Tuesday, February 28, 2012

1857—ਸਿੱਖਾਂ ਉੱਤੇ ਤੋਹਮਤ ਕਿਉਂ ?

ਇਕ ਵਿਸ਼ੇਸ਼ ਲੇਖ :

1857—ਸਿੱਖਾਂ ਉੱਤੇ ਤੋਹਮਤ ਕਿਉਂ ?

ਲੇਖਕ : ਹਰਪਾਲ ਸਿੰਘ 'ਅਰੁਸ਼'

ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ




ਇਤਿਹਾਸ ਇਕ ਅਜਿਹਾ ਵਿਸ਼ਾ ਹੈ ਜਿਸ ਵਿਚ ਇੱਛਾ ਅਨੁਸਾਰ ਵਿਵਾਦ ਖੜ੍ਹੇ ਕੀਤੇ ਜਾ ਸਕਦੇ ਹਨ। ਕਿੰਨੀਆਂ ਹੀ ਘਟਨਾਵਾਂ ਚਰਚਾ ਵਿਚ ਆਉਣ ਲਾਇਕ ਨਾ ਸਮਝ ਕੇ ਛੱਡੀਆਂ ਜਾ ਸਕਦੀਆਂ ਹਨ ਤੇ ਕਿੰਨੀਆਂ ਵੀ ਘਟਨਾਵਾਂ ਨੂੰ ਮਹੱਤਵਪੂਰਨ ਕਹਿ ਕੇ ਸਬੂਤਾਂ ਦੀ ਭੀੜ ਸਮੇਤ ਬਿਆਨ ਕਰਕੇ ਥੋਪਿਆ ਜਾ ਸਕਦਾ ਹੈ। ਇਤਿਹਾਸ ਦੀ ਵਿਆਪਕ ਰੇਂਜ ਦਾ ਇਤਿਹਾਸਕਾਰ ਆਪਣੇ ਨਿੱਜੀ ਦ੍ਰਿਸ਼ਟੀਕੋਣ ਨੂੰ ਸਿੱਧ ਕਰਨ ਲਈ ਜੀ ਖੋਲ੍ਹ ਕੇ ਇਸਤੇਮਾਲ ਕਰਨ ਦਾ ਯਤਨ ਕਰਦਾ ਹੈ। ਜੇ ਦ੍ਰਿਸ਼ਟੀਕੋਣ ਪਹਿਲੋਂ ਹੀ ਨਿਰਧਾਰਤ ਕਰ ਲਿਆ ਜਾਏ ਤਾਂ ਉਹਨਾਂ ਤੱਥਾਂ ਨੂੰ ਇਕੱਤਰ ਕੀਤਾ ਜਾਂਦਾ ਹੈ ਜਿਹੜੇ ਇਸ ਪਹਿਲਾਂ ਨਿਰਧਾਰਤ ਦ੍ਰਿਸ਼ਟੀਕੋਣ ਨੂੰ ਪੱਕੇ-ਪੈਰੀਂ ਕਰਦੇ ਹੋਣ। ਇੰਜ ਅਪਣਾਈ ਹੋਈ ਪਿਰਤ ਨਾਲ ਕਿਸੇ ਠੋਸ ਇਤਿਹਾਸਕ ਨਜ਼ਰੀਏ ਦਾ ਜਨਮ ਨਹੀਂ ਹੋ ਸਕਦਾ ਤੇ ਆਉਣ ਵਾਲੀਆਂ ਨਸਲਾਂ ਲਈ ਭਰਮ-ਭੁਲੇਖਿਆਂ ਵਿਚ ਭਟਕਦੇ ਰਹਿਣ ਦੇ ਸਿਵਾਏ ਕੋਈ ਰਸਤਾ ਨਹੀਂ ਰਹਿ ਜਾਂਦਾ। ਵਾਰੀ ਵਾਰੀ—'ਬੜਾ ਸੰਭਵ ਹੈ', 'ਹੋ ਸਕਦਾ ਹੈ', 'ਸ਼ਾਇਦ' ਤੇ 'ਇੰਜ ਜਾਪਦਾ ਹੈ' ਆਦਿ ਸ਼ਬਦਾਂ ਨਾਲ ਸ਼ੁਰੂ ਕਰਕੇ ਪੇਸ਼ ਕੀਤੀਆਂ ਘਟਨਾਵਾਂ ਤੇ ਉਹਨਾਂ ਦੀਆਂ ਵਿਆਖਿਆਵਾਂ, ਜੋ ਅਕਸਰ ਲਿਖਣ ਵਾਲੇ ਦੇ ਮਨ ਦੀ ਘਾੜਤ ਹੁੰਦੀਆਂ ਹਨ, ਨੂੰ ਜਦੋਂ ਇਤਿਹਾਸ ਦਾ ਵਿਦਿਆਰਥੀ ਪੜ੍ਹਦਾ ਹੈ ਤਾਂ ਇਹਨਾਂ ਨੂੰ ਹੀ ਸਿੱਟੇ ਸਮਝ ਕੇ ਸਵੀਕਾਰ ਕਰ ਲੈਂਦਾ ਹੈ। 1857 ਦੇ ਵਿਦਰੋਹ ਦੇ ਸੰਬੰਧ ਵਿਚ ਵੀ ਇਹੋ ਰਵੱਈਆ ਅਪਣਾਇਆ ਗਿਆ ਹੈ। ਇਕ ਬੜਾ ਵੱਡਾ ਭਰਮ ਇਹ ਫੈਲਾਅ ਦਿੱਤਾ ਗਿਆ ਹੈ ਕਿ ਜੇ ਸਿੱਖਾਂ ਨੇ ਗੱਦਾਰੀ ਨਾ ਕੀਤੀ ਹੁੰਦੀ ਤਾਂ ਇਸ ਵਿਦਰੋਹ ਦੇ ਸਿੱਟੇ ਕੁਝ ਹੋਰ ਹੀ ਹੋਣੇ ਸਨ। ਭਾਵੇਂ ਸਾਵਰਕਰ ਹੋਣ, ਪੰਡਤ ਸੁੰਦਰਲਾਲ ਹੋਣ ਜਾਂ ਜਵਾਹਰਲਾਲ ਨਹਿਰੂ...ਪਰ ਪਤਾ ਨਹੀਂ ਕਿਉਂ ਅਜਿਹੇ ਵਿਦਵਾਨਾਂ ਦੀ ਨਜ਼ਰ ਵੀ ਇਸ ਵਿਦਰੋਹ ਸਮੇਂ ਸਿੱਖਾਂ ਦੀਆਂ ਦਿੱਤੀਆ ਹੋਈਆਂ ਕੁਰਬਾਨੀਆਂ ਉੱਤੇ ਕਿਉਂ ਨਹੀਂ ਪਈ! ਜੇ ਅਚਣਚੇਤ ਇੰਜ ਹੋਇਆ ਹੈ ਤਾਂ ਇਹ ਗੱਲ ਸੋਚਣ 'ਤੇ ਮਜ਼ਬੂਰ ਕਰਦੀ ਹੈ ਕਿ ਭਲਾ ਏਨੀ ਕਾਹਲ ਨਾਲ ਲਿਖਣ ਤੇ ਸਿੱਟੇ ਕੱਢਣ ਦੀ ਇਹਨਾਂ ਵਰਗੇ ਇਤਿਹਾਰਕਾਰਾਂ ਨੂੰ ਕੀ ਲੋੜ ਆਣ ਪਈ ਸੀ? ਪਿੱਛੋਂ ਇਸੇ ਲਕੀਰ ਉੱਤੇ ਚਲਦਿਆਂ ਹੋਇਆ ਹੋਰ ਇਤਿਹਾਸਕਾਰਾਂ ਨੇ ਇਤਿਹਾਸ ਦੀਆਂ ਕਈ ਪੁਸਤਕਾਂ ਲਿਖ ਮਾਰੀਆਂ ਜਿਹੜੀਆਂ ਕੋਰਸ ਵਿਚ ਸਵੀਕਾਰ ਵੀ ਹੋ ਗਈਆਂ ਤੇ ਪੂਰੇ ਭਾਰਤ ਵਿਚ ਦੇਸ਼ ਭਗਤ ਸਿੱਖ ਕੌਮ ਦੇ ਪ੍ਰਤੀ ਇਸ ਭਰਮ ਨੂੰ ਸੱਚ ਦਾ ਰੂਪ ਦੇ ਕੇ ਪੱਕਾ ਕਰ ਦਿੱਤਾ ਗਿਆ।

ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 1857 ਦੀ 150ਵੀਂ ਵਰ੍ਹੇ ਗੰਢ ਦੇ ਵਿਸ਼ੇ ਵਿਚ ਮਈ ਵਿਚ ਅਖ਼ਬਾਰਾਂ ਤੇ ਸਾਹਿਤਕ ਰਸਾਲਿਆਂ ਆਦਿ ਵਿਚ ਜਿਹੜੇ ਲੇਖ ਪੜ੍ਹੇ ਉਹਨਾਂ ਵਿਚ ਕੁਝ ਨੇ ਖੁੱਲ੍ਹਮ-ਖੁੱਲ੍ਹਾ ਤੇ ਕੁਝ ਨੇ ਦੱਬਵੇਂ ਤਰੀਕੇ ਨਾਲ ਇਹੋ ਪ੍ਰਭਾਵ ਛੱਡਣ ਦਾ ਯਤਨ ਕੀਤਾ ਕਿ ਜੇ ਸਿੱਖ ਸਾਥ ਦੇ ਦੇਂਦੇ ਤਾਂ ਵਿਦਰੋਹ ਦੇ ਸਿੱਟੇ ਕੁਝ ਹੋ ਹੀ ਹੋ ਸਕਦੇ ਸਨ।...ਪਰ ਅੱਜ ਵੀ ਉਸ ਸਮੇਂ ਦੇ ਦਸਤਾਵੇਜ ਗਵਾਹ ਹਨ ਤੇ ਉਹਨਾਂ ਉੱਤੇ ਝਾਤ ਮਾਰੀ ਜਾ ਸਕਦੀ ਹੈ ਤਾਂਕਿ ਤੱਥਾਂ ਨੂੰ ਨਿਖੇੜਿਆ ਜਾ ਸਕਦੇ ਕਿ ਕਿੰਜ ਸਹੀ ਸਿੱਟੇ ਕੱਢਣ ਦੀ ਬਜਾਏ, ਘੜਘੜਾ ਕੇ, ਗ਼ਲਤ ਬਿਆਨੀਆਂ ਕੀਤੀਆਂ ਗਈਆਂ ਹਨ—ਸੋ ਇਹਨਾਂ ਘੜੇ ਹੋਏ ਸਿੱਟਿਆਂ ਦੇ ਸੱਚ ਨੂੰ ਉਘਾੜਨ ਲਈ ਮੈਂ ਕੁਝ ਤੱਥਾਂ ਨੂੰ ਨਵੇਂ ਸਿਰੇ ਤੋਂ ਘੋਖਿਆ ਹੈ ਤੇ ਉਹਨਾਂ ਦਾ ਮੰਥਨ ਕਰਕੇ ਅਸਲੀਅਤ ਤੀਕ ਪਹੁੰਚਣ ਦੀ ਕੋਸਿਸ਼ ਕੀਤੀ ਹੈ...:

ਕੁਝ ਤੱਥ ਅਜਿਹੇ ਹਨ, ਜਿਹਨਾਂ ਵੱਲ ਧਿਆਨ ਦੇਈਏ ਤਾਂ ਵਿਦਰੋਹ ਦੀ ਅਸਲੀਅਤ ਨੂੰ ਜਾਚਣ ਵਿਚ ਸਹਾਈ ਹੋਣਗੇ। ਨੌਗਾਂਵ ਸੈਕੇਂਡ ਸਟੇਸ਼ਨ ਅਫਸਰ ਕੈਪਟਨ ਸਕਾਟ ਨੇ ਨੌਂਵੇਂ ਤੋਪਖਾਨੇ ਦੇ ਕਮਾਂਡਿੰਗ ਅਫ਼ਸਰ ਸੀ.ਐਸ. ਰੀਡ ਨੂੰ ਭੇਜੇ ਗਏ ਆਪਣੇ ਪੱਤਰ ਵਿਚ ਵਿਦਰੋਹ ਦਾ ਅੱਖੀਂ ਡਿੱਠਾ ਹਾਲ ਲਿਖਿਆ ਹੈ। ਉਹ ਲਿਖਦਾ ਹੈ—'ਜਦ ਵੀਹਵੀਂ ਦੇਸੀ ਪੈਦਲ ਟੁਕੜੀ ਜਾਂ ਰੱਖਿਅਕ-ਦਲ ਕੂਚ ਕਰ ਰਹੇ ਸਨ, ਤਦ ਸਿੱਖਾਂ ਨੇ ਅੱਗੇ ਵਧ ਕੇ ਸਾਹਮਣਿਓਂ ਹਮਲਾ ਕਰ ਦਿੱਤਾ। ਉਹਨਾਂ ਕੋਲ ਤੀਹ ਜਾਂ ਚਾਲੀ ਬੰਦੂਕਾਂ ਸਨ। ਉਸ ਪਿੱਛੋਂ ਉਹਨਾਂ ਹਵਾਲਦਾਰ ਮੇਜਰ ਕਿਰਕੇ ਨੂੰ ਮਾਰ ਦਿੱਤਾ। ਤੋਪਾਂ ਵਲ ਅਹੁਲੇ। ਸਾਰਜੈਂਟ ਰੇਟ ਨੇ ਆਪਣੀ ਤਲਵਾਰ ਕੱਢ ਲਈ, ਪਰ ਉਸ ਉੱਤੇ ਗੋਲੀ ਚਲਾ ਦਿੱਤੀ ਗਈ।' ਇਹ ਘਟਨਾ ਨੌਗਾਂਵ ਵਿਚ ਵਾਪਰੀ ਜਿਸ ਦਾ ਆਰੰਭ ਸ਼ਿੱਖਾਂ ਨੇ ਕੀਤਾ ਸੀ। ਹੋਰਾਂ ਕੌਮਾਂ ਦੇ ਸਿਪਾਹੀਆਂ ਵਿਚੋਂ ਕਿੰਨਿਆਂ ਨੇ ਸਿੱਖਾਂ ਦਾ ਸਾਥ ਦਿੰਦਿਆਂ ਹੋਇਆਂ ਬਹਾਦੁਰੀ ਦਾ ਸਬੂਤ ਦਿੱਤਾ, ਇਹ ਏਨਾ ਮਹੱਤਵਪੂਰਣ ਨਹੀਂ ਹੈ ਕਿਉਂਕਿ ਸਭ ਤੋਂ ਵੱਡਾ ਕੰਮ ਵਿਦਰੋਹ ਦੀ ਸ਼ੁਰੂਆਤ ਕਰ ਦੇਣਾ ਹੁੰਦਾ ਹੈ ਜਿਸ ਨਾਲ ਹੋਰਾਂ ਦੇ ਅੰਦਰ ਦਬੀਆਂ ਹੋਈਆਂ ਚਿੰਗਿਆੜੀਆਂ ਨੂੰ ਬਾਹਰ ਆਉਣ ਦਾ ਮੌਕਾ ਮਿਲ ਜਾਂਦਾ ਹੈ। ਨੌਗਾਂਵ ਦੀ ਇਹ ਘਟਨਾ 10 ਜੂਨ 1857 ਦੀ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਝਾਂਸੀ ਵਿਚ ਸਥਿਤ 12ਵੀਂ ਦੇਸ਼ੀ ਰੈਜੀਮੈਂਟ ਬਗ਼ਾਵਤ ਕਰ ਚੁੱਕੀ ਸੀ। ਇਸ ਦੇ ਸੰਬੰਧ ਵਿਚ ਕਿ ਝਾਂਸੀ ਵਿਚ ਵੀ ਸਿੱਖਾਂ ਨੇ ਹੀ ਵਿਦਰੋਹ ਦੀ ਸ਼ੁਰੂਆਤ ਕੀਤੀ, ਲੈਫ਼ਟੀਨੈਂਟ ਬਰਾਉਨ ਲਿਖਦੇ ਹਨ—'12ਵੀਂ ਨੇਟਿਵ ਇੰਫੇਂਟਰੀ ਰੈਜੀਮੈਂਟ ਵਿਚ ਸਿੱਖਾਂ ਦੀ ਗਿਣਤੀ ਕਾਫੀ ਸੀ। ਝਾਂਸੀ ਵਿਚ ਇਕ ਵੀ ਆਦਮੀ ਵਿਸ਼ਵਾਸ ਯੋਗ ਨਹੀਂ ਸੀ ਰਿਹਾ, ਭਾਵੇਂ ਉਹ ਕਿਸੇ ਵੀ ਕੌਮ ਜਾਂ ਖਾਨਦਾਨ ਦਾ ਹੋਵੇ।' ਇਸ ਗੱਲ ਦੀ ਪੁਸ਼ਟੀ ਮੋਂਟਗੋਮਰੀ ਦੇ ਸਰਕੁਲਰ ਤੋਂ ਹੁੰਦੀ ਹੈ। ਜਿਸ ਵਿਚ ਉਸਨੇ ਕਿਹਾ ਹੈ, 'ਸਰ, ਆਈ ਹੈਵ ਦ ਆਨਰ ਟੂ ਟੈੱਲ ਯੂ ਦ ਰੇਲਸ ਮਰਜਿਨਲੀ ਨੋਟੇਡ ਆਫ ਦ ਸਿਕਸ ਸਿਪਾਈਜ ਆਫ ਦ ਲੇਟ 12'ਥ ਆਰ.ਐਨ.ਆਈ. ਵਿਚ ਮਯੁਟਿਨਾਇਜਡ ਐਟ ਝਾਂਸੀ।' ਇਸ ਨਾਲ ਉਹਨਾਂ ਅਧਿਕਾਰੀਆਂ ਦੀ ਰਿਪੋਰਟ ਵੀ ਨੱਥੀ ਕੀਤੀ ਗਈ, ਜਿਹੜੇ ਉਸ ਸਮੇਂ ਝਾਂਸੀ ਵਿਚ ਤੈਨਾਤ ਸਨ, ਜਿਸ ਵਿਚ ਇਹ ਕਿਹਾ ਗਿਆ ਸੀ, 'ਆਪਣੇ ਡਿਸਟ੍ਰਿਕ ਅਫਸਰਸ ਨੂੰ ਹਦਾਇਤਾਂ ਭੇਜ ਦਿਓ ਕਿ ਸਿੱਖਾਂ ਨੂੰ ਇਸ ਤੋਂ ਪਹਿਲਾਂ ਗ੍ਰਿਫਤਾਰ ਕਰ ਲੈਣ ਕਿ ਉਹ ਪੰਜਾਬ ਭੱਜਣ। ਉਹਨਾਂ ਉੱਤੇ ਮੁਕੱਦਮਾ ਚਲਾਉਣ। ਅਪਰਾਧ ਸਿੱਧ ਹੋ ਜਾਏ ਤਾਂ ਉਹਨਾਂ ਨੂੰ ਫਾਂਸੀ 'ਤੇ ਲਟਕਾ ਦੇਣ—ਦੇ ਸ਼ੁਡ ਬੀ ਸੇਂਟੇਂਸਡ ਟੂ ਡੈਥ।'

ਹੁਣ ਗੱਲ ਗਵਾਲੀਅਰ ਦੀ ਕਰਦੇ ਹਾਂ, ਜਿੱਥੇ 1 ਜਨਵਰੀ 1857 ਦੇ ਸੈਨਕਾਂ ਦੀ ਸੂਚੀ ਵਿਚ 124 ਸਿੱਖਾਂ ਦੇ ਨਾਂ ਦਰਜ ਹਨ ਜਿਹੜੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਆਸਪਾਸ ਦੇ ਪਿੰਡਾਂ ਦੇ ਸਨ। ਜਦੋਂ ਵਿਦਰੋਹ ਸ਼ੁਰੂ ਹੋਇਆ ਉਦੋਂ ਸਾਰੇ ਸਿੱਖ ਉੱਥੇ ਹਾਜ਼ਰ ਸਨ। ਮਹਾਰਾਜਾ ਗਵਾਲੀਅਰ ਇਹਨਾਂ ਸਿੱਖਾਂ ਨੂੰ ਦਿੱਲੀ ਵਲ ਕੂਚ ਕਰਨ ਤੋਂ ਰੋਕਣ ਵਿਚ ਸਫਲ ਹੋ ਗਏ। ਪਰ ਇਹ ਸਥਿਤੀ ਬਹੁਤੇ ਸਮੇਂ ਤਕ ਨਹੀਂ ਰਹਿ ਸਕੀ। ਜਦੋਂ ਗਵਾਲੀਅਰ ਵਿਚ ਜਨਤਕ ਵਿਦਰੋਹ ਭੜਕਿਆ ਤਾਂ 10 ਅਕਤੂਬਰ 1857 ਨੂੰ ਇਹਨਾਂ ਸਿੱਖ ਸੈਨਕਾਂ ਨੇ ਆਗਰੇ ਦੇ ਨੇੜੇ ਬ੍ਰਿਟਿਸ਼ ਇੰਡੀਅਨ ਕੋਰ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਘੱਟ ਗਿਣਤੀ ਵਿਚ ਹੋਣ ਕਰਕੇ ਸਿੱਖ ਸੈਨਕਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਪਰ ਫੇਰ ਵੀ ਕਿਸੇ ਤਰ੍ਹਾਂ ਉਹ ਆਪਣੇ ਆਪ ਨੂੰ ਕਾਫੀ ਗਿਣਤੀ ਵਿਚ ਸੁਰੱਖਿਅਤ ਬਚਾਅ ਕੇ ਲੈ ਗਏ। ਇਸ ਦੇ ਨਾਲ ਆਗਰੇ ਦੀ ਘਟਨਾ ਨੂੰ ਲੈ ਲਈਏ ਤਾਂ ਪਤਾ ਲੱਗੇਗਾ ਕਿ ਸਿੱਖ ਕਿਹੜੀਆਂ-ਕਿਹੜੀਆਂ ਮੁਸੀਬਤਾਂ ਝੱਲਦੇ ਹੋਏ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਆਗਰੇ ਤੋਂ ਦਿੱਲੀ ਤਕ ਪਹੁੰਚੇ ਹੋਣਗੇ। ਸਿਆਸੀ ਏਜੰਟ ਗ੍ਰਿਥੇਡ ਨੇ ਦੋ ਟਿੱਪਣੀਆਂ ਕੀਤੀਆਂ ਸਨ, ਉਹ ਇਸ ਤਰ੍ਹਾਂ ਹਨ—'ਸਭ ਤੋਂ ਵੱਧ ਵਿਰੋਧ ਉਹਨਾਂ ਸਿੱਖਾਂ ਵੱਲੋ ਹੋਇਆ, ਜਿਹੜੇ ਆਗਰਾ ਜੇਲ੍ਹ ਵਿਚ ਕੈਦ ਸਨ। ਉਹਨਾਂ ਵਿਰੋਧ ਦੀ ਉਹ ਉਦਾਹਰਣ ਪੇਸ਼ ਕੀਤੀ ਜਿਸਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ।' ਇਹ ਟਿੱਪਣੀ 19 ਸਤੰਬਰ 1857 ਦੀ ਹੈ। ਆਗਰੇ ਦੀ ਘਟਨਾ ਇੰਜ ਹੋਈ ਸੀ—4 ਜੁਲਾਈ 1857 ਨੂੰ ਆਗਰੇ ਦੇ ਅਧਿਕਾਰੀਆਂ ਨੇ ਉੱਥੋਂ ਦੀ ਜੇਲ੍ਹ ਵਿਚ ਬੰਦ ਸਿੱਖ ਸੈਨਕਾਂ ਨਾਲ ਗੱਲਬਾਤ ਕਰਕੇ ਸਮਝੌਤਾ ਕਰ ਲਿਆ ਸੀ ਕਿ ਉਹਨਾਂ ਨੂੰ ਇਸ ਸ਼ਰਤ 'ਤੇ ਰਿਹਾਅ ਕੀਤਾ ਜਾ ਰਿਹਾ ਹੈ ਕਿ 'ਤੁਸੀਂ ਫੇਰ ਅੰਗਰੇਜ਼ ਸੈਨਾ ਦੇ ਸਿਪਾਹੀਆਂ ਦੀ ਹੈਸੀਅਤ ਨਾਲ ਤਨਖਾਹਦਾਰ ਰਹੋਗੇ। ਅੰਗਰੇਜ਼ਾਂ ਦਾ ਸਾਥ ਦਿਓਗੇ ਤੇ ਉਹਨਾਂ ਕਿਲਿਆਂ ਵੱਲ ਨਹੀਂ ਜਾਓਗੇ ਜਿੱਥੇ ਅੰਗਰੇਜ਼ਾਂ ਨੇ ਠਾਹਰ ਕੀਤੀ ਹੋਈ ਹੈ।' ਸਿੱਖਾਂ ਨੇ ਜੇਲ੍ਹ ਵਿਚ ਇਸ ਸ਼ਰਤ ਨੂੰ ਸਵੀਕਾਰ ਕਰ ਲਿਆ। ਸਿਪਾਹੀ ਦੀ ਹੈਸੀਅਤ ਨਾਲ ਹਥਿਆਰ ਵਗ਼ੈਰਾ ਲੈ ਕੇ ਅਗਲੇ ਦਿਨ ਗ਼ਾਇਬ ਹੋ ਗਏ। ਤੇ ਦਿੱਲੀ ਪਹੁੰਚ ਗਏ।

ਲੁਧਿਆਣਾ ਰੈਜ਼ੀਮੈਂਟ ਜਿਹੜੀ ਸਿੱਖਾਂ ਦੀ ਹੀ ਸੀ ਨੇ 4 ਜੂਨ 1857 ਨੂੰ ਬਨਾਰਸ-ਵਿਦਰੋਹ ਸਮੇਂ ਆਪਣੀ ਦੇਸ਼-ਭਗਤੀ ਦਾ ਓਹੋ-ਜਿਹਾ ਸਬੂਤ ਹੀ ਦਿੱਤਾ ਜਿਹੋ-ਜਿਹਾ ਹਿੰਦੂ ਤੇ ਮੁਸਲਮਾਨ ਦੇ ਰਹੇ ਸਨ। ਇਸ 37ਵੀਂ ਆਰ.ਐਨ.ਆਈ.ਨੂੰ ਭੰਗ ਕਰ ਦਿੱਤੇ ਜਾਣ 'ਤੇ ਸਿੱਖਾਂ ਨੇ ਵਿਦਰੋਹ ਵਿਚ ਓਵੇਂ ਹੀ ਹਿੱਸਾ ਲਿਆ ਜਿਵੇਂ ਕਿ ਹੋਰ ਲੋਕ ਲੈ ਰਹੇ ਸਨ। ਉਸ ਸਮੇਂ ਦੇ ਪੰਜਾਬ ਦੇ ਜੁਡੀਸ਼ਿਯਲ ਕਮਿਸ਼ਨਰ ਕਹਿੰਦੇ ਹਨ, 'ਲੁਧਿਆਣੇ ਦੇ ਸਿੱਖ ਜਲੰਧਰ ਦੇ ਆਪਣੇ ਪਿੰਡਾਂ ਨੂੰ ਚਲੇ ਗਏ। ਪਿੱਛੋਂ ਉਹ ਫੜ੍ਹ ਲਏ ਗਏ ਤੇ ਡਿਸਟ੍ਰਿਕਟ ਸਤਰ ਦੇ ਅਧਿਕਾਰੀਆਂ ਨੇ ਫੜ੍ਹੇ ਹੋਏ ਸਿੱਖਾਂ ਨੂੰ ਸਾਹਵੇਂ ਖੜ੍ਹੇ ਕਰਕੇ ਪ੍ਰਾਣ ਦੰਡ ਦੇ ਦਿੱਤਾ।' ਜਾਨ ਕੇਬ ਬ੍ਰਾਉਨ ਨੇ ਇਸ ਘਟਨਾ ਦੀ ਰਿਪੋਰਟ ਘੱਲੀ। ਅੱਗੇ ਜੁਡੀਸ਼ਿਯਲ ਕਮਿਸ਼ਨਰ ਕਹਿੰਦੇ ਹਨ, 'ਬੇਸ਼ਕ ਹਿੰਦੁਸਤਾਨੀ ਰੈਜਮੈਂਟਾਂ ਵਿਚੋਂ ਸਿੱਖਾਂ ਨੂੰ ਅਲਗ, ਦੂਰ ਲੈ ਜਾਣਾ ਤੇ ਉਹਨਾਂ ਦੇ ਵਿਰੁੱਧ ਕੁਝ ਕਰ ਸਕਣਾ ਬੜਾ ਮੁਸ਼ਕਿਲ ਹੁੰਦਾ ਹੈ। ਇਹ ਰੈਜਮੈਂਟ ਤਾਂ ਸੀ ਹੀ ਸਿੱਖਾਂ ਦੀ। ਸੋ ਇਸਦੇ ਸੈਨਕ ਕੋਈ ਬਹਾਨਾ ਵੀ ਨਹੀਂ ਕਰ ਸਕਦੇ ਸਨ ਕਿ ਉਹਨਾਂ ਵਿਦਰੋਹ ਵਿਚ ਹਿੱਸਾ ਹੀ ਨਹੀਂ ਲਿਆ ਬਲਕਿ ਉਹਨਾਂ ਬਾਕਇਦਾ ਇਕ ਸੰਗਠਨ ਵਾਂਗ ਵਿਦਰੋਹ ਕੀਤਾ ਤੇ ਯੂਰਪੀਨ ਸੈਨਾ ਉੱਤੇ ਗੋਲੀਆਂ ਵਰ੍ਹਾਈਆਂ। ਉਸਦੀ ਦੀ ਇਕੋ ਸਜ਼ਾ ਹੈ—ਮੌਤ। ਹਰੇਕ ਉਸਦੀ ਜਿਹੜਾ ਇੰਜ ਕਰਦਾ ਹੈ, ਭਾਵੇਂ ਉਹ ਕੋਈ ਵੀ ਹਿੰਦੁਸਤਾਨੀ ਹੋਵੇ ਜਾਂ ਸਿੱਖ।'

1857 ਵਿਚ ਸਿੱਖਾਂ ਦੀ ਸਥਿਤੀ ਕੀ ਹੁੰਦੀ ਹੋਵੇਗੀ ਇਸ ਉਪਰ ਵਿਚਾਰ ਕਰਨਾ ਜ਼ਰੂਰੀ ਹੋ ਗਿਆ ਹੈ। ਖਾਲਸਾ ਆਰਮੀ ਨੂੰ ਭੰਗ ਕਰ ਦਿੱਤੇ ਜਾਣ ਕਾਰਨ ਸਿੱਖਾਂ ਦੀ ਕਾਫੀ ਗਿਣਤੀ ਬੇਰੁਜਗਾਰ ਹੋ ਗਈ ਸੀ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ 4 ਜੁਲਾਈ 1849 ਨੂੰ ਲਾਰਡ ਡਲਹੌਜੀ ਨੇ ਬੋਰਡ ਆਫ ਡਾਇਰੈਕਟਰਸ ਨੂੰ ਖ਼ਤ ਲਿਖਿਆ, ਜਿਸ ਵਿਚ ਸਿੱਖਾਂ ਦੀਆਂ ਸੈਨਾ ਸੰਬੰਧੀ ਵਿਸ਼ਸ਼ਤਾਈਆਂ ਨੂੰ ਉਘਾੜਦਿਆਂ ਹੋਇਆਂ ਕਿਹਾ ਕਿ ਅਜਿਹੀਆਂ ਜਾਤੀਆਂ ਨੂੰ ਸੈਨਾ ਵਿਚ ਸ਼ਾਮਲ ਕਰਨਾ ਅਤਿ ਲਾਭਕਾਰੀ ਹੋਏਗਾ। ਇੰਜ ਕਰਨ ਨਾਲ ਸੈਨਾ ਵਿਚ ਇਕੋ ਜਾਤੀ ਦੇ ਬੋਲਬਾਲੇ ਦਾ ਜੋ ਖਤਰਾ ਬਣਿਆ ਹੋਇਆ ਹੈ, ਉਹ ਵੀ ਦੂਰ ਹੋ ਜਾਏਗਾ। ਇਸ ਤਰ੍ਹਾਂ ਸਿੱਖਾਂ ਨੂੰ ਫਰਬਰੀ 1851 ਵਿਚ ਪਹਿਲੀ ਵਾਰ ਭਰਤੀ ਕੀਤਾ ਗਿਆ, ਜਦਕਿ ਦੂਜੇ ਸਿੱਖ ਯੁੱਧ ਨੂੰ ਬੀਤਿਆਂ ਬਹੁਤਾ ਸਮਾਂ ਵੀ ਨਹੀਂ ਸੀ ਹੋਇਆ। ਪੰਜਾਬ ਦੇ ਲੋਕਾਂ ਨੂੰ ਬੰਗਾਲ ਆਰਮੀ ਦੀਆਂ ਸਾਰੀਆਂ ਕਾਰਵਾਈਆ ਅਜੇ ਤਕ ਯਾਦ ਸਨ। ਮੁਗ਼ਲਾਂ ਨਾਲ ਉਹਨਾਂ ਦੀ ਚੱਲੀ ਆ ਰਹੀ ਦੁਸ਼ਮਣੀ ਜੱਗ-ਜਾਹਰ ਸੀ। ਤੇ ਇਤਿਹਾਸਕਾਰਾਂ ਨੇ ਇਹਨਾਂ ਦੋਵਾਂ ਗੱਲਾਂ ਨੂੰ ਲੈ ਕੇ ਸਿੱਖਾਂ ਦੇ ਵਿਸ਼ੇ ਵਿਚ ਕਲਪਨਾ-ਲੋਕ ਤਿਆਰ ਕਰਕੇ ਮਨਮਰਜ਼ੀ ਦੇ ਸਿੱਟਿਆਂ ਨੂੰ ਇਤਿਹਾਸ ਦੇ ਮੱਥੇ 'ਤੇ ਚਿਪਕਾ ਦਿੱਤਾ।

ਤੀਜੀ ਗੱਲ ਜਿਹੜੀ ਇਹ ਪੱਖਪਾਤੀ ਇਤਿਹਾਸਕਾਰ ਕਹਿੰਦੇ ਹਨ, ਉਹ ਇਹ ਹੈ ਕਿ ਬੰਗਾਲ ਆਰਮੀ ਵਿਚ ਸਿੱਖ ਸੈਨਾ ਨਹੀਂ ਸੀ। ਇਸ ਵਿਚ ਇਹ ਡੋਲੋਰੇਸ ਡੋਮਿਨ ਦੀ ਰਾਏ 'ਤੇ ਨਿਰਭਰ ਹਨ। ਜਿਸ ਵਿਚ ਉਸਨੇ ਕਿਹਾ ਹੈ, 'ਸਿੱਖ ਬੰਗਾਲ ਆਰਮੀ ਵਿਚ ਇਸ ਲਈ ਹੈ ਨਹੀਂ ਸਨ ਕਿ ਉਹਨਾਂ ਵਿਚ ਜਿਹੜਾ ਉੱਚ ਵਰਗ ਦਾ ਤੱਤ ਸੀ ਉਸ ਕਰਕੇ ਉਹਨਾਂ ਪੰਜਾਬ ਵਿਚ ਕਿਸੇ ਵੀ ਭਰਤੀ ਦਾ ਵਿਰੋਧ ਕੀਤਾ ਸੀ। ਇਸ ਵਿਚ ਉਹਨਾਂ ਨੂੰ ਭਰਤੀ ਅਧਿਕਾਰੀਆਂ ਦੀ ਧਾਂਦਲੀ ਨਜ਼ਰ ਆਉਂਦੀ ਸੀ ਕਿ ਪਰੰਪਰਿਕ ਭਰਤੀ ਖੇਤਰਾਂ ਨੂੰ ਜਾਣ-ਬੁਝ ਕੇ ਅਣਡਿੱਠ ਕੀਤਾ ਜਾ ਰਿਹਾ ਹੈ।' ਇਹ ਰਾਏ ਬਣਾਉਣ ਪਿੱਛੇ ਆਧਾਰ ਕੁਝ ਵੀ ਹੋਵੇ ਪਰ ਇਸ ਰਾਏ ਨੂੰ ਸਾਹਵੇਂ ਰੱਖ ਕੇ ਸਿੱਖਾਂ ਵੱਲ ਉਂਗਲ਼ ਸਿੰਨ੍ਹੀ ਜਾਂਦੀ ਰਹੀ। ਦੂਜੇ ਪਾਸੇ ਬੰਗਾਲ ਆਰਮੀ ਨੂੰ ਉੱਚ ਜਾਤੀ ਵਾਲਿਆਂ ਦੀ ਆਰਮੀ ਦੱਸ ਕੇ ਉਸਦੇ ਵਿਦਰੋਹ ਨੂੰ ਉੱਚੀ ਜਾਤੀ ਵਾਲਿਆਂ ਦੁਆਰਾ ਕੀਤਾ ਗਿਆ ਵਿਦਰੋਹ ਸਿੱਧ ਕਰਨ ਵਿਚ ਖਾਸੀ ਸੌਖ ਰਹੀ। ਜਿਸ ਨਾਲ ਕਿਸਾਨ ਜਾਤੀਆਂ ਦੇ ਵਿਦਰੋਹ ਨੂੰ ਧੁੰਦਲਾ ਕਰਕੇ ਦਿਖਾਇਆ ਜਾ ਸਕਿਆ। ਸਿੱਖ ਵੀ ਵਧੇਰੇ ਕਿਸਾਨ ਜਾਤੀ ਦੇ ਹੀ ਹਨ। ਜੱਟ, ਕੰਬੋਜ, ਸੈਨੀ, ਗੂਜਰ, ਤੇ ਮਜਹਬੀ ਆਦਿ। ਗਜਬ ਤਾਂ ਇਹ ਹੈ ਕਿ ਗੰਗਾ ਸਿੰਘ ਵਰਗੇ ਇਤਿਹਾਸਕਾਰ ਵੀ ਇਸ ਕੁਹਜ ਵੱਲ ਧਿਆਨ ਨਹੀਂ ਦਿੰਦੇ। ਉਹ ਵੀ ਅਜਿਹੀਆਂ ਲਿਖਤਾਂ ਵੇਖ ਕੇ ਸੰਤੁਸ਼ਟ ਜਾਂ ਸ਼ਾਇਦ ਚੁੱਪ ਹੋਏ-ਹੋਏ ਹਨ—ਜਿਵੇਂ ਸਿੱਖਾਂ ਬਾਰੇ ਆਪਣੀ ਰਾਏ ਬਾਯਸਡ ਹੋ ਕੇ ਵਿਅਕਤ ਕਰ ਰਹੇ ਹੋਣ।

ਜਦੋਂ ਇਤਿਹਾਸਕਾਰਾਂ ਨੇ ਇਹ ਸਿੱਧ ਕਰਨਾ ਸੀ ਕਿ ਬੰਗਾਲ ਆਰਮੀ ਵਿਚ ਉੱਚੀ ਜਾਤੀ ਦੇ ਸੈਨਕ ਹੀ ਸਨ, ਕੋਈ ਸਿੱਖ ਸੈਨਕ ਹੈ ਹੀ ਨਹੀਂ ਸੀ ਤਾਂ ਉਹਨਾਂ ਨੂੰ ਇਹ ਖੋਜਨ ਦੀ ਕੋਈ ਲੋੜ ਹੀ ਨਹੀਂ ਸੀ ਰਹੀ ਕਿ ਅਸਲ ਵਿਚ ਬੰਗਾਲ ਆਰਮੀ ਵਿਚ ਕਿੰਨੇ ਸਿੱਖ ਸੈਨਕ ਸਨ? 1857 ਵਿਚ ਹੇਨਰੀ ਲਾਰੇਂਸ ਨੇ ਹਿਸਾਬ ਲਾਇਆ ਸੀ, 'ਬੰਗਾਲ ਆਰਮੀ ਦੀ 74ਵੀਂ ਰੇਜੀਮੈਂਟ ਵਿਚ ਲਗਭਗ 3000 ਸਿੱਖ ਸੈਨਕ ਸਨ ਤੇ ਉਹਨਾਂ ਵਿਚੋਂ ਵਧੇਰੇ 23 ਮਈ 1857 ਦੇ ਦੌਰਾਨ ਪੰਜਾਬ ਵਿਚ ਹੀ ਸਨ। ਉਹਨਾਂ ਉੱਥੇ ਵਿਦਰੋਹੀਆਂ ਦੀ ਬਾਕਾਇਦਾ ਮਦਦ ਕੀਤੀ ਤੇ ਖ਼ੁਦ ਵੀ ਯਤਨਸ਼ੀਲ ਰਹੇ। ਇਸ ਗੱਲ ਦੇ ਸਬੂਤ ਵੀ ਹਨ ਕਿ ਸਾਰੇ ਸਿੱਖ ਸਿਰਫ ਦਿੱਲੀ ਹੀ ਨਹੀਂ ਪਹੁੰਚੇ, ਬਲਕਿ ਉਹਨਾਂ ਲਖ਼ਨਊ ਤਕ ਧਾਵੇ ਬੋਲੇ।'

ਇਸ ਪ੍ਰਸ਼ਨ ਬਾਰੇ ਸੋਚਦਿਆਂ ਹੋਇਆਂ ਪ੍ਰਦੀਪ ਸਕਸੇਨਾ ਆਪਣੇ ਵਿਚਾਰ ਪਰਗਟ ਕਰਦੇ ਹਨ, 'ਪੰਜਾਬ' ਅਤੇ 'ਸਿੱਖ' ਸ਼ਬਦਾਂ ਦਾ ਇਸਤੇਮਾਲ ਸਾਮਰਾਜਵਾਦੀ ਇਤਿਹਾਸ-ਦ੍ਰਿਸ਼ਟੀ ਦੀ ਸੋਚੀ ਸਮਝੀ ਸਾਜਿਸ਼ ਸੀ। ਉਹੀ ਰਾਸ਼ਟਰਵਾਦੀਆਂ ਨੇ ਜਿਵੇਂ ਦੀ ਤਿਵੇਂ ਸਵੀਕਾਰ ਲਈ ਤੇ ਮਾਰਕਸਵਾਦੀਆਂ ਨੇ ਵੀ ਇਹ ਜਹਿਮਤ ਗਵਾਰਾ ਨਹੀਂ ਕੀਤੀ ਕਿ ਇਸ ਸਾਜਿਸ਼ ਨੂੰ ਪਰਖਿਆ ਜਾਵੇ। ਇਹ ਤੱਥ ਨਹੀਂ ਮਿਥ ਹੈ।...ਸਬੂਤ ਨਹੀਂ ਮੰਸ਼ਾ ਹੈ।...ਸਾਇੰਸ ਨਹੀਂ ਸਰਮਨ ਹੈ।...ਅਣਇਤਿਹਾਸਕ ਹੈ।...ਸੰਪਰਦਾਇਕ ਹੈ।...ਖਤਰਨਾਕ ਹੈ।' ਚਲੋ ਭਾਰਤ ਵਿਚ ਕੋਈ ਤਾਂ ਨਿਕਲਿਆ ਜਿਹੜਾ ਤੱਥਾਂ ਦੇ ਆਧਾਰ 'ਤੇ ਫੈਸਲੇ ਤੇ ਸਿੱਟਿਆਂ ਦੀ ਉਡੀਕ ਕਰ ਰਿਹਾ ਹੈ—ਕਿ ਮੈਂ ਇਸ ਖੋਜ ਦਾ ਬੀੜਾ ਚੁੱਕ ਲਿਆ ਹੈ ਤੇ ਕੋਈ ਹੋਰ ਵੀ ਇਸ ਸਵਾਲ ਉੱਤੇ ਵਿਚਾਰ ਕਰਕੇ ਦੇਖ ਲਏ ਤਾਂ ਹਨੇਰਾ ਛਟਣ ਲੱਗੇਗਾ। ਇਹ ਅੱਗੇ ਯਾਦ ਦਿਵਾਉਂਦੇ ਹਨ, 'ਘੱਟੋਘੱਟ ਜਿਹੜੇ ਲੋਕ ਸਿੱਖਾਂ ਦੀ ਗੱਦਾਰੀ ਸੁੰਘਦੇ ਨਹੀਂ ਥੱਕਦੇ, ਉਹਨਾਂ ਨੂੰ ਇਹ ਤਾਂ ਦੇਖਣਾ ਚਾਹੀਦਾ ਸੀ ਕਿ ਪੰਜਾਬ ਦੇ ਸਿੱਖ ਕਿਹੜੇ-ਕਿਹੜੇ ਖੇਤਰ ਵਿਚ ਤੇ ਕੇਂਦਰ ਵਿਚ ਸਨ। ਕੀ ਉਹ ਪੂਰੇ ਪੰਜਾਬ ਦਾ ਪ੍ਰਤੀਨਿਧਤਵ ਕਰਦੇ ਸਨ?ਇੱਥੇ ਚੌਥੀ ਸਿੱਖ ਬਟਾਲੀਅਨ ਦੀਆਂ ਤਿੰਨ ਕੰਪਨੀਆਂ ਲੈਫਟੀਨੈਂਟ ਜੀ.ਏ. ਵਿਲੀਅਮ ਦੇ ਨੇਤਰੀਤਵ ਵਿਚ ਰਾਜਾ ਨਾਭਾ ਦੇ ਕੁਲ ਦੋ ਸੌ ਆਦਮੀ ਸਨ ਜਿਹਨਾਂ ਲੁਧਿਆਣਾ ਆਪਰੇਸ਼ਨ ਵਿਚ ਹਿੱਸਾ ਲਿਆ ਸੀ। ਕੀ ਇਸ ਨੂੰ ਪੰਜਾਬ ਦੀ ਸਿੱਖ ਜਨਤਾ ਦਾ ਸਾਥ ਦੇਣਾ ਕਿਹਾ ਜਾਏਗਾ?' ਇਹ ਸਵਾਲ ਵੀ ਵਿਚਾਰ ਕੀਤੇ ਜਾਣ ਵਾਲਾ ਹੈ। ਪਰ ਜਦੋਂ ਬਾਯਸਡ ਹੋ ਕੇ ਕੁਝ ਕਿਹਾ ਜਾਂਦਾ ਹੈ ਤਾਂ ਸੱਚ ਕਿੱਥੇ ਦਿਖਾਈ ਦੇਂਦਾ ਹੈ?

ਇਸ ਨਾਲੋਂ ਮਹੱਤਵਪੂਰਣ ਘਟਨਾ ਦਿੱਲੀ ਦੀ ਹੈ, ਜਿਸ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ, ਪਰ ਪਤਾ ਨਹੀਂ ਕਿਹੜੇ ਕਰਨਾ ਕਰਕੇ ਉਹਦੀ ਅਣਦੇਖੀ ਕਰ ਦਿੱਤੀ ਗਈ। ਮੈਂ ਦੋ ਲਿਖਤਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਹਨਾਂ ਵਿਚੋਂ ਪਹਿਲੀ, ਪੰਜਾਬ ਗਵਰਨਮੈਂਟ ਰਿਕਾਰਡਸ ਮਯੁਟਿਨੀ ਕੋਰਸਪੌਂਡੈਂਸ ਵੋਲਯੂਮ-2 ਦੇ ਪੰਨਾ 431 ਤੇ ਦਰਜ ਹੈ...: 'ਇਹਨਾਂ ਵਿਚੋ 35 ਸਿੱਖ ਵਾਹੋਦਾਹੀ 3 ਜੁਲਾਈ ਨੂੰ ਦਿੱਲੀ ਜਾ ਪਹੁੰਚੇ। ਇਸ ਖੁਸ਼ਖਬਰੀ ਤੇ ਭਰੋਸੇ ਸਮੇਤ ਕਿ ਕਰਾਂਤੀ ਬੰਗਾਲ ਦੀਆਂ ਹੱਦਾਂ ਤਕ ਜਾ ਪਹੁੰਚੇਗੀ। ਜੇ ਗਿਣਤੀ ਪੱਖੋਂ ਦੇਖੀਏ ਤਾਂ 6 ਅਗਸਤ ਨੂੰ 200 ਸਿੱਖਾਂ ਦੇ ਜੱਥੇ ਦੀ ਦਿੱਲੀ ਪਹੁੰਚਣ ਦੀ ਰਿਪੋਰਟ ਦਰਜ ਹੈ।' ਦੂਜੀ, ਦ ਸਪਰਿਟ ਆਫ ਇੰਡੀਆ, ਵੋਲਯੂਮ-2, ਪੰਨਾ 287 ਦੇ ਦਰਜ ਹੈ...: '125 ਸਿੱਖ ਬਨਾਰਸ ਤੋਂ ਦਿੱਲੀ ਪਹੁੰਚੇ।' ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਦਸਤਾਵੇਜ ਮਿਲ ਜਾਣਗੇ, ਜਿਹਨਾਂ ਨੂੰ ਖੰਘਾਲਣ ਦੀ ਲੋੜ ਹੈ। ਪਤਾ ਨਹੀਂ ਕਿੰਨੀਆਂ ਲਿਖਤਾਂ ਅਜਿਹੀਆਂ ਮਿਲ ਜਾਣਗੀਆਂ ਜਿਹਨਾਂ ਦਾ ਮੁੱਲ-ਅੰਕਣ ਕਰਨ ਦੀ ਲੋੜ ਹੀ ਨਹੀਂ ਸਮਝੀ ਗਈ। ਜੇ ਹਿਸਾਬ ਲਾ ਕੇ ਵੇਖੀਏ ਤਾਂ ਦੇਸ਼ ਭਗਤੀ ਹਿੱਤ ਪੂਰਣ ਯੁੱਧ ਕਰਨ ਵਾਲੇ ਸਿੱਖਾਂ ਦੀ ਗਿਣਤੀ ਉਹਨਾਂ ਸਿੱਖਾਂ ਨਾਲੋਂ ਕਈ ਗੁਣਾ ਵੱਧ ਹੋਵੇਗੀ ਜਿਹਨਾਂ ਅੰਗਰੇਜ਼ਾਂ ਦਾ ਸਾਥ ਦਿੱਤਾ। ਭਲਾ ਕਿਹੜਾ ਵਰਗ ਸੀ, ਜਿਸ ਵਿਚ ਇਹ ਦੋਵੇਂ ਪੱਖ ਨਹੀਂ ਸਨ? ਸਿੱਖਾਂ ਦੀਆਂ ਤਿੰਨ ਰਿਆਸਤਾਂ ਨੇ ਆਪਣੇ ਰਾਜਨੀਤਕ ਕਾਰਣਾ ਕਰਕੇ ਅੰਗੇਰੇਜ਼ਾਂ ਦਾ ਸਾਥ ਦਿੱਤਾ ਤਾਂ ਰਾਜਪੂਤ ਰਾਜੇ ਕਿੰਨੇ ਸਨ ਜਿਹਨਾਂ ਅੰਗਰੇਜ਼ਾਂ ਦਾ ਸਾਥ ਦਿੱਤਾ? ਇਸ ਤਰ੍ਹਾਂ ਹਰ ਸਮਾਜਿਕ ਵਰਗ ਦੇ ਛੋਟੇ ਵੱਡੇ ਰਾਜਿਆਂ ਤੇ ਜ਼ਿਮੀਂਦਾਰਾਂ ਦੀ ਗਿਣਤੀ ਕਰਨ 'ਤੇ ਹੀ ਹਰੇਕ ਸਮਾਜਿਕ ਵਰਗ ਦਾ ਦੇਸ਼ ਹਿੱਤ ਲਈ ਵਿਸ਼ਵਾਸ ਨਿਰਧਾਰਤ ਕਰਨਾ ਚੰਗਾ ਲੱਗੇਗਾ। ਆਮ ਜਨਤਾ ਦੁਆਰਾ ਕੀਤੇ ਗਏ ਵਿਦਰੋਹ ਵਿਚ, ਜਿਸਦਾ ਨੇਤਰੀਤਵ ਕੋਈ ਰਾਜਾ, ਨਵਾਬ ਜਾਂ ਵੱਡਾ ਜ਼ਿਮੀਂਦਾਰ ਨਹੀਂ ਸੀ ਕਰ ਰਿਹਾ, ਹਰਿਆਣੇ ਤੇ ਪੰਜਾਬ ਦੇ ਕਿਸਾਨ-ਮਜ਼ਦੂਰ ਹੀ ਵਧੇਰੇ ਗਿਣਤੀ ਵਿਚ ਸ਼ਾਮਲ ਹੋਏ ਸਨ। ਇਹ ਗੱਲ ਪੰਜਾਬ ਦੇ ਸੰਬੰਧ ਵਿਚ ਕਿੱਥੋਂ ਤੀਕ ਸਹੀ ਬੈਠਦੀ ਹੈ, ਇਸ ਬਾਰੇ ਲੇਖ ਦੇ ਅੰਤ ਵਿਚ ਵਿਚਾਰ ਕਰਾਂਗੇ। ਗੱਲ ਦਿੱਲੀ ਦੀ ਚੱਲ ਰਹੀ ਹੈ। ਜੁਲਾਈ 1857 ਵਿਚ ਚਾਰਲਸਬਾਲ ਨੇ ਦਿੱਲੀ ਵਿਚ ਸਿੱਖਾਂ ਦੀ ਗਿਣਤੀ 600 ਦੱਸੀ ਹੈ ਜਿਹੜੇ ਵਿਦਰੋਹ ਵਿਚ ਭਾਗ ਲੈ ਰਹੀ ਸਨ। ਉਹ ਗਿਣਤੀ ਅਗਸਤ ਆਉਂਦੇ-ਆਉਂਦੇ 1200 ਤੀਕ ਪਹੁੰਚ ਗਈ, ਇਹ ਇਕ ਗੁਪਤ ਰਿਪੋਰਟ ਵਿਚ ਦੱਸਿਆ ਗਿਆ। ਜੇ.ਸੀ. ਬਰਾਉਨ ਦੀ ਰਿਪੋਰਟ ਅਨੁਸਾਰ ਵਿਦਰੋਹੀ ਸਿਪਾਹੀਆਂ ਦੀ ਦਿੱਲੀ ਵਿਚ ਗਿਣਤੀ 30,000 ਦੱਸੀ ਗਈ। ਇਸ ਤੀਹ ਹਜ਼ਾਰ ਦੀ ਗਿਣਤੀ ਵਿਚ ਸਿੱਖਾਂ ਦੀ ਗਿਣਤੀ 1200 ਹੋਣਾ ਮਾਹਰਕੇ ਦੀ ਗੱਲ ਹੈ। ਸਿੱਖਾਂ ਦੀ ਆਬਾਦੀ ਦਾ ਇਸ ਅਨੁਪਾਤ ਨਾਲ ਅਧਿਅਨ ਕਰਨ 'ਤੇ ਉਹਨਾਂ ਇਤਿਹਾਸਕਾਰਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਜਿਹੜੇ ਇਹ ਫਤਵਾ ਜਾਰੀ ਕਰ ਦੇਂਦੇ ਨੇ ਕਿ ਸਿੱਖਾਂ ਨੇ ਵਿਸ਼ਵਾਸਘਾਤ ਕੀਤਾ ਹੈ। ਸਿੱਖਾਂ ਦੀ ਗਿਣਤੀ ਭਿੰਨ-ਭਿੰਨ ਰੈਜੀਮੈਂਟਾਂ ਵਿਚ ਵੰਡੀ ਹੋਈ ਸੀ। ਜਦੋਂ ਇਹ ਕਿਹਾ ਜਾਂਦਾ ਹੈ ਕਿ ਫਲਾਨੀ ਰੈਜਮੈਂਟ ਨੇ ਵਿਦਰੋਹ ਕਰ ਦਿੱਤਾ ਸੀ ਤਾਂ ਉਸ ਵਿਚ ਸ਼ਾਮਲ ਸਿੱਖਾਂ ਦਾ ਜ਼ਿਕਰ ਕਿਉਂ ਸ਼ਾਮਲ ਨਹੀਂ ਕੀਤਾ ਜਾਂਦਾ? ਇਸ ਤਰ੍ਹਾਂ ਸਿੱਖ ਵਿਦੋਰਹੀਆਂ ਦੇ ਰੂਪ ਵਿਚ ਸ਼ਾਮਲ ਹੋਣ ਤੋਂ ਵਾਂਝੇ ਰਹਿ ਜਾਂਦੇ ਹਨ। ਅਸੀਂ ਮੰਨਦੇ ਹਾਂ ਕਿ ਸਿੱਖਾਂ ਦੀ ਇਹ 1200 ਦੀ ਗਿਣਤੀ ਭਾਵੇਂ ਵੱਖਰਾ ਕੋਈ ਰੋਲ ਅਦਾਅ ਨਾ ਕਰ ਸਕੀ ਹੋਵੇ, ਪਰ ਇਸ ਲਈ ਕੀ ਇਹ ਮੰਨ ਲਈਏ ਕਿ ਵਿਦਰੋਹ ਵਿਚ ਸ਼ਾਮਲ ਇਹ ਗਿਣਤੀ ਬਿਨਾਂ ਕੋਈ ਰੋਲ ਕੀਤੇ ਹੀ ਰਹਿ ਗਈ ਸੀ? ਕਿੰਨਾ ਅਜੀਬ ਹੈ ਕਿ ਆਪਣੀ ਗਿਣਤੀ ਦੇ ਅਨੁਪਾਤ ਵਿਚ ਮਹੱਤਵਪੂਰਨ ਤੇ ਫਖ਼ਰ ਕਰਨ ਯੋਗ ਰੋਲ ਅਦਾਅ ਕਰਨ 'ਤੇ ਵੀ ਸਿੱਖਾਂ ਦੇ ਪ੍ਰਤੀ ਅਜਿਹਾ ਭਰਮ ਫੈਲਾਇਆ ਗਿਆ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਪ੍ਰਸਥਿਤੀਆਂ ਏਨੀਆਂ ਗੰਭੀਰ ਤੇ ਖਤਰਨਾਕ ਸਨ ਕਿ ਕੁਝ ਮੁੱਠੀ ਭਰ ਸਿੱਖ ਜਿਹੜੇ ਕਿਸੇ ਨਾ ਕਿਸੇ ਰਾਜੇ ਦੀ ਸੈਨਾ ਦੇ ਵਿਸ਼ਵਾਸ ਯੋਗ ਤੇ ਵਫਾਦਾਰ ਸਨ, ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ। ਤਦ ਦਿੱਲੀ ਵਿਚ ਵਿਦਰੋਹੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਯੁੱਧ ਕਰਨ ਵਾਲੇ ਸਿੱਖਾਂ ਦੇ ਯੋਗਦਾਨ ਨੂੰ ਤਾਂ ਹੋਰ ਵੀ ਵਧੇਰੇ ਚਮਕਦਾਰ ਸੁਨਰਿਹੀ ਅੱਖਰਾਂ ਵਿਚ ਲਿਖਿਆ ਜਾਣਾ ਚਾਹੀਦਾ ਹੈ।

ਸਾਨੂੰ ਕੁਝ ਅਲਗ ਢੰਗ ਨਾਲ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਿਸ ਨੂੰ ਅਸੀਂ ਇਤਿਹਾਸਕ ਦ੍ਰਿਸ਼ਟੀ ਕਹਿੰਦੇ ਹਾਂ, ਉਹ ਸ਼ੁੱਧ ਰੂਪ ਵਿਚ ਵਿਚਾਰਧਾਰਕ ਇਤਿਹਾਸ-ਦ੍ਰਿਸ਼ਟੀ ਹੀ ਹੋਣੀ ਚਾਹੀਦੀ ਹੈ। ਪਰ ਇਹ ਵਿਚਾਰਧਾਰਾਵਾਂ ਵੀ ਆਪਣੇ ਤੋਂ ਪਹਿਲੋਂ ਵਾਲੀਆਂ ਵਿਚਾਰਧਾਰਾਵਾਂ ਦੇ ਆਧਾਰ 'ਤੇ ਵਧਦੀਆਂ-ਫੁਲਦੀਆਂ ਹਨ। ਵਿਚਾਰਧਾਰਾ ਦੀ ਤੈਹ ਵਿਚ ਜਿਹੜਾ ਚਿੰਤਨ ਕਾਰਜਸ਼ੀਲ ਹੁੰਦਾ ਹੈ, ਉਹ ਪਲੇਠੇ ਚਿੰਤਨ ਦੀ ਸਮੱਗਰੀ ਵਿਚੋਂ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਕਰਨ ਵਾਲੇ ਚਿੰਤਨਾਂ ਨੂੰ ਬਿਨਾਂ ਘੋਖੇ-ਪੜਤਾਲ ਚਿੰਤਨ-ਫਲ ਦੇ ਰੂਪ ਵਿਚ ਸਵੀਕਾਰ ਕਰਕੇ ਅੱਗੇ ਵਧਦਾ ਹੈ। ਇੰਜ ਇਤਿਹਾਸਕਾਰ ਵਧੇਰੇ ਮਿਹਨਤ ਕਰਨ ਦੀ ਖੇਚਲ ਤੋਂ ਬਚਦਾ ਹੋਇਆ, ਫਲਕ ਵਿਚ ਫੈਲੇ ਚਿੰਤਨ ਦੀ ਘੋਖ-ਪੜਤਾਲ ਨਾ ਕਰਕੇ ਇਕ ਅਜਿਹਾ ਰਸਤਾ ਚੁਣ ਬਹਿੰਦਾ ਹੈ, ਜਿਹੜਾ ਮੁਸ਼ਕਲ ਹੋਣ ਦੀ ਬਜਾਏ ਆਸਾਨ ਹੁੰਦਾ ਹੈ। ਉਹ ਅਜਿਹਾ ਸਹਿਜ ਤੇ ਆਸਾਨ ਰਸਤਾ ਚੁਣਨਾ ਇਸ ਲਈ ਪਸੰਦ ਕਰਦਾ ਹੈ ਕਿ ਹਰ ਕਾਰਜ ਵਿਚ ਚਿੰਤਨ ਇਕ ਵਿਚੋਲੀਏ ਦਾ ਕੰਮ ਕਰਦਾ ਹੈ ਜਿਹੜਾ ਅੰਤਲੇ ਚਿੰਤਨ ਉੱਤੇ ਹੀ ਨਿਰਭਰ ਹੁੰਦਾ ਹੈ। ਇਸ ਮਾਮਲੇ ਵਿਚ ਇਤਿਹਾਸਕਾਰ ਨੂੰ ਨਿਰਪੱਖ ਹੋ ਕੇ ਵਧੇਰੇ ਡੂੰਘਾਈ ਤਕ ਜਾਣਾ ਚਾਹੀਦਾ ਹੈ। ਤਾਂਕਿ ਉਹ ਚਿੰਤਨ ਦੇ ਸਿੱਟਿਆਂ ਦੀ ਤੈਹ ਵਿਚ ਕੰਮ ਕਰਨ ਵਾਲੇ ਕਾਰਣਾ ਦਾ ਅਧਿਅਨ ਕਰਕੇ ਪਲੇਠੀਆਂ ਧਾਰਨਾਵਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਕੁਝ ਕਹਿ ਸਕੇ। ਪਰ ਅਕਸਰ ਇੰਜ ਹੁੰਦਾ ਹੈ ਕਿ ਚਿੰਤਕ ਆਪਣੇ ਤੋਂ ਪਹਿਲਾਂ ਵਾਲੇ ਸਿੱਟਿਆਂ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦੇ। ਇਸ ਲਈ ਉਹਨਾਂ ਤੱਥਾਂ ਵੱਲ ਹੋਰ ਅੱਗੇ ਤਕ ਧਿਆਨ ਨਹੀਂ ਦਿੰਦੇ, ਜਿਹਨਾਂ ਦੀ ਅਣਦੇਖੀ ਕਰਕੇ, ਪ੍ਰਚੱਲਤ ਸਿੱਟੇ ਕੱਢੇ ਗਏ ਸਨ। ਇਸ ਤਰ੍ਹਾਂ ਇਤਿਹਾਸ ਦੀ ਜਾਣਕਾਰੀ ਲੈਂਦਿਆਂ ਹੋਇਆਂ, ਅਗਿਆਨ ਨੂੰ ਗਿਆਨ ਵਾਂਗ ਕਬੂਲ ਕਰ ਲਿਆ ਜਾਂਦਾ ਹੈ। ਮੈਨੂੰ ਜਾਪਦਾ ਹੈ ਕਿ ਸਾਰੇ ਭਾਰਤ ਵਿਚ 1857 ਵਿਚ ਸਿੱਖਾਂ ਦੀ ਭੂਮਿਕਾ ਨੂੰ ਲੈ ਕੇ ਪਰੋਧਾ (ਇਤਿਹਾਸ ਦੇ ਪਰੋਹਤ ਮੰਨੇ ਜਾਣ ਵਾਲੇ) ਵਿਦਵਾਨਾ ਨੇ ਇਸ ਭੁਲੇਖੇ ਪਾਊ ਭੂਤਵਾਦ ਨੂੰ ਸੱਚ ਮੰਨ ਕੇ ਆਪਣੇ ਸਿੱਟੇ ਪੇਸ਼ ਕੀਤੇ ਹਨ। ਇੱਥੇ ਇਤਿਹਾਸ ਦੀ ਪ੍ਰਕ੍ਰਿਤੀ, ਪਦਵੀ, ਚੋਣ ਸਾਮਗਰੀ, ਤੱਥਾਂ ਦੀ ਪਕਿਆਈ, ਸੱਚਾਈ ਤੇ ਅਸਲੀ ਚੇਤਨਾ ਉਪਰ ਧਿਆਨ ਕੇਂਦਰਤ ਨਾ ਕਰਦੇ ਹੋਏ, ਪਹਿਲੇ ਸਿੱਟਿਆਂ ਦੀ ਸੂਚੀ ਤਿਆਰ ਕਰਕੇ ਚਿੰਤਨ ਨੂੰ ਉਸੇ ਤਰ੍ਹਾਂ ਬਨਾਊਟੀ ਢੰਗ ਨਾਲ ਪੇਸ਼ ਕਰਦਿਆਂ, ਉਸ ਵਿਚ ਲਾਪ੍ਰਵਾਹੀ ਦਾ ਤੱਤ ਇਸ ਹੱਦ ਤਕ ਘੋਲ ਦਿੱਤਾ ਗਿਆ ਹੈ ਕਿ ਕਈ ਮਾਮਲਿਆਂ ਵਿਚ ਇਕ ਪੱਖ ਦਾ ਦੂਜੇ ਪ੍ਰਤੀ ਦੁਸ਼ਮਣੀ ਵਾਲਾ ਰੁਖ਼ ਤੇਜ਼ੀ ਨਾਲ ਉਭਾਰਿਆ ਜਾ ਸਕੇ। ਇਸ ਤਰ੍ਹਾਂ ਦੇ ਵਿਹਾਰ ਨਾਲ ਇਕ ਗ਼ੈਰ ਮਨੁੱਖੀ ਦ੍ਰਿਸ਼ਟੀਕੋਣ ਅਸਮਿਤੀ ਨੂੰ ਵਿਰੋਧ ਤੇ ਅਹੰ-ਭਾਵਨਾ ਸਿੱਧ ਕਰਨ ਦਾ ਯਤਨ ਕਰਨ ਲੱਗਦਾ ਹੈ। ਇਹੀ ਹੋਇਆ ਹੈ ਇਹ ਇਤਿਹਾਸ ਲਿਖਣ ਸਮੇਂ। ਪੰਡਤ ਜਵਾਹਰਲਾਲ ਨਹਿਰੂ ਕਹਿੰਦੇ ਹਨ, 'ਅੰਗਰੇਜ਼ਾਂ ਨੂੰ ਗੋਰਖਿਆਂ ਦੀ ਮਦਦ ਮਿਲੀ, ਪਰ ਉਸ ਨਾਲੋਂ ਵੀ ਵਧੇਰੇ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਿੱਖਾਂ ਦੀ ਮਦਦ ਮਿਲੀ।' ਪਤਾ ਨਹੀਂ ਕਿਸ ਆਧਾਰ 'ਤੇ ਪੰਡਤ ਨਹਿਰੂ ਇਕ ਅਣਇਤਿਹਾਸਕ ਤੇ ਸੰਪਰਦਾਇਕ ਸਿੱਟਾ ਕੱਢ ਲੈਂਦੇ ਹਨ। ਉਪਰੋਂ ਡਾਕਟਰ ਰਾਮਬਿਲਾਸ ਸ਼ਰਮਾ ਪੰਡਤ ਨਹਿਰੂ ਦੇ ਇਸ ਭੁਲੇਖਾ ਪਾਊ ਸਿੱਟੇ ਨੂੰ ਗੋਲ ਕਰ ਜਾਂਦੇ ਹਨ ਤੇ ਉਸਦੀ ਤੁਲਨਾ ਸੁਰੇਂਦਰਨਾਥ ਦੇ ਵਿਚਾਰਾਂ ਨਾਲ ਕਰਨ ਲੱਗ ਪੈਂਦੇ ਹਨ।

ਦਿੱਲੀ ਵਿਚ ਬਹਾਦੁਰ ਸ਼ਾਹ ਨੂੰ ਸੱਤਾ ਤੋਂ ਲਾਹੇ ਜਾਣ 'ਤੇ ਜਿਹੜੀ ਭਿਆਨਕ ਟੱਕਰ ਅੰਗਰੇਜ਼ਾਂ ਤੇ ਵਿਦਰੋਹੀਆਂ ਵਿਚਕਾਰ ਹੋਈ ਉਸਦਾ ਜ਼ਿਕਰ ਤੇ ਵਰਨਣ ਤਾਂ ਵਧੇਰੇ ਇਤਿਹਾਸਕਾਰ ਕਰ ਦਿੰਦੇ ਹਨ ਪਰ ਉਸ ਮੌਕੇ ਸਿੱਖਾਂ ਨੇ ਆਪਣੀ ਦੇਸ਼ ਭਗਤੀ ਤੇ ਬਹਾਦਰੀ ਦੇ ਨਾਲ-ਨਾਲ ਤੇ ਜਿਸ ਸੂਝ-ਬੂਝ ਨਾਲ ਯੋਜਨਾ ਬੱਧ ਕਾਰਵਾਈ ਕਰਕੇ ਆਪਣੀ ਹੋਂਦ ਦਾ ਅਹਿਸਾਸ ਦਿਵਾਇਆ, ਉਸਦੀ ਮਿਸਾਲ ਲੱਭਣ 'ਤੇ ਵੀ ਘੱਟੋਘੱਟ ਭਾਰਤ ਵਿਚ ਤਾਂ ਨਹੀਂ ਮਿਲੇਗੀ, ਉਸਦਾ ਜ਼ਿਕਰ ਤਕ ਨਹੀਂ ਕੀਤਾ ਜਾਂਦਾ। ਸਿੱਖਾਂ ਨੇ ਆਪਣੀ ਮਹਾਨਤਮ ਉਚਾਈ ਦਾ ਸਬੂਤ ਦਿੰਦਿਆਂ ਹੋਇਆਂ ਬਾਦਸ਼ਾਹ ਤੋਂ ਆਪਣੀ ਸੁਤੰਤਰ ਪਛਾਣ ਦੇ ਨਾਲ ਲੜਨ ਦੀ ਇੱਛਾ ਪ੍ਰਗਟ ਕਰਦੇ ਹੋਏ, ਇਜਾਜ਼ਤ ਮੰਗੀ। ਜਿਸਦੇ ਸਬੂਤ ਵਜੋਂ ਜੀਵਨ ਲਾਲ ਆਪਣੀ ਡਾਇਰੀ ਵਿਚ ਜ਼ਿਕਰ ਕਰਦੇ ਹਨ...: '05.08.1857 ਨੂੰ ਸਿੱਖਾਂ ਨੂੰ ਦੂਜੇ ਸਿਪਾਹੀਆਂ ਵੱਲੋਂ ਭਰਪੂਰ ਸਮਰਥਣ ਨਹੀਂ ਮਿਲ ਰਿਹਾ ਸੀ। ਜਦਕਿ ਉਹ ਦੁਸ਼ਮਣ 'ਤੇ ਹਮਾਲੇ ਕਰ ਰਹੇ ਸਨ। ਫੇਰ ਵੀ, ਉਹਨਾਂ ਨੇ ਬਾਦਸ਼ਾਹ ਨੂੰ ਪ੍ਰਰਾਥਨਾ ਕੀਤੀ ਕਿ ਉਹ ਇਕ ਸਿੱਖ ਰੈਜੀਮੈਂਟ ਤਿਆਰ ਕਰਨ, ਜਿਸ ਵਿਚ ਦਿੱਲੀ ਵਿਚ ਮੌਜ਼ੂਦ ਸਾਰੇ ਸਿੱਖ ਸ਼ਾਮਲ ਹੋਣ, ਜਿਸ ਨਾਲ ਉਹ ਬ੍ਰਿਟਿਸ਼ਾਂ 'ਤੇ ਸਫਲਤਾ ਦੀ ਆਸ ਨਾਲ ਹਮਲਾ ਕਰ ਸਕਣ।' ਹੋਰ ਲਿਖਤਾਂ ਦੱਸਦੀਆਂ ਹਨ ਕਿ ਉਹਨਾਂ ਨੇ ਆਪਣੀ ਇਹ ਦਰਖ਼ਵਾਸਤ ਮਿਰਜਾ ਮੁਗਲ ਰਾਹੀਂ ਬਾਦਸ਼ਾਹ ਨੂੰ ਪਹੁੰਚਾਈ ਸੀ। 'ਮਿਰਜਾ ਮੁਗਲ ਨੇ ਬਾਦਸ਼ਾਹ ਦੇ ਦਰਬਾਰ ਵਿਚ ਸਿੱਖਾਂ ਦੀ ਇਸ ਪਟੀਸ਼ਨ ਦੇ ਵਿਸ਼ੇ ਵਿਚ ਸੂਚਨਾ ਦਿੱਤੀ ਕਿ ਉਹਨਾਂ ਦੂਜੀਆਂ ਪਲਟਨਾ ਤੇ ਰਸਾਲਿਆਂ ਨਾਲੋਂ ਵੱਖਰੀ ਸਿੱਖ ਬਟਾਲੀਅਨ ਬਣਾਉਣ ਬਾਰੇ ਦਰਖ਼ਵਾਸਤ ਕੀਤੀ ਹੈ।' ਮਿਰਜਾ ਮੁਗਲ ਨੇ ਅੱਗੇ ਫੇਰ ਕਿਹਾ 'ਸਿੱਖ ਆਪਣੇ ਧਰਮ ਦੀ ਸਹੁੰ ਖਾਂਦੇ ਹਨ ਕਿ ਉਹ ਬਾਦਸ਼ਾਹ ਸਲਾਮਤ ਦੇ ਤੇ ਵਤਨ ਦੇ ਵਫ਼ਾਦਾਰ ਰਹਿਣਗੇ।' ਸਿੱਖਾਂ ਦੀ ਇਹ ਦਰਖ਼ਵਾਸਤ ਬੜੇ ਸਨਮਾਨ ਨਾਲ ਸਵੀਕਾਰ ਕਰ ਲਈ ਗਈ। 22 ਅਗਸਤ ਨੂੰ ਬਾਦਸ਼ਾਹ ਨੇ ਕਮਾਂਡਰ ਬਖ਼ਤਖਾਂ ਨੂੰ ਇਸਦੇ ਸੰਬੰਧ ਵਿਚ ਆਪਣੀ ਸਹਿਮਤੀ ਦੇ ਦਿੱਤੀ। ਇਸ ਪਿੱਛੋਂ ਸਿੱਖ ਆਪਣੀ ਬਟਾਲੀਅਨ ਦੇ ਝੰਡੇ ਹੇਠ ਬਹਾਦਰੀ ਨਾਲ ਲੜਦੇ ਰਹੇ।

ਇਕ ਲਿਖਤ ਕਾਨਸਿੰਘ ਦੀ ਲਿਖੀ ਹੋਈ ਮਿਲਦੀ ਹੈ। 'ਸਿਖ ਰੈਜੀਮੈਂਟ ਨੇ ਇਸ ਗੱਲ ਦੀ ਸਹੁੰ ਚੁੱਕੀ ਹੈ ਕਿ ਸ਼ਾਹ ਦੇ ਹੁਕਮ ਦਾ ਪਾਲਨ ਕੀਤਾ ਜਾਏਗਾ।' ਇਸ ਲਿਖਤ ਉੱਤੇ ਸ਼ੁਜਾ ਸਿੰਘ, ਬਹਾਦੁਰ ਸਿੰਘ, ਖੜਕ ਸਿੰਘ, ਮੁਹਤਾਜ ਸਿੰਘ, ਭਗਵਾਨ ਸਿੰਘ ਆਦਿ ਦੇ ਦਸਤਖ਼ਤ ਹਨ। ਅਜਿਹੇ ਸਬੂਤਾਂ ਦੇ ਹੁੰਦਿਆਂ ਹੋਇਆਂ ਵੀ ਕਿ ਸਿੱਖਾਂ ਵਿਚ ਉੱਚੇ ਸਤਰ ਦੀ ਰਾਸ਼ਟਰ ਚੇਤਨਾ ਸੀ, ਉਹਨਾਂ ਵਿਚ ਅੰਤਾਂ ਦੀ ਬਲੀਦਾਨ-ਭਾਵਨਾ ਸੀ, ਫੇਰ ਵੀ 'ਜੇ ਸਿੱਖਾਂ ਨੇ ਸਾਥ ਦਿੱਤਾ ਹੁੰਦਾ' ਤੇ 'ਜੇ ਸਿੱਖ ਗੱਦਾਰੀ ਨਾ ਕਰਦੇ' ਇੰਜ ਕਹਿਣਾ, ਕੀ ਹੋਛੇ ਇਤਿਹਾਸਕਾਰਾਂ ਦੀ ਸੰਪਰਦਾਇਕ ਸੋਚ ਨੂੰ ਉਜਾਗਰ ਨਹੀਂ ਕਰਦਾ?

ਕੁਝ ਗੱਲਾਂ ਏਨੀਆਂ ਸਰਲ ਹਨ, ਜਿਹਨਾਂ ਨੂੰ ਸਾਧਾਰਣ ਆਦਮੀ ਵੀ ਸਮਝ ਸਕਦਾ ਹੈ। 'ਸ਼ੇਰ ਸਿੰਘ, ਜਿਸਦੀ ਕਦੀ ਸ਼ਾਨ ਸੀ, ਮਾਨ ਸੀ, ਕਲਕੱਤੇ ਵਿਚ ਕੈਦ ਭੁਗਤ ਰਿਹਾ ਸੀ। ਮਹਾਨ ਸਿੱਖ ਵਿਕਰਮ ਸਿੰਘ, ਜਿਹੜਾ ਕਿ ਮਹਾਨ ਗੁਰੂ ਗੋਬਿੰਦ ਸਿੰਘ ਵਰਗਾ ਸੀ, ਸਨਮਾਨ ਪ੍ਰਾਪਤ ਜੁਝਾਰ ਸਿੰਘ ਸੀ, ਜਿਹੜਾ ਬੇਦੀਆਂ ਦਾ ਬੇਦੀ ਸੀ, ਆਪਣੇ ਘਰ ਵਿਚ ਤੜਫ ਰਿਹਾ ਸੀ। ਉਸਦੀਆਂ ਲੜਖੜਾਉਂਦੀਆਂ ਲੱਤਾਂ ਤੇ ਕੰਬਦੇ ਹੱਥ, ਉਸਦੀਆਂ ਅੰਗਿਆਰ ਵਰ੍ਹਾਉਂਦੀਆਂ ਅੱਖਾਂ ਦਾ ਮਜ਼ਾਕ ਉਡਾ ਰਹੇ ਸਨ।' ਭਾਵੇਂ ਸਰਕਾਰ ਇਹਨਾਂ ਬੁੱਢੇ ਸ਼ੇਰਾਂ ਤੋਂ ਡਰਦੀ ਨਹੀਂ ਸੀ ਫੇਰ ਵੀ ਇਹਨਾਂ ਦੀ ਦਹਾੜ ਤੋਂ ਭੈ ਜ਼ਰੂਰ ਮੰਨਦੀ ਸੀ। ਤੇ ਆਮ ਸਿੱਖ ਜਗ੍ਹਾ ਜਗ੍ਹਾ ਹੋਣ ਵਾਲੇ ਵਿਦਰੋਹ ਵਿਚ ਜਿੰਦ-ਜਾਨ ਨਾਲ ਲੜ ਰਹੇ ਸਨ। ਤੇ ਉਧਰ ਰਾਮ ਸਿੰਘ ਕੂਕੇ ਦਾ ਵਿਦਰੋਹ ਜਿਹੜਾ ਕਈ ਵਰ੍ਹੇ ਬਾਅਦ ਤਕ ਚੱਲਦਾ ਰਿਹਾ, ਜਿਸ ਉੱਤੇ ਇਹਨਾਂ 'ਬੁੱਧਵਾਨ ਇਤਿਹਾਸਕਾਰਾਂ' ਦੀ ਨਜ਼ਰ ਨਹੀਂ ਪੈ ਸਕੀ। ਮਹਾਰਾਣੀ ਜਿੰਦਾਂ, ਜਿਸਨੂੰ ਬਨਾਰਸ ਵਿਚ ਉੱਥੋਂ ਦੇ ਬ੍ਰਾਹਮਣ ਰਾਜੇ ਦੀ ਸਪੁਰਦਗੀ ਵਿਚ ਕੈਦ ਰੱਖਿਆ ਗਿਆ, ਉਸਦੇ ਵਫ਼ਾਦਾਰ ਸੈਨਕਾਂ ਨੇ ਦਿੱਲੀ ਦੀ ਸ਼ਾਹੀ ਸਿੱਖ ਰੈਜੀਮੈਂਟ ਵਿਚ ਭਾਗ ਨਹੀਂ ਲਿਆ। ਕੀ ਇਸ ਗੱਲ ਦੇ ਸਬੂਤ ਅੱਜ ਤੀਕ ਕਿਸੇ ਨੇ ਦਿੱਤੇ ਨੇ? ਮਹਾਰਾਣੀ ਬਨਾਰਸ ਵਿਚੋਂ ਨਿਕਲ ਕੇ ਕਿਸ ਤਰ੍ਹਾਂ ਨੇਪਾਲ ਪਹੁੰਚੀ, ਇਸ ਕਸ਼ਟ ਭਰੀ ਯਾਤਰਾ ਨੂੰ ਕਿਉਂ ਭੁਲਾਇਆ ਜਾ ਰਿਹਾ ਹੈ? ਸਿੱਖਾਂ ਦੀ ਦੇਸ਼ ਭਗਤੀ, ਬਹਾਦੁਰੀ ਤੇ ਹੌਸਲੇ ਦੀ ਤੁਲਨਾ ਭਾਵੇਂ ਕਿਸੇ ਵੀ ਦੇਸ਼ ਭਗਤ ਕੌਮ ਨਾਲ ਕਰ ਲਈ ਜਾਏ, ਸਿੱਖ ਸਦਾ ਹੀ ਇੱਕੀ ਸਿੱਧ ਹੁੰਦੇ ਆਏ ਹਨ ਤੇ ਰਹਿਣਗੇ।

ਹੁਣ ਪੰਜਾਬ ਦੀਆਂ ਕੁਝ ਘਟਨਾਵਾਂ ਨੂੰ ਲੈਂਦੇ ਹਾਂ—ਜਦਕਿ ਏਨੀਆਂ ਲਿਖਤਾਂ ਤੇ ਹੱਥ ਲਿਖਤਾਂ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਘਟਨਾਵਾਂ ਬਾਰੇ ਮਿਲਦੀਆਂ ਹਨ ਫਿਰ ਵੀ ਇਤਿਹਾਸਕਾਰਾਂ ਨੇ ਉਹਨਾਂ ਨੂੰ ਅਣਡਿੱਠ ਕਰਕੇ ਕਿਸ ਇਤਿਹਾਸਕ ਦ੍ਰਿਸ਼ਟੀ ਦਾ ਸਬੂਤ ਦਿੱਤਾ ਹੈ? ਇਹ ਗੱਲ ਵਿਚਾਰ ਕਰਨ ਯੋਗ ਹੈ। ਮੇਜਰ ਲਕ ਜੋ ਟ੍ਰਾਂਸ ਸਤਲੁਜ ਰਾਜਾਂ ਤੇ ਜਲੰਧਰ ਦੇ ਅਧੀਨ ਪੈਂਦੇ ਇਲਾਕੇ ਦੇ ਕਮਿਸ਼ਨਰ ਸਨ, ਜਿਹੜੇ ਮੇਰਠ ਤੇ ਦਿੱਲੀ ਵਿਚ ਹੋਏ ਕਤਲੇਆਮ ਸਮੇਂ ਉੱਥੇ ਮੌਜ਼ੂਦ ਸਨ, ਹੁਣ ਜਲੰਧਰ ਆ ਗਏ ਸਨ, ਉਹਨਾਂ ਨੇ ਹੀ ਰੈਜੀਮੈਂਟ ਦੇ ਹਥਿਆਰ ਵਾਪਸ ਲੈ ਲੈਣ ਦਾ ਮਤਾ ਪਾਸ ਕਰਵਾਇਆ, ਕਹਿੰਦੇ ਹਨ, '07 ਜੂਨ ਨੂੰ ਚੌਥੀ ਸਿੱਖ ਰੈਜੀਮੈਂਟ ਵਿਚ ਗੜਬੜੀ ਫੈਲ ਗਈ। ਐਤਵਾਰ ਦਾ ਦਿਨ ਸੀ ਤੇ ਰਾਤ ਦੇ ਗਿਆਰਾਂ ਵਜੇ 'ਫਾਇਰ' ਸ਼ਬਦ ਸੁਣਾਈ ਦਿੱਤਾ। ਦੇਖਿਆ ਗਿਆ ਕਿ ਕਰਨਲ ਹਾਰਟਲ ਦਾ ਘਰ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਸੀ।' ਇਸ ਦੇ ਬਾਵਜੂਦ ਵੀ ਸਾਨੂੰ ਸਹੀ ਨਤੀਜੇ 'ਤੇ ਪਹੁੰਚਣ ਵਿਚ ਔਖ ਕਿਉਂ ਆਉਂਦੀ ਰਹੀ?

ਇਤਿਹਾਸ ਦੀ ਸੰਪਦਾਏਵਾਦੀ ਧਾਰਨਾ ਹਰ ਦ੍ਰਿਸ਼ਟੀ ਨਾਲ ਮਨੁੱਖਤਾ ਦੇ ਵਿਰੁੱਧ ਹੀ ਜਾਂਦੀ ਹੈ। ਜਾਂ ਤਾਂ ਉਹ ਕਿਸੇ ਵਿਸ਼ੇਸ਼ ਸੰਪਰਦਾਏ 'ਚੋਂ ਆਏ ਇਤਿਹਾਸ ਘੜਨ ਵਾਲੇ ਦਾ ਅੰਤਰ ਬਿੰਬ, ਅੱਤ-ਕਥਨੀ ਦੇ ਰੂਪ ਵਿਚ, ਦਰਸਾਉਂਦੀ ਹੈ ਜਾਂ ਬਡਰੂਪ ਚਿੱਤਰ ਪੇਸ਼ ਕਰਨ ਵਿਚ ਆਪਣੀ ਸਾਰੀ ਸ਼ਕਤੀ ਲਾ ਦਿੱਤੀ ਗਈ ਹੁੰਦੀ ਹੈ। ਦੋਵੇਂ ਪਾਸੇ ਅਸਲੀਅਤ ਦੇ ਰੂਪ ਨੂੰ ਬਡਰੂਪ ਕਰਨ ਦੀ ਪੇਸ਼ਕਾਰੀ ਹੁੰਦੀ ਹੈ। ਇਹੋ ਹੁੰਦਾ ਆਇਆ ਹੈ, ਸਾਡੇ ਭਾਰਤ ਵਿਚ। ਜਦੋਂ ਇਤਿਹਾਸ ਲੇਖਕ ਪਹਿਲਾਂ ਹੀ ਮਿਥ ਲੈਂਦਾ ਹੈ ਕਿ ਉਂਗਲ਼ ਕਿਸ ਵੱਲ ਸਿੰਨ੍ਹਣੀ ਹੈ, ਤਾਂ ਫੇਰ ਉਹ ਉਹਨਾਂ ਸਬੂਤਾਂ ਨੂੰ ਵਿਸ਼ਵਾਸ ਯੋਗ ਮੰਨ ਕੇ ਤੁਰਦਾ ਹੈ ਜਿਹੜੇ ਉਸਦੀ ਉਂਗਲ਼ ਦੇ ਇਸ਼ਾਰੇ ਦੀ ਤਜ਼ਮਾਨੀ ਕਰਨ ਵਿਚ ਸਹਾਈ ਹੋਣ। ਜਿਵੇਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਇਤਿਹਾਸਕਾਰ ਉਹਨਾਂ ਲਿਖਤਾਂ, ਸਬੂਤਾਂ ਤੇ ਸੰਦਰਭਾਂ ਨੂੰ ਸੱਚ ਮੰਨ ਕੇ ਤੁਰਦਾ ਹੈ ਜਿਹੜੇ ਉਸਦੀ ਇਤਿਹਾਸਕ ਦ੍ਰਿਸ਼ਟੀ ਦੇ ਸਪਾਟ ਨੂੰ ਜਸਟੀਫਾਈ ਕਰਦੇ ਹਨ। ਇਸ ਤਰ੍ਹਾਂ ਅਮੂਰਤ ਤੇ ਖੋਖਲੀ ਸ਼ਬਦਾਵਲੀ ਨਾਲ ਕਿਸੇ ਵੀ ਲਿਖਤ ਨੂੰ ਪੱਕੇ-ਪੈਰੀਂ ਕਰ ਦਿੱਤਾ ਜਾਂਦਾ ਹੈ। ਇਵੇਂ ਸਿੱਖਾਂ ਬਾਰੇ ਕੀਤਾ ਗਿਆ ਹੈ। ਇਸੇ ਤਰ੍ਹਾਂ ਕਲਪਨਾਵਾਂ ਨੂੰ ਇਤਿਹਾਸਕ ਰੂਪ ਦੇਣ ਲਈ ਕਾਰਨ ਲੱਭੇ ਗਏ, ਜਦ ਕਿ ਇਹਨਾਂ ਕਰਨਾ ਦਾ ਕੋਈ ਸਿਰ ਪੈਰ ਨਹੀਂ। ਜਦੋਂ ਸਿੱਖ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਵਿਦਰੋਹ ਵਿਚ ਹਿੱਸਾ ਲੈ ਰਹੇ ਸਨ, ਉਦੋਂ ਇਹ ਕਹਿਣਾ ਕਿ ਮੁਗਲਾਂ ਨਾਲ ਤੁਰੀ ਆਉਂਦੀ ਦੁਸ਼ਮਣੀ ਤੇ ਦੂਜੇ ਘੱਲੂਘਾਰੇ ਦੀ ਯਾਦ ਨੇ ਸਿੱਖ ਸਿਪਾਹੀਆਂ ਨੂੰ ਵਿਦਰੋਹ ਤੋਂ ਬੇਮੁਖ ਕਰ ਦਿੱਤਾ, ਕਿਸੇ ਪਾਸਿਓਂ ਵੀ ਤਰਕ ਸੰਗਤ ਨਹੀਂ ਜਾਪਦਾ। ਏਨਾ ਹੀ ਨਹੀਂ ਕਿਤੇ ਵੀ ਇਹ ਸਬੁਤ ਨਹੀਂ ਮਿਲਦਾ ਕਿ ਸਿੱਖਾਂ ਨੇ ਉਪਰੋਕਤ ਕਾਰਨ ਕਰਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਹੋਵੇ।

ਆਪਣੀ ਇਸ ਗੱਲ ਦੀ ਪੁਸ਼ਟੀ ਵਜੋਂ ਮੈਂ ਇਕ ਸੰਦਰਭ ਪੇਸ਼ ਕਰਨਾ ਚਾਹਾਂਗਾ। ਵੈਸੇ ਤਾਂ ਸੰਦਰਭ ਅਨੇਕਾਂ ਦਿੱਤੇ ਜਾ ਸਕਦੇ ਹਨ, ਫੇਰ ਵੀ ਇੱਥੇ ਇਹ ਇਕੋ, ਹੋਰਾਂ ਵਿਰੋਧੀ ਵਿਚਾਰਾਂ ਨੂੰ ਭਾਂਜ ਦੇਣ ਲਈ ਕਾਫੀ ਹੈ। ਜਾਨ ਨਿਕਲਸਨ ਨੇ ਆਪਣੇ ਚੀਫ ਕਮਿਸ਼ਨਰ ਨੂੰ 27 ਅਗਸਤ 1857 ਨੂੰ ਜਿਹੜੀ ਚਿੱਠੀ ਘੱਲੀ, ਉਸ ਵਿਚ ਉਸਨੇ ਸਿੱਖਾਂ ਬਾਰੇ ਸਾਫ-ਸਾਫ ਤੇ ਖੁੱਲ੍ਹ ਕੇ ਕਹਿ ਦਿੱਤਾ ਸੀ, 'ਅਸੀਂ ਸਿੱਖਾਂ ਉੱਤੇ ਕਾਬੂ ਪਾਉਣ ਦੀ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਅਜੇ ਤਕ ਕੋਈ ਸਫਲਤਾ ਨਹੀਂ ਮਿਲੀ। ਉਹਨਾਂ ਨੇ ਆਪਣੀ ਇਕ ਬਟਾਲੀਅਨ ਬਣਾ ਲਈ ਹੈ। ਸੂਹੀਆਂ ਨੇ ਸੂਚਨਾ ਦਿੱਤੀ ਹੈ ਕਿ ਸਿੱਖ ਬ੍ਰਿਟਿਸ਼ ਕੈਂਪ ਵਿਚੋਂ ਖਿਸਕ ਕੇ ਦਿੱਲੀ ਵਿਚ ਆਪਣੇ ਦੇਸ਼ ਵਾਲਿਆਂ ਨਾਲ ਜਾ ਰਲੇ ਹਨ।' ਇਸ ਦੇ ਨਾਲ ਇਕ ਛੋਟਾ ਜਿਹਾ ਪਰ ਵਜਨਦਾਰ ਸਬੂਤ ਜੋ ਉਪਰੋਕਤ ਦੀ ਪੁਸ਼ਟੀ ਕਰਦਾ ਹੈ। ਕਰਨਲ ਬਰਨ ਕਹਿੰਦੇ ਹਨ—'ਵਿਦਰੋਹੀ ਸਿਪਾਹੀਆਂ ਦੇ ਸਾਥੀ ਸਿੱਖ ਸਿਪਾਹੀ ਆਪਣੇ ਦੇਸ਼ ਵਾਲੇ ਵਿਦਰੋਹੀਆਂ ਦੇ ਨਾਲ ਹੀ ਹਨ ਕੋਈ ਵੀ ਪ੍ਰੇਰਨਾ ਉਹਨਾਂ ਨੂੰ ਵੱਖ ਨਹੀਂ ਕਰ ਸਕੀ।'

ਹੁਣ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਬਾਰੇ ਫੈਲਾਏ ਗਏ ਭਰਮ-ਭੁਲੇਖੇ ਕਿੰਨੇ ਕੁ ਠੋਸ ਜਾਂ ਸੱਚ ਹਨ ਤੇ ਕਿਸ ਆਸ਼ਾ-ਮੰਸ਼ਾ ਨਾਲ ਫੈਲਾਏ ਗਏ ਹਨ। ਮੈਂ ਇਤਿਹਾਸ ਦੇ ਨਿਰਪੱਖ ਅਧਿਅਨਕਰਤਾਵਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਸ ਵਿਸ਼ੇ ਉਪਰ ਵਧੇਰੇ ਇਕਾਗਰਤਾ ਤੇ ਲਗਣ ਨਾਲ ਛਾਣਬੀਣ ਕਰਨ ਤੇ ਇਸ ਵਰ੍ਹੇ ਵਿਸ਼ੇਸ਼ ਮੁਹਿੰਮ ਚਲਾ ਕੇ ਯੂਨੀਵਰਸਟੀਆਂ ਦੇ ਸਤਰ 'ਤੇ ਖੋਜ ਦਾ ਕਾਰਜ ਕਰਵਾਇਆ ਜਾਵੇ। ਏਦਾਂ ਵੀ ਨਹੀਂ ਕਿ ਇਹ ਗੰਭੀਰ ਕਾਰਜ ਸਿਰਫ ਖੋਜ ਬਣ ਕੇ ਰਹਿ ਜਾਏ। ਇਤਿਹਾਸ ਦੀਆਂ ਪਾਠ ਪੁਸਤਕਾਂ ਨੂੰ ਦਰੁਸਤ ਕਰਕੇ ਇਸ ਗੰਭੀਰ ਦੋਸ਼ ਨੂੰ ਧੋਤਾ ਜਾਵੇ।

ਸੰਦਰਭ : ਕਨਿੰਘਮ : ਹਿਸਟਰੀ ਆਫ ਦੀ ਸਿਕਸ, ਜੇ.ਕੇ. ਬ੍ਰਾਉਨ : ਦਿ ਪੰਜਾਬ ਐਂਡ ਡੇਲਹੀ ਇਨ 1857, ਡੋਲੋਰੇਸ ਡੋਮਿਨ : ਦਿ ਰੋਲ ਆਫ ਸਿਕਸ ਡਯੂਰਿੰਗ ਦਿ ਅਪ ਰਾਈਜਿੰਗ ਆਫ 1857-59, ਡੋਲੋਰੇਸ ਡੋਮਿਨ : ਦਿ ਸਪਿਰਟ ਆਫ ਇੰਡੀਆ, ਵੋਲਯੂਮ-2, ਪੰਜਾਬ ਗਵਰਨਮੇਂਟ ਰਿਕਾਰਡਸ : ਮਯੂਟਿਨੀ ਕੋਰੇਸਪੋਂਡੇਸਜ, ਵੋਲਯੂਮ-2, ਸੀ.ਟੀ. ਮੈਟਕਾਫ : ਟੂ ਨੇਟਿਵ ਨੇਰੇਟਿਵ ਆਫ ਮਯੂਟਿਨੀ ਇਨ ਡੇਲਹੀ, ਫੌਜਾ ਸਿੰਘ ਬਾਜਵਾ : ਕੂਕਾ ਮੂਵਮੈਂਟ, ਪ੍ਰਦੀਪ ਸਕਸੇਨਾ : 1857 ਔਰ ਨਵਜਾਗਰਣ ਕੇ ਪ੍ਰਸ਼ਨ, ਉਦਯ ਨਾਰਾਇਣ ਸਿੰਘ : ਪ੍ਰਥਮ ਭਾਰਤੀਯ ਜਨਕ੍ਰਾਂਤੀ ਕੇ ਯੁੱਧ।

--- --- ---

ਸੰਪਰਕ ਲਈ ਲੇਖਕ ਦਾ ਪਤਾ : ਹਰਪਾਲ ਸਿੰਘ ਅਰੁਸ਼ , ਵਿਮਲ ਕੁੰਜ, ਆਦਰਸ਼ ਕਾਲੋਨੀ, ਮੁਜੱਫਰਨਗਰ-251001. (ਉ.ਪ੍ਰ.)। ਫੋਨ : 0131-2412208 , ਮੋਬਾਇਲ : 09837036071.

--- --- ---