Sunday, November 25, 2012

'ਹਾਂ ਧਰਮ ਔਰਤ ਨੂੰ ਦਬਾਉਂਦਾ ਹੈ'

ਇਕ ਵਿਸ਼ੇਸ਼ ਮੁਲਾਕਾਤ :
 
 
 
—ਤਸਲੀਮਾ ਨਸਰੀਨ



 
 
 
—ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ ਜੈਤੋ



1962 ਵਿਚ ਜਨਮੀ ਬੰਗਲਾ ਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਨੇ 1993 ਵਿਚ ਉਸ ਸਮੇਂ ਅੰਤਰ-ਰਾਸ਼ਟਰੀ ਪ੍ਰਸਿੱਧੀ ਖੱਟੀ ਜਦੋਂ ਬੰਗਲਾ ਦੇਸ਼ ਦੀ ਸਰਕਾਰ ਨੇ ਜਮਾਤ-ਏ-ਇਸਲਾਮੀ ਤੇ ਹੋਰ ਸੰਪਰਦਾਇਕ ਸੰਗਠਨਾਂ ਨਾਲ ਸੰਬੰਧਤ ਧਰਮ-ਅੰਧਲੇ ਲੋਕਾਂ ਦੇ ਵਿਰੋਧ ਦੇ ਸਾਹਵੇਂ ਗੋਡੇ ਟੇਕ ਕੇ ਉਹਦੇ ਨਾਵਲ 'ਲੱਜਾ' ਉੱਤੇ ਪ੍ਰਤੀਬੰਧ ਲਾ ਦਿੱਤਾ। ਇਹ ਨਾਵਲ ਇਕ ਬੰਗਲਾ-ਦੇਸ਼ੀ ਹਿੰਦੂ-ਪਰਿਵਾਰ ਦੀ ਦੁਰਦਸ਼ਾ ਬਾਰੇ ਹੈ, ਜਿਹੜਾ 6 ਦਸੰਬਰ 1992 ਨੂੰ ਅਯੋਧਿਆ ਵਿਚ ਬਾਬਰੀ ਮਸਜਿਦ ਢਾਏ ਜਾਣ ਪਿੱਛੋਂ ਅਤਿਆਚਾਰ ਦਾ ਸ਼ਿਕਾਰ ਹੋਇਆ ਸੀ।
ਸਤੰਬਰ 1993 ਨੂੰ ਸਿਲਹਟ ਦੀ ਇਕ ਰੈਲੀ ਵਿਚ ਨਸਰੀਨ ਦੇ ਖ਼ਿਲਾਫ਼ ਪਹਿਲਾ ਫ਼ਤਵਾ ਜਾਰੀ ਹੋਇਆ। ਇਸਦਾ ਤਤਕਾਲੀ ਕਾਰਨ 'ਲੱਜਾ' ਦਾ ਛਪਣਾ ਹੀ ਸੀ।
ਪਰ ਹਿੰਸਾ ਤੇ ਧਮਕੀਆਂ ਦੀ ਕਾਰਜਸ਼ੈਲੀ ਅਪਣਾਉਣ ਵਾਲੀਆਂ ਸੰਪਰਦਾਇਕ ਤਾਕਤਾਂ ਲਈ ਨਸਰੀਨ ਦਾ ਕੋਈ ਵੀ ਲੇਖ ਅਸਹਿ ਹੋ ਗਿਆ ਸੀ। ਆਪਣੇ ਅਖ਼ਬਾਰੀ ਲੇਖਾਂ, ਕਵਿਤਾਵਾਂ ਤੇ ਹੋਰ ਕਿਰਤਾਂ ਜ਼ਰੀਏ ਉਸਨੇ ਧਰਮ ਦੀ ਉਸ ਭੂਮਿਕਾ ਉੱਤੇ ਪ੍ਰਸ਼ਨ ਚਿੰਨ੍ਹ ਲਾਇਆ ਸੀ, ਜਿਸ ਨਾਲ ਇਹ, ਉਸਦੇ ਵਿਚਾਰ ਅਨੁਸਾਰ, ਲੋਕਾਂ ਤੇ ਵਿਸ਼ੇਸ਼ ਤੌਰ 'ਤੇ ਔਰਤਾਂ ਨੂੰ ਪੀੜਨ/ਦਬਾਉਣ ਦਾ ਕੰਮ ਕਰਦਾ ਹੈ।
ਅਗਲੇ ਵਰ੍ਹੇ ਸਟੇਟਸਮੈਨ ਦੇ ਕਲਕੱਤਾ ਸੰਸਕਰਣ ਨੂੰ ਦਿੱਤੀ ਇੰਟਰਵਿਊ ਇਸ ਮਾਮਲੇ ਵਿਚ ਬਰਦਾਸ਼ ਦੇ ਹੱਦਬੰਨੇ ਉਲੰਘ ਗਈ।
ਜੂਨ 1994 ਵਿਚ ਆਪਣੇ ਦੇਸ਼ ਵਾਪਸ ਪਰਤਨ 'ਤੇ ਨਸਰੀਨ ਨੂੰ ਭੂਮੀਗਤ ਹੋਣਾ ਪਿਆ ਕਿਉਂਕਿ ਬੰਗਲਾ-ਦੇਸ਼ੀ ਸਰਕਾਰ ਨੇ ਹਿੰਸਾ ਭੜਕਾਉਣ ਤੇ ਧਮਕੀਆਂ ਦੇਣ ਵਾਲੇ ਅਪਰਾਧੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਧਰਮ ਦੀ ਤਥਾਕਥਿਤ ਨਿੰਦਿਆ ਲਈ ਨਸਰੀਨ ਦੀ ਗਿਰਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਸੀ। ਕਿਸੇ ਸਥਾਨਕ ਮੁੱਲੇ ਨੇ ਉਸ ਉੱਤੇ 50,000 ਟਕੇ ਦਾ ਇਕ ਹੋਰ ਫ਼ਤਵਾ ਵੀ ਜਾਰੀ ਕਰ ਦਿੱਤਾ ਸੀ।
60 ਦਿਨ ਰੂਪੋਸ਼/ਭੂਮੀਗਤ ਰਹਿਣ ਪਿੱਛੋਂ, ਦੇਸ਼ ਭਰ ਵਿਚ ਵਧਦੇ ਜਨੂਨ ਦੇ ਮਾਹੌਲ ਵਿਚ ਨਸਰੀਨ ਨੂੰ, ਜਿਸਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋ ਬਹਿਣ ਦਾ ਪੂਰਾ ਖ਼ਤਰਾ ਸੀ, ਉਸਦੇ ਵਕੀਲਾਂ ਨੇ ਸਲਾਹ ਦਿੱਤੀ ਉਹ ਅਵੈਧ ਢੰਗ ਨਾਲ ਦੇਸ਼ ਛੱਡ ਕੇ ਚਲੀ ਜਾਏ।
ਨਸਰੀਨ ਹੁਣ ਛੇ ਸਾਲਾਂ ਤੋਂ ਯੂਰਪ ਵਿਚ ਦੇਸ਼ ਨਿਕਾਲੇ ਦਾ ਜੀਵਨ ਬਿਤਾਅ ਰਹੀ ਹੈ।
ਨਵੰਬਰ 1999 ਵਿਚ ਪਹਿਲੀ ਵਾਰ ਇਕ ਯਾਤਰੀ ਵੀਸੇ 'ਤੇ ਇਸ ਉਪ-ਮਹਾਦੀਪ ਦੀ ਯਾਤਰਾ ਦੀ ਇਜਾਜ਼ਤ ਲੈ ਕੇ ਨਸਰੀਨ ਦੂਜੀ ਵਾਰ ਭਾਰਤ ਆਈ। ਉਹ ਇਕ ਦਿਨ ਲਈ ਬੰਬਈ ਵਿਚ ਰੁਕੀ ਤੇ ਇਕ ਸਾਂਝੀ ਸਭਾ ਵਿਚ ਬੋਲੀ। ਬੰਬਈ ਦੀ ਇਕ ਦਿਨ ਦੀ ਇਸ ਯਾਤਰਾ ਦੌਰਾਨ ਉਸਨੇ ਕਮਿਊਨਲਿਜ਼ਮ ਕੰਬਾਟ ਨੂੰ ਇਕ ਇੰਟਰਵਿਊ ਦਿੱਤੀ। ਪੇਸ਼ ਨੇ ਉਸਦੇ ਕੁਝ ਅੰਸ਼...: (ਅੰਗਰੇਜ਼ੀ ਤੋਂ ਅਨੁਵਾਦ : ਟੀ.ਡੀ.ਵੈਰਿਯਾ।)
ਸ. ਉਹ ਕਿਹੜੇ ਮੁੱਦੇ ਨੇ ਜਿਹਨਾਂ ਨੇ ਸੱਤ ਸਾਲ ਪਹਿਲਾਂ ਤੁਹਾਡੇ ਖ਼ਿਲਾਫ਼ ਹਮਲੇ ਦੀ ਸ਼ੁਰੂਆਤ ਕੀਤੀ?
ਜ. ਜਦੋਂ ਦਾ ਮੈਂ ਲਿਖਣਾ ਸ਼ੁਰੂ ਕੀਤਾ ਏ ਕੱਟੜਪੰਥੀ ਤਾਕਤਾਂ ਮੇਰੇ 'ਤੇ ਖ਼ਫ਼ਾ ਰਹੀਆਂ ਨੇ। ਕਿਉਂਕਿ ਮੈਂ ਆਪਣੇ ਲੇਖਾਂ 'ਚ ਆਪਣਾ ਇਹ ਵਿਚਾਰ ਪਰਗਟ ਕੀਤਾ ਏ ਕਿ ਸਿਰਫ਼ ਧਰਮ ਦੀ ਕੱਟੜਪੰਥੀ-ਵਿਆਖਿਆ ਈ ਨਹੀਂ ਬਲਕਿ ਖ਼ੁਦ ਧਰਮ, ਔਰਤਾਂ ਦਾ ਪੀੜਨ ਕਰਦਾ ਏ—ਇਸਨੂੰ ਉਹ ਸਹਿ ਨਹੀਂ ਸਕੇ। ਜਦੋਂ ਮੈਂ ਕਿਹਾ ਕਿ ਧਰਮ 'ਤੇ ਕੱਟੜਪੰਥੀਆਂ ਦਾ ਕਬਜ਼ਾ ਤੇ ਦਬਦਬਾ ਏ ਜੋ ਔਰਤਾਂ ਦਾ ਪੀੜਨ ਕਰਦਾ ਹੈ ਤਾਂ ਇਸ ਉੱਤੇ ਪ੍ਰਗਤੀਸ਼ੀਲ ਸਮੂਹਾਂ ਨੇ, ਤੇ ਇੱਥੋਂ ਤਕ ਕਿ ਧਾਰਮਕ ਲੋਕਾਂ ਦੇ ਕੁਛ ਹਿੱਸੇ ਨੇ ਵੀ ਮੇਰਾ ਸਮਰਥਨ ਕੀਤਾ।
ਇਸ ਸਮੇਂ ਸਾਰੀ ਦੁਨੀਆਂ ਵਿਚ ਬਹੁਤ ਸਾਰੇ ਲੇਖ ਪ੍ਰਕਾਸ਼ਤ ਹੋਏ ਜੋ ਇਹ ਤਰਕ ਪੇਸ਼ ਕਰਦੇ ਨੇ ਕਿ ਇਹ ਧਰਮ ਨਹੀਂ, ਬਲਕਿ ਧਰਮਾਂ ਦਾ ਸੌੜਾਪਨ ਤੇ ਕੱਟੜਪੰਥੀਆਂ ਦੀਆਂ ਵਿਆਖਿਆਵਾਂ ਨੇ ਜਿਹੜੀਆਂ ਅਨਿਆਂ ਤੇ ਪੀੜਨ ਦਾ ਕਾਰਨ ਨੇ।
ਪਰ ਜਦੋਂ ਮੈਂ ਉਹਨਾਂ ਨੂੰ ਆਪਣੇ ਅੱਖੀਂ ਦੇਖੀ ਸੱਚਾਈ ਦੱਸੀ ਤਾਂ ਇਹ ਉਹਨਾਂ ਦੇ ਹਜ਼ਮ ਨਾ ਹੋਈ। ਮੈਂ ਕੁਰਾਨ ਤੇ ਹਾਡਿਥ ਦੇ ਉਦਹਾਰਨ ਦਿੱਤੇ ਕਿ ਖ਼ੁਦ ਧਰਮ ਈ ਜ਼ਿੰਮੇਦਾਰ ਏ। ਇਸ 'ਤੇ ਪੂਰਾ ਦੇਸ਼ ਮੇਰੇ ਖ਼ਿਲਾਫ਼ ਹੋ ਗਿਆ। ਤਾਂ ਵੀ ਮੈਂ ਇਹ ਕਹਿਣਾ ਬੰਦ ਨਹੀਂ ਕੀਤਾ।
ਉਹਨਾਂ ਮੇਰੀਆਂ ਕਿਤਾਬਾਂ ਸਾੜ ਦਿੱਤੀਆਂ। ਇਹਨਾਂ ਵਿਚ ਸਿਰਫ਼ 'ਲੱਜਾ' ਈ ਨਹੀਂ ਸੀ। 'ਲੱਜਾ' ਉੱਤੇ ਸਰਕਾਰ ਨੇ ਬੈਨ (ਪਾਬੰਦੀ) ਲਾ ਦਿੱਤਾ ਸੀ। ਇਸ ਲਈ ਮੀਡੀਏ ਨੇ 'ਲੱਜਾ' ਨੂੰ ਮੁੱਦਾ ਬਣਾ ਲਿਆ। ਪਰ ਇਸਦੀ ਸ਼ੁਰੂਆਤ ਬੰਗਲਾ-ਦੇਸ਼ੀ ਅਖ਼ਬਾਰਾਂ ਵਿਚ ਛਪੇ ਮੇਰੇ ਲੇਖਾਂ ਦੇ ਸੰਕਲਨ (ਵਿਸ਼ੇਸ਼ ਕਾਲਮ) ਤੋਂ ਹੋਈ।
1993 ਵਿਚ ਤਿੰਨ ਫ਼ਤਵੇ ਜਾਰੀ ਹੋਏ ਤੇ ਕਈ ਵਾਰੀ ਮੇਰੇ ਸਿਰ ਦਾ ਇਨਾਮ ਰੱਖਿਆ ਗਿਆ। ਹੈਰਾਨੀ ਦੀ ਗੱਲ ਏ ਕਿ ਬੰਗਲਾ-ਦੇਸ਼ੀ ਸਰਕਾਰ ਨੇ ਅਪਰਾਧਾਂ ਲਈ ਕੱਟੜਪੰਥੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਮੇਰੀ ਗਿਰਫ਼ਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ, ਜਿਹੜੀ ਅਸਲੋਂ ਈ ਹਾਸੋਹੀਣੀ ਗੱਲ ਸੀ।
'ਲੱਜਾ' ਜਨਵਰੀ 1993 ਵਿਚ ਪ੍ਰਕਾਸ਼ਤ ਹੋਈ। ਜਿਸ ਵਿਚ ਮੈਂ ਜਿਹੜੀ ਕਹਾਣੀ ਦਿੱਤੀ ਏ, ਉਸਨੂੰ ਮੈਂ ਆਪਣੇ ਅੱਖੀਂ ਦੇਖਿਆ ਏ। ਭਾਰਤ ਵਿਚ ਬਾਬਰੀ ਮਸਜਿਦ ਢੈਣ ਪਿੱਛੋਂ ਕਿਸ ਤਰ੍ਹਾਂ ਬੰਗਲਾ ਦੇਸ਼ ਵਿਚ ਮੰਦਰਾਂ ਨੂੰ ਢਾਹਿਆ ਗਿਆ ਤੇ ਹਿੰਦੂ ਘੱਟ-ਗਿਣਤੀਆਂ ਨੂੰ ਨਿਸ਼ਾਨਾਂ ਬਣਾਇਆ ਗਿਆ—ਇਹ ਉਸਦੀ ਕਹਾਣੀ ਏ। ਫਰਬਰੀ 1993 ਵਿਚ ਢਾਕੇ ਦੇ ਪੁਸਤਕ ਮੇਲੇ ਵਿਚ ਇਸ ਨੂੰ ਵੇਚਿਆ ਗਿਆ। ਤਿੰਨ ਮਹੀਨੇ ਬਾਅਦ ਇਸ 'ਤੇ ਪਾਬੰਦੀ ਲਾ ਦਿੱਤੀ ਗਈ।
ਚਲੋ ਖ਼ੈਰ, 1994 ਦੇ ਸ਼ੁਰੂ ਵਿਚ ਮੇਰੇ ਫਰਾਂਸ ਤੋਂ ਵਾਪਸ ਆਉਣ 'ਤੇ ਕਲਕੱਤੇ ਵਿਚ ਦ ਸਟੇਟਸਮੈਨ ਨੇ ਇਕ ਵਿਵਾਦੀ ਇੰਟਰਵਿਊ ਛਾਪਿਆ, ਜਿਸਨੇ ਮੁੱਦੇ ਨੂੰ ਭੜਕਾ ਦਿੱਤਾ। ਸਪਸ਼ਟ ਏ ਪੱਤਰਕਾਰ ਨੂੰ ਕੁਰਾਨ ਤੇ ਸ਼ਰੀਅਤ ਦੇ ਵਿਚਕਾਰਲੇ ਭੇਦ ਦਾ ਪਤਾ ਨਹੀਂ ਸੀ। ਉਸ ਤੋਂ ਭੁੱਲ ਹੋ ਗਈ ਤੇ ਉਸਨੇ ਉਤਾਰਾ ਕਰਦਿਆਂ ਹੋਇਆ ਲਿਖ ਦਿੱਤਾ ਕਿ 'ਕੁਰਾਨ ਵਿਚ ਸੋਧ ਹੋਣੀ ਚਾਹੀਦੀ ਏ ਜਾਂ ਇਸ ਨੂੰ ਦੁਬਾਰਾ ਲਿਖਿਆ ਜਾਣਾ ਚਾਹੀਦਾ ਏ।' ਅਗਲੇ ਦਿਨ ਭੁੱਲ ਵਿਚ ਸੋਧ ਕਰਨ ਲਈ ਮੈਂ ਅਖ਼ਬਾਰ ਨੂੰ ਇਕ ਰੋਸ-ਪੱਤਰ ਲਿਖਿਆ ਤੇ ਕਿਹਾ, “ਮੈਂ ਕੁਰਾਨ ਵਿਚ ਵਿਸ਼ਵਾਸ ਨਹੀਂ ਰੱਖਦੀ। ਮੇਰਾ ਵਿਸ਼ਵਾਸ ਹੈ ਕਿ ਧਰਮ-ਗ੍ਰੰਥ ਅਸੰਗਤ ਤੇ ਅਸਾਮਾਜਿਕ ਨੇ। ਇਸ ਲਈ ਮੈਂ ਕੁਰਾਨ ਵਿਚ ਸੋਧ ਦੀ ਮੰਗ ਕਿਓਂ ਕਰਾਂ?”
ਮੈਂ ਜਿਸ ਚੀਜ਼ ਦੀ ਉਸ ਸਮੇਂ ਮੰਗ ਕੀਤੀ ਸੀ ਤੇ ਅੱਜ ਵੀ ਕਰਦੀ ਹਾਂ ਉਹ ਏ ਸ਼ਰੀਅਤ ਕਾਨੂੰਨ ਦਾ ਖ਼ਾਤਮਾ, ਤੇ ਮਰਦਾਂ ਤੇ ਔਰਤਾਂ ਦੇ ਵਿਚਕਾਰ ਨਿਆਂ ਸੁਨਿਸ਼ਚਿਤ ਕਰਨ ਲਈ ਇਕ ਸਮਾਨ ਨਾਗਰਿਕ ਸੰਹਿਤਾ ਦਾ ਨਿਰਮਾਣ।
ਮੇਰਾ ਇਹ ਉੱਤਰ ਵੀ ਛਾਪ ਦਿੱਤਾ ਗਿਆ। ਪਰ ਬੰਗਲਾ-ਦੇਸ਼ੀ ਅਖ਼ਬਾਰਾਂ ਨੇ ਮੇਰੀ ਇੰਟਰਵਿਊ ਦੀ ਸਿਰਫ਼ ਪਹਿਲੀ ਕਹਾਣੀ ਛਾਪੀ—ਜਿਸ ਵਿਚ ਭੁੱਲ ਹੋਈ ਹੋਈ ਸੀ। ਉਹਨਾਂ ਨੇ ਮੇਰੇ ਭੁੱਲ-ਸੁਧਾਰ ਪੱਤਰ ਨੂੰ ਨਹੀਂ ਛਾਪਿਆ। ਚਲੋ ਖ਼ੈਰ, ਉਹ ਗੱਲ ਭੜਕਾਹਟ ਪੈਦਾ ਕਰਨ ਲਈ ਕਾਫ਼ੀ ਸੀ। ਸਿਰਫ਼ ਕੱਟੜਪੰਥੀ ਈ ਨਹੀਂ, ਬਲਕਿ ਸਾਰੇ ਰਾਜਨੀਤਕ ਤੇ ਕੱਟੜਪੰਥੀ ਇਕ ਜੁਟ ਹੋ ਗਏ। ਉਹਨਾਂ ਮੇਰੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ—ਜਿਹੜੇ ਭੜਕਦੇ ਈ ਗਏ।
ਤਿੰਨ ਤੋਂ ਲੈ ਕੇ ਪੰਜ ਲੱਖ ਤਕ ਲੋਕ ਹਰ ਰੋਜ਼ ਮੇਰੇ ਖ਼ਿਲਾਫ਼ ਗਲੀਆਂ ਵਿਚ ਭੌਂਕ ਰਹੇ ਸਨ। ਤਦ ਸਰਕਾਰ ਨੇ ਮੇਰੇ ਵਿਰੁੱਧ ਗਿਰਫ਼ਤਾਰੀ ਦਾ ਵਾਰੰਟ ਕੱਢਿਆ। ਬੰਗਲਾ-ਦੇਸ਼ੀ ਸਰਕਾਰ ਤੇ ਕੱਟੜਪੰਥੀਆਂ ਦੇ ਇਕ ਹੋ ਜਾਣ ਕਰਕੇ ਮੇਰੇ ਬਚਨ ਦਾ ਕੋਈ ਰਸਤਾ ਨਹੀਂ ਸੀ ਬਚਿਆ।
ਇਹ ਸਾਰੇ ਖਰੂਦੀ ਲੋਕ ਮੇਰੀ ਹੱਤਿਆ ਕਰਨ 'ਤੇ ਤੁਲੇ ਹੋਏ ਸਨ। ਉਹਨਾਂ ਨੇ ਆਮ ਹੜਤਾਲਾਂ ਦੇ ਸੱਦੇ ਦਿੱਤੇ। ਸਰਕਾਰ 'ਤੇ ਦਬਾਅ ਪਾਉਣ ਲਈ ਸੱਤ ਤੋਂ ਲੈ ਕੇ ਦਸ ਦਿਨਾਂ ਤਕ ਸਭ ਕਾਸੇ ਨੂੰ ਜਬਰਦਸਤੀ ਬੰਦ ਕਰਵਾਇਆ। ਇਕ ਦਿਨ ਜਦੋਂ ਲੋਕਾਂ ਨੇ ਆਮ ਹੜਤਾਲ ਦਾ ਵਿਰੋਧ ਕਰਦਿਆਂ ਹੋਇਆਂ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਚਾਹੀਆਂ ਤਾਂ ਛੇ ਜਣੇ ਮਾਰ ਦਿੱਤੇ ਗਏ।
ਮੈਨੂੰ ਰੂਪੋਸ਼ (ਭੂਮੀਗਤ) ਹੋਣਾ ਪਿਆ। ਕਿਉਂਕਿ ਮੈਂ ਜਾਣਦੀ ਸੀ ਕਿ ਜੇ ਮੈਨੂੰ ਪੁਲਿਸ ਨੇ ਜੇਲ੍ਹ ਵਿਚ ਡੱਕ ਦਿੱਤਾ ਤਾਂ ਮੈਂ ਕਦੀ ਜਿਊਂਦੀ ਵਾਪਸ ਨਹੀਂ ਆ ਸਕਾਂਗੀ। ਬੰਗਲਾ ਦੇਸ਼ ਵਿਚ ਪੁਲਿਸ ਦੁਆਰਾ ਹੱਤਿਆ ਕੋਈ ਵਿਸ਼ੇਸ਼ ਗੱਲ ਨਹੀਂ। ਪੁਲਿਸ ਕੱਟੜਪੰਥੀ ਹੋ ਸਕਦੀ ਸੀ। ਉਹ ਲੋਕ ਵਿਸ਼ਵਾਸ ਕਰ ਸਕਦੇ ਸਨ ਕਿ ਜੇ ਉਹਨਾਂ ਨੇ ਮੈਨੂੰ ਮਾਰ ਦਿੱਤਾ ਤਾਂ ਉਹ ਸਵਰਗ ਵਿਚ ਜਾਣਗੇ।
ਮੇਰੇ ਲਈ ਮੁਸ਼ਕਿਲਾਂ ਵਧਦੀਆਂ ਗਈਆਂ। ਸਿਰ ਲਕੋਣਾ ਬੇਹੱਦ ਮੁਸ਼ਕਿਲ ਹੋ ਗਿਆ। ਕੋਈ ਮੈਨੂੰ ਸ਼ਰਨ ਨਹੀਂ ਸੀ ਦੇਣਾ ਚਾਹੁੰਦਾ ਸੀ।
ਕੁਝ ਭਲ਼ੇ ਲੋਕਾਂ ਨੇ, ਨਿਹਾਇਤ ਭਲ਼ੇ ਲੋਕਾਂ ਨੇ ਮੇਰਾ ਸਮਰਥਨ ਕੀਤਾ। ਹਰ ਰਾਤ ਮੈਨੂੰ ਠਿਕਾਣਾ ਬਦਲਣਾ ਪੈਂਦਾ ਸੀ। ਇਕ ਰਾਤ ਤੋਂ ਵੱਧ ਕਿਸੇ ਵੀ ਜਗ੍ਹਾ ਨਹੀਂ ਸੀ ਗੁਜਾਰਦੀ। ਮੈਂ ਇਕ 15 ਮੈਬਰਾਂ ਵਾਲੇ ਪਰਿਵਾਰ ਦੇ ਛੋਟੇ-ਛੋਟੇ ਹਨੇਰੇ ਕਮਰਿਆਂ ਵਿਚ ਰਹੀ। ਉਹਨਾਂ ਵਿਚੋਂ ਪਰਿਵਾਰ ਦਾ ਇੱਕੋ ਮੈਂਬਰ ਇਹ ਜਾਣਦਾ ਸੀ ਕਿ ਮੈਂ ਉੱਥੇ ਲੁਕੀ ਹੋਈ ਹਾਂ। 4-6 ਦਿਨ ਤਕ ਮੈਨੂੰ ਖਾਣਾ ਵੀ ਨਹੀਂ ਮਿਲ ਸਕਿਆ, ਕਿਉਂਕਿ ਮੈਨੂੰ ਛਿਪਾਉਣ ਵਾਲੇ ਜਾਂ ਵਾਲੀ ਨੂੰ ਸਾਵਧਾਨ ਰਹਿਣ ਦੀ ਲੋੜ ਸੀ ਕਿ ਉਹ ਮੇਰੇ ਕੋਲ ਖਾਣਾ ਲੈ ਕੇ ਨਾ ਆਵੇ। ਇਸ ਲਈ ਉਹ ਅੱਧੀ ਰਾਤ ਦੇ ਬਾਅਦ ਬਿੱਲੀ ਵਾਂਗ ਦਬਵੇਂ ਪੈਂਰੀਂ ਮੇਰੇ ਲਈ ਕੁਝ ਖਾਣ ਲਈ ਲੈ ਕੇ ਆਉਂਦੇ। ਬੱਸ ਇਹੋ ਸਭ ਸੀ। ਮੈਂ ਸੌਂ ਨਹੀਂ ਸੀ ਸਕੀ, ਬਿਲਕੁਲ, ਸੌਂ ਸਕਦੀ ਈ ਨਹੀਂ ਸੀ—ਡਰ ਖਾਈ ਜਾਂਦਾ ਸੀ। ਇਹਨਾਂ ਹਨੇਰੇ ਦਿਨਾਂ ਵਿਚ ਵੀ ਮੈਨੂੰ ਉਮੀਦ ਰਹੀ ਕਿ ਸਥਿਤੀਆਂ ਬਦਲਣਗੀਆਂ। ਮੇਰੇ ਵਕੀਲ ਵੀ ਮੇਰੇ ਲਈ ਬੜੀ ਕੋਸ਼ਿਸ਼ ਕਰ ਰਹੇ ਸਨ। ਪਰ ਡੇਢ ਮਹੀਨੇ ਬਾਅਦ ਮੇਰੇ ਵਕੀਲਾਂ ਨੇ ਦੱਸਿਆ ਕਿ ਮੈਨੂੰ ਬਚਾਉਣਾ ਸੰਭਵ ਨਹੀਂ ਹੈ। ਸਾਰੀਆਂ ਕੋਸ਼ਿਸ਼ਾਂ ਬੇਕਾਰ ਨੇ। ਚੋਰੀ-ਛਿਪੇ ਦੇਸ਼ ਵਿਚੋਂ ਬਾਹਰ ਚਲੀ ਜਾਵਾਂ।
ਸਥਿਤੀ ਕਾਬੂ ਵਿਚ ਨਹੀਂ ਸੀ। ਕੱਟੜਪੰਥੀ ਸੜਕਾਂ 'ਤੇ ਸਨ ਤੇ ਸਰਕਾਰ ਉਹਨਾਂ ਦੇ ਹੱਥਾਂ ਵਿਚ। ਭਾਵੇਂ ਕੱਟੜਪੰਥੀਆਂ ਦਾ ਕੁਛ ਵਿਰੋਧ ਵੀ ਹੋਇਆ। ਕੱਟੜਪੰਥੀਆਂ ਦੀ ਇਸ ਹਿੰਸਾ ਤੇ ਝੱਲ ਦੇ ਖ਼ਿਲਾਫ਼ ਕੁਝ ਸਮੂਹ ਸਾਹਵੇਂ ਵੀ ਆਏ। ਪਰ ਸਭ ਠੰਢੇ ਪੈ ਗਏ। ਬੰਗਲਾ-ਦੇਸ਼ ਇਕ ਕੱਟੜਪੰਥੀ-ਦੇਸ਼ ਬਣ ਗਿਆ। ਤੇ ਸਰਕਾਰ ਕੱਟੜਪੰਥੀਆਂ ਉੱਤੇ ਕਾਬੂ ਨਹੀਂ ਰੱਖ ਸਕੀ ਜਾਂ ਕਾਬੂ ਰੱਖਣਾ ਈ ਨਹੀਂ ਸੀ ਚਾਹੁੰਦੀ।
ਕੁਝ ਲੋਕ ਮੇਰੇ ਲਈ ਇਕ ਲੰਮੇਂ ਵਾਲਾਂ ਵਾਲਾ ਵਿੱਗ ਤੇ ਇਕ ਬੁਰਕਾ ਖ਼ਰੀਦ ਲਿਆਏ। ਉਸ ਸਮੇਂ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਬਚ ਸਕਾਂਗੀ। ਬਿਲਕੁਲ ਵੀ ਨਹੀਂ ਸੀ।
ਇਹ ਅਸੰਭਵ ਸੀ। ਮੇਰੇ ਬਚ ਨਿਕਲਣ ਦੀ ਮੁਸ਼ਕਿਲ ਨਾਲ ਈ ਕਿਸੇ ਨੂੰ ਉਮੀਦ ਹੋਏਗੀ। ਪਰ ਅੰਤਰ-ਰਾਸ਼ਟਰੀ ਦਬਾਅ ਬੇਹੱਦ ਸੀ। ਪੱਛਮੀ ਸਰਕਾਰਾਂ ਨੇ ਮੈਨੂੰ ਜਮਾਨਤ ਦਿਵਾਉਣ ਲਈ ਦਬਾਅ ਪਾਇਆ, ਪਰ ਨਿਸਫਲ ਰਿਹਾ। ਦੋ ਮਹੀਨਿਆਂ ਦੀ ਸਮਝੌਤਾ ਵਾਰਤਾਵਾਂ ਤੇ ਯੂਰਪ ਲੋਕਤੰਤਰੀ ਸਰਕਾਰਾਂ ਦੀ ਮਦਦ ਨਾਲ ਮੈਨੂੰ ਦੇਸ਼ 'ਚੋਂ ਕੱਢ ਕੇ ਲੈ ਜਾਣ ਦੀ ਸਰਕਾਰ ਨੇ ਇਜਾਜ਼ਤ ਦੇ ਦਿੱਤੀ। ਸੁਰੱਖਿਆ ਪੁਲਿਸ ਮੈਨੂੰ ਕੱਢ ਕੇ ਸਵੀਡਨ ਜਾਣ ਵਾਲੇ ਜਹਾਜ਼ ਤਕ ਲੈ ਗਈ। ਯੂਰਪੀਅਨ ਸੰਘ ਦਾ ਇਹ ਫ਼ੈਸਲਾ ਸੀ ਕਿ ਤਤਕਾਲੀ ਸ਼ਰਣ ਦੇ ਲਈ ਸਵੀਡਨ ਚੰਗਾ ਰਹੇਗਾ।
ਇਹ ਅਗਸਤ 1994 ਦੀ ਗੱਲ ਏ।
ਸਵੀਡਨ ਦੇ ਵਿਦੇਸ਼-ਮੰਤਰਾਲੇ ਦੇ ਮੁੱਖ ਪੁਲਿਸ ਅਧਿਕਾਰੀ ਮੈਨੂੰ ਢਾਕੇ 'ਚ ਮੇਰੇ ਗੁਪਤਵਾਸ ਤੋਂ ਲੈਣ ਆਏ ਸਨ। ਜਦੋਂ ਮੈਂ ਆਪਣਾ ਦੇਸ਼ ਛੱਡਿਆ ਸਵੇਰ ਦੇ ਦੋ ਵੱਜੇ ਸਨ। ਇਹ ਪ੍ਰਬੰਧ ਕੀਤੇ ਗਏ ਸਨ ਕਿ ਸੁਰੱਖਿਆ ਪੁਲਿਸ ਮੈਨੂੰ ਮੇਰੇ ਸਥਾਨ ਤੋਂ ਜਹਾਜ਼ ਤੀਕ ਲੈ ਜਾਏਗੀ। ਮੇਰੇ ਜਹਾਜ਼ ਵਿਚ ਸਵਾਰ ਹੋਣ ਤੋਂ ਦੋ ਘੰਟੇ ਪਹਿਲਾਂ ਤੀਕ ਉਹ ਚਾਹੁੰਦੇ ਸਨ ਕਿ ਮੈਂ ਉਹਨਾਂ ਲੋਕਾਂ ਦੇ ਨਾਂ ਦੱਸ ਦਿਆਂ ਜਿਹਨਾਂ ਮੇਰੀ 45 ਦਿਨਾਂ ਤਕ ਸਾਰ-ਸੰਭਾਲ ਕੀਤੀ ਸੀ। ਮੈਂ ਕਿਸੇ ਦਾ ਵੀ ਨਾਂ ਨਹੀਂ ਦੱਸਿਆ। ਬਿਲਕੁਲ ਨਹੀਂ। ਸਪਸ਼ਟ ਸੀ ਕਿ ਉਹ ਬੰਗਲਾ-ਦੇਸ਼ੀ ਸਰਕਾਰ ਦੇ ਧੰਨਵਾਦੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸਨੂੰ ਲਗਾਤਾਰ ਅੰਤਰ-ਰਾਸ਼ਟਰੀ ਦਬਾਅ ਸਾਹਵੇਂ ਝੁਕਣਾ ਪਿਆ ਸੀ ਤੇ ਮੈਨੂੰ ਜਾਣ ਦਿੱਤਾ ਗਿਆ ਸੀ।
ਜੋ ਵੀ ਹੋਏ, ਸਵੀਡਿਸ਼ ਅਧਿਕਾਰੀ ਮੈਨੂੰ ਲੈ ਗਏ ਤੇ ਮੇਰਾ ਜੀਵਨ ਬਚ ਗਿਆ। ਪਰ ਉਹ 60 ਦਿਨ ਅੱਜ ਵੀ ਮੇਰਾ ਪਿੱਛਾ ਕਰਦੇ ਨੇ। ਉਹ ਮੇਰੇ ਲਈ ਇਕ ਭਿਆਨਕ ਸੁਪਨੇ ਵਾਂਗ ਨੇ—ਉਹ 60 ਦਿਨ ਮੈਂ ਕਿੰਜ ਕੱਟੇ!
ਸ. ਕੀ ਤੁਸੀਂ ਉਹਨਾਂ ਦਿਨਾਂ ਦਾ ਕੋਈ ਨਿੱਜੀ ਬਿਓਰਾ ਲਿਖਿਆ ਏ?
ਜ. ਯੂਰਪ ਵਿਚ ਵੀ ਕਈ ਪ੍ਰਕਾਸ਼ਕਾਂ ਨੇ ਮੈਨੂੰ ਉਹਨਾਂ ਰੂਪੋਸ਼ ਦਿਨਾਂ ਬਾਰੇ ਲਿਖਣ ਲਈ ਕਿਹਾ ਏ। ਮੈਂ ਕੋਸ਼ਿਸ਼ ਕੀਤੀ ਪਰ ਲਿਖ ਨਹੀਂ ਸਕੀ। ਮੈਂ ਸ਼ੁਰੂ ਕੀਤਾ—ਇਕ ਸਫਾ, ਦੋ ਸਫੇ, ਪੰਜ ਸਫੇ ਪਰ ਮੈਂ ਲਿਖ ਨਹੀਂ ਸਕੀ। ਹੋ ਸਕਦਾ ਏ ਕਿਸੇ ਦਿਨ ਲਿਖ ਸਕਾਂ। ਅਜੇ ਤਾਂ ਇਹ ਯਕਦਮ ਤਾਜ਼ਾ ਨੇ—ਐਨ ਮੇਰੀਆਂ ਅੱਖਾਂ ਦੇ ਸਾਹਮਣੇ!
ਸ. ਕੀ ਤੁਹਾਨੂੰ ਇਸ 'ਤੇ ਕੋਈ ਪਛਤਾਵਾ ਏ—ਕਿਉਂਕਿ ਇਸਦੀ ਕੀਮਤ ਏਨੀ ਭਾਰੀ ਪਈ ਏ?
ਜ. ਹਰਗਿਜ ਨਹੀਂ।
ਸ. ਕੀ ਤੁਹਾਨੂੰ ਆਪਣੇ ਦੇਸ਼ ਦੀ ਯਾਦ ਨਹੀਂ ਆਉਂਦੀ?
ਜ. ਦੇਸ਼ 'ਚੋਂ ਬਾਹਰ ਗਿਆਂ ਛੇ ਸਾਲ ਹੋ ਗਏ ਨੇ। ਮੈਨੂੰ ਆਪਣੇ ਵਤਨ ਦੀ ਯਾਦ ਆਉਂਦੀ ਏ। ਵਰ੍ਹੇ ਗਿਣਦਿਆਂ ਹੋਇਆਂ ਡਰ ਲੱਗਦਾ ਏ...ਦੇਸ਼ ਛੱਡਣ ਪਿੱਛੋਂ ਤਿੰਨ ਵਰ੍ਹੇ ਤੀਕ, ਮੈਂ ਕੁਛ ਵੀ ਨਹੀਂ ਲਿਖ ਸਕੀ। ਤਦ, ਹੌਲੀ-ਹੌਲੀ ਮੈਂ ਫੇਰ ਲਿਖਣਾ ਸ਼ੁਰੂ ਕੀਤਾ।
ਸ. ਹੁਣ ਤੁਸੀਂ ਕੀ ਲਿਖ ਰਹੇ ਓਂ?
ਜ. ਹੁਣੇ ਹੁਣੇ ਮੈਂ ਆਪਣੀ ਆਤਮ ਕਥਾ 'ਅਮਾਰ ਮੇਯੇਬੇਲਾ' (ਮੇਰਾ ਬਚਪਨ) ਦਾ ਪਹਿਲਾ ਹਿੱਸਾ ਮੁਕੰਮਲ ਕੀਤਾ ਏ। ਇਹ ਫਰਾਂਸੀਸੀ, ਜਰਮਨ ਤੇ ਦੂਜੀਆਂ ਯੂਰਪੀਅਨ ਭਾਸ਼ਾਵਾਂ ਵਿਚ ਬਿਨਾਂ ਕਿਸੇ ਸੈਂਸਰ ਦੇ ਪ੍ਰਕਾਸ਼ਤ ਹੋਇਆ ਏ। ਬੰਗਾਲੀ ਸੰਸਕਰਣ 'ਤੇ ਸੈਂਸਰ ਲਾਗੂ ਕੀਤਾ ਗਿਆ ਏ। ਕਾਲੀ ਫਾਰ ਵੀਮੇਨ ਦੁਆਰਾ ਪ੍ਰਕਾਸ਼ਤ ਕੀਤੇ ਜਾ ਰਹੇ ਅੰਗਰੇਜ਼ੀ ਸੰਸਕਰਣ 'ਤੇ ਵੀ ਸੈਂਸਰ ਲਾਗੂ ਕੀਤਾ ਜਾ ਰਿਹਾ ਏ। ਹੁਣ ਮੈਂ ਇਸ ਦੇ ਦੂਜੇ ਹਿੱਸੇ 'ਮੇਰਾ ਜੋਬਨ' 'ਤੇ ਕੰਮ ਕਰ ਰਹੀ ਹਾਂ ਜਿਹੜਾ ਇਸ ਵਰ੍ਹੇ ਦੇ ਆਖ਼ਰ ਤੀਕ ਮੁਕੰਮਲ ਹੋ ਜਾਏਗਾ।
ਸ. ਸੁਤੰਤਰਤਾ ਸੰਗ੍ਰਾਮ ਤੋਂ ਪਹਿਲਾਂ ਤੇ ਪਿੱਛੋਂ ਬੰਗਲਾ-ਦੇਸ਼ ਵਰਗੇ ਦੇਸ਼ ਵਿਚ ਵੱਡਾ ਹੋਣਾ ਕੈਸਾ ਲੱਗਿਆ?
ਜ. 'ਮੇਰਾ ਬਚਪਨ' ਵਿਚ ਮੈਂ ਉਸ ਦੇ ਬਾਰੇ ਵੀ ਲਿਖਿਆ ਏ। 1962 ਵਿਚ ਮੇਰਾ ਜਨਮ ਹੋਇਆ ਸੀ ਤੇ ਮੈਂ 1971 ਦਾ ਯੁੱਧ ਦੇਖਿਆ ਸੀ। ਪਾਕਿਸਤਾਨੀ ਹਾਕਮਾਂ ਦੇ ਖ਼ਿਲਾਫ਼ ਗਲੀਆਂ ਵਿਚ ਹੋਏ ਪ੍ਰਦਰਸ਼ਨ ਵੀ ਆਪਣੇ ਅੱਖੀਂ ਦੇਖੇ ਸਨ। ਬੰਗਾਲੀ ਲੋਕ ਆਪਣੀ ਭਾਸ਼ਾਈ ਪਛਾਣ ਲਈ ਸੰਘਰਸ਼ ਕਰ ਰਹੇ ਸਨ। 1969 ਵਿਚ ਇਹ ਇਕ ਜਨਤਕ ਅੰਦੋਲਨ ਸੀ।
1971 ਵਿਚ ਜਦੋਂ ਬੰਗਲਾ-ਦੇਸ਼ ਹੋਂਦ ਵਿਚ ਆਇਆ, ਇਹ ਇਕ ਧਰਮ-ਨਿਰਪੱਖ ਦੇਸ਼ ਸੀ। ਅਸੀਂ ਧਰਮ ਨਿਰਪੱਖਤਾ ਲਈ ਲੜਾਈ ਲੜੀ ਸੀ। 1971 ਦੇ ਬੰਗਲਾ-ਦੇਸ਼ੀ ਯੁੱਧ ਨੇ ਇਸ ਸਾਬਤ ਕਰ ਦਿੱਤਾ ਕਿ ਮੁਸਲਿਮ-ਧਾਰਮਿਕ-ਏਕਤਾ ਇਕ ਮਿਥਕ ਏ। ਇਸ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਭਾਰਤ ਦੀ ਵੰਡ ਗ਼ਲਤ ਸੀ। ਇਹ ਇਕ ਬੇਹੱਦ ਸਕਾਰਾਤਮਕ ਸੰਘਰਸ਼ ਸੀ। ਸਕਾਰਾਤਮਕ ਅਰਥ ਭਰਪੂਰ ਸੰਘਰਸ਼—ਪਰ ਬਾਅਦ ਵਿਚ ਇਸ ਨੂੰ ਕੁਛ ਹੋ ਗਿਆ!
ਰਾਜਨੇਤਾਵਾਂ ਵਿਚ ਸੱਤਾ ਦੀ ਭੁੱਖ ਵਧ ਗਈ ਤੇ ਫ਼ੌਜ ਨੇ ਬੰਗਲਾ-ਦੇਸ਼ ਦੇ ਜਨਕ ਸ਼ੇਖ਼ ਮੁਜੀਬ-ਉਰ-ਰਹਿਮਾਨ ਦਾ ਕਤਲ ਕਰ ਦਿੱਤਾ ਤੇ ਸੱਤਾ ਵਿਚ ਬਣੇ ਰਹਿਣ ਲਈ ਆਪਣੇ ਸੌੜੇ ਸਵਾਰਥਾਂ ਸਦਕਾ ਧਰਮ ਨੂੰ ਇਸਤੇਮਾਲ ਕੀਤਾ। ਇੰਜ ਧਰਮ ਰਾਜਨੀਤੀ ਵਿਚ ਮੁੜ ਵੜ ਆਇਆ ਤੇ ਧਰਮ ਨਿਰਪੱਖਤਾ ਨੂੰ ਬਾਹਰ ਧਰੀਕ ਦਿੱਤਾ ਗਿਆ। ਕੱਟੜਪੰਥੀਆਂ ਨੂੰ ਮਾਨਤਾ ਮਿਲ ਗਈ।
ਤੁਹਾਨੂੰ ਪਤਾ ਏ ਕਿ ਬੰਗਲਾਦੇਸ਼ ਦੇ 1971 ਵਿਚ ਹੋਂਦ ਵਿਚ ਆਉਣ ਤੋਂ ਬਾਅਦ 1975 ਤੀਕ ਇਕ ਅੱਛੀ ਗੱਲ ਇਹੋ ਸੀ ਕਿ ਧਾਰਮਿਕ ਰਾਜਨੀਤੀ ਉੱਤੇ ਰੋਕ ਲੱਗੀ ਹੋਈ ਸੀ। ਧਾਰਮਿਕ ਲੋਕਾਂ ਜਾਂ ਪਰਟੀਆਂ, ਜਿਵੇਂ ਕਿ ਜਮਾਤ-ਏ-ਇਸਲਾਮੀ, ਨੂੰ ਰਾਜਨੀਤੀ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ।
ਵੈਸੇ ਧਾਰਮਿਕ-ਰਾਜਨੀਤਕ ਗੁੱਟਾਂ ਵਿਚੋਂ ਜਮਾਤ-ਏ-ਇਸਲਾਮੀ ਸਭ ਨਾਲੋਂ ਵੱਡਾ ਗੁੱਟ ਏ। ਆਜ਼ਾਦੀ ਦੀ ਲੜਾਈ ਵਿਚ ਇਹਨਾਂ ਤਾਕਤਾਂ ਨੇ ਪਾਕਿਸਤਾਨੀ ਫ਼ੌਜ ਦਾ ਪੱਖ ਪੂਰਿਆ ਸੀ ਤੇ ਬੰਗਾਲੀ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ ਸਨ। ਉਹ ਬੰਗਾਲੀ ਨੇ ਪਰ ਉਹਨਾਂ ਬੰਗਾਲੀ ਜਨਤਾ ਨਾਲ ਗੱਦਾਰੀ ਕੀਤੀ। ਕਿਉਂਕਿ ਉਹ ਪਾਕਿਸਤਾਨੀ ਫ਼ੌਜ ਦੇ ਸਹਿਯੋਗੀ ਸਨ ਇਸ ਲਈ ਧਾਰਮਿਕ ਰਾਜਨੀਤੀ 'ਤੇ ਰੋਕ ਲਾ ਦਿੱਤੀ ਗਈ ਸੀ। ਪਰ ਮੁਜੀਬ-ਉਰ-ਰਹਿਮਾਨ ਦੀ ਮੌਤ ਦੇ ਬਾਅਦ ਉਹ ਵਾਪਸ ਆ ਗਏ। ਉਹਨਾਂ ਤੋਂ ਰੋਕ ਹਟਾ ਲਈ ਗਈ।
ਕੱਟੜਪੰਥੀਆਂ ਦੀ ਵਧਦੀ ਤਾਕਤ ਨੇ ਬੰਗਲਾ-ਦੇਸ਼ ਦੇ ਧਰਮ-ਨਿਰਪੱਖ ਢਾਂਚੇ ਨੂੰ ਲਗਾਤਾਰ ਨੁਕਸਾਨ ਪਹੁੰਚਾਇਆ ਏ। ਅਨੇਕ ਗ਼ੈਰ-ਸਰਕਾਰੀ ਸੰਗਠਨ ਕੱਟੜਪੰਥੀਆਂ ਦੇ ਹਮਲੇ ਦਾ ਸ਼ਿਕਾਰ ਹੋਏ ਨੇ। 1992-1993 ਦੇ ਆਸਪਾਸ ਕੱਟਪੰਥੀਆਂ ਨੇ ਕੁੜੀਆਂ ਦੇ 120 ਸਕੂਲਾਂ ਨੂੰ ਸਾੜ ਦਿੱਤਾ, ਜਿਹਨਾਂ ਨੂੰ ਦੇਸ਼ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਮਸ਼ਹੂਰ ਗ਼ੈਰ ਸਰਕਾਰੀ ਸੰਗਠਨ ਚਲਾ ਰਹੇ ਸਨ। ਉਹਨਾਂ ਨੇ ਇਹ ਕੰਮ ਇਹ ਮਿਥਕ ਫ਼ੈਲਾਅ ਕੇ ਕੀਤਾ ਕਿ ਈਸਾਈ ਸਕੂਲ ਸਾਡੀਆਂ ਕੁੜੀਆਂ ਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਸਰਕਾਰ ਨੇ ਇਹਨਾਂ ਅਪਰਾਧੀ ਕੱਟੜਪੰਥੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਹੋ ਨਹੀਂ, ਗ਼ੈਰ-ਸਰਕਾਰੀ ਸੰਗਠਨਾਂ ਨੇ ਵੀ ਇਹਨਾਂ ਲੋਕਾਂ ਨਾਲ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ। ਕੱਟੜਪੰਥੀਆਂ ਨੂੰ ਖ਼ੁਸ਼ ਕਰਨ ਲਈ ਉਹਨਾਂ ਨੇ ਸਕੂਲਾਂ ਦੇ ਨਾਲ ਮਦਰਸੇ ਖੋਲ੍ਹਣੇ ਵੀ ਸ਼ੁਰੂ ਕਰ ਦਿੱਤੇ। ਸ਼ਾਂਤੀ ਬਦਲੇ ਉਹਨਾਂ ਦੀਆਂ ਧਾਰਮਿਕ ਸਿੱਖਿਆ ਵੀ ਲਾਗੂ ਕਰ ਦਿੱਤੀ। ਗ਼ੈਰ-ਸਰਕਾਰੀ ਸੰਗਠਨਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਧਾਰਮਿਕ ਕੱਟੜਪੰਥੀਆਂ ਦੁਆਰਾ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਤੇ ਜਿਹਨਾਂ ਲੋਕਾਂ ਦੀਆਂ ਪਤਨੀਆਂ ਗ਼ੈਰ-ਸਰਕਾਰੀ ਸੰਗਠਨਾਂ ਵਿਚ ਕੰਮ ਕਰਦੀਆਂ ਨੇ, ਉਹਨਾਂ ਖ਼ਿਲਾਫ਼ ਫ਼ਤਵੇ ਜਾਰੀ ਕੀਤੇ ਜਾਂਦੇ ਨੇ ਕਿ ਉਹ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਦੇਣ। ਇਸ ਤਰ੍ਹਾਂ ਅਨੇਕਾਂ ਪਤਨੀਆਂ ਨੂੰ ਗ਼ੈਰ-ਸਰਕਾਰੀ ਸੰਗਠਨਾਂ ਵਿਚੋਂ ਕੰਮ ਛੱਡਣ ਲਈ ਮਜ਼ਬੂਰ ਕੀਤਾ ਗਿਆ। ਇਸੇ ਲਈ ਜਦੋਂ ਕੁਝ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਚੰਗਾ ਕੰਮ ਕੀਤਾ ਜਾ ਰਿਹਾ ਏ, ਧਾਰਮਿਕ-ਕੱਟੜਪੰਥੀ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ।
ਸ. ਨਿਰ-ਈਸ਼ਵਰਵਾਦ ਵੱਲ ਤੁਹਾਡੀ ਇਹ ਵਿਅਕਤੀਗਤ ਯਾਤਰਾ ਕਿਹੜੇ ਰਾਹਾਂ ਤੋਂ ਲੰਘੀ?
ਜ. ਮੈਂ ਧਾਰਮਿਕ ਗ੍ਰੰਥਾਂ ਦਾ ਅਧਿਅਨ ਕੀਤਾ। ਇਹੀ ਕਾਫ਼ੀ ਸੀ। 'ਮੇਰਾ ਬਚਪਨ' ਵਿਚ ਮੈਂ ਇਸ ਦਾ ਵਰਣਨ ਉਸ ਸਮੇਂ ਤੋਂ ਕੀਤਾ ਏ ਜਦ ਮੈਂ 13 ਵਰ੍ਹਿਆਂ ਦੀ ਸੀ। ਇਹ ਐਨ ਓਵੇਂ ਈ ਨਹੀਂ ਹੋਇਆ। ਜਦ ਮੈਂ ਤੇਰ੍ਹਾਂ ਸਾਲ ਦੀ ਸੀ ਤਾਂ ਮੈਂ ਕੁਰਾਨ ਦੇ ਬੰਗਲਾ ਸੰਸਕਰਨ ਦੀ ਇਕ ਕਾਪੀ ਹਾਸਲ ਕੀਤੀ ਤਾਕਿ ਮੈਂ ਇਸ ਨੂੰ ਪੜ੍ਹ ਤੇ ਸਮਝ ਸਕਾਂ। ਜਦ ਮੈਂ ਛੋਟੀ ਸੀ ਤਦ ਤੋਂ ਈ ਹਰ ਰੋਜ਼ ਮੈਨੂੰ ਕੁਰਾਨ ਪੜ੍ਹ ਕੇ ਸੁਣਵਾਈ ਗਈ। ਮੇਰੀ ਮਾਂ ਬੜੀ ਧਾਰਮਿਕ ਸੀ। ਮੈਂ ਉਹਨੂੰ ਪੁੱਛਿਆ, “ਇਹ ਕੀ ਐ, ਜਿਸਦਾ ਮੈਂ ਪਾਠ ਕਰ ਰਹੀ ਆਂ?” ਉਸ ਕਿਹਾ, “ਸਿਰਫ਼ ਆਯਤਾਂ ਦਾ ਪਾਠ ਕਰ। ਤੈਨੂੰ ਇਹ ਜਾਣਨ ਦੀ ਲੋੜ ਨਹੀਂ। ਬੱਸ ਪਾਠ ਕਰ!”
ਮੈਨੂੰ ਕਦੀ ਸੰਤੁਸ਼ਟੀ ਨਹੀਂ ਹੋਈ। ਮੈਂ ਤਾਂ ਉਹਦਾ ਅਰਥ ਜਾਣਨਾ ਸੀ, ਜਿਸਦਾ ਮੈਂ ਪਾਠ ਕਰਦੀ ਸੀ। ਇਹ ਅਰਥ ਜਾਣਨ ਲਈ ਮੈਂ ਬੜੀ ਉਤਸੁਕ ਸੀ। ਇਸ ਲਈ ਮੈਨੂੰ ਇਸਦਾ ਬੰਗਾਲੀ ਸੰਸਕਰਨ ਲੱਭਣਾ ਪਿਆ। ਮੈਂ ਇਸਨੂੰ ਪੜ੍ਹਿਆ ਤੇ ਮਾਂ ਤੋਂ ਪੁੱਛਣ ਲਈ ਬਹੁਤ ਸਾਰੇ ਸਵਾਲ ਪੈਦਾ ਹੋ ਗਏ। ਇਹਨਾਂ ਸਵਾਲਾਂ ਦੇ ਜਵਾਬਾਂ ਨਾਲ ਮੇਰੀ ਕਦੀ ਸੰਤੁਸ਼ਟੀ ਨਹੀਂ ਹੋਈ। 'ਸੂਰਜ ਧਰਤੀ ਦੇ ਚਾਰੇ ਪਾਸੇ ਘੁੰਮਦਾ ਹੈ' ਤੇ ਹੋਰ ਕਈ ਅਜਿਹੀਆਂ ਗੱਲਾਂ ਮੈਂ ਧਾਰਮਿਕ ਪੁਸਤਕ ਵਿਚ ਪੜ੍ਹੀਆਂ—ਜਿਹੜੀਆਂ ਮੇਰੀ ਦੂਜੀ ਸਿੱਖਿਆ ਤੇ ਜੀਵਨ ਦੇ ਅਨੁਭਵਾਂ ਨਾਲੋਂ ਯਕਦਮ ਵਿਪਰੀਤ ਸਨ—ਜਿਵੇਂ 'ਔਰਤਾਂ ਨੀਚ ਨੇ ਤੇ ਮਰਦਾ ਉੱਤਮ'...ਕਿਉਂਕਿ ਉਹ ਪੈਸਾ ਕਮਾਉਂਦੇ ਨੇ। ਜੇ ਔਰਤਾਂ ਆਪਣੇ ਪਤੀਆਂ ਦੇ ਹੁਕਮ ਦਾ ਪਾਲਨ ਨਹੀਂ ਕਰਦੀਆਂ ਤਾਂ ਮਰਦਾਂ ਨੂੰ ਉਹਨਾਂ ਨੂੰ ਕੁੱਟਣ ਦਾ ਅਧਿਕਾਰ ਏ। ਇਹਨਾਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਤੇ ਮੇਰੇ ਸਾਹਵੇਂ ਇਹ ਸਵਾਲ ਖੜ੍ਹਾ ਕਰ ਦਿੱਤਾ ਕਿ ਇਕ ਧਾਰਮਿਕ ਗ੍ਰੰਥ ਵਿਚ ਇਹ ਸਾਰੀਆਂ ਗੱਲਾਂ ਕਿੰਜ ਹੋ ਸਕਦੀਆਂ ਨੇ? ਧਰਮ ਦੇ ਨਾਂ 'ਤੇ ਸਮਾਜ ਵਿਚ ਜੋ ਹੋ ਰਿਹਾ ਸੀ, ਉਸਨੂੰ ਵੀ ਮੈਂ ਦੇਖਿਆ।
ਸਕੂਲ ਵਿਚ ਵਿਗਿਆਨ ਦਾ ਅਧਿਅਨ ਕਰਦਿਆਂ ਹੋਇਆਂ ਤੇ ਘਰ ਵਿਚ ਕੁਰਾਨ ਤੇ ਇਸਦੇ ਅਰਥਾਂ ਨੂੰ ਪੜ੍ਹ ਕੇ ਅਨੇਕਾਂ ਪਰਸਪਰ ਵਿਰੋਧੀ ਗੱਲਾਂ ਸਾਹਮਣੇ ਆਈਆਂ। ਮੈਂ ਦੇਖਿਆ ਕਿ ਜਿਹੜੀਆਂ ਗੱਲਾਂ ਪੁਸਤਕ ਵਿਚ ਲਿਖੀਆਂ ਹੋਈਆਂ ਸਨ—ਉਹ ਆਪਾਵਿਰੋਧੀ ਤੇ ਅਣਮਨੁੱਖੀ ਦੋਵੇਂ ਈ ਸਨ। 'ਮੇਰਾ ਬਚਪਨ' ਵਿਚ ਕਈ ਹਿੱਸੇ ਅਜਿਹੇ ਨੇ ਜਿਹਨਾਂ ਨੂੰ ਵੱਖ-ਵੱਖ ਪ੍ਰਕਾਸ਼ਕਾਂ ਨੇ ਸੈਂਸਰ ਕੀਤਾ ਏ।
ਮੈਂ ਬੜੀ ਸ਼ਰਮੀਲੀ ਸੀ। ਪੜ੍ਹਾਈ ਲਈ ਮੇਰੇ ਪਿਤਾ ਮੈਨੂੰ ਬੜਾ ਮਾਰਦੇ ਸਨ। ਮੈਂ ਕਦੀ ਵਿਰੋਧ ਨਹੀਂ ਕੀਤਾ ਬਲਕਿ ਸਾਰੀ ਪੀੜ ਨੂੰ ਆਪਣੇ ਅੰਦਰ ਛਿਪਾਅ ਲਿਆ ਤਾਕਿ ਸ਼ਾਇਦ ਇਕ ਦਿਨ ਮੈਂ ਉਸਨੂੰ ਆਪਣੇ ਲੇਖਾਂ ਵਿਚ ਪਿਰੋ ਸਕਾਂ। ਇਸ ਤਰ੍ਹਾਂ ਦੀਆਂ ਬੜੀਆਂ ਈ ਘਟਨਾਵਾਂ ਨੇ ਜਿਹਨਾਂ ਵਿਚ ਮੈਂ ਮਹਿਸੂਸ ਕੀਤਾ ਕਿ ਧਰਮ ਵਿਚ ਕੁਛ ਗੜਬੜ ਏ। ਸਾਰੇ ਧਰਮਾਂ ਵਿਚ। ਇਤਫਾਕ ਨਾਲ ਮੈਂ ਇਕ ਮੁਸਲਿਮ ਪਰਿਵਾਰ ਵਿਚ ਪਲੀ-ਵੱਡੀ ਹੋਈ, ਇਸ ਲਈ ਮੇਰਾ ਵਿਰੋਧ ਇਸਲਾਮ ਦੇ ਖ਼ਿਲਾਫ਼ ਏ। ਪਰ ਹਰ ਧਰਮ ਵਿਚ ਕੱਟੜਪਨ ਹੈ ਤੇ ਹਰ ਧਰਮ ਔਰਤਾਂ ਨੂੰ ਦਬਾਉਂਦਾ ਹੈ। ਪੀੜਦਾ ਹੈ।
ਸ. ਲੇਖਕ ਦੇ ਰੂਪ ਵਿਚ ਤੁਹਾਡੀਆਂ ਮੁੱਖ ਚਿੰਤਾਵਾਂ ਕੀ ਨੇ—ਲਿੰਗ ਭੇਦ ਦਾ ਸਵਾਲ ਜਾਂ ਅਲਪਸੰਖਿਅਕ ਦਾ ਪ੍ਰਸ਼ਨ?
ਜ. ਅਸਲ ਵਿਚ ਮੇਰੀ ਇਹ ਪੀੜ ਜਨਤਾ ਬਾਰੇ ਐ। ਔਰਤਾਂ ਨੂੰ ਪੀੜਿਆ ਜਾ ਰਿਹੈ। ਧਾਰਮਿਕ ਅਲਪਸੰਖਿਅਕ ਪੀੜੇ ਜਾ ਰਹੇ ਨੇ। ਗ਼ਰੀਬ ਪੀੜੇ ਜਾ ਰਹੇ ਨੇ। ਮੈਂ ਆਪਣੇ ਲੇਖਾਂ ਵਿਚ ਉਹਨਾਂ ਦੀ ਗੱਲ ਕਰਦੀ ਆਂ। ਮੈਂ ਉਹਨਾਂ ਦਾ ਪੱਖ ਲੈਂਦੀ ਆਂ
ਸ. ਤੁਸੀਂ ਆਪਣੀਆਂ ਲਿਖਤਾਂ ਜ਼ਰੀਏ ਸੁਨੇਹਾ ਦੇਂਦੇ ਓਂ। ਜਿਹਨਾਂ ਲੋਕਾਂ ਦੀ ਆਵਾਜ਼ ਨੂੰ ਤੁਸੀਂ ਉਠਾਉਂਦੇ ਓ, ਉਸ ਨਾਲ ਉਹਨਾਂ ਵਿਚ ਕਿੰਨਾ ਕੁ ਪਰੀਵਰਤਨ ਆਉਂਦਾ ਏ? ਕੀ ਤੁਹਾਡੀਆਂ ਰਚਨਾਵਾਂ ਦਾ ਸਿਲਸਿਲਾ ਕਿਸੇ ਵੀ ਤਰ੍ਹਾਂ ਵਿਵਸਥਾ ਵਿਚ ਕੋਈ ਬਦਲਾਅ ਲਿਆਉਂਦਾ ਏ?
ਜ. ਤੁਸੀਂ ਜਾਣਦੇ ਓਂ ਇਸ ਉਪਮਹਾਦੀਪ ਵਿਚ 70-80 ਪ੍ਰਤੀਸ਼ਤ ਲੋਕ ਅਣਪੜ੍ਹ ਨੇ। ਇਸ ਲਈ ਲੇਖਕ ਦੇ ਰੂਪ ਵਿਚ ਮੇਰੀ ਕਿੰਨਿਆਂ ਕੁ ਲੋਕਾਂ ਤੀਕ ਪਹੁੰਚ ਹੋ ਸਕਦੀ ਏ? ਪਹਿਲਾ ਸਵਾਲ ਇਹੀ ਏ। ਸ਼ਹਿਰੀ ਸਮਾਜ ਵਿਚ ਸਿਰਫ਼ ਪੜ੍ਹੇ-ਲਿਖੇ ਮੱਧਵਰਗੀ ਲੋਕ, ਬੱਸ! ਸਾਡੀ ਵਧੇਰੇ ਜਨਤਾ ਪਿੰਡਾਂ ਵਿਚ ਖਾਸੀਆਂ ਭਿਆਨਕ ਸਥਿਤੀਆਂ ਵਿਚ ਰਹਿੰਦੀ ਏ।
ਫੇਰ ਵੀ ਜਦੋਂ ਮੈਂ ਬੰਗਲਾ-ਦੇਸ਼ੀ ਅਖ਼ਬਾਰਾਂ ਵਿਚ ਆਪਣੇ ਲੇਖ ਲਿਖ ਰਹੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਸਾਧਾਰਨ ਔਰਤਾਂ ਹੁੰਘਾਰਾ ਭਰ ਰਹੀਆਂ ਨੇ। ਉਹ ਕਹਿ ਰਹੀਆਂ ਕਿ ਮੈਂ ਉਹਨਾਂ ਦੀ ਕਹਾਣੀ ਲਿਖ ਰਹੀ ਹਾਂ, ਇਸ ਲਈ ਮੈਂ ਇਸਨੂੰ ਕਦੀ ਬੰਦ ਨਾ ਕਰਾਂ। ਉਹ ਕਹਿੰਦੀਆਂ ਨੇ, ਉਹ ਸਾਰੀਆਂ ਮੇਰਾ ਮੂਕ ਸਮਰਥਨ ਕਰ ਰਹੀਆਂ ਨੇ। ਇਕ ਔਰਤ ਨੇ ਦੱਸਿਆ ਕਿ ਕਿੰਜ ਉਸਨੂੰ ਪੜ੍ਹਨ ਤੋਂ ਜਬਰਦਸਤੀ ਰੋਕਿਆ ਗਿਆ ਸੀ। ਪਜ ਮੇਰੀ ਕਿਤਾਬ ਤੋਂ ਪ੍ਰੇਰਤ ਹੋ ਕੇ ਉਸਨੇ ਫੇਰ ਪੜ੍ਹਾਈ ਚਾਲੂ ਕਰ ਦਿੱਤੀ। ਹੋਰ ਔਰਤਾਂ ਨੂੰ ਪੜ੍ਹ-ਲਿਖ ਜਾਣ ਪਿੱਛੋਂ ਨੌਕਰੀ ਕਰਨ ਤੋਂ ਰੋਕਿਆ ਗਿਆ ਤੇ ਉਹਨਾਂ ਵਿਚ ਇਸ ਸਥਿਤੀ ਨੂੰ ਚੁਨੌਤੀ ਦੇਣ ਦੀ ਤਾਕਤ ਆਈ। ਪਤਨੀਆਂ ਨੂੰ ਉਹਨਾਂ ਦੇ ਪਤੀਆਂ ਦੁਆਰਾ ਅਕੱਥ ਤਸੀਹੇ ਦੇਣ ਦੀਆਂ ਕਹਾਣੀਆਂ ਵੀ ਨੇ, ਜਿਹਨਾਂ ਨੂੰ ਮੇਰੇ ਲੇਖ ਪੜ੍ਹ ਕੇ ਸਥਿਤੀਆਂ ਨੂੰ ਵੰਗਾਰਨ ਦੀ ਪ੍ਰੇਰਨਾ ਮਿਲੀ।
ਪਰ ਇਹ ਗਿਣਤੀ ਬੜੀ ਘੱਟ ਸੀ। ਔਰਤਾਂ ਦੀ ਵੱਡੀ ਗਿਣਤੀ ਮੇਰੀ ਪਹੁੰਚ ਤੋਂ ਬਾਹਰ ਏ। ਉਹ ਪੜ੍ਹ ਨਹੀਂ ਸਕਦੀਆਂ, ਲਿਖ ਨਹੀਂ ਸਕਦੀਆਂ। ਮੈਨੂੰ ਉਹਨਾਂ ਦੀ ਚਿੰਤਾ ਏ। ਜਦੋਂ ਦੇ ਮੇਰੇ ਲੇਖ ਵਿਵਾਦਾਂ ਵਿਚ ਫਸੇ ਨੇ, ਮੈਂ ਕੱਟੜਪੰਥੀਆਂ ਦੇ ਹਮਲੇ ਦਾ ਨਿਸ਼ਾਨਾ ਬਣੀ ਹਾਂ, ਮੇਰੇ 'ਤੇ ਹਮਲੇ ਹੋਏ ਨੇ, ਮੈਨੂੰ ਅਪਮਾਨਤ ਕੀਤਾ ਏ, ਇੱਥੋਂ ਤੀਕ ਕਿ ਕੱਟੜਪੰਥੀਆਂ ਨੇ ਮੇਰੇ ਉੱਤੇ ਸ਼ਰੇਆਮ ਪੱਥਰਾਅ ਵੀ ਕੀਤਾ। ਮੈਂ ਬਾਹਰ ਨਹੀਂ ਨਿਕਲ ਸਕਦੀ ਸੀ। ਇਸ ਸਭ ਨੇ ਦੂਰਦਰਾਜ ਦੇ ਇਲਾਕਿਆਂ, ਪਿੰਡਾਂ ਤਕ ਮੇਰੀ ਪਹੁੰਚ 'ਤੇ ਰੋਕ ਲਾਈ। ਮੈਂ ਆਪਣੇ ਕਮਰੇ 'ਚ ਕੈਦ ਹੋ ਕੇ ਰਹਿ ਗਈ।
ਜਦੋਂ ਤੀਕ ਮੈਂ ਪਿਆਰ-ਮੁਹੱਬਤ ਦੀਆਂ ਕਵਿਤਾਵਾਂ ਲਿਖੀਆਂ, ਜਿਹਨਾਂ ਨੂੰ ਮੈਂ 1975 ਤੋਂ ਸ਼ੁਰੂ ਕੀਤਾ ਸੀ, ਉਦੋਂ ਤੀਕ ਤਾਂ ਠੀਕ ਸੀ। ਪਰ 1990 ਪਿੱਛੋਂ, ਜਦੋਂ ਮੇਰੇ ਲੇਖ ਔਰਤਾਂ ਦੀ ਹਾਲਤ ਨਾਲ ਸਿੱਧੇ ਸੰਬੰਧਤ, ਸਮਾਜਕ ਤੇ ਰਾਜਨੀਤਕ ਹੋ ਗਏ ਤਾਂ ਸਮੱਸਿਆਵਾਂ ਪੈਦਾ ਹੋ ਗਈਆਂ। ਪਰ ਫੇਰ ਵੀ, ਉਹ ਵਿਚਾਰ ਜਿਹੜੇ ਸਮੇਂ ਦੇ ਹਾਲਾਤਾਂ ਨੂੰ ਵੰਗਾਰਦੇ ਨੇ, ਕਈ ਤਰ੍ਹਾਂ ਫ਼ੈਲਦੇ ਨੇ—ਇਹੀ ਮੇਰੀ ਉਮੀਦ ਏ।
ਸ. ਲੇਖਕ ਦੀ ਭੂਮਿਕਾ ਬਾਰੇ ਤੁਹਾਡਾ ਕੀ ਖ਼ਿਆਲ ਏ ਤੇ ਸਾਮਾਜਿਕ ਅੰਦੋਲਨਾ ਨਾਲ ਉਸਦਾ ਕੀ ਰਿਸ਼ਤਾ ਏ?
ਜ. ਮੈਂ ਇਕ ਵਿਅਕਤੀਗਤ ਲੇਖਕਾ ਸੀ ਤੇ ਅੱਜ ਵੀ ਹਾਂ। ਮੈਂ ਤਾਂ ਇਕ ਡਾਕਟਰ ਸੀ ਤੇ ਇਕ ਹਸਪਤਾਲ ਵਿਚ ਕੰਮ ਕਰਦੀ ਸੀ ਤੇ ਲਿਖਦੀ ਇਸ ਲਈ ਸੀ ਕਿਉਂਕਿ ਮੈਂ ਸੋਚਿਆ ਮੈਨੂੰ ਕੁਛ ਕਹਿਣਾ ਚਾਹੀਦਾ ਏ। ਡਾਕਟਰ ਦੇ ਰੂਪ ਵਿਚ ਮੈਂ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ਼ ਕਰਦੀ ਸੀ, ਲੇਖਕ ਦੇ ਰੂਪ ਵਿਚ ਮੈਂ ਸਮਾਜ ਦੀ ਬਿਮਾਰੀ ਦਾ ਇਲਾਜ਼ ਕਰਨ ਦੀ ਕੋਸ਼ਿਸ਼ ਕੀਤੀ।
ਮੈਂ ਇਕ ਅੱਛੀ ਅੰਦੋਲਨਕਾਰੀ ਨਹੀਂ ਹਾਂ। ਮੇਰਾ ਸਾਰਾ ਰੋਸ ਤੇ ਵਿਰੋਧ ਆਪਣੀਆਂ ਲਿਖਤਾਂ ਰਾਹੀਂ ਈ ਏ।
ਸ. ਇਕ ਅਲੱਗ ਬੰਗਾਲੀ ਪਛਾਣ ਦੇ ਰੂਪ ਵਿਚ ਬੰਗਲਾ-ਦੇਸ਼ੀ ਤੇ ਪੱਛਮ ਬੰਗਾਲ ਦੇ ਪੁਨਰਏਕੀਕਰਨ ਬਾਰੇ ਤੁਸੀਂ ਬੜਾ ਕੁਝ ਲਿਖਿਆ ਏ। ਕੀ ਤੁਸੀਂ ਅੱਜ ਵੀ ਇਸਦਾ ਸਮਰਥਨ ਕਰਦੇ ਓ?
ਜ. ਇਹ ਓਨਾਂ ਸਰਲ ਨਹੀਂ ਜਿੰਨਾਂ ਦਿਖਾਈ ਦੇਂਦਾ ਏ ਬਲਕਿ ਇਹ ਇਕ ਉਲਝਿਆ ਹੋਇਆ ਮਾਮਲਾ ਏ। ਮੇਰਾ ਵਿਚਾਰ ਏ ਕਿ ਬੰਗਲਾ-ਦੇਸ਼ ਇੰਜ ਨਹੀਂ ਚਾਹੁੰਦਾ ਤੇ ਪੱਛਮੀ ਬੰਗਾਲ ਭਾਰਤ ਵਿਚ ਰਹਿਣਾ ਚਾਹੁੰਦਾ ਏ। ਭਾਰਤ ਇਕ ਵੱਡਾ ਦੇਸ਼ ਏ ਤੇ ਇਕ ਵੱਡਾ ਦੇਸ਼ ਹੋਣ ਦੇ ਅਨੇਕਾਂ ਫਾਇਦੇ ਨੇ। ਇਕ ਵੱਡੇ ਦੇਸ਼ ਦੇ ਨਾਗਰਿਕ ਹੋਣ ਦੇ ਵੀ ਬੜੇ ਫਾਇਦੇ ਹੁੰਦੇ ਨੇ। ਇਸਦੇ ਇਲਾਵਾ ਬੰਗਲਾ-ਦੇਸ਼ ਇਕ ਗ਼ਰੀਬ ਦੇਸ਼ ਏ। ਜੇ ਇਹ ਇਕ ਅਮੀਰ ਦੇਸ਼ ਹੁੰਦਾ ਤਾਂ ਇਹ ਕਲਪਨਾ ਇਕ ਲੋਭ ਹੋ ਸਕਦੀ ਸੀ।
ਇੱਥੇ ਧਰਮ ਦਾ ਸਵਾਲ ਵੀ ਇਕ ਮੁੱਦਾ ਏ। ਜੇ ਅਜਿਹਾ ਏਕੀਕਰਨ ਹੋ ਜਾਏ ਤਾਂ ਬੰਗਾਲੀ ਮੁਸਲਮਾਨ ਵੱਧ ਗਿਣਤੀ ਵਿਚ ਹੋ ਜਾਣਗੇ। ਅੱਜ ਦੇ ਪੱਛਮ ਬੰਗਾਲ ਦੀ ਵੱਧ ਗਿਣਤੀ ਹਿੰਦੂ ਆਬਾਦੀ ਦੀ ਗਿਣਤੀ ਘਟ ਹੋ ਜਾਏਗੀ। ਕੋਈ ਵੀ ਵੱਧ ਗਿਣਤੀ ਵਾਲੀ ਜਨਤਾ ਘੱਟ-ਗਿਣਤੀ ਵਾਲੀ ਬਣਨਾ ਨਹੀਂ ਚਾਹੁੰਦੀ।
ਇਕ ਲੇਖਕ ਤੇ ਧਰਮ ਨਿਰਪੱਖ ਕਾਰਜ-ਕਰਤਾ ਦੇ ਰੂਪ ਵਿਚ ਅਸੀਂ ਅਜਿਹੇ ਏਕੀਕਰਨ ਦੀ ਆਸ ਜ਼ਰੂਰ ਕਰਦੇ ਹਾਂ। ਮੈਂ ਖ਼ੁਦ ਇਸ ਵਿਸ਼ੇ ਉੱਤੇ ਬੜਾ ਕੁਝ ਲਿਖਿਆ ਏ, ਜਿਸ ਕਰਕੇ ਮੈਨੂੰ ਇਕ 'ਰਾਸ਼ਟਰ-ਵਿਰੋਧੀ ਗੱਦਾਰ' ਕਿਹਾ ਗਿਆ ਸੀ। ਸਿਰਫ਼ ਇਸ ਲਈ ਕਿ ਮੈਂ ਕਿਹਾ ਸੀ ਕਿ ਮੈਂ ਰਾਸ਼ਟਰੀ ਸੀਮਾਵਾਂ ਦਾ ਆਦਰ ਨਹੀਂ ਕਰਦੀ!
ਮੈਂ ਇਕ ਅਜਿਹੀ ਸਥਿਤੀ ਦੀ ਕਲਪਨਾ ਕਰਦੀ ਹਾਂ, ਹੋ ਸਕਦਾ ਏ 100-200 ਸਾਲ ਬਾਅਦ, ਜਦੋਂ ਸੀਮਾਵਾਂ ਦਾ ਕੋਈ ਅਰਥ ਤੇ ਮਹੱਤਵ ਨਹੀਂ ਰਹੇਗਾ। ਇਕ ਅਜਿਹਾ ਦਿਨ ਜਦੋਂ ਸੀਮਾਵਾਂ ਸੱਤਵੇਂ ਆਸਮਾਨ ਪਿੱਛੇ ਜਾ ਲੁਕਣਗੀਆਂ। ਜਦੋਂ ਸਾਰਾ ਸੰਸਾਰ ਇਕ ਹੋਏਗਾ। ਇਸਨੂੰ ਹੋਣਾ ਈ ਪਏਗਾ। ਜਦੋਂ ਧਰਮ ਲੋਕਾਂ ਲਈ ਮਹੱਤਵਪੂਰਨ ਸ਼ੈ ਨਹੀਂ ਰਹੇਗਾ। ਮੈਂ ਨਹੀਂ ਸੋਚਦੀ ਕਿ 200 ਤੋਂ 500 ਸਾਲ ਵੀ ਬਾਅਦ ਧਰਮ ਦੀ ਕੋਈ ਹੋਂਦ ਜਾਂ ਹਸਤੀ ਬਾਕੀ ਹੋਏਗੀ।
--- --- ---
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
V