Thursday, November 25, 2010

ਸਿਲ...::ਲੇਖਕ : ਰਾਮ ਲਾਲ




ਉਰਦੂ ਕਹਾਣੀ :
ਸਿਲ...
ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮਾਨ ਸਿੰਘ ਆਪਣੀ ਪਤਨੀ ਨਾਲ ਸਾਰੇ ਦੇਸ਼ ਦੀ ਸੈਰ ਕਰਨ ਨਿਕਲਆ ਹੋਇਆ ਸੀ, ਵੇਰਾਵਾਲ ਵਿਚ ਅਚਾਨਕ ਪਤਨੀ ਦੀ ਮੌਤ ਹੋ ਗਈ। ਬਿਮਾਰ ਤਾਂ ਉਹ ਇਕ ਅਰਸੇ ਤੋਂ ਰਹਿੰਦੀ ਸੀ ਪਰ ਪਤੀ ਨਾਲ ਘੁੰਮਣ-ਫਿਰਨ ਤੋਂ ਕਦੀ ਇਨਕਾਰ ਨਹੀਂ ਸੀ ਕੀਤਾ ਉਸਨੇ। ਜਦੋਂ ਦਾ ਉਹ ਰਿਟਾਇਰ ਹੋਇਆ ਸੀ ਸਾਲ ਵਿਚ ਇਕ ਦੋ ਵਾਰੀ ਕਿਤੇ ਨਾ ਕਿਤੇ ਜ਼ਰੂਰ ਹੋ ਆਉਂਦਾ ਸੀ...ਬੰਬਈ, ਮਦਰਾਸ, ਮੈਸੂਰ, ਹੈਦਰਾਬਾਦ, ਕਲਕੱਤਾ ਅਤੇ ਦਾਰਜੀਲਿੰਗ—ਉਹ ਉਸ ਨਾਲ ਘੁੰਮ ਚੁੱਕੀ ਸੀ। ਉਹਨਾਂ ਦਾ ਇਹ ਸ਼ੌਕ ਦੇਖ ਕੇ ਲੋਕ ਸਿਰਫ ਹੱਸਦੇ ਹੀ ਨਹੀਂ ਸਨ ਹੁੰਦੇ, ਸਗੋਂ ਉਹਨਾਂ ਦੀ ਕਿਸਮਤ ਉੱਤੇ ਅਸ਼-ਅਸ਼ ਵੀ ਕਰਦੇ ਹੁੰਦੇ ਸਨ ਕਿ ਪਤੀ-ਪਤਨੀ ਹੋਣ ਤਾਂ ਇਹੋ-ਜਿਹੇ ਜਿਹੜੇ ਬੁਢੇਪੇ ਵਿਚ ਵੀ ਇਵੇਂ ਹੀ ਨਾਲ-ਨਾਲ ਰਹਿਣ।
ਮਾਨ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ ਤੇ ਧੀ ਨੂੰ ਤਾਰ ਦੁਆਰਾ ਉਹਨਾਂ ਦੀ ਮਾਂ ਦੀ ਮੌਤ ਦੀ ਖਬਰ ਭਿਜਵਾ ਦਿੱਤੀ...'ਮੈਂ ਸਤ ਨਵੰਬਰ ਤੀਕ  ਹਰਦੁਆਰ ਪਹੁੰਚ ਜਾਵਾਂਗਾ। ਅਸਥੀਆਂ ਗੰਗਾ ਵਿਚ ਹੀ ਪ੍ਰਵਾਹੀਆਂ ਜਾਣਗੀਆਂ। ਤੁਸੀਂ ਸਾਰੇ ਉੱਥੇ ਹੀ ਆ ਜਾਇਓ।'
ਇਹ ਗੱਲ ਠੀਕ ਵੀ ਸੀ...ਸਾਰੇ ਦੂਰ ਦੂਰ ਤੇ ਵੱਖਰੇ-ਵੱਖਰੇ ਸ਼ਹਿਰਾਂ ਵਿਚ ਰਹਿੰਦੇ ਸਨ। ਵੇਰਾਵਾਲ ਪਹੁੰਚਣ ਲਈ ਉਹਨਾਂ ਨੂੰ ਕਾਫੀ ਮੁਸੀਬਤਾਂ ਝੱਲਣੀਆਂ ਪੈਣੀਆਂ ਸਨ। ਨਰਿੰਦਰ ਸਿੰਘ ਪਟਿਆਲੇ ਵਿਚ ਰਹਿੰਦਾ ਸੀ ਤੇ ਸੁਰਿੰਦਰ ਸਿੰਘ ਲਖ਼ਨਊ ਵਿਚ...ਤੇ ਪਰਮਜੀਤ ਕੌਰ ਅੱਜ ਕਲ੍ਹ ਆਪਣੇ ਪਤੀ ਤੇ ਦੋਏ ਬੱਚਿਆਂ ਨਾਲ ਪਟਨੇ ਵਿਚ ਰਹਿ ਰਹੀ ਸੀ।
ਪਤਨੀ ਦੇ ਅਚਾਨਕ ਵਿਛੋੜੇ ਸਦਕਾ ਮਾਨ ਸਿੰਘ ਉਦਾਸ ਜਿਹਾ ਹੋ ਗਿਆ ਸੀ। ਦੋਹਾਂ ਨੇ ਲਗਭਗ ਚਾਲ੍ਹੀ ਸਾਲ ਇਕੱਠਿਆਂ ਬਿਤਾਏ ਸਨ। ਇਹੋ ਜਿਹਾ ਮੌਕਾ ਘੱਟ ਹੀ ਆਇਆ ਸੀ ਜਦੋਂ ਕਦੀ ਉਹਨਾਂ ਵਿਚਕਾਰ ਕੋਈ ਵੱਡੀ ਤਕਰਾਰ ਹੋਈ ਹੋਵੇ। ਬਸ ਮੁੰਡਿਆਂ ਤੇ ਕੁੜੀ ਦੇ  ਰਿਸ਼ਤੇ ਨਾਤੇ ਦੀ ਚੋਣ ਸਮੇਂ ਮਾਮੂਲੀ ਜਿਹੇ ਮਤਭੇਦ ਹੋਏ ਸਨ, ਪਰ ਫੇਰ ਦੋਵਾਂ ਦੀ ਸਿਆਣਪ ਸਦਕਾ ਸਭ ਕੁਝ ਠੀਕ ਠਾਕ ਹੋ ਗਿਆ ਸੀ। ਹੁਣ ਤਾਂ ਸੁਖ ਨਾਲ ਉਹ ਸਾਰੇ ਹੀ ਬਾਲ ਬੱਚੇਦਾਰ ਹੋਏ ਹੋਏ ਸਨ। ਕਦੀ ਉਹ ਸਾਰੇ ਉਹਨਾਂ ਦੇ ਦਿੱਲੀ ਵਾਲੇ ਨਿੱਕੇ ਜਿਹੇ ਮਕਾਨ ਵਿਚ ਆ ਜਾਂਦੇ, ਤੇ ਕਦੀ ਉਹ ਦੋਏ ਆਪ ਜਾ ਕੇ ਵਾਰੀ ਵਾਰੀ ਉਹਨਾਂ ਨੂੰ ਮਿਲ ਆਉਂਦੇ। ਰੇਲਵੇ ਦੀ ਨੌਕਰੀ ਤੋਂ ਰਿਟਾਇਰ ਹੋਣ ਪਿਛੋਂ ਮਾਨ ਸਿੰਘ ਨੂੰ ਦੋ ਵਿਸ਼ੇਸ਼ ਸਹੂਲਤਾਂ ਮਿਲੀਆਂ ਸਨ—ਇਕ ਵਾਜਬ ਪੈਨਸ਼ਨ ਤੇ ਦੂਜੀ ਰੇਲ ਦਾ ਫਰੀ ਯਾਤਰਾ ਪਾਸ। ਇੰਜ ਉਹ ਆਪਣੀ ਪਤਨੀ ਨਾਲ ਸਾਲ ਵਿਚ ਦੋ ਵਾਰੀ ਕਿਤੇ ਨਾ ਕਿਤੇ ਹੋ ਆਉਂਦਾ ਹੁੰਦਾ ਸੀ।
ਤੇ ਹੁਣ ਪਤਨੀ ਆਪਣੀ ਅੰਤਿਮ ਯਾਤਰਾ ਉਪਰ ਰਵਾਨਾਂ ਹੋ ਗਈ ਸੀ...ਉਸ ਦੀਆਂ ਅਸਥੀਆਂ ਨੂੰ ਕਲਸ਼ ਵਿਚ ਪਾ ਕੇ ਉਹ ਹਰਦੁਆਰ ਵੱਲ ਲੈ ਤੁਰਿਆ। ਹਰਦੁਆਰ ਜਾਣ ਵਾਲੀ ਜਿਸ ਪੈਸਿੰਜਰ ਟ੍ਰੇਨ ਵਿਚ ਉਹ ਸਹਾਰਨਪੁਰ ਤੋਂ ਟਰੇਨ ਬਦਲ ਕੇ ਬੈਠਾ ਸੀ ਉਸ ਵਿਚ ਹੋਰ ਵੀ ਕਈ ਲੋਕ, ਉਸ ਵਾਂਗ ਹੀ ਆਪਣੇ ਕਿਸੇ ਨਾ ਕਿਸੇ ਸਕੇ-ਸਬੰਧੀ ਦੀਆਂ ਅਸਥੀਆਂ ਲੈ ਜਾ ਰਹੇ ਸਨ। ਉਹ ਇਕ ਦੂਜੇ ਨੂੰ ਉਹਨਾਂ ਬਾਰੇ ਦਸਦੇ ਰਹੇ ਸਨ, ਪਰ ਮਾਨ ਸਿੰਘ ਪੂਰੇ ਸਫ਼ਰ ਦੌਰਾਨ ਚੁੱਪ ਬੈਠਾ ਆਪਣੀ ਪਤਨੀ ਦੇ ਖ਼ਿਆਲਾਂ ਵਿਚ ਡੁੱਬਿਆ ਰਿਹਾ ਸੀ, ਜਿਸ ਦੀਆਂ ਯਾਦਾਂ ਅਜੇ ਰਤਾ ਵੀ ਧੁੰਦਲੀਆਂ ਨਹੀਂ ਸਨ ਹੋਈਆਂ।
ਉਹਨਾਂ ਦਾ ਵਿਆਹ ਇਕ ਪਰਿਵਾਰਿਕ ਝਗੜੇ ਦਾ ਨਤੀਜਾ ਸੀ। ਬਲਬੀਰ ਕੌਰ ਦੇ ਪਿਤਾ ਯਾਨੀ ਉਸਦੇ ਸਕੇ ਮਾਮੇ ਨੇ ਜ਼ਮੀਨ ਦੇ ਝਗੜੇ ਤੋਂ ਅੱਕ ਕੇ ਉਸਦੇ ਹੋਣ ਵਾਲੇ ਪਤੀ ਤੇ ਉਸਦੇ ਪਿਉ ਨੂੰ ਕ੍ਰਿਪਾਨ ਨਾਲ ਵੱਢ ਸੁੱਟਿਆ ਸੀ। ਸੋ ਬਲਬੀਰ ਕੌਰ ਨਾਲ ਸ਼ਾਦੀ ਕਰਵਾਉਣ ਨੂੰ ਕੋਈ ਵੀ ਤਿਆਰ ਨਹੀਂ ਸੀ।...ਤਿਆਰ ਹੁੰਦਾ ਵੀ ਕਿਵੇਂ! ਜਿਸ ਕੁੜੀ ਦੇ ਕਾਤਲ ਪਿਓ ਦਾ ਮੁਕੱਦਮਾ ਸੈਸ਼ਨ ਦੇ ਚੱਲ ਰਿਹਾ ਹੋਵੇ, ਮੌਕੇ ਦੇ ਗਵਾਹਾਂ ਦੀ ਲੰਮੀ ਕਤਾਰ ਹੋਵੇ, ਤੇ ਉਸ ਦਾ ਫਾਹੇ ਲੱਗ ਜਾਣਾ ਲਾਜ਼ਮੀ ਲੱਗਦਾ ਪਿਆ ਹੋਵੇ...ਭਲਾ ਉਹ ਕੁੜੀ ਆਪ ਕਿਹੋ-ਜਿਹੇ ਸੁਭਾਅ ਦੀ ਹੋਵੇਗੀ! ਪਰ ਉਸ ਪਰਵਾਰ ਵਿਚ ਕੁਝ ਬਜ਼ੁਰਗ ਅਜਿਹੇ ਦਿਆਲੂ ਤੇ ਹਮਦਰਦ ਵੀ ਸਨ, ਜਿਹਨਾਂ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿੱਤੀ । ਉਹਨਾਂ ਮਾਨ ਸਿੰਘ ਦੇ ਮਾਂ-ਪਿਓ ਉਪਰ ਜ਼ੋਰ ਪਾ ਕੇ, ਉਸ ਦਾ ਵਿਆਹ ਮਾਨ ਸਿੰਘ ਨਾਲ ਕਰਵਾ ਦਿੱਤਾ। ਇਹ ਸਭ ਕੁਝ ਬਿਲਕੁਲ ਹੀ ਅਚਾਨਕ ਵਾਪਰ ਗਿਆ ਸੀ। ਮਾਨ ਸਿੰਘ ਨੇ ਕਦੀ ਇਸ ਬਾਰੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਇੰਜ ਉਸਦੇ ਮਾਮੇ ਦੀ ਧੀ ਨਾਲ ਹੀ ਕਰ ਦਿੱਤਾ ਜਾਵੇਗਾ। ਉਹਨੀਂ ਦਿਨੀ ਉਹ ਕੁਝ ਦਿਨਾਂ ਦੀ ਛੱਟੀ ਕੱਟਣ ਪਿੰਡ ਆਇਆ ਹੋਇਆ ਸੀ ਤੇ ਜਦ ਉੱਥੋਂ ਵਾਪਸ ਆਇਆ ਤਾਂ ਉਸ ਦੀ ਨਵੀਂ ਵਿਆਹੀ ਲਾੜੀ ਦੇ ਪਿਤਾ ਨੂੰ ਫਾਂਸੀ ਦਾ ਹੁਕਮ ਵੀ ਸੁਣਾਅ ਦਿੱਤਾ ਗਿਆ ਸੀ। ਇੰਜ ਮੱਲੋ-ਮੱਲੀ ਵਿਆਹ ਦੇ ਵਿਆਹ ਦੇ ਬੰਨ੍ਹਣ ਵਿਚ ਜਕੜ ਦਿੱਤਾ ਜਾਣ ਕਰਕੇ ਉਹ ਆਪਣੇ ਪੂਰੇ ਪਰਿਵਾਰ ਨਾਲ ਹੀ ਨਾਰਾਜ਼ ਹੋ ਗਿਆ ਸੀ ਤੇ ਫੇਰ ਕਦੀ ਪਿੰਡ ਵਾਪਸ ਨਹੀਂ ਸੀ ਗਿਆ। ਬਲਬੀਰ ਕੌਰ ਵੀ ਅੰਤ ਸਮੇਂ ਤਕ ਆਪਣੇ ਪਤੀ ਦੇ ਨਾਲ ਰਹੀ...ਉਸ ਪਿੰਡ ਵਿਚ ਵਾਪਸ ਜਾਣਾ ਉਸ ਨੂੰ ਵੀ ਕਦੀ ਚੰਗਾ ਨਹੀਂ ਸੀ ਲੱਗਿਆ, ਜਿੱਥੇ ਉਸ ਦੇ ਕਾਤਲ ਬਾਪ ਦੇ ਕਿੱਸੇ ਹਰੇਕ ਦੀ ਜ਼ੁਬਾਨ ਉੱਤੇ ਰਹਿੰਦੇ ਸਨ।
ਜੇ ਇਹ ਦੁਰਘਟਨਾ ਨਾ ਵਾਪਰੀ ਹੁੰਦੀ ਤਾਂ ਯਕੀਨਨ ਮਾਨ ਸਿੰਘ ਦੀ ਪਤਨੀ ਵੀ ਕੋਈ ਹੋਰ ਹੀ ਹੁੰਦੀ। ਇਕ ਦਿਨ ਮਾਨ ਸਿੰਘ ਨੇ ਆਪਣੀ ਪਤਨੀ ਨੂੰ ਦੱਸਿਆ ਵੀ ਸੀ ਕਿ ਉਸ ਦੀ ਸ਼ਾਦੀ ਨੂਰਪੁਰ ਦੇ ਇਕ ਕਿਸਾਨ ਦੀ ਧੀ ਨਾਲ ਹੋਣੀ ਤੈਅ ਹੋਈ ਸੀ। ਸਾਰੀ ਗੱਲਬਾਤ ਹੋ ਚੁੱਕੀ ਸੀ ਪਰ ਹੁੰਦਾ ਉਹੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ।
ਕਈ ਸਾਲ ਪਹਿਲਾਂ—ਸ਼ਾਇਦ ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਸੀ। ਉਦੋਂ ਉਹ ਰਿਟਾਇਰ ਨਹੀਂ ਸੀ ਹੋਇਆ ਤੇ ਆਪਣੀ ਪਤਨੀ ਨਾਲ ਅੰਮ੍ਰਿਤਸਰ ਗਿਆ ਸੀ। ਉਹਨਾਂ ਦੀ ਧੀ ਪਰਮਜੀਤ ਕੌਰ ਵੀ ਨਾਲ ਹੀ ਸੀ। ਉਹ ਸਾਰੇ ਦਰਬਾਰ ਸਾਹਬ ਇਸ਼ਨਾਨ ਕਰਨ ਗਏ ਸਨ। ਉੱਥੇ ਦੁੱਖਭੰਜਨੀ ਬੇਰੀ ਦੇ ਸਾਹਮਣੇ ਇਕ ਅੱਧਖੜ ਜਿਹੀ ਔਰਤ ਸਿਰ ਝੁਕਾਈ ਬੈਠੀ ਨਜ਼ਰ ਆਈ। ਉਦੋਂ ਉਹ ਆਪਣੀ ਪਤਨੀ ਤੇ ਧੀ ਨੂੰ ਸਰੋਵਰ ਦੀ ਪੌੜੀ ਉਪਰ ਲਗਵਾਈ ਗਈ ਆਪਣੇ ਪਿਤਾ ਦੇ ਨਾਂ ਦੀ ਸਿਲ ਦਿਖਾਅ ਰਿਹਾ ਸੀ...ਜਿਸ ਉੱਤੇ ਉਕੇਰੇ ਅੱਖਰ ਹੁਣ ਕਾਫੀ ਹੱਦ ਤੱਕ ਮਿਟ ਚੁੱਕੇ ਸਨ। ਅਨੇਕਾਂ ਪੈਰਾਂ ਹੇਠ ਆ-ਆ ਕੇ ਸਿਲ ਨੂੰ ਵੀ ਘਾਸਾ ਪੈ ਗਿਆ ਸੀ।...ਤੇ ਉਹ ਉਹਨਾਂ ਨੂੰ ਆਪਣੇ ਪਿਤਾ ਬਾਰੇ ਦੱਸਦਾ-ਦੱਸਦਾ ਅਚਾਨਕ ਚੁੱਪ ਹੋ ਗਿਆ ਤੇ ਉਸ ਜ਼ਨਾਨੀ ਵੱਲ ਸਿਲ-ਪੱਥਰ ਜਿਹਾ ਹੋ ਕੇ ਦੇਖਣ ਲੱਗ ਪਿਆ ਸੀ। ਹੈਰਾਨ ਤੇ ਚੁੱਪਚਾਪ! ਉਹਨੇ ਵੀ ਬੇਰੀ ਨੂੰ ਮੱਥਾ ਟੇਕ ਕੇ ਸਿਰ ਉਪਰ ਚੁੱਕਿਆ ਤੇ ਉਸ ਵੱਲ ਵਿੰਹਦੀ ਹੀ ਰਹਿ ਗਈ! ਪਰ ਫੇਰ ਝੱਟ ਹੀ ਉਹਦੇ ਚਿਹਰੇ ਉਪਰ ਉਹੀ—ਸ਼ਰਧਾ, ਮੋਹ, ਸ਼ਾਂਤੀ ਤੇ ਆਤਮ-ਵਿਸ਼ਵਾਸ ਦੇ ਰਲੇ-ਮਿਲੇ ਭਾਵ ਪਰਤ ਆਏ ਸਨ। ਉਹ ਸਿਰ, ਕੰਨ ਤੇ ਸਾਰੇ ਸਰੀਰ ਨੂੰ ਆਪਣੇ ਉਪਰ ਲਈ ਹੋਈ ਲੋਈ ਵਿਚ ਲਪੇਟਦਿਆਂ ਉੱਥੋਂ ਤੁਰ ਗਈ ਸੀ। ਉਸ ਨੇ ਬੁੱਲ੍ਹਾਂ ਵਿਚ ਜਪੁਜੀ ਦਾ ਪਾਠ ਕਰਦਿਆਂ ਪਰਿਕਰਮਾਂ ਪੂਰੀ ਕੀਤੀ, ਪਰ ਪਰਤ ਕੇ ਮਾਨ ਸਿੰਘ ਵੱਲ ਇਕ ਵਾਰੀ ਵੀ ਨਾ ਦੇਖਿਆ!
ਮਾਨ ਸਿੰਘ ਆਪਣੀ ਪਤਨੀ ਨੂੰ ਇਹ ਦੱਸਣ ਦਾ ਹੌਸਲਾ ਨਹੀਂ ਸੀ ਕਰ ਸਕਿਆ ਕਿ ਇਹ ਉਹੀ ਔਰਤ ਸੀ ਜਿਸ ਨਾਲ ਉਸਦਾ ਰਿਸ਼ਤਾ ਤੈਅ ਹੋਇਆ ਸੀ।
ਅੰਮ੍ਰਿਤਸਰ ਵਿਚ  ਦੋ ਤਿੰਨ ਦਿਨ ਰਹਿ ਕੇ ਉਸਨੇ ਇਸ ਗੱਲ ਦਾ ਪਤਾ ਵੀ ਲਾ ਲਿਆ ਸੀ ਕਿ ਉਹ ਹਾਲ ਬਾਜ਼ਾਰ ਦੇ ਇਕ ਹਰਮੋਨੀਅਮ ਮੇਕਰ ਦੀ ਪਤਨੀ ਬਣ ਚੁੱਕੀ ਹੈ। ਹਰਮੋਨੀਅਮ ਮੇਕਰ ਨੂੰ ਵੀ ਉਸਨੇ ਦੂਰੋਂ ਹੀ ਦੇਖ ਲਿਆ ਸੀ। ਆਦਮੀ ਕਦੀ ਕਦੀ ਆਪਣੇ ਪ੍ਰਤੀਦਵੰਦੀ ਵੱਲ ਅਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਦਾ ਹੈ ਜਿਹਨਾਂ ਵਿਚ ਕੋਹੀ ਈਰਖਾ ਨਹੀਂ ਹੁੰਦੀ ਤੇ ਨਾ ਹੀ ਹਿਰਖ ਜਾਂ ਉਲਾਂਭੇ ਦੇ ਭਾਵ ਹੀ ਹੁੰਦੇ ਨੇ। ਉਸਨੂੰ ਦੇਖਦਿਆਂ ਹੀ ਅਜੀਬ ਅਜੀਬ ਖ਼ਿਆਲਾਂ ਵਿਚ ਉਲਝ ਜਾਂਦਾ ਹੈ, ਅਜੀਬ ਜਿਹੀ ਸਥਿਤੀ ਜਾਪਦੀ ਹੈ ਆਪਣੀ...ਉਸ ਸਥਿਤੀ ਵਿਚ ਕੁਝ ਮਜ਼ਬੂਰੀਆਂ ਤੇ ਕੁਝ ਸੰਤੋਖ ਰਲਗਡ ਹੋਇਆ ਹੁੰਦਾ ਹੈ।
ਮਾਨ ਸਿੰਘ ਦੀ ਪਤਨੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਗਈ ਸੀ। ਪਚਵੰਜਾ ਸਾਲ ਦੀ ਉਮਰ ਤਕ ਪਹੁੰਚਦਿਆਂ ਪਹੁੰਚਦਿਆਂ ਉਸ ਦਾ ਭਾਰ ਵੀ ਖਾਸਾ ਵਧ ਗਿਆ ਸੀ। ਕਦੀ ਕਦੀ ਤਾਂ ਹਸਪਤਾਲ ਵਿਚ ਵੀ ਰੱਖਣਾ ਪੈਂਦਾ ਸੀ। ਉਹ ਉਸਦੀ ਸਿਹਤ ਵੱਲੋਂ ਕਾਫ਼ੀ ਸਾਵਧਾਨ ਰਹਿੰਦਾ, ਹਰ ਸੰਭਵ ਇਲਾਜ ਕਰਵਾਉਂਦਾ। ਜੇ ਉਸ ਦਾ ਇਲਾਜ ਪਤੀ ਦਾ ਸੱਚਾ ਪਿਆਰ ਸੀ ਤਾਂ ਉਹ ਵੀ ਉਸਨੇ ਉਸਨੂੰ ਪੂਰਾ ਪੂਰਾ ਦਿੱਤਾ। ਜਿਸ ਦਿਨ ਉਸਦੀ ਮੌਤ ਹੋਈ ਸੀ, ਉਸ ਦਿਨ ਵੀ ਉਹ ਬੜੀ ਦੇਰ ਤਕ ਸਮੁੰਦਰ ਦੇ ਕਿਨਾਰੇ ਬੈਠੇ, ਬੀਤੇ ਹੋਏ ਦਿਨਾਂ ਨੂੰ ਯਾਦ ਕਰਦੇ ਰਹੇ ਸਨ! ਬਲਬੀਰ ਕੌਰ ਨੇ ਕਿਹਾ ਸੀ, “ਸਰਦਾਰ ਜੀ! ਹੁਣ ਏਡੇ ਲੰਮੇ ਲੰਮੇ ਸਫਰ ਕਰਨੇ ਛੱਡ ਦਿਓ। ਸਾਨੂੰ ਹੁਣ ਘਰੇ ਈ ਰਹਿਣਾ ਚਾਹੀਦਾ ਏ ਜਾਂ ਫੇਰ ਕਿਸੇ ਬੱਚੇ ਕੋਲ। ਕੀ ਪਤੈ, ਕਦੋਂ ਇਹ ਸਵਾਸ ਪੂਰੇ ਹੋ ਜਾਣ!”
ਇਹ ਗੱਲ ਉਸਨੇ ਸਮੁੰਦਰ ਤੇ ਆਕਾਸ਼ ਦੇ ਦੁਮੇਲ ਵੱਲ ਦੇਖਦਿਆਂ ਕਹੀ ਸੀ, ਜਿਸ ਦਾ ਕੋਈ ਕਿਨਾਰਾ ਜਾਂ ਕੋਈ ਸਿਰਾ ਨਹੀਂ ਹੁੰਦਾ! ਉਸਨੇ ਦਾਰਸ਼ਨਿਕਾਂ ਵਾਂਗ ਹੀ ਉਸਨੂੰ ਤੱਸਲੀ ਦਿੱਤੀ ਸੀ, “ਆਦਮੀ ਦੀ ਯਾਤਰਾ ਉੱਥੇ ਹੀ ਸਮਾਪਤ ਨਹੀਂ ਹੋ ਜਾਂਦੀ, ਜਿੱਥੋਂ ਅੱਗੇ ਉਸਨੂੰ ਕੁਝ ਦਿਖਾਈ ਨਾ ਦਿੰਦਾ ਹੋਵੇ ਜਾਂ ਕੰਨਾਂ ਵਿਚ ਕਿਸੇ ਦੀ ਆਵਾਜ਼ ਨਾ ਪਹੁੰਚ ਰਹੀ ਹੋਵੇ। ਅਸੀਂ ਵਾਪਸ ਵੀ ਚਲੇ ਚਲਦੇ ਹਾਂ, ਪਰ ਇਸ ਗੱਲ ਦਾ ਕੋਈ ਭਰੋਸਾ ਏ ਬਈ ਕਿ ਅੰਤਿਮ ਸਮੇਂ ਵਿਚ ਬੱਚੇ ਵੀ ਕੋਲ ਹੀ ਹੋਣਗੇ?”
ਤੇ ਅਚਾਨਕ ਉਸੇ ਦਿਨ ਬਲਬੀਰ ਕੌਰ ਨੇ ਇਕ ਧਰਮਸ਼ਾਲਾ ਵਿਚ ਪ੍ਰਾਣ ਤਿਆਗ ਦਿੱਤੇ ਸਨ।
ਆਪਣੀ ਪਤਨੀ ਦੀ ਆਖ਼ਰੀ ਗੱਲ ਚੇਤੇ ਕਰਕੇ ਮਾਨ ਸਿੰਘ ਦੀਆਂ ਅੱਖਾਂ ਸਿੱਜਲ ਹੋ ਗਈਆਂ। ਪੱਗ ਦੇ ਲੜ ਨਾਲ ਉਸਨੇ ਅੱਖਾਂ ਦੇ ਕੋਏ ਪੂੰਝੇ। ਉਸੇ ਪਲ ਗੱਡੀ ਹਰਦੁਆਰ ਦੇ ਪਲੇਟਫਾਰਮ ਉੱਤੇ ਜਾ ਖੜੀ ਹੋਈ। ਉਹ ਆਪਣਾ ਥੋੜ੍ਹਾ ਜਿਹਾ ਸਾਮਾਨ ਤੇ ਕਾਂਸੇ ਦਾ ਕਲਸ਼, ਜਿਸ ਵਿਚ ਉਸਦੇ ਗ੍ਰਹਿਸਤ ਜੀਵਨ ਦੀ ਕੁੱਲ ਪੂੰਜੀ ਸੀ, ਹਿੱਕ ਨਾਲ ਲਾਈ ਗੱਡੀ ਤੋਂ ਉਤਰਿਆ ।
ਹਰਦੁਆਰ ਉਹ ਇਕ ਦਿਨ ਪਹਿਲਾਂ ਹੀ ਪਹੁੰਚ ਗਿਆ ਸੀ...ਆਪਣੇ ਬੱਚਿਆਂ ਨੂੰ ਇੱਥੇ ਸਤ ਨਵੰਬਰ ਨੂੰ ਪਹੁੰਚਣ ਲਈ ਤਾਰ ਕੀਤੀ ਸੀ ਉਸਨੇ। ਦੂਜੇ ਦਿਨ ਉਹ ਉਹਨਾਂ ਸਾਰੀਆਂ ਗੱਡੀਆਂ ਨੂੰ ਦੇਖਣ ਗਿਆ, ਜਿਹਨਾਂ ਰਾਹੀਂ ਉਹਨਾਂ ਦੇ ਇੱਥੇ ਪਹੁੰਚਣ ਦੀ ਆਸ ਸੀ। ਉਹ ਸਾਰੇ ਆ ਵੀ ਗਏ। ਨਰਿੰਦਰ ਤੇ ਸਤਿੰਦਰ ਆਪਣੀਆਂ ਘਰਵਾਲੀਆਂ ਤੇ ਬੱਚਿਆਂ ਨੂੰ ਵੀ ਨਾਲ ਲਿਆਏ ਸਨ, ਪਰਮਜੀਤ ਸਿਰਫ ਬੱਚਿਆਂ ਨੂੰ ਹੀ ਲਿਆ ਸਕੀ ਸੀ। ਉਸਦਾ ਪਤੀ ਮੋਟਰ ਪਾਰਟਸ ਵੇਚਣ ਕਲਕੱਤੇ ਗਿਆ ਹੋਇਆ ਸੀ...ਉਸ ਨੂੰ ਤਾਂ ਅਜੇ ਤਕ ਸੱਸ ਦੀ ਮੌਤ ਦੀ ਖਬਰ ਵੀ ਨਹੀਂ ਮਿਲੀ ਹੋਣੀ।
ਕੁਝ ਦਿਨ ਉਹ ਸਾਰੇ ਮਾਨ ਸਿੰਘ ਦੇ ਨਾਲ ਰਹੇ। ਮਾਂ ਦੇ ਸਵਰਗਵਾਸ ਹੋ ਜਾਣ ਪਿੱਛੋਂ ਸਾਰਿਆਂ ਦੀ ਇਹੀ ਇੱਛਾ ਸੀ ਕਿ ਪਿਤਾ ਜੀ ਉਹਨਾਂ ਵਿਚੋਂ ਕਿਸੇ ਇਕ ਦੇ ਨਾਲ ਰਹਿਣ, ਪਰ ਮਾਨ ਸਿੰਘ ਇਹ ਨਹੀਂ ਸੀ ਮੰਨਿਆਂ। ਬੋਲਿਆ ਸੀ, “ਮੈਨੂੰ ਅਜੇ ਏਨਾ ਬੁੱਢਾ ਨਾ ਸਮਝੋ। ਮੈਂ ਹੁਣ ਵੀ ਪਹਿਲਾਂ ਵਾਂਗ ਯਾਤਰਾਵਾਂ ਕਰਾਂਗਾ। ਦੂਰ ਦੂਰ ਤਕ ਜਾਵਾਂਗਾ...ਉੱਥੇ ਵੀ ਜਿੱਥੇ ਅੱਜ ਤਕ ਨਹੀਂ ਜਾ ਸਕਿਆ।”
ਲੱਗਿਆ ਕਿ ਉਹ ਆਪਣੀ ਬਿਰਧ ਅਵਸਥਾ ਤੇ ਆਪਣੀ ਪਤਨੀ ਦਾ ਵਿਛੋੜਾ ਬਿਲਕੁਲ ਹੀ ਭੁੱਲ ਚੁੱਕਿਆ ਹੈ। ਬੱਚਿਆਂ ਨਾਲ ਜਿੰਨੇ ਦਿਨ ਵੀ ਉਸ ਨੇ ਗੁਜਾਰੇ, ਉਹ ਓਨਿਆਂ ਉਪਰ ਹੀ ਸੰਤੁਸ਼ਟ ਸੀ। ਤੇ ਹੋਰ ਨਾਲ ਰਹਿਣਾ ਉਸ ਲਈ ਔਖਾ ਸੀ। ਉਹਨਾਂ ਨੂੰ ਆਪੋ ਆਪਣੇ ਘਰੀਂ ਭੇਜ ਕੇ ਉਸ ਨੂੰ ਬੜਾ ਸੰਤੋਖ ਹੋਇਆ। ਹੁਣ ਫੇਰ ਉਹ ਆਜ਼ਾਦ ਸੀ, ਜਿਵੇਂ ਚਾਲ੍ਹੀ ਸਾਲ ਬਾਅਦ ਇੰਜ ਪਹਿਲੀ ਵਾਰੀ ਮਹਿਸੂਸ ਹੋਇਆ ਹੋਵੇ। ਜਿਸ ਗੱਡੀ ਵਿਚ ਉਸਨੇ ਬਿਸਤਰਾ ਲਗਾਇਆ, ਉਹ ਅੰਮ੍ਰਿਤਸਰ ਜਾ ਰਹੀ ਸੀ। ਕੰਪਾਰਟਮੈਂਟ ਵਿਚ ਉਸਨੇ ਕਿਸੇ ਨਾਲ ਵੀ ਬਹੁਤੀ ਗੱਲ ਬਾਤ ਨਹੀਂ ਕੀਤੀ...। ਭਾਵੇਂ ਉਹ ਖੁਸ਼ ਖੁਸ਼ ਲੱਗ ਰਿਹਾ ਸੀ, ਪਰ ਜਦੋਂ ਉਹ ਤਾਕੀ ਰਾਹੀਂ ਕਿਸੇ ਤੋਂ ਚਾਹ ਮੰਗਵਾਉਂਦਾ ਜਾਂ ਅਖਬਾਰ ਵਾਲੇ ਨੂੰ ਆਵਾਜ਼ ਮਾਰਦਾ ਜਾਂ ਫੇਰ ਅਚਾਨਕ ਮਨ ਅੰਦਰ ਹੋ ਰਹੀ ਉਥਲ-ਪੁਥਲ ਤੋਂ ਘਬਰਾ ਕੇ ਕਿਸੇ ਯਾਤਰੀ ਤੋਂ ਗੱਡੀ ਦੇ ਅੰਮ੍ਰਿਤਸਰ ਪਹੁੰਚਣ ਦਾ ਸਹੀ ਵਕਤ ਪੁੱਛ ਬੈਠਦਾ ਤਾਂ ਬੜਾ ਹੀ ਡੋਲਿਆ ਜਿਹਾ ਲੱਗਦਾ। ਇਹ ਅਸਥਿਰਤਾ ਉਸ ਅੰਦਰ ਚਾਲੀ ਸਾਲ ਬਾਅਦ ਅਚਾਨਕ ਹੀ ਦਿਖਾਈ ਦਿੱਤੀ ਸੀ। ਭਾਵੇਂ ਉਹ ਆਪਣੇ ਧੂੰਦਲੇ ਸ਼ੀਸ਼ਿਆਂ ਵਾਲੀ ਐਨਕ ਅੱਗੇ ਅਖ਼ਬਾਰ ਕਰੀ ਬੈਠਾ ਸੀ, ਪਰ ਉਸਦਾ ਧਿਆਨ ਤਾਜ਼ੇ ਸਮਾਚਾਰਾਂ ਦੀਆਂ ਮੋਟੀਆਂ ਮੋਟੀਆਂ ਸੁਰਖੀਆਂ ਵੱਲ ਨਹੀਂ ਸੀ। ਉਹ ਖ਼ਾਲੀ ਅੱਖਾਂ ਨਾਲ ਇਕ ਸੁਪਨਾ ਜਿਹਾ ਦੇਖ ਰਿਹਾ ਸੀ—।
ਉਹ ਨੂਰਪੁਰ ਰੇਲਵੇ ਸਟੇਸ਼ਨ ਉਪਰ ਨਵਾਂ ਨਵਾਂ ਬੁਕਿੰਗ ਕਲਰਕ ਪੋਸਟ ਹੋ ਕੇ ਗਿਆ ਸੀ...ਉਮਰ ਕੋਈ ਉਨੀ ਕੁ ਸਾਲ ਦੀ ਹੋਏਗੀ। ਮੂੰਹ ਉਪਰ ਅਜੇ ਮੁੱਛਾਂ ਵੀ ਨਹੀਂ ਸਨ ਫੁੱਟੀਆਂ, ਪਰ ਉਸਦਾ ਅਕਰਖਣ ਉਸਦੇ ਲੰਮੇਂ ਕੱਦ-ਕਾਠ ਤੇ ਸੁਡੌਲ ਜੁੱਸੇ ਵਿਚ ਸਥਿਰ ਸੀ। ਜਦੋਂ ਕਦੀ ਉਹ ਹੱਥ ਵਧਾਅ ਕੇ ਖਾਸੀ ਉਚਾਈ ਉੱਤੇ ਰੱਖੇ ਕਿਸੇ ਰਜਿਸਟਰ ਜਾਂ ਟਿਕਟਾਂ ਵਾਲੀ ਗੁੱਟੀ ਨੂੰ ਸਹਿਜੇ ਹੀ ਲਾਹ ਲੈਂਦਾ ਤਾਂ ਟਿਕਟ ਖਿੜਕੀ ਵਿਚੋਂ ਝਾਕ ਰਹੀਆਂ ਮੁਸਾਫਿਰ ਔਰਤਾਂ ਵਿਚੋਂ ਕਈਆਂ ਦੇ ਦਿਲ ਆਪ ਮੁਹਾਰੇ ਹੀ ਜ਼ੋਰ ਜ਼ੋਰ ਨਾਲ ਧੜਕਣ ਲੱਗ ਪੈਂਦਾ ਸੀ। ਸ਼ਾਨੋ ਨੇ ਵੀ ਪਹਿਲੀ ਵਾਰੀ ਉਸਨੂੰ ਉਸੇ ਖਿੜਕੀ ਵਿਚੋਂ ਹੀ ਦੇਖਿਆ ਸੀ...ਤੇ ਉਸ ਦੀਆਂ ਲੰਮੀਆਂ-ਲੰਮੀਆਂ ਬਾਹਾਂ, ਨਰੋਏ ਸਰੀਰ ਤੇ ਅਸਾਧਾਰਨ ਤੌਰ ਤੇ ਚਮਕਦੀਆਂ ਅੱਖਾਂ ਸਾਹਮਣੇ ਪਹਿਲੇ ਪਲ ਹੀ ਆਪਣਾ ਸਭ ਕੁਝ ਹਾਰ ਬੈਠੀ ਸੀ।
ਪਹਿਲੇ ਦਿਨ ਹੀ ਇਕ ਗੰਨਾ ਮੰਗਣ ਉੱਤੇ ਉਹ ਮਾਨ ਸਿੰਘ ਨੂੰ, ਮਜ਼ਾਕ ਮਜ਼ਾਕ ਵਿਚ ਹੀ, ਆਪਣੇ ਸਿਰ ਉਤੇ ਚੁੱਕੀ ਗੰਨਿਆਂ ਦੀ ਭਰੀ ਹੀ ਸੁਗਾਤ ਵਜੋਂ ਦੇ ਗਈ ਸੀ। ਦੂਜੇ ਦਿਨ ਉਹ ਉਸ ਲਈ ਮੱਖਣ ਦਾ ਪੇੜਾ ਪਾ ਕੇ ਲੱਸੀ ਦਾ ਕੁੱਜਾ ਭਰ ਲਿਆਈ ਸੀ...ਤੇ ਫੇਰ ਜਿਵੇਂ ਸਟੇਸ਼ਨ ਕੋਲੋਂ ਲੰਘਣ ਲਈ ਇਹ ਸਾਰੀਆਂ ਚੀਜ਼ਾਂ ਲੈ ਕੇ ਆਉਣੀਆਂ ਜ਼ਰੂਰੀ ਹੋ ਗਈਆਂ ਸਨ...ਖ਼ੁਦ ਆਪਣੇ ਉਪਰ ਲਾਏ ਕਿਸੇ ਟੈਕਸ ਵਾਂਗਰ!
ਮਾਨ ਸਿੰਘ ਉਸ ਸਟੇਸ਼ਨ ਉੱਤੇ ਛੇ ਮਹੀਨੇ ਰਿਹਾ ਸੀ, ਪਰ ਉੱਥੋਂ ਉਹ ਛੇ ਸਦੀਆਂ ਜਿੰਨਾ ਪਿਆਰ ਹੰਢਾਅ ਕੇ ਬਦਲਿਆ ਸੀ। ਉੱਥੋਂ ਦੇ ਲੋਕਾਂ ਨੇ ਵੀ ਉਹਨਾਂ ਦੇ ਪ੍ਰੇਮ ਦੀ ਸੁਗੰਧ ਮਹਿਸੂਸ ਕਰ ਲਈ ਸੀ। ਮੁੱਕਦੀ ਗੱਲ ਇਹ ਕਿ ਉਹਨਾਂ ਲਈ ਵੱਖਰੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਘਰ ਆ ਕੇ ਉਸਨੇ ਆਪਣੇ ਮਾਤਾ ਪਿਤਾ ਨੂੰ ਸ਼ਾਨੋ ਕੇ ਘਰ ਭੇਜਿਆ। ਉਹ ਬੜੇ ਯਥਾਰਥਵਾਦੀ ਲੋਕ ਸਨ, ਇਸ ਰਿਸ਼ਤੇ ਨੂੰ ਖੁੱਲ੍ਹੇ ਦਿਲ ਨਾਲ ਸਵਿਕਾਰ ਕਰ ਲਿਆ ਸੀ...ਪਰ ਫੇਰ ਅਚਾਨਕ ਉਸਦੇ ਮਾਮੇ ਨੇ ਜਿਹੜੇ ਦੋ ਕਤਲ ਕਰ ਦਿੱਤੇ ਸਨ, ਉਹਨਾਂ ਕਾਰਨ ਪੂਰੀ ਸਥਿੱਤੀ ਹੀ ਬਦਲ ਗਈ ਸੀ। ਮਾਮਾ ਆਪ ਤਾਂ ਫਾਸੀ ਦੇ ਤਖ਼ਤੇ 'ਤੇ ਜਾ ਚੜ੍ਹਿਆ, ਪਰ ਆਪਣੇ ਪਿੱਛੇ ਕਈਆਂ ਨੂੰ ਜ਼ਿੰਦਗੀ ਭਰ ਲਈ ਅਸਮਰਥਤਾ ਅਤੇ ਅਨਿਸਚਿਤਤਾ ਦੀ ਸੂਲੀ 'ਤੇ ਚਾੜ੍ਹ ਗਿਆ।
ਮਾਨ ਸਿੰਘ ਅਮ੍ਰਿਤਸਰ ਦੇ ਸਟੇਸ਼ਨ ਉਪਰ ਉਤਰਿਆ ਤਾਂ ਬੜਾ ਸੰਤੁਸ਼ਟ ਦਿਸ ਰਿਹਾ ਸੀ। ਪਤਨੀ ਦੇ ਵਿਛੋੜੇ ਦਾ ਗ਼ਮ ਵੀ ਹੁਣ ਉਸਦੇ ਚਿਹਰੇ ਉਪਰ ਨਹੀਂ ਸੀ ਚਿਪਕਿਆ ਹੋਇਆ। ਪਤਾ ਨਹੀਂ ਉਸਨੇ ਆਪਣੇ ਮਨ ਵਿਚ ਕੀ ਸੋਚ ਲਿਆ ਸੀ। ਅੰਮ੍ਰਿਤਸਰ ਉਹ ਕਈ ਦਿਨ ਰਹਿਣ ਦਾ ਫੈਸਲਾ ਕਰਕੇ ਆਇਆ ਸੀ। ਉੱਥੇ ਪਹੁੰਚ ਕੇ ਉਸਦੀ ਪਹਿਲੀ ਮੰਜ਼ਿਲ ਦਰਬਾਰ ਸਾਹਿਬ ਸੀ।
ਦਰਬਾਰ ਸਾਹਿਬ ਜਾ ਕੇ ਪਹਿਲਾਂ ਉਸਨੇ ਇਸ਼ਨਾਨ ਕੀਤਾ, ਦੁਖ ਭੰਜਨੀ ਬੇਰੀ ਨੂੰ ਮੱਥਾ ਟੇਕਿਆ ਤੇ ਕਿੰਨੀ ਹੀ ਦੇਰ ਤਕ ਉੱਥੇ ਖਲੋਦਾ ਰੋਂਦਾ ਰਿਹਾ! ਫੇਰ ਅੱਖਾਂ ਮੀਚ ਕੇ ਚਬੂਤਰੇ ਉੱਤੇ ਬੈਠ ਗਿਆ ਤੇ ਕਈ ਘੰਟੇ ਪਾਠ ਕਰਦਾ ਰਿਹਾ।...ਤੇ ਫੇਰ ਹਰ ਰੋਜ ਇੱਥੇ ਆ ਕੇ ਇਵੇਂ ਕਰਨ ਦਾ ਨਿਯਮ ਬਣਾਅ ਲਿਆ ਸੀ ਉਸਨੇ। ਪਰ ਜੋ ਸ਼ਾਂਤੀ ਉਸਨੂੰ ਸ਼ੁਰੂ ਸ਼ੁਰੂ ਵਿਚ ਮਿਲੀ ਸੀ, ਉਹ ਹੌਲੀ ਹੌਲੀ ਫਿੱਕੀ ਪੈਣ ਲੱਗੀ। ਫੇਰ ਉਸਦੀ ਥਾਂ ਇਕ ਅਜੀਬ ਜਿਹੀ ਬੇਚੈਨੀ ਨੇ ਲੈ ਲਈ। ਉਸਦੇ ਚਿਹਰੇ ਉੱਤੇ ਵੀ ਉਸ ਬੇਚੈਨੀ ਦੇ ਆਸਾਰ ਸਾਫ ਨਜ਼ਰ ਆਉਂਣ ਲੱਗ ਪਏ ਸਨ। ਉਹ ਕੁਝ ਲੱਭਦੀਆਂ ਜਿਹੀਆਂ ਨਜ਼ਰਾਂ ਨਾਲ ਇਧਰ ਉਧਰ ਵਿੰਹਦਾ ਰਹਿੰਦਾ। ਪਤਨੀ ਦੀ ਮੌਤ ਪਿੱਛੋਂ ਉਸਨੇ ਆਪਣੇ ਆਪ ਨੂੰ ਏਨਾ ਇਕੱਲਾ ਤਾਂ ਕਦੀ ਮਹਿਸੂਸ ਨਹੀਂ ਸੀ ਕੀਤਾ। ਤੁਰਦੇ ਦੀ ਤੋਰ ਵਿਚ ਵੀ ਇਕ ਖਾਸ ਕਿਸਮ ਦੀ ਲੜਖੜਾਹਟ ਪੈਦਾ ਹੋ ਗਈ ਸੀ, ਜਿਵੇਂ ਚਿਰਾਂ ਤੋਂ ਸੁੱਤਾ ਹੋਇਆ ਜੋੜਾਂ ਦਾ ਦਰਦ ਮੁੜ ਜਾਗ ਪਿਆ ਹੋਵੇ! ਉਹ ਕੋਟ ਦੀਆਂ ਜੇਬਾਂ ਵਿਚ ਦੋਏ ਹੱਥ ਪਾ ਕੇ ਹੌਲੀ ਹੌਲੀ ਪਰ ਤਣ ਕੇ ਤੁਰਨ ਦੀ ਕੋਸ਼ਿਸ਼ ਕਰਦਾ...ਫੇਰ ਵੀ ਉਸਦੇ ਅੰਦਰਲੀ ਕਮਜ਼ੋਰੀ ਛਿਪੀ ਨਹੀਂ ਸੀ ਰਹਿੰਦੀ। ਲੱਗਦਾ ਸੀ, ਜਿਵੇਂ ਕੋਈ ਘੁਣ ਖਾਧਾ ਉੱਚਾ ਲੰਮਾ ਰੁੱਖ ਸੰਭਲ ਸੰਭਲ ਕੇ ਹਿੱਲ ਰਿਹਾ ਹੈ ਤੇ ਕਿਸੇ ਵੀ ਪਲ ਇਕੋ ਦਮ ਭੌਇੰ 'ਤੇ ਡਿੱਗ ਪਏਗਾ।
ਹਾਲ ਬਾਜ਼ਾਰ ਵਿਚੋਂ ਲੰਘਦਿਆ ਉਹ ਓਂਕਾਰ ਟਾਇਰਜ਼ ਦੇ ਸਾਈਨ ਬੋਰਡ ਵਾਲੀ ਵੱਡੀ ਦੁਕਾਨ ਵੱਲ ਦੇਖਣਾ ਕਦੀ ਨਹੀਂ ਸੀ ਭੁੱਲਦਾ। ਪੰਦਰਾਂ ਸਾਲ ਪਹਿਲਾਂ ਉੱਥੇ ਕੋਈ ਹੋਰ ਹੀ ਸਾਇਨ ਬੋਰਡ ਲੱਗਿਆ ਹੁੰਦਾ ਸੀ। ਚੰਗੀ ਤਰ੍ਹਾਂ ਪੜ੍ਹਿਆ ਵੀ ਨਹੀਂ ਜਾਂਦਾ ਸੀ ਉਹ। ਸ਼ਬਦ ਮਿਟ ਚੁੱਕੇ ਸਨ, ਪਰ ਉਸ ਉੱਤੇ ਬਣਿਆਂ ਹੋਇਆ ਇਕ ਹਰਮੋਨੀਅਮ ਦਾ ਚਿੱਤਰ ਪੂਰੀ ਤਰ੍ਹਾਂ ਨਹੀਂ ਸੀ ਮਿਟਿਆ। ਉੱਥੇ ਇਕ ਬੁੱਢਾ ਕੱਛਾ ਬਨੈਨ ਪਾਈ ਬੈਠਾ ਹੁੰਦਾ ਸੀ ਤੇ ਹਰਮੋਨੀਅਮ ਦੀਆਂ ਸੁਰਾਂ ਠੀਕ ਕਰ ਰਿਹਾ ਹੁੰਦਾ ਸੀ। ਇਹ ਟਾਇਲਾਂ ਵਾਲੀ ਦੁਕਾਨ ਤਾਂ ਯਕੀਨਨ ਉਹੀ ਸੀ, ਪਰ ਪਤਾ ਨਹੀਂ ਉਹ ਕਿੱਥੇ ਚਲਾ ਗਿਆ ਸੀ! ਜਿਊਂਦਾ ਵੀ ਸੀ ਜਾਂ...! ਕੌਣ ਦੱਸਦਾ? ਕਿਸਨੂੰ ਪੁੱਛੇ ਉਹ? ਉਸਦੇ ਕੰਨਾਂ ਵਿਚ ਅੱਜ ਵੀ ਪੰਦਰਾਂ ਸਾਲ ਪੁਰਾਣੇ ਹਰਮੋਨੀਅਮ ਦੇ ਸੁਰ ਸੰਜੀਵ ਸਨ...ਤੇ ਕੰਨਾਂ ਦੇ ਬਿਲਕੁਲ ਨੇੜੇ ਗੂੰਜ ਰਹੇ ਸਨ।
ਕਈ ਦਿਨਾਂ ਤੋਂ ਉਹ ਆਪ ਵੀ ਆਪਣੇ ਆਪ ਨੂੰ ਟੁੱਟਿਆ ਜਿਹਾ ਮਹਿਸੂਸ ਕਰ ਰਿਹਾ ਸੀ । ਲੱਗਦਾ, ਤੁਰਿਆ ਜਾਂਦਾ ਕਿਸੇ ਦਿਨ ਕਿਸੇ ਬਾਜ਼ਾਰ ਜਾਂ ਗਲੀ ਵਿਚ ਡਿੱਗ ਪਏਗਾ। ਉਹ ਬਾਜ਼ਾਰ ਦੀ ਭੀੜ ਤੋਂ ਬਚ ਬਚ ਕੇ ਤੁਰਨ ਲੱਗਦਾ। ਜੇ ਕਿਸੇ ਦੇ ਮੋਢੇ ਨਾਲ ਮੋਢਾ ਵੀ ਭਿੜ ਗਿਆ ਤਾਂ ਸੰਭਲ ਨਹੀਂ ਸਕੇਗਾ ਉਹ। ਫੁੱਟਪਾਥ ਉਤੇ ਅੱਗੋਂ-ਪਿੱਛੋਂ ਆਉਂਣ ਜਾਣ ਵਾਲੇ ਹਰ ਆਦਮੀ ਦੇ ਲੰਘ ਜਾਣ ਪਿੱਛੋਂ ਹੀ ਕਦਮ ਪੁੱਟਦਾ। ਢਿੱਲੀ ਢਾਲੀ ਪਤਲੂਨ ਉਪਰਲੇ ਲੰਮੇ ਸਾਰੇ ਕੋਟ ਦੀਆਂ ਜੇਬਾਂ ਵਿਚ ਹੱਥ ਪਈ ਉਹ ਕਿੰਨੀ ਕਿੰਨੀ ਦੇਰ ਤੱਕ ਸਹਿਮੀਆਂ ਜਿਹੀਆਂ ਨਿਗਾਹਾਂ ਨਾਲ ਇਧਰ ਉਧਰ ਤਕਦਾ ਰਹਿੰਦਾ! ਪਿਛਲੇ ਕੁਝ ਸਾਲਾਂ ਤੋਂ ਉਸਨੇ ਦਾੜ੍ਹੀ ਬੰਨ੍ਹਣੀ ਵੀ ਛੱਡ ਦਿੱਤੀ ਸੀ। ਖੁੱਲ੍ਹੀ ਖੁੱਲੀ, ਭਰਵੀਂ ਖਿੱਲਰਵੀਂ ਚਿੱਟੀ ਦਾੜ੍ਹੀ ਸਦਕਾ ਉਸਦੀ ਅੱਧੀ ਛਾਤੀ ਢਕੀ ਜਾਂਦੀ, ਜਿਸ ਕਾਰਨ ਉਸਦੀ ਸਖ਼ਸੀਅਤ ਦਾ ਪ੍ਰਭਾਵ ਕੁਝ ਵਧੇਰੇ ਹੋ ਜਾਂਦਾ। ਪਰ ਹੁਣ ਤਾਂ ਉਸਦੀ ਪੂਰੀ ਦਿੱਖ, ਕਿਸੇ ਨਿਰਾਸ਼, ਬੌਂਦਲੇ ਤੇ ਘਬਰਾਏ ਜਿਹੇ ਆਦਮੀ ਦੀ ਦਿੱਖ ਬਣ ਕੇ ਰਹਿ ਗਈ ਸੀ ਜਿਹੜਾ ਆਪਣੇ ਅੰਦਰ ਪੈਂਠ ਸਾਲ ਤੋਂ ਅਨੇਕਾਂ ਅਨੁਭਵ, ਅਨੇਕਾਂ ਅਹਿਸਾਸ ਛਿਪਾਈ ਫਿਰਦਾ ਹੁੰਦਾ ਹੈ। ਉਸਦੀ ਉਮਰ ਦਾ ਇਕ ਇਕ ਪਲ, ਉਸਦੇ ਚਿਹਰੇ ਦੀਆਂ ਅਣ-ਗਿਣਤ ਝੁਰੜੀਆਂ ਵਿਚ ਰੂਪਮਾਨ ਸੀ।
ਇਕ ਦਿਨ ਉਸ ਟਾਇਲਾਂ ਵਾਲੀ ਦੁਕਾਨ ਅੱਗੋਂ ਲੰਘਦਿਆਂ, ਅਚਾਨਕ  ਉਸਨੂੰ ਅਥਾਹ ਥਕਾਵਟ ਜਿਹੀ ਮਹਿਸੂਸ ਹੋਈ। ਦੋ ਕਦਮ ਹੋਰ ਤੁਰਨਾ ਵੀ ਅਸੰਭਵ ਹੋ ਗਿਆ ਤੇ ਉਹ ਉਸ ਦੁਕਾਨ ਅੱਗੇ ਪਈਆਂ ਵੱਡੀਆਂ ਵੱਡੀਆਂ ਸਫੈਦ ਤੇ ਲਾਲ ਸਿਲਾਂ ਨੂੰ ਹੱਥ ਪਾ ਕੇ ਖੜ੍ਹਾ ਹੋ ਗਿਆ। ਕਿੰਨਾ ਹੀ ਚਿਰ ਸਿਰ ਝੁਕਾਅ ਕੇ ਖੜ੍ਹਾ ਰਿਹਾ। ਉਸਦੇ ਚਿਹਰੇ ਉੱਤੇ ਇਕ ਰੰਗ ਆਉਂਦਾ ਇਕ ਲੱਥ ਜਾਂਦਾ! ਮੱਥੇ ਉੱਤੇ ਪਸੀਨੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਚਮਕਣ ਲੱਗ ਪਈਆਂ। ਉਹ ਅੱਖਾਂ ਬੰਦ ਕਰੀ ਖੜ੍ਹਾ ਆਪਣੇ ਅੰਦਰੇ ਅੰਦਰ ਡੁੱਬਦਾ ਗਿਆ! ਜਦੋਂ ਅੱਖਾਂ ਖੋਹਲਦਾ; ਵੇਲ ਬੁਟੀਆਂ ਵਾਲੀਆਂ ਤੇ ਨਾਂ ਲਿਖੀਆਂ ਸਿਲਾਂ ਉਸਦੇ ਸਾਹਮਣੇ ਥਿਰਕਣ ਡੋਲਣ ਲੱਗਦੀਆਂ! ਉਸਦੇ ਨੇੜੇ ਹੀ ਫੁਟਪਾਥ ਉੱਤੇ ਬੈਠੇ ਹੋਏ ਕਈ ਕਾਰੀਗਰ ਛੈਣੀਆਂ ਅਤੇ ਹਥੌੜੀਆਂ ਨਾਲ ਸਿਲਾਂ ਦੇ ਖਰਦਰੇ ਕਿਨਾਰਿਆਂ ਨੂੰ ਤਰਾਸ਼ੀ ਜਾ ਰਹੇ ਸਨ।
ਅਚਾਨਕ ਦੁਕਾਨ ਅੰਦਰੋ ਇਕ ਗੋਰਾ ਚਿੱਟ ਸਿੱਖ ਨੌਜਵਾਨ ਬਾਹਰ ਆਇਆ। ਉਸਨੇ ਉਸ ਬੁੱਢੇ ਆਦਮੀ ਨੂੰ ਇੰਜ ਸਹਾਰਾ ਲਾਈ ਖਲੋਤਿਆਂ ਦੇਖ ਕੇ ਪੁੱਛਿਆ, “ਕਿਉਂ ਬਾਬਾ ਜੀ ਕੀ ਗੱਲ ਏ? ਮੈਂ ਕੁਝ ਮਦਦ ਕਰਾਂ?”
ਮਾਨ ਸਿੰਘ ਨੇ ਉਸਨੂੰ ਕੋਈ ਉਤਰ ਨਾ ਦਿੱਤਾ। ਬੜੇ ਯਤਨ ਨਾਲ ਅੱਖਾਂ ਖੋਹਲ ਕੇ ਉਸ ਵੱਲ ਤੱਕਿਆ। ਨੌਜਵਾਨ ਨੇ ਦੁਬਾਰਾ ਪੁੱਛਿਆ ਤਾਂ ਸਿਰ ਹਿਲਾਅ ਕੇ ਕਿਹਾ, “ਹਾਂ ਬਈ ਕਰ ਸਕਦੇ ਓ ਤਾਂ ਜਰੂਰ ਕਰੋ।” ਹੁਣ ਤੱਕ ਉਸਦਾ ਸਾਰਾ ਜਿਸਮ ਠੰਡੇ ਪਸੀਨੇ ਨਾਲ ਭਿੱਜ ਚੁੱਕਿਆ ਸੀ।
ਨੋਜਵਾਨ ਉਸਨੂੰ ਸਹਾਰਾ ਦੇ ਕੇ ਅੰਦਰ ਲੈ ਗਿਆ ਤੇ ਇਕ ਕੁਰਸੀ ਉੱਤੇ ਬਿਠਾਅ ਦਿੱਤਾ...ਪਹਿਲਾਂ ਪਾਣੀ ਪਿਆਇਆ, ਫੇਰ ਚਾਹ। ਤਦ ਉਸਦੇ ਸਰੀਰ ਵਿਚ ਕੁਝ ਗਰਮੀ ਆਈ। ਉਸਨੇ ਉਸ ਨੌਜਵਾਨ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ...ਪਤਾ ਨਹੀਂ ਕੌਣ ਹੈ? ਸ਼ਾਨੋ ਦੀ ਕੋਈ ਵੀ ਸਪਸ਼ਟ ਝਲਕ ਉਸ ਵਿਚ ਨਹੀਂ ਸੀ। ਬਸ, ਦੋ ਇਕ ਵਾਰੀ ਉਸ ਵਾਂਗ ਮੁਸਕੁਰਾਇਆ ਜ਼ਰੂਰ ਸੀ ਉਹ! ਪਰ ਮਾਨ ਸਿੰਘ ਨੇ ਉਸਨੂੰ ਕੁਝ ਵੀ ਨਾ ਪੁੱਛਿਆ! ਬਸ, ਮਨ ਹੀ ਮਨ ਉਸਦੀ ਤੇ ਸ਼ਾਨੋ ਦੀ ਮੁਸਕਾਨ ਦੀ ਤੁਲਣਾ ਕਰਦਾ ਰਿਹਾ।
ਉਹ ਖਾਸੀ ਦੇਰ ਤੱਕ ਬੈਠਾ ਰਿਹਾ। ਉੱਥੋਂ ਉਸ ਨੇ ਸੰਗਮਰਮਰ ਦੀ ਇਕ ਵੱਡੀ ਸਿਲ ਖਰੀਦੀ। ਕਾਰੀਗਰ ਤੋਂ ਉਸ ਉੱਤੇ ਆਪਣੀ ਪਤਨੀ ਦਾ ਨਾਂ ਖੁਦਵਾਇਆ। ਖੋਦੇ ਹੋਏ ਅੱਖਰਾਂ ਵਿਚ ਰੰਗ ਭਰਵਾਏ। ਬਲਬੀਰ ਕੌਰ ਦਾ ਨਾਂ ਦੇਖ ਕੇ ਛਲ ਛਲ ਕਰਦੀਆਂ ਅੱਖਾਂ ਸਾਹਵੇਂ ਦੋ ਸ਼ਕਲਾਂ ਥਿਰਕਣ ਲੱਗੀਆਂ—ਇਕੋ ਜਿਹੀਆਂ ਹੁਸੀਨ ਤੇ ਇਕੋ ਜਿੰਨੀਆਂ ਪਵਿੱਤਰ!
ਸਿਲ ਕਾਫੀ ਭਾਰੀ ਸੀ। ਉਸਨੇ ਇਕ ਰਿਕਸ਼ੇ ਵਿਚ ਰਖਵਾ ਲਈ ਤੇ ਦਰਬਾਰ ਸਾਹਿਬ ਵਲ ਰਵਾਨਾ ਹੋ ਪਿਆ। ਉਹ ਰਿਕਸ਼ੇ ਦੀ ਛੱਤ ਦੀਆਂ ਦੋਹਾਂ ਕਮਾਨੀਆਂ ਨੂੰ ਮਜਬੂਤੀ ਨਾਲ ਫੜੀ ਬੈਠਾ ਸੀ...ਅੱਖਾਂ ਬੰਦ ਸਨ ਤੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ ਤੇ ਮਨ ਹੀ ਮਨ ਵਿਚ ਵਾਹਿਗੁਰੂ ਨੂੰ ਯਾਦ ਕਰੀ ਜਾ ਰਿਹਾ ਸੀ ਉਹ।
   ੦੦੦ ੦੦੦ ੦੦੦

ਸ਼ਾਦਾਂ...:: ਲੇਖਕ : ਕ੍ਰਿਸ਼ਨ ਚੰਦਰ




ਉਰਦੂ ਕਹਾਣੀ :
ਸ਼ਾਦਾਂ...
ਲੇਖਕ : ਕ੍ਰਿਸ਼ਨ ਚੰਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਾਰੇ ਇਲਾਕੇ ਵਿਚ ਇਹੋ ਜਿਹੀ ਵਾਰਦਾਤ ਨਾ ਪਹਿਲਾਂ ਕਦੀ ਹੋਈ ਸੀ, ਨਾ ਸੁਣੀ ਗਈ ਸੀ। ਜਿਹੜਾ ਵੀ ਸੁਣਦਾ ਸੀ, ਕੰਨਾਂ 'ਤੇ ਹੱਥ ਰੱਖ ਲੈਂਦਾ ਸੀ। ਪਿੰਡ ਰੱਪਾ ਦੀ ਇਕ ਵਿਧਵਾ ਜ਼ਨਾਨੀ ਸ਼ਾਦਾਂ ਨੇ ਪੁਲਸ ਦੇ ਇਕ ਸਿਪਾਹੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਕਹਿੰਦੇ ਨੇ, ਪੁਲਸ ਦਾ ਉਹ ਸਿਪਾਹੀ ਪਿੰਡ ਵਿਚ ਕਿਸੇ ਹੋਰ ਮਾਮਲੇ ਦੀ ਪੁੱਛ-ਪੜਤਾਲ ਲਈ ਆਇਆ ਸੀ ਤੇ ਰਾਤੀਂ ਰਹਿਣ ਲਈ ਉਸਨੇ ਸ਼ਾਦਾਂ ਦੇ ਘਰ ਜਾ ਡੇਰੇ ਲਾਏ ਸਨ। ਸੋਚਿਆ ਸੀ, ਰਾਤ ਚੰਗੀ ਲੰਘ ਜਾਏਗੀ ਤੇ ਅਗਲੇ ਦਿਨ ਪੁੱਛ-ਪੜਤਾਲ ਵੀ ਹੋ ਜਾਏਗੀ। ਨੰਬਰਦਾਰ ਨੇ ਠਾਣੇ ਦੇ ਉਸ ਸਿਪਾਹੀ ਨੂੰ ਬੜਾ ਰੋਕਿਆ ਕਿਉਂਕਿ ਉਸ ਸ਼ਾਦਾਂ ਦੇ ਸੁਭਾ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਤੇ ਇਕ ਵਾਰੀ ਆਪ ਵੀ ਸ਼ਾਦਾਂ ਦੇ ਹੱਥ ਦੇਖ ਚੁੱਕਿਆ ਸੀ। ਪਰ ਠਾਣੇ ਦਾ ਸਿਪਾਹੀ ਵੀ ਪੂਰਾ ਆਕੜਖਾਂ ਸੀ; ਬਿਲਕੁਲ ਨਹੀਂ ਮੰਨਿਆਂ। “ਅਜਿਹੀਆਂ ਬੜੀਆਂ ਤੀਵੀਂਆਂ ਦੇਖੀਆਂ ਨੇ ਰਜਬ ਅਲੀ ਨੇ...ਮੈਂ ਇਹਨਾਂ ਨੂੰ ਸਿਧਿਆਂ ਕਰਨ ਦੀ ਕਲਾ ਜਾਣਦਾ ਵਾਂ।” ਸਿਪਾਹੀ ਨੇ ਬੜੇ ਮਾਣ ਨਾਲ ਨੰਬਰਦਾਰ ਨੂੰ ਕਿਹਾ ਸੀ।
ਸ਼ਾਦਾਂ ਸਵਰਗੀ ਲਾਸਨਾਇਕ ਨਿਸਾਰ ਮੁਹੰਮਦ ਦੀ ਵਿਧਵਾ ਸੀ। ਦੋ ਸਾਲ ਪਹਿਲਾਂ ਉਸਦਾ ਪਤੀ ਮਹਾਂਯੁੱਧ ਵਿਚ ਮਾਰਿਆ ਗਿਆ ਸੀ। ਉਸਨੂੰ ਅੰਗਰੇਜ਼ੀ ਖਜਾਨੇ ਵਿਚੋਂ ਬਾਰਾਂ ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ। ਇਹ ਪੈਨਸ਼ਨ ਹਰ ਮਹੀਨੇ ਅੰਗਰੇਜ਼ੀ ਡਾਕਖਾਨੇ ਵਿਚੋਂ ਹੁੰਦੀ ਹੋਈ ਰਿਆਸਤ ਦੇ ਡਾਕਖਾਨੇ ਵਿਚ ਆ ਜਾਂਦੀ ਸੀ ਤੇ ਸ਼ਾਦਾਂ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਕਾਰਾਟ ਦੇ ਡਾਕਘਰ ਵਿਚ ਜਾ ਕੇ ਪੈਨਸ਼ਨ ਲੈ ਆਉਂਦੀ ਸੀ। ਇਸ ਬਾਰਾਂ ਰੁਪਏ ਪੈਨਸ਼ਨ ਤੋਂ ਬਿਨਾਂ ਉਸ ਕੋਲ ਆਪਣੇ ਸਵਰਗੀ ਪਤੀ ਦੀ ਜ਼ਮੀਨ ਵੀ ਸੀ ਤੇ ਉਸ ਜ਼ਮੀਨ ਦਾ ਹਿੱਸਾ ਵੰਡਾਉਣ ਵਾਲਾ ਨਿਸਾਰ ਮੁਹੰਮਦ ਦਾ ਕੋਈ ਅੱਗੇ-ਪਿੱਛੇ ਰਿਸ਼ਤੇਦਾਰ ਵੀ ਨਹੀਂ ਸੀ। ਇਸ ਲਈ ਸ਼ਾਦਾਂ ਆਪਣੇ ਇਲਾਕੇ ਦੀ ਅਜਿਹੀ ਵਿਧਵਾ ਸੀ ਜਿਸ ਨਾਲ ਵਿਆਹ ਕਰਨ ਦੇ ਵਿਚਾਰ ਨਾਲ ਹੀ ਕਈ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਪੈਂਦਾ ਸੀ। ਸ਼ਾਦਾਂ ਸੁੱਣਖੀ ਵੀ ਖਾਸੀ ਸੀ, ਪਰ ਅਜੇ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਸਦਾ। ਉਸਦੇ ਪਤੀ ਨੂੰ ਮੋਇਆਂ ਕੁੱਲ ਦੋ ਵਰ੍ਹੇ ਹੀ ਹੋਏ ਸਨ ਤੇ ਨਾਲੇ ਇਹ ਗੱਲ ਵੀ ਹੈ ਸੀ ਕਿ ਜੇ ਉਸਨੇ ਵਿਆਹ ਕਰਵਾ ਲਿਆ ਤਾਂ ਤੁਰੰਤ ਪੈਨਸ਼ਨ ਬੰਦ ਹੋ ਜਾਨੀਂ ਸੀ। ਉਸ ਸਸਤਾ ਜ਼ਮਾਨਾਂ ਸੀ ਤੇ ਉਸ ਜ਼ਮਾਨੇ ਦੇ ਬਾਰਾਂ ਰੁਪਈਏ ਅੱਜ ਦੇ ਸੌ ਡੇਢ ਸੌ ਰੁਪਈਆਂ ਦੇ ਬਰਾਬਰ ਹੁੰਦੇ ਸਨ।
ਰਜਬ ਅਲੀ ਸ਼ਾਦਾਂ ਦੇ ਸਬੰਧ ਵਿਚ ਕੁਝ ਵਧੇਰੇ ਨਹੀਂ ਸੀ ਜਾਣਦਾ। ਉਸਨੇ ਕਿਸੇ ਮਨਚਲੇ ਤੋਂ ਸਿਰਫ ਏਨਾਂ ਸੁਣ ਲਿਆ ਸੀ ਕਿ ਪਿੰਡ ਰੱਪਾ ਵਿਚ ਇਕ ਅਤਿ ਸੁੰਦਰ ਵਿਧਵਾ ਰਹਿੰਦੀ ਹੈ, ਜਿਸਦਾ ਨਾਂ ਸ਼ਾਦਾਂ ਹੈ। ਰਜਬ ਅਲੀ ਲਈ ਬਸ ਏਨਾਂ ਹੀ ਕਾਫੀ ਸੀ। ਜਦੋਂ ਉਹ ਰੱਪਾ ਪਿੰਡ ਵਿਚ ਪੁੱਛਗਿੱਛ ਦੇ ਸਬੰਧ ਵਿਚ, ਆਪਣੀ ਬੰਦੂਕ ਚੁੱਕ ਕੇ ਜਾਣ ਲਈ ਰਵਾਨਾਂ ਹੋਣ ਲੱਗਿਆ ਤਾਂ ਉਸਨੇ ਪੱਕੀ ਧਾਰ ਲਈ ਕਿ ਰਾਤ ਸ਼ਾਦਾਂ ਦੇ ਘਰ ਹੀ ਮਹਿਮਾਨ ਬਣ ਕੇ ਕੱਟੇਗਾ।
ਸ਼ਾਦਾਂ ਨੂੰ ਰਜਬ ਅਲੀ ਦੀ ਗੱਲਬਾਤ ਦਾ ਢੰਗ, ਉਸਦੇ ਤੌਰ-ਤਰੀਕੇ, ਉਸਦੀ ਹੈਂਕੜੀ ਬਿਲਕੁਲ ਹੀ ਪਸੰਦ ਨਹੀਂ ਸੀ ਆਈ। ਪਰ ਰਜਬ ਅਲੀ ਸਰਕਾਰੀ ਕਰਮਚਾਰੀ ਸੀ। ਇਸ ਲਈ ਉਸਦੀ ਪ੍ਰਾਹੁਣਾਚਾਰੀ ਦੇ ਸਬੰਧ ਵਿਚ ਜੋ ਕੁਝ ਵੀ ਉਸਤੋਂ ਸਰਿਆ, ਉਸਨੇ ਕਰ ਦਿੱਤਾ। ਉਸਨੇ ਆਪਣੇ ਸਵਰਗੀ ਪਤੀ ਦਾ ਬਿਸਤਰਾ ਕੱਢਿਆ ਤੇ ਘਰ ਦੇ ਸਭ ਨਾਲੋਂ ਚੰਗੇ ਮੰਜੇ ਉੱਤੇ ਵਿਛਾਅ ਦਿੱਤਾ। ਸਿਪਾਹੀ ਲਈ ਇਕ ਮੁਰਗੀ ਹਲਾਲ ਕੀਤੀ ਤੇ ਮੱਕੀ ਦੀਆਂ ਰੋਟੀਆਂ ਆਪ, ਆਪਣੇ ਹੱਥੀਂ ਬਣਾਈਆਂ। ਇਹਨਾਂ ਗੱਲਾਂ ਤੋਂ ਰਜਬ ਅਲੀ ਬੜਾ ਪ੍ਰਸੰਨ ਹੋਇਆ ਤੇ ਆਪਣੀਆਂ ਮੁੱਛਾਂ ਨੂੰ ਤਾਅ ਦੇਂਦਿਆਂ ਹੋਇਆਂ ਸ਼ਾਦਾਂ ਦੇ ਸੁਡੌਲ ਪਰ ਲਚਕਦਾਰ ਸਰੀਰ ਨੂੰ ਅਤਿ ਡੂੰਘੀਆਂ ਤੇ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖਦਾ ਰਿਹਾ।

ਦੂਜੇ ਦਿਨ ਸ਼ਾਦਾਂ ਦੇ ਘਰ ਮੂਹਰੇ ਰਜਬ ਅਲੀ ਦੀ ਲਾਸ਼ ਪਈ ਮਿਲੀ ਤੇ ਸ਼ਾਦਾਂ ਸਿਪਾਹੀ ਦੀ ਬੰਦੂਕ ਲੈ ਕੇ ਫਰਾਰ ਹੋ ਚੁੱਕੀ ਸੀ।
ਕੋਹਾਨੇ ਦਾ ਠਾਣੇਦਾਰ ਹਸ਼ਮਤ ਅਲੀ ਫੌਰਨ ਦੋ ਹਵਾਲਦਾਰ ਤੇ ਦੋ ਸਿਪਾਹੀ ਨਾਲ ਲੈ ਕੇ ਘਟਨਾ ਸਥਾਨ ਵੱਲ ਰਵਾਨਾ ਹੋ ਲਿਆ। ਪਿੰਡ ਰੱਪਾ ਕੋਹਾਨੇ ਤੋਂ ਦੱਖਣ ਵੱਲ ਪੰਦਰਾਂ ਕੁ ਮੀਲ ਦੀ ਦੂਰੀ ਉੱਤੇ ਸਥਿਤ ਸੀ। ਜੇਹਲਮ ਨਦੀ ਉਸਦੇ ਧਾਈਂ ਦੇ ਖੇਤਾਂ ਦੇ ਕੋਲ ਦੀ ਹੋ ਕੇ ਲੰਘਦੀ ਸੀ। ਇੱਥੇ ਆ ਕੇ ਜੇਹਲਮ ਦਾ ਪਾਟ ਬੜਾ ਚੌੜਾ ਹੋ ਜਾਂਦਾ ਸੀ ਤੇ ਇਸਨੂੰ ਪਾਰ ਕਰਕੇ ਅੰਗਰੇਜ਼ੀ ਇਲਾਕੇ ਵਿਚ ਜਾਣ ਲਈ ਇਕ ਬੇੜੀ ਵਿਚ ਜਾਣਾ ਪੈਂਦਾ ਸੀ। ਪਹਿਲਾਂ ਤਾਂ ਬੇੜੀ ਦੇ ਮਲਾਹ ਅੱਲਾਦਾਦ ਨੂੰ ਪੁੱਛ ਕੇ ਉਸਨੇ ਇਸ ਗੱਲ ਦੀ ਤੱੱਸਲੀ ਕਰ ਲਈ ਕਿ ਸ਼ਾਦਾਂ ਅੰਗਰੇਜ਼ੀ ਇਲਾਕੇ ਵੱਲ ਨਹੀਂ ਸੀ ਗਈ। ਇਸ ਜਗ੍ਹਾ ਤੋਂ ਬਿਨਾਂ ਕਿਸੇ ਹੋਰ ਜਗਾਹ ਨਦੀ ਦਾ ਪਾਟ ਐਨਾਂ ਚੌੜਾ ਨਹੀਂ ਸੀ ਜਿਸਨੂੰ ਪਾਰ ਕਰਨ ਲਈ ਬੇੜੀ ਪਾਈ ਗਈ ਹੋਵੇ ਤੇ ਨਦੀਆਂ ਦੀਆਂ ਲਹਿਰਾਂ ਵਿਚ ਏਨਾਂ ਉਛਾਲ ਹੁੰਦਾ ਸੀ ਕਿ ਉਸਨੂੰ ਤੈਰ ਕੇ ਪਾਰ ਕਰ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਫੇਰ ਵੀ ਸਾਵਧਾਨੀ ਵਜੋਂ ਹਸ਼ਮਤ ਅਲੀ ਨੇ ਇੱਥੋਂ ਇਕ ਹਵਾਲਦਾਰ ਤੇ ਇਕ ਸਿਪਾਹੀ ਨੂੰ ਅੰਗਰੇਜ਼ੀ ਇਲਾਕੇ ਵੱਲ ਪੁੱਛ-ਪੜਤਾਲ ਕਰਨ ਲਈ ਭੇਜ ਦਿੱਤਾ ਤੇ ਆਪ ਇਕ ਹਵਾਲਦਾਰ ਤੇ ਇਕ ਸਿਪਾਹੀ ਨਾਲ ਪਿੰਡ ਰੱਪਾ ਵੱਲ ਰਵਾਨਾ ਹੋ ਗਿਆ। ਰੱਪਾ ਪਿੰਡ ਉਪਰਲੀਆਂ ਘਾਟੀਆਂ ਵਿਚਾਲੇ ਵੱਸਿਆ ਹੋਇਆ ਸੀ। ਉਸ ਤੋਂ ਉਪਰ 11 ਹਜ਼ਾਰ ਫੁੱਟ ਉੱਚਾ ਕਾਲਾ ਸਰਾਏ ਦਾ ਪਹਾੜ ਸੀ, ਜਿਸ ਦੀਆਂ ਚੋਟੀਆਂ ਉੱਤੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਸੀ।
ਹਸ਼ਮਤ ਅਲੀ ਬੜਾ ਖੂੰਖਾਰ ਠਾਣੇਦਾਰ ਸੀ। ਡਾਕੂਆਂ ਤੇ ਫ਼ਰਾਰ ਹੋ ਜਾਣ ਵਾਲਿਆਂ ਨੂੰ ਫੜ੍ਹਨ ਵਿਚ ਉਸਦਾ ਮੁਕਾਬਲਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਉਹ ਧੁੰਦਲੀਆਂ ਤੋਂ ਧੁੰਦਲੀਆਂ ਪੈੜਾਂ ਦੇ ਨਿਸ਼ਾਨ ਪਛਾਣ ਲੈਣ ਵਿਚ ਮਾਹਰ ਸੀ। ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਸਨ ਕਿ ਫ਼ਰਾਰ ਦੇ ਸਰੀਰ ਦੀ ਬੂ ਨੂੰ ਅੱਧੇ ਮੀਲ ਦੀ ਦੂਰੀ ਤੋਂ ਹੀ ਕਿਸੇ ਕੁੱਤੇ ਵਾਂਗ ਸੁੰਘ ਲੈਂਦਾ ਸੀ ਉਹ। ਚਲੋ, ਇਹ ਤਾਂ ਹੋਊ ਅਤਿਕੱਥਨੀ...ਪਰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਸਦਾ ਵਧੇਰੇ ਸਮਾਂ ਡਾਕੂਆਂ ਨਾਲ ਮੁਕਾਬਲੇ ਕਰਨ ਤੇ ਫ਼ਰਾਰ ਲੋਕਾਂ ਨੂੰ ਫੜ੍ਹਨ ਵਿਚ ਹੀ ਬੀਤਿਆ ਸੀ। ਉਸਦੇ ਸਰੀਰ ਉੱਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਕਈ ਵਾਰੀ ਤਾਂ ਡਾਕੂ ਉਸਨੂੰ ਮੁਰਦਾ ਸਮਝ ਕੇ ਛੱਡ ਗਏ ਸਨ। ਪਰ ਉਸਦੇ ਸਰੀਰ ਵਿਚ ਗੈਂਡੇ ਦੇ ਸਰੀਰ ਵਾਂਗ ਗੋਲੀਆਂ ਦੇ ਜਖਮਾਂ ਨੂੰ ਭਰ ਦੇਣ ਦੀ ਯੋਗਤਾ ਸੀ। ਉਹ ਆਪਣੀ ਧੁਨ ਦਾ ਪੱਕਾ, ਹਠੀ ਤੇ ਈਮਾਨਦਾਰ ਸੀ। ਇਸ ਲਈ ਉਸਨੇ ਅੱਜ ਤੱਕ ਸ਼ਾਦੀ ਨਹੀਂ ਸੀ ਕੀਤੀ। ਕਹਿੰਦਾ ਸੀ, 'ਜੇ ਘਰ ਵਿਚ ਜ਼ਨਾਨੀ ਆ ਜਾਏ ਤੇ ਬੱਚੇ ਹੋ ਜਾਣ, ਤਾਂ ਠਾਣੇਦਾਰ ਦੇ ਦਿਲ ਵਿਚ ਆਪਣੇ ਆਪ ਬੇਈਮਾਨੀ ਆ ਜਾਂਦੀ ਏ। ਆਪਣੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਕਿਸ ਦਾ ਦਿਲ ਡਾਕੂਆਂ ਨਾਲ ਪੰਗਾ ਲੈਣ ਨੂੰ ਕਰੇਗਾ? ਹੁਸ਼...ਇਹ ਜ਼ਨਾਨੀਆਂ ਆਦਮੀ ਨੂੰ ਹਮੇਸ਼ਾ ਬੇਈਮਾਨੀ ਤੇ ਰਿਸ਼ਵਤਖੋਰੀ ਲਈ ਉਕਸਾਉਂਦੀਆਂ ਨੇ। ਮੂੰਹੋਂ ਕੁਝ ਨਹੀਂ ਕਹਿਣਗੀਆਂ, ਪਰ ਆਪਣੀਆਂ ਮੰਗਾਂ ਨਾਲ ਸਦਾ ਬੇਈਮਾਨੀ ਕਰਨ ਲਈ ਉਕਸਾਉਂਦੀਆਂ ਰਹਿਣਗੀਆਂ।' ਅਸਲ ਵਿਚ ਹਸ਼ਮਤ ਅਲੀ ਨੂੰ ਘਰੇਲੂ ਜੀਵਨ ਤੇ ਜ਼ਨਾਨੀਆਂ ਨਾਲ ਨਫਰਤ ਜਿਹੀ ਸੀ। ਉਸਨੂੰ ਖੁੱਲ੍ਹੀ ਡੁੱਲ੍ਹੀ ਹਵਾ, ਆਪਣੀ ਬੰਦੂਕ ਤੇ ਸੰਘਰਸ਼ ਦਾ ਜੀਵਨ ਪਸੰਦ ਸੀ।
ਰੰਪਾ ਪਿੰਡ ਵਿਚ ਆ ਕੇ ਉਸਨੇ ਪਹਿਲਾਂ ਸਾਰੇ ਪਿੰਡ ਨੂੰ ਨਰੜ ਲਿਆ। ਬਦਮਾਸ਼ਾਂ ਨੂੰ ਜੁੱਤੀਆਂ ਮਰਵਾਈਆਂ ਤੇ ਸ਼ਰੀਫ਼ਾਂ ਨੂੰ ਮੁਰਗਾ ਬਣਾਇਆ ਤੇ ਸਾਰਾ ਦਿਨ ਲੋਕਾਂ ਨੂੰ ਸਵਾਲ ਪੁੱਛਦਾ ਰਿਹਾ। ਸਾਰੇ ਦਿਨ ਦੀ ਤਹਕੀਕਾਤ ਤੋਂ ਉਸਨੂੰ ਏਨਾਂ ਤਾਂ ਪਤਾ ਲੱਗ ਗਿਆ ਕਿ ਸ਼ਾਦਾਂ ਦੇ ਬਿਨਾਂ ਕੋਈ ਹੋਰ ਆਦਮੀ ਇਸ ਕਤਲ ਵਿਚ ਸ਼ਾਮਲ ਨਹੀਂ ਸੀ ਤੇ ਨਾ ਹੀ ਸ਼ਾਦਾਂ ਦੇ ਫ਼ਰਾਰ ਹੋਣ ਵਿਚ ਉਹਨਾਂ ਕੋਈ ਸਹਾਇਤਾ ਕੀਤੀ ਸੀ। ਫੇਰ ਵੀ ਸਾਵਧਾਨੀ ਵਜੋਂ ਉਸਨੇ ਇਕ ਹਵਾਲਦਾਰ ਤੇ ਇਕ ਸਿਪਾਈ ਨੂੰ ਪਿੰਡ ਵਿਚ ਛੱਡ ਦਿੱਤਾ ਤੇ ਖ਼ੁਦਾ ਸ਼ਾਦਾਂ ਦੇ ਘਰ ਤੋਂ ਘਾਟੀ ਵੱਲ ਤੁਰ ਪਿਆ, ਜਿੱਥੇ ਉਸਨੂੰ ਪੈਰਾਂ ਦੇ ਮੱਧਮ ਜਿਹੇ ਨਿਸ਼ਾਨ ਮਿਲੇ ਸਨ।
ਰਾਤ ਨੂੰ ਉਹ ਉਪਰ ਚੀਲ ਦੇ ਜੰਗਲ ਵਿਚ ਇਕ ਲੱਕੜਹਾਰੇ ਕਿਸਾਨ ਦੇ ਘਰ ਰਿਹਾ। ਘੰਟਿਆਂ ਦੀ ਗੱਲਬਾਤ ਪਿੱਛੋਂ ਉਸਨੂੰ ਪਤਾ ਲੱਗਿਆ ਕਿ ਸ਼ਾਦਾਂ ਇੱਥੇ ਨਹੀਂ ਆਈ, ਪਰ ਕਿਸਾਨ ਨੇ ਸ਼ਾਮ ਢਲ੍ਹਦਿਆਂ ਹੀ ਘਾਟੀ ਦੇ ਦੂਜੇ ਪਾਸੇ ਰਾਈਫਲ ਚੱਲਣ ਦੀ ਆਵਾਜ਼ ਸੁੱਣੀ ਸੀ। ਇਸ ਲਈ ਰਾਤ ਨੂੰ ਉਹ ਉਸ ਕਿਸਾਨ ਦੇ ਘਰ ਹੀ ਰਹਿ ਪਿਆ। ਸਵੇਰੇ ਪਹੁ-ਫੁਟਾਲੇ ਦੇ ਨਾਲ ਹੀ ਘਾਟੀ ਦੇ ਦੂਜੇ ਪਾਸੇ ਜਾਣ ਲਈ ਰਵਾਨਾ ਹੋ ਗਿਆ, ਜਿੱਥੇ ਕਾਊ ਤੇ ਚੀਲ ਦੇ ਸੰਘਣੇ ਜੰਗਲ ਵਿਚਕਾਰ ਲਾਲ ਕੱਸੀ ਵਗਦੀ ਹੈ ਤੇ ਜਿਸਦੇ ਉਸ ਪਾਰ ਕਾਲਾ ਸਰਾਏ ਦਾ ਉੱਚਾ ਪਹਾੜ ਸੀ।
ਜੰਗਲ ਜੰਗਲ ਉਤਰਦਾ ਹੋਇਆ ਅਖ਼ੀਰ ਉਹ ਲਾਲ ਕੱਸੀ ਤਕ ਪਹੁੰਚ ਗਿਆ, ਜਿਸਦਾ ਪਾਣੀ ਉਤਰੀ ਪਹਾੜ ਦੀ ਲਾਲ ਮਿੱਟੀ ਵਹਾਅ ਲਿਆਉਣ ਕਰਕੇ ਹਮੇਸ਼ਾ ਲਾਲ ਰਹਿੰਦਾ ਸੀ। ਹਸ਼ਮਤ ਖਾਸੀ ਦੇਰ ਤਕ ਇਸ ਕੱਸੀ ਦੁਆਲੇ ਘੁੰਮਦਾ ਰਿਹਾ। ਅਖ਼ੀਰ ਉਸਨੂੰ ਇਕ ਜਗ੍ਹਾ ਪੈਰਾਂ ਦੇ ਨਿਸ਼ਾਨ ਮਿਲ ਹੀ ਗਏ ਤੇ ਉਹ ਨਿਸ਼ਾਨ ਹੂ-ਬ-ਹੂ ਉਹਨਾਂ ਨਿਸ਼ਾਨਾਂ ਨਾਲ ਮਿਲਦੇ ਸਨ ਜਿਹੜੇ ਸ਼ਾਦਾਂ ਦੇ ਘਰ ਤੋਂ ਘਾਟੀ ਵੱਲ ਆਉਂਦਿਆਂ ਉਸਨੇ ਦੇਖੇ ਸਨ। ਹਸ਼ਮਤ ਅਲੀ ਉਹ ਨਿਸ਼ਾਨ ਵੇਖ ਕੇ ਬੜਾ ਖੁਸ਼ ਹੋਇਆ ਤੇ ਰਾਈਫਲ ਮੋਢ ਉੱਤੇ ਠੀਕ ਕਰਦਾ ਹੋਇਆ ਲਾਲ ਕੱਸੀ ਪਾਰ ਗਿਆ।
ਘਾਟੀ ਘਾਟੀ ਚੜ੍ਹਦਾ ਹੋਇਆ ਉਹ ਉਪਰ ਸਿਲਵਰ ਫਰ ਦੇ ਜੰਗਲ ਵਿਚ ਪਹੁੰਚ ਗਿਆ। ਸਿਲਵਰ ਫਰ ਦੇ ਮਜ਼ਬੂਤ ਤਣੇ ਸੰਤਰੀਆਂ ਵਾਂਗ ਖੜ੍ਹੇ ਸਨ ਤੇ ਉਹਨਾਂ ਉੱਤੇ ਹਰੇਵਾਈ ਦੇ ਇਲਾਵਾ ਜੰਗਲੀ ਵੇਲਾਂ ਚੜ੍ਹੀਆਂ ਹੋਈਆਂ ਸਨ। ਇੱਥੇ ਸੂਰਜ ਦੀ ਰੌਸ਼ਨੀ ਦੂਰੋਂ ਉਪਰੋਂ ਛਣ ਕੇ ਹਰੀ ਭਾਅ ਦੀ ਮੱਸ ਲਈ ਪਹੁੰਚਦੀ ਸੀ। ਜੰਗਲ ਵਿਚ ਚਾਰੇ ਪਾਸੇ ਏਨੀ ਗੂੜ੍ਹੀ ਚੁੱਪ ਵਾਪਰੀ ਹੋਈ ਸੀ ਕਿ ਉਹ ਆਪਣੇ ਦੱਬਵੇਂ ਪੈਰਾਂ ਦੀ ਚਾਪ ਤਕ ਸੁਣ ਸਕਦਾ ਸੀ। ਦੇਰ ਤਕ ਉਹ ਇਹਨਾਂ ਜੰਗਲਾਂ ਵਿਚ ਘੁੰਮਦਾ ਰਿਹਾ। ਅਖ਼ੀਰ ਉਸਨੂੰ ਇਕ ਕੰਡੇਦਾਰ ਝਾੜੀ ਵਿਚ ਫੁਲਦਾਰ ਲਾਲ ਸੂਸੀ ਦਾ ਇਕ ਛੋਟਾ ਜਿਹਾ ਟੁਕੜਾ ਮਿਲ ਗਿਆ, ਜਿਹੜਾ ਹੋ ਸਕਦਾ ਏ ਸ਼ਾਦਾਂ ਦੀ ਮੁਗਲਈ ਸ਼ਲਵਾਰੇ ਦੇ ਕੰਡੇਦਾਰ ਝਾੜੀਆਂ ਵਿਚ ਉਲਝ ਜਾਣ ਕਾਰਕੇ ਉੱਥੇ ਹੀ ਫਸਿਆ ਰਹਿ ਗਿਆ ਹੋਏ। ਹਸ਼ਮਤ ਅਲੀ ਖਾਨ ਬੜਾ ਖੁਸ਼ ਹੋਇਆ। ਬੜੀ ਦੇਰ ਤਕ ਬੜੇ ਗਹੁ ਨਾਲ ਉਹ ਇਸ ਸੂਸੀ ਦੇ ਟੁਕੜੇ ਨੂੰ ਦੇਖਦਾ ਰਿਹਾ, ਫੇਰ ਅੱਗੇ ਵਧ ਗਿਆ। ਜੰਗਲ ਵਿਚ ਅੱਗੇ ਜਾ ਕੇ ਉਸਨੂੰ ਚਟਾਨ ਵਿਚਕਾਰ ਕੁਝ ਅੱਧ ਮੱਚੀਆਂ ਲੱਕੜਾਂ ਤੇ ਸਵਾਹ ਨਜ਼ਰ ਆਈ। ਹਸ਼ਮਤ ਅਲੀ ਦਾ ਦਿਲ ਖੁਸ਼ੀ ਵੱਸ ਬੁੜ੍ਹਕਣ ਲੱਗਿਆ। ਉਸਨੇ ਚਾਰੇ ਪਾਸੇ ਬੜੇ ਗੌਰ ਨਾਲ ਦੇਖਿਆ। ਲੱਗਦਾ ਸੀ, ਸ਼ਾਦਾਂ ਨੇ ਰਾਤ ਇੱਥੇ ਹੀ ਕੱਟੀ ਸੀ। ਹੁਣ ਉਹ ਇੱਥੋਂ ਕਿਸ ਪਾਸੇ ਗਈ ਹੋਵੇਗੀ...?
ਬੜੀ ਸੋਚ ਵਿਚਾਰ ਕਰਨ ਪਿੱਛੋਂ ਉਹ ਉਤਰ ਵੱਲ ਜਾਂਦੇ ਇਕ ਰਸਤੇ ਉੱਤੇ ਤੁਰ ਪਿਆ। ਇਹ ਰਾਸਤਾ ਬੜਾ ਔਖਾ ਸੀ ਤੇ ਨੰਗੀਆਂ ਚਟਾਨਾਂ ਉੱਤੋਂ ਦੀ ਹੁੰਦਾ ਹੋਇਆ ਕਾਲਾ ਸਰਾਏ ਦੀ ਘਾਟੀ ਵੱਲ ਜਾਂਦਾ ਸੀ, ਜਿੱਥੇ ਗਰਮੀਆਂ ਵਿਚ ਹਰੀ ਤੇ ਤਾਜ਼ਾ ਘਾਹ ਦੇ ਵੱਡੇ-ਵੱਡੇ ਚਰਾਂਦ ਮਿਲਦੇ ਸਨ। ਜਿੱਥੇ ਚਰਵਾਹੇ ਦੂਰੋਂ ਦੂਰੋਂ ਆਪਣੀਆਂ ਭੇਡਾਂ ਚਰਾਉਣ ਲਈ ਲੈ ਆਉਂਦੇ ਸਨ ਤੇ ਜਿਹੜੀ ਏਹਨੀ ਦਿਨੀਂ ਬਰਫ ਨਾਲ ਢਕੀ ਰਹਿੰਦੀ ਹੈ। ਇਹਨਾਂ ਘਾਟੀਆਂ ਤੋਂ ਉਪਰ ਕਾਲਾ ਸਰਾਏ ਦੀਆਂ ਪਥਰੀਲੀਆਂ ਤੇ ਬਰਫ਼ੀਲੀਆਂ ਚੋਟੀਆਂ ਸਨ, ਜਿਹੜੀਆਂ ਗੂੜ੍ਹੇ ਬੱਦਲਾਂ ਨਾਲ ਢਕੀਆਂ ਰਹਿੰਦੀਆਂ ਸਨ।
ਸਰਦੀ ਵਧਦੀ ਜਾ ਰਹੀ ਸੀ। ਉਪਰੀਆਂ ਚੋਟੀਆਂ ਤੋਂ ਤਿਲ੍ਹਕ ਕੇ ਧੁੰਦ ਹੇਠਾਂ ਵੱਲ ਜਾ ਰਹੀ ਸੀ। ਇਸ ਅੱਧ-ਪਾਰਦਰਸ਼ੀ ਧੁੰਦ ਵਿਚ ਕਾਲਾ ਸਰਾਏ ਦੀਆਂ ਛਿੱਲੀਆਂ-ਭੁਰੀਆਂ ਚੋਟੀਆਂ ਕਿਸੇ ਪਹਾੜੀ ਕਿਲੇ ਦੇ ਕੀਂਗਰਿਆਂ ਵਰਗੀਆਂ ਨਜ਼ਰ ਆ ਰਹੀਆਂ ਸਨ। ਹੌਲੀ ਹੋਲੀ ਜਿਉਂ ਜਿਉਂ ਉਹ ਉਪਰ ਚੜ੍ਹਦਾ ਗਿਆ, ਧੁੰਦ ਸੰਘਣੀ ਹੁੰਦੀ ਗਈ ਤੇ ਸਰਦੀ ਵੀ ਵਧਦੀ ਗਈ। ਹਸ਼ਮਤ ਨੇ ਮਹਿਸੂਸ ਕੀਤਾ ਕਿ ਉਸਨੂੰ ਆਪਣਾ ਓਵਰ ਕੋਟ ਵੀ ਨਾਲ ਲਿਆਉਣਾ ਚਾਹੀਦਾ ਸੀ। ਪਰ ਉਸਨੂੰ ਕੀ ਪਤਾ ਸੀ ਕਿ ਇਸ ਭਗੌੜੀ ਦੀ ਭਾਲ ਵਿਚ ਏਨੀ ਉਚਾਈ ਤਕ ਆਉਣਾ ਪਏਗਾ। ਪਤਾ ਹੁੰਦਾ ਤਾਂ ਇਸ ਹਿਸਾਬ ਨਾਲ ਤਿਆਰ ਹੋ ਕੇ ਆਉਂਦਾ। ਘੱਟੋਘੱਟ ਇਕ ਸਿਪਾਹੀ, ਖਾਣ ਪੀਣ ਤੇ ਹੋਰ ਜ਼ਰੂਰੀ ਸਾਮਾਨ ਨਾਲ ਲੱਦਿਆ ਉਸਦੇ ਨਾਲ ਹੁੰਦਾ। ਪਰ ਉਸਨੇ ਹਵਾਲਦਾਰ ਤੇ ਸਿਪਾਹੀ ਦੋਵਾਂ ਨੂੰ ਹੀ ਹੇਠਾਂ ਛੱਡ ਦਿੱਤਾ ਸੀ ਜੋ ਉਸਦੀ ਮੂਰਖਤਾ ਹੀ ਸੀ।
ਧੁੰਦ ਗੂੜ੍ਹੀ ਹੁੰਦੀ ਗਈ, ਉਸਦੇ ਪੈਰ ਬਰਫ਼ ਉੱਤੇ ਪੈਣ ਲੱਗੇ। ਫੇਰ ਨਿੱਕੀ-ਨਿੱਕੀ ਕਣੀ ਦਾ ਬੇਆਵਾਜ਼ ਮੀਂਹ ਸ਼ੁਰੂ ਹੋ ਗਿਆ। ਕਿਤੇ ਕਿਤੇ ਉਸਦੇ ਪੈਰ ਬਰਫ਼ ਵਿਚ ਧਸ ਜਾਂਦੇ ਸਨ। ਉਸਦੇ ਚਾਰੇ ਪਾਸੇ ਧੁੰਦ ਦੀ ਚਾਦਰ ਏਨੀ ਮੋਟੀ ਹੋ ਚੱਲੀ ਸੀ ਕਿ ਤਿੰਨ ਗਜ ਤੋਂ ਅੱਗੇ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ। ਉਹ ਸਿਰਫ ਦਿਸ਼ਾ ਨੂੰ ਧਿਆਨ ਵਿਚ ਰੱਖ ਕੇ ਤੁਰ ਰਿਹਾ ਸੀ। ਪਰ ਧੁੰਦ ਦੀ ਲਪੇਟ ਵਿਚ ਆ ਕੇ ਹੁਣ ਉਸਨੂੰ ਇਹ ਵਿਸ਼ਵਾਸ ਵੀ ਨਹੀਂ ਸੀ ਰਿਹਾ ਕਿ ਉਹ ਠੀਕ ਦਿਸ਼ਾ ਵਿਚ ਜਾ ਰਿਹਾ ਹੈ ਜਾਂ ਗ਼ਲਤ ਦਿਸ਼ਾ ਵੱਲ ਵਧ ਰਿਹਾ ਹੈ।
ਅਚਾਨਕ ਇਕ ਚਟਾਨ ਤੋਂ ਉਸਦਾ ਪੈਰ ਤਿਲ੍ਹਕਿਆ ਤੇ ਉਸਨੇ ਸੰਭਲਣ ਲਈ ਆਪਣੇ ਪਿਛਲੇ ਕਦਮ ਵਿਚ ਅਗਲੇ ਕਦਮ ਨੂੰ ਮਿਲਾ ਦਿੱਤਾ, ਤੇ ਐਨ ਉਸੇ ਸਮੇਂ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਦੋਵੇਂ ਪੈਰ ਹਵਾ ਵਿਚ ਲਟਕੇ ਹੋਏ ਨੇ ਤੇ ਉਹ ਹੇਠਾਂ ਵੱਲ ਡਿਗਿਆ ਜਾ ਰਿਹਾ ਹੈ। ਉਸਨੇ ਦੋਵੇਂ ਪਾਸੇ ਚਟਾਨਾਂ ਨੂੰ ਫੜ੍ਹਨ ਲਈ ਹੱਥ ਪੈਰ ਮਾਰੇ ਪਰ ਕਿਤੇ ਹੱਥ ਨਾ ਪਿਆ। ਉਹ ਪੰਜਾਹ ਫੁੱਟ ਡੂੰਘੀ ਇਕ ਖੱਡ ਵਿਚ ਜਾ ਡਿੱਗਿਆ। ਚੰਗੇ ਭਾਗਾਂ ਨੂੰ ਖੱਡ ਵਿਚ ਬਰਫ਼ ਸੀ, ਨਹੀਂ ਤਾਂ ਉਸਦੀ ਹੱਡੀ-ਪਸਲੀ ਟੁੱਟ ਜਾਂਦੀ। ਫੇਰ ਵੀ ਉਸਨੂੰ ਕਈ ਜਗ੍ਹਾ ਝਰੀਟਾਂ-ਰਗੜਾਂ ਲੱਗੀਆਂ ਤੇ ਸੱਜੇ ਪੈਰ ਦੀ ਅੱਡੀ ਬਰਫ ਵਿਚੋਂ ਉਭਰੀ ਹੋਈ ਇਕ ਚਟਾਨ ਨਾਲ ਟਕਰਾ ਕੇ ਕੱਟੀ ਗਈ ਤੇ ਉੱਥੋਂ ਖ਼ੂਨ ਵਗਣ ਲੱਗ ਪਿਆ। ਉਸਨੇ ਖੜ੍ਹਾ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੁੜ ਖੱਡ ਵਿਚ ਡਿੱਗ ਪਿਆ।
ਉਹ ਦੇਰ ਤਕ ਉਸ ਖੱਡ ਵਿਚ ਪਿਆ ਹੌਂਕਦਾ ਰਿਹਾ। ਹੁਣ ਮੀਂਹ ਬੰਦ ਹੋ ਚੁੱਕਿਆ ਸੀ ਤੇ ਬਰਫ਼ ਪੈਣ ਲੱਗ ਪਈ ਸੀ। ਸਰਦੀ ਨਾਲ ਉਸਦਾ ਸਾਰਾ ਸਰੀਰ ਸੁੰਨ ਹੁੰਦਾ ਜਾ ਰਿਹਾ ਸੀ। ਕਿਸਮਤ ਨਾਲ ਉਸਦੇ ਦੋਵੇਂ ਹੱਥ ਸਲਾਮਤ ਸਨ। ਉਹ ਆਪਣੇ ਦੋਵਾਂ ਹੱਥਾਂ ਨੂੰ ਪੂਰੇ ਜ਼ੋਰ ਨਾਲ ਇਕ ਦੂਜੇ ਨਾਲ ਮੇਲ ਕੇ ਘਿਸਟਦਾ ਹੋਇਆ ਚਟਾਨਾਂ ਦੀ ਥਹੁ ਲੈਂਦਾ, ਖੱਡ ਦੀ ਦੂਜੀ ਕੰਧ ਉਪਰ ਚੜ੍ਹਨ ਲੱਗਾ। ਵਿਚਕਾਰ ਦੇਵਦਾਰ ਦਾ ਇਕ ਛੋਟਾ ਜਿਹਾ ਰੁੱਖ ਬਰਫ਼ ਵਿਚੋਂ ਬਾਹਰ ਨਿਕਲਿਆ ਹੋਇਆ ਦਿਖਾਈ ਦਿੱਤਾ। ਉਸਦੇ ਤਣੇ ਨੂੰ ਫੜ੍ਹ ਕੇ ਕੁਝ ਮਿੰਟਾਂ ਤਕ ਹਸ਼ਮਤ ਨੇ ਸਾਹ ਲਿਆ। ਫੇਰ ਘਿਸਟਦਾ ਰਿੜ੍ਹਦਾ ਕਿਵੇ ਨਾ ਕਿਵੇਂ ਖੱਡ ਦੇ ਦੂਜੇ ਪਾਸੇ ਚੜ੍ਹ ਗਿਆ।
ਖੱਡ ਦੇ ਦੂਜੇ ਪਾਸੇ ਕਾਲਾ ਸਰਾਏ ਪਹਾੜ ਦੀ ਬਰਫ਼ੀਲੀ ਢਲਵਾਨ ਸੀ ਤੇ ਕਿਤੇ ਕਿਤੇ ਤੁੰਗ ਦੇ ਟਾਵੇਂ ਟਾਵੇ ਰੁੱਖ ਧੁੰਦ ਵਿਚ ਲਿਪਟੇ ਕਾਲੇ ਪਰਛਾਵਿਆਂ ਵਾਂਗ ਨਜ਼ਰ ਆ ਰਹੇ ਸਨ। ਬਰਫ਼ ਹੁਣ ਬੜੀ ਤੇਜ਼ੀ ਨਾਲ ਡਿੱਗ ਰਹੀ ਸੀ। ਉਸਦੇ ਮੌਰਾਂ ਉੱਤੇ ਜੰਮਦੀ ਜਾ ਰਹੀ ਸੀ ਤੇ ਉਸਦੀਆਂ ਪਲਕਾਂ ਤੋਂ ਡਿੱਗ ਕੇ ਗੱਲ੍ਹਾਂ 'ਤੇ ਪਿਘਲਦੀ ਜਾ ਰਹੀ ਸੀ ਤੇ ਉਸਦੀਆਂ ਗੱਲ੍ਹਾਂ ਇਸ ਤਰ੍ਹਾਂ ਗਿੱਲੀਆਂ ਹੋ ਗਈਆਂ ਸਨ ਜਿਵੇਂ ਉਹ ਘੰਟਿਆਂ ਤੋਂ ਰੋ ਰਿਹਾ ਹੋਵੇ।
ਅੱਡੀ ਵਿਚੋਂ ਲਹੂ ਵਗ ਰਿਹਾ ਸੀ ਤੇ ਲਗਾਤਾਰ ਲਹੂ ਨਿਕਲਣ ਕਰਕੇ ਉਹ ਬੜੀ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਸਰਦੀ ਵੱਧ ਹੋਣ ਕਰਕੇ ਉਸਦਾ ਸਾਰਾ ਸਰੀਰ ਠੰਡਾ ਤੇ ਨਿਰਜਿੰਦ ਜਿਹਾ ਹੁੰਦਾ ਜਾ ਰਿਹਾ ਸੀ। ਉਸਦੀਆਂ ਅੱਖਾਂ ਇਕ ਅਸੁਭਾਵਿਕ ਨੀਂਦ ਕਾਰਨ ਬੰਦ ਹੁੰਦੀਆਂ ਜਾ ਰਹੀਆਂ ਸਨ। ਪਰ ਇਸ ਹਾਲਤ ਵਿਚ ਵੀ ਉਸਨੇ ਆਪਣੀ ਰਾਈਫਲ ਨੂੰ ਨਹੀਂ ਸੀ ਛੱਡਿਆ। ਕਦੀ ਡਿੱਗਦਾ, ਕਦੀ ਉਠਦਾ, ਕਦੀ ਗੋਡਿਆਂ ਭਾਰ ਰਿੜ੍ਹਦਾ, ਉਹ ਇਕ ਰੌਸ਼ਨੀ ਕੋਲ ਪਹੁੰਚ ਗਿਆ, ਜਿਹੜੀ ਇਸ ਤੇਜ਼ ਤੂਫ਼ਾਨ ਤੇ ਧੁੰਦ ਵਿਚ ਚਮਕਦੀ ਨਜ਼ਰ ਆ ਰਹੀ ਸੀ।
ਆਖ਼ਰੀ ਫ਼ਾਸਲਾ ਉਸਨੇ ਗੋਡਿਆਂ ਭਾਰ ਰਿੜ੍ਹ ਕੇ ਤੈਅ ਕੀਤਾ ਸੀ। ਇਹ ਲੱਕੜੀ ਦੇ ਬਣੇ ਹੋਏ ਇਕ ਕੈਬਿਨ ਦੇ ਆਕਾਰ ਦਾ ਘਰ ਸੀ, ਜਿਸਦੀ ਛੱਤ 'ਚੋਂ ਧੂੰਆਂ ਨਿਕਲ ਰਿਹਾ ਸੀ, ਤੇ ਲੱਕੜ ਦੇ ਜੋੜੇ ਹੋਏ ਫੱਟਾਂ ਦੀਆਂ ਝੀਥਾਂ ਵਿਚੋਂ ਛਣ ਕੇ ਚਾਨਣ ਬਾਹਰ ਆ ਰਿਹਾ ਸੀ।
ਹਸ਼ਮਤ ਅਲੀ ਦਹਿਲੀਜ਼ ਉੱਤੇ ਆ ਡਿੱਗਿਆ। ਉਸਨੇ ਰਾਈਫਲ ਦੇ ਕੁੰਦੇ ਨਾਲ ਦਰਵਾਜ਼ਾ ਖੜਕਾਇਆ।
ਦਰਵਾਜ਼ਾ ਹੌਲੀ ਜਿਹੀ ਖੁੱਲ੍ਹਿਆ ਤੇ ਉਸ ਵਿਚੋਂ ਇਕ ਔਰਤ ਦਾ ਚਿਹਰਾ ਨਜ਼ਰ ਆਇਆ, ਜਿਸਦੇ ਹੱਥ ਵਿਚ ਰਾਈਫਲ ਸੀ।
ਸ਼ਾਦਾਂ ਨੇ ਸਭ ਤੋਂ ਪਹਿਲਾਂ ਹਸ਼ਮਤ ਅਲੀ ਦੀ ਰਾਈਫਲ ਨੂੰ ਆਪਣੇ ਕਬਜੇ ਵਿਚ ਕੀਤਾ। ਫੇਰ ਉਹ ਉਸਨੂੰ ਦਹਿਲੀਜ਼ ਤੋਂ ਘਸੀਟ ਕੇ ਅੰਦਰ ਲੈ ਆਈ ਤੇ ਮੰਜੀ ਉੱਤੇ ਲਿਟਾਅ ਦਿੱਤਾ। ਉਹ ਮੰਜੀ ਉੱਤੇ ਡਿੱਗਦਾ ਹੀ ਬੇਹੋਸ਼ ਹੋ ਗਿਆ ਸੀ। ਅੰਤਮ ਛਿਣਾ ਵਿਚ ਉਸਨੂੰ ਸਿਰਫ ਏਨਾ ਯਾਦ ਸੀ ਕਿ ਇਕ ਲੰਮੇ ਕੱਦ-ਬੁੱਤ ਦੀ ਮੋਹਣੀ ਔਰਤ ਉਸ ਉੱਤੇ ਝੁਕੀ ਹੋਈ ਹੈ ਤੇ ਉਸਦੀਆਂ ਸੋਚਾਂ ਵਿਚ ਡੁੱਬੀਆਂ ਅੱਖਾਂ ਦੀਆਂ ਸੰਘਣੀਆਂ ਪਲਕਾਂ ਇਕ ਕਤਾਰ ਵਿਚ ਫੱਬੀਆਂ ਹੋਈਆਂ ਹੈਨ।

ਜਦੋਂ ਉਹ ਹੋਸ਼ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਉਹ ਮੰਜੀ ਉੱਤੇ ਰੱਸੀਆਂ ਨਾਲ ਵੱਝਿਆ ਪਿਆ ਹੈ। ਉਸਦੇ ਪੈਰ 'ਤੇ ਕਿਸੇ ਨੇ ਪੱਟੀ ਬੰਨ੍ਹ ਦਿੱਤੀ ਹੈ ਤੇ ਸ਼ਾਦਾਂ ਉਸਦੇ ਸਿਰਹਾਣੇ ਸੂਪ ਦਾ ਪਿਆਲਾ ਲਈ ਖੜ੍ਹੀ ਹੈ।
ਲਗਾਤਾਰ ਸੱਤ ਦਿਨ ਬਰਫ਼ ਤੇ ਬਰਸਾਤ ਦਾ ਤੂਫ਼ਾਨ ਉਸ ਕੈਬਿਨ ਦੁਆਲੇ ਸ਼ੂਕਦਾ, ਕੜਕਦਾ ਰਿਹਾ। ਸ਼ਾਦਾਂ ਲਗਾਤਾਰ ਉਸਦੀ ਸੇਵਾ-ਟਹਿਲ ਕਰਦੀ ਰਹੀ। ਉਸਦੀ ਅੱਡੀ ਦਾ ਜ਼ਖ਼ਮ ਠੀਕ ਹੋ ਗਿਆ। ਤੇ ਹੋਰ ਸੱਟਾਂ ਵੀ ਠੀਕ ਹੁੰਦੀਆਂ ਗਈਆਂ। ਪਰ ਸ਼ਾਦਾਂ ਉਸਦੀ ਨਿਗਰਾਨੀ ਬੜੀ ਸੁਚੇਤ ਹੋ ਕੇ ਰੱਖਦੀ ਸੀ। ਉਸਨੇ ਹਸ਼ਮਤ ਅਲੀ ਦੀ ਰਾਈਫਲ ਬਰਫ਼ ਵਿਚ ਕਿਧਰੇ ਨੱਪ ਦਿੱਤੀ ਸੀ ਤੇ ਆਪਣੀ ਰਾਈਫਲ ਹਰ ਵੇਲੇ ਆਪਣੇ ਹੱਥ ਵਿਚ ਰੱਖਦੀ ਸੀ। ਕੁਝ ਘੰਟਿਆਂ ਲਈ ਜਦੋਂ ਉਹ ਹੇਠਾਂ ਜੰਗਲ ਵਿਚ ਜਾਂਦੀ ਤੇ ਜੰਗਲੀ ਜਾਨਵਰ ਮਾਰ ਲਿਆਉਂਦੀ। ਉਦੋਂ ਉਹ ਹਸ਼ਮਤ ਅਲੀ ਨੂੰ ਰੱਸੀਆਂ ਵਿਚ ਜਕੜ ਦੇਂਦੀ ਤੇ ਹਰ ਪੱਖੋਂ ਨਿਸ਼ਚਿੰਤ ਹੋ ਕੇ ਦਰਵਾਜ਼ਾ ਬਾਹਰੋਂ ਬੰਦ ਕਰਕੇ ਜਾਂਦੀ ਸੀ।
“ਇਹ ਸਾਰੀਆਂ ਸਾਵਧਾਨੀਆਂ ਵਿਅਰਥ ਨੇ।” ਹਸ਼ਮਤ ਅਲੀ ਉਸਨੂੰ ਸਮਝਾਉਂਦਾ, “ਇਕ ਦਿਨ ਤੂੰ ਜ਼ਰੂਰ ਫੜੀ ਜਾਏਂਗੀ।”
“ਮੇਰੇ ਜਿਊਂਦੇ-ਜੀ ਤਾਂ ਮੈਨੂੰ ਕੋਈ ਫੜ ਨਹੀਂ ਸਕਦਾ।” ਸ਼ਾਦਾਂ ਜਵਾਬ ਦੇਂਦੀ।
“ਜੇ ਫਰਾਰ ਰਹੇਂਗੀ ਤਾਂ ਫਾਂਸੀ ਹੋਏਗੀ।” ਹਸ਼ਮਤ ਅਲੀ ਨੇ ਕਿਹਾ, “ਪਰ ਜੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਏਂਗੀ ਤਾਂ ਸਿਰਫ ਕਾਲੇ ਪਾਣੀ ਜਾਏਂਗੀ ਆਖ਼ਰ ਰਜਬ ਅਲੀ ਨੇ ਤੇਰੀ ਇੱਜ਼ਤ ਲਈ ਸੀ। ਜੇ ਤੂੰ ਆਪਣੇ ਸਤੀਤੱਵ ਬਦਲੇ ਉਸਦੀ ਜਾਨ ਲਈ ਏ ਤਾਂ ਕੋਰਟ ਸਜ਼ਾ ਦੇਣ ਵੇਲੇ ਇਹ ਗੱਲ ਵੀ ਧਿਆਨ ਵਿਚ ਰੱਖੇਗੀ...”
“ਮੈਂ ਕਾਲੇ ਪਾਣੀ ਨਹੀਂ ਜਾਣਾ ਚਾਹੁੰਦੀ, ਮੈਂ ਜੇਲ ਵੀ ਨਹੀਂ ਜਾਣਾ ਚਾਹੁੰਦੀ, ਮੈਂ ਆਜ਼ਾਦ ਰਹਿਣਾ ਚਾਹੁੰਦੀ ਆਂ।”
ਹਸ਼ਮਤ ਅਲੀ ਨੇ ਉਸ ਲੰਮੇ ਕੱਦ-ਬੁੱਤ ਤੇ ਤਿੱਖੇ ਨਕਸ਼ਿਆਂ ਵਾਲੀ ਸ਼ਾਦਾਂ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖਿਆ। ਉਸਦੇ ਸਾਰੇ ਸਰੀਰ ਨੂੰ ਇਕ ਭਰਪੂਰ ਧੁੜਧੁੜੀ ਜਿਹੀ ਆਈ। ਉਸਨੇ ਕਾਹਲ ਨਾਲ ਆਪਦਾ ਮੂੰਹ ਫੇਰ ਲਿਆ। ਇਹ ਕੈਸੀ ਕਮਜ਼ੋਰੀ ਸੀ? ਸ਼ਾਦਾਂ ਜਦੋਂ ਉਸਦੇ ਨੇੜੇ ਆਉਂਦੀ ਸੀ ਉਸਦੇ ਸਰੀਰ ਵਿਚੋਂ ਕੇਹੀ ਕੋਸੀ, ਨਿੱਘੀ ਸੁਗੰਧ ਆਉਂਦੀ ਹੁੰਦੀ ਸੀ। ਉਹ ਸੁੰਗਧ ਹਸ਼ਮਤ ਅਲੀ ਨੂੰ ਬੇਚੈਨ ਤੇ ਬੇਤਾਬ ਕਰ ਦੇਂਦੀ ਸੀ। ਉਸਦੇ ਲਹੂ ਦਾ ਗੇੜ ਤੇਜ਼ ਹੋ ਜਾਂਦਾ ਸੀ। ਉਸਦੀ ਦੇਹ ਵਿਚ ਸਨਸਨੀ ਜਿਹੀ ਫੈਲ ਜਾਂਦੀ ਸੀ ਤੇ ਲਹੂ ਦੀ ਗਰਮੀ ਨਾਲ ਉਸਦੇ ਕੰਨਾਂ ਦੀਆਂ ਲੋਲਾਂ ਤਕ ਭਖਣ ਲੱਗ ਪੈਂਦੀਆਂ ਸਨ। ਇੰਜ ਤਾਂ ਉਸਨੇ ਪਹਿਲਾਂ ਕਦੀ ਮਹਿਸੂਸ ਨਹੀਂ ਸੀ ਕੀਤਾ।
ਇਕ ਦਿਨ ਹਸ਼ਮਤ ਅਲੀ ਨੇ ਉਸਨੂੰ ਕਿਹਾ, “ਜੇ ਤੂੰ ਦੁਬਾਰਾ ਸ਼ਾਦੀ ਕਰ ਲਈ ਹੁੰਦੀ ਤਾਂ ਰਜਬ ਅਲੀ ਦੀ ਤੇਰੇ ਘਰ ਆਉਣ ਦੀ ਹਿੰਮਤ ਨਾ ਪੈਂਦੀ।”
“ਹਾਂ ਇਹ ਠੀਕ ਏ।”
“ਫੇਰ ਤੂੰ ਸ਼ਾਦੀ ਕਿਉਂ ਨਹੀਂ ਕੀਤੀ?”
“ਮੈਨੂੰ ਕੋਈ ਮਰਜ਼ੀ ਦਾ ਮਰਦ ਨਹੀਂ ਮਿਲਿਆ।”
“ਕੈਸਾ ਮਰਦ ਚਾਈਦਾ ਏ ਤੈਨੂੰ?”
“ਅਜਿਹਾ, ਜਿਸਦੇ ਸੀਨੇ ਨਾਲ ਲਗ ਕੇ ਮੇਰਾ ਦਿਲ ਰੋਣ ਨੂੰ ਕਰੇ।”
ਸ਼ਾਦਾਂ ਨੇ ਅੱਖਾਂ ਝੁਕਾ ਕੇ ਹੌਲੀ ਜਿਹੀ ਕਿਹਾ। ਫੇਰ ਉਹ ਸਾਹਮਣੀ ਕੰਧ ਵੱਲ ਦੇਖਣ ਲੱਗ ਪਈ ਤੇ ਉਸਦੀਆਂ ਵੱਡੀਆਂ-ਵੱਡੀਆਂ ਭੂਰੀਆਂ ਅੱਖਾਂ ਉਨੀਂਦੀਆਂ ਜਿਹੀਆਂ ਹੋ ਗਈਆਂ...
ਦਸ ਦਿਨਾਂ ਬਾਅਦ ਜਦੋਂ ਹਸ਼ਮਤ ਅਲੀ ਬਿਲਕੁਲ ਠੀਕ ਹੋ ਗਿਆ ਤਾਂ ਸ਼ਾਦਾਂ ਉਸਦੀਆਂ ਰੱਸੀਆਂ ਖੋਲ੍ਹ ਕੇ ਉਸਨੂੰ ਬਾਹਰ ਲੈ ਆਈ। ਹੁਣ ਤੂਫ਼ਾਨ ਖ਼ਤਮ ਹੋ ਚੁੱਕਿਆ ਸੀ। ਢਲਵਾਨਾਂ ਦੀਆਂ ਪੌੜੀਆਂ-ਪਗਡੰਡੀਆਂ ਉੱਤੇ ਜੰਮੀ ਬਰਫ਼ ਦੀਆਂ ਚਿੱਪੜਾਂ ਸੁਨਹਿਰੀ ਧੁੱਪ ਵਿਚ ਚਮਕ ਰਹੀਆਂ ਸਨ ਤੇ ਤੁੰਗ ਦੀਆਂ ਟਾਹਣੀਆਂ ਉੱਤੇ ਬਰਫ਼ ਦੀਆਂ ਚਮਕਦਾਰ ਝਾਲਰਾਂ ਸੁੰਦਰ ਲੈਸ ਵਾਂਗ ਝੂਲ ਰਹੀਆਂ ਸਨ। ਹਵਾ ਵਿਚ ਇਕ ਜੀਵਨਦਾਤੀ ਤਾਜ਼ਗੀ ਤੇ ਖੁਣਕੀ ਸੀ। ਆਕਾਸ਼ ਦੂਰ ਤਕ ਨੀਲਾ, ਸਾਫ ਤੇ ਸਵੱਛ ਸੀ ਤੇ ਚੋਟੀਆਂ ਉੱਤੇ ਕਿਧਰੇ ਬੱਦਲ ਦਾ ਇਕ ਟੁਕੜਾ ਵੀ ਨਹੀਂ ਸੀ।
ਹਸ਼ਮਤ ਅਲੀ ਨੇ ਚਾਰੇ ਪਾਸੇ ਦੇਖ ਕੇ ਇਕ ਸੁਖਦਾਈ ਲੰਮਾ ਸਾਹ ਖਿਚਿਆ। ਪਰ ਸ਼ਾਦਾਂ ਨੇ ਆਪਣੀ ਰਾਈਫਲ ਦੇ ਕੁੰਦੇ ਨਾਲ ਉਸਦੀ ਪਿੱਠ ਨੂੰ ਠੋਕਦਿਆਂ ਕਿਹਾ, “ਅੱਗੇ ਚੱਲ, ਅੱਗੇ।”
“ਕਿੱਧਰ?” ਹਸ਼ਮਤ ਅਲੀ ਨੇ ਹੈਰਾਨੀ ਨਾਲ ਪੁੱਛਿਆ।
“ਮੈਂ ਤੈਨੂੰ ਉਸ ਖੱਡ ਤਕ ਛੱਡ ਦਿਆਂਗੀ ਜਿੱਥੋਂ ਜੰਗਲ ਸ਼ੁਰੂ ਹੁੰਦਾ ਏ। ਉੱਥੋਂ ਤੂੰ ਸਿੱਧਾ ਰੱਪਾ ਪਿੰਡ ਚਲਾ ਜਾਵੀਂ, ਫੇਰ ਆਪਣੇ ਠਾਣੇ—ਦੁਬਾਰਾ ਜੇ ਤੂੰ ਮੇਰਾ ਪਿੱਛਾ ਕੀਤਾ ਤਾਂ ਜਾਨੋਂ ਮਾਰ ਦਿਆਂਗੀ, ਇਸ ਵਾਰੀ ਛੱਡ ਦੇਨੀਂ ਆਂ ਕਿਉਂਕਿ ਮੇਰੀ ਤੇਰੀ ਕੋਈ ਦੁਸ਼ਮਣੀ ਨਹੀਂ।” ਹਸ਼ਮਤ ਅਲੀ ਅੱਗੇ ਅੱਗੇ ਤੁਰਨ ਲੱਗਾ, ਦੋਵਾਂ ਹੱਥਾਂ ਵਿਚ ਰਾਈਫਲ ਫੜੀ ਸ਼ਾਂਦਾ ਉਸਦੇ ਪਿੱਛੇ ਪਿੱਛੇ ਤੁਰ ਰਹੀ ਸੀ। ਬੜੀ ਸਾਵਧਾਨੀ ਨਾਲ ਉਸ ਉੱਤੇ ਨਿਗਾਹ ਰੱਖਦੀ ਹੋਈ ਕਿ ਜੇ ਹਸ਼ਮਤ ਅਲੀ ਜ਼ਰਾ ਵੀ ਕੋਈ ਗਲਤ ਹਰਕਤ ਕਰੇ ਤਾਂ ਉਹ ਫੌਰਨ ਉਸਨੂੰ ਗੋਲੀ ਦਾ ਨਿਸ਼ਾਨਾਂ ਬਣਾ ਦਏਗੀ।
ਪੌੜੀਆਂ ਦਰ ਪੌੜੀਆਂ ਢਲਵਾਨਾਂ ਦੇ ਟੈਰੇਸ ਵਰਗੇ ਖਿਤਿਆਂ 'ਚੋਂ ਉਤਰ ਕੇ ਉਹ ਦੋਵੇਂ ਉਸ ਡੂੰਘੀ ਖੱਡ ਦੇ ਨੇੜੇ ਪਹੁੰਚ ਗਏ ਜਿਹੜੀ ਜੰਗਲ ਦੀਆਂ ਘਾਟੀਆਂ ਨੂੰ ਉਹਨਾਂ ਸਤਹੀ ਘਾਟੀਆਂ ਨਾਲੋਂ ਵੱਖ ਕਰਦੀ ਸੀ। ਉਹ ਕਾਫੀ ਡੂੰਘੀ ਖੱਡ ਸੀ ਤੇ ਇੱਥੇ ਹੀ ਹਸ਼ਮਤ ਅਲੀ ਦਾ ਪੈਰ ਧੁੰਦ ਕਰਕੇ ਤਿਲ੍ਹਕਿਆ ਸੀ। ਇਸੇ ਖੱਡ ਦੇ ਦੂਜੇ ਪਾਸੇ ਚਟਾਨਾਂ ਤੋਂ ਅੱਗੇ ਕਾਲਾ ਸਰਾਏ ਦਾ ਹੇਠਲੀਆਂ ਘਾਟੀਆਂ ਦਾ ਜੰਗਲ ਸ਼ੁਰੂ ਹੁੰਦਾ ਸੀ। ਖੱਡ ਕਾਫੀ ਡੂੰਘੀ ਸੀ, ਪਰ ਖੱਡ ਦੇ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਦਾ ਅੰਤਰ ਏਨਾ ਕੁ ਸੀ ਕਿ ਆਦਮੀ ਜ਼ੋਰ ਨਾਲ ਛਾਲ ਮਾਰ ਕੇ ਉਸਨੂੰ ਪਾਰ ਕਰ ਸਕਦਾ ਸੀ। ਸ਼ਾਦਾਂ ਇਸੇ ਤਰ੍ਹਾਂ ਛਾਲ ਮਾਰ ਕੇ ਦੂਜੇ ਪਾਸੇ ਗਈ ਹੋਵੇਗੀ। 'ਜੇ ਧੁੰਦ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਇਵੇਂ ਕਰਦਾ', ਹਸ਼ਮਤ ਅਲੀ ਨੇ ਉਸ ਡੂੰਘੀ ਖੱਡ ਨੂੰ ਦੇਖ ਕੇ ਮਨ ਹੀ ਮਨ ਸੋਚਿਆ, 'ਫੇਰ ਨਾ ਮੈਂ ਜ਼ਖ਼ਮੀ ਹੁੰਦਾ ਤੇ ਇੰਜ ਸ਼ਾਦਾਂ ਦੇ ਹੱਥਾਂ 'ਚ ਮਜ਼ਬੂਰ ਹੁੰਦਾ।'
“ਛਾਲ ਮਾਰ।” ਸ਼ਾਦਾਂ ਨੇ ਹਸ਼ਮਤ ਅਲੀ ਨੂੰ ਖੱਡੇ ਦੇ ਕਿਨਾਰੇ ਖੜ੍ਹਾ ਵੇਖ ਕੇ ਕਿਹਾ।
ਹਸ਼ਮਤ ਅਲੀ ਨੇ ਕਿਹਾ, “ਹਾਲੇ ਵੀ ਕਹਿਣਾ, ਮੰਨ ਜਾ ਸ਼ਾਦਾਂ—ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ, ਹਰ ਤਰ੍ਹਾਂ ਮੈਂ ਤੇਰੀ ਮਦਦ ਕਰਾਂਗਾ।”
ਸ਼ਾਦਾਂ ਠਹਾਕਾ ਮਾਰ ਕੇ ਹੱਸੀ। ਰਾਈਫਲ ਦੇ ਕੁੰਦੇ ਦਾ ਪੋਲਾ ਜਿਹਾ ਠੁੰਗਾ ਹਸ਼ਮਤ ਅਲੀ ਦੀ ਪਿੱਠ 'ਤੇ ਮਾਰ ਕੇ ਬੋਲੀ, “ਪੁਲਸ ਵਾਲਿਆਂ ਦਾ ਕੀ ਯਕੀਨ? ਹੁਣ ਜੇ ਤੂੰ ਇੱਥੋਂ ਜਿਊਂਦਾ ਵਾਪਸ ਜਾਣਾ ਚਾਹੁੰਦਾ ਏਂ ਤਾਂ ਛਾਲ ਮਾਰ ਜਾਅ।”
“ਅਜੇ ਮੈਂ ਬੜਾ ਕਮਜ਼ੋਰ ਆਂ।” ਹਸ਼ਮਤ ਅਲੀ ਨੇ ਬਹਾਨਾ ਜਿਹਾ ਮਾਰਿਆ।
“ਅੱਲ੍ਹਾ ਦਾ ਨਾਂਅ ਲੈ ਕੇ ਜ਼ੋਰ ਨਾਲ ਛਾਲ ਮਾਰ, ਪਾਰ ਚਲਾ ਜਾਏਂਗਾ।”
ਅੱਲ੍ਹਾ ਦਾ ਨਾਂ ਲੈ ਕੇ ਹਸ਼ਮਤ ਅਲੀ ਨੇ ਜ਼ੋਰ ਨਾਲ ਛਾਲ ਮਾਰਨ ਲਈ ਆਪਣੇ ਮੋਢੇ ਸਿਕੋੜੇ ਤੇ ਹੇਠਾਂ ਵੱਲ ਝੁਕਿਆ, ਫੇਰ ਬਿਜਲੀ ਦੀ ਫੁਰਤੀ ਨਾਲ ਸ਼ਾਦਾਂ ਦੀਆਂ ਲੱਤਾਂ ਖਿੱਚ ਕੇ ਫਟਕੀ ਲੁਆਉਂਦਾ ਹੋਇਆ ਦੂਜੇ ਪਾਸੇ ਜਾ ਖੜ੍ਹਾ ਹੋਇਆ। ਹੁਣ ਸ਼ਾਦਾਂ ਜ਼ਮੀਨ 'ਤੇ ਸੀ ਤੇ ਰਾਈਫਲ ਹਸ਼ਮਤ ਅਲੀ ਦੇ ਹੱਥ ਵਿਚ। ਇਹ ਸਭ ਕੁਝ ਇਕ ਛਿਣ ਵਿਚ ਵਾਪਰ ਗਿਆ ਸੀ।
ਸ਼ਾਦਾਂ ਦੇ ਹੋਸ਼ ਅਜੇ ਥਾਵੇਂ ਨਹੀਂ ਸਨ ਆਏ ਕਿ ਹਸ਼ਮਤ ਅਲੀ ਨੇ ਉਸਦੇ ਦੋਵੇਂ ਹੱਥ ਕਾਬੂ ਕਰਕੇ ਉਹਨਾਂ ਵਿਚ ਹੱਥਕੜੀ ਪਾ ਦਿੱਤੀ।

ਹੁਣ ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਹਸ਼ਮਤ ਅਲੀ ਨੇ ਉਸ ਖੱਡ ਵਾਲੇ ਰਸਤੇ ਨੂੰ ਛੱਡ ਦਿੱਤਾ ਸੀ ਤੇ ਕਿਸੇ ਦੂਜੇ ਰਸਤੇ ਤੋਂ ਸ਼ਾਦਾਂ ਨੂੰ ਹੇਠਾਂ ਘਾਟੀ ਵੱਲ ਲੈ ਜਾ ਰਿਹਾ ਸੀ। ਜੰਗਲ ਚੁੱਪ ਸੀ ਤੇ ਉਹ ਦੋਵੇਂ ਵੀ ਚੁੱਪਚਾਪ ਤੁਰ ਰਹੇ ਸਨ। ਨਾ ਸ਼ਾਦਾਂ ਹਸ਼ਮਤ ਅਲੀ ਨਾਲ ਗੱਲ ਕਰ ਰਹੀ ਸੀ, ਨਾ ਹਸ਼ਮਤ ਅਲੀ ਸ਼ਾਦਾਂ ਨਾਲ ਅੱਖਾਂ ਮਿਲਾਉਣ ਦਾ ਹੌਸਲਾ ਕਰ ਰਿਹਾ ਸੀ। ਸ਼ਾਦਾਂ ਦੇ ਹੱਥਾਂ ਵਿਚ ਹੱਥਕੜੀਆਂ ਸਨ ਤੇ ਜ਼ੰਜੀਰ ਹਸ਼ਮਤ ਅਲੀ ਦੇ ਹੱਥ ਵਿਚ। ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਜੰਗਲ 'ਚੋਂ ਉਤਰਦਿਆਂ ਹੋਇਆਂ ਹਸ਼ਮਤ ਅਲੀ ਨੇ ਸ਼ਾਦਾਂ ਨੂੰ ਇਕ ਜਗਾਹ ਦਿਖਾਈ, ਜਿੱਥੇ ਚਟਾਨਾਂ ਦੀ ਖੋਹ ਵਿਚ ਉਸਨੇ ਇਕ ਰਾਤ ਕੱਟੀ ਸੀ।
ਫੇਰ ਘਾਟੀਆਂ ਉਤਰ ਕੇ ਹਸ਼ਮਤ ਅਲੀ ਨੇ ਲਾਲ ਕੱਸੀ ਪਾਰ ਕੀਤੀ ਤੇ ਦੂਜੇ ਕਿਨਾਰੇ ਦਾ ਪਹਾੜ ਚੜ੍ਹ ਕੇ ਲਕੜਹਾਰੇ ਕਿਸਾਨ ਦੇ ਘਰ ਸ਼ਾਦਾਂ ਤੇ ਹਸ਼ਮਤ ਅਲੀ ਦੋਵਾਂ ਨੇ ਪਾਣੀ ਪੀਤਾ ਤੇ ਕੁਝ ਮਿੰਟਾਂ ਲਈ ਆਰਾਮ ਕੀਤਾ। ਹੁਣ ਸ਼ਾਮ ਦਾ ਧੁੰਦਲਾ ਛਾ ਰਿਹਾ ਸੀ, ਪਰ ਹਸ਼ਮਤ ਅਲੀ ਨੇ ਉਸ ਕਿਸਾਨ ਦੇ ਘਰ ਆਰਾਮ ਕਰਨਾ ਠੀਕ ਨਹੀਂ ਸਮਝਿਆ। ਉਹ ਸ਼ਾਮ ਖ਼ਤਮ ਹੁੰਦਿਆਂ ਹੁੰਦਿਆਂ ਰੱਪਾ ਪਿੰਡ ਪਹੁੰਚ ਜਾਣਾ ਚਾਹੁੰਦਾ ਸੀ। ਉਤਰਾਈ ਦਾ ਰਸਤਾ ਸੀ ਤੇ ਉਸਦਾ ਜਾਣਿਆ ਪਛਾਣਿਆ ਵੀ ਸੀ। ਕੁਝ ਮਿੰਟ ਆਰਾਮ ਕਰਕੇ ਉਹ ਸ਼ਾਦਾਂ ਨੂੰ ਲੈ ਕੇ ਫੇਰ ਹੇਠਾਂ ਉਤਰਨ ਲੱਗਿਆ।
ਹੇਠਾਂ ਉਤਰਦੇ ਉਤਰਦੇ ਉਹ ਐਨ ਰੱਪਾ ਪਿੰਡ ਦੇ ਧਾਂਈਂ ਦੇ ਖੇਤਾਂ ਕੋਲ ਪਹੁੰਚ ਗਏ ਜਿੱਥੇ ਜੇਹਲਮ ਨਦੀ ਦਾ ਕਿਨਾਰਾ ਸੀ ਤੇ ਮਲਾਹ ਆਖ਼ਰੀ ਵਾਰ ਸਵਾਰੀਆਂ ਲਾਹ ਕੇ ਬੇੜੀ ਨੂੰ ਕਿਨਾਰੇ ਨਾਲ ਬੰਨ੍ਹ ਰਿਹਾ ਸੀ।
ਅਚਾਨਕ ਹਸ਼ਮਤ ਅਲੀ ਰੁਕ ਗਿਆ। ਉਸਨੇ ਮਲਾਹ ਨੂੰ ਪੁੱਛਿਆ, “ਮੀਆਂ ਪਾਰ ਚੱਲਣਾ ਏਂ?”
“ਹੁਣੇ ਤਾਂ ਆਇਆਂ ਸਰਕਾਰ।”
ਹਸ਼ਮਤ ਅਲੀ ਨੇ ਜੇਬ ਵਿਚੋਂ ਪੰਜ ਰੁਪਏ ਦਾ ਨੋਟ ਕੱਢ ਕੇ ਮਲਾਹ ਦੇ ਹੱਥ ਵਿਚ ਫੜਾ ਦਿੱਤਾ। ਉਹ ਫੇਰ ਬੇੜੀ ਨੂੰ ਖੋਲ੍ਹਣ ਲੱਗ ਪਿਆ।
“ਚੱਲ ਬੇੜੀ ਵਿਚ ਬੈਠ,” ਹਸ਼ਮਤ ਅਲੀ ਨੇ ਸ਼ਾਂਦਾ ਨੂੰ ਕਿਹਾ।
ਸ਼ਾਦਾਂ ਨੇ ਹੈਰਾਨੀ ਨਾਲ ਉਸ ਵੱਲ ਦੇਖ ਕੇ ਪੁੱਛਿਆ, “ਤੂੰ ਮੈਨੂੰ ਕਿੱਥੇ ਲੈ ਜਾ ਰਿਹੈਂ?”
“ਚੱਲ ਵਿਚ ਬੈਠ ਮੇਰੇ ਨਾਲ। ਫੇਰ ਦੱਸਾਂਗਾ।”
ਸ਼ਾਦਾਂ ਹੈਰਾਨੀ ਤੇ ਭੈਅ ਮਿਲੀ ਭਾਵਨਾ ਨਾਲ ਹਸ਼ਮਤ ਅਲੀ ਨਾਲ ਬੇੜੀ ਵਿਚ ਬੈਠ ਗਈ। ਮਲਾਹ ਨੇ ਬੇੜੀ ਠਿੱਲ੍ਹ ਲਈ। ਹਸ਼ਮਤ ਅਲੀ ਨੇ ਉਸਦੇ ਹੱਥਾਂ ਦੀਆਂ ਹੱਥਕੜੀਆਂ ਖੋਲ੍ਹਦਿਆਂ ਹੋਇਆਂ ਕਿਹਾ, “ਹੁਣ ਤੂੰ ਆਜ਼ਾਦ ਏਂ। ਅੰਗਰੇਜ਼ੀ ਇਲਾਕੇ ਵਿਚ ਪਹੁੰਚ ਕੇ ਤੂੰ ਪਿੰਡੀ ਚਲੀ  ਜਾਵੀਂ, ਲਾਹੌਰ ਚਲੀ ਜਾਵੀਂ, ਜਿੱਥੇ ਜੀਅ ਕਰੇ ਜਾਂਦੀ ਰਹੀਂ।”
“ਤੇ ਤੂੰ?”
“ਜੇ ਤੂੰ ਮੈਨੂੰ ਆਗਿਆ ਦਏਂ,” ਹਸ਼ਮਤ ਅਲੀ ਨੇ ਕਿਹਾ, “ਤਾਂ ਜਿੱਥੇ ਜਿੱਥੇ ਤੂੰ ਜਾਏਂਗੀ ਮੈਂ ਵੀ ਤੇਰੇ ਨਾਲ ਜਾਵਾਂਗਾ।”
ਸ਼ਾਦਾਂ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਤੇ ਉਹ ਭਿਚੀ ਜਿਹੀ ਕਮਜ਼ੋਰ ਆਵਾਜ਼ ਵਿਚ ਬੋਲੀ, “ਤੇ ਤੇਰੀ ਨੌਕਰੀ?”
“ਉਹ ਇਸ ਜੇਹਲਮ ਦੇ ਪਾਣੀ ਵਿਚ ਰੁੜ੍ਹ ਗਈ।”
ਸ਼ਾਦਾਂ ਦੇਰ ਤਕ ਹਸ਼ਮਤ ਅਲੀ ਦੇ ਮੂੰਹ ਵੱਲ ਤੱਕਦੀ ਰਹੀ। ਯਕਦਮ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਹ ਝੁਕ ਕੇ ਹਸ਼ਮਤ ਅਲੀ ਦੀ ਹਿੱਕ ਨਾਲ ਲੱਗ ਗਈ। ਤੇ...ਵਿਲ੍ਹਕ ਵਿਲ੍ਹਕ ਕੇ ਖੁਸ਼ੀ ਨਾਲ ਰੋਣ ਲੱਗੀ।
ਮਲਾਹ ਬੇੜੀ ਠਿੱਲ੍ਹਦਾ ਹੋਇਆ ਉੱਚੀ ਆਵਾਜ਼ ਵਿਚ ਗਾਉਣ ਲੱਗਾ—
 “ਓਇ ਜੇਹਲਮਾ, ਬੇਲੀਆ...
  ਓਇ ਮੇਰਾ ਰੁੱਠੜਾ ਯਾਰ ਆਣ ਮਿਲਾ...।”
੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

Saturday, November 20, 2010

ਸਹਾਏ... :: ਲੇਖਕ : ਸਆਦਤ ਹਸਨ ਮੰਟੋ

ਉਰਦੂ ਕਹਾਣੀ :
ਸਹਾਏ...
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਮਹਿੰਦਰ ਬੇਦੀ ਜੈਤੋ


'ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।...ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?''
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼  ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ 'ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।' ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ''ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?''
ਮੁਮਤਾਜ਼ ਨੇ ਪੁੱਛਿਆ, ''ਕੀ ਕਰੇਂਗਾ...?''
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!''
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ...ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ 'ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।'
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, 'ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।' ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?...ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ...ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ...ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।...ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ''ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।''
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ  ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ...ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) 'ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ''ਇਹ ਸਿਰਫ ਨਜ਼ਰ ਦਾ ਧੋਖਾ ਏ...ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।''
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।''
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ''ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।''
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ''ਜਦ ਤੂੰ ਕਿਹਾ ਸੀ 'ਸੋਚ ਰਿਹਾਂ,  ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ'...ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ...ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ 'ਤੇ ਪਹੁੰਚਿਆ ਸੈਂ ਤੂੰ?''
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ''ਪਰ ਮੈਨੂੰ ਅਫ਼ਸੋਸ ਏ!''
''ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,'' ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ''ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ...ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ...ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।...ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।...ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।''
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, 'ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ...ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ'...ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ...ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ...ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?...ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ...ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ...''
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ 'ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦੈ?' '' ਅਖ਼ੀਰ ਮੈਂ ਉਸ ਨੂੰ ਕਿਹਾ ਸੀ, ''ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!''
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ''ਨਹੀਂ, ਬਿਲਕੁਲ ਠੀਕ ਨਹੀਂ...ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ...ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ...ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ...ਪਰ ਉਹ ਸ਼ੈ ਹੈ ਕੀ?...ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।'' ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ''ਪਰ ਉਸ ਵਿਚ ਉਹ ਖਾਸ ਗੱਲ ਸੀ—ਕੱਟੜ ਹਿੰਦੂ ਸੀ...ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!''
ਮੈਂ ਪੁੱਛਿਆ, ''ਕਿਸ ਦੀ?''
''ਇਕ ਭੜੂਏ ਦੀ!''
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ''ਭੜੂਏ ਦੀ...?''
ਮੁਮਤਾਜ਼ ਨੇ ਹਾਂ ਵਿਚ ਸਿਰ ਹਿਲਾਇਆ, ''ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿਚ ਇਕ ਭੜੂਆ ਸੀ...ਔਰਤਾਂ ਦਾ ਦਲਾਲ...ਪਰ ਉਸ ਦੀ ਜਮੀਰ ਬੜੀ ਰੌਸ਼ਨ ਸੀ।''
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ...ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ...ਕੁਝ '...ਸਹਾਏ' ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗ੍ਹਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ...ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ...ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ 'ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ...ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ...ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ...ਹਰ ਦਸ ਵਿਚੋਂ ਢਾਈ ਕਮੀਸ਼ਨ ਦੇ ਲੈ ਕੇ...ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ...ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?...ਜ਼ਿਆਦਾ ਕਿਉਂ ਨਹੀਂ?...ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!...ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ...?''
ਮੈਂ ਇੱਥੋਂ ਤਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ''ਅਜੀਬ ਆਦਮੀ ਸੀ।''
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ''ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ...ਇਕ ਵੱਡਾ ਫਰਾਡ...ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿਚ ਸੇਵਿੰਗ ਅਕਾਉਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮ੍ਹਾਂ ਕਰਵਾਂਦਾ ਸੀ...ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ...ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇਕ ਦਿਨ ਮੈਂ ਉਸ ਦੇ ਠਿਕਾਣੇ 'ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, 'ਅਮੀਨਾ ਤੇ ਸਕੀਨਾ ਦੋਵੇਂ ਛੁੱਟੀ 'ਤੇ ਨੇ...ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿਚ ਮਾਸ-ਮੱਛੀ ਵਗ਼ੈਰਾ ਖਾ ਆਉਣ...ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ...' ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ...! ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇਕ ਮੁਸਲਮਾਨ ਗਾਹਕ ਨਾ ਕਰਵਾ ਦਿੱਤਾ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿਚ ਉਸ ਨੇ ਇਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਹਲ ਲਏ।' ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ...ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।''
ਮੈਂ ਮੁਮਤਾਜ਼ ਤੋਂ ਪੁੱਛਿਆ, ''ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?''
''ਬਿਲਕੁਲ...ਉਸ ਦੀ ਕੱਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਗਦੀ ਵਿਚ ਕਈ ਗ਼ਲਤੀਆਂ ਹੋਈਆਂ ਹੋਣ...ਪਰ ਉਹ ਇਕ ਬੜਾ ਹੀ ਵਧੀਆ ਇਨਸਾਨ ਸੀ!''
ਜੁਗਲ ਨੇ ਸਵਾਲ ਕੀਤਾ, ''ਇਹ ਤੈਨੂੰ ਕਿਸ ਦੱਸਿਆ ਸੀ?''
''ਉਸ ਦੀ ਮੌਤ ਨੇ।'' ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇਕ ਧੰਦਲੀ ਜਿਹੀ ਗਲਵੱਕੜੀ ਵਿਚ ਲਿਪਟੇ ਹੋਏ ਸਨ, ''ਫਸਾਦ ਸ਼ੁਰੂ  ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ...ਕਰਫ਼ਿਊ ਕਾਰਣ ਬਾਜ਼ਾਰ ਵਿਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇਕ ਆਦਮੀ ਨੂੰ ਇਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ  ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।...ਪਰ ਲਾਸ਼ ਵਿਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ  ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲ੍ਹੀਆਂ ਨਾਲ ਇਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿਚ ਇਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, 'ਤੁਸੀਂ? ਤੁਸੀਂ?'
''ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ...ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???...ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
''ਉਸ ਵਿਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, 'ਮੇਰੇ ਦਿਨ ਪੂਰੇ ਹੋ ਗਏ ਸੀ...ਭਗਵਾਨ ਨੂੰ ਇਹੀ ਮੰਜ਼ੂਰ ਸੀ!'
'ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿਚ ਇਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ...ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇਕ ਮੁਸਲਮਾਨ ਸੀ...। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ...ਇਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ੍ਹ ਲਿਆ ਜਾਵੇ...ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ...ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ...ਮੈਂ ਰੁਕ ਗਿਆ...ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ...ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ...ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ...ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, 'ਹੇਠਾਂ ਬੰਡੀ ਏ...ਉਸ ਦੀ ਜੇਬ ਵਿਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ...ਇਹ...ਇਹ...ਸੁਲਤਾਨਾ ਦਾ ਮਾਲ ਏ...ਮੈਂ...ਮੈਂ ਇਕ ਦੋਸਤ ਕੋਲ ਰੱਖਿਆ ਹੋਇਆ ਸੀ...ਅੱਜ ਉਸ...ਉਸ ਨੂੰ ਭੇਜਣਾ ਸੀ...ਕਿਉਂਕਿ...ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ ...ਉਸ ਨੂੰ ਦੇ ਦੇਣਾ...ਤੇ ਕਹਿਣਾ, ਫੌਰਨ ਚਲੀ ਜਾਏ...ਪਰ...ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ...!' ''
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ...ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ...ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇਕ ਧੁੰਦਲੀ ਜਿਹੀ ਸ਼ਾਮ ਵਿਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ !
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ''ਮੈਂ ਸੁਲਤਾਨਾ ਨੂੰ ਮਿਲਿਆ...ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ...!''
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜ੍ਹੀ ਖੜ੍ਹਾ ਸੀ...ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ...ਮੈਂ ਜੁਗਲ ਨੂੰ ਕਿਹਾ, ''ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ...ਆਪਣਾ ਹਮਸਫ਼ਰ ਬਣਾਉਣ ਲਈ ?''
ਜੁਗਲ ਨੇ ਸਿਰਫ ਏਨਾ ਕਿਹਾ, ''ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ !''
      ੦੦੦

ਯਾਰ...:: ਲੇਖਕਾ : ਇਸਮਤ ਚੁਗ਼ਤਾਈ





ਉਰਦੂ ਕਹਾਣੀ :
ਯਾਰ...
ਲੇਖਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਨਾਲ ਮਿਲਵਾਇਆ ਸੀ, ਉਹਨਾਂ ਦੀ ਨਵੀਂ-ਨਵੀਂ ਸ਼ਾਦੀ ਹੋਈ ਸੀ। ਰਿਆਜ਼ ਭੋਲੀ-ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ।
“ਅਸੀਂ ਦੋਵੇਂ ਇਕੋ ਗਲੀ ਵਿਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਨਾਲ ਕਾਲਜ ਵਿਚ ਵੀ ਸਾਥ ਨਹੀਂ ਸੀ ਛੁੱਟਿਆ...ਫੇਰ ਇਹ ਵੀ ਬੰਬਈ ਆ ਗਿਆ; ਕਿੰਨਾਂ ਅਜੀਬ ਇਤਫ਼ਾਕ ਐ!” ਅਕਬਰ ਨੇ ਕਿਹਾ ਸੀ, “ਬਸ, ਜ਼ਰਾ ਬੋਰਿੰਗ ਜਿਹਾ ਬੰਦਾ ਏ।” ਤੇ ਇਹ ਵਾਕ ਵੀ ਨਾਲ ਹੀ ਜੋੜ ਦਿੱਤਾ ਸੀ।
ਸ਼ੁਰੂ-ਸ਼ੁਰੂ ਵਿਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ—ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ; ਹੋਟਲ ਵਿਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ। ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫੇਰ ਜਿਵੇਂ-ਜਿਵੇਂ ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵਧਦੇ ਗਏ—ਫਰੀਦਾ ਤੇ ਰਿਆਜ਼ ਦਾ ਸਾਥ ਵਧਦਾ ਗਿਆ। ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਕਾਰਨ ਦੇਰ ਨਾਲ ਆਉਂਦੇ—ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ। ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗਦੇ, ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤੇ ਅਕਬਰ ਨੇ ਦੇਰ ਨਾਲ ਆਉਣਾ ਹੁੰਦਾ ਤਾਂ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਟਲ ਵੀ ਆਉਂਦੇ, “ਤੂੰ ਰਿਆਜ਼ ਨਾਲ ਵਾਪਸ ਆ ਜਾਵੀਂ।”
ਤੇ ਉਹ ਰਿਆਜ਼ ਨਾਲ ਵਾਪਸ ਆ ਜਾਂਦੀ।
ਸ਼ਾਦੀ ਪੁਰਾਣੀ ਹੁੰਦੀ ਗਈ, ਪਰ ਰਿਆਜ਼ ਦਾ ਮਹੱਤਵ ਦਿਨੋਂ-ਦਿਨ ਵਧਦਾ ਗਿਆ। ਫਰੀਦਾ ਨੇ ਜਾਣੇ-ਅਣਜਾਣੇ ਵਿਚ ਹੀ ਪਤੀ ਵਾਲੇ ਸਾਰੇ ਉਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ—ਨੌਕਰਾਂ ਦੀ ਮੁਰੰਮਤ; ਰਾਸ਼ਨ ਕਾਰਡ ਬਣਵਾਉਣਾ; ਸ਼ਾਪਿੰਗ ਲਈ ਨਾਲ-ਨਾਲ ਧੱਕੇ ਖਾਣਾ; ਛੋਟੇ-ਛੋਟੇ ਖ਼ਤ ਲਿਖਣਾ; ਬੈਂਕ ਵਿਚ ਰੁਪਏ ਜਮ੍ਹਾਂ ਕਰਵਾ ਆਉਣਾ ਜਾਂ ਕਢਵਾ ਲਿਆਉਣਾ ਤੇ ਹੋਰ ਨਿੱਕੇ-ਮੋਟੇ ਕੰਮ ਕਰਨੇ।
ਇੱਥੋਂ ਤਕ ਕਿ ਜਦੋਂ ਫਰੀਦਾ ਦਾ 'ਮਿਸ ਕੈਰੇਜ਼' ਹੋਇਆ ਤਾਂ ਖੁਸ਼ਕਿਸਮਤੀ ਨਾਲ ਰਿਆਜ਼ ਦਫ਼ਤਰ ਵਿਚ ਮਿਲ ਗਿਆ, ਉਸਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫ਼ਸਰ ਦੀ ਵਿਦਾਇਗੀ ਪਾਰਟੀ ਸੀ। ਜਦੋਂ ਉਹ ਉੱਥੋਂ ਰਾਤ ਦੇ ਦੋ ਵਜੇ ਘਰ ਪਹੁੰਚੇ ਤਾਂ ਬੇਗ਼ਮ ਦੀ ਬਦਹਾਲੀ ਦਾ ਪਤਾ ਲੱਗਿਆ। ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫ਼ਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉੱਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਉੱਤੇ ਬੈਠਾ ਉਂਘਦਾ ਰਿਹਾ ਸੀ...ਅਕਬਰ ਨੇ ਉਸਨੂੰ ਜਬਰਦਸਤੀ ਆਰਾਮ ਕਰਨ ਲਈ ਭੇਜ ਦਿੱਤਾ।
ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ, ਇਸ ਲਈ ਉਹ ਰਿਆਜ਼ ਨੂੰ ਫ਼ੋਨ ਕਰਕੇ ਦਵਾਈਆਂ ਵਗ਼ੈਰਾ ਖ਼ਰੀਦ ਕੇ ਦੇ ਆਉਣ ਦੀ ਹਦਾਇਤ ਕਰ ਦੇਂਦੇ। ਹਸੀਨ ਇਤਫ਼ਾਕ ਕਹੋ ਜਾਂ ਕਿਸਮਤ ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਲਈ ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ ਸੀ। ਸ਼ਾਮੀਂ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ।
ਫੇਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪ੍ਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ 'ਤੇ ਆ ਗਈਆਂ। ਉਹ ਅਜੇ ਤਕ ਛੜਾ ਜੋ ਸੀ। ਇਕ ਦੋ ਜਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲ ਗਿਆ ਸੀ, “ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦੈ।” ਤੇ ਗੱਲ ਆਈ ਗਈ ਹੋ ਗਈ ਸੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦੇ, “ਮੀਆਂ ਏਸ ਚੱਕਰ 'ਚ ਨਾ ਫਸੀਂ, ਕਿਸੇ ਕੰਮ ਦਾ ਨਹੀਂ ਰਹਿਣਾ। ਆਪਣੀ ਜਿਹੜੀ ਗੱਤ ਹੈ, ਉਹ ਤੂੰ ਵੇਖ ਈ ਰਿਹੈਂ—ਵਿਆਹ ਝੰਜਟ ਈ ਐ ਨਿਰਾ।”
ਫੇਰ ਬਾਲ-ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ 'ਚਿਆਂ-ਪਿਆਂ' ਤੋਂ ਘਬਰਾ ਕੇ ਕੱਲਬ ਚਲੇ ਜਾਂਦੇ ਜਾਂ ਕਿਸੇ ਯਾਰ ਦੋਸਤ ਨਾਲ ਪੀਣ-ਪਿਆਉਣ ਦਾ ਪ੍ਰੋਗਰਾਮ ਬਣਾ ਬਹਿੰਦੇ, ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਾ ਜਾਂਦਾ। ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗਰਾਈਪ ਵਾਟਰ ਦੇ ਦਿੰਦਾ—ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਵਿਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁਕੇ ਢੰਗ ਨਾਲ ਬੱਚਿਆਂ ਦੇ ਨੇਪਕਿਨ ਬਦਲਦਾ ਜਾਂ ਨੁਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ-ਹੱਸ ਕੇ ਲੋਟਪੋਟ ਹੋ ਜਾਂਦੀ...ਪਹਿਲਾਂ-ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮੰਨ੍ਹਾਂ ਕਰਦੀ ਤਾਂ ਕਹਿੰਦਾ, “ਕੋਈ ਗੱਲ ਨਹੀਂ।”
“ਵੈਸੇ ਚੰਗਾ ਏ...ਤੂੰ ਇਹ ਕੰਮ ਸਿੱਖ ਲਏਂ ਤਾਂ ਤੇਰੀ ਬੀਵੀ ਨੂੰ ਮੌਜਾਂ ਹੋ ਜਾਣਗੀਆਂ।” ਫਰੀਦਾ ਹੱਸਣ ਲੱਗਦੀ ਤੇ ਰਿਆਜ਼ ਵੀ ਹੱਸ ਪੈਂਦਾ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਵਿਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਦੇਂਦੀ, “ਓਇ ਹੋਇ ਕੇਹੇ ਬੇਹੂਦਾ ਮਰਦ ਓ-ਜੀ, ਬੱਚਾ ਰੋ ਰਿਹੈ, ਜ਼ਰਾ ਵਰਾਅ ਵੀ ਲਓ ਨਾ।”
“ਉੱਲੂ ਦੀ ਔਲਾਦ ਚੁੱਪ ਈ ਨਹੀਂ ਕਰਦਾ ਪਿਆ।”
“ਤੇ ਟੁੱਟੇ ਹੱਥਾਂ ਨਾਲ ਚੁੱਕਿਆ ਨਹੀਂ ਜਾਂਦਾ?”
ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਬਾਂਦਰਾਂ ਵਾਂਗਰ ਅਜੀਬ-ਅਜੀਬ ਹਰਕਤਾਂ ਕਰਨ ਲੱਗ ਪੈਂਦਾ...ਬੱਚਾ ਵਿਰ ਜਾਂਦਾ।
ਜਿਵੇਂ-ਜਿਵੇਂ ਬੱਚੇ ਵੱਡੇ ਹੋਏ ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ। ਉਹਨਾਂ ਨੂੰ ਕਿਸ ਸਕੂਲ ਵਿਚ ਦਾਖ਼ਲ ਕਰਵਾਉਣਾ ਹੈ? ਓਵਨ ਰਿਆਜ਼ ਦੇ ਕਿਸ ਦੋਸਤ ਰਾਹੀਂ ਸਸਤਾ ਮਿਲ ਸਕਦਾ ਹੈ? ਖੰਡ ਬਲੈਕ ਵਿਚ ਲਿਆਉਣੀ ਪੈਂਦੀ ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖ਼ੁਦ ਅਕਬਰ ਇਹਨਾਂ ਕੰਮਾਂ ਤੋਂ ਜੀਅ ਚੁਰਾਉਂਦੇ ਸਨ। ਕਦੀ ਕੋਈ ਅਜਿਹੀ ਫ਼ਿਲਮ ਲੱਗਦੀ, ਜਿਸ ਵਿਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖ਼ੁਦ ਕਹਿ ਦੇਂਦੇ, “ਤੁਸੀਂ ਰਿਆਜ਼ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫ਼ਿਲਮਾਂ ਚੰਗੀਆਂ ਨਹੀਂ ਲੱਗਦੀਆਂ।”
ਅਕਬਰ ਦੀ ਵਧੇਰੇ ਦਿਲਚਸਪੀ ਪੀਣ-ਪਿਆਉਣ ਵੱਲ ਹੁੰਦੀ ਜਾ ਰਹੀ ਸੀ।
ਸਪਸ਼ਟ ਹੈ ਇਸ ਹਾਲ ਵਿਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗਿਆ। ਫਰੀਦਾ ਉਸ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਸ ਦਿਖਾ ਲਿਆਉਂਦੀ, ਸ਼ਾਮੀਂ ਦੋਵੇਂ ਰਲ ਕੇ ਬੱਚਿਆਂ ਨਾਲ ਖੇਡਦੇ। ਫੇਰ ਪਿਆਰ-ਪੁਚਕਾਰ ਕੇ ਕੱਪੜੇ ਬਦਲਦੇ ਤੇ ਸੰਵਾਅ ਦੇਂਦੇ। ਅਕਬਰ ਨੂੰ ਇਹਨਾਂ ਝੰਜਟਾਂ ਲਈ ਬਿਲਕੁਲ ਵਿਹਲ ਨਹੀਂ ਸੀ। ਬੱਚੇ ਵੀ ਪਿਓ ਨਾਲ ਨਹੀਂ ਸਨ ਖੁੱਲ੍ਹ ਸਕੇ—ਰਿਆਜ਼ ਦੇ ਮੋਢੇ 'ਤੇ ਚੱੜ੍ਹ ਕੇ 'ਅੰਕਲ ਅੰਕਲ' ਕਰਦੇ ਰਹਿੰਦੇ, ਖਰਚਣ ਲਈ ਪੈਸੇ ਮੰਗਦੇ, ਨਵੀਆਂ-ਨਵੀਆਂ ਫਰਮਾਇਸ਼ਾਂ ਕਰਦੇ, ਅਕਬਰ ਤਾਂ ਫਰੀਦਾ ਨੂੰ ਬੱਸ ਘਰ ਦਾ ਖਰਚਾ ਦੇ ਦੇਂਦੇ ਸਨ। ਉਹਨਾਂ ਨੂੰ ਤੋਹਫ਼ੇ ਦੇਣ ਦੀ ਲੋੜ ਵੀ ਕੀ ਸੀ? ਇਹ ਬੱਚੇ ਵੀ ਤਾੜ ਗਏ ਸਨ।
ਹਨੇਰੀ ਆਵੇ, ਮੀਂਹ ਆਵੇ ਰਿਆਜ਼ ਦੇ ਆਉਣ ਵਿਚ ਨਾਗਾ ਨਹੀਂ ਸੀ ਪੈਂਦਾ—ਜੇ ਕਿਸੇ ਦਿਨ, ਕਿਸੇ ਕਾਰਨ ਕਰਕੇ, ਉਹ ਨਾ ਆਉਂਦਾ ਤਾਂ ਸਾਰਾ ਘਰ ਪ੍ਰੇਸ਼ਾਨ ਹੋ ਜਾਂਦਾ। ਫਰੀਦਾ ਡੌਰ-ਭੌਰ ਜਿਹੀ ਹੋਈ ਫਿਰਦੀ, ਸਾਰੇ ਪ੍ਰੋਗਰਾਮ ਉਲਟੇ-ਪੁਲਟੇ ਹੋ ਜਾਂਦੇ। 'ਖ਼ੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਐ...ਕਿਤੇ ਬਿਮਾਰ ਤਾਂ ਨੀਂ ਹੋ ਗਿਆ? ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ?' ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸ ਵੱਲ ਦੌੜਾਂਦੀ, ਕਦੀ ਗੁਆਂਢੀਆਂ ਦੇ ਘਰੋਂ ਫ਼ੋਨ ਕਰਦੀ—ਜੇ ਬਦਕਿਸਮਤੀ ਨਾਲ ਰਿਆਜ਼ ਕਿਸੇ ਦੋਸਤ ਨਾਲ ਸਿਨੇਮਾ ਦੇਖਣ ਚਲਾ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ।
“ਕਿੱਥੇ ਮਰ ਗਿਆ ਸੈਂ, ਜਲੀਲ ਆਦਮੀ! ਮੈਨੂੰ ਫ਼ੋਨ ਹੀ ਕਰ ਦਿੱਤਾ ਹੁੰਦਾ ਤਾਂ ਮੈਂ ਏਨੀ ਪ੍ਰੇਸ਼ਾਨ ਤਾਂ ਨਾ ਹੁੰਦੀ। ਫ਼ਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ, ਬੜੀ ਮੁਸ਼ਕਿਲ ਨਾਲ ਵਾਪਸ ਹੋਈਆਂ ਨੇ...ਜੇ ਨਾ ਹੁੰਦੀਆਂ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ।”
ਬੱਚੇ ਵੀ ਪਿੱਛੇ ਪੈ ਜਾਂਦੇ—'ਅਸੀਂ ਤੁਹਾਡੇ ਨਾਲ ਨਹੀਂ ਬੋਲਣਾ, ਤੁਸੀਂ ਕਲ੍ਹ ਆਏ ਕਿਉਂ ਨਹੀਂ?' ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਨਾਲ ਫੇਰ ਆਉਣ ਲੱਗ ਪੈਂਦਾ।
ਜੇ ਕਦੀ ਰਿਆਜ਼ ਦੀ ਤਬੀਅਤ ਖ਼ਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸ ਦੇ ਘਰ ਉੱਤੇ ਧਾਵਾ ਬੋਲ ਦੇਂਦੀ। ਉਸਦੀ ਸੇਵਾ ਘੱਟ, ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਉਹਨਾਂ ਦੇ ਘਰ ਆਣ ਲੇਟਦਾ।
ਤੇ ਫੇਰ ਇੰਜ ਹੋਣ ਲੱਗਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ 'ਇਹਨਾਂ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ ਬਈ ਏਨੀ ਛੇਤੀ ਘਰ ਆਉਣਾ ਪੈ ਗਿਐ?' ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ-ਪੁਲਟ ਹੋ ਜਾਂਦਾ—ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ ਮਜ਼ਾ ਕਿਰਕਿਰਾ ਹੁੰਦਾ ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸ ਨੂੰ ਘਸੀਟ ਕੇ ਲੈ ਜਾਂਦੀ ਹੈ, ਇਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਪਰ੍ਹਾਂ ਸੁੱਟ ਦਿੱਤਾ ਗਿਆ।
ਖਾਣੇ ਦੀ ਮੇਜ਼ ਉੱਤੇ ਵੀ ਸਭ ਗੜਬੜ ਹੋ ਜਾਂਦਾ—ਅਕਸਰ, ਅਕਬਰ ਲਈ ਮੇਜ਼ ਉੱਤੇ ਪਲੇਟ ਲਾਈ ਹੀ ਨਹੀਂ ਸੀ ਜਾਂਦੀ। ਰਾਤੀਂ ਦੋ ਢਾਈ ਵਜਾ ਕੇ ਆਉਂਦੇ ਤਾਂ ਆਪਣੇ ਕਮਰੇ ਵਿਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ, ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ ਹੈ। ਜਲਦੀ-ਜਲਦੀ ਉਹਨਾਂ ਲਈ ਜਗ੍ਹਾ ਬਣਾਈ ਜਾਂਦੀ—ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂਕਿ ਬੱਚਿਆਂ ਨੂੰ ਖਾਣਾ ਦੇਣ ਵਿਚ ਉਸਦੀ ਮਦਦ ਕੀਤੀ ਜਾ ਸਕੇ, ਆਖ਼ਰੀ ਕੁਰਸੀ ਉੱਤੇ, ਦੂਰ ਜਾ ਬੈਠਦਾ। ਬੱਚੇ ਹੈਰਾਨੀ ਨਾਲ ਉਸ ਤਬਦੀਲੀ ਨੂੰ ਵੇਖਦੇ। ਫਰੀਦਾ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਨਾ ਪੈਂਦਾ ਸੀ। ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ—
“ਓ-ਹੋ! ਏਨੇ ਚਾਵਲ ਇਸ ਦੀ ਪਲੇਟ ਵਿਚ ਪਾ ਦਿੱਤੇ...ਮਾਰੋਗੇ ਕੰਬਖਤ ਨੂੰ। ਉਂਜ ਈ ਇਹਨੂੰ ਖੰਘ ਲੱਗੀ ਹੋਈ ਏ। ਨਾ, ਦਹੀਂ ਨਾ ਦਿਓ। ਓ-ਹੋ ਇਹ ਚਟਨੀ ਤਾਂ ਬੱਚਿਆਂ ਲਈ ਸੀ—ਤੁਸਾਂ ਖ਼ਤਮ ਕਰ ਦਿੱਤੀ।” ਤੇ ਅਕਬਰ ਦੋਸ਼ੀ ਬਣਿਆਂ ਬੈਠਾ ਰਹਿ ਜਾਂਦਾ।
“ਰਿਆਜ਼ ਬੈਠੇ-ਬੈਠੇ ਖ਼ੁਦ ਠੂੰਸ ਰਹੇ ਓ, ਏਨਾ ਨਹੀਂ ਹੁੰਦਾ ਬਈ ਬੱਚਿਆਂ ਨੂੰ ਵੀ ਖੁਆ ਦਿਆਂ। ਮੇਰੇ ਦੋ ਹੱਥ ਨੇ, ਕੀ ਕੀ ਕਰਾਂ?” ਉਹ ਘੁਰਕਦੀ ਤੇ ਬਿੰਦ ਵਿਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸਾਂਭ ਲੈਂਦਾ। ਬੜੇ ਹੀ ਹਿਸਾਬ-ਕਿਤਾਬ ਨਾਲ ਉਹ ਖਾਣਾ ਵਰਤਾਉਂਦਾ—ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ...ਤੇ ਨਾਲੇ ਕਿਸ ਨੂੰ ਧਮਕਾਉਂਣਾ ਹੈ, ਕਿਸ ਨੂੰ ਪੁਚਕਾਰਨਾਂ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ-ਰੋਂਦਾ ਰਹਿ ਜਾਏਗਾ।
ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ—ਰੋਟੀ ਦੀ ਕਹਾਣੀ; ਬੋਟੀ ਦਾ ਕਿੱਸਾ। ਮਿਰਚਾਂ ਦੇ ਚਟਪਟੇ ਚੁਟਕਲੇ—ਅਕਬਰ ਕਦ ਜਾਣਦੇ ਸਨ? ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ। ਉਹ ਉਹਨਾਂ ਦਾ ਨਿੱਜੀ ਚੁਹਲ-ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ—ਤੇ ਅਕਬਰ ਬਾਹਰ ਵਾਲੇ ਹੀ ਸਨ; ਲੂੰਬੜੀ ਦੀ ਦਾਅਵਤ ਵਿਚ ਸਾਰਖ ਵਾਂਗ ਚੁੱਪ-ਗੜੁੱਪ ਤੇ ਉਕਤਾਏ ਹੋਏ, ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ।

ਅਕਬਰ ਦਿੱਲੀ ਨਹੀਂ ਜਾ ਸਕਦੇ ਸਨ। ਛੁੱਟੀਆਂ ਤਾਂ ਸਨ, ਪਰ ਉਹਨੀਂ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸਨ, ਤੇ ਉਹ ਮੈਚਾਂ ਦੇ ਦੀਵਾਨੇ ਸਨ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਹੁੰਦਾ ਸੀ ਪਰ ਕਿਉਂਕਿ ਫਰੀਦਾ ਨੂੰ ਉਹਨਾਂ ਉੱਤੇ ਖਿਝ ਚੜ੍ਹਦੀ ਸੀ, ਸੋ ਉਸ ਨੇ ਕਹਿ-ਕਹਿ ਕੇ ਦਿਲਚਸਪੀ ਮੁਕਾਅ ਦਿੱਤੀ ਸੀ। ਮੈਚ ਆਉਂਦਾ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ—ਉਸ ਦੀ ਜਾਨ ਉਪਰ ਸੌਕਣ ਆਣ ਬੈਠੀ ਹੈ। ਇਸ ਲਈ ਉਸ ਨੇ ਅਜੀਬ-ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾਈ—ਉਹ ਉਹਨੀਂ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ। ਡੈਂਟਿਸਟ ਤੋਂ ਸਮਾਂ ਲੈ ਲੈਂਦੀ...ਬਗ਼ੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖ਼ਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਕ ਕਾਇਮ ਰਿਹਾ। ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ 'ਤੇ ਬੈਠੀ ਸਵੈਟਰ ਬੁਣਦੀ ਰਹਿੰਦੀ।
ਸ਼ੁਰੂ ਸ਼ੁਰੂ ਵਿਚ ਉਸ ਨੇ ਅਕਬਰ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ 'ਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ। ਰਿਆਜ਼ ਨੇ ਵੀਹ ਵੀਹ ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸਨ। ਹਰ ਸਾਲ ਉਹ ਇਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦੇਂਦੀ।
ਇਸ ਦੇ ਬਾਵਜ਼ੂਦ ਵੀ ਅਕਬਰ ਤੇ ਫਰੀਦਾ ਮੀਆਂ-ਬੀਵੀ ਸਨ। ਉਹਨਾਂ ਦੇ ਬੱਚੇ ਹੋਏ ਸਨ; ਉਹ ਇਕੋ ਘਰ ਵਿਚ, ਇਕੋ ਕਮਰੇ ਵਿਚ ਰਹਿੰਦੇ ਸਨ। ਉਹਨਾਂ ਦੇ ਪਲੰਘ ਵਿਚਕਾਰ ਸਿਰਫ ਢਾਈ ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ—ਮਜ਼ਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ।
ਫਰੀਦਾ ਆਪਣੇ ਭਰਾ ਦੇ ਘਰ ਠਹਿਰੀ। ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਵਿਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਸਨ। ਦਿੱਲੀ ਵਿਚ ਖ਼ੂਬ ਮਜ਼ੇ ਕੀਤੇ, ਖ਼ੂਬ ਸੈਰਾਂ ਕੀਤੀਆਂ। ਪਿੱਛਲੀ ਵਾਰੀ ਅਕਬਰ ਨਾਲ ਆਈ ਸੀ...ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਹੁੰਦੀ ਸੀ। ਹੋਟਲ ਵਿਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਲਈ ਆਣ ਜੁੜਦੇ, ਬੜੀ ਚਹਿਲ-ਪਹਿਲ ਰਹਿੰਦੀ—ਪਰ ਬੱਚੇ ਨਾਲ ਨਹੀਂ ਸਨ; ਉਹ ਉਹਨਾਂ ਨੂੰ ਰਿਆਜ਼ ਕੋਲ ਛੱਡ ਗਈ ਸੀ। ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ-ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਿਰਾ ਕਰ ਦੇਂਦੀ ਸੀ—ਪਰ ਇਸ ਵਾਰੀ ਬੱਚੇ ਨਾਲ ਸਨ, ਅਕਬਰ ਦੀ ਗ਼ੈਰ-ਹਾਜ਼ਰੀ ਉਸ ਨੇ ਵਾਰੀ-ਵਾਰੀ ਮਹਿਸੂਸ ਕੀਤੀ...ਪਰ ਹੁਣ ਤਾਂ ਕੁਝ ਆਦਤ ਜਿਹੀ ਪੈ ਗਈ ਸੀ।
ਰਿਆਜ਼ ਨੇ ਖ਼ੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ, ਫਰੀਦਾ ਦੀਆਂ, ਖਿੜ-ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, “ਰਿਆਜ਼ ਤੂੰ ਵੀ ਆ ਜਾ...ਕਿਸੇ ਨੂੰ ਕਹਿ ਬਟਨ ਦਬਾ ਦਏ।” ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜ੍ਹਾ ਹੁੰਦਾ—ਆਸੇ ਪਾਸੇ ਬੱਚੇ ਹੁੰਦੇ।
ਭਰਾ ਦੇ ਬੱਚੇ ਮਨੂੰ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸਨ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੁਲ-ਮਿਲ ਗਏ ਸਨ। ਪਰ ਇਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਨਾਲ ਪੁੱਛਿਆ, “ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਓ?”
“ਕਿਸ ਨੂੰ?”
“ਅੰਕਲ ਰਿਆਜ਼ ਨੂੰ...”
“ਸਿੱਲੀ...ਅੰਕਲ ਰਿਆਜ਼, ਸਾਡੇ ਅੰਕਲ ਨੇ।”
“ਅੱਛਾ! ਇਹ ਤੁਹਾਡੇ ਡੈਡੀ ਨਹੀਂ?” ਸ਼ਹੀਨਾ ਨੇ ਭੋਲੇ ਪਨ ਨਾਲ ਪੁੱਛਿਆ ਤੇ ਬੱਚਿਆਂ ਨੇ ਉਸ ਦਾ ਬੜਾ ਮਜ਼ਾਕ ਉਡਾਇਆ—“ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਏ...ਉੱਲੂ ਕਿਤੋਂ ਦੀ।”
ਰਿਆਜ਼ ਕੱਚਾ ਜਿਹਾ ਹੋ ਕੇ, ਕੱਚਾ-ਜਿਹਾ ਹਾਸਾ, ਹੱਸਿਆ, ਫਰੀਦਾ ਦਾ ਵੀ ਹਾਸਾ ਨਿਕਲ ਗਿਆ।
“ਤਾਂ ਕੀ ਤੂੰ ਮੇਰੀ ਬੇਟੀ ਨਹੀਂ?” ਰਿਆਜ਼ ਨੇ ਕਿਹਾ।
“ਪਰ...” ਬੱਚੀ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ।
“ਜਾਹ ਭੰਗਣੇ ਤੂੰ ਮੇਰੀ ਬੇਟੀ ਨਹੀਂ...ਹੁਣ ਮੰਗੀ ਫੇਰ ਚਾਕਲੇਟ।”
“ਊਂ...ਬੇਟੀ ਤਾਂ ਹਾਂ ਤੁਹਾਡੀ।” ਬੱਚੀ ਉਸ ਦੇ ਗਲ਼ ਨਾਲ ਝੂਟ ਗਈ ਸੀ।

ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦਿੱਤਾ, “ਬੱਚਿਆਂ ਦਾ ਕੀ ਕੀਤਾ ਜਾਏ!”
“ਕੱਲ੍ਹ ਅਲਮ-ਸਲਮ ਖਾਣ ਨਾਲ ਗਲ਼ਾ ਦਰਦ ਹੋ ਰਿਹੈ...ਤੂੰ ਚਲੀ ਜਾਵੀਂ ਮੈਂ, ਬੱਚਿਆਂ ਨੂੰ ਸੰਭਾਲ ਲਵਾਂਗਾ—” ਰਿਆਜ਼ ਨੇ ਚਿੰਤਾ ਹੀ ਮੁਕਾਅ ਦਿੱਤੀ। ਫਰੀਦਾ ਖੁਸ਼-ਖੁਸ਼ ਤਿਆਰ ਹੋਈ, ਪਰ ਜਾਣ ਤੋਂ ਪਹਿਲਾਂ ਉਸ ਨੂੰ ਗਰਾਰੇ ਕਰਨ ਲਈ ਗਰਮ ਪਾਣੀ ਦੇ ਗਈ, ਪੈਂਸਲੀਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ-ਠਣ ਕੇ ਚਲੀ ਗਈ।
“ਉਫ਼...ਇਹ ਪੀਲੀਏ ਮਾਰੀ ਸਾੜੀ ਦੇਖ-ਦੇਖ ਬੜੀ ਖਿਝ ਚੜ੍ਹਦੀ ਏ। ਖ਼ੁਦਾ ਦੀ ਸਹੁੰ ਏਂ, ਕਿਸੇ ਦਿਨ ਇਸ ਨੂੰ ਭੱਠੀ 'ਚ ਪਾ ਦਿਆਂਗਾ।” ਪਲੰਘ ਉੱਤੇ ਪਏ ਰਿਆਜ਼ ਨੇ ਕਿਹਾ ਸੀ।
“ਊਂ-ਹ, ਤੁਸੀਂ ਕੌਣ ਹੁੰਦੇ ਓ-ਜੀ...” ਉਸ ਨੇ ਟਾਲਨਾਂ ਚਾਹਿਆ ਪਰ ਆਦਮ ਕੱਦ ਸ਼ੀਸ਼ੇ ਵਿਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਹੈ ਤੇ ਸਾੜ੍ਹੀ ਬਦਲ ਲਈ।
ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸ ਦੇ ਪਤੀ ਬਾਰੇ ਪੁੱਛਿਆ। ਇਹ ਦੱਸਦਿਆਂ ਹੋਇਆਂ ਉਸ ਨੂੰ ਆਪਣੀ ਹੱਤਕ ਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ...ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ; ਗੱਲ ਟਾਲ ਗਈ।
“ਬੱਚਿਆਂ ਨੂੰ ਰਿਆਜ਼ ਕੋਲ ਛੱਡ ਆਈ ਆਂ, ਪ੍ਰੇਸ਼ਾਨ ਕਰਦੇ ਹੋਣਗੇ।” ਸਹੇਲੀ ਨੇ ਰੁਕਣ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ।
“ਬਈ ਬੜੀ ਖ਼ੂਬ ਓ, ਮੀਆਂ ਤੋਂ ਬੱਚੇ ਪਲਵਾਂਦੀ ਓ...” ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕੀਤਾ।
“ਪਰ ਮੇਰੇ ਮੀਆਂ ਤਾਂ ਬੰਬਈ ਵਿਚ ਨੇ।”
“ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਕੋਲ ਛੱਡ ਆਏ ਓ...”
“ਓਏ-ਹੋਏ, ਬਈ ਡਾਰਲਿੰਗ...ਹਾਓ-ਸਿੱਲੀ, ਫਿੱਦੀ ਦੇ ਹਸਬੈਂਡ ਦਾ ਨਾਂ ਤਾਂ ਅਕਬਰ ਏ।” ਸਹੇਲੀ ਨੇ ਗੱਲ ਸੁਲਝਾ ਦਿੱਤੀ।
“ਔਹ...ਤੇ ਰਿਆਜ਼—?”
“ਅਕਬਰ ਦੇ ਬਚਪਨ ਦੇ ਦੋਸਤ...ਬਲਕਿ ਭਰਾ ਹੀ ਸਮਝੋ।”
“ਬਲਕਿ ਅਕਬਰ ਹੀ ਸਮਝ ਲਓ ਤਾਂ ਕੀ ਹਰਜ਼ ਏ?” ਇਕ ਜ਼ੋਰਦਾਰ ਠਹਾਕਾ ਗੂੰਜਿਆ।
ਫਰੀਦਾ ਨੂੰ ਅਚਵੀ ਜਿਹੀ ਮਹਿਸੂਸ ਹੋਈ। ਕਿੰਨੇ ਚੀਪ ਨੇ ਇਹ ਲੋਕ...ਊਂਹ, ਲਾਹਨਤ ਏ! ਇਹਨਾਂ ਨੂੰ ਕੌਣ ਸਮਝਾਏ। ਕਈ ਵਾਰੀ ਲੋਕਾਂ ਨੇ ਗਲਤੀ ਨਾਲ ਰਿਆਜ਼ ਨੂੰ ਉਸ ਦਾ ਪਤੀ ਸਮਝ ਲਿਆ ਸੀ, ਉਸ ਨੂੰ ਬੁਰਾ ਨਹੀਂ ਸੀ ਲੱਗਿਆ...ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ। ਕੀ ਹੁੰਦਾ ਏ ਅਜਿਹੀਆਂ ਗੱਲਾਂ ਨਾਲ, ਕੀ ਵਿਗੜਦਾ ਹੈ—ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, “ਰਿਆਜ਼ ਦੀ ਸ਼ਾਦੀ ਜ਼ੀਨਤ ਨਾਲ ਕਿਉਂ ਨਹੀਂ ਕਰਵਾ ਦੇਂਦੀ?”
“ਬਈ ਕਿੰਨੀ ਵਾਰੀ ਕਹਿ ਚੁੱਕੀ ਆਂ ਕੰਬਖ਼ਤ ਨੂੰ, ਸੁਣਦਾ ਈ ਨਹੀਂ। ਮਜ਼ਾਕ ਵਿਚ ਟਾਲ ਜਾਂਦੈ।”
“ਤੂੰ ਜ਼ੋਰ ਪਾ ਕੇ ਕਹੇਂਗੀ ਤਾਂ ਉਹ ਜ਼ਰੂਰ ਮੰਨ ਜਾਏਗਾ...”
“ਤਾਂ ਤੇਰਾ ਮਤਲਬ ਏ ਮੈਂ ਉਸ ਨੂੰ ਕਿਹਾ ਹੀ ਨਹੀਂ?” ਫਰੀਦਾ ਹਿਰਖ ਗਈ।
“ਨਹੀਂ ਜ਼ਰਾ ਜ਼ੋਰ ਦੇ ਕਹਿ ਨਾ...”
“ਮੈਂ ਕਿੰਜ ਜ਼ੋਰ ਦੇ ਕੇ ਕਹਾਂ...ਕੋਈ ਬੱਚਾ ਏ ਕਿ ਢਾਹ ਕੇ ਦੁਆਈ ਪਿਲਾਅ ਦਿਆਂ।” ਉਹ ਹੋਰ ਹਿਰਖ ਗਈ।
“ਓ-ਹੋ, ਇਸ 'ਚ ਹਿਰਖਣ ਵਾਲੀ ਕਿਹੜੀ ਗੱਲ ਏ?”
''ਮੈਂ ਕਿਉਂ ਹਿਰਖਣ ਲੱਗੀ...” ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਿਹਾ।
“ਚੱਲ ਛੱਡ ਪਰ੍ਹਾਂ...” ਸਹੇਲੀ ਆਪਣੀ ਜਾਨ ਛੁਡਾ ਕੇ ਨੱਸੀ। ਫਰੀਦਾ ਛਿੱਥੀ ਜਿਹੀ ਹੋ ਗਈ। ਲੋਕ ਸਮਝਦੇ ਨੇ ਉਹ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦੇਂਦੀ...ਉਸ ਨੂੰ ਰਿਆਜ਼ ਉੱਤੇ ਗੁੱਸਾ ਆਉਣ ਲੱਗ ਪਿਆ। ਉਸ ਨੇ ਕਿੰਨੀ ਵਾਰੀ ਕਿਹਾ ਹੈ ਕਿ ਕੰਬਖ਼ਤ ਸ਼ਾਦੀ ਕਿਉਂ ਨਹੀਂ ਕਰਵਾਂਦਾ, ਹਮੇਸ਼ਾ ਟਾਲ ਦੇਂਦਾ ਏ।
“ਚੱਲ ਛੱਡ, ਦਫਾ ਕਰ ਪਰ੍ਹਾਂ...ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਏਂ...ਬਈ ਮੈਂ ਝੰਜਟ 'ਚ ਨਹੀਂ ਪੈਣਾ ਚਾਹੁੰਦਾ...'' ਤੇ ਉਹ ਬੱਚਿਆਂ ਨਾਲ ਰਲ ਕੇ ਹੋਰ ਉਧਮ ਮਚਾਉਣ ਲੱਗ ਪੈਂਦਾ, ਕਦੀ ਝਿੜਕ-ਝਿੜਕ ਕੇ ਉਹਨਾਂ ਨੂੰ ਹੋਮ ਵਰਕ ਕਰਵਾਉਣ ਲੱਗ ਪੈਂਦਾ। ਉਹਨਾਂ ਦੀਆਂ ਰਿਪੋਰਟਾਂ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ—ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖ਼ਤ ਕਰ ਦੇਂਦੇ ਸਨ ਤੇ ਕਹਿੰਦੇ ਸਨ, “ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀਂ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ।”

ਇਕ ਦਿਨ ਰਿਆਜ਼ ਬੜੇ ਗੁੱਸੇ ਵਿਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ, “ਕੁਝ ਹੋਸ਼ ਵੀ ਏ, ਸਾਹਬਜ਼ਾਦੀ ਦੇ ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ...ਪਤਾ ਨਹੀਂ ਕਿਹੜੇ ਮੁੰਡਿਆਂ ਨਾਲ ਤੁਰੀ ਫਿਰਦੀ ਸੀ, ਖ਼ੁਦਾ ਦੀ ਸੌਂਹ ਮੇਰਾ ਪਾਰਾ ਚੜ੍ਹ ਚੱਲਿਆ ਸੀ...”
“ਮੇਰੇ ਤਾਂ ਆਖੇ ਹੀ ਨਹੀਂ ਲੱਗਦੀ...” ਫਰੀਦਾ ਨੇ ਰੁਹਾਂਸੀ ਹੋ ਕੇ ਕਿਹਾ ਸੀ।
“ਆਖੇ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ...ਨਹੀਂ ਤਾਂ ਮੈਂ ਘੜ ਦੇਣਾ ਏਂ।”
“ਕੁੱਟਣ ਮਾਰਨ ਨਾਲ ਕੀ ਹੋਏਗਾ...?” ਫੇਰ ਦੋਵੇਂ ਜਣੇ ਬੱਚਿਆਂ ਦੀ ਸਾਈਕਾਲੋਜ਼ੀ ਬਾਰੇ ਸੋਚ-ਸੋਚ ਕੇ ਪ੍ਰੇਸ਼ਾਨ ਹੁੰਦੇ ਰਹੇ। ਦੋਵਾਂ ਵਿਚੋਂ ਕਿਸੇ ਨੂੰ ਵੀ ਖ਼ਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਵਿਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ...ਵਾਧੂ ਪ੍ਰੇਸ਼ਾਨ ਹੋ ਜਾਣਗੇ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਏਨੀ ਵਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪ੍ਰੇਸ਼ਾਨ ਹੋ ਜਾਂਦੇ ਸਨ ਤੇ ਫੇਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ।

ਦਿੱਲੀ ਦੀ ਸੈਰ ਹੋ ਚੁੱਕੀ ਸੀ। ਬੱਚਿਆਂ ਦੀਆਂ ਛੁੱਟੀਆਂ ਵੀ ਖ਼ਤਮ ਹੋ ਰਹੀਆਂ। ਫਰੀਦਾ ਨੂੰ ਭਰਾ-ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ।
“ਅਕਬਰ ਨਹੀਂ ਆਏ—?” ਉਹਨਾਂ ਆਉਂਦਿਆਂ ਹੀ ਹੈਰਾਨੀ ਨਾਲ ਪੁੱਛਿਆ।
“ਨਹੀਂ, ਕੋਈ ਕੰਮ ਸੀ—?” ਫਰੀਦ ਸੁਤੇ ਸੁਭਾਅ ਬੋਲ ਗਈ।
“ਤੇ ਅਹਿ ਬਾਹਰ ਕਮਰੇ 'ਚ ਕੌਣ ਰਹਿ ਰਿਹੈ—?”
“ਰਿਆਜ਼।” ਫਰੀਦਾ ਨੇ ਲਾਪ੍ਰਵਾਹੀ ਨਾਲ ਕਿਹਾ, ਪਰ ਉਸ ਨੂੰ ਡਰ ਲੱਗਣ ਲੱਗ ਪਿਆ।
“ਰਿਆਜ਼...ਯਾਨੀ ਉਹ ਤੇਰੇ ਨਾਲ ਏਥੇ ਵੀ ਆਇਐ?”
“ਹਾਂ...ਪਰ—” ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਗਈ।
“ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ¸” ਉਹ ਭੜਕੇ।
“ਓ-ਹੋ ਬਈ, ਜਾਣ ਵੀ ਦਿਓ।” ਭਾਬੀ ਨੇ ਸਮਝਾਇਆ, “ਬਾਹਰ ਆਵਾਜ਼ ਜਾਏਗੀ।”
“ਆਵਾਜ਼ ਜਾਏਗੀ ਤਾਂ ਜਾਣ ਦੇਅ...ਮੈਂ ਕਿਸੇ ਹਲਾਲਜਾਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ, ਹੁਣ ਤਾਂ ਧੀ ਜਵਾਨ ਹੋ ਗਈ ਏ...ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿਖੇਗੀ? ਤੂੰ ਅਕਬਰ ਦੀਆਂ ਅੱਖਾਂ 'ਚ ਘੱਟਾ ਪਾ ਰਹੀ ਏਂ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ—ਸਾਰੀ ਦੁਨੀਆਂ ਤੇਰੇ ਜੰਮਣ ਤੇ ਥੁੱਕ ਰਹੀ ਏ।”
ਮੇਰੇ ਜੰਮਣ 'ਤੇ ਥੁੱਕ ਰਹੀ ਏ?' ਫਰੀਦਾ ਨੇ ਸੋਚਿਆ।
“ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈਂ ਨਹੀਂ ਵੇਖਿਆ...ਕੀ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ?”
'ਕੀ ਦਿਖਾਈ ਨਹੀਂ ਦਿੰਦਾ—?' ਫਰੀਦਾ ਫੇਰ ਸੋਚਦੀ ਹੈ।
“ਪਰ ਤੇਰੀ ਇਹ ਹਿੰਮਤ ਕਿ ਤੂੰ ਮੇਰੇ ਘਰ 'ਚ ਗੰਦ ਪਾਉਣ ਡਈ ਏਂ...”
'ਗੰਦ—?' ਇਹ ਸੋਚ ਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ।
“...ਆਪਣੇ ਯਾਰ ਨੂੰ ਨਾਲ ਲਈ ਫਿਰਦੀ ਏਂ...” ਭਾਬੀ ਨੇ ਬੜਾ ਹੀ ਰੋਕਿਆ ਪਰ ਉਹ ਕਹਿ ਹੀ ਗਏ।
'ਯਾਰ!' ਫਰੀਦਾ ਦਾ ਦਿਲ ਕੀਤਾ ਉੱਚੀ-ਉੱਚੀ ਠਹਾਕੇ ਲਾਏ—ਰਿਆਜ਼ ਉਸ ਦਾ ਯਾਰ ਹੈ। ਪਰ ਠਹਾਕਾ ਉਸ ਦੇ ਗਲ਼ੇ ਵਿਚ ਹੀ ਕਿਤੇ ਅਟਕ ਕੇ ਰਹਿ ਗਿਆ; ਵੀਹ ਵਰ੍ਹੇ, ਪਲਾਂ-ਛਿਣਾ ਵਿਚ ਅੱਖਾਂ ਸਾਹਮਣਿਓਂ ਲੰਘ ਗਏ। ਯਾਰ! ਦੁਨੀਆਂ ਦੀਆਂ ਨਜ਼ਰਾਂ ਵਿਚ ਰਿਆਜ਼ ਉਸ ਦਾ ਯਾਰ ਨਹੀਂ ਸੀ, ਤਾਂ ਕੌਣ ਸੀ?...ਤੇ ਉਹ ਚੁੱਪਚਾਪ ਉੱਠ ਕੇ ਸਾਮਾਨ ਬੰਨ੍ਹਣ ਲੱਗ ਪਈ।
     ੦੦੦

Wednesday, November 17, 2010

ਬੇਕਾਰ... :: ਲੇਖ਼ਕਾ : ਇਸਮਤ ਚੁਗ਼ਤਾਈ




ਉਰਦੂ ਕਹਾਣੀ :
ਬੇਕਾਰ...
ਲੇਖ਼ਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਅੱਸੀ ਰੁਪਏ ਤਨਖ਼ਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ-ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ...ਬਸ, ਕੁਝ ਬਚਦਾ ਨਹੀਂ ਸੀ। ਪਰ ਕਰਜਾ ਇਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ 'ਤੇ ਵੀ ਖਿੱਚ-ਧੂ ਕੇ ਪੂਰਾ ਪੈ ਜਾਂਦਾ, ਜੇ ਹਾਜਰਾ ਦਾ ਬੁਖ਼ਾਰ ਜੀਅ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੂਮਕੀਆਂ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਨਾਲ ਬਣਵਾਈਆਂ ਸਨ ਝੁਮਕੀਆਂ! ਬੜਾ ਦੁੱਖ ਹੋਇਆ। ਖ਼ੈਰ, ਫੇਰ ਬਣ ਜਾਣਗੀਆਂ।
ਪਰ ਇਹ ਸਭ ਦਿਲ ਨੂੰ ਸਮਝਾਉਣ ਦੀਆਂ ਗੱਲ ਨੇ। ਇਕ-ਇਕ ਕਰਕੇ ਗਈਆਂ, ਦਹੇਜ਼ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗਨੂੰ, ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ੍ਹ ਗਏ। ਸੋਚਿਆ ਸੀ—ਚਲੋ, ਨੌਕਰੀ ਤਾਂ ਪੱਕੀ ਹੋ ਜਾਏਗੀ...ਹਜ਼ਾਰਾਂ ਜੁਗਨੂੰ ਬਣ ਜਾਣਗੇ। ਹਰ ਮਹੀਨੇ ਜੁਗਨੂੰਆਂ ਦਾ ਹਿਸਾਬ ਲਾਇਆ ਜਾਂਦਾ...ਸੋਨੇ ਦੀ ਕੀਮਤ ਸੀ ਕਿ ਘਟਣ ਦਾ ਨਾਂ ਈ ਨਹੀਂ ਸੀ ਲੈਂਦੀ ਪਈ। 'ਗਜਬ ਖ਼ੁਦਾ ਦਾ, ਇੱਕੀ ਰੁਪਏ ਤੋਂ ਇਕ ਸੌ ਸੋਲਾਂ 'ਤੇ ਪਹੁੰਚ ਗਿਐ...ਭਲਾ ਕੀ ਜੁਗਨੂੰ ਬਣਾਵਾ ਲਊ ਕੋਈ?'
ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਵਿਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖ਼ਾਹ ਦੇ ਹਿਸਾਬ ਨਾਲ ਈ ਦਿੱਤਾ ਏ। ਮਕਾਨ ਦਾ ਕਿਰਾਇਆ ਨਾ ਹੋਵੇ, ਨਾ ਸਹੀ...ਰੁੱਖੀ-ਸੁੱਕੀ ਸਭ ਚਲ ਜਾਏਗੀ, ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਏ—ਮੁੱਕ-ਸੁੱਕ ਜਾਏ ਤਾਂ ਫੇਰ!...ਤੇ ਬੁਖ਼ਾਰ ਵਿਚ ਕੰਬਖ਼ਤ ਦੁੱਧ ਵੀ ਸੁੱਕ ਗਿਆ ਸੀ। ਅੰਮਾਂ ਜੀ ਤਾਂ ਇਹੋ ਕਹਿੰਦੇ ਰਹੇ, “ਕੀ ਫੈਸ਼ਨ ਆ ਗਿਐ, ਬੋਤਲ ਨਾਲ ਦੁੱਧ ਪਿਆਉਣ ਦਾ...ਸਾਡੇ ਜ਼ਮਾਨੇ 'ਚ ਤਿੰਨ-ਤਿੰਨ ਸਾਲ ਪਿਆਓਂਦੇ, ਤਦ ਵੀ ਨੀਂ ਸੀ ਮੁੱਕਦਾ-ਸੁੱਕਦਾ ਹੁੰਦਾ ਦੁੱਧ।”
ਪਰ ਭਲਾਂ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ-ਜੀ ਤੁਹਾਡੇ ਜ਼ਮਾਨੇ ਵਿਚ ਡਾਲਡਾ ਨਹੀਂ ਸੀ ਹੁੰਦਾ ਹੁੰਦਾ...ਛੰਨੇਂ ਭਰ-ਭਰ ਦੁੱਧ-ਛੁਆਰੇ ਉਡਾਉਂਦੇ ਸੌ, ਫੇਰ ਤਿੰਨ ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦੇਂਦੇ ਸੌ।' ਪਰ ਬੀਬੀ-ਜੀ ਦੇ ਮੂੰਹ ਲੱਗਣਾ, ਆਪਣੀ ਮੌਤ ਨੂੰ ਮਾਸੀ ਕਹਿਣਾ ਸੀ—ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ। ਦਿਨ ਵਿਚ ਕਈ-ਕਈ ਵੇਰ ਬੀਬੀ-ਜੀ ਦੇ ਤਾਅਨੇ ਸੁਣਨੇ ਪੈਂਦੇ। ਚੱਲੋ ਗੱਲ ਮੁੱਕੀ, ਕਹਿ ਲਿਆ, ਸੁਣ ਲਿਆ—ਛੁੱਟੀ ਹੋਈ। ਨਾਲੇ ਬੀਬੀ-ਜੀ ਨੂੰ ਹੋਰ ਕੰਮ ਵੀ ਕਿਹੜਾ ਸੀ, ਸਿਵਾਏ ਆਪਣੇ ਗਠੀਏ ਨੂੰ ਰੋਣ ਦੇ...ਤੇ ਗਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸ ਨੂੰ ਵੀ ਧੂ ਲੈਂਦੇ।
ਜਦੋਂ ਛਾਂਟੀ ਵਾਲੀ ਲਿਸਟ ਵਿਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਈ ਸਮਝਦੇ ਰਹੇ—ਨੌਂ ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋਇਆ, ਹੋ ਜਾਣਗੇ...ਆਪਣੀ ਸਰਕਾਰ ਏ, ਆਪੁ ਫਿਕਰ ਕਰੇਗੀ। ਖ਼ੈਰ, ਨੋਟਿਸ ਮਿਲਿਆ ਏ ਤਾਂ ਕੀ ਹੋਇਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ ਸੀ। ਜ਼ਰਾ ਜਿੰਨੀ ਭੱਜ-ਨੱਠ ਤੋਂ ਬਾਅਦ ਫੇਰ ਕਿਸੇ ਸਕੂਲ ਵਿਚ ਲਾ ਦਿੱਤਾ ਜਾਂਦਾ ਸੀ। ਇਕ ਵਾਰੀ ਛੇ ਮਹੀਨੇ ਕਿਤੇ ਜਗ੍ਹਾ ਖ਼ਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਵਿਚ ਲਾ ਦਿੱਤਾ ਗਿਆ ਸੀ...ਮਤਲਬ ਤਾਂ ਤਨਖ਼ਾਹ ਤੀਕ ਸੀ, ਜਦ ਤੀਕ ਮਿਲਦੀ ਰਹੀ ਖ਼ਿਆਲ ਈ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ...।
ਪਰ ਏਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ ਡੇਢ ਸਾਲ ਦੀ ਭੱਜ-ਨੱਠ ਪਿੱਛੋਂ ਈ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ—ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਨੌਂ ਸਾਲ ਪੱਕਿਆਂ ਨਾ ਹੋਣਾ ਈ ਨਿਕੰਮੇਪਨ ਦਾ ਸਬੂਤ ਸੀ। ਵੈਸੇ ਤਾਂ ਉਸ ਨਾਲੋਂ ਪਿੱਛੋਂ ਲੱਗੇ, ਦੋਵੇਂ ਹੱਥੀਂ ਰੋਟੀਆਂ ਮਰੋੜ ਰਹੇ ਸੀ ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ...ਤੇ ਇਹਨਾਂ ਸੁਸਤੀ ਤੇ ਲਾਪ੍ਰਵਾਹੀ ਕਾਰਨ ਇਸ ਨੂੰ ਕੋਈ ਮਹੱਤਵ ਈ ਨਹੀਂ ਸੀ ਦਿੱਤਾ।
ਇਹ ਡੇਢ ਸਾਲ ਕਿੰਜ ਬੀਤਿਆ, ਜਾਂ ਹਾਜਰਾ ਬੀ ਜਾਣਦੀ ਸੀ, ਜਾਂ ਬਾਕਰ ਮੀਆਂ ਜਾਂ ਕੁਛ-ਕੁਛ ਅੰਮਾਂ ਜੀ...ਪਰ ਉਹਨਾਂ ਨੂੰ ਤਾਂ ਗਿਆਰਾਂ ਰੁਪਏ ਪੈਂਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਨਹੀਂ ਸੀ ਹੋਈ—ਮਰਨ ਵਾਲੇ ਨੇ ਮਰ ਕੇ ਵੀ ਏਨਾ ਸਹਾਰਾ ਤਾਂ ਛੱਡਿਆ ਈ ਸੀ।
ਕੇਹੀਆਂ ਝੁਮਕੀਆਂ ਤੇ ਕੇਹਾ ਗੁਲੂਬੰਦ...ਇਕ-ਇਕ ਕਰ ਕੇ ਖੁਰ ਗਏ ਸਨ—ਪਹਿਲਾਂ ਗਹਿਣੇ ਰੱਖੇ ਗਏ, ਫੇਰ ਵਿਕ ਗਏ। ਅਫ਼ਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਵਿਚ ਛੇ ਮਹੀਨੇ ਦੋ ਇਕ ਟਿਊਸ਼ਨਾਂ ਮਿਲ ਜਾਂਦੀਆਂ...ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ, ਇਕ ਦੋ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿਝ ਜਾਂਦੇ।
ਹਾਜਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਵਿਚ ਕਾਫੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਹੋਈ ਤਾਂ ਸਾਰਾ ਪੜ੍ਹਿਆ-ਗੁਣਿਆ ਬਾਲ-ਬੱਚਿਆਂ ਦੀ ਦੇਖ-ਭਾਲ ਵਿਚ ਨਾਸਾਂ ਥਾਂਈਂ ਬਾਹਰ ਨਿਕਲ ਗਿਆ। ਵਰ੍ਹਿਆਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ 'ਸਹੇਲੀ' ਦਾ ਕੋਈ ਪੁਰਾਣਾ ਅੰਕ, ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ, ਦੁਬਾਰਾ ਪੜ੍ਹ ਲੈਂਦੀ। ਹਾਜਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ। ਜ਼ਨਾਨੇ ਪਰਚੇ ਲਗਾਤਾਰ ਉਸ ਦੇ ਨਾਂ ਆਉਂਦੇ ਰਹਿੰਦੇ ਸਨ। ਸ਼ਾਦੀ ਪਿੱਛੋਂ ਲਾਪ੍ਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ-ਵਗ਼ੈਰਾ ਸਭ ਛੁੱਟ ਗਏ।
ਜਦੋਂ ਗੁਆਂਢਣ ਨੇ ਹਾਜਰਾ ਬੀ ਨੂੰ ਨੇੜੇ ਦੇ ਸਕੂਲ ਵਿਚ ਨੌਕਰੀ ਕਰ ਲੈਣ ਦੀ ਰਾਏ ਦਿੱਤੀ ਤਾਂ ਬੀ ਅੰਮਾਂ ਨੇ ਉਸ ਦੀਆਂ ਸੱਤ ਪੁਸ਼ਤਾਂ ਦੀਆਂ ਕਬਰਾਂ ਵਿਚ ਕੀੜੇ ਪਾ ਦਿੱਤੇ। ਪੜ੍ਹੀਆਂ-ਲਿਖੀਆਂ ਔਰਤਾਂ ਦੇ ਚਾਲ-ਚਲਨ ਬਾਰੇ ਏਨੇ ਕਿੱਸੇ ਸੁਣਾਏ ਕਿ ਹਾਜਰਾ ਨੇ ਕੰਨਾਂ ਉੱਤੇ ਹੱਥ ਧਰ ਲਏ—'ਤੋਬਾ ਮੇਰੀ ਮੈਂ ਕਦੋਂ ਕਰ ਰਹੀ ਆਂ ਨੌਕਰੀ।' “ਇਹ ਸਾਰੀਆਂ ਮੋਈਆਂ ਮਾਸਟਰਨੀਆਂ, ਮਾਸਟਰਾਂ ਨਾਲ ਫਸੀਆਂ ਹੁੰਦੀਐਂ। ਸਕੂਲ ਦਾ ਤਾਂ ਬਹਾਨਾ ਹੁੰਦੈ। ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁਲ਼ ਖਿਆਉਣ ਜਾ ਵੜਦੀਐਂ।” ਉਹ ਕਹਿੰਦੇ ਹੁੰਦੇ ਸਨ।
ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ 'ਤੇ ਮਜ਼ਬੂਰ ਕਰ ਦੇਂਦੀ ਏ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ-ਗੁਆਂਢ ਨੇ ਤੇ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ 'ਤੇ ਹੀ ਬੰਦ ਕਰ ਦਿੱਤੇ ਤਾਂ ਹਾਜਰਾ ਨੂੰ ਗੁਆਂਢਣ ਦੀ ਗੱਲ 'ਤੇ ਗੌਰ ਕਰਨਾ ਪਿਆ।
“ਓਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜ਼ਨਾਨੀ ਦੀ ਕਮਾਈ ਖਾਂਦੇ ਹੋਣਗੇ।” ਪੁੱਛਣ 'ਤੇ ਬਾਕਰ ਮੀਆਂ ਨੇ ਕਿਹਾ ਸੀ, “ਅਜੇ ਏਨਾ ਦਮ ਹੈ...ਜਦ ਮਰ ਜਾਵਾਂਗਾ, ਤਦ ਜੋ ਜੀਅ 'ਚ ਆਏ ਕਰ ਲਵੀਂ!”
“ਹੁਣ ਤਾਂ ਜੇਵਰ ਵੀ ਨਹੀਂ ਰਹੇ। ਸਾਰੇ ਇਕ ਇਕ ਕਰਕੇ ਵਿਕ ਗਏ ਨੇ।”
“ਵਿਕ ਗਏ ਤਾਂ ਕੀ ਹੋਇਆ। ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਂਨੀਂ ਐਂ।”
“ਊਂ-ਹ ਆ ਚੁੱਕਿਆ ਹੁਣ ਪੈਸਾ। ਸਾਲ ਵਿਚ ਤਿੰਨ ਚਾਰ ਸੌ ਦੀ ਕਮਾਈ ਵਿਚ ਕਿੰਜ ਗੁਜਾਰਾ ਹੋ ਸਕਦੈ।”
“ਦੇਖ ਬਈ, ਜੇ ਇੰਜ ਆਵਾਰਾਗਰਦੀ ਕਰਨ ਦਾ ਈ ਮੂਡ ਐ ਤਾਂ ਤਲਾਕ ਲੈ-ਲੈ ਤੇ ਮੌਜਾਂ ਕਰ। ਮੈਂ ਦੁਨੀਆਂ ਦੀਆਂ ਲਾਹਣਤਾਂ ਨਹੀਂ ਸੁਣ ਸਕਦਾ।” ਬਾਕਰ ਮੀਆਂ ਨੇ ਹਿਰਖ ਕੇ ਕਿਹਾ ਤੇ ਫੇਰ ਹਾਜਰਾ ਬੀ ਦੀ ਹਿੰਮਤ ਮੁੱਕ ਗਈ।
ਇਕ ਤਾਂ ਘਰੇ ਤੰਗੀ ਉਪਰੋਂ ਸਾਰਿਆਂ ਦਾ ਮਿਜਾਜ਼ ਚਿੜਚਿੜਾ। ਅੰਮਾਂ ਜੀ ਦੀ ਤਾਂ ਸਮਝ 'ਚ ਈ ਨਹੀਂ ਸੀ ਆਉਂਦਾ।
“ਓ ਬਈ, ਸਾਡੀ ਤਾਂ ਆਪਣੇ ਗਿਆਰਾਂ ਰੁਪਏ ਵਿਚ ਵਧੀਆ ਸਰੀ ਜਾਂਦੀ ਐ। ਮੈਂ ਪੁੱਛਦੀ ਆਂ, ਬਹੂ ਤੋਂ ਕਿਉਂ ਨੀ ਘਰ ਚੱਲਦਾ?” ਉਹ ਬੁੜਬੁੜ ਕਰਦੀ। ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ, ਨਾ ਵੱਲ। ਪਾਈ-ਪਾਈ ਦਾ ਹਿਸਾਬ ਲਿਖਦੀ ਆਂ—ਪਰ ਫੇਰ ਵੀ ਇਹੋ ਰਟਦੇ ਰਹਿੰਦੇ ਨੇ...
“ਓ ਬਈ, ਏਨੇ ਰੁਪਈਆਂ 'ਚ ਤਾਂ ਖਾਨਦਾਨ ਪਲ ਜਾਂਦੇ ਐ। ਤੁਹਾਡੇ ਤਾਂ ਬਰਕਤ ਈ ਨਹੀਂ...ਬਹੂ, ਭਲਾ ਅਸੀਂ ਕਿੰਜ ਗੁਜਾਰਾ ਕਰ ਲੈਨੇਂ ਆਂ...”
“ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦੈ, ਨਾ ਖਾਣੇ ਦਾ ਧੇਲਾ। ਨਾ ਭੰਗੀ-ਮਾਸ਼ਕੀ ਦਾ ਖਰਚ। ਰਹਿ ਗਈ ਅਫ਼ੀਮ ਦੀ ਲਤ ਤਾਂ²...”
ਲਤ ਸ਼ਬਦ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾਂ ਜੀ ਦਾ ਪਠਾਨੀ ਖ਼ੂਨ ਉਬਾਲ ਖਾ ਗਿਆ।
“ਮੇਰਾ ਰਹਿਣਾ ਵੀ ਰੜਕਦੈ। ਹਾਂ ਕਿਰਾਇਆ ਵੀ ਲੈ ਲਿਆ ਕਰ, ਇਸ ਚੂਹੇ ਦੀ ਖੱਡ ਦਾ। ਦੋ ਰੋਟੀਆਂ ਖਾਂਦੀ ਆਂ। ਹਿਸਾਬ ਲਾ ਕੇ ਲੈ-ਲਿਆ ਕਰ, ਆਪਣੇ ਸਾਰੇ ਪੈਸੇ। ਕੀ ਸਮਝਿਆ ਐ? ਅਜੇ ਦਮ ਹੈ ਏਨਾ ਕਿਸੇ ਦੇ ਭਾਂਡੇ ਮਾਂਜ ਕੇ ਏਨਾ ਤਾਂ ਮਿਲ ਜਾਇਆ ਕਰੂ। ਹੱਡ-ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦੇਈਂ। ਅੱਲਾ ਦੇ ਨਾਂਅ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਈ ਜਾਊ...ਵੈਸੇ ਸੁਣ ਲੈ—ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਆਂ ਕਿਸੇ ਮਾਲਜਾਦੀ ਦੇ ਘਰ ਰੋਟੀਆਂ ਨੀ ਤੋੜ ਰਹੀ।”
ਹਾਜਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ 'ਮੈਂ ਤਾਂ ਹਿਸਾਬ ਦੱਸਿਆ ਸੀ। ਮੇਰਾ ਖ਼ੁਦਾ ਨਾ ਕਰੇ, ਮੇਰਾ ਇਹ ਮਤਲਬ ਥੋੜ੍ਹਾ ਈ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਓ।' ਪਰ ਉਹ ਕਦ ਸੁਣਨ ਵਾਲੀ ਸੀ। ਇਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ...ਖ਼ੁਦ ਆਪਣੀਆਂ, ਆਪਣੇ ਖ਼ਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ-ਕਰ ਕੇ ਰੋਂਦੀ-ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ-ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਆਏ, ਅੰਮਾਂ ਜੀ ਦਾ ਰਿਕਾਰਡ ਫੇਰ ਸ਼ੁਰੂ ਹੋ ਗਿਆ। ਅੱਧੀ ਰਾਤ ਤਕ ਚੱਕੀ ਚੱਲਦੀ ਰਹੀ। ਹਾਜਰਾ ਨੇ ਵੀ, ਸੜਦੀ-ਭੁੱਜਦੀ ਨੇ, ਮੀਆਂ ਨੂੰ ਨਿਖੱਟੂ ਕਹਿ ਦਿੱਤਾ। ਤੇ ਬਾਕਰ ਮੀਆਂ ਨੇ ਹਿਸਾਬ-ਕਿਤਾਬ ਲਾ ਕੇ ਹਾਜਰਾ ਨੂੰ ਮੂਰਖ ਸਿੱਧ ਕਰ ਦਿੱਤਾ। ਤੇ ਅੰਮਾਂ ਜੀ ਨੇ ਉਹਨਾਂ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ...ਪਰ ਕਿਸੇ ਦੇ ਕਾਲਜੇ ਵਿਚ ਠੰਡਕ ਨਾ ਪੈ ਸਕੀ।
ਹਾਜ਼ਰਾ ਬੀ ਸਾਰੀ ਰਾਤ ਰੋਂਦੀ ਰਹੀ।
ਅੰਮਾਂ ਜੀ ਬੁੜਬੁੜ ਕਰਦੀ ਰਹੀ।
ਤੇ ਬਾਕਰ ਮੀਆਂ ਠੰਡੇ ਹਊਕੇ ਭਰਦੇ-ਛੱਡਦੇ ਰਹੇ।
ਵਿਚ ਵਿਚ ਨਸੀਮ ਡਰਾਵਨੇ ਸੁਪਨੇ ਦੇਖ ਕੇ ਰੋਂਦਾ ਰਿਹਾ। ਤੇ ਕਈ ਮਹੀਨਿਆਂ ਦੀ ਝਿਕ-ਝਿਕ ਪਿੱਛੋਂ ਇਹ ਫ਼ੈਸਲਾ ਹੋਇਆ ਕਿ ਜੇ ਹਾਜਰਾ ਬੀ ਕੱਚੇ ਤੌਰ ਤੇ ਕੰਮ ਕਰਨ ਲੱਗ ਜਾਏ ਤਾਂ ਏਨਾ ਜ਼ਿਆਦਾ ਹਰਜ਼ ਵੀ ਨਹੀਂ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ, ਉਹ ਨੌਕਰੀ ਛੱਡ ਦਏਗੀ।
“ਹਾਂ ਬਈ ਹੁਣ ਮੈਂ ਬੋਰਡ ਦੀ ਮੀਟਿੰਗ ਵਿਚ ਅਰਜੀ ਦੇਣ ਦਾ ਫ਼ੈਸਲਾ ਕਰ ਲਿਐ। ਮੈਂ ਖ਼ੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾਂ ਕੀ ਜਵਾਬ ਦਿੰਦੇ ਐ।”
“ਕੋਈ ਮੈਨੂੰ ਸ਼ੌਕ ਏ, ਮਨਹੂਸ ਨੌਕਰੀ ਦਾ...ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ?” ਹਾਜਰਾ ਬੀ ਨੇ ਵਿਸ਼ਵਾਸ ਦਿਵਾਇਆ।
“ਓ ਬਈ ਮੈਂ ਕੌਣ ਹੁੰਨੀਂ ਆਂ ਰਾਏ ਦੇਣ ਆਲੀ, ਕਿਸਮਤ 'ਚ ਜੋ ਲਿਖਿਐ—ਉਹ ਤਾਂ ਹੋਊਗਾ ਈ ਹੋਊਗਾ।” ਅੰਮਾਂ ਜੀ ਨੇ ਵੀ ਰਜ਼ਾਮੰਦੀ ਜਾਹਰ ਕੀਤੀ ਸੀ।
ਤੇ ਹਾਜਰਾ ਬੀ ਨੇ ਸਿਰਫ ਬਵੰਜਾ ਰੁਪਏ 'ਤੇ ਸਕੂਲ ਵਿਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਤਜ਼ੁਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਵਿਚ ਗਿਆਨ ਨਾਲੋਂ ਵੱਧ ਧਮੁੱਕਿਆਂ ਤੇ ਚਪੇੜਾਂ ਦੀ ਲੋੜ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੀਕ ਗਲ਼ਾ ਪਾੜ-ਪਾੜ ਕੇ ਬੱਚਿਆਂ ਨੂੰ ਤਾੜਨਾ-ਝਾੜਨਾ, ਉਹਨਾਂ ਦੀ ਮਾਰ-ਕੁਟਾਈ ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾਅ ਕੇ ਅਮਨ ਬਹਾਲ ਕਰਨਾ। ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਲਈ ਹਰ ਵੇਲੇ ਉਹਨਾਂ ਦੇ ਸਾਰੇ ਖ਼ਾਨਦਾਨ ਲਈ ਸਾੜ੍ਹੀਆਂ, ਬਲਾਊਜ਼ਾਂ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜ਼ਾਈਆਂ ਦੇ ਨਗੰਦੇ ਪਾਉਣਾ। ਹਾਜਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਏਨੀਆਂ ਸਾੜ੍ਹੀਆਂ ਕਢਵਾਈਆਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਹਾਜਰਾ ਬੀ ਨੂੰ ਆਪਣੇ ਕੰਮ ਉੱਤੇ ਨਾਜ਼ ਸੀ, ਅੱਜ ਉਹੀ ਕੰਮ ਗਲ਼ੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਇਹ ਆਮਦਾਨ ਦਾ ਕੋਈ ਪੱਕਾ ਸਾਧਨ ਨਹੀਂ ਸੀ ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ...ਘੱਟੋਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ ਸੀ। ਕਦੀ ਕਦੀ ਸਾੜ੍ਹੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਲਈ ਆ ਜਾਂਦੇ ਸੀ।
ਸਾਰਿਆਂ ਨੂੰ ਹੀ ਹਾਜਰਾ ਬੀ ਦੇ ਘਰ ਦਾ ਹਾਲ ਪਤਾ ਸੀ...ਤੇ ਕੁਝ ਨਾ ਕੁਝ ਦਿੰਦੇ ਦਿਵਾਂਦੇ ਹੀ ਰਹਿੰਦੇ ਸਨ ਪਰ ਇਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਲਈ ਦਿੱਤੇ ਤਾਂ ਹਾਜਰਾ ਬੀ ਨੂੰ ਗੁੱਸਾ ਆ ਗਿਆ। ਜੀਅ ਚਾਹਿਆ ਕਹਿ ਦਏ, 'ਮਾਸਟਰਨੀ ਆਂ ਕੋਈ ਮੰਗਤੀ ਨਹੀਂ।' ਪਰ  ਕੁਝ ਸੋਚ ਕੇ ਗੁੱਸਾ ਪੀ ਗਈ...ਕੀ ਫਾਇਦਾ, ਵਿਗਾੜ ਕੇ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ ਏ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਏ। ਪਰ ਘਰ  ਆ ਕੇ ਕੱਪੜੇ ਜਮਾਂਦਾਰਨੀ ਨੂੰ ਦੇ ਦਿੱਤੇ। ਅੰਮਾਂ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ—
“ਚੰਗੇ ਭਲੇ ਕੱਪੜੇ ਜਮਾਂਦਾਰਨੀ ਨੂੰ ਦੇ ਦਿੱਤੇ ਜਾਂਦੇ ਆ। ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡੀਂਦਾ ਸੀ? ਏਸੇ ਲਈ ਤਾਂ ਕਹਿੰਦੀ ਹਾਂ ਬੇਟਾ, ਤੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ...”
ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ ਬਾਕਰ ਮੀਆਂ ਦਾ ਅਜੀਬ ਹਾਲ ਸੀ...ਨਾ ਛੱਡਿਆ ਜਾਂਦਾ ਸੀ ਨਾ ਨਿਗਲਿਆ—ਵੱਸ 'ਚ ਹੁੰਦਾ ਤਾਂ ਪਤਨੀ ਨੂੰ ਇਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ-ਮਜ਼ਾਕ ਵਿਚ ਮਿਹਣੇ ਮਾਰਦੇ ਸੀ—
“ਬਾਕਰ ਬਈ ਐਸ਼ ਨੇ ਤੇਰੇ ਤਾਂ ਘਰਵਾਲੀ ਕਮਾ ਕੇ ਲਿਆਉਂਦੀ ਏ, ਬੈਠ ਕੇ ਆਰਾਮ ਨਾਲ ਖਾਂਦਾ ਏਂ। ਏਥੇ ਸਾਡੀ ਬੇਗ਼ਮ ਦਾ ਉਹ ਨਖ਼ਰਾ ਏ ਕਿ ਮਾਸ਼ਾ ਅੱਲ੍ਹਾ! ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼।”
“ਯਾਰ ਸੱਚੀ ਗੱਲ ਤਾਂ ਇਹ ਐ ਕਿ ਆਪਾਂ ਨੂੰ ਵੀ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਐ ਕਿ ਮਰਦ ਦਾ ਦਿਲ ਖੁਸ਼ ਕਰਨ। ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਐ, ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਏ।” ਦੂਜੇ ਸਾਹਬ ਨੇ ਫੁਰਮਾਇਆ।
“ਤੇਰਾ ਈ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏਂ। ਯਾਰ ਸੌਂਹ ਖ਼ੁਦਾ ਦੀ ਮੈਂ ਤਾਂ ਖ਼ੁਦਕਸ਼ੀ ਕਰ ਲਵਾਂ ਇੰਜ ਤੀਵੀਂ ਦੇ ਟੁਕੜਿਆਂ 'ਤੇ ਮੈਂ ਤਾਂ ਨਾ ਜਿਊਂਦਾ ਰਹਿ ਸਕਾਂ।”
“ਓਇ ਇਹ ਬੋਰਡ ਦੇ ਮੈਂਬਰ! ਸਾਲੇ ਪਰਲੇ ਦਰਜ਼ੇ ਦੇ ਹਰਾਮਜਾਦੇ ਹੁੰਦੇ ਨੇ। ਇਹ ਸਕੂਲ ਤਾਂ ਨਾਂਅ ਦੇ ਨੇ ਸਾਲੇ ਚਕਲੇ ਨੇ ਚਕਲੇ, ਬੁਰਾ ਨਾ ਮੰਨੀ ਤੇਰੀ ਬੀਵੀ ਤਾਂ ਖ਼ੈਰ ਸ਼ਰੀਫ ਏ। ਇਹ ਸਾਲੀਆਂ ਮਾਸਟਰਨੀਆਂ ਅੱਵਲ ਨੰਬਰ ਦੀਆਂ ਉਹ ਹੁੰਦੀਆਂ ਨੇ। ਇਹ ਸਾਰੀਆਂ ਮੈਂਬਰਾਂ ਦੇ ਘਰੀਂ ਤੁਰੀਆਂ ਫਿਰਦੀਆਂ ਨੇ।”
“ਲਾਹੌਲ ਵਲਾ ਕੁਵੱਤ। ਓਇ ਯਾਰ ਇਹਨਾਂ ਮਾਸਟਰਨੀਆਂ ਨੂੰ ਦੇਖ ਕੇ ਤਾਂ ਕੈ ਆਉਂਦੀ ਏ। ਸਾਲੀਆਂ ਸਾਰੀਆਂ ਕਾਣੀਆਂ-ਮੀਣੀਆਂ, ਭੈੜੀਆਂ ਸ਼ਕਲਾਂ...ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ। ਇਸ਼ਕ ਵੀ ਲੜਾਉਂਦੇ ਨੇ ਤਾਂ ਕਿਆ ਥਰਡ ਕਲਾਸ ਮਾਲ ਨਾਲ। ਯਾਰ ਸਾਡੇ ਮੁਹੱਲੇ ਵਿਚ ਇਕ ਸਾਲੀ ਮਾਸਟਰਨੀ ਸੀ...ਜੀਅ ਭਰ ਕੇ ਬਦਸੂਰਤ। ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ, ਬੁਰਕੇ ਵਿਚੋਂ ਨਿਕਲੀਆਂ ਹੁੰਦੀਆਂ। ਜਦੋਂ ਮੇਰੇ ਘਰ ਸਾਹਮਣਿਓਂ ਲੰਘਦੀ ਮੈਂ ਮੁੰਡਿਆਂ ਨੂੰ ਕਹਿੰਦਾ, 'ਲਾ ਦਿਓ ਸਾਲੀ ਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ-ਫੁਦਕ ਕੇ ਦੌੜਦੀ ਸੀ। ਬੜੀ ਸੱਚੀ-ਸੁੱਚੀ ਬਣਦੀ ਸੀ। ਸਾਲੀ ਦਾ ਢਿੱਡ ਹੋ ਗਿਆ, ਕੱਢ ਦਿੱਤੀ ਗਈ ਮੁਹੱਲੇ ਵਿਚੋਂ ਜੁੱਤੀਆਂ ਮਾਰ-ਮਾਰ ਕੇ।”
ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨ੍ਹਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਟਾਲਦੇ ਰਹਿੰਦੇ, ਸੁਣੀ-ਅਣਸੁਣੀ ਕਰ ਛੱਡਦੇ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦੇ। ਆਉਂਦਿਆਂ ਨੂੰ ਅੰਮਾਂ ਜੀ ਦੋ ਚਾਰ ਸੁਣਾ ਦੇਂਦੀ।
“ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਤੇ ਬੇਗ਼ਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਆਂ ਐਨੀ ਸਵੇਰੇ ਸਵੇਰੇ ਸਕੂਲ 'ਚ ਕੀ ਹੁੰਦੈ। ਮੀਆਂ ਮੈਂ ਬੁੱਢੀ ਠੇਰੀ ਕਬਰ 'ਚ ਪੈਰ ਲਟਕਾਈ ਬੈਠੀ ਆਂ। ਅੱਜ ਮਰੀ, ਕਲ੍ਹ ਦੂਜਾ ਦਿਨ। ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦੈ...ਕਿੰਜ ਬੀਤੇਗੀ, ਇਹਨਾਂ ਬੱਚਿਆ 'ਤੇ ਕੀ ਅਸਰ ਪਏਗਾ ਕਿ ਮਾਂ ਦਾ ਪੈਰ ਘੜੀ ਭਰ ਲਈ ਵੀ ਘਰੇ ਨਹੀਂ ਟਿਕਦਾ।”
ਬਾਕਰ ਮੀਆਂ ਦਾ ਖ਼ੂਨ ਉਬਾਲੇ ਖਾਣ ਲੱਗਦਾ।
“ਅੱਜ ਆ ਜਾਏ ਹਰਾਮਜ਼ਾਦੀ, ਮਜ਼ਾ ਨਾ ਚਖ਼ਾ ਦਿੱਤਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ।”
ਸਕੂਲ ਟਈਮ ਤੋਂ ਬਾਅਦ ਵੱਡੀ ਮਾਸਟਰਨੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਜਾਂ ਲਾਇਬਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ। ਜਾਂ ਇਮਤਿਹਾਨਾ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ। ਹਾਜਰਾ ਬੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ...
'ਸੱਲੂ ਭੁੱਖਾ ਹੋਏਗਾ। ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋਏਗਾ ਕਿ ਨਹੀਂ। ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਏ, ਖੱਟੀ ਹੋ ਗਈ ਲੱਗਦੀ ਸੀ। ਕਹਿਣਾ ਭੁੱਲ ਗਈ। ਸੁੱਟ ਦੇਂਦੀ ਤਾਂ ਚੰਗਾ ਹੁੰਦਾ। ਕੱਲ੍ਹ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਈ ਨਹੀਂ ਮਿਲਿਆ। ਪਤਾ ਨਹੀਂ ਕੀ ਗਵਾਅ ਆਇਆ ਹੋਏਗਾ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਏ। ਅੱਜ ਸੱਲੂ ਲਈ ਮਟਰ ਲੈਂਦੀ ਜਾਵਾਂਗੀ। ਦੁੱਧ, ਨਿਰਾ ਪਾਣੀ ਪਾਉਂਦਾ ਏ ਕੰਮਬਖਤ। ਕਿੰਨਾ ਕਮਜ਼ੋਰ ਹੁੰਦਾ ਜਾ ਰਿਹੈ ਮੇਰਾ ਲਾਲ। ਪਤਾ ਨਹੀਂ ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ ਜਾਂ ਨਹੀਂ। ਸਾਰੀਆਂ ਕਮੀਜ਼ਾਂ ਫਟ ਗਈਆਂ ਨੇ। ਐਤਕੀਂ ਤਨਖ਼ਾਹ ਮਿਲੀ ਤਾਂ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੀ। ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਵਿਚ ਘੁਲੇ ਜਾ ਰਹੇ ਨੇ।' ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ ਜਦੋਂ ਉਹ ਨਵੀਂ-ਨਵੀਂ ਵਿਆਹੀ ਆਈ ਸੀ। 'ਕੱਪੜਿਆਂ ਦਾ ਕਿੰਨਾਂ ਸ਼ੌਕ ਸੀ! ਸੂਟਾਂ ਨਾਲ ਅਲਮਾਰੀ ਭਰੀ ਪਈ ਸੀ। ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆਂ ਏਂ—ਇੱਥੇ ਘਰ ਬਾਰ ਈ ਬੁੱਢਾ ਹੋ ਗਿਆ ਈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਿਲ ਨਾਲ ਤੀਹ ਸਾਲ ਦੇ ਹੋਣਗੇ'...“ਹਾਜ਼ਰਾ ਬੀ ਇਹ ਲਿਸਟ ਤਾਂ ਸ਼ੁਰੂ ਤੋਂ ਈ ਗਲਤ ਐ।” ਵੱਡੀ ਮਾਸਟਰਨੀ ਜੀ ਨੇ ਸੋਚਾਂ ਵਿਚੋਂ ਬਾਹਰ ਖਿੱਚ ਲਿਆਂਦਾ।
“ਜੀ?”
“ਇਹ ਦੇਖੋ...ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ। ਇਹ ਕਿੰਜ ਤੂੰ ਪਹਿਲੀ ਵਿਚ ਚੜ੍ਹਾ ਦਿੱਤੇ। ਕੰਮ ਵਿਚ ਤੇਰਾ ਧਿਆਨ ਬਿਲਕੁਲ ਨਹੀਂ, ਕੁਝ ਦਿਨਾਂ ਦੀ ਮੈਂ ਦੇਖ ਰਹੀ ਆਂ। ਤੇਰੀ ਕਲਾਸ ਵਿਚ ਵੀ ਰੌਲਾ ਪੈਂਦਾ ਰਹਿੰਦਾ ਏ।”
“ਮੈਂ ਹੁਣੇ ਦੂਜੀ ਲਿਸਟ ਬਣਾ ਦੇਨੀ ਆਂ ਜੀ।” ਹਾਜ਼ਰਾ ਬੀ ਨੇ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਉੱਤੇ ਝੁਕ ਗਈ।
ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾਂ ਬਣਾ ਦੇਂਦੀ ਹੈ ਜਿੰਨਾਂ ਜ਼ਰੂਰਤ ਤੋਂ ਵਧ ਵਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜਰਾ ਬੀ ਨੂੰ ਦੇਖਿਆ ਤਾਂ ਇਕ ਇਕ ਕਰਕੇ ਸਾਰੇ ਜ਼ਖ਼ਮਾਂ ਦੇ ਮੂੰਹ ਖੁੱਲ੍ਹ ਗਏ।
“ਕਿੱਥੋਂ ਤਸ਼ਰੀਫ ਲਿਆ ਰਹੇ ਓ ਏਨੀ ਦੇਰ ਨਾਲ?”
“ਜਹੱਨੁਮ 'ਚੋਂ।” ਹਾਜਰਾ ਬੀ ਨੇ ਚਿੜ ਕੇ ਕਿਹਾ।
“ਓ ਬਈ ਤੂੰ ਕੌਣ ਹੁੰਦਾ ਏਂ ਪੁੱਛਣ ਵਾਲਾ...ਕਮਾਊ ਬੀਵੀ ਐ, ਕੋਈ ਮਜ਼ਾਕ ਥੋੜ੍ਹਾ ਈ ਐ। ਪੇਟ ਨੂੰ ਟੁੱਕੜ ਦੇਂਦੀ ਐ। ਜਦੋਂ ਜੀਅ ਕਰੂ ਆਊਗੀ, ਜਦੋਂ ਜੀਅ ਚਾਹੂਗਾ ਜਾਊਗੀ।” ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾਂ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲੁਅਈ ਸੀ! ਸੋ ਅੱਗ ਉੱਤੇ ਤੇਲ ਛਿੜਕਿਆ ਗਿਆ।
“ਮੈਂ ਪੁੱਛ ਰਿਹਾਂ, ਕਿੱਥੇ ਲਾਈ ਏਨੀ ਦੇਰ?” ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ।
“ਸਲੀਮ...ਓਇ ਸੱਲੂ...ਬੇਟਾ!” ਹਾਜਰਾ ਬੀ ਨੇ ਚਾਹਿਆ ਕੁਝ ਨਾ ਸੁਣੇ। ਕੁਝ ਨਾ ਦੇਖੇ। ਨਹੀਂ ਤਾਂ ਉਸਦੇ ਅੰਦਰੋਂ ਇਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਏਨਾਤ ਨੂੰ ਭਸਮ ਕਰ ਦਏਗਾ।
“ਮੈਂ ਕੀ ਪੁੱਛ ਰਿਹਾਂ...ਤੇਰੇ ਕੰਨ 'ਤੇ ਜੂੰ ਈ ਨਹੀਂ ਸਰਕ ਰਹੀ। ਹਰਾਮਜਾਤੀ...ਉੱਲੂ ਦੀ ਪੱਠੀ।” ਬਾਕਰ ਮੀਆਂ ਨੇ ਹਿਰਖ ਕੇ ਉਠਦਿਆਂ ਹੋਇਆਂ ਸੱਪ ਵਾਂਗ ਫੁਕਾਰ ਕੇ ਕਿਹਾ।
ਹਾਜਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਵਿਚ ਦੇਖਿਆ ਤੇ ਸਹਿਮ ਗਈ। ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ।
“ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ।”
“ਕਮਾਈ ਦੀ ਬੱਚੀ...ਇਹ ਏਨੀ ਸ਼ਾਮ ਤਕ ਕਮਾਈ ਹੋ ਰਹੀ ਸੀ?”
“ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ।” ਹਾਜਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਿਹਾ। “ਇੱਜ਼ਤ ਦਾ ਏਨਾ ਈ ਖ਼ਿਆਲ ਏ ਤਾਂ ਖ਼ੁਦ ਕਿਉਂ ਨਹੀਂ ਕਮਾਂਦੇ..ਇਹ ਖ਼ੂਬ ਏ, ਸਾਰਾ ਦਿਨ ਕੰਮਬਖ਼ਤ ਦਿਮਾਗ਼ ਖਪਾਂਦੇ ਆਓ ਤੇ ਉੱਪਰੋਂ ਗਾਲ੍ਹਾਂ ਸੁਣੋ। ਘਰੇ ਬੈਠੇ ਆਕੜਦੇ ਓ...ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਨਾਲ ਤੂਸ ਲੈਂਦੇ ਓ, ਉਪਰੋਂ ਗੁਰਰਾਉਂਦੇ।” ਹਾਜਰਾ ਬੀ ਜਾਣਦੀ ਸੀ ਉਹ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ। ਉਹ ਲੱਖ ਪੁੱਛਦੀ, “ਲੂਣ ਮਿਰਚ ਠੀਕ ਹੈ?” “ਅੰ?” ਉਹ ਤ੍ਰਭਕ ਕੇ ਕਹਿੰਦੇ, “ਹਾਂ-ਹਾਂ ਸਭ ਠੀਕ ਐ।” ਤੇ ਫੇਰ ਆਪਣੀਆਂ ਸੋਚਾਂ ਦੇ ਜਾਲ ਵਿਚ ਉਲਝ ਜਾਂਦੇ; ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕੋਈ ਬਾਕਰ ਮੀਆਂ ਦਾ ਕੀਮਾਂ ਕਰਕੇ ਕੁੱਤਿਆਂ ਨੂੰ ਪਾ ਦਵੇ।
ਗਾਲ੍ਹਾਂ-ਦੁਪੜਾਂ, ਜੂਤ-ਪਤਾਨ ਹਰ ਰੋਜ਼ ਆਪਣੀ ਪੀਂਘ ਚੜ੍ਹਾਉਂਦੇ ਰਹੇ ਤੇ ਉੱਤੋਂ ਅੰਮਾਂ ਜੀ ਦੇ ਤੇਲ ਦਾ ਛਿੱਟਾ...ਹੋਰ ਕੁਝ ਨਹੀਂ, ਬਸ ਇਹੀ।
“ਹਾਂ ਬਈ—ਭਲਾਅ ਮੀਆਂ, ਪੈਰ ਦਾ ਪਹਿਰਾਵਾ। ਨੀਂ ਅਸੀਂ ਤਾਂ ਕਦੇ ਆਪਣੇ ਖ਼ਸਮ ਅੱਗੇ ਮੂੰਹ ਨੀ ਸੀ ਖੋਲ੍ਹਿਆ। ਹਾਂ ਬਈ, ਨਿਕੰਮਾਂ ਮੀਆਂ ਤੇ ਪਾਂ ਖਾਧਾ ਕੁੱਤਾ ਕਿਸੇ ਨੂੰ ਨੀ ਭਾਉਂਦਾ।”
ਫੇਰ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖ਼ਮਾਂ ਉੱਤੇ ਖਰੀਂਢ ਲਿਆ ਦੇਂਦੀ। ਨਵੀਂ ਪਾਈ, ਚੁੱਪਚਾਪ, ਮੂੰਹ ਚੱਲਦੇ ਰਹਿੰਦੇ—ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਉੱਤੇ ਪਏ ਕੁੜ੍ਹਦੇ ਤੇ ਲੰਮੇਂ ਹਊਕੇ ਭਰਦੇ ਰਹਿੰਦੇ।
“ਉੱਠੋ ਬਿਸਤਰਾ ਵਿਛਾਅ ਦਿਆਂ।” ਉਹ ਨਰਮੀਂ ਨਾਲ ਕਹਿੰਦੀ।
“ਰਹਿਣ ਦੇਅ।” ਰੁੱਖਾ ਜਿਹਾ ਜਵਾਬ ਮਿਲਦਾ।
“ਹੁਣ ਇਹਨਾਂ ਨਖਰਿਆਂ ਦਾ ਕੀ ਲਾਭ।” ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਤਾਂ ਜਿਵੇਂ ਸੁਪਨਾ ਬਣ ਕੇ ਰਹਿ ਗਈਆਂ ਸਨ।
“ਇਕ ਵਾਰੀ ਕਹਿ ਦਿੱਤਾ...ਰਹਿਣ ਦੇਅ।” ਬਾਕਰ ਮੀਆਂ ਗਰਜਦੇ ਤੇ ਹਾਜਰਾ ਬੀ ਆਪਣੀ ਪੰਗੂੜੀ ਵਰਗੀ ਮੰਜੀ ਉੱਤੇ ਲੇਟ ਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਵਿਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ।
ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇਕ ਦੂਜੇ ਨਾਲ ਪਿਆਰ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ ਸਨ। ਹੂੰ-ਹਾਂ ਦੇ ਸਿਵਾਏ ਗੱਲ ਬਾਤ ਹੀ ਬੰਦ ਹੋ ਗਈ ਸੀ। ਉਹ ਸਮਝਦੀ ਸੀ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ। ਸੱਸ ਦੇ ਮਿਹਣੇ ਘੱਟ ਹੋ ਜਾਣਗੇ। ਮੀਆਂ ਦਾ ਪਿਆਰ ਤਾਂ ਮਿਲੇਗਾ। ਮੀਆਂ ਕਮਾਅ ਕੇ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਵਿਚ ਆਪਣਾ ਪਿਆਰ ਦੇਂਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫ਼ਰਜ਼ ਨਹੀਂ ਬਣਦਾ ਕਿ ਉਹ ਘੱਟੋਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ। ਆਖ਼ਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਕੱਟਣ ਤੋਂ ਬਚਾਅ ਰਹੀ ਹੈ। ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜ਼ਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਨਾਲ ਦੇਖਦੀਆਂ ਨੇ ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਆਣੀਆਂ ਹੋਣ। ਕੀ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦੇਂਦੀ ਤਾਂ ਪਵਿੱਤਰਤਾ ਵਧ ਜਾਂਦੀ? ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨ-ਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇਕ ਆਦਮੀ ਦੇ ਫ਼ਰਜ਼ਾਂ ਨੂੰ ਨਿਭਾਅ ਰਹੀ ਹੈ। ਇਕ ਕਮਾਉਣ ਵਾਲਾ ਮਰਦ ਫਰੂਨ, ਤੇ ਕਮਾਉਣ ਵਾਲੀ ਬੀਵੀ ਮੁਜਰਮ! ਖ਼ੈਰ ਉਸਨੂੰ ਦੁਨੀਆਂ ਨਾਲ ਨਹੀਂ, ਬਾਕਰ ਮੀਆਂ ਨਾਲ ਸ਼ਿਕਾਇਤ ਸੀ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਨਾਲ ਛਾਤੀ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਲਈ ਉਸਦੀ ਥੱਕੀ-ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ੍ਹ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਵਾਰ ਲਈ ਸਮਾਂ ਨਹੀਂ ਮਿਲਦਾ, ਖ਼ੁਦ ਉਸਦਾ ਦਿਲ ਚਾਹੁੰਦਾ ਸੀ, ਹਰ ਦਿਨ ਐਤਵਾਰ ਹੋਵੇ ਤੇ ਹੁਣ ਜਦੋਂ ਕਿ ਜ਼ਿੰਦਗੀ ਇਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁਟਦਾ ਜਾ ਰਿਹਾ ਸੀ। ਕੀ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ? ਕੀ ਉਹ ਮੀਆਂ ਦੀ ਜ਼ਿੰਦਗੀ ਵਿਚ ਹੀ ਬੇਵਾ ਹੋ ਗਈ ਹੈ?
ਖ਼ੁਦਾ ਨੇ ਜਿਵੇਂ ਸੁਣ ਲਈ, ਇਕ ਪ੍ਰਛਾਵਾਂ ਜਿਹਾ ਆਪਣੇ ਉਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ, ਤੜਪ ਕੇ ਹਾਜਰਾ ਨੇ ਉਹਨਾਂ ਦੀ ਬਾਂਹ ਫੜ੍ਹ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਵਿਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ! ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਏਨੀਆਂ ਨੁਕੀਲੀਆਂ ਤਾਂ ਕਦੀ ਨਹੀਂ ਸੀ ਹੁੰਦੀਆਂ! ਜਿਵੇਂ ਸਦੀਆਂ ਬਾਅਦ ਉਹ ਉਹਨਾਂ ਨਾਲ ਮਿਲ ਰਹੀ ਹੋਵੇ। ਕਿੰਨਾਂ ਹੁਸੀਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ!
ਉਹ ਉਸਦੀਆਂ ਬਾਹਾਂ ਵਿਚ ਗੂੜ੍ਹੀ ਨੀਂਦ ਸੌਂ ਗਏ ਸਨ ਜਿਵੇਂ ਵਰ੍ਹਿਆਂ ਦੇ ਜਾਗ ਰਹੇ ਹੋਣ। ਹੁਣ ਉਹ ਇਸੇ ਤਰ੍ਹਾਂ ਸੰਵਿਆਂ ਕਰਨਗੇ। ਕੱਲ੍ਹ ਤੋਂ ਉਹ ਆਪਣੀ ਖੱਲ ਲਾਹ ਕੇ ਉਹਨਾਂ ਦੇ ਕਦਮਾਂ ਹੇਠ ਵਿਛਾਅ ਦਏਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਵਿਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ-ਭਰੇ ਹੱਥਾਂ ਨੂੰ ਕੀ ਹੋ ਗਿਆ ਏ। ਜਿਵੇਂ ਬਾਂਸ ਦੀਆਂ ਤੀਲੀਆਂ ਹੋਣ! ਚੁੱਪਚਾਪ ਉਹ ਉਹਨਾਂ ਦੀ ਇਕ ਇਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਉਹ ਹਿੱਲੀ ਨਹੀਂ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ!
ਉਸਨੇ ਸੁਪਨੇ ਵਿਚ ਦੇਖਿਆ—ਬਾਕਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਵਿਚ ਹੀ ਗਿਲੋਰੀ ਮੂੰਹ ਵਿਚ ਪਾਈ ਤਾਂ ਉਹਨਾਂ ਪੌਲੇ ਜਿਹੇ ਉਸਦੀ ਉਂਗਲ ਦੰਦਾਂ ਹੇਠ ਨੱਪ ਲਈ। ਸਾਰੀ ਦੇਹ ਵਿਚ ਕੁਤਕੁਤੀਆਂ ਹੋਣ ਲੱਗੀ ਪਈਆਂ ਤੇ ਹਾਜਰਾ ਦੀ ਅੱਖ ਖੁੱਲ੍ਹ ਗਈ। ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ।
“ਉੱਠ ਕਰਮਾਂ ਸੜੀਏ, ਤੇਰਾ ਮੀਆਂ ਪੂਰਾ ਹੋ ਗਿਆ।” ਅੰਮਾਂ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ, “ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ।”
   --- --- ---
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

Tuesday, November 16, 2010

ਪੌੜੀਆਂ 'ਤੇ ਧੁੱਪ...:: ਲੇਖਕ : ਰਾਮ ਲਾਲ




ਉਰਦੂ ਕਹਾਣੀ :
ਪੌੜੀਆਂ 'ਤੇ ਧੁੱਪ...
ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਰਾਤ ਦੇ ਦੋ ਵੱਜੇ ਸਨ ਪਰ ਅਸੀਂ ਸਾਰੇ ਅਜੇ ਤਕ ਜਾਗ ਰਹੇ ਸਾਂ। ਥੋੜ੍ਹੀ ਦੇਰ ਪਹਿਲਾਂ ਹੀ ਅਸੀਂ ਉਰਦੂ ਦੇ ਇਕ ਜਲਸੇ 'ਚੋਂ ਆਏ ਸਾਂ ਤੇ ਸਵੇਰੇ ਚਾਰ ਵਜੇ ਅਸੀਂ ਟੈਕਸੀ ਵਿਚ ਸੌ ਮੀਲ ਦੂਰ ਇਕ ਹੋਰ ਉਰਦੂ ਦੀ ਬਸਤੀ ਵਿਚ ਪਹੁੰਚਣਾ ਸੀ। ਇਸ ਲਈ ਸੌਣ ਦਾ ਖ਼ਿਆਲ ਛੱਡ ਕੇ ਹਰੇਕ ਨੇ ਆਪੋ-ਆਪਣੇ ਬਿਸਤਰੇ ਬੰਨ੍ਹ ਲਏ ਸਨ, ਜਿਹਨਾਂ ਨੂੰ ਸਾਡਾ ਟੈਕਸੀ ਡਰਾਇਵਰ ਅਫ਼ਜ਼ਲ ਚੁੱਕ-ਚੁੱਕ ਕੇ ਡਿੱਕੀ ਵਿਚ ਰੱਖ ਆਇਆ ਸੀ। ਹੁਣ ਉਹ ਇਸ ਉਡੀਕ ਵਿਚ ਸੀ ਕਿ ਅਸੀਂ ਆਪਣੇ ਸੂਟਕੇਸ, ਏਅਰ-ਬੈਗ ਤੇ ਬਰੀਫ-ਕੇਸ ਵੀ ਪੈਕ ਕਰ ਦੇਈਏ ਤਾਂਕਿ ਉਹ ਉਹਨਾਂ ਨੂੰ ਵੀ ਚੁੱਕ ਕੇ ਲੈ ਜਾਏ। ਪਰ ਪ੍ਰੋਫ਼ੈਸਰ ਮਲਿਕਜ਼ਾਦਾ ਮੰਜ਼ੂਰ ਅਹਿਮਦ ਆਪਣੇ ਅਸਿਸਟੈਂਟ ਨੂੰ ਉਸ ਦਿਨ ਦੇ ਚਾਰ ਜਲਸਿਆਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਲਿਖਵਾਉਣ ਵਿਚ ਰੁੱਝੇ ਹੋਏ ਸਨ। ਮੈਂ ਆਪਣੇ ਬੂਟਾਂ ਨੂੰ ਪਾਲਿਸ਼ ਕਰ ਰਿਹਾ ਸਾਂ ਤੇ ਨੌਜਵਾਨ ਸ਼ਾਇਰ ਕਲੀਮ ਕੈਸਰ ਜਿਹੜਾ ਹੁਣੇ-ਹੁਣੇ ਬਾਥਰੂਮ ਵਿਚੋਂ ਆਪਣੀਆਂ ਦੋ ਸ਼ਰਟਾਂ ਤੇ ਪਤਲੂਨਾਂ ਧੋ ਕੇ ਨਿਕਲਿਆ ਸੀ, ਆਪਣੇ ਚਿਹਰੇ ਉੱਤੇ ਇਕ ਮਾਸੂਮ ਮੁਸਕਾਨ ਲਿਆਉਂਦਾ ਹੋਇਆ ਬੋਲਿਆ, “ਅੱਜ ਤਾਂ ਮੈਨੂੰ ਆਪਣੇ ਇਸ ਸ਼ਿਅਰ ਉੱਤੇ ਬੜੀ ਦਾਦਾ ਮਿਲੀ—

 'ਕਿਆ ਕਹਾ ਆਪ ਨੇ, ਉਂਗਲੀਆਂ ਜਲ ਗਈਂ!
 ਦੇਖੀਏ, ਉਸ ਤਰਫ਼ ਬਸਤੀਆਂ ਜਲ ਗਈਂ...'”

“ਤੁਸਾਂ ਇਹ ਸ਼ਿਅਰ ਦੰਗਿਆਂ ਬਾਰੇ ਕਿਹਾ ਏ, ਇਸ ਲਈ ਲੋਕਾਂ ਦੇ ਦਿਲਾਂ ਵਿਚ ਸਿੱਧਾ ਉਤਰ ਗਿਆ...ਪਰ ਇਹ ਨਾ ਭੁੱਲਨਾ ਕਿ ਇਸ ਲਈ ਮਾਹੌਲ ਮੈਂ ਹੀ ਬੰਨ੍ਹਿਆਂ ਸੀ। ਜਦ ਮੇਰਾ ਭਾਸ਼ਣ ਬੇ-ਅਖ਼ਤਿਆਰ ਇਹਨਾਂ ਸ਼ਬਦਾਂ ਤੇ ਵਾਕਾਂ ਤੋਂ ਸ਼ੁਰੂ ਹੋ ਗਿਆ ਸੀ ਕਿ ਅੱਜ ਮੈਂ ਇਕ ਅਜਿਹੇ ਸਹਿਮੇ ਹੋਏ ਸ਼ਹਿਰ ਵਿਚ ਖੜ੍ਹਾ ਹਾਂ ਜਿਹੜਾ ਛੇ ਸਾਲ ਬਾਅਦ ਵੀ ਹਕੂਮਤ ਤੋਂ ਦਿਮਾਗ਼ੀ ਸ਼ਾਂਤੀ ਦੀ ਮੰਗ ਕਰ ਰਿਹਾ ਹੈ।'”
ਮੁਸਾਫ਼ਰ ਖ਼ਾਨੇ ਦੀ ਖੁਰਦਰੀ ਮੰਜੀ ਉੱਤੇ ਲੇਟੇ-ਲੇਟੇ ਮਲਿਕ ਜ਼ਾਦਾ ਬੋਲੇ, “ਰਾਮ ਲਾਲ ਸਾਹਬ, ਤੁਸਾਂ ਅਚਾਨਕ ਸ਼ਹਿਰ ਵਾਸੀਆਂ ਦੀ ਦੁਖਦੀ ਰਗ ਉੱਤੇ ਉਂਗਲ ਰੱਖ ਦਿੱਤੀ ਤੇ ਉਹ ਸਿਲ-ਪੱਥਰ ਹੀ ਹੋ ਗਏ...ਉਹਨਾਂ ਦੇ ਮਨਾ ਵਿਚ ਦੰਗਿਆਂ ਦੀ ਯਾਦ ਫੇਰ ਤਾਜ਼ੀ ਹੋ ਗਈ।”
ਪ੍ਰੋਫ਼ੈਸਰ ਮਲਿਕਜ਼ਾਦਾ ਦੀ ਗੱਲ ਸੁਣ ਕੇ ਅਸੀਂ ਸਾਰੇ ਕੁਝ ਪਲ ਲਈ ਚੁੱਪ ਹੋ ਗਏ ਸਾਂ। ਉਸ ਚੁੱਪ ਨੂੰ ਆਖ਼ਰ ਯੂਨੀਵਰਸਟੀ ਦੇ ਵਿਦਿਆਰਥੀ ਲੀਡਰ ਕੋਕਿਬ ਨੇ ਤੋੜਿਆ, “ਸਰ, ਇਹ ਲਿਖ ਲਿਆ ਕਿ 'ਉਹਨਾਂ ਦੇ ਮਨਾ ਵਿਚ ਦੰਗਿਆਂ ਦੀ ਯਾਦ ਫੇਰ ਤਾਜ਼ਾ ਹੋ ਗਈ...' ਅੱਗੇ ਲਿਖਾਓ...”
ਮਲਿਕਜ਼ਾਦਾ ਜਿਵੇਂ ਕਿੱਤੋਂ ਵਾਪਸ ਆਉਂਦੇ ਹੋਏ ਬੋਲੇ, “ਪਾਗਲ ਕਿਤੋਂ ਦਾ! ਇਹ ਗੱਲ ਮੈਂ ਰਾਮ ਲਾਲ ਸਾਹਬ ਨੂੰ ਕਹਿ ਰਿਹਾ ਸਾਂ, ਕੱਟ ਦੇਅ, ਪਿਛਲਾ ਪਹਿਰਾ ਫੇਰ ਪੜ੍ਹ ਜ਼ਰਾ...”
ਮੈਂ ਆਪਣੇ ਚਮਕਦੇ ਹੋਏ ਬੂਟ ਦਾ ਗਹੁ ਨਾਲ ਮੁਆਇਨਾ ਕਰਦਿਆਂ ਕਿਹਾ, “ਕੈਸਰ, ਆਪਣੀ ਉਹੀ ਗ਼ਜ਼ਲ ਫੇਰ ਸੁਣਾਅ ਯਾਰ...ਜਿਹੜੀ ਮੈਨੂੰ ਪਸੰਦ ਏ, ਪਰ ਜ਼ਰਾ ਤਰੰਨੁਮ ਵਿਚ!”
ਕਲੀਮ ਕੈਸਰ ਦੇ ਚਿਹਰੇ ਉੱਤੇ ਫੇਰ ਉਹੀ ਮਾਸੂਮ ਮੁਸਕਰਾਹਟ ਜਾਗ ਪਈ। ਉਹ ਆਪਣੇ ਧੋਤੇ ਹੋਏ ਕੱਪੜੇ ਇਕ ਇਕ ਕਰਕੇ ਪੱਖੇ ਹੇਠ ਖਿਲਾਰਦਾ ਹੋਇਆ ਗੁਣਗੁਣਾਉਣ ਲੱਗਾ...:

 “ਅਬ ਤੋ ਯਹ ਮਾਮੂਲ ਹੈ ਆਪਣਾ, ਤਨਹਾਈ ਕੇ ਗਾਓਂ ਮੇਂ
 ਚਾਂਦ ਸੇ ਬੈਠੇ ਬਾਤੇਂ ਕਰਨਾ, ਪਿਆਰ ਕੀ ਠੰਡੀ ਛਾਓਂ ਮੇਂ
 ਪਾਪ ਤੋ ਹਰ ਸੂਰਤ ਮੁਮਕਿਨ ਥਾ, ਜਿਸਮੋਂ ਯੂੰ ਕਰਹਤ ਥੀ
 ਜਾਨੇ ਕੌਣ ਸੀ ਹਸਤੀ ਹਮਕੋ, ਬਾਂਧ ਗਈ ਸੀਮਾਓਂ ਮੇਂ
 ਜਬ ਸੇ ਉਸ ਕੋ ਪਿਆਰ ਹੁਆ ਹੈ, ਜਯੋਤਸ਼ੀਓਂ ਸੇ ਕਹਤੀ ਹੈ
 ਦੇਖੋ ਕਿਆ ਅੰਜਾਮ ਲਿਖਾ ਹੈ, ਹਾਥੋਂ ਕੀ ਰੇਖਾਓਂ ਮੇਂ
 ਧਰਤੀ ਮਾਂ ਕੀ ਲਾਜ ਬਚਾਨੇ, ਜੰਗ ਮੇਂ ਭੇਜੇਂ ਬੇਟੋਂ ਕੋ
 ਜਾਨੇ ਕਿਤਨਾ ਸਬਰ ਹੈ ਕੈਸਰ, ਹਿੰਦੁਸਤਾਨੀ ਮਾਓਂ ਮੇਂ।”

ਕੈਸਰ ਦੀ ਗ਼ਜ਼ਲ ਦੇ ਵਹਾਅ ਦੇ ਅੱਗੇ ਸਮਾਂ ਵੀ ਜਿਵੇਂ ਰੁਕ ਗਿਆ ਸੀ। ਅਸੀਂ ਸਾਰੇ ਆਪੋ-ਆਪਣਾ ਕੰਮ ਛੱਡ ਕੇ ਸ਼ੁੰਨ ਵਿਚ ਘੂਰ ਰਹੇ ਸਾਂ। ਉਸਨੂੰ ਸਾਡੇ ਹਰ ਜਲਸੇ ਵਿਚ ਗ਼ਜ਼ਲ ਸੁਣਾਉਣ ਦਾ ਮੌਕਾ ਨਹੀਂ ਸੀ ਮਿਲਦਾ, ਕਿਉਂਕਿ ਸਾਡੇ ਭਾਸ਼ਣ ਬੜੇ ਲੰਮੇ ਹੋ ਜਾਂਦੇ ਸਨ। ਫੇਰ ਵੀ ਕਿਤੇ ਕਿਤੇ ਕੋਈ ਉੱਖੜ ਰਿਹਾ ਜਲਸਾ ਵੇਖ ਕੇ ਕੈਸਰ ਨੂੰ ਕਲਾਮ ਪੇਸ਼ ਕਰਨ ਦੀ ਤਕਲੀਫ਼ ਦੇ ਦਿੱਤੀ ਜਾਂਦੀ ਸੀ। ਪਿੱਛਲੇ ਚਾਰ ਦਿਨਾਂ ਦਾ ਉਹ ਸਾਡੇ ਨਾਲ ਸਫ਼ਰ ਕਰ ਰਿਹਾ ਸੀ ਤੇ ਉਸਨੇ ਸੰਘਣੇ ਜੰਗਲਾਂ ਦੀਆਂ ਰਾਤਾਂ ਦੀ ਗੂੜੀ ਚੁੱਪ ਵਿਚ ਕਦੀ ਆਪਣੀ ਗ਼ਜ਼ਲ ਸੁਣਾ ਕੇ, ਕਦੀ ਹੋਰ ਸ਼ਾਇਰਾਂ ਦੇ ਕਲਾਮ ਪੜ੍ਹਨ ਦੇ ਅੰਦਾਜ ਦੀ ਕਾਮਯਾਬ ਨਕਲ ਲਾਹ ਕੇ, ਸਾਡਾ ਦਿਲ ਲਾਈ ਰੱਖਿਆ ਸੀ। ਫ਼ੈਜ਼, ਜਿਗਰ, ਫ਼ਰਾਕ, ਜਗਨਨਾਥ ਆਜ਼ਾਦ, ਅਨਵਰ ਜਲਾਲ ਪੁਰੀ, ਵਸੀਮ ਬਰੇਲਵੀ, ਬੇਕਲ ਅਤਸਾਹੀ, ਕੋਈ ਵੀ ਉਸ ਤੋਂ ਬਚ ਨਹੀਂ ਸਕਿਆ ਸੀ।
ਮਲਿਕਜ਼ਾਦਾ ਮੰਜ਼ੂਰ ਅਹਿਮਦ ਨੇ ਆਪਣੇ ਅਸਿਸਟੈਂਟ ਦੇ ਲਿਖੇ ਹੋਏ ਰਫ਼ ਕਾਗਜ਼ਾਂ ਦਾ ਥੱਬਾ ਪਰ੍ਹੇ ਰੱਖਦਿਆਂ ਹੋਇਆਂ ਕਿਹਾ, “ਛੱਡੋ, ਹੁਣ ਕੱਲ੍ਹ ਲਿਖਵਾਵਾਂਗਾ...ਸਵੇਰੇ ਗੱਡੀ 'ਚ ਬੈਠੇ-ਬੈਠੇ ਹੀ।” ਤੇ ਫੇਰ ਅਚਾਨਕ ਜਿਵੇਂ ਕੁਝ ਯਾਦ ਕਰਕੇ ਬੋਲੇ, “ਅੱਜ ਕਿੰਨੇ ਪੈਸੇ ਇਕੱਠੇ ਹੋਏ? ਪੋਟਲੀ ਖੋਹਲ ਕੇ ਗਿਣ ਲਓ ਜ਼ਰਾ।”
ਕਿਸੇ ਕਿਸੇ ਜਲਸੇ ਤੋਂ ਬਾਅਦ ਹਾਜ਼ਰ ਹੋਏ ਸ਼ਰੋਤਿਆਂ ਸਾਹਮਣੇ ਪੈਟਰੋਲ ਦੇ ਖਰਚੇ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ ਜਾਂਦੀ ਸੀ। ਉਦੋਂ ਜਿਸ ਦੀ ਜੇਬ ਵਿਚ ਚੁਆਨੀ, ਅਠਿਆਨੀ, ਰੁਪਈਆਂ, ਦੋ ਰੁਪਏ ਹੁੰਦੇ ਸਨ ਉਹਨਾਂ ਨੂੰ ਉਹ ਲੋਕ ਉਰਦੂ ਦੇ ਨਾਂਅ ਉੱਤੇ ਕੋਕਿਬ ਦੇ ਫੈਲਾਏ ਹੋਏ ਰੁਮਾਲ ਵਿਚ ਖੁਸ਼ੀ ਖੁਸ਼ੀ ਪਾ ਦਿੰਦੇ ਸਨ। ਕੋਕਿਬ ਨੇ ਫਰਸ਼ ਉੱਤੇ ਸਿੱਕਿਆਂ ਦੀ ਢੇਰੀ ਜਿਹੀ ਲਾ ਦਿੱਤੀ ਤੇ ਉਹਨਾਂ ਨੂੰ ਵੱਖ-ਵੱਖ ਕਰਕੇ ਗਿਣਦਾ ਹੋਇਆ ਬੋਲਿਆ, “ਅਹਿ ਕਾਗਜ਼ ਪਤਾ ਨਹੀਂ ਕਿਹੜਾ ਪਾ ਗਿਆ? ਸ਼ਾਇਦ ਨੋਟ ਦੇ ਭੁਲੇਖੇ ਵਿਚ ਜੇਬ ਵਿਚੋਂ ਨਿਕਲ ਆਇਆ ਹੋਏਗਾ!”
ਉਸਨੇ ਕਾਗਜ਼ ਦਾ ਟੁਕੜਾ ਮੇਰੇ ਵੱਲ ਵਧਾ ਦਿੱਤਾ। ਉਸ ਉਪਰ ਕਿਸੇ ਨੇ ਮੇਰੇ ਨਾਂਅ ਜਲਦੀ-ਜਲਦੀ ਇਹ ਸੱਤਰਾਂ ਘਸੀਟੀਆਂ ਹੋਈਆਂ ਸਨ...:
'ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਦੋ ਦਿਨਾਂ ਵਾਸਤੇ ਸਾਡੇ ਘਰ ਆ ਜਾਓ। ਪਤਾ ਲਿਖ ਰਹੀ ਹਾਂ, ਗਰੀਬ-ਖ਼ਾਨਾ ਇੱਥੋਂ ਸਿਰਫ ਪੰਜਾਹ ਕਿਲੋਮੀਟਰ ਦੂਰ ਹੈ। ਫੇਰ ਖ਼ੁਦਾ ਜਾਣੇ ਕਦ ਮੁਲਾਕਾਤ ਹੋਵੇ! ਇਸ ਤਕਲੀਫ਼ ਲਈ ਮੁਆਫ਼ੀ ਚਾਹੁੰਦੀ ਹਾਂ—ਸ਼ਰਵਤ।'
ਸ਼ਰਵਤ ਦਾ ਨਾਂਅ ਮੇਰੇ ਦਿਮਾਗ਼ ਵਿਚ ਬਾਰੂਦ ਭਰੀ ਚੱਕਰੀ ਵਾਂਗ ਘੁੰਮ ਰਿਹਾ ਸੀ, ਚਾਰੇ ਪਾਸੇ ਰੰਗ-ਬਿਰੰਗੀਆਂ ਨਿੱਕੀਆਂ-ਨਿੱਕੀਆਂ ਚੰਗਿਆੜੀਆਂ ਖਿਲਾਰਦਾ ਹੋਇਆ। ਬਰੂਦ ਖ਼ਤਮ ਹੋ ਗਿਆ ਤਾਂ ਚੱਕਰ ਕੱਟਦੀ ਹੋਈ ਚੱਕਰੀ ਵੀ ਰੁਕ ਗਈ। ਪਰ ਮੈਂ ਇਸ ਨਾਂਅ ਦੀ ਕਿਸੇ ਜ਼ਨਾਨੀ ਨੂੰ ਨਹੀਂ ਸਾਂ ਜਾਣਦਾ। ਜਿਸ ਅਪਣੱਤ ਨਾਲ ਉਸਨੇ ਖ਼ਤ ਲਿਖਿਆ ਉਹ ਵੀ ਹੈਰਾਨ ਕਰ ਦੇਣ ਵਾਲੀ ਸੀ। ਜਿਸ ਲੋਕ ਜਲਸੇ ਵਿਚੋਂ ਅਸੀਂ ਥੋੜ੍ਹੀ ਦੇਰ ਪਹਿਲਾਂ ਉੱਠ ਕੇ ਆਏ ਸਾਂ, ਹੱਦ ਨਜ਼ਰ ਤੱਕ ਮਰਦ ਹੀ ਮਰਦ ਸਨ। ਸ਼ਾਇਦ ਕਾਗਜ਼ ਦਾ ਇਹ ਟੁਕੜਾ ਉਸਨੇ ਕਿਸੇ ਦੇ ਹੱਥ ਕੋਕਿਬ ਦੇ ਫੈਲਾਏ ਹੋਏ ਕੱਪੜੇ ਵਿਚ ਪਾ ਦਿੱਤਾ ਹੋਵੇਗਾ! ਇਸ ਉਮੀਦ ਨਾਲ ਕਿ ਮੇਰੇ ਤਕ ਜ਼ਰੂਰ ਪਹੁੰਚ ਜਾਏਗਾ।
ਦਿਮਾਗ਼ ਛਿਆਲੀ ਸਾਲ ਪਿੱਛੇ ਵੱਲ ਦੌੜਨ ਲੱਗਾ। ਲਾਹੌਰ ਦੇ ਮੈਕਲੋਡ ਰੋਡ ਵਾਲੇ ਮਕਾਨ ਵਿਚ ਮਜੀਦ ਰਹਿੰਦਾ ਸੀ, ਮੇਰਾ ਇਕ ਦੋਸਤ ਜਿਸਨੂੰ ਮਿਲਨ ਲਈ ਮੈਂ ਅਕਸਰ ਚਲਾ ਜਾਂਦਾ ਸਾਂ। ਉਸਦੇ ਗੁਆਂਢ ਵਿਚ ਇਕ ਅਫ਼ਸਰ ਦਾ ਖ਼ਾਨਦਾਨ ਰਹਿੰਦਾ ਸੀ। ਉੱਥੇ ਕਈ ਕੁੜੀਆਂ ਤੇ ਬੁੱਢੀਆਂ ਔਰਤਾਂ ਰਹਿੰਦੀਆਂ ਸਨ। ਉਸੇ ਭੀੜ ਵਿਚ ਇਕ ਕੁੜੀ ਸ਼ਰਵਤ ਨਾਂਅ ਦੀ ਵੀ ਸੀ ਜਿਸਨੂੰ ਮਜੀਦ ਸ਼ਰਬਤ ਆਖਦਾ ਹੁੰਦਾ ਸੀ ਤੇ ਉਸਨੂੰ ਖਿੜਕੀ ਦੇ ਸ਼ੀਸ਼ਿਆਂ ਉੱਤੇ ਚਿਪਕੇ ਖਾਕੀ ਰੰਗ ਦੇ ਕਾਗਜ਼ ਦੀ ਇਕ ਮੋਰੀ ਵਿਚੋਂ ਦੇਖਦਾ ਹੁੰਦਾ ਸੀ। ਇਕ ਵਾਰੀ ਉਸਨੇ ਮੈਨੂੰ ਵੀ ਆਪਣੀ ਮਹਿਬੂਬਾ ਦੇ ਦਰਸ਼ਨ ਕਰਵਾਏ ਸਨ—ਇਕ ਉੱਚੇ ਲੰਮੇ ਕੱਦ ਬੁੱਤ ਵਾਲੀ ਰੋਅਬਦਾਰ ਕੁੜੀ ਆਪਣੇ ਅਲੀਸ਼ੇਸ਼ਨ ਨਾਲ ਲਾਨ ਵਿਚ ਟਹਿਲ ਰਹੀ ਸੀ। ਮੈਂ ਲੰਮੇ ਝੂਲਦੇ ਹੋਏ ਵਾਲਾਂ ਦੀ ਖੂਬਸੂਰਤੀ ਦਾ ਅਹਿਸਾਸ ਪਹਿਲੀ ਵਾਰ ਉਸ ਕੁੜੀ ਨੂੰ ਦੇਖ ਕੇ ਕੀਤਾ ਸੀ। ਹੁਣ ਉਹ ਤੇ ਮਜੀਦ ਕਿੱਥੇ ਨੇ ਮੈਨੂੰ ਕੁਝ ਪਤਾ ਨਹੀਂ। ਆਦਮੀ ਬੜਾ ਕੁਝ ਭੁੱਲ ਜਾਂਦਾ ਹੈ ਪਰ ਖੂਬਸੂਰਤੀ ਦੀ ਨੂਰਾਨੀ ਝਲਕ ਨੂੰ ਕਦੀ ਨਹੀਂ ਭੁੱਲ ਸਕਦਾ। ਕੁਝ ਛਿਣ ਪਲ ਲਈ ਇਕ ਵਾਰੀ ਫੇਰ ਸ਼ਰਵਤ ਮੈਨੂੰ ਉਸੇ ਲਾਨ ਵਿਚ ਆਹਿਸਤਾ-ਆਹਿਸਤਾ ਟਹਿਲਦੀ ਹੋਈ ਨਜ਼ਰ ਆਈ...ਫੇਰ ਘਬਰਾ ਕੇ ਮੈਂ ਮੰਜ਼ੂਰ ਅਹਿਮਦ ਤੇ ਦੋਵਾਂ ਨੌਜਵਾਨ ਸਾਥੀਆਂ ਵੱਲ ਦੇਖਿਆ ਪਰ ਉਹਨਾਂ ਦਾ ਧਿਆਨ ਮੇਰੇ ਵੱਲ ਨਹੀਂ ਸੀ। ਉਹਨਾਂ ਕਾਗਜ਼ ਦੇ ਉਸ ਟੁਕੜੇ ਵੱਲ ਵੀ ਧਿਆਨ ਨਹੀਂ ਸੀ ਦਿੱਤਾ ਜਿਹੜਾ ਮੈਨੂੰ ਮੇਰੀ ਬੰਦ ਮੁੱਠੀ ਵਿਚ ਇਕ ਅੰਗਿਆਰ ਵਾਂਗ ਮਘਦਾ ਹੋਇਆ ਮਹਿਸੂਸ ਹੋ ਰਿਹਾ ਸੀ।
ਜਦ ਸਾਰੇ ਜਣੇ ਠੀਕ ਚਾਰ ਵਜੇ ਟੈਕਸੀ ਵਿਚ ਬੈਠ ਕੇ ਅਗਲੇ ਸਫ਼ਰ ਲਈ ਰਵਾਨਾ ਹੋਣ ਲੱਗੇ ਤਾਂ ਮੈਂ ਅਚਾਨਕ ਉਹਨਾਂ ਦਾ ਸਾਥ ਦੇਣ ਤੋਂ ਮੁਆਫ਼ੀ ਮੰਗ ਲਈ, “ਮੈਨੂੰ ਰੇਲਵੇ ਸਟੇਸ਼ਨ 'ਤੇ ਉਤਾਰ ਦੇਣਾ, ਦੋ ਦਿਨਾਂ ਬਾਅਦ ਬਰੇਲੀ ਦੇ ਡਾਕ ਬੰਗਲੇ ਵਿਚ ਆਣ ਮਿਲਾਂਗਾ...ਜਦ ਤਕ ਤੁਸੀਂ ਸੰਭਲ, ਸੀਵਾਨ ਤੇ ਬਦਾਯੂੰ ਹੁੰਦੇ ਹੋਏ ਉੱਥੇ ਪਹੁੰਚੋਗੇ।”
ਸਾਰਿਆਂ ਨੇ ਮੇਰੇ ਵੱਲ ਹੈਰਾਨੀ ਨਾਲ ਤੱਕਿਆ। ਉਹਨਾਂ ਦੀ ਸਮਝ ਵਿਚ ਫੌਰਨ ਕੁਝ ਨਾ ਆ ਸਕਿਆ। ਭਾਵੇਂ ਇਸ ਤੋਂ ਪਹਿਲਾਂ ਮੰਜ਼ੂਰ ਸਾਹਬ ਵੀ ਇਕ ਮੁਸ਼ਾਇਰੇ ਵਿਚ ਸ਼ਾਮਲ ਹੋਣ ਲਈ ਸਾਡੇ ਨਾਲੋਂ ਵੱਖ ਹੋ ਗਏ ਸਨ ਤੇ ਫੇਰ ਦੂਜੇ ਦਿਨ ਬਸ ਰਸਤੇ ਸਫਰ ਕਰਦੇ ਹੋਏ ਸਾਡੇ ਕਾਫ਼ਲੇ ਨਾਲ ਆਣ ਮਿਲੇ ਸਨ। ਮੈਂ ਮੁਸਕਰਾ ਕੇ ਉਹਨਾਂ ਨੂੰ ਦੱਸਿਆ—“ਅਚਾਨਕ ਇਕ ਬੜਾ ਜ਼ਰੂਰੀ ਕੰਮ ਯਾਦ ਆ ਗਿਐ, ਕਿਸੇ ਨੂੰ ਮਿਲਣਾ ਏਂ...ਦੋ ਦਿਨ ਬਾਅਦ ਬਰੇਲੀ ਵਿਚ ਅਸੀਂ ਫੇਰ ਇਕੱਠੇ ਹੋ ਜਾਵਾਂਗੇ, ਬਿਲਕੁਲ ਬੇਫ਼ਿਕਰ ਰਹਿਣਾ।”
ਮੇਰਠ ਤੋਂ ਆਉਣ ਵਾਲੀ ਸਵੇਰ ਦੀ ਪਹਿਲੀ ਪਸਿੰਜਰ ਗੱਡੀ ਰਾਹੀਂ ਮੈਂ ਹਕੀਮ ਪੁਰ ਜਾ ਉਤਰਿਆ, ਜਿਹੜਾ ਬੜਾ ਹੀ ਨਿੱਕਾ ਜਿਹਾ ਤੇ ਅਣਗੌਲਿਆ ਜਿਹਾ ਸਟੇਸ਼ਨ ਸੀ। ਉੱਥੇ ਮੇਰੇ ਇਲਾਵਾ ਕੁੱਲ ਤਿੰਨ ਸਵਾਰੀਆਂ ਹੋਰ ਉਤਰੀਆਂ ਸਨ। ਦੋ ਪੈਂਡੂ ਬੰਦੇ ਆਪਣਾ ਸਾਮਾਨ ਸਿਰ ਉੱਤੇ ਚੁੱਕ ਕੇ ਰੇਲਵੇ ਲਾਈਨ ਦੇ ਨਾਲ ਪੂਰਬ ਵੱਲ ਤੁਰ ਗਏ ਸੀ ਤੇ ਇਕ ਯਾਤਰੀ ਚਾਹ ਪੀਣ ਦੀ ਗਰਜ਼ ਨਾਲ ਸੜਕ ਦੇ ਕਿਨਾਰੇ ਬਣੇ ਹੋਏ ਟੀ ਸਟਾਲ ਉਪਰ ਰੁਕ ਗਿਆ ਸੀ। ਉੱਥੇ ਉਸਦੀ ਮੋਟਰ ਸਾਈਕਲ ਖੜ੍ਹੀ ਸੀ। ਉਹ ਅਕਸਰ ਹੀ ਉਸਨੂੰ ਉੱਥੇ ਖੜ੍ਹੀ ਕਰਕੇ ਸ਼ਹਿਰ ਜਾਂਦਾ ਹੁੰਦਾ ਸੀ। ਮੈਂ ਵੀ ਉੱਥੇ ਹੀ ਚਾਹ ਪੀਣ ਵਾਸਤੇ ਰੁਕ ਗਿਆ ਤੇ ਜੇਬ ਵਿਚੋਂ ਕਾਗਜ਼ ਕੱਢ ਕੇ ਮਹਿਤਾਬ ਪੁਰੇ ਜਾਣ ਦਾ ਰੱਸਤਾ ਪੁੱਛਣ ਲੱਗਿਆ।
ਮੋਟਰ ਸਾਈਕਲ ਵਾਲੇ ਤੇ ਟੀ ਸਟਾਲ ਦੇ ਮਾਲਕ ਦੋਵਾਂ ਨੇ ਹੀ ਮੇਰੇ ਵੱਲ ਹੈਰਾਨੀ ਨਾਲ ਵੇਖਿਆ। ਚਾਹ ਵਾਲੇ ਨੇ ਕਿਹਾ—“ਇਹ ਬਸਤੀ ਤਾਂ ਇੱਥੋਂ ਬੜੀ ਦੂਰ ਏ ਸਾਹਬ ਤੇ ਤੁਹਾਡੇ ਕੋਲ ਆਪਣੀ ਕੋਈ ਸਵਾਰੀ ਵੀ ਨਹੀਂ...”
ਕੁਝ ਪਲ ਚੁੱਪ ਵਿਚ ਬੀਤੇ। ਫੇਰ ਚਾਹ ਵਾਲੇ ਨੇ ਚਾਹ ਲਈ ਉਬਦੇ ਪਾਣੀ ਵਿਚ ਚਾਹ ਪੱਤੀ ਪਾਂਦਿਆਂ ਦੂਜੇ ਆਦਮੀ ਨੂੰ ਕਿਹਾ—“ਅੱਜ ਕੋਈ ਯੱਕਾ-ਟਾਂਗਾ ਵੀ ਨਹੀਂ ਦੇਖਿਆ, ਸ਼ਾਇਦ ਥੋੜ੍ਹੀ ਦੇਰ ਵਿਚ ਕੋਈ ਆ ਈ ਜਾਏ! ਉਡੀਕਣਾ ਪਏਗਾ ਬਾਊਜੀ।”
ਮੋਟਰ ਸਾਈਕਲ ਵਾਲਾ ਬੜੀ ਬੇਧਿਆਨੀ ਜਿਹੀ ਨਾਲ ਆਪਣੀ ਮੋਟਰ ਸਾਈਕਲ ਨੂੰ ਝਾੜਨ ਪੂੰਝਣ ਵਿਚ ਰੁੱਝਿਆ ਹੋਇਆ ਸੀ। ਅਸਾਂ ਦੋਵਾਂ ਨੇ ਆਪੋ-ਆਪਣੀ ਚਾਹ ਵੀ ਚੁੱਪਚਾਪ ਹੀ ਪੀਤੀ। ਸਟਾਲ ਦੇ ਇਕ ਪਾਸੇ, ਖੁੱਲ੍ਹੇ ਰੈਕ ਵਿਚ, ਕੁਝ ਸਸਤੀ ਕਿਸਮ ਦੀਆਂ ਸਿਗਰੇਟਾਂ ਦੀਆਂ ਡੱਬੀਆਂ ਤੇ ਬੀੜੀਆਂ ਦੇ ਬੰਡਲ ਸਜੇ ਹੋਏ ਸਨ। ਮੈਂ ਤਿੰਨ ਡੱਬੀਆਂ ਖਰੀਦੀਆਂ ਤੇ ਸਿਗਰੇਟ ਸੁਲਗਾਂਦਿਆਂ ਹੋਇਆਂ ਉਸ ਵੱਲ ਵੀ ਡੱਬੀ ਵਧਾ ਦਿੱਤੀ ਤਾਂ ਉਹ ਬੋਲਿਆ—“ਨਾ ਭਾਈ ਸਾਹਬ, ਮੈਂ ਸਿਗਰੇਟ ਨਹੀਂ ਪੀਂਦਾ...ਸ਼ੁਕਰੀਆ।”
ਫੇਰ ਜ਼ਰਾ ਆਪਣੱਤ ਜਿਹੀ ਨਾਲ ਬੋਲਿਆ—“ਮੈਂ ਜ਼ਰਾ ਦੂਜੇ ਪਾਸੇ ਵੱਲ ਦੀ ਜਾਣਾ ਏਂ, ਜ਼ਰਾ ਜਲਦੀ ਵੀ ਪਹੁੰਚਣਾ ਏਂ...ਤੁਸੀਂ ਆਖੋਂ ਤਾਂ ਨਦੀ ਦੇ ਪੁਲ ਤੱਕ ਛੱਡ ਦਿਆਂਗਾ, ਓਧਰੋਂ ਕੋਈ ਟਾਂਗਾ-ਯੱਕਾ ਜਾਂ ਕੋਈ ਹੋਰ ਸਵਾਰੀ ਮਿਲ ਜਾਂਦੀ ਐ, ਪਰ ਆਮ ਕਰਕੇ ਲੋਕੀ ਪੈਦਲ ਜਾਂ ਸਾਈਕਲ 'ਤੇ ਹੀ ਆਉਂਦੇ-ਜਾਂਦੇ ਨੇ।”
ਮੈਨੂੰ ਆਪਣੇ ਆਪ ਉੱਤੇ ਖਿਝ ਜਿਹੀ ਆਉਣ ਲੱਗ ਪਈ ਕਿ ਮੈਨੂੰ ਅਜਿਹੇ ਉਜਾੜ-ਓਪਰੇ ਇਲਾਕੇ ਵਿਚ ਆਉਣ ਦਾ ਰਿਸਕ ਹੀ ਨਹੀਂ ਸੀ ਲੈਣਾ ਚਾਹੀਦਾ। ਜਿੱਥੇ ਜਾ ਰਿਹਾ ਹਾਂ ਉਹ ਵੀ ਪਤਾ ਨਹੀਂ ਕਿਹੋ-ਜਿਹੇ ਲੋਕ ਹੋਣ! ਇਹ ਕਿਸੇ ਕਿਸਮ ਦੀ ਆਸ਼ਕੀ ਦੀ ਮੁਹਿੰਮ ਨਹੀਂ ਸੀ, ਬਸ ਇਕ ਅਣਜਾਣ ਜਿਹੀ ਖਿੱਚ ਉਸ ਲਿਖਤ ਵਿਚ ਸੀ ਜਿਹੜੀ ਮੈਨੂੰ ਇੱਥੋਂ ਤੀਕ ਖਿੱਚ ਲਿਆਈ ਸੀ। ਇੱਥੋਂ ਹੀ ਵਾਪਸ ਵੀ ਹੋ ਜਾਵਾਂ ਪਰ ਆਪਣੇ ਸਾਥੀਆਂ ਨਾਲ ਜਾ ਮਿਲਣ ਲਈ ਤਾਂ ਅਜੇ ਦੋ ਦਿਨ ਬਾਕੀ ਸਨ, ਮੈਂ ਮੋਟਰ ਸਾਈਕਲ ਵਾਲੇ ਦੀ ਪੇਸ਼ਕਸ਼ ਝੱਟ ਮੰਜ਼ੂਰ ਕਰ ਲਈ।
ਸੜਕ ਤੰਗ ਪਰ ਪੱਕੀ ਤੇ ਸਾਫ ਸੀ। ਦੋਵੇਂ ਪਾਸੇ ਉੱਚੇ-ਉੱਚੇ ਸਰਕੜੇ ਉੱਗੇ ਹੋਏ ਸਨ। ਕਿਤੇ ਕਿਤੇ ਵਲਾਇਤੀ ਕੁਆਰ ਤੇ ਲਾਲਟੀਨਾ ਦੀਆਂ ਸਦਾ ਬਹਾਰ ਝਾੜੀਆਂ ਦੇ ਝੁੰਡ ਵੀ ਸਨ। ਉਹਨਾਂ ਦੇ ਪਾਰ ਮੀਲਾਂ ਤੀਕ ਮੱਕੀ ਤੇ ਗੰਨੇ ਦੇ ਖੇਤ ਵਿਛੇ ਹੋਏ ਸਨ। ਸੜਕ ਦੇ ਕਿਨਾਰੇ-ਕਿਨਾਰੇ ਬਲਦ ਗੱਡੀਆਂ ਦੇ ਡੂੰਘੇ ਲੀਹੇ ਸਨ। ਤੇ ਕਿੱਕਰ ਤੇ ਯੂਕਲਿਪਟਸ ਦੇ ਉੱਚੇ ਰੁੱਖ ਵੀ ਲਾਏ ਹੋਏ ਸਨ। ਰਸਤੇ ਵਿਚ ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਹੋ ਵੀ ਨਹੀਂ ਸੀ ਸਕਦੀ ਕਿਉਂਕਿ ਮੋਟਰ ਸਾਈਕਲ ਦੇ ਇੰਜਨ ਦਾ ਰੌਲਾ ਹੀ ਏਨਾ ਉੱਚਾ ਸੀ। ਲਗਪਗ ਤਿੰਨ ਚਾਰ ਕਿਲੋਮੀਟਰ ਕਰ ਜਾਣ ਪਿੱਛੋਂ ਇਕ ਨਦੀ ਆਈ, ਜਿਸਦੇ ਪੁਲ ਉੱਤੇ ਉਸਨੇ ਮੈਨੂੰ ਲਾਹ ਦਿੱਤਾ। ਉਸ ਤੋਂ ਵੱਖ ਹੋਣ ਲੱਗਿਆਂ ਮੈਂ ਉਸਦਾ ਧੰਨਵਾਦ ਕੀਤਾ ਤੇ ਉਸਨੂੰ ਉਸ ਨਦੀ ਦਾ ਨਾਂ ਪੁੱਛਿਆ।
“ਇਸ ਨੂੰ ਬਾਨ ਨਦੀ ਕਹਿੰਦੇ ਐ ਜੀ।”
ਬਾਨ ਦਾ ਨਾਂ ਸੁਣਦਿਆਂ ਹੀ ਮੈਨੂੰ ਜੌਨ ਏਲੀਆ ਤੇ ਰਈਸ ਨਜਮੀ ਦੋਵੇਂ ਇਕੱਠੇ ਚੇਤੇ ਆ ਗਏ। ਜੌਨ ਨੇ ਇਸ ਨਦੀ ਬਾਰੇ ਬੜੇ ਹੀ ਜਜ਼ਬਾਤੀ ਸ਼ਿਅਰ ਕਹੇ ਸਨ ਜਿਵੇਂ ਇਹ ਨਦੀ ਉਸਦੀ ਮਹਿਬੂਬਾ ਹੋਵੇ। ਰਈਸ ਦੀ ਜ਼ਬਾਨੀ ਸੁਣੇ ਉਸੇ ਦੇ ਸ਼ਿਅਰਾਂ ਨੇ ਮੈਨੂੰ ਹਮੇਸ਼ਾ ਇਕ ਉਦਾਸੀ ਨਾਲ ਭਰ ਦਿੱਤਾ ਸੀ...:

'ਇਸ ਸਮੁੰਦਰ ਮੇਂ ਤਸ਼ਨੇ ਕਾਮ ਹੂੰ ਮੈਂ
ਬਾਨ ਤੁਮ ਅਬ ਭੀ ਬਹਿ ਰਹੀ ਹੋ ਕਿਆ?'
    --- --- ---
ਬਾਨ ਨਦੀ ਕੋਲ ਅਮਰੋਹੇ ਵਿਚ ਜਿਹੜਾ ਮੁੰਡਾ ਰਹਿੰਦਾ ਸੀ। ਉਹ ਤਾਂ ਉਹੀ ਹੈ। ਮੈਂ ਹਾਂ ਕਿੱਥੇ 'ਗੰਗਾ ਜੀ ਤੇ ਜਮਨਾ ਜੀ!'
ਮੈਂ ਨਦੀ ਦੇ ਪੁਲ ਉੱਤੇ ਬੈਠ ਕੇ ਉਸਨੂੰ ਬੜੀ ਖਾਮੋਸ਼ੀ ਨਾਲ ਵਗਦਿਆਂ ਦੇਖਦਾ ਰਿਹਾ। ਦੇਸ਼ ਦੀ ਵੰਡ ਪਿੱਛੋਂ ਜੌਨ ਕਰਾਚੀ ਵਿਚ ਜਾ ਵੱਸਿਆ ਸੀ, ਪਰ ਇਸ ਨੂੰ ਭੁੱਲ ਨਹੀਂ ਸੀ ਸਕਿਆ। ਜੌਨ ਦੇ ਸ਼ਿਅਰ ਮੈਂ ਪਹਿਲੀ ਵਾਰੀ ਉਸੇ ਦੀ ਜ਼ਬਾਨੀ ਸੁਣੇ ਸਨ। ਉਸਦੀ ਭਰੜਾਈ ਹੋਈ ਆਵਾਜ਼ ਆਪਣੀ ਪੂਰੀ ਥਰਥਰਾਹਟ ਦੇ ਨਾਲ ਮੇਰੇ ਅੰਦਰ ਅੱਜ ਤੀਕ ਮੌਜ਼ੂਦ ਸੀ। ਪਰ ਉਸਦੀ ਸ਼ਾਇਰੀ ਦੇ ਸੱਚੇ ਆਸ਼ਿਕ ਰਈਸ ਨਜਮੀ ਦੀ ਗੰਭੀਰ ਆਵਾਜ਼ ਉਸ ਉੱਤੇ ਵਾਰ-ਵਾਰ ਹਾਵੀ ਹੋ ਜਾਂਦੀ ਸੀ। ਇੰਜ ਵੀ ਲੱਗਦਾ ਸੀ ਜਿਵੇਂ ਦੋਵਾਂ ਦੀ ਇਕੋ ਮਹਿਬੂਬਾ ਹੋਵੇ ਤੇ ਦੋਵੇਂ ਇਕੋ ਤਾਣ ਵਿਚ ਸ਼ਿਅਰ ਪੜ੍ਹ ਰਹੇ ਹੋਣ...:
ਜੌਨ ਬੜਾ ਹਰਜਾਈ ਨਿਕਲਿਆ ਪਰ ਉਹ ਤਾਂ ਬੈਰਾਗੀ ਸੀ—ਇਕ ਅਨੀਲੀ, ਇਕ ਸਜੀਲੀ, ਅਲਬੇਲੀ ਅਮਰੋਹਨ ਦਾ।

ਸ਼ਰਮ, ਦਹਿਸ਼ਤ, ਝਿਜਕ, ਪ੍ਰੇਸ਼ਾਨੀ
ਜਬਤ ਸੇ ਕਾਮ ਕਿਊਂ ਨਹੀਂ ਲੇਤੀਂ!
'ਆਪ' 'ਵੋਹ' 'ਤੁਮ !' ਮਗਰ ਯਹ ਸਬ ਕਿਆ ਹੈ!
ਤੁਮ ਮੇਰਾ ਨਾਮ ਕਿਉਂ ਨਹੀਂ ਲੇਤੀਂ?

ਅਚਾਨਕ ਮੈਨੂੰ ਇੰਜ ਲੱਗਿਆ ਪੁਲ 'ਤੇ ਬੈਠਿਆਂ ਬੜੀ ਦੇਰ ਹੋ ਗਈ ਹੈ। ਮਹਿਤਾਬ ਪੁਰ ਨੂੰ ਜਾਣ ਵਾਲੀ ਖੜ੍ਹੀਆਂ ਇੱਟਾਂ ਦੇ ਖੜਵੰਜੇ ਦੀ ਸੜਕ 'ਤੇ ਵੀ ਕੋਈ ਆਉਂਦਾ-ਜਾਂਦਾ ਦਿਖਾਈ ਨਹੀਂ ਸੀ ਦੇ ਰਿਹਾ। ਮੇਰੇ ਅੰਦਰ ਜਿਹੜੀ ਇੱਥੋਂ ਤਕ ਆ ਪਹੁੰਚਣ ਦੀ ਕਸ਼ਮਕਸ਼ ਜਾਰੀ ਹੈ, ਉਹ ਮੈਨੂੰ ਫੇਰ ਬੇਚੈਨ ਕਰਨ ਲੱਗ ਪਈ ਹੈ। ਹੁਣ ਮੈਂ ਵਾਪਸ ਵੀ ਨਹੀਂ ਜਾ ਸਕਦਾ। ਮੈਂ ਆਪਣਾ ਏਅਰ ਬੈਗ ਮੋਢੇ ਉੱਤੇ ਟੰਗਿਆ ਤੇ ਯਕਦਮ ਉਠ ਕੇ ਖੜ੍ਹਾ ਹੋ ਗਿਆ ਤੇ ਨਦੀ ਦੇ ਸ਼ਾਂਤ ਪਾਣੀ ਵਿਚ ਉਤਰ ਗਿਆ...ਬੂਟਾਂ ਸਮੇਤ ਤੇ ਕੱਪੜਿਆਂ ਦੇ ਭਿੱਜ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਝੁਕ ਕੇ ਪਾਣੀ ਨੂੰ ਛੂਹਿਆ। ਹੱਥ ਡੁਬੋ ਕੇ ਕਿੰਨੀ ਵਾਰੀ ਖੰਘਾਲਿਆ, ਜਿਸ ਨਾਲ ਨਿੱਕੀਆਂ ਨਿੱਕੀਆਂ ਲਹਿਰਾਂ ਦੇ ਅਣਗਿਣਤ ਦਇਰੇ ਜਿਹੇ ਬਣ ਗਏ ਤੇ ਫੈਲ ਕੇ ਵੱਡੇ ਹੁੰਦੇ ਗਏ...ਤੇ ਫੇਰ ਉਹ ਮਿਟ ਵੀ ਗਏ। ਸਿੱਧਾ ਖੜ੍ਹਾ ਕੇ ਮੈਂ ਉਸੇ ਖੜਵੰਜੇ ਵਾਲੀ ਸੜਕ ਵੱਲ ਦੇਖਿਆ ਜਿਸ ਉੱਤੇ ਹੁਣ ਦੂਰ ਇਕ ਸਾਈਕਲ ਸਵਾਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਸੀ। ਉਸਨੂੰ ਮੇਰੇ ਕੋਲ ਪਹੁੰਚਣ ਵਿਚ ਪੰਜ ਸਤ ਮਿੰਟ ਲੱਗ ਗਏ। ਉਹ ਨਦੀ ਦੇ ਇਸ ਪਾਰ ਹੀ ਸਾਈਕਲ ਉਤੋਂ ਉਤਰ ਕੇ ਖੜ੍ਹਾ ਹੋ ਗਿਆ ਤੇ ਮੇਰੇ ਵੱਲ ਸ਼ੱਕੀ ਜਿਹੀਆਂ ਨਿਗਾਹਾਂ ਨਾਲ ਵੇਖਣ ਲੱਗਾ। ਉਹ ਇਕ ਸਿੱਧਾ ਸਾਦਾ ਜਿਹਾ ਪਿੰਡ ਦਾ ਬੰਦਾ ਸੀ। ਤੇੜ ਧੋਤੀ ਤੇ ਕਮੀਜ਼ ਸੀ ਤੇ ਸਿਰ ਉੱਤੇ ਟੋਪੀ। ਰਤਾ ਉੱਚੀ ਆਵਾਜ਼ ਵਿਚ ਉਸਨੇ ਮੈਨੂੰ ਪੁੱਛਿਆ, “ਸਾਹਬ-ਜੀ, ਕੀ ਤੁਸੀਂ ਓ ਮਹਿਤਾਬ ਪੁਰ ਜਾਣ ਲਈ ਆਏ ਓ ਕਿ...?”
ਉਸਦਾ ਸਵਾਲ ਸੁਣ ਕੇ ਮੈਂ ਖਿੜ ਗਿਆ ਸਾਂ। ਕਾਹਲ ਨਾਲ ਪਾਣੀ ਵਿਚੋਂ ਬਾਹਰ ਨਿਕਲ ਆਇਆ। ਪੁਲ ਉਤੋਂ ਦੀ ਹੁੰਦਾ ਹੋਇਆ ਉਸ ਕੋਲ ਪਹੁੰਚਿਆ। ਉਸਦੀ ਸਾਈਕਲ ਦੇ ਪਿੱਛੇ ਲੱਗੇ ਕੈਰੀਅਰ ਨੂੰ ਦੇਖਿਆ ਜਿਸ ਉੱਤੇ ਨੀਲੇ ਸੂਤ ਦਾ ਬੰਡਲ ਟੰਗਿਆ ਹੋਇਆ ਸੀ।
“ਹਾਂ ਮੈਨੂੰ ਹੀ ਉੱਥੇ ਆਉਣ ਲਈ ਕਿਹਾ ਗਿਆ ਸੀ।”
“ਤਾਂ ਫੇਰ ਚੱਲੋ ਸਾਹਬ ਜੀ, ਪਰ ਤੁਹਾਨੂੰ ਇਹ ਸੁਤ ਫੜ੍ਹ ਕੇ ਬੈਠਣਾ ਪਏਗਾ। ਹੋਰ ਕੋਈ ਸਵਾਰੀ ਨਹੀਂ ਅੱਜ ਇੱਥੇ।”
ਮੈਂ ਏਅਰ ਬੇਗ ਉਸਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ। ਝੁੱਕ ਕੇ ਪਾਣੀ ਨਾਲ ਭਿੱਜੇ ਹੋਏ ਪੈਂਟ ਦੇ ਪਹੁੰਚਿਆਂ ਨੂੰ ਨਿਚੋੜਿਆ ਤੇ ਬੂਟਾਂ ਨੂੰ ਜ਼ੋਰ ਜ਼ੋਰ ਨਾਲ ਜ਼ਮੀਨ ਉੱਤੇ ਮਾਰ ਕੇ ਉਹਨਾਂ ਵਿਚ ਭਰਿਆ ਹੋਇਆ ਪਾਣੀ ਵੀ ਛੰਡਿਆ। ਫੇਰ ਉਸਦੇ ਸੂਤ ਦਾ ਬੰਡਲ ਗੋਦੀ ਵਿਚ ਰੱਖ ਕੇ ਉਸਦੇ ਪਿੱਛੇ ਬੈਠ ਗਿਆ।
ਉਰਦੂ ਭਾਸ਼ਾ ਦੇ ਪਰਚਾਰ-ਪਰਸਾਰ ਦੇ ਸਿਲਸਿਲੇ ਵਿਚ ਉਤਰ ਪ੍ਰਦੇਸ਼ ਦੇ ਪਿੰਡ-ਪਿੰਡ ਘੁੰਮਦਿਆਂ ਹੋਇਆਂ ਮੈਨੂੰ ਕਈ ਤਜ਼ੁਰਬਿਆਂ ਵਿਚੋਂ ਲੰਘਣਾ ਪਿਆ ਸੀ। ਕਈ ਵੰਨੀਆਂ ਦੀ ਭਾਸ਼ਾ ਤੇ ਸੰਸਕ੍ਰਿਤੀ ਵਾਲੇ ਪਿੰਡਾਂ ਨੂੰ ਜਾਣਨ ਦਾ ਪਹਿਲੀ ਵਾਰ ਮੌਕਾ ਮਿਲਿਆ ਸੀ। ਉਹਨਾਂ ਦੀਆਂ ਛੋਟੀਆਂ-ਵੱਡੀਆਂ, ਕੱਚੀਆਂ-ਪੱਕੀਆਂ ਝੌਂਪੜੀਆਂ ਦੇਖੀਆਂ ਸਨ, ਉਹਨਾਂ ਨਾਲ ਜ਼ਮੀਨ ਉੱਤੇ ਵਿਛੇ ਟਾਟ ਉੱਤੇ ਬੈਠ ਕੇ ਚਾਹ ਪੀਤੀ ਸੀ ਤੇ ਰੋਟੀ ਖਾਧੀ ਸੀ। ਉਹਨਾਂ ਦੇ ਖੇਤਾਂ-ਬੰਨਿਆਂ ਉੱਤੇ ਉਹਨਾਂ ਨੂੰ ਗੰਨਾਂ ਪੀੜਦਿਆਂ ਤੇ ਗੁੜ ਬਣਾਉਂਦਿਆਂ ਦੇਖਿਆ ਸੀ। ਕਈ ਛੋਟੇ-ਛੋਟੇ ਮਦਰੱਸਿਆਂ ਵਿਚ ਮੌਲਵੀਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੁਰਾਨ ਸ਼ਰੀਫ ਜ਼ਬਾਨੀ ਯਾਦ ਕਰਵਾਉਂਦਿਆਂ ਤੇ ਉਰਦੂ ਪੜ੍ਹਾਉਂਦਿਆਂ ਦੇਖਿਆ ਸੀ। ਇਕ ਵਾਰੀ ਮੈਂ ਰਾਤ ਵੇਲੇ ਇਕ ਨਦੀ ਦੇ ਕਿਨਾਰੇ ਟੈਕਸੀ ਛੱਡ ਕੇ ਆਪਣੇ ਸਾਥੀਆਂ ਨਾਲ ਇਕ ਕਿਸ਼ਤੀ ਵਿਚ ਬੈਠ ਕੇ ਮਗਨ ਪੁਰ ਦੀ ਦਰਗਾਹ ਵਿਚ ਪਹੁੰਚਿਆ ਸਾਂ ਜਿੱਥੇ ਹਜ਼ਾਰਾਂ ਲੋਕੀ ਸਾਡੀ ਉਡੀਕ ਕਰ ਰਹੇ ਸਨ। ਇਕ ਹੋਰ ਦਰਗਾਹ ਜਿਹੜੀ ਸ਼ਾਮ ਵੇਲੇ ਅਗਰਬੱਤੀਆਂ ਤੇ ਲੂਬਾਨ ਦੀ ਖੁਸ਼ਬੂ ਨਾਲ ਭਰੀ ਹੋਈ ਸੀ ਦੇ ਵਿਸ਼ਾਲ ਅਹਾਤੇ ਵਿਚ ਮਜ਼ਾਰ ਸ਼ਰੀਫ਼ ਦੀਆਂ ਪੌੜੀਆਂ ਦੇ ਸਾਹਮਣੇ ਹਜ਼ਾਰਾਂ ਅਜਿਹੀਆਂ ਔਰਤਾਂ ਦੇਖੀਆਂ ਜਿਹਨਾਂ ਆਪਣੇ ਵਾਲ ਖੋਹਲੇ ਹੋਏ ਸਨ ਤੇ ਉਹਨਾਂ ਵਿਚ ਕਸਰ ਆਈ ਹੋਈ ਸੀ ਤੇ ਉਹ ਇਕ ਖਾਸ ਤਰੀਕੇ ਨਾਲ ਸਿਰ ਘੁੰਮਾਅ ਰਹੀਆਂ ਸਨ। ਕਿਸੇ ਕਿਸੇ ਦੀ ਗੋਦ ਵਿਚ ਲੇਟੇ ਹੋਏ ਅਪਾਹਿਜ ਬੱਚੇ ਜਾਂ ਮਰਦ ਵੀ ਸਨ ਜਿਹੜੇ ਬੜੀ ਬੇਬਸੀ ਜਿਹੀ ਨਾਲ ਆਸਮਾਨ ਵੱਲ ਦੇਖ ਰਹੇ ਸਨ। ਉਹਨਾਂ ਦੇ ਚਾਰੇ ਪਾਸੇ ਮਜ਼ਾਰ ਤੇ ਕਬਰਾਂ ਸਨ ਤੇ ਖ਼ਾਨਗਾਹਾਂ ਸਨ ਤੇ ਧਾਰਮਿਕ ਸਿੱਖਿਆ ਦੇ ਸਿੱਖਿਆ ਕੇਂਦਰ ਤੇ ਨਵੀਆਂ ਵੀਰਨ ਮਸਜਿਦਾਂ ਦੇ ਗੁੰਦ ਤੇ ਉੱਚੇ-ਉੱਚੇ ਮੀਨਾਰ ਸਨ। ਲੋਬਾਨ ਤੇ ਅਗਰਬੱਤੀਆਂ ਤੇ ਜਗਾਉਣ ਲਈ ਤੇਲ ਦੇ ਦੀਵੇ ਤੇ ਪਤਾਸੇ ਵੇਚਣ ਵਾਲਿਆਂ ਦੀਆਂ ਬੇਸ਼ੁਮਾਰ ਦੁਕਾਨਾ ਸਨ ਜਿਹਨਾਂ ਦੇ ਫੱਟਿਆਂ ਉੱਤੇ ਕਾਂਗਰਸ, ਲੋਕ ਦਲ, ਜਨਤਾ ਪਾਰਟੀ, ਸੀ.ਪੀ.ਆਈ ਤੇ  ਮੁਸਲਿਮ ਮਜਲਿਸ ਵਗ਼ੈਰਾ ਦੇ ਪੋਸਟਰ ਤੇ ਕਿਸੇ ਮੁਸ਼ਇਰੇ ਵਗ਼ੈਰਾ ਦੇ ਇਸ਼ਤਿਹਾਰ ਵੀ ਚਿਪੇ ਸਨ।
ਮੈਨੂੰ ਮਹਿਤਾਬ ਪੁਰ ਲੈ ਜਾਣ ਵਾਲੇ ਪੇਂਡੂ ਬੰਦੇ ਦੀ ਪਿੱਠ ਪਸੀਨੇ ਨਾਲ ਤਰਬਤਰ ਹੋ ਗਈ ਤੇ ਮੈਂ ਉਸਨੂੰ ਹਫਦਿਆਂ ਹੋਇਆਂ ਦੇਖਿਆ ਤਾਂ ਮੈਂ ਸਾਈਕਲ ਦੇ ਕੈਰੀਅਰ ਤੋਂ ਉਤਰ ਗਿਆ ਤੇ ਕਿਹਾ, “ਹੁਣ ਤੁਸੀਂ ਪਿੱਛੇ ਬੈਠੋ, ਮੈਂ ਸਾਈਕਲ ਚਲਾਂਦਾ ਆਂ।”
“ਓ ਨਹੀਂ ਸਾਹਬ-ਜੀ! ਕਿਉਂ ਸ਼ਰਮਿੰਦਾ ਕਰਦੇ ਓ! ਮਾਲਕਿਨ ਨੂੰ ਪਤਾ ਲੱਗ ਗਿਆ ਤਾਂ ਸਾਨੂੰ ਮੂੰਹ ਲਕੋਣ ਦੀ ਥਾਂ ਵੀ ਨਹੀਂ ਲੱਭਣੀ। ਤੁਸੀਂ ਸਾਡੇ ਮਹਿਮਾਨ ਓ ਸਾਹਬ। ਮਾਲਕਿਨ ਨੇ ਕਿਹੈ ਸਾਡੇ ਭਾਈ ਦੀ ਜੀਪ ਖ਼ਰਾਬ ਹੋ ਗਈ ਐ, ਨਹੀਂ ਤਾਂ ਅਸੀਂ ਤੁਹਾਨੂੰ ਉਸ ਉੱਤੇ ਲਿਜਾਂਦੇ...ਸਾਈਕਲ ਦੀ ਸਵਾਰੀ ਕਤਈ ਨਾ ਭੇਜਦੇ। ਅੱਛਾ ਬੈਠੋ, ਤੁਹਾਨੂੰ ਛੱਡ ਕੇ ਮੈਂ ਪਿਤੰਬਰ ਪੁਰ ਵੀ ਜਾਣਾ ਐਂ।”
ਅਸੀਂ ਮਹਿਤਾਬ ਪੁਰ ਪਹੁੰਚੇ ਤਾਂ ਸਾਈਕਲ ਤੋਂ ਉਤਰਨਾ ਪਿਆ ਕਿਉਂਕਿ ਬਸਤੀ ਕਾਫੀ ਉੱਚੀ ਜਗ੍ਹਾ ਵੱਸੀ ਹੋਈ ਸੀ। ਅਣਗਿਣਤ ਰੁੱਖ—ਯੂਕਲਿਪਟਸ ਤੇ ਬਾਂਸ—ਆਸਮਾਨ ਨੂੰ ਛੂੰਹਦੇ ਹੋਏ! ਮੈਂ ਆਪਣਾ ਏਅਰ ਬੈਗ ਫੇਰ ਮੋਢੇ ਉੱਤੇ ਟੰਗ ਲਿਆ ਸੀ। ਸਾਈਕਲ ਸਵਾਰ ਮੇਰੇ ਅੱਗੇ-ਅੱਗੇ ਤੁਰ ਰਿਹਾ ਸੀ। ਹਫਿਆ ਹੋਇਆ ਆਪਣੇ ਆਪ ਦੱਸੀ ਜਾ ਰਿਹਾ ਸੀ, “ਕਈ ਸਦੀਆਂ ਪਹਿਲਾਂ ਇੱਥੇ ਜੰਗਲੀ ਕਬੀਲੇ ਆਬਾਦ ਸਨ, ਜਿਹੜੇ ਬੜੇ ਵੱਡੇ-ਵੱਡੇ ਜ਼ਹਿਰੀਲੇ ਤੀਰ ਕਮਾਨ ਬਣਾ ਕੇ ਰਾਜਿਆਂ ਨੂੰ ਸਪਲਾਈ ਕਰਦੇ ਸੀ। ਜਦ ਰੋਹਿਲੇ ਆਏ, ਉਹਨਾਂ ਨਾਲ ਨਹੀਂ ਨਿਭੀ ਉਹਨਾਂ ਦੀ। ਉਹਨਾਂ ਜੰਗਲਾਂ ਦਾ ਬਿਲਕੁਲ ਸਫਾਇਆ ਹੀ ਕਰ ਦਿੱਤਾ। ਉਦੋਂ ਦੀ ਇਹ ਮੁਸਲਮਾਨਾਂ ਦੀ ਬਸਤੀ ਦੋ ਨਦੀਆਂ ਵਿਚਕਾਰ ਵੱਸੀ ਹੋਈ ਏ। ਇਕ ਉਹੀ ਬਾਨ ਨਦੀ, ਜਿਹੜੀ ਰਸਤੇ ਵਿਚ ਤੁਸੀਂ ਦੇਖੀ ਸੀ, ਦੂਜੀ ਨਦੀ ਇਕ ਮੁੱਦਤ ਹੋਈ ਅਲੋਪ ਹੋ ਚੁੱਕੀ ਏ। ਖ਼ੁਦਾ ਜਾਣੇ ਕੀ ਨਾਂਅ ਹੋਏਗਾ ਉਸਦਾ! ਹੁਣ ਤਾਂ ਭੁੱਲ-ਭੱਲ ਗਏ ਅਸੀਂ ਲੋਕ।”
ਵਿੰਗੇ ਟੇਢੇ ਜੰਗਲੀ ਝਾੜੀਆਂ ਵਾਲੇ ਰਸਤੇ ਤੋਂ ਲੰਘ ਕੇ ਅਸੀਂ ਇਕ ਬੜੀ ਪੁਰਾਤਨ ਜਿਹੀ ਇਮਾਰਤ ਦੇ ਸਾਹਮਣੇ ਜਾ ਨਿਕਲੇ ਜਿਹੜੀ ਇਕ ਉੱਚੇ ਚਬੂਤਰੇ ਉੱਤੇ ਬਣੀ ਹੋਈ ਸੀ। ਮੈਂ ਦੂਰੋਂ ਹੀ, ਦਰਖ਼ਤਾਂ ਦੀ ਓਟ ਵਿਚ ਇਕ ਪ੍ਰਛਾਵੇਂ ਨੂੰ ਸਰਕਦਾ ਹੋਇਆ ਦੇਖ ਲਿਆ ਸੀ।
“ਇਹੀ ਸਲੀਮ ਪੁਰਾ ਹਾਊਸ ਐ ਸਾਹਬ। ਉਪਰ ਚਲੇ ਜਾਓ। ਸਲਾਮ ਆਲੇਕੁਮ।” ਇਹ ਕਹਿ ਕੇ ਉਹ ਅਹਿ-ਜਾਹ ਔਹ-ਜਾਹ ਹੋ ਗਿਆ।
ਮੇਰੇ ਪੈਰਾਂ ਹੇਠ ਪੀਲੇ ਪੱਤਿਆਂ ਦਾ ਇਕ ਫਰਸ਼ ਜਿਹਾ ਵਿਛਿਆ ਹੋਇਆ ਸੀ। ਉਪਰ ਜਾਣ ਵਾਲੀਆਂ ਪੌੜੀਆਂ ਦੀ ਗਿਣਤੀ ਪੰਜਾਹ ਤੋਂ ਘੱਟ ਨਹੀਂ ਸੀ ਹੋਣੀ। ਦੋਵੇਂ ਪਾਸੇ ਛੋਟੇ-ਵੱਡੇ ਬੇਸ਼ੁਮਾਰ ਗਮਲੇ ਰੱਖੇ ਹੋਏ ਸਨ—ਕੁਝ ਸਾਬਤ ਸਨ, ਕੁਝ ਖਸਤਾ ਹਾਲ। ਕੁਝ ਹਰੇ ਭਰੇ ਸਨ, ਕੁਝ ਸੁੱਕੇ ਹੋਏ। ਵਰਾਂਡੇ ਵਿਚ ਕੰਧ ਦੇ ਨਾਲ ਨਾਲ ਬੈਂਤ ਦੀਆਂ ਕੁਰਸੀਆਂ ਪਈਆਂ ਸਨ ਜਿਹਨਾਂ ਦੇ ਛਿਲਕੇ ਖੁੱਲ ਕੇ ਫਰਸ਼ ਨੂੰ ਛੂਹ ਰਹੇ ਸਨ। ਸਾਹਮਣੇ ਵਾਲੇ ਦੋਵੇਂ ਦਰਵਾਜ਼ੇ ਬੰਦ ਸਨ। ਸਭ ਪਾਸੇ ਇਕ ਹੈਰਾਨ ਕਰ ਦੇਣ ਵਾਲੀ ਚੁੱਪ ਵਾਪਰੀ ਹੋਈ ਸੀ। ਮੇਰੇ ਕਦਮ ਅਚਾਨਕ ਰੁਕ ਗਏ। ਘਬਰਾ ਕੇ ਇਧਰ ਉਧਰ ਦੇਖਿਆ। ਅਚਾਨਕ ਕਿਸੇ ਪਾਸਿਓਂ ਇਕ ਜ਼ਨਾਨਾ ਆਵਾਜ਼ ਸੁਣਾਈ ਦਿੱਤੀ ਸੀ।
“ਤਸ਼ਰੀਫ਼ ਲੈ ਆਓ...ਖੱਬੇ ਹੱਥ ਵਾਲਾ ਦਰਵਾਜ਼ਾ ਖੁੱਲ੍ਹਾ ਏ...ਬੇਗ਼ਮ ਸਹਿਬਾ ਮੁਲਾਕਾਤ ਲਈ ਉੱਥੇ ਹੀ ਹਾਜ਼ਰ ਹੋਣਗੇ।”
ਮੈਂ ਆਸੇ-ਪਾਸੇ ਦੇਖੇ ਬਿਨਾਂ ਅੱਗੇ ਵਧ ਗਿਆ। ਉਸ ਜ਼ਨਾਨੀ ਨੇ ਕਾਹਲ ਨਾਲ ਦਰਵਾਜ਼ੇ ਦਾ ਪਰਦਾ ਹਟਾਅ ਦਿੱਤਾ, “ਆਦਾਬ, ਮੈਂ ਸ਼ਰਵਤ ਆਂ। ਤੁਹਾਨੂੰ ਖਾਸੀ ਤਕਲੀਫ਼ ਦਿੱਤੀ। ਬੜੀ ਸ਼ਰਮਿੰਦਾ ਆਂ।”
ਕਦੀ ਕਦੀ ਇੰਜ ਵੀ ਹੁੰਦਾ ਹੈ ਕਿ ਆਉਣ ਵਾਲਾ ਘਰ ਦੇ ਮਾਲਕ...ਤੇ ਉਸਦੇ ਆਸ-ਪਾਸ ਦੇ ਮਾਹੌਲ ਨੂੰ ਇਕੋ ਸਮੇਂ ਦੇਖਣ ਲਈ ਮਜ਼ਬੂਰ ਹੋ ਜਾਂਦਾ ਹੈ ਤੇ ਠੀਕ ਢੰਗ ਨਾਲ ਕਿਸੇ ਨੂੰ ਵੀ ਨਹੀਂ ਦੇਖ ਸਕਦਾ। ਨੰਗੀਆਂ ਇੱਟਾਂ ਦੇ ਫਰਸ਼ ਉੱਤੇ ਵਿਛੀ ਇਕ ਪੁਰਾਣੀ ਦਰੀ ਤੇ ਵਿਚਕਾਰ ਵਿਛਿਆ ਹੋਇਆ ਖਸਤਾ ਹਾਲ ਭੁਸਲਾ ਕਾਲੀਨ; ਧੂੜ ਮਿੱਟੀ ਨਾਲ ਬਦਰੰਗ ਹੋਏ ਚਮੜੇ ਦੇ ਵੱਡੇ-ਵੱਡੇ ਸੋਫੇ। ਜ਼ਨਾਨੀ ਦਾ ਰੰਗ ਖਾਸਾ ਸਾਫ ਸੀ ਪਰ ਪੰਜਾਹ ਪਚਵੰਜਾ ਦੀ ਉਮਰ ਸਿਰ ਦੇ ਵਾਲ ਗਹਿਰੇ ਭੂਰੇ ਰੰਗ ਦੇ। ਉੱਚੀਆਂ ਤੇ ਵੱਡੀਆਂ-ਵੱਡੀਆਂ ਖਿੜਕੀਆਂ ਤੇ ਰੌਸ਼ਨਦਾਨ। ਬੋਗਨ ਵਿਲੀਆ ਦੀ ਇਕ ਟਾਹਣੀ ਖਿੜਕੀ ਰਸਤੇ ਅੰਦਰ ਆ ਗਈ ਸੀ ਜਿਸ ਦੀਆਂ ਲਾਲ-ਲਾਲ ਪੱਤੀਆਂ ਬੜੀਆਂ ਭਲੀਆਂ ਲੱਗੀਆਂ। ਉਸਦੇ ਤਨ ਉੱਤੇ ਸਲਵਾਰ ਕਮੀਜ਼ ਦੇ ਇਲਾਵਾ ਦੁਪੱਟਾ ਸੀ ਜਿਹੜਾ ਉਸਦੇ ਸਿਰ ਤੋਂ ਵਾਰੀ-ਵਾਰੀ ਢਿਲਕ ਜਾਂਦਾ ਸੀ।
“ਤਸ਼ਰੀਫ ਰੱਖੋ। ਮੈਂ ਬੜੀ ਸ਼ਰਮਿੰਦਾ ਆਂ ਸੱਚਮੁੱਚ। ਕੱਲ੍ਹ ਰਾਤੀਂ ਵਾਪਸ ਆ ਕੇ ਬੜੀ ਪਛਤਾਈ ਕਿ ਮੈਂ ਕਿਉਂ ਤੁਹਾਡੇ ਵੱਲ ਰੁੱਕਾ ਭੇਜਿਆ!”
ਮੈਂ ਅਚਾਨਕ ਇਧਰ-ਉਧਰ ਕੋਨਿਆਂ ਵਿਚ ਪਈਆਂ ਤਿਪਾਈਆਂ ਤੇ ਸਟੂਲਾਂ ਉਪਰ ਰੱਖੇ ਹੋਏ ਰੰਗੀਨ ਸ਼ੀਸ਼ੇ ਤੇ ਪਿੱਤਲ ਦੇ ਬਿਨਾਂ ਫੁੱਲਾਂ ਵਾਲੇ ਫੁਲਦਾਰ ਗੁਲਦਸਤਿਆਂ ਤੋਂ ਨਿਗਾਹਾਂ ਹਟਾਅ ਕੇ ਸਿਰਫ ਉਸੇ ਵੱਲ ਦੇਖਣ ਦੀ ਹਿੰਮਤ ਪੈਦਾ ਕਰ ਲੈਂਦਾ ਹਾਂ ਤੇ ਕਹਿੰਦਾ ਹਾਂ, “ਬੀਬੀ, ਤੁਸੀਂ ਪ੍ਰੇਸ਼ਾਨ ਨਾ ਹੋਵੋ। ਇੱਥੇ ਪਹੁੰਚ ਗਿਆ ਤਾਂ ਸ਼ਾਂਤੀ ਵੀ ਮਹਿਸੂਸ ਹੋਣ ਲੱਗੀ ਏ। ਪਰ ਕੀ ਤੁਹਾਨੂੰ ਯਕੀਨ ਸੀ ਕਿ ਮੈਂ ਜ਼ਰੂਰ ਆਵਾਂਗਾ?”
“ਕਿਉਂ ਨਹੀਂ! ਹਾਲਾਂਕਿ ਮੇਰੀ ਜ਼ਿੰਦਗੀ ਵਿਚ ਮਾਯੂਸੀਆਂ ਦੀ ਕਮੀ ਨਹੀਂ ਰਹੀ ਪਰ ਹੁਣ ਇੰਜ ਲੱਗਦਾ ਏ ਜੋ ਮੰਗਾਂਗੀ ਜ਼ਰੂਰ ਮਿਲੇਗਾ।”
ਉਸਦੇ ਚਿਹਰੇ ਉੱਤੇ ਵਾਕਈ ਇਕ ਆਤਮ ਵਿਸ਼ਵਾਸ ਦੀ ਝਲਕ ਸੀ।
ਇਕ ਮੁਲਾਜ਼ਮਾਂ ਚੁੱਪਚਾਪ ਅੰਦਰ ਆ ਕੇ ਸਾਡੇ ਸਾਹਮਣੇ ਇਕ ਤਸ਼ਤ ਰੱਖ ਕੇ ਚਲੀ ਗਈ। ਮੈਂ ਆਪ ਹੀ ਹੱਥ ਵਧਾ ਕੇ ਇਕ ਗ਼ਲਾਸ ਵਿਚ ਪਾਣੀ ਭਰ ਲਿਆ ਤੇ ਬੜੇ ਸਹਿਜ ਭਾਅ ਕਿਹਾ, “ਫਰਮਾਓ, ਮੈਨੂੰ ਕਿੰਜ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਏ?”
“ਜੀ ਹੁਣੇ ਅਰਜ਼ ਕਰਦੀ ਆਂ। ਇਹ ਵੇਲਾ ਉਹਨਾਂ ਦੇ ਦਵਾਈ ਲੈਣ ਦਾ ਵੀ ਏ। ਉਹਨਾਂ ਨੂੰ ਵੀ ਲੈ ਕੇ ਆਉਂਦੀ ਆਂ।”
ਆਮ ਤੌਰ 'ਤੇ ਲੰਮੇ ਕੱਦ ਦੀਆਂ ਔਰਤਾਂ ਦੀ ਚਾਲ ਵਿਚ ਆਕੜ ਦੀ ਝਲਕ ਨਹੀਂ ਹੁੰਦੀ ਤਾਂ ਇਕ ਸ਼ਾਹੀ ਸ਼ਿਕਵਾ ਜ਼ਰੂਰ ਹੁੰਦਾ ਹੈ, ਪਰ ਉਹ ਇੰਜ ਤੁਰਦੀ ਹੋਈ ਬਾਹਰ ਨਿਕਲੀ ਜਿਵੇਂ ਕੋਈ ਉੱਚਾ ਲੰਮਾਂ ਰੁੱਖ ਲਹਿਰਾਂਦਾ ਹੋਇਆ ਹੁਣ ਡਿੱਗਿਆ ਹੁਣੇ ਡਿੱਗਿਆ। ਉਸਦੇ ਸਿਰ ਉੱਤੇ ਸਜਿਆ ਹੋਇਆ ਹੁਸੀਨ ਜੂੜਾ ਮੇਰੀਆਂ ਨਜ਼ਰਾਂ ਤੋਂ ਪਰ੍ਹੇ ਹੋਇਆ ਤਾਂ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਮੇਰੇ ਪਿਛਲੇ ਪਾਸੇ ਕੰਧ ਨਾਲ ਲੱਗੀਆਂ ਹੋਈਆਂ ਚਾਰ ਵੱਡੀਆਂ-ਵੱਡੀਆਂ ਅਲਮਾਰੀਆਂ ਨੇ ਜਿਹਨਾਂ ਵਿਚ ਕਿਤਾਬਾਂ ਹੀ ਕਿਤਾਬਾਂ ਭਰੀਆਂ ਹੋਈਆਂ ਨੇ। ਉਹਨਾਂ ਦੇ ਸਾਹਮਣੇ ਦੋ ਚੌੜੇ ਸ਼ੈਲਫ਼ਾਂ ਉੱਤੇ ਵੀ ਬੇਸ਼ੁਮਾਰ ਕਿਤਾਬਾਂ ਤੇ ਰਸਾਲੇ ਤਰਤੀਬ ਨਾਲ ਸਜੇ ਹੋਏ ਨੇ।
ਮੇਰੇ ਪਿਛਲੇ ਪੰਦਰਾਂ ਦਿਨ ਬੜੀ ਭੀੜ-ਭਾੜ ਵਿਚ ਬੀਤੇ ਸਨ। ਹਜ਼ਾਰਾਂ ਲੋਕ ਮਿਲੇ ਸਨ। ਸਾਰੇ ਅਜ਼ਨਬੀ ਲੋਕਾਂ ਦੇ ਚਿਹਰਿਆਂ ਨੂੰ ਯਾਦ ਰੱਖਣਾ ਆਸਾਨ ਨਹੀਂ ਹੁੰਦਾ ਹਾਲਾਂਕਿ ਉਹਨਾਂ ਤੇ ਪਿਆਰ ਭਰੇ ਵਤੀਰੇ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ। ਇਹਨਾਂ ਕਿਤਾਬਾਂ ਦੀ ਭੀੜ ਵਿਚ ਵਧੇਰੇ ਕਰਕੇ ਅਜਿਹੇ ਨਾਂਅ ਸਨ ਜਿਹਨਾਂ ਨੂੰ ਮੈਂ ਕਿਤਾਬਾਂ ਦੀਆਂ ਰੰਗੀਨ ਪਿੱਠਾਂ ਦੇ ਰੰਗਾਂ ਦੀ ਮਦਦ ਨਾਲ ਹੀ ਪਛਾਣ ਲਿਆ ਸੀ। ਜਿਵੇਂ ਦਵਾਈਆਂ ਦੀ ਦੁਕਾਨ 'ਤੇ ਮੈਨੂੰ ਇਹ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉੱਥੇ ਕੰਮ ਕਰਨ ਵਾਲਿਆਂ ਦੇ ਹੱਥ ਆਪ-ਮੁਹਾਰੇ ਹੀ ਸੰਬੰਧਤ ਸ਼ੀਸ਼ੀਆਂ ਜਾਂ ਡੱਬਿਆਂ ਤੀਕ ਜਾ ਪਹੁੰਚਦੇ ਨੇ। ਉਹ ਅੱਖਾਂ ਬੰਦ ਕਰਕੇ ਵੀ ਇੰਜ ਕਰਨਾ ਚਾਹੁੰਣ ਤਾਂ ਗਲਤੀ ਨਹੀਂ ਕਰਦੇ। ਸਾਡਾ ਲੇਖਕਾਂ ਦਾ ਵੀ ਇਕ ਆਪਣਾ ਮਾਹੌਲ ਹੁੰਦਾ ਹੈ, ਜਿਸ ਵਿਚ ਕਿਤਾਬਾਂ ਦੀ ਦੁਨੀਆਂ ਆਬਾਦ ਹੁੰਦੀ ਹੈ। ਮੈਂ ਸੋਫੇ ਤੋਂ ਉਠ ਕੇ ਫ਼ੈਜ਼, ਫ਼ਿਰਾਕ, ਕ੍ਰਿਸ਼ਨ ਚੰਦਰ, ਮੰਟੋ, ਬੇਦੀ ਤੇ ਜਿਲਾਨੀ ਬਾਨੋ ਕੋਲ ਚਲਾ ਗਿਆ। ਉੱਥੇ ਕਰਤੁਲ ਐਨ ਹੈਦਰ, ਜੋਗਿੰਦਰਪਾਲ ਤੇ ਜਮੀਲ ਹਾਸ਼ਮੀ ਵੀ ਮੌਜ਼ੂਦ ਸਨ। ਆਪਣੀਆਂ ਸਾਰੀਆਂ ਕਿਰਤਾਂ ਦੇ ਨਾਲ ਇਕ ਤਰਤੀਬ ਵਿਚ। ਮੈਂ ਕਿੱਥੇ ਹਾਂ?
ਆਪਣੇ ਸਾਰੇ ਕਲਮੀ ਸਾਥੀਆਂ ਵਿਚ ਆਪਣੀ ਮੌਜ਼ੂਦਗੀ ਕਿੰਨੀ ਮਹੱਤਵਪੂਰਨ ਹੁੰਦੀ ਹੈ, ਇਸ ਦਾ ਅਹਿਸਾਸ ਉਸ ਦਿਨ ਹੋਇਆ, ਜਦ ਮੈਂ ਬੜੀ ਹੈਰਾਨੀ ਨਾਲ ਆਪਣੀਆਂ ਕਿਤਾਬਾਂ ਨੂੰ ਵੀ ਵੇਖਿਆ। ਏਨਾ ਮੁਕੰਮਲ ਸੈੱਟ ਤਾਂ ਖ਼ੁਦ ਮੇਰੇ ਕੋਲ ਵੀ ਨਹੀਂ ਸੀ। ਮੈਂ ਸੁਤੇ-ਸੁਧ ਆਪਣੇ ਆਪ ਨੂੰ ਆਪਣੀਆਂ ਕਿਤਾਬਾਂ ਵਿਚ ਛੂਹ-ਛੂਹ ਕੇ ਮਹਿਸੂਸ ਕਰਨ ਲੱਗਾ ਤੇ ਆਪਣੀ ਇਹ ਹਰਕਤ ਮੈਨੂੰ ਬੜੀ ਹੀ ਮਾਸੂਮ ਤੇ ਅਜੀਬ ਜਿਹੀ ਲੱਗੀ।
ਅਚਾਨਕ ਆਪਣੇ ਪਿੱਛੇ ਕਿਸੇ ਦੇ ਹੋਣ ਦਾ ਅਹਿਸਾਸ ਹੋਣ ਤੇ ਮੈਂ ਪਰਤਿਆ ਤਾਂ ਸ਼ਰਵਤ ਜਹਾਂਗੀਰ ਨੂੰ ਮੁਸਕਰਾਂਦਿਆਂ ਹੋਇਆ ਦੇਖਿਆ। ਪਰ ਇਹ ਦੇਖ ਕੇ ਹੋਰ ਵੀ ਹੈਰਾਨ ਹੋਇਆ ਕਿ ਉਹ ਤੇ ਉਸਦਾ ਪਤੀ ਬਿਨਾਂ ਕੋਈ ਖੜਾਕ ਕੀਤੇ ਕਮਰੇ ਵਿਚ ਆ ਚੁੱਕੇ ਸਨ। ਜਹਾਂਗੀਰ ਖ਼ਾਨ ਇਕ ਸੋਫੇ 'ਤੇ ਬੈਠੇ ਖ਼ਾਲੀ ਖ਼ਾਲੀ ਨਜ਼ਰਾਂ ਨਾਲ ਮੈਨੂੰ ਤੱਕ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿਚ ਹੈਰਾਨੀ ਸੀ, ਨਾ ਖੁਸ਼ੀ। ਅੱਗੇ ਵਧ ਕੇ ਉਹਨਾਂ ਨਾਲ ਹੱਥ ਮਿਲਾਉਣਾ ਚਾਹਿਆ ਤਾਂ ਇਹ ਦੇਖ ਕੇ ਮੈਨੂੰ ਬੜਾ ਦੁੱਖ ਹੋਇਆ ਕਿ ਉਹਨਾਂ ਦੇ ਹੱਥਾਂ ਵਿਚ ਏਨੀ ਜਾਨ ਹੀ ਨਹੀਂ ਹੈ ਕਿ ਮੇਰੇ ਨਾਲ ਹੱਥ ਮਿਲਾ ਸਕਣ। ਸ਼ਰਵਤ ਜਹਾਂਗੀਰ ਨੇ ਫੌਰਨ ਅੱਗੇ ਵਧ ਕੇ ਕਿਹਾ, “ਇਹ ਹੁਣ ਬਿਲਕੁਲ ਆਹਰੀ ਹੋ ਚੁੱਕੇ ਨੇ। ਕਈ ਸਾਲਾਂ ਦੇ ਬਿਲਕੁਲ ਬੋਲ ਸੁਣ ਨਹੀਂ ਸਕਦੇ।”
ਮੁਲਾਜ਼ਮਾਂ ਨੇ ਆ ਕੇ ਚਾਹ ਤੇ ਨਾਸ਼ਤਾ ਵੀ ਲਾ ਦਿੱਤਾ ਸੀ। ਮੈਂ ਚਾਹ ਦਾ ਪਿਆਲਾ ਹੱਥ ਵਿਚ ਫੜ੍ਹ ਕੇ ਜਹਾਂਗੀਰ ਖ਼ਾਨ ਵੱਲ ਦੇਖਦਾ ਰਿਹਾ। ਉਹ ਵੀ ਮੇਰੇ ਵੱਲ ਇਕ ਟੱਕ ਦੇਖ ਰਹੇ ਸਨ। ਕੁਝ ਬੋਲ ਨਹੀਂ ਸਕਦੇ ਸਨ ਪਰ ਉਹਨਾਂ ਦੇ ਹੌਲੀ ਹੌਲੀ ਕੰਬਦੇ ਹੋਏ ਹੱਥ ਕੁਝ ਕਹਿ ਲੱਗੇ। ਮੇਰੇ ਚਿਹਰੇ ਉੱਤੇ ਵਧ ਰਹੀ ਹੈਰਾਨੀ ਨੂੰ ਦੇਖ ਕੇ ਸ਼ਰਵਤ ਬੋਲੀ, “ਇਕ ਮਸ਼ਹੂਰ ਅਦੀਬ ਵੀ ਕਿਸੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਤੁਸੀਂ ਆਪਣੀ ਡਾਇਰੀ ਵਿਚ ਕਈ ਜਗ੍ਹਾ ਲਿਖਿਆ ਹੈ ਕਿ ਫਲਾਨੇ ਸ਼ਖ਼ਸ ਨੇ ਨੌਕਰੀ ਲਈ ਮੈਨੂੰ ਸਿਫਾਰਸ਼ ਕਰਵਾਈ, ਫਲਾਨੇ ਸ਼ਖ਼ਸ ਨੇ ਆਪਣੇ ਖ਼ਾਨਦਾਨੀ ਹਾਲਾਤ ਲਿਖ ਕੇ ਤੁਹਾਥੋਂ ਇਕ ਮਸਲੇ ਦਾ ਹੱਲ ਜਾਣਨਾ ਚਾਹਿਆ। ਤੁਹਾਨੂੰ ਚੇਤੇ ਐ ਕਿ ਤੁਸੀਂ ਆਪਣੇ ਕਿਸੇ ਚਾਹੁਣ ਵਾਲੇ ਦਾ ਰਿਸ਼ਤਾ ਕਰਵਾਉਣ ਵਿਚ ਵੀ ਇਕ ਖਾਸ ਰੋਲ ਕੀਤਾ ਸੀ?”
ਅਸੀਂ ਦੋਵੇਂ ਹੱਸ ਪਏ। ਮੈਂ ਕਿਹਾ, “ਜੀ ਮੈਨੂੰ ਕੁਛ ਯਾਦ ਨਹੀਂ। ਸ਼ਾਇਦ ਖ਼ਤਾਂ ਰਾਹੀਂ ਮੈਂ ਦੋ ਦਿਲਾਂ ਨੂੰ ਮਿਲਾ ਦਿੱਤਾ ਹੋਵੇ!”
“ਤੇ ਤੁਹਾਨੂੰ ਇਹ ਤਾਂ ਯਾਦ ਹੋਵੇਗਾ ਜਦ ਤੁਸੀਂ ਪਾਕਿਸਤਾਨ ਗਏ ਸੀ ਤਾਂ ਇਕ ਅਪਾਹਜ ਨੇ ਤੁਹਾਨੂੰ ਦਰਖ਼ਵਾਸਤ ਕੀਤੀ ਸੀ ਕਿ ਤੁਸੀਂ ਬਿਜਨੌਰ ਜਾ ਕੇ ਉਸਦੀ ਅੰਮਾਂ ਦੀ ਕਬਰ ਉੱਤੇ ਫਤਿਹਾ ਜ਼ਰੂਰ ਪੜ੍ਹ ਆਉਣਾ।”
“ਹਾਂ, ਉਹ ਅਪਾਹਜ ਨਹੀਂ ਸੀ। ਇਕ ਹਾਦਸੇ ਵਿਚ ਉਸਦੀ ਲੱਤ 'ਤੇ ਸੱਟ ਲੱਗੀ ਸੀ ਜਿਸ ਕਰਕੇ ਪਲਸਤਰ ਚੜ੍ਹਿਆ ਹੋਇਆ ਸੀ। ਹੁਣ ਉਹ ਮੁੰਡਾ ਬਿਲਕੁਲ ਠੀਕ ਠਾਕ ਏ ਤੇ ਪਿਛਲੇ ਮਹੀਨੇ ਉਹ ਚਾਣਚਕ ਈ ਮੈਨੂੰ ਅਜ਼ਮਗੜ੍ਹ ਦੇ ਇਕ ਜਲਸੇ ਵਿਚ ਆ ਕੇ ਮਿਲਿਆ ਸੀ। ਛੇ ਸਾਲ ਵਿਚ ਉਹ ਏਨਾ ਵੱਡਾ ਹੋ ਗਿਆ ਏ ਕਿ ਮੈਂ ਉਸਨੂੰ ਪਹਿਲੀ ਨਜ਼ਰ ਵਿਚ ਪਛਾਣ ਹੀ ਨਹੀਂ ਸਾਂ ਸਕਿਆ।”
“ਮੈਂ ਤੁਹਾਨੂੰ ਇਕ ਮਸਲੇ ਦੇ ਸਿਲਸਿਲੇ ਵਿਚ ਹੀ ਇੱਥੇ ਬੁਲਾਇਆ ਏ...ਤੇ ਬੜੀ ਸ਼ਰਮਿੰਦਗੀ ਵੀ ਮਹਿਸੂਸ ਕਰ ਰਹੀ ਆਂ।”
“ਤੁਸੀਂ ਵਾਰੀ ਵਾਰੀ ਇੰਜ ਮੁਆਫ਼ੀ ਜਿਹੀ ਕਿਉਂ ਮੰਗਣ ਲੱਗ ਪੈਂਦੇ ਓ? ਹੁਣ ਮੈਨੂੰ ਖ਼ੁਦ ਸ਼ਰਮਿੰਗੀ ਮਹਿਸੂਸ ਹੋਣ ਲੱਗੀ ਏ। ਰੱਬ ਜਾਣੇ ਮੈਂ ਇਸ ਕਾਬਿਲ ਹਾਂ ਵੀ ਜਾਂ ਨਹੀਂ!”
“ਤੁਹਾਨੂੰ ਨਹੀਂ ਪਤਾ ਤੁਸੀਂ ਸਾਡੀ ਜ਼ਿੰਦਗੀ ਵਿਚ ਕਿੱਡਾ ਵੱਢਾ ਪਰਿਵਤਨ ਲੈ ਆਂਦਾ ਏ। ਕੋਈ ਲੇਖਕ ਨਹੀਂ ਜਾਣਦਾ ਕਿ ਉਹ ਜੋ ਕੁਝ ਲਿਖ ਰਿਹਾ ਏ, ਉਸਦਾ ਅਸਰ ਦੂਜਿਆਂ ਤੇ ਕਿੰਨਾ ਪੈਂਦਾ ਏ!”
ਕੁਝ ਪਲ ਲਈ ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ ਸਾਂ। ਸਾਡੀਆਂ ਲਿਖਤਾਂ, ਸਾਡੇ ਆਪਣੇ ਦ੍ਰਿਸ਼ਟੀਕੋਨ ਤੇ ਤਜ਼ੁਰਬੇ ਦਾ ਨਤੀਜ਼ਾ ਹੁੰਦੀਆਂ ਨੇ। ਇਸ ਨਾਲ ਜਿਹੜੀ ਸ਼ਾਂਤੀ ਮਿਲਦੀ ਹੈ ਉਸਦਾ ਸੰਬੰਧ ਵੀ ਸਾਡੇ ਅੰਤਰ ਮਨ ਨਾਲ ਵਧੇਰੇ ਹੁੰਦਾ ਹੈ। ਫੇਰ ਅਚਾਨਕ ਇਹ ਵੀ ਯਾਦ ਆਇਆ ਕਿ ਸਾਡੇ ਕੁਝ ਬਜ਼ੁਰਗ ਲੇਖਕਾਂ ਨੇ ਮੇਰੇ ਸਾਹਮਣੇ ਕਿੰਨੀਆਂ ਨਵੀਆਂ ਖਿੜਕੀਆਂ ਖੋਹਲ ਦਿੱਤੀਆਂ ਸਨ ਤੇ ਮੈਂ ਜ਼ਿੰਦਗੀ ਨੂੰ ਇਕ ਵੱਖਰੇ ਕੋਨ ਤੋਂ ਦੇਖਣ ਦੇ ਕਾਬਿਲ ਹੋ ਗਿਆ ਸਾਂ।
ਸ਼ਰਵਤ ਜਾਹਾਂਗੀਰ ਅਚਾਨਕ ਉਠ ਕੇ ਕਿਤਾਬਾਂ ਕੋਲ ਚਲੀ ਗਈ। ਕੁਝ ਕਿਤਾਬਾਂ ਨੂੰ ਉਲਟ-ਪਲਟ ਕੇ ਦੇਖਿਆ ਫੇਰ ਵਾਪਸ ਆ ਕੇ ਬੋਲੀ, “ਇਸਮਤ ਚੁਗ਼ਤਾਈ ਦਾ ਇਹ ਕਹਿਣਾ ਸਹੀ ਏ ਕਿ ਅਲੀਗੜ੍ਹ ਦੀਆਂ ਬਹੁਤ ਸਾਰੀਆਂ ਕੁੜੀਆਂ ਮਿਜਾਜ਼ ਦੇ ਨਾਲ ਸ਼ਾਦੀ ਕਰਨ ਦੇ ਸੁਪਨੇ ਦੇਖਦੀਆਂ ਹੁੰਦੀਆਂ ਸੀ, ਪਰ ਜਦ ਉਹਨਾਂ ਸਾਹਵੇਂ ਭਵਿੱਖ ਦਾ ਫੈਸਲਾ ਕਰਨ ਦੀ ਘੜੀ ਆਈ ਤਾਂ ਕਿਸੇ ਨੇ ਆਪਣੇ ਲਈ ਡਿਪਟੀ ਕਲਕਟਰ ਨੂੰ ਚੁਣਿਆਂ, ਕਿਸੇ ਨੇ ਕਸਟਮ ਆਫ਼ਿਸਰ ਦੀ ਜੀਵਨ ਸਾਥਣ ਬਣਨ ਨੂੰ ਪਹਿਲ ਦਿੱਤੀ। ਮਿਜਾਜ਼ ਗਰੀਬ ਨੂੰ ਸਭ ਭੁੱਲ ਗਈਆਂ ਤੇ ਉਹ ਕੁਆਰਾ ਮਰ ਗਿਆ। ਪਰ ਸਾਹਿਤ ਦੇ ਮਾਮਲੇ ਵਿਚ ਮੇਰਾ ਕਿੱਸਾ ਉਹਨਾਂ ਕੁੜੀਆਂ ਨਾਲੋਂ ਬਿਲਕੁਲ ਵੱਖਰਾ ਏ। ਮੈਂ ਬਚਪਨ ਤੋਂ ਹੀ ਆਪਣੀਆਂ ਮਨਪਸੰਦ ਕਹਾਣੀਆਂ ਦਾ ਖਜਾਨਾ ਇਕੱਤਰ ਕਰਨ ਦੀ ਆਦਤ ਪਾ ਲਈ ਸੀ। ਜਦ ਤਕ ਸ਼ਾਦੀ ਨਹੀਂ ਸੀ ਹੋਈ, ਮੇਰੀਆਂ ਦੋਸਤ ਇਸ ਸ਼ੌਕ ਵਿਚ ਸ਼ਰੀਕ ਰਹੀਆਂ। ਸ਼ਾਦੀ ਪਿੱਛੋਂ ਮੈਂ ਬਿਲਕੁਲ ਇਕੱਲੀ ਰਹਿ ਗਈ। ਮੇਰੇ ਹਸਬੈਂਡ ਨੂੰ ਅਦਬ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਇਸਨੂੰ ਵਿਹਲੇ ਤੇ ਫਜ਼ੂਲ ਖਰਚ ਆਦਮੀ ਦਾ ਸ਼ੂਗਲ ਮੰਨਦੇ ਸਨ। ਸ਼ੁਰੂ-ਸ਼ੁਰੂ ਵਿਚ ਤਾਂ ਉਹਨਾਂ ਇਹ ਸਭ ਬੜੇ ਸ਼ਾਂਤ ਮਨ ਨਾਲ ਬਰਦਾਸ਼ਤ ਕੀਤਾ ਫੇਰ ਹੌਲੀ-ਹੌਲੀ ਉਹਨਾਂ ਦੇ ਦਿਲ ਵਿਚ ਇਹ ਵਹਿਮ ਬੈਠ ਗਿਆ ਕਿ ਮੈਂ ਅਦਬੀ ਲੇਖਕਾਂ ਤੇ ਸ਼ਾਇਰਾਂ ਨਾਲ ਇਸ਼ਕ ਕਰਦੀ ਆਂ, ਹਾਲਾਂਕਿ ਮੈਂ ਕਦੀ ਕਿਸੇ ਲੇਖਕ ਜਾਂ ਸ਼ਾਇਰ ਨੂੰ ਚਿੱਠੀ ਪੱਤਰ ਨਹੀਂ ਪਾਇਆ। ਅੱਜ ਤਕ ਕਿਸੇ ਨੂੰ ਮਿਲੀ ਵੀ ਨਹੀਂ...ਇਸ ਘਰ ਵਿਚ ਆਉਣ ਵਾਲੇ ਤੁਸੀਂ ਪਹਿਲੇ ਲੇਖਕ ਓ। ਪਰ ਜਹਾਂਗੀਰ ਲਈ ਇਹਨਾਂ ਹਜ਼ਾਰਾਂ ਕਿਤਾਬਾਂ ਤੇ ਰਸਾਲਿਆਂ ਦੀ ਹੈਸੀਅਤ ਇਕ ਅਜਿਹੇ ਬੇਨਾਮ, ਅਣਜਾਣ ਆਸ਼ਿਕ ਦੀ ਬਣ ਗਈ ਜਿਸਨੂੰ ਉਸਨੇ ਆਪਣਾ ਦੁਸ਼ਮਣ ਸਮਝ ਲਿਆ ਤੇ ਉਸ ਨਾਲ ਦਿਨੋਂ-ਦਿਨ ਨਫ਼ਤਰ ਕਰਨ ਲੱਗਾ। ਇਕ ਵਾਰੀ ਉਸਨੇ ਮੇਰੀਆਂ ਕਈ ਕਿਤਾਬਾਂ ਪਾੜ ਕੇ ਹੀ ਸੁੱਟ ਦਿੱਤੀਆਂ ਸਨ। ਸਾਡੇ ਵਿਚਕਾਰ ਬੜਾ ਝਗੜਾ ਹੋਇਆ ਸੀ। ਮੈਂ ਆਪਣੀ ਸਾਰੀ ਲਾਇਬਰੇਰੀ ਚੁੱਕ ਕੇ ਪੈਕੇ ਚਲੀ ਗਈ ਸਾਂ ਤੇ ਕਿਹਾ ਸੀ ਉਹ ਮੈਨੂੰ ਤਲਾਕ ਦੇ ਦੇਏ। ਸਾਡੇ ਬਜ਼ੂਰਗਾਂ ਨੇ ਵਿਚ ਪੈ ਕੇ ਇਹ ਕਰਾਈਸਸ ਟਾਲਿਆ ਸੀ। ਉਸ ਪਿੱਛੋਂ ਉਸਨੇ ਮੇਰੇ ਪੜ੍ਹਨ ਦੇ ਇਸ ਅਥਾਹ ਸ਼ੌਕ ਉਪਰ ਕਦੀ ਇਤਰਾਜ਼ ਤਾਂ ਨਹੀਂ ਕੀਤਾ ਪਰ ਉਸਦਾ ਸ਼ੱਕ ਹਮੇਸ਼ਾ ਓਦਾਂ ਈ ਰਿਹਾ—ਉਸ ਜ਼ਮਾਨੇ ਵਿਚ ਖ਼ੁਦ ਮੇਰੇ ਅੰਦਰ ਇਹ ਅਹਿਸਾਸ ਪੈਦਾ ਹੋ ਗਿਆ ਕਿ ਮੈਂ ਵਾਕਈ ਕਿਸੇ ਹੋਰ ਦੇ ਇਸ਼ਕ ਵਿਚ ਵੱਝ ਗਈ ਆਂ, ਮੇਰੀ ਦਿਲਚਸਪੀ ਦਾ ਕੇਂਦਰ ਉਹੀ ਏ, ਮੇਰਾ ਪਤੀ ਉੱਕਾ ਹੀ ਨਹੀਂ। ਮੇਰੇ ਅੰਦਰ ਗੁਨਾਹ ਦਾ ਇਕ ਅਹਿਸਾਸ ਵੀ ਪੈਦਾ ਹੋਇਆ ਤੇ ਮੈਂ ਜਹਾਂਗੀਰ ਵੱਲ ਵਧੇਰੇ ਧਿਆਨ ਦੇਣ ਲੱਗ ਪਈ। ਪਰ ਕਿਤਾਬਾਂ ਦੇ ਪਿਆਰ ਨੇ ਜਿਵੇਂ ਮੇਰੇ ਬੀਤੇ ਦਿਨਾਂ ਦੇ ਇਸ਼ਕ ਦਾ ਰੂਪ ਧਾਰਨਾ ਸ਼ੁਰੂ ਕਰ ਦਿੱਤਾ। ਤੇ ਇਹ ਇਸ਼ਕ ਇਕ ਹਕੀਕਤ ਬਣਨ ਲੱਗਾ। ਉਹ ਕੋਈ ਮੁਕੰਮਲ ਵਜ਼ੂਦ ਬਿਲਕੁਲ ਨਹੀਂ ਸੀ। ਫੇਰ ਵੀ ਉਸਦੀ ਮੌਜ਼ੂਦਗੀ ਮੈਨੂੰ ਉਸੇ ਵੱਲ ਖਿੱਚਦੀ ਸੀ। ਮੇਰੀ ਇਸ ਖਿੱਚ ਨੂੰ ਜਹਾਂਗੀਰ ਵਰਗਾ ਬੰਦਾ ਕਦੀ ਨਹੀਂ ਸਮਝ ਸਕਦਾ। ਉਹ ਕਿਸੇ ਦੂਸਰੇ ਸਾਂਚੇ ਦਾ ਬਣਿਆਂ ਹੋਇਆ ਏ। ਮੈਨੂੰ ਉਸ ਨਾਲ ਨਫ਼ਰਤ ਜਿਹੀ ਹੋਣ ਲੱਗ ਪਈ, ਮੇਰੇ ਅੰਦਰ ਉਸ ਨਾਲ ਲੜਨ-ਝਗੜਨ ਲਈ ਇਕ ਤੇਜ਼ ਵਰੋਲਾ ਉਠਦਾ ਰਹਿੰਦਾ, ਤੇ ਹੁਣ ਮੈਂ ਪੂਰੀ ਤਰ੍ਹਾਂ ਬਗ਼ਾਵਤ ਕਰਨ ਲਈ ਤਿਆਰ ਹੋ ਗਈ ਸਾਂ।
“ਤੁਸੀਂ ਅੰਦਾਜ਼ਾ ਲਾ ਸਕਦੇ ਓ ਕਿ ਮੈਂ ਆਪਣਾ ਉਹ ਸਮਾਂ ਕਿੰਜ ਬਿਤਾਇਆ ਹੋਏਗਾ। ਫੇਰੇ ਮੇਰੀ ਬੱਚੀ ਪੈਦਾ ਹੋਈ। ਬੜੀ ਹੀ ਪਿਆਰੀ ਤੇ ਖ਼ੂਬਸੂਰਤ ਬੱਚੀ। ਬਿਲਕੁਲ ਮੇਰੀ ਹਮਸ਼ਕਲ। ਜਹਾਂਗੀਰ ਨੇ ਸਿਰਫ ਇਸ ਕਰਕੇ ਉਸਦਾ ਨਾਂਅ ਵੀ ਸ਼ਰਵਤ ਰੱਖ ਲਿਆ; ਕਹਿੰਦਾ ਸੀ ਕਿ ਅਸਲੀ ਸ਼ਰਵਤ ਇਹ ਹੈ ਜਿਹੜੀ ਵੱਡੀ ਹੋ ਕੇ ਮੇਰੀ ਹਮ ਖ਼ਿਆਲ ਬਣੇਗੀ। ਤੇਰੇ ਜਨੂੰਨ ਦਾ ਇਸ ਉੱਤੇ ਪਰਛਾਵਾਂ ਵੀ ਨਹੀਂ ਪਏਗਾ, ਤੂੰ ਵੇਖੀਂ। ਪਰ ਮੈਂ ਇਹ ਗੱਲ ਨਹੀਂ ਮੰਨਦੀ ਕਿ ਮਾਂ-ਬਾਪ ਆਪਣੀ ਔਲਾਦ ਨੂੰ ਵਾਕਈ ਓਹੋ-ਜਿਹਾ ਬਣਾਅ ਸਕਦੇ ਨੇ ਜਿਹਾ ਉਹ ਚਾਹੁੰਦੇ ਨੇ। ਹਰ ਬੱਚਾ ਆਪਣੇ ਚੁਫੇਰੇ ਦੇ ਪ੍ਰਭਾਵ ਨੂੰ ਆਪਣੇ ਹਿਸਾਬ ਨਾਲ ਕਬੂਲ ਕਰਦਾ ਏ ਤੇ ਉਹੀ ਕੁਝ ਬਣਦਾ ਏ ਜੋ ਉਸਨੂੰ ਕੁਦਰਤ ਬਣਾਉਣਾ ਚਾਹੁੰਦੀ ਏ। ਸ਼ਰਵਤ ਨੇ ਪਹਿਲਾਂ ਪਹਿਲਾਂ ਖਿਡੌਣਿਆਂ ਵਿਚ ਦਿਲਚਸਪੀ ਲਈ, ਜਿਵੇਂ ਕਿ ਆਮ ਤੌਰ 'ਤੇ ਬੱਚਿਆਂ ਦੀ ਆਦਤ ਹੁੰਦੀ ਐ। ਜਦ ਵੱਡੀ ਹੋਣ ਲੱਗੀ ਤਾਂ ਉਸਨੇ ਕਲਾ ਦੇ ਬਜਾਏ ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਸਾਡੇ ਘਰ ਇਕ ਯਤੀਮ ਮੁੰਡਾ ਵੀ ਆਉਂਦਾ ਹੁੰਦਾ ਸੀ। ਸਬੱਬ ਨਾਲ ਉਸਦਾ ਨਾਂਅ ਵੀ ਜਹਾਂਗੀਰ ਸੀ। ਉਸਦੇ ਮਾਂ-ਬਾਪ ਇਕ ਧਾਰਮਿਕ ਦੰਗੇ ਦੀ ਲਪੇਟ ਵਿਚ ਆ ਕੇ ਮਾਰੇ ਗਏ ਸਨ। ਉਸਦੇ ਦੂਰ ਨਜ਼ਦੀਕ ਦੇ ਸਾਰੇ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਸਨ। ਅਸੀਂ ਉਸਨੂੰ ਆਪਣੇ ਕੋਲ ਰੱਖ ਲਿਆ। ਸ਼ਰਵਤ ਦਾ ਹਮ-ਉਮਰ ਸੀ ਉਹ। ਉਸਦੇ ਨਾਲ ਪੜ੍ਹਦਾ ਤੇ ਖੇਡਦਾ ਸੀ। ਪਰ ਉਹ ਪੜ੍ਹਾਈ ਨਾਲੋਂ ਵੱਧ ਲਿਟਰੇਚਰ ਦੇ ਨੇੜੇ ਹੋ ਗਿਆ। ਇਸੇ ਕਰਕੇ ਉਹ ਮੇਰੇ ਵੀ ਨੇੜੇ ਹੋ ਗਿਆ ਸੀ। ਮੇਰੇ ਨਾਲ ਅਦਬ ਉੱਤੇ ਬਹਿਸਾਂ ਕਰਦਾ ਤੇ ਮੇਰੇ ਲਈ ਦਿੱਲੀ ਜਾ ਕੇ ਮੇਰੀਆਂ ਮਨਪਸੰਦ ਕਿਤਾਬਾਂ ਵੀ ਖਰੀਦ ਲਿਆਉਂਦਾ, ਜਿਹੜੀਆਂ ਉਸਦੀ ਆਪਣੀ ਪਸੰਦ ਦੀਆਂ ਵੀ ਹੁੰਦੀਆਂ। ਉਸ ਕਰਕੇ ਮੈਨੂੰ ਆਪਣੇ ਪਤੀ ਦੀ ਕਮੀ ਮਹਿਸੂਸ ਹੋਣੀ ਬੰਦ ਹੋ ਗਈ, ਜਿਸਨੇ ਅਦਬ ਨਾਲ ਮੇਰੇ ਦੋਸਤਾਨੇ ਨੂੰ ਅੱਜ ਤਕ ਦਿਲੋਂ ਕਬੂਲ ਨਹੀਂ ਸੀ ਕੀਤਾ। ਉਹ ਜਹਾਂਗੀਰ ਨੂੰ ਵੀ ਨਫ਼ਰਤ ਕਰਨ ਲੱਗ ਪਿਆ। ਉਹ ਚਾਹੁੰਦਾ ਸੀ ਉਸ ਮੁੰਡੇ ਨੂੰ ਜਿੰਨੀ ਛੇਤੀ ਹੋ ਸਕੇ ਇੱਥੋਂ ਤੁਰਦਾ ਕਰ ਦਿੱਤਾ ਜਾਏ—ਪਰ ਉਹ ਕਾਨੂੰਨ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਸਾਡੀ ਸ਼ਰਵਤ ਨੂੰ ਵੀ ਇਮਤਿਹਾਨਾਂ ਦਾ ਬੁਖ਼ਾਰ ਹੋਇਆ ਹੋਇਆ ਸੀ। ਉਂਜ ਉਹਨਾਂ ਦੀ ਬੜੀ ਚੰਗੀ ਦੋਸਤੀ ਸੀ, ਪਰ ਸਾਹਿਤ ਦੇ ਮਾਮਲੇ ਵਿਚ ਦੋਵੇਂ ਇਕ ਦੂਜੇ ਤੋਂ ਬੜੇ ਦੂਰ ਸਨ। ਮੇਰੀਆਂ ਤੇ ਜਹਾਂਗੀਰ ਦੀਆਂ ਗੱਲ ਵਿਚ ਸ਼ਰਵਤ ਬਸ ਏਨਾ ਕੁ ਹਿੱਸਾ ਲੈਂਦੀ ਸੀ ਕਿ ਉਹ ਉਹਨਾਂ ਨੂੰ ਸੁਣ ਲੈਂਦੀ ਸੀ। ਸ਼ਾਮਲ ਕਦੀ ਨਹੀਂ ਸੀ ਹੁੰਦੀ।”
ਸ਼ਰਵਤ ਜਹਾਂਗੀਰ ਦੀ ਨਿਗਾਹ ਅਚਾਨਕ ਉਸਦੇ ਪਤੀ ਉੱਤੇ ਜਾ ਟਿਕੀ ਜਿਹੜਾ ਸਿਰ ਹਿਲਾ ਹਿਲਾ ਕੇ ਕੋਈ ਇਸ਼ਾਰਾ ਕਰ ਰਿਹਾ ਸੀ। ਉਹ ਕਾਹਲ ਨਾਲ ਉੱਠ ਕੇ ਉਸ ਕੋਲ ਚਲੀ ਗਈ। ਫੇਰ ਇਕ ਸਿਗਰੇਟ ਉਸਦੇ ਬੁੱਲ੍ਹਾਂ ਵਿਚ ਲਾਈ ਤੇ ਉਸਨੂੰ ਸੁਲਗਾ ਵੀ ਦਿੱਤਾ। ਕੁਝ ਮਿੰਟ ਉਸਦੇ ਕੋਲ ਖੜ੍ਹੀ ਰਹੀ, ਜਦ ਤਕ ਉਸਨੇ ਪੂਰੀ ਸਿਗਰੇਟ ਨਹੀਂ ਪੀ ਲਈ, ਉਹ ਆਪਣੀ ਹਥੇਲੀ ਉੱਤੇ ਸਿਗਰੇਟ ਦੀ ਸਵਾਹ ਲੈ ਲੈ ਕੇ ਉਗਲਦਾਨ ਵਿਚ ਸੁੱਟਦੀ ਰਹੀ। ਫੇਰ ਸਿਗਰੇਟ ਦਾ ਆਖ਼ਰੀ ਟੋਟਾ ਵੀ ਉਸਦੇ ਬੁੱਲ੍ਹਾਂ ਵਿਚੋਂ ਕੱਢ ਕੇ ਸੁੱਟ ਦਿੱਤਾ ਤੇ ਮੇਰੇ ਕੋਲ ਵਾਪਸ ਆ ਗਈ।
ਕੁਝ ਚਿਰ ਨੀਵੀਂ ਪਾਈ ਖੜ੍ਹੀ ਕੁਝ ਸੋਚਦੀ ਰਹੀ। ਫੇਰ ਬੋਲੀ, “ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆਂ ਕਿ ਸ਼ਰਵਤ ਨੇ ਲਿਟਰੇਚਰ ਤੋਂ ਦੂਰ ਰਹਿ ਕੇ ਆਪਣੇ ਬਾਪ ਨੂੰ ਖ਼ੁਸ਼ ਰੱਖਿਆ ਤੇ ਜਹਾਂਗੀਰ ਲਿਟਰੇਚਰ ਦਾ ਦੀਵਾਨਾ ਬਣ ਕੇ ਮੇਰੇ ਦਿਲ ਤੇ ਦਿਮਾਗ਼ ਦੀ ਸ਼ਾਂਤੀ ਦਾ ਕਾਰਨ ਬਣਿਆਂ...ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਇਕ ਦਿਨ ਅਚਾਨਕ ਸਾਨੂੰ ਦੋਵਾਂ ਨੂੰ ਹਰਾ ਕੇ ਇੱਥੋਂ ਗ਼ਾਇਬ ਹੋ ਜਾਣਗੇ। ਇੰਜ ਕਿਉਂ ਹੋਇਆ, ਮੈਂ ਨਹੀਂ ਜਾਣਦੀ। ਮੈਨੂੰ ਬੜਾ ਜ਼ਿਆਦ ਦੁੱਖ ਹੋਇਆ। ਮੇਰੇ ਪਤੀ ਦੇ ਦਿਮਾਗ਼ ਉੱਤੇ ਇਸ ਨਾਲੋਂ ਵੀ ਵੱਧ ਅਸਰ ਹੋਇਆ। ਉਹ ਸੋਚਣ ਸਮਝਣ ਤੇ ਤੁਰਨ ਫਿਰਨ ਦੀ ਤਾਕਤ ਵੀ ਗੰਵਾਅ ਬੈਠੇ। ਸ਼ਾਇਦ ਇਹ ਅਧਰੰਗ ਦੀ ਕੋਈ ਕਿਸਮ ਹੋਏ। ਅਸੀਂ ਦੋਵੇਂ ਇਸ ਹਾਦਸੇ ਨੂੰ ਭੁੱਲ ਨਹੀਂ ਸਕਦੇ। ਮੇਰੇ ਲਈ ਹੁਣ ਆਪਣੀਆਂ ਜਮ੍ਹਾਂ ਕੀਤੀਆਂ ਕਿਤਾਬਾਂ ਨੂੰ ਪੜ੍ਹਨਾ ਵੀ ਮੁਸ਼ਕਿਲ ਹੋ ਗਿਆ ਏ ਇਹਨਾਂ ਨੂੰ ਚੁੱਕਦੀ ਆਂ, ਉਲਟਦੀ ਪਲਟਦੀ ਆਂ ਤੇ ਰੱਖ ਦੇਂਦੀ ਆਂ।” ਇਹ ਕਹਿੰਦੀ ਹੋਈ ਉਹ ਗੋਡਿਆਂ ਵਿਚ ਸਿਰ ਦੇ ਕੇ ਰੋਣ ਲੱਗ ਪਈ। ਉਸਦੇ ਲਾਲ ਵਾਲਾਂ ਦਾ ਜੂੜਾ ਖੁੱਲ੍ਹ ਕੇ ਖਿੱਲਰ ਗਿਆ। ਰੋਂਦੀ-ਰੋਂਦੀ ਉਹ ਹਟਕੋਰੇ ਲੈਣ ਲੱਗੀ ਤਾਂ ਉਸਦੇ ਵਾਲ ਵੀ ਹਰ ਹਰਕਤ ਦੇ ਨਾਲ ਝੂਲਣ ਲੱਗੇ। ਮੈਂ ਉਸਦੇ ਪਤੀ ਵੱਲ ਦੇਖਿਆ। ਉਹ ਉਸੇ ਤਰ੍ਹਾਂ ਸੱਖਣੀਆਂ ਅੱਖਾਂ ਨਾਲ ਮੇਰੇ ਵੱਲ ਤੱਕ ਰਿਹਾ ਸੀ ਤੇ ਉਸਦੇ ਹੱਥ ਕੰਬ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਦੋਵੇਂ ਝੱਲੇ ਹੋ ਗਏ ਹੋਣ।
ਸ਼ਰਵਤ ਨੇ ਅਚਾਨਕ ਸਿਰ ਚੁੱਕਿਆ ਤੇ ਇਕ ਝਟਕੇ ਨਾਲ ਆਪਣੇ ਵਾਲ ਪਿੱਠ ਪਿੱਛੇ ਸੁੱਟਦੀ ਹੋਈ ਬੋਲੀ, “ਮੈਂ ਤੁਹਾਨੂੰ ਇਸ ਲਈ ਇੱਥੇ ਬੁਲਾਇਆ ਏ ਕਿ ਤੁਸੀਂ ਮੇਰੀ ਮਦਦ ਕਰੋ। ਜਦ ਤੁਸੀਂ ਪਾਕਿਸਤਾਨ ਗਏ ਸੌ ਤਾਂ ਮੈਨੂੰ ਦੱਸੋ ਕੀ ਉੱਥੇ ਜਹਾਂਗੀਰ ਤੇ ਸ਼ਰਵਤ ਵੀ ਤੁਹਾਨੂੰ ਮਿਲਣ ਆਏ ਸਨ? ਉਹ ਜ਼ਰੂਰ ਆਏ ਹੋਣਗੇ। ਮੈਂ ਤੁਹਾਡੇ ਸਫਰਨਾਮੇ ਵਿਚ ਪੜ੍ਹਿਆ ਏ ਕਿ ਉੱਥੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਣ ਆਏ ਸਨ। ਜਹਾਂਗੀਰ ਵੀ ਤੁਹਾਡਾ ਬੜਾ ਪ੍ਰਸ਼ੰਸਕ ਸੀ। ਪਰ ਤੁਸੀਂ ਉਹਨਾਂ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ! ਕੀ ਉਹਨਾਂ ਨੇ ਮਨ੍ਹਾਂ ਕਰ ਦਿੱਤਾ ਸੀ ਕਿ ਉਹਨਾਂ ਦਾ ਪਤਾ ਕਿਸੇ ਨੂੰ ਨਾ ਲੱਗੇ!”
ਮੈਂ ਆਪਣੇ ਦਿਮਾਗ਼ ਉੱਤੇ ਜ਼ੋਰ ਪਾਇਆ। ਇਸ ਵਿਚ ਕੋਈ ਸ਼ੱਕ ਨਹੀਂ ਉੱਥੇ ਬਹੁਤ ਸਾਰੇ ਲੋਕ ਮਿਲਣ ਆਏ ਸਨ, ਆਪਣੇ ਮਿੱਤਰ ਪਿਆਰਿਆਂ ਦਾ ਹਾਲ ਚਾਲ ਪੁੱਛਣ ਜਾਂ ਉਹਨਾਂ ਤਕ ਆਪਣੀ ਖ਼ੈਰੀਅਤ ਦੀ ਖ਼ਬਰ ਪਹੁੰਚਾਉਣ ਲਈ—ਪਰ ਉਹਨਾਂ ਵਿਚੋਂ ਕਿਸੇ ਨੇ ਆਪਣਾ ਨਾਂਅ ਜਹਾਂਗੀਰ ਜਾਂ ਸ਼ਰਵਤ ਨਹੀਂ ਸੀ ਦੱਸਿਆ।
“ਜਿਹਨਾਂ ਕੁਝ ਮੈਨੂੰ ਪਹੁੰਚਾਉਣ ਲਈ ਕਿਹਾ ਗਿਆ ਸੀ ਮੈਂ ਪਹੁੰਚਾ ਦਿੱਤਾ ਏ...ਉਹਨਾਂ ਸਾਰਿਆਂ ਦਾ ਜ਼ਿਕਰ ਵੀ ਕੀਤਾ ਏ ਤੇ ਜਿਵੇਂ ਕਿ ਤੁਸੀਂ ਕਹਿ ਰਹੇ ਓ, ਹੋ ਸਕਦਾ ਏ ਕਿਤੇ ਆ ਕੇ ਮਿਲੇ ਹੋਣ...”
ਅਚਾਨਕ ਉਹ ਉੱਠ ਕੇ ਖੜ੍ਹੀ ਹੋ ਗਈ। ਜਲਦੀ ਜਲਦੀ ਵਾਲ ਸਮੇਟਦੀ ਹੋਈ ਦੂਸਰੇ ਕਮਰੇ ਵਿਚ ਚਲੀ ਗਈ। ਉਦੋਂ ਹੀ ਬਾਹਰੋਂ ਹਾਰਨ ਸੁਣਾਈ ਦਿੱਤਾ। ਇਕ ਆਦਮੀ ਵਰਾਂਡੇ ਵਿਚ ਆਣ ਕੇ ਬੋਲਿਆ, “ਮੈਂ ਸ਼ਹਿਰ ਜਾ ਰਿਹਾਂ ਜਨਾਬ, ਅੱਜ ਸਵੇਰੇ ਤੁਹਾਨੂੰ ਸਟੇਸ਼ਨ 'ਤੇ ਰਸੀਵ ਕਰਨ ਲਈ ਨਹੀਂ ਪਹੁੰਚ ਸਕਿਆ। ਬਾਜੀ ਨੇ ਤੁਹਾਨੂੰ ਦੱਸਿਆ ਹੋਏਗਾ।”
ਮੈਂ ਉੱਠ ਕੇ ਉਸ ਕੋਲ ਵਰਾਂਡੇ ਵਿਚ ਚਲਾ ਗਿਆ ਤੇ ਕਿਹਾ, “ਕੀ ਤੁਸੀਂ ਹੁਣ ਵੀ ਮੈਨੂੰ ਨਾਲ ਲੈ ਜਾ ਸਕਦੇ ਓ!”
“ਇਸੇ ਲਈ ਤਾਂ ਆਇਆ ਵਾਂ ਜਨਾਬ। ਜੇ ਤਿਆਰ ਓ ਤਾਂ ਫੌਰਨ ਚੱਲੋ।”
ਸ਼ਰਵਤ ਜਹਾਂਗੀਰ ਇਕ ਫਰੇਮ ਵਿਚ ਮੜ੍ਹੀ ਹੋਈ ਤਸਵੀਰ ਚੁੱਕ ਲਿਆਈ ਤੇ ਆਪਣੇ ਦੁਪੱਟੇ ਨਾਲ ਉਸ ਉੱਤੇ ਪਈ ਧੂੜ ਨੂੰ ਸਾਫ ਕਰਦਿਆਂ ਬੋਲੀ, “ਦੇਖ ਲਓ, ਸ਼ਾਇਦ ਇਹਨਾਂ ਨੂੰ ਪਛਾਣ ਸਕੋਂ!”
ਤਸਵੀਰ ਵਿਚ ਮਾਂ ਧੀ ਦੋਹੇਂ ਨਜ਼ਰ ਆ ਰਹੀਆਂ ਸਨ; ਹੈਰਾਨ ਕਰ ਦੇਣ ਦੀ ਹੱਦ ਤਕ ਇਕ ਦੂਜੀ ਨਾਲ ਮਿਲਦੀਆਂ ਵੀ ਸਨ...ਫਰਕ ਸਿਰਫ ਇਹ ਸੀ ਮਾਂ ਦੀਆਂ ਅੱਖਾਂ ਵਿਚੋਂ ਅਥਾਹ ਗਿਆਨ ਤੇ ਤਜ਼ੁਰਬਾ ਛਲਕ ਰਿਹਾ ਸੀ ਤੇ ਧੀ ਦੇ ਪੂਰੇ ਚਿਹਰੇ ਉੱਤੇ ਇਕ ਅੱਲੜ੍ਹਪਣ ਤੇ ਉਹਨਾਂ ਦੇ ਪਿੱਛੇ ਸਾਈਕਲ ਦਾ ਹੈਂਡਲ ਫੜ੍ਹੀ ਖੜ੍ਹਾ ਇਕ ਨੌਜਵਾਨ ਮੁਸਕਰਾ ਰਿਹਾ ਸੀ।
“ਇਹੀ ਉਹ ਜਹਾਂਗੀਰ ਏ।” ਸ਼ਰਵਤ ਦੀ ਆਵਾਜ਼ ਹੁਣ ਅਫ਼ਸੋਸ ਦੀ ਝਲਕ ਨਹੀਂ ਬਲਕਿ ਮਾਣ ਦੀ ਪੁੱਠ ਸੀ।
ਮੈਂ ਉਸਨੂੰ ਤਸਵੀਰ ਵਾਪਸ ਕਰਦਿਆਂ ਕਿਹਾ, “ਹੁਣ ਮੈਂ ਚੱਲਦਾਂ, ਤੁਹਾਡੇ ਭਾਈ ਸਾਹਬ ਲਿਫਟ ਦੇ ਰਹੇ ਨੇ।”
ਉਹ ਚੁੱਪਚਾਪ ਖੜ੍ਹੀ ਰਹੀ। ਮੈਂ ਪਲਟ ਕੇ ਕਮਰੇ ਦੇ ਅੰਦਰ ਦੇਖਿਆ...ਉਸਦਾ ਪਤੀ ਗਰਦਨ ਭੁਆਂ ਕੇ ਇਕਟਕ ਮੇਰੇ ਵੱਲ ਦੇਖ ਰਿਹਾ ਸੀ ਤੇ ਉਸਦੇ ਦੋਵੇਂ ਹੱਥ ਕੰਬ ਰਹੇ ਸਨ। ਮੈਂ ਜੀਪ ਵੱਲ ਜਾਣ ਤੋਂ ਪਹਿਲਾਂ ਇਕ ਵਾਰ ਫੇਰ ਸ਼ਰਵਤ ਜਹਾਂਗੀਰ ਵੱਲ ਦੇਖਿਆ ਤੇ ਕਿਹਾ, “ਮੇਰਾ ਇਤਫਾਕਆਤ ਉੱਤੇ ਬਹੁਤਾ ਯਕੀਨ ਤਾਂ ਨਹੀਂ—ਹਾਂ ਏਨਾ ਜ਼ਰੂਰ ਪਤਾ ਏ ਕਿ ਕਦੀ ਕਦੀ ਇਹ ਜ਼ਿੰਦਗੀ ਨਾਲ ਅਜੀਬ-ਅਜੀਬ ਮਜ਼ਾਕ ਵੀ ਕਰ ਦਿੰਦੇ ਨੇ। ਜੇ ਤੁਸੀਂ ਆਪਣੇ ਬੱਚਿਆਂ ਨੂੰ ਮੁਆਫ਼ ਕਰ ਦਿਓ ਤਾਂ ਮੈਂ ਉਹਨਾਂ ਦਾ ਪਤਾ ਤੁਹਾਨੂੰ ਦੇ ਸਕਦਾ ਆਂ। ਉਹ ਆਪਣੇ ਹੀ ਮੁਲਕ ਵਿਚ ਨੇ ਤੇ ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ।”
ਇਹ ਕਹਿ ਕੇ ਮੈਂ ਵਰਾਂਡੇ ਦੇ ਸਾਹਮਣੇ ਹੇਠਾਂ ਤਕ ਜਾਣ ਵਾਲੀ ਪੌੜੀ ਵਲ ਵਧ ਗਿਆ...ਇਸ ਉਮੀਦ ਨਾਲ ਕਿ ਉਹ ਛੇਤੀ ਹੀ ਆਪਣੀ ਹੈਰਾਨੀ ਉੱਤੇ ਕਾਬੂ ਪਾ ਲਏਗੀ ਤੇ ਦੌੜਦੀ ਹੋਈ ਮੇਰੇ ਪਿੱਛੇ-ਪਿੱਛੇ ਆ ਜਾਏਗੀ।
    --- --- ---
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.