Thursday, June 7, 2012

ਸਵਾਲ ;; ਲੇਖਕਾ : ਨਤਾਸ਼ਾ ਅਰੋੜਾ



ਹਿੰਦੀ ਕਹਾਣੀ :


ਸਵਾਲ
ਲੇਖਕਾ : ਨਤਾਸ਼ਾ ਅਰੋੜਾ


ਅਨੁਵਾਦ : ਮਹਿੰਦਰ ਬੇਦੀ ਜੈਤੋ


(ਇਹ ਕਹਾਣੀ 'ਕਹਾਣੀ ਪੰਜਾਬ' ਦੇ ਅਪ੍ਰੈਲ-ਜੂਨ ਅੰਕ 75 ਵਿਚ ਵੀ ਪੜ੍ਹੀ ਜਾ ਸਕਦੀ ਹੈ---ਅਨੁ.।)


ਆਪਣੀ ਠਾਹਰ ਦੇ ਤੰਬੂ ਵਿਚ ਤੇਜ਼ ਗਤੀ ਨਾਲ ਚੱਕਰ ਕੱਟ ਰਹੀ ਉਸ ਦਬੰਗ, ਤੇਜਸਵਨੀ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਕਾਫੀ ਗੂੜ੍ਹੀਆਂ ਸਨ। ਆਮ ਨਾਲੋਂ ਲੰਮੀ-ਝੰਮੀ, ਸੁਡੌਲ, ਦਰਸ਼ਨੀ, ਕਣਕਵੰਨੀ-ਕਾਇਆ। ਕੇਸਾਂ ਵਿਚ ਚਮਕਦੀਆਂ ਚਾਂਦੀ ਦੀਆਂ ਤਾਰਾਂ ਉਸਦੀ ਪੱਕੀ-ਉਮਰ ਵੱਲ ਸੰਕੇਤ ਕਰ ਰਹੀਆਂ ਸਨ। ਉਸਨੂੰ ਆਪਣੇ ਪੁੱਤਰ-ਸਮਾਨ ਪਿਆਰੇ ਸੂਹੀਏ, ਸੇਵਕ ਤੁਹੁੰਡ, ਦੀ ਉਡੀਕ ਸੀ। ਜਿਹੜੇ ਸਮਾਚਾਰ ਹੋਰ ਸੂਹੀਏ ਲਿਆਏ ਸਨ, ਉਹਨਾਂ ਦੀ ਸੱਚਾਈ ਉੱਤੇ ਸ਼ੱਕ ਨਾ ਹੋਣ ਦੇ ਬਾਵਜੂਦ ਵੀ ਉਸਦਾ ਮਨ ਉਹਨਾਂ ਨੂੰ ਸਵੀਕਾਰਨ ਲਈ ਤਿਆਰ ਨਹੀਂ ਸੀ ਹੋ ਰਿਹਾ।
ਕੁਲਾਂਤਪੀਠ-ਘਾਟੀ ਦੀ ਤਰਾਈ ਵਿਚ ਸਥਿਤ ਸਕੰਧਾਵਾਰ ਰਾਕਸ਼ਸ-ਰਾਜ ਘਟੋਤਕਚ ਦਾ ਸੀ। ਪਿਤਰੀ-ਕੁਲ ਵੱਲੋਂ ਹੋਈ ਆਗਿਆ ਦੀ ਪਾਲਨਾ ਕਰਨ ਖਾਤਰ ਰਾਕਸ਼ਸ ਰਾਜਾ ਘਟੋਤਕਚ ਆਪਣੀ ਸਾਰੀ ਸੈਨਾ ਸਮੇਤ ਕੁਰੁਕਸ਼ੇਤਰ ਦੀ ਰਣਭੂਮੀ ਵਿਚ ਜਾ ਗੱਜਿਆ ਸੀ। ਵਾਨਪ੍ਰਸਥੀ ਰਾਜਮਾਤਾ ਹਿਡਿੰਬਾ ਆਪਣੇ ਆਪ ਨੂੰ ਇਹਨਾਂ ਭਿਆਨਕ ਪ੍ਰਸਥਿੱਤੀਆਂ ਵਿਚ, ਉੱਚੀ ਪਹਾੜੀ ਉਪਤਯਕਾ ਤੋਂ ਉਤਰ ਕੇ, ਇੱਥੇ ਆਉਣ ਤੋਂ ਰੋਕ ਨਹੀਂ ਸੀ ਸਕੀ। ਆਪਣੇ ਮਨ ਦੀ ਇਸ ਬੇਚੈਨੀ ਉੱਤੇ ਉਹ ਖ਼ੁਦ ਵੀ ਹੈਰਾਨ ਸੀ। ਇਹਨਾਂ ਵਾਨਪ੍ਰਸਥੀ ਵਰ੍ਹਿਆਂ ਵਿਚ ਭੀਮ ਦੇ ਨਾਂ ਦਾ ਰਟਣ ਕਰ-ਕਰ ਧੜਕਣ ਵਾਲਾ ਦਿਲ ਮਸੀਂ ਸ਼ਾਂਤ ਹੋਇਆ ਸੀ ਕਿ ਹੁਣ ਫੇਰ ਇਹ ਬੇਚੈਨੀ? ਮੋਹ ਦੀ ਅੱਗ ਅਜੇ ਬੁਝੀ ਨਹੀਂ ਸੀ ਜਾਪਦੀ—ਪੁੱਤਰ, ਪੋਤਰਿਆਂ ਦੀ ਸਲਾਮਤੀ ਦੀ ਚਿੰਤਾ ਚੰਬੜ ਗਈ ਸੀ। ਰੋਜ਼ ਸੂਹੀਏ ਤੋਂ ਉਹ, ਭੀਮ ਸਮੇਤ, ਸਾਰਿਆਂ ਦੀ ਰਾਜੀ-ਖੁਸ਼ੀ ਜਾਣਨ ਲਈ ਬੇਚੈਨ ਰਹਿੰਦੀ।
ਤੁਹੁੰਡ ਨੇ ਤੰਬੂ ਦਾ ਪਰਦਾ ਹਟਾਇਆ ਤਾਂ ਸੋਚਾਂ ਦੇ ਭੰਵਰ ਵਿਚ ਭੌਂਦੀ ਹਿਡਿੰਬਾ ਇਕ ਝਟਕੇ ਨਾਲ ਵਰਤਮਾਨ ਵਿਚ ਪਰਤ ਆਈ। ਆਪਣੀ ਪ੍ਰੇਸ਼ਾਨੀ ਵੱਸ ਹਿਡਿੰਬਾ ਨੇ ਉਸ ਦਾ ਮੋਢਾ ਫੜ੍ਹ ਕੇ ਝੰਜੋੜ ਦਿੱਤਾ, ਪਰ ਕੋਈ ਸਵਾਲ ਨਾ ਕਰ ਸਕੀ। ਸਵਾਲ ਕਰਨਾ ਵਿਅਰਥ ਸੀ—ਤੁਹੁੰਡ ਦੀਆਂ ਅੱਖਾਂ ਸਮਾਚਾਰ ਦੇ ਸੱਚ ਦਾ ਸਬੂਤ ਬਣੀਆਂ ਹੋਈਆਂ ਸਨ। ਪੁੱਤਰ ਘਟੋਤਕਚ ਦੇ ਬੱਧ ਦੀ ਸੂਚਨਾ ਕਾਲਜਾ ਪਾੜ ਦੇਣ ਵਾਲੀ ਸੀ। ਰਾਜਮਾਤਾ ਨੇ ਆਪਣੇ ਆਪ ਉੱਤੇ ਕਾਬੂ ਪਾਉਂਦਿਆਂ ਹੋਇਆਂ ਧੀਮੀ ਆਵਾਜ਼ ਵਿਚ ਕਿਹਾ, “ਤੁਹੁੰਡ! ਮੇਰੇ ਬੱਚੇ! ਝੱਟ ਮੈਨੂੰ ਰਣਭੂਮੀ ਦਾ ਪੂਰਾ ਹਾਲ ਸੁਣਾ।”
ਸਾਰੀਆਂ ਖਬਰਾਂ ਮਾੜੀਆਂ ਸਨ—ਵਿਸ਼ਵਾਸ ਨਹੀਂ ਸੀ ਆ ਰਿਹਾ ਪਰ...! ਉਸਨੇ ਤੁਹੁੰਡ ਦੀਆਂ ਅੱਖਾਂ ਵਿਚ ਬਹੁਤ ਕੁਝ ਟੋਲਦੀਆਂ ਆਪਣੀਆਂ ਅੱਖਾਂ ਗੱਡ ਕੇ ਸਵਾਲ ਕੀਤਾ...:
“ਮੇਰਾ ਸਵਾਲ ਧਿਆਨ ਨਾਲ ਸੁਣ। ਕੀ ਕਿਸੇ ਨੇ ਵੀ ਪੁੱਤਰ ਘਟੋਤਕਚ ਨੂੰ ਕਰਣ ਨਾਲ ਯੁੱਧ ਕਰਨ ਲਈ ਮਜ਼ਬੂਰ ਕੀਤਾ ਸੀ?”
“ਨਹੀਂ ਸੁਆਮੀ ਮਾਤਾ! ਪਰ ਪ੍ਰਸਥਿੱਤੀਆਂ ਤੇ ਵਾਤਾਵਰਣ ਅਜਿਹੇ ਬਣਾਅ ਦਿੱਤੇ ਗਏ ਸਨ ਕਿ ਮਹਾਰਾਜ ਖ਼ੁਦ ਹੀ ਯੁੱਧ ਲਈ ਡਟ ਗਏ।”
“'ਬਣਾਅ' ਦਿੱਤੇ ਗਏ ਸਨ? ਸਪਸ਼ਟ ਕਰ। ਏਨੇ ਬਲੀ ਪਾਂਡਵਾਂ ਦੇ ਹੁੰਦਿਆਂ, ਕਰਣ ਨੇ ਕਿੰਜ ਮੇਰੇ ਪੁੱਤਰ ਦਾ ਬੱਧ ਕਰ ਦਿੱਤਾ?” ਹਿਡਿੰਬਾ ਦੇ ਮੱਥੇ ਦੀਆਂ ਕਰੋਧਮਈ ਤਿਊੜੀਆਂ ਅਨੇਕਾਂ ਸਵਾਲ ਕਰ ਰਹੀਆਂ ਸਨ।
“ਸੁਆਮੀ ਮਾਤਾ! ਜਦ ਕਰਣ ਦੇ ਤੀਰਾਂ ਦੀ ਬਰਖਾ ਨਾਲ ਪਾਂਡਵ ਸੈਨਾ ਤ੍ਰਾਸ-ਤ੍ਰਾਸ ਕਰ ਰਹੀ ਸੀ ਤਦ ਵੀਰ ਅਰਜੁਨ ਕਰਣ ਨਾਲ ਯੁੱਧ ਕਰਨ ਲਈ ਤਿਆਰ ਹੋਏ ਪਰ ਸ਼੍ਰੀ ਕ੍ਰਿਸ਼ਣ ਨੇ ਮਹਾਰਾਜ ਘਟੋਤਕਚ ਦੀ ਸ਼ਕਤੀ ਦਾ ਵਿਸ਼ਵਾਸ ਦਿਵਾਇਆ। ਸ਼੍ਰੀ ਕ੍ਰਿਸ਼ਣ ਨੇ ਖ਼ੁਦ ਸਾਡੇ ਮਹਾਰਾਜ ਨੂੰ ਕਿਹਾ 'ਪੁੱਤਰ ਘਟੋਤਕਚ, ਤੇਰੇ ਲਈ ਕੁਝ ਕਰ ਵਿਖਾਉਣ ਦਾ ਸੁਨਹਿਰਾ ਮੌਕਾ ਏ ਇਹ। ਪਿਤਾ ਇਸੇ ਕਰਕੇ ਪੁੱਤਰ ਦੀ ਕਾਮਨਾ ਕਰਦਾ ਹੈ ਕਿ ਸੰਕਟ ਸਮੇਂ ਉਹ, ਉਹਦੀ ਰੱਖਿਆ ਕਰੇ। ਤੂੰ ਆਪਣੇ ਕਰਤੱਵ ਦਾ ਪਾਲਨ ਕਰ'—ਇਹ ਸੁਣ ਕੇ ਸਾਡੇ ਮਹਾ...।”
“ਹਾਂ! ਹਾਂ! ਮੈਂ ਜਾਣਦੀ ਆਂ ਆਪਣੇ ਪੁੱਤਰ ਦੇ ਸੁਭਾਅ ਨੂੰ, ਉਹ ਤੁਰੰਤ ਆਪਣੇ ਪਿਤਰ-ਕੁਲ ਦੀ ਰੱਖਿਆ ਲਈ ਅੱਗੇ ਹੋ ਗਿਆ ਹੋਵੇਗਾ।” ਬੜੀ ਮੁਸ਼ਕਲ ਨਾਲ ਆਪਣੀ ਉਤੇਜਨਾ ਉੱਤੇ ਕਾਬੂ ਪਾਉਂਦਿਆਂ ਹੋਇਆਂ ਉਸਨੇ ਫੇਰ ਸਵਾਲ ਕੀਤਾ, ਇੰਜ ਜਿਵੇਂ ਉਸੇ ਉਤਰ ਉੱਤੇ ਹੀ ਉਸਦੇ ਸਾਰੇ ਜੀਵਨ ਦੀ ਤਪਸਿਆ ਦੀ ਨੀਂਹ ਟਿਕੀ ਹੋਈ ਹੋਵੇ। ਉਸਨੇ ਸਾਹਾਂ ਦੀ ਗਤੀ ਬੜੀ ਧੀਮੀ ਹੋ ਗਈ ਸੀ।
“ਦੱਸੋ ਪੁੱਤਰ! ਇਸ ਸਮੇਂ ਮੇਰੇ ਪੁੱਤਰ ਦੇ ਪਿਤਾ ਕਿੱਥੇ ਸਨ?”
“ਸੁਆਮੀ ਮਾਤਾ! ਮਹਾਰਾਜ ਭੀਮ ਸੈਨ ਯੁੱਧ ਵਿਚ ਦੂਜੇ ਪਾਸੇ ਕੌਰਵਾਂ ਦੁਆਰਾ ਘੇਰ ਲਏ ਗਏ ਸਨ, ਨਹੀਂ ਤਾਂ...।”
ਹਿਡਿੰਬਾ ਦੇ ਰੁਕੇ ਹੋਏ ਸਾਹ ਮੁੜ ਵਗਣ ਲੱਗੇ। ਸੁਆਮੀ ਮਾਤਾ ਦੇ ਆਦੇਸ਼ ਉੱਤੇ ਤੁਹੁੰਡ ਨੇ ਪੂਰੇ ਵਿਸਥਾਰ ਨਾਲ ਸਾਰੇ ਹਾਲਾਤ ਕਹਿ ਸੁਣਾਏ, ਜਿਹਨਾਂ ਨੂੰ ਸੁਣ ਕੇ ਹਿਡਿੰਬਾ ਨੂੰ ਆਪਣੇ ਗੁੱਸਾ ਨੂੰ ਰੋਕਣਾ ਦੁੱਭਰ ਹੋ ਗਿਆ। ਉਸਦੇ ਚਿਹਰੇ ਦੀ ਦ੍ਰਿੜ੍ਹ ਗੰਭੀਰਤਾ ਨੇ ਤੁਹੁੰਡ ਨੂੰ ਡਰਾ ਦਿੱਤਾ। ਹਿਡਿੰਬਾ ਨੇ ਮਨ ਹੀ ਮਨ ਕੁਝ ਫ਼ੈਸਲੇ ਕੀਤੇ। ਰਣਭੂਮੀ ਵਿਚੋਂ ਘਟੋਤਕਚ ਦੀ ਦੇਹ ਲੈ ਆਉਣ ਦਾ ਹੁਕਮ ਦੇਣ ਪਿੱਛੋਂ ਉਹ ਤੁਹੁੰਡ ਵਲ ਭੌਂ ਪਈ, “ਤੂੰ ਕੁਛ ਆਰਾਮ ਕਰ ਲੈ। ਹੁਣੇ ਤੂੰ ਮੇਰੇ ਨਾਲ ਲੰਮੀ ਯਾਤਰਾ ਕਰਨੀ ਏਂ।” ਸੁਆਮੀ ਮਾਤਾ ਦੀ ਠੰਡੀ-ਯਖ ਆਵਾਜ਼ ਤੇ ਚਿਹਰੇ ਦੇ ਹਾਵ-ਭਾਵ ਨੇ ਉਸਨੂੰ ਚਿੰਤਾ ਵਿਚ ਪਾ ਦਿੱਤਾ ਸੀ। ਉਸਨੂੰ ਵਰ੍ਹਿਆਂ ਪੁਰਾਣੀ ਰਾਜ-ਪਟਰਾਣੀ ਹਿਡਿੰਬਾ ਚੇਤੇ ਆ ਗਈ—ਜਿਸਦਾ ਹਰ ਨਿਹਚਾ ਦ੍ਰਿੜ੍ਹ ਤੇ ਫ਼ੈਸਲੇ ਅਟੱਲ ਹੁੰਦੇ ਹੁੰਦਾ ਸਨ।
ਰਾਜ ਮਾਤਾ ਦੀ ਆਗਿਆ ਅਨੁਸਾਰ ਘੋੜੇ ਤਿਆਰ ਸਨ। ਹਿਡਿੰਬਾ ਤੰਬੂ ਵਿਚੋਂ ਬਾਹਰ ਆਈ ਤੇ ਫੁਰਤੀ ਨਾਲ ਘੋੜੇ 'ਤੇ ਸਵਾਰ ਹੋ ਗਈ। ਘੋੜੇ ਹਵਾ ਨਾਲ ਗੱਲਾਂ ਕਰਨ ਲੱਗੇ। ਉਹਨਾਂ ਕਿਸੇ ਵੀ ਹਾਲਤ ਵਿਚ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਮਿਥੇ ਹੋਏ ਸਥਾਨ 'ਤੇ ਪਹੁੰਚਣਾ ਸੀ। ਪੰਧ ਲੰਮੇਰਾ ਸੀ। ਗੰਗਾ ਵੀ ਪਾਰ ਕਰਨੀ ਪੈਣੀ ਸੀ। ਤੇਜ਼ ਗਤੀ ਵਾਲੀਆਂ ਬੇੜੀਆਂ ਤਿਆਰ ਸਨ।
ਅੱਜ ਪਹਿਲੀ ਵਾਰੀ ਹਿਡਿੰਬਾ ਆਰੀਆ-ਵਰਤ ਦੇ ਪ੍ਰਸਿੱਧ ਪੌਰਵ-ਕੁਲ-ਵੰਸ਼ੀ ਰਾਜ-ਖੇਤਰ ਵਿਚ ਪ੍ਰਵੇਸ਼ ਕਰ ਰਹੀ ਸੀ। ਕੁਰੂਕਸ਼ੇਤਰ ਦੀ ਰਣਭੂਮੀ ਆਪਣੀ ਇਸ ਪੁੱਤਰ-ਬਧੁ ਦਾ ਸਵਾਗਤ, ਉਸੇ ਦੇ ਪੁੱਤਰ ਦੇ ਲਹੂ ਨਾਲ ਭਿੱਜੀ ਰੇਤ ਨਾਲ, ਕਰਨ ਦੀ ਉਡੀਕ ਵਿਚ ਸੀ।
ਆਕਾਸ਼ ਵਿਚ ਉੱਡਦੀਆਂ ਗਿਰਝਾਂ ਤੇ ਮਨੁੱਖਾਂ, ਪਸ਼ੂਆਂ ਦੀਆਂ ਚੀਕਾਂ ਤੋਂ ਉਹ ਸਮਝ ਗਈ ਕਿ ਉਸਦੀ ਮੰਜ਼ਿਲ ਨੇੜੇ ਹੀ ਹੈ। ਹੁਣ ਤੁਹੁੰਡ ਨੇ ਸੁਆਮੀ ਮਾਤਾ ਦੇ ਘੋੜਾ ਦੇ ਅੱਗੇ ਹੋ ਕੇ ਲਗਾਮ ਸਮਰਾਂਗਣ ਦੀ ਉਲਟ ਦਿਸ਼ਾ ਵੱਲ ਮੋੜ ਦਿੱਤੀ। ਹਿਡਿੰਬਾ ਨੂੰ ਕੁਝ ਰੁੱਖਾਂ ਤੇ ਝਾੜੀਆਂ ਵਿਚਕਾਰ ਘਿਰਿਆ, ਪਾਣੀ ਛਿੜਕ ਕੇ ਸਾਫ-ਸੁਥਰਾ ਕੀਤਾ, ਧਰਤੀ ਦਾ ਇਕ ਟੁਕੜਾ ਨਜ਼ਰ ਆਇਆ—ਜਿਸਦੇ ਐਨ ਵਿਚਕਾਰ ਪਿਤਾਮਾ ਭੀਸ਼ਮ ਤੀਰਾਂ ਦੀ ਸੇਜ ਉੱਤੇ ਲੇਟੇ ਹੋਏ ਸਨ। ਕੁਝ ਫ਼ਾਸਲੇ 'ਤੇ ਦੋ ਸੇਵਕ ਖੜ੍ਹੇ ਸਨ। ਹਿਡਿੰਬਾ ਰੁੱਖਾਂ ਦੇ ਝੁੰਡ ਕੋਲ ਘੋੜੇ ਤੋਂ ਉਤਰੀ, ਲਗਾਮ ਤੁਹੁੰਡ ਨੂੰ ਫੜਾ ਕੇ ਉੱਥੇ ਹੀ ਉਡੀਕ ਕਰਨ ਦੀ ਆਗਿਆ ਦੇ ਕੇ ਅੱਗੇ ਵਧ ਗਈ। ਹਲਕੀ ਜਿਹੀ ਓਪਰੀ ਪੈੜ ਚਾਲ ਸੁਣ ਕੇ ਭੀਸ਼ਮ ਨੇ ਸਵਾਲ ਕੀਤਾ...:
“ਕੌਣ?”
ਪਿਤਾਮਾ (ਪਿਤਾ ਸਮਾਨ) ਦੇ ਸਾਹਵੇਂ ਆ ਕੇ , ਹੱਥ ਜੋੜ ਕੇ ਤੇ ਸਿਰ ਨਿਵਾਅ ਕੇ, ਹਿਡਿੰਬਾ ਨੇ ਬੜੀ ਨਿਮਰ ਤੇ ਸੁਸ਼ੀਲ ਭਾਸ਼ਾ ਵਿਚ ਕਿਹਾ—
“ਪਰਮ-ਪੂਜਯ ਪਿਤਾਮਾ ਦੇ ਚਰਣਾ ਵਿਚ ਪ੍ਰਿਯ ਅੰਜਨਪਰਵਾ ਦੀ ਦਾਦੀ ਤੇ ਵੀਰ ਘਟੋਤਕਚ ਦੀ ਮਾਤਾ ਦਾ ਪ੍ਰਣਾਮ ਸਵੀਕਾਰ ਹੋਵੇ।” ਪਿਤਾਮਾ ਚੁੱਪ ਸਨ...
ਅੱਜ ਦਾ ਯੁੱਧ ਸਮਾਪਤ ਹੋਣ ਵਾਲਾ ਸੀ। ਨਿੱਤ ਵਾਂਗ ਪਾਂਡਵ, ਦੇਵੀ ਕੁੰਤੀ, ਦਰੌਪਦੀ, ਮਹਾਮੰਤਰੀ ਵਿਦੁਰ ਤੇ ਸ਼੍ਰੀ ਕ੍ਰਿਸ਼ਣ ਗੰਗਾ ਪੁੱਤਰ ਦੀ ਸੇਜ ਵੱਲ ਵਧ ਰਹੇ ਸਨ। ਨੇੜੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਸੇਜ ਕੋਲ ਕਿਸੇ ਦੇ ਖੜ੍ਹੇ ਹੋਣ ਦਾ ਅਹਿਸਾਸ ਹੋਇਆ, ਜਰਾ ਅੱਗੇ ਵਧਦੇ ਤਾਂ ਉਸ ਔਰਤ ਦਾ ਬਿੰਬ ਸਾਫ ਹੋ ਗਿਆ, ਸਾਰੇ ਠਿਠਕ ਗਏ। ਭੀਮ ਦੇ ਮੂੰਹੋਂ ਨਿਕਲੀ 'ਓਹ' ਦੀ ਆਵਾਜ਼ ਦੇ ਨਾਲ ਬਾਕੀ ਪਾਂਡਵਾਂ ਤੇ ਦੇਵੀ ਕੁੰਤੀ ਦੀਆਂ ਯਾਦਾਂ ਵਿਚ ਵੀ ਅਤੀਤ ਦੇ ਚਿੱਤਰ ਤੈਰਨ ਲੱਗੇ—ਸਾਰੇ ਜਿਵੇਂ ਸਿਲ-ਪੱਥਰ ਹੋ ਗਏ ਸਨ। ਬੁੱਤ ਬਣੇ ਖੜ੍ਹੇ ਆਪਣੇ ਪਤੀਆਂ ਵੱਲ ਦੇਖ ਕੇ ਦਰੌਪਦੀ ਨੂੰ ਬੜੀ ਹੈਰਾਨੀ ਹੋਈ—ਫੇਰ ਭੀਮ ਦੇ ਬੱਗੇ ਫੂਸ ਮੂੰਹ ਨੇ ਯਕਦਮ ਉਸਨੂੰ ਕੋਰੇ-ਸੱਚ ਦਾ ਗਿਆਨ ਕਰਵਾ ਦਿੱਤਾ—ਕਿ ਇਹ ਚਿੱਟੇ ਬਸਤਰਾਂ ਤੇ ਦਗ਼ਦੇ ਚਿਹਰੇ ਵਾਲੀ ਅਣ-ਆਰੀਆ ਤਪਸਵਨੀ ਘਟੋਚਕਚ ਦੀ ਮਾਤਾ ਹੀ ਹੈ। ਵਿਦੁਰ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਕੁਝ ਹੋਰ ਗੂੜ੍ਹੀਆਂ ਹੋ ਗਈਆਂ। ਸ਼੍ਰੀ ਕ੍ਰਿਸ਼ਣ ਦਾ ਮੁਖ-ਮੰਡਲ ਗੰਭੀਰ ਤੇ ਭਾਵਹੀਣ ਸੀ। ਉਹ ਦੱਬਵੇਂ ਪੈਰੀਂ ਇਕ ਰੁੱਖ ਦੀ ਓਟ ਵਿਚ ਚਲੇ ਗਏ।...ਤੇ ਫੇਰ ਸਾਰੇ ਹੀ ਕ੍ਰਿਸ਼ਣ ਦੀ ਵੇਖਾ-ਵੇਖੀ ਦੱਬਵੇਂ-ਪੈਰੀਂ ਨੇੜੇ ਦੇ ਰੁੱਖਾਂ ਤੇ ਬੂਟਿਆਂ ਦੀ ਓਟ ਵਿਚ ਹੋ ਗਏ। ਇਸ ਵੇਲੇ ਸਾਰੇ ਇਕੋ ਜਿਹੀ ਪ੍ਰਸਥਿਤੀ (ਹਾਲਤ) ਦੇ ਕੈਦੀ ਸਨ, ਜਿਹਨਾਂ ਦੇ ਦਿਲ ਆਪੋ-ਆਪਣੀਆਂ ਸੋਚਾਂ ਦੀ ਅਦਿੱਖ ਸੂਲੀ ਉੱਤੇ ਲਟਕ ਰਹੇ ਸਨ। ਹੁਣ ਆਪਣੇ ਆਉਣ ਦਾ ਅਹਿਸਾਸ ਕਰਵਾਏ ਬਿਨਾਂ ਵਾਪਸ ਪਰਤ ਜਾਣਾ ਵੀ ਸੌਖਾ ਨਹੀਂ ਸੀ ਤੇ ਅੱਗੇ ਵਧ ਕੇ ਖ਼ੁਦ ਨੂੰ ਜਾਹਰ ਕਰਨਾ ਤਾਂ ਅਸੰਭਵ ਹੀ ਸੀ। ਮਨੁੱਖੀ ਮਨ ਡਾਢਾ ਵਚਿੱਤਰ ਹੁੰਦਾ ਹੈ। ਸ਼ਾਇਦ ਪ੍ਰਸਿਥਤੀ ਪ੍ਰਤੀ ਉਹਨਾਂ ਦੀਆਂ ਸ਼ੰਕਾਵਾਂ ਨੇ, ਉਹਨਾਂ ਦੇ ਮਨ ਦੇ ਹੀਣ ਭਾਵਾਂ ਨੂੰ ਤਸੱਲੀ ਦੇਣ ਖਾਤਰ, ਮਜ਼ਬੂਰੀ-ਰੂਪੀ ਉਹ ਤੰਦ ਫੜਾ ਦਿੱਤੀ ਸੀ ਜਿੱਥੇ ਹਿਡਿੰਬਾ ਦੇ ਵਚਨ ਸੁਣਨ ਦੀ ਇੱਛਾ ਦੀ ਕਰੂੰਬਲ ਪੁੰਗਰ ਰਹੀ ਸੀ। ਉਹ ਧਰਤੀ ਨਾਲ ਗੁਰੂਤਾ ਖਿੱਚ ਵਾਂਗ ਚਿਪਕ ਗਏ ਜਾਪਦੇ ਸਨ।
ਪਿਤਾਮਾ ਚੁੱਪ ਸਨ...ਕਿ ਹਿਡਿੰਬਾ ਨੇ ਆਪਣੀ ਪਛਾਣ ਦੱਸ ਕੇ ਅੱਗੇ ਕਹਿਣਾ ਸ਼ੁਰੂ ਕੀਤਾ, “ਇਸ ਮੰਦੀ ਘੜੀ ਆਉਣ ਦੀ ਖਿਮਾ ਚਾਹੁੰਦੀ ਆਂ...ਖ਼ੁਦ ਨੂੰ ਰੋਕ ਨਹੀਂ ਸਕੀ। ਕੁਝ ਅਰਜ ਕਰਨ ਦੀ ਆਗਿਆ ਦਿਓ ਪਿਤਾਮਾ!”
ਹੈਰਾਨ-ਪ੍ਰੇਸ਼ਾਨ ਗੰਗਾ-ਪੁੱਤਰ ਤੁਰੰਤ ਸੰਭਲੇ ਤੇ ਸਨੇਹ ਭਿੱਜੀ ਆਵਾਜ਼ ਵਿਚ ਕਹਿਣ ਲੱਗੇ, “ਆਓ ਪੁੱਤਰੀ! ਏਸ ਮਨ-ਦੁਖਾਵੀ ਪ੍ਰਸਿਥਤੀ ਵਿਚ ਤੇਰੇ ਨਾਲ ਪਹਿਲੀ, ਤੇ ਸੰਭਵ ਏ ਏਸ ਅੰਤਮ-ਮੁਲਾਕਾਤ ਦੀ ਕਲਪਨਾ ਮੈਂ ਕਦੀ ਨਹੀਂ ਸੀ ਕੀਤੀ।” ਪਤਾ ਨਹੀਂ ਕਿਉਂ, ਪਿਤਾਮਾ ਸਾਰਿਆਂ ਲਈ ਆਪਣਾ ਅਸ਼ੀਰਵਾਦ 'ਆਯੂਸ਼ਮਾਨ ਭਵ' (ਲੰਮੀਆਂ ਉਮਰਾਂ ਹੋਣ) ਉਹਨੂੰ ਨਹੀਂ ਸੀ ਦੇ ਸਕੇ? ਭਰੇ ਗਲ਼ੇ ਨੂੰ ਖੰਘਾਰ ਕੇ ਅੱਗੇ ਬੋਲੇ, “ਪਾਂਡਵ ਕੁਲ ਦੀ ਪਲੇਠੀ ਬਹੂ ਏਂ ਪੁੱਤਰੀ! ਤੈਨੂੰ ਆਪਣੇ ਪਿਤਾਮਾ ਨੂੰ ਕੁਛ ਵੀ ਕਹਿਣ ਦਾ ਅਧਿਕਾਰ ਏ...” ਉਤੇਜਨਾ ਵੱਸ ਹੋਈ ਹਿਡਿੰਬਾ ਪਿਘਲ ਨਹੀਂ ਸਕੀ, ਫੇਰ ਵੀ ਆਪਣੀ ਆਵਾਜ਼ ਉੱਤੇ ਸੰਜਮ ਰੱਖ ਕੇ ਕਹਿਣ ਲੱਗੀ, “ਖ਼ਿਮਾ ਕਰਨਾ ਪਿਤਾਮਾ! ਪਾਂਡਵ ਕੁਲ ਦੀ ਬਹੂ ਹੋਣ ਦਾ ਸਨਮਾਨ ਸਿਰਫ ਅਨੁਜਾ (ਛੋਟੀ ਭੈਣ) ਪਾਂਚਾਲੀ ਨੂੰ ਏ। ਇਸ ਅਣ-ਆਰੀਆ ਨੂੰ ਕਦ ਕੁਲ-ਬਹੂ ਸਵੀਕਾਰਿਆ ਗਿਆ ਏ ਤਾਤ (ਪਿਤਾ ਸਮਾਨ ਪੂਰਨੀਕ ਬਜ਼ੁਰਗ)? ਮਹਾਰਾਜ ਯੁਧਿਸ਼ਠਰ ਦੇ ਰਾਜਸੂਸ-ਯੱਗ (ਉਹ ਯੱਗ ਜਿਸਨੂੰ ਕਰਨ ਦਾ ਅਧਿਕਾਰ ਸਿਰਫ ਸਮਰਾਟ ਨੂੰ ਹੁੰਦਾ ਹੈ।) ਵਿਚ ਕਿੱਥੇ ਸੀ ਇਹ ਪਲੇਠੀ ਕੁਲ-ਬਹੂ? ਮਾਤਾ ਸ਼੍ਰੀ ਕੁੰਤੀ ਦੇਵੀ ਨਾਲ ਰਹਿਣ ਤੇ ਸੇਵਾ ਕਰਨ ਦਾ ਰੱਤੀ ਕੁ ਸੁਭਾਗ ਵੀ ਨਹੀਂ ਸੀ ਪ੍ਰਾਪਤ ਹੋਇਆ ਤੁਹਾਡੀ ਇਸ ਤਥਾ-ਕਥਿਤ ਕੁਲ-ਬਹੂ ਨੂੰ?—ਤੇ ਉਹਨਾਂ ਨੂੰ ਵੀ ਤਾਂ ਕਦੀ ਚੇਤੇ ਨਹੀਂ ਆਈ ਆਪਣੀ ਇਹ ਪੁੱਤਰ-ਵਿਆਹੀ। ਸੋ ਪਿਤਾਮਾ! ਕ੍ਰਿਪਾ ਕਰਕੇ ਤੁਸੀਂ ਮੈਨੂੰ ਇਸ ਸੰਬੋਧਨ ਨਾਲ ਅਪਮਾਨਤ ਨਾ ਕਰੋ। ਮੈਂ ਸਿਰਫ ਘਟੋਤਕਚ ਦੀ ਮਾਤਾ ਹਾਂ ਤੇ ਇਸ ਉੱਤੇ ਮੈਨੂੰ ਮਾਣ ਏਂ।” ਕਹਿੰਦੇ-ਕਹਿੰਦੇ ਉਹਦਾ ਗੱਚ ਭਰ ਆਇਆ। ਕੁਝ ਪਲਾਂ ਲਈ ਚੁੱਪ ਵਾਪਰ ਗਈ। ਉਹ ਸੋਚਣ ਲੱਗੀ 'ਇਹ ਤੈਨੂੰ ਕੀ ਹੋ ਗਿਐ ਹਿਡਿੰਬੇ? ਵਾਰਤਾ ਨੇ ਇਹ ਕੈਸਾ ਮੋੜ ਕੱਟ ਲਿਆ ਏ?ਤੂੰ ਤਾਂ ਘਟੋਤਕਚ-ਬੱਧ ਦੇ ਅਨਿਆਂ ਬਾਰੇ ਪਿਤਾਮਾ ਤੋਂ ਕੁਝ ਸਵਾਲ ਪੁੱਛਣ ਆਈ ਸੈਂ, ਤੇ ਇਹ ਆਪਣਾ ਜਾਤਾਂ-ਵਰਣਾਂ ਵਾਲਾ ਪਟਾਰਾ ਖੋਹਲ ਕੇ ਬੈਠ ਗਈ ਏਂ?'
ਹਿਡਿੰਬਾ ਦੇ ਸੱਚ ਦੀ ਚੋਭ ਗੰਗਾ ਪੁੱਤਰ ਨੂੰ ਉਹਨਾਂ ਤੀਰਾਂ ਨਾਲੋਂ ਵੀ ਵੱਧ ਕਸ਼ਟ ਦੇ ਰਹੀ ਸੀ ਜਿਹਨਾਂ ਨਾਲ ਉਹ ਵਿੰਨ੍ਹੇ ਪਏ ਸਨ। ਸੱਚ ਦਾ ਤੀਰ ਕਿੰਨਾ ਤਕਲੀਫ਼ ਦੇਅ ਸੀ। 'ਪਤਾ ਨਹੀਂ ਕਿਸ ਕਿਸ ਦੇ ਅਪਰਾਧੀ ਸਨ ਉਹ...ਪਰ ਉਸ ਸੂਚੀ ਵਿਚ ਹਿਡਿੰਬਾ ਵੀ ਹੋਵੇਗੀ—ਇਹ ਕਲਪਨਾ ਤੋਂ ਪਰ੍ਹੇ ਦੀ ਗੱਲ ਸੀ', ਅਖ਼ੀਰ ਬੋਲੇ, “ਤੇਰਾ ਗੁੱਸਾ ਸੁਭਾਵਿਕ ਹੈ ਪੁੱਤਰੀ! ਇਸ ਯੁੱਧ ਨੇ, ਪਤਾ ਨਹੀਂ, ਕਿੰਨੀਆਂ ਬਲੀਆਂ ਲਈਆਂ ਨੇ। ਪਰ ਪੁੱਤਰੀ! ਧਰਮ ਦੀ ਰੱਖਿਆ ਹਿਤ ਅਕਸਰ, ਕਠੋਰ ਨਿਰਣੇ ਲੈਣੇ ਜ਼ਰੂਰੀ ਹੋ ਜਾਂਦੇ ਨੇ।”
“ਧਰਮ ਦੀ ਰੱਖਿਆ?” ਜ਼ੁਬਾਨ 'ਤੇ ਫੇਰ ਕਾਬੂ ਨਹੀਂ ਸੀ ਰੱਖ ਸਕੀ ਉਹ, “ਮੇਰੀ ਨਾਲਾਇਕੀ ਨੂੰ ਮੁਆਫ਼ ਕਰਨਾ ਤਾਤ! ਕੁਰੂ ਕੁਲ ਤਾਂ ਆਰੀਆ ਸੰਸਕ੍ਰਿਤੀ ਦਾ ਵਾਹਕ ਹੋਇਆ—ਧਰਮ ਦੀਆਂ ਮਰਿਆਦਾਵਾਂ ਦਾ ਰਾਖਾ। ਅਸੀਂ ਰਾਕਸ਼ਸ ਲੋਕ ਭਲਾ ਤੁਹਾਡੇ ਸਾਹਵੇਂ ਕਿੰਜ ਟਿਕ ਸਕਦੇ ਆਂ? ਧਰਮ ਦੀ ਮਰਿਆਦਾ ਦਾ ਪਾਲਨ ਤਾਂ ਉਦੋਂ ਹੋਇਆ ਸੀ ਜਦੋਂ ਪੁੱਤਰ-ਵਿਆਹੀ ਨੂੰ ਇਕ ਛੋਟੇ-ਜਿਹੇ ਬਾਲ ਨਾਲ ਇਕੱਲੀ ਛੱਡ ਦਿੱਤਾ ਗਿਆ ਸੀ—ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਇਕ ਪ੍ਰੇਮ-ਝੱਲੀ, ਅੱਲੜ੍ਹ ਮੁਟਿਆਰ ਨੂੰ ਸਰਲਤਾ ਨਾਲ ਵਚਨਾਂ ਵਿਚ ਬੰਨ੍ਹ ਲਿਆ ਗਿਆ ਸੀ। ਅਧਰਮੀ ਤਾਂ ਉਹ ਰਾਕਸ਼ਸ ਬੱਚੀ ਸੀ ਜਿਸਨੇ ਮਾਤਾ ਕੁੰਤੀ ਨੂੰ ਦਿੱਤੇ ਵਚਨ ਦਾ ਅੰਤ ਤੀਕ ਮਾਣ ਰੱਖਿਆ, ਫੇਰ ਕੀ ਹੋਇਆ ਜੇ ਉਸਦਾ ਦਿਲ ਲਹੂ ਦੇ ਅੱਥਰੂ ਵਹਾਉਂਦਾ ਰਿਹਾ”, ਕੁਝ ਛਿਣ ਉਹ ਆਪਣੀਆਂ ਵਹਿ ਤੁਰੀਆਂ ਅੱਖਾਂ ਨੂੰ ਪੂੰਝਦੀ ਰਹੀ, ਫੇਰ ਬੋਲੀ, “ਕੀ ਪੁੱਤਰ ਘਟੋਤਕਚ ਅਧਰਮੀ ਸੀ? ਜਿਸਦੀ ਪਿਤਰ-ਭਗਤੀ ਪਾਂਡਵਾਂ ਨਾਲੋਂ ਘੱਟ ਨਹੀਂ ਸੀ, ਉਸਦੀ ਉਸੇ ਭਗਤੀ ਦਾ ਦੁਰਉਪਯੋਗ ਉਸਦੇ ਪਿਤਰ-ਕੁਲ ਨੇ ਕੀਤਾ...ਮਾਤਾ ਕੁੰਤੀ ਨੂੰ ਅਧਿਕਾਰ ਏ ਆਪਣੀ ਸੰਤਾਨ ਦੀ ਰੱਖਿਆ ਹਿਤ ਸਾਮ, ਦਾਮ, ਦੰਡ, ਭੇਦ, ਪ੍ਰਯੋਗ ਕਰਨ ਦਾ, ਤਾਂ ਕੀ ਇਹ ਰਾਕਸ਼ਸੀ, ਮਾਂ ਨਹੀਂ? ਮੁਆਫ਼ ਕਰਨਾ ਮੇਰੇ ਕੁਸੈਲੇ ਵਚਨਾਂ ਲਈ ਤਾਤ। ਇਸ ਮਾਂ ਨੇ ਤਾਂ ਕਦੀ ਆਰੀਆ ਕੁੰਤੀ ਵਾਂਗ ਕੂਟਨੀਤੀਪੂਰਨ ਵਿਹਾਰ ਨਹੀਂ ਕੀਤਾ—ਨਹੀਂ ਤਾਂ ਕੀ ਇਹ ਮਾਂ, ਪੁੱਤਰ ਘਟੋਤਕਚ ਨੂੰ ਯੁੱਧ ਵਿਚ ਜਾਣ ਦੇਂਦੀ? ਤੁਸੀਂ ਹੀ ਦੱਸੋ ਇਸ ਯੁੱਧ 'ਚੋਂ ਉਸਨੂੰ ਕੀ ਮਿਲਣ ਵਾਲਾ ਸੀ? ਸੱਚਮੁੱਚ ਹੀ ਪਿਤਰ-ਕੁਲ ਪ੍ਰਤੀ ਆਪਣਾ ਕਰਤੱਵ ਨਿਭਾਉਣ ਦਾ ਅਧਰਮ ਕੀਤਾ ਸੀ ਉਹਨੇ...” ਵਿਅੰਗਮਈ ਸ਼ਬਦ ਜ਼ੁਬਾਨ 'ਤੇ ਆ ਹੀ ਗਏ।
ਰੁੱਖ ਦੀ ਓਟ ਵਿਚ ਖੜ੍ਹੀ ਮਾਤਾ ਕੁੰਤੀ ਸ਼ਰਮਸਾਰ ਹੋਈ ਹੋਈ ਸੀ। ਸੱਚ ਹੈ, ਹਿਡਿੰਬਾ ਨੂੰ ਕਦੀ ਦਿਲੋਂ ਕੁਲ ਦੀ ਬਹੂ ਸਵੀਕਾਰ ਨਹੀਂ ਸੀ ਕੀਤਾ ਉਹਨੇ। ਪਾਂਡਵ-ਕੁਲ ਰੱਖਿਆ ਦੇ ਹਿਤਾਂ ਦੇ ਲਈ ਇਸ ਰਾਕਸ਼ਸੀ, ਅਣ-ਆਰੀਆ ਦਾ ਸਿਰਫ ਸਵਾਰਥਪੂਰਨ ਪ੍ਰਯੋਗ ਹੀ ਤਾਂ ਕੀਤਾ ਗਿਆ ਸੀ। ਇਸ ਨਾਲੋਂ ਵੀ ਵਧ ਉਹ ਇਸ ਕੌੜੇ-ਸੱਚ ਕਾਰਨ ਸ਼ਰਮਿੰਦਾ ਸੀ ਕਿ ਪੁੱਤਰ ਅਰਜੁਨ ਦੇ ਬਚ ਜਾਣ ਦੀ ਖੁਸ਼ੀ, ਪੋਤਰੇ ਘਟੋਤਕਚ ਦੀ ਬਲੀ ਦੇ ਦੁੱਖ ਉੱਤੇ ਹਾਵੀ ਹੋ ਗਈ ਸੀ। ਅਜੇ ਇਸ ਛਿਣ ਉਹ ਖ਼ੁਦ ਤੋਂ ਅੱਖਾਂ ਚੁਰਾ ਰਹੀ ਸੀ ਕਿ ਹਿਡਿੰਬਾ ਦੀ ਆਵਾਜ਼ ਗੂੰਜੀ, “ਤੁਸੀਂ ਧਰਮ ਦੀ ਕਹਿ ਰਹੇ ਓ ਤਾਤ! ਜੇਠੇ ਸ਼੍ਰੀ ਮਹਾਰਾਜ ਯੁਧਿਸ਼ਠਰ ਤਾਂ ਧਰਮਰਾਜ ਨੇ, ਕਿੱਥੇ ਐ ਇਸ ਅਨੁਜ-ਪਤਨੀ (ਭਰਾ ਦੀ ਪਤਨੀ) ਪ੍ਰਤੀ ਉਹਨਾਂ ਦਾ ਧਰਮ? ਕੁਰੂਆਂ ਦੇ ਉੱਚ-ਆਰੀਆ ਹੋਣ ਦਾ ਸਵਾਲ ਜੋ ਸੀ, ਸੋ ਰਾਜਸੂਯ-ਯੱਗ ਵਿਚ ਇਸ ਅਨੁਜ-ਪਤਨੀ ਨੂੰ ਸਨਮਾਨ ਦੇ ਕੇ, ਆਪਣੇ ਸ਼ਰੇਸ਼ਠ ਆਰੀਆ ਵੰਸ਼ ਦਾ ਅਪਮਾਨ ਕਿੰਜ ਕਰ ਸਕਦੇ ਸਨ ਉਹ? ਨੱਕ ਨੂੰ ਦਾਅ 'ਤੇ ਕਿੰਜ ਲਾਉਂਦੇ ਭਲਾ?” ਹਿਰਖ ਵੱਸ ਉਸਦੀ ਆਵਾਜ਼ ਕੰਬਣ ਲੱਗ ਪਈ ਸੀ, “ਮੇਰਾ ਇਹ ਭਰਮ ਵੀ ਟੁੱਟ ਗਿਆ ਤਾਤ!...ਕਿ ਜੇਠ ਸ਼੍ਰੀ ਆਪਣੇ ਅਨੁਜ ਨੂੰ ਸੱਚਾ ਪਿਆਰ ਕਰਦੇ ਨੇ।”
ਪੀੜਾਂ ਦੇ ਜਾਲ ਵਿਚ ਉਲਝੇ ਗੰਗਾ ਪੁੱਤਰ ਕੀ ਉਤਰ ਦੇਂਦੇ? ਹਿਡਿੰਬਾ ਇਸ ਛਿਣ ਵਿਚਾਰਾਂ ਦੇ ਹੜ੍ਹ ਵਿਚ ਵਹਿ ਰਹੀ ਸੀ, ਧੀਮੀ ਆਵਾਜ਼ ਵਿਚ ਬੜਬੜਾਈ, “ਅਧਰਮੀ ਤਾਂ ਇਹ ਰਾਕਸ਼ਸੀ ਹੋਈ ਤਾਤ! ਜਿਸਨੇ ਆਪਣੇ ਰਾਕਸ਼ਸ-ਕੁਲ ਦੇ ਨਿਯਮਾਂ ਨੂੰ ਤਿਆਗ ਕੇ ਪਹਿਲਾਂ ਤਾਂ ਆਰੀਆ-ਵੰਸ਼ੀ ਨਾਲ ਵਿਆਹ ਕੀਤਾ, ਫੇਰ ਥੋੜ੍ਹੇ ਸਮੇਂ ਲਈ ਇਕ ਅਰੀਆ ਪੁੱਤਰ ਦੀ ਜੀਵਨ ਸਾਥਣ ਬਣ ਕੇ, ਸਾਰੀ ਉਮਰ ਉਹਦੀਆਂ ਯਾਦਾਂ ਨੂੰ ਅਰਪਿਤ ਕਰ ਦਿੱਤੀ ਤੇ ਰਾਕਸ਼ਸੀ ਪ੍ਰੰਪਰਾ ਨੂੰ ਹੀ ਬਦਲ ਦਿੱਤਾ। ਹਾਂ ਪਿਤਾਮਾ! ਮੈਂ ਅੰਤ ਤਕ ਆਪਣਾ ਵਚਨ ਪਾਲਨ ਕਰਨ ਦਾ ਅਧਰਮ ਕੀਤਾ ਏ ਕਿ ਤੁਹਾਡੇ ਇਸ ਅਖੌਤੀ ਧਰਮ-ਯੁੱਧ ਵਿਚ ਪੁੱਤਰ, ਪੋਤਿਆਂ ਦੀ ਬਲੀ ਦੇ ਦਿੱਤੀ ਏ। ਮੈਂ ਅਧਰਮੀ ਹਿਡਿੰਬਾ, ਰਾਜ-ਮਾਤਾ ਉਤਰਦਾਈ ਹਾਂ ਆਪਣੇ ਪੁੱਤਰ, ਪੋਤਿਆਂ ਦੀਆਂ ਵਿਧਵਾਵਾਂ ਸਾਹਵੇਂ।”
ਝਾੜੀਆਂ ਦੀ ਓਟ ਵਿਚ ਖੜ੍ਹੇ ਯੁਧਿਸ਼ਠਰ ਲਈ ਛੋਟੇ ਭਰਾ ਦੀ ਪਤਨੀ ਦੇ ਉਲਾਂਭਿਆਂ ਵਿਚ ਗੁੱਝੀ, ਦਰਦਮਈ ਕੁਰਲਾਹਟ ਨੂੰ ਸਹਿ ਸਕਣਾ ਅਸਹਿ ਹੋ ਗਿਆ। ਉਹ ਨਿਢਾਲ ਜਿਹੇ ਹੋ ਕੇ ਥਾਂਵੇਂ ਬੈਠ ਗਏ। 'ਦਰੌਪਦੀ ਦੇ ਤਾਂ ਉਹ ਚੀਰ-ਦੋਖੀ ਹੈ ਹੀ ਸਨ ਪਰ ਹਿਡਿੰਬਾ ਦੇ ਵੀ ਦੋਖੀ ਹੈਨ—ਇਹ ਧੱਕਾ ਅਚਾਨਕ ਲੱਗਾ ਸੀ। ਕਿੰਜ ਭੁੱਲ ਬੈਠੇ ਉਹ ਇਸ ਅਤਿ ਸਨੇਹੀ ਭਰਜਾਈ ਨੂੰ ਜਿਸਨੇ ਮਾੜੇ ਦਿਨਾਂ ਵਿਚ ਉਹਨਾਂ ਦਾ ਸਾਥ ਦਿੱਤਾ ਸੀ'...ਉਹ ਖ਼ੁਦ ਨੂੰ ਫਿਟਕਾਰਾਂ ਪਾ ਰਹੇ ਸਨ।
ਹਿਡਿੰਬਾ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ। ਹਰੇਕ ਗੱਲ ਦੇ ਜਾਣਕਾਰ, ਅੰਦਰੋਂ-ਬਾਹਰੋਂ ਵਿੰਨ੍ਹੇ ਹੋਏ ਪਿਤਾਮਾ, ਦੁਖੀ ਮਨ ਤੇ ਸਹਿਜ-ਸਿੱਜਲ ਅੱਖਾਂ ਨਾਲ ਆਪਣੀ ਇਸ ਪੁੱਤਰ-ਪਤਨੀ ਵਲ ਤੱਕ ਰਹੇ ਸਨ। ਜਿਸਨੂੰ ਜਾਣਦੇ ਤਕ ਨਹੀਂ ਸਨ, ਉਹੀ ਇਸ ਛਿਣ ਮੁੱਢੋਂ-ਮੂਲੋਂ ਆਪਣੀ ਲੱਗ ਰਹੀ ਸੀ। ਉਸਦਾ ਸੰਤਾਪ ਪਿਤਾਮਾ ਦੇ ਮਨ ਦਾ ਸੰਤਾਪ ਬਣ ਗਿਆ ਸੀ। ਉਹਨਾਂ ਸੋਚਿਆ, 'ਉਹ ਰਾਜਨੀਤੀ ਦੇ ਗਿਆਤਾ, ਇਸ ਮਹਾਨ ਕੁਲ ਦੇ ਰੱਖਿਅਕ, ਕਿੰਜ ਇਸ ਬਹੂ ਨੂੰ ਸਨਮਾਨ ਦੇਣ ਤੋਂ ਉੱਕ ਗਏ? ਕਦੀ-ਕਦੀ ਜੀਵਨ ਵਿਚ ਅਣਜਾਣੇ ਹੀ ਕੈਸੇ-ਕੈਸੇ ਅਪਰਾਧ ਹੋ ਜਾਂਦੇ ਨੇ—ਜਿਹਨਾਂ ਨੂੰ ਧੋ ਦੇਣਾ ਤਾਂ ਦੂਰ, ਉਹਨਾਂ ਉੱਤੇ ਅਫ਼ਸੋਸ ਕਰਨ ਦਾ ਮੌਕਾ ਵੀ ਨਹੀਂ ਮਿਲਦਾ।' ਉਦੋਂ ਹੀ ਚੋਰ ਵਾਂਗ ਅੰਤਰ-ਮਨ ਬੋਲ ਪਿਆ, 'ਸੱਚ ਕਹਿਣਾ ਭੀਸ਼ਮ! ਯਾਦ ਨਹੀਂ ਸੀ ਰਿਹਾ ਜਾਂ ਇਕ ਪੁੱਤਰ-ਪਤਨੀ ਦੇ ਅਣ-ਆਰੀਆ ਹੋਣ ਨੇ ਹੀ ਇਸ ਰਿਸ਼ਤੇ ਨੂੰ ਏਨਾ ਮਹੱਤਵਹੀਣ ਬਣਾ ਦਿੱਤਾ ਸੀ ਕਿ ਇਸ ਨੂੰ ਵਿਚਾਰਣ ਯੋਗ ਹੀ ਨਹੀਂ ਸੀ ਸਮਝਿਆ ਗਿਆ?' ਹਿਡਿੰਬਾ ਦੀਆਂ ਗੱਲਾਂ ਦੀ ਕੁਸੈਲ ਵਿਚ, ਵਿਅੰਗ ਵਾਕਾਂ ਨਾਲ ਕਿਸੇ ਨੂੰ ਵਿੰਨ੍ਹ ਕੇ, ਆਪਣੇ ਮਨ ਨੂੰ ਠੰਡ ਪਾ ਲੈਣ ਦੀ ਇੱਛਾ ਕਤਈ ਨਹੀਂ ਸੀ। ਪਰ ਫੇਰ ਵੀ ਉਹ ਆਪਣੇ ਆਪ ਨੂੰ, ਆਪਣੇ ਤੇ ਆਪਣੀ ਜਾਤੀ ਦੇ ਅੰਦਰੇ-ਅੰਦਰ ਰਿਸਦੇ ਹੋਏ ਜ਼ਖ਼ਮਾਂ ਦੀ ਪੀੜ ਦੇ ਮੁਵਾਦ ਨੂੰ, ਪਿਤਾਮਾ ਨੂੰ ਦਿਖਾਉਣ ਤੋਂ ਰੋਕ ਨਹੀਂ ਸੀ ਸਕੀ। ਉਸਦੀ ਇਹੋ ਪੀੜ ਭੀਸ਼ਮ ਨੂੰ ਬੇਚੈਨ ਕਰ ਰਹੀ ਸੀ।
ਚਾਰੇ ਪਾਸੇ ਪਸਰੀ ਚੁੱਪ, ਦੂਰ ਰਣਭੂਮੀ ਵਿਚ ਮੱਚੀ ਹੋਈ ਹਾਹਾਕਾਰ ਤੇ ਕੁਰਲਾਹਟ ਵਾਤਾਵਰਣ ਨੂੰ ਅਤਿ ਬੋਝਲ ਬਣਾ ਰਹੀ ਸੀ। ਉਧਰ ਉਹ ਸਾਧਵੀ ਹੋਰ ਸਾਰਿਆਂ ਦੀ ਮੌਜ਼ੂਦਗੀ ਵੱਲੋਂ ਅਣਜਾਣ ਆਪਣੀਆਂ ਪੀੜਾਂ ਦੇ ਦਰਿਆ ਵਿਚ ਵਹਿੰਦੀ ਜਾ ਰਹੀ ਸੀ, “ਮੈਂ ਅਨੁਜਾ (ਛੋਟੀ ਭੈਣ) ਪਾਂਚਾਲੀ ਦੇ ਕੁਰੂ ਸਭਾ 'ਚ ਹੋਏ ਘੋਰ ਅਪਮਾਨ ਦੀ ਪੀੜ ਦੀ ਕਲਪਨਾ ਕਰ ਸਕਦੀ ਆਂ। ਜਦ ਤੁਸੀਂ ਖ਼ੁਦ, ਸਾਰੀ ਸਭਾ, ਨਾਮੀ ਪੰਜੇ ਪਤੀ ਆਪਣੀ ਪਤਨੀ ਦੀ ਰੱਖਿਆ ਨਹੀਂ ਸੀ ਕਰ ਸਕੇ—ਮਹਾਰਾਜ ਧਿਰਤਰਾਸ਼ਟਰ ਤੇ ਮਹਾਰਾਣੀ ਗੰਧਾਰੀ ਦਾ ਅੰਨ੍ਹਾਪਨ ਸਾਰਿਆਂ ਨੇ ਤਾਣ ਲਿਆ ਸੀ, ਫੇਰ ਭਲਾ ਮੈਂ ਕਿੰਜ ਆਸ ਕਰ ਬੈਠੀ ਕਿ ਮੇਰੇ ਸੁਆਮੀ ਇਹਨਾਂ ਯੁੱਧ ਪ੍ਰਸਥਿਤੀਆਂ ਵਿਚ ਆਪਣੇ ਪੁੱਤਰ ਦੀ ਰੱਖਿਆ ਕਰਨਗੇ? ਪੱਥਰ ਹੋ ਗਿਆ ਸੀ ਸੁਆਮੀ ਦਾ ਦਿਲ”, ਇਕ ਪਤਨੀ ਦਾ ਪੀੜਾਂ-ਪਰੁੱਚਾ ਰੋਸ ਫੁਟਿਆ, “ਆਰੀਆ ਪੁੱਤਰ, ਜਿਹੜੇ ਭੈਣ ਪਾਂਚਾਲੀ ਦੀ ਰਤਾ ਜਿੰਨੀ ਪੀੜ ਜਾਂ ਅਪਮਾਨ ਬਦਲੇ ਕਿਸੇ ਦੀ ਵੀ ਹੱਤਿਆ ਕਰ ਸਕਦੇ ਨੇ, ਉਹ ਮੇਰੇ ਸੁਆਮੀ, ਇਕ ਇਕੱਲੀ ਪਤੀਵਰਤਾ ਹਿਡਿੰਬਾ ਦੇ ਦੁੱਖ ਨੂੰ ਨਾ ਸਮਝ ਸਕੇ? ਜਿਸਨੇ ਸਾਰੀ ਜ਼ਿੰਦਗੀ ਵਿਚ ਉਹਨਾਂ ਤੋਂ ਕੁਛ ਨਹੀਂ ਮੰਗਿਆ...ਚਾਹਿਆ ਤਾਂ ਸਿਰਫ ਉਹਨਾਂ ਦਾ ਹਿਤ। ਅੱਜ ਵੀ, ਜੇ ਆਈ ਆਂ ਤਾਂ ਇਹ ਜਾਣਨ ਲਈ ਕਿ ਜਦੋਂ ਆਪਣੀ ਨਿਸ਼ਠਾ ਦਾ ਕੋਈ ਪ੍ਰਤੀਦਾਨ ਅਸੀਂ ਨਹੀਂ ਸੀ ਮੰਗਿਆ ਤਾਂ ਉਸ ਨਿਸ਼ਠਾ ਦਾ ਅਪਮਾਨ ਕਿਉਂ ਹੋਇਆ? ਪੁੱਤਰ ਦੇ ਕਰਤੱਵ ਚੇਤੇ ਰਹੇ, ਪਿਤਾ ਦੇ ਨਹੀਂ! ਪਿਤਰ-ਕੁਲ ਦੀ ਰੱਖਿਆ ਹਿਤ ਯੁੱਧ ਕਰ ਰਹੇ ਪੁੱਤਰ ਨੂੰ ਜਦੋਂ ਪਿਤਾ ਦੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਸੀ, ਉਹ ਪੁੱਤਰ ਰੱਖਿਆ ਦੀ ਜਗ੍ਹਾ ਸ਼੍ਰੀ ਕ੍ਰਿਸ਼ਣ ਦੇ ਨਿਰਦੇਸ਼ਣ ਵਿਚ ਲੜੇ ਜਾ ਰਹੇ ਯੁੱਧ ਨੂੰ ਪਹਿਲ ਦੇ ਰਹੇ ਸਨ।”
ਇਸ ਪੀੜ-ਪਰੁੱਚੇ ਵਾਰ ਸਾਹਵੇਂ ਭੀਮ ਸੈਨ ਝੁਕ ਗਏ ਸਨ। ਆਪਣੀ ਇਸ ਪਿਆਰੀ ਦਾ ਸੱਚਾ ਰੋਣਾ ਅਸਹਿ ਸੀ। ਪਛਤਾਵੇ ਦੀ ਅੱਗ ਵਿਚ ਝੁਲਸ ਰਹੇ ਸਨ ਭੀਮ, 'ਜਿਸ ਪ੍ਰਿਯਾ ਨੇ ਸਭ ਤੋਂ ਪਹਿਲਾਂ ਉਸ ਵਿਲੱਖਣ ਅਹਿਸਾਸ ਦਾ ਅਨੁਭਵ ਕਰਵਾਇਆ ਸੀ, ਜਿਹੜਾ ਇਕ ਆਦਮੀ ਨੂੰ ਮਰਦ ਹੋਣ ਦੇ ਮਾਣ ਨਾਲ ਭਰ ਦੇਂਦਾ ਹੈ, ਦਰੌਪਦੀ ਦਾ ਸਾਥ ਮਿਲਦਿਆਂ ਹੀ ਕਿੰਜ ਭੁੱਲ ਬੈਠਾ ਉਹ ਉਹਨਾਂ ਅਭੁੱਲ ਪਲਾਂ ਨੂੰ? ਆਪਣੀ ਮਾਤਾ ਦੇ ਜ਼ਰਾ ਜਿੰਨੇ ਦੁੱਖ ਵਿਚ ਦੁਖੀ ਹੋ ਜਾਣ ਵਾਲਾ ਉਹ ਆਪਣੇ ਹੀ ਪੁੱਤਰ ਦੀ ਮਾਤਾ ਦੀ ਵਰ੍ਹਿਆਂ ਦੀ ਪੀੜ ਦਾ ਅਹਿਸਾਸ ਨਹੀਂ ਕਰ ਸਕਿਆ? ਧਿੱਕਾਰ ਹੈ! ਭੀਮ, ਕਿੱਥੇ ਗਿਆ ਤੇਰਾ ਸਾਰਾ ਬਲ, ਸਾਰੀ ਸ਼ਕਤੀ, ਸਾਰਾ ਹੰਕਾਰ ਜਿਹੜਾ ਆਪਣੇ ਸਾਹਵੇਂ ਹਰੇਕ ਨੂੰ ਤੁੱਛ ਸਮਝਦਾ ਹੈ? ਇਸ ਘਟੋਤਕਚ ਮਾਤਾ ਦੇ ਸਾਹਮਣੇ ਅੱਜ ਤੂੰ ਬੌਣਾ ਏਂ।'
ਪਾਂਚਾਲੀ ਵੀ ਸੋਚਾਂ ਵਿਚ ਡੁੱਬੀ ਹੋਈ ਸੀ। ਇਸ ਸਦ-ਪਤਨੀ ਨੂੰ ਕਦੀ ਚੇਤੇ ਨਾ ਕਰਨ ਦਾ ਦੁੱਖ ਹੋ ਰਿਹਾ ਸੀ,ਅੱਜ ਤੀਕ ਮਹਾਰਾਣੀ ਪਦ ਦੀ ਮਰਿਆਦਾ ਤੇ ਕਰਤੱਵ ਨੂੰ ਨਹੀਂ ਨਿਭਾ ਸਕੀ ਸੀ ਉਹ, ਇਹ ਵਿਚਾਰ ਵੀ ਸੰਤਾਪ ਦਾ ਇਕ ਕਾਰਨ ਬਣ ਗਿਆ ਸੀ।
ਉਧਰ ਹਿਡਿੰਬਾ ਦਾ ਵਰ੍ਹਿਆਂ ਤੋਂ ਡੱਕਿਆ ਹੋਇਆ ਪੀੜ-ਜਲ ਕਿਨਾਰੇ ਤੋੜ ਕੇ ਵਹਿ ਨਿਕਲਿਆ। ਜਿਹੜੀ ਭਾਵਨਾ ਵਧੇਰੇ ਜ਼ੋਰ ਮਾਰਦੀ, ਉਹੀ ਸ਼ਬਦ ਬਣ-ਬਣ ਬਹਾਰ ਆਉਣ ਲੱਗ ਪੈਂਦੀ। “ਸੱਚ ਕਹਾਂ ਤਾਤ! ਮੈਨੂੰ ਤੁਹਾਡੇ 'ਤੇ ਵੀ ਗੁੱਸਾ ਸੀ, ਇਹੋ ਵਿਚਾਰ ਆਉਂਦਾ ਕਿ ਜੇ ਤੁਸੀਂ ਦ੍ਰਿੜ ਰਹਿੰਦੇ ਤਾਂ ਸੰਭਵ ਏ ਅਜਿਹੀ ਪਰਲੋ ਜਿਹੀ ਸਥਿਤੀ ਨਾ ਬਣਦੀ...” ਉਹ ਅਚਾਨਕ ਮੌਨ ਹੋ ਗਈ, ਗੰਗਾ ਪੁੱਤਰ ਦੇ ਅੱਥਰੂ, ਦਯਾ ਦੀ ਭੀਖ ਮੰਗ ਰਹੇ ਸਨ—ਝੁਰੜੀਆਂ ਭਰੇ ਚਿਹਰੇ ਵੱਲ ਦੇਖ ਕੇ ਉਹ ਭਾਵੁਕ ਹੋ ਗਈ, “ਮੇਰੀਆਂ ਕੌੜੀਆਂ ਗੱਲਾਂ ਲਈ ਮੈਨੂੰ ਮੁਆਫ਼ ਕਰਨਾ ਤਾਤ! ਤੁਹਾਡਾ ਦਿਲ ਦੁਖਾਉਣਾ ਮੇਰਾ ਉਦੇਸ਼ ਨਹੀਂ।” ਉਹ ਫੇਰ ਮੂਲ ਵਾਤਾਵਰਣ ਵਿਚੋਂ ਭਟਕ ਕੇ ਉਹਨਾਂ ਪੀੜਾ ਨੂੰ ਸ਼ਬਦ ਦੇਣ ਲੱਗੀ ਜਿਹੜੇ ਸਵਾਲ-ਦਰ-ਸਵਾਲ ਬਣ ਕੇ ਗੰਗਾ ਪੁੱਤਰ ਭੀਸ਼ਮ ਦੇ ਸਾਹਵੇਂ ਖਲੋ ਗਏ। ਜਿਹਨਾਂ ਦੇ ਜਵਾਬ ਇਸ ਕੁਰੂਵੰਸ਼ੀ ਮਹਾਪੁਰਸ਼-ਬਜ਼ੁਰਗ ਕੋਲ ਵੀ ਨਹੀਂ ਸਨ। ਹਿਡਿੰਬਾ ਨੇ ਆਪਣੀਆਂ ਖਿੱਲਰੀਆਂ, ਰਿਸਦੀਆਂ ਭਾਵਨਾਵਾਂ ਨੂੰ ਸਮੇਟਿਆ ਤੇ ਫੇਰ ਗੰਗਾ ਪੁੱਤਰ ਨੂੰ ਕਹਿਣ ਲੱਗੀ। ਹੁਣ ਉਸਦੀ ਆਵਾਜ਼ ਗੰਭੀਰ ਸੀ, “ਤਾਤ ਸ਼੍ਰੀ! ਤੁਸੀਂ ਦੱਸੋ ਭਲਾ ਸ਼੍ਰੀ ਕ੍ਰਿਸ਼ਣ ਨੇ ਯੁੱਧ ਵਿਚ ਹਥਿਆਰ ਨਾ ਚੁੱਕਣ ਦਾ ਫ਼ੈਸਲਾ ਕਿਉਂ ਕੀਤਾ ਸੀ?” ਫੇਰ ਉਡੀਕ ਕੀਤੇ ਬਿਨਾਂ ਖ਼ੁਦ ਹੀ ਉਤਰ ਦੇਣ ਲੱਗੀ, “ਜੇ ਇਸ ਲਈ ਕਿ ਉਹ ਦਿਲੋਂ-ਮਨੋਂ ਇਸ ਯੁੱਧ ਦੇ ਹੱਕ ਵਿਚ ਨਹੀਂ ਸਨ, ਤਾਂ ਇਹ ਮੇਰੀ ਹੀਣ ਬੁੱਧ ਤੋਂ ਪਰ੍ਹੇ ਦੀ ਗੱਲ ਏ। ਕੀ ਪੂਰੇ ਯੁੱਧ ਦੀ ਹਰੇਕ ਘਟਨਾ ਦਾ ਸੰਚਾਲਨ ਉਹਨਾਂ ਦੀਆਂ ਚਤੁਰਾਈ ਭਰੀਆਂ ਵਿਓਂਤਾਂ ਨਾਲ ਨਹੀਂ ਹੋ ਰਿਹਾ? ਫੇਰ ਇਹ ਕੈਸਾ ਸ਼ਸਤਰ ਤਿਆਗ ਹੋਇਆ? ਵੈਸੇ ਵੀ ਯੁੱਧ ਦੇ ਪਹਿਲੇ ਪੜਾਅ ਵਿਚ ਹੀ ਉਹ ਅਨੇਕਾਂ ਪਾਂਡਵ ਦੁਸ਼ਮਣਾ ਨੂੰ ਆਪਣੇ ਚੱਕਰ ਨਾਲ ਸਮਾਪਤ ਕਰਕੇ ਸਮਰ ਵਿਜੇ ਮਾਰਗ ਦਿਖਾਅ ਚੁੱਕੇ ਨੇ। ਮੁਆਫ਼ ਕਰਨਾ ਪਿਤਾਮਾ! ਕੋਈ ਇਕ ਘਟਨਾ ਵੀ ਤੁਸੀਂ ਅਜਿਹੀ ਦੱਸ ਸਕਦੇ ਓ ਜਿੱਥੇ ਕ੍ਰਿਸ਼ਣ ਦਾ ਚੱਕਰ ਜਾਂ ਮਾਇਆ ਨਾ ਚਲੇ ਹੋਣ...?”
“ਆਤਮਜੇ (ਪੁੱਤਰੀ)! ਇੰਜ ਨਾ ਕਹੁ। ਸ਼੍ਰੀ ਕ੍ਰਿਸ਼ਣ ਤਾਂ ਭਗਵਤ ਅਵਾਤਰ ਨੇ...।”
“ਓਅ! ਭਗਵਤ ਅਵਤਾਰ! ਇਸੇ ਲਈ ਸ਼ਾਇਦ ਉਹ ਧਰਮ-ਅਧਰਮ ਤੋਂ ਪਰ੍ਹੇ ਨੇ”, ਹਿਡਿੰਬਾ ਦੀ ਆਵਾਜ਼ ਵਿਚ ਫੇਰ ਵਿਅੰਗ ਝਲਕਿਆ, “ਸਾਨੂੰ ਸਿੱਧੇ-ਸਾਦੇ ਅਣ-ਆਰੀਆ ਲੋਕਾਂ ਨੂੰ ਤੁਸੀਂ ਆਰੀਆ-ਲੋਕ ਮਾਇਆਵੀ ਕਹਿ ਕੇ ਨਿੰਦਦੇ ਰਹਿੰਦੇ ਓ, ਪਰ ਕ੍ਰਿਸ਼ਣ ਦੀ ਮਾਇਆ ਨੂੰ ਕ੍ਰਿਸ਼ਣ-ਧਰਮ ਕਹਿੰਦੇ ਓ। ਜੇ ਉਹ ਅਵਤਾਰ ਏ—ਭੂਤ, ਭਵਿੱਖ ਦਾ ਜਾਣਕਾਰ ਹੀ ਨਹੀਂ, ਕਰਤਾ ਵੀ ਏ ਤਾਂ ਦੱਸੋ ਤਾਤ! ਇਸ ਯੁੱਧ ਨੂੰ ਕਿਉਂ ਨਹੀਂ ਰੋਕ ਸਕਿਆ? ਸੁਣਿਆ ਏ ਰਣਭੂਮੀ ਵਿਚ ਭਰਾਤਾ ਅਰਜੁਨ ਨੂੰ ਬੜਾ ਲੰਮਾ-ਚੌੜਾ ਧਰਮ ਗਿਆਨ ਦੇ ਕੇ ਯੁੱਧ ਲਈ ਪ੍ਰੇਰਿਤ ਕੀਤਾ ਸੀ ਉਹਨੇ? ਇਹ ਕੈਸਾ ਮਾਰਗ ਹੈ ਉਹਦੀ ਧਰਮ ਸਥਾਪਨਾ ਦਾ, ਜਿਸ ਉੱਤੇ ਚੱਲਣ ਲਈ ਧਰਮ ਨੂੰ ਪੈਰ-ਪੈਰ 'ਤੇ ਤਜਨਾਂ ਪੈ ਰਿਹੈ?” ਕਹਿੰਦੀ-ਕਹਿੰਦੀ ਦੀ ਆਵਾਜ਼ ਰੋਹਿਲੀ ਹੋ ਗਈ, “ਜੇ ਕ੍ਰਿਸ਼ਣ ਦਾ ਉਦੇਸ਼ ਇਕ ਅਜਿਹੇ ਧਰਮ-ਰਾਜ ਦੀ ਸਥਾਪਨਾ ਕਰਨਾ ਸੀ ਜਿੱਥੇ ਨਿਆਂ ਹੋਵੇ, ਸਮਾਜ ਵਿਚ ਸਾਰੇ ਵਰਗਾਂ, ਸਾਰੀਆਂ ਜਾਤਾਂ ਨੂੰ ਇਕੋ-ਜਿਹਾ ਸਥਾਨ ਮਿਲੇ—ਕਿਉਂਕਿ ਇਹੀ ਧਰਮ-ਸੰਪੰਨ ਰਾਜ ਦੀ ਪ੍ਰੀਭਾਸ਼ਾ ਹੈ—ਤਾਂ ਫੇਰ ਉਹਨੇ ਖ਼ੁਦ ਕਿਉਂ ਫਰਕ ਕੀਤਾ? ਕਿਉਂ ਮੇਰੇ ਪੁੱਤਰ ਵਰਗੇ ਨਿਸ਼ਠਾਵਾਨ ਰਾਕਸ਼ਸਾਂ, ਅਣ-ਆਰੀਆਂ ਲਈ—ਨਿਸ਼ਾਚਰ, ਪ੍ਰੇਤਆਤਮਾਵਾਂ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ? ਸ਼ਿਸ਼ੁਪਾਲ, ਦੁਰਯੋਧਨ, ਸ਼ਕੁਨੀ ਆਦਿ ਵਰਗਿਆਂ ਲਈ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਿਉਂ ਨਹੀਂ ਕੀਤਾ...ਜਿਹੜੇ ਪਰਤੱਖ ਰੂਪ ਵਿਚ ਦੁਸ਼ਟ ਆਤਮਾਵਾਂ ਨੇ? ਇਸੇ ਲਈ ਨਾ ਕਿ ਉਹ ਜਨਮ ਤੋਂ ਆਰੀਆ ਨੇ—ਸ਼ਰੇਸ਼ਟ ਨੇ?” ਉਹ ਸਵਾਲ-ਦਰ-ਸਵਾਲ ਕਰ ਰਹੀ ਸੀ। ਇਹਨਾਂ ਦੇ ਜਵਾਬ ਮੰਗ ਰਹੀ ਸੀ—ਤੇ ਇਹਨਾਂ ਦੇ ਜਵਾਬ ਟੋਲਣ ਖਾਤਰ ਹੀ ਤਾਂ ਆਈ ਸੀ ਉਹ।
ਉਸਦੇ ਸਬਰ, ਸੰਤੋਖ, ਮੋਹ, ਤਿਆਗ—ਸਾਰੇ ਬੰਧਨ ਟੁੱਟ ਚੁੱਕੀ ਸੀ।
“ਕੀ ਅਜਿਹੇ ਅਧਰਮੀਆਂ ਵਿਚੋਂ ਕਿਸੇ ਇਕ ਉੱਤੇ ਵੀ, ਜਿਸਦੀ ਮੌਤ ਹੋ ਚੁੱਕੀ ਹੈ, ਸ਼੍ਰੀ ਕ੍ਰਿਸ਼ਣ ਨੇ ਓਹੋ-ਜਿਹਾ ਅਟਹਾਸ (ਵਿਅੰਗਮਈ ਠਹਾਕਾ) ਕੀਤਾ ਸੀ ਜਿਹੜਾ ਮੇਰੇ ਪੁੱਤਰ ਦੀ ਬਲੀ ਚੜ੍ਹਾ ਕੇ ਕੀਤਾ?” ਇਕ ਲੰਮਾ ਸਾਹ ਖਿੱਚ ਕੇ ਖ਼ੁਦ ਨੂੰ ਮਰਿਆਦਾ ਵਿਚ ਰੱਖਦੀ ਅੱਗੇ ਬੋਲੀ, “ਖਿਮਾ ਚਾਹੁੰਦੀ ਆਂ ਤਾਤ! ਤੁਹਾਡੇ ਨਾਲ ਰਾਜ-ਧਰਮ ਦੀ ਚਰਚਾ ਕਰਨ ਦੀ ਬਦਤਮੀਜੀ ਕਰ ਰਹੀ ਆਂ। ਵਿਰੋਧੀ ਦੀ ਸੁਣਨ ਦਾ ਸਬਰ, ਮੁਆਫ਼ ਕਰ ਦੇਣ ਦਾ ਹੌਸਲਾ, ਮਨੁੱਖੀ ਸੰਵੇਦਨਾਵਾਂ ਦਾ ਆਦਰ ਤੇ ਸਮ-ਦ੍ਰਿਸ਼ਟੀ ਹੀ ਕਿਸੇ ਰਾਸ਼ਟਰ-ਰਾਜ ਨੂੰ ਉੱਤਮ ਬਣਾਉਂਦੀ ਏ। ਜਿਸ ਰਾਜ ਦੀ ਨੀਂਹ ਸਮੇਂ ਹੀ ਇਹਨਾਂ ਸਭਨਾਂ ਨੂੰ ਇਕ ਪਾਸੇ ਰੱਖ ਦਿੱਤਾ ਗਿਆ ਹੋਵੇ, ਅਜਿਹੇ ਯੁੱਧ ਵਿਚ ਮੈਂ ਆਪਣੇ ਪੁੱਤਰ ਨੂੰ ਭੇਜਿਆ, ਇਹ ਵਿਚਾਰ ਹੀ ਮੈਨੂੰ ਦੁਖੀ ਕਰ ਰਿਹਾ ਏ। ਕਿਉਂਕਿ ਅਸੀਂ ਸਿੱਧੇ-ਸਾਦੇ, ਸਰਲ ਜਾਂਗਲੀ ਲੋਕ ਮੁੜ-ਮੁੜ ਆਪਣੇ ਉੱਚ ਸਭਿਅ ਸਮਾਜ ਦੀਆਂ ਮਿੱਠੀਆਂ-ਉੱਚੀਆਂ ਗੱਲਾਂ ਦੇ ਸ਼ਬਦ ਜਾਲ ਵਿਚ ਫਸ ਜਾਂਦੇ ਆਂ।” ਕੁਝ ਛਿਣ ਉਹ ਰੁਕੀ। ਪਿਤਾਮਾ ਨਿਰਉਤਰ ਸਨ, ਸੋਚ ਰਹੇ ਸਨ ਕਿ ਕਿਹੜੀ-ਕਿਹੜੀ ਮਾਨਸਿਕ ਪੀੜ ਨੂੰ ਝੱਲ ਰਹੀ ਹੈ ਇਹ ਘਟੋਤਕਚ ਮਾਤਾ। ਉਹ ਚਾਹ ਕੇ ਵੀ ਆਪਣੇ ਆਪ ਨੂੰ ਉਸਨੂੰ ਹੌਸਲਾ ਦੇਣ ਯੋਗ ਨਹੀਂ ਸੀ ਸਮਝ ਰਹੇ।
“ਟੁੱਟੇ-ਦਿਲ ਵਾਲੀ ਇਕ ਮਾਂ ਧਰਮ-ਅਧਰਮ, ਕਰਮਯੋਗ ਦੀਆਂ ਵੱਡੀਆਂ-ਵੱਡੀਆਂ ਗੱਲਾਂ ਨਹੀਂ ਜਾਣਦੀ ਤਾਤ! ਮਾਂ ਸਿਰਫ ਮਾਂ ਹੁੰਦੀ ਏ, ਜਿਸ ਦੇ ਦਿਲ ਦੀ ਪ੍ਰੇਮ-ਡੂੰਘਾਈ ਤਕ ਤਾਂ ਖ਼ੁਦ ਭਗਵਾਨ ਵੀ ਨਹੀਂ ਪਹੁੰਚ ਸਕਦੇ, ਤਾਂ ਉਹ ਮੇਰਾ ਮਾਇਆਵੀ ਦਿਓਰ ਕਿੰਜ ਪਹੁੰਚੇਗਾ? ਕਹਿ ਦੇਣਾ ਮੇਰੇ ਮਾਇਆਵੀ ਦਿਓਰ ਕ੍ਰਿਸ਼ਣ ਨੂੰ ਕਿ ਹਿਡਿੰਬਾ ਆਪਣੇ ਪੁੱਤਰ ਦੀ ਹੱਤਿਆ ਦੇ ਦੋਸ਼ ਤੋਂ ਉਸਨੂੰ ਕਦੀ ਮੁਕਤ ਨਹੀਂ ਕਰੇਗੀ। ਮੈਂ ਪੁੱਤਰ ਜੰਮਿਆ ਸੀ, ਬਲੀ ਦੇਣ ਲਈ ਕੋਈ ਪਸ਼ੂ ਨਹੀਂ...।”
“ਪੁੱਤਰੀ! ਇਹ ਤੂੰ ਕੀ ਕਹਿ ਰਹੀ ਏਂ? ਹੱਤਿਆ ਦਾ ਦੋਸ਼ੀ ਮਾਧਵ?”
“ਸੁਣ ਕੇ ਹੈਰਾਨ ਕਿਓਂ ਓ ਪਿਤਾਮਾ, ਕੀ ਤੁਹਾਨੂੰ ਖ਼ਬਰ ਨਹੀਂ ਮਿਲੀ?” ਇਕ ਹੋਰ ਵਿਅੰਗ ਵਾਕ ਸੁਨਾਈ ਦਿੱਤਾ।
“ਕੇਹੀ ਖ਼ਬਰ?”
“ਪਿਆਰੇ ਘਟੋਤਕਚ ਦੀ ਬਲੀ ਦੇ ਪੜਯੰਤਰ ਦੀ ਖ਼ਬਰ। ਕੀ ਤੁਸੀਂ ਨਹੀਂ ਜਾਣਦੇ ਕਿ ਕਰਣ ਦੀ ਵੈਜਯੰਤੀ-ਸ਼ਕਤੀ ਤੋਂ ਅਨੁਜ ਅਰਜੁਨ ਦੀ ਰੱਖਿਆ ਕਰਨ ਖਾਤਰ, ਪੁੱਤਰ ਘਟੋਤਕਚ-ਬਧ ਦਾ ਪੂਰਾ ਕਾਂਢ ਕ੍ਰਿਸ਼ਣ ਦੀ ਰਚਨਾ ਸੀ? ਕ੍ਰਿਸ਼ਣ ਨੇ ਮੇਰੇ ਪਿਤਰ-ਕੁਲ-ਭਗਤ ਪੁੱਤਰ ਨੂੰ ਘੋਰ ਅਸਭਿਅਕ, ਰਾਕਸ਼ਸ, ਨਿਸ਼ਾਚਰ ਦੇ ਖ਼ਿਤਾਬ ਦਿੱਤੇ...” ਕਹਿੰਦੀ-ਕਹਿੰਦੀ ਦਾ ਗੱਚ ਭਰ ਆਇਆ। ਪਿਤਾਮਾ ਅਵਾਕ ਆਪਣੀ ਇਸ ਪੌਤਰ-ਮਾਤਾ ਵਲ ਦੇਖਦੇ ਰਹੇ।
ਆਪਣੇ ਅੰਦਰਲੇ ਉਬਾਲ 'ਤੇ ਕਾਬੂ ਪਾਉਂਦਿਆਂ ਹੋਇਆਂ ਹਿਡਿੰਬਾ ਨੇ ਖ਼ਬਰ ਨੂੰ ਵਿਸਥਾਰ ਨਾਲ ਦੱਸਣ ਦਾ ਫ਼ੈਸਲਾ ਕੀਤਾ, 'ਪਿਤਾਮਾ ਭਾਵੇਂ ਉਸਦੇ ਸੱਚ ਨੂੰ ਮੰਨਣ ਜਾਂ ਨਾ ਮੰਨਣ। ਉਸਨੂੰ ਦੱਸਣਾ ਹੀ ਪਏਗਾ, ਨਹੀਂ ਤਾਂ ਉਸਦਾ ਕਾਲਜਾ ਪਾਟ ਜਾਏਗਾ।' ਉਹ ਉਤਰਦਾਈ ਹੈ ਆਪਣੀ ਪੁੱਤਰ-ਪਤਨੀ ਕਾਮਕਟੰਕਟੀ ਦੀ, ਉਹ ਉਤਰਦਾਈ ਹੈ ਆਪਣੇ ਸਾਰੇ ਰਾਕਸ਼ਸ ਕੁਲ ਦੀ'। ਆਪਣੇ ਅੰਦਰਲੀ ਹੂਕ ਨੂੰ ਸਪਸ਼ਟ ਤੇ ਗੰਭੀਰ ਸੁਰ ਦੇਂਦੀ ਹੋਈ ਉਹ ਬੋਲੀ, “ਤਾਤ ਸ਼੍ਰੀ! ਮੈਂ ਜਾਣਦੀ ਆਂ ਮੇਰੀਆਂ ਗੱਲਾਂ ਤੁਹਾਨੂੰ ਇਹਨਾਂ ਤੀਰਾਂ ਨਾਲੋਂ ਵਧ ਕਸ਼ਟ ਦੇ ਰਹੀਆਂ ਨੇ, ਪਰ ਮੇਰੇ ਮੂੰਹੋਂ ਅਗਲੇ ਸੱਚ ਦਾ ਵਿਸਥਾਰ ਸੁਣ ਕੇ ਹੋ ਸਕਦਾ ਹੈ ਕਿ ਤੁਸੀਂ ਮਹਿਸੂਸ ਕਰ ਸਕੋ ਕਿ ਕੇਹੇ ਜ਼ਹਿਰ ਭਿੱਜੇ ਤੀਰਾਂ ਵਰਗੇ ਸ਼ਬਦ ਝੱਲ ਕੇ ਤੁਹਾਡੇ ਕੋਲ ਆਈ ਹੋਵਾਂਗੀ ਮੈਂ?”
“ਕੀ ਕਹਿ ਰਹੀ ਏ ਆਤਮਜੇ! ਕੀ ਪ੍ਰਿਯ ਘਟੋਤਕਚ ਦੀ ਮੌਤ ਨਾਲੋਂ ਵੱਡੀ ਕੋਈ ਹੋਰ ਪੀੜ ਵੀ ਹੋ ਸਕਦੀ ਏ? ਕਹਿ ਪੁੱਤਰੀ! ਇਸ ਨਾਲੋਂ ਵੱਡਾ ਸੰਤਾਪ ਤੇਰੇ ਲਈ ਕੀ ਏ, ਇਹ ਮੇਰੀ ਬੁੱਧੀ ਤੋਂ ਪਰ੍ਹੇ ਹੈ। ”
“ਜੀ ਤਾਤ! ਸੁਣ ਸਕੋਗੇ?”
“ਹਿਡਿੰਬੇ! ਇਸ ਬਿਰਧ ਨੇ ਇਹਨਾਂ ਤੀਰਾਂ ਦੀ ਸੇਜ਼ ਉੱਤੇ ਹਰ ਦਿਨ ਇਕ-ਇਕ ਕਰਕੇ ਆਪਣਿਆਂ ਦੀ ਮੌਤ ਦੇ ਸਮਾਚਾਰ ਸੁਣੇ ਨੇ, ਸ਼ਰੀਰ ਤਾਂ ਵਿੰਨ੍ਹਿਆਂ ਹੀ ਹੋਇਐ, ਹੁਣ ਹਿਰਦਾ ਵੀ ਵਿੰਨ੍ਹਿਆ ਜਾ ਚੁੱਕਿਆ ਏ। ਉਹ ਤਾਂ ਇੱਛਾ-ਮ੍ਰਿਤੂ ਦੇ ਸ਼ਰਾਪ ਸਦਕਾ ਸਾਹ ਚੱਲ ਨੇ। ਜਿਸ ਲਈ ਇਹ ਮਹਾਸਰਗ (ਪਰਲੋ ਤੋਂ ਬਾਅਦ ਮੁੜ ਹੋਣ ਵਾਲੀ ਸੰਸਾਰ ਦੀ ਰਚਨਾ) ਹੋ ਰਿਹਾ ਏ ਉਸਦੇ ਸਿੱਟੇ ਤਕ ਰੁਕਣਾ ਹੀ ਹੈ, ਨਹੀਂ ਤਾਂ ਇਸ ਭੀਸ਼ਮ ਦੇ ਵਚਨ ਨੂੰ ਝੂਠਾ ਕਿਹਾ ਜਾਏਗਾ। ਇਹੀ ਮੇਰੀ ਹੋਣੀ ਹੈ, ਸੋ ਤੂੰ ਦੱਸ ਹੁਣ ਹੋਰ ਕੀ ਦੱਸਣਾ ਬਾਕੀ ਰਹਿ ਗਿਆ ਏ?”
“ਮੈਂ ਵੀ ਏਨਾ ਤਾਂ ਸਮਝਦੀ ਆਂ ਪਿਤਾਮਾ! ਕਿ ਜਦੋਂ ਪੁੱਤਰ-ਪੋਤਰਿਆਂ ਨੂੰ ਪਿਤਰ ਕੁਲ ਦੇ ਪੱਖ ਵਿਚ ਯੁੱਧ ਕਰਨ ਲਈ ਭੇਜਿਆ ਏ ਤਾਂ ਉਸ ਦੇ ਦਿਲ ਹਿਲਾ ਦੇਣ ਵਾਲੇ ਸਿੱਟਿਆਂ ਲਈ ਮਨ ਕਰੜਾ ਕਰਨਾ ਹੀ ਪਏਗਾ। ਫੇਰ ਵੀ ਘਟੋਤਕਚ-ਬਧ ਨੇ ਮੈਨੂੰ ਪੀੜਾਂ ਦੀ ਡੂੰਘੀ ਖੱਡ ਵਿਚ ਧਰੀਕ ਦਿੱਤਾ ਏ”, ਆਪਣੇ ਸ਼ਬਦਾਂ ਨੂੰ ਸਮੇਟਦੀ ਹੋਈ ਉਹ ਅੱਗੇ ਬੋਲੀ, “ਮੇਰੇ ਦੁੱਖ ਦਾ ਕਾਰਨ ਪੁੱਤਰ ਘਟੋਤਕਚ ਦੀ ਵੀਰਗਤੀ ਨਹੀਂ ਬਲਕਿ ਉਸਦੀ ਬਲੀ ਦਾ ਪੜਯੰਤਰ ਹੈ, ਤੇ ਉਸ ਨਾਲੋਂ ਵੀ ਵਧ ਉਸਦੀ ਵੀਰਗਤੀ ਦਾ ਅਪਮਾਨ ਕਰਨਾ ਹੈ।”
“ਵੀਰਗਤੀ ਦਾ ਅਪਮਾਨ!” ਹੈਰਾਨੀ ਵਸ ਭੀਸ਼ਮ ਦੀ ਬੇਚੈਨੀ ਵਧ ਗਈ ਸੀ—“ਦੇਰ ਨਾ ਕਰ ਪੁੱਤਰੀ, ਛੇਤੀ ਆਪਣੇ ਇਸ ਇਲਜ਼ਾਮ ਨੂੰ ਸਪਸ਼ਟ ਕਰ।”
“ਤਾਤ, ਮੇਰੀ ਇਹ ਦਸ਼ਾ, ਮੇਰਾ ਗੁੱਸਾ, ਪ੍ਰਿਯ ਪੁੱਤਰ ਦੇ ਚਲੇ ਜਾਣ 'ਤੇ ਸ਼੍ਰੀ ਕ੍ਰਿਸ਼ਣ ਦਾ ਨੰਗਾ-ਚਿੱਟਾ ਠਹਾਕਾ ਏ...”
“ਕੀ?” ਗੰਗਾ ਪੁੱਤਰ ਹੈਰਾਨੀ ਨਾਲ ਅੱਡੀਆਂ ਅੱਖਾਂ ਨਾਲ ਦੇਖ ਰਹੇ ਸਨ।
“ਠਹਾਕਾ ਹੀ ਨਹੀਂ, ਯੁੱਧ ਭੂਮੀ ਵਿਚ ਹੀ ਘੋੜਿਆਂ ਦੀਆਂ ਲਗਾਮਾਂ ਉਛਾਲ ਕੇ, ਖੁਸ਼ੀ ਨਾਲ ਨੱਚਦੇ ਹੋਏ ਕ੍ਰਿਸ਼ਣ ਨੇ ਮੇਰੇ ਯੋਧੇ ਪੁੱਤਰ ਦੀ ਦੇਹ ਦਾ ਅਪਮਾਨ ਕੀਤਾ...”
ਗੰਗਾ ਪੁੱਤਰ ਹੈਰਾਨ-ਪ੍ਰੇਸ਼ਾਨ ਸਨ, ਉਹ ਬੋਲੀ ਜਾ ਰਹੀ ਸੀ—“ਸੰਪੂਰਨ ਯੁੱਧ ਵਿਚ ਇਕ ਨਾਲੋਂ ਇਕ ਵੱਡਾ ਪਾਂਡਵ ਦੁਸ਼ਮਣ ਮਰਿਆ, ਉਦੋਂ ਤਾਂ ਕ੍ਰਿਸ਼ਣ ਨੇ ਨਾਚ ਨਹੀਂ ਕੀਤਾ? ਭੈਣ ਦੇ ਪੁੱਤਰ, ਪਿਆਰੇ-ਅਭਿਮੰਨਿਊ ਦੀ ਦੇਹ ਦੇਖ ਕੇ ਡਾਢੇ ਗੁੱਸੇ ਨਾਲ ਭੜਕ ਉਠਣ ਵਾਲਾ ਸ਼੍ਰੀ ਕ੍ਰਿਸ਼ਣ, ਇਸ ਭਰਾਤਾ-ਪੁੱਤਰ ਦੀ ਦੇਹ 'ਤੇ ਖੁਸ਼ੀ ਵਿਚ ਨੱਚਣ ਲੱਗ ਪਿਆ, ਹੈ ਕੋਈ ਇਸਦਾ ਜਵਾਬ? ਭਰਾਤਾ ਅਰਜੁਨ ਦਾ ਰੋਸ ਕਿੱਥੇ ਸੀ ਤਦ? ਇਸ ਅਧਰਮ ਦਾ ਕਿਸੇ ਕੋਲ ਕੋਈ ਜਵਾਬ ਹੈ?” ਫੇਰ ਖ਼ੁਦ ਹੀ ਖੋਖਲੀ ਹਾਸਾ ਹੱਸਦੀ ਜਵਾਬ ਦੇਣ ਲੱਗੀ, “ ਕ੍ਰਿਸ਼ਣ—ਆਪਣੇ ਵਾਗਜਾਲ (ਗੱਲਾਂ ਦਾ ਅਜਿਹਾ ਆਡੰਬਰ ਜਿਸ ਵਿਚ ਅਰਥ ਜਾਂ ਤੱਥ ਬੜਾ ਘੱਟ ਹੋਵੇ।) ਨਾਲ ਇਸ ਨੂੰ ਧਰਮ ਸਿੱਧ ਕਰ ਦਏਗਾ ਜਿਵੇਂ ਪ੍ਰਿਯ ਘਟੋਤਕਚ-ਬਧ 'ਤੇ ਅੱਥਰੂ ਵਹਾਉਂਦੇ ਹੋਏ ਜਯੇਸ਼ਠ ਸ਼੍ਰੀ ਤੇ ਅਨੁਜ ਅਰਜੁਨ ਨੂੰ ਪਲ ਭਰ ਵਿਚ ਸ਼ਾਂਤ ਕਰ ਦਿੱਤਾ ਸੀ। ਮੇਰੀ ਵਰ੍ਹਿਆਂ ਦੀ ਤਪਸਿਆ ਦਾ, ਪਤੀ-ਵਰਤ ਧਰਮ ਦਾ, ਨਿਹਚਾਵਾਨ ਪੁੱਤਰ ਦਾ, ਕੀ ਇਹੋ ਫਲ ਤੁਸੀਂ ਆਰੀਆ ਲੋਕਾਂ ਨੇ ਦੇਣਾ ਸੀ? ਇਸੇ ਨੂੰ ਧਰਮ ਕਹਿੰਦੇ ਓ ਤੁਸੀਂ?”
ਗਲ਼ ਵਿਚ ਅਟਕਦੇ ਸ਼ਬਦਾਂ ਨੂੰ ਯਤਨ ਕਰਕੇ ਜਾਮਾ ਪੁਆਉਂਦੇ ਭੀਸ਼ਮ ਬੋਲੇ, “ਇਹ ਤੂੰ ਕੀ ਕਹਿ ਰਹੀ ਏਂ, ਤੂੰ ਜ਼ਰੂਰ ਪੁੱਤਰ ਵਿਯੋਗ ਵਿਚ ਆਪਣੀ ਬੁੱਧ ਗੁਆ ਬੈਠੀ ਏਂ ਜੋ ਇਹ ਝੱਲ ਖਿਲਾਰ ਰਹੀ ਏਂ।”
ਹਿਡਿੰਬਾ ਆਪੇ ਵਿਚ ਨਹੀਂ ਸੀ। ਰੋਸ ਪਿਘਲ-ਪਿਘਲ ਕੇ ਬਾਹਰ ਆ ਰਿਹਾ ਸੀ, ਅੱਖਾਂ ਅੱਗ ਵਰ੍ਹਾ ਰਹੀਆਂ ਸਨ। “ਤੁਹਾਡੇ ਹੀ ਧਰਮ-ਗ੍ਰੰਥ ਕਹਿੰਦੇ ਨੇ ਤਾਤ! ਕਰਮ ਆਪਣੇ ਆਪ ਵਿਚ ਨਾ ਧਰਮ ਹੈ, ਨਾ ਅਧਰਮ ਹੈ। ਉਸਨੂੰ ਧਰਮ ਜਾਂ ਅਧਰਮ ਬਣਾਉਂਦੀ ਹੈ ਕਰਮ-ਕਰਤਾ ਦੀ ਭਾਵਨਾ। ਕ੍ਰਿਸ਼ਣ ਦੇ ਠਹਾਕੇ ਤੇ ਨਰਿਤ ਨੂੰ ਕਿਸ ਭਾਵਨਾ ਦਾ ਪ੍ਰਤੀਕ ਮੰਨਾਂ—ਦੱਸੋ?”
ਪਿਤਾਮਾ ਨਿਰਉਤਰ ਸਨ। ਉਹਨਾਂ ਨੂੰ ਮੌਨ ਵੇਖ ਕੇ ਪੁੱਛ ਬੈਠੀ, “ਤੁਹਾਨੂੰ ਵੀ ਵਿਸ਼ਵਾਸ ਨਹੀਂ ਆ ਰਿਹਾ ਨਾ? ਮੈਨੂੰ ਵੀ ਨਹੀਂ ਸੀ ਆਇਆ, ਪਰ ਇਹੋ ਸੱਚ ਏ। ਪੁੱਛ ਲੈਣਾ ਆਪਣੇ ਅਵਤਾਰ ਪੁਰਖ ਮਧੁਸੂਦਨ ਨੂੰ। ਮੈਨੂੰ ਮਾਣ ਏਂ—ਰਾਕਸ਼ਸ-ਕੁਲ ਦੀ ਹਾਂ, ਪੜਯੰਤਰਕਾਰੀ ਨਹੀਂ। ਮੇਰੇ ਪੁੱਤਰ ਨੂੰ ਜਿਹੜਾ ਸਮਾਜ ਅਧਰਮੀ ਮੰਨਦਾ ਏ ਉਸਦਾ ਧਰਮ-ਵਿਆਖਿਆਨ ਮੈਂ ਨਹੀਂ ਸੁਣਨਾ...।”
ਗੰਗਾ ਪੁੱਤਰ ਦੀ ਪ੍ਰਭਾਵਸ਼ਾਲੀ ਬਾਣੀ ਅੱਜ ਮੌਨ ਸੀ।
ਉਧਰ ਇਸ ਵਾਰਤਾ ਦੇ ਜਨਮ ਦਾਤਾ ਵਾਸੁਦੇਵ ਕ੍ਰਿਸ਼ਣ ਰੁੱਖ ਦੀ ਓਟ ਵਿਚੋਂ ਅੜਿੰਗ ਹਿਡਿੰਬਾ ਨੂੰ ਦੇਖ ਰਹੇ ਸਨ। ਔਖੀ ਤੋਂ ਔਖੀ ਘੜੀ ਵਿਚ ਵੀ ਮੁਸਕੁਰਾਉਣ ਵਾਲਾ ਇਹ ਸ਼ਾਮਰੰਗਾ ਮੁੱਖ ਗੰਭੀਰ ਸੀ। ਹਿਡਿੰਬਾ ਦੇ ਸਵਾਲਾਂ ਦਾ ਉਤਰਦਾਈ ਤਾਂ ਮੈਂ ਹੀ ਹਾਂ। 'ਕਾਸ਼ ਮੈਂ ਆਪਣੇ ਠਹਾਕਿਆਂ ਤੇ ਨਰਿਤ ਦੇ ਉਹ ਪਲ ਵਾਪਸ ਲੈ ਸਕਦਾ', ਸਦਾ ਸੰਜਮ ਵਿਚ ਰਹਿਣ ਵਾਲੇ ਕ੍ਰਿਸ਼ਣ, ਹਰ ਘਟਨਾ ਦੇ ਗਿਆਤਾ ਕ੍ਰਿਸ਼ਣ, ਅੱਜ ਲੋਕਾਂ ਦੁਆਰਾ ਪੁਆਏ ਹੋਏ ਦੇਵਤਵ ਦੇ ਚੋਲੇ ਵਿਚ ਘੁਟਨ ਮਹਿਸੂਸ ਕਰ ਰਹੇ ਸਨ। ਪਰ ਉਹ ਇਹ ਵੀ ਜਾਣਦੇ ਸਨ ਕਿ...


ਅਚਾਨਕ ਬਿਜਲੀ ਦੀ ਕੜਕ ਨਾਲ ਮੇਰੀ ਅੱਖ ਖੁੱਲ੍ਹ ਗਈ। ਮੈਂ ਕਿੱਥੇ ਸੀ—ਯਥਾਰਥ ਜਾਂ ਸੁਪਨੇ ਦੀ ਅਰਧਚੇਤਨ ਅਵਸਥਾ—ਸਭ ਕੁਝ ਗਡਮਡ ਹੋਇਆ ਹੋਇਆ ਸੀ। ਹੁਣੇ ਤਾਂ ਤੀਰਾਂ ਦੇ ਬਿਸਤਰੇ ਉੱਤੇ ਪਏ ਪਿਤਾਮਾ ਨੂੰ ਹਿਡਿੰਬਾ ਕੁਝ ਕਹਿ ਰਹੀ ਸੀ...ਉਹ ਕਿੱਥੇ ਗਈ? ਮੈਂ ਆਪਣੇ ਚਾਰੇ ਪਾਸੇ ਨਜ਼ਰਾਂ ਦੌੜਾਈਆਂ—ਨਾਈਟ ਲੈਂਪ ਦੇ ਹਲਕੇ ਪੀਲੇ ਚਾਨਣ ਵਿਚ ਦੇਖਿਆ ਕਿ ਬਿਸਤਰੇ 'ਤੇ ਤਾਂ ਮੈਂ ਪਈ ਹਾਂ। ਆਵਾਜ਼ਾਂ ਸਮਰਭੂਮੀ ਦੀਆਂ ਨਹੀਂ, ਤੂਫ਼ਾਨ ਵਿਚ ਡੋਲਦੇ, ਸ਼ੂਕਦੇ ਹੋਏ ਰੁੱਖਾਂ ਦੀ ਸਰਸਰਾਹਟ ਦੀਆਂ ਨੇ। ਓਅ! ਮੈਂ ਤਾਂ ਮਨਾਲੀ ਦੀ ਹਿਡਿੰਬਾ ਕਾਟੇਜ ਵਿਚ ਹਾਂ। ਸਾਹਮਣੀ ਪਹਾੜੀ ਉੱਤੇ ਦੇਵਦਾਰ ਦੇ ਸੰਘਣੇ ਰੁੱਖਾਂ ਵਿਚਕਾਰ ਹਿਡਿੰਬਾ ਦਾ ਪ੍ਰਾਚੀਨ ਮੰਦਰ ਹੈ। ਅੱਜ ਹੀ ਤਾਂ ਵੇਖ ਕੇ ਆਈ ਸੀ। ਉਸ ਪਟ-ਰਾਕਸ਼ਸੀ ਹਿਡਿੰਬਾ ਦੇਵੀ ਨੂੰ ਉਸਦੇ ਸਨਮਾਨਿਤ ਕਾਰਜ ਨੇ ਹੀ ਕੁੱਲੂ ਰਾਜ ਪਰਿਵਾਰ ਤੇ ਅਨੇਕਾਂ ਸ਼ਰਧਾਲੂਆਂ ਦੇ ਮਨ ਵਿਚ 'ਦਾਦੀ-ਮਾਂ' ਦੇ ਰੂਪ ਵਿਚ ਦੇਵਤਵ ਦੀ ਪਦਵੀ ਤਕ ਪਹੁੰਚਾਇਆ ਹੋਏਗਾ। ਮੇਰੇ ਗੂੜ੍ਹੀ ਨੀਂਦ ਵਿਚ ਅਚੇਤਨ ਮਸਤਕ 'ਚੋਂ ਨਿਕਲ ਕੇ ਹਿਡਿੰਬਾ ਆਣ ਖੜੀ ਹੋਈ ਸੀ, ਉਸਦੇ ਸਵਾਲ ਮੈਨੂੰ ਬੇਚੈਨ ਕਰ ਗਏ। ਹੁਣ ਪੂਰੀ ਚੇਤਨ ਹੋ ਕੇ ਸੋਚ ਰਹੀ ਹਾਂ ਕਿ ਕੀ ਇਹ ਸਵਾਲ ਅੱਜ ਵੀ ਜਵਾਬ ਨਹੀਂ ਮੰਗ ਰਹੇ? ਕਦੋਂ ਸਾਡੇ ਮਨ-ਮਸਤਕ ਵਿਚ ਵਸਾਈਆਂ ਹੋਈਆਂ ਰਾਕਸ਼ਸਾਂ ਦੀਆਂ ਕਰੂਰ ਸ਼ਕਲਾਂ ਮਨੁੱਖ-ਰੂਪ ਧਾਰਨ ਕਰਨਗੀਆਂ? ਉਫ਼ ਇਹ ਕੇਹਾ ਅੰਤਰ ਦਵੰਧ ਹੈ—ਕੀ ਅੱਜ ਵੀ ਜੰਗਲ-ਵਾਸੀ-ਲੋਕ ਸਦੀਆਂ ਤੋਂ ਉੱਥੇ ਹੀ ਨਹੀਂ ਖੜ੍ਹੇ? ਜਿੱਥੇ ਖੜ੍ਹੀ ਰਹਿਣ ਲਈ ਹਿਡਿਮਬਾ ਨੂੰ ਸ਼ਰਾਪ ਮਿਲਿਆ ਹੋਇਆ ਸੀ? ਉਦੋਂ ਵਿਆਸ ਨੇ ਨਿਆਂ ਨਹੀਂ ਸੀ ਕੀਤਾ ਤੇ ਅੱਜ ਅਸੀਂ...? ਸਵਾਲ, ਸਵਾਲ, ਸਵਾਲ—ਉਪਰੋਕਤ ਸਵਾਲਾਂ ਦੀ ਗੂੰਜ ਹਾਲੇ ਤੀਕ ਮੇਰੇ ਅੰਦਰ ਗੂੰਜ ਰਹੀ ਹੈ।



ਬੇਦੀ ਡੈਂਟਰਲ ਹੈਲਥ ਸੈਂਟਰ, ਬਾਜਾ ਰੋੜ, ਜੈਤੋ-151202. (ਪੰਜਾਬ)
ਮੋਬਾਇਲ : 94177-30600.

ਭਗਤ ਸਿੰਘ ਉੱਤੇ ਫਿਲਮਾਂ :




ਵਿਸ਼ੇਸ਼ ਮੁਲਾਕਾਤ :

ਭਗਤ ਸਿੰਘ ਉੱਤੇ ਫਿਲਮਾਂ :

(ਭਗਤ ਸਿੰਘ ਉੱਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਇਹਨਾਂ ਵਿਚੋਂ ਜਿਹੜੀਆਂ ਤਿੰਨ ਫਿਲਮਾਂ ਮਹੱਤਵਪੂਰਨ ਹਨ, ਉਹਨਾਂ ਦੇ ਨਾਂ ਹਨ—'ਸ਼ਹੀਦ', '23 ਮਾਰਚ, 1931—ਸ਼ਹੀਦ' ਤੇ 'ਦਿ ਲੀਜੇਂਡ ਆਫ ਭਗਤ ਸਿੰਘ'। ਪਹਿਲੀ ਫਿਲਮ ਮਨੋਜ ਕੁਮਾਰ ਦੀ ਸੀ, ਦੂਜੀ ਫਿਲਮ ਦਾ ਨਿਰਦੇਸ਼ਨ ਗੁੱਡੂ ਧਨੋਆ ਨੇ ਕੀਤਾ ਸੀ ਤੇ ਤੀਜੀ ਫਿਲਮ ਰਾਜ ਕੁਮਾਰ ਸੰਤੋਸ਼ੀ ਦੀ ਨਿਰਦੇਸ਼ਤ ਕੀਤੀ ਹੋਈ ਸੀ। ਇਹਨਾਂ ਤਿੰਨਾ ਫਿਲਮਾਂ ਬਾਰੇ ਵਿਸ਼ਣੂ ਖਰੇ ਨਾਲ ਗੱਲਬਾਤ ਪਾਠਕਾਂ ਨੂੰ ਨਾ ਸਿਰਫ ਇਹਨਾਂ ਬਾਰੇ ਬੜਾ ਕੁਝ ਦੱਸੇਗੀ ਬਲਕਿ ਇਹਨਾਂ ਫਿਲਮਾਂ ਦੇ ਬਹਾਨੇ ਭਗਤ ਸਿੰਘ ਦੇ ਵਿਅਕਤੀਤਵ ਤੇ ਦਰਸ਼ਨ ਉੱਤੇ ਵੀ ਰੌਸ਼ਨੀ ਪਾਏਗੀ—ਸੰਪਾਦਕ, ਉਦਭਾਵਨਾ)


ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ

(ਇਸ ਮੁਲਾਕਤ ਨੂੰ 'ਕਹਾਣੀ ਪੰਜਾਬ' ਦੇ ਅਪ੍ਰੈਲ-ਜੂਨ 2012, ਅੰਕ 75, ਵਿਚ ਵੀ ਪੜ੍ਹਿਆ ਜਾ ਸਕਦਾ ਹੈ---ਅਨੁ.।)








ਸੰ. ਪਹਿਲਾ ਸਵਾਲ ਇਹ ਹੈ ਕਿ ਭਗਤ ਸਿੰਘ ਉੱਤੇ ਬਣੀਆਂ ਇਹ ਤਿੰਨੋਂ ਫਿਲਮਾਂ ਕੀ ਰਾਸ਼ਟਰਵਾਦ ਨੂੰ ਭੁਨਾਉਣ (ਆਮ ਆਦਮੀ ਦੀ ਰਾਸ਼ਟਰ-ਭਗਤੀ ਨੂੰ ਹਲੂਣ ਕੇ ਲਾਹਾ ਖੱਟਣ ਦੀ ਨੀਅਤ ਤੇ ਨੀਤੀ-ਅਨੁ.) ਵਿਚ ਮਦਦ ਕਰਦੀਆਂ ਹਨ?

ਖ. ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਸ਼ਟਰਵਾਦ ਇਹਨਾਂ ਤਿੰਨਾ ਫਿਲਮਾਂ ਦੀ ਮੌਲਿਕ ਥੀਮ ਹੈ ਤੇ ਇਹਨਾਂ ਤਿੰਨਾਂ 'ਚ ਵੱਖੋ-ਵੱਖ ਮਾਤਰਾ ਵਿਚ ਰਾਸ਼ਟਰਵਾਦ ਨੂੰ ਭੁਨਾਇਆ ਗਿਆ ਹੈ। ਇਹ ਦੇਖਣਾ ਵੀ ਦਿਲਚਸਪ ਹੋਏਗਾ ਕਿ ਇਹਨਾਂ ਤਿੰਨਾ ਨਿਰਦੇਸ਼ਕਾਂ ਦਾ ਚਿੰਤਨ ਕੀ ਹੈ? ਤੁਸੀਂ ਮਨੋਜ ਕੁਮਾਰ ਦੀ ਫਿਲਮ ਸ਼ਹੀਦ ਨੂੰ ਲਓ ਤਾਂ ਇਹ ਦਰਅਸਲ ਮਨੋਜ ਕੁਮਾਰ ਦੀ ਪਹਿਲੀ ਫਿਲਮ ਹੈ, ਜਿਸ ਤੋਂ ਮਨੋਜ ਕੁਮਾਰ ਨੂੰ ਰਾਸ਼ਟਰਵਾਦ ਦਾ ਚਸਕਾ ਲੱਗਿਆ। ਉਸ ਰਾਸ਼ਟਰਵਾਦ ਦੇ ਬਾਅਦ ਆਉਂਦਾ ਹੈ ਅਵਸਰਵਾਦ। ਕਿਉਂਕਿ ਭਗਤ ਸਿੰਘ ਦੀ ਜਨਮਸ਼ਤੀ ਨੇੜੇ ਸੀ ਤੋ ਜਨਮਸ਼ਤੀ ਨੂੰ ਭੁਨਾਉਣ ਦੀ ਗੱਲ ਆਈ। ਅਸਲ ਵਿਚ ਭਗਤ ਸਿੰਘ ਦਾ ਚਰਿੱਤਰ ਹੀ ਰਾਸ਼ਟਰਵਾਦ ਦੀ ਸਮੱਸਿਆ ਖੜ੍ਹੀ ਕਰਦਾ ਹੈ। ਤੇ ਉਸ ਨਾਲੋਂ ਵੱਧ ਸਮੱਸਿਆ ਖੜ੍ਹੀ ਕੀਤੀ ਹੈ ਖ਼ੁਦ ਭਾਰਤ ਦੇ ਇਤਿਹਾਸਕਾਰਾਂ ਨੇ ਤੇ ਭਾਰਤ ਦੀ So-Calld 'ਮੁਖਧਾਰਾ ਰਾਸ਼ਟਰਵਾਦ' ਨੇ ਜੋ ਅਸਲ ਵਿਚ ਕਾਂਗਰਸੀ ਮੁਖਧਾਰਾ ਹੈ। ਭਗਤ ਸਿੰਘ ਦੀ ਤਸਵੀਰ ਸ਼ੁਰੂ ਤੋਂ ਸਿਰਫ ਇਕ ਰਾਸ਼ਟਰਵਾਦੀ ਦੀ ਬਣਾਈ ਗਈ। ਕਾਂਗਰਸੀਆਂ ਨੂੰ ਇਹ ਡਰ ਸੀ ਕਿ ਕਿਤੇ ਲੋਕ ਭਗਤ ਸਿੰਘ ਨੂੰ ਗਾਂਧੀ ਨਾਲੋਂ ਵੱਖ ਕਰਕੇ ਨਾ ਦੇਖਣ ਲੱਗ ਪੈਣ। ਇਕ ਤਰ੍ਹਾਂ ਨਾਲ ਭਗਤ ਸਿੰਘ ਦੇ ਪੂਰੇ ਜੀਵਨ ਤੇ ਕਾਰਜਕਲਾਪ ਨੂੰ ਕਾਂਗਰਸ ਨੇ ਨਿਗਲਣ ਦੀ ਕੋਸ਼ਿਸ਼ ਕੀਤੀ। ਉਸਨੂੰ Neutralise ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। Neutralise ਦਾ ਭਾਵ ਸਾਕਾਰ ਕਰਨ ਤੋਂ ਨਹੀਂ, ਧੁੰਦਲਾਉਣ ਤੋਂ ਹੈ। ਜਿਸਨੂੰ Neuter Gender ਕਹਿੰਦੇ ਹਨ। ਤੋ ਕੋਸ਼ਿਸ਼ ਇਹ ਰਹੀ ਕਿ ਭਗਤ ਸਿੰਘ ਨੂੰ ਸਿਰਫ ਇਕ ਰਾਸ਼ਟਰਵਾਦੀ ਦੇ ਰੂਪ ਵਿਚ ਹੀ ਪੇਸ਼ ਕੀਤਾ ਜਾਵੇ, ਕਿਸੇ ਹੋਰ ਰੂਪ ਵਿਚ ਨਹੀਂ।
ਇਹਨਾਂ ਤਿੰਨਾਂ ਫਿਲਮਾਂ ਵਿਚ ਤਿੰਨ ਪੱਖ ਨੇ। ਪਹਿਲਾ ਪੱਖ ਸ਼ੁੱਧ ਰਾਸ਼ਟਰਵਾਦੀ ਪੱਖ ਹੈ। ਉਸ ਪਿੱਛੋਂ ਜਿਹੜੀ ਗੁੱਡੂ ਧਨੋਆ ਦੀ ਫਿਲਮ ਹੈ ਉਸ ਵਿਚ ਰਾਸ਼ਟਰਵਾਦ ਤਾਂ ਹੈ ਪਰ ਮਨੋਜ ਕੁਮਾਰ ਦੀ ਫਿਲਮ ਪਿੱਛੋਂ ਭਗਤ ਸਿੰਘ ਬਾਰੇ ਕੁਝ ਨਵੇਂ ਤੱਥ ਸਾਹਮਣੇ ਆਏ ਨੇ, ਉਹਨਾਂ ਦਾ ਥੋੜ੍ਹਾ ਮਿਸ਼ਰਣ ਵੀ ਹੈ। ਰਾਜਕੁਮਾਰ ਸੰਤੋਸ਼ੀ ਇਹਨਾਂ ਦੋਵਾਂ ਨਾਲੋਂ ਅੱਗੇ ਵਧ ਕੇ ਭਗਤ ਸਿੰਘ ਦੇ ਵਧੇਰੇ ਵਿਆਪਕ ਪੱਖ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ।

ਸੰ. ਅਜਯ ਦੇਵਗਨ ਦੀ ਫਿਲਮ ਵਿਚ ਭਗਤ ਸਿੰਘ ਨਾਲ ਸੰਬੰਧਤ ਕੁਝ ਇਤਿਹਾਸਕ ਤੱਥਾਂ ਨੂੰ ਹੂ-ਬ-ਹੂ ਰੱਖ ਲਿਆ ਗਿਆ ਹੈ, ਜਿਵੇਂ ਗਾਂਧੀ ਦੁਆਰਾ ਵਿਰੋਧ, ਭਗਤ ਸਿੰਘ ਨੂੰ ਮਾਰਕਸਵਾਦੀ ਦਿਖਾਉਣਾ ਆਦਿ। ਇਹ ਇਕ ਵੱਡੇ ਬੱਜਟ ਦੀ ਫਿਲਮ ਸੀ, ਫੇਰ ਵੀ ਸੰਤੋਸ਼ੀ ਨੇ ਇੰਜ ਦਿਖਾਉਣ ਦਾ ਹੌਸਲਾ ਕੀਤਾ। ਸੰਤੋਸ਼ੀ ਕੋਈ ਪ੍ਰਗਤੀਸ਼ੀਲ ਵਿਆਕਤੀ ਤਾਂ ਹੈ ਨਹੀਂ, ਫੇਰ ਵੀ ਉਸਨੇ ਅਜਿਹੀ ਫਿਲਮ ਬਣਾਈ। ਉਸਨੂੰ ਕਿਉਂ ਅਜਿਹੀ ਫਿਲਮ ਬਣਾਉਣ ਦੀ ਲੋੜ ਪਈ?

ਖ. ਸੰਤੋਸ਼ੀ ਫਿਲਮ ਦਾ ਪ੍ਰੋਡਿਊਸਰ ਨਹੀਂ। ਪ੍ਰੋਡਿਊਸਰ ਭਗਤ ਸਿੰਘ ਦੇ ਜੀਵਨ ਵਿਚੋਂ ਜੋ ਪੱਖ ਉਘਾੜਨਾ ਜਾਂ ਛੱਡਣਾ ਚਾਹੁੰਦਾ ਸੀ ਜਾਂ ਜਿੰਨੀ ਉਹ Authenticity ਲਿਆਉਣਾ ਚਾਹੁੰਦਾ ਸੀ, ਉਹ ਲੈ ਆਇਆ। ਅਸਲ ਵਿਚ ਪਟਕਥਾ ਦੀ ਚੋਣ ਪ੍ਰੋਡਿਊਸਰ ਦੀ ਸੀ। ਉਹ ਉਸਨੂੰ ਇਵੇਂ ਚੰਗੀ ਲੱਗੀ ਹੋਏਗੀ। ਜਿਹੜਾ ਲੇਖਕ ਹੈ, ਉਹ ਕਮ ਸੇ ਕਮ ਇਸ ਚਰਿੱਤਰ ਪ੍ਰਤੀ ਏਨਾ ਪ੍ਰਤੀਬੱਧ ਜ਼ਰੂਰ ਹੈ ਕਿ ਉਸਨੇ ਉਸ ਨਾਲ ਖਿਲਵਾੜ ਨਹੀਂ ਕੀਤਾ। ਇਹ ਉਹੀ Syndtome ਸੁਮੇਲ ਹੈ, ਜੋ ਰਾਜ ਕਪੂਰ ਤੇ ਖਵਾਜਾ ਅਹਿਮਦ ਅੱਬਾਸ ਵਿਚਕਾਰ ਹੁੰਦਾ ਸੀ। ਜਦੋਂ ਤਕ ਖਵਾਜਾ ਅਹਿਮਦ ਅੱਬਾਸ ਰਾਜ ਕਪੂਰ ਦੇ ਨਾਲ ਰਹੇ ਰਾਜ ਕਪੂਰ ਇਕ ਪ੍ਰਤੀਬੱਧ ਫਿਲਮ ਨਿਰਮਾਤਾ ਵਾਂਗ ਸਾਹਮਣੇ ਆਇਆ। ਜਦੋਂ ਉਹ ਅਲਗ ਹੁੰਦੇ ਨੇ ਤਾਂ ਰਾਜ ਕਪੂਰ ਫੇਰ ਉਸੇ, ਆਪਣੇ 'ਬਰਸਾਤ' ਵਾਲੇ ਪੁਰਾਣੇ ਢੱਰੇ 'ਤੇ ਆ ਜਾਂਦਾ ਹੈ। ਇਕ ਅੱਛੇ ਪਟਕਥਾ ਲੇਖਕ ਵਿਚ ਜੇ ਨੈਤਿਕਤਾ ਹੈ ਤਾਂ ਫੇਰ ਉਹ ਆਪਣੇ ਨਾਲ ਨਿਰਮਾਤਾ ਤੇ ਨਿਰਦੇਸ਼ਕ ਨੂੰ ਵੀ ਲੈ ਤੁਰਦਾ ਹੈ।
ਜਿਹੜੀ ਦੂਜੀ ਫਿਲਮ ਧਰਮਿੰਦਰ ਵਾਲੀ ਹੈ, ਉਹ ਦਰਅਸਲ ਮਨੋਜ ਕੁਮਾਰ ਦੀ ਫਿਲਮ ਦਾ Remake ਹੈ। ਸਾਰੇ Cradits ਉਹਨਾਂ ਨੇ ਮਨੋਜ ਕੁਮਾਰ ਨੂੰ ਦਿੱਤੇ ਨੇ—ਕਹਾਣੀ ਦੇ, ਸੰਵਾਦ ਦੇ, ਇੱਥੋਂ ਤਕ ਕਿ ਗੀਤਾਂ ਦੇ ਵੀ। ਜਿੱਥੋਂ ਤਕ ਮੇਰਾ ਖ਼ਿਆਲ ਹੈ, ਮਨੋਜ ਕੁਮਾਰ ਦੀ ਫਿਲਮ ਦੇ ਗੀਤ ਤੇ ਸੰਗੀਤ ਪ੍ਰੇਮ ਧਵਨ ਦੇ ਨੇ। ਧਵਨ ਦੇ ਗੀਤਾਂ ਨੂੰ 'ਰੰਗ ਦੇ ਬਸੰਤੀ ਚੋਲਾ' ਜਾਂ 'ਪਗੜੀ ਸੰਭਾਲ ਜੱਟਾ' ਜਿਹੜੇ ਦੇਸ਼ ਭਗਤੀ ਜਾਂ ਕਿਸਾਨ ਭਗਤੀ ਦੇ ਪ੍ਰੰਪਰਿਕ ਗੀਤ ਨੇ, ਆਪਣਾ ਕਹਿ ਦੇਣਾ ਵੀ ਤਾਂ ਗ਼ਲਤ ਹੈ। ਗੁੱਡੂ ਧਨੋਆ ਦੀ ਫਿਲਮ ਬਹੁਤੀ ਮਨੋਜ ਕੁਮਾਰ ਦੀ 'ਸ਼ਹੀਦ' ਦੀ Mirror Image ਹੈ। ਕਿਉਂਕਿ ਮਨੋਜ ਕੁਮਾਰ ਦੀ 'ਸ਼ਹੀਦ' ਨਾ ਸਿਰਫ ਰਾਸ਼ਟਰ ਭਗਤੀ ਭਰੀ ਫਿਲਮ ਹੈ ਬਲਕਿ ਉਸ ਵਿਚ ਦੋ ਚੀਜ਼ਾਂ ਨੂੰ ਸੰਤੁਲਿਤ ਰੱਖਿਆ ਗਿਆ ਹੈ, ਜਿਸ ਕਰਕੇ ਉਹ ਫਿਲਮ ਉਸ ਸਮੇਂ ਬੜੀ ਚੱਲੀ। ਇਕ ਤਾਂ ਉਸਨੇ 'ਰੰਗ ਦੇ ਬਸੰਤੀ ਚੋਲਾ', 'ਪਗੜੀ ਸੰਭਾਲ ਜੱਟਾ' ਜਾਂ 'ਸਰਫ਼ਰੋਸ਼ੀ ਕੀ ਤਮੰਨਾ' ਇਹਨਾਂ ਸਾਰੇ ਗੀਤਾਂ ਨੂੰ ਉਹਨਾਂ ਦੀਆਂ ਜਿਹੜੀਆਂ ਪ੍ਰੰਪਰਿਕ ਧੁਨਾ ਨੇ, ਉਹਨਾਂ ਵਿਚ ਰੱਖਿਆ ਹੈ। ਇਕ ਗੱਲ ਹੋਰ ਕੀਤੀ ਹੈ। ਉਸਨੇ ਉਹਨੂੰ ਇਕ ਪਰਿਵਾਰਕ ਫਿਲਮ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਤੁਸੀਂ ਦੇਖਦੇ ਹੋ ਉਸ ਵਿਚ ਮਾਂ, ਬਾਪ, ਪਰਿਵਾਰ ਦੇ ਦ੍ਰਿਸ਼ ਬਹੁਤ ਨੇ, ਦੁਰਗਾ ਭਾਬੀ ਦੇ ਦ੍ਰਿਸ਼ ਬਹੁਤ ਨੇ। ਮਨੋਜ ਕੁਮਾਰ ਦਾ ਫਾਰਮੂਲਾ ਸੀ—ਰਾਸ਼ਟਰ ਤੇ ਘਰ ਪਰਿਵਾਰ। ਇਸ ਵਿਚ ਜਿਹੜਾ ਅਸਲੀ ਭਗਤ ਸਿੰਘ ਹੈ, ਉਸਦੇ ਲਈ ਜਗ੍ਹਾ ਘੱਟ ਤੋਂ ਘੱਟ ਸੀ। ਉਹ ਲਗਭਗ 1950 ਦੀਆਂ ਫਿਲਮਾਂ ਦਾ ਕੋਈ ਵੀ ਹੀਰੋ ਹੋ ਸਕਦਾ ਹੈ। ਉਹ ਦਲੀਪ ਕੁਮਾਰ ਹੋ ਸਕਦਾ ਹੈ ਜਾਂ ਬਲਰਾਜ ਸਾਹਨੀ ਹੋ ਸਕਦਾ ਹੈ। ਬਲਕਿ ਜਦ ਤੁਸੀਂ ਇਹ ਸ਼ਹੀਦ ਦੇਖਦੇ ਓ ਤਾਂ ਤੁਹਾਨੂੰ ਦਲੀਪ ਕੁਮਾਰ ਵਾਲੀ ਪੁਰਾਣੀ 'ਸ਼ਹੀਦ' ਯਾਦ ਆਉਂਦੀ ਹੈ। ਉਸ ਵਿਚ ਦਲੀਪ ਕੁਮਾਰ ਰਾਸ਼ਟਰਵਾਦੀ ਹੁੰਦਾ ਹੈ, ਪਰ ਉਸਦੇ ਨਾਲ ਉਸਦਾ ਪ੍ਰੇਮ ਵੀ ਹੈ ਤੇ ਪਰਿਵਾਰ ਵੀ। ਮਨੋਜ ਕੁਮਾਰ ਕਿਉਂਕਿ ਭਗਤ ਸਿੰਘ ਦੇ ਰੋਲ ਕਰਕੇ ਮਜਬੂਰ ਹੈ, ਸੋ ਪ੍ਰੇਮ ਤਾਂ ਦਿਖਾਅ ਨਹੀਂ ਸਕਦਾ। ਇਸ ਲਈ ਉਸਨੇ ਪ੍ਰੇਮ ਦਾ ਸਮਾਂ ਪਰਿਵਾਰ ਨੂੰ ਸਮਰਪਤ ਕਰ ਦਿੱਤਾ। ਮਨੋਜ ਕੁਮਾਰ ਦੀ ਫਿਲਮ ਦਾ ਫਾਰਮੂਲਾ 'ਰਾਸ਼ਟਰਵਾਦ ਤੇ ਪਰਿਵਾਰ' ਉਸ ਜ਼ਮਾਨੇ ਲਈ ਬੜਾ ਅੱਛਾ ਸੀ। ਉਹ Click ਕਰ ਗਿਆ। ਇਸ ਲਈ ਤੁਸੀਂ ਦੇਖੋਗੇ ਕਿ ਇਹਨਾਂ ਤਿੰਨਾ ਵਿਚੋਂ ਵਪਾਰਕ ਦ੍ਰਿਸ਼ਟੀ ਨਾਲ ਸਭ ਨਾਲੋਂ ਸਫਲ ਫਿਲਮ ਉਹ ਸੀ।

ਸੰ. ਉਸ ਵਕਤ ਚੀਨ ਨਾਲ ਯੁੱਧ ਹੋ ਕੇ ਹਟਿਆ ਸੀ। ਇਸ ਲਈ ਸ਼ਾਇਦ ਦੇਸ਼ ਵਿਚ ਰਾਸ਼ਟਰਵਾਦੀ ਭਾਵਨਾਵਾਂ ਪਹਿਲਾਂ ਹੀ ਮੌਜ਼ੂਦ ਸਨ, ਜਿਹਨਾਂ ਫਿਲਮ ਨੂੰ ਹਿੱਟ ਕਰਨ ਵਿਚ ਕੋਈ ਭੂਮਿਕਾ ਨਿਭਾਈ ਹੋਵੇ—ਤੁਹਾਨੂੰ ਕੀ ਲੱਗਦਾ ਹੈ?

ਖ. ਅਸੀਂ ਲੋਕ ਚੀਨ ਤੋਂ ਹਾਰ ਚੁੱਕੇ ਸਾਂ। ਇਸ ਲਈ 'ਸ਼ਹੀਦ' ਦਾ ਏਡਾ ਵੱਡਾ ਚਰਿੱਤਰ ਬਣਾ ਕੇ, ਜਿਹੜੀ ਆਪਣੀ ਹਾਰ ਦੀ ਭਾਵਨਾ ਹੈ ਸ਼ਾਇਦ ਉਸ ਉੱਤੇ ਥੋੜ੍ਹੀ ਜਿਹੀ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਕਿਉਂਕਿ ਇਹ ਨਾ ਭੁੱਲਣਾ ਕਿ ਮਨੋਜ ਕੁਮਾਰ ਮੂਲੋਂ-ਮੁੱਢੋਂ ਇਕ ਨਹਿਰੂਵਾਦੀ ਆਦਮੀ ਹੈ। ਉਹ ਨਹਿਰੂ ਤੋਂ ਬਾਹਰ ਜਾ ਹੀ ਨਹੀਂ ਸਕਦਾ। ਇਹ ਦੋ ਫਿਲਮਾਂ ਜਿਹੜੀਆਂ 2003-2004 ਵਿਚ ਬਣ ਕੇ ਆਈਆਂ ਨੇ, ਜਦਕਿ ਨਹਿਰੂ ਦੀ ਯਾਦ 40 ਸਾਲ ਪੁਰਾਣੀ ਹੋ ਚੁੱਕੀ ਹੈ, ਇਹ ਨਹਿਰੂ ਦੀ ਵਿਅਕਤੀਗਤ ਪੂਜਾ ਤੋਂ ਆਜ਼ਾਦ ਨੇ।

ਸੰ. ਮੈਂ ਫੇਰ ਆਪਣੇ ਸਵਾਲ 'ਤੇ ਆਉਂਦਾ ਹਾਂ ਕਿ 'ਦਿ ਲੀਜੇਂਡ ਆਫ ਭਗਤ ਸਿੰਘ' ਵਰਗੀ ਪ੍ਰਤੀਬੱਧ ਫਿਲਮ ਬਣਾਉਣ ਦੀ ਕੀ ਮਜ਼ਬੂਰੀ ਸੀ?

ਖ. ਅਵੱਲ ਤਾਂ ਇਹ ਕਿ ਉਸ ਵਿਚ ਪ੍ਰਤੀਬੱਧਤਾ ਦੀ ਛੋਹ ਹੈ, ਪੂਰੇ ਤੌਰ 'ਤੇ ਪ੍ਰਤੀਬੱਧ ਫਿਲਮ ਨਹੀਂ ਹੈ ਉਹ। ਪਰ ਮੈਂ ਹੌਲੀ-ਹੌਲੀ ਇਹ ਮੰਨਣ ਲੱਗਿਆ ਹਾਂ ਕਿ 'ਲੀਜੇਂਡ' ਜਿਹੀ ਕਮੋਬੇਸ਼ ਤਾਕਤਵਰ ਪਟਕਥਾ ਨਿਰਦੇਸ਼ਕ ਤੇ ਪ੍ਰੋਡਿਊਸਰ ਦੋਵਾਂ ਨੂੰ Clonvince ਕਰ ਲੈਂਦੀ ਹੈ। ਉਹ ਉਹਨਾਂ ਨੂੰ ਦੱਸਦੀ ਹੈ ਕਿ ਪੂਰਾ ਭਗਤ ਸਿੰਘ ਇਹ ਹੈ। ਅੱਜ ਉਸ ਨੂੰ ਕੱਟ-ਵੱਢ ਕੇ ਪੇਸ਼ ਕਰੋਗੇ ਤਾਂ ਠੀਕ ਨਹੀਂ ਹੋਵੇਗਾ, ਕਿਉਂਕਿ ਹੁਣ 1960 ਵਾਲਾ ਮਨੋਜ ਕੁਮਾਰ ਵਾਲਾ ਮਾਹੌਲ ਨਹੀਂ ਰਿਹਾ। ਹੁਣ ਭਗਤ ਸਿੰਘ ਬਾਰੇ ਨਵੇਂ ਤੱਥ ਸਾਹਵੇਂ ਆ ਚੁੱਕੇ ਨੇ। ਅੱਜ ਜੇ ਤੁਸੀਂ ਭਗਤ ਸਿੰਘ ਦੇ ਮੂਲ ਮਾਰਕਸਵਾਦੀ ਹੋਣ ਦੇ ਤੱਥ ਨੂੰ ਛਿਪਾਓਗੇ ਤਾਂ ਭਾਵੇਂ ਹੀ ਤੁਸੀਂ ਆਮ ਦਰਸ਼ਕ ਨੂੰ ਗੁਮਰਾਹ ਕਰ ਸਕੋ, ਪਰ ਜਿਹੜੇ ਜਾਗਰੁਕ ਦਰਸ਼ਕ ਜਾਂ Critics ਨੇ ਉਹਨਾਂ ਨੂੰ ਤੁਸੀਂ ਨਹੀਂ 'ਬਣਾ' ਸਕਦੇ। ਉੱਥੇ ਤੁਸੀਂ ਪਿਟ ਕੇ ਨਾ ਰਹਿ ਜਾਇਓ, ਸੰਤੋਸ਼ੀ ਦੀ ਫਿਲਮ ਇਹੋ ਅਹਿਤਿਯਾਤ ਵਰਤਦੀ ਹੈ। ਜਿਹੜੀ ਬਾਬੀ ਦਿਓਲ ਵਾਲੀ ਫਿਲਮ ਹੈ, ਉਸ ਵਿਚ ਸਿਰਫ ਇਕ ਜਗ੍ਹਾ ਇਸ਼ਾਰਾ ਹੈ ਸਮਾਜਵਾਦ ਦਾ। ਇਸ ਵਿਚ ਨਿਰਮਾਤਾ ਦੀ ਮਾਨਸਿਕਤਾ ਨੂੰ ਦੇਖੋ। ਦਿਓਲ ਪਰਿਵਾਰ ਓਨਾ ਜੋਖਿਮ (ਰਿਸਕ) ਨਹੀਂ ਲੈਣਾ ਚਾਹੁੰਦਾ। ਇਹ ਨਾ ਭੁੱਲੋ ਕਿ ਧਰਮਿੰਦਰ ਖ਼ੁਦ ਭਾਜਪਾ ਦਾ ਆਦਮੀ ਹੈ। ਦੂਜੀ ਪਤਨੀ ਸਮੇਤ ਉਸਦਾ ਪੂਰਾ ਪਰਿਵਾਰ ਭਾਜਪਾ 'ਚ ਹੈ। ਉਹ ਮਾਰਕਸਵਾਦ ਦੀ ਗੱਲ ਕਿਉਂ ਕਰੇਗਾ? ਗਾਂਧੀ ਤੇ ਨਹਿਰੂ ਨੂੰ ਤਾਂ ਉਹ Condemn ਕਰਵਾ ਸਕਦਾ ਹੈ, ਆਪਣੀ ਫਿਲਮ ਵਿਚ। ਪਰ ਉਹ ਮਾਰਕਸ ਨੂੰ ਕਿੰਜ ਲੈ ਕੇ ਆਵੇਗਾ? ਉੱਥੇ ਉਸਦਾ ਭਾਜਪਾ ਘਰਾਣਾ ਤੇ ਸੋਚ ਨਿਗਾਹ ਰੱਖ ਰਹੇ ਨੇ Script ਉਪਰ।
ਦੇਵਗਨ ਵਾਲੀ ਫਿਲਮ ਤੌਰਾਨੀ ਨੇ ਪ੍ਰੋਡਿਊਸ ਕੀਤੀ ਹੈ ਤੇ ਮੈਂ ਸਮਝਦਾ ਹਾਂ ਕਿ ਉਸਨੇ ਪਟਕਥਾ ਨਾਲ ਵਿਚਾਰਧਾਰਕ ਛੇੜਛਾੜ ਬਿਲਕੁਲ ਨਹੀਂ ਕੀਤੀ। Script ਵਿਚ ਕਈ ਲੱਛਣ ਪ੍ਰਬੁਧਤਾ ਦੇ ਨੇ। ਇਕ ਤਾਂ ਉਸਦੀ ਹਿੰਦੀ ਬੜੀ ਅੱਛੀ ਹੈ। ਕਰਾਂਤੀ, ਸਮਾਜਵਾਦ, ਰੂਸ ਤੇ ਲੇਨਿਨ ਨੂੰ ਲੈ ਕੇ ਜੋ ਸ਼ਬਦ ਇਸਤੇਮਾਲ ਕੀਤੇ ਨੇ, ਉਹ ਠੇਠ ਨੇ। ਉਹਨਾਂ ਵਿਚ ਕੁਝ ਛੁਪਾਇਆ ਨਹੀਂ ਗਿਆ ਹੈ। ਉਹ ਇਹਨਾਂ ਚੀਜ਼ਾਂ ਬਾਰੇ ਇਕ ਸਾਫ-ਸਾਫ ਗੱਲ ਕਰਦੇ ਨੇ। ਸਭ ਨਾਲੋਂ ਪ੍ਰਾਸੰਗਿਕ ਫਿਲਮ ਇਹੋ ਹੈ। ਪਰ ਕੁਝ ਕਾਰਨ ਨੇ ਕਿ ਇਹ ਦੋਵੇਂ ਫਿਲਮਾਂ, ਜਿਹੜੀਆਂ ਤਕਨੀਕੀ ਤੌਰ 'ਤੇ ਮਨੋਜ ਦੀ ਫਿਲਮ ਨਾਲੋਂ ਬਹੁਤ ਬਿਹਤਰ ਨੇ, ਸਫਲ ਨਹੀਂ ਹੋ ਸਕੀਆਂ।

ਸੰ. ਅੱਜ ਦਾ ਨੌਜਵਾਨ ਤਾਂ ਚਾਹੁੰਦਾ ਹੈ ਕਿ ਬੰਬ ਸੁੱਟਿਆ ਹੈ ਤਾਂ ਨੱਸ ਚੱਲੋ। ਉਹ Surrender ਕਦੀ ਨਹੀਂ ਕਰਨਾ ਚਾਹੁੰਦਾ। ਤੁਸੀਂ ਕੀ ਸੋਚਦੇ ਓ?

ਖ. ਮੈਨੂੰ ਲੱਗਦਾ ਹੈ ਕਿ ਸਾਡੇ ਸੁੰਤਤਰਤਾ ਸੰਗ੍ਰਾਮ ਦਾ ਵੱਖਰੇ ਦ੍ਰਿਸ਼ਟੀਕੋਨਾਂ ਨਾਲ ਅਧਿਅਨ ਨਹੀਂ ਕੀਤੀ ਗਿਆ। ਸਾਨੂੰ ਪਤਾ ਹੀ ਨਹੀਂ ਕਿ 1910-1940 ਦੇ ਵਿਚਕਾਰਲੇ ਭਾਰਤੀ ਨੌਜਵਾਨ ਗਾਂਧੀ-ਖੇਮੇ, ਤੇ ਭਗਤ ਸਿੰਘ-ਖੇਮੇ ਜਾਂ ਸੁਭਾਸ਼-ਖੇਮੇ ਬਾਰੇ ਕੀ ਸੋਚਦੇ ਸਨ। 'ਅਗੇਯ' ਤੇ ਯਸ਼ਪਾਲ ਉਹਨੀਂ ਦਿਨੀ ਨੋਜਵਾਨ ਸਨ ਤੇ ਵਿਪਲਵਵਾਦੀ (ਵਿਦਰੋਹੀ) ਸਨ। ਵਧੇਰੇ ਨੌਜਵਾਨ ਹਰ ਯੁਗ ਵਿਚ ਕਰਾਂਤੀ ਹੀ ਚਾਹੁੰਦੇ ਨੇ। ਇਸ ਲਈ ਅੱਜ ਤੁਸੀਂ ਭਾਵੇਂ ਸਹੀ ਹੀ ਇਹ ਦਿਖਾਉਂਦੇ ਹੋ ਕਿ ਭਗਤ ਸਿੰਘ ਨੇ ਬੰਬ ਸਿਰਫ 'ਬੋਲਿਆਂ ਨੂੰ ਸੁਣਾਉਣ ਖਾਤਰ' ਸੁੱਟਿਆ ਸੀ, ਤੋ ਉਹਨਾਂ ਦਾ ਨਿਰਾਸ਼ਾ ਹੋਣਾ ਅਸੁਭਾਵਿਕ ਨਹੀਂ। ਫੇਰ ਬ੍ਰਿਟਿਸ਼ ਹਕੁਮਤ ਸਾਹਮਣੇ ਸ਼ਾਂਤਮਈ ਆਤਮ-ਸਮਰਪਣ ਕਰ ਦੇਣਾ ਵੀ ਦਰਸ਼ਕਾਂ ਨੂੰ ਭਗਤ ਸਿੰਘ ਦੀ ਪ੍ਰਚਲਤ ਤਸਵੀਰ ਨਾਲੋਂ ਤੋੜਦਾ ਹੈ—ਉਹ ਲਗਭਗ ਗਾਂਧੀਵਾਦੀ ਰਣਨੀਤੀ ਹੀ ਹੋ ਜਾਂਦੀ ਹੈ। ਇਸ ਦੇ ਉਲਟ ਤੁਸੀਂ ਐਡਵਰਡ ਪਾਰਕ ਵਿਚ ਆਜ਼ਾਦ ਨੂੰ ਘੇਰਾ, ਤੇ ਉਸਦੀ ਸੰਘਰਸ਼ਮਈ ਮੌਤ ਦੇਖੋ—ਦੇਵਗਨ ਦੀ ਫਿਲਮ ਵਿਚ ਉਹ ਦੇਸ਼ ਦੀ ਇਕ ਮੁੱਠੀ ਮਿੱਟੀ ਚੁੱਕ ਕੇ ਕਹਿੰਦਾ ਹੈ—'ਮਾਂ, ਮੁਆਫ਼ ਕਰੀਂ, ਤੇਰੀ ਇਸ ਤੋਂ ਵੱਧ ਸੇਵਾ ਨਹੀਂ ਕਰ ਸਕਿਆ।' ਉਹ ਫਿਲਮ ਦੇ ਅਤਿ ਭਾਵੁਕ ਛਿਣ ਸਨ। ਭਗਤ ਸਿੰਘ ਦੀ ਫਾਂਸੀ ਤਕ ਸਾਨੂੰ ਓਨਾ ਬੇਚੈਨ ਨਹੀਂ ਕਰਦੀ। ਦਰਅਸਲ ਤਿੰਨੇ ਫਿਲਮਾਂ ਦੇਸ਼ ਭਗਤੀ ਦੀ ਓਪਰੀ ਭਾਵਨਾ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਉਸਦੀ ਡੂੰਘੀ ਛਾਪ ਲਾ ਸਕਣ ਵਿਚ ਸਫਲ ਨਹੀਂ ਹੁੰਦੀਆਂ। ਇਕ ਫਿਲਮ ਵਿਚ ਭਗਤ ਸਿੰਘ ਦਾ ਇਹ ਕਹਿਣ ਕਿ ਉਹ ਫੇਰ ਜਨਮ ਲੈਣਗੇ, ਦਰਸ਼ਕਾਂ ਨੂੰ ਆਸ਼ਾਵਾਦੀ ਤਸੱਲੀ ਦੇਣ ਦੀ ਬਜਾਏ ਵਿਅੰਗਮਈ ਢੰਗ ਨਾਲ ਨਿਰਾਸ਼ ਹੀ ਕਰਦਾ ਹੋਏਗਾ। ਅਖੌਤੀ ਆਜ਼ਾਦੀ ਨੂੰ 60 ਵਰ੍ਹੇ ਹੋ ਗਏ, ਭਗਤ ਸਿੰਘ ਨੇ ਮੁੜ ਜਨਮ ਨਹੀਂ ਲਿਆ। ਜੇ ਲਿਆ ਵੀ ਹੈ ਤਾਂ ਉਸ ਛਾਪਾਮਾਰ ਕਰਾਂਤੀ-ਗਤੀਵਿਧੀ ਵਿਚ ਲਿਆ ਹੈ ਜਿਹੜੀ ਫਿਲਮ ਨਿਰਮਾਤਾਵਾਂ, ਬੁਰਜਵਾ ਤੇ ਪੇਤੀ-ਬੁਰਜਵਾ ਤੇ ਲਾਲਚੀ ਲੋਕਾਂ ਵਿਚ ਆਤੰਕ ਤੇ ਬਦਲੇ ਦੀ ਭਾਵਨਾ ਨੂੰ ਜਨਮ ਦੇ ਰਹੀ ਹੈ। ਪਿਛਲੇ ਦਸ ਵਰ੍ਹਿਆਂ ਦਾ ਭਾਰਤ ਵਿਚ ਜੋ ਹੋ ਗਿਆ ਹੈ ਉਸ ਵਿਚ ਭਗਤ ਸਿੰਘ ਦੀ ਲੋੜ ਤਾਂ ਬੜੀ ਵੱਡੀ ਹੈ, ਪਰ ਗੁੰਜਾਇਸ਼ ਸਭ ਨਾਲੋਂ ਘੱਟ ਹੈ—ਅੱਜ ਦਾ ਭਗਤ ਸਿੰਘ ਨਕਲੀ ਐਨਕਾਉਂਟਰਾਂ ਵਿਚ ਮਾਰਿਆ ਜਾਏਗਾ।

ਸੰ. ਗਾਂਧੀ ਨਾਲ ਭਗਤ ਸਿੰਘ ਦਾ ਕੀ ਰਿਸ਼ਤਾ ਸੀ? ਕੀ ਉਹ ਹਮੇਸ਼ਾ ਗਾਂਧੀ ਨੂੰ ਪਛਾੜਣ ਦੀ ਫਿਕਰ ਵਿਚ ਰਹਿੰਦੇ ਸਨ?

ਖ. ਭਗਤ ਸਿੰਘ ਜਦੋਂ ਰਾਜਨੀਤੀ ਦੇ ਮੰਚ ਉੱਤੇ ਕਾਰਜਸ਼ੀਲ ਹੋਏ, ਗਾਂਧੀ ਜੀ ਸੱਠ ਵਰ੍ਹਿਆਂ ਦੇ ਹੋ ਚਲੇ ਸਨ। ਭਗਤ ਸਿੰਘ ਦੀ ਫਾਂਸੀ ਦੇ ਸਮੇਂ ਲਗਭਗ 62 ਵਰ੍ਹਿਆਂ ਦੇ ਸਨ। ਉਹ ਭਾਰਤ ਤੇ ਸੰਸਾਰ ਵਿਚ ਆਪਣਾ ਨਾਂ ਬਣਾ ਚੁੱਕੇ ਸਨ। ਭਗਤ ਸਿੰਘ ਵਰਗੇ ਕਰਾਂਤੀ-ਧਰਮੀ ਨੌਜਵਾਨ ਉਹਨਾਂ ਦਾ ਆਦਰ ਜ਼ਰੂਰ ਕਰਦੇ ਸਨ ਪਰ ਉਹਨਾਂ ਦੇ ਅਹਿੰਸਾਵਾਦੀ ਤੌਰ-ਤਰੀਕਿਆਂ ਤੋਂ ਅਸੰਤੁਸ਼ਟ ਸਨ—ਬਲਕਿ ਦੋਵਾਂ ਦੀ ਵਿਚਾਰਧਾਰਾ ਵਿਚ ਇਹੋ ਮੁੱਢਲਾ ਫਰਕ ਸੀ। ਕਹਿਣਾ ਮੁਸ਼ਕਲ ਹੈ ਹਥਿਆਰਬੰਦ ਕਰਾਂਤੀ ਵਧੇਰੇ ਲੋਕ ਪ੍ਰਸਿੱਧ ਸੀ ਜਾਂ ਅਹਿੰਸਾ, ਪਰ ਕਰਾਂਤੀਕਾਰੀ ਗਤੀ-ਵਿਧੀਆਂ ਜਨਤਾ, ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਦੀ ਕਲਪਨਾ ਨੂੰ ਵਧੇਰੇ ਉਡਾਨ ਦੇਂਦੀਆਂ ਸਨ। ਭਗਤ ਸਿੰਘ ਦਾ ਕੋਈ ਗਾਂਧੀ ਵਿਰੋਧੀ ਭਾਸ਼ਣ ਨਹੀਂ ਮਿਲਦਾ—ਤੇ ਨਾ ਹੀ ਕੋਈ ਗਾਂਧੀ ਸਮਰਥਕ ਭਾਸ਼ਣ ਮਿਲਦਾ ਹੈ। ਭਗਤ ਸਿੰਘ, ਆਜ਼ਾਦ, ਬਿਸਮਿਲ, ਅਸ਼ਫਾਕਉੱਲਾ ਤੇ ਹੋਰ ਕਰਾਂਤੀਕਾਰੀਆਂ ਨੂੰ ਗਾਂਧੀ ਦੀ ਚਿੰਤਾ ਜਾਂ ਉਹਨਾਂ ਤੋਂ ਕੋਈ ਡਰ ਨਹੀਂ ਸੀ। ਗਾਂਧੀ ਭਾਵੇਂ ਹਥਿਆਰਬੰਦ ਕਰਾਂਤੀਕਾਰੀਆਂ ਤੋਂ ਅਸੁਰਕਸ਼ਾ ਮਹਿਸੂਸ ਕਰਦੇ ਰਹੇ ਹੋਣ।

ਸੰ. ਇਕ ਅਧਿਅਨ ਕਰਤਾ ਦੇ ਰੂਪ ਵਿਚ ਭਗਤ ਦਾ ਚਰਿੱਤਰ ਇਹਨਾਂ ਫਿਲਮਾਂ ਨੇ ਨਹੀਂ ਉਘਾੜਿਆ?

ਖ. ਇਹ ਤਿੰਨੇ ਫਿਲਮਾਂ ਭਗਤ ਸਿੰਘ ਦੇ ਇੰਟੇਲੈਕਟ ਨੂੰ ਜਾਂ ਤਾਂ ਜਾਣਦੀਆਂ ਹੀ ਨਹੀਂ ਜਾਂ ਉਸ ਤੋਂ ਪ੍ਰਹੇਜ ਕਰਦੀਆਂ ਨੇ। ਅਜਿਹੇ ਨਿਰਮਾਤਾ-ਨਿਰਦੇਸ਼ਕਾਂ ਪਟਕਥਾ-ਲੇਖਕਾਂ ਤੋਂ ਤੁਸੀਂ ਉਮੀਦ ਵੀ ਕੀ ਕਰ ਸਕਦੇ ਹੋ? ਜੇ ਤੁਸੀਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇਖੋ ਤਾਂ ਤੁਹਾਨੂੰ ਉਹਨਾਂ ਦੀ ਰੀਡਿੰਗ-ਲਿਸਟ 'ਤੇ ਹੈਰਾਨੀ ਹੋਏਗੀ। ਉਸ ਵਿਚ ਮਾਰਕਸ, ਏਂਗੇਲਸ, ਲੇਨਿਨ, ਰੂਸੋ, ਬਟ੍ਰੈਂਡ ਰਸੇਲ, ਜਾਰਜ ਬਰਨਾਰਡ ਸ਼ਾ, ਨੀਤਸੇ ਆਦਿ ਦੇ ਉਦਹਾਰਣ ਨੇ। ਅਮਰੀਕਾ ਅਰਥ ਵਿਵਸਥਾ ਉੱਤੇ ਟਿੱਪਣੀਆਂ ਨੇ, ਅਨੇਕਾਂ ਕਾਵਿਕ ਪੰਗਤੀਆਂ ਨੇ। ਸ਼ਾਇਦ ਜਵਾਹਰਲਾਲ ਨਹਿਰੂ ਦੇ ਕੁਝ ਪੱਤਰਾਂ ਵਿਚ ਹੀ ਅਜਿਹੇ ਤੇ ਏਨੇ ਜ਼ਿਕਰ ਨੇ। 1947 ਵਿਚ ਭਗਤ ਸਿੰਘ ਸਿਰਫ 40 ਵਰ੍ਹਿਆਂ ਦੇ ਹੁੰਦੇ, ਪਰ 'ਆਜ਼ਾਦ' ਭਾਰਤ ਦੇ 'ਨੇਤਾਵਾਂ' ਨੂੰ ਕਰੜੀ ਟੱਕਰ ਦੇ ਰਹੇ ਹੁੰਦੇ।
ਦਰਅਸਲ ਬੰਬ ਸੁੱਟ ਕੇ ਗ੍ਰਿਫਤਾਰ ਹੋ ਜਾਣਾ ਭਗਤ ਸਿੰਘ ਦੇ ਮਨੋਵਿਗਿਆਨ ਨੂੰ ਲੈ ਕੇ ਸਾਡੇ ਸਾਹਵੇਂ ਕਈ ਪ੍ਰਸ਼ਨ ਖੜ੍ਹੇ ਕਰਦਾ ਹੈ। ਭਗਤ ਸਿੰਘ ਠੀਕ ਹੀ ਕਹਿੰਦੇ ਸਨ ਕਿ ਫਰਜੀ ਆਜ਼ਾਦੀ ਲੈ ਕੇ ਕੁਝ ਨਹੀਂ ਹੋਵੇਗਾ, ਗੋਰਿਆਂ ਦੀ ਜਗ੍ਹਾ ਭੂਰੇ ਹਾਕਮ ਆ ਜਾਣਗੇ। ਫੇਰ ਉਹਨਾਂ ਨੇ ਸ਼ਹਾਦਤ ਦਿੱਤੀ ਹੀ ਕਿਉਂ? ਉਹਨਾਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਉਹਨਾਂ ਦੀ ਫਾਂਸੀ ਦੇ ਬਾਅਦ ਦੇਸ਼ ਦੇ ਲੱਖਾਂ ਨੌਜਵਾਨ ਉਹਨਾਂ ਦੇ ਰਸਤੇ ਦੇ ਕਾਯਲ ਹੋ ਜਾਣਗੇ? ਉਹਨਾਂ ਨੇ ਇਤਿਹਾਸ ਨੂੰ ਇਕ ਸਰਲ ਰੇਖਾ ਦੇ ਰੂਪ ਵਿਚ ਲਿਆ। ਬ੍ਰਿਟਿਸ਼ ਸਰਕਾਰ ਇਕ ਪਾਸੇ ਇਹ ਜਾਣਦੀ ਸੀ ਕਿ ਭਾਰਤੀ ਜਨਤਾ ਰੂਸੀ ਜਾਂ ਬੋਲਸ਼ੇਵਿਕ ਕਰਾਂਤੀ ਤੋਂ, ਇੱਥੋਂ ਤਕ ਕਿ ਸਮਾਜਵਾਦੀ ਦਰਸ਼ਨ ਤੋਂ, ਲਗਭਗ ਅਣਜਾਣ ਹੈ ਤੇ ਦੂਜੇ ਪਾਸੇ ਇਹ ਜਾਣਦੀ ਸੀ ਕਿ ਗਾਂਧੀ ਭਾਰਤੀ ਜਨਤਾ ਉੱਤੇ ਕਿਤੇ ਵਧ ਛਾਇਆ ਹੋਇਆ ਹੈ। ਆਪਣੀ ਮੌਤ ਨਾਲ ਜਿਸ ਦੇਸ਼ ਵਿਆਪੀ ਪ੍ਰਭਾਵ ਦੀ ਉਮੀਦ ਭਗਤ ਸਿੰਘ ਨੂੰ ਸੀ ਉਹ ਪੂਰੀ ਨਹੀਂ ਹੋਈ। ਉਲਟਾ ਸ਼ਾਇਦ ਕਰਾਂਤੀਕਾਰੀ ਗਤੀ-ਵਿਧੀਆਂ ਵਿਚ ਉਤਾਰ ਜਿਹਾ ਆ ਗਿਆ। ਜੇ ਫਰਾਂਸੀਸੀ ਰਾਜ-ਕਰਾਂਤੀ ਦੇ ਕਰਾਂਤੀਕਾਰੀ ਜਾਂ ਬੋਲਸ਼ੇਵਿਕ ਕਰਾਂਤੀਕਾਰੀ ਇਸ ਉਮੀਦ ਵਿਚ ਆਤਮ ਸਮਰਪਣ ਕਰ ਦਿੰਦੇ ਕਿ ਉਹਨਾਂ ਦੀ ਫਾਂਸੀ ਨਾਲ ਕਰਾਂਤੀ ਪ੍ਰਚੰਡ ਹੋਵੇਗੀ ਤਾਂ ਉਸ ਨਾਲੋਂ ਗ਼ਲਤ ਸ਼ਾਇਦ ਹੋਰ ਕੁਝ ਨਾ ਹੁੰਦਾ। ਇਕ ਸ਼ਾਕਾਹਾਰੀ ਬੰਬ ਸੁੱਟਣ ਤੇ ਗ੍ਰਿਫਤਾਰੀ ਦੇਣ ਪਿੱਛੇ ਸ਼ਾਇਦ ਭਗਤ ਸਿੰਘ ਉੱਤੇ ਗਾਂਧੀ ਦੀ ਕਾਰਜ-ਸ਼ੈਲੀ ਦਾ ਪ੍ਰਭਾਵ ਸੀ। ਭਗਤ ਸਿੰਘ ਦੀ ਸ਼ਹਾਦਤ ਨੇ ਉਹਨਾਂ ਨੂੰ ਇਕ ਅਮਰ ਬਲਿਦਾਨੀ ਤਾਂ ਬਣਾ ਦਿੱਤਾ, ਪਰ ਉਸਨੇ ਕਿਸੇ ਦੇਸ਼-ਵਿਆਪੀ ਸ਼ਸ਼ਤਰ-ਅੰਦੋਲਨ ਨੂੰ ਜਨਮ ਨਹੀਂ ਦਿੱਤਾ। ਕਮਿਊਨਿਸਟਾਂ ਨੇ ਵੀ ਉਹਨਾਂ ਨੂੰ ਨਹੀਂ ਅਪਣਾਇਆ। ਫੇਰ ਯੂਰਪ ਵਿਚ ਹਿਟਲਰ ਦੇ ਆਉਣ ਪਿੱਛੋਂ ਬ੍ਰਿਟਿਸ਼ ਹੁਕਮਰਾਨਾ, ਕਮਿਊਨਿਸਟਾਂ ਤੇ ਗਾਂਧੀ ਆਦਿ ਵਿਚਕਾਰ ਇਕ ਨਵਾਂ ਤੇ ਵਚਿੱਤਰ ਆਪਸੀ ਸਮਝੌਤਾ ਪੈਦਾ ਹੋ ਗਿਆ। ਗਾਂਧੀ ਦੇ ਸ਼ਾਂਤੀਪੂਰਨ ਅੰਦੋਲਨ ਨੂੰ ਹੀ ਅੱਗੇ ਲਾਉਣਾ ਤੇ ਵਧਾਉਣਾ ਹੀ ਸਭਨਾਂ ਨੇ ਸੁਖਾਲਾ ਤੇ ਲਾਭਵੰਤ ਮੰਨਿਆਂ। ਜਦੋਂ 1947 ਵਿਚ ਆਜ਼ਾਦੀ ਹਾਸਲ ਹੋਈ ਤਾਂ ਉਸਦਾ ਸਿਹਰਾ ਗਾਂਧੀ-ਨਹਿਰੂ ਦੇ ਵੱਝਿਆ। ਭਗਤ ਸਿੰਘ, ਸੁਭਾਸ਼ ਬੋਸ, ਬਿਸਮਿਲ, ਆਜ਼ਾਦ ਤੇ ਹੋਰ ਕਈ ਸ਼ਹੀਦਾਂ ਨੂੰ ਪੂਜਣਯੋਗ ਤਾਂ ਬਣਾ ਦਿੱਤਾ ਗਿਆ, ਪਰ ਉਹਨਾਂ ਨੂੰ ਵੀ ਕਾਂਗਰਸ ਦੀ ਵੱਡੀ ਮੁਹਿੰਮ ਦੀ ਇਕ ਬਾਗ਼ੀ ਟੁਕੜੀ ਦੇ ਰੂਪ ਵਿਚ ਵਿਖਾਲਿਆ ਜਾਂਦਾ ਰਿਹਾ। ਉਹਨਾਂ ਦਾ ਪਾਲਤੂਕਰਣ ਹੋਇਆ, ਕਮਿਊਸਟਾਂ ਦਾ ਵੀ। ਭਗਤ ਸਿੰਘ ਉੱਤੇ ਸਿਰਫ ਇਕ 'ਬਾਯੋਪਿਕ' (ਜੀਵਨ ਚਿੱਤਰ) ਬਣਾਉਣ ਨਾਲ ਕੰਮ ਨਹੀਂ ਚੱਲੇਗਾ, ਉਹਨਾਂ ਉੱਤੇ ਜਿਹੜੀ ਫਿਲਮ ਬਣੇਗੀ ਉਸਨੂੰ 'ਸਾਈਕੇਪਿਕ' (ਮੋਨੋਲੋਕ ਚਿੱਤਰ) ਤੇ 'ਪੋਲਿਇਸਟਰੀਪਿਕ' (ਰਾਜਨੀਤੀਹਾਸਕ ਫਿਲਮ) ਵੀ ਹੋਣਾ ਪਏਗਾ।

ਸੰ. ਕੀ ਸੁਭਾਸ਼ ਚੰਦਰ ਬੋਸ ਦੇ ਉੱਭਰਣ ਨਾਲ ਭਗਤ ਸਿੰਘ ਦਾ ਰੁਤਬਾ ਘੱਟ ਹੋਇਆ?

ਖ. ਨੌਜਵਾਨਾਂ ਉੱਤੇ ਭਗਤ ਸਿੰਘ ਨਾਲੋਂ ਵੱਧ ਬੋਸ ਦਾ ਅਸਰ ਹੋਇਆ। ਅਸਲ ਵਿਚ ਉਹਨਾਂ ਦੇ ਭੱਜਣ ਤੇ ਜਰਮਨੀ ਜਾ ਕੇ ਇਕ ਬੜੇ ਵੱਡੇ ਕਰਾਂਤੀਕਾਰੀ Clamorous figure ਵਿਚ ਤਬਦੀਲ ਹੋ ਜਾਣ ਨੇ ਭਗਤ ਸਿੰਘ ਦੇ ਅਸਰ ਨੂੰ ਘੱਟ ਕੀਤਾ। ਹੁਣ ਤੁਸੀਂ ਦੇਖੋ ਕਿ ਭਾਰਤੀ ਮਾਨਸ ਨੂੰ ਜਦੋਂ ਜਰਮਨੀ ਤੋਂ 'ਨੇਤਾਜੀ' ਦੀ ਆਵਾਜ਼ ਸੁਣਾਈ ਦੇ ਰਹੀ ਹੈ, ਉਹ ਆਦਮੀ ਹਿਟਲਰ ਨਾਲ ਮਿਲਿਆ ਹੋਇਆ ਹੈ, ਹਿਟਲਰ ਜਿਸਨੇ ਕਿ ਅੰਗਰੇਜ਼ਾਂ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ, ਉਸਨੇ ਉੱਥੇ ਹੀ ਇਕ ਹਿੰਦੁਸਤਾਨੀ ਫੌਜ ਬਣਾ ਲਈ ਹੈ—ਤੋ ਇਸਦਾ ਡੂੰਘਾ ਅਸਰ ਭਾਰਤੀ ਜਨਤਾ 'ਤੇ ਪੈਣਾ ਹੀ ਸੀ। 'ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ'—ਇਹ ਭਗਤ ਸਿੰਘ ਦੀ ਪ੍ਰੰਪਰਾ ਦਾ ਹੀ ਨਾਅਰਾ ਸੀ, ਪਰ ਆਜ਼ਾਦ ਹਿੰਦ ਫੌਜ ਬਣਾਉਣ ਤੇ ਉਸਦੇ ਕਾਰਨਾਮਿਆਂ ਨੇ ਭਗਤ ਸਿੰਘ ਦੇ ਅਕਰਖਣ ਨੂੰ ਅਤਿ ਸੀਮਿਤ ਕਰ ਦਿੱਤਾ।
1931 ਤੋਂ ਬਾਅਦ ਵਾਲਾ ਜਿਹੜਾ ਸ਼ਹੀਦ ਭਗਤ ਸਿੰਘ ਹੈ, ਉਸਨੂੰ ਜਨਤਾ ਦੀ ਕਲਪਨਾ ਵਿਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਸ਼ਹੀਦ ਹੋਇਆ ਉਹ, ਕੁਬਾਨੀ ਦਿੱਤੀ ਉਸਨੇ—ਪਰ ਉਸਦੇ ਏਜੰਡੇ ਨੂੰ ਜਾਣ-ਅਣਜਾਣੇ ਬੋਸ ਨੇ ਸ਼ਬਦ ਬ ਸ਼ਬਦ ਹਾਈ ਜੈਕ ਕਰ ਲਿਆ—ਕਮਿਊਨਿਸਟਾਂ ਨੇ ਨਹੀਂ ਕੀਤਾ। ਬੋਸ ਕਮਿਊਨਿਸਟ ਨਹੀਂ ਸੀ। ਜਿਸ ਰਾਸ਼ਟਰਵਾਦ ਦੀ ਤੁਸੀਂ ਗੱਲ ਕਰ ਰਹੇ ਸੀ, ਉਸਦਾ ਫਾਇਦਾ ਉਠਾਇਆ ਬੋਸ ਨੇ। ਉਹਨਾਂ ਨੂੰ ਪਤਾ ਸੀ ਕਿ ਕਮਿਊਨਿਜ਼ਮ ਤੋਂ ਫ਼ਿਲਹਾਲ ਭਾਰਤੀ ਜਨਤਾ ਪ੍ਰਭਾਵਿਤ ਨਹੀਂ ਹੋਵੇਗੀ। ਕਮਿਊਨਿਸਟਾਂ ਨੂੰ ਨਾਲ ਲੈਣਾ ਉਹਨਾਂ ਨੂੰ ਇਸ ਲਈ ਵੀ ਬੇਕਾਰ ਲੱਗਿਆ ਕਿ ਉਦੋਂ ਰੂਸੀ ਤੇ ਅੰਗਰੇਜ਼ ਰਲ ਚੁੱਕੇ ਸਨ ਤੇ ਬੋਸ ਨੂੰ ਲੱਗ ਰਿਹਾ ਸੀ ਕਿ ਇਹ ਦੋਵੇਂ ਰਲ ਕੇ ਸਾਡੇ ਰਾਸ਼ਟਰਵਾਦ ਨੂੰ ਦਬਾਉਣਗੇ। ਦੂਜੀ ਸੰਸਾਰ ਜੰਗ ਵੈਸੇ ਵੀ ਸਾਰੀ ਜਨਤਾ ਦਾ ਧਿਆਨ ਵੰਡ ਚੁੱਕੀ ਸੀ। ਇਹ ਜੰਗ ਖਤਮ ਹੋਈ 1945 ਵਿਚ, ਤੇ ਸਾਨੂੰ ਆਜ਼ਾਦੀ ਮਿਲਦੀ ਹੈ ਉਸ ਤੋਂ ਦੋ ਸਾਲ ਬਾਅਦ।
ਇਸ ਦੌਰਾਨ 1942 ਦਾ 'ਭਾਰਤ ਛੱਡੋ ਅੰਦੋਲਨ' ਵੀ ਜਨਤਾ ਨੂੰ ਕਾਫੀ Mobilize ਕਰਦਾ ਹੈ। ਗਾਂਧੀ ਦਾ ਅੰਦੋਲਨ ਕਦੀ ਵੀ ਪੂਰੀ ਤਰ੍ਹਾਂ ਅਹਿੰਸਕ ਨਹੀਂ ਰਿਹਾ, ਬ੍ਰਿਟਿਸ਼ ਲੋਕ ਤਾਂ ਹਿੰਸਾ ਕਰਦੇ ਹੀ ਰਹੇ, ਉਸਦਾ Retaliation ਘੱਟ ਹੋਇਆ ਹੋਵੇਗਾ, ਪਰ ਹਿੰਸਾ ਹਮੇਸ਼ਾ ਹੀ ਰਹੀ। ਛੋਟੀਆਂ-ਮੋਟੀਆਂ ਕਰਾਂਤੀਕਾਰੀ ਗਤੀਵਿਧੀਆਂ ਵੀ ਸਨ। ਪਰ ਕੁਲ ਮਿਲਾ ਕੇ ਅੰਗਰੇਜ਼ ਗਾਂਧੀ ਨੂੰ ਰਿਆਇਤ 'ਤੇ ਰਿਆਇਤ ਦੇਂਦੇ ਰਹੇ ਸਨ। ਉਹ ਦੇਖ ਚੁੱਕੇ ਸਨ ਕਿ ਭਗਤ ਸਿੰਘ ਦੀ ਲੋਕ-ਪ੍ਰਸਿੱਧੀ ਇਕ ਰਾਸ਼ਟਰੀ ਨੇਤਾ ਦੀ ਨਹੀਂ, ਇਕ ਨਾਇਕ ਦੀ ਹੈ।
ਭਗਤ ਸਿੰਘ ਨੂੰ ਇਸ ਦੇਸ਼ ਦੀ ਜਨਤਾ ਇਕ ਮੂਰਤੀ ਜਾਂ ਚਿੱਤਰ ਬਣਾ ਕੇ ਪੂਜਣ ਤਾਂ ਲੱਗ ਪਈ ਹੈ, ਉਸਦੀਆਂ ਲੀਹਾਂ 'ਤੇ ਨਹੀਂ ਚੱਲ ਰਹੀ। ਦੇਸ਼ ਦੀ ਜਨਤਾ ਨੇ ਆਪਣੇ ਮਨੋ-ਲੋਕ ਵਿਚ ਦੋ ਰਖ਼ਣੇ ਬਣਾ ਲਏ ਸਨ—ਜਿਸ ਵਿਚੋਂ ਇਕ ਵਿਚ ਭਗਤ ਸਿੰਘ ਨੂੰ ਸ਼ਹੀਦ, ਤੇ ਦੂਜੇ ਵਿਚ ਗਾਂਧੀ ਨੂੰ ਰਾਸ਼ਟਰ ਪਿਤਾ ਬਣਾ ਕੇ ਬਿਠਾਲ ਲਿਆ ਗਿਆ।

ਸੰ. 1931 ਵਾਲੀ ਫਿਲਮ ਵਿਚ ਤੱਥਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਤ ਸਿੰਘ ਤੋਂ ਅੰਤ ਵਿਚ ਕਹਾਇਆ ਗਿਆ ਹੈ ਕਿ 'ਮੈਂ ਫੇਰ ਜਨਮ ਲਵਾਂਗਾ'! ਦੂਜਾ ਇਕ ਜਗ੍ਹਾ ਪਸਤੌਲ 'ਚੋਂ ਗੋਲੀ ਚਲਾ ਕੇ ਭਗਤ ਸਿੰਘ ਨੂੰ ਰਾਵਣ ਦੇ ਪੁਤਲੇ ਦਾ ਦਹਨ ਕਰਦਿਆਂ ਦਿਖਾਇਆ ਗਿਆ ਹੈ। ਜਿੱਥੋਂ ਤਕ ਮੈਂ ਪੜ੍ਹਿਆ ਹੈ, ਉਸਦੇ ਜੀਵਨ ਵਿਚ ਅਜਿਹੇ ਪ੍ਰਸੰਗ ਨਹੀਂ ਮਿਲਦੇ। ਇੰਜ ਕਿਉਂ ਕੀਤਾ ਗਿਆ ਹੈ? ਜਰਮਨ ਇਤਿਹਾਸਕਾਰ ਵਿਲਹੇਲਮ ਹਿਲਥੇ ਨੇ ਕਿਹਾ ਸੀ ਕਿ ਮਨੁੱਖ ਸਿਰਫ ਆਪਣੇ ਇਤਿਹਾਸ ਦੀ ਪਿੜ ਵਿਚ ਲੱਥ ਕੇ ਹੀ ਖ਼ੁਦ ਨੂੰ ਜਾਣ ਸਕਦਾ ਹੈ। ਇਸ ਲਈ ਅਤੀਤ ਨੂੰ ਤੋੜਨਾ-ਮਰੋੜਨਾ, ਉਹ ਵੀ ਆਰਥਕ ਜਾਂ ਰਾਜਨੀਤਕ ਲਾਭ ਲਈ, ਮਨੁੱਖਤਾ ਦੀ ਨਿਰਾਦਰੀ ਦਾ ਇਕ ਗੰਭੀਰ ਮਸਲਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਫ਼ਿਲਮ ਵਾਲਿਆਂ ਨੇ ਭਗਤ ਸਿੰਘ ਦੇ ਇਤਿਹਾਸ ਨਾਲ ਅਜਿਹਾ ਹੀ ਸਲੂਕ ਕੀਤਾ ਹੈ?

ਖ. ਅਜਿਹੀ ਫਿਲਮ ਦੀ ਸਮੱਸਿਆ ਹਮੇਸ਼ਾ ਇਹੋ ਹੁੰਦੀ ਹੈ ਕਿ ਤੁਸੀਂ ਕਦੀ ਵੀ ਉਸਨੂੰ ਇਕ ਜ਼ਿੰਦਗੀ ਦੇ ਹੂ-ਬ-ਹੂ ਨਹੀਂ ਬਣਾ ਸਕਦੇ। ਫਿਲਮ ਮਾਧਿਅਮ ਰਾਹੀਂ ਇਹ ਤਵੱਕੋ (ਉਮੀਦ) ਕਰਨਾ ਕਿ ਜਿਹੋ ਜਿਹੀ ਜ਼ਿੰਦਗੀ ਕਿਸੇ ਇਤਿਹਾਸਕ ਕਥਾ ਨਾਇਕ ਦੀ ਸੀ, ਉਸ ਉੱਤੇ ਪੂਰੀ ਫਿਲਮ ਕੋਈ ਬਣਾਏਗਾ, ਇੰਜ ਹੋਣ ਸੰਭਵ ਨਹੀਂ। ਆਖ਼ਰ ਤਾਂ ਫਿਲਮ ਇਕ ਕਲਾ ਕ੍ਰਿਤ ਹੁੰਦੀ ਹੈ ਤੇ ਕਲਾ ਦੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਨੇ, ਵਰਨਾ ਡਾਕੂਮੈਂਟਰੀ ਤੇ ਫੀਚਰ ਫਿਲਮ ਵਿਚ ਕੋਈ ਅੰਤਰ ਨਹੀਂ ਰਹਿ ਜਾਏਗਾ। ਤਿੰਨਾਂ ਫਿਲਮਾਂ ਵਿਚ ਬੜੀ Liberty ਲਈ ਗਈ ਹੈ, ਇਤਿਹਾਸ 'ਚੋ। ਪਰ ਸਵਾਲ ਇਤਿਹਾਸ ਦੇ Distortion ਦਾ ਹੀ ਨਹੀਂ ਹੈ। ਇੱਥੇ ਭਗਤ ਸਿੰਘ ਨੂੰ ਇਸ ਦੁਚਿੱਤੀ ਵਿਚ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਜਨਤਾ ਨੂੰ ਪ੍ਰੇਰਿਤ ਕਰੇ ਜਾਂ ਬਾਕਸ ਆਫਿਸ ਨੂੰ ਪ੍ਰੇਰਿਤ ਕਰੇ। ਜੇ ਬਾਕਸ ਆਫਿਸ ਵੱਲ ਧਿਆਨ ਕਰਾਂਗੇ ਤਾਂ ਤੁਹਾਨੂੰ ਕਈ ਚੀਜ਼ਾਂ ਅਜਿਹੀਆਂ ਪਾਉਣੀਆਂ ਪੈਣਗੀਆਂ ਜਿਹੜੀਆਂ ਇਤਿਹਾਸ ਵਿਚ ਕਿਤੇ ਹੈ ਹੀ ਨਹੀਂ। ਇਤਰਾਜ਼ ਉਦੋਂ ਤੀਕ ਨਹੀਂ ਹੋ ਸਕਦਾ ਜਦੋਂ ਤੀਕ ਕੋਈ ਇਤਿਹਾਸ ਨੂੰ Fundamentally distort ਨਾ ਕਰੇ। ਜੋ ਭਗਤ ਸਿੰਘ ਨੇ ਸੋਚਿਆ ਨਹੀਂ, ਵਿਚਾਰਿਆ ਨਹੀਂ, ਕਿਹਾ ਨਹੀਂ ਉਸਨੂੰ ਜੇ ਉਸਦੇ ਮੂੰਹ ਵਿਚ ਪਾ ਦਿੱਤਾ ਜਾਏ ਤਾਂ ਉਹ Distortion ਹੈ। ਤੁਸੀਂ ਜਿਹੜੀ ਅਗਲੇ ਜਨਮ ਦੀ ਗੱਲ ਆਖੀ, ਤਾਂ ਇਹ Distortion ਹੈ। ਇਸ ਦੇ ਪਿੱਛੇ ਕੀ ਹੈ? ਇਹ ਨਿਰਦੇਸ਼ਕ ਦਾ ਬੜਾ ਸਸਤਾ, ਦਰਸ਼ਕਾਂ ਨੂੰ ਪ੍ਰਚਾਉਣ ਵਾਲਾ ਆਦਰਸ਼ਵਾਦ ਹੈ ਕਿ ਭਗਤ ਸਿੰਘ ਫੇਰ ਆਏਗਾ। ਹੁਣ ਇਹ ਆਦਰਸ਼ਵਾਦ ਫਿਲਮ ਵਿਚ ਤੇ ਫਿਲਮ ਦੇ ਬਾਹਰ ਠੁੱਸ ਹੋ ਜਾਂਦਾ ਹੈ, ਕਿਉਂਕਿ ਜੇ ਸੱਚਾ ਭਗਤ ਸਿੰਘ ਆਏਗਾ ਤਾਂ ਮਾਰਕਸਵਾਦ ਤੇ ਵਾਮਪੰਥ ਨੂੰ ਤੁਹਾਨੂੰ ਲਿਆਉਣਾ ਪਏਗਾ। ਇਸ ਗੱਲ ਦੀ Corollary ਇਹ ਹੈ ਕਿ ਵਾਮਪੰਥ ਹੀ ਇਸ ਦੇਸ਼ ਵਿਚ ਸੱਚੀ ਆਜ਼ਾਦੀ ਲਿਆ ਸਕਦਾ ਹੈ। ਪਰ ਕਿਉਂਕਿ ਇਹ ਕਹਿਣ ਦੀ ਹਿੰਮਤ ਨਹੀਂ ਹੈ, ਇਸ ਲਈ ਭਗਤ ਸਿੰਘ ਨਾਂ ਦੇ ਇਕ ਵਿਅਕਤੀ ਦੀ ਪੂਜਾ, ਇਕ ਰਾਸ਼ਟਰਪ੍ਰੇਮੀ, ਇਕ ਦੇਸ਼ ਭਗਤ ਦੀ ਪੂਜਾ ਵਜੋਂ ਦਿਖਾਉਂਦੇ ਨੇ। ਕੁਲ ਮਿਲਾ ਕੇ ਮੰਤਕ, ਇਕ ਦੇਸ਼ ਭਗਤ ਦੀ ਅਸਲੀ ਵਿਚਾਰਧਾਰਾ ਨੂੰ ਭੁੱਲ ਕੇ ਉਸਦੀ ਦੇਸ਼ ਭਗਤੀ ਨੂੰ ਪੇਸ਼ ਕਰਨਾ। ਇਸ ਦਾ ਵੀ ਕੁਝ ਇਲਾਜ਼ ਦੇਵਗਨ ਕਰਦਾ ਹੈ। ਦੇਵਗਨ ਵਾਲੀ ਫਿਲਮ ਵਿਚ ਕੁਝ ਇਸ ਤਰ੍ਹਾਂ ਦੀ ਗੱਲ ਹੈ।

ਸੰ. ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹਨਾਂ ਵਿਚ ਭਗਤ ਸਿੰਘ ਦੇ ਅਧਿਅਨ ਬਾਰੇ ਕੁਝ ਵੀ ਨਹੀਂ ਹੈ, ਉਸਦੇ ਪੱਤਰਕਾਰ ਹੋਣ ਦੀ ਸੱਚਾਈ ਨੂੰ ਲਗਭਗ ਛਿਪਾਅ ਦਿੱਤਾ ਗਿਆ ਹੈ। ਦੂਜਾ ਇਹ ਕਿ ਉਸਦੀਆਂ ਜਿਹੜੀਆਂ ਲਿਖਤਾਂ ਨੇ—ਅਛੂਤ ਸਮੱਸਿਆ, ਸਾਂਪ੍ਰਦਾਇਕ ਦੰਗੇ ਤੇ ਉਹਨਾਂ ਦਾ ਇਲਾਜ਼, ਮੈਂ ਨਾਸਤਕ ਕਿਉਂ ਹਾਂ ਆਦਿ ਵਿਚ ਉਸਦਾ ਗੰਭੀਰ ਅਧਿਅਨਕਰਤਾ ਵਾਲਾ ਜੋ ਕਿਰਦਾਰ ਹੈ, ਉਸ ਵਿਚ ਸੀਨੇਮੈਟਿਕ ਵੈਲਯੂ ਲੱਭਣਾ ਮੁਸ਼ਕਲ ਕੰਮ ਹੈ ਪਰ ਇਹ ਦੱਸਣਾ ਨਹੀਂ ਚਾਹੀਦਾ ਸੀ? ਸਿਰਫ ਭਾਸ਼ਣਾ ਦੇ ਜਰੀਏ ਕੁਝ ਦਿਖਾਇਆ ਗਿਆ ਹੁੰਦਾ।

ਖ. ਜਰਮਨ ਵਿਚ ਇਕ ਸ਼ਬਦ ਹੈ 'ਆਉਸਬਿਲਡੁੰਗ' ਯਾਨੀ ਵਿਕਾਸ। ਭਗਤ ਸਿੰਘ ਦਾ ਜੋ ਆਉਸਬਿਲਡੁੰਗ ਹੈ—ਆਤਮ-ਵਿਸ਼ਵਾਸ ਹੈ, ਉਹ ਇਹਨਾਂ ਫਿਲਮਾਂ ਵਿਚ ਨਾਂ ਮਾਤਰ ਹੀ ਹੈ। ਲੋਕ ਪ੍ਰਿਯਤਾ ਦੇ ਨਾਂ ਉੱਤੇ ਕਾਲਜ ਵਿਚ ਉਸਨੂੰ ਭੰਗੜਾ ਪਾਉਂਦਿਆਂ ਦਿਖਾਇਆ ਗਿਆ ਹੈ, ਇਹ ਕਾਲਪਨਿਕ ਐਪੀਸੋਰਡ ਹੈ। ਇਕ ਮੰਗਣੀ ਵਾਲਾ ਪ੍ਰਸੰਗ ਵਾਰ-ਵਾਰ ਲੈ ਆਉਂਦੇ ਨੇ। ਉਹ ਪਿੰਡ ਵਾਲਾ ਡਾਂਸ—ਇੰਜ ਹੋਇਆ ਕਿੱਥੇ? ਇਹ ਤਾਂ ਭਗਤ ਸਿੰਘ ਦੇ ਜੀਵਨ ਨੂੰ ਫੂਹੜ ਦੱਸਣਾ ਹੈ। ਇਹਨਾਂ ਲੋਕਾਂ ਦਾ ਭਰੋਸਾ ਦਰਅਸਲ ਅਸਲੀ ਭਗਤ ਸਿੰਘ ਉੱਤੇ ਨਹੀਂ ਹੈ। ਇਹਨਾਂ ਲੋਕਾਂ ਦਾ ਭਰੋਸਾ ਬਾਕਸ ਆਫਿਸ ਭਗਤ ਸਿੰਘ ਉੱਤੇ ਹੈ। ਦੇਸ਼ ਭਗਤ ਸਿੰਘ ਬਾਰੇ ਤਾਂ ਉਹ ਦੱਸ ਦੇਂਦੇ ਨੇ, ਪਰ ਕਮਿਊਨਿਸਟ ਭਗਤ ਸਿੰਘ ਉਹਨਾਂ ਦੀ ਡਰੀ ਹੋਈ ਸਮਝ ਵਿਚ ਹੀ ਨਹੀਂ ਆਉਂਦਾ। ਉੱਥੇ ਦਿੱਕਤਾਂ ਨੇ। ਉਸਨੂੰ ਸਮਝਣ ਲਈ ਇਕ ਬਿਲਕੁਲ ਵੱਖਰੀ ਕਿਸਮ ਦੀ ਅਵਸਥਾ ਦੀ ਲੋੜ ਹੈ। ਉਹ ਅਸਲ ਵਿਚ ਇਕ ਭਿਆਨਕ ਚੀਕ ਹੈ। 1931 ਵਿਚ ਉਸਦੀ ਮੌਤ ਹੋਈ। 76 ਵਰ੍ਹੇ ਹੋ ਚੁੱਕੇ ਨੇ। ਤੁਸੀਂ ਉਸਦੀ ਵਿਚਾਰਧਾਰਾ ਨੂੰ ਨਕਾਰ ਰਹੇ ਓ। ਅਸਲ ਵਿਚ ਹੋਇਆ ਕੀ ਕਿ ਸੋਵੀਅਤ ਯੁਨੀਅਨ ਦੀ ਕਰਾਂਤੀ ਤੋਂ ਜਿਹੜੇ ਪ੍ਰੇਰਤ ਸਨ, ਉਹ ਸਾਂਚਾ ਹੁਣ ਟੁੱਟ ਚੁੱਕਿਆ ਹੈ। ਹੁਣ ਤੁਹਾਡੇ ਕੋਲ ਇਕ ਮੌਕਾ ਹੈ ਕਿ ਕੋਈ ਅਜਿਹੀ ਫਿਲਮ ਬਣਾਓ ਜਿਸ ਵਿਚ ਅੱਜ ਦੇ ਯੁਗ ਦਾ ਪ੍ਰੇਰਕ ਨਵਾਂ ਵਾਮਪੰਥੀ ਭਗਤ ਸਿੰਘ ਹੋਵੇ।

ਸੰ. ਭਗਤ ਸਿੰਘ ਗ੍ਰਿਫਤਾਰ ਕਿਉਂ ਹੋਏ ਤੇ ਸ਼ਹਾਦਤ ਦੇ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਸਨ ਤੇ ਇਹ ਫਿਲਮਾ ਕਿੱਥੋਂ ਤਕ ਦਿਖਾਅ ਸਕੀਆਂ ਨੇ?

ਖ. ਇਹ ਇਹਨਾਂ ਨੇ ਥੋੜ੍ਹਾ ਬਹੁਤ ਦਿਖਾਇਆ ਹੈ। ਇਹ ਇਹਨਾਂ ਦੀ ਮਜਬੂਰੀ ਵੀ ਹੈ ਤੇ ਕਮਜ਼ੋਰੀ ਵੀ ਹੈ—ਤੇ ਇਸ ਕਾਰਨੇ ਇਹ ਅਸਫਲ ਵੀ ਹੋਈਆਂ, ਕਿਉਂਕਿ ਬਚਪਨ ਤੋਂ ਅਸੀਂ ਅੰਗਰੇਜ਼ਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇਕ ਦੇਸ਼ ਭਗਤ, ਭਗਤ ਸਿੰਘ ਦਾ ਕਿੱਸਾ ਸੁਣਦੇ ਆ ਰਹੇ ਹਾਂ। ਭਗਤ ਸਿੰਘ ਮਾਰਕਸਵਾਦੀ ਸੀ, ਇਹ ਸਿਰਫ ਵਾਮਪੰਥੀ ਬੁੱਧੀਜੀਵੀਆਂ ਦੇ ਇਲਾਵਾ ਨਾ ਕੋਈ ਜਾਣਦਾ ਹੈ, ਨਾ ਮੰਨਦਾ ਹੈ। ਕਦੀ ਵੀ ਅਸੀਂ ਭਗਤ ਸਿੰਘ ਨੂੰ ਵਾਮਪੰਥੀ ਪਿੜ ਵਿਚ ਖਲੋਤਿਆਂ ਨਹੀਂ ਦੇਖ ਸਕੇ। ਅੱਜ ਭਗਤ ਸਿੰਘ ਹੋਰ ਵੀ ਉਲਝਣਾ ਭਰਿਆ ਹੋ ਗਿਆ ਹੈ। ਕਾਰਨ ਇਹ ਹੈ ਕਿ ਅੱਜ ਉਸਦਾ ਰਾਹ ਨਕਸਵਾਦ ਵੱਲ ਮੋੜ ਕੱਟ ਰਿਹਾ ਹੈ। ਅੱਜ ਭਗਤ ਸਿੰਘ ਨੂੰ Endorse ਕਰਨਾ, ਨਕਸਲਵਾਦ ਨੂੰ Endorse ਕਰਨਾ ਹੈ। ਭਗਤ ਸਿੰਘ ਨੇ ਕਿਸਾਨ-ਮਜਦੂਰਾਂ ਦੀ ਗੱਲ ਕੀਤੀ, ਪੂੰਦੀਵਾਦ ਬਾਰੇ ਗੱਲਾਂ ਕੀਤੀਆਂ, ਦੇਸੀ ਨੇਤਾਵਾਂ ਬਾਰੇ ਜੋ ਕੁਝ ਕਿਹਾ, ਸਭ ਸਹੀ ਨਿਕਲਿਆ। ਅਸਲ ਵਿਚ ਸਿਰਫ ਭਗਤ ਸਿੰਘ ਹੀ ਨਹੀਂ, ਕੋਈ ਵੀ ਪ੍ਰਬੁੱਧ ਵਾਮਪੰਥੀ ਜਾਂ ਜਾਗਰੁਕ ਵਿਅਕਤੀ ਇਹ ਦੇਖ ਰਿਹਾ ਸੀ ਕਿ ਇਹ ਜੋ ਆਜ਼ਾਦੀ ਹੈ, ਉਹ ਨਕਲੀ ਹੈ। ਇਸ ਨਕਲੀ ਆਜ਼ਾਦੀ ਨੂੰ ਅਸਲੀ ਆਜ਼ਾਦੀ ਵਿਚ ਬਦਲਣ ਦੇ ਤਰੀਕੇ ਅਲਗ ਅਲਗ ਸਨ—ਇਕ ਤਰੀਕਾ ਲੋਹੀਏ ਦਾ ਸੀ, ਇਕ ਰਾਜਨਾਰਾਇਣ ਦਾ ਸੀ, ਇਕ ਭਾਜਪਾਈਆਂ ਦਾ ਹੈ, ਇਕ ਕਮਿਊਨਿਸਟ ਪਾਰਟੀਆਂ ਦਾ ਹੈ ਤੇ ਇਕ ਨਕਸਲਵਾਦੀਆਂ ਦਾ ਹੈ। ਭਗਤ ਸਿੰਘ ਨੇ ਗਰਾਸ ਰੂਟ 'ਤੇ ਕੰਮ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ।
ਤੁਸੀਂ ਢਿੱਲੀ-ਪੋਲੀ ਗੱਲ ਕਰਕੇ ਭਗਤ ਸਿੰਘ ਉੱਤੇ ਇਕ ਯਥਾਰਥਵਾਦੀ ਫਿਲਮ ਨਹੀਂ ਬਣਾ ਸਕਦੇ। ਇਹ ਤਿੰਨੇ ਫਿਲਮਾ ਅਸਲੀ ਭਗਤ ਸਿੰਘ ਦੇ ਨਾਲ ਨਿਆਂ ਨਹੀਂ ਕਰਦੀਆਂ ਤੇ ਨਿਆਂ ਕਰਨ ਵੀ ਕਿੱਦਾਂ? ਕਿਉਂਕਿ ਇਕ ਪਾਸੇ ਭਗਤ ਸਿੰਘ ਦੀ ਅਸਲੀ ਵਿਚਾਰਧਾਰਾ ਹੈ ਤੇ ਹੁਣ ਵਰਤਮਾਨ ਇਤਿਹਾਸ ਏਨਾ ਉਲਝ ਚੁੱਕਿਆ ਹੈ। ਅੱਜ ਜੇ ਤੁਸੀਂ ਉਸ ਭਗਤ ਸਿੰਘ ਦੀ ਗੱਲ ਕਰੋਗੇ ਜਿਹੜਾ ਬੋਲਸ਼ੇਵਿਕ ਕਰਾਂਤੀ ਲਿਆਉਣਾ ਚਾਹੁੰਦਾ ਹੈ ਤਾਂ ਤੁਹਾਨੂੰ ਬਿਲਕੁਲ ਅਲਗ ਫਿਲਮ ਬਣਾਉਣੀ ਪਏਗੀ। ਭਗਤ ਸਿੰਘ ਦੀ Continuity ਤੁਹਾਨੂੰ ਆਜ਼ਾਦੀ ਦੇ ਫ਼ੌਰਨ ਬਾਅਦ ਦੇ ਤੇਲੰਗਾਨਾ ਵਿਚ ਮਿਲਦੀ ਹੈ।

ਸੰ. ਇਹਨਾਂ ਫਿਲਮਾ ਵਿਚ ਜੇਲ੍ਹ ਦੇ ਸੈੱਟਸ ਬੜੇ ਸ਼ਾਨਦਾਰ ਨੇ। ਜਦਕਿ ਭਗਤ ਸਿੰਘ ਜਿਸ ਜੇਲ੍ਹ ਵਿਚ ਸਨ, ਉੱਥੇ ਹਾਲਾਤ ਏਨੇ ਖ਼ਰਾਬ ਸਨ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮਾਰਚ ਵਿਚ ਉਹਨਾਂ ਨੂੰ ਫਾਂਸੀ ਹੋ ਜਾਏਗੀ ਤਾਂ ਉਹਨਾਂ ਦੀ ਪਹਿਲੀ ਪ੍ਰਤੀਕ੍ਰਿਆ ਸੀ ਕਿ 'ਚੰਗਾ ਹੈ, ਗਰਮੀਆਂ ਆ ਰਹੀਆਂ ਨੇ। ਇਸ ਜੇਲ੍ਹ ਵਿਚ ਭੁੱਜਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ।' ਭਗਤ ਸਿੰਘ ਦਾ ਸਰੀਰ ਉਸ ਕੋਠੜੀ ਵਿਚ ਮੁਸ਼ਕਿਲ ਨਾਲ ਹੀ ਆਉਂਦਾ ਸੀ, ਕਿਉਂਕਿ ਉਹ ਸੀ ਹੀ ਏਨੀ ਛੋਟੀ। ਦੇਵਗਨ ਦੀ ਫਿਲਮ ਵਿਚ ਭਗਤ ਸਿੰਘ ਵੀ ਮੁੱਛਾਂ ਨੂੰ ਸੈੱਟ ਕਰਕੇ ਤੇ ਚਿੱਟੇ ਦੁੱਧ ਕੱਪੜੇ ਪੁਆ ਕੇ ਸਾਹਵੇਂ ਲਿਆਂਦਾ ਗਿਆ ਹੈ।

ਖ. ਦਰਅਸਲ ਸਾਡੇ ਆਮ ਫਿਲਮ ਨਿਰਮਾਤਾਵਾਂ ਵਿਚ ਨਾ ਤਾਂ ਪ੍ਰਬੁੱਧ ਆਤਮਵਿਸ਼ਵਾਸ ਹੈ ਤੇ ਨਾ ਯਥਾਰਥ ਦੀ ਤਾਕਤ ਵਿਚ ਯਕੀਨ। ਏਨਾ ਰੌਚਕ ਬਣਾ ਕੇ ਪੇਸ਼ ਕਰਨਾ ਤੇ ਦਿਖਾਉਣਾ ਕਿ ਕਰਾਂਤੀਕਾਰੀਆਂ ਤੇ ਬ੍ਰਿਟਿਸ਼ ਪੁਲਿਸ ਦੇ ਵਿਚਕਾਰ ਹਜ਼ਾਰਾਂ ਗੋਲੀਆਂ ਚੱਲ ਰਹੀਆਂ ਨੇ। ਦਿਓਲ ਦੀ ਫਿਲਮ ਵਿਚ ਤਾਂ ਇਹੋ ਹੈ। ਇੰਜ ਲੱਗਦਾ ਹੈ ਜਿਵੇਂ ਮੋਰਚਿਆਂ ਵਿਚ ਲੜਾਈ ਹੋ ਰਹੀ ਹੋਵੇ। ਇਹ ਪੂਰੇ ਦਾ ਪੂਰਾ Glamorized ਮਾਮਲਾ ਹੈ। ਜਿਵੇਂ ਦਿਓਲ ਦੀ ਫਿਲਮ ਵਿਚ ਆਜ਼ਾਦ ਦੀ ਮੌਤ ਦਿਖਾਈ ਗਈ ਹੈ। ਆਜ਼ਾਦ ਨੇ ਕਦੋਂ ਕਿਸ ਗੋਰੇ ਪੁਲਿਸ ਵਾਲੇ ਨੂੰ ਮਾਰਿਆ? ਅਸਲ ਵਿਚ ਸਾਡੇ ਇੱਥੇ ਇਹ ਸਮਝਿਆ ਜਾਂਦਾ ਹੈ ਕਿ ਜਦ ਤਕ ਗਲੈਮਰਾਈਜ਼ਡ, ਸੁਪਰਮੈਨ ਤਰੀਕੇ ਨਾਲ ਨਹੀਂ ਦਿਖਾਵਾਂਗੇ, ਤਦ ਤਕ ਇਹ ਲੋਕ ਮਹਾਨ ਨਹੀਂ ਸਮਝੇ ਜਾਣਗੇ।

ਸੰ. ਦੇਵਗਨ ਦੀ ਫਿਲਮ ਪੰਜਾਬ ਵਿਚ ਵੀ ਨਹੀਂ ਚੱਲੀ। ਇਸਦਾ ਮੈਨੂੰ ਅਫ਼ਸੋਸ ਹੈ। ਕਾਰਨ ਮੈਨੂੰ ਇਕ ਇਹ ਵੀ ਲੱਗਦਾ ਹੈ ਕਿ ਭਗਤ ਸਿੰਘ ਨੂੰ ਸਿੱਖਾਂ ਨੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਅੱਜ ਵੀ ਕਈ ਗੁਰਦੁਆਰੇ ਅਜਿਹੇ ਮਿਲ ਜਾਂਦੇ ਨੇ ਜਿਹਨਾਂ ਵਿਚ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਹੁੰਦੀਆ ਨੇ ਪਰ ਇਕ ਵੀ ਗੁਰਦੁਆਰਾ ਅਜਿਹਾ ਨਹੀਂ ਜਿਸ ਵਿਚ ਭਗਤ ਸਿੰਘ ਦੀ ਤਸਵੀਰ ਹੋਵੇ। ਇਸ ਤੋਂ ਵੀ ਮੈਨੂੰ ਲੱਗਦਾ ਹੈ ਕਿ ਕੀ ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਆਪਣੇ ਲੋਕਾਂ ਤਕ ਨਹੀਂ ਪਹੁੰਚੀ?

ਖ. ਇਹ ਸਵਾਲ ਬਣਾ Complicated ਹੈ। ਜਦੋਂ ਇਹ ਫਿਲਮਾ ਰਲੀਜ਼ ਹੋਈਆਂ ਸਨ ਤਾਂ ਭਗਤ ਸਿੰਘ ਦੇ ਪਿੰਡ ਦੀ ਇਕ ਰਿਪੋਰਟ ਅਖ਼ਬਾਰ ਵਿਚ ਆਈ ਸੀ। ਜਿਸ ਦੇ ਅਨੁਸਾਰ ਉਸ ਪਿੰਡ ਦਾ ਇਕ ਇਕ ਘਰ ਢਾਈ ਮੰਜ਼ਿਲਾ ਕੋਠੀ ਵਿਚ ਬਦਲ ਚੁੱਕਿਆ ਹੈ। ਉਸ ਪਿੰਡ ਦੇ ਹਰੇਕ ਵਾਸੀ ਦੇ ਬਹੁਤ ਸਾਰੇ ਨੇੜੇ ਦੇ ਸੰਬੰਧੀ NRIs ਨੇ। ਲੱਖਾਂ ਡਾਲਰ ਉੱਥੇ ਅਮਰੀਕਾ ਤੇ ਕਨੇਡਾ ਤੋਂ ਆਉਂਦੇ ਨੇ।
ਪੰਜਾਬ ਦੇ ਇਤਿਹਾਸ ਵਿਚ ਤਾਂ ਇਹ ਚੀਜ਼ਾਂ ਉਦੋਂ ਵੀ ਪੱਕੇ ਪੈਰੀਂ ਸਨ। ਆਰੀਆ ਸਮਾਜ, ਖਾਲਸਾ ਪੰਥ ਵਗ਼ੈਰਾ। ਅਜਿਹੇ ਕਰਾਂਤੀਕਾਰੀ ਦਾ, ਜਿਸਨੇ ਵਾਲ ਕਟਵਾ ਲਏ ਹੋਣ, ਹੈਟ ਲੈ ਲਿਆ ਹੋਏ, ਪੂਰੀ ਤਰ੍ਹਾਂ ਸੈਕੂਲਰ ਹੋਵੇ ਤੇ ਸਾਫ-ਸਾਫ ਕਹਿ ਰਿਹਾ ਹੋਵੇ ਕਿ ਮੈਂ ਨਾਸਤਕ ਹਾਂ, ਜਿਹੜਾ ਆਖ਼ਰੀ ਸਮੇਂ ਵੀ ਵਾਹੇਗੁਰੂ ਨੂੰ ਨਹੀਂ ਮੰਨਦਾ, ਗ੍ਰੰਥੀ ਨੂੰ ਨਕਾਰ ਦੇਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਨਹੀਂ ਰੱਖਦਾ—ਕਹਿ ਦੇਂਦਾ ਹੈ ਕਿ ਮੈਨੂੰ ਨਹੀਂ ਚਾਹੀਦਾ, ਉਸਨੂੰ ਪਾਰੰਪਰੀ ਸਿੱਖ ਕਿੰਜ Adopt ਕਰ ਲੈਣ?
ਸਿੱਖਾਂ ਵਿਚ ਕਈ ਹੋਣਗੇ ਜਿਹੜੇ ਸਾਮਵਾਦੀ ਆਸਥਾ ਰੱਖਦੇ ਹੋਣਗੇ। ਪੰਜਾਬ ਵਿਚ ਸਿੱਖਾਂ ਨੂੰ ਭਗਤ ਸਿੰਘ ਜਿਹਾ ਗਲੈਮਰ ਤਾਂ ਚਾਹੀਦਾ ਹੈ ਪਰ ਜਿਹੜਾ ਉਸਦਾ ਮੂਲ ਸੁਨੇਹਾ ਹੈ ਉਹ ਨਹੀਂ ਚਾਹੀਦਾ। ਅੱਜ ਜੋ ਪੰਜਾਬ ਵਿਚ ਵਿਦੇਸ਼ ਵਿਚ ਜਾ ਵੱਸਣ ਦੀ ਕਰੇਜ ਹੈ, ਅੱਜ ਜਿਸ ਨੂੰ 'ਪੰਜਾਬੀਅਤ' ਜਾਂ 'ਪੰਜਾਬੀ ਕਲਚਰ' ਕਿਹਾ ਤੇ ਮੰਨਿਆਂ ਜਾ ਰਿਹਾ ਹੈ, ਭਗਤ ਸਿੰਘ ਉਸ ਨਾਲ ਕਦੀ ਸਹਿਮਤ ਨਾ ਹੁੰਦੇ। ਜਿੰਨੇ ਪੰਜਾਬੀ ਬਾਹਰ ਗਏ ਨੇ, ਉਹ ਭਾਵੇਂ ਲੱਖਾਂ ਡਾਲਰ ਭੇਜ ਰਹੇ ਹੋਣ, ਭਗਤ ਸਿੰਘ ਨੂੰ ਤਾਂ ਨਕਾਰ ਰਹੇ ਨੇ। ਜੋ ਦੇਵਗਨ ਦੀ ਫਿਲਮ ਵਿਚ ਹੈ। ਉਸ ਵਿਚ ਗਾਣਾ Significant ਹੈ 'ਦੇਸ਼ ਨੂੰ ਚੱਲੀਏ'। ਅੱਜ ਦੇ NRIs ਲਈ ਇਸ਼ਾਰਾ ਹੈ ਉਹ। ਉਸ ਪੂਰੇ ਖੇਤਰ ਵਿਚ, ਵਿਦੇਸ਼ ਵਿਚ ਰਹਿਣ ਦਾ ਜਿਹੜਾ ਗਲੈਮਰ ਹੈ, ਉਹ ਭਗਤ ਸਿੰਘ ਦਾ ਇਸਤੇਮਾਲ ਤਾਂ ਕਰ ਰਿਹਾ ਹੈ ਕਿ ਅਸੀਂ ਭਗਤ ਸਿੰਘ ਦੀ ਜ਼ਮੀਨ ਦੇ ਹਾਂ, ਪਰ ਉਸ ਲਈ ਉਹ ਕਰ ਕੀ ਰਹੇ ਨੇ?
ਫੇਰ ਤੁਸੀਂ ਇਹ ਵੀ ਨਾ ਭੁੱਲੋ ਕਿ ਪੰਜਾਬ ਵਿਚ ਤੇ ਸਿੱਖ ਡਾਯਸਪੋਰਾ ਵਿਚ ਖਾਲਿਸਤਾਨਪ੍ਰਸਤ ਤੱਤ ਹੁਣ ਵੀ ਮੌਜ਼ੂਦ ਤੇ ਕ੍ਰਿਆਸ਼ੀਲ ਨੇ। ਭਗਤ ਸਿੰਘ ਕਦੀ ਵੀ ਖਾਲਿਸਤਾਨੀ ਨਹੀਂ ਸੀ ਬਣ ਸਕਦਾ।

ਸੰ. ਕਮਿਊਨਿਸਟ ਜੇ 1946 ਵਿਚ ਹੀ ਭਗਤ ਸਿੰਘ ਨੂੰ Adopt ਕਰ ਲੈਂਦੇ ਤਾਂ ਸਥਿਤੀਆਂ ਕਿੰਨੀਆਂ ਕੁ ਭਿੰਨ ਹੁੰਦੀਆਂ?

ਖ. ਇਹ ਗੱਲ ਸਹੀ ਹੈ ਕਿ ਪਹਿਲੋਂ-ਪਹਿਲ ਜਨਸੰਘ ਨੇ ਭਗਤ ਸਿੰਘ ਨੂੰ ਜੁੱਪ ਲਿਆ ਸੀ ਪਰ ਜਿਵੇਂ-ਜਿਵੇਂ ਕਮਿਊਨਿਸਟਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਭਗਤ ਸਿੰਘ ਵਾਮ ਵਿਚਾਰਾਂ ਦੇ ਸਨ, ਜਨਸੰਘ ਨੇ ਉਹਨਾਂ ਨੂੰ ਛੱਡ ਦਿੱਤਾ। ਉਹ ਭਗਤ ਸਿੰਘ ਦਾ ਜਨਮ ਤਾਂ ਦਿਹਾੜਾ ਤਾਂ ਮਨਾਉਂਦੇ ਨੇ, ਪਰ ਉਪਚਾਰਕਤਾ ਵੱਸ। ਉਸਦੀ ਵਿਚਾਰਧਾਰਾ ਦਾ ਜ਼ਿਕਰ ਨਹੀਂ ਕਰਦੇ ਉਹ। ਅੱਜ ਜਿਹੜਾ ਵੀ ਆਦਮੀ ਭਗਤ ਸਿੰਘ ਦਾ ਨਾਂ ਲੈਂਦਾ ਹੈ, ਦੇਸ਼ ਭਗਤ ਆਪਣੇ ਆਪ ਹੋ ਜਾਂਦਾ ਹੈ। ਹੁਣ ਲੋਕ ਸਭਾ ਵਿਚ ਉਹਦੀ 14 ਫੁੱਟ ਉੱਚੀ ਮੂਰਤੀ ਲੱਗ ਰਹੀ ਹੈ। ਕੀ ਇਹ ਲੋਕ ਸਭਾ ਭਗਤ ਸਿੰਘ ਨੂੰ ਨਿਗਲ ਸਕਦੀ ਹੈ? ਹੋਰ ਪਾਰਟੀਆਂ ਦੀ ਤਾਂ ਛੱਡੋ, ਕੀ ਕਮਿਊਨਿਸਟ ਪਾਰਟੀਆਂ ਅੱਜ ਆਪਣੇ ਸੰਮੇਲਨਾ ਵਿਚ ਭਗਤ ਸਿੰਘ ਦੇ ਚਿੱਤਰ ਲਾਉਂਦੀਆਂ ਨੇ? ਬਿਸਮਿਲ ਕਿੱਥੇ ਹੈ?...ਤੇ ਕਿੱਥੇ ਹੈ, ਆਜ਼ਾਦ?

ਸੰ. ਕਿਹੜੇ ਕਿਹੜੇ ਜ਼ਰੂਰੀ ਤੱਥ ਨੇ ਜਿਹੜੇ ਇਹਨਾਂ ਫਿਲਮਾ ਵਿਚ ਨਹੀਂ ਦਿਖਾਏ ਗਏ?

ਖ. ਸਾਰਾ ਮੁਕੱਦਮਾ ਲਾਹੌਰ ਵਿਚ ਚੱਲਿਆ ਸੀ। ਸਾਰੇ ਤੱਥ ਪਾਕਿਸਤਾਨ ਦੀਆਂ ਫਾਇਲਾਂ ਵਿਚ ਨੇ। ਉਹ ਤੁਹਾਨੂੰ ਇਹ ਫਾਇਲਾਂ ਦੇਂਦੇ ਨਹੀਂ। ਹੋ ਸਕਦਾ ਹੈ ਉਹਨਾਂ ਨੇ ਨਸ਼ਟ ਕਰ ਦਿੱਤੀਆਂ ਹੋਣ। ਅਫ਼ਸੋਸ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਭਗਤ ਸਿੰਘ ਦਾ ਕੋਈ ਨਾਂ ਨਹੀਂ ਹੈ। ਖ਼ੈਰ ਉਹ ਤਾਂ ਹਿੰਦੁਸਤਾਨ ਵਿਚ ਵੀ ਓਵੇਂ ਹੀ ਹੈ। ਬ੍ਰਿਟਿਸ਼ Archives ਨੂੰ ਵੀ ਖੰਗਾਲਨ ਦੀਆਂ ਕੋਸ਼ਿਸ਼ਾਂ ਓਨੀਆਂ ਨਹੀਂ ਹੋਈਆਂ। ਭਗਤ ਸਿੰਘ ਬਾਰੇ ਅੰਗਰੇਜ਼ਾਂ ਦਾ ਸਹੀ ਮੁੱਲਅੰਕਨ ਕੀ ਸੀ, ਕੋਈ ਨਹੀਂ ਦੱਸਦਾ।
ਦੇਵਗਨ ਦੀ ਫਿਲਮ ਵਿਚ ਤਾਂ ਏਨਾ ਵੱਡਾ Blunder ਹੈ ਕਿ ਉਸ ਵਿਚ ਇਹ ਕਹਿ ਦਿੱਤਾ ਗਿਆ ਹੈ ਕਿ ਰਾਣੀ ਰਾਜ ਕਰ ਰਹੀ ਹੈ, ਜਦਕਿ ਵਿਕਟੋਰੀਆ ਨੂੰ ਮਰੇ ਕਿੰਨੇ ਹੀ ਵਰ੍ਹੇ ਹੋ ਗਏ ਸਨ। ਓਧਰ ਦੇਵਗਨ ਦੀ ਫਿਲਮ ਇਹ ਦੱਸਣ ਵਿਚ ਵੀ ਪਛੜ ਗਈ ਹੈ ਕਿ ਭਗਤ ਸਿੰਘ ਦਾ ਘਰਾਣਾ ਕੇਡਾ ਵੱਡਾ ਦੇਸ਼ ਭਗਤ ਘਰਾਣਾ ਸੀ। ਇਹੋ ਸਨੀ ਦਿਓਲ ਦੱਸਦਾ ਹੈ। ਅਜੀਬ-ਅਜੀਬ ਕਮੀਆਂ ਨੇ, ਇਹਨਾਂ ਤਿੰਨਾਂ ਫਿਲਮਾਂ ਵਿਚ। ਇਹ ਵੀ ਨਹੀਂ ਦੱਸਦੇ ਕਿ ਭਗਤ ਸਿੰਘ ਦਾ ਚਾਚਾ ਰੂਸ ਚਲਾ ਗਿਆ ਸੀ, ਭੱਜ ਕੇ। ਉਸਦਾ ਜ਼ਿਕਰ ਕੋਈ ਨਹੀਂ ਕਰਦਾ। ਇਹ ਲੋਕ ਸਮੁੱਚੇ ਅਸਲੀ ਭਗਤ ਸਿੰਘ ਨੂੰ ਦਿਖਾਉਣ ਵਿਚ ਦਿਲਚਸਪੀ ਜਾਂ ਓਨੀ ਸਲਾਹੀਅਤ ਨਹੀਂ ਰੱਖਦੇ।
ਜਾਰਜ ਬਰਨਾਰਡ ਸ਼ਾਹ ਦੇ ਏਨੇ Quotation ਲਏ ਨੇ ਭਗਤ ਸਿੰਘ ਨੇ ਆਪਣੀ ਡਾਇਰੀ ਵਿਚ; ਏਨੀਆਂ ਕਵਿਤਾਵਾਂ ਨੇ ਦੇਸ਼ ਭਗਤੀ ਦੀਆਂ, ਅੰਗਰੇਜ਼ੀ ਦੀਆਂ, ਚੁਣ-ਚੁਣ ਲਿਖੀਆਂ ਨੇ। ਫਰੈਂਚ ਕਰਾਂਤੀ ਦੇ ਗੀਤ 'ਮਾਰਸਈ' ਨੂੰ ਜਾਣਦਾ ਸੀ ਉਹ। ਏਨਾ ਜਾਗਰੁਕ ਸੀ ਉਹ। ਮੈਨੂੰ ਇਸ ਸਭ ਬੜਾ ਰੋਮਾਂਚਿਤ ਕਰਦਾ ਏ। ਕਦੀ ਕਦੀ ਮੈਨੂੰ ਭਗਤ ਸਿੰਘ ਇਕ ਤਰ੍ਹਾਂ ਦਾ ਆਇਨਸਟਾਇਨ ਲੱਗਦਾ ਹੈ, ਕਦੀ ਆਦਿ ਸ਼ੰਕਰਾਚਾਰੀਆ ਤੇ ਕਦੀ ਈਸਾ ਮਸੀਹ।
ਭਗਤ ਸਿੰਘ ਦੇ ਜੀਵਨ ਵਿਚ ਦੋ ਜਣੇ ਉਸਦੀ ਟੱਕਰ ਦੇ ਨੇ—ਆਜ਼ਾਦ ਤੇ ਬਿਸਮਿਲ! ਮੈਂ ਸੋਚਦਾ ਹਾਂ ਕਿ ਕੋਈ ਅਜਿਹੀ ਫਿਲਮ ਬਣਨੀ ਚਾਹੀਦੀ ਹੈ ਜਿਹੜੀ ਇਹਨਾਂ ਤਿੰਨਾਂ ਵਿਚੋਂ ਇਕ 'ਤੇ ਨਾ ਹੋ ਕੇ ਤਿੰਨਾਂ ਬਾਰੇ ਹੋਵੇ। ਜੇ ਤੁਸੀਂ ਭਗਤ ਸਿੰਘ 'ਤੇ ਫਿਲਮ ਬਣਾਉਂਦੇ ਵੀ ਹੋ ਤਾਂ ਫੇਰ ਤੁਹਾਨੂੰ ਆਜ਼ਾਦ ਤੇ ਬਿਸਮਿਲ 'ਤੇ ਵੀ ਫਿਲਮ ਬਣਾਉਣੀ ਚਾਹੀਦੀ ਹੈ। ਇਹਨਾਂ ਤਿੰਨਾਂ ਨੂੰ ਵੱਖ-ਵੱਖ ਕਰਕੇ ਤੁਸੀਂ ਦੇਖ ਹੀ ਨਹੀਂ ਸਕਦੇ। ਇਹਨਾਂ ਤਿੰਨਾ ਨੂੰ ਉਹਨਾਂ ਦੀ ਵਿਚਾਰਧਾਰਾ ਨਾਲੋਂ ਵੱਖ ਕਰ ਦਿੱਤਾ ਗਿਆ ਹੈ।
ਕੁਲ ਮਿਲਾ ਕੇ ਇਹ ਫਿਲਮਾਂ ਚੰਗੀਆਂ ਹੋ ਸਕਦੀਆਂ ਸਨ ਜੇ ਤੁਸੀਂ ਲੰਮੇ ਕੋਰਟ ਸੀਨਾਂ ਨੂੰ ਕੁਝ ਕੱਟ ਦੇਂਦੇ, ਭੁੱਖ ਹੜਤਾਲ ਕੱਟ ਦੇਂਦੇ, ਇਸ ਨਾਲ Negative ਅਸਰ ਪੈਂਦਾ ਹੈ। ਇਹ ਲੋਕ ਜਾਨ ਦੇ ਚੁੱਕੇ ਨੇ। Already ! ਇਕ ਅਜਿਹੀ ਕਲਾਕ੍ਰਿਤ ਜਿਹੜੀ ਤੁਸੀਂ Masses ਲਈ ਬਣਾ ਰਹੇ ਹੋ, ਉੱਥੇ ਕੁਝ ਚੀਜ਼ਾਂ ਤੁਹਾਨੂੰ Creatively Censor ਕਰਨੀਆਂ ਪੈਣਗੀਆ। ਮਨੋਜ ਕੁਮਾਰ ਨੇ ਭੁੱਖ-ਹੜਤਾਲ ਦੇ ਸੀਨ ਬੜੇ ਘੱਟ ਦਿਖਾਏ ਨੇ।

ਸੰ. ਔਰਤਾਂ ਦੇ ਯੋਗਦਾਨ ਨੂੰ ਇਹਨਾਂ ਫਿਲਮਾਂ ਵਿਚ ਕਿੰਜ ਦਿਖਾਇਆ?

ਖ. ਅਜਯ ਦੇਵਗਨ ਦੀ ਫਿਲਮ ਵਿਚ ਦੁਰਗਾ ਭਾਬੀ ਨੂੰ ਕਿਸੇ ਗਿਣਤੀ ਵਿਚ ਨਹੀਂ ਲਿਆਂਦਾ ਗਿਆ। ਭੇਸ ਬਦਲ ਕੇ ਭਗਤ ਸਿੰਘ ਦਾ ਲਾਹੌਰ 'ਚੋਂ ਨਿਕਲ ਜਾਣ ਵਾਲਾ ਦ੍ਰਿਸ਼ ਬਚਕਾਨਾ ਜਿਹਾ ਹੈ। ਔਰਤ ਪਾਤਰਾਂ ਨੂੰ ਸਭ ਨਾਲੋਂ ਵੱਧ ਮਹੱਤਵ ਮਨੋਜ ਕੁਮਰ ਨੇ 'ਸ਼ਹੀਦ' ਵਿਚ ਦਿੱਤਾ ਹੈ—ਨਿਰੂਪਾ ਰਾਏ ਤੇ ਕਾਮਨੀ ਕੌਸ਼ਲ ਆਪਣੀ ਜਾਣੀ-ਪਛਾਣੀ ਕਲਾ ਸਮੇਤ ਪੇਸ਼ ਕੀਤੀਆਂ ਨੇ। ਦਿਓਲ ਦੀ ਫਿਲਮ ਵਿਚ ਭਗਤ ਸਿੰਘ ਦੀ ਮਾਂ ਦੀ ਭੂਮਿਕਾ ਵਿਚ ਅਮ੍ਰਿਤਾ ਸਿੰਘ ਅੱਛੀ ਹੈ। ਪਰ ਮੈਨੂੰ ਲੱਗਦਾ ਹੈ ਕਿ ਭਗਤ ਸਿੰਘ ਦੇ ਜੀਵਨ ਵਿਚ ਇਹਨਾਂ ਦੋ ਔਰਤਾਂ ਦੀ ਜਿਹੜੀ ਭੂਮਿਕਾ ਸੀ—ਸਿਰਫ ਪਰਿਵਾਰਕ ਭਾਵੁਕਤਾ ਦੇ ਸਤਰ ਤਕ ਹੀ ਨਹੀਂ ਸੀ।

ਸੰ. ਮੁਸਲਮਾਨਾਂ ਨੂੰ ਇਹਨਾਂ ਫਿਲਮਾਂ ਵਿਚ ਕਿੰਜ ਲਿਆ ਗਿਆ ਹੈ?

ਖ. ਤਿੰਨਾ ਫਿਲਮਾਂ ਵਿਚ ਮੁਸਲਮਾਨਾਂ ਦੀ ਭੂਮਿਕਾ ਕਿਸੇ ਗਿਣਤੀ ਵਿਚ ਨਹੀਂ ਆਉਂਦੀ। ਹਾਂ, ਟਾਂਗੇ ਵਾਲੇ ਦੇ ਰੋਲ ਵਿਚ ਮਨੋਜ ਕੁਮਾਰ ਦੀ ਫਿਲਮ ਵਿਚ ਇਕ ਮੁਸਲਮਾਨ ਨੂੰ ਦਿਖਾਇਆ ਗਿਆ ਹੈ। ਜੇ ਕੋਈ ਮੁਸਲਮਾਨ ਸੱਚਮੁੱਚ ਇਹਨਾਂ ਨਾਲ ਨਹੀਂ ਸੀ, ਇਹ ਚਿੰਤਾ ਦੀ ਤੇ ਵਿਚਾਰ ਕਰਨ ਵਾਲੀ ਗੱਲ ਹੈ। ਇਸਦੇ ਕਾਰਨਾ ਨੂੰ ਜਾਣਨਾ ਚਾਹੀਦਾ ਹੈ। ਅਸ਼ਫਾਕਉੱਲਾ ਤਾਂ ਕਾਕੋਰੀ ਦਾ ਹੀਰੋ ਸੀ। ਉਸਨੂੰ ਵੀ ਇਸ ਪਿੜ ਵਿਚ ਨਹੀਂ ਦਿਖਾਇਆ ਗਿਆ। ਸਿਰਫ ਮਨੋਜ ਨੇ ਦਿਖਾਇਆ ਹੈ।
ਅਸਲ ਵਿਚ ਬਾਅਦ ਵਿਚ ਬਣੀਆਂ ਦੋਵਾਂ ਫਿਲਮਾਂ ਦੇ ਨਿਰਦੇਸ਼ਕਾਂ ਉਪਰ ਇਸ ਚੀਜ਼ ਦਾ ਦਬਾਅ ਵੀ ਸੀ ਕਿ ਇਹ ਭਾਜਪਾ ਦੇ ਰਾਜ-ਕਾਲ ਦੌਰਾਨ ਬਣੀਆਂ ਸਨ। ਦੇਵਗਨ ਦੀ ਫਿਲਮ ਦੇ ਇਕ ਸੀਨ ਵਿਚ ਦੋ ਤਸਵੀਰਾਂ ਦਿਖਾਈਆਂ ਗਈਆਂ ਨੇ—ਇਕ ਕਾਰਲ ਮਾਰਕਸ ਦੀ ਹੈ, ਦੂਜੀ ਸ਼ਿਵਾਜੀ ਦੀ। ਅਜਯ ਦੀ ਫਿਲਮ 'ਓਮ' ਦੇ ਸ਼ੁਰੂਆਤੀ ਟਾਈਟਲ ਨਾਲ ਸ਼ੁਰੂ ਹੁੰਦੀ ਹੈ।

ਸੰ. ਦੇਵਗਨ ਦੀ ਫਿਲਮ ਵਿਚ ਕਿਹਾੜਾ ਪਾਤਰ ਅਸਲੀਅਤ ਦੇ ਵਧੇਰੇ ਨੇੜੇ ਲੱਗਦਾ ਹੈ?

ਖ. ਗਾਂਧੀ! ਸੁਰੇਂਦਰ ਰਾਜਨ ਬਣਿਆ ਹੈ ਗਾਂਧੀ। ਗਾਂਧੀ ਦੇ ਪਾਤਰ ਵਿਚ ਉਹ ਲੱਥ ਗਿਆ ਹੈ। ਭਗਤ ਸਿੰਘ ਬਾਰੇ ਗਾਂਧੀ ਦੇ ਦੋ-ਮੂੰਹੇਂਪਨ ਨੂੰ ਉਸਦੇ ਜਰੀਏ ਬੜੀ ਚੰਗੀ ਤਰ੍ਹਾਂ ਉਘਾੜਿਆ ਗਿਆ ਹੈ। ਜੇ ਇਰਵਿਨ ਤੇ ਗਾਂਧੀ ਦੀ ਨਿੱਜੀ ਗੱਲਬਾਤ ਦੇ ਰਿਕਾਰਡ ਮਿਲ ਜਾਣ ਤਾਂ ਇਹ ਜਾਣਨਾ ਬੜਾ ਦਿਲਚਸਪ ਹੋਏਗਾ ਕਿ ਕਿਸ ਹੱਦ ਤਕ ਜਾ ਕੇ ਗਾਂਧੀ ਨੇ ਭਗਤ ਸਿੰਘ ਦਾ ਵਿਰੋਧ ਜਾਂ ਸਮਰਥਣ ਕੀਤਾ। ਦੇਵਗਨ ਦੀ ਫਿਲਮ ਸਾਬਤ ਕਰਨ ਦੀ ਕੋਸ਼ਿਸ਼ ਹੈ ਕਿ ਗਾਂਧੀ ਨੇ ਭਗਤ ਸਿੰਘ ਦੇ ਨਾਲ ਕੋਈ ਹਮਦਰਦੀ ਨਹੀਂ ਵਰਤੀ। ਜਦਕਿ ਗਾਂਧੀ ਨੂੰ ਹਰ ਹਾਲ ਵਿਚ ਭਗਤ ਸਿੰਘ ਨੂੰ ਬਚਾਉਣਾ ਚਾਹੀਦਾ ਸੀ। ਗਾਂਧੀ ਨੇ ਜੋ ਟਰਿਕ ਅੰਬੇਦਕਰ ਤੇ ਸੁਭਾਸ਼ ਚੰਦਰ ਬੋਸ ਨਾਲ ਖੇਡੀ, ਉਹੀ ਟਰਿਕ ਪਹਿਲਾਂ ਉਹਨਾਂ ਭਗਤ ਸਿੰਘ ਨਾਲ ਖੇਡੀ ਸੀ—ਬਾਕਇਦਾ, ਇਕ ਪੈਟਰਨ ਬਣਾ ਕੇ। ਕਦੀ ਇਸ ਉੱਤੇ ਕੋਈ ਕਿਤਾਬ ਲਿਖੀ ਜਾਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਗਾਂਧੀ ਨੇ ਆਪਣੇ Potential Rivals ਨੂੰ ਟੈਕਲ ਕੀਤਾ। ਇਹ ਬੜਾ ਦਿਲਚਸਪ ਵਿਸ਼ਾ ਹੈ।
ਜੇ ਗਾਂਧੀ ਉਹਨਾਂ ਨੂੰ ਬਚਾਅ ਲੈਂਦੇ ਤਾਂ ਸੰਭਵ ਹੈ ਦੋਵੇਂ ਕਿਸੇ ਬਿੰਦੁ 'ਤੇ ਰਲ ਕੇ ਲੜਦੇ ਤੇ ਜਿਹੜੀ ਆਜ਼ਾਦੀ ਸਾਨੂੰ ਸੰਸਾਰ ਜੰਗ ਤੋਂ ਬਾਅਦ ਮਿਲ, ਸ਼ਾਇਦ ਉਸ ਤੋਂ ਪਹਿਲਾਂ ਮਿਲ ਜਾਂਦੀ। ਮੈਨੂੰ ਪੂਰਾ ਯਕੀਨ ਹੈ ਕਿ ਗਾਂਧੀ ਉਹਨਾਂ ਨੂੰ ਬਚਾਅ ਸਕਦੇ ਸਨ। ਭਗਤ ਸਿੰਘ ਦੀ ਹਿੰਸਾ ਚੌਰਾ-ਚੌਰੀ ਦੀ ਹਿੰਸਾ ਨਹੀਂ ਸੀ।
ਕੀ ਚੰਦਰ ਸ਼ੇਖਜਰ ਆਜ਼ਾਦ ਭਗਤ ਸਿੰਘ ਨੂੰ ਛੁਡਵਾ ਨਹੀਂ ਸੀ ਸਕਦੇ? ਕੀ ਭਗਤ ਸਿੰਘ ਨੂੰ ਵਾਕਈ ਉਹਨਾਂ ਇਜਾਜ਼ਤ ਦਿੱਤੀ ਸੀ ਕਿ ਤੂੰ ਇਕ 'ਪੀਸਫੁੱਲ' ਬੰਬ ਅਸੈਂਬਲੀ ਵਿਚ ਸੁੱਟ? ਅਜਿਹੇ ਬਹੁਤ ਸਾਰੇ ਸਵਾਲ ਨੇ। ਭਗਤ ਸਿੰਘ ਦੀ ਟਰਾਇਲ ਦਾ ਇਕ ਇਕ ਵਾਕ ਧਿਆਨ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ—ਹਾਲੇ ਬੜੀ ਖੋਜ ਕਰਨ ਦੀ ਲੋੜ ਹੈ। ਕਾਕੋਰੀ ਕੇਸ ਤਾਂ ਸਾਰਾ ਸਾਡੇ ਕੋਲ ਮੌਜ਼ੂਦ ਹੈ, ਪਰ ਭਗਤ ਸਿੰਘ ਦੇ ਕਾਗਜ਼ਾਤ ਲਾਹੌਰ ਤੋਂ ਮੰਗਵਾਉਣ ਲਈ ਸਾਡੀ ਸਰਕਾਰ ਵੀ ਕਿੰਨੇ ਕੁ ਯਤਨ ਕਰ ਰਹੀ ਹੈ? ਸਾਡੀ ਸਰਕਾਰ ਲਈ ਵੀ ਤਾਂ ਭਗਤ ਸਿੰਘ ਗਲ਼ੇ ਦੀ ਹੱਡੀ ਹੈ। ਭਗਤ ਸਿੰਘ ਦੀ ਟਰੈਜਡੀ ਵੀ ਅਕਬਰ ਦੀ ਟਰੈਜਡੀ ਵਰਗੀ ਹੀ ਹੈ। ਸੈਕੂਲਰ ਹਿੰਦੂ ਵੀ ਮੁਸਲਮਾਨਾਂ ਦੇ ਡਰ ਸਦਕਾ ਉਸਨੂੰ ਨਕਾਰਦੇ ਨੇ, ਮੁਸਲਮਾਨ ਤਾਂ ਨਕਾਰਦੇ ਹੀ ਨੇ। ਇਹਨਾਂ ਦੋਵਾਂ ਫਿਲਮਾ ਵਿਚ ਇਕ Discerning ਦਰਸ਼ਕ ਲਈ ਦਿਮਾਗ਼ੀ ਕਸਰਤ ਦੇ ਵਾਸਤੇ ਕੁਛ ਮਸਾਲਾ ਦਿੱਤਾ ਹੈ ਕਿ ਤੁਸੀਂ ਸੋਚੋ ਇਸ ਉੱਤੇ। ਇਹਨਾਂ ਦੋਵਾਂ ਫਿਲਮਾਂ ਦਾ ਅਸਫਲ ਹੋਣਾ ਵੀ ਇਕ ਟਰੈਜਡੀ ਹੈ ਭਾਵੇਂ ਭਗਤ ਸਿੰਘ ਉੱਤੇ ਇਕ ਬਿਹਤਰ, ਸਫਲ ਫਿਲਮ ਅੱਜ ਵੀ ਸੰਭਵ ਹੈ।
ਸ਼ਾਮ ਬੇਨੇਗਲ ਨੇ ਨਹਿਰੂ, ਗਾਂਧੀ, ਅੰਬੇਦਕਰ ਆਦਿ 'ਤੇ ਫਿਲਮਾ ਬਣਾਈਆਂ, ਪਰ ਇਹ ਫਿਲਮਾ ਇਕ ਰਾਸ਼ਟਰੀ Dialogue ਸਥਾਪਿਤ ਨਹੀਂ ਕਰ ਸਕੀਆਂ। ਤੇ ਇਹ ਮੈਨੂੰ ਬੜਾ ਭਿਆਨਕ ਲੱਗਦਾ ਹੈ। ਅੱਜ ਦੀ ਜੋ Generation ਹੈ, ਉਹ ਇਹਨਾਂ ਗੱਲਾਂ ਨੂੰ ਯਾਦ ਹੀ ਨਹੀਂ ਕਰਨਾ ਚਾਹੁੰਦੀ। ਮੈਂ ਸਮਝਦਾ ਹਾਂ ਕਿ ਜੇ ਕੋਈ Reactionary ਫਿਲਮ ਸਾਵਰਕਰ ਜਾਂ ਸ਼ਯਾਮਾ ਪਰਸਾਦ ਮੁਖਰਜੀ 'ਤੇ ਵੀ ਬਣਾਦੀ ਹੈ ਤਾਂ ਉਹ ਵੀ ਨਹੀਂ ਚੱਲੇਗੀ। ਇਕ ਪੱਖ ਤੋਂ ਤੁਸੀਂ ਇਸ ਨੂੰ ਚੰਗਾ ਮੰਨ ਸਕਦੇ ਹੋ ਕਿ ਭਾਰਤ ਦੇਸ਼ ਆਪਣੇ Past ਨਾਲ ਏਨਾ Obsessed ਨਹੀਂ ਹੈ। ਪਰ ਸਾਡਾ ਦੇਸ਼ ਆਪਣੇ ਏਨੇ ਨੇੜੇ ਦੇ ਭੂਤਕਾਲ ਨੂੰ ਨਕਾਰ ਰਿਹਾ ਹੈ, ਇਹ ਬੜੀ ਭਿਆਨਕ ਗੱਲ ਹੈ। ਤਾਂ ਕੀ ਉਸਨੂੰ Patriotic (ਦੇਸ਼ ਭਗਤੀ ਦੀਆਂ) ਫਿਲਮK ਦੇ ਨਾਂ 'ਤੇ Sugar coated pills (ਮਿੱਠੀਆਂ ਗੋਲੀਆਂ) ਹੀ ਚਹੀਦੀਆਂ ਨੇ? ਦੋਵਾਂ ਤਾਜ਼ਾ ਫਿਲਮਾਂ ਵਿਚ ਮਨੋਜ ਕੁਮਾਰ ਦੀ ਫਿਲਮ ਵਿਚੋਂ ਬੜਾ ਕੁਝ ਲਿਆ ਗਿਆ ਹੈ। ਯਾਨੀ ਤੁਸੀਂ ਆਪਣੀਆਂ ਡੰਗੋਰੀਆਂ ਨਾਲੋਂ ਆਪਣੇ ਆਪ ਨੂੰ ਵੱਖ ਕਰ ਹੀ ਨਹੀਂ ਸਕੇ। ਕੀ ਕਾਰਨ ਹੈ ਕਿ ਸ਼ਯਾਮ ਬੇਨੇਗਲ ਵਰਗੇ ਵਾਮਪੰਥੀ ਨੇ ਭਗਤ ਸਿੰਘ ਉੱਤੇ ਫਿਲਮ ਬਣਾਉਣ ਦੀ ਗੱਲ ਨਹੀਂ ਸੋਚੀ? ਕੀ ਤੁਸੀਂ ਨਹੀਂ ਸਮਝਦੇ ਕਿ ਇਹ ਇਕ ਬੜੇ ਵੱਡੇ ਸੰਕਟ ਵੱਲ ਉਂਗਲ਼ ਸਿੰਨ੍ਹ ਰਿਹਾ ਹੈ? ਇਕ ਪਾਸੇ ਇਹ ਫਿਲਮਾਂ ਫਲਾਪ ਹੋ ਰਹੀਆਂ ਨੇ, ਦੂਜੇ ਪਾਸੇ ਏਟਨਬਰੋਂ ਦੀ 'ਗਾਂਧੀ' ਆਲ ਟਾਈਮ ਬਾਕਸ ਆਫਿਸ ਹਿੱਟ ਹੈ। ਬੇਨੇਗਲ ਦੀ ਗਾਂਧੀ, ਬੋਸ, ਸਰਦਾਰ ਪਟੇਲ ਨਹੀਂ ਚੱਲੀਆਂ। ਇਸ ਦਾ ਮਤਲਬ ਇਹ ਹੋਇਆ ਕਿ ਭਾਰਤੀ ਨਿਰਮਾਤਾ-ਨਿਰਦੇਸ਼ਕ ਤੋਂ ਜਨਤਾ ਉਹੀ ਚਾਹੁੰਦੀ ਹੈ ਜੋ ਇਹਨਾਂ ਦੀ ਦੇਸੀ ਪਾਪੁਲਰ ਛਵੀ ਹੈ। ਇਹਨਾਂ ਫਿਲਮਾਂ ਦੀ ਲਾਗਤ ਵਸੂਲ ਨਹੀਂ ਹੁੰਦੀ। ਦੇਵਗਨ ਦੀ ਫਿਲਮ ਸਟਾਰ ਟੀ.ਵੀ. 'ਤੇ ਦਿਖਾਈਏ ਤਾਂ ਏਨੇ ਵਿਗਿਆਪਨ ਨਹੀਂ ਮਿਲਦੇ ਜਿੰਨੇ ਵਿਦੇਸ਼ੀ 'ਗਾਂਧੀ' ਨੂੰ ਹੁਣ ਵੀ ਮਿਲਦੇ ਨੇ। ਕੀ ਇਸਦੇ ਪਿੱਛੇ ਸਾਡੀ ਗ਼ੁਲਾਮ ਮਾਨਸਿਕਤਾ ਹੈ ਕਿ ਗੋਰੇ ਨੇ ਫਿਲਮ ਬਣਾਈ ਹੈ?
ਇਕ ਜਗ੍ਹਾ ਹਿੰਦੀ ਦੇ ਆਪਣੇ ਕਰਾਂਤੀਕਾਰੀ ਸਾਹਿਤਕਾਰ ਮੰਮਥਨਾਥ ਦਾ ਜ਼ਿਕਰ ਆਉਂਦਾ ਹੈ। ਉਹ ਉਦੋਂ ਬੜੀ ਛੋਟੀ ਉਮਰ ਦੇ ਸਨ। ਉਹਨਾਂ ਨੂੰ ਕਾਕੋਰੀ ਕੇਸ ਵਿਚ ਇਸੇ ਲਈ ਫਾਂਸੀ ਨਹੀਂ ਸੀ ਹੋਈ। ਭੇਜ ਦਿੱਤੇ ਗਏ, ਅੰਡੇਮਾਨ ਨਿਕੋਬਾਰ। ਮੰਮਥਨਾਥ ਗੁਪਤ ਦੀ ਟਰੈਜਡੀ ਇਹ ਹੋਈ ਕਿ 2000 ਵਿਚ ਉਹ ਮਰੇ, ਕਿਸੇ ਨੇ ਯਾਦ ਨਹੀਂ ਰੱਖਿਆ ਉਹਨਾਂ ਨੂੰ। ਮੈਂ ਮਨੋਂ ਅਪੀਲ ਕਰ ਰਿਹਾ ਹਾਂ ਕਿ ਅਗਲੇ ਸਾਲ ਮੰਮਥਨਾਥ ਗੁਪਤ ਦੀ ਜਨਮਸ਼ਤੀ ਹੈ, ਉਸਨੂੰ ਸਾਨੂੰ ਮਨਾਉਣਾ ਚਾਹੀਦਾ ਹੈ। ਉਹ ਕਰਾਂਤੀਕਾਰੀ ਕਾਲੇ ਪਾਣੀ ਸਜ਼ਾ ਕੱਟ ਕੇ ਆਇਆ ਸੀ। ਉਹ ਇਕ Extra ਦੇ ਰੂਪ ਵਿਚ ਇਹਨਾਂ ਫਿਲਮਾ ਵਿਚ ਹੈ। ਉਹਨਾਂ ਆਪਣੇ ਸੱਚੇ ਅਜ਼ਾਦੀ ਘੁਲਾਟੀਏ ਹੋਣ ਦਾ ਕਦੀ ਲਾਹਾ ਨਹੀਂ ਲਿਆ। ਮਾਮੂਲੀ ਤੋਂ ਮਾਮੂਲੀ ਨੌਕਰੀ ਕਰਦੇ ਰਹੇ। ਵੱਧ ਤੋਂ ਵੱਧ ਉਹ ਸਰਕਾਰੀ ਮਾਸਿਕ 'ਆਜਕਲ' ਦੇ ਸੰਪਾਦਕ ਰਹੇ। ਉਦੋਂ ਆਜਕਲ ਕਿੰਨਾ ਚੰਗਾ ਨਿਕਲਦਾ ਸੀ। ਸਾਨੂੰ ਉਹਨਾਂ ਨੂੰ Extra ਦੀ ਭੂਮਿਕਾ 'ਚੋਂ ਉਭਾਰਨਾ ਪਏਗਾ।

ਸੰ. ਅਸਲ ਵਿਚ ਉਹ ਸਿਰਫ ਇਸ ਮੁੱਦੇ ਨੂੰ Encash ਕਰਨਾ ਚਾਹੁੰਦੇ ਨੇ ਕਿ ਇਕ ਨੌਜਵਾਨ 'ਹੱਸਦਾ-ਹੱਸਦਾ ਫਾਂਸੀ 'ਤੇ ਚੜ੍ਹ ਗਿਆ।'

ਖ. ਭਗਤ ਸਿੰਘ ਦਾ ਨੌਜਵਾਨ ਹੋਣਾ, ਕੁਆਰਾ ਹੋਣਾ ਤੇ ਉਸਦਾ ਸ਼ਾਦੀ ਤੋਂ ਇਨਕਾਰ ਕਰਨਾ, ਪਿਆਰਾ ਪੁੱਤਰ ਹੋਣਾ ਤੇ ਇਕ ਜਿਹੜਾ Subtle Subtext ਤਿੰਨਾਂ ਫਿਲਮਾਂ ਵਿਚ ਹੈ, ਉਹ ਇਕ ਸੀਮਿਤ ਦਾਇਰੇ ਵਿਚ ਪੰਜਾਬੀਅਤ ਦੀ ਪੁੱਠ ਹੈ, ਹਾਲਾਂਕਿ ਭਗਤ ਸਿੰਘ ਦੇ ਆਪਣੇ ਭਾਸ਼ਣ ਉਸਨੂੰ 'ਸਮੁੱਚਾ ਭਾਰਤੀ' ਬਣਾਉਂਦੇ ਨੇ। ਫਿਲਮ ਨਿਰਮਾਤਾਵਾਂ ਨੇ ਉਸਨੂੰ ਉੱਥੇ ਹੀ ਰੋਕਿਆ ਹੋਇਆ ਹੈ। ਇਕੋ ਚੰਗੀ ਗੱਲ ਹੋਈ ਹੈ ਕਿ ਭਗਤ ਸਿੰਘ ਨੂੰ ਉਹਨਾਂ ਇਹ ਨਹੀਂ ਦੱਸਿਆ ਕਿ ਉਹ ਧਾਰਮਿਕ ਵੀ ਸਨ। ਗ਼ਨੀਮਤ ਹੈ ਕਿ ਭਗਤ ਸਿੰਘ ਨੂੰ ਉਹਨਾਂ 'ਸਰਦਾਰ ਜੀ' ਵਿਚ ਤਬਦੀਲ ਨਹੀਂ ਕਰ ਦਿੱਤਾ। ਹਾਲਾਂਕਿ ਬਹੁਤ ਸਾਰੇ ਸਿੱਖ ਧੜੇ ਇਹੀ ਕਹਿੰਦੇ ਨੇ ਕਿ ਉਹ ਸਰਦਾਰ ਹੀ ਰਹੇ ਹਮੇਸ਼ਾ। ਪਰ ਜੇ ਅਸੀਂ ਉਸਨੂੰ ਭੁੱਲ ਵੀ ਜਾਈਏ ਤਾਂ ਵੀ ਇਹ ਜਿਹੜੀਆਂ ਫਿਲਮਾ ਨੇ ਉਹ ਬੜੀ ਵੱਡੀ ਸਮੱਸਿਆ ਪੈਦਾ ਕਰਦੀਆਂ ਨੇ ਜਿਸਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਹਾਂ ਕਿ ਅੱਜ ਅਸੀਂ ਭਗਤ ਸਿੰਘ ਨੂੰ ਕਿਸ ਰੂਪ ਵਿਚ ਲਈਏ? ਕੀ ਅਸੀਂ ਉਸਦੇ ਮਾਰਕਸਵਾਦੀ ਨਹੁੰ ਤੇ ਦੰਦ ਤੋੜ ਦੇਈਏ ਤੇ ਉਸਨੂੰ ਸਿਰਫ ਰਾਸ਼ਟਰ-ਭਗਤ ਕ੍ਰਰਾਂਤੀਕਾਰੀ ਮੰਨ ਲਈਏ? ਜਾਂ ਉਸਨੂੰ ਉਸਦੇ ਪੂਰੇ ਅਸਲੀ ਸੰਦਰਭ ਵਿਚ ਲਈਏ? ਇਸ ਕਰਕੇ ਅੱਜ ਜੋ ਇਹ ਫਿਲਮਾ ਸਮੱਸਿਆ ਪੈਦਾ ਕਰ ਰਹੀਆਂ ਨੇ, ਕੀ ਇਹਨਾਂ ਕੋਲ ਅਜਿਹਾ ਕੋਈ ਹੱਲ ਹੈ? ਘੱਟੋਘੱਟ ਅਜਯ ਦੇਵਗਨ ਦੀ ਫਿਲਮ ਇਸਦਾ ਮੁਕਾਬਲਾ ਕਰਦੀ ਲੱਗਦੀ ਹੈ। ਕਹਿੰਦੀ ਹੈ ਕਿ ਗੋਰੇ ਸਾਹਬ ਚਲੇ ਜਾਣਗੇ ਤਾਂ ਭੂਰੇ ਸਾਹਬ ਆ ਜਾਣਗੇ। ਉੱਥੇ ਇਕ ਮਜਦੂਰ ਹੜਤਾਲ ਦਾ ਵੀ ਜ਼ਿਕਰ ਹੈ, ਕਿਸਾਨ ਦੀ ਦਸ਼ਾ ਦਾ ਵੀ ਦ੍ਰਿਸ਼ ਹੈ। ਪਰ ਜੇ ਤੁਸੀਂ ਉਸਨੂੰ ਪੂਰਾ ਪ੍ਰਤੀਬੱਧ ਮਾਰਕਸਵਾਦੀ ਦਿਖਾਉਂਦੇ ਹੋ ਤਾਂ ਇਸ ਫਿਲਮ ਦੀ ਅਸਫਲਤਾ ਤੈਅ ਹੈ। ਜਦੋਂ ਤਕ ਕਿ ਦਰਸ਼ਕ-ਵਰਗ ਬੌਦਿਕ ਰੂਪ ਵਿਚ ਓਨਾ ਉੱਨਤ ਨਾ ਹੋਵੇ ਕਿ ਗ਼ੈਰ-ਮਾਰਕਸਵਾਦੀ ਹੁੰਦਿਆਂ ਹੋਇਆਂ ਵੀ ਮਾਰਕਸਵਾਦ ਦੀ ਗੱਲ ਸੁਣ ਲਏ। ਅਮਰੀਕਾ ਵਿਚ ਜਦੋਂ ਕਦੀ ਕਿਸੇ Left Leader ਉਪਰ ਫਿਲਮ ਬਣਦੀ ਹੈ, ਮਾਲਕਮ ਐਕਸ ਉੱਤੇ ਬਣੀ, ਦੱਖਣ ਅਮਰੀਕਾ ਦਾ ਕਿਸਾਨ ਨੇਤਾ ਸੀ ਜ਼ਾਪਾਤਾ, ਉਸ 'ਤੇ ਫਿਲਮ ਬਣੀ, ਜਾਂ ਸਿਮੋਨ ਬੋਲੀਵਾਰ 'ਤੇ ਬਣਦੀ ਹੈ ਜਾਂ ਜਰਮਨੀ ਵਿਚ ਸਸੋਫ਼ੀ ਸ਼ੋਲ ਨਾਕਮ ਇਕ ਲੜਕੀ ਉੱਤੇ, ਜਿਸਨੇ ਹਿਟਲਰ ਦੇ ਖ਼ਿਲਾਫ਼ ਬਿਲਕੁਲ ਅਜਿਹੀ ਮੁਹਿੰਮ ਚਲਾਈ ਸੀ ਜਿਹੋ ਜਿਹੀ ਭਗਤ ਸਿੰਘ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਚਲਾਈ ਸੀ। ਉਸ ਉੱਤੇ ਇਕ ਫਿਲਮ ਬਣੀ ਤਾਂ ਵਿਚਾਰਧਾਰਾ ਪੱਖੋਂ ਅਸਹਿਮਤੀ ਹੁੰਦਿਆਂ ਹੋਇਆਂ ਵੀ ਉਸਨੂੰ ਸਲਾਹਿਆ ਜਾਂਦਾ ਹੈ। ਪਰ ਜਰਮਨੀ ਵਿਚ ਇਕ ਹਿਟਲਰ ਵਿਰੋਧੀ ਫਿਲਮ ਬਣਾਉਣਾ ਇਕ ਬਿਲਕੁਲ ਅਲਗ ਗੱਲ ਹੈ, ਭਾਰਤ ਵਿਚ ਭਗਤ ਸਿੰਘ ਦੇ ਪੱਖ ਵਿਚ ਜਾਂ ਮਾਰਕਸਵਾਦ ਦੇ ਪੱਖ ਵਿਚ ਫਿਲਮ ਬਣਾਉਣਾ ਬਿਲਕੁਲ ਅਲਗ ਗੱਲ। ਉਸ ਖਤਰੇ ਨੂੰ ਕਲਾਤਮਕ ਜਾਂ ਆਸਥਾਤਮਕ ਰੂਪ ਵਿਚ ਉਠਾਉਣ ਲਈ ਜਿਹੜੇ ਔਜ਼ਾਰ ਨੇ, ਉਹ ਨਾ ਅਜਯ ਦੇਵਗਨ ਕੋਲ ਨੇ, ਨਾ ਸਨੀ ਦਿਓਲ ਕੋਲ। ਅਜਿਹੀ ਫਿਲਮ ਸਿਰਫ ਭਗਤ ਸਿੰਘ ਦੇ ਕਾਰਨਾਮਿਆਂ ਉੱਤੇ ਨਾ ਰਹਿ ਕੇ ਉਸਦੇ ਬੌਦਿਕ ਵਿਕਾਸ, ਮਨੋਵਿਗਿਆਨਕ ਪੇਚੀਦਗੀਆਂ ਤੇ ਉਸਦੇ ਨਾਲ ਉਸਦੀ ਕਰਾਂਤੀਕਾਰਿਤਾ ਦੀ ਸੰਤੁਲਿਤ ਪ੍ਰਸਤੁਤਿ ਹੋਏਗੀ। ਇਹਨਾਂ ਤਿੰਨ ਪੱਖਾਂ ਨੂੰ ਸੰਤੁਲਿਤ ਕਰਕੇ ਕੋਈ ਕਲਪਨਾਸ਼ੀਲ ਫਿਲਮਕਾਰ ਫਿਲਮ ਬਣਾਏ ਤਾਂ ਭਗਤ ਸਿੰਘ ਦਾ ਅਸਲੀ ਸੁਨੇਹਾ ਪਹੁੰਚੇਗਾ। ਅਜੇ ਤਾਂ ਤੁਸੀਂ ਸਿਰਫ ਉਸਨੂੰ ਗਾਉਂਦੇ ਹੋਏ, ਨੱਚਦੇ ਹੋਏ, ਦੋਸਤਾਂ ਨਾਲ ਗਲ਼ੇ ਮਿਲਦੇ ਹੋਏ ਦਿਖਾਉਂਦੇ ਰਹਿੰਦੇ ਹੋ—ਪਰ ਭਗਤ ਸਿੰਘ, ਭਗਤ ਸਿੰਘ ਕਿਵੇਂ ਬਣਿਆ, ਇਹ ਨਹੀਂ ਦੱਸਦੇ।
--- --- ---

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-1 51202. (ਪੰਜਾਬ)
ਮੋਬਾਇਲ ਨੰ : 94177-30600.