Saturday, December 29, 2012

ਪੇਸ਼ੈਂਟ ਪਾਰਕਿੰਗ :: ਲੇਖਕਾ : ਡਾ. ਵਿਸ਼ਾਖਾ ਠਾਕੁਰ ਅਪਰਾਜਿਤਾ


ਪ੍ਰਵਾਸੀ ਹਿੰਦੀ ਕਹਾਣੀ :

Dr. Vishakha Thakur, Aprajita

ਉਰਦੂ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


ਸੁਭਾ ਸਵੇਰੇ ਹਸਪਤਾਲ ਦੀ ਲਾਬੀ 'ਚੋਂ ਲੰਘਦਿਆਂ ਹੋਇਆਂ ਜਿਵੇਂ ਈ ਮੈਂ ਆਪਣੀ ਲੇਬਾਰਟ੍ਰੀ ਵਿਚ ਵੜੀ ਤਾਂ ਦਰਵਾਜ਼ੇ ਕੋਲ ਖੜ੍ਹੇ ਆਦਮੀ ਨੇ ਝੁਕ ਕੇ ਮੈਥੋਂ ਪੁੱਛਿਆ—“ਮੇਰੇ ਖ਼ਿਆਲ 'ਚ ਤੁਸੀਂ ਈ ਡਾਕਟਰ ਵਿਸ਼ੂ ਓਂ—ਜੇ ਤੁਸੀਂ ਡਾਕਟਰ ਵਿਸ਼ਾਖਾ ਠਾਕੁਰ ਓਂ ਤਾਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਂ। ਪੰਜ ਮਿੰਟ ਨਾਲੋਂ ਵੱਧ ਸਮਾਂ ਨਹੀਂ ਲਵਾਂਗਾ ਤੁਹਾਡਾ।”
ਮੈਂ ਮਨ ਈ ਮਨ ਸੋਚਿਆ ਕਿ ਇਹ ਸਾਹਬ ਜ਼ਰੂਰ ਕਿਸੇ ਬਾਇਓਕੈਮੀਕਲ ਵੱਲੋਂ ਭੇਜੇ ਹੋਏ ਸੇਲਸਮੈਨ ਹੋਣਗੇ। ਆਪਣੀ ਪ੍ਰੋਡਕਟ ਵੇਚਣ ਲਈ ਇਹ ਵਿਚਾਰੇ ਸਭ ਦਾ ਨਾਂ, ਪਤਾ ਯਾਦ ਕਰਕੇ ਆਉਂਦੇ ਨੇ। ਮੈਂ ਉਹਨਾਂ ਨੂੰ ਫ਼ੌਰਨ ਕਿਹਾ—“ਦੇਖੋ ਤੁਸੀਂ ਆਪਣੀ ਕੰਪਨੀ ਦਾ ਨਾਂ ਤੇ ਮੈਗਜ਼ੀਨ ਦੇ ਜਾਓ, ਮੈਂ ਵਕਤ ਮਿਲਦੇ ਈ ਉਸਨੂੰ ਦੇਖ ਲਵਾਂਗੀ।” ਉਸ ਬੋਲੇ, “ਡਾ. ਠਾਕੁਰ ਮੈਂ ਕਿਸੇ ਕੰਪਨੀ ਦਾ ਸੇਲਸਮੈਨ ਨਹੀਂ। ਮੇਰਾ ਨਾਂ ਡੇਵਿਡ ਏ। ਮੈਂ ਪਿਛਲੇ ਕਈ ਸਾਲ ਦਾ ਤੁਹਾਨੂੰ ਲੱਭ ਰਿਹਾਂ। ਤੁਹਾਡੀ ਇਕ ਅਮਾਨਤ ਏ ਮੇਰੇ ਕੋਲ...ਜਿਹੜੀ ਤੁਹਾਡੇ ਤੀਕ ਪਹੁੰਚਾਉਣ ਲਈ ਇੱਥੇ ਆਇਆਂ। ਮਿਹਰਬਾਨੀ ਕਰਕੇ ਤੁਸੀਂ ਇਸਨੂੰ ਲੈ ਲਓ।”
ਮੈਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਗੜਬੜ ਏ। ਮੈਂ ਕਿਸੇ ਡੇਵਿਡ ਨੂੰ ਜਾਣਦੀ ਤਕ ਨਹੀਂ। ਕੋਈ ਅਣਜਾਣ ਆਦਮੀ ਭਲਾਂ ਕਿਉਂ ਮੈਨੂੰ ਕਈ ਸਾਲ ਤਕ ਲੱਭਦਾ ਰਿਹਾ? ਸੋਚਦਿਆਂ ਹੋਇਆਂ ਮੈਂ ਪਹਿਲੀ ਵਾਰ ਉਸਨੂੰ ਧਿਆਨ ਨਾਲ ਦੇਖਿਆ।
ਮੇਰੇ ਸਾਹਮਣੇ ਇਕ ਲੰਮੇ ਕੱਦ ਦਾ ਸੁਨਹਿਰੇ ਵਾਲਾਂ ਵਾਲਾ ਆਦਮੀ ਖੜ੍ਹਾ ਸੀ। ਉਸਦੇ ਹੱਥ ਵਿਚ ਇਕ ਛੋਟਾ-ਜਿਹਾ ਸੂਟਕੇਸ ਸੀ। ਦੂਜੇ ਹੱਥ ਵਿਚ ਇਕ ਪੈਕੇਟ ਸੀ, ਜਿਸ 'ਤੇ ਮੇਰਾ ਨਾਂ ਲਿਖਿਆ ਸੀ। ਆਪਣੀਆਂ ਅੱਖਾਂ ਤੋਂ ਧੁੱਪ ਵਾਲੀ ਐਨਕ ਲਾਹ ਕੇ ਉਹ ਮੇਰੇ ਵੱਲ ਦੇਖ ਰਿਹਾ ਸੀ। ਉਸਦੇ ਚਿਹਰੇ ਉੱਤੇ ਖ਼ੁਸ਼ੀ ਦੀ ਝਲਕ ਸੀ। ਮੈਂ ਫੇਰ ਕਿਹਾ, “ਦੇਖੋ, ਮੈਨੂੰ ਹਾਲੇ ਵੀ ਲੱਗ ਰਿਹੈ ਕਿ ਤੁਹਾਨੂੰ ਕੋਈ ਗ਼ਲਤ-ਫ਼ਹਿਮੀ ਹੋਈ ਏ ਕਿਉਂਕਿ ਮੈਂ ਯਕੀਨ ਨਾਲ ਕਹਿ ਸਕਦੀ ਆਂ ਕਿ ਮੈਂ ਕਿਸੇ ਡੇਵਿਡ ਨੂੰ ਨਹੀਂ ਜਾਣਦੀ।”
ਉਹ ਮੁਸਕਰਾਇਆ ਤੇ ਬੋਲਿਆ, “ਮੈਂ ਵੀ ਤਾਂ ਤੁਹਾਨੂੰ ਪਹਿਲੀ ਵਾਰ ਮਿਲ ਰਿਹਾਂ, ਪਰ ਇਹ ਵੀ ਸੱਚ ਏ ਕਿ ਮੈਂ ਪਿਛਲੇ ਕਈ ਸਾਲਾਂ ਦਾ ਲਗਾਤਾਰ ਤੁਹਾਨੂੰ ਲੱਭ ਰਿਹਾਂ। ਤੁਸੀਂ ਮਿਹਰਬਾਨੀ ਕਰਕੇ ਇਹ ਪੈਕੇਟ ਖੋਲ੍ਹ ਕੇ ਦੇਖੋ ਤਾਂ ਤੁਹਾਡੀ ਸਮਝ 'ਚ ਸਾਰੀ ਗੱਲ ਆ ਜਾਏਗੀ। ਮੇਰੀ ਪਤਨੀ ਰੀਟਾ ਜਿਹੜੀ ਕੁਛ ਸਾਲ ਪਹਿਲਾਂ ਇੱਥੇ ਕੈਂਸਰ ਦੀ ਮਰੀਜ਼ ਸੀ, ਬੋਨਟ੍ਰਾਂਸਪਲਾਂਟ ਦੇ ਵਾਰਡ ਵਿਚ ਦਾਖ਼ਲ ਸੀ।” ਉਸਦੀ ਇਸ ਗੱਲ 'ਤੇ ਮੈਂ ਸਿਰ ਹਿਲਾ ਕੇ ਮੰਨਿਆਂ—
“ਓ-ਅ, ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ। ਰੀਟਾ ਦੇ ਮੂੰਹੋਂ ਤਾਂ ਤੁਹਾਡੇ ਬਾਰੇ ਮੈਂ ਕਾਫੀ ਕੁਛ ਸੁਣਿਆਂ ਏਂ।” ਫੇਰ ਮੈਂ ਡੇਵਿਡ ਨੂੰ ਲੈ ਕੇ ਹੇਠਾਂ ਕਾਫੀ-ਹਾਊਸ ਵਿਚ ਚਲੀ ਗਈ। ਏਨੇ ਅਰਸੇ ਬਾਅਦ ਕਿਸੇ ਪੁਰਾਣੇ ਮਰੀਜ਼ ਦਾ ਰਿਸ਼ਤੇਦਾਰ ਪਤਾ ਨਹੀਂ ਕੀ ਕਹਿਣਾ ਚਾਹੁੰਦਾ ਏ!
ਕਾਫੀ ਪੀ ਕੇ ਉਹ ਬੋਲਿਆ, “ਮੈਂ ਤੁਹਾਡਾ ਜ਼ਿਆਦਾ ਵਕਤ ਨਹੀਂ ਲਵਾਂਗਾ। ਅਹਿ ਮੇਰਾ ਕਾਰਡ ਏ। ਮੈਂ ਇੱਥੇ ਸਿਰਫ਼ ਚਾਰ ਦਿਨ ਲਈ ਆਇਆ ਆਂ। ਜੇ ਤੁਸੀਂ ਥੋੜ੍ਹਾ-ਜਿਹਾ ਸਮਾਂ ਕੱਢ ਸਕੋਂ ਤਾਂ ਤੁਹਾਡੇ ਨਾਲ ਰੀਟਾ ਬਾਰੇ ਕੁਛ ਗੱਲਾਂ ਕਰਨੀਆਂ ਚਾਹੁੰਦਾ ਆਂ। ਇਸ ਪੈਕੇਟ 'ਚ ਰੀਟਾ ਦੀਆਂ ਕੁਛ ਤਸਵੀਰਾਂ ਨੇ ਤੇ ਉਸ ਦੀਆਂ ਕੁਛ ਗੱਲਾਂ। ਰੀਟਾ ਵਿਚਾਰੀ ਕਮਜ਼ੋਰੀ ਕਰਕੇ ਕੁਛ ਲਿਖ ਨਹੀਂ ਸੀ ਸਕਦੀ। ਪਰ ਉਸਨੇ ਆਪਣੀ ਆਵਾਜ਼ 'ਚ ਬੜਾ ਕੁਛ ਰਿਕਾਰਡ ਕੀਤਾ ਏ। ਉਹੀ ਮੈਂ ਤੁਹਾਡੇ ਤੀਕ ਪਹੁੰਚਾਉਣ ਆਇਆਂ। ਇਹਨਾਂ 'ਚ ਕੁਛ ਅਜਿਹੇ ਕੈਸਟ ਵੀ ਨੇ ਜਿਹਨਾਂ ਵਿਚ ਤੁਹਾਡੀਆਂ ਦੋਵਾਂ ਦੀਆਂ ਫ਼ੋਨ 'ਤੇ ਹੋਈਆਂ ਗੱਲਾਂ ਵੀ ਸ਼ਾਮਲ ਨੇ। ਕਲ੍ਹ ਦੁਪਹਿਰੇ ਜਦੋਂ ਤੁਸੀਂ ਕਾਫੀ-ਹਾਊਸ ਵਿਚ ਕਿਸੇ ਨਾਲ ਗੱਲਾਂ ਕਰ ਰਹੇ ਸੌ, ਉਦੋਂ ਤੁਹਾਡੀ ਆਵਾਜ਼ ਤੋਂ ਮੈਂ ਤੁਹਾਨੂੰ ਪਛਾਣਿਆਂ ਸੀ ਕਿ ਤੁਹਾਡਾ ਅਸਲੀ ਨਾਂ ਵਿਸ਼ੂ ਨਹੀਂ ਵਿਸ਼ਾਖਾ ਹੈ। ਇਹ ਮੈਨੂੰ ਕਲ੍ਹ ਈ ਪਤਾ ਲੱਗਾ ਏ। ਮੈਂ ਇੱਥੇ ਤੁਹਾਡੇ ਸ਼ਹਿਰ ਬਥੇਸਡਾ 'ਚ ਈ ਹਾਲੀ ਡੇ ਆਨ ਹੋਟਲ ਵਿਚ ਠਹਿਰਿਆ ਆਂ।” ਫੇਰ ਉਹ ਹੋਟਲ ਦਾ ਫ਼ੋਨ ਨੰਬਰ ਦੇ ਕੇ ਚਲਾ ਗਿਆ।
ਸੱਤ ਸਾਲ ਦੇ ਲੰਮੇ ਅਰਸੇ ਦੇ ਬਾਅਦ ਰੀਟਾ ਹੈਨਸਨ ਦੀਆਂ ਧੁੰਦਲੀਆਂ ਯਾਦਾਂ ਨੇ ਅਚਾਨਕ ਮੈਨੂੰ ਘੇਰ ਲਿਆ। ਮੈਂ ਕੰਬਦੇ ਹੱਥਾਂ ਨਾਲ ਉਹ ਪੈਕੇਟ ਖੋਲ੍ਹਿਆ। ਉਸ ਵਿਚ ਇਕ ਵੱਡੇ ਸਾਰੇ ਡੱਬੇ ਵਿਚ ਕੁਝ ਕੈਸਟਾਂ ਸਨ। ਇਕ ਛੋਟਾ-ਜਿਹਾ ਐਲਬਮ ਸੀ। ਐਲਬਮ ਵਿਚ ਰੀਟਾ ਦੀਆਂ ਤਸਵੀਰਾਂ ਸਨ। ਮੈਂ ਰੀਟਾ ਦੇ ਚਿਹਰੇ ਨੂੰ ਦੇਖਦੀ ਰਹੀ। ਤਾਂ ਇਹ ਸੀ ਰੀਟਾ ਦਾ ਅਸਲੀ ਚਿਹਰਾ। ਭਲਾਂ ਕੌਣ ਯਕੀਨ ਕਰੇਗਾ ਕਿ ਰੀਟਾ ਮੇਰੀ ਅਜਿਹੀ ਸਹੇਲੀ ਸੀ, ਜਿਸਨੂੰ ਮੈਂ ਪਹਿਲਾਂ ਕਦੀ ਨਹੀਂ ਦੇਖ ਸਕੀ ਸੀ। ਨਾਲ ਇਕ ਖ਼ਤ ਸੀ, ਜਿਸ ਵਿਚ ਲਿਖਿਆ ਸੀ—“ਰੀਟਾ ਦਾ ਤੁਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਸੀ, ਪਰ ਆਪਣੀ ਬਿਮਾਰ, ਖਰਾਬ ਹਾਲਤ ਨੂੰ ਦਿਖਾਅ ਕੇ ਤੁਹਾਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ।”
“ਇਹ ਸਾਰੀਆਂ ਤਸਵੀਰਾਂ ਉਦੋਂ ਦੀਆਂ ਹਨ ਜਦੋਂ ਰੀਟਾ ਬਿਲਕੁਲ ਤੰਦਰੁਸਤ ਸੀ। ਖ਼ੁਸ਼ ਸੀ। ਮੇਰੀ ਬੀਵੀ, ਮੇਰੀ ਮੁਹੱਬਤ ਸੀ। ਉਹ ਤੁਹਾਡੀਆਂ ਯਾਦਾਂ ਵਿਚ ਇਕ ਸਿਹਰਮੰਦ ਸਹੇਲੀ ਦੀ ਸ਼ਕਲ ਵਿਚ ਰਹਿਣਾ ਚਾਹੁੰਦੀ ਸੀ, ਕਿਸੇ ਲਾਚਾਰ ਮਰੀਜ਼ ਵਾਂਗ ਨਹੀਂ।”
ਕਾਫੀ ਹਾਊਸ ਵਿਚੋਂ ਨਿਕਲ ਕੇ ਰੀਟਾ ਦੀ ਤਸਵੀਰ ਹੱਥ ਵਿਚ ਫੜ੍ਹੀ ਮੈਂ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਪਹੁੰਚੀ ਤੇ ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਦੇ ਮਰੀਜ਼ਾਂ ਦੇ ਵੇਟਿੰਗ ਰੂਮ ਵਿਚ ਜਾ ਕੇ ਐਨ ਉਸੇ ਕੁਰਸੀ ਉੱਤੇ ਬੈਠ ਗਈ ਜਿੱਥੇ ਬੈਠ ਕੇ ਸੱਤ ਸਾਲ ਪਹਿਲਾਂ ਮੈਂ ਰੀਟਾ ਨਾਲ ਗੱਲਾਂ ਕਰਦੀ ਹੁੰਦੀ ਸੀ।
ਇਸ ਸਮੇਂ ਅੱਧੀ ਰਾਤ ਬੀਤ ਚੁੱਕੀ ਹੈ। ਅੱਜ ਰੀਟਾ ਦੀ ਤਸਵੀਰ ਨੂੰ ਆਪਣੇ ਸਿਰਹਾਣੇ ਰੱਖ ਕੇ ਉਸਦਾ ਕੈਸਟ ਸੁਣਦੀ-ਸੁਣਦੀ ਮੈਂ ਸੌਂ ਗਈ ਸੀ। ਨੀਂਦ ਵਿਚ ਹੀ ਮੇਰੇ ਪੈਰਾਂ ਅੱਗੇ ਅਤੀਤ ਨੂੰ ਕੁਰੇਦਦੀ ਹੋਈ ਵਿਛ ਗਈ ਸੀ—ਪਿਛਲੇ ਸੱਤ ਵਰ੍ਹਿਆਂ ਦੀ ਲੰਮੀ ਸੜਕ। ਤੇ ਸੱਤਾਂ ਵਰ੍ਹਿਆਂ ਵਿਚ ਬੱਧੇ ਸਾਰੇ ਦਿਨ ਸੜਕ ਦੇ ਦੋਵਾਂ ਪਾਸੀਂ ਆਣ ਖੜ੍ਹੇ ਹੋਏ ਗਏ ਸਨ—ਕੁਝ ਸੰਘਣੇ ਸੁਹਾਵਣੇ ਰੁੱਖਾਂ ਵਾਂਗ, ਕੁਝ ਸੁੱਕੇ-ਸੜੇ ਝਾੜਾਂ ਵਾਂਗ। ਕੁਝ ਬਣੇ ਹੋਏ ਸਨ ਮੀਲ-ਪੱਥਰ ਤੇ ਕੁਝ ਹਰੀ-ਭਰੀ ਘਾਹ। ਪੱਥਰਾਂ ਤੇ ਧੂੜ ਭਰੀ ਇਸੇ ਸੱਤ ਵਰ੍ਹੇ ਲੰਮੀ ਸੜਕ ਨਾਲ ਟੋਟੇ-ਟੁਕੜੇ ਹੋ ਕੇ ਉਹਨਾਂ ਦਾ ਆਪਣਾ ਆਕਾਸ਼ ਵੀ ਜੁੜਿਆ ਹੋਇਆ ਸੀ। ਕਿਤੇ ਸੁਨਹਿਰੀ ਧੁੱਪ ਵਿਛੀ ਹੋਈ ਸੀ ਤੇ ਕਿਤੇ ਕਾਲੇ ਸੰਘਣੇ ਤੂਫ਼ਾਨ ਸ਼ੂਕ ਰਹੇ ਸਨ। ਰੀਟਾ ਦੀ ਤਸਵੀਰ ਨੂੰ ਹੱਥ ਵਿਚ ਫੜ੍ਹੀ ਇਕਟੱਕ ਦੇਖ ਰਹੀ ਸੀ ਉਹ ਇਸ ਸੱਤ ਸਾਲ ਲੰਮੀ ਸੜਕ ਨੂੰ ਤੇ ਉਸ ਵਿਚ ਲੱਭ ਰਹੀ ਸੀ ਉਸ ਅਤੀਤ ਨੂੰ ਜਦੋਂ ਉਹਦੀ ਜਾਣ-ਪਛਾਣ ਰੀਟਾ ਨਾਲ ਹੋਈ ਸੀ। ਲੰਮੀ ਸੜਕ ਦੇ ਉਸ ਪਾਰ ਖੜ੍ਹਾ ਸੀ ਸੱਤ ਮਈ ਦਾ ਉਹ ਦਿਨ...
ਮੈਂ ਹਸਪਤਾਲ ਦੀ ਪਾਰਕਿੰਗ ਟਿਕਟ ਦੀ ਮੰਜ਼ੂਰੀ ਲੈਣ ਲਈ ਕਤਾਰ ਵਿਚ ਖੜ੍ਹੀ ਹਾਂ—ਪਾਰਕਿੰਗ ਟਿਕਟ ਉੱਤੇ ਮੰਜ਼ੂਰੀ ਦਾ ਠੱਪਾ ਲਾਉਣ ਵਾਲੀ ਭੂਰੇ ਘੁੰਗਰਾਲੇ ਵਾਲਾਂ ਵਾਲੀ ਇਕ ਅਫ਼ਰੀਕਨ ਔਰਤ ਹੈ ਜਿਹੜੀ ਇਸ ਸਮੇਂ ਚੀਕ ਰਹੀ ਹੈ। ਉਹ ਕਤਾਰ ਵਿਚ ਖੜ੍ਹੇ ਲੋਕਾਂ ਨੂੰ ਸਭ ਕੁਝ ਪੁੱਛ ਰਹੀ ਹੈ—ਮਰੀਜ਼ ਦਾ ਨਾਂ, ਉਸਦੀ ਬਿਮਾਰੀ, ਡਾਕਟਰ ਦਾ ਨਾਂ ਤੇ ਮਰੀਜ਼ ਦਾ ਕਮਰਾ ਨੰਬਰ। ਇਸ ਸਾਰੀ ਜਾਣਕਾਰੀ ਪਿੱਛੋਂ ਹੀ ਉਹ ਪਾਰਕਿੰਗ ਟਿਕਟ ਉੱਤੇ ਮੰਜ਼ੂਰੀ ਦਾ ਠੱਪਾ ਲਾਉਂਦੀ ਸੀ। ਉਹ ਬੁੜਬੁੜ ਕਰ ਰਹੀ ਸੀ ਕਿ ਮਰੀਜ਼ ਦਾ ਬਹਾਨਾ ਲਾ ਕੇ ਪਤਾ ਨਹੀਂ ਕਿਉਂ ਚੰਗੇ ਭਲ਼ੇ ਤੰਦਰੁਸਤ ਲੋਕ ਵੀ ਪੇਸ਼ੈਂਟ ਪਾਰਕਿੰਗ ਲਾਟ ਵਿਚ ਆਪਣੀ ਕਾਰ ਪਾਰਕ ਕਰਨ ਆ ਜਾਂਦੇ ਨੇ, ਜਿਵੇਂ ਉਹਨਾਂ ਦੇ ਘਰ ਦਾ ਰਾਜ ਹੋਵੇ। ਮੈਂ ਘਬਰਾਈ ਹੋਈ ਸੀ। ਮੈਂ ਵੀ ਪੇਸ਼ੈਂਟ-ਪਾਰਕਿੰਗ ਲਾਨ ਵਿਚ ਆਪਣੀ ਕਾਰ ਖੜ੍ਹੀ ਕਰ ਦਿੱਤੀ ਸੀ। ਮੈਂ ਅੱਜ ਸਵੇਰੇ ਜਲਦੀ ਵਿਚ ਸੀ ਤੇ ਸੋਚ ਰਹੀ ਸੀ ਕਿ ਜੇ ਮੁਲਾਕਾਤੀਆਂ ਦੇ ਪਾਰਕਿੰਗ ਲਾਨ ਵਿਚ ਜਿਹੜਾ ਕਾਫੀ ਦੂਰੀ 'ਤੇ ਸੀ ਕਾਰ ਪਾਰਕ ਕਰਦੀ ਤਾਂ ਤੁਰ ਕੇ ਲੈਕਚਰ ਹਾਲ ਤਕ ਪਹੁੰਚਦੇ-ਪਹੁੰਦਚੇ ਲੈਕਚਰ ਖ਼ਤਮ ਹੋ ਜਾਂਦਾ। ਕਾਸ਼, ਮੇਰੀ ਜਾਣ-ਪਛਾਣ ਵਾਲਾ ਕੋਈ ਮਰੀਜ਼ ਇਸ ਹਸਪਤਾਲ ਵਿਚ ਹੁੰਦਾ ਤਾਂ ਮੈਨੂੰ ਇਸ ਔਰਤ ਦੀ ਬਕਬਕ ਨਾ ਸੁਣਨੀਂ ਪੈਂਦੀ। ਪਤਾ ਨਹੀਂ ਇਹ ਔਰਤ ਇੱਥੇ ਗੱਡੀ ਪਾਰਕ ਕਰਨ ਦੇ ਕਿੰਨੇ ਪੈਸੇ ਮੰਗੇਗੀ। ਮੈਂ ਆਪਣਾ ਪਰਸ ਖੋਲ੍ਹ ਕੇ ਪੈਸੇ ਗਿਣਨ ਲੱਗੀ। ਪਰਸ ਵਿਚ ਸਿਰਫ਼ ਸੱਤ ਡਾਲਰ ਹੀ ਸਨ। ਮੇਰੇ ਅੱਗੇ ਖੜ੍ਹਾ ਆਦਮੀ ਸ਼ਾਇਦ ਮੇਰੀ ਪ੍ਰੇਸ਼ਾਨੀ ਸਮਝ ਗਿਆ ਸੀ। ਮੇਰਾ ਉੱਡਿਆ ਹੋਇਆ ਚਿਹਰਾ ਦੇਖ ਕੇ ਉਸਨੇ ਕਿਹਾ, “ਮੇਰਾ ਛੋਟਾ ਭਰਾ ਇੱਥੇ ਪੇਸ਼ੈਂਟ ਏ ਤੁਸੀਂ ਉਸਦੇ ਕਮਰੇ ਵਿਚ ਰਹਿਣ ਵਾਲੇ ਇਕ ਮਰੀਜ਼ ਦਾ ਨਾਂ ਦੱਸ ਕੇ ਬਚ ਸਕਦੀ ਓ।”
“ਨਹੀਂ ਬਈ ਮੈਂ ਜਲਦੀ ਵਿਚ ਪੇਸ਼ੈਂਟ ਪਾਰਕਿੰਗ ਵਿਚ ਗੱਡੀ ਪਾਰਕ ਕਰ ਦਿੱਤੀ ਏ। ਮੈਂ ਇਸ ਔਰਤ ਤੋਂ ਮੁਆਫ਼ੀ ਮੰਗ ਲਵਾਂਗੀ।”
“ਇਸ ਔਰਤ ਨਾਲ ਹੁਣ ਤਕ ਮੇਰਾ ਤਿੰਨ ਵਾਰੀ ਝਗੜਾ ਹੋ ਚੁੱਕਿਆ ਏ। ਇਹ ਖਲ ਖਾ ਜਾਏਗੀ। ਤੁਸੀਂ ਮੇਰੇ ਭਰਾ ਦੇ ਕਮਰੇ 'ਚ ਜਿਹੜੀ ਮਰੀਜ਼ ਕੁੜੀ ਏ ਉਸਦਾ ਨਾਂ ਪਤਾ ਦੱਸ ਦਿਓਂ ਤਾਂ ਤੁਹਾਡੀ ਮੁਸ਼ਕਿਲ ਆਸਾਨ ਹੋ ਜਾਏਗੀ। ਜਿਸ ਕੁੜੀ ਦੇ ਕਮਰੇ 'ਚ ਮੇਰੇ ਛੋਟੇ-ਭਰਾ ਨੂੰ ਬੋਨਮੈਰੋ ਟ੍ਰਾਂਸਪਲਾਂਟੇਸ਼ਨ ਲਈ ਰੱਖਿਆ ਗਿਆ ਏ ਉਸ ਕੁੜੀ ਦਾ ਬੋਨਮੈਰੋ ਟ੍ਰਾਂਸਪਾਲਾਂਟ ਇਸ ਸਮੇਂ ਹੋ ਰਿਹਾ ਹੋਏਗਾ। ਉਸਦਾ ਨਾਂ ਹੁਣੇ ਮੇਰੇ ਭਰਾ ਦੇ ਕਮਰੇ ਦੇ ਬਾਹਰ ਲੱਗਾ ਏ ਤੇ ਮੇਰੇ ਭਰਾ ਦਾ ਡਾਕਟਰ ਉਸਦਾ ਇਲਾਜ਼ ਕਰ ਰਿਹਾ ਏ ਫੇਰ ਉਸਨੇ ਉਸ ਕੁੜੀ ਦਾ ਨਾਂ ਦੱਸਿਆ ਰੀਟਾ ਹੇਨਸਨ।
ਕਤਾਰ ਵਿਚ ਮੇਰਾ ਨਾਂ ਆਉਂਦਿਆਂ ਹੀ ਮੈਂ ਝੱਟ ਰੀਟਾ ਹੇਨਸਨ ਦਾ ਨਾਂ, ਕਮਰਾ ਨੰਬਰ, ਉਸਦੇ ਡਾਕਟਰ ਦਾ ਨਾਂ, ਉਸਦੀ ਬਿਮਾਰੀ ਸਭ ਕੁਝ ਦੱਸ ਦਿੱਤਾ ਤੇ ਮੇਰੇ ਪਾਰਕਿੰਗ ਟਿਕਟ ਉੱਤੇ ਉਸ ਚਿੜਚਿੜੀ ਔਰਤ ਨੇ ਬਿਨਾਂ ਕੋਈ ਸਵਾਲ ਕੀਤਿਆਂ ਮੰਜ਼ੂਰੀ ਦਾ ਠੱਪਾ ਲਾ ਦਿੱਤਾ।
ਫੇਰ ਜਿਵੇਂ ਕਿਸੇ ਬੁਰੀ ਚੀਜ਼ ਦੀ ਲ਼ਤ ਪੈ ਜਾਂਦੀ ਹੈ ਤੇ ਜਲਦੀ-ਜਲਦੀ ਛੁਟਦੀ ਨਹੀਂ, ਐਨ ਓਵੇਂ ਹੋਇਆ। ਮੈਂ ਹੁਣ ਜਦੋਂ ਵੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਹਸਪਤਾਲ ਵਿਚ ਲੈਕਚਰ ਸੁਣਨ ਜਾਂਦੀ, ਬੇਧੜਕ ਪੇਸ਼ੈਂਟ-ਪਾਰਕਿੰਗ ਵਿਚ ਕਾਰ ਖੜ੍ਹੀ ਕਰ ਦਿੰਦੀ ਤੇ ਰੀਟਾ ਹੇਨਸਨ ਦਾ ਨਾਂ ਲੈ ਕੇ ਪਾਰਕਿੰਗ ਤੋਂ ਮੰਜ਼ੂਰੀ ਦਾ ਠੱਪਾ ਲਗਵਾ ਲੈਂਦੀ।
ਇਕ ਦਿਨ ਦੁਪਹਿਰ ਦਾ ਵੇਲਾ ਸੀ ਮੈਂ ਆਪਣੀ ਕਾਰ ਵਿਚ ਰੱਖੀਆਂ ਕਿਤਾਬਾਂ ਚੁੱਕਣ ਪਾਰਕਿੰਗ ਲਾਨ ਵਿਚ ਗਈ ਤਾਂ ਇਕ ਬਿਰਧ ਔਰਤ ਆਪਣੇ ਨਿੱਕੇ-ਜਿਹੇ ਬਿਮਾਰ ਪੋਤੇ ਨੂੰ ਵਹੀਲ ਚੇਅਰ 'ਤੇ ਬਿਠਾਈ ਬੜੀ ਪ੍ਰੇਸ਼ਾਨੀ ਦੀ ਹਾਲਤ ਵਿਚ ਕਾਰ ਪਾਰਕਿੰਗ ਲਈ ਜਗ੍ਹਾ ਲੱਭ ਰਹੀ ਸੀ। ਪੇਸ਼ੈਂਟ-ਪਾਰਕਿੰਗ ਲਾਟ ਦਾ ਚੱਪਾ-ਚੱਪਾ ਭਰ ਚੁੱਕਿਆ ਸੀ। ਮੈਂ ਪਸ਼ੇਮਾਨ-ਪ੍ਰੇਸ਼ਾਨ ਹੋ ਕੇ ਆਪਣੀ ਜੇਬ ਵਿਚੋਂ ਗੱਡੀ ਦੀ ਚਾਬੀ ਕੱਢੀ ਤੇ ਆਪਣੀ ਪਾਰਕਿੰਗ ਵਾਲੀ ਜਗ੍ਹਾ ਉਸ ਬੁੱਢੀ ਔਰਤ ਨੂੰ ਦੇ ਦਿੱਤੀ। ਉਸ ਰਾਤ ਨਾ ਤਾਂ ਮੈਂ ਠੀਕ ਤਰ੍ਹਾਂ ਸੌਂ ਸਕੀ ਨਾ ਹੀ ਠੀਕ ਤਰ੍ਹਾਂ ਖਾਣਾ ਖਾ ਸਕੀ। ਵਾਰੀ-ਵਾਰੀ ਆਪਣੇ ਗ਼ਲਤ ਵਰਤਾਅ ਨੂੰ ਕੋਂਹਦੀ ਰਹੀ। ਇਹ ਸੋਚ-ਸੋਚ ਕੇ ਖ਼ੁਦ ਨੂੰ ਲਾਹਨਤਾਂ ਪਾਉਂਦੀ ਰਹੀ ਕਿ ਸਿਰਫ਼ ਆਪਣੀ ਖ਼ੁਦਗਰਜ਼ੀ ਲਈ ਬੁੱਢੇ, ਲਾਚਾਰ ਤੇ ਬਿਮਾਰ ਮਰੀਜ਼ਾਂ ਵਿਚੋਂ ਇਕ ਦੀ ਜਗ੍ਹਾ ਤੇ ਆਪਣਾ ਹੱਕ ਜਮਾਈ ਰੱਖਿਆ। ਇਸ ਢਲਦੀ ਰਾਤ ਦੇ ਆਖ਼ਰੀ ਪਹਿਰ ਮੈਂ ਫੈਸਲਾ ਕੀਤਾ ਕਿ ਜਿਸ ਰੀਟਾ ਹੇਨਸਨ ਦੇ ਨਾਂ ਦਾ ਗਲਤ ਇਸਤੇਮਾਲ ਕਰਕੇ ਮੈਂ ਆਪਣੀ ਕਾਰ ਪਾਰਕ ਕਰਦੀ ਰਹੀ ਹਾਂ ਉਸਨੂੰ ਲੱਭ ਕੇ ਆਪਣਾ ਜੁਰਮ ਕਬੂਲ ਕਰਾਂਗੀ ਤਾਕਿ ਸਹੀ ਅਰਥਾਂ ਵਿਚ ਉਸ ਨਾਲ ਦੋਸਤੀ ਕਰਕੇ ਉਸਦੇ ਕਿਸੇ ਕੰਮ ਆ ਕੇ ਆਪਣੇ ਮਨ ਦੀ ਨਮੋਸ਼ੀ ਦੂਰ ਨੂੰ ਕਰ ਸਕਾਂਗੀ।
ਉਹ ਸ਼ੁਕਰਵਾਰ ਦਾ ਦਿਨ ਸੀ। ਮੈਂ ਦੁਪਹਿਰ ਦਾ ਲੈਕਚਰ ਸੁਣਨ ਪਿੱਛੋਂ ਦੂਜੀ ਮੰਜ਼ਿਲ 'ਤੇ ਬੋਨਮੈਰੋ-ਟ੍ਰਾਂਸਪਲਾਂਟੇਸ਼ਨ ਵਾਰਡ ਕੋਲ ਖੜ੍ਹੀ ਰੀਟਾ ਹੇਨਸਨ ਬਾਰੇ ਪੁੱਛ ਰਹੀ ਸਾਂ। ਮੈਨੂੰ ਅੰਦਰ ਜਾ ਕੇ ਰੀਟਾ ਹੇਨਸਨ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਮੈਂ ਉੱਥੇ ਹੀ ਬੈਠ ਕੇ ਰੀਟਾ ਦੇ ਨਾਂ ਇਕ ਖ਼ਤ ਲਿਖ ਕੇ ਉਸਨੂੰ ਦੱਸਿਆ ਕਿ ਕਿਸ ਤਰ੍ਹਾਂ ਪੇਸ਼ੈਂਟ-ਪਾਰਕਿੰਗ ਦਾ ਫ਼ਾਇਦਾ ਉਠਾ ਕੇ ਮੈਂ ਉਸਨੂੰ ਨਾ ਜਾਣਦੀ ਹੋਈ ਵੀ ਉਸਦੇ ਨਾਂ ਦਾ ਗ਼ਲਤ ਇਸਤੇਮਾਲ ਕਰਦੀ ਰਹੀ। ਮੈਂ ਲਿਖਿਆ ਕਿ ਦੋ ਹਫ਼ਤੇ ਬਾਅਦ ਆਪਣੀ ਨਵੀਂ ਨੌਕਰੀ ਕਰਕੇ ਇਸ ਹਸਪਤਾਲ ਦੀ ਗਿਆਰਵੀਂ ਮੰਜ਼ਿਲ 'ਤੇ ਆਉਣ ਵਾਲੀ ਹਾਂ ਤੇ ਉਹ ਚਾਹੇ ਤਾਂ ਤਿੰਨ ਵਜੇ ਤੋਂ ਪਿੱਛੋਂ ਜਦੋਂ ਚਾਹੇ ਮੈਨੂੰ ਫ਼ੋਨ ਕਰ ਸਕਦੀ ਹੈ।
ਫੇਰ ਇਕ ਦਿਨ ਦੁਪਹਿਰ ਦੇ ਸਵਾ ਤਿੰਨ ਵਜੇ ਪਹਿਲੀ ਵਾਰ ਰੀਟਾ ਦਾ ਫ਼ੋਨ ਆਇਆ ਤੇ ਧੀਮੀ-ਜਿਹੀ ਆਵਾਜ਼ ਵਿਚ ਉਸਨੇ ਦੱਸਿਆ ਕਿ ਉਹ ਦੋਸਤੀ ਦਾ ਹੱਥ ਖ਼ੁਦ ਵਧਾ ਕੇ ਮਿਲਣ ਤੋਂ ਮਜ਼ਬੂਰ ਹੈ। ਉਹ ਫ਼ੋਨ ਉੱਤੇ ਹੱਸਦੀ ਹੋਈ ਬੋਲੀ ਸੀ ਕਿ ਮੇਰੇ ਏਨੇ ਨਿਕੰਮੇ ਜਿਸਮ ਦੇ ਨਾਲ ਰੀਟਾ ਹੇਨਸਨ ਦਾ ਜਿਹੜਾ ਨਾਂ ਜੁੜਿਆ ਏ ਉਹ ਤੁਹਾਡੀ ਕਾਰ ਪਾਰਕਿੰਗ ਦੇ ਇਸਤੇਮਾਲ ਵਿਚ ਆ ਸਕਦਾ ਏ ਤਾਂ ਤੁਸੀਂ ਮੇਰੀ ਸਹਿਮਤੀ ਦੇ ਨਾਲ ਉਸਦਾ ਇਸਤੇਮਾਲ ਬਿਨਾਂ ਕਿਸੇ ਝਿਜਕ ਦੇ ਕਰ ਸਕਦੇ ਹੋ।
ਰੀਟਾ ਅਕਸਰ ਤਿੰਨ ਵਜੇ ਪਿੱਛੋਂ ਫ਼ੋਨ ਕਰਦੀ। ਇੰਜ ਹੌਲੀ-ਹੌਲੀ ਮੇਰੀ ਤੇ ਉਸਦੀ ਦੋਸਤੀ ਵਧਦੀ ਗਈ। ਉਸਦੀ ਦੇਖਭਾਲ ਕਰਨ ਵਾਲੀਆਂ ਦੋ ਨਰਸਾਂ ਨੂੰ ਵੀ ਹੁਣ ਮੇਰਾ ਨਾਂ ਪਤਾ ਲੱਗ ਗਿਆ ਸੀ। ਰੀਟਾ ਦੀ ਨਰਸ ਜੁਲੀ ਨੇ ਮੈਨੂੰ ਦੱਸਿਆ ਕਿ ਰੀਟਾ ਨੂੰ ਓਪਰੇਸ਼ਨ ਪਿੱਛੋਂ ਆਈ ਸੀ ਯੂ ਚੈਂਬਰ ਵਿਚ ਰੱਖਿਆ ਗਿਆ ਸੀ। ਉਸਦੇ ਜਿਸਮ ਦਾ ਸਾਰੇ ਦਾ ਸਾਰਾ ਬੋਨਮੈਰੋ ਰੇਡੀਏਸ਼ਨ ਦੇ ਜ਼ਰੀਏ ਖ਼ਤਮ ਕਰ ਦਿੱਤਾ ਗਿਆ ਸੀ ਤੇ ਕਿਸੇ ਸਿਹਤਮੰਦ ਇਨਸਾਨ ਦੀ ਹੱਡੀ ਵਿਚੋਂ ਕੁਝ ਸੈੱਲ ਰੀਟਾ ਦੇ ਜਿਸਮ ਵਿਚ ਟ੍ਰਾਂਸਫਰ ਕਰ ਦਿੱਤੇ ਗਏ ਸਨ। ਇਸ ਲਈ ਰੀਟਾ ਦੇ ਜਿਸਮ ਵਿਚ ਬਿਮਾਰੀ ਨਾਲ ਲੜਨ ਦੀ ਤਾਕਤ ਬਿਲਕੁਲ ਖ਼ਤਮ ਹੋ ਗਈ ਏ। ਜਦੋਂ ਤਕ ਨਵੇਂ ਸੈੱਲ ਬਣ ਕੇ ਉਹਨਾਂ ਜਾਇਆ ਜਾਂ ਖ਼ਤਮ ਹੋਏ ਸੈੱਲਾਂ ਦੀ ਜਗ੍ਹਾ ਨਹੀਂ ਲੈ ਲੈਂਦੇ, ਉਦੋਂ ਤਕ ਇਸ ਚੈਂਬਰ ਵਿਚ ਰਹੇਗੀ। ਨਰਸਾਂ ਤੇ ਡਾਕਟਰ ਸਾਰੇ ਮਾਸਕ ਲਾ ਕੇ ਉਸ ਕੋਲ ਜਾਂਦੇ ਸਨ। ਕਿਸੇ ਮੁਲਾਕਾਤੀ ਦੋਸਤ ਜਾਂ ਆਦਮੀ ਨੂੰ ਰੀਟਾ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ।
ਮੇਰੀ ਨੀਂਦ ਹੁਣ ਖੂੰਝ ਚੁੱਕੀ ਸੀ। ਘੜੀ ਸਵੇਰ ਦੇ ਤਿੰਨ ਵਜਾ ਰਹੀ ਸੀ। ਮੈਂ ਆਪਣੇ ਟੇਪਰਿਕਾਰਡਰ ਵਿਚ ਰੀਟਾ ਦੀ ਇਕ ਕੈਸੇਟ ਪਾਈ ਜਿਸ ਵਿਚ ਸਾਡੀ ਟੈਲੀਫ਼ੋਨ ਦੀ ਗੱਲਬਾਤ ਰਿਕਾਰਡ ਸੀ।
“ਹੈਲੋ ਰੀਟਾ, ਅੱਜ ਤੇਰੀ ਤਬੀਅਤ ਕੈਸੀ ਐ?”
“ਅੱਛੀ ਏ, ਬਿਹਤਰ ਏ। ਤਦੇ ਤਾਂ ਤੁਹਾਡੇ ਨਾਲ ਗੱਲਾਂ ਕਰਨ ਦੀ ਇਜਾਜ਼ਤ ਮਿਲੀ ਏ।”
“ਇਹ ਤਾਂ ਚੰਗੀ ਗੱਲ ਏ। ਕੀ ਮੈਂ ਤੇਰੇ ਵਾਰਡ ਵਿਚ ਆ ਕੇ ਤੈਨੂੰ ਮਿਲ ਸਕਦੀ ਆਂ?”
“ਨਹੀਂ, ਮੇਰੇ ਕੋਲ ਆਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਏ। ਵਿਸ਼ੂ ਮੈਂ ਤੁਹਾਥੋਂ ਇਕ ਗੱਲ ਪੁੱਛਾਂ? ਕੀ ਕੁਛ ਦਿਨਾਂ ਲਈ ਮੈਂ ਤੁਹਾਡੀਆਂ ਅੱਖਾਂ ਤੇ ਤੁਹਾਡਾ ਜਿਸਮ ਉਧਾਰ ਲੈ ਸਕਦੀ ਆਂ?”
“ਲੈ-ਲੈ, ਜ਼ਰੂਰ ਲੈ ਸਕਦੀ ਏਂ, ਪਰ ਦੱਸ ਇਸਦਾ ਕਰੇਂਗੀ ਕੀ?”
“ਇਸ 'ਚ ਰਹਿ ਕੇ ਮੈਂ ਤੁਹਾਡੇ ਪੈਰਾਂ ਨਾਲ ਚੱਲਾਂ-ਫਿਰਾਂਗੀ। ਤੁਹਾਡੀਆਂ ਅੱਖਾਂ ਵਿਚ ਵੱਸ ਕੇ ਦੇਖਾਂਗੀ।”
“ਕਿੱਥੇ ਜਾਣਾ ਚਾਹੁੰਦੀ ਏਂ ਤੂੰ, ਕੀ ਦੇਖਣਾ ਚਾਹੁੰਦੀ ਏਂ?”
“ਬਹੁਤੀ ਦੂਰ ਨਹੀਂ—ਬੱਸ ਇੱਥੇ ਈ ਕਿਤੇ। ਇਸ ਹਸਪਤਾਲ ਦੇ ਬਗ਼ੀਚੇ 'ਚ ਕਿਸੇ ਰੁੱਖ ਹੇਠ। ਹਰੀ-ਹਰੀ ਘਾਹ ਉੱਤੇ ਸਵੇਰੇ ਜਦੋਂ ਓਸ ਦੀਆਂ ਬੂੰਦਾਂ ਪਈਆਂ ਹੋਣ—ਉਦੋਂ ਨੰਗੇ ਪੈਰੀਂ ਇਸ ਘਾਹ 'ਤੇ ਤੁਰ ਕੇ ਕੁਛ ਪਲਾਂ ਲਈ ਇਸ ਧਰਤੀ ਦੀ ਮਿੱਟੀ ਨਾਲ, ਰੁੱਖਾਂ ਦੀਆਂ ਟਾਹਣੀਆਂ ਨਾਲ , ਫੁੱਲਾਂ ਦੀਆਂ ਪੰਖੜੀਆਂ ਨਾਲ ਕੁਛ ਗੱਲਾਂ ਕਰਨੀਆਂ ਚਾਹੁੰਦੀ ਆਂ।”
“ਕੀ ਗੱਲਾਂ ਕਰੇਂਗੀ ਉਹਨਾਂ ਨਾਲ?”
ਰੀਟਾ ਹੱਸ ਕੇ ਬੋਲੀ, “ਕੀ ਸਭ ਕੁਝ ਦੱਸਣਾ ਪਏਗਾ ਤੁਹਾਨੂੰ? ਬਿਨਾਂ ਦੱਸੇ ਮਹਿਸੂਸ ਨਹੀਂ ਕਰ ਸਕਦੇ ਤੁਸੀਂ?”
“ਜਦੋਂ ਤੂੰ ਮੇਰੇ ਪੈਰਾਂ ਨਾਲ ਤੁਰ ਕੇ ਚੱਲ ਸਕਦੀ ਏਂ, ਮੇਰੀਆਂ ਅੱਖਾਂ ਵਿਚ ਵੱਸ ਕੇ ਦੇਖ ਸਕਦੀ ਏਂ, ਤਾਂ ਨਾਲ-ਨਾਲ ਮੇਰੇ ਮਨ ਵਿਚ ਵੀ ਤਾਂ ਆਪਣੇ ਕੁਛ ਜਜ਼ਬਾਤ ਉਤਾਰ ਦੇ...ਤੇ ਕੁਛ ਗੱਲਾਂ ਮੇਰੇ ਨਾਲ ਵੀ ਸਾਂਝੀਆਂ ਕਰ ਲੈ।”
ਰੀਟਾ ਬੋਲੀ, “ਵਿਸ਼ੂ ਜਾਣਦੇ ਓਂ ਕੁਛ ਰਾਜ਼ ਅਜਿਹੇ ਵੀ ਹੁੰਦੇ ਨੇ ਜਿਹਨਾਂ ਨੂੰ ਆਪਣੇ-ਆਪ ਤੋਂ ਵੀ ਲਕੋ ਕੇ ਰੱਖਣਾ ਪੈਂਦਾ ਏ।”
“ਹਾਂ, ਇਹ ਗੱਲ ਵੀ ਠੀਕ ਐ। ਤੂੰ ਉਹਨਾਂ ਨੂੰ ਖ਼ੁਦ ਤੋਂ ਛਿਪਾਅ ਕੇ ਰੱਖ ਲੈ ਪਰ ਮੈਨੂੰ ਤਾਂ ਦੱਸ ਦਿਆ ਕਰ। ਕਦੀ-ਕਦੀ ਖ਼ੁਦ ਨੂੰ ਆਪਣੇ ਰਾਜ਼ ਤੋਂ ਬਚਾਅ ਕੇ ਰੱਖਣਾ ਸਿਹਤ ਲਈ ਚੰਗਾ ਹੁੰਦਾ ਏ।”
“ਅੱਛਾ ਤਾਂ ਸੁਣੋ,” ਰੀਟਾ ਨੇ ਕਿਹਾ, “ਪਿਛਲੇ ਸੱਤ ਦਿਨਾਂ ਦਾ ਮੈਨੂੰ ਲੱਗ ਰਿਹਾ ਏ ਕਿ ਤੁਸੀਂ ਬੜੀ ਚਾਲਾਕੀ ਨਾਲ ਚੋਰੀ-ਛਿਪੇ ਮੇਰੇ ਕਮਰੇ 'ਚ ਵੜ ਆਏ ਓਂ। ਮੈਂ ਤੁਹਾਨੂੰ ਆਪਣੇ ਕਮਰੇ 'ਚ ਆਪਣੇ ਬਿਸਤਰੇ ਦੇ ਆਸਪਾਸ ਮਹਿਸੂਸ ਕਰਦੀ ਆਂ, ਬੜੀ ਸ਼ਿੱਦਤ ਨਾਲ।”
“ਓਹ ਕਿਵੇਂ ਬਈ?”
“ਤੁਸੀਂ ਆਪਣੇ ਹੱਥ ਨਾਲ ਬਣਾਈਆਂ ਦੋਵੇਂ ਤਸਵੀਰਾਂ ਮੇਰੇ ਕਮਰੇ ਦੀ ਕੰਧਾਂ ਉੱਤੇ ਲਗਵਾ ਕੇ ਰੰਗਾਂ ਵਿਚ ਘੁਲਿਆ ਆਪਣਾ ਵਜੂਦ ਮੇਰੇ ਕੋਲ ਪਹੁੰਚਾ ਦਿੱਤਾ ਏ। ਤੁਹਾਡੀ ਪੇਨਇੰਗ ਦੇਖ ਕੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮਿਲੇ ਬਗ਼ੈਰ, ਦੇਖੇ ਬਗ਼ੈਰ ਈ ਮੈਂ ਤੁਹਾਨੂੰ ਸੱਚਮੁੱਚ ਜਾਣਨ-ਪਛਾਣਨ ਲੱਗੀ ਆਂ। ਜਾਣਦੇ ਓਂ ਵਸ਼ੂ ਪਿਛਲੇ ਕੁਝ ਦਿਨਾਂ ਦੀ ਮੈਂ ਅਕਸਰ ਆਪਣੇ ਮਨ ਦੇ ਪੈਰਾਂ ਨਾਲ ਤੁਰ ਕੇ ਤੁਹਾਡੀ ਪੇਨਟਿੰਗ ਵਿਚ ਬਣੇ ਤਲਾਅ ਦੇ ਕਿਨਾਰੇ ਵਾਲੇ ਰੁੱਖ ਦੀ ਛਾਂ ਵਿਚ ਸੁਸਤਾਉਂਦੀ ਆਂ। ਕਦੀ ਇਸ ਪੇਂਟਿੰਗ ਵਿਚ ਬਣੇ ਘਰ 'ਚ ਡੇਵਿਡ ਲਈ ਖਾਣਾ ਬਣਾ ਕੇ ਉਸਦੇ ਦਫ਼ਤਰੋਂ ਆਉਣ ਦੀ ਉਡੀਕ ਕਰਦੀ ਆਂ ਤੇ ਕਦੀ ਉਸ ਘਰ ਵਿਚ ਬੈਠੀ-ਬੈਠੀ ਖਿੜਕੀ ਦਾ ਪਰਦਾ ਜ਼ਰਾ ਕੁ ਹਟਾ ਕੇ—ਤੁਹਾਡੀ ਦੂਸਰੀ ਪੇਂਟਿੰਗ ਵਿਚ ਤੁਸੀਂ ਸਵੇਰ ਦੀ ਸੁਨਹਿਰੀ ਰੋਸ਼ਨੀ ਵਿਚ ਨਹਾਤੀ ਹੋਈ, ਸਮੁੰਦਰ ਦੇ ਕਿਨਾਰੇ ਪਈ, ਇਕ ਵੱਡੀ ਸਾਰੀ ਸਿੱਪ ਦੀ ਤਸਵੀਰ ਪੇਸ਼ ਕੀਤੀ ਹੈ ਤੇ ਉਸ ਸਿੱਪ ਦੀ ਕੁੱਖ 'ਚੋਂ ਜੰਮਿਆਂ ਮੋਤੀ ਇਕ ਔਰਤ ਦੇ ਜਿਸਮ ਦੇ ਰੂਪ ਵਿਚ ਸਿੱਪ ਦੀ ਸਤਹਿ 'ਤੇ ਚੜ੍ਹ ਕੇ ਸੁਸਤਾ ਰਿਹਾ ਹੈ। ਵਸ਼ੂ ਤੁਸੀਂ ਖ਼ੁਦ ਆਪਣੇ ਖ਼ਤ ਵਿਚ ਲਿਖਿਆ ਏ ਕਿ ਉਹ ਤੁਹਾਡੇ ਆਪਣੇ ਜਜ਼ਬਾਤਾਂ ਦੀ ਪੇਂਟਿੰਗ ਹੈ। ਇਹ ਜਿਸਮ ਜਿਹੜਾ ਹੈ ਉਹ ਹੈ ਖਾਲੀ ਸਿੱਪ ਤੇ ਤੁਹਾਡੀ ਰੂਹ ਇਕ ਮੋਤੀ ਵਾਂਗ ਜਿਹੜੀ ਜਿਸਮ ਰੂਪੀ ਸਿੱਪ ਵਿਚ ਆਪਣੀ ਚਮਕ ਆਪਣੀ ਤੇਜ਼ੀ ਸੰਜੋ ਕੇ ਅਕਸਰ ਇਕ ਕੈਦੀ ਵਾਂਗ ਚੁੱਪ ਰਹਿੰਦਾ ਹੈ। ਕਦੀ ਆਪਣੀ ਵਿਹਲ ਦੌਰਾਨ ਆਪਣੀ ਇਕੱਲ ਦੀ ਸਵੇਰ ਵਿਚ ਆਪਣੇ ਅੰਦਰਲੀ ਰੂਹ ਦੇ ਮੋਤੀ ਦੀ ਚਮਕ ਨੂੰ ਸੂਰਜ ਦੀਆਂ ਕਿਰਨਾਂ ਨਾਲ ਜੋੜ ਦਿੰਦੀ ਹਾਂ ਤੇ ਜਿਸਮ ਰੂਪੀ ਖੁੱਲ੍ਹੀ ਸਿਪ ਨੂੰ ਸਮੁੰਦਰ ਦੇ ਕਿਨਾਰੇ ਛੱਡ ਕੇ ਆਸਮਾਨ ਦੀਆਂ ਬਾਹਾਂ ਵਿਚ ਝੂਟਦੀ ਹੋਈ ਕਿਧਰੇ ਦੂਰ ਨਿਕਲ ਜਾਂਦੀ ਆਂ।”
“ਅੱਛਾ ਤਾਂ ਹੁਣ ਪਤਾ ਲੱਗਿਆ ਕਿ ਤੂੰ ਕਿਓਂ ਮੇਰੇ ਪੈਰਾਂ ਵਿਚ ਲੱਥ ਕੇ ਚੱਲਣਾ ਚਾਹੁੰਦੀ ਏਂ ਤੇ ਮੇਰੀਆਂ ਅੱਖਾਂ ਵਿਚ ਵੱਸ ਕੇ ਦੇਖਣਾ।”
“ਮੈਨੂੰ ਡਰ ਲੱਗ ਰਿਹਾ ਏ ਵਿਸ਼ੂ...ਮੈਨੂੰ ਕਲ੍ਹ ਰਾਤ ਇਕ ਡਰਾਵਨਾ ਸੁਪਨਾ ਆਇਆ—ਦੇਖਿਆ ਕਿ ਮੇਰੀ ਲਾ-ਇਲਾਜ਼ ਬਿਮਾਰੀ ਤੋਂ ਘਬਰਾ ਕੇ ਡੇਵਿਡ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਦੂਜੀ ਔਰਤ ਨਾਲ ਸ਼ਾਦੀ ਕਰ ਲਈ। ਤੇ ਕੁਛ ਸਾਲ ਤਕ ਕਹਿੰਦਾ ਰਿਹਾ ਕਿ ਉਹ ਉਸ ਔਰਤ ਨਾਲ ਬੜਾ ਖ਼ੁਸ਼ ਏ, ਪਰ ਕਲ੍ਹ ਰਾਤ ਸੁਪਨੇ ਵਿਚ ਡੇਵਿਡ ਕਹਿ ਰਿਹਾ ਸੀ ਕਿ ਜਦੋਂ ਉਹ ਆਪਣੀ ਨਵੀਂ ਪਤਨੀ ਨਾਲ ਸੋਂਦਾ ਏ ਤਾਂ ਅਕਸਰ ਅੱਧੀ ਰਾਤ ਦੇ ਬਾਅਦ ਉਸਦੀ ਨੀਂਦ ਉੱਖੜ ਜਾਂਦੀ ਏ। ਫੇਰ ਉਹ ਪਾਸਾ ਪਰਤ ਕੇ ਦੇਖਦਾ ਹੈ ਤਾਂ ਪਤਾ ਨਹੀਂ ਕਿਧਰੋਂ ਆਣ ਕੇ ਮੈਂ ਉੱਥੇ ਸੁੱਤੀ ਹੁੰਦੀ ਆਂ ਆਪਣੇ ਡੇਵਿਡ ਕੋਲ, ਬਿਲਕੁਲ ਖ਼ਾਮੋਸ਼, ਹੌਲੀ-ਹੌਲੀ ਪਲੋਸ ਕੇ ਸੰਵਾਅ ਦਿੰਦੇ ਨੇ ਮੇਰੇ ਹੱਥ ਉਸਦੇ ਨੀਂਦ ਤੋਂ ਦੂਰ ਜਿਸਮ ਨੂੰ ਤੇ ਸੁਣ ਵਿਸ਼ੂ, ਕਹਿ ਰਿਹਾ ਸੀ ਰੀਟਾ ਸੁਣ ਤੂੰ ਆ ਜਾਂਦੀ ਏਂ ਰੋਜ਼ ਇੰਜ ਈ ਨੇੜੇ ਮੇਰੀਆਂ ਬਾਹਾਂ ਵਿਚ ਤੇ ਉਹੀ ਸਭ ਗੱਲਾਂ ਮੈਨੂੰ ਸੁਣਾਉਂਦੀ ਏਂ ਜਿਹਨਾਂ ਨੂੰ ਸੁਣਨ ਲਈ ਮੇਰਾ ਦਿਲ ਬੇਚੈਨ ਰਹਿੰਦਾ ਏ।
“ਓ ਰੀਟਾ ਮੈਨੂੰ ਲੱਗਦਾ ਏ ਤੇਰਾ ਸਾਹ ਬੜੀ ਤੇਜ਼ ਚੱਲ ਰਿਹਾ ਏ, ਚਾਹੇਂ ਤਾਂ ਕੁਛ ਚਿਰ ਆਰਾਮ ਕਰ ਲੈ—ਫੇਰ ਗੱਲਾਂ ਕਰਾਂਗੇ।”
ਮੈਂ ਚਾਹੁੰਦੀ ਸੀ ਕਿ ਸਾਰੀ ਰਾਤ ਰੀਟਾ ਦੇ ਕੈਸਟ ਸੁਣਦੀ ਰਹਾਂ ਪਰ ਕਦੋਂ ਨੀਂਦ ਦੀ ਗੋਦ ਵਿਚ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ।
ਦੂਜੇ ਦਿਨ ਮੈਂ ਸਾਰੀ ਸਵੇਰ ਆਪਣੇ ਕੰਮ ਵਿਚ ਰੁੱਝੀ ਰਹੀ। ਡੇਵਿਡ ਦਾ ਫ਼ੋਨ ਦੋ ਵਾਰੀ ਆ ਚੁੱਕਿਆ ਸੀ। ਮੈਂ ਚਾਹੁੰਦੀ ਸੀ ਕਿ ਡੇਵਿਡ ਦੇ ਸਨਫਰਾਂਸਿਸਕੋ ਪਰਤ ਜਾਣ ਤੋਂ ਪਹਿਲਾਂ ਰੀਟਾ ਦੀਆਂ ਸਾਰੀਆਂ ਗੱਲਾਂ, ਉਸਦੇ ਸਾਰੇ ਕੈਸਟ ਸੁਣ ਲਵਾਂ। ਦੁਪਹਿਰ ਨੂੰ ਲੰਚ ਦੇ ਬਾਅਦ ਮੈਂ ਆਪਣਾ ਛੋਟਾ-ਜਿਹਾ ਕੈਸਟ-ਪਲੇਅਰ ਤੇ ਰੀਟਾ ਦੇ ਕੈਸਟ ਲੈ ਕੇ ਲਾਇਬਰੇਰੀ ਚਲੀ ਗਈ ਤੇ ਆਪਣੀ ਤੇ ਰੀਟਾ ਦੀ ਗੱਲਬਾਤ ਸੁਣਨ ਲੱਗੀ...
“ਰੀਟਾ ਕੀ ਮੈਂ ਤੈਥੋਂ ਕੁਝ ਗੱਲਾਂ ਪੁੱਛ ਸਕਦੀ ਆਂ?”
“ਹਾਂ, ਹਾਂ ਜ਼ਰੂਰ ਪੁੱਛੋ...”
“ਕੀ ਮੈਂ ਡੇਵਿਡ ਨੂੰ ਮਿਲ ਸਕਦੀ ਆਂ?”
“ਹਾਂ, ਹਾਂ ਜ਼ਰੂਰ। ਮੈਂ ਉਸਨੂੰ ਕਹਿ ਦਿਆਂਗੀ ਕਿ ਉਹ ਆ ਕੇ ਤੁਹਾਨੂੰ ਮਿਲ ਲਏ। ਪਰ ਤੁਸੀਂ ਤਾਂ ਜਾਣਦੇ ਓ ਮੈਂ ਇਸ ਆਈਸੋਸਲੇਸ਼ਨ ਚੈਂਬਰ ਵਿਚ ਆਂ। ਮੇਰੇ ਕੋਲ ਕੋਈ ਨਹੀਂ ਆ ਸਕਦਾ। ਡੇਵਿਡ ਵੀ ਨਹੀਂ। ਡੇਵਿਡ ਸਨਫਰਾਂਸਿਸਕੋ ਤੋਂ ਮਹੀਨੇ 'ਚ ਸਿਰਫ਼ ਇਕ ਵਾਰੀ ਮੈਨੂੰ ਮਿਲਣ ਆਉਂਦਾ ਏ। ਉਸਨੂੰ ਵੀ ਡਾਕਟਰਾਂ ਵਾਲਾ ਗਾਊਨ, ਟੋਪੀ, ਮਾਸਕ—ਸਭ ਪੁਆ ਕੇ ਮੇਰੇ ਕੋਲ ਲਿਆਉਂਦੇ ਨੇ। ਮੇਰੀ ਹਾਲਤ ਦੇਖ ਕੇ ਉਸਨੂੰ ਤਕਲੀਫ਼ ਹੁੰਦੀ ਏ। ਮੈਂ ਚਾਹੁੰਦੀ ਆਂ ਤੇ ਡਾਕਟਰਾਂ ਨੇ ਵੀ ਕਿਹਾ ਏ ਕਿ ਰਿਸ਼ਤੇਦਾਰਾਂ ਨੂੰ ਬੁਲਾ ਕੇ ਬੇਕਾਰ ਖ਼ਰਚ ਕਰਵਾਉਣ ਦਾ ਕੀ ਫ਼ਾਇਦਾ? ਜਦ ਮੈਂ ਠੀਕ ਹੋ ਜਾਵਾਂਗੀ ਤਦ ਖ਼ੁਦ ਹੀ ਸਾਰਿਆਂ ਕੋਲ ਚਲੀ ਜਾਵਾਂਗੀ। ਫੇਰ ਵੀ ਮੈਂ ਡੇਵਿਡ ਨੂੰ ਕਹਾਂਗੀ ਕਿ ਇਕ ਵਾਰੀ ਆ ਕੇ ਉਹ ਤੁਹਾਨੂੰ ਜ਼ਰੂਰ ਮਿਲ ਲਵੇ...”
“ਤੂੰ ਡੇਵਿਡ ਨੂੰ ਕਦੋਂ ਦੀ ਜਾਣਦੀ ਏਂ? ਕਦੋਂ ਮਿਲੀ ਸੀ ਤੂੰ ਉਸਨੂੰ”
“(ਧੀਮੀ ਆਵਾਜ਼ ਵਿਚ) ਪਹਿਲੀ ਵਾਰੀ ਮੈਂ ਡੇਵਿਡ ਨੂੰ ਸ਼ਾਇਦ ਪਿਛਲੇ ਜਨਮ ਵਿਚ ਮਿਲੀ ਸੀ, ਬਚਪਨ ਵਿਚ। ਉਹ ਮੈਨੂੰ ਨਦੀ ਦੇ ਕਿਨਾਰੇ ਮੁਸਕਰਾਉਂਦਾ ਹੋਇਆ ਮਿਲਿਆ ਸੀ।”
“ਕਿਹੜੀ ਨਦੀ?” ਮੈਂ ਪੁੱਛਿਆ।
“ਸੱਚ ਦੱਸਾਂ, ਯਕੀਨ ਕਰੋਗੇ...”
“ਹਾਂ, ਹਾਂ ਕਿਉਂ ਨਹੀਂ।”
“ਉਹ ਮੈਨੂੰ ਕਹਿਸ਼ਕਸ਼ਾਂ ਦੇ ਕਿਨਾਰੇ ਮਿਲਿਆ ਸੀ, ਪਹਿਲੀ ਵਾਰ...”
“ਤੇ ਇਸ ਜਨਮ ਵਿਚ...”
“ਇਸ ਜਨਮ ਵਿਚ ਉਹ ਮੈਨੂੰ ਵਾਸ਼ਿੰਗਟਨ ਡੀ ਸੀ ਦੀ ਮੈਟਰੋ ਵਿਚ ਮਿਲਿਆ ਸੀ। ਉਸਨੇ ਕਿਸੇ ਸਮਿੱਥ ਸਵਨੇਨ ਦੀ ਆਰਟ ਗੇਲਰੀ ਵਿਚ ਜਾਣਾ ਸੀ ਤੇ ਮੈਥੋਂ ਉਸਦਾ ਪਤਾ ਠਿਕਾਣਾ ਪੁੱਛਿਆ ਸੀ। ਉਹਨੀਂ ਦਿਨੀਂ ਮੈਂ ਸਮਿੱਥ ਸਵਨੇਨ ਵਿਚ ਇਤਿਹਾਸ ਤੇ ਪੁਰਾਤੱਤਵ ਵਿਭਾਗ ਵਿਚ ਨੌਕਰੀ ਕਰ ਰਹੀ ਸਾਂ। ਲਾਇਬਰੇਰੀ ਆਫ਼ ਕਾਂਗਰਸ ਦੇ ਫਰੈਂਚ ਮਹਿਕਮੇ ਵਿਚ ਉਸਨੂੰ ਨਵੀਂ-ਨਵੀਂ ਇੰਟਰਨਲ ਸ਼ਿਪ ਮਿਲੀ ਸੀ। ਉਹ ਅਕਸਰ ਲੰਚ ਵਿਚ ਮੈਨੂੰ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆ ਜਾਂਦਾ ਤੇ ਵਾਸ਼ਿੰਗਟਨ ਡੀ ਸੀ ਬਾਰੇ ਬਹੁਤ ਸਾਰੀਆਂ ਗੱਲਾਂ ਪੁੱਛਦਾ।”
“ਫੇਰ ਤੁਹਾਡੀ ਸ਼ਾਦੀ ਕਦ ਹੋਈ?”
“ਅੱਜ ਤੋਂ ਤਿੰਨ ਮਹੀਨੇ ਬਾਅਦ ਸਾਡੀ ਸ਼ਾਦੀ ਨੂੰ ਚਾਰ ਸਾਲ ਹੋ ਜਾਣਗੇ।”
“ਬਹੁਤ ਪਿਆਰ ਕਰਦੀ ਏਂ ਉਹਨੂੰ...”
ਜਵਾਬ ਦੇਣ ਦੀ ਬਜਾਏ ਰੀਟਾ ਚੁੱਪ ਹੋ ਗਈ।
“ਬਹੁਤ ਮਿਸ ਕਰਦੀ ਏਂ ਉਸਨੂੰ? ਰੀਟਾ ਬਈ ਕੁਛ ਤਾਂ ਬੋਲ—ਕੀ ਤੂੰ ਰੋ ਰਹੀ ਏਂ?” ਰੀਟਾ ਧੀਮੀ ਆਵਾਜ਼ ਬੋਲੀ, “ਵਿਸ਼ੂ ਮਿਸ ਤਾਂ ਉਸਨੂੰ ਕੀਤਾ ਜਾਂਦਾ ਏ ਜਿਹੜਾ ਦੂਰ ਚਲਾ ਗਿਆ ਹੋਵੇ। ਡੇਵਿਡ ਤਾਂ ਅਜਿਹਾ ਜਾਦੂਗਰ ਏ ਕਿ ਉਹ ਆਪਣੇ ਜਾਦੂ ਨਾਲ ਹਮੇਸ਼ਾ ਮੇਰੇ ਕੋਲ ਰਹਿੰਦਾ ਏ। ਉਹ ਹੁਣ ਇਸ ਵੇਲੇ ਵੀ ਮੇਰੇ ਕੋਲ ਏ ਜਦਕਿ ਮੈਂ ਤੇਰੇ ਨਾਲ ਗੱਲਾਂ ਕਰ ਰਹੀ ਆਂ ਤਦ ਵੀ। ਅਕਸਰ ਇਸ ਬੁੱਧੂ ਨੂੰ ਖ਼ੁਦ ਵੀ ਪਤਾ ਨਹੀਂ ਹੁੰਦਾ ਕਿ ਉਹ ਮੇਰੇ ਕੋਲ ਈ ਰਹਿੰਦਾ ਏ। ਡੇਵਿਡ ਦੀਆਂ ਗੱਲਾਂ ਨੇ ਈ ਤਾਂ ਮੈਨੂੰ ਜਿਊਂਦੀ ਰੱਖਿਆ ਹੋਇਆ ਏ।”
“ਅੱਛਾ ਕੀ ਗੱਲਾਂ ਕਰਦਾ ਏ ਉਹ ਤੇਰੇ ਨਾਲ?”
“ਵਿਸ਼ੂ ਤੈਨੂੰ ਯਾਦ ਏ ਨਾ? ਮੈਂ ਕਿਹਾ ਸੀ ਤੈਨੂੰ ਕਿ ਪਿਛਲੇ ਜਨਮ ਵਿਚ ਉਹ ਮੈਨੂੰ ਕਹਿਕਸ਼ਾਂ ਦੇ ਕਿਨਾਰੇ ਮੁਸਕਰਾਉਂਦਾ ਹੋਇਆ ਮਿਲਿਆ ਸੀ। ਸ਼ਾਇਦ ਇਸੇ ਲਈ ਇਸ ਜਨਮ ਵਿਚ ਵਾਸ਼ਿੰਗਟਨ ਡੀ ਸੀ ਦੀ ਤਪਦੀ ਦੁਪਹਿਰ ਵਿਚ ਮੈਂ ਉਸਨੂੰ ਦੇਖਦੀ ਹੀ ਪਛਾਣ ਗਈ ਸਾਂ।
“ਇਕ ਵਾਰੀ ਸਮਿੱਥ ਸਵਨੇਨ ਵਿਚ ਮੈਨੂੰ ਦੇਰ ਰਾਤ ਤਕ ਕੰਮ ਕਰਨਾ ਪੈਂਦਾ ਸੀ। ਫਰਬਰੀ ਦਾ ਮਹੀਨਾ ਸੀ। ਸਾਰਾ ਸ਼ਹਿਰ ਬਰਫ਼ ਦੀ ਤੈਹ ਵਿਚ ਦਬ-ਜਿਹਾ ਗਿਆ ਸੀ। ਮੈਂ ਆਪਣੀ ਮੇਜ਼ 'ਤੇ ਕੰਮ ਕਰ ਰਹੀ ਸੀ ਤੇ ਡੇਵਿਡ ਖਿੜਕੀ ਕੋਲ ਖੜ੍ਹਾ ਸਫੇਦ-ਜਿਹੀ, ਦੁਧੀਆ ਜ਼ਮੀਨ ਤੇ ਸਾਂਵਲੇ ਆਸਮਾਨ ਵੱਲ ਦੇਖ ਰਿਹਾ ਸੀ। ਫੇਰ ਉਹ ਮੇਰਾ ਹੱਥ ਫੜ੍ਹ ਕੇ ਮੈਨੂੰ ਵੀ ਖਿੜਕੀ ਕੋਲ ਲੈ ਗਿਆ ਤੇ ਬੋਲਿਆ ਰੀਟਾ ਦੇਖ ਠੀਕ ਮੇਰੇ ਵਾਂਗ ਆਪਣੀਆਂ ਹਥੇਲੀਆਂ ਦਾ ਬੁੱਕ ਬਣਾ। ਅੱਜ ਅਸੀਂ ਦੋਵੇਂ ਰਲਕੇ ਇਕੋ ਘੁੱਟ ਵਿਚ ਸਮੁੱਚੇ ਆਸਮਾਨ ਨੂੰ ਪੀ ਜਾਈਏ। ਤੇ ਮੈਂ ਉਸਦੇ ਨਾਲ ਆਪਣੀਆਂ ਹਥੇਲੀਆਂ ਦਾ ਬੁੱਕ ਬਣਾ ਕੇ ਖੜ੍ਹੀ ਹੋ ਗਈ। ਉਸ ਰਾਤ ਪਹਿਲੀ ਵਾਰੀ ਉਸਨੇ ਮੇਰੀਆਂ ਬਾਹਾਂ ਨੂੰ ਛੂਹ ਕੇ ਕਿਹਾ ਸੀ ਕਿ ਦੇਖ ਬ੍ਰਾਹਮੰਡ ਨੂੰ ਅਸਾਂ ਦੋਵਾਂ ਨੇ ਆਪਣੇ ਬੁੱਕ ਵਿਚ ਭਰ ਕੇ ਪੀ ਲਿਆ ਏ। ਹੁਣ ਆਕਾਸ਼ ਗੰਗਾ ਦੇ ਤਟ 'ਤੇ ਸੁਸਤਾਉਣ ਲਈ ਸਾਨੂੰ ਕਿਧਰੇ ਦੂਰ, ਇਸ ਪਾਰ ਤੋਂ ਉਸ ਪਾਰ, ਨਹੀਂ ਜਾਣਾ ਪਏਗਾ—ਬੱਸ ਅੱਖਾਂ ਬੰਦ ਕਰਕੇ ਆਪਣੇ ਅੰਦਰ ਸਮਾਉਣਾ ਪਏਗਾ। ਅਸੀਂ ਦੋਵੇਂ ਤੇ ਸਾਡਾ ਵਜੂਦ ਇਸ ਕਾਇਨਾਤ ਦੇ ਪੰਜ ਤੱਤਾਂ ਦਾ ਬਣਿਆਂ ਹੋਇਆ ਏ। ਤੂੰ ਪੁਰਾਤੱਤਵ ਦੀ ਸਕਾਲਰ ਏਂ। ਮੈਂ ਵੀ ਵੱਡੀ ਲਾਇਬਰੇਰੀ ਵਿਚ ਵਿਹਲ ਦੇ ਸਮੇਂ ਇਤਿਹਾਸ ਦੀਆਂ ਪੁਸਤਕਾਂ ਦੇ ਸਫ਼ੇ ਪਰਤੇ ਨੇ। ਸੂਰਜ ਦੀ ਕੁੱਖ 'ਚੋਂ ਨਿਕਲੀ ਹੋਈ ਜ਼ਮੀਨ ਦੇ ਜਨਮ ਦਾ ਇਤਿਹਾਸ। ਮੈਨੂੰ ਇੰਜ ਕਿਉਂ ਲੱਗਦਾ ਏ ਕਿ ਕਰੋੜਾਂ ਸਾਲ ਪਹਿਲਾਂ ਮੈਂ ਤੇ ਤੂੰ ਆਕਾਸ਼ ਗੰਗਾ ਜਾਂ ਕਹਿਕਸ਼ਾਂ ਦੇ ਕਿਨਾਰੇ ਕਿਸੇ ਯਾਤਰੀ ਵਾਂਗ ਜ਼ਰੂਰ ਮਿਲੇ ਹੋਵਾਂਗੇ।”
ਫੇਰ ਇਕ ਲੰਮੀ ਚੁੱਪ ਪਿੱਛੋਂ ਰੀਟਾ ਦੀ ਆਵਾਜ਼ ਆਈ। “ਵਿਸ਼ੂ ਆਪਣੀ ਸ਼ਾਦੀ ਦਾ ਕਿੱਸਾ ਜਦੋਂ ਮੈਂ ਤੇ ਤੂੰ ਆਹਮਣੇ-ਸਾਹਮਣੇ ਹੋਵਾਂਗੇ ਉਦੋਂ ਸੁਣਾਵਾਂਗੀ। ਹੁਣ ਮੇਂ ਥੱਕ ਗਈ ਆਂ, ਬੱਸ ਸੌਣਾ ਚਾਹੁੰਦੀ ਆਂ।”
ਦੂਜੇ ਦਿਨ ਦੁਪਹਿਰੇ ਠੀਕ ਦੋ ਵਜੇ ਡੇਵਿਡ ਮੇਰੀ ਤਜ਼ਰਬਾਗਾਹ ਦੇ ਸਾਹਮਣੇ ਖੜ੍ਹਾ ਸੀ। ਫੇਰ ਮੈਂ ਉਸਨੂੰ ਲੈ ਕੇ ਹੇਠਾਂ ਕਾਫ਼ੀ-ਹਾਊਸ ਵਿਚ ਚਲੀ ਗਈ। ਲੱਗਦਾ ਸੀ ਕਿ ਡੇਵਿਡ ਦੀਆਂ ਅੱਖਾਂ ਬੜਾ ਕੁਝ ਪੁੱਛਣਾ ਚਾਹੁੰਦੀਆਂ ਸਨ। ਪਰ ਗੱਲ ਮੈਂ ਹੀ ਸ਼ੁਰੂ ਕੀਤੀ।
“ਡੇਵਿਡ ਰੀਟਾ ਦੱਸ ਰਹੀ ਸੀ ਕਿ ਮਹੀਨੇ ਵਿਚ ਇਕ ਵਾਰੀ ਤੁਸੀਂ ਉਸਨੂੰ ਮਿਲਣ ਆਉਂਦੇ ਸੌ। ਮੈਂ ਇਕ ਦੋ ਵਾਰੀ ਰੀਟਾ ਨੂੰ ਕਿਹਾ ਵੀ ਸੀ ਕਿ ਮੈਂ ਤੁਹਾਨੂੰ ਮਿਲਾਂ ਤੇ ਆਪਣੇ ਘਰ ਬੁਲਾਵਾਂ। ਪਰ ਰੀਟਾ ਦਾ ਕਹਿਣਾ ਸੀ ਕਿ ਸ਼ਨੀਚਰ ਐਤਵਾਰ ਜਾਂ ਛੁੱਟੀ ਵਾਲੇ ਦਿਨ ਮੈਂ ਹਸਪਤਾਲ ਦਾ ਝਮੇਲਾ ਹਸਪਤਾਲ ਵਿਚ ਛੱਡ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਵਾਂ। ਇਸ ਲਈ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ।”
ਡੇਵਿਡ ਕੁਝ ਚਿਰ ਚੁੱਪ ਰਹਿ ਕੇ ਬੋਲਿਆ, “ਹਾਂ, ਇਹ ਸੱਚ ਏ ਕਿ ਮੇਰੇ ਇੱਥੇ ਆਏ ਬਗ਼ੈਰ ਹੀ ਹਰ ਮਹੀਨੇ ਇਕ ਵਾਰੀ ਰੀਟਾ ਮਨ ਹੀ ਮਨ ਵਿਚ ਸ਼ਨੀਚਰ ਐਤਵਾਰ ਦੀਆਂ ਛੁੱਟੀਆਂ ਵਿਚ ਮਿਲ ਲੈਂਦੀ ਸੀ।”
ਮੈਂ ਰਤਾ ਤ੍ਰਬਕੀ, “ਤਾਂ ਕੀ ਤੁਸੀਂ ਰੀਟਾ ਨੂੰ ਮਿਲਣ ਇੱਥੇ, ਇਸ ਹਸਪਤਾਲ ਵਿਚ, ਕਦੀ ਨਹੀਂ ਆਏ...”
ਡੇਵਿਡ ਨੇ ਕੁਝ ਰੁਕ ਕੇ ਕਿਹਾ, “ਮੈਂ ਜਾਣਦਾ ਈ ਨਹੀਂ ਸੀ ਕਿ ਰੀਟਾ ਇਸ ਹੱਦ ਤਕ ਬਿਮਾਰ ਐ। ਨਾ ਹੀ ਰੀਟਾ ਦੇ ਕੈਂਸਰ ਬਾਰੇ ਮੈਨੂੰ ਕੁਝ ਪਤਾ ਸੀ।”
ਡੇਵਿਡ ਨੇ ਬੜੀ ਮੁਸ਼ਕਿਲ ਨਾਲ ਆਪਣੀਆਂ ਅੱਖਾਂ ਵਿਚ ਅੱਥਰੂਆਂ ਨੂੰ ਡੱਕਿਆ ਹੋਇਆ ਸੀ। ਫੇਰ ਡੇਵਿਡ ਨੇ ਇਕ ਖ਼ਤ ਕੱਢ ਕੇ ਮੈਨੂੰ ਦਿੱਤਾ। ਲਗਭਗ ਨੌਂ ਸਾਲ ਪੁਰਾਣਾ ਖ਼ਤ ਸੀ। ਲਿਖਿਆ ਸੀ—
'ਮੇਰੇ ਡੇਵਿਡ
ਜਦੋਂ ਇਹ ਖ਼ਤ ਤੈਨੂੰ ਮਿਲੇਗਾ, ਮੈਂ ਤੈਥੋਂ ਹਜ਼ਾਰਾਂ ਮੀਲ ਦੂਰ ਕਿਸੇ ਦੂਸਰੇ ਦੇਸ਼ ਦੇ ਅਣਜਾਣੇ ਸ਼ਹਿਰ ਵਿਚ ਪਹੁੰਚ ਚੁੱਕੀ ਹੋਵਾਂਗੀ। ਮੈਂ ਤੈਨੂੰ ਕਿਉਂ ਛੱਡ ਕੇ ਜਾ ਰਹੀ ਹਾਂ ਇਸਦਾ ਸਹੀ ਕਾਰਨ ਮੈਂ ਤੈਨੂੰ ਇਸ ਸਮੇਂ ਨਹੀਂ ਦੱਸ ਸਕਦੀ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹਨਾਂ ਨੂੰ ਨਾ ਦੱਸਣ ਵਿਚ ਹੀ ਵਧੇਰੇ ਸੁਖ ਹੈ। ਤੂੰ ਜਾਂ ਮੇਰੇ ਪਰਿਵਾਰ ਦਾ ਕੋਈ ਜੀਅ ਇਸ ਨੂੰ ਨਾ ਜਾਣੇ ਇਹੋ ਚੰਗਾ ਹੈ। ਮੈਂ ਤੇਰੇ ਨਾਲ ਸ਼ਾਦੀ ਵੇਲੇ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਸਾਰੇ ਵਾਦਿਆਂ ਨੂੰ ਤੋੜ ਰਹੀ ਹਾਂ ਮੈਂ। ਇਸ ਫੈਸਲੇ 'ਤੇ ਮੈਂ ਖ਼ੁਦ ਏਨੀ ਸ਼ਰਮਿੰਦਾ ਹਾਂ ਕਿ ਅੱਜ ਤੋਂ ਨਾ ਤੈਨੂੰ ਤੇ ਨਾ ਹੀ ਆਪਣੇ ਘਰਵਾਲਿਆਂ ਨੂੰ ਆਪਣੀ ਸ਼ਕਲ ਦਿਖਾਵਾਂਗੀ। ਬੱਸ ਤੈਨੂੰ ਏਨਾ ਕਹਿਣਾ ਚਾਹੁੰਦੀ ਹਾਂ ਕਿ ਚੀਨ ਤੇ ਇੰਡੋਨੇਸ਼ੀਆ ਦੀ ਕਾਨਫਰੰਸ ਪਿੱਛੋਂ ਮੇਰੇ ਵਿਚ ਤਬਦੀਲੀ ਆਈ ਹੈ—ਕੋਈ ਹੋਰ ਹੈ ਜਿਹੜਾ ਮੇਰੇ ਰੋਮ-ਰੋਮ ਵਿਚ ਵੱਸ ਗਿਆ ਹੈ। ਮੈਂ ਚਾਹਾਂ ਵੀ ਤਾਂ ਉਸਨੂੰ ਛੱਡ ਨਹੀਂ ਸਕਦੀ। ਆਪਣੀ ਜ਼ਿੰਦਗੀ ਦੇ ਬਾਕੀ ਸਾਰੇ ਸਾਲ ਮੈਂ ਉਸਨੂੰ ਸੌਂਪ ਦੇਣਾ ਚਾਹੁੰਦੀ ਹਾਂ। ਹੁਣ ਮੈਂ ਜਿਊਂਵਾਂਗੀ ਤਾਂ ਉਸਦੇ ਨਾਲ ਤੇ ਮਰਾਂਗੀ ਤਾਂ ਉਸਦੇ ਨਾਲ। ਹੋ ਸਕੇ ਤਾਂ ਮੈਨੂੰ ਮੁਆਫ਼ ਕਰ ਦਵੀਂ।
ਤੇਰੀ ਅਹਿਸਾਨਮੰਦ
ਰੀਟਾ।'
ਖ਼ਤ ਪੜ੍ਹ ਕੇ ਮੈਂ ਡੇਵਿਡ ਨੂੰ ਪੁੱਛਿਆ, “ਇਹ ਖ਼ਤ ਕਦੋਂ ਦਾ ਏ?”
ਡੇਵਿਡ ਨੇ ਜਵਾਬ ਦਿੱਤਾ, “ਸਾਡੀ ਸ਼ਾਦੀ ਦੇ ਇਕ ਸਾਲ ਬਾਅਦ ਦਾ। ਰੀਟਾ ਸਮਿੱਥ ਸਵਨੇਨ ਵੱਲੋਂ ਪੁਰਾਤੱਤਵ ਮਹਿਕਮੇ ਦੀ ਕਿਸੇ ਰਿਸਰਚ ਦੇ ਸਿਲਸਿਲੇ ਵਿਚ ਚੀਨ, ਜਾਪਾਨ, ਇੰਡੋਨੇਸ਼ੀਆ ਦੇ ਸਫ਼ਰ ਤੇ ਗਈ ਸੀ। ਉੱਥੋਂ ਹੀ ਉਸਦਾ ਇਹ ਖ਼ਤ ਆਇਆ ਸੀ।
“ਮੈਂ ਅਰਸੇ ਤਕ ਉਸਨੂੰ ਲੱਭਦਾ ਰਿਹਾ। ਉਸਦੇ ਪਿਤਾ ਵੀ ਪ੍ਰੇਸ਼ਾਨ ਰਹੇ। ਜਦੋਂ ਮੈਂ ਸਮਿੱਥ ਸਵਨੇਨ ਨਾਲ ਸੰਪਰਕ ਕਾਇਮ ਕੀਤਾ ਤਾਂ ਪਤਾ ਲੱਗਾ ਕਿ ਰੀਟਾ ਨੇ ਆਪਣੀ ਨੌਕਰੀ ਛੱਡ ਦਿੱਤੀ ਏ।”
ਡੇਵਿਡ ਨੇ ਇਕ ਲੰਮਾ ਸਾਹ ਖਿਚਦਿਆਂ ਕਿਹਾ, “ਕਾਸ਼ ਮੈਂ ਪਹਿਲਾਂ ਸਮਝ ਗਿਆ ਹੁੰਦਾ ਕਿ ਉਸਦੇ ਰੋਮ-ਰੋਮ ਵਿਚ ਜਿਹੜਾ ਵੱਸ ਗਿਆ ਏ ਉਹ ਕੋਈ ਦੂਸਰਾ ਪ੍ਰੇਮੀ ਨਹੀਂ ਬਲਕਿ ਉਸਦੀ ਜਾਨ ਲੈਣ ਵਾਲਾ ਕੈਂਸਰ ਦਾ ਰੋਗ ਏ।”
“ਡੇਵਿਡ ਹਸਪਤਾਲ ਵਿਚ ਅਜਿਹੇ ਕਈ ਲੋਕ ਆਉਂਦੇ ਨੇ ਜਿਹੜੇ ਇਹੀ ਕਹਿੰਦੇ ਨੇ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਏ ਤੇ ਡਾਕਟਰ ਵੀ ਜਾਣਦੇ ਹੁੰਦੇ ਨੇ ਕਿ ਉਹਨਾਂ ਦਾ ਮਰੀਜ਼ ਝੂਠ ਬੋਲ ਰਿਹਾ ਏ। ਇਹ ਹਸਪਤਾਲ ਮੈਡੀਕਲ ਰਿਸਰਚ ਦਾ ਦੁਨੀਆਂ ਦਾ ਸਭ ਤੋਂ ਵੱਡਾ ਹਸਪਤਾਲ ਏ ਤੇ ਇੱਥੇ ਸਿਰਫ਼ ਅਜਿਹੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਏ ਜਿਹਨਾਂ ਦੀ ਬਿਮਾਰੀ ਲਾ-ਇਲਾਜ਼ ਹੁੰਦੀ ਏ। ਜਿਹੜੇ ਮਰਨ ਵਾਲੇ ਹੁੰਦੇ ਨੇ ਤੇ ਸਾਇੰਸ ਵਾਲਿਆਂ ਨੂੰ ਇਹ ਇਕਰਾਰਨਾਮ ਲਿਖ ਕੇ ਦਿੰਦੇ ਨੇ ਕਿ ਉਹ ਮਰੀਜ਼ ਦੇ ਜਿਸਮ ਦਾ ਖ਼ੂਨ, ਹੱਡੀਆਂ, ਸੈੱਲ ਤੇ ਜਿਸਮ ਦੇ ਸਾਰੇ ਅੰਗ ਆਪਣੀ ਸਾਇੰਟੇਫਿਕ ਰਿਸਰਚ ਲਈ ਇਸਤੇਮਾਲ ਕਰ ਸਕਦੇ ਨੇ।”
ਰੀਟਾ ਨੂੰ ਆਪਣੀ ਬਦਕਿਸਮਤੀ ਤੇ ਨਾ ਟਲਣ ਵਾਲੀ ਮੌਤ ਦਾ ਪਤਾ ਲੱਗ ਚੁੱਕਿਆ ਸੀ। ਮੇਰਾ ਦਿਲ ਕੀਤਾ ਕਿ ਮੈਂ ਡੇਵਿਡ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਵਾਂ ਤੇ ਉਸ ਨਾਲ ਬੈਠ ਕੇ ਰੀਟਾ ਦੇ ਕੁਝ ਹੋਰ ਕੈਸਟ ਸੁਣਾ। ਪਰ ਡੇਵਿਡ ਨੇ ਕਿਹਾ, “ਨਹੀਂ, ਮੈਂ ਇਹ ਸਾਰੇ ਕੈਸਟ ਇਕ ਵਾਰ ਨਹੀਂ, ਕਈ ਵਾਰੀ ਸੁਣ ਚੁੱਕਿਆ ਆਂ। ਇਹਨਾਂ ਸਾਰਿਆਂ ਦੀ ਦੂਜੀ ਕਾਪੀ ਮੇਰੇ ਕੋਲ ਏ। ਤੁਹਾਡੇ ਸ਼ਹਿਰ 'ਚ ਮੇਰਾ ਆਖ਼ਰੀ ਦਿਨ ਏਂ ਪਰ ਤੁਹਾਨੂੰ ਕੋਈ ਅੜਿੱਕਾ ਨਾ ਲੱਗਦਾ ਹੋਏ ਤਾਂ ਕਲ੍ਹ ਸਵੇਰ ਤੋਂ ਲੈ ਕੇ ਦੁਪਹਿਰ ਤਕ ਦਾ ਸਮਾਂ ਮੈਂ ਤੁਹਾਡੇ ਨਾਲ ਬਿਤਾਉਣਾ ਚਾਹਾਂਗਾ।”
ਕਾਰ ਖ਼ਰਾਬ ਹੋਣ ਕਰਕੇ ਦੂਜੇ ਦਿਨ ਸਵੇਰੇ ਮੈਂ ਹਸਪਤਾਲ ਨਾ ਜਾ ਸਕੀ। ਮੈਂ ਡੇਵਿਡ ਨੂੰ ਫ਼ੋਨ ਕਰਕੇ ਆਪਣੇ ਘਰ ਬੁਲਾ ਲਿਆ। ਸਵੇਰੇ ਧੁੱਪ ਚੰਗੀ ਨਿਕਲੀ ਸੀ। ਮੈਂ ਸਵੇਰ ਦਾ ਨਾਸ਼ਤਾ ਬਾਹਰਲੇ ਵਰਾਂਡੇ ਦੀ ਮੇਜ਼ 'ਤੇ ਹੀ ਲਾ ਦਿੱਤਾ। ਚਾਹ ਪੀਂਦੇ-ਪੀਂਦੇ ਡੇਵਿਡ ਵਿਹੜੇ ਵਿਚ ਲੱਗੇ ਗੁਲਾਬ ਦੇ ਬੂਟਿਆਂ ਤੇ ਉਹਨਾਂ ਉੱਤੇ ਖਿੜੇ ਕਾਫ਼ੀ ਸਾਰੇ ਫੁੱਲਾਂ ਨੂੰ ਦੇਖ ਰਿਹਾ ਸੀ। ਫੇਰ ਉਹ ਅਚਾਨਕ ਉੱਠਿਆ ਤੇ ਉਸਨੇ ਝੁਕ ਕੇ ਗੁਲਾਬ ਦੀ ਕਿਆਰੀ ਦੀ ਮਿੱਟੀ ਨੂੰ ਛੂਹਿਆ। ਮੇਰੇ ਵੱਲ ਦੇਖਿਆ ਤੇ ਕਿਹਾ, “ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਰੀਟਾ ਦੀਆਂ ਹੱਡੀਆਂ ਦੀ ਰਾਖ ਤੁਹਾਡੀ ਗੁਲਾਬ ਦੀ ਕਿਆਰੀ ਦੀ ਮਿੱਟੀ 'ਚ ਰਲਾ ਦਿਆਂ। ਜਦੋਂ ਇਹਨਾਂ ਕਿਆਰੀਆਂ 'ਚ ਫੁੱਲ ਖਿੜਣਗੇ, ਤਦੋਂ ਉਹਨਾਂ ਫੁੱਲਾਂ 'ਚ ਰੀਟਾ ਦੀ ਮੁਸਕਰਾਹਟ ਵੀ ਸ਼ਾਮਿਲ ਹੋਵੇਗੀ।” ਕਹਿੰਦਿਆਂ ਹੋਇਆ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ।
“ਇਸ ਨਾਲ ਮੇਰੀ ਤੇ ਇਹਨਾਂ ਕਿਆਰੀਆਂ ਦੀ ਬੜੀ ਇੱਜ਼ਤ-ਅਫ਼ਜ਼ਾਈ ਹੋਏਗੀ।” ਮੈਂ ਕਿਹਾ। ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਂ ਰੀਟਾ ਦੇ ਦਿਲ ਦੇ ਅੰਦਰ ਬੜੀ ਗਹਿਰਾਈ ਤਕ ਪਹੁੰਚ ਗਈ ਹਾਂ।
ਗੁਲਾਬ ਦੀਆਂ ਤਾਜ਼ਾ ਪੱਤੀਆਂ ਨੂੰ ਹੌਲੀ-ਹੌਲੀ ਪਲੋਸਦਾ ਹੋਇਆ ਡੇਵਿਡ ਬੋਲਿਆ, “ਵਿਸ਼ੂ ਜੀ—ਰੀਟਾ ਦੀ ਮੌਤ ਤੋਂ ਪਿੱਛੋਂ ਕੀ ਤੁਸੀਂ ਉਸਨੂੰ ਕਦੀ ਯਾਦ ਕੀਤਾ ਏ? ਆਪਣੇ ਦਿਮਾਗ਼ 'ਚੋਂ ਮੇਰਾ ਨਾਂ ਤਾਂ ਤੁਸੀਂ ਯਕੀਨੀ ਤੌਰ 'ਤੇ ਮਿਟਾਅ ਦਿੱਤਾ ਹੋਏਗਾ।”
“ਹਾਂ ਡੇਵਿਡ ਜੇ ਮੈਂ ਤੁਹਾਨੂੰ ਮਿਲੀ ਹੁੰਦੀ ਤਾਂ ਸ਼ਾਇਦ ਇੰਜ ਨਾ ਹੁੰਦਾ, ਰੀਟਾ ਦੀ ਪਹਿਚਾਨ ਨੇ ਤੇ ਇਸ ਹਸਪਤਾਨ ਵਿਚ ਆਏ ਬਹੁਤ ਸਾਰੇ ਮਰੀਜ਼ਾਂ ਨੇ ਮੈਨੂੰ ਬੜਾ ਕੁਛ ਸਿਖਾਇਆ ਏ।”
ਰੀਟਾ ਦਾ ਜਦੋਂ ਤੀਜਾ ਆਪ੍ਰੇਸ਼ਨ ਹੋਇਆ, ਇਕ ਲੰਮੇਂ ਅਰਸੇ ਤਕ ਉਹ ਮੇਰੇ ਨਾਲ ਗੱਲ ਨਹੀਂ ਸੀ ਕਰ ਸਕੀ। ਬਾਅਦ ਵਿਚ ਜਦੋਂ ਉਸ ਨਾਲ ਗੱਲ ਹੋਈ ਸੀ ਤਾਂ ਉਹ ਕਹਿ ਰਹੀ ਸੀ ਕਿ 'ਵਿਸ਼ੂ ਕਦੀ-ਕਦੀ ਮੈਨੂੰ ਲੱਗਦਾ ਏ ਕਿ ਮੈਂ ਦੂਜੇ ਲੋਕਾਂ ਵਾਂਗ ਇਕੋ ਝੱਟਕੇ ਨਾਲ ਪੂਰੀ ਮੌਤ ਨਹੀਂ ਮਰਾਂਗੀ। ਮੇਰੀ ਮੌਤ ਪਤਾ ਨਹੀਂ ਕਿੰਨੇ ਟੁੱਕੜਿਆਂ 'ਚ ਹੋਵੇ। ਕਿੰਨਾ ਲਾਚਾਰ ਤੇ ਨਿਕੰਮਾਂ ਏ ਮੇਰਾ ਇਹ ਜਿਸਮ। ਫੇਰ ਵੀ ਡਾਕਟਰਾਂ ਦੀ ਪੂਰੀ ਟੀਮ ਨੂੰ ਦਿਨ-ਰਾਤ ਮੈਂ ਆਪਣੇ ਆਸਪਾਸ ਤੋਰੀ ਫਿਰਦੀ ਰਹਿੰਦੀ ਆਂ। ਵਿਚਾਰੀ ਨਰਸ, ਜੋਲੀ, ਮੇਰੇ ਮੈਡੀਕਲ ਰਿਕਾਰਡ ਵਿਚ ਇਹ ਵੀ ਲਿਖਦੀ ਰਹਿੰਦੀ ਏ ਕਿ ਮੈਂ ਕਿੰਨੀ ਵਾਰ ਬਗ਼ੈਰ ਨਲੀ ਦੇ ਸਾਹ ਲੈ ਸਕਦੀ ਆਂ। ਮੇਰਾ ਜਿਸਮ ਕਈ ਨਲੀਆਂ ਤੇ ਤਾਰਾਂ ਨਾਲ ਜੁੜੀ ਹੋਈ ਮਸ਼ੀਨ ਬਣ ਗਿਆ ਏ। ਹਰ ਤੀਜੇ ਦਿਨ ਮੇਰੇ ਜਿਸਮ 'ਚੋਂ ਖ਼ੂਨ ਕੱਢ ਕੇ ਤੇ ਮੇਰੇ ਜਿਸਮ ਦੇ ਸੈੱਲ ਕੱਟ ਕੇ ਲੈ ਜਾਂਦੇ ਨੇ। ਦੁਪਹਿਰੇ ਡਾਕਟਰ ਮੇਰੀ ਧੜਕਣ ਨੂੰ ਲਗਾਤਾਰ ਈ ਸੀ ਜੀ ਮੋਨੀਟਰ 'ਤੇ ਚੱਲਦਾ ਦੇਖ ਕੇ ਸੁਖ ਦਾ ਸਾਹ ਲੈਂਦੇ ਨੇ ਕਿ ਮੈਂ, ਉਹਨਾਂ ਦਾ ਪ੍ਰੋਜੈਕਟ ਖ਼ਤਮ ਹੋਣ ਤੋਂ ਪਹਿਲਾਂ, ਮਰੀ ਨਹੀਂ। ਅਜੇ ਤਕ ਜਿਊਂਦੀ ਹਾਂ ਤੇ ਉਹਨਾਂ ਦੀ ਰਿਸਰਚ ਦਾ ਅਹਿਮ ਹਿੱਸਾ ਬਣ ਗਈ ਆਂ। ਇਹ ਜਦੋਂ ਕਿਸੇ ਵੱਡੀ ਸਾਇੰਟੀਫ਼ਿਕ ਕਾਨਫਰੰਸ ਵਿਚ ਜਾਣਗੇ ਤਾਂ ਉੱਥੇ ਬਿਮਾਰੀ ਦੇ ਹਰ ਪੱਖ ਉੱਤੇ ਗੱਲਬਾਤ ਕਰਨਗੇ। ਮੇਰੇ ਹਰ ਸਾਹ ਦਾ ਜ਼ਿਕਰ ਹੋਏਗਾ। ਮੇਰੇ ਜਿਸਮ 'ਚੋਂ ਕੱਟੇ ਹੋਏ ਸੈੱਲ ਦੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖਣਗੇ—ਸਿਰਫ਼ ਮੈਡੀਕਲ ਹਿਸਟਰੀ ਦਾ ਇਕ ਦਿਲਚਸਪ ਕੇਸ ਸਮਝ ਕੇ। ਮੇਰਾ ਕੋਈ ਨਾਂ ਨਹੀਂ ਹੋਏਗਾ। ਮੈਂ ਉਹਨਾਂ ਦੀ ਰਿਕਾਰਡ ਬੁੱਕ ਵਿਚ ਸਿਰਫ਼ ਮਰੀਜ਼ ਨੰਬਰ 312 ਬਣ ਕੇ ਰਹਿ ਜਾਵਾਂਗੀ। ਵਿਸ਼ੂ ਮੈਂ ਆਪਣੇ ਬਾਰੇ ਬੜਾ ਕੁਝ ਸੋਚਿਆ ਸੀ ਪਰ ਇਹ ਨਹੀਂ ਸੀ ਸੋਚਿਆ ਕਿ ਇਕ ਦਿਨ ਕੋਈ ਮੈਨੂੰ ਮੇਰੇ ਨਾਂ ਦੀ ਜਗ੍ਹਾ ਮੇਰੇ ਨੰਬਰ ਨਾਲ ਪਛਾਣੇਗਾ।'
“ਜਾਣਦੇ ਓ ਡੇਵਿਡ, ਰੀਟਾ ਦੀਆਂ ਇਹ ਗੱਲਾਂ ਸੁਣ ਕੇ ਕਈ ਦਿਨਾਂ ਤਕ ਲੈਬ ਵਿਚ ਕੰਮ ਕਰਦਿਆਂ ਹੋਇਆ ਮੇਰੇ ਹੱਥ ਕੰਬ ਜਾਂਦੇ ਰਹੇ ਸਨ।”
ਰੀਟਾ ਜੋ ਕੁਛ ਕਹਿ ਰਹੀ ਸੀ ਉਹੀ ਮੈਂ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਆਂ। ਮੈਂ ਇਕ ਸਾਇੰਟਿਸਟ ਆਂ ਤੇ ਮੈਡੀਕਲ ਰਿਸਰਚ ਮੇਰਾ ਪੇਸ਼ਾ ਏ। ਪਰ ਜਦੋਂ ਮੈਂ ਮਰੀਜ਼ ਦੇ ਜਿਸਮ 'ਚੋਂ ਕੱਢੇ ਹੋਏ ਕੈਂਸਰ ਦੇ ਸੈੱਲਾਂ ਨੂੰ ਆਪਣੀ ਲੈਬ ਵਿਚ ਮਾਈਕਰੋਸਕੋਪ ਦੇ ਹੇਠ ਵਧਦੇ ਹੋਏ ਦੇਖਦੀ ਆਂ ਤਾਂ ਉਹਨਾਂ ਸੈੱਲਾਂ ਦੀ ਸਤਹਿ ਵਿਚ ਰੀਟਾ ਦਾ ਅਣਦੇਖਿਆ ਚਿਹਰਾ ਉੱਭਰ ਆਉਂਦਾ ਏ।
ਖੁੱਲ੍ਹੀ ਹਵਾ ਵਿਚ ਜੀਅ ਭਰ ਕੇ ਸਾਹ ਲੈਣ ਦੀ ਖ਼ੁਸ਼ੀ। ਹਰੇ ਘਾਹ 'ਤੇ ਨੰਗੇ ਪੈਰ ਤੁਰਨ ਦਾ ਆਨੰਦ ਮਾਣਨ ਦੀ ਖ਼ਵਾਇਸ਼, ਪੰਛੀਆਂ ਦੀ ਚਹਿਚਹਾਟ ਕੀ ਮਿਠਾਸ, ਸਿੱਲ੍ਹੀ ਮਿੱਟੀ ਦੀ ਮਹਿਕ ਨੂੰ ਸੁੰਘਣ ਦਾ ਸੁਖ ਰੀਟਾ ਨੇ ਸਿਖਾਇਆ, ਸਮਝਾਇਆ ਏ ਮੈਨੂੰ।
ਰੀਟਾ ਮੇਰੀਆਂ ਗੱਲਾਂ ਸੁਣ ਕੇ ਕਦੀ-ਕਦੀ ਕਹਿੰਦੀ ਹੁੰਦੀ ਸੀ—
'ਆਸਮਾਨ 'ਚ ਨਾ ਉੱਡ ਸਕਣ ਵਾਲੇ ਪੰਛੀਆਂ ਦੇ ਜਜ਼ਬਾਤ ਨੂੰ ਸਮਝਣ ਲਈ ਮੇਰੇ ਲਫ਼ਜ਼ਾਂ ਦਾ ਆਸਮਾਨ ਮੇਰੀ ਮਦਦ ਕਰਦਾ ਏ।'
ਹੁਣ ਮੈਂ ਚੰਗੀ ਤਰ੍ਹਾਂ ਮਹਿਸੂਸ ਕਰਨ ਲੱਗੀ ਆਂ ਉਸ ਦਰਦ ਨੂੰ ਜਿਹੜਾ ਕਿਸੇ ਦਰਦ ਭਰੇ ਨਾਵਲ ਨੂੰ ਪੜ੍ਹ ਕੇ ਫ਼ੌਰਨ ਮਨ ਵਿਚ ਉੱਠਦਾ ਏ ਤੇ ਉਸ ਅਣਕਹੇ ਨਾ-ਕਾਬਿਲੇ-ਬਿਆਨ ਸੁਖ ਨੂੰ, ਜਿਹੜਾ ਮਿਲਦਾ ਏ ਕਿਸੇ ਮਰਦੇ ਹੋਏ ਮਰੀਜ਼ ਦੇ ਬਿਸਤਰੇ ਕੋਲ ਬਗ਼ੈਰ ਕੁਝ ਬੋਲੇ, ਕੁਝ ਪਲ ਬੈਠ ਕੇ, ਉਸਦਾ ਹੱਥ ਫੜ੍ਹ ਲੈਣ ਵਿਚ!
ਡੇਵਿਡ ਅਚਾਨਕ ਉੱਠ ਕੇ ਮੇਰੇ ਸਾਹਮਣੇ ਵਾਲੀ ਕੁਰਸੀ 'ਤੇ ਬੈਠ ਗਿਆ। ਫੇਰ ਮੁਸਕਰਾਉਂਦਿਆਂ ਹੋਇਆਂ ਮੇਰੇ ਵਲ ਦੇਖ ਕੇ ਬੋਲਿਆ, “ਤੁਸੀਂ ਹਾਲੇ ਤਕ ਇਹ ਨਹੀਂ ਪੁੱਛਿਆ ਕਿ ਰੀਟਾ ਬਾਰੇ, ਹੁਣ ਏਨੇ ਸਾਲ ਬਾਅਦ, ਏਨੀਆਂ ਗੱਲਾਂ ਕਰਨ ਦਾ ਕੀ ਲਾਭ? ਮੈਂ ਤੁਹਾਡਾ ਕੀਮਤੀ ਸਮਾਂ ਬਰਬਾਦ ਕਰਨ ਕਿਓਂ ਆਇਆਂ?” ਫੇਰ ਉਹ ਬੋਲਦਾ ਰਿਹਾ, “ਇੰਜ ਕਰੋ, ਤੁਸੀਂ ਛੇਤੀ ਤਿਆਰ ਹੋ ਜਾਓ। ਮੈਂ ਆਪਣੀ ਗੱਡੀ 'ਚ ਤੁਹਾਨੂੰ ਹਸਪਤਾਲ ਤੁਹਾਡੇ ਆਫ਼ਿਸ ਤਕ ਪਹੁੰਚਾ ਦਿਆਂਗਾ। ਤੁਸੀਂ ਮੈਨੂੰ ਜਿਸ ਵਾਰਡ ਵਿਚ ਰੀਟਾ ਸੀ, ਉੱਥੇ, ਰੀਟਾ ਦੇ ਕਮਰੇ ਤਕ ਲੈ ਚੱਲਣਾ। ਫੇਰ ਉੱਥੋਂ ਮੈਂ ਸਿੱਧਾ ਸਾਨਫਰਾਂਸਿਸਕੋ ਰਵਾਨਾ ਹੋ ਜਾਵਾਂਗਾ। ਅੱਜ ਮੇਰਾ ਇੱਥੇ ਆਖ਼ਰੀ ਦਿਨ ਏਂ।”
ਹਸਪਤਾਲ ਜਾਣ ਲਈ ਮੈਂ ਕਾਹਲ ਨਾਲ ਤਿਆਰ ਹੋ ਕੇ ਡੇਵਿਡ ਦੀ ਕਾਰ ਵਿਚ ਬੈਠ ਗਈ। ਰਸਤੇ ਵਿਚ ਡੇਵਿਡ ਕਹਿਣ ਲੱਗਾ, “ਤੁਸੀਂ ਜਿਹੜਾ ਖ਼ਤ ਰੀਟਾ ਨੂੰ ਲਿਖਿਆ ਸੀ, ਉਹ ਮੈਂ ਪੜ੍ਹਿਆ ਏ। ਪੇਸ਼ੈਂਟ-ਪਾਰਕਿੰਗ ਵਿਚ ਗੱਡੀ ਪਾਰਕ ਕਰਕੇ ਕਿਸੇ ਪੇਸ਼ੈਂਟ ਜਾਂ ਉਸਦੇ ਰਿਸ਼ਤੇਦਾਰਾਂ ਵਿਚੋਂ ਕਿਸੇ ਇਕ ਦੀ ਜਗ੍ਹਾ ਖੋਹ ਲੈਣ ਕਰਕੇ ਤੁਸੀਂ ਹਾਲੇ ਤਕ ਪ੍ਰੇਸ਼ਾਨ ਓਂ। ਜੇ ਤੁਸੀਂ ਉੱਥੇ ਆਪਣੀ ਕਾਰ ਪਾਰਕ ਨਾ ਕਰਦੇ ਤਾਂ ਰੀਟਾ ਨਾਲ ਤੁਹਾਡੀ ਮੁਲਾਕਾਤ ਸ਼ਾਇਦ ਕਦੀ ਨਾ ਹੁੰਦੀ। ਰੀਟਾ ਜਿਹੜੀ ਆਪਣਾ ਦੁੱਖ ਕਿਸੇ ਨਾਲ ਵੀ ਵੰਡਣਾ ਨਹੀਂ ਸੀ ਚਾਹੁੰਦੀ, ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਵਿਚ ਉਹ ਸਭ ਕਹਿ ਗਈ। ਜੇ ਤੁਸੀਂ ਉਸਨੂੰ ਸੁਣਨ ਵਾਲੇ ਨਾ ਹੁੰਦੇ ਤਾਂ ਉਹ ਸਭ ਮੈਂ ਵੀ ਨਾ ਜਾਣ ਸਕਦਾ। ਨਾ ਉਹ ਤੁਹਾਡੇ ਨਾਲ ਗੱਲਾਂ ਕਰਦੀ, ਨਾ ਉਸਦੀ ਰਿਕਾਰਡਡ ਆਵਾਜ਼ ਮੇਰੇ ਤਕ ਪਹੁੰਚਦੀ।”
ਰੀਟਾ ਨੇ ਜਿਸ ਤਰ੍ਹਾਂ ਮੈਨੂੰ ਛੱਡ ਦਿੱਤਾ ਸੀ, ਉਸ ਜ਼ਖ਼ਮ ਕਾਰਨ ਮੈਂ ਵਰ੍ਹਿਆਂ ਬੱਧੀ ਦੀਵਾਨਿਆਂ ਵਾਂਗ ਭਟਕਦਾ ਰਿਹਾ। ਮੈਂ ਕੁਝ ਸਾਲ ਤਕ ਆਪਣੇ ਘਰ ਫਰਾਂਸ ਰਿਹਾ। ਉੱਥੇ ਮੇਰੀ ਮਾਂ ਜਦੋਂ ਕਿਸੇ ਕੁੜੀ ਨੂੰ ਘਰ ਬੁਲਾ ਕੇ ਉਸ ਨਾਲ ਮੇਰੀ ਦੋਸਤੀ ਕਰਾਉਣਾ ਚਾਹੁੰਦੀ ਤਾਂ ਮੈਂ ਮਾਂ ਨੂੰ ਨਾਂਹ ਨਾ ਕਰ ਸਕਦਾ। ਨਾ ਉਸ ਕੁੜੀ ਦੀ ਬੇਇੱਜ਼ਤੀ ਕਰਦਾ। ਬੱਸ ਸਿਰ ਦਰਦ ਦਾ ਬਹਾਨਾ ਕਰਕੇ ਉੱਥੋਂ ਟਲ਼ ਜਾਂਦਾ। ਰਿਸਤੇਦਾਰਾਂ, ਜਾਣ-ਪਛਾਣ ਵਾਲਿਆਂ, ਦੋਸਤਾਂ ਦੀ ਹਮਦਰਦੀ ਨਾਲ ਇਹ ਇੱਛਾ ਹੋਣ ਲੱਗੀ ਕਿ ਕਾਸ਼ ਕਿਤੋਂ ਮੇਰੀ ਰੀਟਾ ਵਾਪਸ ਮੁੜ ਆਏ ਤੇ ਮੈਨੂੰ ਇਹ ਵਿਸ਼ਵਾਸ ਦਿਵਾਏ ਕਿ 'ਉਹ ਮੈਥੋਂ ਦੂਰ ਨਹੀਂ ਗਈ ਮੇਰੇ ਕੋਲ ਈ ਏ।' ਜਦੋਂ ਰੀਟਾ ਤੇ ਤੁਹਾਡੀ ਟੈਲੀਫ਼ੋਨ 'ਤੇ ਗੱਲਬਾਤ ਮੈਂ ਪਹਿਲੀ ਵਾਰ ਸੁਣੀ ਮੈਂ ਤ੍ਰਬਕ ਗਿਆ। ਰੀਟਾ ਬਿਲਕੁਲ ਠੀਕ ਕਹਿ ਰਹੀ ਸੀ। ਮੈਂ ਉੱਥੇ ਹੀ ਉਸਦੇ ਕੋਲ ਸਾਂ। ਇਹੀ ਗੱਲ ਮੈਂ ਤੁਹਾਨੂੰ ਦੱਸਣ ਆਇਆ ਆਂ। ਰੀਟਾ ਦਾ ਸਾਰਾ ਵਜੂਦ ਹਸਪਤਾਲ ਦੀਆਂ ਮਸ਼ੀਨਾਂ ਨਾਲ ਜੁੜ ਕੇ ਸਿਰਫ਼ ਕੇਸ ਨੰਬਰ 312 ਬਣ ਕੇ ਰਹਿ ਗਿਆ ਸੀ। ਤੇ ਉਹ ਜਦੋਂ ਉਸਨੂੰ ਜਿਊਂਦਾ ਰੱਖਣ ਦੀ ਤਾਕਤ ਗੰਵਾਅ ਰਹੀ ਸੀ, ਉਦੋਂ ਹੀ ਪੇਸ਼ੈਂਟ-ਪਾਰਕਿੰਗ ਵਿਚ ਤੁਸੀਂ ਉਸਦਾ ਨਾਂ ਇਸਤੇਮਾਲ ਕਰਕੇ ਬਚੇ-ਖੁਚੇ ਸਾਹਾਂ ਨੂੰ ਜਿਊਂਦਾ ਰੱਖ ਕੇ ਉਸਦੇ ਵਜੂਦ ਨੂੰ ਕਾਰਆਮਦ ਬਣਾ ਦਿੱਤਾ।
“ਤੁਹਾਨੂੰ ਯਾਦ ਏ ਰੀਟਾ ਨੇ ਪਾਰਕਿੰਗ ਲਈ ਬੜੀ ਖ਼ੁਸ਼ੀ ਨਾਲ ਰਜ਼ਾਮੰਦੀ ਦੇ ਦਿੱਤੀ ਸੀ ਤੇ ਆਪਣੇ ਮਰਨ ਤੋਂ ਕੁਝ ਦਿਨ ਪਹਿਲਾਂ ਉਸਨੇ ਤੁਹਾਡੀ ਜਾਣ-ਪਛਾਣ ਆਪਣੇ ਨਾਲ ਵਾਲੇ ਕਮਰੇ ਦੀ ਮਰੀਜ਼ ਅਲੀਸ਼ਾ ਨਾਲ ਵੀ ਕਰਵਾਈ ਸੀ। ਉਸਨੇ ਤੁਹਾਨੂੰ ਇਹ ਸੁਨੇਹਾਂ ਵੀ ਭੇਜਿਆ ਸੀ ਕਿ ਉਸਦੇ ਨਾ ਰਹਿਣ ਪਿੱਛੋਂ ਤੁਸੀਂ ਅਲੀਸ਼ਾ ਦਾ ਨਾਂ ਦੇ ਕੇ ਗੱਡੀ ਪਾਰਕ ਕਰ ਲਿਆ ਕਰਨਾ।
“ਮੈਂ ਨੈਸ਼ਨਲ ਇੰਸਟੀਚਿਊਟ ਦੇ ਇਸ ਪਾਰਕਿੰਗ ਅਹਾਤੇ ਵਿਚ ਪਿਛਲੇ ਤਿੰਨ ਦਿਨਾਂ ਦਾ ਕਾਰ ਪਾਰਕਿੰਗ ਦੀਆਂ ਮੁਸ਼ਕਲਾਂ ਦੇਖ ਰਿਹਾ ਆਂ। ਟ੍ਰਾਂਸਪਲਾਟੇਸ਼ਨ ਪਿੱਛੋਂ ਕੁਝ ਚਿਰ ਲਈ ਤਾਂ ਅਲੀਸ਼ਾ ਬਿਲਕੁਲ ਸਿਹਤਮੰਦ ਹੋ ਗਈ। ਪਰ ਬਾਅਦ ਵਿਚ ਉਸਦੇ ਜਿਸਮ ਨੇ ਇਸ ਪਿਓਂਦਕਾਰੀ ਨੂੰ ਕਬੂਲ ਨਹੀਂ ਕੀਤਾ। ਹੁਣ ਉਹ ਰੀਟਾ ਵਾਂਗ ਇਹਨਾਂ ਡਾਕਟਰਾਂ ਦੇ ਪ੍ਰੋਜੈਕਟ ਦਾ ਇਕ ਨਵਾਂ ਕੇਸ ਨੰਬਰ ਬਣ ਗਈ ਏ।”
ਮੈਂ ਚੁੱਪਚਾਪ ਬੈਠੀ ਡੇਵਿਡ ਦੀਆਂ ਗੱਲਾਂ ਸੁਣਦੀ ਰਹੀ। ਇੱਛਾ ਹੋਈ ਕਿ ਕੁਝ ਬੋਲਾਂ ਪਰ ਲਫ਼ਜ਼ ਬੁੱਲ੍ਹਾਂ ਤਕ ਨਹੀਂ ਆ ਰਹੇ ਸਨ।
ਐਨ ਆਈ ਐਚ ਦੇ ਅਹਾਤੇ ਵਿਚ ਆਉਂਦਿਆਂ ਹੀ ਡੇਵਿਡ ਨੇ ਗੱਡੀ ਨੂੰ ਹਸਪਤਾਲ ਦੇ ਪੇਸ਼ੈਂਟ-ਪਾਰਕਿੰਗ ਵੱਲ ਮੋੜਿਆ ਤੇ ਉਸੇ ਲਾਟ ਵਿਚ ਜਾ ਕੇ ਗੱਡੀ ਪਾਰਕ ਕਰ ਦਿੱਤੀ। ਕਹਿਣ ਲੱਗਾ, “ਤੁਸੀਂ, ਮੈਂ ਦੋਵੇਂ ਅਲੀਸ਼ਾ ਨੂੰ ਸ਼ੀਸ਼ੇ ਦੀ ਕੰਧ ਦੇ ਉਸ ਪਾਰ ਦੇਖ ਸਕਾਂਗੇ। ਅੱਜ ਦੇ ਦਿਨ ਮੈਂ ਅਲੀਸ਼ਾ ਦਾ ਨਾਂ ਲੈ ਕੇ ਪਾਰਕਿੰਗ ਟਿਕਟ ਉੱਤੇ ਮੰਜ਼ੂਰੀ ਦਾ ਠੱਪਾ ਲਗਵਾਵਾਂਗਾ।” ਇਹ ਕਹਿਕੇ ਅਲੀਸ਼ਾ ਦਾ ਪੂਰਾ ਨਾਂ, ਉਸਦੇ ਡਾਕਟਰ ਦਾ ਨਾਂ, ਉਸਦਾ ਕਮਰਾ ਨੰਬਰ ਤੇ ਉਸਦੇ ਪਿੰਡ ਦਾ ਪਤਾ ਇਹ ਸਭ ਲਿਖਿਆ ਹੋਇਆ ਇਕ ਕਾਗਜ਼ ਮੇਰੇ ਹੱਥ 'ਚ ਫੜਾ ਦਿੱਤਾ।
ਕੁਝ ਚਿਰ ਤਾਂ ਮੈਂ ਤੇ ਡੇਵਿਡ ਕੱਚ ਦੀ ਕੰਧ ਦੇ ਉਸ ਪਾਰ ਲੇਟੀ ਅਲੀਸ਼ਾ ਨੂੰ ਦੇਖਦੇ ਰਹੇ। ਉਸਦੀਆਂ ਅੱਖਾਂ ਬੰਦ ਸਨ ਤੇ ਉਸਦੇ ਜਿਸਮ ਨਾਲ ਜੜਿਆ ਈ ਸੀ ਜੀ ਦਾ ਮੋਨੀਟਰ ਧੱਕ-ਧੱਕ ਕਰ ਰਿਹਾ ਸੀ। ਡੇਵਿਡ ਦੇ ਕਹਿਣ 'ਤੇ ਨਰਸ ਨੇ ਅਲੀਸ਼ਾ ਦੇ ਕਮਰੇ ਦਾ ਫ਼ੋਨ ਨੰਬਰ ਮਿਲਾ ਦਿੱਤਾ। ਅਲੀਸ਼ਾ ਨੇ ਅੱਖਾਂ ਖੋਲ੍ਹੀਆਂ ਤੇ ਹੌਲੀ-ਜਿਹੀ ਫ਼ੋਨ ਚੁੱਕਿਆ ਤੇ ਕੱਚ ਦੀ ਕੰਧ ਵੱਲ ਦੇਖਿਆ। ਡੇਵਿਡ ਨੇ ਮੇਰੇ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਵਿਸ਼ਾਖਾ ਹਾਂ ਤੇ ਜਦੋਂ ਉਸਨੇ ਅਲੀਸ਼ਾ ਨਾਲ ਗੱਲ ਕਰਨ ਲਈ ਫ਼ੋਨ ਮੇਰੇ ਹੱਥ ਵਿਚ ਫੜਾ ਦਿੱਤਾ ਤਾਂ ਅਲੀਸ਼ਾ ਦੀ ਧੀਮੀ ਆਵਾਜ਼ ਸੁਣਾਈ ਦਿੱਤੀ—“ਵਿਸ਼ੂ ਮਰਨ ਤੋਂ ਪਹਿਲਾਂ ਰੀਟਾ ਨੇ ਮੈਨੂੰ ਤੁਹਾਡੇ ਬਾਰੇ 'ਚ ਕਾਫ਼ੀ ਕੁਝ ਦੱਸਿਆ ਏ। ਕੀ ਤੁਸੀਂ ਮੇਰੇ ਨਾਲ ਗੱਲਾਂ ਕਰਨ ਲਈ ਆਓਗੇ ਕਦੀ...”
“ਹਾਂ, ਹਾਂ ਜ਼ਰੂਰ। ਮੈਂ ਤੇਰੇ ਨਾਲ ਸਿਰਫ਼ ਗੱਲਾਂ ਈ ਨਹੀਂ ਕਰਾਂਗੀ। ਪੇਸ਼ੈਂਟ-ਪਾਰਕਿੰਗ ਵਿਚ ਤੇਰਾ ਨਾਂ ਲੈ ਕੇ ਕਾਰ ਵੀ ਪਾਰਕ ਕਰਿਆ ਕਰਾਂਗੀ।”
ਮੇਰੀ ਗੱਲ ਸੁਣ ਕੇ ਕੱਚ ਦੀ ਕੰਧ ਦੇ ਉਸ ਪਾਰ ਅਲੀਸ਼ਾ ਦੇ ਫਿੱਕੇ-ਚਿਹਰੇ ਉੱਤੇ ਖਿੜੀ ਮੁਸਕਾਨ ਦੇਖ ਕੇ ਡੇਵਿਡ ਨੇ ਕਿਹਾ, “ਰੀਟਾ ਵੀ ਤੁਹਾਡੇ ਨਾਲ ਗੱਲ ਕਰਕੇ ਇਵੇਂ ਈ ਖਿੜ ਜਾਂਦੀ ਹੋਏਗੀ, ਬੱਸ ਮੈਂ ਇਹੀ ਦੇਖਣ ਲਈ ਆਇਆ ਸਾਂ।”
--- --- ---
Mohinder Bedi, Jaitu.

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-1 51202. (ਪੰਜਾਬ)
ਮੋਬਾਇਲ ਨੰ : 94177-30600.

 

Saturday, December 22, 2012

ਕਥਾ ਸਾਵਿਤਰੀ ਤੇ ਬੇਤਾਲ ਕੌਣ :: ਲੇਖਕ : ਵਿਜੈ


ਵਿਅੰਗਮਈ ਹਿੰਦੀ ਕਹਾਣੀ :


ਅਨੁਵਾਦ : ਮਹਿੰਦਰ ਬੇਦੀ, ਜੈਤੋ



ਪਹਿਲੀ ਦੁਰਘਟਨਾ :

ਇਕ ਕਸਬਾਈ ਤਹਿਸੀਲ। ਤਹਿਸੀਲ ਦੇ ਪੂਰਬੀ ਤੇ ਪੱਛਮੀ ਖੇਤਰ ਨੂੰ ਛੋਂਹਦੇ ਖੇਤ। ਉਤਰ ਵਿਚ ਅਦਾਲਤ ਤੇ ਥਾਣਾ। ਦੱਖਣ ਵਿਚ ਹਸਪਤਾਲ, ਜਿੱਥੇ ਡਾਕਟਰ ਕਦੀ-ਕਦੀ ਹੀ ਹੁੰਦਾ ਸੀ, ਕੰਪਾਊਂਡਰ ਹੀ ਕਈ ਵਰ੍ਹਿਆਂ ਤੋਂ ਮਰੀਜ਼ ਦੇਖ ਰਿਹਾ ਸੀ ਤੇ ਚੌਕੀਦਾਰ ਦਵਾਈਆਂ ਵੰਡ ਦਿੰਦਾ ਸੀ।
ਵਿਚਕਾਰ ਸੀ ਬਸਤੀ। ਸੋਮੋਤੀ। ਦਸ ਵਰ੍ਹੇ ਪਹਿਲਾਂ ਵਿਧਵਾ ਹੋਈ ਸੀ। ਪਤੀ, ਤਿਰਲੋਚਨ ਸੇਠ ਦੇ ਗੋਦਾਮ ਵਿਚ ਬਾਊ ਹੁੰਦਾ ਸੀ। ਪਿੱਛੇ ਹਟਦੇ ਹੋਏ ਟਰੱਕ ਵਿਚ ਭਰੀਆਂ ਬੋਰੀਆਂ ਦੀ ਗਿਣਤੀ ਕਰਦਾ ਰਿਹਾ ਤੇ ਹੇਠਾਂ ਆ ਗਿਆ। ਤਿਰਲੋਚਨ ਸੇਠ ਨੇ ਵਾਅਦਾ ਕੀਤਾ ਕਿ ਧੀ ਸਾਵਿਤਰੀ ਦੇ ਵਿਆਹ ਤਕ ਉਹ ਉਸਦੀ ਦੇਖਭਾਲ ਕਰੇਗਾ। ਉਦੋਂ ਸੋਮੋਤੀ ਇਕੱਤੀਆਂ ਦੀ ਸੀ ਤੇ ਸਾਵਿਤਰੀ ਸੱਤ-ਅੱਠ ਸਾਲ ਦੀ ਸੀ। ਆਪਣੇ ਖਰਚੇ 'ਤੇ ਤਿਰਲੋਚਨ ਸੇਠ ਨੇ ਸੋਮੋਤੀ ਦੇ ਪਤੀ ਦਾ ਦਾਹ ਸੰਸਕਾਰ ਕਰਵਾਇਆ/ ਤੇਰ੍ਹਵੀਂ ਦੀ ਰਸਮ ਵਿਚ ਸੋਮੋਤੀ ਦੀ ਇਕੋ-ਇਕੋ ਦੌਲਤ—ਉਸਦੇ ਬਕਸੇ ਵਿਚ ਪਏ ਇਕ-ਦੋ ਸੋਨੇ ਦੇ ਜੇਵਰ ਵੀ ਵਿਕ ਗਏ। ਦੁਕਾਨ ਵਾਲੇ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਤਾਂ ਸੇਠ ਨੇ ਸੋਮੋਤੀ ਨੂੰ ਸਮਝਾਇਆ, “ਪਏ-ਪਏ ਸੋਨੇ ਨੂੰ ਵੀ ਜਰ ਲੱਗ ਜਾਦੀ ਐ। ਇੱਥੇ ਸਾਫ਼-ਸਫ਼ਾਈ ਕਰ ਦਿੱਤਾ ਕਰ। ਗੁਜਰ-ਬਸਰ ਮੈਂ ਦੇਖ ਲਵਾਂਗਾ।”
ਸੋਮੋਤੀ ਗੋਦਾਮ ਦੀ ਗੱਦੀ ਤੇ ਟ੍ਰਾਂਸਪੋਰਟ ਦੇ ਦਫ਼ਤਰ ਦੀ ਸਫ਼ਾਈ ਕਰਨ ਲੱਗ ਪਈ। ਬਾਕੀ ਸਮੇਂ ਵਿਚ ਕਦੀ ਚਾਹ ਕਦੀ ਨਾਸ਼ਤੇ ਦਾ ਇੰਤਜ਼ਾਮ ਵੀ ਉਸੇ ਉੱਤੇ ਆ ਪਿਆ ਤੇ ਇਕ ਦਿਨ ਇਕਾਂਤ ਵਿਚ ਸੇਠ ਨੇ ਉਸਨੂੰ ਸਮੇਟ ਲਿਆ। ਸੋਮੋਤੀ ਨੇ ਮਨ ਹੀ ਮਨ ਕ੍ਰਿਸ਼ਨ ਨੂੰ ਬੁਲਾਇਆ, ਪਰ ਕੌਣ ਆਉਂਦਾ? ਹਿੰਦੀ ਫਿਲਮਾਂ ਵਿਚ ਹੀ ਨਾਇਕ ਅਜਿਹੀ ਸਿਚੁਏਸ਼ਨ ਵਿਚ ਪਹੁੰਚ ਜਾਂਦਾ ਹੈ, ਨਾ ਕਿ ਹਕੀਕਤ ਵਿਚ। ਸੋਮੋਤੀ ਨੇ ਸਾਵਿਤਰੀ ਦੇ ਭਵਿੱਖ ਬਾਰੇ ਸੋਚ ਕੇ ਸਭ ਕੁਝ ਸਹਿ ਲਿਆ ਤੇ ਇਸਨੂੰ ਆਪਣੀ ਕਿਸਮਤ ਮੰਨ ਲਿਆ। ਗੱਦੀ ਤੇ ਦਫ਼ਤਰ ਦੀ ਸਫ਼ਾਈ ਦੇ ਨਾਲ ਹਵੇਲੀ ਵਿਚ ਭਾਂਡੇ ਮਾਂਜਣੇ ਵੀ ਸਵੀਕਾਰ ਕਰ ਲਏ ਉਸਨੇ। ਰੋਜ ਸਵੇਰੇ ਦਸਵੀਂ ਤਕ ਦੇ ਕੁੜੀਆਂ ਦੇ ਸਕੂਲ ਵਿਚ ਸਾਵਿਤਰੀ ਨੂੰ ਛੱਡਦੀ ਹੋਈ ਉਹ ਆਪਣੇ ਕੰਮ 'ਤੇ ਪਹੁੰਚ ਜਾਂਦੀ। ਤਿੰਨ ਵਜੇ ਵਾਪਸ ਆਉਂਦੀ। ਨਾਲ ਲਿਆਂਦੀ ਹੋਈ ਜੂਠ, ਮਾਂ-ਧੀ ਰਲ ਕੇ ਖਾ ਲੈਂਦੀਆਂ। ਰਾਤ ਨੂੰ ਖਿਚੜੀ ਬਣਾ ਲੈਂਦੀ ਸੋਮੋਤੀ।
ਸਤਾਰਾਂ ਪੂਰੇ ਕਰਦੇ ਹੀ ਸਾਵਿਤਰੀ ਨੂੰ ਮੁੰਡਿਆਂ ਦੇ ਸਕੂਲ ਵਿਚ ਗਿਆਰਵੀਂ ਜਮਾਤ ਵਿਚ ਦਾਖ਼ਲਾ ਲੈਣਾ ਪਿਆ। ਸੋਮੋਤੀ ਝਾੜੂ, ਬਰਤਨ ਤੇ ਸੇਠ ਨੂੰ ਸਹਿੰਦੀ ਇਕਤਾਲੀ ਦੀ ਉਮਰ ਵਿਚ ਈ ਪੰਜਾਹ ਨਾਲੋਂ ਵੱਡੀ ਲੱਗਣ ਲੱਗ ਪਈ। ਪਰ ਸਾਵਿਤਰੀ ਦਾ ਰੂਪ ਅਜਿਹਾ ਖਿੜਿਆ ਕਿ ਲੋਕ ਕਹਿੰਦੇ, 'ਜ਼ਰੂਰ ਕਿਸੇ ਰਾਈਸ ਦਾ ਬੀਅ ਆ।' ਜਿਵੇਂ ਸੁੰਦਰਤਾ ਪੈਸੇ ਨਾਲ ਜਨਮ ਲੈਂਦੀ ਹੋਵੇ। ਸੋਮੋਤੀ ਅੰਦਰੇ-ਅੰਦਰ ਸਹਿਮੀ ਸਵਰਗਵਾਸੀ ਪਤੀ ਤੋਂ ਮੁਆਫ਼ੀ ਮੰਗਦੀ...'ਸਭ ਕੁਛ ਤੇਰੀ ਬੱਚੀ ਲਈ ਸਹਿ ਰਹੀ ਆਂ, ਉਸਦੀ ਰੱਖਿਆ ਕਰੀਂ।'

ਅਗਿਆਤ—ਦੂਜੀ ਦੁਰਘਟਨਾ :

ਸਾਵਿਤਰੀ ਦੇ ਰੂਪ 'ਤੇ ਮੁੰਡੇ ਤਾਂ ਮਰਦੇ ਹੀ ਸੀ, ਮਾਸ਼ਟਰਾਂ ਦੀਆਂ ਅੱਖਾਂ ਵੀ ਉਸਦੀ ਦੇਹ ਨਾਲ ਚਿਪਕੀਆਂ ਰਹਿੰਦੀਆਂ। ਜਵਾਨ ਟੀਚਰ ਪੜ੍ਹਾਉਣਾ ਭੁੱਲ ਜਾਂਦੇ ਤੇ ਮੁੰਡੇ ਨੋਟਿਸ ਲਿਖਣੇ। ਸਕੂਲ ਦੇ ਬਾਹਰ ਕਈ ਆਵਾਜ਼ਾਂ ਗੂੰਜਣ ਲੱਗੀਆਂ, ਪਰ ਸਾਵਿਤਰੀ ਪੂਰੀ ਤਰ੍ਹਾਂ ਲਾਪ੍ਰਵਾਹ ਰਹੀ। ਇਕ ਅਣਹੋਣੀ ਹੋਣੀ ਸੀ, ਸੋ ਹੋਈ...ਕਲਾਸ ਟੀਚਰ ਨੇ ਇਕ ਦਿਨ ਬਾਹਾਂ ਵਿਚ ਸਮੇਟ ਕੇ ਕਈ ਲਾਲਚ ਦਿੱਤੇ, ਪਰ ਉਹ ਚੀਕ ਪਈ। ਮੁੰਡੇ ਆ ਗਏ। ਪ੍ਰਿੰਸੀਪਲ ਆ ਗਿਆ। ਕਲਾਸ ਟੀਚਰ ਤਹਿਸੀਲਦਾਰ ਦਾ ਭਰਾ ਸੀ, ਇਸ ਲਈ ਗੱਲ ਦੱਬ-ਨੱਪ ਦਿੱਤੀ ਗਈ। ਸਾਵਿਤਰੀ ਰੋਂਦੀ ਹੋਈ ਘਰ ਗਈ। ਸੋਮੋਤੀ ਸਵਰਗੀ ਪਤੀ ਦੀ ਫ਼ੋਟੇ ਸਾਹਵੇਂ ਧੀ ਦੀ ਰੱਖਿਆ ਕਰਨ ਲਈ ਰੋਂਦੀ ਕੁਰਲਾਂਦੀ ਰਹੀ—ਫੋਰ ਦੁਖੀ ਮਨ ਨਾਲ ਟੁੱਟੀ ਦੇਹ ਸੌਂ ਗਈ।
ਸਹਿਮੀ ਹੋਈ ਸਾਵਿਤਰੀ ਦੂਜੇ ਦਿਨ ਸਕੂਲ ਗਈ, ਪਰ ਕਿਸੇ ਮੁੰਡੇ ਨੇ ਨਹੀਂ ਛੇੜਿਆ। ਵਿਚਕਾਰ ਬੱਸ ਐਤਵਾਰ ਈ ਲੰਘਿਆ ਸੀ। ਅਚਾਨਕ ਸੁੱਜਿਆ ਮੂੰਹ ਤੇ ਖੱਬੇ ਹੱਥ 'ਤੇ ਪਲਸਤਰ ਚੜ੍ਹਾਈ ਕਲਾਸ ਟੀਚਰ ਆਇਆ। ਬਿਨਾਂ ਅੱਖਾਂ ਚੁੱਕਿਆਂ ਹਾਜ਼ਰੀ ਲਾਈ, ਪੜ੍ਹਾਇਆ ਤੇ ਚਲਾ ਗਿਆ। ਖੁਸਰ-ਫੁਸਰ ਤੋਂ ਸਾਵਿਤਰੀ ਨੂੰ ਬੱਸ ਏਨਾ ਪਤਾ ਲੱਗਿਆ ਕਿ ਉਸ ਨਾਲ ਦੁਰਵਿਹਾਰ ਦੀ ਸਜ਼ਾ ਦੇਂਦਿਆਂ ਹੋਇਆਂ ਕਿਸੇ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਕੁਝ ਬੋਲਿਆ ਤਾਂ ਜਾਨੋਂ ਹੱਥ ਧੋਣੇ ਪੈਣਗੇ। ਤਹਿਸੀਲਦਾਰ ਦੇ ਭਰਾ ਮਾਸਟਰ ਤੋਂ ਥਾਣੇਦਾਰ ਨੇ ਲੱਖ ਪੁੱਛਿਆ, ਪਰ ਮਾਸਟਰ ਕੁਝ ਵੀ ਨਹੀਂ ਸੀ ਦੱਸ ਸਕਿਆ। ਥਾਣੇਦਾਰ ਨੇ ਕਿਹਾ, “ਕੋਈ ਜੁਗਤ ਸੋਚਣੀ ਪਏਗੀ, ਇਸ ਹੀਰੇ ਨੂੰ ਹੱਥ ਪਾਉਣ ਲਈ। ਆਖ਼ਰ ਇਸੇ ਕਸਬੇ ਦੀ ਏ, ਸੋ ਸਾਡੀ ਓ ਹੋਈ।”
ਰਾਤ ਸੋਮੋਤੀ ਇਕਾਂਤ ਵਿਚ ਫੁੱਟ-ਫੁੱਟ ਰੋਣ ਲੱਗੀ—ਕੈਸਾ ਹੀਰਾ ਏ ਕਿ ਕੋਈ ਅੰਗੂਠੀ 'ਚ ਪਾਉਣ ਲਈ ਤਿਆਰ ਨਹੀਂ ਏ।

ਪਤਾ ਨਹੀਂ—ਤੀਜੀ ਦੁਰਘਟਨਾ :

ਤਹਿਸੀਲਦਾਰ ਸਹਾਬ ਨੇ ਕੂਟਨੀਤੀ ਖੇਡੀ ਤੇ ਸ਼ਹਿਰ ਦੇ ਜਿਲ੍ਹਾ ਅਧਿਕਾਰੀ ਦੇ ਕੰਨ ਵਿਚ ਸਾਵਿਤਰੀ ਦੇ ਰੂਪ ਦੀ ਤੂਤੀ ਵਜਾ ਦਿੱਤੀ, “ਸਰ ਕ੍ਰਿਸ਼ਨ ਕਾਮਰੀ ਐੱਮ.ਐੱਲ.ਏ. ਖ਼ੁਸ਼ ਹੋ ਜਾਣ ਤਾਂ ਤੁਹਾਡੇ ਮਿਸੇਜ਼ ਆਸਾਨੀ ਨਾਲ ਜਿਲ੍ਹਾ ਸਕੂਲ ਦੇ ਪ੍ਰਿੰਸੀਪਲ ਬਣ ਸਕਦੇ ਨੇ।” ਜਿਲ੍ਹਾ ਅਧਿਕਾਰੀ ਨੇ ਕ੍ਰਿਸ਼ਨ ਕਾਮਰੀ ਐੱਮ.ਐੱਲ.ਏ. ਦੇ ਦਿਲ 'ਚ ਜੋਤ ਜਗਾ ਦਿੱਤੀ। ਰਾਜਨੀਤੀ ਦੇ ਤਿਕੜਮਾਂ ਵਿਚ ਜਿੱਥੇ ਕ੍ਰਿਸ਼ਨ ਕਾਮਰੀ ਇਕ ਉੱਚਾ ਨਾਂ ਸੀ, ਉੱਥੇ ਹੀ ਉਹਨਾਂ ਦਾ ਘਰੇਲੂ ਜੀਵਨ ਬੁਰੀ ਤਰ੍ਹਾਂ ਬਰਬਾਦ ਸੀ। ਸਾਲਾਂ ਤੋਂ ਬੁਰੇ ਰਿਕਾਰਡ ਕਰਕੇ ਕਿਸੇ ਉੱਚੇ ਆਸਨ 'ਤੇ ਨਾ ਪਹੁੰਚ ਸਕਣ ਕਰਕੇ ਉਹਨਾਂ ਦੀ ਪਤਨੀ ਕਿਸ਼ੋਰੀ ਉਹਨਾਂ ਨੂੰ ਨਿਕੰਮਾਂ ਕਹਿ ਕੇ ਅਪਮਾਨਤ ਕਰਦੀ ਰਹਿੰਦੀ ਸੀ। ਸਾਲਿਆਂ ਤੋਂ ਉਹ ਡਾਢੇ ਡਰਦੇ ਸਨ। ਸ਼ਕਲ ਅਜਿਹੀ ਸੀ ਪਤਨੀ ਦੀ ਕਿ ਚੋਣ ਵਿਚ ਜਿੱਤੇ ਹੋਣ 'ਤੇ ਜੀਪ ਵਿਚ ਨਾਲ ਲੈ ਕੇ ਜਾਣ ਦੀ ਹਿੰਮਤ ਨਹੀਂ ਸੀ ਪੈਂਦੀ।
ਕ੍ਰਿਸ਼ਨ ਕੁਮਾਰ ਦੇ ਅੰਦਰ ਪਿਆਰ ਤੇ ਪਿਆਸ ਦਾ ਜੰਗਲ ਬਲਣ ਲੱਗਾ। ਮਕੜਜਾਲ ਫੈਲਾਇਆ ਗਿਆ। ਸਾਵਿਤਰੀ ਦੇ ਸਕੂਲ ਦੇ ਗਿਆਰਵੀਂ ਦੇ ਬੱਚਿਆਂ ਲਈ ਛੱਬੀ ਜਨਵਰੀ 'ਤੇ ਸ਼ਹਿਰ ਵਿਚ ਹਿੱਸਾ ਲੈਣਾ ਜ਼ਰੂਰੀ ਹੋ ਗਿਆ। ਸ਼ਹਿਰ ਵਿਚ ਪਹੁੰਚਦੇ ਹੀ ਮੁੰਡਿਆਂ ਨੂੰ ਕੈਂਪ ਵਿਚ ਭੇਜ ਦਿੱਤਾ ਗਿਆ। ਸਾਵਿਤਰੀ ਸਮੇਤ ਪੰਜ ਕੁੜੀਆਂ ਨੂੰ ਫ਼ੈਸ਼ਨ ਪ੍ਰੇਡ ਵਿਚ ਸ਼ਾਮਲ ਕੀਤਾ ਗਿਆ। ਉਹਨਾਂ ਨੂੰ ਜੁਬਲੀ ਲਾਜ ਵਿਚ ਠਹਿਰਾਇਆ ਗਿਆ। ਕੱਪੜਿਆਂ ਦਾ ਇੰਤਜ਼ਾਮ ਤੇ ਟ੍ਰੇਨਿੰਗ ਦਾ ਕਾਰਜ ਬਿਊਟੀ ਪਾਰਲਰ ਦੀ ਇਕ ਪੱਕੀ ਉਮਰ ਦੀ ਚਾਲੂ-ਜਿਹੀ ਔਰਤ ਦੇ ਜ਼ਿੰਮੇ ਲਾ ਦਿੱਤਾ ਗਿਆ। ਔਰਤ ਉਹਨਾਂ ਨੂੰ ਭੜਕੀਲੇ ਕੱਪੜੇ ਪੁਆਉਂਦੀ, ਚੱਲਣਾ ਤੇ ਮੁੜਣਾ-ਮਟਕਣਾ ਸਿਖਾਉਂਦੀ। ਸਾਵਿਤਰੀ ਖ਼ੁਦ ਆਪਣੇ ਰੂਪ 'ਤੇ ਮੁਗਧ ਹੋ ਜਾਂਦੀ। ਇਕ ਸੁੰਦਰ ਭਵਿੱਖ ਦਾ ਸੁਪਨਾ ਬੇਚੈਨ ਕਰ ਦਿੰਦਾ।
ਛੱਬੀ ਦੀ ਰਾਤ ਵੱਡੇ ਸਾਰੇ ਹਾਲ ਵਿਚ ਪ੍ਰਤੀਯੋਗਤਾ ਹੋਈ। ਸਾਵਿਤਰੀ ਨੂੰ ਚੁਣਿਆਂ ਜਾਣਾ ਸੀ, ਸੋ ਚੁਣੀ ਲਿਆ ਗਿਆ। ਸ਼ੀਲਡ ਦੇ ਨਾਲ ਵਪਾਰੀਆਂ ਵੱਲੋਂ ਦਸ ਹਜ਼ਾਰ ਰੁਪਏ ਵੀ ਮਿਲੇ। ਅੱਧੀ ਰਾਤ ਬੀਤ ਗਈ ਸੀ। ਸਾਵਿਤਰੀ ਦੀ ਅੱਖ ਨਹੀਂ ਸੀ ਲੱਗੀ ਕਿ ਲਾਜ ਦੀ ਬਿਜਲੀ ਬੁਝ ਗਈ। ਸਾਵਿਤਰੀ ਦੇ ਕਮਰੇ ਦਾ ਦਰਵਾਜ਼ਾ ਆਪਣੇ-ਆਪ ਖੁੱਲ੍ਹ ਗਿਆ। ਇਕ ਅਸਪਸ਼ਟ ਜਿਹਾ ਪ੍ਰਛਾਵਾਂ ਦਰਵਾਜ਼ੇ 'ਤੇ ਦਿਖਾਈ ਦਿੱਤਾ। ਸਾਵਿਤਰੀ ਸਹਿਮ ਗਈ। ਉਦੋਂ ਹੀ ਪਿਛਲੇ ਪਾਸੇ ਬੈਟਰੀ ਦੀ ਰੋਸ਼ਨੀ ਪਈ, ਇਕ ਰੁਮਾਲ ਵਾਲਾ ਹੱਥ ਕ੍ਰਿਸ਼ਨ ਕਾਮਰੀ ਦੇ ਨੱਕ 'ਤੇ ਚਿਪਕ ਗਿਆ। ਸਾਵਿਤਰੀ ਕ੍ਰਿਸ਼ਨ ਕਾਮਰੀ ਨੂੰ ਪਛਾਣ ਗਈ ਸੀ। ਪਰ ਇਹ ਕੀ...ਪ੍ਰਛਾਵਾਂ ਤੇ ਰੁਮਾਲ ਵਾਲਾ ਹੱਥ ਅਚਾਨਕ ਗ਼ਾਇਬ ਹੋ ਗਏ। ਦਰਵਾਜ਼ਾ ਆਪਣੇ-ਆਪ ਬੰਦ ਹੋ ਗਿਆ। ਸਹਿਮੀ ਹੋਈ ਸਾਵਿਤਰੀ ਸੌਂ ਗਈ। ਸਵੇਰੇ ਸਾਮਾਨ ਬੰਨ੍ਹ ਕੇ ਸਾਵਿਤਰੀ ਹੋਰ ਕੁੜੀਆਂ-ਮੁੰਡਿਆਂ ਨਾਲ ਬਸ ਵਿਚ ਬੈਠ ਗਈ। ਬਿਊਟੀ ਪਾਰਲਰ ਦੀ ਮਾਲਕਣ ਅਜੀਬ ਰਹੱਸਮਈ ਨਜ਼ਰਾਂ ਨਾਲ ਉਸਨੂੰ ਦੇਖਦੀ ਰਹੀ। ਬਸ ਤਹਿਸੀਲ ਵੱਲ ਦੌੜ ਪਈ।
ਦੂਜੇ ਦਿਨ ਸਕੂਲ ਵਿਚ ਅਖ਼ਬਾਰ ਦੀ ਖ਼ਬਰ 'ਤੇ ਸਨਸਨੀ ਫੈਲ ਗਈ ਸੀ...ਕ੍ਰਿਸ਼ਨ ਕਾਮਰੀ ਲਾ-ਪਤਾ। ਉਹਨਾਂ ਦੀ ਪਤਨੀ ਅਨੁਸਾਰ ਰਾਤ ਬਾਰਾਂ ਵਜੇ ਜ਼ਰੂਰੀ ਕੰਮ ਦੱਸ ਕੇ ਗਏ ਸਨ। ਕਾਰ ਇਕ ਨਾਲੇ ਵਿਚ ਡਿੱਗੀ ਮਿਲੀ, ਪਰ ਕ੍ਰਿਸ਼ਨ ਕਾਮਰੀ ਦਾ ਕਿੱਧਰੇ ਪਤਾ ਨਹੀਂ। ਪਾਰਟੀ ਵਾਲਿਆਂ ਦੇ ਖ਼ਿਆਲ ਵਿਚ ਵਿਰੋਧੀ ਦਲ ਨੇ ਇਹ ਘਿਰਣਤ ਕਾਰਾ ਕੀਤਾ ਹੈ।
ਪੁਲਿਸ ਨੇ ਚਾਰ ਕੁੜੀਆਂ ਤੋਂ ਪੁੱਛਗਿੱਛ ਕੀਤੀ ਪਰ ਸਭ ਨੇ ਇਕੋ ਜਵਾਬ ਦਿੱਤਾ...ਪਤਾ ਨਹੀਂ।
ਸਾਵਿਤਰੀ ਦੀ ਅਕਲ ਕੰਮ ਕਰ ਗਈ। ਸਵਾਲ ਦੇ ਜਵਾਬ ਵਿਚ ਸਵਾਲ ਕਰ ਦਿੱਤਾ, “ਮੈਨੂੰ ਕੀ ਪਤਾ ਹੋ ਸਕਦਾ ਏ? ਮੇਰਾ ਉਹਨਾਂ ਨਾਲ ਕੀ ਵਾਸਤਾ ਸੀ?” ਇਸ ਗੱਲ ਦਾ ਜਵਾਬ ਪੁਲਿਸ ਦੇ ਕੋਲ ਵੀ ਨਹੀਂ ਸੀ। ਬੱਸ ਸਾਦੇ ਕੱਪੜਿਆਂ ਵਿਚ ਖੁਫ਼ੀਆ ਪੁਲਿਸ ਤੈਨਾਤ ਹੋ ਗਈ ਕਿ ਕੋਈ ਆਏ ਤਾਂ ਫੜ੍ਹ ਲਓ, ਪਰ ਕੋਈ ਨਹੀਂ ਆਇਆ। ਅੰਦਰੇ-ਅੰਦਰੇ ਸਾਵਿਤਰੀ ਮੁਸਕਰਾਈ...ਜ਼ਰੂਰ ਕੋਈ ਟਾਰਜਨ ਜਾਂ ਫ਼ੈਂਟਮ ਹੋਵੇਗਾ। ਸ਼ਾਇਦ ਕੋਈ ਰਾਜਕੁਮਾਰ ਹੋਵੇ!
ਵੀਹ ਦਿਨ ਬਾਅਦ ਪਾਗਲਾਂ ਵਾਂਗ ਹੱਸਦੇ ਤੇ ਆਪਣੇ ਵਾਲ ਪੁੱਟਦੇ ਹੋਏ ਕ੍ਰਿਸ਼ਨ ਕਾਮਰੀ ਆਪਣੇ ਦਫ਼ਤਰ ਵਿਚ ਮਿਲੇ। ਪੁਲਿਸ, ਪਾਰਟੀ ਪ੍ਰਧਾਨ ਨੇ ਪੁੱਛਿਆ ਤਾਂ ਖਿੜ-ਖਿੜ ਕਰਕੇ ਹੱਸੇ...ਪਤਾ ਨਹੀਂ।
ਵਿਰੋਧੀ ਦਲ ਨੇ ਸੱਤਾ ਦਲ ਉੱਤੇ ਤਵਾ ਲਾ ਦਿੱਤਾ...'ਸੁਨੋਂ ਪਾਇਲ! ਬਨੋਂ ਪਾਗਲ!' ਜਿਲ੍ਹਾ ਪਾਰਟੀ ਦੇ ਦਫ਼ਤਰ ਉੱਤੇ ਕੋਈ ਨਵਾਂ ਬੋਰਡ ਲਾ ਗਿਆ...ਪਾਗਲਖਾਨਾ। ਸਾਵਿਤਰੀ ਸੋਚਦੀ—ਆਇਆ ਤਾਂ ਸੀ ਕ੍ਰਿਸ਼ਨ ਕੁਮਾਰੀ, ਪਰ ਫੜ੍ਹ ਕੇ ਕੌਣ ਲੈ ਗਿਆ ਹੋਇਆ? ਕੌਣ ਕਰ ਰਿਹਾ ਹੈ ਉਸਦੀ ਰੱਖਿਆ? ਰਾਤੀਂ ਸੌਣ ਤੋਂ ਪਹਿਲਾਂ ਅਗਿਆਤ, ਅਦ੍ਰਿਸ਼ ਵਿਅਕਤੀ ਨੂੰ ਖਿੜ ਕੇ ਕਹਿੰਦੀ...ਥੈਂਕਯੂ ਰਾਜਕੁਮਾਰ।

ਮਨਹੂਸ—ਚੌਥੀ ਦੁਰਘਨਾ :

ਜਿਲ੍ਹਾ ਅਧਿਕਾਰੀ, ਹਾਕਮ, ਪਾਰਟੀ ਤੇ ਪੁਲਿਸ ਨੂੰ ਲੱਗਿਆ ਕਿ ਸਾਵਿਤਰੀ ਦਾ ਬੇਦਾਗ਼ ਬਚ ਜਾਣਾ ਉਹਨਾਂ ਦੀ ਹਾਰ ਹੈ। ਇਕ ਪਿੱਛੋਂ ਇਕ ਮੀਟਿੰਗ ਹੋਈ। ਏਰੀਆ ਆਫ਼ ਅਟੈਕ (ਹਮਲੇ ਲਈ ਸਹੀ ਸਥਾਨ) ਕਾਫ਼ੀ ਸੋਚ ਵਿਚਾਰ ਪਿੱਛੋਂ ਤੈਅ ਹੋਇਆ ਤੇ ਡੈਲੀਗੇਸ਼ਨ ਦੇ ਸਾਰੇ ਮੈਂਬਰ ਸੇਠ ਤ੍ਰਿਲੋਚਨ ਦੀ ਹਵੇਲੀ ਪਹੁੰਚੇ। ਮੇਵਾ ਤੇ ਵਿਸਕੀ ਸਾਹਮਣੇ ਆ ਗਿਆ। ਬਹਿਸ ਸ਼ੁਰੂ ਹੋਈ, ਤ੍ਰਿਲੋਚਨ ਸੇਠ ਨੇ ਕਬੂਲ ਕੀਤਾ ਕਿ ਸਾਵਿਤਰੀ 'ਤੇ ਉਹਨਾਂ ਦੀ ਅੱਖ ਸੀ, ਪਰ ਜਦੋਂ ਤਹਿਸੀਲਦਾਰ ਦੇ ਭਰਾ ਦੇ ਮਾਰ ਪਈ, ਐੱਮ.ਐੱਲ.ਏ. ਸਾਹਬ ਪਾਗਲ ਹੋ ਗਏ ਤਾਂ ਤ੍ਰਿਲੋਚਨ ਨੇ ਸਾਵਿਤਰੀ ਦਾ ਖ਼ਿਆਲ ਛੱਡ ਦਿੱਤਾ।
“ਕਰਨਾਂ ਤਾਂ ਤੁਹਾਨੂੰ ਕੁਛ ਪਏਗਾ ਈ, ਨਹੀਂ ਤਾਂ ਰੂਟਾਂ 'ਤੇ ਬਿਨਾਂ ਪਰਮਿਟ ਦੌੜਦੀਆਂ ਤੁਹਾਡੀਆਂ ਵੀਹ ਬਸਾਂ ਅੰਦਰ ਕਰਾ ਦਿਆਂਗਾ ਤੇ ਗੋਦਾਮ ਵਿਚ ਪਿਆ ਗ਼ੈਰ-ਕਾਨੂੰਨੀ ਮਾਲ ਵੀ ਫੜਾ ਦਿਆਂਗਾ।” ਜਿਲ੍ਹਾ ਅਧਿਕਾਰੀ ਨੇ ਕਿਹਾ।
ਬੌਂਦਲ ਗਏ ਸੇਠ ਜੀ। ਦਿਮਾਗ਼ 'ਤੇ ਜ਼ੋਰ ਦਿੱਤਾ ਤਾਂ ਤਰਕੀਬ ਸੁੱਝ ਪਈ। ਹੱਸਦੇ ਹੋਏ ਬੋਲੇ, “ਤੁਹਾਡੇ ਕੰਮ ਨਾ ਆਵਾਂਗੇ ਤਾਂ ਦੇਸ਼-ਧਰੋਈ ਨਾ ਕਹਾਵਾਂਗੇ। ਆਪਣੇ ਸਵਰਗਵਾਸੀ ਭਰਾ ਦਾ ਮੁੰਡਾ ਏ ਸੁਜਾਨ। ਦਿਮਾਗ਼ ਪੱਖੋਂ ਜਰਾ ਪੌਣ 'ਚ ਐ। ਉਸ ਨਾਲ ਕਰ ਦੇਨੇਂ ਆਂ, ਸਾਵਿਤਰੀ ਦੀ ਸ਼ਾਦੀ ਦਾ ਜੁਗਾੜ।” ਸਾਵਿਤਰੀ ਦੀ ਖ਼ੁਸ਼ਬੂ ਦੀ ਕਲਪਨਾ ਕਰਕੇ ਨਿਹਾਲ ਹੋ ਗਏ ਸੇਠ ਜੀ—ਦੰਦ, ਕਾਲੇ ਬੁੱਲ੍ਹਾਂ ਦੀ ਕੰਧ ਟੱਪ ਕੇ ਬਾਹਰ ਨਿਕਲ ਆਏ ਸੀ।
“ਮਜ਼ਾ ਆ ਗਿਆ ਸੇਠ ਜੀ।”
ਸਾਰੇ ਹੱਸਦੇ ਹੋਏ ਗੱਡੀਆਂ ਵਿਚ ਬੈਠ ਕੇ ਚਲੇ ਗਏ।
ਇਕਾਂਤ ਵਿਚ ਦਬੋਚ ਲਿਆ ਸੋਮੋਤੀ ਨੂੰ ਤ੍ਰਿਲੋਚਨ ਸੇਠ ਨੇ, “ਤੂੰ ਤੇ ਤੇਰੀ ਲਾਡਲੀ ਐਸ਼ ਕਰੋਂਗੀਆਂ। ਨਹੀਂ ਤਾਂ...”
ਸੋਮੋਤੀ ਰੋਈ, ਫੇਰ ਮੰਨ ਗਈ। ਵਿਆਹ ਦੀਆਂ ਤਿਆਰੀਆਂ ਤੇ ਕੁੜੀ ਦੇ ਗਹਿਣੇ, ਕੱਪੜਿਆਂ ਲਈ ਇਕ ਲੱਖ ਫੜਾ ਦਿੱਤਾ ਤ੍ਰਿਲੋਚਨ ਸੇਠ ਨੇ। ਸੋਚਿਆ, ਘਰੇ ਈ ਤਾਂ ਆਏਗਾ ਸਾਰਾ ਮਾਲ।
ਸੋਮੋਤੀ ਨੇ ਦੱਸਿਆ ਤਾਂ ਵਿਲ੍ਹਕ ਪਈ ਸਾਵਿਤਰੀ, “ਪਾਲ-ਪੋਸ ਕੇ ਕਸਾਈ ਨੂੰ ਨਾ ਸੌਂਪ ਮਾਤਾ।”
“ਕਸਾਈ! ਕੇਹਾ ਕਸਾਈ? ਮੁਰਗਾ ਏ ਸੁਜਾਨ। ਦੇਹ ਦਾ ਠੀਕ ਏ। ਤ੍ਰਿਲੋਚਨ ਸੇਠ ਦੀ ਜ਼ਮੀਨ-ਜਾਇਦਾਦ ਦੇ ਅੱਧ ਦਾ ਹਿੱਸੇਦਾਰ ਏ। ਪਹੁੰਚਦੀ ਈ ਸੰਭਾਲ ਲਵੀਂ ਲਗਾਮ।”
ਸਾਵਿਤਰੀ ਨੂੰ ਲੱਗਿਆ ਕਿ ਮਾਂ ਵੀ ਉਸਦੇ ਸਹਾਰੇ ਸੁੱਖਾਂ ਦੇ ਮਹਿਲ 'ਚ ਪ੍ਰਵੇਸ਼ ਕਰਨਾ ਚਾਹੁੰਦੀ ਹੈ। ਸੌਣ ਲੱਗੀ ਤਾਂ ਯਾਦ ਕੀਤਾ ਅਦਿੱਖ ਅਗਿਆਤ ਰਾਜਕੁਮਾਰ ਨੂੰ...ਮੇਰੀ ਲਾਜ ਬਚਾਈ ਏ ਤਾਂ ਜੀਵਨ ਨੂੰ ਵੀ ਸੰਵਾਰ ਦਿਓ ਰਾਜਕੁਮਾਰ।
ਸ਼ਾਦੀ ਦਾ ਦਿਨ ਆ ਗਿਆ। ਹਵੇਲੀ ਪੂਰੀ ਤਰ੍ਹਾਂ ਸਜੀ ਹੋਈ ਸੀ। ਬਾਹਰ ਵਾਜੇ ਵੱਜ ਰਹੇ ਸਨ। ਤ੍ਰਿਲੋਚਨ ਸੇਠ ਗੁਲਾਬੀ ਪੱਗ ਬੰਨ੍ਹੀ, ਜਿਲ੍ਹਾ ਅਧਿਕਾਰੀ, ਡੀ.ਆਈ.ਜੀ., ਪਾਰਟੀ ਪ੍ਰਧਾਨ ਤੇ ਹੋਰ ਲੋਕ, ਮਾਣਯੋਗ ਬਾਰਤੀਆਂ ਦੀ ਖ਼ਾਤਰ ਵਿਚ ਲੱਗੇ ਹੋਏ ਸਨ। ਗੀਤ ਗਾਉਂਦੀਆਂ ਜ਼ਨਾਨੀਆਂ ਨੇ ਨਾਲ ਲਾੜਾ ਬਾਹਰ ਆਇਆ। ਦੋ ਆਦਮੀਆਂ ਨੇ ਉਸਨੂੰ ਘੋੜੀ ਚੜ੍ਹਾ ਦਿੱਤਾ। ਆਤਿਸ਼ਬਾਜ਼ੀ ਚੱਲਣੀ ਸ਼ੁਰੂ ਹੋ ਗਈ। ਉਦੋਂ ਹੀ ਹਵੇਲੀ ਦੇ ਪਿਛਲੇ ਕਮਰੇ ਵਿਚ ਠਾਹ-ਧੜੰਮ ਦੀਆਂ ਆਵਾਜ਼ਾਂ ਦੇ ਨਾਲ ਲਾਟਾਂ ਨਿਕਲਨੀਆਂ ਸ਼ੁਰੂ ਹੋ ਗਈਆਂ। ਘੋੜੀ ਡਰ ਗਈ ਤੇ ਪੁੱਠਾ ਝੂਲ ਗਿਆ ਲਾੜਾ। ਜਿਲ੍ਹਾ ਅਧਿਕਾਰੀ, ਪਾਰਟੀ ਪ੍ਰਧਾਨ ਤੇ ਹੋਰ ਦੂਜੇ ਅਫ਼ਸਰ ਆਪੋ-ਆਪਣੀਆਂ ਗੱਡੀਆਂ ਵਿਚ ਬੈਠ ਕੇ ਰਫ਼ੂਚੱਕਰ ਹੋ ਗਏ। ਤ੍ਰਿਲੋਚਨ ਸੇਠ ਹਵੇਲੀ ਦੇ ਪਿਛਲੇ ਪਾਸੇ ਵੱਲ ਦੌੜੇ ਤਾਂ ਡਿੱਗਦੀ ਕੰਧ ਹੇਠ ਇਕ ਲੱਤ ਫਸ ਗਈ। ਬੈਂਡ ਵਾਲੇ ਤੇ ਹੋਰ ਬਾਰਾਤੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾ ਸਕੇ। ਹਵੇਲੀ ਦੇ ਪਿੱਛੇ ਵੱਡੇ ਸਾਰੇ ਕਮਰੇ ਵਿਚ ਸੇਠ ਨੇ ਪੈਟ੍ਰੋਲ ਵਾਲੇ ਪੀਪੇ ਰੱਖੇ ਹੋਏ ਸਨ, ਉੱਥੇ ਧਮਾਕਾ ਹੋਇਆ ਸੀ। ਭਤੀਜਾ ਤੇ ਚਾਚਾ ਤਹਿਸੀਲ ਦੇ ਇਕ ਨਰਸਿੰਗ ਹੋਮ ਵਿਚ ਪਹੁੰਚ ਗਏ।
ਸੋਮੋਤੀ ਰਾਤੀਂ ਉੱਥੇ ਪਹੁੰਚੀ। ਡਾਢਾ ਦੁੱਖ ਪ੍ਰਗਟ ਕਰਦੀ ਹੋਈ ਬੋਲੀ, “ਲਾਲਾ ਹੁਣ ਤਾਂ ਦੂਜੀ ਸੈਂਤ ਕਢਵਾਉਣੀ ਪਊਗੀ।”
“ਸੈਂਤ! ਕਾਹਦੀ ਸੈਂਤ! ਮੈਂ ਨ੍ਹੀਂ ਲਿਆਉਣਾ ਉਸ ਮਨਹੂਸ ਨੂੰ ਆਪਣੇ ਘਰ। ਤੈਨੂੰ ਦਿੱਤਾ ਰੁਪਿਆ ਵੀ ਤੇਰਾ। ਖਸਮ ਦੀ ਜਾਨ ਦਾ ਮੁਆਵਜਾ ਸਮਝ ਲਵੀਂ।”
ਉਪਰੋਂ ਦੁਖੀ ਤੇ ਅੰਦਰੋਂ ਖ਼ੁਸ਼ ਸੋਮੋਤੀ ਰੋਣ ਦਾ ਨਾਟਕ ਕਰਦੀ ਘਰ ਪਰਤ ਆਈ। ਸਵੇਰੇ ਬੈਂਕ 'ਚ ਰੋਕੜ ਜਮ੍ਹਾ ਕਰਾਉਣੀ ਹੈ, ਇਸ ਲਈ ਜਲਦੀ ਸੌਂ ਜਾਂ ਕਹਿੰਦੀ ਹੋਈ ਸੋਮੋਤੀ ਬਿਸਤਰੇ ਵਿਚ ਵੜ ਗਈ। ਸਾਵਿਰਤੀ ਨੇ ਸੌਣ ਤੋਂ ਪਹਿਲਾਂ ਹੱਥ ਜੋੜੇ ਤੇ ਬੁੜਬੁੜਾਈ, “ਥੈਂਕਯੂ ਰਾਜਕੁਮਾਰ।”
ਉਸੇ ਰਾਤ ਨਗਰ ਵਿਚ ਪ੍ਰਦੇਸ਼ ਦੇ ਗ੍ਰਹਿਮੰਤਰੀ ਆਏ ਹੋਏ ਸਨ। ਪਾਰਟੀ ਪ੍ਰਧਾਨ ਦੇ ਕਹਿਣ 'ਤੇ ਜਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ। ਕਈ ਵੱਡੇ ਵਪਾਰੀਆਂ ਨੂੰ ਸੱਦਿਆ ਗਿਆ। ਸਾਵਿਤਰੀ ਨੂੰ ਲੈ ਕੇ ਹੁਣ ਤਕ ਜੋ ਕੁਝ ਹੋਇਆ ਸੀ, ਉਸਨੂੰ ਪ੍ਰਜਾਤੰਤਰ ਉੱਤੇ ਵਾਰ ਮੰਨਿਆਂ ਗਿਆ ਤੇ ਵੱਡੇ ਪੈਮਾਨੇ 'ਤੇ ਇਸ ਪੜਯੰਤਰ ਨੂੰ ਨੱਥ ਪਾਉਣ ਦੇ ਹੁਕਮ ਜਾਰੀ ਕਰਵਾਉਣ ਲਈ ਇਕ ਡ੍ਰਾਫ਼ਟ ਮੁੱਖ ਮੰਤਰੀ ਨੂੰ ਭੇਜਣ ਲਈ ਤਿਆਰ ਕੀਤਾ ਗਿਆ।

ਉਪਅੰਤ—ਪੰਜਵੀਂ ਦੁਰਘਟਨਾ :

ਅਜੇ ਦਸ ਦਿਨ ਬੀਤੇ ਹੋਣਗੇ ਕਿ ਰਾਤ ਨੂੰ ਕਿਸੇ ਨੇ ਦਰਵਾਜ਼ਾ ਖੜਕਾਇਆ। ਸੋਮੋਤੀ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਇਕ ਸੁਨੱਖਾ ਨੌਜਵਾਨ ਖੜ੍ਹਾ ਸੀ। ਸੋਮੋਤੀ ਨੇ ਪੁੱਛਿਆ, “ਕੌਣ ਓਂ?”
“ਚੰਦ। ਮੈਂ ਈ ਹੁਣ ਤਕ ਸਾਵਿਤਰੀ ਨੂੰ ਹਰ ਦੁਰਘਟਨਾ ਤੋਂ ਬਚਾਇਆ ਏ।”
“ਅੰਦਰ ਆ ਜਾਓ,” ਕਹਿੰਦਿਆਂ, ਨੌਜਵਾਨ ਦੇ ਅੰਦਰ ਆਉਂਦਿਆਂ ਹੀ ਦਰਵਾਜ਼ਾ ਬੰਦ ਕਰ ਦਿੱਤਾ ਸੋਮੋਤੀ ਨੇ।
ਸਾਵਿਤਰੀ ਵੀ ਉਠ ਬੈਠੀ ਹੋਈ। ਨੌਜਵਾਨ ਵਿਚ ਉਸਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਦਿਖਾਈ ਦਿੱਤਾ।
ਸੋਮੋਤੀ ਨੇ ਪੁੱਛਿਆ, “ਕਿੰਜ ਆਏ? ਕੀ ਕੋਈ ਹੋਰ ਆਫ਼ਤ!”
“ਮਾਂ ਮੈਂ ਸਾਵਿਤਰੀ ਨਾਲ ਸ਼ਾਦੀ ਕਰਨਾ ਚਾਹੁੰਦਾ ਆਂ।”
“ਕਰਦਾ ਕੀ ਏਂ?”
“ਐਨਾ ਕੁਛ ਕੀਤਾ , ਫੇਰ ਵੀ ਪੁੱਛ ਰਹੇ ਓਂ? ਸਰਕਾਰ ਮੈਨੂੰ ਬਾਗੀ ਤੇ ਗਰੀਬ ਤੇ ਪੀੜੇ ਹੋਏ ਲੋਕ ਮੈਨੂੰ ਕਰਾਂਤੀ ਕਹਿੰਦੇ ਨੇ।”
ਸੋਮੋਤੀ ਉਲਝ ਗਈ, ਫੇਰ ਵੀ ਪੁੱਛਿਆ, “ਤੇਰੀ ਜਾਤ...”
“ਜਾਤ ਕੀ, ਮੈਨੂੰ ਤਾਂ ਆਪਣਾ ਧਰਮ ਵੀ ਪਤਾ ਨਹੀਂ।”
“ਫੇਰ ਤਾਂ ਨਹੀਂ ਹੋਏਗਾ ਇਹ ਰਿਸ਼ਤਾ।”
“ਮਾਂ, ਸਾਡੀ ਜਾਤ ਦਾ ਤਾਂ ਤਹਿਸੀਲਦਾਰ ਵੀ ਏ। ਜਾਤ ਨਾਲ ਆਦਮੀ ਚੰਗਾ ਨਹੀਂ ਹੋ ਜਾਂਦਾ। ਇਸ ਨੇ ਮੇਰੀ ਰੱਖਿਆ ਕੀਤੀ ਏ, ਇਹੀ ਮੇਰਾ ਪਤੀ ਹੋਣਾ ਚਾਹੀਦਾ ਏ।” ਸਾਵਿਤਰੀ ਨੇ ਦਲੇਰੀ ਨਾਲ ਕਿਹਾ।
“ਤੁਸੀਂ ਦੋਵੇਂ ਗੱਲ ਕਰਕੇ ਫੈਸਲਾ ਕਰ ਲਓ। ਮੈਂ ਦੋ ਘੰਟਿਆਂ ਬਾਅਦ ਆਵਾਂਗਾ।” ਕਹਿੰਦਾ ਹੋਇਆ ਨੌਜਵਾਨ ਦਰਵਾਜ਼ਾ ਖੋਲ੍ਹ ਕੇ ਬਾਹਰ ਚਲਾ ਗਿਆ।
ਉਸਨੇ ਜਾਂਦਿਆਂ ਹੀ ਸਾਵਿਤਰੀ ਨੇ ਕਿਹਾ, “ਇਹੀ ਮੇਰੇ ਸੁਪਨਿਆਂ ਦਾ ਬਹਾਦੁਰ ਰਾਜਕੁਮਾਰ ਏ। ਇਸੇ ਨਾਲ ਮੈਂ ਸ਼ਾਦੀ ਕਰਾਂਗੀ, ਕਿਉਂਕਿ ਇਹੀ ਮੇਰੀ ਰੱਖਿਆ ਕਰਦਾ ਰਿਹਾ ਏ।”
“ਪਾਗਲ ਨਾ ਬਣ। ਅੱਜ ਜੋ ਵੀ ਦੇਸ਼ ਤੇ ਜਨਤਾ ਲਈ ਕਰਾਂਤੀ ਕਰਦਾ ਏ, ਉਸਨੂੰ ਦੇਸ਼-ਧਰੋਹੀ ਕਹਿ ਦਿੱਤਾ ਜਾਂਦਾ ਏ। ਮੰਤਰੀ, ਸੰਤਰੀ, ਪੁਲਿਸ ਸਾਰਿਆਂ ਨੂੰ ਉਸ ਤੋਂ ਆਪਣੀ ਹੋਂਦ ਦਾ ਖ਼ਤਰਾ ਹੋ ਜਾਂਦਾ ਏ। ਉਹ ਇਕ ਦਿਨ ਉਸਨੂੰ ਮਾਰ ਦਿੰਦੇ ਨੇ। ਸ਼ਾਦੀ ਪਿੱਛੋਂ ਵਿਧਵਾ ਹੋ ਕੇ ਤੂੰ ਵੀ ਕਿਸੇ ਦੇ ਭਾਂਡੇ ਮਾਂਜ ਰਹੀ ਹੋਏਂਗੀ ਤੇ ਭਰੀ ਦੁਪਹਿਰ ਭਾਂਡੇ ਮੰਜਵਾਉਣ ਵਾਲਾ ਤੈਨੂੰ ਬਿਸਤਰੇ 'ਤੇ ਖਿੱਚਦਾ ਰਹੇਗਾ। ਭੁੱਖ ਤੇ ਸਮਾਜ ਦੇ ਡਰ ਕਰਕੇ ਤੂੰ ਬੋਲ ਵੀ ਨਹੀਂ ਸਕੇਂਗੀ। ਅਦਾਲਤ ਵਿਚ ਗਈ ਤਾਂ ਬਲਾਤਕਾਰ ਦੀ ਸ਼ਿਕਾਰ ਦੀ ਜਗ੍ਹਾ ਵਕੀਲ ਤੈਨੂੰ ਈ ਮਾੜੀ ਸਿੱਧ ਕਰ ਦਏਗਾ।”
“ਪਰ ਮਾਂ, ਇਸ ਨਾਲੋਂ ਚੰਗਾ ਪਤੀ ਹੋਰ ਕੋਈ ਦੂਜਾ ਨਹੀਂ ਹੋ ਸਕਦਾ।”
ਸੋਮੋਤੀ ਉਸਨੂੰ ਯੁੱਗ-ਯਥਾਰਥ ਸਮਝਾਉਣ ਵਿਚ ਰੁੱਝ ਗਈ।

ਅੰਤ—ਘਟਨਾ ਜਾਂ ਦੁਰਘਟਨਾ ਦੀ ਉਡੀਕ :

ਹਨੇਰੇ ਵਿਚ ਲੇਖਕ ਦੇ ਮੋਢੇ ਤੋਂ ਉੱਡ ਕੇ ਰੁੱਖ ਦੇ ਟਾਹਣ ਨਾਲ ਲਟਕੇ ਬੇਤਾਲ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਹੇਠਾਂ ਦੇਖਿਆ...ਲੇਖਕ ਮੌਕੇ ਦਾ ਲਾਹਾ ਤੱਕ ਕੇ ਨੌਂ ਦੋ ਗਿਆਰਾਂ ਹੋ ਗਿਆ ਸੀ ਤੇ ਇਕ ਥੱਕਿਆ-ਹਾਰਿਆ ਪਾਠਕ ਰੁੱਖ ਹੇਠ ਸੁਸਤਾਉਣ ਲਈ ਆ ਖਲੋਤਾ ਸੀ। ਬੇਤਾਲ ਉਸਦੇ ਮੋਢਿਆਂ ਨਾਲ ਝੂਟ ਗਿਆ ਤੇ ਸੋਮੋਤੀ ਤੇ ਸਾਵਿਤਰੀ ਦੀ ਕਹਾਣੀ ਸੁਣਾ ਕੇ ਬੋਲਿਆ, “ਦੱਸ, ਕੀ ਸਾਵਿਤਰੀ ਚੰਦ ਨਾਲ ਵਿਆਹ ਕਰੇਗੀ ਜਾਂ ਨਹੀਂ? ਜਵਾਬ ਗ਼ਲਤ ਹੋਇਆ ਤਾਂ ਤੇਰੀ ਖੋਪੜੀ ਚਕਨਾਚੂਰ ਕਰ ਦਿਆਂਗਾ।
--- --- ---
Mohinder Bedi, Jaitu.

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

Monday, December 3, 2012

“ਮੈਂ ਔਰਤ ਨੂੰ ਵਰਗੀ ਨਜ਼ਰੀਏ ਨਾਲ ਦੇਖਦੀ ਆਂ”...

ਇਕ ਵਿਸ਼ੇਸ਼ ਮੁਲਾਕਾਤ :

—ਮਹਾਸ਼ਵੇਤਾ ਦੇਵੀ*

(ਮਹਾਸਵੇਤਾ ਦੇਵੀ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ ਹੈ। ਸ਼ਹਿਰੀ ਮੱਧਵਰਗੀ ਔਰਤਾਂ ਵਿਚਕਾਰ ਕੰਮ ਕਰਨਾ ਆਸਾਨ ਹੈ। ਕੁਝ ਔਰਤਾਂ ਦਾ ਤਾਂ ਇਹ ਸ਼ੁੱਧ-ਧੰਦਾ ਵੀ ਬਣ ਗਿਆ ਹੈ। ਉੱਥੇ ਐਨੀ ਉਮਰ ਹੋ ਜਾਣ 'ਤੇ ਵੀ ਮਹਾਸ਼ਵੇਤਾ ਦੇਵੀ ਜੀ ਉਹਨਾਂ ਅਣਗੌਲੇ ਵਰਗਾਂ ਵਿਚਕਾਰ ਕ੍ਰਿਆਸ਼ੀਲ ਨੇ, ਜਿੱਥੇ ਕੰਮ ਕਰਨਾ ਸੱਚਮੁੱਚ ਬੜਾ ਹੀ ਔਖਾ ਹੈ। ਆਦਿਵਾਸੀਆਂ ਵਿਚਕਾਰ ਰਹਿੰਦੇ ਹੋਏ ਉਹ ਲਿਖਣ ਵਿਚ ਹਾਲੇ ਵੀ ਜੁਟੇ ਹੋਏ ਨੇ। ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ ਤਾਂ ਮੀਡੀਏ ਨਾਲ ਜੁੜੀਆਂ ਕਈ ਪੱਤਰਕਾਰ-ਔਰਤ ਉਹਨਾਂ ਨੂੰ ਘੇਰੀ ਬੈਠੀਆਂ ਸਨ। ਮੇਰੀ ਖ਼ੁਸ਼ਨਸੀਬੀ ਕਿ ਉਹਨਾਂ ਸਭ ਤੋਂ ਪਹਿਲਾਂ ਮੈਨੂੰ ਸਮਾਂ ਦਿੱਤਾ—ਅਜੇਯ ਕੁਮਾਰ।)


ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ ਜੈਤੋ**


ਸ. ਲੋਕ ਸੇਵਾ ਦੇ ਕੰਮਾਂ ਨਾਲ ਤੁਸੀਂ ਕਿੰਜ ਜੁੜੇ ?
ਜ. ਮੇਰੇ ਪਰਿਵਾਰ ਵਿਚ ਮੇਰੀ ਦਾਦੀ, ਜਿਹੜੀ ਕਦੇ ਸਕੂਲ ਨਹੀਂ ਸੀ ਗਈ, ਜਦ ਉਸਦੇ ਪਤੀ ਕੋਰਟ ਚਲੇ ਜਾਂਦੇ ਸਨ, ਪੁੱਤਰ ਕਾਲਜ ਚਲਾ ਜਾਂਦਾ ਸੀ, ਹਰ ਰੋਜ਼ ਘਰ ਵਿਚ ਝਾੜੂ-ਪੋਚਾ ਲਾਉਣ ਪਿੱਛੋਂ, ਰਸੋਈ ਦਾ ਕੰਮ ਕਰਨ ਬਾਅਦ, ਘਰੇ ਹੀ ਸਕੂਲ ਚਲਾਉਂਦੀ ਸੀ। ਤੇ ਮੇਰੀ ਮਾਸੀ ਜਿਹੜੀ ਸਵਦੇਸ਼ੀ ਅੰਦੋਲਨ ਵਿਚ ਸੀ, ਘਰ ਵਿਚ ਸੂਤ ਕੱਤ ਕੇ ਵੇਚਦੀ ਹੁੰਦੀ ਸੀ। ਗਲੀ-ਮੁਹੱਲੇ ਦੇ ਹਿੰਦੂ, ਮੁਸਲਮਾਨ ਬੱਚਿਆਂ ਨੂੰ ਬੁਲਾਅ ਲਿਆਉਂਦੀ ਸੀ ਤੇ ਉਹਨਾਂ ਨੂੰ ਹਿੰਦੀ ਤੇ ਹਿਸਾਬ ਆਦਿ ਸਿਖਾਉਂਦੀ ਹੁੰਦੀ ਸੀ।
1945 ਵਿਚ ਮੇਰੇ ਪਿਤਾ ਦਾ ਟ੍ਰਾਂਸਫਰ ਬਹਿਰਾਮਪੁਰ, ਮੁਰਸ਼ੀਦਾਬਾਦ ਵਿਚ ਹੋ ਗਿਆ। ਉੱਥੇ ਧੋਬੀ, ਸਫ਼ਾਈ ਕਰਮਚਾਰੀ ਆਦਿ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਰਹਿੰਦੇ ਸੀ ਤੇ ਸਾਡੀ ਇਹ ਡਿਊਟੀ ਹੁੰਦੀ ਸੀ ਕਿ ਜਿਹੜੀ ਔਰਤ ਮੁਹੱਲੇ ਵਿਚ ਮੈਲਾ ਢੋਣ ਦਾ ਕੰਮ ਕਰਦੀ ਸੀ—ਉਸਦੇ ਬੱਚਿਆਂ ਨੂੰ ਘਰ ਲਿਆਉਣਾ, ਉਹਨਾਂ ਨੂੰ ਨੁਹਾਉਣਾ, ਕੰਘੀ ਕਰਨਾ ਤੇ ਖਾਣਾ ਖੁਆ ਕੇ ਸੰਵਾਅ ਦੇਣਾ ਸਾਡਾ ਕੰਮ ਹੁੰਦਾ ਸੀ। ਉਸ ਪਿੱਛੋਂ ਸਾਰੇ ਮੁਹੱਲੇ ਦਾ ਕੰਮ ਕਰਕੇ ਉਹ ਔਰਤ, ਜਿਸਦਾ ਨਾਂ 'ਦਾਈਅਰਮਾ' ਸੀ, ਸਾਡੇ ਘਰ ਆ ਕੇ, ਨਹਾਅ-ਧੋਅ ਕੇ, ਖਾਣਾ ਖਾ ਕੇ ਬੱਚਿਆਂ ਕੋਲ ਸੌਂ ਜਾਂਦੀ ਸੀ। ਚਾਰ ਕੁ ਵਰ੍ਹਿਆਂ ਬਾਅਦ ਮੇਰੀ ਮਾਂ ਨੇ ਉਸਨੂੰ ਕਿਹਾ, “ਦਾਈਅਰਮਾ, ਮੈਂ ਚਾਰ ਵਰ੍ਹੇ ਤੇਰੇ ਬੱਚਿਆਂ ਦੀ ਦੇਖਭਾਲ ਕੀਤੀ ਏ। ਹੁਣ ਤੇਰੀ ਕਰਜ਼ਾ ਲਾਹੁਣ ਦੀ ਵਾਰੀ ਆ ਗਈ ਐ।” ਦਾਈਅਰਮਾ ਨੇ ਫ਼ੌਰਨ ਉੱਤਰ ਦਿੱਤਾ, “ਮਾਂ, ਮੈਨੂੰ ਕਾਰਪੋਰੇਸ਼ਨ ਤੋਂ ਬੜੀ ਥੋੜ੍ਹੀ ਤਨਖ਼ਾਹ ਮਿਲਦੀ ਆ।” ਉਹਨੀਂ ਦਿਨੀਂ ਸ਼ਾਇਦ 4 ਜਾਂ 5 ਰੁਪਏ ਮਿਲਦੇ ਸਨ। ਮਾਂ ਨੇ ਕਿਹਾ, “ਮੈਨੂੰ ਪੈਸੇ ਨ੍ਹੀਂ ਚਾਹੀਦੇ। ਤੂੰ ਇਹਨਾਂ ਬੱਚਿਆਂ ਨੂੰ ਸਕੂਲ ਪੜ੍ਹਨੇ ਪਾ ਦੇ।” ਤੇ ਫੇਰ ਉਹ ਉਹਨਾਂ ਨੂੰ ਸ਼ਹਿਰ ਲੈ ਗਈ ਤੇ ਜਾ ਕੇ ਸਕੂਲ ਦੇ ਪ੍ਰਿੰਸਪੀਪਲ ਨੂੰ ਕਹਿਣ ਲੱਗੀ, “ਇਹਨਾਂ ਨੂੰ ਦਾਖ਼ਲ ਕਰ ਲਓ, ਪਰ ਫੀਸ ਨਹੀਂ ਮਿਲੇਗੀ ਜੀ।” ਇੰਜ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਉਹਨਾਂ ਪੜ੍ਹਾਇਆ। ਮੈਂ ਸਾਰੀ ਜ਼ਿੰਦਗੀ ਇਹੀ ਦੇਖਿਆ ਏ। ਜਦੋਂ ਵੰਡਾਰਾ ਹੋਇਆ ਤਾਂ ਕਈ ਲੋਕ ਪੂਰਬੀ ਬੰਗਾਲ ਵਿਚੋਂ ਇਧਰ ਆਏ। ਮੇਰੀ ਮਾਂ ਨੇ ਅਜਿਹੇ ਕਈ ਗ਼ਰੀਬ ਲੋਕਾਂ ਨੂੰ ਪੜ੍ਹਈ ਦੇ ਰਾਸਤੇ ਲਾਇਆ। ਨਾਲ ਹੀ ਉਹ ਇੰਜ ਵੀ ਕਰਦੀ ਕਿ ਉਹਨਾਂ ਦਾ ਬੈਂਕ ਵਿਚ ਖਾਤਾ ਖੁੱਲ੍ਹ ਜਾਏ ਤੇ ਉਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਤਨਖ਼ਾਹ ਕਿੰਨੀ ਏਂ, ਉਹ ਖ਼ੁਦ ਬੈਂਕ ਨਾਲ ਸੰਬੰਧਤ ਕੰਮਕਾਰ ਕਰ ਸਕਣ। ਜ਼ਿੰਦਗੀ ਦੇ ਆਖ਼ਰੀ 13 ਵਰ੍ਹਿਆਂ ਵਿਚ ਮੇਰੀ ਮਾਂ ਅੰਨ੍ਹੀ ਰਹੀ। ਫੇਰ ਵੀ ਉਸਨੇ ਆਪਣਾ ਕੰਮ ਜਾਰੀ ਰੱਖਿਆ।
ਘਰ ਦੇ ਆਸੇ-ਪਾਸੇ ਗ਼ਰੀਬ ਲੋਕ ਰਹਿੰਦੇ ਸਨ। ਮੇਰੀ ਮਾਂ ਭਰਾਵਾਂ ਨੂੰ ਕਹਿੰਦੀ—'ਘਰੇ ਵਿਹਲੇ ਨਾ ਬੈਠੋ, ਜਾ ਕੇ ਉਹਨਾਂ ਦੀ ਮਦਦ ਕਰੋ।' ਸਾਡੇ ਘਰ ਦੀ ਇਹੋ ਪਰੰਪਰਾ ਏ।

ਸ. ਲਿਖਣ ਵੱਲ ਤੁਸੀਂ ਕਿੰਜ ਆਏ ?
ਜ. ਸਾਡੇ ਘਰ ਵਿਚ ਲਿਖਣਾ, ਗਾਉਣਾ ਆਦਿ ਸਾਡੀ ਪਰੰਪਰਾ ਦਾ ਹਿੱਸਾ ਸੀ। 'ਘਟਕ' ਪਰਿਵਾਰ ਇਹਨਾਂ ਗੱਲਾਂ ਲਈ ਮਸ਼ਹੂਰ ਸੀ। ਮੇਰੇ ਪਿਤਾ ਜੀ ਦੀਆਂ ਭੈਣਾਂ ਅੱਛਾ ਗਾਉਂਦੀਆਂ ਸਨ। ਅੱਛੀ ਐਕਟਿੰਗ ਕਰਦੀਆਂ ਸਨ। ਚਿੱਤਰਕਾਲਾ ਵਿਚ ਉਹ ਅੱਛੀਆਂ ਸਨ। ਮੇਰੇ ਅੰਕਲ ਰਿਸ਼ੀਤਵਿਕ ਘਟਕ ਨੂੰ ਸਾਰੇ ਜਾਣਦੇ ਈ ਨੇ। ਉਹ ਮੇਰੇ ਪਿਤਾ ਜੀ ਦੇ ਸਭ ਤੋਂ ਛੋਟੇ ਭਰਾ ਸਨ। ਸਾਡੇ ਦੋਵਾਂ ਵਿਚਕਾਰ ਦੋ-ਤਿੰਨ ਸਾਲ ਦਾ ਫਰਕ ਸੀ। ਰਿਸ਼ੀਤਵਿਕ ਘਟਕ ਦਾ ਇਹ ਹਾਲ ਸੀ ਕਿ ਹੱਥ ਵਿਚ ਤੀਹ ਰੁਪਏ ਆਉਂਦੇ ਈ ਸ਼ੂਟਿੰਗ ਸ਼ੁਰੂ ਹੋ ਜਾਂਦੀ, ਫੇਰ ਪੈਸੇ ਖ਼ਤਮ ਹੋਣ 'ਤੇ ਈ ਬੰਦ ਹੁੰਦੀ ਹੁੰਦੀ ਸੀ।
ਮੈਂ ਇਕ ਬੰਗਾਲੀ ਪਰਚੇ 'ਵਰਤਿਕਾ' ਦਾ 1980 ਤੋਂ ਸੰਪਾਦਨ ਵੀ ਕਰ ਰਹੀ ਹਾਂ। ਪਹਿਲਾਂ ਪਿਤਾ ਜੀ ਇਸ ਪਰਚੇ ਨੂੰ ਛੋਟੀ-ਜਿਹੀ ਜਗ੍ਹਾ ਤੋਂ ਕੱਢਦੇ ਸਨ। ਸਥਾਨਕ ਕਵੀ ਤੇ ਲੇਖਕ ਇਸ ਵਿਚ ਲਿਖਦੇ ਹੁੰਦੇ ਸਨ। ਮਰਨ ਤੋਂ ਪਹਿਲਾਂ ਉਹਨਾਂ ਨੇ ਮੈਥੋਂ ਵਾਅਦਾ ਲਿਆ ਕਿ ਇਸ ਨੂੰ ਬੰਦ ਨਾ ਹੋਣ ਦਿਆਂ।

ਸ. ਲੇਖਕ ਦੀ ਸਾਮਾਜਿਕ ਭੂਮਿਕਾ ਬਾਰੇ ਤੁਸੀਂ ਕੀ ਮੰਨਦੇ ਓਂ?
ਜ. ਹਰ ਵਿਅਕਤੀ ਦੀ ਇਕ ਸਾਮਾਜਿਕ ਭੂਮਿਕਾ ਹੈ—ਭਾਵੇਂ ਉਹ ਲੇਖਕ ਹੋਵੇ ਜਾਂ ਨਾ ਹੋਵੇ। ਅੱਜ ਸਮਾਜ ਦੀ ਜੋ ਹਾਲਤ ਏ ਉਸਦੇ ਪਿੱਛੇ ਇਹੋ ਏ ਕਿ ਹਰ ਆਦਮੀ ਸਵਾਰਥੀ ਹੋ ਗਿਆ ਏ, ਉਸਦਾ ਨਜ਼ਰੀਆ ਤੰਗ ਹੋ ਗਿਆ ਏ, ਉਸ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ, ਉਸਦਾ ਦਿਲ ਪੱਥਰ ਦਾ ਹੋ ਗਿਆ ਏ। ਕੋਈ ਘਟਨਾ ਉਸਦੀ ਆਤਮਾ ਨੂੰ ਝੰਜੋੜਦੀ ਈ ਨਹੀਂ। ਭੋਪਾਲ ਗੈਸ ਕਾਂਢ ਪਿੱਛੋਂ ਕਿਸੇ ਨੂੰ ਕੁਛ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ। ਜਦੋਂ ਕਿਤੇ ਕੋਈ ਵੱਡਾ ਉਦਯੋਗ ਲੱਗਦਾ ਏ, ਲੱਖਾਂ ਲੋਕਾਂ ਨੂੰ ਉੱਥੇ ਆਪਣੀ ਜ਼ਮੀਨ ਤੋਂ ਬੇਦਖ਼ਲ ਹੋਣਾ ਪੈਂਦਾ ਏ—ਕਿਸੇ 'ਤੇ ਕੋਈ ਅਸਰ ਨਹੀਂ ਹੁੰਦਾ। ਨਰਬਦਾ ਬੰਨ੍ਹ ਨਾਲ ਇਹੋ ਹੋ ਰਿਹਾ ਏ—ਕਿਸੇ ਦੀ ਆਤਮਾ ਨੂੰ ਤਕਲੀਫ਼ ਨਹੀਂ ਹੁੰਦੀ। ਇਸ ਲਈ ਮੈਂ ਮੰਨਦੀ ਹਾਂ ਕਿ ਭਾਰਤ ਦੀ ਹਾਲਤ ਐਨੀ ਖ਼ਰਾਬ ਏ ਕਿ ਕੋਈ ਵੀ ਭਾਰਤੀ ਇਹ ਅਫੋਰਡ ਨਹੀਂ ਕਰ ਸਕਦਾ ਕਿ ਉਹ ਸਾਮਾਜਿਕ ਆਤਮਾ ਨਾ ਰੱਖੇ। ਕੋਈ ਆਦਮੀ ਜੇ ਸਰਦੀਆਂ ਵਿਚ ਝੌਂਪੜਪੱਟੀ ਦੇ ਬੱਚਿਆਂ ਨੂੰ ਕੱਪੜੇ ਦੇ ਆਉਂਦਾ ਏ ਜਾਂ 4-5 ਗ਼ਰੀਬ ਬੱਚਿਆਂ ਨੂੰ ਸਾਖਰ ਕਰਦਾ ਏ ਤਾਂ ਉਹ ਵੀ ਇਕ ਭੂਮਿਕਾ ਨਿਭਾਉਂਦਾ ਏ।
ਕਲਕੱਤੇ ਵਿਚ ਡਕੈਤੀ ਦੀਆਂ ਘਟਨਾਵਾਂ ਬੜੀਆਂ ਘੱਟ ਹੁੰਦੀਆਂ ਨੇ ਕਿਉਂਕਿ ਜੇ ਕਿਸੇ ਇਕ ਘਰ ਵਿਚੋਂ ਚੀਕ ਸੁਣਾਈ ਦਏ ਤਾਂ ਘੱਟੋਘੱਟ ਦੋ ਸੌ ਆਦਮੀ ਉਸ ਘਰ ਨੂੰ ਘੇਰ ਲੈਣਗੇ ਤੇ ਡਕੈਤਾਂ ਨੂੰ ਕੁੱਟਣਾ ਸ਼ੁਰੂ ਕਰ ਦੇਣਗੇ। ਉੱਥੇ ਕੋਈ ਆਦਮੀ ਸੜਕ ਦੁਰਘਟਨਾ ਵਿਚ ਬੱਸ ਜਾਂ ਕਾਰ ਹੇਠ ਆ ਜਾਏ ਤਾਂ ਲੋਕ ਉਸ ਬੱਸ ਨੂੰ ਸਾੜ ਦੇਣਗੇ। ਦਿੱਲੀ 'ਚ ਅਜਿਹਾ ਸੰਭਵ ਨਹੀਂ ਏ। ਇਸ ਲਈ ਕਲਕੱਤੇ ਵਿਚ ਦੁਰਘਟਨਾਵਾਂ ਘੱਟ ਹੁੰਦੀਆਂ ਨੇ, ਡਰਾਈਵਰ ਧਿਆਨ ਰੱਖਦੇ ਨੇ। ਉੱਥੇ ਹਰ ਮੁਹੱਲੇ ਵਿਚ ਲੋਕਲ-ਯੂਥ ਕਲਬ ਨੇ ਜਿਹਨਾਂ ਕੋਲ ਆਪਣੀ ਐਬੂਲੈਨਸ ਹੁੰਦੀ ਏ।
ਬੰਗਾਲ ਵਿਚ ਲੋਕਮਤ ਦਾ ਦਬਦਬਾ ਕੰਮ ਕਰਦਾ ਏ।

ਸ. ਤੁਸੀਂ ਆਦਿਵਾਸੀ ਔਰਤਾਂ ਵਿਚਕਾਰ ਕਦੋਂ ਤੋਂ ਕੰਮ ਕਰ ਰਹੇ ਓਂ ?
ਜ. ਸਿਰਫ਼ ਔਰਤਾਂ ਨਾ ਕਹੋ। ਸਾਡਾ ਇਹ ਸਮਾਜ ਵਰਗਾਂ ਵਿਚ ਵੰਡਿਆ ਹੋਇਆ ਇਕ ਸਮਾਜ ਏ। ਸਿਰਫ਼ ਔਰਤ ਨੂੰ ਵਾਲਾਂ ਤੋਂ ਫੜ੍ਹ ਕੇ ਉੱਚੇ ਚੁੱਕਣ ਨਾਲ ਉਸਦੀ ਤਰੱਕੀ ਨਹੀਂ ਹੋ ਸਕਦਾ। ਉਸ ਦੇ ਪਤੀ ਦਾ ਕੀ ਹੋਏਗਾ? ਉਸ ਦੀ ਸੰਤਾਨ ਦਾ ਕੀ ਹੋਏਗਾ? ਮੈਂ ਔਰਤ ਨੂੰ ਵਰਗੀ-ਨਜ਼ਰੀਏ ਨਾਲ ਦੇਖਦੀ ਹਾਂ। ਮੇਰੇ ਮਹੱਤਵਪੂਰਨ ਨਾਵਲਾਂ ਵਿਚ ਜਿਵੇਂ 'ਜੰਗਲ ਕੇ ਦਾਵੇਦਾਰ', 'ਬਿਰਸਾ ਮੁੰਡਾ ਔਰ ਉਸਕਾ ਤੀਰ', 'ਅੰਤਿਮ ਅਰਣਯ', 'ਸਾਲਗਿਰਹ ਕੀ ਪੁਕਾਰ ਮੇਂ' ਇਹਨਾਂ ਸਾਰਿਆਂ ਵਿਚ ਮੈਂ ਸਿਰਫ਼ ਔਰਤ ਦੇ ਸ਼ੋਸ਼ਣ ਨੂੰ ਦਿਖਾਉਂਦੀ ਆਂ। ਇਹ ਵਰਗੀ ਦਮਨ ਭਾਰਤ ਵਿਚ ਹਜ਼ਾਰਾਂ ਵਰ੍ਹਿਆਂ ਤੋਂ ਹੋ ਰਿਹਾ ਏ। ਸਮਾਜ ਵਰਗਾਂ ਦੇ ਆਧਾਰ 'ਤੇ ਵੰਡਿਆ ਹੋਇਆ ਏ।
ਸਾਡੇ ਪਰਿਵਾਰ ਵਿਚ ਇਕ ਪਰੰਪਰਾ ਸੀ। ਮੇਰੇ ਪਤੀ ਵੀ ਅਜਿਹੇ ਈ ਸਨ। ਅਸੀਂ ਬਚਪਨ ਤੋਂ ਈ ਇਸ ਨੂੰ ਦੇਖਿਆ ਏ।

ਸ. ਕੀ ਤੁਸੀਂ ਕਿਸੇ ਵਾਮਪੰਥੀ ਪਾਰਟੀ ਨਾਲ ਜੁੜੇ ਓਂ ਕਦੀ ?
ਜ. ਕੀ ਬਾਬਾ ਆਮਟੇ ਜੋ ਕੰਮ ਕਰ ਰਿਹਾ ਏ, ਉਹ ਕਿਸੇ ਪਾਰਟੀ ਨਾਲ ਏ? ਪਰ ਮੈਂ ਹਮੇਸ਼ਾ ਵਾਮਪੰਥੀ ਰਹੀ ਆਂ, ਜੇ ਨੱਪੇ-ਪੀੜਿਆਂ ਦੇ ਦ੍ਰਿਸ਼ਟੀਕੋਣ ਨਾਲ ਲਿਖਣਾ ਵਾਮਪੰਥੀ ਹੋਣਾ ਏਂ ਤਾਂ ਮੈਂ ਵਾਮਪੰਥੀ ਆਂ। ਪਰ ਮੈਂ ਇਹ ਮੰਨਦੀ ਆਂ ਕਿ ਕੰਮ ਕਰਨ ਲਈ ਕਿਸੇ ਪਾਰਟੀ ਨਾਲ ਜੁੜਨਾਂ ਲਾਜ਼ਮੀ ਨਹੀਂ। ਮੈਂ ਕੋਈ ਰਾਜਨੀਤਕ ਵਿਅਕਤੀ ਨਹੀਂ ਆਂ।

ਸ. ਤੁਸੀਂ ਜਦੋਂ ਪਿੱਛੇ ਮੁੜ ਕੇ ਝਾਤ ਮਾਰਦੇ ਓਂ ਤਾਂ ਤੁਹਾਨੂੰ ਕੀ ਲੱਗਦਾ ਏ? ਤੁਸੀਂ ਜਿਹੜਾ ਅੰਦੋਲਨ ਕੀਤਾ, ਉਸਦੇ ਨਾਲ ਕਿਹੜੀਆਂ ਸਥਿਤੀਆਂ ਵਿਚ ਕੀ ਪਰੀਵਰਤਨ ਆਇਆ?
ਜ. ਸੀਗਲ ਦੀ ਛਾਪੀ ਮੇਰੀ ਕਿਤਾਬ 'ਇਸਟ ਆੱਨ ਦ ਰੋਡ' ਵਿਚ ਮੇਰੇ ਅੰਦੋਲਨਾਂ ਦਾ ਜ਼ਿਕਰ ਏ। ਬੰਧੁਆ ਮਜ਼ਦੂਰਾਂ ਵਿਚਕਾਰ, ਇੱਟ-ਭੱਠੇ ਦੇ ਠੇਕਾ-ਮਜ਼ਦੂਰਾਂ ਵਿਚਕਾਰ ਸਿੰਹਭੂਮੀ ਦੇ ਆਦਿਵਾਸੀਆਂ ਵਿਚਕਾਰ ਸਿਲਿਕੋਸਿਸ ਦੀ ਬਿਮਾਰੀ ਨੂੰ ਲੈ ਕੇ ਪ. ਬੰਗਾਲ ਦੇ ਪੁਰੁਲੀਆ ਜ਼ਿਲ੍ਹੇ ਵਿਚ, ਜਿੱਥੇ 'ਡਾਇਨ ਨੂੰ ਮਾਰਨਾ' ਪ੍ਰਚਲਿਤ ਸੀ, ਮੈਂ ਬੜੇ ਅੰਦੋਲਨ ਕੀਤੇ ਨੇ। ਪੁਰੁਲੀਏ ਦੇ ਆਦਿਵਾਸੀ ਕਵੀ ਜਿਸ ਨੇ ਬੜੇ ਹੌਸਲੇ ਨਾਲ ਬਹੁਤ ਸਾਰੇ ਸੰਥਾਲ ਕਵੀਆਂ ਤੇ ਲੇਖਕਾਂ ਨਾਲ ਰਲ ਕੇ ਉੱਥੇ ਅੰਦੋਲਨ ਦਾ ਨੇਤਰੀਤਵ ਕੀਤਾ, ਮੈਂ ਕਈ ਵਰ੍ਹਿਆਂ ਤਕ ਉਹਨਾਂ ਨਾਲ ਰਹੀ ਤੇ ਕੰਮ ਕੀਤਾ। ਹੁਣ ਉੱਥੇ 'ਡਾਇਨ ਹੱਤਿਆ' ਬੰਦ ਹੋ ਚੁੱਕੀ ਏ। ਸੰਥਾਲ ਦੀਆਂ ਜਨਜਾਤੀਆਂ ਤੋਂ ਪੁੱਛਣਾ ਠੀਕ ਹੋਏਗਾ ਕਿ ਮੇਰੇ ਅੰਦੋਲਨ ਤੋਂ ਕੁਝ ਪ੍ਰਾਪਤ ਹੋਇਆ ਕਿ ਨਹੀਂ। ਇਕ ਗੱਲ ਮੈਂ ਜਾਣਦੀ ਆਂ ਕਿ ਲੜਾਈ ਜਾਰੀ ਏ। ਲੜਾਈ ਜਾਰੀ ਰੱਖਣਾ ਜ਼ਰੂਰੀ ਏ। ਪਰ ਅਜੇ ਤਕ ਭਾਰਤ ਵਾਸੀਆਂ ਵਿਚ ਆਦਿਵਾਸੀਆਂ ਬਾਰੇ ਕੋਈ ਜਾਗਰੂਕਤਾ ਨਹੀਂ ਏ। ਕਿਸੇ ਨੂੰ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਏ। ਖਾਨਾਬਦੋਸ਼ਾਂ, ਜਿਹਨਾਂ ਨੂੰ ਕ੍ਰਿਮੀਨਲ-ਟ੍ਰਾਈਬ ਵੀ ਕਹਿੰਦੇ ਨੇ, ਵਿਚਕਾਰ ਵੀ ਮੈਂ ਕੰਮ ਕੀਤਾ ਏ।
ਪੱਛਮ ਬੰਗਾਲ ਵਿਚ ਅਜਿਹੇ ਤਿੰਨ ਤਰ੍ਹਾਂ ਦੇ ਆਦੀ ਵਾਸੀ ਨੇ। ਤੇ ਉਹਨਾਂ ਵਿਚ ਜਿਹੜੇ ਸਭ ਤੋਂ ਗ਼ਰੀਬ ਨੇ, ਉਹ ਨੇ ਲੋਦਾ ਆਦਿਵਾਸੀ। ਉਹਨਾਂ ਕੋਲ ਕੋਈ ਜ਼ਮੀਨ ਨਹੀਂ। ਪੱਛਮ ਬੰਗਾਲ ਸਰਕਾਰ ਨੇ ਲੋਦਾ ਵਿਕਾਸ ਸੈਲ ਬਣਾਇਆ। ਬਹੁਤ ਸਾਰੇ ਅਜਿਹੇ ਲੋਕ ਜਿਹੜੇ ਸ਼ਹਿਰਾਂ ਵਿਚ ਚੰਗੀਆਂ-ਚੰਗੀਆਂ ਨੌਕਰੀਆਂ ਕਰਦੇ ਸਨ, ਨੌਕਰੀ ਛੱਡ ਕੇ ਇਧਰ ਪੁਰੁਲੀਆ ਵਿਚ ਆ ਕੇ ਬੈਠ ਗਏ। ਸਿਰਫ਼ ਮੈਂ ਨਹੀਂ ਉੱਥੇ ਬਹੁਤ ਸਾਰੇ ਗ਼ੈਰ-ਆਦਿਵਾਸੀ ਵਰਕਰ ਵੀ ਨੇ, ਸਾਰਿਆਂ ਨੇ ਰਲ ਕੇ ਇਕ ਸਭਾ ਬਣਾਈ। ਇਸ ਸਭਾ ਦੀ ਲਗਨ ਤੇ ਮਿਹਨਤ ਕਰਕੇ ਅੱਜ ਉਹਨਾਂ ਲੋਕਾਂ ਵਿਚ ਕੁਝ ਭਰੋਸਾ ਪੈਦਾ ਹੋਇਆ ਏ। ਫਰਬਰੀ 98 ਵਿਚ ਕਲਕੱਤਾ ਹਾਈ ਕੋਰਟ ਵਿਚ ਮੈਂ ਇਕ ਆਦਿਵਾਸੀ ਦੀ ਹੱਤਿਆ ਦੇ ਸਿਲਸਿਲੇ ਵਿਚ ਕੇਸ ਫਾਈਲ ਕੀਤਾ। ਉਸ ਪਿੱਛੋਂ ਮੈਂ ਬੜੌਦੇ ਗਈ। ਉੱਥੇ ਡਾ. ਗਣੇਸ਼ ਨਾਰਾਇਣ ਦਿਵੀ ਦਾ ਭਾਸ਼ਾ ਇੰਸਟੀਚਿਊਟ ਹਰ ਸਾਲ ਮੈਮੋਰੀਅਲ ਲੈਕਚਰ ਕਰਵਾਉਂਦਾ ਏ। ਉਸ ਸਾਲ ਦਾ ਲੈਕਚਰ ਮੈਂ ਦਿੱਤਾ ਸੀ।
ਡਾ. ਦਿਵੀ ਵੀ ਬੜੇ ਅਜੀਬ ਆਦਮੀ ਨੇ। ਐੱਮ.ਐੱਸ. ਯੂਨੀਵਰਸਟੀ ਵਿਚ ਅੰਗਰੇਜ਼ੀ ਡਿਪਾਰਟਮੈਂਟ ਦੇ ਹੈੱਡ ਸਨ ਪਰ ਭੀਲ ਆਦਿਵਾਸੀਆਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਜੋ ਮੌਖਿਕ ਪਰੰਪਰਾ ਸੀ, ਉਸ ਬਾਰੇ ਮੈਂ ਛਾਪਣਾ ਸ਼ੁਰੂ ਕਰ ਦਿੱਤਾ। ਅੱਜ ਆਦਿਵਾਸੀਆਂ ਬਾਰੇ ਸੋਚਣਾ ਬੜਾ ਜ਼ਰੂਰੀ ਏ। ਸਭ ਤੋਂ ਪਹਿਲਾਂ ਉਹਨਾਂ ਦੇ ਲਈ ਲੜਨਾ ਜ਼ਰੂਰੀ ਏ। ਪੂਰੇ ਭਾਰਤ 'ਚ ਫੈਲੇ ਹੋਏ ਨੇ।
ਅਸੀਂ ਲੋਕ ਤਾਂ ਉਦੋਂ ਦੇ ਹੀ ਸੰਗਠਿਤ ਰੂਪ ਵਿਚ ਕੰਮ ਕਰ ਰਹੇ ਆਂ ਜਦੋਂ ‘Denotified and Nomadic Tribe Right Action Group’ ਸੰਖੇਪ ਰੂਪ ਵਿਚ DNTRAG ਬਣਾਇਆ ਸੀ। ਪਿਛਲੀ 98 ਮਈ ਤੋਂ ਇਸ ਵਰ੍ਹੇ ਦੀ ਫਰਬਰੀ ਤਕ ਮੈਂ ਕਿੱਥੇ-ਕਿੱਥੇ ਨਹੀਂ ਗਈ—ਗੁਜਰਾਤ ਵਿਚ, ਮਹਾਰਾਸ਼ਟਰ ਵਿਚ, ਇਧਰ-ਉਧਰ।
1952 ਵਿਚ ਆਦਿਵਾਸੀਆਂ ਨੂੰ ਕ੍ਰਿਮੀਨਲ ਕਹਿ ਕੇ ਭਾਰਤ ਸਰਕਾਰ ਨੇ ਨੋਟੀਫਾਈ ਕੀਤਾ ਸੀ, ਪਰਸੋਂ ਮੈਂ ਕਿਸੇ ਦੇ ਮੂੰਹੋਂ ਸੁਣਿਆਂ ਕਿ ਹੁਣ ਉਸਨੂੰ ਡੀਨੋਟੀਫਾਈ ਕਰ ਦਿੱਤਾ ਗਿਆ ਏ। ਕਰੋੜਾਂ ਆਦਮੀਆਂ ਨੂੰ ਤੁਸੀਂ ਬੇਸਹਾਰਾ ਛੱਡਿਆ ਹੋਇਆ ਏ। ਕੋਈ ਜ਼ਮੀਨ ਨਹੀਂ ਦਿੱਤੀ ਗਈ, ਉਹਨਾਂ ਨੂੰ। ਉਹਨਾਂ ਲਈ ਕੁਝ ਨਹੀਂ ਕੀਤਾ ਗਿਆ। ਸਭ ਤੋਂ ਮਾੜੀ ਜੋ ਉਹਨਾਂ ਨਾਲ ਕੀਤੀ ਉਹ ਇਹ ਕਿ ਉਹਨਾਂ ਵਿਚ ਐਨੇ ਪਾੜੇ ਪਾ ਦਿੱਤੇ ਗਏ ਕਿ ਕੋਈ ਓ.ਬੀ.ਸੀ. ਏ, ਕੋਈ ਐੱਸ.ਸੀ., ਕੋਈ ਐੱਸ.ਟੀ.। ਆਦਿਵਾਸੀ ਕੁਝ ਨਹੀਂ ਜਾਣਦਾ। ਪੁਲਿਸ ਦੇ ਡਰ ਨਾਲ ਮਰਦਾ ਏ। ਦਿੱਲੀ ਵਿਚ ਨੇ—ਬਾਵਰੀਆ, ਸੰਸੀ, ਕੰਜਰ...ਇਹ ਸਾਰੇ ਲੋਕ ਨੇ। ਤੇ ਆਮ ਧਾਰਨਾ ਇਹ ਐ ਕਿ ਦਿੱਲੀ ਦੇ ਵਧੇਰੇ ਕਰਾਈਮ ਇਹੋ ਲੋਕ ਕਰਦੇ ਨੇ—ਜੋ ਕਿ ਸਰਾਸਰ ਝੂਠ ਏ। ਤੁਸੀਂ ਲੋਕ ਐਨਾ ਵੱਡਾ ਸਿੱਖਿਅਤ ਸਮਾਜ ਲੈ ਕੇ ਬੈਠੇ ਓ ਦਿੱਲੀ ਵਿਚ, ਕਦੀ ਇਕ ਲੈਟਰ ਲਿਖ ਕੇ ਪੁੱਛਿਆ ਕਿ ਕੀ ਦਿੱਲੀ ਦੇ ਕਰਾਈਮ ਸੰਸੀ ਲੋਕ ਕਰਦੇ ਨੇ। ਵੱਡੇ-ਵੱਡੇ ਕਰਾਈਮ ਜਿਹਨਾਂ ਦੇਸ਼ ਨੂੰ ਹਿਲਾਅ ਦਿੱਤਾ ਜਿਹਨਾਂ ਨੂੰ ਦਬਾਅ ਦਿੱਤਾ ਜਾਂਦਾ ਏ—ਕੀ ਇਹ ਲੋਕ ਕਰਦੇ ਨੇ?
ਨੈਸ਼ਨਲ ਹਿਯੂਮਨ ਰਾਈਟ ਕਮਿਸ਼ਨ ਵਿਚ ਜਦੋਂ ਜਸਟਿਸ ਵੇਕਟੇਂਚੈਲੇਯਾ ਸਨ—ਉਹਨਾਂ ਸਾਨੂੰ ਬੜਾ ਸਹਾਰਾ ਦਿੱਤਾ। ਅਸੀਂ ਲੋਕ ਕੇਸ ਫਾਈਂਡਿੰਗ ਕਰਦੇ ਸੀ, ਰਿਪੋਰਟਾਂ ਤਿਆਰ ਕਰਦੇ ਸੀ, ਕੀ ਇਹਨਾਂ ਲੋਕਾਂ ਕੀਤਾ?
'59 ਵਿਚ ਹੈਬੀਚਯੂਅਲ ਆਫੇਂਡਰਸ ਐਕਟ ਚਾਲੂ ਕੀਤਾ ਤੇ ਜੋ ਕਿ ਹੁਣ ਤਕ ਚਾਲੂ ਸੀ। ਇਹ ਐਕਟ ਕ੍ਰਿਮੀਨਲ ਐਕਟ ਦਾ ਹੀ ਰੂਪਾਂਤਰ ਏ—ਆਂਦਰਾ ਪ੍ਰਦੇਸ਼ ਵਿਚ 1962 ਵਿਚ ਚਾਲੂ ਹੋਇਆ। ਜਸਟਿਸ ਵਰਮਾ ਨੇ ਪਿਛਲੇ ਦਿਨੀਂ ਇਕ ਮਹਾਨ ਕੰਮ ਕੀਤਾ। ਉਹਨਾਂ ਨੌਂ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਬੁਲਾਇਆ ਤੇ ਮੈਨੂੰ ਵੀ ਤੇ ਡਾ. ਦਿਵੀ ਨੂੰ ਵੀ। ਗੱਲਬਾਤ 'ਚੋਂ ਇਹ ਸਿੱਟਾ ਨਿਕਲਿਆ ਕਿ ਨੈਸ਼ਨਲ ਹਿਯੂਮਨ ਰਾਈਟਸ ਕਮਿਸ਼ਨ ਇਸ ਹੈਬੀਚਯੂਅਲ ਆਫੇਂਡਰਸ ਨੂੰ ਖ਼ਤਮ ਕਰਨ ਲਈ ਸਿਫਾਰਿਸ਼ ਕਰੇਗਾ। ਇਹ ਇਕ ਵੱਡੀ ਪ੍ਰਾਪਤੀ ਏ। ਕਾਨੂੰਨ ਤਾਂ ਬਹੁਤ ਨੇ, ਐਕਟ ਹਟਾਉਣ ਨਾਲ ਵੀ ਕੁਝ ਨਹੀਂ ਹੋਏਗਾ। ਜਨਤਾ ਨੂੰ ਨਾਲ ਲੈ ਕੇ, ਅੰਦੋਲਨ ਰਾਹੀਂ ਈ, ਪਰੀਵਰਤਨ ਹੋਏਗਾ।
ਸਤੀ ਐਕਟ 1829 ਵਿਚ ਪਾਸ ਹੋਇਆ ਸੀ—ਔਰਤਾਂ ਅੱਜ ਵੀ ਸਤੀ ਹੋ ਰਹੀਆਂ ਨੇ। ਵਿਧਵਾ ਦੇ ਮੁੜ ਵਿਆਹ ਦਾ ਕਾਨੂੰਨ ਕਿੰਨਾਂ ਪਹਿਲਾਂ ਬਣਿਆਂ ਸੀ—ਪਰ ਉੱਚ ਜਾਤੀ ਵਿਚ ਅਜੇ ਵੀ ਵਿਧਵਾ ਦਾ ਦੁਬਾਰਾ ਵਿਆਹ ਹੋਣਾ ਮੁਸ਼ਕਿਲ ਏ। ਅਖੌਤੀ ਨੀਚ ਜਾਤੀਆਂ ਤੇ ਆਦਿਵਾਸੀਆਂ ਵਿਚ ਬਿਨਾਂ ਕਾਨੂੰਨ ਦੇ ਈ ਵਿਧਵਾਵਾਂ ਦੁਬਾਰਾ ਸ਼ਾਦੀ ਕਰਦੀਆਂ ਸੀ, ਤੇ ਅੱਜ ਵੀ ਕਰਦੀਆਂ ਨੇ।

ਸ. ਇਕ ਕੰਮਕਾਜੀ ਆਦਿਵਾਸੀ ਔਰਤ ਦੀਆਂ ਸਮੱਸਿਆਵਾਂ, ਇਕ ਆਮ ਪੇਂਡੂ ਕੰਮਕਾਜੀ ਔਰਤ ਨਾਲੋਂ ਕਿਵੇਂ ਭਿੰਨ ਹੁੰਦੀਆਂ ਨੇ?
ਜ. ਮੈਂ ਆਪਣੇ ਰਾਜ ਪ. ਬੰਗਾਲ ਦੀ ਗੱਲ ਦੱਸ ਸਕਦੀ ਆਂ। ਸਰਕਾਰ ਤੋਂ ਬੜਾ ਮਿਲਿਆ ਏ, ਇਹ ਮੈਂ ਨਹੀਂ ਕਹਿੰਦੀ ਪਰ ਜਨਜਾਤੀਆਂ ਵਿਚ, ਪਿੰਡ-ਪਿੰਡ ਵਿਚ ਐਨੀ ਜਨ-ਜਾਗ੍ਰਤੀ ਏ—ਕਿਸੇ ਦੀ ਧੀ ਜੇ ਬੇਇੱਜ਼ਤ ਹੋਈ ਤਾਂ ਪਿੰਡ ਦੇ ਲੋਕ ਬੜੀ ਮਦਦ ਕਰਦੇ ਨੇ। ਜਿਹਨਾਂ ਇਲਾਕਿਆਂ ਖੜੀਆ, ਪੁਰੁਲੀਆ ਆਦਿ ਵਿਚ ਮੈਂ ਕੰਮ ਕਰਦੀ ਆਂ, ਉੱਥੇ ਤਾਂ ਇੰਜ ਹੋਣਾ ਸੰਭਵ ਈ ਨਹੀਂ ਏ। ਇਕ ਵਾਰੀ ਇਕ ਇੱਟ-ਭੱਠੇ ਵਿਚ ਕੰਮ ਕਰਨ ਵਾਲੀ ਔਰਤ ਉੱਤੇ ਅਤਿਆਚਾਰ ਹੋਇਆ ਤਾਂ ਪੂਰੇ ਇਲਾਕੇ ਵਿਚ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਏਨਾਂ ਜਬਰਦਸਤ ਵਿਰੋਧ ਹੋਇਆ, ਮੈਂ ਇਕ ਨਿਊਜ਼ ਪੇਪਰ ਲਈ ਲਿਖਦੀ ਆਂ, ਉਸ ਵਿਚ ਵੀ ਲਿਖਿਆ, ਏਨਾ ਵਿਆਪਕ ਜਨ-ਵਿਰੋਧ ਹੋਇਆ ਕਿ ਉਸ ਪਿੱਛੋਂ ਅਜਿਹਾ ਅਤਿਆਚਾਰ ਕਦੀ ਨਹੀਂ ਹੋਇਆ। ਜਨਜਾਤੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਏ—ਔਰਤ ਹੋਵੇ ਜਾਂ ਮਰਦ—ਕਿ ਅੱਧੀ ਰਾਤ ਨੂੰ ਜਗਾ ਕੇ ਜਦੋਂ ਉਹਨਾਂ ਨੂੰ ਲੈ ਜਾਂਦੇ ਨੇ ਤਾਂ ਭਾਸ਼ਾ ਦੀ ਸਮੱਸਿਆ ਸਭ ਲਈ ਵੱਡੀ ਹੁੰਦੀ ਏ। ਉਹ ਠੀਕ ਤਰ੍ਹਾਂ ਦੱਸ ਨਹੀਂ ਸਕਦੇ ਤੇ ਇਹ ਲੋਕ ਸਮਝਣ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕਰਦੇ।

ਸ. ਆਰ.ਐੱਸ.ਐੱਸ. ਸਮਰਥਿਤ 'ਵਨਵਾਸੀ ਆਸ਼ਰਮ' ਬਾਰੇ ਤੁਹਾਡਾ ਕੀ ਵਿਚਾਰ ਏ?
ਜ. ਭਾਰਤ ਵਿਚ ਜਨਜਾਤੀ ਦਾ ਹਾਲ ਐਨਾ ਮਾੜਾ ਏ, ਐਨਾ ਮਾੜਾ ਹੈ ਕਿ ਪੁੱਛੋ ਨਾ। ਮੈਂ ਇਕ ਵੀ 'ਵਨਵਾਸੀ ਆਸ਼ਰਮ' ਨਹੀਂ ਦੇਖਿਆ। ਜੇ ਉਹ ਜਨਜਾਤੀਆਂ ਦੀ ਭਲਾਈ ਲਈ ਨੇ ਤਾਂ ਚੰਗਾ ਏ ਪਰ ਜੇ ਉਹਨਾਂ ਦਾ ਅਜੰਡਾ ਧਰਮ ਪਰੀਵਰਤਨ ਏ ਤਾਂ ਗ਼ਲਤ ਏ। ਜਨਜਾਤੀ ਨੂੰ ਸਿੱਧੇ ਹਿੰਦੂ ਕਹਿਣਾ ਠੀਕ ਨਹੀਂ ਏ। ਕੀ ਹੁੰਦਾ ਸੀ—ਬ੍ਰਿਟਿਸ਼ ਟਾਈਮ 'ਚ ਕਾਸਟ ਸਰਟਿਫੀਕੇਟ ਦੇਣ ਦੀ ਆਦਤ ਸੀ। ਅੰਗਰੇਜ਼ ਲੋਕ ਹਿੰਦੂ, ਮੁਸਲਮਾਨ, ਕ੍ਰਿਸ਼ਚੀਅਨ ਛੱਡ ਕੇ ਕੁਝ ਨਹੀਂ ਸੀ ਸਮਝਦੇ। ਪਰ ਭਾਰਤ ਵਿਚ ਬਹੁਤ ਸਾਰੇ ਧਰਮ ਨੇ—ਹਜ਼ਾਰਾਂ ਧਰਮ ਨੇ। ਇਸ ਵਿਚ ਬਹੁਤ ਸਾਰੇ ਲੋਕ-ਧਰਮ ਵੀ ਨੇ। ਬੰਗਾਲ ਵਿਚ ਬਾਹੁਲ-ਧਰਮ, ਫਕੀਰ-ਧਰਮ, ਮੋਤੁਆ-ਧਰਮ—ਪਿਛੜੇ ਵਰਗ ਵਿਚ ਬਹੁਤ ਸਾਰੇ ਧਰਮ ਨੇ। ਭਾਰਤ ਵਿਚ ਜਿਵੇਂ ਗੰਗਾ, ਜਮਨਾ ਏ, ਪਰ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਨਦੀਆਂ ਵੀ ਨੇ—ਉਹ ਸਾਰੀਆਂ ਇੱਕੋ ਸਮੁੰਦਰ 'ਚ ਜਾ ਮਿਲਦੀਆਂ ਨੇ। ਉਸੇ ਤਰ੍ਹਾਂ ਸਾਰੇ ਧਰਮ ਹੁੰਦੇ ਹੋਏ ਵੀ ਸਾਰੇ ਇੱਕੋ ਈ ਨੇ। ਕਾਸਟ ਸਰਟਿਫੀਕੇਟ ਜਦੋਂ ਕਿਸੇ ਸੰਥਾਲ ਨੂੰ ਦਿੱਤਾ ਜਾਂਦਾ ਸੀ ਤਾਂ ਉਸਨੂੰ ਸੰਥਾਲ ਲਿਖਣ ਪਿੱਛੋਂ ਬਰੈਕਟਾਂ ਵਿਚ 'ਹਿੰਦੂ' ਲਿਖ ਦਿੱਤਾ ਜਾਂਦਾ ਸੀ ਜਦਕਿ ਉਹ ਹਿੰਦੂ ਨਹੀਂ ਸਨ। ਇਸ ਤਰ੍ਹਾਂ ਮੈਂ ਜਬਰਦਸਤੀ ਹਿੰਦੂ ਬਣਾਉਣ ਦੇ ਪੱਖ ਵਿਚ ਨਹੀਂ ਆਂ।

ਸ. ਤੁਸੀਂ ਲੋਕ-ਧਰਮਾਂ ਦੀ ਗੱਲ ਕੀਤੀ ਏ, ਇਸ ਬਾਰੇ ਥੋੜ੍ਹਾ ਵਿਸਥਾਰ ਨਾਲ ਦੱਸੋ ?
ਜ. ਬੰਗਾਲ ਵਿਚ ਇਕ ਚਿੱਤਰਕਾਰ ਸੰਪਰਦਾਏ ਐ। ਉਹ ਕਹਿੰਦੇ ਨੇ ਅਸੀਂ ਲੋਕ ਮੁਸਲਮਾਨ ਆਂ। ਨਾਂ ਹੁੰਦਾ ਏ ਰਣਜੀਤ ਚਿੱਤਰਕਾਰ, ਸ਼ੀਲ ਚਿੱਤਰਕਾਰ, ਲਕਸ਼ਮੀ ਕਾਂਤ ਚਿੱਤਰਕਾਰ। ਪਰ ਉਹ ਆਪਣੇ-ਆਪ ਨੂੰ ਮੁਸਲਮਾਨ ਕਹਿੰਦੇ ਨੇ। ਕੈਸੇ ਮੁਸਲਮਾਨ ਨੇ ਉਹ...ਮਸਜਿਦ ਵਿਚ ਨਹੀਂ ਜਾਂਦੇ, ਮੰਦਰ ਵਿਚ ਵੀ ਨਹੀਂ ਜਾਂਦੇ!...ਉਹ ਹਿੰਦੂ ਦੇਵੀ-ਦੇਵਤਿਆਂ ਦੇ ਚਿੱਤਰ ਬਣਾ ਕੇ, ਗਾਉਂਦੇ ਹੋਏ, ਪਿੰਡ-ਪਿੰਡ ਘੁੰਮਦੇ ਨੇ—ਇਹੋ-ਜਿਹੇ ਮੁਸਲਮਾਨ ਨੇ ਉਹ।
ਬੰਗਾਲ ਵਿਚ ਇਸੇ ਲਈ ਦੰਗਾ ਨਹੀਂ ਹੁੰਦਾ ਕਿਉਂਕਿ ਲੋਕ-ਧਰਮ ਪ੍ਰਚਲਤ ਏ। ਸੁਦੀਪ ਚਕਰਵਰਤੀ ਇਕ ਬੜਾ ਵੱਡਾ ਰਿਸਰਚ ਸਕਾਲਰ ਏ। ਉਸਦੀ ਕਿਤਾਬ ਬੜੀ ਵਧੀਆ ਏ—ਮੈਂ ਨਾਂ ਭੁੱਲ ਗਈ ਆਂ। ਉਹ ਇਕ ਪਿੰਡ ਵਿਚ ਗਿਆ, ਜਿੱਥੇ ਮੁਸਲਮਾਨ ਰਹਿੰਦੇ ਸਨ। ਇਹ ਲੋਕ ਲੋਹੇ ਦਾ ਕੰਮ ਨਹੀਂ ਸੀ ਕਰਦੇ। ਇਸ ਲਈ ਉਸ ਪਿੰਡ ਵਿਚ ਇਕ ਹਿੰਦੂ ਸੀ, ਜਿਹੜਾ ਇਹ ਕੰਮ ਕਰਦਾ ਸੀ। ਉਸਦੀ ਪਤਨੀ ਨੂੰ ਸਾਰੇ ਭਾਬੀ ਮੰਨਦੇ ਸਨ, ਉਸਦੇ ਬੱਚਿਆਂ ਨੂੰ ਸਾਰੇ ਆਪਣੇ ਭਤੀਜੇ ਸਮਝਦੇ ਸਨ। ਇਕ ਦਿਨ ਉਹ ਆਦਮੀ ਮਰ ਗਿਆ। ਸਾਰੇ ਆਸੇ-ਪਾਸੇ ਦੇ ਮੁਸਲਮਾਨ ਉਸਨੂੰ ਮੋਢਿਆਂ 'ਤੇ ਚੁੱਕ ਕੇ 'ਹਰੀ ਬੋਲ' ਕਹਿੰਦੇ ਵਿਧੀ ਅਨੁਸਾਰ ਉਸਦਾ ਦਾਹ-ਸੰਸਕਾਰ ਕਰ ਆਏ। ਸਾਰੇ ਹਿੰਦੂ ਰੀਤੀ ਰਿਵਾਜ਼ ਕੀਤੇ ਗਏ—ਸ਼ਰਾਧ ਵੀ ਹੋਇਆ। ਸੁਦੀਪ ਚਕਰਵਰਤੀ ਇਹ ਸੁਣ ਕੇ ਬੜਾ ਹੈਰਾਨ ਹੋਇਆ। ਪੁੱਛਿਆ, ਇੰਜ ਕਿਵੇਂ ਹੋਇਆ? ਤਾਂ ਲੋਕ ਬੋਲੇ, “ਕਿਓਂ ਨਹੀਂ, ਦਾਦਾ, ਉਹ ਇਹੀ ਮੰਨਦਾ ਸੀ।” ਫੇਰ ਉਹ ਲੋਕ ਉਸਨੂੰ ਭਾਬੀ ਕੋਲ ਲੈ ਗਏ। ਉਸਨੇ ਵੀ ਕਿਹਾ ਕਿ ਇਹਨਾਂ ਲੋਕਾਂ ਨੇ ਉਸਦਾ ਦਾਹ-ਸੰਸਕਾਰ ਕੀਤਾ ਏ। ਸ਼ਰਾਧ ਵੀ ਹੋਇਆ ਏ। ਜਵਾਬ ਮਿਲਿਆ, “ਇਹੀ ਲੋਕ ਸੀ, ਇੱਥੇ ਹੋਰ ਤਾਂ ਕੋਈ ਹੈ ਨਹੀਂ।” ਫੇਰ ਭਾਬੀ (ਮਰਨ ਵਾਲੇ ਦੀ ਪਤਨੀ) ਬੋਲੀ, “ਇਸ 'ਚ ਗ਼ਲਤ ਕੀ ਹੋਇਆ? ਸਮਝਾਓ। ਤੁਹਾਡੇ ਪਿੰਡ ਕੋਈ ਇਕ ਜਾਤ ਦਾ ਐ? ਇਕ ਧਰਮ ਦਾ ਐ?...ਕੋਈ ਦੂਜਾ ਕਿਸੇ ਹੋਰ ਜਾਤ ਦਾ, ਕਿਸੇ ਹੋਰ ਧਰਮ ਦਾ ਏ। ਦੇਖੋ ਇੱਥੇ ਏਨੀਆਂ ਜਾਤਾਂ, ਏਨੇ ਧਰਮ ਨਹੀਂ। ਜਿਸਨੇ ਸ਼ਰਿਸ਼ਟੀ ਰਚੀ ਸੀ, ਉਸਨੇ ਸਿਰਫ਼ ਦੋ ਜਾਤਾਂ ਬਣਾਈਆਂ ਸੀ—ਔਰਤ ਤੇ ਮਰਦ। ਬਾਕੀ ਜੋ ਕੁਝ ਵੀ ਐ, ਉਹ ਸਭ ਤੁਹਾਡੀ ਲੋਕਾਂ ਦੀ ਬਦਮਾਸ਼ੀ ਐ। ਇਹ ਠੀਕ ਨਹੀਂ ਐ।” ਭਾਰਤ ਨੂੰ ਇਸਨੇ ਈ ਬਚਾ ਕੇ ਰੱਖਿਆ ਏ।

ਸ. ਫੈਮਿਨਿਜ਼ਮ ਦੇ ਬਾਰੇ ਵਿਚ ਤੁਹਾਡੇ ਕੀ ਵਿਚਾਰ ਨੇ?
ਜ. ਪੂਰੇ ਸੰਸਾਰ 'ਚ ਚੱਲ ਰਿਹਾ ਏ। ਕਈ ਔਰਤਾਂ ਲਿਖੀਆਂ ਪੜ੍ਹੀਆਂ ਨੇ, ਕਮਾਉਂਦੀਆਂ ਵੀ ਨੇ, ਪਰ ਮੈਂ ਦੇਖਦੀ ਆਂ ਅੱਜ ਵੀ ਉਹਨਾਂ ਨੂੰ ਰਸੋਈ 'ਚ ਕੰਮ ਕਰਨਾ ਪੈਂਦਾ ਏ, ਕੱਪੜੇ ਧੋਣੇ ਪੈਂਦੇ ਨੇ। ਉਹ ਵੀ ਤਾਂ ਆਖ਼ਰ ਇਨਸਾਨ ਨੇ। ਉਹਨਾਂ ਦਾ ਵੀ ਦਿਲ ਏ। ਮੈਂ ਬੜਾ ਕੁਝ ਦੇਖਿਆ ਏ। ਜਿਸ ਕੋਲ ਟੇਲੈਂਟ ਸੀ, ਫੈਮਿਲੀ ਲਈ ਉਸਨੇ ਟੇਲੈਂਟ ਸਰੰਡਰ ਕਰ ਦਿੱਤਾ।
ਹੁਣ ਤੁਸੀਂ ਦੇਖੋ। ਸੰਸਦ ਵਿਚ ਮਹਿਲਾ ਆਰਕਸ਼ਣ ਬਿੱਲ ਕਿੰਨੇ ਦਿਨਾਂ ਦਾ ਚੱਲ ਰਿਹੈ। ਗੀਤਾ ਮੁਖਰਜੀ ਕਿੰਨਾ ਲੜੀ, ਪਰ ਨਹੀਂ ਬਣਿਆਂ। ਨਾਲ ਈ ਮੈਂ ਇਹ ਵੀ ਮੰਨਦੀ ਆਂ ਕਿ ਔਰਤਾਂ ਲਈ ਆਰਕਸ਼ਣ ਵਿਚ ਸਾਡੇ ਵਰਗੀਆਂ ਔਰਤਾਂ ਦਾ, ਮੱਧਵਰਗੀ ਔਰਤਾਂ ਦਾ ਈ ਪ੍ਰਤੀਨਿਧਤਵ ਹੋਏਗਾ। ਜਿਹਨਾਂ ਲਈ ਹੋਣਾ ਚਾਹੀਦਾ ਏ, ਜਿਹੜੇ ਪਿਛੜੇ ਵਰਗ ਨੇ, ਜਿਹਨਾਂ ਕੋਲ ਵਿਦਿਆ ਨਹੀਂ, ਰੋਜ਼ਗਾਰ ਦਾ ਭਰੋਸਾ ਨਹੀਂ—ਉਹਨਾਂ ਦਾ ਪ੍ਰਤੀਨਿਧਤਵ ਕੌਣ ਕਰੇਗਾ।

ਸ. ਆਦਿਵਾਸੀਆਂ ਬਾਰੇ ਸ਼ਹਿਰੀ ਲੋਕਾਂ ਵਿਚ ਆਮ ਧਾਰਣਾ ਇਹ ਐ ਕਿ ਔਰਤ ਕੰਮ 'ਤੇ ਜਾਂਦੀ ਐ, ਮਰਦ ਸ਼ਰਾਬ ਪੀ ਕੇ ਘਰੇ ਪਿਆ ਰਹਿੰਦਾ ਐ।
ਜ. ਔਰਤ ਵੱਧ ਕੰਮ ਕਰਦੀ ਐ, ਇਹ ਸੱਚ ਏ, ਪਰ ਮਰਦ ਕੁਝ ਨਹੀਂ ਕਰਦਾ, ਗ਼ਲਤ ਗੱਲ ਏ। ਥੋੜ੍ਹਾ ਇਧਰ-ਉਧਰ ਹੋ ਸਕਦਾ ਏ, ਪਰ ਇਹ ਵਿਚਾਰ ਗ਼ਲਤ ਏ। ਅਸਲ 'ਚ ਸ਼ਹਿਰੀ ਮੱਧਵਰਗ ਆਪਣੇ-ਆਪ ਨੂੰ ਵੱਧ ਸੁਸਭਿਅਕ ਸਮਝਦਾ ਏ। ਹੁਣ ਤੁਸੀਂ ਦੇਖੋ। ਟ੍ਰਾਈਬਲ ਸੋਸਾਇਟੀ ਵਿਚ ਦਹੇਜ਼ ਪ੍ਰਥਾ ਨਹੀਂ, ਤੁਹਾਡੇ ਸਮਾਜ 'ਚ ਐ। ਉੱਥੇ ਜੇ ਬੱਚੀ ਪੈਦਾ ਹੁੰਦੀ ਏ ਤਾਂ ਉਸਦਾ ਬੜਾ ਸਵਾਗਤ ਹੁੰਦਾ ਏ। ਸਾਡੇ ਸਮਾਜ ਵਿਚ ਹਾਲੇ ਤਕ ਨਹੀਂ ਏ। ਟੈਸਟ ਕਰਵਾ ਕੇ ਪਤਾ ਲੱਗਣ 'ਤੇ ਉਸਨੂੰ ਗਰਭ 'ਚ ਈ ਮੁਕਾਅ ਦਿੱਤਾ ਜਾਂਦਾ ਏ। ਉੱਥੇ ਤਲਾਕ ਨੂੰ ਮਾਨਤਾ ਏ। ਤਲਾਕ ਲੈਣ ਨਾਲ ਕੋਈ ਤੂਫ਼ਾਨ ਖੜ੍ਹਾ ਨਹੀਂ ਹੁੰਦਾ। ਤੇ ਜਿਸਦਾ ਤਲਾਕ ਹੋ ਜਾਂਦਾ ਏ ਉਸਦਾ ਦੁਬਾਰਾ ਵਿਆਹ ਹੋਣਾ ਵੀ ਆਮ ਗੱਲ ਏ—ਜਿਸਨੂੰ ਜਨਜਾਤੀ ਸਮਾਜ ਬੜਾ ਸਹਿਜ ਮੰਨਦਾ ਏ। ਜਿਸ ਸਮਾਜ ਵਿਚ ਮੈਂ ਕੰਮ ਕਰਦੀ ਆਂ—ਔਰਤ ਨੂੰ ਲੈ ਕੇ ਕਦੀ ਕੋਈ ਝਗੜਾ ਹੋਇਆ, ਅਜਿਹਾ ਮੈਂ ਕਦੀ ਨਹੀਂ ਦੇਖਿਆ। ਪੱਛਮ ਬੰਗਾਲ ਵਿਚ ਜਨਜਾਤੀਆਂ ਵਿਚ ਔਰਤ ਨੂੰ ਪੂਰਾ ਸਨਮਾਣ ਦਿੱਤਾ ਜਾਂਦਾ ਏ। ਉੱਥੇ ਸਮੱਸਿਆ ਸਿੱਖਿਆ ਦੀ ਏ। ਇਸ ਲਈ ਉਸਦਾ ਉਥਾਨ ਨਹੀਂ ਹੋ ਸਕਦਾ। ਵੱਧ ਤੋਂ ਵੱਧ ਖੇਤੀ ਦਾ ਕੰਮ ਕਰ ਲਿਆ। ਕੰਨਿਆਂ ਦਾ ਜਨਮ ਹੋਇਆ ਤਾਂ ਸਭ ਖ਼ੁਸ਼ ਨੇ। ਉਹਨਾਂ ਨੂੰ ਸਮਝਾਉਣਾ ਨਹੀਂ ਪਏਗਾ। ਉੱਥੋਂ ਦੀ ਸਭਿਅਤਾ ਬੜੀ ਵਿਸ਼ਾਲ ਏ। ਤੇ ਉਹਨਾਂ ਨੂੰ ਅਸੀਂ ਬਰਬਰ ਤੇ ਜੰਗਲੀ ਸਮਝਦੇ ਆਂ। ਐੱਮ.ਟੀ.ਵੀ. ਨੇ ਇਕ ਪ੍ਰੋਗਰਾਮ ਦਿਖਾਇਆ ਏ, ਜਿਸਨੂੰ ਉਹ ਟ੍ਰਾਈਬਲ-ਡਾਂਸ ਕਹਿੰਦੇ ਨੇ, ਐਨਾ ਅਪਮਾਨ ਐ ਉਸ ਵਿਚ ਭਾਰਤ ਦੀਆਂ ਜਨਜਾਤੀਆਂ ਦਾ। ਇਸਨੂੰ ਬੰਦ ਹੋਣਾ ਚਾਹੀਦਾ ਏ। ਤੁਹਾਨੂੰ ਲੋਕਾਂ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਏ।

ਸ. 70 ਦੇ ਦਹਾਕੇ ਵਿਚ ਬਹੁਤ ਸਾਰੀਆਂ ਔਰਤਾਂ ਸਨ, ਜਿਹੜੀਆਂ ਘਰ-ਬਾਰ ਛੱਡ ਕੇ ਅੰਦੋਲਨ ਵਿਚ ਕੁੱਦ ਪਈਆਂ ਸਨ। ਸ਼ਹਿਰੀ ਮੱਧਵਰਗੀ ਔਰਤਾਂ ਵਿਚ ਅੱਜ ਮੈਂ ਦੇਖਦਾ ਆਂ ਕਿ ਵਧੇਰੇ ਲਫ਼ਜ਼ਸਜੀ ਤਾਂ ਬਹੁਤ ਕਰਦੀਆਂ ਨੇ ਪਰ ਆਪਣੀ ਵਰਗੀ ਸੀਮਾਵਾਂ ਨੂੰ ਲੰਘ ਕੇ ਵਿਸ਼ਾਲ ਜਨਸਮੂਹਾਂ ਵਿਚ ਜਾ ਕੇ ਕੰਮ ਨਹੀਂ ਕਰਨਾ ਚਾਹੁੰਦੀਆਂ। ਤੁਹਾਡਾ ਕੀ ਵਿਚਾਰ ਏ?
ਜ. ਸਿਰਫ਼ ਔਰਤਾਂ ਦੀ ਗੱਲ ਨਾ ਕਹੋ—ਔਰਤਾਂ ਨਹੀਂ ਜਾਂਦੀਆਂ, ਮਰਦ ਵੀ ਨਹੀਂ ਜਾਂਦੇ। ਦਿਲ 'ਚ ਦਰਦ ਹੁੰਦਾ ਏ ਪਰ ਘਬਰਾਹਟ, ਨੌਕਰੀ, ਬਾਲ-ਬੱਚੇ, ਉਹਨਾਂ ਦੀ ਸਿੱਖਿਆ, ਟੀ.ਵੀ. ਆਦਿ ਨੂੰ ਛੱਡ ਕੇ ਉਧਰ ਜਾਣਾ ਤਾਂ ਮੁਸ਼ਕਿਲ ਗੱਲ ਏ ਨਾ!

ਸ. ਨਕਸਲ ਅੰਦੋਲਨ ਨੇ ਪੂਰੇ ਸਮਾਜ ਨੂੰ ਹਿਲਾਅ ਦਿੱਤਾ ਸੀ। ਉਸ ਤੋਂ ਪਹਿਲਾਂ ਕਿਸਾਨਾਂ ਦਾ ਤੇਭਾਗਾ ਅੰਦੋਲਨ, ਜਿਸਨੂੰ ਕਮਿਊਨਿਸਟ ਪਾਰਟੀ ਨੇ ਨੇਤਰੀਤਵ ਦਿੱਤਾ ਸੀ, ਵਿਚ ਕਿੰਨੀ ਵੱਡੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ ਸੀ। ਮਰਦਾਂ ਵੀ ਲਿਆ ਸੀ, ਔਰਤ ਨੇ ਵੀ ਲਿਆ ਸੀ। ਅਜਿਹੇ ਅੰਦੋਲਨ ਹੋਣ ਤਾਂ ਹੀ ਤਾਂ ਲੋਕ ਨਿਕਲਣਗੇ।
ਜ. ਅਸਲ ਗੱਲ ਵਰਗ ਦੀ ਏ। ਮੱਧਵਰਗ ਬਹੁਤ ਜ਼ਿਆਦਾ ਸੇਫ਼ਟੀ ਭਾਲਦਾ ਏ। ਉਹ ਸਮਝਦਾ ਏ ਕਿ ਉਹਨਾਂ ਦਾ ਸਭ ਕੁਝ ਠੀਕ-ਠਾਕ ਰਹੇ ਤੇ ਨਾਲ ਹੀ ਕਰਾਂਤੀ ਵੀ ਆ ਜਾਏ—ਇਹ ਸੰਭਵ ਨਹੀਂ।
ਲਿਖਣਾ ਹੀ ਮੇਰੀ ਆਮਦਨ ਦਾ ਸਾਧਨ ਏ। ਤੇ ਮੈਂ ਕਿਸਮਤ ਵਾਲੀ ਆਂ ਕਿ ਮੈਨੂੰ ਬੰਧੁਆ-ਮਜ਼ਦੂਰਾਂ, ਜਨਜਾਤੀਆਂ ਦਾ ਸਮਰਥਨ ਮਿਲਿਆ। ਸ਼ਾਇਦ ਹਿੰਦੁਸਤਾਨ ਵਿਚ ਮੈਂ ਇੱਕਲੀ ਔਰਤ ਆਂ ਜਿਸਨੂੰ ਜਨਜਾਤੀਆਂ ਤੇ ਗ਼ੈਰ-ਜਨਜਾਤੀਆਂ ਦਾ ਵਿਸ਼ਵਾਸ ਪ੍ਰਾਪਤ ਹੋਇਆ। ਰਚਨਾਤਮਕ ਲਿਖਣ ਦੀ ਕੋਸ਼ਿਸ਼ ਕਰਦੀ ਆਂ ਤੇ ਜੋ ਵੀ ਮੇਰੇ ਕੋਲ ਕਲਕੱਤੇ ਵਿਚ ਆਉਂਦਾ ਏ, ਉਸਦੀ ਮਦਦ ਕਰਦੀ ਆਂ—ਜੇ ਮੈਂ ਕਰ ਸਕਣ ਦੀ ਹਾਲਤ 'ਚ ਹੋਵਾਂ। ਮੈਂ ਐਨੀ ਪਾਵਰਫੁੱਲ ਨਹੀਂ ਆਂ। ਮੈਂ ਸਾਂਸਦ ਵੀ ਨਹੀਂ ਆਂ, ਐੱਮ.ਐੱਲ.ਏ. ਨਹੀਂ ਆਂ, ਮਨਿਸਟਰ ਨਹੀਂ ਆਂ—ਪਰ ਮੈਂ ਦੇਖਿਆ ਹੈ ਕਿ ਜੇ ਤੁਸੀਂ ਸਿੰਸਯਰਲੀ ਕਿਸੇ ਕਾਰਜ ਲਈ ਕੰਮ ਕਰੋਂ ਤਾਂ ਤੁਹਾਨੂੰ ਸਫਲਤਾ ਮਿਲਦੀ ਏ।
*
ਮਹਾਸ਼ਵੇਤਾ ਦੇਵੀ
18 ਏ, ਬਾਲੀਗੰਜ ਸਟੇਸ਼ਨ ਰੋਡ, ਕਲਕੱਤਾ-700019.
--- --- ---
**
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.