Tuesday, November 26, 2013

ਕੱਟ ਟੂ ਦਿੱਲੀ—ਕਹਾਣੀ ਵਿਚ ਪ੍ਰਧਾਨਮੰਤੀ ਦਾ ਪ੍ਰਵੇਸ਼-1




  ਕੱਟ ਟੂ ਦਿੱਲੀ—ਕਹਾਣੀ ਵਿਚ ਪ੍ਰਧਾਨਮੰਤੀ ਦਾ ਪ੍ਰਵੇਸ਼-1

        ਲੇਖਕ : ਉਮਾ ਸ਼ੰਕਰ ਚੌਧਰੀ
    
 ਅਨੁਵਾਦ : ਮਹਿੰਦਰ ਬੇਦੀ, ਜੈਤੋ


ਘੱਟੋ ਘੱਟ ਇਸ ਗੱਲ ਨਾਲ ਤਾਂ ਅਸੀਂ ਸਾਰੇ ਸਹਿਮਤ ਹੋਵਾਂਗੇ ਕਿ ਕਿਸੇ ਪਾਤਰ ਦਾ ਨਾਂ ਬੱਚਾ ਬਾਬੂ ਕੋਈ ਵਧੀਆ ਨਾਂ ਨਹੀਂ ਹੈ। ਪਰ ਜਦੋਂ ਪਾਤਰ ਦਾ ਨਾਂ ਸੱਚਮੁੱਚ ਇਹੀ ਹੋਵੇ ਤਾਂ ਅਸੀਂ ਤੁਸੀਂ ਕੀ ਕਰ ਸਕਦੇ ਹਾਂ! ਵੈਸੇ ਬੱਚਾ ਬਾਬੂ ਦਾ ਨਾਂ ਸਕੂਲ ਦੇ ਰਜਿਸਟਰ ਜਾਂ ਪਟਵਾਰੀ ਦੇ ਖਾਤਿਆਂ ਵਿਚ ਬੱਚਾ ਸਿੰਘ ਨਹੀਂ ਬਲਕਿ ਬਿੰਦੇਸ਼ਵਰੀ ਸਿੰਘ ਹੈ। ਪਰ ਹੁਣ ਬੱਚਾ ਬਾਬੂ ਨਾਂ ਮਸ਼ਹੂਰ ਹੋ ਗਿਆ—ਤਾਂ ਬਸ ਹੋ ਗਿਆ। ਇਸ ਲਈ ਅਸੀਂ ਵੀ ਇਸ ਕਹਾਣੀ ਵਿਚ ਉਹਨਾਂ ਦਾ ਇਹੋ ਨਾਂ ਇਸਤੇਮਾਲ ਕਰਾਂਗੇ।
ਬੱਚਾ ਬਾਬੂ ਦਾ ਨਾਂ ਬੱਚਾ ਬਾਬੂ ਕਿਉਂ ਪਿਆ ਇਸਨੂੰ ਕਿਸੇ ਹੋਰ ਤਰਕ ਨਾਲ ਸਮਝਣ ਨਾਲੋਂ ਬਿਹਤਰ ਹੈ ਕਿ ਉਹਨਾਂ ਦੇ ਅੱਜ ਦੇ ਕੱਦ-ਕਾਠ ਨੂੰ ਇਕ ਵਾਰੀ ਦੇਖ ਲਿਆ ਜਾਵੇ। ਉਹਨਾਂ ਨੂੰ ਇਸ ਉਮਰ ਵਿਚ ਵੀ ਦੇਖੀਏ ਤਾਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੀ ਜਵਾਨੀ ਦੇ ਦਿਨਾਂ ਵਿਚ ਵੀ ਬੱਚੇ ਹੀ ਲੱਗਦੇ ਹੋਣਗੇ। ਉਹਨਾਂ ਦੀ ਲੰਬਾਈ ਖਾਸੀ ਛੋਟੀ ਸੀ ਤੇ ਆਪਣੇ ਬਚਪਨ ਵਿਚ ਉਹ ਯਕਦਮ ਇਕਹਿਰੇ ਸਰੀਰ ਦੇ ਸਨ। ਹੁਣ ਤਾਂ ਖ਼ੈਰ ਉਹਨਾਂ ਦਾ ਡੀਲਡੌਲ ਕਾਫੀ ਭਰ ਗਿਆ ਸੀ। ਪਰ ਇਸ ਪਚਵੰਜਾ-ਸਤਵੰਜਾ ਦੀ ਉਮਰ ਵਿਚ ਵੀ ਉਹਨਾਂ ਦੇ ਚਿਹਰੇ ਉੱਤੇ ਦਾੜ੍ਹੀ ਮੁੱਛਾਂ ਬਹੁਤੀਆਂ ਸੰਘਣੀਆਂ ਨਹੀਂ ਸਨ। ਉਹ ਦਿਨ ਉਹਨਾਂ ਦੇ ਬਚਪਨ ਦਾ ਹੀ ਕੋਈ ਦਿਨ ਹੋਵੇਗਾ ਜਦੋਂ ਉਹਨਾਂ ਦੀ ਦਿੱਖ ਕਰਕੇ ਲੋਕਾਂ ਉਹਨਾਂ ਨੂੰ 'ਬੱਚਾ, ਬੱਚਾ' ਕਹਿਣਾ ਸ਼ੁਰੂ ਕਰ ਦਿੱਤਾ ਹੋਵੇਗਾ ਤੇ ਫੇਰ ਬਿੰਦੇਸ਼ਵਰੀ ਸਿੰਘ ਤਾਂ ਬਸ ਕਾਗਜ਼ਾਂ ਦਾ ਨਾਂ ਬਣ ਕੇ ਹੀ ਰਹਿ ਗਿਆ ਹੋਵੇਗਾ।
ਉਹਨਾਂ ਦਾ ਕੱਦ ਛੋਟਾ ਸੀ ਤੇ ਉਹ ਗੋਲ-ਮਟੋਲ ਜਿਹੇ ਸਨ, ਇਸ ਲਈ ਸੜਕ ਉੱਤੇ ਤੁਰਦੇ ਹੋਏ ਦੂਰੋਂ ਕਿਸੇ ਆਂਡੇ ਵਾਂਗ ਦਿਸਦੇ ਸਨ। ਦੂਰੋਂ ਆਉਂਦਾ ਹੋਇਆ ਆਂਡਾ। ਦੂਰ ਜਾਂਦਾ ਹੋਇਆ ਆਂਡਾ। ਦਾਤਨ ਕਰਦਾ ਹੋਇਆ ਆਂਡਾ। ਖ਼ੂਹ ਵਿਚੋਂ ਪਾਣੀ ਭਰਦਾ ਹੋਇਆ ਆਂਡਾ। ਉਹ ਧੋਤੀ ਕੁੜਤਾ ਪਾਉਂਦੇ ਸਨ ਇਸ ਲਈ ਉਹਨਾਂ ਨੂੰ ਆਂਡੇ ਵਰਗਾ ਦਿਖਾਉਣ ਵਿਚ ਧੋਤੀ ਦਾ ਫ਼ੈਲਾਅ ਖਾਸੀ ਮਦਦ ਕਰਦਾ ਸੀ। ਉਹਨਾਂ ਦਾ ਰੰਗ ਗੋਰਾ ਸੀ ਤੇ ਉਹਨਾਂ ਦੇ ਚਿਹਰੇ ਉੱਤੇ ਹਮੇਸ਼ਾ ਮੁਸਕਾਨ ਰਹਿੰਦੀ ਸੀ ਇਸ ਲਈ ਕਿਸੇ ਨੂੰ ਵੀ ਪਹਿਲੀ ਨਜ਼ਰ ਵਿਚ ਉਹ ਪਿਆਰੇ ਲੱਗਦੇ ਸਨ—ਇਕ ਪਿਆਰਾ-ਜਿਹਾ ਆਂਡਾ।
ਪਰ ਬੱਚਾ ਬਾਬੂ ਦੀ ਇਸ ਆਦਤ ਦਾ ਜ਼ਿਕਰ ਕੀਤੇ ਬਿਨਾਂ ਉਹਨਾਂ ਦੇ ਆਕਾਰ ਪ੍ਰਕਾਰ ਨੂੰ ਉਲੀਕ ਸਕਣਾ ਸੰਭਵ ਨਹੀਂ। ਉਹ ਜਦੋਂ ਵੀ ਬੋਲਦੇ ਸਨ ਤਾਂ ਪਹਿਲੇ ਸ਼ਬਦ ਨੂੰ ਬੋਲਣ ਤੋਂ ਪਹਿਲਾਂ ਇਕ ਵਾਰੀ ਉਸਨੂੰ ਮੂੰਹ ਵਿਚ ਚਬਾਉਂਦੇ ਸਨ ਤੇ ਫੇਰ ਥੁੱਕ ਨਾਲ ਨਿਗਲ ਜਾਂਦੇ ਸਨ। ਇੰਜ ਮੂੰਹ ਚਲਾਉਣ ਵਿਚ ਇਕ ਖਾਸ ਗੱਲ ਇਹ ਸੀ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਬੋਲਣਾ ਹੁੰਦਾ ਸੀ ਉਸੇ ਸ਼ਬਦ ਨੂੰ ਉਹ ਮੂੰਹ ਵਿਚ ਚਬਾਉਂਦੇ ਸਨ। ਜਿਵੇਂ ਜਿਸ ਸ਼ਬਦ ਨੂੰ ਵੀ ਉਹਨਾਂ ਨੇ ਬੋਲਣਾ ਹੋਵੇ ਪਹਿਲਾਂ ਚੱਬ ਕੇ ਉਸਦੇ ਵਜੂਦ ਨੂੰ ਉਹ ਖ਼ਤਮ ਕਰ ਦੇਣਾ ਚਾਹੁੰਦੇ ਹੋਣ। ਜਿਵੇਂ ਜੇ ਉਹਨਾਂ ਨੇ ਇਹ ਬੋਲਣਾ ਹੋਵੇ ਕਿ 'ਅੱਜ ਗਰਮੀ ਬਹੁਤ ਏ' ਤਾਂ ਉਹ 'ਅੱਜ' ਸ਼ਬਦ ਨੂੰ ਪਹਿਲਾਂ ਮੂੰਹ ਵਿਚ ਚੱਬਦੇ ਸਨ ਤੇ ਫੇਰ ਥੁੱਕ ਨਾਲ ਨਿਗਲ ਲੈਂਦੇ ਸਨ। ਇਸ ਤਰ੍ਹਾਂ ਉਹ 'ਅੱਜ' ਸ਼ਬਦ ਨੂੰ ਦੋ ਵਾਰੀ ਬੋਲਦੇ ਸਨ ਇਕ ਵਾਰੀ ਉਸਦੇ ਵਜੂਦ ਨੂੰ ਖ਼ਤਮ ਕਰਨ ਲਈ ਤੇ ਦੂਜੀ ਵਾਰੀ ਆਪਣੀ ਗੱਲ ਕਹਿਣ ਲਈ। ਜਿਹੜੇ ਲੋਕ ਉਹਨਾਂ ਦੀ ਇਸ ਆਦਤ ਨੂੰ ਜਾਣਦੇ ਸਨ (ਪਿੰਡ ਦੇ ਲਗਭਗ ਸਾਰੇ ਲੋਕ ਹੀ ਇਹ ਜਾਣ ਸਨ) ਉਹ ਉਹਨਾਂ ਦੇ ਉਸ ਮੂੰਹ ਚਬਾਉਣ ਦੀ ਪ੍ਰਕ੍ਰਿਆ ਤੋਂ ਹੀ ਪਤਾ ਲਾ ਲੈਂਦੇ ਸਨ ਕਿ ਬੱਚਾ ਬਾਬੂ ਹੁਣ ਕਿਹੜੇ ਸ਼ਬਦ ਨਾਲ ਆਪਣੀ ਗੱਲ ਦੀ ਸ਼ੁਰੂਆਤ ਕਰਨਗੇ। ਬੱਚਾ ਬਾਬੂ ਠੇਠ ਪੇਡੂ ਆਦਮੀ ਸਨ ਤੇ ਮੋਢੇ ਉੱਤੇ ਪਰਨਾਂ ਰੱਖ ਕੇ ਪਾਨ ਚਬਾਉਂਦੇ ਸਨ। ਉਹਨਾਂ ਕੋਲ ਪਾਨ ਰੱਖਣ ਲਈ ਆਪਣੀ ਪਾਨਦਾਨੀ ਸੀ। ਕੱਪੜੇ ਵਿਚ ਰੱਖੇ ਹੋਏ ਪਾਨ ਦੇ ਪੱਤੇ ਉਹ ਹਰ ਮੰਗਲ ਤੇ ਸ਼ੁਕਰਵਾਰ ਨੂੰ ਨਾਲ ਵਾਲੇ ਪਿੰਡ ਵਿਚ ਲੱਗਣ ਵਾਲੇ ਹਾਟ ਬਾਜ਼ਾਰ 'ਚੋਂ ਖ਼ਰੀਦ ਲਿਆਉਂਦੇ। ਉਹ ਪਾਨ ਖਾਂਦੇ ਸਨ ਤੇ ਉਹਨਾਂ ਦੇ ਕੁੜਤੇ ਉੱਤੇ ਅਕਸਰ ਪਾਨ ਦੇ ਦਾਗ਼ ਦਿਸਦੇ ਸਨ। ਉਹਨਾਂ ਦੇ ਕੁੜਤੇ ਦੇ ਦਾਗ਼ ਉਹਨਾਂ ਦੀ ਮਾਸੂਮੀਅਤ ਨੂੰ ਹੋਰ ਵਧਾ ਦਿੰਦੇ ਸਨ। ਉਹਨਾਂ ਦੀ ਪਤਨੀ ਵੀਲ ਤੇ ਹਿਪੋਲਿਨ ਨਾਲ ਕੱਪੜੇ ਧੋਂਦੀ ਸੀ। ਸਿਰਫ਼ ਐਕਸਲ ਉਹਨਾਂ ਦੇ ਘਰ ਨਹੀਂ ਸੀ ਆਉਂਦਾ—ਇਸ ਲਈ ਉਹ ਪਾਨ ਦੇ ਉਹਨਾਂ ਦਾਗ਼ਾਂ ਨੂੰ ਦੇਖ ਕੇ ਇੰਜ ਨਹੀਂ ਸੀ ਕਹਿ ਸਕਦੀ ਕਿ—'ਦਾਗ਼ ਅੱਛੇ ਹੈਂ'।
ਪਰ ਯਕਦਮ ਸ਼ੁਰੂਆਤ ਵਿਚ ਹੀ ਇਸ ਸਵਾਲ ਦੇ ਰੂ-ਬ-ਰੂ ਹੋ ਜਾਣਾ ਵੀ ਜ਼ਰੂਰੀ ਹੈ ਕਿ ਆਖ਼ਰ ਅਸੀਂ ਇਕ ਭੱਦੇ, ਆਂਡੇ ਵਰਗੇ ਦਿਸਣ ਵਾਲੇ ਆਦਮੀ ਦੀ ਕਹਾਣੀ ਇੱਥੇ ਕਿਉਂ ਲਿਖ ਰਹੇ ਹਾਂ? ਜਦੋਂ ਉਹਨਾਂ ਵਰਗੇ ਆਦਮੀ ਨੂੰ ਅੱਜ ਕੋਈ ਪੁੱਛਦਾ ਤਕ ਨਹੀਂ ਤਾਂ ਮੈਂ ਉਹਨਾਂ ਨੂੰ ਆਪਣੀ ਕਹਾਣੀ ਦਾ ਹੀਰੋ ਕਿਉਂ ਬਣਾ ਰਿਹਾ ਹਾਂ? ਤਾਂ ਇੱਥੇ ਪਹਿਲਾਂ ਹੀ ਲਿਖਿਆ ਜਾ ਰਿਹਾ ਹੈ ਕਿ ਇਹ ਕਹਾਣੀ ਨੂੰ ਸੱਚ ਦੇ ਵੱਧ ਤੋਂ ਵੱਧ ਨੇੜੇ ਲੈ ਜਾਣ ਦਾ ਇਕ ਯਤਨ ਹੈ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸੱਚ ਅਜੀਬ ਤਾਂ ਹੁੰਦਾ ਹੀ ਹੈ। ਤੇ ਅਜੀਬ ਅਜੇ ਕਿੱਥੇ ਹੋਇਆ ਹੈ। ਅਜੇ ਤਾਂ ਅੱਗੇ ਕਹਾਣੀ ਵਿਚ ਇਹੋ-ਜਿਹੇ ਪਾਤਰ ਆਉਣਗੇ ਜਿਹੜੇ ਏਨੇ ਅਜੀਬ ਨੇ ਕਿ ਤੁਹਾਨੂੰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਵੇਗਾ।
ਪਰ ਇਹ ਵੀ ਬਿਲਕੁਲ ਸ਼ੁਰੂਆਤ ਵਿਚ ਹੀ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਤੁਹਾਨੂੰ ਇਹ ਕਹਾਣੀ ਪੜ੍ਹਦਿਆਂ ਹੋਇਆਂ ਬਹੁਤ ਸਾਰੀਆਂ ਗੱਲਾਂ ਹੈਰਾਨੀ-ਭਰਪੂਰ ਲੱਗਣ ਪਰ ਅੰਤ ਵਿਚ ਤੁਸੀਂ ਵੀ ਮੰਨੋਗੇ ਕਿ ਮੈਂ ਜੋ ਕਿਹਾ ਸਭ ਸੱਚ ਹੀ ਸੀ।
ਸੱਚ ਦੇ ਵੀ ਅਜੀਬ-ਅਜੀਬ ਰੂਪ-ਰੰਗ ਹੁੰਦੇ ਨੇ।
ਸਾਨੂੰ ਬੱਚਾ ਬਾਬੂ ਨਾਂ ਭਾਵੇਂ ਕਿੰਨਾ ਵੀ ਅਜੀਬ ਲੱਗੇ ਜਾਂ ਫੇਰ ਉਹਨਾਂ ਦਾ ਬਾਹਰੀ ਵਿਅਕਤੀਤੱਵ ਜਿੰਨਾ ਵੀ ਅਟਪਟਾ ਲੱਗੇ ਪਰ ਬੱਚਾ ਬਾਬੂ ਉਸ ਚਿੜੈਯਾਟਾਰ ਪਿੰਡ ਦੀ ਸ਼ਾਨ ਸਨ। ਅੱਜ ਜੇ ਦੂਰ-ਦੂਰ ਤਕ ਲੋਕ ਇਸ ਪਿੰਡ ਨੂੰ ਜਾਣਦੇ ਨੇ ਤਾਂ ਇਸ ਲਈ ਨਹੀਂ ਕਿ ਇਸ ਪਿੰਡ ਦੀ ਹਵਾ ਬੜੀ ਸਵੱਛ ਹੈ ਜਾਂ ਇਸ ਲਈ ਵੀ ਨਹੀਂ ਕਿ ਇਸ ਪਿੰਡ ਵਿਚ ਇਕ ਰਿਕਸ਼ਾ ਚਲਾਉਣ ਵਾਲੇ ਰਾਜੂ ਨੇ ਆਪਣੇ ਨਾਲੋਂ ਵੱਡੀ ਉਮਰ ਦੀ ਰਜੀਆ ਨਾਲ ਵਿਆਹ ਕਰ ਲਿਆ ਸੀ। ਦੂਰ-ਦੂਰ ਤਕ ਇਹ ਪਿੰਡ ਸਿਰਫ਼ ਇਸ ਲਈ ਯਾਦ ਕੀਤਾ ਜਾਂਦਾ ਹੈ ਕਿ ਇਸ ਪਿੰਡ ਵਿਚ ਬੱਚਾ ਬਾਬੂ ਰਹਿੰਦੇ ਸਨ। ਨਹੀਂ ਤਾਂ ਇਸ ਛੋਟੇ-ਜਿਹੇ ਪਿੰਡ ਨਾਲ ਲੋਕਾਂ ਦੀ ਜਾਣ-ਪਛਾਣ ਹੋਣ ਦਾ ਕੋਈ ਵਾਜਬ ਕਾਰਨ ਸਮਝ ਵਿਚ ਨਹੀਂ ਆਉਂਦਾ। ਇਸ ਪਿੰਡ ਵਿਚ ਹੜ੍ਹ ਕਾਰਨ ਲੇਖਕਾਂ ਨੂੰ ਮਿਲਣ ਵਾਲੇ ਵਿਸ਼ੇ ਦੇ ਸਿਵਾਏ ਹੋਰ ਹੈ ਹੀ ਕੀ!
ਅਸਲ ਵਿਚ ਬੱਚਾ ਬਾਬੂ ਹੱਡੀ ਜੋੜਨ ਦੇ ਬੜੇ ਮਾਹਰ ਸਨ। ਯਕਦਮ ਸਿੱਧ-ਹਸਤ। ਉਹਨਾਂ ਕੋਲ ਕੋਈ ਡਾਕਟਰੀ ਡਿਗਰੀ ਤਾਂ ਨਹੀਂ ਸੀ ਪਰ ਰੱਬੀ ਦੇਣ ਸਮਝ ਲਓ। ਲੋਕ ਮੰਨਦੇ ਸਨ ਕਿ ਓਹਨਾਂ ਦੇ ਹਿਰਦੇ ਵਿਚ ਸਾਕਸ਼ਾਤ ਈਸ਼ਵਰ ਵੱਸਦਾ ਸੀ। ਲੋਕ ਦੂਰ-ਦੂਰ ਤੋਂ ਬੱਚਾ ਬਾਬੂ ਕੋਲ ਹੱਡੀ ਜੁੜਵਾਉਣ ਆਉਂਦੇ ਸਨ ਤੇ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਹੱਡੀ ਨੂੰ ਜੋੜਨ ਵਿਚ ਬੱਚਾ ਬਾਬੂ ਦਾ ਹੱਥ ਕਦੀ ਨਹੀਂ ਸੀ ਕੰਬਿਆ। ਤੇ ਅਜਿਹੀ ਕੋਈ ਹੱਡੀ ਕਿਸੇ ਦੇ ਸਰੀਰ ਵਿਚ ਨਹੀਂ ਬਣੀ ਸੀ ਜਿਹੜੀ ਬੱਚਾ ਬਾਬੂ ਦੇ ਹੱਥੋਂ ਜੁੜ ਨਾ ਸਕਦੀ ਹੋਵੇ। ਓਹਨਾਂ ਦੀ ਪ੍ਰਸਿੱਧੀ ਬੜੀ ਦੂਰ-ਦੂਰ ਤਕ ਸੀ ਤੇ ਓਹਨਾਂ ਦੇ ਹੱਡੀ ਜੋੜਨ ਦੇ ਅਨੇਕ ਅਨੋਖੇ ਕਿੱਸੇ ਕਈ ਜਿਲ੍ਹਿਆਂ ਤਕ ਫ਼ੈਲੇ ਹੋਏ ਸਨ। ਜਿਸ ਬੱਚਾ ਨਾਂ ਉੱਤੇ ਬੱਚਾ ਬਾਬੂ ਕਦੀ ਖ਼ੁਸ਼ ਨਹੀਂ ਸਨ ਹੋਏ—ਓਹੀ ਨਾਂ ਇੱਥੋਂ, ਓਥੇ ਤਕ ਫ਼ੈਲ ਗਿਆ ਸੀ। ਤੇ ਸੱਚਮੁੱਚ ਇਹ ਨਾਂ ਮਾਣ ਦਾ ਇਕ ਵਿਸ਼ਾ ਬਣ ਗਿਆ ਸੀ।
ਬੱਚਾ ਬਾਬੂ ਦੇ ਅੰਦਰ ਕਦੋਂ ਇਸ ਦੈਵੀ ਸ਼ਕਤੀ ਦਾ ਪ੍ਰਵੇਸ਼ ਹੋਇਆ ਤੇ ਠੀਕ ਕਿਸ ਦਿਨ ਤੋਂ ਓਹਨਾਂ ਨੇ ਇਸ ਨੂੰ ਇਕ ਰੋਜ਼ਗਾਰ ਦੇ ਰੂਪ ਵਿਚ ਲਿਆ ਇਹ ਤਾਂ ਲੋਕਾਂ ਨੂੰ ਹੁਣ ਠੀਕ-ਠੀਕ ਯਾਦ ਨਹੀਂ ਹੈ ਪਰ ਲੋਕ ਏਨਾਂ ਜ਼ਰੂਰ ਕਹਿੰਦੇ ਨੇ ਕਿ ਜਦੋਂ ਓਹ ਅੱਠਵੀਂ ਜਮਾਤ ਵਿਚ ਸਨ ਓਦੋਂ ਓਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਹੋਇਆ ਇੰਜ ਸੀ ਕਿ ਓਸ ਸਮੇਂ ਤਿੰਨ ਚਾਰ ਮੁੰਡੇ ਇਕੱਠੇ ਸਕੂਲ ਜਾਂਦੇ ਹੁੰਦੇ ਸਨ। ਚਾਰੇ ਦੋਸਤ ਸਨ। ਪਿੰਡ ਤੋਂ ਸਕੂਲ ਸੱਤ ਕੋਹ ਦੂਰ ਸੀ। ਰਸਤਾ ਕਾਫ਼ੀ ਸੁੰਨਸਾਨ ਸੀ। ਰਸਤੇ ਵਿਚ ਇਕ ਜਗ੍ਹਾ ਦੋਵੇਂ ਪਾਸੇ ਖਾਸਾ ਵੱਡਾ ਇਕ ਬਗ਼ੀਚਾ ਸੀ ਤੇ ਬਗ਼ੀਚੇ ਵਿਚ ਅੰਬ ਦੇ ਵੱਡੇ ਤੇ ਸੰਘਣੇ ਰੁੱਖ ਸਨ। ਉਸ ਬਗ਼ੀਚੇ ਦੀ ਬਾਊਂਡਰੀ ਵਾਂਗ ਰਸਤੇ ਦੇ ਦੋਵੇਂ ਪਾਸੀਂ ਵੱਡੇ-ਵੱਡੇ ਟਾਹਲੀ ਦੇ ਰੁੱਖ ਲੱਗੇ ਸਨ। ਹੁਣ ਅੰਬਾਂ ਦੇ ਇਸ ਸੰਘਣੇ ਬਗ਼ੀਚੇ ਵਿਚੋਂ ਲੰਘਦਿਆਂ ਬੱਚਿਆਂ ਦਾ ਡਰਨਾ ਲਾਜ਼ਮੀ ਸੀ। ਓਹ ਜੇਠ ਦੀ ਦੁਪਹਿਰ ਦਾ ਕੋਈ ਦਿਨ ਸੀ। ਸੂਰਜ ਤਪ ਰਿਹਾ ਸੀ, ਹਵਾ ਬੜੀ ਤੇਜ਼ ਸੀ ਤੇ ਸਕੁਲੋਂ ਛੁੱਟੀ ਹੋ ਗਈ ਸੀ। ਚਾਰੇ ਦੋਸਤ ਸਕੂਲੋਂ ਉਸ ਦੁਪਹਿਰ ਵਿਚ ਘਰ ਪਰਤ ਰਹੇ ਸਨ। ਕਹਿੰਦੇ ਨੇ ਤੇਜ਼ ਹਵਾ ਦੇ ਧੱਕੇ ਨਾਲ ਜਾਂ ਕਿਸੇ ਭੂਤ-ਸ਼ੂਤ ਦੇ ਚੱਕਰ ਕਰਕੇ ਰਸਤੇ ਨੂੰ ਕਤਾਰ ਵਿਚ ਤਬਦੀਲ ਕਰਨ ਵਾਲੇ ਟਾਹਲੀ ਦੇ ਰੁੱਖਾਂ ਵਿਚੋਂ ਇਕ ਰੁੱਖ ਐਨ ਓਹਨਾਂ ਮੁੰਡਿਆਂ ਉੱਤੇ ਆ ਡਿੱਗਿਆ। ਤਿੰਨ ਮੁੰਡਿਆਂ ਨੇ ਤਾਂ ਉਸ ਟਾਹਲੀ ਦੇ ਰੁੱਖ ਨੂੰ ਪਾਰ ਕਰ ਲਿਆ ਸੀ ਪਰ ਜਿਹੜਾ ਇਕ ਮੁੰਡਾ ਫਸਿਆ ਓਹ ਦੀਆਂ ਦੋਵੇਂ ਬਾਹਾਂ ਓਸੇ ਰੁੱਖ ਹੇਠ ਦੱਬੀਆਂ ਗਏ। ਰੁੱਖ ਨੂੰ ਤਾਂ ਖ਼ੈਰ ਤਿੰਨਾਂ ਦੋਸਤਾ ਨੇ ਰਲ ਕੇ ਚੁੱਕ ਦਿੱਤਾ ਪਰ ਦੋਸਤ ਦੀਆਂ ਦੋਵਾਂ ਬਾਹਾਂ ਦੀਆਂ ਹੱਡੀਆਂ ਕੁਹਣੀ ਕੋਲੋਂ ਚਮੜੀ ਦੇ ਅੰਦਰੋਂ ਪੰਜ-ਪੰਜ ਉਂਗਲ ਬਾਹਰ ਨਿਕਲ ਆਈਆਂ ਸਨ। ਦੋਵੇਂ ਹੱਥ ਝੂਲ ਰਹੇ ਸਨ। ਜਿਸ ਤਰ੍ਹਾਂ ਗਿਰਗਿਟ ਦੀ ਪੂਛ ਕੱਟੀ ਜਾਣ ਪਿੱਛੋਂ ਵੀ ਕੁਝ ਦੇਰ ਤਕ ਤੜਫ਼ਦੀ ਤੇ ਕੰਬਦੀ ਰਹਿੰਦੀ ਹੈ ਉਸਦੇ ਦੋਵੇਂ ਹੱਥ ਉਸੇ ਤਰ੍ਹਾਂ ਕੰਬ ਰਹੇ ਸਨ। ਉਸ ਜੇਠ ਦੀ ਦੁਪਹਿਰ ਸਮੇਂ ਰਸਤੇ ਦੇ ਦੋਵੇਂ ਪਾਸੇ ਵੀਰਾਨੀ ਹੀ ਵੀਰਾਨੀ ਸੀ। ਓਦੋਂ ਬੱਚਾ ਸਿੰਘ ਨੇ ਅੱਗਾ ਦੇਖਿਆ ਨਾ ਪਿੱਛਾ ਦੋਵਾਂ ਹੱਥਾਂ ਦੀਆਂ ਕੁਹਣੀਆਂ ਤੁਰੰਤ ਠੀਕ ਕਰ ਦਿੱਤੀਆਂ। ਉਹਨਾਂ ਨੇ ਓਦੋਂ ਕੁਹਣੀਆਂ ਪਹਿਲੀ ਵਾਰੀ ਆਪਣੇ ਹੱਥਾਂ ਵਿਚ ਫੜੀਆਂ ਤੇ ਉਹਨਾਂ ਨੂੰ ਹਲਕੀ ਜਿਹੀ ਕਰਰ ਨਾਲ ਘੁਮਾਅ ਦਿੱਤਾ। ਤੇ ਇਕ ਚੀਸ ਦੇ ਨਾਲ ਬੱਚਾ ਸਿੰਘ ਦਾ ਮਿੱਤਰ ਓਥੇ ਈ ਬੇਹੋਸ਼ ਹੋ ਗਿਆ। ਪਰ ਹੋਸ਼ ਵਿਚ ਆਉਣ ਉੱਤੇ ਦੋਵੇਂ ਹੱਥ ਸਲਾਮਤ ਸਨ।
ਹੁਣ ਜਦੋਂ ਨਾਂ ਹੋ ਜਾਂਦਾ ਹੈ ਤਾਂ ਹਰੇਕ ਤਰ੍ਹਾਂ ਦੀਆਂ ਗੱਲਾਂ ਵੀ ਫ਼ੈਲਦੀਆਂ ਨੇ। ਇਸ ਲਈ ਬੱਚਾ ਬਾਬੂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਫ਼ੈਲੀਆਂ ਹੋਈਆਂ ਹੋਣ ਤਾਂ ਹੈਰਾਨੀ ਵਾਲੀ ਗੱਲ ਨਹੀਂ। ਹੁਣ ਕਹਿਣ ਨੂੰ ਤਾਂ ਲੋਕ ਦੱਬਵੀਂ ਜ਼ਬਾਨ ਵਿਚ ਇਹ ਵੀ ਕਹਿ ਦਿੰਦੇ ਨੇ ਕਿ 'ਬੱਚਾ ਬਾਬੂ ਨੇ ਇਹ ਕਲਾ ਸਿੱਖਣ ਲਈ ਬੜੀ ਸਾਧਨਾ ਕੀਤੀ ਹੈ। ਬੜੇ ਯਤਨ ਕੀਤੇ ਨੇ। ਅਘੋਰੀ ਦੇ ਧੂੰਨਿਆਂ ਉੱਤੇ ਅਘੋਰੀਆਂ ਨਾਲ ਰਹਿ ਕੇ ਓਹਨਾਂ ਨੇ ਹੱਡੀਆਂ ਦੇ ਪੋਰ-ਪੋਰ ਨੂੰ ਸਮਝਿਆ ਏ। ਕਿਓਂ ਕਿ ਅਘੋਰੀ ਨਦੀ ਵਿਚ ਵਹਿੰਦੀ ਲਾਸ਼ ਨੂੰ ਖੋਲ੍ਹ ਕੇ ਖਾਂਦੇ ਸਨ, ਓਦੋਂ ਬੱਚਾ ਬਾਬੂ ਉਹਨਾਂ ਹੱਡੀਆਂ ਦੀ ਸਹੀ ਜਗ੍ਹਾ ਨੂੰ ਉਹਨਾਂ ਦੇ ਕੋਲ ਬੈਠ ਕੇ ਸਮਝਦੇ ਸਨ।' ਗੱਲਾਂ ਭਾਵੇਂ ਜਿਵੇਂ ਵੀ ਹੋਣ ਪਰ ਏਸ ਗੱਲ ਤੋਂ ਇਨਕਾਰ ਨਹੀਂ ਕਿ ਓਹਨਾਂ ਕੋਲ ਇਕ ਹੁਨਰ ਸੀ। ਬਿਲਕੁਲ ਇਕ ਚਮਤਕਾਰ ਵਰਗਾ ਹੁਨਰ। ਤੇ ਓਹਨਾਂ ਸਾਹਮਣੇ ਸਰੀਰ ਦੀਆਂ ਸਾਰੀਆਂ ਹੱਡੀਆਂ ਸਿਰ ਝੁਕਾਉਂਦੀਆਂ ਸਨ।
ਵੈਸੇ ਸੱਚ ਮੰਨੀਏਂ ਤਾਂ ਬੱਚਾ ਬਾਬੂ ਉਸ ਪਿੰਡ ਦੀਆਂ ਪ੍ਰਸਥਿਤੀਆਂ ਦੀ ਉਪਜ ਹੀ ਸਨ। ਸਹੀ ਅਰਥਾਂ ਵਿਚ ਉਹ ਪਿੰਡ ਇਕ ਉਜੱਡ ਪਿੰਡ ਸੀ। ਜੇ ਤੁਸੀਂ ਇਸ ਦੇਸ਼ ਦੇ ਕਿਸੇ ਵੀ ਰਾਜ ਦੇ ਕਿਸੇ ਵੀ ਅਸਲ ਪਿੰਡ ਨੂੰ ਦੇਖਿਆ ਹੋਵੇ ਤਾਂ ਇਸ ਪਿੰਡ ਤੇ ਇਸ ਵਰਗੇ ਹੋਰ ਪਿੰਡਾਂ ਦੀਆਂ ਪ੍ਰਸਥਿਤੀਆਂ ਨੂੰ ਸਮਝਣਾ ਕੋਈ ਖਾਸ ਮੁਸ਼ਕਲ ਨਹੀਂ ਹੈ। ਉਸ ਪਿੰਡ ਵਿਚ ਬਿਜਲੀ ਤਾਂ ਸੀ ਪਰ ਕਿੰਨੀ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਸਕਦਾ ਹੈ ਕਿ ਲੋਕ ਰੰਗੀਨ ਟੈਨੀਵਿਜ਼ਨ ਰੱਖਣ ਤੋਂ ਪ੍ਰਹੇਜ ਕਰਦੇ ਸਨ। ਬਲੈਕ ਐਂਡ ਵਾਈਟ ਟੈਲੀਵਿਜ਼ਨ ਘੱਟੋ-ਘੱਟ ਬੈਟਰੀ ਤੇ ਤਾਂ ਚੱਲ ਪੈਂਦਾ ਸੀ। ਹਾਂ, ਪਰ ਕੇਵਲ ਟੀਵੀ ਤੇ ਸੀਡੀ, ਡੀਵੀਡੀ ਦੀ ਓਥੇ ਵੀ ਭਰਮਾਰ ਸੀ।
ਉੱਥੋਂ ਦੀਆਂ ਸੜਕਾਂ ਬੜੀਆਂ ਟੁੱਟੀਆਂ-ਭੱਜੀਆਂ ਸਨ। ਹਸਪਤਾਲ ਹੈ ਨਹੀਂ ਸੀ ਸੋ ਲੋਕ ਖ਼ੁਦ ਹੀ ਬਿਮਾਰ ਹੋ ਕੇ ਠੀਕ ਹੋ ਜਾਂਦੇ ਸਨ। ਸਕੂਲ ਲਈ ਬੱਚਿਆਂ ਨੂੰ ਕਈ ਕੋਹ ਪੈਦਲ ਤੁਰਨਾ ਪੈਂਦਾ ਸੀ। ਇੰਜ ਨਹੀਂ ਸੀ ਕਿ ਇਸ ਪਿੰਡ ਜਾਂ ਇਸ ਵਰਗੇ ਹੋਰਾਂ ਪਿੰਡਾਂ ਵਿਚ ਕਦੀ ਕੋਈ ਸੁਪਨਾ ਨਹੀਂ ਸੀ ਬੀਜਿਆ ਗਿਆ—ਕਦੀ ਇਹਨਾਂ ਸੂਬਿਆਂ ਦੇ ਹੁਕਮਰਾਨਾ ਨੇ ਵੀ ਇੱਥੋਂ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗਾ ਚਿਕਨਾ ਬਣਾਉਣ ਦਾ ਵਚਨ ਦਿੱਤਾ ਸੀ। ਪਰ ਜਦੋਂ ਤਕ ਫਾਈਲਾਂ ਘੁੰਮ-ਘੁਮਾਅ ਕੇ ਸਹੀ ਟੇਬਲ ਤਕ ਪਹੁੰਚੀਆਂ, ਹੇਮਾ ਮਾਲਿਨੀ ਥੋੜ੍ਹੀ ਬੁੱਢੀ ਹੋ ਗਈ ਤੇ ਫੇਰ ਐਸ਼ਵਰੀਆ ਤੇ ਕਰੀਨਾ ਵਰਗੀਆਂ ਕਈ ਨਾਇਕਾਵਾਂ ਦਾ ਦੌਰ ਆ ਗਿਆ। ਹੁਕਮਰਾਨ ਕਨਫ਼ਿਊਜ ਹੋ ਗਏ ਕਿ ਸੜਕ ਦੇ ਲਈ ਹੇਮਾ ਨੂੰ ਕਸ਼ਟ ਦਿੱਤਾ ਜਾਵੇ ਜਾਂ ਫੇਰ ਇਹਨਾਂ ਨਵੀਆਂ ਸਿਨੇਤਾਰਿਕਾਵਾਂ ਨੂੰ। ਤੇ ਫੇਰ ਨਾਇਕਾਵਾਂ ਦੀ ਏਸੇ ਪ੍ਰਤੀਦੁੰਦਤਾ ਵਿਚ ਇੱਥੋਂ ਦੀਆਂ ਸੜਕਾਂ ਹੋਰ ਚੌਪਟ ਹੁੰਦੀਆਂ ਗਈਆਂ।
ਹਰ ਪਿੰਡ ਵਾਂਗ ਇਸ ਪਿੰਡ ਵਿਚ ਵੀ ਲੋਕ ਖ਼ੂਬ ਲੜਾਈਆਂ, ਝਗੜੇ ਕਰਦੇ ਸਨ। ਜੋਰੂ ਤੇ ਜ਼ਮੀਨ ਦੋਵੇਂ ਇਸ ਮਾਰ-ਕੁਟਾਈ ਦੇ ਮੁੱਢ ਵਿਚ ਹੁੰਦੇ। ਮਾਰ-ਕੁਟਾਈ ਵੀ ਏਨੀ ਕਿ ਹੱਡੀਆਂ ਤਿੜਕ ਜਾਣ। ਹੱਡੀਆਂ ਦੇ ਪੋਰ ਟੁੱਟਣ ਵਿਚ ਵਕਤ ਹੀ ਕਿੰਨਾ ਲੱਗਦਾ ਹੈ ਭਲਾਂ। ਫੁੱਸੜ ਜਿਹੀਆਂ ਗੱਲਾਂ ਉੱਤੇ ਮਾਰ-ਕੁਟਾਈ ਸ਼ੁਰੂ ਹੋ ਜਾਂਦੀ ਸੀ—ਘਰਵਾਲੀ ਨੇ ਥਾਲੀ ਵਿਚ ਰੋਟੀ ਗਰਮ ਨਹੀਂ ਰੱਖੀ ਜਾਂ ਫੇਰ ਇਹ ਕਿ ਸਬਜ਼ੀ ਵਿਚ ਲੂਣ ਥੋੜ੍ਹਾ ਜਾਂ ਵੱਧ ਪੈ ਗਿਆ ਤੇ ਫੇਰ ਪਤੀ ਬੰਦ ਕਮਰੇ ਵਿਚ ਪਤਨੀ ਉੱਤੇ ਸਿਰਫ਼ ਹੱਥ ਨਹੀਂ, ਲੱਤਾਂ ਤੇ ਡੰਡੇ ਵਰ੍ਹਾਉਂਦਾ। ਖੇਤ ਦੀ ਵਾਢ ਥੋੜ੍ਹੀ ਕੁ ਤਿਰਛੀ ਹੋ ਗਈ ਤੇ ਦੂਜੇ ਦੀ ਜ਼ਮੀਨ ਇਕ ਇੰਚ ਇੱਧਰ ਜਾਂ ਫੇਰ ਉੱਧਰ ਜਾਂਦੀ ਰਹੀ, ਫੇਰ ਕੀ, ਮਾਰ-ਕੁੱਟ ਓਦੋਂ ਤਕ ਹੁੰਦੀ ਰਹਿੰਦੀ ਜਦੋਂ ਤਕ ਕਿ 'ਕਰਰ' ਕਰਕੇ ਹੱਡੀਆਂ ਟੁੱਟਣ ਦੀ ਆਵਾਜ਼ ਨਾ ਆਉਂਦੀ।
ਪਿੰਡ ਵਿਚ ਜਦੋਂ ਹੱਡੀਆਂ ਟੁੱਟ ਰਹੀਆਂ ਸਨ ਤਾਂ ਓਹਨਾਂ ਨੂੰ ਜੋੜਨ ਵਾਲਾ ਵੀ ਤਾਂ ਕੋਈ ਨਾ ਕੋਈ ਚਾਹੀਦਾ ਹੀ ਸੀ। ਸੋ ਬੱਚਾ ਬਾਬੂ ਨੇ ਆਪਣੀ ਪੂਰੀ ਜ਼ਿੰਦਗੀ ਇਸ ਲੇਖੇ ਲਾ ਕੇ ਇਸ ਜ਼ਿੰਮੇਵਾਰੀ ਨੂੰ ਸੰਭਾਲ ਲਿਆ। ਬੱਚਾ ਬਾਬੂ ਹੌਲੀ-ਹੌਲੀ ਕਿੰਜ ਮਸ਼ਹੂਰ  ਹੁੰਦੇ ਗਏ ਇਹ ਕ੍ਰਮਵਾਰ ਤਾਂ ਲੋਕਾਂ ਨੂੰ ਯਾਦ ਨਹੀਂ ਪਰ ਉਹਨਾਂ ਦੇ ਇਸ ਪੱਚੀ-ਤੀਹ ਵਰ੍ਹਿਆਂ ਦੇ ਸਫ਼ਰ ਵਿਚੋਂ ਕਈ ਕਹਾਣੀਆਂ ਹੁਣ ਦੰਦ-ਕਥਾਵਾਂ ਬਣ ਚੁੱਕੀਆਂ ਨੇ।
ਇਹ ਪਿੰਡ ਬੜਾ ਕਰੂਰ ਸੀ ਤੇ ਪ੍ਰੇਮ ਦਾ ਘੋਰ ਦੁਸ਼ਮਣ। ਇਹ ਕਿਸ ਨੂੰ ਯਾਦ ਨਹੀਂ ਕਿ ਜਦੋਂ ਉਸ ਦਿਨ ਅਸ਼ਰਫੀ ਕੋਯਰੀ ਦਾ ਉੱਨੀਂ ਸਾਲ ਦਾ ਪੁੱਤਰ ਆਪਣੀ ਅਠਾਰਾਂ ਸਾਲ ਦੀ ਪ੍ਰੇਮਿਕਾ ਦੇ ਘਰ ਰਾਤ ਨੂੰ ਘੁੱਪ ਹਨੇਰੇ ਵਿਚ ਫੜ੍ਹਿਆ ਗਿਆ ਸੀ ਉਦੋਂ ਹੱਡੀਆਂ ਦੇ ਟੁੱਟਣ ਦੀ ਆਵਾਜ਼ ਇਕ ਵਾਰੀ ਨਹੀਂ ਸੀ ਆਈ। ਹੱਡੀਆਂ ਟੁੱਟਣ ਦੀ ਆਵਾਜ਼ ਤਾਂ ਓਦੋਂ ਇਕ ਧੁਨ ਬਣ ਗਈ ਸੀ। ਜਦੋਂ ਉਸ ਪ੍ਰੇਮਕਾ ਦੇ ਪਿਓ ਨੇ ਦਹਾੜਣਾ ਸ਼ੁਰੂ ਕੀਤਾ ਉਦੋਂ ਉਸ ਭੀੜ ਦੇ ਡਰ ਨਾਲ ਅਸ਼ਰਫੀ ਕੋਯਰੀ ਦਾ ਪੁੱਤਰ ਆਪਣੀ ਪ੍ਰੇਮਿਕਾ ਦੇ ਮੰਜੇ ਹੇਠ ਲੁਕ ਗਿਆ। ਤੇ ਫੇਰ ਇਸ ਪਿੰਡ ਦੀ ਰਵਾਇਤ ਅਨੁਸਾਰ ਓਹੀ ਸਭ ਹੋਇਆ।
ਜਦੋਂ ਅਸ਼ਰਫੀ ਨੇ ਆਪਣੇ ਪੁੱਤਰ ਨੂੰ ਮੰਜੀ ਉੱਤੇ ਲੱਦ ਕੇ ਬੱਚਾ ਬਾਬੂ ਦੇ ਵਿਹੜੇ ਵਿਚ ਆ ਰੱਖਿਆ, ਓਦੋਂ ਉਸਦੇ ਬੇਹੋਸ਼ ਪੁੱਤਰ ਦੇ ਸਰੀਰ ਦਾ ਇਕ ਵੀ ਜੋੜ ਸਲਾਮਤ ਨਹੀਂ ਸੀ। ਸੋਟੀਆਂ ਸਿਰਫ਼ ਜੋੜਾਂ ਉੱਤੇ ਮਾਰੀਆਂ ਗਈਆਂ ਸਨ ਤੇ 'ਕਰਰ-ਕਰਰ' ਕਰਕੇ ਸਾਰੇ ਜੋੜ ਆਪਣੀ ਜਗ੍ਹਾ ਤੋਂ ਹਿੱਲ ਗਏ ਸਨ। ਅਸ਼ਰਫੀ ਦਾ ਪੁੱਤਰ ਬਚ ਜਾਵੇਗਾ ਓਦੋਂ ਇਹ ਅਸ਼ਰਫੀ ਨੂੰ ਵੀ ਨਹੀਂ ਸੀ ਲੱਗਦਾ। ਅੱਜ ਏਨੇ ਵਰ੍ਹਿਆਂ ਬਾਅਦ ਵੀ ਅਸ਼ਰਫੀ ਨੂੰ ਪੁੱਛੋ ਤਾਂ ਕਹੇਗਾ 'ਬੱਚਾ ਬਾਬੂ ਦੇ ਹੱਥ ਵਿਚ ਸਾਕਸ਼ਾਤ ਬ੍ਰਹਮਾ ਏ, ਉਹਨਾਂ ਨੇ ਨਵਾਂ ਜੀਵਨ ਦਿੱਤਾ ਏ ਉਸਨੂੰ।' ਓਦੋਂ ਅਸ਼ਰਫੀ ਦੇ ਪੁੱਤਰ ਦਾ ਕੋਈ ਅੰਗ ਸ਼ਾਇਦ ਹੀ ਹੋਵੇ ਜਿੱਥੇ ਪੱਟਾ ਨਾ ਚੜ੍ਹਿਆ ਹੋਵੇ। ਬੱਚਾ ਬਾਬੂ ਓਦੋਂ ਕਈ ਘੰਟੇ ਆਪਣੇ ਕਮਰੇ ਵਿਚ ਬੰਦ ਬੈਠੇ ਰਹੇ ਸਨ, ਇਕੱਲੇ। ਇਕ-ਇਕ ਹੱਡੀ ਨੂੰ ਪਹਿਲਾਂ ਉਹਨਾਂ ਸਹੀ ਜਗ੍ਹਾ ਦਿੱਤੀ। ਜਿਸ 'ਕਰਰ' ਦੀ ਆਵਾਜ਼ ਨਾਲ ਹੱਥੀ ਟੁੱਟੀ ਸੀ, ਉਸੇ 'ਕਰਰ' ਦੀ ਆਵਾਜ਼ ਨਾਲ ਉਸ ਹੱਡੀ ਨੂੰ ਉਸੇ ਜਗ੍ਹਾ ਲਿਆਂਦਾ ਵੀ ਗਿਆ। ਬੱਚਾ ਬਾਬੂ ਪਹਿਲਾਂ ਬੜੀ ਦੇਰ ਤਕ ਹੱਡੀ ਦੀ ਸਹੀ ਜਗ੍ਹਾ ਲੱਭਦੇ ਰਹਿੰਦੇ ਸਨ ਤੇ ਫੇਰ ਇਕ ਹਲਕਾ-ਜਿਹਾ ਘੁਮਾਅ। ਫੇਰ ਇਕ ਹਲਕੀ ਛੋਹ ਤੇ ਫੇਰ ਪੱਟਾ। ਇਕ ਤੋਂ ਦੋ ਮਹੀਨੇ ਲੱਗੇ ਪਰ ਮੁੰਡੇ ਨੂੰ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ ਬੱਚਾ ਬਾਬੂ ਨੇ। ਪੂਰਾ ਪਿੰਡ ਹੈਰਾਨ ਸੀ। ਓਦੋਂ ਇਸ ਪਿੰਡ ਦੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ 'ਘੱਟੋ ਘੱਟ  ਹੁਣ ਹੱਡੀਆਂ ਤੋੜ ਕੇ ਤਾਂ ਕਿਸੇ ਨੂੰ ਮਾਰਿਆ ਨਹੀਂ ਜਾ ਸਕਦਾ ਇੱਥੇ। ਬੱਚਾ ਬਾਬੂ ਨੇ ਇਸ ਮਾਮਲੇ ਵਿਚ ਸਭ ਨੂੰ ਅਮ੍ਰਿਤ ਪਿਆ ਦਿੱਤਾ ਏ।'
ਬੱਚਾ ਬਾਬੂ ਹੱਥ-ਪੈਰ ਜਾਂ ਫੇਰ ਕਿਤੋਂ ਦੀ ਵੀ ਹੱਡੀ ਦੇ ਮਾਹਰ ਸਨ। ਭਾਵੇਂ ਹੱਡੀ ਪੂਰੀ ਤਰ੍ਹਾਂ ਟੁੱਟ ਕੇ ਨੱਬੇ ਡਿਗਰੀ 'ਤੇ ਕਿਓਂ ਨਾ ਝੂਲ ਗਈ ਹੋਵੇ। ਬਸ ਨਸੀਹਤ ਉਹਨਾਂ ਦੀ ਇਹ ਹੁੰਦੀ ਕਿ 'ਜਦੋਂ ਹੱਡੀ ਟੁੱਟ ਜਾਵੇ, ਤੁਰਤ ਜਿਵੇਂ ਦੀ ਤਿਵੇਂ ਕੱਪੜਾ ਬੰਨ੍ਹ ਲਓ। ਕੱਪੜੇ ਵਿਚ ਵੱਝੀ ਹੋਈ ਹੱਡੀ ਸਕੂਨ ਮਹਿਸੂਸ ਕਰਦੀ ਏ।' ਇਹ ਉਹਨਾਂ ਦੇ ਡਾਕਟਰੀ ਇਲਾਜ਼ ਦਾ ਕੋਈ ਹਿੱਸਾ ਨਹੀਂ ਸੀ ਬਲਕਿ ਉਹ ਕਹਿੰਦੇ ਕਿ 'ਟੁੱਟੀ ਹੱਡੀ ਬੜੀ ਦੇਰ ਤਕ ਤੜਫਦੀ ਤੇ ਕੰਬਦੀ ਰਹਿੰਦੀ ਏ ਤੇ ਤੜਫਦੀ ਹੋਈ ਹੱਡੀ ਦੇਖ ਕੇ ਉਹਨਾਂ ਨੂੰ ਬੜਾ ਦੁੱਖ ਹੁੰਦਾ ਏ।' ਉਹ ਕਹਿੰਦੇ ਕਿ 'ਉਹਨਾਂ ਦਾ ਅੰਨਦਾਤਾ ਤਾਂ ਇਹ ਹੱਡੀਆਂ ਈ ਨੇ ਇਸ ਲਈ ਉਹ ਉਹਨਾਂ ਨੂੰ ਤੜਫਦਿਆਂ ਹੋਇਆਂ ਨਹੀਂ ਵੇਖ ਸਕਦੇ।' ਉਹ ਬਿਲਕੁਲ ਕੁਚਲੀਆਂ ਹੋਈਆਂ ਹੱਡੀਆਂ ਉੱਤੇ ਵੀ ਆਪਣਾ ਹੱਥ ਬੜੇ ਪਿਆਰ ਨਾਲ ਫੇਰਦੇ ਸਨ। ਉਹ ਕਰਾਹੁੰਦੇ ਹੋਏ ਮਰੀਜ਼ ਨਾਲ ਢੇਰ ਸਾਰੀਆਂ ਗੱਲਾਂ ਕਰਦੇ। ਆਪਣੇ ਭਦੇਸ਼ (ਭੈੜੇ) ਸ਼ਿਲਪ ਵਿਚ ਉਹਨੂੰ ਇੱਧਰ-ਉੱਧਰ ਦੀਆਂ ਗੱਲਾਂ ਸੁਣਾਉਂਦੇ ਤੇ ਇਸੇ ਦੌਰਾਨ ਹੱਡੀ ਨੂੰ ਸਹੀ ਥਾਂ ਦੇ ਦਿੰਦੇ ਤੇ ਫੇਰ ਪੱਟਾ ਤੇ ਅੰਦਰ ਉਹ ਹੱਡੀ ਆਰਾਮ ਕਰ ਰਹੀ ਹੁੰਦੀ।
ਬੱਚਾ ਬਾਬੂ ਦੀ ਪ੍ਰਸਿੱਧੀ ਇਸ ਪਿੰਡ ਤੋਂ ਲੈ ਕੇ ਆਸੇ-ਪਾਸੇ ਦੇ ਪਿੰਡਾਂ ਤੇ ਕਈ ਜਿਲ੍ਹਿਆਂ ਤਕ ਹੋ ਗਈ ਸੀ ਤੇ ਇਸ ਵਿਚ ਉਹਨਾਂ ਦੇ ਹੁਨਰ ਦੇ ਨਾਲ ਨਾਲ ਉਹਨਾਂ ਦੇ ਚਰਿਤਰ ਦਾ ਵੀ ਬੜਾ ਹੱਥ ਸੀ। ਲੋਕਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਬੱਚਾ ਬਾਬੂ ਲੰਗੋਟ ਦੇ ਬਿਲਕੁਲ ਪੱਕੇ ਆਦਮੀ ਨੇ। ਬੱਚਾ ਬਾਬੂ ਧੋਤੀ ਬੰਨ੍ਹਦੇ ਸਨ ਹੇਠਾਂ ਲੰਗੋਟ ਹੁੰਦਾ ਸੀ। ਘਰ ਵਾਲੇ ਜਵਾਨ ਔਰਤਾਂ ਨੂੰ ਵੀ ਉਹਨਾਂ ਕੋਲ ਬੇਧੜਕ ਲਿਆਉਂਦੇ। ਜਵਾਨ ਔਰਤਾਂ ਦੀਆਂ ਉਹਨਾਂ ਜਗਾਹਾਂ ਦੀਆਂ ਹੱਡੀਆਂ ਜੋੜਨ ਲੱਗਿਆਂ ਬੱਚਾ ਬਾਬੂ ਦਾ ਹੱਥ ਇਕ ਵਾਰੀ ਵੀ ਨਹੀਂ ਸੀ ਕੰਬਦਾ ਜਿਹਨਾਂ ਉੱਤੋਂ ਔਰਤਾਂ ਠੀਕ ਹੁੰਦਿਆਂ ਹੋਈਆਂ ਕੱਪੜਾ ਤਕ ਨਹੀਂ ਹਟਾਉਣ ਦਿੰਦੀਆਂ। ਪਰ ਹੱਡੀ ਭਾਵੇਂ ਕਿਤੋਂ ਦੀ ਵੀ ਹੋਵੇ ਤੇ ਬਿਮਾਰ ਭਾਵੇਂ ਕੋਈ ਵੀ ਹੋਵੇ ਉਹਨਾਂ ਲਈ ਸਾਰੇ ਇਕ ਸਮਾਨ ਸਨ। ਬੱਚਾ ਬਾਬੂ ਸਿਰਫ਼ ਹੱਡੀ ਦੇਖਦੇ ਸਨ ਤੇ ਮਨ ਵਿਚ ਉਸਨੂੰ ਮਹਿਸੂਸ ਕਰਕੇ ਸਨ।
ਪਰ ਉਸ ਦਿਨ ਪਹਿਲੀ ਵਾਰੀ ਲੋਕਾਂ ਦੇ ਮਨ ਵਿਚ ਸ਼ੱਕ ਵਰਗਾ ਕੁਝ ਪੈਦਾ ਹੋਇਆ, ਜਿਸ ਦਿਨ ਰਾਮਸੁਜਾਨ ਸਿੰਘ ਦੀ ਬਹੂ ਦੇ ਜਬਰਦਸਤ ਲੱਕ ਪੀੜ ਹੋਈ ਤੇ ਉਸਨੂੰ ਮੰਜੇ ਉੱਤੇ ਲੱਦ ਕੇ ਬੱਚਾ ਬਾਬੂ ਦੇ ਦਰਵਾਜ਼ੇ 'ਤੇ ਲਿਆਂਦਾ ਗਿਆ। ਬੀਐਮਪੀ—ਬਿਹਾਰ ਮਿਲਟਰੀ ਪੁਲਿਸ—ਵਿਚ ਨੌਕਰੀ ਕਰਦੇ ਰਾਮਸੁਜਾਨ ਸਿੰਘ ਦੇ ਪੁੱਤਰ ਦੀ ਜਦੋਂ ਸ਼ਾਦੀ ਹੋਈ ਓਦੋਂ ਉਸਦੀ ਪਤਨੀ ਯਕਦਮ ਛਬੀਲੀ ਆਈ। ਪੁੱਤਰ ਨੌਕਰੀ ਦੇ ਸਿਲਸਿਲੇ ਵਿਚ ਬਾਹਰ ਹੀ ਰਹਿੰਦਾ ਤੇ ਬਹੂ ਦਾ ਰੂਪ ਘਰ ਦੇ ਅੰਦਰ ਰਹਿ ਕੇ ਹੋਰ ਨਿੱਖਰ ਆਇਆ। ਉਹ ਸਿਰਫ਼ ਮੰਦਰ ਜਾਣ ਲਈ ਸਵੇਰੇ ਨਿਕਲਦੀ। ਬਸ ਉਸ ਥੋੜ੍ਹੇ ਸਮੇਂ ਦੇ ਦੀਦਾਰ ਸਦਕਾ ਰਾਮਸੁਜਾਨ ਸਿੰਘ ਦੀ ਬਹੂ ਇਕ ਰਹੱਸ ਵਾਂਗ ਬਣੀ ਹੋਈ ਸੀ। ਬਸ ਓਨੇ ਸਮੇ ਵਿਚ ਵੱਡੇ ਬੁੱਢੇ ਵੀ ਲੁਕ-ਛਿਪ ਕੇ ਉਸਦੀ ਇਕ ਝਲਕ ਦਾ ਦੀਦਾਰ ਕਰ ਲੈਣਾ ਚਾਹੁੰਦੇ ਸਨ। ਉਸ ਦਿਨ ਵਿਹੜੇ ਵਿਚ ਲੱਗੇ ਨਲਕੇ ਤੋਂ ਜਦੋਂ ਉਹ ਮੰਦਰ ਜਾਣ ਲਈ ਗੜਵੀ ਵਿਚ ਜਲ ਭਰ ਰਹੀ ਸੀ ਤਾਂ ਨਲਕੇ ਨੇ ਧੋਖਾ ਦੇ ਦਿੱਤਾ। ਉਸਦੀ ਕਿੱਲੀ ਨਿਕਲ ਗਈ ਤੇ ਸੁੰਦਰਤਾ ਦੀ ਮੂਰਤ, ਉਹ ਰਾਮਸੁਜਾਨ ਸਿੰਘ ਦੀ ਬਹੂ, ਓਥੇ ਹੀ ਪੱਕੇ ਥੜ੍ਹੇ ਉੱਤੇ ਜਾ ਪਈ ਤੇ ਲੱਕ ਮਰੋੜਾ ਖਾ ਗਿਆ। ਅਜਿਹੀ ਮੋਚ ਆਈ ਕਿ ਜਿਵੇਂ ਡਿੱਗੀ ਸੀ ਓਵੇਂ ਹੀ ਪਈ ਰਹਿ ਗਈ। ਨਾ ਉਸ ਤੋਂ ਬੈਠਿਆ ਜਾਂਦਾ ਸੀ, ਨਾ ਹੀ ਖੜ੍ਹਾ ਹੋਇਆ ਤੇ ਨਾ ਹੀ ਠੀਕ ਤਰ੍ਹਾਂ ਲੇਟਿਆ ਜਾ ਰਿਹਾ ਸੀ। ਤੇ ਪੀੜ ਅਜਿਹੀ ਕਿ ਉਸਦੇ ਲੱਕ 'ਚੋਂ ਉੱਠ ਕੇ ਰੀੜ੍ਹ ਦੀ ਹੱਡੀ ਥਾਂਈਂ ਹੁੰਦੀ ਹੋਈ ਦਿਮਾਗ਼ ਨੂੰ ਚੜ੍ਹ ਰਹੀ ਸੀ। ਉਸਦੀ ਚੀਕਾ-ਰੌਲੀ ਸੁਣ ਕੇ ਇਹ ਸਮਝਣਾ ਮੁਸ਼ਕਲ ਹੋ ਗਿਆ ਸੀ ਕਿ ਕੀ ਇਸਨੂੰ ਰੋਕਣਾ ਵਾਕੱਈ ਸੰਭਵ ਹੈ। ਜਿਹਨਾਂ ਲੋਕਾਂ ਨੂੰ ਉਸਨੂੰ ਜਿਵੇਂ ਦੀ ਤਿਵੇਂ ਚੁੱਕ ਕੇ ਮੰਜੇ ਉੱਤੇ ਪਾਉਣ ਲਈ ਬੁਲਾਇਆ ਗਿਆ ਉਹਨਾਂ ਨੇ ਪਹਿਲੀ ਵਾਰੀ ਉਸਨੂੰ ਨੇੜਿਓਂ ਵੇਖਿਆ ਈ ਨਹੀਂ, ਉਸਨੂੰ ਛੂਹਿਆ ਵੀ ਸੀ। ਬਿਲਕੁਲ ਨਰਮ, ਰੂੰ ਦੀ ਪੰਡ ਵਰਗੀ।
ਜਦੋਂ ਮੰਜਾ ਬੱਚਾ ਬਾਬੂ ਦੇ ਦਰਵਾਜ਼ੇ ਸਾਹਵੇਂ ਪਹੁੰਚਿਆ ਉਦੋਂ ਉਹ ਸਵੇਰ ਦਾ ਨਾਸ਼ਤਾ ਕਰਕੇ ਆਰਾਮ ਫਰਮਾ ਰਹੇ ਸਨ। ਅਲਸਾਏ ਜਿਹੇ ਉੱਠੇ ਤੇ ਰਾਮਸੁਜਾਨ ਦੀ ਬਹੂ ਨੂੰ ਵੇਖ ਕੇ ਤ੍ਰਬਕ ਗਏ। ਹੁਣ ਓਹ ਉਸਦੀ ਸੁੰਦਰਤਾ ਵੇਖ ਕੇ ਤ੍ਰਬਕੇ ਜਾਂ ਉਸਦੀਆਂ ਚੀਕਾਂ ਸੁਣ ਕੇ...ਇਹ ਸਮਝਣਾ ਤਾਂ ਮੁਸ਼ਕਲ ਸੀ ਪਰ ਉਹ ਤ੍ਰਬਕ ਜ਼ਰੂਰ ਗਏ ਸਨ। ਮੰਜੇ ਨੂੰ ਪਹਿਲਾਂ ਘਰ ਦੇ ਅੰਦਰ ਕੀਤਾ ਗਿਆ ਤਾਕਿ ਭੀੜ ਉੱਤੇ ਥੋੜ੍ਹਾ ਕਾਬੂ ਪਾਇਆ ਜਾ ਸਕੇ। ਫੇਰ ਮੰਜੇ ਕੋਲ ਜਾ ਕੇ ਉਹਨਾਂ ਇਸ ਰੋਗ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਫੇਰ ਰਾਮਸੁਜਾਨ ਸਿੰਘ ਨੂੰ ਕੋਨੇ ਵਿਚ ਲੈ ਜਾ ਕੇ ਹੌਲੀ-ਜਿਹੀ ਕਿਹਾ, “ਠੀਕ ਤਾਂ ਹੋ ਜਾਏਗੀ ਪਰ ਜੋ ਮੈਂ ਕਹਾਂਗਾ, ਉਸਨੂੰ ਸੌ ਫੀ ਸਦੀ ਮੰਨਣਾ ਪਏਗਾ।”
“ਸੌ ਫੀ ਸਦੀ ਮਤਲਬ?” ਰਾਮਸੁਜਾਨ ਸਿੰਘ ਹੁਰੀ ਵੀ ਤ੍ਰਬਕ ਗਏ ਸੀ। ਮਨ ਵਿਚ ਜ਼ਰੂਰ ਸੋਚ ਰਹੇ ਹੋਣਗੇ ਕਿ ਅਜਿਹੀ ਅਨਮੋਲ ਚੀਜ਼ ਨੂੰ ਆਪਣੇ ਘਰ ਵਿਚ ਰੱਖਣਾ ਘੱਟ ਖ਼ਤਰਨਾਕ ਨਹੀਂ।
ਰਾਮਸੁਜਾਨ ਸਿੰਘ ਦੀ ਹੈਰਾਨੀ ਉੱਤੇ ਉਹ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੋਏ। ਉਹਨਾਂ ਨੇ ਪਹਿਲਾਂ ਮੂੰਹ ਚਲਾ ਕੇ ਇਕ ਸ਼ਬਦ ਨੂੰ ਹਜ਼ਮ ਕਰ ਲਿਆ। ਰਾਮਸੁਜਾਨ ਸਿੰਘ ਨੇ ਸਮਝ ਲਿਆ। ਪਹਿਲਾਂ ਸ਼ਬਦ 'ਕੱਪੜੇ' ਹੈ। ਬੱਚਾ ਬਾਬੂ ਨੇ ਕਿਹਾ, “ਕੱਪੜੇ ਲਾਹੁਣੇ ਪੈਣਗੇ।”
ਰਾਮਸੁਜਾਨ ਸਿੰਘ ਨੇ ਨਜ਼ਰਾਂ ਬੱਚਾ ਬਾਬੂ ਦੇ ਚਿਹਰੇ ਉੱਤੇ ਗੱਡ ਦਿੱਤੀਆਂ ਤੇ ਉਸਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਪਰ ਚਿਹਰਾ ਬਿਲਕੁਲ ਸਪਾਟ ਸੀ ਉਸਨੂੰ ਪੜ੍ਹਨਾ ਸੰਭਵ ਨਹੀਂ ਸੀ। ਉਹ ਆਪਣੇ ਮਨ ਵਿਚ ਇਸ ਗੱਲ ਉੱਤੇ ਵਿਚਾਰ ਕਰਨ ਲੱਗਾ। 'ਇੱਥੋਂ ਇਸ ਹਾਲਤ ਵਿਚ ਤੁਰਤ ਸ਼ਹਿਰ ਲੈ ਜਾਣਾ ਸੰਭਵ ਨਹੀਂ ਤੇ ਸ਼ਹਿਰ ਵਿਚ ਵੀ ਕੀ ਏ ਸ਼ਹਿਰ ਤੋਂ ਲੋਕ ਇਲਾਜ਼ ਕਰਵਾਉਣ ਇੱਥੇ ਆਉਂਦੇ ਸਨ। ਏਨੀ ਛੇਤੀ ਪੁੱਤਰ ਨੂੰ ਬੁਲਾਉਣਾ ਵੀ ਸੰਭਵ ਨਹੀਂ। ਨਹੀਂ ਤਾਂ ਆਪਣਾ ਫ਼ੈਸਲਾ ਉਹ ਆਪ ਕਰਦਾ।' ਇਲਾਜ਼ ਵਿਚ ਦੇਰ ਨੇ ਬਾਹਰ ਖੜ੍ਹੇ ਲੋਕਾਂ ਵਿਚ ਉਤਸੁਕਤਾ ਜਗਾ ਦਿੱਤੀ ਸੀ ਤੇ ਹੌਲੀ-ਹੌਲੀ ਹੀ ਸਹੀ ਲੋਕ ਬੱਚਾ ਬਾਬੂ ਦੀ ਇਸ ਸ਼ਰਤ ਨੂੰ ਜਾਣ ਗਏ। ਤੇ ਪਹਿਲੀ ਵਾਰੀ ਲੋਕਾਂ ਨੂੰ ਇਹ ਲੱਗਿਆ ਕਿ ਬੱਚਾ ਬਾਬੂ ਬਸ ਇਕ ਬਹਾਨਾ ਬਣਾ ਰਹੇ ਨੇ। ਸਰਿਆਂ ਨੇ ਮੰਨ ਲਿਆ ਕਿ 'ਆਖ਼ਰ ਇਸ ਸੰਗਮਰਮਰੀ ਦੇਹ ਨੂੰ ਦੇਖ ਕੇ ਬੱਚਾ ਬਾਬੂ ਦਾ ਵੀ ਲੰਗੋਟ ਢਿੱਲਾ ਹੋ ਈ ਗਿਆ।'
ਰਾਮਸੁਜਾਨ ਸਿੰਘ ਕੋਲ ਹੋਰ ਕੋਈ ਚਾਰਾ ਨਹੀਂ ਸੀ ਤੇ ਬਹੂ ਵਾਰੀ-ਵਾਰੀ ਦਰਦ ਨਾ ਬੇਹੋਸ਼ ਹੋ ਜਾਂਦੀ ਸੀ।
ਅੰਦਰ ਵਾਲੇ ਕਮਰੇ ਵਿਚ ਮੰਜਾ ਰਖਵਾਇਆ ਗਿਆ। ਉੱਥੇ ਇਕ ਤਖ਼ਤਪੋਸ਼ ਪਿਆ ਸੀ। ਉਸ ਉੱਤੇ ਕੋਈ ਕੱਪੜਾ, ਚਾਦਰ ਵਗ਼ੈਰਾ ਨਹੀਂ ਸੀ। ਬਹੂ ਨੂੰ ਉਸ ਤਖ਼ਤਪੋਸ਼ ਉੱਤੇ ਪਾ ਦਿੱਤਾ ਗਿਆ। ਬੱਚਾ ਬਾਬੂ ਅੰਦਰ ਆਏ। ਹੁਣ ਉਸ ਕਮਰੇ ਵਿਚ ਉਹ ਉਸਦੇ ਨਾਲ ਇਕੱਲੇ ਸਨ। ਸ਼ਬਦ 'ਇਕ' ਨੂੰ ਚੱਬ ਕੇ ਉਹਨਾਂ ਹਜ਼ਮ ਕੀਤਾ। ਪਰ ਬਹੂ ਇਹ ਸਮਝ ਨਾ ਸਕੀ ਕਿ ਕਿਸ ਸ਼ਬਦ ਨਾਲ ਬੋਲਣ ਦੀ ਸ਼ੁਰੂਆਤ ਕਰਨਗੇ ਕਿਉਂਕਿ ਉਸਨੂੰ ਬੱਚਾ ਬਾਬੂ ਨੂੰ ਸੁਣਨ ਦੀ ਆਦਤ ਨਹੀਂ ਸੀ। ਬੱਚਾ ਬਾਬੂ ਨੇ ਕਿਹਾ ਤੇ ਉਹ ਇਕਦਮ ਤ੍ਰਬਕ ਗਈ—“ਇਕ-ਇਕ ਕਰਕੇ ਕੱਪੜੇ ਲਾਹੁਣੇ ਪੈਣਗੇ। ਤੇ ਉਸ ਦਰਵਾਜ਼ੇ ਰਾਹੀਂ ਬਾਹਰ ਸੁੱਟਣੇ ਪੈਣਗੇ”
ਪਰ ਬੱਚਾ ਬਾਬੂ ਦੀ ਅਗਲੀ ਸਤਰ ਨੇ ਉਸਨੂੰ ਹੌਸਲਾ ਦਿੱਤਾ। 'ਚਿੰਤਾ' ਸ਼ਬਦ ਨੂੰ ਚੱਬਦਿਆਂ ਹੋਇਆਂ ਕਿਹਾ, “ਚਿੰਤਾ ਨਾ ਕਰੋ। ਤੁਸੀਂ ਮੇਰੀ ਬਹੂ ਸਮਾਨ ਓ, ਕਮਰੇ ਵਿਚ ਹੋਰ ਕੋਈ ਨਹੀਂ ਹੋਏਗਾ। ਬਸ ਬਾਹਰੋਂ ਜਿਵੇਂ ਅਸਾਂ ਕਹਾਂਗੇ ਓਵੇਂ ਕਰਦੇ ਰਹਿਣਾ।” ਉਹਨਾਂ ਦੇ ਬੋਲਣ ਵਿਚ ਫੇਰ ਇਕ ਪੜਾਅ ਆਇਆ ਤੇ ਫੇਰ 'ਇਲਾਜ਼' ਨੂੰ ਹਜ਼ਮ ਕਰਦੇ ਹੋਏ, “ਇਲਾਜ਼ ਤਾਂ ਆਪਣੇ ਆਪ ਹੋ ਜਾਏਗਾ।”
ਇਹ ਕਮਰਾ ਅੰਦਰ ਵਾਲਾ ਸੀ ਤੇ ਕਮਰੇ ਦੇ ਬਾਹਰ ਬੱਚਾ ਬਾਬੂ ਤੇ ਉਹਨਾਂ ਦੇ ਦੋ ਸਹਾਇਕ ਖੜ੍ਹੇ ਸਨ। ਕਮਰੇ ਵਿਚ ਜਿੱਧਰ ਤਖ਼ਤਪੋਸ਼ ਡੱਠਾ ਹੋਇਆ ਸੀ ਓਧਰਲਾ ਦਰਵਾਜ਼ਾ ਬੰਦ ਸੀ ਤੇ ਦੂਜੇ ਪਾਸੇ ਵਾਲਾ ਅੱਧਾ ਖੁੱਲ੍ਹਾ। ਦਰਵਾਜ਼ਾ ਇੰਜ ਸੀ ਕਿ ਅੰਦਰੋਂ ਸਾਮਾਨ ਸੁੱਟਿਆ ਤਾਂ ਜਾ ਸਕਦਾ ਸੀ ਪਰ ਬਾਹਰੋਂ ਕੁਝ ਦਿਖਾਈ ਨਹੀਂ ਸੀ ਦਿੰਦਾ। ਕਮਰੇ ਅੰਦਰ ਸਾਧਾਰਨ ਚਾਨਣ ਸੀ। ਬੱਚਾ ਬਾਬੂ ਨੇ ਬਾਹਰੋਂ ਹੁਕਮ ਦਿੱਤਾ ਕਿ ਹੁਣ ਇਕ ਇਕ ਕਰਕੇ ਕੱਪੜੇ ਲਾਹ ਕੇ ਇਸ ਦਰਵਾਜ਼ੇ ਰਾਹੀਂ ਬਾਹਰ ਸੁੱਟੋ। ਸਰੀਰ ਉੱਤੇ ਇਕ ਵੀ ਕੱਪੜਾ ਨਹੀਂ ਰਹਿਣਾ ਚਾਹੀਦਾ। ਸਾੜ੍ਹੀ, ਸਾਯਾ (ਪੇਟੀਕੋਟ), ਬਲਾਊਜ ਪਿੱਛੋਂ ਜਦੋਂ ਥੋੜ੍ਹੀ ਦੇਰ ਰੁਕਾਵਟ ਰਹੀ ਤਾਂ ਬੱਚਾ ਬਾਬੂ ਨੇ ਫੇਰ 'ਸਾਰੇ' ਸ਼ਬਦ  ਨੂੰ ਚੱਬ ਕੇ ਆਪਣੇ ਅੰਦਰ ਨਿਗਲਿਆ ਤੇ ਇਸ ਸ਼ਬਦ ਨੂੰ ਉਹਨਾਂ ਨੂੰ ਇਕ ਵਾਰੀ ਨਹੀਂ ਦੋ ਤਿੰਨ ਵਾਰੀ ਚੱਬਣਾ, ਨਿਗਲਣਾ ਪਿਆ। ਫੇਰ ਜਾ ਕੇ ਕੁਝ ਚਿਰ ਪਿੱਛੋਂ ਬਾਕੀ ਰਹਿੰਦਾ ਕੱਪੜਾ ਵੀ ਬਾਹਰ ਆਇਆ।
ਫੇਰ ਬੱਚਾ ਬਾਬੂ ਨੇ ਇਹ ਹੁਕਮ ਦਿੱਤਾ ਕਿ ਹੁਣ ਹੌਲੀ-ਹੌਲੀ ਜਿੰਨਾ ਕੁ ਹੋ ਸਕੇ ਉਹ ਆਰਾਮ ਨਾਲ ਉਸ ਤਖ਼ਤ ਉੱਤੇ ਲੇਟਨ ਦੀ ਕੋਸ਼ਿਸ਼ ਕਰੇ। ਬਹੂ ਆਰਾਮ ਨਾਲ ਤਾਂ ਖ਼ੈਰ ਕੀ ਲੇਟ ਸਕਦੀ ਸੀ ਪਰ ਜਿੰਨਾ ਹੋ ਸਕਦਾ ਸੀ ਉਸਨੇ ਉਸ ਤਖ਼ਤ ਉੱਤੇ ਆਪਣੇ ਸਰੀਰ ਨੂੰ ਸੁੱਟ ਦਿੱਤਾ। ਜਦੋਂ ਉਹ ਉਸ ਤਖ਼ਤ ਉੱਤੇ ਲੇਟ ਗਈ ਤੇ ਕੁਝ ਸਮਾਂ ਲੰਘ ਗਿਆ ਤਦ ਬੱਚਾ ਬਾਬੂ ਇਕ ਝੱਟਕੇ ਨਾਲ ਉਸ ਦਰਵਾਜ਼ੇ ਨੂੰ ਖੋਲ੍ਹ ਕੇ ਯਕਦਮ ਅੰਦਰ ਵੜ ਗਏ। ਬਹੂ ਇਕ ਝਟਕੇ ਨਾਲ ਉੱਠੀ ਦੇ ਦਰਵਾਜ਼ੇ ਵੱਲ ਨੱਸ ਜਾਣ ਲਈ ਅਹੁਲੀ। ਉਸਦੇ ਦੋਵੇਂ ਹੱਥ ਆਪ-ਮੁਹਾਰੇ ਆਪਣੀਆਂ ਦੋਵਾਂ ਛਾਤੀਆਂ ਉੱਤੇ ਪਹੁੰਚ ਗਏ ਤੇ ਉਸਦੇ ਮੂੰਹੋਂ ਅਚਾਨਕ ਨਿਕਲਿਆ, “ਕੋੜਿਯਾ ਹਮ ਸਬ ਬੂਝੈ ਛਿਯੈ ਤੋਹਰ ਧੋਤੀ ਕ ਭੀਤਰ ਆਯਗ ਲਗਲ ਛੌ।” ਬਾਹਰ ਬੱਚਾ ਬਾਬੂ ਦੇ ਦੋਵਾਂ ਸਹਿਯੋਗੀਆਂ ਨੇ ਇਕ ਵੱਡੀ ਚਾਦਰ ਉਸ ਉੱਤੇ ਦੇ ਦਿੱਤੀ। ਬਹੂ ਬੇਹੋਸ਼ ਹੋ ਗਈ ਸੀ। ਬੱਚਾ ਬਾਬੂ ਨੇ ਉਸਨੂੰ ਉਸਦੇ ਘਰ ਵਾਲਿਆਂ ਦੇ ਸਪੁਰਦ ਕਰ ਦਿੱਤਾ। 'ਘਰ' ਸ਼ਬਦ ਨੂੰ ਹਜਮ ਕਰਦੇ ਹੋਏ ਕਿਹਾ, “ਘਰ ਲੈ ਜਾਓ, ਹੋਸ਼ ਵਿਚ ਆ ਜਾਏਗੀ ਤਾਂ ਹਲਦੀ ਪਾ ਕੇ ਇਕ ਗਲਾਸ ਦੁੱਧ ਪਿਆ ਦੇਣਾ...ਹੁਣ ਇਹ ਬਿਲਕੁਲ ਠੀਕ ਏ।” ਅਸਲ ਵਿਚ ਕਮਰੇ ਵਿਚ ਵੜਦਿਆਂ ਹੀ ਝਟਕੇ ਨਾਲ ਉੱਠਣ ਕਰਕੇ ਲੱਕ ਦੀ ਹਿੱਲੀ ਹੋਈ ਹੱਡੀ ਨੂੰ ਚਰਰ ਕਰਕੇ ਠਿਕਾਣੇ ਸਿਰ ਹੁੰਦਿਆਂ ਸੁਣ ਲਿਆ ਸੀ ਬੱਚਾ ਬਾਬੂ ਨੇ।
ਬੱਚਾ ਬਾਬੂ ਨੇ ਉਸਨੂੰ ਠੀਕ ਤਾਂ ਕਰ ਦਿੱਤਾ, ਇਸ ਕਰਕੇ ਉਹਨਾਂ ਦੀ ਚਰਚਾ ਵੀ ਥਾਂ-ਥਾਂ ਹੋਈ। ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਇਸ ਕਲਾ ਤੇ ਸ਼ਾਤਰਪੁਨੇ ਦੀ। ਪਰ ਪਿੰਡ ਵਾਲਿਆਂ ਦੇ ਮਨ ਵਿਚ ਇਹ ਧੜਕਾ ਰਹਿ ਗਿਆ ਕਿ ਸਿਰਫ਼ ਰਾਮਸੁਜਾਨ ਦੀ ਬਹੂ ਨੂੰ ਹੀ ਬੱਚਾ ਬਾਬੂ ਨੇ ਪੂਰੇ ਕੱਪੜੇ ਲਾਹੁਣ ਲਈ ਕਿਉਂ ਕਿਹਾ? ਉਹਨਾਂ ਦੇ ਸਾਹਮਣੇ ਤਾਂ ਹੱਡੀਆਂ ਦੇ ਇਕ ਤੋਂ ਇਕ ਉਲਝੇ ਹੋਏ ਕੇਸ ਆਏ ਜਿਹੜੇ ਬੱਚਾ ਬਾਬੂ ਨੇ ਸੁਲਝਾਏ ਪਰ ਕੀ ਇਹ ਕੇਸ ਵਾਕੱਈ ਏਨਾ ਵਿਸ਼ੇਸ਼ ਸੀ? ਹੁਣ ਬੱਚਾ ਬਾਬੂ ਕੋਲ ਇਸ ਕੇਸ ਲਈ ਵਾਕੱਈ ਇਹ ਆਖ਼ਰੀ ਬ੍ਰਹਮਅਸਤਰ ਸੀ ਜਾਂ ਫੇਰ ਉਹ ਵਾਕੱਈ ਰਾਮਸੁਜਾਨ ਸਿੰਘ ਦੀ ਬਹੂ ਨੂੰ ਨੰਗਿਆਂ ਦੇਖਣਾ ਚਾਹੁੰਦੇ ਸਨ ਉਹ? ਇਹ ਇਕ ਰਹੱਸ ਹੀ ਰਹਿ ਗਿਆ—
ਜੇ ਤੁਸੀਂ ਸ਼ੱਕ ਕਰਨਾ ਚਾਹੋ ਤਾਂ ਵਾਕੱਈ ਬੱਚਾ ਬਾਬੂ ਦੇ ਜੀਵਨ ਵਿਚ ਇਹ ਇਕ ਅਜਿਹਾ ਦਾਗ਼ ਹੈ ਜਿਸ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ, ਨਹੀਂ ਤਾਂ ਬੱਚਾ ਬਾਬੂ ਦਾ ਜੀਵਨ ਵਿਵਾਦਾਂ ਤੋਂ ਪਰ੍ਹੇ ਹੈ।
ਬੱਚਾ ਬਾਬੂ ਦੇ ਪਿਤਾ ਨੇ ਕਿੰਨਾ ਕਮਾਇਆ ਤੇ ਕਿੰਨਾ ਧਨ ਜੋੜਿਆ ਇਹਦਾ ਤਾਂ ਹੁਣ ਪਤਾ ਨਹੀਂ ਪਰ ਇਹ ਜ਼ਰੂਰ ਹੈ ਕਿ ਜਦੋਂ ਬੱਚਾ ਬਾਬੂ ਨੇ ਆਪਣਾ ਜੀਵਨ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਅਚਲ ਸੰਪਤੀ ਦੇ ਰੂਪ ਵਿਚ ਖਪਰੈਲ ਦਾ ਇਕ ਘਰ ਤੇ ਦੋ ਟੱਕ ਖੇਤ ਦੇ ਇਲਾਵਾ ਕੁਝ ਨਹੀਂ ਸੀ। ਹਾਂ ਘਰ ਏਨਾ ਤੰਗ ਨਹੀਂ ਸੀ ਕਿ ਉਸ ਵਿਚ ਆਰਾਮ ਨਾਲ ਰਿਹਾ ਨਾ ਜਾ ਸਕੇ। ਖੇਤ ਘਰ ਤੋਂ ਬਹੁਤੇ ਦੂਰ ਨਹੀਂ ਸਨ। ਪਰ ਖੇਤੀ ਉਹਨਾਂ ਦਾ ਸ਼ੁਗਲ ਸੀ।
ਬੱਚਾ ਬਾਬੂ ਉਹਨਾਂ ਖੇਤਾਂ ਵਿਚ ਹੁੰਦੇ ਸਨ ਤਾਂ ਪੂਰੇ ਕਿਸਾਨ ਲੱਗੇ ਸਨ। ਉਹਨਾਂ ਨੂੰ ਜੇ ਹੱਡੀਆਂ ਜੋੜਨ ਦੇ ਇਲਮ ਨਾਲੋਂ ਵੱਖ ਕਰਕੇ ਦੇਖਿਆ ਜਾਵੇ ਤਾਂ ਉਹ ਪੂਰੀ ਤਰ੍ਹਾਂ ਕਿਸਾਨ ਸਨ। ਧੋਤੀ ਕੁੜਤੇ ਵਿਚ ਜਾਂਦਾ ਹੋਇਆ ਕਿਸਾਨ। ਖੇਤ ਵਿਚ ਮਜਦੂਰਾਂ ਨਾਲ ਪਾਣੀ ਲਾਉਂਦਾ ਹੋਇਆ ਕਿਸਾਨ। ਬੀਜ ਬੀਜਦਾ ਹੋਇਆ ਕਿਸਾਨ। ਫੇਰ ਕਟਾਈ ਕਰਦਾ, ਰੌਣੀ ਕਰਦਾ ਹੋਇਆ ਕਿਸਾਨ। ਵੈਸੇ ਸੱਚ ਕਿਹਾ ਜਾਵੇ ਤਾਂ ਬੱਚਾ ਬਾਬੂ ਨੇ ਆਪਣੀ ਕਿਸਾਨੀ ਤੇ ਹੱਡੀ ਜੋੜਨ ਦੀ ਕਲਾ ਨੂੰ ਲਗਭਗ ਰਲਾਮਿਲਾ ਦਿੱਤਾ ਸੀ। ਉਹ ਡਾਕਟਰ ਵਾਂਗ ਹੱਡੀ ਦੇ ਮਰੀਜ਼ ਵੇਖਦੇ ਤੇ ਕਿਸਾਨ ਵਾਂਗ ਖੇਤੀ ਕਰਦੇ। ਕਿਸਾਨ ਵਾਂਗ ਦਿਸਣ ਵਿਚ ਉਹਨਾ ਨੂੰ ਕੋਈ ਗੁਰੇਜ ਨਹੀਂ ਸੀ। ਜਦੋਂ ਖੇਤੀ ਕਰਦੇ ਤਾਂ ਉਸ ਵੇਲੇ ਵੀ ਉਹਨਾਂ ਦੀ ਸੋਚ ਵਿਚ ਲਗਾਤਾਰ ਹੱਡੀ-ਚਿੰਤਨ ਚਲਦਾ ਰਹਿੰਦਾ। ਬੱਚਾ ਬਾਬੂ 'ਦਾਲ' ਸ਼ਬਦ ਨੂੰ ਚੱਬਦੇ ਹੋਏ ਲੋਕਾਂ ਸਾਹਵੇਂ ਸ਼ਿਕਾਇਤ ਕਰਦੇ, “ਦਾਲ ਨਹੀਂ ਖਾਂਦੇ ਲੋਕ। ਓਇ ਦਾਲ ਨਾ ਖਾਓਗੇ ਸਾਲਿਓ ਤਾਂ ਇਵੇਂ ਹੱਡੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ। ਅੱਜ ਕਲ੍ਹ ਤਾਂ ਹੱਥ ਉੱਤੇ ਅਰਹਲ ਦਾ ਫੁੱਲ ਡਿੱਗ ਪਏ ਤਾਂ ਹੱਡੀ ਖਿਸਕ ਜਾਂਦੀ ਏ। ਇਕ ਸਾਡਾ ਸਮਾਂ ਹੁੰਦਾ ਸੀ...ਪੈਰ ਤੋਂ ਬਲ੍ਹਦ ਗੱਡੀ ਲੰਘ ਜਾਂਦੀ ਸੀ ਤਾਂ ਮੋਚ ਵੀ ਨਹੀਂ ਸੀ ਆਉਂਦੀ।” ਲੋਕਾਂ ਨੂੰ ਦਾਲ ਜ਼ਰੂਰ ਯੋਗ ਮਾਤਰਾ ਵਿਚ ਖਾਣੀ ਚਾਹੀਦੀ ਹੈ ਇਸ ਲਈ ਬੱਚਾ ਬਾਬੂ ਆਪਣੇ ਵੱਲੋਂ ਇਕ ਛੋਟੀ ਜਿਹਾ ਕੋਸ਼ਿਸ਼ ਕਰਦੇ ਸਨ ਕਿ ਉਹ ਆਪਣੇ ਖੇਤ ਵਿਚ ਸਿਰਫ਼ ਦਾਲ ਹੀ ਬੀਜਦੇ ਸਨ। ਉਹ 'ਕੋਸ਼ਿਸ਼' ਸ਼ਬਦ ਨੂੰ ਨਿਗਲ ਕੇ ਕਹਿੰਦੇ ਸਨ, “ਕੋਸ਼ਿਸ਼ ਤਾਂ ਹਰੇਕ ਨੂੰ ਕਰਨੀ ਓ ਚਾਹੀਦੀ ਏ।”
ਬੱਚਾ ਬਾਬੂ ਦੀ ਮਨ ਭਾਉਂਦੀ ਫਸਲ ਸੀ ਅਰਹਰ। ਉਹ ਉਸਨੂੰ ਰਾਹਰ ਕਹਿੰਦੇ ਸਨ। ਬਰਸਾਤ ਦੇ ਮੌਸਮ ਵਿਚ ਜਦੋਂ ਖੇਤ ਵਿਚ ਨਮੀ ਹੁੰਦੀ ਉਦੋਂ ਉਹ ਲੁੰਗੀ ਬੰਨ੍ਹ ਕੇ ਆਪਣੇ ਖੇਤ ਵਿਚ ਪਹੁੰਚ ਜਾਂਦੇ ਤੇ ਆਪਣੇ ਹੱਥੀਂ ਉਸ ਵਿਚ ਬੀਜਾਈ ਕਰਦੇ। ਬੀਆਂ ਦਾ ਛੱਟਾ ਦੇਣ ਮਗਰੋਂ ਫੇਰ ਉਸ ਵਾਹਣ ਦੀ ਬਲ੍ਹਦਾਂ ਨਾਲ ਜੁਤਾਈ ਕਰਦੇ। ਬੜੀ ਨੀਝ ਨਾਲ ਉਹ ਆਪਣੇ ਸਾਹਮਣੇ ਰਾਹਰ ਦੀ ਫਸਲ ਨੂੰ ਵੱਡਾ ਹੁੰਦਿਆਂ ਵੇਖਦੇ ਤੇ ਫੇਰ ਬੂਟੇ ਵੱਡੇ ਹੋ ਜਾਣ ਪਿੱਛੋਂ ਉਹ ਉਹਨਾਂ ਨਾਲ ਰੁੱਝ ਜਾਂਦੇ। ਬੱਚਾ ਬਾਬੂ ਉਹਨਾਂ ਬੂਟਿਆਂ ਦੀਆਂ ਟਾਹਣੀਆਂ ਨੂੰ ਤੋੜਦੇ ਤੇ ਖੇਤ ਦੀ ਵੱਟ ਉੱਤੇ ਬੈਠੇ ਉਹਨਾਂ ਟਾਹਣੀਆਂ ਦੇ ਟੁਕੜਿਆਂ ਨਾਲ ਰੁੱਝੇ ਰਹਿੰਦੇ। ਰਾਹਰ ਦੇ ਬੂਟਿਆਂ ਦੀਆਂ ਟਾਹਣੀਆਂ ਕੱਟ ਦੀ ਆਵਾਜ਼ ਨਾਲ ਟੁੱਟ ਜਾਂਦੀਆਂ ਤੇ ਫੇਰ ਉਹ ਬੜੇ ਹੀ ਯਤਨ ਨਾਲ ਐਨ ਹੱਡੀ ਵਾਂਗ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ। ਅਰਹਰ ਦੇ ਬੂਟੇ ਦੇ ਵੱਡੇ ਹੋਣ ਤੇ ਉਸਦੇ ਕੱਟੇ ਜਾਣ ਤਕ ਲਗਭਗ ਰੋਜ਼ ਹੀ ਉਹਨਾਂ ਨੂੰ ਇਵੇਂ ਕਰਦਿਆਂ ਵੇਖਿਆ ਜਾ ਸਕਦਾ ਸੀ। ਇਕ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਅਰਹਰ ਦੀਆਂ ਉਹਨਾਂ ਟਾਹਣੀਆਂ ਉੱਤੇ ਆਪਣੀ ਪ੍ਰੈਕਟਿਸ ਕਰਦੇ ਸਨ। ਇਹ ਖੇਤ ਇਕ ਤਰ੍ਹਾਂ ਨਾਲ ਉਹਨਾਂ ਦੀ ਪ੍ਰਯੋਗਸ਼ਾਲਾ ਸੀ।
ਭਾਵੇਂ ਘੱਟ ਹੀ ਸਹੀ ਪਰ ਜਿੰਨੀ ਵੀ ਜ਼ਮੀਨ ਓਹਨਾਂ ਕੋਲ ਸੀ ਦੋ ਟੱਕਾਂ ਵਿਚ ਵੰਡੀ ਹੋਈ ਸੀ। ਇਕ ਟੱਕ ਇਕ ਥਾਂ ਦੂਜਾ ਟੱਕ ਦੂਜੀ ਥਾਂ। ਕਦੇ ਕਦਾਰ ਅਰਹਰ ਦੀ ਖੇਤੀ ਤੋਂ ਮਨ ਅੱਕਿਆ ਹੁੰਦਾ ਤਾਂ ਉਹ ਆਪਣੇ ਖੇਤ ਵਿਚ ਗੋਟ (ਸਾਗ ਸਬਜ਼ੀਆਂ) ਬੀਜ ਦਿੰਦੇ ਸਨ। ਉਹਨਾਂ ਦੀਆਂ ਟਾਹਣੀਆਂ ਨੂੰ ਵੀ ਉਸੇ ਤਰ੍ਹਾਂ ਕੱਟ ਦੀ ਆਵਾਜ਼ ਨਾਲ ਤੋੜਦੇ ਤੇ ਫੇਰ ਜੋੜਦੇ ਰਹਿੰਦੇ। ਦੋਵਾਂ ਖੇਤਾਂ ਨਾਲ ਬੱਚਾ ਬਾਬੂ ਇਕੋ-ਜਿਹਾ ਪਿਆਰ ਕਰਦੇ ਸਨ। ਬੱਚਾ ਬਾਬੂ ਇਕੋ-ਜਿਹਾ ਟਾਈਮ ਦੋਵਾਂ ਖੇਤਾਂ ਨੂੰ ਦਿੰਦੇ ਤੇ ਜਦੋਂ ਉਹ ਆਪਣੇ ਘਰ ਹੁੰਦੇ ਤਾਂ ਵੀ ਆਪਣੇ ਚੇਤਿਆਂ ਵਿਚ ਦੋਵਾਂ ਖੇਤਾਂ ਨੂੰ ਸਮੇਟੀ ਰੱਖਦੇ। ਉਹ ਆਪਣੇ ਬਿਸਤਰੇ 'ਤੇ ਵੀ ਦੋਵਾਂ ਖੇਤਾਂ ਦੇ ਨਾਲ ਹੀ ਸੌਂਦੇ ਸਨ। ਉਹ ਆਪਣੇ ਸੁਪਨਿਆਂ ਵਿਚ ਅਕਸਰ ਵੇਖਦੇ ਕਿ ਉਹਨਾਂ ਦੇ ਦੋਵੇਂ ਖੇਤ ਧੂੰਆਂ ਬਣ ਕੇ ਉਪਰ ਉੱਡ ਕੇ ਇਕ ਦੂਜੇ ਨਾਲ ਮਿਲ ਗਏ ਨੇ। ਬੱਚਾ ਬਾਬੂ ਆਪਣੇ ਸੁਪਨੇ ਵਿਚ ਕਹਿੰਦੇ, “ਤੁਸੀਂ ਦੋਵੇਂ ਮੇਰੇ ਪੁੱਤਰ ਓ। ਦੋ ਪਿਆਰੇ ਪਿਆਰੇ ਪੁੱਤਰ।”
ਬੱਚਾ ਬਾਬੂ ਦੇ ਘਰ ਦੋ ਗਾਵਾਂ ਸਨ। ਦੋਵੇਂ ਗਾਵਾਂ ਵਾਰੋ-ਵਾਰੀ ਨਾਲ ਦੁੱਧ ਦਿੰਦੀਆਂ ਸਨ। ਇਕ ਦੁੱਧ ਦਿੰਦੀ ਤਾਂ ਦੂਜੀ ਓਹਨੀਂ ਦਿਨੀਂ ਗੱਭਣ ਹੁੰਦੀ। ਉਹ ਦੋਵੇਂ ਗਾਵਾਂ ਬੱਚਾ ਬਾਬੂ ਨੂੰ ਪਛਾਣਦੀਆਂ ਸਨ। ਉਹ ਵਿਹੜੇ 'ਚ ਖਲੋ ਕੇ ਆਵਾਜ਼ ਮਾਰਦੇ ਸਨ ਤੇ ਉਹ ਉਹਨਾਂ ਨੂੰ ਮਿਲਣ ਆ ਜਾਂਦੀਆਂ ਸਨ। ਜਦੋਂ ਉਹ ਘਰ ਨਹੀਂ ਸੀ ਹੁੰਦੇ ਤੇ ਲੋਕੀ ਉਹਨਾਂ ਨੂੰ ਲੱਭਣ ਆਉਂਦੇ ਤਾਂ ਉਹ ਗਾਵਾਂ ਉਹਨਾਂ ਲੋਕਾਂ ਨੂੰ ਜਵਾਬ ਦਿੰਦੀਆਂ ਸਨ।
ਸ਼ਾਦੀ ਦੇ ਚਾਰ ਵਰ੍ਹਿਆਂ ਦੇ ਅੰਦਰ ਬੱਚਾ ਬਾਬੂ ਦੇ ਦੋ ਵਰ੍ਹਿਆਂ ਦੇ ਵਕਫ਼ੇ ਨਾਲ ਦੋ ਬੱਚੀਆਂ ਹੋਈਆਂ। ਦੋ ਬੱਚੀਆਂ ਯਾਨੀ ਦੋ ਕਬੂਤਰ। ਬੱਚਾ ਬਾਬੂ ਆਪਣੀਆਂ ਬੱਚੀਆਂ ਨਾਲ ਘਰ ਵਿਚ ਗੁਟਕਦੇ ਰਹਿੰਦੇ। ਬੱਚਾ ਬਾਬੂ ਦੀ ਨਜ਼ਰ ਵਿਚ ਕਬੂਤਰ, ਕਬੂਤਰੀ ਵਿਚ ਕੋਈ ਫਰਕ ਨਹੀਂ ਸੀ...ਇਸੇ ਲਈ ਉਹਨਾਂ ਆਪਣੀ ਘਰਵਾਲੀ ਨੂੰ ਕਦੀ ਸ਼ਿਕਾਇਤ ਨਹੀਂ ਸੀ ਕੀਤੀ ਕਿ ਉਸਨੇ ਮੁੰਡਾ ਕਿਓਂ ਨਹੀਂ ਜੰਮਿਆਂ। ਜਾਂ ਫੇਰ ਇਸੇ ਕਰਕੇ ਉਹਨਾਂ ਅੱਗੇ ਕੋਈ ਯਤਨ ਨਹੀਂ ਕੀਤਾ ਕਿ ਉਹਨਾਂ ਦਾ ਵਾਰਸ ਹੋ ਜਾਏ। ਬੱਚਾ ਬਾਬੂ ਕਹਿੰਦੇ ਕਿ 'ਜੋ ਮੇਰੇ ਕੋਲ ਏ ਉਹ ਮੈਂ ਆਪਣੇ ਵਾਰਸ ਨੂੰ ਐਨ ਉਸੇ ਰੂਪ ਵਿਚ ਦੇ ਵੀ ਤਾਂ ਨਹੀਂ ਸਕਦਾ।'
ਦੋਵਾਂ ਕੁੜੀਆਂ ਨੂੰ ਬੱਚਾ ਬਾਬੂ ਨੇ ਬੜੇ ਯਤਨਾਂ ਨਾਲ ਪਾਲਿਆ। ਦੋਵੇਂ ਕੁੜੀਆਂ ਵੱਡੀਆਂ ਹੋ ਕੇ ਬੜੀਆਂ ਗੁਣੀ ਬਣੀਆਂ। ਦੋਵੇਂ ਆਪਣੇ ਪਿਤਾ ਨੂੰ ਦਾਦਾ (ਵੱਡਾ ਭਰਾ) ਕਹਿੰਦੀਆਂ ਸਨ ਤੇ ਆਪਣੀ ਮਾਂ ਨੂੰ ਦੀਦੀ। ਦੋਵਾਂ ਕੁੜੀਆਂ ਨੂੰ ਆਪਣੇ ਪਿਤਾ ਨਾਲ ਵੱਧ ਪਿਆਰ ਸੀ ਤੇ ਲਾਡ ਨਾਲ ਅਕਸਰ ਉਹ ਆਪਣੇ ਪਿਤਾ ਨਾਲ ਖੇਤ ਘੁੰਮਣ ਜਾਣ ਦੀ ਜ਼ਿਦ ਕਰਦੀਆਂ ਸੀ। ਪਿਤਾ ਉਹਨਾਂ ਨੂੰ ਆਪਣੇ ਨਾਲ ਗੋਟ ਵਾਲੇ ਖੇਤ ਵਿਚ ਲੈ ਜਾਂਦੇ। ਕੁੜੀਆਂ ਉਹਨਾਂ ਬੂਟਿਆਂ ਵਿਚ ਚਹਿਕਦੀਆਂ ਸਨ ਤੇ ਬੱਚਾ ਬਾਬੂ ਉਸ ਖੇਤ ਦੀ ਵੱਟ ਉੱਤੇ ਬੈਠੇ ਆਪਣੀਆਂ ਟਾਹਣੀਆਂ ਨਾਲ ਇਲਾਜ਼ ਕਰਦੇ ਰਹਿੰਦੇ। ਪੀਲੇ-ਪੀਲੇ ਫੁੱਲਾਂ ਵਿਚਕਾਰ ਉਦੋਂ ਬੱਚਾ ਬਾਬੂ ਦੀਆਂ ਧੀਆਂ ਵਾਕੱਈ ਕਬੂਤਰਾਂ ਵਰਗੀਆਂ ਲੱਗਦੀਆਂ।
ਪਰ ਧੀਆਂ ਕਬੂਤਰ ਨਹੀਂ, ਕਬੂਤੀਆਂ ਸਨ ਇਸ ਲਈ ਇਕ ਦਿਨ ਉਹਨਾਂ ਨੇ ਬੱਚਾ ਬਾਬੂ ਦੇ ਬਨੇਰੇ ਤੋਂ ਉੱਡ ਜਾਣਾ ਸੀ।
ਲਗਭਗ ਦੋ ਸਾਲ ਦੇ ਵਕਫ਼ੇ ਨਾਲ ਦੋਵੇਂ ਧੀਆਂ ਵਿਦਾਅ ਹੋਈਆਂ। ਪਿਤਾ ਬੱਚਾ ਬਾਬੂ ਅਥਾਹ ਡੂੰਘਾਈ ਵਿਚ ਗੋਤੇ ਖਾਣ ਲੱਗੇ। ਦੁੱਖ ਧੀਆਂ ਦੇ ਵਿਦਾਅ ਹੋਣ ਦਾ ਵੀ ਸੀ ਤੇ ਆਪਣੇ ਖੇਤਾਂ ਦੇ ਹੱਥੋਂ ਨਿਕਲਣ ਦਾ ਵੀ। ਜਿਹਨਾਂ ਖੇਤਾਂ ਨੂੰ ਆਪਣੀਆਂ ਬਾਹਾਂ ਵਿਚ ਸਮੇਟ ਕੇ ਆਪਣਾ ਜੀਵਨ ਬਿਤਾਅ ਰਹੇ ਸਨ—ਉਹੀ ਖੇਤ ਉਹਨਾਂ ਦੀਆਂ ਬਾਹਾਂ ਵਿਚੋਂ ਨਿਕਲ ਕੇ ਹਵਾ ਵਿਚ ਉੱਠਣ ਲੱਗੇ।
ਬੱਚਾ ਬਾਬੂ ਦੀਆਂ ਦੋਵੇਂ ਧੀਆਂ ਬੜੀਆਂ ਗੁਣੀ ਸਨ। ਕਿਸੇ ਪਿਤਾ ਨੂੰ ਇਸ ਨਾਲੋਂ ਵਧ ਕੀ ਚਾਹੀਦਾ ਹੈ। ਧੀਆਂ ਨੇ ਕਦੋਂ ਜਵਾਨੀ ਦੀ ਲਕੀਰ ਪਾਰ ਲਈ , ਪਿਤਾ ਨੂੰ ਇਸਦਾ ਪਤਾ ਤਕ ਨਹੀਂ ਲੱਗਿਆ। ਧੀਆਂ ਨੂੰ ਸਕੂਲ ਪਿੱਛੋਂ ਉਹਨਾਂ ਨੇ ਕਾਲਜ ਦੀ ਦਹਿਲੀਜ ਤਕ ਵੀ ਪਹੁੰਚਾਇਆ। ਕੁੜੀਆਂ ਖਾਣਾ ਬਣਾਉਣਾ ਜਾਣਦੀਆਂ ਸਨ। ਸਿਲਾਈ ਕਢਾਈ ਤੇ ਅਦਬ ਦੇ ਇਲਾਵਾ ਉਹਨਾਂ ਕੋਲ ਸ਼ਰਮ ਤੇ ਹਯਾਅ ਵੀ ਸੀ। ਬੱਚਾ ਬਾਬੂ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਸਨ ਤੇ ਇਹ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਅਜਿਹਾ ਵੀ ਆਏਗਾ ਕਿ ਉਹਨਾਂ ਨੂੰ ਇਹਨਾਂ ਕਬੂਤਰੀਆਂ ਵਰਗੀਆਂ ਧੀਆਂ ਦੇ ਵਿਆਹ ਦੀ ਪ੍ਰੇਸ਼ਾਨੀ ਝੱਲਣੀ ਪਏਗੀ।
ਦੋਵਾਂ ਧੀਆਂ ਦੇ ਵਿਆਹ ਵਿਚ ਬੱਚਾ ਬਾਬੂ ਦੇ ਦੋਵੇਂ ਖੇਤ ਬੈ ਹੋ ਗਏ ਇੰਜ ਲੱਗਿਆ ਜਿਵੇਂ ਉਹਨਾਂ ਦੇ ਜੀਵਨ ਵਿਚ ਇਹ ਸਭ ਕੁਝ ਪਹਿਲੋਂ ਤੋਂ ਹੀ ਨਿਸ਼ਚਿਤ ਸੀ। ਉਹਨਾਂ ਦੇ ਪਿਤਾ ਨੇ ਏਨੀ ਜ਼ਮੀਨ ਹੀ ਛੱਡੀ ਸੀ ਇਸਦੇ ਇਲਾਵਾ ਹੋਰ ਕੁਝ ਨਹੀਂ। ਦੋਵੇਂ ਖੇਤ ਲਗਭਗ ਬਰਾਬਰ ਦੇ ਸਨ ਤੇ ਧੀਆਂ ਵੀ ਦੋ ਹੀ ਹੋਈਆਂ। ਉਸ ਉੱਤੇ ਕਮਾਲ ਦੀ ਗੱਲ ਇਹ ਕਿ ਬੱਚਾ ਬਾਬੂ ਕੋਲ ਕਦੀ ਵੀ ਏਨਾ ਪੈਸਾ ਨਹੀਂ ਆਇਆ ਕਿ ਉਹ ਇਹ ਸੋਚ ਸਕਣ ਕਿ ਦੋਵਾਂ ਧੀਆਂ ਦੀ ਸ਼ਾਦੀ ਉਹ ਸਿਰਫ਼ ਆਪਣੇ ਜਮ੍ਹਾਂ ਕੀਤੇ ਪੈਸੇ ਨਾਲ ਕਰ ਦੇਣਗੇ। ਦੋਵਾਂ ਧੀਆਂ ਦੇ ਵਿਆਹ ਵਿਚ ਲਗਭਗ ਦੋ ਵਰ੍ਹਿਆਂ ਦਾ ਅੰਤਰ ਰਿਹਾ ਇਸ ਲਈ ਇਸ ਨੂੰ ਇੰਜ ਸਮਝਿਆ ਜਾਏ ਕਿ ਦੂਜੇ ਖੇਤ ਦਾ ਟੁਕੜਾ ਲਗਭਗ ਦੋ ਵਰ੍ਹੇ ਵੱਧ ਉਹਨਾਂ ਕੋਲ ਰਿਹਾ।
ਬੱਚਾ ਬਾਬੂ ਦੀਆਂ ਬਾਹਾਂ ਵਿਚੋਂ ਉਹਨਾਂ ਦੇ ਖੇਤਾਂ ਦਾ ਨਿਕਲ ਜਾਣਾ ਉਹਨਾਂ ਨੂੰ ਕਿੰਨਾ ਰੜਕਦਾ ਸੀ ਇਹ ਸਿਰਫ਼ ਉਹੀ ਜਾਣਦੇ ਸਨ। ਉਹ ਆਪਣੇ ਮਨ ਵਿਚ ਸੋਚਦੇ ਸਨ ਕਿ ਹੁਣ ਉਹਨਾਂ ਕੋਲ ਆਉਣ ਵਾਲੇ ਮੁਸ਼ਕਲ ਕੇਸਾਂ ਦੀ ਪ੍ਰੈਕਟਿਸ ਉਹ ਕਿੱਥੇ  ਕਰਿਆ ਕਰਨਗੇ।
ਬੱਚਾ ਬਾਬੂ ਦਾ ਘਰ ਸੁੰਨਾ ਹੋ ਗਿਆ। ਉਹਨਾਂ ਦਾ ਜੀਵਨ ਸੁੰਨਾ ਹੋ ਗਿਆ। ਪਰ ਉਹ ਟੁੱਟੇ ਨਹੀਂ। ਉਹਨਾਂ ਸੋਚਿਆ ਖੇਤ ਬੈ ਹੀ ਤਾਂ ਕੀਤੇ ਨੇ, ਕੋਈ ਵੇਚੇ ਤਾਂ ਨਹੀਂ। ਪੂਰੇ ਯਤਨ ਨਾਲ ਮਿਹਨਤ ਕਰਕੇ ਇਹਨਾਂ ਨੂੰ ਛੁਡਾਅ ਲਵਾਂਗੇ। ਆਪਣੇ ਮਨ ਵਿਚ ਕਹਿੰਦੇ, “ਤੁਹਾਨੂੰ ਮੈਂ ਆਪਣੇ ਕੋਲ ਫੇਰ ਲਿਆਵਾਂਗਾ ਮੇਰੇ ਬੱਚਿਓ।”
ਬੱਚਾ ਬਾਬੂ ਦੀ ਪਤਨੀ ਦਾ ਨਾ ਕਲਿਆਣੀ ਸੀ। ਉਹ ਵੀ ਬੱਚਾ ਬਾਬੂ ਵਾਂਗ ਈ ਮੋਟੀ ਤੇ ਲੰਬਾਈ ਵਿਚ ਛੋਟੀ ਸੀ। ਦੋਵਾਂ ਦੀ ਜੋੜੀ ਬੜੀ ਚੰਗੀ ਲੱਗਦੀ ਸੀ। ਕਲਿਆਣੀ ਹਰ ਵੇਲੇ ਆਪਣੇ ਪਤੀ ਨੂੰ ਤਾਅਨੇ ਮਾਰਦੀ ਕਿ ਤੁਹਾਡੇ ਨਾਲ ਵਿਆਹ ਕਰਵਾ ਕੇ ਮੈਨੂੰ ਕੀ ਮਿਲਿਆ। ਖੇਤ ਚਲੇ ਜਾਣ ਕਰਕੇ ਕਲਿਆਣੀ ਵੀ ਬੜੀ ਦੁਖੀ ਸੀ। ਬੱਚਾ ਬਾਬੂ ਤਸੱਲੀ ਦਿੰਦੇ। 'ਹੌਸਲਾ' ਸ਼ਬਦ ਨੂੰ ਚੱਬ ਕੇ ਆਪਣੀ ਪਤਨੀ ਨੂੰ ਸਮਝਾਉਂਦੇ, “ਹੌਸਲਾ ਰੱਖ, ਧੀਆਂ ਸਹੁਰੇ ਘਰੀਂ ਸੁਖੀ ਨੇ। ਤੇਰੇ ਖੇਤਾਂ ਨੂੰ ਵੀ ਜਲਦੀ ਛੁਡਾਅ ਦਿਆਂਗੇ।” ਪਰ ਉਹਨਾਂ ਦੀ ਗੱਲ 'ਤੇ ਪਤਨੀ ਨੂੰ ਯਕੀਨ ਨਾ ਆਉਂਦਾ। ਕਹਿੰਦੀ, “ਤੁਹਾਡਾ ਕਿੰਨਾ ਵੀ ਨਾਂ ਹੋ ਜਾਏ, ਇਸ ਨਾਲ ਸਾਨੂੰ ਕੀ ਭਾਅ।” ਕਲਿਆਣੀ ਨੂੰ ਸਭ ਤੋਂ ਵੱਡੀ ਚਿੰਤਾ ਸੀ ਦੋਵਾਂ ਦੇ ਬੁਢਾਪੇ ਦੀ। ਕਹਿੰਦੀ, “ਜਦੋਂ ਤਕ ਹੱਥ ਪੈਰ ਚਲਦੇ ਐ ਉਦੋਂ ਤਕ ਤਾਂ ਕਿਸੇ ਤਰ੍ਹਾਂ ਦਾਲ ਰੋਟੀ ਚਲਦੀ ਰਹੇਗੀ। ਪਰ ਕਦੀ ਸੋਚਿਆ ਏ ਕਿ ਜਿਸ ਦਿਨ ਤੁਹਾਡੇ ਹੱਥੋਂ ਹੱਡੀਆਂ ਆਪਣੀ ਸਹੀ ਜਗ੍ਹਾ ਲੈਣੀ ਛੱਡ ਦੇਣਗੀਆਂ ਉਸ ਦਿਨ ਪਿੱਛੋਂ ਆਪਣਾ ਗੁਜਾਰਾ ਕਿਵੇਂ ਚੱਲੇਗਾ?”
ਭਾਵੇਂ ਕਲਿਆਣੀ ਬੱਚਾ ਬਾਬੂ ਨੂੰ ਤਾਅਨਾ ਮਾਰਦੀ ਹੋਏ ਪਰ ਇਹ ਸੱਚ ਸੀ ਕਿ ਬੱਚਾ ਬਾਬੂ ਦੇ ਹੱਥੋਂ ਜਦੋਂ ਦੇ ਖੇਤ ਨਿਕਲੇ ਸੀ ਉਸ ਦਿਨ ਤੋਂ ਉਹਨਾਂ ਦੀ ਆਪਣੀ ਇਸ ਪ੍ਰੈਕਟਿਸ ਵਿਚ ਸਿਰਫ਼ ਦਾਲ ਰੋਟੀ ਹੀ ਚੱਲਣ ਲੱਗੀ ਸੀ।
ਬੱਚਾ ਬਾਬੂ ਆਪਣੀ ਫੀਸ ਵਧਾਉਣ ਦੀ ਬਾਰੇ ਸੋਚਦੇ ਪਰ ਇਹ ਸੋਚ ਕੇ ਚੁੱਪ ਵੱਟ ਜਾਂਦੇ ਕਿ ਉਹਨਾਂ ਗਰੀਬ ਲੋਕਾਂ ਦੀ ਏਨੀ ਓਕਾਤ ਨਹੀਂ। ਪਰ ਕਿਉਂਕਿ ਉਹਨਾਂ ਨੂੰ ਆਪਣੇ ਖੇਤ ਛੁਡਾਉਣ ਦੀ ਬੜੀ ਜਲਦੀ ਸੀ ਇਸ ਲਈ ਉਹ ਬੇਚੈਨ ਵੀ ਰਹਿੰਦੇ ਸਨ।
ਥੋੜ੍ਹੀ ਬਹੁਤ ਉਹਨਾਂ ਆਪਣੀ ਫੀਸ ਵਧਾਈ ਜ਼ਰੂਰ। ਉਹਨਾਂ ਦੀਆਂ ਦੋਵਾਂ ਗਊਆਂ ਨੇ ਉਹਨਾਂ ਦੀ ਇਸ ਸੰਕਟ ਦੀ ਘੜੀ ਵਿਚ ਉਹਨਾਂ ਦਾ ਬੜਾ ਸਾਥ ਦਿੱਤਾ। ਗਊਆਂ ਨੇ ਵੱਛੇ ਦਿੱਤੇ। ਦੁੱਧ ਵੀ ਵਾਹਵਾ ਰਿਹਾ।
ਗੱਲ ਸਿਰਫ਼ ਏਨੀ ਹੈ ਕਿ ਕੁਲ ਮਿਲਾ ਕੇ ਬੱਚਾ ਬਾਬੂ ਨੇ ਦੋ ਵਰ੍ਹਿਆਂ ਬਾਅਦ ਏਨੇ ਰੁਪਏ ਇਕੱਠੇ ਕਰ ਲਏ ਕਿ ਘੱਟੋ ਘੱਟ ਆਪਣਾ ਇਕ ਖੇਤ ਛੁਡਾਅ ਸਕਣ। ਇਹ ਕਹਿਣ ਦੀ ਲੋੜ ਨਹੀਂ ਕਿ ਆਪਣੇ ਸਾਰੇ ਯਤਨਾਂ ਦੇ ਬਾਅਦ ਵੀ ਬੱਚਾ ਬਾਬੂ ਕੋਲ ਉਸ ਖੇਤ ਲਈ ਪੈਸੇ ਏਨੀ ਜਲਦੀ ਪੂਰੇ ਨਹੀਂ ਹੋਏ ਹੋਣੇ ਉਸ ਹਾਲਤ ਵਿਚ ਬੱਚਾ ਬਾਬੂ ਨੇ ਆਪਣੀ ਪਤਨੀ ਦਾ ਸਹਾਰਾ ਲਿਆ। ਜਿਹੜੇ ਗਹਿਣੇ ਕਲਿਆਣੀ ਨੇ ਆਪਣੀਆਂ ਧੀਆਂ ਦੀ ਸ਼ਾਦੀ ਵਿਚ ਨਹੀਂ ਸੀ ਵੇਚੇ, ਉਹ ਗਹਿਣੇ ਆਪਣੇ ਇਹਨਾਂ ਪੁੱਤਰਾਂ ਵਰਗੇ ਖੇਤਾਂ ਲਈ ਕੁਰਬਾਨ ਕਰ ਦੇਣੇ ਪਏ। ਬੱਚਾ ਬਾਬੂ ਨੇ 'ਅਸਲੀ' ਸ਼ਬਦ ਨੂੰ ਚੁੱਬ ਕੇ ਕਿਹਾ, “ਅਸਲੀ ਗਹਿਣਾ ਤਾਂ ਤੁਹਾਡਾ ਖੇਤ ਏ ਜੀ।” ਆਪਣੇ ਪਤੀ ਨਾਲ ਬਹੁਤ ਸਾਰੀਆਂ ਗੱਲਾਂ ਵਿਚ ਅਸਹਿਮਤ ਰਹਿਣ ਵਾਲੀ ਕਲਿਆਣੀ, ਇਸ ਇਕ ਗੱਲ 'ਤੇ ਸਹਿਮਤ ਹੋ ਗਈ।

ਕਹਾਣੀ ਵਿਚ ਤਣਾਅ ਦੀ ਸ਼ੁਰੂਆਤ :
ਇਹ ਤਾਂ ਸੋਚਿਆ ਹੀ ਜਾ ਸਕਦਾ ਹੈ ਕਿ ਜੇ ਕਹਾਣੀ ਏਨੀ ਹੀ ਸਪਾਟ ਹੁੰਦੀ ਤਾਂ ਫੇਰ ਇਹ ਕਹਾਣੀ ਬਣਦੀ ਹੀ ਕਿਓਂ? ਬੱਚਾ ਬਾਬੂ ਦੇ ਖੇਤ ਆਪਣੀਆਂ ਬੱਚੀਆਂ ਦੀਆਂ ਸ਼ਾਦੀਆਂ ਵਿਚ ਗਹਿਣੇ ਹੋ ਗਏ ਸਨ ਤੇ ਬੱਚਾ ਬਾਬੂ ਇਹਨਾਂ ਦੁੱਖਦਾਈ ਘੜੀਆਂ ਨੂੰ ਦੋ ਸਾਲ ਹੰਢਾ ਕੇ ਜਿਵੇਂ-ਤਿਵੇਂ ਘੱਟੋ ਘੱਟ ਅੱਧੀ ਖ਼ੁਸੀ ਛੁਡਾਉਣ ਲਈ ਤੁਰ ਪਏ। ਖ਼ੇਤ ਲਈ ਜੋੜੇ ਗਏ ਪੈਸੇ ਦੇ ਦਿੱਤੇ ਗਏ ਤੇ ਉਹਨਾਂ ਪੈਸਿਆਂ ਨਾਲ ਖੇਤ ਛੁਡਾਅ ਲਿਆ ਗਿਆ...ਤੇ ਕਹਾਣੀ ਖ਼ਤਮ।
ਪਰ ਨਹੀਂ ਮੇਰੇ ਦੋਸਤੋ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ। ਪਿਕਚਰ ਅਜੇ ਬੜੀ ਬਾਕੀ ਹੈ।
ਬੱਚਾ ਬਾਬੂ ਨੇ ਜਿਸ ਕੋਲ ਆਪਣੀ ਜ਼ਮੀਨ ਗਹਿਣੇ ਰੱਖੀ ਸੀ, ਉਹਨਾਂ ਦਾ ਨਾਂ ਸੀ ਫੂਲ ਸਿੰਘ। ਮੈਨੂੰ ਪੂਰੀ ਤਰ੍ਹਾਂ ਪਤਾ ਨਹੀਂ ਪਰ ਮੈਂ ਆਸ ਕਰਦਾ ਹਾਂ ਕਿ ਸਰਕਾਰੀ ਕਾਗਜ਼ਾਂ ਵਿਚ ਉਹਨਾਂ ਦਾ ਨਾਂ ਫੂਲ ਸਿੰਘ ਨਹੀਂ ਹੋਏਗਾ। ਕਿਉਂਕਿ ਫੂਲ ਸਿੰਘ ਨਾਂ ਤਾਂ ਬੜਾ ਅਜੀਬ ਲੱਗ ਰਿਹਾ ਹੈ। ਜ਼ਿਮੀਂਦਾਰਾ ਲਗਭਗ ਜੱਦੀ-ਪੁਸ਼ਤੀ ਸੀ। ਪਰ ਜ਼ਿਮੀਂਦਾਰੀ ਹੁਣ ਲਗਭਗ ਲੁੱਚ-ਪੌ ਵਿਚ ਬਦਲ ਚੁੱਕੀ ਸੀ। ਖਾਤੇ ਘੱਟ ਸਨ ਤੇ ਜਮ੍ਹਾਂ ਪੂੰਜੀ ਵਧੇਰੇ। ਉਹਨਾਂ ਦਾ ਮੰਨਣਾ ਸੀ ਕਿ ਪੈਸਾ ਜੋੜ ਕੇ ਹੀ ਉਹ ਨੂੰ ਸਹੀ ਇੱਜ਼ਤ ਬਖ਼ਸ਼ੀ ਜਾ ਸਕਦੀ ਹੈ। ਇਸ ਲਈ ਉਹ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਵਿਚ ਲਗਭਗ ਸਾਰੇ ਹੀ ਪਤਲੇ-ਪਤੰਗ ਸਨ। ਕਿਉਂਕਿ ਫੂਲ ਸਿੰਘ ਆਪਣੀ ਸਿਹਤ ਤਕ ਨਾਲ ਸਮਝੌਤਾ ਕਰਕੇ ਪੈਸਾ ਜਮ੍ਹਾ ਕਰ ਸਕਦੇ ਸਨ ਤਾਂ ਫੇਰ ਇਹ ਸਮਝ ਵਿਚ ਆ ਜਾਣਾ ਸੁਭਾਵਿਕ ਹੀ ਹੈ ਕਿ ਬੱਚਾ ਬਾਬੂ ਨੇ ਗਲਤ ਹੱਥਾਂ ਵਿਚ ਆਪਣੀ ਪੁੱਤਰਾਂ ਵਰਗੀ ਜ਼ਮੀਨ ਨੂੰ ਸੌਂਪ ਦਿੱਤਾ ਸੀ।
ਤੇ ਹੋਇਆ ਵੀ ਓਹੀ। ਫੂਲ ਸਿੰਘ ਨੇ ਖੇਤ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ।
“ਖੇਤ ਤਾਂ ਜਿਸ ਕੋਲ ਹੋਵੇ, ਉਸਦੇ ਦਾ ਹੁੰਦਾ ਏ। ਪੜ੍ਹਿਆ ਨਹੀਂ ਕਿ ਡਾਕਟਰ ਸਾਹਬ?” ਫੂਲ ਸਿੰਘ ਨੇ ਇੰਜ ਕਹਿੰਦਿਆਂ ਹੋਇਆ ਮਨ ਵਿਚ ਸੋਚਿਆ, 'ਮੇਰੀ ਕਿਹੜਾ ਸਾਲੀ ਹੱਡੀ ਟੁੱਟਣ ਲੱਗੀ ਏ...।'
ਪਰ ਬੱਚਾ ਬਾਬੂ ਦੇ ਮਨ ਵਿਚ ਸੀ ਕਿ 'ਇਕ ਵਾਰੀ ਹੱਡੀ ਟੁੱਟ ਕੇ ਤਾਂ ਦੇਖੇ। ਸਾਲੀ ਨੂੰ ਪੁੱਠੀ ਜੋੜ ਦਿਆਂਗਾ। ਜਾਵੇਗਾ ਪੂਰਬ ਵੱਲ, ਪਹੁੰਚੇਗਾ ਪੱਛਮ 'ਚ।'
ਬੱਚਾ ਬਾਬੂ ਨੇ ਪਤਨੀ ਦੇ ਗਹਿਣੇ ਤਕ ਵੇਚ ਕੇ ਜਿੰਨੇ ਪੈਸੇ ਜੋੜੇ ਸੀ, ਉਹਨਾਂ ਨਾਲ ਉਹਨਾਂ ਦੇ ਖੇਤ ਤਾਂ ਨਹੀਂ ਮੁਕਤ ਹੋ ਸਕੇ ਪਰ ਉਹ ਸਾਰੇ ਪੈਸੇ ਇਹਨਾਂ ਵਰ੍ਹਿਆਂ ਵਿਚ ਕੇਸ ਲੜਨ ਵਿਚ ਖ਼ਰਚ ਹੋ ਗਏ। ਤੁਸੀਂ ਵਿਸ਼ਵਾਸ ਕਰੋ, ਇਹ ਕੇਸ ਕਰਨ ਤੇ ਲੜਨ ਦੀ ਹਿੰਮਤ ਕਲਿਆਣੀ ਦੇ ਜੋਸ਼ ਦਿਵਾਉਣ ਕਰਕੇ ਹੀ ਸੰਭਵ ਹੋ ਸਕੀ ਸੀ।
ਬੱਚਾ ਬਾਬੂ ਦੇ ਜੀਵਨ ਦਾ ਇਹ ਦੁੱਖ ਸਭ ਤੋਂ ਵੱਡਾ ਦੁੱਖ ਸੀ। ਦੋਵੇਂ ਪਤੀ ਪਤਨੀ ਇਸ ਦੁੱਖ ਸਦਕਾ ਘੁਟ-ਘੁਟ ਕੇ ਜਿਊਂ ਰਹੇ ਸਨ ਤੇ ਕਚਹਿਰੀ ਦੇ ਚੱਕਰ ਲਾ ਰਹੇ ਸਨ। ਪਰ ਤੁਸੀਂ ਜਾਣਦੇ ਓ ਕਿ ਫੂਲ ਸਿੰਘ ਵਰਗੇ ਜ਼ਿਮੀਂਦਾਰ ਨਾਲ ਵਸਤਾ ਪਿਆ ਸੀ, ਸੋ ਫ਼ੈਸਲਾ ਕਿੱਥੇ ਹੋਣ ਵਾਲਾ ਸੀ। ਨਾਲੇ ਉਸਦੀ ਕਿਸਮਤ ਵੀ ਬਲਵਾਨ ਸੀ ਕਿ ਇਸ ਦੌਰਾਨ ਉਸਦੇ ਪਰਿਵਾਰ ਵਿਚ ਕਿਸੇ ਦੀ ਹੱਡੀ ਟੁੱਟਣੀ ਤਾਂ ਦੂਰ, ਉਤਰੀ ਤਕ ਨਹੀਂ ਸੀ।
ਹੁਣ ਬੱਚਾ ਬਾਬੂ ਨੂੰ ਮਨ ਵਿਚ ਇਹ ਸਾਫ਼ ਲੱਗਣ ਲੱਗਾ ਪਿਆ ਸੀ ਕਿ ਹੁਣ ਉਹਨਾਂ ਨੂੰ ਇਹ ਖੇਤ ਕਦੀ ਵਾਪਸ ਨਹੀਂ ਮਿਲਣਗੇ। ਉਹ ਰੋਜ਼ ਸ਼ਾਮ ਨੂੰ ਇਕ ਚੱਕਰ ਉਹਨਾਂ ਖੇਤਾਂ ਵੱਲ ਲਾਉਂਦੇ। ਉਹ ਦੇਖਦੇ ਖੇਤ ਉਦਾਸ ਤੇ ਗੁੱਛਾ ਮੁੱਛਾ ਹੋਏ ਹੋਏ ਨੇ। ਉਹ ਖੇਤਾਂ ਨੂੰ ਦੂਰੋਂ ਹੀ ਦੇਖਦੇ। ਉਹਨਾਂ ਅੰਦਰ ਖੇਤਾਂ ਨੂੰ ਆਪਣੀ ਸ਼ਕਲ ਦਿਖਾਉਣ ਦੀ ਹਿੰਮਤ ਨਹੀਂ ਸੀ। ਖੇਤਾਂ ਵਿਚ ਗੰਨਾ ਬੀਜਿਆ ਹੋਇਆ ਸੀ। ਬੱਚਾ ਬਾਬੂ ਉਧਰ ਦੇਖਦੇ ਤੇ ਮੂੰਹ ਭੁਆਂ ਲੈਂਦੇ।
ਪਰ ਉਹ ਕਹਿੰਦੇ ਨੇ ਨਾ ਬਈ 'ਸਭ ਤੋਂ ਵੱਡਾ ਰੱਬ ਹੁੰਦਾ ਏ' ਤਾਂ ਬਸ ਸਮਝੋ ਬੱਚਾ ਬਾਬੂ ਦੇ ਜੀਵਨ ਵਿਚ ਰੱਬ ਨੇ ਕਿਰਪਾ ਕਰ ਦਿੱਤੀ।

ਕੱਟ ਟੂ ਦਿੱਲੀ : ਕਹਾਣੀ ਵਿਚ ਪ੍ਰਧਾਨਮੰਤਰੀ ਦਾ ਪ੍ਰਵੇਸ਼ :
ਇਲੈਕਟ੍ਰਾਨਿਕ ਮੀਡੀਏ ਲਈ ਉਹ ਉਦਾਹਰਨ ਪੇਸ਼ ਕਰਨ ਦੇ ਦਿਨ ਸਨ। ਸਾਰੇ ਕੈਮਰੇ ਚੌਵੀ ਘੰਟਿਆਂ ਲਈ ਉਸ ਵੱਡੇ ਹਸਪਤਾਲ ਦੇ ਸਾਹਮਣੇ ਲਾ ਦਿੱਤੇ ਗਏ ਸਨ। ਦਿੱਲੀ ਦਾ ਇਕ ਅਲੀਸ਼ਾਨ ਹਸਪਤਾਲ ਸੀ ਉਹ। ਬਿਲਕੁਲ ਫਾਈਵ ਸਟਾਰ ਹੋਟਲ ਵਰਗਾ। ਇਲੈਕਟ੍ਰਾਨਿਕ ਮੀਡੀਏ ਦੇ ਇਤਿਹਾਸ ਨੂੰ ਸਮਝਣ ਲਈ ਇਹ ਇਕ ਵੱਡੀ ਉਦਾਹਰਨ ਬਣ ਕੇ ਉੱਭਰਿਆ ਕਿ ਦੇਸ਼ ਵਿਚ ਕਈ ਘਟਨਾਵਾਂ ਏਨੀਆਂ ਵੱਡੀਆਂ ਹੋ ਜਾਂਦੀਆਂ ਨੇ ਕਿ ਚੌਵੀ ਘੰਟਿਆਂ ਲਈ ਕੈਮਰਿਆਂ ਨੂੰ ਓਥੇ ਫਿਕਸ ਕਰਨਾ ਪੈਂਦਾ ਹੈ। ਇਸ ਦੌਰਾਨ ਦੇਸ਼ ਭਰ ਵਿਚ ਭਾਵੇਂ ਕਿੰਨੇ ਹੀ 'ਚੂਹੇ-ਚਿੜੇ' ਕਿਓਂ ਨਾ ਮਰ ਜਾਣ।
ਚੌਵੀ ਘੰਟਿਆਂ ਲਈ ਕੈਮਰਿਆਂ ਨੂੰ ਉਸ ਹਸਪਤਾਲ ਉੱਤੇ ਫਿਕਸ ਕਰਵਾਉਣ ਵਾਲੀ ਘਟਨਾ ਇਹ ਸੀ ਕਿ ਪ੍ਰਧਾਨਮੰਤਰੀ ਇਕ ਮਰੀਜ਼ ਦੇ ਰੂਪ ਵਿਚ ਉੱਥੇ ਦਾਖ਼ਲ ਸਨ। ਦੇਸ਼ ਦੇ ਪ੍ਰਧਾਨਮੰਤਰੀ ਉੱਥੇ ਇਕ ਮਰੀਜ਼ ਦੇ ਰੂਪ ਵਿਚ ਦਾਖ਼ਲ ਸਨ ਤਾਂ ਉਸਨੂੰ ਸਭ ਤੋਂ ਵੱਡੀ ਖ਼ਬਰ ਬਣਨਾ ਵੀ ਚਾਹੀਦਾ ਸੀ। ਅਸਲ ਵਿਚ ਪ੍ਰਧਾਨਮੰਤਰੀ ਦੀ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਦੇ ਐਨ ਨਾਲ ਵਾਲੀ ਹੱਡੀ ਮੁਚ ਗਈ ਸੀ ਜਾਂ ਫੇਰ ਉਹ ਇੰਜ ਮੁੜ ਗਈ ਸੀ ਕਿ ਲੱਕ ਨੂੰ ਮੋੜਨਾ ਅਸੰਭਵ ਹੋ ਗਿਆ ਸੀ। ਹੱਡੀ ਟੁੱਟ ਗਈ ਹੁੰਦੀ ਤਾਂ ਸ਼ਾਇਦ ਜੁੜ ਵੀ ਜਾਂਦੀ ਪਰ ਉਹ ਉਲਝ ਗਈ ਸੀ। ਸੋ ਪ੍ਰਧਾਨਮੰਤਰੀ ਜਾਂ ਸਿਰਫ਼ ਪੈ ਸਕਦੇ ਸਨ ਜਾਂ ਫੇਰ ਖੜ੍ਹੇ ਰਹਿ ਸਕਦੇ ਸਨ। ਬੈਠਣਾ ਸੰਭਵ ਨਹੀਂ ਸੀ। ਹੁਣ ਪ੍ਰਧਾਨਮੰਤਰੀ ਬੈਠਣ ਨਾ ਤਾਂ ਇਹ ਦੇਸ਼ ਚੱਲੇਗਾ ਕਿਵੇਂ?
ਇਹ ਹਸਪਤਾਲ ਦਿੱਲੀ ਦੀ ਪੂਰੀ ਵਗਦੀ ਸੜਕ ਦੇ ਕਿਨਾਰੇ ਸੀ। ਪ੍ਰਧਾਨਮੰਤਰੀ ਉੱਥੇ ਦਾਖ਼ਲ ਸਨ ਸੋ ਉੱਥੋਂ ਦੀਆਂ ਸੜਕਾਂ ਨੂੰ ਵੀਰਾਨ ਕਰ ਦਿੱਤਾ ਗਿਆ ਸੀ। ਸਾਰੇ ਕੈਮਰੇ ਹਸਪਤਾਲ ਵੱਲ ਮੂੰਹ ਕਰੀ ਖੜ੍ਹੇ ਸਨ। ਆਮ ਨਾਗਰਿਕ ਦੀਆਂ ਅੱਖਾਂ ਟੈਲੀਵਿਜ਼ਨ ਉੱਤੇ ਗੱਡੀਆਂ ਹੋਈਆਂ ਸਨ। ਹਸਪਤਾਲ ਦੇ ਨੇੜੇ-ਤੇੜੇ ਦੇ ਸਾਰੇ ਰੁੱਖਾਂ ਉੱਤੇ ਦੇਸ਼ ਦੇ ਸਾਰੇ ਪੰਛੀ ਆ ਕੇ ਬੈਠੇ ਸਨ, ਤੇ ਉਦਾਸ ਸਨ।
ਪ੍ਰਧਾਨਮੰਤਰੀ ਦਾਖ਼ਲ ਸਨ ਕਿਉਂਕਿ ਉਹਨਾਂ ਦੀ ਹੱਡੀ ਹਿੱਲ, ਅਟਕ, ਮੁਚੜ ਜਾਂ ਉਲਝ ਗਈ ਸੀ। ਪਰ ਇਹ ਹੋਇਆ ਕਿੰਜ? ਇਹ ਠੀਕ-ਠੀਕ ਪਤਾ ਕਰਨਾ ਆਮ ਨਾਗਰਿਕ ਦੇ ਵੱਸ ਦੀ ਗੱਲ ਨਹੀਂ ਸੀ ਪਰ ਕਿਉਂਕਿ ਉਹ ਹੱਡੀ ਕੋਈ ਆਮ ਹੱਡੀ ਨਹੀਂ, ਇਕ ਪ੍ਰਧਾਨਮੰਤਰੀ ਦੀ ਹੱਡੀ ਸੀ ਇਸ ਲਈ ਖ਼ਬਰਾਂ ਬਾਹਰ ਵੀ ਆਈਆਂ। ਨਤੀਜਾ ਕੁਝ ਨਾ ਨਿਕਲੇ ਤਾਂ ਉਲਝਣਾ-ਸੰਸਿਆਂ ਦਾ ਬਰਕਰਾਰ ਰਹਿਣਾ ਸੁਭਾਵਿਕ ਹੀ ਹੈ।
ਖ਼ਬਰ ਇਹ ਸੀ ਕਿ ਪ੍ਰਧਾਨਮੰਤਰੀ ਉਦੋਂ ਇਕ ਅਹਿਮ ਮੀਟਿੰਗ ਵਿਚ ਸਨ। ਬਿਲਕੁਲ ਹਾਈਪ੍ਰੋਫਾਇਲ। ਵਿਦੇਸ਼ ਦੇ ਸਾਰੇ ਧੰਨਾ ਸੇਠਾਂ ਨਾਲ ਉਹਨਾਂ ਦੀ ਡੀਲ ਚੱਲ ਰਹੀ ਸੀ। ਮੁੱਦਾ ਸੀ, ਇਕ ਅਜਿਹੀ ਫ਼ਾਇਦੇਮੰਦ ਕੰਪਨੀ ਦੇ ਮਾਲਕਾਨਾ ਹੱਕ ਵਿਦੇਸ਼ੀ ਧੰਨਾ ਸੇਠਾਂ ਦੇ ਹੱਥ ਦੇਣ ਦਾ, ਜਿਸਦੀ ਇਸ ਦੇਸ਼ ਵਿਚ ਆਪਣੀ ਇਕ ਅਹਿਮੀਅਤ ਸੀ। ਮੀਟਿੰਗ ਕਈ ਘੰਟੇ ਤਕ ਚੱਲੀ ਸੀ ਤੇ ਸੰਭਾਵਨਾ ਹੈ ਕਿ ਸਫਲਤਾ ਪ੍ਰਧਾਨਮੰਤਰੀ ਦੇ ਹੱਥ ਆਈ ਸੀ। ਡੀਲ ਫਾਈਨਲ ਹੋਈ ਤਾਂ ਪ੍ਰਧਾਨਮੰਤਰੀ ਬੜੇ ਖ਼ੁਸ਼ ਹੋਏ। ਖ਼ੁਸ਼ ਏਨੇ ਕਿ 'ਆਈ ਹੈਵ ਸੋਲਡ ਇਟ' ਕਹਿੰਦੇ ਹੋਏ ਕੂਕ ਉੱਠੇ। ਤੇ ਉੱਠੇ ਤਾਂ ਉੱਠੇ ਪਰ ਇੰਜ ਝਟਕੇ ਨਾਲ ਉੱਠੇ ਕਿ ਉਹਨਾਂ ਦੀ ਉਹ ਹੱਡੀ ਮੁਚੜ ਗਈ। ਕੁਰਸੀ ਹੇਠਾਂ ਲੁੜਕ ਗਈ। ਪ੍ਰਧਾਨਮੰਤਰੀ ਖੜ੍ਹੇ ਸਨ ਤੇ ਕੁਰਸੀ ਲੁੜਕੀ ਹੋਈ ਸੀ। ਵਿਦੇਸ਼ੀਆਂ ਦੇ ਚਿਹਰੇ ਉੱਤੇ ਮੁਸਕਰਾਹਟ ਤਾਰੀ ਸੀ। ਤੇ ਉਹ ਪ੍ਰਧਾਨਮੰਤਰੀ ਦੇ ਹਾਸੇ ਨੂੰ ਇੰਜਵਾਏ ਕਰ ਰਹੇ ਸਨ। ਪਰ ਅਸਲ ਵਿਚ ਪ੍ਰਧਾਨਮੰਤਰੀ ਉਦੋਂ ਦਰਦ ਨਾਲ ਕਰਾਹ ਰਹੇ ਸਨ। ਕਹਿੰਦੇ ਨੇ ਉਦੋਂ ਬੜੀ ਦੇਰ ਤਕ ਉੱਥੇ ਬੈਠੇ ਲੋਕ ਇਹੋ ਸਮਝਦੇ ਰਹੇ ਕਿ ਪ੍ਰਧਾਨਮੰਤਰੀ ਖ਼ੁਸ਼ੀ ਨਾਲ ਚੀਕ ਰਹੇ ਸਨ ਜਦਕਿ ਪ੍ਰਧਾਨਮੰਤਰੀ ਉਸ ਸਮੇ ਦਰਦ ਨਾਲ ਚੀਕ ਰਹੇ ਸਨ। ਉਹਨਾਂ ਦਾ ਦਰਦ ਪੂਰੀ ਤਰ੍ਹਾਂ ਅਸਹਿ ਸੀ।
ਖ਼ਬਰ ਇਹ ਵੀ ਸੀ ਕਿ ਪ੍ਰਧਾਨਮੰਤਰੀ ਦੇ ਨਿਵਾਸ ਦੇ ਉਸ ਬਾਥਰੂਮ ਵਿਚ ਜਿਸ ਵਿਚ ਪ੍ਰਧਾਨਮੰਤਰੀ ਇਸ਼ਨਾਨ ਕਰਦੇ ਸਨ ਤੇ ਤਰੋਤਾਜ਼ਾ ਹੋ ਕੇ ਕੰਮ 'ਤੇ ਜਾਂਦੇ ਸਨ—ਵਿਚ ਲਗਭਗ ਇਕ ਮਹੀਨੇ ਤੋਂ ਇਕ ਟੂਟੀ ਟਪਕ ਰਹੀ ਸੀ। ਪ੍ਰਧਾਨਮੰਤਰੀ ਪਿਛਲੇ ਇਕ ਮਹੀਨੇ ਤੋਂ ਉਸ ਟੂਟੀ ਦੀ ਸ਼ਿਕਾਇਤ ਪ੍ਰਧਾਨਮੰਤਰੀ ਨਿਵਾਸ ਦੇ ਪ੍ਰਬੰਧਕਾਂ ਨੂੰ ਕਰ ਰਹੇ ਸਨ ਪਰ ਉਸ ਸ਼ਿਕਾਇਤ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਕਦੀ ਮਿਸਤਰੀ ਛੁੱਟੀ 'ਤੇ ਹੁੰਦਾ, ਕਦੀ ਟੂਟੀ ਦੀ ਵਾਸ਼ਲ ਨਾ ਮਿਲਦੀ ਤੇ ਕਦੀ ਮਿਸਤਰੀ ਦਾ ਕੰਮ ਕਰਨ ਦਾ ਮੂਡ ਨਾ ਹੁੰਦਾ। ਇਕ ਵਾਰੀ ਉਸ ਟੂਟੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਟੂਟੀ ਦੇ ਚੋਏ ਨੂੰ ਰੋਕਣਾ ਸੰਭਵ ਨਾ ਹੋ ਸਕਿਆ। ਕਹਿੰਦੇ ਨੇ ਟੂਟੀ ਦੇ ਲਗਾਤਾਰ ਚੋਂਦੇ ਰਹਿਣ ਕਰਕੇ ਉੱਥੇ ਕਾਈ ਜੰਮ ਗਈ ਸੀ ਤੇ ਉਸ ਦਿਨ ਜਦੋਂ ਪ੍ਰਧਾਨਮੰਤਰੀ ਉਸ ਮਹਾਂਰਤਨ ਕੰਪਨੀ ਨੂੰ ਲਗਭਗ ਵੇਚ ਕੇ ਖ਼ੁਸ਼ੀ ਖ਼ੁਸ਼ੀ ਆਪਣੇ ਨਿਵਾਸ 'ਤੇ ਪਰਤੇ ਤੇ ਖ਼ੁਸ਼ੀ ਵਿਚ ਇਕ ਵਾਰੀ ਫੇਰ ਨਹਾਉਣ ਲਈ ਬਾਥਰੂਮ ਵਿਚ ਵੜੇ ਤਾਂ ਉਸ ਖ਼ੁਸ਼ੀ ਵਿਚ ਹੀ ਉਹ ਬਾਥਰੂਮ ਦੀ ਉਸ ਤਿਲ੍ਹਕਣ ਨੂੰ ਧਿਆਨ ਵਿਚ ਨਾ ਰੱਖ ਸਕੇ। ਤੇ ਫੇਰ ਉਹੀ...।

ਕੀ ਤੁਸੀਂ ਦਿੱਲੀ ਵਿਚ ਕਦੇ ਤਿਤਲੀਆਂ ਦੇਖੀਆਂ ਨੇ?
ਇਹ ਹਸਪਤਾਲ ਆਲੀਸ਼ਾਨ ਬੰਗਲੇ ਵਰਗਾ ਸੀ। ਕੈਂਪਸ ਵਿਚ ਵੜਦਿਆਂ ਹੀ ਫੁੱਲਾਂ ਦਾ ਇਕ ਪੂਰਾ ਬਗ਼ੀਚਾ ਸੀ ਜਿਸ ਵਿਚ ਭਾਂਤ ਭਾਂਤ ਦੇ ਫੁੱਲ ਲੱਗੇ ਹੋਏ ਸਨ। ਲਾਨ ਵਿਚ ਹਰੇ ਘਾਹ ਦੀ ਇਕ ਚਾਦਰ ਵਿਛੀ ਹੋਈ ਸੀ। ਨਿਰੋਲ ਹਰਾ। ਇਸ ਚਾਦਰ ਦਾ ਸਾਰਾ ਘਾਹ ਬਰਾਬਰ ਕੱਟਿਆ ਹੋਇਆ ਸੀ। ਨਾ ਕਿਤੋਂ ਵੱਡਾ ਨਾ ਕਿਤੋਂ ਛੋਟਾ। ਫੁੱਲਾਂ ਵਿਚ ਤਿਤਲੀਆਂ ਸਨ। ਦਿੱਲੀ ਵਿਚ ਤਿਤਲੀਆਂ! ਲਾਨ ਦੇ ਬਾਅਦ ਮੁੱਖ ਦਰਵਾਜ਼ੇ ਉੱਤੇ ਇਕ ਤਿਰਛੀ ਛੱਤ ਸੀ ਜਿਸ ਉੱਤੋਂ ਪਾਣੀ ਆਰਾਮ ਨਾਲ ਤਿਲ੍ਹਕਦਾ ਹੋਇਆ ਹੇਠਾਂ ਆਉਂਦਾ ਸੀ। ਤਿਰਛੀ ਛੱਤ ਇਕ ਅਜਿਹੀ ਛੱਤ ਸੀ ਜਿਸ ਉੱਤੇ ਪਾਣੀ ਹੀ ਨਹੀਂ ਸਿੱਕੇ ਵੀ ਰੱਖ ਦਿੱਤੇ ਜਾਂਦੇ ਤਾਂ ਉਹ ਵੀ ਹੇਠਾਂ ਵੱਲ ਤਿਲ੍ਹਕ ਜਾਂਦੇ। ਦਰਵਾਜ਼ੇ ਸ਼ੀਸ਼ੇ ਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਉਸ ਹਸਪਤਾਲ ਦਾ ਨਾਂ ਤੇ ਉਸਦੀ ਪਛਾਣ ਉੱਕਰੀ ਹੋਈ ਸੀ। ਤੁਸੀਂ ਉਸ ਦਰਵਾਜ਼ੇ ਸਾਹਮਣੇ ਜਾਓ ਤਾਂ ਉਹ ਦਰਵਾਜ਼ਾ ਆਪਣੇ ਆਪ ਖੁੱਲ੍ਹ ਜਾਂਦਾ ਹੈ। ਤੇ ਉਸਦੇ ਨਾਲ ਹੀ ਤੁਹਾਡੇ ਲਈ ਉਸ ਹਸਪਤਾਲ ਦਾ ਨਾਂ ਤੇ ਉਸਦੀ ਪਛਾਣ ਵੀ ਖੁੱਲ੍ਹ ਜਾਂਦੀ। ਦਰਵਾਜ਼ੇ ਦੇ ਖੁੱਲ੍ਹਦਿਆਂ ਹੀ ਅੰਦਰਲੀ ਠੰਢੀ ਹਵਾ ਦੇ ਬੁੱਲ੍ਹੇ ਮਨ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਰਸ਼ ਯਕਦਮ ਕੂਲਾ ਸੀ। ਜੇ ਉਸ ਉੱਤੇ ਦਾਗ਼ ਪੈ ਜਾਂਦਾ ਤਾਂ ਉਸ ਲਈ ਆਦਮੀ ਲਾਏ ਹੋਏ ਸਨ, ਜਿਹੜੇ ਤੁਰਤ ਉਸਨੂੰ ਸਾਫ਼ ਕਰ ਦਿੰਦੇ ਸਨ। ਉੱਥੇ ਬੈਠਣ ਦੇ ਬਹੁਤ ਸਾਰੇ ਇੰਤਜਾਮ ਸਨ। ਐਸ ਕੇ ਅਕਾਰ ਦੇ ਸੋਫੇ ਸਨ। ਜਿਹੜੇ ਖਾਸੇ ਮੋਟੇ ਗੱਦਿਆਂ ਵਾਲੇ ਸਨ। ਸਾਹਮਣੇ ਰੱਖੇ ਟੇਬਲਾਂ ਦੇ ਟਾਪ ਪੱਥਰ ਦੇ ਸਨ। ਪੱਥਰ ਵੀ ਖਾਸੇ ਕੂਲੇ ਸਨ। ਉਸ ਪੱਥਰ ਨੂੰ ਹੱਥ ਨਾਲ ਦੇਰ ਤਕ ਪਲੋਸਦੇ ਰਹਿਣ ਦਾ ਮਨ ਕਰਦਾ ਸੀ।
ਉਸ ਹਾਲ ਦੇ ਦੂਜੇ ਪਾਸੇ ਕੈਫੇਟੇਰੀਆ ਵਰਗੀ ਕੋਈ ਜਗ੍ਹਾ ਸੀ ਜਿੱਥੇ ਲੋਕ 125 ਰੁਪਏ ਵਿਚ ਇਕ ਕੱਪ ਚਾਹ ਤੇ 175 ਰੁਪਏ ਵਿਚ ਪਟੈਟੋ ਚੀਜ ਖਾਣ ਵਿਚ ਮਸਤ ਸਨ। ਓਥੇ ਕਾਫੀ ਭੀੜ ਸੀ ਤੇ ਲੋਕ ਕਾਫੀ ਖ਼ੁਸ਼ ਸਨ। ਉੱਥੇ ਜਦੋਂ ਉਸ ਦਿਨ ਬਿਮਾਰ ਨੂੰ ਮਿਲਣ ਆਉਣ ਵਾਲੇ ਰਿਸ਼ਤੇਦਾਰ ਆਲੂ ਚੀਜ ਤੇ ਚਾਹ ਵਿਚ ਮਗਨ ਸਨ ਉਦੋਂ ਹੀ ਹਸਪਤਾਲ ਨੂੰ ਪੁਲਸ ਨੇ ਘੇਰ ਲਿਆ ਸੀ। ਹਸਪਤਾਲ ਕਿਸੇ ਛਾਉਣੀ ਵਿਚ ਤਬਦੀਲ ਹੋ ਗਿਆ ਸੀ। ਬੂਟਿਆਂ ਵਿਚਲੀਆਂ ਸਾਰੀਆਂ ਤਿਤਲੀਆਂ ਉੱਡਣ ਲੱਗ ਪਈਆਂ ਸਨ। ਤਿਰਛੀ ਛੱਤ ਤੋਂ ਡਿੱਗਣ ਵਾਲਾ ਪਾਣੀ ਸਤਰਕ ਹੋ ਗਿਆ ਸੀ। ਉਦੋਂ ਹੀ ਪ੍ਰਧਾਨਮੰਤਰੀ ਦਾ ਕਾਫ਼ਲਾ ਉਸ ਹਸਪਤਾਲ ਵਿਚ ਦਾਖ਼ਲ ਹੋਇਆ ਸੀ।
ਹਸਪਤਾਲ ਦੇ ਮੁੱਖ ਦਰਵਾਜ਼ੇ ਦੇ ਅੰਦਰ ਗੱਡੀਆਂ ਦੇ ਹੇਠਾਂ ਜਾਣ ਲਈ ਇਕ ਰਸਤਾ ਸੀ ਜਿੱਥੇ ਵੜ ਕੇ ਗੱਡੀਆਂ ਗਾਇਬ ਹੋ ਜਾਂਦੀਆਂ ਸਨ। ਗੱਡੀਆਂ ਗੋਲਾਕਾਰ ਰਸਤੇ ਉੱਤੇ ਕੁਝ ਚਿਰ ਘੁੰਮਦੀਆਂ ਹੋਈਆਂ ਇਕ ਅਜਿਹੀ ਜਗ੍ਹਾ ਪਹੁੰਚ ਜਾਂਦੀਆਂ ਸਨ ਜਿੱਥੋਂ ਇਹ ਸੋਚਣਾ ਵੀ ਕੁਝ ਅਜੀਬ ਲੱਗਦਾ ਸੀ ਕਿ ਹੁਣ ਇੱਥੋਂ ਬਾਹਰ ਨਿਕਲਣਾ ਆਸਾਨ ਹੈ। ਪਰ ਓਦੋਂ ਹੀ ਉੱਥੇ ਇਕ ਲਿਫ਼ਟ ਦਿਖਾਈ ਦਿੰਦੀ ਤੇ ਫੇਰ ਗੱਡੀ ਵਿਚੋਂ ਨਿਕਲਿਆ ਹੋਇਆ ਆਦਮੀ ਸਿੱਧਾ ਉਪਰ ਹਸਪਤਾਲ ਵਿਚ ਦਾਖ਼ਲ ਹੋ ਜਾਂਦਾ।
ਪਰ ਪ੍ਰਧਾਨਮੰਤਰੀ ਦੇ ਕਾਫ਼ਲੇ ਲਈ ਉਪਰ ਹੀ ਸੁਰੱਖਿਅਤ ਪਾਰਕਿੰਗ ਸੀ। ਜਿੱਥੇ ਗੱਡੀਆਂ ਲਾਈਆਂ ਗਈਆਂ ਸਨ ਓਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਦਿੱਲੀ ਦੀਆਂ ਤਿਤਲੀਆਂ ਤੇ ਦੇਸ਼ ਦੇ ਪੰਛੀ ਵੀ ਉੱਥੇ ਨਹੀਂ ਸੀ ਜਾ ਸਕਦੇ।
ਪ੍ਰਧਾਨਮੰਤਰੀ ਹਸਪਤਾਲ ਵਿਚ ਸਨ ਤੇ ਪੂਰਾ ਦੇਸ਼ ਦੁਖੀ ਸੀ। ਪੂਰਾ ਦੇਸ਼ ਇਸ ਖ਼ਬਰ ਨਾਲ ਭਰਿਆ ਹੋਇਆ ਸੀ। ਕਿਤੇ ਹਵਨ ਕਰਵਾਇਆ ਜਾ ਰਿਹਾ ਸੀ ਤਾਂ ਕਿਤੇ ਤਰ੍ਹਾਂ-ਤਰ੍ਹਾਂ ਦੀਆਂ ਮੰਨਤਾਂ ਮੰਗੀਆਂ ਜਾ ਰਹੀਆਂ ਸਨ। ਕੁਝ ਲੋਕ ਦੁਖੀ ਵੀ ਸਨ। ਆਪਣੀ ਪ੍ਰੇਮਿਕਾ ਨੂੰ ਆਪਣੀ ਗੱਡੀ ਵਿਚ ਬਿਠਾਅ ਕੇ ਉਸ ਅੰਗੂਠੀ ਵਾਲੀ ਸੜਕ 'ਤੇ ਫਰਾਟੇਦਾਰ ਗੱਡੀ ਦੌੜਾਉਣ ਵਾਲਾ ਪ੍ਰੇਮੀ ਇਸ ਲਈ ਦੁਖੀ ਸੀ ਕਿ ਹੁਣ ਉਹ ਸੜਕ ਲਗਭਗ ਜਾਮ ਕਰ ਦਿੱਤੀ ਗਈ ਸੀ। ਉਸ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰ ਇਸ ਲਈ ਦੁਖੀ ਸਨ ਕਿ ਉਹਨਾਂ ਲਈ ਹਸਪਤਾਲ ਇਕ ਜੇਲ੍ਹ ਬਣ ਗਿਆ ਸੀ। ਕੁਝ ਲੋਕ ਨਿਊਜ਼ ਚੈਨਲਾਂ ਉੱਤੇ ਇਕੋ ਖ਼ਬਰ ਸੁਣ-ਸੁਣ ਕੇ ਅਕੇਵੇਂ ਹੱਥੋਂ ਦੁਖੀ ਸਨ।
ਪਰ ਪਿੰਡਾਂ ਵਿਚ ਬੈਠੇ ਲੋਕ ਸੱਚਮੁੱਚ ਦੁਖੀ ਸਨ। ਉਹ ਕਹਿੰਦੇ, “ਜਦੋਂ ਸਾਡਾ ਪ੍ਰਧਾਨਮੰਤਰੀ ਈ ਬਿਮਾਰ ਏ ਤਾਂ ਦੇਸ਼ ਦਾ ਕੀ ਬਣੇਗਾ?” ਦੁੱਖ ਏਨਾ ਸੀ ਕਿ ਪਿੰਡਾਂ ਦੇ ਬਜ਼ੁਰਗਾਂ ਨੇ ਆਪਣੇ ਪ੍ਰਧਾਨਮੰਤਰੀ ਲਈ ਲਗਭਗ ਭੋਜਨ ਛੱਡ ਦਿੱਤਾ ਸੀ। ਕਿਉਂਕਿ ਪਿੰਡਾਂ ਦੇ ਲੋਕ ਪਹਿਲਾਂ ਵੀ ਘੱਟ ਹੀ ਖਾਂਦੇ ਸਨ ਇਸ ਲਈ ਉਹਨਾਂ ਲਈ ਭੋਜਨ ਛੱਡ ਦੇਣਾ ਕੋਈ ਵੱਡੀ ਗੱਲ ਨਹੀਂ ਸੀ।
ਪ੍ਰਧਾਨਮੰਤਰੀ ਬਿਮਾਰ ਸਨ ਤੇ ਨਿਊਜ਼ ਚੈਨਲ ਦੇ ਕੈਮਰੇ ਚੌਵੀ ਘੰਟਿਆਂ ਲਈ ਹਸਪਤਾਲ ਵੱਲ ਮੂੰਹ ਕਰੀ ਖਲੋਤੇ ਸਨ। ਚੈਨਲ ਉੱਤੇ ਪ੍ਰਧਾਨਮੰਤਰੀ ਦੀ ਕੋਈ ਤਾਜ਼ਾ ਤਸਵੀਰ ਨਹੀਂ ਸੀ। ਕਿਉਂਕਿ ਉਹ ਮਿਲ ਨਹੀਂ ਸੀ ਸਕਦੀ। ਅਕਸਰ ਚੈਨਲਾਂ ਉੱਤੇ ਪ੍ਰਧਾਨਮੰਤਰੀ ਦੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ ਉਹਨਾਂ ਵਿਚ ਪ੍ਰਧਾਨਮੰਤਰੀ ਕਿਤੇ ਬੜੀ ਤੇਜ਼-ਤੇਜ਼ ਤੁਰਦੇ ਹੋਏ ਦਿਖਾਏ ਜਾ ਰਹੇ ਸਨ। ਤੋਰ ਅਜਿਹੀ ਜਿਵੇਂ ਬੜੀ ਤੇਜ਼ ਤੁਰ ਕੇ ਬੜੀ ਜਲਦੀ ਕਿਧਰੇ ਪਹੁੰਚ ਜਾਣਾ ਚਾਹੁੰਦੇ ਹੋਣ।
ਹਾਂ ਸ਼ੁਰੂਆਤ ਵਿਚ ਹਰ ਘੰਟੇ ਬਾਅਦ ਫੇਰ ਦੋ ਘੰਟੇ ਬਾਅਦ ਹਸਪਤਾਲ ਵੱਲੋਂ ਪ੍ਰਧਾਨਮੰਤਰੀ ਦੀ ਸਿਹਤ ਦੇ ਸੰਦਰਭ ਵਿਚ ਪ੍ਰੈਸ ਨੋਟ ਜਾਰੀ ਕੀਤਾ ਜਾ ਰਿਹਾ ਸੀ। ਲੋਕ ਹਰ ਘੜੀ ਹਸਪਤਾਲ ਵਿਚੋਂ ਜਾਰੀ ਕੀਤੇ ਜਾਣ ਵਾਲੇ ਪ੍ਰੈਸ ਨੋਟ ਨੂੰ ਬੜੀ ਉਮੀਦ ਨਾਲ ਸੁਣਦੇ ਸਨ।
ਪਰ ਪ੍ਰਧਾਨਮੰਤਰੀ ਠੀਕ ਨਹੀਂ ਸਨ ਹੋ ਰਹੇ। ਡਾਕਟਰ ਕੈਮਰੇ ਸਾਹਮਣੇ ਆਉਂਦੇ ਤੇ ਉਦਾਸ ਹੋ ਕੇ ਚਲੇ ਜਾਂਦੇ। ਡਾਕਟਰ ਖ਼ੁਦ ਕੈਮਰੇ ਸਾਹਮਣੇ ਅੰਗਰੇਜ਼ੀ ਵਿਚ ਇਹ ਕਹਿੰਦੇ ਕਿ 'ਬੜੀ ਹੈਰਾਨੀ ਹੈ ਕਿ ਇਕ ਹੱਡੀ ਇੰਜ ਕਿੰਜ ਟੁੱਟ ਸਕਦੀ ਏ ਕਿ ਉਸਨੂੰ ਜੋੜਨਾ ਜਾਂ ਸਹੀ ਥਾਂ ਲਿਆਉਣਾ ਅਸੰਭਵ ਜਿਹਾ ਲੱਗਦਾ ਏ। ਤੇ ਉਸਨੂੰ ਟੁੱਟਿਆ ਵੀ ਕਿੰਜ ਕਿਹਾ ਜਾਏ, ਚਾਹੋ ਤਾਂ ਤੁਸੀਂ ਇਸ ਨੂੰ ਫਸਣਾ ਕਹਿ ਲਓ।' ਲੋਕਾਂ ਨੇ ਹੱਡੀ ਲਈ ਇਹ ਫਸਣਾ ਸ਼ਬਦ ਪਹਿਲੀ ਵਾਰੀ ਸੁਣਿਆਂ ਸੀ ਜਾਂ ਉਹਨਾਂ ਨੂੰ ਅਜੀਬ ਲੱਗਦਾ ਸੀ।
ਡਾਕਟਰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਕਿੱਥੋਂ ਦੀ ਹੱਡੀ ਕਿਸ ਤਰ੍ਹਾਂ ਉਖੜ ਗਈ ਹੈ। ਤੇ ਇਹ ਕਿ ਉਹ ਜਿਸ ਤਰ੍ਹਾਂ ਦੀ ਹੱਡੀ ਹੈ ਉਸਨੂੰ ਜੋੜਨਾ ਜਾਂ ਉਸਨੂੰ ਠਿਕਾਣੇ 'ਤੇ ਲਿਆਉਣਾ ਕਿਉਂ ਮੁਸ਼ਕਿਲ ਤੋਂ ਮੁਸ਼ਕਿਲਤਰ ਹੁੰਦਾ ਜਾ ਰਿਹਾ ਹੈ। ਆਪਣੇ ਹਰ ਬਿਆਨ ਵਿਚ ਉਹ ਉਮੀਦ ਦਰਸਾਉਂਦੇ ਕਿ 'ਪਰ ਫਿਕਰ ਵਾਲੀ ਕੋਈ ਗੱਲ ਨਹੀਂ ਏ ਸੀਨੀਅਰ ਡਾਕਟਰਸ ਦੇ ਪੈਨਲ ਇਸ ਕੇਸ ਦੀ ਸਟਡੀ ਕਰ ਰਹੇ ਨੇ। ਅਸੀਂ ਜਲਦੀ ਇਸ ਮੁਸ਼ਕਿਲ ਉੱਤੇ ਕਾਬੂ ਪਾ ਲਵਾਂਗੇ।'
ਰਿਪੋਰਟਰ ਪੁੱਛਦਾ, “ਕੇਸ ਕੰਪਲੀਕੇਟਡ ਹੋਇਆ ਕਿਵੇਂ?” ਤੇ ਇਹ ਵੀ ਕਿ 'ਜੇ ਇਸ ਹਸਪਤਾਲ ਤੋਂ ਇਹ ਕੇਸ ਸੰਭਲ ਨਹੀਂ ਰਿਹਾ ਤਾਂ ਵਿਦੇਸ਼ ਦੇ ਡਾਕਟਰਾਂ ਦੀ ਫ਼ੌਜ ਕਿਉਂ ਨਹੀਂ ਬੁਲਾਈ ਜਾ ਰਹੀ ਏ? ਆਖ਼ਰਕਾਰ ਇਹ ਇਕ ਦੇਸ਼ ਦੇ ਪ੍ਰਧਾਨਮੰਤਰੀ ਦੀ ਸਿਹਤ ਦਾ ਸਵਾਲ ਏ।'
ਦਿਨ ਬੀਤ ਰਹੇ ਸਨ ਤੇ ਅਖ਼ੀਰ ਇਹ ਵੀ ਕਰਨਾ ਪਿਆ। ਅਮਰੀਕਾ ਦੇ ਡਾ. ਫਰੇਂਕਫਿਨ ਪਿਟ ਦੀ ਟੀਮ ਨੂੰ ਬੁਲਾਉਣਾ ਪਿਆ। ਤੇ ਡਾ. ਪਿਟ ਪ੍ਰਧਾਨਮੰਤਰੀ ਦੀ ਕੇਸ ਹਿਸਟਰੀ ਸਟੱਡੀ ਕਰਨ ਲੱਗੇ।
ਇਹ ਸਭ ਤਾਂ ਓਹ ਖ਼ਬਰਾਂ ਨੇ ਜਿਹਨਾਂ ਨੂੰ ਉਸ ਹਸਪਤਾਲ ਵਿਚ ਪ੍ਰਧਾਨਮੰਤਰੀ ਦੇ ਕਮਰੇ ਵਿਚੋਂ ਬਾਹਰ ਨਿਕਲ ਜਾਣ ਦਿੱਤਾ ਗਿਆ। ਪ੍ਰੈਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਡਾਕਟਰ ਪ੍ਰਧਾਨਮੰਤਰੀ ਦੇ ਦਰਦ ਨੂੰ ਬਾਹਰ ਦੱਸ ਕੇ ਇਸ ਦੇਸ਼ ਦੇ ਇਸ ਸੰਕਟ ਨੂੰ ਹੋਰ ਵਧਾਉਣਾ ਨਹੀਂ ਸੀ ਚਾਹੁੰਦੇ। ਪਰ ਸੱਚਾਈ ਇਹ ਸੀ ਕਿ ਪ੍ਰਧਾਨਮੰਤਰੀ ਦਾ ਦਰਦ ਏਨਾ ਵਧ ਸੀ ਕਿ ਉਹ ਆਪਣੇ ਬਿਸਤਰੇ ਉੱਤੇ ਆਰਾਮ ਨਾਲ ਨਹੀਂ ਸੀ ਲੇਟ ਸਕਦੇ। ਪ੍ਰਧਾਨਮੰਤਰੀ ਆਪਣੇ ਨਰਮ ਤੇ ਗੱਦੇਦਾਰ ਬਿਸਤਰੇ ਉੱਤੇ ਵੀ ਸਿਰਫ਼ ਇਕ ਪਾਸੇ ਜਾਂ ਉਸ ਪਾਸੇ ਹੀ ਲੇਟ ਸਕਦੇ ਸਨ। ਜੇ ਕਦੀ ਚਿੱਤ ਲੇਟਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਦੀ ਆਤਮਾਂ ਵਿਚੋਂ ਇਕ ਚੀਕ ਨਿਕਲਦੀ ਸੀ। ਉਹਨਾਂ ਦਾ ਬਿਸਤਰੇ ਤੋਂ ਉਠਣਾ ਤੇ ਬੈਠਣਾ ਤਾਂ ਖ਼ੈਰ ਅਸੰਭਵ ਹੀ ਸੀ।
ਕਿਉਂਕਿ ਡਾਕਟਰ ਪ੍ਰੈਸ ਦੇ ਸਾਹਮਣੇ ਪ੍ਰਧਾਨਮੰਤਰੀ ਦੀ ਹੱਡੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਨ ਇਸ ਲਈ ਸਾਰੇ ਨਿਊਜ਼ ਚੈਨਲਾਂ ਨੇ ਆਪਣੀ 'ਵਾਲ' ਉੱਤੇ ਇਕ ਪੂਰਾ ਗਰਾਫ਼ ਬਣਾ ਲਿਆ ਸੀ। ਉਸ ਗਰਾਫ਼ ਵਿਚ ਕਲਪਨਾਵਾਂ ਦਾ ਪ੍ਰਯੋਗ ਕਰਕੇ ਹੱਡੀ ਦੀ ਸਹੀ ਜਗ੍ਹਾ ਤੇ ਵਰਤਮਾਨ ਹਾਲਤ ਵਿਚ ਉਸਦੀ ਜਗ੍ਹਾ ਨੂੰ ਦਿਖਾਇਆ ਜਾਂਦਾ ਤੇ ਫੇਰ ਉਸਨੂੰ ਆਪਣੇ ਉੱਥੇ ਸਕਰੀਨ ਉੱਤੇ ਵੱਡੇ ਆਕਾਰ ਵਿਚ ਟੰਗ ਦਿੱਤਾ ਜਾਂਦਾ। ਵਿਸ਼ੇਸ਼ਕ ਦੇ ਰੂਪ ਵਿਚ ਡਾਕਟਰਾਂ ਨੂੰ ਸਟੂਡੀਓ ਵਿਚ ਬੈਠਾਇਆ ਜਾਂਦਾ। ਡਾਕਟਰ ਕਹਿੰਦੇ, “ਪ੍ਰਧਾਨਮੰਤਰੀ ਦੀ ਹੱਡੀ ਏ ਜੁੜੇਗੀ ਤਾਂ ਜ਼ਰਾ ਸ਼ਾਨ ਨਾਲ।”
ਅਖ਼ਬਾਰਾਂ ਵਿਚ ਕਾਰਟੂਨ ਬਣਨ ਲੱਗੇ ਕਿ ਆਖ਼ਰ ਕਿੰਨੇ ਦਿਨ ਦੇਸ਼ ਦਾ ਪ੍ਰਧਾਨਮੰਤਰੀ ਸਿਰਫ਼ ਲੇਟ ਕੇ ਜਾਂ ਖੜ੍ਹਾ ਹੋ ਕੇ ਇਕ ਦੇਸ਼ ਨੂੰ ਚਲਾ ਸਕਦਾ ਹੈ? ਬਗ਼ੈਰ ਬੈਠੇ ਪ੍ਰਧਾਮੰਤਰੀ ਏਨੇ ਕਾਗਜ਼ਾਂ ਉੱਤੇ ਦਸਤਖ਼ਤ ਕਿੰਜ ਕਰਨਗੇ? ਕੌਣ ਲਾਲ ਕਿਲੇ ਵਿਚ ਝੰਡਾ ਲਹਿਰਾਵੇਗਾ?
ਇਹ ਅਜੀਬ ਲੱਗ ਸਕਦਾ ਕਿ ਆਖ਼ਰ ਸਰੀਰ ਦੀ ਕੋਈ ਵੀ ਹੱਡੀ ਇਸ ਤਰ੍ਹਾਂ ਟੁੱਟ, ਖਿਸਕ ਜਾਂ ਉਲਝ ਕਿਵੇਂ ਸਕਦੀ ਹੈ ਕਿ ਉਸਦਾ ਠੀਕ ਹੋਣਾ ਮੁਸ਼ਕਿਲ ਹੋ ਜਾਵੇ। ਪਰ ਹੋ ਤਾਂ ਕੁਝ ਵੀ ਸਕਦਾ ਹੈ।
ਤੁਸੀਂ ਵਿਸ਼ਵਾਸ ਕਰੋ ਕਿ ਪ੍ਹਧਾਨਮੰਤਰੀ ਬਿਮਾਰ ਸਨ ਤੇ ਦੇਸ਼ ਦੇ ਸਾਰੇ ਨਿਊਜ਼ ਚੈਨਲ ਜਦੋਂ ਉਸ ਵਿਚ ਲੱਗੇ ਹੋਏ ਸਨ ਤਾਂ ਦੇਸ਼ ਦੇ ਇਕ ਛੋਟੇ-ਜਿਹੇ ਪਿੰਡ ਵਿਚ ਬੱਚਾ ਬਾਬੂ ਉਸ ਖ਼ਬਰ ਕਰਕੇ ਬੜੇ ਉਦਾਸ ਸਨ। ਉਹ ਅਖ਼ਬਾਰ ਨੂੰ ਬੜੀ ਬਾਰੀਕੀ ਨਾਲ ਪੜ੍ਹਦੇ ਤੇ ਸਮਝਣ ਦੀ ਕੋਸ਼ਿਸ਼ ਕਰਦੇ। ਉਸ ਅਖ਼ਬਾਰ ਦੇ ਮੁੱਖ ਸਫ਼ੇ ਉੱਤੇ ਕਦੀ ਪ੍ਰਧਾਨਮੰਤਰੀ ਦੀ ਹੱਡੀ ਦਾ ਸਹੀ ਠਿਕਾਣਾ ਛਪਦਾ ਤੇ ਕਦੀ ਕਾਫੀ ਸਾਰੇ ਵਿਸ਼ੇਸ਼ਕਾਂ ਦੀ ਰਾਏ। ਬੱਚਾ ਬਾਬੂ ਉਹਨਾਂ ਤਸਵੀਰਾਂ ਨੂੰ ਦੇਖਦੇ ਤੇ ਵਿਚਾਰਾਂ ਵਿਚ ਲੱਥ ਜਾਂਦੇ। ਉਹਨਾਂ ਦੇ ਅੰਦਰਲਾ ਡਾਕਟਰ ਉਸ ਹੱਡੀ ਨੂੰ ਸਹੀ ਜਗ੍ਹਾ ਦੇਣ ਲੱਗਾ।
ਬੱਚਾ ਬਾਬੂ ਆਪਣੇ ਪਿੰਡ ਵਾਲਿਆਂ ਨੂੰ 'ਸ਼ਾਮ' ਸ਼ਬਦ ਨੂੰ ਚੱਬ ਕੇ ਨਿਗਲ ਕੇ ਕਹਿੰਦੇ, “ਸ਼ਾਮ ਏਨੀ ਧੁੰਦਲੀ ਕਿਓਂ ਏ? ਚਿਹਰਾ ਸਾਫ਼-ਸਾਫ਼ ਦਿਸਦਾ ਕਿਓਂ ਨਹੀਂ? ਪ੍ਰਧਾਨਮੰਤਰੀ ਇਕ ਦਿਨ ਜ਼ਰੂਰ ਠੀਕ ਹੋਣਗੇ।” ਬੱਚਾ ਬਾਬੂ ਆਪਣੇ ਮਨ ਅੰਦਰ ਜਾਣਦੇ ਨੇ ਕਿ ਇਹ ਕੁਰਸੀ ਤੋਂ ਤ੍ਰਬਕ ਕੇ ਉੱਠਣ ਕਰਕੇ ਨਹੀਂ ਹੋਇਆ। ਸਰੀਰ ਦੀ ਕੋਈ ਹੱਡੀ ਏਨੀ ਨਾਜ਼ੁਕ ਨਹੀਂ ਹੁੰਦੀ ਕਿ ਉਹ ਜ਼ਿੰਦਗੀ ਦੀ ਖ਼ੁਸ਼ੀ ਨੂੰ ਬਰਦਾਸ਼ਤ ਨਾ ਕਰ ਸਕੇ। ਬੱਚਾ ਬਾਬੂ ਜਾਣਦੇ ਨੇ ਕਿ ਪ੍ਰਧਾਨਮੰਤਰੀ ਦੇ ਬਾਥਰੂਮ ਵਿਚ ਜ਼ਰੂਰ ਕਾਈ ਹੈ।
ਇਕ ਛੋਟੇ-ਜਿਹੇ ਪਿੰਡ ਵਿਚ ਬੈਠੇ ਬੱਚਾ ਬਾਬੂ ਆਪਣੀਆਂ ਗੱਲਾਂ ਨੂੰ ਪ੍ਰਧਾਨਮੰਤਰੀ ਤਕ ਪਹੁੰਚਾ ਨਹੀਂ ਸਕਦੇ, ਪਰ ਆਪਣੇ ਮਨ ਦੇ ਅੰਦਰ ਉਹਨਾਂ ਨੂੰ ਇਕ ਅਫ਼ਸੋਸ ਹੈ, ਉਹਨਾਂ ਨੂੰ ਜੇ ਇਕ ਮੌਕਾ ਦਿੱਤਾ ਜਾਂਦਾ ਤਾਂ ਉਹ ਸਫ਼ਲਤਾ ਹਾਸਲ ਕਰ ਸਕਦੇ ਸਨ। ਪਰ ਮੌਕਾ ਤਾਂ ਦੂਰ ਦੀ ਗੱਲ ਹੈ ਪ੍ਰਧਾਨਮੰਤਰੀ ਤਕ ਉਹਨਾਂ ਦੀਆਂ ਗੱਲਾਂ ਨੂੰ ਪਹੁੰਚਾਵੇ ਕੌਣ?
ਪਰ ਦਿਨ ਬੀਤਦੇ ਜਾ ਰਹੇ। ਡਾਕਟਰ ਪਿਟ ਕੇਸ ਸਟੱਡੀ ਵਿਚ ਰੁੱਝੇ ਰਹੇ ਤੇ ਪ੍ਰਧਾਨਮੰਤਰੀ ਦਰਦ ਨਾਲ ਕਰਾਹੁੰਦੇ ਰਹੇ।
--- --- ---

Monday, November 25, 2013

ਕੱਟ ਟੂ ਦਿੱਲੀ—ਕਹਾਣੀ ਵਿਚ ਪ੍ਰਧਾਨਮੰਤੀ ਦਾ ਪ੍ਰਵੇਸ਼-2

 
ਆਮ ਆਦਮੀ ਦੀ ਜ਼ਿੰਦਗੀ ਵਿਚ ਸੁਪਨੇ ਵਾਂਗ ਦਸਤਕ ਦਿੰਦੇ ਨੇ ਪ੍ਰਧਾਨਮੰਤਰੀ :

ਉਸ ਦਿਨ ਵਿਸ਼ੇਸ਼ ਲਈ ਬੱਚਾ ਬਾਬੂ ਦੇ ਦਰਵਾਜ਼ੇ ਉੱਤੇ ਪਹਿਲਾਂ ਹੀ ਹੱਥ ਨਾਲ ਲਿਖਿਆ ਹੋਇਆ ਨੋਟਸ ਲਟਕਾ ਦਿੱਤਾ ਗਿਆ ਸੀ ਕਿ 'ਇਸ ਮਹੀਨੇ ਦੀ ਤੇਈ ਤਾਰੀਖ਼ ਦਿਨ ਬੁੱਧਵਾਰ ਨੂੰ ਬੱਚਾ ਬਾਬੂ ਸਵੇਰ ਤੋਂ ਸ਼ਾਮ ਤਕ ਨਹੀਂ ਮਿਲਣਗੇ। ਇਸ ਲਈ ਕ੍ਰਿਪਾ ਕਰਕੇ ਉਸ ਇਕ ਦਿਨ ਲਈ ਆਪਣੀਆਂ ਹੱਡੀਆਂ ਨੂੰ ਆਰਾਮ ਦਿਓ।' ਨੋਟਸ ਵਿਚ 'ਸਵੇਰ ਤੋਂ ਸ਼ਾਮ ਤਕ' ਨੂੰ ਕਲਮ ਨਾਲ ਮੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੇਠ ਇਕ ਲਕੀਰ ਵੀ ਲਾ ਦਿੱਤੀ ਗਈ ਸੀ।
ਉਹ ਦਿਨ ਬੱਚਾ ਬਾਬੂ ਲਈ ਇਕ ਤਣਾਅ ਭਰਿਆ ਦਿਨ ਸੀ। ਸ਼ਹਿਰ ਵਿਚ ਉਹ ਸਾਰਾ ਦਿਨ ਕਚਹਿਰੀ ਵਿਚ ਇੱਧਰੋਂ ਉੱਧਰ ਚੱਕਰ ਲਾਉਂਦੇ ਰਹੇ ਸਨ। ਪਰ ਜ਼ਰਾ ਵੀ ਸਫ਼ਲਤਾ ਹਾਸਲ ਨਹੀਂ ਸੀ ਹੋਈ। ਜ਼ਮੀਨ ਦੇ ਕੇਸ ਵਿਚ ਬੱਚਾ ਬਾਬੂ ਕਚਹਿਰੀ ਦੇ ਚੱਕਰ ਲਾ ਰਹੇ ਸਨ। ਬੱਚਾ ਬਾਬੂ ਨੇ ਕਚਹਿਰੀ ਵਿਚ ਇਹ ਸਾਬਤ ਕਰਨਾ ਸੀ ਕਿ ਉਹ ਜ਼ਮੀਨ ਜਿਹੜੀ ਕਦੀ ਬੱਚਾ ਬਾਬੂ ਲਈ ਪ੍ਰਯੋਗਸ਼ਾਲਾ ਵਾਂਗ ਸੀ ਆਖ਼ਰ ਉਹਨਾਂ ਦੀ ਕਿਵੇਂ ਸੀ? ਹੋਰ ਦਿਨਾਂ ਵਾਂਗ ਹੀ ਅੱਜ ਵੀ ਕਚਹਿਰੀ ਵਿਚ ਵਕੀਲ ਆਪਸ ਵਿਚ ਉਲਝੇ ਰਹੇ ਤੇ ਬੱਚਾ ਬਾਬੂ ਤਮਾਸ਼ਾ ਦੇਖਦੇ ਰਹੇ।
ਬੱਚਾ ਬਾਬੂ ਵਕੀਲ ਵੱਲ ਦੇਖਦੇ ਤੇ ਆਪਣੇ ਮਨ ਵਿਚ ਸੋਚਦੇ ਨੇ 'ਇਹ ਕੈਸਾ ਸਵਾਲ ਏ?' 'ਸਾਲਿਆ ਜਿਸ ਮੂੰਹ ਨਾਲ ਤੂੰ ਏਨੀ ਬਕ-ਬਕ ਕਰ ਰਿਹਾ ਏਂ ਉਹ ਤੇਰਾ ਕਿਵੇਂ ਐਂ?...ਸਾਲਿਆ ਇਹ ਮੂੰਹ ਤੇਰਾ ਏ ਇਸ ਨਾਲੋਂ ਵਧ ਕੇ ਹੋਰ ਕਿਹੜਾ ਸਬੂਤ ਚਾਹੀਦਾ ਏ ਤੈਨੂੰ?'
ਪਰ ਕਚਹਿਰੀ ਦੀ ਇਸ ਬਕਵਾਸਬਾਜੀ ਦੀ ਨੌਬਤ ਆਉਣ ਤੋਂ ਪਹਿਲਾਂ ਵੀ ਬੱਚਾ ਬਾਬੂ ਨੂੰ ਕਚਹਿਰੀ ਵਿਚ ਇੱਧਰੋਂ-ਉੱਧਰ ਖ਼ੂਬ ਚੱਕਰ ਕਟਾਏ ਗਏ ਸੀ। ਫੇਰ ਇਸ ਬਕਵਾਸਬਾਜੀ ਪਿੱਛੋਂ ਵੀ ਅਗਲੀ ਤਾਰੀਖ਼ ਪੈ ਗਈ।
ਜੇ ਹੋਰ ਕੋਈ ਕੰਮ ਹੁੰਦਾ ਤਾਂ ਸੱਚਮੁੱਚ ਬੱਚਾ ਬਾਬੂ ਥੱਕ ਜਾਂਦੇ ਜਾਂ ਅੱਕ ਕੇ ਹਾਰ ਮੰਨ ਲੈਂਦੇ, ਪਰ ਇਹ ਉਹਨਾਂ ਦੀ ਜ਼ਮੀਨ ਦਾ ਮਾਮਲਾ ਸੀ। ਜਿਸ ਨੂੰ ਉਹ ਬੜਾ ਹੀ ਮੋਹ ਕਰਦੇ ਸਨ। ਏਨਾ ਕਿ ਉਸ ਨੂੰ ਆਪਣੀਆਂ ਬਾਹਾਂ ਵਿਚ ਸਮੇਟ ਕੇ ਸੌਂਦੇ ਹੁੰਦੇ ਸਨ। ਜਦੋਂ ਦੀ ਇਹ ਜ਼ਮੀਨ ਗਈ ਹੈ ਬੱਚਾ ਬਾਬੂ ਪੂਰੀ ਨੀਂਦ ਕਦੋਂ ਸੁੱਤੇ ਨੇ...।
ਬੱਚਾ ਬਾਬੂ ਜਦੋਂ ਸ਼ਹਿਰੋਂ ਘਰ ਵੱਲ ਪਰਤੇ ਤਾਂ ਥੱਕ ਕੇ ਚੂਰ ਹੋ ਚੁੱਕੇ ਸਨ। ਇਹ ਥਕਾਣ ਕੁਝ ਵਧੇਰੇ ਇਸ ਲਈ ਵੀ ਲੱਗ ਰਹੀ ਸੀ ਕਿ ਉਹਨਾਂ ਦੀ ਜ਼ਮੀਨ ਵਾਪਸ ਮਿਲਣ ਦੀ ਸੰਭਾਵਨਾ ਹੁਣ ਲਗਭਗ ਮੁੱਕਦੀ ਜਾ ਰਹੀ ਸੀ। ਹਰ ਵਾਰੀ ਵਾਂਗ ਇਸ ਵਾਰੀ ਵੀ ਪਰਤੇ ਤਾਂ ਉਹਨਾਂ ਦੇ ਹੱਥ ਵਿਚ ਸਿਰਫ਼ ਅਗਲੀ ਤਾਰੀਖ਼ ਦੀ ਪਰਚੀ ਸੀ। ਤਾਰੀਖ਼ 'ਤੇ ਤਾਰੀਖ਼, ਤਾਰੀਖ਼ 'ਤੇ ਤਾਰੀਖ਼—ਮੀਲਾਰਡ।
ਬੱਚਾ ਬਾਬੂ ਘਰ ਪਹੁੰਚੇ ਤਾਂ ਹਨੇਰਾ ਹੋ ਚੁੱਕਿਆ ਸੀ। ਉਹਨਾਂ ਨੇ ਦੇਖਿਆ ਦਰਵਾਜ਼ੇ ਦੇ ਬਾਹਰ ਉਹ ਸੂਚਨਾ ਹੁਣ ਵੀ ਗੱਤੇ ਉੱਤੇ ਚਿਪਕੀ ਹੋਈ ਸੀ। ਉਹਨਾਂ ਘਰ ਅੰਦਰ ਵੜਨ ਤੋਂ ਪਹਿਲਾਂ ਅਗਲੀ ਤਾਰੀਖ਼ ਦੀ ਸੂਚਨਾ ਲਿਖਣ ਲਈ ਉਹ ਗੱਤਾ ਲਾਹ ਲਿਆ। ਘਰ ਵਿਚ ਪਤਨੀ ਕਲਿਆਣੀ ਉਦਾਸ ਬੈਠੀ ਸੀ। ਵਿਹੜੇ ਵਿਚ ਇਕ ਲਾਲਟੈਨ ਜਗ ਰਹੀ ਸੀ। ਲਾਲਟੈਨ ਦਾ ਸ਼ੀਸ਼ਾ ਧੂੰਏਂ ਨਾਲ ਥੋੜ੍ਹਾ ਕਾਲਾ ਪੈ ਗਿਆ ਸੀ ਇਸ ਲਈ ਚਾਨਣ ਥੋੜ੍ਹਾ ਘੱਟ ਹੋ ਗਿਆ ਸੀ। ਪਤਨੀ ਉਦਾਸ ਸੀ ਪਰ ਸੱਚ ਨੂੰ ਜਾਣਦੀ ਸੀ ਇਸ ਲਈ ਉਸਨੇ ਆਪਣੇ ਪਤੀ ਨੂੰ ਇਸ ਬਾਬਤ ਕੁਝ ਨਾ ਪੁੱਛਿਆ। ਉੱਠ ਕੇ ਰਸੋਈ ਵਿਚ ਗਈ ਤੇ ਨਲਕੇ 'ਚੋਂ ਪਾਣੀ ਦੀ ਗੜਵੀ ਭਰ ਕੇ ਪਤੀ ਨੂੰ ਲਿਆ ਦਿੱਤੀ। ਨਲਕਾ ਪਹਿਲਾਂ ਥੋੜ੍ਹਾ ਗੇੜਿਆ ਗਿਆ ਸੀ ਤਾਕਿ ਪਾਣੀ ਠੰਢਾ ਆ ਜਾਵੇ। ਬੱਚਾ ਬਾਬੂ ਨੇ ਗੜਵੀ ਫੜ੍ਹ ਲਈ ਪਰ ਉਸ ਪਾਣੀ ਨੂੰ ਪੀਤਾ ਨਹੀਂ ਬਲਕਿ ਬੂਟ ਲਾਹ ਕੇ ਉਸ ਨਾਲ ਪੈਰ ਧੋ ਲਏ। ਪੈਰਾਂ ਉੱਤੇ ਪਾਣੀ ਦੀ ਠੰਢਕ ਮਹਿਸੂਸ ਹੋਈ। ਪੈਰਾਂ ਤੋਂ ਮਿੱਟੀ ਲੱਥ ਗਈ। ਕਲਿਆਣੀ ਉੱਥੇ ਹੀ ਖੜ੍ਹੀ ਸੀ। ਉਸਨੇ ਗੜਵੀ ਫੜ੍ਹ ਲਈ ਤੇ ਇਸ ਵਾਰੀ ਬਗ਼ੈਰ ਨਲਕਾ ਗੇੜੇ ਸਿੱਧਾ ਪਾਣੀ ਭਰ ਲਿਆ।
ਇਸ ਵਾਰੀ ਬੱਚਾ ਬਾਬੂ ਨੇ ਇਸ ਗੜਵੀ ਦੇ ਪਾਣੀ ਨੂੰ ਆਪਣੇ ਗਲ਼ੇ ਵਿਚ ਢਾਲ ਲਿਆ। ਸ਼ਾਇਦ ਮਹਿਸੂਸ ਵੀ ਹੋਵੇ ਕਿ ਪਹਿਲਾਂ ਵਾਲੇ ਪਾਣੀ ਨਾਲੋਂ ਇਹ ਪਾਣੀ ਵੱਧ ਠੰਢਾ ਸੀ।
ਪਾਣੀ ਪਿੱਛੋਂ 'ਹਨੇਰਾ' ਸ਼ਬਦ ਨੂੰ ਬੱਚਾ ਬਾਬੂ ਨੇ ਚੱਬ ਕੇ ਨਿਗਲ ਲਿਆ। ਪਤਨੀ ਨੇ ਸਮਝ ਲਿਆ ਕਿ ਇਹ ਸ਼ਬਦ ਹਨੇਰਾ ਹੈ। ਉਸਨੇ ਅੰਦਾਜ਼ਾ ਲਾਇਆ ਕਿ 'ਹਨੇਰਾ ਬਹੁਤ ਏ ਅਜਿਹਾ ਕੁਝ ਕਹਿਣਾ ਚਾਹੁੰਦੇ ਨੇ ਉਹ।' ਇਸ ਲਈ ਉਹ ਲਾਲਟੈਨ ਦੀ ਬੱਤੀ ਉੱਚੀ ਕਰਨ ਤੁਰ ਪਈ। ਪਰ ਬੱਚਾ ਬਾਬੂ ਨੇ ਕਿਹਾ, “ਹਨੇਰਗਰਦੀ ਏ ਚਾਰੇ ਪਾਸੇ। ਕੋਈ ਸੁਣਨ ਵਾਲਾ ਨਹੀਂ।”
ਕਲਿਆਣੀ ਜਿਹੜੀ ਹੁਣ ਤਕ ਲਾਲਟੈਨ ਵੱਲ ਵਧ ਰਹੀ ਸੀ ਅਚਾਨਕ ਮੁੜ ਕੇ ਰਸੋਈ ਵੱਲ ਤੁਰ ਗਈ। ਇੰਜ ਜਿਵੇਂ ਸੁਣਿਆਂ ਹੀ ਨਾ ਹੋਵੇ।
ਬੱਚਾ ਬਾਬੂ ਕਿਉਂਕਿ ਉਸ ਦਿਨ ਬੜੇ ਥੱਕੇ ਤੇ ਚਿੜੇ ਹੋਏ ਸਨ ਇਸ ਲਈ ਉਹ ਏਨੇ ਨਿਰਾਸ਼ ਸਨ, ਨਹੀਂ ਤਾਂ ਉਹਨਾਂ ਦੀਆਂ ਉਮੀਦਾਂ ਅਜੇ ਨਿਆਂ ਤੋਂ ਬਿਲਕੁਲ ਖ਼ਤਮ ਨਹੀਂ ਸਨ ਹੋਈਆਂ।
ਥੱਕੇ ਹੋਏ ਬੱਚਾ ਬਾਬੂ ਉੱਥੇ ਮੰਜੀ ਉੱਤੇ ਹੀ ਲੇਟ ਗਏ ਤੇ ਫੇਰ ਹੌਲੀ-ਹੌਲੀ ਨੀਂਦ ਦੀ ਬੁੱਕਲ ਵਿਚ ਚਲੇ ਗਏ। ਆਸਮਾਨ ਵਿਚ ਤਾਰੇ ਸਨ। ਬੱਚਾ ਬਾਬੂ ਜਿਸ ਮੰਜੀ ਉੱਤੇ ਲੇਟੇ ਹੋਏ ਸਨ ਐਨ ਉਸੇ ਜਗ੍ਹਾ ਆਸਮਾਨ ਵਿਚ ਅੱਠ ਤਾਰੇ ਸਨ। ਬੱਚਾ ਬਾਬੂ ਨੇ ਸੌਂਦਿਆਂ ਸੌਂਦਿਆਂ ਉਹਨਾਂ ਨੂੰ ਗਿਣਿਆਂ ਸੀ।
ਨੀਂਦ ਬੜੀ ਗੂੜ੍ਹੀ ਸੀ। ਪਤਨੀ ਨੇ ਜਦੋਂ ਖਾਣੇ ਲਈ ਬੱਚਾ ਬਾਬੂ ਨੂੰ ਜਗਾਇਆ ਤਾਂ ਉਹ ਅਚਾਨਕ ਘਬਰਾ-ਜਿਹੇ ਗਏ। ਉਹਨਾਂ ਨੂੰ ਭੁੱਚਕਾ-ਜਿਹਾ ਲੱਗਾ ਜਿਵੇਂ ਉਪਰ ਵਾਲੇ ਅੱਠੇ ਤਾਰੇ ਆਪਸ ਵਿਚ ਟਕਰਾ ਕੇ ਉਹਨਾਂ ਉੱਤੇ ਡਿੱਗ ਪਏ ਹੋਣ। ਉਹ ਘਬਰਾ ਕੇ ਉੱਠ ਬੈਠੇ ਤੇ ਉਹਨਾਂ ਦੇ ਮੂੰਹੋਂ ਅਚਾਨਕ ਨਿਕਲਿਆ, “ਸਾਲਿਓ ਮੈਂ ਬੱਚਾ ਬਾਬੂ ਆਂ। ਕੀ ਤੁਸੀਂ ਸਾਰੇ ਮਿਲ ਕੇ ਮੈਨੂੰ ਮਾਰ ਦਿਓਂਗੇ?” ਘਬਰਾਹਟ ਵੱਸ ਅਚਾਨਕ ਉਹਨਾਂ ਦੇ ਮੂੰਹੋਂ ਨਿਕਲੇ ਇਸ ਵਾਕ ਵਿਚ ਕੋਈ ਰੁਕਾਵਟ ਨਹੀਂ ਸੀ। ਉਹਨਾਂ ਨੇ ਇਸ ਵਿਚੋਂ ਕੋਈ ਵੀ ਸ਼ਬਦ ਨਹੀਂ ਸੀ ਚੱਬਿਆ। ਇੰਜ ਬੱਚਾ ਬਾਬੂ ਨਾਲ ਕਦੀ-ਕਦੀ ਹੀ ਹੁੰਦਾ ਸੀ ਜਦੋਂ ਉਹ ਘਬਰਾ ਕੇ ਅਚਾਨਕ ਮੂੰਹੋਂ ਕੱਢ ਦਿੰਦੇ ਸਨ।
ਕਲਿਆਣੀ ਨੇ ਘਬਰਾਹਟ ਵਿਚ ਨਿਕਲੇ ਵਾਕ ਨੂੰ ਸੁਣਿਆਂ ਪਰ ਉਸਨੂੰ ਕੋਈ ਫਰਕ ਨਹੀਂ ਪਿਆ। ਉਸਨੇ ਥਾਲੀ ਉਹਨਾਂ ਦੀ ਮੰਜੀ ਉੱਤੇ ਰੱਖ ਦਿੱਤੀ ਤੇ ਪਾਣੀ ਲਿਆਉਣ ਤੁਰ ਪਈ। ਬੱਚਾ ਬਾਬੂ ਉੱਠ ਕੇ ਬੈਠ ਗਏ ਤੇ ਖਾਣਾ ਸ਼ੁਰੂ ਕਰ ਦਿੱਤਾ। ਲਗਭਗ ਨੀਂਦ ਵਿਚ ਹੀ ਦੋ ਚਾਰ ਰੋਟੀਆਂ ਖਾਧੀਆਂ। ਫੇਰ ਮੰਜੀ ਉੱਤੇ ਬੈਠੇ ਬੈਠੇ ਹੀ ਹੱਥਾਂ ਨੂੰ ਜ਼ਮੀਨ ਵੱਲ ਕਰਕੇ ਗੜਵੀ ਦੇ ਪਾਣੀ ਨਾਲ ਧੋ ਲਿਆ। ਥਾਲੀ ਹੇਠਾਂ ਰੱਖ ਕੇ ਪੈਣ ਲੱਗੇ ਪਰ ਫੇਰ ਅਚਾਨਕ ਉੱਠੇ ਤੇ ਵਿਹੜੇ ਦੇ ਦੂਜੇ ਸਿਰੇ ਵੱਲ ਤੁਰ ਪਏ। ਵਿਹੜੇ ਵਿਚ ਦੋ ਅਮਰੂਦ ਦੇ ਬੂਟੇ ਸਨ, ਦੋ ਨਾਰੀਅਲ ਦੇ ਤੇ ਸੇਮ ਦੀ ਇਕ ਖਾਸੀ ਵੱਡੀ ਵੇਲ ਸੀ। ਇਕ ਛੋਟਾ-ਜਿਹਾ ਬਗ਼ੀਚਾ ਵੀ ਸੀ ਜਿਸ ਵਿਚ ਬੈਂਗਨਾਂ ਦੇ ਬੂਟੇ ਲੱਗੇ ਹੋਏ ਸਨ। ਉਸਨੂੰ ਹਰੇ-ਹਰੇ ਬੈਂਗਨ ਲੱਗੇ ਹੋਏ ਸਨ। ਬੱਚਾ ਬਾਬੂ ਨੂੰ ਤਲੇ ਹੋਏ ਬੈਂਗਨ ਬੜੇ ਚੰਗੇ ਲੱਗਦੇ ਸਨ।
ਬੱਚਾ ਬਾਬੂ ਮੰਜੀ ਤੋਂ ਉੱਠ ਕੇ ਬੈਂਗਨਾਂ ਦੇ ਬੂਟਿਆਂ ਕੋਲ ਗਏ ਤੇ ਉੱਥੇ ਬੈਠ ਕੇ ਪਿਸ਼ਾਬ ਕਰਨ ਲੱਗ ਪਏ। ਫੇਰ ਆ ਕੇ ਮੰਜੀ ਉੱਤੇ ਸੌਂ ਗਏ। ਬੱਚਾ ਬਾਬੂ ਨੇ ਸੌਂਦਿਆਂ ਸੌਂਦਿਆਂ ਦੇਖਿਆ ਉਹਨਾਂ ਦੀ ਮੰਜੀ ਉਪਰਲੇ ਤਾਰੇ ਸੰਘਣੇ ਹੋ ਗਏ ਸਨ ਸ਼ਾਇਦ ਦਸ ਪੰਦਰਾਂ। ਉਹ ਗਿਣ ਨਹੀਂ ਸਕੇ। ਮੰਜੀ ਉੱਤੇ ਪਏ-ਪਏ ਉਹਨਾਂ ਨੇ ਮੂੰਹ ਵਿਚ ਬੁੜਬੁੜ ਜਿਹੀ ਕੀਤੀ, “ਬੜਾ ਮੁਸ਼ਕਿਲ ਏ ਇਸ ਦੁਨੀਆ ਵਿਚ ਰਹਿਣਾ।” ਪਤਨੀ ਕਮਰੇ ਵਿਚ ਪਲੰਘ ਉੱਤੇ ਜਾ ਸੁੱਤੀ।
ਬੱਚਾ ਬਾਬੂ ਗੂੜ੍ਹੀ ਨੀਂਦ ਵਿਚ ਸਨ ਤੇ ਰਾਤ ਘੁੱਪ ਹਨੇਰੀ ਸੀ। ਬੱਚਾ ਬਾਬੂ ਗੂੜ੍ਹੀ ਨੀਂਦ ਵਿਚ ਸਨ ਤੇ ਸੁਪਨਾ ਦੇਖ ਰਹੇ ਸਨ। ਉਹਨਾਂ ਦੇ ਸੁਪਨੇ ਵਿਚ ਉਹਨਾਂ ਦੇ ਦੋਵੇਂ ਬੱਚੇ ਸਨ। ਦੋਵੇਂ ਬੱਚੇ ਯਾਨੀ ਖੇਤ ਦੇ ਦੋ ਟੁਕੜੇ। ਬੱਚਾ ਬਾਬੂ ਨੇ ਆਪਣੇ ਸੁਪਨੇ ਵਿਚ ਦੇਖਿਆ ਕਿ ਉਹ ਫੂਲ ਸਿੰਘ ਨਾਲ ਕੇਸ ਲੜ ਰਹੇ ਨੇ ਤੇ ਤਾਰੀਖ਼ ਤੇ ਤਾਰੀਖ਼ ਪੈ ਰਹੀ ਹੈ ਤੇ ਇਸ ਦੌਰਾਨ ਉਹਨਾਂ ਦੇ ਦੋਵੇਂ ਖੇਤ ਫੂਲ ਸਿੰਘ ਦੇ ਕਿਲੇ ਨਾਲ ਵੱਝੇ ਹੋਏ ਨੇ। ਦੋਵਾਂ ਦੀਆਂ ਗਰਦਨਾਂ ਵਿਚ ਦੋ ਪਟੇ ਨੇ। ਬੱਚਾ ਬਾਬੂ ਦੌੜ ਰਹੇ ਨੇ, ਹੰਭ ਗਏ ਨੇ ਤੇ ਫੇਰ ਇਕ ਦਿਨ ਰਾਤ ਦੇ ਹਨੇਰੇ ਵਿਚ ਬੱਚਾ ਬਾਬੂ ਦੇ ਦੋਵੇਂ ਪੁੱਤਰ ਫੂਲ ਸਿੰਘ ਦੇ ਕਿਲੇ ਨਾਲੋਂ ਆਪਣਾ ਰੱਸਾ ਲਾਹ ਕੇ ਭੱਜ ਆਏ ਨੇ। ਬੱਚਾ ਬਾਬੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦੇ ਦੋਵੇਂ ਪੁੱਤਰ ਦਰਵਾਜ਼ੇ ਸਾਹਵੇਂ ਬੈਠੇ ਅੱਥਰੂ ਵਹਾਅ ਰਹੇ ਸਨ। ਬੱਚਾ ਬਾਬੂ ਦਰਵਾਜ਼ੇ 'ਤੇ ਉਹਨਾਂ ਨੂੰ ਦੇਖ ਕੇ ਉੱਥੇ ਹੀ ਉਹਨਾਂ ਦੇ ਗਲ਼ੇ ਲੱਗ ਗਏ ਤੇ ਉਹਨਾਂ ਦੇ ਅੱਥਰੂ ਪੂੰਝੇ। ਤੇ ਇਹ ਵੀ ਕਿਹਾ ਕਿ 'ਆਓ ਮੇਰੇ ਬੱਚਿਓ ਅੰਦਰ ਆਓ। ਆਪਣੇ ਘਰ ਵਿਚ ਆਓ। ਇਹ ਘਰ ਕਦੋਂ ਦਾ ਤੁਹਾਨੂੰ ਉਡੀਕ ਰਿਹਾ ਸੀ।' ਬੱਚਾ ਬਾਬੂ ਸੁਪਨਾ ਕੀ ਦੇਖ ਰਹੇ ਸਨ ਇਹ ਤਾਂ ਉੱਥੇ ਬੈਠੇ ਕਿਸੇ ਵੀ ਆਦਮੀ ਲਈ ਸਮਝਣਾ ਅਸੰਭਵ ਸੀ ਪਰ ਓਥੇ ਜੇ ਕੋਈ ਆਦਮੀ ਚੁੱਪਚਾਪ ਬੈਠ ਕੇ ਬੱਚਾ ਬਾਬੂ ਦੀਆਂ ਗੱਲਾਂ ਸੁਣਦਾ ਤਾਂ ਉਹ ਜ਼ਰੂਰ ਸਮਝ ਸਕਦਾ ਸੀ ਕਿ ਬੱਚਾ ਬਾਬੂ ਅਸਲ ਵਿਚ ਆਪਣੇ ਸੁਪਨੇ ਵਿਚ ਕੀ ਦੇਖ ਰਹੇ ਨੇ। ਬੱਚਾ ਬਾਬੂ ਜੋ ਦੇਖ ਰਹੇ ਸਨ ਉਹ ਤਾਂ ਸੁਪਨਾ ਸੀ ਪਰ ਜੋ ਬੋਲ ਰਹੇ ਸਨ ਉਹ ਹਕੀਕਤ ਸੀ।
ਸੁਪਨੇ ਦੇ ਦੂਜੇ ਹਿੱਸੇ ਵਿਚ ਉਹਨਾਂ ਦੇ ਖੇਤ ਦੇ ਦੋਵੇਂ ਟੁਕੜੇ ਵਿਹੜੇ ਵਿਚ ਬੈਠੇ ਸਨ ਤੇ ਬੱਚਾ ਬਾਬੂ ਉਹਨਾਂ ਨਾਲ ਗੱਲਾਂ ਕਰ ਰਹੇ ਸਨ। ਖੇਤ ਦੇ ਦੋਵੇਂ ਟੁਕੜੇ ਵਿਹੜੇ ਵਿਚ ਖੜਮਸਤੀਆਂ ਕਰ ਰਹੇ ਸਨ ਤੇ ਬੱਚਾ ਬਾਬੂ ਉਹਨਾਂ ਨੂੰ ਦੇਖ ਰਹੇ ਸਨ। ਉਹ ਇੱਧਰੋਂ ਉੱਧਰ ਵਿਹੜੇ ਵਿਚ ਦੌੜ ਰਹੇ ਸਨ। ਖੇਤ ਦੇ ਦੋਵੇਂ ਟੁਕੜੇ ਵਿਹੜੇ ਵਿਚ ਹਵਾ ਵਿਚ ਉੱਡ ਰਹੇ ਸਨ ਤੇ ਬੱਚਾ ਬਾਬੂ ਸੰਤੁਸ਼ਟ ਭਾਵ ਨਾਲ ਬਸ ਉਹਨਾਂ ਨੂੰ ਦੇਖ ਰਹੇ ਸਨ।


ਇਹ ਰਾਤ ਦੇ ਲਗਭਗ ਢਾਈ ਤਿੰਨ ਵਜੇ ਦਾ ਸਮਾਂ ਹੋਵੇਗਾ ਕਿ ਉਦੋਂ ਹੀ ਬੱਚਾ ਬਾਬੂ ਦਾ ਦਰਵਾਜ਼ਾ ਸੱਚਮੁੱਚ ਖੜਕਿਆ। ਦਰਵਾਜ਼ਾ ਹੌਲੀ-ਹੌਲੀ ਖੜਕਾਇਆ ਜਾ ਰਿਹਾ ਸੀ। ਇਕ ਰਹੱਸਮਈ ਅੰਦਾਜ਼ ਵਿਚ। ਇਸ ਲਈ ਕਲਿਆਣੀ ਨੂੰ ਸੁਣਨ ਦਾ ਤਾਂ ਸਵਾਲ ਹੀ ਨਹੀਂ ਸੀ। ਬੱਚਾ ਬਾਬੂ ਵੀ ਕਿਉਂਕਿ ਆਪਣੇ ਖੇਤ ਦੇ ਦੋਵਾਂ ਟੁਕੜਿਆਂ ਨਾਲ ਮਸਤ ਸਨ ਇਸ ਲਈ ਉਹ ਵੀ ਬੜੀ ਦੇਰ ਬਾਅਦ ਉਸ ਖਟਖਟ ਨੂੰ ਸੁਣ ਸਕੇ। ਪਰ ਜਦੋਂ ਉਹਨਾਂ ਨੇ ਸੁਣਿਆਂ, ਓਦੋਂ ਉਹ ਉੱਠੇ ਤੇ ਵਿਹੜੇ ਵਿਚੋਂ ਹੁੰਦੇ ਹੋਏ ਸਿੱਧੇ ਦਰਵਾਜ਼ੇ ਵੱਲ ਤੁਰ ਪਏ। ਉਹਨਾਂ ਦੀ ਨੀਂਦ ਖੁੱਲ੍ਹ ਤਾਂ ਗਈ ਸੀ ਪਰ ਅਜੇ ਉਹ ਪੂਰੀ ਚੇਤਨ ਅਵਸਥਾ ਵਿਚ ਨਹੀਂ ਸਨ। ਉਹਨਾਂ ਦੇ ਹੱਥ ਵਿਚ ਇਕ ਟਾਰਚ ਸੀ ਤੇ ਉਹਨਾਂ ਨੂੰ ਲੱਗਿਆ ਸੀ ਕਿ ਸੱਚਮੁੱਚ ਉਹਨਾਂ ਦੇ ਖੇਤ ਉਹਨਾਂ ਦੇ ਦਰਵਾਜ਼ੇ 'ਤੇ ਦਸਤਕ ਦੇ ਰਹੇ ਨੇ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਕਹਿਣਾ ਸ਼ੁਰੂ ਕਰ ਦਿੱਤਾ, “ਆਓ ਮੇਰੇ ਬੱਚਿਓ ਅੰਦਰ ਆਓ, ਆਪਣੇ ਘਰ ਵਿਚ ਆਓ ਇਹ ਘਰ ਕਦੋਂ ਦਾ ਤੁਹਾਡਾ...” ਬੱਚਾ ਬਾਬੂ ਆਪਣੀ ਗੱਲ ਪੂਰੀ ਕਰ ਰਹੇ ਸਨ ਕਿ ਉਹਨਾਂ ਦੀ ਚੇਤਨਾ ਪੂਰੀ ਤਰ੍ਹਾਂ ਪਰਤ ਆਈ। ਉਹਨਾਂ ਨੇ ਦੇਖਿਆ ਕਿ ਦਰਵਾਜ਼ੇ ਦੇ ਐਨ ਸਾਹਮਣੇ ਦੋ ਹੱਟੇ-ਕੱਟੇ ਆਦਮੀ ਖੜ੍ਹੇ ਸੀ। ਦੋਵਾਂ ਨੇ ਸਫਾਰੀ ਸੂਟ ਪਾਇਆ ਹੋਇਆ ਸੀ ਤੇ ਦੋਵਾਂ ਦੇ ਸਫਾਰੀ ਸੂਟ ਉੱਤੇ ਇਕ ਇਕ ਪਾਕੇਟ ਸੀ। ਬੱਚਾ ਬਾਬੂ ਦੀ ਕੁਝ ਸਮਝ ਵਿਚ ਆਉਂਦਾ ਜਾਂ ਡਰਦੇ ਮਾਰੇ ਉਹ ਚੀਕਣ ਲੱਗਦੇ ਇਸ ਤੋਂ ਪਹਿਲਾਂ ਹੀ ਇਕ ਸਫਾਰੀ ਸੂਟ ਵਾਲੇ ਨੇ ਆਪਣੇ ਰੁਮਾਲ ਨਾਲ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ ਤੇ ਦੂਜੇ ਨੇ ਉਹਨਾਂ ਨੂੰ ਫੜ੍ਹ ਲਿਆ। ਤੇ ਫੇਰ ਦੋਵੇਂ ਉਹਨਾਂ ਨੂੰ ਉਸੇ ਵਿਹੜੇ ਵਿਚ ਲੈ ਆਏ ਜਿੱਥੋਂ ਬੱਚਾ ਬਾਬੂ ਉੱਠ ਕੇ ਗਏ ਸਨ।
ਬੱਚਾ ਬਾਬੂ ਦੀ ਨੀਂਦ ਹੁਣ ਬਿਲਕੁਲ ਖੁੱਲ੍ਹ ਚੁੱਕੀ ਸੀ। ਇਸ ਲਈ ਜਦੋਂ ਉਹਨਾਂ ਨੂੰ ਜਬਰਦਸਤੀ ਹੀ ਸਹੀ ਅੰਦਰ ਲਿਆਂਦਾ ਗਿਆ ਤਾਂ ਉਹ ਏਨਾ ਤਾਂ ਜ਼ਰੂਰ ਸਮਝ ਚੁੱਕੇ ਸਨ ਕਿ ਉਹਨਾਂ ਨੂੰ ਕਿੱਡਨੈਪ ਨਹੀਂ ਕੀਤਾ ਜਾ ਰਿਹਾ ਹੈ ਤੇ ਇਹ ਵੀ ਸਪਸ਼ਟ ਸੀ ਕਿ ਇਹ ਫੂਲ ਸਿੰਘ ਦੇ ਗੁੰਡੇ ਨਹੀਂ ਸਨ। ਕਿਉਂਕਿ ਉਹ ਇਸ ਤਰ੍ਹਾਂ ਸਫਾਰੀ ਸੂਟ ਵਿਚ ਕਿਉਂ ਆਉਂਦੇ ਤੇ ਉਹ ਏਨੀ ਘੱਟ ਜਬਰਦਸਤੀ ਕਿਉਂ ਕਰਦੇ। ਪਰ ਉਹਨਾਂ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਫੇਰ ਇਹ ਹੈ ਕੌਣ ਤੇ ਮਾਜਰਾ ਕੀ ਹੈ?
ਦੋਵਾਂ ਸਫਾਰੀ ਸੂਟ ਵਾਲਿਆਂ ਨੇ ਬੱਚਾ ਬਾਬੂ ਨੂੰ ਬਾਇੱਜ਼ਤ ਮੰਜੀ ਉੱਤੇ ਬਿਠਾਲ ਦਿੱਤਾ। ਪਰ ਬੱਚਾ ਬਾਬੂ ਚੀਕਣਾ ਸ਼ੁਰੂ ਨਾ ਕਰ ਦੇਣ ਇਸ ਲਈ ਉਹਨਾਂ ਦੇ ਮੂੰਹ ਉੱਤੋਂ ਅਜੇ ਰੁਮਾਲ ਨਹੀਂ ਸੀ ਹਟਾਇਆ ਗਿਆ। ਫੇਰ ਦੋਵਾਂ ਨੇ ਪੂਰੇ ਮਾਜਰੇ ਨੂੰ ਸਮਝਾਉਣਾ ਚਾਹਿਆ। ਪਰ ਜਿਹੜੀਆਂ ਗੱਲਾਂ ਉਹ ਦੋਵੇਂ ਬੱਚਾ ਬਾਬੂ ਨੂੰ ਸਮਝਾਉਣੀਆਂ ਚਾਹੁੰਦੇ ਸਨ ਅਸਲ ਵਿਚ ਉਹ ਉਸ ਤੋਂ ਵੀ ਵੱਧ  ਅਨੋਖੀਆਂ ਤੇ ਵਿਸ਼ਵਾਸ ਨਾ ਕਰਨ ਯੋਗ ਸਨ। ਕਿਸੇ ਵੀ ਆਮ ਆਦਮੀ ਦੇ ਲਈ ਕਿੰਨਾ ਗ਼ੈਰਯਕੀਨੀ ਹੋ ਸਕਦਾ ਏ ਕਿ ਕੋਈ ਉਸਨੂੰ ਇਹ ਕਹਿ ਦੇਵੇ ਕਿ ਉਹਨਾਂ ਦੇ ਘਰ ਪ੍ਰਧਾਨਮੰਤਰੀ ਆਏ ਨੇ।
ਪਰ ਸੱਚ ਇਹੀ ਸੀ।
ਰੁਮਾਲ ਨਾਲ ਬੰਦ ਆਪਣੇ ਮੂੰਹ ਵਿਚੋਂ ਬੱਚਾ ਬਾਬੂ ਨੇ ਘੋਂ-ਘੋਂ ਦੀ ਆਵਾਜ਼ ਤੇ ਇਸ਼ਾਰਿਆਂ ਨਾਲ ਇਹ ਪੁੱਛਣਾ ਚਾਹਿਆ ਕਿ ਆਖ਼ਰ ਉਹ ਕੌਣ ਨੇ ਤੇ ਉਸ ਤੋਂ ਕੀ ਚਾਹੁੰਦੇ ਨੇ?
“ਸਾਥੋਂ ਡਰੋ ਨਾ ਅਸੀਂ ਸੁਰੱਖਿਆ ਵਾਲੇ ਆਂ।” ਸਾਹਮਣੇ ਖੜ੍ਹੇ ਸਫਾਰੀ ਸੂਟ ਵਾਲੇ ਨੇ ਕਿਹਾ।
“ਸੁਰੱਖਿਆ ਵਾਲੇ?” ਬੱਚਾ ਬਾਬੂ ਨੇ ਆਪਣੇ ਚਿਹਰੇ ਦੇ ਇੰਪਰੈਸ਼ਨ ਰਾਹੀਂ ਇਹ ਜਾਣਨਾ ਚਾਹਿਆ।
“ਅਸੀਂ ਤਾਂ ਲੋਕਾਂ ਦੀ ਜਾਨ ਬਚਾਉਂਦੇ ਆਂ।”
“ਅੱਛਾ!” ਬੱਚਾ ਬਾਬੂ ਨੇ ਤਿੱਖੀਆਂ ਨਜ਼ਰਾਂ ਨਾਲ ਉਹਨਾਂ ਵੱਲ ਦੇਖਿਆ। ਆਪਣੀਆਂ ਨਜ਼ਰਾਂ ਥੋੜ੍ਹੀਆਂ ਨੀਵੀਂਆ ਕਰਕੇ ਆਪਣੇ ਵੱਲ ਇਸ਼ਾਰਾ ਕੀਤਾ।
“ਨਹੀਂ, ਨਹੀਂ ਤੁਸੀਂ ਗਲਤ ਸਮਝ ਰਹੇ ਓ ਅਸੀਂ ਪ੍ਰਧਾਨਮੰਤਰੀ ਦੇ ਸੁਰੱਖਿਆ ਗਾਰਡ ਆਂ। ਸਾਡੇ ਨਾਲ ਖ਼ੁਦ ਪ੍ਰਧਾਨਮੰਤਰੀ ਆਏ ਨੇ।”
“...” ਬੱਚਾ ਬਾਬੂ ਸੁੰਨ ਜਿਹੇ ਹੋ ਗਏ।
“ਤੁਸੀਂ ਚੀਕੋ ਨਾ ਤਾਂ ਅਸੀਂ ਰੁਮਾਲ ਹਟਾਅ ਦੇਈਏ ਤੁਹਾਡੇ ਮੂੰਹ ਉੱਤੋਂ। ਫੇਰ ਅਸੀਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦਿਆਂਗੇ।”
ਬੱਚਾ ਬਾਬੂ ਨੇ ਆਪਣੇ ਮੂੰਹ ਨੂੰ ਉਪਰ ਹੇਠਾਂ ਕਰਦੇ ਸਹਿਮਤੀ ਦਰਸਾਈ। ਬੱਚਾ ਬਾਬੂ ਦੇ ਮੂੰਹ ਤੋਂ ਰੁਮਾਲ ਹਟਾਅ ਲਿਆ ਗਿਆ। ਉਹਨਾਂ ਨੇ ਸਭ ਤੋਂ ਪਹਿਲਾਂ ਦੋ ਚਾਰ ਲੰਮੇ-ਲੰਮੇ ਸਾਹ ਲਏ।
ਦੋਵਾਂ ਸਫਾਰੀ ਸੂਟ ਵਾਲਿਆਂ ਨੇ ਫੇਰ ਉਹਨਾਂ ਨੂੰ ਸਮਝਾਉਣਾ ਚਾਹਿਆ ਕਿ ਉਹ ਸੱਚਮੁੱਚ ਪ੍ਰਧਾਨਮੰਤਰੀ ਦੇ ਸੁਰੱਖਿਆ ਗਾਰਡ ਨੇ। ਬਾਹਰ ਗੱਡੀ ਵਿਚ ਪ੍ਰਧਾਨਮੰਤਰੀ ਲੇਟੇ ਨੇ। ਉਹਨਾਂ ਨੇ ਬੱਚਾ ਬਾਬੂ ਨੂੰ ਇਹ ਸਖ਼ਤ ਹਦਾਇਤ ਦਿੱਤੀ ਕਿ ਉਹ ਰੌਲਾ ਨਾ ਪਾਉਣ ਕਿਉਂਕਿ ਲੋਕਾਂ ਨੂੰ ਬਿਲਕੁਲ ਵੀ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਇੱਥੇ ਪ੍ਰਧਾਨਮੰਤਰੀ ਨੇ।
ਬੱਚਾ ਬਾਬੂ ਨੂੰ ਬਾਹਰ ਲਿਆਂਦਾ ਗਿਆ। ਬਾਹਰ ਸਿਰਫ਼ ਇਕ ਗੱਡੀ ਖੜ੍ਹੀ ਸੀ। ਬੱਚਾ ਬਾਬੂ ਨੂੰ ਥੋੜ੍ਹੀ ਹੈਰਾਨੀ ਹੋਈ ਤੇ ਸਭ ਕੁਝ ਇਕ ਮਜ਼ਾਕ ਵਰਗਾ ਲੱਗਿਆ ਕਿ ਕੀ ਪ੍ਰਧਾਨਮੰਤਰੀ ਇਕ ਗੱਡੀ ਵਿਚ ਕਿਸੇ ਦੇ ਦਰਵਾਜ਼ੇ 'ਤੇ ਆ ਸਕਦੇ ਨੇ! ਪਰ ਉਹ ਗੱਡੀ ਬੜੀ ਅਜੀਬ ਤਰ੍ਹਾਂ ਦੀ ਸੀ। ਓਹੋ-ਜਿਹੀ ਗੱਡੀ ਬੱਚਾ ਬਾਬੂ ਨੇ ਆਪਣੀ ਜ਼ਿੰਦਗੀ ਵਿਚ ਕਦੀ ਸਿੱਧੀ ਜਾਂ ਟੈਲੀਵਿਜ਼ਨ ਉੱਤੇ ਨਹੀਂ ਸੀ ਦੇਖੀ। ਗੱਡੀ ਲੰਮੀ ਸੀ ਤੇ ਉਸਦੇ ਸ਼ੀਸ਼ੇ ਬੰਦ ਸਨ। ਗੱਡੀ ਦੇ ਪਹੀਏ ਚੌੜੇ ਸਨ। ਗੱਡੀ ਦੋ ਹਿੱਸਿਆਂ ਵਿਚ ਵੰਡੀ ਸੀ। ਇਕ ਜਿਧਰ ਡਰਾਈਵਰ ਸੀ ਉਧਰ ਕੁਝ ਹੋਰ ਲੋਕਾਂ ਦੇ ਬੈਠਣ ਲਈ ਥਾਂ ਸੀ। ਬੱਚਾ ਬਾਬੂ ਨੇ ਅੰਦਾਜ਼ਾ ਲਾਇਆ ਕਿ ਇਹ ਜਿਹੜੇ ਸਫਾਰੀ ਸੂਟ ਵਾਲੇ ਸੁਰੱਖਿਆ ਕਰਮੀ ਨੇ ਉਹ ਓਥੇ ਬੈਠਦੇ ਹੋਣਗੇ। ਗੱਡੀ ਦੇ ਦੂਜੇ ਹਿੱਸੇ ਦੀ ਲੰਬਾਈ ਵੱਧ ਸੀ। ਸਫਾਰੀ ਸੂਟ ਵਾਲਿਆਂ ਨੇ ਗੱਡੀ ਦੇ ਲੰਮੇ ਹਿੱਸੇ ਵਾਲਾ ਦਰਵਾਜ਼ਾ ਖੋਲ੍ਹਿਆ। ਬੱਚਾ ਬਾਬੂ ਦੇ ਚਿਹਰੇ ਉੱਤੇ ਅਚਾਨਕ ਠੰਢੀ ਹਵਾ ਦਾ ਬੁੱਲ੍ਹਾ ਵੱਜਿਆ। ਅੰਦਰ ਬੈਠਣ ਦੀ ਜਿਹੜੀ ਜਗ੍ਹਾ ਸੀ ਉਹ ਬੜੀ ਗੱਦੇਦਾਰ ਸੀ।
ਗੱਡੀ ਵਿਚ ਇਕ ਬਿਸਤਰਾ ਲੱਗਿਆ ਹੋਇਆ ਸੀ ਜਿਸ ਉੱਤੇ ਪ੍ਰਧਾਨਮੰਤਰੀ ਸੁੱਤੇ ਹੋਏ ਸਨ। ਪ੍ਰਧਾਨਮੰਤਰੀ ਨੂੰ ਪੇਨਕਿੱਲਰ ਤੇ ਨੀਂਦ ਦੀ ਦਵਾਈ ਦਿੱਤੀ ਗਈ ਸੀ ਤਾਕਿ ਉਹਨਾਂ ਨੂੰ ਕੋਈ ਕਸ਼ਟ ਨਾ ਹੋਵੇ। ਦੋਵਾਂ ਸਫਾਰੀ ਸੂਟ ਵਾਲਿਆਂ ਨੇ ਟਾਰਚ ਦੀ ਰੋਸ਼ਨੀ ਪ੍ਰਧਾਨਮੰਤਰੀ ਦੇ ਚਿਹਰੇ ਉੱਤੇ ਨਹੀਂ ਬਲਕਿ ਗੱਡੀ ਦੀ ਛੱਤ ਵੱਲ ਕੀਤੀ ਤਾਕਿ ਪ੍ਰਧਾਨਮੰਤਰੀ ਨੂੰ ਕੋਈ ਤਕਲੀਫ਼ ਵੀ ਨਾ ਹੋਵੇ ਤੇ ਚਿਹਰਾ ਵੀ ਨਜ਼ਰ ਆ ਜਾਵੇ।
ਬੱਚਾ ਬਾਬੂ ਨੇ ਦੇਖਿਆ ਬਿਸਤਰੇ ਉੱਤੇ ਲੇਟੇ ਹੋਏ ਪ੍ਰਧਾਨਮੰਤਰੀ ਦੇ ਇਲਾਵਾ ਗੱਡੀ ਦੇ ਅੰਦਰ ਦੋ ਜਣੇ ਹੋਰ ਸਨ। ਇਕ ਔਰਤ ਸੀ ਜਿਹੜੀ ਸ਼ਾਇਦ ਪ੍ਰਧਾਨਮੰਤਰੀ ਦੀ ਪਤਨੀ ਹੋਵੇਗੀ, ਇਹ ਬੱਚਾ ਬਾਬੂ ਨੇ ਅੰਦਾਜ਼ਾ ਲਾਇਆ ਸੀ। ਦੋਵੇਂ ਉਸ ਘੁੱਪ ਹਨੇਰੇ ਵਿਚ ਬਿਲਕੁਲ ਚੁੱਪ ਬੈਠੇ ਸਨ। ਬੱਚਾ ਬਾਬੂ ਨੇ ਪ੍ਰਧਾਨਮੰਤਰੀ ਦੇ ਚਿਹਰੇ ਉੱਤੇ ਆਪਣੀ ਨਿਗਾਹ ਮਾਰੀ। ਯਕਦਮ ਹੂ-ਬ-ਹੂ ਉਹੀ ਸ਼ਕਲ। ਇਸ ਸ਼ਕਲ ਨੂੰ ਟੈਲੀਵਿਜ਼ਨ ਤੇ ਅਖ਼ਬਾਰਾਂ ਵਿਚ ਉਹ ਕਈ ਵਾਰੀ ਦੇਖ ਚੁੱਕੇ ਨੇ। ਪਰ ਕਦੀ ਸੋਚਿਆ ਨਹੀਂ ਸੀ ਕਿ ਇਕ ਦਿਨ ਅਜਿਹਾ ਵੀ ਆਵੇਗਾ ਕਿ ਉਹ ਪ੍ਰਧਾਨਮੰਤਰੀ ਨੂੰ ਏਨੀ ਨੇੜਿਓਂ ਦੇਖ ਸਕੇਗਾ। ਬੱਚਾ ਬਾਬੂ ਨੇ ਸੋਚਿਆ ਇਹ ਚਿਹਰਾ ਤਾਂ ਵਾਕੱਈ ਬੜਾ ਗੋਰਾ ਏ।
ਟਾਰਚ ਦੀ ਰੋਸ਼ਨੀ ਬੰਦ ਕਰਕੇ ਉਹ ਦੋਵੇਂ ਸਫਾਰੀ ਸੂਟ ਵਾਲੇ ਬੱਚਾ ਬਾਬੂ ਨੂੰ ਫੇਰ ਵਿਹੜੇ ਵਿਚ ਲੈ ਆਏ।
ਵੈਸੇ ਤਾਂ ਪ੍ਰਧਾਨਮੰਤਰੀ ਨੂੰ ਦੇਖ ਕੇ ਬੱਚਾ ਬਾਬੂ ਨੇ ਸਭ ਕੁਝ ਸਮਝ ਲਿਆ ਸੀ। ਪਰ ਉਹ ਉਹਨਾਂ ਸਫਾਰੀ ਸੂਟ ਵਾਲਿਆਂ ਤੋਂ ਸਭ ਸੁਣਨਾ ਚਾਹ ਰਹੇ ਸਨ ਕਿ ਆਖ਼ਰ ਉਹ ਉਹਨਾਂ ਤੋਂ ਚਾਹੁੰਦੇ ਕੀ ਨੇ? ਅਜੇ ਉਹ ਮੰਜੀ ਉੱਤੇ ਬੈਠੇ ਹੀ ਸਨ ਕਿ ਅਚਾਨਕ ਉਹਨਾਂ ਦੇ ਸਾਹਮਣੇ ਇਕ ਮੋਟਾ ਸਾਰਾ ਆਦਮੀ ਪਤਾ ਨਹੀਂ ਕਿੱਥੋਂ ਆ ਕੇ ਖੜ੍ਹਾ ਹੋ ਗਿਆ। ਓਹ ਥੋੜ੍ਹਾ ਰੋਅਬਦਾਰ ਲੱਗ ਰਿਹਾ ਸੀ ਤੇ ਉਸਦਾ ਚਿਹਰਾ ਥੋੜ੍ਹਾ ਸਖ਼ਤ ਸੀ। ਬੱਚਾ ਬਾਬੂ ਨੇ ਦੇਖਿਆ ਕਿ ਉਹ ਆਦਮੀ ਉਹ ਨਹੀਂ ਹੈ ਜਿਹੜਾ ਉਸ ਲੰਮੀ ਗੱਡੀ ਵਿਚ ਪ੍ਰਧਾਨਮੰਤਰੀ ਦੇ ਨਾਲ ਸੀ। ਉਹਨਾਂ ਨੇ ਸਮਝ ਲਿਆ ਕਿ ਉਹ ਮੋਟਾ ਆਦਮੀ ਕੋਈ ਵੱਡਾ ਅਫ਼ਸਰ ਹੈ ਤੇ ਬਿਨਾਂ ਸ਼ੱਕ ਅੱਗੇ ਪਿੱਛੇ ਹੋਰ ਵੀ ਗੱਡੀਆਂ ਆਈਆਂ ਨੇ। ਪ੍ਰਧਾਨਮੰਤਰੀ ਦੇ ਨਾਲ ਕਿੰਨੀਆਂ ਗੱਡੀਆਂ ਆਈਆਂ ਨੇ ਬੱਚਾ ਬਾਬੂ ਇਹ ਤਾਂ ਨਹੀ ਸਮਝ ਸਕੇ ਪਰ ਏਨਾਂ ਉਹ ਜ਼ਰੂਰ ਸਮਝ ਗਏ ਕਿ ਹੋਰ ਗੱਡੀਆਂ ਤੇ ਹੋਰ ਸੁਰੱਖਿਆ ਕਰਮੀ ਕਿਧਰੇ ਨੇੜੇ-ਤੇੜੇ ਹੀ ਖਿੱਲਰੇ ਹੋਏ ਨੇ। ਬੱਚਾ ਬਾਬੂ ਨੇ ਮਹਿਸੂਸ ਕੀਤਾ ਕਿ ਉਸ ਮੋਟੇ ਆਦਮੀ ਦਾ ਰੰਗ ਕਾਲਾ ਸੀ। ਵੈਸੇ ਉਹਨਾਂ ਦੇ ਮਨ ਵਿਚ ਇਹ ਵੀ ਆਇਆ ਕਿ ਕੀ ਪਤਾ ਉਸਦੇ ਚਿਹਰੇ ਉੱਤੇ ਰਾਤ ਦਾ ਕਾਲਾਪਨ ਹੀ ਵਧ ਹੋਵੇ। ਉਹ ਦੱਖਣੀ ਭਾਰਤ ਦਾ ਲੱਗਦਾ ਸੀ ਪਰ ਬੜੀ ਵਧੀਆ ਹਿੰਦੀ ਬੋਲ ਰਿਹਾ ਸੀ।
ਟਾਰਚ ਬਾਲ ਕੇ ਮੰਜੀ ਉੱਤੇ ਰੱਖ ਦਿੱਤੀ ਗਈ ਜਿਸ ਨਾਲ ਵਿਹੜੇ ਵਿਚ ਹਲਕਾ-ਜਿਹਾ ਚਾਨਣ ਹੋ ਗਿਆ। ਏਨਾ ਚਾਨਣ ਜਿਸ ਵਿਚ ਗੱਲਬਾਤ ਹੋ ਸਕੇ।
“ਪ੍ਰਧਾਨਮੰਤਰੀ ਬਿਮਾਰ ਨੇ।” ਉਸ ਅਫ਼ਸਰ ਨੇ ਮੰਜੀ ਉੱਤੇ ਬੈਠੇ ਬੱਚਾ ਬਾਬੂ ਨੂੰ ਇੰਜ ਪਹਿਲੀ ਜਾਣਕਾਰੀ ਦਿੱਤੀ ਜਿਵੇਂ ਉਸ ਪਿੰਡ ਵਿਚ ਦੇਸ਼ ਦੀ ਕੋਈ ਖ਼ਬਰ ਆ ਹੀ ਨਾ ਸਕਦੀ ਹੋਵੇ।
“ਇਸੇ ਦੇਸ਼ 'ਚ ਰਹਿੰਦਾ ਆਂ ਮੈਂ, ਮੈਨੂੰ ਸਭ ਕੁਝ ਪਤਾ ਏ।” ਬੱਚਾ ਬਾਬੂ ਨੇ 'ਇਸੇ' ਨੂੰ ਚੱਬ ਕੇ ਥੋੜ੍ਹੀ ਬੇਰੁਜ਼ੀ ਨਾਲ ਜਵਾਬ ਦਿੱਤਾ।
“ਫੇਰ ਤਾਂ ਤੁਸੀਂ ਇਹ ਵੀ ਸਮਝ ਗਏ ਓਂ ਕਿ ਪ੍ਰਧਾਨਮੰਤਰੀ ਇੱਥੇ ਕਿਓਂ ਆਏ ਨੇ? ਸੁਣਿਆਂ ਏ ਹੱਡੀਆਂ ਤੁਹਾਡੇ ਇਸ਼ਾਰੇ 'ਤੇ ਨੱਚਦੀਆਂ ਨੇ।” ਫੇਰ ਰੁਕ ਕੇ ਕਿਹਾ, “ਹੁਣ ਮੌਕਾ ਆਇਆ ਏ ਕਿ ਤੁਸੀਂ ਆਪ ਆਪਣਾ ਜੌਹਰ ਦਿਖਾਅ ਸਕੋਂ ਤੇ ਇਸ ਦੇਸ਼ ਦੇ ਕੁਝ ਕੰਮ ਆ ਸਕੋਂ।” ਦੋਵੇਂ ਸਫਾਰੀ ਸੂਟ ਵਾਲੇ ਬਸ ਹੁਣ ਖੜ੍ਹੇ ਸਨ ਤੇ ਸਾਰੀਆਂ ਗੱਲਾਂ ਉਹ ਅਫ਼ਸਰ ਕਰ ਰਿਹਾ ਸੀ।
“ਸਾਨੂੰ ਤੁਹਾਥੋਂ ਬੜੀਆਂ ਉਮੀਦਾਂ ਨੇ। ਅਸੀਂ ਜਾਣਦੇ ਆਂ ਕਿ ਹੁਣ ਸਭ ਠੀਕ ਹੋ ਜਾਵੇਗਾ।” ਬੱਚਾ ਬਾਬੂ ਇਹ ਸੁਣ ਰਹੇ ਸਨ।
“ਬਸ ਤੁਹਾਨੂੰ ਏਨੀ ਬੇਨਤੀ ਏ ਕਿ ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਲੱਗੇ ਕਿ ਇੱਥੇ ਪ੍ਰਧਾਂਨਮੰਤਰੀ ਨੇ। ਤੁਹਾਨੂੰ ਏਡੀ ਵੱਡੀ ਖ਼ਬਰ ਨੂੰ ਆਪਣੇ ਢਿੱਡ 'ਚ ਹਜ਼ਮ ਕਰਨਾ ਪਵੇਗਾ।”
ਬੱਚਾ ਬਾਬੂ ਦੇ ਮਨ ਵਿਚ ਜਿਹੜੀ ਇਕੋਇਕ ਸ਼ੰਕਾ ਉਪਜੀ ਉਹ ਇਹ ਸੀ ਕਿ ਇਸ ਪਿੰਡ ਵਿਚ ਰਾਤ ਦੇ ਹਨੇਰੇ ਵਿਚ ਇਸ ਗੱਡੀ ਨੂੰ ਲਿਆਉਣਾ ਕੀ ਖ਼ਤਰਨਾਕ ਨਹੀਂ ਸੀ? ਬੱਚਾ ਬਾਬੂ ਨੇ ਆਪਣੇ ਮਨ ਦੇ ਇਸ ਸ਼ੰਕੇ ਨੂੰ ਇਕ ਸਵਾਲ ਵਾਂਗ ਦੱਖਣੀ ਭਾਰਤੀ ਅਫ਼ਸਰ ਦੇ ਸਾਹਮਣੇ ਰੱਖਿਆ। ਇਸ ਸਵਾਲ ਨੂੰ ਸਾਹਮਣੇ ਰੱਖਦੇ ਹੋਏ ਬੱਚਾ ਬਾਬੂ ਸੋਚ ਰਹੇ ਸਨ ਕਿ ਘੱਟੋ ਘੱਟ ਇਸ ਇਕ ਸਵਾਲ ਉੱਤੇ ਉਹ ਅਧਿਕਾਰੀ ਤ੍ਰਬਕ ਜਾਵੇਗਾ ਆਪਣੀ ਗਲਤੀ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ—ਪਰ ਅਜਿਹਾ ਕੁਝ ਨਹੀਂ ਹੋਇਆ।
“ਪਿੰਡ ਦੇ ਬੁੱਢੇ ਸੌਂਦੇ ਘੱਟ ਨੇ ਤੇ ਖੰਘਦੇ ਬਹੁਤਾ ਨੇ ਤਾਂ ਕੀ ਤੁਹਾਡੀ ਗੱਡੀ ਦਾ ਰਹੱਸ ਸਿਰਫ਼ ਮੇਰੇ ਢਿੱਡ ਵਿਚ ਗੁਪਤ ਕਰ ਦੇਣ ਨਾਲ ਗੁਪਤ ਰਹਿ ਸਕੇਗਾ?” ਇਹ ਸਵਾਲ ਕਰਦਿਆਂ ਹੋਇਆ ਬੱਚਾ ਬਾਬੂ ਨੇ 'ਪਿੰਡ' ਸ਼ਬਦ ਨੂੰ ਚੱਬਿਆ ਤੇ ਆਪਣੇ ਚਿਹਰੇ ਉੱਤੇ ਇਕ ਕਰੜਾਈ ਰੱਖੀ।
“ਤੁਸੀਂ ਸ਼ਾਇਦ ਭੁੱਲ ਗਏ ਓ ਕਿ ਇਹ ਪ੍ਰਧਾਨਮੰਤਰੀ ਦੀ ਸਿਹਤ ਦਾ ਸਵਾਲ ਏ। ਇਹ ਪ੍ਰਬੰਧ ਉਹਨਾਂ ਲਈ ਨੇ। ਇਹ ਗੱਡੀ ਜਦੋਂ ਚੱਲਦੀ ਏ ਤਾਂ ਇੰਜ ਲੱਗਦਾ ਏ ਜਿਵੇਂ ਇਹ ਸੜਕ ਉੱਤੇ ਨਹੀਂ ਚੱਲ ਰਹੀ ਬਲਕਿ ਪਾਣੀ ਉੱਤੇ ਤੈਰ ਰਹੀ ਏ। ਤੁਸੀਂ ਵਿਸ਼ਵਾਸ ਕਰੋ ਇਹ ਗੱਡੀ ਜਦੋਂ ਚੱਲਦੀ ਏ ਉਦੋਂ ਕੋਲ ਸੁੱਤੇ ਪਏ ਕੁੱਤੇ ਦੀ ਨੀਂਦ ਉੱਤੇ ਵੀ ਕੋਈ ਅਸਰ ਨਹੀਂ ਪੈਂਦਾ।”
“ਅਸੀਂ ਪੂਰੀ ਤਿਆਰੀ ਨਾਲ ਆਏ ਆਂ।” ਉਸ ਅਫ਼ਸਰ ਨੇ ਇਕੋ ਗੱਲ ਨਾਲ ਸਾਰੀਆਂ ਸ਼ੰਕਾਵਾਂ ਦੂਰ ਕਰ ਦਿੱਤੀਆਂ।
“ਪ੍ਰਧਾਨਮੰਤਰੀ ਨਾਲ ਇੱਥੇ ਸਿਰਫ਼ ਦੋ ਆਦਮੀ ਰਹਿਣਗੇ ਜਿਹੜੇ ਉਹਨਾਂ ਦੀ ਦੇਖਭਾਲ ਕਰਨਗੇ। ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਏ। ਸਾਡੇ ਆਦਮੀ ਏਧਰ-ਉਧਰ ਹਰ ਜਗ੍ਹਾ ਆਮ ਲੋਕਾਂ ਵਾਂਗ ਰਹਿਣਗੇ।”
ਉਹ ਅਫ਼ਸਰ ਲਗਾਤਾਰ ਬੋਲ ਰਿਹਾ ਸੀ। ਬੱਚਾ ਬਾਬੂ ਨੂੰ ਖਿਝ-ਜਿਹੀ ਚੜ੍ਹਨ ਲੱਗੀ। ਪਰ ਉਹਨਾਂ ਨੇ ਸਹਿਜ ਰਹਿ ਕੇ ਹੀ ਜਵਾਬ ਦੇਣਾ ਠੀਕ ਸਮਝਿਆ।
“ਤੁਸੀਂ ਬੇਫ਼ਿਕਰ ਰਹੋ ਪ੍ਰਧਾਨਮੰਤਰੀ ਬਿਲਕੁਲ ਤੰਦਰੁਸਤ ਹੋ ਜਾਣਗੇ। ਉਹ ਫੇਰ ਬੈਠ ਸਕਣਗੇ...ਤੇ ਇਸ ਦੇਸ਼ ਨੂੰ ਸੁਚਾਰੂ ਢੰਗ ਨਾਲ ਚਲਾ ਸਕਣਗੇ।” ਬੱਚਾ ਬਾਬੂ ਦੇ ਚਿਹਰੇ ਉੱਤੇ ਇਕ ਸੰਤੁਸ਼ਟ ਭਾਵ ਸੀ।
“ਤੁਹਡਾ ਬੜਾ ਨਾਂ ਏਂ। ਬਸ ਤੁਸੀਂ ਇੰਜ ਸਮਝ ਲਓ ਕਿ ਇਸ ਦੇਸ਼ ਨੂੰ ਤੁਹਾਥੋਂ ਬੜੀਆਂ ਉਮੀਦਾਂ ਨੇ।” ਉਹ ਅਫ਼ਸਰ ਵਰਗਾ ਆਦਮੀ ਇਹ ਕਹਿ ਕੇ ਤੁਰ ਚੱਲਿਆ ਪਰ ਫੇਰ ਪਰਤ ਆਇਆ।
“ਮੈਂ ਫੇਰ ਇਹ ਕਰਿ ਰਿਹਾ ਆਂ ਕਿ ਸਾਡੇ ਵੱਲੋਂ ਕੋਈ ਉਕਾਈ ਨਹੀਂ ਹੋਵੇਗੀ। ਬਸ ਤੁਸੀਂ ਇਹ ਹਰ ਹਾਲ ਵਿਚ ਧਿਆਨ ਰੱਖਣਾ ਏ ਕਿ ਪ੍ਰਧਾਨਮੰਤਰੀ ਇੱਥੇ ਨੇ ਇਹ ਗੱਲ ਇਸ ਚਾਰਦੀਵਾਰੀ ਵਿਚੋਂ ਬਾਰ ਨਹੀਂ ਨਿਕਲਣੀ ਚਾਹੀਦੀ।” ਉਹ ਅਫ਼ਸਰ ਫੇਰ ਕੁਝ ਚਿਰ ਚੁੱਪ ਰਿਹਾ ਤੇ ਫੇਰ ਬੋਲਿਆ, “ਪ੍ਰਧਾਨਮੰਤਰੀ ਦੀ ਖ਼ਬਰ ਨੂੰ ਬਾਹਰ ਕੱਢਣਾ ਇਕ ਤਰ੍ਹਾਂ ਦਾ ਦੇਸ਼ ਧਰੋਹ ਏ। ਤੇ ਅਸੀਂ ਤਾਂ ਜਾਣਦੇ ਆਂ ਕਿ ਤੁਸੀਂ ਇਸ ਦੇਸ਼ ਨੂੰ ਕਿੰਨਾ ਪ੍ਰੇਮ ਕਰਦੇ ਓ।” ਇਹ ਸ਼ਾਇਦ ਇਕ ਚੇਤਾਵਨੀ ਸੀ।
ਬੱਚਾ ਬਾਬੂ ਦੇ ਚਿਹਰੇ ਉੱਤੇ ਇਕ ਤਣਾਅ ਆ ਗਿਆ।

ਸੱਚ ਦੀ ਕੋਈ ਆਪਣੀ ਹਸਤੀ ਨਹੀਂ ਹੁੰਦੀ। ਸੱਚ ਸਿਰਫ਼ ਉਹ ਹੁੰਦਾ ਏ ਜਿਹੜਾ ਸਾਨੂੰ ਦਿਖਾਇਆ ਤੇ ਸੁਣਾਇਆ ਜਾਂਦਾ ਹੈ :
ਪ੍ਰਧਾਨਮੰਤਰੀ ਬਿਮਾਰ ਸਨ ਤੇ ਪੂਰੇ ਦੇਸ਼ ਵਿਚ ਹਾਹਾਕਾਰ ਮੱਚੀ ਹੋਈ ਸੀ। ਮੀਡੀਏ ਕੋਲ ਤਾਂ ਖ਼ੈਰ ਖ਼ਬਰ ਏਨੀ ਹੀ ਆਉਂਦੀ ਸੀ ਕਿ ਪ੍ਰਧਾਨਮੰਤਰੀ ਦੀ ਹੱਡੀ ਜੁੜ ਨਹੀਂ ਰਹੀ ਹੈ ਤੇ ਵਿਦੇਸ਼ ਤੋਂ ਆਏ ਡਾਕਟਰਾਂ ਦਾ ਜੱਥਾ ਇਸ ਕੇਸ ਦੀ ਸਟੱਡੀ ਵਿਚ ਲੱਗਿਆ ਹੋਇਆ ਹੈ ਤੇ ਇਕ ਦਿਨ ਅਜਿਹਾ ਆਵੇਗਾ ਕਿ ਉਹ ਠੀਕ-ਠਾਕ ਹੋ ਜਾਣਗੇ। ਪਰ ਹਾਲਾਤ ਏਨੇ ਸਾਧਾਰਨ ਨਹੀਂ ਸਨ।
ਹੋਇਆ ਕੁਝ ਇੰਜ ਸੀ ਕਿ ਡਾ. ਪਿੱਟ ਦੀ ਟੀਮ ਨੇ ਆਪਣੀ ਸਟੱਡੀ ਵਿਚ ਬੜੀ ਬਾਰੀਕੀ ਨਾਲ ਇਸ ਨੂੰ ਦੇਖ ਕੇ ਇਹ ਕਹਿ ਦਿੱਤਾ ਸੀ ਕਿ ਹੱਡੀ ਹੈ ਤਾਂ ਜੁੜ ਹੀ ਜਾਵੇਗੀ ਇਸ ਵਿਚ ਤਾਂ ਕੋਈ ਸਮੱਸਿਆ ਹੈ ਹੀ ਨਹੀਂ। ਸਮੱਸਿਆ ਸਿਰਫ਼ ਇਹ ਹੈ ਕਿ ਇਹ ਹੱਡੀ ਇਸ ਤਰ੍ਹਾਂ ਉਖੜ ਕੇ ਉਲਝ ਗਈ ਹੈ ਕਿ ਉਸਨੂੰ ਯਕਦਮ ਠੀਕ ਜਗ੍ਹਾ ਲਿਆਉਣਾ ਬੜਾ ਮੁਸ਼ਕਿਲ ਹੈ। ਹੱਡੀ ਜੁੜ ਜਾਵੇਗੀ ਪਰ ਪ੍ਰਧਾਨਮੰਤਰੀ ਉਸ ਪਿੱਛੋਂ ਵੀ ਠੀਕ ਉਸੇ ਤਰ੍ਹਾਂ ਬੈਠ ਸਕਣਗੇ ਇਸ ਵਿਚ ਸ਼ੱਕ ਹੈ। ਇੰਜ ਡਾ. ਪਿੱਟ ਨੇ ਇਸ ਦੀ ਸੰਭਾਵਨਾ ਦੱਸੀ ਕਿ ਹੋ ਸਕਦਾ ਹੈ ਕਿ ਸਭ ਠੀਕ ਕੁਝ ਹੋ ਜਾਵੇ ਤੇ ਪ੍ਰਧਾਨਮੰਤਰੀ ਪੂਰੀ ਤਰ੍ਹਾਂ ਠੀਕ-ਠਾਕ ਹੋ ਜਾਣ। ਉਹਨਾਂ ਨੇ ਇਸ ਦੀ ਇਜਾਜ਼ਤ ਮੰਗੀ ਸੀ ਕਿ ਉਹਨਾਂ ਨੂੰ ਇਹ ਅਪ੍ਰੇਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪਰ ਉਹ ਇਸ ਗੱਲ ਦੀ ਜ਼ਿੰਮੇਵਾਰੀ ਲੈਣ ਲਈ ਬਿਲਕੁਲ ਤਿਆਰ ਨਹੀਂ ਸਨ ਕਿ ਉਹ ਪ੍ਰਧਾਨਮੰਤਰੀ ਨੂੰ ਠੀਕ-ਠਾਕ ਕਰ ਦੇਣਗੇ। ਤੇ ਜਦੋਂ ਉਹਨਾਂ ਨੂੰ ਜ਼ਿੰਮੇਵਾਰੀ ਲੈਣ ਲਈ ਕਿਹਾ ਗਿਆ ਸੀ ਉਦੋਂ ਉਹਨਾਂ ਨੇ ਮੂੰਹ ਬਣਾ ਕੇ ਇਕ ਤਾਅਨਾ ਜਿਹਾ ਮਾਰ ਦਿੱਤਾ ਸੀ ਕਿ 'ਤੁਸੀਂ ਭਾਰਤੀ ਬਚਪਨ ਤੋਂ ਈ ਆਲਸੀ ਹੁੰਦੇ ਓ। ਸਰੀਰ ਨੂੰ ਕਦੀ ਕਸ਼ਟ ਦੇਣਾ ਨਹੀਂ ਤੇ ਚਾਹੁੰਦੇ ਓ ਕਿ ਹੱਡੀਆਂ ਵਿਚ ਘੋੜਿਆਂ ਵਰਗੀ ਮਜਬੂਤੀ ਰਹੇ।'
ਫੇਰ ਅਧਿਕਾਰੀਆਂ ਵੱਲ ਸਿੱਧਾ ਮੁਖਾਤਿਬ ਹੋ ਕੇ ਕਿਹਾ, “ਤੁਹਾਨੂੰ ਕਿੰਨੇ ਦਿਨ ਹੋ ਗਏ ਪੈਦਲ ਸਬਜ਼ੀ ਲਿਆਂਦਿਆਂ ਹੋਇਆਂ?” ਅਧਿਕਾਰੀ ਵਾਕੱਈ ਆਪਣੇ ਮਨ ਵਿਚ ਸੋਚਣ ਲੱਗੇ ਪਏ। ਕੁਝ ਯਾਦ ਨਹੀਂ ਆਇਆ।
“ਤੁਸੀਂ ਅੱਜ ਦੁੱਧ ਪੀਤਾ ਏ? ਹਰੀ ਸਬਜ਼ੀ ਖਾਧੀ ਏ? ਕਿਸੇ ਫਲ ਨੂੰ ਹੱਥ ਲਾਇਆ...?” ਇਹ ਸਭ ਡਾ. ਪਿੱਟ ਆਪ-ਮੁਹਾਰੇ ਬੋਲ ਰਹੇ ਸਨ, “ਫੇਰ ਇਹ ਉਮੀਦ ਕਿਓਂ ਕਿ ਅਸੀਂ ਤੁਹਾਡੀਆਂ ਹੱਡੀਆਂ ਨੂੰ ਜਾਦੂ ਮਾਰ ਕੇ ਜੋੜ ਦੇਈਏ?”
ਪਰ ਇਹ ਸਾਰੇ ਜਿਹੜੇ ਹਾਲਾਤ ਸਨ, ਅੰਦਰੂਨੀ ਸਨ। ਇਹਨਾਂ ਵਿਚ ਕੋਈ ਵੀ ਗੱਲ ਅਜਿਹੀ ਨਹੀਂ ਸੀ ਕਿ ਉਹਦੀ ਭਿਣਕ ਵੀ ਬਾਹਰ ਆ ਸਕੇ।
ਇਕ ਹਫ਼ਤਾ ਹੋਣ ਵਾਲਾ ਸੀ ਤੇ ਪ੍ਰਧਾਨਮੰਤਰੀ ਦੀ ਹੱਡੀ ਓਵੇਂ ਦੀ ਜਿਵੇਂ ਸੀ। ਪਰ ਸਵਾਲ ਇਹ ਸੀ ਕਿ ਇੰਜ ਕਦੋਂ ਤਕ ਚੱਲ ਸਕਦਾ ਹੈ? ਹੁਣ ਬਹੁਤੇ ਦਿਨਾਂ ਤਕ ਹੱਡੀ ਨੂੰ ਜਿਵੇਂ ਦੀ ਤਿਵੇਂ ਵੀ ਨਹੀਂ ਸੀ ਛੱਡਿਆ ਜਾ ਸਕਦਾ ਤੇ ਡਾ. ਪਿੱਟ ਨੂੰ ਐਕਪੈਰੀਮੈਂਟ ਕਰਨ ਦੀ ਇਜਾਜ਼ਤ ਦੇਣ ਵਿਚ ਚੋਖਾ ਖ਼ਤਰਾ ਸੀ। ਇਹ ਇਕ ਵੱਡੀ ਦੁਚਿੱਤੀ ਬਣੀ ਹੋਈ ਸੀ। ਇਸ ਦੁਚਿੱਤੀ ਦੀ ਜਾਣਕਾਰੀ ਸਿਰਫ਼ ਕੁਝ ਲੋਕਾਂ ਨੂੰ ਸੀ। ਸਿਰਫ਼ ਓਹਨਾਂ ਨੂੰ ਜਿਹੜੇ ਪ੍ਰਧਾਨਮੰਤਰੀ ਦੇ ਕਮਰੇ ਤਕ ਜਾ ਸਕਦੇ ਸਨ। ਪ੍ਰਧਾਨਮੰਤਰੀ ਉੱਥੇ ਆਪਣੇ ਬਿਸਤਰੇ ਉੱਤੇ ਲੇਟੇ ਰਹਿੰਦੇ ਤੇ ਮਾਯੂਸ ਨਿਗਾਹਾਂ ਨਾਲ ਬਸ ਦੇਖਦੇ ਰਹਿੰਦੇ।
ਪਰ ਪ੍ਰਧਾਨਮੰਤਰੀ ਨਿਵਾਸ ਦਾ ਓਹ ਮਾਲੀ ਘੋਲਟ ਸਿੰਘ ਪ੍ਰਧਾਨਮੰਤਰੀ ਲਈ ਇਕ ਹੋਰ ਮੌਕਾ ਲੈ ਕੇ ਆਇਆ ਸੀ। ਘੋਲਟ ਸਿੰਘ ਅਸਲ ਵਿਚ ਉਸੇ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਬੱਚਾ ਬਾਬੂ ਆਪਣੇ ਜਾਦੂਈ ਹੱਥਾਂ ਨਾਲ ਹੱਡੀਆਂ ਦੇ ਨਾਲ ਖੇਡਦੇ ਹੁੰਦੇ ਸਨ। ਘੋਲਟ ਸਿੰਘ ਨੂੰ ਪੂਰਾ ਵਿਸ਼ਵਾਸ ਸੀ ਕਿ ਸਰੀਰ ਵਿਚ ਅਜਿਹੀ ਕੋਈ ਹੱਡੀ ਬਣੀ ਹੀ ਨਹੀਂ ਜਿਹੜੀ ਆਪਣੇ ਆਪ ਨੂੰ ਬੱਚਾ ਬਾਬੂ ਦੀ ਕਲਾ ਦੇ ਸਾਹਮਣੇ ਨਤਮਸਤਕ ਨਾ ਕਰ ਦਵੇ। ਉਹ ਆਪਣੇ ਪ੍ਰਧਾਨਮੰਤਰੀ ਨਾਲ ਬੜਾ ਪਿਆਰ ਕਰਦਾ ਸੀ। ਇਸ ਲਈ ਇਹ ਚਾਹੁੰਦਾ ਸੀ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ।
ਜਿਸ ਦਿਨ ਪ੍ਰਧਾਨਮੰਤਰੀ ਨਾਲ ਇੰਜ ਹੋਇਆ ਘੋਲਟ ਸਿੰਘ ਉਸ ਦਿਨ ਦਾ ਇਸ ਫ਼ਿਕਰ ਵਿਚ ਸੀ ਕਿ ਉਹਨਾਂ ਨੂੰ ਇਕ ਵਾਰੀ ਬੱਚਾ ਬਾਬੂ ਨੂੰ ਦਿਖਾਅ ਦਿੱਤਾ ਜਾਵੇ। ਉਸਨੇ ਆਪਣੀ ਔਕਾਤ ਮੁਤਾਬਿਕ ਇਹ ਗੱਲ ਕਹੀ ਵੀ ਪਰ ਪ੍ਰਧਾਨਮੰਤਰੀ ਦਾ ਇਲਾਜ਼ ਇਕ ਦੇਸੀ ਝੋਲਾ ਛਾਪ ਡਾਕਟਰ ਕਰੇਗਾ ਇਹ ਸੋਚ ਕੇ ਘਬਰਾਹਟ ਵੀ ਹੁੰਦੀ ਸੀ। ਘੋਲਟ ਨੇ ਬੜਾ ਸਮਝਾਉਣਾ ਚਾਹਿਆ ਸੀ ਕਿ 'ਤੁਸੀਂ ਲੋਕ ਨਹੀਂ ਜਾਣਦੇ ਉਹਨਾਂ ਨੂੰ, ਉਹ ਇਕ ਮਸੀਹਾ ਨੇ।' ਆਪਣੇ ਪਿੰਡ ਦੀਆਂ ਕਹਾਣੀਆਂ ਵੀ ਉਸਨੇ ਉਦਾਹਰਨ ਦੇ ਤੌਰ 'ਤੇ ਪ੍ਰਧਾਨਮੰਤਰੀ ਦੇ ਘਰ ਵਾਲਿਆਂ ਤੇ ਹੋਰਨਾਂ ਆਵੁਣ-ਜਾਣ ਵਾਲਿਆਂ ਨੂੰ ਸੁਣਾਉਣੀਆਂ ਚਾਹੀਆਂ। ਕਈ ਕਹਾਣੀਆਂ ਕਿ ਕਿਵੇਂ ਉਸ ਪਿੰਡ ਵਿਚ ਤਾੜ ਦੇ ਰੁੱਖ ਤੋਂ ਤਾੜੀ ਲਾਹੁਣ ਚੜ੍ਹੇ ਬੁੱਧਨ ਦੀ ਰੱਸੀ ਉਪਰ ਹੀ ਟੁੱਟ ਗਈ ਸੀ ਤੇ ਕਿਵੇਂ ਉਹ ਉੱਥੋਂ ਡਿੱਗ ਕੇ ਬੇਸੁਰਤ ਹੋ ਗਿਆ ਸੀ। ਉਪਰੋਂ ਡਿੱਗਿਆ ਬੁੱਧਨ ਤਾਂ ਸਿੱਧਾ ਲੱਤਾਂ ਭਾਰ। ਯਾਨੀ ਲੱਤਾਂ ਖੜ੍ਹੀਆਂ ਦੀਆਂ ਖੜ੍ਹੀਆਂ ਤੇ ਫੇਰ ਕੀ ਸੀ ਉਸਦੀ ਸੱਜੀ ਲੱਤ ਦੀ ਹੱਡੀ ਨਿਕਲ ਕੇ ਬਾਹਰ ਆ ਗਈ ਸੀ। ਘੋਲਟ ਸਿੰਘ ਨੇ ਕਿਹਾ, “ਤੁਹਾਨੂੰ ਯਕੀਨ ਨਹੀਂ ਆਏਗਾ ਸਾਹਬ ਜਿੱਥੇ ਬੁਧਨਾ ਡਿੱਗਿਆ ਸੀ ਉਸ ਤੋਂ ਦਸ ਕਰਮਾਂ ਦੀ ਵਿੱਥ 'ਤੇ ਉਸਦੀ ਲੱਤ ਦੀ ਹੱਡੀ ਪਈ ਸੀ, ਤੜਫਦੀ ਹੋਈ। ਸਾਹਬ ਕੋਈ ਵੱਡਾ ਡਾਕਟਰ ਵੀ ਠੀਕ ਨਹੀਂ ਸੀ ਕਰ ਸਕਦਾ। ਕੋਈ ਸੋਚ ਵੀ ਨਹੀਂ ਸਕਦਾ ਸੀ ਬਈ ਬੁਧਨਾ ਹੁਣ ਕਦੀ ਉੱਠ ਸਕੇਗਾ। ਪਰ ਸਾਹਬ ਓਹ ਤਾਂ ਮਸੀਹਾ ਨੇ ਉਹਨਾਂ ਨੇ ਬੁਧਨੇ ਨੂੰ ਇੰਜ ਕਰ ਦਿੱਤਾ ਕਿ ਤੁਸੀਂ ਉਸਦੇ ਪਿੱਛੇ ਕੁੱਤੇ ਦੌੜਾਅ ਲਓ।”
ਸਹੀ ਗੱਲ ਤਾਂ ਇਹ ਹੀ ਹੈ ਕਿ ਘੋਲਟ ਭਾਵੇਂ ਲੱਖ ਬਕਵਾਸ ਕਰੀ ਜਾਵੇ ਪਰ ਉਸਦੀ ਕੋਈ ਸੁਣ ਨਹੀਂ ਸੀ ਰਿਹਾ। ਪਰ ਜਦੋਂ ਏਧਰ ਖੂਹ, ਓਧਰ ਖਾਈ ਵਾਲੀ ਹਾਲਤ ਆਈ ਯਾਨੀ ਜਦੋਂ ਡਾ. ਪਿੱਟ ਨੇ ਇਹ ਕਹਿ ਦਿੱਤਾ ਕਿ ਪ੍ਰਧਾਨਮੰਤਰੀ ਬੈਠਣ ਲਾਇਕ ਹੋ ਵੀ ਸਕਦੇ ਨੇ ਤੇ ਨਹੀਂ ਵੀ ਹੋ ਸਕਦੇ ਤਾਂ ਪ੍ਰਧਾਨਮੰਤਰੀ ਦੇ ਨਜ਼ਦੀਕੀ ਲੋਕਾਂ ਨੇ ਇਕ ਵਾਰੀ ਘੋਲਟ ਦੀ ਗੱਲ ਉੱਤੇ ਧਿਆਨ ਦਿੱਤਾ। ਫੇਰ ਘੋਲਟ ਨੂੰ ਹਸਪਤਾਲ ਦੇ ਪ੍ਰਧਾਨਮੰਤਰੀ ਵਾਲੇ ਕਮਰੇ ਵਿਚ ਬੁਲਾਇਆ ਗਿਆ ਤੇ ਇਹ ਏਨਾ ਵੱਡਾ ਫ਼ੈਸਲਾ ਲਿਆ ਗਿਆ।
ਪ੍ਰਧਾਨਮੰਤਰੀ ਨੂੰ ਇਕ ਵਾਰੀ ਬੱਚਾ ਬਾਬੂ ਨੂੰ ਦਿਖਾਅ ਦਿੱਤਾ ਜਾਵੇ ਇਸ ਫ਼ੈਸਲੇ 'ਤੇ ਪਹੁੰਚਣ ਪਿੱਛੋਂ ਇਕ ਰਾਏ ਇਹ ਵੀ ਆਈ ਤੇ ਬੜੇ ਹੀ ਠੋਸ ਰੂਪ ਵਿਚ ਆਈ ਕਿ ਬੱਚਾ ਬਾਬੂ ਨੂੰ ਇੱਥੇ ਹੀ ਕਿਓਂ ਨਾ ਬੁਲਾਅ ਲਿਆ ਜਾਵੇ। ਪਰ ਘੋਲਟ ਇਸ ਦੇ ਸਖ਼ਤ ਖ਼ਿਲਾਫ਼ ਸੀ।
“ਸਾਹਬ ਓਹ ਤਾਂ ਤਪਸਵੀ ਆਦਮੀ ਨੇ ਉਹਨਾਂ ਨੂੰ ਉੱਥੋਂ ਉਖਾੜੋ ਨਾ। ਇੱਥੋਂ ਦੀ ਚਮਕ-ਦਮਕ ਵਿਚ ਉਹ ਆਪਣੇ ਦਿਮਾਗ਼ ਨੂੰ ਕਿੱਥੇ ਸਥਿਰ ਰੱਖ ਸਕਣਗੇ! ਉਹਨਾਂ ਦੇ ਇਲਾਜ਼ ਦੀ ਵਡਿਆਈ ਤਾਂ ਤਦੇ ਐ ਜੇ ਉਹਨਾਂ ਦੀ ਕਰਮਸਥਲੀ ਉੱਤੇ ਜਾਇਆ ਜਾਵੇ।
“ਓਹ ਹੋਏ ਯਕਦਮ ਠੇਠ ਆਦਮੀ। ਕੁੜਤਾ ਧੋਤੀ ਪਾ ਕੇ ਮੋਢੇ ਉੱਤੇ ਸਾਫ਼ਾ ਰੱਖਣ ਵਾਲੇ। ਆਪਣੀ ਖੇਤੀ ਕਰਦੇ ਨੇ, ਗਊਆਂ ਪਾਲਦੇ ਨੇ ਤੇ ਪਾਨ ਖਾ ਕੇ ਆਪਣੇ ਪਿੰਡ ਵਿਚ ਸ਼ਾਨ ਨਾਲ ਘੁੰਮਣ ਵਾਲੇ ਬੱਚਾ ਬਾਬੂ। ਕਦ ਨਿਕਲੇ ਆਪਣੇ ਪਿੰਡ 'ਚੋ ਬਾਹਰ। ਦੋ ਧੀਆਂ ਸੀ ਉਹਨਾਂ ਨੂੰ ਵੀ 20-25 ਕੋਹ ਦੇ ਅੰਦਰ ਵਿਆਹ ਦਿੱਤਾ ਉਹਨਾਂ ਨੇ। ਨਾ ਕਦੀ ਤਰੀਕੇ ਨਾਲ ਸ਼ਹਿਰ ਦੇਖਿਆ ਤੇ ਨਾ ਈ ਦੇਖੀ ਰੋਸ਼ਨੀਆਂ ਦੀ ਅਜਿਹੀ ਬੌਛਾਰ। ਉਹ ਤਾਂ ਇਹ ਸਭ ਦੇਖ ਕੇ ਈ ਬੌਂਦਲ ਜਾਣਗੇ।” ਘੋਲਟ ਆਪਣੇ ਵੱਲੋਂ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬੱਚਾ ਬਾਬੂ ਨੂੰ ਇੱਥੇ ਲਿਆਉਣਾ ਅਸੰਭਵ ਵਰਗਾ ਹੈ।
ਪਰ ਘੋਲਟ ਇਹ ਵੀ ਜਾਣਦਾ ਸੀ ਕਿ ਪ੍ਰਧਾਨਮੰਤਰੀ ਨੂੰ ਇਕ ਪਿੰਡ ਵਿਚ ਲੈ ਜਾ ਕੇ, ਪਿੰਡ ਦੇ ਇਕ ਡਾਕਟਰ ਤੋਂ ਇਲਾਜ਼ ਕਰਵਾਉਣਾ ਸਾਧਾਰਨ ਗੱਲ ਨਹੀਂ। ਇਸ ਲਈ ਉਸਨੇ ਬਗ਼ੈਰ ਰੁਕੇ ਆਪਣੀ ਗੱਲ ਨੂੰ ਫੇਰ ਸ਼ੁਰੂ ਕਰ ਦਿੱਤਾ—
“ਸਾਹੇਬ ਮੈਂ ਵੀ ਜਾਣਦਾ ਆਂ ਕਿ ਇੱਥੋਂ ਦੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਇਕ ਪਿੰਡ ਵਿਚ ਇਕ ਸਾਧਾਰਨ ਡਾਕਟਰ ਕੋਲ ਲੈ ਜਾਣਾ ਬੜਾ ਮੁਸ਼ਕਿਲ ਏ। ਪਰ ਮੈਂ ਇਹ ਵੀ ਜਾਣਦਾ ਆਂ ਕਿ ਪ੍ਰਧਾਨਮੰਤਰੀ ਦੀ ਤਬੀਅਤ ਦੇ ਸਾਹਮਣੇ ਕੋਈ ਮੁਸ਼ਕਿਲ, ਕੀ ਵਾਕੱਈ ਕੋਈ ਮੁਸ਼ਕਿਲ ਹੁੰਦੀ ਏ। ਉਸ ਤਪਸਵੀ ਨੂੰ ਇੱਥੇ ਲੈ ਕੇ ਆਉਣਾ, ਏਨਾ ਵੱਡਾ ਰਿਸਕ ਲੈਣਾ, ਵੀ ਕੋਈ ਚੰਗੀ ਗੱਲ ਥੋੜ੍ਹਾ ਈ ਏ। ਸਭ ਤੋਂ ਅਹਿਮ ਏ ਸਾਹਬ ਦਾ ਠੀਕ ਹੋਣਾ।” ਘੋਲਟ ਸਿੰਘ ਨੇ ਇੱਥੇ ਆਖ਼ੀਰਲਾ 'ਸਾਹਬ' ਪ੍ਰਧਾਨਮੰਤਰੀ ਲਈ ਵਰਤਿਆ ਸੀ।
“ਤੇ ਸਾਹਬ ਇਹ ਤਾਂ ਮੈਂ ਵੀ ਜਾਣਦਾ ਆਂ ਕਿ ਚਾਹੁਣ ਨਾਲ ਤਾਂ ਪ੍ਰਧਾਨਮੰਤਰੀ ਲਈ ਕੀ ਕੁਝ ਨਹੀਂ ਹੋ ਸਕਦਾ?” ਘੋਲਟ ਸਿੰਘ ਨੇ ਇਸ ਵਾਕ ਨੂੰ ਥੋੜ੍ਹਾ ਹੌਲੀ ਬੋਲਿਆ ਸੀ।
ਘੋਲਟ ਸਿੰਘ ਦੀ ਇਸ ਗੱਲ ਵਿਚ ਵਜਨ ਸੀ ਕਿ ਪ੍ਰਧਾਨਮੰਤਰੀ ਦੀ ਸਿਹਤ ਲਈ ਕੋਈ ਵੀ ਰਿਸਕ ਨਹੀਂ ਲਿਆ ਜਾ ਸਕਦਾ। ਤੇ ਜੇ ਰਿਸਕ ਲੈਣ ਦੀ ਨੌਬਤ ਆ ਹੀ ਜਾਂਦੀ ਤਾਂ ਫੇਰ ਡਾ. ਫਰੇਂਕਫਿਨ ਪਿੱਟ ਦੇ ਰਿਸਕ ਵਿਚ ਕੀ ਬੁਰਾਈ ਸੀ।
ਪ੍ਰਧਾਨਮੰਤਰੀ ਪੂਰੀ ਤਰ੍ਹਾਂ ਠੀਕ ਹੋ ਜਾਣ ਇਸ ਲਈ ਇਹ ਏਨਾ ਜੋਖਮ ਭਰਪੂਰ ਕਦਮ ਚੁੱਕ ਲਿਆ ਗਿਆ।
ਪਰ ਫ਼ੈਸਲਾ ਲੈਣ ਵਾਲੇ ਲੋਕ ਵੀ ਇਸ ਤੋਂ ਘਬਰਾਏ ਹੋਏ ਜ਼ਰੂਰ ਸਨ ਕਿ ਪ੍ਰਧਾਨਮੰਤਰੀ ਨੂੰ ਗੁੱਪ-ਚੁੱਪ ਤਰੀਕੇ ਨਾਲ ਇੱਥੋਂ ਲੈ ਜਾਣਾ ਤੇ ਇਲਾਜ਼ ਕਰਵਾਉਣਾ ਆਸਾਨ ਨਹੀਂ ਹੈ। ਪਰ ਇਹ ਖ਼ਤਰਾ ਲੈਣ ਦਾ ਹਿਮਾਇਤੀ ਕੋਈ ਨਹੀਂ ਸੀ ਕਿ ਬੱਚਾ ਬਾਬੂ ਨੂੰ ਉਹਨਾਂ ਦੀ ਕਰਮਸਥਲੀ ਤੋਂ ਉਖਾੜ ਕੇ ਉਹਨਾਂ ਦੇ ਇਲਾਜ਼ ਦੇ ਪਰਵੈਕਸ਼ਨ ਨੂੰ ਘੱਟ ਕੀਤਾ ਜਾਵੇ।
ਇਹ ਸਵਾਲ ਇਕ ਵੱਡਾ ਸਵਾਲ ਤਾਂ ਸੀ ਹੀ ਕਿ ਆਖ਼ਰ ਪ੍ਰਧਾਨਮੰਤਰੀ ਦਾ ਇਲਾਜ਼ ਇਕ ਝੋਲਾ ਛਾਪ ਡਾਕਟਰ ਕਿੰਜ ਕਰ ਸਕਦਾ ਹੈ। ਸਾਰੇ ਪਰਾਟੋਕਾਲ ਨੂੰ ਕਿੰਜ ਤੋੜਿਆ ਜਾ ਸਕਦਾ ਹੈ। ਦਿੱਕਤਾਂ ਕਈ ਸਨ। ਪਹਿਲੀ ਤਾਂ ਇਹ ਕਿ ਜੇ ਇਹ ਖ਼ਬਰ ਬਾਹਰ ਕਰ ਦਿੱਤੀ ਜਾਏ ਤਾਂ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ। ਪ੍ਰਧਾਨਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਸੀ। ਤੇ ਸਭ ਤੋਂ ਵੱਡੀ ਚਿੰਤਾ ਵੱਡੇ ਹਸਪਤਾਲ ਦੇ ਉਹਨਾਂ ਪੂੰਜੀਪਤੀ ਮਾਲਕਾਂ ਦੇ ਦਬਾਅ ਦੀ ਸੀ ਕਿ ਜੇ ਪ੍ਰਧਾਨਮੰਤਰੀ ਇਕ ਝੋਲਾ ਛਾਪ ਡਾਕਟਰ ਤੋਂ ਇਲਾਜ਼ ਕਰਵਾਉਣ ਚਲੇ ਜਾਂਦੇ ਨੇ ਤੇ ਠੀਕ ਹੋ ਜਾਂਦੇ ਨੇ ਤਾਂ ਇਹਨਾਂ ਵੱਡੀਆਂ-ਵੱਡੀਆਂ ਕੰਪਨੀਆਂ ਦਾ ਕੀ ਬਣੇਗਾ। ਅਰਬਾਂ ਰੁਪਏ ਦੇ ਇਸ ਕਾਰੋਬਾਰ ਦਾ ਕੀ ਹੋਵੇਗਾ? ਕਿੰਨੀ ਕੁ ਸਾਖ ਬਚੀ ਰਹਿ ਜਾਵੇਗੀ ਇਹਨਾਂ ਦੀ?
ਫ਼ੈਸਲਾ ਇਹ ਲਿਆ ਗਿਆ ਕਿ ਪ੍ਰਧਾਨਮੰਤਰੀ ਨੂੰ ਬੱਚਾ ਬਾਬੂ ਕੋਲ ਇਲਾਜ਼ ਲਈ ਲੈ ਤਾਂ ਜਾਇਆ ਜਾਵੇ ਪਰ ਇਸਨੂੰ ਰਹੱਸ ਵਾਂਗ ਰੱਖਿਆ ਜਾਵੇ। ਬਸ ਕੁਝ ਲੋਕਾਂ ਨੂੰ ਇਸ ਰਹੱਸ ਵਿਚ ਸ਼ਾਮਲ ਕੀਤਾ ਜਾਵੇ।
ਹਸਪਤਾਲ ਦੇ ਕੁਝ ਉਪਰਲੇ ਮੁਲਾਜਮਾਂ ਨੂੰ ਆਪਣੇ ਵਿਸ਼ਵਾਸ ਵਿਚ ਲਿਆ ਗਿਆ ਤੇ ਸਭ ਕੁਝ ਨਿਸ਼ਚਿਤ ਕਰ ਲਿਆ ਗਿਆ।
ਸਭ ਕੁਝ ਓਵੇਂ ਹੀ ਰਿਹਾ ਬਸ ਅੰਦਰੋਂ ਪ੍ਰਧਾਨਮੰਤਰੀ ਨੂੰ ਹਟਾਅ ਲਿਆ ਗਿਆ। ਹਸਪਤਾਲ ਵਿਚ ਓਵੇਂ ਹੀ ਭੀੜ ਰਹੀ। ਬਾਹਰ ਓਵੇਂ ਹੀ ਮੀਡੀਆ ਰਿਹਾ। ਹਸਪਤਾਲ ਵੱਲੋਂ ਜਾਰੀ ਕੀਤੇ ਜਾਣ ਵਾਲੇ ਪ੍ਰੈਸ ਬੁਲਿਟਨ ਵੀ ਓਵੇਂ ਹੀ ਜਾਰੀ ਰਹੇ। ਬਸ ਲੋਕਾਂ ਨੂੰ ਮਿਲਣ ਤੋਂ ਸਖ਼ਤ ਮਨ੍ਹਾਂ ਕਰ ਦਿੱਤਾ ਗਿਆ। ਬਾਹਰ ਇਹ ਖ਼ਬਰ ਦਿੱਤੀ ਜਾਂਦੀ ਕਿ ਪ੍ਰਧਾਨਮੰਤਰੀ ਹੁਣ ਠੀਕ ਹੋ ਰਹੇ ਨੇ।
ਇਹ ਖ਼ਬਰ ਦੇਸ਼ ਦੇ ਬੱਚੇ-ਬੱਚੇ ਦੀ ਜ਼ਬਾਨ 'ਤੇ ਸੀ ਕਿ ਡਾ. ਫਰੇਂਕਫਿਨ ਪਿੱਟ ਨਾਮਕ ਕੋਈ ਜਾਦੂਗਰ ਅਮਰੀਕਾ ਤੋਂ ਆਇਆ ਹੈ ਜਿਸਨੇ ਇਸ ਦੇਸ਼ ਦੀ ਲਾਜ ਰੱਖ ਲਈ ਹੈ।
ਇਸ ਪੂਰੀ ਪਰਕਿਰਿਆ ਵਿਚ ਇਹ ਖਾਸ ਧਿਆਨ ਰੱਖਿਆ ਗਿਆ ਸੀ ਕਿ ਬੱਚਾ ਬਾਬੂ ਦੇ ਇਲਾਜ਼ ਤੋਂ ਲੈ ਕੇ ਪੂਰੀ ਪਰਕਿਰਿਆ ਵਿਚ ਜਿਸ ਤਰ੍ਹਾਂ ਦੀਆਂ ਗੱਲਾਂ ਉੱਥੇ ਹੁੰਦੀਆਂ ਸਨ ਉਸੇ ਤਰ੍ਹਾਂ ਇੱਥੇ ਹਸਪਤਾਲ ਦੀ ਪ੍ਰੈਸ ਬੁਲਿਟਨ ਰਾਹੀਂ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਸੀ। ਮਤਲਬ ਇੰਜ ਸਮਝ ਲਓ ਕਿ ਪ੍ਰਧਾਨਮੰਤਰੀ ਦਾ ਸਰੀਰ ਬੱਚਾ ਬਾਬੂ ਦੇ ਸਾਹਮਣੇ ਰੱਖਿਆ ਹੋਇਆ ਸੀ ਜਦਕਿ ਪ੍ਰਧਾਨਮੰਤਰੀ ਦੀ ਪਦਵੀ ਤੇ ਕੁਰਸੀ ਇੱਥੇ ਹੀ ਰੱਖੀ ਹੋਈ ਸੀ। ਇਸ ਵੱਡੇ ਸਾਰੇ ਹਸਪਤਾਲ ਵਿਚ ਜਿਸਦੇ ਮੁੱਖ ਦਰਵਾਜ਼ੇ ਦੇ ਸ਼ੀਸ਼ੇ ਦੇ ਫਾਟਕ ਸਨ ਤੇ ਜਿਸ ਉੱਤੇ ਇਸ ਹਸਪਤਾਲ ਦਾ ਨਾਂ ਤੇ ਉਸਦੀ ਪਛਾਣ ਖੁਦੀ ਹੋਈ ਸੀ। ਤੇ ਜਿਹੜੀ ਦਰਵਾਜ਼ੇ ਖੋਲ੍ਹਣ ਦੇ ਨਾਲ ਖ਼ੁਦ ਹੀ ਖੁੱਲ੍ਹ ਜਾਂਦੀ ਸੀ। ਇੱਥੇ ਇਕ ਢਲਵੀਂ ਛੱਤ ਸੀ ਤੇ ਜਿੱਥੋਂ ਪਾਣੀ ਹੇਠਾਂ ਵੱਲ ਬੜੇ ਆਰਾਮ ਨਾਲ ਲੋਟਦਾ ਹੋਇਆ ਡਿੱਗਦਾ ਸੀ।

ਪ੍ਰਧਾਨਮੰਤਰੀ ਦੇ ਵੱਸ ਵਿਚ ਸਭ ਕੁਝ ਹੈ ਉਹ ਚਾਹੁਣ ਤਾਂ ਉੱਡਦੀ ਹੋਈ ਤਿਤਲੀ ਨੂੰ ਵੀ ਫੜ੍ਹ ਸਕੇ ਨੇ :
ਬੱਚਾ ਬਾਬੂ ਲਈ ਇਹ ਕੇਸ ਕੋਈ ਓਪਰਾ ਜਾਂ ਨਵਾਂ ਕੇਸ ਨਹੀਂ ਸੀ ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਇਸ ਕੇਸ ਉੱਤੇ ਵਿਚਾਰ ਕਰ ਰਹੇ ਸਨ। ਤੇ ਸੱਚ ਪੁੱਛੋਂ ਤਾਂ ਉਹਨਾਂ ਦੀ ਦਿਲੀ ਖ਼ਵਾਹਿਸ਼ ਵੀ ਇਹ ਸੀ ਕਿ ਉਹ ਆਪਣੇ ਹੱਥਾਂ ਦੀ ਕਰਾਮਾਤ ਦੇ ਨਾਲ ਇਸ ਹੱਡੀ ਨੂੰ ਸਹੀ ਜਗ੍ਹਾ ਦੇ ਸਕਣ।
“ਤੁਸੀਂ ਸਾਰੇ ਬੇਫ਼ਿਕਰ ਰਹੋ, ਪ੍ਰਧਾਨਮੰਤਰੀ ਬਿਲਕੁਲ ਠੀਕ-ਠਾਕ ਹੋ ਜਾਣਗੇ। ਬਿਲਕੁਲ ਹਾਕੀ ਦੇ ਖਿਡਾਰੀ ਵਾਂਗ ਫਿੱਟ।” ਬੱਚਾ ਬਾਬੂ ਨੇ ਪੂਰੇ ਉਤਸਾਹ ਨਾਲ ਇੱਥੋਂ ਤਕ ਕਹਿ ਦਿੱਤਾ। ਇਹ ਉਹਨਾਂ ਦਾ ਆਪਣੇ ਹੱਥਾਂ ਪ੍ਰਤੀ ਵਿਸ਼ਵਾਸ ਹੀ ਸੀ।
ਪ੍ਰਧਾਨਮੰਤਰੀ ਦੇ ਨਜ਼ਦੀਕੀ ਨੇ ਸੋਚਿਆ ਸੀ ਕਿ ਪ੍ਰਧਾਨਮੰਤਰੀ ਨੂੰ ਤਾਂ ਹਾਕੀ ਖੇਡਣੀ ਹੀ ਨਹੀਂ ਆਉਂਦੀ।
ਬੱਚਾ ਬਾਬੂ ਦੇ ਦਰਵਾਜ਼ੇ ਉੱਤੇ ਹੱਥ ਦਾ ਲਿਖਿਆ ਇਕ ਨੋਟਸ ਚਿਪਕਾ ਦਿੱਤਾ ਗਿਆ ਕਿ 'ਅਗਲੀ ਸੂਚਨਾ ਤਕ ਬੱਚਾ ਬਾਬੂ ਹਾਜ਼ਰ ਨਹੀਂ ਹਨ। ਉਹ ਬਾਹਰ ਗਏ ਹਨ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਨੂੰ ਅਜੇ ਅਨਿਸ਼ਚਿਤ ਹੀ ਸਮਝਿਆ ਜਾਵੇ।' ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇੰਜ ਜਿਵੇਂ ਉਹ ਕੋਈ ਮੁਜਰਿਮ ਹੋਣ।
ਬੱਚਾ ਬਾਬੂ ਨੇ ਜਦੋਂ ਪ੍ਰਧਾਨਮੰਤਰੀ ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਲੈ ਲਈ ਉਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ। ਫੇਰ ਸਾਰੀਆਂ ਗੱਡੀਆਂ ਹਟਾਅ ਲਈਆਂ ਗਈਆਂ। ਪ੍ਰਧਾਨਮੰਤਰੀ ਨਾਲ ਇਸ ਘਰ ਵਿਚ ਸਿਰਫ਼ ਦੋ ਜਣੇ ਰੁਕੇ। ਇਕ ਉਹਨਾਂ ਦੀ ਪਤਨੀ ਤੇ ਇਕ ਉਹਨਾਂ ਦਾ ਸੇਵਕ।
ਬੱਚਾ ਬਾਬੂ ਪ੍ਰਧਾਨਮੰਤਰੀ ਦੇ ਇਲਾਜ਼ ਦੀ ਹਾਮੀ ਓਟਨ ਤੋਂ ਬਾਅਦ ਆਪਣੀ ਪਤਨੀ ਕਲਿਆਣੀ ਨੂੰ ਸਾਰਾ ਮਾਜਰਾ ਸਮਝਾਉਣ ਲਈ ਅੰਦਰ ਚਲੇ ਗਏ। ਕਲਿਆਣੀ ਨੂੰ ਪਹਿਲਾਂ ਇੰਜ ਲੱਗਿਆ ਕਿ ਬਾਹਰ ਬੱਚਾ ਬਾਬੂ ਦੇ ਸਰੀਰ ਉੱਤੇ ਇਕ ਦੋ ਤਾਰੇ ਟੁੱਟ ਕੇ ਡਿੱਗੇ ਨੇ ਇਸ ਲਈ ਬਾਹਰੋਂ ਅੰਦਰ ਵੱਲ ਨੱਸ ਆਏ ਨੇ। ਪਰ ਬੱਚਾ ਬਾਬੂ ਬੜੀ ਮੁਸ਼ਕਿਲ ਨਾਲ ਉਸਨੂੰ ਸਾਰੀ ਗੱਲ ਸਮਝਾਉਣ ਵਿਚ ਸਫ਼ਲ ਹੋ ਸਕੇ।
ਉਹ ਘੁੱਪ ਹਨੇਰੇ ਵਾਲੀ ਰਾਤ ਤੋਂ ਹੀ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਪ੍ਰਧਾਨਮੰਤਰੀ ਨੂੰ ਜਦੋਂ ਅੰਦਰ ਲਿਆਂਦਾ ਗਿਆ ਤਾਂ ਉਸ ਘੁੱਪ ਹਨੇਰੇ ਨੂੰ ਚੀਰ ਕੇ ਰੋਸ਼ਨੀ ਕੀਤੀ ਗਈ। ਅੰਦਰ ਵਾਲੇ ਕਮਰੇ ਵਿਚ ਪ੍ਰਧਾਨਮੰਤਰੀ ਨੂੰ ਲਿਟਾਅ ਦਿੱਤਾ ਗਿਆ। ਪ੍ਰਧਾਨਮੰਤਰੀ ਓਦੋਂ ਵੀ ਨੀਂਦ ਵਿਚ ਸਨ।
ਪ੍ਰਧਾਨਮੰਤਰੀ ਅੰਦਰ ਲੇਟੇ ਸਨ ਤੇ ਬੱਚਾ ਬਾਬੂ ਬਾਹਰ ਆ ਕੇ ਮੰਜੀ ਕੋਲ ਖੜ੍ਹੇ ਹੋ ਗਏ ਸਨ। ਉਹਨਾਂ ਨੇ ਮੰਜੀ ਦੇ ਐਨ ਉਪਰ ਵੱਲ ਦੇਖਿਆ, ਉਹਨਾਂ ਨੂੰ ਤਾਰੇ ਬੜੇ ਸੰਘਣੇ ਲੱਗੇ। ਉਹ ਓਹਨਾਂ ਤਾਰਿਆਂ ਨੂੰ ਗਿਣ ਨਹੀਂ ਸਕੇ। ਓਹਨਾਂ ਮੰਜੀ ਦੇ ਹੇਠ ਦੇਖਿਆ, ਗੜਵੀ ਹੇਠਾਂ, ਉੱਥੇ ਹੀ, ਪਈ ਸੀ। ਉਹਨਾਂ ਨੂੰ ਯਾਦ ਆਇਆ ਉਹਨਾਂ ਸੌਣ ਤੋਂ ਪਹਿਲਾਂ ਇਸੇ ਗੜਵੀ ਨਾਲ ਪਾਣੀ ਪੀਤਾ ਸੀ। ਫੇਰ ਉਹਨਾਂ ਨੂੰ ਸਭ ਕੁਝ ਯਾਦ ਆ ਗਿਆ। ਕਿਸ ਤਰ੍ਹਾਂ ਉਹਨਾਂ ਨੇ ਪਾਣੀ ਪੀਤਾ ਸੀ ਤੇ ਇਹ ਵੀ ਕਿ ਕਿਸ ਤਰ੍ਹਾਂ ਅੱਜ ਓਹ ਸਾਰਾ ਦਿਨ ਦੌੜ ਭੱਜ ਕਰਦੇ ਰਹੇ ਸਨ। ਉਹਨਾਂ ਨੂੰ ਦਿਨ ਬਾਰੇ ਸੋਚ ਕੇ ਫੇਰ ਤਕਲੀਫ਼ ਹੋਣ ਲੱਗੀ। ਉਹਨਾਂ ਵਿਹੜੇ ਵਿਚ ਲੱਗੇ ਨਾਰੀਅਲ ਦੇ ਦੋਵਾਂ ਰੁੱਖਾਂ ਵੱਲ ਦੇਖਿਆ। ਉਹਨਾਂ ਨੂੰ ਯਾਦ ਆਇਆ ਜਦੋਂ ਉਹਨਾਂ ਦੀ ਜ਼ਮੀਨ ਦੇ ਦੋਵੇਂ ਟੁੱਕੜੇ ਉੱਡ ਰਹੇ ਸਨ ਉਦੋਂ ਨਾਰੀਅਲ ਦੀ ਟੀਸੀ ਤਕ ਪਹੁੰਚ ਗਏ ਸਨ ਉਹ।
ਬੱਚਾ ਬਾਬੂ ਯਕਦਮ ਸ਼ਾਂਤ ਹੋ ਗਏ ਸਨ। ਪਰ ਪ੍ਰਧਾਨਮੰਤਰੀ ਦੇ ਨਾਲ ਵਾਲਾ ਆਦਮੀ ਕਮਰੇ ਵਿਚੋਂ ਬਾਹਰ ਨਿਕਲ ਆਇਆ। ਉਸਨੇ ਬੱਚਾ ਬਾਬੂ ਵੱਲ ਦੇਖਿਆ ਪਰ ਆਖਿਆ ਕੁਝ ਨਹੀਂ। ਬੱਚਾ ਬਾਬੂ ਦੀ ਬਿਰਤੀ ਟੁੱਟੀ। ਉਹ ਅੰਦਰ ਚਲੇ ਗਏ। ਅੰਦਰ ਪ੍ਰਧਾਨਮੰਤਰੀ ਦੀ ਪਤਨੀ ਬੈਠੀ ਸੀ। ਬੱਚਾ ਬਾਬੂ ਨੇ ਇਸ਼ਾਰੇ ਨਾਲ ਉਹਨੂੰ ਬਾਹਰ ਜਾਣ ਲਈ ਕਿਹਾ। ਫੇਰ ਕਮਰੇ ਵਿਚ ਉਹ ਕੁਰਸੀ ਖਿੱਚ ਕੇ ਉੱਥੇ ਬੈਠ ਗਏ ਜਿੱਥੇ ਪ੍ਰਧਾਨਮੰਤਰੀ ਲੇਟੇ ਸਨ। ਕੁਝ ਚਿਰ ਸ਼ਾਂਤ ਬੈਠੇ ਰਹੇ ਤੇ ਫੇਰ ਝਟਕੇ ਨਾਲ ਉੱਠ ਕੇ ਪ੍ਰਧਾਨਮੰਤਰੀ ਦੀ ਉਸ ਵਿਸ਼ੇਸ਼ ਹੱਡੀ ਦਾ ਨਿਰੀਖਣ-ਪ੍ਰਰੀਖਣ ਕਰਨ ਲੱਗੇ। ਉਹਨਾਂ ਉਸ ਹਿੱਲੀ ਹੋਈ ਹੱਡੀ ਨੂੰ ਬੜੇ ਧਿਆਨ ਦੇਖਿਆ ਤੇ ਫੇਰ ਬੈਠ ਗਏ। ਕਾਫੀ ਦੇਰ ਬੈਠੇ ਰਹੇ। ਬਿਲਕੁਲ ਸ਼ਾਂਤ। ਬਿਨਾਂ ਹਿੱਲੇ-ਜੁੱਲੇ। ਫੇਰ ਯਕਦਮ ਉੱਠ ਕੇ ਉਹਨਾਂ ਪ੍ਰਧਾਨਮੰਤਰੀ ਦੀ ਹੱਡੀ ਨੂੰ ਸਹੀ ਜਗ੍ਹਾ ਦੇ ਦਿੱਤੀ। ਬੱਚਾ ਬਾਬੂ ਨੇ ਪ੍ਰਧਾਨਮੰਤਰੀ ਦੀ ਹੱਡੀ ਨੂੰ ਸਹੀ ਜਗ੍ਹਾ ਦੇ ਦਿੱਤੀ ਤੇ ਆਪਣੇ ਮੂੰਹ ਵਿਚ ਬੁੜਬੁੜਾਏ, “ਘੱਟੋ ਘੱਟ ਇਸ ਬਿਮਾਰ ਦੇਸ਼ ਦੇ ਪ੍ਰਧਾਨਮੰਤਰੀ ਨੂੰ ਤਾਂ ਸਿਹਤਮੰਦ ਹੋਣਾ ਹੀ ਪਵੇਗਾ।”
ਬੱਚਾ ਬਾਬੂ ਦੇ ਸਧੇ ਹੱਥਾਂ ਤੋਂ ਹੱਡੀ ਨੇ ਸਹੀ ਜਗ੍ਹਾ ਲੈ ਲਈ—ਪਰ ਇਕ ਵਾਰੀ ਤਾਂ ਤਕਲੀਫ਼ ਹੁੰਦੀ ਹੀ ਹੈ। ਪ੍ਰਧਾਨਮੰਤਰੀ ਨੀਂਦ ਵਿਚ ਵੀ ਇਕ ਚੀਕ ਮਾਰ ਕੇ ਉਠ ਬੈਠੇ ਹੋਏ। ਫੇਰ ਸਭ ਸ਼ਾਂਤ ਹੋ ਗਿਆ। ਫੇਰ ਬੱਚਾ ਬਾਬੂ ਨੇ ਪੱਟੇ ਨਾਲ ਲੱਕ ਨੂੰ ਲਪੇਟ ਦਿੱਤਾ। ਜਾਂ ਇੰਜ ਕਹੋ ਪੱਟੇ ਨਾਲ ਹੱਡੀ ਨੂੰ ਥਾਂ ਸਿਰ ਲਪੇਟ ਦਿੱਤਾ।
ਜਦੋਂ ਬੱਚਾ ਬਾਬੂ ਕਮਰੇ ਵਿਚੋਂ ਬਾਹਰ ਨਿਕਲੇ ਦਿਨ ਚੜ੍ਹ ਰਿਹਾ ਸੀ। ਉਹ ਕੰਮ ਵਿਚ ਏਨੇ ਰੁੱਝੇ ਰਹੇ ਸਨ ਕਿ ਪਤਾ ਹੀ ਨਹੀਂ ਸੀ ਲੱਗਿਆ। ਉਹਨਾਂ ਨੂੰ ਕਮਰੇ ਵਿਚੋਂ ਨਿਕਲਦਿਆਂ ਹੋਇਆਂ ਏਨੀ ਉਮੀਦਾ ਨਹੀਂ ਸੀ ਸਵੇਰੇ ਏਨੀ ਚੜ੍ਹ ਗਈ ਹੋਏਗੀ। ਪਰ ਚਾਨਣ ਪਸਰ ਚੁੱਕਿਆ ਸੀ ਤੇ ਬੈਂਗਨ ਦੇ ਬੂਟੇ ਨਾਲ ਲਟਕਦਾ ਹੋਇਆ ਬੈਂਗਨ ਸਾਫ਼ ਦਿਖਾਈ ਦੇ ਰਿਹਾ ਸੀ।
ਜਦੋਂ ਉਸ ਦੱਖਣ ਭਾਰਤੀ ਅਧਿਕਾਰੀ ਨੇ ਬੱਚਾ ਬਾਬੂ ਨੂੰ ਇਹ ਸਮਝਾਇਆ ਸੀ ਕਿ ਪ੍ਰਧਾਨਮੰਤਰੀ ਦਾ ਠੀਕ ਹੋਣਾ ਜ਼ਰੂਰੀ ਹੈ ਉਦੋਂ ਬੱਚਾ ਬਾਬੂ ਦੇ ਦਿਮਾਗ਼ ਵਿਚ ਕੁਝ ਨਹੀਂ ਸੀ। ਪਰ ਜਦੋਂ ਕਮਰੇ ਵਿਚ ਬੱਚਾ ਬਾਬੂ ਉਸ ਹੱਡੀ ਦੀ ਸਹੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਉਦੋਂ ਉਹਨਾਂ ਦੇ ਮਨ ਵਿਚ ਇਕ ਲੋਭ ਜ਼ਰੂਰ ਆ ਗਿਆ ਸੀ।
ਬੱਚਾ ਬਾਬੂ ਨੇ ਸੋਚਿਆ ਜਦੋਂ ਪ੍ਰਧਾਨਮੰਤਰੀ ਖ਼ੁਦ ਹੀ ਇੱਥੇ ਪਧਾਰੇ ਨੇ ਤਾਂ ਆਪਣੇ ਜ਼ਮੀਨ ਦੇ ਉਹਨਾਂ ਟੁਕੜਿਆਂ ਨੂੰ ਆਪਣਾ ਹੋਣ ਵਿਚ ਕਿੰਨਾ ਸਮਾਂ ਲੱਗੇਗਾ। ਬੱਚਾ ਬਾਬੂ ਨੂੰ ਫੂਲ ਸਿੰਘ ਦਾ ਤਰਸਯੋਗ ਚਿਹਰਾ ਸਾਹਮਣੇ ਦਿਖਾਈ ਦੇਣ ਲੱਗਾ। ਤੋ ਉਹਨਾਂ ਨੂੰ ਆਪਣੀ ਕਿਸਮਤ ਉੱਤੇ ਫ਼ਖ਼ਰ ਹੋਣ ਲੱਗਾ। ਉਹਨਾਂ ਮਨ ਵਿਚ ਆਪਣੀ ਪਤਨੀ ਕਲਿਆਣੀ ਨਾਲ ਗੱਲ ਕੀਤੀ, “ਤੂੰ ਜਿਸ ਕਲਾ ਲਈ ਮੈਨੂੰ ਮਿਹਣੇ ਮਾਰਦੀ ਰਹੀ ਏਂ ਉਹੀ ਕਲਾ ਤੇਰੇ ਦੋਵਾਂ ਬੱਚਿਆਂ ਨੂੰ ਵਾਪਸ ਲਿਆਉ ਵਾਲੀ ਏ।”
ਪ੍ਰਧਾਨਮੰਤਰੀ ਦੀ ਹੱਡੀ ਨੂੰ ਸਹੀ ਜਗ੍ਹਾ ਮਿਲ ਜਾਣ ਨਾਲ ਉਹਨਾਂ ਦਾ ਦਰਦ ਯਕਦਮ ਪੂਰੀ ਤਰ੍ਹਾਂ ਗ਼ਾਇਬ ਹੋ ਗਿਆ ਸੀ। ਪਰ ਬਿਸਤਰੇ ਉੱਤੇ ਪਏ ਰਹਿਣ ਦੀ ਉਹਨਾਂ ਦੀ ਮਜਬੂਰੀ ਘੱਟੋ ਘੱਟ ਦੋ ਮਹੀਨਿਆਂ ਦੀ ਸੀ ਤਾਕਿ ਪ੍ਰਧਾਨਮੰਤਰੀ ਦੀ ਹੱਡੀ ਨੂੰ ਜਿਹੜੀ ਜਗ੍ਹਾ ਦਿੱਤੀ ਗਈ ਸੀ ਉਹ ਆਪਣੀ ਉਸ ਜਗ੍ਹਾ ਉਪਰ ਮੁੜ ਆਪਣਾ ਸਥਾਨ ਨਿਯਤ ਕਰ ਲਵੇ। ਬੱਚਾ ਬਾਬੂ ਨੇ ਇੱਥੇ ਪ੍ਰਧਾਨਮੰਤਰੀ ਨੂੰ ਇਕ ਹਫ਼ਤਾ ਰਹਿਣ ਦੀ ਮਜਬੂਰੀ ਦੱਸੀ ਤਾਕਿ ਉਹ ਆਪਣੀ ਦੇਖ-ਰੇਖ ਵਿਚ ਹੱਡੀ ਨੂੰ ਆਪਣੀ ਜਗ੍ਹਾ ਪੂਰੀ ਤਰ੍ਹਾਂ ਬੈਠ ਜਾਣ ਦੇਵੇ।
ਵੈਸੇ ਤਾਂ ਇਹ ਗੱਲ ਦੁਹਰਾਅ ਵਾਲੀ ਹੋਵੇਗੀ ਪਰ ਏਥੇ ਇਕ ਵਾਰੀ ਫੇਰ ਇਹ ਦੱਸ ਦੇਣਾ ਜਰੂਰੀ ਹੈ ਕਿ ਪ੍ਰਧਾਨਮੰਤਰੀ ਇੱਥੇ ਇਕ ਛੋਟੇ-ਜਿਹੇ ਪਿੰਡ ਦੇ ਇਕ ਛੋਟੇ-ਜਿਹੇ ਘਰ ਵਿਚ ਆਪਣਾ ਇਲਾਜ਼ ਕਰਵਾ ਰਹੇ ਸਨ ਤੇ ਓਥੇ ਹਸਪਤਾਲ ਦੇ ਬਾਹਰ ਮੀਡੀਆ ਦੇ ਕੈਮਰੇ ਮੂੰਹ ਚੁੱਕੀ ਖੜ੍ਹੇ ਸਨ। ਵਿਸਥਾਰ ਨਾਲ ਇੱਥੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇੱਥੇ ਜਦੋਂ ਬੱਚਾ ਬਾਬੂ ਨੇ ਪ੍ਰਧਾਨਮੰਤਰੀ ਦੀ ਹੱਡੀ ਨੂੰ ਸਹੀ ਜਗ੍ਹਾ ਦੇ ਦਿੱਤੀ ਸੀ ਤੇ ਯਕਦਮ ਪ੍ਰਧਾਨਮੰਤਰੀ ਦਾ ਪੂਰਾ ਦਰਦ ਗ਼ਾਇਬ ਹੋ ਗਿਆ ਸੀ ਉਦੋਂ ਹਸਪਤਾਲ ਦੇ ਬਾਹਰ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਬੁਲਿਟਨ ਵਿਚ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਪ੍ਰਧਾਨਮੰਤਰੀ ਦੇ ਰੋਗ ਉੱਤੇ ਕਾਬੂ ਪਾ ਲਿਆ ਗਿਆ ਹੈ। ਤੇ ਪ੍ਰਧਾਨਮੰਤਰੀ ਹੁਣ ਠੀਕ ਮਹਿਸੂਸ ਕਰ ਰਹੇ ਨੇ। ਫੇਰ ਇਕ ਦੋ ਦਿਨ ਬਾਅਦ ਇਹ ਵੀ ਕਿ ਪ੍ਰਧਾਨਮੰਤਰੀ ਨੂੰ ਡਾਕਟਰਾਂ ਨੇ ਕੁਝ ਦਿਨ ਹੋਰ ਇੱਥੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਮੀਡੀਏ ਵਿਚ ਖ਼ਬਰਾਂ ਆਉਂਦੀਆਂ ਸਨ ਤੇ ਇੱਥੇ ਬੱਚਾ ਬਾਬੂ ਅਖ਼ਬਾਰਾਂ ਵਿਚ ਉਹਨਾਂ ਖ਼ਬਰਾਂ ਨੂੰ ਪੜ੍ਹਦੇ ਸਨ ਤੇ ਟੈਲੀਵਿਜ਼ਨ ਉੱਤੇ ਦਿਸਦਾ ਸੀ ਹਸਪਤਾਲ ਦਾ ਪੂਰਾ ਦ੍ਰਿਸ਼ ਤੇ ਮੀਡੀਏ ਸਾਹਵੇਂ ਬੁਲਿਟਨ ਜਾਰੀ ਕਰਦਾ ਹੋਇਆ ਡਾਕਟਰ। ਬੱਚਾ ਬਾਬੂ ਟੈਲੀਵਿਜ਼ਨ ਦੇਖਦੇ ਹੋਏ ਨਿੰਮ੍ਹਾਂ-ਨਿੰਮ੍ਹਾਂ ਮੁਸਕੁਰਾਉਂਦੇ ਸਨ।
ਇਕ ਆਮ ਆਦਮੀ ਦੇ ਘਰ ਪ੍ਰਧਾਨਮੰਤਰੀ ਰਹਿ ਰਹੇ ਨੇ—ਅਸਲ ਵਿਚ ਇਹ ਆਪਣੇ-ਆਪ ਵਿਚ ਹੀ ਕਿਸੇ ਕਹਾਣੀ ਦਾ ਵਿਸ਼ਾ ਬਣ ਜਾਂਦਾ ਹੈ—ਕਿ ਆਖ਼ਰ ਪ੍ਰਧਾਨਮੰਤਰੀ ਖਾਂਦੇ ਕੀ ਹੋਣਗੇ? ਬਿਨਾਂ ਰੌਸ਼ਨੀ ਦੇ ਰਹਿੰਦੇ ਕਿੰਜ ਹੋਣਗੇ? ਨਹਾਉਂਦੇ ਕਿੰਜ ਹੋਣਗੇ ਤੇ ਪਤਾ ਨਹੀਂ ਕੀ-ਕੀ ਕਿਵੇਂ-ਕਿਵੇਂ ਕਰਦੇ ਹੋਣਗੇ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਉੱਤੇ ਵੀ ਕੈਮਰੇ ਨੂੰ ਜੂਮ ਕਰ ਦਿੱਤਾ ਜਾਵੇ ਤਾਂ ਪੂਰੀ ਇਕ ਕਹਾਣੀ ਬਣ ਜਾਂਦੀ ਹੈ। ਪਰ ਮੇਰੇ ਲਈ ਇਸ ਕਹਾਣੀ ਵਿਚ ਅਜਿਹੀਆਂ ਗੱਲਾਂ ਦੀ ਕੋਈ ਜ਼ਰੂਰਤ ਨਹੀਂ।
ਅਸੀਂ ਸਿਰਫ਼ ਏਨਾ ਈ ਮੰਨੀਏਂ ਕਿ ਭਾਵੇਂ ਕਿੰਨਾ ਵੀ ਹੈਰਾਨੀਭਰਪੂਰ ਤੇ ਅਚੰਭੇ ਵਾਲਾ ਕਿਓਂ ਨਾ ਹੋਵੇ ਕਿ ਪ੍ਰਧਾਨਮੰਤਰੀ ਤੇ ਉਹਨਾਂ ਦੇ ਦੋ ਸਾਥੀ ਉੱਥੇ ਹੀ ਬੱਚਾ ਬਾਬੂ ਕੇ ਘਰ ਪੂਰੇ ਸੱਤ ਦਿਨਾਂ ਤਕ ਰੁਕੇ ਰਹੇ। ਤੇ ਬੱਚਾ ਬਾਬੂ ਪਰਿਵਾਰ ਨੇ ਨਾ ਸਿਰਫ਼ ਇਸ ਖ਼ਬਰ ਨੂੰ ਬਾਹਰਲੀ ਹਵਾ ਲੱਗਣ ਦਿੱਤੀ ਬਲਕਿ ਦੋਵਾਂ ਨੇ ਪ੍ਰਧਾਨਮੰਤਰੀ ਨੂੰ ਇਹਨਾਂ ਸੱਤ ਦਿਨਾਂ ਵਿਚ ਆਪਣੀ ਹੈਸੀਅਤ ਮੁਤਾਬਿਕ ਪਲਕਾਂ ਉੱਤੇ ਬਿਠਾਅ ਕੇ ਵੀ ਰੱਖਿਆ।
ਪ੍ਰਧਾਨਮੰਤਰੀ ਲਈ ਬੈਠਣਾ ਸੰਭਵ ਨਹੀਂ ਸੀ ਤਾਂ ਉਹਨਾਂ ਨੂੰ ਲੇਟੇ-ਲੇਟੇ ਖਾਣਾ ਖੁਆਇਆ ਜਾਂਦਾ। ਉਹਨਾਂ ਲਈ ਅਜੇ ਵਧੇਰੀਆਂ ਤਰਲ ਚੀਜ਼ਾਂ ਬਣਦੀਆਂ। ਬੱਚਾ ਬਾਬੂ ਦੀ ਪਤਨੀ ਕਲਿਆਣੀ ਦੇ ਹੱਥਾਂ ਦੇ ਹਲਵੇ ਦੇ ਤਾਂ ਉਹ ਦੀਵਾਨੇ ਹੋ ਗਏ ਸਨ। ਸ਼ਾਮ ਨੂੰ ਬੱਚਾ ਬਾਬੂ ਦੇ ਹੁਕਮ 'ਤੇ ਉਹਨਾਂ ਦੇ ਬਿਸਤਰੇ ਨੂੰ ਵਿਹੜੇ ਵਿਚ ਲਿਆਂਦਾ ਜਾਂਦਾ ਤੇ ਫੇਰ ਉੱਥੋਂ ਹੀ ਪ੍ਰਧਾਨਮੰਤਰੀ ਖੁੱਲ੍ਹੇ ਆਸਮਾਨ ਨੂੰ ਦੇਖਦੇ। ਖੁੱਲ੍ਹਾ ਆਸਮਾਨ ਉਹਨਾਂ ਨੂੰ ਚੰਗਾ ਲੱਗਦਾ। ਉਹਨਾਂ ਨੂੰ ਸਿਰਹਾਣੇ ਦਾ ਢੋਅ ਲਾ ਕੇ ਬਿਠਾਅ ਦਿੱਤਾ ਜਾਂਦਾ ਤੇ ਉਹ ਸੇਮ ਦੀਆਂ ਵੇਲਾਂ ਨੂੰ ਲੱਗੇ ਫਲ ਨੂੰ ਵਿੰਹਦੇ ਰਹਿੰਦੇ। ਅਮਰੂਦ ਦੇ ਬੂਟੇ ਉੱਤੇ ਲੱਗੇ ਫਲ ਨੂੰ ਉਹ ਪੱਕਦਾ ਦੇਖਣਾ ਚਾਹੁੰਦੇ ਸਨ। ਤੇ ਫੇਰ ਉਹਨਾਂ ਲਈ ਉੱਥੇ ਹੀ ਚਾਹ ਆਉਂਦੀ। ਹਨੇਰਾ ਹੋਣ 'ਤੇ ਬੱਚਾ ਬਾਬੂ ਉਹਨਾਂ ਨੂੰ ਤਾਰਿਆਂ ਦਾ ਝੂੰਡ ਦਿਖਾਉਂਦੇ। ਇਹੋ ਤਾਰੇ ਦਿੱਲੀ ਵਿਚ ਵੀ ਨਿਕਲਦੇ ਸਨ, ਪਰ ਪ੍ਰਧਾਨਮੰਤਰੀ ਉਹਨਾਂ ਨੂੰ ਦੇਖ ਨਹੀਂ ਸੀ ਸਕਦੇ।
ਪਰ ਇਸ ਪੂਰੀ ਪ੍ਰਕ੍ਰਿਆ ਦੌਰਾਨ ਬੱਚਾ ਬਾਬੂ ਦੇ ਮਨ ਵਿਚ ਜਿਹੜੀ ਗੱਲ ਸੀ, ਉਹ ਉਹਨਾਂ ਤੋਂ ਆਖੀ ਨਹੀਂ ਸੀ ਜਾ ਰਹੀ। ਜਦਕਿ ਪ੍ਰਧਾਨਮੰਤਰੀ ਨਾਲ ਵੈਸੇ ਉਹਨਾਂ ਦੀਆਂ ਢੇਰ ਸਾਰੀਆਂ ਗੱਲਾਂ ਹੁੰਦੀਆਂ ਸਨ। ਪ੍ਰਧਾਨਮੰਤਰੀ ਨੇ ਉਹਨਾਂ ਤੋਂ ਪੁੱਛਿਆ ਕਿ ਆਖ਼ਰ ਉਹਨਾਂ ਨੂੰ ਇਹ ਹੁਨਰ ਮਿਲਿਆ ਕਿੰਜ? ਇਹ ਈਸ਼ਵਰ ਦਾ ਚਮਤਕਾਰ ਹੀ ਤਾਂ ਹੈ। ਪ੍ਰਧਾਨਮੰਤਰੀ ਬੱਚਾ ਬਾਬੂ ਦਾ ਖਾਸਾ ਇੱਜ਼ਤ-ਮਾਣ ਕਰਨ ਲੱਗ ਪਏ ਸਨ।
ਉਹਨਾਂ ਨੇ ਕਿਹਾ, “ਤੁਸੀਂ ਸਾਡੇ ਦੇਸ਼ ਲਈ ਇਕ ਐਸੇਟ ਵਾਂਗ ਓ। ਜਿਹੜਾ ਕੰਮ ਵਿਦੇਸ਼ ਤੋਂ ਆਉਣ ਵਾਲੀ ਡਾਕਟਰਾਂ ਦੀ ਫ਼ੌਜ ਨਹੀਂ ਕਰ ਸਕੀ, ਉਹ ਤੁਸੀਂ ਚੁਟਕੀ ਵਜਾ ਕੇ ਕਰ ਦਿੱਤਾ। ਸਾਡਾ ਪੂਰਾ ਦੇਸ਼ ਤੁਹਾਡੇ ਉੱਤੇ ਮਾਣ ਕਰ ਸਕਦਾ ਏ।”
ਇਹ ਸੁਣ ਕੇ ਬੱਚਾ ਬਾਬੂ ਸ਼ਰਮਾਅ ਜਾਂਦੇ। ਪਰ ਕੋਸ਼ਿਸ਼ ਕਰਦੇ ਕਿ ਜਦੋਂ ਵੀ ਕੋਈ ਅਜਿਹੀ ਗੱਲ ਹੋਵੇ ਤਾਂ ਕਲਿਆਣੀ ਉਹਨਾਂ ਦੇ ਕੋਲ ਹੋਵੇ।
ਇਕ ਦਿਨ ਸ਼ਾਮ ਵੇਲੇ ਉਂਜ ਹੀ ਪ੍ਰਧਾਨਮੰਤਰੀ ਆਪਣੇ ਬਿਸਤਰੇ ਉੱਤੇ ਲੇਟੇ ਆਕਾਸ਼ ਵਿਚ ਉੱਡੀਆਂ ਜਾ ਰਹੀਆਂ ਚਿੜੀਆਂ ਦੇ ਇਕ ਝੂੰਡ ਨੂੰ ਦੇਖ ਰਹੇ ਸਨ ਤੇ ਸਾਰੇ ਜਣੇ ਕੋਲ ਹੀ ਬੈਠੇ ਸਨ।
“ਡਾਕਟਰ ਸਾਹਬ, ਤੁਹਾਡਾ ਘਰ ਦਾ ਗੁਜ਼ਾਰਾ ਇਸ ਕਲਾ ਨਾਲ ਚੱਲ ਜਾਂਦਾ ਏ?” ਪ੍ਰਧਾਨਮੰਤਰੀ ਨੇ ਬੱਚਾ ਬਾਬੂ ਵੱਲ ਭੌਂ ਕੇ ਪੁੱਛਿਆ।
ਪਰ ਜਵਾਬ ਕਲਿਆਣੀ ਨੇ ਦਿੱਤਾ, “ਘਰ ਕੀ ਚੱਲੇਗਾ, ਅਸੀਂ ਤਾਂ ਬਸ ਜ਼ਿੰਦਗੀ ਨੂੰ ਖਿੱਚ ਰਹੇ ਆਂ।”
“ਸੁਣਿਆਂ ਤਾਂ ਏ ਕਿ ਮਹਿੰਗਾਈ ਬੜੀ ਵਧ ਗਈ ਏ।” ਇਹ ਪ੍ਰਧਾਨਮੰਤਰੀ ਕਹਿ ਰਹੇ ਸਨ। ਬੱਚਾ ਬਾਬੂ ਬਸ ਸ਼ੁੰਨ ਵਿਚ ਤੱਕ ਰਹੇ ਸਨ।
“ਅਖ਼ਬਾਰ ਵਿਚ ਪੜ੍ਹਿਆ ਸੀ ਕਿ ਸਰੋਂ ਦਾ ਤੇਲ ਮਹਿੰਗਾ ਹੋ ਗਿਆ ਏ। ਕਣਕ ਕਿਸ ਭਾਅ ਮਿਲ ਰਹੀ ਏ ਇੱਥੇ?” ਪ੍ਰਧਾਨਮੰਤਰੀ ਦੇ ਚਿਹਰੇ ਉੱਤੇ ਸੱਚਮੁੱਚ ਸਵਾਲੀਆ ਨਿਸ਼ਾਨ ਸੀ।
ਅਜੇ ਵੀ ਬੱਚਾ ਬਾਬੂ ਦਾ ਮੂੰਹ ਬੰਦ ਹੀ ਸੀ। ਫੇਰ ਜਵਾਬ ਕਲਿਆਣੀ ਨੇ ਹੀ ਦਿੱਤਾ, “ਮਹਿੰਗਾਈ! ਮਹਿੰਗਾਈ ਬਾਰੇ ਤਾਂ ਪੁੱਛੋਂ ਈ ਨਾ। ਅਸੀਂ ਕਿੰਜ ਜਿਊਂਦੇ ਆਂ, ਅਸੀਂ ਈ ਜਾਣਦੇ ਆਂ।”
“ਤੁਸੀਂ ਤਾਂ ਖ਼ੁਦ ਈ ਸਰਕਾਰ ਓ, ਤੁਸੀਂ ਚਾਹੋ ਤਾਂ ਸਭ ਕੁਝ ਠੀਕ ਹੋ ਸਕਦਾ ਏ।” ਇਹ ਦੋ ਟੁੱਕ ਜਵਾਬ ਕਲਿਆਣੀ ਦਾ ਹੀ ਸੀ।
“ਇਕ ਦਿਨ ਸਭ ਠੀਕ ਹੋ ਜਾਏਗਾ।” ਇਕ ਲੰਮਾ ਸਾਹ ਖਿੱਚ ਕੇ ਪ੍ਰਧਾਨਮੰਤਰੀ ਨੇ ਕਿਹਾ। ਤੇ ਫੇਰ ਕਿਧਰੇ ਗਵਾਚ ਗਏ।
ਬੱਚਾ ਬਾਬੂ ਸਿਰਫ਼ ਚੁੱਪ ਨਹੀਂ ਸਨ ਬਲਕਿ ਸੋਚ ਰਹੇ ਸਨ। ਆਪਣੇ ਮਨ ਵਿਚ ਸੋਚ ਰਹੇ ਸਨ ਇਹੀ ਮੌਕਾ ਹੈ ਕਿ ਉਹ ਆਪਣੀ ਜ਼ਮੀਨ ਦੀ ਗੱਲ ਉਹਨਾਂ ਨੂੰ ਦੱਸ ਦੇਣ। ਪਰ ਜਿਵੇਂ ਉਹਨਾਂ ਦਾ ਤਾਲੂ ਚਿਪਕ ਗਿਆ ਸੀ। ਜੀਭ ਠਾਕੀ ਗਈ ਸੀ। ਉਹਨਾਂ ਦੇ ਗਲ਼ੇ ਵਿਚੋਂ ਆਵਾਜ਼ ਹੀ ਨਹੀਂ ਸੀ ਨਿਕਲ ਰਹੀ। ਉਹਨਾਂ ਦੇ ਮਨ ਵਿਚ ਚੱਲ ਰਿਹਾ ਸੀ ਕਿ 'ਇਹ ਕੋਈ ਪ੍ਰਧਾਨਮੰਤਰੀ ਨੂੰ ਕਹਿਣ ਵਾਲੀ ਗੱਲ ਏ? ਕਿਤੇ ਪ੍ਰਧਾਨਮੰਤਰੀ ਇਹ ਤਾਂ ਨਹੀਂ ਸੋਚਣਗੇ ਕਿ ਮੈਂ ਆਪਣੇ ਹੁਨਰ ਦੇ ਬਦਲੇ ਉਹਨਾਂ ਤੋਂ ਉਹਨਾਂ ਦੀ ਮਦਦ ਮੰਗ ਰਿਹਾਂ? ਪ੍ਰਧਾਨਮੰਤਰੀ ਸਾਹਵੇਂ ਏਡੀ ਛੋਟੀ ਗੱਲ ਰੱਖਣਾ ਕੋਈ ਚੰਗੀ ਗੱਲ ਏ?'
ਪਰ ਉਹਨਾਂ ਨੇ ਇਕ ਵਾਰੀ ਫੇਰ ਹਿੰਮਤ ਕੀਤੀ ਕਿ ਇਹੀ ਮੌਕਾ ਹੈ। ਪਰ ਓਦੋਂ ਤਕ ਪ੍ਰਧਾਨਮੰਤਰੀ ਨੇ ਅੰਦਰ ਕਮਰੇ ਵਿਚ ਜਾਣ ਦੀ ਇੱਛਾ ਜਾਹਰ ਕਰ ਦਿੱਤੀ ਸੀ।
ਦਿਨ ਨਿਕਲਦੇ ਜਾ ਰਹੇ ਸਨ ਤੇ ਬੱਚਾ ਬਾਬੂ ਦੀ ਬੇਚੈਨੀ ਵਧਦੀ ਜਾ ਰਹੀ ਸੀ। ਫੇਰ ਬੱਚਾ ਬਾਬੂ ਨੇ ਇਕ ਉਪਾਅ ਕੱਢਿਆ। ਉਹਨਾਂ ਸੋਚਿਆ ਕਿ ਪ੍ਰਧਾਨਮੰਤਰੀ ਦੇ ਸੇਵਕ ਨੂੰ ਪਹਿਲਾਂ ਪੁੱਛ ਲਿਆ ਜਾਏ ਕਿ ਇਹ ਪ੍ਰਧਾਨਮੰਤਰੀ ਨੂੰ ਕਹਿਣ ਵਾਲੀ ਗੱਲ ਹੈ ਵੀ ਜਾਂ ਨਹੀਂ।
ਪ੍ਰਧਾਨਮੰਤਰੀ ਦੇ ਸੇਵਕ ਦਾ ਨਾਂ ਸੀ ਅਨਾਮ ਸਿੰਘ। ਬੱਚਾ ਬਾਬੂ ਨੇ ਅਗਲੇ ਦਿਨ ਅਨਾਮ ਸਿੰਘ ਨੂੰ ਪੂਰਾ ਕਿੱਸਾ ਸੁਣਾਇਆ। ਬੱਚਾ ਬਾਬੂ ਨੂੰ ਆਪਣਾ ਪੂਰਾ ਕਿੱਸਾ ਸੁਣਾਉਣ ਵਿਚ ਆਮ ਨਾਲੋਂ ਕੁਝ ਵਧੇਰੇ ਸਮਾਂ ਲੱਗਿਆ। ਅਨਾਮ ਸਿੰਘ ਨੇ ਦੇਖਿਆ ਕਿ ਆਪਣੇ ਪਹਿਲੇ ਸ਼ਬਦ ਨੂੰ ਚੱਬ ਲੈਂਦਾ ਹੈ ਡਾਕਟਰ। ਬੱਚਾ ਬਾਬੂ ਨੇ ਅੰਤ ਵਿਚ 'ਮਦਦ' ਸ਼ਬਦ ਨੂੰ ਚੱਬ ਕੇ ਕਿਹਾ, “ਮਦਦ ਕਰ ਦਿਓ ਕੁਝ ਤੁਸੀਂ।”
ਅਨਾਮ ਸਿੰਘ ਨੇ ਕਿਹਾ, “ਸਾਡੇ ਪ੍ਰਧਾਨਮੰਤਰੀ ਬੜੇ ਭੋਲੇ ਨੇ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਤੇ ਓਹ ਤਾਂ ਤੁਹਾਡਾ ਬੜਾ ਆਦਰ ਕਰਦੇ ਨੇ। ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਕੱਢਣਗੇ ਓਹ।”
“ਤੇ ਪ੍ਰਧਾਨਮੰਤਰੀ ਲਈ ਇਹ ਮਸਲਾ ਈ ਕੀ ਏ। ਪ੍ਰਧਾਨਮੰਤਰੀ ਚਾਹੁਣ ਤਾਂ ਸਭ ਕੁਝ ਕਰ ਸਕਦੇ ਨੇ। ਓਹ ਚਾਹੁਣ ਤਾਂ ਉਡਦੀ ਹੋਈ ਤਿਤਲੀ ਨੂੰ ਫੜ੍ਹ ਸਕਦੇ ਨੇ। ਓਹ ਚਾਹੁਣ ਤਾਂ ਹਨੇਰੇ ਵਿਚ ਰੋਸ਼ਨੀ ਕਰ ਸਕਦੇ ਨੇ।” ਇਕ ਛੋਟੇ-ਜਿਹੇ ਵਕਫ਼ੇ ਬਾਅਦ ਅਨਾਮ ਸਿੰਘ ਨੇ ਕਿਹਾ।
ਬੱਚਾ ਬਾਬੂ ਵਿਚ ਹਿੰਮਤ ਆ ਗਈ। ਉਹ ਅੰਦਰ ਕਮਰੇ ਵਿਚ ਗਏ। ਪ੍ਰਧਾਨਮੰਤਰੀ ਲੇਟੇ ਹੋਏ ਸੀ ਤੇ ਸਾਹਮਣੇ ਟੈਲੀਵਿਜ਼ਨ ਚੱਲ ਰਿਹਾ ਸੀ। ਟੈਲੀਵਿਜ਼ਨ 'ਤੇ ਦਿਖਾਇਆ ਜਾ ਰਿਹਾ ਸੀ ਕਿ ਪ੍ਰਧਾਨਮੰਤਰੀ ਬੜੀ ਤੇਜ਼ੀ ਨਾਲ ਠੀਕ ਹੋ ਰਹੇ ਨੇ। ਤੇ ਨਾਲ ਹੀ ਇਹ ਵੀ ਕਿ ਪ੍ਰਧਾਨਮੰਤਰੀ ਦੀ ਗ਼ੈਰਮੌਜੂਦਗੀ ਵਿਚ ਕੌਣ ਸਾਰੇ ਰਾਜਕਾਜ ਨੂੰ ਦੇਖ ਰਿਹਾ ਹੈ। ਕਿੰਨਾਂ ਲੋਕਾਂ ਦੀ ਟੀਮ ਹੈ ਤੇ ਕਿਹੜੇ ਲੋਕਾਂ ਦੇ ਮੋਢਿਆਂ ਉੱਤੇ ਕੀ-ਕੀ ਜ਼ਿੰਮੇਵਾਰੀ ਹੈ, ਇਸ ਸਮੇਂ।
ਬੱਚਾ ਬਾਬੂ ਪ੍ਰਧਾਨਮੰਤਰੀ ਦੀਆਂ ਨਜ਼ਰਾਂ ਦੇ ਐਨ ਸਾਹਮਣੇ ਇਕ ਸਟੂਲ ਉੱਤੇ ਬੈਠ ਗਏ। ਪ੍ਰਧਾਨਮੰਤਰੀ ਟੀ.ਵੀ. ਛੱਡ ਕੇ ਉਹਨਾਂ ਵੱਲ ਦੇਖਣ ਲੱਗ ਪਏ।
ਹਜੂਰ' ਸ਼ਬਦ ਨੂੰ ਚੱਬ ਕੇ ਨਿਗਲ ਲਿਆ ਬੱਚਾ ਬਾਬੂ ਨੇ। ਪ੍ਰਧਾਨਮੰਤਰੀ ਦੇ ਕੁਝ ਸਮਝ ਨਾ ਆਇਆ। ਪਰ ਉਹਨਾਂ ਨੂੰ ਹੈਰਾਨੀ ਇਸ ਲਈ ਨਹੀਂ ਸੀ ਹੋਈ ਕਿ ਉਹ ਏਨੇ ਦਿਨਾਂ ਵਿਚ ਵਾਕਿਫ਼ ਹੋ ਗਏ ਸਨ ਕਿ ਉਹਨਾਂ ਦੀ ਇਸ ਆਦਤ ਤੋਂ।
“ਹਜੂਰ! ਜ਼ਮੀਨ ਦੇ ਦੋ ਟੁਕੜੇ ਸਨ। ਬੁਢਾਪੇ ਦਾ ਇਕੋਇਕ ਸਹਾਰਾ। ਉਹ ਵੀ ਖੋਹ ਲਏ ਇਹਨਾਂ ਦੁਸ਼ਟਾਂ ਨੇ।” ਪਤਾ ਨਹੀਂ ਕਿਉਂ ਅੱਜ ਅਚਾਨਕ ਹੀ ਬੱਚਾ ਬਾਬੂ ਦੇ ਮੂੰਹੋਂ ਪ੍ਰਧਾਨਮੰਤਰੀ ਲਈ ਹਜੂਰ ਨਿਕਲ ਗਿਆ। ਬੱਚਾ ਬਾਬੂ ਨੇ ਏਨਾ ਕਹਿਣ ਪਿੱਛੋਂ ਕਮਰੇ ਦੀ ਛੱਤ ਵੱਲ ਨਿਗਾਹਾਂ ਫੇਰ ਲਈਆਂ। ਉਸ ਬੰਦ ਕਮਰੇ ਦੀ ਛੱਤ ਉੱਤੇ ਕੁਝ ਤਾਰੇ ਟਿਮਟਿਮਾ ਰਹੇ ਸਨ।
“ਜਿਸ ਦਿਨ ਹੱਥ ਜਵਾਬ ਦੇ ਗਏ ਅਸੀਂ ਬੁੱਢਾ ਬੁੱਢੀ ਖਾਵਾਂਗੇ ਕੀ? ਤੁਸੀਂ ਈ ਕੁਝ ਮਿਹਰਬਾਨੀ ਕਰ ਦਿਓ ਹਜੂਰ।” ਐਤਕੀ. ਉਹਨਾਂ 'ਜਿਸ' ਸ਼ਬਦ ਨੂੰ ਚੱਬ ਕੇ ਘੋਟਿਆ ਸੀ।
“ਮੈਨੂੰ ਹਜੂਰ ਨਾ ਕਹੋ ਪਲੀਜ। ਤੁਹਾਡਾ ਮੇਰੇ ਉੱਤੇ ਬੜਾ ਅਹਿਸਾਨ ਏ। ਤੁਸੀਂ ਤਾਂ ਸਾਡੇ ਦੇਸ਼ ਦੇ ਐਸੇਟ ਓਂ। ਮੇਰੇ ਮਨ ਵਿਚ ਕਲਾ ਪ੍ਰਤੀ ਬੜਾ ਸਨਮਾਣ ਏ।” ਪ੍ਰਧਾਨਮੰਤਰੀ ਨੇ ਕਿਹਾ।
ਬੱਚਾ ਬਾਬੂ ਜਿਹੜੇ ਹੁਣ ਤਕ ਪ੍ਰਧਾਨਮੰਤਰੀ ਵੱਲ ਦੇਖ ਰਹੇ ਸਨ ਅਚਾਨਕ ਜ਼ਮੀਨ ਵੱਲ ਦੇਖਣ ਲੱਗ ਪਏ।
“ਮੇਰਾ ਤਾਂ ਇਹ ਮੰਨਦਾ ਆਂ ਕਿ ਜਿਸ ਦੇਸ਼ ਦੀ ਕਲਾ ਮਰਨ ਲੱਗੇ, ਉਸ ਦੇਸ਼ ਨੂੰ ਮਰਨ ਵਿਚ ਕਿੰਨਾ ਸਮਾਂ ਲੱਗੇਗਾ। ਕਲਾ ਦਾ ਸਨਮਾਣ ਹੋਣਾ ਈ ਚਾਹੀਦਾ ਏ ਰਾਸ਼ਟਰ ਵਿਚ।”
ਥੋੜ੍ਹੇ ਵਕਫ਼ੇ ਬਾਅਦ, “ਤੁਸੀਂ ਜਾਣਦੇ ਓ ਕਿ ਮੇਰੇ ਲਈ ਤੁਹਾਡੇ ਜ਼ਮੀਨ ਦੇ ਟੁਕੜਿਆਂ ਵਾਪਸ ਲਿਆਉਣਾ ਕਿੰਨਾ ਆਸਾਨ ਏ। ਮੈਂ ਨਾ ਕਹਾਂ ਤਾਂ ਵੀ ਸੱਚ ਤਾਂ ਸੱਚ ਈ ਏ ਕਿ ਪ੍ਰਧਾਨਮੰਤਰੀ ਚਾਹੇ ਤਾਂ ਕੀ ਕੁਝ ਨਹੀਂ ਕਰ ਸਕਦਾ। ਪ੍ਰਧਾਨਮੰਤਰੀ ਚਾਹੇ ਤਾਂ ਉਡਦੀ ਹੋਈ ਤਿਤਲੀ ਨੂੰ ਫੜ੍ਹ ਸਕਦਾ ਏ। ਪਰ ਤੁਸੀਂ ਇਹ ਵੀ ਜਾਣਦੇ ਓ ਕਿ ਮੈਂ ਇੱਥੇ ਹਾਂ ਪਰ ਅਸਲ ਵਿਚ ਮੈਂ ਇੱਥੇ ਹਾਂ ਨਹੀਂ। ਮੈਂ ਇੱਥੇ ਰਹਿ ਕੇ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਕੋਈ ਵੀ ਹਰਕਤ ਸਾਰੇ ਭੇਤ ਨੂੰ ਖੋਲ੍ਹ ਸਕਦੀ ਏ।” ਬੱਚਾ ਬਾਬੂ ਨੇ ਸੋਚਿਆ ਪ੍ਰਧਾਨਮੰਤਰੀ ਦੇ ਇਹੀ ਡਾਇਲਾਗ ਉਹਨਾਂ ਦਾ ਸੇਵਕ ਹੁਣੇ-ਹੁਣੇ ਬਾਹਰ ਸੁਣਾ ਰਿਹਾ ਸੀ।
“ਪਰ ਤੁਸੀਂ ਬੇਫ਼ਿਕਰ ਰਹੋ ਤੁਹਾਡੀ ਜ਼ਮੀਨ ਦੇ ਦੋਵੇਂ ਟੁਕੜੇ ਬੜੀ ਜਲਦੀ ਤੁਹਾਡੇ ਦਰਵਾਜ਼ੇ ਤੇ ਹੋਣਗੇ। ਮੈਂ ਬਸ ਦਿੱਲੀ ਪਹੁੰਚ ਜਾਵਾਂ।” ਫੇਰ ਇਸ ਵਾਕ ਨੂੰ ਥੋੜ੍ਹਾ ਵਕਫ਼ਾ ਦੇਂਦਿਆਂ ਹੋਇਆ ਪ੍ਰਧਾਨਮੰਤਰੀ ਨੇ ਕਿਹਾ ਸੀ। ਇੰਜ ਜਿਵੇਂ ਏਨਾ ਲੰਮਾਂ ਬੋਲਦੇ ਬੋਲਦੇ ਥੱਕ ਗਏ ਹੋਣ।
ਬੱਚਾ ਬਾਬੂ ਦੇ ਚਿਹਰੇ ਉੱਤੇ ਮੁਸਕਰਾਹਟ ਆ ਗਈ ਤੇ ਉਹ ਕਮਰੇ ਵਿਚੋਂ ਬਾਹਰ ਆ ਗਏ।

ਦਿੱਲੀ ਵਿਚ ਇਕ ਕੁਰਸੀ ਰੱਖੀ ਹੋਈ ਹੈ ਜਿਸ ਉੱਤੇ ਸੱਪ ਨੇ ਇਕ ਮਨੀ ਛੱਡ ਦਿੱਤੀ ਹੈ
ਕੁਲ ਸੱਤ ਦਿਨ ਰਹਿਣ ਪਿੱਛੋਂ ਪ੍ਰਧਾਨਮੰਤਰੀ ਬੱਚਾ ਬਾਬੂ ਦੇ ਘਰੋਂ ਵਿਦਾਅ ਹੋਏ। ਜਿਸ ਤਰ੍ਹਾਂ ਚੁੱਪਚਾਪ ਬੱਚਾ ਬਾਬੂ ਦੇ ਘਰ ਆਏ ਸਨ, ਓਵੇਂ ਹੀ ਚੁੱਪਚਾਪ ਫੇਰ ਦਿੱਲੀ ਪਹੁੰਚ ਗਏ ਪ੍ਰਧਾਨਮੰਤਰੀ। ਪਰ ਉਹ ਦਿੱਲੀ ਪਹੁੰਚੇ ਤਾਂ ਪ੍ਰਧਾਨਮੰਤਰੀ ਨਿਵਾਸ ਨਹੀਂ ਪਹੁੰਚੇ ਬਲਕਿ ਚੁੱਪਚਾਪ ਉਹਨਾਂ ਨੂੰ ਸਿੱਧਾ ਉਸ ਵੱਡੇ ਹਸਪਤਾਲ ਵਿਚ ਪ੍ਰਵੇਸ਼ ਕਰਵਾ ਦਿੱਤਾ ਗਿਆ। ਉੱਥੇ ਪ੍ਰਧਾਨਮੰਤਰੀ ਸਿਹਤ ਦੀ ਬਹਾਲੀ ਲਈ ਲਗਭਗ ਵੀਹ ਦਿਨ ਰਹੇ।
ਹੌਲੀ-ਹੌਲੀ ਹਸਪਤਾਲ ਵੱਲੋਂ ਜਾਰੀ ਕੀਤੇ ਜਾਣ ਵਾਲੇ ਬੁਲਿਟਨਾਂ ਦੀ ਗਿਣਤੀ ਘਟਦੀ ਗਈ। ਹਸਪਤਾਲ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਠੀਕ ਹੋ ਚੁੱਕੇ ਨੇ ਤੇ ਇੱਥੇ ਹੁਣ ਆਰਾਮ ਕਰ ਰਹੇ ਨੇ। ਹਸਪਤਾਲ ਵਿਚ ਪ੍ਰਧਾਮੰਰਤੀ ਦੇ ਪ੍ਰਵੇਸ਼ ਕਰਦਿਆਂ ਹੀ ਅਮਰੀਕਾ ਤੋਂ ਆਏ ਡਾ. ਪਿੱਟ ਦੀ ਪੂਰੀ ਟੀਮ ਨੂੰ ਛੁੱਟੀ ਦੇ ਦਿੱਤੀ ਗਈ। ਜਿਸ ਦਿਨ ਡਾ. ਪਿੱਟ ਭਾਰਤ ਤੋਂ ਆਪਣੇ ਵਤਨ ਲਈ ਨਿਕਲੇ ਸਾਰਾ ਦਿਨ ਨਿਊਜ਼ ਚੈਨਲਾਂ 'ਤੇ ਉਹਨਾਂ ਦੀ ਤਸਵੀਰ ਦਿਖਾਈ ਦਿੰਦੀ ਰਹੀ। ਅਗਲੇ ਦਿਨ ਦੇ ਅਖ਼ਬਾਰਾਂ ਦੇ ਪਹਿਲੇ ਸਫ਼ੇ ਉੱਤੇ ਡਾ. ਪਿੱਟ ਦੇ ਏਅਰਪੋਰਟ ਦੀ ਤਸਵੀਰ ਸੀ ਜਿਸ ਵਿਚ ਉਹ ਭਾਰਤੀਆਂ ਨੂੰ ਹੱਥ ਹਿਲਾ ਕੇ ਵਿਦਾਅ ਹੋ ਰਹੇ ਸਨ। ਤੇ ਉਹਨਾਂ ਦੇ ਹਿੱਲਦੇ ਹੱਥ ਤੋਂ ਅਖ਼ਬਾਰ ਪੜ੍ਹਦੇ ਭਾਰਤੀ ਭਾਵੁਕ ਹੁੰਦੇ ਜਾ ਰਹੇ। ਅਖ਼ਬਾਰਾਂ ਵਿਚ ਫੇਰ ਕਈ ਦਿਨਾਂ ਤਕ ਇਹ ਆਉਂਦਾ ਰਿਹਾ ਸੀ ਕਿ ਡਾ. ਪਿੱਟ ਨੂੰ ਭਾਰਤ ਦਾ ਕੀ-ਕੀ ਪਸੰਦ ਆਇਆ ਤੇ ਜਿਸ ਦਿਨ ਡਾ. ਪਿੱਟ ਚਾਂਦਨੀ ਚੌਕ ਘੁੰਮਣ ਗਏ ਤਾਂ ਉਸ ਦਿਨ ਉਹਨਾਂ ਪਰੌਂਠਿਆਂ ਵਾਲੀ ਗਲੀ ਵਿਚ ਕਿੰਨ ਪਰੌਂਠੇ ਖਾਧੇ। ਉਹ ਕਿੰਜ ਦਿੱਲੀ ਦੇ ਗੋਲ-ਗੱਪਿਆਂ ਦੇ  ਪ੍ਰਸ਼ੰਸਕ ਹੋ ਗਏ ਸਨ। ਤੇ ਇਹ ਵੀ ਕਿ ਡਾ. ਪਿੱਟ ਨੇ ਸਾਊਥ ਐਕਸਟੈਂਸ਼ਨ ਦੀ 'ਰਾਸ' ਨਾਮਕ ਦੁਕਾਨ ਤੋਂ ਆਪਣੀ ਪਤਨੀ ਲਈ ਕੁਝ ਸਾੜ੍ਹੀਆਂ ਖ਼ਰੀਦੀਆਂ। ਉਹਨਾਂ ਨੇ ਆਪਣੀ ਭਾਸ਼ਾ ਵਿਚ ਕਿਹਾ ਕਿ ਲਾਜ ਤੇ ਸ਼ਰਮ ਤਾਂ ਔਰਤਾਂ ਦਾ ਗਹਿਣਾ ਏ ਤੇ ਇਹ ਪੂਰੇ ਸੰਸਾਰ ਨੂੰ ਭਾਰਤ ਤੋਂ ਸਿਖਣਾ ਚਾਹੀਦਾ ਏ।
ਪ੍ਰਧਾਨਮੰਤਰੀ ਦਾ ਹਸਪਤਾਲ ਵਿਚੋਂ ਨਿਕਲਣਾ ਹੁਣ ਓਪਚਾਰਿਕਤਾ ਰਹਿ ਗਿਆ ਸੀ। ਵੀਹ ਦਿਨ ਬਾਅਦ ਪ੍ਰਧਾਨਮੰਤਰੀ ਹਸਪਤਾਲ ਵਿਚੋਂ ਆਪਣੇ ਨਿਵਾਸ ਸਥਾਨ ਚਲੇ ਗਏ। ਆਪਣੇ ਨਿਵਾਸ ਸਥਾਨ 'ਤੇ ਵੀ ਉਹਨਾ ਲਗਭਗ ਪੰਦਰਾਂ ਦਿਨ ਆਰਾਮ ਕੀਤਾ। ਸਾਡੇ ਸਾਰਿਆ ਲਈ ਇਹ ਕੋਈ ਹੈਰਾਨੀ ਵਾਲਾ ਵਿਸ਼ਾ ਨਹੀਂ ਕਿ ਇਹਨਾਂ ਵੀਹ ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਚੈਨਲਾਂ ਨੇ ਤੇ ਅਖ਼ਬਾਰਾਂ ਨੇ ਉਸ ਹਸਪਤਾਲ ਦੀ ਜਨਮ-ਕੁੰਡਲੀ ਛਾਪ ਦਿੱਤੀ। ਕਈਆਂ ਤੂਤੀ ਵਜਾਈ। ਪੂਰੇ ਦੇ ਪੂਰੇ ਆਂਕੜੇ ਛਾਪ ਦਿੱਤੇ ਗਏ ਕਿ ਹੁਣ ਇਸ ਕਿਸਮ ਦੇ ਹਸਪਤਾਲ ਖੁੱਲ੍ਹ ਜਾਣ ਨਾਲ ਤੇ ਸਿਹਤ ਸੇਵਾਵਾਂ ਵਿਚ ਵਾਧਾ ਹੋਣ ਕਰਕੇ ਸਿਹਤ ਦੇ ਆਂਕੜਿਆਂ ਵਿਚ ਕਿੰਨਾ ਸੁਧਾਰ ਆ ਗਿਆ ਹੈ ਤੇ ਕਿਸ ਤਰ੍ਹਾਂ ਮੌਤ ਦੀ ਦਰ ਵਿਚ ਅਚਾਨਕ ਗਿਰਾਵਟ ਆਈ ਹੈ।
ਬੱਚਾ ਬਾਬੂ ਆਪਣੇ ਪਿੰਡ ਵਿਚ ਬੈਠੇ ਨਿਊਜ ਚੈਨਲ ਦੇਖਦੇ ਰਹੇ ਸਨ ਤੇ ਅਖ਼ਬਾਰਾਂ ਵਿਚ ਰੋਜ਼-ਰੋਜ਼ ਇਹ ਰੌਚਕ ਖ਼ਬਰਾਂ ਪੜ੍ਹਦੇ ਰਹੇ ਸਨ। ਪਰ ਉਹਨਾਂ ਨੂੰ ਬੁਰਾ ਨਹੀਂ ਸੀ ਲੱਗਿਆ। ਬੱਚਾ ਬਾਬੂ ਸੋਚਦੇ ਸਨ ਕਿ ਦੇਸ਼ ਦੀ ਰੱਖਿਆ ਲਈ ਇਹ ਬੜਾ ਜ਼ਰੂਰੀ ਹੈ। ਉਹਨਾਂ ਨੂੰ ਲੱਗਿਆ ਕਿ ਚਲੋ ਮੈਂ ਇਸ ਦੇਸ਼ ਦੇ ਕਿਸੇ ਕੰਮ ਤਾਂ ਆ ਸਕਿਆ। ਪਰ ਉਹਨਾਂ ਨੂੰ ਸਭ ਤੋਂ ਵੱਧ ਖ਼ੁਸ਼ੀ ਇਹ ਸੀ ਕਿ ਪ੍ਰਧਾਨਮੰਤਰੀ ਠੀਕ ਹੋ ਰਹੇ ਸਨ। ਉਹ ਪਤਨੀ ਦੇ ਸਾਹਮਣੇ ਅਖ਼ਬਾਰ ਕਰਦੇ ਤੇ ਪ੍ਰਧਾਨਮੰਤਰੀ ਦੇ ਠੀਕ ਹੋਣ ਦੀ ਖ਼ੁਸ਼ਖ਼ਬਰੀ ਉਸਨੂੰ ਦਿਖਾਉਂਦੇ। ਪਰ ਕਲਿਆਣੀ ਦਾ ਚਿਹਰਾ ਕਸਿਆ ਜਾਂਦਾ ਤੇ ਉਹ ਚੁੱਪਚਾਪ ਉੱਠ ਕੇ ਚਲੀ ਜਾਂਦੀ। ਬੱਚਾ ਬਾਬੂ ਦੀ ਚਾਹ ਬਸ ਇਕ ਸੀ ਕਿ ਪ੍ਰਧਾਨਮੰਤਰੀ ਛੇਤੀ ਤੋਂ ਛੇਤੀ ਠੀਕ ਹੋ ਕੇ ਆਪਣੇ ਕੰਮ 'ਤੇ ਚਲੇ ਜਾਣ ਤੇ ਉਸ ਨਾਲ ਕੀਤਾ ਹੋਇਆ ਵਾਅਦਾ ਨਿਭਾਉਣ। ਬੱਚਾ ਬਾਬੂ ਦੇ ਕੰਨਾਂ ਵਿਚ ਹਰ ਵੇਲੇ ਇਹੋ ਵਾਕ ਗੂੰਜਦੇ ਰਹਿੰਦੇ 'ਪਰ ਤੁਸੀਂ ਬੇਫ਼ਿਕਰ ਰਹੋ ਤੁਹਾਡੀ ਜ਼ਮੀਨ ਦੇ ਦੋਵੇਂ ਟੁਕੜੇ ਬੜੀ ਜਲਦੀ ਤੁਹਾਡੇ ਦਰਵਾਜ਼ੇ 'ਤੇ ਹੋਣਗੇ। ਮੈਂ ਬਸ ਦਿੱਲੀ ਪਹੁੰਚ ਜਾਵਾਂ।' ਬੱਚਾ ਬਾਬੂ ਹਰ ਸਵੇਰ ਉਠ ਕੇ ਅਹੁਲ ਕੇ ਦਰਵਾਜ਼ਾ ਖੋਲ੍ਹਦੇ ਕਿ ਉਹਨਾਂ ਦੀ ਜ਼ਮੀਨ ਦੇ ਦੋਵੇਂ ਟੁਕੜੇ ਦਰਵਾਜ਼ੇ ਤੇ ਤਾਂ ਨਹੀਂ ਆ ਗਏ। ਫੇਰ ਮਨ ਨੂੰ ਸਮਝਾਉਂਦੇ ਕਿ ਮੈਂ ਵੀ ਕਿੰਨਾ ਸਵਾਰਥੀ ਹਾਂ। ਪਹਿਲਾਂ ਪ੍ਰਧਾਨਮੰਤਰੀ ਠੀਕ ਹੋ ਕੇ ਆਪਣੇ ਕੰਮ 'ਤੇ ਤਾਂ ਚਲੇ ਜਾਣ।
ਬੱਚਾ ਬਾਬੂ ਨੂੰ ਬੁਰਾ ਓਦੋਂ ਵੀ ਨਹੀਂ ਲੱਗਿਆ ਜਦੋਂ ਪ੍ਰਧਾਨਮੰਤਰੀ ਆਪਣੇ ਘਰ ਪੰਦਰਾਂ ਦਿਨ ਆਰਾਮ ਕਰਕੇ ਪਹਿਲੀ ਵਾਰੀ ਮੀਡੀਏ ਨੂੰ ਸੰਬੋਧਤ ਹੋਏ। ਪ੍ਰਧਾਨਮੰਤਰੀ ਨੇ ਮੀਡੀਏ ਸਾਹਮਣੇ ਆਪਣੀ ਸਿਹਤ ਬਾਰੇ ਦੱਸਿਆ ਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਨੇ। ਹੁਣ ਉਹ ਬੈਠ ਸਕਦੇ ਨੇ ਬੈਠਣ ਪਿੱਛੋਂ ਫੇਰ ਖੜ੍ਹੇ ਹੋ ਸਕਦੇ ਨੇ। ਪਰ ਅਜੇ ਹੋਰ ਆਰਾਮ ਦੀ ਲੋੜ ਹੈ ਤੇ ਹੌਲੀ-ਹੌਲੀ ਉਹ ਰਿਫ਼ਤਾਰ ਫੜ੍ਹ ਲੈਣਗੇ। ਉਹਨਾਂ ਨੇ ਖੁੱਲ੍ਹ ਕੇ ਉਸ ਵੱਡੇ ਸਾਰੇ ਹਸਪਤਾਲ ਤੇ ਅਮਰੀਕੀ ਡਾਕਟਰ ਦੀ ਤਾਰੀਫ਼ ਕੀਤੀ। ਉਹਨਾਂ ਨੇ ਕਿਹਾ, “ਪਰ ਮੇਰਾ ਖੜ੍ਹਾ ਹੋਣਾ ਇਹ ਸਭ ਬਿਨਾਂ ਅਮਰੀਕੀ ਸਹਾਇਤਾ ਦੇ ਸੰਭਵ ਨਹੀਂ ਸੀ ਹੋ ਸਕਦਾ। ਮੈਂ ਡਾ. ਪਿੱਟ ਦਾ ਸ਼ੁਕਰਗੁਜ਼ਾਰ ਹਾਂ।” ਫੇਰ ਮੀਡੀਏ ਤੋਂ ਥੋੜ੍ਹਾ ਕੁ ਨਜ਼ਰਾਂ ਚੁਰਾਉਂਦਿਆਂ ਹੋਇਆ, “ਅਜੇ ਸਾਡੇ ਇੱਥੇ ਇਲਾਜ਼ ਪ੍ਰਣਾਲੀ ਵਿਚ ਹੋਰ ਸੁਧਾਰ ਦੀ ਲੋੜ ਏ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਨਾਲ ਸਮਝੌਤਾ ਕਰੀਏ ਤੇ ਇਲਾਜ਼ ਸੇਵਾਵਾਂ ਲਈ ਅਸੀਂ ਰਲ ਕੇ ਕੰਮ ਕਰ ਸਕੀਏ। ਅਸੀਂ ਇਕ ਮਸੌਦਾ ਤਿਆਰ ਕਰਾਂਗੇ। ਸਾਡੇ ਇੱਥੇ ਅਜੇ ਵੀ ਹੋਰ ਵੱਡੇ-ਵੱਡੇ ਹਸਪਤਾਲਾਂ ਦੀ ਲੋੜ ਏ। ਅਸੀਂ ਅੱਗੇ ਇਹ ਕੋਸ਼ਿਸ਼ ਕਰਾਂਗੇ ਕਿ ਛੋਟੇ-ਛੋਟੇ ਸ਼ਹਿਰਾਂ ਵਿਚ ਵੀ ਅਸੀਂ ਹਸਪਤਾਲਾਂ ਦੀ ਹਾਲਤ ਨੂੰ ਸੁਧਾਰ ਸਕੀਏ। ਅਸੀਂ ਵਿਕਸਤ ਦੇਸ਼ਾਂ ਦਾ ਸਹਾਰਾ ਲੈ ਕੇ ਆਪਣੇ ਦੇਸ਼ ਨੂੰ ਤੇਜ਼ ਰਿਫ਼ਤਾਰ ਦਿਆਂਗੇ।”
ਥੋੜ੍ਹੀ-ਜਿਹੀ ਡੂੰਘਿਆਈ ਵਿਚ ਲੱਥ ਕੇ “ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਾਡੇ ਇੱਥੇ ਪ੍ਰਤਿਭਾ ਜਾਂ ਕਲਾ ਦੀ ਕਮੀ ਏ ਪਰ ਉਸਨੂੰ ਉਭਾਰਨ ਦੀ ਲੋੜ ਏ। ਸਾਨੂੰ ਉਸਨੂੰ ਅਤਿ-ਅਧੁਨਿਕ-ਵਿਚਾਰ ਤੇ ਜੰਤਰ ਵਿਕਾਸ ਨਾਲ ਜੋੜ ਕੇ ਉੱਨਤ ਕਰਨਾ ਪਵੇਗਾ। ਉਹ ਸਾਥੋਂ ਵੱਡੇ ਨੇ ਤੇ ਉਹਨਾਂ ਦੇ ਵਿਚਾਰ ਲੈਣ ਵਿਚ ਕੋਈ ਬੁਰਾਈ ਨਹੀਂ। ਮੈਂ ਪ੍ਰਤਿਭਾ ਤੇ ਕਲਾ ਦਾ ਬੜਾ ਸਨਮਾਣ ਕਰਦਾ ਹਾਂ ਪਰ ਕਲਾ ਨੂੰ ਇਕ ਜਗ੍ਹਾ ਰੋਕ ਕੇ ਠੁੱਸ ਨਹੀਂ ਕੀਤਾ ਜਾ ਸਕਦਾ। ਸਾਨੂੰ ਅਧੁਨਿਕ ਤੋਂ ਅਧੁਨਿਕ ਤਕਨੀਕਾਂ ਨਾਲ ਜੁੜਨਾ ਪਵੇਗਾ।”
ਤੇ ਅੰਤ ਵਿਚ, “ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆਂ ਜਿਹਨਾਂ ਨੇ ਮੇਰੀ ਸਿਹਤ ਲਈ ਏਨੀ ਚਿੰਤਾ ਦਿਖਾਈ।”
ਅੰਤ ਤਕ ਆਉਂਦੇ-ਆਉਂਦੇ ਬੱਚਾ ਬਾਬੂ ਦਾ ਮਨ ਥੋੜ੍ਹਾ ਖੱਟਾ ਹੋਣ ਲੱਗਾ ਸੀ ਪਰ ਉਹਨਾਂ ਨੇ ਮਨ ਨੂੰ ਸਮਝਾਇਆ। ਏਨੇ ਵੱਡੇ ਦੇਸ਼ ਨੂੰ ਚਲਾਉਣ ਲਈ ਬਹੁਤ ਸਾਰੇ ਸਮਝੌਤੇ ਕਰਨੇ ਹੀ ਪੈਂਦੇ ਨੇ।

ਜਦੋਂ ਕਿਸੇ ਦੀ ਉਡੀਕ ਹੁੰਦੀ ਹੈ ਉਦੋਂ ਸਮਾਂ ਬੜੀ ਹੌਲੀ-ਹੌਲੀ ਬੀਤਦਾ ਹੈ
ਸਮਾਂ ਹੌਲੀ-ਹੌਲੀ ਬੀਤਦਾ ਰਿਹਾ। ਪ੍ਰਧਾਨਮੰਤਰੀ ਤੰਦਰੁਸਤ ਵੀ ਹੋ ਗਏ ਤੇ ਇਹ ਦੇਸ਼ ਸੁਚਾਰੂ ਢੰਗ ਨਾਲ ਚੱਲਣ ਵੀ ਲੱਗ ਪਿਆ (ਜਿੰਨਾ ਚੱਲ ਸਕਦਾ ਸੀ।)। ਬੱਚਾ ਬਾਬੂ ਉਡੀਕ ਕਰਦੇ-ਕਰਦੇ ਥੱਕ ਗਏ। ਪ੍ਰਧਾਨਮੰਤਰੀ ਨੇ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਬੱਚਾ ਬਾਬੂ ਨੇ ਦਰਵਾਜ਼ੇ 'ਤੇ ਜਾ-ਜਾ ਆਪਣੀ ਜ਼ਮੀਨ ਨੂੰ ਲੱਭਣ ਦੀ ਕੋਸ਼ਿਸ਼ ਬੰਦ ਕਰ ਦਿੱਤੀ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹਨਾਂ ਦੇ ਨਾਲ ਇਸ ਲੋਕਤੰਤਰ ਵਿਚ ਇਕ ਹੋਰ ਰਾਜਨੀਤਕ ਧੋਖਾ ਹੋਇਆ ਹੈ। ਹੁਣ ਉਹਨਾਂ ਦਾ ਕੇਸ ਵੀ ਲਗਭਗ ਖ਼ਤਮ ਹੋਣ 'ਤੇ ਆ ਗਿਆ ਸੀ। ਫੂਲ ਸਿੰਘ ਦੀ ਜਿੱਤ ਪੱਕੀ ਸੀ। ਬਸ ਕੁਝ ਓਪਚਾਰਿਕਤਾ ਬਾਕੀ ਰਹਿ ਗਈ ਸੀ। ਸਾਰੇ ਬੁਰੇ ਲੋਕ ਫੂਲ ਸਿੰਘ ਦੇ ਪੱਖ ਵਿਚ ਸਨ। ਬੱਚਾ ਬਾਬੂ ਨੇ ਆਪਣੀ ਜ਼ਮੀਨ ਵੱਲ ਜਾਣਾ ਛੱਡ ਦਿੱਤਾ ਸੀ। ਉਹਨਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਇਹ ਜ਼ਮੀਨ ਉਹਨਾਂ ਦੀ ਨਹੀਂ ਹੋ ਸਕੇਗੀ।
ਬੱਚਾ ਬਾਬੂ ਦਾ ਮਨ ਹੁਣ ਬੜਾ ਉਚਾਟ ਜਿਹਾ ਰਹਿਣ ਲੱਗ ਪਿਆ ਸੀ। ਉਹ ਅਕਸਰ ਸ਼ਾਮ ਵੇਲੇ ਆਪਣੇ ਵਰਾਂਡੇ ਵਿਚ, ਆਪਣੇ ਵਿਹੜੇ ਵਿਚ, ਸ਼ੁੰਨ ਵਿਚ ਤੱਕਦੇ ਹੋਏ ਨਜ਼ਰ ਆਉਂਦੇ। ਪਿੰਡ ਦੇ ਸਾਰੇ ਲੋਕਾਂ ਨੂੰ ਬੱਚਾ ਬਾਬੂ ਦੇ ਦੁੱਖ ਦਾ ਕਾਰਨ ਪਤਾ ਸੀ ਪਰ ਕਿਸੇ ਵਿਚ ਏਨੀ ਹਿੰਮਤ ਨਹੀਂ ਸੀ ਜਿਹੜਾ ਫੂਲ ਸਿੰਘ ਦੇ ਸਾਹਮਣੇ ਖਲੋ ਸਕੇ। ਜਿਹੜੇ ਮਰੀਜ਼ ਇੱਥੋਂ ਠੀਕ ਹੋ ਕੇ ਜਾਂਦੇ ਉਹ ਆਪਣੇ ਮਨ ਵਿਚ ਬੱਚਾ ਬਾਬੂ ਨੂੰ ਢੇਰ ਸਾਰੀਆਂ ਦੁਆਵਾਂ ਦਿੰਦੇ ਜਾਂਦੇ ਕਿ 'ਰੱਬਾ ਬੱਚਾ ਬਾਬੂ ਨੇ ਏਨਾ ਭਲਾ ਕੀਤਾ ਏ ਲੋਕਾਂ ਦਾ, ਉਸਦੇ ਨਾਲ ਕਦੀ ਬੁਰਾ ਨਾ ਹੋਣ ਦੇਵੀਂ। ਪਰ ਰੱਬ ਦੀ ਨਜ਼ਰ ਸ਼ਾਇਦ ਬੱਚਾ ਬਾਬੂ ਉੱਤੇ ਨਹੀਂ ਸੀ ਕਿਉਂਕਿ ਏਨੇ ਲੋਕਾਂ ਦੀਆਂ ਦੁਆਵਾਂ ਦਾ ਵੀ ਕੋਈ ਅਸਰ ਨਹੀਂ ਸੀ ਹੋ ਰਿਹਾ। ਬੱਚਾ ਬਾਬੂ ਪਿੰਡ ਵਿਚ ਟਹਿਲਣ ਜਾਂਦੇ ਤੇ ਲੋਕ ਉਹਨਾਂ ਨੂੰ ਤਸੱਲੀ ਦਿੰਦੇ, “ਸਭ ਠੀਕ ਹੋ ਜਾਏਗਾ।” ਬੱਚਾ ਬਾਬੂ ਭਰੀ ਗੱਚ ਨਾਲ 'ਬੁਰਾਈ' ਸ਼ਬਦ ਨੂੰ ਚੱਬ ਕੇ ਕਹਿੰਦੇ, “ਬੁਰਾਈ ਦਾ ਕੋਈ ਅੰਤ ਨਹੀਂ ਏ। ਹੇਠੋਂ ਉਪਰ ਤੱਕ ਸਭ ਕੁਝ ਬੁਰਾ ਈ ਬੁਰਾ ਏ।...
“ਇਸ ਚੰਦ ਦੀ ਚਾਨਣੀ ਝੂਠੀ ਏ। ਸਾਨੂੰ ਵੋਟ ਪਾਉਣੀ ਈ ਨਹੀਂ ਚਾਹੀਦੀ। ਸਾਨੂੰ ਤਾਂ ਬਸ ਸਾਰੇ ਈ ਠੱਗ ਰਹੇ ਨੇ। ਸਾਡੀ ਗੱਲ ਕੋਈ ਨਹੀਂ ਸੁਣਦਾ। ਕੋਈ ਆਪਣਾ ਵਾਅਦਾ ਪੂਰਾ ਨਹੀਂ ਕਰਦਾ। ਕੀ ਲੱਗਦਾ ਏ, ਪ੍ਰਧਾਨਮੰਤਰੀ ਜੋ ਟੈਲੀਵਿਜ਼ਨ ਉੱਤੇ ਆ ਕੇ ਬੋਲਦੇ ਨੇ, ਸਭ ਸੱਚ ਏ? ਸਭ ਝੂਠ ਏ। ਪ੍ਰਧਾਨਮੰਤਰੀ ਜੋ ਕਹਿੰਦੇ ਨੇ, ਅਸਲ 'ਚ ਓਹ ਕੁਝ ਹੋਰ ਈ ਹੁੰਦਾ ਏ।” ਏਨਾ ਲੰਮਾ ਲੈਕਚਰ ਦੇ ਕੇ ਅਸਲ ਵਿਚ ਬੱਚਾ ਬਾਬੂ ਆਪਣੇ ਮਨ ਦੀ ਭੜਾਸ ਕੱਢਦੇ ਸਨ। ਲੋਕ ਸਮਝਦੇ ਸਨ ਕਿ ਬੱਚਾ ਬਾਬੂ ਦਾ ਦੁੱਖ ਵੱਡਾ ਹੈ ਇਸ ਲਈ ਊਟ-ਪਟਾਂਗ ਬਕੀ ਜਾਂਦੇ ਰਹਿੰਦੇ ਨੇ।
ਪਰ ਬੱਚਾ ਬਾਬੂ ਦੇ ਦੁੱਖ ਦੀ ਇੰਤਹਾ ਤਾਂ ਓਦੋਂ ਹੋਈ ਜਦੋਂ ਇਕ ਦਿਨ ਕੜਾਕੇ ਦੀ ਠੰਢ ਵਿਚ ਬੱਚਾ ਬਾਬੂ ਨੇ ਸਵੇਰੇ-ਸਵੇਰੇ ਅਖ਼ਬਾਰ 'ਤੇ ਨਿਗਾਹ ਮਾਰੀ ਜਿਸ ਵਿਚ ਮੁੱਖ ਸਫ਼ੇ ਉੱਤੇ ਹੀ ਡਾ. ਫਰੇਂਕਫਿਨ ਪਿੱਟ ਦੀ ਤਸਵੀਰ ਛਪੀ ਸੀ। ਡਾ. ਪਿੱਟ ਦਾ ਇਹ ਇਕ ਮੁਸਕਰਾਉਂਦਾ ਹੋਇਆ ਚਿਹਰਾ ਸੀ। ਸ਼ਾਇਦ ਇਹ ਤਸਵੀਰ ਉਹਨਾਂ ਦੇ ਆਪਣੇ ਘਰ ਦੇ ਬਗ਼ੀਚੇ ਵਿਚ ਖਿੱਚੀ ਗਈ ਸੀ ਕਿਉਂਕਿ ਉਸ ਵਿਚ ਡਾ. ਪਿੱਟ ਦੇ ਪਿੱਛੇ ਕੁਝ ਮੁਸਕਰਾਉਂਦੇ ਹੋਏ ਫੁੱਲ ਦਿਖਾਈ ਦੇ ਰਹੇ ਸਨ। ਫੁੱਲਾਂ ਦੇ ਪਿੱਛੇ ਉਹਨਾਂ ਦੇ ਘਰ ਦੀ ਕੰਧ ਦਿਖਾਈ ਦੇ ਰਹੀ ਸੀ ਜਿਸਦਾ ਰੰਗ ਲਾਲ ਸੀ। ਲਾਲ ਛੋਟੀਆਂ-ਛੋਟੀਆਂ ਇੱਟਾਂ। ਅਸਲ ਵਿਚ ਅਖ਼ਬਾਰ ਵਿਚ ਇਹ ਗਣਤੰਤਰ ਦਿਵਸ ਤੋਂ ਐਨ ਪਹਿਲਾਂ ਐਲਾਨ ਹੋਣ ਵਾਲੇ ਪਦਮ ਭੂਸ਼ਣਾਂ ਤੇ ਪਦਮ ਵਿਭੂਸ਼ਣਾਂ ਦੀ ਸੂਚੀ ਸੀ। ਜਿਸ ਵਿਚ ਡਾ. ਪਿੱਟ ਨੂੰ ਪ੍ਰਧਾਨਮੰਤਰੀ ਨੂੰ ਠੀਕ ਕਰਨ ਲਈ ਤੇ ਉਹਨਾਂ ਨੂੰ ਦੁਬਾਰਾ ਖੜ੍ਹੇ ਕਰਨ ਲਈ ਪਦਮ ਵਿਭੂਸ਼ਣ ਸਨਮਾਣ ਨਾਲ ਸਨਮਾਣਿਤ ਕੀਤਾ ਗਿਆ ਸੀ।

ਪ੍ਰਧਾਨਮੰਤਰੀ ਦਫ਼ਤਰ ਵਿਚ ਜਿਹੜੀਆਂ ਯੋਜਨਾਵਾਂ ਬਣਦੀਆਂ ਨੇ ਉਹਨਾਂ ਵਿਚ ਕਈ ਬੂੰਦਾਂ ਅੱਥਰੂਆਂ ਦੀਆਂ ਵੀ ਗੁੱਝੀਆਂ ਹੁੰਦੀਆਂ ਨੇ
ਕਾਫੀ ਸਲਾਹ ਮਸ਼ਵਰੇ ਦੇ ਬਾਅਦ ਜਦੋਂ ਪ੍ਰਧਾਨਮੰਤਰੀ ਸਾਹਮਣੇ ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਫਾਈਨਲ ਕਰਨ ਦੀ ਸੂਚੀ ਆਈ ਉਦੋਂ ਪ੍ਰਧਾਨਮੰਤਰੀ ਉਸ ਸੂਚੀ ਉੱਥੇ ਝੱਟ ਕੁ ਲਈ ਅਟਕੇ ਸਨ। ਉਦੋਂ ਪ੍ਰਧਾਨਮੰਤਰੀ ਦੇ ਸਾਹਮਣੇ ਉਹ ਦੱਖਣੀ ਭਾਰਤੀ ਸੁਰੱਖਿਆ ਅਧਿਕਾਰੀ ਵੀ ਖੜ੍ਹਾ ਸੀ ਜਿਸਦੇ ਕਦੀ ਬੱਚਾ ਬਾਬੂ ਨੂੰ ਧਮਕੀ ਵਰਗਾ ਕੁਝ ਦਿੱਤਾ ਸੀ। ਜਿਸਨੇ ਪ੍ਰਧਾਨਮੰਤਰੀ ਦੇ ਰਹੱਸ ਨੂੰ ਬਾਹਰ ਕੱਢਣ ਨੂੰ ਦੇਸ਼ਧਰੋ ਤਕ ਕਿਹਾ ਸੀ। ਉਸ ਦੱਖਣੀ ਭਾਰਤੀ ਅਧਿਕਾਰੀ ਨੇ ਪ੍ਰਧਾਨਮੰਤਰੀ ਨੂੰ ਇਕ ਵਾਰੀ ਬੱਚਾ ਬਾਬੂ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ।
“ਸਰ ਉਸ ਬੱਚਾ ਸਿੰਘ ਨੇ ਯਕਦਮ ਦਰਦ ਉੱਤੇ ਕਾਬੂ ਪਾ ਲਿਆ ਸੀ।” ਅਧਿਕਾਰੀ ਨੇ ਝਿਜਕਦਿਆਂ, ਸਹਿਮ ਨਾਲ ਗੱਲਾਂ ਦਾ ਇਕ ਸਿਰਾ ਸੁੱਟਿਆ।
ਪ੍ਰਧਾਨਮੰਤਰੀ ਨੂੰ ਆਪਣਾ ਦਰਦ ਯਾਦ ਆ ਗਿਆ। ਤੇ ਇਹ ਵੀ ਕਿ ਕਿਸ ਤਰ੍ਹਾਂ ਬੱਚਾ ਸਿੰਘ ਦਾ ਹੱਥ ਲੱਗਦਿਆਂ ਹੀ ਦਰਦ ਅਚਾਨਕ ਗ਼ਾਇਬ ਹੋ ਗਿਆ ਸੀ।
“ਮੈਂ ਸਭ ਸਮਝਦਾ ਆਂ। ਇੰਜ ਨਹੀਂ ਕਿ ਮੈਂ ਇਨਸਾਨ ਨਹੀਂ ਆਂ। ਮੇਰੇ ਅੰਦਰ ਫ਼ੀਲਿੰਗਸ ਨਹੀਂ। ਪਰ ਇਸ ਏਡੇ ਵੱਡੇ ਲੋਕਤੰਤਰ ਨੂੰ ਚਲਾਉਣ ਲਈ ਸਾਨੂੰ ਕੁਰਬਾਨੀ ਦੇਣੀ ਈ ਪੈਂਦੀ ਏ। ਸਾਨੂੰ ਆਪਣੀ ਭਾਵੁਕਤਾ ਉੱਤੇ ਕਾਬੂ ਕਰਨਾ ਈ ਪੈਂਦਾ ਏ। ਮੈਂ ਆਪਣੀਆਂ ਫ਼ੀਲਿੰਗਸ ਖ਼ਤਮ ਕਰ ਲਈਆਂ ਨੇ, ਮੈਂ ਇਹ ਨਹੀਂ ਕਹਿ ਸਕਦਾ। ਸਿਰਫ਼ ਭਾਵੁਕਤਾ ਨਾਲ ਕਿਸੇ ਦੇਸ਼ ਨੂੰ ਨਹੀਂ ਚਲਾਇਆ ਜਾ ਸਕਦਾ।
“ਇਸ ਏਨੇ ਵੱਡੇ ਦੇਸ਼ ਵਿਚ ਸਾਰੀਆਂ ਚੀਜ਼ਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਜੇ ਅਸੀਂ ਰੁੱਖ ਕੱਟਾਂਗੇ ਤਾਂ ਬਰਸਾਤ ਵੀ ਘੱਟ ਹੋਏਗੀ ਤੇ ਬਰਸਾਤ ਘੱਟ ਹੋਏਗੀ ਤਾਂ ਰੁੱਖ ਵੀ ਘੱਟ ਹੋਣਗੇ। ਇਕ ਮੁਖੀਏ ਉੱਤੇ ਕਿੰਨੇ ਤਰ੍ਹਾਂ ਦੇ ਦਬਾਅ ਹੁੰਦੇ ਨੇ, ਉਸਨੂੰ ਸਮਝਣਾ ਔਖਾ ਏ। ਮੇਰੇ ਹੱਥ ਪੈਰ ਦਿਖਾਵੇ ਭਰ ਦੇ ਨੇ, ਪਰ ਸਭ ਕੱਟੇ ਹੋਏ ਨੇ—ਮੈਂ ਤਾਂ ਇਸ ਕੁਰਸੀ ਉੱਤੇ ਬੈਠਾ ਹੱਡ-ਮਾਸ ਦਾ ਇਕ ਬੁੱਤ ਆਂ।
“ਵੱਡੇ ਹਿਤ ਸਾਧਣ ਲਈ ਛੋਟੀਆਂ ਮੋਟੀਆਂ ਘਟਨਾਵਾਂ ਨੂੰ, ਛੋਟੇ ਮੋਟੇ ਕੀੜੇ-ਮਕੌੜੇ ਵਰਗੇ ਆਮ ਆਦਮੀ ਨੂੰ ਭੁੱਲਣਾ ਈ ਪੈਂਦਾ ਏ।”
ਜਦੋਂ ਪ੍ਰਧਾਨਮੰਤਰੀ ਇੰਜ ਕਹਿ ਰਹੇ ਸਨ ਉਦੋਂ ਉੱਥੇ ਉਸ ਦੱਖਣੀ ਭਾਰਤੀ ਅਧਿਕਾਰੀ ਦੇ ਇਲਾਵਾ ਪ੍ਰਧਾਨਮੰਤਰੀ ਦਾ ਪੀ.ਏ. ਵੀ ਸੀ। ਤੇ ਸੱਚ ਮੰਨੋ ਇਹ ਦੋਵਾਂ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ ਕਿ ਪ੍ਰਧਾਨਮੰਤਰੀ ਉਹਨਾਂ ਨੂੰ ਏਨੀ ਸਫ਼ਾਈ ਕਿਓਂ ਦੇ ਰਹੇ ਸਨ।  ਜਦਕਿ ਸੱਚ ਇਹ ਸੀ ਕਿ ਪ੍ਰਧਾਨਮੰਤਰੀ ਆਪਣੇ ਮਨ ਨੂੰ ਸਮਝਾ ਰਹੇ ਸਨ।
ਜਦੋਂ ਦੇ ਪ੍ਰਧਾਨਮੰਤਰੀ ਬੱਚਾ ਬਾਬੂ ਦੇ ਘਰੋਂ ਪਰਤੇ ਸਨ ਓਦੋਂ ਤੋਂ ਬਾਅਦ ਇਕ ਲੰਮਾ ਸਮਾਂ ਬੀਤਿਆ ਚੁੱਕਿਆ ਸੀ। ਇਸ ਦੌਰਾਨ ਬੱਚਾ ਬਾਬੂ ਦਾ ਦੁੱਖ ਉਹਨਾਂ ਦੇ ਅੰਦਰ ਭਰਦਾ ਜਾ ਰਿਹਾ ਸੀ। ਸ਼ੁਰੂ-ਸ਼ੁਰੂ ਵਿਚ ਕਾਫੀ ਦਿਨਾਂ ਤਕ ਤਾਂ ਉਹਨਾਂ ਨੂੰ ਉਮੀਦ ਵੱਝੀ ਰਹੀ ਸੀ ਤੇ ਜਦੋਂ ਉਮੀਦ ਟੁੱਟਣੀ ਸ਼ੁਰੂ ਹੋਈ ਤਾਂ ਉਹਨਾਂ ਉੱਤੇ ਗੱਲਾਂ ਨੂੰ ਨਾ ਖੋਲ੍ਹ ਸਕਣ ਦਾ ਦਬਾਅ ਬਣਿਆ ਰਿਹਾ। ਉਹਨਾਂ ਦੇ ਜੀਵਨ ਵਿਚ ਇਕ ਪਤਨੀ ਕਲਿਆਣੀ ਹੀ ਸੀ ਜਿਸ ਨਾਲ ਉਹ ਇਸ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਸਨ। ਪਰ ਕਿਉਂਕਿ ਕਲਿਆਣੀ ਸ਼ੁਰੂ ਤੋਂ ਈ ਬੱਚਾ ਬਾਬੂ ਦੇ ਵਿਸ਼ਵਾਸ ਉੱਤੇ ਸ਼ੱਕ ਕਰਦੀ ਰਹੀ ਸੀ। ਇਸ ਲਈ ਉਹਨਾਂ ਨੂੰ ਆਪਣਾ ਦੁੱਖ ਉੱਥੇ ਵੀ ਸਾਂਝਾ ਕਰਨਾ ਠੀਕ ਨਹੀਂ ਸੀ ਲੱਗਦਾ। ਇਹੀ ਕਾਰਨ ਹੈ ਬੱਚਾ ਬਾਬੂ ਦਾ ਦੁੱਖ ਉਹਨਾਂ ਦੇ ਅੰਦਰ ਭਰਦਾ ਜਾ ਰਿਹਾ ਸੀ।
ਇਸ ਨੂੰ ਸਿਰਫ਼ ਸੰਯੋਗ ਕਹੋ ਜਾਂ ਫੇਰ ਕਹਾਣੀ ਨੂੰ ਜਾਏਕੇਦਾਰ ਬਣਾਉਣ ਦੀ ਕੋਸ਼ਿਸ਼ ਕਿ ਜਿਸ ਸਵੇਰ ਦੇ ਅਖ਼ਬਾਰ ਵਿਚ ਡਾ. ਪਿੱਟ ਨੂੰ ਸਨਮਾਣਿਤ ਕਰਨ ਦੀ ਖ਼ਬਰ ਛਪੀ ਸੀ ਉਸ ਤੋਂ ਠੀਕ ਇਕ ਦਿਨ ਪਹਿਲਾਂ ਬੱਚਾ ਬਾਬੂ ਦੀ ਜ਼ਿੰਦਗੀ ਵਿਚੋਂ ਉਹਨਾਂ ਦੀ ਜ਼ਮੀਨ ਖੁਸ ਚੁੱਕੀ ਸੀ। ਤੁਸੀਂ ਅਸੀਂ ਸਾਰੇ ਸਮਝ ਸਕਦੇ ਹਾਂ ਕਿ ਇਹ ਬੱਚਾ ਬਾਬੂ ਦੀ ਹੁਣ ਤਕ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੋਏਗਾ। ਬੱਚਾ ਬਾਬੂ ਉਦਾਸ ਸਨ ਤੇ ਕਲਿਆਣੀ ਨੂੰ ਪੁੱਛੋਂ ਤਾਂ ਦੱਸ ਸਕਦੀ ਹੈ ਕਿ ਉਹਨੇ ਆਪਣੇ ਜੀਵਨ ਵਿਚ ਆਪਣੇ ਪਤੀ ਨੂੰ ਪਹਿਲੀ ਵਾਰੀ ਰੋਂਦਿਆਂ ਦੇਖਿਆ। ਰੋਂਦਿਆਂ ਕੀ ਦੇਖਿਆ, ਹੰਝੂਆਂ ਦਾ ਹੜ੍ਹ ਆਇਆ ਦੇਖਿਆ। ਸਿਰਹਾਣਾ ਭਿੱਜ ਗਿਆ। ਸਿਸਕੀਆਂ ਬੰਦ ਨਹੀਂ ਸਨ ਹੋ ਰਹੀਆਂ। ਕੜਾਕੇ ਦੀ ਠੰਢ ਵਿਚ ਵੀ ਬੱਚਾ ਬਾਬੂ ਵਿਹੜੇ ਵਿਚ ਮੁੰਜੀ ਡਾਹ ਕੇ ਬੈਠੇ ਆਸਮਾਨ ਵੱਲ ਦੇਖਦੇ ਰਹੇ। ਉਪਰ ਆਸਮਾਨ ਵਿਚ ਤਾਰੇ ਅਟਕੇ ਹੋਏ ਸਨ ਤੇ ਇੱਥੇ ਬੱਚਾ ਬਾਬੂ ਦੀਆਂ ਅੱਖਾਂ ਵਿਚੋਂ ਅੱਥਰੂ ਝੜ ਰਹੇ ਸਨ।
ਦੁੱਖ ਵਿਚ ਡੁੱਬੇ ਹੋਏ ਬੱਚਾ ਬਾਬੂ ਲਈ ਸਵੇਰ ਵੀ ਦੁੱਖਾਂ ਨਾਲ ਭਰੀ ਹੋਈ ਹੀ ਸੀ। ਮੋਟੇ ਗੋਲ-ਮਟੋਲ ਜਿਹੇ ਬੱਚਾ ਬਾਬੂ ਜਦੋਂ ਸੌਂ ਕੇ ਆਪਣੇ ਕਮਰੇ ਵਿਚੋਂ ਬਾਹਰ ਆਏ ਤੇ ਵਿਹੜੇ ਦੀ ਧੁੱਪ ਵਿਚ ਬੈਠ ਗਏ ਉਦੋਂ ਧੁੱਪ ਸੁਨਹਿਰੀ ਸੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਇਕ ਆਂਡਾ ਧੁੱਪ ਸੇਕ ਰਿਹਾ ਹੋਵੇ। ਉਹਨਾਂ ਅਖ਼ਬਾਰ ਪਲਟਿਆ ਤੇ ਉਹ ਬਰਦਾਸ਼ਤ ਨਹੀਂ ਕਰ ਸਕੇ। ਇੰਜ ਲੱਗਿਆ ਜਿਵੇਂ ਉਹਨਾਂ ਦੇ ਅੰਦਰ ਬਹੁਤ ਦਿਨਾਂ ਤੋਂ ਕੁਝ ਬੰਦ ਸੀ। ਉਹਨਾਂ ਅਖ਼ਬਾਰ ਦੇਖਿਆ ਤਾਂ ਯਕਦਮ ਚੀਕ ਕੇ ਅਖ਼ਬਾਰ ਦੇ ਉਸ ਸਫ਼ੇ ਨੂੰ ਟੁੱਕੜੇ-ਟੁੱਕੜੇ ਕਰ ਦੇਣਾ ਚਾਹਿਆ। ਉਸਦੇ ਨਾਲ ਹੀ ਉਹਨਾਂ ਚੀਕ ਕੇ ਕਿਹਾ, ਬਗ਼ੈਰ ਕਿਸੇ ਰੁਕਾਵਟ ਦੇ, ਬਗ਼ੈਰ ਕਿਸੇ ਸ਼ਬਦ ਨੂੰ ਚੱਬਦਿਆਂ ਹੋਇਆਂ, ਇਕਦਮ ਸਾਫ਼ ਸਪਸ਼ਟ, “ਚੂਤੀਏ ਆਂ ਅਸੀਂ ਈ ਜਿਹੜੇ ਤੁਹਡੇ 'ਤੇ ਵਿਸ਼ਵਾਸ ਕਰਦੇ ਆਂ। ਸਾਲਿਓ ਅਮਰੀਕਾ ਜਾ ਕੇ ਉਹਨਾਂ ਦਾ ਥੁੱਕ ਚੱਟੋ ਬੈਠ ਕੇ। ਮਾਰ ਦਿਓ ਸਾਨੂੰ। ਸਾਨੂੰ ਜਿਊਂਦਾ ਈ ਕਿਓਂ ਛੱਡਦੇ ਓ...”
ਗੁੱਸੇ ਵਿਚ ਕੀਤੇ ਅਖ਼ਬਾਰ ਦੇ ਟੁਕੜਿਆਂ ਦਾ ਤਾਂ ਖ਼ੈਰ ਕੀ ਵਿਗੜਣਾ ਸੀ ਪਰ ਉਹਨਾਂ ਦਾ ਚੀਕਣਾ ਸੁਣ ਕੇ ਅੰਦਰ ਰਸੋਈ ਵਿਚ ਕਲਿਆਣੀ ਦੀ ਰੂਹ ਕੰਬ ਗਈ। ਕਲਿਆਣੀ ਜਦੋਂ ਬੌਂਦਲੀ ਹੋਈ ਦੌੜ ਕੇ ਉਹਨਾਂ ਕੋਲ ਆਈ ਤਾਂ ਅਖ਼ਬਾਰ ਦੇ ਟੁਕੜਿਆਂ ਵਿਚਕਾਰ ਬੱਚਾ ਬਾਬੂ ਬੈਠੇ ਹੋਏ ਸਨ। ਉਹਨਾਂ ਦਾ ਸਾਹ ਤੇਜ਼-ਤੇਜ਼ ਚੱਲ ਰਿਹਾ ਸੀ। ਅੱਖਾਂ ਲਾਲ ਸਨ। ਚਿਹਰੇ 'ਤੇ ਪਸੀਨੇ ਦੇ ਘਰਾਲੇ ਵਗ ਰਹੇ ਸਨ। ਉਹ ਜ਼ਮੀਨ ਨੂੰ ਫੜ੍ਹ ਕੇ ਜ਼ਮੀਨ ਉੱਤੇ ਝੁਕੇ ਬੈਠੇ ਸਨ ਇੰਜ ਜਿਵੇਂ ਜ਼ਮੀਨ ਨੂੰ ਫੜ੍ਹ ਕੇ ਹੀ ਬੈਠੇ ਰਹਿ ਸਕਦੇ ਹੋਣ। ਕਲਿਆਣੀ ਨੇ ਦੇਖਿਆ ਕਿ ਬੱਚਾ ਬਾਬੂ ਦੇ ਮੂੰਹ ਵਿਚੋਂ ਲਾਲਾਂ ਦੀ ਧਾਰ ਜ਼ਮੀਨ ਉੱਤੇ ਡਿੱਗ ਰਹੀ ਹੈ।
ਕਲਿਆਣੀ ਨੂੰ ਅਖ਼ਬਾਰ ਦੇ ਉਹਨਾਂ ਟੁਕੜਿਆਂ ਵਿਚ ਡਾ. ਪਿੱਟ ਦਾ ਮੁਸਕਰਾਉਂਦਾ ਹੋਇਆ ਚਿਹਰਾ ਦਿਸ ਪਿਆ। ਗੋਰੇ ਚਿਹਰੇ ਦੀ ਮੁਸਕੁਰਾਹਟ। ਫੇਰ ਉਹ ਸਾਰਾ ਮਾਜਰਾ ਸਮਝ ਗਈ। ਉਸਨੇ ਬੱਚਾ ਬਾਬੂ ਨੂੰ ਉੱਥੋਂ ਉਠਾਲ ਕੇ ਕਮਰੇ ਵਿਚ ਲੈ ਜਾ ਕੇ ਬਿਸਤਰੇ ਉੱਤੇ ਪਾ ਦਿੱਤਾ। ਤੇ ਫੇਰ ਖ਼ੁਦ ਵੀ ਉੱਥੇ ਉਹਨਾਂ ਦੇ ਸਿਰਹਾਣੇ ਬੈਠ ਗਈ। ਉਹਨਾਂ ਦੇ ਮੱਥੇ ਉੱਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਬੱਚਾ ਬਾਬੂ ਫੁੱਟ-ਫੁੱਟ ਕੇ ਰੋਣ ਲੱਗ ਪਏ। ਉਹਨਾਂ ਆਪਣੇ ਆਪ ਨੂੰ ਇਕ ਬੱਚੇ ਵਾਂਗ ਹੀ ਕਲਿਆਣੀ ਦੀ ਗੋਦੀ ਵਿਚ ਲੁਕਾਅ ਲਿਆ। ਇੰਜ ਜਿਵੇਂ ਇਕ ਬੱਚਾ ਡਰ ਕੇ ਆਪਣੀ ਮਾਂ ਦੀ ਗੋਦੀ ਵਿਚ ਦੁਬਕ ਗਿਆ ਹੋਵੇ। ਕਲਿਆਣੀ ਜਾਣਦੀ ਸੀ ਕਿ ਇਹ ਭਾਰੀ ਦੁੱਖ ਦੀ ਘੜੀ ਹੈ। ਬੜੇ ਭਾਵੁਕ ਛਿਣ ਨੇ।
ਜ਼ਮੀਨ ਖੁੱਸਣ ਤੇ ਡਾ. ਪਿੱਟ ਨੂੰ ਸਨਮਾਣਿਤ ਕਰਨ ਵਰਗੀਆਂ ਦੋ ਵੱਡੀਆਂ ਘਟਨਾਵਾਂ ਨੇ ਬੱਚਾ ਬਾਬੂ ਨੂੰ ਅੰਦਰ ਤਕ ਤੋੜ ਕੇ ਰੱਖ ਦਿੱਤਾ ਸੀ। ਉਹਨਾਂ ਦੇ ਅੰਦਰ ਜਿਹੜਾ ਇਕ ਵੱਡਾ ਪਰੀਵਤਰਨ ਆਇਆ ਸੀ ਉਹ ਇਹ ਸੀ ਕਿ ਉਹਨਾਂ ਨੇ ਸੋਚਿਆ ਕਿ ਜਦੋਂ ਸਭ ਕੁਝ ਲੁੱਟਿਆ-ਪੁੱਟਿਆ ਹੀ ਗਿਆ ਹੈ ਤਾਂ ਇਸ ਏਨੇ ਵੱਡੇ ਰਹੱਸ ਨੂੰ ਲੁਕਾਅ ਕੇ ਰੱਖਣ ਦਾ ਕੀ ਫ਼ਾਇਦਾ। ਉਹ ਸਾਰੇ ਰਹੱਸ ਉਗਲ ਦੇਣਾ ਚਾਹੁੰਦੇ ਸਨ। ਇਹ ਉਹਨਾਂ ਦਾ ਇਕ ਤਰ੍ਹਾਂ ਦਾ ਬਦਲਾ ਸੀ। ਬੱਚਾ ਬਾਬੂ ਜਾਣਦੇ ਸਨ ਕਿ ਇਸ ਬਦਲੇ ਵਿਚ ਉਹਨਾਂ ਦਾ ਰਤਾ ਵੀ ਹਿਤ ਨਹੀਂ, ਪਰ ਬਦਲਾ ਤਾਂ ਬਦਲਾ ਈ ਹੁੰਦਾ ਏ।
ਬੱਚਾ ਬਾਬੂ ਨੇ ਸਾਰੇ ਪਿੰਡ ਨੂੰ ਇਹ ਦੱਸਣਾ ਚਾਹਿਆ ਕਿ ਇਹ ਪ੍ਰਧਾਨਮੰਤਰੀ ਦਾ ਕਿੱਡਾ ਵੱਡਾ ਝੂਠ ਹੈ। ਪਿੰਡ ਵਾਲਿਆਂ ਨੂੰ ਉਹ ਯਾਦ ਦਿਵਾਉਣ ਦੀ ਕੋਸ਼ਿਸ਼ ਕਰਦੇ ਕਿ ਤੁਹਾਨੂੰ ਜ਼ਰੂਰ ਯਾਦ ਹੋਵੇਗਾ, ਉਹ ਅੱਜ ਤਕ ਦੀ ਮੇਰੀ ਸਭ ਤੋਂ ਲੰਮੀ ਛੁੱਟੀ—ਬਾਹਰ ਲੱਗਾ ਉਹ ਨੋਟਿਸ ਕਿ ਬੱਚਾ ਬਾਬੂ ਇਸ ਤਾਰੀਖ਼ ਤੋਂ ਅਨਿਸ਼ਚਿਤ ਤਾਰੀਖ਼ ਤਕ ਇੱਥੇ ਨਹੀਂ ਹਨ।
ਪਰ ਬੱਚਾ ਬਾਬੂ ਦਾ ਇਹ ਬਦਲਾ ਲੈਣ ਵਾਲਾ ਸਾਰਾ ਵਿਚਾਰ ਉਲਟਾ ਪੈ ਗਿਆ। ਬੱਚਾ ਬਾਬੂ ਜਿੰਨਾ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਪ੍ਰਧਾਨਮੰਤਰੀ ਨੂੰ ਉਹਨਾਂ ਨੇ ਠੀਕ ਕੀਤਾ ਹੈ ਤੇ ਇਹ ਕਿ ਪ੍ਰਧਾਨਮੰਤਰੀ ਇੱਥੇ ਆਏ ਸਨ ਤੇ ਅੱਠ ਦਿਨ ਇਸੇ ਘਰ ਵਿਚ ਰਹੇ ਸਨ। ਇਸੇ ਘਰ ਵਿਚ ਖਾਣਾ ਖਾਧਾ ਸੀ। ਇੱਥੇ ਹੀ ਨਹਾਏ ਧੋਏ ਸਨ। ਇੱਥੇ ਸੁੱਤੇ ਸਨ। ਤੇ ਵੱਡੀ ਹੈਰਾਨੀ ਇਹ ਕਿ ਇੱਥੇ ਹੀ ਨਹੀਂ ਪੂਰੇ ਦੇਸ਼ ਨੂੰ ਇਸਦੀ ਖ਼ਬਰ ਨਹੀਂ ਸੀ। ਲੋਕ ਇਸ ਏਨੇ ਵੱਡੇ ਸੱਚ ਨੂੰ ਸੁਣਦੇ ਤੇ ਬੱਚਾ ਬਾਬੂ ਉੱਤੇ ਯਕੀਨ ਨਾ ਕਰਦੇ। ਲੋਕ ਹੱਸਦੇ ਤਾਂ ਬੱਚਾ ਬਾਬੂ ਹੋਰ ਵੱਧ ਭਰੋਸਾਮੰਦ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਅੱਠ ਦਿਨ ਤਕ ਇਕ ਤਰ੍ਹਾਂ ਨਾਲ ਇਸ ਦੇਸ਼ ਦੇ ਪ੍ਰਧਾਨਮੰਤਰੀ ਇੱਥੇ ਨਜ਼ਰਬੰਦ ਸਨ।
ਲੋਕਾਂ ਨੇ ਬੱਚਾ ਬਾਬੂ ਨੂੰ ਪਾਗਲ ਕਰਾਰ ਦੇ ਦਿੱਤਾ।
ਬੱਚਾ ਬਾਬੂ, ਜਿਹੜੇ ਕਦੀ ਸੜਕ ਉੱਤੋਂ ਲੰਘਦੇ ਸਨ ਤਾਂ ਪਿੰਡ ਦੇ ਲੋਕ ਉਹਨਾਂ ਉੱਤੇ ਫ਼ਖ਼ਰ ਕਰਦੇ ਸਨ। ਉਹੀ ਬੱਚਾ ਬਾਬੂ ਜਦੋਂ ਅੱਜ ਪਿੰਡ ਵਿਚ ਘੁੰਮਣ ਨਿਕਲਦੇ ਤਾਂ ਲੋਕ ਉਹਨਾਂ ਤੋਂ ਜਾਂ ਤਾਂ ਕੰਨੀ ਬਚਾਅ ਜਾਂਦੇ ਜਾਂ ਫੇਰ ਉਹਨਾਂ ਦਾ ਮਜ਼ਾਕ ਉਡਾਉਂਦੇ। ਸ਼ੁਰੂਆਤ ਵਿਚ ਤਾਂ ਬੱਚਾ ਬਾਬੂ ਆਪਣੇ ਬਦਲੇ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਫੜ੍ਹ-ਫੜ੍ਹ ਕੇ ਇਹ ਦੱਸਣਾ ਚਾਹੁੰਦੇ ਸਨ ਕਿ ਪ੍ਰਧਾਨਮੰਤਰੀ ਕਿਸ ਤਰ੍ਹਾਂ ਇੱਥੇ ਲੁਕ ਕੇ ਰਹੇ ਸਨ। ਕਿਸ ਤਰ੍ਹਾਂ ਰਾਤ ਦੇ ਘੁੱਪ ਹਨੇਰੇ ਵਿਚ ਇਕ ਲੰਮੀ ਅਦਭੁਤ-ਜਿਹੀ ਗੱਡੀ ਇੱਥੇ ਲਿਆਂਦੀ ਗਈ ਸੀ। ਕਿਸ ਤਰ੍ਹਾਂ ਉਹਨਾਂ ਨੂੰ ਇਸ ਸਭ ਕਾਸੇ ਨੂੰ ਗੁਪਤ ਰੱਖਣ ਲਈ ਕਿਹਾ ਗਿਆ ਸੀ। ਕਿਸ ਤਰ੍ਹਾਂ ਓਹਨੀਂ ਦਿਨੀਂ ਟੈਲੀਵਿਜ਼ਨ ਤੇ ਅਖ਼ਬਾਰ ਵਿਚ ਅਉਣ ਵਾਲੀਆਂ ਖ਼ਬਰਾਂ ਝੂਠੀਆਂ ਸਨ। ਤੇ ਹੁਣ ਕਿਸ ਤਰ੍ਹਾਂ ਉਹਨਾਂ ਦਾ ਹੱਕ ਮਾਰ ਕੇ ਉਹ ਏਡਾ ਵੱਡਾ ਸਨਮਾਣ ਡਾ. ਪਿੱਟ ਨੂੰ ਦਿੱਤਾ ਜਾ ਰਿਹਾ ਹੈ। ਸ਼ੁਰੂ ਵਿਚ ਤਾਂ ਲੋਕ ਵੀ ਖ਼ੂਬ ਚਟਖਾਰੇ ਲੈ ਲੈ ਕੇ ਇਸ ਮਸਾਲੇਦਾਰ ਕਹਾਣੀ ਨੂੰ ਸੁਣਦੇ ਸਨ। ਪਰ ਜਦੋਂ ਲੋਕਾਂ ਨੂੰ ਇਸ ਸਾਫ਼ ਲੱਗਣ ਲੱਗਾ ਕਿ ਬੱਚਾ ਬਾਬੂ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ ਓਦੋਂ ਉਹ ਉਹਨਾਂ ਤੋਂ ਡਰਨ ਲੱਗ ਪਏ।
ਬੱਚਾ ਬਾਬੂ ਤੁਰੇ ਜਾ ਰਹੇ ਹੁੰਦੇ ਤਾਂ ਲੋਕ ਉਹਨਾ ਨੂੰ ਘੇਰ ਕੇ ਪੁੱਛਦੇ, “ਤੇ ਪ੍ਰਧਾਨਮੰਤਰੀ ਨੇ ਦਿੱਲੀ ਨਹੀਂ ਬੁਲਾਇਆ ਤੁਹਾਨੂੰ? ਦੇਖੋ ਕਿਤੇ ਏਸ ਵਾਰੀ ਤੁਹਾਨੂੰ ਸਿਹਤ ਮੰਤਰੀ ਈ ਨਾ ਬਣਾ ਦੇਣ। ਫੇਰ ਜੋੜਦੇ ਰਹਿਣਾ ਹੱਡੀਆਂ ਓਥੇ ਬੈਠ ਕੇ।”
“ਸਿਹਤ ਬਾਰੇ ਤੁਹਾਡੀਆਂ ਯੋਜਨਾਵਾਂ ਕਿਹੜੀਆਂ-ਕਿਹੜੀਆਂ ਨੇ? ਕਿਤੇ ਤੁਸੀਂ ਸਾਰੇ ਤਮਾਕੂ ਖਾਣ ਵਾਲਿਆਂ ਨੂੰ ਜੇਲ੍ਹ ਤਾਂ ਨਹੀਂ ਭੇਜ ਦਿਓਗੇ?”
“ਤੁਹਾਡਾ ਤਾਂ ਹੱਕ ਵੀ ਬਣਦਾ ਏ ਭਾਜੀ। ਜਿਹਨਾਂ ਪ੍ਰਧਾਨਮੰਤਰੀ ਨੂੰ ਠੀਕ ਕਰ ਦਿੱਤਾ ਹੋਵੇ ਉਹਨਾਂ ਨੂੰ ਤਾਂ ਕੁਝ ਵੀ ਬਣਾਓ ਘੱਟ ਈ ਏ।”
“ਤਦ ਮਾਤਾ ਜੀ ਨੂੰ ਵੀ ਨਾਲ ਲੈ ਜਾਓਗੇ ਜਾਂ ਕੋਈ ਗੋਰੀ ਮੇਮ ਰੱਖੋਗੇ?” ਬੱਚਾ ਬਾਬੂ ਚਿੜਦੇ ਤਾਂ ਓਹਨਾਂ ਨੂੰ ਹੋਰ ਚਿੜਾਇਆ ਜਾਂਦਾ।
ਕਦੀ ਸਵੇਰੇ ਟਹਿਲਦੇ ਦਿਸ ਪਏ ਤਾਂ ਲੋਕ ਕਹਿੰਦੇ, “ਕੀ ਅੱਜ ਕਿਤੇ ਅਮਰੀਕਾ ਤੋਂ ਫ਼ੋਨ ਤਾਂ ਨਹੀਂ ਆ ਗਿਆ। ਕਿਤੇ ਓਥੇ ਜਾਣ ਦੀ ਤਿਆਰੀ ਤਾਂ ਨਹੀਂ ਹੋ ਰਹੀ ਏ? ਸਾਨੂੰ ਲੱਗਿਆ ਕਿ ਭਾਰਤ ਦੇ ਪ੍ਰਧਾਨਮੰਤਰੀ ਨੂੰ ਠੀਕ ਕਰ ਈ ਦਿੱਤਾ ਏ...ਹੁਣ ਕਿਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਬੁਲਾਵਾ ਭੇਜਿਆ ਹੋਵੇ।”
ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਜਦੋਂ ਪੂਰੇ ਸਮਾਜ ਨੇ ਹੀ ਉਹਨਾਂ ਨੂੰ ਪਾਗਲ ਮੰਨ ਲਿਆ ਹੋਵੇ ਤਾਂ ਪਾਗਲਪਨ ਦੀਆਂ ਕੁਝ ਨਿਸ਼ਾਨੀਆਂ ਵੀ ਜ਼ਰੂਰ ਉਹਨਾਂ ਵਿਚ ਘਰ ਕਰਨ ਲੱਗ ਪਈਆਂ ਹੋਣਗੀਆਂ। ਕਦੀ ਤਾਂ ਉਹਨਾਂ ਨੇ ਜ਼ਰੂਰ ਆਪਣੇ ਪਿੱਛੇ ਲੱਗੀ ਭੀੜ ਨੂੰ ਇੱਟ-ਵੱਟਾ ਚੁੱਕ ਕੇ ਦੌੜਾਇਆ ਹੋਵੇਗਾ। ਕਦੀ ਜ਼ਰੂਰ ਉਹਨਾਂ ਨੇ ਗੁੱਸੇ ਵਿਚ ਲੋਕਾਂ ਨੂੰ ਗਾਲ੍ਹਾਂ ਵੀ ਕੱਢੀਆਂ ਹੋਣਗੀਆਂ। ਕਦੀ ਜ਼ਰੂਰ ਉਹਨਾਂ ਨੇ ਆਪਣੇ ਵਾਲ ਪੁੱਟੇ ਹੋਣਗੇ। ਕਦੀ ਜ਼ਰੂਰ ਉਹਨਾਂ ਨੇ ਇਕ ਵਾਰੀ ਰੁਕ ਕੇ ਆਸਮਾਨ ਵੱਲ ਦੁਖੀ ਨਜ਼ਰਾਂ ਨਾਲ ਦੇਖਿਆ ਹੋਵੇਗਾ।
ਬੱਚਾ ਬਾਬੂ ਦੀ ਜ਼ਿੰਦਗੀ ਵਿਚ ਇੱਥੇ ਹੁਣ ਉਹਨਾਂ ਦੀ ਪਤਨੀ ਦੇ ਇਲਾਵਾ ਹੋਰ ਕੋਈ ਨਹੀਂ ਸੀ ਜਿਹੜਾ ਉਹਨਾਂ ਦੀ ਦਿਮਾਗ਼ੀ ਹਾਲਤ ਨੂੰ ਠੀਕ ਮੰਨਦਾ।
ਬੱਚਾ ਬਾਬੂ ਦੇ ਇਸ ਪੂਰੇ ਘਟਨਾ ਚੱਕਰ ਵਿਚ ਸਭ ਤੋਂ ਬੁਰਾ ਇਹ ਹੋਇਆ ਕਿ ਉਹਨਾਂ ਦਾ ਰਿਹਾ-ਸਿਹਾ ਰੋਜ਼ਗਾਰ ਵੀ ਬੰਦ ਹੋ ਗਿਆ। ਸ਼ੁਰੂ ਵਿਚ ਜਦੋਂ ਤਕ ਗੱਲ ਬਹੁਤੀ ਫ਼ੈਲੀ ਨਹੀਂ ਸੀ ਉਦੋਂ ਤਕ ਦੂਰਦਰਾਜ ਦੇ ਲੋਕ ਆ ਜਾਂਦੇ ਸਨ ਪਰ ਬੁਰੀਆਂ ਗੱਲਾਂ ਨੂੰ ਫ਼ੈਲਣ ਵਿਚ ਸਮਾਂ ਹੀ ਕਿੰਨਾ ਲੱਗਾ ਹੈ।
ਜਿਸ ਤਰ੍ਹਾਂ ਦੂਰਦਰਾਜ ਦੇ ਪਿੰਡਾਂ ਵਿਚ ਬੱਚਾ ਬਾਬੂ ਦੀ ਮਹਿਮਾ ਫ਼ੈਲੀ ਹੋਈ ਸੀ, ਉਸੇ ਤਰ੍ਹਾਂ ਇਹ ਗੱਲ ਵੀ ਅੱਗ ਵਾਂਗ ਫ਼ੈਲ ਗਈ ਕਿ ਬੱਚਾ ਬਾਬੂ ਪਾਗਲ ਹੋ ਗਏ ਨੇ ਤੇ ਹਰ ਵੇਲੇ ਪ੍ਰਧਾਨਮੰਤਰੀ ਪ੍ਰਧਾਨਮੰਤਰੀ ਕਰਦੇ ਰਹਿੰਦੇ ਨੇ। ਬਾਹਰ ਤਰ੍ਹਾਂ ਤਰ੍ਹਾਂ ਦਾਂ ਗੱਲਾਂ ਫ਼ੈਲੀਆਂ। ਕੁਝ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਫੂਲ ਸਿੰਘ ਨੇ ਧੋਖੇ ਨਾਲ ਓਹਨਾਂ ਤੋਂ ਹਥਿਆ ਲਈ। ਜਿਸ ਦਿਨ ਉਹ ਕੇਸ ਹਾਰੇ ਉਹ ਆਪਣੇ ਖੇਤ 'ਚ ਸਾਰੀ ਰਾਤ ਹੰਝੂ ਵਹਾਉਂਦੇ ਰਹੇ ਪਏ ਰਹੇ। ਉੱਥੇ ਹੀ ਰਾਤ ਨੂੰ ਕਮਾਦ ਵਿਚ ਰਹਿਣ ਵਾਲੇ ਉਡਣੇ ਸੱਪ ਨੇ ਬੱਚਾ ਬਾਬੂ ਦੇ ਮੱਥੇ ਵਿਚ ਡੰਗ ਮਾਰਿਆ। ਕਹਿੰਦੇ ਨੇ ਕਿ ਓਦੋਂ ਦੇ ਹੀ ਬੱਚਾ ਬਾਬੂ ਅੰਟਸ਼ੰਟ ਬਕੀ ਜਾ ਰਹੇ ਨੇ। ਉਹਨਾਂ ਦਾ ਬਚਣਾ ਹੁਣ ਲਗਭਗ ਮੁਸ਼ਕਲ ਹੀ ਲੱਗਦਾ ਹੈ। ਇਹ ਉਡਣ ਵਾਲਾ ਸੱਪ ਜ਼ਹਿਰੀਲਾ ਘੱਟ ਹੁੰਦਾ ਹੈ ਬਸ ਉਸਦੇ ਡੰਗ ਪਿੱਛੋਂ ਦਿਮਾਗ਼ ਦੀਆਂ ਨਸਾਂ ਪਾਟ ਜਾਂਦੀਆਂ ਨੇ ਤੇ ਹੌਲੀ-ਹੌਲੀ ਦਿਮਾਗ਼ ਦਾ ਕੰਮ ਠੁੱਸ ਹੋ ਜਾਂਦਾ ਹੈ...ਤੇ ਬਸ।
ਕੁਝ ਲੋਕ ਕਹਿੰਦੇ ਕਿ ਬੱਚਾ ਬਾਬੂ ਸਵੇਰੇ-ਸਵੇਰੇ ਟਹਿਲਣ ਉਠਦੇ ਨੇ ਉੱਥੇ ਹੀ ਰਾਮਨਰੇਸ਼ਵਾ ਦੇ ਕੁੱਤੇ ਨੇ ਉਹਨਾਂ ਨੂੰ ਵੱਢ ਲਿਆ। ਕੁਝ ਲੋਕ ਕਹਿੰਦੇ ਕਿ ਪਾਗਲ ਤਾਂ ਉਹ ਬਚਪਨ ਤੋਂ ਹੀ ਸਨ। ਨਹੀਂ ਤਾਂ ਕੋਈ ਆਮ ਆਦਮੀ ਥੋੜ੍ਹਾ ਹੀ ਇਸ ਤਰ੍ਹਾਂ ਗੱਲਾਂ ਕਰਦਾ ਹੈ ਕਿ ਇਕ-ਇਕ ਸ਼ਬਦ ਨੂੰ ਚੱਬਣ ਲੱਗਦਾ ਹੈ। ਸਾਲਾ ਸ਼ਬਦਾਂ ਨਾਲ ਹੀ ਢਿੱਡ ਭਰਦਾ ਹੋਵੇ ਜਿਵੇਂ? ਉਹ ਉਹਨਾਂ ਦਾ ਪਾਗਲਪਨ ਹੀ ਸੀ ਜਿਹੜਾ ਹੁਣ ਵਧ ਗਿਆ ਹੈ। ਹੁਣ ਤਾਂ ਆਪਣੇ ਨਾਲ ਲੈ ਕੇ ਹੀ ਜਾਵੇਗਾ।
ਜਿੰਨੀਆਂ ਗੱਲਾਂ ਉਹਨਾਂ ਦੇ ਪਾਗਲਪਨ ਨੂੰ ਲੈ ਕੇ ਫ਼ੈਲੀਆਂ ਓਨਾਂ ਹੀ ਇਹ ਵੀ ਕਿ 'ਉਹਨਾਂ ਦੇ ਪਾਗਲਪਨ ਦਾ ਅਸਲੀ ਪਤਾ ਤਾਂ ਓਦੋਂ ਲੱਗਿਆ ਜਦੋਂ ਉਹਨਾਂ ਨੇ ਰੁਦਰਪੁਰ ਪਿੰਡ ਦੇ ਇਕ ਛੋਹਰ ਦੀ ਲੱਤ ਦੀ ਹੱਡੀ ਪੁੱਠੀ ਜੋੜ ਦਿੱਤੀ। ਛੋਹਰ ਨੇ ਜਦੋਂ ਕੁਝ ਦਿਨਾਂ ਵਿਚ ਠੀਕ ਹੋ ਕੇ ਤੁਰਨਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਦੇਖਿਆ ਕਿ ਉਹ ਦੌੜਨ ਦੀ ਕੋਸ਼ਿਸ਼ ਅੱਗੇ ਵੱਲ ਕਰਦਾ ਏ ਤੇ ਜਾ ਪਿੱਛੇ ਵੱਲ ਨੂੰ ਰਿਹਾ ਹੁੰਦਾ ਏ।' ਕਿਸੇ ਨੇ ਕਿਹਾ ਕਿ 'ਬੱਚਾ ਬਾਬੂ ਨੇ ਹੱਥ ਦੀ ਹੱਡੀ ਜੁੜਵਾਉਣ ਆਈ ਹਰੀਏ ਦੀ ਕਨੀਆ ਨੂੰ ਉਦੋਂ ਚੁੰਮ ਲਿਆ ਜਦੋਂ ਉਹ ਉਹਨਾਂ ਦੇ ਸਾਹਮਣੇ ਮੰਜੇ ਉੱਤੇ ਬੈਠੀ ਕਰਾਹ ਰਹੀ ਸੀ।'
ਲੋਕਾਂ ਨੇ ਕਿਹਾ ਕਿ 'ਬੱਚਾ ਸਿੰਘ ਨੂੰ ਪਾਗਲਪਨ ਦਾ ਜਿਹੜਾ ਦੌਰਾ ਪਿਆ ਏ ਉਸ ਨਾਲ ਉਹ ਖ਼ਤਰਨਾਕ ਵੀ ਹੋ ਗਏ ਨੇ। ਵਿਸ਼ਵਾਸ ਨਹੀਂ ਤਾਂ ਉਹਨਾਂ ਸਾਹਮਣੇ ਇਕ ਵਾਰੀ ਪ੍ਰਧਾਨਮੰਤਰੀ ਕਹਿ ਕੇ ਦੇਖ ਲਓ, ਇੱਟ ਚੁੱਕ ਕੇ ਮਾਰਨ ਨੂੰ ਆਉਣਗੇ।'
ਅਸੀਂ ਸਾਰੇ ਜਾਣਦੇ ਹਾਂ ਕਿ ਇਕ ਵਾਰੀ ਜੇ ਅਸਫ਼ਲਤਾ ਦਾ ਦੌਰ ਸ਼ੁਰੂ ਹੋ ਜਾਵੇ ਤਾਂ ਉਹ ਚੱਲਦਾ ਹੀ ਰਹਿੰਦਾ ਹੈ ਤੇ ਚੱਲਦਾ ਕੀ ਰਹਿੰਦਾ ਹੈ ਉਹ ਵਧਦਾ ਹੀ ਰਹਿੰਦਾ ਹੈ। ਹੁਣ ਹਾਲਾਤ ਇਹ ਹੋ ਗਏ ਕਿ ਲੋਕ ਉਹਨਾਂ ਤੋਂ ਇਲਾਜ਼ ਕਰਵਾਉਣ ਕੀ ਆਉਂਦੇ ਉਹਨਾਂ ਉੱਤੇ ਇਲਜ਼ਾਮ ਲਾਉਂਦੇ ਕਿ ਦੇਖੋ ਸਾਲਾ ਕੈਸਾ ਪਾਗਲ ਹੋ ਗਿਆ ਏ ਕਿ ਸਾਹ ਲੈਣ ਵੇਲੇ ਕਾਰਬਨ ਡਾਇਆਕਸਾਈਡ ਅੰਦਰ ਖਿੱਚਦਾ ਏ ਤੇ ਆਕਸੀਜਨ ਬਾਹਰ ਛੱਡਦਾ ਏ।

ਕਹਾਣੀ ਦਾ ਸਮਾਪਨ
ਕਹਾਣੀ ਦਾ ਤੁਸੀਂ ਇਹ ਸਮਾਪਨ ਹੀ ਸਮਝੋ। ਉਧਰ ਪ੍ਰਧਾਨਮੰਤਰੀ ਨੇ ਆਪਣੇ ਹਿਸਾਬ ਨਾਲ ਡਾ. ਪਿੱਟ ਨੂੰ ਸਨਮਾਣਿਤ ਕਰਕੇ ਤੇ ਬੱਚਾ ਬਾਬੂ ਦੀ ਕੁਬਾਨੀ ਦੇ ਕੇ ਇਹ ਚੈਪਟ ਕਲੋਜ ਕਰ ਦਿੱਤਾ। ਇਧਰ ਬੱਚਾ ਬਾਬੂ ਪ੍ਰਧਾਨਮੰਤਰੀ ਤੋਂ ਬਦਲਾ ਲੈਣ ਵਿਚ ਤੇ ਆਪਣੇ ਪਿੰਡ ਵਾਲਿਆਂ ਨੂੰ ਸਮਝਾਉਣ ਵਿਚ ਨਾਕਾਮ ਰਹੇ। ਤੇ ਨਾਕਾਮ ਕੀ ਰਹੇ ਪਿੰਡ ਵਾਲਿਆਂ ਨੇ ਉਲਟਾ ਉਹਨਾਂ ਨੂੰ ਪਾਗਲ ਕਰਾਰ ਦੇ ਦਿੱਤਾ। ਪਾਗਲ ਵੀ ਕੀ ਇਕ ਖ਼ੂੰਖ਼ਾਰ ਪਾਗਲ। ਜਿਹੜਾ ਕਦੇ ਵੀ ਪੱਥਰ ਜਾਂ ਡੰਡੇ ਨਾਲ ਵਾਰ ਕਰ ਸਕਦਾ ਸੀ। ਬੱਚਾ ਬਾਬੂ ਦਾ ਰੋਜ਼ਗਾਰ ਪੂਰੀ ਤਰ੍ਹਾਂ ਚੌਪਟ ਹੋ ਗਿਆ। ਕਿਉਂਕਿ ਬੱਚਾ ਬਾਬੂ ਦੀ ਸਾਰੀ ਜਮ੍ਹਾਂ ਪੂੰਜੀ ਉਸ ਖੇਤ ਦਾ ਕੇਸ ਲੜਨ ਵਿਚ ਖ਼ਤਮ ਹੋ ਗਈ ਸੀ ਤੇ ਹੁਣ ਉਹਨਾਂ ਦਾ ਰੋਜ਼ਗਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਓ ਕਿ ਕਲਿਆਣੀ ਇਸ ਘਰ ਨੂੰ ਕਿਵੇਂ ਚਲਾ ਰਹੀ ਹੋਵੇਗੀ।
ਦੋ ਗੱਲਾਂ ਇੱਥੇ ਜ਼ਰੂਰੀ ਨੇ। ਇਕ ਤਾਂ ਇਹ ਕਿ ਕਲਿਆਣੀ ਹੁਣ ਇਕੱਲੀ ਕਿਸੇ ਯੋਧੇ ਵਾਂਗ ਹੀ ਸਾਰੀਆਂ ਸਮੱਸਿਆਵਾਂ ਨਾਲ ਲੜ ਰਹੀ ਹੈ। ਉਹ ਆਪਣੇ ਮਨ ਵਿਚ ਉਸ ਹਨੇਰੀ ਰਾਤ ਨੂੰ ਬੁਰਾ-ਭਲਾ ਕਹਿੰਦੀ ਹੈ ਜਦੋਂ ਪ੍ਰਧਾਨਮੰਤਰੀ ਦੀਆਂ ਗੱਡੀਆਂ ਉਹਨਾਂ ਦੇ ਦਰਵਾਜ਼ੇ ਸਾਹਵੇਂ ਲੱਗੀਆਂ ਸਨ। ਤੇ ਦੂਜੀ ਇਹ ਕਿ ਉਹਦੇ ਮਨ ਵਿਚ ਇਹ ਵਿਸ਼ਵਾਸ ਸੀ ਕਿ ਉਹ ਦਿਨ ਜਲਦੀ ਹੀ ਆਵੇਗਾ ਜਦੋਂ ਲੋਕ ਸਾਰੀਆਂ ਗੱਲਾਂ ਭੁੱਲ ਜਾਣਗੇ ਤੇ ਉਹਨਾਂ ਦਾ ਜੀਵਨ ਮੁੜ ਆਮ ਵਾਂਗ ਹੋ ਜਾਵੇਗਾ। ਪਰ ਅਜੇ ਤਾਂ ਹਾਲਾਤ ਇਹ ਨੇ ਕਿ ਘਰ ਦੇ ਹਾਲਾਤ ਤੇ ਆਪਣੇ ਮਨ ਦਾ ਕਲੇਸ਼ ਤੇ ਪੂਰੇ ਪਿੰਡ ਦਾ ਮਾਹੌਲ ਬੱਚਾ ਬਾਬੂ ਦੇ ਪਾਗਲਪਨ ਨੂੰ ਦਿਨ-ਬ-ਦਿਨ ਦੁੱਗਣਾ, ਚੌਗਣਾ ਕਰ ਰਿਹਾ ਹੈ।

ਪਰ ਹੁਣ ਕਹਾਣੀ ਉੱਥੇ ਖ਼ਤਮ ਹੁੰਦੀ ਹੈ, ਜਿੱਥੇ ਅਸੀਂ ਚਾਹੁੰਦੇ ਹਾਂ
ਇਹ ਕਹਾਣੀ ਖ਼ਤਮ ਤਾਂ ਇੱਥੇ ਵੀ ਹੋ ਸਕਦੀ ਹੈ। ਪਰ ਇਸ ਦੁਖਾਂਤ ਦਾ ਜ਼ਿਕਰ ਕੀਤੇ ਬਿਨਾਂ ਇਹ ਕਹਾਣੀ ਖ਼ਤਮ ਨਹੀਂ ਹੋ ਸਕਦੀ। ਅਜੇ ਕੁਝ ਦਿਨ ਹੀ ਹੋਏ ਨੇ। ਬਸ ਓਨੇ ਹੀ ਦਿਨ ਜਿੰਨੇ ਦਿਨ ਮੈਨੂੰ ਇਸ ਕਹਾਣੀ ਦੇ ਪਲਾਟ ਨੂੰ ਸੰਵਾਰਨ, ਕਹਾਣੀ ਲਿਖਣ ਤੇ ਕਹਾਣੀ ਨੂੰ ਛਪਵਾਉਣ ਵਿਚ ਲੱਗੇ ਹੋਣਗੇ।
ਮੈਂ ਸਿੱਧਾ-ਸਿੱਧਾ ਇੱਥੇ ਸੋਸ਼ਲ ਸਾਈਟ ਵਿਕਿਲਿਕਸ ਦਾ ਨਾਂ ਤਾਂ ਨਹੀਂ ਲੈ ਸਕਦਾ ਇਸ ਲਈ ਇੱਥੇ ਬਗ਼ੈਰ ਕਿਸੇ ਵਿਵਾਦ ਵਿਚ ਪਏ ਇਹ ਲਿਖ ਰਿਹਾ ਹਾਂ ਕਿ ਵਿਕਿਲਿਕਸ ਵਰਗੀ ਹੀ ਇਕ ਮਹੱਤਵਪੂਰਨ ਸੋਸ਼ਲ ਸਾਈਟ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਪ੍ਰਧਾਨਮੰਤਰੀ ਜਦੋਂ ਪਿੱਛੇ ਇਕ ਦੋ ਵਰ੍ਹੇ ਪਹਿਲਾਂ ਯਾਨੀ 27 ਸਤੰਬਰ 2009 ਨੂੰ ਬਿਮਾਰ ਹੋਏ ਸੀ ਤੇ ਉਹਨਾਂ ਨੂੰ ਦਿੱਲੀ ਸਥਿਤ ਉਸ ਵੱਡੇ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ ਉਦੋਂ ਅਸਲ ਵਿਚ ਉਹ ਉੱਥੇ ਠੀਕ ਨਹੀਂ ਸੀ ਹੋਏ। ਉਸ ਸਾਈਟ ਨੇ ਇਹ ਖੁਲਾਸਾ ਕੀਤਾ ਸੀ ਕਿ 4 ਅਕਤੂਬਰ ਨੂੰ ਪ੍ਰਧਾਨਮੰਤਰੀ ਨੂੰ ਚੁੱਪਚਾਪ ਬਿਹਾਰ ਰਾਜ ਦੇ ਬੇਗੂਸਰਾਏ ਜਿਲ੍ਹੇ ਦੇ ਚਿੜੈਯਾਟਾਰ ਪਿੰਡ ਲੈ ਜਾਇਆ ਗਿਆ ਸੀ। ਪ੍ਰਧਾਨਮੰਤਰੀ ਆਪਣੇ ਲਾਮ ਲਸ਼ਕਰ ਦੇ ਬਗ਼ੈਰ ਉੱਥੇ ਉਸ ਬਿੰਦੇਸ਼ਰੀ ਪ੍ਰਸਾਦ ਸਿੰਘ ਦੇ ਘਰ ਵਿਚ ਇਕ ਹਫ਼ਤੇ ਤਕ ਰੁਕੇ ਸਨ ਤੇ ਫੇਰ ਉੱਥੋਂ ਉਹਨਾਂ ਨੂੰ ਸਿੱਧੇ ਦਿੱਲੀ ਦੇ ਇਸ ਹਸਪਤਾਲ ਵਿਚ ਚੁੱਪਚਾਪ ਦਾਖ਼ਲ ਕਰ ਲਿਆ ਗਿਆ ਸੀ। ਪ੍ਰਧਾਨਮੰਤਰੀ ਜਿੰਨੇ ਦਿਨ ਚਿੜੈਯਾਟਾਰ ਪਿੰਡ ਵਿਚ ਰਹੇ ਮੀਡੀਏ ਨੂੰ ਇੱਥੇ ਝੂਠੀ ਰਿਪੋਰਟ ਦਿੱਤੀ ਗਈ ਕਿ ਪ੍ਰਧਾਨਮੰਤਰੀ ਅੰਦਰ ਠੀਕ ਹੋ ਰਹੇ ਨੇ।
ਖੁਲਾਸਾ ਇਹ ਵੀ ਕੀਤਾ ਗਿਆ ਸੀ ਕਿ ਡਾ. ਫਰੇਂਕਫਿਨ ਪਿੱਟ ਜਿਹੜੇ ਅਮਰੀਕਾ ਤੋਂ ਆਏ ਸਨ, ਉਹਨਾਂ ਦੀ ਪੂਰੀ ਟੀਮ ਨੇ ਪ੍ਰਧਾਨਮੰਤਰੀ ਦੇ ਇਲਾਜ਼ ਤੋਂ ਆਪਣਾ ਹੱਥ ਖਿੱਚ ਲਿਆ ਸੀ। ਉਹ ਹੱਡੀ ਦੇ ਇਸ ਉਲਝਾਅ ਤੋਂ ਅਸਲ ਵਿਚ ਡਰ ਗਏ ਸਨ ਤੇ ਉਹਨਾਂ ਇਲਾਜ਼ ਕਰਨ ਜਾਂ ਫੇਰ ਗਾਰੰਟੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਡਾ. ਪਿੱਟ ਨੂੰ ਦਿੱਤਾ ਜਾਣ ਵਾਲਾ ਪਦਮ ਵਿਭੂਸ਼ਣ ਦਾ ਸਨਮਾਣ ਵੀ ਝੂਠਾ ਸੀ ਜਿਸ ਦੇ ਹੱਕਦਾਰ ਅਸਲ ਵਿਚ ਚਿੜੈਯਾਟਾਰ ਪਿੰਡ ਦੇ ਬਿੰਦੇਸ਼ਰੀ ਪ੍ਰਸਾਦ ਸਿੰਘ ਸਨ।
ਇਕ ਵੱਡਾ ਖੁਲਾਸਾ ਇਹ ਵੀ ਸੀ ਕਿ ਅਮਰੀਕੀ ਇਲਾਜ਼ ਪ੍ਰਣਾਲੀ ਨੂੰ ਬਿਹਤਰ ਸਾਬਤ ਕਰਕੇ ਭਾਰਤ ਦੇ ਪ੍ਰਧਾਨਮੰਤਰੀ ਨੇ ਅਮਰੀਕਾ ਨਾਲ ਇਕ ਵੱਡੀ ਡੀਲ 'ਤੇ ਸਾਈਨ ਕੀਤੇ ਸਨ ਜਿਸਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਦੇ ਹਸਪਤਾਲਾਂ ਵਿਚ ਅਮਰੀਕੀ ਮਲਟੀਨੈਸ਼ਨਲ ਕੰਪਨੀਆਂ ਨੂੰ ਹਿੱਸੇਦਾਰੀ ਦੀ ਇਜਾਜ਼ਤ ਦਿੱਤੀ ਗਈ। ਹਿੱਸੇਦਾਰੀ ਇਸ ਲਈ ਤਾਕਿ ਹਸਪਤਾਲਾਂ ਦੀ ਹਾਲਤ ਬਿਹਤਰ ਹੋ ਸਕੇ। ਤਾਕਿ ਦੇਸ਼ ਦੇ ਲੋਕ ਸਿਹਤਮੰਦ ਰਹਿ ਸਕਣ। ਤਾਕਿ ਇਹ ਦੇਸ਼ ਸਿਹਤਮੰਦ ਰਹਿ ਸਕੇ। ਦਵਾਈਆਂ ਨੂੰ ਵੀ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਖ਼ਰੀਦਿਆ ਗਿਆ ਸੀ।
ਇਸ ਦੁਖਾਂਤ ਪਿੱਛੋਂ ਕਹਾਣੀ ਦਾ ਅੰਤ ਇੰਜ ਹੈ ਕਿ ਅਖ਼ਬਾਰਾਂ ਤੇ ਟੈਲੀਵਿਜ਼ਨ ਵਿਚ ਇਹ ਖ਼ਬਰ ਆਮ ਹੋ ਗਈ। ਪਿੰਡ ਵਾਲੇ ਖ਼ਬਰ ਸੁਣ ਕੇ ਸੁੰਨ ਹੋ ਗਏ। ਕਲਿਆਣੀ ਦੇ ਚਿਹਰੇ ਉੱਤੇ ਇਕ ਸੰਤੋਖ ਆ ਗਿਆ। ਚਿੜੈਯਾਟਾਰ ਪਿੰਡ ਵਿਚ ਰਿਪੋਰਟਰਾਂ ਤੇ ਕੈਮਰਿਆਂ ਦੀ ਭੀੜ ਜੁੜਨ ਲੱਗੀ। ਪਰ ਬੱਚਾ ਬਾਬੂ। ਬੱਚਾ ਬਾਬੂ ਇਸ ਸਥਿਤੀ ਵਿਚ ਕਿੱਥੇ ਸਨ!
ਕਲਿਆਣੀ ਦੀਆਂ ਸਾਰੀਆਂ ਦੁਆਵਾਂ ਬੇਕਾਰ ਗਈਆਂ। ਬੱਚਾ ਬਾਬੂ ਆਪਣੇ ਹੁਨਰ ਤੋਂ ਹੱਥ ਧੋ ਕੇ ਆਪਣੇ ਪਿੰਡ ਵਿਚ ਆਪਣੇ ਖ਼ਿਲਾਫ਼ ਮਾਹੌਲ ਦੇਖ ਤੇ ਆਪਣੇ ਘਰ ਵਿਚ ਆਪਣੀ ਗ਼ਰੀਬੀ ਦੇਖ ਕੇ ਸੱਚਮੁੱਚ ਹੀ ਪਾਗਲ ਹੋ ਗਏ ਸਨ। ਉਹ ਘਰ ਵਿਚ ਬੰਦ ਰਹਿੰਦੇ ਸਨ ਤੇ ਹੁਣ ਸੱਚਮੁੱਚ ਅੰਟਸ਼ੰਟ ਬਕਦੇ ਰਹਿੰਦੇ ਸਨ। ਉਹ ਕਦੀ ਵੀ ਘਰੋਂ ਭੱਜ ਤੁਰਦੇ ਸਨ। ਕਦੀ ਵੀ ਕਿਸੇ ਦੇ ਵੀ ਡਲਾ ਮਾਰ ਦਿੰਦੇ ਸਨ। ਕਦੀ ਵੀ ਉੱਚੀ-ਉੱਚੀ ਰੋਣ ਲੱਗ ਪੈਂਦੇ ਸਨ। ਹਾਂ, ਹੋਰ ਪਾਗਲਾਂ ਨਾਲੋਂ ਵੱਖ, ਹੱਸਦੇ ਬੜਾ ਘੱਟ ਸਨ। ਉਹ ਪਾਗਲਪਨ ਦੇ ਦੌਰੇ ਦੌਰਾਨ ਚੀਕਦੇ, “ਤੁਸੀਂ ਸਭ ਕੁਝ ਜਾਣ ਗਏ। ਇਕ ਦਿਨ ਪ੍ਰਧਾਨਮੰਤਰੀ ਆਵੇਗਾ ਤੇ ਤੁਹਾਨੂੰ ਸਾਰਿਆਂ ਨੂੰ ਗੋਲੀ ਮਾਰ ਦਵੇਗਾ।”
ਰਿਪੋਰਟਰਾਂ ਦੀ ਬੇਨਤੀ 'ਤੇ ਬੱਚਾ ਬਾਬੂ ਨੂੰ ਸਾਹਮਣੇ ਲਿਆਂਦਾ ਗਿਆ। ਕਲਿਆਣੀ ਖ਼ੁਦ ਵੀ ਇਹ ਚਾਹੁੰਦੀ ਸੀ ਕਿ ਬੱਚਾ ਬਾਬੂ ਦਾ ਚਿਹਰਾ ਤੇ ਉਹਨਾਂ ਦੀ ਇਹ ਹਾਲਤ ਲੋਕਾਂ ਦੇ ਸਾਹਮਣੇ ਆਏ ਇਸ ਲਈ ਵੀ ਉਹਨੇ ਇਸਦੀ ਇਜਾਜ਼ਤ ਦੇ ਦਿੱਤੀ—ਤੇ ਇਜਾਜ਼ਤ ਹੀ ਨਹੀਂ ਦਿੱਤੀ, ਇੰਤਜਾਮ ਵੀ ਕੀਤਾ।
ਪਰ ਏਨੇ ਕੈਮਰਿਆਂ ਤੇ ਏਨੇ ਲੋਕਾਂ ਨੂੰ ਦੇਖ ਕੇ ਬੱਚਾ ਬਾਬੂ ਬੇਕਾਬੂ ਨਾ ਹੋ ਜਾਣ ਜਾਂ ਫੇਰ ਪ੍ਰਧਾਨਮੰਤਰੀ ਦਾ ਨਾਂ ਸੁਣ ਕੇ ਉਹ ਮਾਰਨ ਲਈ ਨਾ ਦੌੜ ਪੈਣ। ਉਹਨਾਂ ਨੂੰ ਜਦੋਂ ਕੈਮਰਿਆਂ ਦੇ ਸਾਹਮਣੇ ਲਿਆਂਦਾ ਗਿਆ ਉਦੋਂ ਓਹ ਇਕ ਕੁਰਸੀ ਨਾਲ ਬੰਨ੍ਹੇ ਹੋਏ ਸਨ। ਦੋਵੇਂ ਹੱਥ ਕੁਰਸੀ ਦੇ ਦੋਵਾਂ ਹੱਥਿਆਂ ਨਾਲ ਵੱਝੇ ਹੋਏ ਸਨ ਤੇ ਦੋਵੇਂ ਲੱਤਾਂ ਕੁਰਸੀ ਦੀਆਂ ਦੋਵਾਂ ਲੱਤਾਂ ਨਾਲ। ਕੁਰਸੀ ਖੰਭੇ ਨਾਲ ਬੰਨ੍ਹੀ ਹੋਈ ਸੀ।
ਬੱਚਾ ਬਾਬੂ ਦੀ ਜਿਹੜੀ ਤਸਵੀਰ ਉੱਥੇ ਖਿੱਚੀ ਗਈ ਤੇ ਜੋ ਪੂਰੇ ਦੇਸ਼ ਦੇ ਅਖ਼ਬਰਾਂ ਤੇ ਟੈਲੀਵਿਜ਼ਨ ਸੈੱਟ ਉੱਤੇ ਦਿਖਾਈ ਗਈ ਉਸ ਵਿਚ ਬੱਚਾ ਬਾਬੂ ਬਿਲਕੁਲ ਸੁੱਕੜੂ-ਜਿਹੇ ਦਿਖਾਈ ਦੇ ਰਹੇ ਨੇ। ਯਕਦਮ ਬੁਰੇ ਹਾਲ। ਕੁਰਸੀ ਉੱਤੇ ਬੰਨ੍ਹੇ ਹੋਏ ਬੱਚਾ ਬਾਬੂ ਬਿਲਕੁਲ ਅਹਿਲ-ਅਡੋਲ ਨੀਵੀਂ ਪਾਈ ਬੈਠੇ ਨੇ। ਤੇ ਉਹਨਾਂ ਦੇ ਮੂੰਹ ਵਿਚੋਂ ਲਾਲਾਂ ਦੀ ਧਾਰ ਵਗ ਕੇ ਕੱਪੜਿਆਂ ਉੱਤੇ ਡਿੱਗ ਰਹੀ ਹੈ। ਉਹਨਾਂ ਦੇ ਚਿਹਰੇ ਦੀ ਚਮੜੀ ਝੂਲ ਗਈ ਹੈ ਤੇ ਉਸ ਉੱਤੇ ਅੱਥਰੂਆਂ ਦੀਆਂ ਕੁਝ ਬੁੰਦਾਂ ਜੰਮੀਆਂ ਹੋਈਆਂ ਨੇ।
ਬੱਚਾ ਬਾਬੂ ਦੀ ਕਹਾਣੀ ਇੱਥੇ ਖ਼ਤਮ ਕਰਦਾ ਹਾਂ...ਪਰ ਬੱਚਾ ਬਾਬੂ ਦੀ ਕਹਾਣੀ ਕੀ ਵਾਕੱਈ ਖ਼ਤਮ ਹੋ ਸਕਦੀ ਹੈ?...ਇਹ ਫ਼ੈਸਲਾ ਤੁਹਾਡੇ ਉੱਤੇ ਛੱਡਦਾ ਹਾਂ।
--- --- ---
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ : 94177-30600 ; 9803344505.

Thursday, August 8, 2013

ਜਿਮ ਹੁਣ ਇਕੱਲਾ ਨਹੀਂ ਰਿਹਾ! :: ਲੇਖਕ : ਮਹੇਂਦਰ ਦਵੇਸਰ 'ਦੀਪਕ'


ਪ੍ਰਵਾਸੀ ਹਿੰਦੀ ਕਹਾਣੀ :

   ਜਿਮ ਹੁਣ ਇਕੱਲਾ ਨਹੀਂ ਰਿਹਾ!

       ਲੇਖਕ : ਮਹੇਂਦਰ ਦਵੇਸਰ 'ਦੀਪਕ'
ਸੰਪਰਕ ਨੰ. 00(44)02086604750




       ਅਨੁਵਾਦ : ਮਹਿੰਦਰ ਬੇਦੀ, ਜੈਤੋ
ਸੰਪਰਕ : 9417730600

ਆਪਣੇ ਫਲੈਟ ਦੀ ਖੁੱਲ੍ਹੀ ਖਿੜਕੀ ਵਿਚੋਂ ਉਸਨੇ ਸਾਹਮਣੀ ਪਹਾੜੀ ਵੱਲ ਇਸ਼ਾਰਾ ਕੀਤਾ—“ਓਹ ਦੇਖੋ ਸਾਹਮਣੀ ਪਹਾੜੀ 'ਤੇ ਪਤਝੜ ਦਾ ਮਾਰਿਆ ਰੁੰਡ-ਮੁੰਡ ਜਿਹਾ ਇਕ ਇਕੱਲਾ ਰੁੱਖ! ਮੈਂ ਵੀ ਬਸ ਉਹੀ ਆਂ। ਓਹੋ-ਜਿਹਾ ਈ ਆਂ। ਉਹ ਵੀ ਇਕੱਲਾ, ਮੈਂ ਵੀ ਇਕੱਲਾ। ਸਾਡੇ ਦੋਵਾਂ 'ਚ ਗੱਲਬਾਤ ਹੁੰਦੀ ਰਹਿੰਦੀ ਏ।”
ਇਕ ਰੁੱਖ, ਇਕ ਆਦਮੀ!
ਕਿੱਥੇ ਦੂਰ ਵਾਲਾ ਉਹ ਰੁੱਖ, ਕਿੱਥੇ ਮੇਰੇ ਕੋਲ ਬੈਠਾ, ਜਿਊਂਦਾ-ਜਾਗਦਾ ਇਹ ਇਨਸਾਨ! ਇਹ ਸੀ ਜਿਮ, ਮੇਰਾ ਟੈਕਸੀ ਡਰਾਈਵਰ-ਕਮ-ਗਾਈਡ। ਪੂਰਾ ਨਾਂ ਜੇਮਸ ਹਿਲ। ਪੂਰਾ ਪਾਗਲ? ਸ਼ਾਇਦ ਨਹੀਂ! ਪਰ ਉਹ ਨੀਮ ਪਾਗਲ ਤਾਂ ਹੈ ਹੀ। ਗਵਾਚਿਆ-ਗੁਵਾਚਿਆ ਤੇ ਉਦਾਸ-ਜਿਹਾ ਰਹਿੰਦਾ ਹੈ...ਜਿਵੇਂ ਆਪਣੇ-ਆਪ ਨੂੰ ਲੱਭ ਰਿਹਾ ਹੋਵੇ। ਕਦੀ-ਕਦੀ ਮੈਂ ਸੋਚਦਾ ਹਾਂ ਕਿ ਗਵਾਚਿਆ-ਗਵਾਚਿਆ ਜਿਹਾ ਇਹ ਆਦਮੀ ਮੇਰਾ ਗਾਈਡ ਕਿੰਜ ਬਣ ਗਿਆ?...ਪਰ ਬਣ ਗਿਆ।
ਉਸ ਦਿਨ ਉਸਦਾ ਜਨਮ ਦਿਨ ਸੀ। ਆਪਣੇ ਜਨਮ ਦਿਨ ਉੱਤੇ ਉਸਦਾ ਇਹ ਕੇਹੋ-ਜਿਹਾ ਝੱਲਾ ਸਵਾਲ ਸੀ?
“ਉਸ ਰੁੱਖ ਦੇ ਇਰਦ-ਗਿਰਦ ਜ਼ਮੀਨ 'ਤੇ ਖਿੱਲਰੇ ਹੋਏ ਉਹ ਸੁੱਕੇ ਪੱਤੇ ਕਿੰਨੇ ਕੂ ਹੋਣਗੇ ਭਲਾਂ?”
“ਹੋਣਗੇ ਕਈ ਸੈਕੜੇ, ਹਜ਼ਾਰਾਂ। ਸਾਨੂੰ ਕੀ?”
“ਉਹ ਪੱਤੇ ਨਈਂ, ਸੁਪਨੇ ਨੇ ਮਰੇ ਹੋਏ!”
ਜਿਮ ਨਾਲ ਮੇਰੀ ਜਾਣ-ਪਛਾਣ ਪਰਥ, ਦੱਖਣ-ਪੱਛਮੀ ਆਸਟਰੇਲੀਆ ਵਿਚ ਮੇਰੇ ਮਮਰੇ ਭਰਾ ਰਾਜੀਵ ਤੇ ਨੇਹਾ ਭਾਬੀ ਨੇ ਕਰਵਾਈ ਸੀ। ਮੈਂ ਉਹਨੀਂ ਦਿਨੀਂ ਇੰਗਲੈਂਡ ਦੇ ਇਕ ਰਿਸਰਚ ਪ੍ਰੋਜੈਕਟ ਦੇ ਸਿਲਸਿਲੇ ਵਿਚ ਉੱਥੇ ਸਾਂ। ਦੋ-ਚਾਰ ਦਿਨਾਂ ਦੀ ਗੱਲ ਹੁੰਦੀ ਤਾਂ ਕੁਝ ਹੋਰ ਗੱਲ ਸੀ। ਦੋਵਾਂ 'ਚੋਂ ਕਿਸੇ ਇਕ ਦੀ ਕਾਰ ਮੰਗ ਲੈਂਦਾ। ਪਰ ਤਿੰਨ ਮਹੀਨਿਆਂ ਦੀ ਬੇਸ਼ਰਮੀ ਕਿੰਜ ਧਾਰ ਲੈਂਦਾ? ਰਾਜੀਵ ਨੇ ਜੇਮਸ ਹਿਲ ਦੀ ਟੈਕਸੀ ਦਾ ਪ੍ਰਬੰਧ ਕਰ ਦਿੱਤਾ।
ਸਵੇਰ ਤੋਂ ਸ਼ਾਮ ਤੱਕ ਅਸੀਂ ਇਕੱਠੇ ਰਹਿੰਦੀ। ਲੰਚ, ਡਿਨਰ ਇਕੱਠੇ ਕਰਦੇ। ਪਤਾ ਹੀ ਨਹੀਂ ਲੱਗਿਆ ਕਦੋਂ ਮੈਂ 'ਸਰ' ਤੋਂ 'ਮਿਸਟਰ ਦੀਪਕ' ਬਣ ਗਿਆ। ਦੋਸਤੀ ਹੋ ਗਈ ਤਾਂ ਫੇਰ ਇਹ ਓਪਚਾਰਕਤਾ ਵੀ ਨਹੀਂ ਰਹੀ ਤੇ ਮੈਂ 'ਦੀਪਕ' ਤੋਂ ਅੰਗਰੇਜ਼ੀ ਦਾ ਇਕ ਸਰਭਨਾਂ 'ਯੂ' ਬਣ ਕੇ ਰਹਿ ਗਿਆ। ਉਸਦੀ ਟੈਕਸੀ ਦਾ ਭਾੜਾ ਹਰ ਸ਼ਾਮ ਦੇਣਾ ਮੰਨਿਆਂ ਸੀ...ਪਰ ਉਸੇ ਨੇ ਰਾਏ ਦਿੱਤੀ ਕਿ ਮੇਰੀ ਯਾਤਰਾ ਦੇ ਆਖ਼ਰੀ ਦਿਨ ਸਾਰਾ ਹਿਸਾਬ ਕਰ ਲਿਆ ਜਾਵੇਗਾ। ਮੈਨੂੰ ਵੀ ਇਸੇ ਵਿਚ ਸੌਖ ਸੀ। ਉਸਦੀ ਗੱਲ ਮੰਨ ਲਈ। ...ਪਰ ਰੁੱਖ ਤੇ ਸੁੱਕੇ ਪੱਤਿਆਂ ਵਾਲੀ ਗੱਲ ਮੈਂ ਕਿੰਜ ਮੰਨ ਲੈਂਦਾ? ਮੈਂ ਵੀ ਬੇਝਿਜਕ ਕਹਿ ਦਿੱਤਾ—
“ਨਾ ਤੂੰ ਸੁੱਕਾ ਪੱਤਾ ਏਂ, ਨਾ ਰੁੱਖ, ਨਾ ਪਹਾੜੀ! ਆਪਣੇ ਜਨਮ ਦਿਨ 'ਤੇ ਇਹ ਕਿਹੋ-ਜਿਹੀਆਂ ਗੱਲਾਂ ਕਰਨ ਲੱਗ ਪਿਆ ਏਂ?...ਤੇ ਇਕੱਲਾ ਕਿਓਂ ਏਂ? ਚੰਗਾ ਭਲ਼ਾ ਇਨਸਾਨ ਏ, ਸੋਹਣਾ-ਸੁਣੱਖਾ ਏਂ, ਚੋਖਾ ਕਮਾਅ ਲੈਂਦਾ ਏਂ। ਕੋਈ ਗਰਲ ਫਰੈਂਡ ਲੱਭ ਤੇ ਵਿਆਹ ਕਰ ਲੈ।”
“ਸੀ ਇਕ ਆਦਿਵਾਸੀ ਕੁੜੀ, ਅਲਕੀਨਾ! ਬਿਨਾਂ ਲੱਭੇ ਈ ਮਿਲ ਗਈ ਸੀ।”
“ਫੇਰ ਕੀ ਹੋਇਆ?”
“ਖੁੱਸ ਗਈ।”
ਝੱਟ ਕੀਤਾ ਭੁੱਲ ਦਾ ਸੁਧਾਰ, “ਖੁੱਸ ਨਈਂ ਗਈ, ਖੋਹ ਲਈ ਗਈ। ਸਭ ਕੁਛ ਖੋਹ ਲਿਆ ਜਾਂਦਾ ਰਿਹਾ...ਝੱਲਦਾ ਰਿਹਾ ਆਂ। ਹੁਣ ਤਾਂ ਆਦਤ ਪੈ ਗਈ ਏ।”
ਆਪਣੇ ਇਕੱਲੇਪਨ ਦਾ ਸਬੂਤ ਵੀ ਜਿਮ ਨੇ ਖ਼ੁਦ ਹੀ ਦੇ ਦਿੱਤਾ। ਆਪਣੇ ਜਨਮ ਦਿਨ ਉੱਤੇ ਉਸਨੇ ਕੋਈ ਪਾਰਟੀ-ਵਾਰਟੀ ਨਹੀਂ ਦਿੱਤੀ। ਬਸ, ਉਹ ਸੀ ਤੇ ਮੈਂ। ਦੁਪਹਿਰੇ ਹੀ ਪੱਬ ਵਿਚ ਪੀਣਾ-ਪਿਆਉਣਾ ਸ਼ੁਰੂ ਹੋ ਗਿਆ ਤੇ ਕਾਫੀ ਦੇਰ ਤੱਕ ਚਲਦਾ ਰਿਹਾ।  ਫੇਰ ਜਿਮ ਨੇ ਜ਼ਿਦ ਫੜ੍ਹ ਲਈ ਕਿ ਮੈਂ ਉਸਦੇ ਘਰ ਚੱਲਾਂ। ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ।
ਜਿਮ ਦਾ ਦੋ ਕਮਰਿਆਂ ਦਾ ਫਲੈਟ। ਅੰਦਰ ਵੜਦਿਆਂ ਦੇਖਿਆ ਡਰਾਇੰਗ-ਰੂਮ ਵਿਚ ਸਾਹਮਣੀ ਕੰਧ ਨਾਲ ਲੱਗਾ ਹੋਇਆ ਉਸਦਾ ਪਲੰਘ। ਪਲੰਘ ਤੋਂ ਕੁਝ ਉਚਾਈ ਉੱਤੇ ਇਕ ਖਿੜਕੀ। ਜਿਵੇਂ ਪਹਾੜੀ ਦੇ ਉਸ ਰੁੱਖ ਨੂੰ ਸਾਹਮਣੇ ਰੱਖ ਕੇ ਫਿੱਟ ਕੀਤੀ ਗਈ ਹੋਵੇ। ਕਮਰੇ ਵਿਚ ਵੜਦਿਆਂ ਹੀ ਜਿਮ ਨੇ ਪਲੰਘ ਕੋਲ ਜਾ ਕੇ ਉਸ ਰੁੱਖ ਨੂੰ ਨਮਸਕਾਰ ਕੀਤਾ ਜਿਵੇਂ ਉਹ ਉਸਦਾ ਕੋਈ ਦੇਵਤਾ, ਕੋਈ ਵੱਡਾ-ਵਡੇਰਾ ਹੋਵੇ।
ਝੱਲਿਆਂ ਵਾਲੀ ਹਰਕਤ, ਝੱਲੀ-ਵਲੱਲੀ ਸਫ਼ਾਈ।
“ਤੇਰਾ ਕੀ ਤੂੰ ਤਾਂ ਪੰਦਰਾਂ ਵੀਹ ਦਿਨਾਂ ਬਾਅਦ ਇੰਗਲੈਂਡ ਚਲਾ ਜਾਵੇਂਗਾ। ਫੇਰ ਉਹ ਵੀ ਇਕੱਲਾ, ਮੈਂ ਵੀ ਇਕੱਲਾ। ਦੂਜੇ ਕਮਰੇ ਦੀ ਖਿੜਕੀ ਵਿਚੋਂ ਉਹ ਰੁੱਖ ਦਿਖਾਈ ਨਹੀਂ ਸੀ ਦਿੰਦਾ, ਇਸ ਲਈ ਪਲੰਘ ਇੱਥੇ ਲਾ ਲਿਆ ਏ। ਉਸ ਰੁੱਖ ਨੂੰ ਦੇਖਦਾ ਆਂ, ਉਸ ਨਾਲ ਗੱਲਾਂ ਕਰਦਾ ਆਂ। ਅਜੀਬ-ਜਿਹੀ ਅੱਛੀ ਫੀਲਿੰਗ ਹੁੰਦੀ ਏ, ਇਕ ਸਹਾਰਾ ਮਿਲਦਾ ਏ।”
ਕੀ ਪਾਗਲਾਂ ਦੀ ਵੀ ਕੋਈ ਫੀਲਿੰਗ ਹੁੰਦੀ ਹੈ? ਸੜਕਾਂ ਉੱਤੇ ਆਪਣੇ-ਆਪ ਨਾਲ ਗੱਲਾਂ ਕਰਦੇ, ਚੀਕਾ-ਰੌਲੀ ਪਾਉਂਦੇ ਫਿਰਦੇ, ਕਈ ਪਾਗਲ ਦੇਖਦੇ ਹਾਂ ਅਸੀਂ! ਕੀ ਉਹਨਾਂ ਦੀ ਉਹੀ ਫੀਲਿੰਗ ਹੁੰਦੀ ਹੈ?
ਜਿਮ ਦੀਆਂ ਉਹਨਾਂ ਬਹੁਤ ਸਾਰੀਆਂ ਗੱਲਾਂ ਦੀ ਇਹ ਉਦਾਸ ਭੂਮਿਕਾ ਸੀ। ਸੋਚਿਆ, ਉਸਦਾ ਮੂਡ ਬਦਲਾਂ—
“ਘੱਟੋਘੱਟ ਅੱਜ ਦੇ ਦਿਨ ਤਾਂ ਹੱਸ-ਖੇਡ, ਖ਼ੁਸ਼ੀਆਂ ਮਨਾਅ। ਕੀ ਇੰਜ ਮਨਾਉਂਦੇ ਨੇ ਜਨਮ ਦਿਨ? ਕਿਸੇ ਚੰਗੀ ਜਗ੍ਹਾ ਚਲਦੇ ਆਂ, ਡਿਨਰ ਕਰਦੇ ਆਂ। ਫੇਰ ਤੇਰਾ ਬਰਥ-ਡੇ ਕੇਕ ਕੱਟਾਂਗੇ।”
“ਮੈਂ ਜਨਮ ਦਿਨ ਦਾ ਕੇਕ ਨਈਂ ਕੱਟਦਾ। ਮੇਰਾ ਜਨਮ-ਦਿਨ, ਮਦਰ-ਡੇ ਤੇ ਕਰਿਸਮਿਸ ਡੇ...ਇਹ ਤਿੰਨੇ ਦਿਨ ਮੇਰੇ ਲਈ ਸਭ ਤੋਂ ਉਦਾਸ ਦਿਨ ਨੇ।”
“ਗ਼ਜ਼ਬ ਕਰਦਾ ਏਂ, ਇਹ ਵੀ ਕੋਈ ਗੱਲ ਹੋਈ?”
ਗੱਲ ਸੀ...ਗ਼ਜ਼ਬ ਸੀ, ਹਨੇਰ ਸੀ...ਤੇ ਇੰਜ ਖੁੱਲ੍ਹੀ ਕਹਾਣੀ—
“ਤੰਤਰ ਕੋਈ ਵੀ ਹੋਵੇ ਜਦੋਂ ਹਕੂਮਤਾਂ ਜੁਲਮ ਕਰਨ 'ਤੇ ਉਤਰ ਆਉਂਦੀਆਂ ਨੇ ਤਾਂ ਖ਼ੁਦਾ ਦਾ ਲਿਖਿਆ ਵੀ ਬਦਲ ਦਿੰਦੀਆਂ ਨੇ, ਕਿਆਮਤ ਲਿਆ ਦਿੰਦੀਆਂ ਨੇ! ਮੈਂ ਤਾਂ ਸਿਰਫ਼ ਇਕ ਮਿਸਾਲ ਆਂ। ਮੇਰੇ ਵਰਗੇ ਲਗਭਗ ਦਸ ਹਜ਼ਾਰ ਸ਼ਿਕਾਰ ਹੋਰ ਵੀ ਨੇ।”
“ਕਿਓਂ? ਕੀ ਹੋਇਆਂ ਸੀ?”
“ਤੂੰ ਸੁਣੇਗਾ? ਸੁਣ ਸਕੇਂਗਾ? ਤੇਰੇ ਇੰਗਲੈਂਡ ਦੇ ਨਾਟਿੰਗਮ ਵਿਚ ਏ ਉਹ ਮਾਤ੍ਰਦੇਵੀ, ਇਕ ਸਿਰਕੱਢ ਸੋਸ਼ਲ ਵਰਕਰ, ਮਾਰਗੇਟ ਹੰਫ਼ੀਜ਼। ਉਹਨਾਂ ਤੋਂ ਸੁਣਿਆਂ ਸੀ ਪੂਰਾ ਕਿੱਸਾ।”
ਪਾਗਲਾਂ ਵਾਲੀ ਗੱਲ ਨਹੀਂ ਸੀ ਇਹ! ਸੁਣਨੀਂ ਪਈ ਦਸ ਹਜ਼ਾਰ ਕਹਾਣੀਆਂ ਦੀ ਉਸਦੀ ਇਕ ਕਹਾਣੀ ਜਿਹੜੀ ਦੋ ਸਭਿਅ ਤੇ ਸੁਸੰਸਕ੍ਰਿਤ ਦੇਸ਼ਾਂ—ਇੰਗਲੈਂਡ ਤੇ ਆਸਟਰੇਲੀਆ ਦੀ ਕਹਾਣੀ ਵੀ ਹੈ!
ਜੇਮਸ ਹਿਲ ਵਰਗੇ ਦਸ ਹਜ਼ਾਰ ਬੱਚਿਆਂ ਨੂੰ ਜਿਹੜੇ ਕਹਿਣ ਨੂੰ 'ਕੇਅਰ' ਵਿਚ ਸਨ—ਸਰਕਾਰੀ ਪਰਵਰਿਸ਼ ਵਿਚ ਸਨ—ਇੰਗਲੈਂਡ 'ਚੋਂ ਕੱਢ ਕੇ ਅਸਟਰੇਲੀਆ ਵਿਚ ਸੁੱਟ ਦਿੱਤਾ ਗਿਆ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਹੋਏ ਇਕ ਅਤਿ ਖ਼ਤਰਨਾਕ, ਗੁਪਤ ਤੇ ਘਿਣੌਨੇ ਸਮਝੌਤੇ ਦੇ ਤਹਿਤ। ਕੋਈ ਕਾਗਜ਼ ਪੱਤਰ ਨਹੀਂ, ਪਾਸਪੋਰਟ ਨਹੀਂ...ਬਸ, ਸੁੱਟ ਦਿੱਤਾ! ਮਕਸਦ? ਨੰਗਾ ਨਸਲਵਾਦ ਤੇ ਗ਼ਰੀਬ, ਮਾਸੂਮ ਬੱਚਿਆਂ ਦਾ ਨਿਰੰਕੁਸ਼ ਸ਼ੋਸ਼ਣ! ਬਦਨਾਮੀ ਦੇ ਡਰ ਤੋਂ ਇਸ ਨੀਚ ਪੜਯੰਤਰ ਵਿਚ ਕੈਥਲਿਕ ਬਰਦਰਸ, ਸਾਲਵੇਸ਼ਨ ਆਰਮੀ, ਬਰਨਾਰਡਜ਼ ਵਰਗੀਆਂ ਲੋਕ-ਸਨਮਾਣਿਤ ਧਾਰਮਿਕ ਤੇ ਸਮਾਜਿਕ ਕਲਿਆਣਕਾਰੀ ਸੰਸਥਾਵਾਂ ਵੀ ਸ਼ਾਮਲ ਕਰ ਲਈਆਂ ਗਈਆਂ। ਪੈਸਾ ਸਰਕਾਰੀ ਲੱਗਦਾ ਪਰ ਸੌਖ ਅਨੁਸਾਰ ਇਹਨਾਂ ਸੰਸਥਾਵਾਂ ਨੂੰ ਅੱਗੇ ਕਰ ਦਿੱਤਾ ਜਾਂਦਾ।
ਬ੍ਰਿਟੇਨ ਦੀ 'ਕੇਅਰ' ਵਿਚ ਬੱਚਿਆਂ ਦਾ ਰੋਜ਼ਾਨਾ ਖ਼ਰਚਾ ਪੰਜ ਪਾਊਂਡ ਸੀ ਜਦਕਿ ਆਸਟਰੇਲੀਆ ਵਿਚ ਇਹ ਸਿਰਫ਼ ਦਸ ਸ਼ਲਿੰਗ ਸੀ (ਅੱਜ ਦੇ ਪੰਜਾਹ ਪੇਂਸ)। ਬ੍ਰਿਟੇਨ ਨੂੰ ਹੋਈ ਪ੍ਰਤੀ ਬੱਚਾ ਪ੍ਰਤੀ ਦਿਨ ਸਾਢੇ ਚਾਰ ਪਾਊਂਡ ਦੀ ਬੱਚਤ। ਆਸਟਰੇਲੀਆ ਦੀ ਨਸਲਵਾਦੀ ਸਰਕਾਰ ਨੂੰ ਹੋਇਆ ਦੂਹਰਾ ਫ਼ਾਇਦਾ। ਆਸਟਰੇਲੀਆ ਨੂੰ ਮਿਲੇ ਮੁਫ਼ਤ ਵਿਚ ਬਾਲ-ਮਜ਼ਦੂਰ ਤੇ ਕਾਲੇ ਆਦਿਵਾਸੀਆਂ ਦੇ ਮੁਕਾਬਲੇ ਗੋਰਿਆਂ ਦੀ ਆਬਾਦੀ ਵਿਚ ਵਾਧਾ। ਬਾਅਦ ਵਿਚ ਗੋਰੇ, ਗੋਰੀਆਂ ਦੀਆਂ ਆਪਸੀ ਸ਼ਾਦੀ ਦੇ ਨਤੀਜੇ ਵਜੋਂ ਇਸ ਵਾਧੇ ਦਾ ਹੋਇਆ ਜਬਰਦਸਤ multiplier effect !
ਵੀਹ ਸਾਲਾਂ ਵਿਚ ਕੋਈ ਦਸ ਹਜ਼ਾਰ ਬੱਚੇ ਆਰਾਮ ਨਾਲ ਖਪਾਅ ਦਿੱਤੇ ਗਏ। ਮਾਂਵਾਂ ਨੂੰ ਕਹਿ ਦਿੱਤਾ 'ਬਦਚਲਣ' ਓਂ, ਪਿਤਾਵਾਂ ਨੂੰ 'ਨਾਕਾਰਾ' ਤੇ ਫੇਰ ਝੂਠ ਉੱਤੇ ਝੂਠ! ਬੱਚਿਆਂ ਨੂੰ ਕਹਿ ਦਿੱਤਾ ਕਿ ਉਹਨਾਂ ਦੇ ਮਾਤਾ-ਪਿਤਾ ਨਹੀਂ ਰਹੇ ਤੇ ਮਾਂ-ਬਾਪ ਨੂੰ ਕਿਹਾ ਗਿਆ ਕਿ ਉਹਨਾਂ ਦੇ ਬੱਚੇ ਰੱਜੇ-ਪੁੱਜੇ, ਧਨੱਡ ਤੇ ਭਲੇ ਘਰਾਂ ਨੇ ਗੋਦ ਲੈ ਲਏ ਨੇ ਤੇ ਉਹਨਾਂ ਦੇ ਸੰਪਰਕ 'ਚੋਂ ਬਾਹਰ ਰਹਿਣਗੇ। ਉਹ ਬੱਚੇ ਇਨਸਾਨ ਨਹੀਂ ਸਨ, ਲੁੱਟ ਦਾ ਮਾਲ ਸਨ ਤੇ ਲੁੱਟ ਦੇ ਮਾਲ ਵਾਂਗ ਹੀ ਉਹਨਾਂ ਦੀ ਦੁਰ-ਵਰਤੋਂ ਵੀ ਹੋਈ।
ਜਿਮ ਨੇ ਤਾਂ ਆਪਣੀ ਕਹਾਣੀ ਸੁਣਾਉਣੀ ਸੀ। ਉਹ ਇਕ ਝਟਕੇ ਨਾਲ ਉੱਠਿਆ ਤੇ ਨਾਲ ਵਾਲੇ ਕਮਰੇ ਵਿਚ ਚਲਾ ਗਿਆ। ਆਇਆ ਤਾਂ ਉਸਦੇ ਹੱਥ ਵਿਚ ਇਕ ਭੂਸਲੇ ਰੰਗ ਦਾ ਰਜਿਸਟਰ ਸੀ। ਉਹੋ-ਜਿਹੇ ਭੂਸਲੇ, ਪੀਲੇ ਪੰਨੇ ਸਨ ਉਸ ਰਜਿਸਟਰ ਦੇ—ਦੇਖਦਿਆਂ ਹੀ ਮੂੰਹੋਂ ਨਿਕਲਿਆ, “ਸਕਰੈਪ ਬੁੱਕ।”
“ਯਸ, ਸਕਰੈਪ-ਬੁੱਕ ਆਫ਼ ਏ ਸਕਰੈਪ-ਲਾਈਫ਼ (ਇਕ ਰੱਦੀ ਜ਼ਿੰਦਗੀ ਦਾ ਰੱਦੀ ਰਜਿਸਟਰ)! ਇਸ ਵਿਚ ਵੱਸੀਆਂ ਹੋਈਆਂ ਨੇ ਮੇਰੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਤਿੱਖੀਆਂ, ਕੁਸੈਲੀਆਂ ਯਾਦਾਂ। ਨੌਂ ਸਾਲ ਦੀ ਕੱਚੀ ਉਮਰ ਵਿਚ ਮੇਰੀ ਮੰਮੀ ਦਾ ਦਿੱਤਾ ਇਹ ਅੰਤਮ ਤੋਹਫ਼ਾ!”
“ਨੌਂ ਸਾਲ ਦੀ ਉਮਰ 'ਚ ਤੇਰੀ ਮਾਂ ਚੱਲ ਵੱਸੀ ਸੀ?”
“ਨਈਂ! ਉਹ ਵੀ ਖੋਹ ਲਈ ਗਈ ਸੀ। ਉਹ ਇੰਗਲੈਂਡ 'ਚ ਕਿਤੇ ਹੋਵੇਗੀ ਤੇ ਮੈਂ ਇੱਥੇ ਆਸਟਰੇਲੀਆ 'ਚ ਆ ਪਹੁੰਚਿਆਂ!”
ਜਿਮ ਨੇ ਮਾਂ ਦੇ ਉਸ ਅੰਤਮ ਤੋਹਫ਼ੇ ਨੂੰ ਇਕ ਧਰਮ-ਪੁਸਤਕ ਵਾਂਗ ਚੁੰਮਿਆਂ, ਮੱਥੇ ਨੂੰ ਲਾਇਆ ਤੇ ਪੰਨੇ ਪਰਤਣ ਲੱਗਿਆ।
ਪਹਿਲੀ ਤਸਵੀਰ ਸੀ ਨਵੇਂ ਜੰਮੇ ਜਿਮ ਦੀ ਜਿਸ ਉੱਤੇ ਉਸਦੀ ਮਾਂ ਨੇ ਹੱਥ ਨਾਲ ਉਸਦਾ ਜਨਮ-ਸਮਾਂ ਤੇ ਤਾਰੀਖ਼ ਲਿਖੀ ਹੋਈ ਸੀ। ਕੁਝ ਤਸਵੀਰਾਂ ਸਕੂਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸਦੀ ਬਾਲ-ਅਵਸਥਾ ਦੀਆਂ ਸਨ...ਨਿੱਕੇ ਨਿੱਕੇ ਖਿਡੌਣੇ, ਕਾਰਾਂ, ਰਬੜ ਦੀਆਂ ਨਿੱਕੀਆਂ-ਵੱਡੀਆਂ ਗੇਂਦਾਂ ਤੇ ਪਲਾਸਟਕ ਦਾ ਕ੍ਰਿਕਟ ਬੈਟ-ਬਾਲ ਵਗ਼ੈਰਾ-ਵਗ਼ੈਰਾ।
ਮਾਰਗਰੇਟ ਨੇ ਚੁਣ-ਚੁਣ ਕੇ ਬੜੇ ਪਿਆਰ ਨਾਲ ਸਕਰੈਪ-ਬੁੱਕ ਵਿਚ ਚਿਪਕਾਈਆਂ ਹੋਣਗੀਆਂ ਉਹ ਕਾਤਰਾਂ। ਇਕ ਕਾਤਰ ਵਿਚ ਪਹਿਲੀ ਵਾਰ ਬਿੰਦੂਆਂ ਨਾਲ ਜੋੜਿਆ ਉਸਦੇ ਹੱਥ ਦਾ ਲਿਖਿਆ ਹੋਇਆ ਉਸਦਾ ਨਾਂ, ‘Jim’। ਉਹ ਪੰਨੇ ਪਰਤਦਾ ਰਿਹਾ ਤੇ ਉਹਨਾਂ ਕਾਰਤਾਂ ਵਿਚ ਦੇਖਣ ਨੂੰ ਮਿਲਿਆ ਸ਼ਬਦਾਂ ਵਿਚ ਝਲਕਦਾ ਮਾਂ ਦੇ ਪ੍ਰਤੀ ਉਸਦਾ ਪਿਆਰ!
‘Mum’
‘My mum’
‘I love my mum’
ਅਗਲੀ ਕਾਤਰ ਸੀ—‘I love my mum.
   +++'
ਭਰੜਾਈ ਆਵਾਜ਼ ਵਿਚ ਬਿਆਨ ਹੋਈ, ਉਸ ਕਾਤਰ ਦੀ ਅਸਲੀਅਤ।
“ਉਦੋਂ ਪਹਿਲੀ ਵਾਰੀ ਮਾਂ ਨੇ ਮੈਨੂੰ ਸਮਝਾਇਆ ਸੀ ਕਿ ਹਰ ਵਾਕ ਤੇ ਅੰਤ ਵਿਚ 'ਫੁਲ-ਸਟਾਪ' ਵੀ ਲਾਉਣਾ ਹੁੰਦਾ ਏ। ਜੇ ਤੂੰ ਮੰਮੀ ਨੂੰ ਪਿਆਰ ਕਰਦਾ ਏਂ ਤਾਂ ਚੁੰਮਣ ਦੇ ਨਿਸ਼ਾਨ '+++' ਵੀ ਜੋੜ।”
ਜਿਮ ਦੀਆਂ ਸਿੱਜਲ ਅੱਖਾਂ ਮੇਰੀਆਂ ਅੱਖਾਂ ਨਾਲ ਮਿਲੀਆਂ, “ਦੇਖ ਲੈ ਤੂੰ ਵੀ! ਮੇਰੀ ਲਿਖਾਈ ਸੁਧਰਦੀ ਗਈ, ਤਕਦੀਰ ਵਿਗੜਦੀ ਗਈ। ਇਹ ਫੁਲ ਸਟਾਪ ਹਮੇਸ਼ਾ ਲਈ ਸਾਡੇ ਮਾਂ-ਪੁੱਤਰ ਵਿਚਕਾਰ ਆ ਗਿਆ ਤੇ ਜਿਵੇਂ ਗਲਤ ਲਿਖਾਈ ਨੂੰ ਕਾਗਜ਼ ਤੋਂ ਕੱਟ ਦਿੱਤਾ ਜਾਂਦਾ ਏ, ਚੁੰਮਨਾਂ ਦੇ '+++' ਬਣ ਗਏ ਕਾਟਿਆਂ ਦੇ ਨਿਸ਼ਾਨ!”
ਸਕਰੈਪ-ਬੁੱਕ ਦੇ ਇਕ ਪੰਨੇ ਉੱਤੇ ਮਾਂ-ਪੁੱਤਰ ਦੀ ਫੋਟੋ ਚਿਪਕੀ ਹੋਈ ਸੀ। ਉਸਦੇ ਹੇਠਾਂ ਮਾਰਗਰੇਟ ਹਿਲ ਨੇ ਕੈਪੀਟਲ ਅੱਖਰਾਂ ਵਿਚ ਦੱਖਣ ਲੰਦਨ ਦੇ ਕ੍ਰਾਯਡਨ ਵਿਚ ਸਥਿਤ ਆਪਣੇ ਘਰ ਦਾ ਪਤਾ ਤੇ ਫੋਨ ਨੰਬਰ ਲਿਖਿਆ ਹੋਇਆ ਸੀ। ਜਿਮ ਦੀ ਹਥੇਲੀ ਆਪਣੀ ਮਾਂ ਦੇ ਲਿਖੇ ਪੱਚੀ ਸਾਲ ਪੁਰਾਣੇ ਆਪਣੇ ਫਲੈਟ ਦੇ ਪਤੇ ਉੱਤੇ ਇੰਜ ਫਿਰਨ ਲੱਗੀ ਜਿਵੇਂ ਆਪਣੀ ਇਸ ਕ੍ਰਿਆ ਨਾਲ ਉਸਨੇ ਸਮੇਂ ਦੀ ਫਿਰਕੀ ਨੂੰ ਸਾਲਾਂ ਪਿੱਛੇ ਘੁਮਾਅ ਦਿੱਤਾ ਹੋਵੇ ਤੇ ਸੱਤ ਸਮੁੰਦਰ ਪਾਰ ਫੇਰ ਆਪਣੇ ਘਰ ਦੀ ਦਹਿਲੀਜ਼ ਉੱਤੇ ਜਾ ਖੜ੍ਹਾ ਹੋਇਆ ਹੋਵੇ।
ਫੇਰ ਅਚਾਨਕ ਉਹ ਕੂਕਿਆ, “ਹਿਟਲਰ ਦੇ ਤੁਖ਼ਮੋਂ, ਇਹ ਤਿਲ-ਤਿਲ ਖੋਰੇ ਦੀ ਮੌਤ ਕਿਓਂ ਸੌਂਪ ਦਿੱਤੀ ਸਾਨੂੰ? ਕਿਸੇ ਚੈਂਬਰ ਵਿਚ ਬੰਦ ਕਰ ਦਿੰਦੇ, ਗੋਲੀ ਨਾਲ ਉਡਾਅ ਦਿੰਦੇ!”
ਦਸ ਹਜ਼ਾਰ ਆਵਾਜ਼ਾਂ ਹੋਰ ਵੀ ਇੰਜ ਈ ਕੂਕਦੀਆਂ ਹੋਣਗੀਆਂ! ਗੋਲੀ, ਗੈਸ-ਚੈਬਰ ਨਾਲ ਕਿੰਜ ਮਿਲਦੇ ਮੁਫ਼ਤ ਦੇ ਗੁਲਾਮ, ਉਹ ਬਾਲ-ਮਜ਼ਦੂਰ? ਕਿੰਜ ਵਧਦੀ ਆਸਟਰੇਲੀਆ ਵਿਚ ਗੋਰੀ ਆਬਾਦੀ?
ਇਹ ਸੀ ਜਿਮ ਦੀਆਂ 'ਬਹੁਤ ਸਾਰੀਆਂ' ਗੱਲਾਂ ਦੀ ਪਹਿਲੀ ਉਦਾਸ ਕਿਸ਼ਤ! ਵਾਤਾਵਰਣ ਬੋਝਲ ਹੋ ਗਿਆ ਸੀ। ਬੜੀ ਮੁਸ਼ਕਲ ਨਾਲ ਮੈਂ ਜਿਮ ਨੂੰ ਬਾਹਰ ਚੱਲ ਕੇ ਇਕ ਚੰਗੇ ਰੇਸਤਰਾਂ ਵਿਚ ਡਿਨਰ ਲਈ ਮਨਾਇਆ।
ਜਿਮ ਦੀ ਪੂਰੀ ਕਹਾਣੀ ਮੈਂ ਸੁਣ ਲਈ ਹੈ। ਉਸਦੀ ਮੰਮੀ ਰੋਮਨ ਕੈਥਲਿਕ ਸੀ—ਪੋਪ ਦੀ ਅਨੁਯਾਈ...ਤੇ ਡੈਡੀ, ਪ੍ਰੋਟੇਸਟੈਂਟ—ਚਰਚ ਆਫ਼ ਇੰਗਲੈਂਡ ਦੇ ਅਨੁਯਾਈ! ਵਿਆਹ ਹੋਇਆ ਨਹੀਂ ਤੇ ਮਾਰਗਰੇਟ ਤੇ ਡੇਵਿਡ ਇਕੱਠੇ ਰਹਿਣ ਲੱਗੇ ਤੇ ਜਿਮ ਦਾ ਜਨਮ ਹੋਇਆ। ਉਹ ਨੌਂ ਸਾਲ ਦਾ ਸੀ ਜਦੋਂ ਇਕ ਰਾਤ ਡੇਵਿਡ ਅਚਾਨਕ ਘਰ ਛੱਡ ਕੇ ਚਲਾ ਗਿਆ। ਉਸਦੀ ਕਮਾਈ ਨਾਲ ਘਰ ਚੱਲਦਾ ਸੀ ਤੇ ਮਾਰਗਰੇਟ ਰਹਿ ਗਈ ਇਕ ਗਰੀਬ 'ਸਿੰਗਲ ਮਦਰ'। ਉਸਨੇ ਘਰੇ ਹੀ ਕੁਛ ਟਾਈਪਿੰਗ ਤੇ ਸਿਲਾਈ ਵਗ਼ੈਰਾ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਕਿਸੇ ਤਰ੍ਹਾਂ ਮਾਂ-ਪੁੱਤਰ ਦਾ ਗੁਜਾਰਾ ਚੱਲਦਾ ਰਿਹਾ। ਫੇਰ ਵੀ ਮਾਂ ਤੋਂ ਪੁੱਤਰ ਨੂੰ ਝਪਟਣ ਦੇ ਬਹਾਨੇ ਲੱਭੇ ਜਾਣ ਲੱਗੇ।
ਇਕ ਦਿਨ ਕ੍ਰਾਯਡਨ ਕਾਊਂਸਲ ਵਾਲੇ ਕਰਮਚਾਰੀ ਆਏ ਤੇ ਇਕ ਛਪੇ ਹੋਏ ਫਾਰਮ ਉੱਤੇ ਆਪਣਾ ਫਤਵਾ ਲਿਖ ਗਏ—’Single mother, no stable income, James Hill (9) to be taken into Council care.’
ਫੇਰ ਆਏ ਪਾਦਰੀਆਂ ਵਰਗੇ ਕੈਥਲਿਕ ਬਰਦਰਸ। ਲੰਮੇ-ਲੰਮੇ ਕਾਲੇ ਚੋਗੇ, ਲੰਮੀਆਂ-ਲੰਮੀਆਂ ਦਾੜ੍ਹੀਆਂ। ਨਾ ਉਹਨਾਂ 'ਚ ਈਸਾਈਅਤ ਸੀ, ਨਾ ਇਨਸਾਨੀਅਤ! ਦਾੜ੍ਹੀਆਂ ਦੀ ਓਟ ਵਿਚ ਛਿਪੇ ਗਰਦਨਾਂ ਵਿਚ ਲਟਕਦੇ ਉਹਨਾਂ ਦੇ ਕਰਾਸ, ਈਸਾਈਅਤ ਦੇ ਧਰਮ-ਚਿੰਨ੍ਹ ਨੂੰ ਲਾਜ ਲਾਉਂਦੇ ਹੋਣਗੇ। ਉਹਨਾਂ ਦਾ ਬਹਾਨਾ ਵੱਖਰਾ ਸੀ। ਮਾਰਗਰੇਟ ਨੇ ਬਿਨਾਂ ਵਿਆਹ ਦੇ ਇਕ ਗ਼ੈਰ-ਧਰਮੀ ਨਾਲ ਰਿਸ਼ਤਾ ਜੋੜ ਕੇ ਇਕ bastard ਨੂੰ ਕਿਉਂ ਜਨਮ ਦਿੱਤਾ? ਬੜੀ ਚੀਕੀ-ਕੂਕੀ ਸੀ ਮਾਰਗਰੇਟ, “ਡੇਵਿਡ ਬੇਵਫ਼ਾ ਨਿਕਲਿਆ...ਮੇਰੀ ਕਿਸਮਤ। ਵਿਆਹ ਹੋਇਆ ਹੋਵੇ ਜਾਂ ਨਾ ਵੀ ਹੋਇਆ ਹੋਵੇ...ਕੀ ਧਰਮੀ, ਕੀ ਗ਼ੈਰ-ਧਰਮੀ—ਤੁਹਾਡੇ ਕੋਲ ਕੀ ਗਾਰੰਟੀ ਏ ਕਿ ਕਿਸੇ ਧਰਮ ਵਿਚ ਕੋਈ ਬੇਵਫ਼ਾ ਨਈਂ ਹੁੰਦਾ, ਕਿਸੇ ਨੂੰ ਛੱਡ ਕੇ ਨਈਂ ਜਾਂਦਾ?”
ਉਹ ਕੱਚੇ-ਜਿਹੇ ਹੋ ਕੇ ਚਲੇ ਗਏ।
ਇਕ ਘੜੀ-ਘੜਾਈ ਨੀਤੀ ਸੀ ਕੈਥਲਿਕ ਬਰਦਰਸ ਦੀ...ਪਹਿਲਾਂ ਗਰਮ, ਫੇਰ ਨਰਮ! ਹੁਣ ਉਹਨਾਂ ਵੱਲੋ ਪੇਸ਼ ਹੋਇਆ ਮਿੱਠਾ ਜ਼ਹਿਰ! ਇਕ ਹੋਰ ਪਾਦਰੀਨੁਮਾ ਅਜਨਬੀ। ਬਰਦਰ ਜਾਨ ਘਰ ਵਿਚ ਆਉਣ-ਜਾਣ ਲੱਗਾ। ਉਹੀ ਹੁਲੀਆ ਪਰ ਵੱਡੀਆਂ-ਵੱਡੀਆਂ ਗੱਲਾਂ, ਤੇ ਫਰਿਸ਼ਤਿਆਂ ਵਰਗੀ ਮਿੱਠੀ, ਨਿਮਰ ਭਾਸ਼ਾ। ਉਹ ਮਾਰਗਰੇਟ ਨੂੰ 'ਮਾਈ ਚਾਈਲਡ' ਤੇ ਜਿਮ ਨੂੰ 'ਡੀਅਰ ਲਿਟਲ ਸਨ' ਕਹਿ ਕੇ ਬੁਲਾਉਂਦਾ ਸੀ। ਉਸਨੇ ਵਿਸ਼ਵਾਸ ਦਿਵਾਇਆ ਕਿ ਕੈਥਲਿਕ ਬਰਦਰਸ ਦੀਆਂ ਨਜ਼ਰਾਂ ਵਿਚ ਉਹ ਹਮੇਸ਼ਾ ਰੋਮਨ ਕੈਥਲਿਕ ਹੀ ਰਹਿਣਗੇ ਤੇ ਮਾਂ-ਪੁੱਤਰ, ਦੋਵਾਂ ਨੂੰ ਕੈਥਲਿਕ ਬਰਦਰਸ ਦੀ 'ਕੇਅਰ' ਵਿਚ ਰੱਖਿਆ ਜਾਵੇਗਾ। ਜਿਮ ਨੂੰ ਕਾਊਂਸਲ ਦੀ ਕੇਅਰ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਬਰਦਰ ਜਾਨ ਨੇ ਮਾਰਗਰੇਟ ਨੂੰ ਆਪਣੇ ਸੰਗਠਨ ਵਿਚ ਇਕ ਚੰਗੀ ਫੁਲ-ਟਾਈਮ ਨੌਕਰੀ ਦਿਵਾਉਣ ਦਾ ਵਚਨ ਵੀ ਦਿੱਤਾ। ਉਹ ਨੌਕਰੀ ਲਈ 'ਹਾਂ' ਕਿਵੇਂ ਕਰ ਦਿੰਦੀ। ਸਵਾਲ ਜਿਮ ਦਾ ਸੀ। ਉਸਨੂੰ ਕੌਣ ਸੰਭਾਲਦਾ?
ਜਿਮ ਹੀ ਤਾਂ ਸੀ ਉਹਨਾਂ ਦੇ ਨਿਸ਼ਾਨੇ ਉੱਤੇ! ਉਸੇ ਕਰਕੇ ਤਾਂ ਰਚਿਆ ਜਾ ਰਿਹਾ ਸੀ ਉਹ ਪੜਪੰਚ। ਸਿਰਫ਼ ਸ਼ਹਿਦ ਵਿਚ ਘੁਲੇ ਸ਼ਬਦਾਂ ਨਾਲ ਗੱਲ ਨਹੀਂ ਸੀ ਬਣਨ ਵਾਲੀ। ਜਾਨ ਪਰਿਵਾਰ ਦੇ ਮੈਂਬਰਾਂ ਲਈ ਹਰ ਤੀਜੇ, ਚੌਥੇ ਦਿਨ ਕਦੀ ਫੁੱਲ, ਕਦੀ ਚਾਕਲੇਟ ਲੈ ਕੇ ਪਹੁੰਚ ਜਾਂਦਾ। ਹੌਲੀ-ਹੌਲੀ ਇਹਨਾਂ ਛੋਟੀਆਂ-ਛੋਟੀਆਂ ਮਿਹਰਬਾਨੀਆਂ ਕਰਕੇ ਬਿਲਕੁਲ ਆਪਣਿਆਂ ਵਾਂਗ ਉਹਨਾਂ ਨਾਲ ਘੁਲਮਿਲ ਗਿਆ ਤੇ ਬਣ ਬੈਠਾ ਉਹਨਾਂ ਦਾ ਸਰਪਰਸਤ। ਉਸਨੇ ਦੂਰ ਪਾਰ ਆਸਟਰੇਲੀਆ ਦੀ ਸੱਚੀ, ਝੂਠੀ ਪ੍ਰਸੰਸ਼ਾ ਵਿਚ ਉੱਥੋਂ ਦੀ ਸੁੰਦਰ ਹਰਿਆਲੀ ਮਾਰਗਰੇਟ ਦੇ ਚੁਫ਼ੇਰੇ ਵਿਛਾਅ ਦਿੱਤੀ।
ਰਾਤ ਨੂੰ ਜਿਹੜੇ ਸੁਪਨੇ ਅਸੀਂ ਦੇਖਦੇ ਹਾਂ, ਆਉਂਦੇ ਨੇ ਤੇ ਭੁੱਲ-ਵਿਸਰ ਜਾਂਦੇ ਨੇ। ਅਗਲੀ ਸਵੇਰ ਤੱਕ ਯਾਦ ਵੀ ਨਹੀਂ ਰਹਿੰਦੇ। ਜਾਗਦੀਆਂ ਅੱਖਾਂ ਸਾਹਵੇਂ ਜਦੋਂ ਕੋਈ ਦੂਜਾ ਸੁਪਨੇ ਵਿਛਾਉਂਦਾ ਹੈ, ਉਹ ਵਿਸਰਦੇ  ਨਹੀਂ। ਕਈ ਵਾਰੀ ਧੁਰ ਅੰਦਰ ਤੱਕ ਧਸ ਜਾਂਦੇ ਨੇ, ਪੱਕਾ ਠਿਕਾਣਾ ਬਣਾ ਬਹਿੰਦੇ ਨੇ! ਬਰਦਰ ਜਾਨ ਨੂੰ ਇਸ ਕਲਾ ਵਿਚ ਕਮਾਲ ਹਾਸਲ ਸੀ। ਕੌਣ ਜਾਣੇ ਇਸ ਤੋਂ ਪਹਿਲਾਂ ਉਸਨੇ ਕਿੰਨੀਆਂ ਮਾਂਵਾਂ ਨੂੰ ਬੇਵਕੂਫ਼ ਬਣਾਇਆ ਹੋਵੇਗਾ! ਇੰਗਲੈਂਡ ਬਿਲਕੁਲ ਤੰਗ ਤੇ ਘੁਟਿਆ-ਘੁਟਿਆ ਜਿਹਾ! ਇੱਥੇ ਧੁੱਪ ਕਿੱਥੇ...ਬੱਦਲ, ਬਰਸਾਤ ਤੇ ਬਰਫ਼। ਓਧਰ ਆਸਟਰੇਲੀਆ—ਇਕ ਮਹਾਦੀਪ। ਹਰ ਮੌਸਮ ਵਿਚ ਸੁਨਹਿਰੀ ਧੁੱਪ ਵਿਚ ਪਲਦੇ, ਵਧਦੇ-ਫੁੱਲਦੇ , ਦੂਰ-ਦੂਰ ਤੱਕ ਫ਼ੈਲੇ, ਖੁੱਲ੍ਹੇ ਖੇਤ ਤੇ ਫਲਾਂ ਦੇ ਬਾਗ਼! ਹੂ-ਬ-ਹੂ ਜੱਨਤ ਹੈ ਉਹ ਦੇਸ਼। ਖੇਤਾਂ ਬਾਗ਼ਾਂ ਦੀ ਸੈਰ ਕਰੇਗਾ ਤੇਰਾ ਲਾਲ! ਹਰ ਕਿਸਮ ਦੇ ਤਾਜ਼ੇ ਫ਼ਲ ਖਾਵੇਗਾ। ਨਵੇਂ-ਨਵੇਂ ਦੋਸਤ ਬਣਾਵੇਗਾ। ਘੋੜਾ-ਬੱਘੀ ਵਿਚ ਬੈਠ ਕੇ ਸਕੂਲ ਜਾਵੇਗਾ। ਹਰ ਰੋਜ਼ ਸੈਂਕੜੇ, ਹਜ਼ਾਰਾਂ ਲੋਕ ਇੱਥੋਂ, ਓਥੇ ਐਵੇਂ ਹੀ ਨਹੀਂ ਜਾ ਰਹੇ। ਤੇਰੇ ਕੋਲ ਵੀ ਇੱਥੇ ਫੁੱਲ-ਟਾਈਮ ਨੌਕਰੀ ਹੋਵੇਗੀ। ਕੁਛ ਮਹੀਨਿਆਂ ਵਿਚ ਤੂੰ ਵੀ ਖ਼ੂਬ ਸਾਰੇ ਪੈਸੇ ਬਚਾਅ ਕੇ ਆਪਣੇ ਪੁੱਤਰ ਕੋਲ ਚਲੀ ਜਾਵੀਂ।”
ਉਦੋਂ ਹੀ ਜਿਮ ਕਮਰੇ ਵਿਚ ਆ ਗਿਆ। ਬਰਦਰ ਜਾਨ ਨੇ ਉਸਨੂੰ ਪੁੱਛਿਆ, “ਤੂੰ ਇੱਥੇ ਸਰਕਾਰੀ 'ਕੇਅਰ' ਵਿਚ ਜਾਵੇਂਗਾ ਜਾਂ ਆਸਟਰੇਲੀਆ?”
ਨੌਂ ਸਾਲ ਦਾ ਅਣਭੋਲ ਬੱਚਾ। ਵਿਛੋੜੇ ਦੇ ਦੁੱਖਾਂ ਤੋਂ ਅਣਜਾਣ। ਸਮੁੰਦਰ-ਸੈਰ ਦੀ ਉਕਸਾਹਟ ਵਿਚ ਝੱਟ ਕਹਿ ਦਿੱਤਾ, “ਆਸਟਰੇਲੀਆ!”
ਮੁਸੀਬਤਾਂ ਦੀ ਗੁਫ਼ਾ ਵਿਚ ਕੈਦ ਮਾਰਗਰੇਟ ਧੋਖਾ ਖਾ ਗਈ। ਉਸਦੇ ਮੂੰਹੋਂ ਨਿਕਲਿਆ, “ਸੋਚਣਾ ਪਵੇਗਾ!”
ਜਾਨ ਨੂੰ ਲੈ ਜਾਣ ਲਈ ਇਕ ਦਿਨ ਕੌਂਸਿਲ ਦੇ ਅਧਿਕਾਰੀ ਫੇਰ ਆ ਧਮਕੇ। ਮਾਰਗਰੇਟ ਨੇ ਕਿਹਾ ਸੀ 'ਸੋਚਣਾ ਪਵੇਗਾ।' ਵਿਚਾਰ ਅਧੀਨ ਗੱਲ ਨੂੰ ਉੱਥੇ ਮੌਜੂਦ ਬਰਦਰ ਜਾਨ ਨੇ ਆਪਣੇ ਵੱਲੋਂ ਅੰਤਮ ਫ਼ੈਸਲੇ ਵਿਚ ਬਦਲ ਦਿੱਤਾ। ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਦੋਵੇਂ ਮਾਂ-ਪੁੱਤਰ ਕੈਥਲਿਕ ਬਰਦਰਸ ਦੀ 'ਕੇਅਰ' ਵਿਚ ਨੇ ਤੇ ਆਸਟਰੇਲੀਆ ਭੇਜੇ ਜਾ ਰਹੇ ਨੇ। ਪਹਿਲਾਂ ਜਿਮ ਦੀ ਵਾਰੀ ਹੈ। ਤਿੰਨ ਮਹੀਨੇ ਬਾਅਦ ਇਕ ਸਮੁੰਦਰੀ ਜਹਾਜ਼ ਵਿਚ ਉਸਦੀ ਬੁਕਿੰਗ ਹੈ। ਮਾਂ ਬਾਅਦ ਵਿਚ ਬਾਈ ਏਅਰ ਚਲੀ ਜਾਵੇਗੀ।
ਮਾਰਗਰੇਟ ਕੁਝ ਨਾ ਕਹਿ ਸਕੀ। ਬਸ ਸੋਚ ਲਿਆ ਕਿ ਘੱਟੋਘੱਟ ਤਿੰਨ ਮਹੀਨਿਆਂ ਲਈ ਮਾੜੀ ਘੜੀ ਟਲ ਗਈ।
ਪਰ ਤਿੰਨ ਮਹੀਨੇ?...ਤਿੰਨ ਮਹੀਨੇ ਈ ਹੁੰਦੇ ਨੇ...ਲੰਘਦਿਆਂ ਦੇਰ ਨਹੀਂ ਲੱਗਦੀ। ਪੁੱਤਰ ਦੇ ਵਿਛੋੜੇ ਦਾ ਡਰ ਮਾਰਗਰੇਟ ਨੂੰ ਖਾਈ ਜਾ ਰਿਹਾ ਸੀ। ਦੋਵੇਂ ਮਾਂ-ਪੁੱਤਰ ਇਕੋ ਕਮਰੇ ਵਿਚ ਸੌਂਦੇ ਸਨ। ਇਕ ਰਾਤ ਜਿਮ ਨੇ ਮਾਂ ਦੀਆਂ ਸਿਸਕੀਆਂ ਸੁਣੀਆਂ। ਉਹ ਉਸ ਨਾਲ ਜਾ ਲਿਪਟਿਆ।
“ਤੂੰ ਚਲਾ ਜਾਵੇਂਗਾ...ਇਕੱਲਾ ਏਨੀ ਦੂਰ!”
“ਬਾਅਦ 'ਚ ਤੁਸੀਂ ਵੀ ਤਾਂ ਆ ਜਾਓਗੇ ਨਾ।”
“ਤੂੰ ਅਜੇ ਬੜਾ ਛੋਟਾ ਏਂ। ਪਹਿਲਾਂ ਕਦੀ ਮੈਥੋਂ ਵੱਖ ਨਈਂ ਰਿਹਾ। ਏਨੇ ਦਿਨ ਮੇਰੇ ਬਿਨਾਂ ਕਿੰਜ ਰਹੇਂਗਾ?”
ਇਹੀ ਸਵਾਲ ਮਨ ਈ ਮਨ ਮਾਰਗਰੇਟ ਆਪਣੇ-ਆਪ ਤੋਂ ਵੀ ਪੁੱਛ ਰਹੀ ਹੋਵੇਗੀ, 'ਮੈਂ ਜਿਮ ਦੇ ਬਿਨਾਂ ਇਕੱਲੀ ਕਿੰਜ ਰਹਾਂਗੀ?'...ਤੇ ਫੇਰ ਉਹ ਤਸੱਲੀਆਂ ਜਿਹੜੀਆਂ ਅਜਿਹੇ ਸਮੇਂ ਮਾਂਵਾਂ ਮੰਗਦੀਆਂ ਨੇ ਤੇ ਵਚਨ ਜਿਹੜੇ ਦਿੱਤੇ ਜਾਂਦੇ ਨੇ—ਸਾਰੀ ਉਮਰ ਨਾ ਭੁੱਲਣ ਦੀਆਂ ਸੌਂਹਾਂ!
ਹੁਣ ਉੱਥੇ ਵਿਛੋੜੇ ਦੀ ਉਦਾਸੀ ਵੀ ਸੀ ਤੇ ਉੱਜਲ ਭਵਿੱਖ ਦੇ ਸੁਪਨੇ ਵੀ!
ਸਾਉਥੈਂਪਟਨ।
ਮਾਰਗਰੇਟ ਨੇ ਦੇਖਿਆ ਕਿ ਉਸ ਸਮੁੰਦਰੀ ਜਹਾਜ਼ ਉੱਤੇ ਸਵਾਰੀ ਲਈ ਜੈਟੀ 'ਤੇ ਕੋਈ ਅੱਸੀ-ਸੌ ਮੁੰਡੇ, ਕੁੜੀਆਂ ਹੋਰ ਵੀ ਸਨ। ਕਈ ਤਾਂ ਦੇਖਣ ਵਿਚ ਜਿਮ ਨਾਲੋਂ ਵੀ ਛੋਟੇ ਸਨ। ਇਕ ਦੋ ਬੱਚੇ ਤਾਂ ਸਿਰਫ਼ ਤਿੰਨ ਜਾਂ ਚਾਰ ਸਾਲ ਦੇ ਈ ਹੋਣਗੇ ਤੇ ਨਾਲ ਕੋਈ ਸਰਪਰਸਤ ਵੀ ਨਹੀਂ ਸੀ।
ਵਿਦਾਈ ਦਾ ਸਮਾਂ! ਮਾਂ ਨੇ ਪੁੱਤਰ ਨੂੰ ਗਲ਼ ਲਾਇਆ। ਚੁੰਮਣਾਂ ਨਾਲ ਉਸਦਾ ਮੂੰਹ ਧੋਤਾ। ਫੇਰ ਕਾਫੀ ਸਾਰੇ ਉਪਦੇਸ਼ ਦਿੱਤੇ...ਭੁੱਲ ਨਾ ਜਾਈਂ, ਖ਼ਤ ਲਿਖੀਂ...ਚੰਗਾ ਬੱਚਾ ਬਣੀ...ਪੜ੍ਹਾਈ, ਲਿਖਾਈ ਵਿਚ ਧਿਆਨ ਦਵੀਂ...ਸਿਰਫ਼ ਖੇਡਣ-ਕੁੱਦਨ 'ਚ ਸਮਾਂ ਨਾ ਗੁਆਵੀਂ।
ਜਿਮ ਦਾ ਟ੍ਰਾਲੀ-ਸੂਟਕੇਸ ਉਸਦੇ ਨਿੱਕੇ-ਜਿਹੇ ਹੱਥਾਂ ਵਿਚ ਕਾਫੀ ਭਾਰੀ ਲੱਗਦਾ ਸੀ, ਸੰਭਲ ਨਹੀਂ ਸੀ ਰਿਹਾ। ਜਹਾਜ਼ ਦੇ ਗੈਂਗਵੇ ਉੱਤੇ ਉਹ ਕੁਝ ਕਦਮ ਹੀ ਤੁਰਿਆ ਹੋਵੇਗਾ ਜਦੋਂ ਮਾਰਗਰੇਟ ਦੀ ਮਮਤਾ ਨੇ ਜੋਸ਼ ਮਾਰਿਆ, “ਜਾਂ ਮੇਰੇ ਜਿਮ ਨੂੰ ਜਹਾਜ਼ 'ਚੋਂ ਉਤਾਰੋ, ਜਾਂ ਮੈਨੂੰ ਵੀ ਜਾਣ ਦਿਓ।”
ਜਵਾਬ ਵਿਚ ਸੁਣਨ ਨੂੰ ਮਿਲੀ ਇਕ ਅਫ਼ਸਰੀ ਫਿਟਕਾਰ—
“ਬਿਨਾਂ ਟਿਕਟ, ਬਿਨਾਂ ਪਾਸਪੋਰਟ ਕਿੰਜ ਜਾਵੇਂਗੀ ਤੂੰ? ਇਹਨਾਂ ਸਾਰਿਆਂ ਦਾ ਤਾਂ ਸਮੂਹਿਕ-ਪਾਸਪੋਰਟ ਏ।”
ਸਮੂਹਿਕ-ਪਾਸਪੋਰਟ?...ਕੋਰਾ ਝੂਠ!
ਬਰਦਰ ਜਾਨ ਦਹਾੜਿਆ, “ਉਹਨਾਂ ਦਾ ਕਿਰਾਇਆ ਭਰਿਆ ਏ ਕੈਥਲਿਕ ਬਰਦਰਸ ਨੇ! ਜਿਮ ਨੂੰ ਲਾਹ ਦੇਂਦੇ ਨੇ ਤੂੰ ਕਿਰਾਇਆ ਵਾਪਸ ਕਰ ਦੇਅ!”
ਮਾਂ ਤੋਂ ਸ਼ਰੇਆਮ ਉਸਦੇ ਪੁੱਤਰ ਦੀ ਫਿਰੌਤੀ ਮੰਗੀ ਜਾ ਰਹੀ ਸੀ! ਕੈਸਾ 'ਬਰਦਰ' ਏ ਇਹ ਆਦਮੀ? ਇਹੀ ਕੁਝ ਦਿਨ ਪਹਿਲਾਂ ਮਾਰਗਰੇਟ ਨੂੰ 'ਮਾਈ ਚਾਈਲਡ' ਤੇ ਜਿਮ ਨੂੰ 'ਡੀਅਰ ਲਿਟਲ ਸਨ' ਕਹਿ ਕੇ ਬੁਲਾਉਂਦਾ ਹੁੰਦਾ ਸੀ।
ਮਾਰਗਰੇਟ ਰੋਂਦੀ, ਕੁਰਲਾਉਂਦੀ ਰਹੀ। ਜਿਮ ਮਾਂ ਨੂੰ 'ਵੇਵ' ਕਰਦਾ ਰਿਹਾ। ਜਹਾਜ਼ ਦਾ ਹਾਰਨ ਵੱਜਿਆ ਤੇ ਉਹ ਸਮੁੰਦਰ ਵੱਲ ਤੁਰ ਚੱਲਿਆ।
ਜਹਾਜ਼ ਸਮੁੰਦਰ ਵਿਚ ਪਹੁੰਚਿਆ। ਇਕ ਹਾਲ ਵਿਚ ਸਾਰੇ ਮੁੰਡੇ, ਕੁੜੀਆਂ ਨੂੰ ਇਕੱਠਾ ਕਰ ਲਿਆ ਗਿਆ। ਉਹਨਾਂ ਦੇ ਨਾਂ ਤੇ ਜਨਮ-ਤਾਰੀਖ਼ਾਂ ਬਦਲ ਦਿੱਤੀਆਂ ਗਈਆਂ ਤਾਕਿ ਭਵਿੱਖ ਵਿਚ ਉਹਨਾਂ ਦਾ ਕੋਈ ਆਪਣਾ, ਕੋਈ ਸਰਪਰਸ ਉਹਨਾਂ ਨੂੰ ਲੱਭਣਾ ਵੀ ਚਾਹੇ ਤਾਂ ਆਸਾਨੀ ਨਾਲ ਲੱਭ ਨਾ ਸਕੇ। ਉਹ ਮੁਜਰਿਮ ਤਾਂ ਸੀ ਨਹੀਂ—ਫੇਰ ਵੀ ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਤੱਕ ਲਏ ਗਏ। ਜੇ ਆਸਟਰੇਲੀਆ ਵਿਚ ਕੋਈ ਭੱਜ ਵੀ ਜਾਵੇ, ਤਾਂ ਫੇਰ ਫੜ੍ਹਿਆ ਜਾ ਸਕੇ। ਕੋਈ ਪੀਟਰ ਤੋਂ ਹੈਨਰੀ ਬਣਾ ਦਿੱਤਾ ਗਿਆ, ਕਿਸੇ ਨੂੰ ਸੂਜਨ ਤੋਂ ਕੈਥਰੀਨ!
ਜਿਮ ਨੇ ਜ਼ਿਦ ਫੜ੍ਹ ਲਈ। ਚੀਕ-ਚੀਕ ਕੇ ਰੋਣ ਲੱਗਾ—
“ਮੇਰਾ ਨਾਂ ਤੇ ਜਨਮ-ਤਾਰੀਖ਼ ਇਸ ਸਕਰੈਪ ਬੁੱਕ ਵਿਚ ਲਿਖੇ ਹੋਏ ਨੇ। ਨਈਂ ਬਦਲੇ ਜਾ ਸਕਦੇ। ਮੇਰੀ ਮੰਮੀ ਨੇ ਕਿਹਾ ਏ ਕਿ ਖ਼ਤ ਲਿਖਦਾ ਰਹਾਂ। ਕਿਸੇ ਦੂਜੇ ਨਾਂ ਨਾਲ ਖ਼ਤ ਲਿਖਾਂਗਾ ਤਾਂ ਉਹ ਮੈਨੂੰ ਕਿੰਜ ਪਛਾਣੇਗੀ?”
...ਤੇ ਜ਼ਿਦ ਚੱਲ ਗਈ।
ਛੇ ਮਹੀਨਿਆਂ ਦੀ ਲੰਮੀ ਸਮੁੰਦਰੀ ਯਾਤਰਾ ਪਿੱਛੋਂ ਜਹਾਜ਼ ਪਰਥ ਦੇ ਫਰੀਮੇਂਟਲ ਕਿਨਾਰੇ ਉੱਤੇ ਜਾ ਲੱਗਿਆ। ਉੱਥੋਂ ਦੇ ਵੱਡੇ ਧਰਮਿਕ-ਗੁਰੂ (ਅਚਾਰੀਆ ਵਿਸ਼ਪ) ਨੇ ਉਹਨਾਂ ਨੂੰ ਉਪਦੇਸ਼ ਦਿੱਤਾ, “ You are of a good white stock. ਯੂਰਪੀਨ ਈਸਾਈ ਮੁੱਲਾਂ ਦਾ ਹਮੇਸ਼ਾ ਖ਼ਿਆਲ ਰੱਖਣਾ। ਅਸੀਂ ਇੱਥੋਂ ਦੇ ਕਾਲੇ, ਅਸਭਿਅ ਆਦਿਵਾਸੀਆਂ ਦਾ ਬਾਈਕਾਟ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਆਪਣੇ ਸਮਾਜ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਿੱਖਿਅਤ ਕਰਨਾ ਤੇ ਸਭਿਅਕ ਬਣਾਉਣਾ ਹੈ।”
ਇਸ਼ਾਰਾ ਸਾਫ਼ ਸੀ—ਆਦਿਵਾਸੀਆਂ ਦਾ ਤਿਰਸਕਾਰ, ਨਫ਼ਰਤ!
ਸਮੁੰਦਰੀ ਸਫ਼ਰ ਦੌਰਾਨ ਮੁੰਡੇ-ਕੁੜੀਆਂ ਵਿਚ ਗੂੜ੍ਹੀ ਦੋਸਤੀ ਹੋ ਗਈ ਸੀ। ਉਹ ਪ੍ਰੇਮ-ਬੰਧਨ ਵੀ ਇਕੋ ਝਟਕੇ ਨਾਲ ਕੱਟ ਦਿੱਤਾ ਗਿਆ। ਘਾਟ 'ਤੇ ਇਕ ਪਾਸੇ ਮੁੰਡਿਆਂ ਨੂੰ ਖੜ੍ਹਾ ਕਰ ਦਿੱਤਾ ਗਿਆ ਤੇ ਕੁੜੀਆਂ ਨੂੰ ਦੂਜੇ ਪਾਸੇ। 'ਕੇਅਰ' ਵਿਚ ਆਏ ਕਈ ਸਕੇ ਭਰਾ-ਭੈਣ ਵੀ ਸਨ। ਉਹ ਚੀਕਦੇ, ਕੂਕਦੇ ਰਹੇ। ਭਰਾ ਵੱਖ ਕਰ ਦਿੱਤੇ ਗਏ ਤੇ ਭੈਣਾ ਵੱਖ।
ਦੂਰ ਕਿਧਰੇ ਕੋਈ ਸਵਰਗ ਵੀ ਹੋਵੇਗਾ, ਪਰ ਇਹਨਾਂ ਬੱਚਿਆਂ ਲਈ ਆਸਟਰੇਲੀਆ ਵਿਚ ਹੀ ਨਰਕ ਦੀਆਂ ਕਈ ਬਰਾਂਚਾਂ ਸਨ ਜਿਵੇਂ ਕਵੀਂਜ਼ਲੈਂਡ ਵਿਚ ਰਾਕਹੇਂਪਟਨ ਦੇ ਨੇੜੇ ਅਖੌਤੀ ਸਨਿਆਸਨਾਂ—Sisters of Mercy ਦਾ ਚਲਾਇਆ ਹੋਇਆ ਨੀਰਕੋਲ ਦਾ ਰੋਮਨ ਕੈਥਲਿਕ ਅਨਾਥ-ਆਸ਼ਰਮ।
ਸਦਭਾਵਨਾ ਤੇ ਮੋਹ-ਰਹਿਤ ਬੜੀਆਂ ਕਰੂਰ ਸਨ ਇਹ Sisters of Mercy ! ਇਸ ਅਨਾਥ-ਆਸ਼ਰਮ ਦੇ ਫਰਸ਼ ਲੱਕੜੀ ਦੇ ਸਨ। ਜ਼ਰਾ-ਜ਼ਰਾ ਜਿੰਨੀ ਗ਼ਲਤੀ 'ਤੇ ਕੁੜੀਆਂ ਨੂੰ ਫਰਸ਼ ਦੇ ਤਖ਼ਤਿਆਂ ਹੇਠ ਬਣੇ ਹਨੇਰੇ ਭੋਰਿਆਂ ਵਿਚ ਡੱਕ ਦਿੱਤਾ ਜਾਂਦਾ। ਘੁਟਨ ਕਾਰਨ ਉਹ ਮੌਤ ਦੇ ਮੂੰਹ ਤੱਕ ਪਹੁੰਚ ਜਾਂਦੀਆਂ। ਕੁੜੀਆਂ ਦੇ ਨਹੂੰ ਉਖਾੜ ਦਿੱਤੇ ਜਾਂਦੇ। ਗਰਮ ਉਬਲਦੇ ਪਾਣੀ ਨਾਲ ਉਹਨਾਂ ਦੇ ਕੋਮਲ ਅੰਗ ਸਾੜ ਦਿੱਤੇ ਜਾਂਦੇ। ਪਰਥ ਵਿਚ ਵੱਖ ਕੀਤੇ ਗਏ ਦੋ ਸਕੇ ਭੈਣ-ਭਰਾ ਇਕ ਵਾਰੀ ਫੇਰ ਮਿਲ ਗਏ। ਬੜੀ ਮੁਸ਼ਕਲ ਨਾਲ ਇਕ ਭਰਾ ਨੇ ਭੈਣ ਨੂੰ ਨੀਕਾੱਲ ਵਿਚ ਲੱਭਿਆ ਸੀ। ਦੋਵੇਂ ਇਕ ਦੂਜੇ ਦੇ ਗਲ਼ੇ ਵੀ ਮਿਲੇ ਸਨ। ਜੋਸ਼ ਵਿਚ ਆਈ ਭੈਣ ਨੇ ਭਰਾ ਦਾ ਹੱਥ ਕੀ ਫੜ੍ਹਿਆ ਕਿ ਉਸਨੂੰ ਕੁਟਾਪਾ ਚਾੜ੍ਹਣਾ ਸ਼ੁਰੂ ਕਰ ਦਿੱਤਾ ਗਿਆ। ਦਿਖਾਵੇ ਦੀਆਂ ਸਨਿਆਸਨਾਂ ਉਸਦਾ ਹੱਥ ਵੀ ਕੱਟ ਸੁੱਟਦੀਆਂ ਤਾਂ ਕੌਣ ਪੁੱਛਣ ਵਾਲਾ ਸੀ? ਉਹਨਾਂ ਨੇ ਏਨਾ ਰਹਿਮ ਕੀਤਾ—ਬਸ ਹੱਥ ਦੀ ਹੱਡੀ ਤੋੜ ਦਿੱਤੀ। ਇਕ ਕੁੜੀ ਦੇ ਪਿਛਲੇ ਗੁਪਤ ਅੰਗ ਵਿਚ ਬਲਦੀ ਹੋਈ ਸਲਾਖ਼ ਘੁਸੇੜ ਦਿੱਤੀ ਗਈ—ਉਸਦੇ ਅੰਦਰੋਂ ਸ਼ੈਤਾਨ ਕੱਢਣਾ ਸੀ ਇਸ ਲਈ।
ਕਹਿਣ ਨੂੰ ਉਹ ਸਭ ਸਨਿਆਸਨਾਂ ਸਨ। ਉਹ ਕੁੜੀਆਂ ਦਾ ਸਮਲਿੰਗਕ ਯੋਨ ਸ਼ੋਸ਼ਣ ਕਰਦੀਆਂ ਤੇ ਫੇਰ ਉਹਨਾਂ ਨੂੰ ਅਨਾਥ-ਆਸ਼ਰਮ ਦੇ ਸਹਿਯੋਗੀ ਮਰਦਾਂ ਨੂੰ ਬਲਾਤਕਾਰ ਲਈ ਸੌਂਪ ਦਿੰਦੀਆਂ।
ਇਕ ਹੋਰ ਨਰਕ ਸੀ ਬਿੰਡੂਨ—ਪਰਥ ਤੋਂ ਕੋਈ ਅੱਸੀ ਕਿਲੋਮੀਟਰ ਉੱਤਰ ਵਿਚ ਇਕ ਸ਼ਹਿਰ। ਬਹੁਤ ਸਾਰੇ ਬਦਕਿਸਮਤ ਮੁੰਡਿਆਂ ਨੂੰ ਉੱਥੇ ਪਹੁੰਚਾ ਦਿੱਤਾ ਗਿਆ। ਉਹ ਬਣਿਆਂ ਉਹਨਾਂ ਦਾ—Bin of Doom—ਸਰਵਨਾਸ਼ ਦਾ ਕੂੜੇਦਾਨ! ਉੱਥੇ ਕੈਥਲਿਕ-ਬਰਦਰਸ ਦਾ ਇਕ ਦੂਜਾ ਮਖ਼ੌਟਾ ਸੀ—ਕਰਿਸ਼ਚੀਅਨ-ਬਰਦਰਸ। ਇਸ ਸੰਸਥਾ ਦਾ ਸੰਚਾਲਕ ਸੀ ਬਰਦਰ ਫਰਾਂਸਿਸ ਕੀਨੀ। ਉਸਦੀ ਮਨੋਕਾਮਨਾ ਸੀ ਉੱਥੇ ਕੈਥਲਿਕ ਧਰਮ ਦੇ ਸਨਮਾਨ ਵਜੋਂ ਇਕ ਵਿਸ਼ਾਲ ਭਵਨ ਦਾ ਨਿਰਮਾਣ ਕੀਤਾ ਜਾਵੇ। ਹੁਣ ਹਾਜ਼ਰ ਸਨ ਇਹ ਬਾਲ-ਗੁਲਾਮ ਤੇ ਮੱਥਿਆਂ ਉੱਤੇ ਇਹਨਾਂ ਦੇ ਮਾਸੂਮ ਹੰਝੂਆਂ ਨਾਲ ਲਿਖੀ ਜਾ ਰਹੀ ਸੀ ਇਹਨਾਂ ਦੀ  ਗੁਲਾਮੀ ਦੀ ਕਹਾਣੀ! ਪਾਣੀ ਨਾਲ ਮੂੰਹ ਧੋ ਲਏ ਜਾਂਦੇ, ਪਰ ਗੁਸਤਾਖ਼ ਹੰਝੂ ਫੇਰ ਆ ਜਾਂਦੇ। ਹੰਝੂਆਂ ਨਾਲ ਲਿਖੀ ਇਹ ਕਹਾਣੀ ਹੰਝੂਆਂ ਨਾਲ ਧੋਤੀ ਜਾਂਦੀ ਰਹੀ ਪਰ ਜੁਲਮ ਘੱਟ ਨਹੀਂ ਹੋਇਆ!
ਢਿੱਡ ਭਰ ਕੇ ਖਾਣਾ ਖਾਂਦੇ ਸਨ ਅਧਿਕਾਰੀ ਤੇ ਬੱਚਿਆਂ ਨੂੰ ਮਿਲਦੀ ਜੂਠ। ਅੱਧੇ ਭੁੱਖੇ ਢਿੱਡ ਤੇ ਮੈਲੇ ਕੁਚੈਲੇ ਕੱਪੜਿਆਂ ਵਿਚ, ਨੰਗੇ ਪੈਰੀਂ ਉਹ ਕਰ ਰਹੇ ਸਨ ਉਸ ਭਵਨ ਦਾ ਨਿਰਮਾਣ...ਬੱਜਰੀ ਰਲਾਉਣ ਤੇ ਚੂਨੇ ਗਾਰੇ ਦਾ ਸਾਰਾ ਕੰਮ ਹੱਥਾਂ ਨਾਲ ਕਰਨਾ ਪੈਂਦਾ ਸੀ। ਛਾਤੀ ਤੋਂ ਲੈ ਕੇ ਢਿੱਡ ਤੱਕ ਲੰਮੇ, ਭਾਰੇ ਪੱਥਰ ਚੁੱਕਣੇ ਪੈਂਦੇ ਸਨ। ਕਹਿਣ ਲਈ ਤਾਂ ਇਹ ਕੰਮ ਧਰਮ ਦਾ ਕੰਮ ਸੀ ਪਰ ਜ਼ਖ਼ਮੀ, ਬਿਮਾਰ ਬੱਚਿਆਂ ਦੇ ਇਲਾਜ਼ ਨੂੰ ਧਰਮ ਕੋਈ ਆਪਣਾ ਧਰਮ ਨਹੀਂ ਸੀ ਸਮਝਦਾ। ਜ਼ਰਾ ਜਿੰਨੀ ਗ਼ਲਤੀ ਹੋਣ 'ਤੇ ਚਾਰ ਪੇਟੀਆਂ ਦੇ ਬਣੇ ਹੰਟਰ ਨਾਲ ਕੁੱਟਪਾ ਚਾੜ੍ਹਣਾ ਸ਼ੁਰੂ ਕਰ ਦਿੱਤਾ ਜਾਂਦਾ। ਇਕ ਪੈ ਜਾਂਦਾ ਸੀ ਤਾਂ ਮਰਨ ਨੂੰ ਜੀਅ ਕਰਦਾ ਸੀ—ਪਰ ਹੰਟਰ ਵਰ੍ਹਦਾ ਰਹਿੰਦਾ। ਕੋਈ ਹੱਡੀ ਪੱਸਲੀ ਟੁੱਟ ਜਾਵੇ, ਤਾਂ ਵੀ ਕੀ? ਕਿੰਨੇ ਮਰ ਗਏ, ਕਿੰਨਿਆਂ ਨੇ ਖ਼ਦਕਸ਼ੀ ਕੀਤੀ? ਲਾਸ਼ਾਂ ਦਾ ਹਿਸਾਬ ਕੌਣ ਰੱਖੇ? ਚੁੱਪਚਾਪ ਸਾੜ ਦਿੱਤੇ ਜਾਂ ਦਫ਼ਨਾ ਦਿੱਤੇ ਜਾਂਦੇ।
ਅੰਤਾਂ ਦੀ ਭੁੱਖ ਲੱਗੀ ਹੋਵੇਗੀ ਬਾਰਾਂ ਵਰ੍ਹਿਆਂ ਦੇ ਜਾਨ ਹੈਨੇਸੀ ਨੂੰ ਜਦੋਂ ਉਹ ਬੱਚਿਆਂ ਨੂੰ ਲੈ ਕੇ ਅੰਗੂਰਾਂ ਦੇ ਬਾਗ਼ ਵਿਚ ਜਾ ਵੜਿਆ ਸੀ। ਰੱਜ ਕੇ ਅੰਗੂਰ ਖਾਧੇ। ਬਾਅਦ ਵਿਚ ਨੰਗਾ ਕੀਤਾ ਗਿਆ ਤੇ ਪੰਜਾਹ ਮੁੰਡਿਆਂ ਦੇ ਸਾਹਮਣੇ ਚਾਰ ਪੇਟੀਆਂ ਵਾਲੇ ਹੰਟਰ ਨਾਲ ਕੁੱਟਿਆ ਗਿਆ। ਕੋੜਿਆਂ, ਹੰਟਰਾਂ ਨਾਲ ਬੱਚਿਆਂ ਨੂੰ ਮਾਰ ਪੈਣੀ ਉੱਥੇ ਰੋਜ਼ ਦੀ ਗੱਲ ਸੀ।
ਬਣ ਰਹੇ ਭਵਨ ਦੇ ਚੁਫੇਰੇ ਦੂਰ-ਦੂਰ ਤੱਕ ਖਾਲੀ ਮੈਦਾਨ, ਖੇਤ ਤੇ ਬਾਗ਼ ਸਨ। ਕਿਹਾ ਜਾਂਦਾ ਹੈ ਕਿ ਇਹ ਸਾਰੀ ਜ਼ਮੀਨ ਜਾਂ ਤਾਂ ਆਦਿਵਾਸੀਆਂ ਤੋਂ ਹਥਿਆਈ ਲਈ ਗਈ ਸੀ ਜਾਂ ਔਣੇ-ਪੌਣੇ ਭਾਅ ਖ਼ਰੀਦ ਲਈ ਗਈ ਸੀ। ਜਿਮ ਅਜੇ ਛੋਟਾ ਸੀ। ਬਿਲਡਿੰਗ ਦਾ ਕੰਮ ਉਹ ਕੀ ਕਰਦਾ—ਉਸਨੂੰ ਫਲਾਂ ਦੀਆਂ ਪੇਟੀਆਂ ਭਰਨ ਦੇ ਕੰਮ 'ਤੇ ਲਾ ਦਿੱਤਾ ਗਿਆ। ਇੰਗਲੈਂਡ ਵਿਚ 'ਹਰ ਤਰ੍ਹਾਂ ਦੇ ਤਾਜ਼ੇ' ਫਲਾਂ ਦਾ ਲਾਲਚ ਦਿੱਤਾ ਗਿਆ ਸੀ। ਅਜੇ ਉਸਨੇ ਇਕ ਸਿਓ ਨੂੰ ਪਹਿਲਾ ਚੱਕ ਹੀ ਵੱਢਿਆ ਸੀ ਕਿ ਸਾਰੀ ਲਾਲਸਾ ਠੰਢੀ ਹੋ ਗਈ, ਜਦੋਂ ਗੱਲ੍ਹਾਂ ਨੂੰ ਗਰਮਾਗਰਮ ਥੱਪੜਾਂ ਨਾਲ ਸੇਕ ਦਿੱਤਾ ਗਿਆ।
“ਚੋਰੀ ਕਰਕੇ ਫਲ ਖਾਵੇਂਗਾ ਤੂੰ?”
ਮੁੰਡਿਆਂ ਦਾ ਯੋਨ-ਸ਼ੋਸ਼ਣ ਵੀ ਲਗਾਤਾਰ ਚੱਲ ਰਿਹਾ ਸੀ। ਰਾਤ ਨੂੰ ਬਿਸਤਰਿਆਂ ਵਿਚ ਤੇ ਦਿਨੇ ਦੂਰ ਤੱਕ ਫ਼ੈਲੇ ਖੇਤਾਂ, ਝਾੜੀਆਂ, ਸਰਕੜ੍ਹਿਆਂ ਓਹਲੇ। ਕੌਣ ਦੇਖਦਾ, ਸੁਣਦਾ ਸੀ? ਕਦੀ ਕਿਸੇ ਬੱਚੇ ਨੇ ਇਤਰਾਜ਼ ਕੀਤਾ ਤਾਂ ਉਸਨੂੰ ਕਿਸੇ ਰੁੱਖ ਦੇ ਤਣੇ ਨਾਲ ਬੰਨ੍ਹ ਕੇ ਮਤਲਬ ਕੱਢ ਲਿਆ ਗਿਆ! ਜਿਮ ਕਈ ਵਾਰੀ ਸ਼ਿਕਾਰ ਹੋ ਚੁੱਕਿਆ ਸੀ। ਮੁੰਡੇ ਆਪਣੇ ਦੁੱਖ ਕਿਸ ਨੂੰ ਦੱਸਦੇ?...ਕਾਸ਼! ਰੁੱਖ ਬੋਲ ਸਕਦੇ!
ਸਰੀਰਕ ਅਤਿਆਚਾਰ ਤੇ ਯੋਨ-ਸ਼ੋਸ਼ਣ ਦੇ ਇਲਾਵਾ ਇਹਨਾਂ ਬਾਲ-ਗੁਲਾਮਾ ਉੱਤੇ ਆਰਥਕ ਦਬਾਅ ਵੀ ਪਾਇਆ ਜਾਂਦਾ। ਜਦੋਂ ਕੋਈ ਬੱਚਾ ਪੰਦਰਾਂ ਵਰ੍ਹਿਆਂ ਦਾ ਹੋ ਜਾਂਦਾ ਕਰਿਸ਼ਚੀਅਨ-ਬਰਦਰਸ ਉਸਦੇ ਪਾਲਣ-ਪੋਸ਼ਣ ਦਾ ਹਜ਼ਾਰਾਂ ਦਾ ਬਿੱਲ ਉਸਦੇ ਹੱਥ ਵਿਚ ਫੜਾ ਦਿੰਦੇ ਤਾਕਿ ਜ਼ਿੰਦਗੀ ਭਰ ਉਹ ਉਹਨਾਂ ਦਾ ਗੁਲਾਮ-ਮਜ਼ਦੂਰ ਬਣਿਆਂ ਰਹੇ। ਏਨੇ ਵਰ੍ਹਿਆਂ ਦੀ ਉਸਦੀ ਵਗਾਰ ਦਾ ਕੋਈ ਮੁੱਲ ਨਹੀਂ ਸੀ ਮੰਨਿਆਂ ਜਾਂਦਾ—ਉਸੇ ਤੋਂ ਉਸਦੇ ਸ਼ੋਸ਼ਣ ਦੀ ਵੀ ਵਸੂਲੀ ਕੀਤੀ ਜਾਂਦੀ।
ਇਹਨਾਂ ਅਤਿਆਚਾਰਾਂ ਤੋਂ ਦੁਖੀ ਇਕ ਅੱਠ ਵਰ੍ਹਿਆਂ ਦਾ ਬੱਚਾ ਵਿੰਡੂਨ 'ਚੋਂ ਭੱਜ ਕੇ ਸਮੁੰਦਰ ਕਿਨਾਰੇ ਜਾ ਪਹੁੰਚਿਆ। ਆਪਣੇ ਭੋਲੇਪਨ ਸਦਕਾ ਇਕ ਨੌਜਵਾਨ ਜੋੜੇ ਤੋਂ ਇੰਗਲੈਂਡ ਜਾਣ ਦਾ ਪੈਦਲ ਰਸਤਾ ਪੁੱਛਣ ਲੱਗਿਆ! ਕਿਸਮਤ ਚੰਗੀ ਸੀ, ਉਹਨਾਂ ਨੇ ਉਸਨੂੰ ਗੋਦ ਲੈ ਲਿਆ। ਬੜੇ ਸਾਲਾਂ ਬਾਅਦ ਉਸਨੇ ਇਕ ਇੰਟਰਵਿਊ ਵਿਚ ਕਿਹਾ ਸੀ, 'ਜੇ ਕੋਈ ਜ਼ਮੀਨੀ ਰਸਤਾ ਹੁੰਦਾ ਤਾਂ ਮੈਂ ਸੱਚਮੁੱਚ ਪੈਦਲ ਨਿਕਲ ਜਾਂਦਾ।'
ਆਦਿਵਾਸੀਆਂ ਤੇ ਕ੍ਰਿਸਚੀਅਨ-ਬਰਦਰਸ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਸੀ। ਜ਼ਮੀਨ ਖੁੱਸ ਚੁੱਕੀ ਸੀ, ਫੇਰ ਕੀ ਸੀ? ਉਹ ਉਸਦੀ ਉਪਜ ਉੱਤੇ ਹੁਣ ਵੀ ਆਪਣਾ ਅਧਿਕਾਰ ਸਮਝਦੇ ਸਨ ਤੇ ਫਲਾਂ ਦੀ ਚੋਰੀ ਲਈ ਬਾਗ਼ਾਂ ਵਿਚ ਵੜ ਆਉਂਦੇ ਸਨ। ਇਕ ਵਾਰੀ ਉਹਨਾਂ ਨੇ ਧਮਕੀ ਵੀ ਦਿੱਤੀ ਸੀ, 'ਸਾਨੂੰ ਬੱਚਿਆਂ ਦਾ ਖ਼ਿਆਲ ਏ ਨਈਂ ਤਾਂ ਤੁਹਾਡੇ ਗੁਨਾਹਾਂ ਦਾ ਇਹ ਮਹਿਲ ਇਕ ਰਾਤ 'ਚ ਢਾਅ ਕੇ ਢੇਰੀ ਕਰ ਦੇਈਏ ਤੇ ਇੱਥੇ ਕਿਤੇ ਵੀ ਜੰਗਲੀ ਗੁਫ਼ਾਵਾਂ ਵਿਚ ਛਿਪਣ ਹੋ ਜਾਈਏ।'
ਕਰਿਸਚੀਅਨ-ਬਰਦਰਸ ਮੌਕੇ ਦੀ ਨਜ਼ਾਕਤ ਸਮਝਦੇ ਸਨ ਤੇ ਆਦਿਵਾਸੀਆਂ ਨਾਲ ਟੱਕਰ ਲੈਣੀ ਠੀਕ ਨਹੀਂ ਸੀ ਸਮਝਦੇ।
ਨਿਯੋਕਾ, ਇਕ ਆਦਿਵਾਸੀ ਹੈ। ਉਸ ਦਿਨ ਬਾਗ਼ 'ਚੋਂ ਫਲ ਚੁਰਾਉਣ ਦੀ ਸੁੱਝੀ ਤੇ ਉਸਨੇ ਰੁੱਖ ਨਾਲ ਵੱਝੇ ਇਕ ਬੱਚੇ ਦੀਆਂ ਚੀਕਾਂ ਸੁਣੀਆਂ। ਇਹ ਜਿਮ ਹੀ ਤਾਂ ਸੀ। ਨਿਯੋਕਾ ਨੇ ਅੱਗਾ ਵਿਚਾਰਿਆ ਨਾ ਪਿੱਛਾ ਬਲਤਕਾਰੀ ਦੀ ਪਿੱਠ ਉੱਤੇ ਪੱਥਰ ਮਾਰਿਆ। ਫੇਰ ਇਕ ਹੋਰ ਪੱਥਰ ਚਲਾਇਆ। ਜਿਮ ਨੂੰ ਰੁੱਖ ਨਾਲ ਵੱਝਿਆ ਛੱਡ ਕੇ ਉਹ ਮੁਜਰਿਮ ਦੌੜ ਗਿਆ। ਨਿਯੋਕਾ ਨੇ ਉਸਨੂੰ ਖੋਲ੍ਹਿਆ। ਉਸਦੇ ਅੱਥਰੂ ਪੂੰਝੇ, ਸਿਰ ਉੱਤੇ ਹੱਥ ਫੇਰਿਆ।
“ਇਹ ਸਕੂਲ ਦਾ ਸਮਾਂ ਏਂ। ਤੂੰ ਸਕੂਲ ਨਈਂ ਜਾਂਦਾ?”
ਰੁੱਖ ਨਾ ਬੰਨ੍ਹਿਆਂ ਮੁੰਡਾ ਸਕੂਲ ਕਿਵੇਂ ਜਾਵੇ?
“ਦੋ ਸਾਲ ਪਹਿਲਾਂ, ਇੰਗਲੈਂਡ 'ਚ ਜਾਂਦਾ ਹੁੰਦਾ ਸੀ। ਇਹ ਲੋਕ ਕਹਿੰਦੇ ਨੇ, ਪਹਿਲਾਂ ਕੰਮ ਫੇਰ ਸਕੂਲ। ਬਹੁਤ ਸਾਰੇ ਕੰਮ ਹੁੰਦੇ ਨੇ, ਸਕੂਲ ਜਾਣ ਦੀ ਵਿਹਲ ਈ ਨਈਂ ਮਿਲਦੀ।”
ਸ਼ਿਕਾਰੀਆਂ ਦੁਆਰਾ ਯੋਨ ਭੁਗਤਨਾ...ਇਹ ਮਜਬੂਰੀ ਵੀ ਤਾਂ ਉਹਨਾਂ ਕੰਮਾਂ ਵਿਚੋਂ ਇਕ ਕੰਮ ਹੀ ਤਾਂ ਸੀ! ਜਿਮ ਰੋਣ ਲੱਗ ਪਿਆ।
“ਸਕੂਲ ਲਈ ਕੱਪੜੇ ਵੀ ਤਾਂ ਚਾਹੀਦੇ ਨੇ। ਮੇਰੇ ਕੋਲ ਤਾਂ ਕੱਪੜੇ ਵੀ ਨਈਂ। ਇੱਥੇ ਨਾ ਢੰਗ ਦਾ ਖਾਣਾ ਮਿਲਦਾ ਏ, ਨਾ ਕੱਪੜੇ।”
ਮੁੰਡੇ ਵਿਚ ਕੁਝ ਸੀ, ਜਿਹੜਾ ਨਿਯੋਕਾ ਨੂੰ ਟੁੰਭ ਗਿਆ। ਇਕ ਪਾਸੇ ਸਨ 'good white stock' ਵਾਲੇ ਧਰਮ ਦੇ ਠੇਕੇਦਾਰਾਂ ਦੇ ਜੁਲਮ ਤੇ ਦੂਜੇ ਪਾਸੇ ਸੀ ਨਿਯੋਕਾ—'ਕਾਲੇ ਅਸਭਿਅ ਜੰਗਲੀ' ਦੇ ਕੋਮਲ ਮਨ ਦੀ ਸੁਹਿਰਦਤਾ।'
ਨਿਯੋਕਾ ਅਗਲੇ ਦਿਨ ਤੜਕੇ, ਸਵੇਰੇ ਹੀ ਆ ਪਹੁੰਚਿਆ। ਨਾਲ ਸੀ ਉਸਦੀ ਧੀ ਅਲਕੀਨਾ। ਉਹ ਆਪਣੇ ਨਾਲ ਅਲਕੀਨਾ ਦੇ ਭਰਾ ਦੇ ਛੋਟੇ ਹੋ ਗਏ ਕੁਝ ਕੱਪੜੇ ਤੇ ਇਕ ਜੋੜੀ ਚੱਪਲ ਵੀ ਲਿਆਏ ਸਨ।
“ਜਲਦੀ ਤਿਆਰ ਹੋ ਜਾ, ਤੈਨੂੰ ਸਕੂਲ ਲੈ ਚੱਲੀਏ। ਅੱਜ ਤੋਂ ਤੂੰ ਅਲਕੀਨਾ ਨਾਲ ਸਕੂਲ ਜਾਇਆ ਕਰੇਂਗਾ।”
“ਮੈਂ ਸਕੂਲ ਨਈਂ ਜਾ ਸਕਦਾ। ਬਰਦਰਸ ਬੜਾ ਮਾਰਨਗੇ।”
“ਉਹ ਤੈਨੂੰ ਮਾਰਨਗੇ...ਅਸੀਂ ਉਹਨਾਂ ਨੂੰ ਮਾਰਾਂਗੇ।”
ਜਿਮ ਨਹਾਅ-ਧੋ ਕੇ ਨਿਕਲਿਆ। ਉਹ ਤਿੰਨੇ ਤੁਰਨ ਲੱਗੇ। ਉਦੋਂ ਹੀ ਬਰਦਰ ਹੈਮਿਲਟਨ ਉੱਥੇ ਆ ਗਿਆ, “ਕਿੱਥੇ ਜਾ ਰਿਹਾ ਏਂ, ਜਿਮ?”
ਜਿਮ ਚੁੱਪ ਰਿਹਾ। ਨਿਯੋਕਾ ਨੇ ਉੱਤਰ ਦਿੱਤਾ, “ਤੂੰ ਗਿਆ ਸੀ ਨਾ ਸਕੂਲ? ਇਹ ਵੀ ਜਾ ਰਿਹਾ ਏ। ਕੋਈ ਇਤਰਾਜ਼ ਏ?”
ਹੈਮਿਲਟਨ ਬੁੜਬੁੜ ਕਰਦਾ ਹੋਇਆ ਉੱਥੋਂ ਤੁਰ ਗਿਆ। ਆਸਟਰੇਲੀਆ ਵਿਚ ਸੋਲਾਂ ਸਾਲ ਤੱਕ ਦੇ ਬੱਚੇ ਲਈ ਸਿੱਖਿਆ ਜ਼ਰੂਰੀ ਹੈ। ਬਰਦਰਸ ਨੇ ਕਾਨੂੰਨ ਦਾ ਪਾਲਨ ਕੀਤਾ ਤੇ ਸਾਰੇ ਬੱਚਿਆਂ ਦਾ ਨਾਂ ਸਕੂਲ ਵਿਚ ਲਿਖਵਾ ਦਿੱਤਾ ਪਰ ਹਾਜ਼ਰੀ 'ਤੇ ਪਾਬੰਦੀ ਲਾ ਦਿੱਤੀ...ਪਾਬੰਦੀ ਬਰਦਰਸ ਦੀ ਤੇ ਗ਼ੈਰਹਾਜ਼ਰੀ ਦੀ ਜ਼ਿੰਮੇਵਾਰੀ ਬੱਚਿਆਂ ਦੀ ਸੀ।
ਦੋ ਵਰ੍ਹਿਆਂ ਬਾਅਦ ਇਕ ਵਾਰੀ ਫੇਰ ਜਿਮ ਦੀ ਪੜ੍ਹਾਈ ਸ਼ੁਰੂ ਹੋ ਗਈ। ਕਿਸੇ ਕਾਰਨ ਕਰਕੇ ਜਿਮ ਨਾਲੋਂ ਦੋ ਸਾਲ ਵੱਡੀ ਅਲਕੀਨਾ ਦੀ ਪੜ੍ਹਾਈ ਦੇਰ ਨਾਲ ਸ਼ੁਰੂ ਹੋਈ ਹੋਵੇਗੀ। ਦੋਵੇਂ ਇਕੋ ਜਮਾਤ ਵਿਚ ਸਨ। ਦੋਵਾਂ ਨੂੰ ਇਕ ਦੂਜੇ ਦਾ ਸਹਾਰਾ ਹੋ ਗਿਆ। ਅਲਕੀਨਾ ਦੇ ਟਿਫ਼ਨ ਬਾਕਸ ਵਿਚ ਜਿਮ ਦਾ ਹਿੱਸਾ ਵੀ ਹੁੰਦਾ। ਉਹ ਜਮਾਤ ਵਿਚ ਸਭ ਨਾਲੋਂ ਫਿਸੜੀ ਸੀ। ਸਕੂਲੋਂ ਘਰ ਲਈ ਮਿਲਿਆ ਕੰਮ ਦੋਵੇਂ ਇਕੱਠੇ ਬੈਠ ਕੇ ਕਰਨ ਲੱਗੇ—ਸਕੂਲ ਵਿਚ ਜਾਂ ਫੇਰ ਅਲਕੀਨਾ ਦੇ ਘਰ। ਜਿਮ ਦੇ ਆਪਣੇ ਠਿਕਾਣੇ ਉੱਤੇ ਤਾਂ—ਜਾਂ ਤਾਂ ਸਕੂਲ ਦਾ ਕੰਮ ਹੋ ਸਕਦਾ ਸੀ ਜਾਂ ਫੇਰ ਕਰਿਸਚੀਅਨ-ਬਰਦਰਸ ਦੀ ਵਗਾਰ! ਉਹ ਜਾਣਦੇ ਸਨ ਕਿ ਮੁੰਡਾ ਉਹਨਾਂ ਦੇ ਵੱਸੋਂ ਬਾਹਰ ਸੀ ਤੇ 'ਵਿਗੜ' ਰਿਹਾ ਸੀ। ਵਚਿੱਤਰ ਵਿਗਾੜ ਸੀ ਇਹ! ਜਮਾਤ ਦਾ ਸਾਲਾਨਾ ਨਤੀਜਾ ਆਇਆ ਤਾਂ ਦੋਵੇਂ ਮਿੱਤਰ ਲਗਭਗ ਟਾਪ 'ਤੇ ਸਨ। ਖਾਸੇ ਪ੍ਰਭਾਵਿਤ ਹੋਏ ਸਕੂਲ ਵਾਲੇ ਵੀ ਤੇ ਅਲਕੀਨਾ ਦਾ ਪਰਿਵਾਰ ਵੀ। ਬਦਲੇ ਵਿਚ ਆਦਿਵਾਸੀ ਤਿਓਹਾਰਾਂ ਸਮੇਂ ਤੇ ਪਰਿਵਾਰ ਵਿਚ ਹਰੇਕ ਦੇ ਜਨਮ ਦਿਨ ਉੱਤੇ ਉਸਨੂੰ ਤੋਹਫ਼ੇ ਮਿਲਦੇ, ਨਵੇਂ ਕੱਪੜੇ ਤੇ ਬੂਟ ਮਿਲਦੇ। ਸਕੂਲ ਦੇ 'ਪੂਅਰ-ਫੰਡ' ਵਿਚੋਂ ਵੱਖਰੀ ਸਹਾਇਤਾ ਮਿਲਦੀ।
ਕਰਿਸਚੀਅਨ-ਬਰਦਰਸ ਦੀ 'ਕੇਅਰ' ਤਾਂ ਬਸ ਨਾਂ ਦੀ ਹੀ ਰਹਿ ਗਈ ਸੀ। ਜਿਮ ਨੂੰ ਸੰਭਾਲ ਲਿਆ ਸੀ ਉਸ ਆਦਿਵਾਸੀ ਪਰਿਵਾਰ ਨੇ। ਕੁਝ ਸਮੇਂ ਤੱਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਦੂਜੇ ਬਾਲ-ਗ਼ੁਲਾਮਾਂ ਦੀ ਬਗ਼ਾਵਤ ਦੇ ਡਰ ਸਦਕਾ ਕਰਿਸਚੀਅਨ-ਬਰਦਰਸ ਜਿਮ ਦੇ ਰਾਹ ਵਿਚ ਰੋੜੇ ਅੜਾਉਣ ਲੱਗੇ। ਉਹ ਸਵੇਰੇ-ਸਵੇਰੇ ਹੀ ਉਸਨੂੰ ਏਨਾ ਕੰਮ ਦੇ ਦਿੰਦੇ ਕਿ ਉਸਦਾ ਸਕੂਲ ਜਾਣ ਦੁੱਭਰ ਹੋ ਜਾਂਦਾ। ਉਹ ਦੇਰ ਨਾਲ ਪਹੁੰਚਦਾ ਤੇ ਸੰਸਥਾ ਵਿਚ ਵਧੇਰੇ ਕੰਮ ਹੋਣ ਦਾ ਕਾਰਨ ਦੱਸਦਾ।
ਸਕੂਲ ਵਾਲਿਆਂ ਨੂੰ ਕਰਿਸਚੀਅਨ-ਬਰਦਰਸ ਬਾਰੇ ਪੂਰੀ ਜਾਣਕਾਰੀ ਸੀ ਪਰ ਉਹ ਉਹਨਾਂ ਨਾਲ ਭਿੜਣਾ ਨਹੀਂ ਸੀ ਚਾਹੁੰਦੇ। ਜਿਮ ਦੀ ਟੀਚਰ ਮਿਸ ਸਿੰਪਸਨ ਉਸਦੀ ਮਦਦ ਕਰਨਾ ਚਾਹੁੰਦੀ ਸੀ। ਉਹਨੇ ਭਰੀ ਜਮਾਤ ਵਿਚ ਅਪੀਲ ਕੀਤੀ ਕਿ ਸਕੂਲ ਤੋਂ ਪਹਿਲਾਂ ਜਾਂ ਸਕੂਲ ਤੋਂ ਬਾਅਦ ਕੋਈ ਉਸਦੀ ਮਦਦ ਕਰ ਦਿਆ ਕਰੇ। ਬਾਕੀ ਬੱਚੇ ਤਾਂ ਇਕ ਦੂਜੇ ਦਾ ਮੂੰਹ ਦੇਖਦੇ ਰਹੇ, ਅਲਕੀਨਾ ਨੇ ਆਪਣਾ ਹੱਥ ਖੜ੍ਹਾ ਕਰ ਦਿੱਤਾ। ਮੁਫ਼ਤ ਵਿਚ ਮਿਲੀ ਇਕ ਹੋਰ ਮਜ਼ਦੂਰ ਦਾ ਕਰਿਸਚੀਅਨ-ਬਰਦਰਸ ਨੂੰ ਭਲਾਂ ਕੀ ਇਤਰਾਜ਼ ਹੁੰਦਾ?
ਹੁਣ ਉਹ ਹਰ ਦਿਨ, ਹਰ ਸ਼ਾਮ ਨਾਲੋ-ਨਾਲ ਹੁੰਦੇ। ਸਕੂਲ ਵਿਚ ਤੇ ਸਕੂਲ ਤੋਂ ਬਾਅਦ ਫਲਾਂ ਦੇ ਬਾਗ਼ਾਂ ਵਿਚ। ਜਿਮ ਚੌਦਾਂ ਦਾ ਹੋ ਗਿਆ ਸੀ ਅਲਕੀਨਾ ਸੋਲਾਂ ਦੀ। ਸ਼ੁਰੂ-ਸ਼ੁਰੂ ਦਾ ਸਨੇਹ-ਮਿਲਣ ਹੁਣ ਗਲਵਕੜੀਆਂ ਦੁਆਰਾ ਦਰਸਾਇਆ ਜਾਣ ਲੱਗਾ ਸੀ। ਜੇਮਸ ਨੂੰ ਉਹ ਜਿਮ ਨਹੀਂ 'ਡਾਰਲਿੰਗ ਜਿੰਮੀ' ਕਹਿ ਕੇ ਬੁਲਾਉਂਦੀ ਸੀ ਤੇ ਅਲਕੀਨਾ ਹੋ ਗਈ ਸੀ ਜਿਮ ਦੀ 'ਅਲਕੀ'।
ਆਦਿਵਾਸੀਆਂ ਵਿਚ ਜਲਦੀ ਸ਼ਾਦੀ ਕਰ ਦੇਣ ਦਾ ਰਿਵਾਜ਼ ਹੈ। ਅਲਕੀਨਾ ਦੇ ਸੁਝਾਅ 'ਤੇ ਪ੍ਰਗਤੀਵਾਦੀ ਪਿਤਾ ਨੇ ਸਾਫ਼ ਇਨਕਾਰ ਕਰ ਦਿੱਤਾ।
“ਜਿਮ ਅਜੇ ਬੜਾ ਛੋਟਾ ਏ। ਅਜੇ ਮੰਗਨੀ ਕਰ ਲਓ। ਸ਼ਾਦੀ ਜਿਮ ਦੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਹੋਵੇਗੀ।”
“ਤਾਂ ਫੇਰ ਮੈਂ ਵੀ ਉਸਦੇ ਨਾਲ ਕਾਲਜ 'ਚ ਪੜ੍ਹਾਂਗੀ।”
ਭਾਵੇਂ ਅਸੀਂ ਕਿਸੇ ਵੀ ਅਣਦੇਖੇ ਭਗਵਾਨ ਨੂੰ ਆਪਣਾ ਜਨਮ-ਦਾਤਾ ਮੰਦੇ ਰਹੀਏ, ਜਿਮ ਲਈ ਉਸਦੀ ਮਾਂ, ਉਸਦੀ ਜਨਨੀ ਹੀ ਉਸਦੀ ਭਗਵਾਨ ਸੀ। ਉਸਦੀ ਜਮਾਤ ਵਿਚ ਇਕ ਲੇਖ ਮੁਕਾਬਲਾ ਹੋਇਆ। 'ਮਾਂ' 'ਤੇ ਲੇਖ ਲਿਖਿਆ ਜਾਣਾ ਸੀ ਤੇ ਸਭ ਤੋਂ ਵਧੀਆ ਲੇਖ ਉੱਤੇ ਪੰਜ ਡਾਲਰ ਦਾ ਇਨਾਮ ਸੀ। ਜਿਮ ਨੇ ਇਕ ਬੜਾ ਸੁੰਦਰ ਲੇਖ ਲਿਖਿਆ ਜਿਸਦਾ ਆਖ਼ਰੀ ਵਾਕ ਸੀ ’My mother is my God!’ ਜਿਮ ਨੂੰ ਇਨਾਮ ਦਿੱਤਾ ਗਿਆ ਪਰ ਉਸਦੀ ਟੀਚਰ ਮਿਸ ਸਿੰਪਸਨ ਨੇ ਇਸ ਵਾਕ ਨੂੰ ਕੱਟ ਕੇ ਸ਼ੁੱਧ ਕੀਤਾ ‘My mother is like a goddess for me.’ ਮੁੰਡਾ ਤਾਂ ਟੀਚਰ ਦੇ ਸਾਹਮਣੇ ਤਣ ਕੇ ਖੜ੍ਹਾ ਹੋ ਗਿਆ—
”Sorry, teacher. My mother is my God.’ 
ਸ਼ਰਮਿੰਦਾ ਹੋ ਗਈ ਵਿਚਾਰੀ ਟੀਚਰ। ਉਸਨੇ ਆਪਣੀ ਸੋਧ ਨੂੰ ਆਪਣੇ ਹੱਥੀਂ ਕੱਟ ਕੇ ਜਿਮ ਦੇ ਵਾਕ ਨੂੰ ਦੁਬਾਰਾ ਲਿਖ ਦਿੱਤਾ।
ਪੰਜ ਡਾਲਰ ਤਾਂ ਕੀ, ਜਿਮ ਦੇ ਹੱਥ ਵਿਚ ਉਦੋਂ ਤੱਕ ਕਦੀ ਪੰਜ ਸੈਂਟ ਵੀ ਨਹੀਂ ਸੀ ਆਏ। ਤਾਂ ਫੇਰ ਕਿੰਜ ਲਿਖਦਾ ਉਹ ਮਾਂ ਨੂੰ ਖ਼ਤ? ਲੇਖ ਦੀ ਫੋਟੋ ਕਾਪੀ ਕਰਵਾਈ ਗਈ। ਅਲਕੀਨਾ ਦੇ ਪਤੇ ਤੋਂ ਜਿਮ ਨੇ ਉਸਨੂੰ ਖ਼ਤ ਲਿਖ ਦਿੱਤਾ। ਦੇਰ ਨਾਲ ਲਿਖਣ ਦਾ ਕਾਰਨ, ਸਕੂਲ ਦੀ ਪੜ੍ਹਾਈ ਵਿਚ ਆਪਣੀ ਯੋਗਤਾ, ਨਾਲ ਨੱਥੀ ਕੀਤਾ ਇਨਾਮ ਜੇਤੂ ਲੇਖ ਤੇ ਪੰਜ ਡਾਲਰ ਦੇ ਇਨਾਮ ਦੀ ਗੱਲ ਲਿਖੀ। ਖ਼ੁਸ਼ੀ-ਖ਼ੁਸ਼ੀ ਉਹ ਖ਼ਤ ਡਾਕ ਵਿਚ ਪਾ ਆਇਆ ਤੇ ਬੜੇ ਚਾਵਾਂ ਨਾਲ ਮਾਂ ਦੇ ਖ਼ਤ ਦੀ ਉਡੀਕ ਕਰਨ ਲੱਗਾ।
ਮਾਂ ਦਾ ਉਤਰ ਕੀ ਆਉਂਦਾ ਜਦੋਂ ਖ਼ਤ ਹੀ ਵਾਪਸ ਆ ਗਿਆ—”Returned to sender. Addressee not traceable.” ਉਸਨੂੰ ਲਿਫ਼ਾਫ਼ਾ ਫੜਾ ਕੇ ਅਲਕੀਨਾ ਬੜੀ ਪਛਤਾਈ। ਦੋਵੇਂ ਗਲ਼ ਲੱਗ ਕੇ ਦੇਰ ਤੱਕ ਰੋਂਦੇ ਰਹੇ।
“ਮੰਮੀ ਗਵਾਚ ਗਈ...ਅਲਕੀ, ਮੇਰੀ ਮੰਮੀ ਗਵਾਚ ਗਈ...ਕਿਵੇਂ ਤੇ ਕਿੱਥੇ ਲੱਭਾਂ ਉਸਨੂੰ? ਮੰਮੀ, ਮੇਰੀ ਮੰਮੀ!”
ਅਲਕੀ ਵੀ ਕੀ ਦਿਲਾਸਾ ਦਿੰਦੀ? ਬਸ, ਕਹਿ ਦਿੱਤਾ, “ਸਾਰੀ ਜਿਮ! ਮੈਨੂੰ ਇਹ ਲਿਫ਼ਾਫ਼ਾ ਤੈਨੂੰ ਦੇਣਾ ਈ ਨਈਂ ਸੀ ਚਾਹੀਦਾ। ਉਡੀਕ ਤਾਂ ਰਹਿੰਦੀ, ਉਮੀਦ ਤਾਂ ਰਹਿੰਦੀ।”
ਜੇਮਸ ਹਿਲ ਦੀ ਸਕਰੈਪ-ਬੁੱਕ...'ਸਕਰੈਪ-ਬੁੱਕ ਆਫ਼ ਦੀ ਲਾਈਫ਼' ਸ਼ੁਰੂ ਤੋਂ ਆਖ਼ਰ ਤੱਕ ਦੇਖ ਲਈ ਹੈ ਮੈਂ! ਉਸਦੀ ਇਕ ਪਾਕੇਟ ਵਿਚ ਉਸਦਾ ਲੇਖ ਵੀ ਪੜ੍ਹ ਲਿਆ ਹੈ। ਸੋਨੇ ਦੇ ਅੱਖਰਾਂ ਵਿਚ ਲਿਖੇ ਜਾਣ ਵਾਲੇ ਉਸਦੇ ਵਾਕ ‘My mother is my God.’ ਤੇ ਟੀਚਰ ਦੀ ਲਾਲ ਲਕੀਰ ਤੇ ਫੇਰ ਭੁੱਲ ਸੁਧਾਰ ਨੂੰ ਵੀ ਪੜ੍ਹ ਲਿਆ ਹੈ ਮੈਂ। ਸਕਰੈਪ ਬੁੱਕ ਦੇ ਅਖ਼ੀਰਲੇ ਸਫ਼ੇ ਉੱਤੇ ਅਲਕੀਨਾ ਦੀ ਫੋਟੋ ਵੀ ਲੱਗੀ ਹੋਈ ਹੈ। ਉਸਦੇ ਘੁੰਘਰਾਲੇ ਵਾਲ। ਗੂੜ੍ਹੇ ਕਾਲੇ ਚਿਹਰੇ ਨੂੰ ਸਜਾਉਂਦਾ ਉਸਦਾ ਚੌੜਾ ਮੱਥਾ ਤੇ ਹੇਠ ਚਮਕਦੀਆਂ ਉਸਦੀਆਂ ਦੋ ਭੋਲੀਆਂ-ਭਾਲੀਆਂ ਅੱਖਾਂ, ਫਿੱਡਾ ਆਦਿਵਾਸੀ ਨੱਕ ਤੇ ਮੋਟੇ-ਮੋਟੇ ਬੁੱਲ੍ਹ—ਫੇਰ ਵੀ ਫੋਟੋ ਵਿਚ ਉਹ ਬੜੀ ਸੁੰਦਰ ਲੱਗ ਰਹੀ ਹੈ। ਪਰ ਹੁਣ ਉਹ ਮੋਹਨੀ ਮੂਰਤ ਨਹੀਂ ਰਹੀ। ਉਸਦਾ ਕਤਲ ਹੋ ਚੁੱਕਿਆ ਹੈ। ਉਹ ਬਾਗ਼ ਵਿਚੋਂ ਫਲ ਚੁਰਾ ਰਹੀ ਸੀ। ਕਿਸੇ ਨੇ ਪਿੱਛੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੀ ਉਸਦੇ ਨਾਲ ਬਲਾਤਕਾਰ ਵੀ ਹੋਇਆ ਸੀ? ਪੁਲਿਸ ਆਈ, ਪੁੱਛ-ਪੜਤਾਲ ਹੋਈ, ਬਿਆਨ ਲਏ ਗਏ, ਪੋਸਟਮਾਰਟਮ ਵੀ ਹੋਇਆ ਪਰ ਕੋਈ ਗਿਰਫ਼ਤਾਰੀ ਨਹੀਂ ਹੋਈ। ਚੁੱਪਚਾਪ ਉਸਨੂੰ ਦਫ਼ਨਾ ਦਿੱਤਾ ਗਿਆ।
ਇਕ ਸਕਰੈਪ-ਬੁੱਕ ਵਿਚ ਪੂਰੀ ਜ਼ਿੰਦਗੀ ਤਾਂ ਨਹੀਂ ਸਿਮਟ ਸਕਦੀ। ਉਸ ਬੰਦ ਕਿਤਾਬ ਦੇ ਬਾਹਰ ਵੀ ਤਾਂ ਦੁਨੀਆ ਹੁੰਦੀ ਹੈ...ਉਸਦੇ ਭਲ਼ੇ, ਭੱਦੇ ਰੰਗ ਹੁੰਦੇ ਨੇ। ਨਿਯੋਕਾ ਜਿਮ ਨੂੰ ਆਪਣੇ ਭਾਵੀ ਜਵਾਈ ਦੇ ਰੂਪ ਵਿਚ ਦੇਖਦਾ ਸੀ। ਜਦੋਂ ਅਣਵਿਆਹੀ ਧੀ ਹੀ ਨਹੀਂ ਰਹੀ ਤਾਂ ਜਵਾਈ ਕਾਹਦਾ? ਫੇਰ ਵੀ ਨਿਯੋਕਾ ਦਾ ਮੋਹ ਓਵੇਂ ਹੀ ਰਿਹਾ...ਪਰ ਮੁੰਡਾ ਆਪਣੇ-ਆਪ ਨੂੰ ਬੇਸਹਾਰਾ ਸਮਝਣ ਲੱਗ ਪਿਆ ਸੀ ਤੇ ਵਿੰਡੂਨ ਵਿਚ ਕਰਿਸਚੀਅਨ-ਬਰਦਰਸ ਦੀ ਅਖੌਤੀ 'ਕੇਅਰ' ਬਣੀ ਹੋਈ ਸੀ ਜੀਅ ਦਾ ਜੰਜਾਲ!
ਇੰਗਲੈਂਡ ਤੋਂ ਪਾਦਰੀ ਮਿਸੇਜ ਮਾਰਗਰੇਟ ਹੰਮਫ਼ਰੀਜ਼ ਨੇ ਮੁਕਤੀ ਦਿਵਾਈ। ਉਹ ਜਿਮ ਨੂੰ ਵਿੰਡੂਨ ਵਿਚੋਂ ਕੱਢ ਕੇ ਪਰਥ ਲੈ ਆਈ ਜਿੱਥੇ ਉਸਦੀ ਸਕੂਲ ਦੀ ਪੜ੍ਹਾਈ ਪੂਰੀ ਹੋਈ।
ਮਿਸੇਜ਼ ਹੰਮਫ਼ਰੀਜ਼ ਦਾ ਆਦਰਸ਼ ਹੈ ਮਦਰ ਟਰੇਸਾ। ਉਹਨੇ ਇਹਨਾਂ ਦੁੱਖੀ ਬੱਚਿਆਂ ਤੇ ਇਹਨਾਂ ਦੇ ਪਰਿਵਾਰਾਂ ਦੇ ਦਰਦ ਨੂੰ ਅਪਣਾਅ ਲਿਆ ਹੈ। ਉਹਨੂੰ ਮੌਤ ਦੀਆਂ ਧਮਕੀਆਂ ਵੀ ਮਿਲੀਆਂ ਕਿਉਂਕਿ ਉਹ ਅਖੌਤੀ ਧਾਰਮਕ ਤੇ ਰਾਜਨੀਤਕ ਮਹਾਨ ਹਸਤੀਆਂ ਨੂੰ ਬੇਨਕਾਬ ਕਰ ਰਹੀ ਸੀ। ਉਹ ਲਗਭਗ ਇਕ ਹਜ਼ਾਰ ਪਰਿਵਾਰਾਂ ਨੂੰ ਜੋੜਨ ਵਿਚ ਸਫ਼ਲ ਹੋ ਗਈ। ਉਹਦਾ ਇਹ ਨੇਕ ਮਿਸ਼ਨ ਉਦੋਂ ਸ਼ੁਰੂ ਹੋਇਆ ਜਦੋਂ ਮਾਤਰਹੀਣ ਕਹੀਆਂ ਗਈਆਂ ਬਚਪਨ ਤੋਂ ਆਸਟਰੇਲੀਆਂ ਵਿਚ ਦੇਸ਼ ਵਿਛੋੜਾ ਭੋਗ ਰਹੀਆਂ ਦੋ ਔਰਤਾਂ ਨਾਟਿੰਗਮ ਵਿਚ ਉਹਨਾਂ ਨੂੰ ਆ ਕੇ ਮਿਲੀਆਂ। ਮਿਸੇਜ਼ ਹੰਮਫ਼ਰੀਜ਼ ਦੀ ਖੋਜ ਤੋਂ ਬਾਅਦ ਦੋਵਾਂ ਦੀਆਂ ਮਾਵਾਂ ਜਿਉਂਦੀਆਂ ਮਿਲੀਆਂ। ਇਹਨਾਂ ਦੋਵਾਂ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਜਹਾਜ਼ ਵਿਚ ਸੈਂਕੜੇ ਬੱਚੇ ਹੋਰ ਵੀ ਸਨ। ਉਦੋਂ ਭੇਦ ਖੁੱਲ੍ਹਿਆ ਕਿ ਉਹਨਾਂ ਵਰਗੇ ਕੋਈ ਦਸ ਹਜ਼ਾਰ ਬੱਚੇ ਆਸਟਰੇਲੀਆਂ ਵਿਚ ਹੋਰ ਵੀ ਨੇ। ਆਸਟਰੇਲੀਆ ਦੇ ਅਖ਼ਬਾਰਾਂ ਵਿਚ ਵਿਗਿਆਪਨ ਛਪੇ ਜਿਹਨਾਂ ਵਿਚ ਇਹਨਾਂ ਬੱਚਿਆਂ ਲਈ ਉਹਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਹਜ਼ਾਰਾਂ ਜਵਾਬ ਆਏ। ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜਿਹੜੇ ਆਪਣੇ ਬਚਪਨ ਵਿਚ ਵਿੰਡੂਨ ਜਾਂ ਵਿੰਡੂਨ ਵਰਗੀਆਂ ਸੰਸਥਾਵਾਂ ਵਿਚ ਦੁੱਖ ਭੋਗ ਚੁੱਕੇ ਸਨ। ਕੰਮ ਔਖਾ ਸੀ ਤੇ ਸ਼ੁਰੂ-ਸ਼ੁਰੂ ਵਿਚ ਅਸੰਭਵ ਲੱਗਦਾ ਸੀ। ਉਹਨਾਂ ਪਰਥ ਤੇ ਮੇਲਬੋਰਨ ਵਿਚ ਇਹਨਾਂ ਬੱਚਿਆਂ ਤੇ ਇਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ Child Migrants “rust ਬਣਾਇਆ। ਅਸੰਭਵ ਨੂੰ ਸੰਭਵ ਕਰ ਦਿਖਾਇਆ!
ਮਿਸੇਜ਼ ਹੰਫ਼ਰੀਜ਼ ਨੂੰ ਆਸਟਰੇਲੀਆ ਵਿਚਲੇ ਇਹਨਾਂ ਬੱਚਿਆਂ ਦੀ ਪੂਰੀ ਖ਼ਬਰ ਮਿਲ ਚੁੱਕੀ ਸੀ ਤੇ ਉਹਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੀਆਂ ਸ਼ਿਕਾਇਤਾਂ ਭੇਜ ਦਿੱਤੀਆਂ ਸਨ ਤੇ ਉਸਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਛੇਤੀ ਹੀ ਇਹਨਾਂ ਸਾਰੇ ਜ਼ਾਲਮਾਂ ਨੂੰ ਕੋਰਟ ਵਿਚ ਘਸੀਟਿਆ ਜਾਵੇਗਾ। ਮਿਸੇਜ਼ ਹੰਫ਼ਰੀਜ਼ ਦੀ ਪੁੱਛਗਿੱਛ 'ਤੇ ਨੌਂ ਸਾਲ ਦੀ ਉਮਰ ਤੋਂ ਉਦੋਂ ਤੱਕ ਜੋ ਵੀ ਉਸ ਨਾਲ ਬੀਤਿਆ, ਜਿਮ ਨੇ ਸਭ ਕੁਝ ਦੱਸ ਦਿੱਤਾ। ਮੈਡਮ ਨੇ ਬੇਝਿਜਕ ਉਸਦੇ ਯੋਨ ਸ਼ੋਸ਼ਣ ਬਾਰੇ ਵੀ ਪੁੱਛ ਲਿਆ—
ਕੁਰਲਾ ਉੱਠਿਆ ਸੀ ਜਿਮ, “ਦਿਨੇ ਵੀ, ਰੁੱਖਾਂ ਨਾਲ ਬੰਨ੍ਹ-ਬੰਨ੍ਹ ਕੇ।”
ਮੈਡਮ ਨੇ ਉਸਦੇ ਅੱਥਰੂ ਪੂੰਝੇ, “ਡਰਨਾ ਨਈਂ। ਕੋਰਟ ਵਿਚ ਵੀ ਕਹਿ ਦਵੀਂ ਸਭ ਕੁਛ।”
ਜਿਮ ਨੇ 'ਹਾਂ' ਵਿਚ ਸਿਰ ਹਿਲਾਇਆ ਸੀ।
ਆਖ਼ਰ ਮਿਸੇਜ਼ ਹੰਫ਼ਰੀਜ਼ ਦੀ ਮਿਹਨਤ ਰੰਗ ਲਿਆਈ। 'ਕੇਅਰ' ਦੇ ਨਾਂ 'ਤੇ ਚਲਾਏ ਗਏ ਮਸੂਮ ਬੱਚਿਆਂ ਦੇ ਜ਼ਾਲਮ ਕੈਦਖ਼ਾਨਿਆਂ ਦੇ ਚਾਲਕਾਂ ਉੱਤੇ ਮੁਕੱਦਮੇ ਚਲਾਏ ਗਏ।
ਅਦਾਲਤ ਵਿਚ ਫੇਰ ਉਹੀ ਕਿੱਸੇ ਖੁੱਲ੍ਹ ਕੇ ਦੁਹਰਾਏ ਗਏ ਜਿਹਨਾਂ ਨੂੰ ਸੁਣ ਕੇ, ਸੁਣ ਵਾਲਿਆਂ ਤੇ ਜੱਜਾਂ, ਵਕੀਲਾਂ ਦੇ ਸਿਰ ਸ਼ਰਮ ਨਾਲ ਝੁਕ ਗਏ ਹੋਣਗੇ। ਚਮੜੇ ਦੀਆਂ ਚਾਰ ਪੇਟੀਆਂ ਵਾਲੇ ਹੰਟਰ ਵੀ ਪੇਸ਼ ਕੀਤੇ ਗਏ ਜਿਹਨਾਂ ਨਾਲ ਨਿੱਕੀਆਂ, ਕੋਮਲ ਪਿੱਠਾਂ ਉੱਤੇ ਵਾਰ ਕੀਤੇ ਗਏ ਸਨ ਤੇ ਨੰਗੀਆਂ ਪਿੱਠਾਂ ਉੱਤੇ ਉਹਨਾਂ ਦੀ ਮਾਰ ਦੇ ਅਮਿੱਟ ਨਿਸ਼ਾਨ ਵੀ ਦਿਖਾਏ ਗਏ। ਅਦਾਲਤ ਵਿਚ ਇਕ ਗਵਾਹ ਦਾ ਨਾਂ ਪੁੱਛਿਆ ਗਿਆ। ਉਸਦਾ ਉੱਤਰ ਸੀ—“ਮੈਂ ਆਪਣਾ ਸਹੀ ਨਾਂ ਨਈਂ ਦੱਸ ਸਕਦਾ।”
“ਕੀ ਕਹਿ ਰਹੇ ਓਂ ਤੁਸੀਂ? ਇਹ ਕੋਰਟ ਦਾ ਅਪਮਾਨ ਏਂ।”
“ਮੈਂ ਜਾਣਦਾ ਆਂ—ਪਰ ਤਿੰਨ ਸਾਲ ਦੀ ਉਮਰ ਵਿਚ ਈ ਇੰਗਲੈਂਡ ਵਿਚੋਂ ਮੇਰੇ ਮਾਂ-ਬਾਪ ਤੋਂ ਮੈਨੂੰ ਖੋਹ ਲਿਆ ਗਿਆ ਸੀ ਤੇ ਮੇਰਾ ਨਾਂ ਬਦਲ ਦਿੱਤਾ ਗਿਆ ਸੀ। ਮੈਂ ਅੱਜ ਵੀ ਆਪਣੀ ਪਹਿਚਾਨ ਲੱਭ ਰਿਹਾ ਆਂ। ਮੇਰੇ ਮਾਂ-ਬਾਪ ਕੌਣ ਸਨ? ਉਹਨਾਂ ਦੇ ਨਾਂ, ਉਹਨਾਂ ਦੇ ਚਿਹਰੇ ਤੱਕ ਮੈਨੂੰ ਯਾਦ ਨਈ।”
ਬਾਲ ਯੋਨ ਸ਼ੋਸ਼ਣ ਦੇ ਅਨੇਕਾਂ ਕਿੱਸੇ ਖੁੱਲ੍ਹੇ। ਨਿਯੋਕਾ ਤੇ ਜਿਮ ਦੇ ਬਿਆਨ ਵੀ ਹੋਏ। ਇਕ ਕੁੜੀ ਦੀਆਂ ਪਿਆਰੀਆਂ ਨੀਲੀਆਂ ਅੱਖਾਂ ਦੋ ਬਰਦਰਸ ਵਿਚਕਾਰ ਹੋਏ ਇਕ ਵਹਿਸ਼ੀਆਨਾ ਮੁਕਾਬਲੇ ਦਾ ਸ਼ਿਕਾਰ ਹੋ ਗਈਆਂ—ਦੋਵਾਂ ਵਿਚੋਂ ਕਿਹੜਾ ਸੌ ਵਾਰੀ ਉਸਦਾ ਬਲਾਤਕਾਰ ਕਰੇਗਾ। ਉਹ ਆਪਣੀਆਂ ਬੰਦ ਅੱਖਾਂ ਉੱਤੇ ਇਸ ਲਈ ਦੁਹੱਥੜਾਂ ਮਾਰਦੀ ਰਹੀ ਸੀ ਕਿ ਕਾਸ਼ ਅੱਖਾਂ ਦਾ ਰੰਗ ਬਦਲ ਜਾਵੇ!...ਪਰ ਅੱਖਾਂ ਦਾ ਰੰਗ ਨਹੀਂ ਸੀ ਬਦਲਿਆ ਤੇ ਉਹ ਦੋਵੇਂ ਬਲਾਤਕਾਰ ਕਰਦੇ ਰਹੇ ਸੀ। ਅਕਸਰ ਕੋਰਟ ਕਚਹਿਰੀ ਵਿਚ ਬਲਾਤਕਾਰ ਸਿੱਧ ਕਰਨਾ ਲਗਭਗ ਅਸੰਭਵ ਹੁੰਦਾ ਹੈ ਪਰ 250 ਮਾਮਲਿਆਂ ਵਿਚ ਇਸ ਅਸੰਭਵ ਵੀ ਸੰਭਵ ਹੋ ਗਿਆ। ਦੋਸ਼ੀ ਸਿੱਧ ਹੋਈਆਂ ਕਈ ਸਨਿਆਸਨਾਂ Sisters of Merch ਤੇ ਕਾਲੇ ਚੋਗੇ ਵਾਲੇ ਕਈ ਬਰਦਰਸ ਨੂੰ ਬਣਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਤੇ ਉਹ ਹੱਥਕੜੀਆਂ ਵਿਚ ਜੇਲ੍ਹ ਭੇਜੇ ਗਏ।
ਆਖ਼ਰ 'ਕੇਅਰ' ਦੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੇ ਜੁਰਮ ਸਵੀਕਾਰ ਕਰਨੇ ਪਏ। ਵਿੰਡੂਨ ਦੇ ਕਰਿਸਚੀਅਨ-ਬਰਦਰਸ ਨੇ ਪੁਰਾਣੇ ਤੇ ਵਰਤਮਾਨ ਵਾਸੀਆਂ ਨੂੰ ਦਸ-ਦਸ ਹਜ਼ਾਰ ਡਾਲਰ ਦਾ ਮੁਆਵਜ਼ਾ ਦੇਣਾ ਸਵੀਕਾਰ ਕੀਤਾ।
ਸਥਿਤੀ ਏਨੀ ਸ਼ਰਮਨਾਕ ਸੀ ਕਿ 1998 ਵਿਚ ਬ੍ਰਿਟੇਨ ਦੇ  House of commons ਦੀ ਇਕ  Select  Committee ਨੇ ਇਸ ਘਿਰਣਤ ਪੜਯੰਤਰ ਨੂੰ  ‘Britain’s Shameful Secred’ ਤਾਂ ਕਹਿ ਦਿੱਤਾ ਪਰ ਕਿਸੇ ਨੇ ਮੁਆਫ਼ੀ ਨਹੀਂ ਮੰਗੀ। 15 ਨਵੰਬਰ 2009 ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਕੈਬਿਨ ਰੱਡ ਨੇ ਪਹਿਲ ਕੀਤੀ ਤੇ ਆਸਟਰੇਲੀਅਨ ਪਾਰਲੀਮੈਂਟ ਵਿਚ ਬ੍ਰਿਟੇਨ ਤੋਂ ਅਗਵਾਹ ਕੀਤੇ ਗਏ ਬੱਚਿਆਂ ਤੋਂ ਖੁੱਲਮ-ਖੁੱਲ੍ਹਾ ਰਾਜਨੀਤਕ ਮੁਆਫ਼ੀ ਮੰਗੀ ਤੇ ਦਸ ਲੱਖ ਪਾਊਂਡ ਹਰਜਾਨਾ ਦੇਣ ਦਾ ਐਲਾਨ ਕੀਤਾ। ਇਹ ਸਾਰੇ ਬੱਚੇ ਬ੍ਰਿਟਿਸ਼ ਮੂਲ ਦੇ ਸਨ। 23 ਫਰਬਰੀ 2010 ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਗਾਰਡਨ ਬਰਾਉਨ ਨੂੰ ਵੀ ਹਾਊਸ ਆਫ ਕਾਮਨਸ ਵਿਚ ਓਵੇਂ ਹੀ ਮੁਆਫ਼ੀ ਮੰਗਣੀ ਪਈ ਤੇ ਪੀੜਤ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਸੱਠ ਲੱਖ ਪਾਊਂਡ ਦੇ ਮੁਆਵਜ਼ੇ ਦਾ ਐਲਾਨ ਕੀਤਾ।
ਮੁਆਵਜ਼ੇ ਵਜੋਂ ਜਿਮ ਨੂੰ ਵੀ ਖ਼ੂਬ ਪੈਸੇ ਮਿਲਿਆ। ਪੈਸਿਆਂ ਨਾਲ ਗਵਾਚਿਆ ਹੋਇਆ ਬਚਪਨ ਤਾਂ ਨਹੀਂ ਸੀ ਮਿਲ ਸਕਦਾ ਪਰ ਬੇਵਤਨ ਹੋਇਆ, ਉਹ ਆਪਣੀ ਗਵਾਚੀ ਹੋਈ ਮਾਂ ਨੂੰ ਲੱਭਣ ਲਈ ਇੰਗਲੈਂਡ ਜਾਣਾ ਚਾਹੁੰਦਾ ਸੀ। ਬ੍ਰਿਟਿਸ਼ ਤੇ ਫੇਰ ਆਸਟਰੇਲੀਆ ਸਰਕਾਰ ਤੋਂ ਪਾਸਪੋਰਟ ਦੀ ਮੰਗ ਕੀਤੀ ਪਰ ਉਸਨੂੰ ਇਨਕਾਰ ਹੀ ਮਿਲਿਆ। ਜੇ ਅਲਕੀਨਾ ਨਾਲ ਉਸਦਾ ਵਿਆਹ ਹੋ ਜਾਂਦਾ ਤਾਂ ਉਹ ਆਸਟਰੇਲੀਅਨ ਨਾਗਰਿਕ ਦਾ ਪਤੀ ਹੁੰਦਾ ਤੇ ਆਸਟਰੇਲੀਆ ਦਾ ਪਾਸਪੋਰਟ ਆਸਾਨੀ ਨਾਲ ਮਿਲ ਜਾਂਦਾ। ਇਕ ਜਿਊਂਦੇ ਜਾਗਦੇ ਇਨਸਾਨ ਤੋਂ ਕਾਗਜ਼ੀ ਸਬੂਤ ਮੰਗੇ ਜਾ ਰਹੇ ਸਨ...ਮਾਂ ਦੇ ਹੱਥ ਦੀ ਲਿਖੀ ਸਕਰੈਪ-ਬੁੱਕ ਦਾ ਇਕ ਸਫ਼ਾ ਤਾਂ ਸਰਕਾਰੀ ਬਰਥ-ਸਰਟਿਫੀਕੇਟ ਨਹੀਂ ਸੀ ਮੰਨਿਆਂ ਜਾ ਸਕਦਾ। ਬ੍ਰਿਟੇਨ ਵਿਚ ਉਸਦੇ ਜਨਮ ਦਾ ਪ੍ਰਮਾਣ-ਪੱਤਰ ਮੰਗਿਆ ਗਿਆ...ਤੇ ਨਾਲ ਮੰਗੇ ਗਏ ਬ੍ਰਿਟੇਨ 'ਚੋਂ ਜਾਣ ਤੇ ਆਸਟਰੇਲੀਆ ਵਿਚ ਪ੍ਰਵੇਸ਼ ਦੇ ਕਾਗਜ਼ੀ ਸਬੂਤ!
“ਮੈਂ ਕੀ ਪੇਸ਼ ਕਰਦਾ? ਜ਼ਾਲਮਾਂ ਨੇ ਆਪਣੇ ਗੁਨਾਹਾਂ ਦਾ ਕੋਈ ਸਬੂਤ ਨਈਂ ਸੀ ਛੱਡਿਆ ਮੇਰੇ ਕੋਲ?”
ਜਿਮ ਦੀ ਇਹ ਸ਼ਿਕਾਇਤ ਸੀ ਦੋਵਾਂ ਸਰਕਾਰਾਂ ਪ੍ਰਤੀ, ਉਹਨਾਂ ਦੇ ਨੇਤਾਵਾਂ ਪ੍ਰਤੀ, ਅਧਿਕਾਰੀਆਂ ਪ੍ਰਤੀ ਪਰ ਉਸਨੇ ਸਵਾਲ ਕੀਤਾ ਮੈਨੂੰ, “ਜਿਹਨਾਂ ਲੋਕਾਂ ਨੇ ਉਸ ਦੁੱਖਦਾਈ, ਨਾਜਾਇਜ਼ ਸਮਝੌਤੇ ਤਹਿਤ ਸਾਡੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ—ਬਹੁਤ ਸਾਰੇ ਅੱਜ ਵੀ ਜਿਊਂਦੇ ਹੋਣਗੇ, ਉੱਚੇ ਅਹੁਦਿਆਂ 'ਤੇ ਬੈਠੇ ਹੋਣਗੇ—ਉਹਨਾਂ ਨਵੇਂ ਹਿਟਲਰਾਂ ਉੱਤੇ ਕਦੋਂ ਮੁਕੱਦਮਾ ਚੱਲੇਗਾ? ਉਹਨਾਂ ਨੂੰ ਕੌਣ ਜੇਲ੍ਹ ਭੇਜੇਗਾ?”
ਸੁਣਦਾ ਰਿਹਾ ਮੈਂ—ਜਵਾਬ ਕੀ ਦਿੰਦਾ?
ਆਸਟਰੇਲੀਆ ਵਿਚ ਮੇਰੀ ਰਿਸਰਚ ਦਾ ਕੰਮ ਪੂਰਾ ਹੋ ਗਿਆ ਸੀ ਤੇ ਉੱਥੇ ਉਹ ਮੇਰੀ ਆਖ਼ਰੀ ਸ਼ਾਮ ਸੀ। ਅਸੀਂ ਦੋਵਾਂ ਨੇ ਇਕ ਵਧੀਆ ਰੇਸਤਰਾਂ ਵਿਚ ਡਿਨਰ ਕੀਤਾ। ਤਿੰਨ ਮਹੀਨਿਆਂ ਵਿਚ ਜਿਮ ਦੀ ਟੈਕਸੀ ਦਾ ਭਾੜਾ ਪੰਜ ਹਜ਼ਾਰ ਚਾਰ ਸੌ ਡਾਲਰ ਬਣਿਆਂ ਸੀ। ਮੈਂ ਦਿਲੀ ਧੰਨਵਾਦ ਨਾਲ ਇਕ ਬੰਦ ਲਿਫ਼ਾਫ਼ੇ ਵਿਚ ਉਸਨੂੰ ਛੇ ਹਜ਼ਾਰ ਡਾਲਰ ਪਾ ਕੇ ਦੇ ਦਿੱਤੇ ਤੇ ਉਸਨੇ ਮੈਨੂੰ ਦੇ ਦਿੱਤੀ ਆਪਣੀ ਸਕਰੈਪ-ਬੁੱਕ ਦੇ ਉਸ ਸਫ਼ੇ ਦੀ ਫੋਟੋ ਕਾਪੀ ਜਿਸ ਵਿਚ ਮਾਂ ਨਾਲ ਉਸਦੇ ਬਚਪਨ ਦੀ ਤਸਵੀਰ ਸੀ।
“ਮੁਆਫ਼ ਕਰੀਂ ਦੋਸਤ ਆਪਣੇ ਦੁੱਖ 'ਚ ਤੈਨੂੰ ਵੀ ਘਸੀਟ ਰਿਹਾਂ। ਕੁਛ ਬੋਝ ਤਾਂ ਤੈਨੂੰ ਵੀ ਢੋਣਾ ਪਵੇਗਾ। ਜਿਵੇਂ ਵੀ ਹੋਵੇ, ਕਿਤੋਂ ਵੀ, ਕਿਸੇ ਤਰ੍ਹਾਂ ਮੇਰੀ ਮੰਮੀ ਨੂੰ ਲੱਭ ਦਵੀਂ। ਸਾਰੀ ਉਮਰ ਤੇਰੀ ਗੁਲਾਮੀ ਕਰਾਂਗਾ।”
ਉਸਦੀਆਂ ਬੇਚੈਨ ਸਿੱਜਲ ਪਲਕਾਂ ਤੇ ਕੰਬਦੇ ਹੋਏ ਬੁੱਲ! ਇਨਕਾਰ ਦਾ ਤਾਂ ਸਵਾਲ ਹੀ ਨਹੀਂ ਸੀ। ਅਗਲੇ ਦਿਨ ਉਹ ਮੈਨੂੰ ਏਅਰਪੋਰਟ ਉੱਤੇ ਛੱਡਣ ਆਇਆ। ਗਲ਼ੇ ਮਿਲੇ, ਵਿਦਾਈ ਹੋਈ ਤੇ ਮੈਂ ਜਹਾਜ਼ ਚੜ੍ਹ ਗਿਆ।
ਪਲੇਨ ਦਾ ਲੰਮਾ ਸਫ਼ਰ ਸ਼ੁਰੂ ਹੋਇਆ ਤਾਂ ਸੋਚਿਆ ਆਪਣਾ ਥੀਸਿਸ ਇਕ ਵਾਰ ਫੇਰ ਪੜ੍ਹ ਲਵਾਂ। ਕੋਈ ਕੱਟ-ਵੱਢ ਜ਼ਰੂਰੀ ਹੋਵੇ ਤਾਂ ਕਰ ਲਵਾਂ। ਬਰੀਫ਼ ਕੇਸ ਵਿਚ ਹੱਥ ਪਾਇਆ ਤਾਂ ਮੇਰੇ ਹੱਥ ਵਿਚ ਆ ਗਿਆ ਨੋਟਾਂ ਵਾਲਾ ਜਿਮ ਨੂੰ ਦਿੱਤਾ ਉਹੀ ਲਿਫ਼ਾਫ਼ਾ। ਪਤਾ ਨਹੀਂ ਕਦੋਂ ਅੱਖ ਬਚਾਅ ਕੇ ਉਸਨੇ ਇਹ ਖੇਡ, ਖੇਡੀ ਸੀ! ਇਕ ਰੁੱਕਾ ਵੀ ਸੀ ਨਾਲ—“ਮੈਂ ਤੇਰਾ ਨੁਕਸਾਨ ਨਈਂ ਚਾਹੁੰਦਾ। ਮੰਮੀ ਨੂੰ ਲੱਭਣ ਵਿਚ ਪੈਸੇ ਤਾਂ ਲੱਗਣਗੇ ਈ। ਲੋੜ ਹੋਵੇ ਤਾਂ ਹੋਰ ਮੰਗਵਾ ਲਵੀਂ...ਪਰ ਮੇਰੀ ਮੰਮੀ ਨੂੰ ਜ਼ਰੂਰ ਲੱਭੀਂ...ਪਲੀਜ਼, ਪਲੀਜ਼, ਪਲੀਜ਼!”
ਇਕ ਹਥੌੜਾ-ਜਿਹਾ ਵੱਜਿਆ!
ਯੂਨੀਵਰਸਟੀ ਵਿਚ ਮੇਰੀ ਥੀਸਿਸ ਸਵੀਕਾਰ ਹੋ ਗਈ ਤੇ ਮੈਨੂੰ ਪੀ.ਐਚ.ਡੀ. ਦੀ ਡਿਗਰੀ ਵੀ ਮਿਲ ਗਈ ਪਰ ਜਿਮ ਦੀ ਮੰਮੀ ਨਹੀਂ ਮਿਲੀ। ਉਸਦੇ ਪੁਰਾਣੇ ਘਰ ਤੇ ਆਂਢ-ਗੁਆਂਢ ਦੇ ਕਈ ਘਰਾਂ ਦੇ ਦਰਵਾਜ਼ੇ ਖੜਕਾਏ, ਪਰ ਨਿਰਾਸ਼ਾ ਹੀ ਮਿਲੀ।
ਇਕ ਸਦ-ਭਰਮਾਉਣ ਵਾਲਾ ਸ਼ਬਦ ਹੈ 'ਸ਼ਾਇਦ'...ਜਿਹੜਾ ਸ਼ੰਕਿਆਂ ਤੇ ਉਮੀਦਾਂ ਵਿਚਕਾਰ ਲਟਕਾਈ ਰੱਖਦਾ ਹੈ। ਲਗਾਤਾਰ ਚੁਭਦਾ ਰਹਿੰਦਾ ਹੈ। ਮੈਂ ਉਸ ਦੇ ਘਰ ਦੇ ਸਾਹਮਣੇ ਵਾਲੀ ਸੜਕ ਉੱਤੇ ਚੱਕਰ ਤੇ ਚੱਕਰ ਲਾਏ। ਇਸ ਉਮੀਦ ਨਾਲ ਕਿ ਹੁਣੇ ਇਕ ਮਾਂ ਆਵੇਗੀ। ਮੈਂ ਜੇਮਸ ਹਿਲ ਦਾ ਨਾਂ ਲਵਾਂਗਾ ਤੇ ਉਹ ਉਤਸਾਹ ਨਾਲ ਪੁੱਛੇਗੀ, 'ਕੈਸਾ ਏ ਮੇਰਾ ਪੁੱਤਰ!'
ਇਕ ਬੁੱਢੀ ਪੁਰਾਣੀ ਗੁਆਂਢਣ, ਮਿਸੇਜ਼ ਟੇਲਰ ਨਾਲ ਮੁਲਾਕਾਤ ਹੋ ਗਈ। ਉਸਨੂੰ ਇਸ ਮਾਂ-ਪੁੱਤਰ ਦੀ ਤਸਵੀਰ ਦਿਖਾਈ। ਕੁਝ ਚਿਰ ਅਤੀਤ ਦੀ ਧੁੰਦ ਵਿਚ ਗਵਾਚੀ ਰਹੀ ਉਹ ਮੈਡਮ। ਫੇਰ ਜਿਵੇਂ ਕਿਸੇ ਔਖੀ ਬੁਝਾਰਤ ਦੇ ਸਮਝ ਆ ਜਾਣ 'ਤੇ ਅਸੀਂ ਜੋਸ਼ ਵਿਚ ਆ ਜਾਂਦੇ ਹਾਂ, ਉਹੀ ਬੁਲੰਦੀ ਸੀ ਉਸਦੀ ਆਵਾਜ਼ ਵਿਚ—“ਓ ਯਸ! ਮਾਰਗਰੇਟ ਹਿਲ! ਉਹ ਤਾਂ ਜਿਮ ਦੇ ਨਾਲ ਆਸਟਰੇਲੀਆ ਚਲੀ ਗਈ ਸੀ।”
ਸਮਝਾਉਣਾ ਪਿਆ। ਮਾਰਗਰੇਟ ਹਿਲ ਨਹੀਂ ਸੀ ਗਈ। ਜਿਮ ਦਾ ਅਗਵਾਹ ਹੋਇਆ ਸੀ। ਉਹ ਇਕੱਲਾ ਹੀ ਗਿਆ ਸੀ। ਫੇਰ ਜੋ ਵੀ ਮੈਥੋਂ ਹੋ ਸਕਿਆ, ਮੈਂ ਕੀਤਾ। ਕਰਾਯਡਨ, ਸਾਉਥੇਂਪਟਨ ਦੇ ਥਾਣਿਆਂ ਵਿਚ ਪੁੱਛਗਿੱਛ, ਅਖ਼ਬਾਰਾਂ ਵਿਚ ਤੇ ਇੰਟਰਨੈਟ ਉੱਤੇ ਇਸ਼ਤਿਹਾਰ। ਹਸਪਤਾਲਾਂ, ਕਬਰਸਤਾਨਾਂ ਦੇ ਚੱਕਰ। ਕਿਤੋਂ ਕੋਈ ਖ਼ਬਰ ਨਹੀਂ ਮਿਲੀ।
ਡਿਗਰੀ ਲੈਣ 'ਤੇ ਮੈਨੂੰ ਵਧਾਈਆਂ ਤਾਂ ਮਿਲਣੀਆਂ ਹੀ ਸੀ। ਬਹੁਤ ਸਾਰੇ ਖ਼ਤ ਤੇ ਕੰਪਿਊਟਰ 'ਤੇ ਈ.ਮੇਲ ਵੀ ਮਿਲੇ। ਫ਼ੋਨ ਦੀ ਘੰਟੀ ਵੀ ਲਗਾਤਾਰ ਵੱਜਦੀ ਰਹੀ। ਰਾਜੀਵ ਤੇ ਨੇਹਾ ਦੀ ਵੀ ਫ਼ੋਨ ਕਾਲ ਵੀ ਆਈ। ਜਵਾਬ ਵਿਚ ਮੇਰੇ 'ਥੈਂਕ-ਯੂ' ਕਹਿਣ ਬਾਅਦ ਕਹਿਣ ਲਈ ਨਾ ਮੇਰੇ ਕੋਲ ਕੁਝ ਸੀ ਨਾ ਉਹਨਾਂ ਕੋਲ। ਉਦੋਂ ਰਾਜੀਵ ਬਦਲਦੇ, ਬੇਵਫ਼ਾ ਮੌਸਮ ਦਾ ਜ਼ਿਕਰ ਛੇੜ ਬੈਠਾ—“ਤੂੰ ਤਾਂ  Indian Summer ਮਨਾਅ ਰਿਹਾ ਏਂ। ਇੱਥੇ ਤਾਂ ਸਿਰੇ ਦੀ ਸਰਦੀ ਏ। ਪਿਛਲੀ ਰਾਤ ਬੜਾ ਜਬਰਦਸਤ ਤੂਫ਼ਾਨ ਆਇਆ। ਘਰਾਂ ਦੀਆਂ ਛੱਤਾਂ ਉੱਡ ਗਈਆਂ, ਬਹੁਤ ਸਾਰੇ ਰੁੱਖ ਡਿੱਗ ਪਏ।”
ਬਹੁਤ ਸਾਰੇ ਰੁੱਖ? ਉਹਨਾਂ ਵਿਚ ਇਕ ਤਾਂ ਮੇਰੇ 'ਤੇ ਹੀ ਡਿੱਗਿਆ ਲੱਗਿਆ ਜਦੋਂ ਰਾਜੀਵ ਨੇ ਦੱਸਿਆ ਕਿ ਉਸ ਰਾਤ ਉਹ ਦੋਵੇਂ ਸ਼ਹੀਦ ਹੋ ਗਏ...ਜਿਮ ਤੇ ਉਸਦੇ ਨਾਲ ਉਹ ਪਹਾੜੀ ਵਾਲਾ ਰੁੱਖ!
ਨਤੀਜਾ ਸੋਚੇ ਬਿਨਾਂ ਜਦੋਂ ਕੋਈ ਕੁਝ ਵੀ ਕਰ ਦਵੇ ਤਾਂ ਉਹ ਪਾਗਲ ਹੀ ਮੰਨਿਆਂ ਜਾਵੇਗਾ। ਜਿਮ ਉੱਤੇ ਵੀ ਅਜਿਹੇ ਹੀ ਪਾਗਲਪਨ ਦਾ ਦੌਰਾ ਪਿਆ ਹੋਵੇਗਾ। ਉਹ ਆਪਣੇ ਉਸ ਚਹੇਤੇ ਰੁੱਖ ਨੂੰ ਜਾ ਚੰਬੜਿਆ। ਅਗਲੀ ਸਵੇਰ ਮਿਲੀ ਉਸਦੀ, ਮੂਧੀ, ਆਕੜੀ, ਲਾਵਾਰਿਸ ਲਾਸ਼। ਰੁੱਖ ਨੂੰ ਜੱਫੀ ਪਾਈ ਸੀ ਜਿਮ ਦੀਆਂ ਆਕੜੀਆਂ ਹੋਈਆਂ ਬਾਹਾਂ, ਲੱਤਾਂ ਨੇ। ਜ਼ਰਾ ਦੂਰੀ 'ਤੇ ਖੜ੍ਹੀ ਉਸਦੀ ਟੈਕਸੀ ਦੀ ਨੰਬਰ ਪਲੇਟ ਤੋਂ ਉਸਦੀ ਪਛਾਣ ਵੀ ਹੋ ਗਈ ਸੀ।
ਜਿਮ ਨਹੀਂ ਰਿਹਾ ਪਰ ਮੇਰੇ ਉੱਤੇ ਦੋ-ਦੋ ਕਰਜ਼ੇ ਛੱਡ ਗਿਆ ਹੈ। ਕਿਤੇ ਗਵਾਚੀ ਹੋਈ ਉਸਦੀ ਮਾਂ ਵੀ ਹੈ...ਹੈ ਜਾਂ ਸੀ? ਉਸਨੂੰ ਕਿੱਥੇ ਲੱਭਾਂ, ਕਿਸਨੂੰ ਖ਼ਬਰ ਪਹੁੰਚਾਵਾਂ? ਬੰਦ ਲਿਫ਼ਾਫ਼ਾ ਵਿਚ ਬਿਨਾਂ ਮੰਗੇ ਦਾ ਜਿਹੜਾ ਕਰਜ਼ਾ ਮੇਰੇ ਉੱਤੇ ਚੜ੍ਹਾ ਗਿਆ ਹੈ, ਉਸਨੂੰ ਕਿੱਥੇ ਤੇ ਕਿੰਜ ਲਾਹਵਾਂ?
ਇਕ ਇਨਸਾਨ ਦੀ ਮੌਤ, ਇਕ ਤਮਾਸ਼ਾ! ਲੋਕਾਂ ਦੀ ਭੀੜ ਲੱਗ ਗਈ ਸੀ। ਰੁੱਖ ਤੇ ਲਾਸ਼ ਵੱਖ ਹੋਣ ਤਾਂ ਦਫ਼ਨ ਹੋਣ। ਪਰ ਕਿਵੇਂ?
ਹੁੰਦਾ ਆਇਆ ਹੈ...ਇਨਸਾਨ ਤੋੜੇ ਦਿੱਤੇ ਜਾਂਦੇ ਨੇ, ਫੇਰ ਦਰਸਾਈ ਜਾਂਦੀ ਹੈ ਲਸ਼ਾਂ ਦੇ ਪ੍ਰਤੀ ਆਪਣੀ ਭਾਵਨਾ ਤੇ ਰਾਏ! ਭਾਵੁਕ ਆਦਮੀ! ਪਾਦਰੀ ਵੀ ਲਗਭਗ ਰੋ ਪਿਆ ਸੀ—“ਕਦੀ ਦੇਖਿਆ ਨਹੀਂ, ਨਾ ਸੁਣਿਆਂ ਹੈ ਅਜਿਹਾ ਕੁਦਰਤੀ ਪ੍ਰੇਮ! ਇਕ ਮਰੇ ਹੋਏ ਰੁੱਖ ਨਾਲ ਐਨਾ ਅਟੁੱਟ ਮੋਹ! ਮਰਨ ਵਾਲੇ ਦੀਆਂ ਭਾਵਨਾਵਾਂ ਦੀ ਕਦਰ ਕਰੋ। ਲਾਸ਼ ਤੋਂ ਉਪਰੋਂ-ਹੇਠੋਂਰੁੱਖ ਨੂੰ ਕੱਟ ਕੇ ਉਸਨੂੰ ਸਿੱਧਾ ਕਰੋ। ਜਿਮ ਤੇ ਹਿੱਕ ਨਾਲ ਲੱਗੇ ਤਣੇ ਨੂੰ ਇਕੱਠਿਆਂ ਦਫ਼ਨ ਕਰਨਾ ਹੈ।”
ਜਿਮ ਹੁਣ ਇਕੱਲਾ ਨਹੀਂ ਰਿਹਾ!
---------------