Monday, February 21, 2011

ਮੇਰਾ ਅਪਰਾਧ ਕੀ ਸੀ...:: ਉਸ਼ਾ ਰਾਜੇ ਸਕਸੇਨਾ




ਪ੍ਰਵਾਸੀ ਹਿੰਦੀ ਕਹਾਣੀ :
ਮੇਰਾ ਅਪਰਾਧ ਕੀ ਸੀ...
ਲੇਖਕਾ : ਉਸ਼ਾ ਰਾਜੇ ਸਕਸੇਨਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਓਹਨੀਂ ਦਿਨੀ ਮੇਰੇ ਪਿਤਾ ਪੋਰਟਸਮਥ 'ਚ ਇਕ ਜਹਾਜ਼ੀ ਬੇੜੇ 'ਤੇ ਕੰਮ ਕਰਦੇ ਸਨ। ਉਹਨਾਂ ਦੀ ਗ਼ੈਰ-ਮੌਜ਼ੂਦਗੀ 'ਚ ਆਪਣੇ ਇਕੱਲੇਪਨ ਨੂੰ ਨਾ ਸਹਿ ਸਕਣ ਕਰਕੇ ਮੇਰੀ ਅਲ੍ਹੱੜ ਉਮਰ ਦੀ ਮਾਂ ਨੂੰ ਪੀਣ ਦੀ ਲਤ ਪੈ ਗਈ।
ਪਿਤਾ ਤਿੰਨ ਮਹੀਨੇ ਬਾਅਦ ਘਰ ਆਉਂਦੇ। ਜਦੋਂ ਉਹ ਘਰ ਹੁੰਦੇ ਤਾਂ ਉਹ ਮੇਰੀ ਮਮੀ ਤੋਂ ਇਕ ਪਲ ਦੀ ਜੁਦਾਈ ਵੀ ਨਾ ਸਹਿ ਸਕਦੇ। ਉਹਨਾਂ ਨਾਲ ਮਮੀ ਜਾਂ ਬੈੱਡ-ਰੂਮ ਵਿਚ ਹੁੰਦੀ ਜਾਂ ਪੱਬ ਵਿਚ। ਮਮੀ ਦੀ ਹਦਾਇਤ ਸੀ ਕਿ ਜਦੋਂ ਤੀਕ ਡੈਡੀ ਘਰ ਹੋਣ ਅਸੀਂ ਬੱਚੇ ਘੱਟ ਤੋਂ ਘੱਟ ਸਮਾਂ ਉਹਨਾਂ ਕੋਲ ਰਹੀਏ। ਮੈਨੂੰ ਤਾਂ ਉਹਨਾਂ ਦੇ ਸਾਹਮਣੇ ਜਾਣ ਦੀ ਵੀ ਸਖ਼ਤ ਮਨਾਹੀ ਸੀ। ਮੈਂ ਆਪਣਾ ਬਿਸਤਰਾ ਓਹਨੀਂ ਦਿਨੀ ਏਟਿਕ (ਪਰਛੱਤੀ) ਵਿਚ ਲਾ ਲੈਂਦੀ। ਸਕੂਲੋਂ ਆਉਂਦੀ ਹੀ ਰਸੋਈ ਦੇ ਵਰਕ-ਟਾਪ 'ਤੇ ਰੱਖੇ ਸੈਂਡਵਿਚ ਦਾ ਪੈਕੇਟ ਤੇ ਪਾਣੀ ਵਾਲੀ ਬੋਤਲ ਚੁੱਕ ਕੇ ਚੂਹੇ ਵਾਂਗ ਚੁੱਪਚਾਪ, ਲਟਕਵੀਂ-ਪੌੜੀ ਚੜ੍ਹ ਕੇ, ਪਰਛੱਤੀ ਵਿਚ ਜਾ ਪਹੁੰਚਦੀ ਤੇ ਟ੍ਰੈਪ-ਡੋਰ ਬੰਦ ਕਰ ਲੈਂਦੀ। ਪਰਛੱਤੀ ਵਿਚ ਰਹਿਣਾ ਮੈਨੂੰ ਕਤਈ ਬੁਰਾ ਨਹੀਂ ਸੀ ਲੱਗਦਾ—ਉਹ ਮੇਰੇ ਇਕੱਲੇਪਨ ਨੂੰ ਰਾਸ ਆ ਜਾਂਦਾ। ਓਹਨੀਂ ਦਿਨੀ ਮੈਂ ਉੱਥੇ ਆਪਣੀ ਇਕ ਵੱਖਰੀ ਦੁਨੀਆਂ ਵਸਾ ਲੈਂਦੀ।
ਏਟਿਕ ਵਿਚ ਦੁਨੀਆਂ ਭਰ ਦੇ ਅਜੂਬੇ ਤੇ ਗ਼ੈਰ-ਜ਼ਰੂਰੀ ਸਾਮਾਨ ਤੂੜਿਆ ਹੋਇਆ ਸੀ। ਇਸ ਸਾਮਾਨ ਨਾਲ ਖੇਡਣਾ, ਤੇ ਉਸਨੂੰ ਇਧਰ-ਉਧਰ ਸਜ਼ਾ-ਸੰਵਾਰ ਕੇ ਰੱਖਣਾ ਮੈਨੂੰ ਚੰਗਾ ਲੱਗਦਾ ਸੀ। ਅਕਸਰ ਮੈਂ ਉੱਥੇ ਰੱਖੇ ਲਾਲ ਰੰਗ ਦੇ ਬੀਨ-ਬੈਗ ਉੱਤੇ ਬੈਠ ਕੇ ਖਿੜਕੀ ਵਿਚੋਂ ਸੜਕ 'ਤੇ ਆਉਂਦੇ-ਜਾਂਦੇ ਵਾਹਣਾ ਜਾਂ ਗੁਆਂਢੀਆਂ ਦੇ ਪਿੱਛਲੇ ਪਾਸੇ ਵਾਲੇ ਬਾਗ਼ ਵਿਚਲੇ ਰੁੱਖ-ਬੂਟਿਆਂ, ਕਾਟੋਆਂ ਤੇ ਕੁੱਤੇ-ਬਿੱਲੀਆਂ ਨੂੰ ਇਧਰ-ਉਧਰ ਨੱਸਦੇ-ਭੱਜਦੇ, ਚਿੜੀਆਂ ਤੇ ਖ਼ਰਗੋਸ਼ਾਂ ਦਾ ਪਿੱਛਾ ਕਰਦੇ ਦੇਖਦੀ ਜਾਂ ਫੇਰ ਪੁਰਾਣੇ ਜ਼ਮਾਨੇ ਦੇ ਬਣੇ ਗੁਦਗੁਦੇ 'ਸੇਸ਼ਲਾਗ' ਉੱਤੇ ਸਲੀਪਿੰਗ ਬੈਗ ਵਿਛਾ ਕੇ ਉਸ ਵਿਚ ਘੁਸੜ ਕੇ ਸੌਂ ਜਾਂਦੀ।
ਸਵੇਰੇ ਤਿੰਨ ਸਾਲ ਦੇ ਛੋਟੇ ਰਾੱਨੀ ਨੂੰ ਸੁੱਤਾ ਛੱਡ ਕੇ ਅਸੀਂ ਤਿੰਨੇ ਭਰਾ-ਭੈਣ ਮਮੀ-ਡੈਡੀ ਦੇ ਉਠਣ ਤੋਂ ਪਹਿਲਾਂ ਦੁੱਧ ਨਾਲ ਕਾਰਨ-ਫਲੇਕਸ ਜਾਂ ਵੀਟਾਬਿਕਸ ਵਰਗੀ ਕੋਈ ਚੀਜ਼ ਖਾ ਕੇ, ਸਕੂਲ ਨੱਸ ਲੈਂਦੇ। ਸਕੂਲੇ ਦੁਪਹਿਰ ਦਾ ਗਰਮਾ-ਗਰਮ ਖਾਣਾ ਸਾਨੂੰ ਮੁਫ਼ਤ ਵਿਚ ਮਿਲਦਾ, ਕਿਉਂਕਿ ਅਸੀਂ ਲੋਕ ਘੱਟ ਆਮਦਨੀ ਵਾਲੇ ਪਰਿਵਾਰ 'ਚੋਂ ਜੋ ਸਾਂ। ਜੇ ਕਦੀ ਮੈਂ ਗਲਤੀ ਨਾਲ ਡੈਡੀ ਦੇ ਸਾਹਮਣੇ ਆ ਜਾਂਦੀ ਤਾਂ ਉਹ ਬਿਨਾਂ ਮੇਰਾ ਕੰਨ ਪੁੱਟਿਆਂ ਜਾਂ ਚੱਪਲ ਨਾਲ ਕੁੱਟਿਆਂ ਨਹੀਂ ਸੀ ਛੱਡਦੇ। ਪਤਾ ਨਹੀਂ ਕਿਉਂ ਉਹਨਾਂ ਨੂੰ ਮੈਥੋਂ ਬੇਹੱਦ ਚਿੜ ਸੀ? ਮੈਨੂੰ ਸਤਾਉਣ ਲਈ ਉਹ ਮੇਰੇ ਸਾਹਮਣੇ ਫ਼ਿਯੋਨਾ, ਸ਼ਰਲੀਨ ਤੇ ਰਾੱਨੀ ਨੂੰ ਚਾਕਲੇਟ ਤੇ ਲਾਲੀ ਦੇਂਦੇ, ਉਹਨਾਂ ਨੂੰ ਗੋਦ ਵਿਚ ਬਿਠਾਅ ਲੈਂਦੇ ਤੇ ਮੈਨੂੰ ਠੁੱਡ ਮਾਰਦੇ ਹੋਏ ਚਪੇੜ ਜੜ ਦੇਂਦੇ, ਜਾਂ ਪੈਰਾਂ ਹੇਠ ਮਸਲ ਕੇ ਲਾਲੀ ਜਾਂ ਚਾਕਲੇਟ ਮੇਰੇ ਸਾਹਵੇਂ ਸੁੱਟ ਦੇਂਦੇ। ਮੇਰੇ ਭਰਾ-ਭੈਣ ਮੈਨੂੰ ਮਾਰ ਪੈਂਦੀ ਦੇਖ ਕੇ ਸਹਿਮ ਜਾਂਦੇ ਤੇ ਕੋਈ ਮੇਰੀ ਮਦਦ ਲਈ ਨਾ ਆਉਂਦਾ। ਫਿਟਕਾਰ ਦਿੱਤੇ ਜਾਣ 'ਤੇ ਮੈਂ ਹਮੇਸ਼ਾ ਚੁੱਪ ਰਹਿੰਦੀ ਤੇ ਹੈਰਾਨ-ਪ੍ਰੇਸ਼ਾਨ ਜਿਹੀ ਹੋਈ ਇਹੋ ਸੋਚਦੀ ਕਿ ਮੇਰਾ ਅਪਰਾਧ ਕੀ ਹੈ? ਕਿਉਂ ਡੈਡੀ ਏਨੀ ਬੇਦਰਦੀ ਨਾਲ ਮੇਰੇ ਨਾਲ ਪੇਸ਼ ਆਉਂਦੇ ਨੇ? ਮੇਰਾ ਜ਼ਖ਼ਮੀ ਹੋਇਆ ਬਾਲ-ਮਨ ਅੰਦਰੇ-ਅੰਦਰ ਵਿਲਕਦਾ ਰਹਿੰਦਾ।
ਮਮੀ ਨੂੰ ਘਰ-ਗ੍ਰਹਿਸਤੀ ਵਿਚ ਕੋਈ ਰੁਚੀ ਨਹੀਂ ਸੀ। ਸਾਡੇ ਘਰ ਹਮੇਸ਼ਾ ਖਿਲਾਰ ਪਿਆ ਹੁੰਦਾ। ਅਕਸਰ ਸਾਡੀ ਬੁੱਢੀ ਹੁੰਦੀ ਜਾ ਰਹੀ ਨਾਨਾ (ਨਾਨੀ) ਬੁੜਬੁੜ ਕਰਦੀ ਹੋਈ ਆਉਂਦੀ। ਘਰ ਨੂੰ ਪੂੰਝ-ਬੁਹਾਰ ਕੇ ਠੀਕ-ਠਾਕ ਕਰਦੀ ਤੇ ਸਾਨੂੰ ਬੱਚਿਆਂ ਨੂੰ ਨੁਹਾਉਂਦੀ-ਧੁਵਾਉਂਦੀ।...ਤੇ ਬਚੇ-ਖੁਚੇ ਡਬਲਰੋਟੀ ਦੇ ਟੁਕੜੇ ਦੁੱਧ ਵਿਚ ਪਾ ਕੇ ਸਵਾਦੀ ਬਰੈੱਡ-ਪੁੜਿੰਗ ਜਾਂ ਹਾਟ-ਪਾਟ (ਦਾਲਾਂ ਤੇ ਸਬਜ਼ੀਆਂ ਦੀ, ਮੱਠੀ ਅੱਗ ਉੱਤੇ ਬਣੀ, ਬੜੀ ਪਤਲੀ-ਪਤਲੀ ਖਿਚੜੀ) ਖੁਆਉਂਦੀ। ਮਮਾ ਨਾਨਾ ਦੀ ਇਕਲੌਤੀ ਸੰਤਾਨ ਸੀ। ਨਾਨਾ, ਮਮਾ ਦੀਆਂ ਲਾਪ੍ਰਵਾਹੀਆਂ ਨੂੰ ਨਜ਼ਰ-ਅੰਦਾਜ਼ ਕਰਦੀ ਹੋਈ, ਅਕਸਰ ਮੈਨੂੰ ਹੀ ਉਸਦੀਆਂ ਮੁਸੀਬਤਾਂ ਦੀ ਜੜ ਕਹਿ ਕੇ ਅਪਰਾਧ-ਬੋਧ ਨਾਲ ਭਰ ਦੇਂਦੀ। ਭਾਵੇਂ ਇਸ ਦੇ ਬਾਵਜੂਦ ਉਹ ਆਪਣਾ ਪਿਆਰ ਸਾਡੇ ਸਾਰਿਆਂ ਵਿਚ ਸਮਾਨ-ਰੂਪ ਵਿਚ ਵੰਡਦੀ। ਨਾਨਾ ਦੇ ਇਸ ਕਥਨ ਦਾ ਅਰਥ ਬੜੀ ਦੇਰ ਬਾਅਦ ਮੇਰੀ ਸਮਝ 'ਚ ਆਇਆ।
ਡੈਡੀ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਖਾਣ-ਪੀਣ ਦਾ ਸਾਮਾਨ ਲਾਰਡਰ ਵਿਚ ਰੱਖਣ ਦੇ ਨਾਲ, ਮਮੀ ਦੇ ਸਾਰੇ ਕਰਜੇ ਵੀ ਲਾਹ ਜਾਂਦੇ। ਮਮੀ ਸੁਭਾਅ ਦੀ ਅਲੱੜ੍ਹ ਤੇ ਲਾਪ੍ਰਵਾਹ ਸੀ। ਡੈਡੀ ਦੀ ਗ਼ੈਰ-ਮੌਜ਼ੁਦਗੀ ਵਿਚ ਉਹ ਸਾਨੂੰ ਅਕਸਰ ਘਰ 'ਚ ਇਕੱਲੇ ਛੱਡ ਕੇ ਦੋਸਤਾਂ ਨਾਲ ਪੱਬ ਚਲੀ ਜਾਂਦੀ ਸੀ ਤੇ ਕਦੀ-ਕਦੀ ਰਾਤ ਨੂੰ ਵੀ ਘਰ ਨਹੀਂ ਸੀ ਆਉਂਦੀ ਹੁੰਦੀ। ਸਾਡਾ ਘਰ ਸ਼ੰਕਿਆਂ ਵਿਚ ਘਿਰਿਆ ਹੋਇਆ ਸੀ। ਆਂਢ-ਗੁਆਂਢ ਦੇ ਲੋਕ ਸਾਡੇ ਘਰ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਮੈਂ ਬਚਪਨ ਤੋਂ ਹੀ 'ਦੁੱਰ-ਦੁੱਰ' ਦੀ ਆਦੀ ਹੋ ਚੱਲੀ ਸਾਂ। ਸਰਕਾਰੀ ਸੋਸ਼ਲ ਵਰਕਰ ਸਾਡੇ ਘਰ ਦੇ ਚੱਕਰ ਵਾਰ-ਵਾਰ ਲਾਉਂਦੇ ਰਹੇ। ਸਾਨੂੰ ਚੁੱਪ ਤੇ ਸੋਸ਼ਲ ਕਸਟਡੀ ਵਿਚ ਰਹਿਣ ਦੀ ਆਦਤ ਜਿਹੀ ਪੈ ਚੁੱਕੀ ਸੀ। ਅਕਸਰ ਮਮੀ ਲੜ-ਝਗੜ ਤੇ ਰੋ-ਧੋ ਕੇ ਕਸਮਾਂ ਖਾਂਦੀ ਸਾਨੂੰ ਵਾਪਸ ਘਰ ਲੈ ਆਉਂਦੀ ਸੀ। ਉਸ ਸਮੇਂ ਤਕ ਮੈਨੂੰ ਨਹੀਂ ਸੀ ਪਤਾ ਕਿ ਮਮੀ ਸਾਨੂੰ ਚਿਲਡਰਨ-ਅਲਾਉਂਸ ਲਈ ਘਰ ਲਿਆਉਂਦੀ ਹੁੰਦੀ ਸੀ। ਅਸੀਂ ਬੱਚੇ ਮਮੀ ਲਈ ਸ਼ਤਰੰਜ ਦੇ ਮੋਹਰੇ ਸਾਂ।
ਪਹਿਲਾਂ ਨਾਨਾ ਸਾਡੇ ਘਰ ਦੇ ਨਾਲ ਵਾਲੇ ਘਰ ਵਿਚ ਰਹਿੰਦੀ ਸੀ। ਸੋਸ਼ਲ ਵਰਕਰ ਦੀ ਮਿਨੀ ਦੇਖਦੀ ਹੀ ਉਹ ਪਿੱਛਲੇ ਦਰਵਾਜ਼ੇ ਵਿਚੋਂ ਸਾਨੂੰ ਆਪਣੇ ਘਰ ਲੈ ਆਉਂਦੀ, ਜਾਂ ਫੇਰ ਹੇਠਾਂ ਸੋਫੇ ਉੱਤੇ ਸੌਣ ਦਾ ਬਹਾਨਾ ਬਣਾਉਂਦੀ। ਨਾਨਾ ਦੱਸਦੀ, ਦੂਜੇ ਮਹਾ ਯੁੱਧ ਵਿਚ ਉਸਦਾ ਸਾਰਾ ਪਰਿਵਾਰ ਮਰਿਆ ਗਿਆ। ਮਮਾ, ਉਸਦੀ ਇਕਲੌਤੀ ਔਲਾਦ, ਹਮੇਸ਼ਾ ਦੀ ਜ਼ਿੱਦੀ ਤੇ ਲਾਪ੍ਰਵਾਹ ਸੁਭਾਅ ਦੀ ਰਹੀ। ਉਸ ਵਿਚ ਕਦੀ ਵੀ, ਕਿਸੇ ਵੀ ਤਰ੍ਹਾਂ, ਠਹਿਰਾਅ ਨਹੀਂ ਆਇਆ। ਨਾਨਾ ਹੁਣ ਬਿਰਧ-ਆਸ਼ਰਮ ਚਲੀ ਗਈ ਹੈ। ਕਈ ਵਰ੍ਹਿਆਂ ਦਾ ਡੈਡੀ ਦਾ ਵੀ ਕੁਛ ਪਤਾ ਨਹੀਂ। ਮਮੀ ਫੇਰ ਗਰਭਵਤੀ ਹੋ ਗਈ ਤੇ ਸੋਸ਼ਲ ਸਰਵਿਸਜ਼ ਨੇ ਫੇਰ ਸਾਨੂੰ ਆਪਣੀ ਦੇਖ-ਰੇਖ ਵਿਚ ਲੈ ਲਿਆ। ਇਸ ਵਾਰੀ ਮਮੀ ਦੇ ਰੋਣ-ਗਿੜਗਿੜਾਉਣ ਦਾ ਵੀ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ।
ਮੇਰੇ ਸਾਰੇ ਭਰਾ-ਭੈਣ ਗੋਰੇ-ਚਿੱਟੇ ਨੇ। ਉਹਨਾਂ ਦੀਆਂ ਅੱਖਾਂ ਨੀਲੀਆਂ ਤੇ ਵਾਲ ਸੁਨਹਿਰੇ ਜਾਂ ਭੂਰੇ ਨੇ। ਪਿਛਲੇ ਦੋ ਵਰ੍ਹਿਆਂ ਵਿਚ ਮੇਰੇ ਤਿੰਨੋ ਭਰਾ-ਭੈਣ, ਇਕ ਇਕ ਕਰਕੇ ਸਾਰੇ ਜਾਂ ਤਾਂ ਗੋਦ ਲੈ ਲਏ ਗਏ ਜਾਂ ਕਿਸੇ ਫੋਸਟਰ ਪੈਰੇਂਟਸ (ਪਾਲਕ ਮਾਤਾ-ਪਿਤਾ) ਕੋਲ ਚਲੇ ਗਏ। ਪਤਾ ਨਹੀਂ ਕਿੰਨੇ ਲੋਕ ਮੈਨੂੰ ਦੇਖਣ ਆਏ, ਪਰ ਸਾਰੇ ਮੈਨੂੰ ਅਸਵੀਕਾਰ ਕਰਕੇ ਚਲੇ ਗਏ। ਮੈਂ ਕਿੰਨੀ ਵਾਰੀ ਮੁੜ-ਮੁੜ ਸਥਾਪਿਤ ਹੋਈ, ਕਿੰਨੇ ਅਸਥਾਈ ਫੋਸਟਰ ਹੋਮਸ ਵਿਚ ਰਹੀ, ਕਿੰਨੇ ਅਨਾਥ ਆਸ਼ਰਮਾਂ ਵਿਚ ਪਲੀ, ਕਿੰਨੀਆਂ ਝਾੜਾਂ-ਝਿੜਕਾਂ ਖਾਧੀਆਂ ਤੇ ਕਿੰਨੀ ਮਾਰ ਖਾਧੀ—ਹੁਣ ਯਾਦ ਨਹੀਂ। ਮੈਨੂੰ ਪਾਰਕ-ਹਾਊਸ ਚਿਲਡਰਨਸ ਹੋਮ ਵਿਚ ਜਦੋਂ ਲਿਆਂਦਾ ਗਿਆ ਉਦੋਂ ਮੈਂ ਨੱਕ ਸੁੜਕਦੀ, ਅੱਠਾਂ ਵਰ੍ਹਿਆਂ ਦੀ ਜ਼ਿੱਦੀ, ਸੁੱਕੜ-ਜਿਹੀ, ਅੱਖੜ ਗੂੜ੍ਹੀਆਂ ਭੂਰੀਆਂ-ਕਾਲੀਆਂ ਅੱਖਾਂ, ਰੁੱਖੜ ਖੱਲੜੀ ਵਾਲੀ ਰਤਾ ਛੋਟੇ ਕੱਦ ਦੀ ਬੱਚੀ ਸਾਂ। ਪਾਰਕ-ਹਾਊਸ ਚਿਲਡਰਨਸ ਹੋਮ ਵਿਚ ਆਇਆਂ ਮੈਨੂੰ ਅੱਠ ਵਰ੍ਹੇ ਹੋ ਚੁੱਕੇ ਨੇ। ਇੱਥੇ ਮੇਰੀ ਸਕੂਲਿੰਗ ਮੁੜ ਨਿਯਮ ਨਾਲ ਸ਼ੁਰੂ ਹੋਈ। ਪੜ੍ਹਨ-ਲਿਖਣ ਵਿਚ ਮੇਰਾ ਮਨ ਨਾ ਲੱਗਦਾ। ਜਦ ਕਦੀ ਮੈਂ ਪੜ੍ਹਨ ਬੈਠਦੀ ਮੈਨੂੰ ਉਬਾਸੀਆਂ ਆਉਣ ਲੱਗ ਪੈਂਦੀਆਂ ਜਾਂ ਸਿਰ ਪੀੜ ਹੋਣ ਲੱਗ ਪੈਂਦਾ। ਪਾਰਕ ਹਾਊਸ ਦੀਆਂ ਨਨਾ ਮੈਨੂੰ ਘੁੰਨੀ, ਆਲਸੀ ਤੇ ਜੰਗਲੀ ਸਮਝਦੀਆਂ, ਉਹਨਾਂ ਕਦੀ ਮੇਰੇ ਉਲਝੇ ਮਨੋਵਿਗਿਆਨ ਤੇ ਉਲਝਣਾ-ਔਝੜਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।
ਆਏ ਦਿਨ ਮੈਂ ਉੱਥੇ ਕਿਸੇ ਨਾ ਕਿਸੇ ਛੋਟੀ-ਮੋਟੀ ਸ਼ਰਾਰਤ ਕਾਰਨ 'ਚਿਲ ਆਊਟ ਵੇ' ਦੀ ਸਜ਼ਾ ਭੁਗਤਦੀ। ਹੌਲੀ-ਹੌਲੀ ਮੈਂ ਲਾਪ੍ਰਵਾਹ ਨਿਰੰਕੁਸ਼ ਤੇ ਢੀਠ ਹੁੰਦੀ ਗਈ। ਨਨਾ ਨੂੰ ਤੰਗ ਕਰਨਾ ਉਹਨਾਂ ਨੂੰ ਖਿਝਾਉਣਾ-ਹਿਰਖਾਉਣਾ, ਉਹਨਾਂ ਦੀਆਂ ਨਕਲਾਂ ਲਾਹੁਣਾ, ਮੇਰੀ ਆਦਤ ਵਿਚ ਸ਼ਾਮਲ ਹੁੰਦਾ ਗਿਆ। ਜਦੋਂ ਮੇਰੀਆਂ ਹਰਕਤਾਂ ਉੱਤੇ ਮੇਰੀਆਂ ਸਾਥੀ ਕੁੜੀਆਂ ਮੂੰਹ ਲੁਕਾ ਕੇ ਫਿਸ-ਫਿਸ ਹੱਸਦੀਆਂ ਤਾਂ ਮੈਂ ਹੋਰ ਵੀ ਮੂਰਖਤਾ ਭਰਪੂਰ ਹਰਕਤਾਂ ਕਰਦੀ ਤੇ ਸਜ਼ਾ ਭੁਗਤਦੀ।
ਹੁਣ ਮੈਂ ਪੂਰੇ ਸੋਲਾਂ ਵਰ੍ਹਿਆਂ ਦੀ ਹੋ ਚੁੱਕੀ ਹਾਂ। ਉਸ ਦਿਨ ਮੈਨੂੰ ਨਹੀਂ ਸੀ ਪਤਾ ਕਿ ਅਗਲਾ ਦਿਨ ਫੇਰ ਮੈਨੂੰ ਅਸਥਿਰ ਤੇ ਪੂਰੀ ਤਰ੍ਹਾਂ ਬੇਚੈਨ ਕਰ ਦੇਣ ਵਾਲਾ ਹੋਏਗਾ। ਸਵੇਰੇ ਨਾਸ਼ਤੇ ਪਿੱਛੋਂ ਸਿਸਟਰ ਮਾਰੀਆ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾ ਕੇ ਕਿਹਾ, “ਸੋਸ਼ਲ ਵਰਕਰ ਮਿਸੇਜ਼ ਹਾਵਰਡ ਹੁਣੇ ਥੋੜ੍ਹੀ ਦੇਰ ਵਿਚ ਇੱਥੇ ਆਏਗੀ ਤੇ ਤੈਨੂੰ ਅਸੈਸਮੈਂਟ ਸੈਂਟਰ ਲੈ ਜਾਏਗੀ।” ਮੈਂ ਚੁੱਪ। ਇਹ ਅਸੈਸਮੈਂਟ ਸੈਂਟਰ ਕੀ ਹੁੰਦਾ ਹੈ? ਮੈਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ। ਦਹਿਸ਼ਤ ਵਿਚ ਖੁੱਭੀ, ਮੈਂ ਥਾਵੇਂ ਖੜ੍ਹੀ ਰਹੀ। ਥੋੜ੍ਹੀ ਦੇਰ ਤਕ ਸਿਸਟਰ ਮਾਰੀਆ ਆਪਣੀ ਕਾਗਜ਼ੀ ਕਾਰਵਾਈ ਵਿਚ ਰੁੱਝੀ ਰਹੀ ਫੇਰ ਬਿਨਾਂ ਸਿਰ ਚੁੱਕਿਆਂ ਅੱਗੇ ਕਿਹਾ, “ਦੇਖ ਤੂੰ ਨਵੀਂ ਜਗ੍ਹਾ ਜਾ ਰਹੀ ਏਂ। ਆਪਣੇ ਉਪਰ ਕਾਬੂ ਰੱਖੀਂ, ਆਪਣੀਆਂ ਬੇਵਕੂਫ਼ੀਆਂ ਤੇ ਸ਼ਰਾਰਤਾਂ ਨਾਲ ਪਾਰਕ-ਹਾਊਸ ਦਾ ਨਾਮ ਨਾ ਬਦਨਾਮ ਕਰੀਂ।”
“'ਅਸੈਸਮੈਂਟ ਸੈਂਟਰ' ਕੀ ਹੁੰਦਾ ਏ ਮਿਸ?” ਅੱਖਾਂ ਵਿਚ ਆਏ, ਗੱਲ੍ਹਾਂ 'ਤੇ ਢਲਕਣ ਲਈ ਬੇਤਾਬ, ਅੱਥਰੂ ਪੀਂਦਿਆਂ ਤੇ ਗਲ਼ੇ ਵਿਚ ਆਈ ਗੁਠਲੀ ਨੂੰ ਨਿਗਲਦਿਆਂ ਹੋਇਆਂ ਮੈਂ ਪੁੱਛਿਆ। ਸਿਸਟਰ ਮਾਰੀਆ ਆਪਣੇ ਕੰਮ ਵਿਚ ਰੁੱਝੀ ਰਹੀ। ਉਹਨੇ ਮੇਰੇ ਪ੍ਰਸ਼ਨ ਦਾ ਕੋਈ ਉਤਰ ਨਹੀਂ ਦਿੱਤਾ। ਜਿਵੇਂ ਮੇਰੇ ਪ੍ਰਸ਼ਨ ਦਾ ਕੋਈ ਮਹੱਤਵ ਹੀ ਨਾ ਹੋਵੇ। 'ਅਸੈਸਮੈਂਟ ਸੈਂਟਰ' ਸ਼ਬਦ ਮੇਰੇ ਦਿਮਾਗ਼ ਵਿਚ ਖਰੂਦ ਪਾ ਰਿਹਾ ਸੀ। ਮੇਰੀਆਂ ਲੱਤਾਂ ਦੀ ਸ਼ਕਤੀ ਨੁੱਚੜਦੀ ਜਾ ਰਹੀ ਸੀ। ਦਿਲ ਬੈਠਦਾ ਜਾ ਰਿਹਾ ਸੀ। ਅਸੈਸਮੈਂਟ ਸੈਂਟਰ 'ਚੋਂ ਪਨਿਸ਼ਮੈਂਟ ਸੈਂਟਰ ਵਰਗੀ ਬੂ ਆ ਰਹੀ ਸੀ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਪਾਰਕ-ਹਾਊਸ ਦੀ ਕਾਲੇ ਚੋਂਗੇ ਵਾਲੀ ਸਿਸਟਰ ਮਾਰੀਆ ਪਨਿਸ਼ਮੈਂਟ ਲਈ ਮੈਨੂੰ ਅਸੈਸਮੈਂਅ ਸੈਂਟਰ ਭੇਜ ਰਹੀ ਹੈ। ਮੈਂ ਕੋਈ ਬੁਰੀ ਲੜਕੀ ਨਹੀਂ ਹਾਂ। ਮੈਂ ਅੱਜ ਤਕ ਕੋਈ ਬੁਰਾ ਕੰਮ ਨਹੀਂ ਕੀਤਾ। ਬਸ ਥੋੜ੍ਹੀ ਜ਼ਿੱਦੀ ਤੇ ਸ਼ਰਾਰਤੀ ਹਾਂ। ਮੇਰੇ ਨਾਲ ਦੀਆਂ ਕਈ ਹੋਰ ਕੁੜੀਆਂ ਮੇਰੇ ਨਾਲੋਂ ਵੀ ਕਿਤੇ ਵੱਧ ਸ਼ਰਾਰਤੀ ਨੇ—ਪਰ ਉਹਨਾਂ ਨੂੰ ਅਕਸਰ ਮੁਆਫ਼ ਕਰ ਦਿੱਤਾ ਜਾਂਦਾ ਹੈ। ਮੈਂ ਸੁੰਨਮੁੰਨ ਜਿਹੀ ਹੋ ਗਈ ਸਾਂ।
ਸੋਸ਼ਲ ਵਰਕਰ ਕਾਰ ਲੈ ਕੇ ਆ ਚੁੱਕੀ ਸੀ। ਰਿਪੋਰਟ ਵਾਲਾ ਭੂਰਾ ਲਿਫ਼ਾਫ਼ਾ ਮੇਰੇ ਹੱਥ ਵਿਚ ਫੜਾ, ਰੁੱਖੀ ਜਿਹੀ ਆਵਾਜ਼ ਵਿਚ ਮਾਰੀਆ ਨੇ ਮੈਨੂੰ ਬਾਹਰ ਜਾਣ ਦਾ ਆਦੇਸ਼ ਦੇਂਦਿਆਂ ਕਿਹਾ, “ਡੇਮਿਯਨ ਤੇਰਾ ਸੂਟਕੇਸ ਲੈ ਕੇ ਆ ਰਹੀ ਏ।” ਸਭ ਕੁਝ ਏਨੀ ਜਲਦੀ ਵਿਚ ਕੀਤਾ ਗਿਆ ਕਿ ਮੈਨੂੰ ਆਪਣੇ ਕਿਸੇ ਸਾਥੀ ਨੂੰ ਗੁੱਡ-ਬਾਈ ਕਹਿਣ ਤੀਕ ਦਾ ਮੌਕਾ ਨਹੀਂ ਮਿਲਿਆ। ਚਾਰੇ ਪਾਸੇ ਪਸਰਿਆ ਸੰਨਾਟਾ ਦੱਸ ਰਿਹਾ ਸੀ ਅੱਜ ਸਾਰਾ ਪਾਰਕ-ਹਾਊਸ ਕਿਸੇ ਜ਼ਰੂਰੀ ਕੰਮ ਵਿਚ ਵਿਆਸਤ ਹੋ ਗਿਆ ਹੈ। ਮੇਰੇ ਜਾਣ ਦੀ ਕਿਸੇ ਨੂੰ ਕੋਈ ਖਬਰ ਨਹੀਂ। ਮੈਂ ਨਰਵਸ ਤੇ ਰੋਹਾਂਸੀ ਜਿਹੀ ਹੋ ਗਈ।
ਆਫ਼ਿਸ 'ਚੋਂ ਬਾਹਰ ਢਿੱਲੇ-ਢਾਲੇ ਕਾਲੇ ਤੇ ਸਫੇਦ ਲਿਬਾਸ ਵਿਚ ਦਰਮਿਆਨੇ ਕੱਦ ਦੀ ਗੋਭਲੀ ਜਿਹੀ ਇਕ ਸੋਸ਼ਲ ਵਰਕਰ ਕਾਲੀ ਮਿਨੀ ਦਾ ਦਰਵਾਜ਼ਾ ਖੋਲ੍ਹੀ ਖੜ੍ਹੀ ਸੀ। ਮੈਂ ਸੰਜੀਦਗੀ ਨਾਲ ਫਾਈਲ ਉਸਨੂੰ ਫੜਾ ਦਿੱਤੀ। ਉਸਨੇ 'ਹੈਲੋ' ਕਹਿੰਦਿਆਂ ਹੋਇਆਂ, ਮੈਨੂੰ ਮਿਨੀ ਵਿਚ ਬੈਠਣ ਦਾ ਇਸ਼ਾਰਾ ਕੀਤਾ। ਮੈਂ ਗੱਡੀ ਵਿਚ ਬੈਠਦਿਆਂ ਹੋਇਆਂ ਗਰਦਨ ਚੁੱਕ ਕੇ ਆਪਣੀ ਡਾਰਮੇਟਰੀ ਵੱਲ ਦੇਖਿਆ, ਜਿੱਥੇ ਕਈ ਵਰ੍ਹੇ ਸੌਂਦੀ ਰਹੀ ਸੀ। ਇਹ ਸੋਸ਼ਲ ਵਰਕਰ ਮੈਨੂੰ ਕਿੱਥੇ ਲੈ ਜਾਏਗੀ? ਮੈਨੂੰ ਕੁਝ ਪਤਾ ਨਹੀਂ ਸੀ। ਮੇਰਾ ਮਨ ਪਾਰੇ ਵਾਂਗ ਥਰ-ਥਰਾਉਣ ਲੱਗਾ। ਫੇਰ ਵੀ ਮੈਂ ਖ਼ੁਦ ਨੂੰ ਸੰਭਾਲਿਆ ਹੋਇਆ ਸੀ। ਸ਼ਾਇਦ ਮੇਰੀ ਜ਼ਿੱਦੀ ਮਨੋਬਿਰਤੀ ਮੇਰੀ ਸਹਾਇਤਾ ਕਰ ਰਹੀ ਸੀ।
“ਆਪਣਾ ਖ਼ਿਆਲ ਰੱਖਣਾ ਸਟੇਲਾ।” ਝਾੜੀਆਂ ਪਿੱਛੋਂ ਪਾਰਕ-ਹਾਊਸ ਦੀ ਸਫਾਈ-ਕਰਮੀ ਡੇਮਿਯਨ ਦਾ ਝੁਰੜੀਦਾਰ ਚਿਹਰਾ ਉਭਰਿਆ। ਡੇਮਿਯਲ ਜਿਸਦੇ ਗਰੀਬੜੇ ਜਿਹੇ ਸਨੇਹ ਨੇ ਪਿੱਛਲੇ ਸਾਲਾਂ ਵਿਚ ਕਈ ਵਾਰੀ ਮੈਨੂੰ ਨਿਰਾਸ਼ਾ ਦੇ ਮੁਸ਼ਕਿਲ ਪਲਾਂ ਵਿਚ, ਇਕੱਲ ਵਿਚ ਘਿਰੀ ਨੂੰ, ਪਲੋਸਿਆ ਸੀ।
“ਤੁਸੀਂ ਵੀ ਆਪਣਾ ਖ਼ਿਆਲ ਰੱਖਣਾ।” ਕਹਿੰਦਿਆਂ ਹੋਇਆਂ ਮੈਂ ਡੇਮਿਯਨ ਦੇ ਹੱਥੋਂ ਆਪਣਾ ਸੂਟਕੇਸ ਲੈ ਕੇ ਸੀਟ ਉੱਤੇ ਰੱਖ ਦਿੱਤਾ। ਮੇਰਾ ਜੀਅ ਕੀਤਾ ਮੈਂ ਦੌੜ ਕੇ ਡੇਮਿਯਨ ਦੇ ਗਲ਼ ਲੱਗ ਕੇ ਖ਼ੂਬ ਰੋਵਾਂ ਤੇ ਕਹਾਂ, “ਮੈਂ ਅਸੈਸਮੈਂਟ ਸੈਂਟਰ ਨਹੀਂ ਜਾਣਾ, ਤੂੰ ਮੈਨੂੰ ਆਪਣੇ ਘਰ ਲੈ ਚੱਲ।” ਪਰ ਮੈਂ ਨਾਮੁਰਾਦ ਕੁਝ ਵੀ ਨਹੀਂ ਕਹਿ ਸਕੀ, ਬਸ ਨੀਵੀਂ ਪਾ ਕੇ ਗੱਡੀ ਦਾ ਦਰਵਾਜ਼ਾ ਹੌਲੀ-ਜਿਹੀ ਬੰਦ ਕਰਕੇ ਪਾਰਕ-ਹਾਊਸ ਵਰਗੇ ਫੀਕੇ ਤੇ ਬਦਰੰਗ ਜੀਵਨ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਦੀ ਰਹੀ। ਸੋਸ਼ਲ ਵਰਕਰ ਦੇ ਸਾਹਮਣੇ ਮੈਂ ਟੁੱਟਣਾ ਨਹੀਂ ਸੀ ਚਾਹੁੰਦੀ। ਅਖ਼ੀਰ ਅੱਖਾਂ ਮੀਚੀ ਕਾਰ ਦੇ ਸਟਾਰਟ ਹੋਣ ਦੀ ਉਡੀਕ ਕਰਦੀ ਰਹੀ...
ਸੋਸ਼ਲ ਵਰਕਰ ਨੇ ਜਿਵੇਂ ਹੀ ਕਾਰ ਦਾ ਇੰਜਨ ਸਟਾਰਟ ਕੀਤੀ...ਮੈਂ ਆਪਣੇ ਡਰਾਵਨੇ ਵਰਤਮਾਨ ਨਾਲੋਂ ਨਾਤਾ ਤੋੜਨ ਲਈ, ਹੋਰ ਸਾਰੀਆਂ ਗ਼ੈਰ-ਜ਼ਰੂਰੀ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਜਿਵੇਂ ਇਹ ਸੋਸ਼ਲ ਵਰਕਰਸ ਮਿਨੀ ਹੀ ਕਿਉਂ ਚਲਾਉਂਦੀਆਂ ਨੇ?...ਕੀ ਇਹਨਾਂ ਨੂੰ ਹੋਰ ਕੋਈ ਕਾਰ ਚਲਾਉਣੀ ਨਹੀਂ ਆਉਂਦੀ? ਮੇਰੇ ਜੀਵਨ ਵਿਚ ਜਿੰਨੀਆਂ ਸੋਸ਼ਲ ਵਰਕਰ ਆਈਆਂ ਉਹਨਾਂ ਸਭਨਾਂ ਕੋਲ ਮਿਨੀ ਹੀ ਸੀ। ਇਹ ਤਾਂ ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਇਹ ਗੱਡੀਆਂ ਉਹਨਾਂ ਦੀਆਂ ਆਪਣੀਆਂ ਨਹੀਂ, ਸੋਸ਼ਲ ਸਰਵਿਸਿਜ਼ ਦੀਆਂ ਹੁੰਦੀਆਂ ਨੇ।
ਫੇਰ ਜਿਵੇਂ ਹੀ ਅਸੀਂ ਸੜਕ 'ਤੇ ਆਏ, ਮੈਂ ਸੂਟਕੇਸ ਖੋਲ੍ਹ ਕੇ ਆਪਣੀ ਇਕੋ ਇਕ ਗੁਲਾਬੀ ਲਾਇਕਰਾ ਡਰੈੱਸ ਕੱਢੀ। ਥੋੜ੍ਹੀ ਦੇਰ ਉਸਨੂੰ ਗਲ਼ ਲਾਇਆ, ਉਸਦੀ ਰੇਸ਼ਮੀ ਛੂਹ ਨੂੰ ਮਹਿਸੂਸ ਕੀਤਾ। ਫੇਰ ਇਕ ਝਟਕੇ ਨਾਲ ਆਪਣੇ ਪਾਰਕ-ਹਾਊਸ ਦੇ ਭੱਦੇ ਹਰੇ ਰੰਗ ਦੇ ਹੈਟ, ਕੋਟ ਤੇ ਪਿਨਾਕੋਰ (ਇਕ ਤਰ੍ਹਾਂ ਦਾ ਫ਼ਰਾਕ) ਨੂੰ ਲਾਹ ਕੇ ਸੂਟਕੇਸ ਕੇਸ ਵਿਚ ਤੁੰਨਿਆਂ ਤੇ ਡਰੈੱਸ ਨੂੰ ਏਨੀ ਕਾਹਲ ਨਾਲ ਪਾਇਆ ਕਿ ਸੋਸ਼ਲ ਵਰਕਰ ਮੈਨੂੰ ਕੱਪੜੇ ਬਦਲਦਿਆਂ ਨਾ ਦੇਖ ਸਕੀ। ਪਰ ਉਸਦੀਆਂ ਇੱਲ੍ਹ ਵਰਗੀਆਂ ਤੇਜ਼ ਅੱਖਾਂ ਲੰਦਨ ਦੀ ਤੇਜ਼ ਰਿਫ਼ਤਾਰ ਟ੍ਰੈਫ਼ਿਕ ਦੀ ਗਤੀ 'ਤੇ ਟਿਕੀਆਂ ਹੋਣ ਦੇ ਬਾਵਜੂਦ ਮੇਰੇ ਉੱਤੇ ਨਿਗਾਹ ਰੱਖ ਰਹੀਆਂ ਸਨ। ਪਿੱਛੇ ਮੁੜ ਕੇ ਉਸਨੇ ਮੈਨੂੰ ਇਕ ਪਲ ਲਈ ਦੇਖਿਆ, ਫੇਰ ਸਾਹਮਣੇ ਟ੍ਰੈਫ਼ਿਕ ਉੱਤੇ ਧਿਆਨ ਟਿਕਾਉਂਦਿਆਂ ਹੋਇਆਂ ਬੋਲੀ, “ਭੱਜਣ ਦੀ ਕੋਸ਼ਿਸ਼ ਬੇਕਾਰ ਐ, ਦਰਵਾਜ਼ਿਆਂ ਵਿਚ ਸੇਫਟੀ ਲਾਕ ਲੱਗੇ ਹੋਏ ਨੇ।” ਫੇਰ ਹੱਸਦੀ ਹੋਈ ਬੋਲੀ, “ਮੇਰਾ ਅਨੁਭਵ ਦੱਸਦਾ ਏ, ਤੂੰ ਭਗੌੜੀ ਨਹੀਂ ਏਂ, ਕਿਉਂ?” ਉਸਦੀ ਹਾਸੀ ਵਿਚ ਲਿਪਟਿਆ ਵਿਅੰਗ ਮੈਨੂੰ ਅੰਦਰ ਤੀਕ ਚੀਰ ਗਿਆ। ਮੈਂ ਕੋਈ ਉਤਰ ਨਾ ਦਿੱਤਾ। ਯੂਨੀਫ਼ਾਰਮ ਲਾਹੁਣ ਤੋਂ ਬਾਅਦ ਮੈਂ ਕੁਛ ਸਹਿਜ ਮਹਿਸੂਸ ਕਰ ਰਹੀ ਸਾਂ।
ਇਹ ਗੁਲਾਬੀ ਡਰੈੱਸ ਮੇਰੀ ਵੱਡੀ ਭੈਣ ਫ਼ਿਯੋਨਾ ਦੀ ਲੱਥੜ ਦੀ, ਜਿਸ ਵਿਚੋਂ ਉਸਦੇ ਬਦਨ ਹੀ ਖ਼ੁਸਬੂ ਆ ਰਹੀ ਸੀ। ਕਿੱਥੇ ਹੋਏਗੀ ਫ਼ਿਯੋਨਾ? ਕਿੱਥੇ ਹੋਣਗੇ ਰਾੱਨੀ ਤੇ ਸ਼ਰਲੀਨ? ਤੇ ਕਿੱਥੇ ਹੋਏਗਾ ਨਿੱਕੜਾ ਬੇਨ? ਅਸੀਂ ਇਕ ਦੂਜੇ ਨੂੰ ਪਿਛਲੇ ਵਰ੍ਹੇ ਮਮਾ ਦੇ ਜਨਾਜ਼ੇ ਸਮੇਂ ਕਬਰਸਤਾਨ ਵਿਚ ਦੂਰੋਂ ਹੀ ਦੇਖਿਆ ਸੀ। ਸੋਚਦਿਆਂ ਹੋਇਆਂ ਦੂਜੇ ਹੀ ਛਿਣ ਮੇਰਾ ਧਿਆਨ ਇਹਨਾਂ ਸਭਨਾਂ ਵੱਲੋਂ ਹਟ ਕੇ ਆਪਣੇ ਵਰਤਮਾਨ, ਆਪਣੇ ਮੁੜ-ਮੁੜ ਹੁੰਦੇ ਉਜਾੜੇ ਤੇ ਵਸੇਬੇ ਵੱਲ ਮੁੜ ਗਿਆ ਕਿ ਆਖ਼ਰ ਮੇਰਾ ਅਪਰਾਧ ਕੀ ਹੈ? ਲੋਕ ਕਿਉਂ ਮੈਨੂੰ ਦੇਖਦਿਆਂ ਹੀ ਮੂੰਹ ਫੇਰ ਲੈਂਦੇ ਨੇ? ਆਖ਼ਰ ਮੈਨੂੰ ਹੀ ਕਿਉਂ ਵਰਜਿਆ-ਹੌੜਿਆ ਜਾਂਦਾ ਹੈ? ਥੋੜ੍ਹੀ ਬਹੁਤ ਖੜਮਸਤੀ ਤਾਂ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਕਰਦੀਆਂ ਨੇ। ਪਰ ਫੇਰ ਵੀ ਮੈਨੂੰ ਹੀ ਕਿਉਂ ਸਜ਼ਾ ਮਿਲਦੀ ਹੈ? ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ? ਮੈਨੂੰ ਹੀ ਅਸੈਸਮੈਂਟ ਸੈਂਟਰ ਕਿਉਂ ਭੇਜਿਆ ਜਾ ਰਿਹਾ ਹੈ? ਉਹਨਾਂ ਨੂੰ ਕਿਉਂ ਨਹੀਂ ਭੇਜਿਆ ਜਾ ਰਿਹਾ? ਮੇਰੇ ਦਿਮਾਗ਼ ਵਿਚ ਪ੍ਰਸ਼ਨਾਂ ਦੀ ਘੋੜ-ਦੌੜ ਲੱਗੀ ਹੋਈ ਸੀ।
ਕਿਤੇ ਮੈਂ ਕੋਈ ਐਸੀ-ਵੈਸੀ ਹਰਕਤ ਨਾ ਕਰ ਬੈਠਾਂ, ਇਸ ਲਈ ਸੋਸ਼ਲ ਵਰਕਰ ਮੈਨੂੰ ਗੱਲਾਂ ਵਿਚ ਲਾਈ ਰੱਖਣਾ ਚਾਹੁੰਦੀ ਸੀ। ਮੇਰਾ ਮਨ ਉਚਾਟ ਤੇ ਬੋਝਲ ਸੀ। ਜੀਅ ਕੱਚਾ-ਕੱਚਾ ਹੋ ਰਿਹਾ ਸੀ। ਨਾਲੇ ਮੈਂ ਉਸਦੀਆਂ ਦਿਖਾਵਟੀ-ਬਨਾਵਟੀ ਗੱਲਾਂ ਦੇ ਜਵਾਬ ਵੀ ਨਹੀਂ ਸੀ ਦੇਣੇ ਚਾਹੁੰਦੀ। ਉਲਟੀ ਰੋਕਣ ਲਈ ਮੈਂ ਲੰਮੇ ਸਾਹ ਲੈਂਦਿਆਂ ਹੋਇਆਂ ਸੜਕ ਦੇ ਕਿਨਾਰੇ ਲੱਗੇ ਰੁੱਖਾਂ ਨੂੰ ਬੇਮਤਲਬ ਹੀ ਗਿਣਨਾ ਸ਼ੁਰੂ ਕਰ ਦਿੱਤਾ।
“ਤੈਨੂੰ ਪਤੈ ਅਸੀਂ ਕਿੱਥੇ ਜਾ ਰਹੇ ਆਂ?”
'ਪਤਾ ਹੋਣ ਨਾਲ ਕੀ ਹੁੰਦਾ ਏ? ਸਾਰੀਆਂ ਜਗਾਹਵਾਂ ਇਕੋ ਜਿਹੀਆਂ ਬੇਹੂਦੀਆਂ ਹੁੰਦੀਆਂ ਨੇ।' ਮੈਂ ਮਨ ਹੀ ਮਨ ਉਸਦਾ ਮੂੰਹ ਚਿੜਾਉਂਦਿਆਂ ਕਿਹਾ।
“ਪਤਾ ਏ ਅਸੀਂ ਰੇਡਿੰਗ ਜਾ ਰਹੇ ਆਂ...”
ਮੈਂ ਕਦੀ ਰੇਡਿੰਗ ਦਾ ਨਾਂ ਨਹੀਂ ਸੀ ਸੁਣਿਆ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਰੇਡਿੰਗ, ਪਾਰਕ-ਹਾਊਸ ਤੋਂ ਕਿਸ ਪਾਸੇ ਤੇ ਕਿੰਨੀ ਕੂ ਦੂਰੀ 'ਤੇ ਹੈ।
ਮੇਰੀ ਚੁੱਪੀ ਸ਼ਾਇਦ ਸੋਸ਼ਨ ਵਰਕਰ ਨੂੰ ਖਤਰਨਾਕ ਲੱਗ ਰਹੀ ਸੀ। ਉਸਦਾ ਵਾਰ-ਵਾਰ ਬੁੱਲ੍ਹਾਂ ਉੱਤੇ ਜੀਭ ਫੇਰਨਾ ਤੇ ਵਾਲਾਂ ਨੂੰ ਬੇਮਤਲਬ ਕੰਨਾਂ ਪਿੱਛੇ ਟੁੰਗਣਾ ਦਸ ਰਿਹਾ ਸੀ ਕਿ ਉਹ ਮੇਰੀ ਚੁੱਪ ਕਾਰਨ ਚਿੰਤਤ ਤੇ ਨਰਵਸ ਹੋ ਰਹੀ ਹੈ। ਸ਼ਾਇਦ ਮੇਰੇ ਬਾਰੇ ਵਿਚ ਉਸਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਗਿਆ ਹੈ ਕਿ ਮੈਂ ਇਕ ਭਿਅੰਕਰ ਮੁਸੀਬਤ ਹਾਂ ਤੇ ਕਿਸੇ ਸਮੇਂ, ਕੋਈ ਵੀ, ਖ਼ੁਰਾਫ਼ਾਤ ਕਰ ਸਕਦੀ ਹਾਂ। ਟ੍ਰੈਫ਼ਿਕ 'ਤੇ ਨਜ਼ਰ ਰੱਖਦਿਆਂ ਹੋਇਆਂ ਵੀ ਉਹ ਉਪਰ ਲੱਗੇ ਸ਼ੀਸ਼ੇ ਵਿਚ ਮੈਨੂੰ ਲਗਾਤਾਰ ਦੇਖੀ ਜਾ ਰਹੀ ਸੀ।
“ਰੇਡਿੰਗ ਇਕ ਚੰਗਾ ਸ਼ਹਿਰ ਹੈ ਤੈਨੂੰ ਉੱਥੇ ਚੰਗਾ ਲੱਗੇਗਾ।” ਉਸਦੇ ਕਿਹਾ, ਪਰ ਮੈਂ ਫੇਰ ਵੀ ਖ਼ਾਮੋਸ਼ ਰਹੀ। ਮੇਰਾ ਜੀ ਹਾਲੇ ਵੀ ਕੱਚਾ-ਕੱਚਾ ਹੋ ਰਿਹਾ ਸੀ। ਸੋਸ਼ਲ ਵਰਕਰ ਦੀ ਜ਼ਬਾਨ ਟੇਪ-ਰਿਕਾਰਡਰ ਵਾਂਗ ਚੱਲਦੀ ਰਹੀ।
“ਸੁਣ, ਤੇਰੇ ਕਿੰਨੇ ਭਰਾ-ਭੈਣ ਨੇ?” ਜਿਵੇਂ ਮੇਰਾ ਕੋਈ ਨਾਂ ਨਾ ਹੋਵੇ। ਭੂਰੇ ਲਿਫ਼ਾਫ਼ੇ 'ਤੇ ਮੇਰਾ ਨਾਂ ਲਿਖਿਆ ਹੋਇਆ ਸੀ। ਉਹ ਚਾਹੁੰਦੀ ਤਾਂ ਮੈਨੂੰ ਮੇਰੇ ਨਾਂ ਨਾਲ ਬੁਲਾ ਸਕਦੀ ਸੀ। ਡੇਮਿਯਨ ਨੇ ਮੈਨੂੰ ਮੇਰੇ ਨਾਂ ਨਾਲ ਬੁਲਾਇਆ ਸੀ।
ਮੈਂ ਚੁੱਪ, ਮੈਨੂੰ ਉਸ ਉੱਤੇ ਚਿੜ ਚੜ੍ਹਨ ਲੱਗ ਪਈ ਸੀ।
“ਤੇਰੇ ਦੋਸਤਾਂ ਦੇ ਕੀ ਨਾਂ ਨੇ?”
“... ...”
“ਤੇਰਾ ਪਿਆਰਾ ਪਾਪ-ਸਿੰਗਰ ਕਿਹੜਾ ਏ?”
“... ...”
“ਤੂੰ ਕੋਈ ਮੈਗਜ਼ੀਨ ਪੜ੍ਹਨਾ ਪਸੰਦ ਕਰਦੀ ਏਂ?” ਵਗ਼ੈਰਾ-ਵਗ਼ੈਰਾ।
ਮੇਰੇ ਢਿੱਡ ਵਿਚ ਵੱਟ ਤੇ ਗੁੜ-ਗੁੜ ਸ਼ੁਰੂ ਹੋ ਗਈ, ਮੂੰਹ ਵਿਚ ਖੱਟਾਸ ਘੁਲ ਗਈ ਤੇ ਕੁਸੈਲਾ ਪਾਣੀ ਭਰਨ ਲੱਗਾ। ਇਕ ਹੱਥ ਨਾਲ ਢਿੱਡ ਤੇ ਮੂੰਹ ਘੁੱਟ ਕੇ ਮੈਂ ਬੜੀ ਔਖ ਨਾਲ ਕਿਹਾ, “ਮੈਨੂੰ ਉਲਟੀ ਆ ਰਹੀ ਏ। ਗੱਡੀ ਰੋਕੋ ਪਲੀਜ਼।” ਉਸਨੇ ਇਕ ਵਾਰੀ ਫੇਰ ਮੈਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਿਆ। ਮੇਰਾ ਚਿਹਰਾ ਜ਼ਰਦ ਤੇ ਬੇਜਾਨ ਹੋਇਆ ਹੋਇਆ ਸੀ। ਖਿੜਕੀ ਦਾ ਸ਼ੀਸ਼ਾ ਹੇਠਾਂ ਕਰਦਿਆ ਟ੍ਰੈਫ਼ਿਕ ਲਾਈਟ ਤੋਂ ਕੁਝ ਪਹਿਲਾਂ ਉਸਨੇ ਝਟਕੇ ਨਾਲ, ਨਾਲ ਵਾਲੀ ਗਲੀ ਵਿਚ ਗੱਡੀ ਮੋੜ ਦਿੱਤੀ।
“ਥੈਂਕ ਗਾਡ, ਤੂੰ ਮੈਨੂੰ ਪਹਿਲਾਂ ਈ ਦੱਸ ਦਿੱਤਾ, ਜੇ ਕਿਤੇ ਮੈਂ ਮੋਟਰ-ਵੇ ਜਵਾਇਨ ਕਰ ਲਿਆ ਹੁੰਦਾ ਤਾਂ ਮੁਸੀਬਤ ਹੋ ਜਾਂਦੀ। ਮੇਰਾ ਘਰ ਨੇੜੇ ਈ ਏ। ਮੈਂ ਤੈਨੂੰ ਆਪਣੇ ਘਰ ਲੈ ਚਲਦੀ ਆਂ। ਉੱਥੇ ਮੈਂ ਤੈਨੂੰ ਉਲਟੀ ਰੋਕਣ ਵਾਲੀ ਗੋਲੀ ਦਿਆਂਗੀ। ਬਸ ਥੋੜ੍ਹੀ ਦੇਰ 'ਚ ਤੂੰ ਠੀਕ ਹੋ ਜਾਏਂਗੀ।” ਮੈਨੂੰ ਸਹਿਜ ਕਰਨ ਲਈ ਉਹ ਮੁਸਕੁਰਾਈ, ਉਸਦੇ ਪ੍ਰਤੀ ਮੇਰੇ ਵਿਚਾਰਾਂ ਵਿਚ ਬਦਲਾਅ ਆਇਆ, ਮੈਨੂੰ ਲੱਗਿਆ ਇਹ ਸੋਸ਼ਲ ਵਰਕਰ ਦੂਜੀਆਂ ਸੋਸ਼ਲ ਵਰਕਰਾਂ ਵਾਂਗ ਸਖ਼ਤ ਸੁਭਾਅ ਵਾਲੀ ਤੇ ਨਿਰਮੋਹੀ ਨਹੀਂ।
ਥੋੜ੍ਹੀ ਦੇਰ ਵਿਚ ਹੀ ਅਸੀਂ ਉਸਦੇ ਘਰ ਪਹੁੰਚ ਗਏ।

ਜਿਵੇਂ ਹੀ ਕਾਰ ਰੁਕੀ, ਮੇਰੇ ਸਾਹ ਵਿਚ ਸਾਹ ਆਇਆ, ਬਾਹਰ ਨਿਕਲਦਿਆਂ ਹੀ ਮੈਨੂੰ ਦੋ ਤਿੰਨ ਵੱਡੀਆਂ ਵੱਡੀਆਂ ਡਕਾਰਾਂ ਆਈਆਂ ਤੇ ਮੈਂ ਕੁਝ ਬਿਹਤਰ ਮਹਿਸੂਸ ਕਰਨ ਲੱਗੀ। ਮੈਂ ਸਮਝਦੀ ਸੀ ਕਿ ਸੋਸ਼ਲ ਵਰਕਰਾਂ ਦੇ ਘਰ ਸਾਫ-ਸੁਥਰੇ ਤੇ ਸੁਚੱਜੇ ਢੰਗ ਨਾਲ ਸਜ਼ੇ ਹੋਏ ਹੁੰਦੇ ਹੋਣਗੇ ਕਿਉਂਕਿ ਉਹ ਦੂਜਿਆਂ ਦੇ ਘਰਾਂ ਦੇ ਨਰੀਖਣ ਕਰਦੀਆਂ ਨੇ। ਪਰ ਏਥੇ ਤਾਂ ਨਜ਼ਾਰਾ ਹੀ ਦੂਜਾ ਸੀ। ਮਿਸ ਹਾਵਰਡ ਦੀ ਰਸੋਈ ਦੀਆਂ ਅਲਮਾਰੀਆਂ ਵਿਚੋਂ ਕੋਈ ਖੁੱਲ੍ਹੀ ਸੀ, ਤੇ ਕੋਈ ਬੰਦ। ਚਾਰੇ ਪਾਸੇ ਜੂਠੇ ਗ਼ਲਾਸ, ਮਗ, ਤਸ਼ਤਰੀਆਂ ਤੇ ਖਾਣੇ-ਪੀਣੇ ਦੇ ਅਧ-ਖੁੱਲੇ ਪੈਕੇਟ ਖਿੱਲਰੇ ਹੋਏ ਸਨ। ਲੱਭ-ਲੱਭ ਕੇ ਉਸਨੇ ਕਿਚਨ ਕੈਬਨੇਟ ਦੀ ਦਰਾਜ਼ ਵਿਚੋਂ ਇਕ ਪੁਰਾਣੀ ਜਿਹੀ ਡੱਬੀ 'ਚੋਂ ਦੋ ਗੋਲੀਆਂ ਕੱਢ ਕੇ ਮੇਰੇ ਹੱਥ ਉੱਤੇ ਰੱਖਦਿਆਂ ਹੋਇਆਂ ਪਾਣੀ ਦਾ ਗ਼ਲਾਸ ਫੜਾਇਆ ਤੇ ਕਿਹਾ, “ਲੈ ਇਹ ਲੰਘਾ ਲੈ।”
ਦਵਾਈ ਦਾ ਪੱਤਾ ਮੁੜਿਆ-ਤੁੜਿਆ ਤੇ ਬਦਰੰਗ ਸੀ। ਭਗਵਾਨ ਜਾਣੇ, ਕਿੰਨੀਆਂ ਪੁਰਾਣੀਆਂ ਗੋਲੀਆਂ ਨੇ? ਸ਼ਾਇਦ ਇਹਨਾਂ ਦੀ ਤਾਰੀਖ਼ ਵੀ ਨਿਕਲ ਚੁੱਕੀ ਹੋਏਗੀ। ਸੋਚਦਿਆਂ ਹੋਇਆਂ ਮੈਂ ਕਿਹਾ, “ਨਹੀਂ ਹੁਣ ਮੈਂ ਬਿਹਤਰ ਮਹਿਸੂਸ ਕਰ ਰਹੀ ਆਂ, ਮੈਨੂੰ ਗੋਲੀਆਂ ਦੀ ਹੁਣ ਕੋਈ ਲੋੜ ਨਹੀਂ।” ਤੇ ਮੈਂ ਗੋਲੀਆਂ ਰਸੋਈ ਦੇ ਵਰਕ ਟਾਪ ਉੱਤੇ ਰੱਖ ਦਿੱਤੀਆਂ।
ਮਿਸ ਹਾਵਰਡ ਨੇ ਮੇਰੀ ਹਿਚਕਚਾਹਟ ਤਾੜ ਲਈ, ਤੇ ਹੱਸਦੀ ਹੋਈ ਬੋਲੀ, “ਮੈਂ ਤੈਨੂੰ ਜ਼ਹਿਰ ਥੋੜ੍ਹਾ ਈ ਦੇ ਰਹੀ ਆਂ। ਇਹ ਸਫ਼ਰ ਦੌਰਾਨ ਉਲਟੀਆਂ ਰੋਕਣ ਵਾਲੀਆਂ ਗੋਲੀਆਂ ਨੇ। ਖਾ ਲੈ, ਅਜੇ ਰਸਤਾ ਲੰਮਾ ਏਂ। ਇਹਨਾਂ ਦੀ ਤਾਰੀਖ਼ ਅਜੇ ਨਹੀਂ ਨਿਕਲੀ।” ਮੇਰੇ ਕੋਲ ਗੋਲੀਆਂ ਨੂੰ ਨਿਗਲਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਰਿਹਾ—ਉਹ ਮੇਰੇ ਸਿਰ 'ਤੇ ਖੜ੍ਹੀ ਸੀ। ਗੋਲੀਆਂ ਨਿਗਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਆਰਾਮ ਮਹਿਸੂਸ ਹੋਇਆ। ਮੇਰੇ ਪੀਲੇ ਚਿਹਰੇ ਦੀ ਰੰਗਤ ਬਦਲੀ ਤੇ ਅਸੀਂ ਵਾਪਸ ਗੱਡੀ ਵਿਚ ਆ ਕੇ ਬੈਠ ਗਏ। ਮੋਟਰ-ਵੇ ਉੱਤੇ ਜਦੋਂ ਮਿਨੀ ਸੱਠ ਤੇ ਸੱਤਰ ਦੀ ਰਿਫ਼ਤਾਰ ਨਾਲ ਦੌੜੀ ਤਾਂ ਮੈਨੂੰ ਝਪਕੀ ਆ ਗਈ। ਮੇਰੀ ਨੀਂਦ ਓਦੋਂ ਖੁੱਲ੍ਹੀ ਜਦੋਂ ਮਿਸ ਹਾਵਰਡ ਗੱਡੀ ਰੋਕ ਕੇ ਕਿਸੇ ਰਾਹੀ ਤੋਂ ਅਸੈਸਮੈਂਟ ਸੈਂਟਰ ਦਾ ਰਸਤਾ ਪੁੱਛ ਰਹੀ ਸੀ। ਥੋੜ੍ਹੀ ਦੇਰ ਵਿਚ ਹੀ ਤਿੰਨ ਚਾਰ ਟ੍ਰੈਫ਼ਿਕ-ਲਾਈਟ ਪਾਰ ਕਰਕੇ ਅਸੀਂ ਯਾਰਕ-ਸ਼ਾਯਰ ਪੱਥਰਾਂ ਦੇ ਬਣੇ ਇਕ ਵਿਸ਼ਾਲ ਭਵਨ ਦੇ ਉੱਚੇ ਗੇਟ ਸਾਹਵੇਂ ਜਾ ਪਹੁੰਚੇ, ਜਿਸਦੇ ਚਾਰੇ ਪਾਸੇ ਉੱਚੀ ਫ਼ੈਂਸ ਲੱਗੇ ਹੋਏ ਸੀ। ਗੇਟ ਦੇ ਦੋਵੇਂ ਪਾਸੇ ਕੋਨਿਫ਼ਰ ਦੇ ਉੱਚੇ ਰੁੱਖ ਪਹਿਰੇਦਾਰਾਂ ਵਾਂਗ ਖੜ੍ਹੇ ਸਨ। ਵਿਚਕਾਰ ਰਸਤੇ ਉੱਤੇ ਲਾਲ ਬੱਜਰੀ ਵਿਛੀ ਹੋਈ ਸੀ। ਜਦੋਂ ਤਕ ਮੈਂ ਅਲਸਾਈ ਜਿਹੀ ਗੱਡੀ ਵਿਚੋਂ ਉਤਰਦੀ, ਸੋਸ਼ਲ ਵਰਕਰ ਨੇ ਅੱਗੇ ਵਧ ਕੇ ਦਰਵਾਜ਼ੇ ਦੀ ਘੰਟੀ ਵਜਾ ਦਿੱਤੀ। ਕਾਲੀ ਜੀਂਸ ਤੇ ਪੀਲੀ ਸ਼ਰਟ ਪਾਈ ਭੂਰੇ ਘੁੰਘਰਾਲੇ ਵਾਲਾਂ ਵਾਲੇ ਇਕ ਸਾਧਾਰਣ ਕੱਦ-ਕਾਠੀ ਦੇ ਆਦਮੀ ਨੇ ਹੱਸਦਿਆਂ ਹੋਇਆਂ ਤੇ “ਹਾਏ ਯੰਗ ਲੇਡੀਜ਼” ਕਹਿੰਦਿਆਂ ਹੋਇਆਂ ਸਾਡਾ ਸਵਾਗਤ ਕੀਤਾ। ਗੱਡੀ ਵਿਚੋਂ ਉਤਰਦੀ ਹੋਈ ਮੈਂ ਸੋਚ ਰਹੀ ਸੀ ਕਿ ਕਿਤੇ ਇੱਥੋਂ ਦੀ ਬਾਗਡੋਰ ਵੀ ਕੁੜੈਲ ਨਨਾਂ ਵਰਗੇ ਲੋਕਾਂ ਦੇ ਹੱਥ 'ਚ ਤਾਂ ਨਹੀਂ? ਪਰ ਉਸ ਆਦਮੀ ਦੀ ਪੁਸ਼ਾਕ, ਹਸਮੁਖ ਚਿਹਰੇ ਤੇ ਦਿਲਕਸ਼ ਗੱਲਬਾਤ ਦੇ ਢੰਗ ਨੂੰ ਦੇਖ ਕੇ ਲੱਗਿਆ ਕਿ ਸ਼ਾਇਦ ਮੇਰੀ ਸੋਚ ਗ਼ਲਤ ਹੈ।
ਉਸ ਆਦਮੀ ਨੇ ਅੱਗੇ ਵਧ ਕੇ ਮੇਰੇ ਤੇ ਮਿਸੇਜ ਹਾਵਰਡ ਨਾਲ ਹੱਥ ਮਿਲਾਉਂਦਿਆਂ ਹੋਇਆਂ ਕਿਹਾ, “ਵੈੱਲ-ਕਮ ਟੂ ਏਜਹਿਲ ਅਸੈਸਮੈਂਟ ਸੈਂਟਰ।” ਫੇਰ ਉਸਨੇ ਮੇਰੇ ਵੱਲ ਦੇਖ ਕੇ ਕਿਹਾ, “ਹਾਏ ਮਿਸ ਰਾਜਰਸ।” ਪਹਿਲੀ ਵਾਰੀ ਕਿਸੇ ਨੇ ਮੈਨੂੰ ਏਨੇ ਆਦਰ ਨਾਲ ਬੁਲਾਇਆ ਸੀ। ਉਹ ਆਦਮੀ ਮੈਨੂੰ ਚੰਗਾ ਲੱਗਿਆ।

ਅਜੇ ਅਸੀਂ ਅੰਦਰ ਉਸ ਲਾਉਂਜ ਵਰਗੇ ਕਮਰੇ ਵਿਚ ਹੀ ਬੈਠੇ ਸਾਂ ਕਿ ਉਸਦਾ ਇਕ ਦੂਜਾ ਸਾਥੀ ਲਾਲ-ਹਰੇ ਵਾਲਾਂ ਦੀ ਪੋਨੀ ਟੇਲ ਕਰੀ, ਪੀਲੀ ਟੀ-ਸ਼ਰਟ ਤੇ ਡੰਗਰੀ ਪਾਈ ਲਾਰਲ (ਲਾਰਲ ਐਂਡ ਹਾਰਡੀ—ਅਮਰੀਕੀ ਕਮੇਡੀਅਨ) ਵਰਗੀਆਂ ਹਸਾਉਣੀਆਂ ਹਰਕਤਾਂ ਕਰਦਾ, ਅੱਧ-ਸੁੱਤਾ, ਅੱਖਾਂ ਮਿਚਮਿਚਾਉਂਦਾ, ਅੰਗੜਾਈਆਂ ਲੈਂਦਾ ਹੋਇਆ, ਮੇਰੇ ਸਾਹਮਣੇ ਵਾਲੀ ਕੁਰਸੀ 'ਤੇ ਲੜਖੜਾਉਂਦਾ ਹੋਇਆ ਆ ਕੇ ਬੈਠ ਗਿਆ। ਥੋੜ੍ਹੀ ਦੇਰ ਉਹ ਆਪਣੀਆਂ ਕਾਲੀਆਂ ਚਮਕੀਲੀਆਂ ਅੱਖਾਂ ਗੋਲ-ਗੋਲ ਘੁਮਾਉਂਦਾ ਤੇ ਪਲਕਾਂ ਝਪਕਦਾ ਮੈਨੂੰ ਦੇਖਦਾ ਰਿਹਾ, ਫੇਰ ਹੱਥ ਦਾ ਪਿਆਲਾ ਬਣਾ ਕੇ ਕਾਫੀ ਸੁੜਕਣ ਦੀ ਐਕਟਿੰਗ ਕਰਦਾ ਤੇ ਦੰਦੀਆਂ ਕੱਢਦਾ ਹੋਇਆ ਬੋਲਿਆ, “ਕਾਫੀ?”
ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਾਂ, ਉਸਨੇ ਪਰਕਿਊਲੇਟਰ ਵਿਚੋਂ ਕਾਫੀ ਕੱਢ ਕੇ ਮੇਰੇ ਹੱਥਾਂ ਵਿਚ ਲਾਲ ਰੰਗ ਦਾ ਇਕ ਮਗ ਫੜਾ ਦਿੱਤਾ, ਫੇਰ ਸਿਪਾਹੀਆਂ ਵਾਂਗ ਸੈਲਯੂਟ ਮਾਰ ਕੇ, ਟੇਢੇ-ਤਿਰਛੇ ਕਦਮ ਰੱਖਦਾ ਹੋਇਆ ਇਧਰ-ਉਧਰ ਹੋ ਗਿਆ। 'ਅਜੀਬ ਜੋਕਰ ਏ, ਇਸਨੂੰ ਤਾਂ ਸਰਕਸ ਵਿਚ ਹੋਣਾ ਚਾਹੀਦਾ ਏ', ਸੋਚਦੀ ਹੋਈ ਮੈਂ ਹੱਸ ਪਈ। ਇਹ ਕੈਸੀ ਜਗ੍ਹਾ ਹੈ? ਇਸ ਜਗ੍ਹਾ ਦੀ ਦਿੱਖ ਸਾਰੀਆਂ ਉਹਨਾਂ ਜਗਾਹਾਂ ਨਾਲੋਂ ਪੂਰੀ ਤਰ੍ਹਾਂ ਵੱਖਰੀ ਸੀ ਜਿੱਥੇ ਹੁਣ ਤਕ ਮੈਂ ਸਮੇਂ-ਸਮੇਂ ਰਹੀ ਸਾਂ। ਫੇਰ ਕੁਝ ਦੇਰ ਬਾਅਦ ਹੀ ਇਸ ਜਗ੍ਹਾ ਦਾ ਅਜਨਬੀਪਨ ਮੈਨੂੰ ਭੈਭੀਤ ਕਰਨ ਲੱਗ ਪਿਆ। ਮੈਨੂੰ ਠੰਡਾ ਪਸੀਨਾ ਆਉਣ ਲੱਗਾ। ਉਸ ਵੱਡੇ ਸਾਰੇ ਕਮਰੇ ਵਿਚ ਆਪਣੇ ਆਪ ਨੂੰ ਇਕੱਲੀ ਵੇਖ ਕੇ ਮੈਂ ਏਨੀ ਨਰਵਸ ਹੋ ਗਈ ਕਿ ਮੇਰਾ ਰੋਣ ਨਿਕਲ ਗਿਆ। ਮਨ ਵਿਚ ਪਤਾ ਨਹੀਂ ਕੇਹੇ ਕੇਹੇ ਸ਼ੰਕੇ ਉਠ ਰਹੇ ਸਨ। ਇਸ ਦੌਰਾਨ ਸੋਸ਼ਲ ਵਰਕਰ ਪਤਾ ਨਹੀਂ ਕਦੋਂ ਮੇਰੀ ਫਾਈਲ ਲੈ ਕੇ ਪੀਲੀ ਟੀ-ਸ਼ਰਟ ਵਾਲੇ ਆਦਮੀ ਨਾਲ ਉਸਦੇ ਆਫ਼ਿਸ ਵਿਚ ਖਿਸਕ ਗਈ। ਸਾਊਂਡ-ਪਰੂਫ਼ ਆਫ਼ਿਸ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਸੀ। ਪਰ ਫੇਰ ਵੀ 'ਜ਼ਿੱਦੀ', 'ਜੰਗਲੀ', 'ਮੰਦ-ਬੁੱਧੀ' ਤੇ 'ਨਾਲਾਇਕ' ਵਰਗੇ ਸ਼ਬਦ ਆਪਣੇ ਆਪ ਮੇਰੇ ਕੰਨਾਂ ਵਿਚ ਗੂੰਜਦੇ ਰਹੇ। ਸ਼ਾਇਦ ਉਹ ਲੋਕ ਮੇਰੇ ਬਾਰੇ ਵਿਚ ਹੀ ਗੱਲਾਂ ਕਰ ਰਹੇ ਸਨ। ਅਜੇ ਦਸ ਮਿੰਟ ਹੀ ਬੀਤੇ ਹੋਣਗੇ ਕਿ ਸੋਸ਼ਲ ਵਰਕਰ ਆਪਣਾ ਬਰੀਫ਼ ਕੇਸ ਚੁੱਕੀ ਬਾਹਰ ਆਈ। ਤੁਰਦੇ-ਤੁਰਦੇ ਉਸਨੇ ਪੀਲੀ ਟੀ. ਸ਼ਰਟ ਵਾਲੇ ਨਾਲ ਹੱਥ ਮਿਲਾਉਂਦਿਆਂ ਹੋਇਆਂ ਕਿਹਾ, “ਫੇਰ ਮੈਂ ਚੱਲਦੀ ਆਂ, ਹੁਣ ਇਹ ਤੁਹਾਡੇ ਸਪੁਰਦ ਏ। ਗੁੱਡ ਲੱਕ ਮੇਟ!” ਫੇਰ ਪਲਟ ਕੇ ਮੇਰੇ ਵੱਲ ਦੇਖ ਕੇ ਉਹ ਮੁਸਕੁਰਾਈ, ਹੱਥ ਹਿਲਾਇਆ ਤੇ ਫਟਾਫਟ ਗੱਡੀ ਸਟਾਰਟ ਕਰਕੇ ਤੁਰਦੀ ਹੋਈ। ਪਤਾ ਨਹੀਂ ਕਿਉਂ ਉਸਦੀ ਮੁਸਕੁਰਾਹਟ ਮੈਨੂੰ ਚੰਗੀ ਨਹੀਂ ਲੱਗੀ, 'ਬਲੱਡੀ ਸੋਸ਼ਲ ਵਰਕਰ!' ਮੈਂ ਮਨ ਹੀ ਮਨ ਉਸਨੂੰ ਗਾਲ੍ਹ ਕੱਢੀ।
ਪੀਲੀ ਸ਼ਰਟ ਵਾਲਾ ਸ਼ਾਇਦ ਉੱਥੋਂ ਦਾ ਮੈਨੇਜਰ ਸੀ, ਉਸਨੇ ਮੇਰੀਆਂ ਬਾਹਾਂ ਨੂੰ ਥਾਪੜਦਿਆਂ ਹੋਇਆਂ ਮੈਨੂੰ ਆਪਣੇ ਕਮਰੇ ਵਿਚ ਆਉਣ ਲਈ ਕਿਹਾ ਜਿਹੜਾ ਕਿ ਉਸਦਾ ਆਫ਼ਿਸ ਸੀ। ਆਫ਼ਿਸ ਦੇ ਸਾਹਮਣੇ ਵਾਲੇ ਦਰਵਾਜ਼ੇ 'ਤੇ ਇਕ ਵੱਡਾ ਚਾਰਟ ਟੰਗਿਆ ਹੋਇਆ ਸੀ ਜਿਸ ਉੱਤੇ ਕਈ ਨਾਂ ਲਿਖੇ ਹੋਏ ਸਨ। ਇਹਨਾਂ ਨਾਂਵਾਂ ਦੇ ਅੱਗੇ ਵੱਖੋ-ਵੱਖਰੇ ਰੰਗ ਦੀਆਂ ਚਿਟਾਂ ਲੱਗੀਆਂ ਸਨ। ਹੁਣ ਮੇਰਾ ਨਾਂ ਵੀ ਇਸ ਲਿਸਟ ਵਿਚ ਜੁੜ ਜਾਏਗਾ, ਪਤਾ ਨਹੀਂ ਕਿਸ ਰੰਗ ਦੀ ਚਿਟ ਲੱਗੇਗੀ ਮੇਰੇ ਅੱਗੇ! ਬਾਅਦ ਵਿਚ ਮੈਨੂੰ ਇਹਨਾਂ ਚਿਟਾਂ ਦੇ 'ਕਲਰ ਕੋਡ' ਦੇ ਅਰਥਾਂ ਦਾ ਪਤਾ ਲੱਗਿਆ ਕਿ ਇਹ ਚਿਟਾਂ ਵੱਖ-ਵੱਖ ਸੇਵਾਵਾਂ ਦੀਆਂ ਪ੍ਰਤੀਕ ਸਨ ਜਿਵੇਂ ਕਿ ਸਾਇਕੈਟ੍ਰਿਕ, ਸਾਈਕਾਲੋਜਿਸਟ, ਸਪੀਚ ਥੇਰੈਪੀ, ਸਪੈਸ਼ਲ ਹੈਲਪ ਆਦਿ-ਆਦਿ।
ਪੀਲੀ ਸ਼ਰਟ ਵਾਲੇ ਨੇ ਮੈਨੂੰ ਦੱਸਿਆ ਕਿ ਉਸਦਾ ਨਾਂ ਪੀਟਰ ਹੈਰਿੰਗੇ ਹੈ ਤੇ ਉਹ ਇਸ ਅਸੈਸਮੈਂਟ ਸੈਂਟਰ ਦੀ ਦੇਖ- ਭਾਲ ਆਪਣੇ ਹੋਰ ਸਹਿਯੋਗੀਆਂ ਤੇ ਸਾਥੀਆਂ ਨਾਲ ਕਰਦਾ ਹੈ। ਅੱਗੇ ਉਸਨੇ ਅਸੈਸਮੈਂਟ ਸੈਂਟਰ ਦਾ ਉਦੇਸ਼ ਦੱਸਦਿਆਂ ਮੈਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, “ਮਿਸ ਰਾਜਰਸ ਨਹੀਂ...ਨਹੀਂ, ਸਟੇਲਾ, ਕਿਉਂ ਠੀਕ ਏ ਨਾ? ਅਸੀਂ ਇਸ ਸੈਂਟਰ ਵਿਚ ਸਾਰਿਆਂ ਨੂੰ ਉਹਨਾਂ ਦੇ ਪਹਿਲੇ ਨਾਂ ਨਾਲ ਈ ਬੁਲਾਉਂਦੇ ਆਂ ਕਿਉਂਕਿ ਇੱਥੇ ਕੋਈ ਬਾਸ ਨਹੀਂ, ਸਾਰੇ ਦੋਸਤ ਨੇ। ਅਸੀਂ ਸਾਰੇ ਰਲ ਕੇ ਆਪਸ ਵਿਚ ਸਲਾਹ ਮਸ਼ਵਰਾ ਕਰਕੇ ਸੈਂਟਰ ਨੂੰ ਚਲਾਉਂਦੇ ਆਂ। ਇਹ ਅਸੈਸਮੈਂਟ ਸੈਂਟਰ ਇਕ ਪ੍ਰਗਤੀਸ਼ੀਲ ਪ੍ਰਯੋਗਸ਼ਾਲਾ ਏ।” ਮੈਂ ਚੁੱਪ, ਉਹ ਜੋ ਕੁਝ ਕਹਿ ਰਿਹਾ ਸੀ ਉਹ ਸਭ ਮੇਰੇ ਲਈ ਬਿਲਕੁਲ ਨਵਾਂ ਸੀ, ਮੇਰੇ ਹੁਣ ਤਕ ਦੇ ਅਨੁਭਵ ਤੋਂ ਪਰ੍ਹੇ। ਅੱਜ ਤੀਕ ਕਿਸੇ ਨੇ ਮੈਨੂੰ ਇੰਜ ਸਨਮਾਨ ਦੇ ਕੇ ਗੱਲ ਨਹੀਂ ਸੀ ਕੀਤੀ। ਮੈਂ ਵਾਰੀ-ਵਾਰੀ ਅੰਦਰ ਹੀ ਅੰਦਰ ਸੰਗ ਜਾਂਦੀ ਸਾਂ। ਅੱਗੇ ਉਸਨੇ ਮੇਰਾ ਧਿਆਨ ਆਪਣੇ ਵੱਲ ਖਿੱਚਣ ਲਈ ਮੈਨੂੰ ਮੇਰੇ ਪਹਿਲੇ ਨਾਂ ਨਾਲ ਸੰਬੋਧਨ ਕਰਦਿਆਂ ਹੋਇਆਂ ਕਿਹਾ, “ਸਟੇਲਾ! ਸਾਡੀ ਪੂਰੀ ਕੋਸ਼ਿਸ਼ ਹੁੰਦੀ ਏ ਕਿ ਇਸ ਅਸੈਸਮੈਂਟ ਸੈਂਟਰ ਵਿਚ ਆਉਣ ਵਾਲੀ ਹਰ ਲੜਕੀ ਨੂੰ ਅਠ-ਦਸ ਹਫ਼ਤੇ ਦੇ ਅੰਦਰ-ਅੰਦਰ ਹੀ ਜਾਂ ਤਾਂ ਕਿਸੇ ਚੰਗੇ ਪਰਿਵਾਰ ਵਿਚ ਜਗ੍ਹਾ ਮਿਲ ਜਾਏ ਜਾਂ ਉਹ ਕਿਸੇ ਵੋਕੇਸ਼ਨਲ ਟ੍ਰੇਨਿੰਗ ਵਿਚ ਲੱਗ ਜਾਏ ਜਾਂ ਛੱਡੀ ਹੋਈ ਆਪਣੀ ਪੜ੍ਹਾਈ ਚਾਲੂ ਕਰ ਲਏ।” ਉਸਨੇ ਕੁਝ ਕਿਤਾਬਾਂ ਤੇ ਕਾਮਿਕਸ ਮੈਨੂੰ ਦੇਂਦਿਆਂ ਹੋਇਆਂ ਕਿਹਾ, “ਇਸ ਸਮੇਂ ਸੈਂਟਰ ਵਿਚ ਦਸ ਕੁੜੀਆਂ ਨੇ ਜਿਹਨਾਂ ਵਿਚੋਂ ਤਿੰਨ ਕੁੜੀਆਂ ਦੇ ਫ਼ੋਸਟਰ ਪੇਰੈਂਟਸ ਮਿਲ ਚੁੱਕੇ ਨੇ, ਉਹ ਦੋ-ਤਿੰਨ ਦਿਨਾਂ ਵਿਚ ਚਲੀਆਂ ਜਾਣਗੀਆਂ।” ਮੇਰਾ ਕੀ ਹੋਏਗਾ? ਕੀ ਮੈਨੂੰ ਵੀ ਕੋਈ ਫ਼ੋਸਟਰ ਕਰੇਗਾ? ਮੈਥੋਂ ਆਪਣੇ ਭਵਿੱਖ ਦੀ ਕੋਈ ਤਸਵੀਰ ਨਹੀਂ ਸੀ ਬਣ ਰਹੀ। ਮੇਰੀ ਹੀਣ-ਗ੍ਰੰਥੀ ਮੈਨੂੰ ਆਪਣੇ ਸ਼ਿਕੰਜੇ ਵਿਚ ਕਸ ਰਹੀ ਸੀ। ਮੇਰਾ ਉਦਾਸ ਚਿਹਰਾ, ਰੀੜ੍ਹ ਦੀ ਝੁਕੀ ਹੋਈ ਹੱਡੀ ਤੇ ਕੂੰਗੜੇ ਮੋਢੇ ਮੇਰੇ ਅੰਦਰਲੀ ਬੇਚੈਨੀ ਦਰਸਾਅ ਰਹੇ ਸਨ...ਪੀਟਰ ਕੁਝ ਚਿਰ ਮੈਨੂੰ ਗੌਰ ਨਾਲ ਦੇਖਦਾ ਰਿਹਾ, ਫੇਰ ਕੁਰਸੀ ਤੋਂ ਉਠਦਿਆਂ ਹੋਇਆ ਜ਼ਰਾ ਹੱਸ ਕੇ ਬੋਲਿਆ, “ਆ ਸਟੇਲਾ, ਚੱਲ! ਤੈਨੂੰ ਸੈਂਟਰ ਦੇ ਭੂਗੋਲ ਤੋਂ ਜਾਣੂ ਕਰਵਾ ਦਿਆਂ।”
ਮੈਂ ਬੇ-ਮਨ ਜਿਹੀ ਉਠ ਖੜ੍ਹੀ ਹੋਈ ਤੇ ਉਸਦੇ ਨਾਲ ਭਾਰੇ ਕਦਮਾਂ ਨਾਲ ਤੁਰ ਪਈ।
ਪੀਟਰ ਜੋ ਕੁਝ ਕਹਿ ਰਿਹਾ ਸੀ ਉਹ ਸਭ ਪੂਰੀ ਤਰ੍ਹਾਂ ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ। ਪਰ ਉਸਦੇ ਵਿਅਕਤੀਤਵ ਵਿਚ ਕੁਝ ਅਜਿਹਾ ਸੀ ਕਿ ਉਸਦੇ ਨਾਲ ਚੱਲਣ ਵਿਚ ਮੈਨੂੰ ਤਣਾਅ ਨਹੀਂ, ਇਕ ਅਜੀਬ ਜਿਹੀ ਸ਼ਾਂਤੀ ਤੇ ਆਤਮ-ਬਲ ਮਿਲ ਰਿਹਾ ਸੀ। ਸੈਂਟਰ ਦੀ ਸਜ਼ਾਵਟ ਸੁੰਦਰ, ਮੋਹਕ ਨਿੱਖਰੇ ਹੋਏ ਸ਼ੋਖ ਰੰਗ ਇਸ ਤਰ੍ਹਾਂ ਸੀ ਜਿਵੇਂ ਮੈਨੂੰ ਕਹਿ ਰਹੇ ਹੋਣ, 'ਆ ਸਾਨੂੰ ਆਜ਼ਮਾਅ, ਸਾਨੂੰ ਜਾਣ, ਸਾਨੂੰ ਪਰਖ।' ਇੱਥੇ ਦੂਰੀਆਂ-ਦੁਤਕਾਰਾਂ ਜਾਂ ਚੈਲੇਂਜ ਨਹੀਂ, ਦੋਸਤੀ ਵਰਗਾ ਕੁਝ ਮਹਿਸੂਸ ਹੋ ਰਿਹਾ ਸੀ।
ਹੇਠਲੀ ਮੰਜ਼ਿਲ ਤੇ ਬਣੇ ਲਾਉਂਜ, ਕਿਚਨ, ਲਾਇਬਰੇਰੀ ਆਦਿ ਦਿਖਾਉਣ ਪਿੱਛੋਂ ਪੌੜੀਆਂ ਚੜ੍ਹਦਿਆਂ ਹੋਇਆਂ ਉਸਨੇ ਪਹਿਲੀ ਮੰਜ਼ਿਲ 'ਤੇ ਇਕ ਸਿੱਧੀ ਲਾਈਨ ਵਿਚ ਬਣੇ ਬਾਥ-ਰੂਮਸ ਵਲ ਇਸ਼ਾਰਾ ਕਰਦਿਆਂ ਕਿਹਾ, “ਇਸ ਮੰਜ਼ਿਲ 'ਤੇ ਪੰਜ ਬਾਥ-ਰੂਮ ਤੇ ਇਕ ਫੈਮਿਲੀ-ਰੂਮ ਏ, ਜਿਸ ਵਿਚ ਟੈਲੀਵਿਜ਼ਨ ਤੇ ਹਲਕਾ-ਫੁਲਕਾ ਰੀਡਿੰਗ ਮੈਟੀਰੀਅਲ ਰੱਖਿਆ ਹੁੰਦਾ ਏ। ਉਸਦੇ ਨਾਲ ਵਾਲਾ ਉਹ ਵੱਡਾ ਸਾਰਾ ਕਮਰਾ ਜਿਮ ਏ, ਜਿਸਨੂੰ ਮਾਰਟਿਨ ਸੁਪਰਵਾਈਜ਼ ਕਰਦਾ ਏ। ਉਸਦੇ ਸਾਹਮਣੇ ਵਾਲਾ ਕਮਰਾ, ਉਹ ਰੰਗ-ਬਿਰੰਗੇ ਦਰਵਾਜ਼ਿਆਂ ਵਾਲਾ, ਸਾਡੀ ਨਾਟਕ-ਸ਼ਾਲ ਏ ਜਿਸਦੇ ਨਿਗਰਾਨ ਸ਼ੋਹੇਬ ਤੇ ਸੁਬਰੀਨਾ ਨੇ।” ਉੱਪਰ ਤੀਜੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਪੀਟਰ ਨੇ ਕਿਹਾ, “ਸ਼ੋਹੇਬ ਅੱਛਾ-ਖਾਸਾ ਕਾਮਯਾਬ ਜੋਕਰ ਏ, ਨਕਲਾਂ ਲਾਹੁਣ ਵਿਚ ਤਾਂ ਅਜਿਹਾ ਉਸਤਾਦ ਏ ਕਿ ਇਨਸਾਨ ਹੱਸਦਾ-ਹੱਸਦਾ ਲੋਟਪੋਟ ਹੋ ਜਾਂਦਾ ਏ।” ਪੀਟਰ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਿਹਾ ਸੀ ਜਿਵੇਂ ਮੈਂ ਉਸ ਉੱਤੇ ਥੋਪੀ ਗਈ ਕੋਈ ਅਨਾਥ ਨਹੀਂ, ਉਸਦੀ ਕੋਈ ਮਹਿਮਾਨ ਹੋਵਾਂ। ਮੈਨੂੰ ਉਸਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ। ਮੇਰੇ ਅੰਦਰਲੇ ਫਿਊਜ਼ ਬਲਬ ਹੌਲੀ-ਹੌਲੀ ਜਗਨ ਲੱਗ ਪਏ ਸਨ ਤੇ ਮੈਂ ਆਪਣੀਆਂ ਤੰਗ ਗਲੀਆਂ 'ਚੋਂ ਬਾਹਰ ਆਉਣ ਲੱਗੀ ਸਾਂ...
“ਸੱਚੀਂ, ਮੈਨੂੰ ਵੀ ਨਕਲਾਂ ਲਾਹੁਣ ਵਿਚ ਬੜਾ ਮਜ਼ਾ ਆਉਂਦਾ ਏ। ਪਾਰਕ-ਹਾਊਸ ਵਿਚ ਜਦੋਂ ਮੈਂ ਨਨਾਂ ਦੀਆਂ ਨਕਲਾਂ ਲਾਹੁੰਦੀ ਤਾਂ ਮੇਰੇ ਸਾਥੀ ਖ਼ੂਬ ਹੱਸਦੇ ਪਰ ਮੈਨੂੰ 'ਚਿਲ ਆਉਟ ਕਾਰਨਰ' ਦੀ ਸਜ਼ਾ ਮਿਲਦੀ।” ਕਹਿਣ ਨੂੰ ਤਾਂ ਮੈਂ ਕਹਿ ਗਈ ਪਰ ਫੇਰ ਆਪਣੇ ਆਪ ਵਿਚ ਕਿਸੇ ਹੇਜਹੋਂਗ (ਸੇਹ, ਸਾਹੀ) ਵਾਂਗ ਸੁੰਗੜ ਗਈ।
ਉਸਨੇ ਸ਼ਾਇਦ ਮੇਰਾ ਪਿਛਲਾ ਵਾਕ ਨਹੀਂ ਸੀ ਸੁਣਿਆ...ਜਾਂ ਸੁਣਿਆ ਸੀ ਤਾਂ ਅਣ-ਸੁਣਿਆ ਕਰ ਦਿੱਤਾ।
“ਬਈ ਵਾਹ! ਇਹ ਤਾਂ ਬੜੀ ਵਧੀਆ ਗੱਲ ਏ ਸਟੇਲਾ। ਤਾਂ ਤੂੰ ਵੀ ਮਖੌਲੀ ਏਂ। ਅਸੀਂ ਇੱਥੇ ਆਪਣੇ ਸੈਂਟਰ ਵਿਚ ਹਰ ਮਹੀਨੇ ਇਕ ਕਮੇਡੀ ਸ਼ੋ ਕਰਦੇ ਆਂ। ਲੋਕਲ ਬਿਰਧ-ਆਸ਼ਰਮ ਦੇ ਸ਼ੌਕੀਨ ਉਸਨੂੰ ਦੇਖਣ ਆਉਂਦੇ ਨੇ। ਤੈਨੂੰ ਇੱਥੇ ਆਪਣੇ ਹੁਨਰ ਨੂੰ ਵਿਕਸਿਤ ਕਰਨ ਦੇ ਬੜੇ ਮੌਕੇ ਮਿਲਣਗੇ।”
“ਓ, ਨਹੀਂ-ਜੀ!”
“ਓ, ਹਾਂ-ਜੀ!” ਪੀਟਰ ਨੇ ਮੇਰੀ ਨਕਲ ਲਾਹੀ, ਮੈਂ ਹੱਸ ਪਈ। ਮੇਰੇ ਅੰਦਰ ਜੰਮੀ ਬਰਫ਼ ਦੀ ਸਿਲ ਪਿਘਲਨ 'ਤੇ ਮਜ਼ਬੂਰ ਹੋ ਗਈ...ਮੈਂ ਕਿਹਾ, “ਉਹ ਡੰਗਰੀ ਪਾਈ, ਪੋਨੀ ਟੇਲ ਵਾਲਾ ਲਾਰਲ, ਸ਼ੋਹਾਬ ਸੀ ਨਾ?” ਮੇਰੀ ਝਿਜਕ ਲੱਥ ਚੁੱਕੀ ਸੀ।
“ਹਾਂ, ਪੱਕਾ ਜੋਕਰ ਏ, ਮਸ਼ਖਰਾ। ਪਰ ਆਪਣਾ ਕੰਮ ਪੂਰੀ ਮੁਸਤੈਦੀ ਨਾਲ ਕਰਦਾ ਏ।”
“ਅੱਛਾ, ਲੱਗਦਾ ਤਾਂ ਸਿਰਫ ਮਸ਼ਖਰਾ ਈ ਏ।”
“ਉਹ ਤਾਂ ਤੈਨੂੰ ਸਹਿਜ ਕਰਨ ਲਈ ਉਸਨੇ ਸਿਰਫ ਇਕ ਯਤਨ ਕੀਤਾ ਸੀ।” ਮੈਂ ਫੇਰ ਉਂਜ ਈ ਫਿਸ ਕਰਕੇ ਹੱਸ ਪਈ। ਉਸ ਨਾਲ ਗੱਲਾਂ ਕਰਨਾ ਮੈਨੂੰ ਚੰਗਾ ਲੱਗ ਰਿਹਾ ਸੀ।

ਸੈਕੇਂਡ ਫਲੋਰ 'ਤੇ ਦਸ ਕਮਰੇ ਸਨ। ਪੰਜ ਨੰਬਰ ਦੇ ਕਮਰੇ ਉੱਤੇ ਮੇਰੇ ਨਾਂ ਦਾ ਲੇਬਲ ਚਿਪਕਾਉਂਦਿਆਂ ਹੋਇਆਂ ਪੀਟਰ ਨੇ ਕਿਹਾ, “ਲੈ ਇਹ ਤੇਰਾ ਕਮਰਾ ਹੋ ਗਿਆ।” ਨਾਲ ਹੀ ਕਮਰੇ ਵਿਚ ਲੱਗੇ ਲਾਕਰ ਦੀ ਚਾਬੀ ਦੇਂਦਾ ਹੋਇਆ ਬੋਲਿਆ, “ਤੇ ਇਹ ਹੈ ਤੇਰਾ ਲਾਕਰ। ਤੂੰ ਆਪਣੇ ਕੱਪੜੇ ਤੇ ਮੇਕਅੱਪ ਆਦਿ ਦਾ ਸਾਮਾਨ ਇਸ 'ਚ ਰੱਖ ਕੇ, ਇਸ ਨੂੰ ਲਾਕ ਕਰ ਸਕਦੀ ਏਂ।” ਮੇਰਾ ਆਪਣਾ ਕਮਰਾ, ਮੇਰਾ ਆਪਣਾ ਲਾਕਰ—ਏਨੀਆਂ ਸੁਲੱਭਤਾਂ! ਯਕੀਨ ਨਹੀਂ ਸੀ ਆ ਰਿਹਾ।
ਸੈਂਟਰ ਦੀ ਬਨਾਵਟ ਤੇ ਸਜ਼ਾਵਟ ਪਾਰਕ-ਹਾਊਸ ਦੇ ਪੁਰਾਣੇ ਫਿੱਕੇ ਢੰਗ ਦੇ ਰੱਖ-ਰਖਾਅ ਦੇ ਬਿਲਕੁਲ ਉਲਟ ਅਧੁਨਿਕ, ਨਵੇਂ ਰੰਗਾਂ ਵਿਚ ਰਚੀ-ਬਸੀ ਸੀ। ਏਡਾ ਸੁਤੰਤਰ, ਮਨ ਭੌਂਦਾ ਵਾਤਾਵਰਣ! ਅਚਾਨਕ ਪਿਘਲੀ ਸ਼ਿਲ ਫੇਰ ਬਰਫ਼ ਦਾ ਤੋਦਾ ਬਣ ਗਈ। ਇਕ ਬਿਲਕੁਲ ਨਵੇਂ ਕਿਸਮ ਦੇ ਭੈ ਤੇ ਸ਼ੰਕਾਵਾਂ ਨਾਲ ਮੇਰਾ ਦਿਲ ਡਰਨ ਲੱਗਾ। ਕਿੰਜ ਰਹਿ ਸਕਾਂਗੀ ਇਸ ਖੁੱਲ੍ਹੇ, ਬੰਧਨ ਰਹਿਤ, ਸ਼ੋਖ ਵਾਤਾਵਰਣ ਵਿਚ? ਮੈਨੂੰ ਤਾਂ ਟੱਟੂਆਂ ਵਾਂਗ ਬੱਧੇ-ਪੈਰੀਂ ਤੁਰਨ ਦੀ ਆਦਤ ਹੈ। ਪੀਟਰ ਨੇ ਪਤਾ ਨਹੀਂ ਕਿੰਜ ਮੇਰੇ ਅੰਦਰ ਹੋਣ ਵਾਲੀ ਹਲਚਲ ਨੂੰ ਬੁੱਝ ਲਿਆ! ਉਸਨੇ ਇਕ ਵਾਰੀ ਫੇਰ ਹੌਲੀ-ਜਿਹੇ ਮੇਰਾ ਮੋਢਾ ਥਾਪੜਿਆ ਤੇ ਮੈਨੂੰ ਸਮਝਾਉਂਦਿਆਂ ਹੋਇਆਂ ਕਿਹਾ...:
“ਇਹ ਜਗ੍ਹਾ ਸਵੈ-ਰਚਨਾਤਮਕ ਹੈ। ਮੁੜ ਬਸੇਰੇ ਲਈ ਹੈ। ਘਬਰਾ ਨਾ ਸਟੇਲਾ। ਇੱਥੇ ਹੋਰ ਵੀ ਤੇਰੇ ਜਿਹੀਆਂ, ਪ੍ਰਸਥਿਤੀਆਂ ਦੀ ਦਾਸ ਬਣ ਕੇ ਰਹਿ ਗਈਆਂ, ਕੁੜੀਆਂ ਰਹਿੰਦੀਆਂ ਨੇ। ਹਾਲੇ ਸਾਢੇ ਤਿੰਨ ਵੱਜੇ ਨੇ। ਦਸ ਪੰਦਰਾਂ ਮਿੰਟਾਂ 'ਚ ਕੁੜੀਆਂ ਟ੍ਰੇਨਿੰਗ ਸੈਂਟਰ 'ਚ ਵਾਪਸ ਆ ਜਾਣਗੀਆਂ, ਫੇਰ ਸੈਂਟਰ ਦਾ ਸੰਨਾਟਾ ਇੰਜ ਟੁੱਟੇਗਾ ਕਿ ਲੱਗੇਗਾ ਹੀ ਨਹੀਂ ਕਿ ਇੱਥੇ ਕਦੀ ਸੰਨਾਟਾ ਸੀ।”
ਪੀਟਰ ਦੇ ਬੋਲਣ ਦਾ ਢੰਗ, ਉਸਦੇ ਸੁਰਾਂ ਦਾ ਉਤਾਰ-ਚੜਾਅ, ਉਸਦੇ ਸ਼ਬਦ, ਮੇਰੇ ਖਿੱਲਰੇ-ਪੁੱਲਰੇ ਆਤਮ-ਵਿਸ਼ਵਾਸ ਨੂੰ ਜਿਵੇਂ ਕਿਸੇ ਅਦ੍ਰਿਸ਼ ਫੈਵੀਕੋਲ ਨਾਲ ਜੋੜ ਕੇ ਮੁੜ ਨੁਹਾਰ ਦੇ ਰਹੇ ਸਨ। ਮੇਰੇ ਅੰਦਰ ਉਮੀਦ ਦੀ ਇਕ ਲਹਿਰ ਥਰਥਰਾਈ...ਐਸਾ ਸੁਹਿਰਦ, ਐਸਾ ਸੰਵੇਦਨਸ਼ੀਲ ਤੇ ਮਨ ਵਿਚ ਉਠ ਰਹੀ ਹਰ ਤਰੰਗ ਨੂੰ ਸਮਝ ਲੈਣ ਵਾਲਾ ਰਾਹ ਦਿਖੇਵਾ ਜੇ ਪਹਿਲਾਂ ਮਿਲ ਗਿਆ ਹੁੰਦਾ...
“ਦੇਖ ਇਹ ਕੁੜੀਆਂ ਬਿਲਕੁਲ ਵੱਖਰੇ-ਵੱਖਰੇ ਸ਼ਹਿਰੀ ਮਾਹੌਲ 'ਚੋਂ ਆਈਆਂ ਨੇ ਸੋ ਇਹ ਤੇਰੇ ਨਾਲੋਂ ਬੜੀਆਂ ਭਿੰਨ, ਮੂੰਹ-ਫੱਟ, ਚੁਲਬੁਲੀਆਂ, ਦਾਦਾ ਟਾਈਪ ਤੇ ਦੰਗੇਬਾਜ਼ ਨੇ। ਪਰ ਸਾਰੀਆਂ ਦਿਲ ਦੀਆਂ ਚੰਗੀਆਂ ਨੇ। ਜੈਸੇ ਵੀ ਨੇ, ਉਹਨਾਂ ਸਭਨਾਂ ਵਿਚ ਕਈ ਚੰਗੇ ਜਨਮਜਾਤ ਗੁਣ ਵੀ ਨੇ। ਉਹਨਾਂ ਦੇ ਇਹ ਗੁਣ ਉਹਨਾਂ ਦੀਆਂ ਪ੍ਰਸਥਿਤੀਆਂ ਤੇ ਮਾਹੌਲ ਨੇ ਕੁਚਲ ਕੇ ਬਡਰੂਪ ਕਰ ਦਿੱਤੇ ਨੇ। ਪਰ ਹੌਲੀ-ਹੌਲੀ ਉਹਨਾਂ ਵਿਚ ਆਤਮ-ਵਿਸ਼ਵਾਸ ਦੇ ਨਾਲ ਨਾਲ ਜੀਵਨ ਦੇ ਪ੍ਰਤੀ ਨਵੇਂ ਦ੍ਰਿਸ਼ਟੀਕੋਨ ਵੀ ਪਨਪ ਰਹੇ ਨੇ।” ਮੇਰੀਆਂ ਅੱਖਾਂ ਵਿਚ ਹੈਰਾਨੀ ਭਰ ਗਈ। ਕੀ ਇਹ ਪੀਟਰ ਮੈਨੂੰ, ਮੇਰੇ ਬਾਰੇ ਵਿਚ ਹੀ ਇਹਨਾਂ ਕੁੜੀਆਂ ਦੇ ਬਹਾਨੇ ਨਾਲ ਦੱਸ ਰਿਹਾ ਹੈ!
“ਪੀਟਰ, ਤੁਸੀਂ ਮੇਰੀ ਰਿਪੋਰਟ ਪੜ੍ਹੀ?” ਮੈਂ ਥੋੜ੍ਹੀ ਸਾਵਧਾਨ ਹੋਈ।
“ਨਹੀਂ, ਮੈਂ ਰਿਪੋਰਟ ਅਸੈਸਮੈਂਟ ਤੋਂ ਬਾਅਦ ਪੜ੍ਹਦਾ ਆਂ।” ਮੇਰੀ ਖੱਬੀ ਬਾਂਹ ਨੂੰ ਆਪਣੀ ਮੁੱਠੀ ਦੀਆਂ ਗੰਢਾਂ ਨਾਲ ਸਹਿਲਾਉਂਦਿਆਂ ਹੋਇਆਂ ਉਸਨੇ ਮੈਨੂੰ ਤਸੱਲੀ ਜਿਹੀ ਦਿੱਤੀ।
“ਕਿਉਂ?”
“ਕਿਉਂਕਿ ਮੈਂ ਪਹਿਲਾਂ ਖ਼ੁਦ ਕਿਤਾਬ ਪੜ੍ਹਦਾਂ ਫੇਰ ਆਲੋਚਕਾਂ ਦੀ ਪ੍ਰਤੀਕ੍ਰਿਆ 'ਤੇ ਗੌਰ ਕਰਦਾਂ।” ਉਹ ਮੇਰੇ ਵੱਲ ਦੇਖ ਕੇ ਮੁਸਕੁਰਾਇਆ। ਪ੍ਰਤੀਕ੍ਰਿਆ ਵਿਚ ਮੈਂ ਵੀ ਮੁਸਕੁਰਾਈ। ਮੈਂ ਫੇਰ ਸਹਿਜ ਹੋ ਗਈ।
“ਤੁਸੀਂ ਮੇਰੀ ਰਿਪੋਰਟ ਕਦੀ ਨਾ ਪੜ੍ਹਨਾ ਪੀਟਰ...” ਮੈਂ ਬੱਚਿਆਂ ਵਾਂਗ ਮਚਲ ਕੇ ਕਿਹਾ।
“ਨਹੀਂ ਪੜ੍ਹਾਂਗਾ। ਨਹੀਂ ਪੜ੍ਹਾਂਗਾ।” ਉਸਨੇ ਆਪਣੇ ਕੰਨਾਂ ਨੂੰ ਹੱਥ ਲਾਏ, ਭਰਵੱਟਿਆਂ ਨੂੰ ਉਪਰ ਚੁੱਕਿਆ, ਗੋਲ-ਗੋਲ ਅੱਖਾਂ ਘੁਮਾਅ ਕੇ ਛਾਤੀ ਤੇ ਕਰਾਸ ਬਣਾਇਆ ਤੇ ਜੋਕਰਾਂ ਵਰਗਾ ਹਸੌੜਾ ਮੂੰਹ ਬਣਾਇਆ। ਮੈਂ ਖਿੜ-ਖਿੜ ਕਰਕੇ ਹੱਸ ਪਈ।
“ਤੂੰ ਹੱਸਦੀ ਏਂ ਤਾਂ ਦਿਲਕਸ਼ ਲੱਗਦੀ ਏਂ। ਤੇਰੀਆਂ ਅੱਖਾਂ ਦੀ ਚਮਕ ਵਧ ਜਾਂਦੀ ਏ ਤੇ ਤੇਰੇ ਨਿੱਕੇ ਨਿੱਕੇ ਦੰਦ ਮੋਤੀਆਂ ਚਮਕਣ ਲੱਗ ਪੈਂਦੇ ਨੇ।”
“ਪੀਟਰ!” ਮੈਂ ਕੂਕੀ, “ਮੇਰਾ ਮਜ਼ਾਕ ਨਾ ਉਡਾਓ! ਜੇ ਮੈਂ ਏਡੀ ਈ ਖ਼ੂਬਸੂਰਤ ਹੁੰਦੀ ਤਾਂ ਹੁਣ ਤੀਕ ਮੈਨੂੰ ਕਿਸੇ ਨੇ ਗੋਦ ਕਿਉਂ ਨਹੀਂ ਲੈ ਲਿਆ; ਕਿਸੇ ਨੇ ਮੇਰੀ ਫੋਸਟਰਿੰਗ ਕਿਉਂ ਨਹੀਂ ਕੀਤੀ; ਮੇਰਾ ਬਾਪ ਮੈਨੂੰ ਠੁੱਡ ਕਿਉਂ ਮਾਰਦਾ ਰਿਹਾ?” ਮੇਰੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ, ਆਵਾਜ਼ ਕੰਬਣ ਲੱਗ ਪਈ...
“ਮੈਂ ਕਿਉਂ ਲਾਵਾਰਸਾਂ ਵਾਂਗ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸੁੱਟ ਦਿੱਤੀ ਜਾਂਦੀ ਰਹੀ, ਜਦ ਕਿ ਮੇਰੇ ਸਾਰੇ ਭਰਾ-ਭੈਣ ਤੇ ਸਾਥੀ ਇਕ ਇਕ ਕਰਕੇ ਚੁਣ ਲਏ ਗਏ, ਚੰਗੇ ਘਰਾਂ ਵਿਚ ਸਥਾਪਿਤ ਹੁੰਦੇ ਰਹੇ ਤੇ ਮੈਂ ਅਪਮਾਨਤ ਕੀਤੀ ਤੇ ਨਕਾਰੀ ਜਾਂਦੀ ਰਹੀ। ਮੈਨੂੰ ਨਹੀਂ ਪਤਾ ਮੇਰਾ ਅਪਰਾਧ ਕੀ ਹੈ?” ਕਹਿੰਦਿਆਂ ਕਹਿੰਦਿਆਂ ਮੈਂ ਬਿਸਤਰੇ 'ਤੇ ਡਿੱਗ ਕੇ, ਗੋਡਿਆਂ ਵਿਚ ਮੂੰਹ ਛਿਪਾ ਕੇ, ਫੁੱਟ ਫੁੱਟ ਕੇ ਰੋਣ ਲੱਗੀ। ਪੀਟਰ ਉੱਥੇ ਕੋਲ ਹੀ ਪਈ ਕੁਰਸੀ ਉੱਤੇ ਬੈਠਾ ਥੋੜ੍ਹੀ ਦੇਰ ਮੈਨੂੰ ਰੋਂਦਿਆਂ ਦੇਖਦਾ ਰਿਹਾ, ਫੇਰ ਉਠ ਕੇ ਹੇਠਾਂ ਚਲਾ ਗਿਆ, ਜਦੋਂ ਵਾਪਸ ਆਇਆ ਤਾਂ ਉਸਦੇ ਹੱਥਲੀ ਟਰੇ ਵਿਚ ਚਾਹ ਦੇ ਦੋ ਮਗ, ਸੈਂਡਵਿਚ ਤੇ ਪਾਣੀ ਦਾ ਗ਼ਲਾਸ ਸੀ। ਉਸਨੇ ਪਾਣੀ ਦਾ ਗ਼ਲਾਸ ਮੈਨੂੰ ਫੜਾਉਂਦਿਆਂ ਹੋਇਆਂ ਕਿਹਾ, “ਇਹ ਚੰਗਾ ਹੋਇਆ ਕਿ ਤੂੰ ਰੋ ਪਈ। ਪਤਾ ਨਹੀਂ ਕਦੋਂ ਦਾ ਇਹ ਰੋਣ, ਇਹ ਘੁਟਣ ਤੇਰੇ ਅੰਦਰ ਕੈਦ ਸੀ। ਕਦੀ ਕਦੀ ਰੋ ਲੈਣਾ ਸਿਹਤ ਲਈ ਚੰਗਾ ਹੁੰਦਾ ਏ।” ਉਸਨੇ ਨਾਲ ਰੱਖੇ ਟੀਸ਼ੂ ਬਾਕਸ ਨੂੰ ਮੇਰੇ ਹੱਥ ਵਿਚ ਫੜਾਉਂਦਿਆਂ ਹੋਇਆਂ ਕਿਹਾ, “ਇਹ ਜੀਵਨ ਅਜ਼ੀਬੋ-ਗਰੀਬ ਘਟਨਾਵਾਂ ਨਾਲ ਭਰਿਆ ਹੋਇਆ ਏ—ਇਸ ਦਾ ਕੋਈ ਸਮੀਕਰਣ ਨਹੀਂ।”
“ਕਿਉਂ? ਕੀ ਤੁਸੀਂ ਇਹ ਨਾਟਕ, ਇਹ ਸ਼ਬਦ ਮੈਨੂੰ ਰੁਆਉਣ ਲਈ ਕਹੇ ਸਨ, ਪੀਟਰ? ਤੁਸੀਂ ਵੀ ਲੋਕਾਂ ਵਾਂਗ ਹੀ ਮੈਨੂੰ ਜੰਗਲੀ, ਬੇਵਕੂਫ਼ ਤੇ ਮੰਦਬੁੱਧੀ ਸਮਝਦੇ ਓ।” ਮੇਰੀ ਦੇਹ ਦੀਆਂ ਸਾਰੀਆਂ ਨਸਾਂ ਤਣੀਆ ਹੋਈਆਂ ਸਨ। ਮੇਰੀਆਂ ਅੱਖਾਂ ਵਿਚੋਂ ਅੰਗਿਆਰ ਡਿੱਗ ਰਹੇ ਸਨ।
“ਨਹੀਂ!” ਪੀਟਰ ਨੇ ਛੋਟਾ ਜਿਹਾ ਉਤਰ ਦੇ ਕੇ ਜਿਵੇਂ ਮੈਨੂੰ ਖਾਰਜ ਕਰ ਦਿੱਤਾ ਹੋਏ। ਮੇਰੇ ਤਨ-ਮਨ ਵਿਚ ਅੱਗ ਲੱਗ ਗਈ, ਮੈਂ ਅੱਗ ਵਰ੍ਹਾਉਂਦੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਿਆਂ ਕੜਕ ਕੇ ਕਿਹਾ...:
“ਝੂਠ, ਪੀਟਰ, ਝੂਠ! ਮੈਂ ਜਾਣਦੀ ਆਂ ਕਿ ਮੈਂ ਖ਼ੂਬਸੂਰਤ ਨਹੀਂ—ਤੂੰ ਮੈਨੂੰ ਖ਼ੂਬਸੂਰਤ ਕਿੰਜ ਕਿਹਾ? ਮੇਰੀ ਦੁਖਦੀ ਰਗ 'ਤੇ ਵਾਰ ਕਿਉਂ ਕੀਤਾ? ਇਮਾਨਦਾਰੀ ਨਾਲ ਜਵਾਬ ਦੇਅ।” ਮੈਂ ਫੇਰ ਉਤੇਜਨਾ ਵੱਸ ਡੁਸਕਣ ਲੱਗ ਪਈ।
“ਸਟੇਲਾ, ਮੈਂ ਤੈਨੂੰ ਖ਼ੂਬਸੂਰਤ ਨਹੀਂ ਕਿਹਾ।” ਪੀਟਰ ਦੀ ਦ੍ਰਿੜ੍ਹ ਆਵਾਜ਼ ਸੰਤੁਲਿਤ ਤੇ ਗੰਭੀਰ ਸੀ। ਪਤਾ ਨਹੀਂ ਕਿੰਜ ਮੈਂ ਮਨੋਂ ਉਸਨੂੰ ਸੁਣਨ ਲਈ ਤਿਆਰ ਹੋ ਗਈ।
“ਮੇਰੇ ਸ਼ਬਦਾਂ ਨੂੰ ਯਾਦ ਕਰ। ਮੈਂ ਕਿਹਾ ਸੀ ਜਦੋਂ ਤੂੰ ਹੱਸਦੀ ਏਂ ਤਾਂ ਦਿਲਕਸ਼ ਲੱਗਦੀ ਏਂ।”
“ਇਕੋ ਗੱਲ ਏ।” ਮੈਂ ਫੇਰ ਜ਼ਿੱਦ 'ਤੇ ਉਤਰ ਆਈ।
“ਨਹੀਂ, ਇਹ ਇਕੋ ਗੱਲ ਨਹੀਂ। ਇਕ ਤਿੱਖੇ ਨੱਕ-ਨਕਸ਼ੇ ਵਾਲਾ ਇਨਸਾਨ ਜੇ ਹੀਣ-ਗ੍ਰੰਥੀਆਂ ਹੇਠ ਨੱਪਿਆ, ਸਦਾ ਮੂੰਹ ਲਟਕਾਈ ਰੱਖਦਾ ਏ ਤਾਂ ਉਸਦੇ ਤਿੱਖੇ ਨਕਸ਼ਾਂ ਵੱਲ ਕਿਸੇ ਦੀ ਨਜ਼ਰ ਨਹੀਂ ਜਾਂਦੀ, ਇਸ ਲਈ ਉਹ ਖਿੱਚ ਭਰਪੂਰ ਨਹੀਂ ਲੱਗਦਾ। ਉਸਦੀ ਖ਼ੂਬਸੂਰਤੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਪਰ ਇਕ ਸਾਧਾਰਣ ਸ਼ਕਲ ਸੂਰਤ ਵਾਲਾ ਵੀ ਖਿੜਖਿੜ ਹੱਸਦਾ ਏ ਤਾਂ ਉਹ ਦਿਲਕਸ਼ ਤੇ ਖ਼ੂਬਸੂਰਤ ਲੱਗਣ ਲੱਗ ਪੈਂਦਾ ਏ।” ਉਸਨੇ ਮੇਰੀਆਂ ਅੱਖਾਂ ਵਿਚ ਸਿੱਧਾ ਦੇਖਦਿਆਂ ਹੋਇਆਂ ਕਿਹਾ।
“ਤੁਹਾਡੀਆਂ ਗੱਲਾਂ 'ਚ ਸੱਚਾਈ ਏ।” ਮੈਂ ਫੇਰ ਸਹਿਜ ਹੋਣ ਲੱਗੀ। ਮੇਰੇ ਅੰਦਲੀਆਂ ਗੰਢਾਂ ਖੁੱਲ੍ਹ ਰਹੀਆਂ ਸਨ। ਮੈਨੂੰ ਪੀਟਰ ਨਾਲ ਇੰਜ ਅਸਭਿਅਕਾਂ ਵਾਂਗ ਗੱਲ ਕਰਨ ਦਾ ਕੋਈ ਹੱਕ ਨਹੀਂ—ਮੈਂ ਆਪਣੇ ਆਪ ਨੂੰ ਮਨ ਹੀ ਮਨ ਫਿਟਕਾਰਿਆ।
“ਸਾਰੀ ਪੀਟਰ, ਮੈਨੂੰ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਸੀ।”
ਪੀਟਰ ਠਹਾਕਾ ਮਾਰ ਕੇ ਹੱਸ ਪਿਆ, ਉਸਦਾ ਹਾਸਾ ਮੈਨੂੰ ਚੰਗਾ ਲੱਗਿਆ।
“ਕਿਉਂ ਨਹੀਂ ਕਰਨੀ ਚਾਹੀਦੀ ਸੀ? ਤੈਨੂੰ ਕਿਸੇ ਦੀ ਕੋਈ ਗੱਲ ਠੀਕ ਨਹੀਂ ਲੱਗਦੀ ਤਾਂ ਤੈਨੂੰ ਪੂਰਾ ਅਧਿਕਾਰ ਏ ਕਿ ਤੂੰ ਆਪਣਾ ਵਿਰੋਧ ਜ਼ਾਹਰ ਕਰੇਂ। ਜੇ ਅਸੀਂ ਆਪਣੀਆਂ ਪ੍ਰਤੀਕ੍ਰਿਆਵਾਂ ਨੂੰ ਜ਼ਾਹਰ ਨਹੀਂ ਕਰਾਂਗੇ ਤਾਂ ਲੋਕ ਸਾਨੂੰ ਸੁਣਨਗੇ ਕਿੰਜ? ਸਾਡੇ ਇਸ ਸੈਂਟਰ ਵਿਚ ਵੱਖ-ਵੱਖ ਸੁਭਾਅ ਦੇ ਲੋਕ ਆਉਂਦੇ ਨੇ। ਕੁਝ ਅਪਰਾਧੀ ਪ੍ਰਵਿਰਤੀਆਂ ਦੇ ਹੁੰਦੇ ਨੇ ਉਹਨਾਂ ਦੀ ਸੋਚ ਬਿਲਕੁਲ ਵੱਖਰੀ ਹੁੰਦੀ ਏ। ਪਰ ਅਸੀਂ ਇੱਥੇ ਖੁੱਲ੍ਹ ਕੇ ਆਪਸ ਵਿਚ ਇਕ ਦੂਜੇ ਦੇ ਵਿਚਾਰਾਂ ਉੱਤੇ ਟਿੱਪਟਨੀਆਂ ਦੇ ਕੇ ਆਪਣੀ ਆਪਣੀ ਪ੍ਰਤੀਕ੍ਰਿਆ ਜ਼ਾਹਰ ਕਰਦੇ ਆਂ। ਇਸ ਤਰ੍ਹਾਂ ਅਸੀਂ ਇਕ ਦੂਜੇ ਨੂੰ ਕਦੀ ਇਕੋ ਵਾਰੀ ਕਦੀ ਹੌਲੀ ਹੋਲੀ ਸਮਝਣ ਲੱਗਦੇ ਆਂ।” ਪੀਟਰ ਦੀਆਂ ਅੱਖਾਂ ਵਿਚ ਸੱਚਾਈ ਤੇ ਈਮਾਨਦਾਰੀ ਸੀ। ਮੈਂ ਫੇਰ ਸਹਿਜ ਹੋਣ ਲੱਗੀ, ਮੇਰੀਆਂ ਗੰਢਾਂ ਫੇਰ ਖੁੱਲ੍ਹਣ ਲੱਗੀਆਂ, ਅਖ਼ੀਰ ਫਿਸ ਪਈ...:
“ਪਤਾ ਈ ਪਾਰਕ-ਹਾਊਸ ਦੀਆਂ ਨਨਾਂ ਗੋਰੀਆਂ-ਚਿੱਟੀਆਂ ਹੋਣ ਦੇ ਬਾਵਜੂਦ ਮੈਨੂੰ ਕਦੀ ਸੰਦਰ ਨਹੀਂ ਲੱਗੀਆਂ, ਉਹ ਮੈਨੂੰ ਹਮੇਸ਼ਾ ਚੁੜੈਲਾਂ ਲੱਗਦੀਆਂ, ਪਰ ਬੁੱਢੀ ਡੇਮਿਯਨ ਦਾ ਝੁਰੜਦਾਰ ਚਿਹਰਾ ਫਰਿਸ਼ਤੇ ਵਰਗਾ ਕੋਮਲ ਲੱਗਦਾ, ਉਹ ਮੇਰੀ, ਮਰੀਅਮ ਸੀ।”
ਪੀਟਰ ਮੇਰੀਆਂ ਗੱਲਾਂ ਸੁਣ ਕੇ ਮੁਸਕੁਰਾਇਆ, ਉਸਦੀ ਮੁਸਕੁਰਾਹਟ ਨੇ ਮੈਨੂੰ ਕੁਝ ਹੋਰ ਤਸੱਲੀ ਦਿੱਤੀ।
“ਮੈਨੂੰ ਖੁਸ਼ੀ ਏ ਕਿ ਤੂੰ ਆਪਣੇ 'ਚੋਂ ਬਾਹਰ ਆ ਰਹੀ ਏਂ। ਠੀਕ ਹੋ ਰਹੀ ਏਂ।” ਕਹਿੰਦਿਆਂ ਹੋਇਆਂ ਪੀਟਰ ਨੇ ਟਰੇ ਵਿਚ ਰੱਖੇ ਹੋਏ ਸੈਂਡਵਿਚ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ, “ਇਹ ਹੈ ਤੇਰਾ ਲੰਚ। ਚਾਹੇਂ ਤਾਂ ਖਾ ਕੇ ਆਰਾਮ ਕਰ ਲਵੀਂ ਨਹੀਂ ਤਾਂ ਹੇਠਾਂ ਆਫ਼ਿਸ 'ਚ ਆ ਜਾਵੀਂ। ਸ਼ਾਇਦ ਅਸੈਸਮੈਂਟ ਸੈਂਟਰ ਬਾਰੇ ਤੂੰ ਕੁਝ ਹੋਰ ਵੀ ਜਾਣਨਾ ਚਾਹੇਂ।”
“ਹਾਂ ਠੀਕ ਏ ਪੀਟਰ ਮੈਂ ਫਰੈਸ਼ ਹੋ ਕੇ ਆ ਰਹੀ ਆਂ।”
“ਤੇ ਹਾਂ,” ਜਾਂਦਾ ਹੋਇਆ ਉਹ ਬੋਲਿਆ, “ਕਲ੍ਹ ਸਵੇਰੇ ਤੇਰਾ ਅਸੈਸਮੈਂਟ ਹੋਏਗਾ, ਤੇਰੇ ਸਕੋਰ ਮੁਤਾਬਕ, ਤੇਰੀ ਰੁਚੀ ਅਨੁਸਾਰ, ਤੈਨੂੰ ਵੋਕੇਸ਼ਨਲ ਟਰੇਨਿੰਗ ਲਈ ਭੇਜਿਆ ਜਾਏਗਾ। ਤੇ ਸੁਣ ਇਕ ਖੁਸ਼ਖਬਰੀ, ਤੇਰੇ ਬੈਨੇਫਿਟ (ਅਨ-ਏਮਪਲਾਈਮੈਂਟ ਭੱਤਾ) ਦੇ ਪੇਪਰਸ ਆ ਚੁੱਕੇ ਨੇ, ਕਲ੍ਹ ਮਾਰਟਿਨ ਨਾਲ ਜਾ ਕੇ ਜਾਯਕੋ ਬੈਂਕ 'ਚ ਆਪਣਾ ਅਕਾਊਂਟ ਖੋਲ ਲਵੀਂ। ਹੁਣ ਤੂੰ ਆਰਥਕ ਰੂਪ ਵਿਚ ਸੁਤੰਤਰ ਏਂ, ਬੈਂਕ ਵਿਚ ਆਏ ਪੈਸਿਆਂ ਦੀ ਵਰਤੋਂ ਤੂੰ ਕਿੰਜ ਕਰੇਂਗੀ ਇਹ ਤੇਰੇ 'ਤੇ ਨਿਰਭਰ ਕਰਦਾ ਏ। ਬੈਂਕ ਦੇ ਕਾਗਜ਼, ਪਿਨ ਨੰਬਰ, ਚੈਕਬੁੱਕ, ਕ੍ਰੈਡਿਟ ਕਾਰਡ ਬੇਹੱਦ ਸੰਭਾਲ ਕੇ ਲਾਕਰ 'ਚ ਰੱਖਣੇ ਪੈਣੇ ਨੇ। ਠੀਕ। ਪੈਸੇ ਵੀ ਸੰਭਾਲ ਕੇ ਖਰਚ ਕਰਨੇ ਹੁੰਦੇ ਨੇ। ਇਹਨਾਂ ਪੈਸਿਆਂ ਦੀ ਬਜਟਿੰਗ ਕਰਨੀ ਹੁੰਦੀ ਏ ਤਦ ਕਿਤੇ ਜਾ ਕੇ ਪੂਰੇ ਹਫ਼ਤੇ ਦਾ ਖਰਚ ਚੱਲ ਸਕਦਾ ਏ।”
ਏਨੀਆਂ ਮੁਸ਼ਕਿਲ, ਏਨੀਆਂ ਸੁੰਦਰ ਗੱਲਾਂ, ਏਨੇ ਧੀਰਜ ਤੇ ਵਿਸਥਾਰ ਨਾਲ! ਜੀਵਨ ਵਿਚ ਪਹਿਲੀ ਵਾਰੀ ਕਿਸੇ ਨੇ ਮੈਨੂੰ ਏਨਾ ਮਹੱਤਵ ਤੇ ਸਮਾਂ ਦਿੱਤਾ। ਅਹਿਸਾਨ ਮੰਦ ਹੋ ਕੇ ਮੇਰਾ ਮਨ ਭਰ ਆਇਆ।
ਮੈਂ 'ਹਾਂ' ਵਿਚ ਸਿਰ ਹਿਲਾਉਂਦਿਆਂ ਹੋਇਆਂ ਪੀਟਰ ਦੀ ਤਸੱਲੀ ਕਰਵਾਈ।
ਉਸਨੇ ਉਂਗਲਾਂ ਮੀਚ ਕੇ ਗੱਠਾਂ ਨਾਲ ਮੇਰੀ ਗੱਲ੍ਹ ਨੂੰ ਸਹਿਲਾਇਆ।
“ਮੈਨੂੰ ਇੱਥੇ ਕਦੋਂ ਤੀਕ ਰੱਖਿਆ ਜਾਏਗਾ?”
“ਤੇਰੇ ਅਗਲੇ ਜਨਮ ਦਿਨ ਤਕ, ਜਦੋਂ ਤਕ ਤੂੰ ਸਤਾਰਾਂ ਸਾਲ ਦੀ ਨਹੀਂ ਹੋ ਜਾਏਂਗੀ।”
“ਫੇਰ?”
“ਇਸ ਵਰ੍ਹੇ ਤੈਨੂੰ ਬਾਹਰੀ ਸੰਸਾਰ ਨਾਲ ਤਾਲ-ਮੇਲ ਬਿਠਾਉਣ ਦੇ ਮੌਕੇ ਵਾਰ-ਵਾਰ ਮਿਲਣਗੇ, ਟੈਂਪਿੰਗ (ਸ਼ਾਰਟ ਟਾਈਮ ਨੌਕਰੀਆਂ) ਮਿਲਣਗੀਆਂ ਤੇ ਤੂੰ ਸਮਾਜ ਵਿਚ ਰਹਿਣਾ ਤੇ ਉਸਦੇ ਊਚ-ਨੀਚ ਨੂੰ ਸਮਝਣਾ ਸਿੱਖ ਜਾਵੇਂਗੀ।”
“... ...”
“ਹੋਰ ਕੋਈ ਸਵਾਲ ਮਾਈ ਡੀਅਰ?”
“ਅਜੇ ਨਹੀਂ, ਏਨਾ ਸਭ ਕੁਝ ਪਚਾਅ ਸਕਣਾ ਆਸਾਨ ਨਹੀਂ ਮੇਰੇ ਲਈ। ਮੈਨੂੰ ਜੀਵਨ ਦਾ ਕੋਈ ਅਨੁਭਵ ਨਹੀਂ। ਮੈਂ ਸਦਾ ਦੂਸਰਿਆਂ 'ਤੇ ਨਿਰਭਰ ਰਹੀ। ਪਰ ਮੈਂ ਤੁਹਾਡੀ ਸ਼ੁਕਰਗੁਜਾਰ ਆਂ, ਤੁਸੀਂ ਮੈਨੂੰ ਏਨਾ ਸਮਾਂ ਦਿੱਤਾ।” ਉਹ ਫੇਰ ਉਹੀ ਮਿੱਠੀ ਹਾਸੀ ਹੱਸੀ।
“ਇਹ ਤਾਂ ਮੇਰੀ ਨੌਕਰੀ ਏ। ਰਿਲੈਕਸ, ਓ.ਕੇ. ਫੇਰ ਮੈਂ ਚੱਲਦਾਂ।”
“ਯਸ ਪੀਟਰ।” ਲੋਕ ਏਨੇ ਚੰਗੇ ਤੇ ਸਹਿਜ ਵੀ ਹੋ ਸਕਦੇ ਨੇ—ਅਚਾਨਕ ਮੈਨੂੰ ਲੱਗਿਆ ਕਿਤੇ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਹੀ!

ਪੀਟਰ ਦੇ ਜਾਣ ਪਿੱਛੋਂ ਮੈਂ ਉਸ ਕਮਰੇ ਦੀਆਂ ਕੰਧਾਂ ਵੱਲ ਦੇਖਿਆ ਜਿਹਨਾਂ 'ਤੇ ਨਿੱਕੇ ਨਿੱਕੇ ਸੁਰਖ਼ ਫੁੱਲਾਂ ਵਾਲਾ ਹਲਕੇ ਨੀਲੇ ਰੰਗ ਦਾ ਪੇਪਰ ਲੱਗਿਆ ਹੋਇਆ ਸੀ। ਇਕ ਕੋਨੇ ਵਿਚ ਟੇਬਲ-ਚੇਅਰ, ਪਲੰਘ ਤੇ ਲਾਕਰ ਦੇ ਨਾਲ ਇਕ ਸੁਰਖ਼ ਰੀਡਿੰਗ ਲੈਂਪ। ਕਮਰੇ ਦੀ ਸਜਾਵਟ ਮੈਨੂੰ ਚੰਗੀ ਲੱਗੀ। ਇਹ ਮੇਰਾ ਆਪਣਾ ਕਮਰਾ ਹੈ—ਸੋਚਦਿਆਂ ਹੋਇਆਂ ਲਾਕਰ ਵਿਚ ਕੱਪੜੇ ਰੱਖ ਕੇ ਮੈਂ ਉਸਦਾ ਦਰਵਾਜ਼ਾ ਬੰਦ ਕੀਤਾ ਤੇ ਬਿਸਤਰੇ 'ਤੇ ਆ ਕੇ ਲੇਟ ਗਈ। ਕਦੋਂ ਅੱਖ ਲੱਗੀ, ਪਤਾ ਨਹੀਂ।
ਅਚਾਨਕ ਡਾਢੇ ਸ਼ੋਰ-ਸ਼ਰਾਬੇ ਨਾਲ ਠਪ-ਠਪ ਪੌੜੀਆਂ ਚੜ੍ਹਨ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇੰਜ ਲੱਗ ਰਿਹਾ ਸੀ ਜਿਵੇਂ ਭੂਚਾਲ ਲਾ ਗਿਆ ਹੋਵੇ। ਸ਼ਾਇਦ ਮੈਂ ਸੁਪਨਾ ਦੇਰ ਰਹੀ ਸੀ। ਅਚਾਨਕ ਤੇਰਾਂ ਤੋਂ ਲੈ ਕੇ ਸੋਲਾਂ ਵਰ੍ਹੇ ਦੀਆਂ ਸਤ ਅੱਠ ਕੁੜੀਆਂ ਧੱਕਾ-ਮੁੱਕੀ ਕਰਦੀਆਂ ਬਿਨਾਂ ਕਿਸੇ ਅਗਾਊ ਸੂਚਨਾ ਤੇ ਓਪਚਾਰਿਕਤਾ ਦੇ ਕਮਰੇ ਵਿਚ ਵੜ ਆਈਆਂ। ਨਾ ਕਿਸੇ ਨੇ ਮੇਰਾ ਨਾਂ ਪੁੱਛਿਆ, ਨਾ ਹੀ ਆਪਣਾ ਨਾਂ ਦੱਸਿਆ—ਬਸ ਮੈਨੂੰ ਵਿੰਹਦਿਆਂ ਹੀ ਪੁੱਛਣ ਲੱਗੀਆਂ ਕਿ ਮੈਂ ਕਿਸ ਅਪਰਾਧ ਕਰਕੇ ਇੱਥੇ ਭੇਜੀ ਗਈ ਹਾਂ?
ਕਿਸ ਅਪਰਾਧ ਕਰਕੇ ਮੈਂ ਇੱਥੇ ਭੇਜੀ ਗਈ ਹਾਂ? ਇਹੀ ਪ੍ਰਸ਼ਨ ਤਾਂ ਮੈਂ ਵਾਰੀ-ਵਾਰੀ ਆਪਣੇ ਆਪ ਨੂੰ ਕਰਦੀ ਹਾਂ। ਏਨੇ ਅਜਨਬੀਆਂ ਵਿਚਕਾਰ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੈਂ ਬੌਂਦਲ ਗਈ, ਉਹਨਾਂ ਨੂੰ ਜਵਾਬ ਦੇਣ ਲਈ ਮੈਂ ਫੇਰ ਨਵੇਂ ਸਿਰੇ ਤੋਂ ਸੋਚਣ ਲੱਗੀ ਕਿ ਮੈਂ ਇੱਥੇ ਕਿਉਂ ਭੇਜੀ ਗਈ ਹਾਂ? ਪਰ ਮੇਰੇ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੈਨੂੰ ਆਪਣਾ ਕੀਤਾ, ਕੋਈ ਵੀ ਅਪਰਾਧ ਚੇਤੇ ਨਹੀਂ ਸੀ ਆ ਰਿਹਾ। ਅਖ਼ੀਰ ਮੈਂ ਹਕਲਾਉਂਦਿਆਂ ਹੋਇਆਂ ਕਿਹਾ, “ਮ...ਮ...ਮੈਨੂੰ ਨਹੀਂ ਪਤਾ।”
“ਇਹ ਕਿਵੇਂ ਹੋ ਸਕਦਾ ਏ ਕਿ ਤੈਨੂੰ ਆਪਣਾ ਅਪਰਾਧ ਈ ਨਾ ਪਤਾ ਹੋਏ, ਫ਼ਕਿੰਗ ਈਡੀਏਟ (ਬ...ਮੂਰਖ)?” ਇਕ ਨੇ ਮੈਨੂੰ ਮੂੰਹ ਚਿੜਾਉਂਦਿਆਂ ਹੋਇਆਂ ਕਿਹਾ, “ਝੂਠ ਬੋਲਦੀ ਏ ਸਾਲੀ।”
ਇਕ ਲੰਮੀ-ਝੰਮੀ ਕੁੜੀ ਨੇ, ਮੇਰੇ ਚਿਹਰੇ ਨੂੰ ਆਪਣੇ ਸਖ਼ਤ ਹੱਥਾਂ ਨਾਲ ਉਪਰ ਚੁੱਕ ਕੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ, “ਤੂੰ ਦੋਗਲੀ (ਬਾਸਟਰਡ) ਏਂ?”
ਸ਼ਬਦ ਦਾ ਸਹੀ ਅਰਥ ਸਮਝੇ ਬਿਨਾਂ ਮੈਂ ਬੋਲੀ, “ਨਹੀਂ।”
“ਡਮਡਮ (ਬੇਵਕੂਫ਼)!” ਪਿੱਛੋਂ ਕਿਸੇ ਨੇ ਉੱਚੀ ਆਵਾਜ਼ ਵਿਚ ਕਿਹਾ।
“ਪਾਕੀ ਐ ਸਾਲੀ!” (ਪਾਕਿਸਤਾਨੀ ਦਾ ਸੰਖੇਪ, ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਗਾਲ੍ਹ ਵਰਗਾ ਨਕਾਰਾਤਮਕ ਸ਼ਬਦ)
ਮੈਂ ਸਿਰ ਝੁਕਾ ਕੇ, ਦੋਵਾਂ ਹੱਥਾਂ ਨਾਲ ਚਿਹਰਾ ਢਕੀ, ਅੱਖਾਂ ਬੰਦ ਕਰੀ, ਉੱਥੇ ਪਲੰਘ ਉੱਤੇ ਧਮ ਕਰਕੇ ਬੈਠ ਗਈ। ਜੀਜਸ ਏਨੀ ਗੰਦੀ ਜ਼ਬਾਨ! ਅਜਿਹੀ ਗਾਲ੍ਹ। ਪਾਰਕ-ਹਾਊਸ ਦੀਆਂ ਨਨਾਂ ਤਾਂ ਇਹਨਾਂ ਨੂੰ ਸੂਲੀ ਤੇ ਚੜ੍ਹਾ ਦਿੰਦੀਆਂ। ਮੇਰਾ ਜੀਵਨ ਭਾਵੇਂ ਕਿੰਨਾ ਹੀ ਅਪਮਾਨਜਨਕ ਰਿਹਾ ਹੋਏ ਪਰ ਕਿਸੇ ਨੇ ਐਨੀ ਹੋਛੀ ਤੇ ਬਦਤਮੀਜ਼ੀ ਭਰੀ ਗੱਲ ਮੈਨੂੰ ਕਦੀ ਨਹੀਂ ਸੀ ਆਖੀ। ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਹੁਣ ਇਹ ਕੁੜੀਆਂ ਮੈਨੂੰ ਜ਼ਰੂਰ ਕੁੱਟਣਗੀਆਂ...ਪੀਟਰ, ਪੀਟਰ! ਕਿੱਥੇ ਗਿਆ ਪੀਟਰ? ਕੀ ਇਹਨਾਂ ਭਿਆਨਕ ਕੁੜੀਆਂ ਨਾਲ ਮੈਨੂੰ ਰਹਿਣਾ ਪਏਗਾ? ਘਬਰਾਹਟ ਨਾਲ ਮੇਰੇ ਹੱਥ ਪੈਰ ਠੰਡੇ ਹੋਣ ਲੱਗੇ।
“ਚਲ, ਛੱਡ ਯਾਰ, ਇਹ ਤਾਂ ਬੇਕਾਰ ਸਮੇਂ ਦੀ ਬਰਬਾਦੀ ਏ (ਵੇਸਟ ਆਫ਼ ਟਾਈਮ)।” ਇਕ ਨੇ ਹੌਲੀ ਜਿਹੇ ਕਿਹਾ।
“ਸੱਚਮੁੱਚ ਡਰ ਗਈ।” ਕਿਸੇ ਹੋਰ ਨੇ ਕਿਹਾ ਤੇ ਹੌਲੀ-ਹੌਲੀ ਸਭ ਉੱਥੋਂ ਖਿਸਕ ਗਈਆਂ।
ਥੋੜ੍ਹੀ ਦੇਰ ਬਾਅਦ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਉੱਥੇ ਅਜੇ ਵੀ ਇਕ ਝੱਥੇ, ਘੁੰਗਰਾਲੇ-ਵਾਲਾਂ ਵਾਲੀ ਗੋਰੀ ਪਰ ਫ੍ਰੇਕਡਲ (ਹਲਕੇ ਭੂਰੇ ਤਿਲਾਂ ਨਾਲ ਭਰੇ ਹੋਏ) ਚਿਹਰੇ ਵਾਲੀ ਬਾਰਾਂ ਤੇਰਾਂ ਸਾਲ ਦੀ ਮੈਥੋਂ ਛੋਟੇ ਕੱਦ-ਕਾਠ ਦੀ ਸੁਕੜੂ ਜਿਹੀ ਕੁੜੀ ਖੜ੍ਹੀ ਮੈਨੂੰ ਬਿੱਲੀ ਵਾਂਗ ਘੂਰ ਰਹੀ ਸੀ।
“ਕੀ ਤੂੰ ਸੱਚਮੁੱਚ ਕੋਈ ਅਪਰਾਧ ਨਹੀਂ ਕੀਤਾ, ਪਾਕੀ?”
“ਕੀਤਾ ਸੀ, ਇਕ ਵਾਰੀ ਨਨਰੀ ਦੇ ਕਿਚਨ 'ਚੋਂ ਪੇਸਟਰੀ ਚੁਰਾਈ ਸੀ। ਪਰ ਕਿਸੇ ਨੇ ਮੈਨੂੰ ਚੁਰਾਉਂਦਿਆਂ ਹੋਇਆਂ ਨਹੀਂ ਦੇਖਿਆ। ਮੈਂ ਫੜ੍ਹੀ ਨਹੀਂ ਗਈ।” ਮੈਂ ਕਿਹਾ।
“ਹੈਤ,” ਉਸਨੇ ਭੈੜਾ ਜਿਹਾ ਮੂੰਹ ਬਣਾਉਂਦਿਆਂ ਹੋਇਆਂ ਕਿਹਾ, “ਇਹ ਵੀ ਕੋਈ ਅਪਰਾਧ ਏ, ਇਹ ਤਾਂ ਬੜੀ ਬਚਕਾਨੀ ਹਰਕਤ ਏ।” ਮੇਰੀ ਨਾਦਾਨੀ ਤੇ ਉਹ ਤੁੜਕੀ ਤੇ ਬਹਿਸ ਕਰਦੀ ਜਲਦੀ-ਜਲਦੀ ਬੋਲੀ, “ਮੈਂ ਤੈਨੂੰ ਕਾਰ ਚੁਰਾਉਣਾ ਸਿਖਾਵਾਂਗੀ। ਇਜ਼ੀ-ਪਿਜ਼ੀ (ਬੇਹੱਦ ਆਸਾਨ) ਕਾਰ ਚੁਰਾਉਣ ਦਾ ਆਪਣਾ ਮਜ਼ਾ ਏ। ਗੱਡੀ ਚੁਰਾਓ, ਖ਼ੂਬ ਤੇਜ਼ ਦੌੜਾਓ ਤੇ ਫੇਰ ਕਿਸੇ ਪਾਸ਼ ਗੱਡੀ ਨਾਲ ਟੱਕਰ ਮਾਰ ਕੇ ਨੌਂ ਦੋ ਗਿਆਰਾਂ ਹੋ ਜਾਓ। ਫੜੇ ਜਾਓ ਤਾਂ ਫ਼ਕਿੰਗ ਰਿਮਾਂਡ ਕਸਟਡੀ (ਮੁੜ ਸੁਧਾਰ-ਸੰਰਕਸ਼ਣ) ਤੇ ਜੁਵਿਨਾਇਲ ਕੇਸ (ਬਾਲ-ਅਪਰਾਧ)। ਸਮਝੀ ਸਟੂਪਿਡ ਪਾਕੀ।” ਕਹਿੰਦੀ ਹੋਈ ਜਾਣ ਹੀ ਲੱਗੀ ਸੀ ਕਿ ਮੈਂ ਉਸਦਾ ਹੱਥ ਫੜ੍ਹ ਕੇ ਕਿਹਾ...:
“ਤੂੰ ਮੈਨੂੰ ਪਾਕੀ ਕਿਉਂ ਕਹਿੰਦੀ ਏਂ, ਮੈਂ ਪਾਕੀ ਨਹੀਂ...ਮੈਂ ਸਟੇਲਾ ਰਾਜਰਸ ਆਂ। ਮੇਰਾ ਬਾਪ ਗੋਰਾ ਸੀ। ਮੈਂ ਗੋਰੀ ਆਂ।”
ਉਹ ਹੱਥ ਛੁਡਾਅ ਕੇ ਭੱਜਦੀ-ਭੱਜਦੀ ਕਹਿ ਗਈ...:
“ਰੰਗ ਗੋਰਾ ਹੋਣ ਨਾਲ ਕੀ ਹੁੰਦਾ ਏ ਪਾਕੀ, ਤੇਰੀਆਂ ਕਾਲੀਆਂ ਅੱਖਾਂ ਦੱਸ ਰਹੀਆਂ ਨੇ, ਤੂੰ ਦੋਗਲੀ ਏਂ। ਦੋਗਲੀ ਤਾਂ ਮੈਂ ਵੀ ਆਂ। ਮੇਰਾ ਬਾਪ ਕਾਲਾ (ਅਫ਼ਰੀਕਨ) ਤੇ ਮਾਂ ਗੋਰੀ (ਅੰਗਰੇਜ਼) ਸੀ, ਦੋਵੇਂ ਸੜਕ ਦੁਰਘਟਨਾ ਵਿਚ ਮਰ ਗਏ! ਮੇਰੇ ਨਾਲ ਦੋਸਤੀ ਕਰੇਂਗੀ?”
ਮੇਰੀਆਂ ਅੱਖਾਂ ਤੋਂ ਜਿਵੇਂ ਉਸਨੇ ਕੋਈ ਪਰਦਾ ਹਟਾ ਦਿੱਤਾ ਹੋਵੇ। ਬਿਸਤਰੇ 'ਤੇ ਪਿਆਂ ਪਿਆਂ ਮੇਰੇ ਦਿਮਾਗ਼ ਵਿਚ ਰਹਿ ਰਹਿ ਕੇ ਮੇਰੇ ਜਨਮ ਤੇ ਜ਼ਿੰਦਗੀ ਨਾਲ ਜੁੜੇ ਤਰ੍ਹਾਂ-ਤਰ੍ਹਾਂ ਦੇ ਦਰਦਨਾਕ ਨਸਲੀ ਸਵਾਲ ਭੁੜਕ-ਭੁੜਕ ਮੇਰੇ ਜ਼ਿਹਨ ਵਿਚ ਆਉਣ ਲੱਗੇ।

'ਮੈਂ ਕੌਣ ਹਾਂ?' 'ਮੈਂ ਸਟੇਲਾ ਰਾਜਰਸ ਹਾਂ।' ' ਨਹੀਂ ਤੂੰ ਰਾਜਰਸ ਨਹੀਂ ਏਂ?' ਮੇਰੇ ਦਿਮਾਗ਼ ਦੇ ਕਿਸੇ ਕੋਨੇ ਵਿਚੋਂ ਉਤਰ ਆਇਆ। 'ਮੈਂ ਰਾਜਰਸ ਕਿਉਂ ਨਹੀਂ, ਮੇਰੇ ਬਰਥ ਸਰਟਿਫੀਕੇਟ ਤੋਂ ਲੈ ਕੇ ਮੇਰੇ ਸਕੂਲ ਸਰਟਿਫੀਕੇਟ ਉੱਤੇ ਮੇਰਾ ਨਾਂ ਸਟੇਲਾ ਰਾਜਰਸ ਲਿਖਿਆ ਹੋਇਆ ਏ' ਮੇਰਾ ਦਿਮਾਗ਼ ਚਰਖ਼ੀ ਵਾਂਗ ਘੁੰਮਦਾ ਬੌਂਦਲ ਗਿਆ ਸੀ ਪਰ ਨਾਲ ਹੀ ਕਈ ਉਲਝੇ ਹੋਏ ਤੰਦ ਸੁਲਝ ਵੀ ਰਹੇ ਸਨ। 'ਤੇਰੀਆਂ ਅੱਖਾਂ ਨੀਲੀਆਂ ਤੇ ਰੰਗ ਡੈਨਿਯਲ ਰਾਜਰਸ ਵਰਗਾ ਗੋਰਾ-ਚਿੱਟਾ ਨਹੀਂ ਹੈ।' 'ਫੇਰ?' 'ਫੇਰ ਕੀ?' 'ਡੈਨਿਯਲ ਰਾਸਰਸ ਤੇਰਾ ਬਾਪ ਨਹੀਂ ਸੀ, ਇਸੇ ਲਈ ਉਹ ਤੈਨੂੰ ਠੁੱਡੇ ਮਾਰਦਾ ਸੀ। ਉਸਨੂੰ ਤੇਰੀ ਸੂਰਤ-ਸ਼ਕਲ ਤੋਂ ਚਿੜ ਸੀ। ਤੇਰਾ ਕਣਕ-ਵੰਨਾ ਰੰਗ ਤੇ ਕਾਲੀਆਂ ਅੱਖਾਂ ਉਸਦੇ ਮਰਦ ਹੋਣ ਨੂੰ ਲਲਕਾਰ ਦੀਆਂ ਸੀ। ਤੇਰੇ ਹੋਰ ਭਾਈ-ਭੈਣਾਂ ਉਸ ਵਾਂਗ ਚਿੱਟੇ-ਗੋਰੇ ਤੇ ਨੀਲੀਆਂ-ਭੂਰਆਂ ਅੱਖਾਂ ਵਾਲੇ ਨੇ।' 'ਫੇਰ?' 'ਤੇਰੀ ਮਾਂ ਨੇ ਆਪਣੇ ਸੁਖ ਲਈ ਤੁਹਾਨੂੰ ਸਾਰੇ ਭਰਾ-ਭੈਣਾਂ ਨੂੰ 'ਰਾਸਰਸ ਸਰ ਨੇਮ' ਦੀ ਛਤਰੀ ਫੜਾ ਦਿੱਤੀ।' 'ਫੇਰ?' 'ਫੇਰ ਕੀ ਮੂਰਖੇ, ਤੂੰ ਉਸ ਛਤਰੀ ਵਿਚ ਛੇਕ ਸੀ...।' ਖ਼ੁਦ ਨਾਲ ਗੱਲਾਂ ਕਰਦੀ ਪਤਾ ਨਹੀਂ ਕਦੋਂ ਤਕ ਮੈਂ ਰੋਂਦੀ-ਸਿਸਕਦੀ ਰਹੀ ਮੈਨੂੰ ਯਾਦ ਨਹੀਂ, ਸ਼ਾਇਦ ਰੋਂਦੀ-ਰੋਂਦੀ ਮੈਂ ਸੌਂ ਗਈ।

ਜਦੋਂ ਮੈਂ ਸਵੇਰੇ ਉਠੀ, ਉੱਥੇ ਕੋਈ ਨਹੀ ਸੀ, ਉਹ ਕੁੜੀਆਂ ਕੌਣ ਸਨ? ਕੀ ਮੈਂ ਕੋਈ ਭਿਆਨਕ ਸੁਪਨਾ ਦੇਖ ਰਹੀ ਸੀ? ਸੋਚਦੀ ਸੋਚਦੀ ਨਹਾਅ-ਧੋ ਕੇ ਜਦੋਂ ਮੈਂ ਹੇਠਾਂ ਆਈ ਪੀਟਰ ਆਫ਼ਿਸ ਵਿਚ ਬੈਠਾ ਕੋਈ ਕੰਮ ਕਰ ਰਿਹਾ ਸੀ। ਮੈਂ ਦਰਵਾਜ਼ੇ ਨੂੰ ਹੌਲੀ ਜਿਹੀ ਖੜਕਾਇਆ,
“ਅੰਦਰ ਆਓ ਸਟੇਲਾ...” ਉਹੀ ਕਲ੍ਹ ਵਾਲੀ ਹਸੂੰ-ਹਸੂੰ ਕਰਦੀ ਹੌਸਲਾ ਵਧਾਉਂਦੀ ਹੋਈ ਆਵਾਜ਼।
“ਗੁੱਡ ਮਾਰਨਿੰਗ!”
“ਹਾਏ! ਤੂੰ ਬੈਂਕ ਜਾਣ ਲਈ ਤਿਆਰ ਏਂ? ਮਾਰਟਿਨ ਆਉਂਦਾ ਈ ਹੋਏਗਾ।”
“ਅਜੇ ਪੰਜ ਮਿੰਟ ਰਹਿੰਦੇ ਨੇ। ਮੈਂ ਤੁਹਾਨੂੰ ਕੁਝ ਪੁੱਛਣਾ ਏਂ?” ਮੇਰੀ ਸਹਿਮੀ ਆਵਾਜ਼ ਭਾਵੁਕਤਾ ਵੱਸ ਕੰਬ ਰਹੀ ਸੀ।
“ਪੁੱਛ ਬਈ, ਮੈਂ ਤਾਂ ਕਲ੍ਹ ਵੀ ਤੇਰਾ ਇੰਤਜ਼ਾਰ ਕੀਤਾ, ਪਰ ਸ਼ਾਇਦ ਤੂੰ ਥੱਕੀ ਹੋਈ ਸੈਂ। ਸ਼ੋਹਾਬ ਤੇ ਸੁਬਰੀਨਾ ਨੇ ਦੱਸਿਆ ਤੂੰ ਗੂੜ੍ਹੀ ਨੀਂਦ ਸੁੱਤੀ ਹੋਈ ਸੈਂ।” ਉਹ ਸਹਿਜ, ਸੰਤੁਲਤ ਤੇ ਹੌਸਲਾ ਵਧਾਊ ਅੰਦਾਜ਼ ਹੋਰ ਕਿਤੇ ਨਹੀਂ ਸੀ ਮਿਲਿਆ।
“ਮੇਰਾ ਅਪਰਾਧ ਕੀ ਹੈ? ਮੈਨੂੰ ਅਪਰਾਧੀਆਂ ਨਾਲ ਕਿਉਂ ਰੱਖਿਆ ਗਿਆ ਏ?” ਮੈਂ ਕੰਬਦੀ ਹੋਈ ਆਵਾਜ਼ ਵਿਚ ਉਸਨੂੰ ਪੁੱਛਿਆ।
“ਤੇਰਾ ਕੋਈ ਅਪਰਾਧ ਨਹੀਂ!” ਉਸਦੀ ਆਵਾਜ਼ ਹੌਸਲਾ ਵਧਾਉਣ ਵਾਲੀ ਸੀ, “ਤੂੰ ਅਪਰਾਧੀਆਂ ਨਾਲ ਨਹੀਂ, ਆਪਣੀਆਂ ਹਮ-ਉਮਰ ਕੁੜੀਆਂ (ਟੀਨਏਜਰ) ਨਾਲ ਏਂ, ਜਿਹੜੀਆਂ ਤੇਰੇ ਵਾਂਗ ਹੀ ਕਿਸੇ ਦੂਜੀ ਤਰ੍ਹਾਂ ਵਿਕਟਿਮ ਆਫ ਸਰਕਮਸਟਾਂਸੇਜ (ਪ੍ਰਸਥਿਤੀਆਂ ਦੀ ਕੁਹਜ) ਦੀਆਂ ਸਿਕਾਰ ਰਹੀਆਂ ਨੇ।

Wednesday, February 9, 2011

ਸੰਸਦ ਮਾਰਗ 'ਤੇ...:: ਲੇਖਕ : ਬੀਰ ਰਾਜਾ

ਉਰਦੂ ਕਹਾਣੀ :
ਸੰਸਦ ਮਾਰਗ 'ਤੇ...
ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮਨ ਵਿਚ ਇਕ ਗੱਲ ਉੱਠੀ ਕਿ ਸਾਰੇ ਜਲੂਸ ਇਕੋ-ਜਿਹੇ ਹੁੰਦੇ ਨੇ, ਉਹਨਾਂ ਵਿਚ ਇਕੋ-ਜਿਹੇ ਚਿਹਰੇ ਹੀ ਦਿਖਾਈ ਦਿੰਦੇ ਨੇ, ਫੇਰ ਹਰ ਵਾਰੀ ਅਸੀਂ ਏਨੀ ਉੱਛਲ-ਕੁੱਦ ਕਰਦੇ ਹੋਏ ਤਸਵੀਰਾਂ ਕਿਉਂ ਖਿੱਚਦੇ ਹਾਂ? ਏਨਾ ਸੋਚ ਲੈਣ ਪਿੱਛੋਂ ਵੀ ਸਾਡੀ ਉੱਛਲ-ਕੁੱਦ ਜਾਰੀ ਰਹੀ। ਇਸ ਉਮਰ ਵਿਚ ਵੀ ਅਸੀਂ ਕੰਧਾਂ ਤੇ ਰੁੱਖਾਂ ਉੱਤੇ ਚੜ੍ਹਦੇ ਹੋਏ ਤਸਵੀਰਾਂ ਖਿੱਚਣ ਲੱਗੇ।
ਜਲੂਸ ਬੜਾ ਵੱਡਾ ਸੀ। ਸੜਕਾਂ 'ਤੇ ਆਵਾਜਾਵੀ ਰੁਕ ਚੁੱਕੀ ਸੀ। ਚੌਰਾਹਿਆਂ ਉੱਤੇ ਲੋਕਾਂ ਦੇ ਝੁੰਡ ਜੁੜੇ ਹੋਏ ਸਨ। ਜਿੱਥੇ ਵੱਧ ਭੀੜ ਹੁੰਦੀ, ਪ੍ਰਦਰਸ਼ਨਕਾਰੀ ਰੁਕ ਕੇ ਉੱਚੀਆਂ ਤੇ ਜੋਸ਼ੀਲੀਆਂ ਆਵਾਜ਼ਾਂ ਵਿਚ ਨਾਅਰੇ ਲਾਉਣ ਲੱਗ ਪੈਂਦੇ। ਉਹਨਾਂ ਦੀਆਂ ਨਸਾਂ ਤਣ ਜਾਂਦੀਆਂ। ਹੱਥਾਂ ਵਿਚ ਫੜ੍ਹੀਆਂ ਝੰਡੀਆਂ ਤੇ ਮਾਟੋ, ਵਾਰ-ਵਾਰ ਉੱਛਲਦੇ; ਸਭਨਾਂ ਉੱਤੇ ਇਕ ਜਨੂੰਨ ਸਵਾਰ ਹੋ ਜਾਂਦਾ। ਸਾਰੀਆਂ ਟੋਲੀਆਂ ਵਿਚ ਇੰਜ ਨਹੀਂ ਸੀ—ਕੁਝ ਬੜੇ ਚੁੱਪ-ਚੁੱਪ, ਸੜਕ ਦੇ ਦੋਵੇਂ ਪਾਸੇ ਦੀ ਦੁਨੀਆਂ ਨੂੰ ਹੈਰਾਨੀ ਨਾਲ ਵੇਖਦੇ ਹੋਏ, ਤੁਰ ਰਹੇ ਸਨ।
ਤਮਾਸ਼ਾਈਆਂ ਵਿਚ ਸਭ ਤਰ੍ਹਾਂ ਦੀ ਭੀੜ ਸੀ—ਕੁਝ ਰੋਜ਼-ਰੋਜ਼ ਦੇ ਜਲੂਸਾਂ ਤੋਂ ਤੰਗ ਆਏ ਹੋਏ ਸਨ, ਕੁਝ ਰਸਤੇ ਬੰਦ ਹੋਣ ਤੋਂ ਪ੍ਰੇਸ਼ਾਨ ਸਨ ਤੇ ਬਕ ਰਹੇ ਸਨ। ਕੁਝ ਪ੍ਰਦਰਸ਼ਨਕਾਰੀਆਂ ਨੂੰ ਬੁਰਾ-ਭਲਾ ਕਹਿਣ ਲੱਗੇ ਕਿ 'ਇਹਨਾਂ ਨੂੰ ਪੁੱਛੋ ਬਈ ਏਨੇ ਵਰ੍ਹਿਆਂ ਦਾ ਇਸ ਭੀੜ-ਭੜਕੇ ਨਾਲ ਕੀ ਹੋਇਆ ਹੈ?' ਕੋਈ ਚੀਕ ਰਿਹਾ ਸੀ ਕਿ 'ਸਾਰੀਆਂ ਪਾਰਟੀਆਂ ਆਪਣਾ ਉੱਲੂ ਸਿੱਧਾ ਕਰਨ ਲਈ ਲੋਕਾਂ ਨੂੰ ਭੜਕਾ ਕੇ ਲੈ ਆਉਂਦੀਆਂ ਹਨ। ਇਹਨਾਂ ਜਲੂਸਾਂ ਦਾ ਜ਼ਮਾਨਾ ਗਿਆ; ਹੁਣ ਤਾਂ ਸਰਕਾਰ ਆਪਣੇ ਸਮਰਥਣ ਵਿਚ ਹੀ ਇਸ ਨਾਲੋਂ ਵੱਧ ਭੀੜ ਇਕੱਠੀ ਕਰ ਲਿਆਉਂਦੀ ਹੈ।'
ਇਕ ਮੋੜ ਉੱਤੇ ਰੁਕੀ ਹੋਈ ਭੀੜ ਵਿਚ ਇਕ ਬੜਾ ਭਾਵੁਕ ਨੌਜਵਾਨ ਮੁੱਠੀਆਂ ਉਲਾਰ ਕੇ ਕਹਿ ਰਿਹਾ ਸੀ ਕਿ 'ਹੁਣ ਸੰਘਰਸ਼ ਦੇ ਨਾਂਅ ਉਪਰ ਇਹੋ ਨਾਟਕ ਰਹਿ ਗਿਆ ਹੈ...ਜਲੂਸ ਤੇ ਚੋਣਾਂ, ਦੋ ਅਜਿਹੇ ਧੋਖੇ ਨੇ, ਜਦ ਅਸੀਂ ਮੂਰਖ ਬਣ ਜਾਂਦੇ ਹਾਂ।'
ਅਜਿਹੇ ਦਿਨ, ਲੋਕੀ ਪੜ੍ਹੇ ਹੋਏ ਅਖ਼ਬਾਰ, ਰਸਾਲਿਆਂ ਦੇ ਆਧਾਰ 'ਤੇ ਖ਼ੂਬ ਬਹਿਸਾਂ ਕਰਦੇ ਹਨ। ਜਦੋਂ ਰਸਤੇ ਖੁੱਲ੍ਹ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਕਿ ਥੋੜ੍ਹੀ ਦੇਰ ਪਹਿਲਾਂ ਉਹ ਕੀ ਗੱਲਾਂ ਕਰ ਰਹੇ ਸਨ। ਭੀੜ ਤੇ ਜਲੂਸ ਵਿਚ ਲੋਕਾਂ ਦੇ ਤੇਵਰ, ਉਹਨਾਂ ਦੇ ਚਿਹਰੇ, ਉਹਨਾਂ ਦਾ ਗੁੱਸਾ, ਹਮੇਸ਼ਾ ਇਕੋ ਜਿਹਾ ਹੁੰਦਾ ਹੈ। ਸਿਰਫ ਕੁਝ ਵਾਕ ਤੇ ਨਾਅਰੇ ਬਦਲ ਜਾਂਦੇ ਹਨ।
ਜਲੂਸ ਲਾਲ ਕਿਲੇ ਦੇ ਪਿੱਛਲੇ ਪਾਸਿਓਂ ਸ਼ੁਰੂ ਹੋ ਕੇ ਸੰਸਦ ਮਾਰਗ ਤਕ ਪਹੁੰਚ ਚੁੱਕਿਆ ਸੀ। ਉਸਦਾ ਪਿਛਲਾ ਸਿਰਾ ਅਜੇ ਰਾਜ ਘਾਟ ਤਕ ਹੀ ਪਹੁੰਚਿਆ ਸੀ। ਜਲੂਸ ਵਿਚ ਸਾਰੇ ਸੂਬਿਆਂ ਦੇ ਮਰਦ, ਤੀਵੀਂਆਂ, ਨੌਜਵਾਨ, ਮਜ਼ਦੂਰ, ਕਿਸਾਨ ਤੇ ਅਨੇਕਾਂ ਸੰਗਠਨਾਂ ਦੇ ਲੋਕ ਸਨ। ਉਹਨਾਂ ਦੇ ਪਹਿਰਾਵੇ, ਬੋਲੀਆਂ, ਸ਼ਕਲਾਂ ਜ਼ਰੂਰ ਵੱਖੋ-ਵੱਖ ਸਨ, ਪਰ ਉਹਨਾਂ ਦੇ ਨਾਅਰੇ ਤੇ ਝੰਡੇ ਇਕੋ-ਜਿਹੇ ਸਨ—ਲਾਲ ਝੰਡੇ, ਲਾਲ ਬੈਨਰ, ਲਾਲ ਤਖ਼ਤੀਆਂ, ਤੇ ਲਾਲ ਨਾਅਰੇ।
ਜਲੂਸ ਦੀ ਲੰਬਾਈ, ਅਨੁਸ਼ਾਸਨ ਤੇ ਜੋਸ਼ ਨੂੰ ਵੇਖਦੇ ਹੀ ਅੰਦਾਜ਼ਾ ਹੋ ਜਾਂਦਾ ਸੀ ਕਿ ਇਸ ਦੀ ਤਿਆਰੀ ਵਿਚ ਕਈ ਮਹੀਨੇ ਦਾ ਸਮਾਂ ਲੱਗਾ ਹੈ। ਜਲੂਸ ਵਿਚਲੇ ਚਿਹਰੇ ਓਹੋ-ਜਿਹੇ ਦਿਖਾਈ ਨਹੀਂ ਸੀ ਦੇ ਰਹੇ, ਜਿਹੋ-ਜਿਹੇ ਸਹਿਜ ਜ਼ਿੰਦਗੀ ਵਿਚ ਦਿਖਾਈ ਦਿੰਦੇ ਨੇ। ਜਲੂਸ ਵਿਚ ਲੋਕ ਖ਼ੂੰਖਾਰ ਤੇ ਲੜਾਕੂ ਬਣ ਜਾਂਦੇ ਨੇ। ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਉਹਨਾਂ ਦੇ ਅੰਦਰ ਦਬੀ ਅੱਗ ਭੜਕ ਉੱਠਦੀ ਹੈ।
ਜਲੂਸ ਵਾਰ-ਵਾਰ ਰੁਕ ਜਾਂਦਾ। ਲੋਕ ਟੋਲੀਆਂ ਵਿਚ ਜੁੜ ਕੇ ਗੱਲਾਂ ਕਰਨ ਲੱਗਦੇ। ਜਿਵੇਂ ਹੀ ਸਰਕਦੇ, ਫੇਰ ਨਾਅਰੇ ਗੂੰਜਣ ਲੱਗ ਪੈਂਦੇ। ਪਿਛਲੀ ਟੋਲੀ ਨੂੰ ਅਗਾਂਹ ਸਰਕਣ ਦਾ ਮੌਕਾ ਹੀ ਨਹੀਂ ਸੀ ਮਿਲ ਰਿਹਾ। ਉਹ ਉੱਚੀਆਂ ਆਵਾਜ਼ਾਂ ਵਿਚ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਗੱਲਾਂ ਵਿਚ ਉਹਨਾਂ ਦੇ ਘਰ-ਪਰਿਵਾਰ, ਪਿੰਡ, ਸਮੱਸਿਆਵਾਂ ਤੇ ਜ਼ੁਲਮਾਂ ਦੀ ਪੂਰੀ ਕਹਾਣੀ ਝਲਕ ਉਠਦੀ। ਅਸੀਂ ਉਹਨਾਂ ਦੀਆਂ ਆਵਾਜ਼ਾਂ ਟੇਪ ਕਰਨ ਲੱਗ ਪਏ। ਇਕ ਟੋਲੀ ਏਨੀ ਗਰੀਬ ਸੀ ਕਿ ਉਹਨਾਂ ਨੂੰ ਵੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ ਕਿ ਉਹ ਇਸੇ ਪ੍ਰਜਾਤੰਤਰ ਦੇ ਨਾਗਰਿਕ ਹਨ। ਉਹਨਾਂ ਦੇ ਸਰੀਰ ਉੱਤੇ ਕੱਪੜੇ ਨਾਂਹ ਦੇ ਬਰਾਬਰ ਸਨ। ਉਹਨਾਂ ਦੇ ਹੱਥਾਂ ਵਿਚ ਖਾਣੇ ਦੀਆਂ ਪੋਟਲੀਆਂ ਸਨ, ਸਿਰਾਂ 'ਤੇ ਗੰਢੜੀਆਂ ਤੇ ਧੁੱਪ ਵਿਚ ਕਾਲੇ ਹੋਏ ਸਰੀਰ। ਉਹਨਾਂ ਨੂੰ ਦੇਖਦੇ ਹੀ ਤਮਾਸ਼ਾਈ ਹੱਸ ਪੈਂਦੇ।
ਉਹਨਾਂ ਟੋਲੀਆਂ ਦੀਆਂ ਗੱਲਾਂ, ਦਿੱਲੀ ਦੇ ਗੁਲਮੋਹਰ ਦੇ ਰੁੱਖਾਂ ਵਾਲੀਆਂ ਸੜਕਾਂ ਉਪਰ ਖੜ੍ਹੇ ਲੋਕਾਂ ਦੀ ਸਮਝ ਤੋਂ ਬੜੀ ਦੂਰ ਸਨ। ਜਲੂਸ ਤੋਂ ਵੀ ਦੂਰ। ਪਿੰਡ ਵਿਚ ਹੋਏ ਝਗੜੇ, ਸੋਕੇ, ਹੜ੍ਹ, ਹਿੰਸਾ ਦੀ ਦੁਨੀਆਂ ਵਿਚ ਡੁੱਬੀਆਂ ਗੱਲਾਂ। ਕਿਸੇ ਨੇ ਬੜੀ ਉਕਤਾਹਟ ਤੇ ਠੰਡੇਪਣ ਨਾਲ ਕਿਹਾ ਕਿ 'ਹੁਣ ਤਾਂ ਆ-ਆ ਕੇ ਥੱਕ ਗਏ ਆਂ।' ਕਿਸੇ ਨੇ ਕਿਹਾ ਕਿ 'ਇੱਥੇ ਇਕੱਠ ਵਿਖਾਉਣਾ ਹੁੰਦਾ ਹੈ ਤਾਂ ਸਾਰੇ ਦਿਖਾਈ ਦਿੰਦੇ ਨੇ। ਪਰ ਜਦੋਂ ਪਿੰਡ 'ਚ ਗੋਲੀਆਂ-ਡੰਡੇ ਵਰ੍ਹਦੇ ਨੇ, ਓਦੋਂ ਕੋਈ ਦਿਖਾਈ ਨਹੀਂ ਦਿੰਦਾ...ਹੁਣ ਕਦੀ ਨਹੀਂ ਆਵਾਂਗਾ।'
ਸਾਡੇ ਕੋਲ ਖੜ੍ਹਾ ਕਾਮਰੇਡ ਦਾਤਾ ਉਹਨਾਂ ਦੀਆਂ ਆਵਾਜ਼ਾਂ ਟੇਪ ਵਿਚ ਕੈਦ ਹੁੰਦਿਆਂ ਦੇਖ ਰਿਹਾ ਸੀ। ਜ਼ਖ਼ਮੀਆਂ ਵਾਂਗ ਸਾਡੇ ਵੱਲ ਦੇਖਦਾ ਹੋਇਆ ਉਹ ਉਦਾਸ ਹੋ ਗਿਆ। ਅਸੀਂ ਉਸਨੂੰ ਇਕ ਅਰਸੇ ਤੋਂ ਜਾਣਦੇ ਹਾਂ। ਉਹ ਉਦਾਸੀ ਉਸਦੀ ਆਪਣੀ ਨਹੀਂ ਸੀ, ਉਦਾਸੀ ਨੂੰ ਸਮਝ ਲੈਣ ਵਾਲੀ ਉਦਾਸੀ ਸੀ—ਜਿਹੜੀ ਕਿਸੇ ਦੂਸਰੀ ਦੁਨੀਆਂ ਵਿਚ ਦਾਖ਼ਲ ਨਹੀਂ ਹੁੰਦੀ ਕਦੀ। ਹਮੇਸ਼ਾ ਇਕ ਉਮੀਦ ਨਾਲ ਭਰੀ ਰਹਿੰਦੀ ਹੈ। ਖੁੱਲ੍ਹੀਆਂ ਅੱਖਾਂ ਵਾਲੀ ਉਦਾਸੀ। ਉਹ ਉਹਨਾਂ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, ਜਿਹੜੇ ਇਕ ਹੱਦ ਤੋਂ ਕਦੀ ਉੱਚੇ ਨਹੀਂ ਉੱਠ ਸਕਦੇ। ਬੜਾ ਚਿਰ ਪਹਿਲਾਂ ਇਹੀ ਉਸਨੇ ਸਿੱਖਿਆ ਵੀ ਸੀ। ਅੱਜ ਉਸਨੂੰ ਦੁੱਖ ਹੋਇਆ। ਉਹ ਵਰ੍ਹਿਆਂ ਦੀ ਮਿਹਨਤ ਨਾਲ ਲੋਕਾਂ ਨੂੰ ਤਿਆਰ ਕਰਦਾ ਹੈ ਤੇ ਉਹਨਾਂ ਦੇ ਹੱਥ ਸਿਰਫ  ਨਿਰਾਸ਼ਾ ਹੀ ਆਉਂਦੀ ਹੈ...
“ਥੱਕ ਗਏ ਓ। ਮੈਂ ਵੀ ਥੱਕ ਗਿਆ ਆਂ। ਘਿਸ ਗਿਆ ਆਂ। ਅਸੀਂ ਘਿਸਦੇ ਰਹੀਏ, ਥੱਕਦੇ ਰਹੀਏ, ਕੋਈ ਗੱਲ ਨਹੀਂ, ਕੀ ਫਰਕ ਪੈਦਾ ਏ...ਰੱਸਤਾ ਨਹੀਂ, ਤਦ ਵੀ ਕੀ ਹੋਇਆ...ਭੁੱਖੇ ਆਂ, ਉਹ ਤਾਂ ਰਹਿਣਾ ਈ ਏ...ਕੋਈ ਨਹੀਂ ਆਉਂਦਾ, ਨਾ ਆਏ...ਇਹਨਾਂ ਜਲੂਸਾਂ ਲਈ ਆਉਂਦੇ ਨੇ, ਤਦ ਵੀ ਕੋਈ ਫ਼ਰਕ ਨਹੀਂ ਪੈਂਦਾ...ਅਸੀਂ ਆਪਣੀ ਨਫ਼ਰਤ ਨੂੰ ਜਿਊਂਦਾ ਰੱਖੀਏ। ਜਿਹੜੀ ਅੱਗ ਅੰਦਰ ਹੈ, ਉਸਨੂੰ ਬੁਝਣ ਨਾ ਦੇਈਏ। ਰਸਤਾ ਵੀ ਲੱਭ ਪਵੇਗਾ...”
ਉਹ ਸਾਰੇ ਕਾਮਰੇਡ ਦਾਤਾ ਨੂੰ ਹੈਰਾਨੀ ਨਾਲ ਦੇਖ ਰਹੇ ਸਨ। ਉਹ ਉਸਦੀ ਬੋਲੀ ਤੋਂ ਵੀ ਦੂਰ ਸਨ। ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ।
“ਓਇ ਕੰਬਖ਼ਤੋ, ਏਨੀ ਧੂੜ ਉਡਾਂਦੇ ਪਏ ਓ, ਕਿਤੇ ਇਸ ਗੁਬਾਰ ਵਿਚ ਦਿਸਣੋ ਹੀ ਨਾ ਹਟ ਜਾਇਓ। ਇਸ ਧੂੜ ਹੇਠ ਜੋ-ਜੋ ਢਕਿਆ ਗਿਆ ਏ ਉਸਨੂੰ ਤਾਂ ਇਕ ਵਾਰੀ ਸਾਫ ਕਰਕੇ ਦੇਖ ਲਓ। ਤੁਰਦੇ ਰਹੋ, ਸੰਘ ਪਾੜਦੇ ਰਹੋ, ਇਹੀ ਤਾਂ ਕਰਦੇ ਰਹੇ ਹਾਂ, ਤੇ ਅਜੇ ਵੀ ਕਰ ਰਹੇ ਹਾਂ...ਕਿਸਾਨਾਂ ਦੇ ਜਲੂਸ ਵਿਚ ਆਏ, ਮਜ਼ਦੂਰਾਂ ਦੇ ਮਾਰਚ ਵਿਚ ਆਏ। ਕਿੱਥੇ ਨੇ ਉਹ ਸੰਗਠਨ?”
“ਸਾਡੇ ਹੱਥ ਵਿਚ ਨਹੀਂ ਰਹੇ।”
“ਕਿਉਂ ਨਹੀਂ ਰਹੇ?”
“ਸਾਡੇ ਪੁਰਾਣੇ ਸਾਥੀ ਕਿੱਥੇ ਨੇ? ਅਸੀਂ ਖ਼ੁਦ ਇਸ ਵੇਲੇ ਕਿੱਥੇ ਖੜ੍ਹੇ ਆਂ? ਬੋਲੋ...”
ਉਦੋਂ ਹੀ ਇਕ ਜ਼ੋਰਦਾਰ ਨਾਅਰਾ ਗੂੰਜ ਉੱਠਿਆ ਤੇ ਕਾਮਰੇਡ ਪ੍ਰਧਾਨ ਦੀ ਕੜਕਦਾਰ ਆਵਾਜ਼ ਵਿਚਕਾਰ ਹੀ ਟੁੱਟ ਗਈ। ਉਹ ਤੇ ਕਾਮਰੇਡ ਦਾਤਾ ਦੋਵੇਂ ਨਾਅਰੇ ਲਾਉਂਦੇ ਹੋਏ ਆਪਣੀ ਬੁੱਢੀ ਕਾਇਆ ਨੂੰ ਜਲੂਸ ਦੇ ਨਾਲ ਨਾਲ ਘਸੀਟਣ ਲੱਗੇ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਉਹ ਉਹੀ ਦੋਵੇਂ ਨੇ, ਜਿਹਨਾਂ ਦੀਆਂ ਆਵਾਜ਼ਾਂ ਅਸੀਂ ਹੁਣੇ ਟੇਪ ਕੀਤੀਆਂ ਸਨ।
ਇਹ ਉਹੀ ਆਵਾਜ਼ਾਂ ਹਨ ਜਿਹਨਾਂ ਨੂੰ ਅਸੀਂ ਰੋਜ਼ ਕਿਤੇ ਨਾ ਕਿਤੇ ਸੁਣਦੇ ਹਾਂ। ਇਕ ਗੱਲ ਅਸੀਂ ਨਵੇਂ ਸਿਰੇ ਤੋਂ ਮਹਿਸੂਸ ਕੀਤੀ ਕਿ ਜਲੂਸ ਵਿਚ ਹੁੰਦੇ ਹੋਏ ਵੀ ਲੋਕ ਜਲੂਸ ਵਿਚ ਨਹੀਂ ਹਨ...
“ਇਨਕਲਾਬ।”
“ਜ਼ਿੰਦਾਬਾਦ।”
ਕਦੀ ਇਹਨਾਂ ਨਾਅਰਿਆਂ ਨਾਲ ਸਾਡਾ ਖ਼ੂਨ ਵੀ ਉਬਾਲੇ ਖਾਣ ਲੱਗ ਪੈਂਦਾ ਸੀ। ਹੁਣ ਇੰਜ ਕਿਉਂ ਨਹੀਂ ਹੁੰਦਾ? ਕਦੀ ਅਸੀਂ ਵੀ ਜੋਸ਼ੀਲੇ ਲੋਕਾਂ ਦੀ ਕਤਾਰ ਵਿਚ ਸਭ ਤੋਂ ਮੂਹਰੇ ਹੁੰਦੇ ਸਾਂ। ਸੱਚ, ਮੇਰੇ ਸਾਥੀ ਦੀ ਗੱਲ ਬਿਲਕੁਲ ਸੱਚੀ ਸੀ। ਕਦੀ ਘਰਾਂ, ਗਲੀਆਂ, ਮੁਹੱਲਿਆਂ 'ਚੋਂ ਹਫ਼ਤਿਆਂ ਦੀ ਮਿਹਨਤ ਦੇ ਬਾਅਦ ਅਸੀਂ ਲੋਕਾਂ ਨੂੰ ਜਲੂਸ ਵਿਚ ਲਿਆਉਂਦੇ ਹੁੰਦੇ ਸਾਂ। ਜਦੋਂ ਅਸੀਂ ਨਾਅਰਾ ਲਾਉਂਦੇ ਤਾਂ ਜਵਾਬ ਵਿਚ ਸੈਂਕੜੇ ਆਵਾਜ਼ਾਂ ਦੀ ਤੇਜ਼ ਗੂੰਜ ਸੁਣਾਈ ਦਿੰਦੀ, ਉਦੋਂ ਸਾਡੇ ਲਈ ਨਾਅਰਿਆਂ ਦੇ ਅਰਥ ਬੜੇ ਡੂੰਘੇ ਹੋ ਜਾਂਦੇ ਸੀ। ਹੁਣ ਇਹਨਾਂ ਦੇ ਅਰਥ ਉਹ ਨਹੀਂ ਰਹੇ। ਹਰ ਦਲ, ਹਰ ਵਿਰੋਧ ਪ੍ਰਦਰਸ਼ਨ ਵਿਚ, ਇੱਥੋਂ ਤੀਕ ਕਿ ਸਰਕਾਰੀ ਜਲੂਸਾਂ ਵਿਚ ਵੀ ਕਈ ਵਾਰੀ ਸਾਡੇ ਨਾਅਰੇ ਤੇ ਗੀਤ ਹੀ ਸੁਣਾਈ ਦਿੰਦੇ ਨੇ...
ਇਸ ਲੰਮੇ ਸਮੇ ਵਿਚ ਕਿੰਨਾ ਫ਼ਰਕ ਆ ਗਿਆ ਹੈ। ਸ਼ੁਰੂ ਵਿਚ ਸਾਡੇ ਜਲੂਸ ਬੜੇ ਛੋਟੇ ਹੁੰਦੇ ਸਨ। ਗਲੀਆਂ ਮੁਹੱਲਿਆਂ 'ਚੋਂ ਹੁੰਦੇ ਹੋਏ ਗਾਂਧੀ ਮੈਦਾਨ ਦੇ ਜਲੂਸ ਵਿਚ ਬਦਲ ਜਾਂਦੇ। ਮਜ਼ਦੂਰ ਬਸਤੀਆਂ, ਬਿਰਲਾ ਮਿੱਲ, ਜਖੀਰਾ ਆਦਿ ਥਾਵਾਂ 'ਤੇ ਕੰਮ ਕਰਦੇ। ਫੇਰ ਵੱਡੇ ਜਲੂਸ ਸ਼ੁਰੂ ਹੋਏ, ਜਿਹੜੇ ਰਾਮਲੀਲ੍ਹਾ ਮੈਦਾਨ ਤਕ ਜਾਣ ਲੱਗੇ। ਪਹਿਲੀਆਂ ਚੋਣਾ ਪਿੱਛੋਂ ਵਿਰਾਟ ਜਲੂਸਾਂ ਦਾ ਦੌਰ ਸ਼ੁਰੂ ਹੋਇਆ। ਜਲੂਸ ਨੱਕ ਦਾ ਸਵਾਲ ਬਣਨ ਗਏ, ਵਧੇਰੇ ਇਕੱਠ ਦਿਖਾਉਣ ਲਈ। ਜਦੋਂ ਜਲੂਸ ਨਵੀਂ ਦਿੱਲੀ ਰਸਤੇ ਆਉਂਦੇ ਸਨ, ਉਦੋਂ ਸਾਰੇ ਰਸਤੇ ਵਿਚ ਇਕ ਵੀ ਬਹੁ ਮੰਜ਼ਿਲਾ ਇਮਾਰਤ ਨਹੀਂ ਸੀ ਹੁੰਦੀ। ਨਾ ਹੀ ਸੜਕਾਂ ਉਪਰ ਏਨੀ ਭੀੜ ਹੁੰਦੀ ਸੀ। ਨਾ ਹੀ ਲੋਕਾਂ ਦਾ ਪਹਿਰਾਵਾ ਅਜਿਹਾ ਸੀ, ਜਿਵੇਂ ਹੁਣ ਦਿਖਾਈ ਦਿੰਦਾ ਹੈ। ਸੜਕਾਂ ਦੇ ਦੋਵੇਂ ਪਾਸੇ ਬਹੁ ਮੰਜ਼ਿਲਾ ਭਵਨਾ ਦੇ ਚਰਣਾ ਵਿਚ ਜਿਹੜੇ ਚਿਹਰੇ ਦਿਖਾਈ ਦਿੰਦੇ ਨੇ, ਇਵੇਂ ਜਾਪਦਾ ਹੈ ਜਿਵੇਂ ਉਹ ਇੱਥੋਂ ਦੇ ਵਾਸੀ ਨਾ ਹੋਣ ਕਿਸੇ ਹੋਰ ਦੁਨੀਆਂ ਤੋਂ ਆਏ ਹੋਣ...ਇਹੀ ਉਹ ਦੁਨੀਆਂ ਹੈ ਜਿਹੜੀ ਪਿੱਛਲੇ ਸਾਲਾਂ ਵਿਚ ਪਰਗਟ ਹੋ ਕੇ ਪੂਰੇ ਦੇਸ਼ ਉੱਤੇ ਹਾਵੀ ਹੋ ਚੁੱਕੀ ਹੈ। ਗਰੀਬੀ ਤੇ ਦਲਿੱਦਰਤਾ ਇਹਨਾਂ ਲਈ ਹੱਸਣ ਦੀ ਚੀਜ਼ ਨੇ। ਜਲੂਸ ਦੇ ਅੱਗੇ-ਅੱਗੇ ਤੁਰ ਰਹੇ ਨੇਤਾਵਾਂ ਦੀਆਂ ਅੱਖਾਂ ਤੋਂ ਪਤਾ ਨਹੀਂ ਇਹ ਦੁਨੀਆਂ ਓਹਲੇ ਕਿੰਜ ਰਹਿ ਜਾਂਦੀ ਹੈ?
ਅਚਾਨਕ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸੰਸਦ ਮਾਰਗ ਉਪਰ ਜਲੂਸ ਦੇ ਜਾਣ ਉੱਤੇ ਪਾਬੰਦੀ ਲੱਗ ਗਈ। ਦੇਖਦੇ-ਦੇਖਦੇ ਹਜ਼ਾਰਾਂ ਕਤਾਰ ਬੱਧ ਲੋਕ ਇਕ ਭੀੜ ਦੇ ਰੂਪ ਵਿਚ ਵਟ ਗਏ। ਅਜਿਹੀ ਭੀੜ ਜਿਸਨੂੰ ਕਾਬੂ ਕਰਨ ਵਾਲਾ ਕੋਈ ਵੀ ਨਹੀਂ ਸੀ, ਨਾ ਹੀ ਜਿਸ ਨੂੰ ਪਤਾ ਸੀ ਕਿ ਹੁਣ ਕੀ ਹੋਵੇਗਾ...
ਪੁਲਿਸ ਭੀੜ ਨੂੰ ਪਿੱਛੇ ਵੱਲ ਧਰੀਕਦੀ ਹੋਈ ਤਿੱਤਰ-ਬਿੱਤਰ ਹੋ ਜਾਣ ਦੀ ਚੇਤਾਵਨੀ ਦੇਣ ਲੱਗੀ। ਪੁਲਿਸ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਉਸਨੇ ਕੀ ਕਰਨਾ ਹੈ। ਉਂਜ ਵੀ ਪੁਲਿਸ ਜੋ ਕਰਦੀ ਹੈ, ਸਰਕਾਰ ਹਮੇਸ਼ਾ ਉਸੇ ਨੂੰ ਸਹੀ ਕਹਿੰਦੀ ਹੈ। ਧੱਕੀ ਜਾ ਰਹੀ ਭੀੜ ਨੂੰ ਆਪਣੇ ਪਿਛਲੇ ਪਾਸਿਓਂ ਏਨੇ ਜ਼ੋਰਦਾਰ ਧੱਕੇ ਵੱਜ ਰਹੇ ਸਨ ਕਿ ਉਹ ਫੇਰ ਉਸੇ ਜਗ੍ਹਾ ਪਹੁੰਚ ਜਾਂਦੀ ਸੀ, ਜਿੱਥੋਂ ਧਰੀਕੀ ਜਾਂਦੀ ਸੀ...ਪੁਲਿਸ ਦੀ ਖਿਝ ਲਈ ਏਨਾ ਹੀ ਕਾਫੀ ਸੀ। ਜਿੰਨਾਂ ਉਹ ਲੋਕਾਂ ਨੂੰ ਖਿਲਾਰਨ ਲਈ ਜ਼ੋਰ ਮਾਰਦੇ, ਓਨਾਂ ਵੱਡਾ ਝੰਡੇ-ਝੰਡੀਆਂ ਦਾ ਹੜ੍ਹ ਉਹਨਾਂ ਵੱਲ ਵਧ ਆਉਂਦਾ।
ਨਾਅਰੇ ਉੱਚੇ ਹੋ ਗਏ। ਅਨੁਸ਼ਾਸਨ ਵਿਚ ਆ ਰਹੇ ਲੋਕ ਭੜਕ ਉੱਠੇ। ਪੁਲਿਸ ਦੀ ਡੰਡੇ-ਬਾਜੀ ਤੋਂ ਉਤੇਜਕ ਹੋ ਕੇ ਇਕ ਸਮੂਹ ਉਹਨਾਂ ਵੱਲ ਉਲਰਿਆ ਤੇ ਨਾਕਾਬੰਦੀ ਟੁੱਟ ਗਈ। ਪੁਲਿਸ ਇੰਜ ਬੇਕਾਬੂ ਹੋ ਗਈ ਜਿਵੇਂ ਭੀੜ ਨੇ ਉਹਨਾਂ ਨੂੰ ਮਾਂ-ਭੈਣ ਦੀ ਗਾਲ੍ਹ ਕੱਢੀ ਹੋਵੇ...
ਜਿਹੜੀ ਗੱਲ ਨਾਅਰਿਆਂ ਦੇ ਉਬਾਲ ਨਾਲ ਅੱਗੇ ਨਹੀਂ ਵਧਣੀ ਸੀ, ਉਹ ਇੱਟਾਂ-ਵੱਟਿਆਂ ਤਕ ਪਹੁੰਚਾ ਦਿੱਤੀ ਗਈ। ਹੁਣ ਬੇਲਗ਼ਾਮ ਭੀੜ ਦੀ ਰਹਿਬਰੀ ਕੌਣ ਕਰਦਾ। ਉਹਨਾਂ ਵਿਚੋਂ ਬਹੁਤ ਸਾਰੇ, ਕਈ ਵਾਰੀ, ਅਜਿਹੇ ਜਲੂਸਾਂ ਵਿਚ ਆ ਚੁੱਕੇ ਸਨ। ਉਹਨਾਂ ਨੂੰ ਏਨਾ ਹੀ ਪਤਾ ਸੀ ਕਿ ਹਰ ਵਾਰੀ ਸਦਨ ਕੋਲ ਪਹੁੰਚਦੇ ਹੀ ਉਹ ਜੋਸ਼ ਵੱਸ ਚੀਕ-ਚੀਕ ਕੇ ਦੀਵਾਨੇ ਹੋ ਜਾਂਦੇ ਨੇ...ਅੰਦਰੋਂ ਉਹਨਾਂ ਦੇ ਸਾਂਸਦ ਬਾਹਰ ਨਿਕਲ ਕੇ ਭਾਸ਼ਣ ਦਿੰਦੇ ਨੇ, ਨਾਅਰੇ ਫੇਰ ਗੂੰਜਦੇ ਨੇ...ਤੇ ਬਾਅਦ ਵਿਚ ਝੰਡੇ-ਝੰਡੀਆਂ ਸਮੇਟ ਕੇ ਸਾਰੇ ਖਿੰਡ-ਪੁੰਡ ਜਾਂਦੇ ਨੇ।
“ਮੈਮੋਰੈਂਡਮ ਤਾਂ ਦਿੱਤਾ ਹੀ ਜਾਵੇਗਾ।”
“ਵੇਖਦੇ ਹਾਂ, ਕਿਹੜਾ ਰੋਕਦਾ ਹੈ।”
ਇਕ ਜ਼ਨਾਨੀ ਝੰਡਾ ਚੁੱਕੀ ਕਾਹਲ ਨਾਲ ਅੱਗੇ ਵਧੀ। ਉਸਦੇ ਸਿਰ ਉੱਤੇ ਇਕ ਡਾਂਗ ਆਣ ਪਈ। ਉਹ ਇਕ ਟੁੱਟੀ ਹੋਈ ਟਾਹਣੀ ਵਾਂਗ ਭੂੰਜੇ ਡਿੱਗ ਪਈ। ਇਕ ਸਿਪਾਹੀ ਉਸਨੂੰ ਘਸੀਟ ਕੇ ਕੋਲ ਖੜ੍ਹੀ ਪੁਲਿਸ ਲਾਰੀ ਵੱਲ ਲਿਜਾਣ ਲੱਗਾ। ਇਹੀ ਉਹ ਪਲ ਸੀ, ਜਦੋਂ ਭੀੜ ਕੁਝ ਹੋਰ ਬਣ ਜਾਂਦੀ ਹੈ। ਆਦਮੀ ਦੇ ਅੰਦਰਲੀ ਨਫ਼ਰਤ, ਨਮੋਸ਼ੀ, ਤਣਾਅ, ਬੁਜ਼ਦਿਲੀ, ਕੁਝ ਨਾ ਕਰ ਸਕਣ ਦਾ ਅਹਿਸਾਸ, ਸਭੋ ਕੁਝ ਇਕ ਲੜਾਕੂ ਵਿਚ ਬਦਲ ਕੇ ਸਭ ਕਾਸੇ ਨੂੰ ਤਹਿਸ-ਨਹਿਸ ਕਰ ਦੇਣ ਉੱਤੇ ਉਤਾਰੂ ਹੋ ਜਾਂਦਾ ਹੈ। ਉਸ ਵੇਲੇ ਅਸੀਂ ਵੀ ਆਪਣੇ ਕਾਬੂ ਵਿਚ ਨਹੀਂ ਸਾਂ, ਅਸੀਂ ਵੀ ਉਸ ਸਿਪਾਹੀ ਨੂੰ ਢਾਹ ਲੈਣਾ ਚਾਹੁੰਦੇ ਸਾਂ।
ਪੁਲਿਸ ਦੀਆਂ ਗੱਡੀਆਂ ਉੱਤੇ ਇੱਟਾਂ-ਵੱਟਿਆਂ ਦੀ ਵਾਛੜ ਸ਼ੁਰੂ ਹੋ ਗਈ। ਦੋ ਗੱਡੀਆਂ ਵਿਚੋਂ ਅੱਗ ਦੀਆਂ ਲਾਟਾਂ ਉਠਣ ਲੱਗੀਆਂ। ਰੋਹਿਲੀ ਭੀੜ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਸਭ ਅੱਜ ਤੇ ਇਸੇ ਵੇਲੇ ਖ਼ਤਮ ਹੋ ਜਾਵੇਗਾ, ਜਿਸਨੂੰ ਖ਼ਤਮ ਕਰਨ ਲਈ ਉਹਨਾਂ ਸੰਕਲਪ ਲਿਆ ਹੋਇਆ ਸੀ।
“ਜੋ ਹਮ ਸੇ ਟਕਰਾਏਗਾ...”
“ਚੂਰ ਚੂਰ ਹੋ ਜਾਏਗਾ...”
ਕੁਝ ਲੋਕ ਸੰਸਦ ਮਾਰਗ ਵੱਲ ਅਹੁਲੇ। ਉਹਨਾਂ ਦੇ ਪਿੱਛੇ ਇਕ ਚੀਕਦੀ-ਦਹਾੜਦੀ ਹੋਈ ਭੀੜ ਵੀ ਵਧੀ। ਉਹਨਾਂ ਨੂੰ ਲਾਠੀ ਚਾਰਜ ਤੇ ਅੱਥਰੂ ਗੈਸ ਦੀ ਕਤਈ ਪ੍ਰਵਾਹ ਨਹੀਂ ਸੀ, ਜਦੋਂ ਕਿ ਸਾਰਿਆਂ ਦੀਆਂ ਅੱਖਾਂ ਵਿਚ ਗੈਸ ਦੇ ਪ੍ਰਕੋਪ ਨਾਲ ਜਲਨ ਹੋ ਰਹੀ ਸੀ। ਕੁਝ ਪ੍ਰਦਰਸ਼ਨਕਾਰੀ ਕਿਤੋਂ ਪਾਣੀ ਲਿਆ ਕੇ ਲੋਕਾਂ ਨੂੰ ਰੁਮਾਲ ਗਿੱਲੇ ਕਰ-ਕਰ ਕੇ ਦੇ ਰਹੇ ਸਨ।
ਗੋਲੀ ਚੱਲਣੀ ਸ਼ੁਰੂ ਹੋ ਗਈ।
ਚਾਰੇ ਦਿਸ਼ਾਵਾਂ ਵਿਚ ਭਗਦੜ ਮੱਚ ਗਈ। ਭਗਦੜ ਵਿਚ ਲੋਕ ਇਕ ਦੂਜੇ ਦੇ ਉੱਤੇ ਡਿੱਗਣ ਲੱਗੇ। ਭੀੜ ਦੀ ਇਕ ਵੱਡੀ ਛੱਲ ਸਾਨੂੰ ਤਿੰਨਾਂ ਨੂੰ ਧਰੀਕਦੀ ਹੋਈ ਕੰਧ ਵੱਲ ਲੈ ਗਈ। ਅਸੀਂ ਕੰਧ ਦੀ ਓਟ ਵਿਚ ਖਲੋ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਲੱਗੇ। ਗੋਲੀਆਂ ਦੀ ਆਵਾਜ਼, ਚੀਕਾ-ਰੌਲੀ, ਨਾਅਰੇ, ਤੇ ਜ਼ਖ਼ਮੀਆਂ ਦੀ ਕੁਰਲਾਹਟ ਨੇ ਇਕ ਦਰਦੀਲਾ ਮਾਹੌਲ ਬਣਾ ਦਿੱਤਾ।
ਹੁਣ ਲੱਗਿਆ ਸਾਰੇ ਜਲੂਸ ਇਕੋ-ਜਿਹੇ ਨਹੀਂ ਹੁੰਦੇ। ਅੱਜ ਦੇ ਜਲੂਸ ਵਿਚ ਬੜਾ ਵੱਡਾ ਫ਼ਰਕ ਹੈ। ਸਰਕਾਰ ਨੇ ਰੋਕ ਕਿਉਂ ਲਾਈ? ਪਹਿਲਾਂ ਕਿਉਂ ਨਹੀਂ ਲਾਈ? ਗੋਲੀ ਦੇ ਹੁਕਮ ਪਿੱਛੇ ਕੀ ਰਹੱਸ ਹੋ ਸਕਦਾ ਹੈ? ਜਲੂਸ ਕਿਉਂ ਕੱਢਿਆ ਗਿਆ? ਕੀ ਸੰਗਠਨ ਵਿਚ ਖੜੋਤ ਆ ਗਈ ਹੈ? ਅਜਿਹੀਆਂ ਕਈ ਗੱਲਾਂ ਜ਼ਿਹਨ ਵਿਚ ਖ਼ਰੂਦ ਪਾਉਣ ਲੱਗੀਆਂ।
“ਲਾਠੀ, ਗੋਲੀ ਦੀ ਸਰਕਾਰ...”
“ਨਹੀਂ ਚਲੇਗੀ, ਨਹੀਂ ਚਲੇਗੀ।”
ਸਾਨੂੰ ਨਾਅਰਿਆਂ ਤੇ ਗੋਲੀਆਂ ਦੀ ਆਵਾਜ਼ ਵਿਚਕਾਰ ਗਾਲ੍ਹਾਂ ਸੁਣਾਈ ਦੇਣ ਲੱਗੀਆਂ—ਨੰਗੀਆਂ-ਚਿੱਟੀਆਂ, ਅਸ਼ਲੀਲ ਗਾਲ੍ਹਾਂ। ਇਸ ਪੂਰੇ ਸ਼ੋਰ ਵਿਚ ਗਾਲ੍ਹਾਂ ਨੂੰ ਬਿਲਕੁਲ ਸਾਫ ਸੁਣਿਆਂ ਜਾ ਸਕਦਾ ਸੀ। ਅਸੀਂ ਸਮਝੇ ਕਿ ਕੋਈ ਫੱਟੜ ਗਾਲ੍ਹਾਂ ਕੱਢ ਰਿਹਾ ਹੈ। ਪਰ ਗਾਲ੍ਹਾਂ ਪਿੱਛੋਂ, ਪਾਰਕ ਵਾਲੇ ਪਾਸਿਓਂ ਆ ਰਹੀਆਂ ਸਨ। ਉੱਥੇ ਉਹਨਾਂ ਲੋਕਾਂ ਦੀ ਭੀੜ ਸੀ ਜਿਹੜੇ ਪੁਲਿਸ ਦੀ ਮਾਰ ਤੋਂ ਬਚਣ ਖਾਤਰ ਉੱਥੇ ਚਲੇ ਗਏ ਸਨ। ਪਿੱਛੇ ਜੰਤਰ-ਮੰਤਰ ਦੀ ਮੀਨਾਰ ਉੱਤੇ ਚੜ੍ਹੇ ਕੁਝ ਲੋਕ ਤਮਾਸ਼ਾ ਦੇਖਦੇ ਨਜ਼ਰ ਆਏ।
ਅਸੀਂ ਜ਼ਰਾ ਓਹਲੇ ਰਹਿ ਕੇ ਮਾਰਗ ਉੱਤੇ ਹੋ ਰਹੀ ਲੜਾਈ ਦੀਆਂ ਤਸਵੀਰਾਂ ਖਿੱਚਣ ਲੱਗੇ। ਪੁਲਿਸ ਦੀਆਂ ਨਜ਼ਰਾਂ ਸਾਡੇ ਲਈ ਬੜਾ ਵੱਡਾ ਖਤਰਾ ਬਣ ਸਕਦੀਆਂ ਸਨ। ਆਪਣੇ ਕੈਮਰਿਆਂ ਤੋਂ ਹੱਥ ਧੋਣਾ ਪੈਂਦਾ ਜਾਂ ਫੇਰ ਕੈਮਰਿਆਂ ਦੇ ਰੋਲ ਤੇ ਟੇਪ-ਰਿਕਾਡਰਾਂ ਦੇ ਕੈਸਿਟ ਕੱਢ ਲਏ ਜਾਂਦੇ। ਅਸੀਂ ਕਿਸੇ ਚੀਜ਼ ਨੂੰ ਹੱਥੋਂ ਨਹੀਂ ਸਾਂ ਨਿਕਲਣ ਦੇਣਾ ਚਾਹੁੰਦੇ। ਇਸ ਲਈ ਉਸ ਸਮੇਂ ਸਾਡੇ ਵਿਚੋਂ ਕੋਈ ਵੀ ਗਾਲ੍ਹਾਂ ਸੁਣਨਾ ਨਹੀਂ ਚਾਹੁੰਦਾ ਸੀ। ਪਰ ਉਹਨਾਂ ਗਾਲ੍ਹਾਂ ਵਿਚ ਕੁਝ ਅਜਿਹਾ ਸੀ, ਜਿਹੜਾ ਸਾਨੂੰ ਆਪਣੇ ਵੱਲ ਖਿੱਚ ਰਿਹਾ ਸੀ। ਗਾਲ੍ਹਾਂ ਵੀ ਹਰ ਆਦਮੀ ਇਕੋ ਜਿਹੀਆਂ ਨਹੀਂ ਕੱਢ ਸਕਦਾ। ਨਾ ਹੀ ਸਾਰੀਆਂ ਗਾਲ੍ਹਾਂ ਇਕੋ ਜਿਹੀਆਂ ਹੁੰਦੀਆਂ ਹਨ। ਅਸ਼ਲੀਲ ਹੁੰਦਿਆਂ ਹੋਇਆਂ ਵੀ ਉਹ ਗਾਲ੍ਹਾਂ ਅਸ਼ਲੀਲ ਨਹੀਂ ਸਨ।
“ਭੌਂਕੋ ਭੈਣ...। ਸ਼ੋਰ ਮਚਾਓ, ਧੁੰਮਾਂ ਪਾਓ...ਜਾਓ ਇਹੋ ਕਰੋ, ਇਸੇ ਦੀ ਆਜ਼ਾਦੀ ਐ।” ਹੁਣ ਸਾਡੇ ਲਈ ਤਸਵੀਰਾਂ ਖਿੱਚਣਾ ਔਖਾ ਹੋ ਗਿਆ। ਅਸੀਂ ਕੈਮਰੇ ਸੰਭਾਲ ਦਿੱਤੇ।
“ਆ ਗਏ। ਹੁਣ ਕੀ ਕਰੋਗੇ...ਭੌਂਕੋ...ਬਊ...ਬਊ...”
ਇਹ ਅਸੀਂ ਸਮਝ ਚੁੱਕੇ ਸਾਂ ਕਿ ਗਾਲ੍ਹਾਂ ਕਿਸੇ ਪਾਗਲ ਆਦਮੀ ਦੀਆਂ ਨੇ। ਉਸ ਪਾਗਲਪਨ ਵਿਚ ਇਕ ਸਿੱਧਾ ਤੇ ਜ਼ਹਿਰ ਬੁਝਿਆ ਵਿਅੰਗ ਸੀ, ਜਿਹੜਾ ਕਿਸੇ ਹਾਰ ਤੇ ਡਾਢੀ ਠੇਸ ਤੋਂ ਬਾਅਦ ਪੈਦਾ ਹੁੰਦਾ ਹੈ। ਜਿਸ ਸਤਹਿ ਤੋਂ ਗਾਲ੍ਹਾਂ ਆ ਰਹੀਆਂ ਸਨ, ਉਹ ਸਾਨੂੰ ਛਲਣੀ ਕਰਨ ਲਈ ਕਾਫੀ ਸੀ।
“ਹੁਣ ਕੰਬਖ਼ਤੋ ਬੋਲਾ ਵੀ ਕਰ ਦਿਓ...ਅੰਨ੍ਹਾਂ ਤਾਂ ਕਰ ਈ ਦਿਤੈ।” ਸਾਨੂੰ ਵਿਸ਼ਵਾਸ ਹੋ ਗਿਆ ਕਿ ਉਹ ਸਿਰਫ ਜੋਸ਼ ਵਿਚ ਭਖਿਆ ਹੋਇਆ ਨਹੀਂ; ਨਾ ਹੀ ਉਹ ਕੋਈ ਖਿਝ ਸੀ। ਉਸ ਆਵਾਜ਼ ਨੂੰ ਮਾਰਗ ਉੱਤੇ ਹੋ ਰਹੇ ਸ਼ੋਰ ਤੋਂ ਮੁੱਕਤੀ ਚਾਹੀਦੀ ਸੀ। ਇੰਜ ਵੀ ਲੱਗਿਆ ਕਿ ਉਹ ਪਾਗਲ ਅੱਖਾਂ ਦੀ ਜੋਤੀ ਦੇ ਨਾਲ ਨਾਲ ਬੜਾ ਕੁਝ ਹੋਰ ਵੀ ਗਵਾਅ ਚੁੱਕਿਆ ਹੈ।
ਇੱਟਾਂ-ਵੱਟਿਆਂ ਦੀ ਵਾਛੜ ਫੇਰ ਸ਼ੁਰੂ ਹੋ ਗਈ। ਅਸੀਂ ਪਾਰਕ ਵਿਚ ਪਹੁੰਚ ਗਏ। ਇਕ ਰੁੱਖ ਕੋਲ ਇਕ ਮਰੀਅਲ ਜਿਹਾ ਬੁੱਢਾ ਆਦਮੀ ਪਿਆ ਚੀਕ ਰਿਹਾ ਸੀ। ਰੁੱਖ ਹੇਠ ਕਈ ਝੋਲੇ ਤੇ ਬੰਡਲ ਪਏ ਸਨ। ਸ਼ੋਰ 'ਚੋਂ ਨਿੱਖੜੀ ਹੋਈ ਆਵਾਜ਼ ਜਦੋਂ ਉਸਨੂੰ ਛੂਹ ਜਾਂਦੀ ਤਾਂ ਉਹ ਤਿਲਮਿਲਾ ਕੇ ਚੀਕਣ ਲੱਗਦਾ ਤੇ ਉਸਦੀ ਪੂਰੀ ਕਾਇਆ ਗੁੱਸੇ ਨਾਲ ਕੰਬਣ ਲੱਗਦੀ।
“ਮਾਰੋ...ਮਾਰੋ...ਦੇਖਦੇ ਕੀ ਓ, ਮਾਰੋ...”
ਭੀੜ ਦੀਆਂ ਆਵਾਜ਼ਾਂ ਉੱਚੀਆਂ ਤੇ ਖ਼ੂੰਖਾਰ ਹੋਣ ਲੱਗੀਆਂ। ਉਹ ਸਾਰੇ ਪੁਲਿਸ ਉੱਤੇ ਤੇ ਪੁਲਿਸ ਵਾਲੇ ਭੀੜ ਉੱਤੇ ਵੱਟਾ-ਬਾਰੀ ਕਰਨ ਲੱਗੇ। ਅਚਾਨਕ ਇਕ ਵੱਟਾ ਉਸਦੇ ਪੈਰ ਉੱਤੇ ਆ ਕੇ ਵੱਜਿਆ। ਉਹ ਵਿਲਕ ਉੱਠਿਆ। ਅਜੇ ਉਹ ਉਸ ਦਰਦ ਤੋਂ ਮੁਕਤ ਵੀ ਨਹੀਂ ਸੀ ਹੋਇਆ ਕਿ ਫੇਰ ਉਹੀ 'ਮਾਰੋ...ਮਾਰੋ...' ਦੀਆਂ ਆਵਾਜ਼ਾਂ ਤੇ ਨਾਅਰੇ ਉਸਦੇ ਕੰਨਾਂ ਨਾਲ ਖਹਿਣ ਲੱਗੇ। ਉਸਨੇ ਆਪਣੇ ਦੋਵਾਂ ਹੱਥਾਂ ਨਾਲ ਟੋਹ-ਟਾਹ ਕੇ ਕੁਝ ਟੋਲਣਾ ਸ਼ੁਰੂ ਕਰ ਦਿੱਤਾ। ਉਹ ਕੁਝ ਬੁੜਬੜਾਉਂਦਾ ਹੋਇਆ ਅੱਗੇ ਵੱਲ ਸਰਕਣ ਲੱਗਿਆ। ਭਿਣ-ਭਿਣਾਉਂਦੀਆਂ ਹੋਈਆਂ ਮੱਖੀਆਂ ਉੱਡਦੀਆਂ ਤੇ ਫੇਰ ਉਸਦੇ ਮੈਲੇ ਚਿੱਕੜ ਜਿਸਮ ਉੱਤੇ ਚਿਪਕ ਜਾਂਦੀਆਂ। ਉਹ ਸ਼ਾਇਦ ਮੱਖੀਆਂ ਦੀ ਹੋਂਦ ਦੇ ਅਹਿਸਾਸ ਨੂੰ ਵੀ ਗਵਾਅ ਚੁੱਕਿਆ ਸੀ, ਜਾਂ ਹੋ ਸਕਦਾ ਹੈ ਉਸ ਸਮੇਂ ਉਸਨੂੰ ਉਹਨਾਂ ਮੱਖੀਆਂ ਦੀ ਕੋਈ ਪ੍ਰਵਾਹ ਨਾ ਹੋਵੇ।
ਰੁੱਖ ਦੇ ਤਣੇ ਲਾਗੇ ਪਹੁੰਚ ਕੇ ਉਹ ਚੀਜ਼ ਉਸਦੇ ਹੱਥ ਲੱਗੀ, ਜਿਸਨੂੰ ਉਹ ਟੋਲ ਰਿਹਾ ਸੀ। ਉਹ ਇਕ ਡੰਡਾ ਸੀ, ਜਿਸ ਉੱਤੇ ਟੀਨ ਦੀ ਇਕ ਤਖ਼ਤੀ ਲੱਗੀ ਹੋਈ ਸੀ। ਉਸ ਉੱਤੇ ਲਿਖੀ ਇਬਾਰਤ ਕਦੋਂ ਦੀ ਮਿਟ ਚੁੱਕੀ ਸੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਦੀ ਉਸ ਉਪਰ ਵੀ ਕੁਝ ਲਿਖਿਆ ਹੋਇਆ ਹੋਵੇਗਾ। ਵਕਤ ਦੀ ਮਾਰ ਬੁੱਢੇ ਨੂੰ ਗਾਲ ਕੇ ਖ਼ਤਮ ਕਰ ਚੁੱਕੀ ਸੀ ਤੇ ਇਬਾਰਤ ਨੂੰ ਧੋ ਚੁੱਕੀ ਸੀ। ਪਰ ਬੁੱਢੇ ਦੇ ਅੰਦਰਲੀ ਕੁਸੈਲ ਭਾਂਬੜ ਵਾਂਗ ਹੱਡੀਆਂ ਦੇ ਢਾਂਚੇ ਵਿਚੋਂ ਬਾਹਰ ਆਉਣ ਲਈ ਬੇਤਾਬ ਸੀ...ਉਸਦੇ ਗਲ਼ੇ ਵਿਚ ਬੱਧੇ ਮੈਲੇ ਤਵੀਤ ਨੂੰ ਦੇਖ ਕੇ ਲੱਗਿਆ ਕਿ ਮੈਂ ਉਸਨੂੰ ਕਿਤੇ ਦੇਖਿਆ ਹੈ। ਉਸਨੂੰ ਸਾਡੀ ਮੌਜ਼ੂਦਗੀ ਦਾ ਅਹਿਸਾਸ ਹੋ ਚੁੱਕਿਆ ਸੀ।
“ਆਓ...ਆਓ...ਹੁਣ ਮਾਰੋ...”
ਉਹ ਇਕ ਬੁੱਢੇ ਮਦਾਰੀ ਵਾਂਗ ਉੱਠਿਆ ਤੇ ਡੰਡਾ ਘੁਮਾਉਣ ਲੱਗ ਪਿਆ। ਉਸਦੀ ਅੱਧ-ਨੰਗੀ ਕਾਇਆ ਨੂੰ ਇਸ ਅਵਸਥਾ ਵਿਚ ਦੇਖਦਿਆਂ ਹੀ ਦਯਾ ਭਾਵ ਨਾਲ ਗੱਚ ਭਰ ਆਇਆ। ਉਸਨੇ ਦੋਵੇਂ ਹੱਥ ਉਪਰ ਚੁੱਕ ਕੇ ਡੰਡੇ ਨੂੰ ਇਸ ਤਰ੍ਹਾਂ ਘੁਮਾਇਆ ਜਿਵੇਂ ਕਿਸੇ ਉੱਤੇ ਵਾਰ ਕਰ ਰਿਹਾ ਹੋਵੇ।
“ਮਾਰੋਗੇ...” ਉਸਨੇ ਤਨ ਦੇ ਚੀਥੜਿਆਂ ਨੂੰ ਉਪਰ ਚੁੱਕ ਦਿੱਤਾ।
“ਲਓ, ਹੁਣ ਮਾਰੋ।”
ਚੱਕਰ ਖਾ ਕੇ ਉਹ ਹੇਠਾਂ ਡਿੱਗ ਪਿਆ। ਡੰਡੇ ਨਾਲੋਂ ਤਖ਼ਤੀ ਉੱਖੜ ਕੇ ਮੇਰੇ ਪੈਰ ਉੱਤੇ ਆ ਵੱਜੀ। ਮੈਂ ਪੀੜ ਵੱਸ ਭੁੜਕ ਕੇ ਪਿੱਛੇ ਹਟ ਗਿਆ। ਬੜੀ ਕੋਸ਼ਿਸ਼ ਪਿੱਛੋਂ ਏਨਾ ਸਮਝ ਆਇਆ ਕਿ ਕਦੀ ਤਖ਼ਤੀ ਉੱਤੇ ਮੋਟੇ ਅੱਖਰਾਂ ਵਿਚ ਸਭ ਤੋਂ ਉਪਰ 'ਇਨਸਾਫ਼' ਲਿੱਖਿਆ ਗਿਆ ਸੀ। ਦੋ ਤਿੰਨ ਵੱਟੇ ਹੋਰ ਆ ਕੇ ਬੁੱਢੇ ਦੇ ਵੱਜੇ—ਉਸਦੇ ਸਿਰ ਵਿਚੋਂ ਲਹੂ ਵਗਣ ਲੱਗ ਪਿਆ। ਅਸਾਂ ਤਿੰਨਾਂ ਨੇ ਉਸਨੂੰ ਆਪਣੀ ਓਟ ਵਿਚ ਕਰ ਲਿਆ। ਕਈ ਵੱਟੇ ਸਾਡੇ ਉਪਰ ਆ ਕੇ ਡਿੱਗੇ। ਇਕ ਵੱਟਾ ਹੋਰ, ਬੁੱਢੇ ਦੇ ਵੀ ਆਣ ਵੱਜਿਆ। ਅਸੀਂ ਸਾਰੇ ਜ਼ਖ਼ਮੀ ਹੋ ਗਏ ਸਾਂ। ਦਰਅਸਲ ਅਸੀਂ ਅਜਿਹੀ ਥਾਂ ਉੱਤੇ ਸਾਂ ਜਿੱਥੇ ਦੋਵਾਂ ਪਾਸਿਆਂ ਤੋਂ ਵੱਟੇ ਆ ਕੇ ਡਿੱਗ ਰਹੇ ਸਨ।
“ਮਾਰੋ...ਮਾਰੋ। ਕਹਿ ਦੇਣਾ, 'ਇਕ ਮਰਿਆ ਏ...ਉਹ ਵੀ ਸੀ ਬਿਮਾਰ ਪਿਆ...'”
ਇਹ ਸੁਣਦਿਆਂ ਹੀ ਮੈਂ ਤੜਫ ਉੱਠਿਆ। ਮੈਂ ਬਾਹਰੋਂ ਵੱਜਣ ਵਾਲੇ ਵੱਟਿਆਂ ਦੀ ਮਾਰ ਨਾਲੋਂ ਵੀ ਵੱਧ ਜ਼ਖ਼ਮੀ ਹੋ ਗਿਆ ਸਾਂ। ਸ਼ਾਇਦ ਮੈਨੂੰ ਬੜੀ ਪਹਿਲਾਂ ਇਹ ਮਹਿਸੂਸ ਕਰਨਾ ਚਾਹੀਦਾ ਸੀ, ਫੇਰ ਸ਼ਾਇਦ ਅਸੀਂ ਕਿਸੇ ਸਹੀ ਰਸਤੇ ਉੱਤੇ ਹੁੰਦੇ, ਅੱਜ ਇਸ ਸੰਸਦ ਮਾਰਗ ਉੱਤੇ ਨਾ ਹੁੰਦੇ। ਹੁਣ ਮੈਨੂੰ ਆਪਣੇ ਉਹ ਸਾਰੇ ਪ੍ਰਦਰਸ਼ਨ ਛੋਟੇ ਲੱਗੇ ਜਿਹੜੇ ਇਕ ਲੰਮੇਂ ਸਮੇਂ ਤੋਂ ਇਸ ਸੰਸਦ ਮਾਰਗ ਉੱਤੇ ਹੁੰਦੇ ਰਹੇ ਸਨ।
ਅਸੀਂ ਉਸਨੂੰ ਚੁੱਕ ਕੇ ਰੁੱਖ ਹੇਠਾਂ ਲੈ ਗਏ। ਉਹ ਤੜਫਦਾ ਹੋਇਆ ਹਕਲਾਉਣ ਲੱਗਿਆ। ਉਸਦੀ ਛਟਪਟਾਹਟ ਵਧਦੀ ਲੱਗੀ। ਉੱਥੇ ਪਈ ਇਕ ਬੋਤਲ ਵਿਚੋਂ ਪਾਣੀ ਕੱਢ ਕੇ ਉਸਦੇ ਮੂੰਹ ਵਿਚ ਪਾਇਆ, ਪਰ ਕੋਈ ਫ਼ਰਕ ਨਾ ਪਿਆ।
“ਤੂੰ ਪਛਾਣਿਆਂ ਨਹੀਂ ਇਸਨੂੰ ?”
ਮੇਰੀਆਂ ਸਿੱਲ੍ਹੀਆਂ ਅੱਖਾਂ ਦੇਖ ਕੇ ਹੀ ਮੇਰਾ ਸਾਥੀ ਸੇਠੀ ਸਭ ਕੁਝ ਸਮਝ ਗਿਆ ਸੀ। ਬੁੱਢੇ ਦੇ ਜ਼ਖ਼ਮਾਂ ਉੱਤੇ ਉਸੇ ਦੇ ਚੀਥੜਿਆਂ ਦੀਆਂ ਪੱਟੀਆਂ ਬੰਨ੍ਹਣ ਦੇ ਸਿਵਾਏ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਸਾਂ। ਵਗ ਰਹੇ ਲਹੂ ਨੂੰ ਰੋਕਣ ਦਾ ਸਾਡੇ ਕੋਲ ਹੋਰ ਕੋਈ ਉਪਾਅ ਵੀ ਤਾਂ ਨਹੀਂ ਸੀ।
“ਕੌਣ...”
ਉਸਦੇ ਬੁੱਲ੍ਹ ਫਰਕੇ ਤੇ ਇਕ ਕਸ਼ਟ ਮਈ ਯਾਤਰਾ ਪਿੱਛੋਂ ਬੜੀ ਔਖ ਨਾਲ ਮੂੰਹੋਂ ਇਹ ਸ਼ਬਦ ਨਿਕਲਿਆ...:
“ਪ੍ਰੈੱਸ ਰਿਪੋਰਟਰ...”
ਉਸ ਵਿਚ ਇਕ ਸਰਸਰਾਹਟ ਜਿਹੀ ਹੋਈ ਤੇ ਉਹ ਉੱਠ ਕੇ ਬੈਠ ਗਿਆ। ਸਾਡੀ ਮੌਜ਼ੂਦਗੀ ਨੇ ਉਸ ਵਿਚ ਪਤਾ ਨਹੀਂ ਕਿੱਦਾਂ ਪ੍ਰਾਣ ਭਰ ਦਿੱਤੇ ਸਨ। ਕੰਬਦੇ ਹੱਥਾਂ ਨਾਲ ਉਸਨੇ ਇਕ ਬੰਡਲ ਚੁੱਕਿਆ...ਉਸਦੀ ਤਣੀ ਖੋਲ੍ਹੀ, ਤੇ ਸਭ ਪੁਰਾਣੀਆਂ ਕਾਤਰਾਂ ਖਿਲਾਰ ਦਿੱਤੀਆਂ। ਦੂਜਾ ਬੰਡਲ ਚੁੱਕਣ ਦੀ ਸ਼ਕਤੀ ਉਸ ਵਿਚ ਨਹੀਂ ਸੀ।
“ਰੱਦੀ ਵਾਲੇ...”
ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਤਾਂ ਅਸੀਂ ਭੜਕ ਉੱਠਦੇ। ਕੁੱਟਮਾਰ ਵੀ ਸ਼ੁਰੂ ਕਰ ਦਿੰਦੇ ਸ਼ਾਇਦ। ਪਰ ਸਾਨੂੰ ਲੱਗਿਆ ਕਿ ਜੇ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਕਦੀ ਅਸੀਂ ਹੀ ਉਸਦੀ ਕਹਾਣੀ ਪ੍ਰਕਾਸ਼ਤ ਕੀਤੀ ਸੀ ਤਾਂ ਉਹ ਡੰਡਾ ਚੁੱਕ ਕੇ ਸਾਨੂੰ ਮਾਰਨਾ ਸ਼ੁਰੂ ਕਰ ਦੇਂਦਾ ਤੇ ਗਾਲ੍ਹਾਂ ਵੀ ਜ਼ਰੂਰ ਕੱਢਦਾ।
ਉਸਦੇ ਬੰਡਲ ਵਿਚੋਂ ਖਿੱਲਰੀਆਂ ਪੁਰਾਣੇ ਅਖ਼ਬਾਰਾਂ ਦੀਆਂ ਕਾਤਰਾਂ ਸਾਡੇ ਪੈਰਾਂ ਕੋਲ ਪਈਆਂ ਸਨ, ਜਿਹਨਾਂ ਵਿਚ ਕਦੀ ਉਸਦੀ ਕਹਾਣੀ ਛਪੀ ਸੀ। ਇਕ ਕਾਤਰ ਵਿਚ ਉਸਦੀ ਜਵਾਨੀ ਵੇਲੇ ਦੀ ਤਸਵੀਰ ਵੀ ਸੀ, ਜਿਸ ਵਿਚ ਉਸਨੇ ਮੁੱਠੀ ਤਾਣੀ ਹੋਈ ਸੀ। ਅੱਜ ਉਸਦਾ ਇਕ ਬੰਡਲ ਉਸ ਨਾਲੋਂ ਜੁਦਾ ਹੋ ਗਿਆ ਸੀ। ਉਸਦੇ ਝੋਲਿਆਂ ਤੇ ਬੰਡਲਾਂ ਨੂੰ ਉਸ ਨਾਲੋਂ ਵੱਖ ਨਹੀਂ ਸੀ ਕੀਤਾ ਜਾ ਸਕਦਾ; ਉਹ ਉਸਦੀ ਜਾਨ ਤੇ ਲੜਾਈ ਦੇ ਅਟੁੱਟ ਅੰਗ ਸਨ। ਉਹਨਾਂ ਦਾ ਬੋਝ ਪਤਾ ਨਹੀਂ ਉਸਨੂੰ ਕਿੱਥੋਂ-ਕਿੱਥੋਂ ਦੱਬ ਕੇ ਤੋੜ ਚੁੱਕਿਆ ਸੀ। ਫੇਰ ਵੀ ਉਸਦੀ ਢੂਈ ਕੁੱਬੀ ਨਹੀਂ ਸੀ ਹੋਈ। ਅੱਜ ਉਸਨੇ ਉਸ ਬੋਝ ਨੂੰ ਆਪ ਹੀ ਘੱਟਾਅ ਦਿੱਤਾ ਸੀ। ਹੋ ਸਕਦਾ ਹੈ, ਉਸਨੇ ਉਸ ਰੱਦੀ ਨੂੰ ਸਾਨੂੰ ਮੋੜਨ ਦਾ ਪ੍ਰਣ ਕੀਤਾ ਹੋਇਆ ਹੋਵੇ। ਉਸਨੇ ਦੂਜਾ, ਤੀਜਾ, ਫੇਰ ਇਕ-ਇਕ ਕਰਕੇ ਸਾਰੇ ਝੋਲੇ ਝਾੜ ਦਿੱਤੇ। ਉਸਦੀਆਂ ਅਪੀਲਾਂ ਦੇ ਪੰਨੇ, ਉਸਦੇ ਸੰਘਰਸ਼ ਦੀ ਕਹਾਣੀ, ਉਸਦੀ ਭੁੱਖ-ਹੜਤਾਲ, ਗਿਰਫ਼ਤਾਰੀ ਦੀਆਂ ਖ਼ਬਰਾਂ ਦੀਆਂ ਕਾਤਰਾਂ ਪਾਰਕ ਦੀ ਹਵਾ ਦੇ ਨਾਲ-ਨਾਲ ਉੱਡਣ ਲੱਗੀਆਂ। ਇਕ ਪੰਨਾ ਉੱਡਦਾ ਹੋਇਆ ਕਾਫੀ ਉਪਰ ਚਲਾ ਗਿਆ। ਹੌਲੀ-ਹੌਲੀ ਉਹ ਪੰਨਾਂ ਦਰਖ਼ਤਾਂ ਦੇ ਝੁੰਡ ਵੱਲ ਵਧਣ ਲੱਗਾ। ਜਿਵੇਂ ਉਹ ਸਮਝ ਚੁੱਕਿਆ ਸੀ ਕਿ ਹੇਠਾਂ ਸਾਰੇ ਮਾਰਗ ਉਸ ਲਈ ਬੰਦ ਨੇ, ਹੁਣ ਉਸਨੂੰ ਉੱਡ ਕੇ ਹੀ ਕਿਤੇ ਜਾਣਾ ਪਵੇਗਾ। ਉਸ ਕਾਗਜ਼ ਵਿਚ ਕੁਝ ਅਜਿਹਾ ਜ਼ਰੂਰ ਹੋਵੇਗਾ, ਜਿਸਨੂੰ ਹਵਾ ਝੱਭਟ ਲੈਣ ਵਾਲੀਆਂ ਹਿੰਸਕ ਇੱਲ੍ਹਾਂ ਤੋਂ ਬਚਾਅ ਕੇ ਸੰਸਦ ਤਕ ਲੈ ਜਾਣਾ ਚਾਹੁੰਦੀ ਸੀ।
“ਇਸਦੀ ਨਫ਼ਰਤ ਕਿਸ ਦੇ ਖ਼ਿਲਾਫ਼ ਹੈ ?”
“ਨਫ਼ਰਤ ਨਹੀਂ, ਇਸਦੀ ਪੂਰੀ ਸਮਝ ਕਿਸੇ ਚੀਜ਼ ਦੇ ਖ਼ਿਲਾਫ਼ ਹੈ।”
“ਜਿਸਦਾ ਅਰਥ ਏਨਾ ਹੀ ਹੈ, ਜਦ ਇਸ ਕਿਸਮ ਦੇ ਵਿਰੋਧ ਨਾਲ ਕੁਝ ਪ੍ਰਾਪਤ ਨਹੀਂ ਹੋ ਰਿਹਾ, ਤਦ ਇਹਨਾਂ ਜਲੂਸਾਂ ਦੀ ਲਾਭ?”
“ਇਹ ਨੂੰ ਵਿਰੋਧ ਵੀ ਨਹੀਂ ਕਿਹਾ ਜਾ ਸਕਦਾ।”
ਕੁਝ ਚਿਰ ਪਹਿਲਾਂ ਕੁਝ ਤਮਾਸ਼ਾਈ ਬਾਰਾਂ ਖੰਭਾ ਰੋਡ ਉੱਤੇ ਭੀੜ ਹੱਥੋਂ ਮਾਰ ਖਾਂਦੇ-ਖਾਂਦੇ ਬਚੇ ਸਨ। ਉਹਨਾਂ ਵਿਚੋਂ ਕਿਸੇ ਨੇ ਜੋਸ਼ ਵਿਚ ਕਹਿ ਦਿੱਤਾ ਸੀ, 'ਕਿਰਾਏ ਦੇ ਟੱਟੂ।' ਇਹ ਸੁਣਦਿਆਂ ਹੀ ਬਹੁਤ ਸਾਰੇ ਪ੍ਰਦਰਸ਼ਨਕਾਰੀ ਉਹ ਉਪਰ ਭੜਕ ਗਏ ਸਨ। ਅਸੀਂ ਵਿਚ ਪੈ ਕੇ ਸਥਿਤੀ ਸੰਭਾਲ ਲਈ ਸੀ। ਕਹਿਣ ਵਾਲੇ ਨੇ ਝੂਠ ਨਹੀਂ ਸੀ ਕਿਹਾ; ਸੁਣਨ ਵਾਲਿਆਂ ਨੇ ਸੱਚ ਨਹੀਂ ਸੀ ਸੁਣਿਆ। ਜਦੋਂ ਰੈਲੀਆਂ-ਮੁਜਾਹਰਿਆਂ ਵਿਚ ਭੀੜ ਦਿਖਾਉਣ ਲਈ ਇਹੋ ਢੰਗ-ਤਰੀਕੇ ਅਪਣਾਏ ਜਾਣ ਲੱਗ ਪਏ ਹੋਣ ਤਾਂ ਰਾਜਧਾਨੀ ਤੇ ਹੋਰ ਮਹਾਨਗਰਾਂ ਦੇ ਜਲੂਸ ਵਿਚ ਸ਼ਾਮਲ ਹੋਣ ਵਾਲਾ ਹਰ ਵਿਅਕਤੀ ਕਿਰਾਏ ਦਾ ਆਦਮੀ ਬਣ ਜਾਂਦਾ ਹੈ। ਉਦੋਂ ਵੀ ਅਸੀਂ ਲੋਕਾਂ ਨੂੰ ਇਹੀ ਕਿਹਾ ਸੀ ਕਿ ਉਹਨਾਂ ਇੰਜ ਕਹਿ ਕੇ ਵਿਰੋਧ ਹੀ ਕੀਤਾ ਸੀ। ਸੇਠੀ ਨੇ ਕਿਹਾ ਸੀ ਕਿ ਲੋਕ ਜਲੂਸਾਂ ਤੋਂ ਉਤਸਾਹਿਤ ਹੋਣ ਦੇ ਬਜਾਏ ਨਿਰਾਸ਼ ਹੋ ਰਹੇ ਨੇ।
ਅਸੀਂ ਉਸ ਬੁੱਢੇ ਦੀ ਕਹਾਣੀ ਕੀ ਭੁੱਲੇ ਕਿ ਇਸ ਅਰਸੇ ਵਿਚ ਉਹ ਇਕ ਲੜਾਕੂ ਤੋਂ ਬੁੱਢਾ ਹੋ ਗਿਆ। ਅੱਜ ਉਸਦੀ ਹਾਲਤ ਸਾਡੇ ਸਾਹਮਣੇ ਸੀ, ਜਿਵੇਂ ਸਾਡੇ ਕਾਰਨ ਹੋਈ ਹੋਵੇ, ਉਸਦੀ ਇਹ ਦਸ਼ਾ।
ਇਸ ਗੱਲ ਦਾ ਦੁੱਖ ਵੀ ਹੋਇਆ ਕਿ ਜਦੋਂ ਉਹ ਬਾਂਕਾ ਜਵਾਨ ਹੁੰਦਾ ਸੀ, ਆਪਣੇ ਪਿੰਡ ਤੋਂ ਦੂਰ ਇਸ ਅਜਨਬੀ ਮਹਾਨਗਰ ਵਿਚ ਆਪਣੀ ਲੜਾਈ ਲੜ ਰਿਹਾ ਸੀ। ਤਦ ਅਸੀਂ ਇਕ ਵਾਰੀ ਵੀ ਇਹ ਕਿਉਂ ਨਹੀਂ ਸੋਚਿਆ ਕਿ ਤਿਆਗ ਰੂਪੀ ਕਸ਼ਟਾਂ ਭਰਿਆ ਜੀਵਨ ਕਿਸ ਹੌਸਲੇ ਉੱਤੇ ਜਿਊਂ ਰਿਹਾ ਹੈ ਉਹ! ਕਿੱਥੋਂ ਖਾਂਦਾ ਹੋਵੇਗਾ, ਕਿੰਜ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੋਵੇਗਾ? ਕਿੱਥੇ ਸੌਂਦਾ ਹੋਵੇਗਾ? ਬਿਮਾਰ ਹੋਣ 'ਤੇ ਕੌਣ ਉਸਦੀ ਦੇਖਭਾਲ ਕਰਦਾ ਹੋਵੇਗਾ?
ਵੱਟਾ-ਬਾਜੀ ਬੰਦ ਹੋ ਚੁੱਕੀ ਸੀ। ਨਾਅਰੇ ਰੁਕ ਗਏ ਸਨ। ਸ਼ੋਰ ਦਬ ਗਿਆ ਸੀ। ਪਾਰਕ ਵਿਚ ਜਮ੍ਹਾਂ ਭੀੜ ਉਸਦੇ ਝੋਲੇ 'ਚੋਂ ਉੱਡੇ ਕਾਗਜ਼ਾਂ ਨੂੰ ਚੁੱਕ-ਚੁੱਕ ਕੇ ਪੜ੍ਹਨ ਲੱਗੀ। ਉਹਨਾਂ ਲਈ ਇਹ ਇਕ ਖੇਡ ਸੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਵੀ ਇਕ ਵਿਰੋਧ ਸੀ ਤੇ ਉਹਨਾਂ ਦੀ ਲੜਾਈ ਦਾ ਹੀ ਇਕ ਅੰਗ ਵੀ। ਬਹੁਤ ਸਾਰੇ ਤਮਾਸ਼ਬੀਨ ਸਾਡੇ ਦੁਆਲੇ ਇਕੱਠੇ ਹੋ ਗਏ। ਸਾਨੂੰ ਪਤਾ ਸੀ ਕਿ ਬੁੱਢੇ ਨੂੰ ਕਿਸੇ ਹਸਪਤਾਲ ਤਕ ਲੈ ਜਾਣ ਲਈ ਕੋਈ ਗੱਡੀ ਨਹੀਂ ਮਿਲੇਗੀ। ਨਾ ਹੀ ਪੁਲਿਸ ਇਸ ਦੀ ਇਜਾਜ਼ਤ ਦਵੇਗੀ। ਜਦੋਂ ਤਕ ਸਭ ਸਹਿਜ ਹੋਵੇਗਾ ਬੁੱਢਾ ਇਸ ਦੁਨੀਆਂ ਵਿਚ ਨਹੀਂ ਰਹੇਗਾ। ਇਹੀ ਫੈਸਲਾ ਹੋਇਆ ਕਿਸੇ ਤਰ੍ਹਾਂ ਪੁਲਿਸ ਤੋਂ ਹੀ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾਵੇ।
ਸੰਸਦ ਮਾਰਗ ਉੱਥੇ ਥਾਂ-ਥਾਂ ਜ਼ਖ਼ਮੀਂ ਪਏ ਸਨ। ਮੁਰਦਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ। ਦੂਰ ਤਕ ਇੱਟਾਂ, ਵੱਟੇ, ਚੱਪਲਾਂ, ਜੁੱਤੀਆਂ, ਮਾਟੋ, ਬੈਨਰ ਤੇ ਝੰਡੀਆਂ ਬੇਜਾਨ ਪਏ ਸਨ। ਦੁਕਾਨਾਂ ਦੇ ਸਾਹਮਣੇ ਇਕ ਨਿੱਕੀ ਜਿਹੀ ਬੱਚੀ ਹੱਥ ਵਿਚ ਝੰਡੀ ਫੜ੍ਹੀ ਚਿੱਤ ਪਈ ਹੋਈ ਸੀ।
ਲੋਕ ਐਨੇ ਛੋਟੇ ਬੱਚੇ ਨੂੰ ਕਿਉਂ ਨਾਲ ਲੈ ਆਉਂਦੇ ਹਨ? ਜ਼ਰੂਰ ਕੋਈ ਮਜ਼ਬੂਰੀ ਹੁੰਦੀ ਹੋਵੇਗੀ। ਲੋਕ ਤਾਂ ਇਕ ਵਿਸ਼ਵਾਸ ਤੇ ਪਵਿੱਤਰ ਮਨ ਨਾਲ ਆਉਂਦੇ ਹਨ, ਸੰਘਰਸ਼ ਦੀ ਭਾਵਨਾ ਵਿਚ ਡੁੱਬ ਕੇ ਹੀ ਸਹੀ।
ਪੁਲਿਸ ਦੀ ਘੇਰਾਬੰਦੀ, ਜ਼ਖ਼ਮੀਆਂ ਦੀਆਂ ਕਰਾਹਾਂ, ਕਿਤੋਂ-ਕਿਤੋਂ ਆਉਂਦੀ ਹੋਈ ਰੋਣ ਦੀ ਆਵਾਜ਼—ਗੱਚ ਭਰ ਆਇਆ ਸੀ, ਭਾਵੁਕਤਾ ਵੱਸ।
ਇਕ ਪੁਲਿਸ ਅਫ਼ਸਰ ਮੇਰੇ ਵੱਲ ਅਹੁਲਿਆ। ਪ੍ਰੈੱਸ ਦੀ ਫੱਟੀ ਦੇਖ ਕੇ ਥਾਵੇਂ ਅਟਕ ਗਿਆ। ਨਹੀਂ ਤਾਂ ਉਹ ਮੈਨੂੰ ਕਦੋਂ ਦਾ ਦਬੋਚ ਚੁੱਕਿਆ ਹੁੰਦਾ।
“ਓ ਭਾਜੀ, ਤੁਸੀਂ ਤਾਂ ਜ਼ਖ਼ਮੀ ਹੋ। ਇਹ ਹੁੱਲੜ ਬਾਜ ਕਾਨੂੰਨ ਤੋੜਨ ਤੋਂ ਬਾਅਜ਼ ਨਹੀਂ ਆਉਂਦੇ। ਇਹਨਾਂ ਤੋਂ ਕੋਈ ਪੁੱਛੇ, ਕੀ ਥੋੜ੍ਹੀ ਦੂਰ ਤਕ ਚੀਕ ਲੈਣ ਨਾਲ ਕੁਝ ਬਦਲ ਜਾਵੇਗਾ! ਚੀਕਣ-ਕੂਕਣ ਨਾਲ ਕੁਝ ਹੋਣ ਵਾਲਾ ਨਹੀਂ। ਹਾਂ, ਸਾਡੀ ਤੇ ਤੁਹਾਡੀ ਪ੍ਰੈੱਸ ਵਾਲਿਆਂ ਦੀ ਨੀਂਦ ਜ਼ਰੂਰ ਹਰਾਮ ਹੋ ਜਾਂਦੀ ਏ, ਸਰਕਾਰ ਦੀ ਨਹੀਂ।” ਉਸਨੇ ਇਕ ਜ਼ੋਰਦਾਰ ਠਹਾਕਾ ਲਾਇਆ। ਉਸਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਕੁਝ ਦੂਰੀ ਉਪਰ ਜ਼ਖ਼ਮੀਂ ਪਏ ਹਨ, ਜਿਹੜੇ ਦਮ ਵੀ ਤੋੜ ਰਹੇ ਹਨ।
ਮੈਨੂੰ ਖ਼ਾਮੋਸ਼ ਦੇਖ ਕੇ ਉਸਦੇ ਠਹਾਕੇ ਨੂੰ ਬਰੇਕ ਲੱਗ ਗਏ। ਉਸਨੂੰ ਕਿਸੇ ਕਿਸਮ ਦਾ ਪਛਤਾਵਾ ਜਾਂ ਨਮੋਸ਼ੀ ਨਹੀਂ ਸੀ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਮੈਂ ਉਸਦੇ ਮਜ਼ਾਕ ਵਿਚ ਕਿਉਂ ਸ਼ਾਮਲ ਨਹੀਂ ਸੀ ਹੋਇਆ। ਉਸਦਾ ਸੰਸਾਰ ਹੀ ਇਕ ਵੱਖਰਾ ਸੰਸਾਰ ਸੀ। ਸਾਡੀ ਦੁਨੀਆਂ ਨਾਲੋਂ ਬਿਲਕੁਲ ਅਲੱਗ-ਥਲੱਗ।
“ਚੱਲੋ ਤੁਹਾਨੂੰ ਮੈਡੀਕਲ ਏਡ ਦੁਆ ਦਿਆਂ।”
“ਪਾਰਕ ਵਿਚ ਇਕ ਬੁੱਢਾ ਆਦਮੀ ਮਰ ਰਿਹੈ। ਅੰਨ੍ਹਾਂ ਏਂ। ਜੇ ਉਸਦੀ ਕਿਸੇ ਤਰ੍ਹਾਂ ਮਦਦ ਹੋ ਜਾਏ। ਪ੍ਰਦਰਸ਼ਨਕਾਰੀ ਨਹੀਂ।” ਮੈਨੂੰ ਲੱਗਿਆ ਕਿ ਮੈਂ ਬੁੱਢੇ ਨੂੰ ਬੜਾ ਛੋਟਾ ਕਰ ਦਿੱਤਾ ਹੈ, ਪਰ ਇਸ ਦੇ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
“ਤੁਸੀਂ ਉਸ ਭੁੱਖ-ਹੜਤਾਲੀਏ ਦੀ ਗੱਲ ਤਾਂ ਨਹੀਂ ਕਰ ਰਹੇ, ਜਿਹੜਾ ਹਰ ਵੇਲੇ ਗਾਲ੍ਹਾਂ ਕੱਢਦਾ ਰਹਿੰਦਾ ਏ। ਉਹ ਤਾਂ ਕਦੇ ਦਾ ਮਰ ਚੁੱਕਿਐ। ਲੱਗਦਾ ਏ ਉਸਦੀ ਲਾਸ਼ ਕਮੇਟੀ ਵਾਲਿਆਂ ਨੂੰ ਨਹੀਂ, ਸਾਨੂੰ ਈ ਚੁੱਕਣੀ ਪਵੇਗੀ। ਉਸਦੀ ਮਦਦ ਤਾਂ ਹੁਣ ਉਪਰ ਵਾਲਾ ਵੀ ਨਹੀਂ ਕਰ ਸਕਦਾ।”
ਮੇਰੇ ਮੂੰਹੋਂ ਇਕ ਗਾਲ੍ਹ ਨਿਕਲਦੀ-ਨਿਕਲਦੀ ਰਹਿ ਗਈ। ਕਿਸੇ ਅਜਿਹੀ ਲਾਚਾਰੀ ਵਿਚ ਹੀ ਗਾਲ੍ਹ ਦਾ ਜਨਮ ਹੋਇਆ ਹੋਵੇਗਾ।
“ਸ਼ਾਇਦ ਵਿਚਾਰਾ ਬਚ ਜਾਏ।”
ਉਹ ਨਾਕੇਬੰਦੀ ਵੱਲ ਤੁਰ ਗਿਆ। ਬੁੱਢੇ ਦੇ ਨਾਂਅ ਨਾਲ ਹੀ ਉਸਦੇ ਮੂੰਹ ਦਾ ਸਵਾਦ ਕੁਸੈਲਾ ਹੋ ਗਿਆ ਜਾਪਦਾ ਸੀ। ਬੁੱਢੇ ਨੂੰ ਭੁੱਲ ਜਾਣਾ ਪੁਲਿਸ ਲਈ ਆਸਾਨ ਕੰਮ ਵੀ ਨਹੀਂ ਸੀ। ਪਾਗਲ ਹੋਣ ਤਕ ਉਹ ਪੁਲਿਸ ਲਈ ਹਮੇਸ਼ਾ ਸਿਰ ਦਰਦ ਬਣਿਆਂ ਰਿਹਾ। ਸ਼ੁਰੂ ਦੇ ਦਿਨਾਂ ਤੋਂ ਹੀ ਉਹ ਕਿਸੇ ਨਾ ਕਿਸੇ ਮੰਤਰੀ ਦੀ ਕੋਠੀ ਤੇ ਬਾਹਰ ਭੁੱਖ-ਹੜਤਾਲ 'ਤੇ ਜਾ ਬੈਠਦਾ। ਭੁੱਖ-ਹੜਤਾਲ ਕਰਨ ਦਾ ਢੰਗ ਵੀ ਉਸਦਾ ਆਪਣਾ ਹੀ ਸੀ। ਇਕ ਕਤਾਰ ਵਿਚ ਹੱਥ ਨਾਲ ਲਿਖੀਆਂ ਤੀਹ ਚਾਲੀ ਤਖ਼ਤੀਆਂ ਗੱਡ ਕੇ ਵਿਚਕਾਰ ਖ਼ੁਦ ਬੈਠ ਜਾਂਦਾ। ਲੋਕਾਂ ਦੀ ਭੀੜ ਲੱਗ ਜਾਂਦੀ ਤੇ ਉਹਨਾਂ ਤਖ਼ਤੀਆਂ ਉਪਰ ਲਿਖੀ ਕਹਾਣੀ ਪੜ੍ਹਨ ਲੱਗਦੀ। ਇਕ ਦਿਨ ਪੁਲਿਸ ਆਉਂਦੀ, ਉਸਨੂੰ ਚੁੱਕ ਕੇ ਲੈ ਜਾਂਦੀ। ਕੁਝ ਦਿਨਾਂ ਬਾਅਦ ਉਸਦਾ ਧਰਨਾ ਫੇਰ ਕਿਸੇ ਨਵੀਂ ਜਗ੍ਹਾ ਸ਼ੁਰੂ ਹੋ ਜਾਂਦਾ।
ਉਸਦਾ ਉਹ ਚਿਹਰਾ ਮੇਰੇ ਜ਼ਿਹਨ ਵਿਚ ਘੁੰਮ ਗਿਆ, ਜਦੋਂ ਪਹਿਲੀ ਵਾਰੀ ਉਹ ਸਾਡੇ ਦਲ ਦੇ ਦਫ਼ਤਰ ਵਿਚ ਮੇਰੇ ਕੋਲ ਆਇਆ ਸੀ। ਨਿਆਂ ਤੇ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲਾ ਭੋਲਾ-ਭਾਲਾ, ਨਿੱਡਰ ਚਿਹਰਾ। ਉਹ ਅਜਿਹੇ ਦਿਨ ਸਨ ਜਦੋਂ ਯਕੀਨ ਸੀ ਕਿ ਸਭ ਕੁਝ ਜਲਦੀ ਬਦਲ ਜਾਵੇਗਾ। ਉਸ ਨਸ਼ੇ ਵਿਚ ਇਹ ਵੀ ਨਹੀਂ ਦੇਖ ਸਕੇ ਸਾਂ ਕਿ ਸਾਡੇ ਇਰਦ-ਗਿਰਦ ਕੀ ਹੋ ਰਿਹਾ ਹੈ? ਲੋਕ ਸਾਡੇ ਨਾਲ ਹਨ ਵੀ ਜਾਂ ਨਹੀਂ...ਅਸੀਂ ਇਹ ਮੰਨ ਕੇ ਚੱਲਦੇ ਕਿ ਲੋਕ ਸਿਰਫ ਸਾਡੇ ਨਾਲ ਹੀ ਨੇ। ਸੱਤਾ-ਵਿਰੋਧੀ ਲੋਕ ਬੜੇ ਚੰਗੇ ਲੱਗਦੇ ਸਨ। ਉਸ ਦੀ ਇਕੋ ਗੱਲ ਮੇਰੇ  ਜੋਸ਼ੀਲੇ ਸੁਭਾਅ ਨੂੰ ਪਸੰਦ ਨਹੀਂ ਸੀ ਆਈ ਕਿ ਉਹ ਸਰਕਾਰ ਤੇ ਸੱਤਾਰੂੜ ਦਲ ਦੇ ਨੇਤਾਵਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ। ਉਹਨੀਂ ਦਿਨੀਂ ਸਾਡੀ ਪੱਤਰਕਾਰਤਾ, ਸਾਡਾ ਜੀਵਨ ਸਭੋ ਦਲ ਨੂੰ ਅਰਪਿੱਤ ਸੀ। ਉਸਦੀ ਲੜਾਈ ਵੀ ਇਕ ਤਰ੍ਹਾਂ ਨਾਲ ਸਾਡੀ ਲੜਾਈ ਸੀ।
ਇਕ ਵੱਡੇ ਨੇਤਾ ਨੇ ਬੜੀ ਚਾਲਾਕੀ ਤੇ ਜਾਲਸਾਜੀ ਨਾਲ ਗਰੀਬ ਲੋਕਾਂ ਦੀਆਂ ਜ਼ਮੀਨਾਂ ਹੜਪ ਕੇ ਇਕ ਵੱਡਾ ਫਾਰਮ ਬਣਾ ਲਿਆ ਸੀ। ਉਹ ਸਾਰੇ ਦਸਤਾਵੇਜ਼ ਤੇ ਸਬੂਤ ਨਾਲ ਲੈ ਕੇ ਆਇਆ ਸੀ। ਸਾਡੇ ਇਕ ਕਿਸਾਨ ਨੇਤਾ ਨੇ ਇਕ ਚਿੱਠੀ ਦੇ ਕੇ ਉਸਨੂੰ ਸਾਡੇ ਕੋਲ ਭੇਜਿਆ ਸੀ ਕਿ ਉਸਦੀ ਪੂਰੀ ਮਦਦ ਕੀਤੀ ਜਾਵੇ। ਅਸੀਂ ਦਸਤਾਵੇਜ਼ਾਂ ਦੇ ਆਧਾਰ 'ਤੇ ਇਕ ਸਾਚਿੱਤਰ ਲੇਖ ਤਿਆਰ ਕਰਨ ਦੀ ਯੋਜਨਾ ਬਣਾਈ। ਉਸਨੇ ਸਾਡੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਹਾ ਕਿ ਇੰਜ ਕਰਨ ਨਾਲ ਉਸਦੇ ਦਲ ਉੱਤੇ ਕਲੰਕ ਲੱਗ ਜਾਏਗਾ। ਉਹ ਨੇਤਾ ਇਕ ਉੱਚੇ ਅਹੁਦੇ ਉਪਰ ਬਿਰਾਜਮਾਨ ਸੀ। ਉਹ ਉਸਨੂੰ ਬਦਨਾਮ ਕੀਤੇ ਬਿਨਾਂ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਸੀ। ਉਹ ਸਾਡੇ ਤਰੀਕੇ ਨਾਲ ਸਹਿਮਤ ਨਹੀਂ ਸੀ ਹੋਇਆ। ਕੁਝ ਦਿਨ ਸਾਡੇ ਨਾਲ ਰਹਿਣ ਪਿੱਛੋਂ ਉਹ ਆਪਣਾ ਸਾਮਾਨ ਚੁੱਕ ਕੇ ਆਪਣੇ ਦਲ ਦੇ ਵੱਡੇ ਦਫ਼ਤਰ ਵਿਚ ਚਲਾ ਗਿਆ ਸੀ।
ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਸਦਾ ਬਕਸਾ ਚੋਰੀ ਹੋ ਗਿਆ ਹੈ। ਫੇਰ ਕਿਸੇ ਨੇ ਦੱਸਿਆ ਕਿ ਉਸਦਾ ਸਾਮਾਨ ਚੁੱਕ ਕੇ ਮਹਿਮਾਨਖਾਨੇ ਵਿਚੋਂ ਬਾਹਰ ਸੁੱਟ ਦਿੱਤਾ ਗਿਆ ਹੈ।
ਉਸ ਪਿੱਛੋਂ ਉਸਦਾ ਸੱਤਿਆ-ਗ੍ਰਹਿ ਸ਼ੁਰੂ ਹੋ ਗਿਆ। ਹਰ ਦਰਵਾਜ਼ੇ ਤੋਂ ਉਸਨੂੰ ਉਠਾਲ ਦਿੱਤਾ ਜਾਂਦਾ। ਅੰਤ ਵਿਚ ਤੰਗ ਆ ਕੇ ਕਨਾਟ ਪਲੇਸ ਦੇ ਪਾਰਕ ਦੇ ਬਾਹਰ ਉਸਨੇ ਆਪਣੇ ਵਿਰੋਧ ਦੀਆਂ ਤਖ਼ਤੀਆਂ ਗੱਡ ਦਿੱਤੀਆਂ। ਉੱਥੇ ਸਾਰਾ ਦਿਨ ਭੀੜ ਲੱਗੀ ਰਹਿੰਦੀ। ਲੋਕ ਉਸਦਾ ਮਜ਼ਾਕ ਉਡਾਉਂਦੇ, ਮਿਹਣੇ-ਤਾਹਣੇ ਮਾਰਦੇ ਤੇ ਮਨ ਪ੍ਰਚਾਵਾ ਕਰਕੇ ਆਪੋ ਆਪਣੇ ਘਰੀਂ ਚਲੇ ਜਾਂਦੇ। ਉਹ ਇਕ ਅਜਿਹੀ ਦੁਨੀਆਂ ਵਿਚ ਘਿਰ ਗਿਆ ਸੀ, ਜਿੱਥੇ ਨਿਆਂ ਲਈ ਲੜਨ ਵਾਲੇ ਲੋਕਾਂ ਨੂੰ ਕਿਸੇ ਪਾਗਲਾਂ ਦੀ ਦੁਨੀਆਂ ਦਾ ਜੀਵ ਸਮਝਿਆ ਜਾਂਦਾ ਹੈ। ਉਹ ਚੁੱਪਚਾਪ ਸਾਰਾ ਦਿਨ ਤਖ਼ਤੀਆਂ ਉਪਰ ਲਿਖਦਾ ਰਹਿੰਦਾ। ਜਦੋਂ ਲੋਕ ਪੁੱਛਦੇ ਕਿ ਉਸ ਨੇਤਾ ਦਾ ਨਾਂਅ ਕੀ ਹੈ ਤਾਂ ਸਿਰਫ ਮੁਸਕਰਾ ਪੈਂਦਾ ਤੇ ਉਸ ਤਖ਼ਤੀ ਵੱਲ ਇਸ਼ਾਰਾ ਕਰ ਦਿੰਦਾ, ਜਿਸ ਉੱਤੇ ਨੇਤਾ ਦਾ ਨਾਂਅ, ਨਾ ਦੱਸਣ ਦਾ ਕਾਰਣ ਲਿਖਿਆ ਹੁੰਦਾ ਸੀ।
ਅਕਸਰ ਅਸੀਂ ਲੋਕਾਂ ਦੇ ਮਜ਼ਾਕ ਨੂੰ ਮਜ਼ਾਕ ਵਜੋਂ ਹੀ ਉਡਾਅ ਦਿੰਦੇ ਹਾਂ। ਕੀ ਲੋਕਾਂ ਦੇ ਉਸ ਮਜ਼ਾਕ ਪਿੱਛੇ ਪੂਰੇ ਢਾਂਚੇ ਦਾ ਅਕਸ ਨਹੀਂ ਹੁੰਦਾ ਕਿ ਅਜਿਹੀਆਂ ਗੱਲਾਂ ਨਾਲ ਕੀ ਹੋ ਸਕਦਾ ਹੈ...ਸ਼ਾਇਦ ਅਸੀਂ ਹੀ ਇਸ ਸੱਚ ਨੂੰ ਨਹੀਂ ਸਮਝ ਸਕੇ ਹਾਂ।
ਅਸੀਂ ਉਸ ਨਾਲ ਇਕ ਲੰਮੀ ਗੱਲਬਾਤ ਕੀਤੀ। ਉਸ ਨਾਲ ਸਾਚਿੱਤਰ ਸਾਕਸ਼ਾਤਕਾਰ ਕਈ ਅਖ਼ਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ। ਕੁਝ ਦਿਨ ਉਸਦੀ ਚਰਚਾ ਰਹੀ। ਅਖ਼ਬਾਰਾਂ ਨੇ ਉਸਦੇ ਇਹਨਾਂ ਸ਼ਬਦਾਂ ਨੂੰ ਕਿ 'ਸੱਚ ਦੀ ਜਿੱਤ ਹੋਏਗੀ...ਪਾਪ ਦਾ ਘੜਾ ਫੁੱਟੇਗਾ।' ਖ਼ੂਬ ਮਖ਼ੌਲੀਆ ਅੰਦਾਜ਼ ਵਿਚ ਪ੍ਰਕਾਸ਼ਤ ਕੀਤਾ ਸੀ।
ਉਸ ਪਿੱਛੋਂ ਉਹ ਨਵੀਂ ਦਿੱਲੀ ਦੀ ਦੁਨੀਆਂ ਵਿਚੋਂ ਅਜਿਹਾ ਗਾਇਬ ਹੋਇਆ ਕਿ ਤਿੰਨ ਚਾਰ ਵਰ੍ਹੇ ਤਕ ਉਸਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ ਕਿ ਕਿੱਥੇ ਚਲਾ ਗਿਆ ਹੈ।
ਇਕ ਵਾਰੀ ਸਾਡਾ ਇਕ ਜਲੂਸ ਸੰਸਦ ਭਵਨ ਤਕ ਜਾ ਰਿਹਾ ਸੀ। ਉਹ ਆਪਣੀ ਤਖ਼ਤੀ ਚੁੱਕੀ ਸਭ ਤੋਂ ਅੱਗੇ ਤੁਰਦਾ ਹੋਇਆ ਦਿਖਾਈ ਦਿੱਤਾ। ਸੰਸਦ ਭਵਨ ਦੇ ਬਾਹਰ ਸਾਡੇ ਸਾਂਸਦ ਭਾਸ਼ਣ ਦੇਣ ਲਈ ਜਲੂਸ ਦੀ ਉਡੀਕ ਕਰ ਰਹੇ ਸਨ। ਜਲੂਸ ਦੇ ਉੱਥੇ ਪਹੁੰਚਦਿਆਂ ਹੀ ਉਹ ਬੁੜ੍ਹਕ ਕੇ ਉੱਥੇ ਬਣੇ ਇਕ ਬੁੱਤ ਦੇ ਚਬੂਤਰੇ ਉੱਤੇ ਚੜ੍ਹ ਗਿਆ ਤੇ ਉੱਚੀ ਆਵਾਜ਼ ਵਿਚ ਨਾਅਰੇ ਲਾਉਣ ਲੱਗਾ। ਉਸ ਪਿੱਛੋਂ ਉੱਚੀ ਆਵਾਜ਼ ਵਿਚ ਕਵਿਤਾ ਪੜ੍ਹਨੀ ਸ਼ੁਰੂ ਕੀਤੀ...:
'ਸੌ ਮਰੇ ਤਾਂ ਕਿਹਾ ਇਕ ਮਰਿਆ...
ਉਹ ਵੀ ਸੀ ਬਿਮਾਰ ਪਿਆ...'
ਜੋਸ਼ ਵੱਸ ਝੱਲੀ ਹੋਈ ਭੀੜ ਵਾਰ-ਵਾਰ ਉਸ ਤੋਂ ਉਹੀ ਕਵਿਤਾ ਸੁਣਦੀ ਰਹੀ। ਉਸ ਪਿੱਛੋਂ ਉਹ ਸਾਡੇ ਹਰੇਕ ਜਲੂਸ ਵਿਚ ਦਿਖਾਈ ਦੇਣ ਲੱਗਾ। ਪਿੱਛੋਂ ਉਸਦੀ ਦਸ਼ਾ ਵਿਗੜਨ ਲੱਗੀ। ਉਹ ਹਰ ਜਲੂਸ ਵਿਚ ਕਲੰਦਰਾਂ ਵਾਂਗ ਉੱਛਲਦਾ-ਕੁੱਦਦਾ ਦਿਖਾਈ ਦੇਂਦਾ।
ਪੁਲਿਸ ਅਫ਼ਸਰ ਵਾਪਸ ਨਹੀਂ ਆਇਆ।
ਕੋਲ ਖੜ੍ਹੇ ਸਿਪਾਈ ਨੇ ਕਿਹਾ ਕਿ 'ਹੁਣ ਉਹ ਨਹੀਂ ਆਉਂਣਗੇ। ਉੱਥੇ ਪਹੁੰਚ ਕੇ ਉਹ ਇਹ ਵੀ ਭੁੱਲ ਗਏ ਹੋਣਗੇ ਕਿ ਕੋਈ ਇੱਥੇ ਉਹਨਾਂ ਦੀ ਉਡੀਕ ਕਰ ਰਿਹਾ ਹੈ।'
ਹਰ ਪਾਸੇ ਪੁਲਿਸ ਦੇ ਸਿਪਾਹੀ ਸਨ। ਮਾਰਗ ਉੱਤੇ ਪਏ ਲੋਕ ਜ਼ਖ਼ਮਾਂ ਦੀ ਝਾਲ ਨਾ ਝੱਲਦੇ ਹੋਏ ਕਰਾਹ-ਕੁਰਲਾ ਰਹੇ ਸਨ। ਉਹਨਾਂ ਦੇ ਲਹੂ ਨਾਲ ਲੱਥ-ਪੱਥ ਕੱਪੜੇ, ਉਹਨਾਂ ਦੇ ਜ਼ਖ਼ਮ, ਉਹਨਾਂ ਦੀ ਚੀਕ-ਪੁਕਾਰ ਵਾਰੀ ਵਾਰੀ ਅੰਦਰ ਇਕ ਅੱਗ ਭਰ ਦੇਂਦੀ।
ਅਜੇ ਥੋੜ੍ਹੀ ਦੇਰ ਪਹਿਲਾਂ ਉਸ ਪੁਲਿਸ ਅਫ਼ਸਰ ਨੇ ਪੁੱਛਿਆ ਸੀ ਕਿ 'ਜਦ ਲੀਡਰਾਂ ਨੂੰ ਪਤਾ ਲੱਗ ਗਿਆ ਸੀ ਬਈ ਉਹਨਾਂ ਨੂੰ ਅਸੀਂ ਗਿਰਫ਼ਤਾਰ ਕਰ ਰਹੇ ਹਾਂ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਸੀ ਕਿ ਹੁਣ ਉਹਨਾਂ ਨੇ ਕੀ ਕਰਨਾ ਹੈ। ਤੁਹਾਨੂੰ ਇੰਜ ਨਹੀਂ ਲੱਗਦਾ ਕਿ ਇਸ ਭੀੜ ਨੂੰ ਲੀਡਰ ਵੀ ਸਿਰਫ ਆਪਣੇ ਸਵਾਰਥ ਲਈ ਹੀ ਇਸਤੇਮਾਲ ਕਰਦੇ ਰਹਿੰਦੇ ਨੇ...'
ਮੈਂ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਇਸੇ ਗੱਲ ਉੱਤੇ ਉਸਨੇ ਖਿਝ ਕੇ ਕਿਹਾ ਸੀ ਕਿ 'ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਉਹ ਇਸ ਜਲੂਸ ਵਿਚ ਕਿਉਂ ਆਏ ਨੇ...?'
ਮੈਨੂੰ ਕਾਮਰੇਡ ਫਿਤਰਤ ਦੀ ਗੱਲ ਚੇਤੇ ਆ ਗਈ ਜਿਹੜਾ ਕੁਝ ਚਿਰ ਪਹਿਲਾਂ ਜਲੂਸ ਵਿਚ ਮੂੰਹ ਲਟਕਾਈ ਤੁਰਿਆ ਜਾ ਰਿਹਾ ਸੀ। ਉਹਨੂੰ ਹਮੇਸ਼ਾ ਤਰੋਤਾਜ਼ਾ ਤੇ ਸੁਚੇਤ ਹੀ ਦੇਖਿਆ ਸੀ। ਪਹਿਲੀ ਵਾਰੀ ਉਸਨੂੰ ਚੁੱਪ ਦੇਖ ਕੇ ਬੜਾ ਓਪਰਾ ਲੱਗਿਆ ਸੀ। ਉਹ ਜਲੂਸ ਦੇ ਨਾਲ ਹੌਲੀ-ਹੌਲੀ ਤੁਰ ਰਿਹਾ ਸੀ। ਕਿਸੇ ਨਾਅਰੇ ਨਾਲ ਉਸ ਵਿਚ ਕੋਈ ਹਰਕਤ ਨਹੀਂ ਸੀ ਹੋ ਰਹੀ।
“ਕੀ ਗੱਲ ਐ, ਤਬੀਅਤ ਤਾਂ ਠੀਕ ਐ ਨਾ?”
“ਤਬੀਅਤ...”
ਉਸਦੇ ਚਿਹਰੇ ਉੱਤੇ ਗੁੱਸੇ ਦੀਆਂ ਲਕੀਰਾਂ ਉਭਰ ਆਈਆਂ, ਜਿਵੇਂ ਮੈਂ ਉਸਨੂੰ ਗਾਲ੍ਹ ਕੱਢ ਬੈਠਾ ਹੋਵਾਂ।
ਏਨਾ ਕਹਿਣ ਪਿੱਛੋਂ ਉਸਨੇ ਉਸ ਟੋਲੀ ਵੱਲ ਇਸ਼ਾਰਾ ਕੀਤਾ, ਜਿਸ ਦੀ ਦੇਖ-ਭਾਲ ਲਈ ਉਸਨੂੰ ਲਾਇਆ ਗਿਆ ਸੀ।
“ਜਦੋਂ ਤਕ ਅਸੀਂ ਲੋਕਾਂ ਦੇ ਦਿਲਾਂ ਵਿਚ ਨਹੀਂ ਉਤਰਦੇ ਉਦੋਂ ਤਕ ਅਸੀਂ ਲੋਕਾਂ ਨੂੰ ਵਰਗਲਾ ਕੇ ਬਹਿਕਾਅ ਕੇ ਇਸ ਦਿਖਾਵੇ ਲਈ ਲਿਆਉਂਦੇ ਰਹਾਂਗੇ! ਇਹ ਕੋਈ ਜੱਦੋ-ਜਹਿਦ  ਨਹੀਂ ਹੈ...”
ਦੋਵਾਂ ਨੇ ਇਕੋ ਜਿਹੀ ਗੱਲ ਆਖੀ ਸੀ। ਇਕ ਦੀ ਗੱਲ 'ਤੇ ਗੁੱਸਾ ਆਇਆ ਸੀ ਤੇ ਦੂਜੇ ਦੀ ਗੱਲ ਨੇ ਕੁਝ ਸੋਚਣ ਲਈ ਮਜ਼ਬੂਰ ਕੀਤਾ ਸੀ। ਸੱਚ, ਕੀ ਇੰਜ ਨਹੀਂ ਹੋ ਸਕਦਾ ਕਿ ਲੋਕ ਸਿਰਫ ਜੋਸ਼ ਵਿਚ ਵਹਿ ਕੇ ਇੱਥੇ ਨਾ ਆਉਣ...
ਮਾਰਗ ਉਪਰ ਦੋਵੇਂ ਪਾਸੇ ਖਲੋਤੀਆਂ ਉੱਚੀਆਂ ਇਮਾਰਤਾਂ ਤੇ ਮਾਰਗ ਦੇ ਐਨ ਵਿਚਕਾਰ ਬਣੇ ਗੋਲ ਚੌਕ ਨੇ ਸੰਸਦ ਭਵਨ ਨੂੰ ਆਪਣੀ ਓਟ ਵਿਚ ਕੀਤਾ ਹੋਇਆ ਹੈ। ਸੰਸਦ ਵਿਚ ਸਾਰੇ ਚੁਣ ਕੇ ਜਾਂਦੇ ਹਨ। ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਉਹੀ ਨੇ, ਜਿਹਨਾਂ ਨੂੰ ਉਹਨਾਂ ਨੇ ਚੁਣ ਕੇ ਭੇਜਿਆ ਸੀ। ਸੰਸਦ ਵਿਚ ਇਕ ਨੇਤਾ ਨਾਮ ਜੱਦ ਹੁੰਦਾ ਹੈ...ਉਹ ਆਪਣੀ ਟੋਲੀ ਚੁਣਦਾ ਹੈ...ਮੰਤਰੀ ਬਣਾਉਂਦਾ ਹੈ...ਕਾਨੂੰਨ ਬਣਾਉਂਦਾ ਹੈ...ਸਾਰੇ ਕੰਮ ਬਹੁਮੱਤ ਨਾਲ ਹੁੰਦੇ ਹਨ...ਵਿਰੋਧੀ ਧਿਰ ਵੀ ਆਪਣਾ ਪੱਖ ਖੁੱਲ੍ਹ ਕੇ ਰੱਖਦੀ ਹੈ...ਫੇਰ ਵੀ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਦੇਸ਼ ਨੂੰ ਕੋਈ ਹੋਰ ਹੀ ਚਲਾ ਰਿਹਾ ਹੈ।
ਸੇਠੀ ਮੈਨੂੰ ਬੁਲਾਅ ਰਿਹਾ ਸੀ। ਥੋੜ੍ਹੀ ਦੂਰੀ ਉੱਤੇ ਤੜਫ ਰਿਹਾ ਇਕ ਜ਼ਖ਼ਮੀ ਵੀ ਮੈਨੂੰ ਵਾਰ-ਵਾਰ ਬੁਲਾ ਰਿਹਾ ਸੀ, ਪਰ ਉਸ ਕੋਲ ਜਾਣ ਦੀ ਮੈਨੂੰ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਮੈਂ ਬੜੀ ਕੋਸ਼ਿਸ਼ ਕੀਤੀ। ਸਿਪਾਹੀਆਂ ਦੀ ਮਿੰਨਤ ਕੀਤੀ ਕਿ ਕਿਸੇ ਤਰ੍ਹਾਂ ਉਹ ਹੀ ਉਸ ਫੱਟੜ ਦੀ ਗੱਲ ਸੁਣ ਲੈਣ। ਉਹ ਕਈ ਵਾਰੀ ਬਹਾਨੇ ਨਾਲ ਉਸ ਪਾਸੇ ਗਏ ਵੀ, ਪਰ ਉਸਨੇ ਉਹਨਾਂ ਨੂੰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸਦੇ ਮਨ ਵਿਚ ਪਤਾ ਨਹੀਂ ਕਿਹੜੀ ਗੱਲ ਸੀ ਜਿਸਨੂੰ ਉਹ ਸਿਰਫ ਮੈਨੂੰ ਹੀ ਦੱਸਣਾ ਚਾਹੁੰਦਾ ਸੀ। ਜੇ ਉਹ ਚੱਲ ਵੱਸਿਆ ਫੇਰ...
ਸੇਠੀ ਦੀ ਚੀਕ ਸੁਣਾਈ ਦਿੱਤੀ। ਉਸਦੀ ਚੀਕ ਤੇ ਸੜਕ ਉੱਤੇ ਤੜਫ ਰਹੇ ਆਦਮੀ ਦੀ ਪ੍ਰਾਰਥਨਾਂ ਵਿਚ ਕੋਈ ਅੰਤਰ ਨਹੀਂ ਸੀ। ਇਕੋ ਅੰਦਾਜ਼...ਇਕੋ ਹੀ ਭਾਵਨਾ।
ਲੰਮੇ-ਲੰਮੇ ਜਲੂਸ ਲੋਕਾਂ ਦੀਆਂ ਮੰਗਾਂ ਤੇ ਅਧਿਕਾਰਾਂ ਲਈ ਨਿਕਲਦੇ ਨੇ। ਉਹਨਾਂ ਵਿਚ ਹਜ਼ਾਰਾਂ ਤੇ ਕਦੀ-ਕਦੀ ਲੱਖਾਂ ਲੋਕ ਸ਼ਾਮਲ ਹੁੰਦੇ ਨੇ। ਜਲੂਸ ਸਾਰਿਆਂ ਲੋਕਾਂ ਲਈ ਹੁੰਦਾ ਹੈ। ਉਸ ਵੇਲੇ ਲੱਗ ਰਿਹਾ ਸੀ ਸਭ ਕੁਝ ਓਵੇਂ ਹੁੰਦਾ ਹੋਇਆ ਵੀ ਲੋਕਾਂ ਲਈ ਨਹੀਂ ਹੈ।
ਬੁੱਢੇ ਦੀ ਲਾਸ਼ ਖ਼ੂਨ ਵਿਚ ਲੱਥ-ਪੱਥ ਪਈ ਸੀ...ਮੂੰਹ ਖੁੱਲ੍ਹਾ ਸੀ, ਅੱਖਾਂ ਬਾਹਰ ਵੱਲ ਝਾਕ ਰਹੀਆਂ ਸਨ...ਉੱਠਿਆ ਹੋਇਆ ਹੱਥ, ਜਿਵੇਂ ਹੁਣੇ ਕਿਸੇ ਉੱਤੇ ਵਰ੍ਹਣ ਲਈ ਤਿਆਰ-ਬਰ-ਤਿਆਰ ਸੀ। ਰੁੱਖਾਂ ਦੀਆਂ ਫੜਫੜਾਉਂਦੀਆਂ ਹੋਈਆਂ ਟਾਹਣੀਆਂ, ਬਿਲਕੁਲ ਸ਼ਾਂਤ ਹੋ ਚੁੱਕੀਆਂ ਸਨ।
ਬੁੱਢਾ ਸਾਨੂੰ ਤਿੰਨਾਂ ਨੂੰ ਪਛਾਣ ਚੁੱਕਿਆ ਸੀ। ਸਾਡੀਆਂ ਆਵਾਜ਼ਾਂ ਉਸਦੀਆਂ ਯਾਦਾਂ ਵਿਚ ਸੁਰੱਖਿਅਤ ਸਨ। ਉਸਨੇ ਆਪਣੀ ਡਾਇਰੀ ਤੇ ਕੁਝ ਕਾਗਜ਼ ਮੇਰੇ ਸਾਥੀ ਦੇ ਹਵਾਲੇ ਕਰ ਦਿੱਤੇ ਸਨ, ਜਿਹਨਾਂ ਵਿਚ ਉਸ ਨੇਤਾ ਦਾ ਨਾਂਅ ਤੇ ਜ਼ਮੀਨ ਦਾ ਪੂਰਾ ਬਿਓਰਾ ਸੀ। ਨੇਤਾ ਜੀ ਕਦੋਂ ਦੇ ਚਲਾਨਾ ਕਰ ਗਏ ਸਨ। ਹੁਣ ਤਾਂ ਉਹਨਾਂ ਦੇ ਬੁੱਤ ਹੀ ਬਾਕੀ ਰਹਿ ਗਏ ਸਨ। ਉਸਦੀ ਡਾਇਰੀ ਵਿਚ ਉਸਦੇ ਆਪਣੇ ਪਰਿਵਾਰ, ਕਿਸੇ ਰਿਸ਼ਤੇਦਾਰ ਜਾਂ ਘਰਬਾਰ ਦਾ ਜ਼ਿਕਰ ਤਕ ਨਹੀਂ ਸੀ।
ਢਲਦੀ ਧੁੱਪ ਨੇ ਉਸ ਰੁੱਖ ਨੂੰ ਬਿਲਕੁਲ ਬਦਲ ਦਿੱਤਾ ਸੀ...ਜਿਵੇਂ ਕੋਈ ਹੋਰ ਰੁੱਖ ਹੋਵੇ ਤੇ ਉੱਥੇ ਆ ਕੇ ਬੁੱਢੇ ਦੀ ਲਾਸ਼ ਉਪਰ ਛਾਂ ਕਰਨ ਲਈ ਰੁਕ ਗਿਆ ਹੋਵੇ। ਉਸਦੀ ਫੜਫੜਾਹਟ ਵਿਚ ਬੁੱਢੇ ਦੀ ਸਾਰੀ ਨਫ਼ਰਤ ਸ਼ਾਮਲ ਹੋ ਗਈ ਜਾਪਦੀ ਹੈ।
ਪੁਲਿਸ ਨੇ ਲਾਸ਼ ਆਪਣੇ ਕਬਜੇ ਵਿਚ ਕਰ ਲਈ।
ਪੁਲਿਸ ਦਾ ਕਹਿਣਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਪਥਰਾਅ ਕਾਰਨ ਮਰਿਆ ਹੈ। ਭੀੜ ਦਾ ਕਹਿਣਾ ਸੀ ਕਿ ਉਹ ਪੁਲਿਸ ਦੇ ਵੱਟਿਆਂ ਨਾਲ ਚੱਲ ਵੱਸਿਆ ਹੈ। ਇਸੇ ਗੱਲ ਨਾਲ ਉੱਥੇ ਉਤੇਜਨਾ ਵਧ ਗਈ।
ਇਹ ਸਿਰਫ ਅਸੀਂ ਜਾਣਦੇ ਸਾਂ ਕਿ ਉਸ ਯੋਧੇ ਨੂੰ ਕਿਸ ਨੇ ਮਾਰਿਆ ਹੈ। ਇਹ ਸੱਚ ਸੀ ਕਿ ਭਾਵੇਂ ਉਸਦੇ ਪ੍ਰਾਣ  ਪੱਥਰਾਂ-ਵੱਟਿਆਂ ਨਾਲ ਹੀ ਨਿਕਲੇ ਸਨ, ਪਰ ਇਹ ਵੀ ਸੱਚ ਸੀ ਕਿ ਉਸਦੀ ਲੀਲ੍ਹਾ ਪੱਥਰਾਅ ਕਾਰਨ ਸਮਾਪਤ ਨਹੀਂ ਸੀ ਹੋਈ। ਭੀੜ ਨੇ ਕੁਝ ਸ਼ੋਰ ਜ਼ਰੂਰ ਕੀਤਾ, ਪਰ ਲਾਸ਼ ਨੂੰ ਸਿਪਾਹੀਆਂ ਨੇ ਫਾਟਕ ਤਕ ਘਸੀਟਿਆ ਤੇ ਚੁੱਕ ਕੇ ਗੱਡੀ ਵਿਚ ਸੁੱਟ ਦਿੱਤਾ, ਜਿਵੇਂ ਕਿਸੇ ਜਾਨਵਰ ਨੂੰ ਸੁੱਟਿਆ ਜਾਂਦਾ ਹੈ।
ਪਾਰਕ ਵਿਚ ਅਜੇ ਤਕ ਉਸਦੇ ਕਾਗਜ਼ ਉੱਡ ਰਹੇ ਸਨ। ਰੁੱਖ ਹੇਠ ਉਸਦੇ ਚੀਥੜੇ, ਤਖ਼ਤੀਆਂ, ਡੰਡਾ ਤੇ ਪਾਣੀ ਦੀ ਬੋਤਲ ਪਈ ਸੀ। ਅਸੀਂ ਪਰਕ ਵਿਚੋਂ ਉਸਦੀਆਂ ਕਾਤਰਾਂ ਇਕੱਤਰ ਕਰਨ ਲੱਗੇ। ਇਕ ਮਨਹੂਸ ਜਿਹੀ ਖ਼ਾਮੋਸ਼ੀ ਪਾਰਕ ਉੱਤੇ ਛਾ ਗਈ ਸੀ।
ਕੱਲ੍ਹ, ਅੱਜ ਦੇ ਪ੍ਰਦਰਸ਼ਨ, ਗੋਲੀਬਾਰੀ ਤੇ ਬੁੱਢੇ ਦੀ ਮੌਤ 'ਤੇ ਸਾਡੀਆਂ ਰਿਪੋਰਟਾਂ ਪ੍ਰਕਾਸ਼ਤ ਹੋਣਗੀਆਂ। ਗੋਲੀ ਚੱਲਣ ਦਾ ਕਾਰਨ, ਜਲੂਸ ਉੱਤੇ ਪਾਬੰਦੀ, ਮਰਨ ਵਾਲਿਆਂ ਦੀ ਗਿਣਤੀ, ਸਰਕਾਰੀ ਅੰਕੜਿਆਂ ਦੇ ਅਨੁਸਾਰ ਪ੍ਰਕਾਸ਼ਤ ਹੋਵੇਗੀ। ਸੰਸਦ ਵਿਚ ਵਿਰੋਧੀ ਧਿਰ ਵਾਕ ਆਊਟ ਕਰ ਜਾਵੇਗੀ। ਤਿੱਖੀਆਂ ਬਹਿਸਾਂ ਹੋਣਗੀਆਂ। ਸਰਕਾਰ ਦੇ ਖ਼ਿਲਾਫ਼ ਸਾਡੇ ਸਾਂਸਦ ਸੰਸਦ ਵਿਚ ਬਿਆਨ ਦੇਣਗੇ।
ਮੁੱਖ ਸਫੇ ਉਪਰ ਸਾਰੀਆਂ ਖ਼ਬਰਾਂ ਵਿਚ ਉਹਨਾਂ ਦੇ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਹੋਵੇਗੀ, ਜਿਹਨਾਂ ਦੇ ਵਿਰੋਧ ਵਿਚ ਹਮੇਸ਼ਾ ਜਲੂਸ ਨਿਕਲਦੇ ਹਨ। ਉਹਨਾਂ ਵਿਚ ਹੀ ਕਿਤੇ ਸਾਡੀ ਬਿਮਾਰ ਜਿਹੀ ਰਿਪੋਰਟ ਨਜ਼ਰ ਆਵੇਗੀ ਤੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਜਾਵੇਗੀ। ਸ਼ਹਿਰਾਂ ਦੇ ਲੋਕ ਹਰ ਦੋ-ਤਿੰਨ ਦਿਨ ਬਾਅਦ ਕੁਝ ਨਵਾਂ ਚਾਹੁੰਦੇ ਨੇ...
ਮਾਰਗ ਉਪਰ ਜਨ-ਜੀਵਨ ਸਹਿਜੇ ਹੀ ਹਰ ਰੋਜ਼ ਵਰਗਾ ਹੋ ਚੁੱਕਿਆ ਸੀ। ਖ਼ੂਨ ਦੇ ਨਿਸ਼ਾਨ ਗੱਡੀਆਂ ਦੇ ਪਹੀਆਂ ਹੇਠ ਲਿਤੜੇ ਜਾ ਰਹੇ ਸਨ ਤੇ ਮਿਟਦੇ ਜਾ ਰਹੇ ਸਨ। ਲੋਕਾਂ ਕੋਲ ਏਨੀ ਵਿਹਲ ਵੀ ਨਹੀਂ ਸੀ ਕਿ ਦੇਖ ਲੈਂਦੇ ਕਿ ਉਹਨਾਂ ਦੇ ਪੈਰਾਂ ਤੇ ਪਹੀਆਂ ਹੇਠ ਮਰਨ ਵਾਲਿਆਂ ਦਾ ਖ਼ੂਨ ਹੈ। ਸ਼ਾਮ ਦੀ ਭੀੜ ਹਰ ਦਿਸ਼ਾ ਵੱਲੋਂ ਭੱਜੀ ਆ ਰਹੀ ਸੀ। ਦੁਕਾਨਾਂ ਹਮੇਸ਼ਾ ਵਾਂਗ ਸਨ। ਚਾਹਖ਼ਾਨਿਆਂ ਵਿਚ ਹਮੇਸ਼ਾ ਵਾਂਗ ਬਹਿਸਾਂ ਹੋ ਰਹੀਆਂ ਸਨ। ਸਿਨੇਮਾਂ ਘਰਾਂ ਦੇ ਬਾਹਰ ਟਿਕਟਾਂ ਦਾ ਵਪਾਰ ਬੇਧੜਕ ਹੋ ਰਿਹਾ ਸੀ। ਕੋਈ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਕੁਝ ਘੰਟੇ ਪਹਿਲਾਂ ਉੱਥੇ ਕੀ ਹੋਇਆ ਸੀ।
ਚਾਹਖ਼ਾਨੇ ਵਿਚ ਕਈ ਲੋਕ ਸਾਨੂੰ ਬੁਲਾਉਣ ਲੱਗੇ। ਅਸੀਂ ਕਿਸੇ ਵੱਲ ਭੌਂ ਕੇ ਨਹੀਂ ਦੇਖਿਆ। ਉਹਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਸਾਡੇ ਕੋਲ। ਇਸ ਵੇਲੇ ਅਸੀਂ ਉਹਨਾਂ ਦੀ ਦੁਨੀਆਂ ਤੋਂ ਬੜੀ ਦੂਰ ਸਾਂ।
ਮੈਂ ਸੋਚ ਰਿਹਾ ਸਾਂ ਕਿ ਦਲਾਂ ਨੂੰ ਤਾਂ ਇਕ ਸਵਾਰਥ ਇਸ ਮਾਰਗ ਉੱਤੇ ਲੈ ਆਉਂਦਾ ਹੈ, ਪਰ ਬੁੱਢਾ ਕਿਉਂ ਸਾਰੀ ਉਮਰ ਇਸੇ ਮਾਰਗ ਉੱਤੇ ਦੌੜਦਾ ਰਿਹਾ? ਉਹ ਇੱਥੋਂ ਨੱਸ ਕਿਉਂ ਨਹੀਂ ਗਿਆ? ਉਸਨੇ ਆਪਣੀ ਲੜਾਈ ਆਪਣੇ ਲੋਕਾਂ ਨਾਲ ਉਹਨਾਂ ਵਿਚਕਾਰ ਰਹਿ ਕੇ ਕਿਉਂ ਨਹੀਂ ਲੜੀ?
“ਜੇ ਇਹ ਸਹੀ ਮਾਰਗ ਉੱਤੇ ਤੁਰੇ ਹੁੰਦੇ ਤਾਂ ਵਾਰੀ-ਵਾਰੀ ਏਸ ਸੰਸਦ ਮਾਰਗ ਉੱਤੇ ਆਉਣ ਦੀ ਲੋੜ ਤਾਂ ਨਾ ਪੈਂਦੀ। ਕਦੀ ਵਰ੍ਹਿਆਂ ਬਾਅਦ ਇਕ ਅੱਧੀ ਵਾਰੀ ਆ ਜਾਂਦੇ। ਫੇਰ ਸਾਡੇ ਲੱਖਾਂ-ਕਰੋੜਾ ਲੋਕਾਂ ਦੇ ਦਿਲਾਂ ਵਿਚ ਵੀ ਹੁੰਦੇ। ਉਹ ਸਾਰੇ ਇਕੋ ਆਵਾਜ਼ ਉਪਰ ਕੁਰਬਾਨ ਹੋ ਜਾਣ ਲਈ ਤਿਆਰ ਹੁੰਦੇ।”
ਸੇਠੀ ਦੀ ਗੱਲ ਨੇ ਸਾਨੂੰ ਦੋਵਾਂ ਨੂੰ ਝੰਜੋੜ ਦਿੱਤਾ। ਇਹ ਉਹੀ ਗੱਲਾਂ ਸੀ ਜਿਹੜੀਆਂ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ। ਉਹਨਾਂ ਉਸ ਪੀੜ ਨੂੰ ਮੁੜ ਜਗਾ ਦਿੱਤਾ ਸੀ। ਉਸਨੇ ਗੁਸੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ। ਉਸਦੇ ਹੱਥ ਵਿਚ ਝੰਡੇ ਦੇ ਉਹ ਟੁਕੜੇ ਸਨ ਜਿਹੜੇ ਉਸਨੇ ਸੜਕ ਤੋਂ ਇਕੱਠੇ ਕੀਤੇ ਸਨ।
“ਕੀ ਇਹ ਸੱਚ ਨਹੀਂ ਕਿ ਸਾਡੀ ਲੜਾਈ ਗਲੀਆਂ, ਮੁਹੱਲਿਆਂ, ਮਿੱਲਾਂ, ਖੇਤਾਂ 'ਚੋਂ ਹੁੰਦੀ ਹੋਈ ਆਦਮੀ ਦੇ ਦਿਲ ਵਿਚ ਲੱਥ ਜਾਣੀ ਚਾਹੀਦੀ ਸੀ... ਪਰ ਇੰਜ ਹੋਇਆ ਨਹੀਂ।”
ਉਸਨੇ ਹੇਠੋਂ ਇਕ ਟੁੱਟਿਆ ਹੋਇਆ ਮਾਟੋ ਚੁੱਕਿਆ। ਉਸਦੀ ਡੰਡੀ ਜ਼ੋਰ ਨਾਲ ਮੇਰੀ ਪਿੱਠ ਉੱਤੇ ਮਾਰੀ—“ਜਵਾਬ  ਕਿਉਂ ਨਹੀਂ ਦੇਂਦਾ?”
ਇਸ ਸਵਾਲ ਦਾ ਜਵਾਬ ਉਸਨੂੰ ਪਤਾ ਸੀ, ਪਰ ਫੇਰ ਵੀ ਪਤਾ ਨਹੀਂ ਕਿਉਂ ਉਹ ਮੇਰੇ ਮੂੰਹੋਂ ਹੀ ਕਿਉਂ ਸੁਣਨਾ ਚਾਹੁੰਦਾ ਸੀ! ਜਵਾਬ ਤਾਂ ਕਾਮਰੇਡ ਫਿਤਰਤ ਦੇ ਹੀ ਚੁੱਕਿਆ ਸੀ। ਮੈਂ ਚੁੱਪ ਰਿਹਾ...
   --- --- ---

Tuesday, February 8, 2011

ਮੇਰਾ ਨਾਂਅ ਕੀ ਹੈ... :: ਰਮੇਸ਼ ਉਪਾਧਿਆਏ




ਹਿੰਦੀ ਕਹਾਣੀ :
ਮੇਰਾ ਨਾਂਅ ਕੀ ਹੈ...
ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ, ਜੈਤੋ


'ਦੋਵੇਂ ਪ੍ਰਭਾਵਸ਼ਾਲੀ ਓ। ਦੋਵੇਂ ਆਦਰਸ਼ਵਾਦੀ ਓ। ਦੋਵੇਂ ਆਪਣੇ ਦੇਸ਼ ਤੇ ਦੁਨੀਆਂ ਲਈ ਕੁਛ ਕਰਨਾ ਚਾਹੁੰਦੇ ਓ। ਤੁਹਾਡਾ ਸੁਭਾਅ ਤੇ ਵਿਚਾਰ ਵੀ ਇਕ ਦੂਜੇ ਨਾਲ ਮੇਲ ਖਾਂਦੇ ਨੇ। ਤੁਸੀਂ ਇਕ ਦੂਜੇ ਨੂੰ ਪ੍ਰੇਮ ਵੀ ਕਰਦੇ ਓ। ਫੇਰ ਸਮੱਸਿਆ ਕੀ ਹੈ? ਸ਼ਾਦੀ ਕਰ ਲਓ। ਮੈਨੂੰ ਪੂਰਾ ਵਿਸ਼ਵਾਸ ਏ ਕਿ ਤੁਸੀਂ ਦੋਵੇ ਇਕ ਦੂਜੇ ਦੇ ਵਿਅਕਤੀਤਵ ਦਾ ਵਿਕਾਸ ਕਰਦੇ ਹੋਏ ਜੀਵਨ ਵਿਚ ਕੋਈ ਵੱਡਾ ਕਾਰਜ ਕਰ ਸਕਦੇ ਓ।'
ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਕੇਡੀ ਭੁੱਲਕੜ ਹੋ ਗਈ ਆਂ। ਗੱਲਾਂ ਯਾਦ ਰਹਿੰਦੀਆਂ ਨੇ, ਪਰ ਇਹ ਭੁੱਲ ਜਾਂਦੀ ਆਂ ਕਿ ਕਿਹੜੀ ਗੱਲ ਕਿਸਨੇ ਆਖੀ ਸੀ। ਅਜੀਤ ਨੂੰ ਇਹ ਕਿਸ ਨੇ ਕਿਹਾ ਸੀ ਕਿ 'ਛੋਟੇ ਸ਼ਹਿਰਾਂ 'ਚ ਕੁਛ ਨਹੀਂ ਪਿਆ, ਦਿੱਲੀ ਜਾਂ ਬੰਬਈ ਵਰਗੇ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਕੁਛ ਕਰੋ।'? ਤੇ ਮੈਨੂੰ ਇਹ ਕਿਸ ਨੇ ਕਿਹਾ ਸੀ ਕਿ 'ਅਜੀਤ ਨੂੰ ਦਿੱਲੀ ਦੀ ਦਲਦਲ 'ਚ ਧਸਣ ਤੋਂ ਰੋਕ'? ਕਿਸ ਨੇ ਕਿਹਾ ਸੀ ਕਿ 'ਉੱਥੇ ਅਜੀਤ ਵਰਗੇ ਸੁਚੇਤ ਤੇ ਚੇਤਨਸ਼ੀਲ ਬੰਦੇ ਦਾ ਕੋਈ ਕੰਮ ਨਹੀਂ'? ਕਿਸ ਨੇ ਕਿਹਾ ਸੀ ਕਿ 'ਉੱਥੇ ਤਾਂ ਉਹੀ ਸਫਲ ਹੋ ਸਕਦਾ ਏ, ਜਿਹੜਾ ਦਲਾਲਾਂ ਵਾਂਗ ਲੋਕਾਂ ਨੂੰ ਪਸਮਾਉਣਾ ਤੇ ਰੰਡੀਆਂ ਵਾਂਗ ਸਾਰਿਆਂ ਨੂੰ ਖੁਸ਼ ਕਰਨਾ ਜਾਣਦਾ ਹੋਵੇ'? ਹੁਣ ਦੇਖ ਲਓ, ਗੱਲਾਂ ਮੈਨੂੰ ਸਾਰੀਆਂ ਯਾਦ ਨੇ, ਪਰ ਇਹ ਯਾਦ ਨਹੀਂ ਕਿ ਇਹ ਕਿਸ-ਕਿਸ ਨੇ ਆਖੀਆਂ ਸੀ!
ਮੈਨੂੰ ਕੋਈ ਬਿਮਾਰੀ ਨਹੀਂ; ਚੰਗੀ ਭਲੀ ਆਂ। ਸਰਦੀ ਜੁਕਾਮ ਹੋ ਜਾਏ ਤਾਂ ਹੋ ਜਾਏ, ਬਾਕੀ ਹੋਰ ਮੈਨੂੰ ਕੁਝ ਨਹੀਂ ਹੁੰਦਾ। ਬਿਮਾਰ ਹੋ ਕੇ ਮੰਜਾ ਮੱਲ ਲੈਣਾ ਮੈਨੂੰ ਪਸੰਦ ਨਹੀਂ। ਸੱਚ ਪੁੱਛੋ ਤਾਂ ਮੈਂ ਬਿਮਾਰ ਪੈਣਾ ਅਫ਼ੋਰਡ ਈ ਨਹੀਂ ਕਰ ਸਕਦੀ। ਨੌਕਰੀ ਏ, ਬੱਚੇ ਨੇ, ਦੁਨੀਆਂਦਾਰੀ ਦੇ ਸਾਰੇ ਝਮੇਲੇ ਨੇ।...ਤੇ ਸਭ ਤੋਂ ਵੱਡਾ ਝਮੇਲਾ ਏ,ਅਜੀਤ।
ਆਦਮੀ ਕਿੰਨੀ ਛੇਤੀ, ਕੀ ਤੋਂ ਕੀ ਬਣ ਜਾਂਦਾ ਏ! ਕਾਲਜ 'ਚ ਪੜ੍ਹਦਾ ਹੋਇਆ, ਕੈਸੇ ਸੁਪਨੇ ਦੇਖਦਾ ਸੀ! ਵੱਡਾ ਵਿਗਿਆਨਕ ਬਣੇਗਾ; ਦੇਸ਼ ਦੇ ਲੋਕਾਂ 'ਚ ਵਿਗਿਆਨਕ ਸੋਚ ਜਗਾਵੇਗਾ; ਉਹਨਾਂ ਨੂੰ ਭੁੱਖ, ਰੋਗ, ਗਰੀਬੀ ਤੇ ਪ੍ਰਦੂਸ਼ਨ ਤੋਂ ਬਚਾਵੇਗਾ। ਕਿੰਨਾ ਸਾਦਾ ਜਿਹਾ ਰਹਿੰਦਾ ਸੀ! ਅਮੀਰ ਲੋਕਾਂ ਨਾਲ ਕਿੰਨੀ ਨਫ਼ਰਤ ਕਰਦਾ ਸੀ। ਖਾਸ ਕਰਕੇ ਉਹਨਾਂ ਲੋਕਾਂ ਨਾਲ, ਜਿਹੜੇ ਵਿਗਿਆਨ ਪੜ੍ਹ ਕੇ ਜਾਂ ਪੜ੍ਹਨ ਲਈ ਵਿਦੇਸ਼ ਚਲੇ ਜਾਂਦੇ ਸੀ ਤੇ ਉੱਥੇ ਈ ਵੱਸ ਜਾਂਦੇ ਸੀ। “ਸਾਲੇ ਪੈਸੇ ਦੇ ਗ਼ੁਲਾਮ! ਪੈਸਾ ਕਮਾਉਣ ਲਈ ਦੂਜਿਆਂ ਦੀ ਗ਼ੁਲਾਮੀ ਕਰਨ ਚਲੇ ਜਾਂਦੇ ਨੇ! ਇਹ ਨਹੀਂ ਦੇਖਦੇ ਬਈ ਇਹਨਾਂ ਦੇ ਆਪਣੇ ਦੇਸ਼ ਨੂੰ ਇਹਨਾਂ ਦੇ ਆਪਣੇ ਕੰਮ ਦੀ ਕਿੰਨੀ ਲੋੜ ਏ!” ਇਹ ਅਜੀਤ ਹੀ ਕਹਿੰਦਾ ਸੀ ਨਾ?
ਤਾਂ ਫੇਰ ਇਹ ਕੌਣ ਕਹਿੰਦਾ ਸੀ ਕਿ 'ਜਲੰਧਰ 'ਚ ਕੁਛ ਨਹੀਂ ਹੋ ਸਕਦਾ, ਦਿੱਲੀ ਈ ਜਾਣਾ ਪਵੇਗਾ'? ਇਹ ਕਿਸ ਨੇ ਕਿਹਾ ਸੀ ਕਿ 'ਦਿੱਲੀ ਵਿਚ ਸਭ ਕੁਛ ਏ। ਵੱਡੇ-ਵੱਡੇ ਵਿਗਿਆਨਕ। ਵੱਡੀਆਂ-ਵੱਡੀਆਂ ਪ੍ਰਯੋਗਸ਼ਾਲਾਵਾਂ। ਵੱਡੇ-ਵੱਡੇ ਸ਼ੋਧ-ਕੇਂਦਰ। ਕੰਮ ਕਰਨ ਦੇ ਵੱਡੇ-ਵੱਡੇ ਮੌਕੇ।' ਕੌਣ ਕਹਿੰਦਾ ਹੁੰਦਾ ਸੀ ਇਹ? ਤੇ ਅਜੀਤ ਨੂੰ ਇਹ ਕਿਸ ਨੇ ਕਿਹਾ ਸੀ ਕਿ 'ਇਹ ਉਹੀ ਮਾਨਸਿਕਤਾ ਐ, ਜਿਹੜੀ ਵਿਗਿਆਨਕਾਂ ਨੂੰ ਵਿਦੇਸ਼ੀਂ ਲੈ ਜਾਂਦੀ ਐ'?
ਤੇ ਇੱਥੇ ਦਿੱਲੀ ਵਿਚ ਕਿਸ ਨੇ ਕਿਸ ਨੂੰ ਕਿਹਾ ਸੀ ਕਿ 'ਇਸ ਦੇਸ਼ ਵਿਚ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਦੀ ਕਦਰ ਨਹੀਂ'? ਕਿਸ ਨੇ ਕਿਸ ਨੂੰ ਕਿਹਾ ਸੀ ਕਿ 'ਬੰਦਾ ਜੂਨੀਅਰ ਸਾਇੰਟਿਸਟ ਦੀ ਨੌਕਰੀ ਤੋਂ ਕਿਤੇ ਵੱਧ ਪੈਸਾ, ਕਿਸੇ ਦਵਾਈਆਂ ਦੀ ਕੰਪਨੀ ਦਾ ਸੇਲਜ਼ ਮੈਨ ਲੱਗ ਕੇ ਕਮਾਅ ਸਕਦਾ ਏ'? ਤੇ ਇਹ ਅਜੀਤ ਨੂੰ ਕਿਸ ਨੇ ਕਿਹਾ ਸੀ ਕਿ 'ਅਜੀਤ ਤੂੰ ਵਿਦੇਸ਼ ਜਾ ਕੇ ਵੱਸ ਜਾਣ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੁੰਦਾ ਸੈਂ ਕਿ ਉਹ ਉੱਥੇ ਜਾ ਕੇ ਦੂਜਿਆਂ ਦੀ ਗ਼ੁਲਾਮੀ ਕਰਦੇ ਨੇ, ਪਰ ਤੂੰ ਤਾਂ ਇਸ ਮਲਟੀ ਨੈਸ਼ਨਲ ਕੰਪਨੀ ਵਿਚ ਨੌਕਰੀ ਕਰਕੇ ਦੇਸ਼ 'ਚ ਰਹਿ ਕੇ ਈ ਵਿਦੇਸ਼ੀਆਂ ਦਾ ਗ਼ੁਲਾਮ ਬਣ ਗਿਐਂ'? ਇਹ ਕਿਸ ਨੇ ਕਿਹਾ ਸੀ?
ਸੱਚਮੁੱਚ ਭੁੱਲਕੜ ਹੋ ਗਈ ਆਂ। ਮੇਰੇ 'ਚ ਬਸ ਇਹੋ ਇਕ ਪਰਿਵਤਨ ਆਇਆ ਏ। ਵਰਨਾਂ ਵੈਸੀ ਓ ਆਂ, ਜੈਸੀ ਜਲੰਧਰ 'ਚ ਸਾਂ। ਓਨੀਂ ਹੀ ਤੰਦਰੁਸਤ ਤੇ ਸੁੰਦਰ। ਕੁਛ ਮੋਟੀ ਜ਼ਰੂਰ ਹੋ ਗਈ ਆਂ, ਪਰ ਏਨੀ ਮੋਟੀ ਵੀ ਨਹੀਂ। ਮੈਨੂੰ ਦੇਖ ਕੇ ਕੀ ਕੋਈ ਕਹਿ ਸਕਦਾ ਏ ਕਿ ਮੇਰੀ ਸ਼ਾਦੀ ਹੋਇਆਂ ਅੱਠ ਸਾਲ ਹੋ ਚੁੱਕੇ ਨੇ ਤੇ ਮੈਂ ਦੋ ਬੱਚਿਆਂ ਦੀ ਮਾਂ ਆਂ? ਜਿਸ ਦਿਨ ਸਾੜ੍ਹੀ ਦੀ ਜਗ੍ਹਾ ਸਲਵਾਰ-ਸੂਟ ਪਾ ਜਾਂਦੀ ਆਂ, ਦਫ਼ਤਰ ਦੇ ਹਰੇਕ ਮਰਦ ਦੀ ਨਜ਼ਰ ਇਹ ਕਹਿੰਦੀ ਲੱਗਦੀ ਏ ਕਿ 'ਅੱਜ ਤਾਂ ਕਵਿਤਾ ਕਾਲੇਜ 'ਚ ਪੜ੍ਹਨ ਵਾਲੀ ਕੁੜੀ ਲੱਗ ਰਹੀ ਏ।' ਇਕ ਵਾਰੀ ਦਫ਼ਤਰ ਦੇ ਲੋਕਾਂ ਨਾਲ ਪਿੱਕਨਿਕ 'ਤੇ ਗਈ ਸਾਂ, ਤਾਂ ਜੀਂਸ ਪਾ ਗਈ ਸਾਂ। ਸਾਰਾ ਸਮਾਂ ਇਵੇਂ ਲੱਗਦਾ ਰਿਹਾ, ਜਿਵੇਂ ਸਾਰੇ ਮਰਦ ਮੈਨੂੰ ਹੀ ਦੇਖ ਰਹੇ ਹੋਣ। ਅਜੀਤ ਅਕਸਰ ਦਿੱਲੀ ਦੇ ਪ੍ਰਦੂਸ਼ਨ ਦੀ ਸ਼ਿਕਾਇਤ ਕਰਦਾ ਏ, ਪਰ ਮੇਰੇ ਉੱਤੇ ਪ੍ਰਦੂਸ਼ਨ ਵਗ਼ੈਰਾ ਦਾ ਵੀ ਕੋਈ ਅਸਰ ਨਹੀਂ, ਜਦਕਿ ਮੈਨੂੰ ਦਫ਼ਤਰ ਜਾਣ ਤੇ ਆਉਣ ਲਈ ਸਵੇਰੇ-ਸ਼ਾਮ, ਦੋਹੇਂ-ਵੇਲੇ, ਬਸ 'ਚ ਇਕ-ਇਕ ਘੰਟੇ ਦਾ ਸਫ਼ਰ ਕਰਨਾ ਪੈਂਦਾ ਏ। ਬਿਲਕੁਲ ਪੀਕ ਆਵਰਜ਼ ਵਿਚ, ਜਦੋਂ ਦਿੱਲੀ ਦੀਆਂ ਸੜਕਾਂ 'ਤੇ ਪ੍ਰਦੂਸ਼ਨ ਸਭ ਤੋਂ ਵੱਧ ਹੁੰਦਾ ਏ।
ਪਰ ਇਹ ਕਿਸ ਨੇ ਕਿਹਾ ਸੀ ਕਿ 'ਕਵਿਤਾ ਮਲਹੋਤਰਾ, ਤੂੰ ਕਿੰਨੀ ਬਦਲ ਗਈ ਏਂ! ਪੜ੍ਹਨਾ ਲਿਖਣਾ ਸਭ ਛੱਡ ਦਿੱਤਾ ਈ? ਬੀ.ਏ. ਆਨਰਸ 'ਚ ਇੰਗਲਿਸ਼ ਲਿਟਰੇਚਰ ਪੜ੍ਹਦੀ ਹੋਈ ਤਾਂ ਤੂੰ ਲੇਖਿਕਾ ਬਣਨਾ ਚਾਹੁੰਦੀ ਸੈਂ, ਉਹ ਵੀ 'ਸਿਮੋਨ ਦ ਬੁਵਾ' ਵਾਂਗਰ ਵੱਡੀ ਲੇਖਿਕਾ!' ਇਹ ਕਿਸ ਨੇ ਕਿਹਾ ਸੀ? ਕਿਸਨੇ?
ਕੀ ਹੋਇਆ? ਕੀ ਇਹ ਸੰਭਵ ਏ ਕਿ ਇਨਸਾਨ ਜੋ ਚਾਹੇ, ਬਣ ਜਾਵੇ? ਕੀ ਅਜੀਤ ਵਿਗਿਆਨਕ ਬਣ ਸਕਿਆ? ਆਪਣੇ ਦੇਸ਼ ਤੇ ਦੁਨੀਆਂ ਲਈ ਕੁਛ ਕਰ ਸਕਿਆ? ਆਪਣੇ ਦੇਸ਼ ਵਿਚ ਈ ਵਿਦੇਸ਼ੀਆਂ ਦੀ ਗ਼ੁਲਾਮੀ ਕਰ ਰਿਹੈ। ਹਾਂ, ਗ਼ੁਲਾਮੀ ਨਹੀਂ ਤਾਂ ਹੋਰ ਕੀ ਏ? ਨੌਕਰੀ ਤਾਂ ਮੈਂ ਵੀ ਕਰਦੀ ਆਂ, ਭਲਾਂ-ਦੀ ਪੈਸੇ ਮੈਨੂੰ ਘੱਟ ਮਿਲਦੇ ਨੇ, ਪਰ ਮੈਂ ਉਸ ਵਾਂਗ ਚੌਵੀ ਘੰਟਿਆਂ ਦੀ ਨੌਕਰ ਤਾਂ ਨਹੀਂ ਨਾ। ਉਹ ਤਾਂ ਦਿਨ ਰਾਤ ਚਾਕਰੀ ਵਿਚ ਰੁੱਝਿਆ ਰਹਿੰਦਾ ਏ। ਮਹੀਨੇ ਵਿਚ ਵੀਹ ਦਿਨ ਦਿੱਲੀ ਤੋਂ ਬਾਹਰ ਟੂਰ 'ਤੇ। ਜਿਹਨੀਂ ਦਿਨੀਂ ਦਿੱਲੀ 'ਚ ਹੁੰਦਾ ਏ, ਉਹਨੀਂ ਦਿਨੀ ਵੀ ਸਵੇਰੇ ਨੌ ਵਜੇ ਘਰੋਂ ਨਿਕਲਦਾ ਏ ਤੇ ਰਾਤੀਂ ਨੌ-ਦਸ ਵਜੇ ਪਰਤਦਾ ਏ। ਕੰਪਨੀ ਨੇ ਫ਼ੋਨ, ਫ਼ੈਕਸ ਤੇ ਪਰਸਨਲ ਕੰਪਿਊਟਰ ਦਿੱਤਾ ਹੋਇਆ ਏ। ਕਾਰ ਉਸਨੇ ਖ਼ੁਦ ਖ਼ਰੀਦ ਲਈ ਏ। ਕਹਿਣ ਨੂੰ ਉਸ ਕੋਲ ਕਿੰਨੀਆਂ ਸਹੂਲਤਾਂ ਨੇ, ਪਰ ਘਰ ਆਉਂਦਾ ਏ ਤਾਂ ਇੰਜ ਥੱਕਿਆ-ਟੁੱਟਿਆ ਜਿਵੇਂ ਬੱਸਾਂ ਵਿਚ ਖੜ੍ਹਾ-ਖਲੋਤਾ ਧੱਕੇ ਖਾ-ਖਾ ਕੇ ਆਇਆ ਹੋਵੇ। ਆਉਂਦਿਆਂ ਈ ਆਪਣਾ ਪੈਗ ਬਣਾ ਕੇ ਟੀ.ਵੀ. ਸਾਹਮਣੇ ਬੈਠ ਜਾਂਦਾ ਏ। ਥੋੜ੍ਹੀ ਦੇਰ ਬੱਚਿਆਂ ਨਾਲ ਗੱਲਾਂ ਕਰਦਾ ਏ, ਥੋੜ੍ਹੀ ਦੇਰ ਮੇਰੇ ਨਾਲ। ਪਰ ਮੇਰੇ ਨਾਲ ਉਹ ਕੀ ਗੱਲਾਂ ਕਰਦਾ ਏ? ਆਪਣੇ ਕੰਮ ਦੀਆਂ, ਆਪਣੇ ਕੈਰੀਅਰ ਦੀਆਂ, ਆਪਣੇ ਤਣਾਅ ਦੀਆਂ, ਆਪਣੀਆਂ ਪ੍ਰੇਸ਼ਾਨੀਆਂ ਦੀਆਂ। ਦੋ ਪੈਗ ਪੀ ਕੇ ਖਾਣਾ ਖਾਂਦਾ ਏ ਤੇ ਦੋ ਤਿੰਨ ਪੈਗ ਖਾਣਾ ਖਾਣ ਪਿੱਛੋਂ ਆਪਣੇ ਕਮਰੇ ਵਿਚ ਕੰਮ ਕਰਦਾ ਹੋਇਆ ਪੀਂਦਾ ਏ। ਰਾਤ ਦੇ ਬਾਰਾਂ-ਇਕ ਵਜੇ ਤਕ ਆਪਣੇ ਕੰਮ ਵਿਚ ਜੁਟਿਆ ਰਹਿੰਦਾ ਏ, ਜਿਵੇਂ ਮੇਰੇ ਨਾਲੋਂ ਤੇ ਬੱਚਿਆਂ ਨਾਲੋਂ ਵੱਧ ਉਸਨੂੰ ਫ਼ੋਨ, ਫ਼ੈਕਸ ਤੇ ਕੰਪਿਊਟਰ ਨਾਲ ਪਿਆਰ ਹੋਵੇ...
'ਅਜੀਤ ਇਸ ਨੌਕਰੀ ਵਿਚੋਂ ਪੈਸੇ ਦੇ ਸਿਵਾਏ ਤੈਨੂੰ ਹੋਰ ਕੀ ਮਿਲ ਰਿਹਾ ਏ? ਕਿਹੜੀ ਖੁਸ਼ੀ? ਕਿਹੜਾ ਆਰਾਮ? ਮੰਨਿਆਂ ਤੂੰ ਖ਼ੂਬ ਵੱਡੇ ਮਕਾਨ ਵਿਚ ਰਹਿ ਰਿਹਾ ਏਂ, ਪਰ ਇਹ ਤਾਂ ਸੋਚ ਕਿ ਤੇਰੇ ਜੀਵਨ 'ਚ ਕੋਈ ਸਾਰਥਕਤਾ ਵੀ ਹੈ?' ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਮੇਰੇ ਇਸ ਭੁੱਲਕੜਪਨ ਦਾ ਕਾਰਨ ਕੀ ਏ? ਪਤਾ ਨਹੀਂ। ਪਰ ਮੈਂ ਬਿਮਾਰ ਨਹੀਂ। ਆਪਣਾ ਕੋਈ ਕੰਮ ਮੈਂ ਕਦੀ ਨਹੀਂ ਭੁੱਲਦੀ। ਸਵੇਰੇ ਪੰਜ ਵਜੇ ਉਠਦੀ ਆਂ। ਸਰਿਆਂ ਲਈ ਚਾਹ, ਨਾਸ਼ਤਾ ਤੇ ਖਾਣਾ ਬਣਾਉਂਦੀ ਆਂ। ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਆਂ। ਸਾਰਿਆਂ ਦੇ ਟਿਫ਼ਨ ਭਰਦੀ ਆਂ। ਖ਼ੁਦ ਨਹਾਅ-ਧੋ ਕੇ ਆਪਣੀ ਨੌਕਰੀ 'ਤੇ ਜਾਣ ਲਈ ਤਿਆਰ ਹੁੰਦੀ ਆਂ। ਏਨੀ ਵੀ ਵਿਹਲ ਨਹੀਂ ਮਿਲਦੀ ਕਿ ਅਖ਼ਬਾਰ ਦੀਆਂ ਸੁਰਖੀਆਂ ਈ ਦੇਖ ਲਵਾਂ। ਬਸ-ਸਟੈਂਡ ਤਕ ਨੱਠਦੀ ਹੋਈ ਜਾਂਦੀ ਆਂ। ਸਮੇਂ 'ਤੇ ਨਾ ਪਹੁੰਚੋ, ਤਾਂ ਚਾਰਟਰਡ ਬਸ ਨਿਕਲ ਜਾਂਦੀ ਏ ਤੇ ਕਿਸੇ ਭੀੜ-ਭਰੀ ਬਸ 'ਚ ਧੱਕੇ ਖਾਂਦਿਆਂ ਹੋਇਆਂ ਜਾਣਾ ਪੈਂਦਾ ਏ। ਜਾਂ ਆਟੋ ਲੈਣਾ ਪੈਂਦਾ ਏ। ਪਰ ਆਟੋ 'ਚ ਵੀ ਉਹ ਆਰਾਮ ਕਿੱਥੇ, ਜਿਹੜਾ ਚਾਰਟਰਡ ਬਸ 'ਚ ਏ? ਮੈਂ ਤਾਂ ਉਸ 'ਚ ਬੈਠ ਕੇ ਸਵੇਰੇ-ਸ਼ਾਮ ਦੋਹੇਂ ਵੇਲੇ ਅੱਧੇ ਪੌਣੇ ਘੰਟੇ ਦੀ ਝਪਕੀ ਵੀ ਲੈ ਲੈਂਦੀ ਆਂ।
ਅਜੀਤ ਕਹਿੰਦਾ ਏ ਕਿ ਤੂੰ ਆਪਣੇ ਲਈ ਵੀ ਗੱਡੀ ਲੈ-ਲੈ। ਲੈ ਸਕਦੀ ਆਂ, ਪਰ ਲੈਣਾ ਨਹੀਂ ਚਾਹੁੰਦੀ। ਖ਼ੁਦ ਡਰਾਈਵ ਕਰਨ ਦੀ ਇਕ ਹੋਰ ਟੈਂਸ਼ਨ ਕਿਉਂ ਮੁੱਲ ਲਵਾਂ, ਜਦਕਿ ਚਾਰਟਰਡ ਬਸ 'ਚ ਆਰਾਮ ਨਾਲ ਆ ਜਾ ਸਕਦੀ ਆਂ? ਬਸ 'ਚ ਸੌਣ ਦੀ ਆਦਤ ਪੈ ਗਈ ਏ। ਖ਼ੁਦ ਡਰਾਈਵ ਕਰਦਿਆਂ ਹੋਇਆਂ ਝਪਕੀ ਆ ਜਾਵੇ, ਫੇਰ? ਨਾਲੇ ਦਿੱਲੀ ਦੇ ਟਰੈਫ਼ਿਕ ਦੀ ਅਰਾਜਕਤਾ 'ਚ ਡਰਾਈਵ ਕਰਨਾ? ਨਾ ਬਾਬਾ, ਇਸ ਤੋਂ ਬਸ ਈ ਭਲੀ। ਸਵੇਰੇ-ਸ਼ਾਮ ਦੀ ਝਪਕੀ ਵੀ ਜ਼ਰੂਰੀ ਏ। ਰਾਤ ਨੂੰ ਤਾਂ ਕਦੀ ਨੀਂਦ ਪੂਰੀ ਹੁੰਦੀ ਨਹੀਂ, ਬਸ ਵਿਚ ਸੌਣ ਦਾ ਮੌਕਾ ਨਾ ਮਿਲੇ, ਤਾਂ ਸ਼ਾਇਦ ਮੈਂ ਘਰ ਤੇ ਦਫ਼ਤਰ 'ਚ ਕੰਮ ਹੀ ਨਾ ਕਰ ਸਕਾਂ।
'ਤੂੰ ਏਨਾ ਕੰਮ ਕਿਉਂ ਕਰਦੀ ਏਂ, ਕਵਿਤਾ? ਕੁਝ ਲੋਕ ਅਲਕੋਹਲਿਕ ਹੁੰਦੇ ਨੇ, ਤੂੰ ਵਰਕੋਹਲਿਕ ਏਂ। ਦਫ਼ਤਰ ਦੀਆਂ ਹੋਰ ਔਰਤਾਂ ਵੱਲ ਵੇਖ। ਅਕਸਰ ਲੇਟ ਆਉਂਦੀਆਂ ਨੇ। ਦੋ ਮਿੰਟ ਦਾ ਕੰਮ, ਦੋ ਘੰਟਿਆਂ 'ਚ ਕਰਦੀਆਂ ਨੇ। ਕੰਮ ਨਾਲੋਂ ਵਧੇਰੇ ਆਰਾਮ ਕਰਦੀਆਂ ਨੇ। ਚੁਗ਼ਲੀ ਤੇ ਚਾ-ਪਲੂਸੀ 'ਚ ਲੱਗੀਆਂ ਰਹਿੰਦੀਆਂ ਨੇ। ਪਰ ਤੂੰ ਹਮੇਸ਼ਾ ਸਹੀ ਸਮੇਂ 'ਤੇ ਆਉਂਦੀ ਏਂ। ਆਪਣੇ ਕੰਮ ਨਾਲ ਕੰਮ ਰੱਖਦੀ ਏਂ। ਆਪਣਾ ਕੰਮ ਤਾਂ ਕਰਦੀ ਈ ਏਂ, ਦੂਜਿਆਂ ਦੇ ਕੰਮ 'ਚ ਵੀ ਹੱਥ ਵੰਡਾਅ ਦੇਂਦੀ ਏਂ। ਕਿਉਂ ਕਰਦੀ ਏਂ ਏਨਾ ਕੰਮ'? ਕਿਸ ਨੇ ਕਿਹਾ ਸੀ? ਕਿਸਨੇ?
ਯਾਦ ਨਹੀਂ, ਪਰ ਜਿਸ ਨੇ ਵੀ ਕਿਹਾ ਸੀ, ਸ਼ਾਇਦ ਉਸਨੇ ਇਹ ਵੀ ਕਿਹਾ ਸੀ ਕਿ 'ਹਮੇਸ਼ਾ ਕੰਮ ਵਿਚ ਜੁਟੇ ਰਹਿਣ ਦਾ ਭੁਸ ਵੀ, ਹਮੇਸ਼ਾ ਨਸ਼ੇ ਵਿਚ ਧੁੱਤ ਰਹਿਣ ਵਾਂਗਰ ਖ਼ਰਾਬ ਹੁੰਦਾ ਏ। ਇਸ ਭੁਸ ਦੇ ਵੀ ਕੁਛ ਓਹੋ ਜਿਹੇ ਈ ਕਾਰਨ ਤੇ ਨਤੀਜੇ ਹੁੰਦੇ ਨੇ। ਤੈਨੂੰ ਅਜੀਤ ਨਾਲ ਕੋਈ ਸ਼ਿਕਾਇਤ ਤਾਂ ਨਹੀਂ?'
ਨਹੀਂ ਅਜੀਤ ਨਾਲ ਮੈਨੂੰ ਕੀ ਸ਼ਿਕਾਇਤ ਹੋ ਸਕਦੀ ਹੈ? ਅਜੀਤ ਤਾਂ ਬੜਾ ਚੰਗਾ ਏ। ਮੇਰਾ ਬੜਾ ਖ਼ਿਆਲ ਰੱਖਦਾ ਏ। ਕੱਲ੍ਹ ਹੀ ਕਹਿ ਰਿਹਾ ਸੀ ਕਿ ਤੂੰ ਆਪਣੇ ਲਈ ਵੀ ਗੱਡੀ ਲੈ ਲੈ। ਉਹ ਮੈਨੂੰ ਬਹੁਤਾ ਸਮਾਂ ਨਹੀਂ ਦੇ ਸਕਦਾ, ਇਹ ਉਹਦੀ ਮਜ਼ਬੂਰੀ ਏ। ਉਹਦੀ ਨੌਕਰੀ ਈ ਅਜਿਹੀ ਏ। 'ਹੁਣ ਤਾਂ ਲੱਗਦਾ ਏ ਕਿ ਇਸ ਦੇਸ਼ ਵਿਚ ਵਧੇਰੇ ਲੋਕਾਂ ਦੀ ਜ਼ਿੰਦਗੀ ਅਜਿਹੀ ਈ ਹੋਣ ਵਾਲੀ ਏ। ਹੁਣ ਇਹ ਨਹੀਓਂ ਚੱਲਣਾ ਕਿ ਇਕ ਨੌਕਰੀ ਲੱਭੀ ਤੇ ਜ਼ਿੰਦਗੀ ਭਰ ਲਈ ਉਸੇ ਨਾਲ ਵੱਝ ਗਏ। ਕੰਮ ਕਰਨਾ ਪਏਗਾ, ਕੰਪੀਟੀਸ਼ਨ ਕਰਨਾ ਪਏਗਾ। ਜੀਵਨ ਵਿਚ ਸਥਿਤਰਤਾ ਨਹੀਂ ਹੋਵੇਗੀ। ਅੱਜ ਇੱਥੇ, ਤੇ ਕੱਲ੍ਹ ਕਿਤੇ ਹੋਰ। ਕਦੀ ਇਸ ਦੇਸ਼ ਵਿਚ, ਤੇ ਕਦੀ ਕਿਸੇ ਹੋਰ ਦੇਸ਼ ਵਿਚ।' ਅਜੀਤ ਬੱਚਿਆਂ ਨੂੰ ਹੁਣੇ ਤੋਂ ਅਜਿਹੀ ਜ਼ਿੰਦਗੀ ਲਈ ਤਿਆਰ ਕਰ ਰਿਹਾ ਏ। ਬੱਚੇ ਵੀ ਹੁਣੇ ਤੋਂ ਇਹ ਸੋਚਣ ਲੱਗ ਪਏ ਨੇ ਕਿ 'ਉਹਨਾਂ ਇਸ ਸੜੇ-ਪੱਛੜੇ ਦੇਸ਼ ਵਿਚ ਨਹੀਂ ਰਹਿਣਾ, ਪੜ੍ਹ ਲਿਖ ਕੇ ਅਮਰੀਕਾ ਵਿਚ ਜਾ ਵੱਸਣਾ ਏਂ।'
ਇਹ ਮੈਨੂੰ ਕਿਸ ਨੇ ਕਿਹਾ ਸੀ? ਕਿਸ ਨੇ?
ਯਾਦ ਨਹੀਂ। ਪਰ ਅਜੀਤ ਉੱਤੇ ਕਦੀ-ਕਦੀ ਤਰਸ ਆਉਂਦਾ ਏ। ਵਿਚਾਰਾ ਕਿੰਨੀ ਭੱਜ-ਦੌੜ ਕਰਦਾ ਹੈ ! ਘਰ ਵਿਚ ਹੁੰਦਾ ਵੀ ਹੈ, ਤਾਂ, ਨਾ ਹੋਣ ਤੇ ਬਰਾਬਰ। ਰਾਤ ਦੇ ਬਾਰਾਂ ਵਜੇ ਸੌਂਦਾ ਏ ਤੇ ਸਵੇਰੇ ਮੇਰੇ ਨਾਲ ਹੀ ਪੰਜ ਵਜੇ ਉਠ ਪੈਂਦਾ ਏ। ਕਿੱਥੇ-ਕਿੱਥੇ ਜਾਣਾ ਏਂ, ਕਿਸ ਕਿਸ ਨੂੰ ਮਿਲਣਾ ਏਂ, ਕਿਸ ਨੂੰ ਕੀ ਦੇਣਾ ਏਂ, ਕਿਸ ਤੋਂ ਕੀ ਲੈਣਾ ਏਂ—ਸਾਰੇ ਪ੍ਰੋਗਰਾਮ ਫ਼ੋਨ ਕਰ-ਕਰ ਕੇ ਉਲੀਕ ਲੈਂਦਾ ਹੈ। ਇਸ ਦੇ ਨਾਲ-ਨਾਲ ਚਾਹ ਪੀਂਦੈ, ਅਖ਼ਬਾਰ ਦੇਖਦੈ, ਖ਼ਬਰਾਂ ਸੁਣਦੈ, ਸ਼ੇਵ ਕਰਦੈ, ਨਹਾਉਂਦੈ, ਨਾਸ਼ਤਾ ਕਰਦੈ ਤੇ ਦੌੜ ਜਾਂਦੈ। ਕਦੀ ਕਦੀ ਤਾਂ ਚਾਹ ਵੀ ਪੀਤੇ ਬਿਨਾਂ ਹੀ ਚਲਾ ਜਾਂਦਾ ਏ। ਅਜਿਹੇ ਆਦਮੀ ਪ੍ਰਤੀ ਸ਼ਿਕਾਇਤ ਕਾਹਦੀ?
ਮੈਂ ਸ਼ਾਮੀ ਘਰ ਵਾਪਸ ਆਉਣ ਲਈ ਛੇ ਵਜੇ ਦੀ ਚਾਰਟਰਡ ਬਸ ਫੜਦੀ ਆਂ। ਸਤ ਵਜੇ ਮਾਰਕੀਟ 'ਤੇ ਉਤਰਦੀ ਆਂ। ਸਾਗ ਸਬਜ਼ੀ, ਮਟਨ ਚਿਕਨ, ਬਰੈਡ ਬਟਰ ਵਗ਼ੈਰਾ ਖ਼ਰੀਦਦੀ ਆਂ। ਬੱਚੇ ਦਿਨੇ ਢਾਈ ਤਿੰਨ ਵਜੇ ਤਕ ਸਕੂਲੋਂ ਆ ਜਾਂਦੇ ਨੇ ਤੇ ਫਰਿਜ ਵਿਚ ਜੋ ਕੁਛ ਪਿਆ ਹੁੰਦਾ ਏ, ਖਾ-ਪੀ ਕੇ ਸੌਂ ਜਾਂਦੇ ਨੇ। ਉਠ ਕੇ ਆਪਣਾ ਹੋਮ-ਵਰਕ ਕਰਦੇ ਨੇ। ਥੋੜ੍ਹਾ ਚਿਰ ਖੇਡਦੇ ਜਾਂ ਟੀ.ਵੀ. ਦੇਖਦੇ ਨੇ। ਥੋੜ੍ਹਾ ਚਿਰ ਕੰਪਿਊਟਰ ਸਿੱਖਦੇ ਨੇ। ਸ਼ਾਮ ਨੂੰ ਅੰਕੁਰ ਜਿੰਮ ਵਿਚ ਖੇਡਾਂ ਦੀ ਪ੍ਰੈਕਟਿਸ ਕਰਨ ਚਲਾ ਜਾਂਦਾ ਏ, ਤੇ ਆਸ਼ੀ ਮਿਊਜ਼ਿਕ ਅਕੈਡਮੀ ਵਿਚ ਨਾਚ-ਗਾਣਾ ਸਿੱਖਣ ਲਈ। ਘਰ ਦੀ ਇਕ-ਇਕ ਚਾਬੀ ਸਾਰਿਆਂ ਕੋਲ ਹੁੰਦੀ ਹੈ।
ਮੈਂ ਜਦੋਂ ਘਰ ਪਹੁੰਚਦੀ ਆਂ, ਘਰ ਅਕਸਰ ਬੰਦ ਹੁੰਦਾ ਏ। ਸੁੰਨਾਂ ਤੇ ਖਿੰਡਿਆ-ਪੁੰਡਿਆ ਜਿਹਾ। ਬੜਾ ਬੁਰਾ ਲੱਗਦਾ ਏ। ਪਰ ਭਾਂਡੇ ਮਾਂਜਣ ਤੇ ਬੁਹਾਰੀ ਪੋਚਾ ਕਰਨ ਵਾਲੀ ਮਾਈ ਆ ਕੇ ਦਿਲ ਖੁਸ਼ ਕਰ ਦੇਂਦੀ ਏ। ਉਹ ਪੰਜਾਬੀ ਏ ਤੇ ਖ਼ੂਬ ਗਾਲੜੀ ਵੀ। ਉਸ ਨਾਲ ਪੰਜਾਬੀ ਵਿਚ ਦਿਲ ਖੋਲ ਕੇ ਗੱਲਾਂ ਕਰਦੀ ਆਂ। ਉਦੋਂ ਲੱਗਦਾ ਏ ਕਿ 'ਹਾਂ, ਜਿਊਂਦੀ ਹਾਂ।' ਉਸ ਤੋਂ ਇਹ ਵੀ ਪਤਾ ਲੱਗਦਾ ਕਿ ਗਰੀਬ ਲੋਕ ਕਿੰਜ ਜਿਊਂ ਰਹੇ ਨੇ। ਉਸਦੀਆਂ ਗੱਲਾਂ ਸੁਣ ਕੇ ਸੋਚਣ ਲੱਗਦੀ ਆਂ...'ਇਹਨਾਂ ਲੋਕਾਂ ਦਾ ਕੀ ਬਣੇਗਾ? ਹੁਣ ਤਾਂ ਇਹਨਾਂ ਲਈ ਆਟਾ ਵੀ ਏਨਾ ਮਹਿੰਗਾ ਹੋ ਗਿਆ ਏ। ਇਹ ਕੀ ਖਾਣਗੇ? ਕਿੰਜ ਜਿਊਣਗੇ?' ਪਰ ਮਾਈ ਆਪਣੀਆਂ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਹੱਸ-ਹੱਸ ਕੇ ਗੱਲਾਂ ਕਰਦੀ ਏ ਤੇ ਦੂਜੇ ਘਰਾਂ ਦੇ ਕਿੱਸੇ ਸੁਆਦ ਲੈ-ਲੈ ਕੇ ਸੁਣਾਉਂਦੀ ਏ। ਉਦੋਂ ਮੈਨੂੰ ਹੈਰਾਨੀ ਹੁੰਦੀ ਏ ਕਿ ਮਾਈ ਏਨੀ ਖੁਸ਼ ਕਿੰਜ ਰਹਿ ਲੈਂਦੀ ਏ? ਮਨ ਨੂੰ ਸ਼ਾਂਤੀ ਵੀ ਮਿਲਦੀ ਏ—ਜਦੋਂ ਇਹ ਲੋਕ ਏਸ ਬਦਹਾਲੀ ਵਿਚ ਵੀ ਹੱਸ ਲੈਂਦੇ ਨੇ, ਤਾਂ ਮੈਂ ਕਿਉਂ ਦੁਖੀ ਹੋਵਾਂ?
ਇਕ ਚਾਹ ਮਾਈ ਦੇ ਨਾਲ ਪੀਂਦੀ ਆਂ, ਦੂਜੀ ਉਸਦੇ ਜਾਣ ਪਿੱਛੋਂ ਇਕੱਲੀ ਬੈਠ ਕੇ ਪੀਣਾ ਚਾਹੁੰਦੀ ਆਂ—ਸਰਦੀਆਂ ਵਿਚ ਰਜਾਈ ਵਿਚ ਘੁਸ ਕੇ ਕੋਈ ਧੀਮੀ ਆਵਾਜ਼ ਵਾਲਾ ਸੰਗੀਤ ਸੁਣਦੀ ਹੋਈ; ਗਰਮੀਆਂ ਵਿਚ ਏ.ਸੀ. ਦੀ ਠੰਡਕ ਵਿਚ ਕੋਈ ਕਿਤਾਬ ਜਾਂ ਰਸਾਲਾ ਪੜ੍ਹਦੀ ਹੋਈ; ਬਰਸਾਤ ਵਿਚ ਬਾਲਕੋਨੀ ਵਿਚ ਖਲੋ ਕੇ ਬਾਹਰ ਪੈ ਰਹੇ ਮੀਂਹ ਦੀਆਂ ਫੁਆਰਾਂ ਨੂੰ ਦੇਖਦੀ ਹੋਈ। ਪਰ ਏਨੀ ਫੁਰਸਤ ਕਿੱਥੇ? ਕਦੀ ਫ਼ੋਨ ਦੀ ਘੰਟੀ ਤੇ ਕਦੀ ਦਰਵਾਜ਼ੇ ਦੀ ਘੰਟੀ। ਗੁਆਂਢੀਆਂ ਨਾਲ ਬੋਲਚਾਲ ਵੀ ਜ਼ਰੂਰੀ ਏ। ਕਿਸੇ ਦੇ ਘਰ ਕੁਛ ਹੁੰਦਾ ਏ ਤਾਂ ਜਾਣਾ ਪੈਂਦਾ ਏ। ਬੱਚਿਆਂ ਦੀ ਚਿੰਤਾ ਤਾਂ ਰਹਿੰਦੀ ਈ ਏ ਕਿ ਥੱਕੇ ਹੋਏ ਆਉਣਗੇ ਤੇ ਆਉਂਦੇ ਈ ਖਾਣ ਲਈ ਕੁਛ ਮੰਗਣਗੇ। ਆਪਣੀ ਵੀ ਇੱਛਾ ਹੁੰਦੀ ਏ ਕਿ ਉਹਨਾਂ ਨੂੰ ਕੁਛ ਚੰਗਾ ਜਿਹਾ ਬਣਾ-ਖੁਆ ਕੇ ਮਾਂ ਹੋਣ ਦਾ ਸੁਖ ਮਾਣ ਸਕਾਂ। ਤੇ ਬੱਚਿਆਂ ਦੇ ਆਉਣ ਪਿੱਛੋਂ ਤਾਂ ਕਿਸੇ ਫੁਰਸਤ ਦਾ ਸਵਾਲ ਈ ਨਹੀਂ...ਮੰਮਾਂ, ਇਹ ਕਰ ਦਿਓ; ਮੰਮਾ ਓਹ ਕਰ ਦਿਓ। ਇਕ ਪੈਰ ਉਹਨਾਂ ਦੋਵਾਂ ਦੀ ਸੇਵਾ ਵਿਚ, ਦੂਜਾ ਰਸੋਈ ਵਿਚ ਰਾਤ ਦਾ ਖਾਣਾ ਬਣਾਉਣ ਲਈ।
ਪਰ ਬੱਚੇ ਮੇਰੇ ਨਾਲ ਅੰਗਰੇਜ਼ੀ ਤੇ ਹਿੰਦੀ ਵਿਚ ਈ ਗੱਲਬਾਤ ਕਰਦੇ ਨੇ। ਪੰਜਾਬੀ ਵਿਚ ਗੱਲਾਂ ਨਹੀਂ ਕਰਦੇ। ਕਰ ਨਹੀਂ ਸਕਦੇ ਜਾਂ ਕਰਨਾ ਪਸੰਦ ਨਹੀਂ ਕਰਦੇ। ਜੋ ਵੀ ਹੋਵੇ, ਮੈਨੂੰ ਦੁੱਖ ਹੁੰਦਾ ਏ। ਉਹਨਾਂ ਦੀ ਮਾਂ ਪੰਜਾਬੀ ਏ, ਤਾਂ ਉਹਨਾਂ ਦੀ ਮਾਤਭਾਸ਼ਾ ਪੰਜਾਬੀ ਕਿਉਂ ਨਹੀਂ? ਪਰ ਇਸ ਲਈ ਬੱਚੇ ਜ਼ਿੰਮੇਵਾਰ ਨਹੀਂ, ਅਜੀਤ ਜ਼ਿੰਮੇਵਾਰ ਏ। ਉਹ ਬੱਚਿਆਂ ਨਾਲ ਹਮੇਸ਼ਾ ਅੰਗਰੇਜ਼ੀ ਵਿਚ ਗੱਲਬਾਤ ਕਰਦਾ ਏ। ਕਹਿੰਦਾ ਏ, “ਅੰਗਰੇਜ਼ੀ ਹੀ ਇਹਨਾਂ ਦਾ ਭਵਿੱਖ ਬਣਾਵੇਗੀ। ਇਹੀ ਇਹਨਾਂ ਨੂੰ ਅਮਰੀਕਾ ਲੈ ਜਾਵੇਗੀ।” ਉਹ ਤਾਂ ਹੁਣ ਮੇਰੇ ਨਾਲ ਵੀ ਅੰਗਰੇਜ਼ੀ ਵਿਚ ਹੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਏ, ਪਰ ਏਥੇ ਮੈਂ ਉਹਦੀ ਚੱਲਣ ਨਹੀਂ ਦੇਂਦੀ। ਉਸ ਨਾਲ ਮੈਂ ਪੰਜਾਬੀ ਵਿਚ ਹੀ ਗੱਲ ਕਰਦੀ ਆਂ। ਪਰ ਉਸਦਾ ਰਵੱਈਆਂ ਵੇਖ ਕੇ ਦੁੱਖ ਤਾਂ ਹੁੰਦਾ ਈ ਏ। “ਦਿ ਵਰਡ ਇਜ ਟੂ ਮੱਚ ਵਿਦ ਅੱਸ।” ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਵਾਕਈ ਭੁੱਲਕੜ ਹੋ ਗਈ ਆਂ। ਪੜ੍ਹੀਆਂ ਹੋਈਆਂ ਚੀਜ਼ਾਂ ਵੀ ਯਾਦ ਨਹੀਂ ਰਹਿੰਦੀਆਂ। ਕਿਤਾਬ ਦਾ ਨਾਂਅ ਚੇਤੇ ਹੁੰਦਾ ਏ, ਤਾਂ ਲੇਖਕ ਦਾ ਨਾਂਅ ਭੁੱਲ ਜਾਂਦੀ ਆਂ; ਲੇਖਕ ਦਾ ਨਾਂਅ ਯਾਦ ਹੁੰਦਾ ਏ, ਤਾਂ ਕਿਤਾਬ ਦਾ ਚੇਤੇ ਨਹੀਂ ਹੁੰਦਾ। ਕਦੀ ਕਿਤਾਬ ਤੇ ਲੇਖਕ ਦੋਵਾਂ ਦਾ ਨਾਂਅ ਭੁੱਲ ਜਾਂਦੀ ਆਂ, ਪਰ ਉਸ ਵਿਚ ਪੜ੍ਹੀਆਂ ਹੋਈਆਂ ਗੱਲਾਂ ਯਾਦ ਰਹਿੰਦੀਆਂ ਨੇ। ਗੱਲਾਂ ਕਿਉਂ ਯਾਦ ਰਹਿੰਦੀਆਂ ਨੇ?
ਸ਼ਾਇਦ ਇਹ ਥਕਾਣ ਕਰਕੇ ਹੈ। ਖਾਣਾ ਬਣਾਦਿਆਂ, ਖਵਾਂਦਿਆਂ, ਖਾਂਦਿਆਂ ਤੇ ਹੋਰ ਜ਼ਰੂਰੀ ਕੰਮ ਨਿਪਟਾਂਦਿਆਂ ਗਿਆਰਾਂ ਵੱਜ ਜਾਂਦੇ ਨੇ। ਜਦੋਂ ਅਜੀਤ ਆਪਣੇ ਕਮਰੇ ਵਿਚ ਚਲਾ ਜਾਂਦਾ ਏ ਤੇ ਬੱਚੇ ਆਪਣੇ ਕਮਰੇ ਵਿਚ, ਉਦੋਂ ਮੈਂ ਆਪਣੇ ਕਮਰੇ ਵਿਚ ਜਾ ਕੇ ਬਿਸਤਰੇ 'ਤੇ ਡਿੱਗ ਪੈਂਦੀ ਆਂ ਤੇ ਏਨੀ ਥੱਕੀ ਹੋਈ ਹੁੰਦੀ ਆਂ ਕਿ ਡਿੱਗਦਿਆਂ ਹੀ ਸੌਂ ਜਾਂਦੀ ਆਂ। ਸੌਣਾ ਜ਼ਰੂਰੀ ਏ, ਕਿਉਂਕਿ ਅਗਲੇ ਦਿਨ ਸਵੇਰੇ ਪੰਜ ਵਜੇ ਫੇਰ ਉਠਣਾ ਹੁੰਦਾ ਏ, ਤੇ ਫੇਰ ਲਗਾਤਾਰ ਅਠਾਰਾਂ ਘੰਟੇ ਜੁਟਨਾਂ ਹੁੰਦਾ ਏ। ਪਰ ਕਈ ਵਾਰੀ ਇਹਨਾਂ ਛੇ ਘੰਟਿਆਂ ਵਿਚ ਪੂਰੀ ਤਰ੍ਹਾਂ ਸੌਣਾ ਨਸੀਬ ਨਹੀਂ ਹੁੰਦਾ। ਅਜੀਤ ਆਪਣਾ ਕੰਮ ਨਿਪਟਾਅ ਕੇ ਸੌਣ ਆਉਂਦਾ ਏ, ਤਾਂ ਲਾਈਟ ਜਗਾ ਕੇ ਏਨੀ ਖਟਖਟ ਕਰਦਾ ਏ ਕਿ ਮੇਰੀ ਅੱਖ ਖੁੱਲ੍ਹ ਜਾਂਦੀ ਏ। ਉਹ ਅਕਸਰ ਏਨਾ ਥੱਕਿਆ ਹੋਇਆ ਤੇ ਏਨੇ ਨਸ਼ੇ ਵਿਚ ਹੁੰਦਾ ਏ ਕਿ ਲਾਈਟ ਜਗਦੀ ਛੱਡ ਕੇ ਈ ਲੇਟ ਜਾਂਦਾ ਏ ਤੇ ਲੇਟਦਿਆਂ ਈ ਸੌਂ ਜਾਂਦਾ ਏ। ਮੈਂ ਲਾਈਟ ਬੁਝਾਉਣ ਤੋਂ ਪਹਿਲਾਂ ਉਸਨੂੰ ਦੇਖਦੀ ਰਹਿੰਦੀ ਆਂ। ਚਾਹੁੰਦੀ ਹਾਂ ਕਿ ਉਸਨੂੰ ਜਗਾ ਕੇ ਉਸ ਨਾਲ ਗੱਲਾਂ ਕਰਾਂ, ਉਸਨੂੰ ਪਿਆਰ ਕਰਾਂ, ਪਰ ਨੀਂਦ ਮੈਨੂੰ ਵੀ ਆ ਰਹੀ ਹੁੰਦੀ ਏ ਤੇ ਮੈਂ ਲਾਈਟ ਬੁਝਾਅ ਕੇ ਸੌਂ ਜਾਂਦੀ ਆਂ। ਅਜੀਤ ਮਹੀਨੇ ਵਿਚ ਅੱਠ ਦਸ ਦਿਨ ਈ ਘਰ ਰਹਿੰਦਾ ਏ, ਪਰ ਉਹਨਾਂ ਵਿਚ ਵੀ ਅਸੀਂ ਕਈ ਰਾਤਾਂ ਇੰਜ ਬਿਤਾਅ ਦੇਂਦੇ ਆਂ, ਜਿਵੇਂ ਪਲੇਟਫਾਰਮ 'ਤੇ ਸੁੱਤੇ ਹੋਏ ਦੋ ਅਜਨਬੀ ਮੁਸਾਫਿਰ।
ਪਰ ਕਈ ਵਾਰੀ ਮੈਂ ਥਕਾਣ ਦੇ ਬਾਵਜੂਦ ਜਾਗਦੀ ਪਈ ਰਹਿੰਦੀ ਆਂ; ਸੁੱਤੇ ਹੋਏ ਅਜੀਤ ਨੂੰ ਦੇਖਦੀ ਹੋਈ। ਉਹਨਾਂ ਦਿਨਾਂ ਨੂੰ ਯਾਦ ਕਰਦੀ ਰਹਿੰਦੀ ਆਂ; ਜਦੋਂ ਅਜੀਤ ਇਹ ਮਲਟੀਨੈਸ਼ਨਲ ਵਾਲੀ ਨੌਕਰੀ ਨਹੀਂ ਸੀ ਕਰਦਾ ਹੁੰਦਾ। ਓਦੋਂ ਸਾਡੇ ਕੋਲ ਏਨਾ ਪੈਸਾ ਨਹੀਂ ਸੀ ਹੁੰਦਾ, ਪਰ ਜੀਵਨ ਵਿਚ ਕਿੰਨਾ ਸੁਖ ਹੁੰਦਾ ਸੀ! ਸੌਣ ਤੋਂ ਪਹਿਲਾਂ ਅਸੀਂ ਕਿੰਨੀਆਂ ਗੱਲਾਂ ਕਰਦੇ ਹੁੰਦੇ ਸਾਂ! ਤੇ ਕਿੰਨਾ ਹੱਸਦੇ ਹੁੰਦੇ ਸਾਂ! ਤੇ ਕਿੰਨਾਂ ਪਿਆਰ ਕਰਦੇ ਹੁੰਦੇ ਸਾਂ! ਪਰ ਹੁਣ ਤਾਂ ਅਜੀਤ ਦੇ ਪਿਆਰ ਤੋਂ ਵੀ ਡਰ ਲੱਗਦਾ ਏ। ਪਿਆਰ ਕਰਨ ਤੋਂ ਪਹਿਲਾਂ ਉਹ ਮੇਰੀ ਕੁਟਾਈ ਕਰਦਾ ਏ। ਥੱਪੜਾਂ ਨਾਲ ਮੇਰਾ ਮੂੰਹ ਲਾਲ ਕਰ ਦੇਂਦਾ ਏ। ਮੁੱਕੀਆਂ ਤੇ ਲੱਤਾਂ ਵੀ ਮਾਰਦਾ ਏ। ਮੈਂ ਚੀਕਦੀ ਆਂ ਤਾਂ ਮੇਰਾ ਮੂੰਹ ਬੰਦ ਕਰ ਦੇਂਦਾ ਏ ਕਿ 'ਨਾਲ ਵਾਲੇ ਕਮਰੇ ਵਿਚ ਸੁੱਤੇ ਬੱਚੇ ਜਾਗ ਜਾਣਗੇ।' ਤੇ ਜਦੋਂ ਮੈਂ ਨਿਢਾਲ ਹੋ ਜਾਂਦੀ ਆਂ, ਉਹ ਮੇਰੇ ਉੱਤੇ ਵਹਿਸ਼ੀਆਂ ਵਾਂਗ ਟੁੱਟ ਪੈਂਦਾ ਏ। ਕਹਿੰਦਾ ਏ, 'ਅਮਰੀਕਾ ਵਿਚ ਲੋਕ, ਇਵੇਂ ਪਿਆਰ ਕਰਦੇ ਨੇ।' ਦੱਸਦਾ ਏ ਕਿ 'ਉਸਨੇ ਕਈ ਨੀਲੀਆਂ ਫਿਲਮਾਂ ਵਿਚ ਲੋਕਾਂ ਨੂੰ ਇਸ ਨਾਲੋਂ ਵੀ ਵਧ ਹਿੰਸਕ ਤਰੀਕੇ ਨਾਲ ਪਿਆਰ ਕਰਦਿਆਂ ਵੇਖਿਆ ਏ।' ਮੈਂ ਮਜ਼ਬੂਰ ਹੋ ਕੇ ਉਸਦੇ ਇਸ ਅਤਿਆਚਾਰ ਵਰਗੇ ਪਿਆਰ ਨੂੰ ਵੀ ਬਰਦਾਸ਼ਤ ਕਰ ਲੈਂਦੀ ਆਂ, ਪਰ ਜਦੋਂ ਉਹ ਨਸ਼ੇ ਤੇ ਨੀਂਦ ਦੀ ਘੂਕੀ ਵਿਚ ਕਵਿਕ-ਸੈਕਸ ਦੀ ਮੰਗ ਕਰਦਾ ਏ, ਉਦੋਂ ਮੈਨੂੰ ਬੜਾ ਬੁਰਾ ਲੱਗਦਾ ਏ। ਘਿਣ ਆਉਂਦੀ ਹੈ ਤੇ ਏਨਾ ਗੁੱਸਾ ਚੜ੍ਹਦਾ ਏ ਕਿ ਜੀਅ ਵਿਚ ਆਉਂਦਾ ਏ, ਦੰਦਾਂ ਨਾਲ ਉਸਦੀ ਬਾਬਿਇੰਗ ਕਰ ਦਿਆਂ। ਪਰ ਕਰ ਨਹੀ ਸਕਦੀ ਤੇ ਮੈਨੂੰ ਮਹਿਸੂਸ ਹੁੰਦਾ ਏ, ਜਿਵੇਂ ਮੈਂ ਅਜੀਤ ਦੀ ਗ਼ੁਲਾਮ ਆਂ। ਅਜੀਤ ਦੀ ਹੀ ਨਹੀਂ, ਅਮਰੀਕਾ ਦੀ ਵੀ ਗ਼ੁਲਾਮ ਆਂ। 'ਸਲੇਵਰੀ ਕਮਸ ਥਰੂ ਸੈਕਸ।' ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਪਰ ਮੈਂ ਕਿਸੇ ਦੀ ਗ਼ੁਲਾਮ ਨਹੀਂ। ਮੈਂ ਕਿਸੇ ਦੀ ਗ਼ੁਲਾਮ ਨਹੀਂ ਹੋਣਾ ਚਾਹੁੰਦੀ। ਇਸ ਲਈ ਕਈ ਵਾਰੀ ਜਾਗੀ ਹੋਈ ਹੋਣ 'ਤੇ ਵੀ ਸੁੱਤੀ ਹੁੰਦੀ ਆਂ। ਅਜੀਤ ਆਉਂਦਾ ਏ ਤੇ ਮੈਨੂੰ ਬੁਲਾਂਦਾ ਏ—'ਕਵਿਤਾ, ਓ, ਕਵਿਤਾ!' ਤੇ ਮੈਨੂੰ ਲੱਗਦਾ ਏ ਕਿ ਉਹ ਕਿਸੇ ਹੋਰ ਨੂੰ ਬੁਲਾਅ ਰਿਹਾ ਏ; ਤੇ ਜਿਵੇਂ ਮੇਰਾ ਨਾਂਅ ਕਵਿਤਾ ਨਹੀਂ, ਕੁਛ ਹੋਰ ਏ। ਹਾਲਾਂਕਿ ਮੈਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਰਾ ਉਹ ਨਾਂਅ ਕੁਛ ਹੋਰ ਕੀ ਏ।
ਮੈਂ ਜਾਣਦੀ ਆਂ ਕਿ ਇਹ ਬੜੀ ਅਜੀਬ ਤੇ ਅਸੰਭਵ ਜਿਹੀ ਗੱਲ ਏ ਕਿ ਕੋਈ ਆਪਣਾ ਨਾਂਅ ਈ ਭੁੱਲ ਜਾਵੇ। ਹਿੰਦੀ ਦੀਆਂ ਯਾਦਾਸ਼ਤ ਭੁੱਲ ਜਾਣ ਦੇ ਫਾਰਮੂਲੇ 'ਤੇ ਬਣੀਆਂ ਫਿਲਮਾਂ ਵਿਚ ਵੀ ਏਨਾ ਤਰਕ ਤੇ ਏਨਾ ਵਿਵੇਕ ਹੁੰਦਾ ਏ ਕਿ ਆਦਮੀ ਭੁੱਲੇ, ਤਾਂ ਸਿਰਫ ਆਪਣਾ ਨਾਂਅ ਨਹੀਂ, ਕਿਸੇ ਛਿਣ ਵਿਸ਼ੇਸ਼ ਤੋਂ ਪਹਿਲਾਂ ਵਾਲਾ ਆਪਣੇ ਜੀਵਨ ਦਾ ਸਭੋ ਕੁਛ ਭੁੱਲ ਜਾਵੇ ਤੇ ਜਦੋਂ ਯਾਦ ਆਵੇ, ਤਾਂ ਮੁੜ ਸਭੋ ਕੁਛ ਯਾਦ ਆ ਜਾਵੇ। ਪਰ ਮੇਰੇ ਨਾਲ ਏਧਰ ਕੁਛ ਸਮੇਂ ਤੋਂ ਇਹ ਅਜੀਬ ਤੇ ਅਸੰਭਵ ਜਿਹੀ ਗੱਲ ਹੋਣ ਲੱਗ ਪਈ ਏ ਕਿ ਮੈਨੂੰ ਹੋਰ ਤਾਂ ਸਭ ਕੁਛ ਯਾਦ ਰਹਿੰਦਾ ਏ, ਸਿਰਫ ਆਪਣਾ ਨਾਂਅ ਭੁੱਲ ਜਾਂਦੀ ਆਂ। ਨਾਂਅ ਵੀ ਥੋੜ੍ਹੇ ਸਮੇਂ ਲਈ ਭੁੱਲਦੀ ਆਂ। ਕੁਛ ਚਿਰ ਪਿੱਛੋਂ ਅਚਾਨਕ ਮੈਨੂੰ ਯਾਦ ਆ ਜਾਂਦਾ ਏ ਕਿ ਮੈਂ ਕਵਿਤਾ ਮਲਹੋਤਰਾ ਹਾਂ ਤੇ ਅਜੀਤ ਅਰੋੜਾ ਨਾਲ ਸ਼ਾਦੀ ਕਰਕੇ ਵੀ ਮੈਂ ਆਪਣਾ ਨਾਂਅ ਨਹੀਂ ਬਦਲਿਆ, ਕਵਿਤਾ ਮਲਹੋਤਰਾ ਹੀ ਰਹੀ।
ਜਿਸ ਸਮੇਂ ਮੈਂ ਆਪਣਾ ਨਾਂਅ ਭੁੱਲਦੀ ਆਂ, ਮੈਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੌਣ ਹਾਂ, ਕਿੱਥੋਂ ਦੀ ਹਾਂ। ਮੈਨੂੰ ਬਿਲਕੁਲ ਯਾਦ ਨਹੀਂ ਰਹਿੰਦਾ ਕਿ ਮੈਂ ਭਾਰਤ ਦੀ ਆਂ, ਭਾਰਤ ਵਿਚ ਪੰਜਾਬ ਦੀ ਆਂ, ਪੰਜਾਬ ਵਿਚ ਜਲੰਧਰ ਦੀ ਆਂ, ਜਲੰਧਰ ਵਿਚ ਇਸਲਾਮਗੰਜ ਵਿਚ ਰਹਿੰਦੇ ਮਲਹੌਤਰਾ ਸਾਹਬ ਦੀ ਧੀ ਆਂ। ਇਹ ਵੀ ਯਾਦ ਨਹੀਂ ਆਉਂਦਾ ਕਿ ਸ਼ਾਦੀ ਪਿੱਛੋਂ ਮੈਂ ਦਿੱਲੀ ਦੀ ਆਂ, ਦਿੱਲੀ ਵਿਚ ਮੇਰਾ ਘਰ ਮੁਲਤਾਨ ਨਗਰ ਵਿਚ ਏ, ਮੇਰਾ ਦਫ਼ਤਰ ਸੰਸਦ ਮਾਰਗ 'ਤੇ ਹੈ, ਮੈਂ ਅਜੀਤ ਅਰੋੜਾ ਦੀ ਪਤਨੀ ਆਂ ਤੇ ਅੰਕੁਰ-ਆਸ਼ੀ ਦੀ ਮਾਂ ਹਾਂ। ਉਸ ਸਮੇਂ ਮੈਂ ਆਪਣਾ ਨਾਂਅ ਯਾਦ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰਦੀ ਆਂ ਤੇ ਆਪਣੇ ਆਪ ਨੂੰ ਪੁੱਛਦੀ ਆਂ—'ਮੈਂ ਕੌਣ ਹਾਂ?...ਇੰਗਲੈਂਡ ਦੀ ਜੇਨ ਆਯਰ? ਜਾਂ ਅਮਰੀਕਾ ਦੀ ਸਕਾਰਲੇਟ ਓ ਹਾਰਾ? ਜਾਂ ਫਰਾਂਸ ਦੀ ਮਾਦਾਮ ਬੋਵਾਰੀ? ਜਾਂ ਰੂਸ ਦੀ ਆਨਾ ਕਾਰਨਿਨਾ? ਜਾਂ ਭਾਰਤ ਦੇ ਕਿਸੇ ਹੋਰੀ ਦੀ ਧਨੀਆ?' ਕੁਛ ਸਮਝ ਵਿਚ ਨਹੀਂ ਆਉਂਦਾ ਤੇ ਮੈਂ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਜਾਂਦੀ ਆਂ।
ਕਈ ਵਾਰੀ ਮੈਨੂੰ ਬੜਾ ਡਰ ਲੱਗਦਾ ਏ—ਮੰਨ ਲਓ, ਮੈਂ ਆਪਣੇ ਦਫ਼ਤਰ ਵਿਚ ਆਪਣਾ ਨਾਂ ਭੁੱਲ ਜਾਵਾਂ, ਫੇਰ? ਜਾਂ ਸੜਕ 'ਤੇ ਮੇਰਾ ਐਕਸੀਡੈਂਟ ਵਗ਼ੈਰਾ ਹੋ ਜਾਵੇ, ਫੇਰ? ਕੋਈ ਮੈਥੋਂ ਮੇਰਾ ਨਾਂ ਪੁੱਛੇ, ਤਾਂ ਮੈਂ ਕੀ ਦੱਸਾਂਗੀ? ਇਸ ਲਈ ਮੈਂ ਕੁਛ ਦਿਨਾਂ ਤੋਂ ਆਪਣੇ ਪਰਸ ਵਿਚ ਇਕ ਛੋਟੀ ਜਿਹੀ ਡਾਇਰੀ ਰੱਖਣ ਲੱਗ ਪਈ ਆਂ, ਜਿਸ ਦੇ ਪਹਿਲੇ ਪੰਨੇ 'ਤੇ ਮੈਂ ਆਪਣਾ ਨਾਂਅ ਵੱਡੇ ਅੱਖਰਾਂ ਵਿਚ ਲਿਖ ਦਿੱਤਾ ਏ, ਤਾਂਕਿ ਲੋੜ ਪਏ ਤਾਂ ਡਾਇਰੀ ਕੱਢ ਕੇ ਆਪਣਾ ਨਾਂਅ ਜਾਣ ਸਕਾਂ।
ਪਰ ਕੱਲ੍ਹ ਤਾਂ ਕਮਾਲ ਹੀ ਹੋ ਗਿਆ। ਸ਼ਾਮ ਨੂੰ ਮੈਂ ਆਪਣੇ ਦਫ਼ਤਰੋਂ ਨਿਕਲੀ ਤੇ ਆਪਣੀ ਚਾਰਟਰਡ ਬੱਸ ਫੜ੍ਹਨ ਲਈ ਸਟੈਂਡ ਵੱਲ ਤੁਰ ਪਈ। ਸੜਕ ਉੱਤੇ ਅਚਾਨਕ ਇਕ ਪੱਕੀ ਉਮਰ ਦੇ ਸਿੱਖ ਨੇ ਮੇਰਾ ਰਾਹ ਰੋਕ ਕੇ ਕਿਹਾ, “ਓ, ਕਵਿਤਾ, ਤੂੰ? ਕੈਸੀ ਏਂ?” ਮੈਂ ਕਿਹਾ, “ਮਾ'ਫ਼ ਕਰਨਾ, ਮੇਰਾ ਨਾਂਅ ਕਵਿਤਾ ਨਹੀਂ।” ਸਰਦਾਰ “ਸੌਰੀ, ਮੇਡਮ, ਆਈ ਮਿਸਟੁਕ ਯੂ ਸਮਵਨ ਐਲਸ।” ਕਹਿ ਕੇ ਤੁਰਨ ਲੱਗਾ, ਪਰ ਫੇਰ ਅਟਕ ਕੇ ਬੋਲਿਆ, “ਪਰ ਮੁਆਫ਼ ਕਰਨਾ, ਜੇ ਤੁਸੀਂ ਕਵਿਤਾ ਮਲਹੌਤਰਾ ਨਹੀਂ ਤਾਂ ਕੀ ਮੈਂ ਜਾਣ ਸਕਦਾਂ ਕਿ ਤੁਹਾਡਾ ਨਾਂਅ ਕੀ ਏ?” ਮੈਂ ਕਿਹਾ, “ਮੇਰਾ ਨਾਂਅ?... ਪਰ ਮੇਰੇ ਨਾਂਅ ਨਾਲ ਤੁਹਾਨੂੰ ਕੀ ਮਤਲਬ?” ਇਹ ਕਹਿੰਦਿਆਂ ਹੋਇਆਂ ਪੂਰੀ ਤਨ ਦੇਹੀ ਨਾਲ ਆਪਣਾ ਨਾਂਅ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸਾਂ। ਮੈਨੂੰ ਆਪਣਾ ਨਾਂਅ ਤਾਂ ਯਾਦ ਨਹੀਂ ਆਇਆ, ਪਰ ਮੈਂ ਸਰਦਾਰ ਜੀ ਨੂੰ ਪਛਾਣ ਗਈ। ਉਹ ਜਲੰਧਰ ਵਿਚ ਮੈਨੂੰ ਇੰਗਲਿਸ਼ ਲਿਟਰੇਚਰ ਪੜ੍ਹਾਉਣ ਵਾਲੇ ਬਲਵਿੰਦਰ ਸਰ ਸਨ—ਸਰਦਾਰ ਬਲਵਿੰਦਰ ਸਿੰਘ।
ਮੈਂ ਖੁਸ਼ ਹੋ ਕੇ ਕਿਹਾ, “ਓਅ, ਸਰ ਤੁਸੀਂ? ਮਾ'ਫ਼ ਕਰਨਾ, ਸਰ, ਏਨੇ ਸਾਲਾਂ ਬਾਅਦ ਯਕਦਮ ਤੁਹਾਨੂੰ ਦੇਖ ਕੇ ਪਹਿਚਾਣ ਨਹੀਂ ਸਕੀ। ਤੁਸੀਂ ਦਿੱਲੀ ਵਿਚ ਕਿੱਥੇ?”
“ਇਕ ਸੈਮੀਨਾਰ ਵਿਚ ਆਇਆ ਸਾਂ। ਸ਼ੁਕਰ ਏ ਤੂੰ ਮੈਨੂੰ ਪਛਾਣ ਲਿਆ, ਕਵਿਤਾ! ਮੈਂ ਤਾਂ ਡਰ ਗਿਆ ਸਾਂ ਕਿ ਕਵਿਤਾ ਦੇ ਭੁਲੇਖੇ, ਕਿਸੇ ਹੋਰ ਨਾਲ ਇੰਜ ਖੁੱਲ੍ਹ ਕੇ ਗੱਲ ਕਰਨ ਲਈ ਕਿਤੇ ਈਵ ਟੀਜਿੰਗ ਦੇ ਦੋਸ਼ ਵਿਚ ਫੜ੍ਹ ਨਾ ਲਿਆ ਜਾਵਾਂ।”
ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਖਿੜਖਿੜ ਕਰਕੇ ਹੱਸੀ ਤੇ ਕਿਹਾ, “ਨਹੀਂ, ਸਰ, ਤੁਹਾਨੂੰ ਮੈਂ ਕਿੰਜ ਭੁੱਲ ਸਕਦੀ ਆਂ? ਤੁਸੀਂ ਮੈਨੂੰ ਪੜ੍ਹਾਇਆ ਈ ਨਹੀਂ, ਮੇਰੀ ਸ਼ਾਦੀ ਵੀ ਕਰਵਾਈ ਸੀ।”
“ਪਰ ਤੂੰ ਇਹ ਕਿਉਂ ਕਿਹਾ ਬਈ ਤੇਰਾ ਨਾਂਅ ਕਵਿਤਾ ਨਹੀਂ?”
“ਕਵਿਤਾ?” ਮੈਂ ਆਪਣਾ ਨਾਂਅ ਨਾ ਯਾਦ ਆਉਣ ਕਰਕੇ ਇਕ ਵਾਰ ਫੇਰ ਉਲਝ ਗਈ।
“ਹਾਂ, ਬਈ, ਕਵਿਤਾ ਮਲਹੌਤਰਾ! ਕੀ ਤੈਨੂੰ ਆਪਣਾ ਨਾਂਅ ਯਾਦ ਨਹੀਂ?...”
“ਨਹੀਂ, ਸਰ। ਸਾਰੀ, ਸਰ...” ਕਹਿੰਦਿਆਂ ਹੋਇਆਂ ਮੈਂ ਆਪਣਾ ਨਾਂਅ ਯਾਦ ਕਰਨ ਦੀ ਕੋਸ਼ਿਸ਼ ਕੀਤੀ, ਬੜੀ ਜ਼ੋਰਦਾਰ ਕੋਸ਼ਿਸ਼, ਪਰ ਮੈਨੂੰ ਯਾਦ ਨਹੀਂ ਆਇਆ ਤੇ ਮੈਂ ਆਪਣੇ ਆਪ ਨੂੰ ਕਹਿੰਦਿਆਂ ਹੋਇਆਂ ਸੁਣਿਆ, “ਤੁਹਾਨੂੰ ਸ਼ਾਇਦ ਕੁਛ ਗਲਤ ਫਹਿਮੀ ਹੋਈ ਏ, ਸਰ! ਮੈਂ ਤਾਂ ਪਾਵੇਲ ਦੀ ਮਾਂ ਆਂ—ਪੇਲਾਗੇਯਾ ਨਿਲੋਵਨਾ, ਸਰ!”
ਬਲਵਿੰਦਰ ਸਰ ਜ਼ੋਰਦਾਰ ਠਹਾਕਾ ਲਾ ਕੇ ਹੱਸੇ ਤੇ ਬੋਲੇ, “ਓ, ਅੱਛਾ! ਤਾਂ ਤੈਨੂੰ ਅਜੇ ਤਕ ਯਾਦ ਏ ਕਿ ਮੈਂ ਤੈਨੂੰ ਗੋਰਕੀ ਦਾ ਨਾਵਲ 'ਮਾਂ' ਪੜ੍ਹਨ ਲਈ ਦਿੱਤਾ ਸੀ! ਬਈ-ਵਾਹ! ਖ਼ੈਰ ਤਾਂ ਪੇਲਾਗੇਯਾ ਨਿਲੋਵਨਾ, ਹੁਣ ਇਹ ਦੱਸ ਬਈ ਪਾਵੇਲ ਕਿੱਦਾਂ ਏ? ਉਹਦੇ ਹੋਰ ਭੈਣ-ਭਰਾ ਕਿੰਨੇ ਨੇ? ਤੇ ਤੇਰੇ ਉਸ ਅਜੀਤ ਅਰੋੜਾ ਦਾ ਰੂਸੀ ਨਾਂਅ ਕੀ ਏ?”
ਮੈਂ ਸ਼ਰਮਿੰਦਾ ਹੋ ਗਈ, ਪਰ ਉਦੋਂ ਹੀ ਮੈਨੂੰ ਆਪਣੀ ਚਾਰਟਰਡ ਬਸ ਆਉਂਦੀ ਦਿਸ ਪਈ ਤੇ ਮੈਂ “ਸੌਰੀ, ਸਰ, ਮੇਰੀ ਬਸ ਆ ਗਈ” ਕਹਿੰਦੀ ਹੋਈ ਬਸ ਵੱਲ ਦੌੜ ਪਈ। ਆਪਣਾ ਨਾਂਅ ਭੁੱਲ ਜਾਣ ਦੀ ਸ਼ਰਮਿੰਦਗੀ ਤੋਂ ਬਚਣ ਦਾ ਉਸ ਸਮੇਂ ਸ਼ਾਇਦ ਇਹੋ ਸਭ ਤੋਂ ਚੰਗਾ ਉਪਾਅ ਸੀ।
ਬਸ ਵਿਚ ਬੈਠ ਜਾਣ ਪਿੱਛੋਂ ਵੀ ਮੈਂ ਕਾਫੀ ਦੇਰ ਤਕ ਸ਼ਰਮਿੰਦਾ ਰਹੀ ਤੇ ਸੋਚਦੀ ਰਹੀ ਕਿ ਮੇਰਾ ਨਾਂਅ ਕੀ ਹੈ। ਕੀ ਸੱਚਮੁੱਚ ਮੈਂ ਪੇਲਾਗੇਯਾ ਨਿਲੋਵਨਾ ਆਂ? ਤੇ ਉਦੋਂ ਹੀ ਅਚਾਨਕ ਮੈਨੂੰ ਆਪਣੇ ਪਰਸ ਵਿਚ ਪਈ ਛੋਟੀ ਡਾਇਰੀ ਯਾਦ ਆ ਗਈ। ਪਰ ਉਸ ਵਿਚ ਆਪਣਾ ਨਾਂਅ ਵੇਖ ਕੇ ਮੈਂ ਹੋਰ ਵੀ ਸ਼ਰਮਿੰਦੀ ਹੋਈ—ਕੀ ਕਵਿਤਾ ਮਲਹੌਤਰਾ ਦਿੱਲੀ ਵਿਚ ਆ ਕੇ ਅਜਿਹੀ ਹੋ ਗਈ ਏ ਕਿ ਆਪਣੇ ਜਲੰਧਰ ਵਾਲੇ ਕਿਸੇ ਆਦਮੀ ਨੂੰ ਨਾ ਪਛਾਣ ਸਕੇ? ਇਕ ਅਜਿਹੇ ਆਦਮੀ ਨੂੰ ਵੀ ਨਹੀਂ, ਜਿਹੜਾ ਕਿਸੇ ਜ਼ਮਾਨੇ ਵਿਚ ਦੁਨੀਆਂ ਦਾ ਸਭ ਤੋਂ ਚੰਗਾ ਤੇ ਸਭ ਤੋਂ ਪਿਆਰਾ ਇਨਸਾਨ ਲੱਗਦਾ ਰਿਹਾ ਹੋਵੇ?  
     ੦੦੦ ੦੦੦ ੦੦੦
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

ਉਹ ਤਿੰਨ ਦਿਨ...:: ਲੇਖਕ : ਐਮ.ਐਫ. ਫਾਰੂਕੀ



ਹਿੰਦੀ ਕਹਾਣੀ :

ਉਹ ਤਿੰਨ ਦਿਨ...
ਲੇਖਕ : ਐਮ.ਐਫ. ਫਾਰੂਕੀ

ਅਨੁਵਾਦ ਮਹਿੰਦਰ ਬੇਦੀ ਜੈਤੋ




-------------------------------------------
ਇਸ ਰਚਨਾ ਨੂੰ ਸ਼ਬਦ ਦੇ ਇਸ ਅੰਕ-53 (ਜਨਵਰੀ-ਮਾਰਚ : 11) ਵਿਚ ਵੀ ਪੜ੍ਹਿਆ ਜਾ ਸਕਦਾ ਹੈ।
-------------------------------------------



ਦਸੰਬਰ ਦੀ ਕੜਾਕੇ ਦੀ ਸਰਦੀ ਦੇ ਦਿਨ ਸਨ। ਰਾਤ ਦੇ ਲਗਭਗ ਦਸ ਵੱਜੇ ਸਨ। ਸਦਰ ਪੁਲਸ ਸਟੇਸ਼ਨ ਫਿਰੋਜਪੁਰ ਦੇ ਐਸ.ਐਚ.ਓ. ਦੇ ਕਮਰੇ ਦੀ ਲਾਈਟ ਹਾਲੇ ਤੀਕ ਜਗ ਰਹੀ ਸੀ। ਕਮਰੇ ਦੇ ਬਾਹਰ ਹਾਜ਼ਰ ਸੰਤਰੀ ਕਦੀ ਟਹਿਲਣ ਲੱਗ ਪੈਂਦਾ, ਕਦੀ ਥੱਕ ਕੇ ਬੈਠ ਜਾਂਦਾ। ਅੰਦਰ ਕਮਰੇ ਵਿਚ ਡੀ.ਐਸ.ਪੀ. ਇਕਬਾਲ ਸਿੰਘ ਤੇ ਨੌਜਵਾਨ ਆਈ.ਪੀ.ਐਸ. ਟਰੇਨੀ ਕਬੀਰ ਅਹਿਮਦ ਬੈਠੇ ਚਾਹ ਪੀ ਰਹੇ ਸਨ। ਕਬੀਰ ਅਹਿਮਦ ਕੋਲ ਅੱਜ ਕਲ੍ਹ ਸਦਰ ਦੇ ਐਸ.ਐਚ.ਓ. ਦਾ ਚਾਰਜ ਸੀ—ਹਰੇਕ ਆਈ.ਪੀ.ਐਸ. ਟਰੇਨੀ ਨੂੰ ਲਗਭਗ ਤਿੰਨ ਮਹੀਨੇ ਲਈ ਥਾਣਾ ਕਾਰਜ-ਪ੍ਰਣਾਲੀ ਦੀ ਜਾਣਕਾਰੀ ਪ੍ਰਾਪਤ ਕਰਨ ਤੇ ਤਫ਼ਤੀਸ਼ ਵਿਚ ਮੁਹਾਰਤ ਹਾਸਲ ਕਰਨ ਲਈ ਥਾਣੇ ਵਿਚ ਐਸ.ਐਚ.ਓ. ਲਾਇਆ ਜਾਂਦਾ ਹੈ ਤਾਂਕਿ ਜ਼ਿਲੇ ਦੀ ਕਮਾਨ ਸੰਭਾਲਣ ਸਮੇਂ ਉਸਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ। ਇਸ ਦੇ ਨਾਲ ਹੀ ਉਸਦਾ ਲੋਕਾਂ ਨਾਲ ਸੰਪਰਕ ਵਧਦਾ ਹੈ ਤੇ ਥਾਣੇ ਦੇ ਸਤਰ ਤੀਕ ਆਉਣ ਵਾਲੀਆਂ ਸਮੱਸਿਆਵਾਂ ਨਾਲ ਸਿੱਧਾ ਵਾਸਤਾ ਜ਼ਿਲੇ ਦੇ ਸਫ਼ਲ ਪ੍ਰਸ਼ਾਸਨ ਪ੍ਰਬੰਧ ਵਿਚ ਸਹਾਈ ਸਿੱਧ ਹੁੰਦਾ ਹੈ।
“ਬੜੀ ਜ਼ਿਆਦਾ ਸਰਦੀ ਏ।” ਕਬੀਰ ਅਹਿਮਦ ਨੇ ਓਵਰ ਕੋਟ ਕਸਦਿਆਂ ਹੋਇਆਂ ਕਿਹਾ।
“ਪੰਜਾਬ ਦੀ ਸਰਦੀ ਮਸ਼ਹੂਰ ਏ ਸਰ।” ਇਕਬਾਲ ਬੋਲਿਆ।
“ਸਾਡੇ ਯੂ.ਪੀ. ਵਿਚ ਵੀ ਕਾਫੀ ਠੰਡ ਪੈਂਦੀ ਏ ਪਰ ਏਥੇ ਤਾਂ ਕੁਛ ਜ਼ਿਆਦਾ ਈ ਠੰਡ ਪੈ ਰਹੀ ਏ।” ਕਬੀਰ ਨੇ ਚਾਹ ਦੀ ਪਿਆਲੀ ਨਾਲ ਹੱਥ ਗਰਮਾਉਂਦਿਆਂ ਹੋਇਆਂ ਕਿਹਾ।
“ਤਿੰਨ ਦਿਨਾਂ ਬਾਅਦ ਤੁਹਾਡੀ ਥਾਣੇ ਦੀ ਟਰੇਨਿੰਗ ਪੂਰੀ ਹੋ ਜਾਏਗੀ, ਉਸ ਪਿੱਛੋਂ ਤੁਹਾਡਾ ਕੀ ਟਰੇਨਿੰਗ ਸ਼ਡਿਊਲ ਏ?” ਡੀ.ਐਸ.ਪੀ. ਨੇ ਕਬੀਰ ਨੂੰ ਪੁੱਛਿਆ।
“ਥਾਣੇ ਦੀ ਟਰੇਨਿੰਗ ਦੇ ਨਾਲ ਹੀ ਮੇਰੀ ਜ਼ਿਲੇ ਦੀ ਟਰੇਨਿੰਗ ਮੁਕੰਮਲ ਹੋ ਜਾਏਗੀ—ਇਸ ਤੋਂ ਇਕ ਹਫ਼ਤੇ ਪਿੱਛੋਂ ਸਾਰੇ ਆਫ਼ਿਸਰਸ ਨੇ ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵਿਚ ਰਿਪੋਰਟ ਕਰਨੀ ਏਂ; ਉੱਥੇ ਦੂਜੇ ਗੇੜ ਦੀ ਟਰੇਨਿੰਗ ਪਿੱਛੋਂ ਪਾਸਿੰਗ ਆਡਰ ਪਰੇਡ ਤੇ ਫੇਰ ਸਾਰੇ ਆਫ਼ਿਸਰਸ ਆਪੋ ਆਪਣੇ ਕੇਡਰ ਵਿਚ ਪੱਕੀ ਪੋਸਟਿੰਗ ਲਈ ਚਲੇ ਜਾਣਗੇ।” ਕਬੀਰ ਨੇ ਚਾਹ ਦੀ ਚੁਸਕੀ ਲੈਂਦਿਆਂ ਹੋਇਆਂ ਕਿਹਾ।
“ਤੁਹਾਡਾ ਰਿਜਰਵੇਸ਼ਨ ਹੋ ਗਿਆ ਏ?” ਡੀ.ਐਸ.ਪੀ. ਨੇ ਪੁੱਛਿਆ।
“ਜੀ ਹਾਂ—” ਕਬੀਰ ਨੇ ਪਾਸਾ ਪਰਤਦਿਆਂ ਹੋਇਆਂ ਕਿਹਾ। “ਰਿਜਰਵੇਸ਼ਨ ਮੈਂ ਕਰਵਾ ਲਈ ਏ, ਬਸ ਪੈਕਿੰਗ ਕਰਨੀ ਬਾਕੀ ਏ।”
“ਸ਼ਾਦੀ ਕਦੋਂ ਕਰ ਰਹੇ ਓ?” ਡੀ.ਐਸ.ਪੀ. ਨੇ ਸ਼ਰਾਰਤ ਵੱਸ ਮੁਸਕਰਾਉਂਦਿਆਂ ਹੋਇਆਂ ਪੁੱਛਿਆ।
“ਦੇਖੋ! ਅਜੇ ਤਾਂ ਟਰੇਨਿੰਗ ਈ ਚੱਲ ਰਹੀ ਏ।” ਅਚਾਨਕ ਇਸ ਸਵਾਲ 'ਤੇ ਕਬੀਰ ਰਤਾ ਸੰਗ ਗਿਆ ਸੀ।
“ਅਰੇਂਜ ਮੈਰਿਜ ਵਿਚ ਯਕੀਨ ਕਰਦੇ ਓ ਜਾਂ...” ਡੀ.ਐਸ.ਪੀ. ਨੇ ਫੇਰ ਛੇੜਦਿਆਂ ਹੋਇਆਂ, ਸ਼ਰਾਰਤ ਭਰੇ ਅੰਦਾਜ਼ ਵਿਚ, ਵਾਕ ਅਧੂਰਾ ਹੀ ਛੱਡ ਦਿੱਤਾ ਸੀ।
“ਨਹੀਂ! ਨਹੀਂ! ਘਰ ਵਾਲੇ ਹੀ ਫ਼ੈਸਲਾ ਕਰਨਗੇ।” ਕਹਿੰਦਿਆਂ ਹੋਇਆਂ ਕਬੀਰ ਦੇ ਚਿਹਰੇ ਉੱਤੇ ਇਕ ਸ਼ਰਮੀਲੀ ਰੌਅ ਫਿਰ ਗਈ ਸੀ।
ਤਿੰਨ ਮਹੀਨਿਆਂ ਦੀ ਇਸ ਟਰੇਨਿੰਗ ਦੌਰਾਨ ਕਬੀਰ ਅਹਿਮਦ ਇਕਬਾਲ ਸਿੰਘ ਨਾਲ ਖਾਸਾ ਖੁੱਲ੍ਹ ਗਿਆ ਸੀ। ਇਕਬਾਲ ਸਿੰਘ ਇਕ ਤਜ਼ੁਰਬੇਕਾਰ ਪੁਲਸ ਅਫ਼ਸਰ ਸੀ—ਆਤੰਕਵਾਦ ਦੌਰਾਨ ਉਸਨੇ ਕਾਫੀ ਕੰਮ ਕੀਤਾ ਸੀ। ਆਪਣੇ ਕੰਮ ਦੇ ਮਾਹਰ ਇਕਬਾਲ ਸਿੰਘ ਦੀ ਪੋਸਟਿੰਗ ਵੀ ਪਿੱਛੇ ਜਿਹੇ ਹੀ ਇੱਥੇ ਹੋਈ ਸੀ। ਇਹ ਕਬੀਰ ਨਾਲੋਂ ਤਕਰੀਬਨ ਪੰਦਰਾਂ-ਵੀਹ ਸਾਲ ਵੱਡਾ ਸੀ ਪਰ ਕਬੀਰ ਨਾਲ ਕਾਫੀ ਘੁਲਮਿਲ ਗਿਆ ਸੀ। ਕਬੀਰ ਵੀ ਉਸ ਨਾਲ ਘੁਲਮਿਲ ਗਿਆ ਸੀ। ਇਹ ਸਮਾਂ ਉਸਦੇ ਸਿੱਖਣ ਦਾ ਸੀ। ਦੂਜੇ ਪਾਸੇ ਇਕਬਾਲ ਵੀ ਕਬੀਰ ਦੇ ਨਿਆਂ-ਪਸੰਦ ਤੇ ਸਪਸ਼ਟ-ਭਾਸ਼ੀ ਹੋਣ ਕਰਕੇ ਉਸਦੀ ਖਾਸੀ ਇੱਜ਼ਤ ਕਰਦਾ ਸੀ।
“ਕੀ ਇਰਾਦਾ ਏ ਤੁਹਾਡਾ? ਚੱਲੋਗੇ ਜਾਂ ਬੈਠੋਗੇ?” ਇਕਬਾਲ ਨੇ ਕਬੀਰ ਨੂੰ ਪੁੱਛਿਆ।
“ਤੁਸੀਂ ਚੱਲੋ, ਮੈਂ ਥੋੜ੍ਹੀ ਦੇਰ ਹੋਰ ਰੁਕਾਂਗਾ। ਥੋੜ੍ਹਾ ਜਿਹਾ ਥਾਣੇ ਦਾ ਕੰਮ ਵੀ ਏ ਤੇ ਆਪਣੇ ਕੁਛ ਹੋਰ ਕੰਮ ਵੀ ਪੂਰੇ ਕਰ ਲਵਾਂਗਾ।”
“ਠੀਕ ਏ ਸਰ! ਤੁਸੀਂ ਬੈਠੋ। ਮੈਂ ਤਾਂ ਅਜੇ ਘਰੇ ਵੀ ਚਾਕਰੀ ਕਰਨੀ ਏਂ।” ਇਕਬਾਲ ਨੇ ਉਠਦਿਆਂ ਹੋਇਆਂ ਸ਼ਰਾਰਤ ਭਰੇ ਲਹਿਜ਼ੇ ਵਿਚ ਕਿਹਾ, “ਤੁਸੀਂ ਬੜੇ ਖੁਸ਼ਨਸੀਬ ਓ ਕਿ ਹਾਲੇ ਸ਼ਾਦੀ ਦੇ ਚੱਕਰ ਵਿਚ ਨਹੀਂ ਫਸੇ।”
ਕਬੀਰ ਵੀ ਹੱਸਦਾ ਹੋਇਆ ਉਠ ਖੜ੍ਹਾ ਹੋਇਆ। ਡੀ.ਐਸ.ਪੀ. ਇਕਬਾਲ ਸਿੰਘ ਨੂੰ ਬਾਹਰ ਦਰਵਾਜ਼ੇ ਤਕ ਛੱਡ ਕੇ ਉਹ ਫੇਰ ਆਪਣੀ ਸੀਟ ਉੱਤੇ ਆਣ ਬੈਠਾ।
ਉਸਨੇ ਮੇਜ਼ ਉੱਤੇ ਪਈ ਘੰਟੀ ਵਜਾਈ ਤਾਂ ਅਰਦਲੀ ਨੇ ਫੌਰਨ ਅੰਦਰ ਆ ਕੇ ਸਲੂਟ ਮਾਰਿਆ।
“ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਏ ਤਾਂ ਮੈਨੂੰ ਚਾਹ ਦਾ ਇਕ ਕੱਪ ਹੋਰ ਪਿਆ ਦਿਓ।” ਕਬੀਰ ਨੇ ਆਪਣੇ ਖਾਸ ਲਖ਼ਨਵੀਂ ਅੰਦਾਜ਼ ਵਿਚ ਕਿਹਾ।
“ਜ਼ਰੂਰ ਜਨਾਬ, ਹੁਣੇ ਲਓ।” ਕਹਿ ਕੇ ਉਹ ਕਮਰੇ ਵਿਚੋਂ ਬਾਹਰ ਨਿਕਲ ਗਿਆ ਤੇ ਥੋੜ੍ਹੀ ਦੇਰ ਬਾਅਦ ਹੀ ਕਿਸੇ ਜਿੰਨ ਵਾਂਗ ਟਰੇ ਵਿਚ ਇਕ ਕੱਪ ਚਾਹ ਤੇ ਇਕ ਪਲੇਟ ਵਿਚ ਕੁਝ ਬਿਸਕੁਟ ਲੈ ਕੇ ਆਣ ਹਾਜ਼ਰ ਹੋਇਆ।
“ਬੜੀ ਜਲਦੀ ਆ ਗਏ!” ਕਬੀਰ ਨੇ ਕਿਹਾ।
ਚਾਹ ਵਾਲੀ ਟਰੇ ਰੱਖਦਾ ਹੋਇਆ ਅਰਦਲੀ ਮਿੰਨ੍ਹਾ-ਮਿੰਨ੍ਹਾ ਮੁਸਕੁਰਾ ਰਿਹਾ ਸੀ।
“ਕੀ ਗੱਲ ਏ ਬੜੇ ਖੁਸ਼ ਨਜ਼ਰ ਆ ਰਹੇ ਓ?” ਕਬੀਰ ਨੇ ਉਸਨੂੰ ਮੁਸਕਰਉਂਦਿਆਂ ਦੇਖ ਕੇ ਪੁੱਛਿਆ।
“ਕੁਛ ਨਹੀਂ—ਜਨਾਬ।”
“ਫੇਰ ਵੀ?” ਕਬੀਰ ਨੇ ਫੇਰ ਪੁੱਛਿਆ।
“ਹਜ਼ੂਰ, ਇਹ ਜਿਹੜਾ ਤੁਹਾਡਾ ਏਦਾਂ ਸਲੀਕੇ ਨਾਲ ਬੁਲਾਉਣਾ ਏ ਨਾ—ਅਜੀਬ ਜਿਹਾ ਲੱਗਦਾ ਏ, ਪਰ ਬੜਾ ਚੰਗਾ ਲੱਗਦਾ ਏ। ਉਹ ਕੀ ਏ ਕਿ ਕਿਸੇ ਅਫ਼ਸਰ ਨੇ ਕਦੀ ਸਾਡੇ ਨਾਲ ਏਨੇ ਪਿਆਰ ਨਾਲ ਗੱਲ ਨਹੀਂ ਕੀਤੀ ਨਾ, ਇਸ ਲਈ।” ਕਹਿੰਦਿਆਂ ਕਹਿੰਦਿਆਂ ਉਸਦੇ ਚਿਹਰੇ ਉਪਰੋਂ ਦੁੱਖ ਦਾ ਇਕ ਪ੍ਰਛਾਵਾਂ ਜਿਹਾ ਲੰਘ ਗਿਆ।
ਕਬੀਰ ਹੈਰਾਨੀ ਨਾਲ ਤ੍ਰਬਕ ਕੇ ਅਰਦਲੀ ਦੇ ਚਿਹਰੇ ਵਲ ਗਹੁ ਨਾਲ ਤੱਕਣ ਲੱਗਾ—ਅਰਦਲੀ ਘਬਰਾ ਗਿਆ ਕਿ ਸ਼ਾਇਦ ਉਸ ਤੋਂ ਕੋਈ ਗ਼ਲਤੀ ਹੋ ਗਈ ਹੈ ਤੇ ਕਾਹਲ ਨਾਲ ਕਮਰੇ ਵਿਚੋਂ ਬਾਹਰ ਨਿਕਲ ਗਿਆ। ਕਬੀਰ ਉਸਦੇ ਪਿੱਛੇ ਹਿੱਲਦੇ ਹੋਏ ਪਰਦੇ ਨੂੰ ਗੌਰ ਨਾਲ ਦੇਖਦਾ ਰਿਹਾ। ਗੱਲ ਤਾਂ ਛੋਟੀ ਜਿਹੀ ਸੀ ਪਰ ਉਸ ਵਿਚ ਲੁਕੀ ਪੀੜ ਉਸਨੇ ਆਪਣੇ ਧੁਰ ਅੰਦਰ ਤਕ ਮਹਿਸੂਸ ਕੀਤੀ। ਪੁਲਸ ਦੀ ਨੌਕਰੀ ਵਿਚ ਆਉਣ ਪਿੱਛੋਂ ਉਸਦਾ ਨਜ਼ਰੀਆ ਪੁਲਸ ਪ੍ਰਤੀ ਕਾਫੀ ਹੱਦ ਤਕ ਬਦਲ ਗਿਆ ਸੀ। ਸੜਕ ਉਪਰ ਟੱਰਕਾਂ ਨੂੰ ਰੋਕ ਕੇ ਪੈਸੇ ਲੈਂਦੇ, ਭੀੜ ਉੱਤੇ ਬੇਕਿਰਕ ਡਾਂਗਾਂ ਵਰ੍ਹਾਉਂਦੇ, ਗੱਲ ਗੱਲ 'ਤੇ ਗਾਲ੍ਹਾਂ ਕੱਢਦੇ ਪੁਲਸ ਵਾਲਿਆਂ ਨੂੰ ਦੇਖ ਕੇ ਅਕਸਰ ਉਸਦਾ ਮਨ ਘਿਰਣਾ ਤੇ ਗੁੱਸੇ-ਰੋਸੇ ਨਾਲ ਭਰ ਜਾਂਦਾ ਹੁੰਦਾ ਸੀ। ਸਿਵਲ ਸਰਵਿਸਿਸ ਦਾ ਇਮਤਿਹਾਨ ਪਾਸ ਕਰਕੇ ਜਦੋਂ ਉਸਨੂੰ ਆਈ.ਪੀ.ਐਸ. ਮਿਲਿਆ ਤਾਂ ਉਸਨੇ ਮਨ ਹੀ ਮਨ ਪ੍ਰਤਿਗਿਆ ਕੀਤੀ ਕਿ ਉਹ ਉਹਨਾਂ ਪੁਲਸ ਵਾਲਿਆਂ ਨੂੰ ਜ਼ਰੂਰ ਸਜ਼ਾ ਦਏਗਾ ਜਿਹੜੇ ਆਪਣੇ ਫਰਜ਼ ਤੋਂ ਮੂੰਹ ਮੋੜ ਕੇ ਮਾਸੂਮ ਜਨਤਾ ਉਪਰ ਜ਼ੁਲਮ ਢਾਉਂਦੇ ਨੇ। ਪਰ ਇਸ ਵਿਭਾਗ ਵਿਚ ਆ ਕੇ ਉਸਨੇ ਦੇਖਿਆ ਕਿ ਬਾਹਰੋਂ ਕਠੋਰ ਤੇ ਖ਼ੌਫ਼ਨਾਕ ਵਿਅਕਤੀਤਵ ਵਾਲੇ ਇਹੋ ਪੁਲਸ ਵਾਲੇ ਆਪਣੇ ਬੱਚਿਆਂ ਨੂੰ ਮਿਲਣ ਖਾਤਰ ਇਕ-ਦੋ ਦਿਨ ਦੀ ਛੁੱਟੀ ਲੈਣ ਖਾਤਰ ਕਿੰਜ ਗਿੜਗਿੜਾਉਂਦੇ ਨੇ। ਜਦੋਂ ਹੋਰ ਸਾਰੇ ਸਰਕਾਰੀ ਕਰਮਚਾਰੀ ਤਿਉਹਾਰਾਂ 'ਤੇ ਆਪਣੇ ਬੱਚਿਆਂ ਨਾਲ ਖੁਸ਼ੀਆਂ ਮਨਾਅ ਰਹੇ ਹੁੰਦੇ ਨੇ ਉਦੋਂ ਜਗਮਗਾਉਂਦੀਆਂ ਸੜਕਾਂ ਤੇ ਰੌਸ਼ਨ ਬਾਜ਼ਾਰਾਂ ਵਿਚ ਡਿਊਟੀ ਉੱਤੇ ਤਾਇਨਾਤ ਕਾਂਸਟੇਬਲਸ ਦੀਆਂ ਅੱਖਾਂ ਦੀ ਵੀਰਾਨੀ ਉਪਰ ਸ਼ਾਇਦ ਹੀ ਕਿਸੇ ਦੀ ਨਜ਼ਰ ਪੈਂਦੀ ਹੋਏ। ਉਹਨਾਂ ਦੇ ਬੱਚੇ ਕਿਸੇ ਵੀ ਤੀਜ-ਤਿਉਹਾਰ ਉਪਰ ਆਪਣੇ ਪਿਤਾ ਨਾਲ ਖੁਸ਼ੀਆਂ ਮਨਾਉਂਣ ਦੀ ਸੱਧਰ ਮਨ ਵਿਚ ਲਈ ਹੀ ਵੱਡੇ ਹੋ ਜਾਂਦੇ ਨੇ।
ਥਾਣੇ ਵਿਚ ਲੱਗਣ ਪਿੱਛੋਂ ਉਸਨੂੰ ਪੁਲਸ ਦੀ ਕਾਰਜ-ਪ੍ਰਣਾਲੀ ਨੂੰ ਬੜੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਤਾਂ ਉਸਦੇ ਤਲਖ਼ ਤਜ਼ੁਰਬਿਆਂ 'ਚੋਂ ਉਪਜੇ ਉਸਦੇ ਗੁੱਸੇ ਵਿਚ ਥੋੜ੍ਹੀ ਨਰਮੀ ਆ ਗਈ। ਉਸਨੂੰ ਸਮਝ ਆਉਣ ਲੱਗ ਪਿਆ ਕਿ ਪੁਲਸ ਦੇ ਅਤਿਆਚਾਰੀ ਸਰੂਪ ਦੇ ਪਿੱਛੇ ਕਿਤੇ ਨਾ ਕਿਤੇ ਉਹ ਦੋਖੀ ਵਿਵਸਥਾ ਹੈ ਜਿਸਦੀ ਔਪਨਿਵੇਸ਼ਿਕ ਮਾਨਸਿਕਤਾ ਪੁਲਸ-ਸੁਧਾਰ ਦੇ ਹਰੇਕ ਪ੍ਰਯਤਨ ਨੂੰ ਤਬਾਹ ਕਰ ਦੇਣ ਵਿਚ ਆਪਣਾ ਭਲਾ ਸਮਝਦੀ ਹੈ।
ਕਬੀਰ ਦਾ ਦਿਲ ਕੀਤਾ ਕਿ ਉਹ ਅਰਦਲੀ ਨੂੰ ਬੁਲਾਅ ਕੇ, ਆਪਣੇ ਕੋਲ ਬਿਠਾਅ ਕੇ, ਉਸ ਨਾਲ ਗੱਲਾਂ ਕਰੇ ਤੇ ਇਹ ਦੱਸੇ ਕਿ ਜਿਵੇਂ ਆਪਣੇ ਨਾਲ ਕੀਤੀਆਂ ਜਾਣ ਵਾਲੀਆਂ ਕੌੜੀਆਂ ਗੱਲਾਂ ਦੀ ਮਾਨਸਿਕ ਪੀੜ ਉਸਨੂੰ ਅੰਦਰੇ-ਅੰਦਰ ਖਾ ਰਹੀ ਹੈ, ਉਸੇ ਤਰ੍ਹਾਂ ਉਸਦੀਆਂ ਕੌੜੀਆਂ ਗੱਲਾਂ ਵੀ ਦੂਜਿਆਂ ਨੂੰ ਉਸੇ ਜਿੰਨੀ ਤਕਲੀਫ਼ ਪਹੁੰਚਾਉਂਦੀਆਂ ਹੋਣਗੀਆਂ।
ਉਸਨੇ ਘੰਟੀ ਵਜਾਉਣ ਦਾ ਇਰਾਦਾ ਕੀਤਾ ਹੀ ਸੀ ਕਿ ਅਚਾਨਕ ਫ਼ੋਨ ਦੀ ਘੰਟੀ ਵੱਜਣ ਲੱਗ ਪਈ। ਕਬੀਰ ਨੇ ਤ੍ਰਬਕ ਕੇ ਫ਼ੋਨ ਵਲ ਦੇਖਿਆ ਤੇ ਫੇਰ ਘੜੀ ਵੱਲ, ਪੌਣੇ ਬਾਰਾਂ ਵੱਜ ਚੱਲੇ ਸਨ। ਖ਼ੁਦਾ ਖ਼ੈਰ ਕਰੇ! ਰਾਤ ਦੇ ਇਸ ਪਹਿਰ ਥਾਣੇ ਵਿਚ ਫ਼ੋਨ ਦੀ ਘੰਟੀ ਦਾ ਵੱਜਣਾ, ਕਦੀ ਸ਼ੁਭ ਸੰਕੇਤ ਨਹੀਂ ਹੋ ਸਕਦਾ। ਉਸਨੇ ਡਰਦਿਆਂ-ਡਰਦਿਆਂ ਫ਼ੋਨ ਚੁੱਕਿਆ।
“ਹੈਲੋ!” ਦੂਜੇ ਪਾਸੇ ਰੇਸਟ-ਹਾਊਸ ਤੋਂ ਉਸਦਾ ਲਾਂਗਰੀ ਬਹਾਦੁਰ ਬੋਲ ਰਿਹਾ ਸੀ। ਕਬੀਰ ਦੇ ਸਾਹ ਥਾਵੇਂ ਆਏ।
“ਹਾਂ! ਬੋਲੋ ਬਹਾਦੁਰ।”
“ਸਾਹਬ ਮੇਰੇ ਪਿੰਡੋਂ ਫ਼ੋਨ ਆਇਆ ਸੀ। ਮੇਰੀ ਘਰਵਾਲੀ ਬਿਮਾਰ ਏ। ਮੈਂ ਖਾਣਾ ਬਣਾ ਦਿੱਤਾ ਏ ਲਾਈਨ 'ਚੋਂ ਦੂਜਾ ਅਰਦਲੀ ਵੀ ਬੁਲਾ ਲਿਆ ਏ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਛੁੱਟੀ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਏਗੀ।” ਬਹਾਦੁਰ ਨੇ ਮਿੰਨਤ ਜਿਹੀ ਕੀਤੀ।
ਕਬੀਰ ਇਕ ਵਾਰ ਫੇਰ ਮੁਲਾਜ਼ਿਮਾਂ ਦੀਆਂ ਮੁਸ਼ਕਿਲਾਂ ਉਪਰ ਗੌਰ ਕਰਨ ਲੱਗਾ ਕਿ ਏਨੀ ਰਾਤ ਨੂੰ ਉਹ ਕਿੰਜ ਪਿੰਡ ਜਾਏਗਾ—ਪਤਾ ਨਹੀਂ ਉਸ ਕੋਲ ਪੈਸੇ ਵੀ ਹੈ ਸਨ ਜਾਂ ਨਹੀਂ?
ਕਬੀਰ ਦੀ ਇਸ ਚੁੱਪ ਸਦਕਾ ਬਹਾਦੁਰ ਫੇਰ ਮਿੰਨਤਾਂ-ਤਰਲੇ ਕਰਨ ਲੱਗਾ, “ਸਾਹਬ ਮੈਂ ਜਲਦੀ ਵਾਪਸ ਆ ਜਾਵਾਂਗਾ, ਮੇਰੇ ਉਪਰ ਇਹ ਮਿਹਰਬਾਨੀ ਕਰ ਦਿਓ ਸਾਹਬ, ਮੇਰੀ ਘਰਵਾਲੀ ਮਰ ਜਾਏਗੀ।” ਬਹਾਦੁਰ ਰੋਣ ਹਾਕਾ ਹੋਇਆ-ਹੋਇਆ ਲੱਗ ਰਿਹਾ ਸੀ।
ਕਬੀਰ ਨੇ ਯਕਦਮ ਆਪਣੀਆਂ ਸੋਚਾਂ ਵਿਚੋਂ ਬਾਹਰ ਆਉਂਦਿਆਂ ਹੋਇਆਂ ਕਿਹਾ...:
“ਘਬਰਾ ਨਾ ਤੂੰ ਹੁਣੇ ਚਲਾ ਜਾਹ ਮੈਂ ਲਾਈਨ ਅਫ਼ਸਰ ਨੂੰ ਕਹਿ ਕੇ ਗੱਡੀ ਭੇਜ ਦੇਂਦਾ ਆਂ। ਜੇ ਇੱਥੇ ਕੋਈ ਬਸ ਜਾਂ ਟਰੇਨ ਨਾ ਮਿਲੀ ਤਾਂ ਉਹ ਤੈਨੂੰ ਲੁਧਿਆਣਿਓਂ ਬਸ ਚੜ੍ਹਾ ਆਏਗਾ।”
ਕਹਿ ਕੇ ਉਸਨੇ ਫ਼ੋਨ ਰੱਖ ਦਿੱਤਾ। ਉਧਰੋਂ ਬਹਾਦੁਰ ਦੁਆਰਾ ਦਿੱਤੀਆਂ ਜਾ ਰਹੀਆਂ ਅਸੀਸਾਂ ਵੀ ਉਸਨੇ ਨਹੀਂ ਸਨ ਸੁਣੀਆਂ। ਘੰਟੀ ਵਜਾ ਕੇ ਉਸਨੇ ਅਰਦਲੀ ਨੂੰ ਕਿਹਾ ਕਿ 'ਮੁਨਸ਼ੀ ਨੂੰ ਕਹੋ ਮੇਰੀ ਲਾਈਨ ਅਫ਼ਸਰ ਨਾਲ ਗੱਲ ਕਰਾਏ।' ਮੁਨਸ਼ੀ ਨੇ ਥੋੜ੍ਹੀ ਦੇਰ ਵਿਚ ਹੀ ਅੰਦਰ ਆ ਕੇ ਕਿਹਾ, “ਜਨਾਬ ਫ਼ੋਨ ਚੁੱਕ ਲਓ।” ਦੂਜੇ ਪਾਸੇ ਲਾਈਨ ਅਫ਼ਸਰ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕਬੀਰ ਨੇ ਲਾਈਨ ਅਫ਼ਸਰ ਨੂੰ ਜ਼ਰੂਰੀ ਹਦਾਇਤਾਂ ਦੇਣ ਪਿੱਛੋਂ ਕਿਹਾ ਕਿ ਉਹ ਕੈਸ਼ੀਅਰ ਤੋਂ 500/- ਰੁਪਏ ਲੈ ਕੇ ਉਸ ਵਲੋਂ ਬਹਾਦੁਰ ਨੂੰ ਦੇ ਦਏ ਤਾਂ ਕਿ ਉਹ ਆਪਣੀ ਪਤਨੀ ਦੇ ਇਲਾਜ਼ ਉੱਤੇ ਖਰਚ ਕਰ ਸਕੇ।
ਇਹ ਕਹਿ ਕੇ ਇਕ ਲੰਮਾਂ ਸਾਹ ਖਿੱਚਦਿਆਂ ਹੋਇਆਂ ਉਸਨੇ ਆਪਣਾ ਸਿਰ ਕੁਰਸੀ ਦੀ ਢੋਅ ਨਾਲ ਟਿਕਾਅ ਦਿੱਤਾ। ਅਜ ਦਾ ਦਿਨ ਖਾਸਾ ਥਕਾ ਦੇਣ ਵਾਲਾ ਸੀ। ਅਜੇ ਉਸਨੇ ਆਪਣੇ ਡਿਸਟ੍ਰਿਕਟ ਅਸਾਈਨਮੈਂਟ ਦੇ ਪੇਪਰ ਵੀ ਪੂਰੇ ਕਰਨੇ ਸਨ। ਉਸਨੂੰ ਬਹਾਦੁਰ ਉੱਤੇ ਤੇ ਅਰਦਲੀ ਉੱਤੇ ਤਰਸ ਆਉਣ ਲੱਗ ਪਿਆ ਤੇ ਆਪਣੇ ਆਪ ਉੱਤੇ ਗੁੱਸਾ ਕਿ ਜੇ ਉਹ ਸਮੇਂ ਸਿਰ ਉਠ ਜਾਂਦਾ ਤੇ ਸਮੇਂ 'ਤੇ ਖਾਣਾ ਖਾ ਲੈਂਦਾ ਤਾਂ ਉਹਨਾਂ ਨੂੰ ਵੀ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ। ਇਹ ਸੋਚ ਕੇ ਉਹ ਉਠਣ ਦਾ ਇਰਾਦਾ ਕਰ ਹੀ ਰਿਹਾ ਸੀ ਕਿ ਅਰਦਲੀ ਨੇ ਅੰਦਰ ਆ ਕੇ ਕਿਹਾ...:
“ਸਾਹਬ ਅੱਜ ਤੁਸੀਂ ਖਾਣਾ ਵੀ ਨਹੀਂ ਖਾਧਾ, ਕਹੋ ਤਾਂ ਖਾਣਾ ਏਥੇ ਮੰਗਵਾ ਦਿਆਂ?”
“ਨਹੀਂ-ਨਹੀਂ ਬਸ ਮੈਂ ਜਾ ਰਿਹਾਂ, ਖਾਣਾ ਮੈਂ ਰੈਸਟਹਾਊਸ ਜਾ ਕੇ ਖਾਵਾਂਗਾ। ਤੂੰ ਇੰਜ ਕਰ... ਇਹ ਸਾਰੇ ਪੇਪਰ ਚੁੱਕੇ ਕੇ ਗੱਡੀ ਵਿਚ ਰੱਖ ਦੇ। ਬਾਕੀ ਕੰਮ ਮੈਂ ਕਲ੍ਹ ਕਰਾਂਗਾ।”
ਅਰਦਲੀ ਪੇਪਰ ਸਮੇਟ ਹੀ ਰਿਹਾ ਸੀ ਕਿ ਉਦੋਂ ਹੀ ਰਾਤ ਦਾ ਮੁਨਸ਼ੀ ਦੌੜਦਾ ਹੋਇਆ ਆਇਆ—
“ਸਾਹਬ, ਸਾਹਬ ਡੀ.ਐਸ.ਪੀ. ਸਾਹਬ ਦਾ ਵਾਇਰਲੈਸ ਮੈਸੇਜ ਆਇਆ ਏ। ਤੁਹਾਨੂੰ ਸਿਵਲ ਹਸਪਤਾਲ ਬੁਲਾਇਆ ਏ।” ਮੁਨਸ਼ੀ ਦੇ ਲਹਿਜੇ ਵਿਚੋਂ ਘਬਰਾਹਟ ਛਲਕ ਰਹੀ ਸੀ।
“ਪਰ ਹੋਇਆ ਕੀ ਦੱਸੋ ਤਾਂ ਸਹੀ।” ਕਬੀਰ ਨੇ ਘਬਰਾ ਕੇ ਕੁਰਸੀ ਤੋਂ ਉਠਦਿਆਂ ਕਿਹਾ।
“ਕੁਝ ਲੁਟੇਰਿਆਂ ਨੇ ਸ਼ਹਿਰ ਦੇ ਬਾਹਰਵਾਰ ਪੈਟਰੋਲ ਪੰਪ ਲੁੱਟ ਲਿਐ ਤੇ ਇਕ ਕਰਿੰਦੇ ਨੂੰ ਗੋਲੀ ਮਾਰ ਦਿੱਤੀ ਐ।”
ਕਬੀਰ ਸਿਲ-ਪੱਥਰ ਹੋ ਗਿਆ। ਆਤੰਕਵਾਦ ਖਤਮ ਹੋਣ ਪਿੱਛੋਂ ਪੰਜਾਬ ਵਿਚ ਇਹ ਪਹਿਲੀ ਵੱਡੀ ਵਾਰਦਾਤ ਹੋਈ ਸੀ। ਉਸਨੇ ਫੌਰਨ ਮੇਜ਼ ਉਪਰੋਂ ਆਪਣੀ ਟੋਪੀ ਚੁੱਕੀ ਤੇ ਕਾਹਲੇ ਕਦਮਾਂ ਨਾਲ ਲਗਭਗ ਦੌੜਦਾ ਹੋਇਆ ਆਪਣੀ ਜਿਪਸੀ ਤਕ ਪਹੁੰਚਿਆ। ਉਸਦੇ ਬੈਠਦਿਆਂ ਹੀ ਸਾਰੇ ਗਨਮੈਨ ਵੀ ਫੁਰਤੀ ਨਾਲ ਜਿਪਸੀ ਵਿਚ ਸਵਾਰ ਹੋ ਗਏ। ਤੇ ਉਸਦੀ ਜਿਪਸੀ ਹੂਟਰ ਵਜਾਉਂਦੀ ਹੋਈ ਤੇਜ਼ ਰਿਫ਼ਤਾਰ ਨਾਲ ਥਾਣੇ 'ਚੋਂ ਨਿਕਲ ਕੇ ਸਿਵਲ ਹਸਪਤਾਲ ਵਲ ਦੌੜ ਪਈ।
ਉਸਦੀ ਐਸ.ਐਚ.ਓ. ਸ਼ਿਪ ਖਤਮ ਹੋਣ ਵਿਚ ਹਾਲੇ ਤਿੰਨ ਦਿਨ ਰਹਿੰਦੇ ਸਨ। ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਉਸਦਾ ਕਾਰਜਕਾਲ ਸੁਖ-ਸ਼ਾਂਤੀ ਨਾਲ ਹੀ ਬੀਤਿਆ ਸੀ।
ਸਿਵਲ ਹਸਪਤਾਲ ਪਹੁੰਚਦਿਆਂ ਹੀ ਡੀ.ਐਸ.ਪੀ. ਇਕਬਾਲ ਸਿੰਘ ਉਸਨੂੰ ਗੇਟ ਉੱਤੇ ਹੀ ਦਿਸ ਪਿਆ। ਕਬੀਰ ਨੇ ਜਿਪਸੀ ਵਿਚੋਂ ਉਤਰ ਕੇ ਉਸ ਨਾਲ ਹੱਥ ਮਿਲਾਇਆ ਤੇ ਬੇਚੈਨੀ ਜਿਹੀ ਨਾਲ ਪੁੱਛਿਆ, “ਕੀ ਹੋਇਆ?”
ਇਕਬਾਲ ਦੇ ਚਿਹਰੇ ਉੱਤੇ ਗੂੜ੍ਹੀ ਸੰਜੀਦਗੀ ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਸ ਰਹੀਆਂ ਸਨ।
“ਅਜ ਤਕਰੀਬਨ ਗਿਆਰਾਂ ਵਜੇ ਪੰਜ ਨੌਜਵਾਨ ਮੋਟਰ ਸਾਈਕਲ ਉੱਤੇ ਸਵਾਰ ਹੋ ਕੇ ਖਾਲਸਾ ਪੈਟਰੋਲ ਪੰਪ ਉੱਤੇ ਪਹੁੰਚੇ। ਪੰਪ ਉੱਤੇ ਉਦੋਂ ਦੋ ਕਰਿੰਦੇ ਮੌਜ਼ੂਦ ਸਨ। ਉਹਨਾਂ ਨੇ ਇਕ ਮੁੰਡੇ ਨੂੰ ਮੋਟਰ ਸਾਈਕਲ ਵਿਚ ਪੈਟਰੋਲ ਪਾਉਣ ਲਈ ਕਿਹਾ। ਦੋ ਨੌਜਵਾਨ ਮੋਟਰ ਸਾਈਕਲ ਕੋਲ ਖਲੋ ਕੇ ਪੈਟਰੋਲ ਪੁਆਉਣ ਲੱਗ ਪਏ ਤੇ ਤਿੰਨ ਜਣੇ ਪੈਟਰੋਲ ਪੰਪ ਦੇ ਕੈਬਿਨ ਵਿਚ ਜਾ ਘੁਸੇ। ਉਹਨਾਂ ਵਿਚੋਂ ਦੋ ਜਣਿਆ ਨੇ ਅਚਾਨਕ ਪਸਤੌਲ ਕੱਢ ਕੇ ਕੈਬਿਨ ਵਿਚ ਮੌਜ਼ੂਦ ਕਰਿੰਦੇ ਨੂੰ ਕਾਬੂ ਵਿਚ ਕਰ ਲਿਆ ਤੇ ਕੈਸ਼ ਬਕਸ ਵਿਚ ਪਿਆ ਸਾਰਾ ਕੈਸ਼ ਲੁੱਟ ਲਿਆ।” ਨਰੇਂਦਰ ਨੇ ਇਕੋ ਸਾਹ ਵਿਚ ਸਾਰੀ ਗੱਲ ਦੱਸ ਦਿੱਤੀ।
“ਕੈਸ਼ ਕਿੰਨਾ ਗਿਐ?” ਕਬੀਰ ਨੇ ਪੁੱਛਿਆ।
“ਤਕਰੀਬਨ ਪੰਜ ਹਜ਼ਾਰ ਰੁਪਏ, ਉਦੋਂ ਪੰਪ ਵਿਚ ਏਨੇ ਕੁ ਈ ਸਨ।” ਇਕਬਾਲ ਨੇ ਜਵਾਬ ਦਿੱਤਾ।
“ਬਸ ਏਨੇ ਈ...!” ਕਬੀਰ ਨੇ ਹੈਰਾਨੀ ਨਾਲ ਪੁੱਛਿਆ।
“ਹਾਂ, ਕਿਸਮਤ ਚੰਗੀ ਸੀ ਕਿ ਪੈਟਰੋਲ ਪੰਪ ਦੇ ਮਾਲਕ ਸ਼ਾਮੀਂ ਅੱਠ ਵਜੇ ਹੀ ਸਾਰਾ ਕੈਸ਼ ਲੈ ਗਏ ਸਨ।”
“ਫੇਰ ਕੀ ਹੋਇਆਂ?” ਕਬੀਰ ਨੇ ਉਤਸੁਕਤਾ ਨਾਲ ਪੁੱਛਿਆ।
“ਕੈਸ਼ ਲੁੱਟ ਕੇ ਜਾਂਦਿਆਂ ਹੋਇਆਂ ਉਹਨਾਂ ਇਕ ਕਰਿੰਦੇ ਨੂੰ ਗੋਲੀ ਮਾਰ ਦਿੱਤੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ।”
ਇਕਬਾਲ ਦੇ ਲਹਿਜੇ ਵਿਚ ਦੁੱਖ ਤੇ ਗੁੱਸੇ ਦੀ ਰਲੀ-ਮਿਲੀ ਰੌਅ ਸੀ।
“ਲਾਸ਼ ਕਿੱਥੇ ਐ?” ਕਬੀਰ ਨੇ ਫੇਰ ਪੁੱਛਿਆ।
“ਲਾਸ਼ ਨੂੰ ਹਸਪਤਾਲ ਲੈ ਆਏ ਆਂ।”
“ਕੀ ਨਾਂ ਸੀ ਜਿਸਦਾ ਕਤਲ ਹੋਇਆ ਏ?” ਕਬੀਰ ਨੇ ਪੁੱਛਿਆ।
“ਮਨੋਜ ਤੇ ਦੂਜੇ ਮੁੰਡੇ ਦਾ ਨਾਂ ਸੁਰੇਸ਼ ਏ। ਦੋਵੇ ਚਚਰੇ ਭਰਾ ਸਨ।”
ਉਹ ਦੋਵੇਂ ਤੇਜ਼-ਤੇਜ਼ ਤੁਰਦੇ ਹੋਏ ਮੁਰਦਾ-ਘਰ ਦੇ ਸਾਹਮਣੇ ਪਹੁੰਚ ਗਏ। ਉੱਥੇ ਦੋ ਪੁਲਸ ਮੁਲਾਜ਼ਮ ਮੌਜ਼ੂਦ ਸਨ ਜਿਹਨਾਂ ਨਾਲ ਇਕ ਪੰਦਰਾਂ-ਸੋਲਾਂ ਸਾਲ ਦਾ ਮੁੰਡਾ ਵੀ ਖੜ੍ਹਾ ਸੀ ਜਿਹੜਾ ਲਗਭਗ ਲੰਮੇ-ਸਮੇਂ ਤੋਂ ਰੋ ਰਿਹਾ ਜਾਪਦਾ ਸੀ। ਕਬੀਰ ਨੇ ਮੁਰਦਾ-ਘਰ ਦੇ ਅੰਦਰ ਜਾ ਕੇ ਲਾਸ਼ ਦਾ ਮੁਆਇਨਾ ਕੀਤਾ। ਲਗਭਗ ਵੀਹ-ਬਾਈ ਵਰ੍ਹਿਆਂ ਦਾ ਦਰਮਿਆਨੇ ਸਰੀਰ ਤੇ ਕੱਦ ਦਾ ਨੌਜਵਾਨ ਸੀ ਉਹ। ਗੋਲੀ ਛਾਤੀ ਵਿਚ ਐਨ ਦਿਲ ਉੱਤੇ ਵੱਜੀ ਸੀ।
“ਮੈਂ ਮੌਕੇ ਦਾ ਮੁਆਇਨਾ ਕਰਨ ਜਾ ਰਿਹਾਂ। ਇੱਥੇ ਮੈਂ ਇਕ ਐਸ.ਐਚ.ਓ. ਛੱਡ ਦਿੱਤਾ ਏ ਜਿਹੜਾ ਕਾਰਵਾਈ ਪੂਰੀ ਕਰ ਲਏਗਾ। ਅਜੇ ਬਹੁਤੀ ਦੇਰ ਨਹੀਂ ਹੋਈ ਜੇ ਵਧ ਤੋਂ ਵਧ ਪੁਲਸ ਪਾਰਟੀਆਂ ਬਣਾ ਕੇ ਸਰਚ ਆਪ੍ਰੇਸ਼ਨ ਕੀਤਾ ਜਾਏ ਤਾਂ ਮੁਲਜ਼ਿਮ ਛੇਤੀ ਹੀ ਕਾਬੂ ਕੀਤੇ ਜਾ ਸਕਦੇ ਨੇ।” ਮੁਰਦਾ-ਘਰ 'ਚੋਂ ਬਾਹਰ ਆ ਕੇ ਇਕਬਾਲ ਬੋਲਿਆ।
“ਮੈਂ ਵੀ ਤੁਹਾਡੇ ਨਾਲ ਚੱਲ ਰਿਹਾਂ।” ਕਬੀਰ ਨੇ ਕਿਹਾ।
ਇਕਬਾਲ, ਕਬੀਰ ਦੀ ਜਿਪਸੀ ਵਿਚ ਹੀ ਆ ਗਿਆ। ਉਸਨੇ ਜਿਪਸੀ ਡਰਾਈਵ ਕਰ ਲਈ। ਕਬੀਰ ਉਸਦੇ ਨਾਲ ਬੈਠ ਗਿਆ। ਸੁਰੇਸ਼ ਨੂੰ ਦੂਜੀ ਜਿਪਸੀ ਵਿਚ ਬਿਠਾ ਕੇ ਉਹ ਖਾਲਸਾ ਪੈਟਰੋਲ ਪੰਪ ਵਲ ਚੱਲ ਪਏ। ਖਾਲਸਾ ਪੈਟਰੋਲ ਪੰਪ ਸ਼ਹਿਰ ਦੇ ਬਾਹਰਵਾਰ ਤਕਰੀਬਨ ਚਾਰ ਪੰਜ ਕਿਲੋਮੀਟਰ ਦੂਰ ਮੱਲਾਂ ਵਾਲਾ ਰੋਡ ਉੱਤੇ ਸਥਿਤ ਹੈ। ਉੱਥੇ ਕੁਝ ਮੁਲਾਜ਼ਿਮ ਮੌਜ਼ੂਦ ਸਨ ਜਿਹਨਾਂ ਨੇ ਮੌਕਾ-ਏ-ਵਾਰਦਾਤ ਜਿਵੇਂ ਦੀ ਤਿਵੇਂ ਰੱਖਿਆ ਹੋਇਆ ਸੀ। ਮੌਕੇ ਉਪਰ ਪਹੁੰਚ ਕੇ ਦੋਵਾਂ ਨੇ ਮੌਕੇ ਦਾ ਮੁਆਇਨਾ ਸ਼ੁਰੂ ਕਰ ਦਿੱਤਾ। ਕੈਬਿਨ ਵਿਚ ਕਾਫੀ ਸਾਰਾ ਖ਼ੂਨ ਪਿਆ ਸੀ। ਸੁਰੇਸ਼ ਨੇ ਘਟਨਾ ਬਾਰੇ ਖਾਸੇ ਵਿਸਥਾਰ ਨਾਲ ਦੱਸਿਆ। ਸੁਰੇਸ਼ ਬੜਾ ਸਮਝਦਾਰ ਮੁੰਡਾ ਸੀ। ਉਸਦੇ ਦੱਸੇ ਹੋਏ ਹੁਲੀਏ ਮੁਤਾਬਿਕ ਪੂਰੇ ਜ਼ਿਲੇ ਵਿਚ ਨਾਕੇ ਲਾ ਕੇ ਚੈਕਿੰਗ ਦੇ ਹੁਕਮ ਪਹਿਲਾਂ ਹੀ ਭੇਜ ਦਿੱਤੇ ਗਏ ਸਨ। ਕਬੀਰ ਤੇ ਇਕਬਾਲ ਨੇ ਆਪਸ ਵਿਚ ਸਲਾਹ ਕਰਕੇ ਦੂਜੇ ਥਾਣਿਆਂ ਤੋਂ ਵੀ ਫੋਰਸ ਮੰਗਵਾ ਲਈ ਤੇ ਉਹਨਾਂ ਦੀਆਂ ਕਈ ਟੀਮਾਂ ਬਣਾ ਕੇ ਤੁਰੰਤ ਇਲਾਕੇ ਵਿਚ ਸਰਚ ਕਰਨ ਲਈ ਭੇਜ ਦਿੱਤੀਆਂ ਗਈਆਂ। ਸੁਰੇਸ਼ ਦੇ ਦੱਸਣ ਅਨੁਸਾਰ ਮੋਟਰ ਸਾਈਕਲ ਉਪਰ ਪੰਜ ਬੰਦਿਆਂ ਦਾ ਬੈਠਣਾ ਬੜਾ ਅਜੀਬ ਲੱਗ ਰਿਹਾ ਸੀ। ਪਰ ਸੁਰੇਸ਼ ਬੜਾ ਸਮਝਦਾਰ ਮੁੰਡਾ ਸੀ। ਸ਼ੁਰੂਆਤੀ ਸਦਮੇਂ ਤੋਂ ਸੰਭਲਣ ਪਿੱਛੋਂ ਉਸਨੇ ਹਰੇਕ ਗੱਲ ਦਾ ਜਵਾਬ ਬੜੇ ਠੋਸ ਅੰਦਾਜ਼ ਵਿਚ ਦਿੱਤਾ ਸੀ। ਉਸਨੇ ਕਾਤਲਾਂ ਦੇ ਹੁਲੀਏ ਤੇ ਮੋਟਰ ਸਾਈਕਲ ਦਾ ਵੇਰਵਾ ਬੜੇ ਵਿਸਥਾਰ ਨਾਲ ਦਿੱਤਾ ਸੀ।
“ਸਮਝ ਵਿਚ ਨਹੀਂ ਆਉਂਦਾ ਕਿ ਜਦੋਂ ਲੁਟੇਰਿਆਂ ਨੂੰ ਪੈਸੇ ਮਿਲ ਗਏ ਸਨ ਤਾਂ ਉਹਨਾਂ ਗੋਲੀ ਕਿਉਂ ਚਲਾਈ?” ਕਬੀਰ ਨੇ ਗੁੱਸੇ ਤੇ ਹੈਰਨੀ ਭਰੀ ਆਵਾਜ਼ ਵਿਚ ਕਿਹਾ।
“ਕਈ ਵਾਰੀ ਇਸ ਤਰ੍ਹਾਂ ਦੇ ਨੌਜਵਾਨ ਨਸ਼ੇ ਦੇ ਆਦੀ ਹੁੰਦੇ ਨੇ ਤੇ ਨਸ਼ੇ ਦੀਆਂ ਗੋਲੀਆਂ ਖਾਣ ਪਿੱਛੋਂ ਹੀ ਵਾਰਦਾਤ ਕਰਦੇ ਨੇ। ਨਸ਼ੇ ਦੇ ਝੱਲ ਵਿਚ ਇਹ ਬਿਨਾਂ ਗੱਲੋਂ ਗੋਲੀ ਚਲਾ ਦੇਂਦੇ ਨੇ।” ਇਕਬਾਲ ਨੇ ਜਵਾਬ ਦਿੱਤਾ।
ਸੁਰੇਸ਼ ਆਪਣੇ ਭਰਾ ਨੂੰ ਯਾਦ ਕਰਕੇ ਇਕ ਵਾਰ ਫੇਰ ਰੋਣ ਲੱਗ ਪਿਆ ਸੀ।
ਕਬੀਰ ਨੇ ਉਸਨੂੰ ਆਪਣੇ ਕੋਲ ਬੁਲਾ ਕੇ ਤੱਸਲੀ ਦਿੱਤੀ। ਉਸਨੇ ਇਕ ਕਾਂਸਟੇਬਲ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਪਾਣੀ ਪਿਆਓ ਤੇ ਜ਼ਰਾ ਪਾਸੇ ਰੱਖੋ ਤਾਂਕਿ ਖ਼ੂਨ ਦੇਖ ਕੇ ਉਸਦਾ ਮਨ ਬਹੁਤਾ ਨਾ ਡੋਲ ਜਾਏ।
ਉਦੋਂ ਹੀ ਬੜੀ ਤੇਜ਼ੀ ਨਾਲ ਇਕ ਗੱਡੀ ਆ ਕੇ ਰੁਕੀ ਉਸ ਵਿਚੋਂ ਇਕ ਸਰਚ ਪਾਰਟੀ ਦਾ ਇੰਚਾਰਜ ਬੜੀ ਫੁਰਤੀ ਨਾਲ ਉਤਰ ਕੇ ਉਹਨਾਂ ਕੋਲ ਆਇਆ। ਨੇੜੇ ਆ ਕੇ ਉਸਨੇ ਬੜੇ ਜੋਸ਼ੀਲੇ ਢੰਗ ਨਾਲ ਸਲੂਟ ਮਾਰਦਿਆਂ ਹੋਇਆਂ ਕਿਹਾ, “ਸਰ, ਇੱਥੋਂ ਚਾਰ ਕਿਲੋਮੀਟਰ ਦੂਰ ਮੱਲਾਂ ਵਾਲਾ ਦੇ ਨੇੜੇ ਇਕ ਰੇਲਵੇ ਕਰਾਸਿੰਗ ਦੇ ਗੇਟਮੈਨ ਨੇ ਵਾਰਦਾਤ ਤੋਂ ਕੁਝ ਸਮਾਂ ਪਿੱਛੋਂ ਇਕ ਮੋਟਰ ਸਾਈਕਲ ਉਪਰ ਪੰਜ ਸਵਾਰਾਂ ਨੂੰ ਰੇਲਵੇ ਕਰਾਸਿੰਗ ਪਾਰ ਕਰਦਿਆਂ ਦੇਖਿਆ ਏ।”
ਕਬੀਰ ਤੇ ਇਕਬਾਲ ਦੋਵੇਂ ਫੁਰਤੀ ਨਾਲ ਉਠ ਖੜ੍ਹੇ ਹੋਏ। ਇਕਬਾਲ ਨੇ ਡਰਾਈਵਰ ਦੀ ਸੀਟ ਸੰਭਾਲੀ, ਕਬੀਰ ਉਸਦੇ ਨਾਲ ਬੈਠ ਗਿਆ। ਇਕਬਾਲ ਨੇ ਗੱਡੀ ਸਟਾਰਟ ਕਰਦਿਆਂ ਹੋਇਆਂ ਏ.ਐਸ.ਆਈ. ਨੂੰ ਹਿਦਾਇਤ ਕੀਤੀ ਕਿ 'ਇਕ ਸਰਚ ਪਾਰਟੀ ਨੂੰ ਜਲਦੀ ਹੀ ਉਸ ਪਾਸੇ ਭੇਜੋ' ਤੇ ਜਿਪਸੀ ਨੂੰ ਗੇਅਰ ਵਿਚ ਪਾ ਦਿੱਤਾ। ਥੋੜ੍ਹੀ ਦੇਰ ਵਿਚ ਉਹ ਰੇਲਵੇ ਕਰਾਸਿੰਗ ਉਪਰ ਤੈਨਾਤ ਗੇਟਮੈਨ ਕੋਲ ਪਹੁੰਚ ਗਏ ਜਿਹੜਾ ਇਕ ਪੱਕੀ ਉਮਰ ਦਾ ਆਦਮੀ ਸੀ। ਇਕਬਾਲ ਨੇ ਪਹੁੰਚਦਿਆਂ ਹੀ ਉਸ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਗੇਟਮੈਨ ਦੇ ਦੱਸਣ ਅਨੁਸਾਰ ਘਟਨਾ ਤੋਂ ਲਗਭਗ ਅੱਧਾ ਘੰਟਾ ਪਿੱਛੋਂ ਇਕ ਮੋਟਰ ਸਾਈਕਲ ਉਪਰ ਪੰਜ ਨੌਜਵਾਨ ਰੁਕੇ ਸਨ ਉੱਥੇ, ਉਦੋਂ ਇਕ ਟਰੇਨ ਲੰਘਣ ਕਰਕੇ ਫਾਟਕ ਬੰਦ ਸੀ।
“ਮੋਟਰ ਸਾਈਕਲ ਦਾ ਰੰਗ ਕਿਹੜਾ ਸੀ?” ਕਬੀਰ ਨੇ ਪੁੱਛਿਆ।
“ਮੋਟਰ ਸਾਈਕਲ ਦਾ ਰੰਗ ਸ਼ਾਇਦ ਕਾਲਾ ਸੀ।” ਗੇਟਮੈਨ ਨੇ ਜਵਾਬ ਦਿੱਤਾ।
ਗੇਟਮੈਨ ਦੇ ਜਵਾਬ ਨੇ ਥੋੜ੍ਹੀ ਉਲਝਣ ਪੈਦਾ ਕਰ ਦਿੱਤੀ ਕਿਉਂਕਿ ਚਸ਼ਮਦੀਦ ਗਵਾਹ ਸੁਰੇਸ਼ ਦੇ ਮੁਤਾਬਿਕ ਮੋਟਰ ਸਾਈਕਲ ਦਾ ਰੰਗ ਲਾਲ ਸੀ।
“ਉਹ ਲੋਕ ਕਿਸ ਪਾਸੇ ਗਏ ਨੇ?” ਇਕਬਾਲ ਨੇ ਪੁੱਛਿਆ।
“ਮੈਂ ਧਿਆਨ ਨਹੀਂ ਦਿੱਤਾ ਸਾ'ਬ, ਫਾਟਕ ਖੋਲ੍ਹਣ ਪਿੱਛੋਂ ਮੈਂ ਆਪਣੇ ਕੈਬਿਨ ਵਿਚ ਚਲਾ ਗਿਆ ਸੀ।” ਗੇਟਮੈਨ ਨੇ ਜਵਾਬ ਦਿੱਤਾ।
ਇਹਨਾਂ ਸਵਾਲਾਂ-ਜਵਾਬਾਂ ਦੌਰਾਨ ਇਕ ਸਰਚ ਪਾਰਟੀ ਵੀ ਉੱਥੇ ਪਹੁੰਚ ਗਈ। ਫਾਟਕ ਨੂੰ ਕਰਾਸ ਕਰਨ ਪਿੱਛੋਂ ਇਕ ਕੱਚਾ ਰਸਤਾ ਰੇਲਵੇ ਲਾਈਨ ਦੇ ਨਾਲ-ਨਾਲ ਵੀ ਸੀ, ਜਿਹੜਾ ਮੱਲਾਂ ਵਾਲਾ ਰੇਲਵੇ ਸਟੇਸ਼ਨ ਤਕ ਜਾਂਦਾ ਸੀ।
ਫ਼ੈਸਲਾ ਕੀਤਾ ਗਿਆ ਕਿ ਜਿਹੜੀ ਸਰਚ ਪਾਰਟੀ ਆਈ ਸੀ ਉਹ ਪੱਕੀ ਸੜਕ ਉਪਰ ਸਰਚ ਕਰਦੀ ਹੋਈ ਅੱਗੇ ਜਾਏਗੀ ਤੇ ਕਬੀਰ ਤੇ ਇਕਬਾਲ ਉਸ ਕੱਚੇ ਰਸਤੇ ਜਾਣਗੇ। ਜਿਪਸੀ ਦੇ ਪਿੱਛੇ ਖੜ੍ਹੇ ਜਵਾਨ ਜਗ੍ਹਾ ਬਦਲ-ਬਦਲ ਕੇ ਸਰਚ ਲਾਈਟ ਦੀ ਰੌਸ਼ਨੀ ਪਾ ਰਹੇ ਸਨ। ਲਗਭਗ 8-10 ਕਿਲੋਮੀਟਰ ਅੱਗੇ ਜਾ ਕੇ ਉਹ ਲੋਕ ਮੱਲਾਂ ਪੁਰ ਰੇਲਵੇ ਸਟੇਸ਼ਟ 'ਤੇ ਪਹੁੰਚ ਗਏ।
ਆਮ ਤੌਰ 'ਤੇ ਖ਼ੂਬ ਬੋਲਣ ਵਾਲਾ ਇਕਬਾਲ ਚੁੱਪ ਸੀ। ਕਬੀਰ ਵੀ ਕੁਝ ਨਹੀਂ ਸੀ ਬੋਲ ਰਿਹਾ। ਲੁਟੇਰਿਆਂ ਨੇ ਜਿਸ ਬੇਰਹਿਮੀ ਨਾਲ ਪੈਸਾ ਲੁੱਟਣ ਪਿੱਛੋਂ ਬਿਨਾਂ ਕਾਰਨ ਹੱਤਿਆ ਕਰ ਦਿੱਤੀ ਸੀ, ਉਸਨੇ ਕਬੀਰ ਦੇ ਮਨ ਉਪਰ ਖਾਸਾ ਅਸਰ ਪਾਇਆ ਸੀ ਤੇ ਇਕਬਾਲ ਵੀ ਖਾਸੇ ਗੁੱਸੇ ਵਿਚ ਸੀ।
“ਇਹੋ ਜਿਹੇ ਹੱਤਿਆਰਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਏ।” ਇਕਬਾਲ ਨੇ ਲੰਮੀ ਚੁੱਪ ਤੋੜੀ। “ਇਹ ਸਮਾਜ ਦੇ ਜਿਸਮ ਉੱਤੇ ਨਾਸੂਰ ਵਾਂਗ ਫ਼ੈਲ ਰਹੇ ਨੇ। ਆਪ੍ਰੇਸ਼ਨ ਹੀ ਇਹਨਾਂ ਦਾ ਇਲਾਜ਼ ਏ।” ਇਕਬਾਲ ਦੇ ਲਹਿਜ਼ੇ ਵਿਚ ਅੰਤਾਂ ਦੀ ਕੁਸੈਲ ਘੁਲੀ ਹੋਈ ਸੀ।
“ਗੱਲ ਤਾਂ ਤੁਹਾਡੀ ਠੀਕ ਏ ਪਰ ਸਮਾਜ ਸੁਧਾਰ ਦਾ ਅਸੀਂ ਠੇਕਾ ਥੋੜ੍ਹਾ ਈ ਲਿਆ ਹੋਇਆ ਏ। ਜੇ ਕਾਨੂੰਨ ਇਹ ਚਾਹੁੰਦਾ ਏ ਕਿ ਮੁਜਰਿਮਾਂ ਨਾਲ ਆਦਰ-ਸਤਿਕਾਰ ਨਾਲ ਪੇਸ਼ ਆਓ ਤਾਂ ਅਸੀਂ ਖ਼ੁਦ ਨੂੰ ਮੁਸੀਬਤ ਵਿਚ ਕਿਉਂ ਫਸਾਈਏ?” ਕਬੀਰ ਨੇ ਸੰਜੀਦਗੀ ਨਾਲ ਕਿਹਾ, “ਚੋਰਾਂ ਨਾਲ ਆਦਰ-ਸਤਿਕਾਰ ਨਾਲ ਪੇਸ਼ ਆਓ ਤੇ ਆਦਰ ਨਾਲ ਹੀ ਪੁੱਛੋ—ਕਿਉਂ ਭਾਈ ਸਾਹਬ ਤੁਸੀਂ ਚੋਰੀ ਤਾਂ ਨਹੀਂ ਕੀਤੀ ਨਾ? ਤੇ ਅੱਗੋਂ ਉਹ ਕਹਿ ਦੇਣ— ਕਿ 'ਨਹੀਂ ਜਨਾਬ।' ਤਾਂ ਇੱਜ਼ਤ-ਮਾਨ ਨਾਲ ਉਹਨਾਂ ਨੂੰ ਘਰ ਛੱਡ ਆਓ।”
“ਇਹੀ ਤਾਂ ਮਸਲਾ ਏ ਜਦੋਂ ਕਿਸੇ ਅਸਰ-ਰਸੂਖ਼ ਵਾਲੇ ਵਿਅਕਤੀ ਨਾਲ ਕੋਈ ਘਟਨਾ ਵਾਪਰਦੀ ਏ ਤਾਂ ਪੁਲਿਸ ਨੂੰ ਥਰਡ ਡਿਗਰੀ ਇਸਤੇਮਾਲ ਕਰਨ 'ਤੇ ਮਜ਼ਬੂਰ ਕੀਤਾ ਜਾਂਦਾ ਏ। ਕਿਸੇ ਵੀ ਕੀਮਤ 'ਤੇ ਰਿਕਵਰੀ ਹੋਣੀ ਚਾਹੀਦੀ ਏ। ਮਾਮਲਾ ਮੰਤਰੀ ਜੀ ਦਾ ਏ। ਤੇ ਜਦੋਂ ਕੋਈ ਥਾਣੇ ਵਿਚ ਮਰ ਜਾਏ ਤਾਂ ਫੇਰ ਪੁਲਿਸ ਉੱਤੇ ਪਰਚਾ ਦਰਜ ਕਰਨ ਲਈ ਵੀ ਅੱਗੇ-ਅੱਗੇ—ਦੋਗਲੇ ਨੇ ਸਾਲੇ।” ਡੀ.ਐਸ.ਪੀ. ਨੇ ਤਕੜੀ ਜਿਹੀ ਗਾਲ੍ਹ ਕੱਢਦਿਆਂ ਕਿਹਾ।
ਮੱਲਾਂ ਵਾਲਾ ਸਟੇਸ਼ਨ ਉੱਤੇ ਪਹੁੰਚ ਕੇ ਉਹ ਕੱਚਾ ਰਸਤਾ ਇਕ ਪੱਕੀ ਸੜਕ ਨਾਲ ਜਾ ਮਿਲਿਆ ਸੀ। ਜਿੱਥੋਂ ਦੋ ਰਸਤੇ ਹੋ ਗਏ ਸਨ। ਕੱਚਾ ਰਸਤਾ ਅੱਗੇ ਵੀ ਚਲਾ ਜਾਂਦਾ ਸੀ। ਉਸ ਉਪਰ ਜਾਇਆ ਜਾਏ ਜਾਂ ਪੱਕੀ ਰੋਡ 'ਤੇ ਚੱਲਿਆ ਜਾਏ, ਜੇ ਇੱਥੋਂ ਲੁਟੇਰੇ ਪੱਕੀ ਸੜਕ 'ਤੇ ਚੜ੍ਹ ਗਏ ਹੋਏ ਫੇਰ? ਰਸਤੇ ਵਿਚ ਰੁਕ-ਰੁਕ ਕੇ ਉਹ ਕੱਚੇ ਰਸਤੇ 'ਤੇ ਮੋਟਰ ਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਦੇਖਦੇ ਆਏ ਸਨ। ਕੱਚੇ ਰਸਤੇ ਤੋਂ ਇਕ ਮੋਟਰ ਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਪੱਕੀ ਸੜਕ ਵਲ ਵੀ ਮੁੜੇ ਸਨ। ਕਿਸੇ ਨਤੀਜੇ 'ਤੇ ਨਾ ਪਹੁੰਚ ਸਕਣ ਕਰਕੇ ਇਕਬਾਲ ਨੇ ਸਾਰੀਆਂ ਸਰਚ-ਪਾਰਟੀਆਂ ਨੂੰ ਮੱਲਾਂ ਵਾਲਾ ਪੁਲਿਸ ਸਟੇਸ਼ਨ ਵਿਚ ਇਕੱਤਰ ਹੋਣ ਦਾ ਹੁਕਮ ਦਿੱਤਾ ਤੇ ਉਹ ਖ਼ੁਦ ਵੀ ਮੱਲਾਂ ਵਾਲਾ ਪੁਲਿਸ ਸਟੇਸ਼ਨ ਵਲ ਚੱਲ ਪਏ।
ਲਗਭਗ ਇਕ ਘੰਟੇ ਦੇ ਅੰਦਰ-ਅੰਦਰ ਸਾਰੀਆਂ ਸਰਚ-ਪਾਰਟੀਆਂ ਥਾਣੇ ਵਿਚ ਇਕੱਤਰ ਹੋ ਗਈਆਂ। ਕਿਸੇ ਨੂੰ ਕੋਈ ਸੁਰਾਗ ਨਹੀਂ ਸੀ ਮਿਲਿਆ। ਕਬੀਰ ਨੇ ਸਾਰੀਆਂ ਟੋਲੀਆਂ ਨੂੰ ਹੁਣ ਤਕ ਮਿਲੀ ਜਾਣਕਾਰੀ ਤੋਂ ਜਾਣੂੰ ਕਰਵਾਇਆ। ਦੁਬਾਰਾ ਉਹਨਾਂ ਦੀ ਬਰੀਫ਼ਿੰਗ ਕੀਤੀ ਤੇ ਮੁੜ ਅਭਿਆਨ ਸ਼ੁਰੂ ਹੋ ਗਿਆ। ਪੂਰੀ ਰਾਤ ਇਲਾਕੇ ਨੂੰ ਛਾਣ ਮਾਰਿਆ ਗਿਆ ਪਰ ਕਿਤੇ ਕੋਈ ਥਹੁ ਨਹੀਂ ਲੱਗਾ। ਸਵੇਰ ਹੋ ਚੱਲੀ ਸੀ ਸਰਚ ਪਾਰਟੀਆਂ ਨੂੰ ਮੁੜ ਇਕੱਠਾ ਕਰਨ ਪਿੱਛੋਂ ਉਹਨਾਂ ਨੂੰ ਫੇਰ ਗਿਆਰਾਂ ਵਜੇ ਇਕੱਠੇ ਹੋਣ ਦਾ ਸਮਾਂ ਦੇ ਕੇ ਇਕਬਾਲ ਤੇ ਕਬੀਰ ਵਾਪਸ ਪਰਤ ਆਏ।
ਦਿਨੇ ਵੀ ਲਗਭਗ ਸਰਚ ਜਾਰੀ ਰਹੀ। ਮੁਖਬਰਾਂ ਨੂੰ ਅਲਰਟ ਕਰ ਦਿੱਤਾ ਗਿਆ। ਕਬੀਰ ਇਕ ਵਾਰੀ ਫੇਰ ਗਈ ਰਾਤ ਤਕ ਉਸ ਇਲਾਕੇ ਵਿਚ ਪੈਟਰੋਲਿੰਗ ਕਰਦਾ ਰਿਹਾ। ਨਾਕਿਆਂ ਉੱਤੇ ਤਲਾਸ਼ੀ ਚੱਲ ਰਹੀ ਸੀ। ਪਰ ਕੁਝ ਹਾਸਲ ਲਈ ਸੀ ਹੋਇਆ।
ਵਾਰਦਾਤ ਨੂੰ ਹੋਇਆਂ ਅੱਜ ਦੂਜਾ ਦਿਨ ਸੀ। ਲੁਟੇਰਿਆਂ ਦਾ ਕੋਈ ਥਹੁ ਨਹੀਂ ਸੀ ਮਿਲ ਰਿਹਾ। ਜਿਵੇਂ ਉਹਨਾਂ ਨੂੰ ਜ਼ਮੀਨ ਜਾਂ ਆਸਮਾਨ ਨੇ ਨਿਗਲ ਲਿਆ ਹੋਵੇ!
ਕਬੀਰ ਤੇ ਇਕਬਾਲ ਦੋਵੇਂ ਕਮਰੇ ਵਿਚ ਬੈਠੇ ਹੋਏ ਨਵੀਂ ਰਣਨੀਤੀ ਬਣਾ ਰਹੇ ਸਨ। ਸ਼ਹਿਰ ਦੇ ਸਾਰੇ ਨਾਕਿਆਂ ਉਪਰ ਲਾਲ ਰੰਗ ਦੇ ਮੋਟਰ ਸਾਈਕਲਾਂ ਦੀ ਲਗਾਤਾਰ ਚੈਕਿੰਗ ਚੱਲ ਰਹੀ ਸੀ। ਆਸੇ-ਪਾਸੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਜ਼ਿਲਾ ਅਫ਼ਸਰਾਂ ਵੱਲੋਂ ਕਿਸੇ ਲਾਲ ਰੰਗ ਦੇ ਮੋਟਰ ਸਾਈਕਲ 'ਤੇ ਸਵਾਰ ਤਿੰਨ ਜਾਂ ਚਾਰ ਨੌਜਵਾਨਾਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾਂ ਦੇਣ ਲਈ ਕਿਹਾ ਜਾ ਚੁੱਕਿਆ ਸੀ। ਕਬੀਰ ਚਾਰਜ ਛੱਡਣ ਤੋਂ ਪਹਿਲਾਂ ਇਹ ਕੇਸ ਹੱਲ ਕਰ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਦਿਨ ਰਾਤ ਇਕ ਕਰ ਦਿੱਤੇ।
ਉਸੇ ਸਮੇਂ ਕਮਰੇ ਦੇ ਬਾਹਰ ਕੁਝ ਸ਼ੋਰ ਸੁਣਾਈ ਦਿੱਤਾ। ਕਬੀਰ ਨੇ ਘੰਟੀ ਵਜਾ ਕੇ ਅਰਦਲੀ ਨੂੰ ਅੰਦਰ ਬੁਲਾਇਆ ਤੇ ਪੁੱਛਿਆ...:
“ਬਾਹਰ ਏਨਾ ਸ਼ੋਰ ਕਿਉਂ ਹੋ ਰਿਹੈ?”
“ਜਨਾਬ ਇਕ ਬੁੱਢਾ ਆਦਮੀ ਤੁਹਾਡੇ ਨਾਲ ਮਿਲਣ ਦੀ ਜ਼ਿਦ ਕਰ ਰਿਹੈ। ਮੈਂ ਉਸਨੂੰ ਕਿਹਾ ਕਿ ਸਾਹਬ ਮੀਟਿੰਗ ਵਿਚ ਨੇ ਪਰ ਉਹ ਮੰਨਦਾ ਈ ਨਹੀਂ ਪਿਆ, ਮੇਰੇ ਨਾਲ ਝਗੜ ਰਿਹੈ।”
“ਕੋਈ ਗੱਲ ਨਹੀਂ, ਇੰਜ ਕਰੋ ਉਸਨੂੰ ਕਹੋ ਕਿ ਥੋੜ੍ਹੀ ਦੇਰ ਇੰਤਜ਼ਾਰ ਕਰੇ ਮੈਂ ਉਸਨੂੰ ਫੌਰਨ ਬੁਲਾਂਦਾ ਆਂ।”
ਕਬੀਰ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਇਕ ਬੁੱਢਾ ਆਦਮੀ ਕਾਹਲ ਨਾਲ ਕਮਰੇ ਵਿਚ ਵੜ ਆਇਆ। ਅਰਦਲੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਦੋਵੇਂ ਹੱਥ ਜੋੜਦਾ ਹੋਇਆ ਅਹੁਲ ਕੇ ਕਬੀਰ ਦੇ ਪੈਰਾਂ ਵਿਚ ਡਿੱਗ ਪਿਆ।
“ਬਚਾ ਲਓ ਸਰਕਾਰ, ਬਚਾ ਲਓ।”
“ਓਇ-ਓ—ਕੀ ਕਰ ਰਹੇ ਓ।” ਕਬੀਰ ਨੇ ਝਟਕੇ ਨਾਲ ਕੁਰਸੀ ਪਿੱਛੇ ਖਿਸਕਾ ਲਈ।
ਅਰਦਲੀ ਨੇ ਫੇਰ ਅਹੁਲ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਬੀਰ ਨੇ ਉਸਨੂੰ ਹੱਥ ਦੇ ਇਸ਼ਾਰੇ ਨਾਲ ਮਨ੍ਹਾਂ ਕਰ ਦਿੱਤਾ। ਅਰਦਲੀ ਦੇ ਚਿਹਰੇ ਉੱਤੇ ਬੇਬਸੀ ਦੇ ਆਸਾਰ ਸਾਫ ਦੇਖੇ ਜਾ ਸਕਦੇ ਸਨ।
“ਉਠ ਬਾਬਾ ਉਠ, ਦੱਸ ਕੀ ਗੱਲ ਏ?” ਕਬੀਰ ਨੇ ਉਸਨੂੰ ਮੋਢਿਓਂ ਫੜ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਬੁੱਢਾ ਟਸ ਤੋਂ ਮਸ ਨਹੀਂ ਹੋਇਆ।
“ਨਹੀਂ ਨਹੀਂ, ਜਦੋਂ ਤਕ ਜਨਾਬ ਮੇਰੀ ਸਮੱਸਿਆ ਦਾ ਹੱਲ ਨਹੀਂ ਕਰ ਦੇਂਦੇ, ਮੈਂ ਜਨਾਬ ਦੇ ਪੈਰ ਨਹੀਂ ਛੱਡਾਂਗਾ।”
“ਜਦ ਤਕ ਤੁਸੀਂ ਮੈਨੂੰ ਆਪਣੀ ਮੁਸ਼ਕਿਲ ਦੱਸੇਂਗਾ ਨਹੀਂ ਮੈਂ ਉਸਨੂੰ ਹੱਲ ਕਿੰਜ ਕਰ ਸਕਾਂਗਾ?” ਕਬੀਰ ਨੇ ਅਤਿ ਮੁਲਾਇਮ ਲਹਿਜੇ ਵਿਚ ਕਿਹਾ।
ਕਬੀਰ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਉਠਾਇਆ। ਅਰਦਲੀ ਨੂੰ ਕਿਹਾ ਕਿ ਪਾਣੀ ਲਿਆ ਕੇ ਬੁੱਢੇ ਨੂੰ ਪਿਆਏ। ਅਰਦਲੀ ਨੇ ਉਸਨੂੰ ਪਾਣੀ ਪਿਆਇਆ ਤੇ ਕਬੀਰ ਨੇ ਉਸਨੂੰ ਕੁਰਸੀ 'ਤੇ ਬੈਠਣ ਲਈ ਕਿਹਾ ਪਰ ਉਸਨੇ ਇਨਕਾਰ ਕਰ ਦਿੱਤਾ।
“ਨਹੀਂ ਜਨਾਬ ਮੈਂ ਏਥੇ ਈ ਠੀਕ ਆਂ।”
ਇਸ ਦੌਰਾਨ ਇਕਬਾਲ ਚੁੱਪਚਾਪ ਬੈਠਾ ਇਹ ਸਾਰਾ ਵਾਰਤਲਾਪ ਸੁਣਦਾ ਰਿਹਾ ਸੀ।
“ਹਾਂ, ਹੁਣ ਦੱਸੋ ਕੀ ਗੱਲ ਏ?”
ਕਬੀਰ ਨੇ ਬੁੱਢੇ ਵਲ ਗੌਰ ਨਾਲ ਦੇਖਿਆ। ਜਿੰਨਾ ਬੁੱਢਾ ਉਹ ਲੱਗ ਰਿਹਾ ਸੀ, ਓਨਾ ਸੀ ਨਹੀਂ।
“ਕੀ ਨਾਂਅ ਏਂ ਤੁਹਾਡਾ?” ਕਬੀਰ ਨੇ ਪੁੱਛਿਆ।
“ਹਰਮਿੰਦਰ ਸਿੰਘ, ਉਮਰ ਤਕਰੀਬਨ ਪੰਜਾਹ ਸਾਲ।”
“ਕੀ ਕਰਦੇ ਓ?”
“ਜਨਾਬ ਖੇਤੀ ਕਰਦਾ ਆਂ।”
“ਕਿੰਨੀ ਜ਼ਮੀਨ ਏਂ?”
“ਪਹਿਲਾਂ ਤਾਂ ਪੂਰੀ ਬਾਦਸ਼ਾਹੀ ਸੀ ਪਰ ਹੁਣ ਤਾਂ ਸਿਰਫ ਇੱਜ਼ਤ ਈ ਰਹਿ ਰਈ ਏ।”
ਬੁੱਢੇ ਦੀ ਆਵਾਜ਼ ਵਿਚ ਇਕ ਅਜੀਬ ਜਿਹੀ ਹਸਰਤ ਸੀ। ਕਬੀਰ ਨੂੰ ਉਸਦੀ ਆਵਾਜ਼ ਵਿਚ ਇਕ ਸੁਚੱਜਾਪਨ ਮਹਿਸੂਸ ਹੋਇਆ।
“ਕਿੱਥੇ ਰਹਿੰਦੇ ਓ?”
“ਅਲੀਪੁਰ ਵਿਚ ਜੀ।”
“ਤੁਹਾਡਾ ਪੂਰਾ ਨਾਂ ਕੀ ਏ?” ਇਕਬਾਲ ਨੇ ਗੌਰ ਨਾਲ ਬੁੱਢੇ ਵਲ ਦੇਖਦਿਆਂ ਹੋਇਆਂ ਪਹਿਲੀ ਵਾਰ ਇਸ ਮਾਮਲੇ ਵਿਚ ਦਿਲਚਸਪੀ ਲਈ।
“ਹਰਮਿੰਦਰ ਸਿੰਘ ਸੋਢੀ ਜੀ।”
“ਜ਼ਿਮੀਂਦਾਰ ਕੁਲਵਿੰਦਰ ਸਿੰਘ ਸੋਢੀ ਦਾ ਬੇਟਾ, ਹੀਰਾ!”
ਬੁੱਢੇ ਨੇ ਤ੍ਰਬਕ ਕੇ ਇਕਬਾਲ ਵਲ ਦੇਖਿਆ।
“ਹਰਮਿੰਦਰ ਸਿਆਂ, ਪਛਾਣਿਆ ਨਹੀਂ ਮੈਨੂੰ?” ਇਕਬਾਲ ਨੇ ਕਿਹਾ।
ਬੁੱਢੇ ਦੇ ਚਿਹਰੇ ਉੱਤੇ ਪਛਾਣ ਦੀ ਇਕ ਝਲਕ ਉਭਰੀ।
“ਥਾਣੇਦਾਰ ਇਕਬਾਲ ਸਿੰਘ, ਓਇ ਥਾਣੇਦਾਰਾ, ਮੈਂ ਸੁਣਿਆ ਸੀ ਬਈ ਤੂੰ ਵੱਡਾ ਅਫ਼ਸਰ ਬਣ ਗਿਆ ਏਂ! ਡੀ.ਐਸ.ਪੀ. ਬਣ ਗਿਆ ਏਂ?”
ਬੁੱਢਾ ਜੋਸ਼ ਵਿਚ ਉਠ ਕੇ ਖੜ੍ਹਾ ਹੋ ਗਿਆ। ਇਕਬਾਲ ਉਸ ਵਲ ਵਧਿਆ ਤੇ ਉਸਨੂੰ ਗਲ਼ੇ ਲਾਉਣ ਲਈ ਆਪਣੀਆਂ ਬਾਹਾਂ ਫ਼ੈਲਾਅ ਦਿੱਤੀਆਂ। ਬੁੱਢੇ ਨੇ ਬਿੰਦ ਦਾ ਬਿੰਦ ਆਪਣੇ ਮੈਲੇ ਕੱਪੜਿਆਂ ਵਲ ਦੇਖਿਆ ਤੇ ਝਿਜਕ ਗਿਆ।
ਦੂਜੇ ਪਲ ਦੋਵੇਂ ਇਕ ਦੂਜੇ ਦੀਆਂ ਬਾਹਾਂ ਵਿਚ ਸਮਾਅ ਗਏ।
ਬੁੱਢੇ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਇਕਬਾਲ ਦੀਆਂ ਅੱਖਾਂ ਵੀ ਸਿੱਜਲ ਹੋ ਗਈਆਂ।
ਥੋੜ੍ਹੀ ਦੇਰ ਬਾਅਦ ਇਕਬਾਲ ਨੇ ਹੀਰੇ ਨੂੰ ਚੁੱਪ ਕਰਾਇਆ। ਉਸਦੇ ਅੱਥਰੂ ਪੂੰਝੇ। ਅਰਦਲੀ ਤੋਂ ਮੰਗਵਾ ਕੇ ਪਾਣੀ ਪਿਆਇਆ ਤੇ ਚਾਹ ਲਿਆਉਣ ਲਈ ਕਿਹਾ।
ਕਬੀਰ ਇਸ ਦੌਰਾਨ ਹੈਰਾਨ-ਹੈਰਾਨ ਜਿਹਾ ਉਹਨਾਂ ਵੱਲ ਤੱਕਦਾ ਰਿਹਾ।
“ਹੀਰਿਆ ਤੈਨੂੰ ਇਸ ਹਾਲਤ ਵਿਚ ਦੇਖ ਕੇ ਦੁੱਖ ਹੀ ਨਹੀਂ ਹੈਰਾਨੀ ਵੀ ਹੋ ਰਹੀ ਏ। ਅਚਾਨਕ ਇਹ ਕੀ ਹੋ ਗਿਆ? ਜ਼ਿਮੀਂਦਾਰ ਕੁਲਵਿੰਦਰ ਸਿੰਘ ਸੋਢੀ ਜਿਸਦੇ ਦਰਵਾਜ਼ੇ 'ਤੇ ਸੈਂਕੜੇ ਲੋਕ ਖਾਣਾ ਖਾਦੇਂ ਹੋਣ; ਪਤਾ ਨਹੀਂ ਕਿੰਨੀਆਂ ਕੁ ਵਿਧਵਾਵਾਂ ਤੇ ਗਰੀਬਾਂ ਦੇ ਚੁੱਲ੍ਹੇ ਬਲਦੇ ਹੋਣ—ਉਹ ਅੱਜ ਖ਼ੁਦ ਏਸ ਹਾਲਤ ਵਿਚ!” ਜਵਾਬ ਵਿਚ ਬੁੱਢੇ ਨੇ ਜਿਹੜੀ ਕਹਾਣੀ ਸੁਣਾਈ ਉਸਦਾ ਖੁਲਾਸਾ ਇੰਜ ਹੈ—
ਇਕਲੌਤੀ ਔਲਾਦ ਹੋਣ ਕਰਕੇ ਹਰਵਿੰਦਰ ਸਿੰਘ ਆਪਣੇ ਪਿਤਾ ਦਾ ਲਾਡਲਾ ਸੀ। ਖ਼ੁਦ ਸਰਦਾਰ ਕੁਲਵਿੰਦਰ ਸਿੰਘ, ਜਿਹਨਾਂ ਨੂੰ ਲੋਕ ਜ਼ਿਮੀਂਦਾਰ ਸਾਹਬ ਆਖਦੇ ਹੁੰਦੇ ਸਨ, ਨੇ ਤਾਂ ਇਕ ਸੰਤ ਦੀ ਜ਼ਿੰਦਗੀ ਬਿਤਾਈ ਸੀ। ਕਦੀ ਆਪਣੇ ਐਸ਼-ਆਰਾਮ 'ਤੇ ਵਾਧੂ ਖਰਚ ਨਹੀਂ ਸੀ ਕੀਤਾ। ਬਚਪਨ ਵਿਚ ਹੀ ਮਾਂ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਹੀਰੇ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਏ ਇਸ ਲਈ ਪੁੱਤਰ ਦੀ ਹਰ ਖਾਹਿਸ਼ ਨੂੰ ਆਪਣਾ ਧਰਮ ਸਮਝ ਕੇ ਪੂਰਾ ਕੀਤਾ ਸੀ। ਬਹੁਤੇ ਲਾਡ-ਪਿਆਰ ਨੇ ਹੀਰੇ ਨੂੰ ਮਨਮਤੀਆ ਬਣਾ ਦਿੱਤਾ। ਪੜ੍ਹਾਈ ਲਿਖਾਈ ਵਿਚ ਤਾਂ ਉਸਦਾ ਮਨ ਪਹਿਲਾਂ ਹੀ ਨਹੀਂ ਸੀ ਲੱਗਦਾ। ਪਿਓ ਦੇ ਕਹਿਣ 'ਤੇ ਸਕੂਲ ਤਾਂ ਚਲਾ ਜਾਂਦਾ ਪਰ ਸਾਰਾ ਦਿਨ ਸ਼ਰਾਰਤੀ ਤੇ ਆਵਾਰਾ ਮੁੰਡਿਆਂ ਨਾਲ ਬਿਤਾਉਂਦਾ। ਜ਼ਿਮੀਂਦਾਰ ਸਾਹਬ ਨੇ ਕਿਸੇ ਦੇ ਸਮਝਾਉਣ 'ਤੇ ਉਸਨੂੰ ਸ਼ਹਿਰ ਭੇਜਣ ਦਾ ਫ਼ੈਸਲਾ ਕੀਤਾ। ਸ਼ਾਇਦ ਹੋਸਟਲ ਦੇ ਮਾਹੌਲ ਵਿਚ ਰਹਿ ਕੇ ਉਸਦੀਆਂ ਆਦਤਾਂ ਵਿਚ ਕੁਝ ਸੁਧਾਰ ਆ ਜਾਏ, ਪਰ ਹਾਲਾਤ ਹੋਰ ਵਿਗੜ ਗਏ। ਜ਼ਿਮੀਂਦਾਰ ਸਾਹਬ ਨੇ ਉਸ ਉੱਤੇ ਕਾਬੂ ਪਾਉਣ ਲਈ ਥੋੜ੍ਹੀ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਤੇ ਉਸਦੇ ਖਰਚਿਆਂ ਵਿਚ ਕਟੌਤੀ ਕਰ ਦਿੱਤੀ। ਹੀਰੇ ਨੂੰ ਆਵਾਰਾ ਦੋਸਤਾਂ ਦੀ ਸੋਹਬਤ ਵਿਚ ਨਸ਼ੇ ਦੀ ਲਤ ਵੀ ਲੱਗ ਗਈ ਸੀ। ਵਧੇ ਖਰਚੇ ਨੂੰ ਪੂਰਾ ਕਰਨ ਲਈ ਆਪਣੇ ਆਵਾਰਾ ਦੋਸਤਾਂ ਨਾਲ ਰਲ ਕੇ ਉਹ ਇਕ-ਦੋ ਛੋਟੀਆਂ ਮੋਟੀਆਂ ਵਾਰਦਾਤਾਂ ਵਿਚ ਵੀ ਸ਼ਾਮਲ ਹੋਇਆ। ਇਕ ਦਿਨ ਉਸਦੇ ਪਿਤਾ ਜੀ ਹੋਸਟਲ ਵਿਚ ਆਏ। ਹੀਰੇ ਦੀ ਤਬੀਅਤ ਠੀਕ ਨਹੀਂ ਸੀ। ਪੁੱਤਰ ਦੀ ਹਾਲਤ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਪੁੱਤਰ ਦੇ ਗ਼ਮ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੱਤਾ ਸੀ। ਕਹਿਣ ਲੱਗੇ, “ਕੀ ਇੰਜ ਨਹੀਂ ਹੋ ਸਕਦਾ ਕਿ ਤੂੰ ਪਰਤ ਆਵੇਂ ਤੇ ਮੇਰਾ ਪੁੱਤਰ ਬਣ ਕੇ ਖ਼ਾਨਦਾਨ ਦੀ ਇੱਜ਼ਤ ਵਧਾਵੇਂ? ਕੀ ਇੰਜ ਨਹੀਂ ਹੋ ਸਕਦਾ ਕਿ ਮੇਰੇ ਮਰਨ ਪਿੱਛੋਂ ਲੋਕ ਮੈਨੂੰ ਇੱਜ਼ਤ ਨਾਲ ਯਾਦ ਕਰਨ?” ਕਹਿੰਦਿਆਂ-ਕਹਿੰਦਿਆਂ ਉਹਨਾਂ ਦੀ ਆਵਾਜ਼ ਭਰੜਾਅ ਗਈ। ਪਿਓ ਦੇ ਲਹਿਜੇ ਵਿਚ ਏਨੀ ਹਸਰਤ ਸੀ ਕਿ ਹੀਰੇ ਦਾ ਵੀ ਰੋਣ ਨਿਕਲ ਗਿਆ। ਦੋਵੇਂ ਪਿਓ-ਪੁੱਤਰ ਬੜੀ ਦੇਰ ਤਕ ਗਲ਼ ਲੱਗ ਕੇ ਰੋਂਦੇ ਰਹੇ। ਹੀਰੇ ਨੇ ਵਾਅਦਾ ਕੀਤਾ ਕਿ ਉਹ ਸਾਰੀਆਂ ਮਾੜੀਆਂ ਆਦਤਾਂ ਛੱਡ ਦਏਗਾ ਤੇ ਆਪਣੇ ਪਿਓ ਦੀ ਆਗਿਆ ਵਿਚ ਰਹੇਗਾ। ਜ਼ਿਮੀਂਦਾਰ ਸਾਹਬ ਨੇ ਉਸਨੂੰ ਉਸੇ ਵੇਲੇ ਪਿੰਡ ਚੱਲਣ ਲਈ ਕਿਹਾ।
“ਤੁਸੀਂ ਚੱਲੋ ਮੈਂ ਸਵੇਰੇ ਆਪਣੇ ਸਾਰੇ ਬਿਲ ਵਗ਼ੈਰਾ ਭੁਗਤਾ ਕੇ ਪਿੰਡ ਆ ਜਾਵਾਂਗਾ।” ਹੀਰੇ ਨੇ ਤੱਸਲੀ ਦੇਂਦਿਆਂ ਹੋਇਆਂ ਕਿਹਾ।
ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਰਾਤ ਨੂੰ ਉਸਦੇ ਆਵਾਰਾ ਦੋਸਤ ਸ਼ਹਿਰ ਵਿਚ ਘੁੰਮਣ ਗਏ ਸਨ। ਉੱਥੇ ਇਕ ਰੇਸਟੋਰੈਂਟ ਵਿਚ ਉਹਨਾਂ ਦਾ ਕਿਸੇ ਨਾਲ ਝਗੜਾ ਹੋ ਗਿਆ। ਝਗੜੇ ਵਿਚ ਉਹਨਾਂ ਨੇ ਚਾਕੂ ਮਾਰ ਕੇ ਇਕ ਮੁੰਡੇ ਦਾ ਕਤਲ ਕਰ ਦਿੱਤਾ। ਭੀੜ ਨੇ ਮੌਕੇ 'ਤੇ ਹੀ ਕੁਝ ਮੁੰਡਿਆਂ ਨੂੰ ਫੜ ਲਿਆ। ਉਹਨਾਂ ਮੁੰਡਿਆਂ ਨੇ ਇਹ ਸੋਚ ਕੇ ਹੀਰੇ ਦਾ ਨਾਂ ਵੀ ਲੈ ਦਿੱਤਾ ਕਿ ਜਦੋਂ ਹੀਰੇ ਦੇ ਪਿਤਾ ਜੀ ਹੀਰੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੀ ਪੈਰਵੀ ਵੀ ਹੋ ਜਾਏਗੀ। ਪੁਲਸ ਨੇ ਹੀਰੇ ਨੂੰ ਹੋਸਟਲ ਵਿਚੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਪਿੰਡ ਜਾਣ ਲਈ ਸਾਮਾਨ ਬੰਨ੍ਹ ਰਿਹਾ ਸੀ। ਹੀਰੇ ਦੀ ਗ੍ਰਿਫਤਾਰੀ ਨੇ ਹੀਰੇ ਦੇ ਪਿਤਾ ਦਾ ਲੱਕ ਤੋੜ ਦਿੱਤਾ। ਉਹਨਾਂ ਉਸਨੂੰ ਛੁਡਾਉਣ ਖਾਤਰ ਪੈਸਾ ਪਾਣੀ ਵਾਂਗ ਵਹਾ ਦਿੱਤਾ। ਸੇਸ਼ਨ ਕੋਰਟ ਨੇ ਹੀਰੇ ਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਹੀਰੇ ਦੇ ਪਿਤਾ ਦੀ ਪੈਰਵੀ ਤੇ ਅਸਰ-ਰਸੂਖ਼ ਨਾਲ ਹੀਰੇ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਗਈ ਪਰ ਇਕਲੌਤੇ ਪੁੱਤਰ ਦੀ ਉਮਰ ਕੈਦ ਦੀ ਸਜ਼ਾ ਨੇ ਜ਼ਿਮੀਂਦਾਰ ਸਾਹਬ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਮੁਕੱਦਮੇ ਦੀ ਪੈਰਵੀ ਵਿਚ ਅੱਧੀਓਂ ਵੱਧ ਜ਼ਮੀਨ ਵਿਕ ਚੁੱਕੀ ਸੀ। ਬਦਲਦੇ ਵਕਤ ਵਿਚ ਸ਼ਰਾਰਤੀ ਤੇ ਮਤਲਬ ਪਰਸਤ ਰਿਸ਼ਤੇਦਾਰਾਂ ਨੇ ਕਾਫੀ ਜ਼ਮੀਨ ਉੱਤੇ ਕਬਜਾ ਕਰ ਲਿਆ ਸੀ। ਸਮੇਂ ਦੀਆਂ ਠੋਕਰਾਂ ਨਾਲ ਕਮਜ਼ੋਰ ਹੋ ਚੁੱਕੀ ਇਹ ਕੰਧ ਇਹਨਾਂ ਲਗਾਤਾਰ ਸਦਮਿਆਂ ਦੀ ਮਾਰ ਨੂੰ ਨਾ ਸਹਾਰ ਸਕੀ ਤੇ ਇਕ ਦਿਨ ਢੈਅ ਗਈ।
ਦਸ ਸਾਲ ਦੀ ਸਜ਼ਾ ਪਿੱਛੋਂ ਹੀਰੇ ਦੀ ਬਾਕੀ ਦੀ ਸਜ਼ਾ ਸਰਕਾਰ ਨੇ ਉਸਦੇ ਚੰਗੇ ਚਾਲ-ਚਲਨ ਕਰਕੇ ਮੁਆਫ਼ ਕਰ ਦਿੱਤਾ। ਜੇਲ 'ਚੋਂ ਬਾਹਰ ਆਉਣ ਪਿੱਛੋਂ ਹੀ ਉਸਨੂੰ ਪਿਓ ਦੇ ਮਰਨ ਦੀ ਖ਼ਬਰ ਮਿਲੀ। ਕੁਝ ਵਫ਼ਾਦਾਰ ਕਰਿੰਦਿਆਂ ਨੇ ਜਿੰਨੀ ਕੁ ਜਾਇਦਾਦ ਬਚਾ ਕੇ ਰੱਖੀ ਸੀ, ਉਸ ਵਿਚ ਗੁਜ਼ਾਰਾ ਹੋਣ ਲੱਗਾ। ਇਕ ਨੇਕ ਨਾਮ ਖ਼ਾਨਦਾਨ ਨੂੰ ਸਮੇਂ ਦੇ ਗੇੜ ਨੇ ਆਸਮਾਨ ਤੋਂ ਜ਼ਮੀਨ 'ਤੇ ਲਿਆ ਸੁੱਟਿਆ ਸੀ।
ਹੀਰੇ ਦੀ ਦੁੱਖ ਭਰੀ ਦਾਸਤਾਨ ਸੁਣ ਕੇ ਇਕਬਾਲ ਤੇ ਕਬੀਰ ਦੋਵਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ।
ਕਬੀਰ ਨੇ ਇਕ ਡੂੰਘਾ ਸਾਹ ਭਰਦਿਆਂ ਇਕਬਾਲ ਨੂੰ ਸਵਾਲ ਕੀਤਾ—
“ਪਰ ਤੁਸੀਂ ਹੀਰੇ ਨੂੰ ਕਿੰਜ ਜਾਣਦੇ ਓ?”
ਇਕਬਾਲ ਨੇ ਵੀ ਇਕ ਹਊਕਾ ਜਿਹਾ ਭਰਦਿਆਂ ਹੋਇਆ ਕਿਹਾ, “ਮੈਂ ਵੀ ਅਲੀਪੁਰ ਦਾ ਰਹਿਣ ਵਾਲਾ ਈ ਆਂ। ਮੇਰੇ ਪਿਤਾ ਜ਼ਿਮੀਂਦਾਰ ਸਾਹਬ ਦੇ ਕੰਮ ਕਰਦੇ ਹੁੰਦੇ ਸਨ। ਹੀਰੇ ਦੇ ਪਿਤਾ ਨੇ ਮੇਰੇ ਉਪਰ ਰਹਿਮ ਕਰਕੇ ਮੈਨੂੰ ਪੜ੍ਹਨ-ਲਿਖਣ ਲਈ ਸ਼ਹਿਰ ਭੇਜਿਆ। ਉਹ ਮੇਰਾ ਪੜ੍ਹਾਈ ਦਾ ਸਾਰਾ ਖਰਚ ਦੇਂਦੇ ਸਨ। ਕੁਝ ਸਮੇਂ ਬਾਅਦ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤਾਂ ਅਸੀਂ ਲੋਕ ਲੁਧਿਆਣੇ ਆਪਣੇ ਮਾਮਾ ਜੀ ਕੋਲ ਚਲੇ ਗਏ ਤੇ ਉੱਥੇ ਹੀ ਵੱਸ ਗਏ। ਹੀਰੇ ਨਾਲ ਮੇਰੀ ਦੋਸਤੀ ਪਿੰਡ ਵਿਚ ਵੀ ਸੀ ਜਦੋਂ ਹੀਰੇ ਦਾ ਐਡਮੀਸ਼ਨ ਸ਼ਹਿਰ ਵਿਚ ਹੋ ਗਿਆ ਉਦੋਂ ਇਹ ਦੋਸਤੀ ਹੋਰ ਵਧ ਗਈ।
“ਮੈਂ ਹੀਰੇ ਨੂੰ ਬੁਰੇ ਦੋਸਤਾਂ ਦੀ ਸੰਗਤ ਤੋਂ ਰੋਕਦਾ ਸੀ ਪਰ ਹੀਰਾ ਇਸ ਉੱਤੇ ਧਿਆਨ ਨਹੀਂ ਸੀ ਦੇਂਦਾ। ਹੌਲੀ ਹੌਲੀ ਮੈਂ ਹੀਰੇ ਤੋਂ ਦੂਰੀ ਬਣਾ ਲਈ। ਹਾਲਾਂਕਿ ਹੀਰੇ ਦੇ ਪਿਤਾ ਜਦੋਂ ਵੀ ਸ਼ਹਿਰ ਆਉਂਦੇ ਮੈਨੂੰ ਵੀ ਖਰਚ ਲਈ ਪੈਸੇ ਦੇ ਜਾਂਦੇ ਸੀ। ਲੁਧਿਆਣੇ ਜਾਣ ਪਿੱਛੋਂ ਇਹ ਸਿਲਸਿਲਾ ਟੁੱਟ ਗਿਆ। ਪਰ ਮੇਰਾ ਰੋਮ ਰੋਮ ਹੀਰੇ ਦੇ ਪਿਤਾ ਜੀ ਦਾ ਕਰਜ਼ਦਾਰ ਏ। ਜੇ ਉਹ ਮੇਰੀ ਮਦਦ ਨਾ ਕਰਦੇ ਤਾਂ ਸ਼ਾਇਦ ਮੈਂ ਅੱਜ ਇਸ ਜਗ੍ਹਾ 'ਤੇ ਨਾ ਹੁੰਦਾ।” ਇਕਬਾਲ ਨੇ ਜਜ਼ਬਾਤੀ ਰੌਅ ਵਿਚ ਕਿਹਾ, “ਹੀਰਿਆ ਮੈਂ ਤੈਥੋਂ ਮੁਆਫ਼ੀ ਮੰਗਦਾ ਆਂ ਕਿਉਂਕਿ ਮੈਂ ਤੁਹਾਡੀ ਲੋਕਾਂ ਦੀ ਸਾਰ ਨਹੀਂ ਲਈ ਤੇ ਤੁਸੀਂ ਏਨੀਆਂ ਮੁਸੀਬਤਾਂ ਝੱਲੀਆਂ।”
“ਨਹੀਂ ਨਹੀਂ ਇਕਬਾਲ, ਕੁਦਰਤ ਨੇ ਮੈਨੂੰ ਮੇਰੇ ਕਰਮਾਂ ਦੀ ਸਜ਼ਾ ਦਿੱਤੀ ਏ।”
“ਅੱਛਾ ਤਾਂ ਦੱਸ ਕੀ ਮੁਸੀਬਤ ਆਣ ਪਈ ਏ?” ਇਕਬਾਲ ਨੇ ਫੇਰ ਮੁੱਦੇ ਉਪਰ ਆਉਂਦਿਆਂ ਹੋਇਆਂ ਕਿਹਾ।
“ਕੀ ਦੱਸਾਂ, ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੇ ਸ਼ਾਦੀ ਲਈ ਦਬਾਅ ਪਾਇਆ। ਮੈਂ ਤਾਂ ਇਵੇਂ ਈ ਜ਼ਿੰਦਗੀ ਗੁਜਾਰ ਦੇਣਾ ਚਾਹੁੰਦਾ ਸਾਂ ਪਰ ਘਰ ਦੀ ਤਨਹਾਈ ਦਾ ਖ਼ਿਆਲ ਕਰਦਿਆਂ ਹੋਇਆਂ ਇਹ ਸੋਚਿਆ ਕਿ ਚਲੋ ਇੰਜ ਇਕ ਤੋਂ ਦੋ ਹੋ ਜਾਵਾਂਗੇ ਤੇ ਜ਼ਿੰਦਗੀ ਕੁਝ ਸ਼ਾਂਤੀ ਨਾਲ ਬੀਤ ਜਾਏਗੀ। ਏਡੇ ਵੱਡੇ ਘਰ ਵਿਚ ਇਕੱਲੇ ਰਹਿਣਾ ਵੀ ਤਾਂ ਇਕ ਸਰਾਪ ਸੀ।” ਹੀਰੇ ਨੇ ਇਕ ਲੰਮਾ ਸਾਹ ਖਿੱਚਦਿਆਂ ਹੋਇਆਂ ਕਿਹਾ, “ਦੋਸਤਾਂ ਨੇ ਦੋ ਪਿੰਡ ਛੱਡ ਕੇ ਸੈਦਪੁਰ ਦੀ ਇਕ ਬੇਵਾ ਰਾਜਬੀਰ ਕੌਰ ਨਾਲ ਮੇਰਾ ਵਿਆਹ ਕਰ ਦਿੱਤਾ। ਰਾਜਬੀਰ ਦਾ ਪਤੀ ਫੌਜ ਵਿਚ ਸੀ ਜਿਹੜਾ ਬਾਰਡਰ 'ਤੇ ਇਕ ਆਤੰਕਵਾਦੀ ਹਮਲੇ ਵਿਚ ਮਾਰਿਆ ਗਿਆ ਸੀ। ਰਾਜਬੀਰ ਦੀ ਇਕ ਬਾਰਾਂ ਕੁ ਸਾਲ ਦੀ ਧੀ ਸੀ ਜਿਸਦਾ ਨਾਂ ਰੱਜੋ ਏ। ਮੈਂ ਸੋਚ ਕੇ ਕਿ ਚਲੋ ਘਰੇ ਚਹਿਲ-ਪਹਿਲ ਰਹੇਗੀ—ਮੇਰੀ ਔਲਾਦ ਨਾ ਸਹੀ, ਬੱਚਾ ਤਾਂ ਬੱਚਾ ਈ ਹੁੰਦੈ। ਰੱਜੋ ਹੌਲੀ ਹੌਲੀ ਵੱਡੀ ਹੁੰਦੀ ਗਈ। ਉਸਦੇ ਲੱਛਣ ਵੀ ਖਰਾਬ ਹੁੰਦੇ ਗਏ। ਮੈਂ ਉਸਨੂੰ ਸਕੂਲ ਵਿਚ ਪੜ੍ਹ ਪਾ ਦਿੱਤਾ ਪਰ ਉੱਥੋਂ ਉਸਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਕਿ ਉਹ ਸਕੂਲ, ਕਲਾਸ ਵਿਚ ਜਾਣ ਦੀ ਬਜਾਏ ਕੁਝ ਆਵਾਰਾ ਮੁੰਡਿਆਂ ਨਾਲ ਮੋਟਰ ਸਾਈਕਲ 'ਤੇ ਘੁੰਮਣ ਚਲੀ ਜਾਂਦੀ ਏ। ਮੈਂ ਉਸਨੂੰ ਸਕੂਲੋਂ ਹਟਾ ਲਿਆ ਤਾਂ ਉਹ ਮੁੰਡੇ ਘਰੇ ਆਉਣ ਲੱਗ ਪਏ।” ਹੀਰਾ ਕੁਝ ਚਿਰ ਸਾਹ ਲੈਣ ਲਈ ਰੁਕਿਆ।
“ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਨੇ?” ਕਬੀਰ ਨੇ ਪੁੱਛਿਆ।
“ਮੈਂ ਜਾਣਦਾ ਨਹੀਂ ਪਰ ਉਹ ਮੁੰਡੇ ਠੀਕ ਨਹੀਂ ਲੱਗਦੇ। ਮੈਂ ਇਕ ਵਾਰੀ ਉਹਨਾਂ ਮੁੰਡਿਆਂ ਨੂੰ ਸਖ਼ਤੀ ਨਾਲ ਰੋਕਣਾ ਚਾਹਿਆ ਤਾਂ ਉਹਨਾਂ ਮੈਨੂੰ ਕੁੱਟ ਧਰਿਆ। ਤਕਰੀਬਨ ਚਾਰ ਪੰਜ ਮੁੰਡਿਆਂ ਦਾ ਗਰੁੱਪ ਏ। ਪਰਸੋਂ ਰਾਤੀਂ ਤਕਰੀਬਨ ਢਾਈ ਵਜੇ ਪੰਜ ਮੁੰਡੇ ਇਕ ਮੋਟਰ ਸਾਈਕਲ ਉਪਰ ਸਵਾਰ ਹੋ ਕੇ ਆਏ। ਉਹਨਾਂ ਵਿਚੋਂ ਦੋ ਮੁੰਡੇ ਤਾਂ ਕਿਧਰੇ ਚਲੇ ਗਏ ਪਰ ਤਿੰਨ ਜਬਰਦਸਤੀ ਮੇਰੇ ਘਰ ਰੁਕ ਗਏ। ਮੈਂ ਵਿਰੋਧ ਕੀਤਾ ਤਾਂ ਇਕ ਨੇ ਮੇਰੀ ਛਾਤੀ ਉਪਰ ਪਿਸਤੌਲ ਰੱਖ ਲਿਆ। ਕਲ੍ਹ ਰਾਤ ਮੈਂ ਇਕ ਮੁੰਡੇ ਨੂੰ ਮੇਰੀ ਕੁੜੀ ਦੇ ਕਮਰੇ ਦੇ ਆਸ-ਪਾਸ ਭੌਂਦਿਆਂ ਦੇਖਿਆ। ਮੇਰੇ ਕੋਲ ਹੁਣ ਜ਼ਮੀਨ ਜੈਦਾਦ ਤਾਂ ਹੈ ਨਹੀਂ ਬਸ ਇਕ ਇੱਜ਼ਤ ਈ ਰਹਿ ਗਈ ਏ। ਮੇਰੇ 'ਤੇ ਮਿਹਰਬਾਨੀ ਕਰੋ।” ਹੀਰਾ ਆਪਣੀ ਧੁਨ ਵਿਚ ਆਪਣੀ ਗੱਲ ਕਹੀ ਜਾ ਰਿਹਾ ਸੀ।
“ਉਹਨਾਂ ਕੋਲ ਕਿਹੜਾ ਮੋਟਰ ਸਾਈਕਲ ਏ?” ਕਬੀਰ ਨੇ ਬੇਚੈਨੀ ਨਾਲ ਪੁੱਛਿਆ।
“ਲਾਲ ਰੰਗ ਦਾ ਹਾਂਡਾ ਮੋਟਰ ਸਾਈਕਲ ਏ ਜੀ।” ਹੀਰੇ ਨੇ ਜਵਾਬ ਦਿੱਤਾ।
ਇਕਬਾਲ ਦੇ ਕਬੀਰ ਨੇ ਇਕ ਦੂਜੇ ਵਲ ਅਰਥ-ਭਰੀਆਂ ਨਿਗਾਹਾਂ ਨਾਲ ਦੇਖਿਆ।
ਕਬੀਰ ਦਾ ਚਿਹਰਾ ਜੋਸ਼ ਵਿਚ ਦਗਣ ਲੱਗਾ। ਉਸਨੂੰ ਲੱਗਿਆ ਸ਼ਾਇਦ ਕੁਦਰਤ ਉਸਦੀ ਮਦਦ ਕਰ ਰਹੀ ਹੈ।
“ਹੁਣ ਉਹ ਮੁੰਡੇ ਕਿੱਥੇ ਨੇ?” ਕਬੀਰ ਦੀ ਬੇਚੈਨੀ ਦੇਖਣ ਵਾਲੀ ਸੀ।
“ਘਰੇ ਈ ਨੇ, ਜਦੋਂ ਦੇ ਆਏ ਨੇ ਬਾਹਰ ਈ ਨਹੀਂ ਨਿਕਲੇ।”
ਹੀਰੇ ਨੇ ਉਤਰ ਦਿੱਤਾ—“ਵੈਸੇ ਮੈਂ ਇਕ ਮੁੰਡੇ ਨੂੰ ਕਹਿੰਦਿਆਂ ਸੁਣਿਆ ਏ ਕਿ ਅੱਜ ਰਾਤ ਉਹ ਉੱਥੋਂ ਚਲੇ ਜਾਣਗੇ। ਉਹਨਾਂ ਮੈਨੂੰ ਧਮਕੀ ਦਿੱਤੀ ਏ ਕਿ ਜੇ ਮੈਂ ਉਹਨਾਂ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਨੂੰ ਜਾਨੋਂ ਮਾਰ ਦੇਣਗੇ ਤੇ ਮੇਰੀ ਕੁੜੀ ਨੂੰ ਚੁੱਕ ਕੇ ਲੈ ਜਾਣਗੇ। ਮੈਂ ਅੱਜ ਘਰੇਲੂ ਸਮਾਨ ਖਰੀਦਨ ਦੇ ਬਹਾਨੇ ਨਿਕਲਿਆ ਆਂ।”
ਹੀਰੇ ਨੇ ਬੇਚੈਨੀ ਨਾਲ ਪਾਸਾ ਬਦਲਦਿਆਂ ਹੋਇਆਂ ਕਿਹਾ, “ਸਾਹਬ ਮੇਰੀ ਇੱਜ਼ਤ ਬਚਾ ਲਓ ਹੁਣ ਮੇਰੇ ਕੋਲ ਇਸ ਦੇ ਸਿਵਾਏ ਕੁਝ ਨਹੀਂ।” ਹੀਰੇ ਨੇ ਕਬੀਰ ਵਲ ਹੱਥ ਜੋੜਦਿਆਂ ਹੋਇਆਂ ਤਰਲਾ ਜਿਹਾ ਮਾਰਿਆ।
“ਹੀਰਾ ਸਿੰਘ ਤੁਸੀਂ ਘਬਰਾਓ ਨਾ, ਘਰ ਵਾਪਸ ਜਾਓ ਤੇ ਇੰਜ ਜਾਹਰ ਕਰੋ ਜਿਵੇਂ ਕੁਝ ਹੋਇਆ ਹੀ ਨਹੀਂ।” ਕਬੀਰ ਨੇ ਤਸੱਲੀ ਦੇਂਦਿਆਂ ਕਿਹਾ। “ਇਹ ਲੋਕ ਖਤਰਨਾਕ ਲੱਗਦੇ ਨੇ ਇਸ ਲਈ ਸਾਵਧਾਨੀ ਜ਼ਰੂਰੀ ਏ। ਅੱਜ ਰਾਤ ਨੂੰ ਅਸੀਂ ਤੁਹਾਡੇ ਘਰ ਕੋਲ ਨਾਕਾ ਲਾ ਕੇ ਉਹਨਾਂ ਨੂੰ ਫੜ੍ਹ ਲਵਾਂਗੇ। ਜੇ ਅਸੀਂ ਹੁਣੇ ਕੋਈ ਕਾਰਵਾਈ ਕਰਾਂਗੇ ਤਾਂ ਤੁਹਾਡੀ ਪਤਨੀ ਤੇ ਬੱਚੀ ਨੂੰ ਖਤਰਾ ਹੋ ਸਕਦਾ ਏ।”
ਹੀਰੇ ਦੇ ਚਿਹਰੇ ਉੱਤੇ ਧੰਨਵਾਦ ਦੇ ਭਾਵ ਨਜ਼ਰ ਆਏ।
“ਇਕਬਾਲ ਮੈਂ ਤੁਹਾਡਾ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗਾ, ਇਸ ਮੁਸੀਬਤ ਤੋਂ ਮੇਰਾ ਖਹਿੜਾ ਛੁਡਾਅ ਦੇਓ ਮੇਰੇ ਭਰਾ!” ਹੀਰੇ ਦੀਆਂ ਅੱਖਾਂ ਵਿਚ ਫੇਰ ਅੱਥਰੂ ਆ ਗਏ।
ਇਕਬਾਲ ਨੇ ਉਸਨੂੰ ਮੁੜ ਗਲ਼ੇ ਲਾਇਆ, “ਤੂੰ ਘਬਰਾ ਨਾ ਤੇਰੀ ਪੂਰੀ ਮਦਦ ਕੀਤੀ ਜਾਏਗੀ। ਹੁਣ ਤੂੰ ਜਾਹ ਵਰਨਾ ਉਹਨਾਂ ਨੂੰ ਸ਼ੱਕ ਹੋ ਜਾਏਗਾ। ਤੂੰ ਬਿਲਕੁਲ ਤੱਸਲੀ ਰੱਖ।”
“ਮੇਰੇ ਵਿਚਾਰ ਵਿਚ ਇਹ ਉਹੀ ਗਿਰੋਹ ਏ। ਰੇਲਵੇ ਕਰਾਸਿੰਗ ਤੋਂ ਅੱਗੇ ਇਕ ਰਸਤਾ ਵਾਪਸ ਅਲੀਪੁਰ ਨੂੰ ਜਾਂਦਾ ਏ ਜਿਹੜਾ ਘਟਨਾ ਵਾਲੀ ਥਾਂ ਦੇ ਬਿਲਕੁਲ ਵਿਪਰੀਤ ਦਿਸ਼ਾ ਵਿਚ ਏ।” ਇਕਬਾਲ ਨੇ ਜੋਸ਼ ਭਰੀ ਆਵਾਜ਼ ਵਿਚ ਕਿਹਾ।
“ਲੁਟੇਰਿਆਂ ਨੇ ਚਾਲਾਕੀ ਨਾਲ ਪੁਲਿਸ ਨੂੰ ਗੁਮਰਾਹ ਕਰ ਦਿੱਤਾ। ਅਸੀਂ ਕਿਤੇ ਹੋਰ ਲੱਭਦੇ ਰਹੇ ਤੇ ਉਹ ਕਿਤੇ ਹੋਰ ਲੁਕੇ ਰਹੇ। ਕਿਉਂਕਿ ਇਸ ਦੌਰਾਨ ਉਹਨਾਂ ਦੀ ਕੋਈ ਵੀ ਮੂਵਮੈਂਟ ਨਹੀਂ ਹੋਈ ਇਸ ਲਈ ਕਿਤੋਂ ਕੋਈ ਇਤਲਾਹ ਵੀ ਨਹੀਂ ਮਿਲੀ।” ਇਕਬਾਲ ਨੇ ਗੱਲ ਮੁਕੰਮਲ ਕੀਤੀ।
“ਇੰਜ ਕਰਦੇ ਆਂ ਕੁਛ ਪੁਲਿਸ ਵਾਲੇ ਸਾਦੀ ਵਰਦੀ ਵਿਚ ਉੱਥੇ ਲਾ ਦਿੰਦੇ ਆਂ ਜਿਹੜੇ ਲੁਟੇਰਿਆਂ ਦੀ ਗਤੀਵਿਧੀ ਉਪਰ ਨਜ਼ਰ ਰੱਖਣਗੇ।” ਕਬੀਰ ਨੇ ਕਿਹਾ।
“ਲੁਟੇਰੇ ਚਾਲਾਕ ਨੇ ਤੇ ਉਹਨਾਂ ਕੋਲ ਹਥਿਆਰ ਵੀ ਨੇ ਜੇ ਉਹਨਾਂ ਨੇ ਕੋਈ ਓਪਰੀ ਗਤੀਵਿਧੀ ਦੇਖੀ ਤਾਂ ਉਹ ਫਰਾਰ ਹੋ ਜਾਣਗੇ ਜਾਂ ਘਰ ਵਾਲਿਆਂ ਨੂੰ ਬੰਧਕ ਬਣਾ ਕੇ ਵੀ ਨਿਕਲ ਸਕਦੇ ਨੇ।” ਇਕਬਾਲ ਨੇ ਕਿਹਾ।
“ਫੇਰ ਕੀ ਕੀਤਾ ਜਾਏ?” ਕਬੀਰ ਨੇ ਪੁੱਛਿਆ।
“ਮੈਨੂੰ ਪਤਾ ਏ ਪਿੰਡੋਂ ਆਉਣ-ਜਾਣ ਲਈ ਸਿਰਫ ਇਕੋ ਰਸਤਾ ਏ। ਪਿੰਡ ਦੇ ਐਨ ਬਾਹਰਵਾਰ ਇਕ ਨਹਿਰ ਲੰਘਦੀ ਏ। ਇਹ ਰਸਤਾ ਉਸ ਨਹਿਰ ਉੱਤੇ ਬਣੀ ਪੁਲੀ ਉਪਰੋਂ ਹੋ ਕੇ ਲੰਘਦਾ ਏ। ਲੁਟੇਰੇ ਦਿਨੇ ਨਿਕਲਣ ਦੀ ਹਿੰਮਤ ਨਹੀਂ ਕਰਨਗੇ। ਉਹਨਾਂ ਨੂੰ ਪਤਾ ਏ ਕਿ ਪੁਲਿਸ ਉਹਨਾਂ ਨੂੰ ਚੱਪੇ-ਚੱਪੇ ਉਪਰ ਲੱਭ ਰਹੀ ਏ। ਉਹ ਰਾਤ ਨੂੰ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ। ਨਹਿਰ ਦੇ ਨਾਲ ਨਾਲ ਜਾ ਕੇ ਇਕ ਘੰਟੇ ਵਿਚ ਉਹ ਬਾਹਰ ਨਿਕਲ ਸਕਦੇ ਨੇ। ਮੇਰਾ ਇਕ ਗੰਨਮੈਨ ਬਲਬੀਰ ਅਲੀਪੁਰ ਦਾ ਈ ਏ। ਮੈਂ ਉਸਨੂੰ ਬਰੀਫ਼ ਕਰਕੇ ਪਿੰਡ ਭੇਜ ਦੇਂਦਾ ਆਂ। ਉਸਦੀ ਆਮਦ ਨੂੰ ਪਿੰਡ ਵਿਚ ਸਰਸਰੀ ਤੌਰ 'ਤੇ ਲਿਆ ਜਾਏਗਾ। ਰਾਤ ਨੂੰ ਉਹ ਹੀਰੇ ਦੇ ਘਰ ਉਪਰ ਨਜ਼ਰ ਰੱਖੇਗਾ। ਅਸੀਂ ਪੁਲੀ ਉੱਤੇ ਸੂਰਜ ਛਿਪਣ ਤੋਂ ਬਾਅਦ ਨਾਕਾ ਲਾਵਾਂਗੇ ਜਦੋਂ ਉਹ ਲੋਕ ਰਾਤ ਨੂੰ ਬਾਹਰ ਨਿਕਲਣਗੇ ਤਾਂ ਮੇਰਾ ਗੰਨਮੈਨ ਵਾਕੀ ਟਾਕੀ ਉਪਰ ਸਾਨੂੰ ਇਤਲਾਹ ਕਰ ਦਏਗਾ। ਤੇ ਅਸੀਂ ਉਹਨਾਂ ਨੂੰ ਆਸਾਨੀ ਨਾਲ ਪੁਲੀ ਉਪਰ ਗ੍ਰਿਫ਼ਤਾਰ ਕਰ ਲਵਾਂਗੇ।”

ਰਾਤ ਦੇ ਤਿੰਨ ਵੱਜੇ ਸਨ। ਪਿੰਡ ਵਿਚ ਕੋਈ ਹਲਚਲ ਨਹੀਂ। ਠੰਡ ਦੇ ਮਾਰੇ ਕੁਲਫ਼ੀ ਜੰਮਦੀ ਜਾ ਰਹੀ ਸੀ। ਇਕਬਾਲ ਨੇ ਸ਼ਾਮ ਨੂੰ ਹੀ ਸਾਦੀ ਵਰਦੀ ਵਿਚ ਕੁਝ ਲੋਕ ਪੁਲੀ ਉਪਰ ਲਾ ਦਿੱਤੇ ਸਨ। ਲੋਕ ਸ਼ਾਮ ਹੁੰਦਿਆਂ ਹੀ ਆਪਣੇ ਘਰੋ-ਘਰੀ ਵੜ ਗਏ ਸਨ। ਥੋੜ੍ਹੀ ਰਾਤ ਹੋ ਜਾਣ 'ਤੇ ਕਬੀਰ ਤੇ ਇਕਬਾਲ ਵੀ ਪੁਲੀ ਉਪਰ ਆ ਗਏ ਤਾਂ ਕਿ ਨਾਕੇ ਉਪਰ ਹਾਜ਼ਰ ਲੋਕਾਂ ਨੂੰ ਅਲਰਟ ਰੱਖਿਆ ਜਾਏ। ਇਕਬਾਲ ਨੇ ਆਪਣੇ ਗੰਨਮੈਨ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ।
“ਜਨਾਬ ਅਜੇ ਕੋਈ ਹਿਲਜੁਲ ਨਜ਼ਰ ਨਹੀਂ ਆ ਰਹੀ, ਮੈਂ ਹੀਰੇ ਕੇ ਘਰ ਦੇ ਸਾਹਮਣੇ ਈ ਆਂ। ਇਕ ਦੋ ਵਾਰੀ ਚੱਕਰ ਲਾ ਕੇ ਘਰ ਦੇ ਪਿੱਛੇ ਪਾਸੇ ਵੀ ਦੇਖ ਆਇਆਂ। ਇਕ ਵਾਰੀ ਫੇਰ ਮੈਂ ਘਰ ਦੇ ਪਿਛਲੇ ਪਾਸੇ ਵਲ ਜਾ ਰਿਹਾਂ, ਕਿਤੇ ਇੰਜ ਨਾ ਹੋਵੇ ਕਿ ਲੁਟੇਰੇ ਪਿਛਲੇ ਪਾਸੇ ਦੀ ਨਿਕਲ ਜਾਣ।”
ਬਲਬੀਰ ਤੋਂ ਆਖ਼ਰੀ ਵਾਰ ਇਹੀ ਰਿਪੋਰਟ ਮਿਲੀ ਸੀ। ਪਰ ਪਿਛਲੇ ਇਕ ਘੰਟੇ ਦਾ ਉਸ ਵਲੋਂ ਕੋਈ ਮੈਸੇਜ਼ ਨਹੀਂ ਸੀ ਆਇਆ। ਇਕਬਾਲ ਨੇ ਇਕ ਵਾਰੀ ਫੇਰ ਵਾਇਰਲੇਸ ਉਪਰ ਉਸਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਇਕਬਾਲ ਦੀ ਬੇਚੈਨੀ ਵਧਣ ਲੱਗੀ।
“ਲੱਗਦਾ ਏ ਕੋਈ ਗੜਬੜ ਏ।” ਇਕਬਾਲ ਨੇ ਕਬੀਰ ਨੂੰ ਕਿਹਾ।
“ਹੋ ਸਕਦਾ ਏ ਲੁਟੇਰਿਆਂ ਨੇ ਅੱਜ ਨਿਕਲਣ ਦਾ ਇਰਾਦਾ ਬਦਲ ਦਿੱਤਾ ਹੋਏ।” ਕਬੀਰ ਨੇ ਕਿਹਾ।
“ਹਾਂ ਪਰ ਬਲਬੀਰ ਨੂੰ ਤਾਂ ਜਵਾਬ ਦੇਣਾ ਚਾਹੀਦਾ ਏ।” ਇਕਬਾਲ ਦੀ ਬੇਚੈਨੀ ਦੇਖਣ ਵਾਲੀ ਸੀ।
“ਹੋ ਸਕਦਾ ਏ ਉਸਦੀ ਵਾਕੀ ਟਾਕੀ ਦੀ ਬੈਟਰੀ ਖਤਮ ਹੋ ਗਈ ਹੋਏ।” ਕਬੀਰ ਨੇ ਕਿਹਾ।
“ਫੇਰ ਵੀ, ਬਲਬੀਰ ਏਨਾ ਲਾਪ੍ਰਵਾਹ ਮੁੰਡਾ ਨਹੀਂ, ਸਾਨੂੰ ਇਕ ਵਾਰੀ ਦੇਖਣਾ ਚਾਹੀਦਾ ਏ।” ਇਕਬਾਲ ਨੇ ਬੇਚੈਨੀ ਜ਼ਾਹਰ ਕੀਤੀ।
“ਠੀਕ ਏ ਚੱਲੋ।” ਕਬੀਰ ਨੇ ਗੱਡੀ 'ਚੋਂ ਬਾਹਰ ਨਿਕਲਦਿਆਂ ਹੋਇਆਂ ਕਿਹਾ।
ਗੱਡੀ 'ਚੋਂ ਬਾਹਰ ਨਿਕਲਦਿਆਂ ਹੀ ਠੰਡੀ ਹਵਾ ਦੇ ਥਪੇੜਿਆਂ ਨੇ ਉਸਨੂੰ ਕੰਬਾਅ ਕੇ ਰੱਖ ਦਿੱਤਾ।
ਕਬੀਰ ਤੇ ਇਕਬਾਲ ਨੇ ਕੁਝ ਲੋਕਾਂ ਨੂੰ ਨਾਕੇ 'ਤੇ ਛੱਡਿਆ ਤੇ ਦੋ ਤਿੰਨ ਮੁਲਾਜ਼ਮ ਨਾਲ ਲੈ ਕੇ ਪਿੰਡ ਜਾਣ ਵਾਲੀ ਸੜਕ 'ਤੇ ਤੁਰ ਪਏ। ਕਬੀਰ ਨੇ ਸਾਰਿਆਂ ਨੂੰ ਟਾਰਚ ਜਗਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਕਬਾਲ ਉਸੇ ਪਿੰਡ ਦਾ ਸੀ ਇਸ ਲਈ ਚੱਪੇ-ਚੱਪੇ ਦਾ ਵਾਕਿਫ਼ ਸੀ। ਉਹਨਾਂ ਦੇ ਪਿੰਡ ਵਿਚ ਵੜਦਿਆਂ ਹੀ ਆਵਾਰਾ ਕੁੱਤਿਆਂ ਨੇ ਆਸਮਾਨ ਸਿਰ 'ਤੇ ਚੁੱਕ ਲਿਆ। ਹੀਰੇ ਦੇ ਘਰ ਕੋਲ ਪਹੁੰਚ ਕੇ ਉਸਨੇ ਬਲਬੀਰ ਨੂੰ ਹੌਲੀ ਹੌਲੀ ਕਈ ਆਵਾਜ਼ਾਂ ਮਾਰੀਆਂ—ਪਰ ਕੋਈ ਜਵਾਬ ਨਾ ਮਿਲਿਆ। ਜਦੋਂ ਬਲਬੀਰ ਦੀ ਪਿਛਲੀ ਕਾਲ ਆਈ ਸੀ, ਉਸਨੇ ਘਰ ਦੇ ਪਿਛਲੇ ਪਾਸੇ ਜਾਣ ਦੀ ਗੱਲ ਆਖੀ ਸੀ। ਹੀਰੇ ਕੇ ਘਰ ਅੰਦਰ ਵੀ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਜ਼ਰ ਨਹੀਂ ਸੀ ਆ ਰਹੀ। ਉਹਨਾਂ ਘਰ ਦੇ ਪਿਛਲੇ ਪਾਸੇ ਦੇਖਣ ਦਾ ਫ਼ੈਸਲਾ ਕੀਤਾ। ਘਰ ਦੇ ਪਿਛਲੇ ਪਾਸੇ ਪਹੁੰਚ ਕੇ ਉਹਨਾਂ ਬਲਬੀਰ ਨੂੰ ਫੇਰ ਹੌਲੀ ਹੌਲੀ ਆਵਾਜ਼ਾਂ ਦਿੱਤੀਆਂ ਪਰ ਬਲਬੀਰ ਦਾ ਕਿਧਰੇ ਪਤਾ ਨਹੀਂ ਸੀ। ਕਬੀਰ ਨੇ ਥੋੜ੍ਹਾ ਅੱਗੇ ਵਧ ਕੇ ਚਾਰਦੀਵਾਰੀ ਉਪਰੋਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਸਨੂੰ ਇਕ ਠੇਡਾ ਲੱਗਿਆ। ਉਸਨੇ ਟਾਰਚ ਜਗਾ ਕੇ ਦੇਖਿਆ ਤਾਂ ਉਸਦੇ ਮੂੰਹੋਂ ਇਕ ਹਲਕੀ ਜਿਹੀ ਚੀਕ ਨਿਕਲ ਗਈ। ਇਕਬਾਲ ਦਾ ਗੰਨਮੈਨ ਬਲਬੀਰ ਉੱਥੇ ਬੇਹੋਸ਼ ਪਿਆ ਸੀ। ਉਸਦੇ ਸਿਰ ਵਿਚੋਂ ਖ਼ੂਨ ਵਗ ਰਿਹਾ ਸੀ। ਪੂਰਾ ਚਿਹਰਾ ਖ਼ੂਨ ਨਾਲ ਨਹਾਤਾ ਹੋਇਆ ਸੀ। ਇਕਬਾਲ ਤੇ ਬਾਕੀ ਸਿਪਾਹੀ ਵੀ ਦੌੜ ਕੇ ਉੱਥੇ ਪਹੁੰਚ ਗਏ। ਬਲਬੀਰ ਦੀ ਹਾਲਤ ਦੇਖ ਕੇ ਇਕ ਵਾਰੀ ਤਾਂ ਇਕਬਾਲ ਵੀ ਸਿਲ-ਪੱਥਰ ਹੋ ਗਿਆ ਫੇਰ ਬੋਲਿਆ, “ਮੈਨੂੰ ਲੱਗ ਰਿਹਾ ਸੀ ਕੋਈ ਨਾ ਕੋਈ ਗੜਬੜ ਏ। ਲੁਟੇਰੇ ਹੱਦ ਤੋਂ ਜ਼ਿਆਦਾ ਚਾਲਾਕ ਨੇ।” ਇਕਬਾਲ ਨੇ ਫੌਰਨ ਵਾਇਰਲੇਸ ਉਪਰ ਪੂਰੀ ਪੁਲਿਸ ਪਾਰਟੀ ਨੂੰ ਪਿੰਡ ਵਿਚ ਦਾਖ਼ਲ ਹੋਣ ਦਾ ਹੁਕਮ ਦਿੱਤਾ। ਕਬੀਰ ਨੇ ਆਪਣਾ ਰੁਮਾਲ ਕੱਢ ਕੇ ਉਸਦੇ ਸਿਰ ਉੱਤੇ ਬੰਨ੍ਹ ਦਿੱਤਾ ਤਾਂਕਿ ਖ਼ੂਨ ਵਗਣਾ ਰੁਕ ਜਾਏ। ਥੋੜ੍ਹੀ ਦੇਰ ਵਿਚ ਹੀ ਸਾਰੀਆਂ ਗੱਡੀਆਂ ਉੱਥੇ ਆ ਗਈਆਂ। ਇਕ ਗੱਡੀ ਵਿਚ ਉਸਨੇ ਤੁਰੰਤ ਬਲੀਬਰ ਨੂੰ ਹਸਪਤਾਲ ਲੈ ਜਾਣ ਦਾ ਹੁਕਮ ਦਿੱਤਾ।
“ਲੱਗਦਾ ਏ ਲੁਟੇਰਿਆਂ ਨੂੰ ਸ਼ੱਕ ਹੋ ਗਿਆ ਸੀ, ਜੇ ਇੰਜ ਹੈ ਤਾਂ ਹੀਰੇ ਦੀ ਜਾਨ ਨੂੰ ਖਤਰਾ ਏ।” ਕਬੀਰ ਨੇ ਬੇਚੈਨੀ ਨਾਲ ਕਿਹਾ। ਉਸਨੇ ਟਾਰਚ ਦੀ ਰੌਸ਼ਨੀ ਘਰ ਦੀ ਪਿਛਲੀ ਚਾਰ ਦੀਵਾਰੀ ਉੱਤੇ ਪਾਈ। ਹੀਰੇ ਕੇ ਘਰ ਦੇ ਪਿੱਛੇ ਵੀ ਇਕ ਛੋਟਾ ਜਿਹਾ ਗੇਟ ਲੱਗਾ ਹੋਇਆ ਸੀ ਜਿਹੜਾ ਹੱਥ ਦੇ ਪੋਲੇ ਜਿਹੇ ਧੱਕੇ ਨਾਲ ਖੁੱਲ੍ਹ ਗਿਆ। ਕਬੀਰ ਨੇ ਆਪਣਾ ਪਸਤੌਲ ਹੱਥ ਵਿਚ ਲੈ ਲਿਆ ਤੇ ਉਹ ਲੋਕ ਬੜੀ ਸਾਵਧਾਨੀ ਨਾਲ ਘਰ ਅੰਦਰ ਦਾਖ਼ਲ ਹੋ ਗਏ। ਉਹਨਾਂ ਪੂਰੇ ਘਰ ਦੀ ਤਲਾਸ਼ੀ ਲਈ। ਇਕ ਕਮਰੇ ਵਿਚ ਉਹਨਾਂ ਨੂੰ ਹੀਰਾ ਤੇ ਉਸਦੀ ਪਤਨੀ ਮਿਲ ਗਏ, ਲੁਟੇਰੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ, ਮੂੰਹ ਵਿਚ ਕੱਪੜਾ ਤੁੰਨ ਕੇ ਸੁੱਟ ਗਏ ਸਨ। ਇਕ ਸਿਪਾਹੀ ਨੇ ਜਲਦੀ ਜਲਦੀ ਹੀਰੇ ਤੇ ਉਸਦੀ ਪਤਨੀ ਦੀਆਂ ਮੁਸ਼ਕਾਂ ਖੋਲ੍ਹ ਦਿੱਤੀਆਂ। ਹੀਰੇ ਤੇ ਉਸਦੀ ਪਤਨੀ ਦੀ ਹਾਲਤ ਖਾਸੀ ਮਾੜੀ ਸੀ।
“ਕੀ ਹੋਇਆ ਸੀ?” ਇਕਬਾਲ ਨੇ ਬੇਚੈਨੀ ਨਾਲ ਹੀਰੇ ਨੂੰ ਪੁੱਛਿਆ।
“ਲੁਟੇਰਿਆਂ ਨੂੰ ਸ਼ੱਕ ਹੋ ਗਿਆ ਸੀ ਮੈਂ ਜਦੋਂ ਵਾਪਸ ਆਇਆ ਤਾਂ ਮੇਰੇ ਨਾਲ ਬੜੀ ਸਖ਼ਤੀ ਨਾਲ ਪੇਸ਼ ਆਏ।” ਹੀਰੇ ਨੇ ਆਪਣੇ ਉੱਖੜੇ ਹਵਾਸ ਉੱਤੇ ਕਾਬੂ ਰੱਖਦਿਆਂ ਹੋਇਆਂ ਕਿਹਾ, “ਉਹਨਾਂ ਘਰ ਦੇ ਆਸ ਪਾਸ ਸ਼ਾਇਦ ਨਜ਼ਰ ਰੱਖੀ ਹੋਈ ਸੀ। ਸ਼ਾਇਦ ਉਹਨਾਂ ਘਰ ਦੇ ਬਾਹਰ ਤੁਹਾਡੇ ਕਿਸੇ ਬੰਦੇ ਨੂੰ ਵੀ ਦੇਖ ਲਿਆ ਸੀ। ਉਹ ਮੇਰੀ ਕੁੜੀ ਨੂੰ ਜਬਰਦਸਤੀ ਲੈ ਗਏ ਨੇ ਤੇ ਸਾਨੂੰ ਦੋਵਾਂ ਨੂੰ ਇੱਥੇ ਬੰਨ੍ਹ ਕੇ ਸੁੱਟ ਗਏ ਨੇ।”
ਹੀਰੇ ਨੇ ਹੱਥ ਮਲਦਿਆਂ ਹੋਇਆ ਕਿਹਾ। ਉਧਰ ਉਸਦੀ ਪਤਨੀ ਆਪਣੀ ਧੀ ਨੂੰ ਯਾਦ ਕਰਕੇ ਰੌਣ ਲੱਗ ਪਈ ਸੀ।
“ਕੋਈ ਹੋਰ ਗੱਲ ਜਿਹੜੀ ਉਹਨਾਂ ਕੀਤੀ ਹੋਏ? ਜ਼ਰਾ ਧਿਆਨ ਨਾਲ ਸੋਚ ਕੇ ਵੇਖ।”
“ਮੇਰੇ ਕੰਨਾਂ ਵਿਚ ਦੋ ਤਿੰਨ ਸ਼ਬਦ ਪਏ ਸਨ ਜਦੋਂ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ—ਚਾਰ ਵਜੇ...ਰੇਲਵੇ ਸਟੇਸ਼ਨ...ਜਲੰਧਰ...”
“ਉਹ ਲੋਕ ਕਿੰਨਾ ਕੁ ਚਿਰ ਪਹਿਲਾਂ ਨਿਕਲੇ ਨੇ?”
“ਲਗਭਗ ਪੌਣਾ ਘੰਟਾ ਹੋ ਗਿਆ ਹੋਊਗਾ।”
“ਏਥੋਂ ਫ਼ਿਰੋਜਪੁਰ ਸਟੇਸ਼ਨ ਕਾਫੀ ਦੂਰ ਏ। ਉੱਥੋਂ ਇਕ ਟਰੇਨ 4.10 'ਤੇ ਜਲੰਧਰ ਲਈ ਚੱਲਦੀ ਏ। ਜਿਹੜੀ ਮੱਲਾਂ ਵਾਲਾ ਸਟੇਸ਼ਨ 'ਤੇ 4.25 'ਤੇ ਆਉਂਦੀ ਏ।” ਇਕਬਾਲ ਨੇ ਕਿਹਾ।
“ਜਲਦੀ ਕਰੋ, ਹੀਰਿਆ ਤੂੰ ਸਾਡੇ ਨਾਲ ਚੱਲ—ਤੂੰ ਲੁਟੇਰਿਆਂ ਨੂੰ ਵੀ ਪਛਾਣਦਾ ਏਂ ਤੇ ਆਪਣੀ ਬੱਚੀ ਨੂੰ ਵੀ।”
“ਠੀਕ ਏ।” ਹੀਰਾ ਫੁਰਤੀ ਨਾਲ ਉਠਦਾ ਹੋਇਆ ਬੋਲਿਆ।
ਇਕ ਆਦਮੀ ਨੂੰ ਉਹ ਹੀਰੇ ਦੀ ਪਤਨੀ ਕੋਲ ਛੱਡ ਕੇ ਲਗਭਗ ਦੌੜਦੇ ਹੋਏ ਘਰੋਂ ਬਾਹਰ ਨਿਕਲੇ। ਡਾਈਵਰ ਤਦ ਤਕ ਕਬੀਰ ਤੇ ਇਕਬਾਲ ਦੀ ਗੱਡੀ ਲੈ ਕੇ ਆ ਗਏ ਸਨ।
“ਜੇ ਅਸੀਂ ਸ਼ਾਰਟ ਕੱਟ ਤੋਂ ਚੱਲੀਏ ਤਾਂ ਲਗਭਗ 15 ਮਿੰਟ ਵਿਚ ਮੱਲਾਂ ਵਾਲਾ ਸਟੇਸ਼ਨ 'ਤੇ ਪਹੁੰਚ ਸਕਦੇ ਆਂ। ਮੈਨੂੰ ਪੂਰਾ ਯਕੀਨ ਏ ਕਿ ਲੁਟੇਰੀ ਉਹੀ ਟਰੇਨ ਫੜ੍ਹ ਕੇ ਜ਼ਿਲੇ 'ਚੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨਗੇ।” ਇਕਬਾਲ ਨੇ ਦ੍ਰਿੜ ਆਵਾਜ਼ ਵਿਚ ਕਿਹਾ।
“ਪਰ ਲੁਟੇਰੇ ਨਿਕਲ ਕਿਧਰੋਂ ਦੀ ਗਏ? ਅਸੀਂ ਲੋਕ ਤਾਂ ਪੁਲੀ ਉੱਤੇ ਮੌਜ਼ੂਦ ਸਾਂ!” ਕਬੀਰ ਨੇ ਹੈਰਾਨੀ ਨਾਲ ਕਿਹਾ।
“ਲੁਟੇਰੇ ਮੇਰੀ ਉਮੀਦ ਨਾਲੋਂ ਵਧ ਚਾਲਾਕ ਨੇ। ਬਲਬੀਰ ਨੂੰ ਨੋਟਿਸ ਕਰ ਲੈਣ ਪਿੱਛੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਪੁਲਿਸ ਨੇ ਉਹਨਾਂ ਲਈ ਜਾਲ ਬਿਛਾਇਆ ਹੋਇਆ ਏ। ਇਸ ਲਈ ਉਹ ਸਿੱਧੇ ਰਸਤੇ ਨੂੰ ਛੱਡ ਕੇ ਖੇਤਾਂ ਵਿਚੋਂ ਨਿਕਲ ਗਏ। ਹਾਲੇ ਕਣਕ ਛੋਟੀ ਛੋਟੀ ਏ।” ਇਕਬਾਲ ਇਕੇ ਸਾਹ ਬੋਲਦਾ ਤੇ ਤੇਜ਼ ਰਿਫ਼ਤਾਰ ਨਾਲ ਗੱਡੀ ਚਲਾਉਂਦਾ ਰਿਹਾ।
“ਪਰ ਅਸੀਂ ਮੱਲਾਂ ਵਾਲਾ ਸਟੇਸ਼ਨ ਕਿਉਂ ਜਾ ਰਹੇ ਆਂ? ਏਨੇ ਸਮੇਂ 'ਚ ਅਸੀਂ ਫ਼ਿਰੋਜਪੁਰ ਰੇਲਵੇ ਸਟੇਸ਼ਨ ਪਹੁੰਚ ਸਕਦੇ ਆਂ।” ਕਬੀਰ ਨੇ ਇਕਬਾਲ ਵਲ ਗੌਰ ਨਾਲ ਦੇਖਦਿਆਂ ਹੋਇਆਂ ਕਿਹਾ।
“ਇਕ ਤਾਂ ਸਾਡੇ ਕੋਲ ਸਮਾਂ ਘੱਟ ਏ, ਦੂਜਾ ਜੇ ਅਸੀਂ ਫ਼ਿਰੋਜਪੁਰ ਰੇਲਵੇ ਸਟੇਸ਼ਨ ਪਹੁੰਚੇ ਤਾਂ ਪੁਲਿਸ ਦੀਆਂ ਗੱਡੀਆਂ ਦੇਖ ਕੇ ਉਹ ਚੁਕੰਨੇ ਹੋ ਜਾਣਗੇ ਤੇ ਹੀਰੇ ਦੀ ਬੱਚੀ ਨੂੰ ਨੁਕਾਸਨ ਪਹੁੰਚਾ ਸਕਦੇ ਨੇ।” ਇਕਬਾਲ ਨੇ ਸੰਜੀਦਗੀ ਨਾਲ ਜਵਾਬ ਦਿੱਤਾ।  
ਜ਼ੋਰਦਾਰ ਬਰੇਕਾਂ ਦੀ ਆਵਾਜ਼ ਦੇ ਨਾਲ ਇਕਬਾਲ ਨੇ ਗੱਡੀ ਰੇਲਵੇ ਸਟੇਸ਼ਨ ਦੇ ਬਾਹਰ ਰੋਕ ਦਿੱਤੀ। ਉਸਨੇ ਜਲਦੀ ਜਲਦੀ ਡਰਾਈਵਰ ਨੂੰ ਗੱਡੀਆਂ ਦੂਰ ਲਿਜਾ ਕੇ ਛਿਪਾ ਦੇਣ ਲਈ ਕਿਹਾ। ਇਸ ਸਮੇਂ ਉਹਨਾਂ ਨਾਲ ਤਿੰਨ ਸਿਪਾਹੀ ਸਾਦੇ ਕੱਪੜਿਆਂ ਵਿਚ ਤੇ ਇਕ ਵਰਦੀ ਵਿਚ ਸੀ।
ਕਬੀਰ ਤੇ ਇਕਬਾਲ ਨੇ ਆਪਣੇ ਜੈਕੇਟ ਲਾਹ ਕੇ ਦੋਵਾਂ ਡਰਾਈਵਰਾਂ ਤੋਂ ਉਹਨਾਂ ਦੀ ਲੋਈ ਲੈ ਲਈ। ਤਿੰਨਾਂ ਸਿਪਾਹੀਆਂ ਤੇ ਹੀਰੇ ਨੇ ਪਹਿਲਾਂ ਹੀ ਲੋਈ ਲਈ ਹੋਈ ਸੀ।
ਰੇਲਵੇ ਸਟੇਸ਼ਨ ਉਪਰ 20-25 ਸਵਾਰੀਆਂ ਗੱਡੀ ਨੂੰ ਉਡੀਕ ਰਹੀਆਂ ਸਨ। ਰੋਜ਼ਾਨਾ ਕੰਮੀਂ ਧੰਦੀਂ ਜਾਣ ਵਾਲੇ ਲੋਕ ਇਸੇ ਗੱਡੀ ਉੱਤੇ ਜਲੰਧਰ ਜਾਂਦੇ ਸਨ।
“ਸਾਰਿਆਂ ਕੋਲ ਹਥਿਆਰ ਹੈਨ ਨਾ?” ਇਕਬਾਲ ਨੇ ਸਿਪਾਹੀਆਂ ਨੂੰ ਪੁੱਛਿਆ।
ਸਾਰਿਆਂ ਨੇ ਹਾਂ ਵਿਚ ਉਤਰ ਦਿੱਤਾ।
“ਅਸੀਂ ਸਾਰੇ ਵੱਖ ਵੱਖ ਡੱਬਿਆਂ ਵਿਚ ਚੜ੍ਹਾਂਗੇ। ਹੀਰਾ ਮੇਰੇ ਨਾਲ ਹੋਏਗਾ। ਅਸੀਂ ਤਿੰਨ ਨੌਜਵਾਨਾਂ ਨੂੰ ਲੱਭਣਾ ਏ ਜਿਹਨਾਂ ਨਾਲ ਇਕ ਕੁੜੀ ਵੀ ਹੈ। ਹਰ ਸਟੇਸ਼ਨ ਉੱਤੇ ਉਤਰਣ ਪਿੱਛੋਂ ਇਕ ਦੂਜੇ ਨਾਲ ਇਸ਼ਾਰੇ ਨਾਲ ਗੱਲ ਕਰਾਂਗੇ। ਜੇ ਕਿਸੇ ਨੂੰ ਵੀ ਉਹ ਦਿਸ ਜਾਂਦੇ ਨੇ, ਉਹ ਆਪਣੇ ਸਿਰ ਉੱਤੇ ਹੱਥ ਰੱਖ ਕੇ ਇਸ਼ਾਰਾ ਕਰੇਗਾ। ਹਰ ਸਟੇਸ਼ਨ 'ਤੇ ਉਤਰਣ ਵਾਲੀਆਂ ਸਵਾਰੀਆਂ ਉਪਰ ਨਿਗਾਹ ਰੱਖੀ ਜਾਏਗੀ। ਲੁਟੇਰਿਆਂ ਦੇ ਖ਼ਿਲਾਫ਼ ਟਰੇਨ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਕਿਉਂਕਿ ਇੰਜ ਸਵਾਰੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਏ।”
ਇਕਬਾਲ ਨੇ ਵਿਸਥਾਰ ਨਾਲ ਸਮਝਾਇਆ ਉਦੋਂ ਹੀ ਇਕਬਾਲ ਦਾ ਡਰਾਈਵਰ ਗੇਟ ਕੋਲ ਦਿਖਾਈ ਦਿੱਤਾ। ਇਕਬਾਲ ਅਛੋਪਲੇ ਹੀ ਟਹਿਲਦਾ ਹੋਇਆ ਉਸ ਕੋਲ ਚਲਾ ਗਿਆ।
“ਸਾਹਬ ਵਾਇਰਲੈਸ ਮੈਸੇਜ ਆਇਆ ਏ—ਤਿੰਨ ਸ਼ੱਕੀ ਨੌਜਵਾਨਾਂ ਨੂੰ ਤੇ ਇਕ ਕੁੜੀ ਜਿਸ ਨੇ ਲਾਲ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਏ ਇਸ ਗੱਡੀ ਵਿਚ ਸਵਾਰ ਹੁੰਦਿਆਂ ਦੇਖਿਆ ਗਿਆ ਏ।” ਡਰਾਈਵਰ ਨੇ ਧੀਮੀ ਆਵਾਜ਼ ਵਿਚ ਉਸ ਵਲ ਦੇਖੇ ਬਗ਼ੈਰ ਕਿਹਾ।
ਇਕਬਾਲ ਦਾ ਚਿਹਰਾ ਜੋਸ਼ ਵੱਸ ਸੂਹਾ ਹੋਣ ਲੱਗਾ। ਉਹ ਹੌਲੀ ਹੌਲੀ ਟਹਿਲਦਾ ਹੋਇਆ ਫੇਰ ਉਹਨਾਂ ਕੋਲ ਆ ਗਿਆ।
“ਗੁੱਡੀ ਦੇ ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਨੇ?” ਇਕਬਾਲ ਨੇ ਹੀਰੇ ਤੋਂ ਪੁੱਛਿਆ।
“ਲਾਲ ਰੰਗ ਦੀ ਸਲਵਾਰ ਕਮੀਜ਼।” ਹੀਰੇ ਨੇ ਜਵਾਬ ਦਿੱਤਾ।
“ਯੈਸ!” ਇਕਬਾਲ ਨੇ ਜੋਸ਼ ਵਿਚ ਕਿਹਾ, “ਉਹ ਲੋਕ ਇਸੇ ਟਰੇਨ ਵਿਚ ਸਵਾਰ ਹੋਏ ਨੇ, ਮੇਰਾ ਅੰਦਾਜ਼ਾ ਸਹੀ ਨਿਕਲਿਆ। ਸਾਨੂੰ ਬੜੀ ਸਵਾਧਾਨੀ ਤੋਂ ਕੰਮ ਲੈਣਾ ਪਏਗਾ।”
ਉਦੋਂ ਹੀ ਸਟੇਸ਼ਟ ਮਾਸਟਰ ਨੇ ਘੰਟੀ ਵਜਾਈ ਜਿਹੜੀ ਟਰੇਨ ਦੇ ਆਉਣ ਦਾ ਐਲਾਨ ਸੀ। ਪਲੇਟਫ਼ਾਰਮ ਉੱਤੇ ਹਲਚਲ ਸ਼ੁਰੂ ਹੋ ਗਈ।
“ਚਲੋ ਸਕੀਮ ਮੁਤਾਬਿਕ ਖਿੱਲਰ ਜਾਓ।”
“ਅਸੀਂ ਸਾਰੇ ਟਰੇਨ ਤੋਂ ਉਤਰਣ ਵਾਲੀਆਂ ਸਵਾਰੀਆਂ ਉੱਤੇ ਨਿਗਾਹ ਰੱਖਾਂਗੇ ਤੇ ਜਦੋਂ ਟਰੇਨ ਚੱਲਣ ਵਾਲੀ ਹੋਏਗੀ ਉਦੋਂ ਹੀ ਉਸ ਵਿਚ ਚੜ੍ਹਾਂਗੇ।” ਕਬੀਰ ਨੇ ਕਿਹਾ।
“ਆਪਣੇ ਆਪਣੇ ਚਿਹਰੇ ਚੰਗੀ ਤਰ੍ਹਾਂ ਢਕ ਲਓ।” ਇਕਬਾਲ ਨੇ ਕਿਹਾ।
ਧੜਧੜ ਕਰਦੀ ਗੱਡੀ ਸਟੇਸ਼ਨ ਵਿਚ ਆਣ ਵੜੀ। ਲੋਕ ਜਲਦੀ ਜਲਦੀ ਆਪਣਾ ਸਾਮਾਨ ਚੁੱਕੇ ਗੱਡੀ ਵਿਚ ਸਵਾਰ ਹੋਣ ਲੱਗੇ।
ਗੱਡੀ ਨੇ ਵਿਸਲ ਦਿੱਤੀ ਤੇ ਸਾਰੇ ਜਣੇ ਅਲਗ ਅਲਗ ਡੱਬਿਆਂ ਵਿਚ ਸਵਾਰ ਹੋ ਗਏ।
ਕਬੀਰ ਵੀ ਫੁਰਤੀ ਨਾਲ ਇਕ ਡੱਬੇ ਵਿਚ ਚੜ੍ਹ ਗਿਆ। ਉਸਦੇ ਨਾਲ ਹੀ ਇਕ ਦੋ ਹੋਰ ਸਵਾਰੀਆਂ ਵੀ ਉਸ ਡੱਬੇ ਵਿਚ ਸਵਾਰ ਹੋਈਆਂ ਸਨ। ਡੱਬੇ ਵਿਚ ਖਾਸਾ ਹਨੇਰਾ ਸੀ। ਉਸ ਹਨੇਰੇ ਦੇ ਖ਼ਿਲਾਫ਼ ਸਿਰਫ ਇਕ ਨਿੱਕੇ ਜਿਹੇ ਟਿਮਟਿਮਾਉਂਦੇ ਹੋਏ ਬਲਬ ਦੀ ਜੰਗ ਜਾਰੀ ਸੀ।
ਕਬੀਰ ਦਰਵਾਜ਼ੇ ਕੋਲ ਹੀ ਖੜ੍ਹਾ ਰਿਹਾ। ਜਦੋਂ ਟਰੇਨ ਨੇ ਰਿਫ਼ਤਾਰ ਫੜ੍ਹ ਲਈ ਹਨੇਰੇ ਵਿਚੋਂ ਕਿਸੇ ਨੇ ਕਿਹਾ—
“ਭਾਅ ਜੀ, ਦਰਵਾਜ਼ਾ ਬੰਦ ਕਰ ਦਿਓ ਬੜੀ ਠੰਡੀ ਹਵਾ ਆ ਰਹੀ ਜੇ।”
ਕਬੀਰ ਨੇ ਦਰਵਾਜ਼ਾ ਬੰਦ ਕਰ ਦਿੱਤਾ। ਥੋੜ੍ਹੀ ਦੇਰ ਟਾਇਲਟ ਕੋਲ ਖੜ੍ਹਾ ਰਹਿ ਕੇ ਹਨੇਰੇ ਡੱਬੇ ਵਿਚ ਨਜ਼ਰਾਂ ਜਮਾਈ ਰੱਖੀਆਂ ਤਾਂਕਿ ਅੱਖਾਂ ਹਨੇਰੇ ਵਿਚ ਦੇਖਣ ਦੇ ਕਾਬਿਲ ਹੋ ਜਾਣ। ਡੱਬੇ ਵਿਚ ਅੱਗੇ ਵਧਣ ਤੋਂ ਪਹਿਲਾਂ ਉਸਨੇ ਲੋਈ ਦੇ ਅੰਦਰੇ ਅੰਦਰ ਆਪਣੇ ਰਿਵਾਲਵਰ ਨੂੰ ਚੈਕ ਕੀਤਾ। ਲੁਟੇਰੇ ਖਤਰਨਾਕ ਸਨ। ਜ਼ਰਾ ਜਿੰਨਾਂ ਸ਼ੱਕ ਹੋਣ 'ਤੇ ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਆਪਣੇ ਕੈਰੀਅਰ ਦੇ ਪਹਿਲੇ ਪੜਾਅ ਵਿਚ ਹੀ ਏਨੇ ਸੰਨਸਨੀ ਭਰੇ ਆਪ੍ਰੇਸ਼ਨ ਵਿਚ ਆਪਣਾ ਸ਼ਾਮਿਲ ਹੋਣਾ ਉਸਦੇ ਜਿਸਮ ਵਿਚ ਅਜੀਬ ਜਿਹਾ ਰੋਮਾਂਚ ਭਰ ਰਿਹਾ ਸੀ। ਉਸਨੇ ਚੁਕੰਨੇ ਅੰਦਾਜ਼ ਵਿਚ ਡੱਬੇ ਅੰਦਰ ਪੈਰ ਵਧਾਏ। ਇਕ ਵਾਰੀ ਉਹ ਸਰਸਰੀ ਨਜ਼ਰ ਮਾਰਦਾ ਹੋਇਆ ਦੂਜੇ ਸਿਰੇ ਤਕ ਪਹੁੰਚ ਗਿਆ। ਸਾਰੇ ਡੱਬੇ ਵਿਚ ਕੁਲ ਮਿਲਾ ਕੇ ਪੰਦਰਾਂ ਵੀਹ ਸਵਾਰੀ ਹੋਣਗੀਆਂ। ਹਨੇਰੇ ਵਿਚ ਉਹਨਾਂ ਬਾਰੇ ਪੂਰਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਜਿਹਨਾਂ ਸਵਾਰੀਆਂ ਨੇ ਦੂਰ ਜਾਣਾ ਸੀ, ਉਹਨਾਂ ਉਂਘਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਹੀ ਟਰੇਨ ਦੀ ਰਿਫ਼ਤਾਰ ਘੱਟ ਹੋਣ ਲੱਗੀ, ਸ਼ਾਇਦ ਅਗਲਾ ਸਟੇਸ਼ਨ ਆਉਣ ਵਾਲਾ ਸੀ। ਕਬੀਰ ਇਕ ਵਾਰੀ ਫੇਰ ਦਰਵਾਜ਼ੇ ਕੋਲ ਆਣ ਖੜ੍ਹਾ ਹੋਇਆ। ਟਰੇਨ ਦੀ ਖਟਖਟ ਦੀ ਆਵਾਜ਼ ਤੋਂ ਲੱਗ ਰਿਹਾ ਸੀ ਟਰੇਨ ਪਟੜੀ ਬਦਲ ਰਹੀ ਸੀ। ਡੱਬੇ ਦੀਆਂ ਸਵਾਰੀਆਂ ਵਿਚ ਕੋਈ ਹਿੱਲਜੁੱਲ ਨਹੀਂ ਸੀ ਜਿਸ ਤੋਂ ਲੱਗ ਰਿਹਾ ਸੀ ਉਹਨਾਂ ਦੀ ਮੰਜ਼ਿਲ ਅਜੇ ਦੂਰ ਹੈ। ਟਰੇਨ ਦੇ ਸਟੇਸ਼ਨ ਉੱਤੇ ਰੁਕਣ ਪਿੱਛੋਂ ਉਸਨੇ ਹੇਠਾਂ ਉਤਰ ਕੇ ਏਧਰ ਉਧਰ ਨਿਗਾਹ ਮਾਰੀ। ਇਕਬਾਲ ਉਸਦੇ ਨਾਲ ਵਾਲੇ ਡੱਬੇ ਵਿਚ ਹੀ ਚੜ੍ਹਿਆ ਸੀ। ਇਸ ਸਟੇਸ਼ਨ ਉੱਤੇ ਟਰੇਨ ਵਿਚੋਂ ਕੋਈ ਵੀ ਸਵਾਰੀ ਨਹੀਂ ਸੀ ਉਤਰੀ। ਹਾਂ, 8-10 ਸਵਾਰੀਆਂ ਚੜ੍ਹੀਆਂ ਜ਼ਰੂਰ ਸਨ। ਟਰੇਨ ਫੇਰ ਚੱਲ ਪਈ। ਕਬੀਰ ਨੇ ਡੱਬੇ ਦੇ ਅੰਦਰ ਆ ਕੇ ਕਿਸੇ ਅਜਿਹੀ ਜਗ੍ਹਾ ਬੈਠਣ ਦਾ ਫ਼ੈਸਲਾ ਕੀਤਾ ਜਿੱਥੋਂ ਪੂਰੇ ਡੱਬੇ ਉਪਰ ਨਿਗਾਹ ਰੱਖੀ ਜਾ ਸਕੇ। ਸੀਟ ਉੱਤੇ ਬੈਠਦਿਆਂ ਹੀ ਸਰੀਰ ਵਿਚ ਸਰਦੀ ਦੀ ਇਕ ਤੇਜ਼ ਲਹਿਰ ਜਿਹੀ ਦੌੜ ਗਈ। ਲੱਕੜ ਦੀ ਸੀਟ ਪੱਥਰ ਵਾਂਗ ਸਖ਼ਤ ਤੇ ਬਰਫ਼ ਵਾਂਗ ਠੰਡੀ ਸੀ। ਉਸਨੇ ਕੈਬਿਨ ਵਿਚ ਨਿਗਾਹ ਮਾਰੀ ਦੋਵੇਂ ਬਰਥ ਖਾਲੀ ਸਨ। ਉਸਨੇ ਲੋਈ ਨੂੰ ਆਪਣੇ ਚਾਰੇ ਪਾਸੇ ਕਸਦਿਆਂ ਹੋਇਆਂ ਸਿਰ ਬਰਥ ਦੀ ਢੋਅ ਨਾਲ ਟਿਕਾਅ ਲਿਆ। ਦਸੰਬਰ ਦੀ ਹੱਡੀਆਂ ਵਿਚ ਪੁਰ ਜਾਣ ਵਾਲੀ ਸਰਦੀ ਵਿਚ ਸਾਰੀ ਰਾਤ ਦੀ ਭੱਜ ਨੱਠ ਨੇ ਉਸਨੂੰ ਬੇਹੱਦ ਥਕਾਅ ਦਿੱਤਾ ਸੀ। ਉਸਨੇ ਨਰਮ-ਗਰਮ ਬਿਸਤਰੇ ਨੂੰ ਯਾਦ ਕਰਦਿਆਂ ਹੋਇਆਂ ਅੱਖਾਂ ਮੀਚ ਲਈਆਂ। ਉਦੋਂ ਹੀ ਕਿਸੇ ਕੁੜੀ ਦੀਆਂ ਸਿਸਕੀਆਂ ਦੀ ਆਵਾਜ਼ ਸੁਣ ਕੇ ਉਹ ਤ੍ਰਬਕਿਆ। ਉਸਨੇ ਚਾਰੇ ਪਾਸੇ ਨਿਗਾਹ ਮਾਰੀ ਪਰ ਉੱਥੇ ਕੋਈ ਨਹੀਂ ਸੀ। ਸਿਸਕੀਆਂ ਦੀ ਆਵਾਜ਼ ਉਪਰਲੀ ਬਰਥ ਤੋਂ ਆ ਰਹੀ ਸੀ। ਕੋਈ ਉਸਨੂੰ ਧੀਮੀ ਆਵਾਜ਼ ਵਿਚ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਬੀਰ ਨੇ ਪੂਰਾ ਧਿਆਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ।
“ਤੂੰ ਮੈਨੂੰ ਜਬਰਦਸਤੀ ਨਾਲ ਲਿਆ ਕੇ ਚੰਗਾ ਨਹੀਂ ਕੀਤਾ। ਮੈਂ ਤੈਨੂੰ ਚੰਗਾ ਆਦਮੀ ਸਮਝਦੀ ਸੀ।” ਕੁੜੀ ਨੇ ਸਿਸਕੀਆਂ ਦੌਰਾਨ ਕਿਹਾ।
“ਬਸ ਹੁਣ ਚੁੱਪ ਹੋ ਜਾ।” ਕਿਸੇ ਨੇ ਧੀਮੀ ਪਰ ਬੜੀ ਰੁੱਖੀ ਆਵਾਜ਼ ਵਿਚ ਕਿਹਾ, “ਜੇ ਆਵਾਜ਼ ਕੱਢੀ ਤਾਂ ਇਕ ਗੋਲੀ ਤੇਰੇ ਹਲਕ 'ਚ ਵਾੜ ਦਿਆਂਗਾ।”
ਕੁੜੀ ਸਹਿਮ ਕੇ ਚੁੱਪ ਹੋ ਗਈ।
ਕਬੀਰ ਦੀ ਰੀੜ੍ਹ ਦੀ ਹੱਡੀ ਵਿਚ ਸੀਤ ਲਹਿਰ ਦੌੜ ਗਈ। ਲੁਟੇਰੇ ਏਸੇ ਡੱਬੇ ਵਿਚ, ਐਨ ਉਸਦੀ ਉਪਰਲੀ ਬਰਥ ਉੱਤੇ, ਬੈਠੇ ਸਨ।
ਉਸਨੇ ਉਸੇ ਤਰ੍ਹਾਂ ਬੈਠੇ ਬੈਠੇ ਅੱਖਾਂ ਖੋਹਲ ਕੇ ਸਾਹਮਣੇ ਵਾਲੀ ਉਪਰਲੀ ਬਰਥ ਉੱਤੇ ਨਿਗਾਹ ਮਾਰੀ। ਬਲਬ ਦੀ ਹਲਕੀ ਜਿਹੀ ਰੌਸ਼ਨੀ ਵਿਚ ਦੋ ਪ੍ਰਛਾਵੇਂ ਅਲਗ ਅਲਗ ਬੈਠੇ ਦਿਸ ਰਹੇ ਸਨ ਜਿਹਨਾਂ ਨੇ ਬੁੱਕਲ ਮਾਰੀ ਹੋਈ ਸੀ।
ਸਿਸਕੀਆਂ ਦੀ ਆਵਾਜ਼ ਉਸਦੇ ਐਨ ਉਪਰ ਵਾਲੀ ਬਰਥ ਤੋਂ ਆ ਰਹੀ ਸੀ।
ਟਰੇਨ ਦੀ ਰਿਫ਼ਤਾਰ ਫੇਰ ਧੀਮੀ ਹੋਣ ਲੱਗ ਪਈ। ਕਬੀਰ ਚੁੱਪਚਾਪ ਉਠ ਕੇ ਗੇਟ ਕੋਲ ਆ ਗਿਆ। ਟਰੇਨ ਦੇ ਰੁਕਦਿਆਂ ਹੀ ਕਬੀਰ ਪਲੇਟਫ਼ਾਰਮ ਉੱਤੇ ਉਤਰ ਕੇ ਟਹਿਲਦਾ ਹੋਇਆ ਇਕਬਾਲ ਕੋਲ ਪਹੁੰਚਿਆ।
“ਲੁਟੇਰੇ ਮੇਰੇ ਡੱਬੇ ਵਿਚ ਹੀ ਨੇ।” ਉਸਨੇ ਅਤਿ ਧੀਮੀ ਆਵਾਜ਼ ਵਿਚ ਘੁਸਰ-ਮੁਸਰ ਜਿਹੀ ਕੀਤੀ।
“ਓ.ਕੇ.,” ਇਕਬਾਲ ਦੀਆਂ ਅੱਖਾਂ ਚਮਕਣ ਲੱਗੀਆਂ, “ਮੈਂ ਇੰਜ ਕਰਦਾਂ, ਹੀਰੇ ਨੂੰ ਦੂਜੇ ਡੱਬੇ ਵਿਚ ਹੀ ਛੱਡ ਕੇ ਤੁਹਾਡੇ ਕੋਲ ਆ ਜਾਂਦਾ ਆਂ।” ਇਕਬਾਲ ਬੋਲਿਆ।
“ਠੀਕ ਏ।” ਕਬੀਰ ਨੇ ਡੱਬੇ ਉੱਤੇ ਨਿਗਾਹ ਰੱਖਦਿਆਂ ਹੋਇਆਂ ਕਿਹਾ।
ਇਸ ਸਟੇਸ਼ਨ ਉੱਤੇ ਵੀ ਇਸ ਡੱਬੇ ਵਿਚੋਂ ਕੋਈ ਨਹੀਂ ਸੀ ਉਤਰਿਆ। ਟਰੇਨ ਨੇ ਫੇਰ ਵਿਸਲ ਮਾਰ ਕੇ ਚੱਲਣ ਦਾ ਸੰਕੇਤ ਦਿੱਤਾ।
ਇਕਬਾਲ ਕਾਹਲ ਨਾਲ ਹੀਰੇ ਨੂੰ ਨਾਲ ਲੈ ਕੇ ਦੂਜੇ ਡੱਬੇ ਵੱਲ ਤੁਰ ਪਿਆ। ਕਬੀਰ ਵੀ ਆਪਣੇ ਡੱਬੇ ਵਿਚ ਫੇਰ ਉਸੇ ਸੀਟ ਉੱਤੇ ਆ ਕੇ ਬੈਠ ਗਿਆ। ਆਉਣ ਵੇਲੇ ਉਸਨੇ ਆਪਣੀ ਸੀਟ ਦੀ ਉਪਰ ਵਾਲੀ ਬਰਥ ਉੱਤੇ ਨਿਗਾਹ ਮਾਰੀ, ਦੋ ਜਣੇ ਬੈਠੇ ਹੋਏ ਸਨ ਜਿਹਨਾਂ ਵਿਚ ਲਾਜ਼ਮੀ ਇਕ ਕੁੜੀ ਸੀ। ਟਰੇਨ ਤੁਰ ਪਈ। ਥੋੜ੍ਹੀ ਦੇਰ ਵਿਚ ਇਕਬਾਲ ਵੀ ਉਸੇ ਡੱਬੇ ਵਿਚ ਚੜ੍ਹ ਗਿਆ ਤੇ ਉਸ ਨਾਲੋਂ ਇਕ ਬਰਥ ਛੱਡ ਕੇ ਬੈਠ ਗਿਆ। ਉਸਨੇ ਇੰਜ ਜਾਹਰ ਕੀਤਾ ਜਿਵੇਂ ਉਹ ਉਸਨੂੰ ਜਾਣਦਾ ਹੀ ਨਾ ਹੋਵੇ।
ਉਸੇ ਸਮੇਂ ਇਕ ਮੁੰਡਾ ਕਬੀਰ ਦੇ ਸਾਹਮਣੇ ਵਾਲੀ ਬਰਥ ਤੋਂ ਉਤਰਿਆ। ਕਬੀਰ ਚੁਕੰਨਾ ਹੋ ਗਿਆ। ਉਸ ਮੁੰਡੇ ਨੇ ਬੁੱਕਲ ਮਾਰੀ ਹੋਈ ਸੀ। ਉਹ ਦਰਵਾਜ਼ੇ ਵਲ ਵਧਿਆ। ਫੇਰ ਉਸਨੇ ਟਾਇਲਟ ਵਿਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਇਕਬਾਲ ਵੀ ਟਹਿਲਣ ਦੇ ਅੰਦਾਜ਼ ਵਿਚ ਉਸਦੇ ਪਿੱਛੇ ਉਠ ਖੜ੍ਹਾ ਹੋਇਆ। ਟਾਇਲਟ ਵਿਚੋਂ ਬਾਹਰ ਨਿਕਲ ਕੇ ਉਹ ਵਾਪਸ ਆਪਣੀ ਬਰਥ ਕੋਲ ਆ ਗਿਆ ਇਸ ਵਾਰੀ ਉਪਰ ਬੈਠਣ ਦੇ ਬਜਾਏ ਉਹ ਕਬੀਰ ਦੇ ਸਾਹਮਣੇ ਹੇਠਾਂ ਹੀ ਬੈਠ ਗਿਆ।
ਸਵੇਰ ਹੋਣ ਲੱਗ ਪਈ ਸੀ। ਚਾਨਣ ਵਧ ਰਿਹਾ ਸੀ। ਅਗਲੇ ਦੋ ਤਿੰਨ ਸਟੇਸ਼ਨਾਂ ਤਕ ਕੋਈ ਹਲਚਲ ਨਹੀਂ ਸੀ ਹੋਈ। ਟਰੇਨ ਦੀ ਰਿਫ਼ਤਾਰ ਇਕ ਵਾਰੀ ਫੇਰ ਧੀਮੀ ਹੋਣ ਲੱਗੀ ਸੀ। ਟਰੇਨ ਤੇਜ਼ੀ ਨਾਲ ਪਟਰੀਆਂ ਬਦਲ ਰਹੀ ਸੀ, ਲੱਗਦਾ ਸੀ ਕੋਈ ਵੱਡਾ ਸਟੇਸ਼ਨ ਆ ਰਿਹਾ ਹੈ। ਅਚਾਨਕ ਉਪਰਲੀ ਬਰਥ ਉਪਰੋਂ ਕਿਸੇ ਨੇ ਉਨੀਂਦੀ ਆਵਾਜ਼ ਵਿਚ ਪੁੱਛਿਆ, “ਕਿਹੜਾ ਸਟੇਸ਼ਨ ਆ ਰਿਹੈ?”
“ਸ਼ਾਇਦ ਨਕੋਦਰ।” ਉਸਦੇ ਸਾਥੀ ਨੇ ਬਾਹਰ ਦੇਖਦਿਆਂ ਹੋਇਆਂ ਕਿਹਾ।
“ਚੱਲੋ ਛੇਤੀ ਕਰੋ, ਅਸੀਂ ਏਥੇ ਉਤਰਣਾ ਏਂ।”
“ਪਰ ਅਸੀਂ ਤਾਂ ਜਲੰਧਰ ਜਾਣਾ ਸੀ?”
“ਨਹੀਂ! ਪਲਾਨ ਬਦਲ ਗਿਆ ਏ ਹੁਣ ਇੱਥੇ ਈ ਉਤਰਣਾ ਏਂ।”
ਉਹਨਾਂ ਦੇ ਉਤਰਣ ਦੀ ਤਿਆਰੀ ਦੇਖ ਕੇ ਇਕਬਾਲ ਦਰਵਾਜ਼ੇ ਕੋਲ ਪਹੁੰਚ ਗਿਆ। ਡੱਬੇ ਵਿਚ ਮੌਜ਼ੂਦ ਕੁਝ ਦੂਜੀਆਂ ਸਵਾਰੀਆਂ ਵੀ ਉਤਰਣ ਦੀ ਤਿਆਰੀ ਕਰ ਰਹੀਆਂ ਸੀ। ਕਬੀਰ ਉੱਥੇ ਹੀ ਬੈਠਾ ਰਿਹਾ। ਸਾਹਮਣੀ ਬਰਥ ਤੋਂ ਇਕ ਮੁੰਡਾ ਹੋਰ ਉਤਰਿਆ ਜਿਸਦਾ ਰੰਗ ਕਣਕ-ਵੰਨਾਂ ਤੇ ਉਮਰ ਵੀਹ-ਬਾਈ ਸਾਲ ਦੇ ਲਗਭਗ ਹੋਏਗੀ। ਉਸਨੇ ਕਬੀਰ ਦੇ ਸਾਹਮਣੇ ਵਾਲੀ ਸੀਟ ਉੱਤੇ ਉਂਘ ਰਹੇ ਮੁੰਡੇ ਨੂੰ ਜਗਾਇਆ। ਕਬੀਰ ਦੇ ਉਪਰ ਵਾਲੀ ਬਰਥ ਤੋਂ ਵੀ ਇਕ ਮੁੰਡਾ ਉਤਰਿਆ ਉਸਨੇ ਹੱਥ ਵਧਾਅ ਕੇ ਉਪਰੋਂ ਇਕ ਸੋਹਣੀ ਜਿਹੀ ਕੁੜੀ ਨੂੰ ਉਤਾਰਿਆ ਜਿਸਨੇ ਲਾਲ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਸੀ। ਮੁੰਡੇ ਦਾ ਕੱਦ ਲਗਭਗ ਕਬੀਰ ਦੇ ਬਾਰਬਰ ਹੀ ਹੋਏਗਾ। ਪਰ ਜਿਸਮ ਨਰੋਆ ਸੀ। ਜਦੋਂ ਉਸਨੇ ਹੱਥ ਉਪਰ ਚੁੱਕਿਆ ਤਾਂ ਕਬੀਰ ਦੀ ਨਜ਼ਰ ਉਸਦੀ ਬੈਲਟ ਵਿਚ ਟੁੰਗੇ ਰਿਵਾਲਵਰ ਉਪਰ ਪਈ। ਸਟੇਸ਼ਨ ਨੇੜੇ ਆ ਰਿਹਾ ਸੀ। ਰੇਲਵੇ ਲਾਈਨ ਦੇ ਕਿਨਾਰੇ ਬਣੇ ਘਰਾਂ ਦਾ ਸਿਲਸਿਲਾ ਸੰਘਣਾ ਹੁੰਦਾ ਜਾ ਰਿਹਾ ਸੀ। ਕੁੜੀ ਨੇ ਇਕ ਵਾਰੀ ਬੜੀ ਬੇਚੈਨੀ ਨਾਲ ਕਬੀਰ ਵਲ ਦੇਖਿਆ ਪਰ ਕਬੀਰ ਨੇ ਇੰਜ ਜਾਹਰ ਕੀਤਾ ਜਿਵੇਂ ਉਸਦਾ ਧਿਆਨ ਕਿਧਰੇ ਹੋਰ ਹੋਵੇ। ਉਹ ਉਠ ਕੇ ਹੌਲੀ ਹੌਲੀ ਤੁਰਦਾ ਹੋਇਆ ਦਰਵਾਜ਼ੇ ਕੋਲ ਖੜ੍ਹੇ ਇਕਬਾਲ ਕੋਲ ਆ ਗਿਆ।
“ਸਾਨੂੰ ਭੀੜ ਵਿਚ ਸ਼ਾਮਿਲ ਹੋ ਕੇ ਹੀ ਇਹਨਾਂ ਨੂੰ ਵੱਖ-ਵੱਖ ਕਰਨਾ ਪਏਗਾ।” ਕਬੀਰ ਬਾਹਰ ਵਲ ਦੇਖਦਾ ਹੋਇਆ ਬੋਲਿਆ।
“ਇੰਜ ਕਰਨਾ ਖਤਰਨਾਕ ਹੋ ਸਕਦਾ ਏ।” ਇਕਬਾਲ ਬੋਲਿਆ।
“ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ।” ਕਬੀਰ ਨੇ ਡੱਬੇ ਅੰਦਰ ਟੁੱਟਵੀਂ ਜਿਹੀ ਨਿਗਾਹ ਮਾਰਦਿਆਂ ਹੋਇਆਂ ਕਿਹਾ।
“ਠੀਕ ਏ। ਮੈਂ ਸਾਰੇ ਸਿਪਾਹੀਆਂ ਨੂੰ ਨਾਲ ਵਾਲੇ ਡੱਬੇ ਵਿਚ ਇਕੱਠੇ ਕਰ ਲਿਆ ਏ। ਮੈਂ ਉਹਨਾਂ ਨੂੰ ਸਮਝਾਉਂਦਾ ਆਂ। ਪਰ ਤੁਸੀਂ ਕੁਛ ਨਹੀਂ ਕਰੋਗੇ।” ਇਕਬਾਲ ਨੇ ਤਾਕੀਦ ਕਰਨ ਵਾਲੇ ਅੰਦਾਜ਼ ਵਿਚ ਕਿਹਾ।
“ਠੀਕ ਏ।” ਕਬੀਰ ਨੇ ਅਜੀਬ ਜਿਹੇ ਲਹਿਜ਼ੇ ਵਿਚ ਕਿਹਾ।
ਕੁਝ ਹੋਰ ਸਵਾਰੀਆਂ ਨੂੰ ਨੇੜੇ ਆਉਂਦਿਆਂ ਦੇਖ ਕੇ ਉਹ ਦੋਵੇਂ ਚੁੱਪ ਹੋ ਗਏ। ਲੁਟੇਰਿਆਂ ਵਿਚੋਂ ਦੋ ਮੁੰਡੇ ਅੱਗੇ ਸਨ ਤੇ ਇਕ ਮੁੰਡਾ ਕੁੜੀ ਦੇ ਐਨ ਨਾਲ ਢੁੱਕੇ ਕੇ ਪਿੱਛੇ ਤੁਰ ਰਿਹਾ ਸੀ। ਕਬੀਰ ਨੇ ਅੰਦਾਜ਼ਾ ਲਾਇਆ ਸ਼ਾਇਦ ਉਸਨੇ ਕੁੜੀ ਨੂੰ ਪਿਸਟਲ ਪੁਆਂਇੰਟ ਉੱਤੇ ਕਵਰ ਕੀਤਾ ਹੋਇਆ ਸੀ। ਸਟੇਸ਼ਨ ਉਪਰ ਗੱਡੀ ਜਿਵੇਂ ਹੀ ਧੀਮੀ ਹੋਈ ਇਕਬਾਲ ਕਾਹਲ ਨਾਲ ਉਤਰ ਗਿਆ। ਗੱਡੀ ਦੇ ਪੂਰੀ ਤਰ੍ਹਾਂ ਰੁਕ ਜਾਣ ਪਿੱਛੋਂ ਕਬੀਰ ਵੀ ਉਤਰ ਗਿਆ। ਗੱਡੀ ਵਿਚ ਚੜ੍ਹਨ ਵਾਲੀਆਂ ਸਵਾਰੀਆਂ ਵੀ ਦਰਵਾਜ਼ੇ ਅੱਗੇ ਇਕੱਠੀਆਂ ਹੋ ਗਈਆਂ ਸਨ। ਸਟੇਸ਼ਨ ਉਪਰ ਹਾਕਰਸ ਤੇ ਚੜ੍ਹਦੀਆਂ-ਉਤਰਦੀਆਂ ਸਵਾਰੀਆਂ ਦੀ ਕਾਵਾਂ-ਰੌਲੀ ਨੇ ਇਕ ਅਜੀਬ ਜਿਹੀ ਹਫ਼ੜਾ-ਦਫ਼ੜੀ ਦਾ ਮਾਹੌਲ ਬਣਾ ਦਿੱਤਾ ਸੀ। ਲੁਟੇਰਿਆਂ ਨੇ ਗੱਡੀ ਵਿਚੋਂ ਉਤਰ ਕੇ ਸਟੇਸ਼ਨ 'ਚੋਂ ਬਾਹਰ ਨਿਕਲਣ ਵਾਲੇ ਰਸਤੇ ਵਲ ਤੁਰਨਾ ਸ਼ੁਰੂ ਕਰ ਦਿੱਤਾ। ਕਬੀਰ ਉਹਨਾਂ ਦੇ ਬਿਲਕੁਲ ਨਾਲ ਨਾਲ ਸੀ। ਅਚਾਨਕ ਉਸਨੇ ਦੇਖਿਆ ਕਿ ਇਕਬਾਲ ਆਪਣੇ ਸਿਪਾਹੀਆਂ ਨਾਲ ਲੁਟੇਰਿਆਂ ਦੇ ਅੱਗੇ ਅੱਗੇ ਚੱਲ ਰਿਹਾ ਸੀ ਫੇਰ ਉਹ ਹੌਲੀ ਹੌਲੀ ਦੂਜੀਆਂ ਸਵਾਰੀਆਂ ਦੇ ਨਾਲ ਲੁਟੇਰਿਆਂ ਦੇ ਵਿਚਕਾਰ ਆ ਗਿਆ। ਕਬੀਰ ਸਮਝ ਗਿਆ ਕਿ ਉਹ ਭੀੜ ਦਾ ਲਾਭ ਲੈ ਕੇ ਲੁਟੇਰਿਆਂ ਨੂੰ ਵੱਖ-ਵੱਖ ਕਰਨਾ ਚਾਹੁੰਦਾ ਹੈ। ਸਟੇਸ਼ਨ ਉੱਤੇ ਖਾਸੀਆਂ ਸਵਾਰੀਆਂ ਉਤਰੀਆਂ ਸਨ। ਉਸ ਧੱਕਾ ਮੁੱਕੀ ਵਿਚ ਇਕਬਾਲ ਤੇ ਉਸਦੇ ਸਿਪਾਹੀਆਂ ਨੇ ਦੋ ਲੁਟੇਰਿਆਂ ਨੂੰ ਆਪਣੇ ਘੇਰੇ ਵਿਚ ਲੈਂਦਿਆਂ ਹੋਇਆ ਬੜੀ ਚਲਾਕੀ ਨਾਲ ਇਕ ਕਿਨਾਰੇ ਕਰ ਲਿਆ। ਕਬੀਰ ਉਸ ਮੁੰਡੇ ਦੇ ਹੋਰ ਨੇੜੇ ਹੋ ਗਿਆ ਜਿਸਨੇ ਕੁੜੀ ਨੂੰ ਕਵਰ ਕੀਤਾ ਹੋਇਆ ਸੀ। ਉਹ ਕੁੜੀ ਨਾਲ ਬਿਲਕੁਲ ਢੁੱਕ ਕੇ ਤੁਰ ਰਿਹਾ ਸੀ। ਉਸਨੇ ਆਪਣੇ ਹੱਥ ਸ਼ਾਲ ਵਿਚ ਲਕੋਏ ਹੋਏ ਸਨ ਸ਼ਾਇਦ ਉਹਨਾਂ ਵਿਚ ਹੀ ਉਸਨੇ ਪਿਸਤੌਲ ਲਕੋਇਆ ਹੋਇਆ ਸੀ। ਕਬੀਰ ਦੇ ਮੋਢੇ ਨਾਲ ਉਸਦਾ ਮੋਢਾ ਟਕਰਾਇਆ ਤਾਂ ਉਸਨੇ ਇਕ ਵਾਰੀ ਘੂਰ ਕੇ ਕਬੀਰ ਵਲ ਦੇਖਿਆ। ਕਬੀਰ ਦੇ ਹੱਥ ਦੇ ਇਸ਼ਾਰੇ ਨਾ ਮੁਆਫ਼ੀ ਮੰਗੀ ਪਰ ਉਸੇ ਤਰ੍ਹਾਂ ਤੁਰਨਾ ਜਾਰੀ ਰੱਖਿਆ। ਉਸਦਾ ਇਰਾਦਾ ਸੀ ਉਹ ਭੀੜ ਦਾ ਫਾਇਦਾ ਉਠ ਕੇ ਉਸ ਮੁੰਡੇ ਨੂੰ ਕੁੜੀ ਨਾਲੋਂ ਵੱਖ ਕਰ ਦਏਗਾ। ਉਦੋਂ ਹੀ ਅਚਾਨਕ ਉਸਦੀ ਨਜ਼ਰ ਹੀਰੇ ਉੱਤੇ ਪਈ ਜਿਹੜਾ ਸਟੇਸ਼ਨ ਦੇ ਬਾਹਰ ਨਿਕਲਣ ਵਾਲੇ ਗੇਟ ਕੋਲ ਖੜ੍ਹਾ ਉਧਰ ਹੀ ਦੇਖ ਰਿਹਾ ਸੀ। ਕਬੀਰ ਘਬਰਾ ਗਿਆ—ਜੇ ਲੁਟੇਰੇ ਦੀ ਨਜ਼ਰ ਹੀਰੇ ਉੱਤੇ ਪੈ ਗਈ ਤਾਂ ਕੰਮ ਖਰਾਬ ਹੋ ਜਾਏਗਾ। ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਦਾ ਹੀਰੇ ਦੀ ਨਜ਼ਰ ਉਸ ਕੁੜੀ ਉੱਤੇ ਪੈ ਗਈ।
“ਰੱਜੋ!” ਕਹਿੰਦਾ ਹੋਇਆ ਹੀਰਾ ਉਸ ਵਲ ਅਹੁਲਿਆ। ਲੁਟੇਰੇ ਨੇ ਤ੍ਰਬਕ ਕੇ ਉਸ ਵਲ ਦੇਖਿਆ। ਹੀਰੇ ਨੂੰ ਉੱਥੇ ਦੇਖ ਕੇ ਉਹ ਹੈਰਾਨ ਹੋ ਗਿਆ। ਉਸਨੂੰ ਲੱਗਿਆ ਕਿ ਦਾਲ ਵਿਚ ਕੁਝ ਕਾਲਾ ਹੈ। ਉਸਨੇ ਆਪਣੇ ਸਾਥੀਆਂ ਦੀ ਭਾਲ ਵਿਚ ਨਜ਼ਰਾਂ ਇਧਰ ਉਧਰ ਦੌੜਾਈਆਂ। ਪਿਛਲੇ ਪਾਸਿਓਂ ਰੌਲੇ ਦੀ ਆਵਾਜ਼ ਆਉਣ 'ਤੇ ਪਰਤ ਕੇ ਦੇਖਿਆ ਤਾਂ ਇਕਬਾਲ ਤੇ ਉਸਦੇ ਸਿਪਾਹੀ ਦੋਵਾਂ ਮੁੰਡਿਆਂ ਨੂੰ ਭੂੰਜੇ ਢਾਅ ਕੇ ਉਹਨਾਂ ਉੱਤੇ ਕਾਬੂ ਪਾ ਰਹੇ ਸਨ। ਖਤਰਾ ਤਾੜ ਕੇ ਉਸਨੇ ਕੁੜੀ ਨੂੰ ਕਾਬੂ ਵਿਚ ਕਰਨਾ ਚਾਹਿਆ ਉਦੋਂ ਹੀ ਕਬੀਰ ਨੇ ਕੁੜੀ ਨੂੰ ਇਕ ਜ਼ੋਰਦਾਰ ਧੱਕਾ ਮਾਰਿਆ ਜਿਸ ਨਾਲ ਉਹ ਦੂਰ ਜਾ ਡਿੱਗੀ। ਲੁਟੇਰਾ ਇਕ ਗੰਦੀ ਗਾਲ੍ਹ ਕੱਢਦਾ ਹੋਇਆ ਕਬੀਰ ਵਲ ਪਰਤਿਆ, ਉਸਦੇ ਹੱਥ ਵਿਚ ਰਿਵਾਲਵਰ ਸੀ। ਕਬੀਰ ਚੀਤੇ ਵਾਂਗ ਉਸ ਉੱਤੇ ਝਪਟਿਆ। ਦੋਵੇਂ ਗੁੱਥਮ-ਗੁੱਥਾ ਹੋ ਗਏ। ਕਬੀਰ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਲੁਟੇਰੇ ਦੇ ਰਿਵਾਲਵਰ ਵਾਲੇ ਹੱਥ ਉਪਰ ਕਾਬੂ ਕਰ ਲਏ। ਲੁਟੇਰਾ ਹਾਲਾਂਕਿ ਸਰੀਰ ਪੱਖੋਂ ਕਬੀਰ ਨਾਲੋਂ ਤਕੜਾ ਸੀ ਪਰ ਕਬੀਰ ਵੀ ਪੁਲਿਸ ਅਕੇਡਮੀ ਦੀ ਟਰੇਨਿੰਗ ਵਿਚੋਂ ਹੋ ਕੇ ਨਿਕਲਿਆ ਸੀ। ਕਬੀਰ ਨੇ ਉਸਨੂੰ ਜ਼ਮੀਨ 'ਤੇ ਸੁੱਟ ਲਿਆ। ਲੁਟੇਰਾ ਪੂਰਾ ਜ਼ੋਰ ਲਾ ਕੇ ਉਸਦੇ ਹੇਠੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਅਚਾਨਕ ਮੱਚੀ ਹਫ਼ੜਾ-ਦਫ਼ੜੀ ਕਾਰਨ ਮੁਸਾਫ਼ਰਾਂ ਵਿਚ ਭਗਦੜ ਮੱਚ ਗਈ। ਹੀਰਾ ਆਪਣੀ ਕੁੜੀ ਨੂੰ ਉਠਾਲ ਕੇ ਇਕ ਪਾਸੇ ਹੋ ਗਿਆ। ਇਕਬਾਲ ਵੀ ਇਸ ਦੌਰਾਨ ਦੂਜੇ ਲੁਟੇਰਿਆਂ ਨੂੰ ਕਾਬੂ ਕਰਕੇ ਦੌੜਦਾ ਹੋਇਆ ਇਧਰ ਆਇਆ। ਦੂਜੇ ਮੁਸਾਫ਼ਰ ਲੁਟੇਰੇ ਦੇ ਹੱਥ ਵਿਚ ਰਿਵਾਲਵਰ ਦੇਖ ਕੇ ਚੀਕਾਂ-ਕੂਕਾਂ ਮਾਰਦੇ ਹੋਏ ਇਧਰ ਉਧਰ ਖਿੱਲਰ ਗਏ। ਕਬੀਰ ਤੇ ਉਹ ਲੁਟੇਰਾ ਅਜੇ ਵੀ ਜ਼ਮੀਨ 'ਤੇ ਪਏ ਗੁੱਥਮ-ਗੁੱਥਾ ਹੋ ਰਹੇ ਸਨ। ਇਕਬਾਲ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਕਿੰਜ ਕਬੀਰ ਦੀ ਮਦਦ ਕਰੇ। ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧਦਾ ਅਚਾਨਕ 'ਠਾਹ' ਦੀ ਆਵਾਜ਼ ਨਾਲ ਸਵੇਰ ਦਾ ਸੰਨਾਟਾ ਗੂੰਜ ਉਠਿਆ। ਦਿਲ ਭੁੜਕ ਕੇ ਇਕਬਾਲ ਦੇ ਹਲਕ ਵਿਚ ਆ ਗਿਆ। 'ਵਾਹਿਗੁਰੂ ਸੁੱਖ ਰੱਖੀਂ।'
ਰਿਵਾਲਵਰ ਵਿਚੋਂ ਨਿਕਲੀ ਗੋਲੀ ਪਲੇਟਫ਼ਾਰਮ ਦੇ ਲੋਹੇ ਦੇ ਸ਼ੈੱਡ ਵਿਚ ਜਾ ਧਸੀ। ਕਬੀਰ ਅਚਾਨਕ ਹੀ ਲੁਟੇਰੇ ਉੱਤੇ ਕਾਬੂ ਪਾਉਂਦਾ ਹੋਇਆ ਉਸਦੀ ਛਾਤੀ ਉੱਤੇ ਸਵਾਰ ਹੋ ਗਿਆ। ਉਸਨੇ ਉਸਦੀ ਛਾਤੀ ਉੱਤੇ ਬੈਠਿਆਂ-ਬੈਠਿਆਂ ਉਸਦੀਆਂ ਦੋਵਾਂ ਬਾਹਾਂ ਨੂੰ ਆਪਣੇ ਗੋਡਿਆਂ ਹੇਠ ਨੱਪ ਕੇ ਉਸਦੇ ਮੂੰਹ ਉੱਤੇ ਦੋ ਤਿੰਨ ਤਕੜੇ ਘਸੁੰਨ ਜੜ ਦਿੱਤੇ। ਲੁਟੇਰੇ ਦੀ ਚੀਕ ਨਿਕਲ ਗਈ। ਫੇਰ ਕਬੀਰ ਜਿਵੇਂ ਝੱਲਾ ਹੀ ਹੋ ਗਿਆ, ਉਸਨੇ ਲੁਟੇਰੇ ਦੇ ਮੂੰਹ ਉੱਤੇ ਘਸੁੰਨਾ ਦੀ ਝੜੀ ਲਾ ਦਿੱਤੀ। ਉਹ ਬੇਸੁੱਧ ਹੋ ਗਿਆ। ਇਕਬਾਲ ਨੇ ਕਬੀਰ ਨੂੰ ਜਬਰਦਸਤੀ ਉਸਦੀ ਛਾਤੀ ਤੋਂ ਲਾਹਿਆ। ਲੁਟੇਰੇ ਦਾ ਚਿਹਰਾ ਲਹੂ-ਲੁਹਾਣ ਹੋਇਆ ਹੋਇਆ ਸੀ। ਪਿੱਛੋਂ ਸਿਪਾਹੀ ਵੀ ਦੋਵਾਂ ਲੁਟੇਰਿਆਂ ਦੀਆਂ ਮੁਸ਼ਕਾਂ ਕਸ ਕੇ ਉੱਥੇ ਹੀ ਲੈ ਆਏ ਸਨ। ਉਹਨਾਂ ਵਿਚੋਂ ਇਕ ਨੇ ਝੁਕ ਕੇ ਲੁਟੇਰੇ ਦਾ ਰਿਵਾਲਵਰ ਚੁੱਕ ਲਿਆ। ਕਬੀਰ ਦੀ ਇਸ ਲੜਾਈ ਦੌਰਾਨ ਲੋਕਾਂ ਦੀ ਖਾਸੀ ਭੀੜ ਉਹਨਾਂ ਦੁਆਲੇ ਇਕੱਠੀ ਹੋ ਗਈ ਸੀ। ਕਿਸੇ ਮੁਸਾਫ਼ਰ ਨੇ ਦੌੜ ਕੇ ਸਟੇਸ਼ਨ ਉੱਤੇ ਬਣੀ ਜੀ.ਆਰ.ਪੀ. ਚੌਂਕੀ ਵਿਚ ਇਸ ਘਟਨਾ ਦੀ ਸੂਚਨਾਂ ਦੇ ਦਿੱਤੀ, ਜਿਸਦਾ ਇੰਚਾਰਜ ਇਕ ਏ.ਐਸ.ਆਈ ਆਪਣੀ ਮੋਟੀ ਥੁਲਥੁਲ ਦੇਹ ਨੂੰ ਸੰਭਾਲਦਾ ਹੋਇਆ ਜਦ ਤਕ ਉੱਥੇ ਪਹੁੰਚਿਆ ਕਬੀਰ ਲੁਟੇਰੇ ਉੱਤੇ ਕਾਬੂ ਪਾ ਚੁੱਕਿਆ ਸੀ। ਭੀੜ ਵਿਚੋਂ ਰਾਹ ਬਣਾਉਦਾ ਜਦੋਂ ਉਹ ਉੱਥੇ ਪਹੁੰਚਿਆ ਤਾਂ ਲੁਟੇਰੇ ਨੂੰ ਖ਼ੂਨ ਵਿਚ ਲਥਪਥ ਦੇਖ ਕੇ ਕੂਕਿਆ, “ਕਿਸਨੇ ਕੀਤਾ ਏ ਇਹ ਸਭ?”
“ਮੈਂ...” ਕਬੀਰ ਨੇ ਬੜੇ ਸਹਿਜ ਨਾਲ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਕਿ ਚੌਂਕੀ ਇੰਚਾਰਜ ਕੁਝ ਹੋਰ ਕਹਿੰਦਾ, ਉਸਨੇ ਆਪਣਾ ਆਈ ਕਾਰਡ ਚੌਂਕੀ ਇੰਨਚਾਰ ਦੀਆਂ ਅੱਖਾਂ ਸਾਹਮਣੇ ਕਰ ਦਿੱਤਾ।
ਆਈ ਕਾਰਡ ਉੱਤੇ ਨਜ਼ਰ ਪੈਂਦਿਆਂ ਹੀ ਅਚਾਨਕ ਚੌਂਕੀ ਇੰਚਾਰਜ ਢਿੱਲਾ ਪੈ ਗਿਆ।
“ਜਨਾਬ!” ਫੌਰਨ ਹੀ ਅਟੈਂਸ਼ਨ ਹੋ ਕੇ ਉਸਨੇ ਕਬੀਰ ਨੂੰ ਇਕ ਕਰਾਰਾ ਸਲੂਟ ਮਾਰਿਆ ਤੇ ਫੌਰਨ ਹੀ ਭੀੜ ਨੂੰ ਹਟਾਉਣ ਲੱਗਾ।
“ਚਲੋ ਚਲੋ, ਕੀ ਤਮਾਸ਼ਾ ਲਾ ਰੱਖਿਐ ਏਥੇ।”
ਸਿਪਾਹੀਆਂ ਨੇ ਲੁਟੇਰੇ ਨੂੰ ਚੁੱਕ ਕੇ ਇਕ ਪਾਸੇ ਕਰ ਦਿੱਤਾ। ਟਰੇਨ ਪਹਿਲਾਂ ਹੀ ਆਪਣੀ ਮੰਜ਼ਿਲ ਵਲ ਰਵਾਨਾ ਹੋ ਚੁੱਕੀ ਸੀ।
“ਤੁਹਾਨੂੰ ਲੁਟੇਰੇ ਨਾਲ ਭਿੜਨ ਦੀ ਕੀ ਜ਼ਰੂਰਤ ਸੀ?” ਇਕਬਾਲ ਨੇ ਥੋੜ੍ਹੀ ਨਾਰਾਜ਼ਗੀ ਤੇ ਡਾਢੇ ਮੋਹ ਭਿੱਜੀ ਆਵਾਜ਼ ਵਿਚ ਕਿਹਾ, “ਅਸੀਂ ਲੋਕ ਜੋ ਸਾਂ, ਸਿਪਾਹੀ ਵੀ ਸਨ—ਜੇ ਤੁਹਾਨੂੰ ਕੁਝ ਹੋ ਜਾਂਦਾ ਫੇਰ!”
“ਕੀ ਸਿਪਾਹੀ ਦੇ ਲਹੂ ਦਾ ਰੰਗ, ਕਪਤਾਨ ਦੇ ਲਹੂ ਦੇ ਰੰਗ ਨਾਲੋਂ ਵੱਖਰਾ ਹੁੰਦਾ ਏ?” ਕਬੀਰ ਨੇ ਬੜੀ ਸੰਜੀਦਗੀ ਨਾਲ ਕਿਹਾ।
ਇਕਬਾਲ ਨੇ ਕਬੀਰ ਵਲ ਅਜੀਬ ਜਿਹੀਆਂ ਨਜ਼ਰਾਂ ਨਾਲ ਤੱਕਿਆ ਤੇ ਅਤਿ ਭਾਵੁਕ ਹੋ ਕੇ ਆਪਣੀ ਹਿੱਕ ਨਾਲ ਲਾ ਲਿਆ। ਹੀਰਾ ਆਪਣੀ ਧੀ ਕੋਲ ਖੜਾ ਹੈਰਾਨੀ ਵਿਚ ਡੁੱਬਿਆ ਇਹਨਾਂ ਦੋਵਾਂ ਵਲ ਦੇਖ ਰਿਹਾ। ਉਸਦੀ ਧੀ ਸਹਿਮੀ ਹੋਈ ਉਸਦੇ ਨਾਲ ਚਿਪਕੀ ਖੜ੍ਹੀ ਸੀ।
ਦੂਰ ਪੂਰਬ ਵਿਚ ਸੂਰਜ ਨੇ ਹਨੇਰੇ ਦੀ ਨਕਾਬ ਨੂੰ ਚੀਰਦਿਆਂ ਹੋਇਆਂ, ਇੰਜ ਆਪਣਾ ਚਿਹਰਾ ਬਾਹਰ ਕੱਢਿਆ ਜਿਵੇਂ ਬੁਰਾਈ ਉੱਤੇ ਸੱਚਾਈ ਦੀ ਫਤਿਹ ਉਪਰ ਜ਼ਮਾਨੇ ਨੂੰ ਮੁਬਾਰਕਬਾਦ ਦੇ ਰਿਹਾ ਹੋਵੇ।  
    ੦੦੦ ੦੦੦ ੦੦੦

ਇਹ ਕਹਾਣੀ ਸ਼ਬਦ ਦੇ ਜਨਵਰੀ-ਮਾਰਚ : 2011 ਅੰਕ ਵਿਚ ਪ੍ਰਕਾਸ਼ਿਤ ਹੋਈ

    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.