Wednesday, June 3, 2009

ਕਤਰਾ ਕਤਰਾ ਜ਼ਿੰਦਗੀ :: ਲੇਖਕ : ਫਿਰੋਜ਼ ਆਲਮ

ਪ੍ਰਵਾਸੀ ਉਰਦੂ ਕਹਾਣੀ : ਕਤਰਾ ਕਤਰਾ ਜ਼ਿੰਦਗੀ :: ਲੇਖਕ : ਫਿਰੋਜ਼ ਆਲਮ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਲਿੰਡਾ ਜਾਨਸਨ ਨਾਲ ਤੀਜੀ ਤੇ ਵਿਸਥਾਰ ਭਰੀ ਗੱਲਬਾਤ ਕਰ ਕੇ ਮੈਂ ਹੁਣੇ-ਹੁਣੇ ਘਰ ਵਾਪਸ ਆਇਆ ਹਾਂ। ਉਸਨੇ ਇਕ ਵਾਰੀ ਫੇਰ ਮੈਨੂੰ ਮੈਨੂੰ ਪੂਰੇ ਹੌਸਲੇ ਤੇ ਵਿਸ਼ਵਾਸ ਨਾਲ ਦੱਸਿਆ ਹੈ ਕਿ ਉਹ ਆਪਣੇ ਫੈਸਲੇ ਉੱਤੇ ਕਾਇਮ ਹੈ ਤੇ ਇਸ ਮਾਮਲੇ ਵਿਚ ਮੈਨੂੰ ਆਪਣਾ ਕਾਨੂੰਨੀ ਤੇ ਨੈਤਿਕ ਫਰਜ਼ ਨਿਭਾਉਣਾ ਪਵੇਗਾ। ਇਹ ਮੇਰੇ ਲਈ ਬੜੇ ਮੁਸ਼ਕਿਲ ਪਲ ਹਨ ਤੇ ਮੈਂ ਦਿਮਾਗ਼ੀ ਉਧੇੜ-ਬੁਣ ਵਿਚ ਉਲਝ ਕੇ ਰਹਿ ਗਿਆ ਹਾਂ। ਇਸ ਹਾਲਤ ਵਿਚ ਮੈਨੂੰ ਕਾਫੀ ਦੇ ਇਕ ਸਟਰੌਂਗ ਜਿਹੇ ਕੱਪ ਦੀ ਲੋੜ ਮਹਿਸੂਸ ਹੋ ਰਹੀ ਹੈ। ਸ਼ਾਮ ਹੋ ਚੁੱਕੀ ਹੈ। ਡੁੱਬਦੇ ਸੂਰਜ ਦੀਆਂ ਕਿਰਨਾਂ ਮੇਰੇ ਸਟੱਡੀ ਰੂਮ ਦੀ ਹਰੇਕ ਚੀਜ਼ ਨੂੰ ਰੁਸ਼ਨਾ ਰਹੀਆਂ ਹਨ ਤੇ ਹੇਠਾਂ ਸਮੁੰਦਰ ਦੀਆਂ ਲਹਿਰਾਂ, ਕਿਨਾਰਿਆਂ ਦੀ ਸੁੰਦਰ ਰੇਤ ਉੱਤੇ ਪਿਘਲਿਆ ਹੋਇਆ ਸੋਨਾ ਬਰੂਰ ਰਹੀਆਂ ਹਨ।

ਮੈਂ ਸੋਚ ਰਿਹਾ ਹਾਂ---ਬੀਤੇ ਹੋਏ ਬਹੁਤ ਸਾਰੇ ਦਿਨ ਮੇਰੇ ਸਾਹਮਣੇ, ਪਰਤ-ਦਰ-ਪਰਤ, ਖੁੱਲ੍ਹ ਰਹੇ ਹਨ। ਪਰ ਇਹ ਮੇਰੀ ਨਹੀਂ ਲਿੰਡਾ ਦੀ ਕਹਾਣੀ ਹੈ---ਮੈਂ ਲਿੰਡਾ ਬਾਰੇ ਫੈਸਲਾ ਕਰਨਾ ਹੈ। ਲਿੰਡਾ, ਜਿਸਨੂੰ ਪਿਛਲੇ ਹਫ਼ਤੇ ਹੀ ਪੱਚੀਵਾਂ ਸਾਲ ਲੱਗਿਆ ਹੈ। ਮੈਂ ਖ਼ੁਦ ਉਸਦੀ ਚੌਵੀਵੀਂ ਵਰ੍ਹੇਗੰਢ ਪਾਰਟੀ ਵਿਚ ਸ਼ਾਮਲ ਸਾਂ। ਕਈ ਸਾਲ ਪਹਿਲਾਂ, ਜੇ ਸਹੀ ਗਿਣਤੀ ਕੀਤੀ ਜਾਵੇ ਤਾਂ ਇਕੱਤੀ ਸਾਲ ਪਹਿਲਾਂ, ਜਦੋਂ ਮੈਂ ਮਸ਼ਕਿਨ ਵਿਚ ਡਾਕਟਰੀ ਦੀ ਉੱਚ ਤਾਲੀਮ ਮੁਕੰਮਲ ਕੀਤੀ ਤਾਂ ਮੈਂ ਇਕ ਅਜਿਹੀ ਜਗ੍ਹਾ ਦੀ ਭਾਲ ਵਿਚ ਸਾਂ ਜਿੱਥੇ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕਰਾਂ ਤੇ ਫੇਰ ਉੱਥੋਂ ਦਾ ਹੋ ਕੇ ਹੀ ਰਹਿ ਜਾਵਾਂ। ਮੇਰੇ ਦਿਮਾਗ਼ ਵਿਚ ਇਕ ਛੋਟਾ ਜਿਹਾ ਖ਼ੂਬਸੂਰਤ ਸਮੁੰਦਰ ਦੇ ਕਿਨਾਰੇ ਵੱਸਿਆ ਹੋਇਆ ਸ਼ਹਿਰ ਸੀ, ਜਿਹੜਾ ਹਰਿਆ-ਭਰਿਆ ਹੋਵੇ ਤੇ ਜਿਸ ਦਾ ਮੌਸਮ ਮੈਨੂੰ ਮਸ਼ਕਿਨ ਦੀ ਦੋਜ਼ਖੀ ਸਰਦੀ ਦੀ ਯਾਦ ਭੁਲਾਅ ਦੇਵੇ। ਮੇਰੀ ਇੱਛਾ ਸੀ ਕਿ ਮੈਂ ਕੈਲੀਫੋਰਨੀਆ ਦੇ ਕਿਸੇ ਸਮੁੰਦਰ-ਤਟੀਏ ਸ਼ਹਿਰ ਵਿਚ ਵੱਸ ਜਾਵਾਂ---ਪਰ ਉਸ ਜ਼ਮਾਨੇ ਵਿਚ ਗ਼ੈਰ-ਮੁਲਕੀ ਡਾਕਟਰਾਂ ਦੇ ਕੈਲੀਫੋਰਨੀਆ ਵਿਚ ਪ੍ਰੈਕਟਿਸ ਕਰਨ ਵਿਚ ਅਣਗਿਣਤ ਅੜਚਣਾ ਸਨ। ਆਪਣੀ ਇਸ ਖੋਜ ਦੌਰਾਨ ਮੈਂ ਅਮਰੀਕਾ ਦੇ ਪੱਛਮੀ ਕਿਨਾਰੇ ਦਾ ਸਫਰ ਕੀਤਾ। ਉਹ ਸਮੁੰਦਰ ਤਟ ਦੁਨੀਆਂ ਦੇ ਹੁਸੀਨ-ਤਰੀਨ ਤਟਾਂ ਵਿਚ ਸ਼ਾਮਲ ਹੈ ਤੇ ਜਗ੍ਹਾ-ਜਗ੍ਹਾ ਇਸ ਦੇ ਦਿਲਕਸ਼ ਨਜ਼ਾਰੇ ਮੁਸਾਫਿਰ ਦੇ ਕਦਮ ਰੋਕ ਲੈਂਦੇ ਹਨ। ਸਮੁੰਦਰ ਦੇ ਕਿਨਾਰੇ ਬਲ ਖਾਂਦੀ ਸੜਕ ਕਦੀ ਤਾਂ ਕਈ ਸੌ ਫੁੱਟ ਉੱਚੀ ਘਾਟੀ ਵਿਚੋਂ ਲੰਘਦੀ ਹੋਈ ਢਲਾਣਾ ਵਿਚੋਂ ਹੇਠਲੇ ਵਿੰਗੇ-ਤਿਰਛੇ ਸਮੁੰਦਰੀ-ਕਿਨਾਰੇ ਦਾ ਨਜ਼ਾਰਾ ਪੇਸ਼ ਕਰਦੀ ਹੈ ਤੇ ਕਦੀ ਸਮੁੰਦਰ ਤੇ ਉਸ ਦੇ ਰੇਤਲੇ ਕਿਨਾਰੇ ਦੇ ਏਨਾ ਨੇੜਿਓਂ ਲੰਘਦੀ ਹੈ ਕਿ ਚਿਹਰੇ ਉੱਤੇ ਮਸਤੀ-ਲਹਿਰਾਂ ਦੀ ਫੁਆਰ ਪੈਣ ਲੱਗ ਪੈਂਦੀ ਹੈ।

ਸਫਰ ਦੌਰਾਨ ਉਹਨਾਂ ਵੱਖੋ-ਵੱਖਰੇ ਹਸਪਤਾਲਾਂ ਵਿਚ ਮੇਰੇ ਇੰਟਰਵਿਊ ਵੀ ਸਨ। ਆਖ਼ਰ ਮੈਂ ਅਮਰੀਕਾ ਦੇ ਪੱਛਮੀ ਤੱਟ ਉੱਤੇ ਸਥਿਤ ਰਿਆਸਤ ਆਰੇਗਨ ਦਾ ਇਹ ਛੋਟਾ ਜਿਹਾ ਸ਼ਹਿਰ ਆਪਣੇ ਲਈ ਚੁਣ ਲਿਆ। ਇਹ ਸ਼ਹਿਰ ਬਹਿਰੁਲ-ਕਾਹਿਲ (ਸ਼ਾਂਤ ਮਹਾਂ ਸਾਗਰ) ਦੇ ਕੰਢੇ ਉੱਤਰ ਸੀ। ਸ਼ਹਿਰ ਹਰਾ-ਭਰਿਆ ਸੀ ਤੇ ਪਹਾੜੀਆਂ ਨਾਲ ਘਿਰਿਆ ਹੋਇਆ ਵੀ ਤੇ ਪਹਾੜੀਆਂ ਦੀਆਂ ਢਲਣਾਂ ਉੱਤੇ ਮਨੋਬਰ, ਚਨਾਰ ਤੇ ਓਕ ਦੇ ਦਰਖ਼ਤਾਂ ਦੇ ਝੁੰਡ ਸਨ। ਡਾਕਟਰਾਂ ਦੀ ਕਮੀ ਸੀ ਇਸ ਲਈ ਉੱਥੋਂ ਦੇ ਵਸਨੀਕਾਂ ਨੇ ਨਾ ਸਿਰ ਪੂਰੇ ਜੋਸ਼ ਨਾਲ ਮੇਰਾ ਸਵਾਗਤ ਕੀਤਾ ਸਗੋਂ ਪ੍ਰੈਕਟਿਸ ਸ਼ੁਰੂ ਕਰਨ ਵਿਚ ਪੂਰੀ ਖੁੱਲ੍ਹ-ਦਿਲੀ ਨਾਲ ਮੇਰੀ ਮਾਲੀ ਮਦਦ ਵੀ ਕੀਤੀ। ਮੇਰੀ ਡਿਗਰੀ ਜਨਰਲ ਪ੍ਰੈਕਟੀਸ਼ਨਰ ਦੀ ਸੀ ਤੇ ਇਸ ਵਿਚ ਜੱਚਗੀ ਕਰਵਾਉਣ ਦੀ ਪੜ੍ਹਾਈ ਵੀ ਸ਼ਾਮਲ ਸੀ।

ਅਮਰੀਕਾ ਦੇ ਛੋਟੇ ਸ਼ਹਿਰਾਂ ਵਿਚ ਜਨਰਲ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦਾ ਇਕ ਵਿਸ਼ੇਸ਼ ਸਥਾਨ ਹੁੰਦਾ ਹੈ। ਸ਼ਹਿਰੀ ਉਹਨਾਂ ਨੂੰ ਡਾਕਟਰ ਹੋਣ ਦੇ ਨਾਲ ਨਾਲ ਦੋਸਤ, ਰਹਿਬਰ ਤੇ ਪਤਾ ਨਹੀਂ ਕੀ-ਕੀ ਸਮਝਦੇ ਹਨ। ਖਾਸ ਤੌਰ ਤੇ ਜ਼ਿੰਦਗੀ ਦੇ ਉਲਝੇ ਹੋਏ ਮਸਲਿਆਂ ਵਿਚ ਉਹ ਉਹਨਾਂ ਉੱਪਰ ਏਨਾ ਵਿਸ਼ਵਾਸ ਕਰਦੇ ਹਨ ਤੇ ਉਹਨਾਂ ਤੋਂ ਉਹੋ-ਜਿਹੀ ਸਲਾਹ ਦੀ ਆਸ ਕਰਦੇ ਹਨ, ਜਿਹੋ ਜਿਹੀ ਕਿਸੇ ਰੂਹਾਨੀ ਪੇਸ਼ਵਾ ਤੋਂ ਜਾਂ ਕਿਸੇ ਮਾਹਿਰ ਸਾਇਕੈਟਰਿਸਟ ਤੋਂ ਕੀਤੀ ਜਾਂਦੀ ਹੈ। ਮੇਰੇ ਆਪਣੇ ਸੁਭਾਅ ਵਿਚ ਵੀ ਲੋਕਾਂ ਨਾਲ ਘੁਲ-ਮਿਲ ਜਾਣ ਤੇ ਉਹਨਾਂ ਦੇ ਦੁਖ-ਦਰਦ ਸੁਣਨ ਦੀ ਵਿਸ਼ੇਸ਼ਤਾ ਹੈ ਇਸ ਲਈ ਮੈਂ ਬੜੀ ਜਲਦੀ ਉਸ ਕਿਮਊਨਿਟੀ ਵਿਚ ਮਸ਼ਹੂਰ ਹੋ ਗਿਆ।

ਜਾਨਸਨ ਫੈਮਿਲੀ ਨਾਲ ਮੇਰੀ ਇਸੇ ਜ਼ਮਾਨੇ ਵਿਚ ਮੁਲਾਕਾਤ ਹੋਈ। ਮਿਸਟਰ ਜਾਨਸਨ ਬੀਮੇ ਦਾ ਕਾਰੋਬਾਰ ਕਰਦੇ ਸਨ। ਉਹਨਾਂ ਦਾ ਇਕ ਛੋਟਾ ਜਿਹਾ ਘਰ ਸੀ ਜਿਹੜਾ ਸ਼ਹਿਰ ਦੇ ਪੁਰਾਣੇ ਹਿੱਸੇ, ਪਰ ਰੱਜੇ-ਪੁੱਜੇ ਲੋਕਾਂ ਦੀ ਆਬਾਦੀ ਵਿਚ ਸੀ। ਉਹਨਾਂ ਦੀ ਘਰ ਵਾਲੀ ਭਾਰੇ ਜਿਸਮ ਦੀ ਜ਼ਨਾਨੀ ਸੀ ਜਿਸ ਦੀਆਂ ਗੱਲ੍ਹਾਂ ਉੱਪਰ ਹਰ ਸਮੇਂ ਗੁਲਾਬੀ ਅੰਗਿਆਰ ਭਖ਼ਦੇ ਰਹਿੰਦੇ ਸਨ। ਧੁੱਪ ਵਿਚ ਤਾਂ ਕੁਝ ਮਿੰਟ ਵੀ ਨਹੀਂ ਸੀ ਖਲੋ ਸਕਦੀ ਉਹ। ਖ਼ੁਦ ਹੀ ਸ਼ਰਮਿੰਦਾ ਜਿਹੀ ਹੋ ਕੇ ਕਹਿੰਦੀ, "ਕੀ ਕਰਾਂ ਮੇਰੀ ਚਮੜੀ, ਆਇਰਲੈਂਡ ਦੀ ਸਸਤੀ ਚਮੜੀ ਏ।" ਇਹਨਾਂ ਦੇ ਪਹਿਲਾਂ ਹੀ ਦੋ ਪਿਆਰੇ-ਪਿਆਰੇ ਬੱਚੇ ਸੀ। ਦੋਵੇਂ ਨਾਰਮਲ ਸੀ ਤੇ ਸਕੂਲ ਵਿਚ ਪੜ੍ਹਦੇ ਸੀ।

ਤੇ ਇਕ ਦਿਨ ਜਦੋਂ ਉਹ ਮੇਰੇ ਕਲੀਨਕ ਵਿਚ ਮੁਆਇਨੇ ਲਈ ਆਈ ਤੇ ਮੈਂ ਉਹਨੂੰ ਇਹ ਖ਼ਬਰ ਸੁਣਾਈ ਕਿ ਉਹਨਾਂ ਦੇ ਘਰ ਇਕ ਨਵੇਂ ਮਹਿਮਾਨ ਦੇ ਆਉਣ ਦੀ ਉਮੀਦ ਹੈ ਤਾਂ ਉਸ ਦੇ ਗੱਲ੍ਹ, ਕੁਝ ਹੋਰ ਸੂਹੇ ਹੋ ਗਏ। ਖੁਸ਼ੀ ਨਾਲ ਕਹਿਣ ਲੱਗੀ, "ਕੀ ਸੱਚ-ਮੁੱਚ ?" ਮੈਂ ਕਿਹਾ ਕਿ ਮੈਂ ਟੈਸਟ ਭੇਜ ਦਿੰਦਾ ਹਾਂ, ਕੱਲ੍ਹ ਤਕ ਇਸ ਦੀ ਤਸਦੀਕ ਹੋ ਜਾਵੇਗੀ। ਦੂਜੇ ਦਿਨ ਇਸ ਦੀ ਤਸਦੀਕ ਹੋ ਗਈ ਕਿ ਜਾਨਸਨ ਪਰਿਵਾਰ ਵਿਚ ਕੁਝ ਮਹੀਨਿਆਂ ਬਾਅਦ ਇਕ ਨਵੇਂ ਜੀਅ ਦਾ ਵਾਧਾ ਹੋ ਜਾਵੇਗਾ। ਮਿਸਟਰ ਜਾਨਸਨ ਵੀ ਬੜੇ ਹੀ ਖੁਸ਼ ਸਨ। ਦਰਅਸਲ ਦੋਵੇਂ ਇਕ ਬੇਟੀ ਦੀ ਇੱਛਾ ਕਰ ਰਹੇ ਸਨ। ਦੋਵੇਂ ਬੇਟੇ ਵੱਡੇ ਹੋ ਰਹੇ ਸਨ ਤੇ ਉਹਨਾਂ ਦੀ ਮਾਲੀ ਹਾਲਤ ਵੀ ਤਸੱਲੀਬਖ਼ਸ਼ ਸੀ। ਇਸ ਲਈ ਕੋਈ ਕਾਰਨ ਨਹੀਂ ਸੀ ਕਿ ਇਸ ਖਬਰ ਨਾਲ ਖੁਸ਼ ਨਾ ਹੁੰਦੇ।

ਸ਼੍ਰੀਮਤੀ ਜਾਨਸਨ ਆਮ ਵਾਂਗੂ ਸਮੇਂ-ਸਮੇਂ ਮੇਰੇ ਕੋਲ ਚੈਕਅੱਪ ਕਰਵਾਉਣ ਆਉਂਦੀ ਰਹੀ ਤੇ ਮੈਂ ਲੋੜੀਂਦੀ ਚੈਕਅੱਪ ਕਰਕੇ ਇਹ ਦੇਖਦਾ ਰਿਹਾ ਕਿ ਹਰ ਚੀਜ਼ ਨਾਰਮਲ ਹੈ। ਉਸ ਨੂੰ ਇਸ ਨਾਲ ਬੜੀ ਤਸੱਲੀ ਹੁੰਦੀ ਸੀ। ਉਹਨੀਂ ਦਿਨੀ ਬੱਚੇ ਦੇ ਨਰ ਜਾਂ ਮਾਦਾ ਹੋਣ ਬਾਰੇ ਦੱਸਣਾ ਜਾਂ ਮਾਂ ਦੇ ਪੇਟ ਅੰਦਰ ਬੱਚੇ ਦੇ ਅਜਿਹੇ ਟੈਸਟ ਕਰਨਾ ਜਿਹਨਾਂ ਨਾਲ ਕਿਸੇ ਖਾਸ ਬਿਮਾਰੀ ਦਾ ਪਤਾ ਲੱਗ ਸਕੇ---ਸੰਭਵ ਨਹੀਂ ਸੀ। ਆਖ਼ਰ ਇਕ ਰਾਤ ਮਿਸਟਰ ਜਾਨਸਨ ਨੇ ਮੈਨੂੰ ਫ਼ੋਨ ਕੀਤਾ ਕਿ ਉਹ ਆਪਣੀ ਘਰਵਾਲੀ ਨੂੰ ਹਸਪਾਤਲ ਲਿਜਾ ਰਹੇ ਹਨ…ਮੈਂ ਵੀ ਫੌਰਨ ਤਿਆਰ ਹੋ ਕੇ ਆਪਣੀ ਫੋਕਸ ਵੈਗਨ ਵਿਚ ਉੱਚੀਆਂ-ਨੀਵੀਆਂ ਤੇ ਬਲ ਖਾਂਦੀਆਂ ਸੜਕਾਂ ਤੋਂ ਹਸਪਤਾਲ ਜਾ ਪਹੁੰਚਿਆ। ਸ਼੍ਰੀਮਤੀ ਜਾਨਸਨ ਦਾ ਚਿਹਰਾ ਖੁਸ਼ੀ ਤੇ ਉਮੀਦ ਨਾਲ ਚਮਕ ਰਿਹਾ ਸੀ, ਪਰ ਉਸਦੇ ਨਾਲ ਹੀ ਜੱਚਗੀ ਦੇ ਦਰਦਾਂ ਦੀ ਪੀੜ ਕਰਕੇ ਉਸਦੇ ਚਿਹਰੇ ਦੀ ਲਾਲੀ ਕੁਝ ਹੋਰ ਵਧ ਗਈ ਸੀ। ਉਸਨੇ ਮੇਰਾ ਹੱਥ ਘੁੱਟਦਿਆਂ ਕਿਹਾ, "ਡਾਕਟਰ ਦੁਆ ਕਰੋ ਕਿ ਮੇਰੇ ਬੇਟੀ ਹੋਵੇ।" ਮੈਂ ਉਸਨੂੰ ਤਸੱਲੀ ਦਿੱਤੀ ਤੇ ਨਰਸ ਨੂੰ ਇੰਜੈਕਸ਼ਨ ਲਾਉਣ ਦਾ ਇਸ਼ਾਰਾ ਕੀਤਾ।

ਕੁਝ ਚਿਰ ਬਾਅਦ ਲੇਬਰ-ਰੂਮ ਦਾ ਵਾਤਾਵਰਣ ਇਕ ਸਿਹਤਮੰਦ ਬੱਚੇ ਦੇ ਰੋਣ ਦੀ ਆਵਾਜ਼ ਨਾਲ ਗੂੰਜ ਉਠਿਆ। ਨਰਸ ਨੇ ਨਵ-ਜੰਮੇ ਵਜੂਦ ਨੂੰ ਅੱਗੇ ਵਧ ਕੇ ਤੌਲੀਏ ਵਿਚ ਲਪੇਟਿਆ---ਸ਼੍ਰੀਮਤੀ ਜਾਨਸਨ ਨੂੰ ਸਿਹਤਮੰਦ, ਨਾਰਮਲ ਤੇ ਸੁੰਦਰ ਬੱਚੀ ਦੇ ਜਨਮ ਦੀ ਖੁਸ਼ਖਬਰੀ ਸੁਣਾਈ ਗਈ ਤੇ ਮੁਬਾਰਕਬਾਦ ਦਿੱਤੀ ਗਈ। ਮੈਂ ਬਾਹਰ ਜਾ ਕੇ ਮਿਸਟਰ ਜਾਨਸਨ ਨੂੰ ਦੱਸਿਆ ਕਿ 'ਉਹ ਇਕ ਸੁੰਦਰ ਬੱਚੀ ਦੇ ਪਿਤਾ ਬਣ ਗਏ ਨੇ।' ਉਹਨਾਂ ਜੋਸ਼ੀਲੇ ਅੰਦਾਜ਼ ਵਿਚ ਮੇਰੇ ਨਾਲ ਹੱਥ ਮਿਲਾਇਆ ਤੇ ਦੇਰ ਤਕ ਮੇਰੇ ਹੱਥ ਨੂੰ ਘੁੱਟਦੇ ਹੋਏ ਮੇਰਾ ਸ਼ੁਕਰੀਆ ਅਦਾ ਕਰਦੇ ਰਹੇ। ਇਸ ਸੀ, ਲਿੰਡਾ ਜਾਨਸਨ ਦੀ ਪੈਦਾਇਸ਼ ਜਿਹੜੀ ਮੇਰੇ ਹੀ ਹੱਥੋਂ ਹੋਈ ਸੀ।

ਲਿੰਡਾ ਇਕ ਪਿਆਰੀ ਤੇ ਬੁੱਧੀਮਾਨ ਬੱਚੀ ਸੀ। ਉਸਨੇ ਸ਼ੁਰੂ ਵਿਚ ਨਾਰਮਲ ਅੰਦਾਜ਼ ਵਿਚ ਵਧਣਾ-ਫੁੱਲਣਾ ਸ਼ੁਰੂ ਕੀਤਾ, ਇਸ ਲਈ ਮੈਂ ਉਸ ਵੱਲੋਂ ਬੜਾ ਬੇਫਿਕਰ ਸਾਂ---ਪਰ ਜਦੋਂ ਉਹ ਕੁਝ ਵੱਡੀ ਹੋਈ ਤਾਂ ਅਸੀਂ ਮਹਿਸੂਸ ਕੀਤਾ ਕਿ ਉਸ ਨੂੰ ਉੱਠਣ ਜਾਂ ਖੜ੍ਹੇ ਹੋਣ ਵਿਚ ਔਖ ਹੁੰਦੀ ਹੈ। ਉਹ ਦਿਮਾਗ਼ੀ ਤੌਰ 'ਤੇ ਬੜੀ ਚੁਸਤ ਸੀ ਤੇ ਹਰ ਗੱਲ ਜਾਲਦੀ ਸਿਖ ਰਹੀ ਸੀ ਪਰ ਇੰਜ ਲੱਗਦਾ ਸੀ, ਉਸ ਦਾ ਆਪਣੇ ਜਿਸਮ ਉੱਤੇ ਕੰਟਰੋਲ ਨਹੀਂ ਸੀ, ਉਹ ਕਦੀ ਆਪਣੇ ਆਪ ਨੂੰ ਘਸੀਟਦੀ ਤੇ ਕਦੀ ਉਠਦਿਆਂ ਹੋਇਆ ਕਈ ਬਲ ਖਾ ਜਾਂਦੀ ਸੀ। ਕੁਦਰਤੀ ਗੱਲ ਸੀ ਉਸਦੇ ਮਾਂ-ਬਾਪ ਇਸ ਗੱਲ ਤੋਂ ਬੜੇ ਪ੍ਰੇਸ਼ਾਨ ਸਨ। ਮੈਂ ਸਥਾਨਕ ਤੌਰ ਤੇ ਜਿਹੜੇ ਟੈਸਟ ਹੋ ਸਕਦੇ ਸਨ ਕਰਵਾਏ, ਪਰ ਕੋਈ ਸਿੱਟਾ ਨਾ ਨਿਕਲਿਆ। ਫਿਜ਼ੀਕਲ ਥਰੈਪੀ ਵੀ ਕੀਤੀ ਗਈ ਪਰ ਉਸ ਦਾ ਵੀ ਕੋਈ ਲਾਭ ਨਾ ਹੋਇਆ।

ਮੈਨੂੰ ਮਹਿਸੂਸ ਹੋਇਆ ਕਿ ਮਾਮਲਾ ਸੰਗੀਨ ਹੈ---ਮੈਂ ਮਿਸਟਰ ਜਾਨਸਨ ਨੂੰ ਕਿਹਾ ਕਿ ਉਸ ਨੂੰ ਆਰੇਗਨ ਦੇ ਵੱਡੇ ਸ਼ਹਿਰ ਪੋਰਟ ਲੈਂਡ ਦੇ ਯੂਨੀਵਰਸਿਟੀ ਹਸਪਤਾਲ ਵਿਚ ਦਿਖਾਉਣਾ ਜ਼ਰੂਰੀ ਹੈ। ਮੈਂ ਹੀ ਸਾਰੀ ਭੱਜ-ਨੱਠ ਕੀਤੀ ਤੇ ਉੱਥੇ ਸਰੀਰੀ ਤੇ ਦਿਮਾਗ਼ ਦੇ ਮਾਹਿਰਾਂ ਨਾਲ ਲਿੰਡਾ ਦੇ ਮੁਆਇਨੇ ਦਾ ਸਮਾਂ ਤੈਅ ਕੀਤਾ। ਲਿੰਡਾ ਨੂੰ ਫੌਰਨ ਹਸਪਤਾਲ ਵਿਚ ਦਾਖ਼ਲ ਕਰ ਲਿਆ ਗਿਆ ਤੇ ਦਰਜਨਾਂ ਟੈਸਟ ਕੀਤੇ ਗਏ। ਸਿੱਟਾ ਬੜਾ ਦਿਲ ਤੋੜਵਾਂ ਤੇ ਦੁਖਦਾਈ ਸੀ। ਲਿੰਡਾ ਪੱਠਿਆਂ ਦੀ ਇਕ ਅਜਿਹੀ ਬਿਮਾਰੀ ਦੀ ਮਰੀਜ਼ ਸੀ ਜਿਸ ਦਾ ਕੋਈ ਇਲਾਜ਼ ਨਹੀਂ ਸੀ। ਉਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਫਰਾਂਸ ਦੇ ਇਕ ਮਾਹਿਰ ਡਾਕਟਰ ਨੇ ਬੁੱਝਿਆ ਸੀ, ਪਰ ਅੱਜ ਸੌ ਸਾਲ ਬੀਤ ਜਾਣ ਪਿੱਛੋਂ ਵੀ ਉਸਦਾ ਕੋਈ ਇਲਾਜ਼ ਨਹੀਂ ਹੈ। ਇਕ ਜ਼ਮਾਨੇ ਵਿਚ ਤਾਂ ਅਜਿਹੇ ਬੱਚੇ ਬਾਰ੍ਹਾਂ-ਪੰਦਰਾਂ ਸਾਲ ਦੀ ਉਮਰ ਵਿਚ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਸਨ, ਹੁਣ ਇਹ ਹੋਰ ਕਈ ਸਾਲ ਜਿਊਂਦੇ ਰਹਿ ਸਕਦੇ ਨੇ---ਫੇਰ ਵੀ ਅਪਾਹਜਪੁਣਾ ਇਹਨਾਂ ਦਾ ਮੁਕੱਦਰ ਹੈ ਤੇ ਲੰਮਾਂ ਜੀਵਨ ਇਹਨਾਂ ਦੇ ਨਸੀਬ ਵਿਚ ਨਹੀਂ।

ਮਿਸਟਰ ਜਾਨਸਨ ਦੀ ਫੈਮਿਲੀ ਇਸ ਖਬਰ ਨਾਲ ਟੁੱਟ ਜਿਹੀ ਗਈ। ਪਰ ਉਹ ਹਿੰਮਤ ਵਾਲੇ ਲੋਕ ਸਨ। ਸ਼੍ਰ੍ਰ੍ਰੀਮਤੀ ਜਾਨਸਨ ਕਹਿਣ ਲੱਗੀ, "ਮੈਂ ਇਸ ਬੱਚੀ ਉੱਤੇ ਬਹੁਤ ਮਿਹਨਤ ਕਰਾਂਗੀ। ਜਿਹੋ ਜਿਹਾ ਤੇ ਜਿਸ ਕਿਸਮ ਦਾ ਵੀ ਇਲਾਜ਼ ਹੋ ਸਕਦਾ ਏ ਅਸੀਂ ਉਹ ਕਰਵਾਵਾਂਗੇ…ਤੇ ਕੀ ਪਤਾ, ਆਉਣ ਵਾਲੇ ਸਾਲਾਂ ਵਿਚ ਇਸ ਦਾ ਕੋਈ ਪੱਕਾ ਇਲਾਜ਼ ਨਿਕਲ ਈ ਆਵੇ।" ਉਹ ਲਿੰਡਾ ਦੇ ਮਾਮਲੇ ਵਿਚ ਮੇਰੀ ਪੂਰੀ ਮਦਦ, ਰਹਿਬਰੀ ਤੇ ਸਪੋਰਟ ਚਾਹੁੰਦੇ ਸਨ। ਉਹਨਾਂ ਨੂੰ ਇਸ ਗੱਲ ਦਾ ਬਹੁਤਾ ਹੌਸਲਾ ਸੀ ਕਿ ਲਿੰਡਾ ਦਿਮਾਗ਼ੀ ਤੌਰ 'ਤੇ ਨਾ ਸਿਰਫ ਨਾਰਮਲ ਸੀ ਸਗੋਂ ਖਾਸੀ ਬੁੱਧੀਮਾਨ ਵੀ ਸੀ। ਉਹਨਾਂ ਦਾ ਖ਼ਿਆਲ ਸੀ ਕਿ ਸਾਈਕੋ ਤੇ ਦਿਮਾਗ਼ੀ ਤਾਕਤ ਜਿਸਮਾਨੀ ਅਪਾਹਜ਼ਪਣ ਤੇ ਹਾਵੀ ਹੋ ਸਕਦਾ ਹੈ। ਉਹਨਾਂ ਨੂੰ ਯਕੀਨ ਸੀ ਕਿ ਲਿੰਡਾ ਇਕ ਮਕਸਦ ਭਰਪੂਰ ਜ਼ਿੰਦਗੀ ਜਿਉਂ ਸਕਦੀ ਹੈ ਭਾਵੇਂ ਉਹ ਜ਼ਿੰਦਗੀ ਕਿੰਨੀ ਹੀ ਛੋਟੀ ਕਿਉਂ ਨਾ ਹੋਵੇ।

ਲਿੰਡਾ ਨੇ ਆਪਣੇ ਅਪਾਹਜ਼ਪਣ ਨਾਲ ਜੰਗ ਸ਼ੁਰੂ ਕਰ ਦਿੱਤੀ। ਉਸ ਨੇ ਚੀਜ਼ਾਂ ਦੇ ਸਹਾਰੇ ਉੱਠਣਾ ਸਿੱਖ ਲਿਆ ਸੀ। ਹੁਣ ਉਸਦੇ ਸਕੂਲ ਜਾਣ ਦੇ ਦਿਨ ਸਨ। ਖੁਸ਼ ਕਿਸਮਤੀ ਨਾਲ ਅਮਰੀਕਾ ਵਿਚ ਅਜਿਹੇ ਬੱਚਿਆਂ ਲਈ ਸਕੂਲ-ਬੱਸ ਵਿਚ ਖਾਸ ਪ੍ਰਬੰਧ ਹੁੰਦੇ ਹਨ ਤੇ ਉਹਨਾਂ ਨੂੰ ਪਹੀਆਂ ਵਾਲੀ ਕੁਰਸੀ ਤੇ ਡੰਗੋਰੀਆਂ ਦੇ ਸਹਾਰੇ ਸਕੂਲ ਲਿਆਂਦਾ ਤੇ ਵਾਪਸ ਘਰ ਪਹੁੰਚਾਇਆ ਜਾਂਦਾ ਸੀ। ਪਰ ਫੇਰ ਵੀ ਖੇਡਾਂ ਦੇ ਪੀਰੀਅਡ ਵਿਚ ਜਦੋਂ ਸਾਰੇ ਬੱਚੇ ਸਕੂਲ ਦੇ ਮੈਦਾਨ ਵਿਚ ਖੇਡ ਤੇ ਖਰਮਸਤੀ ਕਰ ਰਹੇ ਹੁੰਦੇ, ਉਹ ਆਪਣੀ ਵਹੀਲ ਚੇਅਰ ਉੱਤੇ ਬੈਠੀ, ਬੜੀਆਂ ਲਲਸਾਈਆਂ ਜਿਹੀਆਂ ਅੱਖਾਂ ਨਾਲ, ਉਹਨਾਂ ਵੱਲ ਦੇਖ ਰਹੀ ਹੁੰਦੀ। ਕਦੀ ਕਦੀ ਉਸਦੀ ਟੀਚਰ ਉਸਨੂੰ ਖੁਸ਼ ਕਰਨ ਖਾਤਰ ਉਸਦੀ ਗੋਦ ਵਿਚ ਵੀ ਬਾਲ ਸੁੱਟ ਦਿੰਦੀ ਤੇ ਉਹ ਬੈਠੀ-ਬੈਠੀ ਹੀ ਕੁਝ ਚਿਰ ਲਈ ਖਿੜ-ਪੁੜ ਜਾਂਦੀ। ਸਕੂਲ ਦਾ ਇਹ ਸਾਰਾ ਸਮਾਂ ਭਾਵੇਂ ਪੜ੍ਹਾਈ ਪੱਖੋਂ ਉਸਨੇ ਬੜੀ ਕਾਮਯਾਬੀ ਨਾਲ ਬਿਤਾਇਆ, ਪਰ ਜਜ਼ਬਾਤੀ ਤੌਰ ਤੇ ਇਹ ਉਸ ਲਈ ਬੜਾ ਹੀ ਤਕਲੀਫ਼ਦਾਇਕ ਤੇ ਦਿਲ ਤੋੜਨ ਵਾਲਾ ਸੀ---ਮੈਂ ਜਦੋਂ ਵੀ ਉਸਨੂੰ ਮਿਲਦਾ, ਉਹ ਮੇਰੇ ਨਾਲ ਆਪਣੇ ਦੁਖ-ਸੁਖ ਸਾਂਝੇ ਕਰਦੀ। ਹਰ ਮਰੀਜ਼ ਵਾਂਗ ਉਹ ਵੀ ਇਹੋ ਪੁੱਛਦੀ, "ਮੇਰੇ ਨਾਲ ਈ ਇਹ ਕਿਉਂ, ਸਭ ਬੱਚੇ ਤਾਂ ਨਾਰਮਲ ਨੇ ਤੇ ਖੇਡਦੇ-ਕੁਦਦੇ ਨੇ ?"

ਉਸ ਲਈ ਸਭ ਤੋਂ ਔਖਾ ਸਮਾਂ ਉਹ ਸੀ ਜਦੋਂ ਹਾਈ ਸਕੂਲ ਵਿਚ ਬੱਚੇ ਟੀਨ-ਏਜ਼ ਵਿਚ ਪੈਰ ਰੱਖਦੇ ਹਨ। ਅਮਰੀਕੀ ਕਲਚਰ ਵਿਚ ਇਹ ਇਕ ਖਾਸ ਦੌਰ ਹੁੰਦਾ ਹੈ ਤੇ ਉਸ ਉਮਰ ਵਿਚ ਬੱਚਿਆਂ ਵਿਚ ਆਪਣੇ ਵਿਅਕਤੀਤਵ ਤੇ ਜਿਸਮਾਨੀ ਖ਼ੂਬਸੂਰਤੀ ਵੱਲ ਦੂਜਿਆਂ ਨੂੰ ਖਿੱਚਣ ਦੀ ਤੀਬਰ ਇੱਛਾ ਪੈਦਾ ਹੁੰਦੀ ਹੈ। ਉਸ ਉਮਰ ਵਿਚ ਨਾਰਮਲ ਤੇ ਚੰਗੇ ਭਲੇ ਲੱਗਣ ਵਾਲੇ ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਦੇ ਹਨ, ਉਹ ਤਾਂ ਫੇਰ ਵੀ ਅਪਾਹਜ਼ ਸੀ, ਪਰ ਸਾਈਕੋਥਰੈਪੀ ਤੇ ਕੁਝ ਉਸਦੇ ਆਪਣੇ ਦ੍ਰਿੜ੍ਹ ਵਿਸ਼ਵਾਸੀ ਸੁਭਾਅ ਨੇ ਉਸ ਦੀ ਮਦਦ ਕੀਤੀ ਤੇ ਉਸਨੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੰਭਾਲੀ ਰੱਖਿਆ। ਆਖ਼ਰ ਉਸਨੇ ਹਾਈ ਸਕੂਲ ਪਾਸ ਕਰਕੇ ਕਮਿਊਨਿਟੀ ਕਾਲਜ ਵਿਚ ਦਾਖ਼ਲਾ ਲੈ ਲਿਆ। ਕਾਲਜ ਦਾ ਸਮਾਂ ਪਹਿਲਾਂ ਤੋਂ ਬਿਹਤਰ ਸੀ। ਉਹ ਨਾ ਸਿਰਫ ਆਪਣੀ ਪੜ੍ਹਾਈ ਪੱਖੋਂ ਸੰਤੁਸ਼ਟ ਸੀ ਤੇ ਜਿੰਨਾ ਕੁ ਸੰਭਵ ਸੀ ਹੋਰ ਸਰਗਰਮੀਆਂ ਵਿਚ ਵੀ ਹਿੱਸਾ ਲੈਣ ਲੱਗ ਪਈ ਸੀ। ਇਕ ਦਿਨ ਜਦੋਂ ਮੈਂ ਉਸਨੂੰ ਮਿਲਿਆ ਤਾਂ ਉਸਦੇ ਚਿਹਰੇ ਉੱਤੇ ਇਕ ਅਜੀਬ ਰੌਣਕ ਵੇਖੀ। ਚਿਹਰੇ ਉੱਤੇ ਗੁਲਾਬੀ ਚਮਕ ਤੇ ਅੱਖਾਂ ਵਿਚ ਵਿਸ਼ੇਸ਼ ਚਮਕ ਸੀ। ਉਸ ਨੇ ਮੈਨੂੰ ਬੜੀ ਜੋਸ਼ੀਲੀ ਆਵਾਜ਼ ਵਿਚ ਦੱਸਿਆ ਕਿ ਹੁਣ ਉਸਦਾ ਇਕ ਬੁਆਏ ਫਰੈਂਡ ਵੀ ਹੈ, ਜਿਹੜਾ ਉਸਨੂੰ ਬੜਾ ਪਿਆਰ ਕਰਦਾ ਹੈ। ਜੈਕ ਖ਼ੁਦ ਵੀ ਵਹੀਲ ਚੇਅਰ ਉੱਤੇ ਹੈ, ਬਚਪਨ ਵਿਚ ਕਿਸੇ ਹਾਦਸੇ ਵਿਚ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਉਹ ਕਾਲਜ ਵਿਚ ਉਸਦਾ ਜਮਾਤੀ ਹੈ। ਦੋਵਾਂ ਦੇ ਵਿਚਾਰ ਮਿਲਦੇ ਨੇ ਤੇ ਉਹ ਘੰਟਿਆਂ-ਬੱਧੀ ਇਕ-ਦੂਜੇ ਨਾਲ ਗੱਲਾਂ ਕਰਦੇ ਨੇ। ਮੈਨੂੰ ਲੱਗਿਆ ਲਿੰਡਾ ਨੂੰ ਜਿਊਣ ਦਾ ਸਹਾਰਾ ਮਿਲ ਗਿਆ ਹੈ।

ਪਰ ਇਸਦੇ ਨਾਲ-ਨਾਲ ਉਸਦੀ ਬਿਮਾਰੀ ਵੀ ਦਿਨੋ-ਦਿਨ ਵਧ ਰਹੀ ਸੀ ਤੇ ਜਿਹੜੇ ਕੰਮ ਉਹ ਪਹਿਲਾਂ ਕਰਨ ਲੱਗ ਪਈ ਸੀ, ਉਹ ਹੌਲੀ-ਹੌਲੀ ਉਸਦੇ ਵੱਸ ਤੋਂ ਬਾਹਰ ਹੋਣ ਲੱਗ ਪਏ ਸਨ। ਫਿਰ ਬਿਮਾਰੀ ਦੇ ਪੱਖ ਵਿਚ ਹੋਰ ਮੁਸ਼ਕਿਲਾਂ ਨੇ ਵੀ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਵਾਰੀ-ਵਾਰੀ ਬੁਖਾਰ ਚੜ੍ਹ ਜਾਂਦਾ ਸੀ। ਕਦੀ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਸੀ…ਕਦੀ ਨਮੂਨੀਆ ਹੋ ਜਾਂਦਾ ਸੀ। ਵਹੀਲ ਚੇਅਰ ਤੇ ਡੰਗੋਰੀਆਂ ਕਰਕੇ ਜਿਸਮ ਉੱਤੇ ਜ਼ਖ਼ਮ ਹੋਣ ਲੱਗੇ ਤੇ ਚਮੜੀ ਥਾਂ-ਥਾਂ ਤੋਂ ਪਾਟਣ ਲੱਗ ਪਈ ਸੀ। ਕਾਲਜ ਦਾ ਦੌਰ ਤੇ ਉਸ ਤੋਂ ਪਿੱਛੋਂ ਵਾਲਾ ਸਮਾਂ ਬੜਾ ਤਕਲੀਫ਼ ਵਿਚ ਲੰਘਿਆ। ਹਰ ਰੋਜ਼ ਇਕ ਨਵਾਂ ਇਮਤਹਾਨ ਹੁੰਦਾ।

ਉਹਨੀਂ ਦਿਨੀ ਰਿਆਸਤ ਆਰੇਗਨ ਵਿਚ ਇਹ ਲਹਿਰ ਚੱਲੀ ਕਿ ਉਹਨਾਂ ਮਰੀਜ਼ਾਂ ਨੂੰ, ਜਿਹਨਾਂ ਦੀ ਬਿਮਾਰੀ ਲਾ-ਇਲਾਜ਼ ਹੈ ਤੇ ਜਿਹਨਾਂ ਦੀ ਜ਼ਿੰਦਗੀ ਦਰਦਨਾਕ ਹਾਲਾਤ ਵਿਚੋਂ ਲੰਘ ਰਹੀ ਹੈ, ਇਸ ਗੱਲ ਦਾ ਅਧਿਕਾਰ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਪੂਰੇ ਹੋਸ਼-ਹਵਾਸ ਵਿਚ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫੈਸਲਾ ਕਰ ਸਕਣ ਤੇ ਉਹਨਾਂ ਦੇ ਡਾਕਟਰ ਇਸ ਗੱਲ ਦੇ ਕਾਨੂੰਨੀ ਤੌਰ ਤੇ ਪਾਬੰਦ ਹੋਣ ਕਿ ਉਹ ਉਹਨਾਂ ਦੀ ਇਸ ਮਕਸਦ ਵਿਚ ਪੂਰੀ-ਪੂਰੀ ਮਦਦ ਕਰਨ। ਡਾਕਟਰਾਂ ਨੂੰ ਇਹ ਗੱਲ ਮੰਜ਼ੂਰ ਨਹੀਂ ਸੀ ਕਿ ਉਹ ਮਰੀਜ਼ ਨੂੰ ਖ਼ੁਦਕਸ਼ੀ ਕਰਨ ਵਿਚ ਉਸਦਾ ਸਾਥ ਦੇਣ। ਕਈ ਸਾਲਾਂ ਦੀ ਤਿੱਖੀ ਬਹਿਸ ਤੇ ਇਸ ਘਟਨਾ ਦੇ ਵਿਰੁੱਧ ਤੇ ਪੱਖ ਵਿਚ ਜ਼ੋਰਦਾਰ ਜਲੂਸਾਂ, ਮੁਜ਼ਾਹਰਿਆਂ ਦੇ ਬਾਅਦ ਇਹ ਰਾਏ ਲੋਕਾਂ ਸਾਹਮਣੇ ਉਹਨਾਂ ਦੀ ਰਾਏ ਜਾਣਨ ਲਈ ਰੱਖ ਦਿੱਤੀ ਗਈ। ਸਾਰੇ ਮੁਲਕ ਦੀਆਂ ਨਜ਼ਰਾਂ ਆਰੇਗਨ ਉੱਤੇ ਸਨ ਕਿਉਂਕਿ ਇਹੀ ਮਸਲਾ ਦੂਜੀਆਂ ਰਿਆਸਤਾਂ ਸਾਹਮਣੇ ਵੀ ਸੀ ; ਲੋਕਾਂ ਨੂੰ ਬਹੁਤੀ ਹੈਰਾਨੀ ਨਹੀਂ ਹੋਈ ਜਦੋਂ ਇਕ ਭਾਰੀ ਗਿਣਤੀ ਨੇ ਇਸ ਰਾਏ ਨੂੰ ਮਨਜ਼ੂਰ ਕੀਤਾ ਤੇ ਡਾਕਟਰਾਂ ਨੂੰ ਇਸ ਗੱਲ ਦਾ ਪਾਬੰਦ ਕਰ ਦਿੱਤਾ ਕਿ ਉਹ ਉਹਨਾਂ ਹਾਲਤਾਂ ਵਿਚ ਮਰੀਜ਼ ਦੀ ਇੱਛਾ ਦਾ ਅਦਬ-ਸਤਿਕਾਰ ਕਰਨ।

ਇਹੀ ਮਾਮਲਾ ਅੱਜ ਮੇਰੇ ਸਾਹਮਣੇ ਸੀ।

ਲਿੰਡਾ ਪਿਛਲੇ ਇਕ ਸਾਲ ਤੋਂ ਮੇਰੇ ਨਾਲ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਰਹੀ ਸੀ। ਉਸ ਨੂੰ ਪਤਾ ਸੀ ਕਿ ਕੁਦਰਤ ਵੰਨੀਓਂ ਵੀ ਹੁਣ ਉਸ ਕੋਲ ਬਹੁਤਾ ਸਮਾਂ ਨਹੀਂ, ਉਹ ਆਮ ਅੰਦਾਜ਼ੇ ਨਾਲੋਂ ਵੱਧ ਜਿਊਂ ਚੁੱਕੀ ਹੈ। ਹੁਣ ਹਰੇਕ ਪਲ ਉਸਨੂੰ ਮੌਤ ਦੇ ਨੇੜੇ ਲਿਜਾ ਰਿਹਾ ਹੈ ਤੇ ਉਸਨੂੰ ਯਕੀਨ ਸੀ ਬਾਕੀ ਸਫ਼ਰ ਤਕਲੀਫ਼ਾਂ ਤੇ ਮੁਸ਼ਕਿਲਾਂ ਭਰਿਆ ਹੀ ਹੈ…ਤੇ ਉਸਨੂੰ ਅਜੇ ਕਿੰਨੇ ਦੁਖ ਸਹਿਣੇ ਪੈਣਗੇ, ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਨਤੀਜਾ ਏਨਾ ਸਪਸ਼ਟ ਹੋਵੇ ਤਾਂ ਫੇਰ ਕਿਉਂ ਨਾ ਇਹ ਸਫ਼ਰ ਛੇਤੀ ਹੀ ਮੁਕਾ ਲਿਆ ਜਾਵੇ---ਉਸ ਦੇ ਕਹਿਣ ਅਨੁਸਾਰ ਉਹ ਆਪਣੀ ਜ਼ਿੰਦਗੀ ਦੇ ਡਰਾਮੇ ਦਾ ਪਰਦਾ ਖ਼ੁਦ ਹੀ ਸੁੱਟ ਦੇਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਹੁਣ ਉਸਨੂੰ ਕੋਈ ਪਛਤਾਵਾ ਨਹੀਂ ਸੀ। ਜ਼ਿੰਦਗੀ ਇਕ ਹੁਸੀਨ ਸ਼ੈ ਹੈ ਤੇ ਉਸਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਇਸ ਗੱਲ 'ਤੇ ਮਾਣ ਕਰਦੀ ਸੀ ਕਿ ਕੁਦਰਤ ਨੇ ਜਿਹੋ-ਜਿਹੀ ਜ਼ਿੰਦਗੀ ਉਸ ਦੀ ਝੋਲੀ ਵਿਚ ਪਾਈ ਸੀ, ਉਸਨੇ ਉਸਦਾ ਪੂਰਾ ਲਾਭ ਉਠਾਇਆ ਸੀ ਤੇ ਆਪਣੇ ਵੱਲੋਂ ਇਕ ਭਰਪੂਰ ਜ਼ਿੰਦਗੀ ਗੁਜ਼ਾਰੀ ਸੀ। ਮੇਰੇ ਵੱਲ ਮੁਸਕਰਾਉਂਦੀਆਂ ਨਜ਼ਰਾਂ ਨਾਲ ਵੇਖ ਕੇ ਉਸ ਨੇ ਕਿਹਾ, "ਮੇਰੀ ਜ਼ਿੰਦਗੀ ਦੀ ਕਹਾਣੀ ਛੋਟੀ ਹੀ ਸਹੀ, ਪਰ ਹੈ ਰਹੱਸਮਈ, ਕਿਊਂ ? ਹੈ ਨਾ ਡਾਕਟਰ ਸਾਹਿਬ ?"

ਮੈਂ ਉਸਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣਾ ਫੈਸਲਾ ਬਦਲਣ ਲਈ ਤਿਆਰ ਨਹੀਂ ਸੀ ਹੋਈ। ਕਾਨੂੰਨ ਅਨੁਸਾਰ ਮੈਂ ਉਸ ਨਾਲ ਕਈ ਮੁਲਾਕਾਤਾਂ ਕੀਤੀਆਂ ਤੇ ਉਹਨਾਂ ਦਾ ਰਿਕਾਰਡ ਵੀ ਰੱਖਿਆ। ਉਸਨੂੰ ਦਿਮਾਗ਼ੀ ਡਾਕਟਰ ਨੂੰ ਦਿਖਾਇਆ ਗਿਆ ਤੇ ਉਸ ਦੇ ਪਾਦਰੀ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ, ਪਰ ਉਸਨੇ ਆਪਣਾ ਫੈਸਲਾ ਨਹੀਂ ਬਦਲਿਆ। ਮੇਰੇ ਜ਼ਿੰਦਗੀ ਵਿਚ ਇਹ ਪਹਿਲਾ ਮੌਕਾ ਸੀ ਕਿ ਅਜਿਹੇ ਹਾਲਾਤ ਨਾਲ ਮੇਰਾ ਵਾਹ ਪੈ ਰਿਹਾ ਸੀ। ਮੈਂ ਕਾਊਂਟੀ ਮੈਡੀਕਲ ਸੁਸਾਇਟੀ ਨੂੰ ਫ਼ੋਨ ਕਰਕੇ ਪਤਾ ਕੀਤਾ ਤਾਂ ਉਹਨਾਂ ਨੇ ਵੀ ਇਹੋ ਕਿਹਾ ਕਿ ਇਹ ਮੇਰੀ ਕਾਨੂੰਨੀ ਜ਼ਿੰਮੇਵਾਰੀ ਹੈ ਕਿ ਮੈਂ ਲਿੰਡਾ ਦੀ ਇੱਛਾ ਦਾ ਸਤਿਕਾਰ ਕਰਾਂ। ਅੱਜ ਮੇਰੀ ਉਸ ਨਾਲ ਆਖ਼ਰੀ ਮੁਲਾਕਾਤ ਸੀ ਤੇ ਉਸਦੀ ਇੱਛਾ ਦੇ ਅਨੁਸਾਰ ਮੈਂ ਆਪਣਾ ਫਰਜ਼ ਨਿਭਾਉਣਾ ਸੀ---ਇਸ ਮਕਸਦ ਲਈ ਸ਼ਨਿਚਰਵਾਰ ਦੀ ਰਾਤ ਤੈਅ ਹੋਈ। ਜਦੋਂ ਮੈਂ ਉਸਦੇ ਘਰ ਪਹੁੰਚਿਆ ਤਾਂ ਮਾਹੌਲ ਆਮ ਵਾਂਗ ਸੀ, ਘਰ ਦਾ ਵਾਤਾਵਰਣ ਸ਼ਾਂਤਮਈ ਸੀ। ਸਿਟਿੰਗ-ਰੂਮ ਵਿਚ ਉਸਦੇ ਮਾਤਾ-ਪਿਤਾ ਬੈਠੇ ਸਨ। ਲਿੰਡਾ ਆਪਣੀ ਵਹੀਲ ਚੇਅਰ ਉੱਤੇ ਸੀ। ਉਸ ਦੇ ਸੱਜੇ ਪਾਸੇ ਜੈਕ, ਉਹ ਦਾ ਬੁਆਏ ਫਰੈਂਡ, ਉਸਦਾ ਹੱਥ ਫੜ੍ਹੀ ਬੈਠਾ ਸੀ। ਥੋੜ੍ਹੀ ਦੇਰ ਆਮ ਰਸਮੀ ਜਿਹੀਆਂ ਗੱਲਾਂਬਾਤਾਂ ਹੁੰਦੀਆਂ ਰਹੀਆਂ, ਕੁਝ ਫੋਟੋਆਂ ਖਿੱਚੀਆਂ ਗਈਆਂ, ਫੇਰ ਲਿੰਡਾ ਨੇ ਹੀ ਕਿਹਾ, "ਡਾਕਟਰ ਹੁਣ ਤੁਸੀਂ ਅੱਗੇ ਵਧੋ।" ਮੈਂ ਤੇ ਉਸਦੀ ਮਾਂ ਕਿਚਨ ਵਿਚ ਚਲੇ ਗਏ, ਜਿੱਥੇ ਛੋਟੀ ਮੇਜ਼ ਉੱਤੇ ਬੈਠ ਕੇ ਮੈਂ ਨੀਂਦ ਦੇ ਪੰਜਾਹ ਕੈਪਸੂਲ ਖੋਲ੍ਹ ਕੇ ਐਪਲ ਸਾਸ (ਸੇਬ ਦਾ ਪੀਸਿਆ ਹੋਇਆ ਮੁਰੱਬਾ) ਵਿਚ ਮਿਲਾਏ। ਇਹ ਤਰਕੀਬ ਮੈਨੂੰ ਮੈਡੀਕਲ ਸੁਸਾਇਟੀ ਨੇ ਹੀ ਦੱਸੀ ਸੀ। ਮੇਰੇ ਹੱਥ ਕੰਬ ਰਹੇ ਸਨ ਤੇ ਮੇਰਾ ਜ਼ਮੀਰ ਮੈਨੂੰ ਲਾਹਣਤਾਂ ਪਾ ਰਿਹਾ ਸੀ। ਲਿੰਡਾ ਜਿਹੜੀ ਮੇਰੇ ਹੱਥੀਂ ਇਸ ਦੁਨੀਆਂ ਵਿਚ ਆਈ ਸੀ---ਅੱਜ ਮੈਂ ਹੀ ਉਸਦੀ ਵਿਦਾਈ ਦਾ ਸਾਮਾਨ ਤਿਆਰ ਕਰ ਰਿਹਾ ਸਾਂ, ਪਰ ਮੈਂ ਕਾਨੂੰਨ ਦੇ ਹੱਥੋਂ ਮਜ਼ਬੂਰ ਸਾਂ। ਇਕ ਸਾਦੇ ਜਿਹੇ ਖਾਣੇ ਪਿੱਛੋਂ ਜਦੋਂ ਮਿੱਠੇ ਦੇ ਤੌਰ 'ਤੇ ਅਸੀਂ ਐਪਲ ਸਾਸ ਖਾਧੀ ਤਾਂ ਲਿੰਡਾ ਨੇ ਵੀ ਆਪਣੀ ਐਪਲ ਸਾਸ ਨੂੰ ਖੁਸ਼ੀ-ਖੁਸ਼ੀ ਖਾ ਲਿਆ।

ਕੁਝ ਚਿਰ ਪਿੱਛੋਂ ਉਸ ਨੂੰ ਨੀਂਦ ਆਉਣ ਲੱਗ ਪਈ। ਉਸਨੇ ਸਾਡੇ ਸਾਰਿਆਂ ਵੱਲ ਦੇਖਿਆ। ਆਪਣੇ ਮਾਪਿਆਂ ਵੱਲ ਵੇਖ ਕੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਮਾਂ-ਬਾਪ ਨੇ ਉਸ ਨੂੰ ਬੋਸਾ ਦਿੱਤਾ। ਉਸ ਨੇ ਮੁਸਕੁਰਾ ਕੇ ਮੇਰੇ ਵੱਲ ਵੇਖਿਆ ਤੇ ਕਿਹਾ, "ਤੁਸੀਂ ਬੜੇ ਚੰਗੇ ਡਾਕਟਰ ਓ---ਇਹੋ ਜਿਹੇ ਹੀ ਰਹਿਣਾ।" ਤੇ ਆਪਣੀ ਮਾਂ ਨੂੰ ਕਿਹਾ, "ਮਾਮ, ਮੇਰੀ ਕੁਰਸੀ ਨੂੰ ਮੇਰੇ ਬੈਡ-ਰੂਮ ਵਿਚ ਪਹੁੰਚਾ ਦਿਓ।" ਥੋੜੀ ਦੂਰ ਜਾ ਕੇ ਉਸਨੇ ਪਲਟ ਕੇ ਵੇਖਿਆ ਤੇ ਮੁਸਕਰਾਉਂਦਿਆਂ ਹੋਇਆ ਕਿਹਾ, "ਸ਼ੁੱਭ ਰਾਤਰੀ।"

ਮੈਂ ਉੱਥੇ ਹੋਰ ਨਹੀਂ ਰੁਕ ਸਕਿਆ। ਬੜੀ ਮੁਸ਼ਕਿਲ ਨਾਲ ਕਾਰ ਚਲਾਉਂਦਾ, ਘਰ ਵਾਪਸ ਆਇਆ। ਕਿੰਜ ਨੀਂਦ ਆਈ, ਪਤਾ ਨਹੀਂ।

ਸਵੇਰੇ ਮੇਰੀ ਅੱਖ ਮਿਸੇਜ ਜਾਨਸਨ ਦੇ ਫ਼ੋਨ ਨਾਲ ਖੁੱਲ੍ਹੀ। ਉਹ ਆਪਣੇ ਭਰੇ-ਗੱਚ ਤੇ ਅੱਥਰੂਆਂ ਭਿੱਜੀ ਆਵਾਜ਼ ਵਿਚ ਕਹਿ ਰਹੀ ਸੀ, "ਡਾਕਟਰ, ਕੀ ਤੁਹਾਡੇ ਕੋਲ ਅੱਜ ਮੌਤ ਦੇ ਤਸਦੀਕ ਨਾਮੇ ਉੱਤੇ ਦਸਤਖ਼ਤ ਕਰਨ ਦਾ ਸਮਾਂ ਹੋਏਗਾ…"


ਇਹ ਅਨੁਵਾਦ ਪੰਜਾਬੀ ਟ੍ਰਿਬਿਊਨ ਦੇ 7 ਦਸੰਬਰ, 2008. ਦੇ ਮੈਗ਼ਜ਼ੀਨ ਅੰਕ ਵਿਚ ਛਪਿਆ ਹੈ।