Sunday, March 29, 2009

ਇੰਤਜ਼ਾਰ/ਉਡੀਕ :: ਲੇਖਕ : ਅਲੀ ਅਮਾਮ ਨਕਵੀ

ਉਰਦੂ ਕਹਾਣੀ : ਇੰਤਜ਼ਾਰ/ਉਡੀਕ :: ਲੇਖਕ : ਅਲੀ ਅਮਾਮ ਨਕਵੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਬਸ---!
ਇਕ ਜ਼ਰਾ ਜਿੰਨਾਂ ਖੜਾਕ ਉਸਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ।
"ਤੂੰ ਆ ਗਿਆ ?"
ਉਹ ਧੀਮੀ ਆਵਾਜ਼ ਵਿਚ ਉਸਨੂੰ ਪੁੱਛਦਾ ਹੈ। ਪਰ ਆਉਣ ਵਾਲਾ ਹਮੇਸ਼ਾ ਵਾਂਗ ਚੁੱਪਚਾਪ ਹੈ, ਉਸ ਦੀ ਚੁੱਪ ਉਸਨੂੰ ਨਿਰਾਸ਼ ਕਰ ਦਿੰਦੀ ਹੈ। ਆਪਣੇ ਉੱਖੜੇ ਹੋਏ ਸਾਹਾਂ ਉੱਤੇ ਕਾਬੂ ਪਾਉਂਦਿਆਂ ਹੋਇਆਂ, ਉਹਦਾ ਧਿਆਨ ਕਿਚਨ ਵੱਲ ਚਲਾ ਜਾਂਦਾ ਹੈ। ਕਿਚਨ ਵਿਚ ਉਸਦੀ ਬਹੂ ਦੀ ਆਵਾਜ਼ ਸੁਣਾਈ ਦਿੰਦੀ ਹੈ।
"ਜਾਹ, ਇਹ ਰੋਟੀ ਦਾਦੇ ਨੂੰ ਦੇ ਆ।"
"ਮਾਂ।"
"ਕੀ-ਐ ?"
"ਤੂੰ ਉਸ ਦਿਨ ਕਹਿ ਰਹੀ ਸੀ…ਜਿਹੜੇ ਕੁਝ ਨਹੀਂ ਕਰਦੇ, ਪਏ-ਪਏ ਰੋਟੀਆਂ ਤੋੜਦੇ ਨੇ, ਉਹ ਨਿਖੱਟੂ ਹੁੰਦੇ ਐ..."
"ਹਾਂ, ਫੇਰ ?" ਬਲੇਡ ਵਰਗੀ ਤਿੱਖੀ ਆਵਾਜ਼ ਉਸਨੂੰ ਧੁਰ ਅੰਦਰ ਤਕ ਚੀਰ ਗਈ ਹੈ।
"ਤਾਂ-ਤੇ ਫੇਰ, ਦਾਦਾ ਜੀ..."
"ਚੁੱਪ ਨਾਲਾਇਕ, ਉਹ ਸੁਣ ਲਊਗਾ।"
ਪਰ ਉਹ ਤਾਂ ਸਭ ਕੁਝ ਸੁਣ ਹੀ ਰਿਹਾ ਸੀ ਤੇ ਆਪਣੀਆਂ ਭਟਕਦੀਆਂ ਨਜ਼ਰਾਂ ਨਾਲ ਏਧਰ-ਉਧਰ ਤੱਕ ਰਿਹਾ ਸੀ। ਕਾਫੀ ਦੇਰ ਬਾਅਦ ਉਹ ਬੜਬੜਾਇਆ, "ਯਾ ਅੱਲਾ…ਇੰਜ ਕਦੋਂ ਤਾਈਂ ਜਿਊਣਾ ਪਏਗਾ ਹੋਰ…"
ਬਸ---!
ਇਕ ਜ਼ਰਾ ਜਿੰਨਾਂ ਖੜਾਕ ਉਸਨੂੰ ਫੇਰ ਸੁਣਾਈ ਦਿੱਤਾ ਹੈ। ਉਸ ਨੇ ਮਹਿਸੂਸ ਕੀਤਾ ਹੈ, ਜਿਵੇ ਹੁਣੇ ਕੋਈ ਲਾਂਘੇ ਵਿਚੋਂ ਲੰਘਿਆ ਹੈ।
"ਸੁਣੀ…" ਬੁੱਢੇ ਦੀ ਥੱਕੀ ਥੱਕੀ ਜਿਹੀ ਆਵਾਜ਼ ਸੁਣਾਈ ਦਿੱਤੀ ਹੈ।
"ਕਿਸ ਨੂੰ ਬੁਲਾਅ ਰਹੇ ਓ ਦਾਦਾ ਜੀ ?"
ਪੋਤੀ, ਰੋਟੀ ਵਾਲੀ ਥਾਲੀ ਉਸਦੇ ਮੰਜੇ ਉੱਤੇ ਰੱਖ ਚੁੱਕੀ ਸੀ ਤੇ ਇਕ ਮਾਸੂਮ ਜਿਹੀ ਮੁਸਕਾਨ ਚਿਹਰੇ ਉੱਤੇ ਲਈ ਖੜ੍ਹੀ ਸੀ। ਬਿੰਦ ਦਾ ਬਿੰਦ ਉਸਨੇ ਕੁਝ ਸੋਚਿਆ, ਫੇਰ ਥਾਲੀ ਆਪਣੇ ਵੱਲ ਖਿਸਕਾ ਕੇ ਬੋਲਿਆ :
"ਆਪਣੀ ਮੌਤ ਨੂੰ…!"
"ਵਾਹ ਬਾਪੂ ਜੀ, ਹੋਰ ਤੂੰ ਕੀ ਕਰਨੈਂ ?" ਬਲੇਡ ਨੇ ਫੇਰ ਉਸਦੀ ਚੇਤਨਾ ਉੱਤੇ ਵਾਰ ਕੀਤਾ। "ਸੱਠਾਂ-ਪੈਂਹਟਾਂ ਨੂੰ ਟੱਪ ਗਿਐਂ, ਪਰ ਏਨੀ ਅਕਲ ਨਹੀਂ ਆਈ, ਬਈ ਜਵਾਕ ਸਾਹਮਣੇ ਕੀ ਕਹਿਣੈ ਕੀ ਨਹੀਂ…ਕੋਈ ਜਾਂਦਾ ਆਉਂਦਾ ਸੁਣੂੰ ਤਾਂ ਕੀ ਕਹੂਗਾ...?"

'ਕੀ ਕਹੂਗਾ…?' ਬੁੱਢੇ ਦੀਆਂ ਅੱਖਾਂ ਵਿਚ ਸਵਾਲ ਸੀ।
"...ਇਹੀ ਨਾ ਬਈ, ਨੂੰਹ-ਪੁੱਤ ਨੇ ਬੁੜ੍ਹੇ ਨੂੰ ਬੜਾ ਦੁਖੀ ਕੀਤਾ ਹੋਇਐ…।"
"ਨਹੀਂ, ਤੁਸਾਂ ਲੋਕਾਂ…ਤੁਸਾਂ ਲੋਕਾਂ ਨੇ ਤਾਂ ਮੈਨੂੰ ਕੀ ਦੁਖੀ ਕਰਨੈਂ ? ਮੈਂ ਤਾਂ ਆਪ ਈ…ਆਪਣੇ ਆਪੇ ਤੋਂ, ਆਪਣੇ ਏਸ ਇਕ ਇਕ ਸਾਹ ਤੋਂ ਅੱਕਿਆ ਪਿਆਂ।"
"ਤਾਂ ਇਸ ਵਿਚ ਸਾਡਾ ਕੀ ਕਸੂਰ ਐ…ਅਸੀਂ ਕੋਈ ਕਸਰ ਛੱਡੀ ਐ ? ਉਹ ਖ਼ੁਦ ਆਪਣੇ ਹੱਥੀਂ, ਖ਼ੂਨ ਭਰੀ ਬਲਗਮ ਦੀਆਂ ਚਿਰਮਚੀਆਂ ਧੋਂਦੈ…ਮੈਂ ਸਭ ਤੋਂ ਪਹਿਲਾਂ ਤੇਰੀ ਰੋਟੀ ਪਕਾਉਂਦੀ ਆਂ। ਪਰ ਤੈਨੂੰ ਤਾਂ ਯਕੀਨ ਹੋ ਗਿਐ ਬਈ ਅਸੀਂ ਤੈਥੋਂ ਤੰਗ ਆਏ ਹੋਏ ਆਂ।"
"ਭਾਈ ਬੀਬਾ, ਕਿਉਂ ਗੱਲ ਦੀ ਲੱਲ ਬਣਾ ਰਹੀ ਐਂ…"
"ਇਹ ਕੋਈ ਨਵੀਂ ਗੱਲ ਕਹੀ ਐ ਤੈਂ…ਜਿੱਥੇ ਮੈਂ ਮੂੰਹ ਖੋਲ੍ਹਿਆ ਤੂੰ ਫੈਸਲਾ ਸੁਣਾ ਦਿੱਤਾ। ਸੱਚ ਪੁਛਦੈਂ ਤਾਂ ਮੈਂ ਤਾਂ ਤੁਹਾਡੇ ਸਾਰੇ ਟੱਬਰ ਤੋਂ ਅੱਕੀ ਪਈ ਆਂ।"
ਬਸ---!
ਇਕ ਜ਼ਰਾ ਜਿੰਨੀ ਬਿਮਾਰੀ ਸੀ, ਡਾਕਟਰ ਇਹੀ ਕਹਿੰਦਾ ਸੀ…ਪਰ ਇਸ ਜ਼ਰਾ ਜਿੰਨੀ ਬਿਮਾਰੀ ਨੇ ਹੀ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ। ਮੁੰਡੇ ਨੇ ਇਲਾਜ਼ ਵੰਨੀਓਂ ਕੋਈ ਕਸਰ ਨਹੀਂ ਸੀ ਛੱਡੀ, ਪਰ ਕੋਈ ਫ਼ਰਕ ਹੀ ਨਹੀਂ ਸੀ ਪੈ ਰਿਹਾ। ਸਾਰੇ ਜਹਾਨ ਦੀ ਬਲਗਮ ਉਸੇ ਦੀ ਛਾਤੀ ਅੰਦਰ ਆਣ ਇਕੱਠੀ ਹੋਈ ਸੀ। ਖੰਘ-ਖੰਘ ਕੇ ਬਲਗਮ ਕੱਢਣ ਦੀ ਕੋਸ਼ਿਸ਼ ਵਿਚ ਖ਼ੂਨ ਦੀਆਂ ਕੱਤਲਾਂ ਵੀ ਨਾਲ ਈ ਤੁਰ ਪੈਂਦੀਆਂ। ਸ਼ਾਮੀਂ ਆ ਕੇ ਮੁੰਡਾ ਗਟਰ ਵਿਚਚਿਰਮਚੀ ਡੋਲ੍ਹਦਾ ਹੋਇਆ ਸੋਚਦਾ : ਆਖ਼ਰ ਸਵਾ ਪੰਜ ਸੌ ਰੁਪਏ ਦੀ ਨੌਕਰੀ ਵਿਚ ਬਾਪੂ ਦੀਆਂ ਦਵਾਈਆਂ ਕਦ ਤਕ ਆਉਣਗੀਆਂ ? ਵਰ੍ਹਿਆਂ ਤੋਂ ਖੰਘ ਰਿਹੈ, ਸਾਰੀ ਬਲਗਮ ਸਾਰਾ ਖ਼ੂਨ ਇਕੋ ਵਾਰੀ ਕਿਉਂ ਨਹੀਂ ਨਿਕਲ ਜਾਂਦਾ…ਇੰਜ ਇਸਦਾ ਪਿੰਡ ਛੁੱਟੇ ਤੇ ਸਾਨੂੰ ਵੀ ਚੈਨ ਮਿਲੇ।
"ਬਾਪੂ ਦੀ ਖੰਘ ਤਾਂ ਸਾਨੂੰ ਸੌਣ ਮਰਨ ਵੀ ਨਹੀਂ ਦਿੰਦੀ।" ਪਤੀ ਵੱਲ ਪਾਸਾ ਪਰਤਦਿਆਂ ਪਤਨੀ ਨੇ ਕਿਹਾ ਸੀ।
"ਤੂੰ ਹੀ ਦੱਸ, ਮੈਂ ਕੀ ਕਰਾਂ ?"
"ਤੂੰ ਕਦੇ ਕੁਝ ਨਹੀਂ ਕਰ ਸਕਦਾ।"
"ਆਖ਼ਰ ਮੈਂ ਕੀ ਕਰਾਂ ?"
"ਦੱਸਿਆ ਏ ਨਾ ਤੂੰ ਕੁਝ ਨਹੀਂ ਕਰ ਸਕਦਾ।"
"ਕੀ ਕਰਾਂ ? ਸੁੱਤੇ ਪਏ ਦਾ ਗਲਾ ਘੁੱਟ ਦਿਆਂ ?" ਉਹ ਹਿਰਖ ਕੇ ਪਿਆ।
"ਕੇਹੋ ਜੀਆਂ ਗੱਲਾਂ ਕਰ ਰਿਹੈਂ ਜੀ ?"
"ਹੋਰ ਫੇਰ ਕੀ ਕਰਾਂ ?"
ਪਤਨੀ ਕਿਸੇ ਡੂੰਘੀ ਸੋਚ ਵਿਚ ਖੁੱਭ ਗਈ। ਕਾਫੀ ਦੇਰ ਬਾਅਦ ਉਸਨੇ ਕਿਹਾ :
"ਤੂੰ ਉਸਦਾ ਮੰਜ ਡਿਊਢੀ 'ਚ ਡੁਹਾ ਦੇਅ..."
"ਡਿਊਢੀ 'ਚ ?"
"ਹਾਂ।"
"ਆਂਢੀ-ਗੁਆਂਢੀ ਕੀ ਕਹਿਣਗੇ ?"
"ਕੋਈ ਕੁਝ ਨਹੀਂ ਕਹਿੰਦਾ, ਜੇ ਕਹੂ ਤਾਂ ਮੈਂ ਆਪੇ ਸੰਭਾਲ ਲਊਂਗੀ।" ਪਤਨੀ ਨੇ ਤਸੱਲੀ ਦਿੱਤੀ। ਕੁਝ ਪਲ ਚੁੱਪ ਰਹਿ ਕੇ ਕੁਝ ਸੋਚਿਆ, ਫੇਰ ਬੋਲੀ, "ਜ਼ਰਾ ਸੋਚ, ਘੱਟੋ-ਘੱਟ ਰਾਤ ਨੂੰ ਤਾਂ ਚੈਨ ਨਾਲ ਸੌਣਾ ਨਸੀਬ ਹੋ ਜਾਇਆ ਕਰੂ…"
ਪਤੀ ਨੇ ਨਫ਼ਰਤ ਤੇ ਮਜ਼ਬੂਰੀ ਭਰੀਆਂ ਨਜ਼ਰਾਂ ਨਾਲ ਪਤਨੀ ਵੱਲ ਤੱਕਿਆ, ਫੇਰ ਸਿਰਹਾਣੇ ਹੇਠੋਂ ਸਿਗਰਟਾਂ ਦਾ ਪੈਕੇਟ ਤੇ ਮਾਚਸ ਕੱਢੀ ਤੇ ਇਕ ਸਿਗਰਟ ਲਾ ਕੇ ਦੋ-ਚਾਰ ਲੰਮੇ-ਲੰਮੇ ਸੂਟੇ ਲਾਏ ਤੇ ਐਨ ਉਸੇ ਵੇਲੇ ਜਦੋਂ ਉਹ ਇਕ ਲੰਮਾਂ ਸੂਟਾ ਖਿੱਚ ਰਿਹਾ ਸੀ, ਬੁੱਢੇ ਨੂੰ ਖੰਘ ਛਿੜ ਪਈ ਸੀ।

ਦੂਜੇ ਦਿਨ ਅੰਦਰ ਗਰਮੀ ਦਾ ਬਹਾਨਾ ਕਰਕੇ ਬਹੂ ਤੇ ਮੁੰਡੇ ਨੇ ਬੁੱਢੇ ਦਾ ਮੰਜਾ ਡਿਊਢੀ ਵਿਚ ਡਾਹ ਦਿੱਤਾ। ਚਿਰਮਚੀ ਮੰਜੇ ਹੇਠ, ਸਿਰਹਾਣੇ ਵਾਲੇ ਪਾਸੇ ਰੱਖ ਦਿੱਤੀ ਗਈ। ਬੁੱਢਾ ਇਹ ਸਭ ਕੁਝ ਚੁੱਪਚਾਪ ਦੇਖਦਾ ਰਿਹਾ ਤੇ ਨੀਵੀਂ ਪਾਈ ਮੰਜੇ ਦੀ ਬਾਹੀ ਉੱਤੇ ਜਾ ਬੈਠਾ। ਆਂਢੀਆਂ-ਗੁਆਂਢੀਆਂ ਨੇ ਵੀ ਸਭ ਕੁਝ ਚੁੱਪਚਾਪ ਦੇਖਿਆ, ਪਰ ਬਹੂ ਦੀ ਬਲੇਡ ਵਰਗੀ ਜ਼ਬਾਨ ਦੇ ਸਦਕੇ ਚੁੱਪ ਹੀ ਰਹੇ। ਸ਼ਾਮੀਂ ਮੁੰਡਾ ਆਇਆ ਤੇ ਚੁੱਪਚਾਪ ਆਪਣੇ ਕਮਰੇ ਵਿਚ ਚਲਾ ਗਿਆ। ਜਦੋਂ ਰਾਤ ਨੂੰ ਹਰ ਰੋਜ਼ ਵਾਂਗ ਪੋਤੀ ਰੋਟੀ ਲੈ ਕੇ ਆਈ ਤਾਂ ਹੈਰਾਨ ਹੋ ਕੇ ਆਪਣੇ ਬੁੱਢੇ ਦਾਦੇ ਦੇ ਮੂੰਹ ਵੱਲ ਦੇਖਣ ਲੱਗੀ…ਉਹ ਆਪਣੀਆਂ ਸਿੱਜਲ ਅੱਖਾਂ ਨਾਲ ਆਸਮਾਨ ਦੀਆਂ ਉਚਾਈਆਂ ਵਿਚ ਪਤਾ ਨਹੀਂ ਕਿਸ ਨੂੰ ਲੱਭ ਰਿਹਾ ਸੀ !

ਬੜੇ ਆਰਾਮ ਦੀ ਨੀਂਦ ਆਈ ਹੋਈ ਸੀ ਉਹਨਾਂ ਸਭਨਾਂ ਨੂੰ…ਖੰਘ ਦੀ ਆਵਾਜ਼ ਨੇ ਕੋਈ ਖਾਸ ਖ਼ਲਲ਼ ਨਹੀਂ ਸੀ ਪਾਇਆ। ਡਿਊਢੀ ਵਿਚ ਪਏ ਬੁੱਢੇ ਦੇ ਮਸਾਨੇ ਵਿਚ ਮੱਠਾ-ਮੱਠਾ ਦਰਦ ਹੋਇਆ ਤਾਂ ਉਸਦੀ ਅੱਖ ਖੁੱਲ੍ਹ ਗਈ। ਉਹ ਬਾਹੀ ਦਾ ਸਹਾਰਾ ਲੈ ਕੇ ਉੱਠ ਬੈਠਾ ਹੋਇਆ। ਬੂਹੇ ਉਪਰ ਹੱਥ ਦੀ ਦਾਬ ਪਾਇਆਂ, ਪਤਾ ਲੱਗਿਆ ਕਿ ਅੰਦਰੋਂ ਬੰਦ ਹੈ। ਪਲਟ ਕੇ ਉਸਨੇ ਹਨੇਰੇ ਵਿਚ ਡੁੱਬੀ ਹੋਈ ਰਾਹਦਾਰੀ ਵੱਲ ਦੇਖਿਆ ਤੇ ਹੌਲੀ-ਹੌਲੀ ਕੰਧ ਦਾ ਸਹਾਰਾ ਲੈ ਕੇ ਬਾਹਰ ਵਾਲੇ ਦਰਵਾਜ਼ੇ ਵੱਲ ਤੁਰ ਪਿਆ। ਕੁਝ ਚਿਰ ਬਾਅਦ ਉਹ ਘਰੋਂ ਬਾਹਰ ਸੜਕ ਉੱਤੇ ਸੀ।
ਬਸ---!
ਇਕ ਜ਼ਰਾ ਜਿੰਨੀ ਆਹਟ ਉਸਨੂੰ ਮਹਿਸੂਸ ਹੋਈ ਸੀ…
"ਤੂੰ ਆ ਗਿਆ ?"
ਆਉਣ ਵਾਲਾ ਅੱਜ ਵੀ ਚੁੱਪ ਸੀ। ਨਿਰਾਸ਼ਾ ਵੱਸ ਉਸ ਨੇ ਬੁੱਲ੍ਹ ਸਿਕੋੜੇ ਤੇ ਲੜਖੜਾਉਂਦੇ ਪੈਰਾਂ ਨਾਲ ਅੱਗੇ ਤੁਰ ਪਿਆ। ਕੰਧ ਕੋਲ ਪਹੁੰਚ ਕੇ ਕਮਰਬੰਦ ਦੀ ਗੰਢ ਖੋਲ੍ਹੀ, ਪਹੁੰਚੇ ਉਪਰ ਚੁੱਕੇ ਤੇ ਕਮਰਬੰਦ ਦੇ ਸਿਰੇ ਨੂੰ ਲੰਗੋਟ ਵਾਂਗ ਪਿੱਛੇ ਕਰਕੇ ਪੈਰਾਂ ਭਾਰ ਬੈਠ ਗਿਆ।
ਬਸ---!

ਇਕ ਨਿੱਕਾ ਜਿਹਾ ਧਮਾਕਾ ਹੋਇਆ। ਧੂੜ ਉਸ ਉੱਤੇ ਵੀ ਆ ਪਈ। ਉਸ ਨੇ ਪਿੱਛੇ ਭੌਂ ਕੇ ਦੇਖਿਆ। ਉਸਦੀ ਚਾਰ ਮੰਜ਼ਲਾ ਇਮਾਰਤ ਦਾ ਮਲਬਾ ਉਸ ਦੇ ਸਾਹਮਣੇ ਪਿਆ ਸੀ। ਘੁਟੀਆਂ-ਘੁਟੀਆਂ ਆਵਾਜ਼ਾਂ ਆ ਰਹੀਆਂ ਸਨ। ਪਿਸ਼ਾਬ ਰੋਕ ਕੇ ਉਹ ਉੱਠ ਖੜ੍ਹਾ ਹੋਇਆ। ਕਮਰਬੰਦ ਬੰਨ੍ਹਣਾ ਭੁੱਲ ਕੇ ਆਸੇ-ਪਾਸੇ ਦੇ ਲੋਕਾਂ ਨੂੰ ਚੀਕ-ਚੀਕ ਕੇ ਜਗਾਉਣ ਲੱਗਾ। ਇਕ ਪਿੱਛੋਂ ਇਕ ਕਮਰੇ ਜਾਗੇ, ਖਿੜਕੀਆਂ ਖੁੱਲ੍ਹੀਆਂ, ਲੋਕ ਭੱਜਣ-ਦੌੜਨ ਲੱਗੇ ਤੇ ਉਸਨੂੰ ਆਪਣਾ ਸੰਘ ਸੁੱਕਦਾ ਹੋਇਆ ਮਹਿਸੂਸ ਹੋਇਆ, ਲੱਗਿਆ…ਹੁਣੇ ਬਲੇਡ ਵਰਗੀ ਤਿੱਖੀ ਆਵਾਜ਼ ਉਸ ਦੇ ਕੰਨਾਂ ਵਿਚ ਪੁਰ ਜਾਏਗੀ…ਪਰ ਹੁਣ ਉਹ ਆਵਾਜ਼ ਹੀ ਸੀ, ਨਾ ਆਵਾਜ਼ ਵਾਲੀ। ਉਸ ਨੇ ਬੁੱਲ੍ਹਾਂ ਉੱਤੇ ਜ਼ਬਾਨ ਫੇਰੀ। ਉਸਨੂੰ ਆਪਣੀ ਨਿੱਕੀ ਜਿਹੀ ਪੋਤੀ ਦੀ ਮਾਸੂਮ ਮੁਸਕੁਰਾਹਟ ਯਾਦ ਆਈ, ਮੁੰਡੇ ਦੀ ਬੇਬਸੀ ਦਾ ਚੇਤਾ ਆਇਆ ਤੇ ਉਦੋਂ ਹੀ ਕੋਈ ਉਸਦੇ ਐਨ ਨੇੜਿਓਂ, ਉਸ ਨਾਲ ਖਹਿੰਦਾ ਹੋਇਆ ਲੰਗਿਆ…
ਬਸ---!
ਇਕ ਜ਼ਰਾ ਜਿੰਨੀ ਆਹਟ ਹੀ ਮਹਿਸੂਸ ਹੋਈ ਸੀ।
…ਤੇ ਬਸ।

ਪੋਂਗਲ-ਪੋਲੀ :: ਲੇਖਕਾ : ਮਰਿਦੁਲਾ ਗਰਗ ; मृदुला गर्ग

ਹਿੰਦੀ ਕਹਾਣੀ : ਪੋਂਗਲ-ਪੋਲੀ :: ਲੇਖਕਾ : ਮਰਿਦੁਲਾ ਗਰਗ ; मृदुला गर्ग
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਆਇਹੋਲੇ ਦੇ ਖੰਡਰ ਹੋਏ ਮੰਦਰਾਂ ਵਿਚਕਾਰ ਬਣੇ ਤਲਾਅ 'ਚੋਂ ਸੋਨੰਮਾ ਪਾਣੀ ਭਰ ਰਹੀ ਸੀ। ਉਸਨੇ ਦੇਖਿਆ, ਉਹੀ, ਕੱਲ੍ਹ ਵਾਲੇ ਲੋਕ, ਅੱਜ ਫੇਰ ਆਏ ਨੇ। ਉਹੀ ਲੰਮੀ ਕਾਲੀ ਗੱਡੀ। ਦੇਖਦਿਆਂ ਈ ਉਸਦਾ ਛੋਟਾ ਭਰਾ ਫਕੀਰੱਪਾ, ਆਪਣੇ ਬੇਲੀ ਬੇਰੂ ਤੇ ਸ਼ਾਂਤੰਮਾ ਨਾਲ, ਗੱਡੀ ਕੋਲ ਜਾ ਖੜ੍ਹਾ ਹੋਇਆ। ਅੱਜ ਫਕੀਰੱਪਾ ਤੇ ਬੇਰੂ, ਦੋਵੇਂ, ਸ਼ਾਇਦ ਇਹਨਾਂ ਲੋਕਾਂ ਦੇ ਆਉਣ ਦੀ ਝਾਕ ਵਿਚ ਈ ਸਕੂਲ ਵੀ ਨਹੀਂ ਸੀ ਗਏ।

ਸੋਨੰਮਾ ਸਾਹ ਰੋਕ ਕੇ ਔਰਤ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗੀ। ਚਿੱਟੀ-ਦੁੱਧ ਪੁਸ਼ਾਕ ਪਾਈ ਇਕ ਆਦਮੀ, ਛਾਲ ਮਾਰ ਕੇ, ਗੱਡੀ ਵਿਚੋਂ ਉਤਰਿਆ ਤੇ ਫੁਰਤੀ ਨਾਲ ਪਿੱਛਲਾ ਦਰਵਾਜ਼ਾ ਖੋਹਲ ਕੇ ਖੜ੍ਹਾ ਹੋ ਗਿਆ। ਉਹ ਉਤਰ ਆਈ। ਗਲੇ ਵਿਚ ਉਹੀ ਸੋਨੇ ਦਾ ਭਾਰੀ ਹਾਰ, ਹੱਥਾਂ ਵਿਚ ਸੋਨੇ ਦੀਆਂ ਢੇਰ ਸਾਰੀਆਂ ਚੂੜੀਆਂ, ਸਿਰ ਉੱਤੇ ਕਾਲੇ ਵਾਲਾਂ ਦੀ ਪੰਡ-ਜਿਹੀ।…ਉਸਦੀ ਸਾੜ੍ਹੀ ! ਏਨੀ ਮਹੀਨ ਜਿਵੇਂ ਹਵਾ ਵਿਚ ਉੱਡਦਾ ਪਹਿਲਾ ਬਰਸਾਤੀ ਬੱਦਲ। ਨਾਲ ਈ ਮਰਦ ਵੀ ਉਤਰ ਆਇਆ, ਹੱਥ ਵਿਚ ਉਹੀ ਕੱਲ੍ਹ ਵਾਲਾ ਡੱਬਾ ਫੜ੍ਹੀ। ਕੇਡੇ ਅਜੀਬ ਕੱਪੜੇ ਪਾਉਂਦਾ ਏ !...ਰੰਗ-ਬਰੰਗੀ ਕਮੀਜ਼, ਤੇ ਫਸੀ-ਫਸੀ---ਉਹ ਕੀ ਨਾਂਅ ਲੈਂਦੇ ਨੇ ਉਸਦਾ, ਪਤਲੂਨ। ਹਾਸੀ ਆਉਂਦੀ ਏ।

ਉਹ ਦੋਵੇਂ ਹੱਸ-ਹੱਸ ਕੇ ਆਪਸ ਵਿਚ ਗੱਲਾਂ ਕਰ ਰਹੇ ਸਨ ਤੇ ਸੋਨੰਮਾ ਸੀ ਕਿ ਉਹਨਾਂ ਉਪਰੋਂ ਅੱਖਾਂ ਈ ਨਹੀਂ ਸੀ ਹਟਾਅ ਰਹੀ।

ਕੱਲ੍ਹ ਆਏ ਸਨ ਤਾਂ ਸਾਰੇ ਮੰਦਰਾਂ ਵਿਚ ਘੁੰਮੇ ਸੀ, ਪਰ ਜਿਵੇਂ ਆਮ ਯਾਤਰੀ ਘੁੰਮਦੇ ਨੇ ਓਵੇਂ ਨਹੀਂ। ਇਹ ਤਾਂ ਹਰ ਮੂਰਤੀ ਅੱਗੇ ਸਾਹ ਰੋਕ ਕੇ ਖਲੋ ਜਾਂਦੇ ਸਨ…ਤੇ ਆਦਮੀ ਡੱਬਾ ਅੱਖ ਨਾਲ ਲਾ ਲੈਂਦਾ ਸੀ। ਉਸਦਾ ਜੀਅ ਕੀਤਾ ਕਿ ਉਹ ਵੀ ਇਕ ਵਾਰੀ ਉਸ ਵਿਚ ਝਾਕ ਕੇ ਦੇਖੇ। ਉਸ ਵਿਚ ਸਿਨੇਮਾ ਹੋਏਗਾ ? ਇਕ ਵਾਰੀ ਮੇਲੇ ਵਿਚ ਦੇਖਿਆ ਸੀ, ਕਿੰਜ ਬੋਲਦਾ ਸੀ, ਦਿਖਾਉਣ ਵਾਲਾ---ਆਗਰੇ ਦਾ ਤਾਜ਼ ਮਹਿਲ, ਦੇਖੋ ; ਬਾਰਾਂ ਮਨ ਦੀ ਧੋਬਨ, ਦੇਖੋ। ਆ-ਆਹਾ ! ਕਿੰਨਾ ਮਜ਼ਾ ਆਇਆ ਸੀ।

ਪਰ ਫਕੀਰੱਪਾ ਕਹਿੰਦਾ ਏ---"ਇਹ ਸਨੀਮਾ ਨਹੀਂ, ਕੈਮਰਾ ਏ ਕੈਮਰਾ। ਬਟਨ ਦਬਾਉਂਦਿਆਂ ਈ ਫੋਟੋ ਖਿੱਚੀ ਜਾਂਦੀ ਏ।" ਫਕੀਰੱਪਾ ਸਕੂਲ ਵਿਚ ਕੀ ਪੜ੍ਹਨ ਲੱਗ ਪਿਆ ਏ, ਆਪਣੇ ਆਪ ਨੂੰ ਬਲੇਸ਼ਵਰ ਦਾ ਅਵਤਾਰ ਸਮਝਣ ਲੱਗ ਪਿਆ ਏ। ਸੰਸਾਰ ਵਿਚ ਜਿਵੇਂ ਕੁਝ ਹੈ ਈ ਨਹੀਂ, ਜਿਹੜਾ ਇਹ ਜਾਣਦਾ ਨਾ ਹੋਵੇ।

ਕੱਲ੍ਹ ਸਾਰੀ ਸਵੇਰ ਸੋਨੰਮਾ ਉਹਨਾਂ ਦੇ ਪਿੱਛੇ ਫਿਰਦੀ ਰਹੀ ਸੀ ਤੇ ਜਦੋਂ ਸੂਰਜ ਚੜ੍ਹਨ ਪਿੱਛੋਂ ਉਹਨਾਂ ਦੁਰਗਾ ਮੰਦਰ ਦੇ ਅਹਾਤੇ ਵਿਚ ਬੈਠ ਕੇ ਟੋਕਰੀ ਖੋਲ੍ਹੀ ਤਾਂ, ਹੇ ਸ਼ਿਵਾ, ਉਸਦੇ ਮੂੰਹ ਵਿਚ ਏਨਾ ਪਾਣੀ ਆਇਆ, ਏਨਾ ਪਾਣੀ ਆਇਆ ਕਿ ਥੁੱਕਣਾ ਮੁਸ਼ਕਲ ਹੋ ਗਿਆ, ਕੀ-ਕੀ ਸਾਮਾਨ ਸੀ ਉਸ ਵਿਚ ! ਦਹੀਂ ਚੌਲ, ਇਮਲੀ ਚੌਲ, ਪੋਂਗਲ, ਪੂਰੀ, ਆਲੂ-ਭਾਜੀ ਤੇ ਚਿੱਟੀ-ਚਿੱਟੀ ਉਹ ਜਿਹੜੀ ਹੁੰਦੀ ਏ ਨਾ---ਉਸਨੇ ਬਾਜ਼ਾਰ ਵਿਚ ਦੇਖੀ ਕਈ ਵਾਰੀ ਏ, ਪਰ ਖਾਧੀ ਕਦੀ ਨਹੀਂ---ਕੀ ਨਾਂਅ ਏਂ ਉਸਦਾ, ਬਰੇਡ…ਹਾਂ, ਬਰੇਡ। ਹੋਰ ਵੀ ਪਤਾ ਨਹੀਂ ਕੀ-ਕੀ। ਅੱਛਾ,ਇਕੋ ਦਿਨ, ਇਕੋ ਵੇਲੇ, ਕੋਈ ਏਨਾ ਖਾ ਸਕਦਾ ਏ ਭਲਾ ?...ਪਰ ਉਸਨੂੰ ਮਿਲੇ ਤਾਂ ਸਹੀ…ਹਾਂ, ਉਹ ਖਾ ਸਕਦੀ ਏ, ਜ਼ਰੂਰ ਖਾ ਸਕਦੀ ਏ। ਪਰ ਮਿਲੇ ਕਿੱਦਾਂ ?

ਖਾਂਦਿਆਂ-ਖਾਂਦਿਆਂ ਔਰਤ ਨੇ ਉਸਨੂੰ ਤੱਕਦਿਆਂ ਵੇਖ ਲਿਆ ਸੀ ਤੇ ਸੋਨੰਮਾ ਸ਼ਰਮਾ ਕੇ ਦੌੜ ਗਈ ਸੀ---ਸਿੱਧੀ ਤਲਾਅ ਵੱਲ। ਇਕੱਲੀ ਉਹੀ ਥੋੜ੍ਹਾ ਈ ਦੇਖ ਰਹੀ ਸੀ। ਉਹਨਾਂ ਪਿੱਛੇ ਨਿਆਣਿਆਂ ਦਾ ਪੂਰਾ ਲਾਮ-ਲਸ਼ਕਰ ਹੁੰਦਾ ਸੀ, ਸਾਰਾ ਦਿਨ ਪਿੱਛ-ਲਗੂਆਂ ਵਾਂਗ ਘੁੰਮਦਾ ਰਹਿੰਦਾ ਸੀ। ਉਹ ਸਿਰਫ ਵਧੀਆ-ਵਧੀਆ ਚੀਜ਼ਾਂ ਖਾ ਈ ਨਹੀਂ ਸੀ ਰਹੀ, ਆਪਣੇ ਸਾਮਾਨ ਵਿਚੋਂ ਖਾਸਾ ਕੁਝ ਬੱਚਿਆਂ ਨੂੰ ਵੀ ਵੱਡ ਰਹੀ ਸੀ। ਕੋਈ ਹੱਥ ਖ਼ਾਲੀ ਨਹੀਂ ਸੀ ਦਿਸ ਰਿਹਾ, ਕਿਸੇ ਦੇ ਹੱਥ ਵਿਚ ਬਰੇਡ, ਕਿਸੇ ਦੇ ਹੱਥ ਵਿਚ ਕੇਲਾ, ਨਹੀਂ ਤਾਂ ਪੂਰੀ ਜਾਂ ਪੋਂਗਲ ਜਾਂ ਕੁਝ ਹੋਰ। ਇਸ ਲਈ ਸਾਰੇ ਉਸਨੂੰ ਅੰਮਾਂ-ਅੰਮਾਂ ਕਹਿ ਰਹੇ ਸੀ।

ਅੱਜ ਫੇਰ ਉਹੀ ਹੋ ਰਿਹਾ ਏ। ਉਸਨੂੰ ਦੇਖਦਿਆਂ ਹੀ ਬੱਚੇ ਉਸਨੂੰ ਘੇਰ ਕੇ ਖੜ੍ਹੇ ਹੋ ਗਏ। ਉਦੋਂ ਈ ਸ਼ਾਂਤੰਮਾ ਦੌੜਦੀ ਹੋਈ ਸੋਨੰਮਾ ਕੋਲ ਆਈ ਤੇ ਬੋਲੀ, "ਨੀਂ ਜਾਣਦੀ ਏਂ, ਬੇਰੂ ਨੂੰ ਉਸਨੇ ਇਕ ਫੌਂਟੇਨ ਪੇਨ ਲਿਆ ਕੇ ਦਿਤਾ ਏ। ਬੇਰੂ ਵੀ ਬੜਾ ਚੰਟ ਹੋ ਗਿਐ। ਸਕੂਲ 'ਚ ਪੜ੍ਹਦਾ ਐ ਨਾ…ਰਤਾ ਨਹੀਂ ਸੰਗ ਮੰਨਦਾ। ਝੱਟ ਮੰਗ ਲਿਆ ਤੇ ਅੱਜ ਉਸਨੇ ਲਿਆ ਵੀ ਦਿੱਤਾ।"

ਸੋਨੰਮਾ ਨੇ ਉਤਸਾਹ ਨਹੀਂ ਦਿਖਾਇਆ ਤਾਂ ਵੀ ਸ਼ਾਂਤੰਮਾ ਦਾ ਜੋਸ਼ ਘੱਟ ਨਹੀਂ ਹੋਇਆ। ਓਵੇਂ ਈ ਬੋਲਦੀ ਰਹੀ, "ਸੱਚ ਐ ਨੀਂ, ਜੋ ਮੰਗੋ ਉਹੀ ਦੇ ਦਿੰਦੀ ਏ। ਮੈਂ ਪੁੱਛਿਆ, ਤੇਰੇ ਗਲੇ 'ਚ ਖਰਾ ਸੋਨਾ ਏਂ, ਤਾਂ ਬਿਲਕੁਲ ਕੋਲ ਆ ਕੇ ਦਿਖਾਅ ਦਿੱਤਾ। ਕਿੰਨਾ ਚਮਕਦਾ ਏ ਨੀਂ ! ਤੇ ਉਹ ਹੈ ਵੀ ਕਿੰਨੀ ਸੋਹਣੀ !"

ਸੋਨੰਮਾ ਫੇਰ ਵੀ ਕੁਝ ਨਹੀਂ ਸੀ ਬੋਲੀ।

ਸ਼ਾਂਤੰਮਾ ਦੀ ਸਮਝ ਵਿਚ ਨਹੀਂ ਆ ਰਿਹਾ ਸੀ, ਅੱਜ ਉਹ ਏਨੀ ਉਦਾਸ-ਉਦਾਸ ਕਿਉਂ ਏਂ ? ਉਸਨੂੰ ਝੰਜੋੜ ਕੇ ਉਸਨੇ ਸਿੱਧਾ ਵਾਰ ਕੀਤਾ, "ਤੂੰ ਵੀ ਮੰਗ ਲੈ ਨਾ ਬਰੇਡ ਜਾ ਕੇ। ਰੋਜ਼ ਕਹਿੰਦੀ ਏਂ, ਬਰੇਡ ਨੂੰ ਬੜਾ ਜੀਅ ਕਰਦੈ…।"

"ਮੈਨੂੰ ਨਹੀਂ ਚਾਹੀਦੀ ਬਰੇਡ-ਫਰੇਡ," ਸੋਨੰਮਾ ਅਚਾਨਕ ਝਿੜਕ ਕੇ ਪਈ, "ਤੂੰ ਉੱਡ ਜਾ ਏਥੋਂ।"

ਸ਼ਾਂਤੰਮਾ ਉਸਨੂੰ ਅੰਗੂਠਾ ਦਿਖਾਅ ਕੇ ਨੱਸ ਗਈ ਤੇ ਸੋਨੰਮਾ ਦਾ ਮਨ ਹੋਰ ਭਾਰੀ ਹੋ ਗਿਆ।
***
ਕੱਲ੍ਹ ਤੀਜੇ ਪਹਿਰ ਦੋਵੇਂ ਤਲਾਅ 'ਤੇ ਆਏ ਸਨ, ਉਦੋਂ ਦਾ ਈ ਸੋਨੰਮਾ ਦੇ ਦਿਲ ਨੂੰ ਕੁਛ-ਕੁਛ ਹੋ ਰਿਹਾ ਏ।

ਉਹ ਤਲਾਅ 'ਚੋਂ ਪਾਣੀ ਭਰ ਚੁੱਕੀ ਸੀ ਕਿ ਔਰਤ ਨੇ ਕੋਲ ਆ ਕੇ ਪੁੱਛਿਆ ਸੀ, "ਤੁਸੀਂ ਲੋਕ, ਇਹ ਪਾਣੀ ਪੀਂਦੇ ਓ ?"

"ਹਾਂ, ਅੰਮਾਂ !" ਸੋਨੰਮਾ ਨੇ ਖੁਸ਼ੀ ਭਰੀ ਆਵਾਜ਼ ਵਿਚ ਕਿਹਾ, "ਚਾਹੀਦੈ ਤਾਂ ਤੁਹਾਨੂੰ ਵੀ ਦਿਆਂ ?"

"ਨਹੀਂ, ਨਹੀਂ !" ਕਹਿ ਕੇ ਉਹ ਯਕਦਮ ਪਿੱਛੇ ਹਟ ਗਈ ਸੀ।

ਮੂੰਹੋਂ ਕੁਝ ਨਹੀਂ ਸੀ ਕਿਹਾ, ਪਰ ਉਸਦੇ ਸਾਰੇ ਸਰੀਰ ਵਿਚੋਂ ਘਿਰਣਾ ਛਲਕਣ ਲੱਗ ਪਈ ਸੀ।

ਕੁਝ ਦੇਰ ਉਹ ਤਲਾਅ ਦੇ ਕਿਨਾਰੇ ਖੜ੍ਹੀ ਏਧਰ-ਉਧਰ ਦੇਖਦੀ ਰਹੀ ਸੀ, ਫੇਰ ਹੱਥ ਦੇ ਇਸ਼ਾਰੇ ਨਾਲ ਇਕ ਮੂਰਤੀ ਦਿਖਾਉਂਦੀ ਹੋਈ ਕੂਕੀ ਸੀ---"ਔਹ ਦੇਖੋ, ਓਧਰ ਧਨਕੁਬੇਰ ਦੀ ਮੂਰਤੀ, ਲੱਗਦਾ ਏ ਇਹ ਤਲਾਅ ਵੀ ਆਇਹੋਲੇ ਦੇ ਮੰਦਰਾਂ ਨਾਲ ਈ ਬਣਿਆ ਹੋਵੇਗਾ---ਪੰਜਵੀਂ-ਛੇਵੀ ਸਦੀ ਵਿਚ।"

"ਯਾਨੀ," ਮਰਦ ਨੇ ਹੱਸ ਕੇ ਕਿਹਾ, "ਡੇਢ ਹਜ਼ਾਰ ਸਾਲ ਤੋਂ ਇੱਥੋਂ ਦੇ ਲੋਕ ਇਸੇ ਤਲਾਅ ਦਾ ਪਾਣੀ ਪੀ ਰਹੇ ਨੇ…ਜ਼ਰਾ ਗੱਬ ਤਾਂ ਦੇਖੋ---ਹੈਤ-ਛੀ-ਛੀ !"

ਸੋਨੰਮਾ ਦੀ ਸਮਝ ਵਿਚ ਨਹੀਂ ਸੀ ਆਇਆ, ਇਸ ਵਿਚ 'ਹੈਤ-ਛੀ-ਛੀ' ਕਰਨ ਵਾਲੀ ਕਿਹੜੀ ਗੱਲ ਏ ! ਪੁਰਾਣੇ ਮੰਦਰਾਂ ਦੇ ਖੰਡਰਾਂ ਵਿਚ ਬਸਤੀ ਵਸਾਅ ਕੇ ਜਿਹੜੇ ਲੋਕ ਰਹਿ ਰਹੇ ਨੇ, ਉਹ ਸਾਰੇ ਈ ਇਸ ਤਲਾਅ ਦਾ ਪਾਣੀ ਪੀਂਦੇ ਨੇ। ਆਜੀ ਕਹਿੰਦੀ ਸੀ, ਜਦੋਂ ਉਹ ਛੋਟੀ ਹੁੰਦੀ ਸੀ, ਇੱਥੋਂ ਹੀ ਪਾਣੀ ਭਰਦੀ ਹੁੰਦੀ ਸੀ। ਉਸੇ ਨੇ ਦੱਸਿਆ ਸੀ, 'ਇਹ ਮੋਟੇ ਢਿੱਡ ਵਾਲੀ ਮੂਰਤੀ ਧਨਕੁਬੇਰ ਦੀ ਏ। ਉਹ ਧਨ ਦੀ ਰੱਖਿਆ ਕਰਦੇ ਨੇ।' 'ਧਨ ਕੀ ਹੁੰਦਾ ਏ ?' ਉਸਨੇ ਪੁੱਛਿਆ ਸੀ। 'ਇਹੀ ਸੋਨਾ, ਚਾਂਦੀ,' ਆਜੀ ਨੇ ਕਿਹਾ ਸੀ। 'ਪਰ ਇੱਥੇ ਤਾਂ ਸੋਨਾ, ਚਾਂਦੀ ਹੈ ਈ ਨਹੀਂ ਕਿਤੇ---' ਉਸਨੇ ਕਿਹਾ ਸੀ ਤਾਂ ਆਜੀ ਬੋਲੀ ਸੀ, 'ਓ ਬਈ ਨੀਰ (ਪਾਣੀ) ਕਿਸੇ ਧਨ ਨਾਲੋਂ ਘੱਟ ਐ ਕੋਈ। ਹਾਂ,' ਠੀਕ ਈ ਤਾਂ ਏ, ਇੱਥੇ ਬੈਠ ਕੇ ਧਨਕੁਬੇਰ ਤਲਾਅ ਦੀ ਰਾਖੀ ਕਰ ਰਹੇ ਨੇ। ਜੋ ਹੋਏ, ਉਸਨੂੰ ਚੰਗੇ ਲੱਗਦੇ ਨੇ ਧਨਕੁਬੇਰ। ਗੋਲ-ਮਟੋਲ ਮੂੰਹ, ਗੋਲ-ਮਟੋਲ ਢਿੱਡ ਤੇ ਹਾਏ ਰਾਮ, ਹਾਸੀ ! ਦੇਖ ਕੇ ਢਿੱਡ ਹਿੱਲਨ ਲੱਗ ਪਏ। ਕਿੰਨੀ ਵਾਰੀ ਪਾਣੀ ਭਰਨ ਆਈ ਉਹ ਉਹਨਾਂ ਦੇ ਸਾਹਮਣੇ ਖਲੋ ਕੇ ਹੱਸਦੀ ਰਹੀ ਏ…ਹੱਸਦੇ ਉਹ ਵੀ ਨੇ ਪਰ ਚੁੱਪ-ਗੜੁੱਪ, ਦੇਵਤਾ ਜੋ ਹੋਏ।
***
ਕੱਲ੍ਹ ਦੀ ਗੱਲ ਯਾਦ ਕਰਕੇ ਉਸਨੂੰ ਇਕ ਭਿਆਨਕ ਵਿਚਾਰ ਆਇਆ ਸੀ : ਉਸ ਔਰਤ ਦੇ ਏਨਾ, ਢੇਰ ਸਾਰਾ, ਸੋਨਾ ਪਾਇਆ ਹੁੰਦਾ ਏ---ਕਿਤੇ ਧਨਕੁਬੇਰ ਨੀਲ-ਤਲਾਅ ਨੂੰ ਛੱਡ ਕੇ ਉਸੇ ਦੀ ਰਾਖੀ ਨਾ ਕਰਨ ਤੁਰ ਪੈਣ?...ਉਸਨੇ ਘਬਰਾ ਕੇ ਮੂਰਤੀ ਵੱਲ ਦੇਖਿਆ ਸੀ। ਨਾ, ਉਹ ਤਾਂ ਓਵੇਂ ਦੀ ਜਿਵੇਂ ਹੱਸ ਰਹੇ ਨੇ। ਨਹੀਂ, ਉਹ ਕਿਤੇ ਨਹੀਂ ਜਾਣਗੇ। ਫੇਰ ਵੀ ਉਸਦਾ ਮਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ ਹੋਇਆ। ਬੇਚੈਨੀ ਲੱਗੀ ਰਹੀ ਸੀ। ਉਦੋਂ ਈ ਫਕੀਰੱਪਾ ਦੌੜਦਾ ਹੋਇਆ ਆਇਆ ਤੇ ਚੂਲੀਆਂ ਭਰ-ਭਰ ਕੇ ਗਟਾਗਟ, ਪਾਣੀ ਪੀਣ ਲੱਗ ਪਿਆ। ਦੂਜੇ ਹੱਥ ਵਿਚ ਬਰੇਡ ਫੜੀ ਹੋਈ ਸੀ।

"ਲਏਂਗੀ ?" ਗਲਾ ਤਰ ਕਰਕੇ ਉਸਨੇ ਬਰੇਡ ਵਾਲਾ ਹੱਥ ਨਚਾਉਣਾ ਸ਼ੁਰੂ ਕਰ ਦਿੱਤਾ।

"ਤੂੰ ਖਾਹ…ਮੈਨੂੰ ਨਹੀਂ ਚਾਹੀਦੀ।" ਸੋਨੰਮਾ ਨੇ ਕਿਹਾ।

"ਕਿਉਂ ? ਸਾਰੇ ਲਈ ਜਾਂਦੇ ਨੇ। ਤੂੰ ਕਿਉਂ ਨਹੀਂ ਮੰਗ ਲੈਂਦੀ ?"

"ਚੱਲ ਫੁੱਟ ਜਾ ਇੱਥੋਂ ਬਦਮਾਸ਼ਾ ! ਪਾਣੀ ਭਰਨ ਦੇਅ।" ਉਹ ਝਿੜਕ ਕੇ ਪਈ।

ਪਾਣੀ ਸ਼ਬਦ ਕਹਿੰਦਿਆਂ ਈ ਤਲਾਅ ਦੇ ਆਸ-ਪਾਸ 'ਹੈਤ-ਛੀ-ਛੀ' ਦੀ ਕੋਝੀ ਗੂੰਜ ਸੁਣਾਈ ਦਿੱਤੀ।

"ਬਦਮਾਸ਼ ਹੋਏਂਗੀ ਤੂੰ !" ਕਹਿ ਕੇ ਫਕੀਰੱਪਾ ਨੱਸ ਗਿਆ, ਪਰ ਥੋੜ੍ਹੀ ਦੂਰ ਜਾ ਕੇ ਪਲਟਿਆ ; ਕੋਲ ਆ ਕੇ ਬੋਲਿਆ, "ਉਹਨਾਂ ਕੋਲ ਕੈਮਰਾ ਏ, ਬਟਨ ਨੱਪਦਿਆਂ ਈ ਖਟਕ ਕਰਕੇ ਫੋਟੋ ਖਿੱਚੀ ਜਾਂਦੀ ਏ। ਆਖਾਂ ਉਹਨਾਂ ਨੂੰ, ਤੇਰੇ ਪੋਂਗਲ-ਪੋਲੀ ਦੀ ਵੀ ਖਿੱਚ ਦੇਣ।"

"ਜਾਂਨਾਂ ਏਂ ਕਿ ਸਿਰ ਪਾੜਾਂ ?" ਸੋਨੰਮਾ ਜ਼ੋਰ ਨਾਲ ਕੂਕੀ ਤੇ ਝੁਕ ਕੇ ਹੇਠੋਂ ਭੋਇੰ ਤੋਂ ਡਲਾ ਚੁੱਕ ਲਿਆ।

ਫਕੀਰੱਪਾ ਜੀਭਾਂ ਕੱਢਦਾ ਨੱਸ ਗਿਆ ਤੇ ਉਹ ਖਿਝ ਨਾਲ ਭਰੀ-ਪੀਤੀ ਖੜ੍ਹੀ ਰਹੀ। ਪਤਾ ਨਹੀਂ ਇਸ ਮਰ ਜਾਣੇ ਫਕੀਰੱਪੇ ਨੂੰ ਕਿਉਂ ਪੋਂਗਲ, ਪੋਲੀ ਬਾਰੇ ਦੱਸ ਬੈਠੀ ਸੀ ਉਹ। ਜਦੋਂ ਦੇਖੋ, ਚਿੜਾਉਂਦਾ ਰਹਿੰਦਾ ਏ।

ਉਦੋਂ ਈ ਉਸਨੇ ਦੇਖਿਆ, ਔਰਤ-ਮਰਦ ਉਸਦੇ ਸਾਹਮਣਿਓਂ ਲੰਘ ਰਹੇ ਨੇ।

'ਨਹੀਂ ਚਾਹੀਦੀ ਮੈਨੂੰ ਬਰੇਡ-ਫਰੇਡ।' ਮਨ ਹੀ ਮਨ ਉਸਨੇ ਕਿਹਾ ਤੇ ਜੀਭ ਕੱਢ ਕੇ ਦਿਖਾਅ ਦਿੱਤੀ।

ਪਰ ਉਹਨਾਂ ਦਾ ਧਿਆਨ ਉਸ ਵੱਲ ਨਹੀਂ ਸੀ।

ਉਹ ਤਲਾਅ ਦੇ ਦੂਜੇ ਪਾਸੇ ਵਾਲੇ ਮੰਦਰਾਂ ਦੇ ਖੰਡਰਾਂ ਵਲ ਦੇਖ ਰਹੇ ਸਨ।

ਅਚਾਨਕ, "ਦੇਖੋ, ਅਹੂ ਦੇਖੋ !" ਕਹਿੰਦਾ ਹੋਇਆ ਉਹ ਆਦਮੀ ਲਗਭਗ ਚੀਕ ਹੀ ਪਿਆ ਸੀ, "ਉਹ ਘਰ ਤਾਂ ਦੇਖੋ। ਯਕਸ਼-ਯਕਸ਼ਨੀ ਦੇ ਮੋਢਿਆਂ ਉੱਪਰ ਬਣਿਆ ਹੋਇਆ ਏ।"

ਸੋਨੰਮਾ ਥਾਵੇਂ ਗੱਡੀ ਗਈ ; ਸਿਲ-ਪੱਥਰ ਹੀ ਹੋ ਗਈ ਸੀ ਉਹ---ਉਹ ਤਾਂ ਉਹਨਾਂ ਦਾ ਘਰ ਏ, ਤੇ ਉਹੀ ਤਾਂ ਉਸਦੇ ਪੋਂਗਲ-ਪੋਲੀ ਨੇ।

ਔਰਤ ਵੀ ਥਾਵੇਂ ਅਟਕ ਗਈ।

"ਕਿੰਨੇ ਸੁੰਦਰ ਨੇ !" ਉਸਨੇ ਅਤੀ ਭਾਵੁਕ ਆਵਾਜ਼ ਵਿਚ ਕਿਹਾ ਤੇ ਉਧਰ ਦੇਖਦੀ ਰਹੀ, ਫੇਰ ਹੱਸ ਪਈ ਤੇ ਟੁਣਕਵੀਂ ਆਵਾਜ਼ ਵਿਚ ਬੋਲੀ, "ਚਾਲੁਕਿਆਂ ਦੇ ਯਕਸ਼-ਯਕਸ਼ਨੀ ਮੇਰੇ ਰਾਖੇ ਦੁਆਰਪਾਲ (ਦਰਬਾਨ) ਬਣ ਸਕਣ ਤਾਂ ਮੈਂ ਹੋਰ ਕੁਝ ਨਾ ਮੰਗਾਂ।"

"ਸੱਚ ?" ਮਰਦ ਨੇ ਵੀ ਹੱਸ ਕੇ ਕਿਹਾ।

"ਸੱਚ, ਮਜ਼ਾਕ ਨਹੀਂ," ਔਰਤ ਗੰਭੀਰ ਹੋ ਗਈ, "ਇਹ ਮੈਨੂੰ ਮਿਲ ਜਾਣ ਤਾਂ ਮੈਂ ਬਿਲਕੁਲ ਸਾਦਾ ਜਿਹਾ ਘਰ ਬਣਾ ਕੇ ਰਹਿ ਸਕਦੀ ਆਂ।" ਉਸਦੀ ਆਵਾਜ਼ ਵਿਚ ਇਕ ਤਰਲਾ ਸੀ।

ਮਰਦ ਨੇ ਉਸ ਵੱਲ ਵੇਖਿਆ ਤੇ ਕੁਝ ਸੋਚ ਕੇ ਬੋਲਿਆ, "ਸ਼ਾਇਦ ਮਿਲ ਵੀ ਜਾਣ। ਜਿਸਦਾ ਘਰ ਏ ਉਸ ਨਾਲ ਗੱਲ ਕਰਕੇ ਦੇਖਦਾ ਆਂ।"

ਸੋਨੰਮਾ ਨੇ ਸੁਣਿਆ ਤਾਂ ਝੱਟ ਉਹਨਾਂ ਕੋਲ ਜਾ ਪਹੁੰਚੀ।

"ਕਿਉਂ ਕੀ ਗੱਲ ਏ ?" ਉਸ ਕਿਹਾ।

"ਇਹ ਘਰ ਕਿਸਦਾ ਏ ?" ਮਰਦ ਨੇ ਪੁੱਛਿਆ।

"ਸਾਡਾ।"

"ਅਸੀਂ ਦੇਖ ਸਕਦੇ ਆਂ ?"

"ਨਹੀਂ।"

"ਕਿਉਂ ? ਅੰਦਰ ਹੋਰ ਵੀ ਮੂਰਤੀਆਂ ਨੇ ?"

"ਨਹੀਂ।"

ਉਹ ਸਖ਼ਤੀ ਨਾਲ ਉਹਨਾਂ ਨੂੰ ਟਾਲਨ ਦਾ ਯਤਨ ਕਰ ਰਹੀ ਸੀ ਕਿ ਫਕੀਰੱਪਾ ਆ ਗਿਆ।

"ਆਓ, ਆਓ, ਮੈਂ ਦਿਖੌਣਾ।" ਬਾਂਦਰ ਵਾਂਗ ਉਛਲਦਿਆਂ ਉਸਨੇ ਕਿਹਾ ਤੇ ਉਹਨਾਂ ਨੂੰ ਅੰਦਰ ਲੈ ਗਿਆ।

'ਮੂਰਖ ! ਬਦਮਾਸ਼ ! ਗਧਾ !' ਮਨ ਹੀ ਮਨ ਉਸਨੂੰ ਗਾਲ੍ਹਾਂ ਕੱਢਦੀ ਸੋਨੰਮਾ, ਉੱਥੇ ਈ ਖੜ੍ਹੀ ਰਹੀ।

ਉਸਨੇ ਸੁਣਿਆ ਏਂ, ਉਸਦੇ ਘਰ ਦੇ ਹੇਠ ਕਦੀ ਮੰਦਰ ਹੁੰਦਾ ਸੀ। ਹੁਣ ਤਾਂ ਕੁਝ ਟੁੱਟੇ-ਭੱਜੇ ਥੰਮ੍ਹ ਬਚੇ ਨੇ…ਤੇ ਬਾਕੀ ਬਚੇ ਨੇ ਉਹਦੇ ਪੋਂਗਲ-ਪੋਲੀ। ਉਹਨਾਂ ਉੱਪਰ ਮਿੱਟੀ, ਪੱਥਰ ਚਿਣ ਕੇ ਕੱਚਾ-ਪੱਕਾ ਮਕਾਨ ਖੜ੍ਹਾ ਕੀਤਾ ਹੋਇਆ ਏ। ਕਿੰਨੇ ਸੁੰਦਰ ਨੇ ਪੋਂਗਲ-ਪੋਲੀ। ਬਚਪਨ ਵਿਚ ਈ ਉਸਨੂੰ ਇਸ ਯਕਸ਼-ਯਕਸ਼ਨੀ ਨਾਲ ਪਿਆਰ ਹੋ ਗਿਆ ਸੀ। ਉਹ ਚਾਹੁੰਦੀ ਸੀ, ਉਹਨਾਂ ਦਾ ਕੋਈ ਪਿਆਰਾ ਜਿਹਾ ਨਾਂਅ ਰੱਖੇ, ਜਿਸ ਨਾਲ ਉਹ ਸਿਰਫ ਉਸਦੇ ਹੋਣ। ਪਤਾ ਨਹੀਂ ਕਿਉਂ, ਇਕ ਦਿਨ ਇਸ ਮੋਏ ਫਕੀਰੱਪੇ ਨੂੰ ਦੱਸ ਬੈਠੀ ਸੀ। ਫੇਰ ਵੀ ਹੈਨ ਉਹ ਉਸੇ ਦੇ ਈ। ਪੋਂਗਲ-ਪੋਲੀ ਨਾਂਅ ਵੀ ਉਸਨੇ ਰੱਖਿਆ ਸੀ, ਉਹਨਾਂ ਦਾ। ਪੂਰਨਮਾਸ਼ੀ ਵਾਲੇ ਦਿਨ ਅੰਮਾਂ ਖਾਣ ਲਈ ਪੋਲੀ ਬਣਾਉਂਦੀ ਏ ਤੇ ਵਾਰ-ਤਿਹਾਰ ਵਾਲੇ ਦਿਨ, ਪੋਂਗਲ। ਕਿੰਨੇ ਕੂਲੇ, ਕਿੰਨੇ ਮਿੱਠੇ…ਯਾਦ ਕਰਕੇ ਈ ਮੂੰਹ ਵਿਚ ਪਾਣੀ ਆ ਜਾਂਦਾ ਏ। ਤਦੇ ਤਾਂ ਆਪਣੇ ਸਭ ਤੋਂ ਪਿਆਰੇ ਯਕਸ਼-ਯਕਸ਼ਨੀ ਦਾ ਨਾਂਅ ਉਸਨੇ ਇਹੋ ਰੱਖਿਆ ਸੀ।

ਕਿੰਨੀ ਸੁੰਦਰ ਏ ਯਕਸ਼ਨੀ !

ਛਾਤੀਆਂ ਦੇ ਭਾਰ ਨਾਲ ਝੁਕਿਆ-ਝੁਕਿਆ ਪਤਲੂ ਜਿਹਾ ਲੱਕ, ਨਿੱਕੇ ਪੰਛੀ ਵਰਗੀਆਂ ਬੁੱਲ੍ਹੀਆਂ, ਉੱਚੇ ਕਰਕੇ ਬੰਨ੍ਹੇ ਮਣੀ ਵਰਗੇ ਕੇਸ ਤੇ ਇਹ ਢੇਰ ਸਾਰੇ ਜੇਵਰ !

ਕਿੰਨੀ ਵਾਰੀ ਉਸਦੇ ਬਰਾਬਰ ਖਲੋ ਕੇ ਉਸਨੇ ਆਪਣੇ ਆਪ ਨੂੰ ਦੇਖਿਆ ਏ…ਕੀ ਉਹ ਵੀ ਏਨੀ ਸੁੰਦਰ ਦਿਖਦੀ ਏ ?

ਪਰ ਉਸ ਨਾਲੋਂ ਵੀ ਸੁੰਦਰ ਏ ਯਕਸ਼…ਕੇਡੀ ਚੌੜੀ ਛਾਤੀ ਪਰ ਪੋਲੀ ਵਰਗਾ ਲੱਕ। ਕਿੰਨੇ ਪ੍ਰੇਮ ਨਾਲ ਪੋਲੀ ਦੇ ਲੱਕ ਦੁਆਲੇ ਬਾਂਹ ਵਲ ਕੇ ਛਾਤੀ 'ਤੇ ਹੱਥ ਰੱਖਿਆ ਹੋਇਆ ਏ…ਅੰਤਾਂ ਦਾ ਪ੍ਰੇਮ ਭਰਿਆ ਏ, ਉਹਦੀਆਂ ਲੰਮੀਆਂ-ਮੋਟੀਆਂ ਅੱਖਾਂ ਵਿਚ। ਤੇ ਉਸਦੇ ਹੋਂਠ---ਜਿਵੇਂ ਹੁਣੇ ਬੋਲੇ ਕਿ ਬੋਲੇ। ਹੱਥ ਨਾ ਛੂਹ ਕੇ ਦੇਖੋ ਤਾਂ ਬਿੰਦ ਦਾ ਬਿੰਦ ਸਾਹ ਈ ਰੁਕ ਜਾਏ…

ਸੋਚਾਂ ਵਿਚ ਖੁੱਭੀ ਉਹ ਸ਼ਰਮਾ ਗਈ ਤੇ ਉੱਚੀ ਸਾਰੀ ਬੋਲੀ, "ਨਹੀਂ, ਮੈਂ ਨਹੀਂ ਲੈ ਜਾਣ ਦਿਆਂਗੀ, ਕਦੀ ਨਹੀਂ।"

ਉਹ ਲੋਕ ਬਾਹਰ ਆ ਰਹੇ ਸਨ। ਆਦਮੀ ਉੱਚੀ-ਉੱਚੀ ਹੱਸ ਰਿਹਾ ਸੀ, ਔਰਤ ਗੰਭੀਰ ਸੀ।

"ਕਿਉਂ, ਸੋਚਿਆ ਨਹੀਂ ਸੀ ਨਾ," ਆਦਮੀ ਨੇ ਹੱਸਦਿਆਂ ਹੋਇਆਂ ਕਿਹਾ, "ਅੰਦਰ ਦਰਜ਼ੀ ਦੀ ਦੁਕਾਨ ਦੇਖਣ ਲਈ ਮਿਲੇਗੀ ?"

"ਹੂੰ," ਔਰਤ ਨੇ ਗੰਭੀਰ ਆਵਾਜ਼ ਵਿਚ ਕਿਹਾ, "ਇਸ ਲਈ ਕੁਛ ਕਰਨਾ ਪਏਗਾ। ਇਹਨਾਂ ਮੂਰਤੀਆਂ ਨੂੰ ਇਸ ਹਾਲਤ ਵਿਚ ਇੱਥੇ ਨਹੀਂ ਛੱਡਿਆ ਜਾ ਸਕਦਾ।"

ਫੇਰ ਉਹ ਦੋਵੇਂ ਬੜੀ ਦੇਰ ਤਕ ਮੰਦਰਾਂ ਬਾਰੇ ਗੱਲਾਂ ਕਰਦੇ ਰਹੇ, ਸੋਨੰਮਾ ਨੇ ਬਹੁਤਾ ਧਿਆਨ ਨਹੀਂ ਦਿੱਤਾ। ਉਸਦੇ ਕੰਨਾਂ ਵਿਚ ਉਹੀ ਵਾਕ ਵਾਰੀ-ਵਾਰੀ ਗੂੰਜ ਰਿਹਾ ਸੀ।

"ਹਾਲੇ ਕਿੰਨੀ ਕੁ ਰਹਿੰਦੀ ਏ ਤੇਰੀ ਥੀਸਿਸ ?" ਜਾਂ ਅਜਿਹਾ ਹੀ ਕੁਝ ਉਸ ਆਦਮੀ ਨੇ ਪੁੱਛਿਆ ਸੀ ਤੇ ਉਸਨੇ ਜਵਾਬ ਦਿੱਤਾ ਸੀ, "ਬਸ, ਥੋੜ੍ਹੀ ਈ…ਅਜੇ ਪਟਕਡਕਲ ਵੀ ਜਾਣਾ ਏਂ, ਉਹੀ ਤਾਂ ਚਾਲੁਕਿਆਂ ਦੀ ਰਾਜਧਾਨੀ ਸੀ।" ਆਦਮੀ ਨੇ ਉਬਾਸੀ ਲਈ ਤੇ ਉਹ ਬੋਲੀ, "ਥੱਕ ਗਏ, ਪਰ ਸੋਚੋ ਤਾਂ ਸਹੀ, ਇਹ ਕਿੰਨਾ ਪੁਰਾਣਾ ਏਂ, ਕਿੰਨਾ ਸੁੰਦਰ ! ਬਈ ਇਹ ਤਾਂ ਮੰਦਰਾਂ ਦਾ ਜਨਮ ਸਥਾਨ ਏਂ।"

'ਤੇ ਮੇਰਾ ਵੀ।' ਸੋਨੰਮਾ ਨੇ ਯਕਦਮ ਸੋਚਿਆ।

ਉਦੋਂ ਈ ਆਦਮੀ ਨੇ ਨੱਕ ਬੁੱਲ ਸੁਕੇੜਦਿਆਂ ਕਿਹਾ, "ਤੇ ਹੁਣ ਦੇਖੋ ਕੀ ਹਾਲ ਹੋਏ-ਹੋਏ ਨੇ। ਉਫ਼, ਕਿੰਨੀ ਗੰਦਗੀ ਏ ਇੱਥੇ !"

"ਗਰੀਬ ਲੋਕ ਨੇ। ਇਹਨਾਂ ਵਿਚਾਰਿਆਂ ਨੂੰ ਕਲਾ ਦਾ ਕੀ ਗਿਆਨ ! ਮੈਨੂੰ ਤਾਂ ਸੱਚਮੁੱਚ ਬੜਾ ਦੁੱਖ ਹੁੰਦੈ, ਇਹਨਾਂ ਨੂੰ ਦੇਖ ਕੇ।" ਔਰਤ ਨੇ ਹਮਦਰਦੀ ਵੱਸ ਕੰਬਦੀ ਆਵਾਜ਼ ਵਿਚ ਕਿਹਾ, ਪਰ ਸੋਨੰਮਾ ਨੂੰ ਲੱਗਿਆ ਉਸਨੇ, ਉਸਦੀ ਗੱਲ੍ਹ ਉੱਤੇ ਖਿੱਚ ਕੇ ਚਪੇੜ ਮਾਰੀ ਏ।

"ਹਾਂ, ਉਹ ਤਾਂ ਹੈ।" ਆਦਮੀ ਨੇ ਲਾਪ੍ਰਵਾਹੀ ਨਾਲ ਕਿਹਾ, ਫੇਰ ਪੁੱਛਿਆ, "ਚੱਲੀਏ ਹੁਣ ?"

"ਹਾਂ, ਚੱਲੋ।" ਔਰਤ ਨੇ ਕਿਹਾ ਤੇ ਚੂੜੀਆਂ ਭਰੀ ਬਾਂਹ ਉੱਚੀ ਚੁੱਕ ਕੇ ਇਕ ਹੱਥ ਨਾਲ ਆਪਣੇ ਕੇਸ ਸੰਵਾਰੇ।

ਅਚਾਨਕ ਸੋਨੰਮਾ ਨੇ ਦੇਖਿਆ, ਉਹ ਇਨ-ਬਿਨ ਯਕਸ਼ਨੀ ਵਰਗੀ ਏ। ਉਹੀ ਛਾਤੀਆਂ ਦੇ ਭਾਰ ਨਾਲ ਝੁਕਿਆ-ਝੁਕਿਆ ਪਤਲੂ ਜਿਹਾ ਲੱਕ, ਉਹੀ ਨਿੱਕੇ ਪੰਛੀ ਵਰਗੀਆਂ ਬੁੱਲ੍ਹੀਆਂ, ਉੱਚੇ ਕਰਕੇ ਬੰਨ੍ਹੇ ਮਣੀ ਵਰਗੇ ਕੇਸ ਤੇ ਇਹ ਢੇਰ ਸਾਰੇ ਜੇਵਰ ! ਯਕਸ਼ ਦੇ ਬਾਰਬਰ ਖੜ੍ਹੀ ਹੋਵੇ ਤਾਂ ਉਸੇ ਦੀ ਪਿਆਰੀ ਲੱਗੇ। ਉਸਨੂੰ ਲੱਗਿਆ ਪੋਂਗਲ-ਪੋਲੀ ਨੂੰ ਦੇਣ ਖਾਤਰ ਉਸਦਾ ਬਾਪੂ ਨਾ ਵੀ ਮੰਨੇ ਤਾਂ ਵੀ ਕੋਈ ਫ਼ਰਕ ਨਹੀਂ ਪੈਣਾ---ਪੋਂਗਲ ਖ਼ੁਦ ਉੱਠ ਕੇ ਆਪਣੀ ਨਵੀਂ ਪਿਆਰੀ ਦੇ ਪਿੱਛੇ-ਪਿੱਛੇ ਟੁਰ ਜਾਵੇਗਾ।

ਉਹ ਧੜਮ ਕਰਕੇ ਧਰਤੀ ਉੱਤੇ ਬੈਠ ਗਈ ਤੇ ਵਿਛੋੜੇ ਦੇ ਦੁੱਖ ਕਾਰਣ, ਧਾਹਾਂ ਮਾਰ-ਮਾਰ ਕੇ ਰੋਣ ਲੱਗ ਪਈ।

ਇਹ ਕਹਾਣੀ ਅੱਖਰ ਦੇ ਨਵੰਬਰ-ਦਸੰਬਰ-2008.ਅੰਕ ਵਿਚ ਛਪੀ ਹੈ। ਅੱਖਰ ਦਾ ਸੰਪਰਕ ਨੰ : ਹੈ ---0183-2210107 ਹੈ ।

ਬਾਬਾ ਸੀਟੀਆਂ ਵਾਲਾ :: ਲੇਖਕ : ਜਫ਼ਰ ਪਿਆਮੀ

ਉਰਦੂ ਕਹਾਣੀ : ਬਾਬਾ ਸੀਟੀਆਂ ਵਾਲਾ... :: ਲੇਖਕ : ਜਫ਼ਰ ਪਿਆਮੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਸ਼ਹਿਰ ਦਾ ਬੁਰਾ ਹਾਲ ਸੀ ਉਹਨੀਂ ਦਿਨੀਂ…ਸੂਰਜ ਦੇ ਛਿਪਾਅ ਨਾਲ ਹੀ ਗਲੀਆਂ, ਮੁਹੱਲੇ, ਬਾਜ਼ਾਰ ਤੇ ਸੜਕਾਂ ਸੁੰਨਸਾਨ ਹੋ ਜਾਂਦੀਆਂ ਸੀ। ਬਿਨਾਂ ਕਿਸੇ ਦੇ ਕਹੇ ਲੋਕ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਛੂਹ-ਟੋਹ ਕੇ ਦੇਖ ਲੈਂਦੇ ਸੀ ਕਿ ਚਿਟਕਨੀਆਂ ਤੇ ਕੁੰਡੇ ਤਾਂ ਸਲਾਮਤ ਨੇ ਨਾ?...ਫੇਰ ਉਹਨਾਂ ਵਿਚ ਜਿੰਦਰੇ ਫਸਾਂਦੇ, ਜਿੰਦਰਿਆਂ ਨੂੰ ਵਾਰੀ-ਵਾਰੀ ਖਿੱਚ ਕੇ ਦੇਖਦੇ ਕਿ ਵਾਕਈ ਬੰਦ ਤਾਂ ਹੋ ਗਏ ਨੇ ਨਾ? ਤੇ ਫੇਰ ਆਪੁ-ਆਪਣੇ ਕੈਦ-ਖ਼ਾਨਿਆਂ ਦੀਆਂ ਚਾਬੀਆਂ ਕਿਤੇ ਲਕੋਅ ਕੇ ਰੱਖ ਦੇਂਦੇ ਤੇ ਅੱਖਾਂ ਉੱਪਰ ਮਣਾ-ਮੂੰਹੀ ਭਾਰੇ ਭੈ ਦੀ ਚਾਦਰ ਤਾਣ ਕੇ ਗਰਮੀਆਂ ਦੀ ਘੁਟਣ ਤੇ ਬਰਸਾਤਾਂ ਦੀਆਂ ਹੁੰਮਸ ਭਰੀਆਂ ਰਾਤਾਂ ਵਿਚ ਆਪੋ-ਆਪਣੇ ਕਬਰਾਂ-ਰੂਪੀ ਕਮਰਿਆਂ ਵਿਚ ਤੜ ਕੇ ਛਾਪਲ ਜਾਂਦੇ ਸੀ…ਜਿਵੇਂ ਜਾਗਣ ਤੇ ਸੌਣ ਦਾ ਨਾਟਕ ਕਰ ਰਹੇ ਹੋਣ। ਉਦੋਂ ਹੀ ਇਕ ਖੌਫ਼ਨਾਕ ਆਵਾਜ਼ ਕੰਨਾਂ ਥਾਈਂ ਹੁੰਦੀ ਹੋਈ ਦਿਲ ਤੇ ਦਿਮਾਗ਼ ਨੂੰ ਵਿੰਨ੍ਹ ਜਾਂਦੀ…

"ਲੈਫ਼ਟ-ਰਾਈਟ, ਲੈਫ਼ਟ-ਰਾਈਟ…ਢਿੰਬਰੀ ਟਾਈਟ…।

"ਸ਼ਟਰ-ਅੱਪ, ਸ਼ਟਰ-ਡਾਊਨ…ਸ਼ਟਰ-ਅੱਪ, ਸ਼ਟਰ-ਡਾਊਨ...ਨਾ ਕੋਈ ਵਿੰਡੋ, ਨਾ ਕੋਈ ਡੋਰ---ਨਾ ਕੋਈ ਸਾਧੂ, ਨਾ ਕੋਈ ਚੋਰ…ਸ਼ਟਰ-ਅੱਪ, ਸ਼ਟਰ-ਡਾਊਨ.."

ਤੇ ਪੂਰੇ ਜ਼ੋਰ ਨਾਲ ਇਕ ਸੀਟੀ ਕੂਕਦੀ---ਬਾਬੇ ਸੀਟੀਆਂ ਵਾਲੇ ਦੀ ਸੀਟੀ।…ਤੇ ਇਕ ਨੰਗ-ਧੜ ਬੁੱਢਾ, ਨੰਗੀ-ਬੁੱਚੀ ਤੇ ਬੇਸ਼ਰਮ ਸੜਕ ਉੱਪਰ ਪਰੇਡ ਕਰਦਾ ਹੋਇਆ, ਇਕ ਸਿਰੇ ਤੋਂ ਦੁਜੇ ਸਿਰੇ ਤਕ ਤੁਰਿਆ ਫਿਰਦਾ---ਬੰਦ ਬਾਜ਼ਾਰਾਂ ਦੇ ਸ਼ਟਰ-ਅੱਪ, ਸ਼ਟਰ-ਡਾਊਨ ਕਰਵਾਉਂਦਾ ਤੇ ਸੀਟੀ ਵਜਾਉਂਦਾ ਹੋਇਆ…

ਇਸ ਬਾਬੇ ਸੀਟੀ ਵਾਲੇ ਨੂੰ ਇਸ ਸ਼ਹਿਰ ਦੇ ਲੋਕ ਉਸ ਦਿਨ ਦੇ ਜਾਣਦੇ ਸਨ, ਜਦੋਂ ਉਹ ਸਿਰਫ ਭਾਈ ਸਲੇਟੀਆਂ ਵਾਲਾ ਹੁੰਦਾ ਸੀ ਤੇ ਬੱਚਿਆਂ ਦੀ ਲੋੜ ਤੇ ਪਸੰਦ ਦੀਆਂ ਚੀਜ਼ਾਂ ਦਾ ਛਾਬਾ ਲਾ ਕੇ ਸਕੂਲ ਦੇ ਸਾਹਮਣੇ ਬੈਠਾ ਹੁੰਦਾ ਸੀ। ਪੈਨਸਲਾਂ, ਨਿੱਬ, ਦਵਾਤਾਂ, ਸਲੇਟ-ਸਲੇਟੀਆਂ, ਰੰਗ-ਬਰੰਗੇ ਚਾਕਾਂ ਤੇ ਛੋਟੇ-ਛੋਟੇ ਚਾਕੂਆਂ ਤੋਂ ਬਿਨਾਂ ਉਸ ਕੋਲ ਭਾਂਤ-ਭਾਂਤ ਦੀਆਂ ਮਿੱਠੀਆਂ ਗੋਲੀਆਂ ਤੇ 'ਅੱਗ ਵਾਲਾ ਚੂਰਨ' ਵੀ ਹੁੰਦਾ ਸੀ। ਕੁਝ ਵੱਡੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਪੈਨਸਲਾਂ ਤੇ ਸਲੇਟੀਆਂ ਸਿਰਫ 'ਸ਼ੋਅ' ਖਾਤਰ ਹੀ ਸਨ, ਉਸਦਾ ਅਸਲ ਧੰਦਾ ਤਾਂ ਖੱਟੀਆਂ-ਮਿੱਠੀਆਂ ਗੋਲੀਆਂ ਤੇ 'ਖਾਂਸੀ ਵਾਲੇ ਚੂਰਨ' ਦਾ ਸੀ। ਇਸੇ ਕਰਕੇ ਉਹ ਤੇਜ਼ਾਬ ਬੁਝਿਆ ਚੂਰਨ, ਹਮੇਸ਼ਾ ਓਹਲੇ ਨਾਲ, ਦੇਂਦਾ ਹੁੰਦਾ ਸੀ। ਜਦੋਂ ਉਸਦੇ ਗਾਹਕ ਪ੍ਰਾਇਮਰੀ ਤੋਂ ਹਾਈ ਸਕੂਲ ਚਲੇ ਗਏ ਤਾਂ ਭਾਈ ਸਲੇਟੀਆਂ ਵਾਲੇ ਨੇ ਵੀ ਗੌਰਮਿੰਟ ਹਾਈ ਸਕੂਲ ਦੇ ਸਾਹਮਣੇ, ਇਕ ਚਬੂਤਰੇ ਉੱਤੇ ਆਪਣਾ ਸਾਮਾਨ ਜਚਾ ਲਿਆ---

ਸਮੇਂ ਦੇ ਨਾਲ ਨਾਲ ਹਾਈ ਸਕੂਲ ਦੇ ਗਾਹਕ ਨੌਵੀਂ-ਦਸਵੀਂ ਪਾਸ ਕਰਕੇ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਲੱਗੇ---ਭਾਈ ਸਲੇਟੀਆਂ ਵਾਲੇ ਨੇ ਵੀ ਕਾਲੂ ਹਲਵਾਈ ਦੇ ਪਿਛਲੇ ਪਾਸੇ ਆਪਣਾ ਕਾਰੋਬਾਰ ਸਜਾ ਲਿਆ। ਦੁਕਾਨ ਉੱਤੇ ਇਕ ਵੱਡਾ ਸਾਰਾ ਬੋਰਡ ਵੀ ਲਾ ਦਿੱਤਾ :

"ਸਾਡਾ ਆਦਰਸ਼---ਘੱਟ ਖਰਚ, ਵਧੀਆ ਮਾਲ।
ਸਾਰੇ ਭਰਾਵਾਂ ਦੀ ਦੁਕਾਨ।।
ਹਰੇਕ ਭੈਣ-ਭਰਾ ਦੀ ਲੋੜ ਦਾ ਸਾਮਾਨ ਘੱਟ ਰੇਟਾਂ 'ਤੇ ਮਿਲਦਾ ਹੈ।
ਸਾਡਾ ਅਸੂਲ, ਵਧੀਆ ਤੇ ਸਸਤਾ ਮਾਲ।।"

ਬੋਰਡ ਲਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਸੀ…ਵੱਡੀਆਂ-ਵੱਡੀਆਂ ਦੁਕਾਨਾਂ ਬਿਨਾਂ ਬੋਰਡ ਦੇ ਚੱਲ ਰਹੀਆਂ ਸਨ, ਪਰ ਜਦੋਂ ਦਾ ਉਸਦਾ ਇਕ ਪੁਰਾਣਾ ਗਾਹਕ ਭੋਲੂ, ਅੱਠਵੀਂ ਵਿਚੋਂ ਹਟ ਕੇ, 'ਅੰਬਰਸਰੋਂ' ਪੇਂਟਿੰਗ ਦਾ ਕੰਮ ਸਿੱਖ ਕੇ ਆਇਆ ਸੀ---ਉਸ ਕੋਲ ਇਕ ਵੀ ਗਾਹਕ ਨਹੀਂ ਸੀ ਆਇਆ ਤੇ ਜਦੋਂ ਭਾਈ ਸੀਟੀਆਂ ਵਾਲੇ ਨੇ ਦੁਕਾਨ ਕਰ ਲਈ ਤਾਂ ਭੋਲੂ ਨੇ ਆਪਣੇ ਵੱਲੋਂ ਹੀ ਇਹ ਬੋਰਡ ਲਿਖ ਕੇ ਲਾ ਦਿੱਤਾ। ਹੇਠਾਂ ਕੋਨੇ ਵਿਚ ਹਰੇ ਰੰਗ ਨਾਲ ਲਿਖਿਆ---'ਭੋਲੂ ਪੇਂਟਰ ਐਂਡ ਆਰਟਿਸਟ, ਬਾਜ਼ਾਰ ਹਕੀਮਾਂ।'

ਬੋਰਡ ਦੀ ਇਬਾਰਤ ਤੇ ਖਾਸ ਕਰਕੇ ਗਾਹਕਾਂ ਨੂੰ ਘੱਟ ਖਰਚੇ ਤੇ ਵਧੀਆ ਮਾਲ ਦੇਣ ਦੀ ਗਰੰਟੀ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਦਿਮਾਗ਼ ਦੀ ਦੇਣ ਸੀ। ਭਾਈ ਦੇ ਜਾਣ-ਪਛਾਣ ਵਾਲਿਆਂ ਵਿਚ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਹੀ ਸਭ ਤੋਂ ਵੱਧ ਪੜ੍ਹਿਆ-ਲਿਖਿਆ ਬੰਦਾ ਸੀ। ਸ਼ਾਇਰ ਤਾਂ ਐਨਾਂ ਵੱਡਾ ਸੀ ਕਿ ਮਾਲ-ਮੰਡੀ ਤੋਂ ਲੈ ਕੇ ਵੱਡੇ-ਵੱਡੇ ਜ਼ਿਮੀਂਦਾਰਾਂ ਦੇ ਮੁੰਡਿਆਂ ਦੇ ਵਿਆਹਾਂ ਵਿਚ ਉਸ ਦੀ ਮੰਗ ਰਹਿੰਦੀ ਸੀ।

ਇੰਜ ਭਾਈ ਦੀ ਦੁਕਾਨ ਦਾ ਮੁੱਢ, ਭੋਲੂ ਦੇ ਆਰਟ ਤੇ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਅਦਬ ਨਾ ਬੱਝਿਆ। ਦੁਕਾਨ ਹੌਲੀ-ਹੌਲੀ ਹਰ ਕਿਸਮ ਦੇ ਮਾਲ ਨਾਲ ਭਰਨ ਲੱਗੀ---ਹੁਣ ਇਹ ਸਿਰਫ ਬੱਚਿਆਂ ਦਾ ਸਟੋਰ ਹੀ ਨਹੀਂ ਸੀ ਰਿਹਾ ਬਲਿਕੇ ਸਟੇਸ਼ਨਰੀ ਯਾਨੀ ਸਲੇਟੀਆਂ ਤੇ ਕਲਮਾਂ-ਦਵਾਤਾਂ ਤੋਂ ਬਿਨਾਂ ਇਸ ਵਿਚ ਕਨਫ਼ਿਕਸ਼ਨਰੀ ਯਾਨੀ ਗੋਲੀਆਂ-ਟਾਫ਼ੀਆਂ,ਚੂਰਨ, ਰੰਗੀਨ-ਪੈਨਸਲਾਂ, ਪੈਕਟ-ਬੰਦ ਬਿਸਕੁਟ ਤੇ ਤਾਜੀ ਡਬਲ-ਰੋਟੀ ਵੀ ਮਿਲਣ ਲੱਗੀ। ਫੇਰ ਭਾਈ ਨੇ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੀ ਸਲਾਹ ਉੱਤੇ ਹੀ ਵੱਖ-ਵੱਖ ਤਰ੍ਹਾਂ ਦੇ ਕਲੰਡਰ ਵੀ ਵੇਚਣੇ ਸ਼ੁਰੂ ਕਰ ਦਿੱਤੇ ਸਨ। ਉੱਤੇ ਗੁਰੂਆਂ, ਦੇਵੀ-ਦੇਵਤਿਆਂ ਤੇ ਨੇਤਾਵਾਂ ਦੀਆਂ ਤਸਵੀਰਾਂ ਹੁੰਦੀਆਂ ਸਨ ਤੇ ਹੇਠਾਂ ਮਸ਼ਹੂਰ ਫਿਲਮੀ ਐਕਟਰ-ਐਕਟਰਸਾਂ ਦੀਆਂ। ਕਲੰਡਰਾਂ ਦੇ ਨਾਲ-ਨਾਲ ਜੰਤਰੀਆਂ ਵੀ ਆਈਆਂ, ਜਿਹਨਾਂ ਵਿਚ ਸਰਕਾਰੀ ਛੁੱਟੀਆਂ ਦੇ ਨਾਲ-ਨਾਲ ਮਹੂਰਤ ਕੱਢਣ ਦੇ ਤਰੀਕੇ, ਆਮ ਬਿਮਾਰੀਆਂ ਦੇ ਇਲਾਜ਼ਾਂ ਦੇ ਨੁਸਖੇ ਅਤੇ ਬੀਰਬਲ ਤੇ ਅਕਬਰ ਦੇ ਚੁਟਕਲੇ ਵੀ ਹੁੰਦੇ ਸਨ।

ਫੇਰ ਭਾਈ ਦੀ ਦੁਕਾਨ ਵਿਚ ਮੁਨਿਆਰੀ ਦਾ ਸਾਮਾਨ ਵੀ ਆ ਗਿਆ---ਰੁਮਾਲ, ਰੁਮਾਲੇ, ਜਾਂਘੀਏ, ਬਨੈਣਾ, ਬਿੰਦੀਆਂ, ਸੁਰਖ਼ੀਆਂ, ਟੁੱਥ-ਪੇਸਟ, ਜੁਰਾਬਾਂ, ਨਸਵਾਰ ਤੇ ਖਿਜਾਬ ਵਗ਼ੈਰਾ-ਵਗ਼ੈਰਾ। ਉਹ ਇਕ ਅਲਮਾਰੀ ਵਿਚ ਲਿਪਸਟਿਕ, ਪਾਊਡ ਤੇ ਨਵੇਂ-ਨਵੇਂ ਡਿਜ਼ਾਇਨਾਂ ਦੀਆਂ ਅੰਗੀਆਂ ਵੀ ਰੱਖਣ ਲੱਗ ਪਿਆ। ਇਹ ਅਖ਼ੀਰਲੀ ਆਈਟਮ ਉਹ ਜ਼ਰਾ ਸਾਵਧਾਨੀ ਨਾਲ ਵੇਚਦਾ ਕਿਉਂਕਿ ਵੱਡੇ ਬਜ਼ੁਰਗਾਂ ਵਿਚ 'ਬੁੜ-ਬੁੜ' ਹੋਣ ਲੱਗ ਪਈ ਸੀ ਕਿ ਭਾਈ ਨੇ ਕੁੜੀਆਂ ਨੂੰ 'ਚੌੜ-ਚਪੱਟ' ਕਰ ਦਿੱਤਾ ਏ। ਸ਼ਹਿਰ ਵਿਚ ਫੈਸ਼ਨ ਦਾ ਦਾਖਲਾ ਭਾਈ ਸਲੇਟੀਆਂ ਵਾਲੇ ਦੀ ਦੁਕਾਨ ਰਾਹੀਂ ਹੋਇਆ ਸੀ। ਮਿਡਲ ਪਾਸ ਸਾਰੀਆਂ ਅੱਪ-ਟੂ-ਡੇਟ ਕੁੜੀਆਂ ਭਾਈ ਦੀ ਹੱਟੀ 'ਤੇ ਹੀ ਆਉਂਦੀਆਂ ਸਨ ਕਿਉਂਕਿ ਉਹ ਪ੍ਰਾਇਰਮੀ ਸਕੂਲ ਦੇ ਜ਼ਮਾਨੇ ਤੋਂ ਇਸ ਦੀਆਂ ਗਾਹਕ ਰਹਿ ਚੁੱਕੀਆਂ ਸਨ ਤੇ ਜਾਣਦੀਆਂ ਸਨ ਕਿ ਭਾਈ ਪੇਟ ਦਾ ਹਲਕਾ ਨਹੀਂ---ਉਸਨੂੰ ਗਾਹਕਾਂ ਦੇ ਭੇਦ, ਪਚਾਉਣੇ ਆਉਂਦੇ ਸਨ, ਭਾਵੇਂ ਉਹ ਤੇਜ਼ਾਬੀ ਚੂਰਨ ਦਾ ਭੇਦ ਹੋਵੇ ਜਾਂ ਉਸ ਖਿਜਾਬ ਦਾ ਜਿਹੜਾ ਸਰਦਾਰ ਲਾਭ ਸਿੰਘ, ਸਾਬਕਾ ਰਾਈਸ, ਚੱਕ ਝੁਮਰਾਅ, ਸਾਬਕ ਕੁਰਸੀ ਨਸ਼ੀਨ ਦਰਬਾਰ ਡਿਪਟੀ ਕਮਿਸ਼ਨਰ ਸਾਹਬ ਬਹਾਦਰ, ਉਸ ਤੋਂ ਖਾਸ ਤੌਰ 'ਤੇ ਮੰਗਵਾਉਂਦੇ ਹੁੰਦੇ ਸਨ ਤੇ ਜਿਸਨੂੰ ਰਾਤੀਂ ਦੁਕਾਨ ਬੰਦ ਕਰਨ ਤੋਂ ਪਿੱਛੋਂ ਉਹ ਚੁੱਪਚਾਪ ਉਹਨਾਂ ਦੇ ਘਰ ਡਲਿਵਰ ਕਰ ਆਉਂਦਾ ਹੁੰਦਾ ਸੀ।

ਪਰ ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨ ਜਦੋਂ ਦਾੜ੍ਹੀ ਨੂੰ ਖਿਜਾਬ ਲਾਉਣ ਲੱਗਿਆ ਲੋਕ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਇੰਜ ਬੰਦ ਕਰ ਲੈਂਦੇ ਹੁੰਦੇ ਸਨ ਜਿਵੇਂ ਕੋਈ ਬੰਬ ਬਣਾ ਰਹੇ ਹੋਣ…ਹੁਣ ਜਦਕਿ ਬੰਬ ਵੀ ਖੁੱਲ੍ਹੇਆਮ ਬਣਨ ਲੱਗ ਪਏ ਸਨ, ਖਿਜਾਬ ਲਾਉਣ ਵਿਚ ਚੋਰੀ ਕਾਹਦੀ ?

ਭਾਈ ਦੀ ਦੁਕਾਨ ਹੁਣ ਵੱਡੀ ਹੋ ਗਈ ਸੀ---ਦੁਕਾਨ ਉੱਪਰਲਾ ਚੁਬਾਰਾ ਵੀ ਉਸੇ ਕੋਲ ਸੀ। ਆਪਣਾ ਘਰ ਉਹ ਕਦੇ ਨਾ ਬਣਾ ਸਕਿਆ, ਪਰ ਉਸਦੇ ਚੁਬਾਰੇ ਦੇ ਬਲ-ਬੂਤੇ ਉੱਤੇ ਮਿੱਤਰਾਂ-ਯਾਰਾਂ ਨੇ ਪੂਰੀ ਐਸ਼ ਕੀਤੀ। ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਵਾਰੀ-ਵਾਰੀ 'ਆਪਣਾ' ਸ਼ਿਅਰ ਸੁਣਾਉਂਦਾ : 'ਜੋ ਐਸ਼ ਭਾਈ ਦੇ ਚੁਬਾਰੇ, ਨਾ ਬਲਖ਼ ਨਾ ਬੁਖਾਰੇ।' ਕੁਆਰਿਆਂ ਯਾਨੀ ਛੜਿਆਂ ਦੀ ਮਹਿਫਲ ਇੱਥੇ ਹੀ ਲੱਗਦੀ…ਕੁਝ ਆਸ਼ਕੀ-ਮਾਸ਼ੂਕੀ ਦੇ ਸ਼ਿਅਰ ਤੇ ਫੇਰ ਚਿੱਟੇ-ਨੰਗੇ ਚੁਟਕਲੇ ਉਗਲ-ਉਗਲ ਕੇ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਮਹਿਫਲ ਨੂੰ 'ਰੰਗ-ਭਾਗ' ਲਾਈ ਰੱਖਦੇ। ਉਹ ਵਾਕਈ ਉਹਨਾਂ ਸਾਰਿਆਂ ਨਾਲੋਂ ਵੱਧ ਪੜ੍ਹਿਆ-ਲਿਖਿਆ ਬੰਦਾ ਸੀ…ਤਖ਼ਲੁਸ ਦਿਲਗੀਰ ਵੀ ਉਸਨੇ ਇਸੇ ਕਰਕੇ ਰੱਖਿਆ ਸੀ ਕਿ ਇਸ ਨਾਲ ਚੀਰ, ਤੀਰ, ਪੀਰ ਤੇ ਖੀਰ ਵਰਗੇ ਅਨੇਕਾਂ ਖੂਬਸੂਰਤ ਕਾਫੀਏ ਭਿੜ ਜਾਂਦੇ ਸਨ, ਜਿਹੜੇ ਗਜ਼ਲ ਦੀ ਜਾਨ ਹੁੰਦੇ ਨੇ…ਜਿਵੇਂ ਸਬਜੀ-ਭਾਜੀ ਦੀ ਜਾਨ ਦੇਸੀ ਘਿਓ…

ਫੇਰ ਕਾਲੂ ਹਲਵਾਈ ਦੀ ਨਿਗਰਾਨੀ ਹੇਠ ਢੇਰ ਸਾਰੇ ਪਿਆਜ਼ ਤੇ ਢੇਰ ਸਾਰੇ ਲਸਨ ਵਿਚ ਮੋਰਾਂ ਜਿੱਡੇ-ਜਿੱਡੇ ਮੁਰਗੇ ਤੜਕੇ ਜਾਂਦੇ---ਜਿਹੜੇ ਏਨੇ ਮਜ਼ਬੂਤ ਹੁੰਦੇ ਸਨ ਕਿ ਪਪੀਤੇ ਦੇ ਖੁੱਲ੍ਹ-ਦਿਲੀ ਨਾਲ ਇਸਤੇਮਾਲ ਕੀਤੇ ਜਾਣ ਦੇ ਬਾਵਜੂਦ ਵੀ ਦੁਪਹਿਰ ਤੋਂ ਸ਼ਾਮ ਤਕ ਨਹੀਂ ਸਨ ਗਲਦੇ। ਕਦੀ ਕਦੀ ਭੰਗ ਵੀ ਘੋਟ ਲਈ ਜਾਂਦੀ ਤੇ ਕੁਝ ਲੋਕ ਅਫ਼ੀਮ ਦੀ ਲਹਿਰ ਨੂੰ ਵੀ ਮਾਣ ਲੈਂਦੇ। ਪਰ ਦੋ ਚੀਜ਼ਾਂ, ਕਦੀ ਵੀ, ਭਾਈ ਨੇ ਆਪਣੀ ਦੁਕਾਨ ਵਿਚ ਨਹੀਂ ਸਨ ਵੜਨ ਦਿੱਤੀਆਂ ਤੇ ਨਾ ਹੀ ਚੁਬਾਰੇ ਵਿਚ…ਸਿਗਰੇਟ ਤੇ ਸ਼ਰਾਬ। ਸਾਰਾ ਸ਼ਹਿਰ ਇਸ ਪੱਖੋਂ ਭਾਈ ਦੇ ਕਰੈਕਟਰ ਨੂੰ ਮੰਨਦਾ ਸੀ। ਲੋਕ ਜਾਣਦੇ ਸਨ---ਭਾਈ ਜ਼ੁਬਾਨ ਦਾ ਕੁਸੈਲਾ ਹੈ, ਤੋਲ ਦਾ ਹਲਕਾ ਤੇ ਭਾਅ ਪੱਖੋਂ ਤੇਜ਼ ਹੈ, ਪਰ ਗਾਹਕੀ ਉਸਦੀ ਜ਼ਿਆਦਾ ਸੀ। ਉਸਨੇ ਅੱਜ ਤਕ ਸਿਗਰਟ, ਸ਼ਰਾਬ ਤੇ ਔਰਤ ਨੂੰ ਹੱਥ ਨਹੀਂ ਸੀ ਲਾਇਆ…ਸਿਵਾਏ ਉਸ ਇਕੋ-ਇਕ ਦੇ ਜਿਹੜੀ ਵਿਆਹ ਤੋਂ ਤਿੰਨਾਂ ਮਹੀਨਿਆਂ ਪਿੱਛੋਂ ਹੀ, ਮਿਆਦੀ ਬੁਖ਼ਾਰ ਦਾ ਸ਼ਿਕਾਰ ਹੋ ਕੇ, ਉਸਨੂੰ, ਹਮੇਸ਼ਾ-ਹਮੇਸ਼ਾ ਵਾਸਤੇ ਛੱਡ ਗਈ ਸੀ।

ਤੇ ਭਾਈ ਦੀ ਦੁਕਾਨ ਦੇ ਨਾਲ ਨਾਲ ਹੀ ਉਸਦੀ ਕਮੀਜ਼ ਦਾ ਘੇਰਾ ਵੀ ਵਧਦਾ ਗਿਆ। ਸਿਹਤ ਏਨੀ ਚੰਗੀ ਹੋ ਗਈ ਕਿ ਚੁਬਾਰਾ ਮਿੱਤਰਾਂ ਲਈ ਛੱਡ ਦਿੱਤਾ ਗਿਆ ਤੇ ਆਪ ਦੁਕਾਨ ਵਿਚ ਹੀ ਸੌਣ ਲੱਗੇ। ਇਸ ਦੇ ਦੋ ਫਾਇਦੇ ਸਨ---ਚੌਕੀਦਾਰੇ ਦਾ ਕੰਮ ਤੇ ਪੌੜੀਆਂ ਚੜ੍ਹਨ-ਉਤਰਨ ਦੇ ਝੰਜਟ ਤੋਂ ਮੁਕਤੀ।

ਭੋਲੂ ਆਪਣੀ ਮਰਜ਼ੀ ਨਾਲ ਜਦੋਂ ਦਿਲ ਚਾਹੇ ਬੋਰਡ ਬਦਲ ਦੇਂਦਾ। ਕਈ 'ਰੂਪ' ਬਦਲਨ ਤੋਂ ਬਾਅਦ ਹੁਣ ਦੁਕਾਨ ਦਾ ਨਾਂ 'ਭਾਈ ਡਿਪਾਰਟਮੈਂਟ ਸਟੋਰ' ਹੋ ਗਿਆ ਸੀ। ਉਹ ਇਸ ਕਰਕੇ ਕਿ ਬਰਮਿੰਘਮ ਤੋਂ ਆਏ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਵੱਡੇ ਮੁੰਡੇ ਨੇ ਦੱਸਿਆ ਸੀ, "ਚਾਚਾ ਜੀ ਸਾਡੇ ਇੰਗਲੈਂਡ ਵਿਚ ਹੁਣ ਦੁਕਾਨਾ ਨਹੀਂ ਹੁੰਦੀਆਂ, ਵੱਡੇ-ਵੱਡੇ ਸਟੋਰ ਹੁੰਦੇ ਨੇ---'ਡਿਪਾਰਟਮੈਂਟ ਸਟੋਰ'।…ਤੇ ਉੱਥੇ ਹਰੇਕ ਚੀਜ਼ ਮਿਲਦੀ ਹੈ---ਮੀਟ, ਮੱਛੀ, ਮੁਰਗੇ ਤੋਂ ਲੈ ਕੇ ਆਸੀਸ-ਕਰੀਮ, ਕੋਟ-ਪਤਲੂਨ, ਸਿਗਰਟ, ਸ਼ਰਾਬ ਤੇ ਸਾਬਨ-ਪਾਊਡਰ ਤੋਂ ਲੈ ਕੇ ਮੋਟਰ-ਕਾਰ ਤੇ ਹਵਾਈ ਜਹਾਜ਼ ਤੱਕ, ਸਭ ਕੁਝ।"

ਭਾਈ ਉੱਤੇ ਉਦੋਂ ਦਾ ਡਿਪਾਰਟਮੈਂਟ (ਇਹ ਸ਼ਬਦ ਉਸਨੇ ਬੜੀ ਮੁਸ਼ਕਿਲ ਨਾ ਬੋਲਣਾ ਸਿਖਿਆ, ਕਿਉਂਕਿ ਜੀਭ ਨੂੰ ਕਈ ਵਾਰੀ ਉੱਤੇ-ਹੇਠ ਝੱਟਕੇ ਦੇਣੇ ਪੈਂਦੇ ਸਨ) ਸਟੋਰ ਦਾ ਭੂਤ ਸਵਾਰ ਹੋਇਆ ਹੋਇਆ ਸੀ।

"ਪੁੱਤਰ ਜੀ ਆਪਣੇ ਏਥੇ ਵੀ ਸਭ ਕੁਛ ਮਿਲਦਾ ਈ…ਸਿਰਫ ਮਠਿਆਈ, ਹਲਵਾਈ ਤੇ ਨਾਨਬਾਈ ਦਾ ਸਮਾਨ ਮੈਂ ਨਹੀਂ ਰੱਖਿਆ ਤੇ ਸਿਗਰਟ, ਸ਼ਰਾਬ ਵਰਗੀਆਂ ਚੰਦਰੀਆਂ ਚੀਜ਼ਾਂ ਬੰਦੇ ਦੇ ਕਰੈਕਟਰ ਨੂੰ ਖਰਾਬ ਕਰ ਦੇਂਦੀਆਂ ਨੇ। ਹਾਂ, ਬਜਾਜ਼ੀ ਦਾ ਕੰਮ ਵਧਾਉਣ ਦਾ ਇਰਾਦਾ ਏ---ਅਗਲੇ ਸੀਜਨ ਤੋਂ ਕੁੜੀਆਂ ਦੇ ਨਵੇਂ-ਨਵੇਂ ਫੈਸ਼ਨ ਦੇ ਦੁਪੱਟੇ ਤੇ ਮੁੰਡਿਆਂ ਦੀਆਂ ਪੈਟਾਂ-ਕਮੀਜ਼ਾਂ ਦਾ ਕੰਮ ਵੀ ਸ਼ੁਰੂ ਕਰ ਲਵਾਂਗੇ ਆਪਾਂ। ਟਰੈਕਟਰ ਤੇ ਮੋਟਰਾਂ ਦਾ ਕੰਮ ਵੀ ਸੁਥਰਾ ਈ---ਵਾਹਿਗੁਰੂ ਦੀ ਕਿਰਪਾ ਨਾਲ ਕੁਝ ਸਾਲਾਂ ਤੀਕ ਇਹ 'ਲੈਨ' ਫੜ੍ਹਨ ਦਾ ਵੀ ਇਰਾਦਾ ਏ ਮੇਰਾ। ਕੀ ਪਤੈ ਉਦੋਂ ਤੀਕ ਹਵਾਈ ਜਹਾਜ਼ ਵੀ…"

"ਹਾਂ ਚਾਚਾ ਜੀ ! ਤੁਹਾਡਾ ਵੀ ਤਾਂ ਡਿਪਾਰਟਮੈਂਟ ਸਟੋਰ ਈ ਆ। ਦੁਨੀਆਂ ਦੇ ਸਭ ਤੋਂ ਵੱਡੇ ਸਟੋਰ 'ਮਾਰਕਸ ਐਂਡ ਸ਼ਪਰ' ਦੇ ਮਾਲਕ ਨੇ ਵੀ ਏਦਾਂ ਈ ਕੰਮ ਸ਼ੁਰੂ ਕੀਤਾ ਸੀ…ਬਿਲਕੁਲ ਤੁਹਾਡੇ ਵਾਂਗਰ। ਉਹ ਜਰਮਨੀ ਤੋਂ ਲੁੱਟਿਆ-ਪੁੱਟਿਆ ਆਇਆ ਸੀ ਤੇ ਸਾਰੀ ਦੁਨੀਆਂ ਉੱਤੇ ਛਾ ਗਿਆ।"

ਭਾਈ ਜੀ ਜਰਮਨੀ ਤੋਂ ਨਾ ਸਹੀ ਪਾਕਿਸਤਾਨ ਤੋਂ ਆਏ ਸਨ---ਪਾਕਿਸਤਾਨ ਜਿੱਥੋਂ ਦੀ ਹਰੇਕ ਚੀਜ਼ ਖਾਲਸ ਹੁੰਦੀ ਸੀ। ਡਾਕਟਰ ਕੁਲਦੀਪ ਕਹਿੰਦੇ ਹੁੰਦੇ ਸਨ---"ਏਥੇ ਉਹਨਾਂ ਦੀ ਦਵਾਈ ਪਹਿਲਾਂ ਜਿੰਨਾ ਅਸਰ ਨਹੀਂ ਕਰਦੀ। ਇਸ ਦਾ ਕਾਰਨ ਇਹ ਸੀ ਕਿ ਪਾਕਿਸਤਾਨ ਦੇ ਪਾਣੀ ਵਿਚ ਹੀ ਅਸਲ ਤਾਕਤ ਸੀ ਤੇ ਇੱਥੋਂ ਦਾ ਪਾਣੀ ਭਾਖੜਾ ਵਿਚ ਬਿਜਲੀ ਕੱਢ ਲਏ ਜਾਣ ਪਿੱਛੋਂ ਬਿਲਕੁਲ ਫੋਕਾ ਰਹਿ ਗਿਆ ਏ। ਇਹੋ ਹਾਲ ਸੰਤਰਿਆਂ, ਮਾਲ੍ਹਟਿਆਂ ਤੇ ਬੰਦਿਆਂਦਾ ਈ।" ਇਹਨਾਂ ਵਿਸਥਾਰਾਂ ਵਿਚ ਕੁਝ ਵਾਧੇ ਭਾਈ ਜੀ ਨੇ ਖ਼ੁਦ ਆਪਣੇ ਗਾਹਕਾਂ ਨੂੰ ਦੁਕਾਨਦਾਰਾਂ ਦਾ ਮਹੱਤਵ ਸਮਝਾਉਣ ਲਈ ਕਰ ਲਏ ਸਨ।

ਡਾਕਟਰ ਕੁਲਦੀਪ ਹਰ ਬਿਮਾਰੀ ਦੇ ਮਾਹਰ ਸਨ। ਭੋਲੂ ਪੇਂਟਰ ਨੇ ਉਚੇਚਾ ਉਹਨਾਂ ਦਾ ਬੋਰਡ ਬਣਾਇਆ---'ਡਾਕਟਰ ਕੁਲਦੀਪ, ਸਾਬਕ ਅਸਿਸਟੈਂਟ 'ਸਰਜਨ', ਤਹਿਸੀਲ ਹਸਪਤਾਲ ਚੂਨੀਆਂ, 'ਲਾਹੌਰ', ਪਾਕਿਸਤਾਨ।' ਉਸ ਵਿਚ 'ਸਰਜਨ' ਤੇ 'ਲਾਹੌਰ' ਨੂੰ ਲਾਲ ਰੰਗ ਵਿਚ ਹੋਰਾਂ ਅੱਖਰਾਂ ਨਾਲੋਂ ਮੋਟਾ ਕਰਕੇ ਲਿਖਿਆ। ਬੋਰਡ ਦੇ ਇਕ ਪਾਸੇ ਇਕ ਮੋਟਾ-ਤਾਜਾ, ਸਿਹਤਮੰਦ ਆਦਮੀ ਬਣਾਇਆ ਗਿਆ, ਜਿਹੜਾ ਪਸਤੌਲ ਗਲ ਵਿਚ ਪਾਈ, ਮੁੱਛਾਂ ਨੂੰ ਤਾਅ ਦੇ ਰਿਹਾ ਸੀ ਤੇ ਦੂਜੇ ਪਾਸੇ ਇਕ ਹੋਰ ਆਦਮੀ ਦੀ ਤਸਵੀਰ ਬਣਾਈ ਗਈ ਸੀ ਜਿਹੜਾ ਖੱਲ ਵਿਚ ਮੜ੍ਹਿਆ ਹੱਡੀਆਂ ਦਾ ਢਾਂਚਾ ਹੀ ਦਿਸਦਾ ਸੀ। ਉਸਦੇ ਉਪਰ ਕਰਕੇ ਲਿਖਆ ਸੀ, 'ਇਲਾਜ਼ ਤੋਂ ਪਹਿਲਾਂ' ਤੇ ਦੂਜੇ ਪਾਸੇ ਲਿਖਿਆ ਸੀ, 'ਇਲਾਜ਼ ਤੋਂ ਬਾਅਦ'।

ਬੋਰਡ ਐਨਾ ਵੱਡਾ ਸੀ ਕਿ ਕੋਈ ਮਾਈ ਦਾ ਲਾਲ ਹੀ ਉਸਦੀ ਪੂਰੀ ਇਬਾਰਤ ਪੜ੍ਹਦਾ ਸੀ---ਫੇਰ ਵੀ ਡਾਕਟਰ ਸਾਹਬ ਏਨੇ ਮਸ਼ਹੂਰ ਹੋ ਗਏ ਸਨ ਕਿ ਦੂਰ ਦੂਰ ਦੇ ਪਿੰਡਾਂ ਵਿਚੋਂ ਲੋਕ ਉੱਥੇ ਆਉਂਦੇ ਸਨ। ਕਈ ਵਾਰੀ ਤਾਂ ਇਹ ਵੀ ਦੇਖਿਆ ਜਾਂਦਾ ਸੀ ਕਿ ਪੂਰੇ ਦਾ ਪੂਰਾ ਖਾਨਦਾਨ ਹੀ ਟਰਾਲੀ-ਟਰੈਕਟਰ ਵਿਚ ਸਵਾਰ ਹੋ ਕੇ ਉੱਥੇ ਆਉਂਦਾ ਤੇ ਡਾਕਟਰ ਸਾਹਬ ਦੀ ਕਿਸਮਤ ਖੋਲ੍ਹ ਕੇ, ਤੇ ਘੰਟਿਆਂ ਬੱਧੀ ਬਾਜ਼ਾਰ ਦਾ ਟਰੈਫਕ ਰੋਕ ਕੇ ਮੁੜਦਾ। ਇਸ ਵਿਚ ਭਾਈ ਜੀ ਦਾ ਵੀ ਫਾਇਦਾ ਸੀ---ਜਦੋਂ ਤਕ ਪਰਵਾਰ ਦਾ 'ਕੱਲਾ-'ਕੱਲਾ ਜੀਅ ਆਪਣੀ ਨਬਜ਼ ਦਿਖਾਉਂਦਾ ਜਾਂ ਛਾਤੀ ਉੱਤੇ ਸਟੈਥਸਕੋਪ ਲਗਵਉਂਦਾ (ਸਟੈਥਸਕੋਪ ਡਾਕਟਰ ਕੁਲਦੀਪ ਉਸ ਮਰੀਜ਼ ਦੇ ਵੀ ਲਾਉਂਦੇ ਸਨ ਜਿਸਦੀ ਉਂਗਲ ਪੱਠੇ ਕੁਤਰਨ ਵਾਲੀ ਮਸ਼ੀਨ ਵਿਚ ਆ ਕੇ ਕੱਟੀ ਗਈ ਹੁੰਦੀ ਸੀ।) ਬਾਕੀ ਲੋਕ ਭਾਈ ਜੀ ਦੇ ਡਿਪਾਰਟਮੈਂਟ ਸਟੋਰ ਤੋਂ ਬਿਸਕੁਟ, ਡਬਲ ਰੋਟੀ ਤੇ ਚਾਹ ਦੇ ਕੱਪਾਂ ਤੋਂ ਲੈ ਕੇ ਪਲਾਸਟਿਕ ਦੇ ਚਮਕੀਲੇ ਡੱਬਿਆਂ ਤੇ ਬਾਲਟੀਆਂ ਤਕ ਨੂੰ ਸਮੇਟ ਲੈ ਜਾਂਦੇ ਸਨ।

ਇਕ ਵਾਰੀ ਕਿਸੇ ਪੇਂਡੂ ਬੁੱਢੜੇ ਨੇ ਇਹ 'ਅਫ਼ਵਾਹ' ਫੈਲਾਅ ਦਿੱਤੀ ਕਿ ਓਧਰ ਪਾਕਿਸਤਾਨ ਵਿਚ ਤਾਂ ਇਹ ਡਾਕਟਰ ਕੁਲਦੀਪ ਡੰਗਰਾਂ ਦਾ ਡਾਕਟਰ ਹੁੰਦਾ ਸੀ, ਬੰਦਿਆਂ ਦਾ ਨਹੀਂ। ਉਸਨੇ ਖ਼ੁਦ ਆਪਣੇ ਬਲ੍ਹਦ ਦਾ ਅਫ਼ਾਰਾ ਠੀਕ ਕਰਵਾਇਆ ਸੀ, ਉਸ ਤੋਂ। ਕਈ ਹੋਰ ਲੋਕਾਂ ਨੇ ਵੀ ਉਸਦੀ ਤਸਦੀਕ ਕੀਤੀ। ਪਹਿਲਾਂ ਤਾਂ ਭਾਈ ਜੀ ਨੇ ਇਸ 'ਅਫ਼ਵਾਹ' ਦੀ ਜ਼ੋਰਦਾਰ ਨਿੰਦਿਆ ਕੀਤੀ, ਪਰ ਜਦੋਂ ਚਸ਼ਮਦੀਦੀ ਗਵਾਹਾਂ ਦੀ ਗਿਣਤੀ ਵਧਣ ਲੱਗੀ ਤੇ ਗੱਲ ਫੈਲਣਲੱਗੀ ਤਾਂ ਉਹਨਾਂ ਓਹ ਪੱਤਾ ਮਾਰਿਆ ਕਿ ਡਾਕਟਰ ਦੀ ਕਾਮਯਾਬੀ ਤੋਂ ਸੜਨ ਵਾਲੇ, ਇੱਟ ਦੀ ਦੁੱਕੀ ਬਣ ਕੇ ਰਹਿ ਗਏ।

"ਗਧੇ ਓ ਤੁਸੀਂ ਲੋਕ ਵੀ, ਏਨਾ ਵੀ ਨਹੀਂ ਜਾਣਦੇ ਕਿ ਜਿਹੜਾ ਡਾਕਟਰ ਏਡੇ ਵੱਡੇ ਬਲ੍ਹਦ ਨੂੰ ਠੀਕ-ਠਾਕ ਕਰ ਸਕਦਾ ਏ, ਉਹ ਇਕ ਫੁੱਲ ਜਿਹੇ ਬੱਚੇ ਦਾ ਇਲਾਜ਼ ਕਿੰਜ ਨਹੀਂ ਕਰ ਸਕਦਾ?" ਏਦਾਂ ਵੀ ਕਹਿੰਦੇ, "ਪਤਾ ਈ, ਬਾਰ ਦੀ ਭੂਰੀ ਮੱਝ ਕੇਡੀ ਅੜੀਅਲ ਹੁੰਦੀ ਏ?...ਲੱਖ ਯਤਨ ਕਰੋ, ਮਰਜ਼ੀ ਨਾ ਹੋਵੇ ਤਾਂ ਆਸ ਹੋਣ 'ਚ ਓ ਨੀਂ ਆਉਂਦੀ…ਜੇ ਡਾਕਟਰ ਸਾਹਬ ਉਸਨੂੰ ਮਰੀਅਲ ਤੋਂ ਮਰੀਅਲ ਸਾਨ੍ਹ ਤੋਂ ਆਸ ਕਰਵਾ ਸਕਦੇ ਨੇ ਤਾਂ ਤੁਹਾਡੀ ਗੋਦ ਹਰੀ ਕਿਓਂ ਨਾ ਕਰਵਾ ਸਕਣਗੇ ਭਲਾ? ਜ਼ਰਾ ਸੋਚੋ, ਪਰ ਤੁਸੀਂ ਲੋਕ ਅਕਲ ਤਾਂ ਛੱਡ ਆਏ ਓ ਝੰਗ-ਮੰਗ ਵਿਚ…।"

ਤੇ ਗੱਲ ਲੋਕਾਂ ਦੇ 'ਖਾਨੇ' ਵਿਚ ਪੈ ਜਾਂਦੀ। ਫੇਰ ਕੋਈ ਵੀ ਡਾਕਟਰ ਕੁਲਦੀਪ ਨੂੰ ਡੰਗਰ ਡਾਕਟਰ ਦਾ ਮਿਹਣਾ ਨਾ ਮਾਰਦਾ।

ਅਮਰੀਕਾ, ਕੈਨੇਡਾ ਤੇ ਜਰਮਨੀ ਤੋਂ ਮੰਗਵਾਈਆਂ ਮਸ਼ੀਨਾ ਦੇ ਇਲਾਜ ਨਾਲ ਪਤਾ ਨਹੀਂ ਕਿੰਨੀਆਂ ਝੋਲੀਆਂ ਭਰੀਆਂ ਗਈਆਂ ਤੇ ਸ਼ਹਿਰ ਦੇ ਬਾਹਰ-ਵਾਰ ਬਣੀ ਡਾਕਟਰ ਕੁਲਦੀਪ ਦੀ ਕੋਠੀ, 'ਕੁਲਦੀਪ ਕਾਟੇਜ' ਤੋਂ 'ਕੁਲਦੀਪ ਪੈਲੇਸ' ਵਿਚ ਬਦਲ ਗਈ।

ਹੌਲੀ-ਹੌਲੀ ਭਾਈ ਜੀ ਦਾ ਚੁਬਾਰਾ ਵੀ ਜਿਹੜਾ ਕਦੀ ਮੁੰਡਿਆਂ-ਖੁੰਡਿਆਂ ਦਾ ਗੜ੍ਹ ਹੁੰਦਾ ਸੀ, ਉਹਨਾਂ ਵੱਡੇ ਬਜ਼ੁਰਗਾਂ ਦੀ ਮਹਿਫਲ ਵਿਚ ਬਦਲ ਰਿਹਾ ਸੀ, ਜਿਹਨਾਂ ਦੀ ਵੈਸੇ ਤਾਂ ਉਮਰ ਜ਼ਿਆਦ ਨਹੀਂ ਸੀ, ਪਰ ਕੁਝ ਕੁ ਦੇ ਵਾਲ ਨਜ਼ਲੇ ਕਰਕੇ ਸਫੇਦ ਹੋ ਗਏ ਸਨ, ਉਹਨਾਂ ਦੀਆਂ ਅੱਖਾਂ ਮੂੰਹ-ਹਨੇਰੇ ਉਠ ਕੇ ਪਾਠ-ਪੂਜਾ ਤੇ ਭਜਨ-ਕੀਰਤਨ ਦੀਆਂ ਕਿਤਾਬਾਂ ਪੜ੍ਹਨ ਕਰਕੇ, ਜ਼ਰਾ ਕਮਜ਼ੋਰ ਹੋ ਗਈਆਂ ਸਨ ਤੇ ਕਿਸੇ ਜ਼ਮਾਨੇ ਵਿਚ ਲੋਹੇ ਦੇ ਚਣੇ ਚਬਾਉਣ ਵਾਲੇ ਦੰਦ, ਗੋਦੀ ਵਿਚ ਖੇਡਦੇ ਕਿਸੇ ਪੋਤੇ-ਪੋਤੀ ਦੇ ਸਿਰ ਦੀ ਟੱਕਰ ਨਾਲ ਨਿਕਲ ਗਏ ਸਨ---ਮੁੱਕਦੀ ਗੱਲ ਇਹ ਕਿ ਚੁਬਾਰੇ ਦੀਆਂ ਰੌਣਕਾਂ ਬਹਾਲ ਸਨ। ਹੁਣ

ਕਈ ਮਹੀਨਿਆਂ ਤੋਂ ਚੁਬਾਰੇ ਦੀ ਰੌਣਕ ਵੀ ਘਟਣ ਲੱਗ ਪਈ ਸੀ---ਸਭ ਤੋਂ ਪਹਿਲਾਂ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਨੇ ਆਉਣਾ ਬੰਦ ਕੀਤਾ…ਉਸਦੀ 'ਵਾਅ' ਹੁਣ ਗੋਡਿਆਂ ਦੇ ਦਰਦ ਤਕ ਜਾ ਪਹੁੰਚੀ ਸੀ, ਜਿਸ ਦਾ ਇਲਾਜ਼ ਡਾਕਟਰ ਕੁਲਦੀਪ ਵੀ ਨਹੀਂ ਸੀ ਕਰ ਸਕੇ। ਕਾਲੂ ਹਲਵਾਈ ਦਾ ਆਉਣਾ ਘੱਟ ਹੋ ਗਿਆ ਕਿਉਂਕਿ ਮੁੰਡਿਆਂ ਦੀ ਗ਼ੈਰ-ਮੌਜ਼ੂਦਗੀ ਵਿਚ ਘਰੇ ਨੂੰਹਾਂ-ਧੀਆਂ ਤੇ ਬੱਚਿਆਂ ਨੂੰ ਇਕੱਲਿਆਂ ਨਹੀਂ ਸੀ ਛੱਡਿਆ ਜਾ ਸਕਦਾ। ਡਾਕਟਰ ਲਹਿਣਾ ਸਿੰਘ ਮਾਹਰ ਡੈਂਟਿਸਟ ਸਰਜਨ ਨੂੰ ਅਚਾਨਕ ਅੰਧਰਾਤਾ ਹੋ ਗਿਆ ਸੀ---ਸ਼ਾਮ ਹੋਣ ਸਾਰ ਦਿਸਨੋਂ ਬੰਦ ਹੋ ਜਾਂਦਾ ਸੀ। ਇਸ ਕਰਕੇ ਉਹ ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ ਦੁਕਾਨ ਬੰਦ ਕਰਕੇ ਘਰੇ ਚਲੇ ਜਾਂਦੇ ਸਨ। ਕੁਲਦੀਪ ਪੈਲੇਸ ਪਹਿਲਾਂ ਹੀ ਸ਼ਹਿਰੋਂ ਬਾਹਰ ਸੀ---ਲਾਜ਼ਮੀ ਸੀ ਡਾਕਟਰ ਸਾਹਬ ਛੇਤੀ ਚਲੇ ਜਾਣ। ਉਹਨਾਂ ਦੀ ਦੁਕਨ ਯਾਨੀ 'ਕੁਲਦੀਪ ਹੈਲਥ ਕਲੀਨਿਕ ਐਂਡ ਹਾਸਪੀਟਲ' ਹੁਣ ਉਹਨਾਂ ਦੇ ਚਿਹਰੇ ਵਾਂਗ ਹੀ ਬੇਰੌਣਕ ਹੁੰਦੀ ਜਾ ਰਹੀ ਸੀ। ਮਰੀਜ਼ ਦਿਨੋ-ਦਿਨ ਘਟਦੇ ਜਾ ਰਹੇ ਸਨ---ਮਜ਼ਬੂਰੀ ਦੇ ਮਾਰੇ ਮਰੀਜ਼ ਤਾਂ ਹੁਣ ਵੀ ਆਉਂਦੇ ਸਨ, ਪਰ ਡਾਕਟਰੀ ਉਹਨਾਂ ਮਰੀਜ਼ਾਂ ਦੇ ਆਸਰੇ ਤਾਂ ਨਹੀਂ ਚੱਲ ਸਕਦੀ…ਡਾਕਟਰੀ ਤਾਂ ਸ਼ੌਕੀਨ ਮਰੀਜ਼ਾਂ ਦੇ ਬਲ-ਬੂਤੇ ਉੱਤੇ ਚੱਲਦੀ ਹੁੰਦੀ ਹੈ। ਕਦੀ ਉਹ ਦਿਨ ਵੀ ਹੁੰਦੇ ਸਨ, ਜਦੋਂ ਪਿੰਡ-ਪਿੰਡ। ਕਸਬੇ-ਕਸਬੇ ਵਿਚ ਵੱਸਦੇ ਅਜਿਹੇ ਸ਼ੌਕੀਨ ਮਰੀਜ਼, ਡਾਕਟਰ ਕੁਲਦੀਪ ਕੋਲ ਆਣ ਕੇ ਕਹਿੰਦੇ ਸਨ---"ਵੈਸੇ ਤਾਂ ਸਭ ਠੀਕ-ਠਾਕ ਐ ਜੀ ਡਾਕਟਰ ਸਾਹਬ…ਮੁਕੱਦਮੇਂ ਦੀ ਪੇਸ਼ੀ ਸੀ ਅੱਜ, ਸੋਚਿਆ, ਡਾਕਟਰ ਸਾਹਬ ਹੁਰਾਂ ਤੋਂ ਤਾਕਤ ਦੀ ਬੋਤਲ ਈ ਲੁਆ ਚੱਲੀਏ। ਵੈਸੇ ਜੀ ਜ਼ਰਾ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਐ।" ਤੇ ਕਈ ਹੋਰ ਸ਼ੌਕੀਨ ਆਉਂਦੇ ਤੇ 'ਵੈਸੇ ਹੀ' ਦਿਮਾਗ਼ ਤੇਜ਼ ਕਰਨ ਵਾਲੀ ਅਮਰੀਕੀ ਬਿਜਲੀ ਦੀ ਮਸ਼ੀਨ ਦਾ ਝੱਟਕਾ ਲਾਉਣ ਦੀ ਫਰਮਾਇਸ਼ ਕਰਦੇ…ਇੰਜ ਦਿਮਾਗ਼ ਦੀ ਥਕਾਵਟ ਲੱਥ ਜਾਂਦੀ ਜਿਹੜੀ ਪਿੰਡਾਂ ਵਿਚ ਟਰੈਕਟਰ, ਟਿਊਬਵੈੱਲ ਤੇ ਟੈਨੀਵਿਜ਼ਨ ਆਉਣ ਤੋਂ ਪਿੱਛੋਂ ਅਕਸਰ ਸ਼ੌਕੀਆ ਮਰੀਜ਼ਾਂ ਨੂੰ ਰਹਿੰਦੀ ਸੀ, ਦੂਜਾ ਇਹ ਕਿ ਆਮ ਲੋਕਾਂ ਤੇ ਖਾਸ ਕਰਕੇ ਰਿਸ਼ਤੇ ਦੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਐਨਾ ਵੱਧ ਦਿਮਾਗ਼ੀ ਕੰਮ ਕਰਦੇ ਨੇ ਕਿ ਮਹੀਨੇ ਵਿਚ ਘੱਟੋਘੱਟ ਇਕ ਵਾਰੀ 'ਸ਼ਾਕ' ਜ਼ਰੂਰ ਲਗਵਾਉਣਾ ਪੈਂਦਾ ਹੈ ਤੇ ਤੀਜਾ ਇਹ ਕਿ ਉਹਨਾਂ ਨੂੰ ਇੰਜ ਲੱਗੇ ਕਿ ਸ਼ਹਿਰ ਦੇ ਵੱਡੇ ਡਾਕਟਰ ਨਾਲ ਉਹਨਾਂ ਦੀ ਜਾਣ-ਪਛਾਣ ਹੈ…ਸੋ ਇਕ ਪੰਥ ਤਿੰਨ ਕਾਜ ਹੋ ਜਾਂਦੇ। ਡਾਕਟਰ ਕੁਲਦੀਪ ਦੀ ਪ੍ਰੈਕਟਿਸ ਦਾ ਸਾਰਾ ਦਾਰੋਮਦਾਰ ਇਸੇ ਦਿਮਾਗ਼ੀ ਕਮਜ਼ੋਰੀ ਦੇ ਵਧ ਰਹੇ ਫੈਸ਼ਨ ਤੇ ਤਾਕਤ ਦੀਆਂ ਬੋਤਲਾਂ ਦੇ ਵਧਦੇ ਹੋਏ ਸ਼ੌਕ ਉੱਤੇ ਨਿਰਭਰ ਸੀ। ਹੁਣ ਇਹ ਮਰੀਜ਼ ਘਰੋਂ ਹੀ ਘੱਟ ਨਿਕਲਦੇ ਸਨ, ਫੇਰ ਦੁਕਾਨ ਯਾਨੀ ਹੈਲਥ ਕਲੀਨਿਕ ਵਿਚ ਕਿੱਦਾਂ ਪਹੁੰਚਦੇ? ਸੋ ਡਾਕਟਰ ਕੁਲਦੀਪ ਵੀ ਚੁਬਾਰੇ ਵਿਚ ਆਉਣਾ ਛੱਡ ਗਏ।

ਭੋਲੂ ਪੈਂਟਰ ਦੀ ਘਰਵਾਲੀ ਨੂੰ ਹਰ ਵੇਲੇ ਪਤਾ ਨਹੀਂ ਕਿਹੜਾ ਭੈ ਚੰਬੜਿਆ ਰਹਿੰਦਾ ਸੀ ਕਿ ਦਿਨ ਵੇਲੇ ਵੀ ਗੁਦਾਮ ਵਿਚੋਂ ਬਾਹਰ ਨਹੀਂ ਸੀ ਨਿਕਲਦੀ---ਸੋ ਭੋਲੂ ਹੁਰੀਂ ਵੀ ਸਾਰਾ ਦਿਨ ਘਰੇ ਹੀ ਬੈਠੇ ਰਹਿੰਦੇ ਤੇ ਪੁਰਾਣੇ ਕਲੰਡਰਾਂ ਨੂੰ ਸਾਹਮਣੇ ਰੱਖ ਕੇ ਦੇਵੀ-ਦੇਵਤਿਆਂ, ਗੁਰੂਆਂ-ਪੀਰਾਂ, ਸੰਤਾਂ ਤੇ ਮਹਾਤਮਾਵਾਂ ਦੀਆਂ ਤਸਵੀਰਾਂ ਬਣਾਉਂਦਾ ਰਹਿੰਦੇ।

ਸਾਈਨ ਬੋਰਡ ਲਿਖਵਾਉਣ ਦਾ ਧੰਦਾ ਬੜਾ ਮੰਦਾ ਹੋ ਗਿਆ ਸੀ…ਭਾਈ ਜੀ ਦੇ ਚੁਬਾਰੇ ਦੀ ਮਹਿਫਲ ਵਾਂਗ ਠੱਪ ਹੀ ਸਮਝੋ।

'ਭਾਈ ਡਿਪਾਰਟਮੈਂਟ ਸਟੋਰ' ਯਾਨੀ 'ਭਾਈ ਸਲੇਟੀਆਂ' ਵਾਲੇ ਦੀ 'ਨਿੱਕੀ ਗਾਹਕੀ' ਵੀ ਹੁਣ ਖਤਮ ਹੋ ਚੁੱਕੀ ਸੀ…ਸਕੂਲ ਵਿਚ ਨਾ ਟੀਚਰ ਆਉਂਦੇ ਸਨ, ਨਾ ਬੱਚੇ ! ਫੇਰ ਟਾਫ਼ੀਆਂ, ਚਿਊਂਗਮ, ਸਲੇਟੀਆਂ, ਪੈਨਸਲਾਂ ਤੇ ਚਾਕ ਕੌਣ ਖਰੀਦਦਾ ?

ਹੱਦ ਤਾਂ ਇਹ ਹੋ ਗਈ ਸੀ ਨਿੱਤ ਟੈਲੀਵਿਜ਼ਨ ਉੱਤੇ ਕਈ ਕਈ ਦਿਨ ਕ੍ਰਿਕਟ ਮੈਚ ਦਿਖਾਏ ਜਾ ਰਹੇ ਸਨ, ਪਰ ਭਾਈ ਜੀ ਦੀ ਦੁਕਾਨ ਵਿਚ ਬੱਚਿਆਂ ਦੇ ਕ੍ਰਿਕਟ ਬੈਟ ਧਰੇ ਦੇ ਧਰੇ ਰਹਿ ਗਏ ਸਨ। ਜਿਸਦਾ ਅਰਥ ਸੀ---ਨਾ ਰਬੜ ਦੇ ਬਾਲ ਵਿਕਦੇ ਸਨ, ਨਾ ਪਲਾਸਟਿਕ ਦੇ ਬੈਟ…ਗਲੀਆਂ, ਪਾਰਕ ਤੇ ਮੈਦਾਨ ਸੁੰਨੇ ਨਜ਼ਰ ਆਉਂਦੇ, ਕਿਸੇ ਬਾਂਝ ਬੇਵਾ ਦੀ ਸੁੰਨੀ ਗੋਦ ਵਾਂਗ ਹੀ।

ਹੁਣ ਤਾਂ ਸਿਰਫ ਤਾਸ਼ ਦੇ ਪੈਕਟਾਂ ਤੇ ਸੱਪ-ਸੀੜ੍ਹੀਆਂ ਦੀ ਹੀ ਗਾਹਕੀ ਰਹਿ ਗਈ ਸੀ, ਥੋੜ੍ਹੀ-ਬਹੁਤੀ। ਸੱਪ-ਸੀੜ੍ਹੀਆਂ ਦੀ ਮੰਗ ਵਧੇਰੇ ਸੀ ਕਿਉਂਕਿ ਬੱਚੇ, ਬੁੱਢੇ ਤੇ ਜਵਾਨ ਸਾਰੇ ਹੀ ਇਹ ਖੇਡ ਜਾਣਦੇ ਸਨ---ਇਕ-ਇਕ, ਦੋ-ਦੋ, ਤਿੰਨ-ਤਿੰਨ ਕਰਕੇ ਅੱਗੇ ਵਧਦੇ ਰਹੋ, ਨਿੱਕੀਆਂ-ਵੱਡੀਆਂ ਪੌੜੀਆਂ ਚੜ੍ਹਦੇ ਜਾਓ ਤੇ ਸੌ ਦੇ ਨੇੜੇ ਪਹੁੰਚ ਕੇ 98 ਦੇ ਅੰਕ 'ਤੇ ਪਹੁੰਚੇ ਤੇ ਸੱਪ ਦੇ ਮੂੰਹ ਵਿਚ…ਤੇ ਫੇਰ ਵਾਪਸ ਦੋ ਉੱਤੇ---ਹੈਤ ਤੇਰੀ ਦੀ---ਫੇਰ ਉਹੀ ਪੌੜੀਆਂ ਦੀ ਚੜ੍ਹਾਈ ਤੇ ਸੱਪਾਂ ਨਾਲ ਪੈਂਤਰੇ ਬਾਜੀ ਸ਼ੁਰੂ। ਪਿਛਲੇ ਛੇ ਸਾਲ ਤੋਂ ਇਹ ਖੇਡ ਜਾਰੀ ਹੈ, ਇਸੇ ਕਰਕੇ ਅੱਜ-ਕੱਲ੍ਹ ਇਸੇ ਖੇਡ ਦਾ ਚਸਕਾ ਹਰੇਕ ਨੂੰ ਸੀ…ਪਰ ਭਾਈ ਜੀ ਦੀ ਦੁਕਾਨ 'ਤੇ ਸੱਪ-ਸੀੜ੍ਹੀਆਂ ਖਤਮ ਹੋ ਚੁੱਕੀਆਂ ਸਨ। ਹੁਣ ਕੁੜੀਆਂ ਤਾਂ ਕੀ ਮੁੰਡੇ ਵੀ ਬਾਹਰ ਘੁੰਮਣ ਦੇ ਸ਼ੌਕ ਨੂੰ ਛੱਡਦੇ ਜਾ ਰਹੇ ਸਨ ਤੇ ਫੈਸ਼ਨ ਦੇ ਸਾਮਾਨ ਦਾ ਬੇੜਾ ਗਰਕ ਹੋ ਰਿਹਾ ਸੀ। ਲੈ ਦੇ ਕੇ ਕੋਈ ਮੰਗ ਸੀ ਤਾਂ 'ਪੌਡਰ ਵਾਲੇ ਸੁੱਕੇ ਦੁੱਧ' ਦੇ ਡੱਬਿਆਂ ਦੀ, ਪੈਕਟ ਬੰਦ ਬਿਸਕੁਟਾਂ ਦੀ, ਡਬਲ-ਰੋਟੀਆਂ, ਜੇਬੀ-ਟਾਰਚਾਂ ਤੇ ਮੋਮਬੱਤੀਆਂ ਦੀ ਕਿਉਂਕਿ ਫਲਡ ਲਈਟਾਂ ਵਿਚ ਕੈਦ ਰੌਸ਼ਨ ਰਾਤਾਂ ਤੇ ਕਰਫ਼ਿਊ ਵਿਚ ਬੰਦ ਹਨੇਰੇ ਦਿਨਾਂ ਵਿਚ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੀ ਪੈਂਦੀ ਹੈ। ਸਭ ਤੋਂ ਵੱਧ ਵਿਕਰੀ ਸੀ, ਸਿਰ ਦਰਦ ਦੀਆਂ ਗੋਲੀਆਂ ਦੀ ਤੇ ਅਜਿਹੀਆਂ ਹੀ ਹੋਰ ਨਿੱਕੀਆਂ-ਮੋਟੀਆਂ ਦਵਾਈਆਂ ਦੀ…ਘੇਰਲੂ ਡਾਕਟਰ ਤੇ ਆਪਣਾ ਇਲਾਜ਼ ਆਪ ਵਰਗੀਆਂ ਕਿਤਾਬਚੀਆਂ ਪੜ੍ਹ-ਪੜ੍ਹ ਕੇ ਹਰੇਕ ਸਖ਼ਸ਼ ਬੜੀ ਤੇਜ਼ੀ ਨਾਲ ਡਾਕਟਰ ਬਣਦਾ ਜਾ ਰਿਹਾ ਸੀ, ਕਿਉਂਕਿ ਲੋੜ ਪੈਣ ਸਮੇਂ ਬੜੀ ਮੁਸ਼ਕਿਲ ਨਾਲ ਡਾਕਟਰ ਮਿਲਦੇ ਸਨ, ਹੁਣ।

ਲੋਕ ਸੜਕਾਂ ਉੱਪਰ ਬੜੀ ਸਭਿਅਤਾ ਤੇ ਖ਼ਾਮੋਸ਼ੀ ਨਾਲ ਮਿਲਦੇ ਜਿਵੇਂ ਬਾਜ਼ਾਰ ਵਿਚ ਨਹੀਂ ਹਸਪਤਾਲ ਵਿਚ ਤੁਰੇ ਫਿਰਦੇ ਹੋਣ…ਤੇ ਕਿਸੇ ਪਿਆਰੇ ਨੂੰ ਆਖ਼ਰੀ ਵਾਰ ਦੇਖਣ ਆਏ ਹੋਣ, ਜਿਸਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੋਏ। ਜਿਸ ਦਿਨ ਕਰਫ਼ਿਊ ਦਾ ਸਾਇਰਨ ਨਾ ਵੀ ਵੱਜਦਾ, ਸਮੇਂ ਸਿਰ ਲੋਕਾਂ ਨੂੰ ਉਹੀ ਗੂੰਜ ਸੁਣਾਈ ਦਿੰਦੀ---ਉਹ ਲੰਮੀਆਂ-ਲੰਮੀਆ ਪਲਾਂਘਾਂ ਭਰਦੇ, ਆਪਣੇ ਘੁਰਨਿਆਂ ਵੱਲ ਨੱਸ ਤੁਰਦੇ।

ਕਿਸੇ ਕੋਲ ਫਾਲਤੂ ਗੱਲਾਂ ਕਰਨ ਦੀ ਵਿਹਲ ਹੀ ਨਹੀਂ ਸੀ ਹੁੰਦੀ---ਉਂਜ ਬੋਲੀ ਸਾਰੇ ਇਕੋ ਹੀ ਬੋਲਦੇ ਸਨ, ਪਰ ਸਾਰੇ ਚੁੱਪ ਸਨ। ਜਿਵੇਂ ਗੂੰਗਿਆਂ ਦੀ ਨਗਰੀ ਵਿਚ ਕੋਈ ਕਿਸੇ ਦੀ ਭਾਸ਼ਾ ਨਾ ਸਮਝਦਾ ਹੋਏ। 'ਗੂੰਗੇ ਦੀ ਬੋਲੀ ਜਾਂ ਉਸਦੀ ਮਾਂ ਜਾਣੇ ਜਾਂ ਰੱਬ' ਵਾਲੀ ਕਹਾਵਤ ਗਲਤ ਸਿੱਧ ਹੋ ਚੁੱਕੀ ਸੀ---ਸਭ ਦੀਆਂ ਮਾਵਾਂ ਤੇ ਸਭ ਦੇ ਰੱਬ ਪਤਾ ਨਹੀਂ ਕਿੱਥੇ ਚਲੇ ਗਏ ਸਨ, ਪਤਾ ਨਹੀਂ ਕਿਉਂ ਛਿਪਣ ਹੋਏ ਬੈਠੇ ਸਨ ? ਸਾਧਾਂ-ਸੰਤਾਂ ਨੇ ਹੀ ਨਹੀਂ ਹੁਣ ਤਾਂ ਸ਼ਰਾਬੀਆਂ ਨੇ ਵੀ ਮੋਨ-ਵਰਤ ਧਾਰ ਲਏ ਸਨ---ਸ਼ਰਾਬ ਦੇ ਠੇਕੇ ਤੇ ਅਹਾਤੇ ਕਿਸੇ ਵਿਧਵਾ ਆਸ਼ਰਮ ਵਾਂਗ ਸੁੰਨੇ ਤੇ ਬੇਜਾਨ ਜਿਹੇ ਚੁੱਪ ਦੀ ਚਾਦਰ ਵਿਚ ਲਿਪਟੇ ਨਜ਼ਰ ਆਉਂਦੇ।

'ਚਾਨਣ ਸ਼ਾਹ ਫਿਸ਼-ਵਰਾਈ ਸਪੈਸ਼ਲ, ਖਰੌੜੇ ਤੇ ਟਿੱਕਾ-ਕਲੇਜੀ' ਦਾ ਬੋਰਡ ਭੋਲੂ ਆਰਟਿਸਟ ਨੇ ਬੜੇ ਹੀ ਚਾਵਾਂ ਨਾਲ ਬਣਾਇਆ ਸੀ---ਹੁਣ 'ਮੀਟ ਵਾਲਾ ਚਬੂਤਰਾ' ਬਿਲਕੁਲ ਵੀਰਾਨ ਰਹਿਣ ਲੱਗ ਪਿਆ ਸੀ। ਚਾਨਣ ਸ਼ਾਹ ਦੀ ਭੱਠੀ ਨੂੰ ਗਲੀ ਹਕੀਮਾਂ ਦੀ ਕੁੱਤੀ, ਮੁਸ਼ਕੀ ਨੇ ਆਪਣਾ ਅੱਡਾ ਬਣਾ ਲਿਆ ਸੀ। ਉਸ ਵਿਚਾਰੀ ਦੇ ਭਾਗ ਵੀ ਫੁੱਟ ਗਏ ਸਨ। ਕਦੀ ਉਹ ਆਪਣੇ 'ਯਾਰਾਂ-ਬੇਲੀਆਂ' ਨਾਲ 'ਭਰਪੂਰ ਪਾਵਰ ਵਾਲੇ ਖਰੌੜੇ' ਯਾਨੀ ਗੋਡਿਆਂ ਤੋਂ ਹੇਠਲੇ ਹੱਡ ਤੇ ਗਾਹਕਾਂ ਦੀ ਛੱਡੀ ਹੋਈ 'ਟਿੱਕਾ-ਕਲੇਜੀ' ਤੇ ਲਿੱਬੜੀਆਂ ਸਲਾਖਾਂ ਚੱਟ-ਚੱਟ ਕੇ ਏਨੇ ਮੋਟੇ ਹੋ ਜਾਂਦੇ ਸਨ ਕਿ ਚਾਨਣ ਸ਼ਾਹ ਵਾਂਗ ਹੀ ਉਹਨਾਂ ਦਾ ਚੱਲਣਾ-ਫਿਰਨਾਂ ਮੁਸ਼ਕਲ ਹੋ ਜਾਂਦਾ ਸਾਂ---ਹੁਣ ਵਿਚਾਰੇ ਸਾਰੇ ਹੀ ਹੱਡੀਆਂ ਦੇ ਪਿੰਜਰ ਉੱਤੇ ਢਿੱਲੀ ਖੱਲ ਲਮਕਾਈ, ਮੰਗਵੇਂ ਕੱਪੜਿਆਂ ਵਾਲੇ ਮੰਗਤਿਆਂ ਵਾਂਗ, ਗਲੀਆਂ ਦੀ ਧੂੜ ਫੱਕਦੇ ਫਿਰਦੇ ਸਨ ਤੇ ਰਾਤ ਨੂੰ 'ਚਾਨਣ ਫਿਸ਼, ਮੀਟ, ਚਿਕਨ ਕਾਰਨਰ' ਦੇ ਫੱਟਿਆਂ ਹੇਠਾਂ ਵੜ ਕੇ ਇਕ ਦੂਜੇ ਉੱਤੇ ਢੇਰੀ ਹੋ ਜਾਂਦੇ ਸਨ। ਕਦੀ ਕਦੀ ਚਾਨਣ ਸ਼ਾਹ ਦੀ ਭੱਠੀ ਕੋਲ ਪਈ ਮੁਸ਼ਕੀ ਕੁੱਤੀ, ਸਵਾਹ ਵਿਚ ਬੂਥੀ ਰਗੜਦਿਆਂ ਅਜੀਬ-ਅਜੀਬ ਆਵਾਜ਼ਾਂ ਕੱਢਦੀ। ਪਰ ਲੋਕ ਹੁਣ ਰਾਤ ਨੂੰ ਕੁੱਤਿਆਂ ਦਾ ਰੋਣ ਸੁਣ ਕੇ ਡਰਦੇ ਨਹੀਂ ਸਨ ਹੁੰਦੇ…ਰੋਣ-ਧੋਣ ਦੀ ਸਭਨਾਂ ਨੂੰ ਆਦਤ ਪੈ ਗਈ ਸੀ, ਕੀ ਆਦਮੀ, ਤੇ ਕੀ ਕੁੱਤਾ !

ਭਾਈ ਜੀ ਦੇ ਕਹਿਣੇ, ਹਰ ਆਦਮੀ ਆਪਣਾ ਟਾਈਮ ਪਾਸ ਕਰ ਰਿਹਾ ਸੀ---ਚੁੱਪਚਾਪ ਆਉਣ ਵਾਲੇ ਚੰਗੇ ਦਿਨਾਂ ਦੀ ਉਡੀਕ ਵਿਚ। ਕਈ ਦਿਨ ਬੀਤ ਜਾਣ ਬਾਅਦ ਚੁੱਪਚਾਪ ਟਾਈਮ ਪਾਸ ਕਰਨਾ ਵੀ ਮੁਸ਼ਕਲ ਹੋ ਗਿਆ। ਚੁੱਪ ਵਿਚ ਤਰੇੜਾਂ ਪੈ ਗਈਆਂ…ਸੜਕਾਂ ਉੱਤੇ ਅਜੀਬ-ਅਜੀਬ ਇਕੱਠ ਘੁੰਮਦੇ ਨਜ਼ਰ ਆਉਂਦੇ। ਆਪਣੇ ਹੱਥੀਂ ਖਿਡਾਏ ਬੱਚੇ ਭਾਈ ਜੀ ਨੂੰ ਕਿਸੇ ਬਾਹਰਲੀ ਦੁਨੀਆਂ ਦੇ ਰਾਕਸ਼ਸ ਨਜ਼ਰ ਆਉਂਦੇ। ਉਹ ਰਾਕਸ਼ਸ ਇਕੋ ਆਵਾਜ਼ ਵਿਚ ਚਿੰਘਾੜਦੇ---ਨਾ ਉਹਨਾਂ ਦਾ ਕੋਈ ਮਤਲਬ ਸਮਝ ਆਉਂਦਾ, ਨਾ ਮਕਸਦ।

ਤਲਵਾਰਾਂ ਤੇ ਤ੍ਰਿਸ਼ੂਲ, ਪੀਲੀਆਂ ਪੱਗਾਂ ਤੇ ਲਾਲ ਟੋਪੀਆਂ---ਆਦਮ-ਖੋਰ, ਆਦਮ-ਜਾਤ ਦੀ ਭਾਲ ਵਿਚ ਗਲੀ-ਕੁਚਿਆਂ ਵਿਚ ਘੁੰਮਦੇ ਨਜ਼ਰ ਆਉਂਦੇ। ਕਦੀ ਕ੍ਰਿਪਾਨ ਨੁਮਾ ਭੂਤ ਆ ਕੇ ਹੁਕਮ ਦਿੰਦੇ---"ਦੁਕਾਨਾ ਬੰਦ ਕਰੋ, ਸ਼ਟਰ-ਡਾਊਨ।" ਕਦੀ ਤ੍ਰਿਸ਼ੂਲ ਇਹੀ ਹੁਕਮ ਦੁਹਰਾਉਂਦੇ---"ਸ਼ਟਰ-ਡਾਊਨ, ਦੁਕਾਨਾ ਬੰਦ।" ਜੇ ਇਕ ਦੀ ਖੁਸ਼ੀ ਵਿਚ ਕੱਲ੍ਹ ਹੜਤਾਲ ਸੀ ਤਾਂ ਦੂਜੇ ਦੀ ਖੁਸ਼ੀ ਨਾਲ ਅੱਜ ਹੜਤਾਲ ਹੈ। ਜਿਵੇਂ-ਜਿਵੇਂ ਤਲਵਾਰਾਂ ਤੇ ਤ੍ਰਿਸ਼ੁਲਾਂ ਦੀਆਂ ਖੁਸ਼ੀਆਂ ਵਧਦੀਆਂ ਗਈਆਂ, ਦੁਕਾਨਾ ਦੀ ਰੌਣਕ ਘੱਟ ਹੁੰਦੀ ਗਈ।

ਕਦੀ ਤ੍ਰਿਸ਼ੂਲ ਰੂਪੀ ਪ੍ਰੇਤ ਆ ਕੇ ਕੜਕਦਾ, "ਦੁਕਾਨਾਂ ਬੰਦ ਕਰ ਦਿਓ---ਪਤਾ ਨਹੀਂ ਅੱਜ ਦੀ ਹੜਤਾਲ ਦਾ ਸੱਦਾ ਸੀ ? ਸ਼ਟਰ-ਡਾਊਨ।"

"ਪਰ ਕਿਉਂ ?"

"ਚਾਰ ਪਗੜੀਆਂ ਨੇ ਨੌਂ ਟੋਪੀਆਂ ਨੂੰ ਮਾਰ ਦਿੱਤੈ…ਸ਼ਟਰ-ਡਾਊਨ।" ਤੇ ਸ਼ਟਰ-ਡਾਊਨ ਹੋ ਜਾਂਦੇ।

ਫੇਰ ਤਲਵਾਰਾਂ ਰੂਪੀ ਪ੍ਰੇਤ ਆਉਂਦੇ, "ਖਬਰਦਾਰ ਦੁਕਾਨਾਂ ਬੰਦ ਨਹੀਂ ਹੋਣਗੀਆਂ---ਬਾਜ਼ਾਰ ਖੁੱਲ੍ਹਾ ਰਹੇਗਾ। ਸ਼ਟਰ-ਅੱਪ।"

ਤੇ ਸ਼ਟਰ-ਅੱਪ ਤੇ ਸ਼ਟਰ-ਡਾਊਨ ਦਾ ਇਹ ਤਮਾਸ਼ਾ ਏਨਾ ਆਮ ਹੋ ਗਿਆ ਕਿ ਭਾਈ ਜੀ ਦੀ ਜਾਨ ਕੁੜਿੱਕੀ ਵਿਚ ਆ ਗਈ। ਇਕ ਤਾਂ ਉਂਜ ਵੀ ਸਿਹਤ ਠੀਕ ਨਹੀਂ ਸੀ ਰਹਿੰਦੀ ਉੱਪਰੋਂ ਮੁਸੀਬਤ ਇਹ ਹੁੰਦੀ ਕਿ ਭਾਵੇਂ ਕਰਫ਼ਿਊ ਲੱਗੇ ਜਾਂ ਸ਼ਟਰ-ਡਾਊਨ ਹੋਣ ਉਹਨਾਂ ਨੂੰ ਡੱਬੇ ਦਾ ਦੁੱਧ, ਕਈ ਕਈ ਦਿਨਾਂ ਦੀ ਬਾਸੀ ਡਬਲ-ਰੋਟੀ ਤੇ ਆਪਣੀ ਹੀ ਦੁਕਾਨ ਦੇ ਮਰਤਬਾਨ ਵਿਚ ਸਜਾਏ ਹੋਏ ਬਿਸਕੁਟਾਂ ਤੇ ਟਾਫ਼ੀਆਂ ਉੱਪਰ ਗੁਜਾਰਾ ਕਰਨਾ ਪੈਂਦਾ। ਕੁਝ ਤਾਂ ਰੁੱਖੀ-ਮਿੱਸੀ ਦਾ ਅਸਰ ਸੀ ਦੇ ਕੁਝ ਦਿਨ ਵਿਚ ਕਈ ਕਈ ਵਾਰੀ ਸ਼ਟਰ-ਅੱਪ ਤੇ ਸ਼ਟਰ-ਡਾਊਨ ਕਰਾਉਣ ਵਲਿਆਂ ਦੀ ਪਰੇਡ ਦਾ ਨਤੀਜਾ ਕਿ ਭਾਈ ਜੀ ਦੀ 'ਹੈਲਥ' ਬਿਲਕੁਲ ਹੀ ਡਾਊਨ ਹੋ ਗਈ ਸੀ। ਕਦੀ ਇਹ ਹਾਲ ਹੁੰਦੇ ਸਨ ਕਿ ਤੋਂਦ (ਮੋਟੇ ਢਿੱਡ) ਨੂੰ ਸੰਭਾਲ ਕੇ ਚੁਬਾਰੇ ਚੜ੍ਹਨਾ ਮੁਸ਼ਕਲ ਹੋ ਗਿਆ ਸੀ ਤੇ ਹੁਣ ਇਹ ਹਾਲ ਸਨ ਕਿ ਗੌਰਮਿੰਟ ਹਾਈ ਸਕੂਲ ਦੇ ਮੁੰਡਿਆਂ ਦੀ ਵਰਦੀ ਵੀ ਮੇਚ ਆਉਣ ਲੱਗ ਪਈ ਸੀ। ਹੋਰ ਉਹ ਕਰਦੇ ਵੀ ਕੀ ? 'ਭੱਈਆ' ਰਾਮ ਅਵਤਾਰ ਆਪਣੀ ਫੈਕਟਰੀ ਯਾਨੀ ਲਾਂਡਰੀ ਬੰਦ ਕਰਕੇ 'ਆਪਣੇ ਦੇਸ' ਨੱਸ ਗਿਆ ਸੀ---ਸੋ ਭਾਈ ਜੀ ਨੂੰ ਜਿਹੜੀ ਵਰਦੀ ਫਿੱਟ ਆਉਂਦੀ ਪਾ ਬਹਿੰਦੇ।

ਇਸ 'ਪ੍ਰੋਗਰਾਮ' (ਭਾਈ ਜੀ ਇਸ ਹੁਲੜ ਨੂੰ ਪ੍ਰੋਗਰਾਮ ਹੀ ਆਖਦੇ ਹੁੰਦੇ ਸਨ) ਦੇ ਸ਼ੁਰੂ-ਸੂਰੂ ਵਿਚ ਤਾਂ ਜਿਹੜਾ ਵੀ ਆਉਂਦਾ, ਜੋ ਵੀ ਹੁਕਮ ਦਿੰਦਾ ਭਾਈ ਜੀ 'ਸਤ ਬਚਨ' ਕਹਿ ਕੇ ਮੰਨ ਲੈਂਦੇ। ਜੋ ਕੋਈ ਸ਼ਟਰ-ਡਾਊਨ ਕਰਨ ਲਈ ਆਖਦਾ, ਉਹ 'ਚੰਗਾ ਪੁੱਤਰ ਜੀ' ਕਹਿ ਕੇ ਇਸ਼ਾਰਾ ਕਰ ਦਿੰਦੇ ਕਿ ਤੁਸੀਂ ਹੀ ਹੇਠਾਂ ਕਰਦੇ ਜਾਓ। ਜੇ ਸ਼ਟਰ-ਅੱਪ ਕਰਵਾਉਣ ਵਾਲੇ ਆ ਜਾਂਦੇ ਤਾਂ 'ਅੱਛਾ ਬੇਟਾ ਜੀ' ਕਹਿ ਕੇ ਉਹਨਾਂ ਨੂੰ ਇਸ਼ਾਰਾ ਕਰਦੇ ਕਿ ਆਪੁ ਹੀ ਚੁੱਕ ਦਿਓ।

ਹੌਲੀ-ਹੌਲੀ ਇਸ ਸ਼ਟਰ-ਸੁੱਟੋ ਤੇ ਸ਼ਟਰ-ਚੁੱਕੋ ਦੇ ਤਮਾਸ਼ੇ ਜਿਹੇ ਤੋਂ ਭਾਈ ਜੀ ਤੰਗ ਆ ਗਏ, ਅੱਪ-ਡਾਊਨ ਕਰਵਾਉਣ ਵਾਲਿਆਂ ਨੂੰ ਦੁਲਾਰਨ ਦੀ ਬਜਾਏ ਫਿਟਕਾਰਨ ਲੱਗੇ, "ਓਇ ਸੂਰ ਦਿਓ ਸ਼ਾਗਿਰਦੋ…ਅੱਪ-ਡਾਊਨ ਈ ਕਰਵਾਉਂਦੇ ਰਹੋਗੇ ਜਾਂ ਕੋਈ ਕੰਮ ਵੀ ਕਰਨ ਦਿਓਗੇ?' ਪਰ ਅੱਪ-ਡਾਊਨ ਕਰਵਾਉਣ ਵਾਲੇ ਉਹਨਾਂ ਦੀ ਸੁਣਦੇ ਹੀ ਕਦੋਂ ਸਨ?...ਉਹ ਤਾਂ ਇਕ ਮਹਾਨ ਧਰਮ-ਯੁੱਧ ਲੜ ਰਹੇ ਸਨ---ਧਰਮ, ਜਿਹੜਾ ਇਹ ਨਹੀਂ ਦੇਖਦਾ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ…ਬਲਿਕੇ ਸਿਰਫ ਇਹ ਦੇਖਦਾ ਹੈ, ਕਿਸ ਨੇ ਪੱਗ ਬੰਨ੍ਹੀ ਹੋਈ ਹੈ, ਕਿਸ ਨੇ ਟੋਪੀ ਲਈ ਹੋਈ ਹੈ ?

ਜੇ ਭਾਈ ਜੀ ਦੇ ਜਿਸਮ ਦਾ ਕੋਈ ਹਿੱਸਾ ਚੱਲਦਾ ਸੀ ਤਾਂ ਉਹ ਸੀ ਉਹਨਾਂ ਦੀ ਜ਼ੁਬਾਨ…ਉਹਨਾਂ ਦਾ ਦਿਲ, ਦਿਮਾਗ਼, ਹੱਥ-ਪੈਰ ਤੇ ਹੋਰ ਸਭ ਕੁਝ, ਉਹਨਾਂ ਦੀ ਜ਼ੁਬਾਨ ਹੀ ਸੀ---ਜਦੋਂ ਚੱਲਦੀ ਸੀ ਤਾਂ ਅੱਗਾ ਦੇਖਦੀ ਸੀ, ਨਾ ਪਿੱਛਾ, ਬਸ ਦਾਤਰੀ ਵਾਂਗ ਚੱਲੀ ਹੀ ਜਾਂਦੀ ਸੀ, "ਖੋਤੀ ਦੇ ਖੁਰ…ਓ ਗਧੀ ਦੇ ਖੁਰੜਿਓ (ਇਹ ਭਾਈ ਜੀ ਦੀਆਂ ਫੇਵਰੇਟ ਗਾਲ੍ਹਾਂ ਸਨ) ਉੱਲੂ ਦੇ ਜਾਮਨੋਂ (ਗਵਾਹ) ਤੇ ਸੂਰ ਦਿਓ ਹੱਡੋ।" ਇਹਨਾਂ ਗਾਲ੍ਹਾਂ ਦਾ ਉਹ ਬੇਧੜਕ ਇਸਤੇਮਾਲ ਕਰਦੇ। ਕਿਸੇ ਜ਼ਮਾਨੇ ਵਿਚ ਬੱਚੇ ਉਹਨਾਂ ਦੀਆਂ ਇਹਨਾਂ ਗਾਲ੍ਹਾਂ ਨੂੰ 'ਰੂੰਗਾ-ਝੂੰਗਾ' ਸਮਝਦੇ ਹੁੰਦੇ ਸਨ। ਉਸ 'ਰੂੰਗੇ-ਝੂੰਗੇ' ਦਾ ਅਨੁਵਾਦ ਅੱਜ-ਕੱਲ੍ਹ 'ਬੋਨਸ' ਵਜੋਂ ਕੀਤਾ ਜਾ ਸਕਦਾ ਹੈ। ਜਾਂ 'ਡਿਸਕਾਊਂਟ' ਵਜੋਂ। ਉਹਨੀਂ ਦਿਨੀਂ ਇਸ ਦੇ ਅਰਥ ਇਹ ਹੁੰਦੇ ਸਨ ਕਿ ਇਕ ਗਾਲ੍ਹ ਖਾਓ ਤੇ ਇਸ ਦੇ ਵੱਟੇ ਦੋਗੋਲੀਆਂ ਲੈ ਜਾਓ।

ਹੁਣ ਜ਼ਮਾਨਾ ਹੀ ਬਦਲ ਗਿਆ ਸੀ। ਡਾਕਟਰ ਕੁਲਦੀਪ ਵੀ ਕਹਿਣ ਲੱਗ ਪਏ ਸਨ ਕਿ 'ਅਸੀਂ ਟਾਈਮ ਪਾਸ ਨਹੀਂ ਕਰ ਰਹੇ, ਟਾਈਮ ਫੇਲ੍ਹ ਕਰ ਰਹੇ ਆਂ।' ਕੌਣ ਜਾਣਦਾ ਹੈ ਕਿ ਉਹ ਟਾਈਮ ਨੂੰ ਫੇਲ੍ਹ ਕਰ ਰਹੇ ਸਨ, ਜਾਂ ਟਾਈਮ ਉਹਨਾਂ ਨੂੰ ਫੇਲ੍ਹ ਕਰ ਰਿਹਾ ਸੀ ? ਮੁੱਕਦੀ ਗੱਲ ਕਿ ਸਾਰੇ ਬਾਜ਼ਾਰ ਵਾਲੇ ਭਾਈ ਜੀ ਦੀ ਜ਼ੁਬਾਨ ਤੋਂ ਡਰੇ ਹੋਏ ਸਨ…'ਆਵਦਾ ਤਾਂ ਕੁਛ ਜਾਣਾ ਨੀਂ ਇਹਦਾ, ਨਾ ਰੰਨ, ਨਾ ਕੰਨ---ਸਾਨੂੰ ਮਰਵਾਊ ਸਾਲਾ, ਬਾਲ-ਬੱਚੜਦਾਰਾਂ ਨੂੰ।' ਕਾਲੂ ਹਲਵਾਈ ਤਾਂ ਹਰ ਵੇਲੇ ਭਾਈ ਜੀ 'ਤੇ ਖਿਝਿਆ ਰਹਿੰਦਾ। ਦੁੱਖ ਦੀ ਗੱਲ ਤਾਂ ਇਹ ਸੀ ਕਿ ਬਾਕੀ ਸਾਰੇ ਕਾਲੂ ਹਲਵਾਈ ਦਾ---ਇੱਥੋਂ ਤਕ ਕਿ ਡਾਕਟਰ ਕੁਲਦੀਪ ਵੀ, ਉਸੇ ਦਾ ਸਾਥ ਦੇਂਦੇ ਕਿਉਂਕਿ ਉਹ ਜਾਣਦੇ ਸਨ ਕਿ ਅੱਪ ਜਾਂ ਡਾਊਨ ਨਾ ਕਰਨ ਦਾ ਹਸ਼ਰ ਕੀ ਹੋ ਸਕਦਾ ਹੈ। ਨਾਲ ਵਾਲੇ ਬਾਜ਼ਾਰ ਦੀਆਂ ਲੁੱਟੀਆਂ ਤੇ ਸੜੀਆਂ ਹੋਈਆਂ ਦੁਕਾਨਾਂ, ਤੇ ਲਹੂ ਵਿਚ ਲੱਥ-ਪੱਥ ਉਹਨਾਂ ਦੇ ਮਾਲਕਾਂ ਦੀ ਕਹਾਣੀ ਨੂੰ ਕੋਈ ਵੀ ਦੁਹਰਾਉਣਾ ਨਹੀਂ ਸੀ ਚਾਹੁੰਦਾ। 'ਜਾਨ ਹੈ ਤਾਂ ਦੁਕਾਨ ਹੈ' ਦੇ ਅਸੂਲ ਉੱਤੇ ਹਰ ਸਖ਼ਸ਼ ਅਮਲ ਕਰ ਰਿਹਾ ਸੀ…ਪਰ ਭਾਈ ਜੀ ਨੂੰ ਇਹ ਅਸੂਲ ਕੌਣ ਸਮਝਾਏ ?

ਉਸ ਦਿਨ ਵੀ ਪੰਜ ਵਾਰੀ ਕ੍ਰਿਪਾਨਾ ਵਾਲੇ ਆਏ ਸਨ ਤੇ ਏਨੀ ਵਾਰੀ ਹੀ ਤ੍ਰਿਸ਼ੂਲਾਂ ਵਾਲੇ ਵੀ---ਪੰਜ ਵਾਰੀ ਸ਼ਟਰ-ਡਾਊਨ ਹੋਏ ਸਨ ਤੇ ਪੰਜ ਵਾਰੀ ਅੱਪ। ਦਸੇ ਵਾਰੀ ਭਾਈ ਸਲੇਟੀਆਂ ਵਾਲੇ ਨੇ ਆਉਣ ਵਾਲਿਆਂ ਨੂੰ ਗਾਲ੍ਹਾਂ ਦਿੱਤੀਆਂ ਤੇ ਦਸੇ ਵਾਰੀ ਜਾਣ ਵਾਲਿਆਂ ਨੇ ਭਾਈ ਨੂੰ ਧਮਕੀਆਂ…ਤੇ ਫੇਰ ਸਾਇਰਨ ਦੀ ਆਵਾਜ਼ ਦੇ ਨਾਲ ਹੀ ਸਾਰੇ ਸ਼ਹਿਰ ਦੇ ਮੁਰਦੇ ਆਪੋ ਆਪਣੀਆਂ ਕਬਰਾਂ ਵਿਚ ਜਾ ਕੇ 'ਲੰਮ-ਲੇਟ' ਹੋ ਗਏ ਸਨ। ਪਰ ਭਾਈ ਜੀ ਕੰਨਾਂ ਵਿਚ 'ਸ਼ਟਰ-ਅੱਪ' ਅਤੇ 'ਸ਼ਟਰ-ਡਾਊਨ' ਦੀਆਂ ਆਵਾਜ਼ਾਂ ਹੀ ਗੂੰਜਦੀਆਂ ਰਹੀਆਂ। ਉਸ ਰਾਤ ਇਕ ਵਾਰੀ---ਸਿਰਫ ਇਕੋ ਵਾਰੀ, ਭਾਈ ਜੀ ਆਪਣੇ ਗਾਊ ਸਿਰਹਾਣੇ ਤੇ ਪੱਲੇ ਵਾਲੇ ਤਖ਼ਤਪੋਸ਼ ਤੋਂ ਉਠੇ ਤੇ ਦੇਖਦਿਆਂ ਹੀ ਦੇਖਿਦਆਂ ਉਹਨਾਂ ਨੇ ਦੁਕਾਨ ਦੇ ਸ਼ਟਰ ਬਿਲਕੁਲ ਅੱਪ ਕਰ ਦਿੱਤੇ। ਫੇਰ ਜਦੋਂ ਉਹਨਾਂ ਨੂੰ ਛੇਵੀਂ ਵਾਰ ਸ਼ਟਰ-ਡਾਊਨ ਕਰਨ ਦਾ ਹੁਕਮ ਦਿੱਤਾ ਗਿਆ, ਉਹਨਾਂ ਝਟਕੇ ਨਾਲ ਅਲਮਾਰੀਆਂ ਦੇ ਬੂਹੇ ਖੋਲ੍ਹ ਦਿੱਤੇ---ਧੜਧੜ ਡਿੱਗੇ ਕਲੰਡਰਾਂ ਤੇ ਕਾਪੀਆਂ ਨਾਲ ਫਰਸ਼ ਭਰ ਗਿਆ, ਫੇਰ ਉਹਨਾਂ ਗਾਊ ਸਿਰਹਾਣਾ ਤੇ ਗੱਦਾ ਉਸ ਢੇਰ ਉੱਤੇ ਵਗਾਹ ਮਾਰਿਆ ; ਟਾਫ਼ੀਆਂ, ਖੱਟੀਆਂ-ਮਿੱਠੀਆਂ ਗੋਲੀਆਂ, ਪੈਨਸਲਾਂ, ਸਲੇਟੀਆਂ ਵਾਲੇ ਮਰਤਬਾਨਾਂ ਨੂੰ ਬਾਹਾਰਲੇ ਚਬੂਤਰੇ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ। ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਮੁੰਡੇ ਦੀ ਸਲਾਹ ਅਨੁਸਾਰ ਖਾਲਸ ਵਿਦੇਸ਼ੀ ਡਿਜ਼ਾਇਨ ਦੇ ਬਣਾਏ ਹੋਏ ਸ਼ੋ-ਕੇਸ ਉਲਟਣੇ ਸ਼ੁਰੂ ਕਰ ਦਿੱਤੇ ਤਾਂਕਿ ਉਹ ਆਸਾਨੀ ਨਾਲ, ਉਹ ਸਭ ਕੁਝ ਉਗਲੱਛ ਦੇਣ, ਜੋ ਉਹ ਆਪਣੇ ਅੰਦਰ ਸਮੇਟੀ ਬੈਠੇ ਸਨ। ਦੇਖਦਿਆਂ-ਦੇਖਦਿਆਂ ਫਰਸ਼ ਤੋਂ ਛੱਤ ਤਕ ਚਿਣਿਆਂ ਹੋਇਆ ਸਾਮਾਨ, ਕਿਸੇ ਦੈਂਤ ਦੀ ਕੈ ਵਾਂਗ, ਫਰਸ਼ ਉੱਤੇ ਖਿੰਡ-ਪੁੰਡ ਗਿਆ। ਭਾਈ ਸਲੇਟੀਆਂ ਵਾਲੇ ਨੇ ਭਾਂਤ-ਭਾਂਤ ਦੀਆਂ ਨਹੂੰ-ਪਾਲਸ਼ਾਂ, ਲਵੈਂਡਰਾਂ, ਸੈਂਟਾਂ ਤੇ ਆਫਟਰ-ਸ਼ੇਵ ਸਲਿਊਸ਼ਨਾਂ ਵਾਲੀਆਂ ਸਾਰੀਆਂ ਸ਼ੀਸ਼ੀਆਂ ਉਸ ਢੇਰ ਉੱਤੇ ਡੋਲ੍ਹ ਦਿੱਤੀਆਂ…ਫੇਰ ਕਾਗਜ਼ ਦੇ ਦਸਤਿਆਂ, ਸਕੂਲ ਦੀਆਂ ਕਾਪੀਆਂ, ਪਲਾਸਟਕ ਦੀਆਂ ਬਾਲਾਂ, ਕ੍ਰਿਕਟ ਬੈਟ, ਗੇਂਦਾਂ ਤੇ ਜਨਤੀਆਂ ਦੀ ਵਾਰੀ ਆਈ। ਉਹਨਾਂ ਦੇ ਚਾਰੇ ਪਾਸੇ ਮੋਮਬੱਤੀਆਂ, ਪਟਾਕਿਆਂ ਦਾ ਖਿਲਾਰ ਪਾ ਦਿੱਤਾ, ਸਭ ਤੋਂ ਉੱਪਰ ਮਾਚਸਾਂ ਦੇ ਡੱਬੇ---ਤੇ ਫੇਰ, ਬਸ ਇਕੋ ਤੀਲੀ ਦੀ ਕਸਰ ਸੀ। ਆਖ਼ਰ ਭਾਈ ਜੀ ਨੇ ਮਾਚਸ ਦੀ ਉਹ ਤੀਲੀ ਵੀ ਕੱਢੀ ਤੇ ਬਾਲ ਕੇ ਚੀਜ਼ਾਂ ਦੇ ਢੇਰ ਉੱਤੇ ਸੁੱਟ ਦਿੱਤੀ। ਦੀਵੇ ਨਾਲ ਦੀਵਾ ਬਲਣ ਲੱਗਾ ਤੇ ਮੱਸਿਆ ਦੀ ਕਾਲੀ ਬੋਲੀ ਰਾਤ ਵਿਚ ਸਿਰਫ ਇਕ ਦੁਕਾਨ ਦੇ ਸੜਨ ਸਦਕਾ ਪੂਰੇ ਬਾਜ਼ਾਰ ਵਿਚ ਦੀਵਾਲੀ ਵਰਗਾ ਚਾਨਣ ਹੋ ਗਿਆ।

ਸਾਰੀ ਰਾਤ ਭਾਈ ਦੇ ਲਲਕਾਰੇ ਜਿਹੇ ਲੋਕਾਂ ਨੂੰ ਸੁਣਾਈ ਦਿੰਦੇ ਰਹੇ---"ਖੋਤੀ ਦੇ ਖੁਰੋ…ਹੁਣ ਕਰਾਓ ਸ਼ਟਰ-ਡਾਊਨ, ਸ਼ਟਰ-ਅੱਪ। ਸੂਰ ਦਿਓ ਪੁੱਤਰੋ…ਹੁਣ ਕਰਾਓ ਸ਼ਟਰ-ਅੱਪ, ਸ਼ਟਰ-ਡਾਊਨ।"

…ਤੇ ਅੱਜ ਤੀਕ ਬਾਬਾ ਸੀਟੀਆਂ ਵਾਲਾ, ਸੀਟੀ ਵਜਾਅ-ਵਜਾਅ ਕੇ ਸੜਕਾਂ ਉੱਤੇ ਕੂਕਦਾ ਫਿਰਦਾ ਹੈ। "ਸ਼ਟਰ-ਡਾਊਨ, ਸ਼ਟਰ-ਅੱਪ…ਵਨ-ਟੂ-ਥਰੀ-ਫੋਰ---ਨਾ ਕੋਈ ਮੁਰਗਾ, ਨਾ ਕੋਈ ਮੋਰ…ਨਾ ਕੋਈ ਸੰਤ, ਨਾ ਕੋਈ ਚੋਰ…ਨਾ ਕੋਈ ਵਿੰਡੋ, ਨਾ ਕੋਈ ਡੋਰ…ਸ਼ਟਰ-ਅੱਪ, ਸ਼ਟਰ-ਡਾਊਨ---ਲੈਫ਼ਟ-ਰਾਈਟ, ਢਿੰਬਰੀ-ਟਾਈਟ…ਸ਼ਟਰ-ਅੱਪ, ਸ਼ਟਰ-ਡਾਊਨ।"

(ਇਹ ਅਨੁਵਾਦ ਜੱਗਬਾਣੀ : 20 ਅਗਸਤ 1988. ਵਿਚ ਛਪਿਆ ਹੈ।)

**************

Thursday, March 26, 2009

ਮੁਆਫ਼ ਕਰ ਦਿਓ ਮਾਂ...:: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ : ਮੁਆਫ਼ ਕਰ ਦਿਓ ਮਾਂ... :: ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
-------------------------------------------------------------------------------------------------------------------------------
ਇਹ ਕਹਾਣੀ ਅੱਖਰ ਦੇ ਜਨਵਰੀ-ਫਰਵਰੀ-2008.ਅੰਕ ਵਿਚ ਛਪੀ ਹੈ। ਅੱਖਰ ਦਾ ਸੰਪਰਕ ਨੰ : ਹੈ ---0183-2210107 ਹੈ ।
-------------------------------------------------------------------------------------------------------------------------------


ਵਿਭਾ ਬਰਾਉਨ ਬਿਨਾਂ ਕੱਪੜੇ ਬਦਲੇ ਬੈੱਡ ਉੱਤੇ ਆਣ ਡਿੱਗੀ ਹੈ…ਪੂਰੀ ਤਰ੍ਹਾਂ ਥੱਕ ਚੁੱਕੀ ਹੈ। ਸਵੇਰੇ ਸੱਤ ਵਜੇ ਹੇਠਾਂ ਉਤਰੀ ਸੀ, ਹੁਣ ਚਾਰ ਵਜੇ ਵਿਹਲ ਮਿਲੀ ਹੈ। ਅੱਜ ਵੀ ਹਮੇਸ਼ਾ ਵਾਂਗ ਕਈ ਆਪ੍ਰੇਸ਼ਨ ਸਨ। ਹਰ ਰੋਜ਼ ਚੀਰ-ਫਾੜ ਕਰ-ਕਰ ਕੇ ਉਸਨੂੰ ਲੱਗਦਾ ਹੈ, ਉਸਦੀ ਆਪਣੀ ਜ਼ਿੰਦਗੀ ਵੀ ਚੀਥੜੇ-ਚੀਥੜੇ ਹੋ ਗਈ ਹੈ। ਉਹ ਅੱਖਾਂ ਬੰਦ ਕਰਕੇ ਚੁੱਪਚਾਪ ਲੇਟੀ ਹੋਈ ਹੈ, ਆਮ ਵਾਂਗ। ਅਚਾਨਕ ਉਸਨੂੰ ਖ਼ਿਆਲ ਆਉਂਦਾ ਹੈ, ਜੇ ਉਹ ਏਸ ਵੇਲੇ ਮਰ ਜਾਏ ਫੇਰ !...ਫੇਰ ਉਹ ਖ਼ੁਦ ਹੀ ਬੋਲ ਪੈਂਦੀ ਹੈ, 'ਹੁਣ ਹੋਰ ਕੀ ਮਰਨਾ…।' ਅੱਖਾਂ ਖੋਲ੍ਹ ਕੇ ਆਪਣੇ ਦੋ ਕਮਰਿਆਂ ਦੇ ਫਲੈਟ ਨੂੰ ਦੇਖਦੀ ਹੈ। ਪਿਛਲੇ ਪੰਜ ਵਰ੍ਹਿਆਂ ਤੋਂ ਇਸੇ ਕਮਰੇ ਵਿਚ ਜਿਊਂ ਰਹੀ ਹੈ, ਮਰ ਰਹੀ ਹੈ ਉਹ। ਵੈਸੇ ਉਸਨੂੰ 'ਸਿੰਗਲ ਰੂਮ' ਅਲਾਟ ਹੋ ਰਿਹਾ ਸੀ, ਪਰ ਰਵੀ ਕਰਕੇ…ਰਵੀ ਦਾ ਖ਼ਿਆਲ ਆਉਂਦਿਆਂ ਹੀ ਅੱਖਾਂ ਗਿੱਲੀਆਂ ਹੋ ਗਈਆਂ ਨੇ ਤੇ ਉਹ ਬੁੱਲ੍ਹਾਂ ਵਿਚ ਹੀ ਬੜਬੜਾਈ ਹੈ---ਮੁਆਫ਼ ਕਰ ਦਿਓ ਮਾਂ !
***
ਮਾਂ ਨੂੰ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ…ਬੜੀ ਸੁੰਦਰ ਹੁੰਦੀ ਸੀ। ਮਾਂ ਦੇ ਰੂਪ ਨੂੰ ਦੇਖ ਕੇ ਉਹ ਹਮੇਸ਼ਾ ਸੋਚਦੀ ਸੀ---ਕਾਸ਼ ! ਇਹ ਰੂਪ ਉਸ ਨੂੰ ਮਿਲ ਜਾਏ ਤੇ ਜਦੋਂ ਵੀ ਮੌਕਾ ਮਿਲਦਾ, ਉਹ ਸ਼ੀਸ਼ੇ ਸਾਹਮਣੇ ਜਾ ਖਲੋਂਦੀ। ਇਕ ਵਾਰੀ ਪਾਊਡਰ ਲਾਉਂਦਿਆਂ ਉਸਨੇ ਕਿਹਾ ਸੀ, 'ਤੂੰ ਵੀ ਥੋੜ੍ਹਾ ਮੇਕਅੱਪ ਕਰ ਲੈ ਨਾ…'
'ਹੁਣ ਕਿਸ ਦੇ ਲਈ ਕਰਾਂ ?'
'ਕਿਉਂ, ਆਪਣੇ ਲਈ।'
'ਆਪਣੇ ਲਈ ਵੀ ਕਦੀ ਕੋਈ ਔਰਤ...' ਤੇ ਮਾਂ ਸਾੜ੍ਹੀ ਦੇ ਪੱਲੇ ਨਾਲ ਅੱਖਾਂ ਪੂੰਝਦੀ, ਉੱਥੋਂ ਉੱਠ ਗਈ ਸੀ।
ਉਸਨੂੰ ਪਾਪਾ ਦੀ ਯਾਦ ਆਉਂਦੀ ਹੈ। ਜਦ਼ ਉਹ ਜਿਉਂਦੇ ਸਨ, ਮਾਂ ਕਿੰਨਾ ਸਜ-ਧਜ ਕੇ ਰਹਿੰਦੀ ਹੁੰਦੀ ਸੀ…ਪਰ ਉਹਨਾਂ ਦੇ ਜਾਂਦਿਆਂ ਹੀ ਸਭ ਤਜ ਦਿੱਤਾ ਸੀ ਮਾਂ ਨੇ। ਪਾਪਾ ਪਿੱਛੋਂ ਅੰਕਲਾਂ ਦੀ ਭੀੜ ਲੱਗ ਗਈ ਸੀ। ਸਾਰੇ ਮਾਂ ਨਾਲ ਹਮਦਰਦੀ ਜਤਾਉਣ ਲੱਗੇ ਸਨ। ਇਕ ਦਿਨ ਸਕਸੈਨਾ ਅੰਕਲ ਨੇ ਉਸਦੇ ਸਿਰ ਉੱਤੇ ਹੱਥ ਫੇਰ ਕੇ ਕਿਹਾ ਸੀ, 'ਵਿਭਾ ਬੇਟਾ ! ਤੂੰ ਤਾਂ ਆਪਣੀ ਮਾਂ ਨਾਲੋਂ ਵੀ ਸੋਹਣੀ ਨਿਕਲ ਆਈ ਏਂ…ਮਾਈ ਸਵੀਟ ਗੁਡੀਆ !' ਤੇ ਉਹ ਉਸ ਨੂੰ ਚੁੰਮਣ ਹੀ ਲੱਗੇ ਸਨ ਕਿ ਮਾਂ ਆ ਗਈ ਸੀ। ਮਾਂ ਦੀਆਂ ਅੱਖਾਂ ਵਿਚ ਪਹਿਲੀ ਵਾਰ ਉਸਨੇ ਕੁਝ ਪੜ੍ਹਿਆ ਸੀ।
'ਜਾਹ, ਅੰਦਰ ਜਾ ਕੇ ਪੜ੍ਹ।'
ਉਹ ਉੱਠ ਕੇ ਕਮਰੇ ਵਿਚ ਚਲੀ ਗਈ ਸੀ, ਪਰ ਦਰਵਾਜ਼ੇ ਦੇ ਉਸ ਪਾਸਿਓਂ ਮਾਂ ਦੀ ਆਵਾਜ਼ ਸਾਫ਼ ਉਸਦੇ ਕੰਨਾਂ ਵਿਚ ਪੈ ਰਹੀ ਸੀ, 'ਸੁਣ ਸਕਸੈਨਾ, ਤੂੰ ਜਾਂ ਤੇਰੇ ਵਰਗੇ ਹੋਰ ਲੋਕ, ਜਿਹੜੇ ਵਿਭਾ ਦੇ ਪਾਪਾ ਤੋਂ ਬਾਅਦ ਆਉਂਦੇ ਨੇ…ਮੈਂ ਜਾਣਦੀ ਆਂ ਕਿਉਂ ਆਉਂਦੇ ਨੇ। ਮੇਰੀ ਸਮਝ 'ਚ ਨਹੀਂ ਆਉਂਦਾ ਕਿ ਇਕ ਮਰਦ ਦੇ ਜਾਂਦਿਆਂ ਹੀ ਤੁਸੀਂ ਮਰਦ ਲੋਕ ਇਹ ਕਿਉਂ ਸੋਚਣ ਲੱਗ ਪੈਂਦੇ ਹੋ ਕਿ ਔਰਤ ਬਿਨਾਂ ਮਰਦ ਦੇ ਜਿਊਂ ਨਹੀਂ ਸਕੇਗੀ…ਤੇ ਉਸ ਘੜੀ ਦਾ ਇੰਤਜ਼ਾਰ ਕਰਦੇ ਰਹਿੰਦੇ ਹੋ ਕਿ ਕਦ ਔਰਤ ਜ਼ਰਾ ਕੁ ਕਮਜ਼ੋਰ ਪਏ ਤੇ ਉਸ ਨੂੰ ਦਬੋਚ ਲਓਂ…ਸ਼ਿਕਾਰੀ ਕੁੱਤਿਆਂ ਵਿਚ ਤੇ ਤੇਰੇ ਵਰਗੇ ਮਰਦਾਂ ਵਿਚ ਮੈਨੂੰ ਕੋਈ ਫ਼ਰਕ ਨਹੀਂ ਦਿਸਦਾ।'
ਅੰਕਲ ਘਬਰਾ ਕੇ ਖੜ੍ਹੇ ਹੋ ਗਏ ਸਨ। ਮਾਂ ਨੇ ਫੇਰ ਕਿਹਾ ਸੀ, 'ਜਾਂਦੇ ਜਾਂਦੇ ਏਨਾ ਯਾਦ ਰੱਖਣਾ, ਇਸ ਔਰਤ ਨੂੰ ਹੋਰ ਕੁਝ ਤੋੜ ਦਏ ਤਾਂ ਤੋੜ ਦਏ, ਪਰ ਜਿਸਮ ਦੀ ਭੁੱਖ ਕਦੀ ਨਹੀਂ ਹਰਾ ਸਕਦੀ।'
ਤੇ ਹੋਇਆ ਵੀ ਇਹੀ।
ਮਾਂ ਨੇ ਉਮਰ ਦਾ ਬਿਹਤਰੀਨ ਹਿੱਸਾ, ਉਸਦਾ ਮੂੰਹ ਵੇਖ-ਵੇਖ ਕੱਢ ਦਿੱਤਾ। ਉਹ ਮੈਡੀਕਲ ਵਿਚ ਦਾਖ਼ਲ ਹੋ ਗਈ। ਜਦੋਂ ਉਹ ਪਹਿਲੀ ਵਾਰ ਸ਼ਹਿਰ ਪੜ੍ਹਨ ਜਾ ਰਹੀ ਸੀ, ਤਦ ਮਾਂ ਨੇ ਸਿਰਫ ਏਨਾ ਕਿਹਾ ਸੀ, 'ਸ਼ਹਿਰ ਦੇ ਰਿਸ਼ਤੇ ਸਰੀਰ ਨਾਲ ਬਣਦੇ ਨੇ। ਇਸੇ ਲਈ ਵਾਰੀ-ਵਾਰੀ ਬਣਦੇ-ਟੁੱਟਦੇ ਨੇ। ਮਨ ਦਾ ਰਿਸ਼ਤਾ ਜਿਹੜਾ ਇਕ ਵਾਰੀ ਬਣਦਾ ਹੈ, ਉਹ ਸਾਹਾਂ ਦੀ ਡੋਰ ਦੇ ਨਾਲ ਹੀ ਟੁੱਟਦਾ ਹੈ। ਅੱਗੇ ਤੂੰ ਖ਼ੁਦ ਸਮਝਦਾਰ ਏਂ…।'
ਵਿਭਾ ਸੋਚਦੀ ਹੈ, ਜੇ ਉਹ ਸਮਝਦਾਰ ਹੁੰਦੀ ਤਾਂ ਉਸਦੀ ਜ਼ਿੰਦਗੀ ਵਿਚ ਅਸ਼ੋਕ ਸਹਿਗਲ ਕਿਉਂ ਆਉਂਦਾ…ਅਸ਼ੋਕ, ਉਸਦੇ ਨਾਲ ਪੜ੍ਹਦਾ ਸੀ। ਮੈਡੀਕਲ ਗਰੁੱਪ ਦੇ ਮੁੰਡੇ-ਕੁੜੀਆਂ ਕਿੰਨੇ ਫ੍ਰੀ ਹੁੰਦੇ ਨੇ, ਆਪਸ ਵਿਚ। ਪਰ ਇਕ ਉਹ ਸੀ ਕਿ ਵੱਖ-ਵੱਖ ਰਹਿੰਦੀ ਸੀ। ਇਕ ਦਿਨ ਜਯੋਤੀ ਨੇ ਕਿਹਾ ਸੀ, 'ਵਿਭਾ, ਤੂੰ ਏਨੀ ਸੁੰਦਰ ਏਂ ਕਿ ਇਕ ਇਕ ਮੁੰਡਾ ਮਰਦਾ ਏ ਤੇਰੇ 'ਤੇ…ਪਰ ਤੂੰ ਕਿਸੇ ਨੂੰ ਲਿਫਟ ਹੀ ਨਹੀਂ ਦੇਂਦੀ।'
ਉਸਨੇ ਇਕ ਬੋਰਡ ਵੱਲ ਇਸ਼ਾਰਾ ਕੀਤਾ ਸੀ। ਬੋਰਡ 'ਤੇ ਲਿਖਿਆ ਸੀ---ਲਿਫਟ ਖ਼ਰਾਬ ਹੈ।
ਪਰ ਅਸਲ ਖ਼ਰਾਬੀ ਦਾ ਪਤਾ ਤਾਂ ਉਸ ਨੂੰ ਬੜੀ ਦੇਰ ਬਾਅਦ ਲੱਗਿਆ ਸੀ। ਪਹਿਲਾਂ ਅਸ਼ੋਕ ਆ ਗਿਆ ਜ਼ਿੰਦਗੀ ਵਿਚ। ਬੜੀ ਜ਼ਿਦ ਕਰਕੇ ਇਕ ਦਿਨ ਪਿਕਚਰ ਦਿਖਾਉਣ ਲੈ ਗਿਆ। ਪਤਾ ਨਹੀਂ ਉਹ ਕਿੰਜ ਚਲੀ ਗਈ ਸੀ। ਬੱਤੀਆਂ ਬੁਝਦਿਆਂ ਹੀ ਉਸ ਨੂੰ ਮਹਿਸੂਸ ਹੋਇਆ ਕਿ ਅਸ਼ੋਕ ਦਾ ਹੱਥ ਉਸਦੇ ਜਿਸਮ 'ਤੇ ਸਰਕ ਰਿਹਾ ਹੈ। ਹੌਲੀ ਹੌਲੀ ਪਕੜ ਮਜ਼ਬੂਤ ਹੁੰਦੀ ਗਈ ਤੇ ਉਸਦੇ ਕੰਨਾਂ ਵਿਚ ਮਾਂ ਦੀ ਆਵਾਜ਼ ਗੂੰਜਦੀ ਰਹੀ---ਸ਼ਿਕਾਰੀ ਕੁੱਤਿਆਂ ਵਿਚ ਤੇ ਮਰਦਾਂ ਵਿਚ ਮੈਨੂੰ ਕੋਈ ਫ਼ਰਕ ਨਹੀਂ ਦਿਸਦਾ…ਫੇਰ ਇੰਟਰਵਲ ਵਿਚ ਉਹ ਬਾਥਰੂਮ ਜਾਣ ਦੇ ਬਹਾਨੇ ਉੱਠੀ ਸੀ ਤੇ ਸਿੱਧੀ ਹੋਸਟਲ ਆ ਗਈ ਸੀ। ਬਿਸਤਰੇ 'ਤੇ ਪਈ ਸੋਚਦੀ ਰਹੀ ਸੀ ਕਿ ਮਾਂ ਨੇ ਠੀਕ ਹੀ ਕਿਹਾ ਸੀ---ਸ਼ਹਿਰ ਦੇ ਰਿਸ਼ਤੇ ਸਰੀਰ ਨਾਲ ਜੁੜੇ ਹੁੰਦੇ ਨੇ।
***
ਜਦੋਂ ਉਹ ਕ੍ਰਿਸਮਿਸ ਦੀਆਂ ਛੁੱਟੀਆਂ ਵਿਚ ਘਰ ਗਈ ਸੀ, ਮਾਂ ਨੇ ਮਨ ਦਾ ਰਿਸ਼ਤਾ ਜੋੜ ਦਿੱਤਾ ਸੀ। ਪਰ ਪਹਿਲੀ ਰਾਤ ਹੀ ਉਸਨੂੰ ਲੱਗਿਆ ਕਿ ਉਹ ਵਾਰੀ-ਵਾਰੀ ਸ਼ਿਕਾਰ ਕੀਤੀ ਜਾ ਰਹੀ ਹੈ। ਉਸਦਾ ਪਤੀ ਉਸਨੂੰ ਚੂੰਡ-ਚੂੰਡ ਕੇ ਖਾ ਰਿਹਾ ਹੈ। ਸਵੇਰੇ ਉਹ ਬਾਥਰੂਮ ਵਿਚ ਬੰਦ ਹੋ ਕੇ ਬੜੀ ਦੇਰ ਤਕ ਰੋਂਦੀ ਰਹੀ ਸੀ।
ਵਿਭਾ ਦਾ ਹੱਥ ਗਿੱਲੀਆਂ ਅੱਖਾਂ ਉੱਤੇ ਚਲਾ ਜਾਂਦਾ ਹੈ। ਉਹ ਘੜੀ ਦੇਖਦੀ ਹੈ। ਸੱਤ ਵਜੇ ਰਾਊਂਡ 'ਤੇ ਜਾਣਾ ਹੈ…ਉੱਠੀ ਤੇ ਸ਼ੀਸ਼ੇ ਸਾਹਮਣੇ ਆ ਖੜ੍ਹੀ ਹੋਈ। ਕੰਘੀ ਕਰਨ ਲੱਗੀ, ਫੇਰ ਕੰਘੀ ਵਿਚ ਫਸੇ ਵਾਲਾਂ ਦਾ ਗੋਲਾ ਬਣਾ ਕੇ ਉਸਨੂੰ ਸ਼ੀਸ਼ੇ ਨੇੜੇ ਟੰਗੀ ਕੱਪੜੇ ਦੀ ਥੈਲੀ ਵਿਚ ਪਾ ਦਿੱਤਾ। ਪਾਊਡਰ ਲਾਉਣ ਲੱਗਿਆਂ ਬਚਪਨ ਯਾਦ ਆ ਗਿਆ---
'ਤੂੰ ਵੀ ਥੋੜ੍ਹਾ ਮੇਕਅੱਪ ਕਰ ਲੈ…'
'ਹੁਣ ਕਿਸ ਦੇ ਲਈ ਕਰਾਂ ?'
ਵਿਭਾ ਦਾ ਹੱਥ ਆਪਣੇ ਆਪ ਰੁਕ ਗਿਆ ਹੈ। ਅੱਜ ਉਹ ਕਿਸ ਦੇ ਲਈ ਮੇਕਅੱਪ ਕਰ ਰਹੀ ਹੈ ? ਰਵੀ ਦੇ ਲਈ ? ਪਰ ਹੁਣ ਉਹ…
ਵਿਭਾ ਸਿਸਕਣ ਲੱਗ ਪੈਂਦੀ ਹੈ…ਇੰਜ ਕਿਓਂ ਹੋਇਆ ? ਕਿਓਂ ਹੋਇਆ…ਮੁਆਫ਼ ਕਰ ਦਿਓ ਮਾਂ !
'ਇੰਜ ਕਿਉਂ ਕਰ ਰਹੀ ਏਂ ਬੇਟਾ ?' ਮਾਂ ਨੇ ਕਿਹਾ ਸੀ, 'ਮਰਨ ਤੋਂ ਪਹਿਲਾਂ ਘੱਟੋ ਘੱਟ ਇਕ ਬਾਲ ਦਾ ਮੂੰਹ ਤਾਂ ਦੇਖ ਲੈਣ ਦੇ।'
ਬੜੀ ਮੁਸ਼ਕਲ ਨਾਲ ਉਹ ਕਹਿ ਸਕੀ ਸੀ, 'ਮਾਂ ! ਅਜੇ ਅਸੀਂ ਬੱਚਾ ਨਹੀਂ ਚਾਹੁੰਦੇ…' ਇਸ ਦੇ ਸਿਵਾਏ ਵਿਭਾ ਹੋਰ ਕਹਿ ਵੀ ਕੀ ਸਕਦੀ ਸੀ। ਬਸ, ਇਕੱਲੀ ਬੈਠ ਕੇ ਚੁੱਪਚਾਪ ਰੋਂਦੀ ਰਹੀ ਸੀ।
ਰੋਂਦੀ ਤਾਂ ਉਹ ਹਰ ਪਲ ਹੀ ਰਹਿੰਦੀ ਸੀ। ਹਾਊਸ ਸਰਜਨ ਬਣ ਜਾਣ ਪਿੱਛੋਂ ਵੀ। ਹੁਣ ਉਹ ਲੇਡੀਜ਼ ਹਸਪਤਾਲ ਦੇ ਹਾਊਸ ਸਰਜਨ ਕੁਆਟਰ ਵਿਚ ਰਹਿੰਦੀ ਸੀ। ਨਾਲ ਇਕ ਕੁੜੀ ਸੀ---ਵਨੀਤਾ। ਜਦੋਂ ਉਹ ਡਿਊਟੀ ਤੋਂ ਆਉਂਦੀ, ਵਨੀਤਾ ਜਾਣ ਦੀ ਤਿਆਰੀ ਵਿਚ ਹੁੰਦੀ। ਉਸਦੇ ਜਾਣ ਪਿੱਛੋਂ ਫੇਰ ਉਹੀ ਇਕੱਲਾਪਨ…
ਪਤੀ ਇਕ ਵੱਡਾ ਬਿਜ਼ਨਸਮੈਨ ਸੀ, ਹਮੇਸ਼ਾ ਆਪਣੇ ਧੰਦੇ ਵਿਚ ਰੁੱਝਿਆ ਰਹਿੰਦਾ। ਤਿੰਨ ਚਾਰ ਮਹੀਨਿਆਂ ਪਿੱਛੋਂ ਇਕ ਅੱਧੀ ਵਾਰ ਆ ਜਾਂਦਾ। ਉਸ ਰਾਤ ਉਹ ਖ਼ੂਬ ਸਜਦੀ-ਸੰਵਰਦੀ। ਆਪਣੇ ਹੱਥੀਂ ਸਟੋਵ 'ਤੇ ਖਾਣਾ ਬਣਾਉਂਦੀ। ਦੋਵੇਂ ਇਕੱਠੇ ਖਾਂਦੇ। ਰਾਤੀਂ ਫੇਰ ਉਹੀ ਖੇਡ…ਉਹ ਨਾ ਚਾਹੁੰਦੇ ਹੋਏ ਵੀ ਵਾਰੀ-ਵਾਰੀ ਸ਼ਿਕਾਰ ਹੁੰਦੀ ਰਹਿੰਦੀ, ਇਸ ਉਮੀਦ ਵਿਚ ਕਿ ਸ਼ਾਇਦ ਇਸ ਵਾਰੀ…
ਪਰ ਓਹੋ ਜਿਹਾ ਕੁਝ ਵੀ ਨਹੀਂ ਸੀ ਹੋਇਆ।
ਬਸ ਉਹ ਚਿਲਡ੍ਰਨ ਵਾਰਡ ਵਿਚ ਡਿਊਟੀ ਵਜਾਉਂਦੀ ਰਹੀ। ਹਰ ਵੇਲੇ ਬੱਚਿਆਂ ਨਾਲ ਘਿਰੀ ਰਹਿੰਦੀ ਤੇ ਆਪਣੇ ਕਮਰੇ ਵਿਚ ਆ ਕੇ ਫੇਰ ਉਹੀ ਖ਼ਾਲੀਪਨ। ਰਾਤੀਂ ਜਦੋਂ ਉਹ ਸੌਂ ਜਾਂਦੀ ਤਾਂ ਅਜਸਰ ਇਕ ਸੁਪਨਾ ਆਉਂਦਾ---ਉਹ ਚਿਲਡ੍ਰਨ ਵਾਰਡ ਵਿਚ ਘੁੰਮ ਰਹੀ ਹੈ। ਰਾਤ ਹੈ ਤੇ ਸਾਰੇ ਬੱਚੇ ਸੁੱਤੇ ਹੋਏ ਨੇ। ਉਹ ਇਕ ਸੁੰਦਰ ਜਿਹੇ ਬੱਚੇ ਨੂੰ ਚੁੱਕ ਕੇ ਦੌੜਨ ਲੱਗੀ ਹੈ। ਪਰ ਲਿਫਟ 'ਤੇ ਫੱਟੀ ਟੰਗੀ ਹੋਈ ਹੈ…ਲਿਫਟ ਖ਼ਰਾਬ ਹੈ। ਉਦੋਂ ਹੀ ਬੱਚਾ ਰੋਣ ਲੱਗ ਪੈਂਦਾ ਹੈ। ਹਰ ਪਾਸੇ ਰੌਲਾ ਪੈਣ ਲੱਗਦਾ ਹੈ…ਚੋਰ, ਚੋਰ…ਤੇ ਉਸਦੀ ਅੱਖ ਖੁੱਲ੍ਹ ਜਾਂਦੀ ਹੈ। ਉਹ ਪਸੀਨੇ ਨਾਲ ਭਿੱਜੀ ਹੁੰਦੀ ਹੈ। ਘੁੱਪ ਹਨੇਰਾ ਕਮਰਾ…ਤੇ ਉਹ ਸਿਰਹਾਣੇ ਵਿਚ ਮੂੰਹ ਗੱਡ ਕੇ ਫਿਸ ਪੈਂਦੀ ਹੈ।
ਇਕ ਵਾਰੀ ਕਿਸੇ ਬੱਚੇ ਦਾ ਸੀਰੀਅਸ ਆਪ੍ਰੇਸ਼ਨ ਹੋਣਾ ਸੀ। ਆਪ੍ਰੇਸ਼ਨ ਥੀਏਟਰ ਦੇ ਬਾਹਰ ਬੱਚੇ ਦੇ ਮਾਤਾ ਪਿਤਾ ਬੈਠੇ ਸਨ। ਜਦੋਂ ਉਹ ਅਸਿਸਟ ਕਰਨ ਲਈ ਜਾਣ ਲੱਗੀ, ਬੱਚੇ ਦੀ ਮਾਂ ਦੌੜ ਕੇ ਉਸਦੇ ਕੋਲ ਆ ਗਈ ਸੀ, 'ਦੀਦੀ ! ਸਾਡਾ ਸਭ ਕੁਝ ਇਹੋ ਬੱਚਾ ਏ। ਇਸ ਨੂੰ ਮੈਂ ਤੁਹਾਨੂੰ ਸੌਂਪਦੀ ਆਂ। ਆਪਣਾ ਬੱਚਾ ਸਮਝ ਕੇ ਬਚਾਅ ਲੈਣਾ ਦੀਦੀ…'
ਫੇਰ ਆਪ੍ਰੇਸ਼ਨ ਹੁੰਦਾ ਰਿਹਾ।
ਉਸਦੇ ਕੰਨਾਂ ਵਿਚ ਇਕੋ ਆਵਾਜ਼ ਗੂੰਜਦੀ ਰਹੀ---ਆਪਣਾ ਬੱਚਾ…ਆਪਣਾ ਬੱਚਾ…।
ਤੇ ਪਤਾ ਨਹੀਂ ਕੀ ਹੋਇਆ ਕਿ ਅਚਾਨਕ ਬੱਚੇ ਦਾ ਸਾਹ ਰੁਕ ਗਿਆ। ਡਾਕਟਰ ਸਿਨਹਾ ਨੇ ਬੜੀ ਕੋਸ਼ਿਸ਼ ਕੀਤੀ…ਫੇਰ ਹਾਰੀ ਹੋਈ ਆਵਾਜ਼ ਵਿਚ ਬੋਲੇ, 'ਵਿਭਾ, ਬੱਚੇ ਦਾ ਪੇਟ ਸਟਿੱਚ ਕਰਕੇ ਲਾਸ਼ ਮਾਤਾ ਪਿਤਾ ਨੂੰ ਦੇ ਦਿਓ…' ਡਾਕਟਰ ਦੇ ਜਾਣ ਪਿੱਛੋਂ ਉਹ ਚੁੱਪਚਾਪ ਸਟਿੱਚ ਲਾਉਂਦੀ ਰਹੀ…ਤੇ ਜਦੋਂ ਵਾਰਡ ਬੁਆਏ ਲਾਸ਼ ਬਾਹਰ ਲੈ ਕੇ ਜਾਣ ਲੱਗਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਸਦੇ ਆਪਣੇ ਬੱਚੇ ਦੀ ਲਾਸ਼ ਜਾ ਰਹੀ ਹੈ…ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਸੀ।
***
ਇਸ ਘਟਨਾ ਤੋਂ ਪਿੱਛੋਂ ਲਗਭਗ ਹਰ ਰਾਤ ਉਹ ਮਰਿਆ ਹੋਇਆ ਬੱਚਾ ਉਸਨੂੰ ਸੁਪਨੇ ਵਿਚ ਦਿਖਾਈ ਦਿੰਦਾ। ਆਪ੍ਰੇਸ਼ਨ ਟੇਬਲ 'ਤੇ ਮਰਿਆ ਬੱਚਾ ਅਚਾਨਕ ਚੀਕਣ ਲੱਗਦਾ---'ਤੂੰ ਮੈਨੂੰ ਮਾਰ ਦਿੱਤਾ ਏ…ਮੈਨੂੰ ਜਿਉਂਦਾ ਕਰ…ਮੈਨੂੰ ਜਿਉਂਦਾ ਕਰ…' ਤੇ ਫੇਰ ਮਰ ਜਾਂਦਾ…ਵਿਭਾ ਤ੍ਰਬਕ ਕੇ ਉਠ ਜਾਂਦੀ ਤੇ ਸੋਚਦੀ…ਕੀ ਇੰਜ ਨਹੀਂ ਹੋ ਸਕਦਾ ਕਿ ਮਰਿਆ ਹੋਇਆ ਬੱਚਾ ਮੁੜ ਜਨਮ ਲੈਣ ਲਈ ਉਸਦੇ ਪੇਟ ਵਿਚ ਆ ਜਾਏ ? ਪਰ ਇਸ ਪਿੱਛੋਂ ਸਭ ਕੁਝ ਬਦਲ ਗਿਆ ਸੀ ਤੇ ਬਿਲਕੁਲ ਬਦਲ ਗਈ ਸੀ, ਵਿਭਾ ਬਰਾਉਨ। ਹੁਣ ਉਹ ਹਰ ਸੰਡੇ ਚਰਚ ਜਾਣ ਲੱਗ ਪਈ ਸੀ…ਸਿਰਹਾਣੇ ਹੇਠ ਬਾਈਬਲ ਰੱਖ ਕੇ ਸੌਣ ਲੱਗ ਪਈ ਸੀ।
ਚਰਚ ਵਿਚ ਹੀ ਉਸਦੀ ਮੁਲਾਕਾਤ ਦੀਪੂ ਤੇ ਰਾਜੂ ਨਾਲ ਹੋਈ ਸੀ। ਦੀਪੂ ਛੋਟਾ ਸੀ, ਸ਼ਾਇਦ ਚਾਰ ਸਾਲ ਦਾ। ਜਦੋਂ ਪ੍ਰੇਅਰ ਲਈ ਸਾਰਿਆਂ ਦੀਆਂ ਅੱਖਾਂ ਬੰਦ ਸਨ, ਉਹ ਕੋਲ ਬੈਠੇ ਦੀਪੂ ਵੱਲ ਇਕ ਟੱਕ ਦੇਖ ਰਹੀ ਸੀ। ਦੀਪੂ ਨੇ ਹੱਥ ਜੋੜੇ ਤੇ ਅੱਖਾਂ ਬੰਦ ਕਰਨ ਦਾ ਇਸ਼ਾਰਾ ਕੀਤਾ। ਉਸਨੇ ਅੱਖਾਂ ਬੰਦ ਕਰ ਲਈਆਂ। ਫੇਰ ਅੱਧੀ ਕੁ ਅੱਖ ਖੋਲ੍ਹ ਕੇ ਦੀਪੂ ਵੱਲ ਦੇਖਿਆ ਤਾਂ ਉਹ ਵੀ ਉਸੇ ਤਰ੍ਹਾਂ ਉਸ ਵੱਲ ਦੇਖ ਰਿਹਾ ਸੀ।
ਤੇ ਫੇਰ ਉਹ ਦੀਪੂ ਦੇ ਲਾਲਚ ਵਿਚ ਚਰਚ ਜਾਣ ਲੱਗੀ ਸੀ।
ਹੌਲੀ ਹੌਲੀ ਉਸ ਘਰ ਵਿਚ ਵੀ ਆਉਣਾ-ਜਾਣਾ ਹੋ ਗਿਆ। ਇੱਥੇ ਹੀ ਰਵੀ ਨਾਲ ਮੁਲਾਕਾਤ ਹੋਈ। ਰਵੀ ਯਾਨੀ ਦੀਪੂ ਦੇ ਪਾਪਾ। ਰਵੀ ਹਮੇਸ਼ਾ ਹੱਸਦੇ ਰਹਿੰਦੇ ਤੇ ਲੱਖ ਮਨ੍ਹਾਂ ਕਰਨ 'ਤੇ ਵੀ ਬੱਚਿਆਂ ਵਾਂਗ ਜ਼ਿਦ ਕਰਕੇ ਸਿਗਰਟ ਪੀਂਦੇ ਰਹਿੰਦੇ। ਕੁਝ ਦਿਨਾਂ ਵਿਚ ਹੀ ਉਸਨੇ ਮਹਿਸੂਸ ਕੀਤਾ ਕਿ ਦੀਪੂ ਤੇ ਰਵੀ ਵਿਚ ਕੋਈ ਖਾਸ ਫ਼ਰਕ ਨਹੀਂ---ਦੋਵੇਂ ਹੀ ਬੱਚੇ ਨੇ।
***
ਇਕ ਰਾਤ ਦੀਪੂ ਨੇ ਜ਼ਿਦ ਕੀਤੀ ਕਿ ਉਹ ਖਾਣਾ ਖਾ ਕੇ ਜਾਏ। ਖਾਣੇ ਦੇ ਚੱਕਰ ਵਿਚ ਦੇਰ ਹੋ ਗਈ। ਮੀਂਹ ਵਰ੍ਹਣ ਲੱਗ ਪਿਆ। ਰਵੀ ਜਾ ਕੇ ਰਿਕਸ਼ਾ ਲੈ ਆਏ। ਉਸਨੂੰ ਹਸਪਤਾਲ ਤਕ ਛੱਡ ਆਉਣ ਲਈ ਖ਼ੁਦ ਵੀ ਨਾਲ ਬੈਠ ਗਿਆ। ਉਸ ਮਨ੍ਹਾਂ ਕਰਨਾ ਚਾਹਿਆ ਪਰ ਕਰ ਨਹੀਂ ਸਕੀ। ਰਿਕਸ਼ਾ ਜਦੋਂ ਸੜਕ 'ਤੇ ਆਇਆ ਤਾਂ ਮੀਂਹ ਹੋਰ ਤੇਜ਼ ਹੋ ਗਿਆ। ਰਵੀ ਨੇ ਰਿਕਸ਼ੇ ਦਾ ਪਰਦਾ ਸੁੱਟ ਲਿਆ। ਹੁਣ ਉਹ ਇਕ ਮਰਦ ਨਾਲ ਇਕ ਛੋਟੀ ਜਿਹੀ ਥਾਂ ਵਿਚ ਕੈਦ ਸੀ। ਸਾਰੀ ਰਾਹ ਇੰਤਜ਼ਾਰ ਕਰਦੀ ਰਹੀ ਕਿ ਹੁਣ ਸ਼ਿਕਾਰੀ ਕੁੱਤਾ ਝਪਟਿਆ…ਹੁਣ ਝਪਟਿਆ। ਪਰ ਇੰਜ ਕੁਝ ਨਹੀਂ ਸੀ ਹੋਇਆ…ਤੇ ਹਸਪਤਾਲ ਆ ਗਿਆ ਸੀ। ਉਹ ਉਤਰ ਗਈ। ਉਸੇ ਰਿਕਸ਼ੇ ਵਿਚ ਰਵੀ ਵਾਪਸ ਚਲੇ ਗਏ। ਜਦੋਂ ਉਹ ਆਪਣੇ ਕੁਆਟਰ ਵਿਚ ਆਈ ਪਤੀ ਦੇਵ ਸਾਹਮਣੇ ਟਹਿਲਦੇ ਨਜ਼ਰ ਆਏ।
'ਕਿੱਥੇ ਚਲੀ ਗਈ ਸੈਂ ?'
ਸੱਚ ਕਹਿਣਾ ਚਾਹੁੰਦਿਆਂ ਹੋਇਆਂ ਵੀ ਕਿਹਾ ਨਹੀਂ ਸੀ ਗਿਆ, 'ਇਕ ਡਾਕਟਰ ਦੇ ਬੇਟੇ ਦੀ ਬਰਥ-ਡੇ ਪਾਰਟੀ ਸੀ, ਉੱਥੇ ਦੇਰ ਹੋ ਗਈ।'
ਫੇਰ ਉਸਨੇ ਜੰਦਰਾ ਖੋਲ੍ਹਿਆ। ਕੱਪੜੇ ਬਦਲ ਕੇ ਸਟੋਵ ਬਾਲਣ ਲੱਗੀ ਤਾਂ ਪਤੀ ਨੇ ਕਿਹਾ, 'ਸਿਰਫ ਆਪਣੇ ਲਈ ਬਣਾਵੀਂ। ਮੈਂ ਹੋਟਲ 'ਚੋਂ ਖਾ ਆਇਆ ਵਾਂ।'
ਉਹ ਮਨ ਹੀ ਮਨ ਸੋਚਣ ਲੱਗੀ---'ਫੇਰ ਏਥੇ ਕਿਉਂ ਆਇਆ ਐਂ ? ਹੋਟਲ ਵਿਚ ਹੀ ਸੌਂ ਜਾਂਦਾ।' ਸਟੋਵ ਦੇ ਬੁਝਦਿਆਂ ਹੀ ਪਤੀ ਨੇ ਕਿਹਾ, 'ਕਿਉਂ, ਖਾਣਾ ਨਹੀਂ ਬਣਾਉਣਾ ?'
'ਨਹੀਂ, ਮੈਂ ਵੀ ਕਾਫੀ ਕੁਝ ਖਾ ਆਈ ਆਂ। ਜੇ ਤੁਸੀਂ ਖਾਂਦੇ ਤਾਂ ਤੁਹਾਡੇ ਨਾਲ…'
'ਓਇ, ਤੂੰ ਖਾਣ-ਖਵਾਉਣ ਉੱਤੇ ਬੜਾ ਜ਼ੋਰ ਦੇਂਦੀ ਏਂ। ਮੈਂ ਏਥੇ ਖਾਣ ਲਈ ਥੋੜ੍ਹਾ ਹੀ ਆਉਂਦਾ ਵਾਂ…' ਪਤੀ ਨੇ ਉਸਨੂੰ ਬਿਸਤਰੇ 'ਤੇ ਸੁੱਟ ਲਿਆ ਸੀ। ਉਹ ਚੁੱਪਚਾਪ ਸ਼ਿਕਾਰੀ ਕੁੱਤੇ ਦੇ ਪੰਜਿਆਂ ਵਿਚ ਚਲੀ ਗਈ ਸੀ…ਜਿੱਥੇ ਕੁਝ ਹੋਣ ਦਾ ਡਰ ਸੀ, ਉੱਥੇ ਕੁਝ ਵੀ ਨਹੀਂ ਸੀ ਹੋਇਆ…ਤੇ ਇੱਥੇ…
'ਇੰਜ, ਏਨੀ ਕੋਲਡ ਕਿਉਂ ਹੁੰਦੀ ਜਾ ਰਹੀ ਏਂ ਤੂੰ ?'
'ਲਗਾਤਾਰ ਕਿੰਨੇ ਸਾਲਾਂ ਤੋਂ ਇਹੀ ਤਾਂ ਕਰਦੇ ਆ ਰਹੇ ਆਂ…ਪਰ ਅੱਜ ਤਕ…' ਉਹ ਫਿਸ ਪਈ ਸੀ। ਪਤੀ ਦੀ ਆਕੜ ਆਪਣੇ ਆਪ ਢਿੱਲੀ ਹੋ ਗਈ। ਦੋਵੇਂ ਚੁੱਪਚਾਪ ਪਏ ਰਹੇ। ਉਸਨੇ ਹੌਸਲਾ ਕਰਦਿਆਂ ਕਿਹਾ ਸੀ, 'ਕਿਉਂ ਨਾ ਅਸੀਂ ਦੋਵੇਂ ਚੈੱਕਅੱਪ ਕਰਵਾ ਲਈਏ…'
ਤੇ ਤੀਜੇ ਦਿਨ...ਜਦੋਂ ਉਹ ਰਿਪੋਰਟ ਲੈ ਕੇ ਆ ਰਹੀ ਸੀ, ਫੇਰ ਉਸਦੀ ਨਜ਼ਰ ਉਸ ਫੱਟੀ ਉੱਤੇ ਪਈ---ਲਿਫਟ ਖ਼ਰਾਬ ਹੈ। ਉਸਨੂੰ ਜਯੋਤੀ ਯਾਦ ਆ ਗਈ…ਜੇ ਅੱਜ ਉਹ ਦਿਸ ਪੈਂਦੀ ਤਾਂ ਵਿਭਾ ਚੀਕ ਚੀਕ ਕੇ ਕਹਿੰਦੀ, 'ਮੇਰੇ ਵਿਚ ਕੋਈ ਖ਼ਰਾਬੀ ਨਹੀਂ…ਮੇਰੇ ਵਿਚ ਕੋਈ ਖ਼ਰਾਬੀ ਨਹੀਂ…'
***
ਵਿਭਾ ਗੈਸ ਬਾਲ ਕੇ ਚਾਹ ਲਈ ਪਾਣੀ ਰੱਖ ਦਿੰਦੀ ਹੈ।
ਉਦੋਂ ਹੀ ਦਰਵਾਜ਼ੇ ਉੱਤੇ ਖਟ-ਖਟ ਹੁੰਦੀ ਹੈ। ਉਹ ਦਰਵਾਜ਼ਾ ਖੋਲ੍ਹਦੀ ਹੈ। ਸਾਹਮਣੇ ਨਰਸ ਖੜ੍ਹੀ ਹੈ, "ਮੈਡਮ ਇਕ ਕੇਸ…"
"ਤੂੰ ਚੱਲ, ਮੈਂ ਆਈ..."
ਵਿਭਾ ਦਰਵਾਜ਼ਾ ਭੀੜ ਕੇ ਗੈਸ ਕੋਲ ਆ ਖੜ੍ਹੀ ਹੁੰਦੀ ਹੈ। ਪਾਣੀ ਉੱਬਲ ਰਿਹਾ ਹੈ। ਪੱਤੀ ਪਾ ਕੇ ਗੈਸ ਬੰਦ ਕਰ ਦਿੰਦੀ ਹੈ। ਫੇਰ ਕੱਪ ਵਿਚ ਚਾਹ ਛਾਣ ਕੇ ਪੀਣ ਲੱਗਦੀ ਹੈ। ਉਦੋਂ ਹੀ ਉਸਨੂੰ ਖ਼ਿਆਲ ਆਉਂਦਾ ਹੈ, ਇਕ ਦਿਨ ਉਹ ਹਾਊਸ ਸਰਜਨ ਕੁਆਟਰ ਵਿਚ ਇਸੇ ਤਰ੍ਹਾਂ ਇਕੱਲੀ ਬੈਠੀ ਚਾਹ ਪੀ ਰਹੀ ਸੀ ਕਿ ਰਵੀ ਆ ਗਏ ਸਨ। ਉਹ ਹੋਰ ਚਾਹ ਬਣਾਉਣ ਲਈ ਉੱਠਣ ਲੱਗੀ, ਤਾਂ ਉਹਨਾਂ ਇਕਦਮ ਫੜ੍ਹ ਕੇ ਬਿਠਾਅ ਦਿੱਤਾ, 'ਨੋ ਦੇਵੀ, ਨੋ ਕਸ਼ਟ ! ਜੇ ਤੁਸੀਂ ਜੂਠੇ ਦਾ ਪਰਹੇਜ਼ ਨਹੀਂ ਕਰਦੇ ਤਾਂ ਇਸੇ ਕੱਪ ਵਿਚੋਂ ਇਕ ਦੋ ਘੁੱਟ ਲੈ ਲਵਾਂਗਾ…'
ਉਸਨੇ ਕੱਪ ਫੜਾ ਦਿੱਤਾ ਸੀ। ਚਾਹ ਪੀਂਦਾ ਹੋਇਆ ਰਵੀ ਉਸ ਨੂੰ ਕਿਸੇ ਮਾਸੂਮ ਬੱਚੇ ਵਰਗਾ ਲੱਗਾ ਸੀ।
'ਬਸ, ਹੁਣ ਤੁਸੀਂ ਪੀਓ…ਮੈਂ ਸਿਗਰਟ ਪੀਆਂਗਾ।'
ਤੇ ਵਿਭਾ ਜੂਠੀ ਚਾਹ ਪੀਂਦੀ ਰਹੀ। ਦੋਵੇਂ ਗੱਲਾਂ ਕਰਦੇ ਰਹੇ। ਚਾਹ ਖ਼ਤਮ ਕਰਕੇ ਉਹ ਕਿਚਨ ਵੱਲ ਗਈ। ਆ ਕੇ ਉਸਨੇ ਇਕ ਟਰੰਕ ਖੋਲ੍ਹਿਆ। ਉਸ ਵਿਚੋਂ ਇਕ ਸਾੜ੍ਹੀ ਕੱਢੀ ਤੇ ਰਵੀ ਕੋਲ ਲੈ ਆਈ, 'ਅੱਜ ਹੀ ਲਿਆਂਦੀ ਏ, ਕੈਸੀ ਹੈ ?'
ਰਵੀ ਨੇ ਸਾੜ੍ਹੀ ਨੂੰ ਆਪਣੇ ਸਿਰ ਉੱਤੇ ਤਾਣ ਲਿਆ, 'ਬੜੀ ਸੁੰਦਰ ! ਪਰ ਤੁਹਾਡੇ ਨਾਲੋਂ ਵੱਧ ਨਹੀਂ…ਅੱਛਾ ਚੱਲਦਾਂ। ਮੌਕਾ ਲੱਗਾ ਤਾਂ ਫੇਰ ਆਵਾਂਗਾ।'
ਉਹ ਜਾਂਦੇ ਹੋਏ ਰਵੀ ਨੂੰ ਦੇਖਦੀ ਰਹੀ। ਫੇਰ ਸਾੜ੍ਹੀ ਨੂੰ ਬੈੱਡ ਉੱਤੇ ਸੁੱਟ ਕੇ ਬੜਬੜਾਈ, 'ਸੁੰਦਰ ਹੈ, ਪਰ ਤੇਰੇ ਦੀਪੂ ਨਾਲੋਂ ਸੁੰਦਰ ਨਹੀਂ।'
ਉਹ ਸਾੜ੍ਹੀ ਬਦਲਣ ਲੱਗੀ ਹੈ। ਕਿੰਨਾ ਸਮਾਂ ਬੀਤ ਗਿਆ…ਉਹ ਹਾਊਸ ਸਰਜਨ ਕੁਆਟਰ 'ਚੋਂ ਨਿਕਲ ਕੇ ਇਸ ਕ੍ਰਿਸਚਿਨ ਹਸਪਤਾਲ ਵਿਚ ਡਾਕਟਰ ਬਣ ਗਈ। ਹਰ ਰੋਜ਼ ਡਲਿਵਰੀ ਕੇਸ, ਹਰ ਰੋਜ਼ ਬੱਚੇ…ਫੇਰ ਵੀ ਉਸਦੇ ਹੱਥ ਖ਼ਾਲੀ ਦੇ ਖ਼ਾਲੀ ਨੇ।
ਉਹ ਖ਼ਾਲੀ ਬੈੱਡ ਨੂੰ ਦੇਖਦੀ ਹੈ। ਸ਼ਾਦੀ ਪਿੱਛੋਂ ਜਦੋਂ ਪਤੀ ਹਾਊਸ ਸਰਜਨ ਕੁਆਟਰ ਵਿਚ ਆਉਂਦਾ ਸੀ, ਉਹ ਟਰੰਕ ਵਿਚੋਂ ਨਵੀਂ ਚਾਦਰ ਕੱਢ ਕੇ ਵਿਛਾਉਂਦੀ ਹੁੰਦੀ ਸੀ। ਪਰ ਇਸ ਕ੍ਰਿਸਚਿਨ ਹਸਪਤਾਲ ਦੇ ਇਸ ਤ੍ਰਿਮੰਜ਼ਲੇ ਕਮਰੇ ਵਿਚ ਪਤੀ ਦੇ ਆਉਣ 'ਤੇ ਉਸਨੇ ਕਦੀ ਚਾਦਰ ਨਹੀਂ ਸੀ ਬਦਲੀ। ਪਰਸੋਂ ਹੀ ਪਤੀ ਆ ਕੇ ਗਿਆ ਹੈ, ਦੋ ਦਿਨ ਰਹਿ ਕੇ। ਕਹਿ ਰਿਹਾ ਸੀ, 'ਤੇਰੀ ਮਾਂ ਬੱਚੇ ਲਈ ਜ਼ਿਦ ਕਰ ਰਹੀ ਹੈ, ਕਹੇਂ ਤਾਂ ਦੂਜੀ ਸ਼ਾਦੀ ਕਰਵਾ ਲਵਾਂ…'
ਉਸਨੇ ਪਤੀ ਦੇ ਚਿਹਰੇ ਵੱਲ ਦੇਖਿਆ। ਉਹ ਪਤੀ ਜਿਹੜਾ ਖ਼ੁਦ ਇਕ ਖ਼ਾਲੀ ਡੱਬਾ ਸੀ…ਗਟਰ ਵਿਚ ਸੁੱਟ ਦਿੱਤੇ ਜਾਣ ਵਾਲਾ। ਪਰ ਹੁਣ ਕੀ ਹੋ ਸਕਦਾ ਹੈ। ਉਸਨੇ ਤਾਂ ਖ਼ੁਦ ਹੀ ਕਿਹਾ ਸੀ---'ਖ਼ਰਾਬੀ ਮੇਰੇ 'ਚ ਹੈ…' ਉਸਦੇ ਦਿਲ ਵਿਚ ਆਇਆ ਜਿਹੜਾ ਸ਼ਿਕਾਰੀ ਕੁੱਤਾ ਉਸ ਨੂੰ ਹੁਣ ਤਕ ਚੂੰਡਦਾ ਰਿਹਾ ਹੈ, ਉਸਦਾ ਮੂੰਹ ਵਲੂੰਧਰ ਸੁੱਟੇ ਤੇ ਕਹੇ ਕਿ ਤੇਰਾ ਅਸਲੀ ਰੂਪ ਇਹੀ ਹੈ। ਪਰ ਉਹ ਇੰਜ ਨਹੀਂ ਸੀ ਕਰ ਸਕੀ…ਤੇ ਪਤੀ ਦੇ ਜਾਣ ਪਿੱਛੋਂ, ਉਸਨੇ ਚਾਦਰ ਚੁੱਕ ਕੇ ਹੇਠਾਂ ਸੁੱਟ ਦਿੱਤੀ ਸੀ…ਧੋਣ ਲਈ।
***
ਵਿਭਾ ਬਿਸਤਰੇ ਦੀ ਚਾਦਰ ਵੱਲ ਦੇਖ ਰਹੀ ਹੈ। ਢੇਰ ਸਾਰੇ ਫੁੱਲ। ਕੱਲ੍ਹ ਸ਼ਾਮੀ ਰਵੀ ਆਏ ਸਨ, ਇਸ ਚਾਦਰ ਨੂੰ ਲੈ ਕੇ ਤੇ ਬਿਸਤਰੇ ਉੱਤੇ ਵਿਛਾਅ ਕੇ ਕਿਹਾ ਸੀ, 'ਕੈਸੀ ਹੈ ?'
'ਬੜੀ ਸੁੰਦਰ, ਪਰ ਤੁਹਾਡੇ ਦੀਪੂ ਨਾਲੋਂ ਵੱਧ ਨਹੀਂ।' ਤੇ ਉਹ ਯਕਦਮ ਰਵੀ ਦੇ ਐਨ ਨੇੜੇ ਆ ਗਈ ਸੀ। ਉਸਨੂੰ ਪਹਿਲੀ ਵਾਰੀ ਲੱਗਿਆ ਸੀ ਕਿ ਬਿਸਤਰੇ ਉੱਤੇ ਫੁੱਲ ਹੀ ਫੁੱਲ ਖਿੜੇ ਹੋਏ ਨੇ…ਤੇ ਖਿੜਦੇ ਹੀ ਜਾ ਰਹੇ ਨੇ…
ਉਹ ਬਿਤਸਰੇ ਉੱਤੇ ਬੈਠ ਜਾਂਦੀ ਹੈ। ਚਾਦਰ ਦੇ ਫੁੱਲਾਂ ਉੱਤੇ ਹੱਥ ਫੇਰਨ ਲੱਗਦੀ ਹੈ। ਫੇਰ ਫਿਸ ਪੈਂਦੀ ਹੈ, 'ਇੰਜ ਕਿਉਂ ਹੋਇਆ…ਕਿਉਂ ਹੋਇਆ ਇੰਜ ! ਮੁਆਫ਼ ਕਰ ਦਿਓ ਮਾਂ…'
ਦਰਵਾਜ਼ੇ ਦੀ ਕੁੰਡੀ ਖੜਕਦੀ ਹੈ।
ਅੱਥਰੂ ਪੂੰਝ ਕੇ ਵਿਭਾ ਉਠਦੀ ਹੈ। ਨਰਸ ਘਬਰਾਈ ਹੋਈ ਖੜ੍ਹੀ ਹੈ, "ਜਲਦੀ ਚੱਲੋ ਮੈਡਮ…"
ਉਹ ਨਰਸ ਦੇ ਪਿੱਛੇ ਪਿੱਛੇ ਚੁੱਪਚਾਪ ਤੁਰ ਪੈਂਦੀ ਹੈ। ਲਿਫਟ ਰਾਹੀਂ ਹੇਠਾਂ ਉਤਰਦੀ ਹੈ। ਵਾਰਡ ਵਿਚ ਜਾਂਦੀ ਹੈ ਇਹ ਸੋਚ ਕੇ ਕਿ ਕੋਈ ਬੱਚਾ ਹੋਏਗਾ…ਪਰ ਉੱਥੇ ਕੁਝ ਹੋਰ ਹੀ ਹੁੰਦਾ ਹੈ। ਜਦੋਂ ਉਹ ਅੱਧੇ ਘੰਟੇ ਬਾਅਦ ਬਾਹਰ ਆਉਂਦੀ ਹੈ ਤਾਂ ਸਾਹਮਣੇ ਔਰਤ ਦਾ ਪਤੀ ਮਿਲਦਾ ਹੈ, "ਕੀ ਹੋਇਆ ?"
ਉਹ ਡਰਦੀ ਡਰਦੀ ਕਹਿੰਦੀ ਹੈ, "ਅਬਾਰਸ਼ਨ…"
ਪਤੀ ਇਕ ਲੰਮਾ ਸਾਹ ਛੱਡਦਾ ਹੈ, "ਬਹੁਤ ਬਹੁਤ ਸ਼ੁਕਰੀਆ ! ਹਰ ਸਾਲ ਇਕ ਬੱਚਾ, ਮੈਂ ਤਾਂ ਪ੍ਰੇਸ਼ਾਨ ਹੋ ਗਿਆ ਸਾਂ ਮੈਡਮ…"
ਵਿਭਾ ਉਸ ਆਦਮੀ ਵੱਲ ਗੌਰ ਨਾਲ ਦੇਖਦੀ ਹੈ। ਕਿੰਨਾ ਖੁਸ਼ ਹੈ ! ਫੇਰ ਉਹ ਹੌਲੀ ਹੌਲੀ ਲਿਫਟ ਵੱਲ ਤੁਰ ਪੈਂਦੀ ਹੈ। ਦਰਵਾਜ਼ਾ ਖੋਲ੍ਹਣ ਲੱਗਦੀ ਹੈ ਤਾਂ ਦਰਬਾਨ ਕਹਿੰਦਾ ਹੈ, "ਮੇਮ ਸਾਹਬ ! ਲਿਫਟ ਥੋੜ੍ਹੀ ਦੇਰ ਪਹਿਲਾਂ ਖ਼ਰਾਬ ਹੋ ਗਈ ਏ।"
ਉਹ ਬੰਦ ਪਈ ਲਿਫਟ ਵੱਲ ਦੇਖਦੀ ਹੋਈ ਸੋਚ ਰਹੀ ਹੈ---ਹਰ ਵਾਰੀ ਜਦੋਂ ਉਹ ਵਾਰਡ ਵਿਚੋਂ ਬਾਹਰ ਨਿਕਲਦੀ ਸੀ ਤਾਂ ਨਵੇਂ ਜੰਮੇ ਬੱਚੇ ਦੀ ਆਵਾਜ਼ ਦੂਰ ਤਕ ਉਸਦਾ ਪਿੱਛਾ ਕਰਦੀ ਸੀ। ਪਰ ਅੱਜ ਬਿਲਕੁਲ ਖ਼ਾਮੋਸ਼ੀ ਹੈ। ਜੇ ਅੱਜ ਜਯੋਤੀ ਹੁੰਦੀ ਤਾਂ ਉਹ ਜ਼ਰੂਰ ਕਹਿੰਦੀ, 'ਲਿਫਟ ਸੱਚਮੁੱਚ ਖ਼ਰਾਬ ਹੈ ਡੀਅਰ।'
***
ਉਹ ਪਿਛਲੀਆਂ ਪੌੜੀਆਂ ਰਾਹੀਂ ਉਪਰ ਜਾਣ ਲਈ ਘੁੰਮ ਕੇ ਬਾਹਰ ਆਉਂਦੀ ਹੈ। ਹਨੇਰਾ ਹੋ ਗਿਆ ਹੈ। ਲਾਈਟਾਂ ਜਗ ਪਈਆਂ ਹਨ। ਉਹ ਥੱਕੇ ਕਦਮਾਂ ਨਾਲ ਤੁਰ ਰਹੀ ਹੈ। ਉਦੋਂ ਹੀ ਉਸਦੀ ਨਜ਼ਰ ਮਦਰ ਮੈਰੀ ਦੀ ਮੂਰਤ ਉੱਤੇ ਜਾ ਪੈਂਦੀ ਹੈ। ਇਕ ਕੋਨੇ ਵਿਚ ਮਾਂ ਮਰੀਅਮ ਤੇ ਗੋਦ ਵਿਚ ਬਾਲ ਜੀਸਸ। ਉਹ ਰੁਕ ਜਾਂਦੀ ਹੈ। ਕਿੰਨੀਂ ਵੀ ਇਕਾਂਤ ਕਿਉਂ ਨਾ ਹੋਵੇ…ਜੇ ਕੋਲ ਇਕ ਬੱਚਾ ਹੋਵੇ ਤਾਂ ਕੋਈ ਵੀ ਔਰਤ ਇੰਜ ਜਿਊਂ ਸਕਦੀ ਹੈ।
ਹੁਣ ਵਿਭਾ ਮਦਰ ਮੈਰੀ ਦੇ ਐਨ ਸਾਹਮਣੇ ਆ ਕੇ ਖੜ੍ਹੀ ਹੋ ਜਾਂਦੀ ਹੈ। ਚੁੱਪਚਾਪ ! ਇਕ ਟੱਕ ਗੋਦੀ ਚੁੱਕੇ ਬਾਲ ਵੱਲ ਦੇਖਦੀ ਰਹਿੰਦੀ ਹੈ। ਫੇਰ ਹੌਲੀ ਜਿਹੀ ਹੱਥ ਵਧਾਅ ਕੇ ਉਸ ਨੂੰ ਛੂੰਹਦੀ ਹੈ…ਤੇ ਅਚਾਨਕ ਕਿਸੇ ਬਾਲੜੀ ਵਾਂਗ ਰੋਣ ਲੱਗ ਪੈਂਦੀ ਹੈ, 'ਮੁਆਫ਼ ਕਰ ਦਿਓ ਮਾਂ…ਇੰਜ ਕਿਉਂ ਹੋਇਆ ?...ਮੈਂ ਤਾਂ ਸਿਰਫ ਇਕ ਦੀਪੂ ਚੁਰਾਉਣਾ ਚਾਹਿਆ ਸੀ…ਪਰ ਜਦੋਂ ਉਹ ਸਭ ਕੁਝ ਗਿਆ ਸੀ ਤੇ ਮੇਰੀਆਂ ਅੱਖਾਂ ਵਿਚ ਖੁਸ਼ੀ ਦੇ ਅੱਥਰੂ ਤੈਰਨ ਲੱਗੇ ਸਨ ਤਾਂ…ਤਾਂ ਰਵੀ ਨੇ ਕਿਹਾ ਸੀ, 'ਰੋ ਨਾ ਵਿਭਾ…ਡਰਨ ਵਾਲੀ ਕੋਈ ਗੱਲ ਨਹੀਂ, ਮੇਰਾ ਆਪ੍ਰੇਸ਼ਨ ਹੋਇਆ ਹੋਇਆ ਏ…'!'
ਤੇ ਵਿਭਾ ਮਾਂ ਮਰੀਅਮ ਦੇ ਪੈਰਾਂ 'ਤੇ ਸਿਰ ਰੱਖ ਕੇ ਰੋਂਦੀ ਰਹਿੰਦੀ ਹੈ, 'ਮੁਆਫ਼ ਕਰ ਦਿਓ ਮਾਂ…ਮੁਆਫ਼ ਕਰ ਦਿਓ ਮਾਂ…ਮੁਆਫ਼ ਕਰ ਦਿਓਮਾਂ…!'

Monday, March 23, 2009

ਹਰੀਸ਼ੰਕਰ ਪ੍ਰਸਾਈ



हरिशंकर परसाईं

जन्म : 22 अगस्त, 1924।
जन्मस्थान : जमानी, जि. होशंगाबाद, म.प्र.।
नागपुर विश्वविद्यालय से हिन्दी में एम.ए.।

18 वर्ष की उम्र में जंगल विभाग में नौकरी। खंडवा में ६ महीने अध्यापक। दो वर्ष (1941-43 में) जबलपुर में स्पेस ट्रेनिंग कालेज में शिक्षण कार्य का अध्ययन। 1943 से वहीं मॉडल हाई स्कूल में अध्यापक। 1952 में यह सरकारी नौकरी छोड़ी। 1953 से 1957 तक प्राइवेट स्कूलों में नौकरी। 1957 में नौकरी छोड़कर स्वतंत्र लेखन की शुरूआत। जबलपुर से 'वसुधा' नाम की साहित्यिक मासिकी निकाली, नई दुनिया में 'सुनो भई साधो', नई कहानियों में 'पाँचवाँ कॉलम', और 'उलझी-उलझी' तथा कल्पना में 'और अन्त में' इत्यादि। कहानियाँ, उपन्यास एवं निबंध-लेखन के बावजूद मुख्यत: व्यंग्यकार के रूप में विख्यात। 'विकलांग श्रद्धा का दौर' के लिए साहित्य अकादमी पुरस्कार से सम्मानित।

प्रकाशित रचनाएँ :
कहानी-संग्रह: हँसते हैं रोते हैं, जैसे उनके दिन फिरे।
उपन्यास: रानी नागफनी की कहानी, तट की खोज।
लेख संग्रह: तब की बात और थी, भूत के पाँव पीछे, बेइमानी की परत, वैष्णव की फिसलन, पगडंडियों का जमाना, शिकायत मुझे भी है, सदाचार का ताबीज, विकलांग श्रद्धा का दौर, तुलसीदास चंदन घिसैं, हम एक उम्र से वाकिफ हैं।

हरिशंकर परसाई हिंदी के पहले रचनाकार है, जिन्होंने व्यंग्य को विधा का दर्जा दिलाया और उसे हल्के-फुल्के मनोरंजन की परंपरागत परिधि से उबारकर समाज के व्यापक प्रश्नों से जोड़ा है। उनकी व्यंग्य रचनाएँ हमारे मन में गुदगुदी पैदा नहीं करतीं, बल्कि हमें उन सामाजिक वास्तविकताओँ के आमने-सामने खड़ा करती है, जिनसे किसी भी व्यक्ति का अलग रह पाना लगभग असंभव है। लगातार खोखली होती जा रही हमारी सामाजिक और राजनीतिक व्यवस्था में पिसते मध्यमवर्गीय मन की सच्चाइयों को उन्होंने बहुत ही निकटता से पकड़ा है। सामाजिक पाखंड और रूढ़िवादी जीवन-मूल्यों की खिल्ली उड़ाते हुए उन्होंने सदैव विवेक और विज्ञान-सम्मत दृष्टि को सकारात्मक रूप में प्रस्तुत किया है। उनकी भाषा-शैली में खास किस्म का अपनापा है, जिससे पाठक यह महसूस करता है कि लेखक उसके सामने ही बैठा है।

ਭੀਸ਼ਮ ਸਾਹਨੀ



ਭੀਸ਼ਮ ਸਾਹਨੀ :

ਜਨਮ : 8 ਅਗਸਤ, 1915 ਨੂੰ ਰਾਵਲਪਿੰਡੀ ਵਿਖੇ (ਹੁਣ ਪਾਕਿਸਤਾਨ ਵਿਚ ਹੈ।)

ਸਿੱਖਿਆ : 1937 ਵਿਚ ਲਾਹੌਰ ਗੌਰਮਿੰਟ ਕਾਲੇਜ, ਲਾਹੌਰ ਤੋਂ ਅੰਗਰੇਜ਼ੀ ਸਾਹਿਤ ਵਿਚ ਐਮ.ਏ., 1958 ਵਿਚ ਪੰਜਾਬ ਯੂਨੀਵਰਸਟੀ ਤੋਂ ਪੀ.ਐਚ.ਡੀ.

ਕਾਰਜ ਖੇਤਰ : ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਆਪਣੀ ਸਿੱਖਿਆ ਅਕਾਦਮੀ ਚਲਾਉਂਦੇ ਰਹੇ। ਵੰਡ ਪਿੱਛੋਂ ਭਾਰਤ ਆ ਕੇ ਅਖ਼ਬਾਰਾਂ ਵਿਚ ਲਿਖਣ ਲੱਗੇ। ਬਾਅਦ ਵਿਚ ਆਈ.ਪੀ.ਟੀ.ਏ. (ਇੰਡੀਅਨ ਪੀਪਲ ਥਿਏਟਰ ਐਸੋਸਿਏਸ਼ਨ) ਨਾਲ ਜਾ ਮਿਲੇ। ਇਸ ਪਿੱਛੋਂ ਅੰਬਾਲੇ ਤੇ ਅੰਮ੍ਰਿਤਸਰ ਵਿਚ ਵੀ ਅਧਿਆਪਕ ਰਹਿਣ ਪਿੱਛੋਂ ਦਿੱਲੀ ਯੂਨੀਵਰਸਟੀ ਵਿਚ ਸਾਹਿਤ ਦੇ ਪ੍ਰੋਫ਼ੈਸਰ ਲੱਗੇ ਰਹੇ।

1957-63 ਤਕ ਮਾਸਕੋ ਫਾਰੇਨ ਲੈਂਗੁਏਜ਼ ਪਬਲਿਸ਼ਿੰਗ ਹਾਊਸ ਵਿਚ ਅਨੁਵਾਦ ਦਾ ਕੰਮ ਕਰਦੇ ਰਹੇ। ਇੱਥੇ ਉਹਨਾਂ ਲਗਭਗ ਦੋ ਦਰਜਨ ਰੂਸੀ ਭਾਸ਼ੀ ਕਿਤਾਬਾਂ ਜਿਵੇਂ ਟਾਲਸਟਾਏ, ਆਸਤ੍ਰੋਵਸਕੀ, ਐਤਮਾਟੋਵ ਦੀਆਂ ਕਿਤਾਬਾਂ ਦਾ ਹਿੰਦੀ ਅਨੁਵਾਦ ਕੀਤਾ।

1965-67 ਦੇ ਦੋ ਸਾਲਾਂ ਤਕ 'ਨਯੀ ਕਹਾਣੀ' ਨਾਂ ਦੇ ਰਸਾਲੇ ਦਾ ਸੰਪਾਦਨ ਕਰਦੇ ਰਹੇ ਉਹ ਤੇ ਪ੍ਰੋਗ੍ਰੈਸਿਵ ਰਾਈਟਰ ਐਸੋਸਿਏਸ਼ਨ ਤੇ ਅਫ੍ਰੋ-ਏਸ਼ੀਅਨ ਏਸ਼ੀਅਨ ਐਸੋਸਿਏਸ਼ਨ ਨਾਲ ਵੀ ਜੁੜੇ ਰਹੇ। 1993-97 ਤਕ ਉਹ ਸਾਹਿਤ ਅਕਾਦਮੀ ਐਕਜਿਕਯੂਟਿਵ ਕਮੇਟੀ ਦੇ ਮੈਂਬਰ ਰਹੇ।

ਪ੍ਰਕਾਸ਼ਿਤ ਕਿਤਾਬਾਂ :

ਨਾਵਲ : ਝਰੋਖੇ, ਤਮਸ, ਬਸੰਤੀ, ਮਾਯਾਦਾਸ ਦੀ ਮਾੜੀ, ਕੁੰਤੀ, ਨੀਲੂ, ਨਿਲੀਮਾ, ਨਿਲੋਫਰ।

ਕਹਾਣੀ ਸੰਗ੍ਰਹਿ : ਮੇਰੀ ਪ੍ਰਿਯ ਕਹਾਨੀਆਂ, ਭਾਗਯਰੇਖਾ, ਵਾਂਗਚੂ, ਨਿਸ਼ਾਚਰ।

ਨਾਟਕ : 1977 ਵਿਚ ਹਨੂਸ਼, 1984 ਵਿਚ ਮਾਧਵੀ, 1985 ਵਿਚ ਕਬੀਰਾ ਖੜਾ ਬਾਜ਼ਾਰ ਮੇਂ, 1953 ਵਿਚ ਮੁਆਵਜ਼ੇ।

ਆਤਮਕਥਾ : (ਅੰਗਰੇਜ਼ੀ ਵਿਚ) ਬਲਰਾਜ, ਮਾਯੇ ਬਰਦਰ, (ਉਹ ਫਿਲਮ ਕਲਾਕਾਰ ਬਲਰਾਜ ਸਾਹਨੀ ਦੇ ਛੋਟੇ ਭਰਾ ਸਨ)

ਬਾਲ ਕਥਾ ਸਾਹਿਤ : ਗੁਲੇਲ ਕਾ ਖੇਲ।

ਹੋਰ ਪ੍ਰਕਾਸ਼ਨ :
ਪਹਲਾ ਪਥ, ਭਟਕਤੀ ਰਾਖ, ਪਟਰਿਯਾਂ, ਸ਼ੋਭਾਯਾਤਰਾ, ਪਾਲੀ, ਦਯਾਂ, ਕੜਿਯਾਂ, ਆਜ ਕੇ ਅਤੀਤ।

ਸਨਮਾਨ :
1975, ਸਾਹਿਤ ਅਕਾਦਮੀ ਅਵਾਰਡ, 1975, ਸ਼ਿਰੋਮਣੀ ਲੇਖਕ ਅਵਾਰਡ (ਭਾਸ਼ਾ ਵਿਭਾਗ ਪੰਜਾਬ), 1980, ਲੋਟਸ ਅਵਾਰਡ (ਅਫ੍ਰੋ-ਏਸ਼ੀਅਨ ਰਾਈਟ੍ਰਸ ਐਸੋਸਿਏਸ਼ਨ ਵੱਲੋਂ)। 1983, ਸੋਵੀਅਤ ਲੈਂਡ ਨੇਹਰੂ ਅਵਾਰਡ, 1998, ਪਦਮਭੂਸ਼ਨ (ਭਾਰਤ ਸਰਕਾਰ)

ਅਜੂਬੇ ਹੋਰ ਵੀ ਨੇ ਜੀ ਇੰਡੀਆ ਵਿਚ :: ਲੇਖਕ : ਗੁਰਮੀਤ ਸਿੰਘ ਬੇਦੀ




ਹਿੰਦੀ ਵਿਅੰਗ : ਅਜੂਬੇ ਹੋਰ ਵੀ ਨੇ ਜੀ ਇੰਡੀਆ ਵਿਚ :: ਲੇਖਕ : ਗੁਰਮੀਤ ਸਿੰਘ ਬੇਦੀ
gurmitbedi@gmail.com

ਅਨੁਵਾਦ : ਮਹਿੰਦਰ ਬੇਦੀ ਜੈਤੋ। ਮੁਬਾਇਲ : 94177-30600.


ਆਪਣਾ ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਣ ਲੱਗ ਪਿਆ, ਇਸ ਲਈ ਅਖ਼ਬਾਰ ਵਾਲਿਆਂ ਤੇ ਮੋਬਾਇਲ ਵਾਲਿਆਂ ਦਾ ਸਪੈਸ਼ਲ, ਕੋਟਿ-ਕੋਟਿ, ਧੰਨਵਾਦ ਜੀ ! ਜੇ ਇੰਡੀਆ ਵਿਚ ਮੀਡੀਆ ਤੇ ਮੋਬਾਇਲ ਨਾ ਹੁੰਦੇ ਤਾਂ ਲੋਕਰਾਜ ਦੇ ਵਾਸੀ ਲੋਕਾਂ ਦੀ ਆਵਾਜ਼ 'ਵਰਡ ਅਜੂਬਾ ਸਲੈਕਸ਼ਨ ਕਮੇਟੀ' ਤਕ ਕਿੰਜ ਪਹੁੰਚਦੀ (ਇੱਥੇ ਤਾਂ ਆਵਾਜ਼ ਸਰਕਾਰ ਦੇ ਕੰਨਾਂ ਤਕ ਪਹੁੰਚ ਜਾਏ ਤਾਂ ਇਹ ਵੀ ਇਕ ਅਜੂਬਾ ਈ ਹੁੰਦਾ ਏ ਜੀ।) ? ਪਬਲਿਕ ਦੀ ਆਵਾਜ਼ ਦੁਨੀਆਂ ਤੀਕ ਨਾ ਪਹੁੰਚਦੀ ਤਾਂ ਦੁਨੀਆਂ ਵਾਲਿਆਂ ਨੂੰ ਇਹ ਕਿੰਜ ਪਤਾ ਲੱਗਦਾ ਬਈ ਇੰਡੀਆ ਵਿਚ ਭਾਵੇਂ ਪੁੱਤਰ ਰਤਨ ਦੀ ਚਾਹਤ ਵਿਚ ਲੋਕ ਆਪਣੇ ਪਿਆਰ ਦੀ 'ਫ਼ੀ-ਮੇਲ' ਨਿਸ਼ਾਨੀ ਗਰਭ ਵਿਚ ਹੀ ਖ਼ਤਮ ਕਰ ਦੇਂਦੇ ਨੇ ਪਰ ਸ਼ਹਿਨਸ਼ਾਹ ਦੀ ਪ੍ਰੇਮ ਨਿਸ਼ਾਨੀ ਨੂੰ ਆਪਣੇ ਦਿਲ ਵਿਚ ਵਸਾਅ ਕੇ ਰੱਖਦੇ ਨੇ। ਯਾਨੀ ਇੰਡੀਆ ਵਾਲਿਆਂ ਦੇ ਪ੍ਰੇਮ ਦੇ ਮਾਮਲੇ ਵਿਚ ਵੀ ਦੂਹਰੇ ਮਾਪਦੰਡ ਨੇ। ਜਾਂ ਇੰਜ ਕਹਿ ਲਓ ਕਿ ਇੰਡੀਅਨ ਆਪਣੇ ਪਿਆਰ ਦੀ ਬਜਾਏ ਦੂਜਿਆਂ ਦੇ ਪ੍ਰੇਮ ਦੇ ਪ੍ਰਤੀ ਵਧੇਰੇ ਸੈਂਸਟਿਵ (ਚੇਤਨ), ਵਧੇਰੇ ਇਮੋਸ਼ਨਲ (ਭਾਵੁਕ) ਤੇ ਹੋਰ ਵੀ ਵੱਧ ਐਕਸਾਈਟੀ (ਉਤੇਜਤ) ਹੁੰਦੇ ਨੇ ਜੀ। ਦੂਜਿਆਂ ਦੀਆਂ ਪ੍ਰੇਮ ਕਹਾਣੀਆਂ ਨੂੰ ਖਾਣੇ ਨਾਲ ਸਲਾਦ ਦੇ ਰੂਪ ਵਿਚ ਗ੍ਰਹਿਣ ਕਰਦੇ ਨੇ। ਇਸ ਨਾਲ ਉਹਨਾਂ ਨੂੰ ਸਪੈਸ਼ਲ ਪ੍ਰੋਟੀਨ ਮਿਲਦੀ ਏ। ਜਿਸ ਨਾਲ ਉਹ 'ਸ਼ਕਤੀਮਾਨ' ਬਣ ਜਾਂਦੇ ਨੇ। ਇੱਥੇ ਤਾਂ ਕਬਰ ਵਿਚ ਪੈਰ ਲਮਕਾਈ ਬੈਠੇ ਕਿਸੇ ਬੁੱਢੇ ਸੱਜਣ ਨੂੰ ਕਿਸੇ ਦੇ ਪ੍ਰੇਮ ਪ੍ਰਸੰਗ ਦੀ ਭਿਨਕ ਪੈ ਜਾਵੇ ਤਾਂ ਕਬਰ ਵਿਚੋਂ ਪੈਰ ਕੱਢ ਕੇ ਆਪਣੇ ਸੁੱਕੇ ਬੁੱਲ੍ਹਾਂ ਉੱਤੇ ਜੀਭ ਫੇਰਨ ਲੱਗ ਪੈਂਦਾ ਏ ਜੀ। ਇੰਡੀਆ ਵਿਚ ਜਿਸ ਦਿਨ ਚੈਨਲ ਵਾਲੇ ਪ੍ਰੋਫ਼ੈਸਰ ਮੁਟੁਕਨਾਥ ਤੇ ਉਹਨਾਂ ਦੀ ਫ਼ੀ-ਮੇਲ ਸਟੂਡੈਂਟ ਜੁਲੀ ਦੀ ਪ੍ਰੇਮ ਕਹਾਣੀ ਤੇ ਉਹਨਾਂ ਦੇ ਪਿਛਲੇ ਜਨਮ ਦੇ ਸੰਬੰਧ ਨੂੰ ਟੀ. ਵੀ. ਉੱਤੇ ਵਾਰੀ ਵਾਰੀ ਵਿਖਾਉਂਦੇ ਨੇ, ਉਸ ਦਿਨ ਇੰਡੀਅਨ ਦਰਸ਼ਕਾਂ ਦੇ ਚਿਹਰੇ ਉੱਤੇ ਚਮਕ ਦੇਖਣ ਵਾਲੀ ਹੁੰਦੀ ਏ। ਮਹਿੰਗਾਈ ਦੀ ਦੁਨੀਆਂ ਵਿਚੋਂ ਨਿਕਲ ਕੇ ਉਹ ਪ੍ਰੇਮ ਦੀ ਦੁਨੀਆਂ ਵਿਚ ਪਹੁੰਚ ਜਾਂਦੇ ਨੇ ਤੇ ਇਹ ਵੀ ਭੁੱਲ ਜਾਂਦੇ ਨੇ ਕਿ ਬੱਚਿਆਂ ਦੀ ਫੀਸ ਭਰਨ ਲਈ ਬਟੂਆ ਜਵਾਬ ਦੇ ਚੁੱਕਿਆ ਏ। ਹੈ ਨਾ ਇਹ ਵੀ ਇਕ ਅਜੂਬਾ ਈ ਜੀ ! ਹੈਰਾਨੀ ਵਾਲੀ ਗੱਲ ਇਹ ਈ ਬਈ 'ਵਰਡ ਅਜੂਬਾ ਸਲੈਕਸ਼ਨ ਕਮੇਟੀ' ਦੀ ਨਜ਼ਰ ਇੰਡੀਆ ਦੇ ਇਸ ਅਜੂਬੇ ਉੱਤੇ ਕਿਉਂ ਨਹੀਂ ਪਈ? ਜੇ ਪੈ ਜਾਂਦੀ ਤਾਂ ਤਾਜ ਪਿੱਛੇ ਰਹਿ ਜਾਂਦਾ ਤੇ ਸ਼ਹਿਨਸ਼ਾਹ ਤੇ ਉਸਦੀ ਵਾਈਫ਼ ਮੁਮਤਾਜ ਦੀ ਆਤਮਾ ਦੋਵੇਂ ਇਸ ਬ੍ਰਾਹਮੰਡ ਵਿਚ ਭੌਂਦੇ ਹੋਏ ਛਣਕਣੇ ਵਜਾਉਂਦੇ ਫਿਰਦੇ।

ਵੈਸੇ ਇੰਡੀਆ ਵਿਚ ਤਾਜ ਦੇ ਇਲਾਵਾ ਵੀ ਹੋਰ ਕਈ ਅਜੂਬੇ ਨੇ—ਇਹਨਾਂ ਵਿਚ ਤਾਜ ਕਰੀਡੋਰ ਮਾਮਲੇ ਦੀ ਅਸੀਂ ਚਰਚਾ ਨਹੀਂ ਕਰਾਂਗੇ। ਇਹ ਲਕਸ ਕੋਜ਼ੀ ਬੁਨਿਆਨ ਵਾਂਗ ਮਾਇਆ ਤੇ ਯੂ.ਪੀ.ਏ. ਵਿਚਕਾਰ 'ਅੰਦਰ ਕੀ ਬਾਤ ਹੈ'। ਤਾਜ ਦੇ ਇਲਾਵਾ ਆਪਣੇ ਇੰਡੀਆ ਵਿਚ ਹੋਰ ਵੀ ਕਈ ਅਜੂਬੇ ਨੇ, ਜਿਹਨਾਂ ਉਪਰ ਅਸੀਂ ਸਿਲਸਿਲੇਵਾਰ ਚਰਚਾ ਕਰਾਂਗੇ। ਮੀਡੀਆ ਨੂੰ ਸਾਡੀ ਵਿਸ਼ੇਸ਼ ਬੇਨਤੀ ਹੋਵੇਗੀ ਕਿ ਉਹ ਇਹਨਾਂ ਅਜੂਬਿਆਂ ਨੂੰ ਵੀ, ਹੋਰ ਫਾਲਤੂ ਪੰਗਿਆਂ ਵਾਂਗ ਈ, ਵੱਡੀ ਐਕਸਾਈਟਮੈਂਟ ਨਾਲ ਹਾਈ ਲਾਈਟ ਕਰਨ ਤਾਂਕਿ ਭਵਿੱਖ ਵਿਚ ਦੁਨੀਆਂ ਦੇ ਸੱਤ ਅਜੂਬਿਆਂ ਉੱਤੇ ਜੇ ਕੋਈ ਕਮੇਟੀ ਮੁੜ ਵਿਚਾਰ ਕਰਨ ਬੈਠੇ ਤਾਂ ਨਿਰੋਲ ਇੰਡੀਆ ਦੇ ਅਜੂਬੇ ਈ ਸੰਸਾਰ ਦੇ ਸੱਤ ਅਜੂਬਿਆਂ ਉੱਤੇ ਭਾਰੂ ਹੋ ਜਾਣ। ਇਸ ਨਾਲ ਦੁਨੀਆਂ ਵਿਚ ਇੰਡੀਆ ਦੀ ਰੈਪੂਟੇਸ਼ਨ ਵਧੇਗੀ।…ਰੈਪੂਟੇਸ਼ਨ ਵਧੇਗੀ ਤਾਂ ਟੂਰਿਸਟਾਂ ਦੀ ਇੰਡੀਆ ਵਿਚ ਆਮਦ ਵਧੇਗੀ, ਜਿਸ ਨਾਲ ਦੇਸ਼ ਤੇ ਦੇਸ਼-ਵਾਸੀਆਂ ਦੀ ਇਕਨੋਮੀ (ਆਰਥਿਕ ਸਥਿਤੀ) ਜਬਰਦਸਤ ਮਜ਼ਬੂਤ ਹੋਵੇਗੀ ਤੇ ਅਸੀਂ ਵਾਰੀ ਵਾਰੀ ਵਰਡ ਬੈਂਕ ਤੇ ਦੂਜੀਆਂ ਏਜੰਸੀਆਂ ਸਾਹਵੇਂ ਠੂਠਾ ਫੜ੍ਹ ਦੇ ਖਲੋਣ ਦੇ ਝੰਜਟ ਤੋਂ ਬਚ ਜਾਵਾਂਗੇ। ਇਹ ਵੀ ਹੋ ਸਕਦਾ ਏ ਕਿ ਵਰਡ ਬੈਂਕ ਤੇ ਦੂਜੀਆਂ ਏਜੰਸੀਆਂ ਸਾਡੇ ਮੁਲਕ ਦੇ ਕਰਤਾ-ਧਰਤਾਵਾਂ ਅੱਗੇ ਠੂਠਾ ਫੜ੍ਹ ਕੇ ਖੜ੍ਹੀਆਂ ਹੋ ਜਾਣ ਤੇ ਮੁਲਕ ਦੇ ਕਰਤਾ-ਧਰਤਾਵਾਂ ਨੂੰ ਫੰਡਿੰਗ ਦੇ ਬਦਲੇ ਕਮੀਸ਼ਨ ਖਾਣ ਦਾ ਮੌਕਾ ਘਰ ਬੈਠੇ-ਬਿਠਾਏ ਮਿਲ ਜਾਵੇ।

ਤਾਜ ਦੇ ਇਲਾਵਾ ਇੰਡੀਆ ਵਿਚ ਅਜੂਬਾ ਨੰਬਰ ਦੋ ਇਹ ਵੇ ਜੀ ਕਿ ਇੱਥੇ ਦੇ ਪ੍ਰੰਬਧਕੀ ਢਾਂਚੇ ਵਿਚ ਭਰਿਸ਼ਟਾਚਾਰ ਉਪਰ ਤੋਂ ਹੇਠਾਂ ਤੀਕ ਗੁੰਦਿਆ-ਪਰੋਇਆ ਹੋਇਆ ਏ ਤੇ ਸਾਰੀਆਂ ਚੋਣਾ ਸਮੇਂ 'ਵੋਟ ਅਗੇਂਸਟ ਕੁਰਪਸ਼ਨ' ਦਾ ਨਾਅਰਾ ਉਛਾਲਨ ਦੇ ਬਾਵਜੂਦ ਪ੍ਰਬੰਧਕੀ ਢਾਂਚਾ ਪੀਸਾ ਦੀ ਮੀਨਾਰ ਵਾਂਗ ਥਾਵੇਂ ਗੱਡਿਆ ਰਹਿੰਦਾ ਏ। ਜਿਹੜਾ ਉਸਨੂੰ ਹੇਠੋਂ ਹਿਲਾਉਂਦਾ ਏ, ਕੁਝ ਦਿਨਾਂ ਬਾਅਦ ਉਹੀ ਉਸਦੇ ਉਪਰ ਬੈਠਾ ਨਜ਼ਰ ਆਉਂਦਾ ਏ।

ਅਜੂਬਾ ਨੰਬਰ ਤਿੰਨ ਇਹ ਵੇ ਜੀ ਕਿ ਇੰਡੀਆ ਦੀ ਪਾਲਿਟਿਕਸ ਵਿਚ ਮਿਕਸਿੰਗ ਤੇ ਰੀ-ਮਿਕਸਿੰਗ ਦੀ ਪ੍ਰਤੀਕ੍ਰਿਆ ਚੌਵੀ ਘੰਟੇ ਚੱਲਦੀ ਰਹਿੰਦੀ ਏ। ਇੱਥੇ ਰਾਜਨੀਤੀ ਦੇ ਹਮਾਮ ਵਿਚ ਲਠੈਤ, ਗੈਂਗਸਟਰ, ਡਾਨ, ਦਲਾਲ ਤੇ ਡਾਕੂ ਵੀ ਆਪਣੇ ਕੱਪੜੇ ਲਾਹੀ ਨਜ਼ਰ ਆਉਂਦੇ ਨੇ ਜਨ-ਸੇਵਕ ਵੀ ਉਹਨਾਂ ਨਾਲ ਗਲਵੱਕੜੀਆਂ ਪਾਉਂਦੇ ਦਿਖਾਈ ਦੇਂਦੇ ਨੇ। ਯਾਨੀ ਇਸ ਹਮਾਮ ਵਿਚ ਮਿਕਸਿੰਗ ਤੇ ਰੀ-ਮਿਕਸਿੰਗ ਸਦਕਾ ਡਾਕੂ ਲੋਕ ਰਾਜਨੀਤਿਕ ਬਣ ਜਾਂਦੇ ਨੇ ਤੇ ਰਾਜਨੀਤਿਕ ਡਾਕੂ ਦੀ ਭੂਮਿਕਾ ਵਿਚ ਆ ਜਾਂਦੇ ਨੇ। ਇਸ ਤੋਂ ਵੱਡਾ ਅਜੂਬਾ ਹੋਰ ਕਿਹੜਾ ਹੋਵੇਗਾ ਜੀ?

ਅਜੂਬਾ ਨੰਬਰ ਚਾਰ ਇਹ ਵੇ ਕਿ ਇੱਥੇ ਕੋਈ ਵੀ ਧਾਕੜ ਆਦਮੀ ਰੇਵੈਨਿਊ ਵਾਲਿਆਂ ਦੀ ਮਦਦ ਨਾਲ ਜਾਂ ਫੇਰ ਕਿਸੇ ਪਾਲੀਟੀਸ਼ੀਅਨ ਦੇ ਅਸ਼ੀਰਵਾਦ ਨਾਲ ਕਿਸੇ ਵੀ ਗਰੀਬ ਆਦਮੀ ਦੀ ਜ਼ਮੀਨ 'ਤੇ ਕਬਜ਼ਾ ਕਰ ਸਕਦਾ ਏ। ਯਾਨੀ ਜ਼ਮੀਨ ਕਿਸੇ ਦੀ ਤੇ ਕਬਜ਼ਾ ਕਿਸੇ ਹੋਰ ਦਾ। ਇਹ ਵੀ ਤਾਂ ਇਕ ਅਜੂਬਾ ਈ ਹੋ ਗਿਆ ਨਾ ਜੀ?

ਅਜੂਬਾ ਨੰਬਰ ਪੰਜ ਇਹ ਵੇ ਕਿ ਇੰਡੀਆ ਵਿਚ ਦਸਵੀਂ ਫੇਲ੍ਹ ਆਦਮੀ ਐਮ.ਬੀ.ਬੀ.ਐਸ. ਦੀ ਡਿਗਰੀ ਲੈ ਕੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਸਕਦਾ ਏ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਸਕਦਾ ਏ। ਇਸ ਤਰ੍ਹਾਂ ਜਾਲ੍ਹੀ ਡਿਗਰੀਆਂ ਦੇ ਸਹਾਰੇ ਇੱਥੇ ਮਾਸਟਰ ਜਾਂ ਪ੍ਰੋਫ਼ੈਸਰ ਬਣ ਕੇ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕਰਨਾ ਵੀ ਕੋਈ ਮੁਸ਼ਕਿਲ ਕੰਮ ਨਹੀਂ। ਦੁਨੀਆਂ ਇਸ ਨੂੰ ਵੀ ਅਜੂਬਾ ਮੰਨ ਸਕਦੀ ਏ ਜੀ ਕਿ ਵਿਸ਼ਵ-ਗੁਰੂ ਕਹਾਉਣ ਵਾਲੇ ਭਾਰਤ ਵਿਚ, ਜਾਲ੍ਹੀ ਡਿਗਰੀ-ਧਾਰੀ ਗੁਰੂਆਂ ਦੀ ਥੁੜ ਨਹੀਂ ਜੀ।

ਅਜੂਬਾ ਨੰਬਰ ਛੇ ਇਹ ਵੇ ਕਿ ਦੁਨੀਆਂ ਦੇ ਹੋਰਨਾਂ ਮੁਲਕਾਂ ਵਿਚ ਤਾਂ ਧਰਤੀ ਉੱਤੇ ਰੁੱਖ ਉਗਾਏ ਜਾਂਦੇ ਨੇ ਜਦਕਿ ਇੱਥੇ ਕਾਗਜ਼ਾਂ ਉਪਰ ਵੀ ਰੁੱਖ ਉਗਾਏ ਜਾ ਸਕਦੇ ਨੇ ਤੇ ਬਾਅਦ ਵਿਚ ਕਾਗਜ਼ਾਂ ਵਿਚ ਈ ਸਰਟੀਫਾਈਜ਼ ਕਰ ਦਿੱਤਾ ਜਾਂਦੇ ਨੇ ਕਿ ਸੋਕਾ, ਹੜ੍ਹ, ਕੋਹਰਾ ਤੇ ਬਰਫ਼ਬਾਰੀ ਕਾਰਣ ਨਸ਼ਟ ਵੀ ਹੋ ਗਏ ਨੇ। ਵਧੇਰੇ ਇੰਟੈਲੀਜੈਂਟ ਅਫ਼ਸਰ ਗਲੋਬਲ ਵਾਰਮਿੰਗ ਦੇ ਮੱਥੇ ਸਾਰਾ ਕੁਝ ਮੜ੍ਹ ਕੇ 'ਰੁੱਖ-ਲਾਓ…' ਦਾ ਸਾਰਾ ਬਜਟ ਹਜ਼ਮ ਕਰ ਜਾਂਦੇ ਨੇ। ਇਹ ਵੀ ਇਕ ਅਜੂਬਾ ਈ ਏ ਨਾ ਜੀ?

ਅਜੂਬਾ ਨੰਬਰ ਸੱਤ ਇਹ ਵੇ ਕਿ ਇੰਡੀਆ ਦੇ ਕਿਸੇ ਵੀ ਦਫ਼ਤਰ ਵਿਚ ਕੋਈ ਵੀ ਕੰਮ ਕਰਵਾਉਣਾ ਮੁਸ਼ਕਿਲ ਨਹੀਂ—ਨਕਦ ਨਾਰਾਇਣ ਦੇ ਪ੍ਰਤਾਪ ਨਾਲ ਇੱਥੇ ਫਾਈਲਾਂ ਨੂੰ ਖੰਭ ਲੱਗਦਿਆਂ ਦੇਰ ਨਹੀਂ ਲੱਗਦੀ ਤੇ ਕਾਇਦੇ ਕਾਨੂੰਨ ਰਾਤੋ-ਰਾਤ ਬਦਲ ਜਾਂਦੇ ਨੇ।…ਅਜੂਬੇ ਹੋਰ ਵੀ ਨੇ ਜੀ ਇੰਡੀਆ ਵਿਚ ਤੇ ਇਹੋ ਜਿਹੇ ਕਿ ਦੁਨੀਆਂ ਵਾਲੇ ਦੰਦਾਂ ਹੇਠ ਉਂਗਲ ਨੱਪ ਲੈਣ ; ਪਰ ਜਦੋਂ ਦੁਨੀਆਂ ਨੇ ਅਜੂਬਿਆਂ ਦੀ ਗਿਣਤੀ ਸੱਤ ਤੀਕ ਰੱਖੀ ਹੋਈ ਏ ਤਾਂ ਆਪਾਂ ਬਾਕੀ ਦੇ ਅਜੂਬੇ ਦੱਸ ਕੇ ਦੁਨੀਆਂ ਵਾਲਿਆਂ ਦਾ ਟਾਈਮ ਕਿਉਂ ਖਰਾਬ ਕਰੀਏ…?
*** *** ***
ਇਹ ਅਨੁਵਾਦ ਅ.ਪੰ. ਮੀਰਜ਼ਾਦਾ : ਅੰਕ : 5.---ਜਨਵਰੀ-ਮਾਰਚ 2008.ਵਿਚ ਛਪਿਆ ਹੈ।

ਸਮਾਧ ਭਾਈ ਰਾਮ ਸਿੰਘ :: ਲੇਖਕ : ਭੀਸ਼ਮ ਸਾਹਨੀ

ਹਿੰਦੀ ਕਹਾਣੀ : ਸਮਾਧ ਭਾਈ ਰਾਮ ਸਿੰਘ :: ਲੇਖਕ : ਭੀਸ਼ਮ ਸਾਹਨੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਇਹ ਕਹਾਣੀ ਤ੍ਰਿਸ਼ੰਕੂ ਅੰਕ :46 : ਜੁਲਾਈ-ਸਤੰਬਰ 2008. ਵਿਚ ਛਪੀ।


ਇਹ ਘਟਨਾ ਮੇਰੇ ਸ਼ਹਿਰ ਵਿਚ ਵਾਪਰੀ---ਕਿਤੇ ਹੋਰ ਵਾਪਰ ਵੀ ਨਹੀਂ ਸਕਦੀ ਸੀ। ਸ਼ਹਿਰਾਂ ਵਿਚੋਂ ਇਕ ਸ਼ਹਿਰ ਹੈ, ਇਹ ਮੇਰਾ ਸ਼ਹਿਰ…ਤੇ ਲੋਕਾਂ ਵਿਚੋਂ ਲੋਕ ਹਨ ਤਾਂ ਸਿਰਫ ਮੇਰੇ ਇਸ ਸ਼ਹਿਰ ਦੇ ਲੋਕ---ਜਿਹੜੇ ਕਿਸੇ ਹੋਰ ਨੂੰ ਆਪਣੇ ਮੇਚ ਦਾ ਸਮਝਦੇ ਹੀ ਨਹੀਂ। ਸਾਡੇ ਸ਼ਹਿਰ ਦੇ ਬਾਹਰ-ਵਾਰ ਇਕ ਗੰਦਾ ਨਾਲਾ ਵਗਦਾ ਹੈ, ਪਰ ਅਸੀਂ ਉਸਨੂੰ ਦਰਿਆ ਕਹਿੰਦੇ ਹਾਂ ; ਬੁੱਢਾ ਦਰਿਆ। ਇਕ ਬਾਗ਼ ਹੈ, ਜਿਸ ਵਿਚ ਟਾਹਲੀ ਤੇ ਸਫ਼ੈਦੇ ਦੇ ਰੁੱਖਾਂ ਦੇ ਬਿਨਾਂ ਹੋਰ ਤੀਜਾ ਰੁੱਖ ਨਹੀਂ---ਤੇ ਕਾਵਾਂ ਤੇ ਇੱਲ੍ਹਾਂ ਦੇ ਇਲਾਵਾ ਹੋਰ ਕੋਈ ਪਰਿੰਦਾ ਵੀ ਕਦੀ ਨਜ਼ਰ ਨਹੀਂ ਆਇਆ---ਬੂਝੇ ਹਨ, ਝਾੜੀਆਂ ਵੀ ਹਨ ਅਤੇ ਗੰਜੇ ਰੜੇ ਮੈਦਾਨ ਵਿਚ ਹਰ ਵੇਲੇ ਧੂੜ ਦੇ ਨਿੱਕੇ-ਵੱਡੇ ਵਾ-ਵਰੋਲੇ ਉੱਡਦੇ ਰਹਿੰਦੇ ਹਨ।…ਨਹੀਂ, ਬਸੰਤ ਰੁੱਤੇ ਵੀ ਨਹੀਂ : ਕਦੀ ਵੇਖਣ ਨੂੰ ਵੀ ਹਰਿਆਲੀ ਨਹੀਂ ਮਿਲੀ---ਪਰ ਸ਼ਹਿਰ ਵਾਲੇ ਉਸਨੂੰ ਚਮਨ ਆਖਦੇ ਹਨ, ਤੇ ਉਸਨੂੰ ਕਿਸੇ ਵੀ ਸੁੰਦਰ ਫੁਲਵਾੜੀ ਨਾਲੋਂ ਵਧੇਰੇ ਸੁੰਦਰ ਮੰਨਦੇ ਹਨ। ਇਸ ਸ਼ਹਿਰ ਵਿਚ ਕੋਈ ਚੀਜ਼ ਆਪਣੀ ਨਹੀਂ ਹੁੰਦੀ---ਫਲ ਹੁੰਦੇ ਹਨ, ਪਰ ਕਾਬਲ ਤੋਂ ਆਉਂਦੇ ਹਨ ; ਤੇ ਕੱਪੜਾ ਆਉਂਦਾ ਹੈ, ਵਿਲਾਇਤ ਤੋਂ। ਇਸ ਦੇ ਆਪਣੇ ਫਲ ਤਾਂ ਖੱਟੇ ਅਲੂਚੇ, ਨਸੂੜੇ ਤੇ ਗਰੰਡੇ ਹੁੰਦੇ ਹਨ, ਜਿਹਨਾਂ ਨੂੰ ਹੁਣ ਬੱਕਰੀਆਂ ਵੀ ਖਾਣਾ ਛੱਡ ਗਈਆਂ ਹਨ---ਪਰ ਸ਼ਹਿਰ ਵਾਲੇ ਇਸਨੂੰ ਫਲਾਂ ਦਾ ਘਰ ਤੇ ਕੱਪੜੇ ਦੀ ਮੰਡੀ ਦੱਸਦੇ ਹਨ। ਬਸ ਇਸ ਸ਼ਹਿਰ ਵਾਲਿਆਂ ਦੀ ਇਕੋ ਇਕ ਚੀਜ਼ ਆਪਣੀ ਹੈ---ਉਹ ਹੈ ਉਹਨਾਂ ਦੀ ਮੁੱਛ---ਜਿਸਦੀ ਕੁੰਡੀ, ਹਮੇਸ਼ਾ ਕੁੰਢੀ ਰਹਿੰਦੀ ਹੈ ; ਉਪਰਲੇ ਦੀ ਢੂਹੀਂ ਵਿਚ ਚੁੱਭਣੋ ਹੀ ਨਹੀਂ ਹਟਦੀ।

ਇਸੇ ਲਈ ਇਹ ਘਟਨਾਂ ਵੀ ਇਸੇ ਸ਼ਹਿਰ ਵਿਚ ਵਾਪਰ ਸਕਦੀ ਸੀ।

ਕਿਉਂਕਿ ਸ਼ਹਿਰ ਬਹੁਤਾ ਪੁਰਾਣਾ ਨਹੀਂ, ਇੱਥੇ ਕੋਈ ਸਮਾਰਕ ਜਾਂ ਮੰਦਰ ਵੀ ਨਹੀਂ, ਪਰ ਕਿਸੇ ਸ਼ਹਿਰੀ ਨੂੰ ਪੁੱਛ ਕੇ ਵੇਖੋ, ਤੁਹਾਡੇ ਵੱਲ ਇੰਜ ਦੇਖੇਗਾ ਜਿਵੇਂ ਕੋਈ ਗੁਫ਼ਾਵਾਸੀ ਦਿਸ ਪਿਆ ਹੋਵੇ, ਤੇ ਫੇਰ ਪੁੱਛੇਗਾ, "ਤੁਸੀਂ ਭਾਈ ਰਾਮ ਸਿੰਘ ਦੀ ਸਮਾਧ ਦੇਖੀ ਏ ?"

ਤੇ ਇਸ ਪਿੱਛੋਂ ਸਮਾਧ ਤੇ ਭਾਈ ਰਾਮ ਸਿੰਘ ਦੀ ਤਾਰੀਫ਼ ਵਿਚ ਘੱਟੋਘੱਟ 'ਕੋਤਰੀ ਖੋਲ੍ਹ ਕੇ ਬੈਠ ਜਾਵੇਗਾ। ਹੁਣ ਭਾਈ ਰਾਮ ਸਿੰਘ ਕੋਈ ਗੁਰੂ-ਪੀਰ ਤਾਂ ਹੋਇਆ ਨਹੀਂ, ਉਸਦਾ ਇਤਿਹਾਸ ਵਿਚ ਕਿਤੇ ਕੋਈ ਨਾਂ ਵੀ ਨਹੀਂ ਲਿਖਿਆ ਹੋਇਆ, ਸ਼ਹਿਰ ਤੋਂ ਬਾਹਰ ਇਸ ਵਿਚਾਰੇ ਨੂੰ ਕੋਈ ਜਾਣਦਾ ਵੀ ਨਹੀਂ, ਪਰ ਇੱਥੇ ਉਸਨੂੰ ਤੇ ਉਸਦੀ ਸਮਾਧ ਨੂੰ ਸ਼ਹਿਰ ਦਾ ਬੱਚਾ-ਬੱਚੀ ਜਾਣਦਾ ਹੈ---ਹਾਂ, ਜੇ ਦੇਸ਼ ਦਾ ਬੱਚਾ-ਬੱਚੀ ਨਹੀਂ ਜਾਣਦਾ ਤਾਂ ਇਹ ਕਸੂਰ ਦੇਸ਼ਵਾਸੀਆਂ ਦਾ ਹੋਇਆ ; ਸ਼ਹਿਰ ਵਾਸੀਆਂ ਦਾ ਨਹੀਂ।

ਜਿਸ ਘਟਨਾ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ, ਉਹ ਇਸੇ ਸਮਾਧ ਨਾਲ ਜੁੜੀ ਹੋਈ ਹੈ ਤੇ ਇਸੇ ਸ਼ਹਿਰ ਦੀ ਜੰਮੀ-ਜਾਈ ਹੈ।

ਭਾਵੇਂ ਸਾਡਾ ਸ਼ਹਿਰ ਛੋਟਾ-ਜਿਹਾ ਹੈ, ਜਿਸ ਵਿਚ ਇਕ ਲੰਮਾ ਬਾਜ਼ਾਰ ਕੱਪੜੇ ਵਾਲਿਆਂ ਦਾ ਹੈ, ਇਕ ਨਾਨਬਾਈਆਂ ਦਾ। ਇਕ ਸਬਜ਼ੀਮੰਡੀ ਹੈ, ਇਕ ਅਨਾਜ ਮੰਡੀ। ਅਣਗਿਣਤ ਗਲੀਆਂ ਤੇ ਦਰਜਨਾਂ ਦੇ ਹਿਸਾਬ ਨਾਲ ਮੁਹੱਲੇ ਹਨ। ਸ਼ਹਿਰ ਦੇ ਐਨ ਵਿਚਕਾਰ ਇਕ ਛੋਟਾ ਜਿਹਾ ਟਿੱਲਾ ਹੈ, ਜਿਸ ਉੱਤੇ ਇਕ ਮੰਦਰ ਬਣਿਆ ਹੋਇਆ ਹੈ ਤੇ ਚਾਰੇ ਪਾਸੇ ਲੰਮੀਆਂ-ਲੰਮੀਆਂ ਸੜਕਾਂ ਉਤਰਦੀਆਂ ਹਨ, ਜਿਵੇਂ ਸ਼ਿਵਜੀ ਦੀਆਂ ਜਟਾਂ ਵਿਚੋਂ ਇਕ ਦੀ ਬਜਾਏ ਚਾਰ ਨਦੀਆਂ ਵਹਿ ਨਿਕਲੀਆਂ ਹੋਣ। ਲੋਕ ਮਸਤ-ਮੌਲਾ ਸੁਭਾਅਦੇ ਹਨ---ਜਿਹੜੇ ਕੰਮ ਕਰਦੇ ਹਨ ਉਹ ਵੀ, ਤੇ ਜਿਹੜੇ ਕੁਝ ਵੀ ਨਹੀਂ ਕਰਦੇ ਉਹ ਵੀ…ਪਰ ਚੌਵੀ ਘੰਟਿਆਂ ਵਿਚ ਇਹ ਸਾਰੇ ਹੀ ਸ਼ਹਿਰ ਦਾ ਇਕ ਚੱਕਰ ਜ਼ਰੂਰ ਲਾਉਂਦੇ ਹਨ---ਸੋ ਗਲੀਆਂ ਤੇ ਬਾਜ਼ਾਰਾਂ ਦੀਆਂ ਸੜਕਾਂ ਉੱਤੇ ਹਮੇਸ਼ਾ ਰੌਣਕਾਂ ਲੱਗੀਆਂ ਰਹਿੰਦੀਆਂ ਹਨ।

ਇਹਨਾਂ ਰੌਣਕਾਂ ਵਿਚਕਾਰ ਹੀ ਕੋਈ ਵੀਹ ਕੁ ਵਰ੍ਹੇ ਪਹਿਲਾਂ ਇਸ ਟਿੱਲੇ ਵਾਲੇ ਮੰਦਰ ਦੀ ਵੱਖੀ ਵਿਚੋਂ ਨਿਕਲ ਕੇ ਭਾਈ ਰਾਮ ਸਿੰਘ ਚੌਰਾਹੇ ਵਿਚ ਆਣ ਖੜ੍ਹਾ ਹੋਇਆ ਸੀ---ਗੋਰਾ ਰੰਗ, ਲੰਮੀ ਲਿਸ਼ਕਦੀ ਦਾੜ੍ਹੀ, ਕੁਛ-ਕੁਛ ਕਾਲੀ, ਕੁਛ-ਕੁਛ ਬੱਗੀ ਤੇ ਨਰੋਈ, ਗਿੱਠੀ-ਦੇਹ। ਉਸ ਸਮੇਂ ਉਸਦੀ ਅਵਸਥਾ ਚਾਲੀ-ਪੰਤਾਲੀ ਦੇ ਲਗਭਗ ਹੋਵੇਗੀ। ਕੱਛੇ ਸਫ਼ੈਦ ਟੋਕਣੀ ਮਾਰੀ, ਤਨ 'ਤੇ ਸਫ਼ੈਦ ਚਾਦਰ ਤੇ ਤੇੜ ਦੇ ਸਫ਼ੈਦ ਮੂਕੇ ਸਮੇਤ, ਉਹ ਟੀਲੇ ਉੱਤੋਂ ਉਤਰ ਕੇ ਹੇਠਾਂ, ਆਣ ਖੜ੍ਹਾ ਹੋਇਆ ਸੀ, ਪਰ ਕਿਸੇ ਨੇ ਉਸ ਵੱਲ ਖਾਸ ਧਿਆਨ ਨਹੀਂ ਸੀ ਦਿੱਤਾ। ਚੌਰਾਹੇ ਵਿਚ ਕੁਝ ਮੁੰਡੇ ਖੇਡ ਰਹੇ ਸਨ। ਭਾਈ ਰਾਮ ਸਿੰਘ, ਹੌਲੀ-ਹੌਲੀ, ਉਹਨਾਂ ਵੱਲ ਤੁਰ ਪਿਆ ਤੇ ਇਕ ਮੁੰਡੇ ਨੂੰ ਆਪਣੇ ਕੋਲ ਬੁਲਾਅ ਕੇ ਕਹਿਣ ਲੱਗਾ, "ਲੈ ਬੇਟਾ, ਅਹਿ ਪੀ ਜਾਓ।" ਤੇ ਟੋਕਣੀ ਵਿਚੋਂ ਕੌਲਾ ਭਰ ਕੇ ਮੁੰਡੇ ਵੱਲ ਵਧਾਅ ਦਿੱਤਾ।

ਸਾਰੇ ਮੁੰਡੇ ਇਕੱਠੇ ਹੋ ਗਏ ਤੇ ਹੈਰਾਨੀ ਨਾਲ ਉਸ ਵੱਲ ਦੇਖਣ ਲੱਗ ਪਏ। ਫੇਰ ਉਸ ਮੁੰਡੇ ਨੇ ਕੌਲਾ ਭਾਈ ਰਾਮ ਸਿੰਘ ਦੇ ਹੱਥੋਂ ਫੜ੍ਹ ਲਿਆ ਤੇ ਵਾਰੀ-ਵਾਰੀ ਇਧਰ-ਉਧਰ ਦੇਖਣ ਪਿੱਛੋਂ ਮੂੰਹ ਨੂੰ ਲਾ ਲਿਆ---ਤੇ ਦੂਜੇ ਛਿਣ ਹੀ ਉਸਨੇ ਥੁੱਕ ਦਿੱਤਾ ਤੇ ਕੌਲਾ ਪਰ੍ਹਾਂ ਵਗਾਹ ਮਾਰਿਆ।

"ਇਹ ਚਿਰਾਇਤਾ ਏ ਬੇਟਾ ਜੀ, ਇਸ ਨਾਲ ਫੋੜੇ-ਫੁੰਸੀਆਂ ਨਹੀਂ ਨਿਕਲਦੇ। ਲਓ, ਥੋੜ੍ਹਾ-ਥੋੜ੍ਹਾ ਪੀ ਲਓ, ਸਾਰੇ ਈ।"

ਪਰ ਕਿਸੇ ਨੇ ਹੱਥ ਨਾ ਵਧਾਇਆ---ਜਿਸ ਨੇ ਚੱਖਿਆ ਸੀ, ਹੁਣ ਤੀਕ ਥੂਹ-ਥੂਹ ਕਰੀ ਜਾ ਰਿਹਾ ਸੀ ਤੇ ਬਾਕੀ ਮੁੰਡੇ ਉਸਦਾ ਮਖ਼ੌਲ ਉਡਾਅ ਰਹੇ ਸਨ। ਰਹੇ ਸਨ।

ਆਖ਼ਰ ਭਾਈ ਰਾਮ ਸਿੰਘ ਉਹਨਾਂ ਨੂੰ ਛੱਡ ਕੇ ਇਕ ਸੜਕ ਰਹੀਂ ਹੇਠਾਂ ਉਤਰਨ ਲੱਗਾ। ਮੁੰਡੇ ਜਿਗਿਆਸਾ ਵੱਸ ਕੁਝ ਦੂਰ ਤਾਂ ਉਸਦੇ ਪਿੱਛੇ-ਪਿੱਛੇ ਗਏ, ਪਰ ਫੇਰ ਪਰਤ ਆਏ ਤੇ ਆਪਣੀ ਖੇਡ ਵਿਚ ਮਸਤ ਹੋ ਗਏ।

ਇਸ ਪਿੱਛੋਂ ਭਾਈ ਰਾਮ ਸਿੰਘ ਸੜਕ ਉਤਰਨ ਲੱਗਿਆ ਤੇ ਰਾਹ ਜਾਂਦੇ ਹਰੇਕ ਬੱਚੇ, ਵੱਡੇ ਨੂੰ ਚਿਰਾਇਤਾ ਪੀਣ ਦਾ ਸੱਦਾ ਦੇਣ ਲੱਗਿਆ, ਤੇ ਫੇਰ ਹੌਲੀ-ਹੌਲੀ ਸ਼ਹਿਰ ਦੀਆਂ ਗਲੀਆਂ ਵਿਚ ਗਵਾਚ ਗਿਆ।

ਇੰਜ ਭਾਈ ਰਾਮ ਸਿੰਘ ਸ਼ਹਿਰ ਵਿਚ ਪਰਗਟ ਹੋਇਆ ਸੀ।

ਕੁਝ ਦਿਨਾਂ ਵਿਚ ਹੀ ਭਾਈ ਰਾਮ ਸਿੰਘ ਨੂੰ ਸਾਰੇ ਸ਼ਹਿਰ ਵਾਲੇ ਜਾਣਨ ਲੱਗ ਪਏ ਸਨ। ਜਗ੍ਹਾ-ਜਗ੍ਹਾ ਜ਼ਨਾਨੀਆਂ ਆਪਣੇ ਖੇਡਦੇ ਹੋਏ ਬਾਲਾਂ ਨੂੰ ਫੜ੍ਹ-ਫੜ੍ਹ ਕੇ ਉਸ ਕੋਲ ਲੈ ਜਾਂਦੀਆਂ ਤੇ ਮੱਲੋਜ਼ੋਰੀ ਚਿਰਾਇਤਾ ਪਿਆ ਲਿਆਉਂਦੀਆਂ; ਕਿਉਂਕਿ ਚਿਰਾਇਤਾ ਸੱਚਮੁੱਚ ਫੋੜੇ-ਫੁੰਸੀਆਂ ਦਾ ਬਿਹਤਰੀਨ ਇਲਾਜ ਸੀ। ਜਿਸ ਗਲੀ ਵਿਚ ਉਹ ਪਹੁੰਚਦਾ, ਨਿਆਣੇ ਫੌਰਨ ਲੁਕ-ਛਿਪ ਜਾਂਦੇ ਤੇ ਮਾਂਵਾਂ ਉਹਨਾਂ ਦੇ ਪਿੱਛੇ-ਪਿੱਛੇ ਦੌੜਦੀਆਂ ਨਜ਼ਰੀਂ ਆਉਂਦੀਆਂ---ਲੋਕ ਹੱਸਦੇ ਵੀ ਤੇ ਭਾਈ ਰਾਮ ਸਿੰਘ ਦਾ ਮਖ਼ੌਲ ਵੀ ਉਡਾਉਂਦੇ। ਲੋਕਾਂ ਲਈ ਭਾਈ ਰਾਮ ਸਿੰਘ ਤਮਾਸ਼ਾ ਬਣ ਗਿਆ ਸੀ। ਪਰ ਉਸਦੇ ਉਤਸਾਹ ਵਿਚ ਕੋਈ ਕਮੀ ਨਹੀਂ ਸੀ ਆਈ। ਬਲਿਕੇ ਕੁਝ ਦਿਨਾਂ ਵਿਚ ਹੀ ਉਸਦੀ ਟੋਕਣੀ ਨੂੰ ਛੋਟੀ ਜਿਹੀ ਟੂਟੀ ਲੱਗ ਗਈ, ਤਾਂਕਿ ਚਿਰਾਇਤਾ ਪਾਉਣ ਵਿਚ ਆਸਾਨੀ ਰਹੇ; ਫੇਰ ਇਕ ਕੌਲੇ ਦੀ ਜਗ੍ਹਾ ਤਿੰਨ ਕੌਲੇ ਆ ਗਏ, ਤਾਂਕਿ ਤਿੰਨ ਜਣੇ ਇਕੋ ਸਮੇਂ ਪੀ ਸਕਣ; ਫੇਰ ਭਾਈ ਰਾਮ ਸਿੰਘ ਦੇ ਮੋਢੇ ਉਪਰ ਇਕ ਧੂਤੂ ਵੀ ਲਟਕਣ ਲੱਗ ਪਿਆ। ਜਿਸ ਮੁਹੱਲੇ ਵਿਚ ਉਹ ਜਾਂਦਾ, ਧੂਤੂ ਵਜਾਅ ਕੇ ਆਪਣੇ ਆਉਣ ਦੀ ਖ਼ਬਰ ਕਰ ਦੇਂਦਾ।

ਲੋਕਾਂ ਨੇ ਭਾਂਤ-ਭਾਂਤ ਦੇ ਤੁੱਕੇ ਲਾਉਣੇ ਸ਼ੁਰੂ ਕਰ ਦਿੱਤੇ---'ਕੋਈ ਕਹਿੰਦਾ ਕਿ ਨਾਲ ਵਾਲੇ ਪਿੰਡੋਂ ਆਇਆ ਹੈ, ਉੱਥੇ ਉਸਦੀ ਕੱਪੜੇ ਦੀ ਦੁਕਾਨ ਹੁੰਦੀ ਸੀ।' ਕੋਈ ਆਖਦਾ---'ਜਸੂਸ ਐ, ਕਿਸੇ ਕਾਤਲ ਦੀ ਟੋਹ 'ਚ ਆਇਐ।' ਮੇਰੇ ਸ਼ਹਿਰ ਵਾਲੇ ਤੁੱਕੇ ਵੀ ਮਾਰਦੇ ਨੇ ਤਾਂ ਪੂਰੀ ਤਰ੍ਹਾਂ ਹਿੱਕ ਠੋਕ ਕੇ ਮਾਰਦੇ ਨੇ। ਕਿਸੇ ਨੇ ਕਿਹਾ---'ਇਸ ਕੋਲ ਚਾਲ੍ਹੀ ਹਜ਼ਾਰ ਰੁਪਈਆ ਨਕਦ ਐ, ਮੈਂ ਖ਼ੁਦ ਵੇਖਿਐ।' ਮੁੰਡੇ ਕਹਿੰਦੇ, 'ਸ਼ਮਸ਼ਾਨਘਾਟ 'ਚ ਰਹਿੰਦਾ ਈ ਤੇ ਰਾਤ ਨੂੰ ਵੀ ਸ਼ਹਿਰ ਦੇ ਚੱਕਰ ਕੱਟਦਾ ਹੋਇਆ, ਭੂਤਾਂ ਨੂੰ ਚਿਰਾਇਤਾ ਪਿਆਉਂਦਾ ਫਿਰਦਾ ਈ।' ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਉੱਡੀਆਂ, ਪਰ ਹੌਲੀ-ਹੌਲੀ ਸ਼ਾਂਤ ਹੋ ਗਈਆਂ। ਭਾਈ ਰਾਮ ਸਿੰਘ ਬਹੁਤਾ ਬੋਲਦਾ ਨਹੀਂ ਸੀ। ਉਸਨੂੰ ਜੇ ਕੋਈ ਪੁੱਛਦਾ, ਤਾਂ ਕਹਿੰਦਾ---"ਗੁਰੂ ਮਹਾਰਾਜ ਦੇ ਚਰਣਾ 'ਚ ਰਹਿਣਾ, ਉਹਨਾਂ ਦਾ ਦਾਸ ਆਂ-ਜੀ।"

ਜਦੋਂ ਚੇਤ ਵਿਸਾਖ ਲੰਘ ਗਏ, ਭਾਈ ਰਾਮ ਸਿੰਘ ਟੋਕਣੀ ਵਿਚ ਠੰਡਾ ਪਾਣੀ ਵਰਤਾਉਣ ਲੱਗ ਪਿਆ। ਕਿਸੇ ਦਿਨ ਮਨ ਦੀ ਮੌਜ ਆਉਂਦੀ ਤਾਂ ਪਾਣੀ ਦੀ ਜਗ੍ਹਾ ਸੰਦਲ ਦਾ ਸ਼ਰਬਤ ਪਿਆਉਣ ਲੱਗਦਾ---ਸਾਡੇ ਸ਼ਹਿਰ ਦਾ ਸ਼ਰਬਤ-ਸੰਦਲ ਦੁਨੀਆਂ ਭਰ ਵਿਚ ਮਸ਼ਹੂਰ ਹੈ---ਤੇ ਸਰਦੀ ਦੇ ਦਿਨਾਂ ਵਿਚ ਕਦੇ-ਕਦਾਈਂ 'ਲਾਚੀਆਂ ਵਾਲੀ ਚਾਹ' ਵੀ ਲੋਕਾਂ ਨੂੰ ਮਿਲ ਜਾਂਦੀ। ਭਾਵ ਇਹ ਕਿ ਭਾਈ ਰਾਮ ਸਿੰਘ ਦਾ ਚੱਕਰ ਜਿਉਂ ਦਾ ਤਿਉਂ ਚੱਲਦਾ ਰਿਹਾ ਤੇ ਸ਼ਹਿਰ ਵਿਚ ਉਹ ਚਿਰਾਇਤੇ ਵਾਲੇ ਸਾਧ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ।

ਇਸ ਨਿਸਵਾਰਥ ਸੇਵਾ ਵਿਚ ਦਸ ਸਾਲ ਬੀਤ ਗਏ। ਹੁਣ ਜਿਸ ਸਾਧ ਦਾ ਆਪਣਾ ਕੋਈ ਠਿਕਾਣਾ ਹੋਵੇ ਜਾਂ ਡੇਰਾ ਹੋਵੇ, ਉਹ ਤਾਂ ਸਾਧ ਤੋਂ ਸੰਤ ਛੇਤੀ ਹੀ ਬਣ ਜਾਂਦਾ ਹੈ ; ਪਰ; ਪਰ ਜਿਹੜਾ ਸਦਾ ਪੈਦਲ ਭੌਂਦਾ ਰਹੇ, ਉਸਦੀ ਚਰਚਾ ਭਾਵੇਂ ਕਿੰਨੀ ਹੀ ਕਿਉੱ ਨਾ ਹੋਵੇ, ਭਾਈ ਦਾ ਭਾਈ ਹੀ ਰਹਿੰਦਾ ਹੈ। ਭਾਈ ਰਾਮ ਸਿੰਘ ਦੇ ਨਾਲ ਵੀ ਇਹੋ ਕੁਝ ਵਾਪਰਿਆ। ਇਹਨਾਂ ਦਸਾਂ ਸਾਲਾਂ ਵਿਚ ਭਾਈਜੀ ਦੇ ਦਾੜ੍ਹੇ ਦੇ ਵਾਲ ਰੇਸ਼ਮ ਵਾਂਗਰ ਸਫ਼ੈਦ ਹੋ ਗਏ, ਚਿਹਰੇ ਉੱਤੇ ਝੁਰੜੀਆਂ ਪੈ ਗਈਆਂ, ਹਾਲਾਂਕਿ ਚਿਹਰੇ ਦੀ ਰੌਣਕ ਜਿਊਂ ਦੀ ਤਿਊਂ ਬਣੀ ਰਹੀ, ਕਿਉਂਕਿ ਜਿਹੜਾ ਆਦਮੀ ਟੋਕਣੀ ਚੁੱਕ ਕੇ ਹਰ ਰੋਜ਼ ਤਿੰਨ ਚਾਰ ਮੀਲ ਪੈਦਲ ਕਰਦਾ ਹੋਵੇ, ਉਸਦੇ ਚਿਹਰੇ ਉੱਤੇ ਲਾਲੀ ਤਾਂ ਰਹੇਗੀ ਹੀ। ਪਰ ਅਜੇ ਤੀਕ ਭਾਈ ਰਾਮ ਸਿੰਘ 'ਚਿਰਾਇਤੇ ਵਾਲਾ ਸਾਧ' ਹੀ ਵੱਜਦਾ ਸੀ। ਜਿਸ ਗਲੀ ਵਿਚੋਂ ਲੰਘਦਾ, ਲੋਕਾਂ ਨੂੰ ਉਹੀ ਨਮਸਕਾਰ ਕਰਦਾ; ਉਸਨੂੰ ਨਮਸਕਾਰ ਕਰਨ ਲਈ ਕੋਈ ਆਪਣੀ ਜਗ੍ਹਾ ਤੋਂ ਨਹੀਂ ਸੀ ਉੱਠਦਾ ਹੁੰਦਾ। ਗੱਲ ਠੀਕ ਵੀ ਸੀ, ਭਲਾ ਚਿਰਾਇਤਾ ਪਿਆਉਣ ਨਾਲ ਵੀ ਕੋਈ, ਕਦੇ ਸਾਧ ਜਾਂ ਸੰਤ ਬਣਿਆ ਹੈ ?

ਪਰ ਇਕ ਦਿਨ ਪਤਾ ਨਹੀਂ ਭਾਈ ਰਾਮ ਸਿੰਘ ਨੂੰ ਕੀ ਵੈਰਾਗ ਉਠਿਆ, ਜਾਂ ਕੋਈ ਭਰਮ ਹੋਇਆ ਜਾਂ ਸੁਪਨਾ ਆਇਆ ਜਾਂ ਸੱਚਮੁੱਚ ਹੀ ਕੋਈ ਆਕਾਸ਼ਵਾਣੀ ਹੋਈ ਕਿ ਸਵੇਰੇ-ਸਵਖਤੇ ਹੀ ਟਿੱਲੇ ਉੱਤੋਂ ਆਣ ਕੇ ਕਹਿਣ ਲੱਗਾ---"ਭਗਤੋ ! ਰਾਤੀਂ ਗੁਰੂ ਮਹਾਰਾਜ ਦਾ ਪ੍ਰਵਾਨਾ ਆ ਗਿਆ, ਆਪਾਂ ਜਾ ਰਹੇ ਆਂ। ਕੱਲ੍ਹ ਸਵੇਰੇ ਪਹੁ-ਫੁਟਾਲੇ ਦੇ ਨਾਲ ਈ ਚੋਲਾ ਬਦਲ ਲਵਾਂਗੇ।"

ਇਹ ਗੱਲ ਉਸਨੇ ਬੁੱਧ ਸਿੰਘ ਦੀ ਦੁਕਾਨ ਸਾਹਮਣੇ ਕਹੀ ਸੀ, ਜਿੱਥੇ ਉਹ ਦਿਨੇ ਪਹਿਲੀ ਵੇਰ ਧੁਤੂ ਵਜਾਉਂਦਾ ਹੁੰਦਾ ਸੀ। ਟੋਕਣੀ ਅੱਜ ਵੀ ਉਹਨੇ ਚੁੱਕੀ ਹੋਈ ਸੀ। ਬੁੱਧ ਸਿੰਘ ਬਜਾਜ ਨੇ ਸੁਣਿਆ, ਪਰ ਕੋਈ ਵਿਸ਼ੇਸ਼ ਧਿਆਨ ਨਾ ਦਿਤਾ; ਪਰ ਉਸਦੇ ਛੋਟੇ ਭਰਾ ਨੇ, ਜਿਹੜਾ ਨਾਮਧਾਰੀ ਸਿੱਖ ਸਜਿਆ ਹੋਇਆ ਸੀ, ਸੁਣਿਆ ਤੇ ਕਹਿਣ ਲੱਗਾ---"ਸੁਣਿਆ, ਭਾਈ ਰਾਮ ਸਿੰਘ ਨੇ ਕੀ ਕਿਹਾ ਈ? ਉਹ ਚੋਲਾ ਬਦਲਨ ਵਾਲਾ ਈ।"

ਸਰਦਾਰ ਬੁੱਧ ਸਿੰਘ ਨੇ ਉਤਰ ਦਿੱਤਾ---"ਮੈਂ ਸੁਣ ਲਿਐ, ਤੂੰ ਸਮਝਦੈਂ, ਮੈਨੂੰ ਸੁਣਿਆ ਨਹੀਂ ? ਚੋਲਾ ਬਦਲਨਾਂ ਈ ਤਾਂ ਬਦਲੇ ਪਿਆ, ਮੈਂ ਮੈਂ ਕੋਈ ਉਸਨੂੰ ਦਾਗ ਦੇਣਾ ਈ---ਹਾਂ, ਤੇਰੇ ਮੁੰਡੇ ਨੂੰ ਚਿਰਾਇਤਾ ਪਿਲਾਂਦਾ ਰਿਹਾ ਜੇ, ਤੂੰ ਪੈਰ ਫੜ੍ਹ ਲੈ ਜਾ ਕੇ…।"

ਇਸ ਉੱਤੇ ਦੋਵੇਂ ਭਰਾ ਹੱਸ ਕੇ ਚੁੱਪ ਹੋ ਗਏ।

ਦੁਕਾਨ ਉੱਤੇ ਬੈਠੀਆਂ ਦੋ ਜ਼ਨਾਨੀਆਂ ਦੇ ਕੰਨੀਂ ਵੀ ਇਹ ਗੱਲ ਪੈ ਗਈ ਸੀ। ਪਹਿਲਾਂ ਦੋਵੇਂ ਹੱਸੀਆਂ ਸਨ, ਪਰ ਜਦੋਂ ਕੱਪੜਾ ਲੈ ਕੇ ਤੁਰੀਆਂ ਤੇ ਸੇਵਾਰਾਮ ਦੀ ਗਲੀ ਵਿਚੋਂ ਲੰਘੀਆਂ ਤੇ ਗਲੀ ਮੋੜ ਉੱਤੇ ਭਾਈ ਰਾਮ ਸਿੰਘ ਨੂੰ ਖਲੋਤਿਆਂ ਤੇ ਚਿਰਾਇਤਾ ਪਿਆਉਂਦਿਆਂ ਦੇਖਿਆ, ਤਾਂ ਉਹਨਾਂ ਦੇ ਦਿਲ ਨੂੰ ਕੁਝ ਹੋਣ ਲੱਗ ਪਿਆ। ਇਕ ਨੇ ਦੁਪੱਟੇ ਦਾ ਪੱਲਾ ਮੂੰਹ ਅੱਗੇ ਕਰਦਿਆਂ ਕਿਹਾ, "ਹਾਏ ਨੀਂ, ਕੱਲ੍ਹ ਵਿਚਾਰੇ ਨੇ ਚੋਲਾ ਛੱਡ ਜਾਣਾ ਏਂ ਤੇ ਅੱਜ ਵੀ ਚਿਰਾਇਤਾ ਪਿਆ ਰਿਹੈ।"

ਬਸ ਫੇਰ ਕੀ ਸੀ। ਖ਼ਬਰ ਫੈਲਨ ਵਿਚ ਦੇਰ ਨਹੀਂ ਲੱਗੀ। ਸੇਵਾਰਾਮ ਦੀ ਗਲੀ 'ਚੋਂ ਗੱਲ ਨਵੇਂ ਮੁਹੱਲੇ ਵਿਚ ਪਹੁੰਚੀ, ਉੱਥੋਂ ਛਾਛੀ ਮੁਹੱਲੇ ਵਿਚ, ਫੇਰ ਲੁੰਡਾ ਬਾਜ਼ਾਰ, ਭਾਭੜਖਾਨਾ, ਸਯੱਦਪੁਰੀ ਦਰਵਾਜ਼ਾ। ਇਕ ਗਲੀ ਤੋਂ ਦੂਜੀ ਗਲੀ ਤੀਕ ਪਹੁੰਚਦਿਆਂ ਉਸਦੀ ਰਫ਼ਤਾਰ ਤੇਜ਼ ਹੋ ਜਾਂਦੀ। ਇੱਥੋਂ ਤੀਕ ਕਿ ਥੋੜ੍ਹੀ ਦੇਰ ਵਿਚ ਹੀ ਇਹ ਖ਼ਬਰ ਇਕ ਵਰੋਲੇ ਵਾਂਗ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਉੱਤੇ ਘੁੰਮੇਰੀਆਂ ਖਾਣ ਲੱਗ ਪਈ ਕਿ ਚਿਰਾਇਤੇ ਵਾਲਾ ਭਾਈ ਰਾਮ ਸਿੰਘ ਕੱਲ੍ਹ ਸਵੇਰੇ ਚਾਰ ਵਜੇ ਪਹੁ-ਫੁਟਾਲੇ ਦੇ ਨਾਲ ਹੀ ਚੋਲਾ ਛੱਡ ਦਏਗਾ।

ਉਧਰ ਭਾਈ ਰਾਮ ਸਿੰਘ ਦੀ ਚਿਰਾਇਤਾ ਫੇਰੀ ਸਦਾ ਵਾਂਗ ਲੁੰਡਾ ਬਾਜ਼ਾਰ ਦੇ ਸਿਰੇ 'ਤੇ ਪਹੁੰਚ ਕੇ ਖ਼ਤਮ ਹੋ ਗਈ ਤੇ ਉੱਥੋਂ ਹੀ ਉਹ ਵਾਪਸ ਹੋ ਲਿਆ…ਤੇ ਸ਼ਹਿਰ ਦੇ ਬਾਹਰ-ਵਾਰ ਜਿੱਥੇ ਪਲਾਸ਼ ਦੇ ਰੁੱਖਾਂ ਦਾ ਇਕ ਝੁੰਡ ਹੈ, ਜਿਸਨੂੰ ਅਸੀਂ ਤਪੋਵਣ ਕਹਿੰਦੇ ਹਾਂ, ਇਕ ਰੁੱਖ ਹੇਠ ਜਾ ਬੈਠਾ।

ਤਪੋਵਣ ਸ਼ਹਿਰ ਦੇ ਬਾਹਰ-ਵਾਰ ਕਿੱਕਰਾਂ ਤੇ ਪਲਾਸ਼ ਦੇ ਰੁੱਖਾਂ ਦਾ ਇਕ ਝੁਰਮੁਟ ਹੈ, ਜਿੱਥੇ ਇਕ ਪੁਰਾਣਾ ਖੂਹ ਹੈ, ਜਿਸ ਉਪਰ ਲੋਕ ਸਵੇਰੇ ਦਾਤਨ-ਕੁਰਲੀ ਕਰਨ ਤੇ ਨਹਾਉਣ ਜਾਂਦੇ ਨੇ। ਉੱਥੇ ਰਹਿੰਦਾ ਕੋਈ ਨਹੀਂ, ਸਿਰਫ ਕਦੇ-ਕਦਾਰ ਆਏ ਕਿਸੇ ਸੰਤ ਦੀ ਕਥਾ ਹੁੰਦਾ ਹੁੰਦੀ ਹੈ।

ਦੁਪਹਿਰ ਤੀਕ ਉਸ ਤਪੋਵਣ ਵਿਚ ਸ਼ਾਂਤੀ ਰਹੀ, ਪਰ ਜਿਵੇਂ ਜਿਵੇਂ ਦੋ ਵੱਜਣ ਵਾਲੇ ਹੋਏ ਤੇ ਜ਼ਨਾਨੀਆਂ ਨੇ ਚੁੱਲ੍ਹਾ-ਚੌਂਕਾ ਸਮੇਟਿਆ---ਕਈ ਭਗਤਨੀਆਂ ਹਰੀ ਨਾਮ ਦਾ ਜਾਪ ਕਰਦੀਆਂ ਤੇ ਦਿਲ ਵਿਚ ਹਾਏ-ਹਾਏ ਕਰਦੀਆਂ, ਭਾਈ ਰਾਮ ਸਿੰਘ ਨੂੰ ਲੱਭਦੀਆਂ ਹੋਈਆਂ, ਉੱਥੇ ਆ ਪਹੁੰਚੀਆਂ। ਚਾਰ ਵੱਜਦਿਆਂ-ਵੱਜਦਿਆਂ ਜ਼ਨਾਨੀਆਂ ਦੀ ਭੀੜ ਜੁੜ ਗਈ। ਮਰਦਾਂ ਨੇ ਸੁਣਿਆ ਤਾਂ ਹੱਸੇ, ਪਰ ਹੌਲੀ-ਹੌਲੀ ਉਹਨਾਂ ਦਾ ਸਬਰ ਵੀ ਡੋਲ ਗਿਆ। ਕੀ ਪਤਾ ਇਹ ਵੀ ਕੋਈ ਪਹੁੰਚਿਆ ਹੋਇਆ ਸੰਤ ਈ ਹੋਵੇ। ਦਰਸ਼ਨ ਕਰਨ ਵਿਚ ਕੀ ਹਰਜ਼ ਹੈ? ਕਈ ਤਮਾਸ਼ਾ ਦੇਖਣ ਦੇ ਵਿਚਾਰ ਨਾਲ ਤੁਰ ਪਏ ਤੇ ਬੱਚੇ, ਬੁੱਢੇ, ਜਵਾਨ, ਸਾਰੇ ਹੀ ਉੱਥੇ ਪਹੁੰਚਣ ਲੱਗੇ। ਆਖ਼ਰ ਸ਼ਹਿਰ ਤਾਂ ਉਹੀ ਸੀ---'ਮਾਮੇ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ 'ਕੱਲੀ।' ਸੋ ਘਰੇ ਬੈਠਣਾ ਮੁਹਾਲ ਹੋ ਗਿਆ ਸੀ ਮੇਰੇ ਸ਼ਹਿਰ ਦੇ ਲੋਕਾਂ ਦਾ।

ਜਿਹੜਾ ਭਾਈ ਰਾਮ ਸਿੰਘ ਹੁਣ ਤਕ ਭਾਈ ਰਾਮ ਸਿੰਘ ਹੀ ਸੀ, ਦੁਪਹਿਰ ਤੱਕਰ ਉਹ ਸੰਤ ਬਣ ਗਿਆ, ਤੇ ਸ਼ਾਮ ਹੁੰਦਿਆਂ-ਹੁੰਦਿਆਂ ਸੰਤ ਤੋਂ ਅੱਗੇ ਮਹਾਰਾਜ ਦੀ ਉਪਾਧੀ ਵੀ ਉਸਨੂੰ ਮਿਲ ਗਈ। ਕਈ ਮੁਰਾਦਾਂ ਬਿਨਾਂ ਮੰਗਿਆਂ ਪੂਰੀਆਂ ਹੋ ਜਾਂਦੀਆਂ ਨੇ। ਜਿਸ ਦੀ ਦਸ ਸਾਲ ਤਾਂ ਕਦੀ ਕਿਸੇ ਨੇ ਪੂਛ ਨਹੀਂ ਸੀ ਮਾਰੀ, ਅੱਜ ਉਸੇ ਦੇ ਦਰਸ਼ਨਾਂ ਲਈ ਹਜ਼ਾਰਾਂ ਲੋਕ ਅੱਡੀਆਂ ਚੁੱਕ-ਚੁੱਕ ਅਹੁਲ ਰਹੇ ਸਨ। ਇਕ ਰੁੱਖ ਹੇਠ ਆਸਨ ਵਿਛਾ ਦਿਤਾ ਗਿਆ। ਫੇਰ ਕਿਤੋਂ ਚੌਂਕੀ ਆ ਗਈ। ਦਰਸ਼ਨਾਂ ਲਈ ਸੰਤ ਮਹਾਰਾਜ ਨੂੰ ਉੱਚਾ ਬਿਠਾਉਣਾ ਜ਼ਰੂਰੀ ਸੀ। ਇਕ ਭਗਤ ਚਵਰ ਝੱਲਣ ਲੱਗ ਪਿਆ। ਫੁੱਲਾਂ ਦੇ ਢੇਰ ਲੱਗ ਗਏ। ਕਿਤੋਂ ਗੈਸੀ ਲੈਂਪ ਆ ਗਿਆ। ਫੇਰ ਦੋ ਲੈਂਪ ਹੋਰ ਆ ਗਏ। ਜ਼ਨਾਨੀਆਂ ਦੇ ਭਗਤੀ ਭਾਵ ਦਾ ਕੋਈ ਅੰਤ ਨਹੀਂ ਹੁੰਦਾ---ਪੈਸੇ, ਆਟਾ, ਘਿਓ ਨਿਛਾਵਰ ਹੋਣ ਲੱਗ ਪਿਆ। ਭਾਈ ਰਾਮ ਸਿੰਘ ਨੂੰ ਵੀ ਮਾਹੌਲ ਅਨੁਸਾਰ ਅੱਖਾਂ ਮੀਚ ਕੇ ਧਿਆਨ-ਮੁਦਰਾ ਵਿਚ ਬੈਠਣਾ ਪਿਆ। ਫੇਰ ਕਿਤੋਂ ਵਾਜਾ, ਤਬਲਾ ਵਗ਼ੈਰਾ ਆ ਗਏ। ਕੀਰਤਨ ਹੋਣ ਲੱਗ ਪਿਆ। ਲੋਕ ਝੁਕ-ਝੁਕ ਭਾਈ ਰਾਮ ਸਿੰਘ ਦੀ ਦਿਵ-ਮੂਰਤ ਨੂੰ ਪ੍ਰਣਾਮ ਕਰਨ ਲੱਗੇ।

ਗੱਲ ਮੁਸਲਮਾਨਾ ਦੇ ਮੁਹੱਲੇ ਵਿਚ ਵੀ ਜਾ ਪਹੁੰਚੀ। ਸੰਤ-ਪੀਰ ਸਾਰਿਆਂ ਦੇ ਸਾਂਝੇ ਹੁੰਦੇ ਨੇ। ਮੁਸਲਮਾਨ ਵੀ ਆਣ ਪਹੁੰਚੇ---'ਵਾਹ! ਵਾਹ! ਕਿਆ ਜਲਾਲ ਹੈ!' ਜ਼ਨਾਨੀਆਂ ਘਰਾਂ ਨੂੰ ਮੁੜ ਗਈਆਂ, ਪਰ ਘਰਾਂ ਵਿਚ ਉਹਨਾਂ ਦੇ ਪੈਰ ਕਦੋਂ ਟਿਕਦੇ ਸਨ ? ਜਿਹੋ-ਜਿਹੀ ਦਾਲ-ਰੋਟੀ ਬਣੀ, ਬਣਾਈ ਤੇ ਫੇਰ ਦੌੜ ਕੇ ਉੱਥੇ ਜਾ ਪਹੁੰਚੀਆਂ।

ਰਾਤ ਦੇ ਬਾਰਾਂ ਵੱਜ ਗਏ। ਉਤੇਜਨਾ ਵਧਣ ਲੱਗੀ। ਇਕ ਨਰਮ ਦਿਲ ਬਿਰਧ ਔਰਤ ਨੇ ਭਾਈ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ 'ਮਹਾਰਾਜ! ਦਯਾ ਕਰੋ, ਚੋਲਾ ਨਾ ਬਦਲੋ।' ਮਹਾਰਾਜ ਨੇ ਸੁਣਿਆ, ਮੁਸਕਰਾਏ ਤੇ ਚੁੱਪਚਾਪ ਅੱਖਾਂ ਆਕਾਸ਼ ਵੱਲ ਚੁੱਕੀਆਂ ਤੇ ਫੇਰ ਧਿਆਨ-ਮਗਨ ਹੋ ਗਏ। ਸਾਰੇ ਸ਼ਹਿਰ ਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਜਗਿਆਸਾ ਤੇ ਉਤੇਜਨਾ ਵੱਸ ਲੋਕ ਇਸੇ ਉਡੀਕ ਵਿਚ ਸਨ ਕਿ ਕਦੋਂ ਚਾਰ ਵੱਜਣ ਤੇ ਚੋਲਾ-ਬਦਲੀ ਦਾ ਚਮਤਕਾਰ ਦੇਖੀਏ।

ਰਾਤ ਗੂੜ੍ਹੀ ਹੋਣ ਲੱਗੀ। ਲੋਕ ਘੜੀਆਂ ਦੇਖਣ ਲੱਗ ਪਏ। ਉਸ ਰਾਤ ਪੂਰੇ ਸ਼ਹਿਰ ਵਿਚ ਕੋਈ ਵੀ ਨਹੀਂ ਸੀ ਸੌਂ ਸਕਿਆ। ਗਲੀਆਂ ਸੁੰਨੀਆਂ ਪਈਆਂ ਸਨ---ਉਹਨਾਂ ਵਿਚ ਕੋਈ ਖੜਾਕ ਹੁੰਦਾ ਤਾਂ ਦੌੜਦੇ ਹੋਏ ਕਾਹਲੇ ਕਦਮਾਂ ਦਾ। ਇਕ ਦਰਵਾਜ਼ਾ ਖੜਕਦਾ, ਇਕ ਆਵਾਜ਼ ਆਉਂਦੀ---'ਦੋ ਵੱਜੇ ਨੇ, ਬਸ ਦੋ ਘੰਟੇ ਬਾਕੀ ਰਹਿ ਗਏ ਨੇ। ਤੂੰ ਬੈਠ ਮੈਂ ਹੁਣੇ ਆਇਆ। ਤੂੰ ਜਾਵੇਂਗੀ ਤਾਂ ਬੱਚਿਆਂ ਨੂੰ ਕੌਣ ਸਾਂਭੇਗਾ ? ਮੈਂ ਹੋ ਆਵਾਂ, ਫੇਰ ਤੂੰ ਚਲੀ ਜਾਵੀਂ'---ਸਾਰੀ ਰਾਤ ਇਹੋ ਕਿੱਸਾ ਚਲਦਾ ਰਿਹਾ। ਜਦੋਂ ਮਰਦ ਦੇ ਪੈਰਾਂ ਦਾ ਖੜਾਕ ਦੂਰ ਚਲਾ ਜਾਂਦਾ, ਔਰਤ ਦੇ ਪੈਰਾਂ ਦਾ ਖੜਾਕ ਆਉਣ ਲੱਗਦਾ।

ਤਿੰਨ ਵੱਜ ਗਏ, ਫੇਰ ਸਾਢੇ ਤਿੰਨ। ਕੀਰਤਨ ਵਿਚ ਹੁਣ ਹਜ਼ਾਰਾਂ ਮਰਦ ਔਰਤਾਂ ਸ਼ਾਮਿਲ ਹੋ ਗਏ ਸਨ। ਉੱਚੀਆਂ ਸੁਰਾਂ ਵਿਚ ਗੁਰਬਾਣੀ ਗਾਈ ਜਾ ਰਹੀ ਸੀ। ਰੁੱਖਾਂ ਉੱਤੇ ਬੈਠੇ ਹੋਏ ਪੰਛੀ ਵੀ ਪੱਤਿਆਂ ਵਿਚੋਂ ਝਾਕ-ਝਾਕ ਕੇ ਇਸ ਅਲੋਕਾਰ ਭਾਣੇ ਨੂੰ ਦੇਖਣ ਲਈ ਉਤਾਵਲੇ ਹੋਏ ਜਾਪਦੇ ਸਨ।

ਪੌਣੇ ਚਾਰ ਵੱਜਦਿਆਂ-ਵੱਜਦਿਆਂ ਜੈ-ਜੈਕਾਰ ਹੋਣ ਲੱਗੀ। ਮਹਾਰਾਜ ਨੇ ਅੱਖਾਂ ਖੋਹਲੀਆਂ। ਜ਼ਨਾਨੀਆਂ ਨੇ ਰੋ-ਰੋ ਕੇ ਇਕ ਦੂਜੀ ਨੂੰ ਕਹਿਣਾ ਸ਼ੁਰੂ ਕੀਤਾ---'ਸਮਾਂ ਆਣ ਪਹੁੰਚਿਆ…ਵੇਖੋ ਇਹਨਾਂ ਨੂੰ ਆਪਣੇ ਆਪੂੰ ਪਤਾ ਲੱਗ ਗਿਆ।'

ਹਨੇਰਾ ਅਜੇ ਖਾਸਾ ਸੰਘਣਾ ਸੀ। ਪਰ ਲੋਕ ਆਪੋ-ਆਪਣੀਆਂ ਘੜੀਆਂ ਵੇਖ ਕੇ ਇਕ ਇਕ ਮਿੰਟ ਉੱਚੀ ਆਵਾਜ਼ ਵਿਚ ਗਿਣ ਰਹੇ ਸਨ। ਸਾਡੇ ਸ਼ਹਿਰ ਵਿਚ ਚਾਰ ਵਜੇ ਦਾ ਸਮਾਂ ਪਹੁ-ਫੁੱਟਣ ਦਾ ਸਮਾਂ ਮੰਨਿਆਂ ਜਾਂਦਾ ਹੈ।

ਚਾਰ ਵੱਜਣ ਵਿਚ ਪੰਜ ਮਿੰਟ 'ਤੇ ਗੁਰੂ ਮਹਾਰਾਜ ਜੀ ਚੌਂਕੀ ਤੋਂ ਉੱਠ ਖੜ੍ਹੇ ਹੋਏ ਤੇ ਹੱਥ ਜੋੜ ਕੇ, ਸਿਰ ਨਿਵਾਅ ਕੇ ਹੇਠਾਂ ਆ ਕੇ, ਵੇਦੀ ਦੇ ਐਨ ਬਰਾਬਰ ਲੇਟ ਗਏ…ਛਾਤੀ ਉਪਰ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰ ਲਈਆਂ। ਸ਼ਰਧਾ ਤੇ ਭਗਤੀ ਦੇ ਬੰਨ੍ਹ ਟੁੱਟ ਗਏ, ਜ਼ਨਾਨੀਆਂ ਹੁਭਕੀਂ-ਹੌਂਕੀ ਰੋਣ ਲੱਗੀਆਂ, ਤੇ ਮਹਾਰਾਜ ਉੱਤੇ ਮੁੜ ਪੁਸ਼ਪ-ਬਰਖਾ ਹੋਣ ਲੱਗ ਪਈ।

ਚਾਰ ਵੱਜਣ ਵਿਚ ਇਕ ਮਿੰਟ 'ਤੇ ਯਕਦਮ ਸੰਨਾਟਾ ਛਾ ਗਿਆ। ਚਾਰੇ ਪਾਸੇ ਚੁੱਪ ਵਾਪਰ ਗਈ। ਹਰੀਨਾਮ ਦੀ ਧੁਨੀ ਬਿਲਕੁਲ ਸ਼ਾਂਤ ਹੋ ਗਈ। ਜ਼ਨਾਨੀਆਂ ਦੇ ਅੱਥਰੂ ਸੁੱਕ ਗਏ ਤੇ ਅੱਖਾਂ ਭਾਈ ਰਾਮ ਸਿੰਘ ਦੇ ਚਿਹਰੇ ਉੱਤੇ ਗੱਡੀਆਂ ਗਈਆਂ। ਸਾਰੇ ਲੋਕੀ ਸਾਹ ਰੋਕੀ ਇਕ ਟੱਕ ਗੁਰੂ ਮਹਾਰਾਜ ਵੱਲ ਵੇਖ ਰਹੇ ਸਨ।

ਠੀਕ ਚਾਰ ਵਜੇ ਮਹਾਰਾਜ ਨੇ ਅੱਖਾਂ ਬੰਦ ਕਰ ਲਈਆਂ ਤੇ ਹਿੱਲਣਾ-ਜੁੱਲਣਾ ਛੱਡ ਦਿਤਾ।

ਲੋਕ ਚੁੱਪਚਾਪ, ਅੱਖਾਂ ਅੱਡੀ, ਖੜ੍ਹੇ ਦੇਖਦੇ ਰਹੇ। ਇਕ ਦੋ ਨੇ ਹੱਥ ਆਸਮਾਨ ਵੱਲ ਚੁੱਕੇ ਰੋਣ ਹਾਕੀ ਆਵਾਜ਼ ਵਿਚ ਕਹਿ ਵੀ ਦਿਤਾ---'ਗਏ ! ਸਾਨੂੰ ਛੱਡ ਕੇ ਚਲੇ ਗਏ।'

ਫੇਰ ਸ਼ਹਿਰ ਦੇ ਇਕ ਮੁਖੀਏ ਨੇ, ਕੋਲ ਆ ਕੇ ਕੁਝ ਫੁੱਲ ਪਰ੍ਹਾਂ ਹਟਾਏ ਤੇ ਮਹਾਰਾਜ ਦੀ ਨਬਜ਼ ਦੇਖੀ; ਸਿਰ ਹਿਲਾਅ ਕੋ ਬੋਲਿਆ---"ਸੁਸਤ ਹੈ, ਪਰ ਚੱਲ ਰਹੀ ਹੈ।"

ਲੋਕ ਚੁੱਪ ਸਨ। ਉਹਨਾਂ ਦੀਆਂ ਅੱਖਾਂ ਹੁਣ ਵੀ ਸਾਧੂ ਮਹਾਰਾਜ ਦੇ ਚਿਹਰੇ ਉੱਤੇ ਚਿਪੀਆਂ ਹੋਈਆਂ ਸਨ

ਚਾਰ ਵੱਜ ਕੇ ਤਿੰਨ ਮਿੰਟ ਉੱਤੇ ਮੁਖੀਏ ਨੇ ਫੇਰ ਨਬਜ਼ ਦੇਖੀ, ਫੇਰ ਸਿਰ ਹਿਲਾਅ ਕੇ ਹੌਲੀ ਜਿਹੇ ਕਿਹਾ---"ਧੀਮੀ ਹੈ, ਪਰ ਚੱਲ ਰਹੀ ਹੈ।"

ਦੂਜਾ ਮੁਖੀਆ ਬੋਲਿਆ---"ਸੰਸਾਰੀ ਘੜੀਆਂ ਦਾ ਕੀ ਭਰੋਸਾ ਈ ? ਜਦੋਂ ਉਪਰ ਚਾਰ ਵੱਜਣਗੇ, ਉਦੋਂ ਈਹ ਚੋਲਾ ਆਪੂੰ ਛੁੱਟ ਜਾਵੇਗਾ।"

ਚਾਰ ਵੱਜ ਕੇ ਪੰਜ ਮਿੰਟ ਹੋ ਗਏ। ਨਬਜ਼ ਹੁਣ ਵੀ ਚੱਲ ਰਹੀ ਸੀ। ਮੁਖੀਏ ਨੇ ਝੁਕ ਕੇ ਮਹਾਰਾਜ ਦੇ ਕੰਨ ਵਿਚ ਪੁੱਛਿਆ---"ਮਹਾਰਾਜ, ਕੈਸੇ ਹੋ ?"

ਜਵਾਬ ਬੜੀ ਧੀਮੀ ਆਵਾਜ਼ ਵਿਚ ਸੀ---"ਮੈਂ ਉਡੀਕ ਵਿਚ ਹਾਂ। ਆਪਣੇ ਵੱਲੋਂ ਮੈਂ ਚੋਲਾ ਛੱਡ ਦਿਤਾ ਏ।"

ਲੋਕ ਇਕ ਇਕ ਸੈਕਿੰਟ ਗਿਣ ਰਹੇ ਸਨ। ਚਾਰ ਵੱਜ ਕੇ ਸੱਤ ਮਿੰਟ ਉੱਤੇ ਇਕ ਮੁਖੀਏ ਨੇ ਫੇਰ ਨਬਜ਼ ਫੜ ਲਈ ਤੇ ਪੂਰਾ ਇਕ ਮਿੰਟ ਫੜੀ ਰੱਖੀ। ਐਤਕੀਂ ਉਹਨੇ ਜ਼ਰਾ ਉੱਚੀ ਆਵਾਜ਼ ਵਿਚ ਕਿਹਾ---"ਨਬਜ਼ ਓਵੇਂ ਦੀ ਜਿਵੇਂ ਚੱਲ ਰਹੀ ਹੈ।"

ਲੋਕ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ। ਧੌਣਾ ਹਿੱਲਣ ਲੱਗੀਆਂ। ਚਿਹਰਿਆਂ ਉੱਤੇ ਸ਼ੰਕੇ ਦੀਆਂ ਲਕੀਰਾਂ ਉਭਰ ਆਈਆਂ। ਫੇਰ ਦੂਜੇ ਮੁਖੀਏ ਨੇ ਖੜ੍ਹਾ ਹੁੰਦਿਆਂ ਹੋਇਆਂ ਪੁੱਛਿਆ---"ਕਿਉਂ ਸਾਧੂ ਮਹਾਰਾਜ, ਹੁਣ ਕੈਸੀ ਦੇਰੀ ਹੈ ?"

ਮਹਾਰਾਜ ਨੇ ਬੰਦ ਅੱਖਾਂ ਨਾਲ ਉਤਰ ਦਿਤਾ---"ਉੱਪਰੋਂ ਪਰਵਾਨਾ ਆਵੇ ਫੇਰ ਈ ਨਾ..."

ਜਿਹੜੀ ਸ਼ਰਧਾ ਤੇ ਭਗਤੀ ਪਹਿਲਾਂ ਮੌਨ ਉਡੀਕ ਵਿਚ ਗੁੰਦੀ ਹੋਈ ਸੀ, ਹੁਣ ਅਵਿਸ਼ਵਾਸ ਤੇ ਕਰੋਧ ਵਿਚ ਬਦਲਨ ਲੱਗੀ। ਲੋਕੀ ਸਮਝਣ ਲੱਗੇ, ਜਿਵੇਂ ਉਹਨਾਂ ਨਾਲ ਮਜ਼ਾਕ ਹੋਇਆ ਹੈ, ਉਹਨਾਂ ਦਾ ਅਪਮਾਨ ਹੋਇਆ ਹੈ।

ਐਨ ਸਵਾ ਚਾਰ ਵਜੇ ਜਦੋਂ ਮੁਖੀਏ ਨੇ ਚੀਕ ਕੇ ਪੁੱਛਿਆ ਕਿ 'ਹੁਣ ਕਾਹਦੀ ਦੇਰੀ ਹੈ, ਅਸੀਂ ਖੜ੍ਹੇ-ਖੜ੍ਹੇ ਥੱਕ ਗਏ ਹਾਂ' ਤਾਂ ਭਾਈ ਰਾਮ ਸਿੰਘ ਹੱਥ ਜੋੜ ਕੇ ਉਠ ਬੈਠੇ ਹੋਏ---"ਭਗਵਾਨ ਮੈਨੂੰ ਰੁਆ ਰਿਹੈ, ਮੈਂ ਕੀ ਕਰਾਂ ? ਮੈਂ ਹਰ ਛਿਣ ਉਡੀਕਵਾਨ ਹਾਂ।"

ਪਰ ਇਸ ਵਾਕ ਦਾ ਉਲਟਾ ਅਸਰ ਹੋਇਆ। ਔਰਤਾਂ ਵੀ ਬੋਲਣ ਲੱਗ ਪਈਆਂ---"ਹੈਂ, ਹੈਂ ! ਦੇਖੋ, ਦੋਖੋ ! ਇਹ ਤਮਾਸ਼ਾ ਦੇਖੋ, ਪਾਖੰਡੀ ਦਾ !"

ਇਕ ਦੋ ਸੱਜਣ ਤਾਂ ਸਾਰੀ ਰਾਤ ਚਮਤਕਾਰ ਦੀ ਉਡੀਕ ਵਿਚ ਜਾਗਦੇ ਰਹੇ ਸਨ, ਤੇ ਘਰੋਂ ਵੀ ਘਰਵਾਲੀਆਂ ਨਾਲ ਲੜ ਕੇ ਆਏ ਸਨ, ਅੱਗੇ ਵਧੇ---"ਸਾਲਿਆ ! ਜਾਣਦਾ ਨਹੀਂ ਇਹ ਕਿਹੜਾ ਸ਼ਹਿਰ ਈ ?"

ਮਹਾਰਾਜ ਡਰ ਕੇ ਉਠ ਖੜ੍ਹੇ ਹੋਏ ਤੇ ਚੌਂਕੀ ਕੋਲ ਜਾ ਖੜ੍ਹੇ ਹੋਏ। ਬੋਲੇ---"ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਚੋਲਾ ਛੱਡ ਜਾਵਾਂਗਾ। ਭਗਤੋ! ਮੈਨੂੰ ਇਹੋ ਪਰਵਾਨਾ ਮਿਲਿਆ ਏ, ਤੁਸੀਂ ਆਪਣੇ ਘਰਾਂ ਨੂੰ ਜਾਓ।"

"ਹੁਣ ਹੋਰ ਦਿਨ ਕਦੋਂ ਚੜੂਗਾ ਓਇ ? ਚਾਰ ਤਾਂ ਸਾਲੇ ਕਦੇ ਦੇ ਵੱਜ ਚੁੱਕੇ ਐ !" ਲੋਕਾਂ ਵਿਚੋਂ ਕਿਸੇ ਨੇ ਚੀਕ ਕੇ ਕਿਹਾ।

"ਭਰਾਵੋ ! ਤੁਸੀਂ ਘਰੋ-ਘਰੀਂ ਚਲੇ ਜਾਓ। ਮੈਂ ਇੱਥੇ ਕਿਸੇ ਨੂੰ ਨਹੀਂ ਬੁਲਾਇਆ। ਤੁਸੀਂ ਜਾਓ…ਸੂਰਜ ਚੜ੍ਹਨ ਤੋਂ ਪਹਿਲਾਂ ਮ…"

ਪਰ ਲੋਕਾਂ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ ਸੀ। ਦੇਖਦੇ ਦੇਖਦੇ ਹੀ ਉਹਨਾਂ ਦਾ ਹੜ੍ਹ ਅੱਗੇ ਵਧਿਆ। ਉਹਨਾਂ ਦੀਆਂ ਮੁੱਠੀਆਂ ਕੱਸੀਆਂ ਗਈਆਂ। ਸ਼ਹਿਰ ਦੇ ਪੰਜ ਸੱਤ ਸ਼ੋਹਦੇ ਤੇ ਮੁਸ਼ਟੰਡੇ ਸਭ ਤੋਂ ਅੱਗੇ ਸਨ।

ਭਾਈ ਰਾਮ ਸਿੰਘ ਡਰ ਕੇ ਚੌਂਕੀ ਕੋਲੋਂ ਪਰ੍ਹਾਂ ਹਟ ਗਿਆ ਤੇ ਇਕ ਰੁੱਖ ਹੇਠ ਜਾ ਖੜ੍ਹਾ ਹੋਇਆ।

ਬਸ, ਉਸਦਾ ਇੱਥੋਂ ਹਿੱਲਣਾ ਸੀ ਕਿ ਧੱਫਾ-ਮੁੱਕੀ ਸ਼ੁਰੂ ਹੋ ਗਈ। ਭਾਈ ਰਾਮ ਸਿੰਘ ਉੱਤੇ ਘਸੁੰਨਾ ਦੀ ਵਾਛੜ ਹੋਣ ਲੱਗੀ। ਜਿਸਦੇ ਨੇੜੇ ਹੁੰਦਾ, ਉਹੀ ਮੁਰੰਮਤ ਸ਼ੁਰੂ ਕਰ ਦੇਂਦਾ।

ਭਾਈ ਰਾਮ ਸਿੰਘ ਦੀ ਭੱਜਦੀ ਕਾਇਆ, ਕਦੀ ਇਕ ਰੁੱਖ ਪਿੱਛੇ ਤੇ ਕਦੀ ਦੂਜੇ ਪਿੱਛੇ ਲੁਕਣਾ ਲੋਚਦੀ। ਭਲਾ ਭਗਤਾਂ ਤੋਂ ਵੀ ਕਦੀ ਕੋਈ ਭੱਜ ਸਕਿਆ ਏ ? ਪਹਿਲਾਂ ਘਸੁੰਨ-ਮੁੱਕੀਆਂ ਵਰ੍ਹਦੀਆਂ ਰਹੀਆਂ, ਜਦੋਂ ਉਹ ਭੱਜ ਖੜ੍ਹਾ ਹੋਇਆ ਤਾਂ ਪੱਥਰ ਤੇ ਜੂੱਤੀਆਂ ਵਰ੍ਹਨ ਲੱਗ ਪਈਆਂ। ਭਾਈ ਰਾਮ ਸਿੰਘ ਚੀਕਦਾ-ਕੂਕਦਾ ਰਿਹਾ---"ਓਇ ਭਰਾਵੋ ! ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ। ਮੈਨੂੰ ਨਾ ਮਾਰੋ ਓਇ, ਮੈਂ ਤੁਹਾਡੀ ਸੇਵਾ ਈ ਕੀਤੀ ਏ।"

ਪਰ ਭਗਤਾਂ ਦੀ ਭਾਵਨਾ ਵਿਚ ਕੋਈ ਮੋੜ ਨਹੀਂ ਆਇਆ। ਹਾਂ ਕੁਝ ਜਣਿਆਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਪੱਥਰਾਂ ਤੋਂ ਡਰ ਕੇ ਪਿੱਛੇ ਹਟ ਗਏ।

ਫੇਰ ਸੱਚਮੁੱਚ ਇਕ ਚਮਤਕਾਰ ਹੋ ਗਿਆ, ਜਿਸ ਦੀ ਚਰਚਾ ਕਰਦੇ ਅੱਜ ਵੀ ਸਾਡੇ ਸ਼ਹਿਰ ਦੇ ਲੋਕ ਬੜਾ ਮਾਣ ਮਹਿਸੂਸ ਕਰਦੇ ਹਨ।

ਸੂਰਜ ਚੜ੍ਹਿਆ, ਪਹੁ-ਫੁੱਟੀ ਤੇ ਭਾਈ ਰਾਮ ਸਿੰਘ ਨੇ ਚੋਲਾ ਛੱਡ ਦਿਤਾ---ਉਸਦੇ ਪ੍ਰਾਣ ਪੰਖੇਰੂ ਉੱਡ ਕੇ ਭਗਵਾਨ ਦੇ ਕੋਲ ਜਾ ਪਹੁੰਚੇ; ਹਾਂ, ਸਿਰਫ ਉਸਦੀ ਦੇਹ, ਚਿੱਕੜ, ਮਿੱਟੀ ਤੇ ਖ਼ੂਨ ਵਿਚ ਲੱਥਪੱਥ ਹੋ ਗਈ ਸੀ ਤੇ ਉਸਦੇ ਇਰਦ-ਗਿਰਦ ਜੁੱਤੀਆਂ ਤੇ ਪੱਥਰਾਂ ਦਾ ਢੇਰ ਲੱਗਿਆ ਹੋਇਆ ਸੀ।

ਚਲੋ ਜੀ, ਉਹ ਤਾਂ ਤਿਆਗਿਆ ਹੋਇਆ ਚੋਲਾ ਸੀ, ਆਖ਼ਰ ਉਸਨੇ ਮਿੱਟੀ ਵਿਚ ਹੀ ਮਿਲਣਾ ਸੀ।

ਇਸ ਚਮਤਕਾਰ ਦਾ ਅਹਿਸਾਸ ਹੋਣ ਵਿਚ ਦੇਰ ਨਹੀਂ ਲੱਗੀ। ਜਦੋਂ ਚਿੱਟਾ ਦਿਨ ਚੜ੍ਹ ਆਇਆ ਤੇ ਰਾਤ ਦਾ ਭਰਮ ਟੁੱਟ ਗਿਆ ਤਾਂ ਭਾਈ ਰਾਮ ਸਿੰਘ ਦੀ ਦੇਹ ਇਕ ਕੋਰੇ-ਸੱਚ ਵਾਂਗਰ ਸਾਹਮਣੇ ਨਜ਼ਰ ਆਉਣ ਲੱਗ ਪਈ ਤੇ ਕਿਸੇ ਨੇ ਕਿਹਾ---"ਠੀਕ ਈ ਪਿਆ ਆਖਦਾ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਮਰ ਗਿਆ ਨਾ?" (ਮਰ ਹੀ ਤਾਂ ਗਿਆ ਸੀ।)

ਫੇਰ ਦੂਜੇ ਨੇ ਕਿਹਾ---"ਭਲਾ ਪੱਥਰ ਮਾਰਨ ਦੀ ਕੀ ਲੋੜ ਪਈ ਸੀ ? ਮਰ ਤਾਂ ਉਸਨੇ ਉਂਜ ਵੀ ਜਾਣਾ ਸੀ। ਆਪਣੇ ਲੋਕਾਂ ਵਿਚ ਸਬਰ ਨਹੀਂ।"

ਬਸ, ਫੇਰ ਕੀ ਸੀ, ਜ਼ਨਾਨੀਆਂ ਨੇ ਆਪਣੇ ਦੁਪੱਟੇ ਗਲਾਂ ਵਿਚ ਲਮਕਾਅ ਲਏ। ਅੱਥਰੂ ਕਿਰਨ ਲੱਗੇ। ਭਗਤ ਫੇਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜੁੱਤੀਆਂ ਤੇ ਪੱਥਰ ਹਟਾਅ ਦਿਤੇ ਗਏ ਤੇ ਮੁੜ ਪੁਸ਼ਪ-ਬਰਖਾ ਹੋਣ ਲੱਗ ਪਈ…ਤੇ ਭਾਈ ਰਾਮ ਸਿੰਘ ਦਾ ਤਿਆਗਿਆ ਹੋਇਆ ਚੋਲਾ ਫੇਰ ਫੁੱਲਾਂ ਹੇਠ ਨੱਪਿਆ ਗਿਆ। ਤੇ ਭਾਈ ਰਾਮ ਸਿੰਘ ਦੀ ਅਰਥੀ ਏਨੀ ਧੂਮਧਾਮ ਨਾਲ ਸਜਾ ਕੇ ਕੱਢੀ ਗਈ ਕਿ ਸ਼ਹਿਰ ਵਾਲੇ ਖ਼ੁਦ ਆਪਣੀ ਸ਼ਰਧਾ ਉੱਤੇ ਅੱਸ਼-ਅੱਸ਼ਕਰ ਉੱਠੇ।

ਤੇ ਰਾਮ ਸਿੰਘ ਦੀ ਸਮਾਧ ਤਪੋਵਣ ਲਾਗੇ ਐਨ ਉਸੇ ਜਗ੍ਹਾ ਬਣਾਈ ਗਈ, ਜਿੱਥੇ ਉਹ ਆਸਨ 'ਤੇ ਬੈਠੇ ਸਨ। ਅਜਿਹੀ ਸਫ਼ੈਦ, ਸੁੰਦਰ ਚਮਕਦੀ ਇਮਾਰਤ ਹੈ ਕਿ ਰਾਤ ਨੂੰ ਵੀ ਦੂਰੋਂ ਹੀ ਨਜ਼ਰ ਆਉਂਦੀ ਹੈ। ਤੇ ਉਸ ਉੱਤੇ ਇਕ ਗੋਲ ਗੁੰਬਦ ਵੀ ਹੈ, ਜਿਸ ਵਿਚ ਸੰਤ ਮਹਾਰਾਜ ਜੀ ਦੀ ਟੋਕਣੀ ਰੱਖੀ ਹੋਈ ਹੈ ਤੇ ਸਫ਼ੈਦ ਨਵਾਂ ਬਾਣਾ ਵੀ…ਤੇ ਇਕ ਜੋੜੀ ਖੜਾਵਾਂ ਵੀ; ਜਿਹੜੀਆਂ ਕਿਸੇ ਭਗਤ ਨੇ ਆਪਣੇ ਵੱਲੋਂ ਖਰੀਦ ਕੇ ਇੱਥੇ ਰੱਖ ਦਿਤੀਆਂ ਸਨ।…ਸਾਡੇ ਨਗਰ ਦੇ ਬੱਚੇ-ਬੁੱਢੇ, ਸੱਚੇ ਦਿਲ ਨਾਲ ਮੰਨਦੇ ਹਨ ਕਿ ਜੇ ਕੋਈ ਔਲੀਆ ਇਸ ਕਲਯੁਗ ਵਿਚ ਹੋਇਆ ਹੈ ਤਾਂ ਉਹ ਸੰਤ ਰਾਮ ਸਿੰਘ ਹੈ, ਜਿਸਨੂੰ ਭਗਵਾਨ ਨੇ ਇਕ ਦਿਨ ਸਾਕਾਰ ਦਰਸ਼ਨ ਦੇ ਕੇ ਸਿੱਧਾ ਆਪਣੇ ਕੋਲ ਬੁਲਾਇਆ ਸੀ।

Sunday, March 22, 2009

ਇਹ ਮੌਸਮ ਗੁਲਾਬਾਂ ਦਾ ਨਹੀਂ :: ਲੇਖਕ : ਸੁਨੀਲ ਸਿੰਘ

ਹਿੰਦੀ ਕਹਾਣੀ : ਇਹ ਮੌਸਮ ਗ਼ੁਲਾਬਾਂ ਦਾ ਨਹੀਂ... :: ਲੇਖਕ : ਸੁਨੀਲ ਸਿੰਘ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਬੱਸ ਦੀ ਰਫ਼ਤਾਰ ਖਾਸੀ ਤੇਜ ਸੀ।
ਦਿੱਲੀ ਜਮਨਾ ਪਾਰ ਦੀਆਂ ਬਸਤੀਆਂ ਪਿੱਛੇ ਰਹਿ ਗਈਆਂ ਸਨ ਤੇ ਹਰਿਆਨੇ ਦੀ ਤਪਦੀ, ਭੂਸਲੀ ਧਰਤੀ ਪਿੱਛੇ ਵੱਲ ਨੱਸੀ ਜਾ ਰਹੀ ਸੀ। ਭਾਰਤ ਵਿਚ ਕਿਤੇ ਵੀ ਮੀਂਹ ਨਹੀਂ ਸੀ ਪਿਆ। ਖੇਤਾਂ ਵਿਚ ਰੇਤ ਦੇ ਵਾ-ਵਰੋਲੇ ਉੱਡ ਰਹੇ ਸਨ। ਕਾਂਸ (ਜਿਸਦੇ ਟੋਕਰੇ ਤੇ ਰੱਸੀਆਂ ਬਣਾਈਆਂ ਜਾਂਦੀਆਂ ਹਨ) ਦੇ ਉੱਚੇ, ਕਰੂਪ ਝਾੜਾਂ ਦੇ ਸਿਵਾਏ ਕਿਤੇ ਵੀ ਹਰਿਆਲੀ ਨਜ਼ਰ ਨਹੀਂ ਸੀ ਆ ਰਹੀ। ਬੱਸ ਵਿਚ ਚਿਪਚਿਪੀ ਜਿਹੀ ਤਪਸ਼ ਭਰੀ ਹੋਈ ਸੀ। ਸਾਰੇ ਮੁਸਾਫਰਾਂ ਨੇ ਸ਼ੀਸ਼ੇ ਖੋਲ੍ਹੇ ਹੋਏ ਸਨ। ਹਵਾ ਦੇ ਗਰਮ ਬੁੱਲ੍ਹੇ ਪਿੰਡਿਆਂ ਨੂੰ ਝੁਲਸ ਰਹੇ ਸਨ।
ਕੁਝ ਨਵਾਂ ਦੇਖਣ ਦੀ ਇੱਛਾ ਜਿਹੜੀ ਕਿਸੇ ਨਵੇਂ ਇਲਾਕੇ ਵਿਚੋਂ ਲੰਘਦਿਆਂ ਅੱਖਾਂ ਵਿਚ ਭਰੀ ਹੁੰਦੀ ਹੈ, ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਲੋਪ ਹੋ ਚੁੱਕੀ ਸੀ। ਅੱਖਾਂ ਵਿਚ ਸਿਰਫ ਭੈ ਸੀ, ਜਿਹੜਾ ਹੌਲੀ-ਹੌਲੀ ਸਹਿਮ ਵਿਚ ਬਦਲ ਰਿਹਾ ਸੀ।
ਬੱਸ ਦੇ ਅਗਲੇ ਦਰਵਾਜ਼ੇ ਦੇ ਨਾਲ ਲੱਗਦੀ ਸੀਟ ਉੱਤੇ, ਹੱਥਾਂ ਵਿਚ ਬੰਦੂਕਾਂ ਫੜ੍ਹੀ, ਦੋ ਸੁਰੱਖਿਆ ਗਾਰਡ ਬੈਠੇ ਸਨ---ਪਰ ਉਹਨਾਂ ਦੀ ਹੋਂਦ ਪਾਟੇ ਕੁੜਤੇ ਵਰਗੀ ਲੱਗ ਰਹੀ ਸੀ, ਮਜ਼ਬੂਤ ਸੁਰੱਖਿਆ ਕਵਚ ਨਹੀਂ। ਹੁਣ ਤਾਂ ਉਹ ਏ.ਕੇ. 47 ਨਾਲ ਲੈਸ ਹੋ ਕੇ ਵਾਰਦਾਤ ਕਰਨ ਲੱਗ ਪਏ ਹਨ---ਉਹਨਾਂ ਵਿਦੇਸ਼ੀ ਸ਼ਕਤੀਸ਼ਾਲੀ ਗੰਨਾਂ ਦੇ ਮੁਕਾਬਲੇ ਥਰੀ-ਨਾਟ-ਥਰੀ ਬੰਦੂਕਾਂ ਦੀ ਕੀ ਪੇਸ਼ ਜਾਂਦੀ ਹੈ !
ਅੰਕਿਤ ਦੀਆਂ ਹਦਾਇਤਾਂ ਉਸਨੂੰ ਵਾਰੀ-ਵਾਰੀ ਯਾਦ ਆ ਰਹੀਆਂ ਸਨ। ਜਦੋਂ ਵੀ ਕੋਈ ਮਾਰੂਤੀ ਜਾਂ ਫੀਅਟ ਗੱਡੀ, ਬੱਸ ਨੂੰ ਓਵਰਟੇਕ ਕਰਕੇ, ਇਸ ਪਾਸਿਓਂ ਤਿਲ੍ਹਕਦੀ ਹੋਈ ਅੱਗੇ ਲੰਘ ਜਾਂਦੀ ਤਾਂ ਉਹ ਸਹਿਮ ਜਾਂਦਾ। ਸਾਰੇ ਸਰੀਰ ਵਿਚ ਭੈ ਦੀ ਕੰਬਣੀ ਜਿਹੀ ਛਿੜ ਜਾਂਦੀ ਤੇ ਉਹ ਸੁੰਗੜ ਕੇ ਬੈਠ ਜਾਂਦਾ। ਲੱਗਦਾ, ਹੁਣੇ ਕੁਝ ਹੋਣ ਵਾਲਾ ਹੈ।
ਅੰਕਿਤ ਨੇ ਸਾਫ ਤੌਰ 'ਤੇ ਆਪਣੇ ਖ਼ਤ ਵਿਚ ਲਿਖਿਆ ਸੀ---'ਅੰਕਲ, ਬੱਸ ਰਾਹੀਂ ਚੰਡੀਗੜ੍ਹ ਬਿਲਕੁਲ ਨਾ ਆਉਣਾ। ਟਰੇਨ ਸਿਰਫ ਦਸ ਮਿੰਟਾਂ ਵਿਚ ਪੰਜਾਬ ਕਰਾਸ ਕਰ ਜਾਂਦੀ ਹੈ। ਬਾਰਡਰ ਆਉਂਦਿਆਂ ਹੀ ਸਕਿਉਰਟੀ ਵਾਲੇ ਹਰ ਬੋਗੀ ਵਿਚ ਸਵਾਰ ਹੋ ਜਾਂਦੇ ਹਨ…ਕੋਸ਼ਿਸ਼ ਕਰਨਾ ਹਨੇਰਾ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪਹੁੰਚ ਜਾਓਂ।'
ਇਹ ਹਾਲ ਹੋ ਗਿਆ ਹੈ ਆਪਣੇ ਦੇਸ਼ ਦਾ ਕਿ ਇਕ ਹਿੱਸੇ ਵਿਚੋਂ ਦੂਜੇ ਵਿਚ ਜਾਂਦਾ ਆਦਮੀ ਏਨਾਂ ਭੈਭੀਤ ਹੈ, ਜਿਵੇਂ ਗੋਲੀਆਂ ਦੀ ਵਾਛੜ ਤੋਂ ਬਚ ਕੇ ਕਿਸੇ ਦੁਸ਼ਮਣ ਦੇਸ਼ ਵਿਚੋਂ ਲੰਘਣਾ ਪੈ ਰਿਹਾ ਹੋਵੇ। ਭੈ ਦਾ ਕਾਰਨ ਸੱਤਰ ਮਿੰਟ ਦਾ ਉਹ ਨਿੱਕਾ ਜਿਹਾ ਟੁੱਕੜਾ ਸੀ, ਜਿਹੜਾ ਪੰਜਾਬ ਕਿਹਾ ਜਾਂਦਾ ਸੀ…ਪੰਜਾਬ ਜਿਸ ਦੀਆਂ ਸਰਹੱਦਾਂ ਕਦੀ ਅਫ਼ਗਾਨਿਸਤਾਨ, ਹਿਮਾਲਿਆ ਤੇ ਦਿੱਲੀ ਨੂੰ ਛੂੰਹਦੀਆਂ ਸਨ, ਅੱਜ ਕਿੰਨਾ ਸੂੰਗੜ ਗਿਆ ਹੈ। ਇਹ ਘਟੀਆ ਰਾਜਨੀਤੀ ਦਾ ਕਾਰਨਾਮਾ ਨਹੀਂ ਤਾਂ ਹੋਰ ਕੀ ਹੈ ? ਤੇ ਹੁਣ ਕੁਝ ਮਤਲਬ-ਪ੍ਰਸਤ ਨੇਤਾਵਾਂ ਤੇ ਵਿਦੇਸ਼ੀ ਸਾਜਿਸ਼ੀਆਂ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਹਰੇਕ ਸੂਬੇ ਦਾ ਵਾਸੀ, ਇਸ ਵੱਲ ਮੂੰਹ ਕਰਨ ਤੋਂ ਵੀ ਡਰਨ ਲੱਗ ਪਿਆ ਹੈ।
ਖ਼ੈਰ, ਅਜੇ ਹਰਿਆਣਾ ਹੈ, ਪੰਜਾਬ ਦੀ ਸਰਹੱਦ ਦੂਰ ਹੈ। ਆਪਣੇ ਆਪ ਨੂੰ ਉਸਨੇ ਤਸੱਲੀ ਜਿਹੀ ਦਿੱਤੀ ਤੇ ਪੱਟਾਂ ਉੱਤੇ ਰੱਖਿਆ ਰਸਾਲਾ ਚੁੱਕ ਕੇ ਉਸਦੇ ਪੰਨੇ ਪਲਟਨ ਲੱਗ ਪਿਆ।

***
ਪਹਿਲਾਂ ਬਣੇ ਪ੍ਰੋਗ੍ਰਾਮ ਅਨੁਸਾਰ ਅੱਜ ਸਵੇਰ ਦੀ ਗੱਡੀ ਉਸਨੂੰ ਚੰਡੀਗੜ੍ਹ ਪਹੁੰਚ ਜਾਣਾ ਚਾਹੀਦਾ ਸੀ। ਗੱਡੀ ਵਿਚ ਸੀਟ ਬੁੱਕ ਕਰਵਾ ਕੇ ਆਪਣੇ ਆਉਣ ਦੀ ਸੂਚਨਾਂ ਵੀ ਉਸਨੇ ਅੰਕਿਤ ਨੂੰ ਦੇ ਦਿੱਤੀ ਸੀ---ਪਰ ਕੰਪਨੀ ਦੇ ਇਕ ਨਿਰਦੇਸ਼ਕ ਤੇ ਆਪਣੇ ਨਵੇਂ ਬਾਸ ਦੇ ਅਚਾਨਕ ਬਦਲੇ ਪ੍ਰੋਗ੍ਰਾਮ ਅਨੁਸਾਰ ਉਸਦਾ ਆਪਣਾ ਚੰਡੀਗੜ੍ਹ ਜਾਣ ਦਾ ਪ੍ਰੋਗ੍ਰਾਮ ਵੀ ਬਦਲ ਗਿਆ ਸੀ। ਉਸਦੇ ਬਾਸ ਨੇ ਸ਼ੁੱਕਰਵਾਰ ਸਵੇਰੇ ਹੀ ਅਮਰੀਕਾ ਤੋਂ ਵਾਪਸ ਆ ਜਾਣਾ ਸੀ, ਪਰ ਨਵੀਂ ਇਤਲਾਹ ਮੁਤਾਬਕ ਉਹ ਛਨੀਵਾਰ ਸਵੇਰੇ ਦਿੱਲੀ ਆਉਣਗੇ। ਉਹਨਾਂ ਨੂੰ ਹਵਾਈ ਅੱਡੇ ਤੋਂ ਲਿਆਉਣ ਦੀ ਕਿਸੇ ਹੋਰ ਦੀ ਜ਼ਿੰਮੇਵਾਰੀ ਲਾ ਕੇ ਉਹ ਉਹਨਾਂ ਦੀਆਂ ਨਜ਼ਰਾਂ ਵਿਚ ਉੱਚਾ ਉਠਣ ਦਾ ਮੌਕਾ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ। ਖਾਸ ਕਰਕੇ ਉਦੋਂ ਜਦੋਂ ਉਹ ਆਪ ਦਿੱਲੀ ਵਿਚ ਹੀ ਸੀ। ਹਵਾਈ ਅੱਡੇ ਉੱਤੇ ਉਸਦੀ ਅਣਹੋਂਦ ਦੇ ਅਰਥ ਉਲਟੇ ਵੀ ਕੱਢੇ ਜਾ ਸਕਦੇ ਸਨ। ਉਹ ਇਸ ਤਰ੍ਹਾਂ ਦਾ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦਾ। ਚੰਡੀਗੜ੍ਹ ਤਾਂ ਹਵਾਈ ਜਹਾਜ਼ ਰਾਹੀਂ ਵੀ ਜਾਇਆ ਜਾ ਸਕਦਾ ਹੈ, ਉਸਨੇ ਸੋਚਿਆ ਤੇ ਗੱਡੀ ਦੀ ਸੀਟ ਕੈਂਸਲ ਕਰਵਾ ਦਿੱਤੀ।
ਕਲਕੱਤੇ ਜਾਣ ਵਾਲੀ ਕਿਸੇ ਵੀ ਉਡਾਣ ਵਿਚ ਕੋਈ ਵੀ ਸੀਟ ਖ਼ਾਲੀ ਨਹੀਂ ਸੀ ਤੇ ਹੈੱਡ ਆਫ਼ਿਸ ਪਹੁੰਚਣ ਲਈ ਬਾਸ ਕਾਫ਼ੀ ਬੇਚੈਨ ਸਨ। ਇਸ ਲਈ ਰੇਲਵੇ ਸਟੇਸ਼ਨ ਦੇ ਚੱਕਰਾਂ ਅਤੇ ਬਾਸ ਨੂੰ ਵਿਦਾਅ ਕਰਨ ਦੀ ਭੱਜ-ਦੌੜ ਵਿਚ ਹੀ ਦੁਪਿਹਰ ਦਾ ਇਕ ਵੱਜ ਗਿਆ। ਉਸਨੇ ਕਾਫ਼ੀ ਕੋਸ਼ਿਸ਼ ਕੀਤੀ ਸੀ, ਪਰ ਛਨੀਵਾਰ ਸ਼ਾਮ ਤੇ ਐਤਵਾਰ ਸਵੇਰ ਦੀ ਚੰਡੀਗੜ੍ਹ ਜਾਣ ਵਾਲੀ ਉਡਾਣ ਵਿਚ ਜਗ੍ਹਾ ਨਹੀਂ ਸੀ ਮਿਲ ਸਕੀ। ਸੋਮਵਾਰ ਨੂੰ ਦਿੱਲੀ ਵਿਚ ਉਸਦਾ ਹੋਣਾ ਵੀ ਅਤਿ ਜ਼ਰੂਰੀ ਸੀ। ਮਸ਼ੀਨਾਂ ਦੀ ਖ਼ਰੀਦਦਾਰੀ ਤੇ ਡਲਿਵਰੀ ਪੇਪਰਸ ਉਸਨੇ ਲੈਣੇ ਸਨ ਤੇ ਮਸ਼ੀਨਾਂ ਭਿਜਵਾਉਣ ਦਾ ਪ੍ਰਬੰਧ ਕਰਨਾ ਸੀ। ਸਿਰਫ ਐਤਵਾਰ ਦਾ ਦਿਨ ਖ਼ਾਲੀ ਸੀ। ਟੈਕਸੀ ਵਿਚ ਜਾਣਾ ਵੀ ਉਸਨੂੰ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਲੱਗਿਆ। ਬੱਸ ਵਿਚ ਜਾਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਰਿਹਾ।
ਬੱਸ ਚੱਲਣ ਵਿਚ ਅਜੇ ਇਕ ਘੰਟਾ ਪਿਆ ਸੀ। ਬਾਹਰ ਤੇਜ਼ ਧੁੱਪ ਫੈਲੀ ਹੋਈ ਸੀ, ਉਸ ਉੱਤੇ ਨਜ਼ਰਾਂ ਨਹੀਂ ਸਨ ਟਿਕ ਰਹੀਆਂ। ਉਹ ਪਹਿਲੀ ਮੰਜ਼ਿਲ ਉੱਤੇ ਬਣੇ ਰੇਸਤਰਾਂ ਵਿਚ ਜਾ ਕੇ ਬੈਠ ਗਿਆ। ਠੰਡੇ ਦੀਆਂ ਤਿੰਨ ਬੋਤਲਾਂ ਪੀਣ ਪਿੱਛੋਂ ਕੁਝ ਸ਼ਾਂਤੀ ਮਿਲੀ। ਉਹ ਆਪਣੇ ਬਾਸ ਉੱਤੇ ਪੂਰਾ ਹਿਰਖਿਆ ਹੋਇਆ ਸੀ। ਲੋੜ ਨਾਲੋਂ ਵੱਧ ਵਫਾਦਾਰੀ ਦਿਖਾਉਣ ਦੇ ਚੱਕਰ ਵਿਚ ਇਹ ਆਫ਼ਤ ਉਸਨੇ ਆਪ ਮੁੱਲ ਲਈ ਸੀ। ਅੰਕਿਤ ਦੀਆਂ ਹਦਾਇਤਾਂ ਬਿਲਕੁਲ ਹੀ ਨਿਰਅਰਥ ਤਾਂ ਨਹੀਂ ਹੋਣੀਆਂ। ਹੁਣ ਉਸਨੂੰ ਸੱਤਰ ਮਿੰਟ ਦਾ ਉਹ ਖੌਫ਼ਨਾਕ ਰਾਸਤਾ ਵੀ ਪਾਰ ਕਰਨਾ ਪਏਗਾ, ਜਿਸ ਵਿਚ ਲਾਲੜੂ ਵੀ ਪੈਂਦਾ ਹੈ। ਲਾਲੜੂ, ਜਿੱਥੇ ਚਾਲ੍ਹੀ ਹਿੰਦੂ ਬੱਸ ਮੁਸਾਫਰਾਂ ਦੇ ਸਰੀਰ ਅੱਤਵਾਦੀਆਂ ਨੇ ਗੋਲੀਆਂ ਨਾਲ ਛਲਨੀ ਕਰ ਦਿੱਤੇ ਸਨ। ਚਿੱਟੀਆਂ ਚਾਦਰਾਂ ਹੇਠ ਢਕੇ, ਇਕ ਕਤਾਰ ਵਿਚ ਸਦੀਵੀਂ ਨੀਂਦ ਸੁੱਤੇ, ਉਹਨਾਂ ਬਦਕਿਸਮਤ ਮੁਸਾਫਰਾਂ ਦੀਆਂ ਲਾਸ਼ਾਂ ਦੀਆਂ ਟੀ.ਵੀ. ਉੱਤੇ ਦੇਖੀਆਂ ਤਸਵੀਰਾਂ, ਅੱਖਾਂ ਸਾਹਮਣੇ ਘੁੰਮਣ ਲੱਗੀਆਂ। ਇਕ ਅਮੂਰਤ, ਅਕੱਥ-ਭੈ ਵੱਡਾ ਹੋ ਕੇ ਹਰੇਕ ਵਾਰੀ ਇਕ ਨਵਾਂ ਆਕਾਰ ਧਾਰ ਲੈਂਦਾ। ਭਿਆਨਕ ਦ੍ਰਿਸ਼ਾਂ ਦੀ ਮੋਟੀ ਪਰਤ ਉਸਦੇ ਦਿਮਾਗ਼ ਵਿਚ ਜੰਮਦੀ ਜਾ ਰਹੀ ਸੀ। ਉਸਦਾ ਦਿਲ ਕੀਤਾ, ਚੰਡੀਗੜ੍ਹ ਜਾਣ ਦਾ ਪ੍ਰੋਗ੍ਰਾਮ ਕੈਂਸਲ ਕਰ ਦਏ---ਪਰ ਅੰਕਿਤ ਗੱਡੀ ਵਿਚੋਂ ਉਸਨੂੰ ਨਾ ਉਤਰਦਾ ਦੇਖ ਕੇ ਕਾਫ਼ੀ ਪ੍ਰੇਸ਼ਾਨ ਹੋਇਆ ਹੋਏਗਾ।

***
ਅੰਕਿਤ ਚੰਡੀਗੜ੍ਹ ਦੇ ਇੰਜੀਨੀਅਰ ਕਾਲਜ ਦਾ ਤੀਜੇ ਸਾਲ ਦਾ ਵਿਦਿਆਰਥੀ ਹੈ। ਛੇ ਫੁੱਟਾ, ਸਮਝਦਾਰ ਤੇ ਸਮਾਰਟ ਨੌਜਵਾਨ। ਇਸ ਦੇ ਬਾਵਜੂਦ ਉਸਦੀਆਂ ਚਮਕਦਾਰ ਅੱਖਾਂ ਵਿਚ ਦੁਧੀਆ ਬਚਪਨ ਦੀ ਝਲਕ ਹੈ। ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਆਇਆ ਸੀ ਤਾਂ ਉਸ ਨੇ ਬੜੀ ਸੰਜੀਦਗੀ ਨਾਲ ਸ਼ਿਕਾਇਤ ਕੀਤੀ ਸੀ, "ਅੰਕਲ, ਤੁਸੀਂ ਦਿੱਲੀ ਤੱਕ ਹੋ ਆਉਂਦੇ ਓ, ਪਰ ਕਦੀ ਚੰਡੀਗੜ੍ਹ ਨਹੀਂ ਆਏ। ਏਨਾ ਨੇੜੇ ਆ ਕੇ ਵੀ ਵਾਪਸ ਪਰਤ ਜਾਂਦੇ ਓ…"
"ਕੰਪਨੀ ਦਾ ਏਨਾ ਕੰਮ ਹੁੰਦਾ ਏ ਕਿ ਵਿਹਲ ਈ ਨਹੀਂ ਮਿਲਦੀ।" ਉਸਨੇ ਬਹਾਨਾ ਬਣਾਇਆ ਸੀ।
"ਏਨੀ ਕੁ ਵਿਹਲ ਵੀ ਨਹੀਂ ਕਿ ਜ਼ਰਾ ਦੇਖ ਆਓ, ਤੁਹਾਡਾ ਬੇਟਾ ਕਿਸ ਹਾਲਾਤ ਵਿਚ ਰਹਿ ਰਿਹਾ ਏ..."
ਉਹ ਬਿਲਕੁਲ ਨਿਰਉੱਤਰ ਹੋ ਗਿਆ ਸੀ, ਪਰ ਪਾਸਾ ਪਰਤ ਕੇ ਵਿਸ਼ਾ ਬਦਲਦਿਆਂ ਹੋਇਆਂ ਉਸਨੇ ਕਿਹਾ ਸੀ, "ਤੇਰੇ ਪੰਜਾਬ ਕੌਣ ਜਾਏ, ਬਈ ! ਹੁਣ ਤਾਂ ਲੋਕ ਉੱਧਰ ਮੂੰਹ ਨਹੀਂ ਕਰਦੇ ਕਿ ਪਤਾ ਨਹੀਂ ਕਿੱਥੇ ਕੀ ਹੋ ਜਾਏ। ਕੌਣ, ਕਦੋਂ ਕਿਸ ਪਾਸਿਓਂ ਅੱਤਵਾਦੀ ਦੀ ਗੋਲੀ ਦਾ ਨਿਸ਼ਾਨਾ ਬਣ ਜਾਏ।"
ਅੰਕਿਤ ਨੇ ਸ਼ਰਾਰਤ ਵੱਸ ਪੁੱਛਿਆ, "ਅੱਤਵਾਦੀਆਂ ਤੋਂ ਡਰ ਲੱਗਦਾ ਏ ਤੁਹਾਨੂੰ ?"
"ਹਾਂ, ਲੱਗਦਾ ਏ।" ਉਸਨੇ ਮੁਸਕਰਾ ਕੇ ਕਿਹਾ ਸੀ।
"ਬੁਜ਼ਦਿਲ ਓ, ਤੁਸੀਂ ?" ਅੰਕਿਤ ਨੇ ਨਵਾਂ ਜਾਲ ਸੁੱਟਿਆ।
"ਬੁਜ਼ਦਿਲੀ ਵਾਲੀ ਕਿਹੜੀ ਗੱਲ ਏ…ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਏ।"
"ਓ…ਮਾ…ਮਾ !" ਅੰਕਿਤ ਨੇ ਨਾਟਕੀ ਅੰਦਾਜ਼ ਵਿਚ ਆਵਾਜ਼ ਮਾਰੀ।
ਸਵਾਲੀਆ ਨਜ਼ਰਾਂ ਨਾਲ ਤੱਕਦੀ ਹੋਈ ਆਂਟੀ-ਮੰਮੀ ਕਮਰੇ ਵਿਚ ਆਈ।
"ਇਹ ਸਾਡੇ ਗਰੇਟ ਅੰਕਲ ਜੀ ਨੇ…ਮਿਲੋ ਇਹਨਾਂ ਨੂੰ। ਕਹਿ ਰਹੇ ਨੇ ਅੱਤਵਾਦੀਆਂ ਤੋਂ ਇਹਨਾਂ ਨੂੰ ਡਰ ਲੱਗਦਾ ਏ।"
"ਬਿਲਕੁਲ ਲੱਗਦਾ ਏ---ਗੋਲੀਆਂ, ਬੰਦੂਕਾਂ ਤੋਂ ਕਿਸਨੂੰ ਡਰ ਨਹੀਂ ਲੱਗਾ ?"
"ਚੱਲੋ, ਤੁਹਾਡੀ ਗੱਲ ਈ ਮੰਨ ਲੈਂਦੇ ਆਂ…ਬਲਿਕੇ ਇੱਥੋਂ ਤਕ ਮੰਨ ਲੈਂਦੇ ਆਂ ਕਿ ਚੰਡੀਗੜ੍ਹ ਦੇ ਚੱਪੇ-ਚੱਪੇ 'ਤੇ ਅੱਤਵਾਦੀ ਘੁੰਮਦੇ ਰਹਿੰਦੇ ਨੇ।"ਅੰਕਿਤ ਨੇ ਗੰਭੀਰ ਹੋ ਕੇ ਕਿਹਾ, "ਪਰ ਕਦੀ ਤੁਸੀਂ ਇਹ ਸੋਚਿਆ ਏ ਕਿ ਮੈਂ ਵੀ ਉੱਥੇ ਰਹਿੰਦਾ ਆਂ !"
"ਸਾਰੇ ਤੇਰੇ ਵਰਗੇ ਨਿਡਰ ਨਹੀਂ ਹੁੰਦੇ।" ਅਚਾਨਕ ਭਾਬੀ ਦੀ ਮੋਹ ਤੇ ਰੋਸ ਭਿੱਜੀ ਆਵਾਜ਼ ਗੂੰਜੀ। ਫੇਰ ਉਹ ਰੋਸ ਵਜੋਂ ਉਠ ਕੇ ਅੰਦਰ ਚਲੀ ਗਈ। ਮਜ਼ਾਕ ਦਾ ਮਾਹੌਲ ਯਕਦਮ ਖ਼ਤਮ ਹੋ ਗਿਆ। ਅੰਮ੍ਰਿਤ ਦਾ ਖਿੜਿਆ ਖਿੜਿਆ ਚਿਹਰਾ ਮੁਰਝਾ ਜਿਹਾ ਗਿਆ ਸੀ---ਕਮਰੇ ਵਿਚ ਚੁੱਪ ਭਰ ਗਈ ਸੀ।

***
ਅੰਕਿਤ ਉਹਨਾਂ ਦਾ ਇਕਲੌਤਾ ਬੱਚਾ ਸੀ। ਇੰਟਰਮੀਡੀਅਟ ਤਕ ਚੰਡੀਗੜ੍ਹ ਵਿਚ ਹੀ ਪੜ੍ਹਿਆ ਸੀ ਤੇ ਅੱਗੇ ਪੜ੍ਹਾਈ ਲਈ ਵੀ ਉਸਨੇ ਉੱਥੇ ਹੀ ਦਾਖ਼ਲਾ ਲੈ ਲਿਆ ਸੀ। ਇਸੇ ਦੌਰਾਨ ਇੰਜੀਨੀਅਰ ਦੀ ਪ੍ਰਤੀਯੋਗਤਾ ਵਿਚ ਵੀ ਸਫਲ ਹੋ ਗਿਆ ਸੀ। ਉਦੋਂ ਹਾਲਾਤ ਏਨੇ ਖ਼ਰਾਬ ਨਹੀਂ ਸਨ। ਫੇਰ ਅਚਾਨਕ ਹਾਲਾਤ ਤੇਜ਼ੀ ਨਾਲ ਬਦਲਨੇ ਸ਼ੁਰੂ ਹੋ ਗਏ। ਆਪਰੇਸ਼ਨ ਬਲਿਊ ਸਟਾਰ, ਪ੍ਰਧਾਨ ਮੰਤਰੀ ਦੀ ਹੱਤਿਆ, ਦਿੱਲੀ-ਦੰਗੇ, ਲੌਂਗੋਵਾਲ ਦੀ ਸ਼ਹਾਦਤ ! ਉਸ ਪਿੱਛੋਂ ਹਿੰਸਕ ਵਾਰਦਾਤਾਂ ਹਰ ਰੋਜ਼ ਦੀ ਗੱਲ ਬਣ ਕੇ ਰਹਿ ਗਈਆਂ।
ਪੰਜਾਬ ਦੇ ਵਿਗੜੇ ਹੋਏ ਮਾਹੌਲ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਭਾਬੀ ਡਰੀ-ਸਹਿਮੀ ਰਹਿੰਦੀ। ਸਵੇਰੇ ਉਠਦਿਆਂ ਹੀ ਅਖ਼ਬਾਰ ਦੀਆਂ ਮੋਟੀਆਂ-ਮੋਟੀਆਂ ਸੁਰਖ਼ੀਆਂ ਦੇਖਦੀ, ਸਵੇਰ ਦੀਆਂ ਖ਼ਬਰਾਂ ਸੁਣਦੀ ਤੇ ਰਾਤ ਦਾ ਅਖ਼ੀਰਲਾ ਬੁਲਿਟਨ ਸੁਣ ਕੇ ਹੀ ਸੌਂ ਸਕਦੀ। ਚੰਡੀਗੜ੍ਹ ਵਿਚ ਕੋਈ ਹਿੰਸਕ ਵਾਰਦਾਤ ਨਹੀਂ ਹੋਈ ਹੈ, ਜਾਣ ਕੇ ਉਹ ਇਕ ਦਿਨ ਲਈ ਨਿਸ਼ਚਿੰਤ ਹੋ ਜਾਂਦੀ। ਪਰ ਅਗਲੇ ਦਿਨ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ। ਰਿਸ਼ਤੇਦਾਰ ਤੇ ਜਾਣ-ਪਛਾਣ ਵਾਲੇ ਅੱਡ ਦੁਖੀ ਕਰੀ ਰੱਖਦੇ। ਉਹਨਾਂ ਸਾਰਿਆਂ ਦੀਆਂ ਨਜ਼ਰਾਂ ਵਿਚ ਉਹ ਮਾਂ ਨਹੀਂ, ਡੈਣ ਸੀ---ਜਿਸਨੇ ਸਭ ਕੁਝ ਜਾਣਦਿਆਂ-ਬੁਝਦਿਆਂ ਹੋਇਆਂ ਵੀ ਆਪਣੇ ਇਕਲੌਤੇ ਪੁੱਤਰ ਨੂੰ ਅੱਗ ਦੀਆਂ ਲਪਟਾਂ ਵਿਚ ਝੋਕਿਆ ਹੋਇਆ ਸੀ।
ਲੰਮੀ ਸੋਚ ਵਿਚਾਰ ਪਿੱਛੋਂ ਫੈਸਲਾ ਹੋਇਆ ਕਿ ਇਕ ਕੇਂਦਰੀ ਮੰਤਰੀ, ਜਿਹੜੇ ਨੇੜੇ ਦੇ ਰਿਸ਼ਤੇਦਾਰ ਹਨ, ਨੂੰ ਕਹਿ ਕੇ ਅੰਕਿਤ ਦੀ ਬਦਲੀ ਆਪਣੇ ਸੂਬੇ ਦੇ ਇੰਜੀਨੀਅਰ ਕਾਲਜ ਵਿਚ ਕਰਵਾ ਲਈ ਜਾਏ। ਪਰ ਇਹ ਸੁਝਾਅ ਸੁਣ ਕੇ ਅੰਕਿਤ ਹਿਰਖ ਕੇ ਪਿਆ ਸੀ, "ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਓ ਮੰਮੀ ! ਖਾਲਿਸਤਾਨ ਦੇ ਵਜੂਦ ਉੱਤੇ ਮੇਰਾ ਠੱਪਾ ਲਗਵਾਉਣਾ ਚਾਹੁੰਦੇ ਓ, ਤੁਸੀਂ ?"
ਇਹ ਗੁੱਝੀ ਗੱਲ ਭਾਬੀ ਦੀ ਸਮਝ ਵਿਚ ਨਹੀਂ ਸੀ ਆਈ।
ਅੰਕਿਤ ਨੇ ਸਮਝਾਇਆ, "ਅੱਤਵਾਦੀਆਂ ਦਾ ਇਹੀ ਮੰਤਵ ਹੈ। ਪੰਜਾਬ ਵਿਚ ਐਨੇ ਹਿੰਦੂ ਮਾਰੋ, ਅਜਿਹਾ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਦਿਓ ਕਿ ਹਿੰਦੂ ਆਪਣੇ ਆਪ ਪੰਜਾਬ ਛੱਡ ਕੇ ਭੱਜ ਜਾਣ। ਹਿੰਦੂ ਭੱਜਣਗੇ ਤਾਂ ਪ੍ਰਤੀਕ੍ਰਿਆ ਪੂਰੇ ਫ਼ਿਰਕੇ ਵਿਚ ਹੋਏਗੀ। ਪੂਰੇ ਦੇਸ਼ ਵਿਹ ਹਿੰਦੂ-ਸਿੱਖ ਦੰਗੇ ਹੋ ਜਾਣਗੇ। ਦੇਸ਼ ਦੇ ਹਰੇਕ ਹਿੱਸੇ ਵਿਚ ਵੱਸਣ ਵਾਲੀ ਸਿੱਖ ਆਬਾਦੀ ਪੰਜਾਬ ਵਿਚ ਸਿਮਟ ਆਏਗੀ ਤੇ ਜਿਸ ਦਿਨ ਇੰਜ ਹੋਇਆ, ਖਾਲਿਸਤਾਨ ਉਸੇ ਦਿਨ ਬਣ ਜਾਏਗਾ।…ਤੇ ਹੁਣ ਤਾਂ ਉਹ ਚੰਡੀਗੜ੍ਹ ਵੀ ਨਹੀਂ ਮੰਗਦੇ।"
"ਤੂੰ ਸਮਝਦਾ ਏਂ, ਖਾਲਿਸਤਾਨ ਦਾ ਵਜੂਦ ਤੇਰੇ ਚੰਡੀਗੜ੍ਹ ਵਿਚ ਰਹਿਣ ਜਾਂ ਨਾ ਰਹਿਣ ਉੱਤੇ ਨਿਰਭਰ ਕਰਦਾ ਹੈ ?" ਉਸਨੇ ਦਲੀਲ ਦਿੱਤੀ।
"ਤੁਸੀਂ ਪੜ੍ਹੇ-ਲਿਖੇ ਓ, ਜ਼ਿੰਮੇਵਾਰ ਆਦਮੀ ਓ, ਤੇ ਤੁਹਾਡੇ ਸੋਚਣ ਦਾ ਇਹ ਸਤਰ ਹੈ !" ਅੰਕਿਤ ਹਿਰਖ ਗਿਆ ਸੀ, "ਚੰਡੀਗੜ੍ਹ ਵਿਚ ਮੇਰੇ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ---ਗੱਲ ਸਿਧਾਂਤ ਦੀ ਹੈ। ਤੁਸੀਂ ਲੋਕ ਜਾਣਦੇ-ਬੁੱਝਦੇ ਹੋਏ ਵੀ ਇਹ ਚਾਹੁੰਦੇ ਓ ਕਿ ਮੈਂ ਅੱਤਵਾਦੀਆਂ ਦਾ ਮੋਹਰਾ ਬਣ ਜਾਵਾਂ। ਅਣਜਾਣੇ ਤੌਰ 'ਤੇ ਹੀ ਸਹੀ ਪਰ ਉਹ ਕਰਾਂ ਜੋ ਉਹ ਚਾਹੁੰਦੇ ਨੇ, ਜੋ ਉਹਨਾਂ ਦੀ ਇੱਛਾ ਹੈ। ਖਾਲਿਸਤਾਨ ਕਦੇ ਨਹੀਂ ਬਣੇਗਾ---ਪਰ ਜੇ ਕਦੀ ਬਣ ਵੀ ਗਿਆ ਤਾਂ ਮੈਂ ਸਾਰੀ ਉਮਰ ਆਪਣੇ-ਆਪ ਨੂੰ ਮੁਆਫ਼ ਨਹੀਂ ਕਰ ਸਕਾਂਗਾ ਕਿ ਖਾਲਿਸਤਾਨ ਦੇ ਹੱਕ ਵਿਚ ਇਕ ਵੋਟ ਮੇਰੀ ਵੀ ਸੀ।"
ਰੋਸ ਵੱਸ ਉਹ ਉਠ ਕੇ ਖੜ੍ਹਾ ਹੋ ਗਿਆ ਸੀ ਤੇ ਭਾਬੀ ਵੱਲ ਭੌਂ ਕੇ ਬੋਲਿਆ ਸੀ, "ਪਾਪ ਨੂੰ ਕਹਿ ਦੇਣਾ ਕਿ ਉਹ ਅਜਿਹੀ ਕੋਈ ਪੈਰਵੀ ਨਾ ਕਰਨ---ਮੈਂ ਇੰਜਨੀਅਰਿੰਗ ਦੀ ਪੜਾਈ ਛੱਡ ਦਿਆਂਗਾ ਪਰ, ਚੰਡੀਗੜ੍ਹ ਛੱਡ ਕੇ ਕਿਤੇ ਨਹੀਂ ਜਾਵਾਂਗਾ।"
ਭਾਬੀ ਗੂੰਗਿਆਂ ਵਾਂਗ ਬੈਠੀ ਬਾਹਰ ਜਾ ਰਹੇ ਅੰਕਿਤ ਦੀ ਪਿੱਠ ਵੱਲ ਦੇਖਦੀ ਰਹੀ। ਆਪਣੀ ਹਾਰ ਵਿਚ ਵੀ ਉਸਨੂੰ ਇਕ ਅਜੀਬ ਜਿਹਾ ਸੁਖ ਮਹਿਸੂਸ ਹੋ ਰਿਹਾ ਸੀ। ਅੰਕਿਤ ਦੀ ਸੋਚ ਉੱਤੇ ਮਾਣ ਮਹਿਸੂਸ ਹੋ ਰਿਹਾ ਸੀ।

***
ਅੰਕਿਤ ਦੀਆਂ ਹਦਾਇਤਾਂ ਆਧਾਰਹੀਣ ਨਹੀਂ ਹੋ ਸਕਦੀਆਂ। ਉਸਨੇ ਘੜੀ ਦੇਖੀ, ਬੱਸ ਦੇ ਤੁਰਨ ਦਾ ਟਾਈਮ ਹੋ ਚੱਲਿਆ ਸੀ। ਰੇਸਤਰਾਂ ਦੀਆਂ ਪੌੜੀਆਂ ਉਤਰ ਕੇ ਉਹ ਹੇਠਾਂ ਆ ਗਿਆ। ਬੁੱਕ ਸਟਾਲ ਤੋਂ ਇਕ ਰਸਾਲਾ ਖ਼ਰੀਦ ਕੇ ਬੱਸ ਵੱਲ ਤੁਰ ਪਿਆ।
ਵਧੇਰੇ ਯਾਤਰੀ ਬੱਸ ਵਿਚ ਆਪਣੀਆਂ ਸੀਟਾਂ ਲੈ ਚੁੱਕੇ ਸਨ। ਟਿਕਟ ਉੱਤੇ ਉਸਨੇ ਆਪਣੀ ਸੀਟ ਦਾ ਨੰਬਰ ਦੇਖਿਆ। ਉਸਦੀ ਸੀਟ ਬੱਸ ਦੇ ਦਰਵਾਜ਼ੇ ਦੇ ਐਨ ਸਾਹਮਣੇ ਖਿੜਕੀ ਦੇ ਨਾਲ ਵਾਲੇ ਪਾਸੇ ਸੀ। ਨਾਲ ਦੀ ਸੀਟ ਉੱਤੇ ਇਕ ਉੱਚਾ ਲੰਮਾ ਤੇ ਨਰੋਆ ਸਿੱਖ ਨੌਜਵਾਨ ਬੈਠਾ ਸੀ।
ਹਰਿਆਨਾ ਪੁਲਿਸ ਦੇ ਦੋ ਹਥਿਆਰਬੰਦ ਸੁਰੱਖਿਆ ਗਾਰਡ ਬੱਸ ਵਿਚ ਚੜ੍ਹ ਆਏ ਤੇ ਸ਼ੱਕੀ-ਤਿੱਖਆਂ ਅੱਖਾਂ ਨਾਲ ਮੁਸਾਫਰਾਂ ਤੇ ਸਾਮਾਨ ਦਾ ਮੁਆਇਨਾ ਕਰਕੇ ਹੇਠਾਂ ਉਤਰ ਗਏ। ਤਿੰਨ ਵੱਜਣ ਵਿਚ ਦੋ ਮਿੰਟ ਰਹਿੰਦੇ ਸਨ। ਬੱਸ ਡਰਾਈਵਰ ਆਪਣੀ ਸੀਟ ਉੱਤੇ ਬੈਠ ਚੁੱਕਿਆ ਸੀ ਤੇ ਹਾਰਨ ਵਜਾ ਰਿਹਾ ਸੀ।
ਉਦੋਂ ਹੀ ਉਸਦੇ ਨਾਲ ਬੈਠੇ ਸਿੱਖ ਨੌਜਵਾਨ ਨੂੰ ਬੱਸ ਕੰਡਕਟਰ ਨੇ ਹੇਠਾਂ ਉਤਰ ਆਉਣ ਦਾ ਇਸ਼ਾਰਾ ਕੀਤਾ। ਉਹ ਬੱਸ ਵਿਚੋਂ ਉਤਰ ਗਿਆ। ਉਸਦੇ ਤੁਰੰਤ ਬਾਅਦ ਬੱਸ ਦੇ ਸਾਰੇ ਮੁਸਾਫਰ ਫਟਾ-ਫਟ ਹੇਠਾਂ ਉਤਰਨ ਲੱਗ ਪਏ, ਜਿਵੇਂ ਬੱਸ ਵਿਚ ਬੰਬ ਰੱਖਿਆ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੋਵੇ। ਉਹ ਵੀ ਹੇਠਾਂ ਉਤਰ ਆਇਆ। ਉੱਥੇ ਖਾਸੀ ਭੀੜ ਇਕੱਠੀ ਹੋਈ-ਹੋਈ ਸੀ। ਵਿਚਾਕਰ ਲੱਕੜੀ ਦੀ ਇਕ ਵੱਡੀ ਸਾਰੀ ਸੀਲ ਬੰਦ ਪੇਟੀ ਪਈ ਹੋਈ ਸੀ, ਜਿਸਨੂੰ ਸੁਰੱਖਿਆ ਗਾਰਡਜ਼ ਨੇ ਲਗੇਜ਼-ਬਾਕਸ ਵਿਚੋਂ ਹੇਠਾਂ ਉਤਾਰ ਲਿਆ ਸੀ ਤੇ ਉਸਦੀਆਂ ਮੇਖਾਂ ਉਖਾੜਨ ਲਈ ਕਹਿ ਰਹੇ ਸਨ। ਪ੍ਰੇਸ਼ਾਨ ਹੋਇਆ ਸਿੱਖ ਨੌਜਵਾਨ ਉਹਨਾਂ ਨੂੰ ਰੋਕ ਰਿਹਾ ਸੀ ਤੇ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫੇਰ ਉਸਨੇ ਆਪਣਾ ਵਿਜ਼ਟਿੰਗ ਕਾਰਡ ਕੱਢ ਕੇ ਉਹਨਾਂ ਨੂੰ ਦਿਖਾਇਆ, ਪਰ ਉਸਦਾ ਕੋਈ ਅਸਰ ਨਾ ਹੋਇਆ। ਫੇਰ ਰੋਅਬ ਪਾਉਣ ਲਈ ਅੰਗਰੇਜ਼ੀ ਵਿਚ ਉਸਨੇ ਆਪਣੀ ਜਾਣ-ਪਛਾਣ ਕਰਵਾਈ, "ਆਈ 'ਮ ਪਰਚੇਜ਼ਿੰਗ ਆਫ਼ਿਸਰ ਇਨ ਪੰਜਾਬ ਨੈਸ਼ਨਲ ਫਰਟਿੱਲਾਇਜ਼ਰ ਕਾਰਪੋਰੇਸ਼ਨ। ਪੇਟੀ ਇਜ਼ ਕੈਰਿੰਗ ਨਥਿੰਗ ਬਟ ਸਪੇਅਰ ਪਾਰਟਸ, ਪਰਚੇਜ਼ਿੰਗ ਪੇਪਰਜ਼ ਆਰ ਵਿੱਦ।"
"ਇਹ ਗਿਟਪਿਟ ਆਪਣੇ ਮਾਲਕਾਂ ਨੂੰ ਸੁਣਾਵੀਂ," ਇਕ ਸੁਰੱਖਿਆ ਕਰਮਚਾਰੀ ਨੇ ਉਜੱਡਪੁਣੇ ਨਾਲ ਕਿਹਾ, "ਪੇਟੀ ਖੋਲ੍ਹ ਕੇ ਚੈਕ ਕਰਾਉਣੀ ਈ ਪਏਗੀ, ਤੈਨੂੰ।"
ਸਿੱਖ ਨੌਜਵਾਨ ਦਾ ਮੂੰਹ ਲਾਲ ਹੁੰਦਾ ਜਾ ਰਿਹਾ ਸੀ। ਭੀੜ ਵੱਲ ਉਸਨੇ ਮਾਯੂਸ ਜਿਹੀਆਂ ਨਜ਼ਰਾਂ ਨਾਲ ਦੇਖਿਆ, ਜਿਸ ਵਿਚ ਵਧੇਰੇ ਉਸਦੇ ਨਾਲ ਦੇ ਮੁਸਾਫਰ ਹੀ ਸਨ, ਕੁਝ ਸਿੱਖ ਵੀ ਸਨ---ਪਰ ਉਸਦੀ ਮਜ਼ਬੂਰੀ ਭਰੀ ਸ਼ਰਮਨਾਕ ਸਥਿਤੀ ਪ੍ਰਤੀ ਕਿਸੇ ਦੀਆਂ ਅੱਖਾਂ ਵਿਚ ਹਮਦਰਦੀ ਨਹੀਂ ਦੀ ਨਿੱਕੀ ਜਿਹੀ ਝਲਕ ਵੀ ਨਹੀਂ ਸੀ। ਖ਼ੁਦ ਉਸਦੇ ਚਿਹਰੇ ਉੱਤੇ ਵੀ ਨਹੀਂ।
"ਪੇਪਰ ਤਾਂ ਦੇਖ ਲਓ ਜੀ।" ਹੋਰ ਕੋਈ ਚਾਰਾ ਨਾ ਦੇਖ ਕੇ ਉਸਨੇ ਸੁਰੱਖਿਆ ਗਾਰਦ ਵਾਲਿਆਂ ਦੀ ਮਿੰਨਤ ਜਿਹੀ ਕੀਤੀ ਤੇ ਮੁੜੇ-ਤੁੜੇ ਕਾਗਜ਼ ਚੁੱਕ ਲਿਆਉਣ ਲਈ ਬੱਸ ਵੱਲ ਅਹੁਲਿਆ।
ਉਸਦੇ ਦਿਮਾਗ਼ ਵਿਚ ਇਕ ਹੋਰ ਘਟਨਾਂ ਘੁੰਮਣ ਲੱਗੀ, ਜਿਹੜੀ ਇਸੇ ਸਫ਼ਰ ਦੌਰਾਨ ਮੁਗ਼ਲ ਸਰਾਏ ਦੇ ਸਟੇਸ਼ਨ ਉੱਤੇ ਵਾਪਰੀ ਸੀ।
ਪੰਜਾਬ ਮੇਲ ਤੁਰਨ ਵਿਚ ਪੰਜ ਕੁ ਮਿੰਟ ਰਹਿੰਦੇ ਸਨ, ਉਹ ਫਸਟ ਕਲਾਸ ਦੇ ਡੱਬੇ ਵਿਚ ਆਰਾਮ ਨਾਲ ਲੇਟਿਆ ਹੋਇਆ ਗੱਡੀ ਦੇ ਚੱਲਣ ਦੀ ਉਡੀਕ ਕਰ ਰਿਹਾ ਸੀ। ਅਚਾਨਕ ਨਾਲ ਵਾਲੇ ਥਰੀ ਟਾਇਰ ਦੇ ਡੱਬੇ ਅੱਗੇ ਭੀੜ ਦਾ ਰੌਲਾ ਸੁਣ ਕੇ ਉਹ ਪਲੇਟ ਫਾਰਮ ਉੱਤੇ ਉਤਰ ਗਿਆ।
ਮੈਲਾ ਪੈ ਚੁੱਕਿਆ, ਨੀਲੇ ਰੰਗ ਦਾ ਕੁਰਤਾ-ਪਾਜਾਮਾ ਪਾਈ ਇਕ ਪਗੜੀਧਾਰੀ ਸਿੱਖ ਨੌਜਵਾਨ ਤੇ ਹਥਿਆਬੰਦ ਪੁਲਸ ਦੇ ਜਵਾਨਾ ਦੇ ਆਲੇ-ਦੁਆਲੇ ਖਾਸੀ ਭੀੜ ਜੁੜੀ ਹੋਈ ਸੀ। ਸਿੱਖ ਨੌਜਵਾਨ ਦੇ ਨੇੜੇ ਹੀ ਉਸੇ ਵਰਗੇ ਲਿਬਾਸ ਵਿਚ ਚਾਰ-ਪੰਜ ਸਿੱਖ, ਬੇਬਸ ਜਿਹੇ ਖੜ੍ਹੇ ਹੋਏ ਸਨ। ਉਹਨਾਂ ਦੇ ਪਹਿਰਾਵੇ ਤੋਂ ਸਾਫ ਲੱਗ ਰਿਹਾ ਸੀ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਸਨੀਕ ਹਨ। ਸਿੱਖ ਨੌਜਵਾਨ ਨੇ ਪਾਜਾਮੇ ਦੇ ਉਪਰਲੇ ਹਿੱਸੇ ਨੂੰ, ਜਿੱਥੇ ਚੋਰ ਜੇਬ ਹੁੰਦੀ ਹੈ, ਆਪਣੇ ਹੱਥ ਦੀ ਮੁੱਠੀ ਵਿਚ ਘੁੱਟਿਆ ਹੋਇਆ ਸੀ। ਪੁਲਸ ਦੇ ਜਵਾਨ ਨੇ ਖੱਬੇ ਹੱਥ ਨਾਲ ਉਸਨੂੰ ਗਲਮੇਂ ਤੋਂ ਫੜ੍ਹਿਆ ਹੋਇਆ ਸੀ ਤੇ ਸੱਜੇ ਹੱਥ ਨਾਲ ਉਸਦੀ ਮੁੱਠੀ ਦੀ ਜਕੜ ਢਿੱਲੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੁੱਠੀ ਦੀ ਜਕੜ ਏਨੀ ਮਜ਼ਬੂਤ ਸੀ ਕਿ ਪੁਲਸ ਵਾਲੇ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਢਿੱਲੀ ਨਹੀਂ ਸੀ ਪਈ।
ਪੁਲਸ ਵਾਲੇ ਨੇ ਨੌਜਵਾਨ ਦੇ ਮੂੰਹ ਉੱਤੇ ਮੁੱਕਾ ਮਾਰਿਆ। ਉਹ ਬੌਂਦਲ ਗਿਆ, ਪਰ ਮੁੱਠੀ ਦੀ ਜਕੜ ਉਸਨੇ ਢਿੱਲੀ ਨਾ ਕੀਤੀ। ਉਸਦੇ ਬੁੱਲ੍ਹਾਂ ਵਿਚੋਂ ਖ਼ੂਨ ਵਗਣ ਲੱਗ ਪਿਆ ਸੀ---ਭੀੜ ਦੇ ਚਿਹਰੇ ਉੱਤੇ ਦਬਵਾਂ ਜਿਹਾ ਰੋਸ ਨਜ਼ਰ ਆਇਆ।
ਦੁਬਾਰਾ ਮੁੱਕਾ ਮਾਰਨ ਵਾਂਗ ਬਾਂਹ ਨੂੰ ਉਲਾਰਦਿਆਂ ਹੋਇਆਂ, ਪੁਲਸ ਵਾਲੇ ਨੇ ਕੜਕ ਕੇ ਕਿਹਾ, "ਬੰਦਿਆਂ ਵਾਂਗ ਛੱਡਦੈਂ ਕਿ ਆਵੇ ਇਕ ਹੋਰ ! ਐਸ ਵਾਰੀ ਸਿੱਧਾ ਪੰਜਾਬ ਜਾ ਕੇ ਡਿੱਗੇਂਗਾ।"
ਹੁਣ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਭੀੜ ਵਿਚ ਘੁਸਦਿਆਂ ਹੋਇਆਂ, ਰੋਅਬਦਾਰ ਆਵਾਜ਼ ਵਿਚ, ਉਸਨੇ ਪੁਲਸ ਵਾਲੇ ਨੂੰ ਕਿਹਾ, "ਯੂ ਕਾਂਟ ਟ੍ਰੀਟ ਹਿੰਮ ਲਾਈਕ ਦਿਸ। ਤੁਸੀਂ ਇੰਜ ਇਸਨੂੰ ਮਾਰ ਨਹੀਂ ਸਕਦੇ---ਕੀ ਕਸੂਰ ਏ ਇਸਦਾ ?"
ਪੁਸਲ ਵਾਲੇ ਨੇ ਉਸਨੂੰ ਕੋਈ ਮਹੱਤਵਪੂਰਨ ਅਧਿਕਾਰੀ ਸਮਝਿਆ ਹੋਏਗਾ। ਸਿੱਖ ਨੌਜਵਾਨ ਦਾ ਕਾਲਰ ਛੱਡਦਿਆਂ ਉਸਨੇ ਕਿਹਾ, "ਤਲਾਸ਼ੀ ਲੈ ਰਿਹਾ ਸਾਂ ਸਾਹਬ ! ਪਰ ਇਹ ਸਹੁਰਾ ਨਾਟਕ ਕਰ ਰਿਹੈ। ਲੱਕ ਨਾਲ ਪਤਾ ਨੀਂ ਕੀ ਬੰਨ੍ਹੀ ਫਿਰਦੈ…?"
"ਪੰਜਾਬੀਆਂ ਦਾ ਕੋਈ ਭਰੋਸਾ ਨਹੀਂ ਸਾਹਬ।" ਕੋਲ ਖੜ੍ਹੇ ਇਕ ਆਦਮੀ ਨੇ ਰਾਏ ਦੱਸੀ, "ਹੋ ਸਕਦਾ ਏ, ਬੰਬ-ਸ਼ੰਬ ਲਕੋਈ ਫਿਰਦਾ ਹੋਏ।"
ਇਕ ਸਿਆਣੀ ਉਮਰ ਦਾ ਸਿੱਖ ਉਸਦੇ ਨੇੜੇ ਸਰਕ ਆਇਆ ਤੇ ਟੁੱਟੀ-ਫੁੱਟੀ ਹਿੰਦੀ ਵਿਚ ਬੋਲਿਆ, "ਹਮ ਮੰਡੀ ਮੇਂ ਮਾਲ ਵੇਚ ਕਰ ਆ ਰਹੇ ਹੈਂ ਬਾਊਜੀ। ਰਿਜਰਵੇਸ਼ਨ ਹੋਇਆ ਹੁਆ ਹੈ, ਹਮ ਸਾਰਿਆਂ ਦਾ। ਬਲਬੀਰਾ ਆਪੇ ਹੀ ਨਿਕਾਲ ਕੇ ਦਿਖਾ ਰਿਹਾ ਥਾ। ਯੇ ਅੜ ਗਿਆ, ਖ਼ੁਦ ਹਾਥ ਡਾਲ ਕਰ ਨਿਕਾਲੇਂਗੇ। ਐਨੀ ਸੀ ਗੱਲ ਹੈ, ਬਾਊਜੀ।"
ਬਲਬੀਰੇ ਵੱਲ ਭੌਂ ਕੇ ਉਸਨੇ ਪੁੱਛਿਆ, "ਤੁਸੀਂ ਤਲਾਸ਼ੀ ਕਿਉਂ ਨਹੀਂ ਲੈਣ ਦੇਂਦੇ ?"
ਖ਼ੂਨ ਦੀ ਇਕ ਪਤਲੀ ਜਿਹੀ ਲਕੀਰ ਬਲਬੀਰੇ ਦੇ ਬੁੱਲ੍ਹਾਂ 'ਚੋਂ ਨਿਕਲ ਕੇ, ਠੋਡੀ ਤਕ ਪਹੁੰਚ ਚੁੱਕੀ ਸੀ। ਹੱਥ ਨਾਲ ਉਸਨੂੰ ਪੂੰਝਦਿਆਂ ਹੋਇਆਂ, ਦੋ ਉਂਗਲਾਂ ਨਾਲ ਉਸਨੇ ਜੇਬ ਵਿਚੋਂ ਜਿਹੜੀ ਚੀਜ਼ ਕੱਢੀ, ਉਹ ਇਕ ਆਮ ਜਿਹੀ ਘੜੀ ਸੀ।
ਪੁਲਸ ਵਾਲਾ ਚਲਾ ਗਿਆ। ਭੀੜ ਖਿੱਲਰਨ ਲੱਗੀ। ਉਸਨੇ ਉਸ ਸਿਆਣੀ ਉਮਰ ਦੇ ਸਿੱਖ ਤੋਂ ਪੁੱਛਿਆ, "ਇਹ ਤਲਾਸ਼ੀ ਕਿਉਂ ਨਹੀਂ ਦੇ ਰਿਹਾ ਸੀ ? ਘੜੀ ਸੀ, ਕੋਈ ਬੰਬ ਤਾਂ ਸੀ ਨਹੀਂ।"
ਜੋ ਉਸਨੇ ਦੱਸਿਆ ਸੀ, ਸੁਣ ਕੇ ਉਹ ਦੰਗ ਰਹਿ ਗਿਆ ਸੀ। ਦੱਸਿਆ ਸੀ, 'ਇਹ ਪੁਲਸ ਵਾਲੇ ਇੰਜ ਹੀ ਕਰਦੇ ਨੇ। ਬਕਸੇ-ਟਰੰਕ, ਖੁਲ੍ਹਾ-ਖੁਲ੍ਹਾਅ ਕੇ ਦੇਖਦੇ ਨੇ। ਕੋਈ ਕੀਮਤੀ ਚੀਜ਼ ਹੋਏ ਤਾਂ ਕੱਢ ਲੈਂਦੇ ਨੇ, ਪੈਸੇ ਵੀ ਨਹੀਂ ਛੱਡਦੇ ਜੀ। ਹੋਰ ਕੀ ਦੱਸਾਂ ! ਬਲਬੀਰੇ ਨੇ ਤਲਾਸ਼ੀ ਦੇ ਦਿੱਤੀ ਹੁੰਦੀ ਤਾਂ ਪੁਲਸ ਵਾਲਾ ਘੜੀ ਆਪਣੀ ਜੇਬ ਵਿਚ ਪਾ ਕੇ ਤੁਰ ਜਾਂਦਾ।'
ਹਰਾ ਸਿਗਨਲ ਹੋ ਗਿਆ ਸੀ। ਉਹ ਆਪਣੇ ਡੱਬੇ ਵੱਲ ਤੁਰ ਗਿਆ। ਉਸਦੇ ਨਾਲ ਵਾਲਾ ਮੁਸਾਫਰ ਖਿੜਕੀ ਵਿਚੋਂ ਹੀ ਇਹ ਸਾਰਾ ਤਮਾਸ਼ਾ ਦੇਖ ਰਿਹਾ ਸੀ। ਉਸਦੀਆਂ ਉਂਗਲਾਂ ਵਿਚ ਇਕ ਅੱਧੀ ਬਲ ਚੁੱਕੀ ਸਿਗਰੇਟ ਸੁਲਗ ਰਹੀ ਸੀ। ਅਜੀਬ ਜਿਹੀਆਂ ਨਜ਼ਰਾਂ ਨਾਲ ਉਸਨੇ ਮੇਰੇ ਦੇਖ ਕੇ ਸਲਾਹ ਦਿੱਤੀ, "ਅਜਿਹੇ ਝਗੜਿਆਂ 'ਚ ਨਹੀਂ ਪੈਣਾ ਚਾਹੀਦਾ ਜੀ।"
"ਕਿਉਂ ਨਹੀਂ ਪੈਣਾ ਚਾਹੀਦਾ ਜੀ?" ਉਸਨੇ ਰਤਾ ਤਿੱਖੀ ਆਵਾਜ਼ ਵਿਚ ਪੁੱਛਿਆ, "ਰਿਬੈਰੋ ਕਹਿੰਦਾ ਸੀ, ਸਿਰਫ ਤਿੰਨ ਸੌ ਅੱਤਵਾਦੀ ਬਚੇ ਨੇ। ਪੰਜ-ਦਸ ਰੋਜ਼ ਫੜ੍ਹੇ-ਮਾਰੇ ਜਾਂਦੇ ਨੇ, ਪਰ ਤਿੰਨ ਸੌ ਦੀ ਗਿਣਤੀ ਅਜੇ ਪੂਰੀ ਨਹੀਂ ਹੋਈ। ਜਾਣਦੇ ਓ, ਕਿਉਂ? ਉਸਦਾ ਕਾਰਨ ਹੈ, ਇਹ ਬੇਵਕੂਫ਼ ਲੋਕ ! ਕੱਲ੍ਹ ਇਹ ਲੋਕ ਆਪਣੇ ਘੇਰੇ ਵਾਪਸ ਜਾਣਗੇ। ਉੱਥੇ ਜਾ ਕੇ ਦੱਸਣਗੇ ਕਿ ਪੰਜਾਬ ਤੋਂ ਬਾਹਰ ਉਹਨਾਂ ਨਾਲ ਕੀ ਹੁੰਦਾ ਏ…ਕਿੰਜ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਸਲੂਕ ਕੀਤਾ ਜਾਂਦਾ ਏ, ਉਹਨਾਂ ਨਾਲ। ਇਹਨਾਂ ਸਾਰੀਆਂ ਗੱਲਾਂ ਦੀ ਪ੍ਰਤੀਕ੍ਰਿਆ ਨਹੀਂ ਹੋਏਗੀ ? ਇਹਨਾਂ ਦੇ ਯਾਰਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਆਂਢੀਆਂ-ਗੁਆਂਢੀਆਂ ਨੂੰ ਗੁੱਸਾ ਨਹੀਂ ਆਉਂਦਾ ਹੋਏਗਾ ? ਸ਼ਾਇਦ ਇਸੇ ਤਰ੍ਹਾਂ ਨਿੱਤ ਨਵੇਂ ਅੱਤਵਾਦੀ ਪੈਦਾ ਹੋ ਰਹੇ ਨੇ।"

***
ਸਿੱਖ ਨੌਜਵਾਨ ਇਕ ਪੂਰੀ ਫਾਈਲ ਹੀ ਚੁੱਕ ਲਿਆਇਆ ਸੀ, ਪਰ ਸੁਰੱਖਿਆ ਗਾਰਡਜ਼ ਨੇ ਉਸ ਫਾਈਲ ਵੱਲ ਦੇਖਿਆ ਤਕ ਨਹੀਂ। ਉਹ ਪੇਟੀ ਦਾ ਢੱਕਦ ਉਖਾੜਨ ਲੱਗ ਪਏ। ਸਿੱਪ ਨੌਜਵਾਨ ਨੱਬੇ ਦਾ ਕੋਨ ਬਣ ਕੇ ਉਸ ਪੇਟੀ ਉੱਤੇ ਝੁਕ ਗਿਆ।
ਸੁਰੱਖਿਆ ਗਾਰਡਜ਼ ਦਾ ਵਤੀਰਾ ਅਸਭਿਅ ਜ਼ਰੂਰ ਸੀ, ਪਰ ਉਹਨਾਂ ਦੀਆਂ ਹਰਕਤਾਂ ਉਸਨੂੰ ਨਾਜਾਇਜ਼ ਵੀ ਨਹੀਂ ਸਨ ਲੱਗੀਆਂ। ਦਿੱਲੀ ਵਿਚ ਹਰ ਜਗ੍ਹਾ ਇਸ਼ਤਿਹਾਰਾਂ ਦੀ ਸ਼ਕਲ ਵਿਚ ਲੱਗੀਆਂ ਉਹਨਾਂ ਅੱਤਵਾਦੀਆਂ ਦੀਆਂ ਤਸਵੀਰਾਂ ਉਸਦੇ ਦਿਮਾਗ਼ ਵਿਚ ਘੁੰਮ ਰਹੀਆਂ ਸਨ, ਜਿਹਨਾਂ ਉੱਤੇ ਇਨਾਮ ਸਨ ਤੇ ਪੁਲਸ ਸ਼ਿੱਦਤ ਨਾਲ ਜਿਹਨਾਂ ਦੀ ਭਾਲ ਕਰ ਰਹੀ ਸੀ। ਇਹਨਾਂ ਸਿੱਖਾਂ ਦੀਆਂ ਸ਼ਕਲਾਂ ਇਕੋ ਜਿਹੀਆਂ ਹੁੰਦੀਆਂ ਹਨ। ਕੀ ਪਤਾ, ਇਹ ਉਹਨਾਂ ਵਿਚੋਂ ਹੀ ਕੋਈ ਹੋਏ ਜਾਂ ਕੋਈ ਹੋਰ ਅੱਤਵਾਦੀ ਹੋਏ। ਵਿਜ਼ਟਿੰਗ ਕਾਰਡ ਦਾ ਕੀ ਹੈ ! ਪੇਟੀ ਵਿਚ ਵਿਸਫੋਟਕ ਸਮਗਰੀ ਜਾਂ ਰਾਈਫਲਾਂ ਦੇ ਵੱਖ ਕੀਤੇ ਹਿੱਸੇ ਵੀ ਹੋ ਸਕਦੇ ਹਨ। ਉਸਨੂੰ ਮਹਿਸੂਸ ਹੋਇਆ ਕਿ ਹੌਲੀ-ਹੌਲੀ ਉਹ ਵੀ ਇਕ ਘੜੀ-ਘੜਾਈ ਰਾਜਨੀਤਕ ਚਾਲ ਦਾ ਸ਼ਿਕਾਰ ਹੋ ਚੁੱਕਿਆ ਹੈ ਤੇ ਧਰਮ ਦੇ ਨਾਅਰੇ ਹੇਠ, ਹੋਰਨਾਂ ਮਿਸਕ-ਮੀਣਿਆ ਵਾਂਗ ਮਿਸਕ-ਮੀਣਾ ਤੇ ਹਠ-ਧਰਮੀ ਬਣ ਗਿਆ ਹੈ…ਪਰ ਉਸਨੂੰ ਜ਼ਰਾ ਵੀ ਜਲਾਲਤ (ਨਮੋਸ਼ੀ) ਮਹਿਸੂਸ ਨਹੀਂ ਹੋ ਰਹੀ ਸੀ। ਪਰ ਹੋਰ ਯਾਤਰੀਆਂ ਦੇ ਚਿਹਰਿਆਂ ਵੱਲ ਦੇਖ ਕੇ ਉਸਨੂੰ ਇੰਜ ਲੱਗਿਆ ਕਿ ਉਸ ਦੇ ਮਨ ਵਿਚ ਉਠ ਰਹੇ ਵਿਚਾਰ ਕੁਝ ਵੱਖਰੇ ਜ਼ਰੂਰ ਸਨ।
ਸਫਾਰੀ ਸੂਟ ਵਾਲੇ ਪੱਕੀ ਉਮਰ ਦੇ ਇਕ ਸੱਜਣ ਨੇ ਉਸ ਸਿੱਖ ਨੌਜਵਾਨ ਕੋਲ ਜਾ ਕੇ ਕਿਹਾ, "ਸਮਾਂ ਕਿਉਂ ਜਾਇਆ ਕਰ ਰਹੇ ਓ, ਲੈ ਲੈਣ ਦਿਓ ਤਲਾਸ਼ੀ, ਇਹਨਾਂ ਨੂੰ।"
"ਸੀਲ ਕਿੰਜ ਤੋੜਨ ਦਿਆਂ ਜੀ!" ਸਿੱਖ ਨੌਜਵਾਨ ਨੇ ਖੜ੍ਹਾ ਹੋ ਕੇ ਗੁਸੈਲੀ ਆਵਾਜ਼ ਵਿਚ ਕਿਹਾ, "ਮੇਰੇ ਉਪਰ ਵੀ ਕੋਈ ਹੈ ਕਿ ਨਹੀਂ। ਮੇਰੀ ਵੀ ਕੋਈ ਜ਼ਿੰਮੇਵਾਰੀ ਬਣਦੀ ਏ। ਕਹਿਣਗੇ ਸਾਰਾ ਮਾਲ ਡੁਪਲੀਕੇਟ ਹੈ…ਜਾਅਲੀ ਪੇਪਰ ਬਣਵਾ ਲਿਆਇਆ ਏ।"
"ਪੇਟੀ ਵਿਚ ਟਾਈਮ ਬੰਬ ਹੈ ?" ਭੀੜ ਦੇ ਪਿਛਲੇ ਪਾਸਿਓਂ ਕਿਸੇ ਨੇ ਉੱਚੀ ਆਵਾਜ਼ ਵਿਚ ਕਿਹਾ। ਅਗਲੇ ਕੁਝ ਪਲਾਂ ਵਿਚ ਹੀ ਪੇਟੀ ਦਾ ਢੱਕਣ ਵੱਖ ਹੋ ਗਿਆ।
ਪੇਟੀ ਵਿਚ ਸੱਚਮੁੱਚ ਸੁਚੱਜੇ ਢੰਗ ਨਾਲ ਪੈਕ ਕੀਤੇ ਹੋਏ, ਮਸ਼ੀਨਾਂ ਦੇ ਛੋਟੇ-ਵੱਡੇ, ਕਲ-ਪੁਰਜੇ ਹੀ ਸਨ। ਸੁਰੱਖਿਆ ਗਾਰਡਜ਼ ਨੇ ਇਕ ਇਕ ਪੈਕੇਟ ਖੋਹਲ ਸੁੱਟਿਆ ਸੀ। ਆਪਣੇ ਕੀਤੇ ਉੱਤੇ ਉਹਨਾਂ ਨੇ ਕੋਈ ਦੁੱਖ ਵੀ ਪ੍ਰਗਟ ਨਹੀਂ ਸੀ ਕੀਤਾ, ਪੇਟੀ ਉੱਤੇ ਵੱਖ ਹੋ ਚੁੱਕਿਆ ਢੱਕਣ ਸੁੱਟ ਦਿੱਤਾ। ਤੇ ਪੇਟੀ ਨੂੰ ਚੁੱਕ ਕੇ ਉਸੇ ਅਸਤ-ਵਿਅਸਤ ਹਾਲਤ ਵਿਚ ਲਗੇਜ਼-ਬਾਕਸ ਵਿਚ ਵਾਪਸ ਸੁੱਟ ਦਿੱਤਾ।
ਹਿਰਖ ਤੇ ਰੋਸ ਵਜੋਂ ਲਾਲ ਹੋਏ ਚਿਹਰੇ ਵਾਲਾ ਉਹ ਸਿੱਖ ਨੌਜਵਾਨ ਭਰਿਆ-ਪੀਤਾ ਖੜ੍ਹਾ ਸੀ।
ਬੱਸ, ਅੱਧਾ ਘੰਟਾ ਲੇਟ ਹੋ ਚੁੱਕੀ ਸੀ। ਕੰਡਕਟਰ ਦੀ ਸੀਟੀ ਸੁਣਾਈ ਦਿੱਤੀ। ਡਰਾਈਵਰ ਨੇ ਬੱਸ ਦਾ ਇੰਜਨ ਸਟਾਰਟ ਕਰ ਦਿੱਤਾ। ਪਸੀਨੇ ਵਿਚ ਤਰ ਅੱਕੇ ਹੋਏ ਚਿਹਰੇ ਲਈ ਸਵਾਰੀਆਂ ਬੱਸ ਵਿਚ ਸਵਾਰ ਹੋਣ ਲੱਗੀਆਂ। ਸਿੱਖ ਨੌਜਵਾਨ ਉਸਦੇ ਨਾਲ ਵਾਲੀ ਸੀਟ ਉੱਤੇ ਆ ਬੈਠਾ। ਉਸਦਾ ਚਿਹਰਾ ਘੁਮਿਆਰ ਦੀ ਆਵੀ ਵਾਂਗ ਭਖ਼ ਰਿਹਾ ਸੀ…ਅੰਦਾਜ਼ਾ ਲਾਉਣਾ ਮੁਸ਼ਕਿਲ ਸੀ, ਅੰਦਰਲੀ ਅੱਗ ਕਿੰਨੀ ਤੇਜ਼ ਹੋਏਗੀ, ਪਰ ਉਸ ਕੋਲ ਉਸ ਲਈ ਹਮਦਰਦੀ ਦਾ ਇਕ ਸ਼ਬਦ ਵੀ ਨਹੀਂ ਸੀ। ਉਸਦੀ ਹੋਂਦ ਸਦਕਾ ਉਸਨੂੰ ਬੇਚੈਨੀ ਜਿਹੀ ਹੋ ਰਹੀ ਸੀ। ਜੇ ਉਸਨੇ ਢੰਗ ਨਾਲ ਤਲਾਸ਼ੀ ਲੈ ਲੈਣ ਦਿੱਤੀ ਹੁੰਦੀ ਤਾਂ ਬੱਸ ਏਨੀ ਲੇਟ ਨਾ ਹੋਈ ਹੁੰਦੀ। ਹੁਣ ਤਾਂ ਹਨੇਰਾ ਹੋਣ ਤੋਂ ਪਹਿਲਾਂ ਚੰਡੀਗੜ੍ਹ ਪਹੁੰਚਣ ਬਾਰੇ ਸੋਚਣਾ ਹੀ ਫਜ਼ੂਲ ਸੀ…ਤੇ ਪੰਜਾਬ ਵਿਚ ਹਨੇਰੇ ਦਾ ਸਫ਼ਰ, ਮੌਤ ਦਾ ਸਫ਼ਰ ਮੰਨਿਆਂ ਜਾਂਦਾ ਹੈ।

***
ਬੱਸ ਅੰਬਾਲੇ ਵਿਚ ਸਿਰਫ ਦਸ ਮਿੰਟ ਰੁਕੀ ਸੀ। ਸੜਕ ਦੇ ਦੋਏ ਪਾਸੇ ਛਾਂ-ਦਾਰ ਰੁੱਖ ਸਨ। ਸੂਰਜ ਦਿਸਹੱਦੇ ਕੋਲ ਪਹੁੰਚ ਚੁੱਕਿਆ ਸੀ। ਪੀਲੀ, ਉਦਾਸ ਤੇ ਬਿਮਾਰ ਜਿਹੀ ਰੌਸ਼ਨੀ ਚਾਰੇ ਪਾਸੇ ਫੈਲੀ ਹੋਈ ਸੀ। ਰੁੱਖਾਂ ਦੇ ਪ੍ਰਛਾਵੇਂ ਲੰਮੇ, ਹੋਰ ਲੰਮੇ, ਹੁੰਦੇ ਜਾ ਰਹੇ ਸਨ। ਸੱਤਰ ਮਿੰਟ ਦੇ ਉਸ ਭਿਆਨਕ, ਦਹਿਸ਼ਤ ਭਰੇ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਸੀ ਸ਼ਾਇਦ !…ਜਿਸ ਤੋਂ ਬਚਣ ਦੀ ਅੰਕਿਤ ਨੇ ਖਾਸ ਹਦਾਇਤ ਦਿੱਤੀ ਸੀ।
"ਕੀ ਇਹ ਪੰਜਾਬ ਸ਼ੁਰੂ ਹੋ ਗਿਆ ਏ ?" ਉਸਨੇ ਸਿੱਖ ਨੌਜਵਾਨ ਤੋਂ ਪੁੱਛਿਆ।
"ਨਹੀਂ ਜੀ, ਅਜੇ ਤਾਂ ਹਰਿਆਨਾ ਏਂ। ਪੰਜਾਬ ਬਸ ਆਉਣ ਈ ਵਾਲਾ ਏ।" ਫੇਰ ਉਸਨੇ ਪੁੱਛਿਆ, "ਚੰਡੀਗੜ੍ਹ ਪਹਿਲੀ ਵੇਰ ਜਾ ਰਹੇ ਓ ?"
"ਹਾਂ, ਪਹਿਲੀ ਵੇਰ !" ਉਸਨੇ ਸਹਿਮੀ ਜਿਹੀ ਆਵਾਜ਼ ਵਿਚ ਉਤਰ ਦਿੱਤਾ।
ਸੁਰੱਖਿਆ ਗਾਰਡਜ਼ ਦੀ ਪਕੜ ਆਪਣੀਆਂ ਬੰਦੂਕਾਂ ਉੱਤੇ ਸਖ਼ਤ ਹੁੰਦੀ ਜਾ ਰਹੀ ਮਹਿਸੂਸ ਹੋਈ। ਉਹਨਾਂ ਦੀ ਅੱਖਾਂ ਦੀਆਂ ਪੁਤਲੀਆਂ ਸਥਿਰ ਤੇ ਸਿੱਧੀਆਂ ਦੇਖ ਰਹੀਆਂ ਸਨ। ਪਰ ਸੁਰੱਖਿਆ ਗਾਰਡਜ਼ ਨੂੰ ਦੇਖ ਕੇ ਜਿਹੜਾ ਹੌਸਲਾ ਪਹਿਲਾਂ ਉਸਦੇ ਮਨ ਨੂੰ ਹੋਇਆ ਸੀ, ਉਹ ਢੈਅ-ਢੇਰੀ ਹੋ ਚੁੱਕਿਆ ਸੀ। ਉਹਨਾਂ ਦੀ ਹੋਂਦ ਉਸਨੂੰ ਨਿਰ-ਅਰਥ ਜਿਹੀ ਲੱਗ ਰਹੀ ਸੀ---ਲੱਗਿਆ, ਇਕ ਮਨੋਵਿਗਿਆਨਕ ਤਸੱਲੀ ਦੇ ਸਿਵਾਏ, ਉਹਨਾਂ ਦੀ ਹੋਂਦ ਦਾ ਹੋਰ ਕੋਈ ਲਾਭ ਨਹੀਂ।
ਇਹ ਬੱਸ ਨਹੀਂ, ਮਕਤਲ ਹੈ।
ਦਿਮਾਗ਼ ਵਿਚ ਯਕਦਮ ਦਹਿਸ਼ਤ ਦੀ ਲਹਿਰ ਜਿਹੀ ਦੌੜ ਗਈ। ਅਖ਼ਬਾਰਾਂ ਵਿਚ ਪੜ੍ਹੀਆਂ ਖ਼ਬਰਾਂ, ਟੈਲੀਵਿਜ਼ਨ ਉੱਤੇ ਦੇਖੇ ਦ੍ਰਿਸ਼ ਫੇਰ ਸਾਕਾਰਹੋ ਕੇ ਅੱਖਾਂ ਅੱਗੇ ਘੁੰਮਣ ਲੱਗੇ। ਅੱਖਾਂ ਸਾਹਮਣੇ ਜਿਵੇਂ ਇਕ ਅਜੀਬ ਜਿਹੀ ਸਕਰੀਨ ਤਣ ਗਈ ਹੋਏ, ਜਿਸ ਉੱਤੇ ਆਉਣ ਵਾਲੇ ਸੰਕਟ ਦਾ ਹਰੇਕ ਦ੍ਰਿਸ਼ ਉਸਨੂੰ ਸਾਫ ਦਿਸ ਰਿਹਾ ਸੀ।
ਉਸਨੂੰ ਆਪਣੀ ਪਤਨੀ ਤੇ ਬੱਚੇ ਯਾਦ ਆਉਣ ਲੱਗ ਪਏ। ਰਿੰਕੂ-ਮਿੰਕੂ ਦੇ ਮਾਸੂਮ-ਭੋਲੇ ਚਿਹਰੇ, ਅੱਖਾਂ ਸਾਹਮਣੇ ਘੁੰਮਣ ਲੱਗੇ। ਦਸ ਸਾਲ ਦੀ ਨੌਕਰੀ ਵਿਚ ਨਾ ਤਾਂ ਉਸਨੇ ਕੋਈ ਜਾਇਦਾਦ ਬਣਾਈ ਸੀ ਤੇ ਨਾ ਹੀ ਕੋਈ ਖਾਸ ਬੈਂਕ ਬੈਲੇਂਸ ਹੀ ਸੀ। ਕੁਝ ਵੀ ਤਾਂ ਇਹੋ-ਜਿਹਾ ਨਹੀਂ ਸੀ ਉਸ ਕੋਲ ਜਿਹੜਾ ਉਸਦੀ ਮੌਤ ਪਿੱਛੋਂ ਉਸਦੇ ਪਰਿਵਾਰ ਨੂੰ ਕੋਈ ਠੋਸ ਆਰਥਕ-ਆਧਾਰ ਦੇ ਸਕੇ।…ਉਹ ਅਰਪਣਾ ਦੇ ਕੁਝ ਗਹਿਣੇ, ਪ੍ਰਾਵੀਡੇਂਟ ਫੰਡ, ਗਰੇਚੁਟੀ, ਬੀਮਾ ਤੇ ਬੱਚਤ-ਪੱਤਰਾਂ ਦੀ ਰਕਮ ਦਾ ਹਿਸਾਬ-ਕਿਤਾਬ ਲਾਉਣ ਲੱਗ ਪਿਆ। ਪਤਨੀ ਪੜ੍ਹੀ ਲਿਖੀ ਹੈ---ਪਰ ਇਕ ਬੇਸਹਾਰਾ ਔਰਤ ਦੀ ਸਮਾਜ ਵਿਚ ਹੈਸੀਅਤ ਕੀ ਹੁੰਦੀ ਹੈ ? ਕੀ ਰਿੰਕੂ-ਮਿੰਕੂ ਦੀ ਪੜ੍ਹਾਈ ਤੇ ਪਰਵਰਿਸ਼ ਠੀਕ ਢੰਗ ਨਾਲ ਹੋ ਸਕੇਗੀ ? ਜ਼ਿੰਦਗੀ ਵਿਚ ਪਹਿਲੀ ਵਾਰੀ ਉਸਨੂੰ ਮਹਿਸੂਸ ਹੋਇਆ, ਦੁਨੀਆਂ ਵਿਚ ਉਸਦਾ ਜਿਉਂਦੇ ਹੋਣਾ ਕਿੰਨਾਂ ਜ਼ਰੂਰੀ ਤੇ ਮਹਤੱਵਪੂਰਨ ਹੈ। ਉਹ ਰੋਣਹਾਕਾ ਜਿਹਾ ਹੋ ਗਿਆ। ਉਸਦੇ ਸਾਹਾਂ ਦੀ ਗਤੀ ਧੀਮੀ ਹੁੰਦੀ ਜਾ ਰਹੀ ਸੀ। ਸਰੀਰ ਠੰਡਾ ਪੈਣ ਲੱਗ ਪਿਆ ਸੀ।
ਉਸਦੀ ਉਹ ਦਸ਼ਾ ਹੋ ਗਈ ਸੀ ਜਿਹੜੀ ਕਿਸੇ ਤਾਕਤਵਰ ਵੈਰੀ ਨੂੰ ਦੇਖ ਕੇ, ਗੁੱਸੇ ਤੇ ਡਰ ਸਦਕਾ, ਕਿਸੇ ਮਾੜੇ ਆਦਮੀ ਦੀ ਹੋ ਜਾਂਦੀ ਹੈ। ਸਿਰ ਭੁਆਂ ਕੇ ਉਸਨੇ ਬੱਸ ਵਿਚ ਬੈਠੇ ਸਿੱਖ ਮੁਸਾਫਰਾਂ ਨੂੰ ਗਿਣਨਾ ਸ਼ੁਰੂ ਕਰ ਦਿੱਤਾ---ਇਕ, ਦੋ, ਤਿੰਨ, ਚਾਰ…ਚੌਦਾਂ ਪੱਗਾਂ ਨਜ਼ਰ ਆਈਆਂ। ਉਹਨਾਂ ਪ੍ਰਤੀ ਉਸਦਾ ਮਨ ਨਫ਼ਰਤ ਨਾਲ ਭਰ ਗਿਆ। ਇਹਨਾਂ ਨੂੰ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਣਾ ਪਏਗਾ, ਬਾਕੀ ਸਾਰੇ ਮਾਰੇ ਦਿੱਤੇ ਜਾਣਗੇ।
ਧਰਮ ਨਾਲ ਉਸਦਾ ਕੋਈ ਵਾਸਤਾ ਨਹੀਂ ਰਿਹਾ। ਉਹ ਕਦੀ ਮੰਦਰ ਨਹੀਂ ਗਿਆ। ਯਗ, ਹਵਨ, ਮੰਤਰ-ਉਚਾਰਨ ਵਿਚ ਉਸਨੂੰ ਕਦੀ ਵੀ ਦਿਲਚਸਪੀ ਨਹੀਂ ਹੋਈ, ਪਰ ਹੁਣ ਉਸਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਅਦਿੱਖ ਸ਼ਕਤੀ, ਝੰਜੋੜ-ਝੰਜੋੜ ਕੇ ਉਸਦੀ ਧਾਰਮਿਕ ਪ੍ਰਤੀਬੱਧਤਾ ਦਾ ਉਸਨੂੰ ਚੇਤਾ ਕਰਵਾ ਰਹੀ ਹੈ।…ਤੇ ਉਹ ਵੀ ਸ਼ਿੱਦਤ ਨਾਲ ਇਹ ਮਹਿਸੂਸ ਕਰ ਰਿਹਾ ਹੈ ਕਿ ਉਹ ਪੱਕਾ ਕਰਮ-ਕਾਂਢੀ, ਪਿੱਪਲ ਦੀ ਜੜ ਵਿਚ ਜਲ ਚੜ੍ਹਾਉਣ ਤੇ ਉਸ ਉਪਰ ਕੁੰਭ (ਪਾਣੀ ਦਾ ਘੜਾ) ਰੱਖਣ ਵਾਲਾ ਧਾਰਮਿਕ ਜੀਵ ਹੈ। ਪੌਂਗਾਪੰਥੀ-ਹਿੰਦੂ।
"ਇਹ ਲਾਲੜੂ ਏ ਜੀ।" ਸਿੱਖ ਨੌਜਵਾਨ ਦੀ ਆਵਾਜ਼ ਉਸਦੇ ਕੰਨਾਂ ਨਾਲ ਟਕਰਾਈ।
"ਲਾਲਰੂ !" ਉਸਨੇ ਆਪਣੀ ਕੰਬਦੀ ਆਵਾਜ਼ ਸੁਣੀ ਤੇ ਸੋਚ-ਸਾਗਰ ਵਿਚੋਂ ਬਾਹਰ ਆ ਕੇ ਖਿੜਕੀ 'ਚੋਂ ਬਾਹਰ ਦੇਖਣ ਲੱਗਿਆ।
ਸੂਰਜ ਡੁੱਬ ਚੁੱਕਿਆ ਸੀ। ਸੜਕ ਦੇ ਕਿਨਾਰੇ ਵੱਸੇ ਹੋਏ ਇਕ ਛੋਟੇ ਜਿਹੇ ਪਿੰਡ ਵਿਚਕਾਰੋਂ ਬੱਸ ਲੰਘ ਰਹੀ ਸੀ। ਕੱਚੀਆਂ-ਪੱਕੀਆਂ ਇੱਟਾਂ ਦੇ ਮਕਾਨ, ਸੜਕ ਦੇ ਨਾਲ ਨਾਲ ਬਣੇ ਛੋਟੇ-ਛੋਟੇ ਢਾਬੇ ਤੇ ਹੋਰ ਨਿੱਕੜ-ਸੁੱਕੜ ਦੀਆਂ ਦੁਕਾਨਾਂ। ਸੜਕ ਦੇ ਕਿਨਾਰੇ ਬਣੇ ਇਕ ਵੱਡੇ ਦਰਵਾਜ਼ੇ ਵਾਲੇ ਘਰ ਦੇ ਸਾਹਮਣੇ ਡੱਠੀ ਮੰਜੀ ਉੱਤੇ ਸਿਰ ਉੱਤੇ ਕੇਸਾਂ ਦੇ ਜੂੜੇ ਕਰੀ ਤੇ ਦਾੜ੍ਹੀਆਂ ਖੁੱਲ੍ਹੀਆਂ ਛੱਡੀ ਕੁਝ ਸਿੱਖ ਮਰਦ ਬੈਠੇ ਸਨ, ਜਿਹੜੇ ਕੰਮ ਤੋਂ ਆਏ ਕਿਸਾਨ ਜਾਪਦੇ ਸਨ। ਕੋਲ ਹੀ ਇਕ ਟਰੈਕਟਰ ਖੜ੍ਹਾ ਸੀ। ਘੁਸਮੁਸੇ ਦੇ ਚਾਨਣ ਵਿਚ ਪੂਰਾ ਲਾਲੜੂ ਇਕ ਅਜੀਬ ਜਿਹੀ ਰਹੱਸਮਈ ਤੇ ਖੌਫ਼ਨਾਕ ਭੇਦਭਰੀ ਚੁੱਪ ਵਿਚ ਲਿਪਟਿਆ ਹੋਇਆ ਸੀ। ਇੰਜ ਜਾਪਦਾ ਸੀ ਜਿਵੇਂ ਕੁਝ ਹੋਣ ਵਾਲਾ ਹੈ, ਪਰ ਕੀ ? ਪਤਾ ਨਹੀਂ ! ਤੇ ਉਹ ਅਚਾਨਕ ਹੀ ਆਪਣੀ ਪੂਰੀ ਭਿਆਨਕਤਾ ਨਾਲ ਵਾਪਰ ਸਕਦਾ ਹੈ।
"ਇਹ ਉਹ ਲਿੰਕ ਰੋਡ ਏ ਜੀ।" ਸਿੱਖ ਨੌਜਵਾਨ ਕਿਸੇ ਗਾਈਡ ਵਾਂਗ ਦੱਸ ਰਿਹਾ ਸੀ, "ਇਸੇ ਉੱਪਰ ਉਹ ਬੱਸ ਲੈ ਗਏ ਸਨ।"
ਇਕ ਪਤਲੀ ਕਾਲੀ ਸੜਕ ਦੂਰ ਤਕ ਸਿੱਧੀ ਲਿਟੀ ਹੋਈ ਸੀ। ਸ਼ਾਮ ਦੇ ਘੁਸਮੁਸੇ ਵਿਚ ਸੜਕ ਉਸਨੂੰ ਅਜਗਰ ਵਰਗੀ ਲੱਗੀ। ਪੂਰੇ ਸਰੀਰ ਵਿਚ ਭੈ ਦੀ ਲਹਿਰ ਦੌੜ ਗਈ। ਘਬਰਾ ਕੇ ਉਸਨੇ ਪੁੱਛਿਆ, "ਚੰਡੀਗੜ੍ਹ ਹੋਰ ਕਿੰਨੀ ਦੂਰ ਏ ?"
"ਵੀਹ-ਪੱਚੀ ਮਿੰਟ ਦਾ ਰਸਤਾ ਏ ਜੀ।"

***
ਚੰਡੀਗੜ੍ਹ ਦੀਆਂ ਝਿਲਮਿਲਾਉਂਦੀਆਂ ਬੱਤੀਆਂ ਦਿਸਣ ਲੱਗ ਪਈਆਂ ਸਨ।
ਸਿੱਖ ਨੌਜਵਾਨ ਅਚਾਨਕ ਖਿੜਕੀ ਵੱਲ ਝੁਕਿਆ। ਸਿਰ ਉੱਚਾ ਕਰਕੇ ਇਕ ਦੋ ਪਲ ਬਾਹਰ ਵੱਲ ਦੇਖਦਾ ਰਿਹਾ, ਫੇਰ ਉਂਗਲ ਨਾਲ ਉਸਦੇ ਮੋਢੇ ਨੂੰ ਛੂਹ ਕੇ ਬਾਹਰ ਦੇਖਣ ਦਾ ਇਸ਼ਾਰਾ ਕੀਤਾ।
ਸਾਹਮਣੇ ਇਕ ਅੰਗਰੇਜ਼ੀ ਅਖ਼ਬਾਰ ਦਾ ਦਫ਼ਤਰ ਸੀ। ਮੋਟੇ ਅਖ਼ਰਾਂ ਵਿਚ ਨਿਯਾਨ ਸਾਈਨ ਬੋਰਡ ਉੱਤੇ ਇਕ ਖ਼ਬਰ ਮੜ੍ਹੀ ਹੋਈ ਸੀ---'ਯੂ.ਪੀ. ਮਨਿਸਟਰ ਕਵਿਸਟ।' ਉਸਨੇ ਹੈਰਾਨੀ ਨਾਲ ਸਿੱਖ ਨੌਜਵਾਨ ਵੱਲ ਦੇਖਿਆ। ਉਸਦੇ ਬੁੱਲ੍ਹਾਂ ਉੱਤੇ ਇਕ ਮੋਹਕ ਮੁਸਕਾਨ ਚਿਪਕੀ ਹੋਈ ਸੀ। ਆਮ ਜਿਹੀ ਖ਼ਬਰ ਵਿਚ ਉਸਦੀ ਦਿਲਚਸਪੀ ਤੇ ਖੁਸ਼ੀ ਦੇ ਕਾਰਣ ਨੂੰ ਉਹ ਸਮਝ ਨਹੀਂ ਸੀ ਸਕਿਆ।
"ਜਦੋਂ ਦੀ ਇਹ ਡਿਸਟਰਬੈਂਸ ਸ਼ੁਰੂ ਹੋਈ ਏ, ਹਜ਼ਾਰਾਂ ਵਾਰੀ ਇਸ ਪਾਸਿਓਂ ਲੰਘਿਆ ਹੋਵਾਂਗਾ। ਅੱਜ ਪਹਿਲੀ ਵਾਰੀ ਮੈਂ ਇਕ ਅਜੀਬ ਖ਼ਬਰ ਦੇਖੀ ਏ, ਜਿਸ ਵਿਚ ਕਿਸੇ ਵਾਰਦਾਤ ਦਾ ਜ਼ਿਕਰ ਨਹੀਂ।" ਆਪਣੇ ਅੰਦਰ-ਦੀ ਖੁਸ਼ੀ ਨੂੰ ਉਹ ਨੌਜਵਾਨ ਕਿਵੇਂ ਵੀ ਛਿਪਾ ਨਹੀਂ ਸੀ ਸਕਿਆ। ਬੋਲਿਆ, "ਇਸ ਨੂੰ ਅਸੀਂ ਸਕੋਰ-ਬੋਰਡ ਕਹਿੰਦੇ ਆਂ---ਏਨੇ ਮਰੇ, ਏਨੇ ਮਾਰੇ ਗਏ। ਬਸ ਇਹੋ ਜਿਹੀਆਂ ਖ਼ਬਰਾਂ ਹੀ ਹੁੰਦੀਆਂ ਨੇ ਇਸ ਉੱਪਰ…ਤੰਗ ਆ ਗਏ ਆਂ ਜੀ।" ਉਹ ਠਹਾਕਾ ਮਾਰ ਕੇ ਹੱਸਿਆ, "ਚਲੋ, ਇਕ ਦਿਨ ਤਾਂ ਖਾਲੀ ਲੰਘਿਆ।"
ਸਿੱਖ ਨੌਜਵਾਨ ਵੱਲ ਉਸਨੇ ਗੌਰ ਨਾਲ ਦੇਖਿਆ। ਉਸਦੇ ਚਿਹਰੇ ਉੱਤੇ ਜੰਮੀ ਸੁਰਖ਼-ਕੁਸੈਲੀ ਲਾਲੀ ਦਾ ਹੁਣ ਕੋਈ ਆਸਾਰ ਹੀ ਨਹੀਂ ਸੀ। ਉਹ ਸੱਚਮੁੱਚ ਬੜਾ ਖੁਸ਼ ਨਜ਼ਰ ਆ ਰਿਹਾ ਸੀ।
ਓਪਰੇਪਨ ਦੀ ਕੰਧ ਢੈ ਗਈ। ਵਿਜ਼ਟਿੰਗ ਕਾਰਡਜ਼ ਦਾ ਵਟਾਂਦਰਾ ਹੋਇਆ। ਕੁਲਵੰਤ ਨਾਂ ਸੀ ਉਸਦਾ---ਖੁਸ਼ਮਿਜਾਜ਼, ਮਸਤ-ਮੌਲਾ ਆਦਮੀ। ਖਿੜਕੀ ਦੇ ਬਾਹਰ ਚੰਡੀਗੜ੍ਹ ਦੀਆਂ ਰੌਸ਼ਨ ਇਮਾਰਤਾਂ, ਖ਼ੂਬਸੂਰਤ ਸੜਕਾਂ ਲੰਘਦੀਆਂ ਰਹੀਆਂ, ਪਰ ਉਹ ਦੋਹੇਂ ਗੱਲਾਂ ਵਿਚ ਮਸਤ ਸਨ। ਹੱਸ ਰਹੇ ਸਨ, ਠਹਾਕੇ ਲਾ ਰਹੇ ਸਨ। ਲੰਮੇ ਸਫ਼ਰ ਦੇ ਸਾਥੀਆਂ ਵਾਂਗ, ਜਿਹੜੇ ਕਾਫ਼ੀ ਪੁਰਾਣੇ ਦੋਸਤ ਹੁੰਦੇ ਹਨ। ਕੁਲਵੰਤ ਪ੍ਰਤੀ ਉਸਨੂੰ ਇਕ ਅਪਣੱਤ ਜਿਹੀ ਮਹਿਸੂਸ ਹੋਣ ਲੱਗੀ। ਉਸਨੂੰ ਇਸ ਗੱਲ ਉੱਤੇ ਹੈਰਾਨੀ ਮਹਿਸੂਸ ਹੋਣ ਲੱਗੀ ਸੀ ਕਿ ਉਹ ਕਿਹੜੀ ਤਾਕਤ ਸੀ ਜਿਹੜੀ ਉਹਨਾਂ ਵਿਚਕਾਰ ਓਪਰੇਪਨ ਦੀ ਕੰਧ ਉਸਾਰ ਚੁੱਕੀ ਸੀ ਤੇ ਸਾਰੇ ਰਸਤੇ ਉਹ ਓਪਰੇ-ਬਿਗਾਨੇ ਬਣੇ ਰਹੇ ਸਨ। ਉਸਨੂੰ ਲੱਗਿਆ ਸਫ਼ਰ ਦੀ ਸ਼ੁਰੂਆਤ ਤਾਂ ਹੁਣ ਹੋਈ ਹੈ, ਪਰ ਕਿੰਨਾ ਛੋਟਾ ਜਿਹਾ ਸਫ਼ਰ ਹੈ ਇਹ।
ਬੱਸ ਅੱਡੇ ਉੱਤੇ ਉਤਰ ਕੇ ਕੁਲਵੰਤ ਨੇ ਇਕ ਆਟੋ ਰਿਕਸ਼ਾ ਵਾਲੇ ਨੂੰ ਬੁਲਾ ਕੇ ਉਸਦਾ ਪਤਾ ਵਗ਼ੈਰਾ ਸਮਝਾ ਦਿੱਤਾ, "ਸਾਡੇ ਸ਼ਹਿਰ ਵਿਚ ਤੁਸੀਂ ਨਵੇਂ ਓ ਜੀ। ਮੈਂ ਆਪ ਚਲਾ ਚੱਲਦਾ, ਪਰ ਇਹ ਟੁੱਟੀ ਪੇਟੀ ਮੇਰੇ ਨਾਲ ਏ। ਅੱਛਾ ਜੀ।" ਵਿਦਾਅ ਕਰਨ ਵਾਂਗ ਉਸਨੇ ਹੱਥ ਲਹਿਰਾਇਆ।
ਲੱਗਿਆ, ਉਸਦੇ ਸਰੀਰ ਉੱਤੇ ਹਜ਼ਾਰਾਂ ਹੰਟਰ ਮਾਰੇ ਜਾ ਰਹੇ ਹਨ। ਸ਼ਰਮਿੰਦੀ ਜਿਹੀ ਆਵਾਜ਼ ਵਿਚ ਉਸਨੇ ਕਿਹਾ, "ਤੁਹਾਡੇ ਨਾਲ ਬੜਾ ਘਟੀਆ ਸਲੂਕ ਹੋਇਆ, ਇਸਦਾ ਦੁੱਖ ਮੈਨੂੰ ਹਮੇਸ਼ਾ ਰਹੇਗਾ। ਉਹ ਬੇਹੁਰਮਤੀ ਸਿਰਫ ਤੁਹਾਡੀ ਹੀ ਨਹੀਂ ਮੇਰੀ ਵੀ ਸੀ।"
"ਕੋਈ ਗੱਲ ਨਹੀਂ ਜੀ…ਅੱਛਾ ਜੀ।" ਵਿਦਾਅ ਕਰਨ ਆਇਆਂ ਵਾਂਗ ਉਸਨੇ ਫੇਰ ਹੱਥ ਜੋੜ ਦਿੱਤੇ ਤੇ ਇਕ ਹੋਰ ਆਟੋ ਵਾਲੇ ਨੂੰ ਕੋਲ ਆਉਣ ਦਾ ਇਸ਼ਾਰਾ ਕੀਤਾ।

***
"ਤੇਰਾ ਇਹ ਸ਼ਹਿਰ ਜ਼ਰਾ ਵੀ ਪਸੰਦ ਨਹੀਂ ਆਇਆ ਮੈਨੂੰ।" ਉਸਨੇ ਅੰਕਿਤ ਨੂੰ ਕਿਹਾ, "ਜਿਧਰ ਦੇਖੋ ਸਿਰਫ ਲਾਲ-ਲਾਲ ਇਮਾਰਤਾਂ ਨਜ਼ਰ ਆਉਂਦੀਆਂ ਨੇ। ਇਕੋ ਜਿਹੀਆਂ ਸ਼ਕਲਾਂ ਵਾਲੀਆਂ ਇਮਾਰਤਾਂ, ਬਾਜ਼ਾਰ। ਹਾਂ…ਸੜਕਾਂ ਵਾਹਵਾ ਚੌੜੀਆਂ ਨੇ ਬਸ।"
"ਖਿੜਕੀ ਵਿਚੋਂ ਝਾਕ ਕੇ ਸ਼ਹਿਰ ਨਹੀਂ ਦੇਖੇ ਜਾਂਦੇ।" ਅੰਕਿਤ ਨੇ ਤੁਣਕ ਕੇ ਕਿਹਾ, "ਕੱਲ੍ਹ ਘੁਮਾਵਾਂਗਾ ਤੁਹਾਨੂੰ ਚੰਡੀਗੜ੍ਹ, ਫੇਰ ਦੇਖਣਾ।"
ਅੰਕਿਤ ਅਗਲੇ ਦਿਨ ਦਾ ਪ੍ਰੋਗ੍ਰਾਮ ਬਣਾਉਣ ਲੱਗ ਪਿਆ। ਬੋਲਿਆ, "ਪੰਜੌਰ ਗਾਰਡਨ ਤਾਂ ਸ਼ਾਮ ਨੂੰ ਚੱਲਾਂਗੇ। ਰਾਕ ਗਾਰਡਨ, ਸੁਖਨਾ ਲੇਕ, ਮਿਊਜ਼ੀਅਮ, ਜ਼ੂ, ਸੈਕਟਰ ਨਾਈਨ…"
"ਤੇ ਰੋਜ਼ ਗਾਰਡਨ ?" ਉਸਨੇ ਬੇਤਾਬੀ ਨਾਲ ਟੋਕਿਆ।
ਅੰਕਿਤ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ। ਫੇਰ ਕਿਹਾ, "ਰੋਜ਼ ਗਾਰਡਨ !" ਤੇ ਅਗਲੇ ਪਲ ਹੀ ਉਸਦੇ ਬੁੱਲ੍ਹਾਂ ਉੱਤੇ ਸ਼ਰਾਰਤੀ ਜਿਹੀ ਮੁਸਕਾਨ ਫੈਲ ਗਈ।
"ਉਹ ਵੀ ਦਿਖਾ ਦਿਆਂਗੇ, ਅਗਲੇ ਸਟਾਪ 'ਤੇ ਈ ਐ।…ਮਿਊਜ਼ੀਅਮ ਕੋਲ।"

***
ਅਗਸਤ ਦੀ ਚਿਪਚਿਪੀ ਹੁੰਮਸ ਕਰਕੇ ਬੁਰਾ ਹਾਲ ਸੀ। ਮਿਊਜ਼ੀਅਮ ਵਿਚੋਂ ਨਿਕਲ ਕੇ ਅੰਕਿਤ ਨੂੰ ਉਸਨੇ ਕਿਹਾ, "ਕਿਤੇ ਚੱਲ ਕੇ ਠੰਡਾ ਪੀਂਦੇ ਆਂ, ਕੁਝ ਤਾਂ ਸ਼ਾਂਤੀ ਮਿਲੇਗੀ।"
"ਸੈਕਟਰ ਨਾਈਨ ਚੱਲਦੇ ਹਾਂ…ਨਾਲ ਈ ਏ।" ਅੰਕਿਤ ਨੇ ਕਿਹਾ, "ਆਸ ਪਾਸ ਤਾਂ ਕੁਝ ਵੀ ਨਹੀਂ ਮਿਲਦਾ।"
ਉਹ ਇਕ ਵੀਰਾਨ ਜਿਹਾ ਮੈਦਾਨ ਪਾਰ ਕਰਨ ਲੱਗੇ। ਮੈਦਾਨ ਦੇ ਆਖ਼ਰੀ ਸਿਰੇ ਉਪਰ ਕੁਝ ਤੰਬੂ ਗੱਡੇ ਹੋਏ ਸਨ। ਰੇਤ ਦੇ ਬੋਰਿਆਂ ਦੇ ਮੋਰਚਿਆਂ ਵਿਚ ਕੇਂਦਰੀ ਰਿਜ਼ਰਵ ਪੁਲਸ ਦੇ ਜਵਾਨ ਹੱਥਾਂ ਵਿਚ ਸਟੇਨਗਨਾਂ ਫੜ੍ਹੀ ਖੜ੍ਹੇ ਪਹਿਰਾ ਦੇ ਰਹੇ ਸਨ।
"ਰਿਬੈਰੋ, ਏਥੇ ਕਿਤੇ ਈ ਰਹਿੰਦਾ ਏ।" ਅੰਕਿਤ ਨੇ ਦੱਸਿਆ।
"ਰੋਜ਼ ਗਾਰਡਨ ਕਿੱਥੇ ਕੁ ਏ ?" ਉਤਸੁਕਤਾ ਵੱਸ ਉਸਨੇ ਅੰਕਿਤ ਨੂੰ ਪੁੱਛਿਆ।
"ਇਹੀ ਐ..."
"ਇਹ…!" ਉਹ ਰੁਕ ਗਿਆ। ਸਪਾਟ ਮੈਦਾਨ ਦੇ ਸਾਰੇ ਸਿਰਿਆਂ ਤਕ ਨਜ਼ਰਾਂ ਘੁਮਾਈਆਂ ਤੇ ਹੈਰਾਨੀ ਨਾਲ ਪੁੱਛਿਆ, "ਪਰ ਗੁਲਾਬ ਕਿੱਥੇ ਨੇ?"
ਅੰਕਿਤ ਦੇ ਚਿਹਰੇ ਉੱਤੇ ਵਿਅੰਗ ਭਰੀ ਮੁਸਕਾਨ ਆ ਗਈ। ਬੋਲਿਆ, "ਤੁਹਾਨੂੰ ਇਹ ਵੀ ਨਹੀਂ ਪਤਾ…ਇਹ ਮੌਸਮ ਗੁਲਾਬਾਂ ਦਾ ਨਹੀਂ…।"
"ਰੋਜ਼ੇਜ਼ ਇਨ ਦਸੰਬਰ..." ਇਕ ਪੁਰਾਣੇ ਗੀਤ ਦੀ ਕੜੀ ਉਸਨੂੰ ਯਾਦ ਆ ਗਈ। ਮੈਦਾਨ ਨੂੰ ਉਸਨੇ ਫੇਰ ਗਹੂ ਨਾਲ ਦੇਖਣਾ ਸ਼ੁਰੂ ਕੀਤਾ---ਜ਼ਮੀਨ ਤੋਂ ਛੇ ਇੰਚ ਉਠੀਆਂ ਕਲਮਾਂ ਦੀਆਂ ਕਤਾਰਾਂ ਮੈਦਾਨ ਦੇ ਚਾਰੇ ਪਾਸੇ ਫੈਲੀਆਂ ਹੋਈਆਂ ਸਨ। ਬੂਟਿਆਂ ਦੀ ਸ਼ਾਇਦ ਕਟਿੰਗ ਕਰ ਦਿੱਤੀ ਗਈ ਸੀ। ਉਸਦਾ ਮਨ ਕੁਸੈਲ ਨਾਲ ਭਰ ਗਿਆ।
ਵੀਰਾਨ ਸਪਾਟ ਮੈਦਾਨ ਉੱਤੇ ਉਸਨੇ ਇਕ ਉਡਦੀ ਜਿਹੀ ਨਜ਼ਰ ਮਾਰੀ। ਫੇਰ ਉਹ ਦੋਹੇਂ ਸਿਰ ਝੁਕਾਅ ਕੇ ਮੈਦਾਨ ਪਾਰ ਕਰਨ ਲੱਗੇ।
ਰਿਬੈਰੋ ਇੱਥੇ ਈ ਕਿਤੇ ਰਹਿੰਦਾ ਹੈ।

ਜੱਗਬਾਣੀ : 30 ਸਤੰਬਰ 1990.