Monday, April 25, 2011

ਜਹਾਂਪਨਾਹ ਜੰਗਲ :: ਲੇਖਕ : ਸ਼ਾਨੀ

ਹਿੰਦੀ ਕਹਾਣੀ :
ਜਹਾਂਪਨਾਹ ਜੰਗਲ
ਲੇਖਕ : ਸ਼ਾਨੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਚਾਨਣ ਹੁਣ ਏਨਾ ਸੀ ਕਿ ਸਾਰਿਆਂ ਦੇ ਚਿਹਰੇ ਸਾਫ ਨਜ਼ਰ ਆ ਰਹੇ ਸੀ; ਮੇਰਾ ਵੀ। ਇਹ ਇਕ ਅਲਸਾਈ ਜਿਹੀ ਸਵੇਰ ਦਾ ਘੁਸਮੁਸਾ ਸੀ ਜਾਂ ਇਕ ਅਜਿਹੀ ਮਿਟਮੈਲੀ ਰੋਸ਼ਨੀ, ਜਦੋਂ ਸੂਰਜ ਕਿਤੇ ਹੁੰਦਾ ਤਾਂ ਹੈ ਪਰ ਦਿਖਾਈ ਨਹੀਂ ਦੇਂਦਾ।...ਤੇ ਜਦੋਂ ਤਕ ਤੁਸੀਂ ਇਸ ਸ਼ਸ਼ੋਪੰਜ ਵਿਚੋਂ ਬਾਹਰ ਨਿਕਲਦੇ ਓ, ਉਹ ਜੰਗਲ ਦੀ ਅੱਗ ਵਾਂਗ ਲਪਟਾਂ ਮਾਰਨ ਲੱਗ ਪੈਂਦਾ ਏ। ਉਸ ਨੀਮ ਰੋਸ਼ਨੀ ਵਿਚ ਮੈਂ ਸਾਫ਼ ਦੇਖਿਆ ਕਿ ਹਰੇਕ ਚਿਹਰੇ ਉੱਤੇ ਦਹਿਸ਼ਤ ਚਿਪਕੀ ਹੋਈ ਏ।...ਲੋਕ ਆਪੋ-ਆਪਣੀਆਂ ਗੁਫ਼ਾਵਾਂ ਤੇ ਘੋਰਨਿਆਂ ਵਿਚੋਂ ਬਾਹਰ ਨਿਕਲ ਆਏ ਸੀ ਤੇ ਸਕਵੇਰ ਦੇ ਐਨ ਵਿਚਕਾਰ ਇਕ-ਇਕ ਕਰਕੇ ਇਕੱਠੇ ਹੋ ਗਏ ਸੀ; ਉਹ ਘਬਰਾਏ ਹੋਏ ਵੀ ਸੀ। ਫਲੈਟ ਨੰ. 32-ਬੀ ਦਾ ਨਿਓਲਾ, 39-ਸੀ ਦਾ ਭੇਡੀਆ, 44-ਏ ਵਾਲਾ ਅਜਗਰ, 42-ਡੀ. ਵਾਲਾ ਲੂੰਬੜ, 45-ਡੀ ਦਾ ਕੈਪਟਨ ਜੇਬਰਾ ਤੇ 40-ਐਫ ਵਾਲਾ ਕੱਬਰ-ਬਿੱਜੂ—ਇਹਨਾਂ ਚਰਿੰਦਿਆਂ ਦੇ ਇਲਾਵਾ ਕੁਝ ਪਰਿੰਦੇ ਵੀ ਸਨ, ਪਰ ਜਿਹਨਾਂ ਦੇ ਮੈਂ ਨਾਂ ਨਹੀਂ ਸਨ ਰੱਖੇ...ਇਹ ਕੁਝ ਵੀ ਹੋ ਸਕਦੇ ਸੀ ਜਾਂ ਸਨ—ਮੋਰ, ਫ਼ਾਖਤਾ, ਚੱਕੀਰਾਹਾ, ਇੱਲ੍ਹ ਜਾਂ ਗਿਰਝ।
ਬੁੱਢੀ ਡਾਕਟਰਨੀ ਸੇਹੀ ਆਪਣੀ ਛੱਤ ਉੱਤੇ ਖੜ੍ਹੀ ਸੀ—ਕਾਲੋਨੀ ਦੀਆਂ ਹੋਰ ਔਰਤਾਂ ਵਾਂਗ ਜਿਹੜੀਆਂ ਆਪੋ-ਆਪਣੀਆਂ ਬਾਲਕੋਨੀਆਂ, ਛੱਤਾਂ ਜਾਂ ਦਰਵਾਜ਼ਿਆਂ ਵਿਚ ਕਾਟੋਆਂ ਵਾਂਗ ਖੜ੍ਹੀਆਂ ਦੇਖ ਰਹੀਆਂ ਸਨ ਜਾਂ ਉਸ ਫਿਕਰ ਵਿਚ ਸਨ ਕਿ ਕੀ ਹੋਇਆ ਜਾਂ ਕੀ ਹੋਣ ਵਾਲਾ ਏ! ਪਾਰਕ ਵਿਚ ਕੁਝ ਨਹੀਂ ਸੀ, ਸਿਵਾਏ ਉਸ ਸੌਖ ਤੋਂ ਕਿ ਉੱਥੋਂ ਹਾਦਸੇ ਵਾਲੀ ਜਗ੍ਹਾ ਨੇੜੇ ਪੈਂਦੀ ਸੀ ਤੇ ਸਾਫ-ਸਾਫ ਦੇਖੀ ਜਾ ਸਕਦੀ ਸੀ ਹਾਲਾਂਕਿ ਜਿਸ ਫਲੈਟ ਵਿਚ ਉਹ ਘਟਨਾ ਵਾਪਰੀ ਸੀ, ਹੁਣ ਉੱਥੇ ਦੇਖਣ ਵਾਲਾ ਕੁਝ ਵੀ ਨਹੀਂ ਸੀ...ਪੁਲਿਸ ਦੇ ਇਕ ਦੋ ਸਿਪਾਹੀ ਬਾਹਰ ਬੈਠੇ ਡੰਡੇ ਹਿਲਾਅ ਰਹੇ ਸਨ, ਉਹਨਾਂ ਚਰਦੇ ਹੋਏ ਘੋੜਿਆਂ ਵਾਂਗ ਜਿਹੜੇ ਥੋੜ੍ਹੀ-ਥੋੜ੍ਹੀ ਦੇਰ ਬਾਅਦ, ਸੱਜਿਓਂ-ਖੱਬੇ ਤੇ ਖੱਬਿਓਂ-ਸੱਜੇ, ਆਪਣੀ ਪੂਛ ਹਿਲਾਅ ਰਹੇ ਹੁੰਦੇ ਨੇ।
“ਬਈ, ਹੱਦ ਹੋ ਗਈ।” ਕਿਸੇ ਨੇ ਕਿਹਾ।
“ਹਨੇਰ ਹੈ-ਜੀ, ਹਨੇਰ...”
“ਮੁਲਕ ਦਾ ਤਾਂ ਸਤਿਆਨਾਸ ਹੋ ਗਿਐ। ਨਿੱਘਰਦਾ ਈ ਜਾ ਰਿਹੈ।”
“ਲੋਕਾਂ ਦਾ ਲਹੂ ਸਫੇਦ ਹੋ ਗਿਐ ਜੀ।” ਕੋਈ ਮਿਆਂਕਿਆ, “ਕਿਸੇ ਦੀ ਜਾਨ-ਮਾਲ ਸੁਰੱਖਿਅਤ ਨਹੀਂ।”
“ਅੱਲਾ, ਰਹਿਮ ਕਰੇ।” ਲੰਮਾਂ ਸਾਹ ਖਿੱਚ ਕੇ ਮਾਸਟਰ ਖਰਗੋਸ਼ ਬੋਲੇ।
“ਕਿੰਨਾ ਕੁ ਮਾਲ-ਮੱਤਾ ਗਿਆ ਏ ਬਈ?” ਅਚਾਨਕ 39-ਸੀ ਦੇ ਭੇਡੀਏ ਨੇ ਮੈਥੋਂ ਧੀਮੀ ਆਵਾਜ਼ ਵਿਚ ਪੁੱਛਿਆ। ਮੈਨੂੰ ਸੁਣ ਵੀ ਗਿਆ, ਪਰ ਮੈਂ ਜਾਣ-ਬੁੱਝ ਕੇ ਕੋਈ ਜਵਾਬ ਨਹੀਂ ਦਿੱਤਾ। ਇਸ ਹਰਾਮਜ਼ਾਦੇ ਨਾਲ ਮੈਨੂੰ ਏਨੀ ਨਫ਼ਰਤ ਏ ਕਿ ਇਸਦੀ ਸ਼ਕਲ ਦੇਖਦਿਆਂ ਈ ਮੈਨੂੰ ਗੁੱਸਾ ਚੜ੍ਹਨ ਲੱਗ ਪੈਂਦਾ ਏ, ਪਰ ਉਹ ਹੈ ਕਿ ਮੌਕੇ ਬੇ-ਮੌਕੇ ਮੇਰੇ ਕੋਲ ਈ ਆ ਮਰਦੈ।
“ਜਦੋਂ ਜਾਨ ਦੇ ਲਾਲੇ ਪੈ ਜਾਣ, ਮਾਲ-ਮੱਤੇ ਦੀ ਕਿਸ ਨੂੰ ਸੁੱਝਦੀ ਏ!” ਮੇਰੇ ਕੋਲ ਖੜ੍ਹੇ ਅਰਨੇ ਝੋਟੇ ਨੇ ਜਵਾਬ ਦਿੱਤਾ। ਉਸ ਨੇ ਸੁਣ ਲਿਆ ਸੀ। ਕਾਲੂ ਭੇਡੀਏ ਨੇ ਬੇਸ਼ਰਮਾਂ ਵਾਂਗ ਸਿਰ ਹਿਲਾਇਆ ਯਾਨੀ ਉਹ ਤਾਂ ਹੈ। ਉਦੋਂ ਈ ਇਕ ਜੀਪ ਆ ਕੇ ਉਸ ਫਲੈਟ ਦੇ ਸਾਹਮਣੇ ਰੁਕੀ ਤੇ ਉਸ ਵਿਚੋਂ ਇਕ ਵਰਦੀਧਾਰੀ ਇੰਸਪੈਕਟਰ ਉਤਰ ਕੇ ਅੰਦਰ ਚਲਾ ਗਿਆ। ਉਹ ਲੱਕੜਬੱਗੇ ਵਾਂਗ ਤੁਰ ਰਿਹਾ ਸੀ ਤੇ ਜਦੋਂ ਉਹ ਆਇਆ ਸੀ, ਪਾਰਕ ਦੇ ਰੁੱਖਾਂ ਦੇ ਪੀਲੇ ਪੱਤੇ ਅਚਾਨਕ ਝੜਨ ਲੱਗ ਪਏ ਸਨ। ਦਸ ਬਾਰਾਂ ਜਣਿਆ ਦੇ ਗੱਲਾਂ ਕਰ ਰਹੇ ਛੋਟੇ-ਛੋਟੇ ਗਰੁੱਪ, ਯਕਦਮ ਚੁੱਪ ਹੋ ਗਏ ਸਨ। ਕੀ ਹੋਇਆ? ਲੱਗਦਾ ਏ, ਜੀਪ ਹਸਪਤਾਲੋਂ ਆਈ ਏ। ਔਰਤ ਤਾਂ ਏਥੇ ਈ ਅੱਧ-ਮੋਈ ਹੋ ਚੁੱਕੀ ਸੀ; ਸ਼ਿਕਾਰ ਦੌਰਾਨ ਫੁੰਡੀ ਨੀਲ-ਗਊ ਵਾਂਗ। ਲੱਗਦਾ ਸੀ, ਸਿਰਫ ਮੌਤ ਦੀ ਪੁਸ਼ਟੀ ਦੀ, ਫਾਰਮੈਲਟੀ ਨਿਭਾਉਣ ਲਈ ਹਸਪਤਾਲ ਲੈ ਜਾਈ ਜਾ ਰਹੀ ਏ।...ਪਰ ਆਦਮੀ ਦੀ ਹਾਲਤ ਠੀਕ ਜਾਪਦੀ ਸੀ, ਹਾਲਾਂਕਿ ਜਦੋਂ ਉਹ ਇੱਥੋਂ ਲੈ ਜਾਇਆ ਜਾ ਰਿਹਾ ਸੀ, ਉਸਦਾ ਸਿਰ ਪਾਟਿਆ ਹੋਇਆ ਸੀ ਤੇ ਉਹ ਲਹੂ-ਲੁਹਾਣ ਹੋ ਚੁੱਕਿਆ ਸੀ। ਜਾਨਣਾ ਮੈਂ ਵੀ ਚਾਹੁੰਦਾ ਸੀ ਕਿ ਕੀ ਹੋਇਆ, ਪਰ ਹਿੰਮਤ ਕੀਤੀ ਖਿਸਕੇ ਨੇ—ਉਹ ਗਰੁੱਪ ਨਾਲੋਂ ਟੁੱਟ ਕੇ ਸਿੱਧਾ ਉਹਨਾਂ ਸਿਪਾਈਆਂ ਕੋਲ ਜਾ ਪਹੁੰਚਿਆ, ਕੁਝ ਚਿਰ ਇੱਲ੍ਹ ਵਾਂਗ ਇਧਰ-ਉਧਰ ਚੱਕਰ ਕੱਟਦਾ ਰਿਹਾ ਤੇ ਖਬਰ ਲੈ ਆਇਆ ਕਿ 'ਔਰਤ ਬਸ ਬਿੰਦ-ਝੱਟ ਦੀ ਮਹਿਮਾਨ ਏਂ ਤੇ ਆਦਮੀ ਦੀ ਹਾਲਤ ਵੀ ਠੀਕ ਨਹੀਂ।'
“ਤੇ ਬੱਚਾ?” ਕਿਸੇ ਨੇ ਪੁੱਛਿਆ।
ਕੀ ਹੋਣਾ ਸੀ ਬੱਚੇ ਦਾ? ਜੇ ਮੈਂ ਇਸ ਕਾਲੋਨੀ ਦਾ ਨਾ ਹੁੰਦਾ ਤਾਂ ਸ਼ਾਇਦ ਇਸ ਹਮਦਰਦੀ ਉੱਤੇ ਕੁਰਬਾਨ ਹੋਇਆ ਜਾ ਸਕਦਾ ਸੀ; ਪਰ ਮੈਂ ਇਸੇ ਕਾਲੋਨੀ ਦਾ ਸੀ—ਕਾਲੋਨੀ ਈ ਨਹੀਂ, ਇਸ ਸਕਵੇਰ ਤੇ ਸਭ ਕਾਸੇ ਦਾ ਬਾਰਾਬਰ ਦਾ ਹਿੱਸੇਦਾਰ। ਸਾਰੀਆਂ ਆਵਾਜ਼ਾਂ ਮੈਂ ਵੀ ਸੁਣੀਆਂ ਸੀ—ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਪਰ ਆਪਣੇ ਫ਼ਲੈਟ ਵਿਚ ਛਾਪਲਿਆ ਰਿਹਾ ਸੀ। ਮੈਂ ਵੀ ਅਣਜਾਣ ਬਣ ਗਿਆ ਸੀ—ਦਰਾੜ ਵਿਚ ਲੁਕੀ ਗੋਹ ਵਾਂਗ, ਕੈਪਟਨ ਜੇਬਰੇ ਵਾਂਗ, 41-ਐਫ ਵਾਲੇ ਗਿੱਦੜ ਵਾਂਗ, ਸਾਹਮਣੇ ਵਾਲੇ ਅਰਨੇ ਝੋਟੇ ਵਾਂਗ ਜਾਂ ਆਪਣੇ ਗੁਆਂਢੀ ਕੱਬਰ ਬਿੱਜੂ ਵਾਂਗ...
ਇਹ ਸੰਯੋਗ ਨਹੀਂ ਸੀ ਕਿ ਉਸ ਸਮੇਂ ਮੈਂ ਜਾਗਿਆ ਹੋਇਆ ਸੀ। ਰਾਤ ਮੈਂ ਇਕ ਪਾਰਟੀ ਵਿਚੋਂ ਦੇਰ ਨਾਲ ਆਇਆ ਸੀ। ਪਾਰਟੀ ਕੀ, ਆਪਣੀ ਹੀ ਚੰਡਾਲ-ਚੌਂਕੜੀ ਵਿਚੋਂ। ਮੇਰੇ ਤਿੰਨ ਚਾਰ ਦੋਸਤਾਂ ਦੀ ਇਹ ਜੁੰਡਲੀ ਜਦੋਂ ਵੀ ਇਕੱਠੀ ਹੋ ਜਾਂਦੀ ਏ, ਸ਼ਾਮ ਨੂੰ ਸ਼ੁਗਲ ਵਿਚ ਤਬਦੀਲ ਕਰ ਲਿਆ ਜਾਂਦਾ ਏ—ਕੋਈ ਵੀ ਹਲਾਲ ਹੋ ਸਕਦਾ ਏ ਜਾਂ ਅਸੀਂ ਵਾਰੀ-ਵਾਰੀ ਇਕ ਦੂਜੇ ਨੂੰ ਹਲਾਲ ਕਰਦੇ ਰਹਿੰਦੇ ਹਾਂ। ਇੱਛਾ ਸ਼ਾਮ ਕੱਟਣ ਦੀ ਜਾਂ ਉਸ ਤੋਂ ਨੱਠਣ ਦੀ ਕੰਮ ਕਰ ਰਹੀ ਹੁੰਦੀ ਏ। ਮੁੱਕਦੀ ਗੱਲ ਇਹ ਕਿ ਰਾਤ ਕੋਈ ਬਾਰਾਂ ਵਜੇ ਦੇ ਆਸਪਾਸ ਜਦੋਂ ਘਰ ਆਇਆ ਸਾਂ, ਮੇਰੇ ਅੰਦਰ ਸ਼ਰਾਬ ਦੇ ਤਿੰਨ-ਚਾਰ ਪੈਗ ਗਏ ਹੋਏ ਸਨ ਤੇ ਮੈਂ ਮਸਤ ਸਾਂ। ਅਜਿਹੀ ਹਾਲਤ ਵਿਚ ਨੀਂਦ ਤਾਂ ਤੁਰੰਤ ਆ ਜਾਂਦੀ ਏ ਪਰ ਪਤਾ ਨਹੀਂ ਕੀ ਹੁੰਦਾ ਏ ਕਿ ਦੋ ਤਿੰਨ ਘੰਟੇ ਬਾਅਦ ਅਚਾਨਕ ਅੱਖ ਖੁੱਲ੍ਹ ਜਾਂਦੀ ਏ—ਤੇ ਮੈਂ ਪਾਸੇ ਪਰਤਦਾ ਹੋਇਆ ਆਪਣੀ ਜ਼ਿੰਦਗੀ ਦਾ ਲੇਖਾ-ਜੋਖਾ ਕਰਨ ਲੱਗ ਪੈਂਦਾ ਹਾਂ। ਕੀ ਗੁਆਇਆ—ਇਹ, ਇਹ, ਇਹ! ਕੀ ਪ੍ਰਾਪਤ ਕੀਤਾ?...ਸਵਾਹ ਤੇ ਖੇਹ! ਕਿੱਥੇ ਪਹੁੰਚਿਆ? ਦਾਦਰੀ ਤੋਂ ਦਿੱਲੀ। ਦਿੱਲੀ ਪਹੁੰਚ ਕੇ ਕਿਹੜਾ ਤੀਰ ਮਾਰ ਲਿਆ?...ਕਿਉਂ, ਕੀ ਦਿੱਲੀ ਵਿਚ ਰਹਿ ਲੈਣਾ ਈ ਕਿਸੇ ਤੀਰ ਨਾਲੋਂ ਘੱਟ ਏ?...ਕਲ੍ਹ ਕੀ ਕਰੇਂਗਾ? ਉਹੀ ਜੋ ਕਲ੍ਹ ਕੀਤਾ ਸੀ ਜਾਂ ਉਸ ਤੋਂ ਪਹਿਲੇ ਕਲ੍ਹ ਜਾਂ ਉਸ ਤੋਂ ਵੀ ਪਹਿਲਾਂ ਵਾਲੇ ਦਿਨਾਂ ਵਿਚ ਕਰਦਾ ਰਿਹਾ ਸੀ...
ਕੋਈ ਸਾਢੇ ਤਿੰਨ ਜਾਂ ਚਾਰ ਦਾ ਸਮਾਂ ਹੋਏਗਾ। ਸੀਟੀ ਵਜਾ ਕੇ ਚੋਰਾਂ ਨੂੰ ਸਾਵਧਾਨ ਕਰਨ ਵਾਲਾ ਨਿਪਾਲੀ ਚੌਕੀਦਾਰ ਪਤਾ ਨਹੀਂ ਕਦੋਂ ਦਾ ਗਾਇਬ ਹੋ ਚੁੱਕਿਆ ਸੀ। ਅਚਾਨਕ ਕੋਈ ਕਾਰ ਆ ਕੇ ਰੁਕੀ ਸੀ—ਪਾਰਕ ਦੇ ਇਸ ਜਾਂ ਉਸ ਕੋਨੇ ਉੱਤੇ। ਉਦੋਂ ਮੈਂ ਧਿਆਨ ਨਹੀਂ ਸੀ ਦਿੱਤਾ। ਜਦੋਂ ਉਹ ਦੁਬਾਰਾ ਨੱਠਣ ਲਈ ਸਟਾਰਟ ਹੋਈ ਸੀ—ਉਦੋਂ ਯਾਦ ਆਇਆ ਸੀ ਕਿ ਹਾਂ, ਆਈ ਸੀ। ਪਹਿਲਾਂ ਗੋਲੀਆਂ ਚੱਲਣ ਦੀ ਆਵਾਜ਼ ਆਈ—ਫੇਰ ਕਿਸੇ ਜ਼ਨਾਨੀ ਦੀ ਚੀਕ। ਚੀਕ ਨਹੀਂ, ਹਨੇਰੇ ਦੀ ਖ਼ਾਮੋਸ਼ੀ ਨੂੰ ਚੀਰਦਾ ਹੋਇਆ ਕੁਰਲਾਹਟ। ਫੇਰ ਅਚਾਨਕ ਚੁੱਪ ਵਰਤ ਗਈ ਸੀ। ਫੇਰ ਇੰਜ ਲੱਗਿਆ ਸੀ ਜਿਵੇਂ ਕੁਝ ਆਦਮੀ ਜੱਫੋ-ਜੱਫੀ ਹੋ ਰਹੇ ਨੇ—ਫੇਰ ਕਿਸੇ ਆਦਮੀ ਦੀ ਚੀਕ ਨੂੰ ਮੂੰਹ ਵਿਚ ਈ ਘੁੱਟ ਦਿੱਤਾ ਗਿਆ। ਫੇਰ ਕੋਈ 'ਬਚਾਓ-ਬਚਾਓ' ਚੀਕਦਾ ਹੋਇਆ, ਦਗੜ-ਦਗੜ ਦੀਆਂ ਆਵਾਜ਼ਾਂ ਕਰਦਾ ਹੋਇਆ, ਭੱਜਿਆ ਸੀ। ਇਹ ਕੋਈ ਬੱਚਾ ਸੀ ਜਿਹੜਾ ਪਾਰਕ ਵਿਚ ਆ ਗਿਆ ਸੀ। ਉਹ ਡਰੀ ਤੇ ਡਰਾਉਣੀ ਆਵਾਜ਼ ਵਿਚ ਉੱਚੀ-ਉੱਚੀ ਚੀਕ ਰਿਹਾ ਸੀ—ਬਚਾਓ, ਬਚਾਓ!...ਪਹਿਲਾਂ ਮੈਂ ਉਠ ਕੇ ਬੈਠ ਗਿਆ; ਫੇਰ ਪਤਨੀ। ਬੱਤੀ ਜਗਾਈ ਸੀ, ਪਰ ਪਤਨੀ ਨੇ ਘੁਰਕ ਕੇ ਬੁਝਾ ਦਿੱਤੀ ਸੀ। ਮੈਂ ਖਿੜਕੀ ਵਿਚੋਂ ਬਾਹਰ ਹਨੇਰੇ ਪਾਰਕ ਵਿਚ ਦੇਖਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚੋਂ ਬੱਚੇ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ। ਦੋ ਚਾਰ ਹੋਰ ਫਲੈਟਸ ਦੀਆਂ ਬੱਤੀਆਂ ਜਗੀਆਂ ਸਨ, ਇਕ ਅੱਧੇ ਦੀ ਬੱਤੀ ਜਗ ਕੇ ਬੁਝ ਵੀ ਗਈ ਸੀ, ਮੇਰੇ ਵਾਂਗ। ਪਰ ਕੋਈ ਬਾਹਰ ਨਹੀਂ ਸੀ ਨਿਕਲਿਆ। ਕੁਝ ਚੀਕਾਂ ਪਿੱਛੋਂ ਬੱਚਾ ਵੀ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ। ਉਹ ਤਾਂ ਪਿੱਛੋਂ ਕਿਸੇ ਫਲੈਟ ਦੀਆਂ ਹਨੇਰੀਆਂ ਪੌੜੀਆਂ ਵਿਚ ਸਿਸਕਦਾ ਹੋਇਆ ਮਿਲਿਆ ਸੀ। ਉਦੋਂ ਜਦੋਂ ਲੁਟੇਰੇ ਕਾਰ ਵਿਚ ਬੈਠ ਕੇ ਭੱਜ ਚੁੱਕੇ ਸੀ ਤੇ ਸਕਵੇਰ ਦੇ ਮੇਰੇ ਵਰਗੇ ਸ਼ੇਰ ਹੌਲੀ-ਹੌਲੀ ਬਾਹਰ ਨਿਕਲ ਕੇ ਪਾਰਕ ਵਿਚ ਆਏ ਸਨ। ਤੇ ਇਹ ਕਹਿ ਕੇ ਹੈਰਾਨੀ ਪ੍ਰਗਟ ਕਰ ਰਹੇ ਸੀ ਕਿ ਕਿਉਂ ਭਾਈ ਕੀ ਹੋਇਆ?...
ਕੌਣ ਨਹੀਂ ਸੀ ਜਾਣਦਾ ਕਿ ਕੀ ਹੋਇਆ ਏ! ਜਦੋਂ ਲੋਕ ਆਪੋ-ਆਪਣੇ ਫਲੈਟਸ ਵਿਚ ਸਨ ਉਦੋਂ ਈ ਸਾਰੇ ਜਾਣ ਚੁੱਕੇ ਸਨ ਕਿ ਸਕਵੇਰ ਦੇ ਇਕ ਫਲੈਟ ਵਿਚ ਲੁਟੇਰੇ ਘੁਸ ਆਏ ਨੇ, ਮਾਲ-ਅਸਬਾਬ ਤਾਂ ਜਾ ਈ ਰਿਹਾ ਏ, ਉੱਥੇ ਜਾਨ ਦੇ ਲਾਲੇ ਵੀ ਪਏ ਹੋਏ ਨੇ। ਕੁਝ ਜਾਣਕਾਰੀ ਬਾਹਰ ਆਉਣ ਪਿੱਛੋਂ ਮਿਲੀ ਸੀ। ਇਹ ਕਿ ਕਿਸ ਤਰ੍ਹਾਂ, ਜੰਗਲ ਦੇ ਝਖੇੜੇ ਵਾਂਗ, ਲੁਟੇਰੇ ਕਾਲੋਨੀ ਵਿਚ ਆਏ ਤੇ ਸਿੱਧੇ ਉਸ ਫਲੈਟ ਵਿਚ ਜਾ ਪਹੁੰਚੇ। ਕਿਸ ਨੇ ਹੀਲ ਹੁੱਜਤ ਕੀਤੀ ਤੇ ਕੌਣ ਲੋਹੇ ਦੇ ਸਰੀਏ ਨਾਲ ਵਿਛਾ ਦਿੱਤਾ ਗਿਆ, ਕੌਣ ਲਹੂ-ਲੁਹਾਨ ਹੋਇਆ ਤੇ ਕਿਵੇਂ ਬੱਚਾ ਨਿੱਕਲ ਕੇ ਮੁਹੱਲੇ ਵਾਲਿਆਂ ਨੂੰ ਮਦਦ ਲਈ ਪੁਕਾਰਦਾ ਰਿਹਾ...
ਧੁੱਪ ਅਜੇ ਵੀ ਨਹੀਂ ਸੀ ਨਿਕਲੀ। ਸ਼ਾਇਦ ਬੱਦਲ ਸਨ। ਲਾਗਲੇ ਮੰਦਰ ਵਿਚ ਘੰਟੀ ਵੱਜਣ ਲੱਗ ਪਈ ਸੀ ਤੇ ਗੁਰਦੁਆਰੇ ਦੀ ਨਗਰ-ਕੀਰਤਨ ਵਾਲੀ ਟੋਲੀ ਵਾਪਸ ਪਰਤ ਰਹੀ ਸੀ। ਉਦੋਂ ਹੀ ਹਾਦਸੇ ਵਾਲੇ ਫਲੈਟ ਸਾਹਮਣੇ ਖੜ੍ਹੀ ਜੀਪ ਸਟਾਰਟ ਹੋਈ ਤੇ ਵਰਦੀਧਾਰੀ ਇੰਸਪੈਕਟਰ ਨੂੰ ਲੈ ਕੇ ਚਲੀ ਗਈ। ਸਿਪਾਹੀ ਹੁਣ ਫੇਰ ਆਰਾਮ ਨਾਲ ਬੈਠ ਕੇ ਡੰਡੇ ਹਿਲਾਉਣ ਲੱਗ ਪਏ ਸਨ।
ਟੂਟੀ ਦੇ ਆਉਣ ਦਾ ਸਮਾਂ ਹੋ ਚੁੱਕਿਆ ਸੀ। ਲੋਕ ਹੌਲੀ-ਹੌਲੀ ਖਿਸਕਣ ਲੱਗ ਪਏ। ਪਹਿਲਾਂ ਅਰਨਾ ਝੋਟਾ ਗਿਆ, ਫੇਰ ਜੇਬਰਾ ਤੇ ਉਹਨਾਂ ਦੀ ਦੇਖਾ-ਦੇਖੀ ਦੋ-ਚਾਰ ਹੋਰ। ਜਿਹੜੇ ਚਲੇ ਗਏ—ਬਚੇ ਹੋਏ, ਉਹਨਾਂ ਦੇ ਬਖੀਏ ਉਧੇੜਨ ਲੱਗੇ।
“ਵੱਡਾ ਤੁੱਰਮ ਖਾਂ ਬਣਦਾ ਸੀ,” ਇਕ ਨੇ ਜਾ ਰਹੇ ਜੇਬਰੇ ਵੱਲ ਦੇਖਦਿਆਂ ਹੋਇਆਂ ਕਿਹਾ, “ਇਕ ਮਾਸੂਮ ਬੱਚਾ ਇਸ ਦੇ ਫਲੈਟ ਸਾਹਮਣੇ ਚੀਕ-ਚੀਕ ਕੇ ਬੇਹਾਲ ਹੋ ਗਿਆ, ਪਰ ਪੱਠਾ ਬਾਹਰ ਨਹੀਂ ਨਿਕਲਿਆ। ਸਾਡੇ ਕੋਲ ਹੁੰਦੀ ਜੀ, ਟਵੈਲਵ ਬੋਰ ਗਨ...ਦੱਸਦੇ।”
“ਰਿਵਾਲਵਰ ਤਾਂ ਯਾਰ ਤੇਰੇ ਕੋਲ ਵੀ ਏ,” ਕਿਸੇ ਨੇ ਧੈ-ਸੋਟਾ ਮਾਰਿਆ, “ਤੂੰ ਕਿਉਂ ਨਹੀਂ ਨਿਕਲਿਆ?”
“ਤੁਸੀਂ ਚੁੱਪ ਰਹੋ ਜੀ,” ਉਸਨੇ ਭੜਕ ਕੇ ਜਵਾਬ ਦਿੱਤਾ, “ਤੁਸੀਂ ਨਾ ਨਿਕਲ ਆਏ ਆਪਣਾ ਖੂੰਡਾ ਲੈ ਕੇ...”
ਮੁਕਾਬਲੇ ਲਈ ਹਥਿਆਰ ਨਹੀਂ ਹਿੰਮਤ ਦੀ ਲੋੜ ਹੁੰਦੀ ਏ।
ਉਦੋਂ ਹੀ ਗੁਆਂਢ ਵਿਚ, 35-ਬੀ ਵਾਲਿਆਂ ਦੀ ਗੂੰਗੀ ਤੇ ਕਮਲੀ ਕੁੜੀ ਉੱਚੀ-ਉੱਚੀ ਚੀਕਣ-ਕੂਕਣ ਲੱਗ ਪਈ—ਇਧਰੋਂ ਉਧਰ ਟਹਿਲਦੀ ਹੋਈ। ਇਹ ਉਸਦਾ ਨਿੱਤ ਦਾ ਕਰਮ ਸੀ।

ਜਿਸ ਕਿਸੇ ਨੇ ਵੀ ਕਾਲੋਨੀ ਦਾ ਨਾਂ ਰੱਖਿਆ ਸੀ—ਸੀ ਉਹ ਦਿਲਚਸਪ। ਦਿਲਸ਼ਾਦ ਨਗਰ ਦਾ ਨਾਂ ਸੁਣਦਿਆਂ ਈ ਮੇਰੀ ਤਬੀਅਤ ਖੁਸ਼ ਹੋ ਗਈ ਸੀ। ਕੁਝ ਤਾਂ ਨਾਂ ਦੀ ਖਿੱਚ ਤੇ ਫੇਰ ਨਵੀਂ ਦਿੱਲੀ ਤੇ ਉਹ ਵੀ ਸਾਊਥ ਵਿਚ ਰਹਿਣ ਦੀ ਜ਼ਿਦ, ਮੈਂ ਖਿੱਚਿਆ ਤੁਰਿਆ ਆਇਆ ਸੀ ਤੇ ਉਸ ਵਿਚ ਮੈਂ ਹਜ਼ਾਰਾਂ ਖੂਬੀਆਂ ਲੱਭ ਲਈਆਂ ਸਨ। ਮੰਨਿਆਂ ਕਿ ਰਤਾ ਦੂਰ ਏ ਪਰ ਉਸ ਨਾਲ ਕੀ ਹੁੰਦਾ ਏ? ਦਿੱਲੀ ਵਿਚ ਦੂਰੀਆਂ ਦਾ ਭਲਾ ਕੋਈ ਮਤਲਬ ਹੈ? ਜੇ ਬੱਸਾਂ ਠੀਕ-ਠਾਕ ਹੋਣ ਤਾਂ ਜਿਹੋ-ਜਿਹਾ ਸੱਤ ਕਿਲੋਮੀਟਰ, ਉਹੋ ਜਿਹਾ ਸੱਤਰ। ਨਾਲੇ ਮੈਂ ਕਈ ਥਾਂਈਂ ਧੱਕੇ ਖਾ ਚੁੱਕਿਆ ਸੀ। ਪਹਿਲਾਂ ਜੰਗਪੁਰਾ ਐਕਸਟੈਂਸ਼ਨ, ਫੇਰ ਤਾਲ ਕਟੋਰਾ ਗਾਰਡਨ, ਫੇਰ ਨਿਊ ਰਾਜਿੰਦਰ ਨਗਰ, ਫੇਰ ਵਾਪਸ ਜੰਗਪੁਰਾ ਐਕਸਟੈਂਸ਼ਨ। ਮੈਂ ਭਾਂਡੇ ਟੀਂਡੇ ਚੁੱਕ ਕੇ ਏਧਰੋਂ ਉਧਰ ਭੱਜਦਾ ਹੋਇਆ ਤੰਗ ਆ ਗਿਆ ਸੀ ਤੇ ਕੁਝ ਸਾਲ ਇਕੋ ਥਾਂ ਆਰਾਮ ਨਾਲ ਰਹਿਣਾ ਚਾਹੁੰਦਾ ਸੀ।
ਤਿੰਨ ਸਾਲ ਪਹਿਲਾਂ ਕਾਲੋਨੀ ਨਵੀਂ-ਨਵੀਂ ਵੱਸੀ ਸੀ। ਮਸਜਿਦ ਮੋਠ ਤੇ ਤੁਗਲਕਾਬਾਦ ਦੇ ਵਿਚਕਾਰ ਇਕ ਜੰਗਲ ਹੁੰਦਾ ਸੀ—ਸੀ ਕੀ, ਹੈ—ਜਹਾਂਪਨਾਹ ਜੰਗਲ। ਉਸਦੇ ਸਾਹਮਣੇ ਸ਼ਾਇਦ ਕਦੀ ਦਿਲਸ਼ਾਦ ਸਰਾਏ ਨਾਂ ਦਾ ਇਕ ਉਜਾੜ ਜਿਹਾ ਪਿੰਡ ਹੁੰਦਾ ਸੀ। ਉਸਨੂੰ ਪੂਰੀ ਤਰ੍ਹਾਂ ਉਜਾੜ ਕੇ ਦਿੱਲੀ ਵਿਕਾਸ ਪ੍ਰਾਧੀਕਰਨ ਨੇ ਇਹ ਕਾਲੋਨੀ ਵਸਾਈ ਸੀ।
ਜਹਾਂਪਨਾਹ ਜੰਗਲ ਦੇ ਸਾਹਮਣੇ ਇਕ ਪੀਲਾ ਬੋਰਡ ਪਹਿਲਾਂ ਹੀ ਲੱਗਿਆ ਹੋਇਆ ਸੀ—
 ਦਿੱਲੀ ਡੇਵਲਪਮੈਂਟ ਅਥਾਰਿਟੀ
 ਜਹਾਂਪਨਾਹ
 ਸਿਟੀ ਫਾਰੇਸਟ
ਦੇਖਦੇ ਦੇਖਦੇ ਐਨ ਉਸਦੇ ਸਾਹਮਣੇ ਦਿਲਸ਼ਾਦ ਨਗਰ ਦਾ ਇਕ ਹੋਰ ਪੀਲਾ ਬੋਰਡ ਲੱਗ ਗਿਆ ਤੇ ਉੱਥੇ ਬੱਸਾਂ ਰੁਕਣ ਲੱਗ ਪਈਆਂ।
ਜਿਹੜੇ ਲੋਕ ਦੂਰਦਰਸ਼ੀ ਸਨ ਤੇ ਜਿਹਨਾਂ ਨੇ ਸਮੇਂ 'ਤੇ ਰਜਿਸਟਰੇਸ਼ਨ ਕਰਵਾ ਲਿਆ ਸੀ, ਦੇਖਦੇ-ਦੇਖਦੇ ਉਹਨਾਂ ਦੇ ਨਾਂ ਫਲੈਟ ਨਿਕਲ ਆਏ ਸਨ। ਕੁਝ ਆਪ ਆ ਵੱਸੇ ਸਨ ਪਰ ਵਧੇਰੇ ਲੋਕਾਂ ਨੇ ਆਪਣੇ ਫਲੈਟ ਕਿਰਾਏ ਉੱਤੇ ਦੇ ਦਿੱਤੇ ਸਨ। ਪਹਿਲਾਂ ਪਹਿਲਾਂ ਇੱਥੇ ਆਉਂਦੇ ਹੋਏ ਲੋਕ ਝਿਜਕਦੇ ਸਨ ਪਰ ਮਕਾਨਾਂ ਦੀ ਤੰਗੀ ਤੇ ਆਸਮਾਨ ਨੂੰ ਛੋਂਹਦੇ ਕਿਰਾਏ ਨੇ ਚੰਗਿਆਂ ਚੰਗਿਆਂ ਨੂੰ ਇੱਥੇ ਧਰੀਕ ਦਿੱਤਾ ਸੀ ਤੇ ਹੁਣ ਇਹ ਹਾਲ ਸੀ ਕਿ ਸਾਈਕਲ ਵਾਲੇ ਤੋਂ ਲੈ ਕੇ ਟੋਯੋਟਾ ਵਾਲੇ ਤਕ ਇਕੱਠੇ ਰਹਿਣ ਲੱਗ ਪਏ ਸਨ। ਬਸਤੀ ਪੰਜਰੰਗੀ ਹੋ ਗਈ ਸੀ—ਅਜੀਬ ਘਾਲੇ ਮਾਲੇ ਵਾਲੀ। ਨੌਕਰੀ ਪੇਸ਼ਾ ਲੋਕਾਂ ਵਿਚ ਛੋਟੇ, ਦਰਮਿਆਨੇ ਤੇ ਵੱਡੇ ਤਿੰਨੇ ਸਨ ਤੇ ਵਪਾਰ ਕਰਨ ਵਾਲਿਆਂ ਵਿਚ ਸਬਜ਼ੀ ਵੇਚਣ ਵਾਲਿਆਂ ਤੋਂ ਲੈ ਕੇ ਟ੍ਰਾਂਸਪੋਰਟ ਤੇ ਐਕਸਪੋਰਟਰਸ ਤਕ ਇਕੱਠੇ ਡਟੇ ਹੋਏ ਸਨ। ਕੁਝ ਅਜਿਹੇ ਲੋਕ ਵੀ ਸਨ ਜਿਹਨਾਂ ਦੇ ਧੰਦੇ ਦਾ ਪਤਾ ਨਹੀਂ ਸੀ ਲੱਗਦਾ ਪਰ ਜਿਹਨਾਂ ਕੋਲ ਖ਼ੁਦਾ ਦਾ ਦਿੱਤਾ ਸਭ ਕੁਝ ਸੀ; ਵੀਡੀਓ ਤਕ। ਸੋਲਾਂ ਸੌ ਸੱਠ ਫਲੈਟਾਂ ਵਾਲੀ ਇਸ ਕਾਲੌਨੀ ਦੀਆਂ ਇਮਾਰਤਾਂ ਟਾਹਲੀ ਦੇ ਰੁੱਖਾਂ ਜਿੱਡੀਆਂ ਉੱਚੀਆਂ ਸਨ, ਪੱਕੇ ਪੱਤੇ ਵਰਗੇ ਰੰਗ ਨਾਲ ਪੋਚੀਆਂ ਹੋਈਆਂ। ਤਿਮੰਜ਼ਿਲਾ ਸਨ ਤੇ ਹਰੇਕ ਸਕਵੇਰ ਵਿਚ ਚੌਂਠ ਫਲੈਟ ਸਨ। ਹਰੇਕ ਸਕਵੇਰ ਦੇ ਐਨ ਵਿਚਕਾਰ ਇਕ ਇਕ ਪਾਰਕ ਬਣਿਆ ਹੋਇਆ ਸੀ—ਇਹ ਵੱਖਰੀ ਗੱਲ ਏ ਕਿ ਹਰ ਪਾਰਕ ਬੱਚਿਆਂ ਲਈ ਖੇਡ ਦੇ ਮੈਦਾਨ ਵਿਚ ਬਦਲ ਚੁੱਕਿਆ ਸੀ—ਇਕ ਗੰਜੇ ਸਿਰ ਵਾਂਗ ਜਿਹੜਾ ਵਿਚਕਾਰੋਂ ਰੜਾ-ਪੱਟਕ ਹੁੰਦਾ ਏ ਪਰ ਜਿਸ ਦੇ ਕਿਨਾਰੇ-ਕਿਨਾਰੇ ਝਾਲਰਾਂ ਝੂਲ ਰਹੀਆਂ ਹੁੰਦੀਆਂ ਨੇ।
ਮੈਂ ਆਪਣੇ ਸਕਵੇਰ ਨੂੰ ਸਭ ਤੋਂ ਚੰਗਾ ਸਮਝਦਾ ਹਾਂ—ਬਸ ਉਂਜ ਈ ਹਾਲਾਂਕਿ ਕਾਰਨ ਲੱਭਣ ਲੱਗਾਂ ਤਾਂ ਪਸੰਦ ਨਾਲੋਂ ਵੱਧ ਨਾਪਸੰਦ ਕਰਨ ਦੇ ਹੋ ਜਾਣਗੇ। ਮੇਰੇ ਐਨ ਸਾਹਮਣੇ ਇਕ ਕੱਬਰ ਬਿੱਜੂ ਰਹਿੰਦਾ ਸੀ ਜਿਸ ਨਾਲ ਮੈਨੂੰ ਡਾਢੀ ਨਫ਼ਰਤ ਸੀ। ਇੱਥੇ ਇਕ ਕੈਪਟਨ ਸੀ ਜਿਹੜਾ ਆਦਮੀ ਨਾਲੋਂ ਵੱਧ, ਜੇਬਰਾ ਲੱਗਦਾ ਸੀ। ਇਕ ਬੈਂਕ ਵਾਲਾ ਸੀ, ਜਿਸਦੀ ਸ਼ਕਲ ਨਿਓਲੇ ਨਾਲ ਮਿਲਦੀ ਸੀ ਤੇ ਇਕ ਐਕਸਪੋਰਟਰ ਸੀ, ਜਿਸਨੂੰ ਦੇਖ ਕੇ ਭੇਡੀਆ ਯਾਦ ਆ ਜਾਂਦਾ ਸੀ। ਸਾਡੇ ਨਾਲ ਵਾਲੇ ਫਲੈਟ ਵਿਚ ਇਕ ਅਜਿਹਾ ਪਰਿਵਾਰ ਰਹਿੰਦਾ ਸੀ ਜਿਸ ਦੀ ਜਵਾਨ ਕੁੜੀ ਪਾਗਲ ਸੀ ਤੇ ਗੂੰਗੀ ਵੀ। ਉਸਨੂੰ ਮੌਕੇ ਬੇ-ਮੌਕੇ ਦੌਰੇ ਪੈਂਦੇ ਸਨ ਤੇ ਉਹ ਕਿਸੇ ਵੀ ਸਮੇਂ ਚੀਕਣਾ-ਕੂਕਣਾ ਸ਼ੁਰੂ ਕਰ ਦਿੰਦੀ ਸੀ। ਉਹ ਕੁਝ ਕਹਿ ਵੀ ਰਹੀ ਹੁੰਦੀ ਸੀ, ਪਰ ਕੀ—ਇਹ ਕਿਸੇ ਦੀ ਸਮਝ ਵਿਚ ਨਹੀਂ ਸੀ ਆਉਂਦਾ। ਅਕਸਰ ਰਾਤ ਨੂੰ ਉਸਦੀਆਂ ਚੀਕਾਂ ਸੁਣ ਕੇ ਅਸੀਂ ਘਬਰਾ ਕੇ ਉੱਠ ਬੈਠਦੇ ਸਾਂ ਕਿਉਂਕਿ ਹਨੇਰੇ ਵਿਚ ਉਹ ਆਵਾਜ਼ ਬੜੀ ਡਰਾਵਨੀ ਲੱਗਦੀ ਸੀ—ਖ਼ਾਮੋਸ਼ੀ ਵਿਚ ਚੀਕਦੀ ਹੋਈ ਜੰਗਲੀ ਬਿੱਲੀ ਵਰਗੀ।
ਸਕਵੇਰ ਨੂੰ ਜੇ ਮੁਹੱਲਾ ਕਿਹਾ ਜਾ ਸਕਦਾ ਸੀ ਤਾਂ ਇਸ ਮੁਹੱਲੇ ਵਿਚ ਕਿਸੇ ਦਾ ਕਿਸੇ ਦੇ ਆਉਣ-ਜਾਣ ਨਹੀਂ ਸੀ। ਕੈਪਟਨ ਜੇਬਰਾ ਤੇ ਕੱਬਰ ਬਿੱਜੂ ਵਰਗੇ ਇਕ ਦੋ ਫਾਲਤੂ ਲੋਕਾਂ ਨੂੰ ਛੱਡ ਕੇ, ਕਿਸੇ ਕੋਲ ਨਾ ਤਾਂ ਸਮਾਂ ਸੀ ਤੇ ਹੀ ਕਿਸੇ ਨਾਲ ਮਿਲਣ-ਵਰਤਨ ਦੀ ਇੱਛਾ। ਖ਼ੁਦ ਸਾਨੂੰ ਇੱਥੇ ਰਹਿੰਦਿਆਂ ਤਿੰਨ ਸਾਲ ਹੋ ਗਏ ਸੀ ਪਰ ਇਕ ਅੱਧੇ ਨੂੰ ਛੱਡ ਕੇ ਅਸੀਂ ਕਿਸੇ ਦਾ ਨਾਂ ਤਕ ਨਹੀਂ ਸੀ ਜਾਣਦੇ। ਪਹਿਲਾਂ ਅਸੀਂ ਫਲੈਟਾਂ ਦੇ ਨੰਬਰਾ ਨਾਲ ਕੰਮ ਚਲਾ ਲੈਂਦੇ ਸੀ, ਫੇਰ ਪਤਨੀ ਤੇ ਮੈਂ ਰਲ ਕੇ ਇਕ ਰਸਤਾ ਕੱਢਿਆ—ਉਸ ਰਸਤੇ ਸ਼ੁਗਲ ਵੀ ਹੋ ਜਾਂਦਾ ਸੀ ਤੇ ਸੌਖ ਵੀ ਬੜੀ ਸੀ। ਜਾਨਵਰਾਂ ਨਾਲ ਰਲਦੇ ਮਿਲਦੇ ਬੰਦੇ ਨੂੰ ਉਸ ਜਾਨਵਰ ਦਾ ਨਾਂ ਦੇ ਦਿੱਤਾ ਸੀ ਤੇ ਛੁੱਟੀ ਕੀਤੀ ਸੀ। ਖ਼ੁਦ ਮੈਨੂੰ ਪਿੱਠ ਪਿੱਛੇ ਸ਼ਾਇਦ ਗੋਹ ਕਿਹਾ ਜਾਂਦਾ ਸੀ। ਇਸ ਵਿਚ ਗਲਤੀ ਮੇਰੀ ਹੀ ਸੀ ਕਿ ਇਕ ਵਾਰੀ ਮਜ਼ਾਕ ਦੇ ਮੂਡ ਵਿਚ ਆ ਕੇ ਮੈਂ ਕਿਹਾ ਦਿੱਤਾ ਸੀ ਕਿ ਇਹ ਵੀ ਕੋਈ ਫਲੈਟ ਹੋਇਆ? ਮੈਨੂੰ ਤਾਂ ਇਹ ਇਕ ਅਜਿਹੀ ਦਰਾੜ ਵਰਗਾ ਲੱਗਾ ਏ, ਜਿਸ ਵਿਚ ਮੈਂ ਗੋਹ ਵਾਂਗ ਰਹਿ ਰਿਹਾਂ...
ਹਾਂ, ਇਸ ਪੱਖ ਤੋਂ ਇਕ ਆਦਮੀ ਖੁਸ਼ਨਸੀਬ ਸੀ...ਫਲੈਟ ਨੰਬਰ 38-ਬੀ ਵਾਲਾ ਖਿਸਕੇ। ਖਿਸਕੇ ਉਸ ਦਾ ਨਾਂ ਨਹੀਂ ਸੀ, ਅਸੀਂ ਲੋਕਾਂ ਨੇ ਰੱਖਿਆ ਹੋਇਆ ਸੀ—ਖਿਸਕੇ। ਉਹ ਇਸ ਲਈ ਕਿ ਉਹ ਆਪਣੀ ਜਗ੍ਹਾ ਤੋਂ ਖਿਸਕਿਆ ਹੋਇਆ ਸੀ ਯਾਨੀ ਥੋੜ੍ਹਾ ਜਿਹਾ ਪਾਗਲ ਸੀ। ਥੋੜ੍ਹਾ ਜਿਹਾ ਇਸ ਲਈ ਕਿ ਉਹ ਖਤਰਨਾਕ ਨਹੀਂ ਸੀ। ਖਤਰਨਾਕ ਇਸ ਕਰਕੇ ਨਹੀਂ ਸੀ ਕਿ ਉਹ ਨਾ ਤਾਂ ਕਿਸੇ ਨੂੰ ਤੰਗ ਕਰਦਾ ਸੀ ਤੇ ਨਾ ਈ ਚੀਕਦਾ-ਕੂਕਦਾ ਸੀ। ਸੱਚ ਤਾਂ ਇਹ ਹੈ ਕਿ ਉਹ ਕਿਸੇ ਨਾਲ ਫਾਲਤੂ ਬੋਲਦਾ ਈ ਨਹੀਂ ਸੀ। ਉਹ ਕੁਝ ਕਰਦਾ ਨਹੀਂ ਸੀ ਪਰ ਸਾਰਾ ਦਿਨ ਵਿਅਸਤ ਦਿਖਾਈ ਦਿੰਦਾ ਸੀ—ਗਲਤ ਨੂੰ ਠੀਕ ਕਰਦਾ ਹੋਇਆ। ਉਹ ਕੰਮ ਕਾਲੋਨੀ ਦੇ ਗਵਾਚੇ ਹੋਏ ਬੱਚਿਆਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਤੋਂ ਲੈ ਕੇ ਲੁੜਕੇ ਹੋਏ ਡਸਟਬਿਨ ਨੂੰ ਠੀਕ ਜਗ੍ਹਾ ਉੱਤੇ ਰੱਖਣ ਤਕ ਕੁਝ ਵੀ ਹੋ ਸਕਦਾ ਸੀ। ਕਾਫੀ ਅਰਸਾ ਪਹਿਲਾਂ ਉਹ ਪੁਲਸ ਵਿਚ ਸੀ—ਕੋਈ ਛੋਟਾ-ਮੋਟਾ ਅਫ਼ਸਰ। ਪਰ ਪਤਾ ਨਹੀਂ ਕੀ ਹੋਇਆ ਕਿ ਉਸ ਨੂੰ ਘਰ ਬਿਠਾ ਦਿੱਤਾ ਗਿਆ; ਸਮੇਂ ਤੋਂ ਪਹਿਲਾਂ! ਹੁਣ ਉਸ ਦਾ ਘਰ-ਬਾਰ ਸੀ, ਬੀਵੀ-ਬੱਚੇ ਸਨ, ਉਹ ਉਹਨਾਂ ਨਾਲ ਰਹਿੰਦਾ ਵੀ ਸੀ ਪਰ ਇਕ ਬੇਕਾਰ ਫਰਨੀਚਰ ਵਾਂਗ। ਪਤਨੀ ਕਿਸੇ ਕੰਪਨੀ ਵਿਚ ਕੰਮ ਕਰਦੀ ਸੀ ਸੋ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ।
ਉਸਦੀ ਚਾਲ ਢਾਲ ਵਿਚ ਈ ਕੋਈ ਅਜਿਹੀ ਗੱਲ ਸੀ ਕਿ ਉਹ ਅਚਾਨਕ ਕਿਸੇ ਦਾ ਵੀ ਧਿਆਨ ਆਪਣੇ ਵੱਲ ਖਿੱਚ ਲੈਂਦਾ ਸੀ, ਹਾਲਾਂਕਿ ਉਹ ਕਮੀਜ਼ ਦੇ ਨਾਲ ਪਾਜਾਮਾ ਪਾਉਂਦਾ ਸੀ ਤੇ ਸੱਜੇ ਪਹੁੰਚੇ ਨੂੰ ਪੱਟ ਕੋਲੋਂ ਚੂੰਢੀ ਵਿਚ ਭਰ ਕੇ ਨੇਫੇ ਤਕ ਚੁੱਕੀ ਤੇਜ਼-ਤੇਜ਼ ਤੁਰਦਾ ਸੀ—ਚੀਤੇ ਵਾਂਗ। ਉਹ ਅਕਸਰ ਅੰਦਰ ਜਾਣ ਲਈ ਆਪਣੇ ਗੇਟ ਕੋਲ ਖੜ੍ਹਾ ਰਹਿੰਦਾ ਸੀ; ਫੇਰ ਅੰਦਰ ਜਾਂਦਾ ਸੀ ਬਾਹਰ ਆਉਣ ਲਈ ਤੇ ਅਚਾਨਕ ਬੜੀ ਤੇਜ਼ੀ ਨਾਲ ਨਿਕਲ ਕੇ ਚੁਰਸਤੇ ਵੱਲ ਤੁਰ ਜਾਂਦਾ ਸੀ, ਵਾਪਸ ਆਉਣ ਲਈ। ਅਕਸਰ ਉਹ ਕਿਸੇ ਰਾਹੀ ਨੂੰ ਅਚਾਨਕ ਘੇਰ ਲੈਂਦਾ। ਉਸਨੂੰ ਰੋਕ ਕੇ ਕਹਿੰਦਾ—'ਸੁਣਨਾ, ਤੁਸੀਂ ਪੋਸਟ ਆਫ਼ਿਸ ਤਾਂ ਨਹੀਂ ਜਾ ਰਹੇ? ਜੇ ਨਹੀਂ ਵੀ ਜਾ ਰਹੇ ਤਾਂ ਵੀ ਮੇਰਾ ਇਕ ਕੰਮ ਕਰ ਦੇਣਾ ਪਲੀਜ਼। ਇਹ ਚਿੱਠੀ ਪਾ ਦੇਣਾ। ਬੜੀ ਜ਼ਰੂਰੀ ਏ।'
ਜ਼ਰੂਰੀ ਨਹੀਂ ਸੀ ਕਿ ਉਹ ਹਾਂ ਜਾਂ ਨਾਂਹ ਦੇ ਜਵਾਬ ਲਈ ਰੁਕੇ। ਉਸਦਾ ਕੰਮ ਸੀ ਰੋਕਣਾ, ਰੋਕ ਲਿਆ। ਚਿੱਠੀ ਫੜਾਉਣੀ ਸੀ, ਫੜਾ ਦਿੱਤੀ ਤੇ ਮੁੜਦੇ ਪੈਰੀਂ ਤੇਜ਼ੀ ਨਾਲ ਵਾਪਸ। ਅਸਲ ਵਿਚ ਉਹ ਇਕ ਕਾਗਜ਼ ਦਾ ਟੁਕੜਾ ਹੁੰਦਾ ਸੀ, ਕਿਸੇ ਬੇਨਾਮ ਨੂੰ ਸੰਬੋਧਨ ਕਰਕੇ ਸ਼ਿਕਾਇਤਾਂ ਨਾਲ ਭਰਿਆ ਹੋਇਆ। ਸ਼ਿਕਾਇਤਾਂ ਕੁਝ ਇਸ ਕਿਸਮ ਦੀਆਂ ਹੁੰਦੀਆਂ ਕਿ ਮੇਰੀ ਬੀਵੀ ਹਰਾਫ਼ਾ (ਚਰਿੱਤਰਹੀਣ) ਹੈ ਤੇ ਮੈਨੂੰ ਮਾਰਨਾ ਚਾਹੁੰਦੀ ਹੈ। ਉਸਨੇ ਮੇਰੇ ਬੱਚਿਆਂ ਨੂੰ ਸਿਖਾ ਦਿੱਤਾ ਹੈ ਕਿ ਉਹ ਮੈਨੂੰ ਤੰਗ ਕਰਨ। ਇਹ ਲੋਕ ਮੈਨੂੰ ਰੋਟੀ ਨਹੀਂ ਦਿੰਦੇ ਤੇ ਮੇਰੇ ਮਰਨ ਦੀ ਉਡੀਕ ਕਰ ਰਹੇ ਨੇ। ਮੇਰੇ ਗੁਆਂਢ ਵਿਚ ਰਹਿਣ ਵਾਲਾ ਬੁੱਢਾ ਕਾਲੂ ਲੈਂਪ ਪੋਸਟ ਦਾ ਬਲਬ ਤੁੜਾਅ ਦਿੰਦਾ ਹੈ ਤਾਂ ਕਿ ਉਹ ਹਨੇਰ ਵਿਚ ਬੈਠ ਕੇ ਸ਼ਰਾਬ ਪੀ ਸਕੇ ਤੇ ਮੁਹੱਲੇ ਦੀਆਂ ਨੂੰਹਾਂ-ਧੀਆਂ ਨੂੰ ਘੂਰ ਸਕੇ। ਉਹ ਬੜਾ ਹਰਾਮੀ ਹੈ—ਜਾਂ ਫਲਾਨੈ ਫਲੈਟ ਵਿਚ ਰਹਿਣ ਵਾਲੀ ਫਲਾਨੀ ਕਬੂਤਰੀ ਦੀ ਜਗ੍ਹਾ ਉਹ ਨਹੀਂ, ਉਸਦੀ ਜਗ੍ਹਾ ਹੈ ਫਲੈਟ ਨੰ:...। ਮੈਂ ਪੁਲਸ ਨੂੰ ਕਹਿ ਕੇ ਇਕ ਇਕ ਨੂੰ ਸਿੱਧਾ ਕਰਵਾ ਦਿਆਂਗਾ।
ਸ਼ੁਰੂ ਸ਼ੁਰੂ ਵਿਚ ਜਦੋਂ ਲੋਕ ਜਾਣਦੇ ਨਹੀਂ ਸਨ, ਇਕ ਅੱਧੀ ਵਾਰੀ ਰੱਫੜ ਵੀ ਪੈ ਗਿਆ ਸੀ ਪਰ ਜਦੋਂ ਲੋਕ ਸਮਝ ਗਏ ਤਾਂ ਉਹਨਾਂ ਨੇ ਧਿਆਨ ਦੇਣਾ ਛੱਡ ਦਿੱਤਾ। ਖਿਸਕੇ ਨੇ ਵੀ ਕੁਝ ਜ਼ਿਆਦਤੀ ਹੀ ਕੀਤੀ ਸੀ। ਉਸ ਨੇ ਗੁਆਂਢ ਦੀ ਇਕ ਅਤਿ ਸੁੰਦਰ ਜ਼ਨਾਨੀ ਨੂੰ ਉਸ ਦੇ ਘਰ ਜਾ ਕੇ ਅਜਿਹੀ ਹੀ ਕੋਈ ਚਿੱਠੀ ਫੜਾਈ ਸੀ ਤੇ ਹਰ ਰੋਜ਼ ਇਵੇਂ ਕਰਨਾ ਚਾਹੁੰਦਾ ਸੀ...

“ਤੁਸੀਂ ਕੀ ਕਰ ਰਹੇ ਓ?” ਪਾਰਕ ਵਿਚੋਂ ਬਾਹਰ ਜਾਂਦਿਆਂ ਹੋਇਆਂ ਖਿਸਕੇ ਨੇ ਮੈਨੂੰ ਪੁੱਛਿਆ। ਉਹ ਪਤਾ ਨਹੀਂ ਕਦੋਂ ਮੇਰਾ ਹਮਰਾਹੀ ਬਣ ਗਿਆ ਸੀ ਤੇ ਨਾਲ ਨਾਲ ਤੁਰਨ ਲੱਗ ਪਿਆ ਸੀ।
“ਕਿੱਥੇ ਕੀ ਕਰ ਰਿਹਾਂ...?”
“ਏਥੀ ਈ, ਹੋਰ ਕਿੱਥੇ?”
“ਉਹੀ ਕਰ ਰਿਹਾਂ, ਜੋ ਤੁਸੀਂ।” ਮੈਂ ਕਿਹਾ, “ਰਹਿ ਰਿਹਾਂ।”
“ਰਹਿ ਤਾਂ ਤੁਸੀਂ ਨਹੀਂ ਰਹੇ।” ਉਸਨੇ ਕੁਸੈਲ ਜਿਹੀ ਨਾਲ ਕਿਹਾ, “ਹਾਂ, ਘੁਸੜੇ ਹੋਏ ਜ਼ਰੂਰ ਓ। ਦਿਲਸ਼ਾਦ ਨਗਰ ਵਿਚ ਸਿਰਫ ਮੈਂ ਰਹਿ ਰਿਹਾਂ, ਬਾਕੀ ਸਾਰੇ ਘੁਸੜੇ ਹੋਏ ਨੇ। ਹਨੇਰੀ ਦਰਾੜ 'ਚ ਘੁਸੇ ਗੋਹ ਵਾਂਗ।”
ਮੈਨੂੰ ਲੱਗਿਆ ਉਹ ਮੇਰੇ ਉੱਤੇ ਵਿਅੰਗ ਕਰ ਰਿਹਾ ਹੈ। ਖਾਸ ਕਰਕੇ ਗੋਹ ਸੁਣ ਕੇ ਹੋਰ ਵੀ। ਇਸ ਕੰਬਖ਼ਤ ਨੂੰ ਵੀ ਪਤਾ ਏ ਕਿ ਮੈਨੂੰ ਗੋਹ ਕਿਹਾ ਜਾਂਦਾ ਏ।
“ਤੁਸੀਂ ਦੱਸੋ, ਤੁਸੀਂ ਕਿਹੜਾ ਤੀਰ ਮਾਰ ਰਹੇ ਓ?” ਮੈਂ ਹਿਰਖ ਕੇ ਕਿਹਾ।
“ਮਾਰ ਤਾਂ ਨਹੀਂ ਰਹੇ, ਹਾਂ ਹੁਣ ਜ਼ਰੂਰ ਮਾਰਾਂਗੇ। ਤੁਸੀਂ ਦੇਖਦੇ ਰਹਿ ਜਾਓਗੇ। ਮੈਂ ਪੁਲਸ ਨੂੰ ਕਹਿ ਕੇ ਇਕ ਇਕ ਨੂੰ ਠੀਕ ਕਰਵਾ ਦਿਆਂਗਾ।”
“ਉਹ ਤਾਂ ਤੁਸੀਂ ਕਰਵਾ ਈ ਰਹੇ ਓ।” ਮੈਂ ਹਾਦਸੇ ਵਾਲੇ ਫਲੈਟ ਵੱਲ ਇਸ਼ਾਰਾ ਕਰਕੇ ਕਿਹਾ। ਉੱਥੇ ਹੁਣ ਵੀ ਪੁਲਸ ਵਾਲੇ ਬੈਠੇ ਡੰਡੇ ਹਿਲਾਅ ਰਹੇ ਸਨ। ਮੈਂ ਹੱਸਣ ਲੱਗਾ।
ਉਹ ਮੈਨੂੰ ਕਈ ਪਲ ਤਕ ਘੂਰ ਘੂਰ ਕੇ ਦੇਖਦਾ ਰਿਹਾ। ਫੇਰ ਪਾਜਾਮੇਂ ਦੇ ਪਹੁੰਚੇ ਨੂੰ ਨੇਫੇ ਤਕ ਚੁੱਕੀ ਤੁਰ ਗਿਆ—ਘਰ ਵੱਲ ਨਹੀਂ, ਅਗਲੇ ਚੁਰਾਹੇ ਵੱਲ।

ਉਸ ਦਿਨ ਦਫ਼ਤਰ ਜਾਣ ਵਾਲੀ ਚਾਰਟਡ ਬੱਸ ਵਿਚ ਵੀ ਉਸੇ ਘਟਨਾ ਦੀ ਗੂੰਜ ਸੀ। ਲੋਕ ਗੁੱਸੇ ਵਿਚ ਸਨ, ਪਰ ਸਹਿਮੇ ਤੇ ਡਰੇ ਹੋਏ ਵੀ। ਆਪਣੀ ਹੀ ਕਾਲੋਨੀ ਵਿਚ ਏਨੀ ਵੱਡੀ ਘਟਨਾ ਹੋ ਗਈ ਸੀ—ਭਲਾ ਕੌਣ ਨਿਰਲੇਪ ਤੇ ਬਚਿਆ ਰਹਿ ਸਕਦਾ ਸੀ? ਉਂਜ ਇਸ ਕਿਸਮ ਦੀਆਂ ਘਟਨਾਵਾਂ ਦਿੱਲੀ ਵਿਚ ਹੁਣ ਕੋਈ ਨਵੀਂ ਗੱਲ ਨਹੀਂ ਰਹਿ ਗਈਆਂ ਸਨ। ਆਏ ਦਿਨ ਅਜਿਹੀਆਂ ਖ਼ਬਰਾਂ ਮਿਲਦੀਆਂ ਈ ਰਹਿੰਦੀਆਂ ਸਨ। ਹਰ ਘਟਨਾ ਦਾ ਸਾਰ ਇਕੋ ਜਿਹਾ ਹੁੰਦਾ ਸੀ, ਸਿਰਫ ਖੇਤਰ ਬਦਲ ਜਾਂਦਾ ਸੀ—ਕਦੀ ਕਰੋਲ ਬਾਗ਼ ਤੇ ਕਦੀ ਈਸਟ ਪਟੇਲ ਨਗਰ, ਅੱਜ ਰਾਜੌਰੀਗਾਰਡਨ ਤੇ ਕਲ੍ਹ ਜਮਨਾ ਪਾਰ ਦਾ ਆਦਰਸ਼ ਵਿਹਾਰ...
ਅਜੀਬ ਗੱਲ ਹੈ ਕਿ ਜਦੋਂ ਇਹੋ-ਜਿਹੀ ਘਟਨਾ ਕਿਤੇ ਹੋਰ ਹੁੰਦੀ ਏ, ਅਸੀਂ ਉਸਨੂੰ ਖ਼ਬਰ ਵਾਂਗ ਪੜ੍ਹ ਸੁਣ ਲੈਂਦੇ ਹਾਂ ਪਰ ਜਿਸ ਦਿਨ ਸਾਡੇ ਆਸ-ਪਾਸ ਹੁੰਦੀ ਏ, ਅਸੀਂ ਯਕਦਮ ਡਰ ਜਾਂਦੇ ਹਾਂ ਤੇ ਸਾਨੂੰ ਗੁੱਸਾ ਆਉਂਦਾ ਏ—ਖਾਸ ਤੌਰ 'ਤੇ ਸਰਕਾਰ ਉੱਤੇ।
ਇਹੀ ਗੁੱਸਾ ਬਸ ਦੇ ਲਗਭਗ ਸਾਰੇ ਯਾਤਰੀਆਂ ਦੇ ਚਿਹਰੇ ਉੱਤੇ ਸੀ। ਸਾਰਿਆਂ ਨੂੰ ਅਚਾਨਕ ਸਮਾਜ ਤੇ ਦੇਸ਼ ਦਾ ਚੇਤਾ ਆ ਗਿਆ ਸੀ ਤੇ ਕਾਨੂੰਨ ਤੇ ਪ੍ਰਬੰਧ ਉੱਤੇ ਘੁਰਕਿਆ ਜਾ ਰਿਹਾ ਸੀ, ਹਾਲਾਂਕਿ ਇਹ ਸਾਰੇ ਜਾਣਦੇ ਸਨ ਉਹ ਘੁਰਕਣ ਕਿਸ ਲਈ ਸੀ। ਹੋਰ ਤਾਂ ਹੋਰ ਮੈਂ ਵੀ ਸ਼ਰਮਿੰਦਾ ਨਹੀਂ ਸਾਂ ਕਿ ਮੇਰੇ ਹੀ ਸਕਵੇਰ ਦੀ ਦੁਰਘਟਨਾ ਦੀ ਤਫ਼ਸੀਲ ਦਾ ਮੈਨੂੰ ਬਸ ਵਿਚ ਪਤਾ ਲੱਗਿਆ ਸੀ ਤੇ ਉਹ ਵੀ ਹੋਰਾਂ ਤੋਂ! ਪਤਾ ਲੱਗਿਆ ਕਿ ਜਿਸ ਫਲੈਟ ਵਿਚ ਦੁਰਘਟਨਾ ਹੋਈ ਉਸ ਦੇ ਮਾਲਕ ਦਾ ਨਾਂ ਰਾਮੇਸ਼ਵਰ ਵਰਮਾ ਸੀ। ਪੰਤਾਲੀ-ਪੰਜਾਹ ਦੇ ਆਸ ਪਾਸ ਉਹ ਇਕ ਵਿਚਕਾਰਲੇ ਦਰਜੇ ਦਾ ਵਪਾਰੀ ਸੀ ਤੇ ਪਤਨੀ ਤੇ ਬੱਚੇ ਦੇ ਇਲਾਵਾ ਪਰਿਵਾਰ ਵਿਚ ਹੋਰ ਕੋਈ ਨਹੀਂ ਸੀ। ਭੈਣ ਮੇਰਠ ਵਿਚ ਸੀ ਤੇ ਵੱਡਾ ਭਰਾ ਬੰਬਈ ਵਿਚ। ਭਾਵੇਂ ਉਸਦੀ ਜਵਾਨ ਪਤਨੀ ਦੇ ਤਨ ਦੇ ਗਹਿਣਿਆਂ ਦੀ ਚਮਕ ਦਾ ਆਕਰਖਣ ਹੋਏ ਜਾਂ ਪੈਸਿਆਂ ਦਾ, ਰਿਵਾਲਵਰ ਤੇ ਲੋਹੇ ਦੇ ਸਰੀਆਂ ਨਾਲ ਲੈਸ ਹੋ ਕੇ ਤਿੰਨ ਲੁਟੇਰੇ ਇਕ ਕਾਰ ਵਿਚ ਹਨੇਰੀ-ਤੂਫ਼ਾਨ ਵਾਂਗ ਆਏ ਸਨ ਤੇ ਥੋੜ੍ਹੀ ਹੀ ਦੇਰ ਵਿਚ ਸਭ ਕੁਝ ਕਰ ਕਰਾ ਕੇ ਅੱਗੇ ਵਧ ਗਏ ਸਨ...ਅਗਲੀ ਕਾਲੋਨੀ ਨੂੰ ਲੁੱਟਣ ਖਾਤਰ। ਉਸ ਦਿਨ ਆਸੇ ਪਾਸੇ ਤਿੰਨ ਡਕੈਤੀਆਂ ਪਈਆਂ ਸਨ ਤੇ ਸਤ ਜਣਿਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ।
“ਉਸ ਬੱਚੇ ਦਾ ਕੀ ਹੋਇਆ?” ਮੈਂ ਅਚਾਨਕ ਗੱਲ ਨੂੰ ਵਿਚਕਾਰੋਂ ਟੁੱਕਦਿਆਂ ਹੋਇਆਂ ਪੁੱਛਿਆ। ਜਿਸ ਨੂੰ ਮੈਂ ਸਵਾਲ ਕੀਤਾ ਸੀ, ਉਹ ਪੂਰਾ ਜਾਣਕਾਰ ਜਾਪਦਾ ਸੀ। ਪਤਾ ਨਹੀ ਕਿਉਂ ਉਸਦਾ ਸਾਰਾ ਸਰੀਰ ਚਿਤਕਬਰਾ ਸੀ ਤੇ ਉਹ ਚੀਤਲ ਵਰਗਾ ਲੱਗਦਾ ਸੀ। ਪਰ ਉਸਨੇ ਸੁਣ ਕੇ ਵੀ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ।
ਮੇਰੇ ਨਾਲ ਬੈਠੇ ਰੋਜ਼ ਦੇ ਸਹਿ-ਯਾਤਰੀ ਤੇ ਇੰਡੀਅਨ ਏਅਰ ਲਾਈਨ ਦੇ ਸੁਕੁਮਾਰ ਬਨਰਜੀ ਨੇ ਇਕ ਵਾਰੀ ਮੇਰੇ ਵੱਲ ਦੇਖਿਆ, ਫੇਰ ਉਹ ਆਸਪਾਸ ਦੇ ਮਾਹੌਲ ਵੱਲੋਂ ਨਿਰਲੇਪ ਜਿਹਾ ਹੋ ਕੇ ਖਿੜਕੀ 'ਚੋਂ ਬਾਹਰ ਦੇਖਣ ਲੱਗ ਪਿਆ—ਸਾਹਮਣੇ ਹਰਿਆਲੀ ਨੂੰ, ਪਿੱਛੇ ਵੱਲ ਨੱਸਦੇ ਜਾ ਰਹੇ ਰੁੱਖਾਂ ਨੂੰ, ਬਿਨਾਂ ਬੱਦਲਾਂ ਵਾਲੇ ਆਕਾਸ਼ ਨੂੰ ਤੇ ਉਸ ਹਵਾ ਨੂੰ ਜਿਸ ਵਿਚ ਸੋਨੇ ਵਰਗੀ ਧੁੱਪ ਘੁਲੀ ਹੋਈ ਸੀ। ਦਿੱਲੀ ਵਿਚ ਇਹ ਦਸੰਬਰ ਦੇ ਆਖ਼ਰੀ ਦਿਨ ਸਨ ਜਦੋਂ ਧੁੱਪ ਬੜੀ ਨਰਮ ਹੁੰਦੀ ਏ, ਹਵਾ ਬੜੀ ਤੇਜ਼ ਤੇ ਰੁੱਖਾਂ ਦੇ ਪੱਤੇ ਨਿੱਖਰ ਕੇ ਵਧੇਰੇ ਹਰੇ ਹੋ ਜਾਂਦੇ ਨੇ—ਪੀਲੇ ਪੱਤਿਆਂ ਨੂੰ ਕੇਰ ਕੇ।
ਬਸ ਇੰਡੀਆ ਗੇਟ ਕੋਲੋਂ ਲੰਘ ਰਹੀ ਸੀ।
“ਕੀ ਤੁਸੀਂ ਕਦੇ ਇਸ ਜਹਾਂਪਨਾਹ ਜੰਗਲ ਨੂੰ ਦੇਖਿਆ ਏ?”
ਅਜੇ ਕੁਝ ਦਿਨ ਪਹਿਲਾਂ ਹੀ ਬਨਰਜੀ ਨੇ ਮੈਨੂੰ ਪੁੱਛਿਆ ਸੀ। ਅਸੀਂ ਦੋਵੇਂ ਬਸ ਉਡੀਕ ਰਹੇ ਸਾਂ ਤੇ ਜਹਾਂਪਨਾਹ ਜੰਗਲ ਦੇ ਸਾਹਮਣੇ ਹੀ ਖੜ੍ਹੇ ਸਾਂ।
“ਮੈਂ ਅਕਸਰ ਸੋਚਦਾ ਆਂ ਕਿ ਇਸ ਰਹੱਸਮਈ ਜੰਗਲ ਨੂੰ ਅੰਦਰੋਂ ਦੇਖਿਆ ਜਾਏ। ਇਹ ਸਾਹਵੇਂ ਟਾਹਲੀ ਦੇ ਰੁੱਖ ਨੇ ਤੇ ਅੰਦਰ ਸ਼ਾਇਦ ਬਹੁਤ ਸਾਰੇ ਅਨਾਰ ਲੱਗੇ ਹੋਏ ਹੋਣ! ਅਕਸਰ ਸਵੇਰੇ ਸਵੇਰੇ ਜਦੋਂ ਬਹੁਤ ਸਾਰੇ ਮੋਰਾਂ ਦੀ ਆਵਾਜ਼ ਏਧਰੋਂ ਆਉਂਦੀ ਏ ਤਾਂ ਮੈਨੂੰ ਬੇਚੈਨੀ ਜਿਹੀ ਹੋਣ ਲੱਗ ਪੈਂਦੀ ਏ; ਹੁਣੇ ਚੱਲੀਏ। ਲੱਗਦਾ ਏ ਦੇਖਣਾ ਚਾਹੀਦਾ ਏ ਕਿ ਆਖ਼ਰ ਇਸ ਤੋਂ ਲੋਕ ਡਰਦੇ ਕਿਉਂ ਨੇ! ਏਨੀਆਂ ਸਾਰੀਆਂ ਕਹਾਣੀਆਂ ਇਸ ਬਾਰੇ ਕਹੀਆਂ ਸੁਣੀਆਂ ਜਾਂਦੀਆਂ ਨੇ। ਕਿਉਂ ਆਏ ਦਿਨ ਕਿਸੇ ਨਾ ਕਿਸੇ ਆਦਮੀ ਦੀ ਵੱਢੀ-ਟੁੱਕੀ ਲਾਸ਼ ਇੱਥੋਂ ਮਿਲਦੀ ਏ? ਪਰ ਫੇਰ ਸੋਚਦਾਂ...”
ਕਹਿੰਦਾ ਕਹਿੰਦਾ ਬਨਰਜੀ ਚੁੱਪ ਹੋ ਗਿਆ ਸੀ ਤੇ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਸੀ ਕਿ ਉਹ ਇਕ ਫ਼ਾਖ਼ਤਾ ਵਾਂਗ ਮਾਸੂਮ ਲੱਗ ਰਿਹਾ ਹੈ। ਉਸਨੇ ਇਕ ਵਾਰੀ ਮੇਰੇ ਵੱਲ ਆਪਣੀਆਂ ਗੋਲ ਗੋਲ ਤੇ ਗੁਲਾਬੀ ਅੱਖਾਂ ਨਾਲ ਦੇਖਿਆ ਸੀ ਤੇ ਫੇਰ ਭਾਵੁਕ ਆਵਾਜ਼ ਵਿਚ ਕਿਹਾ ਸੀ—“ਪਤਾ ਨਹੀਂ ਕੀ ਸੋਚਦਾ ਆਂ...ਤੁਸੀਂ ਦੱਸੋ!”

ਦਿੱਲੀ ਵਿਚ ਚਾਰਟਡ ਬੱਸਾਂ ਜਿੰਨਾਂ ਵਰਗੀਆਂ ਹੁੰਦੀਆਂ ਨੇ। ਉਹ ਰੋਜ਼ ਸਾਨੂੰ ਇਕ ਖਾਸ ਸਮੇਂ 'ਤੇ ਘਰਾਂ ਵਿਚੋਂ ਕੱਢਦੀਆਂ ਨੇ ਤੇ ਆਪਣੇ ਆਪਣੇ ਦਫ਼ਤਰਾਂ ਵਿਚ ਇਕੱਠੇ ਕਰ ਦਿੰਦੀਆਂ ਨੇ। ਰੋਜ਼ ਸਾਮ ਨੂੰ ਉਹ ਕੁਝ ਖਾਸ ਖਾਸ ਜਗਾਹਾਂ ਤੋਂ ਚੁੱਕਦੀਆਂ ਨੇ ਤੇ ਠੀਕ ਸਮੇਂ 'ਤੇ ਸਾਨੂੰ ਆਪਣੇ ਆਪਣੇ ਘਰਾਂ ਵਿਚ ਸੁੱਟ ਜਾਂਦੀਆਂ ਨੇ। ਅਸੀਂ ਜਿੰਨਾਂ ਤੋਂ ਬਚਣਾ ਚਾਹੁੰਦੇ ਹਾਂ ਪਰ ਹਰ ਵਾਰੀ ਆਪਣੇ ਆਪ ਨੂੰ ਇਹਨਾਂ ਦੇ ਹਵਾਲੇ ਕਰ ਦਿੰਦੇ ਹਾਂ—ਇਹ ਜਾਣਦੇ ਹੋਏ ਵੀ ਕਿ ਇਹ ਸਾਨੂੰ ਉੱਥੇ ਲੈ ਜਾਂਦੇ ਜਾਂ ਆਉਂਦੇ ਨੇ, ਜਿੱਥੇ ਅਸੀਂ ਜਾਣਾ ਨਹੀਂ ਚਾਹੁੰਦੇ। ਸ਼ਾਇਦ ਇਸੇ ਲਈ ਜਾਂਦੇ ਜਾਂ ਆਉਂਦੇ ਹੋਏ ਅਸੀਂ ਅਕਸਰ ਚੁੱਪ ਰਹਿੰਦੇ ਹਾਂ।
ਪਰ ਉਸ ਸ਼ਾਮ ਵਾਪਸ ਘਰ ਪਰਤਦਿਆਂ ਹੋਇਆਂ ਮੈਂ ਚੁੱਪ ਹੀ ਨਹੀਂ ਸੀ, ਇਕ ਧੜਕਾ ਵੀ ਲੱਗਿਆ ਹੋਇਆ ਸੀ ਮੈਨੂੰ। ਜਿਵੇਂ ਮੈਂ ਜਾਣਦਾ ਸੀ ਕਿ ਘਰ ਦੇ ਆਸੇ ਪਾਸੇ ਕੁਝ ਡਰਾਵਨਾ ਜਿਹਾ ਮੇਰੀ ਉਡੀਕ ਕਰ ਰਿਹਾ ਏ—ਹਨੇਰੇ ਖੰਡਰ ਵਿਚ ਲਟਕੇ ਹੋਏ ਚਮਗਿੱਦੜ ਵਾਂਗ। ਪਤਨੀ ਗੇਟ 'ਤੇ ਈ ਮਿਲੀ, ਉਡਕਦੀ ਹੋਈ ਨਹੀਂ, ਸਹਿਮੀ ਹੋਈ ਬਿੱਲੀ ਵਾਂਗ ਇਕ ਪਾਸੇ ਦੇਖਦੀ ਹੋਈ। ਰਾਮੇਸ਼ਵਰ ਵਰਮਾ ਦੇ ਫਲੈਟ ਦੇ ਸਾਹਮਣੇ ਜਿਹੜੇ ਦੋ ਚਾਰ ਜਣੇ ਮੂੰਹ ਲਟਕਾਈ ਖੜ੍ਹੇ ਸਨ ਉਹਨਾਂ ਵਿਚ ਖਿਸਕੇ ਵੀ ਸੀ। “ਕੀ ਹੋਇਆ?” ਮੈਂ ਘਬਰਾ ਕੇ ਪੁੱਛਿਆ ਤਾਂ ਪਤਨੀ ਨੇ ਉਸ ਫਲੈਟ ਵੱਲ ਇਸ਼ਾਰਾ ਕਰ ਦਿੱਤਾ।
ਪਤਾ ਲੱਗਿਆ ਕਿ ਰਾਮੇਸ਼ਵਰ ਵਰਮਾ ਬਚ ਨਹੀਂ ਸਕਿਆ ਤੇ ਉਸ ਦੀ ਪਤਨੀ ਹੁਣ ਵੀ ਹਸਪਤਾਲ ਵਿਚ ਬੇਹੋਸ਼ ਪਈ ਏ। ਬੱਚਾ ਪਤਾ ਨਹੀਂ ਕਿੱਥੇ ਸੀ।
ਪਤਾ ਲੱਗਿਆ ਕਿ ਰਾਮੇਸ਼ਵਰ ਵਰਮਾ ਦੀ ਛੋਟੀ ਭੈਣ ਖ਼ਬਰ ਸੁਣਦਿਆਂ ਈ ਮੇਰਠ ਤੋਂ ਆ ਗਈ ਏ। ਆਈ ਸੀ ਉਹ ਭਰਾ ਭਰਜਾਈ ਨੂੰ ਦੇਖਣ ਪਰ ਘਰੇ ਸਵਾਗਤ ਕੀਤਾ ਇਕ ਅੱਧੇ ਗੁਆਂਢੀ ਤੇ ਪੁਲਿਸ ਦੇ ਉਸ ਸਿਪਾਹੀ ਨੇ ਜਿਹੜਾ ਲਾਸ਼ ਲੈ ਕੇ ਉਸੇ ਸਮੇਂ ਹਸਪਤਾਲੋਂ ਆਇਆ ਸੀ।
ਮੈਂ ਦੇਖਿਆ ਸਕਵੇਰ ਵਿਚ ਕਿਤੇ ਕੋਈ ਹਲਚਲ ਨਹੀਂ ਸੀ। ਹੋਰ ਤਾਂ ਹੋਰ, ਉਸ ਫਲੈਟ ਵਿਚੋਂ ਵੀ ਰੋਣ ਦੀ ਆਵਾਜ਼ ਨਹੀਂ ਆ ਰਹੀ ਸੀ।
ਹਾਂ, ਗੁਵਾਂਢੀਆਂ ਦੀ ਗੂੰਗੀ ਤੇ ਪਾਗਲ ਕੁੜੀ ਜ਼ਰੂਰ ਸ਼ਾਮ ਹੁੰਦਿਆਂ ਹੀ ਚੀਕਣ ਲੱਗ ਪਈ ਸੀ। ਅੱਜ ਉਸ ਦੀ ਆਵਾਜ਼ ਕਾਫੀ ਹਿੰਸਕ ਤੇ ਬਾਗੀ ਲੱਗੀ...

ਦਿਲਸ਼ਾਦ ਨਗਰ ਵਿਚ ਸ਼ਾਮ ਰੋਜ਼ ਵਾਂਗ ਹੋਈ। ਰਾਤ ਵੀ ਉਸੇ ਤਰ੍ਹਾਂ ਆਈ। ਕਾਲੋਨੀ ਦੀਆਂ ਸੜਕਾਂ ਉਸੇ ਤਰ੍ਹਾਂ ਗੁਲਜ਼ਾਰ ਬਣੀਆਂ ਹੋਈਆਂ ਸਨ—ਫੜ੍ਹੀਆਂ ਵਾਲੇ, ਫੇਰੀ ਵਾਲੇ ਤੇ ਆਈਸਕਰੀਮ ਵਾਲਿਆਂ ਦੀਆਂ ਰੇੜ੍ਹੀਆਂ ਨਾਲ। ਬੱਚਿਆਂ ਦੀ ਉਂਗਲ ਫੜ੍ਹੀ ਸੁੰਦਰ ਔਰਤਾਂ, ਮਸਤੀ ਮਾਰਦੀਆਂ ਨੌਜਵਾਨਾਂ ਦੀਆਂ ਟੋਲੀਆਂ ਤੇ ਜੀਂਸ ਵਿਚ ਮਟਕਦੀਆਂ ਹੋਈਆਂ ਕੁੜੀਆਂ...ਖ਼ੁਦ ਆਪਣੇ ਸਕਵੇਰ ਨੂੰ ਦੇਖ ਕੇ ਵਿਸ਼ਵਾਸ ਕਰਨਾ ਔਖਾ ਸੀ ਕਿ ਉੱਥੋਂ ਦੇ ਇਕ ਸੁੰਨੇ ਫਲੈਟ ਵਿਚ ਇਕ ਮਈਅਤ (ਲਾਸ਼) ਪਈ ਏ ਤੇ ਭੈਣ ਆਪਣੇ ਬੰਬਈ ਵਾਲੇ ਭਰਾ ਦੀ ਉਡੀਕ ਕਰ ਰਹੀ ਏ।
ਰਾਤ ਦੇ ਕੋਈ ਗਿਆਰਾਂ ਵੱਜੇ ਸਨ। ਮੈਂ ਕਾਲੋਨੀ ਦੀ ਖਾਸ ਸੜਕ ਉੱਤੇ ਆਪਣੀ ਆਦਤ ਅਨੁਸਾਰ ਟਹਿਲ ਰਿਹਾ ਸਾਂ, ਜਾਂ ਸੱਚ ਕਹਾਂ ਤਾਂ ਲੁੱਟਰ ਕੁੱਤੇ ਵਾਂਗ ਸ਼ਿਕਾਰ ਦੀ ਟੋਹ ਵਿਚ ਸਾਂ, ਰੋਜ਼ ਵਾਂਗ। ਸੜਕ ਦੇ ਇਕ ਪਾਸੇ ਰੋਸ਼ਨੀ ਸੀ, ਦੂਜੇ ਪਾਸੇ ਹਨੇਰਾ। ਮੈਂ ਲੂੰਬੜੀ ਦੀ ਚਾਲ ਨਾਲ ਚਹਿਲ ਕਦਮੀਂ ਕਰ ਰਿਹਾ ਸਾਂ ਕਿ ਅਚਾਨਕ ਕਿਸੇ ਨੇ ਮੈਨੂੰ ਫੜ ਲਿਆ, ਮੋਢੇ ਤੋਂ। ਤ੍ਰਬਕ ਕੇ ਦੇਖਿਆ ਤਾਂ ਖਿਸਕੇ ਸੀ। ਉਹ ਹਨੇਰੇ ਵਿਚ ਪ੍ਰੇਤ ਵਾਂਗ ਮੈਨੂੰ ਘੂਰ ਰਿਹਾ ਸੀ। ਫੇਰ ਉਸਨੇ ਇਕ ਚਿੱਠੀ ਫੜਾਈ। ਉਹ ਉਹਨਾਂ ਲੋਕਾਂ ਵਿਚੋਂ ਸੀ ਜਿਹੜੇ ਸ਼ਾਮ ਹੁੰਦਿਆਂ ਹੀ ਸੌਂ ਜਾਂਦੇ ਨੇ। ਮੈਨੂੰ ਹੈਰਾਨੀ ਹੋਈ ਕਿ ਅੱਜ ਉਹ ਏਨੀ ਰਾਤ ਨੂੰ ਹਨੇਰੇ ਵਿਚ ਕਿੰਜ ਭਟਕ ਰਿਹਾ ਹੈ?
ਕਿਹਾ, “ਜ਼ਰੂਰੀ ਏ, ਬੜੀ ਜ਼ਰੂਰੀ...”
ਤੇ ਕਾਹਲ ਨਾਲ ਤੁਰ ਗਿਆ।
ਮੈਂ ਉਹ ਚਿੱਠੀ ਬੇਧਿਆਨੀ ਜਿਹੀ ਨਾਲ ਦਿਲ ਕੋਲ ਉਪਰਲੀ ਜੇਬ ਵਿਚ ਰੱਖ ਲਈ—ਇੰਜ ਜਿਵੇਂ ਉਸ ਨੂੰ ਸਹੀ ਠਿਕਾਣੇ 'ਤੇ ਪਹੁੰਚਾ ਦਿੱਤਾ ਹੋਏ। ਉਸ ਵਿਚ ਲਿਖਿਆ ਕੀ ਹੋਏਗਾ, ਸ਼ਾਇਦ ਇਹ ਮੈਂ ਜਾਣਦਾ ਸੀ। ਪਰ ਇਹ ਨਹੀਂ ਜਾਣਾ ਸੀ ਕਿ ਉਹ ਚਿੱਠੀ ਪਹਿਲੀ ਵਾਰੀ ਜਿਸ ਦੇ ਨਾਂ ਭੇਜੀ ਜਾ ਰਹੀ ਹੈ, ਉਸਦਾ ਪਤਾ ਹੋਏਗਾ...:
 ਦਿੱਲੀ ਡੇਵਲਪਮੈਂਟ ਅਥਾਰਿਟੀ
 ਜਹਾਂਪਨਾਹ
 ਸਿਟੀ ਫਾਰੇਸਟ।
------------------------------------

    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.      

Saturday, April 16, 2011

ਲੇਖਕ ਤੇ ਪ੍ਰਤੀਬੱਧਤਾ :: ਉਦੈ ਪ੍ਰਕਾਸ਼




ਵਿਸ਼ੇਸ਼ ਲੇਖ :
ਲੇਖਕ ਤੇ ਪ੍ਰਤੀਬੱਧਤਾ
ਲੇਖਕ : ਉਦੈ ਪ੍ਰਕਾਸ਼
ਅਨੁਵਾਦ : ਮਹਿੰਦਰ ਬੇਦੀ, ਜੈਤੋ


ਪ੍ਰਤੀਬੱਧਤਾ ਇਕ ਤਰ੍ਹਾਂ ਦਾ ਲਿਟਰੇਰੀ ਡਿਸਕੋਰਸ ਸੀ—ਪਾਲੀਟੀਕਲ ਸੋਸ਼ਲ ਸਾਇੰਟੀਫਿਕਲ ਡਿਸਕੋਰਸ ਸੀ—ਇਸਦਾ ਇਕ ਇਤਿਹਾਸ ਹੈ। ਇਕ ਟਰਮ ਸੀ—'ਪ੍ਰਤੀਬੱਧਤਾ ਤੇ ਜੁੜੇ-ਹੋਣਾ'। ਇਸ ਉੱਤੇ ਬੜੀ ਡਿਬੇਟ ਹੋਈ। 1968 ਵਿਚ ਜਦੋਂ ਯੂਰਪ ਵਿਚ ਵਿਦਿਆਰਥੀ ਅੰਦੋਲਨ ਸ਼ੁਰੂ ਹੋਏ ਸਨ ਤੇ ਸਿਰਫ ਨੌਜਵਾਨ ਪੀੜ੍ਹੀ ਦਾ ਆਪਣੇ ਸਮੇਂ ਦੀ ਪ੍ਰਚਲਿਤ ਰਾਜਨੀਤੀ ਨਾਲੋਂ ਇਕ ਤਰ੍ਹਾਂ ਨਾਲ ਮੋਹ-ਭੰਗ ਹੋ ਗਿਆ ਸੀ। ਨੌਜਵਾਨ ਪੀੜ੍ਹੀ ਤੇ ਖਾਸ ਤੌਰ 'ਤੇ ਵਿਦਿਆਰਥੀ ਇਸ ਅੰਦੋਲਨ ਵਿਚ ਕੁੱਦ ਪਏ ਸਨ, ਜਿਹਨਾਂ ਰਾਜਨਤੀਤੀ ਵਿਚ ਦਖ਼ਲ ਦਿੱਤਾ। ਉਸ ਸਮੇਂ ਜਯਾਂ ਪਾਲ ਸਾਰਤਰ ਤੇ ਬਹੁਤ ਸਾਰੇ ਹੋਰ ਦਾਰਸ਼ਨਿਕਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ। ਉਦੋਂ ਪ੍ਰਤੀਬੱਧਤਾ ਦਾ ਸਵਾਲ ਬੜੀ ਤੇਜ਼ੀ ਨਾਲ ਯੂਰਪ ਤੋਂ ਹੁੰਦਾ ਹੋਇਆ ਸਾਡੇ ਇੱਥੋਂ ਤੀਕ ਆਣ ਪਹੁੰਚਿਆ। ਸੰਯੋਗ ਨਾਲ ਇਹ ਉਹੀ ਸਮਾਂ ਸੀ, ਜਦੋਂ ਇੱਥੇ ਭਾਰਤੀ ਸਮਾਜ ਵਿਚਕਾਰ, ਅਰਥ-ਵਿਵਸਥਾ ਤੇ ਖਾਸ ਕਰਕੇ ਪਿੰਡਾਂ ਦੀ ਅਰਥ-ਵਿਵਸਥਾ ਵਿਚਕਾਰ, ਚੋਖੇ ਅੰਤਰ-ਵਿਰੋਧ ਸਨ। ਉਦੋਂ ਇੱਥੇ ਨਕਸਲਾਈਟ ਮੂਵਮੈਂਟ ਦੀ ਸ਼ੁਰੂਆਤ ਹੋਈ। ਇਕ ਨਵੀਂ ਉਥਲ-ਪੁਥਲ ਹੋ ਰਹੀ ਸੀ—ਕਾਂਗਰਸ ਦੀਆਂ, ਨਹਿਰੂ ਦੀਆਂ ਤੇ ਰਲੀ-ਮਿਲੀ ਅਰਥ-ਵਿਵਸਥਾ ਦੀਆਂ ਤੇ ਹੋਰ ਜਿਹੜੀਆਂ ਵੀ ਅਜਿਹੀਆਂ ਨੀਤੀਆਂ ਸਨ, ਪਹਿਲੀ ਵਾਰੀ ਉਹਨਾਂ ਸਭਨਾਂ ਨਾਲੋਂ, ਬੜੇ ਵੱਡੇ ਪੈਮਾਨੇ 'ਤੇ, ਮੋਹ-ਭੰਗ ਹੋਇਆ। 1967 ਵਿਚ ਰਲੀਆਂ-ਮਿਲੀਆਂ ਸਰਕਾਰਾਂ ਬਣੀਆਂ ਤੇ ਉਹ ਕੁਝ ਅਜਿਹੀਆਂ ਸਰਕਾਰਾਂ ਸਨ ਜਿਹਨਾਂ ਵਿਚ ਆਪੋਜਿਟ ਪੋਲਸ ਹੋਏ ਸਨ। ਜਿਹੜੇ ਰਾਜਨੀਤਕ 'ਧਰੁਵ' ਸਨ, ਉਹ ਇਕ ਹੋ ਗਏ। ਕਈ ਰਾਜ ਅਜਿਹੇ ਸਨ ਜਿੱਥੇ ਕਮਿਊਨਿਸਟ ਪਾਰਟੀਆਂ, ਸੰਪਰਦਾਇਕ ਪਾਰਟੀਆਂ ਜਾਂ ਦੱਖਣ-ਪੰਥੀ ਪ੍ਰਤੀਕ੍ਰਿਆਵਾਦੀ ਪਾਰਟੀਆਂ ਸਨ—ਉਹਨਾਂ ਕਾਂਗਰਸ ਦੇ ਵਿਰੋਧ ਵਿਚ ਰਲ ਕੇ ਸਾਂਝੀ ਸਰਕਾਰ ਬਣਾਈ। ਉਸ ਸਮੇਂ ਸਾਹਿਤ ਤੇ ਹਿੰਦੀ ਵਿਚ ਪ੍ਰਤੀਬੱਧਤਾ ਦਾ ਸਵਾਲ ਬੜੀ ਤੇਜ਼ੀ ਨਾਲ ਉਭਰਿਆ—ਤੇ ਅੱਜ ਵੀ, 80 ਦੇ ਦਹਾਕੇ ਤੋਂ ਬਾਅਦ 1989 ਦੇ ਸਮੇਂ ਦੀ, ਉਹ ਘਟਨਾ ਦੁਨੀਆਂ ਦੇ ਇਤਿਹਾਸ ਵਿਚ ਇਕ ਟਰਨਿੰਗ ਪਵਾਇੰਟ ਵਜੋਂ ਦਰਜ ਹੈ। ਜਿਸ ਦੇ ਨਾਲ ਹੀ, ਇਕ ਤਰ੍ਹਾਂ ਨਾਲ, ਸਮਾਜਵਾਦ ਦਾ ਅੰਤ ਹੋ ਗਿਆ ਸੀ—ਸਮਾਜਵਾਦੀ ਵਿਚਾਰਧਾਰਾ ਦਾ ਨਹੀਂ, ਬਲਕਿ ਇਹ ਕਹੀਏ ਕਿ ਜਿਸ ਤਰ੍ਹਾਂ ਦਾ ਸਮਾਜਵਾਦ ਉਸ ਰਾਜ ਭਾਗ ਵਿਚ ਮੌਜ਼ੂਦ ਸੀ, ਉਹ ਸਮਾਪਤ ਹੋ ਗਿਆ ਸੀ। ਬਰਲਿਨ ਦੀ ਕੰਧ ਨਹੀਂ ਰਹੀ। ਸੋਵੀਅਤ ਰਾਜ ਮੁੜ ਆਪਣੇ ਛੋਟੇ-ਛੋਟੇ ਗਣਰਾਜਾਂ ਵਿਚ ਖਿੱਲਰ-ਪੁੱਲਰ ਗਿਆ। ਇੰਜ ਲੱਗਿਆ, ਦੁਨੀਆਂ ਵਿਚ ਇਕੋ 'ਧਰੁਵ' ਹੈ ਅਮਰੀਕਾ ਤੇ ਸਾਮਾਜਿਕ ਵਿਕਾਸ ਦਾ ਸਿਰਫ ਇਕੋ ਮਾਡਲ ਬਚਿਆ ਹੈ—ਉਹ ਹੈ ਪੂੰਜੀਵਾਦ।
ਅੱਜ ਜਦੋਂ ਅਸੀਂ ਪ੍ਰਤੀਬੱਧਤਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਦੋਵਾਂ ਦੀਆਂ ਸੀਮਾਵਾਂ ਤੇ ਅਸਫਲਤਾਵਾਂ ਸਾਕਾਰ-ਰੂਪ ਵਿਚ ਮੌਜ਼ੂਦ ਹਨ। ਵਿਸ਼ਵ-ਸਾਮਰਾਜਵਾਦ—ਜਿਹੜਾ ਨਵੀਂ ਪੂੰਜੀ ਤੇ ਨਵੀਂ ਤਕਨੀਕ ਦੇ ਨਾਲ ਸਾਹਵੇਂ ਆਇਆ ਹੈ ਤੇ ਅਸੀਂ ਉਸਦੀ ਹਿੰਸਾ ਤੇ ਉਸ ਤੋਂ ਮਿਲਣ ਵਾਲੀਆਂ ਤਕਲੀਫਾਂ ਬਾਰੇ ਵੀ ਜਾਣਦੇ ਹਾਂ।...ਤੇ ਨਾਲ ਹੀ ਸਮਾਜਵਾਦੀ-ਵਿਚਾਰਧਾਰ 'ਤੇ ਬਣੇ ਹੋਏ ਜਿਹੜੇ ਰਾਜ ਸਨ ਜਾਂ ਜਿਸ ਰੂਪ ਵਿਚ ਉਹਨਾਂ ਨੇ 70 ਸਾਲ ਜਾਂ ਉਸ ਤੋਂ ਵਧੇਰੇ ਸਮੇਂ ਤਕ ਕੰਮ ਕੀਤਾ—ਅਸੀਂ ਉਹਨਾਂ ਦੀਆਂ ਸੀਮਾਵਾਂ ਤੇ ਅਸਫਲਤਾਵਾਂ ਤੋਂ ਵੀ ਜਾਣੂ ਹੋ ਚੁੱਕੇ ਹਾਂ। ਸੋ ਅੱਜ ਜੇ ਤੁਸੀਂ ਮੇਰੇ ਵਰਗੇ ਲੇਖਕ ਤੋਂ ਪੁੱਛੋਗੇ, ਜਿਹੜਾ ਕਿ ਸਿਰਫ ਇਕ ਨਾਗਰਿਕ ਲੇਖਕ ਹੈ, ਤੋ ਮੈਂ ਕਹਾਂਗਾ ਕਿ ਵਿਚਾਰਧਾਰਾ ਦਾ ਇਕ ਦਰਸ਼ਨ ਤੇ ਵਿਗਿਆਨ ਹੈ। ਇਸ ਦੇ ਰਾਹੀਂ ਸਾਡੇ ਸਮੇਂ ਦੇ ਮੁੱਖ ਯਥਾਰਥ ਦੇ ਜਿਹੜੇ ਮੁੱਖ ਅੰਤਰ-ਵਿਰੋਧ ਸਪਸ਼ਟ ਹੁੰਦੇ ਹਨ, ਉਹਨਾਂ ਨੂੰ ਸਮਝਣ ਲਈ ਵਿਚਾਰਧਾਰਾ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਪਰ ਪ੍ਰਤੀਬੱਧਤਾ ਆਉਂਦੀ ਕਿੰਜ ਹੈ? ਉਹ ਇਹ ਹੈ ਕਿ ਹਰ ਸਮੇਂ ਵਿਚ ਜਿਹੜੇ ਮੁੱਖ ਅੰਤਰ-ਵਿਰੋਧ ਹੁੰਦੇ ਹਨ, ਉਹਨਾਂ ਦੀਆਂ ਜੜਾਂ ਡੂੰਘੇ ਮਨੁੱਖੀ ਸਮਾਜਿਕ ਸੰਦਰਭਾਂ ਵਿਚ ਹੁੰਦੀਆਂ ਹਨ। ਤੇ ਜਿਹੜਾ ਮਨੁੱਖ ਸੱਤਾਹੀਣ ਹੁੰਦਾ ਹੈ, ਜਿਸਨੂੰ ਗਾਂਧੀ ਆਮ ਆਦਮੀ ਕਹਿੰਦੇ ਹਨ, ਉਹੀ ਅੰਤਰ-ਵਿਰੋਧਾਂ ਦੀ ਮਾਰ ਸਭ ਤੋਂ ਵੱਧ ਝੱਲਦਾ ਹੈ। ਮੇਰਾ ਮੰਨਣਾ ਹੈ ਕਿ ਲੇਖਕ ਦੀ ਪਹਿਲੀ ਪ੍ਰਤੀਬੱਧਤਾ ਉਸ ਸੱਤਾਹੀਣ ਲੁੱਟੇ-ਪੁੱਟੇ ਜਾ ਰਹੇ ਮਨੁੱਖ ਦੇ ਨਾਲ ਹੁੰਦੀ ਹੈ, ਜਿਸਨੂੰ ਅਸੀਂ ਵਿਆਪਕ ਰੂਪ ਵਿਚ ਜਨਤਾ ਕਹਿੰਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਲੇਖਕ ਜਾਂ ਰਚਨਾਕਾਰ ਦੀ ਪਹਿਲੀ ਪ੍ਰਤੀਬੱਧਤਾ ਆਪਣੇ ਸਮੇਂ ਦੇ ਨਾਲ ਹੋਣੀ ਚਾਹੀਦੀ ਹੈ, ਰਾਜਨੀਤਕ ਦਲਾਂ ਦੇ ਪ੍ਰਤੀ ਨਹੀਂ, ਤਾਂ ਸਾਨੂੰ ਜਨਤਾ ਦੇ ਮਨ-ਮੰਸ਼ਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਦੇਖਿਆ ਗਿਆ ਹੈ ਕਿ ਜਿਹੜੀ ਟੀ.ਆਰ.ਪੀ. ਟੈਲੀਵਿਜ਼ਨ ਉੱਤੇ ਦਿਖਾਈ ਜਾਂਦੀ ਹੈ, ਉੱਥੇ ਜਿਹੜੇ ਪੋਲ ਕਰਦੇ ਹਨ, ਨੈੱਟ ਉੱਤੇ ਬਲਾਗ ਵੀ ਪੋਲ ਕੀਤੇ ਜਾਂਦੇ ਰਹਿੰਦੇ ਹਨ, ਉਹਨਾਂ ਤੋਂ ਅਜਿਹਾ ਭਰਮ ਪੈਦਾ ਹੁੰਦਾ ਕਿ ਜਨਤਾ ਬੋਲ ਰਹੀ ਹੈ। ਜਦਕਿ ਸੱਚ ਇਹ ਹੈ ਕਿ ਦਸ ਹਜ਼ਾਰ, ਛੇ ਸੌ ਲੋਕ ਜਿਹੜੇ ਵੱਖ-ਵੱਖ ਮਹਾਨਗਰਾਂ ਤੋਂ ਚੁਣੇ ਹੋਏ ਹੁੰਦੇ ਹਨ, ਜਿਹੜੇ ਦਿੱਲੀ, ਕਲੱਕਤਾ, ਮੁੰਬਈ ਦੇ ਲੋਕ ਹਨ, ਉਹਨਾਂ ਨੂੰ ਜਨਤਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅਜਿਹਾ ਭਰਮ ਪੈਦਾ ਕੀਤਾ ਜਾਂਦਾ ਹੈ ਕਿ ਚੋਣਾਂ ਦੇ ਨਤੀਜਿਆਂ ਤੋਂ ਲੈ ਕੇ, ਕ੍ਰਿਕਟ ਮੈਚ ਦੀ ਹਾਰ-ਜਿੱਤ ਜਾਂ ਕਿਸੇ ਪ੍ਰੋਡਕਟ ਦੇ ਹਾਨੀਕਾਰਕ ਜਾਂ ਲਾਭਵੰਤ ਹੋਣ ਦਾ ਫੈਸਲਾ ਜਨਤਾ ਦਾ ਹੀ ਹੈ। ਲੇਖਕ ਦੀ ਜਨਤਾ, ਉਹ ਜਨਤਾ ਨਹੀਂ। ਲੇਖਕ ਦੀ ਜਨਤਾ ਉਹ ਨੱਪਿਆ-ਪੀੜਿਆ ਆਦਮੀ ਹੈ, ਜਿਹੜਾ ਸਭ ਤੋਂ ਹੇਠਲੀ ਪੌੜੀ ਉੱਤੇ ਖੜ੍ਹਾ ਹੈ। ਇਸ ਨੂੰ ਸਾਫ-ਸੁਥਰੀ ਤੇ ਪੱਤਰਕਾਰੀ ਦੀ ਭਾਸ਼ਾ ਵਿਚ ਕਹੀਏ ਤਾਂ ਲਗਭਗ ਉਹ ਜਨਤਾ ਜਿਹੜੀ ਪੀ. ਸਾਈਨਾਥ ਦੀਆਂ ਰਿਪੋਰਟਾਂ, ਸੇਨਗੁਪਤਾ ਜਾਂ ਦਾਸ ਗੁਪਤਾ ਕਮੇਟੀ ਦੀਆਂ ਰਿਪੋਟਾਂ ਵਿਚ ਦਿਖਾਈ ਦਿੰਦੀ ਹੈ; ਜਿਹੜੀ 70 ਪ੍ਰਤੀਸ਼ਤ ਹੈ ਤੇ ਜਿਹੜੀ 20 ਰੁਪਏ ਪ੍ਰਤੀ ਦਿਨ ਦੀ ਕਮਾਈ ਨਾਲ ਆਪਣਾ ਜੀਵਨ ਰੇੜ੍ਹਾ, ਰੇੜ੍ਹ ਰਹੀ ਹੈ; ਜਿਸਦੀ ਥਾਲੀ ਵਿਚ ਦਾਲ ਵੀ ਨਹੀਂ ਬਚੀ ਤੇ ਪਿਆਜ ਵੀ ਨਹੀਂ ਹੈ। ਮੇਰੀਆਂ ਰਚਨਾਵਾਂ ਵਿਚ ਮੈਂ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਉਸ ਦੇ ਪ੍ਰਤੀ ਪ੍ਰਤੀਬੱਧ ਰਹਾਂ ਤੇ ਉਸੇ ਦੀ ਅੱਖ ਨਾਲ ਆਪਣੇ ਸਮੇਂ ਨੂੰ ਦੇਖਾਂ। ਇਹ ਪ੍ਰਤੀਬੱਧਤਾ ਜਾਣ-ਬੁੱਝ ਕੇ ਜਾਂ ਵਿਸ਼ੇਸ਼ ਖੇਚਲਾਂ ਨਾਲ ਪਾਲੀ ਹੋਈ ਪ੍ਰਤੀਬੱਧਤਾ ਨਹੀਂ, ਬਲਕਿ ਮੇਰਾ ਇਹ ਮੰਨਨਾਂ ਹੈ ਕਿ ਸੱਚਾ ਲੇਖਕ ਫੋਰਸ ਕੀਤਾ ਜਾਂਦਾ ਹੈ, ਕੰਪਾਈਲ ਕੀਤਾ ਜਾਂਦਾ ਹੈ ਕਿ ਉਹ ਉੱਥੋਂ ਤੀਕ ਪਹੁੰਚੇ, ਜਿੱਥੇ ਕੁ ਜਨਤਾ ਹੈ। ਵਧੇਰੇ ਲੇਖਕ ਜਿਹਨਾਂ ਨੂੰ ਅੱਜ ਅਸੀਂ ਬੜੇ ਆਦਰ ਨਾਲ ਯਾਦ ਕਰਦੇ ਹਾਂ, ਉਹ ਜਨਤਾ ਵਿਚ ਸਾਮਾਜਿਕ ਦਬਾਵਾਂ ਕਰਨ ਹਨ। ਇਹੀ ਮੇਰਾ ਕਹਿਣਾ ਹੈ ਕਿ ਉਹਨਾਂ ਦੀ ਪ੍ਰਤੀਬੱਧਤਾ ਜਨਤਾ ਦੇ ਪ੍ਰਤੀ ਹੈ—ਸਭ ਤੋਂ ਵੱਧ ਪੀੜੇ ਜਾ ਰਹੇ ਮਨੁੱਖ ਦੇ ਪ੍ਰਤੀ ਇਸ ਸਮਝ ਦੇ ਨਾਲ ਤੇ ਇਸ ਪਛਾਣ ਦੇ ਨਾਲ ਹੈ ਕਿ ਸਾਡੇ ਸਮੇਂ ਦੇ ਜਿਹੜੇ ਮੁੱਖ ਅੰਤਰ-ਵਿਰੋਧ ਹਨ ਉਹ ਕਿਉਂ ਹਨ? ਤੇ ਜੋ ਸੰਕਟ ਹੈ, ਉਹ ਕਿਉਂ ਹੈ?
ਪ੍ਰਤੀਬੱਧਤਾ ਨੂੰ ਮੈਂ ਕੋਈ ਦਬਾਅ ਨਹੀਂ ਮੰਨਦਾ। ਪ੍ਰਤੀਬੱਧਤਾ ਕੋਈ ਚਵਾਇਸ ਵੀ ਨਹੀਂ ਹੁੰਦੀ, ਜਿਸਨੂੰ ਤੁਸੀਂ ਚੁਣ ਲਵੋਂ। ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਪ੍ਰਤੀਬੱਧਤਾ ਚੁਣ ਲਈ ਤਾਂ ਫੇਰ ਤਾਂ ਬੜੀ ਮੁਸ਼ਕਲ ਹੋ ਗਈ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੇ ਲੇਖਕ ਹੋ ਸਕਦੇ ਹੋ। ਜੇ ਤੁਸੀਂ ਇਹ ਤੈਅ ਕਰ ਲਿਆ ਹੈ ਕਿ ਤੁਸੀਂ ਸਾਂਖਯ (ਮਹਾਰਿਸ਼ੀ ਕਲਪਕ੍ਰਿਤ ਦਾ ਇਕ ਪ੍ਰਸਿੱਧ ਦਰਸ਼ਨ ਜਿਸ ਵਿਚ ਪ੍ਰਕ੍ਰਿਤੀ ਤੇ ਚੇਤਨ-ਪੁਰਖ਼ ਨੂੰ ਹੀ ਜਗਤ ਦਾ ਮੂਲ ਮੰਨਿਆਂ ਜਾਂਦਾ ਹੈ) ਦੇ ਪ੍ਰਤੀ ਪ੍ਰਤੀਬੱਧ ਹੋਣਾ ਹੈ ਤਾਂ ਤੁਸੀਂ ਜੋ ਵੀ ਲਿਖੋਗੇ ਸਾਂਖਯ ਦਰਸ਼ਨ ਦੇ ਪੱਖ ਵਿਚ ਹੀ ਲਿਖੋਗੇ। ਵਾਮਪੰਥ ਨੂੰ ਹੀ ਲਈਏ। ਉਸਦੇ ਦਸ ਧੜੇ ਹਨ। ਇਕ ਕਹਿ ਰਿਹਾ ਹੈ ਕਿ ਇਹ ਸੈਮੀਫਿਊਡਲ, ਸੈਮੀ-ਕੈਪਿਟਲਿਸਟ ਸੋਸਾਇਟੀ ਹੈ ਤੋ ਦੂਜਾ ਕਹਿ ਰਿਹਾ ਹੈ ਕਿ ਨਹੀਂ, ਇਹ ਪੂਰੀ ਦੀ ਪੂਰੀ ਸੋਸਾਇਟੀ—ਵੀ ਹੈਵ ਬਿਕਮ ਦ ਸਿਟੀਜਨ ਆਫ ਐਮਾਇਰ। ਇਹ ਜਿਹੜੀ ਸਾਰੀ ਅਮਰੀਕਨ ਇਮਪੀਰੀਅਲਿਸਟ ਏਸਾਲਟ ਹੈ ਤੇ ਇੱਥੋਂ ਦੇ ਜਿਹੜੇ ਉਦਯੋਗ ਹਨ, ਜਿਹੜੇ ਵਪਾਰੀ ਹਨ, ਉਹਨਾਂ ਦੇ ਏਜੈਂਟ ਹਨ। ਭਿੰਨ-ਭਿੰਨ ਤਰ੍ਹਾਂ ਦੇ ਰਾਜਨੀਤਕ ਦਲਾਂ ਦਾ ਭਿੰਨ-ਭਿੰਨ ਦਾ ਵਿਸ਼ਲੇਸ਼ਣ ਹੈ। ਹੁਣ ਤੁਸੀਂ ਉਹਨਾਂ ਵਿਚੋਂ ਕਿਸੇ ਇਕ ਦੇ ਲਈ ਪ੍ਰਤੀਬੱਧ ਹੋ ਕੇ ਲਿਖ ਰਹੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਲੇਖਕ ਹੋ। ਦਬਾਅ ਇਸੇ ਰੂਪ ਵਿਚ ਹੁੰਦਾ ਹੈ, ਦਬਾਅ ਕੀ ਤਣਾਅ ਹੁੰਦਾ ਹੈ। ਤੁਸੀਂ ਮੁਕਤੀਬੋਧ ਨੂੰ ਪੜ੍ਹੋ, ਮੁਕਤੀ ਬੋਧ ਕਿਸੇ ਪਹਿਲਾਂ ਬੱਧੀ ਪ੍ਰੀਭਾਸ਼ਾ ਜਾਂ ਰਾਜਨੀਤਕ ਪ੍ਰੀਭਾਸ਼ਾ ਦੇ ਨਾਲ ਨਹੀਂ ਤੁਰਦੇ। ਉਹ ਸ਼ਿਵਾਜੀ ਬਾਰੇ ਲਿਖਦੇ ਹਨ ਤੋ ਤਿਲਕ 'ਤੇ ਵੀ ਲਿਖਦੇ ਹਨ। ਜਦਕਿ ਤਿਲਕ ਬਾਰੇ ਮੋਟੇ ਤੌਰ 'ਤੇ ਸਰਲ ਕਰਕੇ ਪ੍ਰਚਾਰੀ ਹੋਈ ਇਕ ਸਮਝ ਸੀ ਤੇ ਉਹ ਇਹੀ ਹੈ ਕਿ ਉਹ ਗਰਮ-ਦਲੀ ਹਨ, ਜਿਹੜੀ ਕਾਂਗਰਸ ਵਿਚ ਇਕ ਪੁਨਰ-ਉਥਾਨਵਾਦੀ ਧਾਰਾ ਸੀ। ਬੜੇ ਲੋਕ ਉਸਦੇ ਸਮਰਥਕ ਸਨ। ਪਰ ਮੁਕਤੀਬੋਧ ਲਿਖਦੇ ਹਨ ਤਾਂ ਇੰਜ ਨਹੀਂ ਹੁੰਦਾ। ਤਿਲਕ ਬਾਰੇ ਲਿਖਦਿਆਂ ਹੋਇਆਂ ਮੁਕਤੀਬੋਧ ਦਾ ਆਪਣਾ ਵੱਖਰਾ ਸਟੈਂਡ ਹੈ। ਮੇਰਾ ਮੰਨਣਾ ਹੈ ਕਿ ਇਸਨੂੰ ਸੋਧਣਾ ਤੇ ਸਾਧਣਾ ਆਪਣੇ ਬੁੱਧੀ-ਵਿਵੇਕ ਉੱਤੇ ਨਿਰਭਰ ਕਰਦਾ ਹੈ। ਕਿਹਾ ਜਾਂਦਾ ਹੈ ਕਿ ਸੰਸਾਰ ਨੂੰ ਦੇਖਿਆਂ ਸੰਸਾਰ ਦਾ ਬਾਹਰੀ ਰੂਪ ਮਨ ਵਿਚ ਆਏਗਾ ਤੇ ਆਤਮਾ ਨੂੰ ਘੋਖਿਆਂ ਪੂਰੇ ਸਮਾਜਿਕ ਵਰਤਾਰੇ ਦਾ ਯਥਾਰਥ। ਪਰ ਆਪਣਾ ਵਿਵੇਕ ਵੀ ਤਾਂ ਕੁਝ ਹੁੰਦਾ ਹੈ ਤੇ ਜਦੋਂ ਅਸੀਂ ਉਸਨੂੰ ਪ੍ਰੋਸੈਸ ਕਰਦੇ ਹਾਂ ਜਾਂ ਕਹੀਏ ਕਿ ਉਸਦੀ ਘੋਖ-ਪੜਚੋਲ ਕਰਕੇ ਤੇ ਉਸਦਾ ਨਵੀਨੀਕਰਣ ਹੋ ਜਾਣ ਪਿੱਛੋਂ ਆਪਣੇ ਆਲੋਚਨਾਤਮਕ ਵਿਵੇਕ ਨਾਲ ਤੈਅ ਕਰਦੇ ਹਾਂ ਤੇ ਲਿਖਦੇ ਹਾਂ ਤਾਂ ਦਬਾਅ ਮਹਿਸੂਸ ਨਹੀਂ ਹੁੰਦਾ।...ਤੇ ਦੂਜੀ ਗੱਲ ਇਹ ਹੈ ਕਿ ਇਹ ਰੜਕਦਾ ਵੀ ਨਹੀਂ। ਉਹ ਤੁਹਾਨੂੰ ਬਿਨਾਂ ਦੱਸਿਆਂ-ਪੁੱਛਿਆਂ ਤੁਹਾਡੀ ਰਚਨਾ ਵਿਚ ਲੱਥ ਆਉਂਦਾ ਹੈ। ਮੈਂ ਵੀ ਇਹੋ ਕਹਿੰਦਾ ਹਾਂ ਕਿ ਬੜਾ ਸੁਚੇਤ ਕਾਰਜ ਹੈ ਇਹ ਲਿਖਣਾ। ਲਿਖਣਾ ਕੀ ਕੋਈ ਵੀ ਕਲਾ ਅਤਿ ਸੁਚੇਤ ਕਰਮ ਹੁੰਦਾ ਹੈ। ਪਰ ਓਦਾਂ ਸੁਚੇਤ ਵੀ ਨਹੀਂ, ਜਿੱਦਾਂ ਕਿਸੇ ਰਾਜਨੀਤਕ ਵਿਅਕਤੀ ਦੀ ਕੋਈ ਰਾਜਨੀਤੀ ਕਿ ਇਸ ਸੂਬੇ ਵਿਚ ਏਨੇ ਲੋਕ ਹਨ ਤੇ ਅਸੀਂ ਇੱਥੇ ਫਲਾਨੇ ਆਦਮੀ ਨੂੰ ਖੜ੍ਹਾ ਕਰੀਏ ਤਾਂ ਸਾਨੂੰ ਏਨੀਆਂ ਵੋਟਾਂ ਮਿਲਣਗੀਆਂ। ਅਜਿਹੀ ਕੋਈ ਗਿਣਨਾਤਮਕ ਪ੍ਰਕ੍ਰਿਆ ਨਹੀਂ ਹੈ ਇਹ ਲਿਖਣਾ। ਇਸੇ ਲਈ ਇਸਨੂੰ ਫਾਈਨ ਆਰਟ ਕਿਹਾ ਜਾਂਦਾ ਹੈ ਤੇ ਮੁਕਤੀਬੋਧ ਇਸ ਵਿਚ ਡੂੰਘੇ ਲੱਥ ਕੇ ਮਨੁੱਖੀ ਵਰਤਾਰੇ ਵਿਚ ਝਾਤ ਮਾਰਦੇ ਹਨ। ਇਹ (ਰਚਨਾ ਤੇ ਸਮੁੱਚੀ ਰਚਨਾ ਪ੍ਰਕ੍ਰਿਆ) ਅਜਿਹਾ ਹੀ ਕਾਰਜ ਹੈ ਜਿਸਦੇ ਇਸ ਰੂਪ ਪ੍ਰਤੀ ਤੁਸੀਂ ਸੁਚੇਤ ਹੀ ਨਹੀਂ ਹੁੰਦੇ, ਤੇ ਹੋ ਵੀ ਨਹੀਂ ਸਕਦੇ। ਉਸ ਵਿਚ ਕੁਝ ਧੁਰ ਅੰਦਰ ਦੀਆਂ ਗੱਲਾਂ ਹੁੰਦੀਆਂ ਹਨ। ਜਾਗਰੁਕਤਾ ਜਾਂ ਪ੍ਰਤੀਬੱਧਤਾ ਕਿਤੋਂ ਬਾਹਰੋਂ ਨਹੀਂ ਠੋਸੀ-ਥੋਪੀ ਗਈ ਹੁੰਦੀ—ਇਸ ਲਈ ਉਸਦਾ ਦਬਾਅ ਉਸ ਰੂਪ ਜਾਂ ਉਸ ਅਵਸਥਾ ਵਿਚ ਮਹਿਸੂਸ ਨਹੀਂ ਹੁੰਦਾ।
ਮੈਂ ਬੜਾ ਸਪਸ਼ਟ ਕਹਿ ਰਿਹਾ ਹਾਂ ਪ੍ਰਤੀਬੱਧਤਾ ਇਹੋ ਹੁੰਦੀ ਹੈ—ਜਦੋਂ ਸਾਡਾ ਸਮਾਂ ਖਤਰਿਆਂ ਵਿਚ ਘਿਰਿਆ ਹੋਇਆ ਹੁੰਦਾ ਹੈ ਤੇ ਮਨੁੱਖ ਸੰਕਟ ਵਿਚ ਹੁੰਦਾ ਹੈ। ਜਿਵੇਂ ਕਿ ਇਹ ਤਾਜ਼ਾ ਉਦਾਹਰਣ ਹੈ ਕਿ ਅਸੀਮ ਬੱਅ (ਪੇਂਟਰ), ਨੌਜਵਾਨ ਤੇ ਬੇਚੈਨ ਪ੍ਰਤਿਭਾ ਵਾਲਾ ਕਲਾਕਾਰ, ਉਸਨੇ ਮੁਸ਼ਰਫ ਦੇ ਸਮੇਂ ਵਿਚ ਆਪਣੀ ਪੇਂਟਿੰਗ ਜ਼ਰੀਏ ਵਿਰੋਧ ਦਿਖਾਇਆ—ਉਹਨੇ ਅਹਿ ਕੁਝ ਦਿਨ ਪਹਿਲਾਂ ਆਤਮ-ਹੱਤਿਆ ਕਰ ਲਈ। ਅਜਿਹਾ ਕੀ ਹੋਇਆ ਸੀ? ਦੂਜੇ ਪਾਸੇ ਦੱਖਣ ਦੇ ਮੇਰੇ ਮਿੱਤਰ ਇਕ ਕਹਾਣੀਕਾਰ ਉੱਤੇ ਹਮਲਾ ਹੋਇਆ। ਤੋ ਹੁੰਦਾ ਇਹ ਹੈ ਕਿ ਉਸ ਸਮੇਂ ਅਸੀਂ ਸੋਚਦੇ ਨਹੀਂ ਹਾਂ ਕਿ ਇਸ ਦਾ ਨਤੀਜਾ ਕੀ ਹੋਏਗਾ। ਸਾਡੀ ਪ੍ਰਤੀਬੱਧਤਾ ਹੁੰਦੀ ਹੈ, ਸੱਚ ਦੇ ਪ੍ਰਤੀ। ਅਸੀਂ ਆਪਣੇ ਸਮੇਂ ਦਾ ਸੱਚ ਕਹਿਣਾ ਹੁੰਦਾ ਹੈ। ਤੁਸੀਂ ਕਿਸੇ ਵੀ ਸਮੇਂ ਵਿਚ ਝਾਤ ਮਾਰ ਕੇ ਦੇਖ ਲਓ ਉਹ ਸੱਚ, ਸੱਚ ਹੀ ਰਹਿੰਦਾ ਹੈ। ਇਹ ਵੀ ਮੈਂ ਜਾਣਦਾ ਹਾਂ ਕਿ ਸੱਚ ਸਦਾ ਤੇ ਸਦੀਵੀਂ ਹੁੰਦਾ ਹੈ। ਪਰ ਇਸ ਦੇ ਬਾਵਜੂਦ ਇਕ ਲੇਖਕ ਜਾਂ ਕਲਾਕਾਰ ਇਕ ਵਿਆਕਤੀ ਹੋਣ ਕਰਕੇ ਜਾਂ ਲੇਖਕ ਹੋਣ ਦੇ ਨਾਤੇ ਜਿਸ ਘਟਨਾ ਨੂੰ ਜਾਂ ਅਨੁਭਵ ਨੂੰ ਚੁਣਦਾ ਹੈ, ਆਪਣੀ ਲਿਖਤ ਲਈ ਪਹਿਲੀ ਪ੍ਰਤੀਬੱਧਤਾ ਉਸੇ ਦੇ ਪ੍ਰਤੀ ਹੁੰਦੀ ਹੈ ਉਸਦੀ।
ਹੁਣ ਇਹ ਤੁਸੀਂ ਜਾਣੋਂ! ਪ੍ਰਤੀਬੱਧਤਾ ਨੂੰ ਬਿਆਨ ਸਕਣ ਦਾ ਸਵਾਲ ਦੂਜੇ ਸਿਰੇ ਦਾ ਹੁੰਦਾ ਹੈ। ਹਰ ਰਚਨਾ ਦੇ ਦੋ ਬਿੰਦੂ ਹੁੰਦੇ ਹਨ। ਇਕ ਜਿੱਥੋਂ ਰਚਨਾ ਸ਼ੁਰੂ ਹੋਈ ਹੁੰਦੀ ਹੈ, ਤੇ ਦੂਜਾ ਬਿੰਦੂ ਉਹ, ਜਿੱਥੇ ਰਚਨਾ ਸਮਾਪਤ ਹੋ ਕੇ ਦੂਜਿਆਂ ਦੁਆਰਾ ਪੜ੍ਹੀ ਜਾਂਦੀ ਹੈ। ਬੁਨਿਆਦੀ ਤੌਰ 'ਤੇ ਤੁਹਾਡੇ ਪ੍ਰਸ਼ਨਾਂ ਦਾ ਉਤਰ ਉਹਨਾਂ ਨੂੰ ਦੇਣਾ ਚਾਹੀਦਾ ਹੈ ਜਿਹੜੇ ਉਸ ਰਚਨਾ ਨੂੰ ਪੜ੍ਹਦੇ ਹਨ ਕਿਉਂਕਿ ਮੈਂ ਕੋਈ ਵੀ ਦਾਅਵਾ ਕਰਾਂ, ਕੁਛ ਵੀ ਕਲੇਮ ਕਰਾਂ ਕਿ ਮੇਰੀ ਪ੍ਰਤੀਬੱਧਤਾ ਆਪਣੇ ਸਮੇਂ ਦੀ ਅਤਿ ਗਰੀਬ ਜਨਤਾ ਦੇ ਪ੍ਰਤੀ ਹੈ, ਪਰ ਮੇਰੀ ਰਚਨਾ ਨੂੰ ਪੜ੍ਹਨ ਪਿੱਛੋਂ ਲੱਗੇ ਕਿ ਨਹੀਂ, ਅਜਿਹਾ ਨਹੀਂ ਹੈ—ਇਸ ਦੀ ਪ੍ਰਤੀਬੱਧਤਾ ਤਾਂ ਫਲਾਨੀ ਪਾਰਟੀ ਦੇ ਫਲਾਨੇ ਨੇਤਾ ਦੇ ਪ੍ਰਤੀ ਹੈ ਜਾਂ ਫਲਾਨੀ ਵਿਚਾਰਧਾਰਾ ਦੇ ਪ੍ਰਤੀ ਹੈ ਤਾਂ ਇਸਦਾ ਜੋ ਜੱਜਮੈਂਟ ਹੈ, ਦੂਜੇ ਐਂਡ ਉਪਰ ਹੁੰਦਾ ਹੈ। ਪਰ ਇਸ ਵਿਚ ਜੋ ਖਤਰਾ ਹੈ, ਉਹ ਇਹ ਕਿ ਰਚਨਾ ਕੋਈ ਸਿੱਧ-ਪੱਧਰਾ ਘੋਲ ਨਹੀਂ—ਜਿਵੇਂ ਕੁਸ਼ਤੀ। ਰਚਨਾ ਵਿਚ ਏਨੀਆਂ ਸਾਰੀਆਂ ਤੇ ਗੁੰਝਲਦਾਰ ਹੋਰ ਰਚਨਾਵਾਂ ਹੁੰਦੀਆਂ ਹਨ ਕਿ ਇਕ ਰਚਨਾ, ਇਕ ਇਕਾਈ ਨਹੀਂ ਹੁੰਦੀ ਬਲਕਿ ਅਨੇਕਾਂ ਤਰ੍ਹਾਂ ਇਕਾਈਆਂ ਦਾ ਮਿਸ਼ਰਨ ਹੁੰਦੀਆਂ ਹੈ। ਪੱਕਾ ਪੀਢਾ ਮਿਸ਼ਰਨ ਹੁੰਦਾ ਹੈ। ਇਸ ਲਈ ਮਹਾਵਾਕ ਹੈ...: ਯਾਨੀ ਇਕ ਰਚਨਾ ਦੇ ਅੰਦਰ ਕਹਾਣੀ, ਉਪ-ਕਹਾਣੀ ਕਈ ਸਬਟੈਕਸਟ ਹੁੰਦੇ ਹਨ, ਕਈ ਵਾਰੀ ਉਹਨਾਂ ਦੀ ਵਿਆਖਿਆ ਕਰਨਾ ਗਲਤ ਵੀ ਹੁੰਦਾ ਹੈ। ਤੇ ਤੁਸੀਂ ਮਹਿਸੂਸ ਕੀਤਾ ਹੋਏਗਾ ਕਿ ਬਹੁਤ ਸਾਰੀਆਂ ਰਚਨਾਵਾਂ ਦੀ ਜਿਹੜੀ ਵਿਆਖਿਆ ਹੋਈ ਹੁੰਦੀ ਹੈ, ਉਹ ਐਬਸਰਡ ਹੁੰਦਾ ਹੈ ਤੇ ਜਿਹੜੀ ਆਲੋਚਨਾ ਹੁੰਦੀ ਹੈ ਉਸ ਉਪਰ ਮੈਂ ਕਈ ਵਾਰੀ ਕਹਿੰਦਾ ਹਾਂ ਕਿ ਸਾਡੇ ਸਮੇਂ ਦੀ ਆਲੋਚਨਾ ਵਿਆਪਕ ਰੂਪ ਵਿਚ ਪਾਲੀਟੀਕਲ ਹੋ ਗਈ ਹੈ। ਜਦੋਂ ਪਾਲੀਟੀਕਲ ਕਿਹਾ ਜਾਂਦਾ ਹੈ, ਉਦੋਂ ਉਸਨੂੰ ਸਿਰਫ ਪਾਲੀਟੀਕਲ ਮੰਨੋਂ, ਨਿਰੋਲ ਰਾਜਨੀਤਕ। ਤੇ ਰਾਜਨੀਤੀ ਦੇ ਭਿੰਨ-ਭਿੰਨ ਰੂਪ ਹਨ ਰਾਈਟ, ਲੈਫਟ, ਕੰਜਰਵੇਟਿਵ, ਪ੍ਰੋਗ੍ਰੈਸਿਵ, ਉਸਨੂੰ ਉਸ ਰੂਪ ਵਿਚ ਲਓ। ਰਾਜਨੀਤੀ ਸਿਰਫ ਆਪਣੇ ਵੱਲੋਂ ਜਿਹੜੀ ਸਰਲ ਕੀਤੀ ਹੋਈ ਵਿਆਖਿਆ ਕਰਦੀ ਹੈ, ਉਹੀ ਅਕਸਰ ਰਚਨਾ ਦੇ ਨਾਲ ਨਿਆਂ ਨਹੀਂ ਕਰ ਰਹੀ ਹੁੰਦੀ ਤੇ ਇਹੀ ਕਾਰਨ ਹੈ ਕਿ ਬਹੁਤ ਸਾਰੇ ਰਚਨਾਕਾਰ ਗਲਤ ਸਮਝੇ ਗਏ, ਗਲਤ ਮਸ਼ਹੂਰ ਕੀਤੇ ਗਏ ਜਦੋਂ ਕਿ ਪਾਠਕ ਉਹਨਾਂ ਨੂੰ ਦੂਜੇ ਢੰਗ ਨਾਲ ਲੈਂਦਾ ਹੈ। ਤੋ ਅੱਜ ਤੁਸੀਂ ਨਤੀਜੇ ਦੇਖੋ ਕਿ ਆਲੋਚਨਾ ਨੇ ਜਿਹੜੇ ਜਿਹੜੇ ਲੇਖਕਾਂ ਨੂੰ ਖਾਰਜ ਕੀਤਾ, ਉਹ ਪਾਠਕਾਂ ਦੁਆਰਾ ਬੜੀ ਵੱਡੀ ਰਿਟਾਲਿਏਸ਼ਨ ਨਾਲ ਵਾਪਸ ਆਏ। ਤੋ ਇਸ ਰੂਪ ਵਿਚ ਇਹ ਸਵਾਲ ਮੇਰੇ ਲਈ ਨਹੀਂ।
ਨਹੀਂ, ਕੋਈ ਰਚਨਾਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਬੱਧਤਾ ਤੋਂ ਮੁਕਤ ਨਹੀਂ ਰਹਿ ਸਕਦੀ। ਅਜਿਹਾ ਸੰਭਵ ਨਹੀਂ ਹੁੰਦਾ। ਮੇਰੀ ਕੋਸ਼ਿਸ਼ ਤਾਂ ਇਹ ਹੈ ਕਿ ਤੁਲਨਾਤਮਕ ਤੌਰ 'ਤੇ ਤੁਸੀਂ ਕਿਸ ਨਾਲ ਆਈਡੈਂਟੀਫਾਈ ਕਰ ਰਹੇ ਹੋ? ਤੁਸੀਂ ਆਪਣੇ ਸਮੇਂ ਦੇ ਮਨਮੋਹਨ ਸਿੰਘ ਨਾਲ ਆਈਡੈਂਟੀਫਾਈ ਕਰ ਰਹੇ ਹੋ, ਵਿਜੈ ਮਾਲੀਆ ਨਾਲ? ਤੁਹਾਡਾ ਜੋ ਪ੍ਰੋਟੋਗੋਈਸਟ ਹੈ, ਤੁਹਾਡਾ ਜੋ ਕਰੈਕਟਰ ਹੈ, ਉਹ ਕੀ ਹੈ? ਜਿਹੜਾ ਤੁਹਾਡਾ ਅਨੁਭਵ ਹੈ ਉਸਦੀ ਆਈਡੈਂਟਿਫਾਈ ਕਿਸ ਨਾਲ ਬਣਦੀ ਹੈ? ਤੋ ਇਸ ਰੂਪ ਵਿਚ ਮੈਂ ਮੰਨਾਂਗਾ ਕਿ ਇਹ ਬੜਾ ਉਲਝਿਆ ਹੋਇਆ ਸਵਾਲ ਹੈ। ਮੈਂ ਕਿਹਾ ਕਿ ਪ੍ਰਤੀਬੱਧਤਾ ਰਹਿੰਦੀ ਹੈ, ਆਪਣੇ ਸਮੇਂ ਦੇ ਸਭ ਤੋਂ ਵਾਂਝੇ ਮਨੁੱਖ ਦੇ ਪ੍ਰਤੀ, ਪਰ ਵਿਵੇਕ ਦੇ ਨਾਲ ਤੇ ਇਕ ਨਜ਼ਰੀਏ ਦੇ ਨਾਲ, ਉਹ ਰਹਿੰਦੀ ਹੀ ਰਹਿੰਦੀ ਹੈ, ਕੋਈ ਕਲੇਮ ਨਹੀਂ ਕਰ ਸਕਦਾ।
ਤੁਸੀਂ ਲੇਖਕ ਨੂੰ ਕਈ ਹਿੱਸਿਆਂ ਵਿਚ ਵੰਡ ਰਹੇ ਹੋ। ਕਿਤੇ ਉਹ ਸਮਾਜਿਕ ਵਿਅਕਤੀ ਹੈ ਤਾਂ ਕਿਤੇ ਕਿਸੇ ਹੋਰ ਰੂਪ ਵਿਚ। ਤੁਸੀਂ ਸਾਹਿਤ ਨੂੰ ਕਿਸ ਰੂਪ ਵਿਚ ਦੇਖਦੇ ਹੋ? ਤੁਸੀਂ ਇਹ ਮੰਨ ਲਓ ਕਿ ਕੋਈ ਲੇਖਕ ਜਦੋਂ ਲਿਖਦਾ ਹੈ ਉਹ ਆਪਣੀ ਰਚਨਾ ਨਾਲ ਜੁੜਿਆ ਹੁੰਦਾ ਹੈ ਤਾਂ ਉਸਦੇ ਕਈ ਤਰ੍ਹਾਂ ਦੇ ਮੋਹ ਉਸ ਨਾਲ ਇਕੱਠੇ ਕਾਰਜਸ਼ੀਲ ਹੁੰਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਲਿਖਤ ਇਕ ਅਕਰਮਕ ਕ੍ਰਿਆ ਹੈ। ਮੰਨਿਆਂ ਕੋਈ ਕਿਤੇ ਖੁਦਾਈ ਕਰ ਰਿਹਾ ਹੈ ਜਾਂ ਹਵਾਈ ਜਹਾਜ਼ ਉਡਾ ਰਿਹਾ ਹੈ, ਇਹ ਐਕਸ਼ਨ ਹੈ। ਲਿਖਣਾ, ਜਾਂ ਕੋਈ ਵੀ ਕਲਾ; ਲਲਿਤ ਕਲਾ ਇਹ ਸਭ ਆਕਰਮਕ ਕ੍ਰਿਆਵਾਂ ਹਨ ਇਸੇ ਲਈ ਇਹਨਾਂ ਵਿਚ ਏਨੀ ਤਾਕਤ ਹੈ ਕਿ ਸਭ ਤਰ੍ਹਾਂ ਦੀਆਂ ਕ੍ਰਿਆਵਾਂ ਨੂੰ ਆਪਣੇ ਵਿਚ ਗੁੰਨ੍ਹ ਲੈਂਦੀਆਂ ਹਨ, ਅੰਦਰ ਘੋਲ ਲੈਂਦੀਆਂ ਹਨ। ਮੈਂ ਨਹੀਂ ਮੰਨਦਾ ਕਿ ਲਿਖਣਾ ਜਾਂ ਕੋਈ ਕਲਾ ਜਾਂ ਕਲਾ ਦੀ ਰਚਨਾ-ਪ੍ਰਕ੍ਰਿਆ ਆਪਣੀਆਂ ਹੋਰ ਇੱਛਾਵਾਂ, ਭਾਵਨਾਵਾਂ ਨੂੰ ਪਰ੍ਹਾਂ ਧਰੀਕ ਕੇ ਕੀਤੀ ਹੁੰਦੀ ਹੈ। ਉੱਥੇ ਪਿਤਾ ਦੇ ਰੂਪ ਵਿਚ ਵੀ, ਇਕ ਨਾਗਰਿਕ ਦੇ ਰੂਪ ਵਿਚ ਵੀ, ਸਾਂਸਕ੍ਰਿਤਕ ਅਹੰਕਾਰ ਨਾਲ ਜੁੜੇ ਹੋਏ ਵਿਅਕਤੀ ਦੇ ਰੂਪ ਵਿਚ ਵੀ ਤੇ ਉਸਨੂੰ ਨਾਕਾਰਦੇ ਹੋਏ ਵੀ ਅਸੀਂ, ਕਈ ਰੂਪਾਂ ਵਿਚ ਇਕੋ ਸਮੇਂ ਕ੍ਰਿਰਿਆਸ਼ੀਲ ਹੁੰਦੇ ਹਾਂ—ਤਦੇ ਤਾਂ ਇਕ ਰਚਨਾ ਜਨਮ ਲੈਂਦੀ ਹੈ। ਤਾਂ ਇਸਨੂੰ ਇਸ ਰੂਪ ਵਿਚ ਨਾ ਨਖੇੜੋ ਕਿ ਉਸਦੀ ਪ੍ਰਤੀਬੱਧਤਾ ਕੀ ਹੁੰਦੀ ਹੈ। ਇਹ ਇਕ ਅਜਿਹਾ ਬੜੀ ਹੀ ਛੋਟਾ-ਜਿਹਾ ਕੈਪਸੂਲ ਹੈ, ਐਟਮ ਹੈ। ਐਟਮ ਵਿਚ ਸਾਰੇ ਉਹੀ ਗੁਣ ਹਨ ਜਿਹੜੇ ਉਸ ਪਦਾਰਥ ਵਿਚ ਹਨ। ਜੇ ਲੇਖਕ ਇਹ ਦਾਅਵਾ ਕਰੇ, ਜਿਵੇਂ ਕਿ ਬਹੁਤ ਸਾਰੇ ਲੋਕਾਂ ਨੇ ਵਿਚਾਰਧਾਰਾ ਦਾ ਦਾਅਵਾ ਕੀਤਾ ਹੈ ਕਿ ਅਸੀਂ ਮਾਰਕਸਵਾਦੀ ਵਿਚਾਰਧਾਰ ਦੇ ਉਪਰ ਲਿਖ ਰਹੇ ਹਾਂ—ਪਰ ਬਹੁਤ ਸਾਰੇ ਅੰਤਰ-ਵਿਰੋਧ ਹਨ, ਮਾਈਕਰੋਸਟ੍ਰਕਚਰ ਹਨ, ਸੂਖਮ ਸੰਰਚਨਾਵਾਂ ਹਨ, ਉਹ ਨਜ਼ਰ ਆ ਜਾਂਦੇ ਹਨ। ਪਿੱਛੇ ਜਿਹੇ ਹੀ ਇਕ ਕ੍ਰਾਤੀਕਾਰੀ ਕਵੀ ਨੇ ਮਹਾਨ ਕ੍ਰਾਂਤੀਕਾਰੀ ਲੇਖਕਾਂ ਦੀ ਸੂਚੀ ਬਣਾਈ, ਵੀਹਵੀਂ ਸਦੀ ਤੋਂ ਅੱਜ ਤੀਕ ਇਸ ਸੂਚੀ ਵਿਚ ਇਕ ਔਰਤ ਦਾ ਵੀ ਨਾਂ ਨਹੀਂ ਹੈ, ਉਸ ਵਿਚ ਸਾਰੇ ਮਰਦ ਹੀ ਮਰਦ ਹਨ...ਤਾਂ ਇਹ ਸਿੱਧ ਹੈ ਕਿ ਇਹ ਕ੍ਰਾਂਤੀਕਾਰੀ ਸਾਹਿਤਕਾਰਾਂ ਦੀ ਖਰੀ-ਸੂਚੀ ਨਹੀਂ— ਇਹ ਇਕ ਮੇਲ ਸਾਵਰੈਂਟ ਕਾਸਟਿਸਟ ਹਿੰਦੂ ਦੀ ਬਣਾਈ ਹੋਈ ਸੂਚੀ ਹੈ। ਜੇ ਤੂਸੀਂ ਥੋੜ੍ਹੇ ਜਿਹੇ ਕਰੀਟੀਕਲ ਹੋਵੋਂ ਤਾਂ ਇਹ ਦਿਖਾਈ ਦੇ ਜਾਂਦਾ ਹੈ। ਉਸ ਵਿਚ ਸੁਭਦਰਾ ਕੁਮਾਰੀ ਚੌਹਾਨ ਨਹੀਂ ਹੈ, ਕਾਤਯਾਯਨੀ ਨਹੀਂ ਹੈ, ਮਹਦੇਵੀ ਵਰਮਾ ਨਹੀਂ ਹੈ—ਉਸ ਵਿਚ ਸਿਰਫ ਮਰਦ ਹੀ ਮਰਦ ਹਨ। ਤਾਂ ਮੈਂ ਕਿਹਾ ਕਿ ਅਜਿਹੇ ਸਭ ਕੁਝ ਨੂੰ ਕਦੀ ਕਦੀ ਨਾ ਮੰਨਣ ਦਾ ਵੀ ਮਨ ਕਰਦਾ ਹੈ। ਉਸਨੇ ਕਿਹਾ ਹੈ ਕਿ ਅਸੀਂ ਨਵੇਂ ਸਿਰੇ ਤੋਂ ਲੈਫਟ ਨੂੰ ਬਣਾਉਣਾ ਹੈ ਤੇ ਉਸ ਵਿਚ ਉਹੀ ਸਭ ਚੀਜ਼ਾਂ ਹਨ। ਉਸ ਕਹਿੰਦਾ ਹੈ ਕਿ ਇਸ ਵਿਚ ਇੰਜ ਕਿਓਂ ਹੈ ਕਿ, ਇਹ ਜਿਹੜਾ ਜੈਂਡਰ ਵਾਲਾ ਮਾਮਲਾ ਹੈ, ਇੰਜ ਲੱਗਦਾ ਹੈ ਕਿ ਜਿਹੜਾ ਕਮਿਊਨਿਸਟ ਹੈ ਉਹ ਮਰਦ ਹੀ ਹੋ ਸਕਦਾ ਹੈ। ਮਾਰਕਸਵਾਦੀ ਮਰਦ ਦੇ ਸਿਵਾਏ ਹੋ ਹੀ ਨਹੀਂ ਸਕਦਾ, ਇੰਜ ਕਿਉਂ ਹੈ? ਤੋ ਇਸ ਲਈ ਮੇਰਾ ਕਹਿਣਾ ਹੈ ਕਿ ਜਿਹੜੀਆਂ ਏਨੀਆਂ ਸੂਖਮ ਰਚਨਾਵਾਂ ਹਨ, ਮਾਈਕ੍ਰੋਸਟ੍ਰਕਚਰਸ ਹਨ, ਉਹਨਾਂ ਵਿਚ ਅੰਤਰ-ਵਿਰੋਧ ਏਨੇ ਵੱਧ ਹਨ ਕਿ ਜਦ ਤਕ ਤੁਸੀਂ ਉਹਨਾਂ ਸਭਨਾਂ ਦੇ ਖ਼ਿਲਾਫ਼ ਲੜਾਈ ਨਹੀਂ ਲੜੀ, ਉਹਨਾਂ ਨੂੰ ਹਰਾਇਆ ਨਹੀਂ, ਉਦੋਂ ਤਕ ਤੁਸੀਂ ਖਰੇ ਲੇਖਕ ਹੋ ਹੀ ਨਹੀਂ ਸਕਦੇ। ਰੋਲਾਂ ਬਾਰਥ ਤਾਂ ਰਚਨਾਕਾਰ ਦੀ ਤੁਲਨਾ ਪੈਗੰਬਰ ਨਾਲ ਕਰਦਾ ਹੈ। ਯਕੀਨ ਮੰਨਣਾ, ਪੈਗੰਬਰ ਦਾ ਕੋਈ ਜੈਂਡਰ, ਕੋਈ ਜਾਤ, ਧਰਮ ਨਹੀਂ ਹੁੰਦਾ। ਪੈਗੰਬਰ, ਪੈਗੰਬਰ ਹੁੰਦਾ ਹੈ। ਉਹ ਸਾਰੀ ਮਨੁੱਖਤਾ ਨੂੰ ਨਹੀਂ ਭੁੱਲਦਾ। ਕੀ ਲੇਖਕ ਉੱਥੋਂ ਤਕ ਪਹੁੰਚ ਸਕਦਾ ਹੈ ਜਾਂ ਸਿਰਫ ਕਿਸੇ ਪਾਲੀਟੀਕਲ ਪਾਰਟੀ ਦਾ ਕੇਡਰ ਬਣ ਕੇ ਰਹਿੰਦਾ ਹੈ ਜਾਂ ਕਿਸੇ ਧਰਮ ਦਾ ਰਿਪ੍ਰਜੈਂਟੇਟਿਵ ਬਣ ਬਹਿੰਦਾ ਹੈ। ਇਸ ਰੂਪ ਤੋਂ ਮੈਨੂੰ ਲੱਗਦਾ ਹੈ ਕਿ ਲੇਖਕ ਹੋਣਾ ਇਕ ਬੜੀ ਵੱਡੀ ਚੁਣੌਤੀ ਹੈ। ਲੇਖਕ ਹੋਣਾ ਏਨਾ ਆਸਾਨ ਨਹੀਂ, ਲੇਖਕ ਕੀ ਕੋਈ ਵੀ ਕਲਾਕਾਰ ਹੋਣਾ ਆਸਾਨ ਨਹੀਂ ਹੈ। ਗਾਇਕ ਹੋਵੇ ਜਾਂ ਚਿੱਤਰਕਾਰ ਉਸਦੀ ਹਸਤੀ, ਉਸਦੀ ਆਖ਼ਰੀ ਪਹੁੰਚ, ਉਸਦੇ ਕਲਾਕਾਰ ਹੋਣ ਵਿਚ ਹੀ ਹੈ।
ਨਹੀਂ, ਕਤਈ ਵਿਰੋਧਾਭਾਸੀ ਨਹੀਂ ਹੁੰਦੇ। ਇਸਨੂੰ ਕਈ ਤਰ੍ਹਾਂ ਕਿਹਾ ਜਾ ਸਕਦਾ ਹੈ। ਕੁਝ ਲੋਕਾਂ ਲਈ ਨਿੱਜ ਅਜਿਹੀ ਚੀਜ਼ ਹੈ ਕਿ, ਉਹਨਾਂ ਨੂੰ ਤੁਸੀਂ ਕਹੋ ਕਿ ਉਹ ਸਵਾਰਥ ਹੈ, ਇਸਨੂੰ ਵਿਅਕਤੀਵਾਦ ਦੇ ਰੂਪ ਵਿਚ ਪਰਿਭਾਸ਼ਾਬੱਧ ਵੀ ਕੀਤਾ ਗਿਆ ਹੈ। ਪਰ ਇਕ ਦੂਜੇ ਸਤਰ ਉੱਤੇ ਜੋ ਕਲਾਕਾਰ ਹੁੰਦਾ ਹੈ, ਲੇਖਕ ਹੁੰਦਾ ਹੈ, ਜਿਵੇਂ ਸ਼ਮਸ਼ੇਰ ਹੈ। ਉਹਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਟੁੱਟਵੀਆਂ-ਜਿਹੀਆਂ ਕਵਿਤਾਵਾਂ ਹਨ, ਡੂੰਘੀਆਂ ਪ੍ਰਸਨਲ ਪ੍ਰਾਈਵੇਟ ਪ੍ਰੇਮ-ਕਵਿਤਾਵਾਂ ਹਨ—ਪਰ ਤੁਸੀਂ ਉਹਨਾਂ ਨੂੰ ਪੜ੍ਹੋ, ਕੋਈ ਵੀ ਉਹਨੂੰ ਪੜ੍ਹੇ, ਸਾਰਿਆਂ ਨੂੰ ਉਹ ਓਨੀਆਂ ਹੀ ਨਿੱਜੀ ਲੱਗਣਗੀਆਂ। ਯਾਨੀ ਉਸ ਨਿੱਜਤਾ ਦਾ ਏਡਾ ਵੱਡਾ ਲੋਕੀਕਰਣ ਹੋਇਆ। ਯਾਨੀ ਕਿ ਕਲੈਕਟਿਵ ਤੇ ਇੰਡੀਵੀਜੁਅਲ ਵਿਚ ਐਸਾ ਵਿਰੋਧਾਭਾਸ ਹੁੰਦਾ ਨਹੀਂ ਹੈ, ਜਦੋ ਤੀਕ ਉਹ ਇਕ-ਦੂਜੇ ਦੇ ਵਿਰੋਧਾਭਾਸੀ ਬਣ ਬਹਿਣ। ਤੁਸੀਂ 'ਹਨੇਰੇ ਵਿਚ' ਪੜ੍ਹੋ, ਇਕ ਡਰੇ ਹੋਏ ਵਿਅਕਤੀ ਦਾ ਹਰੇਕ ਤਰ੍ਹਾਂ ਦੀ ਪੂੰਜੀਵਾਦੀ, ਰਾਜਨੀਤਕ ਸੱਤਾ ਦੇ, ਜਿਸ ਵਿਚ ਪੱਤਰਕਾਰ ਵੀ ਹਨ, ਰਾਜਨੀਤਕ ਵੀ ਹਨ, ਆਲੋਚਕ ਵੀ ਹਨ ਤੇ ਡੋਮਾ ਜੀ ਉਸਤਾਦ ਵੀ ਹਨ—ਸਭਨਾਂ ਦਾ ਆਤੰਕ ਹੈ; ਤੇ ਇਕ ਡਰਿਆ ਹੋਇਆ ਵਿਅਕਤੀ ਹੈ। ਡਾ. ਰਾਮ ਵਿਲਾਸ ਸ਼ਰਮਾ ਨੇ ਤਾਂ ਮੁਕਤੀਬੋਧ ਨੂੰ ਮਨੋਰੋਗੀ ਐਲਾਨ ਦਿੱਤਾ—ਉਹਨਾਂ ਕਿਹਾ ਕਿ ਉਹ ਅਸਤਿੱਵਵਾਦੀ ਹਨ। ਪਰ ਅੱਜ ਤੁਸੀਂ ਪੜ੍ਹੋ ਉਸ ਕਵਿਤਾ ਦੀ ਐਸੀ ਫੈਂਟੇਸੀ ਵੀ ਨਹੀਂ ਹੈ—ਇਕ ਮਾੜਾ ਸੁਪਨਾ ਹੈ, ਜਿਹੜਾ ਹਰ ਸਮੇਂ ਦੇ ਯਥਾਰਥ ਵਿਚ ਕਦੀ-ਕਦੀ ਵਾਰ-ਵਾਰ ਦਿਖਾਈ ਦੇਣ ਲੱਗਦਾ ਹੈ। ਅਜਿਹਾ ਵਿਰੋਧ ਨਾ ਹੁੰਦਾ ਜੇ ਤੁਸੀਂ ਸੱਚਮੁੱਚ ਕਲਾ ਦੀ ਉਸ ਰਚਨਾ-ਪ੍ਰਕ੍ਰਿਆ ਦੀ ਉਸ ਗਹਿਰਾਈ ਦੇ ਤਲ-ਬਿੰਦੂ ਤਕ ਪਹੁੰਚ ਗਏ ਹੁੰਦੇ, ਜਿੱਥੇ ਤੁਹਾਡੀਆਂ ਨਿੱਜਤਾਈਆਂ ਤੇ ਆਪਣੇ-ਪਰਾਏ ਦਾ ਮੋਹ ਸਭੋ ਕੁਝ ਰੁੜ੍ਹ ਜਾਣ ਪਿੱਛੋਂ ਵੀ ਤੈਰ ਰਹੇ ਹਨ। ਰਚਨਾ-ਪ੍ਰਕ੍ਰਿਆ ਖ਼ੁਦ ਹੀ ਇਕ ਨਿੱਜੀ ਪ੍ਰਕ੍ਰਿਆ ਹੈ। ਧੂਮਿਲ ਦੀ ਭਾਸ਼ਾ ਵਿਚ ਸੁਣਨਾ ਚਾਹੋ ਤਾਂ—'ਇਕ ਡਰੇ ਹੋਏ ਆਦਮੀ ਦੀ ਸਾਮਾਜਿਕ ਕਾਰਵਾਈ ਹੁੰਦੀਆਂ ਹਨ, ਅਜਿਹੀਆਂ ਲਿਖਤਾਂ।'
ਸਹਾਇਕ ਤੇ ਅੜਿਕਾ-ਲਾਊ ਦੋਵੇਂ ਗੱਲਾਂ ਹੁੰਦੀਆਂ ਹਨ। ਇਹ ਜਿਹੜੇ ਸਿੰਬਲਸ ਹਨ, ਇਹ ਹਰੇਕ ਸਮੇਂ ਵਿਚ ਹੁੰਦੇ ਹਨ। ਤੁਸੀਂ ਕਿਸੇ ਵੀ ਸਮੁਦਾਏ ਨੂੰ ਦੇਖ ਲਓ, ਹਰ ਜਗਾਹ ਉਹਨਾਂ ਦੇ ਕੁਝ ਸਿੰਬਲ ਹੁੰਦੇ ਹਨ। ਇਹਨਾਂ ਦਾ ਸਦ-ਉਯੋਗ ਜਾਂ ਦੁਰ-ਵਰਤੋਂ ਹੁੰਦੀ ਰਹਿੰਦੀ ਹੈ—ਤੁਸੀਂ ਇਹਨਾਂ ਦੇ ਗੁਲਾਮ ਬਣ ਜਾਂਦੇ ਹੋ ਜਾਂ ਉਹਨਾਂ ਨੂੰ ਇਸਤੇਮਾਲ ਕਰ ਲੈਂਦੇ ਹੋ। ਜਿਵੇਂ—ਗਣੇਸ਼ ਜੀ, ਰਾਮ।...ਗਣੇਸ਼ ਕੋਈ ਮਹੱਤਵਪੂਰਣ ਦੇਵਤਾ ਨਹੀਂ ਸਨ, ਪਰ ਲੋਕਪ੍ਰਿਯ ਬੜੇ ਹਨ। ਉਹ ਉੱਚ ਵਰਣੀ ਦੇਵਤਾ ਨਹੀਂ ਕਿਉਂਕਿ ਸ਼ਿਵ ਤਾਂ ਵੈਸੇ ਹੀ ਛੇਕੇ ਹੋਏ ਮੰਨੇ ਜਾਂਦੇ ਹਨ। ਵੇਦਾਂ ਵਿਚ ਤਾਂ ਕਿਤੇ ਹੈ ਹੀ ਨਹੀਂ। ਪਰ ਇਹ ਬਹੁਸੰਖਿਅਕਾਂ, ਮਾਇਆ ਵਤੀ ਜਿਹਨਾਂ ਨੂੰ ਬਹੁਜਨ ਸਮਾਜ ਕਹਿੰਦੀ ਹੈ, ਵਿਚ ਬੜੇ ਲੋਕਪ੍ਰਿਯ ਸਨ। ਪੂਰੇ ਮਹਾਰਾਸ਼ਟਰ ਤੋਂ ਦੱਖਣੀ ਭਾਰਤ ਤੀਕ ਉਹਨਾਂ ਦੀ ਲੋਕਪ੍ਰਸਿੱਧੀ ਸੀ, ਤਿਲਕ ਨੇ ਉਸਨੂੰ ਇਸਤੇਮਾਲ ਕਰ ਲਿਆ। ਉਹ ਇਕ ਅਜਿਹਾ ਪ੍ਰਤੀਕ ਬਣ ਗਏ, ਜਿਸਦੇ ਪਿੱਛੇ ਅਲਗ-ਅਲਗ ਆਸਾਂ-ਉਮੀਦਾਂ ਵਾਲੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਰਾਮ ਕਦੀ ਵੀ ਮਹੱਤਵਪੂਰਣ ਭਗਵਾਨ ਨਹੀਂ ਸਨ ਤੇ ਸਵਰਨਾਂ ਦੇ ਤਾਂ ਹੈ ਹੀ ਨਹੀਂ ਸਨ। ਜਿੰਨੇ ਵੀ ਬਿੜਲਾ ਜੀ ਨੇ ਮੰਦਰ ਬਣਵਾਏ (ਲਕਸ਼ਮੀ ਨਾਰਾਇਣ ਮੰਦਰ ਹਨ) ਕਿਤੇ ਵੀ ਪਹਿਲਾਂ ਰਾਮ ਨਹੀਂ ਸਨ। ਵੱਡੇ-ਵੱਡੇ ਧਨਡਾਂ ਨੇ ਜਿੰਨੇ ਵੀ ਮੰਦਰ ਬਣਵਾਏ, ਚਾਰੇ ਧਾਮ, ਕਿਤੇ ਰਾਮ ਜੀ ਨਹੀਂ ਸਨ। ਅਚਾਨਕ ਰਾਮ ਜੀ ਦਾ ਉਦੈ ਤੇ ਬੋਲਬਾਲਾ ਹੋ ਗਿਆ। ਹੋਇਆ ਇੰਜ ਕਿ ਏਨੇ ਪਾਪੁਲਰ ਸਨ ਰਾਮ ਕਿ ਉਹਨਾਂ ਨੂੰ ਗਾਂਧੀ ਨੇ ਪਛਾਣ ਲਿਆ ਤੇ 'ਰਘੁਪਤੀ ਰਾਗਵ ਰਾਜਾ ਰਾਮ' ਨਾਲ ਸਿਰਫ ਉਹਨਾਂ ਨੂੰ ਪ੍ਰਯੋਗ ਕੀਤਾ। ਗਾਂਧੀ ਨੇ ਅਨੇਕਾਂ ਪ੍ਰਤੀਕ ਬਣਾਏ। ਨਮਕ ਬਣਾਇਆ—ਲੋਕ, ਸੋਚ ਵੀ ਨਹੀਂ ਸਕਦੇ ਸੀ ਕਿ ਇਸ ਨਾਲ ਬੜਾ ਵੱਡਾ ਕਾਨੂੰਨ ਟੁੱਟੇਗਾ। ਉਹ ਚਰਖਾ ਚਲਾਉਂਦੇ ਸਨ—ਕਪਾਹ ਖ਼ੁਦ ਉਗਾਓ—ਕੋਲੋਨਿਲਾਇਜੇਸ਼ਨ ਦੀ ਪੂਰੇ ਇਕੋਨਾਮੀ ਠਪ ਹੋ ਜਾਏਗੀ। ਸਿੰਬਲ ਦਾ ਏਦਾਂ ਪ੍ਰਯੋਗ ਵੀ ਹੋ ਸਕਦਾ ਹੈ। ਇਸ ਲਈ ਮੈਂ ਮੰਨਦਾ ਹਾਂ ਕਿ ਸਿੰਬਲ ਵਿਚ ਕੋਈ ਕੋਤਾਹੀ ਨਹੀਂ ਕਰਨੀ ਚਾਹੀਦੀ। ਤੁਸੀਂ ਫ਼ੈਜ ਨੂੰ ਲਓ, ਉਸਦੀ ਕੋਈ ਵੀ ਨਜ਼ਮ ਚੁੱਕ ਲਓ, ਉਹੀ ਜਿਸਨੂੰ ਇਕਬਾਲ ਬਾਨੋ ਨੇ ਗਾਇਆ ਹੈ—'ਹਮ ਦੇਖੇਂਗੇ।'
ਇਸ ਵਿਚ ਦੋਖੋ ਸਾਰੇ ਆਈਕੋਨਸ ਧਾਰਮਿਕ ਹਨ, ਉਹਨਾਂ ਦਾ ਇਸਤੇਮਾਲ ਕਿੰਜ ਹੋ ਰਿਹਾ ਹੈ। ਜੋ ਕਿਆਮਤ ਦਾ ਇੰਤਜ਼ਾਰ ਹੈ, ਉਸ ਇੰਤਜ਼ਾਰ ਨੂੰ ਉਹ ਰਿਪਲੇਸ ਕਰ ਰਹੇ ਹਨ ਕ੍ਰਾਂਤੀ ਦੇ ਇੰਤਜ਼ਾਰ ਨਾਲ। ਕਿੰਨੀ ਚਤੁਰ ਕੋਸ਼ਿਸ਼ ਹੈ ਇਕ ਕਵੀ ਦੀ ਕਿ ਉਹ ਇਕ ਪ੍ਰਤੀਕ ਦੇ ਅਰਥ ਬਦਲ ਰਿਹਾ ਹੈ। ਤੋ ਇਸ ਤਰੀਕੇ ਨਾਲ ਅਰਥਾਂ ਨੂੰ ਆਲਟਰ ਕਰਨਾ, ਪ੍ਰਤੀਕਾਂ ਦਾ ਇਸਤੇਮਾਲ ਕਰਨਾ ਤੇ ਦੂਜਾ ਇਹ ਕਿ, ਰੋਮਾਂ ਬਾਰਥ ਕਹਿੰਦਾ ਹੈ, ਬਹੁਤ ਸਾਰੇ ਲੋਕ ਕਹਿੰਦੇ ਹਨ, ਮੈਂ ਵੀ ਇਹ ਕਹਿੰਦਾ ਹਾਂ, ਮੈਂ ਤਾਂ ਕਈ ਵਾਰੀ ਕੋਸ਼ਿਸ਼ ਵੀ ਕੀਤੀ ਹੈ ਕਿ ਆਪ ਨਵੇਂ ਪ੍ਰਤੀਕ ਬਣਾਵਾਂ। ਇਹ ਮੰਨਿਆਂ ਜਾਂਦਾ ਹੈ ਕਿ ਕੋਈ ਲੇਖਕ ਬਿਨਾਂ ਕਿਸੇ ਮਿਥ ਦੇ ਨਹੀਂ ਲਿਖ ਸਕਦਾ। ਮਿਥਕ ਜ਼ਰੂਰੀ ਹੈ—ਪਰ ਉਹ ਲੇਖਕ ਵੀ, ਲੇਖਕ ਨਹੀਂ ਹੁੰਦਾ ਜਿਹੜਾ ਮਿਥਕਾਂ ਦੀ ਖ਼ੁਦ ਭੰਨ-ਤੋੜ ਨਾ ਕਰੇ, ਨਸ਼ਟ ਨਾ ਕਰੇ।...ਤੋ ਮੈਂ ਇਹ ਮੰਨ ਜਾਂਦਾ ਹਾਂ ਕਿ ਲਿਖਣਾ ਇਕ ਨਵੇਂ ਮਿਥ ਦਾ ਨਿਰਮਾਣ ਹੈ ਤੇ ਇਹ ਮਿਥ ਨਿੱਤ ਦਿਹਾੜੇ ਦੀ ਜ਼ਿੰਦਗੀ ਦੇ ਹੁੰਦੇ ਹਨ।
ਮੈਂ ਕਿਹਾ ਸੀ ਕਿ ਧਰਮ ਨੂੰ ਆਸਥਾ ਦੇ ਰੂਪ ਵਿਚ ਨਾ ਲਓ ਕਿਉਂਕਿ ਫੇਰ ਤੁਸੀਂ ਰਿਲੀਜਨ ਤੇ ਏਥਿਜ਼ਮ ਨੂੰ ਭਿੜਾਓਗੇ। ਕੁਝ ਲੋਕ ਬਿਨਾਂ ਕੁਝ ਪੜ੍ਹੇ-ਲਿਖੇ ਆਸਤਿਕਤਾ ਤੇ ਨਾਸਤਿਕਤਾ ਨੂੰ ਲੜਾਉਂਦੇ ਹਨ। ਦੂਜੇ ਏਥਿਜ਼ਮ ਨੂੰ ਲੈ ਕੇ ਮਾਰਕਸਵਾਦੀ ਬਣੇ ਫਿਰਦੇ ਹਨ। ਭਾਵੇਂ ਮਾਰਕਸ ਦੀ 'ਹੋਲੀ ਫੈਮਿਲੀ' ਪੜ੍ਹੀਏ ਜਾਂ ਜਰਮਨ ਆਇਡੀਆਲੋਜੀ ਪੜ੍ਹੀਏ, ਉਹਨਾਂ ਜਿੰਨਾ ਆਪਣਾ ਦਰਸ਼ਨ ਮਜ਼ਬੂਤ ਹੋ ਈ ਨਹੀਂ ਸਕਦਾ ਜਦੋਂ ਤੀਕ ਉਸ ਵਿਚ ਮਿਥਿਆ ਚੇਤਨਾਵਾਂ, ਬਹੁਤ ਸਾਰੀਆਂ ਸਭਿਅਤਾਵਾਂ ਦੀਆਂ ਗੱਲਾਂ ਸ਼ਾਮਲ ਨਾ ਹੋਣ ਤੇ ਤੁਸੀਂ ਉਸਦਾ ਵਿਸ਼ਲੇਸ਼ਣ ਨਾ ਕਰੋਂ। ਤੁਸੀਂ ਉਹਨਾਂ ਦੇ ਸਭ ਕੁਝ ਨੂੰ ਅੰਦਰੋਂ ਕੱਢ ਦਿਓ ਤਾਂ ਤੁਸੀਂ ਕੁਝ ਵੀ ਨਹੀਂ ਲਿਖ ਸਕਦੇ। ਮਿਥਕਾਂ ਦਾ ਇਸਤੇਮਾਲ, ਮਿਥਿਆ ਚੇਤਨਾ ਦਾ ਇਸਤੇਮਾਲ, ਇਕ ਸੁਚੇਤ ਲੇਖਕ ਹੀ ਕਰ ਸਕਦਾ ਹੈ। ਹਿੰਦੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਵਿਚ ਵੀ ਇੰਜ ਹੁੰਦਾ ਹੈ। ਕਦੀ ਯਹੂਦੀ ਪ੍ਰਤੀਕ ਰਬੀ ਆਉਂਦਾ ਹੈ ਤੇ ਕਿਤੇ ਈਸਾਈ ਪ੍ਰਤੀਕ। ਤੁਸੀਂ ਸਭ ਨੂੰ ਖਾਰਜ ਕਰ ਦਿਓ ਤੇ ਕਹੋਂ ਕਿ ਅਸੀਂ ਹੀ ਹਿੰਦੀ ਦੇ ਲੇਖਕ ਹਾਂ ਤਾਂ ਇੰਜ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਇਕ ਤਾਂ ਡੂੰਘਾ ਅਧਿਅਨ ਤੇ ਦੂਜਾ ਜੋ ਤੁਸੀਂ ਪੜ੍ਹਦੇ ਹੋ ਉਸੇ ਤੋਂ ਹੀ ਨਵੀਆਂ ਚੀਜ਼ਾਂ ਸਿੱਖਦੇ ਹੋ। ਅਜਿਹਾ ਨਹੀਂ ਹੈ ਕਿ ਜੋ ਤੁਸੀਂ ਪੜ੍ਹਦੇ ਹੋ ਉਸੇ ਨਾਲ ਤੁਸੀਂ ਓਵਰਵਹੇਲਮਡ ਬਣ ਜਾਂਦੇ ਹੋ। ਤੁਸੀਂ ਡਸਟਬਿਨ ਨਹੀਂ ਹੋ, ਤੁਸੀਂ ਮਨੁੱਖ ਹੋ। ਤੁਸੀਂ ਜੋ ਵੀ ਪੜ੍ਹਦੇ ਹੋ, ਤੁਹਾਡੇ ਉੱਤੇ ਹਾਵੀ ਹੁੰਦਾ ਹੈ। ਉਸਦਾ ਇਕ ਵਿਵੇਕ ਹੈ, ਉਸਦੀ ਇਕ ਆਲੋਚਨਾਤਮਿਕ ਜਾਗਰੂਕਤਾ ਹੈ ਜਿਹੜੀ ਉਸਨੂੰ ਜਾਂਚਦੀ ਪਰਖਦੀ ਹੈ। ਇਸ ਲਈ ਮੈਂ ਹੁਣ ਵੀ ਕਹਿੰਦਾ ਹਾਂ ਕਿ ਇਹਨਾਂ ਪ੍ਰਤੀਕਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.