਪੇਪਰਸ ਆ ਚੁੱਕੇ ਨੇ, ਕਲ੍ਹ ਮਾਰਟਿਨ ਨਾਲ ਜਾ ਕੇ ਜਾਯਕੋ ਬੈਂਕ 'ਚ ਆਪਣਾ ਅਕਾਊਂਟ ਖੋਲ ਲਵੀਂ। ਹੁਣ ਤੂੰ ਆਰਥਕ ਰੂਪ ਵਿਚ ਸੁਤੰਤਰ ਏਂ, ਬੈਂਕ ਵਿਚ ਆਏ ਪੈਸਿਆਂ ਦੀ ਵਰਤੋਂ ਤੂੰ ਕਿੰਜ ਕਰੇਂਗੀ ਇਹ ਤੇਰੇ 'ਤੇ ਨਿਰਭਰ ਕਰਦਾ ਏ। ਬੈਂਕ ਦੇ ਕਾਗਜ਼, ਪਿਨ ਨੰਬਰ, ਚੈਕਬੁੱਕ, ਕ੍ਰੈਡਿਟ ਕਾਰਡ ਬੇਹੱਦ ਸੰਭਾਲ ਕੇ ਲਾਕਰ 'ਚ ਰੱਖਣੇ ਪੈਣੇ ਨੇ। ਠੀਕ। ਪੈਸੇ ਵੀ ਸੰਭਾਲ ਕੇ ਖਰਚ ਕਰਨੇ ਹੁੰਦੇ ਨੇ। ਇਹਨਾਂ ਪੈਸਿਆਂ ਦੀ ਬਜਟਿੰਗ ਕਰਨੀ ਹੁੰਦੀ ਏ ਤਦ ਕਿਤੇ ਜਾ ਕੇ ਪੂਰੇ ਹਫ਼ਤੇ ਦਾ ਖਰਚ ਚੱਲ ਸਕਦਾ ਏ।”
ਏਨੀਆਂ ਮੁਸ਼ਕਿਲ, ਏਨੀਆਂ ਸੁੰਦਰ ਗੱਲਾਂ, ਏਨੇ ਧੀਰਜ ਤੇ ਵਿਸਥਾਰ ਨਾਲ! ਜੀਵਨ ਵਿਚ ਪਹਿਲੀ ਵਾਰੀ ਕਿਸੇ ਨੇ ਮੈਨੂੰ ਏਨਾ ਮਹੱਤਵ ਤੇ ਸਮਾਂ ਦਿੱਤਾ। ਅਹਿਸਾਨ ਮੰਦ ਹੋ ਕੇ ਮੇਰਾ ਮਨ ਭਰ ਆਇਆ।
ਮੈਂ 'ਹਾਂ' ਵਿਚ ਸਿਰ ਹਿਲਾਉਂਦਿਆਂ ਹੋਇਆਂ ਪੀਟਰ ਦੀ ਤਸੱਲੀ ਕਰਵਾਈ।
ਉਸਨੇ ਉਂਗਲਾਂ ਮੀਚ ਕੇ ਗੱਠਾਂ ਨਾਲ ਮੇਰੀ ਗੱਲ੍ਹ ਨੂੰ ਸਹਿਲਾਇਆ।
“ਮੈਨੂੰ ਇੱਥੇ ਕਦੋਂ ਤੀਕ ਰੱਖਿਆ ਜਾਏਗਾ?”
“ਤੇਰੇ ਅਗਲੇ ਜਨਮ ਦਿਨ ਤਕ, ਜਦੋਂ ਤਕ ਤੂੰ ਸਤਾਰਾਂ ਸਾਲ ਦੀ ਨਹੀਂ ਹੋ ਜਾਏਂਗੀ।”
“ਫੇਰ?”
“ਇਸ ਵਰ੍ਹੇ ਤੈਨੂੰ ਬਾਹਰੀ ਸੰਸਾਰ ਨਾਲ ਤਾਲ-ਮੇਲ ਬਿਠਾਉਣ ਦੇ ਮੌਕੇ ਵਾਰ-ਵਾਰ ਮਿਲਣਗੇ, ਟੈਂਪਿੰਗ (ਸ਼ਾਰਟ ਟਾਈਮ ਨੌਕਰੀਆਂ) ਮਿਲਣਗੀਆਂ ਤੇ ਤੂੰ ਸਮਾਜ ਵਿਚ ਰਹਿਣਾ ਤੇ ਉਸਦੇ ਊਚ-ਨੀਚ ਨੂੰ ਸਮਝਣਾ ਸਿੱਖ ਜਾਵੇਂਗੀ।”
“... ...”
“ਹੋਰ ਕੋਈ ਸਵਾਲ ਮਾਈ ਡੀਅਰ?”
“ਅਜੇ ਨਹੀਂ, ਏਨਾ ਸਭ ਕੁਝ ਪਚਾਅ ਸਕਣਾ ਆਸਾਨ ਨਹੀਂ ਮੇਰੇ ਲਈ। ਮੈਨੂੰ ਜੀਵਨ ਦਾ ਕੋਈ ਅਨੁਭਵ ਨਹੀਂ। ਮੈਂ ਸਦਾ ਦੂਸਰਿਆਂ 'ਤੇ ਨਿਰਭਰ ਰਹੀ। ਪਰ ਮੈਂ ਤੁਹਾਡੀ ਸ਼ੁਕਰਗੁਜਾਰ ਆਂ, ਤੁਸੀਂ ਮੈਨੂੰ ਏਨਾ ਸਮਾਂ ਦਿੱਤਾ।” ਉਹ ਫੇਰ ਉਹੀ ਮਿੱਠੀ ਹਾਸੀ ਹੱਸੀ।
“ਇਹ ਤਾਂ ਮੇਰੀ ਨੌਕਰੀ ਏ। ਰਿਲੈਕਸ, ਓ.ਕੇ. ਫੇਰ ਮੈਂ ਚੱਲਦਾਂ।”
“ਯਸ ਪੀਟਰ।” ਲੋਕ ਏਨੇ ਚੰਗੇ ਤੇ ਸਹਿਜ ਵੀ ਹੋ ਸਕਦੇ ਨੇ—ਅਚਾਨਕ ਮੈਨੂੰ ਲੱਗਿਆ ਕਿਤੇ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਹੀ!

ਪੀਟਰ ਦੇ ਜਾਣ ਪਿੱਛੋਂ ਮੈਂ ਉਸ ਕਮਰੇ ਦੀਆਂ ਕੰਧਾਂ ਵੱਲ ਦੇਖਿਆ ਜਿਹਨਾਂ 'ਤੇ ਨਿੱਕੇ ਨਿੱਕੇ ਸੁਰਖ਼ ਫੁੱਲਾਂ ਵਾਲਾ ਹਲਕੇ ਨੀਲੇ ਰੰਗ ਦਾ ਪੇਪਰ ਲੱਗਿਆ ਹੋਇਆ ਸੀ। ਇਕ ਕੋਨੇ ਵਿਚ ਟੇਬਲ-ਚੇਅਰ, ਪਲੰਘ ਤੇ ਲਾਕਰ ਦੇ ਨਾਲ ਇਕ ਸੁਰਖ਼ ਰੀਡਿੰਗ ਲੈਂਪ। ਕਮਰੇ ਦੀ ਸਜਾਵਟ ਮੈਨੂੰ ਚੰਗੀ ਲੱਗੀ। ਇਹ ਮੇਰਾ ਆਪਣਾ ਕਮਰਾ ਹੈ—ਸੋਚਦਿਆਂ ਹੋਇਆਂ ਲਾਕਰ ਵਿਚ ਕੱਪੜੇ ਰੱਖ ਕੇ ਮੈਂ ਉਸਦਾ ਦਰਵਾਜ਼ਾ ਬੰਦ ਕੀਤਾ ਤੇ ਬਿਸਤਰੇ 'ਤੇ ਆ ਕੇ ਲੇਟ ਗਈ। ਕਦੋਂ ਅੱਖ ਲੱਗੀ, ਪਤਾ ਨਹੀਂ।
ਅਚਾਨਕ ਡਾਢੇ ਸ਼ੋਰ-ਸ਼ਰਾਬੇ ਨਾਲ ਠਪ-ਠਪ ਪੌੜੀਆਂ ਚੜ੍ਹਨ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇੰਜ ਲੱਗ ਰਿਹਾ ਸੀ ਜਿਵੇਂ ਭੂਚਾਲ ਲਾ ਗਿਆ ਹੋਵੇ। ਸ਼ਾਇਦ ਮੈਂ ਸੁਪਨਾ ਦੇਰ ਰਹੀ ਸੀ। ਅਚਾਨਕ ਤੇਰਾਂ ਤੋਂ ਲੈ ਕੇ ਸੋਲਾਂ ਵਰ੍ਹੇ ਦੀਆਂ ਸਤ ਅੱਠ ਕੁੜੀਆਂ ਧੱਕਾ-ਮੁੱਕੀ ਕਰਦੀਆਂ ਬਿਨਾਂ ਕਿਸੇ ਅਗਾਊ ਸੂਚਨਾ ਤੇ ਓਪਚਾਰਿਕਤਾ ਦੇ ਕਮਰੇ ਵਿਚ ਵੜ ਆਈਆਂ। ਨਾ ਕਿਸੇ ਨੇ ਮੇਰਾ ਨਾਂ ਪੁੱਛਿਆ, ਨਾ ਹੀ ਆਪਣਾ ਨਾਂ ਦੱਸਿਆ—ਬਸ ਮੈਨੂੰ ਵਿੰਹਦਿਆਂ ਹੀ ਪੁੱਛਣ ਲੱਗੀਆਂ ਕਿ ਮੈਂ ਕਿਸ ਅਪਰਾਧ ਕਰਕੇ ਇੱਥੇ ਭੇਜੀ ਗਈ ਹਾਂ?
ਕਿਸ ਅਪਰਾਧ ਕਰਕੇ ਮੈਂ ਇੱਥੇ ਭੇਜੀ ਗਈ ਹਾਂ? ਇਹੀ ਪ੍ਰਸ਼ਨ ਤਾਂ ਮੈਂ ਵਾਰੀ-ਵਾਰੀ ਆਪਣੇ ਆਪ ਨੂੰ ਕਰਦੀ ਹਾਂ। ਏਨੇ ਅਜਨਬੀਆਂ ਵਿਚਕਾਰ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੈਂ ਬੌਂਦਲ ਗਈ, ਉਹਨਾਂ ਨੂੰ ਜਵਾਬ ਦੇਣ ਲਈ ਮੈਂ ਫੇਰ ਨਵੇਂ ਸਿਰੇ ਤੋਂ ਸੋਚਣ ਲੱਗੀ ਕਿ ਮੈਂ ਇੱਥੇ ਕਿਉਂ ਭੇਜੀ ਗਈ ਹਾਂ? ਪਰ ਮੇਰੇ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੈਨੂੰ ਆਪਣਾ ਕੀਤਾ, ਕੋਈ ਵੀ ਅਪਰਾਧ ਚੇਤੇ ਨਹੀਂ ਸੀ ਆ ਰਿਹਾ। ਅਖ਼ੀਰ ਮੈਂ ਹਕਲਾਉਂਦਿਆਂ ਹੋਇਆਂ ਕਿਹਾ, “ਮ...ਮ...ਮੈਨੂੰ ਨਹੀਂ ਪਤਾ।”
“ਇਹ ਕਿਵੇਂ ਹੋ ਸਕਦਾ ਏ ਕਿ ਤੈਨੂੰ ਆਪਣਾ ਅਪਰਾਧ ਈ ਨਾ ਪਤਾ ਹੋਏ, ਫ਼ਕਿੰਗ ਈਡੀਏਟ (ਬ...ਮੂਰਖ)?” ਇਕ ਨੇ ਮੈਨੂੰ ਮੂੰਹ ਚਿੜਾਉਂਦਿਆਂ ਹੋਇਆਂ ਕਿਹਾ, “ਝੂਠ ਬੋਲਦੀ ਏ ਸਾਲੀ।”
ਇਕ ਲੰਮੀ-ਝੰਮੀ ਕੁੜੀ ਨੇ, ਮੇਰੇ ਚਿਹਰੇ ਨੂੰ ਆਪਣੇ ਸਖ਼ਤ ਹੱਥਾਂ ਨਾਲ ਉਪਰ ਚੁੱਕ ਕੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ, “ਤੂੰ ਦੋਗਲੀ (ਬਾਸਟਰਡ) ਏਂ?”
ਸ਼ਬਦ ਦਾ ਸਹੀ ਅਰਥ ਸਮਝੇ ਬਿਨਾਂ ਮੈਂ ਬੋਲੀ, “ਨਹੀਂ।”
“ਡਮਡਮ (ਬੇਵਕੂਫ਼)!” ਪਿੱਛੋਂ ਕਿਸੇ ਨੇ ਉੱਚੀ ਆਵਾਜ਼ ਵਿਚ ਕਿਹਾ।
“ਪਾਕੀ ਐ ਸਾਲੀ!” (ਪਾਕਿਸਤਾਨੀ ਦਾ ਸੰਖੇਪ, ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਗਾਲ੍ਹ ਵਰਗਾ ਨਕਾਰਾਤਮਕ ਸ਼ਬਦ)
ਮੈਂ ਸਿਰ ਝੁਕਾ ਕੇ, ਦੋਵਾਂ ਹੱਥਾਂ ਨਾਲ ਚਿਹਰਾ ਢਕੀ, ਅੱਖਾਂ ਬੰਦ ਕਰੀ, ਉੱਥੇ ਪਲੰਘ ਉੱਤੇ ਧਮ ਕਰਕੇ ਬੈਠ ਗਈ। ਜੀਜਸ ਏਨੀ ਗੰਦੀ ਜ਼ਬਾਨ! ਅਜਿਹੀ ਗਾਲ੍ਹ। ਪਾਰਕ-ਹਾਊਸ ਦੀਆਂ ਨਨਾਂ ਤਾਂ ਇਹਨਾਂ ਨੂੰ ਸੂਲੀ ਤੇ ਚੜ੍ਹਾ ਦਿੰਦੀਆਂ। ਮੇਰਾ ਜੀਵਨ ਭਾਵੇਂ ਕਿੰਨਾ ਹੀ ਅਪਮਾਨਜਨਕ ਰਿਹਾ ਹੋਏ ਪਰ ਕਿਸੇ ਨੇ ਐਨੀ ਹੋਛੀ ਤੇ ਬਦਤਮੀਜ਼ੀ ਭਰੀ ਗੱਲ ਮੈਨੂੰ ਕਦੀ ਨਹੀਂ ਸੀ ਆਖੀ। ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਹੁਣ ਇਹ ਕੁੜੀਆਂ ਮੈਨੂੰ ਜ਼ਰੂਰ ਕੁੱਟਣਗੀਆਂ...ਪੀਟਰ, ਪੀਟਰ! ਕਿੱਥੇ ਗਿਆ ਪੀਟਰ? ਕੀ ਇਹਨਾਂ ਭਿਆਨਕ ਕੁੜੀਆਂ ਨਾਲ ਮੈਨੂੰ ਰਹਿਣਾ ਪਏਗਾ? ਘਬਰਾਹਟ ਨਾਲ ਮੇਰੇ ਹੱਥ ਪੈਰ ਠੰਡੇ ਹੋਣ ਲੱਗੇ।
“ਚਲ, ਛੱਡ ਯਾਰ, ਇਹ ਤਾਂ ਬੇਕਾਰ ਸਮੇਂ ਦੀ ਬਰਬਾਦੀ ਏ (ਵੇਸਟ ਆਫ਼ ਟਾਈਮ)।” ਇਕ ਨੇ ਹੌਲੀ ਜਿਹੇ ਕਿਹਾ।
“ਸੱਚਮੁੱਚ ਡਰ ਗਈ।” ਕਿਸੇ ਹੋਰ ਨੇ ਕਿਹਾ ਤੇ ਹੌਲੀ-ਹੌਲੀ ਸਭ ਉੱਥੋਂ ਖਿਸਕ ਗਈਆਂ।
ਥੋੜ੍ਹੀ ਦੇਰ ਬਾਅਦ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਉੱਥੇ ਅਜੇ ਵੀ ਇਕ ਝੱਥੇ, ਘੁੰਗਰਾਲੇ-ਵਾਲਾਂ ਵਾਲੀ ਗੋਰੀ ਪਰ ਫ੍ਰੇਕਡਲ (ਹਲਕੇ ਭੂਰੇ ਤਿਲਾਂ ਨਾਲ ਭਰੇ ਹੋਏ) ਚਿਹਰੇ ਵਾਲੀ ਬਾਰਾਂ ਤੇਰਾਂ ਸਾਲ ਦੀ ਮੈਥੋਂ ਛੋਟੇ ਕੱਦ-ਕਾਠ ਦੀ ਸੁਕੜੂ ਜਿਹੀ ਕੁੜੀ ਖੜ੍ਹੀ ਮੈਨੂੰ ਬਿੱਲੀ ਵਾਂਗ ਘੂਰ ਰਹੀ ਸੀ।
“ਕੀ ਤੂੰ ਸੱਚਮੁੱਚ ਕੋਈ ਅਪਰਾਧ ਨਹੀਂ ਕੀਤਾ, ਪਾਕੀ?”
“ਕੀਤਾ ਸੀ, ਇਕ ਵਾਰੀ ਨਨਰੀ ਦੇ ਕਿਚਨ 'ਚੋਂ ਪੇਸਟਰੀ ਚੁਰਾਈ ਸੀ। ਪਰ ਕਿਸੇ ਨੇ ਮੈਨੂੰ ਚੁਰਾਉਂਦਿਆਂ ਹੋਇਆਂ ਨਹੀਂ ਦੇਖਿਆ। ਮੈਂ ਫੜ੍ਹੀ ਨਹੀਂ ਗਈ।” ਮੈਂ ਕਿਹਾ।
“ਹੈਤ,” ਉਸਨੇ ਭੈੜਾ ਜਿਹਾ ਮੂੰਹ ਬਣਾਉਂਦਿਆਂ ਹੋਇਆਂ ਕਿਹਾ, “ਇਹ ਵੀ ਕੋਈ ਅਪਰਾਧ ਏ, ਇਹ ਤਾਂ ਬੜੀ ਬਚਕਾਨੀ ਹਰਕਤ ਏ।” ਮੇਰੀ ਨਾਦਾਨੀ ਤੇ ਉਹ ਤੁੜਕੀ ਤੇ ਬਹਿਸ ਕਰਦੀ ਜਲਦੀ-ਜਲਦੀ ਬੋਲੀ, “ਮੈਂ ਤੈਨੂੰ ਕਾਰ ਚੁਰਾਉਣਾ ਸਿਖਾਵਾਂਗੀ। ਇਜ਼ੀ-ਪਿਜ਼ੀ (ਬੇਹੱਦ ਆਸਾਨ) ਕਾਰ ਚੁਰਾਉਣ ਦਾ ਆਪਣਾ ਮਜ਼ਾ ਏ। ਗੱਡੀ ਚੁਰਾਓ, ਖ਼ੂਬ ਤੇਜ਼ ਦੌੜਾਓ ਤੇ ਫੇਰ ਕਿਸੇ ਪਾਸ਼ ਗੱਡੀ ਨਾਲ ਟੱਕਰ ਮਾਰ ਕੇ ਨੌਂ ਦੋ ਗਿਆਰਾਂ ਹੋ ਜਾਓ। ਫੜੇ ਜਾਓ ਤਾਂ ਫ਼ਕਿੰਗ ਰਿਮਾਂਡ ਕਸਟਡੀ (ਮੁੜ ਸੁਧਾਰ-ਸੰਰਕਸ਼ਣ) ਤੇ ਜੁਵਿਨਾਇਲ ਕੇਸ (ਬਾਲ-ਅਪਰਾਧ)। ਸਮਝੀ ਸਟੂਪਿਡ ਪਾਕੀ।” ਕਹਿੰਦੀ ਹੋਈ ਜਾਣ ਹੀ ਲੱਗੀ ਸੀ ਕਿ ਮੈਂ ਉਸਦਾ ਹੱਥ ਫੜ੍ਹ ਕੇ ਕਿਹਾ...:
“ਤੂੰ ਮੈਨੂੰ ਪਾਕੀ ਕਿਉਂ ਕਹਿੰਦੀ ਏਂ, ਮੈਂ ਪਾਕੀ ਨਹੀਂ...ਮੈਂ ਸਟੇਲਾ ਰਾਜਰਸ ਆਂ। ਮੇਰਾ ਬਾਪ ਗੋਰਾ ਸੀ। ਮੈਂ ਗੋਰੀ ਆਂ।”
ਉਹ ਹੱਥ ਛੁਡਾਅ ਕੇ ਭੱਜਦੀ-ਭੱਜਦੀ ਕਹਿ ਗਈ...:
“ਰੰਗ ਗੋਰਾ ਹੋਣ ਨਾਲ ਕੀ ਹੁੰਦਾ ਏ ਪਾਕੀ, ਤੇਰੀਆਂ ਕਾਲੀਆਂ ਅੱਖਾਂ ਦੱਸ ਰਹੀਆਂ ਨੇ, ਤੂੰ ਦੋਗਲੀ ਏਂ। ਦੋਗਲੀ ਤਾਂ ਮੈਂ ਵੀ ਆਂ। ਮੇਰਾ ਬਾਪ ਕਾਲਾ (ਅਫ਼ਰੀਕਨ) ਤੇ ਮਾਂ ਗੋਰੀ (ਅੰਗਰੇਜ਼) ਸੀ, ਦੋਵੇਂ ਸੜਕ ਦੁਰਘਟਨਾ ਵਿਚ ਮਰ ਗਏ! ਮੇਰੇ ਨਾਲ ਦੋਸਤੀ ਕਰੇਂਗੀ?”
ਮੇਰੀਆਂ ਅੱਖਾਂ ਤੋਂ ਜਿਵੇਂ ਉਸਨੇ ਕੋਈ ਪਰਦਾ ਹਟਾ ਦਿੱਤਾ ਹੋਵੇ। ਬਿਸਤਰੇ 'ਤੇ ਪਿਆਂ ਪਿਆਂ ਮੇਰੇ ਦਿਮਾਗ਼ ਵਿਚ ਰਹਿ ਰਹਿ ਕੇ ਮੇਰੇ ਜਨਮ ਤੇ ਜ਼ਿੰਦਗੀ ਨਾਲ ਜੁੜੇ ਤਰ੍ਹਾਂ-ਤਰ੍ਹਾਂ ਦੇ ਦਰਦਨਾਕ ਨਸਲੀ ਸਵਾਲ ਭੁੜਕ-ਭੁੜਕ ਮੇਰੇ ਜ਼ਿਹਨ ਵਿਚ ਆਉਣ ਲੱਗੇ।

'ਮੈਂ ਕੌਣ ਹਾਂ?' 'ਮੈਂ ਸਟੇਲਾ ਰਾਜਰਸ ਹਾਂ।' ' ਨਹੀਂ ਤੂੰ ਰਾਜਰਸ ਨਹੀਂ ਏਂ?' ਮੇਰੇ ਦਿਮਾਗ਼ ਦੇ ਕਿਸੇ ਕੋਨੇ ਵਿਚੋਂ ਉਤਰ ਆਇਆ। 'ਮੈਂ ਰਾਜਰਸ ਕਿਉਂ ਨਹੀਂ, ਮੇਰੇ ਬਰਥ ਸਰਟਿਫੀਕੇਟ ਤੋਂ ਲੈ ਕੇ ਮੇਰੇ ਸਕੂਲ ਸਰਟਿਫੀਕੇਟ ਉੱਤੇ ਮੇਰਾ ਨਾਂ ਸਟੇਲਾ ਰਾਜਰਸ ਲਿਖਿਆ ਹੋਇਆ ਏ' ਮੇਰਾ ਦਿਮਾਗ਼ ਚਰਖ਼ੀ ਵਾਂਗ ਘੁੰਮਦਾ ਬੌਂਦਲ ਗਿਆ ਸੀ ਪਰ ਨਾਲ ਹੀ ਕਈ ਉਲਝੇ ਹੋਏ ਤੰਦ ਸੁਲਝ ਵੀ ਰਹੇ ਸਨ। 'ਤੇਰੀਆਂ ਅੱਖਾਂ ਨੀਲੀਆਂ ਤੇ ਰੰਗ ਡੈਨਿਯਲ ਰਾਜਰਸ ਵਰਗਾ ਗੋਰਾ-ਚਿੱਟਾ ਨਹੀਂ ਹੈ।' 'ਫੇਰ?' 'ਫੇਰ ਕੀ?' 'ਡੈਨਿਯਲ ਰਾਸਰਸ ਤੇਰਾ ਬਾਪ ਨਹੀਂ ਸੀ, ਇਸੇ ਲਈ ਉਹ ਤੈਨੂੰ ਠੁੱਡੇ ਮਾਰਦਾ ਸੀ। ਉਸਨੂੰ ਤੇਰੀ ਸੂਰਤ-ਸ਼ਕਲ ਤੋਂ ਚਿੜ ਸੀ। ਤੇਰਾ ਕਣਕ-ਵੰਨਾ ਰੰਗ ਤੇ ਕਾਲੀਆਂ ਅੱਖਾਂ ਉਸਦੇ ਮਰਦ ਹੋਣ ਨੂੰ ਲਲਕਾਰ ਦੀਆਂ ਸੀ। ਤੇਰੇ ਹੋਰ ਭਾਈ-ਭੈਣਾਂ ਉਸ ਵਾਂਗ ਚਿੱਟੇ-ਗੋਰੇ ਤੇ ਨੀਲੀਆਂ-ਭੂਰਆਂ ਅੱਖਾਂ ਵਾਲੇ ਨੇ।' 'ਫੇਰ?' 'ਤੇਰੀ ਮਾਂ ਨੇ ਆਪਣੇ ਸੁਖ ਲਈ ਤੁਹਾਨੂੰ ਸਾਰੇ ਭਰਾ-ਭੈਣਾਂ ਨੂੰ 'ਰਾਸਰਸ ਸਰ ਨੇਮ' ਦੀ ਛਤਰੀ ਫੜਾ ਦਿੱਤੀ।' 'ਫੇਰ?' 'ਫੇਰ ਕੀ ਮੂਰਖੇ, ਤੂੰ ਉਸ ਛਤਰੀ ਵਿਚ ਛੇਕ ਸੀ...।' ਖ਼ੁਦ ਨਾਲ ਗੱਲਾਂ ਕਰਦੀ ਪਤਾ ਨਹੀਂ ਕਦੋਂ ਤਕ ਮੈਂ ਰੋਂਦੀ-ਸਿਸਕਦੀ ਰਹੀ ਮੈਨੂੰ ਯਾਦ ਨਹੀਂ, ਸ਼ਾਇਦ ਰੋਂਦੀ-ਰੋਂਦੀ ਮੈਂ ਸੌਂ ਗਈ।

ਜਦੋਂ ਮੈਂ ਸਵੇਰੇ ਉਠੀ, ਉੱਥੇ ਕੋਈ ਨਹੀ ਸੀ, ਉਹ ਕੁੜੀਆਂ ਕੌਣ ਸਨ? ਕੀ ਮੈਂ ਕੋਈ ਭਿਆਨਕ ਸੁਪਨਾ ਦੇਖ ਰਹੀ ਸੀ? ਸੋਚਦੀ ਸੋਚਦੀ ਨਹਾਅ-ਧੋ ਕੇ ਜਦੋਂ ਮੈਂ ਹੇਠਾਂ ਆਈ ਪੀਟਰ ਆਫ਼ਿਸ ਵਿਚ ਬੈਠਾ ਕੋਈ ਕੰਮ ਕਰ ਰਿਹਾ ਸੀ। ਮੈਂ ਦਰਵਾਜ਼ੇ ਨੂੰ ਹੌਲੀ ਜਿਹੀ ਖੜਕਾਇਆ,
“ਅੰਦਰ ਆਓ ਸਟੇਲਾ...” ਉਹੀ ਕਲ੍ਹ ਵਾਲੀ ਹਸੂੰ-ਹਸੂੰ ਕਰਦੀ ਹੌਸਲਾ ਵਧਾਉਂਦੀ ਹੋਈ ਆਵਾਜ਼।
“ਗੁੱਡ ਮਾਰਨਿੰਗ!”
“ਹਾਏ! ਤੂੰ ਬੈਂਕ ਜਾਣ ਲਈ ਤਿਆਰ ਏਂ? ਮਾਰਟਿਨ ਆਉਂਦਾ ਈ ਹੋਏਗਾ।”
“ਅਜੇ ਪੰਜ ਮਿੰਟ ਰਹਿੰਦੇ ਨੇ। ਮੈਂ ਤੁਹਾਨੂੰ ਕੁਝ ਪੁੱਛਣਾ ਏਂ?” ਮੇਰੀ ਸਹਿਮੀ ਆਵਾਜ਼ ਭਾਵੁਕਤਾ ਵੱਸ ਕੰਬ ਰਹੀ ਸੀ।
“ਪੁੱਛ ਬਈ, ਮੈਂ ਤਾਂ ਕਲ੍ਹ ਵੀ ਤੇਰਾ ਇੰਤਜ਼ਾਰ ਕੀਤਾ, ਪਰ ਸ਼ਾਇਦ ਤੂੰ ਥੱਕੀ ਹੋਈ ਸੈਂ। ਸ਼ੋਹਾਬ ਤੇ ਸੁਬਰੀਨਾ ਨੇ ਦੱਸਿਆ ਤੂੰ ਗੂੜ੍ਹੀ ਨੀਂਦ ਸੁੱਤੀ ਹੋਈ ਸੈਂ।” ਉਹ ਸਹਿਜ, ਸੰਤੁਲਤ ਤੇ ਹੌਸਲਾ ਵਧਾਊ ਅੰਦਾਜ਼ ਹੋਰ ਕਿਤੇ ਨਹੀਂ ਸੀ ਮਿਲਿਆ।
“ਮੇਰਾ ਅਪਰਾਧ ਕੀ ਹੈ? ਮੈਨੂੰ ਅਪਰਾਧੀਆਂ ਨਾਲ ਕਿਉਂ ਰੱਖਿਆ ਗਿਆ ਏ?” ਮੈਂ ਕੰਬਦੀ ਹੋਈ ਆਵਾਜ਼ ਵਿਚ ਉਸਨੂੰ ਪੁੱਛਿਆ।
“ਤੇਰਾ ਕੋਈ ਅਪਰਾਧ ਨਹੀਂ!” ਉਸਦੀ ਆਵਾਜ਼ ਹੌਸਲਾ ਵਧਾਉਣ ਵਾਲੀ ਸੀ, “ਤੂੰ ਅਪਰਾਧੀਆਂ ਨਾਲ ਨਹੀਂ, ਆਪਣੀਆਂ ਹਮ-ਉਮਰ ਕੁੜੀਆਂ (ਟੀਨਏਜਰ) ਨਾਲ ਏਂ, ਜਿਹੜੀਆਂ ਤੇਰੇ ਵਾਂਗ ਹੀ ਕਿਸੇ ਦੂਜੀ ਤਰ੍ਹਾਂ ਵਿਕਟਿਮ ਆਫ ਸਰਕਮਸਟਾਂਸੇਜ (ਪ੍ਰਸਥਿਤੀਆਂ ਦੀ ਕੁਹਜ) ਦੀਆਂ ਸਿਕਾਰ ਰਹੀਆਂ ਨੇ।

Wednesday, February 9, 2011

ਸੰਸਦ ਮਾਰਗ 'ਤੇ...:: ਲੇਖਕ : ਬੀਰ ਰਾਜਾ

ਉਰਦੂ ਕਹਾਣੀ :
ਸੰਸਦ ਮਾਰਗ 'ਤੇ...
ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮਨ ਵਿਚ ਇਕ ਗੱਲ ਉੱਠੀ ਕਿ ਸਾਰੇ ਜਲੂਸ ਇਕੋ-ਜਿਹੇ ਹੁੰਦੇ ਨੇ, ਉਹਨਾਂ ਵਿਚ ਇਕੋ-ਜਿਹੇ ਚਿਹਰੇ ਹੀ ਦਿਖਾਈ ਦਿੰਦੇ ਨੇ, ਫੇਰ ਹਰ ਵਾਰੀ ਅਸੀਂ ਏਨੀ ਉੱਛਲ-ਕੁੱਦ ਕਰਦੇ ਹੋਏ ਤਸਵੀਰਾਂ ਕਿਉਂ ਖਿੱਚਦੇ ਹਾਂ? ਏਨਾ ਸੋਚ ਲੈਣ ਪਿੱਛੋਂ ਵੀ ਸਾਡੀ ਉੱਛਲ-ਕੁੱਦ ਜਾਰੀ ਰਹੀ। ਇਸ ਉਮਰ ਵਿਚ ਵੀ ਅਸੀਂ ਕੰਧਾਂ ਤੇ ਰੁੱਖਾਂ ਉੱਤੇ ਚੜ੍ਹਦੇ ਹੋਏ ਤਸਵੀਰਾਂ ਖਿੱਚਣ ਲੱਗੇ।
ਜਲੂਸ ਬੜਾ ਵੱਡਾ ਸੀ। ਸੜਕਾਂ 'ਤੇ ਆਵਾਜਾਵੀ ਰੁਕ ਚੁੱਕੀ ਸੀ। ਚੌਰਾਹਿਆਂ ਉੱਤੇ ਲੋਕਾਂ ਦੇ ਝੁੰਡ ਜੁੜੇ ਹੋਏ ਸਨ। ਜਿੱਥੇ ਵੱਧ ਭੀੜ ਹੁੰਦੀ, ਪ੍ਰਦਰਸ਼ਨਕਾਰੀ ਰੁਕ ਕੇ ਉੱਚੀਆਂ ਤੇ ਜੋਸ਼ੀਲੀਆਂ ਆਵਾਜ਼ਾਂ ਵਿਚ ਨਾਅਰੇ ਲਾਉਣ ਲੱਗ ਪੈਂਦੇ। ਉਹਨਾਂ ਦੀਆਂ ਨਸਾਂ ਤਣ ਜਾਂਦੀਆਂ। ਹੱਥਾਂ ਵਿਚ ਫੜ੍ਹੀਆਂ ਝੰਡੀਆਂ ਤੇ ਮਾਟੋ, ਵਾਰ-ਵਾਰ ਉੱਛਲਦੇ; ਸਭਨਾਂ ਉੱਤੇ ਇਕ ਜਨੂੰਨ ਸਵਾਰ ਹੋ ਜਾਂਦਾ। ਸਾਰੀਆਂ ਟੋਲੀਆਂ ਵਿਚ ਇੰਜ ਨਹੀਂ ਸੀ—ਕੁਝ ਬੜੇ ਚੁੱਪ-ਚੁੱਪ, ਸੜਕ ਦੇ ਦੋਵੇਂ ਪਾਸੇ ਦੀ ਦੁਨੀਆਂ ਨੂੰ ਹੈਰਾਨੀ ਨਾਲ ਵੇਖਦੇ ਹੋਏ, ਤੁਰ ਰਹੇ ਸਨ।
ਤਮਾਸ਼ਾਈਆਂ ਵਿਚ ਸਭ ਤਰ੍ਹਾਂ ਦੀ ਭੀੜ ਸੀ—ਕੁਝ ਰੋਜ਼-ਰੋਜ਼ ਦੇ ਜਲੂਸਾਂ ਤੋਂ ਤੰਗ ਆਏ ਹੋਏ ਸਨ, ਕੁਝ ਰਸਤੇ ਬੰਦ ਹੋਣ ਤੋਂ ਪ੍ਰੇਸ਼ਾਨ ਸਨ ਤੇ ਬਕ ਰਹੇ ਸਨ। ਕੁਝ ਪ੍ਰਦਰਸ਼ਨਕਾਰੀਆਂ ਨੂੰ ਬੁਰਾ-ਭਲਾ ਕਹਿਣ ਲੱਗੇ ਕਿ 'ਇਹਨਾਂ ਨੂੰ ਪੁੱਛੋ ਬਈ ਏਨੇ ਵਰ੍ਹਿਆਂ ਦਾ ਇਸ ਭੀੜ-ਭੜਕੇ ਨਾਲ ਕੀ ਹੋਇਆ ਹੈ?' ਕੋਈ ਚੀਕ ਰਿਹਾ ਸੀ ਕਿ 'ਸਾਰੀਆਂ ਪਾਰਟੀਆਂ ਆਪਣਾ ਉੱਲੂ ਸਿੱਧਾ ਕਰਨ ਲਈ ਲੋਕਾਂ ਨੂੰ ਭੜਕਾ ਕੇ ਲੈ ਆਉਂਦੀਆਂ ਹਨ। ਇਹਨਾਂ ਜਲੂਸਾਂ ਦਾ ਜ਼ਮਾਨਾ ਗਿਆ; ਹੁਣ ਤਾਂ ਸਰਕਾਰ ਆਪਣੇ ਸਮਰਥਣ ਵਿਚ ਹੀ ਇਸ ਨਾਲੋਂ ਵੱਧ ਭੀੜ ਇਕੱਠੀ ਕਰ ਲਿਆਉਂਦੀ ਹੈ।'
ਇਕ ਮੋੜ ਉੱਤੇ ਰੁਕੀ ਹੋਈ ਭੀੜ ਵਿਚ ਇਕ ਬੜਾ ਭਾਵੁਕ ਨੌਜਵਾਨ ਮੁੱਠੀਆਂ ਉਲਾਰ ਕੇ ਕਹਿ ਰਿਹਾ ਸੀ ਕਿ 'ਹੁਣ ਸੰਘਰਸ਼ ਦੇ ਨਾਂਅ ਉਪਰ ਇਹੋ ਨਾਟਕ ਰਹਿ ਗਿਆ ਹੈ...ਜਲੂਸ ਤੇ ਚੋਣਾਂ, ਦੋ ਅਜਿਹੇ ਧੋਖੇ ਨੇ, ਜਦ ਅਸੀਂ ਮੂਰਖ ਬਣ ਜਾਂਦੇ ਹਾਂ।'
ਅਜਿਹੇ ਦਿਨ, ਲੋਕੀ ਪੜ੍ਹੇ ਹੋਏ ਅਖ਼ਬਾਰ, ਰਸਾਲਿਆਂ ਦੇ ਆਧਾਰ 'ਤੇ ਖ਼ੂਬ ਬਹਿਸਾਂ ਕਰਦੇ ਹਨ। ਜਦੋਂ ਰਸਤੇ ਖੁੱਲ੍ਹ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਕਿ ਥੋੜ੍ਹੀ ਦੇਰ ਪਹਿਲਾਂ ਉਹ ਕੀ ਗੱਲਾਂ ਕਰ ਰਹੇ ਸਨ। ਭੀੜ ਤੇ ਜਲੂਸ ਵਿਚ ਲੋਕਾਂ ਦੇ ਤੇਵਰ, ਉਹਨਾਂ ਦੇ ਚਿਹਰੇ, ਉਹਨਾਂ ਦਾ ਗੁੱਸਾ, ਹਮੇਸ਼ਾ ਇਕੋ ਜਿਹਾ ਹੁੰਦਾ ਹੈ। ਸਿਰਫ ਕੁਝ ਵਾਕ ਤੇ ਨਾਅਰੇ ਬਦਲ ਜਾਂਦੇ ਹਨ।
ਜਲੂਸ ਲਾਲ ਕਿਲੇ ਦੇ ਪਿੱਛਲੇ ਪਾਸਿਓਂ ਸ਼ੁਰੂ ਹੋ ਕੇ ਸੰਸਦ ਮਾਰਗ ਤਕ ਪਹੁੰਚ ਚੁੱਕਿਆ ਸੀ। ਉਸਦਾ ਪਿਛਲਾ ਸਿਰਾ ਅਜੇ ਰਾਜ ਘਾਟ ਤਕ ਹੀ ਪਹੁੰਚਿਆ ਸੀ। ਜਲੂਸ ਵਿਚ ਸਾਰੇ ਸੂਬਿਆਂ ਦੇ ਮਰਦ, ਤੀਵੀਂਆਂ, ਨੌਜਵਾਨ, ਮਜ਼ਦੂਰ, ਕਿਸਾਨ ਤੇ ਅਨੇਕਾਂ ਸੰਗਠਨਾਂ ਦੇ ਲੋਕ ਸਨ। ਉਹਨਾਂ ਦੇ ਪਹਿਰਾਵੇ, ਬੋਲੀਆਂ, ਸ਼ਕਲਾਂ ਜ਼ਰੂਰ ਵੱਖੋ-ਵੱਖ ਸਨ, ਪਰ ਉਹਨਾਂ ਦੇ ਨਾਅਰੇ ਤੇ ਝੰਡੇ ਇਕੋ-ਜਿਹੇ ਸਨ—ਲਾਲ ਝੰਡੇ, ਲਾਲ ਬੈਨਰ, ਲਾਲ ਤਖ਼ਤੀਆਂ, ਤੇ ਲਾਲ ਨਾਅਰੇ।
ਜਲੂਸ ਦੀ ਲੰਬਾਈ, ਅਨੁਸ਼ਾਸਨ ਤੇ ਜੋਸ਼ ਨੂੰ ਵੇਖਦੇ ਹੀ ਅੰਦਾਜ਼ਾ ਹੋ ਜਾਂਦਾ ਸੀ ਕਿ ਇਸ ਦੀ ਤਿਆਰੀ ਵਿਚ ਕਈ ਮਹੀਨੇ ਦਾ ਸਮਾਂ ਲੱਗਾ ਹੈ। ਜਲੂਸ ਵਿਚਲੇ ਚਿਹਰੇ ਓਹੋ-ਜਿਹੇ ਦਿਖਾਈ ਨਹੀਂ ਸੀ ਦੇ ਰਹੇ, ਜਿਹੋ-ਜਿਹੇ ਸਹਿਜ ਜ਼ਿੰਦਗੀ ਵਿਚ ਦਿਖਾਈ ਦਿੰਦੇ ਨੇ। ਜਲੂਸ ਵਿਚ ਲੋਕ ਖ਼ੂੰਖਾਰ ਤੇ ਲੜਾਕੂ ਬਣ ਜਾਂਦੇ ਨੇ। ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਉਹਨਾਂ ਦੇ ਅੰਦਰ ਦਬੀ ਅੱਗ ਭੜਕ ਉੱਠਦੀ ਹੈ।
ਜਲੂਸ ਵਾਰ-ਵਾਰ ਰੁਕ ਜਾਂਦਾ। ਲੋਕ ਟੋਲੀਆਂ ਵਿਚ ਜੁੜ ਕੇ ਗੱਲਾਂ ਕਰਨ ਲੱਗਦੇ। ਜਿਵੇਂ ਹੀ ਸਰਕਦੇ, ਫੇਰ ਨਾਅਰੇ ਗੂੰਜਣ ਲੱਗ ਪੈਂਦੇ। ਪਿਛਲੀ ਟੋਲੀ ਨੂੰ ਅਗਾਂਹ ਸਰਕਣ ਦਾ ਮੌਕਾ ਹੀ ਨਹੀਂ ਸੀ ਮਿਲ ਰਿਹਾ। ਉਹ ਉੱਚੀਆਂ ਆਵਾਜ਼ਾਂ ਵਿਚ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਗੱਲਾਂ ਵਿਚ ਉਹਨਾਂ ਦੇ ਘਰ-ਪਰਿਵਾਰ, ਪਿੰਡ, ਸਮੱਸਿਆਵਾਂ ਤੇ ਜ਼ੁਲਮਾਂ ਦੀ ਪੂਰੀ ਕਹਾਣੀ ਝਲਕ ਉਠਦੀ। ਅਸੀਂ ਉਹਨਾਂ ਦੀਆਂ ਆਵਾਜ਼ਾਂ ਟੇਪ ਕਰਨ ਲੱਗ ਪਏ। ਇਕ ਟੋਲੀ ਏਨੀ ਗਰੀਬ ਸੀ ਕਿ ਉਹਨਾਂ ਨੂੰ ਵੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ ਕਿ ਉਹ ਇਸੇ ਪ੍ਰਜਾਤੰਤਰ ਦੇ ਨਾਗਰਿਕ ਹਨ। ਉਹਨਾਂ ਦੇ ਸਰੀਰ ਉੱਤੇ ਕੱਪੜੇ ਨਾਂਹ ਦੇ ਬਰਾਬਰ ਸਨ। ਉਹਨਾਂ ਦੇ ਹੱਥਾਂ ਵਿਚ ਖਾਣੇ ਦੀਆਂ ਪੋਟਲੀਆਂ ਸਨ, ਸਿਰਾਂ 'ਤੇ ਗੰਢੜੀਆਂ ਤੇ ਧੁੱਪ ਵਿਚ ਕਾਲੇ ਹੋਏ ਸਰੀਰ। ਉਹਨਾਂ ਨੂੰ ਦੇਖਦੇ ਹੀ ਤਮਾਸ਼ਾਈ ਹੱਸ ਪੈਂਦੇ।
ਉਹਨਾਂ ਟੋਲੀਆਂ ਦੀਆਂ ਗੱਲਾਂ, ਦਿੱਲੀ ਦੇ ਗੁਲਮੋਹਰ ਦੇ ਰੁੱਖਾਂ ਵਾਲੀਆਂ ਸੜਕਾਂ ਉਪਰ ਖੜ੍ਹੇ ਲੋਕਾਂ ਦੀ ਸਮਝ ਤੋਂ ਬੜੀ ਦੂਰ ਸਨ। ਜਲੂਸ ਤੋਂ ਵੀ ਦੂਰ। ਪਿੰਡ ਵਿਚ ਹੋਏ ਝਗੜੇ, ਸੋਕੇ, ਹੜ੍ਹ, ਹਿੰਸਾ ਦੀ ਦੁਨੀਆਂ ਵਿਚ ਡੁੱਬੀਆਂ ਗੱਲਾਂ। ਕਿਸੇ ਨੇ ਬੜੀ ਉਕਤਾਹਟ ਤੇ ਠੰਡੇਪਣ ਨਾਲ ਕਿਹਾ ਕਿ 'ਹੁਣ ਤਾਂ ਆ-ਆ ਕੇ ਥੱਕ ਗਏ ਆਂ।' ਕਿਸੇ ਨੇ ਕਿਹਾ ਕਿ 'ਇੱਥੇ ਇਕੱਠ ਵਿਖਾਉਣਾ ਹੁੰਦਾ ਹੈ ਤਾਂ ਸਾਰੇ ਦਿਖਾਈ ਦਿੰਦੇ ਨੇ। ਪਰ ਜਦੋਂ ਪਿੰਡ 'ਚ ਗੋਲੀਆਂ-ਡੰਡੇ ਵਰ੍ਹਦੇ ਨੇ, ਓਦੋਂ ਕੋਈ ਦਿਖਾਈ ਨਹੀਂ ਦਿੰਦਾ...ਹੁਣ ਕਦੀ ਨਹੀਂ ਆਵਾਂਗਾ।'
ਸਾਡੇ ਕੋਲ ਖੜ੍ਹਾ ਕਾਮਰੇਡ ਦਾਤਾ ਉਹਨਾਂ ਦੀਆਂ ਆਵਾਜ਼ਾਂ ਟੇਪ ਵਿਚ ਕੈਦ ਹੁੰਦਿਆਂ ਦੇਖ ਰਿਹਾ ਸੀ। ਜ਼ਖ਼ਮੀਆਂ ਵਾਂਗ ਸਾਡੇ ਵੱਲ ਦੇਖਦਾ ਹੋਇਆ ਉਹ ਉਦਾਸ ਹੋ ਗਿਆ। ਅਸੀਂ ਉਸਨੂੰ ਇਕ ਅਰਸੇ ਤੋਂ ਜਾਣਦੇ ਹਾਂ। ਉਹ ਉਦਾਸੀ ਉਸਦੀ ਆਪਣੀ ਨਹੀਂ ਸੀ, ਉਦਾਸੀ ਨੂੰ ਸਮਝ ਲੈਣ ਵਾਲੀ ਉਦਾਸੀ ਸੀ—ਜਿਹੜੀ ਕਿਸੇ ਦੂਸਰੀ ਦੁਨੀਆਂ ਵਿਚ ਦਾਖ਼ਲ ਨਹੀਂ ਹੁੰਦੀ ਕਦੀ। ਹਮੇਸ਼ਾ ਇਕ ਉਮੀਦ ਨਾਲ ਭਰੀ ਰਹਿੰਦੀ ਹੈ। ਖੁੱਲ੍ਹੀਆਂ ਅੱਖਾਂ ਵਾਲੀ ਉਦਾਸੀ। ਉਹ ਉਹਨਾਂ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, ਜਿਹੜੇ ਇਕ ਹੱਦ ਤੋਂ ਕਦੀ ਉੱਚੇ ਨਹੀਂ ਉੱਠ ਸਕਦੇ। ਬੜਾ ਚਿਰ ਪਹਿਲਾਂ ਇਹੀ ਉਸਨੇ ਸਿੱਖਿਆ ਵੀ ਸੀ। ਅੱਜ ਉਸਨੂੰ ਦੁੱਖ ਹੋਇਆ। ਉਹ ਵਰ੍ਹਿਆਂ ਦੀ ਮਿਹਨਤ ਨਾਲ ਲੋਕਾਂ ਨੂੰ ਤਿਆਰ ਕਰਦਾ ਹੈ ਤੇ ਉਹਨਾਂ ਦੇ ਹੱਥ ਸਿਰਫ  ਨਿਰਾਸ਼ਾ ਹੀ ਆਉਂਦੀ ਹੈ...
“ਥੱਕ ਗਏ ਓ। ਮੈਂ ਵੀ ਥੱਕ ਗਿਆ ਆਂ। ਘਿਸ ਗਿਆ ਆਂ। ਅਸੀਂ ਘਿਸਦੇ ਰਹੀਏ, ਥੱਕਦੇ ਰਹੀਏ, ਕੋਈ ਗੱਲ ਨਹੀਂ, ਕੀ ਫਰਕ ਪੈਦਾ ਏ...ਰੱਸਤਾ ਨਹੀਂ, ਤਦ ਵੀ ਕੀ ਹੋਇਆ...ਭੁੱਖੇ ਆਂ, ਉਹ ਤਾਂ ਰਹਿਣਾ ਈ ਏ...ਕੋਈ ਨਹੀਂ ਆਉਂਦਾ, ਨਾ ਆਏ...ਇਹਨਾਂ ਜਲੂਸਾਂ ਲਈ ਆਉਂਦੇ ਨੇ, ਤਦ ਵੀ ਕੋਈ ਫ਼ਰਕ ਨਹੀਂ ਪੈਂਦਾ...ਅਸੀਂ ਆਪਣੀ ਨਫ਼ਰਤ ਨੂੰ ਜਿਊਂਦਾ ਰੱਖੀਏ। ਜਿਹੜੀ ਅੱਗ ਅੰਦਰ ਹੈ, ਉਸਨੂੰ ਬੁਝਣ ਨਾ ਦੇਈਏ। ਰਸਤਾ ਵੀ ਲੱਭ ਪਵੇਗਾ...”
ਉਹ ਸਾਰੇ ਕਾਮਰੇਡ ਦਾਤਾ ਨੂੰ ਹੈਰਾਨੀ ਨਾਲ ਦੇਖ ਰਹੇ ਸਨ। ਉਹ ਉਸਦੀ ਬੋਲੀ ਤੋਂ ਵੀ ਦੂਰ ਸਨ। ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ।
“ਓਇ ਕੰਬਖ਼ਤੋ, ਏਨੀ ਧੂੜ ਉਡਾਂਦੇ ਪਏ ਓ, ਕਿਤੇ ਇਸ ਗੁਬਾਰ ਵਿਚ ਦਿਸਣੋ ਹੀ ਨਾ ਹਟ ਜਾਇਓ। ਇਸ ਧੂੜ ਹੇਠ ਜੋ-ਜੋ ਢਕਿਆ ਗਿਆ ਏ ਉਸਨੂੰ ਤਾਂ ਇਕ ਵਾਰੀ ਸਾਫ ਕਰਕੇ ਦੇਖ ਲਓ। ਤੁਰਦੇ ਰਹੋ, ਸੰਘ ਪਾੜਦੇ ਰਹੋ, ਇਹੀ ਤਾਂ ਕਰਦੇ ਰਹੇ ਹਾਂ, ਤੇ ਅਜੇ ਵੀ ਕਰ ਰਹੇ ਹਾਂ...ਕਿਸਾਨਾਂ ਦੇ ਜਲੂਸ ਵਿਚ ਆਏ, ਮਜ਼ਦੂਰਾਂ ਦੇ ਮਾਰਚ ਵਿਚ ਆਏ। ਕਿੱਥੇ ਨੇ ਉਹ ਸੰਗਠਨ?”
“ਸਾਡੇ ਹੱਥ ਵਿਚ ਨਹੀਂ ਰਹੇ।”
“ਕਿਉਂ ਨਹੀਂ ਰਹੇ?”
“ਸਾਡੇ ਪੁਰਾਣੇ ਸਾਥੀ ਕਿੱਥੇ ਨੇ? ਅਸੀਂ ਖ਼ੁਦ ਇਸ ਵੇਲੇ ਕਿੱਥੇ ਖੜ੍ਹੇ ਆਂ? ਬੋਲੋ...”
ਉਦੋਂ ਹੀ ਇਕ ਜ਼ੋਰਦਾਰ ਨਾਅਰਾ ਗੂੰਜ ਉੱਠਿਆ ਤੇ ਕਾਮਰੇਡ ਪ੍ਰਧਾਨ ਦੀ ਕੜਕਦਾਰ ਆਵਾਜ਼ ਵਿਚਕਾਰ ਹੀ ਟੁੱਟ ਗਈ। ਉਹ ਤੇ ਕਾਮਰੇਡ ਦਾਤਾ ਦੋਵੇਂ ਨਾਅਰੇ ਲਾਉਂਦੇ ਹੋਏ ਆਪਣੀ ਬੁੱਢੀ ਕਾਇਆ ਨੂੰ ਜਲੂਸ ਦੇ ਨਾਲ ਨਾਲ ਘਸੀਟਣ ਲੱਗੇ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਉਹ ਉਹੀ ਦੋਵੇਂ ਨੇ, ਜਿਹਨਾਂ ਦੀਆਂ ਆਵਾਜ਼ਾਂ ਅਸੀਂ ਹੁਣੇ ਟੇਪ ਕੀਤੀਆਂ ਸਨ।
ਇਹ ਉਹੀ ਆਵਾਜ਼ਾਂ ਹਨ ਜਿਹਨਾਂ ਨੂੰ ਅਸੀਂ ਰੋਜ਼ ਕਿਤੇ ਨਾ ਕਿਤੇ ਸੁਣਦੇ ਹਾਂ। ਇਕ ਗੱਲ ਅਸੀਂ ਨਵੇਂ ਸਿਰੇ ਤੋਂ ਮਹਿਸੂਸ ਕੀਤੀ ਕਿ ਜਲੂਸ ਵਿਚ ਹੁੰਦੇ ਹੋਏ ਵੀ ਲੋਕ ਜਲੂਸ ਵਿਚ ਨਹੀਂ ਹਨ...
“ਇਨਕਲਾਬ।”
“ਜ਼ਿੰਦਾਬਾਦ।”
ਕਦੀ ਇਹਨਾਂ ਨਾਅਰਿਆਂ ਨਾਲ ਸਾਡਾ ਖ਼ੂਨ ਵੀ ਉਬਾਲੇ ਖਾਣ ਲੱਗ ਪੈਂਦਾ ਸੀ। ਹੁਣ ਇੰਜ ਕਿਉਂ ਨਹੀਂ ਹੁੰਦਾ? ਕਦੀ ਅਸੀਂ ਵੀ ਜੋਸ਼ੀਲੇ ਲੋਕਾਂ ਦੀ ਕਤਾਰ ਵਿਚ ਸਭ ਤੋਂ ਮੂਹਰੇ ਹੁੰਦੇ ਸਾਂ। ਸੱਚ, ਮੇਰੇ ਸਾਥੀ ਦੀ ਗੱਲ ਬਿਲਕੁਲ ਸੱਚੀ ਸੀ। ਕਦੀ ਘਰਾਂ, ਗਲੀਆਂ, ਮੁਹੱਲਿਆਂ 'ਚੋਂ ਹਫ਼ਤਿਆਂ ਦੀ ਮਿਹਨਤ ਦੇ ਬਾਅਦ ਅਸੀਂ ਲੋਕਾਂ ਨੂੰ ਜਲੂਸ ਵਿਚ ਲਿਆਉਂਦੇ ਹੁੰਦੇ ਸਾਂ। ਜਦੋਂ ਅਸੀਂ ਨਾਅਰਾ ਲਾਉਂਦੇ ਤਾਂ ਜਵਾਬ ਵਿਚ ਸੈਂਕੜੇ ਆਵਾਜ਼ਾਂ ਦੀ ਤੇਜ਼ ਗੂੰਜ ਸੁਣਾਈ ਦਿੰਦੀ, ਉਦੋਂ ਸਾਡੇ ਲਈ ਨਾਅਰਿਆਂ ਦੇ ਅਰਥ ਬੜੇ ਡੂੰਘੇ ਹੋ ਜਾਂਦੇ ਸੀ। ਹੁਣ ਇਹਨਾਂ ਦੇ ਅਰਥ ਉਹ ਨਹੀਂ ਰਹੇ। ਹਰ ਦਲ, ਹਰ ਵਿਰੋਧ ਪ੍ਰਦਰਸ਼ਨ ਵਿਚ, ਇੱਥੋਂ ਤੀਕ ਕਿ ਸਰਕਾਰੀ ਜਲੂਸਾਂ ਵਿਚ ਵੀ ਕਈ ਵਾਰੀ ਸਾਡੇ ਨਾਅਰੇ ਤੇ ਗੀਤ ਹੀ ਸੁਣਾਈ ਦਿੰਦੇ ਨੇ...
ਇਸ ਲੰਮੇ ਸਮੇ ਵਿਚ ਕਿੰਨਾ ਫ਼ਰਕ ਆ ਗਿਆ ਹੈ। ਸ਼ੁਰੂ ਵਿਚ ਸਾਡੇ ਜਲੂਸ ਬੜੇ ਛੋਟੇ ਹੁੰਦੇ ਸਨ। ਗਲੀਆਂ ਮੁਹੱਲਿਆਂ 'ਚੋਂ ਹੁੰਦੇ ਹੋਏ ਗਾਂਧੀ ਮੈਦਾਨ ਦੇ ਜਲੂਸ ਵਿਚ ਬਦਲ ਜਾਂਦੇ। ਮਜ਼ਦੂਰ ਬਸਤੀਆਂ, ਬਿਰਲਾ ਮਿੱਲ, ਜਖੀਰਾ ਆਦਿ ਥਾਵਾਂ 'ਤੇ ਕੰਮ ਕਰਦੇ। ਫੇਰ ਵੱਡੇ ਜਲੂਸ ਸ਼ੁਰੂ ਹੋਏ, ਜਿਹੜੇ ਰਾਮਲੀਲ੍ਹਾ ਮੈਦਾਨ ਤਕ ਜਾਣ ਲੱਗੇ। ਪਹਿਲੀਆਂ ਚੋਣਾ ਪਿੱਛੋਂ ਵਿਰਾਟ ਜਲੂਸਾਂ ਦਾ ਦੌਰ ਸ਼ੁਰੂ ਹੋਇਆ। ਜਲੂਸ ਨੱਕ ਦਾ ਸਵਾਲ ਬਣਨ ਗਏ, ਵਧੇਰੇ ਇਕੱਠ ਦਿਖਾਉਣ ਲਈ। ਜਦੋਂ ਜਲੂਸ ਨਵੀਂ ਦਿੱਲੀ ਰਸਤੇ ਆਉਂਦੇ ਸਨ, ਉਦੋਂ ਸਾਰੇ ਰਸਤੇ ਵਿਚ ਇਕ ਵੀ ਬਹੁ ਮੰਜ਼ਿਲਾ ਇਮਾਰਤ ਨਹੀਂ ਸੀ ਹੁੰਦੀ। ਨਾ ਹੀ ਸੜਕਾਂ ਉਪਰ ਏਨੀ ਭੀੜ ਹੁੰਦੀ ਸੀ। ਨਾ ਹੀ ਲੋਕਾਂ ਦਾ ਪਹਿਰਾਵਾ ਅਜਿਹਾ ਸੀ, ਜਿਵੇਂ ਹੁਣ ਦਿਖਾਈ ਦਿੰਦਾ ਹੈ। ਸੜਕਾਂ ਦੇ ਦੋਵੇਂ ਪਾਸੇ ਬਹੁ ਮੰਜ਼ਿਲਾ ਭਵਨਾ ਦੇ ਚਰਣਾ ਵਿਚ ਜਿਹੜੇ ਚਿਹਰੇ ਦਿਖਾਈ ਦਿੰਦੇ ਨੇ, ਇਵੇਂ ਜਾਪਦਾ ਹੈ ਜਿਵੇਂ ਉਹ ਇੱਥੋਂ ਦੇ ਵਾਸੀ ਨਾ ਹੋਣ ਕਿਸੇ ਹੋਰ ਦੁਨੀਆਂ ਤੋਂ ਆਏ ਹੋਣ...ਇਹੀ ਉਹ ਦੁਨੀਆਂ ਹੈ ਜਿਹੜੀ ਪਿੱਛਲੇ ਸਾਲਾਂ ਵਿਚ ਪਰਗਟ ਹੋ ਕੇ ਪੂਰੇ ਦੇਸ਼ ਉੱਤੇ ਹਾਵੀ ਹੋ ਚੁੱਕੀ ਹੈ। ਗਰੀਬੀ ਤੇ ਦਲਿੱਦਰਤਾ ਇਹਨਾਂ ਲਈ ਹੱਸਣ ਦੀ ਚੀਜ਼ ਨੇ। ਜਲੂਸ ਦੇ ਅੱਗੇ-ਅੱਗੇ ਤੁਰ ਰਹੇ ਨੇਤਾਵਾਂ ਦੀਆਂ ਅੱਖਾਂ ਤੋਂ ਪਤਾ ਨਹੀਂ ਇਹ ਦੁਨੀਆਂ ਓਹਲੇ ਕਿੰਜ ਰਹਿ ਜਾਂਦੀ ਹੈ?
ਅਚਾਨਕ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸੰਸਦ ਮਾਰਗ ਉਪਰ ਜਲੂਸ ਦੇ ਜਾਣ ਉੱਤੇ ਪਾਬੰਦੀ ਲੱਗ ਗਈ। ਦੇਖਦੇ-ਦੇਖਦੇ ਹਜ਼ਾਰਾਂ ਕਤਾਰ ਬੱਧ ਲੋਕ ਇਕ ਭੀੜ ਦੇ ਰੂਪ ਵਿਚ ਵਟ ਗਏ। ਅਜਿਹੀ ਭੀੜ ਜਿਸਨੂੰ ਕਾਬੂ ਕਰਨ ਵਾਲਾ ਕੋਈ ਵੀ ਨਹੀਂ ਸੀ, ਨਾ ਹੀ ਜਿਸ ਨੂੰ ਪਤਾ ਸੀ ਕਿ ਹੁਣ ਕੀ ਹੋਵੇਗਾ...
ਪੁਲਿਸ ਭੀੜ ਨੂੰ ਪਿੱਛੇ ਵੱਲ ਧਰੀਕਦੀ ਹੋਈ ਤਿੱਤਰ-ਬਿੱਤਰ ਹੋ ਜਾਣ ਦੀ ਚੇਤਾਵਨੀ ਦੇਣ ਲੱਗੀ। ਪੁਲਿਸ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਉਸਨੇ ਕੀ ਕਰਨਾ ਹੈ। ਉਂਜ ਵੀ ਪੁਲਿਸ ਜੋ ਕਰਦੀ ਹੈ, ਸਰਕਾਰ ਹਮੇਸ਼ਾ ਉਸੇ ਨੂੰ ਸਹੀ ਕਹਿੰਦੀ ਹੈ। ਧੱਕੀ ਜਾ ਰਹੀ ਭੀੜ ਨੂੰ ਆਪਣੇ ਪਿਛਲੇ ਪਾਸਿਓਂ ਏਨੇ ਜ਼ੋਰਦਾਰ ਧੱਕੇ ਵੱਜ ਰਹੇ ਸਨ ਕਿ ਉਹ ਫੇਰ ਉਸੇ ਜਗ੍ਹਾ ਪਹੁੰਚ ਜਾਂਦੀ ਸੀ, ਜਿੱਥੋਂ ਧਰੀਕੀ ਜਾਂਦੀ ਸੀ...ਪੁਲਿਸ ਦੀ ਖਿਝ ਲਈ ਏਨਾ ਹੀ ਕਾਫੀ ਸੀ। ਜਿੰਨਾਂ ਉਹ ਲੋਕਾਂ ਨੂੰ ਖਿਲਾਰਨ ਲਈ ਜ਼ੋਰ ਮਾਰਦੇ, ਓਨਾਂ ਵੱਡਾ ਝੰਡੇ-ਝੰਡੀਆਂ ਦਾ ਹੜ੍ਹ ਉਹਨਾਂ ਵੱਲ ਵਧ ਆਉਂਦਾ।
ਨਾਅਰੇ ਉੱਚੇ ਹੋ ਗਏ। ਅਨੁਸ਼ਾਸਨ ਵਿਚ ਆ ਰਹੇ ਲੋਕ ਭੜਕ ਉੱਠੇ। ਪੁਲਿਸ ਦੀ ਡੰਡੇ-ਬਾਜੀ ਤੋਂ ਉਤੇਜਕ ਹੋ ਕੇ ਇਕ ਸਮੂਹ ਉਹਨਾਂ ਵੱਲ ਉਲਰਿਆ ਤੇ ਨਾਕਾਬੰਦੀ ਟੁੱਟ ਗਈ। ਪੁਲਿਸ ਇੰਜ ਬੇਕਾਬੂ ਹੋ ਗਈ ਜਿਵੇਂ ਭੀੜ ਨੇ ਉਹਨਾਂ ਨੂੰ ਮਾਂ-ਭੈਣ ਦੀ ਗਾਲ੍ਹ ਕੱਢੀ ਹੋਵੇ...
ਜਿਹੜੀ ਗੱਲ ਨਾਅਰਿਆਂ ਦੇ ਉਬਾਲ ਨਾਲ ਅੱਗੇ ਨਹੀਂ ਵਧਣੀ ਸੀ, ਉਹ ਇੱਟਾਂ-ਵੱਟਿਆਂ ਤਕ ਪਹੁੰਚਾ ਦਿੱਤੀ ਗਈ। ਹੁਣ ਬੇਲਗ਼ਾਮ ਭੀੜ ਦੀ ਰਹਿਬਰੀ ਕੌਣ ਕਰਦਾ। ਉਹਨਾਂ ਵਿਚੋਂ ਬਹੁਤ ਸਾਰੇ, ਕਈ ਵਾਰੀ, ਅਜਿਹੇ ਜਲੂਸਾਂ ਵਿਚ ਆ ਚੁੱਕੇ ਸਨ। ਉਹਨਾਂ ਨੂੰ ਏਨਾ ਹੀ ਪਤਾ ਸੀ ਕਿ ਹਰ ਵਾਰੀ ਸਦਨ ਕੋਲ ਪਹੁੰਚਦੇ ਹੀ ਉਹ ਜੋਸ਼ ਵੱਸ ਚੀਕ-ਚੀਕ ਕੇ ਦੀਵਾਨੇ ਹੋ ਜਾਂਦੇ ਨੇ...ਅੰਦਰੋਂ ਉਹਨਾਂ ਦੇ ਸਾਂਸਦ ਬਾਹਰ ਨਿਕਲ ਕੇ ਭਾਸ਼ਣ ਦਿੰਦੇ ਨੇ, ਨਾਅਰੇ ਫੇਰ ਗੂੰਜਦੇ ਨੇ...ਤੇ ਬਾਅਦ ਵਿਚ ਝੰਡੇ-ਝੰਡੀਆਂ ਸਮੇਟ ਕੇ ਸਾਰੇ ਖਿੰਡ-ਪੁੰਡ ਜਾਂਦੇ ਨੇ।
“ਮੈਮੋਰੈਂਡਮ ਤਾਂ ਦਿੱਤਾ ਹੀ ਜਾਵੇਗਾ।”
“ਵੇਖਦੇ ਹਾਂ, ਕਿਹੜਾ ਰੋਕਦਾ ਹੈ।”
ਇਕ ਜ਼ਨਾਨੀ ਝੰਡਾ ਚੁੱਕੀ ਕਾਹਲ ਨਾਲ ਅੱਗੇ ਵਧੀ। ਉਸਦੇ ਸਿਰ ਉੱਤੇ ਇਕ ਡਾਂਗ ਆਣ ਪਈ। ਉਹ ਇਕ ਟੁੱਟੀ ਹੋਈ ਟਾਹਣੀ ਵਾਂਗ ਭੂੰਜੇ ਡਿੱਗ ਪਈ। ਇਕ ਸਿਪਾਹੀ ਉਸਨੂੰ ਘਸੀਟ ਕੇ ਕੋਲ ਖੜ੍ਹੀ ਪੁਲਿਸ ਲਾਰੀ ਵੱਲ ਲਿਜਾਣ ਲੱਗਾ। ਇਹੀ ਉਹ ਪਲ ਸੀ, ਜਦੋਂ ਭੀੜ ਕੁਝ ਹੋਰ ਬਣ ਜਾਂਦੀ ਹੈ। ਆਦਮੀ ਦੇ ਅੰਦਰਲੀ ਨਫ਼ਰਤ, ਨਮੋਸ਼ੀ, ਤਣਾਅ, ਬੁਜ਼ਦਿਲੀ, ਕੁਝ ਨਾ ਕਰ ਸਕਣ ਦਾ ਅਹਿਸਾਸ, ਸਭੋ ਕੁਝ ਇਕ ਲੜਾਕੂ ਵਿਚ ਬਦਲ ਕੇ ਸਭ ਕਾਸੇ ਨੂੰ ਤਹਿਸ-ਨਹਿਸ ਕਰ ਦੇਣ ਉੱਤੇ ਉਤਾਰੂ ਹੋ ਜਾਂਦਾ ਹੈ। ਉਸ ਵੇਲੇ ਅਸੀਂ ਵੀ ਆਪਣੇ ਕਾਬੂ ਵਿਚ ਨਹੀਂ ਸਾਂ, ਅਸੀਂ ਵੀ ਉਸ ਸਿਪਾਹੀ ਨੂੰ ਢਾਹ ਲੈਣਾ ਚਾਹੁੰਦੇ ਸਾਂ।
ਪੁਲਿਸ ਦੀਆਂ ਗੱਡੀਆਂ ਉੱਤੇ ਇੱਟਾਂ-ਵੱਟਿਆਂ ਦੀ ਵਾਛੜ ਸ਼ੁਰੂ ਹੋ ਗਈ। ਦੋ ਗੱਡੀਆਂ ਵਿਚੋਂ ਅੱਗ ਦੀਆਂ ਲਾਟਾਂ ਉਠਣ ਲੱਗੀਆਂ। ਰੋਹਿਲੀ ਭੀੜ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਸਭ ਅੱਜ ਤੇ ਇਸੇ ਵੇਲੇ ਖ਼ਤਮ ਹੋ ਜਾਵੇਗਾ, ਜਿਸਨੂੰ ਖ਼ਤਮ ਕਰਨ ਲਈ ਉਹਨਾਂ ਸੰਕਲਪ ਲਿਆ ਹੋਇਆ ਸੀ।
“ਜੋ ਹਮ ਸੇ ਟਕਰਾਏਗਾ...”
“ਚੂਰ ਚੂਰ ਹੋ ਜਾਏਗਾ...”
ਕੁਝ ਲੋਕ ਸੰਸਦ ਮਾਰਗ ਵੱਲ ਅਹੁਲੇ। ਉਹਨਾਂ ਦੇ ਪਿੱਛੇ ਇਕ ਚੀਕਦੀ-ਦਹਾੜਦੀ ਹੋਈ ਭੀੜ ਵੀ ਵਧੀ। ਉਹਨਾਂ ਨੂੰ ਲਾਠੀ ਚਾਰਜ ਤੇ ਅੱਥਰੂ ਗੈਸ ਦੀ ਕਤਈ ਪ੍ਰਵਾਹ ਨਹੀਂ ਸੀ, ਜਦੋਂ ਕਿ ਸਾਰਿਆਂ ਦੀਆਂ ਅੱਖਾਂ ਵਿਚ ਗੈਸ ਦੇ ਪ੍ਰਕੋਪ ਨਾਲ ਜਲਨ ਹੋ ਰਹੀ ਸੀ। ਕੁਝ ਪ੍ਰਦਰਸ਼ਨਕਾਰੀ ਕਿਤੋਂ ਪਾਣੀ ਲਿਆ ਕੇ ਲੋਕਾਂ ਨੂੰ ਰੁਮਾਲ ਗਿੱਲੇ ਕਰ-ਕਰ ਕੇ ਦੇ ਰਹੇ ਸਨ।
ਗੋਲੀ ਚੱਲਣੀ ਸ਼ੁਰੂ ਹੋ ਗਈ।
ਚਾਰੇ ਦਿਸ਼ਾਵਾਂ ਵਿਚ ਭਗਦੜ ਮੱਚ ਗਈ। ਭਗਦੜ ਵਿਚ ਲੋਕ ਇਕ ਦੂਜੇ ਦੇ ਉੱਤੇ ਡਿੱਗਣ ਲੱਗੇ। ਭੀੜ ਦੀ ਇਕ ਵੱਡੀ ਛੱਲ ਸਾਨੂੰ ਤਿੰਨਾਂ ਨੂੰ ਧਰੀਕਦੀ ਹੋਈ ਕੰਧ ਵੱਲ ਲੈ ਗਈ। ਅਸੀਂ ਕੰਧ ਦੀ ਓਟ ਵਿਚ ਖਲੋ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਲੱਗੇ। ਗੋਲੀਆਂ ਦੀ ਆਵਾਜ਼, ਚੀਕਾ-ਰੌਲੀ, ਨਾਅਰੇ, ਤੇ ਜ਼ਖ਼ਮੀਆਂ ਦੀ ਕੁਰਲਾਹਟ ਨੇ ਇਕ ਦਰਦੀਲਾ ਮਾਹੌਲ ਬਣਾ ਦਿੱਤਾ।
ਹੁਣ ਲੱਗਿਆ ਸਾਰੇ ਜਲੂਸ ਇਕੋ-ਜਿਹੇ ਨਹੀਂ ਹੁੰਦੇ। ਅੱਜ ਦੇ ਜਲੂਸ ਵਿਚ ਬੜਾ ਵੱਡਾ ਫ਼ਰਕ ਹੈ। ਸਰਕਾਰ ਨੇ ਰੋਕ ਕਿਉਂ ਲਾਈ? ਪਹਿਲਾਂ ਕਿਉਂ ਨਹੀਂ ਲਾਈ? ਗੋਲੀ ਦੇ ਹੁਕਮ ਪਿੱਛੇ ਕੀ ਰਹੱਸ ਹੋ ਸਕਦਾ ਹੈ? ਜਲੂਸ ਕਿਉਂ ਕੱਢਿਆ ਗਿਆ? ਕੀ ਸੰਗਠਨ ਵਿਚ ਖੜੋਤ ਆ ਗਈ ਹੈ? ਅਜਿਹੀਆਂ ਕਈ ਗੱਲਾਂ ਜ਼ਿਹਨ ਵਿਚ ਖ਼ਰੂਦ ਪਾਉਣ ਲੱਗੀਆਂ।
“ਲਾਠੀ, ਗੋਲੀ ਦੀ ਸਰਕਾਰ...”
“ਨਹੀਂ ਚਲੇਗੀ, ਨਹੀਂ ਚਲੇਗੀ।”
ਸਾਨੂੰ ਨਾਅਰਿਆਂ ਤੇ ਗੋਲੀਆਂ ਦੀ ਆਵਾਜ਼ ਵਿਚਕਾਰ ਗਾਲ੍ਹਾਂ ਸੁਣਾਈ ਦੇਣ ਲੱਗੀਆਂ—ਨੰਗੀਆਂ-ਚਿੱਟੀਆਂ, ਅਸ਼ਲੀਲ ਗਾਲ੍ਹਾਂ। ਇਸ ਪੂਰੇ ਸ਼ੋਰ ਵਿਚ ਗਾਲ੍ਹਾਂ ਨੂੰ ਬਿਲਕੁਲ ਸਾਫ ਸੁਣਿਆਂ ਜਾ ਸਕਦਾ ਸੀ। ਅਸੀਂ ਸਮਝੇ ਕਿ ਕੋਈ ਫੱਟੜ ਗਾਲ੍ਹਾਂ ਕੱਢ ਰਿਹਾ ਹੈ। ਪਰ ਗਾਲ੍ਹਾਂ ਪਿੱਛੋਂ, ਪਾਰਕ ਵਾਲੇ ਪਾਸਿਓਂ ਆ ਰਹੀਆਂ ਸਨ। ਉੱਥੇ ਉਹਨਾਂ ਲੋਕਾਂ ਦੀ ਭੀੜ ਸੀ ਜਿਹੜੇ ਪੁਲਿਸ ਦੀ ਮਾਰ ਤੋਂ ਬਚਣ ਖਾਤਰ ਉੱਥੇ ਚਲੇ ਗਏ ਸਨ। ਪਿੱਛੇ ਜੰਤਰ-ਮੰਤਰ ਦੀ ਮੀਨਾਰ ਉੱਤੇ ਚੜ੍ਹੇ ਕੁਝ ਲੋਕ ਤਮਾਸ਼ਾ ਦੇਖਦੇ ਨਜ਼ਰ ਆਏ।
ਅਸੀਂ ਜ਼ਰਾ ਓਹਲੇ ਰਹਿ ਕੇ ਮਾਰਗ ਉੱਤੇ ਹੋ ਰਹੀ ਲੜਾਈ ਦੀਆਂ ਤਸਵੀਰਾਂ ਖਿੱਚਣ ਲੱਗੇ। ਪੁਲਿਸ ਦੀਆਂ ਨਜ਼ਰਾਂ ਸਾਡੇ ਲਈ ਬੜਾ ਵੱਡਾ ਖਤਰਾ ਬਣ ਸਕਦੀਆਂ ਸਨ। ਆਪਣੇ ਕੈਮਰਿਆਂ ਤੋਂ ਹੱਥ ਧੋਣਾ ਪੈਂਦਾ ਜਾਂ ਫੇਰ ਕੈਮਰਿਆਂ ਦੇ ਰੋਲ ਤੇ ਟੇਪ-ਰਿਕਾਡਰਾਂ ਦੇ ਕੈਸਿਟ ਕੱਢ ਲਏ ਜਾਂਦੇ। ਅਸੀਂ ਕਿਸੇ ਚੀਜ਼ ਨੂੰ ਹੱਥੋਂ ਨਹੀਂ ਸਾਂ ਨਿਕਲਣ ਦੇਣਾ ਚਾਹੁੰਦੇ। ਇਸ ਲਈ ਉਸ ਸਮੇਂ ਸਾਡੇ ਵਿਚੋਂ ਕੋਈ ਵੀ ਗਾਲ੍ਹਾਂ ਸੁਣਨਾ ਨਹੀਂ ਚਾਹੁੰਦਾ ਸੀ। ਪਰ ਉਹਨਾਂ ਗਾਲ੍ਹਾਂ ਵਿਚ ਕੁਝ ਅਜਿਹਾ ਸੀ, ਜਿਹੜਾ ਸਾਨੂੰ ਆਪਣੇ ਵੱਲ ਖਿੱਚ ਰਿਹਾ ਸੀ। ਗਾਲ੍ਹਾਂ ਵੀ ਹਰ ਆਦਮੀ ਇਕੋ ਜਿਹੀਆਂ ਨਹੀਂ ਕੱਢ ਸਕਦਾ। ਨਾ ਹੀ ਸਾਰੀਆਂ ਗਾਲ੍ਹਾਂ ਇਕੋ ਜਿਹੀਆਂ ਹੁੰਦੀਆਂ ਹਨ। ਅਸ਼ਲੀਲ ਹੁੰਦਿਆਂ ਹੋਇਆਂ ਵੀ ਉਹ ਗਾਲ੍ਹਾਂ ਅਸ਼ਲੀਲ ਨਹੀਂ ਸਨ।
“ਭੌਂਕੋ ਭੈਣ...। ਸ਼ੋਰ ਮਚਾਓ, ਧੁੰਮਾਂ ਪਾਓ...ਜਾਓ ਇਹੋ ਕਰੋ, ਇਸੇ ਦੀ ਆਜ਼ਾਦੀ ਐ।” ਹੁਣ ਸਾਡੇ ਲਈ ਤਸਵੀਰਾਂ ਖਿੱਚਣਾ ਔਖਾ ਹੋ ਗਿਆ। ਅਸੀਂ ਕੈਮਰੇ ਸੰਭਾਲ ਦਿੱਤੇ।
“ਆ ਗਏ। ਹੁਣ ਕੀ ਕਰੋਗੇ...ਭੌਂਕੋ...ਬਊ...ਬਊ...”
ਇਹ ਅਸੀਂ ਸਮਝ ਚੁੱਕੇ ਸਾਂ ਕਿ ਗਾਲ੍ਹਾਂ ਕਿਸੇ ਪਾਗਲ ਆਦਮੀ ਦੀਆਂ ਨੇ। ਉਸ ਪਾਗਲਪਨ ਵਿਚ ਇਕ ਸਿੱਧਾ ਤੇ ਜ਼ਹਿਰ ਬੁਝਿਆ ਵਿਅੰਗ ਸੀ, ਜਿਹੜਾ ਕਿਸੇ ਹਾਰ ਤੇ ਡਾਢੀ ਠੇਸ ਤੋਂ ਬਾਅਦ ਪੈਦਾ ਹੁੰਦਾ ਹੈ। ਜਿਸ ਸਤਹਿ ਤੋਂ ਗਾਲ੍ਹਾਂ ਆ ਰਹੀਆਂ ਸਨ, ਉਹ ਸਾਨੂੰ ਛਲਣੀ ਕਰਨ ਲਈ ਕਾਫੀ ਸੀ।
“ਹੁਣ ਕੰਬਖ਼ਤੋ ਬੋਲਾ ਵੀ ਕਰ ਦਿਓ...ਅੰਨ੍ਹਾਂ ਤਾਂ ਕਰ ਈ ਦਿਤੈ।” ਸਾਨੂੰ ਵਿਸ਼ਵਾਸ ਹੋ ਗਿਆ ਕਿ ਉਹ ਸਿਰਫ ਜੋਸ਼ ਵਿਚ ਭਖਿਆ ਹੋਇਆ ਨਹੀਂ; ਨਾ ਹੀ ਉਹ ਕੋਈ ਖਿਝ ਸੀ। ਉਸ ਆਵਾਜ਼ ਨੂੰ ਮਾਰਗ ਉੱਤੇ ਹੋ ਰਹੇ ਸ਼ੋਰ ਤੋਂ ਮੁੱਕਤੀ ਚਾਹੀਦੀ ਸੀ। ਇੰਜ ਵੀ ਲੱਗਿਆ ਕਿ ਉਹ ਪਾਗਲ ਅੱਖਾਂ ਦੀ ਜੋਤੀ ਦੇ ਨਾਲ ਨਾਲ ਬੜਾ ਕੁਝ ਹੋਰ ਵੀ ਗਵਾਅ ਚੁੱਕਿਆ ਹੈ।
ਇੱਟਾਂ-ਵੱਟਿਆਂ ਦੀ ਵਾਛੜ ਫੇਰ ਸ਼ੁਰੂ ਹੋ ਗਈ। ਅਸੀਂ ਪਾਰਕ ਵਿਚ ਪਹੁੰਚ ਗਏ। ਇਕ ਰੁੱਖ ਕੋਲ ਇਕ ਮਰੀਅਲ ਜਿਹਾ ਬੁੱਢਾ ਆਦਮੀ ਪਿਆ ਚੀਕ ਰਿਹਾ ਸੀ। ਰੁੱਖ ਹੇਠ ਕਈ ਝੋਲੇ ਤੇ ਬੰਡਲ ਪਏ ਸਨ। ਸ਼ੋਰ 'ਚੋਂ ਨਿੱਖੜੀ ਹੋਈ ਆਵਾਜ਼ ਜਦੋਂ ਉਸਨੂੰ ਛੂਹ ਜਾਂਦੀ ਤਾਂ ਉਹ ਤਿਲਮਿਲਾ ਕੇ ਚੀਕਣ ਲੱਗਦਾ ਤੇ ਉਸਦੀ ਪੂਰੀ ਕਾਇਆ ਗੁੱਸੇ ਨਾਲ ਕੰਬਣ ਲੱਗਦੀ।
“ਮਾਰੋ...ਮਾਰੋ...ਦੇਖਦੇ ਕੀ ਓ, ਮਾਰੋ...”
ਭੀੜ ਦੀਆਂ ਆਵਾਜ਼ਾਂ ਉੱਚੀਆਂ ਤੇ ਖ਼ੂੰਖਾਰ ਹੋਣ ਲੱਗੀਆਂ। ਉਹ ਸਾਰੇ ਪੁਲਿਸ ਉੱਤੇ ਤੇ ਪੁਲਿਸ ਵਾਲੇ ਭੀੜ ਉੱਤੇ ਵੱਟਾ-ਬਾਰੀ ਕਰਨ ਲੱਗੇ। ਅਚਾਨਕ ਇਕ ਵੱਟਾ ਉਸਦੇ ਪੈਰ ਉੱਤੇ ਆ ਕੇ ਵੱਜਿਆ। ਉਹ ਵਿਲਕ ਉੱਠਿਆ। ਅਜੇ ਉਹ ਉਸ ਦਰਦ ਤੋਂ ਮੁਕਤ ਵੀ ਨਹੀਂ ਸੀ ਹੋਇਆ ਕਿ ਫੇਰ ਉਹੀ 'ਮਾਰੋ...ਮਾਰੋ...' ਦੀਆਂ ਆਵਾਜ਼ਾਂ ਤੇ ਨਾਅਰੇ ਉਸਦੇ ਕੰਨਾਂ ਨਾਲ ਖਹਿਣ ਲੱਗੇ। ਉਸਨੇ ਆਪਣੇ ਦੋਵਾਂ ਹੱਥਾਂ ਨਾਲ ਟੋਹ-ਟਾਹ ਕੇ ਕੁਝ ਟੋਲਣਾ ਸ਼ੁਰੂ ਕਰ ਦਿੱਤਾ। ਉਹ ਕੁਝ ਬੁੜਬੜਾਉਂਦਾ ਹੋਇਆ ਅੱਗੇ ਵੱਲ ਸਰਕਣ ਲੱਗਿਆ। ਭਿਣ-ਭਿਣਾਉਂਦੀਆਂ ਹੋਈਆਂ ਮੱਖੀਆਂ ਉੱਡਦੀਆਂ ਤੇ ਫੇਰ ਉਸਦੇ ਮੈਲੇ ਚਿੱਕੜ ਜਿਸਮ ਉੱਤੇ ਚਿਪਕ ਜਾਂਦੀਆਂ। ਉਹ ਸ਼ਾਇਦ ਮੱਖੀਆਂ ਦੀ ਹੋਂਦ ਦੇ ਅਹਿਸਾਸ ਨੂੰ ਵੀ ਗਵਾਅ ਚੁੱਕਿਆ ਸੀ, ਜਾਂ ਹੋ ਸਕਦਾ ਹੈ ਉਸ ਸਮੇਂ ਉਸਨੂੰ ਉਹਨਾਂ ਮੱਖੀਆਂ ਦੀ ਕੋਈ ਪ੍ਰਵਾਹ ਨਾ ਹੋਵੇ।
ਰੁੱਖ ਦੇ ਤਣੇ ਲਾਗੇ ਪਹੁੰਚ ਕੇ ਉਹ ਚੀਜ਼ ਉਸਦੇ ਹੱਥ ਲੱਗੀ, ਜਿਸਨੂੰ ਉਹ ਟੋਲ ਰਿਹਾ ਸੀ। ਉਹ ਇਕ ਡੰਡਾ ਸੀ, ਜਿਸ ਉੱਤੇ ਟੀਨ ਦੀ ਇਕ ਤਖ਼ਤੀ ਲੱਗੀ ਹੋਈ ਸੀ। ਉਸ ਉੱਤੇ ਲਿਖੀ ਇਬਾਰਤ ਕਦੋਂ ਦੀ ਮਿਟ ਚੁੱਕੀ ਸੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਦੀ ਉਸ ਉਪਰ ਵੀ ਕੁਝ ਲਿਖਿਆ ਹੋਇਆ ਹੋਵੇਗਾ। ਵਕਤ ਦੀ ਮਾਰ ਬੁੱਢੇ ਨੂੰ ਗਾਲ ਕੇ ਖ਼ਤਮ ਕਰ ਚੁੱਕੀ ਸੀ ਤੇ ਇਬਾਰਤ ਨੂੰ ਧੋ ਚੁੱਕੀ ਸੀ। ਪਰ ਬੁੱਢੇ ਦੇ ਅੰਦਰਲੀ ਕੁਸੈਲ ਭਾਂਬੜ ਵਾਂਗ ਹੱਡੀਆਂ ਦੇ ਢਾਂਚੇ ਵਿਚੋਂ ਬਾਹਰ ਆਉਣ ਲਈ ਬੇਤਾਬ ਸੀ...ਉਸਦੇ ਗਲ਼ੇ ਵਿਚ ਬੱਧੇ ਮੈਲੇ ਤਵੀਤ ਨੂੰ ਦੇਖ ਕੇ ਲੱਗਿਆ ਕਿ ਮੈਂ ਉਸਨੂੰ ਕਿਤੇ ਦੇਖਿਆ ਹੈ। ਉਸਨੂੰ ਸਾਡੀ ਮੌਜ਼ੂਦਗੀ ਦਾ ਅਹਿਸਾਸ ਹੋ ਚੁੱਕਿਆ ਸੀ।
“ਆਓ...ਆਓ...ਹੁਣ ਮਾਰੋ...”
ਉਹ ਇਕ ਬੁੱਢੇ ਮਦਾਰੀ ਵਾਂਗ ਉੱਠਿਆ ਤੇ ਡੰਡਾ ਘੁਮਾਉਣ ਲੱਗ ਪਿਆ। ਉਸਦੀ ਅੱਧ-ਨੰਗੀ ਕਾਇਆ ਨੂੰ ਇਸ ਅਵਸਥਾ ਵਿਚ ਦੇਖਦਿਆਂ ਹੀ ਦਯਾ ਭਾਵ ਨਾਲ ਗੱਚ ਭਰ ਆਇਆ। ਉਸਨੇ ਦੋਵੇਂ ਹੱਥ ਉਪਰ ਚੁੱਕ ਕੇ ਡੰਡੇ ਨੂੰ ਇਸ ਤਰ੍ਹਾਂ ਘੁਮਾਇਆ ਜਿਵੇਂ ਕਿਸੇ ਉੱਤੇ ਵਾਰ ਕਰ ਰਿਹਾ ਹੋਵੇ।
“ਮਾਰੋਗੇ...” ਉਸਨੇ ਤਨ ਦੇ ਚੀਥੜਿਆਂ ਨੂੰ ਉਪਰ ਚੁੱਕ ਦਿੱਤਾ।
“ਲਓ, ਹੁਣ ਮਾਰੋ।”
ਚੱਕਰ ਖਾ ਕੇ ਉਹ ਹੇਠਾਂ ਡਿੱਗ ਪਿਆ। ਡੰਡੇ ਨਾਲੋਂ ਤਖ਼ਤੀ ਉੱਖੜ ਕੇ ਮੇਰੇ ਪੈਰ ਉੱਤੇ ਆ ਵੱਜੀ। ਮੈਂ ਪੀੜ ਵੱਸ ਭੁੜਕ ਕੇ ਪਿੱਛੇ ਹਟ ਗਿਆ। ਬੜੀ ਕੋਸ਼ਿਸ਼ ਪਿੱਛੋਂ ਏਨਾ ਸਮਝ ਆਇਆ ਕਿ ਕਦੀ ਤਖ਼ਤੀ ਉੱਤੇ ਮੋਟੇ ਅੱਖਰਾਂ ਵਿਚ ਸਭ ਤੋਂ ਉਪਰ 'ਇਨਸਾਫ਼' ਲਿੱਖਿਆ ਗਿਆ ਸੀ। ਦੋ ਤਿੰਨ ਵੱਟੇ ਹੋਰ ਆ ਕੇ ਬੁੱਢੇ ਦੇ ਵੱਜੇ—ਉਸਦੇ ਸਿਰ ਵਿਚੋਂ ਲਹੂ ਵਗਣ ਲੱਗ ਪਿਆ। ਅਸਾਂ ਤਿੰਨਾਂ ਨੇ ਉਸਨੂੰ ਆਪਣੀ ਓਟ ਵਿਚ ਕਰ ਲਿਆ। ਕਈ ਵੱਟੇ ਸਾਡੇ ਉਪਰ ਆ ਕੇ ਡਿੱਗੇ। ਇਕ ਵੱਟਾ ਹੋਰ, ਬੁੱਢੇ ਦੇ ਵੀ ਆਣ ਵੱਜਿਆ। ਅਸੀਂ ਸਾਰੇ ਜ਼ਖ਼ਮੀ ਹੋ ਗਏ ਸਾਂ। ਦਰਅਸਲ ਅਸੀਂ ਅਜਿਹੀ ਥਾਂ ਉੱਤੇ ਸਾਂ ਜਿੱਥੇ ਦੋਵਾਂ ਪਾਸਿਆਂ ਤੋਂ ਵੱਟੇ ਆ ਕੇ ਡਿੱਗ ਰਹੇ ਸਨ।
“ਮਾਰੋ...ਮਾਰੋ। ਕਹਿ ਦੇਣਾ, 'ਇਕ ਮਰਿਆ ਏ...ਉਹ ਵੀ ਸੀ ਬਿਮਾਰ ਪਿਆ...'”
ਇਹ ਸੁਣਦਿਆਂ ਹੀ ਮੈਂ ਤੜਫ ਉੱਠਿਆ। ਮੈਂ ਬਾਹਰੋਂ ਵੱਜਣ ਵਾਲੇ ਵੱਟਿਆਂ ਦੀ ਮਾਰ ਨਾਲੋਂ ਵੀ ਵੱਧ ਜ਼ਖ਼ਮੀ ਹੋ ਗਿਆ ਸਾਂ। ਸ਼ਾਇਦ ਮੈਨੂੰ ਬੜੀ ਪਹਿਲਾਂ ਇਹ ਮਹਿਸੂਸ ਕਰਨਾ ਚਾਹੀਦਾ ਸੀ, ਫੇਰ ਸ਼ਾਇਦ ਅਸੀਂ ਕਿਸੇ ਸਹੀ ਰਸਤੇ ਉੱਤੇ ਹੁੰਦੇ, ਅੱਜ ਇਸ ਸੰਸਦ ਮਾਰਗ ਉੱਤੇ ਨਾ ਹੁੰਦੇ। ਹੁਣ ਮੈਨੂੰ ਆਪਣੇ ਉਹ ਸਾਰੇ ਪ੍ਰਦਰਸ਼ਨ ਛੋਟੇ ਲੱਗੇ ਜਿਹੜੇ ਇਕ ਲੰਮੇਂ ਸਮੇਂ ਤੋਂ ਇਸ ਸੰਸਦ ਮਾਰਗ ਉੱਤੇ ਹੁੰਦੇ ਰਹੇ ਸਨ।
ਅਸੀਂ ਉਸਨੂੰ ਚੁੱਕ ਕੇ ਰੁੱਖ ਹੇਠਾਂ ਲੈ ਗਏ। ਉਹ ਤੜਫਦਾ ਹੋਇਆ ਹਕਲਾਉਣ ਲੱਗਿਆ। ਉਸਦੀ ਛਟਪਟਾਹਟ ਵਧਦੀ ਲੱਗੀ। ਉੱਥੇ ਪਈ ਇਕ ਬੋਤਲ ਵਿਚੋਂ ਪਾਣੀ ਕੱਢ ਕੇ ਉਸਦੇ ਮੂੰਹ ਵਿਚ ਪਾਇਆ, ਪਰ ਕੋਈ ਫ਼ਰਕ ਨਾ ਪਿਆ।
“ਤੂੰ ਪਛਾਣਿਆਂ ਨਹੀਂ ਇਸਨੂੰ ?”
ਮੇਰੀਆਂ ਸਿੱਲ੍ਹੀਆਂ ਅੱਖਾਂ ਦੇਖ ਕੇ ਹੀ ਮੇਰਾ ਸਾਥੀ ਸੇਠੀ ਸਭ ਕੁਝ ਸਮਝ ਗਿਆ ਸੀ। ਬੁੱਢੇ ਦੇ ਜ਼ਖ਼ਮਾਂ ਉੱਤੇ ਉਸੇ ਦੇ ਚੀਥੜਿਆਂ ਦੀਆਂ ਪੱਟੀਆਂ ਬੰਨ੍ਹਣ ਦੇ ਸਿਵਾਏ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਸਾਂ। ਵਗ ਰਹੇ ਲਹੂ ਨੂੰ ਰੋਕਣ ਦਾ ਸਾਡੇ ਕੋਲ ਹੋਰ ਕੋਈ ਉਪਾਅ ਵੀ ਤਾਂ ਨਹੀਂ ਸੀ।
“ਕੌਣ...”
ਉਸਦੇ ਬੁੱਲ੍ਹ ਫਰਕੇ ਤੇ ਇਕ ਕਸ਼ਟ ਮਈ ਯਾਤਰਾ ਪਿੱਛੋਂ ਬੜੀ ਔਖ ਨਾਲ ਮੂੰਹੋਂ ਇਹ ਸ਼ਬਦ ਨਿਕਲਿਆ...:
“ਪ੍ਰੈੱਸ ਰਿਪੋਰਟਰ...”
ਉਸ ਵਿਚ ਇਕ ਸਰਸਰਾਹਟ ਜਿਹੀ ਹੋਈ ਤੇ ਉਹ ਉੱਠ ਕੇ ਬੈਠ ਗਿਆ। ਸਾਡੀ ਮੌਜ਼ੂਦਗੀ ਨੇ ਉਸ ਵਿਚ ਪਤਾ ਨਹੀਂ ਕਿੱਦਾਂ ਪ੍ਰਾਣ ਭਰ ਦਿੱਤੇ ਸਨ। ਕੰਬਦੇ ਹੱਥਾਂ ਨਾਲ ਉਸਨੇ ਇਕ ਬੰਡਲ ਚੁੱਕਿਆ...ਉਸਦੀ ਤਣੀ ਖੋਲ੍ਹੀ, ਤੇ ਸਭ ਪੁਰਾਣੀਆਂ ਕਾਤਰਾਂ ਖਿਲਾਰ ਦਿੱਤੀਆਂ। ਦੂਜਾ ਬੰਡਲ ਚੁੱਕਣ ਦੀ ਸ਼ਕਤੀ ਉਸ ਵਿਚ ਨਹੀਂ ਸੀ।
“ਰੱਦੀ ਵਾਲੇ...”
ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਤਾਂ ਅਸੀਂ ਭੜਕ ਉੱਠਦੇ। ਕੁੱਟਮਾਰ ਵੀ ਸ਼ੁਰੂ ਕਰ ਦਿੰਦੇ ਸ਼ਾਇਦ। ਪਰ ਸਾਨੂੰ ਲੱਗਿਆ ਕਿ ਜੇ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਕਦੀ ਅਸੀਂ ਹੀ ਉਸਦੀ ਕਹਾਣੀ ਪ੍ਰਕਾਸ਼ਤ ਕੀਤੀ ਸੀ ਤਾਂ ਉਹ ਡੰਡਾ ਚੁੱਕ ਕੇ ਸਾਨੂੰ ਮਾਰਨਾ ਸ਼ੁਰੂ ਕਰ ਦੇਂਦਾ ਤੇ ਗਾਲ੍ਹਾਂ ਵੀ ਜ਼ਰੂਰ ਕੱਢਦਾ।
ਉਸਦੇ ਬੰਡਲ ਵਿਚੋਂ ਖਿੱਲਰੀਆਂ ਪੁਰਾਣੇ ਅਖ਼ਬਾਰਾਂ ਦੀਆਂ ਕਾਤਰਾਂ ਸਾਡੇ ਪੈਰਾਂ ਕੋਲ ਪਈਆਂ ਸਨ, ਜਿਹਨਾਂ ਵਿਚ ਕਦੀ ਉਸਦੀ ਕਹਾਣੀ ਛਪੀ ਸੀ। ਇਕ ਕਾਤਰ ਵਿਚ ਉਸਦੀ ਜਵਾਨੀ ਵੇਲੇ ਦੀ ਤਸਵੀਰ ਵੀ ਸੀ, ਜਿਸ ਵਿਚ ਉਸਨੇ ਮੁੱਠੀ ਤਾਣੀ ਹੋਈ ਸੀ। ਅੱਜ ਉਸਦਾ ਇਕ ਬੰਡਲ ਉਸ ਨਾਲੋਂ ਜੁਦਾ ਹੋ ਗਿਆ ਸੀ। ਉਸਦੇ ਝੋਲਿਆਂ ਤੇ ਬੰਡਲਾਂ ਨੂੰ ਉਸ ਨਾਲੋਂ ਵੱਖ ਨਹੀਂ ਸੀ ਕੀਤਾ ਜਾ ਸਕਦਾ; ਉਹ ਉਸਦੀ ਜਾਨ ਤੇ ਲੜਾਈ ਦੇ ਅਟੁੱਟ ਅੰਗ ਸਨ। ਉਹਨਾਂ ਦਾ ਬੋਝ ਪਤਾ ਨਹੀਂ ਉਸਨੂੰ ਕਿੱਥੋਂ-ਕਿੱਥੋਂ ਦੱਬ ਕੇ ਤੋੜ ਚੁੱਕਿਆ ਸੀ। ਫੇਰ ਵੀ ਉਸਦੀ ਢੂਈ ਕੁੱਬੀ ਨਹੀਂ ਸੀ ਹੋਈ। ਅੱਜ ਉਸਨੇ ਉਸ ਬੋਝ ਨੂੰ ਆਪ ਹੀ ਘੱਟਾਅ ਦਿੱਤਾ ਸੀ। ਹੋ ਸਕਦਾ ਹੈ, ਉਸਨੇ ਉਸ ਰੱਦੀ ਨੂੰ ਸਾਨੂੰ ਮੋੜਨ ਦਾ ਪ੍ਰਣ ਕੀਤਾ ਹੋਇਆ ਹੋਵੇ। ਉਸਨੇ ਦੂਜਾ, ਤੀਜਾ, ਫੇਰ ਇਕ-ਇਕ ਕਰਕੇ ਸਾਰੇ ਝੋਲੇ ਝਾੜ ਦਿੱਤੇ। ਉਸਦੀਆਂ ਅਪੀਲਾਂ ਦੇ ਪੰਨੇ, ਉਸਦੇ ਸੰਘਰਸ਼ ਦੀ ਕਹਾਣੀ, ਉਸਦੀ ਭੁੱਖ-ਹੜਤਾਲ, ਗਿਰਫ਼ਤਾਰੀ ਦੀਆਂ ਖ਼ਬਰਾਂ ਦੀਆਂ ਕਾਤਰਾਂ ਪਾਰਕ ਦੀ ਹਵਾ ਦੇ ਨਾਲ-ਨਾਲ ਉੱਡਣ ਲੱਗੀਆਂ। ਇਕ ਪੰਨਾ ਉੱਡਦਾ ਹੋਇਆ ਕਾਫੀ ਉਪਰ ਚਲਾ ਗਿਆ। ਹੌਲੀ-ਹੌਲੀ ਉਹ ਪੰਨਾਂ ਦਰਖ਼ਤਾਂ ਦੇ ਝੁੰਡ ਵੱਲ ਵਧਣ ਲੱਗਾ। ਜਿਵੇਂ ਉਹ ਸਮਝ ਚੁੱਕਿਆ ਸੀ ਕਿ ਹੇਠਾਂ ਸਾਰੇ ਮਾਰਗ ਉਸ ਲਈ ਬੰਦ ਨੇ, ਹੁਣ ਉਸਨੂੰ ਉੱਡ ਕੇ ਹੀ ਕਿਤੇ ਜਾਣਾ ਪਵੇਗਾ। ਉਸ ਕਾਗਜ਼ ਵਿਚ ਕੁਝ ਅਜਿਹਾ ਜ਼ਰੂਰ ਹੋਵੇਗਾ, ਜਿਸਨੂੰ ਹਵਾ ਝੱਭਟ ਲੈਣ ਵਾਲੀਆਂ ਹਿੰਸਕ ਇੱਲ੍ਹਾਂ ਤੋਂ ਬਚਾਅ ਕੇ ਸੰਸਦ ਤਕ ਲੈ ਜਾਣਾ ਚਾਹੁੰਦੀ ਸੀ।
“ਇਸਦੀ ਨਫ਼ਰਤ ਕਿਸ ਦੇ ਖ਼ਿਲਾਫ਼ ਹੈ ?”
“ਨਫ਼ਰਤ ਨਹੀਂ, ਇਸਦੀ ਪੂਰੀ ਸਮਝ ਕਿਸੇ ਚੀਜ਼ ਦੇ ਖ਼ਿਲਾਫ਼ ਹੈ।”
“ਜਿਸਦਾ ਅਰਥ ਏਨਾ ਹੀ ਹੈ, ਜਦ ਇਸ ਕਿਸਮ ਦੇ ਵਿਰੋਧ ਨਾਲ ਕੁਝ ਪ੍ਰਾਪਤ ਨਹੀਂ ਹੋ ਰਿਹਾ, ਤਦ ਇਹਨਾਂ ਜਲੂਸਾਂ ਦੀ ਲਾਭ?”
“ਇਹ ਨੂੰ ਵਿਰੋਧ ਵੀ ਨਹੀਂ ਕਿਹਾ ਜਾ ਸਕਦਾ।”
ਕੁਝ ਚਿਰ ਪਹਿਲਾਂ ਕੁਝ ਤਮਾਸ਼ਾਈ ਬਾਰਾਂ ਖੰਭਾ ਰੋਡ ਉੱਤੇ ਭੀੜ ਹੱਥੋਂ ਮਾਰ ਖਾਂਦੇ-ਖਾਂਦੇ ਬਚੇ ਸਨ। ਉਹਨਾਂ ਵਿਚੋਂ ਕਿਸੇ ਨੇ ਜੋਸ਼ ਵਿਚ ਕਹਿ ਦਿੱਤਾ ਸੀ, 'ਕਿਰਾਏ ਦੇ ਟੱਟੂ।' ਇਹ ਸੁਣਦਿਆਂ ਹੀ ਬਹੁਤ ਸਾਰੇ ਪ੍ਰਦਰਸ਼ਨਕਾਰੀ ਉਹ ਉਪਰ ਭੜਕ ਗਏ ਸਨ। ਅਸੀਂ ਵਿਚ ਪੈ ਕੇ ਸਥਿਤੀ ਸੰਭਾਲ ਲਈ ਸੀ। ਕਹਿਣ ਵਾਲੇ ਨੇ ਝੂਠ ਨਹੀਂ ਸੀ ਕਿਹਾ; ਸੁਣਨ ਵਾਲਿਆਂ ਨੇ ਸੱਚ ਨਹੀਂ ਸੀ ਸੁਣਿਆ। ਜਦੋਂ ਰੈਲੀਆਂ-ਮੁਜਾਹਰਿਆਂ ਵਿਚ ਭੀੜ ਦਿਖਾਉਣ ਲਈ ਇਹੋ ਢੰਗ-ਤਰੀਕੇ ਅਪਣਾਏ ਜਾਣ ਲੱਗ ਪਏ ਹੋਣ ਤਾਂ ਰਾਜਧਾਨੀ ਤੇ ਹੋਰ ਮਹਾਨਗਰਾਂ ਦੇ ਜਲੂਸ ਵਿਚ ਸ਼ਾਮਲ ਹੋਣ ਵਾਲਾ ਹਰ ਵਿਅਕਤੀ ਕਿਰਾਏ ਦਾ ਆਦਮੀ ਬਣ ਜਾਂਦਾ ਹੈ। ਉਦੋਂ ਵੀ ਅਸੀਂ ਲੋਕਾਂ ਨੂੰ ਇਹੀ ਕਿਹਾ ਸੀ ਕਿ ਉਹਨਾਂ ਇੰਜ ਕਹਿ ਕੇ ਵਿਰੋਧ ਹੀ ਕੀਤਾ ਸੀ। ਸੇਠੀ ਨੇ ਕਿਹਾ ਸੀ ਕਿ ਲੋਕ ਜਲੂਸਾਂ ਤੋਂ ਉਤਸਾਹਿਤ ਹੋਣ ਦੇ ਬਜਾਏ ਨਿਰਾਸ਼ ਹੋ ਰਹੇ ਨੇ।
ਅਸੀਂ ਉਸ ਬੁੱਢੇ ਦੀ ਕਹਾਣੀ ਕੀ ਭੁੱਲੇ ਕਿ ਇਸ ਅਰਸੇ ਵਿਚ ਉਹ ਇਕ ਲੜਾਕੂ ਤੋਂ ਬੁੱਢਾ ਹੋ ਗਿਆ। ਅੱਜ ਉਸਦੀ ਹਾਲਤ ਸਾਡੇ ਸਾਹਮਣੇ ਸੀ, ਜਿਵੇਂ ਸਾਡੇ ਕਾਰਨ ਹੋਈ ਹੋਵੇ, ਉਸਦੀ ਇਹ ਦਸ਼ਾ।
ਇਸ ਗੱਲ ਦਾ ਦੁੱਖ ਵੀ ਹੋਇਆ ਕਿ ਜਦੋਂ ਉਹ ਬਾਂਕਾ ਜਵਾਨ ਹੁੰਦਾ ਸੀ, ਆਪਣੇ ਪਿੰਡ ਤੋਂ ਦੂਰ ਇਸ ਅਜਨਬੀ ਮਹਾਨਗਰ ਵਿਚ ਆਪਣੀ ਲੜਾਈ ਲੜ ਰਿਹਾ ਸੀ। ਤਦ ਅਸੀਂ ਇਕ ਵਾਰੀ ਵੀ ਇਹ ਕਿਉਂ ਨਹੀਂ ਸੋਚਿਆ ਕਿ ਤਿਆਗ ਰੂਪੀ ਕਸ਼ਟਾਂ ਭਰਿਆ ਜੀਵਨ ਕਿਸ ਹੌਸਲੇ ਉੱਤੇ ਜਿਊਂ ਰਿਹਾ ਹੈ ਉਹ! ਕਿੱਥੋਂ ਖਾਂਦਾ ਹੋਵੇਗਾ, ਕਿੰਜ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੋਵੇਗਾ? ਕਿੱਥੇ ਸੌਂਦਾ ਹੋਵੇਗਾ? ਬਿਮਾਰ ਹੋਣ 'ਤੇ ਕੌਣ ਉਸਦੀ ਦੇਖਭਾਲ ਕਰਦਾ ਹੋਵੇਗਾ?
ਵੱਟਾ-ਬਾਜੀ ਬੰਦ ਹੋ ਚੁੱਕੀ ਸੀ। ਨਾਅਰੇ ਰੁਕ ਗਏ ਸਨ। ਸ਼ੋਰ ਦਬ ਗਿਆ ਸੀ। ਪਾਰਕ ਵਿਚ ਜਮ੍ਹਾਂ ਭੀੜ ਉਸਦੇ ਝੋਲੇ 'ਚੋਂ ਉੱਡੇ ਕਾਗਜ਼ਾਂ ਨੂੰ ਚੁੱਕ-ਚੁੱਕ ਕੇ ਪੜ੍ਹਨ ਲੱਗੀ। ਉਹਨਾਂ ਲਈ ਇਹ ਇਕ ਖੇਡ ਸੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਵੀ ਇਕ ਵਿਰੋਧ ਸੀ ਤੇ ਉਹਨਾਂ ਦੀ ਲੜਾਈ ਦਾ ਹੀ ਇਕ ਅੰਗ ਵੀ। ਬਹੁਤ ਸਾਰੇ ਤਮਾਸ਼ਬੀਨ ਸਾਡੇ ਦੁਆਲੇ ਇਕੱਠੇ ਹੋ ਗਏ। ਸਾਨੂੰ ਪਤਾ ਸੀ ਕਿ ਬੁੱਢੇ ਨੂੰ ਕਿਸੇ ਹਸਪਤਾਲ ਤਕ ਲੈ ਜਾਣ ਲਈ ਕੋਈ ਗੱਡੀ ਨਹੀਂ ਮਿਲੇਗੀ। ਨਾ ਹੀ ਪੁਲਿਸ ਇਸ ਦੀ ਇਜਾਜ਼ਤ ਦਵੇਗੀ। ਜਦੋਂ ਤਕ ਸਭ ਸਹਿਜ ਹੋਵੇਗਾ ਬੁੱਢਾ ਇਸ ਦੁਨੀਆਂ ਵਿਚ ਨਹੀਂ ਰਹੇਗਾ। ਇਹੀ ਫੈਸਲਾ ਹੋਇਆ ਕਿਸੇ ਤਰ੍ਹਾਂ ਪੁਲਿਸ ਤੋਂ ਹੀ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾਵੇ।
ਸੰਸਦ ਮਾਰਗ ਉੱਥੇ ਥਾਂ-ਥਾਂ ਜ਼ਖ਼ਮੀਂ ਪਏ ਸਨ। ਮੁਰਦਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ। ਦੂਰ ਤਕ ਇੱਟਾਂ, ਵੱਟੇ, ਚੱਪਲਾਂ, ਜੁੱਤੀਆਂ, ਮਾਟੋ, ਬੈਨਰ ਤੇ ਝੰਡੀਆਂ ਬੇਜਾਨ ਪਏ ਸਨ। ਦੁਕਾਨਾਂ ਦੇ ਸਾਹਮਣੇ ਇਕ ਨਿੱਕੀ ਜਿਹੀ ਬੱਚੀ ਹੱਥ ਵਿਚ ਝੰਡੀ ਫੜ੍ਹੀ ਚਿੱਤ ਪਈ ਹੋਈ ਸੀ।
ਲੋਕ ਐਨੇ ਛੋਟੇ ਬੱਚੇ ਨੂੰ ਕਿਉਂ ਨਾਲ ਲੈ ਆਉਂਦੇ ਹਨ? ਜ਼ਰੂਰ ਕੋਈ ਮਜ਼ਬੂਰੀ ਹੁੰਦੀ ਹੋਵੇਗੀ। ਲੋਕ ਤਾਂ ਇਕ ਵਿਸ਼ਵਾਸ ਤੇ ਪਵਿੱਤਰ ਮਨ ਨਾਲ ਆਉਂਦੇ ਹਨ, ਸੰਘਰਸ਼ ਦੀ ਭਾਵਨਾ ਵਿਚ ਡੁੱਬ ਕੇ ਹੀ ਸਹੀ।
ਪੁਲਿਸ ਦੀ ਘੇਰਾਬੰਦੀ, ਜ਼ਖ਼ਮੀਆਂ ਦੀਆਂ ਕਰਾਹਾਂ, ਕਿਤੋਂ-ਕਿਤੋਂ ਆਉਂਦੀ ਹੋਈ ਰੋਣ ਦੀ ਆਵਾਜ਼—ਗੱਚ ਭਰ ਆਇਆ ਸੀ, ਭਾਵੁਕਤਾ ਵੱਸ।
ਇਕ ਪੁਲਿਸ ਅਫ਼ਸਰ ਮੇਰੇ ਵੱਲ ਅਹੁਲਿਆ। ਪ੍ਰੈੱਸ ਦੀ ਫੱਟੀ ਦੇਖ ਕੇ ਥਾਵੇਂ ਅਟਕ ਗਿਆ। ਨਹੀਂ ਤਾਂ ਉਹ ਮੈਨੂੰ ਕਦੋਂ ਦਾ ਦਬੋਚ ਚੁੱਕਿਆ ਹੁੰਦਾ।
“ਓ ਭਾਜੀ, ਤੁਸੀਂ ਤਾਂ ਜ਼ਖ਼ਮੀ ਹੋ। ਇਹ ਹੁੱਲੜ ਬਾਜ ਕਾਨੂੰਨ ਤੋੜਨ ਤੋਂ ਬਾਅਜ਼ ਨਹੀਂ ਆਉਂਦੇ। ਇਹਨਾਂ ਤੋਂ ਕੋਈ ਪੁੱਛੇ, ਕੀ ਥੋੜ੍ਹੀ ਦੂਰ ਤਕ ਚੀਕ ਲੈਣ ਨਾਲ ਕੁਝ ਬਦਲ ਜਾਵੇਗਾ! ਚੀਕਣ-ਕੂਕਣ ਨਾਲ ਕੁਝ ਹੋਣ ਵਾਲਾ ਨਹੀਂ। ਹਾਂ, ਸਾਡੀ ਤੇ ਤੁਹਾਡੀ ਪ੍ਰੈੱਸ ਵਾਲਿਆਂ ਦੀ ਨੀਂਦ ਜ਼ਰੂਰ ਹਰਾਮ ਹੋ ਜਾਂਦੀ ਏ, ਸਰਕਾਰ ਦੀ ਨਹੀਂ।” ਉਸਨੇ ਇਕ ਜ਼ੋਰਦਾਰ ਠਹਾਕਾ ਲਾਇਆ। ਉਸਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਕੁਝ ਦੂਰੀ ਉਪਰ ਜ਼ਖ਼ਮੀਂ ਪਏ ਹਨ, ਜਿਹੜੇ ਦਮ ਵੀ ਤੋੜ ਰਹੇ ਹਨ।
ਮੈਨੂੰ ਖ਼ਾਮੋਸ਼ ਦੇਖ ਕੇ ਉਸਦੇ ਠਹਾਕੇ ਨੂੰ ਬਰੇਕ ਲੱਗ ਗਏ। ਉਸਨੂੰ ਕਿਸੇ ਕਿਸਮ ਦਾ ਪਛਤਾਵਾ ਜਾਂ ਨਮੋਸ਼ੀ ਨਹੀਂ ਸੀ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਮੈਂ ਉਸਦੇ ਮਜ਼ਾਕ ਵਿਚ ਕਿਉਂ ਸ਼ਾਮਲ ਨਹੀਂ ਸੀ ਹੋਇਆ। ਉਸਦਾ ਸੰਸਾਰ ਹੀ ਇਕ ਵੱਖਰਾ ਸੰਸਾਰ ਸੀ। ਸਾਡੀ ਦੁਨੀਆਂ ਨਾਲੋਂ ਬਿਲਕੁਲ ਅਲੱਗ-ਥਲੱਗ।
“ਚੱਲੋ ਤੁਹਾਨੂੰ ਮੈਡੀਕਲ ਏਡ ਦੁਆ ਦਿਆਂ।”
“ਪਾਰਕ ਵਿਚ ਇਕ ਬੁੱਢਾ ਆਦਮੀ ਮਰ ਰਿਹੈ। ਅੰਨ੍ਹਾਂ ਏਂ। ਜੇ ਉਸਦੀ ਕਿਸੇ ਤਰ੍ਹਾਂ ਮਦਦ ਹੋ ਜਾਏ। ਪ੍ਰਦਰਸ਼ਨਕਾਰੀ ਨਹੀਂ।” ਮੈਨੂੰ ਲੱਗਿਆ ਕਿ ਮੈਂ ਬੁੱਢੇ ਨੂੰ ਬੜਾ ਛੋਟਾ ਕਰ ਦਿੱਤਾ ਹੈ, ਪਰ ਇਸ ਦੇ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
“ਤੁਸੀਂ ਉਸ ਭੁੱਖ-ਹੜਤਾਲੀਏ ਦੀ ਗੱਲ ਤਾਂ ਨਹੀਂ ਕਰ ਰਹੇ, ਜਿਹੜਾ ਹਰ ਵੇਲੇ ਗਾਲ੍ਹਾਂ ਕੱਢਦਾ ਰਹਿੰਦਾ ਏ। ਉਹ ਤਾਂ ਕਦੇ ਦਾ ਮਰ ਚੁੱਕਿਐ। ਲੱਗਦਾ ਏ ਉਸਦੀ ਲਾਸ਼ ਕਮੇਟੀ ਵਾਲਿਆਂ ਨੂੰ ਨਹੀਂ, ਸਾਨੂੰ ਈ ਚੁੱਕਣੀ ਪਵੇਗੀ। ਉਸਦੀ ਮਦਦ ਤਾਂ ਹੁਣ ਉਪਰ ਵਾਲਾ ਵੀ ਨਹੀਂ ਕਰ ਸਕਦਾ।”
ਮੇਰੇ ਮੂੰਹੋਂ ਇਕ ਗਾਲ੍ਹ ਨਿਕਲਦੀ-ਨਿਕਲਦੀ ਰਹਿ ਗਈ। ਕਿਸੇ ਅਜਿਹੀ ਲਾਚਾਰੀ ਵਿਚ ਹੀ ਗਾਲ੍ਹ ਦਾ ਜਨਮ ਹੋਇਆ ਹੋਵੇਗਾ।
“ਸ਼ਾਇਦ ਵਿਚਾਰਾ ਬਚ ਜਾਏ।”
ਉਹ ਨਾਕੇਬੰਦੀ ਵੱਲ ਤੁਰ ਗਿਆ। ਬੁੱਢੇ ਦੇ ਨਾਂਅ ਨਾਲ ਹੀ ਉਸਦੇ ਮੂੰਹ ਦਾ ਸਵਾਦ ਕੁਸੈਲਾ ਹੋ ਗਿਆ ਜਾਪਦਾ ਸੀ। ਬੁੱਢੇ ਨੂੰ ਭੁੱਲ ਜਾਣਾ ਪੁਲਿਸ ਲਈ ਆਸਾਨ ਕੰਮ ਵੀ ਨਹੀਂ ਸੀ। ਪਾਗਲ ਹੋਣ ਤਕ ਉਹ ਪੁਲਿਸ ਲਈ ਹਮੇਸ਼ਾ ਸਿਰ ਦਰਦ ਬਣਿਆਂ ਰਿਹਾ। ਸ਼ੁਰੂ ਦੇ ਦਿਨਾਂ ਤੋਂ ਹੀ ਉਹ ਕਿਸੇ ਨਾ ਕਿਸੇ ਮੰਤਰੀ ਦੀ ਕੋਠੀ ਤੇ ਬਾਹਰ ਭੁੱਖ-ਹੜਤਾਲ 'ਤੇ ਜਾ ਬੈਠਦਾ। ਭੁੱਖ-ਹੜਤਾਲ ਕਰਨ ਦਾ ਢੰਗ ਵੀ ਉਸਦਾ ਆਪਣਾ ਹੀ ਸੀ। ਇਕ ਕਤਾਰ ਵਿਚ ਹੱਥ ਨਾਲ ਲਿਖੀਆਂ ਤੀਹ ਚਾਲੀ ਤਖ਼ਤੀਆਂ ਗੱਡ ਕੇ ਵਿਚਕਾਰ ਖ਼ੁਦ ਬੈਠ ਜਾਂਦਾ। ਲੋਕਾਂ ਦੀ ਭੀੜ ਲੱਗ ਜਾਂਦੀ ਤੇ ਉਹਨਾਂ ਤਖ਼ਤੀਆਂ ਉਪਰ ਲਿਖੀ ਕਹਾਣੀ ਪੜ੍ਹਨ ਲੱਗਦੀ। ਇਕ ਦਿਨ ਪੁਲਿਸ ਆਉਂਦੀ, ਉਸਨੂੰ ਚੁੱਕ ਕੇ ਲੈ ਜਾਂਦੀ। ਕੁਝ ਦਿਨਾਂ ਬਾਅਦ ਉਸਦਾ ਧਰਨਾ ਫੇਰ ਕਿਸੇ ਨਵੀਂ ਜਗ੍ਹਾ ਸ਼ੁਰੂ ਹੋ ਜਾਂਦਾ।
ਉਸਦਾ ਉਹ ਚਿਹਰਾ ਮੇਰੇ ਜ਼ਿਹਨ ਵਿਚ ਘੁੰਮ ਗਿਆ, ਜਦੋਂ ਪਹਿਲੀ ਵਾਰੀ ਉਹ ਸਾਡੇ ਦਲ ਦੇ ਦਫ਼ਤਰ ਵਿਚ ਮੇਰੇ ਕੋਲ ਆਇਆ ਸੀ। ਨਿਆਂ ਤੇ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲਾ ਭੋਲਾ-ਭਾਲਾ, ਨਿੱਡਰ ਚਿਹਰਾ। ਉਹ ਅਜਿਹੇ ਦਿਨ ਸਨ ਜਦੋਂ ਯਕੀਨ ਸੀ ਕਿ ਸਭ ਕੁਝ ਜਲਦੀ ਬਦਲ ਜਾਵੇਗਾ। ਉਸ ਨਸ਼ੇ ਵਿਚ ਇਹ ਵੀ ਨਹੀਂ ਦੇਖ ਸਕੇ ਸਾਂ ਕਿ ਸਾਡੇ ਇਰਦ-ਗਿਰਦ ਕੀ ਹੋ ਰਿਹਾ ਹੈ? ਲੋਕ ਸਾਡੇ ਨਾਲ ਹਨ ਵੀ ਜਾਂ ਨਹੀਂ...ਅਸੀਂ ਇਹ ਮੰਨ ਕੇ ਚੱਲਦੇ ਕਿ ਲੋਕ ਸਿਰਫ ਸਾਡੇ ਨਾਲ ਹੀ ਨੇ। ਸੱਤਾ-ਵਿਰੋਧੀ ਲੋਕ ਬੜੇ ਚੰਗੇ ਲੱਗਦੇ ਸਨ। ਉਸ ਦੀ ਇਕੋ ਗੱਲ ਮੇਰੇ  ਜੋਸ਼ੀਲੇ ਸੁਭਾਅ ਨੂੰ ਪਸੰਦ ਨਹੀਂ ਸੀ ਆਈ ਕਿ ਉਹ ਸਰਕਾਰ ਤੇ ਸੱਤਾਰੂੜ ਦਲ ਦੇ ਨੇਤਾਵਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ। ਉਹਨੀਂ ਦਿਨੀਂ ਸਾਡੀ ਪੱਤਰਕਾਰਤਾ, ਸਾਡਾ ਜੀਵਨ ਸਭੋ ਦਲ ਨੂੰ ਅਰਪਿੱਤ ਸੀ। ਉਸਦੀ ਲੜਾਈ ਵੀ ਇਕ ਤਰ੍ਹਾਂ ਨਾਲ ਸਾਡੀ ਲੜਾਈ ਸੀ।
ਇਕ ਵੱਡੇ ਨੇਤਾ ਨੇ ਬੜੀ ਚਾਲਾਕੀ ਤੇ ਜਾਲਸਾਜੀ ਨਾਲ ਗਰੀਬ ਲੋਕਾਂ ਦੀਆਂ ਜ਼ਮੀਨਾਂ ਹੜਪ ਕੇ ਇਕ ਵੱਡਾ ਫਾਰਮ ਬਣਾ ਲਿਆ ਸੀ। ਉਹ ਸਾਰੇ ਦਸਤਾਵੇਜ਼ ਤੇ ਸਬੂਤ ਨਾਲ ਲੈ ਕੇ ਆਇਆ ਸੀ। ਸਾਡੇ ਇਕ ਕਿਸਾਨ ਨੇਤਾ ਨੇ ਇਕ ਚਿੱਠੀ ਦੇ ਕੇ ਉਸਨੂੰ ਸਾਡੇ ਕੋਲ ਭੇਜਿਆ ਸੀ ਕਿ ਉਸਦੀ ਪੂਰੀ ਮਦਦ ਕੀਤੀ ਜਾਵੇ। ਅਸੀਂ ਦਸਤਾਵੇਜ਼ਾਂ ਦੇ ਆਧਾਰ 'ਤੇ ਇਕ ਸਾਚਿੱਤਰ ਲੇਖ ਤਿਆਰ ਕਰਨ ਦੀ ਯੋਜਨਾ ਬਣਾਈ। ਉਸਨੇ ਸਾਡੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਹਾ ਕਿ ਇੰਜ ਕਰਨ ਨਾਲ ਉਸਦੇ ਦਲ ਉੱਤੇ ਕਲੰਕ ਲੱਗ ਜਾਏਗਾ। ਉਹ ਨੇਤਾ ਇਕ ਉੱਚੇ ਅਹੁਦੇ ਉਪਰ ਬਿਰਾਜਮਾਨ ਸੀ। ਉਹ ਉਸਨੂੰ ਬਦਨਾਮ ਕੀਤੇ ਬਿਨਾਂ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਸੀ। ਉਹ ਸਾਡੇ ਤਰੀਕੇ ਨਾਲ ਸਹਿਮਤ ਨਹੀਂ ਸੀ ਹੋਇਆ। ਕੁਝ ਦਿਨ ਸਾਡੇ ਨਾਲ ਰਹਿਣ ਪਿੱਛੋਂ ਉਹ ਆਪਣਾ ਸਾਮਾਨ ਚੁੱਕ ਕੇ ਆਪਣੇ ਦਲ ਦੇ ਵੱਡੇ ਦਫ਼ਤਰ ਵਿਚ ਚਲਾ ਗਿਆ ਸੀ।
ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਸਦਾ ਬਕਸਾ ਚੋਰੀ ਹੋ ਗਿਆ ਹੈ। ਫੇਰ ਕਿਸੇ ਨੇ ਦੱਸਿਆ ਕਿ ਉਸਦਾ ਸਾਮਾਨ ਚੁੱਕ ਕੇ ਮਹਿਮਾਨਖਾਨੇ ਵਿਚੋਂ ਬਾਹਰ ਸੁੱਟ ਦਿੱਤਾ ਗਿਆ ਹੈ।
ਉਸ ਪਿੱਛੋਂ ਉਸਦਾ ਸੱਤਿਆ-ਗ੍ਰਹਿ ਸ਼ੁਰੂ ਹੋ ਗਿਆ। ਹਰ ਦਰਵਾਜ਼ੇ ਤੋਂ ਉਸਨੂੰ ਉਠਾਲ ਦਿੱਤਾ ਜਾਂਦਾ। ਅੰਤ ਵਿਚ ਤੰਗ ਆ ਕੇ ਕਨਾਟ ਪਲੇਸ ਦੇ ਪਾਰਕ ਦੇ ਬਾਹਰ ਉਸਨੇ ਆਪਣੇ ਵਿਰੋਧ ਦੀਆਂ ਤਖ਼ਤੀਆਂ ਗੱਡ ਦਿੱਤੀਆਂ। ਉੱਥੇ ਸਾਰਾ ਦਿਨ ਭੀੜ ਲੱਗੀ ਰਹਿੰਦੀ। ਲੋਕ ਉਸਦਾ ਮਜ਼ਾਕ ਉਡਾਉਂਦੇ, ਮਿਹਣੇ-ਤਾਹਣੇ ਮਾਰਦੇ ਤੇ ਮਨ ਪ੍ਰਚਾਵਾ ਕਰਕੇ ਆਪੋ ਆਪਣੇ ਘਰੀਂ ਚਲੇ ਜਾਂਦੇ। ਉਹ ਇਕ ਅਜਿਹੀ ਦੁਨੀਆਂ ਵਿਚ ਘਿਰ ਗਿਆ ਸੀ, ਜਿੱਥੇ ਨਿਆਂ ਲਈ ਲੜਨ ਵਾਲੇ ਲੋਕਾਂ ਨੂੰ ਕਿਸੇ ਪਾਗਲਾਂ ਦੀ ਦੁਨੀਆਂ ਦਾ ਜੀਵ ਸਮਝਿਆ ਜਾਂਦਾ ਹੈ। ਉਹ ਚੁੱਪਚਾਪ ਸਾਰਾ ਦਿਨ ਤਖ਼ਤੀਆਂ ਉਪਰ ਲਿਖਦਾ ਰਹਿੰਦਾ। ਜਦੋਂ ਲੋਕ ਪੁੱਛਦੇ ਕਿ ਉਸ ਨੇਤਾ ਦਾ ਨਾਂਅ ਕੀ ਹੈ ਤਾਂ ਸਿਰਫ ਮੁਸਕਰਾ ਪੈਂਦਾ ਤੇ ਉਸ ਤਖ਼ਤੀ ਵੱਲ ਇਸ਼ਾਰਾ ਕਰ ਦਿੰਦਾ, ਜਿਸ ਉੱਤੇ ਨੇਤਾ ਦਾ ਨਾਂਅ, ਨਾ ਦੱਸਣ ਦਾ ਕਾਰਣ ਲਿਖਿਆ ਹੁੰਦਾ ਸੀ।
ਅਕਸਰ ਅਸੀਂ ਲੋਕਾਂ ਦੇ ਮਜ਼ਾਕ ਨੂੰ ਮਜ਼ਾਕ ਵਜੋਂ ਹੀ ਉਡਾਅ ਦਿੰਦੇ ਹਾਂ। ਕੀ ਲੋਕਾਂ ਦੇ ਉਸ ਮਜ਼ਾਕ ਪਿੱਛੇ ਪੂਰੇ ਢਾਂਚੇ ਦਾ ਅਕਸ ਨਹੀਂ ਹੁੰਦਾ ਕਿ ਅਜਿਹੀਆਂ ਗੱਲਾਂ ਨਾਲ ਕੀ ਹੋ ਸਕਦਾ ਹੈ...ਸ਼ਾਇਦ ਅਸੀਂ ਹੀ ਇਸ ਸੱਚ ਨੂੰ ਨਹੀਂ ਸਮਝ ਸਕੇ ਹਾਂ।
ਅਸੀਂ ਉਸ ਨਾਲ ਇਕ ਲੰਮੀ ਗੱਲਬਾਤ ਕੀਤੀ। ਉਸ ਨਾਲ ਸਾਚਿੱਤਰ ਸਾਕਸ਼ਾਤਕਾਰ ਕਈ ਅਖ਼ਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ। ਕੁਝ ਦਿਨ ਉਸਦੀ ਚਰਚਾ ਰਹੀ। ਅਖ਼ਬਾਰਾਂ ਨੇ ਉਸਦੇ ਇਹਨਾਂ ਸ਼ਬਦਾਂ ਨੂੰ ਕਿ 'ਸੱਚ ਦੀ ਜਿੱਤ ਹੋਏਗੀ...ਪਾਪ ਦਾ ਘੜਾ ਫੁੱਟੇਗਾ।' ਖ਼ੂਬ ਮਖ਼ੌਲੀਆ ਅੰਦਾਜ਼ ਵਿਚ ਪ੍ਰਕਾਸ਼ਤ ਕੀਤਾ ਸੀ।
ਉਸ ਪਿੱਛੋਂ ਉਹ ਨਵੀਂ ਦਿੱਲੀ ਦੀ ਦੁਨੀਆਂ ਵਿਚੋਂ ਅਜਿਹਾ ਗਾਇਬ ਹੋਇਆ ਕਿ ਤਿੰਨ ਚਾਰ ਵਰ੍ਹੇ ਤਕ ਉਸਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ ਕਿ ਕਿੱਥੇ ਚਲਾ ਗਿਆ ਹੈ।
ਇਕ ਵਾਰੀ ਸਾਡਾ ਇਕ ਜਲੂਸ ਸੰਸਦ ਭਵਨ ਤਕ ਜਾ ਰਿਹਾ ਸੀ। ਉਹ ਆਪਣੀ ਤਖ਼ਤੀ ਚੁੱਕੀ ਸਭ ਤੋਂ ਅੱਗੇ ਤੁਰਦਾ ਹੋਇਆ ਦਿਖਾਈ ਦਿੱਤਾ। ਸੰਸਦ ਭਵਨ ਦੇ ਬਾਹਰ ਸਾਡੇ ਸਾਂਸਦ ਭਾਸ਼ਣ ਦੇਣ ਲਈ ਜਲੂਸ ਦੀ ਉਡੀਕ ਕਰ ਰਹੇ ਸਨ। ਜਲੂਸ ਦੇ ਉੱਥੇ ਪਹੁੰਚਦਿਆਂ ਹੀ ਉਹ ਬੁੜ੍ਹਕ ਕੇ ਉੱਥੇ ਬਣੇ ਇਕ ਬੁੱਤ ਦੇ ਚਬੂਤਰੇ ਉੱਤੇ ਚੜ੍ਹ ਗਿਆ ਤੇ ਉੱਚੀ ਆਵਾਜ਼ ਵਿਚ ਨਾਅਰੇ ਲਾਉਣ ਲੱਗਾ। ਉਸ ਪਿੱਛੋਂ ਉੱਚੀ ਆਵਾਜ਼ ਵਿਚ ਕਵਿਤਾ ਪੜ੍ਹਨੀ ਸ਼ੁਰੂ ਕੀਤੀ...:
'ਸੌ ਮਰੇ ਤਾਂ ਕਿਹਾ ਇਕ ਮਰਿਆ...
ਉਹ ਵੀ ਸੀ ਬਿਮਾਰ ਪਿਆ...'
ਜੋਸ਼ ਵੱਸ ਝੱਲੀ ਹੋਈ ਭੀੜ ਵਾਰ-ਵਾਰ ਉਸ ਤੋਂ ਉਹੀ ਕਵਿਤਾ ਸੁਣਦੀ ਰਹੀ। ਉਸ ਪਿੱਛੋਂ ਉਹ ਸਾਡੇ ਹਰੇਕ ਜਲੂਸ ਵਿਚ ਦਿਖਾਈ ਦੇਣ ਲੱਗਾ। ਪਿੱਛੋਂ ਉਸਦੀ ਦਸ਼ਾ ਵਿਗੜਨ ਲੱਗੀ। ਉਹ ਹਰ ਜਲੂਸ ਵਿਚ ਕਲੰਦਰਾਂ ਵਾਂਗ ਉੱਛਲਦਾ-ਕੁੱਦਦਾ ਦਿਖਾਈ ਦੇਂਦਾ।
ਪੁਲਿਸ ਅਫ਼ਸਰ ਵਾਪਸ ਨਹੀਂ ਆਇਆ।
ਕੋਲ ਖੜ੍ਹੇ ਸਿਪਾਈ ਨੇ ਕਿਹਾ ਕਿ 'ਹੁਣ ਉਹ ਨਹੀਂ ਆਉਂਣਗੇ। ਉੱਥੇ ਪਹੁੰਚ ਕੇ ਉਹ ਇਹ ਵੀ ਭੁੱਲ ਗਏ ਹੋਣਗੇ ਕਿ ਕੋਈ ਇੱਥੇ ਉਹਨਾਂ ਦੀ ਉਡੀਕ ਕਰ ਰਿਹਾ ਹੈ।'
ਹਰ ਪਾਸੇ ਪੁਲਿਸ ਦੇ ਸਿਪਾਹੀ ਸਨ। ਮਾਰਗ ਉੱਤੇ ਪਏ ਲੋਕ ਜ਼ਖ਼ਮਾਂ ਦੀ ਝਾਲ ਨਾ ਝੱਲਦੇ ਹੋਏ ਕਰਾਹ-ਕੁਰਲਾ ਰਹੇ ਸਨ। ਉਹਨਾਂ ਦੇ ਲਹੂ ਨਾਲ ਲੱਥ-ਪੱਥ ਕੱਪੜੇ, ਉਹਨਾਂ ਦੇ ਜ਼ਖ਼ਮ, ਉਹਨਾਂ ਦੀ ਚੀਕ-ਪੁਕਾਰ ਵਾਰੀ ਵਾਰੀ ਅੰਦਰ ਇਕ ਅੱਗ ਭਰ ਦੇਂਦੀ।
ਅਜੇ ਥੋੜ੍ਹੀ ਦੇਰ ਪਹਿਲਾਂ ਉਸ ਪੁਲਿਸ ਅਫ਼ਸਰ ਨੇ ਪੁੱਛਿਆ ਸੀ ਕਿ 'ਜਦ ਲੀਡਰਾਂ ਨੂੰ ਪਤਾ ਲੱਗ ਗਿਆ ਸੀ ਬਈ ਉਹਨਾਂ ਨੂੰ ਅਸੀਂ ਗਿਰਫ਼ਤਾਰ ਕਰ ਰਹੇ ਹਾਂ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਸੀ ਕਿ ਹੁਣ ਉਹਨਾਂ ਨੇ ਕੀ ਕਰਨਾ ਹੈ। ਤੁਹਾਨੂੰ ਇੰਜ ਨਹੀਂ ਲੱਗਦਾ ਕਿ ਇਸ ਭੀੜ ਨੂੰ ਲੀਡਰ ਵੀ ਸਿਰਫ ਆਪਣੇ ਸਵਾਰਥ ਲਈ ਹੀ ਇਸਤੇਮਾਲ ਕਰਦੇ ਰਹਿੰਦੇ ਨੇ...'
ਮੈਂ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਇਸੇ ਗੱਲ ਉੱਤੇ ਉਸਨੇ ਖਿਝ ਕੇ ਕਿਹਾ ਸੀ ਕਿ 'ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਉਹ ਇਸ ਜਲੂਸ ਵਿਚ ਕਿਉਂ ਆਏ ਨੇ...?'
ਮੈਨੂੰ ਕਾਮਰੇਡ ਫਿਤਰਤ ਦੀ ਗੱਲ ਚੇਤੇ ਆ ਗਈ ਜਿਹੜਾ ਕੁਝ ਚਿਰ ਪਹਿਲਾਂ ਜਲੂਸ ਵਿਚ ਮੂੰਹ ਲਟਕਾਈ ਤੁਰਿਆ ਜਾ ਰਿਹਾ ਸੀ। ਉਹਨੂੰ ਹਮੇਸ਼ਾ ਤਰੋਤਾਜ਼ਾ ਤੇ ਸੁਚੇਤ ਹੀ ਦੇਖਿਆ ਸੀ। ਪਹਿਲੀ ਵਾਰੀ ਉਸਨੂੰ ਚੁੱਪ ਦੇਖ ਕੇ ਬੜਾ ਓਪਰਾ ਲੱਗਿਆ ਸੀ। ਉਹ ਜਲੂਸ ਦੇ ਨਾਲ ਹੌਲੀ-ਹੌਲੀ ਤੁਰ ਰਿਹਾ ਸੀ। ਕਿਸੇ ਨਾਅਰੇ ਨਾਲ ਉਸ ਵਿਚ ਕੋਈ ਹਰਕਤ ਨਹੀਂ ਸੀ ਹੋ ਰਹੀ।
“ਕੀ ਗੱਲ ਐ, ਤਬੀਅਤ ਤਾਂ ਠੀਕ ਐ ਨਾ?”
“ਤਬੀਅਤ...”
ਉਸਦੇ ਚਿਹਰੇ ਉੱਤੇ ਗੁੱਸੇ ਦੀਆਂ ਲਕੀਰਾਂ ਉਭਰ ਆਈਆਂ, ਜਿਵੇਂ ਮੈਂ ਉਸਨੂੰ ਗਾਲ੍ਹ ਕੱਢ ਬੈਠਾ ਹੋਵਾਂ।
ਏਨਾ ਕਹਿਣ ਪਿੱਛੋਂ ਉਸਨੇ ਉਸ ਟੋਲੀ ਵੱਲ ਇਸ਼ਾਰਾ ਕੀਤਾ, ਜਿਸ ਦੀ ਦੇਖ-ਭਾਲ ਲਈ ਉਸਨੂੰ ਲਾਇਆ ਗਿਆ ਸੀ।
“ਜਦੋਂ ਤਕ ਅਸੀਂ ਲੋਕਾਂ ਦੇ ਦਿਲਾਂ ਵਿਚ ਨਹੀਂ ਉਤਰਦੇ ਉਦੋਂ ਤਕ ਅਸੀਂ ਲੋਕਾਂ ਨੂੰ ਵਰਗਲਾ ਕੇ ਬਹਿਕਾਅ ਕੇ ਇਸ ਦਿਖਾਵੇ ਲਈ ਲਿਆਉਂਦੇ ਰਹਾਂਗੇ! ਇਹ ਕੋਈ ਜੱਦੋ-ਜਹਿਦ  ਨਹੀਂ ਹੈ...”
ਦੋਵਾਂ ਨੇ ਇਕੋ ਜਿਹੀ ਗੱਲ ਆਖੀ ਸੀ। ਇਕ ਦੀ ਗੱਲ 'ਤੇ ਗੁੱਸਾ ਆਇਆ ਸੀ ਤੇ ਦੂਜੇ ਦੀ ਗੱਲ ਨੇ ਕੁਝ ਸੋਚਣ ਲਈ ਮਜ਼ਬੂਰ ਕੀਤਾ ਸੀ। ਸੱਚ, ਕੀ ਇੰਜ ਨਹੀਂ ਹੋ ਸਕਦਾ ਕਿ ਲੋਕ ਸਿਰਫ ਜੋਸ਼ ਵਿਚ ਵਹਿ ਕੇ ਇੱਥੇ ਨਾ ਆਉਣ...
ਮਾਰਗ ਉਪਰ ਦੋਵੇਂ ਪਾਸੇ ਖਲੋਤੀਆਂ ਉੱਚੀਆਂ ਇਮਾਰਤਾਂ ਤੇ ਮਾਰਗ ਦੇ ਐਨ ਵਿਚਕਾਰ ਬਣੇ ਗੋਲ ਚੌਕ ਨੇ ਸੰਸਦ ਭਵਨ ਨੂੰ ਆਪਣੀ ਓਟ ਵਿਚ ਕੀਤਾ ਹੋਇਆ ਹੈ। ਸੰਸਦ ਵਿਚ ਸਾਰੇ ਚੁਣ ਕੇ ਜਾਂਦੇ ਹਨ। ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਉਹੀ ਨੇ, ਜਿਹਨਾਂ ਨੂੰ ਉਹਨਾਂ ਨੇ ਚੁਣ ਕੇ ਭੇਜਿਆ ਸੀ। ਸੰਸਦ ਵਿਚ ਇਕ ਨੇਤਾ ਨਾਮ ਜੱਦ ਹੁੰਦਾ ਹੈ...ਉਹ ਆਪਣੀ ਟੋਲੀ ਚੁਣਦਾ ਹੈ...ਮੰਤਰੀ ਬਣਾਉਂਦਾ ਹੈ...ਕਾਨੂੰਨ ਬਣਾਉਂਦਾ ਹੈ...ਸਾਰੇ ਕੰਮ ਬਹੁਮੱਤ ਨਾਲ ਹੁੰਦੇ ਹਨ...ਵਿਰੋਧੀ ਧਿਰ ਵੀ ਆਪਣਾ ਪੱਖ ਖੁੱਲ੍ਹ ਕੇ ਰੱਖਦੀ ਹੈ...ਫੇਰ ਵੀ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਦੇਸ਼ ਨੂੰ ਕੋਈ ਹੋਰ ਹੀ ਚਲਾ ਰਿਹਾ ਹੈ।
ਸੇਠੀ ਮੈਨੂੰ ਬੁਲਾਅ ਰਿਹਾ ਸੀ। ਥੋੜ੍ਹੀ ਦੂਰੀ ਉੱਤੇ ਤੜਫ ਰਿਹਾ ਇਕ ਜ਼ਖ਼ਮੀ ਵੀ ਮੈਨੂੰ ਵਾਰ-ਵਾਰ ਬੁਲਾ ਰਿਹਾ ਸੀ, ਪਰ ਉਸ ਕੋਲ ਜਾਣ ਦੀ ਮੈਨੂੰ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਮੈਂ ਬੜੀ ਕੋਸ਼ਿਸ਼ ਕੀਤੀ। ਸਿਪਾਹੀਆਂ ਦੀ ਮਿੰਨਤ ਕੀਤੀ ਕਿ ਕਿਸੇ ਤਰ੍ਹਾਂ ਉਹ ਹੀ ਉਸ ਫੱਟੜ ਦੀ ਗੱਲ ਸੁਣ ਲੈਣ। ਉਹ ਕਈ ਵਾਰੀ ਬਹਾਨੇ ਨਾਲ ਉਸ ਪਾਸੇ ਗਏ ਵੀ, ਪਰ ਉਸਨੇ ਉਹਨਾਂ ਨੂੰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸਦੇ ਮਨ ਵਿਚ ਪਤਾ ਨਹੀਂ ਕਿਹੜੀ ਗੱਲ ਸੀ ਜਿਸਨੂੰ ਉਹ ਸਿਰਫ ਮੈਨੂੰ ਹੀ ਦੱਸਣਾ ਚਾਹੁੰਦਾ ਸੀ। ਜੇ ਉਹ ਚੱਲ ਵੱਸਿਆ ਫੇਰ...
ਸੇਠੀ ਦੀ ਚੀਕ ਸੁਣਾਈ ਦਿੱਤੀ। ਉਸਦੀ ਚੀਕ ਤੇ ਸੜਕ ਉੱਤੇ ਤੜਫ ਰਹੇ ਆਦਮੀ ਦੀ ਪ੍ਰਾਰਥਨਾਂ ਵਿਚ ਕੋਈ ਅੰਤਰ ਨਹੀਂ ਸੀ। ਇਕੋ ਅੰਦਾਜ਼...ਇਕੋ ਹੀ ਭਾਵਨਾ।
ਲੰਮੇ-ਲੰਮੇ ਜਲੂਸ ਲੋਕਾਂ ਦੀਆਂ ਮੰਗਾਂ ਤੇ ਅਧਿਕਾਰਾਂ ਲਈ ਨਿਕਲਦੇ ਨੇ। ਉਹਨਾਂ ਵਿਚ ਹਜ਼ਾਰਾਂ ਤੇ ਕਦੀ-ਕਦੀ ਲੱਖਾਂ ਲੋਕ ਸ਼ਾਮਲ ਹੁੰਦੇ ਨੇ। ਜਲੂਸ ਸਾਰਿਆਂ ਲੋਕਾਂ ਲਈ ਹੁੰਦਾ ਹੈ। ਉਸ ਵੇਲੇ ਲੱਗ ਰਿਹਾ ਸੀ ਸਭ ਕੁਝ ਓਵੇਂ ਹੁੰਦਾ ਹੋਇਆ ਵੀ ਲੋਕਾਂ ਲਈ ਨਹੀਂ ਹੈ।
ਬੁੱਢੇ ਦੀ ਲਾਸ਼ ਖ਼ੂਨ ਵਿਚ ਲੱਥ-ਪੱਥ ਪਈ ਸੀ...ਮੂੰਹ ਖੁੱਲ੍ਹਾ ਸੀ, ਅੱਖਾਂ ਬਾਹਰ ਵੱਲ ਝਾਕ ਰਹੀਆਂ ਸਨ...ਉੱਠਿਆ ਹੋਇਆ ਹੱਥ, ਜਿਵੇਂ ਹੁਣੇ ਕਿਸੇ ਉੱਤੇ ਵਰ੍ਹਣ ਲਈ ਤਿਆਰ-ਬਰ-ਤਿਆਰ ਸੀ। ਰੁੱਖਾਂ ਦੀਆਂ ਫੜਫੜਾਉਂਦੀਆਂ ਹੋਈਆਂ ਟਾਹਣੀਆਂ, ਬਿਲਕੁਲ ਸ਼ਾਂਤ ਹੋ ਚੁੱਕੀਆਂ ਸਨ।
ਬੁੱਢਾ ਸਾਨੂੰ ਤਿੰਨਾਂ ਨੂੰ ਪਛਾਣ ਚੁੱਕਿਆ ਸੀ। ਸਾਡੀਆਂ ਆਵਾਜ਼ਾਂ ਉਸਦੀਆਂ ਯਾਦਾਂ ਵਿਚ ਸੁਰੱਖਿਅਤ ਸਨ। ਉਸਨੇ ਆਪਣੀ ਡਾਇਰੀ ਤੇ ਕੁਝ ਕਾਗਜ਼ ਮੇਰੇ ਸਾਥੀ ਦੇ ਹਵਾਲੇ ਕਰ ਦਿੱਤੇ ਸਨ, ਜਿਹਨਾਂ ਵਿਚ ਉਸ ਨੇਤਾ ਦਾ ਨਾਂਅ ਤੇ ਜ਼ਮੀਨ ਦਾ ਪੂਰਾ ਬਿਓਰਾ ਸੀ। ਨੇਤਾ ਜੀ ਕਦੋਂ ਦੇ ਚਲਾਨਾ ਕਰ ਗਏ ਸਨ। ਹੁਣ ਤਾਂ ਉਹਨਾਂ ਦੇ ਬੁੱਤ ਹੀ ਬਾਕੀ ਰਹਿ ਗਏ ਸਨ। ਉਸਦੀ ਡਾਇਰੀ ਵਿਚ ਉਸਦੇ ਆਪਣੇ ਪਰਿਵਾਰ, ਕਿਸੇ ਰਿਸ਼ਤੇਦਾਰ ਜਾਂ ਘਰਬਾਰ ਦਾ ਜ਼ਿਕਰ ਤਕ ਨਹੀਂ ਸੀ।
ਢਲਦੀ ਧੁੱਪ ਨੇ ਉਸ ਰੁੱਖ ਨੂੰ ਬਿਲਕੁਲ ਬਦਲ ਦਿੱਤਾ ਸੀ...ਜਿਵੇਂ ਕੋਈ ਹੋਰ ਰੁੱਖ ਹੋਵੇ ਤੇ ਉੱਥੇ ਆ ਕੇ ਬੁੱਢੇ ਦੀ ਲਾਸ਼ ਉਪਰ ਛਾਂ ਕਰਨ ਲਈ ਰੁਕ ਗਿਆ ਹੋਵੇ। ਉਸਦੀ ਫੜਫੜਾਹਟ ਵਿਚ ਬੁੱਢੇ ਦੀ ਸਾਰੀ ਨਫ਼ਰਤ ਸ਼ਾਮਲ ਹੋ ਗਈ ਜਾਪਦੀ ਹੈ।
ਪੁਲਿਸ ਨੇ ਲਾਸ਼ ਆਪਣੇ ਕਬਜੇ ਵਿਚ ਕਰ ਲਈ।
ਪੁਲਿਸ ਦਾ ਕਹਿਣਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਪਥਰਾਅ ਕਾਰਨ ਮਰਿਆ ਹੈ। ਭੀੜ ਦਾ ਕਹਿਣਾ ਸੀ ਕਿ ਉਹ ਪੁਲਿਸ ਦੇ ਵੱਟਿਆਂ ਨਾਲ ਚੱਲ ਵੱਸਿਆ ਹੈ। ਇਸੇ ਗੱਲ ਨਾਲ ਉੱਥੇ ਉਤੇਜਨਾ ਵਧ ਗਈ।
ਇਹ ਸਿਰਫ ਅਸੀਂ ਜਾਣਦੇ ਸਾਂ ਕਿ ਉਸ ਯੋਧੇ ਨੂੰ ਕਿਸ ਨੇ ਮਾਰਿਆ ਹੈ। ਇਹ ਸੱਚ ਸੀ ਕਿ ਭਾਵੇਂ ਉਸਦੇ ਪ੍ਰਾਣ  ਪੱਥਰਾਂ-ਵੱਟਿਆਂ ਨਾਲ ਹੀ ਨਿਕਲੇ ਸਨ, ਪਰ ਇਹ ਵੀ ਸੱਚ ਸੀ ਕਿ ਉਸਦੀ ਲੀਲ੍ਹਾ ਪੱਥਰਾਅ ਕਾਰਨ ਸਮਾਪਤ ਨਹੀਂ ਸੀ ਹੋਈ। ਭੀੜ ਨੇ ਕੁਝ ਸ਼ੋਰ ਜ਼ਰੂਰ ਕੀਤਾ, ਪਰ ਲਾਸ਼ ਨੂੰ ਸਿਪਾਹੀਆਂ ਨੇ ਫਾਟਕ ਤਕ ਘਸੀਟਿਆ ਤੇ ਚੁੱਕ ਕੇ ਗੱਡੀ ਵਿਚ ਸੁੱਟ ਦਿੱਤਾ, ਜਿਵੇਂ ਕਿਸੇ ਜਾਨਵਰ ਨੂੰ ਸੁੱਟਿਆ ਜਾਂਦਾ ਹੈ।
ਪਾਰਕ ਵਿਚ ਅਜੇ ਤਕ ਉਸਦੇ ਕਾਗਜ਼ ਉੱਡ ਰਹੇ ਸਨ। ਰੁੱਖ ਹੇਠ ਉਸਦੇ ਚੀਥੜੇ, ਤਖ਼ਤੀਆਂ, ਡੰਡਾ ਤੇ ਪਾਣੀ ਦੀ ਬੋਤਲ ਪਈ ਸੀ। ਅਸੀਂ ਪਰਕ ਵਿਚੋਂ ਉਸਦੀਆਂ ਕਾਤਰਾਂ ਇਕੱਤਰ ਕਰਨ ਲੱਗੇ। ਇਕ ਮਨਹੂਸ ਜਿਹੀ ਖ਼ਾਮੋਸ਼ੀ ਪਾਰਕ ਉੱਤੇ ਛਾ ਗਈ ਸੀ।
ਕੱਲ੍ਹ, ਅੱਜ ਦੇ ਪ੍ਰਦਰਸ਼ਨ, ਗੋਲੀਬਾਰੀ ਤੇ ਬੁੱਢੇ ਦੀ ਮੌਤ 'ਤੇ ਸਾਡੀਆਂ ਰਿਪੋਰਟਾਂ ਪ੍ਰਕਾਸ਼ਤ ਹੋਣਗੀਆਂ। ਗੋਲੀ ਚੱਲਣ ਦਾ ਕਾਰਨ, ਜਲੂਸ ਉੱਤੇ ਪਾਬੰਦੀ, ਮਰਨ ਵਾਲਿਆਂ ਦੀ ਗਿਣਤੀ, ਸਰਕਾਰੀ ਅੰਕੜਿਆਂ ਦੇ ਅਨੁਸਾਰ ਪ੍ਰਕਾਸ਼ਤ ਹੋਵੇਗੀ। ਸੰਸਦ ਵਿਚ ਵਿਰੋਧੀ ਧਿਰ ਵਾਕ ਆਊਟ ਕਰ ਜਾਵੇਗੀ। ਤਿੱਖੀਆਂ ਬਹਿਸਾਂ ਹੋਣਗੀਆਂ। ਸਰਕਾਰ ਦੇ ਖ਼ਿਲਾਫ਼ ਸਾਡੇ ਸਾਂਸਦ ਸੰਸਦ ਵਿਚ ਬਿਆਨ ਦੇਣਗੇ।
ਮੁੱਖ ਸਫੇ ਉਪਰ ਸਾਰੀਆਂ ਖ਼ਬਰਾਂ ਵਿਚ ਉਹਨਾਂ ਦੇ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਹੋਵੇਗੀ, ਜਿਹਨਾਂ ਦੇ ਵਿਰੋਧ ਵਿਚ ਹਮੇਸ਼ਾ ਜਲੂਸ ਨਿਕਲਦੇ ਹਨ। ਉਹਨਾਂ ਵਿਚ ਹੀ ਕਿਤੇ ਸਾਡੀ ਬਿਮਾਰ ਜਿਹੀ ਰਿਪੋਰਟ ਨਜ਼ਰ ਆਵੇਗੀ ਤੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਜਾਵੇਗੀ। ਸ਼ਹਿਰਾਂ ਦੇ ਲੋਕ ਹਰ ਦੋ-ਤਿੰਨ ਦਿਨ ਬਾਅਦ ਕੁਝ ਨਵਾਂ ਚਾਹੁੰਦੇ ਨੇ...
ਮਾਰਗ ਉਪਰ ਜਨ-ਜੀਵਨ ਸਹਿਜੇ ਹੀ ਹਰ ਰੋਜ਼ ਵਰਗਾ ਹੋ ਚੁੱਕਿਆ ਸੀ। ਖ਼ੂਨ ਦੇ ਨਿਸ਼ਾਨ ਗੱਡੀਆਂ ਦੇ ਪਹੀਆਂ ਹੇਠ ਲਿਤੜੇ ਜਾ ਰਹੇ ਸਨ ਤੇ ਮਿਟਦੇ ਜਾ ਰਹੇ ਸਨ। ਲੋਕਾਂ ਕੋਲ ਏਨੀ ਵਿਹਲ ਵੀ ਨਹੀਂ ਸੀ ਕਿ ਦੇਖ ਲੈਂਦੇ ਕਿ ਉਹਨਾਂ ਦੇ ਪੈਰਾਂ ਤੇ ਪਹੀਆਂ ਹੇਠ ਮਰਨ ਵਾਲਿਆਂ ਦਾ ਖ਼ੂਨ ਹੈ। ਸ਼ਾਮ ਦੀ ਭੀੜ ਹਰ ਦਿਸ਼ਾ ਵੱਲੋਂ ਭੱਜੀ ਆ ਰਹੀ ਸੀ। ਦੁਕਾਨਾਂ ਹਮੇਸ਼ਾ ਵਾਂਗ ਸਨ। ਚਾਹਖ਼ਾਨਿਆਂ ਵਿਚ ਹਮੇਸ਼ਾ ਵਾਂਗ ਬਹਿਸਾਂ ਹੋ ਰਹੀਆਂ ਸਨ। ਸਿਨੇਮਾਂ ਘਰਾਂ ਦੇ ਬਾਹਰ ਟਿਕਟਾਂ ਦਾ ਵਪਾਰ ਬੇਧੜਕ ਹੋ ਰਿਹਾ ਸੀ। ਕੋਈ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਕੁਝ ਘੰਟੇ ਪਹਿਲਾਂ ਉੱਥੇ ਕੀ ਹੋਇਆ ਸੀ।
ਚਾਹਖ਼ਾਨੇ ਵਿਚ ਕਈ ਲੋਕ ਸਾਨੂੰ ਬੁਲਾਉਣ ਲੱਗੇ। ਅਸੀਂ ਕਿਸੇ ਵੱਲ ਭੌਂ ਕੇ ਨਹੀਂ ਦੇਖਿਆ। ਉਹਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਸਾਡੇ ਕੋਲ। ਇਸ ਵੇਲੇ ਅਸੀਂ ਉਹਨਾਂ ਦੀ ਦੁਨੀਆਂ ਤੋਂ ਬੜੀ ਦੂਰ ਸਾਂ।
ਮੈਂ ਸੋਚ ਰਿਹਾ ਸਾਂ ਕਿ ਦਲਾਂ ਨੂੰ ਤਾਂ ਇਕ ਸਵਾਰਥ ਇਸ ਮਾਰਗ ਉੱਤੇ ਲੈ ਆਉਂਦਾ ਹੈ, ਪਰ ਬੁੱਢਾ ਕਿਉਂ ਸਾਰੀ ਉਮਰ ਇਸੇ ਮਾਰਗ ਉੱਤੇ ਦੌੜਦਾ ਰਿਹਾ? ਉਹ ਇੱਥੋਂ ਨੱਸ ਕਿਉਂ ਨਹੀਂ ਗਿਆ? ਉਸਨੇ ਆਪਣੀ ਲੜਾਈ ਆਪਣੇ ਲੋਕਾਂ ਨਾਲ ਉਹਨਾਂ ਵਿਚਕਾਰ ਰਹਿ ਕੇ ਕਿਉਂ ਨਹੀਂ ਲੜੀ?
“ਜੇ ਇਹ ਸਹੀ ਮਾਰਗ ਉੱਤੇ ਤੁਰੇ ਹੁੰਦੇ ਤਾਂ ਵਾਰੀ-ਵਾਰੀ ਏਸ ਸੰਸਦ ਮਾਰਗ ਉੱਤੇ ਆਉਣ ਦੀ ਲੋੜ ਤਾਂ ਨਾ ਪੈਂਦੀ। ਕਦੀ ਵਰ੍ਹਿਆਂ ਬਾਅਦ ਇਕ ਅੱਧੀ ਵਾਰੀ ਆ ਜਾਂਦੇ। ਫੇਰ ਸਾਡੇ ਲੱਖਾਂ-ਕਰੋੜਾ ਲੋਕਾਂ ਦੇ ਦਿਲਾਂ ਵਿਚ ਵੀ ਹੁੰਦੇ। ਉਹ ਸਾਰੇ ਇਕੋ ਆਵਾਜ਼ ਉਪਰ ਕੁਰਬਾਨ ਹੋ ਜਾਣ ਲਈ ਤਿਆਰ ਹੁੰਦੇ।”
ਸੇਠੀ ਦੀ ਗੱਲ ਨੇ ਸਾਨੂੰ ਦੋਵਾਂ ਨੂੰ ਝੰਜੋੜ ਦਿੱਤਾ। ਇਹ ਉਹੀ ਗੱਲਾਂ ਸੀ ਜਿਹੜੀਆਂ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ। ਉਹਨਾਂ ਉਸ ਪੀੜ ਨੂੰ ਮੁੜ ਜਗਾ ਦਿੱਤਾ ਸੀ। ਉਸਨੇ ਗੁਸੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ। ਉਸਦੇ ਹੱਥ ਵਿਚ ਝੰਡੇ ਦੇ ਉਹ ਟੁਕੜੇ ਸਨ ਜਿਹੜੇ ਉਸਨੇ ਸੜਕ ਤੋਂ ਇਕੱਠੇ ਕੀਤੇ ਸਨ।
“ਕੀ ਇਹ ਸੱਚ ਨਹੀਂ ਕਿ ਸਾਡੀ ਲੜਾਈ ਗਲੀਆਂ, ਮੁਹੱਲਿਆਂ, ਮਿੱਲਾਂ, ਖੇਤਾਂ 'ਚੋਂ ਹੁੰਦੀ ਹੋਈ ਆਦਮੀ ਦੇ ਦਿਲ ਵਿਚ ਲੱਥ ਜਾਣੀ ਚਾਹੀਦੀ ਸੀ... ਪਰ ਇੰਜ ਹੋਇਆ ਨਹੀਂ।”
ਉਸਨੇ ਹੇਠੋਂ ਇਕ ਟੁੱਟਿਆ ਹੋਇਆ ਮਾਟੋ ਚੁੱਕਿਆ। ਉਸਦੀ ਡੰਡੀ ਜ਼ੋਰ ਨਾਲ ਮੇਰੀ ਪਿੱਠ ਉੱਤੇ ਮਾਰੀ—“ਜਵਾਬ  ਕਿਉਂ ਨਹੀਂ ਦੇਂਦਾ?”
ਇਸ ਸਵਾਲ ਦਾ ਜਵਾਬ ਉਸਨੂੰ ਪਤਾ ਸੀ, ਪਰ ਫੇਰ ਵੀ ਪਤਾ ਨਹੀਂ ਕਿਉਂ ਉਹ ਮੇਰੇ ਮੂੰਹੋਂ ਹੀ ਕਿਉਂ ਸੁਣਨਾ ਚਾਹੁੰਦਾ ਸੀ! ਜਵਾਬ ਤਾਂ ਕਾਮਰੇਡ ਫਿਤਰਤ ਦੇ ਹੀ ਚੁੱਕਿਆ ਸੀ। ਮੈਂ ਚੁੱਪ ਰਿਹਾ...
   --- --- ---