Friday, August 20, 2010

ਇਕ ਹੋਰ ਤਥਾਗਤ (ਗੌਤਮ ਬੁੱਧ)...:: ਵਿਜੈ




ਹਿੰਦੀ ਕਹਾਣੀ :
ਇਕ ਹੋਰ ਤਥਾਗਤ (ਗੌਤਮ ਬੁੱਧ)...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਹਰੀਸ਼ਚੰਦਰ ਹੋਸਟਲ ਦੇ ਲਾਨ ਵਿਚ ਰੁੱਖਾਂ ਤੋਂ ਉਤਰਦੀਆਂ-ਚੜ੍ਹਦੀਆਂ ਕਾਟੋਆਂ ਅਚਾਨਕ ਥਾਵੇਂ ਰੁਕ ਗਈਆਂ ਤੇ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਈਆਂ। ਛੱਜਿਆਂ 'ਤੇ ਗੁਟਰਗੂੰ ਕਰ ਰਹੇ ਕਬੂਤਰਾਂ ਨੇ ਚੂੰਝਾਂ ਭੁਆਂ ਕੇ ਅੱਖਾਂ ਮਟਕਾਉਂਦਿਆਂ ਹੋਇਆਂ ਹੈਰਾਨੀ ਪਰਗਟ ਕੀਤੀ...ਓਇ ! ਇਹ ਤਾਂ ਆ ਗਿਆ!!
ਕਮਰ ਅਹਸਨ ਨੇ ਡਾ. ਕਾਮਤਾਨਾਥ ਦੇ ਖਿੜੇ ਹੋਏ ਮੁਖ 'ਚੋਂ ਸੁਣੀ ਸੀ ਕਹਾਣੀ...“ਕਿਹੜਾ ਜੁਰਮ ਨਹੀਂ ਕਰ ਸਕਦਾ, ਇਹ ਸ਼ੰਕਰ ਸਿਨਹਾ ! ਨਵੇਂ ਮੂੰਡਿਆਂ ਤੋਂ ਪੈਸੇ ਖੋਹ ਲੈਣਾ, ਡਰੱਗ ਖੁਆਉਣਾ-ਪਿਆਉਣਾ, ਨਕਲ ਕਰਨਾ-ਕਰਵਾਉਣਾ ਤੇ ਪੈਸੇ ਵਾਲਿਆਂ ਦੇ ਮੂੰਡਿਆਂ ਨੂੰ ਫਰੇਬੀ ਔਰਤਾਂ ਦੇ ਜਾਲ ਵਿਚ ਫਸਾ ਕੇ ਪੈਸੇ ਮਾਂਠਣਾ ਤੇ ਹੋਰ ਪਤਾ ਨਹੀਂ ਕੀ-ਕੀ। ਪਤਾ ਨਹੀਂ ਕਿਹੜੀ ਅਦਿੱਖ ਸ਼ਕਤੀ ਸੀ, ਜਿਸਨੇ ਥਾਣੇਦਾਰ ਗੁਰੂਪ੍ਰਸਾਦ ਦੀ ਆਤਮਾ ਨੂੰ ਹਲੂਣਿਆ ਤੇ ਪੁਲਿਸ ਨੇ ਮੈਥੋਂ ਚੁੱਪਚਾਪ ਪ੍ਰਮੀਸ਼ਨ ਲੈ ਕੇ 'ਏ' ਵਿੰਗ 'ਤੇ ਛਾਪਾ ਮਾਰਿਆ। ਬਰਾਊਨ ਸ਼ੂਗਰ ਦੇ ਨਾਲ ਇਕ ਆਸਟ੍ਰੇਲੀਅਨ ਕੁੜੀ ਵੀ ਫੜ੍ਹੀ ਗਈ ਸ਼ੰਕਰ ਸਿਨਹਾ ਦੇ ਰੂਮ ਵਿਚੋਂ। ਬਲੂ ਫਿਲਮ ਚੱਲ ਰਹੀ ਸੀ।”
ਸੁਖ ਦਾ ਸਾਹ ਲੈਂਦਿਆਂ ਹੋਇਆਂ ਬੋਲੇ ਸਨ ਡਾ. ਕਾਮਤਾਨਾਥ...“ਡਰੱਗ ਪੀਣਾ-ਪਿਆਉਣਾ ਵੱਡਾ ਜੁਰਮ ਏ ਕਮਰ ਭਾਈ ! ਦਸ ਸਾਲ ਲਈ ਅੰਦਰ ਗਿਆ ਸਮਝੋ।” ਕਿਸੇ ਭਿਆਨਕ ਬਿਮਾਰੀ ਤੋਂ ਖਹਿੜਾ ਛੁੱਟਣ ਤੋਂ ਬਾਅਦ ਵਾਲੀ ਸ਼ਾਂਤੀ ਫੈਲ ਗਈ ਸੀ ਡਾ. ਕਾਮਤਾਨਾਥ ਦੇ ਚਿਹਰੇ ਉੱਤੇ।
ਇਕ ਦਿਨ ਬਾਅਦ ਹੀ ਰਾਤ ਨੂੰ ਹਮਲਾ ਹੋਇਆ ਸੀ 'ਏ' ਵਿੰਗ ਉੱਪਰ। ਪਰ ਦੂਜੇ ਵਿੰਗ ਵਾਲੇ ਚਾਹ ਕੇ ਵੀ ਮਦਦ ਕਰਨ ਨਹੀਂ ਸੀ ਆ ਸਕੇ। ਨੀਂਦ 'ਚੋਂ ਜਾਗ ਕੇ ਡਾ. ਕਾਮਤਾਨਾਥ ਨੇ ਹੀ ਹੌਸਲਾ ਕੀਤਾ ਸੀ। ਹੇਠਾਂ ਬਿਜਲੀ ਦਾ ਫਿਊਜ਼ ਲਾ ਕੇ ਚੌਕੀਦਾਰ ਦੀਆਂ ਰੱਸੀਆਂ ਖੋਲ੍ਹੀਆਂ ਸਨ। 'ਏ' ਵਿੰਗ ਦੇ ਕਮਰੇ ਅਸਤਬਲ ਵਾਂਗ ਅਸਤ-ਵਿਅਸਤ ਹੋਏ ਹੋਏ ਸਨ। ਕਿਸੇ ਦਾ ਪਰਸ ਗਾਇਬ ਸੀ, ਕਿਸੇ ਦੀ ਘੜੀ ਗਾਇਬ ਸੀ ਤੇ ਕਿਸੇ ਦਾ ਟੂ-ਇਨ-ਵਨ ਲਾਪਤਾ ਸੀ। ਹਰ ਮੁੰਡਾ ਖ਼ਾਮੋਸ਼ ਸੀ। ਭੈ ਨੇ ਗਲ਼ੇ 'ਚ ਜੰਜ਼ੀਰ ਕਸੀ ਹੋਈ ਸੀ ਤੇ ਆਵਾਜ਼ ਨੂੰ ਫਾਂਸੀ ਲੱਗੀ ਜਾਪਦੀ ਸੀ।
ਕਮਰ ਅਹਸਨ ਨੇ ਦੋ ਦਿਨ ਬਾਅਦ ਇਕ ਮੁੰਡੇ ਨੂੰ ਵਿਸ਼ਵਾਸ ਵਿਚ ਲੈ ਕੇ ਪਤਾ ਕੀਤਾ। ਦੱਬਵੀਂ ਸੁਰ ਵਿਚ ਕਿਹਾ ਸੀ ਮੁੰਡੇ ਨੇ...'ਸਰ! ਮੇਰਾ ਨਾਂ ਨਾ ਆਏ। ਵੀਹ-ਪੱਚੀ ਸੀ ਉਹ; ਪਸਤੌਲ, ਕੱਟੇ, ਡਾਂਗਾਂ ਤੇ ਲੋਹੇ ਦੀਆਂ ਛੜਾਂ ਸਨ ਉਹਨਾਂ ਕੋਲ। ਹਰ ਵਿੰਗ ਵਿਚ ਇਕ ਪਸਤੌਲ-ਧਾਰੀ ਖੜ੍ਹਾ ਸੀ। ਕਹਿ ਗਏ ਨੇ ਕਿ ਸ਼ੰਕਰ ਸਿਨਹਾ ਦੇ ਖ਼ਿਲਾਫ਼ ਕਿਸੇ ਨੇ ਗਵਾਹੀ ਦਿੱਤੀ ਤਾਂ ਰਾਤ ਦਾ ਚੰਦ ਜਾਂ ਸਵੇਰ ਦਾ ਸੂਰਜ ਨਹੀਂ ਦੇਖੇਗਾ।'
ਫੇਰ ਵੀ ਡਾ. ਕਾਮਤਾਨਾਥ ਨੂੰ ਉਮੀਦ ਸੀ ਕਿ ਗੁੰਡਿਆਂ ਦੇ ਡੰਡਿਆਂ ਤੇ ਪਸਤੌਲਾਂ ਨਾਲੋਂ ਕਮਜ਼ੋਰ ਨਹੀਂ ਹੋ ਸਕਦੀ ਪੁਲਿਸ। ਸਭ ਕੁਝ ਉਗਲਵਾ ਲਏਗੀ ਸ਼ੰਕਰ ਸਿਨਹਾ ਤੋਂ ਤੇ ਫੇਰ ਫਾਂਸੀ ਦੇ ਰੱਸੇ ਤੋਂ ਥੋੜ੍ਹੀ ਦੂਰ ਹੀ ਰਹਿ ਜਾਏਗੀ ਉਸਦੀ ਗਰਦਨ। ਪੁਲਿਸ ਲੋਕ ਰਾਜ ਦੇ ਸਰੋਕਾਰਾਂ ਨੂੰ ਅੱਖਾਂ ਮੀਚ ਕੇ ਨਕਾਰ ਨਹੀਂ ਸਕਦੀ।
ਪਰ ਹੋਇਆ ਕੁਝ ਹੋਰ ਹੀ। ਪੰਜਵੇਂ ਦਿਨ ਬੇਦਾਗ ਛੁੱਟ ਆਇਆ ਸ਼ੰਕਰ ਸਿਨਹਾ। ਪਿਛਲੀ ਸ਼ਾਮ ਨੂੰ ਹੀ ਗੁਰੂ ਪ੍ਰਸਾਦ ਐਸ.ਐਚ.ਓ. ਦਾ ਈਮਾਨਦਾਰੀ ਦੇ ਇਨਾਮ ਵਜੋਂ ਇਕ ਨੇਤਾ ਦੇ 'ਹੁਕਮਾਂ' ਅਨੁਸਾਰ ਇਕੱਤੀਵਾਂ ਤਬਾਦਲਾ ਹੋ ਗਿਆ ਤੇ ਏ.ਐਸ.ਆਈ. ਰਹਿਮਤ ਖ਼ਾਂ ਨੇ ਰਿਹਾਈ ਤੋਂ ਪਹਿਲਾਂ ਸ਼ੰਕਰ ਸਿਨਹਾ ਨੂੰ ਚਾਹ ਹੀ ਨਹੀਂ ਪਿਆਈ ਬਲਕਿ ਸਰਕਾਰੀ ਸੈਲਯੂਟ ਵੀ ਕੀਤਾ ਤੇ ਫੁਸਫੁਸਾਇਆ...'ਹੁਜ਼ੂਰ! ਆਪਣੇ ਖਾਦਿਮ ਦਾ ਵੀ ਖ਼ਿਆਲ ਰੱਖਿਆ ਕਰੋ। ਤੁਸੀਂ ਲੋਕ ਈ ਤਾਂ ਸਾਡੇ ਬਦਸ਼ਾਹ ਓ!'
ਹੋਸਟਲ ਵਿਚ ਪਹੁੰਚਦਿਆਂ ਹੀ ਪਾਂਡੁ ਦੇ ਚੂਕਣੇ 'ਤੇ ਲੱਤ ਮਾਰੀ ਸੀ ਸਿਨਹਾ ਨੇ...'ਹਰਾਮੀ ਸਮਝ ਰਿਹਾ ਹੋਏਗਾ ਕਿ ਸ਼ੰਕਰ ਸਾਹਬ ਤਾਂ ਜਹਨੁਮ ਗਏ, ਹੁਣ ਉਹਨਾਂ ਦਾ ਕਮਰਾ ਕਿਉਂ ਸਾਫ ਕੀਤਾ ਜਾਏ!'
ਪੈਰ ਫੜ੍ਹ ਕੇ ਆਪਣੀ ਔਕਾਤ ਦਿਖਾ ਦਿੱਤੀ ਪਾਂਡੁ ਨੇ...'ਨਾ ਸ਼ੰਕਰ ਭਾਈ! ਮੈਂ ਤਾਂ ਬੜੀ ਪ੍ਰਾਥਣਾ ਕੀਤੀ ਕਿ ਤੁਸੀਂ ਛੇਤੀ ਛੁੱਟ ਜਾਓ। ਦੋਖੋ, ਦੋ ਦਿਨਾਂ ਦਾ ਤਮਾਕੂ ਦੀ ਥਾਂ ਲਿੱਦ-ਗੋਹਾ ਈ ਫੱਕੀ ਜਾ ਰਿਹਾਂ ਮੈਂ ਤਾਂ।'
ਲੱਤ ਪਾਂਡੁ ਦੇ ਚੂਕਣੇ 'ਤੇ ਪਈ ਸੀ ਪਰ ਤ੍ਰੇਲੀਆਂ ਦੂਜੇ ਕਮਰਿਆਂ ਦੇ ਮੁੰਡਿਆਂ ਨੂੰ ਆਉਣ ਲੱਗ ਪਈਆਂ ਸਨ। ਸਿਨਹਾ ਹੱਸਿਆ ਨਹੀਂ, ਬੱਦਲ ਵਾਂਗ ਗੜਕਿਆ ਸੀ; ਕੰਬ ਗਏ ਸਨ ਹੱਥਾਂ 'ਚ ਕਿਤਾਬਾਂ ਫੜ੍ਹੀ ਮੁੰਡੇ। ਫ਼ੋਨ ਕਰਕੇ ਪੁੱਛਿਆ ਸੀ ਕਾਮਤਾਨਾਥ ਨੇ ਤਾਂ ਰਹਿਮਤ ਖ਼ਾਂ ਨੇ ਲਖ਼ਨਵੀ-ਜਵਾਬ ਦਿੱਤਾ ਸੀ...'ਹੁਜ਼ੂਰ, ਪੁਲਿਸ ਤੋਂ ਸ਼ਿਨਾਖ਼ਤ ਵਿਚ ਗ਼ਲਤੀ ਹੋ ਗਈ ਸੀ। ਸਿਨਹਾ ਸਾਹਬ ਤਾਂ ਸੜਕ 'ਤੇ ਲਾਚਾਰ ਪਈ ਇਕ ਫਾਰਨਰ ਦੀ ਇਮਦਾਦ ਕਰਨ ਖਾਦਰ ਉਸਨੂੰ ਆਪਣੇ ਕਮਰੇ ਵਿਚ ਚੁੱਕ ਲਿਆਏ ਸਨ। ਖ਼ਾਨਦਾਨੀ ਘਰਾਣੇ ਦੇ ਨੇ ਸਾਹਬ! ਚਚਾ ਜਾਨ ਮੰਤਰੀ ਨੇ।'
ਹੂੰਗਰ ਮਾਰ ਕੇ ਬੇਵੱਸ-ਜਿਹੇ ਬੈਠੇ ਰਹਿ ਗਏ ਸਨ ਕਾਮਤਾਨਾਥ। ਉਹ ਦੂਜੇ ਮੁੰਡਿਆਂ ਦੇ ਜਮੀਰ ਦੀ ਲਾਚਾਰੀ ਵੀ ਸਮਝਦੇ ਹਨ। ਮੁੰਡੇ ਘਰੀਂ ਖ਼ਤ ਲਿਖਦੇ ਹਨ...'ਏਥੇ ਹੰਗਾਮੇਂ ਹੁੰਦੇ ਰਹਿੰਦੇ ਨੇ ਪਾਪਾ!' ਤਾਂ ਜਵਾਬ ਆਉਂਦਾ ਹੈ...'ਮਨ ਲਾ ਕੇ ਪੜ੍ਹਦੇ ਰਹੋ ਬੇਟਾ! ਇਕ ਦਿਨ ਨੌਕਰੀ ਦੀ ਕੁਰਸੀ ਮਿਲ ਜਾਏਗੀ ਤਾਂ ਸਾਰੇ ਦੁੱਖ ਭੁੱਲ ਜਾਣਗੇ।'
ਕਾਮਤਾਨਾਥ ਦਾ ਦਿਲ ਡੁੱਬਣ ਲੱਗਦਾ ਹੈ...ਕੀ ਕਰੇਗੀ ਇਹ ਨੌਕਰੀ ਲਈ ਤਿਆਰ ਹੋ ਰਹੀ ਗਊ ਵਰਗੀ ਨਸਲ? ਜਦੋਂ ਇਹਨਾ ਦੇ ਹੇਠ ਕੁਰਸੀਆਂ ਹੋਣਗੀਆਂ, ਉਦੋਂ ਇਹ ਸਲੂਟਾਂ ਮਾਰਦੇ ਰਹਿਣਗੇ ਆਪਣੇ ਤੋਂ ਵੱਡੇ ਅਫਸਰਾਂ ਨੂੰ...ਤੇ ਉਹਨਾਂ ਦੇ ਹੁਕਮਾਂ ਨਾਲ ਦੇਸ਼ ਦੇ ਕੁਰੂਕਸ਼ੇਤਰ ਨੂੰ ਫਤਹਿ ਕਰਦੇ ਰਹਿਣਗੇ...ਤੇ ਫੇਰ ਆਪਣੇ ਆਪ ਨੂੰ ਸਾਰੇ ਦਿਨ ਦੇ ਪਾਪਾਂ ਤੋਂ ਹੌਲਾ ਕਰਨ ਲਈ ਵਿਆਖਿਆ-ਸਹਿਤ ਧਰਮ-ਗ੍ਰੰਥ ਪੜ੍ਹਦੇ ਰਿਹਾ ਕਰਣਗੇ। ਆਦਮੀ ਜਿੰਨਾ ਬੁਜਦਿਲ ਹੁੰਦਾ ਜਾਦਾ ਹੈ, ਓਨਾ ਹੀ ਧਾਰਮਿਕ ਵੀ।
ਰਾਤ ਦੇ ਇਕ ਵਜੇ ਪਾਂਡੁ, ਖਲਾਸੀ ਰਾਮ, ਲਖੋਰੀ ਤੇ ਬਿਸਵਾ, ਸ਼ੰਕਰ ਸਿਨਹਾ ਦਾ ਪੈਗ਼ਾਮ ਹਰ ਹੋਸਟਲਰ ਨੂੰ ਪਹੁੰਚਾ ਰਹੇ ਸਨ ਕਿ ਦਸ ਮਿੰਟ ਵਿਚ ਹੇਠਾਂ ਆ ਜਾਓ!
ਸਤ ਸੌ ਦੀ ਭੀੜ ਸਾਹਮਣੇ ਪਸਤੌਲ ਫੜ੍ਹੀ ਖੜ੍ਹਾ ਸੀ ਸਿਨਹਾ। ਆਸੇ ਪਾਸੇ ਦੋ ਮੁਸ਼ਟੰਡੇ ਖੜ੍ਹੇ ਸਨ ਤੇ ਸਿਨਹਾ ਦਹਾੜ ਰਿਹਾ ਸੀ...“ਦੱਸੋ ਹਰਾਮਜ਼ਾਦਿਓ! ਕਿਸ ਨੇ ਰਿਪੋਰਟ ਦਿੱਤੀ ਸੀ?”
ਵਿਦਿਆਰਥੀਆਂ ਦੀ ਉਹ ਭੀੜ ਜਿਹੜੀ ਜਪਾਨ ਵਿਚ ਨਿਜ਼ਾਮ ਬਦਲ ਸਕਦੀ ਹੈ, ਚੀਨ ਦੇ ਟਿਨਾਮੇਨ ਸਕਵੇਅਰ ਵਿਚ ਆਪਣਾ ਖ਼ੂਨ ਬਹਾਅ ਸਕਦੀ ਹੈ, ਪਾਲਤੂ ਕੁੱਤਿਆਂ ਵਾਂਗ ਸਹਿਮੀ, ਹਰੀਸ਼ਚੰਦਰ ਹੋਸਟਲ ਦੇ ਲਾਨ ਵਿਚ, ਖੜ੍ਹੀ ਸੀ। ਇਕ ਇਕ ਕਰਕੇ ਉਹ ਮਿਆਂਕ ਰਹੇ ਸਨ...'ਮੈਂ ਨਹੀਂ ਸ਼ੰਕਰ ਭਾਈ!' ਇਹੋ ਮਿਆਂਕੂ ਬੇ-ਲੋੜੇ ਸੰਘਰਸ਼ਾਂ ਵਿਚ ਬੱਸਾਂ ਸਾੜ ਦੇਂਦੇ ਨੇ ਤੇ ਜਗ੍ਹਾ ਜਗ੍ਹਾ ਪੱਥਰਾਅ ਕਰਕੇ ਆਪਣੇ ਜਮੀਰ ਸ਼ਾਂਤ ਕਰ ਲੈਂਦੇ ਨੇ।
ਸ਼ੀਂਹ ਦੀ ਤੋਰ ਤੁਰਦਾ ਸਿਨਹਾ ਡਾ. ਕਾਮਤਾਨਾਥ ਵਾਰਡਨ ਦਾ ਦਰਵਾਜ਼ਾ ਖੜਕਾਉਂਦਾ ਹੈ। ਜਾਗਦੇ ਹੋਏ ਕਾਮਤਾਨਾਥ ਅੱਖਾਂ ਵਿਚ ਨੀਂਦ ਦੀ ਖੁਮਾਰੀ ਦੇ ਭਾਵ ਲਿਆ ਕੇ ਦਰਵਾਜ਼ਾ ਖੋਲ੍ਹਦੇ ਨੇ...“ਹੈਲੋ ਸ਼ੰਕਰ!”
ਹੈਲੋ ਦੇ ਜਵਾਬ ਵਿਚ ਸ਼ੰਕਰ ਸਿਨਹਾਂ ਮੂੰਹ ਉੱਤੇ ਗਾਲ੍ਹ ਦੇ ਨਾਲ ਸਵਾਲ ਦਾ ਪੱਥਰ ਮਾਰਦਾ ਹੈ...'ਕਿਉਂ ਕਿਵੇਂ ਐਂ ਪ੍ਰੋਫ਼ੈਸਰ!' ਤਕਸ਼ਿਲਾ, ਨਾਲੰਦਾ ਤੇ ਸ਼ਾਂਤੀ ਨਿਕੇਤਨ ਦੀ ਪਤ ਸੀਤਾ ਵਾਂਗ ਧਰਤੀ 'ਚ ਸਮਾਅ ਜਾਣਾ ਚਾਹੁੰਦੀ ਹੈ। ਵਕਤ ਦਾ ਰਾਵਣ ਹੱਸਦਾ ਹੈ...ਸਾਡੀ ਫੀਸ ਦੇ ਟੁਕੜਿਆਂ ਉੱਪਰ ਪਲਦਾ ਏ ਤੇ ਸਾਡਾ ਹੀ ਵਿਰੋਧ ਕਰਦਾ ਏ? ਢੱਠੇ ਖੂਹ 'ਚ ਗਈ ਤੇਰੀ ਪੁਸਤਕ-ਸੰਸਕ੍ਰਿਤੀ! ਤੇਰੇ ਪੜ੍ਹਾਏ ਕੁਰਸੀਆਂ ਉੱਤੇ ਠੁੱਸ ਹੋਏ ਬੈਠੇ ਨੇ...ਜਾਨ ਹੈ ਤਾਂ ਸਿਰਫ ਉਹਨਾਂ ਦੀਆਂ ਹਥੇਲੀਆਂ ਵਿਚ, ਜਿਹੜੀਆਂ ਰਿਸ਼ਵਤ ਲੈਣ ਖਾਤਰ ਫੈਲੀਆਂ ਰਹਿੰਦੀਆਂ ਨੇ।
ਮੌਨ ਦੇ ਪ੍ਰਤੀ-ਉੱਤਰ ਵਿਚ ਦਹਾੜਿਆ ਸੀ ਸ਼ੰਕਰ ਸਿਨਹਾ...“ਬੁੜ੍ਹਿਆ! ਐਤਕੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਤਾਂ ਡੈਮ ਬਣਾ ਰਹੇ ਤੇਰੇ ਇਕਲੌਤੇ ਇੰਜੀਨੀਅਰ ਪੁੱਤਰ ਦੀ ਲਾਸ਼ ਨਦੀ ਵਿਚ ਤੈਰਦੀ ਮਿਲੇਗੀ! ਅਸਾਂ ਯਾਰਾਂ ਦੇ ਯਾਰ ਆਂ, ਦੁਸ਼ਮਣਾ ਲਈ ਤਲਵਾਰ ਆਂ!”
ਕਮਰ ਅਹਸਨ ਦੀ ਹੱਥੇਲੀ, ਹੱਥਾਂ ਵਿਚ ਘੁੱਟ ਕੇ ਅਤੀਤ ਵਿਚ ਤੈਰ ਗਏ ਸਨ ਡਾ. ਕਾਮਤਾਨਾਥ...'ਇਸੇ ਕਾਲੇਜ ਵਿਚ ਆਜ਼ਾਦੀ ਦੇ ਦੀਵਾਨਿਆਂ ਨਾਲ ਰਿਹਾ ਆਂ ਕਮਰ ਭਰਾ! ਪੁਲਿਸ ਦੀ ਡਾਂਗ ਨਾਲ ਹੱਥ ਦੀ ਹੱਡੀ ਟੁੱਟ ਗਈ ਸੀ। ਬਿਸ਼ਨ ਨੇ ਗੋਲੀ ਖਾਣ ਲਈ ਛਾਤੀ ਤਾਣ ਲਈ ਸੀ। ਉਦੋਂ ਵੀ ਇੱਥੋਂ ਦੇ ਕੁਝ ਮੁੰਡਿਆਂ ਕੋਲ ਪਸਤੌਲ, ਕੱਟੇ ਤੇ ਤਲਵਾਰਾਂ ਹੁੰਦੀਆਂ ਸੀ। ਪਰ ਉਹਨਾਂ ਦੀ ਪ੍ਰਤੀਗਿਆ ਸੀ ਕਿ ਜਦੋਂ ਤੱਕ ਇਹ ਦੇਸ਼ ਆਜ਼ਾਦ ਨਹੀਂ ਹੋ ਜਾਏਗਾ ਉਦੋਂ ਤੱਕ ਅਸੀਂ ਸਾਧੂਆਂ ਵਾਲੀ ਜ਼ਿੰਦਗੀ ਬਿਤਾਵਾਂਗੇ। ਸਾਡੇ ਪਸਤੌਲ ਦੀ ਹਰ ਗੋਲੀ ਗ਼ੁਲਾਮੀ ਦੀ ਜੰਜ਼ੀਰ ਨੂੰ ਤੋੜੇਗੀ। ਅਸੀਂ ਵੀ ਗੱਡੀ ਦੀਆਂ ਪਟੜੀਆਂ ਉਖਾੜੀਆਂ ਨੇ, ਬਿਜਲੀ ਦੇ ਤਾਰ ਕੱਟੇ ਐ, ਪਰ ਅੱਜ ਦੇ ਵਿਦਿਆਰਥੀ ਦੇ ਮੂੰਹੋਂ ਗਾਲ੍ਹਾਂ ਨਿਕਲਦੀਆਂ ਨੇ, ਨਾ ਕਿ ਬੰਦੇ ਮਾਤਰਮ। ਉਹ ਚਿਹਰੇ ਜਿਹਨਾਂ ਵਿਚ ਸੰਸਕਾਰ ਤੇ ਸੱਚ ਦਗਦਾ ਹੁੰਦਾ ਸੀ, ਪਤਾ ਨਹੀਂ ਕਿੱਥੇ ਗਵਾਚ ਗਏ ਨੇ!”
ਕਮਰ ਅਹਸਨ ਹੱਥੇਲੀ ਥਾਪੜ ਕੇ ਕਹਿੰਦੇ ਨੇ...“ਭਾਈ ਜਾਨ! ਵਕਤ ਬਦਲ ਗਿਆ ਏ। ਵੈਲਯੂਜ਼ ਬਦਲ ਰਹੀਆਂ ਨੇ।”
“ਕਿਹਨਾਂ ਵੈਲਯੂਜ਼ ਦੀ ਗੱਲ ਕਰਦੇ ਓ ਤੁਸੀਂ? ਜੇ ਗੁੰਡਾਗਰਦੀ ਅੱਜ ਦੀ ਵੈਲਯੂ ਹੈ ਤਾਂ ਆਪਣੇ ਬੇਟੇ ਨੂੰ ਗੁੰਡਾ ਕਿਉਂ ਨਹੀਂ ਬਣਾਉਂਦੇ? ਮੰਨਿਆਂ ਕਿ ਪਸਤੌਲ ਸਿਰਫ ਸ਼ੰਕਰ ਸਿਨਹਾ ਦੇ ਹੱਥ ਵਿਚ ਸੀ, ਪਰ ਦੋ ਹੱਥ ਤਾਂ ਹਰੇਕ ਮੁੰਡੇ ਕੋਲ ਸਨ। ਇਹਨਾਂ ਦੋ ਹੱਥਾਂ ਵਾਲਿਆਂ ਦੇ ਦਿਲਾਂ ਵਿਚ ਗਿੱਦੜ ਕਿਸ ਬਿਠਾਲ ਦਿੱਤੇ ਨੇ, ਕਿ ਉਹ ਜੁਲਮ ਨੂੰ ਸਮੇਂ ਦਾ ਇਨਸਾਫ ਮੰਨ ਬੈਠੇ ਨੇ? ਕੱਲ੍ਹ ਇਹ ਦੋ ਹੱਥ ਸਰਕਾਰੀ ਬੰਦੂਕਾਂ ਫੜ੍ਹ ਕੇ ਸਰਹੱਦ ਉੱਤੇ ਦੁਸ਼ਮਣ ਨੂੰ ਸੌਂਪ ਕੇ ਨਿਹਾਲ ਹੋ ਸਕਦੇ ਨੇ। ਜਾਲਿਮ ਤਾਂ ਹਰ ਯੁੱਗ ਵਿਚ ਹੋਏ ਨੇ ਪਰ ਜੁਲਮ ਦਾ ਬਦਲਾ ਤੇ ਵਿਰੋਧ ਕਰਨ ਵਾਲੇ ਕਿਤੇ ਵੱਧ ਹੁੰਦੇ ਸੀ ਉਦੋਂ। ਕੌਣ ਚੁਰਾ ਕੇ ਲੈ ਗਿਆ ਇਸ ਉਮਰ ਦਾ ਤਪੱਸਵੀ ਕਿ ਬਚ ਗਈ ਹੈ ਸਿਰਫ ਵਾਸਨਾ?”
ਕਮਰ ਅਹਸਨ ਨੂੰ ਪਤਾ ਹੈ ਕਿ ਡਾ. ਕਾਮਤਾਨਾਥ ਪ੍ਰਿੰਸੀਪਲ ਨੂੰ ਜਾ ਕੇ ਦੱਸਣਗੇ, ਪਰ ਕੀ ਪ੍ਰਿੰਸੀਪਲ ਗਣੇਸ਼ ਸਿੰਘ ਕੁਝ ਕਰੇਗਾ? ਸ਼ੰਕਰ ਸਿਨਹਾ ਵਰਗੇ ਗੁੰਡਿਆਂ ਦੀਆਂ ਪਸਤੌਲਾਂ ਹੀ ਤਾਂ ਨਿਰਵਿਘਨ ਨਕਲ ਕਰਵਾਉਂਦੀਆਂ ਹਨ। ਨਕਲ ਹੀ ਕਿਉਂ, ਜਵਾਬਾਂ ਦੀ ਪ੍ਰਾਂਪਟਿੰਗ ਹੁੰਦੀ ਹੈ ਖੁੱਲ੍ਹੇਆਮ ਕੁਝ ਮੁੰਡਿਆਂ ਲਈ। ਕਾਲੇਜ ਦਾ ਨਤੀਜਾ ਸੌ ਫੀ ਸਦੀ ਆਉਂਦਾ ਹੈ ਅੱਜਕੱਲ੍ਹ। ਮੈਨ ਆਫ ਦੀ ਕਾਲੇਜ ਦਾ ਪੁਰਸਕਾਰ ਦਿੱਤਾ ਹੈ ਪ੍ਰਿੰਸੀਪਲ ਨੇ ਪਿਛਲੇ ਸਾਲ ਸ਼ੰਕਰ ਸਿਨਹਾ ਨੂੰ। ਇਸ ਜਾਦੂਈ ਚਿਰਾਗ਼ ਕਰਕੇ ਹੀ ਤਾਂ ਗਣੇਸ਼ ਸਿੰਘ ਦੀ ਮਹੱਤਵ ਕਾਇਮ ਹੈ।
ਪ੍ਰਿੰਸੀਪਲ ਨੇ ਮੱਥੇ ਵੱਟ ਪਾ ਕੇ ਲਿਤਾੜਿਆ ਸੀ ਡਾ. ਕਾਮਤਾਨਾਥ ਨੂੰ। ਸ਼ਬਦ ਗਰਮ ਤੇਲ ਦੇ ਤੁਬਕਿਆਂ ਵਾਂਗ ਕੰਨਾਂ ਵਿਚ ਜਾ ਰਹੇ ਸਨ ਤੇ ਆਤਮਾ ਛਾਲਿਆਂ ਨਾਲ ਭਰਦੀ ਜਾ ਰਹੀ ਸੀ...“ਖ਼ੂਬ ਤਮਾਸ਼ਾ ਕੀਤਾ ਈ ਤੁਸੀਂ! ਪੰਦਰਾਂ ਦਿਨਾਂ ਲਈ ਬਾਹਰ ਕੀ ਗਿਆ ਕਿ ਆਪਣੇ ਕਾਲੇਜ ਦੀ ਪੈਂਠ ਹੀ ਮਿਟਾਅ ਦਿੱਤੀ। ਤੁਸੀਂ ਆਫ਼ੀਸ਼ਿਏਟ ਕਰ ਰਹੇ ਸੀ। ਸਮਝਾ-ਬੁਝਾਅ ਲੈਂਦੇ ਸ਼ੰਕਰ ਨੂੰ। ਇਨਟੈਲੀਜੈਂਟ ਲੜਕਾ ਏ, ਤੇ ਉੱਪਰ ਤੱਕ ਰਸੂਖ਼ ਵੀ ਏ ਉਸਦਾ। ਪਤਾ ਈ ਕੀ ਕਿਹੈ ਨੇਤਾਜੀ ਨੇ?...'ਕਿਉਂ ਭਾਈ ਗਣੇਸ਼ ਸਿੰਘ! ਬੜੀ ਤਾਰੀਫ ਕਰਦੇ ਸੀ ਨੰਬਰ ਟੂ ਦੀ ਕਿ ਬੜੇ ਕਾਬਿਲ ਨੇ ਡਾ. ਕਾਮਤਾਨਾਥ। ਉਹਨਾਂ ਤੋਂ ਬਿਹਤਰ ਤਾਂ ਮਿੱਟੀ ਦਾ ਬਾਵਾ ਬਿਠਾਅ ਦਿੱਤਾ ਹੁੰਦਾ।' ਕੌਣ ਪੁਲਿਸ ਨੂੰ ਬੁਲਾਅ ਕੇ ਤਲਾਸ਼ੀ ਦੀ ਇਜਾਜ਼ਤ ਦੇ ਸਕਦਾ ਏ?”
“ਪੁਲਿਸ ਪੂਰੀ ਜਾਣਕਾਰੀ ਨਾਲ ਆਈ ਸੀ ਸਿੰਘ ਸਾਹਬ! ਸਾਨੂੰ ਸ਼ੰਕਰ ਕਰਕੇ ਦੂਜੇ ਮੰਡਿਆਂ ਦਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੀਦਾ।” ਜ਼ਖ਼ਮੀ ਆਵਾਜ਼ ਵਿਚ ਕਿਹਾ ਸੀ ਕਾਮਤਾਨਾਥ ਨੇ।
“ਕੀ ਕਰ ਲਿਆ ਤੁਸੀਂ ਜਾਂ ਉਸ ਗੁਰੂ ਪ੍ਰਸਾਦ ਨੇ? ਅੱਜ ਤੱਕ ਸਿੰਗਾਂ ਵਾਲਾ ਭੇਡੂ ਹੁੰਦਾ ਸੀ, ਹੁਣ ਸਾਂਨ੍ਹ ਬਣ ਗਿਆ ਈ ਸ਼ੰਕਰ। ਕਾਲੇਜ ਵੱਖਰਾ ਬਦਨਾਮ ਹੋਇਆ ਏ। ਓ ਬਈ ਨਿਜਾਮ ਦੀ ਹਵਾ ਦੇ ਨਾਲ ਹੀ ਤਾਂ ਚੱਲਦੇ ਨੇ ਲੋਕ। ਜੇ ਸਰਕਾਰ ਚਾਹੇ ਤਾਂ ਇਕ ਗੁੰਡਾ ਸਟੂਡੈਂਟ ਕਾਲੇਜ ਵਿਚ ਦਿਖਾਈ ਨਹੀਂ ਦਏਗਾ। ਪਰ ਕੌਣ ਚਾਹੁੰਦਾ ਏ ਇੰਜ? ਇਹਨਾਂ ਬਾਕੀ ਭੇਡਾਂ-ਰੂਪੀ ਮੁੰਡਿਆਂ ਦਾ ਕੀ ਨੇਤਾ ਲੋਕ ਆਚਾਰ ਪਾਉਣਗੇ? ਗੁੰਡੇ ਹੀ ਤਾਂ ਵੋਟ ਦੁਆਉਂਦੇ ਨੇ। ਗੁੰਡੇ ਜਦੋਂ ਕੰਮ ਆਉਂਦੇ ਨੇ ਤਾਂ ਉਹਨਾਂ ਨੂੰ ਝੱਲਨਾਂ ਵੀ ਤਾਂ ਸਿਖਣਾ ਪਏਗਾ ਸਾਨੂੰ। ਅੱਜ ਦੇ ਨਿਜਾਮ ਦੀ ਪ੍ਰਾਣ-ਸ਼ਕਤੀ ਨੇ ਇਹ ਗੁੰਡੇ!”
ਪ੍ਰਤਿਮਾ ਸ਼ਾਸਤਰੀ ਨੇ ਕਾਫੀ ਦਾ ਕੱਪ ਫੜਾਉਂਦਿਆਂ ਹੋਇਆਂ ਕਿਹਾ ਸੀ...“ਸਰ! ਭੁੱਲ ਜਾਓ ਏਸ ਅਪਮਾਨ ਨੂੰ। ਵਾਰਡਨ ਸ਼ਿਪ ਛੱਡ ਦਿਓ। ਤੁਸੀਂ ਆਂਕੜੇ ਦੇਖੋ ਤਾਂ ਪਤਾ ਲੱਗਦੇ ਕਿ ਪਹਿਲਾਂ ਨਾਲੋਂ ਕਿੰਨੇ ਗੁਣਾ ਵਧ ਗਈ ਹੈ ਪੁਲਿਸ, ਸੀ.ਆਰ.ਪੀ. ਤੇ ਹੋਰ ਪੈਰਾਮਿਲਿਟ੍ਰੀ ਤਾਕਤਾਂ, ਪਰ ਪੀੜੇ ਨੂੰ ਨਪੀੜਿਆ ਹੀ ਜਾ ਰਿਹੈ। ਦੇਸ਼-ਧਰੋਹੀ ਸਮਗਲ ਮਾਣਯੋਗ ਸੱਜਣ ਬਣ ਗਏ ਨੇ। ਸਕੂਲ ਮਾਸਟਰ ਕੁੱਟ ਖਾਂਦਾ ਰਹਿੰਦਾ ਏ ਤੇ ਮੁਸ਼ਕਿਲ ਨਾਲ ਦਸਵੀਂ ਤੱਕ ਪੜ੍ਹਿਆ ਕਾਂਸਟੇਬਲ ਡੰਡਾ ਫੜ੍ਹ ਕੇ ਕਮਜ਼ੋਰ ਭੀੜ ਨੂੰ ਡਰਾਉਂਦਾ ਫਿਰਦਾ ਏ ਤੇ ਕ੍ਰਿਮਿਨਲਸ ਦੇ ਕਮਿਸ਼ਨ 'ਤੇ ਐਸ਼ ਕਰਦਾ ਏ। ਨੈਤਿਕ ਅਤੀਤ, ਅਰਾਜਕ ਹੋ ਰਹੇ ਵਰਤਮਾਨ ਦੀ ਸਹਾਇਤਾ ਕਰਨ ਤੋਂ ਅਸਮਰਥ ਹੈ। ਸਰ, ਤੁਸੀਂ ਹੀ ਤਾਂ ਮੈਨੂੰ ਰਾਜਨੀਤੀ ਤੇ ਸਿਧਾਂਤ ਪੜ੍ਹਾਉਂਦੇ ਹੋਏ ਦੱਸਦੇ ਹੁੰਦੇ ਸੌ...'ਰਾਜਨੀਤੀ ਦਾ ਸਾਧੂ ਵੀ ਸੱਚ ਤੇ ਨਿਆਂ ਦੀ ਮੂਰਤੀ ਨੂੰ ਇਕ ਲੱਤ ਜ਼ਰੂਰ ਮਾਰਦਾ ਏ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ।”
ਆਪਣੀ ਕਲਾਸ ਦੇ ਵਿਦਿਆਰਥੀਆਂ ਤੱਕ ਪ੍ਰਤਿਮਾ ਸ਼ਾਸਤਰੀ ਨੇ ਡਾ. ਕਾਮਤਾਨਾਥ ਦਾ ਦੁੱਖ ਪਹੁੰਚਾਉਣਾ ਚਾਹਿਆ...ਨਤੀਜਾ ਬੜੀ ਛੇਤੀ, ਦੂਜੇ ਦਿਨ ਹੀ, ਸਾਹਮਣੇ ਆ ਗਿਆ। ਪੋਸਟਰਸ, ਹੈਂਡਬਿਲਸ ਤੇ ਨਾਅਰੇ...ਕਾਮਤਾਨਾਥ ਤੇ ਪ੍ਰਤਿਮਾ ਸ਼ਾਸਤਰੀ ਦੇ 'ਸੰਬੰਧਾਂ' ਨੂੰ ਲੈ ਕੇ। ਗੌਤਮ, ਗਾਂਧੀ ਦਾ ਦੇਸ਼ ਅਨੈਤਿਕਤਾ ਨਹੀਂ ਸਹੇਗਾ! ਸਮਾਜਵਾਦ ਜ਼ਿੰਦਾਬਾਦ!
ਡਾ. ਕਾਮਤਾਨਾਥ ਨੇ ਜਲੂਸ ਵਿਚ ਉਹਨਾਂ ਵਿਦਿਆਰਥੀਆਂ ਨੂੰ ਉਤੇਜਿਤ ਨਾਅਰੇ ਲਾਉਂਦਿਆਂ ਦੇਖਿਆ, ਜਿਹਨਾਂ ਦੇ ਲਟਕੇ ਹੋਏ ਹੱਥ ਸ਼ੰਕਰ ਸਿਨਹਾ ਦੀ ਇਕਲੌਤੀ ਪਸਤੌਲ ਸਾਹਵੇਂ ਲੂਲ੍ਹੇ ਹੋ ਕੇ ਝੂਲ ਰਹੇ ਸਨ।
ਇਕ ਵਾਰੀ ਫੇਰ ਹਾਰੇ ਹੋਏ ਪਰਤੇ ਸਨ ਡਾ. ਕਾਮਤਾਨਾਥ, ਪ੍ਰਿੰਸੀਪਲ ਦਾ ਪ੍ਰਵਚਨ ਸੁਣ ਕੇ...'ਤੁਸੀਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਥਾਂ ਸਮੱਸਿਆਵਾਂ ਦਾ ਪਟਾਰਾ ਬਣ ਗਏ ਓ ਪ੍ਰੋਫ਼ੈਸਰ ਸਾਹਬ! ਤੁਹਾਡਾ ਕੰਮ ਸੀ ਪੜ੍ਹਾਉਣਾ, ਹੋਸਟਲ ਵਿਚ ਸਫਾਈ, ਖਾਣੇ-ਪੀਣੇ ਦੀ ਦੇਖਭਾਲ ਕਰਨਾ...ਉਹ ਤਾਂ ਤੁਹਾਥੋਂ ਹੋਇਆ ਨਹੀਂ, ਕਾਂਢ 'ਤੇ ਕਾਂਢ ਕਰੀ ਜਾ ਰਹੇ ਓ! ਗਾਂਧੀ ਬਣਨ ਦੀ ਤਮੰਨਾਂ ਹੋਏ ਤਾਂ ਖੜ੍ਹੇ ਹੋ ਜਾਓ, ਸ਼ੰਕਰ ਸਿਨਹਾ ਦੀ ਪਸਤੌਲ ਦੇ ਸਾਹਮਣੇ! ਪੁਲਿਸ ਦੀ ਬਹੀ ਵਿਚ ਤੁਹਾਡੀ ਹੱਤਿਆ, ਆਤਮ-ਹੱਤਿਆ ਬਣ ਕੇ ਰਹਿ ਜਾਏਗੀ। ਤੁਸੀਂ ਆਪੁ ਈ ਅਸਤੀਫਾ ਦੇ ਜਾਓ...ਇਹ ਮੇਰੀ ਨੇਕ ਸਲਾਹ ਏ। ਪਾਣੀ ਹੁਣ ਸਿਰ ਤੋਂ ਉੱਪਰ ਲੰਘ ਚੁੱਕਿਆ ਏ।'
ਪ੍ਰਤਿਮਾ ਸ਼ਾਸਤਰੀ ਡਾ. ਕਾਮਤਾਨਾਥ ਦੀ ਹਾਰ ਨੂੰ ਜਿੱਤ ਵਿਚ ਬਦਲਨ ਲਈ ਦੌੜੀ ਸੀ...'ਤੁਸੀਂ ਜਾਣਦੇ ਓ ਕਿ ਸਫੇਦ ਝੂਠ ਹੈ ਇਹ? ਸਨੇਹ ਦੇ ਮੰਦਰ ਨੂੰ ਕੁੜਾਘਰ ਬਣਾਉਣ ਵਿਚ ਮਦਦ ਕਰ ਰਹੇ ਓ!'
ਮੈਂ ਕੋਈ ਜੱਜ ਨਹੀਂ ਮਿਸ ਪ੍ਰਤਿਮਾ, ਕਿ ਸੱਚ ਤੇ ਝੂਠ ਨੂੰ ਕਸੌਟੀ 'ਤੇ ਘਿਸਦਾ ਰਹਾਂ। ਨਾ ਹੀ ਮੈਂ ਪੁਲਿਸ ਹਾਂ ਕਿ ਕਿਸੇ ਨੂੰ ਰੋਕਾਂ। ਮੇਰਾ ਕੰਮ ਮੁੰਡਿਆਂ ਦੀ ਪੜ੍ਹਾਈ ਤੱਕ ਹੈ, ਨਾ ਕਿ ਪ੍ਰੋਫ਼ੈਸਰ ਤੇ ਲੈਕਚਰਰ ਦੇ ਸੰਬੰਧਾਂ ਦੀ ਛਾਨਬੀਣ ਜਾਂ ਫੈਸਲੇ ਕਰਾਉਣ ਦਾ।'
ਹੈਰਾਨੀ ਨਾਲ ਦੇਖਦੀ ਰਹਿ ਗਈ ਸੀ ਪ੍ਰਤਿਮਾ ਸ਼ਾਸਤਰੀ। ਮਹਿਸੂਸ ਹੋਇਆ ਕਿ ਪ੍ਰਿੰਸੀਪਲ ਨਹੀਂ ਹੈ ਗਣੇਸ਼ ਸਿੰਘ, ਪੱਠੇ ਕੁਤਰਨ ਵਾਲੀ ਮਸ਼ੀਨ ਹੈ ਜਾਂ ਸੌ ਪ੍ਰਤੀਸ਼ਤ ਰਿਜਲਟ ਛਾਪਣ ਵਾਲੀ ਮਸ਼ੀਨ। ਕੋਈ ਮਰੇ ਭਾਵੇਂ ਜਿਊਂਵੇ, ਉਸਨੂੰ ਪ੍ਰਵਾਹ ਨਹੀਂ। ਸ਼ੰਕਰ ਸਿਨਹਾ ਉਸਦਾ ਹਥਿਆਰ ਹੈ ਜਿਸ ਦੇ ਸਹਾਰੇ ਉਹ ਸੌ ਪ੍ਰਤੀਸ਼ਤ ਰਿਜਲਟ ਪ੍ਰਾਪਤ ਕਰ ਸਕਦਾ ਹੈ ਤੇ ਨਾਮਨਾ ਖੱਟ ਸਕਦਾ ਹੈ।
ਰੋਂਦੀ ਪ੍ਰਤਿਮਾ ਨੂੰ ਡਾ. ਕਾਮਤਾਨਾਥ ਨੇ ਭਰੜਾਈ ਆਵਾਜ਼ ਵਿਚ ਸਮਝਾਇਆ...'ਰੋ ਕੇ ਕੁਛ ਹਾਸਲ ਨਹੀਂ ਹੋਏਗਾ ਪ੍ਰਤਿਮਾ! ਸਮਾਜ ਲਈ ਭਾਵਨਾਵਾਂ ਦਾ ਕੋਈ ਮੁੱਲ ਨਹੀਂ। ਸੱਚ ਨਾਲ ਉਸਦਾ ਢਿੱਡ ਨਹੀਂ ਭਰਦਾ। ਵਿਗਿਆਨ ਤੇ ਇਮਾਨ ਨੂੰ ਵੇਚ ਕੇ ਉਹ ਆਸਾਨੀ ਨਾਲ ਆਪਣੇ ਮਹਿਲ ਬਣਾ ਕੇ ਰਹਿ ਸਕਦਾ ਹੈ। ਇਸੇ ਲਈ ਅੱਜ ਹਰੇਕ ਪਿਤਾ ਆਪਣੇ ਪੁੱਤਰ ਨੂੰ ਨੈਤਿਕ ਬਲ ਦੀ ਜਗ੍ਹਾ ਪੈਸੇ ਕਮਾਉਣ ਦੇ ਇੰਜੈਕਸ਼ਨ ਲਗਵਾ ਰਿਹਾ ਏ। ਇਹਨਾਂ ਇਨਜੈਕਸ਼ਨਾਂ ਨਾਲ ਖੜ੍ਹੇ ਕੀਤੇ ਢਾਂਚੇ, ਕੀ ਕਦੀ ਜੁਲਮ ਦਾ ਵਿਰੋਧ ਕਰ ਸਕਦੇ ਨੇ? ਅੱਜ ਇਕ ਵੀ ਅਭਿਮੰਨਿਊ ਮੈਨੂੰ ਨਜ਼ਰ ਨਹੀਂ ਆ ਰਿਹਾ। ਹਰੇਕ ਮੁੰਡੇ ਦੇ ਹੱਥ ਝੂਲ ਰਹੇ ਨੇ ਜਾਂ ਸ਼ੰਕਰ ਸਿਨਹਾ ਵਾਂਗ ਪਸਤੌਲ ਫੜ੍ਹੀ, ਡਰੱਗ ਵੇਚ ਰਹੇ ਨੇ ਜਾਂ ਕੁਰਸੀ ਵਿਚ ਧਸ ਕੇ ਰਿਸ਼ਵਤ ਲੈ ਰਹੇ ਨੇ। ਤੁਸੀਂ ਨੌਕਰੀ ਕਰਨੀ ਹੈ ਤਾਂ ਮੂੰਹ ਉੱਤੇ ਜਿੰਦਰਾ ਮਾਰ ਲਓ...ਜ਼ਿੰਦਗੀ ਨੂੰ ਸਮੇਂ ਦੀ ਨਦੀ ਵਿਚ ਸ਼ਵ-ਆਸਨ ਲਾ ਕੇ ਛੱਡ ਦਿਓ।'
ਅਸਤੀਫਾ ਦੇ ਕੇ ਨਿਕਲੇ ਤਾਂ ਗਾਂਧੀ ਭਵਨ ਦੀ ਛੱਤ ਤੋਂ ਕਿਸੇ ਨੇ ਗੰਜੀ ਟਿੰਡ ਉੱਪਰ ਟਮਾਟਰ ਮਾਰਿਆ ਤੇ ਨਾਅਰਾ ਲਾਇਆ...'ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ! ਜੋ ਹਮ ਸੇ ਟਕਰਾਏਗਾ, ਚੂਰ ਚੂਰ ਹੋ ਜਾਏਗਾ।' ਹੇਠਾਂ ਖੜ੍ਹਾ ਨੌਜਵਾਨ ਲੈਕਚਰਰ ਮਧੁਕਾਂਤ ਆਪਣੀ ਸਹਿਯੋਗੀ ਮਾਲਿਨੀ ਦੀ ਹਾਸੀ 'ਤੇ ਮੁਸਕੁਰਾਹਟ ਦਾ ਇਤਰ ਛਿੜਕਦਾ ਹੋਇਆਂ ਕੁਝ ਫੁਸਫੁਸਾਇਆ।
ਜਵਾਹਰਲਾਲ ਭਵਨ ਦੀ ਖਿੜਕੀ ਵਿਚੋਂ ਝਾਕ ਕੇ ਫਿਲਾਸਫੀ ਦੇ ਪ੍ਰਵਕਤਾ ਮਨਹਰ ਅਵਸਥੀ ਕਹਿੰਦੇ ਨੇ...“ਜੜ ਦਾ ਜੀਵਨ ਜ਼ਮੀਨ ਦੇ ਅੰਦਰ ਹੁੰਦਾ ਹੈ। ਤਣਾ ਕੈਸਾ ਹੈ, ਜਾਂ ਫਲ ਰਸੀਲੇ ਨੇ ਜਾਂ ਨਹੀਂ, ਉਸ ਨਾਲ ਜੜ ਦਾ ਕੋਈ ਸਰੋਕਾਰ ਨਹੀਂ ਹੁੰਦਾ। ਪ੍ਰੋਫ਼ੈਸਰ ਕਾਮਤਾਨਾਥ ਦੀ ਇਹੀ ਤਾਂ ਤਰਾਸਦੀ ਹੈ!”
ਹੱਸਦੀ ਹੈ ਮੀਤਾ ਨਿਗਮ...“ਫਿਲਾਸਫਰ ਤੇ ਆਮ ਆਦਮੀ ਵਿਚ ਇਹੋ ਤਾਂ ਇਕ ਹੱਥ ਦਾ ਅੰਤਰ ਹੁੰਦਾ ਏ। ਆਮ ਆਦਮੀ ਸਿੱਧੀ ਨੱਕ ਫੜਦਾ ਏ ਤੇ ਫਿਲਾਸਫਰ ਗਰਦਨ ਪਿੱਛੋਂ ਘੁਮਾਅ ਕੇ।”
ਮਖਨ ਲਾਉਂਦੇ ਨੇ ਇਤਿਹਾਸ ਦੇ ਵਿਆਖਿਆਕਾਰ ਰੂਪ ਸਿੰਘ...“ਕੀ ਗੱਲ ਆਖੀ ਏ ਮੀਤਾ ਜੀ! ਇਸ ਦੇਸ਼ ਦੀ ਬਦਕਿਸਮਤੀ ਇਹ ਐ ਕਿ ਲੋਕ ਹੱਸਦੇ ਨਹੀਂ। ਖੁੱਲ੍ਹ ਕੇ ਹੱਸਣ ਨਾਲ ਦੇਸ਼ ਮਜਬੂਤ ਹੁੰਦਾ ਏ। ਹਿਊਮਰ ਸੌ ਬਿਮਾਰੀਆਂ ਦਾ ਸ਼ਰਤੀਆ ਇਲਾਜ਼ ਏ। ਸਾਡਾ ਲੋਕਤੰਤਰ ਰੋਂਦਾ ਜ਼ਿਆਦਾ ਏ, ਹੱਸਦਾ ਘੱਟ...ਏਸੇ ਲਈ ਭੁੱਖਾ ਤੇ ਗਰੀਬ ਏ।”
ਠਹਾਕਾ ਡਾ. ਕਾਮਤਾਨਾਥ ਦੇ ਟਮਾਟਰ ਨਾਲ ਭਿੱਜੇ ਗੰਜੇ ਸਿਰ ਉੱਪਰੋਂ ਪਤਝੜ ਦੇ ਪੱਤੇ ਵਾਂਗ ਸਰਸਰਾਉਂਦਾ ਹੋਇਆ ਨਿਕਲ ਜਾਂਦਾ ਹੈ। ਗੇਟ 'ਤੇ ਸ਼ੰਕਰ ਸਿਨਹਾ ਲੱਕ 'ਤੇ ਹੱਥ ਰੱਖੀ ਖੜ੍ਹਾ ਸੀ। ਪ੍ਰੋਫ਼ੈਸਰ ਸਾਹਬ ਕੋਲ ਆਏ ਤਾਂ ਚਿੜਾਉਣ ਲਈ ਝੁਕ ਕੇ ਸਲਾਮ ਕੀਤਾ ਤੇ ਫਿਰ ਤਣ ਕੇ ਖੜ੍ਹਾ ਹੋ ਗਿਆ।
ਸੁੰਨਮੁੰਨ ਜਿਹੇ ਹੋਏ, ਡਾ. ਕਾਮਤਾਨਾਥ ਅੰਦਰ ਅਚਾਨਕ ਊਰਜਾ ਜਾਗ ਪਈ ਹੈ ਤੇ ਉਹ ਤਥਾਗਤ (ਗੌਤਮਬੁੱਧ) ਵਾਂਗ ਅਸ਼ੀਰਵਾਦ ਦੀ ਮੁੱਦਰਾ ਵਿਚ ਹੱਥ ਚੁੱਕ ਲੈਂਦੇ ਨੇ। ਸਾਹਮਣੇ ਅਜਿੱਤ ਉਂਗਲੀਮਾਰ ਖੜ੍ਹਾ ਸੀ। ਝੁਕੇ ਹੋਏ ਮੋਢਿਆਂ ਤੇ ਲਟਕੇ ਹੋਏ ਹੱਥਾਂ ਵਾਲੀ ਵਿਦਿਆਰਥੀਆਂ ਦੀ ਭੀੜ ਆਪਣੇ ਗਿੱਦੜ ਵਾਂਗ ਧੱਕ-ਧੱਕ ਕਰਦੇ ਦਿਲਾਂ ਨਾਲ ਇਹ ਦੇਖਣ ਲਈ ਖੜ੍ਹੀ ਸੀ ਕਿ ਅੱਜ ਕੌਣ ਜਿੱਤਦਾ ਹੈ?

    ੦੦੦  ੦੦੦  ੦੦੦

ਪੰਜਾਬੀ ਟ੍ਰਿਬਿਊਨ…. 01/08/2010

ਸੋਹਬਤ ਦੀ ਖੁਸ਼ਬੋ... :: ਕਾਜ਼ੀ ਮੁਸ਼ਤਾਕ ਅਹਿਮਦ

ਪਾਕੀ ਉਰਦੂ ਕਹਾਣੀ :
ਸੋਹਬਤ ਦੀ ਖੁਸ਼ਬੋ...
ਲੇਖਕ : ਕਾਜ਼ੀ ਮੁਸ਼ਤਾਕ ਅਹਿਮਦ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਯਾਸਮੀਨ ਨੇ ਪਹਿਲੀ ਵਾਰ ਆਪਣੇ ਪਤੀ ਦੇ ਕੁਆਟਰ ਵਿਚ ਪੈਰ ਪਾਏ ਸਨ ਤੇ ਸਰਜੂ ਨੇ ਬੜੇ ਹੀ ਰਵਾਇਤੀ ਢੰਗ ਨਾਲ ਉਸ ਨੂੰ 'ਜੀ ਆਇਆਂ' ਕਿਹਾ ਸੀ। ਸਰਜੂ, ਅਕਰਮ ਦੀ ਨੌਕਰਾਣੀ ਸੀ। ਉਹ ਪਿੱਛਲੇ ਛੇ ਮਹੀਨਿਆਂ ਤੋਂ ਇੱਥੇ ਇਕੱਲਾ ਰਹਿ ਰਿਹਾ ਸੀ ਤੇ ਏਨੇ ਦਿਨ ਸਰਜੂ ਹੀ ਉਸ ਦਾ ਖਾਣਾ ਪਕਾਉਂਦੀ, ਕੱਪੜੇ ਧੋਂਦੀ ਤੇ ਨਿੱਕੇ-ਮੋਟੇ ਕੰਮ ਸੰਵਾਰਦੀ ਰਹੀ ਸੀ। ਪਰ ਪਤਾ ਨਹੀਂ ਕਿਉਂ—ਕਾਲੀ, ਕੋਝੀ, ਤੁੱਥ-ਮੁੱਥ ਜਿਹੀ ਸਰਜੂ, ਜਿਸ ਦੇ ਕੱਪੜਿਆਂ ਵਿਚੋਂ ਬੋ ਆਉਂਦੀ ਸੀ ਯਾਸਮੀਨ ਨੂੰ ਪਹਿਲੀ ਨਜ਼ਰੇ ਹੀ ਚੰਗੀ ਨਹੀਂ ਸੀ ਲੱਗੀ। ਅਕਰਮ ਵਰਗਾ ਸਫਾਈ ਪਸੰਦ ਬੰਦਾ ਜਿਸ ਨੂੰ ਇਸ ਪੱਖੋਂ ਸਨਕੀ ਵੀ ਕਿਹਾ ਜਾ ਸਕਦਾ ਸੀ, ਏਨੀ ਗੰਦੀ ਨੌਕਰਾਣੀ ਨਾਲ ਕਿੰਜ ਨਿਭ ਰਿਹਾ ਸੀ ? ਅਕਰਮ ਨੂੰ ਵੰਨ-ਸੁਵੰਨੇ ਪ੍ਰਫਿਊਮ ਲਾਉਣ ਦਾ ਬੜਾ ਸ਼ੌਕ ਸੀ। ਜਦੋਂ ਕਿਤੇ ਬਾਹਰ ਜਾਣ ਦਾ  ਪ੍ਰੋਗਰਾਮ ਹੁੰਦਾ, ਉਸ ਦੇ ਇਸੇ ਸ਼ੌਕ ਕਰਕੇ ਦੇਰ ਹੋ ਜਾਂਦੀ। ਯਾਸਮੀਨ ਰਤਾ ਅਕੇਵੇਂ ਜਿਹੇ ਨਾਲ ਕਹਿੰਦੀ, ''ਹਜ਼ੂਰ ਤੁਸਾਂ ਕੋਈ ਦੂਸਰੀ ਸ਼ਾਦੀ ਨਹੀਂ ਕਰਵਾਉਣੀ ਤੇ ਨਾ ਹੀ ਕਿਸੇ ਵੇਖਣ ਆਏ ਸਾਹਮਣੇ ਜਾਣਾ ਏਂ—ਫੇਰ ਭਲਾ ਇਹ ਮੇਕਅਪ ਕਿਸ ਖਾਤਰ ?''
''ਬਸ ਆਦਤ ਈ ਪੈ ਗਈ ਏ ਜਾਨੇ ਮਨ। ਜੇ ਇਹ ਆਦਤ ਨਾ ਹੁੰਦੀ ਤਾਂ ਤੇਰੇ ਵਰਗੀ ਜਨੱਤ ਦੀ ਹੂਰ ਨੂੰ ਕਿਸ ਤਰ੍ਹਾਂ ਫਾਹ ਲੈਂਦੇ ?...ਤੇ ਫੇਰ ਤੇਰੀ ਮੇਰੀ ਪਸੰਦ ਵੀ ਤੇ ਇਕੋਂ ਜਿਹੀ ਏ ਨਾ---ਤੂੰ ਸਫਾਈ ਪਸੰਦ ਏਂ ਤੇ ਮੰਨੂੰ ਪ੍ਰਫਿਊਮਜ਼ ਵੀ ਪਸੰਦ ਨੇ।''
''ਤੇ ਬੈਂਗਨਾ ਦਾ ਭੜਥਾ...''
''ਊਂ-ਹੂੰ ! ਪਤਾ ਨਹੀਂ ਕਿੱਥੇ ਫਰਕ ਪੈ ਗਿਆ...ਮੈਨੂੰ ਤਾਂ ਬੈਂਗਨਾ ਦੇ ਨਾਂਅ ਤੋਂ ਚਿੜ ਏ।''
''ਤੇ  ਗੋਭੀ ?''
''ਇਸ ਦਾ ਤਾਂ ਨਾਂਅ ਸੁਣ ਕੇ ਈ ਉਲਟੀ ਆਉਣ ਵਾਲੀ ਹੋ ਜਾਂਦੀ ਏ।''
ਪਰ ਯਾਸਮੀਨ ਨੇ ਅਕਰਮ ਦੇ ਕੁਆਟਰ ਦੇ ਪਿੱਛਲੇ ਹਿੱਸੇ ਵਿਚ ਏਸੇ ਕਿਸਮ ਦੀਆਂ ਸਾਰੀਆਂ ਸਬਜ਼ੀਆਂ ਲੱਗੀਆਂ ਵੇਖੀਆਂ। ਕੋਈ ਛੇ ਕੁ ਮਹੀਨੇ ਪਹਿਲਾਂ ਅਕਰਮ ਇੱਥੇ ਕ੍ਰਿਸ਼ਨਾ ਡੈਮ ਦਾ ਇੰਜੀਨੀਅਰ ਬਣ ਕੇ ਆਇਆ ਸੀ। ਵਿਆਹ ਪਿੱਛੋਂ ਉਹ ਛੇ ਮਹੀਨੇ ਇਕੱਠੇ ਰਹੇ ਸਨ ਤੇ ਫੇਰ ਅਕਰਮ ਦੀ ਟਰਾਂਸਫਰ ਹੋ ਗਈ ਸੀ। ਉਹ ਇਕੱਲਾ ਹੀ ਇੱਥੇ ਆਇਆ ਸੀ। ਉਸ ਸਹੂਰੇ ਘਰ ਰਹੀ। ਉਸ ਦੀ ਸੱਸ ਬੜੀ ਭਲੀ ਤੀਵੀਂ ਸੀ। ਨੂੰਹ-ਪੁੱਤ ਨੂੰ ਬੜਾ ਹੀ ਪਿਆਰ ਕਰਦੀ ਸੀ। ਵਿਆਹ ਪਿੱਛੋਂ ਉਸ ਨੇ ਯਾਸਮੀਨ ਨੂੰ ਕਦੀ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਉਹ ਕਹਿੰਦੀ, ''ਬਹੂ ਆਪਣੇ ਬੰਦੇ ਨਾਲ ਜਾ ਕੇ ਕੰਮ ਕਰਦੀ ਰਹੀਂ, ਅਜੇ ਵਿਆਹ ਨੂੰ ਦਿਨ ਹੀ ਕਿਹੜੇ ਹੋਏ ਨੇ—ਮੌਜਾਂ-ਮਾਣੋ, ਸੈਰ-ਸਪਾਟੇ ਕਰੋ। ਬਾਲ-ਬੱਚੇ ਹੋ-ਗੇ ਫੇਰ ਚੁੱਲ੍ਹੇ ਚੌਂਕੇ ਤੋਂ ਛੁਟਕਾਰਾ ਕਿੱਥੇ?''
''ਘਰੇ ਵਿਹਲੀ ਬਹਿ ਬਹਿ ਬੋਰ ਹੋ ਜਾਂਦੀ ਆਂ ਬੇ-ਜੀ।''
''ਲੈ ਦੱਸ, ਬੋਰ ਕਿਉਂ ਹੋਣਾ ਏਂ...ਕਿਤਾਬਾਂ ਪੜ੍ਹੋ ਬੇਟਾ, ਤਾਸ਼ ਖੇਲੋ, ਰੇਡੀਓ ਸੁਣੋ, ਸਮਾਂ ਬੀਤ ਜਾਂਦਾ ਏ। ਪੰਜਾਂ ਛੇਆਂ ਘੰਟਿਆਂ ਦੀ ਤਾਂ ਗੱਲ ਹੁੰਦੀ ਏ ਸਾਰੀ। ਸ਼ਾਮੀਂ ਅਕਰਮ ਆ ਈ ਜਾਂਦਾ ਏ ਤੁਸੀਂ ਸੈਰ ਕਰਨ ਚਲੇ ਜਾਇਆ ਕਰੋ।''
ਅਕਰਮ ਘਰ ਆ ਕੇ ਮੂੰਹ ਹੱਥ ਧੋਂਦਾ ਤੇ ਮਾਂ ਉਸ ਨੂੰ ਚਾਹ ਫੜਾ ਕੇ ਕਹਿੰਦੀ, ''ਸਾਰਾ ਦਿਨ ਘਰੇ ਬੈਠੀ ਵਿਚਾਰੀ ਬੋਰ ਹੁੰਦੀ ਰਹਿੰਦੀ ਏ, ਜਾਹ ਬਹੂ ਨੂੰ ਬਾਰਹ ਘੁਮਾਅ ਫਿਰਾਅ ਈ ਲਿਆ ਬੇਟਾ।'' ਅਕਰਮ ਮਖੌਲ ਕਰਦਾ, ''ਬੇ-ਜੀ, ਤੁਸੀਂ ਕਿਹੋ ਜਿਹੀ ਸੱਸ ਓ? ਡਾਂਗ ਫੜ ਕੇ ਮਿਜਾਜ਼ ਦਰੁਸਤ ਕਰ ਦਿਓ, ਬਹੂ ਦੇ। ਮੇਰੇ ਨਾਲ ਇਕੱਲਿਆਂ ਰਹਿਣਾ ਪਿਆ ਤਾਂ ਸਿਰ 'ਤੇ ਚੜ੍ਹ ਜੂ-ਗੀ।''
''ਮੇਰੀ ਚੰਨ ਵਰਗੀ ਨੂੰਹ ਅਜਿਹੀ ਨਹੀਂ ਹੋ ਸਕਦੀ।'' ਮਾਂ ਪੂਰੇ ਵਿਸ਼ਵਾਸ ਨਾ ਕਹਿੰਦੀ, ''ਹਜ਼ਾਰਾਂ 'ਚੋਂ ਇਕ ਏ। ਪੂਰੇ ਦੋ ਸਾਲ ਮੈਂ ਲੱਭਦੀ ਰਹੀ...ਤਾਂ ਕਿਤੇ ਇਹ ਚੰਨ ਘਰ ਆਇਆ ਏ।''
ਅਕਰਮ ਛੇੜਦਾ, ''ਚੱਲ ਚੰਨ ਬੀਬਾ, ਯਾਸਮੀਨ ਸੁਲਤਾਨਾ ਤੈਨੂੰ ਲਲਤਾ ਪਵਾਰ ਦੀ ਫਿਲਮ ਈ ਵਿਖਾ ਲਿਆਈਏ ਬਈ ਆਦਰਸ਼ ਸੱਸਾਂ ਕਿਹੋ ਜਿਹੀਆਂ ਹੁੰਦੀਆਂ ਨੇ!''
ਦੋਵੇਂ ਸਕੂਟਰ ਉੱਤੇ ਬੈਠ ਕੇ ਸੈਰ ਸਪਾਟਾ ਕਰਨ ਨਿਕਲ ਜਾਂਦੇ। ਯਾਸਮੀਨ ਅਕਰਮ ਦਾ ਮਨ ਪਸੰਦਾ ਇਤਰ ਹਿਨਾ ਲਾਉਣਾ ਕਦੀ ਨਹੀਂ ਸੀ ਭੁੱਲਦੀ। ਅਕਰਮ ਕਹਿੰਦਾ, ''ਜਾਨੇਮਨ! ਅਤਰ ਹਿਨਾ ਦੀ ਖੁਸ਼ਬੋ ਮੈਨੂੰ ਨਸ਼ਿਆ ਦੇਂਦੀ ਏ। ਮੈਨੂੰ ਖੁਸ਼ ਵੇਖਣਾ ਚਾਹੇਂ ਤਾਂ ਇਸ ਅਤਰ ਹਿਨਾ ਨੂੰ ਆਪਣੇ ਦਾਮਨ 'ਚ ਛਿਪਾਅ ਕੇ ਰੱਖੀਂ।''
ਤੇ ਫੇਰ ਅਕਰਮ ਇਕੱਲਾ ਹੀ ਡਿਊਟੀ 'ਤੇ ਚਲਾ ਗਿਆ ਸੀ। ਮਾਂ ਪ੍ਰੇਸ਼ਾਨ ਰਹਿਣ ਲੱਗ ਪਈ ਸੀ। ਉਹ ਆਖਦੀ, ''ਬਹੂ ਜਵਾਨ ਮੂੰਡਾ ਏ, ਉਸ ਨੂੰ ਇਕੱਲਿਆਂ ਛੱਡਣਾ ਠੀਕ ਨਹੀਂ। ਤੂੰ ਛੇਤੀ ਤੋਂ ਛੇਤੀ ਉਸ ਕੋਲ ਜਾਂਦੀ ਰਹੂ।''
''ਪਰ ਬੇ-ਜੀ ਤੁਸੀਂ ਇਕੱਲੇ...''
''ਬਾਗਾਂ ਦੇ ਮਸਲੇ ਨਾ ਹੁੰਦੇ ਤਾਂ ਮੈਂ ਵੀ ਨਾਲ ਈ ਚਲੀ ਚਲਦੀ। ਪਰ ਤੁੰ ਮੇਰੀ ਫਿਕਰ ਨਾ ਕਰ... ਮੇਰੇ ਮਨ ਵਿਚ ਹੋਰ ਦੇ ਹੋਰ ਖਿਆਲ ਈ ਆਈ ਜਾਂਦੇ ਨੇ। ਤੂੰ ਅਕਰਮ ਨੂੰ ਖਤ ਲਿਖ ਕੇ ਏਥੇ ਬੁਲਾਅ ਲੈ...''
ਕੁਝ ਦਿਨ ਯਾਸਮੀਨ ਟਾਲ-ਮਟੋਲ ਕਰਦੀ ਰਹੀ। ਜਦੋਂ ਮਾਂ ਨੇ ਕਈ ਵਾਰੀ ਕਿਹਾ ਤਾਂ ਉਸ ਨੇ ਅਕਰਮ ਨੂੰ ਖ਼ਤ ਲਿਖ ਦਿੱਤਾ।
ਅਕਰਮ ਨੇ ਆ ਕੇ ਪੁੱਛਿਆ ਸੀ, ''ਤੂੰ ਉੱਥੇ ਇਕੱਲੀ ਰਹਿ ਲਏਂਗੀ—ਉਸ ਜੰਗਲ ਵਿਚ?''
''ਜਿੱਥੇ ਤੁਸੀਂ, ਉੱਥੇ ਮੈਂ।''
''ਬਈ ਸੋਚ ਲੈ, ਬੋਰ ਹੋ ਜਾਇਆ ਕਰੇਂਗੀ।''
''ਸੋਚ ਲਿਆ...''
'ਮੇਰੀ ਫਿਕਰ ਨਾ ਕਰ ਪਈ। ਮੈਂ ਇਕੱਲਾ ਰਹਿਣਾ ਗਿੱਝ ਗਿਆਂ...'' ਅਕਰਮ ਨੇ ਕਿਹਾ, ''ਸਰਜੂ ਖਾਣਾ ਪਕਾ ਜਾਂਦੀ ਏ, ਕੱਪੜੇ ਧੋ ਜਾਂਦੀ ਏ। ਕਿਸੇ ਗੱਲ ਦੀ ਰਤਾ ਵੀ ਔਖ ਨਹੀਂ।''
''ਮੈਂ ਤੁਹਾਡੇ ਨਾਲ ਈ ਜਾਵਾਂਗੀ।''
''ਤੇ ਬੇ-ਜੀ...?''
'ਉਹ ਕਿੰਜ ਜਾ ਸਕਦੇ ਨੇ ਭਲਾ? ਬਾਗਾਂ ਦਾ ਮਾਮਲਾ ਜੋ ਏ।''
''ਠੀਕ ਏ, ਜੇ ਤੇਰੀ ਇਹੋ ਇੱਛਾ ਏ ਤਾਂ ਮੈਨੂੰ ਮੰਜ਼ੂਰ ਏ।''
ਤੇ ਇੰਜ ਯਾਸਮੀਨ ਆਪਣੇ ਪਤੀ ਦੇ ਨਾਲ ਕ੍ਰਿਸ਼ਨਾ ਡੈਮ ਕਲੋਨੀ ਵਿਖੇ ਉਸ ਦੇ ਕੁਆਟਰ ਵਿਚ ਪਹੁੰਚ ਗਈ।
ਅਕਰਮ ਉਸ ਨੂੰ ਉੱਥੇ ਛੱਡ ਕੇ ਡਿਊਟੀ 'ਤੇ ਚਲਾ ਗਿਆ। ਸਰਜੂ ਘਰੇਲੂ ਕੰਮ ਧੰਦਿਆਂ ਵਿਚ ਉਸ ਦਾ ਹੱਥ ਵੰਡਾਉਣ ਲੱਗੀ।
'ਸਰਜੂ ਅਹਿ ਸਬਜ਼ੀਆਂ ਕਿਸ ਨੇ ਬੀਜੀਆਂ ਨੇ ?''
''ਮੈਂ ਬੀਬੀ ਜੀ। ਬੈਂਗਨ ਨੇ, ਗੋਭੀ ਏ, ਕੱਦੂ ਨੇ।''
'ਕੌਣ ਖਾਂਦਾ ਏ, ਇਹ ਸਭ ਕੁਝ?''
 ''ਸਾਹਬ !'' ਉਹ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਵਿੰਹਦੀ ਰਹਿ ਗਈ। ਫੇਰ ਬੋਲੀ, ''ਸਾਹਬ ਨੂੰ ਗੋਭੀ ਦੀ ਭਾਜੀ ਬੜੀ ਪਸੰਦ ਏ ਤੇ ਬੈਂਗਨਾਂ ਦਾ ਭੜਥਾ ਵੀ...''
'ਕੀ ਪਈ ਬਕਦੀ ਏਂ ?''
'ਸੌਂਹ ਪਾ ਦਿਓ, ਬੀਬੀ ਜੀ। ਪਹਿਲੀ ਵੇਰ ਭਾਜੀ ਬਣਾਈ ਤਾਂ ਰਤਾ ਨਾਰਾਜ਼ ਹੋ ਗਏ...ਪਰ ਇਹ ਜੰਗਲ ਦਾ ਇਲਾਕਾ ਏ ਨਾ, ਨਿੱਤ ਨਿੱਤ ਮੀਟ ਮੁਰਗਾ ਨਹੀਂ ਲਿਆਂਦਾ ਜਾ ਸਕਦਾ ਕਿਤੋਂ। ਸਾਹਬ ਨੂੰ ਮੇਰੇ ਹੱਥ ਦਾ ਬਣਿਆਂ ਬੈਂਗਨਾਂ ਦਾ ਭੜਥਾ ਵੀ ਬੜਾ ਈ ਪਸੰਦ ਏ...ਤੁਹਾਨੂੰ ਵੀ ਬਣਾਅ ਕੇ ਖੁਆਵਾਂਗੀ?''
''ਠੀਕ ਏ, ਠੀਕ ਏ।''
ਤੇ ਸਰਜੂ ਆਪਣੇ ਕੰਮ ਵਿਚ ਜੁਟ ਗਈ।
'ਤੇਰੀ ਤਨਖ਼ਾਹ ਕਿੰਨੀ ਏਂ ਸਰਜੂ?''
''ਜੀ, ਪੰਜਾਹ ਰੁਪਏ ਮਹੀਨਾ।''
''ਪੰਜਾਹ ਰੁਪਏ ?'' ਯਾਸਮੀਨ ਨੂੰ ਏਨੀ ਘੱਟ ਤਨਖ਼ਾਹ ਉੱਤੇ ਬੜੀ ਹੈਰਾਨੀ ਹੋਈ ਸੀ।
''ਤੁਸੀਂ ਆਖੋ ਤਾਂ ਪੰਜ ਰੁਪਏ ਹੋਰ ਘੱਟ ਲੈ ਲਿਆ ਕਰਾਂਗੀ...ਪਰ ਮੈਨੂੰ ਹਟਾਇਓ ਨਾ ਬੀਬੀ ਜੀ। ਜਦੋਂ ਦੇ ਸਾਹਬ ਇਸ ਕਲੋਨੀ ਵਿਚ ਆਏ ਨੇ, ਮੈਨੂੰ ਰੁਜਗਾਰ ਮਿਲ ਗਿਐ।''
''ਨਹੀਂ ਬਈ ਮੈਂ ਤਾਂ ਤੇਰੀ ਤਨਖ਼ਾਹ ਵਧਾਉਣ ਬਾਰੇ ਸੋਚ ਰਹੀ ਸਾਂ।''
''ਸੱਚ ਮਾਲਕਣ...।''
''ਬਿਲਕੁਲ ਸੱਚ। ਇਸ ਮਹੀਨੇ ਤੋਂ ਹੀ ਦਸ ਰੁਪਏ ਵਧਾਏ...ਪਰ ਇਕ ਸ਼ਰਤ ਏ...''
''ਦੱਸੋ ਜੀ ? ਕੀ ?''
'ਤੂੰ ਹਰ ਰੋਜ਼ ਨਹਾਅ ਕੇ ਆਇਆ ਕਰੇਂਗੀ। ਤੇਰੇ ਕੱਪੜਿਆਂ ਵਿਚੋਂ ਬੜੀ ਬੋ ਆਉਂਦੀ ਏ। ਕੀ ਕਦੀ ਸਾਹਬ ਨੇ ਨਹੀਂ ਟੋਕਿਆ?''
''ਸ਼ੁਰੂ ਸ਼ੁਰੂ ਵਿਚ ਇਕ ਦੋ ਵਾਰੀ ਗੁੱਸੇ ਹੋਏ ਸਨ ਪਰ ਹੁਣ ਕੁਝ ਨਹੀਂ ਆਖਦੇ।''
''ਤੇ, ਆਹ ਸਾੜ੍ਹੀ ਲੈ ਜਾ,'' ਯਾਸਮੀਨ ਨੇ ਉਸ ਨੂੰ ਆਪਣੀ ਇਕ ਪੁਰਾਣੀ ਸਾੜ੍ਹੀ ਦੇਂਦਿਆਂ ਕਿਹਾ, ''ਕੱਲ੍ਹ ਤੋਂ ਇਹ ਬੰਨ੍ਹ ਕੇ ਆਵੀਂ।''
'ਅੱਛਾ ਬੀਬੀ ਜੀ। ਹੁਣ ਤੁਸੀਂ ਆਰਾਮ ਕਰ ਲਵੋ। ਬਾਹਰ ਕੱਪੜੇ ਸੁੱਕ ਰਹੇ ਨੇ, ਮੈਂ ਧਿਆਨ ਰੱਖਦੀ ਹਾਂ। ਸਾਹਬ ਆਉਣਗੇ ਤਾਂ ਚਲੀ ਜਾਵਾਂਗੀ।''
ਸਰਜੂ ਬਾਹਰ ਜਾ ਕੇ ਬੈਠ ਗਈ।
ਯਾਸਮੀਨ ਬੂਹਾ ਬੰਦ ਕਰਕੇ ਪਲੰਘ ਉੱਤੇ ਜਾ ਲੇਟੀ। ਲੰਮੇਂ ਸਫਰ ਨੇ ਥਕਾਅ ਮਾਰਿਆ ਸੀ। ਕੁਝ ਚਿਰ ਪਿੱਛੋਂ ਹੀ ਬਾਹਰ ਅਕਰਮ ਦੀ ਆਵਾਜ਼ ਸੁਣੀ, ''ਸਰਜੂ ਤੇਰੇ ਬੀਬੀ ਜੀ ਕੀ ਕਰ ਰਹੇ ਨੇ?''
''ਸੁੱਤੇ ਹੋਏ ਨੇ।''
'ਹੁਣ ਫੇਰ ਤੂੰ ਕਿੱਥੇ ਮਿਲੇਂਗੀ?'' ਬੜੀ ਮੱਧਮ ਆਵਾਜ਼ ਵਿਚ ਅਕਰਮ ਨੇ ਪੁੱਛਿਆ ਸੀ। ਯਾਸਮੀਨ ਤ੍ਰਬਕ ਕੇ ਬਿਸਤਰੇ 'ਚੋਂ ਉੱਠੀ ਤੇ ਖਿੜਕੀ ਕੋਲ ਜਾ ਕੇ ਬਾਹਰ ਦੇਖਣ ਲੱਗ ਪਈ। ਬਾਹਰ ਅਕਰਮ ਸਰਜੂ ਦੇ ਕਾਫੀ ਨੇੜੇ ਖੜ੍ਹਾ ਸੀ। ਯਾਸਮੀਨ ਦਾ ਜੀਅ ਕਾਹਲਾ ਪੈਣ ਲੱਗ ਪਿਆ। ਭਲਾ ਅਕਰਮ ਵਰਗਾ ਸਫਾਈ ਪਸੰਦ ਆਦਮੀ, ਗੰਦੀ ਸਰਜੂ ਦੇ ਏਨਾ ਨੇੜੇ ਕਿਉਂ ਖੜ੍ਹਾ ਹੈ? ਉਸ ਨੂੰ ਗੁੱਸਾ ਚੜ੍ਹ ਗਿਆ, ਪਰ ਉਹ ਵਿਚੇ-ਵਿਚ ਪੀ ਗਈ। ਉਸ ਨੂੰ ਆਪਣੀ ਸੱਸ ਦੀ ਨਸੀਹਤ ਯਾਦ ਆ ਗਈ ਸੀ, 'ਬਹੂ ਅਕਰਮ ਜ਼ਬਾਨ ਦਾ ਮਾੜਾ ਏ, ਦਿਲ ਦਾ ਨਹੀਂ। ਉਸ ਨਾਲ ਕਦੀ ਨਾ ਝਗੜੀਂ। ਗ੍ਰਹਿਸਤੀ ਵਿਚ ਇਕ ਵਾਰ ਝਗੜਾ ਹੋ ਜਾਵੇ ਤਾਂ ਸਦਾ ਦਾ ਕਲੇਸ਼ ਬਣ ਜਾਂਦਾ ਏ। ਔਰਤ ਦਾ ਜਨਮ ਇਸ ਲਈ ਹੋਇਆ ਏ ਕਿ ਉਹ ਹਰੇਕ ਦੁੱਖ ਨੂੰ ਦਾਰੂ ਸਮਝ ਕੇ ਪੀ ਲਵੇ।'
ਬਾਹਰ ਸਰਜੂ ਅਕਰਮ ਨੂੰ ਕਹਿ ਰਹੀ ਸੀ, ''ਨਹੀਂ ਸਾਹਬ, ਹੁਣ ਕਦੇ ਨਹੀਂ। ਜੇ ਤੁਸੀਂ ਜ਼ਿੱਦ ਕੀਤੀ ਤਾਂ ਮੈਂ ਨੌਕਰੀ ਛੱਡ ਦਿਆਂਗੀ। ਹੁਣ ਮਾਲਕਿਨ ਆ ਗਈ ਏ...ਕਿੰਨੀ ਹੁਸੀਨ ਏ ਉਹ? ਅਸੀਂ ਗਰੀਬ ਲੋਕ ਢਿੱਡ ਭਰਨ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਆਂ, ਪਰ ਕਿਸੇ ਦਾ ਵੱਸਦਾ-ਰੱਸਦਾ ਘਰ ਨਹੀਂ ਉਜਾੜਦੇ ਫਿਰਦੇ।''
''ਸਰਜੂ...''
''ਨਹੀਂ ਬਾਬੂ ਜੀ, ਹੁਣ ਕਦੇ ਵੀ ਨਹੀਂ। ਤੁਸੀਂ ਇਕੱਲੇ ਸੌ, ਉਦੋਂ ਦੀ ਗੱਲ ਹੋਰ ਸੀ।'' ਤੇ ਉਹ ਕਾਹਲੀ ਨਾਲ ਬਾਹਰ ਵੱਲ ਤੁਰ ਗਈ।
ਯਾਸਮੀਨ ਵੀ ਖਿੜਕੀ ਕੋਲੋਂ ਹਟ ਕੇ ਡਰੈਸਿੰਗ ਟੇਬਲ ਕੋਲ ਆ ਖੜ੍ਹੀ ਹੋਈ। ਉਸ ਨੇ ਅਕਰਮ ਦਾ ਮਨਪਸੰਦ ਅਤਰ ਹਿਨਾ ਆਪਣੇ ਕੱਪੜਿਆਂ ਉੱਤੇ ਸਪਰੇ ਕੀਤਾ ਤੇ ਕੁੰਡਾ ਖੜਕਾਏ ਜਾਣ ਦਾ ਇੰਤਜ਼ਾਰ ਕਰਨ ਲੱਗੀ।
ਜਦੋਂ ਅਕਰਮ ਨੇ ਬੂਹਾ ਖੜਕਾਇਆ, ਉਸ ਨੇ ਝੱਟ ਖੋਲ੍ਹ ਦਿੱਤਾ। ਅਕਰਮ ਰਤਾ ਘਬਰਾ ਗਿਆ, ''ਤੂੰ ਜਾਗ ਰਹੀ ਸੈਂ?''
'ਬੱਸ ਹੁਣੇ ਹੀ ਜਾਗੀ ਆਂ,'' ਯਾਸਮੀਨ ਨੇ ਰਤਾ ਮੁਸਕਰਾ ਕੇ ਕਿਹਾ, ''ਅੰਦਰ ਤਾਂ ਲੰਘ ਆਓ ਹਜ਼ੂਰ...''
ਉਸ ਦੇ ਅੰਦਰ ਆਉਂਦਿਆਂ ਹੀ ਯਾਸਮੀਨ ਨੇ ਬੂਹੇ ਭੀੜ ਕੇ ਝੱਲਿਆਂ ਵਾਂਗ ਉਸ ਨੂੰ ਜੱਫੀ ਪਾ ਲਈ ਜਿਵੇਂ ਕੋਈ ਗਵਾਚਾ ਖਜਾਨਾ ਲੱਭ ਪਿਆ ਹੋਵੇ। ਪਰ ਅਕਰਮ ਨੇ ਰਤਾ ਵੀ ਬੇਸਬਰੀ ਨਾ ਵਿਖਾਈ। ਹੌਲੀ ਹੌਲੀ ਉਸ ਨੂੰ ਆਪਣੇ ਨਾਲੋਂ ਵੱਖ ਕਰਕੇ ਬੋਲਿਆ, ''ਜਾਨੇਮਨ ਤੂੰ ਬੜੀ ਬੇਦਰਦੀ ਨਾਲ ਅਤਰ ਹਿਨਾਂ ਛਿੜਕਿਆ ਹੋਇਆ ਏ...ਸਿਰ 'ਚ ਪੀੜ ਹੋਣ ਲੱਗ ਪਈ ਏ, ਇਸ ਤਿੱਖੀ ਖੁਸ਼ਬੋ ਨਾਲ।''
     ੦੦੦ ੦੦੦ ੦੦੦


        ਜੱਗ ਬਾਣੀ 17 ਫਰਬਰੀ 1985.

Wednesday, August 4, 2010

ਇਮਾਰਤਾਂ ਢਾਉਣ ਵਾਲੇ...:: ਲੇਖਕ : ਸ਼ਾਨੀ

ਹਿੰਦੀ ਕਹਾਣੀ :
ਇਮਾਰਤਾਂ ਢਾਉਣ ਵਾਲੇ...
ਲੇਖਕ : ਸ਼ਾਨੀ
ਅਨੁ : ਮਹਿੰਦਰ ਬੇਦੀ, ਜੈਤੋ


ਦੂਸਰੇ ਕਮਰੇ 'ਚੋਂ ਸਾਰੀਆਂ ਆਹਟਾਂ ਆ ਰਹੀਆਂ ਨੇ—ਉਹ ਸਾਰੀਆਂ ਆਵਾਜ਼ਾਂ ਜਿਹੜੀਆਂ ਕਿਸੇ ਪਰਿਵਾਰ ਦੀ ਸਵੇਰ ਦੇ ਨਾਲ, ਓਵੇਂ ਹੀ ਆਉਂਦੀਆਂ ਨੇ ਜਿਵੇਂ ਸੂਰਜ ਦੇ ਨਾਲ-ਨਾਲ ਧੁੱਪ! ਹਰ ਘਰ ਦੀ ਸਵੇਰ ਵਰਗੀ ਸਵੇਰ ਸੀ ਜਿਸ ਵਿਚ ਕਿਚਨ ਦੀ ਖਟਖਟ, ਚਾਹ ਦੀਆਂ ਪਿਆਲੀਆਂ ਦੀ ਟੁਣਕਾਰ, ਟੂਟੀ ਦੇ ਚੱਲਣ ਤੇ ਨੰਗੇ ਫ਼ਰਸ਼ ਉੱਤੇ ਪਛਾੜਾਂ ਖਾ ਰਹੇ ਪਾਣੀ ਦੀ ਆਵਾਜ਼ ਤੇ ਬਾਥਰੂਮ ਦੇ ਫਲਸ਼ ਦੀ ਆਵਾਜ਼...
ਮੈਂ ਜਾਣਦਾਂ ਉਹ ਘੜੀ ਆ ਗਈ ਏ, ਜਾਂ ਕਿਸੇ ਪਲ ਵੀ ਯਕਦਮ ਆ ਸਕਦੀ ਏ। ਫੇਰ ਕੀ ਹੋਏਗਾ? ਕੀ ਮੈਂ ਘਬਰਾਇਆ ਹੋਇਆਂ, ਜਾਂ ਡਰ ਗਿਆ ਆਂ? ਸ਼ਾਇਦ ਦੋਏ ਗੱਲਾਂ ਈ ਨੇ। ਕਾਫੀ ਮੂੰਹ ਹਨੇਰੇ ਈ ਮੇਰੀ ਅੱਖ ਖੁੱਲ੍ਹ ਗਈ ਸੀ ਤੇ ਅਚਾਨਕ ਮੈਨੂੰ ਖ਼ਿਆਲ ਆਇਆ ਸੀ ਕਿ ਮੈਂ ਕਿਸੇ ਹੋਰ ਦੇ ਡਰਾਇੰਗ-ਰੂਮ ਵਿਚ ਆਂ। ਪਹਿਲਾਂ ਤਾਂ ਮੈਨੂੰ ਯਕੀਨ ਈ ਨਹੀਂ ਸੀ ਆਇਆ ਕਿ ਮੈਂ ਆਪਣੇ ਘਰ, ਆਪਣੇ ਪਲੰਘ ਉਪਰ ਨਹੀਂ—ਤੇ ਵਰ੍ਹਿਆਂ ਪੁਰਾਣੀ ਆਦਤ ਅਨੁਸਾਰ ਮੇਰਾ ਸਿਰ ਮੇਰੇ ਨਰਮ ਤੇ ਗੁਦਗੁਦੇ ਸਿਰਹਾਣੇ ਉਪਰ ਨਹੀਂ। ਮੇਰੀਆਂ ਬਾਹਾਂ ਵਿਚ ਮੇਰੀ ਪਤਨੀ ਦਾ ਸੁੱਤਾ, ਬਾਸੀ ਸਰੀਰ ਨਹੀਂ ਬਲਕਿ ਇਸ ਦੇ ਐਨ ਉਲਟ ਮੈਂ ਉਹਨਾਂ ਦੇ ਸੋਫੇ ਉਪਰ ਇਕੱਲਾ ਪਿਆ ਹੋਇਆ ਸਾਂ ਤੇ ਸਖ਼ਤ ਸਿਰਹਾਣੇ ਕਾਰਨ ਮੇਰੀ ਧੌਣ ਆਕੜ ਗਈ ਸੀ।...
ਪਿਆਸ ਵੀ ਖਾਸੀ ਲੱਗੀ ਹੋਈ ਸੀ ਤੇ ਸੰਘ ਵਿਚ ਕੰਡੇ ਜਿਹੇ ਉੱਗ ਆਏ ਜਾਪਦੇ ਸਨ—ਅਸਲ ਵਿਚ ਇਸ ਸੁੱਕੇ ਸੰਘ ਨੇ ਈ ਮੈਨੂੰ ਸਮੇਂ ਤੋਂ ਪਹਿਲਾਂ ਜਗਾ ਦਿੱਤਾ ਸੀ। ਨਸ਼ਾ, ਜਿਸਨੂੰ ਖੁਮਾਰ ਕਤਈ ਨਹੀਂ ਸੀ ਆਖਿਆ ਜਾ ਸਕਦਾ, ਅਜੇ ਵੀ ਮੇਰੇ ਸਾਰੇ ਸਰੀਰ ਉਪਰ ਭਾਰੂ ਸੀ। ਸੱਚ ਆਖਾਂ ਤਾਂ ਇਸ ਗੱਲ ਦਾ ਅਹਿਸਾਸ ਹੀ ਮੈਨੂੰ ਹੁਣ ਹੋਇਆ ਸੀ ਕਿ ਰਾਤੀਂ ਮੈਂ ਕਿੰਨੀ ਪੀ ਗਿਆ ਸਾਂ। ਰਾਤ! ਰਾਤ ਦਾ ਚੇਤਾ ਆਉਂਦਿਆਂ ਈ ਧੁੜਧੁੜੀ ਜਿਹੀ ਆ ਗਈ। ਰਾਤੀਂ ਜੋ ਕੁਝ ਹੋਇਆ ਸੀ, ਕੀ ਉਹ ਸੱਚ ਸੀ...ਜਾਂ ਨਸ਼ੇ ਦੀ ਹਾਲਤ ਵਿਚ ਦੇਖੇ ਕਿਸੇ ਸੁਪਨੇ ਦੀ ਝਿਲਮਿਲਾਹਟ...?
ਅਜੇ ਹਨੇਰਾ ਸੀ, ਜੇ ਮੈਂ ਆਪਣੀ ਘੜੀ ਨਾ ਦੇਖੀ ਹੁੰਦੀ ਤਾਂ ਇਹੀ ਸਮਝਦਾ ਕਿ ਅਜੇ ਰਾਤ ਏ। ਮੈਂ ਹੌਲੀ-ਹੌਲੀ ਉਠਿਆ ਤੇ ਇਕ ਹਲਕੀ ਜਿਹੀ ਲੜਖੜਾਹਟ ਪਿੱਛੋਂ ਪਾਣੀ ਦੀ ਭਾਲ ਵਿਚ ਕਿਚਨ ਵੱਲ ਤੁਰ ਪਿਆ। ਬਾਹਰਲੇ ਬੂਹੇ ਤੋਂ ਬਿਨਾਂ ਪੂਰਾ ਘਰ ਖੁੱਲ੍ਹਾ ਪਿਆ ਸੀ। ਕਿਚਨ ਤੇ ਬਾਥਰੂਮ ਦੀਆਂ ਬੱਤੀਆਂ ਜਗ ਰਹੀਆਂ ਸਨ। ਅਨਿਲ ਤੇ ਚੰਦਰਾ ਦਾ ਕਮਰਾ ਵੀ ਜਿਵੇਂ ਦਾ ਤਿਵੇਂ ਪਿਆ ਸੀ, ਜਿਵੇਂ ਮੈਂ ਰਾਤੀਂ ਛੱਡ ਕੇ ਆਇਆ ਸਾਂ। ਪਲੰਘ ਕੋਲ ਪਈ ਤਿਪਾਈ ਉਪਰ ਗ਼ਲਾਸ ਮੂਧੇ-ਸਿੱਧੇ ਪਏ ਸਨ, ਹੇਠਾਂ ਖਾਲੀ ਬੋਤਲਾਂ ਲੁੜਕੀਆਂ ਹੋਈਆਂ ਸਨ। ਕੋਲ ਹੀ ਚੰਦਰਾ ਦੀ ਸਾੜ੍ਹੀ ਪਈ ਸੀ। ਕਮਰੇ ਦੀ ਬੱਤੀ ਵੀ ਜਗ ਰਹੀ ਸੀ ਤੇ ਉਹ ਦੋਏ ਪਤੀ-ਪਤਨੀ, ਮਿੱਧੇ-ਮਸਲੇ ਬਿਸਤਰੇ ਉੱਤੇ ਬੇਸੁੱਧ ਪਏ ਸਨ। ਕਿਚਨ ਵਲੋਂ ਦਬਵੇਂ ਪੈਰੀਂ ਮੁੜਦਾ ਹੋਇਆ ਮੈਂ ਕਾਫੀ ਦੇਰ ਤੱਕ ਉੱਥੇ ਖੜ੍ਹਾ ਰਿਹਾ। ਕਈ ਪਲ ਤੱਕ ਆਪਣੇ ਦੋਸਤ ਅਨਿਲ ਤੇ ਉਸਦੀ ਪਤਨੀ ਦੇ ਘੂਕ ਸੁੱਤੇ ਸਰੀਰਾਂ ਨੂੰ ਦੇਖਦਾ ਰਿਹਾ। ਚੰਦਰਾ ਸਿਰਫ ਪੇਟੀਕੋਟ ਤੇ 'ਬਰਾ' ਵਿਚ ਸੀ। ਉਸਦੀ ਇਕ ਲੱਤ ਗੋਡੇ ਦੀ ਖੁੱਚ ਤੱਕ ਨੰਗੀ ਹੋਈ ਹੋਈ ਸੀ। ਉਸਨੂੰ ਇਸ ਵੇਲੇ ਦੇਖ ਕੇ ਯਕੀਨ ਈ ਨਹੀਂ ਸੀ ਆ ਰਿਹਾ ਕਿ ਇਹ ਰਾਤ ਵਾਲੀ ਉਹੀ ਦੇਹ ਹੈ...।
ਮੈਂ ਡਰਾਇੰਗ ਰੂਮ ਵਿਚ ਪਰਤ ਆਇਆ, ਕਿਉਂਕਿ ਮੈਂ ਨਹੀਂ ਚਾਹੁੰਦਾ ਸਾਂ ਕਿ ਉੱਥੇ ਦੇਖਦਾ ਹੋਇਆ ਫੜਿਆ ਜਾਵਾਂ। ਫੇਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਈ ਨਹੀਂ ਸੀ ਕਿ ਇਕ ਪਿੱਛੋਂ ਇਕ ਸਿਗਰੇਟ ਫੂਕਦਾ ਤੇ ਸਮਾਂ ਬਿਤਾਉਂਦਾ ਰਹਾਂ ਤੇ ਦਿਨ ਚੜ੍ਹ ਆਉਣ ਦੀ ਉਡੀਕ ਕਰਾਂ।
ਇਕ ਵਾਰੀ ਮਨ ਵਿਚ ਇਹ ਵੀ ਆਇਆ ਸੀ ਕਿ ਅਜੇ ਦੋਏ ਸੁੱਤੇ ਪਏ ਨੇ, ਉਠਣ ਵਿਚ ਦੇਰ ਵੀ ਹੋ ਸਕਦੀ ਏ—ਕਿਉਂ ਨਾ ਚੁੱਪਚਾਪ ਘਰੇ ਚਲਾ ਜਾਵਾਂ ਤੇ ਆਉਣ ਵਾਲੇ ਸੰਕਟ ਤੋਂ ਬਚ ਜਾਵਾਂ,  ਪਰ ਫੇਰ ਸੋਚਿਆ ਕਿ ਇਸ ਨੂੰ ਮੇਰੀ ਹੈਸੀਅਤ ਦੇ ਲਿਹਾਜ਼ ਨਾਲ, ਕਿਤੇ ਮੇਰੀ ਕਾਇਰਤਾ ਈ ਨਾ ਸਮਝ ਲਿਆ ਜਾਏ।

ਅਨਿਲ ਮੇਰਾ ਦੋਸਤ ਵੀ ਸੀ ਤੇ ਨਹੀਂ ਵੀ ਸੀ। ਦੋਸਤ ਉਹ ਇਹਨਾਂ ਸ਼ਬਦਾਂ ਵਿਚ ਸੀ ਕਿ ਇਹਨਾਂ ਦਿਨਾਂ ਵਿਚ ਮੇਰਾ ਸਾਰ; ਸਮਾਂ ਉਸੇ ਨਾਲ ਜਾਂ ਉਸਦੇ ਘਰ ਹੀ ਬੀਤਦਾ ਸੀ । ਕਾਰਨ ਭਾਵੇਂ ਕੁਝ ਵੀ ਹੋਏ, ਮੈਂ ਉਸਨੂੰ ਪਸੰਦ ਵੀ ਕਰਨ ਲੱਗ ਪਿਆ ਸਾਂ। ਜੇ ਨਹੀਂ ਸੀ ਤਾਂ ਇਹਨਾਂ ਅਰਥਾਂ ਵਿਚ ਸਾਡੇ ਵਿਚਕਾਰ ਦੋਸਤੀ ਦਾ ਕੋਈ ਆਧਾਰ ਵੀ ਹੈ ਨਹੀਂ ਸੀ ਕਿ ਉਹ ਇਕ ਦਫ਼ਤਰ ਦੀ ਮਾਮੂਲੀ ਜਿਹੀ ਨੌਕਰੀ ਉਪਰ ਦਿਨ-ਕਟੀ ਕਰਨ ਵਾਲਾ ਇਕ ਸਾਧਾਰਣ ਆਦਮੀ ਸੀ ਤੇ ਮੈਂ...
ਮੇਰਾ ਸਬੰਧ ਉਸ ਵਰਗ ਨਾਲ ਏ ਜਿਸ ਦੇ ਵਸੀਲਿਆਂ ਬਾਰੇ ਲੋਕ ਸੱਪ ਦੇ ਪੈਰਾਂ ਵਾਲੀ ਉਦਾਹਰਨ ਦਿੰਦੇ ਨੇ। ਉਂਜ ਕਾਰੋਬਾਰ ਦੇ ਲਿਹਾਜ਼ ਨਾਲ ਮੈਂ ਇਮਾਰਤਾਂ ਢਾਉਣ ਤੇ ਬਣਾਉਣ ਦਾ ਕੰਮ ਕਰਦਾ ਆਂ। ਸੋ ਅਨਿਲ ਤੇ ਮੇਰੇ ਵਰਗ, ਵੱਕਾਰ, ਚੇਤਨਾ ਤੇ ਮਿਜਾਜ਼ ਵਿਚ ਬੜਾ ਅੰਤਰ ਸੀ। ਵੈਸੇ ਵੀ ਅਨਿਲ ਹਮੇਸ਼ਾ ਮੈਥੋਂ ਦਬਿਆ-ਦਬਿਆ ਰਹਿੰਦਾ ਸੀ ਤੇ ਮੈਂ ਬੜੀ ਖੂਬਸੂਰਤੀ ਨਾਲ ਉਸ ਉਪਰ ਕਾਠੀ ਪਾਈ ਹੋਈ ਸੀ। ਅਸੀਂ ਦੋਏ ਇਹ ਗੱਲ ਜਾਣਦੇ ਵੀ ਸੀ। ਜੇ ਸਾਡੀ ਦੋਸਤੀ ਦਾ ਕੋਈ ਆਧਾਰ ਹੋ ਸਕਦਾ ਸੀ ਤਾਂ ਉਹ ਸ਼ਾਇਦ ਇਹ ਸੀ ਕਿ ਅਨਿਲ ਦੇ ਕਹਿਣ ਅਨੁਸਾਰ ਅਸੀਂ ਦੋਏ ਇਕ ਜਗ੍ਹਾ ਦੇ ਰਹਿਣ ਵਾਲੇ ਸਾਂ।
ਇਸ ਸ਼ਹਿਰ ਨੂੰ ਆਪਣੇ ਜਾਂ ਆਪਣੇ ਕਾਰੋਬਾਰ ਲਈ ਮੈਂ ਐਵੇਂ ਈ ਨਹੀਂ ਸੀ ਚੁਣ ਲਿਆ—ਸ਼ੁਰੂ ਤੋਂ ਈ ਇਹ ਮੈਨੂੰ ਇਸ ਕਰਕੇ ਦਿਲਚਸਪ ਲੱਗਿਆ ਸੀ ਕਿ ਇੱਥੇ ਇਕ ਵਿਚ, ਦੋ ਸ਼ਹਿਰ ਨੇ ਜਾਂ ਦੋ ਸ਼ਹਿਰਾਂ ਨੂੰ ਮਿਲਾ ਕੇ ਇਕ ਸ਼ਹਿਰ ਬਣਿਆ ਹੋਇਆ ਏ ਇਹ। ਇਕ ਪਾਸੇ ਪੁਰਾਣੀਆਂ ਇਮਾਰਤਾਂ ਦਾ ਪੁਰਾਣਾ ਸ਼ਹਿਰ ਏ ਤੇ ਦੂਜੇ ਪਾਸੇ ਨਵੀਂਆਂ-ਨਵੀਂਆਂ ਇਮਾਰਤਾਂ ਵਾਲਾ ਬਿਲਕੁਲ ਨਵਾਂ-ਨਕੋਰ ਸ਼ਹਿਰ। ਮੇਰੇ ਨਾਲੋਂ ਵਧ ਕੌਣ ਜਾਣਦਾ ਹੋਏਗਾ ਕਿ ਪਹਿਲਾ ਪੁਰਾਣਾ ਸ਼ਹਿਰ ਜਿਸ ਅਨੁਪਾਤ ਵਿਚ ਟੁੱਟ ਰਿਹਾ ਏ...ਦੂਜਾ, ਦਿਨ-ਬ-ਦਿਨ ਉਸ ਨਾਲੋਂ ਕਿਤੇ ਵਧੇਰੇ ਤੇਜੀ ਨਾਲ ਪਸਰਦਾ ਜਾ ਰਿਹਾ ਏ।
ਇੱਥੇ ਆਉਣ ਤੋਂ ਪਿੱਛੋਂ ਵੀ ਅਸੀਂ ਕਈ ਵਰ੍ਹੇ ਇਕ ਦੂਜੇ ਨੂੰ ਨਹੀਂ ਸੀ ਮਿਲੇ। ਨਾ ਹੀ ਉਸਨੂੰ ਇਹ ਪਤਾ ਸੀ ਕਿ ਮੈਂ ਇਸ ਸ਼ਹਿਰ ਵਿਚ ਆਂ ਤੇ ਨਾ ਹੀ ਮੈਨੂੰ ਕਦੀ ਉਸਦੀ ਲੋੜ ਮਹਿਸੂਸ ਹੋਈ ਸੀ। ਜੇ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਮੈਂ ਅਨਿਲ ਦੇ ਦਫ਼ਤਰ ਨਾ ਗਿਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਕਦੀ ਵੀ ਨਾ ਵਾਪਰਦੀ। ਦਰਅਸਲ ਜਿੰਨਾਂ ਮੈਂ ਆਪਣੇ ਕਾਰੋਬਾਰ  ਨੂੰ ਸਮਝਦਾਂ ਅਜਿਹੀ ਕੋਈ ਗੱਲ ਨਹੀਂ ਕਿ ਉਸ ਨਾਲੋਂ ਘੱਟ ਇਹਨਾਂ ਦਫ਼ਤਰਾਂ ਵਾਲਿਆਂ ਨੂੰ ਸਮਝਦਾ ਹੋਵਾਂ—ਭਾਵੇਂ ਉਹ ਕਲਰਕ ਹੋਣ ਜਾਂ ਅਫ਼ਸਰ। ਅਖੇ, 'ਤੁਮ ਡਾਲ ਡਾਲ, ਹਮ ਪਾਤ ਪਾਤ' ਵਾਲੀ ਚਾਲ ਮੈਨੂੰ ਖੂਬ ਆਉਂਦੀ ਏ। ਸ਼ਾਇਦ ਇਸੇ ਕਰਕੇ ਆਨੰਦ ਦੀ ਗਰਮ ਜੋਸ਼ੀ ਨੇ ਪਹਿਲਾਂ ਤਾਂ ਮੈਨੂੰ ਚੌਕੰਨਾਂ ਕਰ ਦਿੱਤਾ ਸੀ, ਪਰ ਪਿੱਛੋਂ ਇਹ ਦੇਖ ਕੇ ਮੈਨੂੰ ਸ਼ਮਿੰਦਗੀ ਮਹਿਸੂਸ ਹੋਈ ਸੀ ਕਿ ਉਹ, ਉਹ ਨਹੀਂ ਸੀ ਜੋ ਮੈਂ ਸਮਝ ਰਿਹਾ ਸਾਂ। ਇਹੀ ਨਹੀਂ ਮੇਰੇ ਉਪਰ ਸੌ ਘੜੇ ਪਾਣੀ ਦੇ ਹੋਰ ਪੈ ਗਏ ਸਨ, ਜਦੋਂ ਉਸਨੇ ਦਫ਼ਤਰ ਦੇ ਕਾਰੋਬਾਰੀ ਸਬੰਧਾਂ ਨੂੰ ਇਕ ਪਾਸੇ ਰੱਖ ਕੇ, ਪਿੱਛਲੀ ਜਗ੍ਹਾ ਤੇ ਪਿੱਛਲੇ ਦਿਨਾਂ ਦੀਆਂ ਗੱਲਾਂ ਤੋਰ ਲਈਆਂ ਸਨ—
'ਮੈਂ ਜਾਣਦਾਂ, ਤੁਹਾਨੂੰ ਤਾਂ ਸ਼ਾਇਦ ਯਾਦ ਵੀ ਨਾ ਹੋਏ, '' ਉਸਨੇ ਕਿਹਾ ਸੀ, ''ਪਰ ਮੈਂ ਪਹਿਲੇ ਦਿਨ ਹੀ ਤੁਹਾਨੂੰ ਪਛਾਣ ਲਿਆ ਸੀ। ਬਲਾਇਆ ਇਸ ਕਰਕੇ ਨਹੀਂ ਕਿ ਵੱਡੇ ਆਦਮੀ ਨੇ, ਪਤਾ ਨਹੀਂ ਕੀ ਸੋਚ ਬਹਿਣ। ਤੁਹਾਨੂੰ ਭਲਾ ਕੀ ਯਾਦ ਹੋਏਗਾ ਕਿ ਆਪਾਂ ਸਕੂਲ ਦੀਆਂ ਮੁੱਢਲੀਆਂ ਜਮਾਤਾਂ ਵਿਚ ਨਾਲ ਨਾਲ ਹੁੰਦੇ ਸਾਂ। ਯਾਦ ਕਰੋ ਖਾਂ, ਦੁਪਹਿਰ ਦੀ ਰਿਸੈਸ ਵੇਲੇ ਤੁਹਾਨੂੰ ਕੱਚੀ ਇਮਲੀ ਤੋੜ-ਤੋੜ ਕੇ ਕੌਣ ਖਵਾਂਦਾ ਹੁੰਦਾ ਸੀ?...ਜ਼ਰਾ ਸੋਚ ਕੇ ਦੱਸਣਾ ਬਈ  ਛੁੱਟੀ ਵਾਲੇ ਦਿਨ ਜਾਮਨਾਂ ਤੇ ਅਮਰੂਦ ਦੇ ਬਾਗ ਵਿਚ ਗੁਲੇਲ ਚੁੱਕੀ ਤੁਹਾਡੇ ਨਾਲ ਨਾਲ ਕੌਣ ਨੱਠਿਆ ਫਿਰਦਾ ਹੁੰਦਾ ਸੀ?''
ਸੱਚ ਪੁੱਛੋ ਤਾਂ ਮੇਰੇ ਕੁਝ ਵੀ ਯਾਦ ਨਹੀਂ ਸੀ। ਨਾ ਸਥਾਨ ਈ ਯਾਦ ਸਨ ਤੇ ਨਾ ਸਕੂਲ ਦੇ ਸਾਥੀ ਹੀ। ਸੱਚ ਤਾਂ ਇਹ ਈ ਕਿ ਮੈਨੂੰ ਇਸ ਗੱਲ ਉਪਰ ਵੀ ਸ਼ੱਕ ਸੀ ਕਿ ਉਹ ਸਾਡੇ ਪਿੰਡ ਦਾ ਰਹਿਣ ਵਾਲਾ ਸੀ। ਪਰ ਮੈਂ ਜ਼ਾਹਰ ਨਹੀਂ ਸੀ ਕੀਤਾ।
 ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਦੇ ਘਰ ਚੱਲਣ ਦੀ ਬੇਨਤੀ ਨੂੰ ਪਹਿਲੀ ਵਾਰੀ ਮੈਂ ਕਿਉਂ ਸਵੀਕਾਰ ਕਰ ਲਿਆ ਸੀ। ਹੋ ਸਕਦਾ ਏ ਕਿ ਇੰਜ ਮੈਂ ਆਪਦੇ ਵੱਡਪਨ ਦਾ ਇਕ ਹੋਰ ਸਬੂਤ ਦੇਣਾ ਚਾਹੁੰਦਾ ਹੋਵਾਂ...ਤੇ ਇਹ ਵੀ ਹੋ ਸਕਦਾ ਏ ਕਿ ਉਸ ਦੀ ਵਾਰੀ ਵਾਰੀ ਦੀ ਜ਼ਿੱਦ ਤੋਂ ਅੱਕ ਦੇ ਆਪਣਾ ਪਿੱਛਾ ਛੁਡਾਉਣ ਲਈ ਈ ਤੁਰ ਗਿਆ ਹੋਵਾਂ। ਖ਼ੈਰ, ਕਈ ਦਿਨਾਂ ਤੇ ਕਈ ਕਈ ਵਾਰੀ ਦੇ ਸੱਦਿਆਂ ਪਿੱਛੋਂ ਜਦੋਂ ਮੈਂ ਇਸ ਦੇ ਘਰ ਪਹੁੰਚਿਆ ਤੇ ਅਨਿਲ ਨੇ ਆਪਣੀ ਪਤਨੀ ਚੰਦਰਾ ਨੂੰ ਮੇਰੇ ਨਾਲ ਮਿਲਾਇਆ ਤਾਂ ਮੈਨੂੰ ਇਸ ਗੱਲ ਦਾ ਬੜਾ ਅਫ਼ਸੋਸ ਹੋਇਆ ਸੀ ਕਿ ਇਸ ਤੋਂ ਪਹਿਲਾਂ ਮੈਂ ਉਸ ਦੇ ਘਰ ਕਿਉਂ ਨਹੀਂ ਸੀ ਆਇਆ। ਚੰਦਰਾ ਸਿਰਫ ਸੋਹਣੀ ਹੀ ਨਹੀਂ ਸੀ, ਬਲਕਿ ਉਸ ਦੀ ਗੱਲਬਾਤ, ਰੱਖ-ਰਖਾਅ, ਅੱਖਾਂ ਦੀਆਂ ਮੁਦਰਾਵਾਂ ਤੇ ਅੰਦਾਜ਼ ਵਿਚ ਇਕ ਅਜੀਬ ਉਦਾਸੀ-ਪੂਰਨ, ਹੁਸੀਨ ਕਸ਼ਿਸ਼ ਸੀ। ਮੈਂ ਦਸ ਮਿੰਟ ਲਈ ਗਿਆ ਸਾਂ, ਪਰ ਪਹਿਲੇ ਹੀ ਦਿਨ ਦੋ ਘੰਟੇ ਬਾਅਦ ਪਰਤਿਆ ਸਾਂ ਤੇ  ਅਗਲੇ ਦੋ ਦਿਨ ਖਾਸਾ ਬੇਚੈਨ ਰਿਹਾ ਸਾਂ। ਕਹਿਣਾ ਫਜ਼ੂਲ ਏ ਕਿ ਹੁਣ ਅਨਿਲ ਦਾ ਮਹੱਤਵ ਮੇਰੀਆਂ ਨਿਗਾਹਾਂ ਵਿਚ ਕਈ ਗੁਣਾ ਵਧ ਗਿਆ ਸੀ...।
ਮੈਨੂੰ ਇਹ ਦੱਸਣ ਵਿਚ ਜ਼ਰਾ ਵੀ ਸੰਕੋਚ ਨਹੀਂ ਕਿ ਮੈਂ ਬੜਾ ਹੀ ਕੋਰਾ ਤੇ ਕਾਰੋਬਾਰੀ ਜਿਹਾ ਆਦਮੀ ਆਂ। ਚਾਹਾਂ, ਚਾਹੇ ਨਾ ਚਾਹਾਂ ਪਰ ਹਰੇਕ ਚੀਜ਼ ਦਾ ਮੁੱਲ ਇਹ ਦੇਖ ਕੇ ਲਾਉਂਦਾ ਆਂ ਕਿ ਉਹ ਜ਼ਰੂਰੀ ਹੋਣ ਦੇ ਨਾਲ ਨਾਲ ਲਾਭਵੰਤ ਵੀ ਹੈ ਜਾਂ ਨਹੀਂ। ਜ਼ਨਾਨੀ ਦੇ ਮਾਮਲੇ ਵਿਚ ਵੀ ਮੇਰਾ ਦ੍ਰਿਸ਼ਟੀਕੋਣ ਹਮੇਸ਼ਾ ਇਹੀ ਹੁੰਦਾ ਏ। ਮੈਂ ਕਦੀ ਪ੍ਰੇਮ ਨਹੀਂ ਕੀਤਾ ਤੇ ਨਾ ਹੀ ਇਸ ਮੂਰਖਤਾ ਉਤੇ ਵਿਸ਼ਵਾਸ ਹੀ ਹੈ ਮੈਨੂੰ। ਹੋ ਸਕਦਾ ਏ ਕਈਆਂ ਨੂੰ ਇੰਜ ਵੀ ਲੱਗੇ ਕਿ ਮੈਂ ਨਿਰੋਲ ਕਾਰੋਬਾਰੀ ਤੇ ਬਾਣੀਆਂ ਟਾਈਪ ਆਦਮੀ ਆਂ—ਪਰ ਜੇ ਇੰਜ ਵੀ ਹੈ, ਤਾਂ ਵੀ ਮੈਂ ਇਸ ਲਈ ਜ਼ਿੰਮੇਵਾਰ ਨਹੀਂ। ਇੰਜ ਮੇਰੇ ਨਾਲ ਪਹਿਲਾਂ ਕਦੀ ਨਹੀਂ ਸੀ ਹੋਇਆ। ਅਜੀਬ ਗੱਲ ਏ ਕਿ ਚੰਦਰਾ ਨੂੰ ਮਿਲਣ ਤੋਂ ਪਿੱਛੋਂ ਮੇਰੇ ਅੰਦਰ ਇਕ ਅਜੀਬ ਕਿਸਮ ਦੀ ਉਥਲ-ਪੁਥਲ ਹੋਣ ਲੱਗ ਪਈ ਸੀ। ਜਿੱਦਾਂ ਕਿ ਮੈਂ ਕਿਹਾ ਏ, ਮੈਂ ਕਦੀ ਪ੍ਰੇਮ ਨਹੀਂ ਕੀਤਾ—ਪਰ ਕੁੜੀਆਂ ਤੇ ਔਰਤਾਂ ਦੀ ਮੈਨੂੰ ਕਦੇ ਵੀ ਕਮੀ ਨਹੀਂ ਰਹੀ। ਇਕ ਖਾਸ ਵਰਗ ਦੀਆਂ ਔਰਤਾਂ ਐਸ਼ ਕਰਨ ਜਾਂ ਨਾਲ ਸੌਣ ਲਈ ਮੈਨੂੰ ਹਮੇਸ਼ਾ ਮਿਲਦੀਆਂ ਰਹੀਆਂ ਨੇ। ਸ਼ਾਇਦ ਇਕ ਅੱਧੀ ਜ਼ਨਾਨੀ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਸੀ ਪਰ ਬੜੇ ਉਤਲੇ ਸਤਰ ਉੱਤੇ, ਤੇ ਛੇਤੀ ਈ ਮੈਂ ਉਹਨਾਂ ਸਾਰੀਆਂ ਤੋਂ ਪਿੱਛਾ ਛੁਡਾਅ ਲਿਆ ਸੀ।
ਇੰਜ ਪਹਿਲੀ ਵਾਰੀ ਹੋ ਰਿਹਾ ਸੀ ਕਿ ਮਾਮੂਲੀ ਵਰਗ ਦੀ ਇਕ ਮਾਮੂਲੀ ਜਿਹੀ ਔਰਤ ਮੈਨੂੰ ਚੈਲਿੰਜ ਵਾਂਗ ਲੱਗ ਰਹੀ ਸੀ ਤੇ ਮੇਰੇ ਅੰਦਰ ਉਦਾਸੀ ਦਾ ਰੂਪ ਧਾਰ ਕੇ ਬੈਠ ਗਈ ਸੀ ।
ਜਦੋਂ ਮੈਂ ਉਦਾਸ ਰਹਿ ਰਹਿ ਕੇ ਥੱਕ ਗਿਆ, ਆਪਣੇ ਅੰਦਰ ਦੀ ਕੈਦ ਤੋਂ ਮੈਨੂੰ ਘਬਰਾਹਟ ਹੋਣ ਲੱਗ ਪਈ ਤੇ ਉਸ ਦਾ ਅਸਰ ਮੇਰੇ ਕਾਰੋਬਾਰ ਉੱਤੇ ਪੈਣ ਲੱਗਿਆ ਤਾਂ ਇਸ ਦੇ ਇਲਾਵਾ ਹੋਰ ਕੋਈ ਉਪਰਾਲਾ ਨਹੀਂ ਰਿਹਾ ਸੀ ਕਿ ਇਸ ਬਲਾਅ ਤੋਂ ਛੁਟਕਾਰਾ ਪਾ ਲਵਾਂ। ਬਸ, ਇਕ ਦਿਨ ਮੇਰੀ ਲਿਸ਼-ਲਿਸ਼ ਕਰਦੀ ਕਾਰ ਉਸ ਗਲੀ ਵਿਚ ਜਾ ਕੇ ਖੜ੍ਹੀ ਹੋ ਗਈ ਜਿਸ ਵਿਚ ਅਨਿਲ ਦਾ ਘਰ ਸੀ। ਦੁਪਹਿਰ ਦਾ ਸਮਾਂ ਸੀ, ਮੈਂ ਜਾਣਦਾ ਸਾਂ ਕਿ ਅਨਿਲ ਦਫ਼ਤਰ ਵਿਚ ਹੋਏਗਾ ਪਰ ਬਹਾਨੇ ਘੜਨ ਵਿਚ ਮੈਨੂੰ ਕਿਹੜੀ ਦੇਰ ਲਗਦੀ ਏ? ਪਹਿਲੇ ਦਿਨ ਚੰਦਰਾ ਘਬਰਾ ਗਈ ਸੀ ਪਰ ਨਿਰੋਲ ਘਰੇਲੂ ਤੇ ਪੁੱਠੇ ਸਿੱਧੇ ਕੱਪੜਿਆਂ ਵਿਚ ਮੇਰੇ ਸਾਹਮਣੇ ਆ ਕੇ ਉਸਦਾ ਘਬਰਾ ਜਾਣਾ ਮੈਨੂੰ ਹੋਰ ਵੀ ਦਿਲਕਸ਼ ਲੱਗਿਆ ਸੀ। ਪਤਾ ਨਹੀਂ ਅਨਿਲ ਦੀ ਗੈਰਮੌਜੂਦਗੀ ਵਿਚ ਪਹੁੰਚਣ ਦੇ ਮੇਰੇ ਬਹਾਨੇ ਉਪਰ ਚੰਦਰਾ ਨੇ ਕਿੰਨਾ ਕੁ ਯਕੀਨ ਕੀਤਾ ਜਾਂ ਕੀਤਾ ਵੀ ਕਿ ਨਹੀਂ।
'ਬੁਰਾ ਨਾ ਮੰਨੋ ਤਾਂ ਇਕ ਗੱਲ ਕਹਾਂ,'' ਕੁਝ ਦਿਨ ਬਾਅਦ ਚੰਦਰਾ ਨੇ ਮੈਨੂੰ ਕਿਹਾ ਸੀ, ''ਕੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਹਨਾਂ ਦੇ ਹੁੰਦਿਆਂ ਈ ਆਇਆ ਕਰੋ।''
'ਕਿਉਂ?'' ਮੈਂ ਆਪਣੇ ਫ਼ੱਕ ਹੁੰਦੇ ਰੰਗ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ ਸੀ।
'ਇੰਜ ਚੰਗਾ ਨਹੀਂ ਲਗਦਾ,'' ਦੂਜੇ ਪਾਸੇ ਦੇਖਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਚੰਦਰਾ ਸਿਰਫ ਏਨਾ ਹੀ ਕਹਿ ਸਕੀ ਸੀ, ''ਮੇਰਾ ਮਤਲਬ ਏ...ਤੁਸੀਂ ਜਾਣਦੇ ਓ, ਅਨਿਲ ਦੇ ਬਿਨਾਂ ਦੁਨੀਆਂ ਵਿਚ ਮੇਰਾ ਕੋਈ ਨਹੀਂ।'' ਕਹਿ ਕੇ ਚੰਦਰਾ ਉਦਾਸ ਜਿਹੀ ਹੋ ਗਈ ਸੀ ਤੇ ਮੈਂ ਵੀ ਫੈਸਲਾ ਕਰ ਲਿਆ ਸੀ—ਇਸ ਖੇਡ ਦਾ ਇਹ ਰੂਪ ਮੇਰੇ ਲਈ ਵੀ ਖਤਰਨਾਕ ਹੋ ਸਕਦਾ ਏ। ਫੇਰ ਇਸ ਰਾਸਤੇ ਮੇਰਾ ਇਲਾਜ ਵੀ ਨਹੀਂ ਸੀ ਹੋ ਸਕਦਾ। ਮੈਂ ਆਪਣਾ ਰਾਸਤਾ ਯਕਦਮ ਬਦਲ ਦਿੱਤਾ। ਹੁਣ ਅਨਿਲ ਦੀ ਗੈਰ-ਮੌਜੂਦਗੀ ਵਿਚ ਜਾਣ ਦੀ ਬਜਾਏ ਮੈਂ ਸ਼ਾਮਾਂ ਹੀ ਉਸ ਨਾਲ ਬਿਤਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਉਂਕਿ ਹਰ ਸ਼ਾਮ ਘਰੇ ਤਾਂ ਬਿਤਾਈ ਨਹੀਂ ਜਾ ਸਕਦੀ, ਸੋ ਅਨਿਲ ਤੇ ਚੰਦਰਾ ਨੂੰ ਆਪਣੀ ਕਾਰ ਵਿਚ ਲੈ ਕੇ ਅਕਸਰ ਮੈਂ ਬਾਹਰ ਨਿਕਲ ਜਾਂਦਾ ਸੀ। ਉਹਨਾਂ ਨੂੰ ਅਜਿਹੇ ਖਾਸ ਰੈਸਟੋਰੈਂਟਾਂ ਵਿਚ ਲੈ ਕੇ ਗਿਆ ਜਿੱਥੇ ਅਨਿਲ ਜਾਂ ਉਸਦੀ ਹੈਸੀਅਤ ਦੇ ਲੋਕ ਵੜਨ ਦੀ ਹਿੰਮਤ ਨਹੀਂ ਕਰ ਸਕਦੇ। ਉਹਨਾਂ ਲਈ ਓਹ ਇੰਟਰਕਾਂਟੀਨੈਂਟਲ ਡਿਸ਼ੇਜ਼ ਮਗਵਾਏ ਜਿਹਨਾਂ ਦੇ ਉਹਨਾਂ ਕਦੀ ਨਾਂ ਵੀ ਨਹੀਂ ਸਨ ਸੁਣੇ ਹੋਣੇ। ਅਸੀਂ ਉਹਨਾਂ ਨਾਈਟ ਕੱਲਬਾਂ ਵਿਚ ਵੀ ਗਏ ਜਿੱਥੇ ਕੈਬਰੇ-ਗਰਲਜ਼ ਸਟ੍ਰਿਪ ਕਰਦੀਆਂ ਨੇ ਜਾਂ ਫਲੋਰ-ਸ਼ੌ ਦੀ ਓਟ ਵਿਚ ਮਰਦ-ਔਰਤਾਂ ਉਤੇਜਤ ਹੋ ਜਾਂਦੇ ਨੇ। ਅਸੀਂ ਪੀਤੀ ਵੀ ਤੇ ਪਿਲਾਈ ਵੀ। ਅਨਿਲ ਤਾਂ ਇਕ ਅੱਧੀ ਵਾਰੀ ਨਾਂਹ-ਨੁੱਕਰ ਕਰਕੇ ਰਾਜ਼ੀ ਹੋ ਗਿਆ ਸੀ, ਪਰ ਚੰਦਰਾ ਨੂੰ ਰਜ਼ਾਮੰਦ ਕਰਨ ਲਈ ਮੈਨੂੰ 'ਤੇ ਅਨਿਲ ਨੂੰ ਕਾਫੀ ਮਿਹਨਤ ਕਰਨੀ ਪਈ ਸੀ। ਪਹਿਲਾਂ ਤਾਂ ਚੰਦਰਾ ਖ਼ਫਾ ਹੋ ਗਈ ਸੀ, ਮੇਰੇ ਨਾਲੋਂ ਵੱਧ ਅਨਿਲ ਉਪਰ। ਇਸ ਚੱਕਰ ਵਿਚ ਦੋ-ਇਕ ਸ਼ਾਮਾਂ ਬੜੀ ਬੁਰੀ ਤਰ੍ਹਾਂ ਨਾਲ ਬਰਬਾਦ ਵੀ ਹੋਈਆਂ ਸਨ, ਪਰ ਮੈਂ ਜਾਣਦਾ ਆਂ ਕਿ ਇਸ ਸ਼ਹਿਰ ਵਿਚ ਅਨਿਲ ਦੀ ਹੈਸੀਅਤ ਦੇ ਲੋਕਾਂ ਦੀ ਨੈਤਿਕਤਾ ਕਿੰਨੇ ਕੁ ਪਾਣੀ ਵਿਚ ਏ। ਮੈਂ ਇਹੀ ਕਮਜ਼ੋਰ ਰਗ ਫੜੀ ਹੋਈ ਸੀ।
ਤੇ ਕੱਲ੍ਹ ਰਾਤ ਜੋ ਕੁਝ ਹੋਇਆ ਸੀ, ਉਹ ਇਕ ਦਿਨ ਤਾਂ ਹੋਣਾ ਹੀ ਸੀ। ਇਹ ਦਿਨ ਦੋ ਚਾਰ ਦਿਨ ਅੱਗੇ ਪਿੱਛੇ ਹੋ ਸਕਦਾ ਸੀ ਜਾਂ ਇਹ ਵੀ ਹੋ ਸਕਦਾ ਸੀ ਕਿ ਇੰਜ ਨਾ ਹੋ ਕੇ ਕਿਸੇ ਹੋਰ ਤਰ੍ਹਾਂ ਹੋ ਜਾਂਦਾ। ਮੁੱਕਦੀ ਗੱਲ ਇਹ ਕਿ ਸਭ ਕੁਝ ਏਨੀ ਤੇਜ਼ੀ ਨਾਲ, ਏਨੀ ਛੇਤੀ ਤੇ ਏਨੇ ਬਿਨਾਂ ਸੋਚੇ ਢੰਗ ਨਾਲ ਵਾਪਰਿਆ ਕਿ ਮੈਨੂੰ ਹੈਰਾਨ ਹੋਣ ਦਾ ਮੌਕਾ ਵੀ ਨਾ ਮਿਲਿਆ।
ਮੈਂ ਸਾਫ ਦੇਖ ਰਿਹਾ ਸਾਂ ਕਿ ਬਾਹਰਲੀਆਂ ਕੁਝ ਸ਼ਾਮਾਂ ਨੇ ਹੀ ਸਾਨੂੰ ਇਕ ਦੂਜੇ ਦੇ ਬੜਾ ਨੇੜੇ ਕਰ ਦਿੱਤਾ ਏ। ਅਸੀਂ ਆਪਸ ਵਿਚ ਕਾਫੀ ਖੁੱਲ੍ਹ ਗਏ ਆਂ, ਦੂਜੇ ਸ਼ਬਦਾਂ ਵਿਚ ਮੈਂ ਉਹਨਾਂ ਨੂੰ ਕਾਫੀ ਹੱਦ ਤੱਕ ਖੋਹਲ ਲਿਆ ਸੀ। ਜਿਵੇਂ ਅਜੇ ਪਿੱਛਲੀ ਹੀ ਇਕ ਸ਼ਾਮ ਨੂੰ ਅਸੀਂ ਸੁੰਨੇ ਪਾਰਕ ਦੇ ਇਕ ਬੈਂਚ ਉਪਰ ਬੈਠੇ ਹੋਏ ਸਾਂ ਕਿ ਅਚਾਨਕ ਅਨਿਲ ਨੇ ਚੰਦਰਾ ਨੂੰ ਮੇਰੇ ਸਾਹਮਣੇ ਹੀ ਚੰਮ ਲਿਆ ਸੀ। ਪਰਤੱਖ ਏ ਕਿ ਮੈਂ ਜਿਹੜਾ ਬੂਟਾ ਲਾਇਆ ਸੀ, ਉਸ ਉਪਰ ਇਹ ਪਹਿਲੀ ਕਲੀ ਖਿੜੀ ਸੀ।
'ਕੀ ਬਦਤਮੀਜ਼ੀ ਏ ਇਹ?'' ਚੰਦਰਾ ਪਹਿਲਾਂ ਤਾਂ ਹੱਕੀ ਬੱਕੀ ਰਹਿ ਗਈ ਸੀ, ਫੇਰ ਹਿਰਖ ਕੇ ਕੜਕੀ ਸੀ।
'ਕਿਉਂ, ਕੀ ਹੋਇਆ ?'' ਅਨਿਲ ਨੇ ਹੱਸ ਕੇ ਮੇਰੇ ਵੱਲ ਦੇਖਿਆ ਸੀ,''ਬਈ ਆਪਾਂ ਪਤੀ-ਪਤਨੀ ਆਂ ਤੇ ਇਹ ਆਪਣੇ ਦੋਸਤ ਨੇ...ਜੇ ਇਹਨਾਂ ਸਾਹਮਣੇ ਪਿਆਰ ਕਰ ਲਿਆ ਤਾਂ ਕੀ ਆਫ਼ਤ ਆ ਗਈ?'' ਅਨਿਲ ਦਾ ਹਾਸਾ, ਹਾਸਾ ਨਹੀਂ ਸੀ ਲੱਗ ਰਿਹਾ।
ਚੰਦਰਾ ਅਚਾਨਕ ਉਠ ਕੇ ਖੜ੍ਹੀ ਹੋ ਗਈ ਸੀ।
ਭਾਵੇਂ ਮੈਂ ਕੁਝ ਨਹੀਂ ਸੀ ਕਿਹਾ ਪਰ ਮੈਂ ਖੁਸ਼ ਸਾਂ ਕਿ ਅਨਿਲ ਦੇ ਮੂੰਹ ਵਿਚ ਹੁਣ ਮੇਰੀ ਜ਼ਬਾਨ ਏ। ਮੈਂ ਇਹ ਵੀ ਜਾਣਦਾ ਸਾਂ ਕਿ ਚੰਦਰਾ ਦੇ ਵਿਰੋਧ ਤੇ ਗੁੱਸੇ ਦੇ ਬਾਵਜ਼ੂਦ, ਉਹ ਪਾਰਕ ਵਾਲੀ ਸ਼ਾਮ, ਖੇਡ ਦਾ ਅੰਤ ਨਹੀਂ, ਇਕ ਤਰ੍ਹਾਂ ਦੀ ਸ਼ੁਰੂਆਤ ਸੀ...ਇਕ ਅਜਿਹੀ ਸ਼ੁਰੂਆਤ ਜਿਸ ਦਾ ਮੋੜ ਆਖ਼ਿਰ ਮੇਰੇ ਵਾਲੇ ਰਾਸਤੇ ਉਪਰ ਹੀ ਆਉਣਾ ਸੀ।
ਤੇ ਕੱਲ੍ਹ ਉਹੀ ਹੋਇਆ।
ਅਸੀਂ ਤਿੰਨੇ ਅਨਿਲ ਦੇ ਬੈੱਡਰੂਮ ਵਿਚ ਬੈਠੇ ਪੀ ਰਹੇ ਸਾਂ ਤੇ ਖਾਣਾ ਘਰੇ ਹੀ ਮੰਗਵਾ ਲਿਆ ਗਿਆ ਸੀ। ਬੈੱਡਰੂਮ ਵਿਚ ਇਕ ਪਲੰਘ, ਇਕ ਨੀਮ ਆਰਾਮਦੇਹ ਕੁਰਸੀ ਤੇ ਇਕ ਸਟੂਲ ਦੇ ਇਲਾਵਾ ਹੋਰ ਕੋਈ ਫਰਨੀਚਰ ਨਹੀਂ ਸੀ—ਸੋ ਅਨਿਲ ਤੇ ਚੰਦਰਾ ਪਲੰਘ ਉਪਰ ਬੈਠੇ ਹੋਏ ਸਨ ਤੇ ਮੈਂ ਕੁਰਸੀ ਉਪਰ। ਦੋ-ਦੋ ਪੈਗਾਂ ਬਾਅਦ ਬਿਨਾਂ ਸਿਰ ਪੈਰ ਦੀਆਂ ਗੱਲਾਂ ਛਿੜ ਪਈਆਂ ਸਨ ਤੇ ਕਈ ਫ਼ਜੂਲ ਜਿਹੇ ਮਸਲਿਆਂ ਉਪਰ ਬਹਿਸ ਕਰਦੇ, ਉਚੀਆਂ ਆਵਾਜ਼ਾਂ ਵਿਚ ਗੱਲਾਂ ਕਰਦੇ ਤੇ ਬੜੀ ਦੇਰ ਤੱਕ ਹੱਸਦੇ ਰਹੇ ਸੀ ਅਸੀਂ...।
ਕਿਸੇ ਪਰਾਈ ਔਰਤ ਨਾਲ ਸ਼ਰਾਬ ਪੀਣਾ ਮੇਰੇ ਲਈ ਨਵੀਂ ਗੱਲ ਨਹੀਂ ਸੀ ਪਰ ਇਹ ਅਨੁਭਵ ਬਿਲਕੁਲ ਨਵਾਂ ਸੀ ਕਿ ਨਸ਼ੇ ਵਿਚ ਔਰਤ ਏਨੀ ਉਤੇਜਿਤ ਵੀ ਹੋ ਸਕਦੀ ਹੈ। ਇਹ ਸ਼ਰਮ ਤੇ ਸ਼ਰਾਬ ਦਾ ਸੁਮੇਲ ਹੀ ਸੀ ਕਿ ਚੰਦਰਾ ਭੱਠੀ ਵਾਂਗ ਭਖ਼ ਰਹੀ ਸੀ। ਪਤਾ ਨਹੀਂ ਕਿੰਨੀ ਰਾਤ ਹੋ ਗਈ ਸੀ। ਇਹ ਵੀ ਪਤਾ ਨਹੀਂ ਕਿ ਅਸੀਂ ਕਿੰਨੀ ਪੀ ਚੁੱਕੇ ਸਾਂ। ਵਾਰੀ ਵਾਰੀ ਅਨਿਲ ਤੇ ਚੰਦਰਾ ਦੇ ਸਰੀਰ ਮੈਨੂੰ ਧੁੰਦਲੇ, ਛੋਟੇ ਨਜ਼ਰ ਆਉਣ ਲੱਗਦੇ ਸਨ। ਕਈ ਵਾਰੀ ਇੰਜ ਲੱਗਦਾ ਸੀ ਜਿਵੇਂ ਹਵਾ ਵਿਚ ਤੈਰਦੇ ਹੋਏ, ਦੂਰ ਪੈ ਰਹੇ, ਰੌਲੇ-ਰੱਪੇ ਦੀਆਂ ਆਵਾਜ਼ਾਂ ਵਾਂਗ ਚੰਦਰਾ ਦਾ ਚਿਹਰਾ ਐਨ ਕੋਲ ਆ ਕੇ ਅਚਾਨਕ ਪਰਤ ਜਾਂਦਾ ਏ।
ਅਨਿਲ ਬਹਿਕ ਗਿਆ ਸੀ। ਇਕ ਵਾਰੀ ਕੌਤਕ ਕਰਨ ਦੇ ਬਹਾਨੇ ਉਸਨੇ ਆਪਣੇ ਆਪ ਨੂੰ ਚੰਦਰਾ ਦੀ ਗੋਦ ਵਿਚ ਲੁੜਕਾਅ ਦਿੱਤਾ। ਫੇਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਚੰਦਰਾ ਨੂੰ ਬੇਸ਼ਰਮੀ ਨਾਲ ਚੁੰਮਦਿਆਂ ਹੋਇਆਂ, ਉਸਨੇ ਮੇਰੇ ਵੱਲ ਦੇਖਿਆ ਸੀ ਤੇ ਲੜਖੜਾਉਂਦੀ ਹੋਈ ਆਵਾਜ਼ ਵਿਚ ਕਿਹਾ ਸੀ, ''ਤੂ...ਤੂੰ ਉੱਥੇ ਕੀ ਕਰ ਰਿਹੈਂ?''
ਮੈਂ?'' ਕਹਿ ਕੇ ਕੱਚਾ ਜਿਹਾ ਹਾਸਾ ਹੱਸਿਆ ਸਾਂ ਮੈਂ। ਉਹ ਹਾਸਾ, ਹਾਸਾ ਨਹੀਂ ਸੀ। ਮੈਂ ਨਰਵਸ ਹੋ ਗਿਆ ਸਾਂ। ਦੇਖਿਆ, ਚੰਦਰਾ ਸੰਗ ਨਾਲ ਲਾਲ ਹੋਈ ਹੋਈ ਸੀ।
'ਲੈ-ਲੈ ਯਾਰ, ਇਕ ਪੱਪੀ ਤੂੰ ਵੀ ਲੈ-ਲੈ। ਕਿਉਂ ਚੰਦਰਾ?''
ਅਨਿਲ ਨੇ ਅਜੇ ਆਪਣੀ ਗੱਲ ਮੁਸ਼ਕਿਲ ਨਾਲ ਈ ਪੂਰੀ ਕੀਤੀ ਹੋਏਗੀ ਕਿ ਮੈਨੂੰ ਚੰਦਰਾ ਵੱਲ ਦੇਖਣ ਜਾਂ ਉਸਦੀ ਪ੍ਰਤੀਕ੍ਰਿਆ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਸੀ—ਅੱਖ ਦੇ ਫੋਰੇ ਵਿਚ ਕਲਾਬਾਜੀ ਲਾ ਕੇ ਮੈਂ ਪਲੰਘ ਉਪਰ ਪਹੁੰਚ ਚੁੱਕਿਆ ਸਾਂ।

ਅਚਾਨਕ ਪਰਦੇ ਦੇ ਦੂਜੇ ਪਾਸੇ ਕਿਸੇ ਦੇ ਪੈਰਾਂ ਤੇ ਚੂੜੀਆਂ ਦੀ ਆਹਟ ਸੁਣਾਈ ਦਿੱਤੀ ਤੇ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਨ ਲੱਗ ਪਿਆ। ਕੀ ਸੱਚਮੁੱਚ ਉਹ ਘੜੀ ਆਣ ਪਹੁੰਚੀ ਏ? ਬਿੰਦ ਦਾ ਬਿੰਦ ਮੈਂ ਸਾਹ ਰੋਕ ਕੇ ਉਧਰ ਦੇਖਦਾ ਰਿਹਾ, ਫੇਰ ਲੰਮਾ ਸਾਹ ਲੈ ਕੇ ਸਿਗਰੇਟ ਸੁਲਗਾ ਲਈ। ਨਾ ਚੰਦਰਾ ਸੀ, ਨਾ ਅਨਿਲ—ਭਾਂਡੇ ਮਾਂਜਣ ਵਾਲੀ ਬਾਈ ਸੀ। ਉਹ ਚੁੱਪਚਾਪ ਚਾਹ ਰੱਖ ਦੇ ਪਰਤਨ ਲੱਗੀ ਤਾਂ ਮੈਂ ਕਾਹਲ ਨਾਲ ਪੁੱਛਿਆ—
'ਸਾਹਬ ਉਠ ਗਏ?''
'ਜੀ!''
'ਕਿੱਥੇ...?''
'ਬਾਥਰੂਮ ਵਿਚ ਨੇ।'' ਮੇਰੇ ਸਵਾਲ ਤੋਂ ਪਹਿਲਾਂ ਹੀ ਝੱਟ ਜਵਾਬ ਮਿਲਿਆ।
'ਤੇ ਬਾਈ ਸਾ'ਬਾ?''
'ਕਿਚਨ 'ਚ।''
ਇਕ ਪਲ ਲਈ ਲੱਗਿਆ ਜਿਵੇਂ ਨੌਕਰਾਣੀ ਵੀ ਸਭ ਜਾਣਦੀ ਏ।
ਮੈਂ ਸਿਗਰੇਟ ਦੇ ਲੰਮੇ ਲੰਮੇ ਸੂਟੇ ਲਾਉਂਦਾ ਰਿਹਾ। ਕੀ ਮੈਂ ਘਬਰਾਇਆ ਹੋਇਆ ਆਂ ਜਾਂ ਡਰ ਰਿਹਾਂ...? ਪਰ ਕਿਉਂ...? ਕੱਲ੍ਹ ਰਾਤ ਮੇਰੇ ਪਲੰਘ ਉਪਰ ਪਹੁੰਚਣ ਤੋਂ ਪਿੱਛੋਂ ਅਨਿਲ ਇਸ ਨਾਲੋਂ ਵੀ ਲੰਮੇ ਕਸ਼ ਖਿੱਚਣ ਲੱਗ ਪਿਆ ਸੀ। ਫੇਰ ਬਲਦੀ ਹੋਈ ਸਿਗਰੇਟ ਨੂੰ ਐਸ਼ਟਰੇ ਵਿਚ ਸੁੱਟਣ ਦੇ ਬਜਾਏ ਉਸਨੇ ਉਂਜ ਹੀ ਸੁੱਟ ਦਿੱਤਾ ਸੀ, ਘਬਰਾਹਟ ਵਿਚ! ਕੁਝ ਪਲਾਂ ਦੇ ਉਸ 'ਟੁਕੜੇ' ਵਿਚ ਦੇਖਿਆ ਅਨਿਲ ਦਾ ਉਹ ਚਿਹਰਾ, ਕੀ ਮੈਂ ਕਦੀ ਭੁੱਲ ਸਕਾਂਗਾ? ਮੇਰੇ ਲਈ ਸੱਚਮੁੱਚ ਇਹ ਇਕ ਤਜਰਬੇ ਵਾਲੀ ਗੱਲ ਸੀ ਕਿ ਕਿਸੇ ਚਿਹਰੇ ਉਪਰ ਜ਼ਰਾ ਜਿੰਨੇ ਵਕਫ਼ੇ ਵਿਚ ਏਨੇ ਸਾਰੇ ਰੰਗ ਆਉਣ ਤੇ ਬਦਲ ਜਾਣ। ਹਾਂ, ਸਭ ਨਾਲੋਂ ਅਖੀਰੀ ਤੇ ਗੂੜ੍ਹਾ ਰੰਗ ਕੁਝ ਓਹੋ ਜਿਹਾ ਸੀ, ਜਿਹੋ ਜਿਹਾ ਖੇਡ ਵਿਚ ਕੋਈ ਬੱਚਾ ਅਚਾਨਕ ਹੀ ਜ਼ਖ਼ਮੀ ਹੋ ਜਾਏ ਤੇ ਪੀੜ ਕਾਰਨ ਸਿੱਜਲ ਹੋਈਆਂ ਅੱਖਾਂ ਦੇ ਬਾਵਜੂਦ ਆਪਣੇ ਨਿੱਕੇ ਜਿਹੇ ਅਹਿਮ ਦੇ ਸਹਾਰੇ, ਮੁਸਕਰਾਉਣ ਲਈ ਮਜ਼ਬੂਰ ਹੋਏ...
''...ਮਾਰਨਿੰਗ।''
ਅਚਾਨਕ ਅਨਿਲ ਦੀ ਆਵਾਜ਼ ਸੁਣ ਕੇ ਮੈਂ ਤ੍ਰਬਕ ਪਿਆ। ਉਹ ਸਾਹਮਣਾ ਪਰਦਾ ਹਟਾਈ ਖੜ੍ਹਾ ਸੀ, ਮੈਥੋਂ ਕੁਝ ਕਦਮਾਂ ਦੇ ਫਾਸਲੇ ਉਪਰ। ਹਾਂ, ਇਹੀ ਉਹ ਘੜੀ ਸੀ ਜਿਸ ਬਾਰੇ ਸੋਚ ਸੋਚ ਕੇ ਮੇਰੀ ਰੂਹ ਕੰਬ ਰਹੀ ਸੀ।...ਤੇ ਮੈਂ ਨਹੀਂ ਜਾਣਦਾ ਸਾਂ ਕਿ ਇਸ ਦਾ ਸਾਹਮਣਾ ਕਿਵੇਂ ਕਰਾਂਗਾ। ਆਪਣੇ ਅੰਦਰ ਫੈਲੀਆਂ ਸਾਰੀਆਂ ਦਲੀਲਾਂ ਨੂੰ ਛੇਤੀ ਛੇਤੀ ਸਮੇਟਣ ਲੱਗ ਪਿਆ। ਮੈਂ ਸੋਚ ਲਿਆ ਸੀ ਕਿ ਅਨਿਲ ਦੇ ਇਲਜ਼ਾਮ, ਗੁੱਸੇ ਜਾਂ ਕੁਸੈਲ ਨਾਲ ਮੈਂ ਕਿਵੇਂ ਨਿਬੜਾਂਗਾ। ਮੇਰੇ ਜਿਹੇ ਖਿਲਾੜੀ ਆਦਮੀ ਲਈ ਇਹ ਖੱਬੇ ਹੱਥ ਦੀ ਖੇਡ ਸੀ, ਅਨਿਲ ਜਿਹੇ ਪਿੱਦੇ ਦੇ ਵਾਰ ਨੂੰ ਕਿਵੇਂ ਪਛਾੜਨਾ ਤੇ ਵਾਪਸ ਪਰਤਾਅ ਦੇਣਾ ਏ—ਇੰਜ ਕਿ ਉਹ ਮੇਰੇ ਨਾਲ ਅੱਖ ਵੀ ਨਾ ਮਿਲਾ ਸਕੇ।
ਪਰਦੇ ਨੂੰ ਛੱਡ ਕੇ ਉਹ ਜਿਵੇਂ ਹੀ ਮੇਰੇ ਵੱਲ ਵਧਿਆ, ਮੈਂ ਸੇਹ ਵਾਂਗ ਆਪਣੇ ਤੱਕਲੇ ਖੜ੍ਹੇ ਕਰ ਲਏ। ਅਨਿਲ ਗਿਣੇ-ਮਿਣੇ ਪੈਰਾਂ ਨਾਲ ਮੇਰੇ ਐਨ ਸਾਹਮਣੇ ਆ ਖੜ੍ਹਾ ਹੋਇਆ। ਮੈਂ ਅੱਖਾਂ ਉਪਰ ਚੁੱਕੀਆ…
'ਕਿਉਂ?'' ਮੇਰੇ ਨਾਲ ਅੱਖ ਮਿਲਾਉਂਦਿਆਂ ਹੀ ਅਨਿਲ ਬੋਲਿਆ, ''ਕਿਵੇਂ ਰਹੀ?'' ਮੈਂ ਉਸਨੂੰ ਬੜੇ ਗਹੁ ਨਾਲ ਤੱਕਿਆ। ਮਾਈ ਗੁੱਡਨੈਸ! ਉਸਦੇ ਬੁੱਲ੍ਹਾਂ ਉਪਰ ਹਲਕੀ ਜਿਹੀ ਮੁਸਕਰਾਹਟ ਵੀ ਸੀ।
ਮੈਨੂੰ ਖੁਸ਼ ਹੋਣਾ ਚਾਹੀਦਾ ਸੀ। ਹੁਣ ਮੈਂ ਬਿਨਾਂ ਕਿਸੇ ਰੋਸੇ-ਗੁੱਸੇ ਦੇ ਆਪਣੀ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਉੱਥੋਂ ਜਾ ਸਕਦਾ ਸਾਂ...ਪਰ ਹੈਰਾਨੀ ਏ ਕਿ ਨਾ ਤਾਂ ਮੈਥੋਂ ਉਠਿਆ ਹੀ ਜਾ ਰਿਹਾ ਸੀ ਤੇ ਨਾ ਹੀ ਇਹ ਸੰਭਵ ਸੀ ਕਿ ਉੱਥੇ ਬੈਠਾ ਰਹਿ ਸਕਾਂ। ਸ਼ਾਇਦ ਮੈਨੂੰ ਠੇਸ ਪਹੁੰਚੀ ਸੀ। ਕੁਝ ਉਸੇ ਕਿਸਮ ਦਾ ਧੱਕਾ ਜਿਹਾ ਲੱਗਾ ਸੀ, ਜਿਵੇਂ ਕਿਸੇ ਪੁਰਾਣੀ ਇਮਾਰਤ ਨੂੰ ਡੇਗਦਾ ਹੋਇਆ ਮੈਂ ਇਕ ਵਾਰੀ ਜ਼ਖ਼ਮੀ ਹੋ ਗਿਆ ਸਾਂ, ਕਿਵੇਂ ਮੈਨੂੰ ਨਹੀਂ ਪਤਾ!

ਆਖ਼ਰੀ ਪੱਥਰ...:: ਲੇਖਕ : ਰਜੀ ਉਲਦੀਨ ਸਦੀਕੀ

ਪਾਕੀ ਉਰਦੂ ਕਹਾਣੀ :
ਆਖ਼ਰੀ ਪੱਥਰ
ਲੇਖਕ : ਰਜੀ ਉਲਦੀਨ ਸਦੀਕੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਰਾਤ ਦੇ ਪਹਿਲੇ ਪਹਿਰ ਦਾ ਜ਼ਿਕਰ ਹੈ...
ਜੇਲ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਹ ਕਿਸੇ ਪ੍ਰਛਾਵੇਂ ਵਾਂਗ ਅੰਦਰ ਸਰਕ ਗਿਆ। ਜੇਲ ਦੇ ਵੱਡੇ ਅਫ਼ਸਰ ਤੇ ਕੋਠੜੀ ਦੇ ਪਹਿਰੇਦਾਰ ਨੂੰ ਖੁਸ਼ ਕਰਨ ਵਾਸਤੇ ਉਸ ਨੂੰ ਚੋਖੀ ਰਕਮ ਖਰਚ ਕਰਨੀ ਪਈ ਸੀ।
ਅੰਦਰ ਪਤਲਾ ਹਨੇਰਾ ਪਸਰਿਆ ਹੋਇਆ ਸੀ। ਸਾਹਮਣੇ ਇਕ ਖੂੰਜੇ ਵਿਚ ਨਾਦੀਆ ਲੇਟੀ ਹੋਈ ਸੀ। ਅਜੇ ਉਹ ਸੁੱਤੀ ਨਹੀਂ ਸੀ ਸ਼ਾਇਦ। ਜਿਸ ਦੀ ਜ਼ਿੰਦਗੀ ਦਾ ਫੈਸਲਾ ਹੋ ਚੁੱਕਿਆ ਹੋਏ ਤੇ ਉਸ ਨੇ ਸਿਰਫ ਇਕੋ ਰਾਤ ਜਿਉਣਾ ਹੋਏ...ਉਹ ਭਲਾ ਸੌਂ ਵੀ ਕਿੰਜ ਸਕਦਾ ਹੈ?
ਆਉਣ ਵਾਲਾ ਨਾਦੀਆ ਵੱਲ ਵਧਣ ਲੱਗਾ। ਉਸ ਨੇ ਮੂੰਹ ਸਿਰ ਲਪੇਟਿਆ ਹੋਇਆ ਸੀ। ਨਾਦੀਆ ਉੱਠ ਕੇ ਬੈਠ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਨੇੜੇ ਪਹੁੰਚ ਕੇ ਉਸਨੇ ਬੜੀ ਧੀਮੀ ਆਵਾਜ਼ ਵਿਚ ਕਿਹਾ, ''ਨਾਦੀਆ...!'' ਆਵਾਜ਼ ਪਛਾਣ ਕੇ ਨਾਦੀਆ ਨੇ ਨੀਵੀਂ ਪਾ ਲਈ ਸੀ।
'ਨਾਦੀਆ,'' ਉਹ ਬੋਲਣ ਲੱਗਾ, ''ਮੈਂ ਸ਼ਾਮੀ ਹੀ ਵਾਪਸ ਆਇਆ ਸਾਂ। ਬੜਾ ਦੁਖ ਹੋਇਆ ਪੰਚਾਇਤ ਦਾ ਫੈਸਲਾ ਸੁਣ ਕੇ। ਜੇ ਮੈਂ ਏਥੇ ਹੁੰਦਾ।...ਪਰ ਕੀਤਾ ਕੀ ਜਾ ਸਕਦਾ ਏ, ਕਾਰੋਬਾਰ ਹੀ ਅਜਿਹਾ ਏ। ਸਾਰਾ ਹਫਤਾ ਵਿਦੇਸ਼ਾਂ ਵਿਚ ਭਟਕਦਾ ਰਿਹਾਂ। ਖ਼ੈਰ, ਇਹ ਗੱਲ ਤੂੰ ਬੜੀ ਚੰਗੀ ਕੀਤੀ ਜੋ ਕਿਸੇ ਦਾ ਨਾਂ ਨਹੀਂ ਦੱਸਿਆ। ਕੱਲ੍ਹ ਫੇਰ ਤੈਥੋਂ ਪੁੱਛਿਆ ਜਾਏਗਾ। ਮੇਰੀ ਬੇਨਤੀ ਏ, ਮੇਰਾ ਨਾਂ ਨਾ ਦੱਸੀ...।''
ਨਾਦੀਆ ਚੁੱਪ ਬੈਠੀ ਰਹੀ। ਉਸ ਫੇਰ ਕਿਹਾ, ''ਤੇਰੀ ਕਿਸਮਤ ਦਾ ਫੈਸਲਾ ਹੋ ਚੁੱਕਾ ਏ। ਆਪਣੇ ਨਾਲ ਦੂਜਿਆਂ ਨੂੰ ਡੋਬ ਦੇਣਾ ਇਨਸਾਨੀਅਤ ਵਾਲੀ ਗੱਲ ਨਹੀਂ ਹੁੰਦੀ ਨਾਦੀਆ। ਤੂੰ ਤੇ ਜਾਣਦੀ ਏਂ, ਮੇਰਾ ਕਿੱਡਾ ਕਾਰੋਬਾਰ ਏ...ਇੰਪੋਰਟ-ਐਕਸਪੋਰਟ ਦਾ ਮੈਂ ਬਾਦਸ਼ਾਹ ਹਾਂ। ਦੇਸ਼ਾਂ ਵਿਦੇਸ਼ਾਂ ਵਿਚ ਮੇਰੀ ਕੰਪਨੀ ਦੀਆਂ ਸ਼ਾਖਾਵਾਂ ਨੇ। ਇੱਜ਼ਤ ਏ, ਮਾਣ ਏ। ਬਸ ਇਕੋ ਬੇਨਤੀ ਏ ਮੇਰੀ, ਮੇਰਾ ਨਾਂ ਨਾ ਦੱਸੀਂ...ਨਹੀਂ ਤਾਂ ਸਭ ਕੁਝ ਮਿੱਟੀ 'ਚ ਮਿਲ ਜਾਏਗਾ। ਜਿੱਥੇ ਏਨੀ ਤਕਲੀਫ ਝੱਲੀ ਏ, ਥੋੜੀ ਹੋਰ ਸਹੀ। ਵੇਖ ਨਾਦੀਆ, ਜ਼ਿੰਦਗੀ ਵਿਚ ਕਿੰਨੀ ਐਸ਼ ਕਰਵਾਈ ਏ ਮੈਂ ਤੈਨੂੰ...। ਯਕੀਨ ਮੰਨੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁਲਾਂਗਾ। ਅਹਿ ਰੌਲਾ-ਗੌਲਾ ਮੁੱਕ ਜਾਏ, ਮੈਂ ਤੇਰੀ ਇਕ ਸ਼ਾਨਦਾਰ ਯਾਦਗਾਰ ਬਣਵਾ ਦਿਆਂਗਾ। ਲੋਕ ਤੈਨੂੰ ਰਹਿੰਦੀ ਦੁਨੀਆਂ ਤਕ ਯਾਦ ਕਰਿਆ ਕਰਨਗੇ...ਹਾਂ ਨਾਦੀਆ, ਮੈਂ ਵਚਨ ਦੇਂਦਾ ਹਾਂ, ਵੱਧ ਤੋਂ ਵੱਧ ਖਰਚ ਕਰਕੇ ਮੈਂ ਤੇਰੀ ਯਾਦਗਾਰ ਬਣਵਾਵਾਂਗਾ। ਪਰ ਮੇਰੀ ਬੇਨਤੀ ਨਾ ਭੁੱਲੀਂ, ਕੱਲ੍ਹ ਫੇਰ ਪੁੱਛਿਆ ਜਾਏਗਾ, ਮੇਰਾ ਨਾਂ ਨਾ ਦੱਸੀਂ...।'
      ੦੦੦
ਇਹ ਦੇਸ਼ ਇਕ ਛੋਟੇ ਜਿਹੇ ਟਾਪੂ ਉੱਤੇ ਸਥਿਤ ਸੀ।
ਕੁਦਰਤੀ ਖਜਾਨਿਆਂ ਨਾਲ ਭਰਪੂਰ ਇਸ ਧਰਤੀ ਦੇ ਵਾਸੀ ਬੜੇ ਖੁਸ਼ਹਾਲ ਸਨ। ਦੇਸ਼ ਦਾ ਆਪਣਾ ਸੰਵਿਧਾਨ ਸੀ। ਮੁਕੱਦਮਿਆਂ ਦੇ ਫੈਸਲੇ ਪੰਚਾਇਤਾਂ ਕਰਦੀਆਂ ਸਨ। ਨਾਦੀਆ ਦੇ ਕੇਸ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਛੱਡੀ ਸੀ। ਅਖ਼ਬਾਰਾਂ ਨੂੰ ਵੀ ਜਿਵੇਂ ਨਵਾਂ ਵਿਸ਼ਾ ਲੱਭ ਪਿਆ ਸੀ, ਗੱਲ ਨੂੰ ਖੂਬ ਉਛਾਲਿਆ ਗਿਆ। ਤੇ ਫੇਰ ਉਸ ਕੇਸ ਦਾ ਇਕ ਇਤਿਹਾਸਕ ਫੈਸਲਾ ਹੋਇਆ—
ਟਾਪੂ ਦੀ ਪੰਚਾਇਤ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਸਰਪੰਚ ਚੌਧਰੀ ਸਾਹਬ ਆਪਣੀ ਖਾਸ ਕੁਰਸੀ ਉੱਤੇ ਆਣ ਬੈਠੇ, ਉਹਨਾਂ ਤੋਂ ਜ਼ਰਾ ਨੀਵੀਂ ਥਾਂ ਪੰਚਾਇਤ ਦੇ ਹੋਰ ਮੈਂਬਰ ਬੈਠੇ ਹੋਏ ਸਨ। ਇਕ ਪਾਸੇ ਕਟਿਹਿਰੇ ਵਿਚ ਨਾਦੀਆ ਨੀਵੀਂ ਪਾਈ ਖੜ੍ਹੀ ਸੀ...ਉਸ ਦੇ ਨੇੜੇ ਹੀ ਸਥਾਨਕ ਪੁਲਸ ਦੇ ਕੁਝ ਅਫ਼ਸਰ ਖੜ੍ਹੇ ਸਨ। ਹਾਲ ਕਮਰਾ ਲੋਕਾਂ ਨਾਲ ਭਰਿਆ ਹੋਇਆ ਸੀ। ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਸਾਰ ਕਮਰੇ ਵਿਚ ਚੁੱਪ ਵਰਤ ਗਈ। ਸਰਕਾਰੀ ਵਕੀਲ ਨੇ ਨਾਦੀਆ ਉਪਰ ਲਾਏ ਹੋਏ ਇਲਜ਼ਾਮਾਂ ਦੀ ਸੂਚੀ ਪੜ੍ਹ ਕੇ ਸੁਣਾਈ। ਉਸ ਉੱਤੇ ਇਲਜ਼ਾਮ ਸੀ ਕਿ ਉਸ ਨੇ ਦੇਸ਼, ਕੌਮ ਤੇ ਸਮਾਜ ਦੇ ਅਸੂਲਾਂ ਨੂੰ ਤੋੜਿਆ ਹੈ, ਸੰਭੋਗ ਵਰਗਾ ਮਾੜਾ ਜੁਰਮ ਕੀਤਾ ਹੈ ਤੇ ਇਸ ਦੇ ਨਤੀਜੇ ਵਜੋਂ ਆਪਦੇ ਪੇਟ ਵਿਚ ਪਲ ਰਹੀ ਇਕ ਮਾਸੂਮ ਜਿੰਦ ਦੀ ਹੱਤਿਆ ਕੀਤੀ ਹੈ। ਇੰਜ ਉਸ ਨੇ ਦੋ ਮਹਾ-ਅਪਰਾਧ ਕੀਤੇ ਸਨ। ਦੋਹਾਂ ਦੀ ਸਜ਼ਾ ਦੇਸ਼ ਦੇ ਸੰਵਿਧਾਨ ਅਨੁਸਾਰ ਸਿਰਫ ਮੌਤ ਸੀ। ਪਰ ਦੇਸ਼ ਦੇ ਕਾਨੂੰਨ ਵਿਚ ਰਹਿਮ ਦੀ ਗੰਜਾਇਸ਼ ਵੀ ਸੀ। ਜੇ ਨਾਦੀਆ ਨੇ ਇਹ ਜੁਰਮ ਕਿਸੇ ਮਜ਼ਬੂਰੀ ਵਿਚ ਕੀਤੇ ਸਨ ਤਾਂ ਉਸ ਨੂੰ ਆਪਣੇ ਸਾਥੀ ਮੁਜ਼ਰਮ ਦਾ ਨਾਂ ਦੱਸਣਾ ਪੈਣਾ ਸੀ...ਤਾਂਕਿ ਉਸ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਰਿਆਇਤ ਦਿਲੀ ਤੋਂ ਕੰਮ ਲਿਆ ਜਾ ਸਕੇ।
ਸਰਕਾਰੀ ਵਕੀਲ ਨੇ ਪੁੱਛਿਆ, ''ਨਾਦੀਆ, ਕੀ ਤੂੰ ਆਪਣੇ ਜ਼ੁਰਮ ਕੇ ਸਾਂਝੀਵਾਲ ਦਾ ਨਾਂਅ ਦੱਸ ਦੇਣ ਲਈ ਰਜ਼ਾਮੰਦ ਏਂ ?''
ਨਾਦੀਆ ਨੇ ਆਪਣਾ ਝੁਕਿਆ ਹੋਇਆ ਸਿਰ 'ਨਾਂਹ' ਵਿਚ ਹਿਲਾ ਦਿੱਤਾ।
ਸਰਕਾਰੀ ਵਕੀਲ ਨੇ ਸਰਪੰਚ ਚੌਧਰੀ ਸਾਹਬ ਵੱਲ ਮੂੰਹ ਭੂਆਂ ਕੇ ਕਿਹਾ, ''ਆਲੀ ਜਨਾਬ, ਮੁਲਜ਼ਮਾ ਆਪਣੇ ਜ਼ੁਰਮ ਦਾ ਇਕਬਾਲ ਤਾਂ ਕਰ ਰਹੀ ਹੈ ਪਰ ਆਪਣੇ ਸਾਥੀ ਗੁਨਾਹਗਾਰ ਦਾ ਨਾਂਅ ਦੱਸਣ ਲਈ ਤਿਆਰ ਨਹੀਂ। ਦੇਸ਼ ਦੇ ਕਾਨੂੰਨ ਅਨੁਸਾਰ ਮੈਂ ਚਾਹਾਂਗਾ ਕਿ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂਕਿ ਲੋਕਾਂ ਨੂੰ ਅੱਗੇ ਵਾਸਤੇ ਨਸੀਹਤ ਹੋ ਜਾਵੇ।''
ਸਰਪੰਚ ਚੌਧਰੀ ਸਾਹਬ ਬੇਚੈਨੀ ਨਾਲ ਕੁਰਸੀ ਉੱਤੇ ਪਾਸਾ ਪਰਤਦੇ ਹੋਏ ਬੋਲੇ, ''ਮੁਲਜ਼ਮਾ ਨਾਦੀਆ, ਤੈਨੂੰ ਪਤਾ ਈ ਹੋਏਗਾ ਕਿ ਜਿਹੜੇ ਗੁਨਾਹ ਤੂੰ ਕੀਤੇ ਨੇ, ਮੁਲਕ ਦੇ ਕਾਨੂੰਨ ਅਨੁਸਾਰ ਉਹਨਾਂ ਦੀ ਸਜ਼ਾ ਸਿਰਫ ਮੌਤ ਹੈ। ਤੈਨੂੰ ਪਤਾ ਏ ਨਾ? ਤੇ ਤੂੰ ਆਪਣੇ ਗੁਨਾਹਾਂ ਦਾ ਇਕਬਾਲ ਕਰ ਚੁੱਕੀ ਏਂ। ਇਹ ਸੰਭੋਗ ਤੇ ਕਤਲ, ਸਮਾਜ ਵਿਰੋਧੀ ਤੇ ਦੇਸ਼ ਦੁਸ਼ਮਣ ਗੁਨਾਹ ਕਰਨ ਦਾ ਹੌਂਸਲਾ ਕਿੰਜ ਕੀਤਾ ਸੀ ਤੂੰ? ਯਕੀਨਨ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਪਰ ਕਾਨੂੰਨ ਸਿਰਫ ਸਜ਼ਾ ਦੇਣਾ ਹੀ ਨਹੀਂ ਜਾਣਦਾ, ਤੈਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਜੇ ਤੂੰ ਉਸ ਆਦਮੀ ਦਾ ਨਾਂ ਦੱਸ ਦੇਵੇਂ, ਜਿਸ ਨੇ ਤੈਨੂੰ ਇੰਜ ਕਰਨ ਲਈ ਮਜ਼ਬੂਰ ਕੀਤਾ, ਤਾਂ ਤੇਰੀ ਸਜ਼ਾ ਬਦਲੀ ਵੀ ਜਾ ਸਕਦੀ ਏ, ਕੀ ਤੂੰ ਉਸ ਦਾ ਨਾਂ ਦੱਸਣਾ ਚਾਹੇਂਗੀ?''
ਨਾਦੀਆ ਬੁੱਤ ਵਾਂਗ ਖੜ੍ਹੀ ਰਹੀ। ਭੀੜ ਵਿਚ ਖੁਸਰ-ਫੁਸਰ ਹੋਣ ਲੱਗ ਪਈ, ਚੌਧਰੀ ਸਾਹਬ ਬੋਲੇ, ''ਕੀ ਤੂੰ ਉਸ ਆਦਮੀ ਦਾ ਨਾਂ ਦੱਸਣਾ ਏਂ ?''
ਝੁਕੇ ਹੋਏ ਸਿਰ ਨਾਲ ਇਕ ਵਾਰ ਫੇਰ ਨਾਦੀਆ ਨੇ ਇਨਕਾਰ ਕਰ ਦਿੱਤਾ। ਭੀੜ ਵਿਚਲੀ ਭਿਣਭਿਣਾਹਟ ਤੇਜ਼ ਹੋ ਗਈ।
ਤੇ ਫੇਰ ਚੌਧਰੀ ਸਾਹਬ ਨੇ ਫੈਸਲਾ ਸੁਣਾ ਦਿੱਤਾ—
'ਮੁਲਜ਼ਮਾ ਨਾਦੀਆ ਨੇ ਮੁਲਕ ਦੇ ਕਾਨੂੰਨ ਅਨੁਸਾਰ ਇਕ ਨਹੀਂ ਦੋ ਮਹਾ-ਅਪਰਾਧ ਕੀਤੇ ਨੇ ਤੇ ਉਹਨਾਂ ਨੂੰ ਮੰਨ ਵੀ ਲਿਆ ਏ। ਨਾਲੇ ਆਪਣੇ ਸਾਥੀ ਗੁਨਾਹਗਾਰ ਦਾ ਨਾਂ ਵੀ ਨਹੀਂ ਦੱਸਿਆ। ਮੁਲਕ ਦੇ ਕਾਨੂੰਨ ਅਨੁਸਾਰ ਮੈਂ ਇਸ ਨੂੰ ਸੰਗਸਾਰੀ (ਪੱਥਰ ਮਾਰ-ਮਾਰ ਕੇ ਮਾਰ ਦੇਣ) ਦੇ ਜ਼ਰੀਏ, ਸਜ਼ਾਏ ਮੌਤ ਦਾ ਹੁਕਮ ਦੇਂਦਾ ਹਾਂ। ਪਰ ਪੱਥਰਾਅ ਸ਼ੁਰੂ ਕਰਨ ਤੋਂ ਪਹਿਲਾਂ, ਸਵੇਰੇ, ਤੈਨੂੰ ਇਕ ਮੌਕਾ ਹੋਰ ਦਿੱਤਾ ਜਾਏਗਾ। ਜੇ ਤੂੰ ਆਪਣੇ ਸਾਥੀ ਅਪਰਾਧੀ ਦਾ ਨਾਂ ਦੱਸ ਦਏਂਗੀ ਤਾਂ ਹੋ ਸਕਦਾ ਏ ਇਹ ਸਜ਼ਾ ਟਲ ਜਾਏ। ਕੱਲ੍ਹ ਸਵੇਰੇ ਸੂਰਜ ਚੜ੍ਹਣ ਤੋਂ ਪਿੱਛੋਂ, ਸ਼ਹਿਰ ਦੇ ਬਾਹਰਲੇ ਵੱਡੇ ਮੈਦਾਨ ਵਿਚ, ਮੁਲਜ਼ਮਾ ਨਾਦੀਆ ਉੱਤੇ ਸਾਰੀ ਜਨਤਾ ਸਾਹਮਣੇ, ਪਥਰਾਅ ਕੀਤਾ ਜਾਏਗਾ।''
      ੦੦੦
ਅੱਧੀ ਰਾਤ ਤੋਂ ਪਿੱਛੋਂ ਇਕ ਹੋਰ ਪਰਛਾਵਾਂ ਨਾਦੀਆ ਦੀ ਕੋਠੜੀ ਅੰਦਰ ਆਇਆ। ਉਸ ਨੂੰ ਇੱਥੇ ਪਹੁੰਚਣ ਵਾਸਤੇ ਰਿਸ਼ਵਤ ਨਹੀਂ ਦੇਣੀ ਪਈ ਸੀ। ਉਹ ਇਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਸੀ। ਸਾਰੇ ਲੋਕ ਉਸ ਨੂੰ ਜਾਣਦੇ ਸਨ। ਜਦੋਂ ਉਹ ਕੋਠੜੀ ਦੇ ਦਰਵਾਜ਼ੇ ਨੇੜੇ ਪਹੁੰਚਿਆ ਸੀ, ਸੰਤਰੀ ਨੇ ਫੌਜੀਆਂ ਵਾਂਗ ਸਲੂਟ ਮਾਰਿਆ ਸੀ। ਨਾਦੀਆ ਅਜੇ ਜਾਗ ਰਹੀ ਸੀ। ਜਦੋਂ ਉਹ ਉਸ ਦੇ ਨੇੜੇ ਪਹੁੰਚਿਆ, ਉਹ ਉੱਠ ਕੇ ਬੈਠ ਗਈ।
'' ਨਾਦੀਆ,'' ਉਸ ਨੇ ਬੜੀ ਹੌਲੀ ਜਿਹੀ ਕਿਹਾ। ਨਾਦੀਆ ਨੇ ਉਸ ਦੀ ਆਵਾਜ਼ ਵੀ ਪਛਾਣ ਲਈ।
'ਮੈਂ ਬੜੇ ਯਤਨ ਕੀਤੇ ਸਨ ਨਾਦੀਆ ਕਿ ਤੈਨੂੰ ਏਨੀ ਸਖ਼ਤ ਸਜ਼ਾ ਨਾ ਦਿੱਤੀ ਜਾਏ...ਪਰ ਉਹਨਾਂ ਮੇਰੀ ਇਕ ਨਹੀਂ ਸੁਣੀ। ਦੇਸ਼ ਦਾ ਕਾਨੂੰਨ ਬੜਾ ਸਖ਼ਤ ਏ। ਜ਼ਿਆਦਾ ਜ਼ੋਰ ਦੇਂਦਾ ਤਾਂ ਵਿਰੋਧੀ ਪਾਰਟੀ ਨੇ ਗੱਲ ਫੜ੍ਹ ਲੈਣੀ ਸੀ ਤੇ ਏਸੇ ਗੱਲ ਨੂੰ ਉਛਾਲ ਕੇ ਮੈਨੂੰ ਬਦਨਾਮ ਕਰਨ ਲੱਗ ਪੈਣਾ ਸੀ। ਮੈਂ ਏਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਹਾਂ। ਵਿਦੇਸ਼ਾਂ ਵਿਚ ਬੜਾ ਨਾਂ ਏਂ ਮੇਰਾ। ਕਈ ਦੇਸ਼ਾਂ ਦੇ ਨੇਤਾ ਮੈਥੋਂ ਸਲਾਹ-ਮਸ਼ਵਰੇ ਲੈਣ ਆਉਂਦੇ ਨੇ। ਮੇਰੀ ਸਿਆਸੀ ਸੂਝ-ਬੂਝ ਦਾ ਲੋਹਾ ਮੰਨਦੇ ਨੇ। ਪਰ...ਦੇਸ਼ ਦਾ ਕਾਨੂੰਨ ਆਖ਼ਰ ਕਾਨੂੰਨ ਹੁੰਦਾ ਏ ਤੇ ਕਈ ਗੱਲਾਂ ਸਾਹਮਣੇ ਬੰਦਾ ਬੇਵੱਸ ਹੋ ਜਾਂਦਾ ਏ। ਤੂੰ ਆਪ ਸਿਆਣੀ ਏਂ...। ਪਰ ਨਾਦੀਆ, ਤੇਰੇ ਸਾਹਮਣੇ ਮੈਂ ਇਕ ਬੇਨਤੀ ਕਰਨ ਆਇਆ ਹਾਂ, ਰੱਬ ਦਾ ਵਾਸਤਾ ਈ ਮੇਰਾ ਨਾਂ ਨਾ ਦੱਸੀਂ। ਨਹੀਂ ਤੇ ਗ਼ਜ਼ਬ ਹੀ ਹੋ ਜਾਏਗਾ, ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀਆਂ ਤਿੰਨ ਪਤਨੀਆਂ ਤੇ ਬਾਰਾਂ ਬੱਚਿਆ ਦਾ ਕੀ ਬਣੇਗਾ, ਨਾਦੀਆ...।''
ਉਹ ਗਿੜਗਿੜਾਉਂਦਾ ਰਿਹਾ ਤੇ ਨਾਦੀਆ ਨੀਵੀਂ ਪਾ ਕੇ ਚੁੱਪਚਾਪ ਬੈਠੀ ਰਹੀ।
      ੦੦੦
ਅਜੇ ਸ਼ਹਿਰ ਦੀਆਂ ਮਸਜਿਦਾਂ ਵਿਚ ਅਜ਼ਾਨ ਨਹੀਂ ਸੀ ਹੋਈ। ਇਕ ਧਾਰਮਿਕ ਪੇਸ਼ਵਾ ਜੇਲ ਅੰਦਰ ਆਏ ਤੇ ਨਾਦੀਆ ਦੀ ਕੋਠੜੀ ਦੇ ਦਰਵਾਜ਼ੇ ਕੋਲ ਆ ਕੇ ਰੁਕੇ। ਉਹਨਾਂ ਨਾਲ ਜੇਲ ਦਾ ਹਾਕਮ ਵੀ ਆਇਆ ਸੀ। ਕੋਠੜੀ ਦੇ ਸਾਹਮਣੇ ਖਲੋਤੇ ਅਰਦਲੀ ਨੇ ਬੜੇ ਸਤਿਕਾਰ ਨਾਲ ਝੁਕ ਕੇ ਉਹਨਾਂ ਨੂੰ ਸਲਾਮ ਕੀਤੀ ਤੇ ਦਰਵਾਜ਼ਾ ਖੋਲ੍ਹ ਦਿੱਤਾ। ਉਹ ਹੌਲੀ ਹੌਲੀ ਤੁਰਦੇ ਹੋਏ ਅੰਦਰ ਲੰਘ ਗਏ। ਸਜ਼ਾਏ-ਮੌਤ ਦੇ ਕੈਦੀਆਂ ਨੂੰ ਮੌਤ ਤੋਂ ਪਹਿਲਾਂ ਅਗਲੇਰੇ ਜੀਵਨ ਬਾਰੇ ਹਦਾਇਤਾਂ ਕਰਨਾ ਉਹਨਾਂ ਦੇ ਧਾਰਮਿਕ ਫਰਜ਼ ਵਿਚ ਸ਼ਾਮਿਲ ਸੀ।
'ਨਾਦੀਆ,'' ਉਹਨਾਂ ਜ਼ਰਾ ਉੱਚੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, ''ਮੌਤ ਹਰੇਕ ਇਨਸਾਨ ਨੂੰ ਆਉਂਦੀ ਹੈ। ਉਸ ਦੇ ਹੱਥੋਂ ਨਾ ਬਾਦਸ਼ਾਹ ਬਚ ਸਕਿਆ ਏ ਕਦੀ, ਨਾ ਭਿਖਾਰੀ। ਹਰੇਕ ਦੀ ਮੌਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਸਾਨੂੰ ਹਰ ਵੇਲੇ ਸੱਚੇ ਮਾਲਕ ਸਾਹਮਣੇ ਪੇਸ਼ ਹੋਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਉਹ ਹਰੇਕ ਭੁੱਲ ਨੂੰ ਬਖ਼ਸ਼ਣ ਵਾਲ ਹੈ...'' ਤੇ ਫੇਰ ਅਚਾਨਕ ਉਹਨਾਂ ਦੀ ਆਵਾਜ਼ ਖਾਸੀ ਧੀਮੀ ਹੋ ਗਈ ਸੀ, ''ਨਾਦੀਆ ਮੇਰੇ ਉਪਰ ਰਹਿਮ ਕਰੀਂ! ਤੈਨੂੰ ਪਤਾ ਈ ਏ, ਮੈਂ ਏਸ ਸ਼ਹਿਰ ਦਾ ਵੱਡਾ ਪੇਸ਼ਵਾ ਹਾਂ। ਲੋਕ ਸਤਿਕਾਰ ਵਜੋਂ ਮੇਰੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰਦੇ। ਏਥੋਂ ਦੇ ਈ ਨਹੀਂ ਬਾਹਰਲੇ ਮੁਲਕਾਂ ਦੇ ਲੋਕ ਵੀ ਮੇਰੀ ਬੜੀ ਇੱਜ਼ਤ ਕਰਦੇ ਨੇ। ਸਭ ਕੁਝ ਮਿੱਟੀ 'ਚ ਮਿਲ ਜਾਏਗਾ ਨਾਦੀਆ ਜੇ ਤੂੰ ਮੇਰਾ ਨਾਂ ਦੱਸ ਦਿੱਤਾ...ਥੋੜ੍ਹੀ ਜਿਹੀ ਤਕਲੀਫ ਝੱਲ ਲਵੀਂ। ਮੈਂ ਸਵੇਰੇ ਵੀ ਤੇਰੇ ਹੱਕ ਵਿਚ ਦੁਆ ਕਰਾਂਗਾ ਤਾਂਕਿ ਤੇਰੀ ਰੂਹ ਆਸਾਨੀ ਨਾਲ ਜਿਸਮ ਵਿਚੋਂ ਪਰਵਾਜ਼ ਕਰ ਜਾਏ ਤੇ ਬਹੁਤੀ ਤਕਲੀਫ ਨਾ ਝੱਲਣੀ ਪਏ। ਨਾਦੀਆ ਸੋਚ, ਜ਼ਿੰਦਗੀ ਵਿਚ ਮੈਂ ਤੇਰੇ ਉਪਰ ਕਿੰਨੀਆਂ ਮਿਹਰਬਾਨੀਆਂ ਕੀਤੀਆਂ ਨੇ...ਸੱਚ ਜਾਣੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁੱਲਾਂਗਾ, ਤੇਰੀ ਖਾਤਰ ਏਨਾ ਈਸਾਲੇ ਸਵਾਬ (ਆਤਮਕ ਸ਼ਾਂਤੀ ਲਈ ਪਾਠ) ਕਰਾਂਗਾ ਕਿ ਤੇਰੇ ਸਾਰੇ ਗੁਨਾਹ ਧੋਤੇ ਜਾਣਗੇ। ਪਰ ਮੇਰੀ ਇਹੀ ਅਰਜ਼ ਏ ਨਾਦੀਆ, ਵੇਖੀਂ ਮੇਰਾ ਨਾਂ ਨਾ ਦੱਸ ਦੇਵੀਂ...ਨਹੀਂ ਤੇ ਮੇਰੀਆਂ ਚਾਰ ਪਤਨੀਆਂ ਤੇ ਏਨੇ ਸਾਰੇ ਬੱਚਿਆਂ ਦਾ ਕੀ ਬਣੇਗਾ?'' ਉਹ ਲਿਲਕਦਾ ਰਿਹਾ ਤੇ ਨਾਦੀਆ ਚੁੱਪਚਾਪ ਨੀਵੀਂ ਪਾ ਕੇ ਬੈਠੀ ਰਹੀ।
       ੦੦੦
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਦੇ ਬਾਹਰਲੇ ਮੈਦਾਨ ਵਿਚ ਦਰਸ਼ਕਾਂ ਦੀ ਖਾਸੀ ਭੀੜ ਲੱਗ ਗਈ ਸੀ।
ਮਿਥੇ ਹੋਏ ਸਮੇਂ ਅਨੁਸਾਰ ਸਰਪੰਚ ਚੌਧਰੀ ਸਾਹਬ, ਪੰਚਾਇਤ ਦੇ ਹੋਰ ਮੈਂਬਰ, ਪੁਲਸ ਅਧਿਕਾਰੀ ਤੇ ਅਮਾਮਦੀਨ ਸ਼ਹਿਰ ਵੀ ਆ ਪਹੁੰਚੇ। ਇਕ ਪੁਲਸ ਕਾਰ ਵਿਚ ਨਾਦੀਆ ਨੂੰ ਲਿਆਂਦਾ ਗਿਆ। ਮੈਦਾਨ ਦੇ ਐਨ ਵਿਚਕਾਰ, ਤਿੰਨ ਚਾਰ ਫੁੱਟ ਡੂੰਘਾ, ਇਕ ਟੋਇਆ ਪੁਇਆ ਹੋਇਆ ਸੀ ਤੇ ਪੱਥਰਾਂ ਦਾ ਇਕ ਵੱਡਾ ਸਾਰਾ ਢੇਰ ਲਗਵਾ ਦਿੱਤਾ ਗਿਆ ਸੀ।
ਕਾਨੂੰਨ ਦੇ ਮੁਤਾਬਿਕ ਇਕ ਵਾਰ ਫੇਰ ਚੌਧਰੀ ਸਾਹਬ ਨੇ ਨਾਦੀਆ ਤੋਂ ਪੁੱਛਿਆ, ''ਨਾਦੀਆ ਕਾਨੂੰਨਨ ਤੈਨੂੰ ਇਕ ਮੌਕਾ ਹੋਰ ਦਿੱਤਾ ਜਾ ਰਿਹਾ ਏ...ਜੇ ਤੂੰ ਉਸ ਆਦਮੀ ਦਾ ਨਾਂ ਦੱਸਣਾ ਚਾਹੁੰਦੀ ਏਂ, ਤਾਂ ਦੱਸ ਸਕਦੀ ਏਂ, ਜਿਸ ਨੇ ਤੈਨੂੰ ਇਹ ਗੁਨਾਹ ਕਰਨ ਵਾਸਤੇ ਮਜ਼ਬੂਰ ਕੀਤਾ ਸੀ...ਇਹ ਹੋ ਸਕਦਾ ਏ ਕਿ ਤੇਰੀ ਇਹ ਸਜ਼ਾ ਘਟ ਜਾਏ।''
ਜਦੋਂ ਸਾਰੇ ਇੰਤਜ਼ਾਮ ਪੂਰੇ ਹੋ ਗਏ ਤਾਂ ਨਾਦੀਆਂ ਨੂੰ ਨਾਦੀਆ ਨੂੰ ਟੋਏ ਵਿਚ ਖੜ੍ਹਾ ਕਰਕੇ ਲੱਕ-ਲੱਕ ਮਿੱਟੀ ਵਿਚ ਗੱਡ ਦਿੱਤਾ ਗਿਆ। ਪਥਰਾਅ ਕਰਨ ਵਾਸਤੇ ਲੋਕਾਂ ਨੇ ਪੱਥਰ ਚੁੱਕ ਲਏ।
ਰਿਵਾਜ਼ ਮੁਤਾਬਿਕ ਪਹਿਲਾ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਨਾ ਸੀ। ਸਭ ਦੀਆਂ ਨਜ਼ਰਾਂ ਉਹਨਾਂ ਵੱਲ ਭੌਂ ਗਈਆਂ। ਉਹਨਾਂ ਇਕ ਪੱਥਰ ਚੁੱਕਿਆ ਪਰ ਨਾਦੀਆ ਦੇ ਮਾਰਿਆ ਨਹੀਂ। ਕੁਝ ਚਿਰ ਬਾਅਦ ਲੋਕਾਂ ਨੂੰ ਪਥਰਾਅ ਕਰਨ ਦਾ ਇਸ਼ਾਰਾ ਕੀਤਾ...ਇਹ ਗੱਲ ਆਮ ਸੀ ਕਿ ਉਹ ਬੜੇ ਰਹਿਮ ਦਿਲ ਨੇ। ਸ਼ਾਇਦ ਏਸੇ ਕਰਕੇ ਉਹਨਾਂ ਆਪ ਪੱਥਰ ਨਹੀਂ ਸੀ ਮਾਰਿਆ...! ਇਸ਼ਾਰਾ ਮਿਲਣ ਸਾਰ ਲੋਕਾਂ ਨੇ ਜ਼ਮੀਨ ਵਿਚ ਅੱਧ ਗੱਡੀ ਨਾਦੀਆ ਉਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਦੂਰ ਹੋਣ ਕਰਕੇ ਕਈਆਂ ਦੇ ਨਿਸ਼ਾਨੇ ਠੀਕ ਨਹੀਂ ਸਨ ਲੱਗੇ, ਪਰ ਕਈ ਪੱਥਰ ਨਾਦੀਆਂ ਨੂੰ ਵੱਜੇ ਵੀ ਸਨ। ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਸਿਰ ਤੇ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਕੁਝ ਲੋਕ ਤਾਂ ਇਕ ਇਕ ਪੱਥਰ ਮਾਰ ਕੇ ਪਿਛਾਂਹ ਹਟ ਗਏ ਸਨ ਪਰ ਜਿਹੜੇ ਜ਼ਿਆਦਾ ਸ਼ੌਕੀਨ ਤੇ ਪੱਥਰ ਦਿਲ ਸਨ ਵਾਰੀ ਵਾਰੀ ਪੱਥਰ ਚੁੱਕ ਕੇ ਮਾਰਦੇ ਰਹੇ। ਨਾਦੀਆ ਦੇ ਸਰੀਰ ਦੇ ਕਈ ਹਿੱਸਿਆਂ ਵਿਚੋਂ ਲਹੂ ਵਗਣ ਲੱਗ ਪਿਆ ਸੀ।
ਜਿਵੇਂ ਜਿਵੇਂ ਪੱਥਰ ਵੱਜਦੇ ਰਹੇ, ਉਹ ਨਿਢਾਲ ਹੁੰਦੀ ਗਈ। ਪਰ ਨਾ ਉਹ ਚੀਕੀ, ਨਾ ਰੋਈ—ਖਾਸੀ ਕਰੜਾਈ ਵਿਖਾਈ ਸੀ ਉਸ ਨੇ। ਕਈ ਪੱਥਰ ਉਸ ਦੇ ਸਿਰ ਵਿਚ ਵੱਜੇ ਤੇ ਖ਼ੂਨ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਬਰਦਾਸ਼ਤ ਦੀ ਵੀ ਇਕ ਹੱਦ ਹੁੰਦੀ ਹੈ। ਜਦੋਂ ਪੱਥਰਾਂ ਦੀ ਵਾਛੜ ਤੇਜ਼ ਹੋ ਗਈ, ਉਸ ਨੇ ਅਗਾਂਹ ਵੱਲ ਹੱਥ ਹਿਲਾ ਹਿਲਾ ਕੇ ਚੀਕਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਦੇ ਹੱਥ ਰੁਕ ਗਏ। ਪਰ ਸਜ਼ਾ ਤਾਂ ਪੁਰੀ ਕਰਨੀ ਹੀ ਪੈਣੀ ਸੀ। ਸੋ ਮੁੜ ਪਥਰਾਅ ਸ਼ੁਰੂ ਹੋ ਗਿਆ।
ਹੁਣ ਨਾਦੀਆ ਅੱਧਮੋਈ ਜਿਹੀ ਹੋ ਚੁੱਕੀ ਸੀ ਤੇ ਕੁਝ ਬੜਬੜਾ ਵੀ ਰਹੀ ਸੀ। ਭੀੜ ਵਿਚੋਂ ਕੋਈ ਕੂਕਿਆ, ''ਰੂਕ ਜਾਓ, ਉਹ ਕੁਝ ਕਹਿ ਰਹੀ ਏ...''
''ਸ਼ਾਇਦ ਉਸ ਦਾ ਨਾਂ ਦੱਸਣਾ ਚਾਹੁੰਦੀ ਏ...''
ਲੋਕਾਂ ਦੇ ਹੱਥ ਰੁਕ ਗਏ। ਉਹਨਾਂ ਦੀਆਂ ਨਜ਼ਰਾਂ ਤੇ ਕੰਨ ਨਾਦੀਆ ਉੱਤੇ ਟਿਕੇ ਹੋਏ ਸਨ। ਹੁਣ ਕੋਈ ਵੀ ਪੱਥਰ ਨਹੀਂ ਸੀ ਮਾਰ ਰਿਹਾ।
ਉਸ ਦਾ ਚਿਹਰਾ ਖ਼ੂਨ ਨਾਲ ਲੱਥ-ਪੱਥ ਹੋਇਆ-ਹੋਇਆ ਸੀ...ਬੁੱਲ੍ਹ ਫਰਕ ਰਹੇ ਸਨ, ਪਰ ਕੋਈ ਆਵਾਜ਼ ਨਹੀਂ ਸੀ ਸੁਣਾਈ ਦੇਂਦੀ।
'ਕੀ ਤੂੰ ਕਿਸੇ ਦਾ ਨਾਂ ਦੱਸਣਾ ਏਂ ?'' ਭੀੜ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ।
ਨਾਦੀਆ ਨੇ ਲਾਲ ਲਾਲ ਅੱਖਾਂ ਨਾਲ ਪਹਿਲਾਂ ਭੀੜ ਵੱਲ ਤੇ ਫੇਰ ਅਸਮਾਨ ਵੱਲ ਤੱਕਿਆ ਤੇ ਫੇਰ ਕੁਝ ਬਰੜਾਈ।
''ਉਹ ਕਿਸੇ ਦਾ ਨਾਂ ਦੱਸ ਰਹੀ ਏ ਸ਼ਾਇਦ...'' ਕਿਸੇ ਨੇ ਕਿਹਾ। ਲੋਕ ਉਸ ਦੇ ਨੇੜੇ ਹੋਣ ਲੱਗ ਪਏ। ਸਭ ਦੇ ਕੰਨ ਉਸੇ ਵੱਲ ਸਨ।
ਜਦੋਂ ਨਾਦੀਆ ਨੇ ਭੀੜ ਵੱਲ ਮੂੰਹ ਕਰਕੇ ਕੁਝ ਬੋਲਣਾ ਚਾਹਿਆ—
'ਧੱਪ...'' ਇਕ ਵੱਡਾ ਸਾਰਾ ਪੱਥਰ ਉਸ ਦੇ ਮੂੰਹ ਉੱਤੇ ਆ ਵੱਜਿਆ। ਉਸ ਦੇ ਨਾਲ ਹੀ ਨਾਦੀਆ ਦੇ ਕੁਝ ਦੰਦ ਵੀ ਹੇਠਾਂ ਆਣ ਡਿੱਗੇ, ਮੂੰਚ ਵਿਚੋਂ ਖ਼ੂਨ ਦੇ ਘਰਾਲੇ ਵਗ ਤੁਰੇ। ਜਿਸਮ ਨੂੰ ਇਕ ਝੱਟਕਾ ਜਿਹਾ ਵੱਜਾ ਤੇ ਉਹ ਮੁੱਕ ਗਈ।
ਲੋਕਾਂ ਨੇ ਪਿਛਾਂਹ ਭੌਂ ਕੇ ਵੇਖਿਆ। ਚੌਧਰੀ ਸਾਹਬ ਖਾਲੀ ਹੱਥ ਖੜ੍ਹੇ ਸਨ।
ਇਹ ਆਖ਼ਰੀ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਿਆ ਸੀ।
     ੦੦੦ ੦੦੦ ੦੦੦  

ਐਕਸ਼ਨ ਰੀਪਲੇ...:: ਲੇਖਕ : ਇਰਸ਼ਦ ਜਾਵੇਦ

ਪਾਕੀ ਉਰਦੂ ਕਹਾਣੀ :
ਐਕਸ਼ਨ ਰੀਪਲੇ
ਲੇਖਕ : ਇਰਸ਼ਦ ਜਾਵੇਦ
ਅਨੁਵਾਦ : ਮਹਿੰਦਰ ਬੇਦੀ


ਅੱਜ ਸੰਦੂਕ ਵਿਚੋਂ ਰੀਟਾਇਰਮੈਂਟ ਵਾਲੇ ਕਾਗਜ਼ ਲੱਭ ਰਿਹਾ ਸਾਂ ਤਾਂ ਚਾਣਚੱਕ ਹੀ ਆਪਣੀ ਪਹਿਲੀ ਐਪੋਆਇੰਟਮੈਂਟ ਦਾ ਪਾਟਿਆ ਪੁਰਾਣਾ ਕਾਗਜ਼ ਵੀ ਲੱਭ ਪਿਆ। ਸਾਰੇ ਕਾਗਜ਼ ਕਮਲੀ ਦੇ ਝਾਟੇ ਵਾਂਗ ਖਿੱਲਰੇ ਪਏ ਸਨ।...ਤੇ ਉਹ ਟਿੱਡੀਆਂ ਖਾਧਾ, ਉਦਾਸ ਜਿਹੀ ਮਹਿਕ ਵਾਲਾ ਲਿਫ਼ਾਫ਼ਾ ਮੇਰੀਆਂ ਉਂਗਲਾਂ ਵਿਚ ਕਿਸੇ ਮਰ ਰਹੇ ਮਰੀਜ਼ ਦੇ ਸਾਹਾਂ ਵਾਂਗ ਅਟਕ ਗਿਆ ਹੈ। ਮੈਨੂੰ ਇੰਜ ਜਾਪਦਾ ਹੈ ਜਿਵੇਂ ਇਹਨਾਂ ਕਾਗਜ਼ਾਂ ਵਿਚਕਾਰ ਹੀ ਮੇਰੀ ਬੀਤੀ ਹੋਈ ਜ਼ਿੰਦਗੀ ਦੇ ਕਈ ਸਾਲ ਕੈਦ ਹਨ। ਮੈਂ ਐਨ ਉਸ ਬੱਚੇ ਵਾਂਗ ਸਹਿਮ ਗਿਆ ਸਾਂ ਜਿਸ ਨੂੰ ਆਪਣੇ ਮਨ-ਪਸੰਦ ਖਿਡੌਣੇ ਦੇ ਖੁੱਸ ਜਾਣ ਦਾ ਧੜਕੂ ਲੱਗ ਗਿਆ ਹੋਵੇ। ਜ਼ਿੰਦਗੀ ਦੇ ਬੀਤੇ ਹੋਏ ਦਿਨ, ਮਹੀਨੇ ਤੇ ਸਾਲ ਮੈਨੂੰ ਕਿਸੇ ਖੇਡ ਨਾਲੋਂ ਘੱਟ ਨਹੀਂ ਜਾਪਦੇ ਪਏ।
ਮੇਰੇ ਜਿਸਮ ਦੀ ਸਾਰੀ ਗਰਮੀ ਮੇਰੇ ਪੈਰਾਂ ਵਿਚ ਸੁਲਗ ਰਹੀ ਹੈ। ਮੈਂ ਆਪਣੇ ਚਿਹਰੇ ਤੋਂ ਆਪਣੀ ਉਮਰ ਦੀ ਧੂੜ ਪੂੰਝ ਰਿਹਾ ਆਂ ਮੇਰੇ ਸਾਰੇ ਚਿਹਰੇ ਉੱਤੇ ਉਮਰ ਦੀ ਸਫ਼ੈਦੀ ਪੱਸਰੀ ਹੋਈ ਹੈ। ਮੇਰੇ ਸਿਰ ਉੱਤੇ ਬਜ਼ੁਰਗੀ ਦੀ ਦਸਤਾਰ ਬੱਝ ਚੁੱਕੀ ਹੈ ਤੇ ਚਿਹਰਾ ਮੌਤ ਦੇ ਅਚੇਤਨ ਭੈ ਸਦਕਾ ਚਿੱਟੇ ਲੱਠੇ ਵਰਗੀ ਦਾੜ੍ਹੀ ਵਿਚ ਲਿਪਟਿਆ ਹੋਇਆ ਹੈ...ਤੇ ਸਾਰੀ ਦੇਹ ਰੂੰ ਦੇ ਤੂੰਬਿਆਂ ਨਾਲ ਕੱਜੀ ਹੋਈ ਹੈ; ਖਾਮੋਸ਼ ਖੁੱਲ੍ਹਾ ਲਿਫ਼ਾਫ਼ਾ ਮੇਰੇ ਸਾਹਮਣੇ ਹੈ, ਸ਼ਾਇਦ ਇਸ ਨੇ ਵੀ ਉਮਰ ਦਾ ਲਿਹਾਜ਼ ਕਰਨਾ ਸਿੱਖ ਲਿਆ ਹੈ ਜਾਂ ਮੇਰੇ ਬੁਢੇਪੇ 'ਤੇ ਇਸ ਨੂੰ ਤਰਸ ਆ ਗਿਆ ਹੈ। 'ਅਹਿ ਕੌਣ ਏਂ, ਜਿਸਨੇ ਮੇਰੀਆਂ ਅੱਖਾਂ ਵਿਚ ਹੈਰਾਨੀ ਦੇ ਸੂਰਜ ਉਗਾਅ ਦਿੱਤੇ ਨੇ? ਸ਼ਬਦਾਂ ਦੀ ਸ਼ਹਿਜ਼ਾਦੀ ਮੇਰੇ ਸਾਹਮਣੇ ਆਣ ਕੇ ਖਲੋ ਗਈ ਏ।'
ਪਿਆਰੇ ਜੁਗਨੂੰ ਸਾਹਬ—
ਆਪਣੇ ਜਜ਼ਬਿਆਂ ਨੂੰ ਸ਼ਬਦਾਂ ਦੀ ਲੜੀ ਵਿਚ ਮੋਤੀਆਂ ਵਾਂਗ ਕਿੰਜ ਪਰੋਈਦਾ ਏ...ਮੈਨੂੰ ਨਹੀਂ ਪਤਾ! ਇਹ ਹੱਥ ਤਾਂ ਸੱਚ-ਤੱਥ ਲਿਖਣ ਲੱਗਿਆਂ ਵੀ ਕੰਬ ਰਹੇ ਨੇ। ਨਿੱਕੜੀ (ਪੂਨਮ) ਨੇ ਦੱਸਿਆ ਕਿ ਭਾਈਜਾਨ (ਯਾਨੀ ਤੁਸੀਂ) ਇਕ ਬਹੁਤ ਵੱਡੇ ਅਫ਼ਸਰ ਬਣਨ ਵਾਲੇ ਹੋ। ਉਹ ਮੈਨੂੰ ਵਧਾਈਆਂ ਦੇ ਰਹੀ ਸੀ। ਹਾਲਾਂਕਿ ਅਜੇ ਉਹ ਖੁਸ਼ੀ ਦੇ ਸਹੀ ਅਰਥਾਂ ਤੋਂ ਅਣਜਾਣ ਹੈ...।
ਇਹ ਖ਼ਬਰ ਸੁਣ ਕੇ ਮੈਨੂੰ ਇੰਜ ਜਾਪਿਆ ਜਿਵੇਂ ਮੇਰੀ ਜ਼ਿੰਦਗੀ 'ਚੋਂ ਖੁਸ਼ੀਆਂ 'ਫੁਰ -ਰ' ਕਰਕੇ ਉੱਡ ਗਈਆਂ ਹੋਣ। ਸੀਨੇ ਅੰਦਰ ਉਥਲ-ਪੁਥਲ ਹੋ ਰਹੀ ਹੈ ਤੇ ਲਹੂ-ਗੇੜ ਉੱਛਲੇ ਹੋਏ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਹੈ। ਲੋਕ ਇਹਨਾਂ ਜਜ਼ਬਿਆਂ ਨੂੰ ਕੀ ਨਾਂ ਦੇਂਦੇ ਨੇ ਭਲਾ?
ਕੀ ਅਗਮ ਖੁਸ਼ੀ ਇਹੀ ਤਾਂ ਨਹੀਂ ਹੁੰਦੀ? ਮੈਨੂੰ ਸਾਰੇ ਜਜ਼ਬਿਆਂ ਤੋਂ ਜਾਣੂ ਕਰਵਾ ਦਿਓ...ਜ਼ਿੰਦਗੀ ਦੀਆਂ ਰਾਹਾਂ ਵਿਚ, ਨਿਗੂਣੀ ਜਿਹੀ ਮੈਂ ਜਜ਼ਬਿਆਂ ਦੇ ਥਾਲ ਵਿਚ ਉਮੀਦਾਂ ਦੀ ਸੀਰਨੀ ਵੰਡਾਂਗੀ ਕਿਉਂਕਿ ਅੱਜ ਮੇਰਾ ਜੁਗਨੂੰ ਵੱਡਾ ਬਾਬੂ ਬਣ ਗਿਆ ਏ।
ਚੰਨਿਆਂ! ਮੈਂ ਤੈਨੂੰ ਜ਼ਰੂਰ ਮਿਲਣ ਆਉਂਦੀ ਪਰ ਚਾਚੀ ਹਲੀਮਾ ਮੈਨੂੰ ਦੁਸ਼ਮਨ ਦੀਆਂ ਨਜ਼ਰਾਂ ਨਾਲ ਵਿਹੰਦੀ ਏ। ਜੇ ਕਿਤੇ ਏਸ ਹਸਤੀ ਦੀ ਮੁਰਾਦ ਉਹ ਤੋਂ ਹੁੰਦੀ!...ਖ਼ੈਰ ਤੂੰ ਆ ਜਾਵੀਂ। ਆਪਣੀ ਕਾਮਯਾਬੀ ਦੀ ਖ਼ਬਰ ਸੁਣਾਉਣ ਬਹਾਨੇ। ਪਾਪਾ ਤੇ ਅੰਮੀ ਨੂੰ ਵੀ ਤਾਂ ਤੇਰੀ ਉਡੀਕ ਰਹਿੰਦੀ ਏ।
         ਤੇਰੀ....
          'ਸੰਬਲ' '
ਸ਼ਬਦਾਂ ਦੀਆਂ ਲੜੀਆਂ ਟੁੱਟ ਚੁੱਕੀਆਂ ਨੇ। ਮੇਰੇ ਅੰਦਰਲਾ ਜੁਗਨੂੰ ਮੇਰੀ ਹਸਤੀ ਦੇ ਖੋਖੋ ਵਿਚੋਂ ਬਾਹਰ ਝਾਕ ਰਿਹਾ ਹੈ। ਹਾਏ! ਇਸ ਉਮਰ ਦੀ ਮੁੱਠੀ ਵਿਚੋਂ ਜਵਾਨੀ ਦੀ ਰੇਤ ਕਿੰਜ ਕਿਰ ਗਈ...! ਆਪਣੇ ਜਾਣੇ ਮੈਂ ਇਕ ਵੀ ਵਿਰਲ ਨਹੀਂ ਸੀ ਰਹਿਣ ਦਿੱਤੀ। ਸ਼ਾਇਦ ਅਜਿਹੀ ਹੀ ਕਿਸੇ ਘੁਟਨ ਸਦਕਾ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ।
ਕਿੱਥੇ ਰੁਲ ਗਿਆ ਹਾਂ ਮੈਂ? ਮੈਂ...ਮੈਂ ਰਿਟਾਇਰਡ ਡਿਪਟੀ ਕਮਿਸ਼ਨਰ ਨਹੀਂ ਰਹਾਂਗਾ...ਮੁੜ ਜੁਗਨੂੰ ਬਣ ਜਾਵਾਂਗਾ। ਮੈਂ ਕਿਸੇ ਦਾ ਬਾਪ ਨਹੀਂ, ਕਿਸੇ ਦਾ ਬੇਟਾ ਨਹੀਂ...ਨਾ ਕਿਸੇ ਦਾ ਭਰਾ ਹਾਂ।
ਹਾਂ-ਹਾਂ, ਮੈਂ ਜਾਬਰ ਅਲੀ ਡਿਪਟੀ ਕਮਿਸ਼ਨਰ ਵੀ ਨਹੀਂ...ਹਾਂ ਤਾਂ ਸਿਰਫ ਆਪਣੀ ਸੰਬਲ ਦਾ ਜੁਗਨੂੰ ਹਾਂ। ਮੈਂ ਆਪਣੀ ਉਮਰ ਦੀ ਬਗਲੀ 'ਚੋਂ ਝੂਠੀ ਮਾਣ-ਮਰਿਆਦਾ ਦੇ ਸਾਰੇ ਸਿੱਕੇ ਆਪਣੇ ਸੁਪਨਿਆਂ ਦੀ ਦਹਿਲੀਜ਼ ਤੋਂ ਪਾਰ ਸੁੱਟ ਦੇਣਾ ਚਾਹੁੰਦਾ ਹਾਂ।
ਖ਼ਤ ਮੇਰੇ ਪੋਟਿਆਂ ਦੀ ਤਪਸ਼ ਨਾਲ ਪੀਲਾ ਪੈਣ ਲੱਗ ਪਿਆ ਹੈ। ਇਹ ਖ਼ਤ...ਤੌਬਾ ਮੇਰੀ...ਇਹ ਮੇਰੇ ਸ਼ਬਦ !
ਸੰਬਲ ਪਿਆਰੀਏ,
ਟਰੇਨਿੰਗ 'ਤੇ ਜਾਣ ਤੋਂ ਪਹਿਲਾਂ ਮੈਂ ਆਪਣੀਆਂ ਕਿਤਾਬਾਂ ਮੇਜ਼ ਉਪਰ ਰੱਖ ਰਿਹਾ ਸਾਂ ਕਿ ਰਸਾਲੇ ਹੇਠ ਪਿਆ ਇਕ ਰੁੱਕਾ ਮਿਲਿਆ। ਮੈਂ ਝੱਟ ਸਮਝ ਲਿਆ, ਸਾਰੀ ਪੁਰਗੋਸੀ ਦੀ ਮਿਹਰਬਾਨੀ ਹੈ।
ਪਰ ਉਹ ਹਵਾ ਦੇ ਬੁੱਲ੍ਹੇ ਵਾਂਗ ਕਦੋਂ ਆਈ ਤੇ ਕਦੋਂ ਤੇਰਾ ਰੁੱਕਾ ਇੱਥੇ ਰੱਖ ਗਈ !!
ਚੰਨੀਏਂ ! ਤੂੰ ਸੰਬਲ ਏਂ ਨਾ...ਤਦੇ ਤਾਂ ਮੇਰੇ ਕਮਰੇ ਅੰਦਰ ਇਕ ਮਹਿਕ ਜਿਹੀ ਵੱਸੀ ਰਹਿੰਦੀ ਹੈ। ਗ਼ੁਲਾਬ ਦੀ ਕਿਸਮਤ ਹਵਾ ਦੇ ਹੱਥ ਹੁੰਦੀ ਏ...ਉਹ ਜਿੱਥੋਂ ਤਾਈਂ ਚਾਹੇ ਉਸ ਦੀ ਮਹਿਕ ਪਹੁੰਚਾ ਦੇਵੇ।
ਤੂੰ ਮੇਰੀ ਕਾਮਯਾਬੀ ਦੀ ਖਬਰ ਸੁਣ ਕੇ ਉਦਾਸ ਹੋ ਗਈ—ਪਰ ਕਿਉਂ? ਪਰ ਮੈਂ ਤਾਂ ਤੈਨੂੰ ਵਧਾਈਆਂ ਦੇਣ ਵਾਲਾ ਸਾਂ ਕਿ ਇਹ ਕਾਮਯਾਬੀ ਤੇਰੇ ਪਿਆਰ ਦੇ ਅਥਾਹ-ਅਸੀਮ ਸਮੂੰਦਰ ਦੀਆਂ ਮੰਨਤਾਂ ਤੇ ਸੁੱਖਨਾਵਾਂ ਦਾ ਨਤੀਜਾ ਏ। ਜੇ ਤੇਰੇ ਪਿਆਰ ਨੇ ਮੇਰੇ ਮਨ ਨੂੰ ਤਾਜ਼ਗੀ ਨਾ ਬਖ਼ਸ਼ੀ ਹੁੰਦੀ ਤਾਂ ਮੈਂ ਜ਼ਿੰਦਗੀ ਦੇ ਦੂਸਰੇ ਕਿਨਾਰੇ ਖੜ੍ਹਾ ਆਪਣੀ ਬਦਨਸੀਬੀ ਉੱਤੇ ਹੰਝੂ ਕੇਰ ਰਿਹਾ ਹੁੰਦਾ...ਮੇਰਾ ਖ਼ਿਆਲ ਹੈ ਇਹ ਸਾਰੀ ਖੁਸ਼ਨਸੀਬੀ ਆਪਣੀ ਸੱਚੀ ਮੁਹੱਬਤ ਦੇ ਸਿੱਟੇ ਵਜੋਂ ਹੀ ਹੈ। ਭਲਾ ਮੈਨੂੰ ਇੰਜ ਕਰਨ ਦੀ ਤਾਕਤ ਕਿਸ ਦਿੱਤੀ...? ਕਈ ਵਾਰੀ ਆਪਣੇ ਹੱਥ ਦੀਆਂ ਲਕੀਰਾਂ ਵਲ ਵਿੰਹਦਾ ਹਾਂ ਤਾਂ ਸਫਲਤਾ ਦੀ ਜਿਹੜੀ ਲਕੀਰ ਦਿਸਦੀ ਏ ਮੈਨੂੰ, ਮੈਂ ਉਸ ਨੂੰ ਸੰਬਲ ਕਹਿੰਦਾ ਹਾਂ...ਕਿਉਂਕਿ ਤੇਰੇ ਪਵਿੱਤਰ ਪਿਆਰ ਨੇ ਹੀ ਮੇਰੀ ਰੂਹ ਦੀ ਨੁਹਰ ਘੜੀ ਹੈ ਤੇ ਮੇਰੇ ਦਿਲ-ਦਿਮਾਗ਼ ਨੂੰ ਜ਼ਿੰਦਗੀ ਦੇ ਨਵੇਂ-ਨਵੇਂ ਰਾਹਾਂ ਤੋਂ ਜਾਣੂ ਕਰਵਾਇਆ ਹੈ।...ਮੇਰੇ ਜਿਸਮ ਵਿਚ ਕੈਦ ਸਾਹਾਂ ਨੂੰ ਸਿਰਫ ਇੱਕੋ ਚਾਬੀ ਲੱਗਦੀ ਹੈ...ਤੇਰੇ ਪਿਆਰ ਦੀ, ਤੇਰੇ ਨਾਂਅ ਦੀ ਚਾਬੀ...
...ਕਿਉਂਕਿ ਤੂੰ ਮੇਰੀ ਜ਼ਿੰਦਗੀ 'ਚ ਇਕ ਅਲੌਕਿਕ ਤਾਕਤ ਦਾ ਪ੍ਰਤੀਕ ਬਣ ਕੇ ਆਈ ਸੈਂ। ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਡੇ ਵਿਚਕਾਰ ਕੋਈ ਬਰੂਟਸ, ਨਫ਼ਰਤ ਦੀ ਕੰਧ ਨਹੀਂ ਉਸਾਰ ਸਕਦਾ। ਕਿਉਂਕਿ ਮੈਂ ਆਪਣੇ ਇਕੱਲੇ ਨਾਂਅ ਦੇ ਨਾਲ ਤੇਰਾ ਨਾਂਅ ਵੀ ਲਿਖਣਾ ਸ਼ੁਰੂ ਕਰ ਦਿੱਤਾ ਏ।...ਆਪਣੀ ਬੇਕਰਾਰੀ ਲਿਖ ਕੇ ਦੱਸ ਸਕਣ ਦੇ ਹੁਨਰ ਤੋਂ ਅਣਜਾਣ ਹਾਂ।
ਮੈਂ ਆਪਣੇ ਸਾਹਾਂ ਵਿਚ ਤੇਰੀ ਮਹਿਕ ਮਹਿਸੂਸ ਕਰ ਰਿਹਾ ਹਾਂ—ਚੰਗੀਏ ਸੰਬਲੇ, ਮੇਰੀ ਉਡੀਕ ਕਰੀਂ।
          ਜੁਗਨੂੰ। '
ਤੇ ਇਹ ਪੈਂਤੀ ਸਾਲ ਸੁੰਦਰ ਸੁਪਨੇ ਵਾਂਗ ਬੀਤ ਗਏ ਨੇ। ਮੇਰੇ ਦਿਨ ਤੇ ਦਿਮਾਗ਼ ਵਿਚ ਹੈਰਾਨੀਆਂ ਦੇ ਵਾ-ਵਰੋਲੇ ਉੱਠਦੇ ਨੇ ਤੇ ਅਲੋਪ ਹੋ ਜਾਂਦੇ ਨੇ। ਮੇਰੇ ਸਿਰ ਉੱਤੇ ਟਿਕੀ ਹੋਈ ਬਜ਼ੁਰਗੀ ਦੀ ਦਸਤਾਰ ਦੇ ਲੜ ਖੁੱਲ੍ਹਦੇ ਜਾ ਰਹੇ ਨੇ। ਮੈਂ ਉਮਰ ਦੀ ਸਫ਼ੈਦ ਧੂੜ ਨਾਲ ਭਰਿਆ ਹੋਇਆ ਆਪਣਾ ਚਿਹਰਾ ਯਾਦਾਂ ਦੀ ਤਰੇਲ ਨਾਲ ਧੋ ਰਿਹਾ ਹਾਂ। ਮੈਂ ਇਹਨਾਂ ਦੋਵਾਂ ਲਿਖਤਾਂ ਨਾਲ ਪੈਂਤੀ ਸਾਲਾਂ ਦਾ ਸਫਰ ਮੁਕਾਇਆ ਹੈ।
ਆਵਾਜ਼ ਦਾ ਇਕ ਗੋਲਾ ਐਨ ਮੇਰੇ ਨੇੜੇ ਪਾਟਿਆ।
'ਅੰਮੀ ਆ ਜਾਓ ਨਾ !'' ਵੱਡੀ ਨੂੰਹ ਚਾਹ ਪੀਣ ਲਈ ਬੁਲਾ ਰਹੀ ਹੈ।
ਬੱਚਿਆਂ ਦੀ ਚੀਕਾ-ਰੌਲੀ ਮੇਰੀ ਉਮਰ ਦਾ ਪਿੱਛਾ ਕਰ ਰਹੀ ਹੈ।
''ਦਾਦਾ ਜੀ ਨੂੰ ਵੀ ਬੁਲਾਵੋ ਨਾ...ਉਹ ਵੀ ਕ੍ਰਿਕਟ ਮੈਚ ਦਾ ਐਕਸ਼ਨ-ਰੀਪਲੇ ਵੇਖ ਲੈਣ।''
ਮੇਰੀ ਸਾਰੀ ਉਮਰ ਕਿਸੇ ਬਾਰੂਦੀ ਸੁਰੰਗ ਵਾਂਗ ਮੇਰੇ ਦਿਮਾਗ਼ ਵਿਚ ਫਟ ਜਾਂਦੀ ਹੈ। ਕੱਲ੍ਹ ਦੀ ਮਲੂਕ ਸੰਬਲ ਅੱਜ ਬੱਚਿਆਂ ਦੀ ਦਾਦੀ ਬਣੀ ਮੇਰੇ ਸਾਹਾਮਣੇ ਖੜ੍ਹੀ ਹੈ। ਆਵਾਜ਼ਾਂ ਦੇ ਪਟਾਖੇ ਅਜੇ ਤਾਈਂ ਹਵਾਂ ਵਿਚ ਫੁੱਟ ਰਹੇ ਨੇ। 'ਦਾਦਾ ਜੀ...ਐਕਸ਼ਨ-ਰੀਪਲੇ ਵੇਖ ਲੈਣ।' ਪਾਟੀਆਂ-ਪੁਰਾਣੀਆਂ ਲਿਖਤਾਂ ਹੱਥੋਂ ਛੁੱਟ ਕੇ ਹੇਠਾਂ ਡਿੱਗ ਪੈਂਦੀਆਂ ਨੇ।
ਸੰਬਲ ਦੀਆਂ ਅੱਖਾਂ ਪਲ ਵਿਚ ਵਰ੍ਹਿਆਂ ਦਾ ਪੰਧ ਮੁਕਾਅ ਆਈਆਂ ਨੇ! ਕਾਸ਼! ਮੈਂ ਤੀਹ ਪੈਤੀ ਸਾਲ ਪੁਰਾਣਾ ਐਕਸ਼ਨ-ਰੀਪਲੇ ਵੇਖ ਸਕਦਾ!
     ੦੦੦ ੦੦੦ ੦੦੦

ਰਿਆਸਤ…:: ਲੇਖਕ : ਵਿਜੈ




ਹਿੰਦੀ ਕਹਾਣੀ :
ਰਿਆਸਤ…::
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਕੋਠੀ ਵਿਚ ਸੁਜਾਤਾ ਨੂੰ ਇਕ ਅਜੀਬ ਜਿਹੀ ਗੰਧ ਮਹਿਸੂਸ ਹੋਈ। ਗੰਧ ਜਿਹੜੀ ਜਿਸਮ ਨਾਲ ਲਿਪਟੀ ਹੁੰਦੀ ਹੈ ਪਰ ਸਾਹਾਂ ਤੀਕ ਪਹੁੰਚ ਕੇ ਬੜੀ ਓਪਰੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਉਸਨੂੰ ਲੱਗਿਆ ਕਿ ਜਿਸ ਕੋਠੀ ਨੂੰ ਸੱਤ ਸਾਲ ਪਹਿਲਾਂ ਛੱਡਦਿਆਂ ਹੋਇਆਂ ਬੜਾ ਦੁੱਖ ਹੋਇਆ ਸੀ...ਹੁਣ ਉਸ ਦੀ ਉਹ ਖਿੱਚ ਅਲੋਪ ਹੋ ਗਈ ਹੈ। ਵੱਡਾ ਸਾਰਾ ਡਰਾਇੰਗ ਰੂਮ ਸੁੰਨਾ ਪਿਆ ਸੀ, ਨੌਕਰ ਸਾਮਾਨ ਉਪਰ ਵਾਲੇ ਕਿਸੇ ਕਮਰੇ ਵਿਚ ਰੱਖਣ ਲਈ ਲੈ ਜਾ ਰਿਹਾ ਸੀ।
ਸੁਜਾਤਾ ਨੇ ਖ਼ੁਦ ਨੂੰ ਅੰਦਰੇ-ਅੰਦਰ ਸੰਭਾਲਿਆ...ਮਨ ਤ੍ਰਿਸ਼ੰਕੂ ਵਾਂਗ ਹੁੰਦਾ ਹੈ। ਕਿਰਨ ਨਿਕਲਦੀ ਹੈ, ਸੱਤਰੰਗੀ ਬਣ ਕੇ। ਸੁੰਨੇ ਕਮਰੇ ਵਿਚ ਹੁਣ ਜਦੋਂ ਕਿ ਨਾ ਕਾਕਾ ਜੀ (ਚਾਚਾ ਜੀ) ਨੇ, ਨਾ ਨਵੀਂ ਮਾਂ ਤੇ ਨਾ ਹੀ ਦਾਦੀ ਤਾਂ ਭਾਵਨਾਹੀਣ ਜੜ੍ਹਤਾ ਵਿਚ ਰੰਗ ਕਿਹੜੇ ਹੋ ਸਕਦੇ ਨੇ? ਪਰ ਕੈਸੀ ਅਜੀਬ ਗੱਲ ਹੈ...ਇਹਨਾਂ ਕੰਧਾਂ ਨੇ ਕਦੀ ਉਸਨੂੰ ਆਉਣ ਲਈ ਬੁਲਾਇਆ ਹੀ ਨਹੀਂ! ਉਸਦੇ ਤੋਤਲਿਆਂ ਤੋਂ ਸੰਜੀਦਾ ਹੁੰਦੇ ਹੋਏ ਬੋਲਾਂ ਦਾ ਅਤੀਤ, ਕੀ ਕਦੀ ਈਕੋ ਬਣ ਕੇ ਨਹੀਂ ਗੁੰਜਿਆ ਹੋਏਗਾ? ਗੁੰਜਿਆ ਵੀ ਹੋਏਗਾ ਤਾਂ...ਉਹ ਦੂਰ ਸੀ ਤੇ ਦੂਜਿਆਂ ਨੇ ਸੁਣਿਆ ਨਹੀਂ ਹੋਣਾ।
ਬਸ ਆਉਂਦੇ ਰਹਿੰਦੇ ਸਨ, ਸਾਲ ਵਿਚ, ਦੋ-ਚਾਰ ਖ਼ਤ ਨਵੀਂ ਮਾਂ ਦੇ...ਜਿਹਨਾਂ ਦੀ ਸੁੰਦਰ ਲਿਖਾਵਟ ਹੌਲੀ-ਹੌਲੀ ਸੱਤ ਸਾਲਾਂ ਵਿਚ ਝਰੀਟਾਂ ਵਰਗੀ ਬਣ ਗਈ ਸੀ। ਕੀ ਕਦੀ ਖ਼ਤ ਵੀ ਸ਼ੁੰਨ ਨੂੰ ਭਰ ਸਕਦੇ ਨੇ? ਭਰ ਵੀ ਸਕਦੇ ਨੇ, ਜੇ ਉਹਨਾਂ ਵਿਚ ਭਾਵਨਾਵਾਂ ਹੋਣ। ਸਿਰਫ ਸਮਾਚਾਰ ਤੇ ਉਹ ਵੀ ਸਪਾਟ...'ਤੇਰੀ ਦਾਦੀ ਹੁਣ ਕਾਫੀ ਕੁਛ ਭੁੱਲ ਜਾਂਦੀ ਹੈ। ਤੇਰੇ ਕਾਕਾ ਜੀ ਵਕਾਲਤ ਵਿਚ ਖ਼ੂਬ ਤਰੱਕੀ ਕਰ ਰਹੇ ਨੇ। ਮੈਂ ਠੀਕ ਹਾਂ'...ਤੋਂ ਲੈ ਕੇ...'ਹੁਣ ਕਦੀ-ਕਦੀ ਤਬੀਅਤ ਖਰਾਬ ਹੋ ਜਾਂਦੀ ਹੈ। ਤੈਨੂੰ ਏਥੇ ਸਾਰੇ ਬੜਾ ਯਾਦ ਕਰਦੇ ਨੇ। ਉਹਨਾਂ ਸਾਰਿਆਂ ਦਾ ਤੇ ਮੇਰਾ ਢੇਰ ਸਾਰਾ ਪਿਆਰ।'
ਤੇ ਆਖ਼ਰੀ ਖ਼ਤ...'ਮੇਰੀ ਤਬੀਅਤ ਖਰਾਬ ਰਹੀ, ਇਸ ਲਈ ਕਾਫੀ ਦਿਨਾਂ ਦੀ ਖ਼ਤ ਨਹੀਂ ਲਿਖ ਸਕੀ। ਹਾਂ, ਵਿਆਹ ਬਾਰੇ ਕੀ ਸੋਚਿਆ ਹੈ? ਆਪਣੀ ਦਾਦੀ ਦੀ ਨਿਗਾਹ ਵਿਚ ਤਾਂ ਤੂੰ ਹਾਲੇ ਵੀ ਬੱਚੀ ਈ ਏਂ। ਉਮਰ ਵੀ ਨੱਬੇ ਹੋ ਗਈ ਹੈ ਉਹਨਾਂ ਦੀ, ਏਥੇ ਯਾਦਾਂ ਰੁਕ ਜਾਂਦੀਆਂ ਨੇ। ਕਾਕਾ ਜੀ ਨੂੰ ਤੇਰੀ ਬੜੀ ਫਿਕਰ ਰਹਿੰਦੀ ਹੈ। ਤੂੰ ਜਾਣਦੀ ਹੀ ਹੈਂ ਕਿ ਰਾਜਪੂਤ ਘਰਾਣੇ ਕੁੜੀਆਂ ਪ੍ਰਤੀ ਕਿੰਨੇ ਫਿਕਰਮੰਦ ਹੁੰਦੇ ਨੇ।'
ਪੌੜੀਆਂ ਚੜ੍ਹਦੀ ਹੋਈ ਸੋਚਦੀ ਹੈ...ਫਿਕਰ! ਕਾਕਾ ਜੀ ਨੇ ਆਪਣੀ ਫਿਕਰ ਕਿਉਂ ਨਹੀਂ ਕੀਤੀ? ਸਾਰੇ ਖ਼ਤਾਂ ਵਿਚ ਪੁੱਛਿਆ ਉਸਨੇ ਕਿ ਕਾਕਾ ਜੀ ਕਦੋਂ ਸ਼ਾਦੀ ਕਰ ਰਹੇ ਓ...ਪਰ ਕਦੀ ਇਸ ਗੱਲ ਦਾ ਉਤਰ ਨਹੀਂ ਮਿਲਿਆ। ਅੱਜ ਉਤਰ ਲੈਣ ਹੀ ਤਾਂ ਆਈ ਹੈ ਉਹ। ਪਰ ਏਥੇ ਚਿਹਰੇ ਸੱਚਾਈ ਛੁਪਾਉਣ ਦੇ ਮਾਹਰ ਨੇ।
ਨੌਕਰ ਨੇ ਜਿਸ ਕਮਰੇ ਵਿਚ ਸਾਮਾਨ ਰੱਖਿਆ ਸੀ, ਖ਼ੂਬ ਸਜਿਆ ਹੋਇਆ ਸੀ। ਯਾਦ ਆਇਆ ਇਹ ਕਮਰਾ ਹੀ ਤਾਂ ਉਸਦੇ ਪਾਪਾ ਤੇ ਮੰਮੀ ਦਾ ਸੀ। ਖਿੜਕੀ ਵਿਚੋਂ ਲਾਨ ਦੀ ਪੂਰੀ ਝਾਕੀ ਨਜ਼ਰ ਆਉਂਦੀ ਸੀ। ਨਾਲ ਵਾਲਾ ਕਮਰਾ ਉਸਦਾ ਆਪਣਾ ਸੀ ਤੇ ਤੀਸਰਾ ਕਮਰਾ ਮਹਿਮਾਨਾ ਲਈ ਸੀ। ਹੇਠਾਂ ਕਾਕਾ ਜੀ ਦਾ ਕਮਰਾ, ਉਹਨਾਂ ਦੇ ਮੰਨਸ਼ੀ ਤੇ ਮੁਵਕਿਲਾਂ ਲਈ ਬੈਠਕ, ਦਾਦੀ ਦਾ ਕਮਰਾ, ਵੱਡਾ ਸਾਰਾ ਰੀਡਿੰਗ ਤੇ ਡਰਾਇੰਗ ਰੂਮ।
ਆਪਣੇ ਕਮਰੇ ਵਿਚੋਂ ਬਾਹਰ ਆ ਕੇ ਦੋਹਾਂ ਕਮਰਿਆਂ ਦੇ ਦਰਵਾਜ਼ੇ ਧਰੀਕਦੀ ਹੈ। ਦੋਹਾਂ ਵਿਚ ਡਬਲ ਬੈਡ ਲੱਗੇ ਸਨ, ਪਰ ਖਾਲੀ ਸਨ। ਨੌਕਰ ਪਾਣੀ ਦਾ ਜੱਗ ਲਿਆਇਆ ਤਾਂ ਪੁੱਛਿਆ, “ਸਾਰੇ ਕਿੱਥੇ ਨੇ?”...ਹੱਥ ਵਿਚ ਸਿਰਹਾਣੇ ਉੱਤੇ ਵਿਛਿਆ, ਲੰਮਾਂ ਵਾਲ ਆ ਗਿਆ ਸੀ। ਕਿਸਦਾ ਹੋਏਗਾ?
“ਹੇਠਾਂ ਨੇ, ਛੋਟੀ ਮੇਮਸਾਹਬ!” ਨੌਕਰ ਕਹਿ ਰਿਹਾ ਸੀ।
“ਹੇਠਾਂ! ਫੇਰ ਕੋਈ ਆਇਆ ਕਿਉਂ ਨਹੀਂ?” ਉਹ ਦਗੜ-ਦਗੜ ਕਰਦੀ ਹੋਈ ਹੇਠਾਂ ਉਤਰਦੀ ਹੈ ਤੇ ਡਰਾਇੰਗ ਰੂਮ ਪਾਰ ਕਰਕੇ ਪਹਿਲੇ ਕਮਰੇ ਵੱਲ ਮੁੜਦੀ ਹੈ। ਅੰਦਰ ਬੱਲਬ ਜਗ ਰਿਹਾ ਸੀ ਜਦਕਿ ਕਮਰੇ ਵਿਚ ਚਾਨਣ ਭਰਿਆ ਹੋਇਆ ਸੀ। ਜ਼ਮੀਨ ਤੋਂ ਦੋ ਗਿੱਠਾਂ ਉੱਚੇ ਦੀਵਾਨ ਉਪਰ ਇਕ ਗਠੜੀ ਜਿਹੀ ਰੱਖੀ ਲੱਗੀ, ਪਰ ਗਠੜੀ ਹਿੱਲ ਰਹੀ ਸੀ। ਜੋਧਪਰੀ, ਪਤਲੀ ਰਜ਼ਾਈ ਸਿਰ ਉੱਤੇ ਲਈ ਕੋਈ ਬੈਠਾ ਸੀ। ਸੁਜਾਤਾ ਨੇ ਰਜਾਈ ਖਿੱਚ ਲਈ ਤਾਂ ਚਿਹਰਾ ਬਾਹਰ ਨਿਕਲ ਆਇਆ, “ਕਿਹੜੈ! ਰਾਤ ਨੂੰ ਵੀ ਟਿਕਾਅ ਨੀਂ!”
“ਰਾਤ ਕਿੱਥੇ ਈ ਦਾਦੀ?...ਦਿਨ ਦੇ ਬਾਰਾਂ ਵੱਜ ਗਏ ਨੇ, ਤੇ ਮੈਂ ਸੁਜਾਤਾ ਆਂ...ਸੁਜਾਤਾ।” ਸੁਜਾਤਾ ਨੂੰ ਦਾਦੀ ਦੇ ਕਮਰੇ ਵਿਚ ਬਸੰਤੀ ਫੁੱਲਾਂ ਵਰਗੀ ਮਹਿਕ ਦਾ ਅਹਿਸਾਸ ਹੋਇਆ।
ਦਾਦੀ ਨੇ ਸਿਰਹਾਣੇ ਹੇਠੋਂ ਲੱਭ ਕੇ ਐਨਕ ਚੜ੍ਹਾ ਲਈ ਹੈ। ਉਸਦੀਆਂ ਝੁਰੜੀਆਂ ਵਿਚ ਸਨੇਹ ਤੇ ਪਿਆਰ ਛਲਕਣ ਲੱਗ ਪਿਆ ਹੈ। ਹੱਥ ਫੜ੍ਹ ਲੈਂਦੀ ਹੈ, “ਨੀਂ ਲਾਡੋ ਤੂੰ! ਤੂੰ ਅੱਜ ਕਿਵੇਂ ਆ-ਗੀ? ਸੁਜਾਨ ਕਹਿੰਦਾ ਸੀ, ਬੰਗਾਲ 'ਚ ਹਿਕਮਤ ਪੜ੍ਹ ਰਹੀ ਐ...ਚੱਲ ਠੀਕ ਐ। ਹੁਣ ਕੋਈ ਜੜੀ-ਬੂਟੀ ਭਾਲ ਤੇ ਪਹਿਲਾਂ ਮੇਰੀਆਂ ਅੱਖਾਂ ਠੀਕ ਕਰ। ਜੰਫਰ ਦਾ ਬਟਨ ਟੁੱਟ ਜਾਏ ਤਾਂ ਨਾਰੰਗੀ ਨੂੰ ਤਿੰਨ ਵਾਰੀ ਕਹਿਣਾ ਪੈਂਦੈ।”
ਦਾਦੀ ਦੀ ਗੋਦੀ ਵਿਚ ਵਿਛਦੀ ਹੋਈ, ਇਕ ਹੱਥ ਉਸਦੇ ਲੱਕ ਦੁਆਲੇ ਵਲ ਲੈਂਦੀ ਹੈ ਉਹ, “ਦਾਦੀ ਤੂੰ ਤਾਂ ਪਹਿਲਾਂ ਨਾਲੋਂ ਜਵਾਨ ਹੋ ਗਈ ਏਂ ਬਈ। ਮੈਂ ਮੁੰਡਾ ਹੁੰਦੀ ਤਾਂ...”
“ਚੱਲ ਨਲੈਕ। ਮੈਨੂੰ ਬਣਾਉਂਦੀ ਐਂ। ਮੂੰਹ 'ਚ ਦੰਦ ਨਹੀਂ ਤਾਂ ਘੋੜੀ ਜਵਾਨ ਕੇਹੀ। ਪਰ ਤੂੰ ਤਾਂ ਨਲੈਕੇ, ਕੱਲ੍ਹ ਆਉਣਾ ਸੀ...ਅੱਜ ਕਿਵੇਂ ਟਪਕ ਪਈ। ਏਸੇ ਲਈ ਸੁਜਾਨ ਘਰੇ ਨਹੀਂ।”
“ਰਿਜਰਵੇਸ਼ਨ ਇਕ ਦਿਨ ਪਹਿਲਾਂ ਦੀ ਮਿਲ ਗਈ। ਸੋਚਿਆ ਸਰਪਰਾਈਜ਼ ਦਿਆਂਗੀ।”
“ਦਿਖਾਅ ਕਿੱਥੇ ਐ ਤੇਰਾ ਸਰਫਿਰਾਇਜ?”
“ਦਾਦੀ ਸਰਫਿਰਾਇਜ ਨਹੀਂ, ਸਰਪਰਾਈਜ਼। ਮਤਲਬ ਸਾਰਿਆਂ ਨੂੰ ਹੈਰਾਨ ਕਰ ਦਿਆਂਗੀ।...ਤੇ ਮੈਂ ਹਿਕਮਤ ਨਹੀਂ, ਕਲਕੱਤੇ 'ਚ ਐਮ.ਡੀ. ਕੀਤੀ ਏ...ਪੂਰੀ ਡਾਕਟਰੀ ਦੀ ਪੜ੍ਹਾਈ।”
“ਹਟ ਸਹੁਰੀ! ਗਾਂ-ਮੱਝ ਦੇ ਖ਼ੂਨ ਨਾਲ ਭਰੀਆਂ ਹੁੰਦੀਐਂ, ਡਾਕਦਰੀ-ਗੋਲੀਆਂ! ਮੈਂ ਤਾਂ ਨੀਂ ਖਾਣੀ-ਖੂਣੀ ਤੇਰੀ ਦਵਾਅ।”
“ਖਾਣੀ-ਖੂਣੀ ਕਿਵੇਂ ਨੀਂ, ਮੈਂ ਤਾਂ ਢਾਅ ਕੇ ਖੁਆ ਦਿਆ ਕਰੂੰਗੀ। ਤੈਨੂੰ ਤਾਂ ਬੱਕਰੇ ਦੇ ਖਰੌੜਿਆਂ ਦਾ ਸੂਪ ਪਿਆਵਾਂਗੀ। ਪਰ ਨਵੀਂ ਮਾਂ ਕਿੱਥੇ ਈ?”
“ਬਹੂ, ਵਿਚਾਰੀ ਤਾਂ ਮੰਜਾ ਫੜ੍ਹੀ ਪਈ ਐ। ਏਸ ਵਾਰੀ ਤਾਂ ਖਾਸੀ ਬਿਮਾਰ ਐ।” ਕਹਿੰਦੀ ਹੋਈ ਦਾਦੀ ਅੱਖਾਂ ਚੁਰਾਉਣ ਲੱਗ ਪਈ। ਫੇਰ ਸਹਿਜ ਹੋ ਕੇ ਬੋਲੀ, “ਪਹਿਲਾਂ ਚਾਹ ਪੀ ਲੈ।...ਪਰ ਸੁਣ ਉਹ ਸੂਪ-ਸਾਪ ਨਾ ਪਿਆਈਂ।”
ਦਾਦੀ ਨੇ ਮੰਜੇ ਕੋਲ ਲੱਗਿਆ ਸਵਿੱਚ ਨੱਪਿਆ ਤੇ ਸਾਹਮਣੇ ਇਕ ਕੁੜੀ ਆਣ ਖੜ੍ਹੀ ਹੋਈ। ਸੁਜਾਤਾ ਪਛਾਣਨ ਦੀ ਕੋਸ਼ਿਸ਼ ਕਰਦੀ ਹੈ ਤਾਂ ਦਾਦੀ ਕਹਿੰਦੀ ਹੈ, “ਸੋਮਾ ਐ। ਨਾਰੰਗੀ ਦੀ ਕੁੜੀ! ਓਦੋਂ ਵਾਹਵਾ ਛੋਟੀ ਸੀ ਜਦੋਂ ਤੂੰ ਗਈ ਸੀ।”
ਸੋਮਾ ਪੁੱਛਦੀ ਹੈ, “ਹੁਕਮ ਦਾਦੀ ਮਾਂ।”
“ਜਾਹ ਚਾਹ ਤੇ ਨਾਸ਼ਤਾ ਲੈ ਆ।” ਆਵਾਜ਼ ਵਿਚ ਰੋਅਬ ਆ ਜਾਂਦਾ ਹੈ।
“ਸਭ ਤਿਆਰ ਐ ਦਾਦੀ ਜੂ। ਅੰਮਾਂ ਲਿਆ ਰਹੀ ਐ।” ਉਦੋਂ ਹੀ ਨਾਰੰਗੀ ਟਰੇ ਚੁੱਕੀ ਕਮਰੇ ਵਿਚ ਆਉਂਦੀ ਹੈ। ਚਾਲੀ ਬਿਆਲੀ ਸਾਲ ਦੀ ਨਾਰੰਗੀ ਵਿਚ ਕੋਈ ਖਾਸ ਫਰਕ ਨਹੀਂ ਆਇਆ। ਟਰੇ ਰੱਖੀ ਤਾਂ ਸੁਜਾਤਾ ਨੇ ਜੱਫੀ ਪਾ ਲਈ। ਨਾਰੰਗੀ ਸਹਿਮ ਜਿਹੀ ਗਈ। ਸੁਜਾਤਾ ਨੂੰ ਯਾਦ ਆਇਆ...ਨੌਕਰਾਂ ਨੂੰ ਮੂੰਹ ਲਾਉਣ ਦੀ ਪ੍ਰਥਾ ਨਹੀਂ, ਇਸ ਘਰ ਵਿਚ। ਪਰ ਉਹ ਤਾਂ ਇਸ ਛੱਤ ਤੋਂ ਕੀ...ਇਸ ਛੱਤ ਹੇਠਲੇ ਦਰਸ਼ਨ ਤੋਂ ਵੀ ਬੜੀ ਦੂਰ ਜਾ ਚੁੱਕੀ ਹੈ।
ਨਾਰੰਗੀ ਖੁਸ਼ ਹੋ ਗਈ ਸੀ, “ਸੁਜਾਤਾ ਬੇਬੀ, ਐਨੇ ਦਿਨਾਂ ਬਾਅਦ ਆਏ। ਕਦੀ ਸਾਡੀ ਲੋਕਾਂ ਦੀ ਯਾਦ ਨਹੀਂ ਆਈ?”
“ਪੜ੍ਹ ਰਹੀ ਸੀ ਨਾਰੰਗੀ। ਇੱਥੇ ਰਹਿੰਦੀ, ਤਾਂ-ਕੀ ਪੜ੍ਹ ਸਕਦੀ ਸੀ? ਹੁਣ ਤਕ ਤਾਂ ਦੋ ਬੱਚਿਆਂ ਦੀ ਮਾਂ ਬਣ ਗਈ ਹੁੰਦੀ।” ਕਹਿ ਕੇ ਹੱਸਦੀ ਹੈ ਸੁਜਾਤਾ। ਪਰ ਮੁਸਕੁਰਾ ਕੇ ਨੀਵੀਂ ਪਾ ਲੈਂਦੀ ਹੈ ਨਾਰੰਗੀ। ਵੀਹ ਸਾਲਾਂ ਤੋਂ ਇਸ ਘਰ ਦੀ ਸੇਵਾ ਕਰ ਰਹੀ ਹੈ। ਨੌਕਰਾਂ-ਨੌਕਰਾਣੀਆਂ ਦਾ ਹੱਸਣਾ-ਬੋਲਣਾ ਇੱਥੇ ਠੀਕ ਨਹੀਂ ਸਮਝਿਆ ਜਾਂਦਾ।
ਨਾਸ਼ਤਾ ਕਰ ਰਹੀ ਸੁਜਾਤਾ ਨੂੰ ਪੁੱਛਦੀ ਹੈ ਨਾਰੰਗੀ, “ਖਾਣੇ ਵਿਚ ਕੀ ਬਣਾਵਾਂ ਬੇਬੀ?”
“ਮਾਹਾਂ ਦੀ ਖੜ੍ਹੀ-ਖੜ੍ਹੀ ਦਾਲ, ਬੈਂਗਨਾਂ ਦਾ ਭੜਥਾ, ਆਲੂ-ਫਰਾਈ, ਰੋਟੀਆਂ ਤੇ ਚੌਲ।”
“ਵੱਡੀ ਡਾਕਦਰਨੀ ਬਣ ਗਈ, ਪਰ ਪਸੰਦ ਪੂਰਾਣੀ ਓ-ਐ। ਖ਼ੁਦ ਖਰੌੜਿਆਂ ਦਾ ਸੂਪ-ਸਾਪ ਨੀਂ ਪੀਂਦੀ ਕਿ?” ਦਾਦੀ ਤੁੜਕੀ।
“ਉਹ ਮਰੀਜ਼ਾਂ ਲਈ ਹੁੰਦਾ ਏ ਦਾਦੀ। ਰਹੀ ਮੇਰੇ ਖਾਣੇ ਦੀ ਗੱਲ, ਤਾਂ ਢਿੱਡ ਨਹੀਂ ਬਦਲਿਆਂ ਤਾਂ ਖਾਣਾ ਕਿੰਜ ਬਦਲੇਗਾ।” ਖਿੜ-ਖਿੜ ਕਰਕੇ ਹੱਸਦੀ ਹੈ ਸੁਜਾਤਾ। ਨਾਰੰਗੀ, ਦਾਦੀ ਤੇ ਸੋਮਾ ਹੈਰਾਨੀ ਨਾਲ ਦੇਖਦੀਆਂ ਨੇ...ਓਥੇ ਰਹਿ ਕੇ ਕਿੰਨਾ ਬਦਲ ਗਈ ਹੈ ਸੁਜਾਤਾ!
“ਨਵੀਂ ਮਾਂ ਕਿੱਥੇ ਈ?” ਸੁਜਾਤਾ ਬੇਫਿਕਰੀ ਨਾਲ ਪੁੱਛਦੀ ਹੈ।
“ਹੁਣੇ ਅੱਖ ਲੱਗੀ ਐ, ਰਾਤ ਭਰ ਸੁੱਤੀ ਨਹੀਂ ਰਾਣੀ ਜੂ।”
“ਠੀਕ ਏ, ਮੈਂ ਜਾ ਕੇ ਦੇਖਦੀ ਆਂ ਜਰਾ ਠਹਿਰ ਕੇ।”
ਨਾਰੰਗੀ ਪ੍ਰੇਸ਼ਾਨ ਜਿਹੀ ਹੋ ਜਾਂਦੀ ਹੈ। ਇਹ ਕੀ ਹੋ ਰਿਹਾ ਹੈ? ਸੱਤ ਸਾਲ ਵਿਚ ਕੀ ਸਭ ਕੁਝ ਭੁੱਲ ਗਈ? ਕਿਤੇ ਜਾਣ ਬੁੱਝ ਕੇ ਤਾਂ ਚਿੜਾ ਨਹੀਂ ਰਹੀ? ਫੇਰ ਸੋਮਾ ਨੂੰ ਅੱਗੇ ਕਰਕੇ ਬੋਲਦੀ ਹੈ, “ਇਹ ਤੁਹਾਡੀ ਟਹਿਲ ਕਰੇਗੀ ਬੇਬੀ।”
“ਕਿਉਂ? ਮੈਂ ਕੋਈ ਅਪਾਹਜ ਆਂ...ਇਸਨੂੰ ਖੇਡਣ-ਕੁੱਦਣ ਦੇਅ।”
ਦਾਦੀ ਨੀਵੀਂ ਪਾ ਲੈਂਦੀ ਹੈ ਤੇ ਨਾਰੰਗੀ ਦੰਦਾਂ ਹੇਠ ਜੀਭ ਨੱਪ ਲੈਂਦੀ ਹੈ। ਸੁਜਾਤਾ ਪੂਰੀਆਂ ਬਾਹਾਂ ਦਾ ਸਵੈਟਰ ਲਾਹ ਕੇ ਪੈਂਦਾਂ ਵੱਲ ਸੁੱਟਦੀ ਹੋਈ, ਦਾਦੀ ਨੂੰ ਖਿੱਚ ਕੇ ਆਪਣੇ ਉਪਰ ਸੁੱਟ ਲੈਂਦੀ ਹੈ ਤੇ ਖ਼ੁਦ ਲੇਟ ਜਾਂਦੀ ਹੈ। ਦਾਦੀ ਨੂੰ ਚੰਗਾ ਲੱਗਦਾ ਹੈ। ਸੁਜਾਤਾ ਨੂੰ ਵੀ ਲੱਗਦਾ ਹੈ ਕਿ ਸਾਰੀ ਥਕਾਣ ਲੱਥ ਗਈ ਹੈ।
ਸੁਜਾਤਾ ਕਹਿੰਦੀ ਹੈ, “ਦਾਦੀ, ਪੁਰਾਣੀਆਂ ਗੱਲਾਂ ਸੁਣਾਅ, ਤੇਰੇ ਵੇਲੇ ਦੀਆਂ? ਸਾਡੇ ਪੜਦਾਦਾ ਸ਼੍ਰੀ ਰਿਆਸਤ ਦੇ ਮੰਤਰੀ ਹੁੰਦੇ ਸੀ ਨਾ...ਖ਼ੂਬ ਲਾਪਰੀਆਂ ਗੱਬਰੀ-ਮੁੱਛਾਂ, ਲੱਕ ਨਾਲ ਟੰਗੀ ਤਲਵਾਰ, ਚਮਚਮ ਕਰਦੀ ਛੀਂਟ ਦੀ ਪਗੜੀ, ਚੂੜੀਦਾਰ ਪਾਜਾਮਾ ਤੇ...”
ਦਾਦੀ ਉਹਦੇ ਗੱਲ੍ਹ ਥਾਪੜਦੀ ਹੈ, “ਕੁਛ ਵੀ ਭੁੱਲੀ ਨਹੀਂ ਤੂੰ। ਫੇਰ ਕਿਉਂ ਪੁੱਛ ਰਹੀ ਐਂ?”
“ਦਾਦਾ ਜੀ ਤਾਂ ਫੌਜ ਵਿਚ ਸਨ। ਕਪਤਾਨ ਸਨ ਨਾ? ਬਰਮਾ ਦੀ ਲੜਾਈ ਵਿਚ ਜੋਹਰ ਵਿਖਾਏ ਸੀ। ਤੇ ਤੂੰ ਦਾਦੀ ਹੋਰਾਂ ਦੀਆਂ ਗੱਲਾਂ ਛੱਡ...ਚਰਖਾ ਕੱਤਦੀ ਹੁੰਦੀ ਸੈਂ ਨਾ, ਤੇ ਅੜ ਕੇ ਘੋੜੇ ਦੀ ਸਵਾਰੀ ਕਰਦੀ ਹੁੰਦੀ ਸੈਂ...”
“ਝੂਠੀ! ਮੈਨੂੰ ਬਣਾਅ ਰਹੀ ਐਂ। ਮੈਂ ਨੀਂ ਕਦੀ ਘੋੜੇ-ਘੁੜੇ 'ਤੇ ਚੜ੍ਹੀ।”
ਦਾਦੀ ਦੀ ਗੁਲਗੁਲੇ ਵਰਗੀ ਦੇਹ ਨਾਲ ਲਿਪਟੇ ਰਹਿਣਾ ਬੜਾ ਸੁਖਦਾਈ ਲੱਗਦਾ ਹੈ। ਸੁਜਾਤਾ ਨੂੰ ਦਾਦੀ ਦੀਆਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ। 'ਬੜਾ ਬਹਾਦੁਰ ਪਰਿਵਾਰ ਹੈ ਸਾਡਾ...ਪੰਜ ਜੌਹਰ ਹੋਏ ਨੇ ਸਾਡੇ ਪਰਿਵਾਰ ਵਿਚ। ਮੇਰੀ ਭੂਆ ਸੱਸ ਦਾ ਵਿਆਹ ਤੈਅ ਹੋਇਆ ਰਾਜੇ ਭੁਪੇਂਦਰ ਕੇ। ਪਰ ਰਾਜਾ ਘੋੜੇ ਤੋਂ ਡਿੱਗ ਕੇ ਐਨ ਸ਼ਾਦੀ ਤੋਂ ਇਕ ਦਿਨ ਪਹਿਲਾਂ ਮਰ ਗਿਆ। ਭੂਆ ਸੱਸ ਕੁਆਰੀ ਸੀ। ਘੌੜ-ਸਵਾਰ ਦੌੜੇ, ਚਿਤਾ ਵਿਚੋਂ ਲੱਕੜੀ ਕੱਢ ਲਿਆਏ। ਭੂਆ ਸੱਸ ਦੀ ਚਿਤਾ ਸਜੀ। ਉਸੇ ਬਲਦੀ ਲੱਕੜੀ ਨਾਲ ਅਗਨੀ ਦਿੱਤੀ ਗਈ ਉਸਨੂੰ, ਤੇ ਭੂਆ ਸਤਾਰਾਂ ਦੀ ਉਮਰ ਵਿਚ ਸਤੀ ਹੋ ਗਈ। ਮੇਰੀ ਮਸੇਰੀ ਭੈਣ ਦੀ ਮੰਗਣੀ ਹੋਈ ਸੀ ਰਾਜ ਪਰਿਵਾਰ ਵਿਚ। ਤੀਜੀ ਸ਼ਾਦੀ ਸੀ ਰਾਜੇ ਵੀਰੇਂਦਰ ਸਿੰਘ ਦੀ। ਬੜਾ ਕਿਹਾ, ਪਿਤਾ ਨੂੰ; ਰੋਈ-ਕੁਰਲਾਈ...ਪਰ ਵਚਨ ਤਾਂ ਵਚਨ ਸੀ! ਰਾਤ ਨੂੰ ਛੱਤ ਦੀ ਕੜੀ ਨਾਲ ਲਟਕ ਗਈ।'
ਦਾਦੀ ਇੱਥੇ ਰੁਕ ਜਾਂਦੀ ਤੇ ਸੁਜਾਤਾ ਕੁਰੇਦਦੀ, “ਤੇਰੀ ਵੀ ਤਾਂ ਦਾਦੀ...ਤੂੰ ਕਿੰਜ ਸਹਿ ਲਿਆ?”
“ਕੀ ਕਰਦੀ? ਹਰੀਰੇ 'ਚ ਅਫੀਮ ਰਲੀ ਸੀ। ਮੇਰੀ ਅੱਖ ਲੱਗ ਗਈ। ਪੰਜ ਘੰਟਿਆਂ ਬਾਅਦ ਖੁੱਲ੍ਹੀ। ਬੱਚੀ ਗਾਇਬ ਸੀ। ਪੁੱਛਿਆ ਤਾਂ ਦੱਸਿਆ ਮਰ ਗਈ। ਪਿਓ ਤੇ ਬਾਬਾ ਦੱਬਣ ਗਏ ਐ। ਉਦੋਂ ਨਾਰੰਗੀ ਦੀ ਸੱਸ ਕੰਮ ਕਰਦੀ ਹੁੰਦੀ ਸੀ ਆਪਣੇ।”
ਲੰਮਾਂ ਹਊਕਾ ਜਿਹਾ ਖਿੱਚ ਕੇ ਬੋਲੀ ਦਾਦੀ, “ਇਕ ਦਿਨ ਛੁਰੀ ਲੈ ਕੇ ਉਸਦੀ ਹਿੱਕ 'ਤੇ ਚੜ੍ਹ ਬੈਠੀ ਮੈਂ...'ਦੱਸ ਕੀ ਹੋਇਆ ਸੀ?' ਉਦੋਂ ਪਤਾ ਲੱਗਿਆ...'ਪਾਵੇ ਹੇਠ ਦੱਬ ਕੇ ਮਾਰਵਈ ਸੀ ਦਾਈ ਤੋਂ। 'ਕੀਂ...ਕੀਂ' ਕੀਤੀ ਸੀ ਨਿੱਕੜੀ ਜਿੰਦ ਨੇ। ਨਾਰੰਗੀ ਦੀ ਸੱਸ ਮਲੋਦਾ ਦੱਸਦੀ ਸੀ...'ਬੜੀ ਸੁਣੱਖੀ ਸੀ ਅਭਾਗੀ।' ”
“ਤੂੰ ਦਾਦਾ ਜੀ ਨਾਲ ਲੜੀ ਨਹੀਂ?”
“ਲੜੀ! ਪੁੱਛਦਿਆਂ ਈ ਹੰਟਰਾਂ ਨਾਲ ਛਿੱਲ ਦਿੱਤਾ ਸੀ...'ਸਾਲੀ ਔਰਤ ਜਾਤ। ਮਰਦ ਨੂੰ ਸਵਾਲ ਕਰਦੀ ਐ...' ”
“ਫੇਰ?”
“ਫੇਰ ਕੀ ਹੈਂਕੜੀ। ਰਾਜਪੂਤ ਅਯਾਸ਼ੀ ਵਿਚ ਜ਼ਮੀਨ ਵੇਚਦੇ ਰਹੇ। ਸ਼ੂਦਰ ਤੇ ਗੈਰਜਾਤ ਖਰੀਦ ਦੇ ਰਹੇ। ਕਦੀ ਨਰਪਤ ਗੜ੍ਹ ਜਾਵੇਂ ਤਾਂ ਦੇਖੀਂ...ਮਿਹਨਤ-ਮਜ਼ਦੂਰੀ ਕਰਕੇ ਕਿੰਨੇ ਵਧ-ਫੁਲ ਗਏ ਨੇ ਉਹ। ਰਾਜਪੂਤਾਂ ਦੀ ਡਿਓਢੀ 'ਚ ਮੱਖੀਆਂ ਭਿਣਕਦੀਆਂ ਐਂ। ਸੁੱਕੇ ਹਲਕ, ਪਰ ਮੁੱਛਾਂ ਨੂੰ ਮਲਾਈ ਤੇ ਵੱਟ...ਅੱਜ ਵੀ ਓਵੇਂ। ਤੇਰੇ ਪਿਓ ਨੇ ਫੌਜ ਵਿਚ ਅਫਸਰ ਬਣਦਿਆਂ ਹੀ ਪਿੰਡ ਛੱਡ ਦਿੱਤਾ। ਇੱਥੇ ਕੋਠੀ ਬਣਵਾ ਲਈ। ਸੁਜਾਨ ਨੇ ਵੀ ਅਲ-ਅਲ-ਬੀ ਕੀਤੀ, ਤੇ ਜੱਜਾਂ ਨੂੰ ਫਿਟਕਾਰਨ ਲੱਗ ਪਿਆ।”
ਸੁਣ ਕੇ ਹੱਸਦਿਆਂ-ਹੱਸਦਿਆਂ ਸੁਜਾਤਾ ਡੂੰਘਾ ਸਾਹ ਖਿੱਚਦੀ ਹੈ। ਯਾਦ ਆਉਂਦਾ ਹੈ...ਮਾਂ ਖ਼ੂਬ ਭੜਕੀਲੇ ਰੰਗਾਂ ਦੇ ਕੱਪੜੇ ਪਾਉਂਦੀ। ਕਾਕਾ, ਪਾਪਾ ਤੋਂ ਬਾਰ੍ਹਾਂ ਵਰ੍ਹੇ ਛੋਟੇ ਸਨ। ਉਹਨਾਂ ਨੂੰ ਬੱਚਿਆਂ ਵਾਂਗ ਖੁਆਂਦੀ। ਪਰ ਪਾਪਾ ਦੀ ਕੋਈ ਹੋਰ ਵੀ ਸੀ। ਕੌਣ ਸੀ? ਦਾਦੀ ਨੂੰ ਕਈ ਵਾਰੀ ਪੁੱਛਿਆ ਤਾਂ ਹਿਰਖ ਕੇ ਪੈਂਦੀ...'ਨਾਂਅ ਨਾ ਪੁੱਛ, ਕਮੀਨੀ ਕੁੱਤੀ ਦਾ। ਰੰਡੀ ਤਾਂ ਕੋਠੇ 'ਤੇ ਬੈਠਦੀ ਐ, ਉਹ ਰੰਡੀ ਤਾਂ ਘਰੇ ਯਾਰ ਪਾਲੀ ਬੈਠੀ ਸੀ। ਪਰ ਕਮੀ ਤੇਰੀ ਮਾਂ 'ਚ ਵੀ ਸੀ। ਇਕ ਮੁੰਡਾ ਨਹੀਂ ਜੰਮ ਸਕੀ ਮਰਨ ਤੱਕ।'
ਮਾਂ ਰੰਗੀਨ ਕੱਪੜਿਆਂ ਤੇ ਗਹਿਣਿਆਂ ਵਿਚ ਮੜ੍ਹੀ ਹੁੰਦੀ, ਪਰ ਮੁਸਕੁਰਾ ਨਹੀਂ ਸੀ ਸਕਦੀ। ਦਿਨ ਵਿਚ ਕਈ-ਕਈ ਵਾਰੀ ਉਸਦੇ ਸਿਰ 'ਤੇ ਹੱਥ ਫੇਰ ਕੇ ਹਿੱਕ ਨਾਲ ਲਾ ਲੈਂਦੀ। ਕੁੜੀਆਂ ਦੇ ਸਕੂਲ ਵਿਚ ਮੈਟ੍ਰਿਕ ਕੀਤੀ ਤਾਂ ਪਾਪਾ ਸਟ੍ਰਿਫਿਕੇਟ ਕਟਾ ਲਿਆਏ ਸਨ—'ਬਸ ਹੋ ਗਈ ਪੜ੍ਹਾਈ ਹੁਣ ਸ਼ਾਨਦਾਰ ਸ਼ਾਦੀ ਕਰਾਂਗੇ। ਰਾਜਪੁਤਾਨਾ ਰਾਈਫਲਸ ਦੇ ਕਰਨਲ ਧੀਰਜ ਸਿੰਘ ਦਾ ਲੜਕਾ ਏ। ਇੰਗਲੈਂਡ ਵਿਚ ਰਹਿ ਕੇ ਪੜ੍ਹ ਰਿਹੈ।'
“ਨਾ। ਸੁਜਾਤਾ ਪੜ੍ਹੇਗੀ।” ਮਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਸੀ।
“ਕੀ?” ਕੜਕੇ ਸੀ ਪਾਪਾ।
ਨਾਗਿਨ ਬਣ ਗਈ ਸੀ ਮਾਂ, “ਸਿਸੋਦੀਆ ਖਾਨਦਾਨ ਨੂੰ ਆਪਣੀਆਂ ਕੁੜੀਆਂ 'ਤੇ ਵਿਸ਼ਵਾਸ ਕਿਉਂ ਨਹੀਂ...”
“ਵਿਸ਼ਵਾਸ! ਪੂਰਾ ਏ ਪਰ ਜ਼ਮਾਨਾਂ?”
“ਜ਼ਮਾਨਾਂ! ਜ਼ਮਾਨਾਂ ਠੀਕ-ਠਾਕ ਅੱਗੇ ਵਧ ਰਿਹਾ ਏ...ਪਿੱਛੇ ਰਹਿ ਗਏ ਆਂ ਅਸੀਂ।”
ਮਾਂ ਆਕੜ ਗਈ ਸੀ। ਉਸ ਰਾਤ ਹੰਟਰਾਂ ਨਾਲ ਬੜਾ ਮਾਰਿਆ ਸੀ ਉਹਨਾਂ। ਸਵੇਰੇ ਸੁੱਜੇ ਗੱਲ੍ਹ ਤੇ ਚਸਕਦੀਆਂ ਹੱਡੀਆਂ ਨਾਲ ਕਰਾਹੁੰਦਿਆਂ ਹੋਇਆ ਕਿਹਾ ਸੀ ਉਸਨੇ, “ਤੂੰ ਪੜ੍ਹੀਂ! ਮੈਂ ਜਾਨ ਦੇ ਦਿਆਂਗੀ ਪਰ ਤੇਰੀ ਪੜ੍ਹਾਈ ਨਹੀਂ ਰੁਕਣ ਦਿਆਂਗੀ।”
ਦਾਦੀ ਵੀ ਮਾਂ ਦੇ ਪੱਖ ਵਿਚ ਸੀ। ਪਾਪਾ ਗੁੱਸੇ ਵਿਚ ਆਪਣੀ ਉਸ ਦੇ ਘਰ ਚਲੇ ਗਏ। ਦੋ-ਤਿੰਨ ਰਾਤਾਂ ਵਿਚ ਪਤਾ ਨਹੀਂ ਕੀ ਹੋਇਆ ਕਿ ਮਾਂ ਦੇ ਦਿਲ ਦੀ ਧੜਕਣ ਰੁਕ ਗਈ। ਪਾਪਾ ਨੂੰ ਕਾਕਾ ਜੀ ਵਾਪਸ ਲੈ ਕੇ ਆਏ ਸਨ। ਜੜ੍ਹ ਬਣਿਆ ਹੋਇਆ ਸੀ ਉਹਨਾਂ ਦਾ ਚਿਹਰਾ। ਪਹਿਲੀ ਵਾਰ ਉਸਦੇ ਅੰਦਰ ਵੀ ਆਪਣੇ ਪਾਪਾ ਦੇ ਪ੍ਰਤੀ ਨਫ਼ਰਤ ਜਾਗੀ ਸੀ।
ਡੇਢ ਮਹੀਨੇ ਵਿਚ ਹੀ ਪਾਪਾ ਦੀ ਪ੍ਰੇਮਿਕਾ ਗਾਇਬ ਹੋ ਗਈ, ਮਾਲ-ਮੱਤੇ ਸਮੇਤ। ਪਿੰਡ ਜ਼ਮੀਨ ਵੇਚਣ ਗਏ ਸੀ ਕਾਕਾ ਜੀ ਤੇ ਪਾਪਾ ਚਾਰ ਪੰਜ ਮਹੀਨਿਆ ਬਾਅਦ। ਕਾਕਾ ਜੀ ਨੇ ਵਕਾਲਤ ਸ਼ੁਰੂ ਕਰ ਦਿੱਤੀ। ਇਕ ਦਿਨ ਪਾਪਾ ਆਏ ਤਾਂ ਨਾਲ ਨਵੀਂ ਮਾਂ ਵੀ ਸੀ।
ਹੋਰ ਵਧ ਗਈ ਸੀ, ਪਾਪਾ ਪ੍ਰਤੀ ਸੁਜਾਤਾ ਦੀ ਨਫ਼ਰਤ। ਨਵੀਂ ਮਾਂ ਉਸਨੂੰ ਚੰਗੀ ਲੱਗੀ ਪਰ ਕਾਕਾ ਜੀ ਚੁੱਪ-ਚੁੱਪ ਰਹਿਣ ਲੱਗੇ। ਪਾਪਾ ਨੇ ਜਲਦੀ ਹੀ ਆਪਣੀ ਮਹਾਨਤਾ ਦਾਦੀ ਸਾਹਮਣੇ ਬਿਆਨ ਕਰ ਦਿੱਤੀ।...'ਕੌਡੀ ਕੌਡੀ ਦਾ ਮੁਥਾਜ ਸੀ ਏਨੇ ਨਾਮੀ ਰਾਜਪੂਤਾਂ ਦਾ ਘਰ। ਮਾਂ ਤੇ ਧੀ। ਮੈਂ ਸੋਚਿਆ ਕੁਛ ਭਲਾ ਹੋਏਗਾ ਉਹਨਾਂ ਦਾ ਤੇ ਸੁਜਾਤਾ ਦੀ ਦੇਖ-ਭਾਲ ਵੀ ਹੋ ਜਾਏਗੀ।'
ਨਵੀਂ ਮਾਂ ਨਾਲ ਉਸਦੀ ਖਾਸੀ ਬਣਨ ਲੱਗ ਪਈ ਸੀ। ਉਹ ਜਬਰਦਸਤੀ ਨਵੀਂ ਮਾਂ ਨੂੰ ਆਪਣੇ ਕਮਰੇ ਵਿਚ ਸੁਆਉਂਦੀ, ਪਰ ਰਾਤ ਨੂੰ ਕਈ ਵਾਰੀ ਅੱਖ ਖੁੱਲ੍ਹਦੀ ਤਾਂ ਉਹ ਬਿਸਤਰੇ 'ਤੇ ਨਹੀਂ ਸੀ ਹੁੰਦੀ। ਪੁੱਛਣ 'ਤੇ ਕਹਿੰਦੀ...'ਜੀਅ ਘਬਰਾ ਰਿਹਾ ਸੀ। ਜ਼ਰਾ ਉਪਰ ਚਲੀ ਗਈ।' ਪਾਪਾ ਛੁੱਟੀ ਆਉਂਦੇ ਤਾਂ ਉਹ ਓਨੀ ਖੁਸ਼ ਨਜ਼ਰ ਨਹੀਂ ਸੀ ਆਉਂਦੀ ਹੁੰਦੀ।
ਦਾਦੀ ਆਪਣੇ ਆਪ ਵਿਚ ਬੁੜਬੁੜ ਕਰਦੀ ਫਿਰਦੀ...'ਅਰਜੁਨ ਕੀ ਅੰਨ੍ਹਾਂ ਸੀ? ਔਰਤ ਨਾ ਹੋਈ ਡੱਬੇ ਦਾ ਮਾਸ ਹੋ ਗਈ...ਜਦੋਂ ਚਾਹਿਆ ਪਕਾ ਕੇ ਖਾ ਲਿਆ। ਉਹ ਕਾਕਾ ਜੀ ਨੂੰ ਕਹਿੰਦੀ, 'ਹੁਣ ਤੁਸੀਂ ਕਾਕੀ ਲੈ ਆਓ।'
ਸੰਜੀਦਾ ਮੁਸਕੁਰਾਹਟ ਨਾਲ ਕਹਿੰਦੇ, 'ਤੇਰਾ ਵਿਆਹ ਕਰਾਂਗੇ ਪਹਿਲਾਂ।' ਇਕ ਦਿਨ ਬੁਰੀ ਖਬਰ ਆ ਗਈ...ਪਾਪਾ ਨਹੀਂ ਰਹੇ ਦਾ ਦੁਖ ਨਵੀਂ ਮਾਂ ਦੇ ਤਨ ਦੇ ਚਿੱਟੇ ਕੱਪੜਿਆਂ ਹੇਠ ਢਕਿਆ ਗਿਆ। ਮਨ ਹੀ ਮਨ ਸੋਚਦੀ...ਨਵੀਂ ਮਾਂ ਪਾਪਾ ਨਾਲੋਂ ਘੱਟੋਘੱਟ ਪੰਦਰਾਂ ਸਾਲ ਛੋਟੀ ਤਾਂ ਹੈ ਹੀ; ਮੇਰੇ ਨਾਲੋਂ ਇਹੀ ਕੋਈ ਪੰਜ ਵਰ੍ਹੇ ਵੱਡੀ ਹੋਏਗੀ। ਕਿੰਜ ਬੀਤੇਗੀ ਜ਼ਿੰਦਗੀ?
ਕਾਕਾ ਜੀ ਨਵੀਂ ਮਾਂ ਨੂੰ ਚਿੱਟੇ ਕੱਪੜਿਆਂ ਵਿਚ ਦੇਖ ਕੇ ਨੀਵੀਂ ਪਾ ਲੈਂਦੇ। ਉਦੋਂ ਹੀ ਮਾਮਾ ਜੀ ਆ ਗਏ, 'ਸੁਜਾਤਾ ਨੂੰ ਲੈਣ ਆਇਆਂ। ਦੀਦੀ ਨੇ ਮਰਨ ਤੋਂ ਪਹਿਲਾਂ ਖ਼ਤ ਵਿਚ ਵੀ ਇਹੋ ਲਿਖਿਆ ਹੈ...ਉਸਨੂੰ ਪੜ੍ਹਾਉਣਾ, ਡਾਕਟਰ ਬਣਾਉਣਾ ਉਸਨੂੰ।
ਜਿਸਦੇ ਵਿਰੋਧ ਕਰਨ ਦੀ ਸੰਭਾਵਨਾਂ ਸੀ, ਉਹ ਸਹਿਜੇ ਹੀ ਮੰਨ ਗਈ। ਦਾਦੀ ਨੇ ਪਿੱਠ 'ਤੇ ਹੱਥ ਫੇਰਦਿਆਂ ਕਿਹਾ, “ਲੈ ਜਾ ਇਸਨੂੰ। ਸੁਜਾਨ ਨੂੰ ਅਦਾਲਤ ਤੋਂ ਫੁਰਸਤ ਨਹੀਂ। ਬਹੂ ਦੁੱਖਾਂ ਵਿਚ ਡੁੱਬੀ ਹੋਈ ਐ ਤੇ ਮੈਂ ਬੁੱਢੀ। ਓਥੇ ਇਸਨੂੰ ਸਹੀ ਵਾਤਾਵਰਨ ਮਿਲੇਗਾ, ਪਰ ਅਸੀਂ ਹਰ ਮਹੀਨੇ ਰੋਕੜ ਭੇਜਾਂਗੇ, ਮਨ੍ਹਾਂ ਨਾ ਕਰੀਂ। ਇਹ ਖਾਨਦਾਨ ਅਹਿਸਾਨ ਨਹੀਂ ਲੈਂਦਾ।”
ਜਮਸ਼ੇਦਪੁਰ ਪਹੁੰਚ ਕੇ ਵੀ ਸੁਜਾਤਾ ਇਸ ਘਰ ਨੂੰ ਨਹੀਂ ਸੀ ਭੁੱਲ ਸਕੀ...ਇਮਤਿਹਾਨ ਦਾ ਨਤੀਜਾ ਆਇਆ ਤੇ ਉਹ ਡਾਕਟਰੀ ਲਈ ਵੀ ਚੁਣ ਲਈ ਗਈ। ਪੜ੍ਹਾਈ ਦੌਰਾਨ ਮਨ ਤੇ ਤਨ ਦੇ ਰਿਸ਼ਤੇ ਸਪਸ਼ਟ ਹੋਣ ਲੱਗੇ। ਬਿਨਾਂ ਦੱਸਿਆਂ ਸਮਝ ਗਈ...ਕਾਕਾ ਜੀ ਦੇ ਵਿਆਹ ਨਾ ਕਰਵਾਉਣ ਦਾ ਕਾਰਣ, ਪਿਤਾ ਜੀ ਦੀ ਗ਼ੈਰਹਾਜ਼ਰੀ ਵਿਚ ਨਾਲ ਪਈ ਨਵੀਂ ਮਾਂ ਦਾ ਗ਼ਾਇਬ ਹੋ ਜਾਣਾ ਤੇ ਦਾਦੀ ਦੀ ਬੁੜਬੁੜ...'ਅਰਜੁਨ ਕੀ ਅੰਨ੍ਹਾਂ ਸੀ?' ਯਾਦ ਆਉਂਦਾ ਖਾਨਦਾਨੀ ਇਤਿਹਾਸ...ਸਤੀ, ਆਤਮ-ਹੱਤਿਆ ਤੇ ਪੈਦਾ ਹੁੰਦਿਆਂ ਹੀ ਕੁੜੀਆਂ ਦੀ ਹੱਤਿਆ। ਪਿਛਲੇ ਸੌ ਵਰ੍ਹਿਆਂ ਵਿਚ ਵਰਤੀ ਕਠੋਰਤਾ, ਨਿਰਦਈਤਾ ਅੱਜ ਪਾਪ ਦੀ ਸ਼ਰਣ ਲੈ ਚੁੱਕੀ ਹੈ।
ਸੁਜਾਤਾ ਦਾਦੀ ਦੇ ਕਮਰੇ ਵਿਚੋਂ ਨਿਕਲ ਕੇ ਦੱਬਵੇਂ ਪੈਰੀਂ ਨਵੀਂ ਮਾਂ ਦੇ ਕਮਰੇ ਵਿਚ ਪਹੁੰਚ ਜਾਂਦੀ ਹੈ...ਚੂਸੀਆਂ ਹੋਈਆਂ ਗੱਲ੍ਹਾਂ ਦਾ ਗੁਲਾਬੀ ਰੰਗ ਫਿੱਕਾ ਪੈ ਚੁੱਕਿਆ ਸੀ। ਸੋਚਦੀ ਹੈ, ਕੀ ਉਮਰ ਹੋਏਗੀ ਨਵੀਂ ਮਾਂ ਦੀ...ਇਹੋ ਕੋਈ ਤੇਤੀ ਜਾਂ ਚੌਂਤੀ।
ਬਾਹੀ 'ਤੇ ਬੈਠੀ ਤਾਂ ਜਾਗ ਪਈ ਨਵੀਂ ਮਾਂ। ਹੱਥ ਵਧਾ ਕੇ ਹਿੱਕ ਨਾਲ ਘੁੱਟ ਲਿਆ। ਹੱਥ ਚੁੰਮੇ ਤਾਂ ਬਿਸਤਰੇ ਉੱਤੇ ਚੌਂਕੜੀ ਮਾਰ ਕੇ ਬੈਠਦਿਆਂ ਗੌਰ ਨਾਲ ਦੇਖਿਆ।...ਭਿਆਨਕ ਸੰਨਾਟਾ ਸੀ ਚਿਹਰੇ 'ਤੇ, ਤੂਫ਼ਾਨ ਤੋਂ ਬਾਅਦ ਵਾਲੀ ਚੁੱਪ।
ਨਵੀਂ ਮਾਂ ਅੱਖ ਨਹੀਂ ਮਿਲਾ ਸਕੀ। ਸੁਜਾਤਾ ਦੇ ਤਜ਼ੁਰਬਾਕਾਰ ਹੱਥ ਧੁੰਨੀ ਤੋਂ ਹੇਠਾਂ ਤੀਕ ਪੇਟ ਦਬਾਉਂਦੇ ਰਹੇ ਤੇ ਆਵਾਜ਼ ਕਰੜੀ ਹੋ ਗਈ, “ਪਹਿਲੀ ਵਾਰੀ ਇੰਜ ਨਹੀਂ ਹੋਇਆ, ਇੰਜ ਲੱਗਦੈ।”
ਨਵੀਂ ਮਾਂ ਅੱਖਾਂ ਝੁਕਾਅ ਲੈਂਦੀ ਹੈ। ਵਿਅੰਗ ਨਾਲ ਟੇਢਾ ਹੋ ਜਾਂਦਾ ਹੈ ਸੁਜਾਤਾ ਦਾ ਮੂੰਹ, “ਧੰਨ ਨੇ ਰਾਜਪੂਤੀ ਲੋਕ।”
ਸੁਜਾਤਾ ਤੇਰੇ ਕਾਕਾ ਜੀ ਆਪਣੇ ਲਈ ਤੇਰੇ ਪਾਪਾ ਨੂੰ ਦਿਖਾਉਣ ਲੈ ਗਏ ਸੀ। ਜ਼ਮੀਨ ਦਾ ਤਾਂ ਬਹਾਨਾ ਸੀ। ਤੇਰੇ ਪਾਪਾ ਨੇ ਕਿਹਾ ਵੀ ਸੀ...ਆਪਣੇ ਖਾਨਦਾਨ ਦੀ ਬਣਾਉਣਾ ਚਾਹੁੰਦੇ ਆਂ। ਮੈਂ ਤੇ ਮਾਂ ਕੁਛ ਹੋਰ ਹੀ ਸਮਝੀਆਂ, ਪਰ ਰਾਤ ਨੂੰ ਜਦੋਂ ਮੰਡਪ ਵਿਚ ਬੈਠੇ ਤਾਂ ਮਾਂ ਸਿਲ-ਪੱਥਰ ਹੋ ਗਈ ਸੀ ਤੇ ਮੈਨੂੰ ਕਾਰ ਵਿਚ ਪਤਾ ਲੱਗਿਆ ਸੀ।”
“ਸ਼ਾਬਾਸ ਨਵੀਂ ਮਾਂ। ਅਣਚਾਹੇ ਪੁਰਸ਼ ਨਾਲ ਬਲਤਕਾਰ ਤਾਂ ਸਹਿੰਦੀ ਹੀ ਰਹੀ ਤੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਚਹੇਤੇ ਪੁਰਸ਼ ਦੇ ਮਿਲਣ ਨੂੰ ਵੀ ਦੋਖੀ ਕਰਦੀ ਰਹੀ...ਇਕ ਪਿੱਛੋਂ ਇਕ ਓਬਾਰਸ਼ਨ...ਥੂਹ।”
ਦੋ ਅੱਥਰੂ ਸਨ, ਇਸ ਦੇ ਜਵਾਬ। ਆਪਣੇ ਸੀਨੇ ਵਿਚ ਹੀ ਆਪਣੀ ਸ਼ਰਮ ਨੂੰ ਸ਼ਰਣ ਦੇ ਸਕੀ ਨਵੀਂ ਮਾਂ।
ਇਸੇ ਲਈ ਦਾਦੀ ਨੇ ਮੈਨੂੰ ਜਾਣ ਦਿੱਤਾ ਕਿ ਗੱਲ ਖੁੱਲ੍ਹ ਨਾ ਜਾਏ। ਮੈਂ ਤਾਂ ਦਾਦੀ ਨੂੰ ਸਿੱਧੀ-ਸਿਧਰੀ ਸਮਝਦੀ ਸੀ।
ਨਾਰੰਗੀ ਨੂੰ ਬੁਲਾਅ ਕੇ ਉਪਰ ਸਾਮਾਨ ਨਾਲ ਰੱਖਿਆ ਆਪਣਾ ਡਾਕਟਰੀ ਬੈਗ ਮੰਗਵਾ ਲਿਆ ਸੁਜਾਤਾ ਨੇ। ਖਾਸੀ ਦੇਰ ਤਕ ਜਾਂਚ ਕਰਦੀ ਰਹੀ।
ਬਾਹਰ ਡਰਾਇੰਗ ਰੂਪ ਵਿਚ ਫ਼ੋਨ ਕੋਲ ਪਈ ਡਾਇਰੈਕਟਰੀ ਚੁੱਕੀ, ਡਾਕਟਰ ਮਿਨਾਕਸ਼ੀ ਅਰੋੜਾ ਨੂੰ ਫ਼ੋਨ ਕਰਕੇ ਬੁਲਾ ਲਿਆ। ਇਕ ਘੰਟੇ ਵਿਚ ਜਾਂਚ ਪੂਰੀ ਕਰਕੇ ਐਂਬੂਲੇਂਸ ਬੁਲਵਾ ਲਈ ਡਾਕਟਰ ਅਰੋੜਾ ਨੇ। ਖ਼ੂਨ ਜਿਵੇਂ ਜਿਵੇਂ ਅੰਦਰ ਜਾਂਦਾ ਰਿਹਾ...ਨਵੀਂ ਮਾਂ ਦੇ ਚਿਹਰੇ ਉੱਤੇ ਓਵੇਂ ਓਵੇਂ ਰੌ ਆਉਂਦੀ ਗਈ।
ਸ਼ਾਮ ਨੂੰ ਕਾਕਾ ਜੀ ਵੀ ਨਰਸਿੰਗ ਹੋਮ ਪਹੁੰਚ ਗਏ, “ਇਕ ਦਿਨ ਪਹਿਲਾਂ ਆ ਗਈ ਤੂੰ?”
“ਮੈਂ ਤਾਂ ਇਕ ਦਿਨ ਪਹਿਲਾਂ ਆ ਗਈ ਕਾਕਾ ਜੀ ਪਰ ਤੁਸੀਂ ਜਿਹੜੇ ਲਗਾਤਾਰ ਲੇਟ ਹੋ ਰਹੇ ਓ ਉਹ!”
“ਲੇਟ! ਕੇਹਾ ਲੇਟ!”
“ਮੈਂ ਬੱਚੀ ਨਹੀਂ ਆਂ ਕਾਕਾ ਜੀ। ਔਰਤ ਵੀ ਆਂ ਤੇ ਡਾਕਟਰ ਵੀ। ਖਾਨਦਾਨ ਦੀ ਇੱਜ਼ਤ ਦੇ ਨਾਂਅ 'ਤੇ ਅੰਨ੍ਹੇ ਖੂਹ ਦੀ ਨਰਕ ਯਾਤਰਾ ਨੂੰ ਵੀ ਸਮਝ ਗਈ ਆਂ। ਗਿਲਟ ਉੱਪਰ ਚਾਂਦੀ ਦੀ ਪਾਲਸ਼ ਵਾਲੇ ਖਾਨਦਾਨੀ ਨੱਕ ਦੀ ਫਿਕਰ ਤਾਂ ਹੈ ਤੁਹਾਨੂੰ, ਪਰ ਖਾਨਦਾਨ ਖਤਮ ਹੋ ਜਾਣ ਦਾ ਦੁੱਖ ਨਹੀਂ...ਕਪਟੀ ਬ੍ਰਾਹਮਣ ਤੁਹਾਡੀ ਸ਼ਕਤੀ ਦੇ ਸੰਚਾਲਕ ਸੀ ਤਾਂ ਉਹਨਾਂ ਦੇ ਫੈਨੇਟਿਜ਼ਮ ਦੇ ਤੁਸੀਂ ਵੀ ਤਾਂ ਦਾਸ ਓ ਅੱਜ ਤੱਕ।”
“ਕੀ ਕਹਿ ਰਹੀ ਏਂ ਤੂੰ!” ਹਿਰਖੇ ਸਨ ਕਾਕਾ ਸੁਜਾਨ।
“ਜੋ ਕਹਾਂ ਤੁਸੀਂ ਕਰਨਾਂ। ਨਹੀਂ ਦੇ ਅਰਥ ਨੱਕ ਦੇ ਨਾਲ ਵਕਾਲਤ ਦਾ ਚੋਲਾ ਵੀ ਜਾਏਗਾ।” ਸ਼ਰਮ ਨਾਲ ਸਿਰ ਝੁਕਾ ਲਿਆ ਵਕੀਲ ਸੁਜਾਨ ਨੇ। ਲੱਗਿਆ ਦੁਸ਼ਮਣ ਬਣ ਗਈ ਹੈ ਭਤੀਜੀ। ਸੁਜਾਤਾ ਨੂੰ ਲੱਗਿਆ ਕਿ ਏਨੀ ਸ਼ਰਮ ਦੀ ਜਗ੍ਹਾ—ਕਾਸ਼ ਏਨੀ ਹਿੰਮਤ ਹੁੰਦੀ ਕਾਕਾ ਜੀ ਵਿਚ।
ਜਬਰਦਸਤੀ ਵਿਆਹ ਦੀ ਦਰਖ਼ਾਤ ਉੱਤੇ ਦਸਤਖ਼ਤ ਕਰਵਾ ਕੇ ਅਦਾਲਤ ਵਿਚ ਦੇ ਆਈ ਸੁਜਾਤਾ। ਪੂਰੇ ਇਕ ਮਹੀਨੇ ਬਾਅਦ ਦੀ ਤਾਰੀਖ਼ ਮਿਲੀ। ਪੰਦਰਾਂ ਦਿਨ ਬਚੇ ਸਨ ਮਹੀਨਾ ਪੂਰਾ ਹੋਣ ਵਿਚ ਕਿ ਕਾਕਾ ਜੀ ਗ਼ਾਇਬ ਹੋ ਗਏ। ਘਰ ਵਿਚ ਉਠੀ ਖੁਸ਼ੀ ਦੀ ਲਹਿਰ ਸੋਗ ਵਿਚ ਬਦਲ ਗਈ। ਦਾਦੀ ਬੜੀ ਨਾਰਾਜ਼ ਸੀ, “ਵੱਡੀ ਕਰਾਂਤੀ ਕਰਨ ਲੱਗੀ ਸੀ ਛੋਹਰੀ। ਘਰ ਉਜਾੜ ਦਿੱਤਾ।”
ਵਰ੍ਹ ਹੀ ਤਾਂ ਪਈ ਸੀ ਸੁਜਾਤਾ, “ਜਦੋਂ ਔਰਤਾਂ ਸਤੀ ਹੋਈਆਂ ਓਦੋਂ ਘਰ ਨਹੀਂ ਉੱਜੜੇ, ਪਾਪ ਦਾ ਭੈ ਤਾਂ ਹੁਣ ਮਿਟਿਆ ਏ, ਫੇਰ ਸੋਗ ਕਾਸ-ਦਾ?”
“ਢੱਠੇ ਖ਼ੂਹ 'ਚ ਪੈ ਤੂੰ!” ਦਾਦੀ ਬਿਸਤਰੇ ਵਿਚ ਦੁਬਕ ਗਈ। ਸ਼ਿਕਾਇਤ ਨਵੀਂ ਮਾਂ ਦੀਆਂ ਅੱਖਾਂ ਵਿਚ ਵੀ ਸੀ...ਚੋਰੀ ਛਿੱਪੇ ਦੇ ਮਿਲਣ ਦੀ ਪੀੜ ਵਿਚ ਸੁਖ ਤਾਂ ਸੀ ਕਿਤੇ। ਤੂੰ ਤਾਂ ਉਹ ਜੀਵਨ ਵੀ ਮਿਟਾਅ ਦਿੱਤਾ ਸੁਜਾਤਾ।
ਹੈਰਾਨੀ ਤੇ ਪ੍ਰੇਸ਼ਾਨੀ ਵਿਚਕਾਰ ਲਟਕੀ ਹੋਈ ਸੁਜਾਤਾ ਸੋਚਾਂ ਵਿਚ ਡੁੱਬ ਜਾਂਦੀ ਹੈ...ਕੀ ਗਲਤ ਹੋਇਆ? ਕੀ ਸੱਚ ਦਾ ਅਰਥ ਸ਼ਰਮਨਾਕ ਹੋ ਸਕਦਾ ਹੈ ਹੁਣ ਤੇ ਔਰਤ ਚੱਬ-ਚਿੱਥ ਕੇ ਸੁੱਟਿਆ ਫੌਕ ਤੇ ਆਦਮੀ ਸਿਰਫ ਹਨੇਰੇ ਦਾ ਸੌਦਾਗਰ ਬਣ ਕੇ ਰਹਿ ਗਿਆ ਹੈ?...ਧਰਮ ਦਾ ਅਰਥ ਅਨਰਥ ਦੀ ਓਟ ਹੋ ਗਿਆ ਹੈ?
ਫੇਰ ਇਸ ਨੂੰ ਲੱਗਿਆ ਕਿ ਵਾਰਿਯਰ ਕੌਮ ਨੂੰ ਬ੍ਰਾਹਮਣਾ ਨੇ ਪਹਿਲਾਂ ਮੰਤਰੀ ਤੇ ਪੁਰੋਹਿਤ ਬਣ ਕੇ ਇਕ ਹੋਣ ਦੀ ਜਗ੍ਹਾ ਲੜਾ ਕੇ ਆਪਣਾ ਉੱਲੂ ਸਿੱਧ ਕੀਤਾ। ਹਿੰਦੁਸਤਾਨ ਨੂੰ ਗੁਲਾਮ ਬਣਵਾ ਦਿੱਤਾ। ਓਥੇ ਹੀ ਸੰਸਕਾਰ ਦੇ ਨਾਂਅ 'ਤੇ ਉਹਨਾਂ ਨੂੰ ਹੰਕਾਰੀ, ਲੋਭੜ ਤੇ ਝੂਠੇ ਬਣਾਇਆ। ਬਾਹਰਲੀ ਦੁਨੀਆਂ ਉੱਤੇ ਘੁੰਮਡ ਦੀ ਤੇਗ ਨਹੀਂ ਚੱਲੀ ਤਾਂ ਔਰਤ ਨੂੰ ਕਮਜ਼ੋਰ ਮੰਨ ਕੇ ਤਾੜਨ-ਝਾੜਨ ਦਾ ਅਧਿਕਾਰ ਬਣਾ ਲਿਆ। ਫੇਰ ਵੀ ਅੱਜ ਤਕ ਜਿੱਥੇ ਅਤੀਤ ਵਿਚ ਆਤਮ-ਹੱਤਿਆ, ਹੱਤਿਆ, ਸਤੀ ਸਿਰਫ ਨਾਰੀ ਹੀ ਹੋਈ ਹੈ, ਇਸ ਵਾਰੀ ਮੈਦਾਨ ਛੱਡ ਕੇ ਮਰਦ ਨੱਸਿਆ ਹੈ, ਜਿਹੜਾ ਕਦੀ ਪਿੱਠ ਨਹੀਂ ਦਿਖਾਉਂਦਾ।
ਵਾਪਸ ਜਾਣ ਦੀ ਬਜਾਏ ਸੁਜਾਤਾ ਨੇ ਆਪਣੀ ਡਿਸਪੈਂਸਰੀ ਉੱਥੇ ਹੀ ਖੋਲ੍ਹਣ ਦਾ ਫੈਸਲਾ ਕਰ ਲਿਆ। ਫਟ ਪਈ ਸੀ ਦਾਦੀ, “ਜੋ ਮਨ 'ਚ ਆਏ ਕਰ, ਘਰ ਤੋੜਨੀਏਂ।” ਨਵੀਂ ਮਾਂ ਚੁੱਪ ਸੀ।...ਜਿਵੇਂ ਨਿਰਲੇਪ ਹੋਵੇ।
ਸੁਜਾਤਾ ਮਨ ਹੀ ਮਨ ਸੋਚਦੀ ਹੈ, ਦੇਖਦੇ ਹਾਂ ਕਦੋਂ ਤਕ ਨਹੀਂ ਮੁੜਦਾ ਰਣ ਦਾ ਬਾਂਕਾ। ਤਲਵਾਰ ਛੱਡ, ਸ਼ੋਸ਼ਿਤ ਤੋਂ ਵੀ ਤਕੜੀ ਫੀਸ ਫਸੂਲ ਕਰਨ ਵਾਲਾ ਰਣਛੋੜ ਸਿੰਘ ਕਿੰਨੇ ਦਿਨ ਭਟਕੇਗਾ...ਸੜਕ ਉੱਤੇ ਅਣਜਾਣ ਤੇ ਆਮ ਆਦਮੀ ਬਣ ਕੇ, ਕਿੰਜ ਜਿਊਂ ਸਕੇਗਾ! ਬਾਹਰ ਔਰਤ ਹਾਸਿਲ ਕਰਨ ਲਈ ਵੀ ਪੈਸੇ ਚਾਹੀਦੇ ਹੁੰਦੇ ਨੇ।
ਦੁੱਖ ਸੀ ਤਾਂ ਸਿਰਫ ਇਸ ਗੱਲ ਦਾ ਸੀ ਕਿ ਸੁਜਾਤਾ ਦਾਦੀ ਤੇ ਨਵੀਂ ਮਾਂ ਨਾਲ ਆਪਣੀ ਸੋਚ ਸਾਂਝੀ ਨਹੀਂ ਸੀ ਕਰ ਸਕੀ...ਵੰਡਾਅ ਨਹੀਂ ਸੀ ਸਕੀ ਉਹਨਾਂ ਦੀ ਪੀੜ।  
*** *** ***

ਗ਼ਮ ਸੇ ਨਜਾਤ ਪਾਏਂ ਕਿਊਂ…:: ਲੇਖਕ : ਸ਼ਮੀਮ ਹੈਦਰ

ਪਾਕੀ ਉਰਦੂ ਕਹਾਣੀ :
ਗ਼ਮ ਸੇ ਨਜਾਤ ਪਾਏਂ ਕਿਊਂ…::
ਲੇਖਕ : ਸ਼ਮੀਮ ਹੈਦਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਰ ਕੱਲ੍ਹ ਪਹਿਲੇ ਦਿਨ ਕਲਾਸ ਵਿਚ ਤੁਹਾਥੋਂ ਬਿਨਾਂ ਸਾਰੇ ਪ੍ਰੋਫ਼ੈਸਰਜ਼ ਨੇ ਇੰਟਰੋਡਕਸ਼ਨ ਕਰਨ ਲਈ ਕਿਹਾ ਸੀ, ਪਰ ਤੁਸੀਂ ਆਉਂਦਿਆਂ ਹੀ ਉਰਦੂ ਗ਼ਜ਼ਲ ਦੇ ਇਤਿਹਾਸ ਉਪਰ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਸੀ। ਮੰਨਿਆਂ ਕਿ ਲੋਕ ਤੁਹਾਡੇ ਅਥਾਹ ਗਿਆਨ ਤੇ ਪੜ੍ਹਾਉਣ ਢੰਗ ਦੀ ਕਦਰ ਕਰਦੇ ਨੇ, ਪਰ ਦਸ ਸਾਲ ਵਿਚ ਆਪਣੇ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਲੈਣੀ ਕੋਈ ਬਹੁਤੀ ਵੱਡੀ ਗੱਲ ਨਹੀਂ। ਮੇਰੀ ਦਾਦੀ ਦਾ ਤੋਤਾ ਬੜਾ ਹੀ ਸਾਫ ਬੋਲਦਾ ਸੀ।...ਤੇ ਉਸ ਨੇ ਬਹੁਤ ਸਾਰੇ ਸ਼ਬਦ ਦੋ ਸਾਲਾਂ ਵਿਚ ਹੀ ਸਿਖ ਲਏ ਸਨ। ਉਂਜ ਕਲਾਸ ਦਾ ਵਾਤਾਵਰਣ ਰਤਾ ਅਸੁਖਾਵਾਂ ਤੇ ਓਪਰਾ ਰਿਹਾ ਸੀ। ਜੇ ਸਾਡੇ ਵਿਚਕਾਰ ਇਹੋ ਓਪਰਾਪਨ ਰਿਹਾ ਤਾਂ ਮੇਰਾ ਖ਼ਿਆਲ ਏ, ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਾਂਗੇ। ਸਿੱਖਿਆ ਪਿਆਰ ਤੇ ਭਰੱਪੇ ਦਾ ਦੂਸਰਾ ਨਾਂ ਏਂ...। ਤੁਹਾਡਾ ਕੀ ਖ਼ਿਆਲ ਹੈ ਸਰ?'
ਪ੍ਰੋਫੈਸਰ ਨਦੀਮ ਫਾਰੂਕੀ ਨੇ ਅੱਜ ਦੀ ਡਾਕ ਦਾ ਤੀਸਰਾ ਖ਼ਤ ਪੜ੍ਹਿਆ ਤੇ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। ਬਿੰਦ ਦਾ ਬਿੰਦ ਸੋਚਿਆ, 'ਅਜਿਹੀਆਂ ਕੋਝੀਆਂ ਹਰਕਤਾਂ ਆਮ ਕੁੜੀਆਂ ਚੰਗੇ ਨੰਬਰ ਖਾਤਰ ਜਾਂ ਆਪਣਾ ਸਿੱਕਾ ਜਮਾਉਣ ਲਈ ਕਰਦੀਆਂ ਨੇ।' ਪਿਛਲੇ ਦਸ ਸਾਲ ਵਿਚ ਇੰਜ ਕਈ ਵਾਰ ਹੋਇਆ ਸੀ। ਉਹਨਾਂ ਅੱਖਾਂ ਬੰਦ ਕਰ ਲਈਆਂ ਤੇ ਅਗਲੀ ਕਲਾਸ ਦੇ ਲੈਕਚਰ ਬਾਰੇ ਸੋਚਣ ਲੱਗ ਪਏ।
ਸਰ—ਪਹਿਲਾਂ ਧਨਵਾਦ...ਤੁਸਾਂ ਮੇਰੇ ਖ਼ਤ ਉਪਰ ਧਿਆਨ ਤਾਂ ਦਿੱਤਾ। ਭਾਵੇਂ ਦੋ ਚਾਰ ਵਾਕ ਹੀ ਬੋਲੇ ਸਨ—'ਮੈਨੂੰ ਇੰਟਰੋਡਕਸ਼ਨ ਵਿਚ ਵਿਸ਼ਵਾਸ ਨਹੀਂ। ਅਸਲ ਵਿਚ ਵਿਦਿਆਰਥੀ, ਇਕ ਸਾਲ ਵਿਚ ਹੀ ਆਪਣੀਆਂ ਖੂਬੀਆਂ, ਬੇਵਕੂਫੀਆਂ ਜਾਂ ਸ਼ਰਾਰਤਾਂ ਸਦਕਾ, ਮੇਰੇ ਸਾਹਮਣੇ ਏਨਾ ਖੁੱਲ੍ਹ ਜਾਂਦਾ ਹੈ ਕਿ ਕਈ ਵਾਰੀ ਮੈਨੂੰ ਹੀ ਉਸ ਦੇ ਨਾਂ ਤੋਂ ਬਿਨਾਂ, ਹੋਰ ਵੀ ਕਈ ਕੁਝ ਦੱਸਣਾ ਪੈਂਦਾ ਏ ਉਸ ਨੂੰ। ਨਾਲੇ ਕਿਸੇ ਦਾ ਨਾਂ ਪਤਾ ਲੱਗ ਜਾਣ ਨਾਲ ਤਾਂ ਜਾਣ-ਪਛਾਣ ਨਹੀਂ ਹੋ ਜਾਂਦੀ...।' ਚੱਲੋ ਮੰਨ ਲਿਆ। ਹੁਣ ਮੈਨੂੰ ਤੁਸੀਂ ਕਿਸ ਖਾਨੇ ਵਿਚ ਰੱਖੋਗੇ? ਪਰ ਤੁਹਾਨੂੰ ਇਹ ਜਾਣਨ ਲਈ ਵੀ ਤਾਂ ਇਕ ਸਾਲ ਚਾਹੀਦਾ ਹੋਏਗਾ। ਮੈਂ ਕਈ ਅਜਿਹੇ ਬੰਦਿਆਂ ਬਾਰੇ ਸੁਣਿਆਂ ਏਂ, ਜਿਹੜੇ ਚਿਹਰਾ ਵੇਖ ਕੇ ਅੰਤਰ-ਮਨ ਦੀਆਂ ਬੁੱਝ ਲੈਂਦੇ ਨੇ। ਚਿਹਰੇ ਪੜ੍ਹਨਾ ਵੀ ਇਕ ਇਲਮ ਹੈ ਨਾ ਸਰ? ਤੁਹਾਡਾ ਕੀ ਵਿਚਾਰ ਏ ਸਰ?'
ਪ੍ਰੋਫ਼ੈਸਰ ਨੇ ਇਸ ਖ਼ਤ ਦੇ ਕੁਝ ਵਧੇਰੇ ਹੀ ਟੁਕੜੇ ਕਰ ਦਿੱਤੇ ਸਨ। ਉਹਨਾਂ ਚਪੜਾਸੀ ਨੂੰ ਚਾਹ ਲੈ ਆਉਣ ਦਾ ਹੁਕਮ ਦਿੱਤਾ ਤੇ ਇਕ ਕਿਤਾਬ ਪੜ੍ਹਨ ਲੱਗ ਪਏ।
...ਏਸ ਵਾਰੀ ਉਹਨਾਂ ਖ਼ਤ ਦੀ ਲਿਖਾਵਟ ਪਛਾਣ ਕੇ ਹੀ ਪਾੜ ਦਿੱਤਾ ਸੀ।
ਸਰ—ਮੈਂ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਰਤਾ ਜਜ਼ਬਾਤੀ ਹੋ ਕੇ ਬੋਲਦੇ ਹੋ ਤਾਂ ਲੈਕਚਰ ਵਿਚ ਕੁਝ ਵਧੇਰੇ ਹੀ ਨਿਖਾਰ ਆ ਜਾਂਦਾ ਹੈ। ਉਂਜ ਆਪਣੇ ਵਿਸ਼ੇ 'ਤੇ ਤੁਸੀਂ ਰਤਾ ਰੁਕ ਰੁਕ ਕੇ, ਬੜੇ ਠਰ੍ਹਮੇਂ ਨਾਲ ਬੋਲਦੇ ਹੋ। ਮਨੁੱਖ ਦੇ ਸੁਭਾਅ ਅਤੇ ਸਦਾਚਾਰ ਉਪਰ ਤੁਹਾਡਾ ਛੋਟਾ ਜਿਹਾ ਭਾਸ਼ਣ, ਸਫਲਤਾ ਦੀ ਟੀਸੀ ਤੋਂ ਵੀ ਰਤਾ ਸਿਰ ਕੱਢਵਾਂ ਹੀ ਸੀ। ਤੁਹਾਡੀ ਗਲਤ ਫਹਿਮੀ ਦੂਰ ਕਰ ਦੇਵਾਂ ਕਿ ਮੈਨੂੰ ਮਾਰਕਸ ਪੜ੍ਹਨ ਲਈ ਤੁਹਾਡੀ ਮਿਹਰ-ਦ੍ਰਿਸ਼ਟੀ ਦੀ ਕੋਈ ਲੋੜ ਨਹੀਂ ਤੇ ਨਾ ਹੀ ਇਹ ਕੋਈ ਇਸ਼ਕ-ਮਾਸ਼ੂਕੀ ਦਾ ਚੱਕਰ ਹੈ। ਉਂਜ ਹਉਮੈਂ ਦੇ ਕਿਲੇ ਦਾ ਬੁਜ਼ਦਿਲ ਕੈਦੀ, ਕਦੀ ਦਲੇਰ ਜਾਂ ਸਨੇਹੀ ਨਹੀਂ ਹੋ ਸਕਦਾ। ਪਰ ਮੈਨੂੰ ਤਾਂ ਕਿਵੇਂ ਨਾ ਕਿਵੇਂ, ਤੁਹਾਨੂੰ ਇਕ ਸਾਲ ਤਕ ਬਰਦਾਸ਼ਤ ਕਰਨਾ ਹੀ ਪਏਗਾ।'
...ਉਪਰ ਉਹੀ ਕੁਝ ਲਿਖ ਰਹੀ ਹਾਂ ਜਿਹੜਾ ਸ਼ਾਇਦ ਤੁਸੀਂ ਬਗ਼ੈਰ ਪੜ੍ਹੇ ਹੀ ਪਾੜ ਕੇ ਸੁੱਟ ਦਿੱਤਾ ਸੀ। ਅਸਲ ਵਿਚ ਮੇਰੇ ਪਹਿਲੇ ਖ਼ਤ ਜਾਂ ਉਸ ਦੀ ਆਖ਼ਰੀ ਟੋਕ ਦਾ ਕੋਈ ਪ੍ਰਤੀਕਰਮ, ਕੱਲ੍ਹ ਤੁਹਾਡੇ ਚਿਹਰੇ ਉੱਤੇ ਨਹੀਂ ਸੀ ਦਿਸਿਆ। ਸੋ ਮੈਂ ਸਮਝ ਗਈ ਕਿ ਤੁਸੀਂ ਲਿਖਤ ਪਛਾਣ ਕੇ ਹੀ ਖ਼ਤ ਪਾੜ ਦਿੱਤਾ ਹੋਏਗਾ। ਮੇਰੇ ਵਿਚਾਰ ਵਿਚ ਇਹੀ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਤੁਸੀਂ ਜ਼ਰਾ ਜਿੰਨਾ ਵੀ ਮਾਨਸਿਕ ਦਬਾਅ ਨਹੀਂ ਝੱਲ ਸਕਦੇ। ਇਸ ਲਈ ਮੈਂ ਲਿਖਾਵਟ ਬਦਲ ਕੇ ਲਿਖ ਰਹੀ ਹਾਂ। ਸਰ, ਮੈਂ ਲਿਖਾਵਟ ਬਦਲ ਕੇ ਲਿਖਣ ਦਾ ਬੜਾ ਹੀ ਤਜ਼ਰਬਾ ਹੈ। ਆਪਣੇ ਏਸ ਸ਼ੌਕੇ ਦੀ ਪੂਰਤੀ ਲਈ ਮੈਂ ਪੂਰੇ ਪੰਜ ਸਾਲ ਮਿਹਨਤ ਕੀਤੀ ਹੈ...ਹੁਣ ਤੁਸੀਂ ਆਪਣੇ ਸਾਰੇ ਖ਼ਤ ਪਾੜ ਕੇ ਸੁੱਟ ਦਿਆ ਕਰੋਗੇ ਜਾਂ ਫੇਰ ਇਹ ਖ਼ਤ ਵੀ ਤੁਹਾਨੂੰ ਪੜ੍ਹਨੇ ਹੀ ਪੈਣਗੇ। ਕਿਉਂ ?
ਬੜਾ ਮਜ਼ਾ ਆ ਰਿਹਾ ਸੀ ਜਦੋਂ ਤੁਸੀਂ ਹਉਮੈਂ, ਕਿਲਾ, ਬੁਜ਼ਦਿਲ, ਦਲੇਰ, ਸਨੇਹੀ ਆਦਿ ਸ਼ਬਦਾਂ ਦਾ ਇਤਿਹਾਸਕ ਪਿਛੋਕੜ ਬਿਆਨ ਕਰ ਰਹੇ ਸੀ ਕਿ ਕਿਹੜਾ ਸ਼ਬਦ ਕਿੰਨਾ ਹਾਲਤਾਂ ਵਿਚ ਬਣਦਾ- ਵਿਗੜਦਾ ਜਾਂ ਟੁੱਟਦਾ-ਭੱਜਦਾ ਹੋਇਆ, ਉਰਦੂ ਭਾਸ਼ਾ ਵਿਚ ਆਇਆ ਏ ਤੇ ਵਾਕ ਵਿਚ ਕਿੰਜ ਵਰਤਿਆ ਜਾਏ ਤਾਂ ਫੱਬਦਾ ਏ ! ਮੈਨੂੰ ਤੁਹਾਡੀ ਠੋਸ ਤੇ ਜਜ਼ਬਾਤੀ ਜਾਣਕਾਰੀ ਬੜਾ ਹੀ ਲਾਭ ਹੋਇਆ ਹੈ।...ਪਰ ਸਾਰੀ ਕਲਾਸ ਤੁਹਾਨੂੰ ਸ਼ਬਦ-ਜਾਲ ਵਿਚ ਉਲਝਿਆ ਵੇਖ ਕੇ ਹੈਰਾਨ ਸੀ।...ਤੇ ਸ਼੍ਰੀਮਾਨ ਜੀਓ, ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਹਾਨੂੰ ਕਿੰਜ ਵਿਸ਼ਵਾਸ ਦਿਵਾਇਆ ਜਾਏ ਕਿ ਇਹ ਖ਼ਤ ਕਿਸੇ ਮੰਜ਼ਿਲ ਤਕ ਪਹੁੰਚਣ ਲਈ ਡੰਗੋਰੀਆਂ ਵਰਗਾ ਸਹਾਰਾ ਨਹੀਂ। ਨਾਲੇ ਤੁਹਾਨੂੰ ਤਾਂ ਆਪਣੇ ਆਪ ਉੱਤੇ ਪੂਰਾ ਯਕੀਨ ਹੈ ਕਿ ਤੁਸੀਂ ਕੋਈ ਅਜਿਹੀ ਮੰਜ਼ਿਲ ਨਹੀਂ, ਜਿੱਥੇ ਨਿੱਜੀ ਚੱਸ ਜਾਂ ਲਾਲਚ ਦੀ ਹਵਾ ਵੀ ਪਹੁੰਚ ਸਕੇ ! ਫੇਰ ਤੁਸੀਂ ਸੰਤੁਸ਼ਟ ਕਿਉਂ ਨਹੀਂ ? ਇਹ ਭੜਕਾਹਟ ਕਿਉਂ ? ਅਸਲ ਵਿਚ ਇਹੀ ਤੁਹਾਡੀ ਮਜ਼ਬੂਰੀ ਹੈ ਕਿ ਤੁਸੀਂ ਮਾਨਸਿਕ ਹਮਲੇ ਦਾ ਮੋੜਵਾਂ ਜਵਾਬ ਦਿੱਤੇ ਬਗ਼ੈਰ ਸ਼ਾਂਤ ਨਹੀਂ ਹੋ ਸਕਦੇ। ਇਕ ਗੱਲ ਤੁਹਾਡੀ ਜਾਣਕਾਰੀ ਲਈ ਅਰਜ਼ ਕਰਾਂ...ਮੈਂ ਤੁਹਾਡੇ ਦਸ-ਸਾਲਾ ਆਧਿਅਪਕ-ਜੀਵਨ ਦੇ ਅਸੂਲਾਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਮੈਂ ਇਹ ਵੀ ਜਾਣਦੀ ਹਾਂ ਕਿ ਤੁਹਾਡੇ ਬੂਹੇ ਉੱਤੇ ਲੋੜਵੰਦ ਲੋਕਾਂ ਦੇ ਨੰਬਰ ਕਦੀ ਵਧਾਏ ਨਹੀਂ ਗਏ, ਕੱਟੇ ਹੀ ਗਏ ਨੇ। ਹੁਣ ਤੁਸੀਂ ਆਪ ਹੀ ਸੋਚੋ, ਭਲਾ ਕਿਹੜਾ ਮੂਰਖ, ਮੰਦਭਾਗੀ ਹੋਏਗਾ ਜਿਹੜਾ ਤੁਹਾਨੂੰ ਕਹਿਣ ਆਏਗਾ, 'ਜਾਂਦੀਏ ਬਲਾਏ...' ? ਪਰ ਫੇਰ ਵੀ ਸਰ...ਜੇ ਕਦੀ ਇਹ ਹੱਥ ਆਪਣੇ ਸੁਆਰਥ ਲਈ ਤੁਹਾਡੇ ਮੂਹਰੇ ਅੱÎÎਡਿਆ ਜਾਏ ਤਾਂ ਕੱਟ ਕੇ ਆਪਣੇ ਅਸੂਲਾਂ ਦੇ ਅਜਾਇਬ ਘਰ ਵਿਚ ਸਜਾ ਲੈਣਾ ਤਾਂਕਿ ਕਹਿ ਸਕੋ ਕਿ ਗਿਆਰ੍ਹਵੇਂ ਸਾਲ, ਤੁਸੀਂ ਨੰਬਰ ਨਹੀਂ ਹੱਥ ਹੀ ਕੱਟ ਲਿਆ ਸੀ...। ਗਿਆਨ-ਵਿਖਿਆਨ ਦੇ ਖੇਤਰ ਦੇ ਬੇਤਾਜ ਬਾਦਸ਼ਾਹ, ਤੁਸੀਂ ਆਪਣੇ ਜੀਵਨ ਦੇ ਪੰਤਾਲੀ ਪਤਝੜ ਵੇਖ ਚੁੱਕੇ ਹੋ। ਆਪਣੇ ਏਨੇ ਲੰਮੇ ਤਜ਼ਰਬੇ ਤੋਂ ਤੁਸੀਂ ਮੇਰੇ ਇਸ ਖ਼ਤ ਜਾਂ ਅੱਗੇ ਤੋਂ ਲਿਖੇ ਕਿਸੇ ਵੀ ਖ਼ਤ ਦੀ ਲਿਖਾਵਟ ਦਾ ਕੋਈ ਆਪਸੀ ਮੇਲ ਬਿਠਾਅ ਸਕੋਂ ਤਾਂ ਮੰਨ ਜਾਵਾਂ। ਤੁਸੀਂ ਇੰਜ ਕਰ ਹੀ ਨਹੀਂ ਸਕਦੇ। ਮੈਨੂੰ ਤੁਹਾਡੀ ਇਕ ਹੋਰ ਆਦਤ ਦਾ ਵੀ ਪਤਾ ਹੈ...ਜੇ ਤੁਸੀਂ ਖ਼ਤ ਖੋਹਲ ਲਵੋ ਤਾਂ ਪੜ੍ਹਦੇ ਜ਼ਰੂਰ ਹੋ।
ਤੁਸੀਂ ਠੀਕ ਹੀ ਸਮਝਿਆ ਹੈ...ਜ਼ਿੰਦਗੀ ਦੇ ਪੰਤਾਲੀ 'ਪਤਝੜ' ਮੈਂ ਵਿਅੰਗ ਵਜੋਂ ਹੀ ਲਿਖਿਆ ਸੀ। ਉਂਜ ਐਮ.ਏ. ਭਾਗ ਪਹਿਲਾ ਦੀ ਇਹ ਵਿਦਿਆਰਥਣ ਏਨਾ ਤਾਂ ਜਾਣਦੀ ਹੀ ਹੈ ਕਿ ਮਹਾਵਰਾ 'ਬਹਾਰ' ਦਾ ਹੁੰਦਾ ਹੈ। ਪਰ ਤੁਹਾਡਾ ਇਹ ਆਖਣਾ...'ਵਿਅੰਗ ਦਾ ਇਹ ਘਟੀਆ ਤਰੀਕਾ 'ਚੰਦ ਉੱਤੇ ਥੁੱਕਣ ਵਾਲੀ ਗੱਲ ਹੈ।', ਬਿਲਕੁਲ ਫੱÎਬਿਆ ਨਹੀਂ...ਇੰਜ ਲੱਗਾ ਜਿਵੇਂ ਇਹ ਮੁਹਾਵਰਾ ਕਿਸੇ ਸਹੇਲੀ ਜਾਂ ਸਾਥੀ ਵਿਦਿਆਰਥੀ ਨੇ ਵਰਤਿਆ ਹੋਏ। ਸਰ, ਪ੍ਰੋਫੈਸਰ ਅਤੇ ਸਟੂਡੈਂਟ ਵਿਚ ਮਾੜਾ-ਮੋਟਾ ਫਰਕ ਤਾਂ ਹੋਣਾ ਚਾਹੀਦਾ ਏ।...ਜਿਸ ਬੰਦੇ ਨੇ ਪੱਚੀ ਸਾਲ ਬਹਾਰ ਦਾ ਮੂੰਹ ਨਾ ਵੇਖਿਆ ਹੋਏ ਤੇ ਉਹੀ ਹੋਰਾਂ ਨੂੰ ਬਹਾਰਾਂ ਬਾਰੇ ਸਮਝਾਉਣ ਲੱਗ ਪਏ ਤਾਂ ਸਰੋਤਿਆਂ ਦਾ ਕੀ ਹਾਲ ਹੋਏਗਾ ਭਲਾ  ? 'ਬਹਾਰ' ਦੇ ਸ਼ਬਦੀ ਅਰਥ ਭਾਵੇਂ ਕੁਝ ਵੀ ਹੋਣ...ਪਰ ਮੇਰੀ ਨਜ਼ਰ ਵਿਚ ਹਰਿਆਲੀ ਤੇ ਵੇਲ-ਬੂਟੇ, ਮੀਂਹ ਤੇ ਧਰਤੀ, ਹਵਾ ਤੇ ਸਰਸਰਾਹਟ ਹੀ ਹੈ। ਕਿਸੇ ਤਪਦੇ ਰੇਗਿਸਤਾਨ ਵਿਚ ਜੇ ਕੋਈ ਬੂਟਾ ਆਪਣੇ ਆਪ ਨੂੰ ਕਚਨਾਰ ਸਮਝ ਬੈਠੇ ਤਾਂ ਕੀ ਫਾਇਦਾ ?
ਪ੍ਰੋਫੈਸਰ ਨੇ ਖ਼ਤ ਪੜ੍ਹ ਕੇ ਸਿਰ ਉੱਤੇ ਹੱਥ ਫੇਰਦਿਆਂ ਸੋਚਿਆ...'ਇਹ ਕੁੜੀ, ਕੌਣ ਹੋ ਸਕਦੀ ਏ ?' ਉਹਨਾਂ ਦੇ ਤਜ਼ਰਬੇ ਨੇ ਇਕ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਲਿਖਾਵਟ ਭਾਵੇਂ ਬਦਲੀ ਹੋਈ ਹੈ ਪਰ ਹੈ ਕਿਸੇ ਕੁੜੀ ਦੀ ਹੀ। ਉਹ ਕੌਣ ਹੋ ਸਕਦੀ ਹੈ ? ਸੁਸ਼ਮਾਂ : ਬੜੀ ਬੇਸ਼ਰਮ ਏਂ, ਮੇਰੇ ਵੱਲ ਘੂਰ ਘੂਰ ਕੇ ਵਿਹੰਦੀ ਰਹਿੰਦੀ ਏ। ਨਕਹਤ : ਉਸ ਬਾਰੇ ਤਾਂ ਸੁਣਨ ਵਿਚ ਆਉਂਦਾ ਏ ਕਿ ਉਹ ਕਲੀਮ ਨਾਲ...। ਮਹੇਸ਼ : ਉਹ ਘੁੱਨੀਂ ਜਿਹੀ, ਕਿਸੇ ਰਬੜ ਦੀ ਗੁੱਡੀ ਵਰਗੀ ਸੰਗਾਲੂ ਕੁੜੀ ਤਾਂ ਸ਼ੋ-ਕੇਸ ਵਿਚ ਸਜਾ ਕੇ ਰੱਖਣ ਵਾਲੀ ਏ। ਨਹੀਂ, ਉਹ ਨਹੀਂ ਹੋ ਸਕਦੀ। ਫਰੀਦਾ : ਹਾਂ ਇਹ ਰਤਾ ਚਲਾਕ ਏ, ਵਾਰੀ ਵਾਰੀ ਉਲਟੇ-ਪੁਲਟੇ ਸਵਾਲ ਪੁੱਛਦੀ ਰਹਿੰਦੀ ਏ। ਅਚਾਨਕ ਕਦੀ ਨਜ਼ਰ ਮਿਲ ਜਾਏ ਤਾਂ ਮੁਸਕਰਾਉਣ ਲੱਗ ਪੈਂਦੀ ਏ। ਨਾਜੀ...ਨਸ਼ਾਤ...ਆਂਚਲ...ਸੁਭਾ...ਸਫ਼ੀਆ...ਕਿਹੜੀ ਹੋਈ ? ਛੱਡੇ ਜੀ ਮੈਂ ਵੀ ਕਿੱਧਰ ਉਲਝ ਗਿਆਂ, ਧਿਆਨ ਹੀ ਨਾ ਦਿਆਂ, ਆਪੇ ਸਮੁੰਦਰ ਦੀ ਝੱਗ ਵਾਂਗ ਬੈਠ ਜਾਏਗੀ। ਪਰ...ਹੋਈ ਕਿਹੜੀ ?
ਸਰ, ਕੱਲ੍ਹ ਕਲਾਸ ਵਿਚ ਤੁਹਾਡੀਆਂ ਨਜ਼ਰਾਂ ਕਿਸੇ ਨੂੰ ਲੱਭ ਰਹੀਆਂ ਸਨ...ਸ਼ਾਇਦ ਖ਼ਤ ਲਿਖਣ ਵਾਲੀ ਨੂੰ। ਪਰ ਮੈਂ ਸੰਤੁਸ਼ਟ ਹਾਂ ਕਿਉਂਕਿ 'ਜੋਤਸ਼' ਤੁਹਾਡਾ ਵਿਸ਼ਾ ਨਹੀਂ। ਇਹ ਤਾਂ ਅਹਿਸਾਸ ਤੇ ਅਨੁਭਵ ਦੀਆਂ ਬਾਤਾਂ ਨੇ ਤੇ ਜਿਹੜਾ ਬੰਦਾ ਏਸ ਪੱਖੋਂ ਕੋਰਾ ਹੋਵੇ...ਖ਼ੈਰ ਸਰ, ਇਹ ਤਾਂ ਦੱਸੋ ਕਿ ਜਿਸ ਨੇ ਆਪਣੇ ਚੌਹੀਂ-ਪਾਸੀਂ ਇਕੱਲ ਰੂਪੀ ਲਛਮਣ ਰੇਖਾ ਖਿੱਚੀ ਹੋਈ ਹੋਵੇ, ਉਹ ਕਿਵੇਂ ਜਾਣ ਸਕਦਾ ਹੈ ਕਿ ਚਿਹਰੇ ਵੀ ਬੋਲਦੇ ਨੇ ਤੇ ਚੁੱਪ ਵਿਚ  ਕੁਰਲਾਹਟ ਵੀ ਹੁੰਦੀ ਏ। ਬਾਹਰੀ ਦੁਨੀਆਂ ਵਿਚ ਦੁੱਖ-ਦਰਦ, ਦਿਲ-ਮੁਹੱਬਤ ਤੇ ਚਾਹਤ ਵਰਗੀਆਂ ਚੀਜ਼ਾਂ ਵੀ ਹੁੰਦੀਆਂ ਨੇ। ਮੈਂ ਤੁਹਾਡੀ ਸੀਮਿਤ ਜ਼ਿੰਦਗੀ ਵਿਚ ਕੋਈ ਝਰੋਖਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ। ਕਿਸੇ ਦੇ ਗੁੱਝੇ ਭੇਤ ਜਾਣਨਾ ਮੇਰੀ 'ਹਾਬੀ' ਹੈ।
ਪ੍ਰੋਫੈਸਰ ਤੁਹਾਡੀ ਬੀਤੀ ਹੋਈ ਜ਼ਿੰਦਗੀ ਦੇ ਕੁਝ ਪੰਨੇ ਪੜ੍ਹਨ ਦਾ ਮੌਕਾ ਮਿਲਿਆ...ਇਕ ਰਵਾਇਤੀ ਕਹਾਣੀ ਹੈ। ਤੁਹਾਡਾ ਮਾਮਲਾ ਵੀ ਦੁਨੀਆਂ ਦੇ ਹੋਰ ਆਸ਼ਕ-ਮਾਸ਼ੂਕੀ ਦੇ ਮਾਮਲਿਆਂ ਨਾਲੋਂ ਬਹੁਤਾ ਵੱਖਰਾ ਨਹੀਂ। ਬਸ ਥੋੜ੍ਹਾ ਜਿਹਾ ਫਰਕ ਹੈ।...ਤੁਹਾਡੇ ਆਦਰਸ਼ ਨੇ ਤੁਹਾਡੀ ਖਾਤਰ ਜਾਨ ਦੇ ਦਿੱਤੀ...ਆਪਣੇ ਬਾਪ ਦੀ ਖ਼ਾਨਦਾਨੀ ਨੱਕ ਹੇਠ, ਪਵਿੱਤਰਤਾ ਚੁੱਪਚਾਪ ਕਤਲ ਹੋ ਗਈ।...ਤੇ ਕਹਾਣੀ ਮੁੱਕ ਗਈ। ਸਰ, ਇਕ ਸੱਚੀ ਗੱਲ ਆਖਣ ਦਾ ਹੌਸਲਾ ਕਰ ਰਹੀ ਹਾਂ...ਤੁਹਾਡੇ ਜਿਉਣ ਦਾ ਕੋਈ ਹੱਜ ਹੈ ? ਏਸ ਮਹਾਨ ਕੁਰਬਾਨੀ ਪਿੱਛੋਂ ਤੁਹਾਨੂੰ ਵੀ ਮਰ ਜਾਣਾ ਚਾਹੀਦਾ ਸੀ, ਜਾਂ ਫੇਰ ਪਾਗਲ ਹੀ ਹੋ ਜਾਂਦੇ। ਆਪਣੇ ਆਪ ਨੂੰ ਕਿਸੇ ਖਾਸ ਹੱਦਬੰਦੀ ਵਿਚ ਰੱਖ ਕੇ ਮਸ਼ੀਨੀ ਜੀਵਨ ਜਿਉਣਾ...ਸਭ ਦਿਖਾਵੇ ਦੀਆਂ ਗੱਲਾਂ ਨੇ। ਇਹਨਾਂ ਨਾਲ ਕੀ ਫਰਕ ਪੈਂਦਾ ਹੈ ? ਤੁਸੀਂ ਜਿਊਂ ਤਾਂ ਰਹੇ ਹੋ ਨਾ ? ਇਉਂ ਆਪਣੀ ਸ਼ਖਸੀਅਤ ਨੂੰ ਲਾਪ੍ਰਵਾਹੀ ਦੀ ਸੂਲੀ ਉੱਤੇ ਲਟਕਾਅ ਕੇ ਜਾਂ ਆਪਣੇ ਆਪ ਨੂੰ ਥੁੜਾਂ ਵਿਚ ਰੱਖ ਕੇ, ਕੀ ਤੁਸੀਂ ਸਮਝਦੇ ਹੋ ਕਿ ਓਸ ਮਹਾਨ ਕੁਰਬਾਨੀ ਦਾ ਲਗਾਨ ਦੇ ਰਹੇ ਹੋ ?...ਜਾਂ ਆਪਣੀ ਜਵਾਨੀ ਨੂੰ ਬੇਅਸੂਲੀ ਖ਼ਾਨਕਾਹ ਵਿਚ ਸਜਾ ਕੇ ਓਸ ਅਲ੍ਹੜ ਜਵਾਨ ਰੂਹ ਨੂੰ ਸ਼ਰਧਾਂਜਲੀ ਅਰਪਤ ਕਰ ਰਹੇ ਹੋ ? ਇਹ ਫਾਲਤੂ ਗੱਲਾਂ ਨੇ...ਕੋਰੀ ਬਕਵਾਸ। ਜਵਾਨੀ ਲੁਟਾਅ ਦਿੱਤੀ ਹੈ ਤਾਂ ਬੜਾ ਤੀਰ ਮਾਰਿਆ ਹੈ। ਜਨਾਬ ਪਿਆਰ ਵਿਚ ਤਾਂ ਦੀਨ-ਇਮਾਨ ਲੁਟਾਏ ਜਾਂਦੇ ਨੇ। ਜਵਾਨੀ ਲੁਟਾਅ ਦਿਓਗੇ, ਬੁੱਢੇ ਹੋ ਜਾਓਗੇ। ਪਰ ਜਿਉਂਦੇ ਤਾਂ ਫੇਰ ਵੀ ਰਹੋਗੇ ਨਾ...ਭਾਵੇਂ ਆਪਦੇ ਸਰੀਰ ਰੂਪੀ ਮਕਬਰੇ ਵਿਚ ਹੀ ਸਹੀ। ਜਿਉਂਦੇ ਬੰਦੇ ਦੀ ਕਹਾਣੀ, ਕਹਾਣੀ ਨਹੀਂ ਹੁੰਦੀ...ਅਸਲ ਕਹਾਣੀ ਤਾਂ ਮੌਤ ਤੋਂ ਪਿੱਛੋਂ ਸ਼ੁਰੂ ਹੁੰਦੀ ਏ। ਇੰਜ ਕਰਨਾ ਹੀ ਹੈ ਤਾਂ ਆਪਣੇ ਆਪ ਨੂੰ ਦੇਹ ਦੇ ਮਕਬਰੇ ਵਿਚ ਹੀ ਨਹੀਂ, ਜਾਂ ਲੋੜਾਂ ਤੇ ਥੁੜਾਂ ਦੀ ਕਤਲਗਾਹ ਵਿਚ ਹੀ ਨਹੀਂ, ਸਗੋਂ ਪਿਆਰ ਤੇ ਬਿਰਹਾ ਦੀ ਕਬਰ ਵਿਚ ਜਾ ਕੇ ਵੇਖੋ...ਸ਼ਾਂਤੀ ਹੀ ਸ਼ਾਂਤੀ ਮਿਲੇਗੀ। ਪਰ ਇੰਜ ਕਰਨ ਲਈ ਹਿੰਮਤ, ਹੌਸਲੇ ਤੇ ਦਿਲ-ਗੁਰਦੇ ਦੀ ਲੋੜ ਹੁੰਦੀ ਹੈ...ਨਦੀਮ ਸਾਹਬ ! ਤੇਰੀ ਰਾਏ ਏ  ਿਹੁਣ ਤੁਸੀਂ ਏਸ ਕਵਚ ਨੂੰ ਲਾਹ ਦਿਓ।
ਸਰ, ਤੁਸੀਂ ਪ੍ਰੇਸ਼ਾਨ ਜਿਹੇ ਰਹਿਣ ਲੱਗ ਪਏ ਹੋ। ਮੈਂ ਸ਼ਰਮਿੰਦਾ ਹਾਂ ਕਿਉਂਕਿ ਮੇਰੇ ਖ਼ਤਾਂ ਦੀ ਸੱਚਾਈ ਨੇ ਤੁਹਾਨੂੰ ਤੜਫਾ ਤੇ ਉਲਝ ਦਿੱਤਾ ਹੈ। ਏਸੇ ਕਰਕੇ ਤੁਸੀਂ ਕਲਾਸ ਨਹੀਂ ਲਈ। ਮੈਂ ਵਚਨ ਦੇਂਦੀ ਹਾਂ ਕਿ ਅੱਗੇ ਤੋਂ ਖ਼ਤ ਨਹੀਂ ਲਿਖਾਂਗੀ। ਤੁਸੀਂ ਆਪਣੀ ਮਰਜ਼ੀ ਮੁਤਾਬਿਕ ਜ਼ਿੰਦਗੀ ਜਿਉਣ ਦੇ ਆਦੀ ਹੋ ਚੁੱਕੇ ਹੋ। ਮੈਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ...ਬਸ ਹਮਦਰਦੀ ਹੈ।

ਤੁਹਾਡੇ ਨਾਲ ਵਾਅਦਾ ਕੀਤਾ ਸੀ...ਅੱਗੇ ਤੋਂ ਖ਼ਤ ਨਹੀਂ ਲਿਖਾਂਗੀ...ਪਰ ਤੁਹਾਡੇ ਭੋਲੇ-ਭਾਲੇ ਵਾਕਾਂ ਨੇ ਕਿ ਕਦੀ ਕਦੀ ਆਦਮੀ ਨੂੰ ਕਿਸੇ ਚੀਜ ਦੀ ਆਦਤ ਜਿਹੀ ਹੋ ਜਾਂਦੀ ਹੈ, ਉਹ ਨਾ ਮਿਲੇ ਤਾਂ ਥੁੜ ਮਹਿਸੂਸ ਹੁੰਦੀ ਹੈ...ਜਿਵੇਂ ਸਿਗਰੇਟ ਦੀ, ਸਵੇਰ ਦੀ ਸੈਰ ਦੀ, ਇੱਥੋਂ ਕਿ ਕਿਸੇ ਖਾਸ ਆਦਮੀ ਨਾਲ ਗੱਪਾਂ ਮਾਰਨ ਜਾਂ ਕੋਈ ਚਿੱਠੀ-ਪੱਤਰ ਪੜ੍ਹਨ ਦੀ ਆਦਤ। ਮੇਰੀਆਂ ਉਂਗਲਾਂ ਦੀ ਫੜਕਣ ਨੇ ਮੈਨੂੰ ਕਜ਼ਬੂਰ ਕਰ ਦਿੱਤਾ।
ਸਰ, ਮੇਰੀ ਇਕ ਛੋਟੀ ਜਿਹੀ ਇੱਛਾ ਏ ਕਿ ਤੁਸੀਂ ਕਲਾਸ ਵਿਚ ਆਪਣੇ ਵਾਲ ਵਾਹ ਕੇ ਰਤਾ ਬਣ-ਠਣ ਕੇ ਆਇਆ ਕਰੋ।
ਨਹੀਂ ਮੈਂ ਗਲਤ ਹੀ ਲਿਖ ਦਿੱਤਾ ਸੀ। ਹੁਣ ਧਿਆਨ ਦਿੱਤਾ ਏ ਕਿ ਮੈਨੂੰ ਤੁਹਾਡੇ ਖੁਸ਼ਕ ਤੇ ਉਲਝੇ ਹੋਏ ਵਾਲ ਹੀ ਚੰਗੇ ਲੱਗਦੇ ਨੇ। ਚੰਗਾ ਹੀ ਹੋਇਆ ਕਿ ਤੁਸੀਂ ਮੇਰੀ ਇੱਛਾ ਨੂੰ ਕੋਈ ਮਹੱਤਵ ਨਹੀਂ ਦਿੱਤਾ। ਸਰ, ਤੁਸੀਂ ਸੈਂਟ ਕਿਹੜਾ ਵਰਤਦੇ ਹੋ ? ਜਦੋਂ ਮੈਂ ਤੁਹਾਡੇ ਕੋਲੋਂ ਲੰਘਦੀ ਹਾਂ ਤਾਂ ਪਲ-ਛਿਨ ਲਈ ਇਕ ਖੁਸ਼ਬੂ ਜਿਹੀ ਮਹਿਸੂਸ ਹੁੰਦੀ ਹੈ। ਜੇ ਤੁਹਾਡੇ ਕੋਲ ਰੁਕ ਜਾਵਾਂ ਤਾਂ ਅਲੋਪ ਹੋ ਜਾਂਦੀ ਹੈ। ਮੇਰਾ ਜੀਅ ਕਰਦਾ ਹੈ ਕਿ ਓਸ ਪਲ-ਛਿਨ ਦੀ ਖੁਸ਼ਬੂ ਲਈ ਵਾਰੀ ਵਾਰੀ ਤੁਹਾਡੇ ਨੇੜਿਓਂ ਲੰਘਾਂ। ਕਈ ਵਾਰੀ ਇੰਜ ਕੀਤਾ ਵੀ ਹੈ। ਉਂਜ ਹੀ ਲਿਖ ਦਿੱਤਾ ਹੈ ਕੋਈ ਡੂੰਘਾ ਅਰਥ ਨਾ ਕੱਢ ਬਹਿਣਾ ਕਿਧਰੇ। ਤੁਸੀਂ ਟਾਈ ਕਿਉਂ ਨਹੀਂ ਲਾਉਂਦੇ ?
ਇਹ ਵੀ ਚੰਗਾ ਹੀ ਹੋਇਆ ਕਿ ਤੁਸੀਂ ਟਾਈ ਨਹੀਂ ਲਾਈ। ਦਰਅਸਲ ਅਜੇ ਮੈਂ ਆਪ ਵੀ ਸ਼ਸ਼ੋਪੰਜ ਵਿਚ ਪਈ ਹੋਈ ਹਾਂ ਕਿ ਮੈਨੂੰ ਤੁਹਾਡੇ ਕਿਹੜੀ ਚੀਜ ਪਾਈ ਚੰਗੀ ਲੱਗੇਗੀ ? ਟਾਈ ਲਾ ਕੇ ਤਾਂ ਆਦਮੀ ਦੀ ਉਰਿਜਨੈਲਟੀ ਹੀ ਖਤਮ ਹੋ ਜਾਂਦੀ ਹੈ। ਮੈਨੂੰ ਕਢਾਈ ਵਾਲਾ ਕੁਰਤਾ ਪਾਜਾਮਾ ਸੋਹਣਾ ਲੱਗਦਾ ਹੈ...ਨਹੀਂ, ਨਹੀਂ...ਸਫੈਦ ਚਮਕੀਲੀ ਪੈਂਟ-ਸ਼ਰਟ...ਇਹ ਵੀ ਨਹੀਂ। ਸਰ, ਬਸ ਤੁਸੀਂ ਜਿਹੜਾ ਗਰੇ ਕਲਰ ਦਾ ਸੂਟ ਅਤੇ ਗਲੇ ਵਿਚ ਲਾਲ ਮਫ਼ਲਰ ਬੰਨ੍ਹਦੇ ਹੋ ਨਾ, ਉਹੀ ਜਚਦਾ ਏ। ਤੁਸੀਂ ਮੁਸਕਰਾ ਰਹੇ ਹੋ, ਬਸ ਏਸੇ ਮੁਸਕਰਾਹਟ ਨੂੰ ਜੀਵਨ ਦਾ ਅੰਗ ਬਣਾ ਲਵੋ।
ਤੁਹਾਡੇ ਕਾਲੇ ਬੂਟਾਂ ਦੀ ਪਾਲਿਸ਼ ਫਿੱਟ ਗਈ ਏ। ਅੱਜ ਤੁਹਾਡੇ ਸੱਜੇ ਹੱਥ ਦੀ ਤੀਸਰੀ ਉਂਗਲ ਉਪਰ ਪੱਟੀ ਕਿਉਂ ਬੱਝੀ ਸੀ ? ਸ਼ੇਵ ਕਰਨ ਲੱÎਗਿਆਂ ਬਲੇਡ ਵੱਜ ਗਿਆ ਹੋਏਗਾ...ਘੱਟੋਘਟ ਸ਼ੇਵ ਤਾਂ...।
ਸਰ...ਕੁਝ ਪਤਾ ਏ ਤੁਹਾਨੂੰ...ਲਾਈਟ ਗਰੀਨ ਸ਼ਰਟ ਦੇ ਉਪਰਲੇ ਤਿੰਨ ਅਲੋਪ ਹੋ ਚੁੱਕੇ ਨੇ।
ਅੱਜ ਪਤਾ ਨਹੀਂ ਕਿਉਂ ਮਨ ਨੂੰ ਤਲਖੀ ਲੱਗੀ ਹੋਈ ਏ। ਚਾਰ ਦਿਨ ਬਾਅਦ ਕਾਲਜ, ਪੰਦਰਾਂ ਦਿਨਾਂ ਲਈ ਬੰਦ ਹੋ ਜਾਣੇ ਨੇ। ਮੈਂ ਸੋਚ ਰਹੀ ਹਾਂ...ਇਹ...ਪੰਦਰਾਂ ਦਿਨ...ਉਫ਼ ! ਮੈਨੂੰ ਕੀ ਹੋ ਗਿਆ ਸੀ? ਦੋ ਦਿਨ ਲਾਈਨਾ ਵਿਚ ਫੇਰ ਲਕੀਰਾਂ ਹੀ ਮਾਰ ਦਿੱਤੀਆਂ ਨੇ। ਰੱਬ ਦੀ ਸੌਂਹ ਇੰਜ ਅਣਜਾਣੇ ਵਿਚ ਹੀ ਹੋ ਗਿਆ ਏ, ਬਿਲਕੁਲ ਅਚਣਚੇਤ...ਪਤਾ ਨਹੀਂ ਕਿਉਂ ?
ਨਦੀਮ...ਪ੍ਰੋਫੈਸਰ...ਮੇਰਾ ਪ੍ਰੋਫੈਸਰ...ਫਾਰੂਕੀ...ਖ਼ਤ...ਉਫ਼ ! ਸਰ, ਇਹ ਖ਼ਤ...ਕੀ ਹੋ ਗਿਆ ਏ ਮੈਨੂੰ ? ਲਿਖਣ ਲੱÎਗਿਆਂ ਦਿਮਾਗ ਵਿਚ 'ਸ਼ਾਂ-ਸ਼ਾਂ' ਹੋਣ ਲੱਗ ਪੈਂਦੀ ਏ...ਮਾਨਸਿਕ ਤਣਾਅ ਵਧ ਗਿਆ...ਏਸ ਲਈ ਕੱਲ੍ਹ ਕਾਲਜ ਵੀ ਨਹੀਂ ਆ ਸਕੀ।
ਪ੍ਰੋਫੈਸਰ ਨਦੀਮ ਫਾਰੂਕੀ ਨੇ ਇਹ ਟੁੱਟੇ-ਫੁੱਟੇ ਵਾਕ ਪੜ੍ਹੇ। ਉਹਨਾਂ ਦੇ ਮੱਥੇ ਉੱਤੇ ਦੋ ਵਾਰ ਤਿਉੜੀਆਂ ਪਈਆਂ ਤੇ ਅਲੋਪ ਹੋ ਗਈਆਂ।  ਫੇਰ ਉਹਨਾਂ ਹਾਜ਼ਰੀ ਰਜਿਸਟਰ ਚੁੱਕ ਕੇ ਵੇਖਿਆ ਕਿ ਕੱਲ੍ਹ ਕੌਣ ਕੌਣ ਗੈਰਹਾਜ਼ਰ ਸੀ। ਬੁੱਲ੍ਹਾਂ ਉੱਤੇ ਮੁਸਕਾਨ ਖਿੱਲਰ ਗਈ ਤੇ ਫੇਰ ਉਹ ਸ਼ਾਂਤ ਹੋ ਗਏ। ਉਹਨਾਂ ਸੋਚਿਆ ਕੱਲ੍ਹ ਕਹਿ ਦਿਆਂਗਾ ਖ਼ਤ ਦੇ ਨਾਲ ਨਾਲ ਲਿਖਣ ਵਾਲੀ ਦੀ ਆਦਮ ਪਾਉਣ ਨੂੰ ਵੀ ਜੀਅ ਕਰਦਾ ਹੈ।
ਦੂਜੇ ਦਿਨ ਸਾਰੇ ਕਾਲਜ ਵਿਚ ਮਹੇਸ਼ ਦੇ ਪਾਗਲ ਹੋ ਜਾਣ ਦੀ ਖ਼ਬਰ ਫੈਲੀ ਹੋਈ ਸੀ। ਪ੍ਰੋਫੈਸਰ ਨਦੀਮ ਦੇ ਦਿਮਾਗ ਵਿਚ ਉਸ 'ਘੁੰਨੀਂ ਜਿਹੀ ਕਿਸੇ ਰਬੜ ਦੀ ਗੁੱਡੀ ਵਰਗੀ ਸੰਗਾਲੂ ਕੁੜੀ, ਜਿਹੜੀ ਕਿਸੇ ਸ਼ੋ-ਕੇਸ ਵਿਚ ਸਜਾ ਕੇ ਰੱਖਣ ਵਾਲੀ ਸੀ।'...ਮਹੇਸ਼ ਦੀ ਸ਼ਕਲ ਉਭਰ ਆਈ। ਉਹ ਸਟਾਫ ਰੂਮ ਕੇ ਸੋਫੇ ਉੱਤੇ ਜਾ ਬੈਠੇ, ਐਨਕ ਲਾਹੀ ਤੇ ਅੱਖਾਂ ਦੇ ਹੰਝੂ ਰੁਮਾਲ ਵਿਚ ਬੋਚ ਲਏ।
     ੦੦੦ ੦੦੦ ੦੦੦

Tuesday, August 3, 2010

ਨਿਤਾਣੀ...:: ਮੁਹੰਮਦ ਮੰਸ਼ਾ ਯਾਦ




ਪਾਕੀ ਉਰਦੂ ਕਹਣੀ :
ਨਿਤਾਣੀ...
ਲੇਖਕ : ਮੁਹੰਮਦ ਮੰਸ਼ਾ ਯਾਦ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਦੁਪਹਿਰ ਢਲ ਗਈ ਸੀ ਜਦੋਂ ਨੰਬਰਦਾਰ ਦੀ ਘਰਵਾਲੀ ਸਤਭਰਾਈ ਉਸਨੂੰ ਆਪਣੇ ਨਾਲ ਲੈ ਕੇ ਉਸਦੇ ਘਰ ਛੱਡ ਆਉਣ ਲਈ ਨਿਕਲੀ ਸੀ—
ਉਹ ਮੇਲੇ ਵਿਚ ਲੁੱਟ ਲਏ ਜਾਣ ਵਾਲੇ ਤੇ ਖ਼ਾਲੀ ਹੱਥ ਘਰ ਵਾਪਸ ਆਉਣ ਵਾਲੇ ਬੱਚੇ ਵਾਂਗ ਨੀਵੀਂ ਪਾਈ, ਗੁੰਮਸੁੰਮ ਜਿਹੀ ਸਤਭਰਾਈ ਦੇ ਪਿੱਛੇ-ਪਿੱਛੇ ਤੁਰ ਰਹੀ ਸੀ। ਉਹ ਉਸਨੂੰ ਵਾਰੀ-ਵਾਰੀ ਤਸੱਲੀਆਂ ਦੇ ਰਹੀ ਸੀ ਪਰ ਉਹ ਸੁੱਕੇ-ਪੱਤੇ ਵਾਂਗ ਕੰਬ ਰਹੀ ਸੀ। ਉਹ ਚਿਹਰਾ ਜਿਸ ਉੱਤੇ ਗ਼ੁਲਾਬ ਟਹਿਕਦੇ ਤੇ ਕਲੀਆਂ ਝੁੰਮਦੀਆਂ ਸਨ, ਹਲਦੀ ਵਾਂਗ ਪੀਲਾ ਹੋਇਆ-ਹੋਇਆ ਸੀ। ਉਸਨੇ ਚਾਦਰ ਨਾਲ ਸਾਰਾ ਸਰੀਰ ਤੇ ਮੂੰਹ ਸਿਰ-ਲਪੇਟਿਆ ਹੋਇਆ ਸੀ ਪਰ ਉਸਨੂੰ ਆਪਣੇ ਨੰਗੇਪਣ ਦਾ ਅਹਿਸਾਸ ਖਾਈ ਜਾ ਰਿਹਾ ਸੀ। ਪਿੰਡ ਦੀਆਂ ਤੀਵੀਂਆਂ ਤੇ ਮੁੰਡੇ-ਖੁੰਡੇ ਉਸਨੂੰ ਇੰਜ ਰੁਕ-ਰੁਕ ਕੇ ਦੇਖ ਰਹੇ ਸਨ ਜਿਵੇਂ ਉਹ ਮਦਾਰੀ ਦੇ ਪਿੱਛੇ-ਪਿੱਛੇ ਤੁਰ ਰਹੀ ਬਾਂਦਰੀ ਹੋਵੇ ਤੇ ਹੁਣੇ ਕਿਸੇ ਮੋੜ 'ਤੇ ਰੁਕ ਕੇ ਖੇਡਾ ਪਾਉਣ ਵਾਲੀ ਹੋਵੇ—
'ਕਾਸ਼! ਉਹ ਉਸਨੂੰ ਰਾਤ ਦੇ ਹਨੇਰੇ ਵਿਚ ਲੈ ਕੇ ਆਉਂਦੀ।' ਉਸਨੇ ਦੁਖੀ ਮਨ ਨਾਲ ਸੋਚਿਆ। ਪਰ ਹੁਣ ਸਾਰੇ ਫੈਸਲੇ ਦੂਜਿਆਂ ਦੇ ਹੱਥ ਸਨ। ਆਪਣਾ ਫੈਸਲਾ ਗ਼ਲਤ ਸਾਬਤ ਹੋ ਜਾਵੇ ਤਾਂ ਅਗਲੇ ਫੈਸਲਿਆਂ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈ।
ਉਸਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਪੈਰ ਲੜਖੜਾ ਰਹੇ ਸਨ—ਜਿਵੇਂ ਉਹ ਆਪਣੇ ਘਰ ਨਾ ਜਾ ਰਹੀ ਹੋਵੇ ਬਲਿਕ ਫਾਂਸੀ ਦੇ ਤਖ਼ਤੇ ਵੱਲ ਤੁਰੀ ਜਾ ਰਹੀ ਹੋਵੇ। ਨੰਬਰਦਾਰ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਉਸਨੂੰ ਲਿਆਉਣ ਵੇਲੇ ਯਕੀਨ ਦਿਵਾਇਆ ਸੀ ਕਿ ਉਸਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਉਹ ਆਪਣੇ ਘਰਵਾਲਿਆਂ ਨੂੰ ਜਾਣਦੀ ਸੀ ਕਿ ਜੇ ਉਹ ਕਿਸੇ ਤਰ੍ਹਾਂ ਜਿਊਂਦੀ ਬਚ ਗਈ ਤਾਂ ਉਸਦਾ ਜਿਊਂਣਾ ਮੌਤ ਨਾਲੋਂ ਬਦਤਰ ਹੋਵੇਗਾ, ਉਹ ਉਸਦੇ ਹੱਥ ਪੈਰ ਜ਼ਰੂਰ ਤੋੜ ਦੇਣਗੇ ਤੇ ਉਹ ਕਈ ਦਿਨਾਂ ਤੀਕ ਜਖ਼ਮਾਂ ਦੀ ਪੀੜ ਨਾਲ ਕਰਾਹੁੰਦੀ ਰਹੇਗੀ।
ਸਤਭਰਾਈ ਉਸਦੇ ਅੱਗੇ-ਅੱਗੇ ਉਸਦੇ ਘਰ ਵਿਚ ਇੰਜ ਵੜੀ ਜਿਵੇਂ ਜੇਤੂ ਫੌਜ ਦਾ ਜਰਨੈਲ ਫਤਿਹ ਕੀਤੀ ਸਲਤਲਤ ਵਿਚ ਪ੍ਰਵੇਸ਼ ਕਰ ਰਿਹਾ ਹੋਵੇ। ਪਰ ਉੱਥੇ ਉਹਨਾਂ ਦੋਵਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਨਹੀਂ ਸੀ ਦੇਖਿਆ। ਮਾਂ ਵਰਾਂਡੇ ਵਿਚ ਮੰਜੀ ਉੱਤੇ ਬੈਠੀ ਚੌਲ ਸਾਫ ਕਰ ਰਹੀ ਸੀ, ਉਹ ਉਸੇ ਤਰ੍ਹਾਂ ਚੁੱਪਚਾਪ ਬੈਠੀ ਚੌਲ ਚੁਗਦੀ ਰਹੀ। ਛੋਟਾ ਭਰਾ ਲੱਕੜਾਂ ਪਾੜ ਰਿਹਾ ਸੀ, ਉਹ ਓਵੇਂ ਹੀ ਲੱਕੜਾਂ ਪਾੜਦਾ ਰਿਹਾ। ਵੱਡਾ ਇਕ ਕੋਨੇ ਵਿਚ ਪਈ ਮੰਜੀ ਦੀ ਦੌਣ ਕਸ ਰਿਹਾ ਸੀ, ਉਹ ਵੀ ਆਪਣੇ ਕੰਮ ਵਿਚ ਰੁੱਝਿਆ ਰਿਹਾ। ਸਿਰਫ ਭਾਬੀ ਨੇ ਉਸ ਵੱਲ ਇਕ ਨਜ਼ਰੇ ਦੇਖਿਆ ਸੀ ਪਰ ਇੰਜ ਜਿਵੇਂ ਘਰੇ ਵੜ ਆਏ ਕਿਸੇ ਕੁੱਤੇ-ਬਿੱਲੇ ਵੱਲ ਦੇਖਿਆ ਜਾਂਦਾ ਹੈ।...ਹਾਂ, ਉਸਨੇ ਸਤਭਰਾਈ ਨੂੰ ਬੈਠਣ ਲਈ ਸਰ ਦਾ ਮੂੜਾ ਲਿਆ ਦਿੱਤਾ ਸੀ, ਪਰ ਮੂੰਹੋਂ ਕੁਝ ਨਹੀਂ ਸੀ ਬੋਲੀ। ਸਤਭਰਾਈ ਖ਼ੁਦ ਹੀ ਵਾਰੀ-ਵਾਰੀ ਸਾਰਿਆਂ ਨੂੰ ਮਸ਼ਵਰੇ ਦੇਂਦੀ ਤੇ ਨਸੀਹਤ ਕਰਦੀ ਰਹੀ ਕਿ 'ਆਦਮੀ ਗਲਤੀਆਂ ਦਾ ਪੁਤਲਾ ਐ...ਇਸ ਉਮਰ ਵਿਚ ਅਜਿਹੀ ਗਲਤੀ ਹੋ ਈ ਜਾਂਦੀ ਆ...ਅੱਲਾ ਤਾਅਲਾ ਮੁਆਫ਼ ਕਰਨ ਵਾਲੇ ਦੇ ਇੱਜ਼ਤ-ਮਾਣ ਵਿਚ ਬੜਾ ਵਾਧਾ ਕਰਦਾ ਐ'...ਵਗ਼ੈਰਾ, ਵਗ਼ੈਰਾ।
ਉਹ ਸਿੱਧੀ ਪਿੱਛਲੇ ਕਮਰੇ ਵਿਚ ਚਲੀ ਗਈ ਤੇ ਦਰਵਾਜ਼ੇ ਨਾਲ ਲੱਗ ਕੇ ਉਸ ਜਗ੍ਹਾ ਬੈਠ ਗਈ ਜਿੱਥੋਂ ਸਾਰੇ ਨਜ਼ਰ ਆ ਰਹੇ ਸਨ—ਉਸ ਸਭ ਕੁਝ ਦੇਖਦੀ ਤੇ ਸੁਣਦੀ ਰਹਿਣਾ ਚਾਹੁੰਦੀ ਸੀ; ਉਸਨੂੰ ਡਰ ਸੀ ਕਿ ਲੱਕੜਾਂ ਪਾੜਦਾ ਹੋਇਆ ਭਰਾ ਕੁਹਾੜੇ ਸਮੇਤ ਉਸ ਕੋਲ ਆਵੇਗਾ ਤੇ ਸੁੱਕੀ ਲੱਕੜ ਵਾਂਗ ਉਸਦੇ ਟੋਟੇ-ਟੋਟੇ ਕਰ ਸੁੱਟੇਗਾ।
ਥੋੜ੍ਹੀ ਦੇਰ ਬਾਅਦ ਸਤਭਰਾਈ ਜਾਣ ਲੱਗੀ ਤਾਂ ਉਸਦੇ ਦਿਲ ਨੂੰ ਡੋਬ ਪੈਣ ਲੱਗਾ। ਉਸਨੂੰ ਲੱਗ ਰਿਹਾ ਸੀ, ਉਸਦੇ ਜਾਂਦਿਆਂ ਹੀ ਉਹ ਅੰਦਰ ਆ ਜਾਣਗੇ ਤੇ ਉਹ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭੀਖ ਵੀ ਨਹੀਂ ਮੰਗ ਸਕੇਗੀ। ਕੁਝ ਮੰਗਣ ਜਾਂ ਕੁਝ ਮੁਆਫ਼ ਕਰਵਾਉਣ ਲਈ ਲਫ਼ਜ਼ ਜ਼ਰੂਰੀ ਹੁੰਦੇ ਨੇ ਤੇ ਉਸ ਦੇ ਕੋਲ ਪਛਤਾਵੇ ਤੇ ਅਫ਼ਸੋਸ ਦੇ ਸਿਵਾਏ ਕੁਝ ਵੀ ਨਹੀਂ ਸੀ। ਪਰ ਜਦੋਂ ਸਤਭਰਾਈ ਦੇ ਜਾਣ ਤੋਂ ਕਾਫੀ ਦੇਰ ਬਾਅਦ ਵੀ ਕਿਸੇ ਨੇ ਉਸਨੂੰ ਬੁਰਾ-ਭਲਾ ਕਿਹਾ ਨਾ ਕੋਈ ਡੰਡਾ-ਝੰਡਾ ਲੈ ਕੇ ਅੰਦਰ ਆਇਆ ਤਾਂ ਉਸਨੂੰ ਹੌਲ ਪੈਣ ਲੱਗ ਪਏ...ਸ਼ਇਦ ਉਸਦਾ ਜੁਰਮ ਅਜਿਹਾ ਸੀ ਕਿ ਕਿਸੇ ਛੋਟੀ-ਮੋਟੀ ਸਜ਼ਾ ਨਾਲ ਉਸਦੀ ਮੁਆਫ਼ੀ ਸੰਭਵ ਨਹੀਂ ਸੀ।
ਸ਼ਾਮ ਹੋਣ ਵਾਲੀ ਸੀ ਵਰਿਆਮੂ ਕੁਹਾੜਾ ਇਕ ਪਾਸੇ ਸੁੱਟ ਕੇ ਦੁੱਧ ਚੋਣ ਚਲਾ ਗਿਆ। ਵੱਡਾ ਭਰਾ ਗਾਮੂ ਹੁੱਕਾ ਤਾਜ਼ਾ ਕਰਨ ਲੱਗਿਆ, ਭਾਬੀ ਨਿੱਕੀ ਸਗਰੀਆ ਨੂੰ ਗੋਦੀ ਚੁੱਕ ਕੇ ਚੁੱਲ੍ਹੇ ਕੋਲ ਜਾ ਬੈਠੀ ਤੇ ਚੌਲ ਬਣਾਉਣ ਲੱਗ ਪਈ ਤੇ ਮਾਂ ਲਾਂਅ ਤੋਂ ਸੁੱਕੇ ਕੱਪੜੇ ਲਾਹੁਣ ਲੱਗ ਪਈ। ਕੱਪੜੇ ਲੈ ਕੇ ਉਹ ਅੰਦਰ ਆਈ ਤੇ ਉਸ ਦੇ ਨੇੜਿਓਂ ਇੰਜ ਲੰਘ ਗਈ ਜਿਵੇਂ ਉਹ ਉਸਨੂੰ ਦਿਖਾਈ ਹੀ ਨਾ ਦਿੱਤੀ ਹੋਵੇ। ਮਾਂ ਨੇ ਕਿੱਲੀ ਤੋਂ ਲਾਲਟੈਨ ਲਾਹੀ ਤੇ ਉਸਨੂੰ ਬਾਲ ਕੇ ਦਰਵਾਜ਼ੇ ਦੀ ਕੁੰਡੀ ਨਾਲ ਲਮਕਾਅ ਦਿੱਤਾ। ਉਸਨੂੰ ਲਾਲਟੈਨ ਦੀ ਰੌਸ਼ਨੀ ਬੜੀ ਭੈੜੀ ਲੱਗੀ ਜਿਵੇਂ ਉਸਨੇ ਉਸਨੂੰ ਹੋਰ ਵੀ ਨੰਗਾ ਕਰ ਦਿੱਤਾ ਹੋਵੇ। ਉਸਦੇ ਵੱਸ ਵਿਚ ਹੁੰਦਾ ਤਾਂ ਉਹ ਮੱਖੀ ਬਣ ਕੇ ਕਿਸੇ ਟਰੰਕ ਪਿੱਛੇ ਬੈਠ ਜਾਂਦੀ ਜਾਂ ਕੀੜੀ ਬਣ ਕੇ ਕਿਸੇ ਦਰਜ ਵਿਚ ਵੜ ਜਾਂਦੀ।
ਛੋਟਾ ਭਰਾ ਦੁੱਧ ਵਾਲੀ ਟੋਕਨੀ ਸਿਰ 'ਤੇ ਚੁੱਕੀ ਆ ਪਹੁੰਚਿਆ ਤਾਂ ਦੋਵੇਂ ਭਰਾ ਚੁੱਲ੍ਹੇ ਕੋਲ ਬੈਠ ਕੇ ਥਾਲਾਂ ਵਿਚ ਚੌਲ ਪੁਆ ਕੇ ਖਾਣ ਲੱਗ ਪਏ। ਮਾਂ ਨਿੱਕੀ ਸਗਰੀਆ ਨੂੰ ਤੁਰ-ਫਿਰ ਕੇ, ਥਾਪੜ-ਥਾਪੜ, ਸੰਵਾਉਣ ਲੱਗੀ।
ਉਸਨੇ ਸਵੇਰ ਦਾ ਕੁਝ ਨਹੀਂ ਸੀ ਖਾਧਾ। ਖਾਣ-ਪੀਣ ਦੀ ਉਸਨੂੰ ਹੋਸ਼ ਹੀ ਕਿੱਥੇ ਸੀ। ਸਤਭਰਾਈ ਨੇ ਉਸਨੂੰ ਆਪਣੇ ਘਰ ਰੋਟੀ ਦਿੱਤੀ ਸੀ ਪਰ ਇਕ ਗਰਾਹੀ ਵੀ ਉਸਦੇ ਸੰਘੋਂ ਨਹੀਂ ਸੀ ਲੱਥੀ। ਉਹ ਖ਼ਾਲੀ ਪੇਟ ਏਨੀ ਦੂਰੋਂ ਪੈਦਲ ਤੁਰ ਕੇ ਆਈ ਸੀ, ਪਰ ਹੁਣ ਵੀ ਉਸਨੂੰ ਖਾਣ ਦੀ ਇੱਛਾ ਨਹੀਂ ਸੀ ਹੋ ਰਹੀ। ਫੇਰ ਵੀ ਜੇ ਖਾਣਾ ਖਾ ਰਹੇ ਭਰਾਵਾਂ ਵਿਚੋਂ ਕੋਈ ਉਸ ਬਾਰੇ ਪੁੱਛ ਲੈਂਦਾ ਕਿ 'ਉਸਨੇ ਕੁਝ ਖਾਧਾ ਐ ਕਿ ਨਹੀਂ' ਤਾਂ ਉਹ ਬਿਨਾਂ ਖਾਧੇ-ਪੀਤੇ ਰੱਜ ਜਾਂਦੀ। ਪਰ ਉਹਨਾਂ ਨੇ ਤਾਂ ਸ਼ਾਇਦ ਹਮੇਸ਼ਾ ਲਈ ਉਸਨੂੰ ਪਰਿਵਾਰ ਵਿਚੋਂ ਛੇਕ ਦਿੱਤਾ ਲੱਗਦਾ ਸੀ। ਪਰ ਭਾਬੀ ਨੂੰ ਅਖ਼ੀਰ ਉਸਦਾ ਧਿਆਨ ਆ ਹੀ ਗਿਆ, ਉਸਨੇ ਥਾਲੀ ਵਿਚ ਚੌਲ ਪਾਏ ਤੇ ਅੰਦਰ ਆ ਕੇ ਥਾਲੀ ਉਸਦੇ ਅੱਗੇ ਸਰਕਾ ਦਿੱਤੀ ਤੇ ਕੁਝ ਕਹੇ-ਸੁਣੇ ਬਗ਼ੈਰ ਪਰਤ ਗਈ। ਉਸਨੂੰ ਲੱਗਿਆ ਜਿਵੇਂ ਸੱਚਮੁੱਚ ਉਹ ਇਕ ਪਾਲਤੂ ਕੁੱਤੀ ਹੋਵੇ ਤੇ ਉਸਨੂੰ ਰਾਤਬ (ਪਾਲਤੂ ਜਾਨਵਰਾਂ ਦੀ ਵੱਝਵੀਂ ਖੁਰਾਕ) ਪਾ ਦਿੱਤੀ ਗਈ ਹੋਵੇ। ਉਹ ਆਪਣੇ ਹੀ ਘਰ ਵਿਚ ਬਿਗਾਨੀ ਹੋ ਗਈ ਸੀ। ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਰੋਣ ਨਿਕਲ ਹੀ ਗਿਆ। ਉਸਦੇ ਸਿਸਕਨ ਤੇ ਹਟੋਕਰੇ ਭਰਨ ਦੀ ਆਵਾਜ਼ ਸੁਣ ਕੇ ਵੀ ਕਿਸੇ ਦਾ ਹੱਥ ਨਹੀਂ ਰੁਕਿਆ ਤੇ ਨਾ ਹੀ ਕਿਸੇ ਨੇ ਉਸ ਵੱਲ ਧਿਆਨ ਹੀ ਦਿੱਤਾ। ਉਹ ਰੋ-ਧੋ ਕੇ ਆਪੇ ਚੁੱਪ ਹੋ ਗਈ। ਢਿੱਡ ਦੀ ਅੱਗ ਬੁਝਾਉਣ ਲਈ ਚੌਲਾਂ ਦੀਆਂ ਕੁਝ ਗਰਾਹੀਆਂ ਵੀ ਅੰਦਰ ਸੁੱਟ ਲਈਆਂ। ਉਸਨੂੰ ਪਿਆਸ ਲੱਗੀ ਹੋਈ ਸੀ, ਪਰ ਭਾਬੀ ਪਾਣੀ ਨਹੀਂ ਸੀ ਦੇ ਕੇ ਗਈ ਤੇ ਉਸਦਾ ਬਾਹਰ ਨਲਕੇ ਜਾਂ ਤੋੜੇ ਤੀਕ ਜਾ ਕੇ ਪਾਣੀ ਪੀ ਲੈਣ ਦਾ ਹੀਆ ਨਹੀਂ ਸੀ ਪੈ ਰਿਹਾ।
ਬਾਹਰਲਾ ਦਰਵਾਜ਼ਾ ਅਕਸਰ ਖੁੱਲ੍ਹਾ ਰਹਿੰਦਾ ਸੀ ਪਰ ਅੱਜ ਉਸਨੂੰ ਬੰਦ ਕਰ ਦਿੱਤਾ ਗਿਆ ਸੀ। ਬੰਦ ਦਰਵਾਜ਼ਾ ਦੇਖ ਕੇ ਉਸਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋਇਆ ਜਿਵੇਂ ਹਵਾ ਦਾ ਰਸਤਾ ਰੋਕ ਦਿੱਤਾ ਗਿਆ ਹੋਵੇ। ਦੋ ਇਕ ਵਾਰੀ ਕਿਸੇ ਨੇ ਕੁੰਡੀ ਖੜਕਾਈ ਤਾਂ ਉਸਦੀ ਮਾਂ ਦਰਵਾਜ਼ੇ ਕੋਲ ਗਈ ਤੇ ਹਰ ਵਾਰੀ ਬੁੜਬੁੜ ਕਰਦੀ ਹੋਈ ਦਰਵਾਜ਼ਾ ਖੋਹਲੇ ਬਗ਼ੈਰ ਵਾਪਸ ਆ ਗਈ। ਜ਼ਰੂਰ ਪਿੰਡ ਦੀਆਂ ਬੁੜ੍ਹੀਆਂ ਆਉਣਾ ਚਾਹੁੰਦੀਆਂ ਹੋਣਗੀਆਂ, ਜਿਹਨਾਂ ਨੂੰ ਬੁਰਾ-ਭਲਾ ਸੁਣਾ ਕੇ ਮਾਂ ਨੇ ਉੱਥੋਂ ਹੀ ਵਾਪਸ ਮੋੜ ਦਿੱਤਾ ਸੀ। ਉਸਦੇ ਘਰ ਵਾਲੇ ਪਹਿਲਾਂ ਵੀ ਪਿੰਡ ਵਾਲਿਆਂ ਨਾਲ ਬਹੁਤਾ ਮਿਲਨਾ-ਜੁਲਨਾ ਪਸੰਦ ਨਹੀਂ ਸੀ ਕਰਦੇ ਤੇ ਹੁਣ ਤਾਂ ਉਹ ਹੋਰ ਵੀ ਭਖੇ ਹੋਏ ਸਨ। ਖਾਣਾ ਖਾ ਕੇ ਦੋਵੇਂ ਭਰਾ ਵਿਹੜੇ ਵਿਚ ਜਾ ਬੈਠੇ ਤੇ ਹੁੱਕਾ ਪੀਂਦੇ ਰਹੇ। ਵਰਿਆਮੂ ਵਾੜੇ ਵਿਚ ਜਾ ਕੇ ਸੌਂਦਾ ਸੀ ਪਰ ਘਰੇ ਹੀ ਲੇਟ ਗਿਆ। ਗਾਮੂ ਵੀ ਆਦਤ ਦੇ ਉਲਟ, ਜਲਦੀ ਉੱਠ ਕੇ ਸੌਣ ਲਈ ਚਲਾ ਗਿਆ ਜਿਵੇਂ ਉਹਨਾਂ ਜਲਦੀ ਉਠਣਾ ਤੇ ਕਿਸੇ ਅਹਿਮ ਮੁਹਿੰਮ 'ਤੇ ਜਾਣਾ ਹੋਵੇ। ਉਸਦਾ ਦਿਲ, ਕਿਸੇ ਡਰ ਸਦਕਾ, ਜ਼ੋਰ-ਜ਼ੋਰ ਨਾਲ ਧੜਕਨ ਲੱਗ ਪਿਆ।
ਕੁਝ ਚਿਰ ਭਾਬੀ ਜੂਠੇ ਭਾਂਡੇ 'ਕੱਠੇ ਕਰਦੀ ਤੇ ਮਾਂਜਦੀ ਰਹੀ। ਫੇਰ ਨਿੱਕੀ ਸਗਰੀਆ ਨੂੰ ਚੁੱਕ ਕੇ ਉਹ ਵੀ ਆਪਣੇ ਕਮਰੇ ਵਿਚ ਚਲੀ ਗਈ। ਮਾਂ ਵਰਾਂਡੇ ਵਿਚ ਬੈਠੀ ਤਾਜ਼ਾ ਪੀਸਿਆ ਹੋਇਆ ਆਟਾ ਤੌੜੀ ਵਿਚ ਪਾ ਰਹੀ ਸੀ। ਉਸਨੇ ਖਾਣਾ ਨਹੀਂ ਸੀ ਖਾਧਾ; ਉਸਨੇ ਖਾਣਾ ਕਿਉਂ ਨਹੀਂ ਖਾਧਾ, ਇਹ ਸੋਚ ਕੇ ਉਸਦੀਆਂ ਅੱਖਾਂ ਸਾਹਵੇਂ ਹਨੇਰਾ ਛਾਉਣ ਲੱਗਿਆ ਕਿ ਕਿਤੇ ਘਰ ਵਿਚ ਕੁਝ ਹੋਣ ਵਾਲਾ ਤਾਂ ਨਹੀਂ...?
ਲਾਲਟੈਨ ਬੁਝਾ ਕੇ ਮਾਂ ਵਰਾਂਡੇ ਵਿਚ ਆ ਕੇ ਮੰਜੀ ਉੱਤੇ ਲੇਟ ਗਈ ਤਾਂ ਉਹ ਕੁਝ ਚਿਰ ਤਾਂ ਬੈਠੀ ਰਹੀ ਫੇਰ ਹਿੰਮਤ ਕਰਕੇ ਉੱਠੀ ਤੇ ਉਸਦੀ ਪੁਆਂਦੀ ਜਾ ਬੈਠੀ। ਉਹ ਉਸਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਣਾ ਚਾਹੁੰਦੀ ਸੀ ਪਰ ਮਾਂ ਨੇ ਪੈਰ ਖਿੱਚ ਲਏ, ਲੱਤਾਂ ਇਕੱਠੀਆਂ ਕਰ ਲਈਆਂ ਤੇ ਪਾਸਾ ਪਰਤ ਲਿਆ। ਉਹ ਚੁੱਪਚਾਪ ਸਾਹ ਰੋਕੀ ਉਸੇ ਜਗ੍ਹਾ ਬੈਠੀ ਰਹੀ। ਮਾਂ ਜਾਗ ਰਹੀ ਸੀ ਪਰ ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰ ਰਹੀ ਸੀ। ਉਹ ਕਈ ਰਾਤਾਂ ਦੀ ਉਨੀਂਦੀ ਤੇ ਸਾਰੇ ਦਿਨ ਦੀ ਥੱਕੀ ਹੋਈ ਸੀ। ਉਸਨੂੰ ਪੈਂਦਾਂ ਉੱਤੇ ਬੈਠੀ ਨੂੰ ਨੀਂਦ ਆਉਂਣ ਲੱਗ ਪਈ ਪਰ ਉਸਨੂੰ ਆਪਣੀ ਮੰਜੀ ਉੱਤੇ ਇਕੱਲੀ ਸੌਂਣ ਤੋਂ ਡਰ ਲੱਗ ਰਿਹਾ ਸੀ...ਪਤਾ ਨਹੀਂ ਕਦੋਂ ਛੋਟਾ ਜਾਂ ਵੱਡਾ ਜਾਂ ਉਹ ਦੋਵੇਂ ਭਰਾ ਚੁੱਪਚਾਪ ਅੰਦਰ ਆ ਜਾਣ ਤੇ ਉਸਨੂੰ ਨਾਲ ਚੱਲਣ ਲਈ ਕਹਿਣ। ਉਹ ਚੀਕਣਾ-ਕੂਕਣਾ ਚਾਹੇ, ਪਰ ਉਸਦੇ ਮੂੰਹੋਂ ਆਵਾਜ਼ ਨਾ ਨਿਕਲ ਸਕੇ। ਫੇਰ ਪਤਾ ਨਹੀਂ ਉਹ ਉਸਨੂੰ ਕਿੱਥੇ ਲੈ ਜਾਣ? ਕਿਸ ਤਰ੍ਹਾਂ ਕਤਲ ਕਰਨ? ਹੋ ਸਕਦਾ ਹੈ ਗਲ਼ ਘੁੱਟ ਦੇਣ; ਛੁਰੀ ਜਾਂ ਟੋਕੇ ਨਾਲ ਧੌਣ ਵੱਢ ਕੇ ਜ਼ਮੀਨ ਵਿਚ ਨੱਪ ਦੇਣ, ਖੂਹ ਜਾਂ ਨਹਿਰ ਵਿਚ ਧੱਕਾ ਦੇ ਦੇਣ। ਉਸਨੂੰ ਯਕੀਨ ਸੀ ਕਿ ਜਦੋਂ ਉਹ ਉਸਨੂੰ ਲੈਣ ਆਉਣਗੇ, ਮਾਂ ਇੰਜ ਹੀ ਚੁੱਪਚਾਪ ਪਈ, ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰਦੀ ਰਹੇਗੀ...ਉਹ ਉਸਦੀ ਏਡੀ ਵੱਡੀ ਗਲਤੀ ਕਿੰਜ ਮੁਆਫ਼ ਕਰ ਸਕਦੀ ਸੀ? ਮੁਆਫ਼ ਕਰਨਾ ਤਾਂ ਇਸ ਘਰ ਦੇ ਲੋਕਾਂ ਨੇ ਜਿਵੇਂ ਸਿੱਖਿਆ ਹੀ ਨਹੀਂ ਸੀ। ਤੇ ਨਾਲੇ ਉਹ ਆਪਣੇ ਪੁੱਤਰਾਂ ਤੋਂ ਬੜੀ ਡਰਦੀ ਸੀ...ਉਹ ਹਿਰਖ ਜਾਂਦੇ ਸੀ ਤਾਂ ਮਾਂ ਨੂੰ ਵੀ ਬੇਇੱਜ਼ਤ ਤੇ ਲਹੂ-ਲੂਹਾਣ ਕਰ ਦੇਂਦੇ ਸੀ। ਘਰ ਵਿਚ ਇਕ ਭਾਬੀ ਸੀ ਜਿਹੜੀ ਉਸਦੀ ਜਾਨ ਬਚਾ ਸਕਦਾ ਸੀ, ਪਰ ਉਹ ਕਿਉਂ ਬਚਾਉਂਦੀ—ਉਸਨੇ ਭਾਬੀ ਦੇ ਕੁੱਬੇ ਭਰਾ ਦਾ ਰਿਸ਼ਤਾ ਠੁਕਰਾ ਕੇ ਉਸਨੂੰ ਹਮੇਸ਼ਾ ਲਈ ਆਪਣੀ ਦੁਸ਼ਮਣ ਬਣਾ ਲਿਆ ਸੀ। ਵੈਸੇ ਵੀ ਉਹ ਕਿੱਸੇ-ਕਹਾਣੀਆਂ ਦੀ ਰਵਾਇਤੀ ਭਾਬੀ ਵਾਂਗ ਉਸ ਉੱਤੇ ਮੱਚੀ ਹੀ ਰਹਿੰਦੀ ਸੀ ਤੇ ਸ਼ਾਇਦ ਉਸਦੇ ਖ਼ੂਨ ਨਾਲ ਸ਼ਾਲੂ ਰੰਗਣ ਦੀ ਇੱਛਾ ਵੀ ਰੱਖਦੀ ਸੀ।
ਉਹ ਮਾਂ ਦੀ ਪੁਆਂਦੀ ਬੈਠੀ ਹੂਬਕੀਂ ਰੋਂਦੀ ਰਹੀ। ਉਸਦੀ ਮਾਂ ਜ਼ਿਦ ਦੀ ਪੱਕੀ ਤੇ ਦਿਲ ਦੀ ਸਖ਼ਤ ਜ਼ਰੂਰ ਸੀ ਪਰ ਕਦੀ-ਕਦੀ ਮਿਹਰਬਾਨ ਵੀ ਹੋ ਜਾਂਦੀ ਸੀ ਜਾਂ ਘੱਟੋਘੱਟ ਥੋੜ੍ਹੀ ਦੇਰ ਲਈ ਨਰਮ ਪੈ ਜਾਂਦੀ ਸੀ ਪਰ ਅੱਜ ਉਸਦਾ ਦਿਲ ਪਿਘਲ ਹੀ ਨਹੀਂ ਸੀ ਰਿਹਾ। ਫੇਰ ਪਤਾ ਨਹੀਂ ਕਦੋਂ ਤੇ ਕਿਵੇਂ ਉਹ ਰੋਂਦੀ-ਰੋਂਦੀ ਉੱਥੇ ਪੁਆਂਦੀ ਹੀ ਗੁੱਛਾ-ਮੁੱਛਾ ਜਿਹੀ ਹੋ ਕੇ ਸੌਂ ਗਈ...ਪਰ ਭਿਆਨਕ ਸੁਪਨੇ ਦੇਖਦੀ ਤੇ ਵਾਰੀ-ਵਾਰੀ ਉੱਠ ਬੈਠਦੀ ਰਹੀ—ਇੰਜ ਸੌਣ ਤੇ ਜਾਗਣ ਵਿਚਕਾਰ ਉਸਨੂੰ ਕੋਈ ਫਰਕ ਮਹਿਸੂਸ ਨਹੀਂ ਸੀ ਹੋਇਆ—ਸੁਪਨਿਆਂ ਨੇ ਵੀ ਉਸਨੂੰ ਪਨਾਹ ਦੇਣੀ ਛੱਡ ਦਿੱਤੀ ਜਾਪਦੀ ਸੀ।
ਅਗਲੇ ਦਿਨ ਉਸਨੇ ਭਰਾਵਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿ ਕੇ ਘਰ ਦੇ ਨਿੱਕੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਭਾਂਡੇ ਮਾਂਜੇ, ਕੱਪੜੇ ਧੋਤੇ, ਮੰਜੇ ਡਾਹੇ ਤੇ ਵਿਛਾਏ। ਝਾੜੂ ਦਿੱਤੀ ਤੇ ਨਿੱਕੀ ਸਗਰੀਆ ਨੂੰ ਖਿਡਾਉਂਦੀ ਰਹੀ, ਪਰ ਭਾਬੀ ਨੇ ਉਸਨੂੰ ਖਾਣ-ਪੀਣ ਵਾਲੀਆਂ ਚੀਜਾਂ ਨੂੰ ਹੱਥ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਤੀਜੇ ਚੌਥੇ ਦਿਨ ਉਸਨੇ ਖਾਣਾ ਖਾਂਦੇ ਹੋਏ ਵੱਡੇ ਭਰਾ ਕੋਲ ਡਰਦਿਆਂ-ਡਰਦਿਆਂ ਪਾਣੀ ਦਾ ਗਲਾਸ ਲਿਜਾ ਕੇ ਰੱਖਿਆ ਤਾਂ ਉਸਨੇ ਗਲਾਸ ਚੁੱਕ ਕੇ ਕੰਧ ਨਾਲ ਮਾਰਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਫੇਰ ਖਾਣਾ ਛੱਡ ਕੇ ਪੈਰ ਪਟਕਦਾ ਹੋਇਆ ਬਾਹਰ ਨਿਕਲ ਗਿਆ। ਇਸ ਪਿੱਛੋਂ ਉਹ ਮੁੜ ਸਹਿਮ ਗਈ ਤੇ ਉਸਨੂੰ ਭਾਂਤ-ਭਾਂਤ ਦੇ ਸ਼ੰਕਿਆਂ ਨੇ ਘੇਰ ਲਿਆ।
ਉਹ ਘਰ ਵਿਚ ਰਹਿੰਦੀ ਸੀ ਪਰ ਘਰ ਦਾ ਕੋਈ ਜੀਅ ਉਸ ਨਾਲ ਗੱਲ ਨਹੀਂ ਸੀ ਕਰਦਾ...ਉਸਨੇ ਮਾਂ ਨਾਲ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਂ ਜਵਾਬ ਨਾ ਦੇਂਦੀ। ਸਿਵਾਏ ਨਿੱਕੀ ਸਗਰੀਆ ਦੀ 'ਹੂੰ-ਹਾਂ' ਦੇ ਉਹ ਗੱਲਾਂ ਕਰਨ ਨੂੰ ਵੀ ਤਰਸ ਗਈ ਸੀ। ਇਕ ਰਾਤ ਉਸਨੇ ਮਾਂ ਦੇ ਪੈਰ ਫੜ੍ਹ ਲਏ ਤੇ ਰੋਂਦੀ ਹੋਈ ਕਹਿਣ ਲੱਗੀ—
'ਮਾਂ ਮੈਨੂੰ ਮਾਰ—ਮੇਰੇ ਉੱਤੇ ਥੁੱਕ, ਮੈਨੂੰ ਗਾਲ੍ਹਾਂ ਦੇਅ ਤੇ ਤਾਅਨੇ-ਮਿਹਣੇ ਮਾਰ...ਪਰ ਖ਼ੁਦਾ ਦਾ ਵਾਸਤਾ ਈ, ਕੁਝ ਤਾਂ ਕਹਿ—''
''ਮੈਂ ਤੇਰੀ ਮਾਂ ਨਹੀਂ...ਤੂੰ ਕਿਸੇ ਕੁੱਤੀ ਦੀ ਔਲਾਦ ਏਂ।''
'ਨਹੀਂ ਮਾਂ—ਖ਼ੁਦਾ ਦਾ ਵਾਸਤਾ ਈ ਇੰਜ ਨਾ ਕਹਿ।''
''ਆਪਣੀ ਗੰਦੀ ਜ਼ਬਾਨ ਨਾਲ ਖ਼ੁਦਾ ਰਸੂਲ ਦਾ ਨਾਂ ਨਾ ਲੈ।''
''ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਮਾਂ।''
''ਕੋਈ ਫਾਇਦਾ ਨਹੀਂ।''
''ਤਾਂ ਕੀ ਸੱਚਮੁੱਚ ਮਾਂ...?''
''ਹਾਂ...''
''ਕਦ...?''
''ਇਹ ਮੈਨੂੰ ਨਹੀਂ ਪਤਾ।''
ਡਰ ਦੇ ਮਾਰੇ ਉਸਦਾ ਸਾਹ ਸੁੱਕ ਗਿਆ, ਹੱਥ ਪੈਰ ਕੁੰਬਣ ਲੱਗੇ। ਅੱਖਾਂ ਸਾਹਵੇਂ ਹਨੇਰਾ ਛਾ ਗਿਆ।
      ੦੦੦      

ਪਿੰਡ ਤੋਂ ਕਸਬੇ ਨੂੰ ਜਾਣ ਵਾਲੀ ਕੱਚੀ ਸੜਕ ਉੱਤੇ ਇਕ ਹਵੇਲੀ ਸੀ—ਜਿਸਨੂੰ ਕੁੱਤਿਆਂ ਵਾਲੀ ਹਵੇਲੀ ਕਿਹਾ ਜਾਂਦਾ ਸੀ। ਦੋ ਖ਼ੂੰਖ਼ਾਰ ਕਿਸਮ ਦੇ ਬੂਬੀ ਕੁੱਤੇ ਦਿਨ-ਰਾਤ ਇਸ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਸਨ। ਉਹਨਾਂ ਦੇ ਮਾਲਕਾਂ ਦਾ ਜਦੋਂ ਜੀਅ ਕਰਦਾ ਉਹਨਾਂ ਨੂੰ ਬੰਨ੍ਹ ਦੇਂਦੇ, ਜਦੋਂ ਜੀਅ ਕਰਦਾ ਖੁੱਲ੍ਹੇ ਛੱਡ ਦੇਂਦੇ। ਉਹਨਾਂ ਕੁੱਤਿਆਂ ਤੋਂ ਡਰਦਿਆਂ ਲੋਕਾਂ ਨੇ ਕੱਚੀ ਸੜਕ ਤੋਂ ਲੰਘਣਾ ਵੀ ਛੱਡ ਦਿੱਤਾ ਸੀ ਤੇ ਉਹਨਾਂ ਨੇ ਕਸਬੇ ਵਿਚ ਜਾਣ-ਆਉਣ ਲਈ ਖੇਤਾਂ ਦੇ ਵਿਚਕਾਰੋਂ ਲੰਘਦੀ ਕੱਚੀ ਪਗਡੰਡੀ ਵਾਲੇ ਰਸਤੇ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਈ ਅਜਨਬੀ ਜਾਂ ਭੁੱਲਿਆ-ਭਟਕਿਆ ਰਾਹੀ-ਪਾਂਧੀ ਇਧਰ ਆ ਜਾਂਦਾ ਤਾਂ ਉਸਨੂੰ ਕੁੱਤਿਆਂ ਤੋਂ ਜਾਨ ਬਚਾਉਣੀ ਔਖੀ ਹੋ ਜਾਂਦੀ। ਉਹਨਾਂ ਕੁੱਤਿਆਂ ਨੇ ਕਈ ਲੋਕਾਂ ਨੂੰ ਵੱਢਿਆ ਵੀ ਸੀ। ਪਿੰਡ ਵਾਲੇ ਇਤਰਾਜ਼ ਭਰੇ ਉਲਾਂਭੇ ਵੀ ਲੈ ਕੇ ਗਏ ਸਨ ਪਰ ਉਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਸੀ ਹੋਇਆ। ਪਿੰਡ ਦੇ ਮੁੰਡੇ ਜਿਹੜੇ ਕਸਬੇ ਦੇ ਸਕੂਲ ਵਿਚ ਪੜ੍ਹਨ ਜਾਂਦੇ ਸਨ ਬੜਾ ਹੀ ਬਚ-ਬਚਾਅ ਕੇ ਤੇ ਲੰਮਾਂ ਚੱਕਰ ਲਾ ਕੇ ਉਧਰੋਂ ਲੰਘਦੇ ਸਨ। ਉਹਨਾਂ, ਉਹਨਾਂ ਕੁੱਤਿਆਂ ਦਾ ਨਾਂ ਹੀ ਗਾਮੂ ਤੇ ਵਰਿਆਮੂ ਰੱਖ ਦਿੱਤਾ ਸੀ।
ਗਾਮੂ ਤੇ ਵਰਿਆਮੂ ਨੂੰ ਲੋਕ ਬੜੇ ਹੀ ਉਜੱਡ ਦੇ ਮੂਰਖ ਬੰਦੇ ਸਮਝਦੇ ਸਨ। ਜਿਹਨਾਂ ਆਪਣੀ ਸਕੀ ਭੈਣ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਰੋੜ੍ਹ ਦਿੱਤਾ ਜਾਂ ਟੋਇਆ ਪੁੱਟ ਕੇ ਕਿਸੇ ਖੇਤ ਵਿਚ ਨੱਪ ਦਿੱਤਾ ਸੀ।...ਤੇ ਪਿੰਡ ਵਾਲਿਆਂ ਨਾਲੋਂ ਹਰ ਰਿਸ਼ਤਾ ਤੋੜ ਲਿਆ ਸੀ।...ਤੇ ਪਿੰਡ ਦੀ ਮੇਰ ਨੂੰ ਤਜ ਕੇ ਇੱਥੇ ਸਭ ਨਾਲੋਂ ਵੱਖਰੇ-ਵਾਂਝੇ ਰਹਿਣ ਲੱਗ ਪਏ ਸਨ। ...ਤੇ ਸਾਰੇ ਪਿੰਡ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ।
ਇਹ ਹਵੇਲੀ ਕਿਸੇ ਜ਼ਮਾਨੇ ਵਿਚ ਪਸ਼ੂਆਂ ਦਾ ਵਾੜਾ ਹੁੰਦੀ ਸੀ। ਉੱਥੇ ਇਕ ਖੂਹ ਵੀ ਸੀ ਜਿਸਨੂੰ ਹੁਣ ਪੂਰ ਦਿੱਤਾ ਗਿਆ ਸੀ। ਗਜ਼ੂਰਾਂ ਦੇ ਗਾਇਬ ਹੋ ਜਾਣ ਜਾਂ ਕਤਲ ਹੋ ਜਾਣ ਪਿੱਛੋਂ ਉਹਨਾਂ ਲੋਕਾਂ ਇਸ ਵਿਚ ਕੁਝ ਹੋਰ ਕਮਰੇ ਪਾ ਕੇ ਉਸਨੂੰ ਹਵੇਲੀ ਦੀ ਸ਼ਕਲ ਦੇ ਦਿੱਤੀ ਸੀ।
ਪਿੰਡ ਵਿਚ ਉਸ ਹਵੇਲੀ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿੱਸੇ ਮਸ਼ਹੂਰ ਸਨ। ਬਾਗ ਅਲੀ ਨਾਈ ਦਾ ਕਹਿਣਾ ਸੀ ਕਿ ਇਕ ਦੁਪਹਿਰ ਨੂੰ ਉਹ ਕਸਬੇ ਦੀ ਚੱਕੀ ਤੋਂ ਆਟਾ ਪਿਸਵਾ ਕੇ ਲਿਆ ਰਿਹਾ ਸੀ ਕਿ ਹਵੇਲੀ ਤੋਂ ਕੁਝ ਫਾਸਲੇ 'ਤੇ ਇਕ ਜ਼ਨਾਨੀ ਨੇ ਉਸਦਾ ਨਾਂਅ ਲੈ ਕੇ ਆਵਾਜ਼ ਮਾਰੀ। ਉਸਨੇ ਚਾਰੇ ਪਾਸੇ ਦੇਖਿਆ ਪਰ ਉੱਥੇ ਕੋਈ ਵੀ ਨਹੀਂ ਸੀ।
ਦੋਸੇ ਵਰਗੇ ਸਿੱਧੜ ਬੰਦੇ ਦਾ ਬਿਆਨ ਸੀ ਕਿ ਉਸਨੇ ਇਕ ਰਾਤ ਖੇਤਾਂ ਨੂੰ ਪਾਣੀ ਛੱਡਿਆ ਹੋਇਆ ਸੀ ਕਿ ਉਸਨੇ ਦੇਖਿਆ—ਇਕ ਭਰ ਜਵਾਨ ਔਰਤ ਵਾਲ ਖਿਲਾਰੀ ਖਾਲ ਦੇ ਅੰਦਰ ਬਿਨਾਂ ਆਵਾਜ਼ ਤੁਰੀ ਜਾ ਰਹੀ ਸੀ। ਉਸਨੇ ਆਵਾਜ਼ ਦਿੱਤੀ ਤਾਂ ਠਹਾਕਾ ਮਾਰ ਕੇ ਗਾਇਬ ਹੋ ਗਈ। ਹਵੇਲੀ ਤੋਂ ਥੋੜ੍ਹੇ ਫਾਸਲੇ ਉੱਤੇ ਇਕ ਬੜਾ ਉੱਚਾ ਖ਼ਜੂਰ ਦਾ ਰੁੱਖ ਸੀ, ਕੁਝ ਲੋਕਾਂ ਨੇ ਉਸ ਖ਼ਜੂਰ ਦੇ ਰੁੱਖ ਹੇਠਾਂ ਵੀ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਸਨ। ਦੱਤੂ ਮਰਾਸੀ ਨੇ ਤਾਂ ਇਕ ਪਿੱਛਲ-ਪੈਰੀ ਨੂੰ ਦੇਖਿਆ ਵੀ ਸੀ।
ਇਕ ਦਿਨ ਚੌਧਰੀ ਸਰਵਰ ਦੀ ਧੀ ਪਿਓ ਦਾ ਖਾਣਾ ਲੈ ਕੇ ਖੇਤ ਗਈ। ਚੌਧਰੀ ਸਰਵਰ ਅੰਬ ਦੇ ਰੁੱਖ ਹੇਠ ਬੈਠਾ ਖਾਣਾ ਖਾ ਰਿਹਾ ਸੀ ਤੇ ਉਹ ਕੋਲ ਬੈਠੀ ਪੱਖਾ ਝੱਲ ਰਹੀ ਸੀ ਕਿ ਅਚਾਨਕ ਉਸਨੂੰ ਪਤਾ ਨਹੀਂ ਕੀ ਸੁੱਝੀ...ਉਹ ਨੱਠ ਕੇ ਰੁੱਖ ਉੱਤੇ ਚੜ੍ਹ ਗਈ। ਚੌਧਰੀ ਸਰਵਰ ਨੇ ਗੁੱਸੇ ਹੋ ਕੇ ਤਾੜਿਆ ਕਿ ਜਵਾਨ ਕੁੜੀਆਂ ਰੁੱਖਾਂ 'ਤੇ ਨਹੀਂ ਚੜ੍ਹਦੀਆਂ ਤਾਂ ਉਹ ਜਵਾਬ ਵਿਚ ਠਹਾਕੇ ਲਾਉਂਦੀ ਹੋਈ ਹੋਰ ਉਪਰ ਚੜ੍ਹਦੀ ਗਈ। ਫੇਰ ਉਸਨੇ ਉਪਰੋਂ ਛਾਲ ਮਾਰ ਦਿੱਤੀ ਤੇ ਡਿੱਗ ਕੇ ਬੇਹੋਸ਼ ਹੋ ਗਈ। ਹੁਣ ਉਹ ਫੌੜ੍ਹੀਆਂ ਦੇ ਸਹਾਰੇ ਤੁਰਦੀ ਸੀ।
ਲੋਕਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਤੇ ਕਿੱਸਿਆਂ ਦੀਆਂ ਤੰਦਾਂ ਹਵੇਲੀ ਨਾਲ ਮੇਲ ਦਿੱਤੀਆਂ ਸਨ...ਤੇ ਇਹ ਮੰਨ ਲਿਆ ਸੀ ਕਿ ਗਜ਼ੂਰਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰਕੇ ਹਵੇਲੀ ਵਿਚ ਜਾਂ ਕਿਤੇ ਆਸੇ-ਪਾਸੇ ਦੇ ਖੇਤ ਵਿਚ ਦਫ਼ਨ ਕਰ ਦਿੱਤਾ ਗਿਆ ਸੀ ਤੇ ਉਸਦੀ ਅਸ਼ਾਂਤ ਰੂਹ, ਭੂਤ ਜਾਂ ਚੁੜੈਲ ਬਣ ਕੇ ਉੱਥੇ ਭਟਕ ਰਹੀ ਸੀ। ਪਿੰਡ ਵਿਚ ਸਿਰਫ ਇਕ ਮੌਲਵੀ ਫਿਰੋਜ਼ ਉੱਲ ਦੀਨ ਸਨ, ਜਿਹੜੇ ਇਹਨਾਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੇ ਤੇ ਇਸ ਨੂੰ ਅਣਪੜ੍ਹ ਲੋਕਾਂ ਦੇ ਵਹਿਮ-ਭਰਮ ਦੱਸਦੇ ਸਨ...ਪਰ ਫੇਰ ਇਕ ਦਿਨ ਉਹਨਾਂ ਨਾਲ ਵੀ ਇਕ ਬੜੀ ਅਜੀਬ ਘਟਨਾਂ ਵਾਪਰੀ-ਉਹ ਰਾਤ ਨੂੰ ਕਸਬੇ ਤੋਂ ਵਾਪਸ ਪਰਤ  ਰਹੇ ਸਨ ਕਿ ਅਚਾਨਕ ਉਹਨਾਂ ਦੇ ਸਾਹਮਣੇ ਇਕ ਦੀਵਾ ਬਲਣ ਲੱਗਾ। ਕੁਝ ਚਿਰ ਲਈ ਭੈੜੀਆਂ ਸ਼ੈਆਂ ਨੂੰ ਦੂਰ ਭਜਾਉਣ ਵਾਲੀਆਂ ਖਾਸ ਦੁਆਆਂ ਤੇ ਵਜੀਫ਼ੇ ਪੜ੍ਹਦੇ ਰਹੇ, ਪਰ ਜਦੋਂ ਬਲਦਾ ਹੋਇਆ ਦੀਵਾ ਉਹਨਾਂ ਦੇ ਖਾਸਾ ਨੇੜੇ ਆ ਗਿਆ ਤੇ ਹਵਾ ਵਿਚ ਤੈਰਦਾ ਹੋਇਆ ਉਹਨਾਂ ਦੇ ਨਾਲ ਨਾਲ ਉੱਡਣ ਲੱਗਾ ਤਾਂ ਉਹ ਸਾਰੀਆਂ ਦੁਆਆਂ ਭੁੱਲ ਗਏ ਤੇ ਬੇਹੋਸ਼ ਹੋ ਕੇ ਡਿੱਗ ਪਏ।
ਕੁਝ ਲੋਕਾਂ ਦਾ ਖ਼ਿਆਲ ਸੀ ਕਿ ਗਜ਼ੂਰਾਂ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਸੁੱਟ ਦਿੱਤਾ ਗਿਆ ਸੀ। ਕੁਝ ਦਾ ਕਹਿਣਾ ਸੀ ਕਿ ਉਸਨੂੰ ਪਿੰਡ ਵਾਲੇ ਮਕਾਨ ਵਿਚ ਕਤਲ ਕਰਕੇ ਉੱਥੇ ਹੀ ਦੱਬ ਦਿੱਤਾ ਗਿਆ ਹੈ। ਇਸ ਮਕਾਨ ਨੂੰ ਅੱਜ ਵੀ ਜਿੰਦਰਾ ਲੱਗਾ ਹੋਇਆ ਸੀ—ਉਹ ਉਸਨੂੰ ਵੇਚਦੇ ਸਨ ਨਾ ਉਸਦੀ ਦੇਖ ਭਾਲ ਤੇ ਮੁਰੰਮਤ ਵੱਲ ਧਿਆਨ ਦੇਂਦੇ ਸਨ। ਪਰ ਨਾਲ ਦੇ ਪਿੰਡ ਦੇ ਮਿਸਤਰੀ ਜ਼ਹੂਰੇ ਨੇ ਜਿਹੜਾ ਹਵੇਲੀ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਕਰਦਾ ਰਿਹਾ ਸੀ ਲੋਕਾਂ ਨੂੰ ਦੱਸਿਆ ਸੀ ਕਿ ਹਵੇਲੀ ਦੇ ਅੰਦਰ ਗਾਮੂ ਤੇ ਵਰਿਆਮੂ ਦੇ ਕਮਰਿਆਂ ਦੇ ਐਨ ਵਿਚਕਾਰ ਇਕ ਚਬੂਤਰਾ ਜਿਹਾ ਬਣਿਆ ਹੋਇਆ ਸੀ ਜਿਸ ਉੱਤੇ ਸਰਕੜੇ ਤੇ ਸੁੱਕੀਆਂ ਲੱਕੜਾਂ ਦਾ ਢੇਰ ਪਿਆ ਰਹਿੰਦਾ ਸੀ। ਜਿਹਨਾਂ ਨੂੰ ਉਹ ਲੋਕ ਲੋੜ ਪੈਣ 'ਤੇ ਵੀ ਨਹੀਂ ਸੀ ਮਚਾਉਂਦੇ। ਉਸਦਾ ਖ਼ਿਆਲ ਸੀ ਕਿ ਇਹ ਚਬੂਤਰਾ ਦਰਅਸਲ ਇਕ ਕਬਰ ਸੀ ਤੇ ਉਸਦੀ ਨਿਗਰਾਨੀ ਦੀ ਖਾਤਰ ਹੀ ਉਹ ਲੋਕ ਪਿੰਡ ਵਾਲਾ ਮਕਾਨ ਛੱਡ ਕੇ ਉੱਥੇ ਚਲੇ ਗਏ ਸਨ।
ਪਿੰਡ ਦੀਆਂ ਤੀਵੀਂਆਂ, ਬੁੱਢੀ ਸਕੀਨਾ ਨੂੰ ਵੀ ਡਾਇਨ ਕਹਿ ਕੇ ਹੀ ਯਾਦ ਕਰਦੀਆਂ ਸਨ, ਜਿਹੜੀ ਆਪਣੀ ਧੀ ਦੀ ਰੱਖਿਆ ਨਹੀਂ ਸੀ ਕਰ ਸਕੀ ਤੇ ਮਾਂ ਹੋ ਕੇ ਉਸਨੂੰ ਮੰਦੇ ਵਿਹਾਰ ਤੋਂ ਤੰਗ ਆ ਕੇ ਘਰੋਂ ਭੱਜ ਜਾਣ 'ਤੇ ਮਜ਼ਬੂਰ ਕਰ ਦਿੱਤਾ ਸੀ। ਫੇਰ ਉਸਦੇ ਦੋਸ਼ ਉੱਤੇ ਪਰਦਾ ਪਾਉਣ ਦੇ ਬਜਾਏ ਕਤਲ ਹੋ ਜਾਣ ਦਿੱਤਾ ਸੀ। ਉਹ ਪਿੰਡ ਵਿਚ ਬੜੀ ਘੱਟ ਆਉਂਦੀ ਸੀ ਪਰ ਜਦੋਂ ਵੀ ਆਉਂਦੀ, ਜਿੱਧਰੋਂ ਲੰਘਦੀ ...ਸੁਹਾਗਨਾ, ਗਰਭਵਤੀ-ਜ਼ਨਾਨੀਆਂ ਤੇ ਮੁਇਆਰ-ਕੁੜੀਆਂ ਉਸਦੇ ਪ੍ਰਛਾਵੇਂ ਤੋਂ ਬਚਣ ਲਈ ਰਸਤਾ ਬਦਲ ਲੈਂਦੀਆਂ। ਉਹਨਾਂ ਦਾ ਖ਼ਿਆਲ ਸੀ ਉਸ ਜਿਸਨੂੰ ਵੀ ਛੂਹ ਲਵੇਗੀ ਜਾਂ ਜਿਸ ਨਾਲ ਗੱਲ ਕਰੇਗੀ ਉਸਦੀ ਕੁੱਖ ਕਦੀ ਹਰੀ ਨਹੀਂ ਹੋਵੇਗੀ ਤੇ ਗੋਦ ਖ਼ਾਲੀ ਹੋ ਜਾਵੇਗੀ। ਉਸ ਬਾਰੇ ਇਹ ਵੀ ਮਸ਼ਹੂਰ ਹੋ ਗਿਆ ਸੀ ਕਿ ਉਹ ਜਿਸ ਰੁੱਖ ਹੇਠ ਬੈਠ ਜਾਂਦੀ ਸੀ, ਉਹ ਸਮੇਂ ਤੋਂ ਪਹਿਲਾਂ ਹੀ ਸੁੱਕ-ਸੜ ਜਾਂਦਾ ਸੀ। ਪਿੰਡ ਵਿਚ  ਜਦੋਂ ਵੀ ਕੋਈ ਅਣਹੋਣੀ ਘਟਨਾਂ ਵਾਪਰਦੀ, ਬੁੱਢੀ ਸਕੀਨਾ ਤੇ ਉਸਦੇ ਖਾਨਦਾਨ ਨੂੰ ਜ਼ਰੂਰ ਉਸ ਨਾਲ ਜੋੜ ਦਿੱਤਾ ਜਾਂਦਾ। ਵੱਡੀਆਂ-ਬੁੱਢੀਆਂ ਨੇ ਤਾਂ ਗਾਮੂ ਦੇ ਘਰ ਔਲਾਦ ਨਾ ਹੋਣ ਨੂੰ ਵੀ ਗਜ਼ੂਰਾਂ ਦੀ ਰੂਹ ਦਾ ਇੰਤਕਾਮ (ਬਦਲਾ) ਹੀ ਸਮਝਿਆ ਸੀ। ਤੇ ਜਦੋਂ ਵਰਿਆਮੂ ਦਾ ਨੌਜਵਾਨ ਮੁੰਡਾ ਸੱਪ ਦੇ ਡੰਗਣ ਨਾਲ ਮਰ ਗਿਆ ਸੀ ਤਾਂ ਉਸਨੂੰ ਵੀ ਉਸੇ ਇੰਤਕਾਮ ਦੀ ਕੜੀ ਸਮਝਿਆ ਗਿਆ ਸੀ ਜਿਹੜਾ ਗਜ਼ੂਰਾਂ ਆਪਣੇ ਘਰਵਾਲਿਆਂ ਤੋਂ ਲੈ ਰਹੀ ਸੀ।
ਸਕੀਨਾ ਨੇ ਵੀ ਕਦੀ ਆਪਣੀ ਸਫਾਈ ਵਿਚ ਕੁਝ ਕਹਿਣਾ ਜ਼ਰੂਰੀ ਨਹੀਂ ਸੀ ਸਮਝਿਆ। ਸ਼ੁਰੂ ਵਿਚ ਲੋਕ ਜਦੋਂ ਪੁੱਛਦੇ ਤਾਂ ਉਹ ਬੜਾ ਸਾਦਾ ਜਿਹਾ ਜੁਆਬ ਦੇ ਕੇ ਅੱਗੇ ਤੁਰ ਜਾਂਦੀ—
''ਚਲੀ ਗਈ...ਜਿੱਥੋਂ ਆਈ ਸੀ, ਕਰਮਾਂ ਹਾਰੀ।''
ਕਈ ਲੋਕਾਂ ਇਸ ਦਾ ਇਹ ਮਤਲਬ ਕੱਢਿਆ ਸੀ ਕਿ ਉਹ ਘਰਵਾਲਿਆਂ ਦੇ ਮਾੜੇ ਵਤੀਰੇ ਕਾਰਣ ਦੂਬਾਰਾ ਭੱਜ ਕੇ ਮੋਚੀਆਂ ਕੋਲ ਚਲੀ ਗਈ ਸੀ ਜਿਹੜੇ ਉਸਦੇ ਭਰਾਵਾਂ ਦੇ ਡਰ ਕਾਰਣ ਕਿੱਧਰੇ ਹੋਰ ਜਾ ਟਿਕੇ ਸਨ। ਪਰ ਕਈ ਲੋਕਾਂ ਦਾ ਕਹਿਣਾ ਸੀ ਕਿ ਬੁੱਢੀ ਨੇ ਸੱਚੀ-ਸੁੱਚੀ ਗੱਲ ਕੀਤੀ ਸੀ ਕਿ ਆਦਮੀ ਮਰ ਕੇ ਵੀ ਤਾਂ ਉੱਥੇ ਹੀ ਜਾਂਦਾ ਹੈ, ਜਿੱਥੋਂ ਆਇਆ ਹੁੰਦਾ ਹੈ।
      ੦੦੦

ਪਿੰਡ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਇਹ ਖਾਨਦਾਨ ਪੁਰਾਣੇ ਜ਼ਮਾਨੇ ਦੇ ਕਿਸੇ ਅਜਿਹੇ ਵਿਦੇਸ਼ੀ ਹਮਲਾਵਰ ਕਬੀਲੇ ਨਾਲ ਸਬੰਧ ਰੱਖਦਾ ਹੈ ਜਿਹੜਾ ਜਿਸਮਾਨੀ ਖੂਬਸੂਰਤੀ ਵਿਚ ਬੇਮਿਸਾਲ ਸੀ। ਖਾਸ ਕਰਕੇ ਉਹਨਾਂ ਦੀਆਂ ਜ਼ਨਾਨੀਆਂ ਖੂਬਸੂਰਤੀ ਦੇ ਨੂਰ ਦੀਆਂ ਬੇਮਿਸਾਲ ਮੂਰਤਾਂ ਹੁੰਦੀਆਂ ਸਨ। ਸੋ ਸਗਰੀਆ ਨੇ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖਿਆ ਤਾਂ ਆਸੇ-ਪਾਸੇ ਦੇ ਸਾਰੇ ਇਲਾਕੇ ਵਿਚ ਇਕ ਵਾਰੀ ਫੇਰ ਉਹਨਾਂ ਦੇ ਖਾਨਦਾਨ ਦੇ ਹੁਸਨ ਦੀਆਂ ਧੁੰਮਾਂ ਮੱਚ ਗਈਆਂ—
ਭਾਵੇਂ ਸਗਰੀਆ ਬੜੀ ਘੱਟ ਹਵੇਲੀ ਵਿਚੋਂ ਬਾਹਰ ਨਿਕਲਦੀ ਸੀ ਪਰ ਹੁਣ ਉਸ ਹਵੇਲੀ ਦੁਆਲੇ ਦਾ ਘੇਰਾ ਪਹਿਲਾਂ ਜਿੰਨਾਂ ਮਜ਼ਬੂਤ ਨਹੀਂ ਰਿਹਾ—ਵਰਿਆਮੂ ਤੇ ਗਾਮੂ ਦਾ ਇਕ ਦੂਜੇ ਨਾਲ ਝਗੜਾ ਹੋ ਗਿਆ ਹੈ ਤੇ ਉਹ ਇਕ ਘਰ ਵਿਚ ਰਹਿੰਦੇ ਹੋਏ ਵੀ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਨੇ ਤੇ ਇਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ। ਗਾਮੂ ਨੂੰ ਨਰੀਨਾ ਦੇ ਔਲਾਦ ਨਾ ਹੋਣ ਦੇ ਗ਼ਮ ਨੇ ਸਮੇਂ ਤੋ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ। ਸਕੀਨਾ ਬੁੱਢੀ ਤੇ ਕਮਜ਼ੋਰ ਹੋ ਗਈ ਹੈ ਭਾਵੇਂ ਉਹ ਵਰਿਆਮੂ ਨਾਲ ਰਹਿੰਦੀ ਹੈ ਪਰ ਉਹ ਮਾਂ ਨਾਲੋਂ ਵੱਧ ਸਗਰੀਆ ਦਾ ਖ਼ਿਆਲ ਰੱਖਦੀ ਹੈ। ਉਹਨਾਂ ਦੇ ਬੂਬੀ ਕੁੱਤੇ ਮਰ-ਖਪ ਗਏ ਨੇ—ਇਕ ਬੀਮਾਰ ਹੋ ਗਿਆ ਸੀ, ਦੂਜੇ ਨੂੰ ਕਿਸੇ ਨੇ ਗੋਲੀਆਂ ਪਾ ਦਿੱਤੀਆਂ ਸਨ। ਕੁੱਤੇ ਹੁਣ ਵੀ ਹਵੇਲੀ ਦੀ ਰਖਵਾਲੀ ਕਰਦੇ ਨੇ ਪਰ ਉਹ ਭੌਂਕ ਕੇ ਚੁੱਪ ਕਰ ਜਾਂਦੇ ਨੇ ਜਾਂ ਥੋੜ੍ਹੀ ਦੂਰ ਤੀਕ ਪਿੱਛਾ ਕਰਕੇ ਹਫ਼ ਜਾਣ ਵਾਲੇ ਆਮ ਜਿਹੇ ਕੁੱਤੇ ਨੇ। ਉਹਨਾਂ ਲੋਕਾਂ ਦੇ ਪਿੰਡ ਵਾਲਿਆਂ ਨਾਲ ਸਬੰਧ ਵੀ ਸੁਧਰ ਰਹੇ ਨੇ ਤੇ ਸ਼ਾਦੀ-ਗਮੀਂ ਦੇ ਮੌਕਿਆਂ ਉੱਤੇ ਪਿੰਡ ਵਿਚ ਆਉਣ-ਜਾਣ ਵੀ ਲੱਗ ਪਏ ਨੇ ਉਹ। ਸਗਰੀਆ ਇਕੱਲੀ ਕਿਤੇ ਨਹੀਂ ਜਾਂਦੀ ਪਰ ਮਾਂ ਜਾਂ ਦਾਦੀ ਦੇ ਨਾਲ ਕਦੀ ਕਦੀ ਪਿੰਡ ਚਲੀ ਜਾਂਦੀ ਹੈ।
ਪਿੱਛਲੇ ਕੁਝ ਅਰਸੇ ਤੋਂ ਹਵੇਲੀ ਦੇ ਆਲੇ-ਦੁਆਲੇ ਚੱਕਰ ਲਾਉਣ ਵਾਲੇ ਜਵਾਨ ਮੁੰਡਿਆਂ ਦੀ ਗਿਣਤੀ ਵਿਚ ਖਾਸਾ ਵਾਧਾ ਹੋ ਗਿਆ ਹੈ। ਰਾਤ ਨੂੰ ਚਾਰੇ ਪਾਸਿਓਂ ਬੰਸਰੀਆਂ, ਅਲਗੋਜਿਆਂ ਤੇ ਗੀਤਾਂ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ ਨੇ। ਸਗਰੀਆ ਦਿਨੇ ਵਾਰੀ ਵਾਰੀ ਛੱਤ ਉੱਤੇ ਆਉਣ-ਜਾਣ ਤੇ ਰਾਤ ਨੂੰ ਦੇਰ ਤੀਕ ਜਾਗਣ ਲੱਗੀ ਹੈ। ਇਹ ਸਰਦੀਆਂ ਦੀ ਇਕ ਲੰਮੀ, ਹਨੇਰੀ ਰਾਤ ਦਾ ਕਿੱਸਾ ਹੈ ਜਦੋਂ ਅੱਧੀ ਰਾਤ ਦੇ ਲੱਗਭਗ ਰਾਬੀਆ ਨੇ ਆਪਣੇ ਸੁੱਤੇ ਹੋਏ ਪਤੀ ਨੂੰ ਜਗਾ ਕੇ ਦੱਸਿਆ ਕਿ 'ਸਗਰੀਆ ਹਵੇਲੀ ਵਿਚ ਨਹੀਂ...।'
''ਕਿੱਥੇ ਗਈ...'' ਗਾਮੂ ਹੜਬੜਾ ਕੇ ਉੱਠ ਬੈਠਾ ਹੋਇਆ।
''ਮੇਰੀ ਅੱਖ ਖੁੱਲ੍ਹੀ ਤਾਂ ਉਹ ਆਪਣੇ ਬਿਸਤਰੇ 'ਤੇ ਨਹੀਂ ਸੀ। ਮੈਂ ਪਹਿਲਾਂ ਤਾਂ ਇਹੀ ਸੋਚਿਆ ਬਈ ਏਥੇ ਈ ਹੋਵੇਗੀ, ਹੁਣੇ ਆ ਜਾਵੇਗੀ ਪਰ ਉਸਦਾ ਕੋਈ ਪਤਾ ਨਹੀਂ...''
''ਤੈਨੂੰ ਉਸਦਾ ਧਿਆਨ ਰੱਖਣਾ ਚਾਹੀਦਾ ਸੀ...ਮੈਂ ਉਸ ਕੁਤੀੜ ਨੂੰ ਜਿਊਂਦੀ ਨਹੀਂ ਛੱਡਾਂਗਾ।'' ਰੌਲਾ ਸੁਣ ਕੇ ਸਕੀਨਾ ਵੀ ਜਾਗ ਪਈ ਤੇ ਲੜਖੜਾਂਦੀ ਹੋਈ ਅੰਦਰ ਆਈ।
ਰਾਬੀਆ ਨੇ ਲਾਲਟੈਂਨ ਜਗਾਈ। ਗਾਮੂ ਨੇ ਟਕੁਆ ਚੁੱਕ ਲਿਆ। ਲਾਲਟੈਂਨ ਲੈ ਕੇ ਉਹ ਤਿੰਨੇ ਕੁਝ ਚਿਰ ਉਸਨੂੰ ਹਵੇਲੀ ਦੇ ਅੰਦਰ-ਬਾਹਰ ਲੱਭਦੇ ਰਹੇ। ਉਹਨਾਂ ਵਰਿਆਮੂ ਵਾਲੇ ਪਾਸੇ ਵੀ ਦੇਖਿਆ ਪਰ ਉਸਦਾ ਕੁਝ ਪਤਾ ਨਹੀਂ ਸੀ। ਫੇਰ ਸਕੀਨਾ ਨੇ ਸਲਾਹ ਦਿੱਤੀ, ''ਤੂੰ ਤ'ਖ਼ਾਨਾਂ ਕੇ ਜਾ ਕੇ ਦੇਖ ਆ, ਉਹਨਾਂ ਕਾ ਮੁੰਡਾ ਫ਼ਜ਼ਲੂ ਅਕਸਰ ਹਵੇਲੀ ਦੇ ਆਸ-ਪਾਸ ਭੌਂਦਾ ਰਹਿੰਦਾ ਈ...ਜਲਦੀ ਕਰ।''
ਗਾਮੂ ਟਕੁਆ ਚੁੱਕੀ, ਹਨੇਰੇ ਵਿਚ ਲੰਮੀਆਂਲੰਮੀਆਂ ਪਲਾਂਘਾਂ ਪੁੱਟਦਾ ਪਿੰਡ ਵੱਲ ਚਲਾ ਗਿਆ ਤਾਂ ਰਬੀਆ ਰੋਂਦੀ ਹੋਈ ਆਪਣੀ ਸੱਸ ਨਾਲ ਲਿਪਟ ਗਈ।
''ਹੁਣ ਕੀ ਹੋਵੇਗਾ ਮਾਸੀ?''
''ਓਹੀ ਜੋ ਇਸ ਘਰ ਵਿਚ ਹੁੰਦਾ ਆਇਐ।''
'ਨਹੀਂ ਮਾਸੀ—ਖ਼ੁਦਾ ਦੇ ਲਈ ਇੰਜ ਨਾ ਕਹਿ—ਮੇਰੀ ਇਕੋਇਕ ਧੀ ਏ।''
'ਮੇਰੇ ਕਹਿਣ ਨਾ ਕਹਿਣ ਨਾਲ ਕੀ ਫ਼ਰਕ ਪੈਂਦਾ ਈ, ਮੇਰੀ ਇਸ ਘਰ 'ਚ ਕੌਣ ਸੁਣਦੈ —''
'ਤੂੰ ਉਸਦੇ ਪਿੱਛੇ ਜਾਹ ਮਾਸੀ—ਉਹ ਉਸਨੂੰ ਮਾਰ ਮੁਕਾਏਗਾ...''
''ਨਹੀਂ ਇਹ ਗ਼ੈਰਤ ਦਾ ਮਾਮਲਾ ਏ, ਉਹ ਮੇਰੀ ਇਕ ਨਹੀਂ ਸੁਣੇਗਾ।''
ਅਜੇ ਪਹੁ-ਫੁਟਾਲਾ ਨਹੀਂ ਸੀ ਹੋਇਆ ਜਦੋਂ ਹਵੇਲੀ ਦੇ ਬਾਹਰ ਖੜਾਕ ਸੁਣਾਈ ਦਿੱਤਾ। ਦੂਜੇ ਹੀ ਪਲ ਉਹਨਾਂ ਦੇਖਿਆ ਉਹ ਉਸਨੂੰ ਨਾਲ ਲਈ ਆਣ ਪਹੁੰਚਿਆ ਸੀ। ਉਸਦੀ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ ਤੇ ਵਾਲ ਖਿੱਲਰੇ ਹੋਏ ਸਨ, ਜਾਪਦਾ ਸੀ ਉਸਨੂੰ ਵਾਲੋਂ ਫੜ੍ਹ ਕੇ ਘਸੀਟਿਆ ਗਿਆ ਹੈ। ਉਹ ਡਰੀ ਤੇ ਸਹਿਮੀਂ ਹੋਈ ਸੀ।
ਹਵੇਲੀ ਦਾ ਬਾਹਰਲਾ ਦਰਵਾਜ਼ਾ ਬੰਦ ਕਰਦੇ ਗਾਮੂ ਉਸ ਕੋਲ ਆਇਆ ਤੇ ਉਸਨੂੰ ਲੱਤਾਂ-ਮੁੱਕੀਆਂ ਨਾਲ ਕੁੱਟਣ ਡਹਿ ਪਿਆ। ਉਹ ਭੋਇੰ ਡਿੱਗ ਪਈ ਤੇ ਉਹ ਦਹਾੜਿਆ—
''ਟੋਕਾ ਕਿੱਥੇ ਈ, ਮੈਂ ਇਸਦੇ ਟੋਟੇ ਕਰ ਦਿਆਂਗਾ...?''
'ਟੋਕਾ ਤੇਰੇ ਕੋਲ ਪਿਆ ਈ ਗਾਮੂ...'' ਸਕੀਨਾ ਨੇ ਜਜ਼ਬਾਤੋਂ ਸੱਖਣੀ ਆਵਾਜ਼ ਵਿਚ ਕਿਹਾ।
ਰਾਬੀਆ ਨੇ ਗੁੱਸੇ ਤੇ ਨਫ਼ਰਤ ਨਾਲ ਤੇ ਸਗਰੀਆ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਗਾਮੂ ਟੋਕਾ ਚੁੱਕਣ ਲਈ ਮੁੜਿਆ ਤਾਂ ਰਾਬੀਆ ਨੇ ਉਸਨੂੰ ਰੋਕ ਦਿੱਤਾ ਤੇ ਬੋਲੀ—
''ਹੋਸ਼ ਕਰ...ਗੁੱਸੇ ਵਿਚ ਤੂੰ ਪਾਗਲ ਹੋ ਜਾਣੈ...।''
ਫੇਰ ਉਸਨੇ ਟੋਕਾ ਖੋਹ ਕੇ ਦੂਰ ਹਨੇਰੇ ਵਿਚ ਵਗਾਹ ਮਾਰਿਆ ਤੇ ਭੋਇੰ ਡਿੱਗੀ ਸਗਰੀਆ ਨੂੰ ਸਹਾਰਾ ਦੇ ਕੇ ਅੰਦਰ ਲੈ ਗਈ।
'ਮੈਂ ਦੇਖ ਰਹੀ ਆਂ ਗਾਮੂ,'' ਸਕੀਨਾ ਬੋਲੀ, ''ਜਾਂ ਤਾਂ ਤੂੰ ਬੁੱਢਾ ਤੇ ਬੁਜ਼ਦਿਲ ਹੋ ਗਿਐਂ...ਜਾਂ ਫੇਰ ਬੇਗ਼ੈਰਤ।''
''ਮਾਂ...'' ਗਾਮੂ ਨੇ ਮੁਰਝਾਈ ਹੋਈ ਆਵਾਜ਼ ਵਿਚ ਕਿਹਾ ਤੇ ਨੀਵੀਂ ਪਾ ਕੇ ਅੰਦਰ ਚਲਾ ਗਿਆ।
ਜਦੋਂ ਉਹ ਆਪੋ-ਆਪਣੇ ਬਿਸਤਰਿਆਂ ਵਿਚ ਜਾ ਲੇਟੇ ਤਾਂ ਉਹਨਾਂ ਨੂੰ ਚਬੂਤਰੇ ਵਾਲੇ ਪਾਸਿਓਂ ਉੱਚੀ ਆਵਾਜ਼ ਵਿਚ ਵੈਣ ਪਾਉਣ ਦੀ ਆਵਾਜ਼ ਸੁਣਾਈ ਦਿੱਤੀ—
'ਨੀਂ ਕਰਮਾਂ ਹਾਰੀਏ ਗਜ਼ੂਰੋ—ਉਸ ਰਾਤ ਤੇਰਾ ਬਾਪੂ ਜਿਉਂਦਾ ਹੁੰਦਾ ਤਾਂ ਤੇਰੀ ਨਿਤਾਣੀ ਦੀ ਫਰਿਆਦ ਵੀ ਸੁਣ ਲੈਂਦਾ...।''
ਫੇਰ ਉਸਦੇ ਦੁਹੱਥੜੀਂ ਛਾਤੀ ਪਿੱਟਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਜਿਵੇਂ ਗਜ਼ੂਰਾਂ ਹੁਣੇ-ਹੁਣੇ ਕਤਲ ਹੋਈ ਹੋਵੇ।
      ੦੦੦  

Sunday, August 1, 2010

ਦਹਿਸ਼ਤ ਪਰੁੱਚਾ ਇਕ ਦਿਨ...:: ਐੱਮ. ਮੁਬੀਨ




ਉਰਦੂ ਕਹਾਣੀ :
ਦਹਿਸ਼ਤ ਪਰੁੱਚਾ ਇਕ ਦਿਨ...
ਲੇਖਕ : ਐੱਮ. ਮੁਬੀਨ
ਅਨੁਵਾਦ : ਮਹਿੰਦਰ ਬੇਦੀ ਜੈਤੋ



ਜਦੋਂ ਉਹ ਘਰੋਂ ਨਿਕਲਿਆ ਸੀ, ਸਭ ਕੁਝ ਆਮ ਵਾਂਗ ਨਜ਼ਰ ਆ ਰਿਹਾ ਸੀ।
ਬਿਲਡਿੰਗ ਦਾ ਵਾਚਮੈਨ ਉਸਨੂੰ ਦੇਖਦੇ ਹੀ ਉੱਠ ਕੇ ਖੜ੍ਹਾ ਹੋ ਗਿਆ ਤੇ ਸਲਾਮ ਕੀਤਾ। ਉਸਨੇ ਸਿਰ ਦੇ ਇਸ਼ਾਰੇ ਨਾਲ ਉਸਦੇ ਸਲਾਮ ਦਾ ਜਵਾਬ ਦਿੱਤਾ। ਅੱਗੇ ਵਧਿਆ ਤਾਂ ਐਸ.ਟੀ.ਡੀ. ਬੂਥ ਵਿਚ ਬੈਠੇ ਸਾਜਿਦ ਨੇ ਉਸਨੂੰ ਸਲਾਮ ਕੀਤਾ। ਉਸ ਦਿਨ ਉਸਦੇ ਝੇਰਾੱਕਸ, ਪੀ.ਸੀ.ਓ. ਵਿਚ ਭੀੜ ਕੁਝ ਵਧ ਹੀ ਸੀ ਤੇ ਫ਼ੋਨ ਕਰਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ।
ਕਲਾਸਿਕ ਆਇਲ ਡੀਪੂ ਵਿਚ ਬੈਠੇ ਗੁੱਡੂ ਨੇ ਵੀ ਉਸਨੂੰ ਸਲਾਮ ਕੀਤਾ, ਉਸਦੇ ਸਲਾਮ ਦਾ ਜਵਾਬ ਦੇਂਦਾ ਹੋਇਆ ਉਹ ਪੌੜੀਆਂ ਉਤਰ ਗਿਆ।
ਸਾਹਮਣੇ ਆਲੂ ਪਿਆਜ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਜਾਣੀਆਂ-ਪਛਾਣੀਆਂ ਸ਼ਕਲਾਂ ਤੇ ਚਿਹਰੇ ਦਿਖਾਈ ਦਿੱਤੇ! ਉਹੀ ਰਿਕਸ਼ਾ, ਹੱਥ-ਗੱਡੀਆਂ, ਮੋਟਰ ਸਾਈਕਲ ਤੇ ਸਕੂਟਰਾਂ ਦੀ ਭੀੜ...ਤੇ ਉਹਨਾਂ ਦੇ ਹਾਰਨਾਂ ਦਾ ਸ਼ੋਰ।
ਉਹਨਾਂ ਵਿਚਕਾਰੋਂ ਰੱਸਤਾ ਬਣਾ ਕੇ ਲੰਘਦਾ ਹੋਇਆ ਉਹ, ਔਖੇ-ਸੁਖਾਲੇ, ਅੱਗੇ ਵਧਦਾ ਗਿਆ—
ਬਿਸਮਿੱਲਾ ਚਿਕਨ ਸੈਂਟਰ ਸਾਹਵੇਂ ਚਿਕਨ ਖਰੀਦਨ ਵਾਲਿਆਂ ਦੀ ਕਤਾਰ ਲੱਗੀ ਹੋਈ ਸੀ। ਜਿਸ ਤਖ਼ਤੀ ਉੱਤੇ ਅੱਜ ਦਾ ਭਾਅ ਲਿਖਿਆ ਸੀ, ਉਹ ਹਵਾ ਵਿਚ ਲਟਕਦੀ ਹੋਈ ਗੋਲ-ਗੋਲ ਘੁੰਮ ਰਹੀ ਸੀ।
ਉਸਦੇ ਸਾਹਮਣੇ ਵਾਲੀ ਦੁਕਾਨ ਦਾ ਰੇਟ ਇਕ ਰੁਪਈਆ ਘੱਟ ਸੀ। ਸਤਿਗੁਰ ਹੋਟਲ ਦੇ ਸਾਹਮਣੇ ਮਿਠਿਆਈ ਬਣਾਉਣ ਵਾਲਾ ਪਿਆਜ ਦੇ ਪਕੌੜੇ ਕੱਢ ਰਿਹਾ ਸੀ—ਕੋਲ ਹੀ ਤਾਜ਼ੀਆਂ ਕੱਢੀਆਂ ਜਲੇਬੀਆਂ, ਬੜਿਆਂ ਤੇ ਆਲੂ ਦੇ ਪਕੌੜਿਆਂ ਨਾਲ ਭਰਿਆ ਇਕ ਵੱਡਾ ਸਾਰਾ ਥਾਲ ਪਿਆ ਸੀ।
ਗੁਲਜਾਰ ਕੋਲਡਰਿੰਕਸ ਵਿਚ ਇਕ ਦੋ ਗਾਹਕ ਬੈਠੇ ਠੰਡੇ ਦਾ ਆਨੰਦ ਮਾਣ ਰਹੇ ਸਨ।
ਬਰਫ਼ ਵਾਲੀ ਗੱਡੀ ਆ ਗਈ ਸੀ। ਬਰਫ਼ ਦੀਆਂ ਵੱਡੀਆਂ ਵੱਡੀਆਂ ਸਿਲਾਂ ਉਸ ਵਿਚੋਂ ਲਾਹੀਆਂ ਜਾ ਰਹੀਆਂ ਸਨ। ਬਰਫ਼ ਲੈਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਜਿਉਂ ਹੀ ਕੋਈ ਗਾਹਕ ਬਰਫ਼ ਦੀ ਕੀਮਤ ਦੇਂਦਾ ਦੋ ਆਦਮੀ ਲੋਹੇ ਦੇ ਵੱਡੇ ਸਾਰੇ ਕੈਂਚੇ ਨਾਲ ਚੁੱਕ ਕੇ ਸਿਲ ਰਿਕਸ਼ਾ ਵਿਚ ਰੱਖ ਆਉਂਦੇ। ਮਾਮੂ ਅਬੁਜੀ ਦੀ ਦੁਕਾਨ ਉੱਤੇ ਦੁੱਧ ਲੈਣ ਵਾਲਿਆਂ ਦੀ ਭੀੜ ਸੀ। ਉਸਦੇ ਸਿਰ ਉੱਤੇ ਦੁੱਧ ਦੇ ਰੇਟ ਵਾਲੀ ਤਖ਼ਤੀ ਹਵਾ ਵਿਚ ਝੂਲ ਰਹੀ ਸੀ।
ਤਿੰਨ ਰੁਪਈਏ ਪਾਈਆ—ਦਸ ਰੁਪਏ ਦਾ ਕਿੱਲੋ...' 'ਤਿੰਨ ਰੁਪਈਏ ਪਾਈਆ—ਦਸ ਰੁਪਏ ਦਾ ਕਿੱਲੋ...'
ਟਮਾਟਰ ਵੇਚਣ ਵਾਲੇ ਉੱਚੀ-ਉੱਚੀ ਹੋਕਰੇ ਮਾਰ ਰਹੇ ਸੀ।
“ਭਾਈ ਅੱਸਲਾਮ ਵਾਲੇ ਕੁਮ” ਹੋਕਰੇ ਮਾਰਦੇ ਹੋਏ ਅਨਵਰ ਤੇ ਸ਼ਕੀਲ ਨੇ ਨਿੱਤ ਵਾਂਗ ਉਸਨੂੰ ਸਲਾਮ ਕੀਤਾ।
ਸਲਾਮ ਦਾ ਜਵਾਬ ਦੇ ਕੇ ਖ਼ੁਦ ਨੂੰ ਭੀੜ ਦੇ ਧੱਕਿਆਂ ਤੇ ਹੇਠਾਂ ਫੈਲੇ ਚਿੱਕੜ ਤੋਂ ਬਚਾਉਂਦਾ ਹੋਇਆ ਉਹ ਅੱਗੇ ਵਧ ਗਿਆ। ਰਿਕਸ਼ਿਆਂ ਦੀ ਕਤਾਰ ਵਿਚ ਖੜ੍ਹੇ ਅਜੀਜ਼ ਨੇ ਮੁਸਕੁਰਾ ਕੇ ਉਸਨੂੰ ਸਲਾਮ ਕੀਤਾ।
ਪੁਲਸ ਸਟੇਸ਼ਨ ਦੇ ਬਾਹਰ ਕਈ ਸਿਪਾਹੀ ਖੜ੍ਹੇ ਸਨ ਤੇ ਇਕ ਸਿਪਾਹੀ ਉਹਨਾਂ ਨੂੰ ਉਹਨਾਂ ਦੀ ਡਿਊਟੀ ਦਾ ਏਰੀਆ ਦੱਸ ਰਿਹਾ ਸੀ।
“ਨਮਸਕਾਰ ਸਾਹਬ” ਇਕ ਸਿਪਾਹੀ ਨੇ ਉਸਨੂੰ ਨਮਸਤੇ ਕੀਤੀ।
“ਬਈ ਪੋਤਦਾਰ ਤੂੰ...ਆ ਚੱਲੀਏ...।” ਉਸਨੇ ਉਸਨੂੰ ਕਿਹਾ।
“ਨਹੀਂ ਜੀ, ਅੱਜ ਮੇਰੀ ਡਿਊਟੀ ਨਹੀਂ...ਅੱਜ ਸ਼ਾਇਦ ਕੋਈ ਹੋਰ ਸਿਪਾਹੀ ਜਾਏ...” ਸਿਪਾਹੀ ਨੇ ਉਤਰ ਦਿੱਤਾ।
ਮਿਰਚਾਂ ਵਾਲਿਆਂ ਦੀ ਦੁਕਾਨ ਅੱਗੋਂ ਲੰਘਦਿਆਂ ਹੋਇਆਂ ਉਸਨੂੰ ਘੰਗ ਛਿੜ ਪਈ।
ਉਹ ਖੰਘਦਾ ਹੋਇਆ ਕਾਹਲ ਨਾਲ ਅੱਗੇ ਵਧ ਗਿਆ। ਸੰਗਮ ਜਵੇਲਰਸ ਕੀ ਦੁਕਾਨ ਖੁੱਲ੍ਹ ਗਈ ਸੀ। ਰਾਜਦੀਪ ਹੋਟਲ ਦੇ ਕਾਊਂਟਰ ਦੇ ਬੈਠੇ ਸੰਦੀਪ ਨੇ ਨਮਸਤੇ ਕੀਤੀ ਤੇ ਬਾਹਰ ਪੂਰੀਆਂ ਛੋਲੇ ਬਣਾਉਣ ਵਾਲੇ ਆਦਮੀ ਨੂੰ ਗਾਲ੍ਹ ਕੱਢਦਿਆਂ ਹੋਇਆਂ ਉਸਨੂੰ ਜਲਦੀ-ਜਲਦੀ ਆਰਡਰ ਦਾ ਮਾਲ ਬਣਾਉਣ ਲਈ ਕਿਹਾ।
ਸਿਨੇਮੇ ਵਾਲੀ ਗਲੀ ਵਿਚੋਂ ਹੁੰਦਾ ਹੋਇਆ ਉਹ ਪੋਸਟ ਆਫ਼ਿਸ ਤਕ ਆਇਆ। ਪੋਸਟ ਆਫ਼ਿਸ ਦੇ ਬਾਹਰ ਮਨੀ ਆਰਡਰ, ਰਜਿਸਟਰੀਆਂ ਕਰਵਾਉਣ ਵਾਲਿਆਂ ਦੀ ਭੀੜ ਸੀ।
ਸਈਦੀ ਹੋਟਲ ਦੇ ਬਾਹਰ ਦੋ ਚਾਰ ਆਵਾਰਾ ਮੁੰਡੇ ਬੈਠੇ ਆਉਣ ਜਾਣ ਵਾਲਿਆਂ ਨੂੰ ਛੇੜ ਰਹੇ ਸਨ ਤੇ ਆਉਣ ਜਾਣ ਵਾਲੀਆਂ ਕੁੜੀਆਂ ਤੇ ਔਰਤਾਂ ਉੱਪਰ ਭੱਦੇ ਸ਼ਬਦ ਉਛਾਲ ਰਹੇ ਸਨ। ਏਨਾ ਸਭ ਪਾਰ ਕਰਕੇ ਉਹ ਸਮੇਂ 'ਤੇ ਆਫ਼ਿਸ ਪਹੁੰਚ ਗਿਆ। ਤੇ ਆਫ਼ਿਸ ਦੇ ਕੰਮ ਵਿਚ ਰੁੱਝ ਗਿਆ।
ਆਫ਼ਿਸ ਵਿਚ ਉਸ ਦਿਨ ਜ਼ਿਆਦਾ ਭੀੜ ਸੀ, ਕੰਮ ਦਾ ਬੋਝ ਵੀ ਵੱਧ ਸੀ।
ਇਕ ਇਕ ਨੂੰ ਨਿਪਟਾਉਂਦਿਆਂ ਹੋਇਆਂ ਕਦੋਂ ਦੋ-ਤਿੰਨ ਘੰਟੇ ਬੀਤ ਗਏ, ਪਤਾ ਹੀ ਨਹੀਂ ਸੀ ਲੱਗਿਆ।
ਅਚਾਨਕ ਉਸਦੇ ਇਕ ਸਾਥੀ ਮੋਹਨ ਨੂੰ ਉਸਦੇ ਭਰਾ ਦਾ ਫ਼ੋਨ ਆਇਆ। ਫ਼ੋਨ 'ਤੇ ਗੱਲਬਾਤ ਕਰਨ ਪਿੱਛੋਂ ਜਦੋਂ ਉਸਨੇ ਰਸੀਵਰ ਰੱਖਿਆ, ਉਸਦਾ ਮੂੰਹ ਉੱਡਿਆ ਹੋਇਆ ਸੀ।
“ਕੀ ਗੱਲ ਏ?” ਉਸਨੇ ਮੋਹਨ ਨੂੰ ਪੁੱਛਿਆ।
“ਭਰਾ ਦਾ ਫ਼ੋਨ ਸੀ...ਨਾਕੇ 'ਤੇ ਕਿਸੇ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ ਏ—ਉਹ ਥਾਵੇਂ ਈ ਮਰ ਗਿਆ—ਸ਼ਹਿਰ 'ਚ ਭਗਦੜ ਮੱਚੀ ਹੋਈ ਏ...ਦੁਕਾਨਾਂ ਬੰਦ ਹੋ ਰਹੀਆਂ ਨੇ...ਗੜਬੜ ਹੋਣ ਦੀ ਸ਼ੰਕਾ ਏ। ਮੇਰੇ ਭਾਈ ਨੇ ਕਿਹਾ ਏ ਕਿ ਮੈਂ ਆਫ਼ਿਸ 'ਚੋਂ ਆ ਜਾਵਾਂ।”
ਇਹ ਗੱਲ ਸੁਣ ਕੇ ਉਸਦਾ ਮੱਥਾ ਫਿਕਰ ਦੀਆਂ ਲਕੀਰਾਂ ਨਾਲ ਵਟਿਆ ਗਿਆ—ਉਸਨੇ ਬਾਸ ਵੱਲ ਸਵਾਲੀਆ ਨਿਗਾਹਾਂ ਨਾਲ ਦੇਖਿਆ।
“ਮੈਂ ਫ਼ੋਨ ਕਰਕੇ ਸਾਰੇ ਜਾਣਕਾਰੀ ਲੈਂਦਾ ਵਾਂ...” ਕਹਿੰਦਿਆਂ ਹੋਇਆਂ ਬਾਸ ਨੇ ਰਸੀਵਰ ਚੁੱਕਿਆ ਤੇ ਦੋ ਤਿੰਨ ਨੰਬਰ ਡਾਇਲ ਕਰਨ ਪਿੱਛੋਂ ਹਿਰਖ ਕੇ ਰਸੀਵਰ ਰੱਖ ਦਿੱਤਾ।
“ਫ਼ੋਨ ਡੈਡ ਹੋ ਗਿਆ ਲੱਗਦਾ ਏ...”
ਥੋੜ੍ਹੀ ਦੇਰ ਪਿੱਛੋਂ ਚਪੜਾਸੀ ਅੰਦਰ ਆਇਆ...ਉਹ ਕਿਸੇ ਕੰਮ ਕਾਰਨ ਬਾਹਰ ਗਿਆ ਸੀ।
“ਕੀ ਹੋਇਆ ਯਾਦਵ?” ਉਸਨੇ ਪੁੱਛਿਆ।
“ਕੁਛ ਸਮਝ ਨਹੀਂ ਆ ਰਿਹਾ ਸਾ'ਬ—ਪੂਰੇ ਸ਼ਹਿਰ 'ਚ ਭਗਦੜ ਮੱਚੀ ਹੋਈ ਐ। ਕਹਿੰਦੇ ਐ, ਕਿਸੇ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ ਐ। ਦੁਕਾਨਾਂ ਬੰਦ ਹੋਈ ਜਾਂਦੀਐਂ...ਲੋਕ ਘਬਰਾ ਕੇ ਘਰੋ-ਘਰੀ ਭੱਜੇ ਜਾ ਰਹੇ ਐ...ਦੱਸਦੇ ਐ, ਆਟੋ-ਰਿਕਸ਼ਾ ਤੇ ਮੋਟਰਾਂ-ਕਾਰਾਂ 'ਤੇ ਪਥਰਾਅ ਕੀਤਾ ਜਾ ਰਿਹੈ। ਮੈਂ ਆਪ ਤਿੰਨ ਚਾਰ ਟੁੱਟੇ ਸ਼ੀਸ਼ਿਆਂ ਵਾਲੇ ਅਟੋ-ਰਿਕਸ਼ੇ ਭੱਜੇ ਜਾਂਦੇ ਦੇਖੇ ਐ-ਜੀ...ਸਭ ਤੋਂ ਵੱਧ ਰੌਲਾ-ਰੱਟਾ ਨਜ਼ਰਾਨਾ ਵੱਲ ਸੁਣੀਦੈ-ਜੀ...”
“ਨਜ਼ਰਾਨਾ!” ਇਹ ਸੁਣਦਿਆਂ ਹੀ ਬਾਸ ਦੇ ਚਿਹਰੇ ਦਾ ਰੰਗ ਉੱਡ ਗਿਆ। “ਮੇਰੇ ਬੇਟੀ ਇਸ ਸਮੇਂ ਉੱਥੇ ਟਿਉਸ਼ਨ 'ਤੇ ਗਈ ਹੋਏਗੀ।”
ਤੇ ਉਹ ਘਬਰਾ ਕੇ ਰਸੀਵਰ ਚੁੱਕ ਕੇ ਫੇਰ ਨੰਬਰ ਡਾਇਲ ਕਰਨ ਲੱਗ ਪਏ।
ਸਬੱਬ ਨਾਲ ਫ਼ੋਨ ਮਿਲ ਗਿਆ।
“ਮੀਨਾ ਕਿੱਥੇ ਈ? ਟਿਊਸ਼ਨ 'ਤੇ ਗਈ ਏ? ਟਿਊਸ਼ਨ ਦਾ ਸਮਾਂ ਤਾਂ ਖ਼ਤਮ ਹੋ ਗਿਆ ਜੇ...ਉਹ ਹਾਲੇ ਤਕ ਵਾਪਸ ਕਿਉਂ ਨਹੀਂ ਆਈ? ਸੁਣਿਆਂ ਏਂ ਉਸ ਇਲਾਕੇ 'ਚ ਬੜੀ ਗੜਬੜ ਚੱਲ ਰਹੀ ਏ। ਤੁਰੰਤ ਕਿਸੇ ਨੂੰ ਭੇਜ ਕੇ ਉਸਨੂੰ ਟਿਊਸ਼ਨ ਕਲਾਸ ਵਿਚੋਂ ਬੁਲਾਅ ਲਿਆਓ...” ਕਹਿ ਕੇ ਉਸਨੇ ਰਸੀਵਰ ਰੱਖ ਦਿੱਤਾ।
ਪਰ ਉਸਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਗੂੜ੍ਹੀਆਂ ਹੋ ਚੁੱਕੀਆਂ ਸਨ। ਉਸ ਪਿੱਛੋਂ ਉਸਨੇ ਘਰ ਫ਼ੋਨ ਕਰਕੇ ਹਾਲਾਤ ਦਾ ਪਤਾ ਕਰਨਾ ਚਾਹਿਆ...ਪਰ ਫ਼ੋਨ ਫੇਰ ਡੈਡ ਹੋ ਗਿਆ ਸੀ।
ਆਫ਼ਿਸ ਦੇ ਬਾਹਰ ਦੇਖਿਆ ਤਾਂ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਸੜਕਾਂ ਸੁੰਨਸਾਨ ਹੋ ਗਈਆਂ ਸਨ। ਸੜਕਾਂ ਉੱਤੇ ਕੋਈ ਵਾਹਨ, ਸਵਾਰੀ ਨਜ਼ਰ ਨਹੀਂ ਆ ਰਹੀ ਸੀ। ਲੋਕ ਦੋ-ਦੋ, ਚਾਰ-ਚਾਰ ਦੀਆਂ ਦੀਆਂ ਟੋਲੀਆਂ ਬਣਾ ਕੇ ਆਪਸ ਵਿਚ ਗੱਲਾਂ ਕਰ ਰਹੇ ਸਨ।
“ਕੀ ਕੀਤਾ ਜਾਏ?” ਉਸਨੇ ਬਾਸ ਨੂੰ ਪੁੱਛਿਆ।
“ਆਫ਼ਿਸ ਬੰਦ ਕਰ ਦਿੱਤਾ ਜਾਏ?”
“ਬਿਲਕੁਲ ਬੰਦ ਕਰ ਦਿੱਤਾ ਜਾਏ। ਛੇਤੀ ਛੇਤੀ ਬਾਕੀ ਬਚੇ ਕੰਮ ਨਿਪਟਾਅ ਲਓ।” ਬਾਸ ਨੇ ਕਿਹਾ ਤੇ ਫੇਰ ਘਰ ਫ਼ੋਨ ਮਿਲਾਉਣ ਦਾ ਯਤਨ ਕਰਨ ਲੱਗੇ।
“ਯਾਦਵ, ਸਾਹਮਣੇ ਨਸੀਮ ਤੋਂ ਮੁਬਾਇਲ ਲੈ ਆ...ਸ਼ਾਇਦ ਉਹ ਮਿਲ ਜਾਏ।” ਬਾਸ ਨੇ ਚਪਰਾਸੀ ਨੂੰ ਕਿਹਾ।
ਯਾਦਵ ਦੇ ਨਾਲ ਹੀ ਨਸੀਮ ਖ਼ੁਦ ਮੁਬਾਇਲ ਲੈ ਕੇ ਆ ਗਿਆ।
“ਸਾਹਬ ਸਾਰੇ ਟੈਲੀਫ਼ੋਨ ਡੈਡ ਹੋ ਗਏ ਨੇ...ਮੈਂ ਵੀ ਕਈ ਜਗ੍ਹਾ ਮਿਲਾਉਣ ਦਾ ਯਤਨ ਕੀਤੈ, ਪਰ ਮਿਲ ਨਹੀਂ ਰਹੇ। ਤੁਹਾਡਾ ਕਿਹੜਾ ਨੰਬਰ ਮਿਲਾਵਾਂ?”
ਬਾਸ ਨੇ ਨੰਬਰ ਦੱਸਿਆ। ਨਸੀਮ ਨੇ ਨੰਬਰ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਨਹੀਂ ਲੱਗਿਆ।
“ਲੱਗਦਾ ਏ, ਸਾਰੇ ਸ਼ਹਿਰ ਦੇ ਫ਼ੋਨ ਬੰਦ ਕਰ ਦਿੱਤੇ ਗਏ ਨੇ।”
ਸਾਰੇ ਆਪੋ-ਆਪਣਾ ਕੰਮ ਸਮੇਟਨ ਵਿਚ ਰੁੱਝ ਗਏ। ਉਸਨੇ ਦੋ-ਤਿੰਨ ਵੇਰ ਫੇਰ ਘਰ ਫ਼ੋਨ ਲਾਉਣ ਦੀ ਕੋਸ਼ਿਸ਼ ਕੀਤੀ। ਸਬੱਬ ਨਾਲ ਇਕ ਵਾਰੀ ਫ਼ੋਨ ਮਿਲ ਗਿਆ।
“ਕੀ ਸਥਿਤੀ ਏ?” ਉਸਨੇ ਪੁੱਛਿਆ।
“ਏਥੇ ਬੜੀ ਗੜਬੜ ਏ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਨੇ। ਸੜਕ ਦੇ ਦੋਵੇਂ ਪਾਸੇ ਹਜ਼ਾਰਾਂ ਲੋਕਾਂ ਦੀ ਭੀੜ ਏ ਜਿਹੜੀ ਇਕ ਦੂਜੇ ਦੇ ਵਿਰੁੱਧ ਨਾਅਰੇ ਲਾ ਰਹੀ ਐ। ਮਾਮਲਾ ਕਦੇ ਵੀ ਵਿਗੜ ਸਕਦੈ।”
“ਮੈਂ ਘਰ ਆਵਾਂ?” ਉਸਨੇ ਪੁੱਛਿਆ।
“ਘਰ ਆਉਣ ਦੀ ਮੂਰਖਤਾ ਨਾ ਕਰਨਾ, ਸਾਰੇ ਰਸਤੇ ਬੰਦ ਨੇ। ਸੜਕਾਂ ਉੱਤੇ ਲੋਕਾਂ ਦੀ ਭੀੜ ਜੁੜੀ ਹੋਈ ਏ ਤੇ ਜੋਸ਼ ਤੇ ਕਰੋਧ ਵਿਚ ਉਬਲਦੀ ਭੀੜ ਕਿਤੇ ਵੀ ਕੁਝ ਵੀ ਕਰ ਸਕਦੀ ਏ। ਤੁਸੀਂ ਜਿੱਥੇ ਹੋ ਉੱਥੇ ਹੀ ਰਹੋ। ਜਦੋਂ ਹਾਲਾਤ ਠੀਕ ਹੋ ਜਾਣਗੇ, ਘਰ ਆ ਜਾਣਾ...ਵਰਨਾ ਆਉਣ ਦੀ ਕੋਈ ਲੋੜ ਨਹੀਂ। ਆਫ਼ਿਸ ਦੇ ਆਸ ਪਾਸ ਤੁਹਾਡੇ ਕਈ ਦੋਸਤ ਨੇ। ਕਿਸੇ ਦੇ ਵੀ ਘਰ ਰੁਕ ਜਾਣਾ ਤੇ ਮੈਨੂੰ ਫ਼ੋਨ ਕਰ ਦੇਣਾ।” ਉਸਦੀ ਪਤਨੀ ਨੇ ਉਤਰ ਦਿੱਤਾ।
ਉਸਨੇ ਰਸੀਵਰ ਰੱਖ ਦਿੱਤਾ।
ਆਫ਼ਿਸ ਬੰਦ ਕਰਨ ਦੀ ਤਿਆਰੀ ਹੋ ਗਈ ਸੀ।
ਮੋਹਨ ਦਾ ਭਰਾ ਸਕੂਟਰ ਲੈ ਕੇ ਆ ਗਿਆ।
“ਅੱਛਾ, ਮੈਂ ਚੱਲਦਾਂ।” ਮੋਹਨ ਨੇ ਕਿਹਾ।
“ਸੁਣੀ...” ਉਸਨੇ ਮੋਹਨ ਨੂੰ ਕਿਹਾ, “ਪੁਰਾਣੇ ਪੁਲ ਵਾਲੇ ਰਸਤੇ ਨਾ ਜਾਇਓ...ਓਧਰ ਵੱਧ ਖ਼ਤਰਾ ਏ।”
“ਨਹੀਂ, ਅਸੀਂ ਨਵੇਂ ਪੁਲ ਵੱਲ ਦੀ ਜਾਵਾਂਗੇ।”
ਸਾਹਬ ਤੇ ਯਾਦਵ ਵੀ ਆਫ਼ਿਸ ਬੰਦ ਕਰਕੇ ਜਾਣ ਦੀ ਤਿਆਰੀ ਕਰ ਰਹੇ ਸਨ। ਉਹਨਾਂ ਦੇ ਘਰ ਆਫ਼ਿਸ ਦੇ ਨੇੜੇ ਹੀ ਸਨ।
“ਤੁਸੀਂ ਕੀ ਕਰੋਗੇ?” ਬਾਸ ਨੇ ਪੁੱਛਿਆ।
“ਪਤਨੀ ਨੂੰ ਫ਼ੋਨ ਕੀਤਾ ਸੀ, ਉਹ ਕਹਿੰਦੀ ਏ ਮੈਂ ਘਰ ਆਉਣ ਦੀ ਮੂਰਖਤਾ ਨਾ ਕਰਾਂ। ਸਾਰੇ ਰਸਤੇ ਭੀੜ ਨੇ ਘੇਰੇ ਹੋਏ ਨੇ...ਲੋਕਾਂ ਦੇ ਹੱਥਾਂ ਵਿਚ ਹਥਿਆਰ ਨੇ। ਪਥਰਾਅ ਹੋ ਰਿਹੈ। ਰਸਤੇ ਵਿਚ ਕੁਛ ਵੀ ਹੋ ਸਕਦੈ। ਮੈਂ ਜਿਸ ਰਸਤੇ ਤੋਂ ਹੋ ਕੇ ਘਰ ਜਾਂਦਾ ਆਂ, ਉਧਰ ਤਾਂ ਖਾਸਾ ਤਣਾਅ ਦੱਸੀਦਾ ਐ। ਨਾਲੇ ਉਸ ਰਸਤੇ ਦਾ ਹਰੇਕ ਆਦਮੀ ਮੈਨੂੰ ਪਛਾਣਦਾ ਏ। ਜ਼ਰਾ ਵੀ ਗੜਬੜ ਵਾਲੀ ਸਥਿਤੀ ਵਿਚ ਮੇਰੀ ਜਾਨ ਨੂੰ ਖਤਰਾ ਹੋ ਸਕਦੈ।”
“ਤੋ ਮੇਰੇ ਘਰ ਚੱਲੋ। ਹਾਲਾਤ ਠੀਕ ਹੋ ਜਾਣ ਤਾਂ ਆਪਣੇ ਘਰ ਚਲੇ ਜਾਣਾ।” ਬਾਸ ਨੇ ਕਿਹਾ।
“ਨਹੀਂ ਮੈਂ ਇੱਥੇ ਰੁਕਦਾਂ, ਜੇ ਜ਼ਰੂਰਤ ਹੋਈ ਤਾਂ ਤੁਹਾਡੇ ਘਰ ਆ ਜਾਵਾਂਗਾ।”
ਆਫ਼ਿਸ ਬੰਦ ਕਰ ਦਿੱਤਾ ਗਿਆ।
ਬਾਸ ਤੇ ਯਾਦਵ ਚਲੇ ਗਏ।
ਉਹ ਆਫ਼ਿਸ ਸਾਹਮਣੇ ਖਲੋ ਕੇ ਸੁਸਤਾਉਣ ਲੱਗ ਪਿਆ।
ਉਦੋਂ ਹੀ ਸਾਹਮਣੇ ਮੁਸਤਫਾ ਆਉਂਦਾ ਦਿਖਾਈ ਦਿੱਤਾ।
“ਮੁਸਤਫਾ, ਤੈਂ ਕਿੱਧਰ ਬਈ?” ਉਸਨੇ ਪੁੱਛਿਆ।
“ਤੁਹਾਡੇ ਵੱਲ ਈ ਆ ਰਿਹਾ ਸਾਂ ਜਾਵੇਦ ਭਾਈ। ਪੂਰੇ ਸ਼ਹਿਰ ਵਿਚ ਗੜਬੜ ਚੱਲ ਰਹੀ ਏ, ਤੁਹਾਡਾ ਘਰ ਜਾਣਾ ਠੀਕ ਨਹੀਂ। ਚੱਲੋ, ਮੇਰੇ ਘਰ ਚੱਲੋ। ਰਾਤੀਂ ਮੇਰੇ ਘਰ ਰੁਕ ਜਾਣਾ...ਮੈਂ ਭਾਬੀ ਨੂੰ ਫ਼ੋਨ ਕੀਤਾ ਸੀ। ਭਾਬੀ ਨੇ ਕਿਹੈ, ਮੈਂ ਤੁਹਾਨੂੰ ਘਰ ਨਾ ਆਉਣ ਦਿਆਂ, ਆਪਣੇ ਘਰ ਲੈ ਜਾਵਾਂ...ਓਧਰ ਖਾਸੀ ਗੜਬੜ ਐ।”
ਉਹ ਮੁਸਤਫਾ ਨਾਲ ਗੱਲਾਂ ਕਰਦਾ ਹੋਇਆ ਉਸਦੇ ਘਰ ਵੱਲ ਤੁਰ ਪਿਆ।
“ਇਹ ਗੜਬੜ ਸ਼ੁਰੂ ਕਿੰਜ ਹੋਈ?”
“ਪਤਾ ਨਹੀਂ, ਉਹ ਵਕੀਲ ਸ਼ਹਿਰ ਦੇ ਚੌਰਾਹੇ ਵਿਚੋਂ ਹੁੰਦਾ ਹੋਇਆ ਕੋਰਟ ਜਾ ਰਿਹਾ ਸੀ। ਅਚਾਨਕ ਦੋ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਰੋਕ ਕੇ ਉਸਦੇ ਸਿਰ ਵਿਚ ਗੋਲੀ ਮਾਰ ਦਿੱਤੀ। ਉਹ ਥਾਵੇਂ ਢੇਰ ਹੋ ਗਿਆ। ਹੋਏਗੀ ਕੋਈ ਪੁਰਾਣੀ ਦੁਸ਼ਮਣੀ ਜਾਂ ਗੈਂਗਵਾਰ ਦਾ ਚੱਕਰ...ਵੈਸੇ ਵੀ ਉਹ ਵਕੀਲ ਕਾਫੀ ਕਾਲੇ ਕਾਰਨਾਮਿਆਂ ਵਿਚ ਸ਼ਾਮਲ ਸੀ ਤੇ ਕਾਫੀ ਬਦਨਾਮ ਸੀ। ਪਰ ਇਕ ਰਾਜਨੀਤਕ ਪਾਰਟੀ ਦੇ ਪੱਖ ਵਿਚ ਕੇਸ ਲੜਦਾ ਸੀ। ਇਸ ਲਈ ਉਸ ਪੱਖ ਨੇ ਪਹਿਲਾਂ ਰਾਜਨੀਤਕ ਤੇ ਫੇਰ ਸੰਪਰਦਾਇਕ ਰੰਗ ਦੇ ਦਿੱਤਾ।
ਦੁਕਾਨਾਂ ਬੰਦ ਕਰਾਈਆਂ ਜਾਣ ਲੱਗੀਆਂ। ਦੁਕਾਨ ਬੰਦ ਨਾ ਕਰਨ ਵਾਲੇ ਦੁਕਾਨਦਾਰਾਂ ਨੂੰ ਮਾਟ-ਕੁੱਟ ਕੀਤੀ ਜਾਣ ਲੱਗੀ। ਕਈ ਆਟੋ-ਰਿਕਸ਼ਿਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ, ਇਕ ਰਿਕਸ਼ਾ ਉਲਟ ਕੇ ਉਸਨੂੰ ਅੱਗ ਲਾ ਦਿੱਤੀ ਗਈ। ਵਿਸ਼ੇਸ਼ ਰੂਪ ਵਿਚ ਦਾੜ੍ਹੀ ਵਾਲੇ ਰਿਕਸ਼ਾ ਡਰਾਈਵਰਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਸੀ।” ਹਿਰਖ ਵੱਸ ਉਸਦੇ ਜਬਾੜੇ ਕਸੇ ਗਏ।
“ਸਾਫ ਜਿਹੀ ਗੱਲ ਹੈ ਕਿ ਨਿੱਜੀ ਦੁਸ਼ਮਣੀ ਜਾਂ ਕਿਸੇ ਹੋਰ ਕਾਰਨ ਕਰਕੇ ਇਕ ਸਾਧਾਰਨ ਆਦਮੀ ਦੀ ਹੱਤਿਆ ਹੋ ਗਈ...ਪਰ ਉਸਨੂੰ ਤੁਰੰਤ ਰਾਜਨੀਤਕ ਤੇ ਸੰਪਰਦਾਇਕ ਰੰਗ ਦੇ ਕੇ ਸ਼ਹਿਰ ਦੀ ਸ਼ਾਂਤੀ ਨਸ਼ਟ ਕੀਤੀ ਜਾਏ ਤੇ ਨਾਗਰਿਕਾਂ ਦੀ ਜਾਨ ਤੇ ਮਾਲ ਨਾਲ ਖੇਡਿਆ ਜਾਏ...ਇਹ ਵੀ ਕੋਈ ਤਰੀਕਾ ਏ।”
ਦੁਪਹਿਰ ਦਾ ਖਾਣਾ ਉਸਨੇ ਮੁਸਤਫਾ ਦੇ ਘਰ ਖਾਧਾ।
ਇਕ ਦੋ ਵਾਰੀ ਉਸਨੇ ਘਰੇ ਫ਼ੋਨ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫ਼ੋਨ ਬੰਦ ਹੋਣ ਕਾਰਨ ਸੰਪਰਕ ਨਾ ਹੋ ਸਕਿਆ।
ਇਕ ਘੰਟੇ ਬਾਅਦ ਅਚਾਨਕ ਸੰਪਰਕ ਹੋ ਗਿਆ।
“ਇੱਥੇ ਖਾਸੀ ਗੜਬੜ ਏ...” ਪਤਨੀ ਦੱਸਣ ਲੱਗੀ, “ਅਸੀਂ ਬਿਲਡਿੰਗ ਦੀ ਟੇਰਿਸ 'ਤੇ ਗਏ ਸਾਂ। ਚੁਫੇਰੇ ਹਜ਼ਾਰਾਂ ਲੋਕ ਇਕੱਠੇ ਹੋਏ ਹੋਏ ਨੇ। ਸਾਹਮਣੇ ਵਾਲੀ ਮਸਜਿਸ ਉੱਪਰ ਪਥਰਾਅ ਹੋ ਰਿਹੈ। ਇਸਲਾਮੀ ਹੋਟਲ ਉੱਤੇ ਵੀ ਪਥਰਾਅ ਕੀਤਾ ਗਿਆ ਸੀ ਤੇ ਉਸਨੂੰ ਲੁੱਟਣ ਤੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪਰ ਹੋਟਲ ਵਾਲੀ ਗਲੀ ਵਿਚ ਹਜ਼ਾਰਾਂ ਮੁੰਡੇ ਇਕੱਠੇ ਹੋ ਗਏ ਸਨ, ਉਹਨਾਂ ਜਵਾਬੀ ਪਥਰਾਅ ਕੀਤਾ ਤਾਂ ਹਮਲਾਕਾਰੀ ਟਲ ਗਏ ਪਰ ਦੋਹੇਂ ਪਾਸਿਓਂ ਨਾਅਰੇ ਬਾਜੀ ਹੋ ਰਹੀ ਐ। ਸਥਿਤੀ ਕਦੇ ਵੀ ਵਿਗੜ ਸਕਦੀ ਏ। ਤੁਸੀਂ ਇਸ ਪਾਸੇ ਆਉਣ ਦੀ ਬਿਲਕੁਲ ਵੀ ਮੂਰਖਤਾ ਨਾ ਕਰਨਾ। ਮੁਸਤਫਾ ਕੇ ਘਰ ਹੀ ਰੁਕ ਜਾਓ...”
“ਦੇਖ ਜੇ ਤੈਨੂੰ ਬਿਲਡਿੰਗ 'ਚ ਖਤਰਾ ਮਹਿਸੂਸ ਹੋਏ ਤਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਜਾਵੀਂ।”
“ਉਂਜ ਤਾਂ ਬਿਲਡਿੰਗ ਨੂੰ ਕੋਈ ਖਤਰਾ ਨਹੀਂ ਪਰ ਹਜ਼ਾਰਾਂ ਲੋਕਾਂ ਦੀ ਭੀੜ ਜ਼ਰੂਰ ਭੜਕੀ ਫਿਰਦੀ ਐ...ਕੁਝ ਵੀ ਹੋ ਸਕਦਾ ਏ, ਅਜਿਹੀ ਕੋਈ ਗੱਲ ਮਹਿਸੂਸ ਹੋਈ ਤਾਂ ਮੈਂ ਬੱਚਿਆਂ ਨੂੰ ਲੈ ਕੇ ਅੱਬੂ ਕੇ ਘਰ ਚਲੀ ਜਾਵਾਂਗੀ।” ਪਤਨੀ ਬੋਲੀ।
ਪਤਨੀ ਦਾ ਪੇਕਾ-ਘਰ ਬਹੁਤੀ ਦੂਰ ਨਹੀਂ ਸੀ ਤੇ ਉਸਨੂੰ ਇਸ ਗੱਲ ਦਾ ਹੌਸਲਾ ਵੀ ਸੀ ਕਿ ਗਲੀਆਂ ਦੇ ਅੰਦਰ-ਅੰਦਰ ਹੀ ਉੱਥੇ ਸੁਰੱਖਿਅਤ ਪਹੁੰਚਿਆ ਜਾ ਸਕਦਾ ਸੀ।
ਪਰ ਆਪਣੇ ਘਰ ਦਾ ਕੀ ਬਣੇਗਾ?
ਕੋਈ ਗੜਬੜ ਹੋਈ ਤਾਂ ਉਸਨੂੰ ਲੁੱਟਣ ਤੇ ਸੜਨ ਤੋਂ ਕੌਣ ਬਚਾਏਗਾ?
ਉਹਨਾਂ ਨੂੰ ਇਹ ਮਕਾਨ ਲਿਆਂ ਅੱਠ ਮਹੀਨੇ ਵੀ ਨਹੀਂ ਸਨ ਹੋਏ। ਸਾਰੀ ਜ਼ਿੰਦਗੀ ਦੀ ਕਮਾਈ, ਬੈਂਕ ਦਾ ਕਰਜਾ, ਜੇਵਰ ਵੇਚਣ ਤੋਂ ਬਾਅਦ ਉਹਨਾਂ ਨੇ ਉਹ ਮਕਾਨ ਲਿਆ ਸੀ ਤੇ ਹੌਲੀ-ਹੌਲੀ ਉਸ ਵਿਚ ਜ਼ਰੂਰਤ ਦੀ ਹਰ ਚੀਜ਼ ਸਜਾਈ ਸੀ। ਜੇ ਉਹ ਘਰ ਲੁੱਟ ਲਿਆ ਗਿਆ ਜਾਂ ਸਾੜ ਦਿੱਤਾ ਗਿਆ ਤਾਂ ਫੇਰ ਕੀ ਬਣੇਗਾ?
ਉਸਦੇ ਦਿਲ ਦੀ ਧੜਕਨ ਤੇਜ਼ ਹੋ ਗਈ ਤੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਲਿਸ਼ਕਣ ਲੱਗੀਆਂ...
ਮੁਸਤਫਾ ਨੇ ਟੀ.ਵੀ. ਚਾਲੂ ਕਰ ਦਿੱਤਾ।
ਟੀ.ਵੀ. ਦੇ ਹਰ ਚੈਨਲ ਤੋਂ ਸ਼ਹਿਰ ਵਿਚ ਹੋਣ ਵਾਲੇ ਹੰਗਾਮੇ ਦੀਆਂ ਖਬਰਾਂ ਆ ਰਹੀਆਂ ਸਨ।
“ਸ਼ਹਿਰ ਵਿਚ ਇਕ ਵਕੀਲ ਦੀ ਹੱਤਿਆ ਪਿੱਛੋਂ ਇਕ ਰਾਜਨੀਤਕ ਪਾਰਟੀ ਦੇ ਕਾਰਜਕਰਤਾਵਾਂ ਦੁਆਰਾ ਹੰਗਾਮਾ, ਪਥਰਾਅ, ਤੋੜ-ਫੋੜ...” ਖਬਰਾਂ ਵਿਚ ਪਹਿਲਾਂ ਉਸ ਵਕੀਲ ਦਾ ਸੰਬੰਧ ਉਸ ਪਾਰਟੀ ਨਾਲ ਸਿਰਫ ਏਨਾ ਦੱਸਿਆ ਗਿਆ ਸੀ ਕਿ ਉਹ ਉਸਦੇ ਕੇਸ ਲੜਦਾ ਸੀ।
ਫੇਰ ਖਬਰਾਂ ਵਿਚ ਉਸ ਵਕੀਲ ਨੂੰ ਉਸ ਪਾਰਟੀ ਦਾ ਮੈਂਬਰ ਕਿਹਾ ਜਾਣ ਲੱਗ ਪਿਆ।
ਤੇ ਅੰਤ ਵਿਚ ਉਸਨੂੰ ਇਸ ਰਾਜਨੀਤਕ ਪਾਰਟੀ ਦਾ ਇਲਾਕਾ ਪ੍ਰਧਾਨ ਕਿਹਾ ਜਾਣ ਲੱਗ ਪਿਆ ਸੀ।
“ਇਕ ਰਾਜਨੀਤਕ ਪਾਰਟੀ ਦੇ ਇਲਾਕਾ ਪ੍ਰਧਾਨ, ਇਕ ਵਕੀਲ, ਦੀ ਹੱਤਿਆ ਪਿੱਛੋਂ ਸ਼ਹਿਰ ਵਿਚ ਭਾਰੀ ਤਣਾਅ, ਪਥਰਾਅ ਦੀਆਂ ਘਟਨਾਵਾਂ, ਦੁਕਾਨਾਂ ਲੁੱਟਣ ਤੇ ਛੁਰੇਬਾਜੀ ਦੀਆਂ ਵਾਰਦਾਤਾਂ...ਅਮੋਲ ਕਾਟੇਕਰ ਨਾਮਕ ਇਕ ਵਿਅਕਤੀ ਨੂੰ ਮਾਰ-ਮਾਰ ਕੇ ਲੋਕਾਂ ਅੱਧ ਮੋਇਆ ਕਰ ਦਿੱਤਾ...ਸ਼੍ਰੀ ਪ੍ਰੋਵੀਜਨ ਨਾਮੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਮਹਾਦੇਵ ਮੈਡੀਕਲ ਲੁੱਟ ਲਈ ਗਈ।”
ਵਰਗੀਆਂ ਖਬਰਾਂ ਹਰੇਕ ਚੈਨਲ ਦੇਣ ਲੱਗ ਪਿਆ ਸੀ ਤੇ ਉਹਨਾਂ ਨੂੰ ਸੁਣ-ਸੁਣ ਕੇ ਤਣਾਅ ਤੇ ਹਿੰਸਾ ਹੋਰ ਵਧ ਗਿਆ ਸੀ। ਸਥਿਤੀ ਗੰਭੀਰ ਹੁੰਦੀ ਜਾ ਰਹੀ ਸੀ। ਉਸਦੇ ਦਿਲ ਨੂੰ ਕੁਝ ਹੋਣ ਲੱਗ ਪਿਆ।
ਉਸਨੂੰ ਲੱਗਿਆ ਸ਼ਹਿਰ ਬਾਰੂਦ ਦਾ ਢੇਰ ਬਣ ਗਿਆ ਹੈ ਤੇ ਹੁਣ ਉਹ ਪਾਟਣ ਹੀ ਵਾਲਾ ਹੈ।
ਅੱਖਾਂ ਸਾਹਵੇਂ ਗੁਜਰਾਤ ਦੇ ਦੰਗਿਆਂ ਦੀਆਂ ਤਸਵੀਰਾਂ ਤੇ ਖਬਰਾਂ ਭੌਂ ਰਹੀਆਂ ਸਨ।
ਲੋਕਾਂ ਨੂੰ ਜਿਊਂਦੇ ਸਾੜਿਆ ਜਾਣਾ...ਚੁਣ, ਚੁਣ ਕੇ ਮੌਤ ਦੇ ਘਾਟ ਉਤਾਰਨਾ...ਉਹਨਾਂ ਦੀ ਸੰਪਤੀ ਨਸ਼ਟ ਕਰ ਦੇਣੀ, ਉਹਨਾਂ ਦੇ ਘਰਾਂ, ਪੂਜਾ ਸਥਾਨਾਂ ਨੂੰ ਮਲਬੇ ਦੇ ਢੇਰਾਂ ਵਿਚ ਬਦਲ ਦੇਣਾ।
ਉਸਦੇ ਦਿਲ ਨੂੰ ਡੋਬ ਪੈਣ ਲੱਗ ਪਏ ਤੇ ਅੱਖਾਂ ਮੂਹਰੇ ਹਨੇਰਾ ਜਿਹਾ ਛਾਉਣ ਲੱਗਾ—ਕੀ ਇਹੋ ਸਭ ਸਾਡੀ ਕਿਸਮਤ ਬਣ ਗਿਆ ਹੈ?
ਬਾਹਰ ਲੋਕਾਂ ਦੀ ਭੀੜ ਜਗ੍ਹਾ-ਜਗ੍ਹਾ ਟੋਲੀਆਂ ਦੇ ਰੂਪ ਵਿਚ ਇਕੱਠੀ ਹੋ ਰਹੀ ਸੀ। ਹਰ ਕੋਈ ਇਹੋ ਸੋਚ ਰਿਹਾ ਸੀ ਕਿ ਜੇ ਦੰਗਾ ਸ਼ੁਰੂ ਹੋ ਗਿਆ ਤਾਂ ਕੀ ਕਰੇਗਾ...ਕੁਝ ਲੋਕ ਬਚਾਅ ਦੇ ਤਰੀਕੇ ਸੋਚ ਰਹੇ ਸਨ ਤੇ ਕੁਝ ਲੁੱਟਮਾਰ ਕਰਨ ਦੀਆਂ ਸਕੀਮਾਂ ਬਣਾ ਰਹੇ ਸਨ—ਤੇ ਕੁਝ ਲੋਕ ਹਮਲੇ ਦੇ ਜਵਾਬ ਵਿਚ ਹਮਲਾ ਕਰਨ ਦੀ ਰਣਨੀਤੀ ਤਿਆਰ ਕਰ ਰਹੇ ਸਨ।
ਜਿਹੜੇ ਲੋਕ ਉਸ ਜਗ੍ਹਾ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ, ਉਸਨੂੰ ਛੱਡ ਕੇ ਸੁਰੱਖਿਅਤ ਜਗਾਹਾਂ ਉੱਪਰ ਜਾ ਰਹੇ ਸਨ।
ਕਿਸੇ ਇਲਾਕੇ ਵਿਚ ਪੁਲਸ ਦਾ ਨਾਂਅ-ਨਿਸ਼ਾਨ ਤਕ ਨਹੀਂ ਸੀ ਤੇ ਕਿਸੇ ਇਲਾਕੇ ਨੂੰ ਪੁਲਸ ਛਾਉਣੀ ਬਣਾ ਦਿੱਤਾ ਗਿਆ ਸੀ। ਇੰਜ ਕੁਝ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਤੇ ਕੁਝ ਇਲਾਕਿਆਂ ਦੇ ਲੋਕਾਂ ਨੂੰ ਬੇਮੁਹਾਰ ਛੱਡ ਦਿੱਤਾ ਗਿਆ ਸੀ। ਉਹ ਜੋ ਚਾਹੁਣ ਕਰ ਸਕਦੇ ਨੇ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਤੇ ਕੁਝ ਇਲਾਕੇ ਨੂੰ ਇੰਜ ਸੀਲ ਕਰ ਦਿੱਤਾ ਗਿਆ ਸੀ ਕਿ ਉੱਥੇ ਪੰਛੀ ਵੀ ਖੰਭ ਨਹੀਂ ਸੀ ਮਾਰ ਸਕਦਾ। ਤੇ ਉਹ ਕੁਝ ਨਹੀਂ ਕਰ ਸਕਦੇ ਸਨ। ਸ਼ਹਿਰ ਵਿਚ ਹੋਣ ਵਾਲੀਆਂ ਮੰਦੀਆਂ ਘਟਨਾਵਾਂ ਦੀਆਂ ਖਬਰਾਂ ਲਗਾਤਾਰ ਆ ਰਹੇ ਸਨ।
ਹਰੇਕ ਖਬਰ ਪਿੱਛੋਂ ਇੰਜ ਮਹਿਸੂਸ ਹੁੰਦਾ ਸੀ, ਸਥਿਤੀ ਗੰਭੀਰ ਤੋਂ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਤਣਾਅ ਤੇ ਹਿੰਸਾ ਜਾਰੀ ਹੈ।
ਉਸਨੇ ਕਈ ਵਾਰੀ ਘਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਜਿਸ ਕਰਕੇ ਉਹਦੀ ਚਿੰਤਾ ਲਗਾਤਾਰ ਵਧਦੀ ਰਹੀ। ਪਤਨੀ ਘਰੇ ਇਕੱਲੀ ਏ ਉਸਨੂੰ ਆਪਣੇ ਪੇਕੇ ਘਰ ਚਲੇ ਜਾਣ ਲਈ ਕਿਹਾ ਸੀ—ਪਤਾ ਨਹੀਂ ਉਹ ਗਈ ਵੀ ਹੈ ਜਾਂ ਨਹੀਂ?
ਉਸਨੂੰ ਚਲੇ ਜਾਣਾ ਚਾਹੀਦਾ ਸੀ...ਪਰ ਉਹ ਨਹੀਂ ਜਾਏਗੀ¸ਜਾਨ ਘਰ ਵਿਚ ਜੋ ਅਟਕੀ ਹੋਈ ਹੈ।
ਏਨੀਆਂ ਮੁਸ਼ਕਿਲਾਂ ਨਾਲ ਉਹਨਾਂ ਆਪਣਾ ਘਰ ਬਣਾਇਆ ਹੈ। ਘਰ ਦੀ ਇਕ ਇਕ ਚੀਜ਼ ਵਿਚ ਆਪਣਾ ਖ਼ੂਨ ਪਸੀਨਾ ਲਾਇਆ ਹੈ। ਘਰ ਦੀ ਹਰੇਕ ਇੱਟ ਵਿਚ ਉਹਨਾਂ ਦੇ ਅਰਮਾਨ, ਸੁਪਨੇ ਚਿਣੇ ਹੋਏ ਨੇ। ਭਲਾ ਉਹ ਉਸ ਘਰ ਨੂੰ ਛੱਡ ਕੇ ਕਿੰਜ ਜਾ ਸਕਦੀ ਹੈ?
ਉਸਨੂੰ ਡਰ ਹੈ—ਉਸਦੇ ਇਹ ਸਾਰੇ ਅਰਮਾਨ, ਸੁਪਨੇ ਸਾੜ ਕੇ ਸਵਾਹ ਨਾ ਕਰ ਦਿੱਤੇ ਜਾਣ। ਜੇ ਉਹ ਇੰਜ ਸੋਚ ਰਹੀ ਹੈ ਤਾਂ ਇਹ ਉਸਦੀ ਮੂਰਖਤਾ ਹੈ—ਜੇ ਘਰੇ ਰਹੀ ਤਾਂ ਨਾ ਘਰ ਨੂੰ ਬਚਾਅ ਸਕੇਗੀ, ਨਾ ਆਪਣੇ ਆਪ ਨੂੰ ਤੇ ਨਾ ਹੀ ਬੱਚਿਆਂ ਨੂੰ।
ਇਕ ਕਮਜ਼ੋਰ ਔਰਤ ਆਪਣੇ ਆਪ ਨੂੰ ਭਲਾ ਕਿੰਜ ਬਚਾਅ ਸਕਦੀ ਹੈ? ਹਜ਼ਾਰਾਂ ਘਟਨਾਵਾਂ ਉਸਦੇ ਦਿਮਾਗ਼ ਵਿਚ ਘੁੰਮ ਰਹੀਆਂ ਸਨ। ਅਜਿਹੀਆਂ ਔਰਤਾਂ ਨੂੰ ਵਾਸਨਾ ਦਾ ਸ਼ਿਕਾਰ ਬਣਾ ਕੇ ਜਿਊਂਦਿਆਂ ਸਾੜ ਦਿੱਤਾ ਗਿਆ। ਬੱਚਿਆਂ ਨੂੰ ਸੰਗੀਨਾਂ ਤੇ ਤਿਰਸ਼ੂਲਾਂ ਨਾਲ ਵਿੰਨ੍ਹ, ਸਾੜ ਦਿੱਤਾ ਗਿਆ।
“ਨਹੀਂ...” ਉਸਦੀ ਚੀਕ ਨਿਕਲ ਗਈ।
“ਕੀ ਹੋਇਆ?” ਮੁਸਤਬਾ ਨੇ ਤ੍ਰਬਕ ਕੇ ਪੁੱਛਿਆ।
“ਕੁਛ ਨਹੀਂ ਇਕ ਭਿਆਨਕ ਸੁਪਨਾ ਦੇਖ ਰਿਹਾ ਸਾਂ।”
“ਜਾਗਦੇ ਹੋਏ!” ਮੁਸਤਫਾ ਨੇ ਮੁਸਕਰਾ ਕੇ ਕਿਹਾ।
“ਜੋ ਕੁਛ ਹੋ ਰਿਹੈ ਉਹ ਕਿਸੇ ਭਿਆਨਕ ਸੁਪਨੇ ਨਾਲੋਂ ਵੀ ਘਿਣਾਉਣਾ ਏਂ। ਅਜਿਹੀ ਸਥਿਤੀ ਵਿਚ ਜਾਗਣਾ ਤੇ ਸੌਣਾ ਇਕ ਬਰਾਬਰ ਏ...” ਉਸਨੇ ਕਿਹਾ।
ਮੁਸਤਫਾ ਉਸਦੀ ਗੱਲ ਸਮਝ ਨਹੀਂ ਸੀ ਸਕਿਆ।
ਸ਼ਾਮ ਨੂੰ ਉਸਨੇ ਮਨ ਬਣਾਇਆ ਕਿ ਉਹ ਥੋੜ੍ਹੀ ਦੂਰ ਤਕ ਸਥਿਤੀ ਦਾ ਮੁਆਇਆਂ ਕਰਨ ਜਾਏਗਾ। ਮੁਸਤਫਾ ਨੇ ਉਸਨੂੰ ਇੰਜ ਕਰਨ ਤੋਂ ਰੋਕਿਆ ਕਿ ਉਹ ਘਰ ਜਾਣ ਦੀ ਮੂਰਖਤਾ ਨਾ ਕਰੇ।
“ਜਾਵੇਦ ਭਾਈ ਤੁਸੀਂ ਘਰ ਜਾਣ ਦੀ ਕਤਈ ਕੋਸ਼ਿਸ਼ ਨਾ ਕਰਨਾ...ਇੰਜ ਕਰਨ ਵਿਚ ਬੜਾ ਵੱਡਾ ਖਤਰਾ ਏ। ਤੁਹਾਡਾ ਘਰ ਜਿਸ ਪਾਸੇ ਐ ਉਹ ਰਸਤੇ ਬੜੇ ਖਤਰਨਾਕ ਹੋਏ ਹੋਏ ਨੇ। ਚੰਗਾ ਇਹੋ ਏ ਤੁਸੀਂ ਰਾਤੀਂ ਇੱਥੇ ਹੀ ਰੁਕ ਜਾਓ। ਵੈਸੇ ਕਹਿ ਰਹੇ ਨੇ, ਹਾਲਾਤ ਕਾਬੂ ਵਿਚ ਨੇ...ਪਰ ਕਦੋਂ ਕੀ ਹੋ ਜਾਏ, ਕਿਹਾ ਨਹੀਂ ਜਾ ਸਕਦਾ...”
“ਨਹੀਂ ਮੈਂ ਘਰ ਨਹੀਂ ਜਾ ਰਿਹਾ, ਬਸ ਉਂਜ ਈ ਥੋੜ੍ਹੀ ਦੂਰ ਤਕ ਟਹਿਲ ਕੇ ਵਾਪਸ ਆ ਜਾਵਾਂਗਾ।” ਉਸਨੇ ਉਤਰ ਦਿੱਤਾ।
ਉਸਨੇ ਮੁਸਤਫਾ ਨੂੰ ਯਕੀਨ ਦਿਵਾਇਆ ਕਿ ਉਹ ਘਰ ਜਾਣ ਦੀ ਕੋਸ਼ਿਸ਼ ਨਹੀਂ ਕਰੇਗਾ।

ਕੁਝ ਦੂਰ ਗਿਆ ਤਾਂ ਉਸ ਦਾ ਇਕ ਜਾਣ-ਪਛਾਣ ਵਾਲਾ ਮਿਲ ਗਿਆ।
“ਵੈਸੇ ਤੁਸੀਂ ਸੁਰੱਖਿਅਤ ਰਸਤਿਆਂ ਰਾਹੀਂ ਘਰ ਜਾਣਾ ਚਾਹੋ ਤਾਂ ਜਾ ਸਕਦੇ ਓ। ਉਹਨਾਂ ਰਸਤਿਆਂ ਉੱਤੇ ਕੋਈ ਖਤਰਾ ਨਹੀਂ। ਮੈਂ ਤੁਹਾਨੂੰ ਘਰ ਛੱਡ ਦੇਂਦਾ ਆਂ...।”
ਉਸਨੇ ਉਸਨੂੰ ਮੋਟਰਸਾਈਕਲ ਉੱਤੇ ਬਿਠਾਇਆ ਤੇ ਸੁਰੱਖਿਤ ਰਾਹਾਂ ਤੋਂ ਹੁੰਦੇ ਹੋਏ ਉਹ ਅੱਗੇ ਵਧੇ।
ਉਹਨਾਂ ਰਾਹਾਂ ਤੇ ਮੁਹੱਲਿਆਂ ਵਿਚੋਂ ਲੰਘਦਿਆਂ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਉੱਥੇ ਬੜਾ ਕੁਝ ਵਾਪਰ ਚੁੱਕਿਆ ਹੈ।
ਹਰ ਜਗ੍ਹਾ ਭੀੜ ਸੀ। ਰਾਜਨੇਤਾ ਤੇ ਵੱਡੇ ਬਜ਼ੁਰਗ ਲੋਕ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਭੀੜ ਨੂੰ ਸਮਝਾਉਣ ਦੇ ਯਤਨ ਕਰ ਰਹੇ ਸਨ...ਤੇ ਜੋਸ਼ ਵਿਚ ਆ ਕੇ ਕੁਝ ਮੰਦਾ-ਮਾੜਾ ਕਰ ਬਹਿਣ ਤੋਂ ਰੋਕ ਰਹੇ ਸਨ।
ਗੁੱਸੇ ਤੇ ਰੋਸੇ ਵਿਚ ਰਿੱਝਦੇ ਨੌਜਵਾਨ ਉਹਨਾਂ ਨੂੰ ਕਈ ਕਿਸਮ ਦੇ ਸਵਾਲ ਪੁੱਛ ਰਹੇ ਸਨ ਤੇ ਆਪਣੇ ਨਾਲ ਵਾਰ ਵਾਰ ਹੋਣ ਵਾਲੇ ਅਨਿਆਂ ਦਾ ਹਿਸਾਬ ਪੁੱਛ ਰਹੇ ਸਨ।
ਘਰ ਦੇ ਨੇੜੇ ਪਹੁੰਚੇ ਤਾਂ ਪਿਛਲੀ ਗਲੀ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਜੁੜੀ ਹੋਈ ਸੀ।
ਦੋ ਨੇਤਾ ਉਹਨਾਂ ਨੂੰ ਸਮਝਾ ਕੇ ਖ਼ੁਦ ਉੱਪਰ ਕਾਬੂ ਰੱਖਣ ਤੇ ਸ਼ਾਂਤੀ ਰੱਖਣ ਲਈ ਕਹਿ ਰਹੇ ਸਨ।
ਘਰ ਪਹੁੰਚਿਆ ਤਾਂ ਅੱਗੋਂ ਪਤਨੀ ਭੜਕ ਗਈ।
“ਏਨਾ ਸਮਝਾਉਣ 'ਤੇ ਵੀ ਤੁਸੀਂ ਨਹੀਂ ਮੰਨੇ। ਤੁਹਾਨੂੰ ਸਮਝਾਇਆ ਸੀ ਨਾ ਬਾਈ ਘਰ ਨਾ ਆਇਓ? ਆਪਣੀ ਜਾਨ ਨੂੰ ਏਨੇ ਖਤਰੇ 'ਚ ਪਾ ਕੇ ਆਏ ਓ...ਜੇ ਕੁਝ ਹੋ ਜਾਂਦਾ ਫੇਰ...?”
“ਨਹੀਂ ਐਸੀ ਕੋਈ ਗੱਲ ਨਹੀਂ...ਮੈਂ ਖ਼ੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਸੂਸ ਕਰਨ ਪਿੱਛੋਂ ਹੀ ਇੱਧਰ ਆਇਆਂ—ਇਕ ਜਾਣ-ਪਛਾਣ ਵਾਲਾ ਮਿਲ ਗਿਆ ਸੀ, ਉਹ ਮੋਟਰ ਸਾਈਕਲ 'ਤੇ ਇੱਥੋਂ ਤਕ ਛੱਡ ਗਿਐ...”
ਰਾਤ ਤਕ ਸਥਿਤੀ ਆਮ ਵਾਂਗ ਹੋ ਗਈ ਸੀ। ਨਾਲ ਇਹ ਵੀ ਸੀ ਕਿ ਰਾਤ ਦਹਿਸ਼ਤ ਦੇ ਤਣਾਅ ਵਿਚਕਾਰ ਲੰਘੇਗੀ।
ਖ਼ੈਰ! ਇਕ ਦਹਿਸ਼ਤ ਪਰੁੱਚਾ ਦਿਨ ਤਾਂ ਬੀਤ ਗਿਆ ਸੀ।
--------------------------