Saturday, May 30, 2009

ਆਜ਼ੇਲੀਏ ਦੇ ਰੰਗੀਨ ਫੁੱਲ :: ਲੇਖਕਾ : ਸੁਸ਼ਮ ਬੇਦੀ

ਪ੍ਰਵਾਸੀ ਹਿੰਦੀ ਕਹਾਣੀ : ਅਜ਼ੇਲੀਏ ਰੰਗੀਨ ਫੁੱਲ :: ਲੇਖਕਾ : ਸੁਸ਼ਮ ਬੇਦੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਸਾਰੇ ਰਸਤੇ ਮੈਂ ਰੰਗ-ਬਿਰੰਗੇ ਫੁੱਲਾਂ ਦੀਆਂ ਝਾੜੀਆਂ ਵੱਲ ਦੇਖਦੀ ਆਈ ਸਾਂ ਤੇ ਸੋਚਦੀ ਰਹੀ ਸਾਂ ਕਿ ਇਹ ਕਿਹੜੇ ਫੁੱਲ ਹੋਏ !...ਦੂਰੋਂ ਦੇਖ ਕੇ ਬੋਗਨ ਵਿਲੀਆ ਦੀਆਂ ਝਾੜੀਆਂ ਦਾ ਭਰਮ ਹੁੰਦਾ ਸੀ ਤੇ ਕੋਲ ਆਓ ਤਾਂ ਉਹਨਾਂ ਨਾਲੋਂ ਕਿਤੇ ਵੱਧ ਖ਼ੂਬਸੂਰਤ ! ਕਿਤੇ ਵੱਧ ਖਿੜਵਾਂ ਰੰਗ ! ਆਕਾਰ ਵੀ ਮੋਹਕ…ਤੇ ਖ਼ੂਬ ਸੰਘਣੇ ਗੁੱਛੇ। ਜਦੋਂ ਕਾਲਜ ਦੇ ਕੈਂਪਸ ਵਿਚ ਪਹੁੰਚੇ ਤਾਂ ਉੱਥੇ ਵੀ ਇਹੀ, ਦੂਰ ਦੂਰ ਤੱਕ ਫੈਲੀ ਹਰਿਆਲੀ ਵਿਚਕਾਰ, ਗੁਲਦਸਤਿਆਂ ਵਾਂਗ ਸਜੇ ਹੋਏ ਸਨ। ਮੈਥੋਂ ਰਿਹਾ ਨਾ ਗਿਆ। ਖਾਸ ਤੌਰ 'ਤੇ ਪ੍ਰਿੰਸੀਪਲ ਦੀ ਪਤਨੀ ਦੇ ਨਾਲ ਉਹਨਾਂ ਦੇ ਘਰ ਵੱਲ ਜਾਂਦਿਆਂ ਹੋਇਆਂ ਜਦੋਂ ਉਹਨਾਂ ਦੇ ਘਰ ਦੇ ਬਾਹਰ ਵੀ ਓਹੋ-ਜਿਹੀਆਂ ਝਾੜੀਆਂ ਦਿਸੀਆਂ ਤਾਂ ਮੈਂ ਪੁੱਛ ਈ ਲਿਆ, "ਫੁੱਲਾਂ ਦੇ ਅਜਿਹੇ ਝਾੜ ਮੈਂ ਪਹਿਲਾਂ ਕਦੀ ਨਹੀਂ ਵੇਖੇ…ਨਾ ਈ ਅਜਿਹੇ ਚਮਕੀਲੇ ਨੀਲੇ, ਨਾਰੰਗੀ, ਗੁਲਾਬੀ ਤੇ ਸਫ਼ੈਦ ਰੰਗ ! ਕਿਹੜੇ ਫੁੱਲ ਨੇ ਇਹ ?"

ਮਿਸੇਜ ਮਿਲਰ ਨੇ ਬੜੇ ਸਹਿਜ ਨਾਲ ਕਿਹਾ, "ਆਜ਼ੇਲੀਆ। ਬਸੰਤ ਰੁੱਤ ਵਿਚ ਖ਼ੂਬ ਖਿੜਦੇ ਨੇ ਤੇ ਬਿਨਾਂ ਕਿਸੇ ਖਾਸ ਮਿਹਨਤ ਦੇ… ਇਸੇ ਲਈ ਤੁਹਾਨੂੰ ਸਭ ਪਾਸੇ ਦਿਖਾਈ ਦੇ ਰਹੇ ਨੇ।"

"ਦੂਰੋਂ ਦੇਖ ਕੇ ਮੈਂ ਇਹਨਾਂ ਨੂੰ ਬੋਗਨ ਵਿਲੀਆ ਈ ਸਮਝਦੀ ਰਹੀ।"

"ਹਾਂ, ਬਹੁਤਿਆਂ ਨੂੰ ਹੋ ਜਾਂਦਾ ਏ, ਇਹ ਭਰਮ…ਖਾਸ ਕਰਕੇ ਹਿੰਦੁਸਤਾਨੀਆਂ ਨੂੰ।" ਉਹ ਮੁਸਕਰਾਈ।

ਤਾਂ ਇਸ ਇਲਾਕੇ ਦਾ ਖਾਸ ਫੁੱਲ ਏ ਇਹ। ਪਰ ਫੇਰ ਵੀ ਉਸਦੇ ਗਿਆਨ ਤੋਂ ਪ੍ਰਭਾਵਿਤ ਹੋ ਗਈ ਸਾਂ ਮੈਂ। ਆਪਣੇ ਮਾਹੌਲ ਵਿਚ ਕਿੰਨੀ ਰਚੀ-ਮਿਚੀ ਹੋਈ ਏ। ਸ਼ਾਇਦ ਉਹ ਆਪ ਵੀ ਤਾਂ ਇਹਨਾਂ ਆਜ਼ੇਲੀਏ ਦੇ ਫੁੱਲਾਂ ਵਰਗੀ ਈ ਏ…ਇਸ ਧਰਤੀ ਉੱਪਰ, ਇਸ ਮਾਹੌਲ ਵਿਚ, ਪੂਰੇ ਅਧਿਕਾਰ ਨਾਲ ਵੱਸੀ ਹੋਈ।

ਉਹ ਮੈਨੂੰ ਪਿਛਲੇ ਦਰਵਾਜ਼ੇ ਰਾਹੀਂ ਘਰ ਦੇ ਅੰਦਰ ਲੈ ਗਈ। ਮੈਂ ਉਸਦੇ ਪਿੱਛੇ-ਪਿੱਛੇ ਤੁਰਦੀ ਹੋਈ ਵੀ ਉਸਦੀ ਫੁਲਵਾੜੀ ਨੂੰ ਈ ਦੇਖਦੀ ਰਹੀ ਸਾਂ ਤੇ ਸੋਚਦੀ ਰਹੀ ਸਾਂ ਕਿ ਅਜਿਹੇ ਖ਼ਾਨਦਾਨੀ ਤੇ ਅਮੀਰ ਅਮਰੀਕੀਆਂ ਦੇ ਕਾਲਜ ਦੇ ਪ੍ਰਿੰਸੀਪਲ ਦਾ ਘਰ ਤਾਂ ਖਾਸ ਹੋਏਗਾ ਈ…ਇਹ ਔਰਤ ਵੀ ਖਾਸ ਈ ਹੋਏਗੀ, ਜਿਸ ਨਾਲ ਪ੍ਰਿੰਸੀਪਲ ਨੇ ਸ਼ਾਦੀ ਕੀਤੀ ਹੋਈ ਏ।

ਘਰ ਸੱਚਮੁੱਚ ਹੀ ਖਾਸ ਸੀ। ਉੱਚੀਆਂ ਉੱਚੀਆਂ ਛੱਤਾਂ ਵਾਲਾ ਵਿਕਟੋਰੀਆ ਸ਼ੈਲੀ ਦਾ ਘਰ, ਜਿਸਨੂੰ ਬੜੇ ਈ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਸਾਰੀ ਸਜਾਵਟ ਉੱਪਰ ਅੰਗਰੇਜ਼ੀਅਤ ਦੀ ਜਗ੍ਹਾ ਏਸ਼ੀਆਈ ਛਾਪ ਸੀ। ਦਰਅਸਲ ਏਸ਼ੀਆ ਦੇ ਹਰ ਦੇਸ਼ ਦੀ ਕਲਾ ਦੇ ਖ਼ੂਬਸੂਰਤ ਨਮੂਨੇ ਉੱਥੇ ਮੌਜ਼ੂਦ ਸਨ…ਤਿੱਬਤ ਦੇ ਥਕਾ, ਇੰਡੋਨੇਸ਼ੀਆ ਦੀਆਂ ਕਠਪੁਤਲੀਆਂ, ਜਾਪਾਨ ਦੇ ਜੈਨ-ਬੁੱਧ, ਭਾਰਤ ਦੀਆਂ ਚੋਲ-ਮੂਰਤੀਆਂ ਤੇ ਸ਼੍ਰੀਲੰਕਾ ਦੇ ਮੁਖੌਟੇ। ਸਭੋ ਕੁਝ ਹੈ ਸੀ ਪਰ ਫੇਰ ਵੀ ਚੀਜ਼ਾਂ ਦਾ ਗਾਹ ਨਹੀਂ ਮਾਰਿਆ ਹੋਇਆ ਲੱਗ ਰਿਹਾ ਸੀ। ਹਰ ਕਲਾਕ੍ਰਿਤੀ ਦਾ ਆਪਣਾ ਕੋਨਾਂ ਸੀ, ਆਪਣੀ ਜਗ੍ਹਾ...ਤੇ ਉਸ ਵਿਸ਼ਾਲ ਭਵਨ ਵਿਚ ਜਗ੍ਹਾ ਦੀ ਕਮੀ ਤਾਂ ਹੈ ਨਹੀਂ ਸੀ। ਇਸ ਲਈ ਸਜਾਵਟ ਵੀ ਸਿਰਫ ਬੈਠਕ ਤਕ ਸੀਮਤ ਨਹੀਂ ਸੀ। ਖਾਣੇ ਤੇ ਪੜ੍ਹਨ ਵਾਲੇ ਕਮਰਿਆਂ ਦੀ ਸਜਾਵਟ ਵੀ ਵਿਸ਼ੇਸ਼ ਸੀ। ਸੌਣ ਵਾਲੇ ਕਮਰੇ ਕਿਉਂਕਿ ਉਪਰਲੀ ਮੰਜ਼ਲ ਉੱਤੇ ਸਨ ਇਸ ਲਈ ਅਸੀਂ ਉੱਥੇ ਨਹੀਂ ਗਏ…ਬਾਕੀ ਸਾਰਾ ਘਰ, ਬੈਠਣ ਤੋਂ ਪਹਿਲਾਂ ਈ, ਮਿਸੇਜ ਮਿਲਰ ਨੇ ਦਿਖਾਅ ਦਿੱਤਾ ਸੀ। ਦਰਅਸਲ ਬਾਹਰ ਈ ਮੈਂ ਫੁੱਲਾਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ, ਇਸ ਲਈ ਉਹਨੂੰ ਲੱਗਿਆ ਕਿ ਘਰ ਦੀਆਂ ਹੋਰ ਚੀਜ਼ਾਂ ਵਿਚ ਵੀ ਮੇਰੀ ਰੂਚੀ ਜ਼ਰੂਰ ਹੋਏਗੀ ; ਸੋ ਘਰ ਦਿਖਾਉਂਦਿਆਂ ਹੋਇਆਂ, ਵਿਸਥਾਰ ਨਾਲ, ਉਹ ਮੈਨੂੰ ਦੱਸਦੀ ਰਹੀ ਕਿ ਕਿਹੜੇ ਕਿਹੜੇ ਏਸ਼ੀਆਈ ਦੇਸ਼ਾਂ ਵਿਚ ਉਹ ਆਪਣੇ ਪਤੀ ਨਾਲ ਗਈ ਤੇ ਉੱਥੋਂ ਇਹ ਖਰੀਦ ਕੀਤੀ। ਉਂਜ ਉਸਦੇ ਦੱਸਣ ਵਿਚ ਕੋਈ ਉਤਸਾਹ ਨਹੀਂ ਸੀ…ਇਕ ਟੂਰਿਸਟ ਗਾਈਡ ਵਾਂਗ ਰਟੇ-ਰਟਾਏ ਵਾਕਾਂ ਦੀ ਸ਼ੁੱਧ ਪੇਸ਼ਕਾਰੀ ਸੀ ਬਸ। ਮੇਰਾ ਧਿਆਨ ਫੇਰ ਉਸਦੇ ਚਿਹਰੇ-ਮੋਹਰੇ ਤੇ ਪਹਿਰਾਵੇ ਵੱਲ ਚਲਾ ਗਿਆ ਤੇ ਮੈਂ ਉਸ ਘਰ ਦੇ ਨਾਲ ਉਸਦਾ ਤਾਲ-ਮੇਲ ਬਿਠਾਉਣ ਲੱਗ ਪਈ। ਉਂਜ ਉਸਦਾ ਬਦਾਮੀ ਰੰਗ ਦਾ ਰੇਸ਼ਮੀ ਕੁਰਤਾ, ਚੂੜੀਦਾਰ ਪਾਜਾਮਾ ਤਾਂ ਇਸ ਮਾਹੌਲ ਦੇ ਨਾਲ ਮੇਲ ਖਾਂਦਾ ਸੀ ਪਰ ਉਸ ਪਠਾਨੀ ਚਿਹਰੇ ਉੱਤੇ ਇਕ ਪੰਜਾਬਣ ਜੱਟੀ ਵਰਗਾ ਰੋਅਬ-ਦਾਅਬ ਸੀ, ਜਿਹੜਾ ਸੁਚੱਜੇ ਢੰਗ ਨਾਲ ਕੱਟੇ ਹੋਏ ਵਾਲਾਂ ਦੇ ਬਾਵਜੂਦ ਅਮਰੀਕੀ ਸਭਿਅਕ ਮੁਖੌਟੇ ਨੂੰ ਪਾੜ ਕੇ ਬਾਹਰ ਆ ਜਾਂਦਾ ਸੀ। ਉਸ ਚਿਹਰੇ ਨੂੰ ਮੈਂ ਸੁੰਦਰ ਵੀ ਨਹੀਂ ਕਹਿ ਸਕਦੀ। ਇਸ ਲਈ ਮੈਂ ਹੈਰਾਨ ਹੁੰਦੀ ਰਹੀ ਕਿ ਕੀ ਸੀ ਇਸ ਔਰਤ ਵਿਚ ਜਿਹੜਾ ਇਸ ਕਾਲਜ ਦੇ ਅਮਰੀਕੀ ਨਸਲ ਦੇ ਪ੍ਰਿੰਸੀਪਲ ਨੂੰ ਏਨਾ ਪਸੰਦ ਆ ਗਿਆ ਸੀ ਕਿ ਉਹਨਾਂ ਦੇ ਵਿਆਹ ਦਾ ਸਬੱਬ ਬਣ ਗਿਆ ਸੀ। ਕਿਉਂਕਿ ਹੁਣ ਤਕ ਮੈਂ ਜਿਹਨਾਂ ਬੰਗਾਲੀ ਪਰਿਵਾਰਾਂ ਦੀਆਂ ਔਰਤਾਂ ਨੂੰ ਅਮਰੀਕੀਆਂ ਨਾਲ ਵਿਆਹੀਆਂ ਦੇਖਿਆ ਸੀ ਤੇ ਉਹ ਸਾਰੀਆਂ ਆਪਣੇ-ਆਪ ਵਿਚ ਬੜੀਆਂ ਠੋਸ, ਇੰਗਲੈਂਡ ਦੀ ਰਾਣੀ ਦੀ ਸ਼ੈਲੀ ਦੀ ਅੰਗਰੇਜ਼ੀ ਬੋਲਣ ਵਾਲੀਆਂ ਤੇ ਲੋਹੜੇ ਦੀਆਂ ਰੂਪਮਤੀਆਂ ਸਨ। ਮਿਸੇਜ ਮਿਲਰ ਤਾਂ ਅੰਗਰੇਜ਼ੀ ਵੀ ਪੰਜਾਬੀ ਲਹਿਜ਼ੇ ਵਿਚ ਬੋਲਦੀ ਸੀ…ਫੇਰ ਕੀ ਸੀ ? ਕੀ ਕਿਸੇ ਕਿਸਮ ਦਾ ਯੋਨ-ਅਕਰਖਣ ! ਸ਼ਾਇਦ ਉਹ ਦੀਆਂ ਬਿੱਲੀਆਂ ਅੱਖਾਂ ਤੇ ਗੋਰੇ ਰੰਗ ਕਰਕੇ, ਉਹ ਉਹਨਾਂ ਨੂੰ ਅਮਰੀਕੀ ਲੱਗੀ ਹੋਏ…ਤੇ ਬਾਕੀ ਸਭ ਕੁਝ ਉਹਦਾ ਨਵਾਂਪਨ ! ਜਾਂ ਸ਼ਾਇਦ ਉਹਦੀ ਉਹ ਕਿਸਾਨੀ ਨੁਹਾਰ, ਗੁਲਾਬ ਵਾਂਗ ਭਖ਼ਦੇ ਰੰਗ ਦੀ ਤਾਜ਼ਗੀ ਤੇ ਲੰਮਾਂ-ਝੰਮਾਂ ਕੱਦ-ਕਾਠ, ਜਿਹੜਾ ਆਪਣੇ ਆਪ ਵਿਚ ਹਿੰਦੁਸਤਾਨੀ ਖ਼ੂਰਸੂਰਤੀ ਦੀ ਮਿਸਾਲ ਸੀ ! ਉਂਜ ਜੇ ਉਹ ਹਿੰਦੁਸਤਾਨ ਵਿਚ ਹੁੰਦੀ ਤਾਂ ਮੈਂ ਪਹਿਲੀ ਨਜ਼ਰ ਵਿਚ ਉਸਨੂੰ ਕਿਸੇ ਪੁਲਿਸ ਇੰਸਪੈਕਟਰ ਜਾਂ ਸੂਬੇਦਾਰ ਦੀ ਪਤਨੀ ਈ ਸਮਝਦੀ।

"ਚਾਹ ਲਓਗੇ ?" ਉਹ ਪੁੱਛ ਰਹੀ ਸੀ।

"ਕਸ਼ਟ ਨਹੀਂ ਹੋਏਗਾ ਬਣਾਉਣ ਵਿਚ ?" ਮੈਂ ਸਭਿਅਤਾ ਨਾਤੇ ਕਹਿ ਦਿੱਤਾ ਸੀ ਵਰਨਾ ਚਾਹ ਦਾ ਬੜਾ ਮੂਡ ਸੀ।

"ਕਸ਼ਟ ਕੇਹਾ !" ਤੇ ਉਹ ਕਿਚਨ ਵੱਲ ਤੁਰ ਗਈ। ਮੈਂ ਉਸਦੇ ਜਾਣ ਪਿੱਛੋਂ ਬੈਠਕ ਦੀਆਂ ਚੀਜ਼ਾਂ ਨੂੰ ਹੋਰ ਵੀ ਧਿਆਨ ਨਾਲ ਦੇਖਣ ਲੱਗ ਪਈ। ਸ਼ਾਇਦ ਇਹ ਸਾਰੀਆਂ ਕਲਾ-ਕ੍ਰਿਤਾਂ ਪ੍ਰੋਫ਼ੈਸਰ ਮਿਲਰ ਨੇ ਖ਼ਰੀਦੀਆਂ ਹੋਣਗੀਆਂ। ਕੀ ਇਹਨਾਂ ਦੀ ਸਜਾਵਟ ਦਾ ਸਲੀਕਾ ਵੀ ਉਹਨਾਂ ਦੀ ਰਾਏ ਅਨੁਸਾਰ ਈ ਸੀ ! ਪਰ ਮਿਸੇਜ ਮਿਲਰ ਵੀ ਜਿਸ ਸਹਿਜ ਨਾਲ ਇਹਨਾਂ ਸਾਰੀਆਂ ਵਸਤਾਂ ਨਾਲ ਜੁੜੀ ਹੋਈ ਏ ਉਸ ਤੋਂ ਤਾਂ ਇੰਜ ਨਹੀਂ ਲੱਗਦਾ ਕਿ ਘਰ ਉਹਨਾਂ ਖ਼ੁਦ ਸਜਾਇਆ-ਸੰਵਾਰਿਆ ਨਹੀਂ…

ਉਹ ਕੁਝ ਪਲਾਂ ਵਿਚ ਈ ਟਰੇ ਵਿਚ ਚਾਹ ਸਜਾ ਕੇ ਬੈਠਕ ਵਿਚ ਲੈ ਆਈ। ਸੁਨਹਿਰੀ ਲਕੀਰਾਂ ਵਾਲਾ, ਬੜੀ ਮਹਿੰਗੀ ਤੇ ਵਧੀਆ ਕਿਸਮ ਦੀ ਇੰਗਲਿਸ਼-ਚੀਨੀ ਦਾ ਟੀ-ਸੈੱਟ ਸੀ ਉਹ। ਕੇਤਲੀ ਉੱਤੇ ਪੰਜਾਬੀ ਫੁਲਕਾਰੀ ਦੀ ਕਢਾਈ ਵਾਲੀ ਟਿਕੋਜੀ ਚੜ੍ਹੀ ਹੋਈ ਸੀ। ਕਾਫੀ-ਮੇਜ਼ ਉੱਤੇ ਟਰੇ ਰੱਖ ਕੇ ਉਹ ਬੜੇ ਸਲੀਕੇ ਨਾਲ ਉਹਨਾਂ ਸੁਨਹਿਰੀ ਧਾਰੀਆਂ ਵਾਲੀਆਂ ਪਿਆਲੀਆਂ ਵਿਚ ਚਾਹ ਪਾਉਣ ਲੱਗ ਪਈ। ਇਕ ਤਸ਼ਤਰੀ ਵਿਚ ਬਿਸਕੁਟ ਵੀ ਸਨ।

"ਭਾਰਤ ਜਾਂਦੇ ਰਹਿੰਦੇ ਓ ਤੁਸੀਂ ?" ਇਹ ਸਵਾਲ ਮੈਂ ਪੁੱਛਿਆ ਸੀ।

"ਏਨੇ ਸਾਲ ਤਾਂ ਅਸੀਂ ਲੋਕ ਭਾਰਤ ਵਿਚ ਈ ਰਹੇ ਆਂ। ਇਹ ਨਿਕ ਫਾਊਂਡੇਸ਼ਨ ਦੇ ਹੈਡ ਸੀ ਨਾ ਉੱਥੇ।…ਅਜੇ ਪੰਜ ਸਾਲ ਈ ਹੋਏ ਨੇ ਏਥੇ ਆਇਆਂ। ਕੋਈ ਖਾਸ ਨਹੀਂ ਜਾਂਦੀ, ਉੱਜ ਵੀ…।"

ਉਹਦਾ 'ਉਂਜ ਵੀ' ਮੇਰੀਆਂ ਅੱਖਾਂ ਵਿਚ ਸਵਾਲ ਬਣ ਕੇ ਟੰਗਿਆ ਗਿਆ ਸੀ, ਸ਼ਾਇਦ ਇਸੇ ਲਈ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ---"ਉੱਥੇ ਜਾ ਕੇ ਮਨ ਖ਼ਰਾਬ ਹੋ ਜਾਂਦਾ ਏ…ਸਾਰੇ ਲੋਕ ਬਸ ਰੋਂਦੇ-ਧੋਂਦੇ ਈ ਰਹਿੰਦੇ ਨੇ ! ਇੱਥੇ ਚੰਗਾ ਏ, ਲੋਕ ਸਿਰਫ ਉਪਰਲੇ ਮਨੋ ਗੱਲ ਕਰਦੇ ਨੇ…ਆਪਣੇ ਦੁੱਖਾਂ ਨੂੰ ਚੁੱਪ ਦੀ ਚਾਦਰ ਵਿਚ ਲਪੇਟੀ ਰੱਖਦੇ ਨੇ। ਇਕ ਹਫ਼ਤੇ ਲਈ ਗਈ ਸਾਂ…ਸਿਰਫ ਰੋਣੇ ਈ ਸੁਣਦੀ ਰਹੀ। ਮਨ ਉੱਖੜ ਗਿਆ।"

ਮੈਂ ਗੌਰ ਕੀਤਾ ਕਿ ਮੇਰੇ ਲਗਾਤਾਰ ਹਿੰਦੀ ਵਿਚ ਸਵਾਲ ਪੁੱਛਣ ਦੇ ਬਾਵਜ਼ੂਦ, ਉਹ ਅੰਗਰੇਜ਼ੀ ਵਿਚ ਉੱਤਰ ਦੇਂਦੀ ਰਹੀ ਸੀ।

"ਓਥੇ ਜਾਂ ਤਾਂ ਕੋਈ ਨਾ ਕੋਈ ਮਰਦਾ ਰਹਿੰਦਾ ਏ, ਜਾਂ ਬਿਮਾਰ ਜਾਂ ਆਰਥਕ ਚਿੰਤਾਵਾਂ ਵਿਚ ਡੁੱਬਿਆ ਹੁੰਦਾ ਏ…ਮੈਂ ਭਾਰਤ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ; ਇੱਥੋਂ ਦੀ ਬਣ ਕੇ ਰਹਿਣਾ ਚਾਹੁੰਦੀ ਹਾਂ।"

"ਤੁਹਡਾ ਪਰਿਵਾਰ ਕਿੱਥੇ ਈ ?"

"ਵੈਸੇ ਤਾਂ ਨਾਭੇ ਵਿਚ ਏ…ਪਰ ਹੁਣ ਮਾਂ-ਬਾਪ ਨਹੀਂ ਰਹੇ…ਬਸ, ਭਰਾ-ਭੈਣਾ ਨੇ।"

"ਕਿੰਨੇ ਭਰਾ-ਭੈਣਾ ਓ ?"

"ਅੱਠ…ਤਿੰਨ ਭੈਣ, ਪੰਜ ਭਰਾ।"

"ਕੀ ਕਰਦੇ ਨੇ ?"

"ਸਭ ਆਪੋ-ਆਪਣੀ ਜਗ੍ਹਾ ਸੈਟਲ ਨੇ…ਉੱਥੇ ਪੰਜਾਬ ਵਿਚ ਈ। ਇਕ ਪੁਲਿਸ ਇੰਸਪੈਕਟਰ ਸੀ…ਟੈਰੇਰਿਸਟਾਂ ਨੇ ਹੱਤਿਆ ਕਰ ਦਿੱਤੀ…ਉਸਦੀ ਪਤਨੀ, ਬੱਚੇ ਦੂਜਿਆਂ ਨਾਲ ਰਹਿ ਰਹੇ ਨੇ।"

ਮੇਰੀ ਹੋਰ ਪੁੱਛਣ ਦੀ ਹਿੰਮਤ ਨਹੀਂ ਪਈ। ਗੱਲਾਂ ਦੀ ਰੌਅ ਬਦਲਣ ਖਾਤਰ ਮੈਂ ਕਿਹਾ, "ਤੁਹਾਡੀ ਪ੍ਰੋਫ਼ੈਸਰ ਮਿਲਰ ਨਾਲ ਮੁਲਾਕਾਤ ਕਿੰਜ ਹੋਈ…?"

"ਇਕ ਕੈਂਪ ਵਿਚ...ਇਹ ਆਪਣੀ ਐਂਥੋਪਾਲੋਜ਼ੀ ਦੇ ਸਿਲਸਿਲੇ ਵਿਚ ਉੱਥੇ ਆਏ ਸਨ। ਮੈਂ ਬੱਚਿਆਂ ਨੂੰ ਪੜ੍ਹਾਂਦੀ ਸਾਂ।"

"ਤੁਸੀਂ ਪੜ੍ਹਾਈ ਕਿੱਥੇ ਕੀਤੀ…?"

"ਉੱਥੇ ਈ…ਗੌਰਮਿੰਟ ਕਾਲਜ ਤੋਂ ਬੀ.ਏ. ਕੀਤੀ ਸੀ।"

ਹੁਣ ਮੁਲਾਕਾਤ ਦਾ ਹੋਰ ਖੁਲਾਸਾ ਲੈਣ ਦੀ ਮੇਰੀ ਹਿੰਮਤ ਨਹੀਂ ਸੀ ਹੋ ਰਹੀ, ਨਾ ਹੀ ਉਹ ਖ਼ੁਦ ਇਸ ਵਿਸ਼ੇ ਵਿਚ ਪਹਿਲ ਕਰ ਰਹੀ ਸੀ। ਇੰਜ ਲੱਗ ਰਿਹਾ ਸੀ ਕਿ ਉਸਨੂੰ ਇਸ ਵਿਸ਼ੇ ਦੇ ਵਿਸਥਾਰ ਵਿਚ ਜਾਣ ਦੀ ਕੋਈ ਰੂਚੀ ਨਹੀਂ, ਇਸ ਲਈ ਉਸਦੇ ਜਵਾਬ ਨਪੇ-ਤੁਲੇ ਈ ਸਨ। ਉਂਜ ਵੀ ਜਿਸ ਤਰ੍ਹਾਂ ਦੀ ਰਸਮੀ ਜਿਹੀ ਮੁਲਾਕਾਤ ਸੀ ਉਹ, ਉਸ ਵਿਚ ਅਜਿਹੇ ਸਵਾਲ ਪੁੱਛਣੇ ਠੀਕ ਵੀ ਨਹੀਂ ਸਨ। ਆਖ਼ਰ ਮੈਨੂੰ ਸਿਰਫ ਸਾੜ੍ਹੀ ਵਿਚ ਦੇਖ ਕੇ ਈ ਤਾਂ ਚਾਹ ਦਾ ਇਹ ਸੱਦਾ ਦਿੱਤਾ ਗਿਆ ਸੀ ; ਵਰਨਾ ਹੋਰ ਵਿਦਿਆਰਥੀਆਂ ਦੇ ਮਾਪੇ ਵੀ ਤਾਂ ਆਏ ਹੋਏ ਸਨ…ਕਿਸੇ ਨੂੰ ਵੀ ਤਾਂ ਨਹੀਂ ਸੀ ਬੁਲਾਇਆ ਗਿਆ। ਖਾਸ ਕਰਕੇ ਅੱਜ ਤਾਂ ਨਹੀਂ ਸੀ ਬੁਲਾਇਆ। ਜਦ ਕਿ ਸਾਰੇ ਸੀਨੀਅਰਜ਼ ਦੇ ਮਾਪੇ ਇਸ ਕਾਲਜ ਦੇ ਉਤਸਵ ਵਿਚ ਪਹੁੰਚੇ ਸਨ। ਸ਼ਾਇਦ ਇਹ ਮੇਰੀ ਦਿੱਲੀ ਦੇ ਖਜਾਨਾ ਤੋਂ ਖ਼ਰੀਦੀ ਹੋਈ ਸਾੜ੍ਹੀ ਦੇ ਪ੍ਰਿੰਟ ਦਾ ਕਮਾਲ ਸੀ। ਉਂਜ ਸਾੜ੍ਹੀ ਦੀ ਖ਼ੂਬਸੂਰਤੀ ਬਾਰੇ ਉਸਨੇ ਕੋਈ ਟਿੱਪਣੀ ਨਹੀਂ ਸੀ ਕੀਤੀ। ਨਾ ਹੀ ਉਸ ਲਈ ਉਸਦੀਆਂ ਅੱਖਾਂ ਵਿਚ ਕੋਈ ਖਾਸ ਖਿੱਚ ਸੀ। ਹਾਂ, ਸਾੜ੍ਹੀ ਨੇ ਉਸਦੇ ਮਨ ਵਿਚ ਇਕ ਉਥਲ-ਪੁਥਰ ਜ਼ਰੂਰ ਮਚਾ ਦਿੱਤੀ ਸੀ। ਤਾਂ ਹੀ ਤਾਂ ਉਹਦੀ ਨਿਗਾਹ ਮੇਰੇ ਉੱਤੇ ਅਟਕ ਗਈ ਸੀ ਤੇ ਉਹ ਪੁੱਛ ਬੈਠੀ ਸੀ, "ਕੀ ਤੁਸੀਂ ਸਾਡੇ ਕਿਸੇ ਵਿਦਿਆਰਥੀ ਦੇ ਮੰਮਾਂ ਓ ?" ਤੇ ਮੈਨੂੰ ਵੀ ਸੁਨਹਿਰੀ ਮੌਕਾ ਮਿਲ ਗਿਆ ਸੀ, ਆਪਣੀ ਸਾਰੀ ਜੁਗਿਆਸਾ ਨੂੰ ਸ਼ਾਂਤ ਕਰਨ ਦਾ। ਮੈਂ ਉਸ ਬਾਰੇ ਪਹਿਲਾਂ ਈ ਖਾਸਾ ਕੁਝ ਸੁਣਿਆ ਹੋਇਆ ਸੀ ਕਿ ਇਸ ਅੰਗਰੇਜ਼ੀ ਕਾਲਜ ਦੇ ਪ੍ਰਿੰਸੀਪਲ ਦੀ ਪਤਨੀ ਭਾਰਤੀ ਹੈ ਤੇ ਪੰਜਾਬੀ ਵੀ।

ਅਚਾਨਕ ਸਾਡੇ ਦੋਹਾਂ ਵਿਚਕਾਰ ਚੁੱਪ ਦਾ ਇਕ ਸਫ਼ੈਦ ਬੱਦਲ ਆ ਕੇ ਬੈਠ ਗਿਆ। ਮੈਨੂੰ ਘਬਰਾਹਟ ਹੋਣ ਲੱਗੀ…ਅਜਿਹੀ ਸਥਿਤੀ ਮੈਨੂੰ ਹਮੇਸ਼ਾ ਪ੍ਰੇਸ਼ਾਨ ਕਰ ਦੇਂਦੀ ਏ ਕਿ ਕਿਸੇ ਨਾਲ ਸਿਰਫ ਗੱਲਾਂ ਕਰਨ ਲਈ ਈ ਉਸਨੂੰ ਮਿਲਿਆ ਜਾਏ ਤੇ ਅਚਾਨਕ ਲੱਗੇ ਕਿ ਕਹਿਣ ਲਈ ਕੁਝ ਵੀ ਨਹੀਂ। ਪਰ ਛੇਤੀ ਹੀ ਮਿਸੇਜ ਮਿਲਰ ਨੇ ਮੈਨੂੰ ਇਸ ਔਖੀ ਸਥਿਤੀ ਵਿਚੋਂ ਕੱਢ ਲਿਆ---

"ਚਾਹ ਵਿਚ ਚੀਨੀ ਕਿੰਨੀ ਲਓਗੇ ਤੁਸੀਂ ?"

"ਚੀਨੀ ਨਹੀਂ ਲੈਂਦੀ…ਸਿਰਫ ਥੋੜ੍ਹਾ ਜਿਹਾ ਦੁੱਧ !"

"ਮੈਂ ਤਾਂ ਤਿੰਨ ਚਮਚ ਚੀਨੀ ਪਾਂਦੀ ਆਂ…ਬਿਨਾਂ ਚੋਖੇ ਦੁੱਧ ਤੇ ਤੇਜ਼ ਚੀਨੀ ਦੇ ਮੈਨੂੰ ਚਾਹ ਚੰਗੀ ਈ ਨਹੀਂ ਲੱਗਦੀ---ਲੋਕੀ ਅੱਖਾਂ ਪਾੜ-ਪਾੜ ਦੇਖਣ ਲੱਗ ਪੈਂਦੇ ਨੇ, ਏਥੇ ਏਨੀ ਚੀਨੀ ਪਾਂਦਿਆਂ ਦੇਖ ਕੇ…ਬਟ, ਆਈ ਡੋਂਟ ਕੇਅਰ !"

"ਸਵੇਰ ਦੇ ਪ੍ਰੋਗ੍ਰਾਮ 'ਚ ਗਏ ਸੌ ਨਾ ਤੁਸੀਂ ?"

ਉਹਨਾਂ ਛੋਟੀ ਜਿਹੀ 'ਹੂੰ' ਕਰ ਦਿੱਤੀ।

"ਮੈਨੂੰ ਤੁਸੀਂ ਦਿਖਾਈ ਨਹੀਂ ਦਿੱਤੇ…ਕੀ ਪ੍ਰਿੰਸੀਪਲ ਸਾਹਬ ਨਾਲ ਸੌਅ, ਸਟੇਜ ਉੱਤੇ ?"

"ਓਅ ਨਹੀਂ…ਮੈਂ ਉਸ ਕਿਸਮ ਦੀ 'ਪ੍ਰਿੰਸੀਪਲ-ਪਤਨੀ' ਦਾ ਰੋਲ ਨਹੀਂ ਨਿਭਾਉਂਦੀ। ਮੈਨੂੰ ਆਪਣੀ ਆਜ਼ਾਦੀ ਪਸੰਦ ਏ।"

"ਤਾਂ ਤੁਸੀਂ ਕਾਲਜ ਦੇ ਫ਼ੰਕਸ਼ਨ ਵਿਚ ਕਤਈ ਹਿੱਸਾ ਨਹੀਂ ਲੈਂਦੇ ?"

"ਜਿੰਨਾ ਲੈਣਾ ਪੈਂਦਾ ਏ, ਲੈਂਦੀ ਆਂ…ਪਰ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੂਜਿਆਂ ਉੱਪਰ ਲੱਦਣਾ ਮੈਨੂੰ ਕਤਹੀ ਪਸੰਦ ਨਹੀਂ, ਹੁਣ ਦੇਖੋ ਮੈਨੂੰ ਐਨਟਰਟੇਨ ਤਾਂ ਕਰਨਾ ਈ ਪੈਂਦਾ ਏ, ਸੋ ਆਏ ਦਿਨ ਕਾਲਜ ਬੋਰਡ ਦੇ ਮੈਂਬਰ ਜਾਂ ਦੂਸਰੇ ਜਿਹੜੇ ਕਾਲਜ ਦੇ ਨਜ਼ਰੀਏ ਨਾਲ ਮਹੱਤਵਪੂਰਨ ਹੁੰਦੇ ਨੇ ਉਹਨਾਂ ਲੋਕਾਂ ਲਈ ਡਿਨਰ ਵਗ਼ੈਰਾ ਕਰਦੀ ਆਂ ! ਪਰ ਇਸ ਤੋਂ ਵੱਧ ਇਨਵਾਲਵ ਹੋਣਾ ਮੈਨੂੰ ਸਹੀ ਨਹੀਂ ਲੱਗਦਾ। ਮੈਂ ਤਾਂ ਨਿਕ ਦੇ ਨਾਲ ਜ਼ਿਆਦਾ ਕਿਧਰੇ ਜਾਂਦੀ-ਆਉਂਦੀ ਵੀ ਨਹੀਂ…ਬਸ, ਜਿੰਨਾ ਜ਼ਰੂਰੀ ਹੋਏ…"

"ਜ਼ਰੂਰੀ-ਗ਼ੈਰ ਜ਼ਰੂਰੀ ਦਾ ਫੈਸਲਾ ਕੌਣ ਕਰਦਾ ਏ ?"

"ਕਾਫੀ ਦਿਲਚਸਪ ਸਵਾਲ ਏ ਤੁਹਾਡਾ…ਸ਼ਾਇਦ ਹਾਲਾਤ ਸਿਖਾਅ ਦੇਂਦੇ ਨੇ…ਇਕ ਸਹਿਜ ਗਿਆਨ ਦੇ ਦੇਂਦੇ ਨੇ, ਇਸ ਕਿਸਮ ਦੇ ਫੈਸਲਿਆਂ ਲਈ !...ਪਤਾ ਨਹੀਂ ਕਿੰਜ ਕਰਦੀ ਆਂ, ਇਹ ਫੈਸਲੇ…ਸ਼ਾਇਦ ਜਦੋਂ ਨਿਕ ਕਹਿ ਦੇਂਦਾ ਏ ਕਿ ਜਾਣਾ ਚਾਹੀਦਾ ਏ…। ਤੁਸੀਂ ਦੱਸੋ, ਤੁਹਾਨੂੰ ਵੀ ਤਾਂ ਜ਼ਿੰਦਗੀ ਵਿਚ ਕੀ ਜ਼ਰੂਰੀ ਏ, ਕੀ ਗ਼ੈਰਜ਼ਰੂਰੀ ਏ, ਦਾ ਫੈਸਲਾ ਪੈਰ ਪੈਰ ਤੇ ਕਰਨਾ ਪੈਂਦਾ ਹੋਵੇਗਾ…ਕਿੰਜ ਕਰਦੇ ਓ ?"

ਮੈਂ ਤ੍ਰਬਕ ਜਾਂਦੀ ਹਾਂ। ਸੱਚ ਏ, ਮੈਨੂੰ ਈ ਸਵਾਲ ਪੁੱਛਣ ਦਾ ਹੱਕ ਕਿਉਂ ਏਂ…ਉਹ ਵੀ ਸ਼ਾਇਦ ਮੇਰੇ ਪ੍ਰਤੀ ਓਨੀਂ ਈ ਜੁਗਿਆਸਾ ਰੱਖਦੀ ਏ, ਜਿੰਨੀ ਮੈਂ ਉਸਦੇ ਪ੍ਰਤੀ। ਸ਼ਾਇਦ ਜਾਣਨਾ ਚਾਹੁੰਦੀ ਹੋਵੇ ਕਿ ਭਾਰਤ ਦੇ ਕਿਹੜੇ ਹਿੱਸੇ ਨਾਲ ਜੁੜੀ ਹੋਈ ਹਾਂ ਮੈਂ, ਮੇਰੇ ਪਤੀ ਡਾਕਟਰ ਨੇ ਜਾਂ ਵਕੀਲ ਜਾਂ ਬਿਜਨੇਸ ਮੈਨ ! ਜਾਂ ਮੈਂ ਖ਼ੁਦ ਵੀ ਕਿਸੇ ਕਿੱਤੇ ਵਿਚ ਹਾਂ ਜਾਂ ਘਰੇਲੂ ਪਤਨੀ ਈ ਹਾਂ ! ਪਛਾਣ ਛਿਪਾਅ ਕੇ ਅਣਜਾਣ ਲੋਕਾਂ ਨਾਲ ਗੱਲ ਕਰਨ ਵਿਚ ਉਂਜ ਵੀ ਇਕ ਖਾਸ ਮਜ਼ਾ ਹੁੰਦਾ ਹੈ---ਇਸ ਲਈ ਮੈਂ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਮੈਂ ਵੀ ਉਹਨਾਂ ਵਾਂਗ ਹੀ ਇਕ ਕਾਲਜ ਵਿਚ ਅਧਿਆਪਕਾ ਹਾਂ।

ਉਹ ਉਡੀਕ ਕਰਨ ਲੱਗੀ, ਮੇਰੇ ਵੱਲੋਂ ਕੁਝ ਕਹੇ ਜਾਣ ਦੀ। ਮੈਨੂੰ ਇਕ ਹੋਰ ਸਵਾਲ ਸੁਝਿਆ, ਜਿਹੜਾ ਮੈਨੂੰ ਕਾਫੀ ਸਹੀ ਲੱਗਿਆ, "ਕੀ ਹਿੰਦੁਸਤਾਨੀ ਮਿੱਤਰ ਵੀ ਹੈਨ ਤੁਹਾਡੇ ?"

"ਓਥੇ ਹਿੰਦੁਸਤਾਨ ਵਿਚ ਬੜੇ ਲੋਕਾਂ ਨੂੰ ਜਾਣਦੀ ਸਾਂ, ਉਹੀ ਸਾਰੇ ਏਥੇ ਆਉਂਦੇ ਰਹਿੰਦੇ ਨੇ…ਕੋਈ ਨਵਾਂ ਮਿੱਤਰ ਇੱਥੇ ਆ ਕੇ ਨਹੀਂ ਬਣਾਇਆ…ਪਰ ਸਾਡੇ ਕੁਝ ਦੋਸਤਾਂ ਦੇ ਬੱਚੇ, ਇੱਥੇ ਕਾਲਜਾਂ ਵਿਚ ਪੜ੍ਹਦੇ ਨੇ…ਇਸ ਲਈ ਉਹ ਆਉਂਦੇ ਰਹਿੰਦੇ ਨੇ।"

"ਫੇਰ ਤਾਂ ਖਾਸੇ ਅਮੀਰ ਲੋਕ ਹੋਣਗੇ ਉਹ…ਏਥੇ ਆਉਣਾ-ਜਾਣਾ…?"

"ਬਿਲਕੁਲ…ਸਟਿਚਿੰਗ ਰਿੱਚ…ਪਰ ਹਿੰਦੁਸਤਾਨੀਆਂ ਦੀ ਇਕ ਗੱਲ ਸਮਝ ਨਹੀਂ ਆਉਂਦੀ…ਏਨਾ ਪੈਸਾ ਹੁੰਦੇ ਹੋਏ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਆਰਥਿਕ ਸਹਾਇਤਾ ਮੰਗਦੇ ਰਹਿੰਦੇ ਨੇ…ਮੇਰੀ ਆਪਣੀ ਇਕ ਸਹੇਲੀ ਏ, ਬੰਬਈ ਵਿਚ…ਲਿਖਦੀ ਏ ਉਸਨੂੰ ਇੱਥੇ…ਮੈਨੂੰ ਤਾਂ ਸੱਚਮੁੱਚ ਬੜੀ ਸ਼ਰਮ ਆਉਂਦੀ ਏ…ਮੈਂ ਜਾਣਦੀ ਆਂ ਕਿ ਕਰੋੜਾਂ ਵਿਚ ਖੇਡਣ ਵਾਲੇ ਲੋਕ ਨੇ ਇਹ…ਆਪਣੇ ਕੱਪੜਿਆਂ ਤੇ ਜੇਵਰਾਂ ਉੱਤੇ ਲੱਖਾਂ ਰੋੜ੍ਹ ਦੇਣਗੇ ਪਰ ਬੱਚੇ ਦੀ ਫੀਸ ਲਈ ਭੀਖ…!"

"ਪਰ ਏਥੇ ਫੀਸਾਂ ਵੀ ਤਾਂ ਏਨੀਆਂ ਵੱਧ ਨੇ…ਤੇ ਹਿੰਦੁਸਤਾਨੀ ਰੁਪਏ, ਡਾਲਰ ਦੇ ਤੋਲ ਵਿਚ ਏਨੇ ਘੱਟ…"

"ਸੋ ਤਾਂ ਮੈਂ ਜਾਣਦੀ ਆਂ…ਪਰ ਕਰੋੜਾਂ ਵਿਚ ਖੇਡਣ ਵਾਲੇ…"

ਉਂਜ ਮੇਰੀ ਆਪਣੀ ਬੱਚੀ ਨੇ ਏਥੇ ਪੜ੍ਹਨ ਲਈ ਕੋਈ ਸਹਾਇਤਾ ਨਹੀਂ ਲਈ ਹੋਈ, ਫੇਰ ਵੀ ਮੈਨੂੰ ਇਹ ਪੈਰਵੀ ਕਰਨੀ ਸਹੀ ਲੱਗੀ ਸੀ।

"ਜਾਣਦੀ ਆਂ ਮੈਂ…ਪੱਛਮੀ ਦੇਸ਼ਾਂ ਵਿਚ ਵੀ ਇਹ ਅਪਰਾਧ-ਬੋਧ ਏ ਕਿ ਤੀਜੀ ਦੁਨੀਆਂ ਦੇ ਬੂਤੇ 'ਤੇ ਈ ਉਹ ਵੀ ਅਮੀਰ ਬਣੇ ਨੇ, ਇਸ ਲਈ ਉਹਨਾਂ ਦੀ ਮਦਦ ਕਰਨਾ, ਇਹਨਾਂ ਦਾ ਨੈਤਿਕ ਫਰਜ਼ ਏ…ਪਰ ਕਦੋਂ ਤੀਕ ਭਰਦੇ ਰਹਿਣਗੇ ਇਹ ਹਰਜਾਨਾਂ ! ਤੇ ਕਦੋਂ ਤੀਕ ਅਸੀਂ ਇਹਨਾਂ ਅੱਗੇ ਹੱਥ ਪਸਾਰੀ ਬੈਠੇ ਰਹਾਂਗੇ ? ਮੈਨੂੰ ਤਾਂ ਹਿੰਦੁਸਤਾਨੀਆਂ ਦੇ ਰਵੱਈਏ 'ਤੇ ਬੜੀ ਸ਼ਰਮ ਆਉਂਦੀ ਏ…ਆਖ਼ਰ ਏਥੇ ਵੀ ਤਾਂ ਪੈਸਾ ਕੋਈ ਆਸਮਾਨ ਤੋਂ ਨਹੀਂ ਡਿੱਗਦਾ…ਸਾਰਿਆਂ ਦੀ ਮਿਹਨਤ ਨਾਲ ਈ ਆਉਂਦਾ ਏ…ਇੱਥੇ ਤਾਂ ਆਣਲਿਖਿਆ ਕਾਨੂੰਨ ਏਂ ਕਿ ਜਿਹਨਾਂ ਵਿਦਿਆਰਥੀਆਂ ਨੂੰ ਮਦਦ ਦਿੱਤੀ ਜਾਂਦੀ ਏ, ਨੌਕਰੀ ਲੱਗਣ ਪਿੱਛੋਂ ਉਹ ਆਪਣੇ ਕਾਲਜ ਦੀ ਆਰਥਿਕ ਸਹਾਇਤਾ ਕਰਦੇ ਨੇ…ਅੱਜ ਸਾਡੇ ਕਾਲਜ ਨੂੰ ਜਿਹੜੀ ਸਭ ਤੋਂ ਵੱਡੀ ਗਰਾਂਟ ਮਿਲ ਰਹੀ ਏ, ਉਹ ਇੱਥੋਂ ਦੇ ਇਕ ਪੁਰਾਣੇ ਵਿਦਿਆਰਥੀ ਦੀ ਕੰਪਨੀ ਦੇ ਰਹੀ ਏ…ਹਿੰਦੁਸਤਾਨੀ ਵਿਦਿਆਰਥੀ ਤਾਂ ਅਜਿਹੀ ਕੋਈ ਜ਼ਿਮੇਂਵਾਰੀ ਨਹੀਂ ਸਮਝਦੇ…ਸਿਰਫ ਲੈਣਾ ਈ ਜਾਣਦੇ ਨੇ।"

ਗੱਲ ਸਹੀ ਹੁੰਦੇ ਹੋਏ ਵੀ ਮੈਨੂੰ ਉਹਨਾਂ ਦੀ ਇਹ ਗੱਲ ਸੁਣ ਕੇ ਬੜੀ ਤਕਲੀਫ਼ ਹੋਈ ਸੀ…ਸ਼ਾਇਦ ਮੈਂ ਵਿਦੇਸ਼ ਵਿਚ ਬੈਠੀ ਕਿਸੇ ਹਿੰਦੁਸਤਾਨੀ ਦੇ ਮੂੰਹੋਂ, ਹਿੰਦੁਸਤਾਨੀਆਂ ਦੀਆਂ ਬੁਰਾਈਆਂ ਸੁਣਨ ਦੀ ਆਦੀ ਨਹੀਂ ਸਾਂ…ਹਿੰਦੁਸਤਾਨੀਆਂ ਨੂੰ ਮਿਲ ਕੇ, ਵਧੇਰੇ ਕਰਕੇ, ਖੱਟੀਆਂ-ਮਿੱਠੀਆਂ ਯਾਦਾਂ ਨੂੰ ਹੀ ਦੁਹਰਾਇਆ ਹੈ ਮੈਂ…ਜਾਂ ਫੇਰ ਰਾਜਨੀਤੀ ਦੀਆਂ ਗੱਲਾਂ ਛਿੜ ਪੈਂਦੀਆਂ ਨੇ। ਪਰ ਇਸ ਤਰ੍ਹਾਂ ਦੇ ਓਪਚਾਰਕ ਮਾਹੌਲ ਵਿਚ ਸਿਰਫ ਹਿੰਦੁਸਤਾਨੀ ਹੋਣ ਕਰਕੇ ਆ ਜਾਣ ਵਾਲੀ ਓਪਚਾਰਿਕਤਾ ਬੜੀ ਅਸੁਭਾਵਿਕ ਜਿਹੀ ਲੱਗੀ ਸੀ ਤੇ ਮੈਨੂੰ ਇਕ ਨੈਤਿਕ ਬੋਝ ਜਿਹਾ ਮਹਿਸੂਸ ਹੋਣ ਲੱਗ ਪਿਆ ਸੀ। ਖਾਸ ਤੌਰ ਤੇ ਇਸ ਲਈ ਵੀ ਮੈਂ ਕੁਝ ਓਪਰਾ-ਬਿਗਾਨਾਂ ਜਿਹਾ ਮਹਿਸੂਸ ਕਰਨ ਲੱਗ ਪਈ ਸਾਂ ਕਿ ਉਹਨਾਂ ਦੀਆਂ ਗੱਲਾਂ ਵਿਚ ਕੁਝ ਅਜਿਹੀ ਬੂ ਸੀ, ਜਿਹੜੀ ਉੱਚੇ ਤਬਕੇ ਦੇ ਅਮਰੀਕਨਾਂ ਵਿਚ ਹੁੰਦੀ ਏ…ਕੁਝ ਪੈਟ੍ਰਨਾਈਜ਼ ਕਰਨ ਦੀ, ਕੁਝ ਇਹ ਮੰਨ ਕੇ ਚੱਲਣ ਦੀ ਕਿ ਜੇ ਮੈਂ ਸਫਲ ਹੋ ਸਕਦਾ ਹਾਂ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ...ਤੇ ਜੇ ਨਹੀਂ ਹੁੰਦੇ ਤਾਂ ਇਹ ਉਹਨਾਂ ਵਿਚ ਕਮੀ ਹੈ ਤੇ ਇਸੇ ਲਈ ਉਹ ਉਸਦਾ ਫਲ ਭੋਗਦੇ ਪਏ ਨੇ ! ਜਦਕਿ ਮੇਰੀ ਆਪਣੀ ਪਰਵਰਿਸ਼ ਭਾਵੇਂ ਭਰੇ-ਪੂਰੇ ਪਰਿਵਾਰ ਵਿਚ ਹੋਈ ਸੀ, ਫੇਰ ਵੀ ਸਮਾਨਤਾ ਤੇ ਸਮਾਜਵਾਦ ਦੇ ਹੱਕ ਵਿਚ ਬੋਲਣਾ ਮੈਂ ਆਪਣੇ ਕਾਲਜ ਦੇ ਮਾਹੌਲ 'ਚੋਂ ਜਜ਼ਬ ਕੀਤਾ ਹੋਇਆ ਸੀ।

"ਹੁਣ ਤੁਸੀਂ ਹੀ ਦੱਸੋ ਕਿ ਏਸ਼ੀਆਈ ਦੇਸ਼ਾਂ ਨੂੰ ਸਹਾਇਤਾ ਦੇ ਕੇ ਜੇ ਅਮੀਰ ਬਣ ਜਾਣ ਪਿੱਛੋਂ ਵੀ ਇਹ ਲੋਕ ਆਪਣੇ ਕਾਲਜ ਦੀ ਸਹਾਇਤਾ ਨਾ ਕਰਨ ਤਾਂ ਫੇਰ ਤਾਂ ਇਹਨਾਂ ਕਾਲਜਾਂ ਦੇ ਆਰਥਿਕ ਸੋਮੇਂ ਬਿਲਕੁਲ ਹੀ ਸੁੱਕ ਜਾਣ…ਤੇ ਜੇ ਏਸ਼ੀਆਈਆਂ ਨੂੰ ਹੀ ਮਦਦ ਮਿਲਦੀ ਰਹੀ ਤੇ ਬਦਲ ਵਿਚ ਉਹਨਾਂ ਕੁਝ ਵੀ ਨਾ ਦਿੱਤਾ ਤਾਂ ਕਾਲਜ ਬੰਦ ਹੋ ਜਾਣ ਦੀ ਨੌਬਤ ਆ ਜਾਏਗੀ। ਅੱਜਕੱਲ੍ਹ ਕਾਲੇਜ-ਯੂਨੀਵਰਸਟੀਆਂ ਵਿਚ ਜਿਹੜਾ ਐਨਾਂ ਆਰਥਿਕ ਸੰਕਟ ਆ ਰਿਹਾ ਏ ਉਸਦੀ ਇਕ ਵਜ਼ਾਹ ਤਾਂ ਇਹੀ ਏ ਕਿ ਲੋਕਾਂ ਵਿਚ ਵੈਸੀ, ਦੇਣ ਦੀ ਪ੍ਰਵਿਰਤੀ ਨਹੀਂ ਰਹੀ…ਤੇ ਲੈਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਏ।"

ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਮੈਨੂੰ ਕਿਉਂ ਸੁਣਾਇਆ ਜਾ ਰਿਹਾ ਏ ! ਕਿਹੜੀ ਭੜਾਸ ਹੈ ਜਿਹੜੀ ਮੇਰੇ ਉੱਤੇ ਉਗਲੀ ਜਾ ਰਹੀ ਹੈ ! ਅਮਰੀਕਾ ਦੀ ਪੈਰਵੀ ਕਰਕੇ ਜਾਂ ਹਿੰਦੁਸਾਨੀਆਂ ਦੀ ਬੁਰਾਈ ਕਰਕੇ ਇਹ ਮੈਥੋਂ ਕੀ ਪ੍ਰਾਪਤ ਕਰਨ ਦੀ ਇੱਛਾ ਕਰ ਰਹੀ ਹੈ…ਸਿਰਫ ਹਮਦਰਦੀ ਜਾਂ ਫੇਰ ਕੋਈ ਕ੍ਰਿਆਸ਼ੀਲ ਮੁਹਿੰਮ ! ਜਾਂ ਕੁਝ ਹੋਰ ਪ੍ਰੇਸ਼ਾਨ ਕਰ ਰਿਹਾ ਏ ਇਹਨੂੰ ! ਮੇਰੀ ਸਹਿਜ ਬੁੱਧੀ ਅਛੋਪਲੇ ਹੀ ਬੋਲੀ, ਹੀਣ ਗ੍ਰੰਥੀ। ਪਰ ਕਿਸੇ ਨੇ ਜ਼ੋਰਦਾਰ ਥੱਪੜ ਕੱਢ ਮਾਰਿਆ, 'ਕਦੀ ਇੰਜ ਵੀ, ਬਿਨਾਂ ਪੜਤਾਲ ਕੀਤਿਆਂ ਫੈਸਲੇ ਕੀਤੇ ਜਾਂਦੇ ਨੇ ? ਇਹ ਸਭ ਸਰਲਤਾਵਾਦੀ ਦ੍ਰਿਸ਼ਟੀਕੋਣ ਏਂ…ਨਹੀਂ ਚੱਲਣਾ।' ਉਂਜ ਵੀ ਫਰਾਈਡ ਦੀ ਭਾਸ਼ਾ ਹੁਣ ਫੈਸ਼ਨ ਨਹੀਂ ਰਹੀ---ਲੋੜ ਨਾਲੋਂ ਵੱਧ ਘਿਸ-ਪਿਟ ਚੁੱਕੀ ਏ।

ਮੈਂ ਧੀਮੀ ਆਵਾਜ਼ ਵਿਚ ਪੁੱਛਿਆ, "ਤੁਹਾਡੇ ਖ਼ਿਆਲ ਵਿਚ ਹਿੰਦੁਸਤਾਨੀ ਇੱਥੋਂ ਦੇ ਸੁਖਾਂ-ਸੌਖਾਂ ਨੂੰ ਬਿਗਾਨਾਂ ਜਾਂ ਲੁੱਟ ਦਾ ਮਾਲ ਸਮਝ ਕੇ ਉਸਦਾ ਭੋਗ ਕਰਦੇ ਨੇ ? ਜਾਂ ਉਸਦੀ ਨਾਜਾਇਜ਼ ਵਰਤੋਂ ਕਰਦੇ ਨੇ ?...ਆਪਣਾ ਨਹੀਂ ਸਮਝਦੇ ?"

ਮੇਰਾ ਸਵਾਲ ਕੁਝ ਵਧੇਰੇ ਤਿੱਖਾ ਹੋ ਗਿਆ ਜਾਪਦਾ ਸੀ…ਉਹ ਬੋਖ਼ਲਾਅ ਜਿਹੀ ਗਈ।

"ਬਿਗਾਨੇ ਮਾਲ ਵਰਗਾ ਵਰਤਾਅ ਤਾਂ ਜ਼ਰੂਰ ਕਰਦੇ ਨੇ…ਤਦੇ ਲੁੱਟ-ਮਾਰ ਕਰਕੇ, ਹੂੰਝ-ਬੁਹਾਰ ਕੇ…ਭਾਵੇਂ ਵਾਜਿਬ ਢੰਗ ਨਾਲ ਹੀ ਸਹੀ, ਆਪਣਾ ਘਰ ਭਰਦੇ ਨੇ…ਆਪਣੇ ਨਾਲ ਵੱਧ ਤੋਂ ਵੱਧ ਹਿੰਦੁਸਤਾਨ ਲੈ ਜਾਣ ਦੀ ਪ੍ਰਵਿਰਤੀ, ਸਾਰਿਆਂ ਵਿਚ ਹੁੰਦੀ ਏ…ਪਰ ਜਿੱਥੋਂ ਤਕ ਆਪਣਾ ਸਮਝਣ ਦਾ ਸਵਾਲ ਹੈ…"

ਉਹ ਕੁਝ ਪਲ ਕਿਸੇ ਸੋਚ ਵਿਚ ਖ਼ੁੱਭੀ ਰਹੀ। ਸੱਜਾ ਹੱਥ ਕੁਝ ਉੱਪਰ ਉੱਠਿਆ, ਫੇਰ ਵਾਪਸ ਗੋਦ ਵਿਚ ਆ ਡਿੱਗਿਆ। ਜਿਵੇਂ ਸ਼ਬਦ ਲੱਭ ਰਹੀ ਹੋਵੇ…"ਆਪਣਾ ਸਮਝਣਾ ਜਾਂ ਆਪਣਾ ਹੋ ਸਕਣਾ…ਸ਼ਾਇਦ ਸੰਭਵ ਵੀ ਨਹੀਂ…"

ਮੈਂ ਹੈਰਾਨ ਜਿਹੀ ਹੋਈ ਉਸ ਵੱਲ ਦੇਖਦੀ ਰਹੀ।

"ਭਾਵੇਂ ਕੁਝ ਵੀ ਹੋ ਜਾਏ…ਆਪਣੇ ਤਾਂ ਹੋ ਨਹੀਂ ਸਕਦੇ ਇਹ…"

"ਇੰਜ ਕਿਉਂ ਕਹਿ ਰਹੇ ਓ ਤੁਸੀਂ ?"

"ਹੁਣ ਮੈਨੂੰ ਹੀ ਦੇਖ ਲਓ…ਵੀਹ ਸਾਲਾਂ ਦੀ ਵਿਆਹੀ ਹੋਈ ਆਂ, ਨਿਕ ਨਾਲ…ਅੱਜ ਵੀ ਕਿਸੇ ਨਵੇਂ ਆਦਮੀ ਨਾਲ ਮਿਲਦੀ ਆਂ ਤਾਂ ਪਹਿਲਾ ਸਵਾਲ ਇਹੋ ਪੁੱਛਦਾ ਏ---'ਕਿਸ ਦੇਸ਼ ਦੇ ਓ ਤੁਸੀਂ ?' ਇਕ ਗੱਲ ਦੱਸਾਂ ਤੁਹਾਨੂੰ…ਮੈਂ ਸੋਚਦੀ ਸਾਂ ਕਿ ਮੈਂ ਇੱਥੋਂ ਦੀ ਹੋ ਗਈ ਆਂ, ਅਸਲ ਵਿਚ ਇੱਥੋਂ ਦੀ ਬਣ ਕੇ ਰਹਿਣਾ ਚਾਹੁੰਦੀ ਹਾਂ। ਇਕ ਵਿਦੇਸ਼ੀ ਬਣ ਕੇ ਨਹੀਂ, ਅਮਰੀਕੀ ਬਣ ਕੇ।"

"ਫੇਰ ਇੰਜ ਕਿਉਂ ?"

"ਸਿੱਧੀ ਜਿਹੀ ਗੱਲ ਏ…ਤੁਹਾਡੇ ਅਮਰੀਕੀ ਬਣਨਾ ਚਾਹੁਣ ਨਾਲ ਕੀ ਹੁੰਦੈ ! ਅਸਲ ਗੱਲ ਤਾਂ ਫੇਰ ਈ, ਜੇ ਇਹ ਲੋਕ ਵੀ ਤੁਹਾਨੂੰ ਅਮਰੀਕੀ ਮੰਨਣ ! ਇਹ ਲੋਕ ਤਾਂ ਤੁਹਾਡੀ ਰੰਗਤ ਤੇ ਸ਼ਕਲ-ਸੂਰਤ ਵੇਖਦਿਆਂ ਹੀ ਪੁਛਣਗੇ ਕਿ 'ਕਿੱਥੋ ਦੇ ਓ ਤੁਸੀਂ ?' ਉਹਨਾਂ ਲਈ ਇਹ ਸਵਾਲ ਬੜਾ ਸਹਿਜ ਏ, ਪਰ ਸਵਾਲ ਸੁਣਦਿਆਂ ਹੀ ਦੂਸਰਿਆਂ ਦੀ ਕੈਟੇਗਰੀ ਵਿਚ ਜਾ ਖਲੋਂਦੇ ਓ ਤੁਸੀਂ…ਇੱਥੋਂ ਦੇ ਨਹੀਂ ਰਹਿੰਦੇ।"

ਮੈਂ ਇਕ ਟੱਕ ਵੇਖੀ ਜਾ ਰਹੀ ਸਾਂ ਉਸ ਵੱਲ ! ਇਹ ਵੀਹ ਸਾਲ ਪੁਰਾਣੀ ਪਤਨੀ ਕਹਿ ਰਹੀ ਏ ! ਉਹ ਪਤਨੀ ਜਿਹੜੀ ਉਹਨਾਂ ਦੀ ਭਾਸ਼ਾ ਬੋਲਦੀ ਏ, ਉਹਨਾਂ ਲਈ ਲੜਦੀ ਏ, ਉਹਨਾਂ ਦੀ ਪੈਰਵੀ ਕਰਦੀ ਏ, ਉਹਨਾਂ ਦੇ ਸਿਧਾਂਤ ਸਿਖਾਉਂਦੀ ਏ, ਫੇਰ ਵੀ ਉਹਨਾਂ ਦੇ ਸਮਾਜ ਦਾ ਹਿੱਸਾ ਨਹੀਂ !

ਬੜਾ ਅਜੀਬ ਜਿਹਾ ਲੱਗਿਆ। ਇਕ ਪਤਨੀ, ਇਕ ਪਾਸੇ ਆਦਮੀ ਦੇ ਜੀਵਨ ਵਿਚ ਸਭ ਕੁਝ ਹੁੰਦੀ ਹੈ। ਜੇ ਆਦਮੀ ਦੀ ਜਗ੍ਹਾ ਸਮਾਜ ਵਿਚ ਹੈ ਤਾਂ ਪਤਨੀ ਦੀ ਜਗ੍ਹਾ ਆਪਣੇ ਆਪ ਹੀ ਬਣ ਜਾਂਦੀ ਹੈ। ਫੇਰ ਨਿਕ ਤਾਂ ਖ਼ੁਦ ਵੀ ਭਾਰਤ ਦਾ ਬੜਾ ਹਿਮਾਇਤੀ, ਬੜਾ ਖੁੱਲ੍ਹਦਿਲਾ ਇਨਸਾਨ ਦਿਸਦਾ ਹੈ…ਆਪਣੇ ਭਾਸ਼ਣ ਵਿਚ ਵੀ ਉਸਨੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਉਸਦੇ ਕਾਲਜ ਵਿਚ ਏਸ਼ੀਆਈ ਵਿਸ਼ੇ ਪੜ੍ਹਾਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ, ਕਿਉਂਕਿ ਉਹ ਬਹੁਤ ਜ਼ਰੂਰੀ ਸਮਝਦਾ ਹੈ ਕਿ ਅਮਰੀਕੀ ਲੋਕ ਬਾਹਰਲੀ ਦੁਨੀਆਂ ਨੂੰ ਜਾਣਨ-ਸਮਝਣ। ਅਜਿਹੇ ਆਦਮੀ ਦੀ ਪਤਨੀ ਹੋ ਕੇ ਉਹ ਖ਼ੁਦ ਨੂੰ ਬਾਹਰਲੀ ਮਹਿਸੂਸ ਕਰ ਰਹੀ ਹੈ ! ਮੈਂ ਪੁੱਛ ਹੀ ਲਿਆ, "ਪਰ ਤੁਹਾਡੇ ਪਤੀ ਤਾਂ…"

"ਨਹੀਂ, ਪਤੀ ਦੀ ਗੱਲ ਨਹੀਂ…ਉਹ ਤਾਂ ਉਂਜ ਵੀ ਨਿਰਾਲੇ ਨੇ…ਉਹਨਾਂ ਜਿੰਨਾ ਉਦਾਰ ਇਨਸਾਨ ਮੈਂ ਕਦੀ ਨਹੀ ਦੇਖਿਆ। ਉਹਨਾਂ ਖ਼ੁਦ ਵੀ ਤਾਂ ਆਪਣੇ ਸਮਾਜ ਦਾ ਵਿਰੋਧ ਕਰਕੇ ਹੀ ਮੇਰੇ ਨਾਲ ਸ਼ਾਦੀ ਕੀਤੀ ਸੀ। ਨਿਕ ਦੇ ਮਾਂ-ਬਾਪ ਨੇ ਕਦੀ ਵੀ ਇਸ ਸ਼ਾਦੀ ਨੂੰ ਆਪਣਾ ਅਸ਼ੀਰਵਾਦ ਨਹੀਂ ਦਿੱਤਾ। ਜਦੋਂ ਸਮਾਜ ਦੀ ਰਜ਼ਾਮੰਦੀ ਹੀ ਨਹੀਂ ਸੀ ਤਾਂ ਕਿਸੇ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਵੀ ਕਿੰਜ ਕੀਤਾ ਜਾ ਸਕਦਾ ਹੈ…ਉਂਜ ਉਹ ਮਿਲਦੇ ਨੇ, ਫੇਰ ਬੱਚਿਆਂ ਨਾਲ ਵੀ ਪਿਆਰ ਕਰਦੇ ਨੇ…" ਕੁਝ ਲੱਭਦੀਆਂ ਜਿਹੀਆਂ ਉਹਦੀਆਂ ਅੱਖਾਂ, ਸ਼ੀਸ਼ੇ ਦੀ ਕੰਧ ਪਾਰ ਕਰਕੇ, ਆਜ਼ੇਲੀਏ ਦੇ ਨਾਰੰਗੀ ਫੁੱਲਾਂ ਦੀ ਝਾੜੀ ਉੱਪਰ ਟਿਕ ਗਈਆਂ---"ਜਾਣਦੇ ਓ ਮੈਨੂੰ ਕਿੰਜ ਲੱਗਦਾ ਈ…ਖਾਸ ਕਰਕੇ ਓਦੋਂ ਜਦੋਂ ਮੈਂ ਨਿਕ ਨਾਲ ਇਹਨਾਂ ਖਾਨਦਾਨੀ ਅਮਰੀਕਨਾ ਦੇ ਘਰ ਜਾਂਦੀ ਆਂ ?... ਨਹੀਂ, ਕਹਿੰਦਾ ਕੋਈ ਕੁਝ ਨਹੀਂ…ਪਰ ਉਹਨਾਂ ਅੱਖਾਂ ਵਿਚ ਇਕ ਭਾਵ ਅਟਕਿਆ ਹੁੰਦਾ ਹੈ ਕਿ ਮੈਂ ਨਿਕ ਦੀ ਕੋਈ ਗਲਤੀ ਹਾਂ, ਅਜਿਹੀ ਗਲਤੀ ਜਿਸਨੂੰ ਉਹ ਮੁਆਫ਼ ਕਰ ਸਕਦੇ ਨੇ---ਆਖ਼ਰ ਪਤਨੀ ਦੀ ਚੋਣ ਦੀ ਗਲਤੀ ਤਾਂ ਬਹੁਤ ਲੋਕਾਂ ਤੋਂ ਹੋ ਜਾਂਦੀ ਏ…ਪਰ ਉਸ ਪਤਨੀ ਨਾਲ ਨਿਭਾਉਣਾ, ਉਹਨਾਂ ਦੀ ਮਜ਼ਬੂਰੀ ਨਹੀਂ, ਪਤੀ ਦੀ ਹੈ। ਉਹ ਨਿਕ ਨੂੰ ਤਾਂ ਸਵੀਕਾਰ ਕਰਦੇ ਨੇ, ਕਿਉਂਕਿ ਉਹ ਉਹਨਾਂ ਵਿਚੋਂ ਹੀ ਹੈ…ਪਰ ਮੈਨੂੰ ਪਤਾ ਨਹੀਂ ਕਿੰਜ…ਉਹ ਅਹਿਸਾਸ ਕਰਵਾ ਹੀ ਦੇਂਦੇ ਨੇ ਕਿ ਮੈਂ ਉਹਨਾਂ ਵਿਚੋਂ ਨਹੀਂ। ਤੇ ਜੇ ਨਿਕ ਨੇ ਗਲਤੀ ਕੀਤੀ ਏ ਤਾਂ ਜਾਂ ਤਾਂ ਉਹ, ਉਸਦਾ ਸੁਧਾਰ ਕਰੇ ਜਾਂ ਫੇਰ ਖ਼ੁਦ ਹੀ ਭੁਗਤੇ…ਉਹਨਾਂ ਤੋਂ ਅਜਿਹੀ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਮੈਨੂੰ ਅੱਖਾਂ ਤੇ ਬਿਠਾਆਉਣਗੇ…ਸਿਰਫ ਇਸ ਲਈ ਕਿ ਉਹਨਾ ਦੇ ਸਮਾਜ ਦਾ ਇਕ ਵਿਅਕਤੀ ਝੱਲ ਮਾਰ ਬੈਠਾ ਹੈ।"

ਉਹ ਚਾਹ ਵਾਲੀ ਪਿਆਲੀ ਮੇਰੇ ਵੱਲ ਵਧਾਉਂਦੀ ਹੋਈ ਬੋਲੀ, "ਉਂਜ ਨਿਕ ਉਹਨਾਂ ਵਰਗਾ ਨਹੀਂ…ਬੜਾ ਵਿਦਰੋਹੀ ਸੁਭਾਅ ਦਾ ਸੀ…ਆਪਣੇ ਸਮਾਜ ਨਾਲੋਂ ਬੜਾ ਵੱਖਰਾ ਜਿਹਾ। ਤਦੇ ਤਾਂ ਮੇਰੇ ਨਾਲ ਨਿਭੀ। ਪਰ ਹੁਣ ਕੁਝ ਅਜੀਬ ਜਿਹਾ ਪਰਿਵਤਨ ਹੋ ਰਿਹਾ ਏ…ਇੰਜ ਲੱਗਦਾ ਏ ਜਿਵੇਂ ਹੁਣ ਫੇਰ ਉਹ ਆਪਣੀ ਪਹਿਚਾਣੀ-ਪੁਰਾਣੀ ਦੁਨੀਆਂ ਵਿਚ ਜਾਣਾ ਚਾਹੁੰਦਾ ਏ। ਹਾਲਾਂਕਿ ਮੈਂ ਇਸ ਲਈ ਤਿਆਰ ਨਹੀਂ ਹੋ ਸਕਦੀ…ਫੇਰ ਮੇਰੇ ਤਿਆਰ ਹੋਣ ਜਾਂ ਨਾ ਹੋਣ ਦੀ ਕੋਈ ਕੀਮਤ ਈ ਨਹੀਂ, ਮੇਰੀ ਹੋਂਦ ਹੀ ਮੈਨੂੰ ਇਸ ਦੁਨੀਆਂ ਤੋਂ ਪਰ੍ਹੇ ਧਰੀਕ ਦੇਂਦੀ ਹੈ…ਬਾਕੀ ਸਭ ਤਾਂ ਬਸ ਕਹਿਣ ਦੀਆਂ ਗੱਲਾਂ ਨੇ…"

"ਨਿਕ ਇਸ ਬਾਰੇ ਕੀ ਮਹਿਸੂਸ ਕਰਦੇ ਨੇ ?"

"ਨਿਕ ਤਾਂ ਡੰਕੇ ਦੀ ਚੋਟ 'ਤੇ ਸਭਨਾਂ ਨੂੰ ਮਨਵਾਉਣ ਨੂੰ ਫਿਰਦੇ ਰਹਿੰਦੇ ਨੇ…ਬਗ਼ਾਵਤ ਹਮੇਸ਼ਾ ਤੋਂ ਉਹਨਾਂ ਦਾ ਸੁਭਾਅ ਰਿਹੈ…ਪਰ ਕਿਹੈ ਨਾ, ਇਕ ਪੂਰੇ ਸਮਾਜ ਨੂੰ ਬਦਲਣਾ, ਕਿਸੇ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ…ਫੇਰ…

ਉਹ ਚੁੱਪ ਹੋ ਗਈ। ਮੇਰੀਆਂ ਅੱਖਾਂ ਉਸ ਉੱਤੇ ਟਿਕੀਆਂ ਰਹੀਆਂ। ਸ਼ਾਇਦ ਹਾਰ ਮੰਨ ਕੇ ਉਹਨੇ ਕਹਿਣਾ ਸ਼ੁਰੂ ਕੀਤਾ, "ਸ਼ਾਇਦ ਮੈਂ ਖ਼ੁਦ ਵੀ ਆਪਣੀ ਜਾਣੀ-ਪਛਾਣੀ, ਪੁਰਾਣੀ ਦੁਨੀਆਂ ਵਿਚ ਵਾਪਸ ਪਰਤ ਜਾਣਾ ਚਾਹੁੰਦੀ ਹਾਂ…ਇਕ ਅਰਸਾ ਘੁੰਮ-ਫਿਰ ਕੇ, ਆਪਣੇ ਘਰ ਪਰਤ ਆਉਣ ਨੂੰ ਜੀਅ ਕਰਦਾ ਏ।"

ਮੈਂ ਦੁਚਿੱਤੀ ਵਿਚ ਪੈ ਗਈ। ਅਜੇ ਕੁਝ ਚਿਰ ਪਹਿਲਾਂ ਹੀ ਤਾਂ ਉਹ ਇੱਥੋਂ ਦੀ ਹੋ ਕੇ ਰਹਿਣ ਦੀਆਂ ਗੱਲਾਂ ਕਰ ਰਹੀ ਸੀ…ਹੁਣ ਘਰ ਪਰਤਨ ਦੀਆਂ ! ਪਰ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਪਈ, "ਪਰ ਘਰ ਤੋਂ ਮੇਰਾ ਮਤਲਬ ਹਿੰਦੁਸਤਾਨ ਨਹੀਂ…ਸ਼ਾਇਦ ਉੱਥੇ ਰਹਿਣਾ ਵੀ ਹੁਣ ਤਕਲੀਫ਼ ਦੇਅ ਹੋਏਗਾ…ਘਰ ਮੇਰੇ ਲਈ ਇਕ ਆਰਾਮ ਦੇਅ ਮਾਹੌਲ ਦਾ ਨਾਂਅ ਏਂ…ਜਿਸਨੂੰ ਕਿਤੇ ਵੀ ਲੱਭਿਆ ਜਾ ਸਕਦਾ ਏ…ਤੇ ਕਦੀ ਵੀ ਗੰਵਾਇਆ…" ਫੇਰ ਉਹਨੇ ਇਕ ਚੁੱਪ ਸਾਧ ਲਈ…ਜਿਵੇਂ ਇਸ ਵਿਸ਼ੇ ਉੱਤੇ ਹੋਰ ਗੱਲਬਾਤ ਨਾ ਕਰਨੀਂ ਚਾਹੁੰਦੀ ਹੋਵੇ ਤੇ ਆਪਣੀਆਂ ਨਜ਼ਰਾਂ ਆਜ਼ੇਲੀਏ ਦੀ ਨੀਲੀ ਝਾੜੀ ਉੱਤੇ ਟਿਕਾਅ ਲਈਆਂ। ਮੈਂ ਕੁਝ ਚਿਰ ਏਧਰ-ਉਧਰ ਵੇਖਦੀ ਰਹੀ।

ਚਾਹ ਦੀ ਚੁਸਕੀ ਲਈ ਤਾਂ ਬੜੀ ਜਾਣੀ-ਪਛਾਣੀ ਜਿਹੀ ਖ਼ੁਸ਼ਬੂ ਨੱਕ ਵੱਲ ਦੌੜੀ।

ਬੜੀ ਵਧੀਆ ਚਾਹ ਏ, ਕੀ ਇਲਾਇਚੀ ਪਾਈ ਏ ਇਸ ਵਿਚ ? ਖ਼ੂਬ ਮਹਿਕ ਆ ਰਹੀ ਏ।

ਸੱਚਮੁੱਚ ਪਸੰਦ ਆਈ ਤੁਹਾਨੂੰ ! ਮੈਥੋਂ ਤਾਂ ਇੱਥੋਂ ਦੀ ਚਾਹ ਪੀਤੀ ਹੀ ਨਹੀਂ ਜਾਂਦੀ…ਜਦ ਤਕ ਆਪਣੇ ਮਨ ਦਾ ਸਵਾਦ ਨਾ ਹੋਵੇ ਚਾਹ ਦਾ ਮਜ਼ਾ ਵੀ ਕੀ ? ਮੈਂ ਤਾਂ ਅੱਜ ਵੀ ਉਸੇ ਦੇਸੀ ਢੰਗ ਨਾਲ ਚਾਹ ਬਣਾਉਂਦੀ ਆਂ।

ਮੈਂ ਸੁਨਹਿਰੀ ਧਾਰੀਆਂ ਵਾਲੀ ਉਸ ਵਧੀਆ ਅਮਰੀਕੀ ਪਿਆਲੀ ਵਿਚ ਕੜਕ ਹਿੰਦੁਸਤਾਨੀ ਚਾਹ ਦਾ ਸਵਾਦ ਮਾਣਦੀ ਹੋਈ, ਲਾਨ ਵਿਚ ਟਹਿਕਦੇ-ਮਹਿਕਦੇ ਆਜ਼ੇਲੀਏ ਦੇ ਫੁੱਲਾਂ ਵੱਲ ਦੇਖਦੀ ਹੋਈ ਸੋਚਣ ਲੱਗੀ ਕਿ ਇਹਨੂੰ ਪੁੱਛਾਂ ਕਿ ਕੀ ਇਹਨਾਂ ਨੂੰ ਹਰ ਜਗ੍ਹਾ ਉਗਾਇਆ ਜਾ ਸਕਦਾ ਹੈ ?

Monday, May 25, 2009

ਅੰਤਿਮ ਪਾਲ :: ਲੇਖਕ : ਜੋਗਿੰਦਰ ਪਾਲ

ਉਰਦੂ ਕਹਾਣੀ : ਅੰਤਿਮ ਪਾਠ :: ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਕਿੱਕ ਵੱਜਦਿਆਂ ਹੀ ਮੋਟਰ ਸਾਈਕਲ ਨੇ ਦਹਾੜ-ਦਹਾੜ ਕੇ ਧੂੰਆਂ ਛੱਡਣਾ ਸ਼ੁਰੂ ਕਰ ਦਿੱਤਾ…ਉਹ ਅਜੇ ਨਿੱਠ ਕੇ ਬੈਠਾ ਵੀ ਨਹੀਂ ਸੀ ਕਿ ਯਕਦਮ ਭੁੜਕੀ ਤੇ ਹਵਾ ਨਾਲ ਗੱਲਾਂ ਕਰਨ ਲੱਗ ਪਈ :

"ਚੱਲਣ ਤੋਂ ਪਹਿਲਾਂ ਬੈਠ ਤਾਂ ਲੈਣ ਦਿਆ ਕਰ ਠੀਕ ਹੋ ਕੇ…।" ਸੰਤੇ ਨੇ ਜ਼ਰਾ ਕੁਸੈਲ ਜਿਹੀ ਨਾਲ ਕਿਹਾ।

"ਬੈਠ ਗਿਆ ਸੰਤਿਆ, ਤਾਂ ਪਹੁੰਚੇਗਾ ਕਿੱਦਾਂ ?"

ਸੰਤੇ ਦਾ ਇਕ ਹੱਥ ਅਜੇ ਤੀਕ ਆਪਣੀ ਪੱਗ ਉੱਤੇ ਸੀ। "ਉਸ ਕਿਹਾ, "ਕਿਸੇ ਦੀ ਮੌਤ ਆ ਜਾਏ ਬੰਤਿਆ, ਤਾਂ ਯਮਰਾਜ ਬੈਠਾ-ਬੈਠਾ ਈ ਜਾ ਪਹੁੰਚਦਾ ਏ, ਸਿੱਧਾ।"

ਤੇ ਬੰਤਾ ਉਸਨੂੰ ਹੱਸ-ਹੱਸ ਦੱਸਣ ਲੱਗ ਪਿਆ ਕਿ ਸਿੱਧਾ ਰਸਤਾ ਏ, ਪਹੂ ਫੁੱਟਣ ਤੋਂ ਪਹਿਲਾਂ ਹੀ ਜਾ ਪਹੁੰਚਾਂਗੇ।

ਅਚਾਨਕ ਸੰਤੇ ਦੀ ਨਿਗਾਹ ਬੰਤੇ ਦੇ ਮੋਢੇ ਉੱਤੇ ਟੰਗੀ ਉਸਦੀ ਸਟੇਨਗਨ ਉੱਤੇ ਆ ਪਈ, ਜਿਸਦੀ ਨਾਲੀ ਦਾ ਮੂੰਹ ਉਸਦੀ ਛਾਤੀ ਵੱਲ ਹੋਇਆ ਹੋਇਆ ਸੀ---ਉਸਨੇ ਘਬਰਾਅ ਕੇ ਕਾਹਲ ਨਾਲ ਗਨ ਦੇ ਬਜਾਏ, ਕੁੜਤੇ ਦੇ ਅੰਦਰੇ-ਅੰਦਰ, ਆਪਣੀ ਪੁਜੀਸ਼ਨ ਬਦਲ ਲਈ…ਪਰ ਬੰਤੇ ਦੀ ਗਨ ਦਾ ਮੂੰਹ ਓਵੇਂ ਦੀ ਜਿਵੇਂ ਆਪਣੀ ਛਾਤੀ ਵੱਲ ਉੱਠਿਆ ਦੇਖ ਕੇ, ਰਤਾ ਪ੍ਰੇਸ਼ਾਨੀ ਜਿਹੀ ਨਾਲ ਕਿਹਾ ਕਿ 'ਇਸ ਮਾਂ ਨੂੰ ਮੇਰੀ ਛਾਤੀ ਵੱਲ ਕਿਉਂ ਕੀਤਾ ਹੋਇਆ ਏ ?'

ਬੰਤੇ ਨੇ ਆਪਣਾ ਸੱਜਾ ਹੱਥ ਮੋਟਰ ਸਾਈਕਲ ਦੇ ਹੈਂਡਲ ਤੋਂ ਚੁੱਕ ਕੇ ਗਨ ਦੀ ਨਾਲੀ ਦਾ ਮੂੰਹ ਆਪਣੇ ਅੱਗੇ ਵੱਲ ਕਰ ਲਿਆ :

"ਡਰਦਾ ਕਿਉਂ ਪਿਐਂ ਸੰਤਿਆ, ਮਾਵਾਂ ਡੈਣਾ ਵੀ ਹੋਣ ਤਾਂ ਵੀ ਆਪਣੀ ਔਲਾਦ ਨੂੰ ਨਹੀਂ ਖਾਂਦੀਆਂ।"

ਸੰਤੇ ਨੇ ਲਿੱਸੀ-ਜਿਹੀ ਆਵਾਜ਼ ਵਿਚ ਉਸਨੂੰ ਦੱਸਿਆ ਕਿ 'ਡੈਣਾ ਬੇ-ਔਲਾਦ ਹੁੰਦੀਆਂ ਨੇ। ਉਹ ਮਾਵਾਂ ਹੋਣ, ਤਾਂ ਡੈਣਾ ਕਿੰਜ ਹੋ ਸਕਦੀਆਂ ਨੇ ?' ਉਸਨੇ ਸੁਣਿਆ ਸੀ ਕਿ ਉਸਦੇ ਜਨਮ ਸਮੇਂ ਜਾਂ ਤਾਂ ਉਸਨੂੰ ਬਚਾਇਆ ਜਾ ਸਕਦਾ ਸੀ, ਜਾਂ ਫੇਰ ਉਸਦੀ ਮਾਂ ਨੂੰ, ਤੇ ਉਸਦੀ ਮਾਂ ਨੇ ਹੱਥ ਜੋੜ-ਜੋੜ ਕੇ ਇਹ ਫਰਿਆਦ ਕਰਦਿਆਂ ਹੋਇਆਂ ਪ੍ਰਾਣ ਤਿਆਗ ਦਿੱਤੇ ਸਨ, ਕਿ 'ਮੇਰੀ ਫਿਕਰ ਨਾ ਕਰੋ, ਕਿਸੇ ਤਰ੍ਹਾਂ ਮੇਰੇ ਬੱਚੇ ਨੂੰ ਬਚਾਅ ਲਓ।' ਆਪਣੀ ਮਾਂ ਵੱਲ ਧਿਆਨ ਜਾਂਦਿਆਂ ਹੀ ਛੇ ਫੁੱਟਾ ਸੰਤਾ, ਅੰਦਰੇ-ਅੰਦਰ, ਨਿੱਕਾ ਜਿਹਾ ਬਾਲ ਬਣ ਗਿਆ ਤੇ ਨਿੱਕੇ-ਨਿੱਕੇ ਹੱਥ-ਪੈਰ ਮਾਰਦਾ ਹੋਇਆ ਉੱਚੀ ਉੱਚੀ ਰੋਣ ਲੱਗ ਪਿਆ, ਜਾਂ ਫੇਰ ਮਾਂ ਦੇ ਹੱਥਾਂ ਵਿਚ ਉੱਛਲ-ਉੱਛਲ ਹੱਸਣ ਲੱਗ ਪਿਆ---ਨਹੀਂ, ਉਹਨੂੰ ਆਪਣੀ ਮਾਂ ਦੀ ਸ਼ਕਲ ਜਾਂ ਮੁਹਾਂਦਰਾ ਉੱਕਾ ਹੀ ਚੇਤਾ ਨਹੀਂ ਸੀ, ਚੇਤੇ ਹੁੰਦਾ ਵੀ ਕਿੰਜ ? ਘਰੇ ਉਸਦੀ ਕੋਈ ਤਸਵੀਰ ਹੀ ਨਹੀਂ ਸੀ। ਉਹ ਆਪਣੇ ਬਾਪੂ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਪਰ ਹਰ ਵਾਰੀ ਆਪਣੇ ਬਾਪੂ ਦੇ ਇਕ ਵੱਖੋ ਵੱਖਰੇ ਬਿਆਨਾਂ ਸਦਕਾ, ਉਸਦੀ ਮਾਂ ਦੀ ਇਕ ਨਵੀਂ ਨੁਹਾਰ ਬਣ ਜਾਂਦੀ।

"ਹਦ ਏ ਬਾਪੂ ! ਤੇਰੀਆਂ ਗੱਲਾਂ ਸੁਣ-ਸੁਣ ਕੇ ਤਾਂ ਭਾਬੋ ਹਰ ਵਾਰੀ ਹੋਰ ਦੀ ਹੋਰ ਈ ਲੱਗਣ ਲੱਗ ਪੈਂਦੀ ਆ"

"ਤੈਨੂੰ ਕੀ ਦੱਸਾਂ ਪੁੱਤਰਾ !" ਉਸਦਾ ਰੰਡਾ-ਪਿਓ ਉਸਨੂੰ ਉਤਰ ਦੇਂਦਾ ਕਿ 'ਉਸਦੀ ਭਾਬੋ ਇਕ ਅਜੀਬ ਸ਼ੈ ਸੀ। ਜਿਹੜੀ ਔਰਤ ਵੀ ਸੋਚ ਲਓ, ਉਹ ਉਹੋ ਜਿਹੀ ਲੱਗਣ ਲੱਗ ਪੈਂਦੀ ਸੀ।'

ਸੋ ਸੁਣਦਿਆਂ-ਸੁਣਦਿਆਂ ਸੰਤੇ ਨੂੰ ਵੀ ਹਰੇਕ ਔਰਤ ਆਪਣੀ ਮਾਂ ਹੀ ਲੱਗਣ ਲੱਗ ਪਈ ਸੀ---ਇੱਥੋਂ ਤਕ ਕਿ ਆਪਣੇ ਪਤਨੀ ਨੂੰ ਗਲ ਲਾਉਣ ਲੱਗਿਆਂ ਵੀ ਕਈ ਵਾਰੀ ਉਹ ਇੰਜ ਬਿਲਕ-ਬਿਲਕ ਕੇ ਰੋਣ ਲੱਗ ਪੈਂਦਾ ਸੀ, ਜਿਵੇਂ ਆਪਣੀ ਗਵਾਚੀ ਹੋਈ ਮਾਂ ਦੀਆਂ ਛਾਤੀਆਂ 'ਤੇ ਆਪਣਾ ਅੱਡਿਆ ਹੋਇਆ ਮੂੰਹ ਰੱਖਿਆ ਹੋਇਆ ਹੋਵੇ।

ਗੱਡੀ ਸਿੱਧੀ ਸੜਕ 'ਤੇ ਸਰਪਟ ਦੌੜੀ ਜਾ ਰਹੀ ਸੀ ਕਿ ਬੰਤੇ ਨੇ ਅਚਾਨਕ ਅੱਗੋਂ ਆਪਣੇ ਸਾਥੀ ਨੂੰ ਆਵਾਜ਼ ਮਾਰੀ ਤੇ ਕੋਈ ਉਤਰ ਨਾ ਮਿਲਣ ਤੇ ਹੋਰ ਉੱਚੀ ਕੂਕਿਆ, "ਓਇ ਸੰਤਿਆ!---"

"ਹਾਂ ? -ਹ-ਹਾਂ---!"

"ਸੌਂ ਗਿਆ ਸੈਂ ?---ਹੁਣੇ ਏਥੇ ਰੋ ਕੌਣ ਰਿਹਾ ਸੀ ?"

"ਹੋਰ ਕੋਈ ਨਹੀਂ, ਤਾਂ ਮੈਂ ਈ ਰੋ ਰਿਹਾ ਹੋਵਾਂਗਾ।"

"ਪਰ ਤੂੰ ਤਾਂ ਸੌਂ ਰਿਹਾ ਸੈਂ, ਸੰਤ ਸਿਆਂ !"

"ਤਾਂ ਕੀ ਸੁਪਨਿਆਂ 'ਚ ਰੋਣ ਵਾਸਤੇ ਵੀ ਤੇਰੇ ਹੁਕਮ ਦੀ ਲੋੜ ਪਿਆ ਕਰੇਗੀ ਹੁਣ ?"

ਬੰਤਾ ਚਿੜ ਗਿਆ ਤੇ ਕਹਿਣ ਲੱਗਾ ਕਿ 'ਮੈਨੂੰ ਕੀ ? ਸੁਪਨਿਆਂ ਵਿਚ ਰੋ ਭਾਵੇਂ ਦੀ ਜਾਗਦਾ ਹੋਇਆ---ਮੈਂ ਤਾਂ ਉਜ ਈ ਪੁੱਛ ਰਿਹਾ ਸਾਂ ਬਈ ਏਥੇ ਰੋ ਕੌਣ ਰਿਹਾ ਸੀ ?'

ਓਦੋਂ ਹੀ ਮੋਟਰ ਸਾਈਕਲ ਨੇ ਪਟਾਖ਼ਾ ਜਿਹਾ ਮਾਰਿਆ ਤੇ ਸੰਤੇ ਨੂੰ ਲੱਗਿਆ ਕਿ ਉਸਦੇ ਕੁੜਤੇ ਦੇ ਹੇਠ ਉਸਦੀ ਗਨ ਆਪਣੇ ਆਪ ਚੱਲ ਗਈ ਹੈ ਤੇ ਉਹ ਠਠੰਬਰ ਗਿਆ---

"ਮੈਨੂੰ ਲੱਗਿਆ, ਮੇਰੀ ਗਨ ਚੱਲ ਗਈ ਏ।" ਉਹ ਆਪਣੇ ਉੱਖੜੇ ਹੋਏ ਸਾਹਾਂ ਨੂੰ ਕਾਬੂ ਕਰਨ ਲੱਗਾ।

"ਗਨਾਂ ਆਪਣੇ ਆਪ ਥੋੜ੍ਹਾ ਈ ਚਲਦੀਆਂ ਨੇ ਕਮਲਿਆ !"

"ਕੁਝ ਵੀ ਕਹਿ ਲੈ ਸਾਊਆ, ਚੱਲਦੀਆਂ ਤਾਂ ਆਪਣੇ ਈ ਨੇ।" ਸੰਤਾ ਜ਼ਰਾ ਰੁਕਿਆ ਕਿ ਆਪਣੇ ਸਾਥੀ ਨੂੰ ਕਿੰਜ ਸਮਝਾਵੇ ਤੇ ਫੇਰ ਉਸੇ ਨੂੰ ਪੁੱਛਣ ਲੱਗਾ, "ਸੱਚ-ਸੱਚ ਦੱਸ, ਕੀ ਅਸੀਂ ਆਪਣੀ ਮਰਜ਼ੀ ਨਾਲ ਗਨਾਂ ਚਲਾਉਣ ਨਿਕਲ ਪਏ ਆਂ ?"

"ਤੂੰ ਬੜਾ ਗੁੱਝਾ ਬੰਦਾ ਐਂ, ਓਇ ਸੰਤ ਸਿਆਂ," ਬੰਤਾ ਕਹਿਣ ਲੱਗਾ---

"ਏਸੇ ਲਈ ਕਿਸੇ ਕੰਮ ਦਾ ਨਹੀਂ। ਸਿੱਧੀ ਗੱਲ ਏ, ਜੱਲਾਦ, ਹੁਕਮ ਅਦੂਲੀ ਕਰੇਗਾ, ਤਾਂ ਖ਼ੁਦ ਫਾਂਸੀ ਚੜ੍ਹੇਗਾ।"

"ਹਾਂ, ਬੰਤਿਆ, ਏਸੇ ਲਈ ਮੈਂ ਕਹਿਣੈ, ਤੂੰ ਮੈਂ ਕੌਣ ਆਂ ਜੋ ਵਾਹੇਗੁਰੂ ਦੀ ਮਰਜ਼ੀ ਨੂੰ ਟਾਲ ਜਾਈਏ ?" ਪ੍ਰੇਸ਼ਾਨ ਜਿਹਾ ਹੋ ਕੇ ਉਹ ਸੁਭਾਅ ਅਨੁਸਾਰ ਆਪਣੀ ਦਾੜ੍ਹੀ ਖੁਰਕਣ ਲੱਗ ਪਿਆ ਸੀ। ਤੇ ਫੇਰ ਜਿਵੇਂ ਆਪਣੇ ਆਪ ਨੂੰ ਹੀ ਸਮਝਾਉਣ ਖਾਤਰ ਗੱਲ ਨੂੰ ਇੰਜ ਮੋੜਿਆ ਸੀ ਕਿ 'ਆਪਣੀ ਗਨ ਦਾ ਮੂੰਹ ਖੋਲ੍ਹਦਿਆਂ ਹੋਇਆਂ ਮੈਨੂੰ ਤਾਂ ਪਤਾ ਹੁੰਦਾ ਏ, ਮੇਰੀ ਆਪਣੀ ਕੋਈ ਇੱਛਾ ਨਹੀਂ, ਜਿਵੇਂ ਮੇਰੀ ਗਨ ਦੀ ਇੱਛਾ ਹੀ ਮੇਰੀ ਇੱਛਾ ਬਣ ਗਈ ਹੈ।'

"ਤੇਰੇ ਬੱਚੇ ਜਿਊਂਦੇ ਰਹਿਣ," ਬੰਤੇ ਨੇ ਖੁਸ਼ ਹੋ ਕੇ ਕਿਹਾ, "ਤੂੰ ਮੈਨੂੰ ਸੁਰਖਰੂ ਕਰ ਦਿੱਤੈ, ਨਹੀਂ ਤਾਂ ਮੈਂ ਤਾਂ ਸਮਝਦਾ ਸਾਂ, ਜਿਹਨਾਂ ਨੂੰ ਮਾਰਨਾਂ, ਮੈਂ ਈ ਮਾਰਨਾਂ ਵਾਂ।"

ਪਰ ਉਸਦੀ ਗੱਲ ਸੁਣ ਕੇ ਸੰਤੇ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ 'ਜੇ ਕਿਤੇ ਸਾਡੀਆਂ ਬੰਦੂਕਾਂ ਨੇ ਸਾਡੇ ਹੀ ਬੱਚਿਆਂ ਵੱਲ ਆਪਣੇ ਮੂੰਹ ਭੁਆਂ ਲਏ ਫੇਰ ?'

"ਅਹਿ ਕਿਵੇਂ ਹੋ ਸਕਦੈ ?" ਬੰਤੇ ਨੇ ਭੰਵਤਰ ਕੇ ਮੋਟਰ ਸਾਈਕਲ ਦੀ ਗਤੀ ਹੋਰ ਵਧਾ ਦਿੱਤੀ, "ਤੂੰ ਬੜਾ ਔਖਾ ਆਦਮੀ ਏਂ ਓਇ !"

ਔਖੇ ਆਦਮੀ ਨੇ ਉਤਰ ਵਿਚ ਏਡਾ ਉੱਚਾ ਠਹਾਕਾ ਲਾਇਆ ਕਿ ਸੜਕ ਦੇ ਦੋਹੇਂ ਪਾਸੇ ਹਨੇਰੇ ਰੁੱਖਾਂ ਦੀਆਂ ਟਾਹਣੀਆਂ ਉੱਤੇ ਸੁੱਤੇ ਹੋਏ ਪਰਿੰਦੇ, ਆਪਣੇ ਖੰਭ ਫੜਫੜਾਉਣ ਲੱਗ ਪਏ।

ਠਹਾਕੇ ਪਿੱਛੋਂ ਸੰਤਾ ਹਲਕਾ ਜਿਹਾ ਹੋ ਗਿਆ ਤੇ ਬੜੀ ਸ਼ਰਧਾ ਨਾਲ ਜਪੁਜੀ ਸਾਹਿਬ ਦੀ ਅਠਾਰ੍ਹਵੀਂ ਪੌੜੀ ਉੱਚੀ-ਉੱਚੀ ਪੜ੍ਹਨ ਲੱਗਾ :

"ਅਸੰਖ ਮੂਰਖ, ਅੰਧ ਘੋਰ ।
ਅਸੰਖ ਚੋਰ ਹਰਾਮਖੋਰ ।
ਅਸੰਖ ਅਮਰ ਕਰਿ ਜਾਹਿ ਜੋਰ।
ਅਸੰਖ ਗਲਵਢ ਹਤਿਆ ਕਮਾਹਿ---"

"ਸੰਤਿਆ---" ਬੰਤੇ ਨੇ ਪਤਾ ਨਹੀਂ ਕੀ ਕਹਿਣ ਲਈ ਮੂੰਹ ਖੋਲ੍ਹਿਆ, ਪਰ ਇਸ ਡਰ ਨਾਲ ਕਿ ਗੁਰਬਾਣੀ ਜਪਦੇ ਬੰਦੇ ਨੂੰ ਟੋਕਣਾ ਪਾਪ ਹੁੰਦਾ ਹੈ, ਉਹ ਸਤਿਨਾਮ ਵਾਹਿਗੁਰੂ ਕਹਿ ਕੇ ਚੁੱਪ ਹੋ ਗਿਆ।

"ਅਸੰਖ ਪਾਪੀ ਪਾਪੁ ਕਰ ਜਾਹਿ ।।
ਅਸੰਖ ਕੁੜਿਆਰ ਕੂੜੇ ਫਿਰਾਹਿ ।
ਅਸੰਖ ਮਲੇਛ ਮਲੁ ਭਖਿ ਖਾਹਿ ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ।
ਨਾਨਕ ਨੀਚੁ ਕਹੈ ਵੀਚਾਰੂ ।
ਵਾਰਿਆ ਨ ਜਾਵਾ ਏਕ ਵਾਰ ।
ਜੋ ਤੁਧੁ ਭਾਵੈ ਸਾਈ ਭਲੀ ਕਾਰ ।
ਤੂ ਸਦਾ ਸਲਾਮਤਿ ਨਿਰੰਕਾਰ ।"

"ਸਤਿਨਾਮ ਸਿਰੀ ਵਾਹਿਗੁਰੂ !"

"ਬੰਤਿਆ, ਸੱਚਾ ਪਾਦਸ਼ਾਹ ਸਾਨੂੰ ਜ਼ਰੂਰ ਬਖ਼ਸ਼ ਦਏਗਾ।"

"ਪਰ ਅਸੀਂ ਕੀਤਾ ਕੀ ਏ ਸੰਤਿਆ ?"

ਸੰਤੇ ਨੂੰ ਬੰਤੇ ਤੇ ਤਰਸ ਆਉਣ ਲੱਗ ਪਿਆ ਕਿ ਵਿਚਾਰਾ ਆਪਣਾ ਦੁੱਖ ਵੀ ਨਹੀਂ ਸਮਝ ਰਿਹਾ। ਉਹ ਮਨ ਹੀ ਮਨ ਵਿਚ ਪ੍ਰਾਰਥਨਾਂ ਕਰਨ ਲੱਗਾ ਕਿ ਸੱਚੇ ਪਾਦਸ਼ਾਹ ਉਹਨਾਂ ਦੋਹਾਂ ਨੂੰ ਬਖ਼ਸ਼ ਦੇ, ਕਿ ਉਹ ਮਾੜੇ ਕੰਮ ਤਾਂ ਜ਼ਰੂਰ ਕਰਦੇ ਨੇ ਪਰ ਸੱਚਾ ਪਾਦਸ਼ਾਹ ਤਾਂ ਜਾਣਾ ਹੀ ਹੈ ਕਿ ਉਹ ਮਾੜੇ ਬੰਦੇ ਨਹੀਂ---ਤੂੰ ਨਹੀਂ ਵੀ ਜਾਣਦਾ ਸੱਚੇ ਪਾਦਸ਼ਾਹ, ਫੇਰ ਵੀ ਬਖ਼ਸ਼ ਦੇਅ। ਤੇਰੀ ਬਖ਼ਸ਼ਿਸ਼ ਬੇਹਿਸਾਬ ਹੈ---ਉਹ ਦੋਹੇਂ ਹੱਥ ਜੋੜ ਕੇ ਸਿਰ ਝੁਕਾ ਰਿਹਾ ਸੀ ਕਿ ਬੰਤੇ ਨੇ ਮੋਟਰ ਸਾਈਕਲ ਦੀ ਗਤੀ ਹੋਰ ਤੇਜ਼ ਕਰ ਦਿੱਤੀ ਤੇ ਉਹ ਝਟਕਾ ਖਾ ਕੇ ਡਿੱਗਣੋਂ ਮਸਾਂ ਹੀ ਬਚਿਆ, "ਤੂੰ ਮੈਨੂੰ ਲੈ ਡੁੱਬੇਂਗਾ।"

"ਨਹੀਂ, ਸੰਤਿਆ ਤੇਰੇ ਕਰਕੇ ਮੈਂ ਵੀ ਤਰ ਜਾਵਾਂਗਾ।"

ਸੰਤਾ ਸੋਚਣ ਲੱਗਿਆ ਕਿ ਉਸਦਾ ਯਾਰ ਬੰਤਾ ਉੱਪਰੋਂ ਸੰਘੜੇ ਵਾਂਗਰ ਕੰਡੇਦਾਰ ਤੇ ਕਾਲਾ ਹੈ ਪਰ ਉਸਨੂੰ ਜ਼ਰਾ ਛਿੱਲ ਲਿਆ ਜਾਏ ਤਾਂ ਸੰਘਾੜੇ ਵਾਂਗ ਹੀ ਮਿਠਾਸ ਤੇ ਚਿੱਟੀ ਦੁੱਧ ਗਿਰੀ ਨਿਕਲ ਆਉਂਦੀ ਏ, ਜਿਸ ਨੂੰ ਖਾ ਲੈਣ ਪਿੱਛੋਂ ਵੀ ਉਸਦਾ ਸਵਾਦ ਮੂੰਹ ਵਿਚੋਂ ਨਹੀਂ ਜਾਂਦਾ। ਉਸਦੀ ਨਾਨੀ ਉਸਦੇ ਸਾਹਮਣੇ ਸੰਘਾੜਿਆਂ ਦੇ ਢੇਰ ਲਾ ਦੇਂਦੀ ਸੀ---'ਖਾਹ ਪੁੱਤਰ, ਖ਼ੂਬ ਢਿੱਡ ਭਰ ਕੇ ਖਾਹ !' ਨਾਨੀ ਨੇ ਉਸਨੂੰ ਦੱਸਿਆ ਸੀ ਕਿ 'ਉਸਦੀ ਮਾਂ ਵੀ ਸੰਘਾੜੇ ਖਾਂਦੀ, ਕਦੀ ਨਹੀਂ ਸੀ ਰੱਜਦੀ।---ਪੁੱਤਰ, ਕੱਲ੍ਹ ਤੂੰ ਧੁੱਪ 'ਚ ਵਾਲ ਖੋਲ੍ਹ ਕੇ ਬੈਠਾ ਸੰਘਾੜੇ ਖਾ ਰਿਹਾ ਸੀ, ਮੈਨੂੰ ਲੱਗਿਆ, ਸਾਕਸ਼ਾਤ ਮੇਰੀ ਅਮਰਕੌਰ ਆ ਗਈ ਏ'---ਨਾਨੀ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਸੀ ਤੇ ਉਸਨੂੰ ਇਕ ਮਾਸੂਮ ਜਿਹਾ ਖ਼ਿਆਲ ਆਇਆ ਕਿ 'ਕੀ ਪਤਾ---ਹਾਂ, ਕੀ ਪਤੈ, ਕਿ ਉਸਨੂੰ ਜਨਮ ਦੇਂਦੀ ਹੋਈ ਭਾਬੋ ਇਸੇ ਲਈ ਮਰੀ ਹੋਏ ਕਿ ਉਸਦੀ ਜਾਨ ਉਸ ਵਿਚ ਆ ਪਏ---' ਉਹ ਸ਼ੀਸ਼ੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਇਕ ਭਰਪੂਰ ਔਰਤ ਦੇ ਰੂਪ ਵਿਚ ਦੇਖਣ ਲੱਗਦਾ---'ਤਾਂ ਇਹ ਹੈ ਮੇਰੀ ਭਾਬੋ ! ਭਾਬੋ !'---ਰਾਤ ਨੂੰ ਨਾਨੀ ਉਸਨੂੰ ਜੱਫੀ ਪਾ ਕੇ ਸੌਂਦੀ, ਜਿਵੇਂ ਬੁੱਢੀ ਨੂੰ ਡਰ ਹੋਏ ਕਿ ਉਹ ਆਪਣੇ ਸੁਪਨਿਆਂ ਵਿਚ ਖੇਡਦਾ-ਖੇਡਦਾ ਹੀ ਕਿਸੇ ਪਾਸ ਨਿਕਲ ਜਾਏਗਾ, ਗਵਾਚ ਜਾਏਗਾ, ਹਾਲਾਂਕਿ ਸੁੱਤੇ ਹੋਏ ਦੀ ਉਸਦੀ ਸਾਰੀ ਸਾਰੀ ਦੁਨੀਆਂ ਉਸੇ ਮੰਜੇ ਉੱਤੇ ਸਿਮਟ ਆਈ ਹੁੰਦੀ ਸੀ ਤੇ ਉਹ ਆਪ ਹੀ ਆਪਣੀ ਮਾਂ ਬਣਿਆ, ਆਪ ਹੀ ਮਾਂ ਦੇ ਹੱਥਾਂ ਵਿਚ ਉੱਛਲ-ਉੱਛਲ ਬੇਕਾਬੂ ਹੁੰਦਾ ਰਹਿੰਦਾ ਸੀ ਤੇ ਖਿੜਖਿੜ ਹੱਸੀ ਜਾ ਰਿਹਾ ਹੁੰਦਾ ਸੀ।

"ਸੰਤਿਆ !---ਓਇ ਸੰਤਿਆ !---"

"ਹਾਂ---ਆਂ !"

"ਫੇਰ ਸੌਂ ਗਿਆ ਸੈਂ ?" ਬੰਤਾ ਹੱਸਿਆ, "ਹੁਣੇ-ਹੁਣੇ ਐਥੇ ਹੱਸ ਕੌਣ ਰਿਹਾ ਸੀ ?"

ਸੰਤੇ ਨੇ ਉਤਰ ਦਿੱਤਾ, "ਜੇ ਤੂੰ ਨਹੀਂ ਹੱਸਿਆ ਤਾਂ ਮੈਂ ਹੀ ਹੱਸ ਰਿਹਾ ਹੋਵਾਂਗਾ, ਹੋਰ ਐਥੇ ਹੈ ਕੌਣ ?"

"ਨਹੀਂ ਸੰਤਿਆ," ਉਹ ਬੜੀ ਗੰਭੀਰਤਾ ਨਾਲ ਉਸਨੂੰ ਪੁੱਛਣ ਲੱਗਾ, "ਕੀ ਪਤਾ ਕੋਈ ਛਲੇਡਾ ਸਾਡੇ ਪਿੱਛੇ ਲੱਗ ਗਿਆ ਹੋਏ ?"

"ਛਲੇਡਾ ਪਿੱਛੇ ਨਹੀ ਲੱਗਦਾ," ਸੰਤਾ ਬੰਤੇ ਨੂੰ ਦੱਸਣ ਲੱਗਾ, "ਲੋਕ ਹੀ ਉਸਦੇ ਪਿੱਛੇ ਲੱਗ ਜਾਂਦੇ ਨੇ।" ਉਹ ਹੈਰਾਨ ਸੀ ਕਿ ਇਹ ਪੱਕਾ ਰਸਤਾ ਖਤਮ ਕਿਉਂ ਨਹੀਂ ਸੀ ਹੋ ਰਿਹਾ ! ਉਹਨਾਂ ਇਸ ਰਸਤੇ 'ਤੇ ਸਿੱਧੇ ਹੀ ਜਾਣਾ ਸੀ। ਕੁਝ ਕੋਹ ਅੱਗੇ ਜਾ ਕੇ ਤਾਰਕੋਲ ਦੀ ਸੜਕ ਵਿਚੋਂ ਹੀ ਉਹ ਸਿੱਧਾ ਕੱਚਾ ਰਸਤਾ ਸ਼ੁਰੂ ਹੋਣਾ ਸੀ। ਜਿਸ ਉੱਤੇ ਸਿੱਧੇ ਜਾ ਕੇ ਸਹਿਜੇ ਹੀ ਉਹਨਾਂ ਉਸ ਪਿੰਡ ਪਹੁੰਚ ਜਾਣਾ ਸੀ। ਤੇ ਉਹਨਾਂ ਦੋਹਾਂ ਨੇ ਇੱਥੋਂ ਦੇ ਨੰਬਰਦਾਰ ਦੇ ਪੂਰੇ ਪੂਰੇ ਕੁਣਬੇ ਨੂੰ ਆਪਣੀਆਂ ਸਨੇਟਗਨਾਂ ਦੀਆਂ ਗੋਲੀਆਂ ਨਾਲ ਫੁੰਡ ਸੁੱਟਣਾ ਸੀ। ਸੰਤਾ ਬੰਤੇ ਨੂੰ ਪੁੱਛਣਾ ਚਾਹੁੰਦਾ ਸੀ ਕਿ 'ਕੀ ਨੰਬਰਦਾਰ ਗਰੀਬ ਦਾ ਪੱਤਾ ਕੱਟਣਾ ਜ਼ਰੂਰੀ ਹੈ ? ਉਹ ਉਸਦੇ ਸਾਰੇ ਕੁਣਬੇ ਦਾ ਮਲੀਆ ਮੇਟ ਕਰਨ ਜਾ ਰਹੇ ਨੇ, ਪਰ ਕਿਉਂ ? ਉਸ ਵਿਚਾਰੇ ਨੇ ਉਹਨਾਂ ਦਾ ਕੀ ਵਿਗਾੜਿਆ ਹੈ ?

ਇਸੇ ਦੌਰਾਨ ਮੋਟਰ ਸਾਈਕਲ ਵਿਚ ਬੁੱਢੇ ਕੁੱਤੇ ਨੂੰ ਦੜਦੀ ਹੋਈ ਅੱਗੇ ਲੰਘ ਗਈ।

"ਸੰਭਲ ਕੇ ਬੰਤਿਆ, ਖਾਹਮਖਾਹ ਬੇ-ਜ਼ੁਬਾਨ ਦੀ ਜਾਨ ਲੈ ਲਈ ਆ।"

"ਜਾਨ ਪਿਆਰੀ ਸੀ ਤਾਂ ਸੜਕ ਦੇ ਵਿਚਕਾਰ, ਰਸਤਾ ਕਿਉਂ ਰੋਕੀ ਖੜ੍ਹਾ ਸੀ ?"

ਸੰਤੇ ਦੀ ਸਮਝ ਵਿਚ ਆਉਣ ਲੱਗਾ ਕਿ ਯਾਰ-ਮਿੱਤਰ ਉਸਨੂੰ ਦੂਰੋਂ ਆਉਂਦਾ ਦੇਖ ਕੇ ਹੀ ਏਧਰ-ਉੱਧਰ ਕਿਉਂ ਹੋ ਜਾਂਦੇ ਨੇ। ਜਾਣਦੇ ਨੇ, ਸਪੀਡ ਵਿਚ ਅੰਨ੍ਹੇਵਾਹ ਭਜਾਈ ਤੁਰਿਆ ਆ ਰਿਹਾ ਹੈ। ਉਸਦਾ ਰਸਤਾ ਖਾਲੀ ਹੀ ਛੱਡ ਦਿਓ, ਜਿੱਥੇ ਜਾਣਾ ਏਂ ਜਾਵੇ ਪਿਆ, ਸਾਨੂੰ ਕੀ ?---ਹੋਰ ਤਾਂ ਹੋਰ ਉਸਦਾ ਜਿਗਰੀ ਯਾਰ ਬਚਨਾ ਵੀ ਹੁਣ ਉਸ ਤੋਂ ਕੰਨੀ ਬਚਾਉਣ ਲੱਗ ਪਿਆ ਸੀ। ਇਕ ਜ਼ਮਾਨਾ ਹੁੰਦਾ ਸੀ ਕਿ ਰੋਜ਼ ਦੇ ਖਾਧੇ-ਪੀਤੇ ਬਾਰੇ ਵੀ, ਸਿਰ ਜੋੜ ਕੇ, ਇੰਜ ਗੱਲਾਂ ਕੀਤੀਆਂ ਜਾਂਦੀਆਂ ਸਨ ਜਿਵੇ ਕੋਈ ਆਪਣੇ ਗੂੜ੍ਹੇ ਭੇਦ ਉਗਲ ਕੇ ਮਨ ਨੂੰ ਚੈਨ ਆ ਰਿਹਾ ਹੋਏ।

"ਓਇ ਬਚਨਿਆਂ !"
"ਹਾਂ, ਬਈ ਸੰਤਿਆ !"
"ਪਤਾ ਈ ਫੇਰ ਕੀ ਹੋਇਆ ?"
"ਬਚਨੇ ਦੇ ਕੰਨ ਖੜ੍ਹੇ ਹੋ ਜਾਂਦੇ, ਕੀ ਹੋਇਆ ?"
"ਫੇਰ ਮੈਂ ਮੱਖਨ ਵਾਲੀ ਲੱਸੀ ਦੇ ਦੋ ਵੱਡੇ ਗਲਾਸ ਚੜ੍ਹਾ ਗਿਆ।
"ਅੱਛਾ ?
"ਹਾਂ, ਫੇਰ ਵੀ ਜੀਅ ਨਾ ਭਰਿਆ ਤਾਂ ਭਰਿਆ ਤਾਂ ਮੈਂ ਚਾਚੀ ਦਾ ਹਿੱਸਾ ਵੀ ਚੋਰੀਓਂ ਅੰਦਰ ਰੋੜ੍ਹ ਲਿਆ---"
"ਅੱਛਾ !" ਉਸਨੇ ਪੁੱਛਿਆ, "ਫੇਰ ਤਾਂ ਚਾਚੀ ਭੁੱਖੀ ਰਹਿ ਗਈ ਹੋਊ ?"
"ਨਹੀਂ...ਚਾਚੀ, ਚਾਚੇ ਦੇ ਮਾਲ ਤੇ ਹੱਥ ਸਾਫ ਕਰ ਲੈਂਦੀ ਆ।"
"ਹਾ-ਹਾ-ਹਾ !---"
ਉਹਨਾਂ ਦੋਹਾਂ ਦੇ ਠਹਾਕੇ ਇੰਜ ਘੁਲਮਿਲ ਜਾਂਦੇ ਜਿਵੇਂ ਦੋਹਾਂ ਦੇ ਬਜਾਏ ਕੋਈ ਇਕੋ ਠਹਾਕੇ ਲਾ ਰਿਹਾ ਹੋਏ।

"ਹਾਏ ਏਨੀ ਧੁੱਪ ਵਿਚ ਬੱਦਲ ਕਿੱਥੇ ਗੱਜਣ ਪਿਆ ਏ ਨੀਂ ?" ਉਸਦੀ ਚਾਚੀ ਦੌੜ ਕੇ ਵਿਹੜੇ ਵਿਚ ਆਉਂਦੀ, "ਕਿਧਰੇ ਮੇਰੇ ਦਾਣੇ ਨਾ ਭਿੱਜ ਜਾਣ।" ਤੇ ਉੱਥੇ ਉਹਨਾਂ ਦੋਹਾਂ ਨੂੰ ਹਾਸਿਆਂ ਦੇ ਠਹਾਕੇ ਲਾਉਂਦਿਆਂ ਦੇਖਦੀ ਤਾਂ ਹਿਰਖ ਜਾਂਦੀ, "ਐਨੇ ਜ਼ੋਰ ਨਾਲ ਹੱਸੋਗੇ ਗਰਕ ਜਾਣਿਓਂ ਤਾਂ ਰਸਤਾ ਭੁੱਲ ਜਾਓਗੇ।"

ਉਹ ਦੋਹੇਂ ਹੋਰ ਉੱਚੀ ਉੱਚੀ ਹਸ ਕੇ ਚਾਚੀ ਨੂੰ ਦੱਸਦੇ ਕਿ ਅਸੀਂ ਕਿਤੇ ਜਾਣਾ ਈ ਨਹੀਂ, ਫੇਰ ਰਸਤਾ ਕਿੰਜ ਭੁੱਲ ਜਾਵਾਂਗੇ ?

"ਓਇ ਪਾਗਲ ਦਿਆ ਪੁੱਤਰਾ," ਬੰਤਾ ਬੈਠਾ-ਬੈਠਾ ਤ੍ਰਬਕਿਆ ਤੇ ਸੰਤੇ ਨੂੰ ਪੁੱਛਣ ਲੱਗਾ, "ਯਕਦਮ ਠਹਾਕੇ ਕਿਉਂ ਲਾਉਣ ਲੱਗ ਪਿਐਂ ?" ਤੇ ਫੇਰ ਸੰਤੇ ਦਾ ਕੋਈ ਜਵਾਬ ਸੁਣੇ ਬਿਨਾਂ ਉਸਨੇ ਵੀ ਹੱਸਣਾ ਸ਼ੁਰੂ ਕਰ ਦਿੱਤਾ ਤੇ ਸੋਚਣ ਲੱਗਿਆ ਕਿ 'ਕੁਛ ਵੀ ਕਹਿ ਲਓ, ਅਸਲ ਮਜ਼ਾ ਤਾਂ ਬਿਨਾਂ ਗੱਲੋਂ ਠਹਾਕਾ ਮਾਰ ਕੇ ਹੱਸਣ ਦਾ ਈ ਆਉਂਦਾ ਏ।'

ਉਹਨਾਂ ਦੇ ਠਹਾਕੇ ਠਾ-ਠਾ ਗੋਲੀਆਂ ਵਾਂਗ ਵਰ੍ਹਦੇ ਮੋਟਰ ਸਾਈਕਲ ਦੀ ਰੌਸ਼ਨੀ ਦੀ ਲਕੀਰ ਤੋਂ ਅੱਗੇ ਨਿਕਲ ਗਏ ਤੇ ਪਹੁ ਫੁੱਟਦਿਆਂ-ਫੁੱਟਦਿਆਂ ਫੇਰ ਭੈਅ ਸਦਕਾ ਆਸਪਾਸ ਦੇ ਜੰਗਲ ਵਿਚ ਛਿਪ ਗਏ।

'"ਬੰਤਿਆ, ਮੈਨੂੰ ਲਗਦੈ, ਅਸੀਂ ਰਸਤਾ ਭੁੱਲ ਗਏ ਆਂ," ਸੰਤੇ ਨੂੰ ਉਸਦੀ ਗਨ ਫੇਰ ਚੁਭਣ ਲੱਗ ਪਈ ਤੇ ਉਸਨੇ ਕਪੜਿਆਂ ਹੇਠ ਹੱਥ ਪਾ ਕੇ ਉਸਨੂੰ ਪਿੱਠ ਪਿੱਛੇ ਦਰੁਸਤ ਕੀਤਾ, "ਹਾਲੇ ਤਕ ਕੱਚਾ ਰਸਤਾ ਈ ਨਹੀਂ ਆਇਆ।"

ਬੰਤੇ ਨੇ ਉਸਨੂੰ ਉਤਰ ਦਿੱਤਾ ਕਿ 'ਆ ਜਾਏਗਾ, ਸੜਕ ਤਾਂ ਅਜੇ ਸਿੱਧੀ ਓ ਤੁਰੀ ਜਾਂਦੀ ਐ।'

ਪਰ ਸੰਤੇ ਨੂੰ ਡਰ ਸੀ ਕਿ ਭੁੱਲ-ਭੱਟਕ ਜਾਏ ਤਾਂ ਬੰਦਾ ਸਿੱਧਾ ਰਸਤੇ ਤੇ ਵੀ ਭੱਟਕ ਜਾਂਦਾ ਏ। ਉਹ ਸੋਚ ਰਿਹਾ ਸੀ, ਉਹ ਤਾਂ ਇਹਨਾਂ ਭਲੇ ਲੋਕਾਂ ਦੀ ਟੋਲੀ ਵਿਚ ਇਸ ਲਈ ਸ਼ਾਮਲ ਹੋਇਆ ਸੀ ਕਿ ਦਸ ਭਰਾ ਇਕੋ ਗੱਲ ਕਰ ਰਹੇ ਨੇ, ਝੂਠ ਥੋੜ੍ਹਾ ਈ ਬੋਲ ਰਹੇ ਹੋਣਗੇ। ਸੋ ਜਦੋਂ ਉਹਨਾਂ ਨੇ ਜੈਕਾਰਾ ਛੱਡਿਆ, 'ਜੋ ਬੋਲੇ ਸੋ ਨਿਹਾਲ', ਉਹ ਸਭ ਤੋਂ ਉੱਚੀ ਆਵਾਜ਼ ਵਿਚ ਬੋਲ ਪਿਆ, 'ਸਤਸਿਰੀ ਅਕਾਲ !' ਪਰ ਇਸ ਜੈਕਾਰੇ ਦਾ ਭਾਵ ਤਾਂ ਇਹ ਹੈ ਕਿ ਸਭ ਦਾ ਭਲਾ ਮੰਗੋ, ਸਾਰਿਆਂ ਦੇ ਦੁਖ ਨੂੰ ਆਪਣਾ ਦੁੱਖ ਸਮਝੋ, ਸੱਚੇ ਪਾਦਸ਼ਾਹ ਨੂੰ ਮੰਨਣ ਵਾਲਿਆਂ ਵਿਚ ਕੋਈ ਨਹੀਂ ਜੋ ਗੈਰ ਹੋਏ, ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਵੀ ਤੁਹਾਡੇ ਆਪਣੇ ਨੇ। ਸੰਤੇ ਨੇ ਆਪਣੇ ਦੋਹੇਂ ਹੱਥ ਜੋੜ ਕੇ ਅੱਖਾਂ ਮੀਚ ਲਈਆਂ ਤੇ ਲਹਿਰਾ-ਲਹਿਰਾ ਕੇ ਜੈਕਾਰੇ ਛੱਡਣ ਲੱਗਿਆ, 'ਜੋ ਬੋਲੇ ਸੋ ਨਿਹਾਲ, ਸਤਸਿਰੀ ਅਕਾਲ !'

"ਸਬਰ ਕਰ ਸੰਤਿਆ," ਬੰਤੇ ਨੇ ਹੱਸ ਕੇ ਉਸਨੂੰ ਕਿਹਾ, "ਪਹਿਲਾਂ ਨੰਬਰਦਾਰ ਦਾ ਅਤਾ-ਪਤਾ ਤਾਂ ਲੱਗ ਲੈਣ ਦੇ।"

"ਨਹੀਂ ਬੰਤਿਆ, ਜ਼ਰਾ ਗੌਰ ਕਰ---"

"ਓਇ ਪਹਿਲਾਂ ਜੋ ਕਰਨੈਂ ਕਰ ਲਈਏ, ਫੇਰ ਗੌਰ ਕਰਾਂਗੇ।"

ਪਰ ਸੰਤੇ ਨੇ ਮੂੰਹ ਵਿਚ ਆਈ ਹੋਈ ਇਹ ਗੱਲ ਉਗਲ ਹੀ ਦਿੱਤੀ ਕਿ 'ਥੋਡੇ ਟੋਲੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਾਰੇ ਲੋਕ ਮੈਨੂੰ ਆਪਣੇ ਹੀ ਲੱਗਦੇ ਸੀ, ਪਰ ਹੁਣ---'

"ਏਸ ਫਾਨੀ ਦੁਨੀਆਂ 'ਚ ਕਿਸੇ ਦਾ ਆਪਣਾ ਕੌਣ ਏਂ ? ਤੂੰ ਆਪਣੀ ਖੈਰ ਮੰਗ।"

"ਆਪਣੀ ਖੈਰ ਸਵਾਹ ਤੇ ਖੇਹ ਮੰਗਾਂ, ਬੰਤਿਆ"---ਸੰਤੇ ਦੀ ਆਵਾਜ਼ ਗੁੱਸੇ ਤੇ ਦੁੱਖ ਵਿਚ ਭਿੱਜੀ ਹੋਈ ਸੀ, "ਜਿਹਨਾਂ ਖਾਲਸੇ ਪੁੱਤਰਾਂ ਵਾਸਤੇ ਖੈਰ ਮੰਗਣੀ ਚਾਹੁੰਦਾਂ, ਹੈਂ, ਉਹ ਵੀ ਗੈਰ ਬਣ ਗਏ ਨੇ।" ਉਹ ਸਿਰ ਮਾਰ ਰਿਹਾ ਸੀ ਕਿ 'ਇਹ ਵੀ ਕੋਈ ਜ਼ਿੰਦਗੀ ਹੈ, ਆਪਣੇ ਹੀ ਲੋਕ ਏਨੇ ਗੈਰ ਹੋ ਗਏ ਨੇ, ਕੋਈ ਰਤਾ ਸਮਝਾਉਣ-ਬੁਝਾਉਣ ਲਈ ਵੀ ਅੱਗੇ ਨਹੀਂ ਆਉਂਦਾ ਪਿਆ।'

"ਓਇ ਐਨਾ ਦੁਖੀ ਕਿਉਂ ਹੁੰਦਾ ਪਿਐਂ ਸੰਤਿਆਂ ?"

"ਦੁਖੀ ਹੋਣ ਵਾਲੀ ਗੱਲ ਜੋ ਹੋਈ। ਮੇਰਾ ਯਾਰ ਬਚਨਾ ਵੀ ਡਰਦਾ ਏ ਕਿ ਸੰਤੇ ਨੂੰ ਸਮਝਾਇਆ ਤਾਂ ਉਹ ਗੋਲੀ ਮਾਰ ਦਏਗਾ। ਪੁੱਛੋ ਮੈਂ ਕੋਈ ਰਾਕਸ਼ ਆਂ---ਓਹੋਈ ਤੇਰਾ ਯਾਰ ਸੰਤਾਂ ਆਂ ਯਾਰਾ। ਥੋੜ੍ਹਾ ਭੁੱਲ-ਭੱਟਕ ਗਿਆਂ ਤਾਂ ਪਿਆਰ ਨਾਲ ਰਾਹ ਤੇ ਲੈ ਆ---ਪਰ ਤੂੰ ਠੀਕ ਕਹਿਣਾ ਐਂ ਬੰਤਿਆ, ਏਸ ਫਾਨੀ ਸੰਸਾਰ ਵਿਚ ਕੋਈ ਕਿਸੇ ਦਾ ਨਹੀਂ।" ਮੋਟਰ ਸਾਈਕਲ ਕਿਸੇ ਟੋਏ ਵਿਚੋਂ ਲੰਘੀ ਤਾਂ ਉਹ ਸੰਭਲ ਕੇ ਆਪਣੀ ਪੱਗ ਸੰਭਾਲਣ ਲੱਗਾ, "ਤੂੰ ਵੀ ਤੇ ਕੋਈ ਗੈਰ ਨਹੀਂ ਬੰਤਿਆ, ਤੂੰ ਹੀ ਕੋਈ ਰਾਹ ਲੱਭ ਦੇ ਵੀਰਾ !"

"ਰਾਹ ਤੇ ਲੱਭ ਪਈ ਏ ਸ਼ੇਰਾ !" ਬੰਤੇ ਨੇ ਉਸਨੂੰ ਬੜੀ ਟੁਣਕਵੀਂ ਆਵਾਜ਼ ਵਿਚ ਦੱਸਿਆ ਕਿ ਅਗਲਾ ਕੱਚਾ ਰਾਹ ਕੁਝ ਹੀ ਗਜ ਤੇ ਸ਼ੁਰੂ ਹੋ ਰਿਹਾ ਹੈ।

ਸੰਤਾ ਵੀ ਹੁਣ ਸਭ ਕੁਝ ਭੁੱਲ ਕੇ ਚੁੱਪ ਹੋ ਗਿਆ ਸੀ ਕਿ ਚਲੋ ਰਾਹ ਤਾਂ ਮਿਲੀ। ਉਸਦੀ ਛੋਹਰ ਅਵਸਥਾ ਵਿਚ ਉਸਦਾ ਬਾਪੂ ਰੋਜ਼ ਘਰ ਦੇਰ ਨਾਲ ਆਉਂਦਾ ਹੁੰਦਾ ਸੀ। ਇਕ ਵਾਰੀ ਉਹ ਦੂਜੇ ਦਿਨ ਸਵੇਰ ਤਕ ਵੀ ਘਰ ਨਾ ਆਇਆ ਤਾਂ ਸੰਤਾ ਰੋਣ ਲੱਗ ਪਿਆ। ਉਸਦੀ ਨਾਨੀ ਉਸਨੂੰ ਛਾਤੀ ਨਾਲ ਲਾ ਕੇ ਸਮਝਾਉਣ ਲੱਗੀ, 'ਰੋਂਦਾ ਕਿਉਂ ਐ ? ਤੇਰਾ ਪਿਓ ਰਸਤਾ ਭੁੱਲ ਗਿਆ ਹੋਊਗਾ। ਜਾਹ ਹੱਥ ਜੋੜ ਕੇ ਸੱਚੇ ਪਾਦਸ਼ਾਹ ਦੇ ਹਜ਼ੂਰ ਵਿਚ ਖੜ੍ਹਾ ਹੋ ਜਾ ਤੇ ਅਰਦਾਸ ਕਰ ਕਿ ਉਹ ਤੇਰੇ ਪਿਓ ਨੂੰ ਘਰ ਦੇ ਰਸਤੇ ਲਾ ਦਏ।' ਨਾਨੀ ਉਸ ਨੂੰ ਕੋਲ ਬਿਠਾਅ ਕੇ ਅਕਸਰ ਘੰਟਿਆਂ ਬੱਧੀ ਸਮਝਾਉਂਦੀ ਹੁੰਦੀ ਸੀ ਕਿ 'ਹਮੇਸ਼ਾ ਸਿੱਧੇ ਰਸਤੇ ਚੱਲੋ, ਸਿੱਧਾ ਰਸਤਾ ਸਿੱਧਾ ਬੈਕੁੰਠ ਨੂੰ ਜਾਂਦਾ ਹੈ।'

"ਸਿੱਧਾ ਰਸਤਾ ਸਿੱਧਾ ਬੈਕੁੰਠ ਨੂੰ ਜਾਂਦਾ ਏ, ਬੰਤਿਆ।" ਉਸਨੇ ਨਾਨੀ ਵਾਂਗਰ ਹੀ ਆਪਣੇ ਸਾਥੀ ਨੂੰ ਸਮਝਾਇਆ।

"ਹਾਂ, ਤਿਆਰ ਹੋ ਜਾ ਸ਼ੇਰਾ ! ਲੰਬਰਦਾਰ ਕੇ ਸਾਰੇ ਕੁਣਬੇ ਨੂੰ ਅਸਾਂ ਓਧਰ ਈ ਭੇਜ ਦੇਣੈ।"

ਪਰ ਬੈਕੁੰਠ ਦੀ ਕਲਪਨਾ ਦੇ ਨਾਲ ਹੀ ਸੰਤਾ ਆਪਣੀ ਮਾਂ ਕੋਲ ਜਾ ਪਹੁੰਚਿਆ ਸੀ, ਜਿਹੜੀ ਸੱਚੇ ਪਾਦਸ਼ਾਹ ਦੇ ਮਹਿਲਾਂ ਵਿਚ ਉਸਦੇ ਜੂਠੇ ਭਾਂਡਿਆਂ ਦਾ ਇਕ ਵੱਡਾ ਸਾਰਾ ਢੇਰ ਮਾਂਜੀ ਜਾ ਰਹੀ ਸੀ। ਸੰਤੇ ਨੂੰ ਸੱਚੇ ਪਾਦਸ਼ਾਹ ਤੇ ਗੁੱਸਾ ਆ ਰਿਹਾ ਸੀ ਕਿ ਹਰ ਰੋਜ਼ ਖਾਹਮਖਾਹ ਦੇਵੀ-ਦੇਵਤਿਆਂ ਦਾ ਲੰਗਰ ਖੋਲ੍ਹੀ ਰੱਖਦਾ ਏ।

"ਨਹੀਂ ਪੁੱਤਰ ਸੰਤਿਆ, ਐਸੇ ਬੋਲ ਬੋਲਨਾਂ ਪਾਪਾ ਏ। ਮੇਰੇ ਤੇ ਧੰਨਭਾਗ ਐ ਕਿ ਮਹਾਪੁਰਖਾਂ ਦੇ ਜੂਠੇ ਬਰਤਨ ਚਮਕਾਉਣ ਦਾ ਕੰਮ ਕਰਦੀ ਆਂ।"

"ਪਰ ਭਾਬੋ---"

"ਨਹੀਂ, ਭਾਬੋ ਦਿਆ ਪੁੱਤਰਾ, ਬਰਤਨ ਭਾਂਡੇ ਨਾ ਚਮਕਣ ਤਾਂ ਭੁੱਖਿਆਂ ਦੀ ਭੁੱਖ ਮਰ ਜਾਂਦੀ ਐ।"

ਸੰਤਾ ਆਪਣੀ ਸਵਰਗੀ ਮਾਂ ਦੇ ਨਾਲ ਜੁੜ ਕੇ ਬੈਠਾ ਹੈ ਤੇ ਬਿਲਕੁਲ ਜੁੜ ਕੇ ਵੀ ਹੋਰ ਉਸ ਵੱਲ ਸਰਕਦਾ ਜਾ ਰਿਹਾ ਹੈ ਤੇ ਸਰਕਦਾ-ਸਰਕਦਾ ਉਸਦੇ ਐਨ ਦਿਲ ਵਿਚ ਜਾ ਵੜਿਆ ਤੇ ਏਥੋਂ ਉਹ ਆਪਣੀ ਮਾਂ ਦੀ ਕੁੱਖ ਵਿਚ ਉਤਰ ਗਿਆ ਹੈ ਤੇ ਕੁੱਖ 'ਚੋਂ ਜਨਮ ਲੈਂਦਾ ਹੋਇਆ ਰੋਣ ਲੱਗ ਪਿਆ ਹੈ।

"ਸੰਤਿਆ, ਓਇ ਸੰਤਿਆ !---"

"ਹਾਂ-ਆਂ---!"

"ਹੁਣੇ ਏਥੇ ਰੋ ਕੌਣ ਰਿਹਾ ਸੀ ?"

ਪਰ ਸੰਤਾ ਤਾਂ ਹਾਲੇ ਤਕ ਵਿਲਕੀ ਜਾ ਰਿਹਾ ਸੀ, ਕਿਉਂਕਿ ਪੈਦਾ ਹੁੰਦਿਆਂ ਹੀ ਉਸਦੀ ਮਾਂ ਮਰ ਗਈ ਸੀ।

ਆਸੇ-ਪਾਸੇ ਦੇ ਜੰਗਲ ਵਿਚ ਛੁਪੀ ਹੋਈ ਪਹੁ, ਹੁਣ ਆਪਣੀ ਉਤਸੁਕਤਾ ਹੱਥੋਂ ਬੇਵੱਸ ਹੋ ਕੇ ਰੁੱਖਾਂ ਪਿੱਛੋਂ ਬਾਹਰ ਨਿਕਲ ਆਈ ਸੀ ਤੇ ਉਹਨਾਂ ਦੇ ਇਰਾਦਿਆਂ ਨੂੰ ਤਾੜ ਕੇ ਉਹਨਾਂ ਦੀ ਮੋਟਰ ਸਾਈਕਲ ਦੇ ਅੱਗੇ-ਅੱਗੇ ਦੌੜਨ ਲੱਗ ਪਈ ਸੀ ਕਿ ਉਹਨਾਂ ਤੋਂ ਪਹਿਲਾਂ ਪਿੰਡ ਵਿਚ ਜਾ ਕੇ ਨੰਬਰਦਾਰ ਨੂੰ ਖਬਰਦਾਰ ਕਰ ਦਏ। ਤੇ ਮੋਟਰ ਸਾਈਕਲ ਏਨੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸੀ ਕਿ ਲੱਗਦਾ ਸੀ ਜਿਵੇਂ ਸਵਾਰਾਂ ਨੂੰ ਕਿਤੇ ਪਹੁੰਚਾਉਣਾ ਨਾ ਹੋਵੇ, ਬਸ ਪਹੁ ਦਾ ਪਿੱਛਾ ਕਰਨ ਲਈ ਹੀ ਅੰਨ੍ਹੇ ਵਾਹ ਦੌੜ ਰਹੀ ਹੋਏ।

"ਬੰਤਿਆ !" ਕੱਚੇ ਰਸਤੇ ਉੱਤੇ ਦੌੜਦੀ ਹੋਈ ਗੱਡੀ ਬੜੀ ਧੂੜ ਉਡਾਉਣ ਲੱਗੀ, ਇਸ ਲਈ ਸੰਤਾ ਆਪਣੀ ਪੱਗ ਦਾ ਲੜ ਮੂੰਹ ਅੱਗੇ ਕਰਨ ਲਈ ਜ਼ਰਾ ਰੁਕਿਆ, "ਲੰਬਰਦਾਰ ਨੇ ਸਾਡਾ ਕੀ ਵਿਗਾੜਿਆ ਏ ?"

"ਓਇ ਸੰਤਿਆ, ਓਹ ਵਿਚਾਰਾ ਸਾਡਾ ਕੀ ਵਿਗਾੜ ਸਕਦਾ ਈ ?"

ਪਰ ਸੰਤੇ ਦੀ ਉਲਝਣ ਵਧਦੀ ਹੀ ਜਾ ਰਹੀ ਸੀ ਕਿ ਉਹ ਨੰਬਰਦਾਰ ਦਾ ਸਫਾਇਆ ਕਰਨ ਕਿਉਂ ਜਾ ਰਹੇ ਨੇ, "ਨਹੀਂ ਬੰਤਿਆ, ਜ਼ਰਾ ਗੌਰ ਕਰ---"

"ਤੂੰ ਗੌਰ ਬੜਾ ਕਰਦਾ ਏਂ, ਏਸੇ ਕਰਕੇ ਤੇਰੇ ਕੋਲੋਂ ਕੁਝ ਹੋਰ ਨਹੀਂ ਹੁੰਦਾ।" ਬੰਤੇ ਨੁੰ ਆਪਣੇ ਸਾਹਮਣੇ ਸਵੇਰ ਦੇ ਕੁਝ ਪੰਛੀ ਉਡਦੇ ਹੋਏ ਦਿਖਾਈ ਦਿੱਤੇ ਤਾਂ ਉਸਨੂੰ ਪਤਾ ਨਹੀਂ ਕੀ ਸੁੱਝੀ ਕਿ ਉਸਨੇ ਖੱਬੇ ਹੱਥ ਨਾਲ ਮੋਟਰ ਸਾਈਕਲ ਸੰਭਾਲਦਿਆਂ, ਸੱਜੇ ਹੱਥ ਨਾਲ ਗਨ ਲਾਹ ਕੇ---'ਡਸ-ਠਾਹ-ਤੜ-ੜ-ੜ !' ਦੇਖਦੇ ਹੀ ਦੇਖਦੇ ਕਈ ਪੰਛੀ ਫੁੰਡ ਸੁੱਟੇ ਤੇ ਮੋਟਰ ਸਾਈਕਲ ਧੂੜ ਉਡਾਉਂਦੀ ਹੋਈ ਅੱਗੇ ਲੰਘ ਗਈ।

"ਇਹਨਾਂ ਨੂੰ ਕਿਉਂ ਫੁੰਡ ਛੱਡਿਆ ਬਸੰਤਿਆ ?"

ਬੰਤੇ ਨੇ ਜੈਤੂ ਠਹਾਕੇ ਲਾਉਂਦਿਆਂ ਦੱਸਿਆ ਕਿ ਬਸ ਜ਼ਰਾ ਨਿਸ਼ਾਨਾ ਸੋਧਣ ਲਈ, ਹੋਰ ਕਿਸ ਲਈ ?

"ਨਹੀਂ ਰਤਾ ਸਮਝ-ਸੋਚ ਕੇ ਜਵਾਬ ਦੇਅ।"

ਬੰਤਾ ਉਸਨੂੰ ਚਿਤਾਵਨੀ ਦੇਣਾ ਚਾਹੁੰਦਾ ਸੀ ਕਿ 'ਜ਼ਿਆਦਾ ਸਮਝਣ-ਸੋਚਣ ਵਾਲੇ ਹੀ ਸਭ ਤੋਂ ਪਹਿਲਾਂ ਨਿਸ਼ਾਨੇ ਦੀ ਜੱਦ ਤੇ ਆਉਂਦੇ ਨੇ।' ਉਸਨੇ ਸਿਰ ਭੁਆਂ ਕੇ ਆਪਣੀ ਗੱਲ ਕਹਿਣੀ ਚਾਹੀ ਪਰ ਮੋਟਰ ਸਾਈਕਲ ਦੀ ਅਤਿ ਤੇਜ਼ ਰਫ਼ਤਾਰ ਕਰਕੇ ਅੱਗੇ ਹੀ ਦੇਖਦਾ ਰਿਹਾ।

"ਇਹ ਲੰਬਰਦਾਰ ਵੀ ਤੇਰੇ ਵਾਂਗਰ ਬੜਾ ਸਮਝਦਾਰ ਈ ਸੰਤਿਆ, ਏਸੇ ਲਈ ਤੈਂ ਉਹਨੂੰ ਗੋਲੀ ਨਾਲ ਉਡਾਣ ਜਾ ਰਿਹੈਂ।"

ਪਰ ਸੰਤਾ ਸੋਚ ਰਿਹਾ ਸੀ ਕਿ ਨੰਬਰਦਾਰ ਉਸਦੇ ਨਾਨੇ ਵਾਂਗ ਗੁਰੂ ਦਾ ਸਿੱਖ ਬੰਦਾ ਏ। ਏਨਾ ਸੱਜਨ ਪੁਰਸ਼ ਏ ਕਿ ਉਸ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਨੂੰ ਜੀਅ ਕਰਦਾ ਏ। ਬਸ ਉਸਦਾ ਦੋਸ਼ ਇਹੀ ਹੈ ਕਿ ਆਪਣੇ ਸਾਰੇ ਕੰਮ ਛੱਡ ਕੇ ਵਿਗੜਿਆਂ ਹੋਇਆਂ ਨੂੰ ਸਮਝਾਉਂਦਾ ਰਹਿੰਦਾ ਹੈ। ਉਸ ਦਾ ਨਾਨਾ ਤੇ ਨਾਨੀ ਵੀ ਤਾਂ ਹਰ ਵੇਲੇ ਉਸਨੂੰ ਸਮਝਾਉਂਦੇ ਰਹਿੰਦੇ ਸੀ, ਸਾਰਿਆਂ ਨੂੰ ਬੜੇ ਚਾਅ ਨਾਲ ਸਮਝਾਉਂਦੇ ਸੀ। ਉਹਨਾਂ ਦੇ ਰਸਤੇ ਤੋਂ ਲੰਘ ਕੇ ਹਰੇਕ ਨੂੰ ਛਾਨਣੀ 'ਚੋਂ ਛਣੇ ਜਾਣ ਵਰਗਾ ਅਹਿਸਾਸ ਹੁੰਦਾ, ਜਿਵੇਂ ਸਾਰਾ ਕੂੜ ਛਣ ਗਿਆ ਹੋਵੇ। ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਤਾਂ ਛੋਹਰ ਅਵਸਥਾ ਵਿਚ ਹੀ ਭਗਵਾਂ ਚੋਲਾ ਪਾ ਲੈਣ ਦੀ ਧਾਰ ਲਈ ਸੀ। ਅੱਜ ਜੇ ਉਹ ਜਿਊਂਦੇ ਹੁੰਦੇ ਤਾਂ ਕੀ ਮੈਂ ਉਹਨਾਂ ਨੂੰ ਵੀ ਆਪਣੀਆਂ ਗੋਲੀਆਂ ਨਾਲ ਫੁੰਡ ਸੁੱਟਦਾ ?

"ਨਹੀਂ, ਬੰਤਿਆ, ਚੱਲ ਮੁੜ ਚੱਲੀਏ। ਮੈਂ ਲੰਬਰਦਾਰ 'ਤੇ ਹੱਥ ਨਹੀਂ ਚੁੱਕ ਸਕਦਾ।"

"ਕੋਈ ਚਿੰਤਾ ਨਹੀਂ ਮੂਰਖਾ," ਬੰਤੇ ਨੇ ਹੱਸ ਕੇ ਕਿਹਾ, "ਤੂੰ ਏਧਰ-ਉਧਰ ਨਿਗਾਹ ਰੱਖ ਲਵੀਂ। ਮੈਂ ਆਪੁ, 'ਕੱਲਾ ਓ ਕੰਮ ਨਿਬੇੜ ਲਵਾਂਗਾ। ਪੰਜ ਤਾਂ ਜਣੇ ਨੇ---ਲੰਬਰਦਾਰ, ਓਹਦੀ ਜ਼ਨਾਨੀ, ਪੂੱਤ, ਨੂੰਹ, ਪੋਤੀ---ਤੇ ਬਸ !"

ਸੰਤੇ ਨੇ ਉਹਨੂੰ ਚੇਤਾ ਕਰਾਇਆ ਕਿ ਨੰਬਰਦਾਰ ਦੀ ਬਹੂ ਦੇ ਪੇਟ 'ਚ ਵੀ ਇਕ ਜੀਵ ਪਲ ਰਿਹਾ ਹੈ।

"ਓਹਨੂੰ ਛੱਡ, ਉਹ ਆਪਣੀ ਮਾਂ ਦੇ ਪੇਟ 'ਚ ਈ ਰੋ-ਰੋ ਕੇ ਮਰ ਜਾਏਗਾ।"

"ਧਰਮ ਨਾਲ, ਤੂੰ ਬੜਾ ਜਾਲਮ ਬੰਦਾ ਏਂ ਬੰਤਿਆ।"

"ਅਸੀਂ ਜਾਲਮ ਕਿਉਂ ਆਂ ਬਈ ? ਅਸੀਂ ਤਾਂ ਰੱਬ ਦੀ ਰਜ਼ਾ ਦਾ ਪਾਲਣ ਕਰਨ ਜਾ ਰਹੇ ਆਂ।"

ਸੰਤੇ ਨੇ ਜਦੋਂ ਬੰਤੇ ਤੋਂ ਪੁੱਛਿਆ, 'ਉਹ ਕਿਵੇਂ ?' ਤਾਂ ਬੰਤੇ ਨੇ ਉਸਨੂੰ ਦੱਸਿਆ, 'ਇੰਜ ਕਿ ਜੋ ਸਾਰੇ ਟੋਲੇ ਦੀ ਇੱਛਾ, ਉਹੀ ਰੱਬ ਦੀ ਇੱਛਾ।' ਇਸ ਤੇ ਸੰਤੇ ਨੇ ਇਤਰਾਜ਼ ਕੀਤਾ ਕਿ 'ਰੱਬ ਤਾਂ ਸਾਰਿਆਂ ਦਾ ਰਾਖਾ ਏ। ਉਹ ਕਿਸੇ ਨੂੰ ਮਾਰਨ ਦੀ ਇੱਛਾ ਕਿਵੇਂ ਕਰ ਸਕਦਾ ਏ ?' ਬੰਤਾ ਹਿਰਖ ਗਿਆ ਤੇ ਬੋਲਿਆ ਕਿ 'ਹੁਣ ਆਪਣਾ ਇਹ ਕੀਰਤਨ ਬੰਦ ਕਰ ਤੇ ਚੁੱਪ-ਚਾਪ ਹੁਕਮ ਦਾ ਪਾਲਣ ਕਰ, ਨਹੀਂ ਤਾਂ ਤੂੰ ਜਾਣਦਾ ਈ ਏਂ, ਕੀ ਨਤੀਜਾ ਹੋਏਗਾ ?'

ਸੰਤਾ ਵਾਕਈ ਡਰ ਗਿਆ ਪਰ ਕੁਝ ਇਸ ਤਰ੍ਹਾਂ ਕਿ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਡਰ ਗਿਆ ਏ, ਵਰਨਾ ਉਹ ਆਪਣੇ ਆਪ ਨੂੰ ਤਾੜ-ਝਾੜ ਕੇ ਸਿੱਧਾ ਕਰ ਲੈਂਦਾ। ਕੁਝ ਚਿਰ ਉਹ ਦੋਹੇਂ ਚੁੱਪ ਰਹੇ। ਇਸੇ ਦੌਰਾਨ ਉਹਨਾਂ ਦੀ ਮੋਟਰ ਸਾਈਕਲ ਧੂੜ ਉਡਾਉਂਦੀ ਹੋਈ ਇਕ ਗੁਰਦਵਾਰੇ ਦੇ ਅਗਿਓਂ ਲੰਘੀ ਜਿਹੜਾ ਨੰਬਰਦਾਰ ਦੇ ਪਿੰਡ ਤੋਂ ਜ਼ਰਾ ਫਾਸਲੇ 'ਤੇ ਸੀ। ਗੁਰਦਵਾਰੇ ਵਿਚ ਕੀਰਤਨ ਹੋ ਰਿਹਾ ਸੀ :

'ਪਹੂ ਫਟੀ ਤੇ ਚਾਨਣ ਹੋਇਆ---ਪਹੂ ਫਟੀ ਤੇ ਚਾਨਣ ਹੋਇਆ---'

ਆਪਣੇ ਆਸੇ-ਪਾਸੇ ਫੈਲੇ ਹਲਕੇ ਚਾਨਣ ਵਿਚ ਸੰਤੇ ਨੂੰ ਅਚਾਨਕ ਪਤਾ ਨਹੀਂ ਕੀ ਨਜ਼ਰ ਆਇਆ ਕਿ ਉਹ ਫੇਰ ਤਣ ਕੇ ਬੈਠ ਗਿਆ ਤੇ ਬੰਤੇ ਨੂੰ ਸੁਣਾ ਕੇ ਸਾਫ-ਸਾਫ ਕਹਿਣ ਲੱਗਾ ਕਿ ਉਹ ਨੰਬਰਦਾਰ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਏਗਾ।

ਬੰਤੇ ਦੇ ਕੰਨ ਲੰਮੇ ਹੋ ਕੇ ਸੰਤੇ ਦੀ ਦਾੜ੍ਹੀ ਛੁਹਣ ਲੱਗੇ ਤੇ ਉਸਨੇ ਐਤਕੀ ਬੜੀ ਗੁਸੈਲੀ ਆਵਾਜ਼ ਵਿਚ ਜਵਾਬ ਦਿੱਤਾ, "ਸੁਣ ਓਇ ਜ਼ਨਾਨਿਆਂ, ਆਪਣੀ ਬਕਵਾਸ ਬੰਦ ਕਰ, ਨਹੀਂ ਤਾਂ ਲੰਬਰਦਾਰ ਤੋਂ ਪਹਿਲਾਂ ਮੈਨੂੰ ਤੇਰਾ ਮੰਤਰ ਪੜ੍ਹਨਾ ਪੈ ਜਾਣੈ।"

ਬੰਤੇ ਦੀ ਕੌੜ ਨੇ ਸੰਤੇ ਦਾ ਪਾਰਾ ਯਕਦਮ ਸੱਤਵੇਂ ਆਸਮਾਨ ਤੇ ਚੜ੍ਹਾ ਦਿੱਤਾ। ਉਸਦੀ ਮੱਤ ਈ ਮਾਰੀ ਗਈ ਤੇ ਉਸਨੇ ਅੱਗਾ-ਪਿੱਛਾ ਵਿਚਾਰੇ ਬਿਨਾਂ, ਆਪਣੀ ਗਨ ਲਾਹੀ ਤੇ ਬੰਤੇ ਉੱਤੇ ਪਿੱਛੋਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹ ਦੋਹੇਂ ਉੱਡੀ ਜਾ ਰਹੀ ਗੱਡੀ ਤੇ ਹੀ ਗੁੱਥਮ-ਗੁੱਥਾ ਹੋ ਗਏ ਤੇ ਭੋਇੰ ਡਿੱਗ ਪਏ ਤੇ ਉਹਨਾਂ ਨੂੰ ਆਪੋ ਆਪਣੀ ਜਗ੍ਹਾ ਤੋਂ ਹਿੱਲਣ ਤੋਂ ਆਹਰੀ ਵੇਖ ਕੇ ਐਨ ਉਸੇ ਸਮੇਂ ਕਿਸੇ ਰੁੱਖ ਤੇ ਬੈਠੇ ਬਾਂਦਰ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਹ ਰੁੱਖ ਤੋਂ ਉਤਰਿਆ ਤੇ ਉਹਨਾਂ ਦੀਆਂ ਬੰਦੂਕਾਂ ਨੂੰ ਕੱਚੇ ਰਸਤੇ ਤੋਂ ਚੁੱਕ ਕੇ, ਕਿਸੇ ਭੂਤ-ਪ੍ਰੇਤ ਵਾਂਗ ਅਛੋਪਲੇ ਹੀ ਤੁਰਦਾ ਹੋਇਆ ਸੰਘਣੇ ਜੰਗਲ ਵਿਚ ਗਾਇਬ ਹੋ ਗਿਆ।

"ਨਹੀਂ, ਬੰਤਿਆ ਨਹੀਂ !---"

ਸੰਤਾ ਆਪਣੀਆਂ ਟੁੱਟੀਆਂ-ਭੱਜੀਆਂ ਹੱਡੀਆਂ ਨਾਲ ਆਪਣੇ ਸਾਥੀ ਵੱਲ ਘਿਸਟਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਹੁਣ ਵੀ ਉਸਨੂੰ ਸਮਝਾ ਰਿਹਾ ਸੀ ਕਿ ਉਹ ਸਿੱਧੇ ਰਸਤੇ ਨਹੀਂ---"ਰੱਬ ਤਾਂ ਇਕੋ ਹੀ ਰੱਬ ਏ ਬੰਤਿਆ, ਇਕ ਹੀ ਸਭ ਤੋਂ ਵੱਡਾ ਰੱਬ, ਸਾਰੀ ਦਾ ਦੁਨੀਆਂ ਦਾ ਰੱਬ---ਨਹੀਂ, ਬੋਲ ਨਾ, ਬਸ ਗੌਰ ਕਰ---"

ਤੇ ਜਦੋਂ ਗੌਰ ਕਰਦੇ ਕਰਦੇ ਬੰਤੇ ਦੇ ਦਮਾਂ ਦੀ ਡੋਰ ਟੁੱਟਣ ਲੱਗੀ ਤਾਂ ਸੰਤੇ ਨੇ ਬੜੀ ਮੁਸ਼ਕਲ ਨਾਲ ਆਪਣੇ ਉੱਖੜੇ ਹੋਏ ਸਾਹਾਂ ਨੂੰ ਸਮੇਟਦਿਆਂ ਉਸਦੇ ਕੰਨ ਵਿਚ ਇਹ ਗੱਲ ਫੂਕ ਦਿੱਤੀ---"ਬੰਤਿਆ, ਬਹੁਤ ਸਾਰੇ ਰੱਬਾਂ ਨੇ ਤਾਂ ਆਦਮ ਜਾਤ ਨੂੰ ਉਲਟੀ ਰਹੇ ਪਾਇਆ ਹੋਇਆ ਏ !"

Monday, May 18, 2009

ਦਹਿਸ਼ਤ :: ਲੇਖਕ : ਜਫ਼ਰ ਪਿਆਮੀ

ਉਰਦੂ ਕਹਾਣੀ : ਦਹਿਸ਼ਤ :: ਲੇਖਕ : ਜਫ਼ਰ ਪਿਆਮੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਜ਼ਿੰਦਗੀ ਸਿਰਫ ਇਤਫ਼ਾਕ ਹੈ ਤੇ ਮੌਤ ਇਕ ਅਟੱਲ ਸਚਾਈ---ਫੇਰ ਮੌਤ ਤੋਂ ਡਰਨਾ ਕੀ ?...ਡਰ ਤਾਂ ਸਿਰਫ ਇਸ ਗੱਲ ਦਾ ਸੀ ਕਿ ਕਿਤੇ ਅੱਡੀਆਂ ਰਗੜ-ਰਗੜ ਹੀ ਨਾ ਮਰਨਾ ਪਏ। ਜੇ ਮੌਤ ਝੱਟ ਮੰਗਣੀ, ਪੱਟ ਵਿਆਹ ਵਾਂਗ ਵਾਪਰ ਜਾਏ, ਤਾਂ ਕਹਿਣਾ ਈ ਕੀ ! ਹਵਾਈ ਹਾਦਸੇ ਦੀ ਮੌਤ ਨੂੰ ਉਹ ਬਿਹਤਰ ਸਮਝਦਾ ਸੀ---ਬਿੰਦ-ਝੱਟ ਦੀ ਪ੍ਰੇਸ਼ਾਨੀ ਤੇ ਸਦਾ-ਸਦਾ ਦੀ ਛੁੱਟੀ। ਗ਼ਾਲਿਬ ਵਿਚਾਰੇ ਹਵਾਈ ਦੌਰ ਤੋਂ ਪਹਿਲਾਂ ਪੈਦਾ ਹੋਏ ਸਨ…ਏਸੇ ਕਰਕੇ ਗਰਕ-ਦਰਿਆ ਹੋਣ ਦੀ ਹਸਰਤ ਵਿਚ ਮਰ ਕੇ ਸ਼ਰਮਿੰਦਾ ਹੋਏ। ਹਵਾਈ ਹਾਦਸੇ ਨਾਲ ਪ੍ਰੀਤ ਜੋੜਦੇ ਤਾਂ ਸ਼ਰਮਿੰਦਿਆਂ ਤਾਂ ਨਾ ਹੋਣਾ ਪੈਂਦਾ---ਨਾ ਕੋਈ ਜਨਾਜ਼ਾ ਉਠਦਾ, ਨਾ ਕੋਈ ਮਜ਼ਾਰ ਹੁੰਦਾ। ਜੇ ਕਿਤੇ ਕਿਸਮਤ ਸਾਥ ਦੇਂਦੀ ਤਾਂ ਮੌਜ ਨਾਲ ਗਰਕ-ਦਰਿਆ ਵੀ ਹੋ ਜਾਂਦੇ…ਅਕਸਰ ਹਵਾਈ ਹਾਦਸੇ (ਸ਼ਾਇਦ ਉਹਨਾਂ ਦੇ ਹੁਕਮ ਨਾਲ ਹੀ) ਸਮੁੰਦਰ ਉੱਤੇ ਹੁੰਦੇ ਨੇ।

ਇਕ ਹੋਰ ਚੰਗੀ ਮੌਤ ਇਹ ਵੀ ਹੋ ਸਕਦੀ ਹੈ ਕਿ ਕੋਈ ਸਰਪਟ ਦੌੜਦੀ ਹੋਈ ਕਾਰ ਕਿਸੇ ਉੱਚੀ ਪਹਾੜੀ ਉਪਰੋਂ ਸੈਂਕੜੇ ਫੁੱਟ ਹੇਠਾਂ ਵਗਦੀ ਕਿਸੇ ਨਦੀ ਵਿਚ ਇੰਜ ਜਾ ਡਿੱਗੇ ਕਿ ਨਾ ਕਾਰ ਦਾ ਹੀ ਕੋਈ ਪਤਾ ਲੱਗੇ ਤੇ ਨਾ ਹੀ ਕਾਰ ਵਾਲੇ ਦਾ।

ਮੌਤ ਵੱਲੋਂ ਏਨਾ ਬੇਪ੍ਰਵਾਹ ਹੁੰਦਾ ਹੋਇਆ ਵੀ ਉਹ ਖਾਸਾ ਭੈ-ਭੀਤ ਸੀ। ਭਾਵੇਂ ਕਾਰ ਸਾਧਾਰਨ ਰਫ਼ਤਾਰ ਨਾਲ ਦੌੜ ਰਹੀ ਸੀ ਤੇ ਰਸਤਾ ਵੀ ਬਿਲਕੁਲ ਪੱਧਰਾ ਸੀ। ਹਰ ਪਾਸੇ ਲੋਕ ਤੁਰੇ ਫਿਰਦੇ ਸਨ ਤੇ ਚੱਪਾ-ਚੱਪਾ ਉਸਦਾ ਜਾਣਿਆ-ਪਛਾਣਿਆ ਸੀ---ਫੇਰ ਵੀ ਪਤਾ ਨਹੀਂ ਕਿਉਂ ਉਸਨੂੰ ਡਰ ਲੱਗ ਰਿਹਾ ਸੀ। ਸ਼ਾਇਦ ਅਗਲੇ ਮੋੜ ਉੱਤੇ ਜਾਂ ਇੱਥੇ ਕਿਤੇ ਹੀ, ਹੁਣੇ ਤੇ ਇਸੇ ਪਲ, ਜ਼ਿੰਦਗੀ ਖ਼ਤਮ ਹੋ ਜਾਵੇਗੀ।

ਇਕ ਵਾਰੀ ਨਹੀਂ ਅਨੇਕਾਂ ਵਾਰੀ ਉਹ ਇਹਨਾਂ ਰਾਹਾਂ ਉੱਤੇ ਮਿਲਣ-ਵਿਛੜਨ ਦੀ ਖੇਡ, ਖੇਡ ਚੁੱਕਿਆ ਸੀ। ਉਸਨੂੰ ਉਹ ਦਿਨ ਯਾਦ ਆਇਆ ਜਦ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ---ਉਹ ਤੇ 'ਉਹ' ਏਸੇ ਰਾਸਤੇ ਉੱਤੇ ਡਰਾਈਵ ਕਰਦੇ ਹੋਏ ਇਕ ਦਿਨ ਏਦਾਂ ਮਸਤ ਹੋ ਗਏ ਸਨ ਕਿ ਇਕ ਰਾਹ ਜਾਂਦੇ ਰਾਹੀ ਨੇ ਕਿਹਾ ਸੀ, 'ਬੱਲੇ, ਬੱਲੇ ਬਾਊ ਜੀ…ਕਹੋ ਤਾਂ ਅਸੀਂ ਓ ਖੇਸ ਪਾ ਦੇਈਏ ਸ਼ੀਸ਼ਿਆਂ ਉੱਪਰ…'

ਫੇਰ ਉਸ ਸਰਪਟ ਕਾਰ ਦੌੜਾ ਦਿੱਤੀ ਸੀ, ਜਿਵੇਂ ਹਵੇਲੀ ਵਾਲਿਆਂ ਦੀ ਵੱਡੀ ਬੇਰੀ ਦੇ 'ਗਲਘੋਟੂ' ਬੇਰ ਤੋੜਦੇ ਹੋਏ ਉੱਤੋਂ ਫੜ੍ਹੇ ਗਏ ਹੋਣ---ਹੋਸ਼ ਓਦੋਂ ਵੀ ਨਹੀਂ ਸੀ ਹੁੰਦੀ ਤੇ ਨਾ ਹੀ ਓਦੋਂ ਈ ਸੀ। ਫਰਕ ਸਿਰਫ ਏਨਾ ਸੀ ਕਿ ਉਦੋਂ ਜ਼ਿੰਦਗੀ ਆਪਣੇ ਪੂਰੇ ਹੁਸਨ ਸਮੇਤ ਉਹਨਾਂ ਦੇ ਕਲਾਵੇ ਵਿਚ ਸੀ ਤੇ ਅੱਜ ਪੈਰ-ਪੈਰ ਉੱਤੇ ਹਰੇਕ ਰੁੱਖ, ਹਰੇਕ ਤੰਬੂ, ਹਰੇਕ ਝਾੜੀ ਤੇ ਹਰੇਕ ਚਿਹਰੇ ਦੇ ਪਿੱਛੇ ਮੌਤ ਲੁਕੀ ਖੜ੍ਹੀ ਦਿਖਾਈ ਦੇਂਦੀ ਸੀ।

ਉਸਨੂੰ ਯਕੀਨ ਸੀ ਮੌਤ ਕੋਈ ਵੱਡਾ ਮਰਹਲਾ ਨਹੀਂ…ਪਤਾ ਨਹੀਂ ਕਿਉਂ ਫੇਰ ਵੀ ਮੌਤ ਤੋਂ ਡਰ ਰਿਹਾ ਸੀ ਉਹ ! ਸ਼ਾਇਦ ਇਸ ਕਰਕੇ ਕਿ ਉਸਨੂੰ ਸੱਦਾ ਦੇਣ ਵਿਚ ਵੀ ਉਸਦੇ ਰਵਾਇਤੀ ਦੱਬੂਪਣ ਤੇ ਬੇਵਕੂਫ਼ੀ ਦਾ ਵੱਡਾ ਹੱਥ ਸੀ। ਸਭਿਅਤਾ ਤੇ ਸ਼ਰਾਫਤ, ਯਾਨੀਕਿ ਮੂਰਖਤਾ ਦਾ ਇਹ 'ਕ੍ਰਮ' ਪਿਛਲੀ ਰਾਤ ਹੀ ਸ਼ੁਰੂ ਹੋ ਗਿਆ ਸੀ : ਕੱਲ੍ਹ ਰਾਤੀਂ ਜਦੋਂ ਉਹ ਖਾਣਾ ਵਗ਼ੈਰਾ ਖਾ ਕੇ ਬੈਠੇ, ਦੇਸ਼ ਵਿਦੇਸ਼ ਵਿਚ ਵੱਸਦੇ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਦੇ ਹਾਲ-ਚਾਲ, ਪੁੱਛ-ਦੱਸ ਰਹੇ ਸਨ ਤਾਂ ਅਚਾਨਕ ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਿਆ ਸੀ। ਹਾਲਾਤ ਨੇ ਸਿਖਾਅ ਦਿੱਤਾ ਸੀ ਕਿ ਬੂਹਾ ਖੋਹਲਣ ਤੋਂ ਪਹਿਲਾਂ ਕਿਸੇ ਚੋਰ ਮੋਰੀ ਥਾਣੀ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਕੁੰਡਾ ਖੜਕਾਉਣ ਵਾਲਾ 'ਠੀਕ ਆਦਮੀ' ਹੈ ? ਉਸਦੇ ਜੀਜੇ ਨੇ ਬਾਹਰ ਖੜ੍ਹੇ ਲੋਕਾਂ ਨੂੰ ਦੇਖਿਆ ਤੇ ਦੀਵਾਨਖਾਨੇ ਦੀ ਚੁਟਕਨੀ ਅੰਦਰੋਂ ਅੜਾਉਣ ਲੱਗ ਪਿਆ। ਉਦੋਂ ਹੀ ਕਾਲਬੈੱਲ ਦੀ ਘੰਟੀ ਕੰਨਾਂ ਵਿਚ ਚੀਰ ਪਾ ਗਈ। ਪੋਰਟਿਕੋ ਤੋਂ ਥੋੜ੍ਹੀ ਦੂਰ ਇਕ ਚਿੱਟੀ ਕਾਰ ਖੜ੍ਹੀ ਹੋਈ ਸੀ---ਮਾਮਲਾ ਖਤਰਨਾਕ ਹੀ ਜਾਪਦਾ ਸੀ। ਬਾਹਰਲਾ ਬੂਹਾ ਲਗਾਤਾਰ ਖੜਕਾਇਆ ਜਾ ਰਿਹਾ ਸੀ।

ਡਰਦਿਆਂ ਡਰਦਿਆਂ ਨੌਕਰ ਨੂੰ ਬਾਹਰ ਭੇਜ ਦਿੱਤਾ ਗਿਆ। ਨੌਕਰ ਦਾ ਕੀ ਹੁੰਦੈ, ਇਕ ਗਿਆ ਦੂਜਾ ਆ ਜਾਏਗਾ। ਨੌਕਰ ਪਿਛਲੇ ਦਰਵਾਜ਼ੇ ਵੱਲੋਂ ਗਿਆ ਸੀ…ਤੇ ਆਉਣ ਵਾਲਿਆਂ ਤੋਂ ਕੁਝ ਪੁੱਛ ਕੇ ਝੱਟ ਵਾਪਸ ਨੱਸ ਆਇਆ ਸੀ।

'ਤੀਨ ਸਰਦਾਰ ਬਾਹਰ ਖੜੇ ਹੈਂ ਜੀ…ਫਾਰਨ ਵਾਲੇ ਸਾ'ਬ ਕੋ ਪੂਛ ਰਹੇ ਹੈਂ। ਇਨਹੋਂ ਨੇ ਕਲ੍ਹ ਕੇ ਲੀਏ ਕੋਈ ਟੈਕਸੀ ਬੁਕ ਕਰਵਾਈ ਥੀ।'

ਉਸਦੀ ਚੋਰੀ ਫੜ੍ਹੀ ਗਈ ਸੀ।

ਕੱਲ੍ਹ ਸਵੇਰ ਦੀ ਫਲਾਈਟ 'ਤੇ ਲੰਦਨ ਤੋਂ ਦਿੱਲੀ ਤੇ ਦਿੱਲੀ ਤੋਂ ਇਸ ਸ਼ਹਿਰ ਵਿਚ ਪਹੁੰਚਦਿਆਂ ਹੀ ਉਸਨੇ ਹਮੇਸ਼ਾ ਵਾਂਗ ਟੈਕਸੀ ਸਟੈਂਡ 'ਤੇ ਫ਼ੋਨ ਕੀਤਾ ਸੀ, ਜਿੱਥੋਂ ਉਹ ਹਮੇਸ਼ਾ ਟੈਕਸੀ ਕਰਵਾ ਕੇ 'ਆਪਣੇ ਪਿੰਡਾਂ ਵੱਲ' ਘੁੰਮਣ ਜਾਂਦਾ ਹੁੰਦਾ ਸੀ। ਫ਼ੋਨ ਉੱਤੇ ਹੀ ਕਿਰਾਏ ਵਗ਼ੈਰਾ ਦੀ ਸੈਟਲਮੈਂਟ ਕਰਕੇ ਉਸਨੇ ਇੱਥੋਂ ਦਾ ਪਤਾ ਦੇ ਦਿੱਤਾ ਸੀ।

ਤਾਂ ਇਹ ਲੋਕ ਮੈਨੂੰ ਮਿਲਣ ਆਏ ਸਨ ?
ਪਰ ਏਸ ਵੇਲੇ ਕਿਉਂ ?
ਇਹ ਸੋਚਣ ਦਾ ਮੌਕਾ ਨਹੀਂ ਸੀ---ਜੇ ਉਹ ਲੋਕ ਬਾਹਰ ਖੜ੍ਹੇ ਸਨ ਤਾਂ ਉਸਨੂੰ ਮਿਲਣਾ ਹੀ ਪੈਣਾ ਸੀ।
ਉੱਠ ਕੇ ਉਹ ਨੌਕਰ ਵਾਲੇ ਰਸਤੇ ਤੋਂ ਬਾਹਰ ਚਲਾ ਗਿਆ।
'ਸਾਹਿਬ ਜੀ, ਤੁਸਾਂ ਨੇ ਟੈਕਸੀ ਬੁੱਕ ਕਰਵਾਈ ਸੀ ਨਾ…ਪਟਿਆਲਾ, ਜਲੰਧਰ, ਅੰਮ੍ਰਿਤਸਰ ਵਗ਼ੈਰਾ ਵਾਸਤੇ ?'
'ਕਰਵਾਈ ਤਾਂ ਸੀ---ਪਰ ਸਵੇਰੇ ਜਾਣ ਲਈ, ਇਸ ਵੇਲੇ ਲਈ ਨਹੀਂ।' ਉਸਦੀ ਆਵਾਜ਼ ਵਿਚੋਂ ਘਬਰਾਹਟ ਝਲਕ ਰਹੀ ਸੀ।
'ਅਸੀਂ ਇਹੀ ਪੱਕਾ ਕਰਨ ਆਏ ਆਂ ਜੀ। ਲੰਮਾ ਸਫ਼ਰ ਏ…ਤੁਹਾਨੂੰ ਕੋਈ ਕਸ਼ਟ ਨਾ ਹੋਏ। ਬਾਈ ਦੀ ਵੇ…ਕਿੰਨੇ ਜਣੇ ਹੋਣਗੇ ?'
'ਸਿਰਫ ਮੈਂ…' ਤੇ ਤੁਰੰਤ ਹੀ ਉਸਨੂੰ ਅਹਿਸਾਸ ਹੋਇਆ ਸੀ ਕਿ ਇਹ ਦੱਸ ਕੇ ਉਸਨੇ ਬੜੀ ਵੱਡੀ ਬੇਵਕੂਫ਼ੀ ਕੀਤੀ ਹੈ।
'ਫੇਰ ਤਾਂ ਸਾਹਬ ਜੀ ਨਵੀਂ ਫੀਅਟ 'ਚ ਲੈ ਚੱਲਾਂਗੇ। ਸੀ ਐੱਚ ਜੈੱਡ - 112 ਯਾਦ ਰੱਖਿਓ।'
'ਅੱਛਾ।' ਮੁਰਦਲੀ ਜਿਹੀ ਆਵਾਜ਼ ਵਿਚ ਉਸਨੇ ਜਵਾਬ ਦਿੱਤਾ।
'ਗੁੱਡ ਨਾਈਟ ਸਰ।'
'ਸਤਸ੍ਰੀਆਕਾਲ।' ਆਦਤਨ ਉਸਦੇ ਮੂੰਹੋਂ ਨਿਕਲਿਆ। ਪਤਾ ਨਹੀਂ ਉਹਨਾਂ ਨੂੰ ਸੁਣਿਆਂ ਵੀ ਸੀ ਜਾਂ ਨਹੀਂ---ਪਰ ਸਵਾਲ ਇਹ ਸੀ ਕਿ ਉਹ ਏਨੀ ਰਾਤ ਨੂੰ ਘਰ ਕਿਉਂ ਆਏ ਸਨ ?

ਸ਼ਾਇਦ ਗੱਲ ਪੱਕੀ ਕਰਨਾ ਚਾਹੁੰਦੇ ਹੋਣ---ਪਰ ਇਹ ਤਾਂ ਉਹ ਟੈਲੀਫ਼ੋਨ 'ਤੇ ਵੀ ਪੱਕਾ ਕਰ ਸਕਦੇ ਸਨ, ਉਹਨਾਂ ਕੋਲ ਇੱਥੋਂ ਦਾ ਨੰਬਰ ਵੀ ਸੀ।

ਸ਼ਾਇਦ ਉਹ ਰਸਤਾ ਦੇਖਣਾ ਚਾਹੁੰਦੇ ਹੋਣ ?

ਪਰ ਜਿਹੜਾ ਰਸਤਾ ਅੱਧੀ ਰਾਤ ਨੂੰ ਦੇਖਣਾ ਸੀ, ਉਹ ਸਵੇਰੇ ਵੀ ਤਾਂ ਦੇਖਿਆ ਜਾ ਸਕਦਾ ਸੀ।

ਇਹ ਸ਼ੰਕੇ ਹਰੇਕ ਦੇ ਦਿਲ ਵਿਚ ਉੱਠ ਰਹੇ ਸਨ ਪਰ ਕਿਸੇ ਦੀ ਜ਼ੁਬਾਨ ਉੱਤੇ ਨਹੀਂ ਸਨ ਆ ਰਹੇ। ਉਹਨਾਂ ਲੋਕਾਂ ਦੇ ਚਲੇ ਜਾਣ ਪਿੱਛੋਂ, ਉਹ ਸਾਰੇ ਚੁੱਪ ਜਿਹੇ ਹੋ ਗਏ ਸਨ…ਜਿਵੇਂ ਕੋਈ ਖਬਰ ਦੇ ਗਿਆ ਹੋਏ ਕਿ ਕੱਲ੍ਹ ਤੁਹਾਡੇ ਫਲਾਨੇ ਅਜੀਜ਼ (ਮਿੱਤਰ-ਪਿਆਰੇ) ਨੂੰ ਫਾਂਸੀ ਲੱਗੇਗੀ।

'ਟੈਕਸੀ ਵਾਸਤੇ ਫ਼ੋਨ ਕਰਨ ਤੋਂ ਪਹਿਲਾਂ ਇਹਨਾਂ ਨੂੰ ਪੁੱਛ ਤਾਂ ਲੈਂਦੇ ਭਾਈ ਸਾਹਬ।' ਉਸਦੀ ਮੇਜ਼ਬਾਨ ਭੈਣ ਨੇ ਡਰਦਿਆਂ ਡਰਦਿਆਂ ਕਿਹਾ।

'ਹਾਂ, ਭਾਪਾ ਜੀ।' ਉਸਦਾ ਜੀਜਾ ਬੋਲਿਆ, 'ਵੈਸੇ ਤਾਂ ਸਭ ਠੀਕ ਠਾਕ ਏ, ਪਰ ਕੌਣ ਜਾਣਦੈ ਕਦ ਕਿਸਦੀ ਨੀਅਤ…'

'ਜੀਵਨ ਕਹਿੰਦਾ ਪਿਆ ਸੀ,' ਪੰਦਰਾਂ ਸਾਲਾ ਵਿੱਕੀ ਨੇ ਨੌਕਰ ਦਾ ਹਵਾਲਾ ਦਿੰਦਿਆਂ ਕਿਹਾ, 'ਉਹਨਾਂ ਵਿਚੋਂ ਇਕ ਨੇ ਤਾਂ ਪੈਂਟ ਦੀ ਫੁੱਲੀ ਹੋਈ ਜੇਬ ਵਿਚੋਂ ਹੱਥ ਹੀ ਨਹੀਂ ਸੀ ਕੱਢਿਆ।'

ਤੇ ਫੇਰ ਕਿੱਸੇ ਸ਼ੁਰੂ ਹੋ ਗਏ ਸਨ : ਕਿਵੇਂ ਕਿਸ ਪ੍ਰੋਫ਼ੈਸਰ ਦੇ ਘਰ, ਸਵੇਰੇ ਸਵੇਰੇ, ਦੋ ਬੰਦੇ ਆਏ---ਇਕ ਨੇ ਪੀਣ ਲਈ ਪਾਣੀ ਮੰਗਿਆ ਤੇ ਫੇਰ…

'ਵਿਚਾਰਾ ਪ੍ਰੋਫ਼ੈਸਰ ਪਾਂਡੇ।'

'ਪਿਛਲੇ ਹਫ਼ਤੇ ਹੀ ਹਾਈ ਵੇ 'ਤੇ ਕਈ ਮੁਸਾਫ਼ਰ ਕਤਲ ਕਰ ਦਿੱਤੇ ਗਏ ਨੇ ਜੀ।'

'ਬੜਾ ਮਾੜਾ ਜ਼ਮਾਨਾਂ ਆ ਗਿਆ ਜੇ। ਕੋਈ ਪਤਾ ਨਹੀਂ ਕਿਹੜਾ ਸੱਜਨ ਜੇ, ਕਿਹੜਾ ਵੈਰੀ।'

ਉਸਦਾ ਜੀਜਾ ਦੱਬਵੀਂ ਜਿਹੀ ਜ਼ੁਬਾਨ ਵਿਚ ਏਦਾਂ ਰਸਮੀਂ ਜਿਹੀਆਂ ਗੱਲਾਂ ਕਰ ਰਿਹਾ ਸੀ, ਜਿਵੇਂ ਕੋਈ ਝੂਠ ਬੋਲ ਰਿਹਾ ਹੋਏ। ਸ਼ਾਇਦ ਇਸ ਲਈ ਕਿ ਉਸਦੇ ਪਿਓ ਦਾ ਨਾਂ ਵੀ ਸਰਦਾਰ ਆਲੀ ਸਰਦਾਰ ਪਿਆਰਾ ਸਿੰਘ ਆਫ ਗੁਜਰਾਂਵਾਲਾ ਸੀ।

ਸਰਦਾਰ ਪਿਆਰਾ ਸਿੰਘ ਨੇ ਖਾਨਦਾਨ ਦੀ ਰਵਾਇਤ ਅਨੁਸਾਰ ਆਪਣੇ ਵੱਡੇ ਪੁੱਤਰ ਨੂੰ ਸਿੰਘ ਸਜਾਇਆ ਸੀ ਤੇ ਛੋਟੇ ਨੂੰ ਮੋਨਾ ਹੀ ਰਹਿਣ ਦਿੱਤਾ ਸੀ। ਇਹ ਕੋਈ ਖਾਸ ਗੱਲ ਵੀ ਨਹੀਂ ਸੀ---ਘਰ ਘਰ ਦੀ ਕਹਾਣੀ ਸੀ। ਪਰ ਹੁਣ ਇਹ ਸਭ ਕੁਝ ਵਾਕਈ 'ਖਾਸ-ਗੱਲ' ਹੋ ਗਈ ਲੱਗਦੀ ਸੀ।

ਉਸਦੇ ਜੀਜੇ ਨੂੰ ਇਹ ਸੋਚਣਾ ਮੁਸ਼ਕਿਲ ਜਿਹਾ ਲੱਗ ਰਿਹਾ ਸੀ ਕਿ ਅਜਿਹੀਆਂ ਹਾਲਤਾਂ ਵਿਚ ਕੀ ਕਹੇ ! ਇਕ ਅਣਲਿਖੇ ਤੇ ਅਣਕਹੇ ਸਮਝੌਤੇ ਅਨੁਸਾਰ ਘਰ ਵਿਚ ਉਹ ਲੋਕ 'ਸਿਆਸਤ' ਦੀ ਗੱਲ ਹੀ ਬੜੀ ਘੱਟ ਕਰਦੇ ਸਨ।

ਇਸ ਵੇਲੇ ਸਵਾਲ ਸਿਰਫ ਇਹ ਸੀ ਕਿ ਉਸਨੇ 'ਉਹਨਾਂ ਲੋਕਾਂ' (ਹੋਰ ਕਿਸ ਨਾਂ ਨਾਲ ਬੁਲਾਇਆ ਜਾਵੇ ਉਹਨਾਂ ਨੂੰ) ਨਾਲ ਸਵੇਰੇ ਜਾਣ ਲਈ ਹਾਂ ਕਰਕੇ ਚੰਗਾ ਕੀਤਾ ਹੈ ਜਾਂ ਮਾੜਾ ? ਪਰ ਇਹ ਸਵਾਲ ਸਿਰਫ ਉਸਦੀ ਭੈਣ ਨੇ ਹੀ, ਦੱਬਵੀਂ ਜ਼ੁਬਾਨ ਵਿਚ ਕੀਤਾ…ਤੇ ਫੇਰ ਜਵਾਬ ਦੀ ਉਡੀਕ ਕੀਤੇ ਬਗ਼ੈਰ ਹੀ ਚੁੱਪ ਹੋ ਗਈ। ਕਿਸੇ ਨੇ ਕੁਝ ਨਾ ਆਖਿਆ…ਸਾਰੇ ਜਾਣਦੇ ਸਨ ਕਿ ਸਿਆਸਤ ਉੱਪਰ ਬਹਿਸ ਫਜ਼ੂਲ ਹੀ ਨਹੀਂ ਹੁੰਦੀ, ਖਤਰਨਾਕ ਵੀ ਹੁੰਦੀ ਹੈ।
***
ਸਾਰੀ ਰਾਤ ਉਹ ਸੋਚਦਾ ਰਿਹਾ ਕਿ ਜਾਵਾਂ ਕਿ ਨਾ ਜਾਵਾਂ ? ਸਵੇਰੇ ਟੈਕਸੀ ਆਈ ਤਾਂ ਬਹਾਨਾ ਕਰਕੇ ਮੁਆਫ਼ੀ ਮੰਗ ਲਵਾਂਗਾ---ਹਰਜਾਨੇ ਦੇ ਤੌਰ ਤੇ ਸੌ-ਪੰਜਾਹ ਰੁਪਏ ਦੇ ਕੇ ਖਹਿੜਾ ਛੁਡਾਇਆ ਜਾ ਸਕਦਾ ਹੈ।

ਪਰ ਕਿਉਂ ?

ਇਸ ਕਰਕੇ ਕਿ ਹੋ ਸਕਦਾ ਹੈ ਕਿ ਉਹਨਾਂ ਲੋਕਾਂ ਨੇ ਤੈਨੂੰ 'ਸਾਫ' ਕਰਨ ਦਾ ਪ੍ਰੋਗਰਾਮ ਬਣਾ ਲਿਆ ਹੋਏ, ਹੁਣ ਤੱਕ। ਇਹ ਵੀ ਹੋ ਸਕਦਾ ਹੈ ਕਿ ਇਹ ਕੰਮ ਉਹ ਆਪ ਨਾ ਕਰਨ, ਸਵੇਰ ਦੀ ਰਵਾਨਗੀ ਦੀ ਪੁਸ਼ਟੀ ਕਰਕੇ, ਉਹਨਾਂ ਨੇ ਕਿਸੇ ਹੋਰ ਨੂੰ ਫ਼ੋਨ ਕਰ ਦਿੱਤਾ ਹੋਏ। ਹੋ ਸਕਦਾ ਹੈ, ਉਹਨਾਂ ਵਿਚੋਂ ਕੋਈ ਆਪ, ਕਿਸੇ ਵੀਰਾਨ ਜਗ੍ਹਾ ਮੇਰਾ ਇੰਤਜ਼ਾਰ ਕਰ ਰਿਹਾ ਹੋਏ…

ਪਰ ਉਹ ਮਾਰਦੇ ਕਿੰਜ ਨੇ ?

ਇਸ ਨਾਲ ਕੀ ਫਰਕ ਪੈ ਜਾਣਾ ਏਂ---ਪਿਸਤੌਲ ਹੋਏ, ਭਾਵੇਂ ਬੰਦੂਕ ਜਾਂ ਸਟੇਨਗੰਨ। ਮਾਰਿਆ ਤਾਂ ਤੂੰ ਈ ਜਾਏਂਗਾ…ਤੇ ਉਹ ਵੀ ਬਿਲਕੁਲ ਅਜਾਈਂ ਮੌਤ---ਅਜਿਹੀ ਮੌਤ ਜਿਸਦੀ ਕੋਈ ਕਲਪਣਾ ਤਕ ਨਹੀਂ ਕਰ ਸਕਦਾ। ਤੂੰ ਦੇਸ਼ਾਂ-ਵਿਦੇਸ਼ਾਂ ਵਿਚ ਜਾਣਿਆ-ਪਛਾਣਿਆ ਪ੍ਰੈਸ ਰਿਪੋਰਟਰ ਏਂ, ਤੇਰੀ ਆਪਣੀ ਕੋਈ ਤਸਵੀਰ ਨਹੀਂ ਖਿੱਚੇਗਾ, ਉਦੋਂ। ਤੈਨੂੰ ਜਾਣਾ ਨਹੀਂ ਚਾਹੀਦਾ, ਐਵੇਂ ਕਿਸੇ ਝਾੜੀ ਵਿਚ ਢੇਰ ਹੋਇਆ ਲੱਭੇਂਗਾ।

ਇਹ ਤੂੰ ਕੀ ਸੋਚ ਰਿਹੈ ? ਤੂੰ ਜਿਹੜਾ ਪੱਕਾ ਨਾਸਤਕ ਹੁੰਦਾ ਹੋਇਆ ਵੀ ਅੰਦਰ ਕਿਤੋਂ ਆਪਣੇ ਆਪ ਨੂੰ ਉਹਨਾਂ ਲੋਕਾਂ ਵਿਚੋਂ ਹੀ ਸਮਝਦਾ ਹੈਂ---ਤੂੰ ਹੈਂ ਕੌਣ, ਤੂੰ ਇਹ ਵੀ ਫੈਸਲਾ ਨਹੀਂ ਕਰ ਸਕਿਆ ! ਤੂੰ ਜਿਹੜਾ ਹਮੇਸ਼ਾ ਆਪਣਿਆ ਦੇ ਤਾਹਨੇ-ਮਿਹਣੇ ਸੁਣਦਾ ਰਿਹੈਂ ਕਿ ਤੇਰੇ ਮੂੰਹ 'ਤੇ ਨਹੀਂ ਢਿੱਡ 'ਚ ਦਾੜ੍ਹੀ ਹੈ।

ਤੂੰ ਹੀ ਡਰ ਰਿਹੈਂ, ਲਾਹਣਤ ਹੈ ਤੇਰੇ ਉੱਤੇ।

ਨੀਂਦ ਦੀਆਂ ਤਿੰਨ ਗੋਲੀਆਂ ਦਾ ਅਸਰ ਸਵੇਰ ਤਕ ਗਾਇਬ ਹੀ ਰਿਹਾ ਸੀ। ਭਾਰੇ ਸਿਰ ਤੇ ਸੁੱਜੀਆਂ ਜਿਹੀਆਂ ਅੱਖਾਂ ਨਾਲ ਉਸਨੇ ਅਟੈਚੀ ਬੰਦ ਕੀਤਾ। ਸ਼ਾਇਦ ਇਹ ਆਖ਼ਰੀ ਮੁਲਾਕਾਤ ਹੋਏ---ਜੀਜੇ, ਭੈਣ ਤੇ ਉਸਦੇ ਸਹੁਰਿਆਂ ਨਾਲ।

ਭੈਣ ਦੀ ਸੱਸ, ਬੇ-ਜੀ 'ਅੰਮ੍ਰਿਤ ਵੇਲੇ' ਉਠ ਕੇ ਨੇੜੇ ਦੇ ਗੁਰਦੁਆਰੇ ਵਿਚ ਮੱਥਾ ਟੇਕ ਕੇ ਵਾਪਸ ਆ ਗਈ ਸੀ। ਹੁਣ ਉਸਨੇ ਸੁਖਮਣੀ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਦੱਬਵੀਂ ਜ਼ੁਬਾਨ ਵਿਚ ਉਸਦੀ ਭੈਣ ਨੂੰ ਕਹਿਣ ਲੱਗੀ, 'ਵਹੁਟੀਏ, ਜੇ ਆਪਣੇ ਵੀ ਨੂੰ ਅੱਜ ਦਾ ਦਿਨ ਰੋਕ ਲਏਂ ਤਾਂ…' ਫੇਰ ਉਸਨੇ ਗੱਲ ਵਿਚਾਲੇ ਹੀ ਛੱਡ ਦਿੱਤੀ, 'ਜੋ ਕਰੇ ਵਾਹਿਗੁਰੂ ਚੰਗਾ ਕਰੇ।'

ਉਸ ਮੱਥਾ ਟੇਕਿਆ। ਉਹਨਾਂ ਹੱਥ ਚੁੱਕ ਕੇ ਅਸ਼ੀਰਵਾਦ ਦਿੱਤਾ, 'ਵਾਹਿਗੁਰੂ ਭਲਾ ਕਰੇ। ਜੁਆਨੀਆਂ ਮਾਣੋ।' ਫੇਰ ਉਹਨਾਂ ਦੂਜੇ ਪਾਸੇ ਮੂੰਹ ਫੇਰ ਲਿਆ---ਜਿਵੇਂ ਕਿਸੇ ਅਣਦੇਖੇ, ਅਣਚਾਹੇ ਪਾਪ ਵਿਚ ਸਾਂਝੀਦਾਰ ਬਣਨ ਵਾਸਤੇ ਤਿਆਰ ਨਹੀਂ ਸਨ ਉਹ।

ਤੁਰਨ ਵੇਲੇ ਰਸਮੀਂ ਜਿਹੀਆਂ ਗੱਲਾਂ ਹੋਈਆਂ। ਨੌਕਰ ਅਟੈਚੀ ਟੈਕਸੀ ਦੀ ਡਿੱਕੀ ਵਿਚ ਰੱਖ ਆਇਆ। ਉਸਨੇ ਹਮੇਸ਼ਾ ਵਾਂਗ ਨੌਕਰ ਨੂੰ ਟਿੱਪ ਦਿੱਤੀ। ਏਨਾ ਥੋੜ੍ਹਾ ਚਿਰ ਰਹਿਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਤੇ ਅਗਲੀ ਵੇਰ ਜ਼ਿਆਦਾ ਦਿਨ ਠਹਿਰਣ ਦਾ ਵਾਅਦਾ ਵੀ। ਫੇਰ ਸਾਰੇ ਚੁੱਪ ਹੋ ਗਏ, ਜਿਵੇਂ ਕੋਈ ਝੂਠ ਬੋਲਦੇ ਹੋਏ ਫੜੇ ਗਏ ਹੋਣ।

ਜ਼ਿੰਦਗੀ ਵਿਚ ਅਨੇਕਾਂ ਖਤਰਨਾਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਸਤਕ ਨੇ ਕਦੀ ਰੱਬ ਦਾ ਨਾਂ ਨਹੀਂ ਸੀ ਲਿਆ। ਉਦੋਂ ਵੀ ਨਹੀਂ ਜਦੋਂ ਉਹ ਕੈਮਰੇ ਨਾਲ 'ਜੰਗ ਸ਼ੂਟ' ਕਰਨ ਵਾਸਤੇ ਉਸ ਮੈਦਾਨੇ-ਜੰਗ ਵਿਚ ਗਿਆ ਸੀ, ਜਿੱਥੇ ਚਾਰੇ ਪਾਸੇ ਮੌਤ ਦਾ ਵਪਾਰ ਹੋ ਰਿਹਾ ਸੀ। ਉਦੋਂ ਵੀ ਨਹੀਂ ਜਦੋਂ ਜ਼ਮੀਨ ਤੋਂ ਹਜ਼ਾਰਾ ਮੀਟਰ ਉਤਾਂਹ ਉੱਡਦਾ ਹੋਇਆ ਹਵਾਈ ਜਹਾਜ਼ ਫੁੱਟਬਾਲ ਵਾਂਗ ਹਵਾ ਵਿਚ ਉੱਛਲਨ ਲੱਗ ਪਿਆ ਸੀ। ਪਰ ਪਤਾ ਨਹੀਂ ਕਿਉਂ ਅੱਜ ਅਚਾਨਕ ਉਸਦੇ ਮੂੰਹੋਂ ਨਿਕਲਿਆ ਸੀ 'ਸਤਿਗੁਰ ਤੇਰੀ ਓਟ।'
***
'ਸਤਿਗੁਰ ਤੇਰੀ ਓਟ' ਇਕਬਾਲ ਵੀ ਬੁੱਲ੍ਹਾਂ ਵਿਚ ਬਰੜਾਇਆ। ਹੁਣ ਉਹ ਫਰੰਟ ਸੀਟ ਉੱਤੇ ਇਕੱਲਾ ਸੀ, ਉਸਦੇ ਨਾਲ ਦਾ ਸਾਥੀ ਸ਼ਹਿਰ ਖਤਮ ਹੋਣ ਸਾਰ, ਕੁਝ ਕਹੇ-ਸੁਣੇ ਬਗ਼ੈਰ ਹੀ, ਗੱਡੀ ਰੁਕਾਅ ਕੇ ਉਤਰ ਗਿਆ ਸੀ। ਕੀ ਇਹ ਗੱਲ ਰਹੱਸਮਈ ਨਹੀਂ ਸੀ ?...ਇਕ ਸ਼ਖ਼ਸ ਜਿਸਨੇ ਸਵੇਰੇ ਮੂੰਹ ਹਨੇਰੇ ਹੀ ਤੁਹਾਡੇ ਨਾਲ ਸਫ਼ਰ ਜਾਰੀ ਕੀਤਾ ਸੀ, ਤੁਸੀਂ ਠੀਕ ਤਰ੍ਹਾਂ ਉਸਦੀ ਸ਼ਕਲ ਵੀ ਨਹੀਂ ਦੇਖ ਸਕੇ ਸੌ, ਤੇ ਉਹ ਕਿਸੇ ਸੁੰਨਸਾਨ ਜਗ੍ਹਾ ਉਤਰ ਗਿਆ ਸੀ ? ਨਾਲੇ ਫੇਰ ਆਪਣੇ ਸਾਥੀ ਨੂੰ ਕੁਝ ਕਹੇ-ਸੁਣੇ ਬਗ਼ੈਰ…ਕੋਈ ਚੁਭਦੀ ਹੋਈ ਸ਼ੈ…ਸ਼ਾਇਦ ਇਕ ਗੋਲੀ ਉਸਨੂੰ ਆਪਣੀ ਰੀੜ੍ਹ ਦੀ ਹੱਡੀ ਕੋਲ ਪਹੁੰਚ ਗਈ ਜਾਪੀ। ਇਕ ਕੈਦੀ ਇਕ ਫਾਇਰੰਗ ਸਕੁਆਇਡ ਸਾਹਮਣੇ ਜਾਂਦਿਆਂ ਹੋਇਆਂ ਮੁਸਕਰਾ ਪਿਆ ਸੀ। ਤਸਵੀਰਾਂ ਵਿਚ ਕੈਦੀਆਂ ਨੂੰ, ਫਾਇਰਿੰਗ ਸਕੁਆਇਡ ਸਾਹਮਣੇ ਅਕਸਰ ਮੁਸਕਰਾਂਉਂਦਿਆਂ ਹੀ ਦੇਖਿਆ ਸੀ ਉਸਨੇ।

ਇਕਬਾਲ ਸਿੰਘ ਨੇ ਐਕਸੀਲੇਟਰ ਉੱਤੇ ਪੈਰ ਧਰਿਆ ਤੇ ਕਾਰ ਹਵਾ ਨਾਲ ਗੱਲਾਂ ਕਰਨ ਲੱਗ ਪਈ। ਚੰਗਾ ਸੀ। ਤੇਜ਼ ਰਫ਼ਤਾਰ ਗੱਡੀ ਉੱਤੇ ਅਸਾਨੀ ਨਾਲ ਨਿਸ਼ਾਨਾ ਨਹੀਂ ਲੱਗ ਸਕਦਾ। ਉਸਦਾ ਧਿਆਨ ਕਿਸੇ ਹੋਰ ਵਿਸ਼ੇ ਵੱਲ ਮੁੜ ਹੀ ਨਹੀਂ ਸੀ ਰਿਹਾ।

ਗੋਲੀ ਹੁਣ ਰੀੜ੍ਹ ਦੀ ਹੱਡੀ ਵਿਚ ਧਸ ਚੁੱਕੀ ਸੀ। ਇਹ ਬੜੀ ਮਾੜੀ ਗੱਲ ਹੋਏਗੀ---ਗੋਲੀ ਖਾਓ, ਮਰ ਜਾਓ ਤੇ ਛੁੱਟੀ ਕਰੋ। ਏਨਾ ਤਾਂ ਠੀਕ ਹੈ ਪਰ…ਜੇ ਗੋਲੀ ਰੀੜ੍ਹ ਦੀ ਹੱਡੀ ਵਿਚ ਵੱਜੇ ਤੇ ਬੰਦਾ ਹਮੇਸ਼ਾ-ਹਮੇਸ਼ਾ ਲਈ ਵਹੀਲ-ਚੇਅਰ ਉੱਤੇ ਜਾ ਬੈਠੇ ਤਾਂ ਬਰਦਾਸ਼ਤ ਨਹੀਂ ਹੋਣਾ। ਇੰਜ ਗੋਲੀ ਖਾਣ ਦੇ ਬਾਵਜੂਦ ਵੀ ਕਈ ਬੰਦੇ ਮੁਰਦਿਆਂ ਨਾਲੋਂ ਭੈੜੇ ਹੋ ਕੇ ਰਹਿ ਜਾਂਦੇ ਨੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਗੋਲੀ ਵੀ ਹਮੇਸ਼ਾ ਸਬਰ ਤੇ ਸੰਤੋਖ ਨਾਲ ਹੀ ਖਾਣੀ ਚਾਹੀਦੀ ਹੈ ਤਾਂ ਕਿ ਅੱਖ ਦੇ ਫੋਰੇ ਵਿਚ ਗੋਲੀ ਅੰਦਰ ਤੇ ਦਮ ਬਾਹਰ ਹੋ ਜਾਵੇ। ਪਰ ਇਕਬਾਲ ਏਨੀ ਤੇਜ਼ ਗੱਡੀ ਦੌੜਾ ਕੇ ਕਿਹੜੀ ਖੇਡ ਖੇਡਣੀ ਚਾਹ ਰਿਹਾ ਏ ?

ਕਾਰ ਦੀ ਰਫ਼ਤਾਰ ਅਚਾਨਕ ਘੱਟ ਹੋ ਗਈ ਤੇ ਬਾਜ਼ਾਰ ਦੇ ਇਕ ਚੁਰਸਤੇ ਕੋਲ ਰੋਕਦਿਆਂ, 'ਕੋਈ ਚਾਹ-ਸ਼ਾਹ, ਬਿਸਕੁਟ-ਬੁਸਕਟ ਸਰ ?'

'ਚਾਹ-ਸ਼ਾਹ' ਤੇ 'ਬਿਸਕੁਟ-ਬੁਸਕਟ' ਕਹਿ ਕੇ ਇਕਬਾਲ ਸ਼ਾਇਦ ਇਹੀ ਦੱਸਣਾ ਚਾਹੁੰਦਾ ਸੀ ਕਿ ਉਹ ਪੱਕਾ ਪੰਜਾਬੀ ਹੈ। ਉਸ ਵਾਂਗ ਹੀ ਪੱਕਾ ਪੰਜਾਬੀ ਤੇ ਹਰੇਕ ਸ਼ਬਦ ਨੂੰ ਜਿਹੜਾ ਖਾਸ ਤੌਰ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਸੰਬੰਧਤ ਹੋਵੇ, ਇਕਹਿਰਾ ਨਹੀਂ ਬੋਲਦਾ---ਜਿਵੇਂ ਚਾਹ-ਸ਼ਾਹ, ਬਿਸਕੁਟ-ਬੁਸਕਟ, ਕੇਕ-ਸ਼ੇਕ, ਦਾਰੂ-ਸ਼ਾਰੂ ਤੇ ਗੋਲੀ-ਗਾਲੀ…ਜਿਵੇਂ ਗੋਲੀ ਵੀ ਇਕੱਲੀ ਨਹੀਂ, ਗਾਲੀ ਨਾਲ ਹੀ ਖਾਣੀ ਠੀਕ ਰਹਿੰਦੀ ਹੋਏ।

ਕੁਝ ਕਹੇ ਸੁਣੇ ਬਗ਼ੈਰ ਉਹ ਉਤਰ ਗਿਆ। ਆਪਣੇ ਆਪ ਨੂੰ ਨਾਰਮਲ ਸਿੱਧ ਕਰਨ ਵਾਸਤੇ, ਲੱਤਾਂ ਨੂੰ ਜ਼ਰਾ ਕੁ ਝਟਕਾ ਦੇ ਕੇ ਸਿੱਧਿਆਂ ਕਰਦਾ ਹੋਇਆ ਮੈਂ ਵੀ ਇਕਬਾਲ ਸਿੰਘ ਦੇ ਪਿੱਛੇ-ਪਿੱਛੇ 'ਸ਼ਾਨੇ ਪੰਜਾਬ ਹੋਟਲ ਐਂਡ ਰੈਸਟੋਰੈਂਟ' ਉਰਫ਼ ਢਾਬੇ ਵਿਚ ਵੜ ਗਿਆ।

ਸ਼ਾਨੇ ਪੰਜਾਬ ਵਿਚ ਇਸ ਸਮੇਂ ਉਸਦੇ ਅੱਧਖੜ ਉਮਰ ਦੇ ਮਾਲਕ ਤੇ ਨਿੱਕੇ ਜਿਹੇ 'ਮੁੰਡੂ' ਦੇ ਸਿਵਾਏ ਹੋਰ ਕੋਈ ਨਹੀਂ ਸੀ। ਮਾਲਕ ਤੇ ਮੁੰਡੂ ਵਿਚ ਉਮਰ ਤੋਂ ਬਿਨਾਂ ਇਕ ਖਾਸ ਫਰਕ ਇਹ ਵੀ ਸੀ ਕਿ ਮਾਲਕ ਨੇ ਲਾਲ ਰੰਗ ਦਾ ਕੱਛਾ ਤੇ ਇਕ ਕਰੋਸ਼ੀਏ ਦੀ ਬੁਣੀ ਜਾਕਟ ਜਿਹੀ ਪਾਈ ਹੋਈ ਸੀ ਤੇ ਮੁੰਡੂ ਦੇ ਤਨ 'ਤੇ ਸਿਰਫ ਕੱਛਾ ਹੀ ਸੀ। ਇਕ ਹੀ ਕਤਾਰ ਵਿਚ ਖੜ੍ਹੇ ਸਨ ਰਾਜਾ ਤੇ ਰੰਕ, ਦੋਹੇਂ।

ਇਕਬਾਲ ਲਈ ਪਾਈਆ ਦੁੱਧ ਵਿਚ ਪੱਤੀ ਤੇ ਉਸ ਲਈ ਕਾਲੀ ਚਾਹ ਬਣਾਵਾਈ ਗਈ। ਮਿੱਠਾ ਘੱਟ---ਯਾਨੀ ਸਿਰਫ ਦੋ ਚਮਚੇ ਪਾਉਣ ਦਾ ਹੁਕਮ ਦਿੱਤਾ ਗਿਆ। ਦੇਖਦਿਆਂ ਦੇਖਦਿਆਂ ਹੀ ਕਈ ਜਣੇ ਹੋਰ ਅੰਦਰ ਆ ਵੜੇ---ਇਕ ਬੱਸ ਆ ਕੇ ਰੁਕੀ ਸੀ, ਡਰਾਈਵਰ ਤੇ ਕੰਡਕਟਰ ਸਵਾਰੀਆਂ ਨੂੰ 'ਬਸ ਦਸ ਮਿੰਟ' ਰੁਕਣ ਦਾ ਹੁਕਮ ਸੁਣਾ ਕੇ ਅੰਦਰ ਆ ਬੈਠੇ ਸਨ। ਚਾਹ ਦਾ ਦੌਰ ਸ਼ੁਰੂ ਹੋ ਗਿਆ---ਪਰ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ---ਜਿਵੇਂ ਲੋਕ ਸ਼ਾਨੇ ਪੰਜਾਬ ਵਿਚ ਨਹੀਂ, ਗੋਰਿਆਂ ਦੇ ਕਬਰਸਤਾਨ ਵਿਚ ਬੈਠੇ ਹੋਏ ਹੋਣ। ਹਰੇਕ ਸ਼ਖ਼ਸ ਚੁੱਪਚਾਪ ਆਉਂਦਾ, ਚਾਹ-ਸ਼ਾਹ, ਕੇਕ-ਸ਼ੇਕ ਜਾਂ ਪਰਾਂਠਾ-ਸ਼ਰਾਂਠਾ ਖਾਂਦਾ, ਪੈਸੇ ਦਿੰਦਾ ਤੇ ਚੁੱਪਚਾਪ ਆਪਣੀ ਸੀਟ ਉੱਤੇ ਜਾ ਬੈਠਦਾ। ਕਮਾਲ ਦੀ ਗੱਲ ਇਹ ਹੋਈ ਸੀ ਕਿ ਬੱਸ ਤੋਰਨ ਤੋਂ ਪਹਿਲਾਂ ਕੰਡਕਟਰ ਨੂੰ ਇਕ ਵਾਰੀ ਵੀ ਸੀਟੀ ਨਹੀਂ ਸੀ ਵਜਾਉਣੀ ਪਈ---ਹਰ ਬੰਦਾ ਪਹਿਲਾਂ ਹੀ ਆਪਣੀ ਸੀਟ ਉੱਤੇ ਮੌਜ਼ੂਦ ਸੀ। ਉਸਦੇ ਦੇਸ਼ ਦੇ ਲੋਕ ਹੌਲੀ-ਹੌਲੀ ਸਭਿਅਤ ਤੇ ਡਸਿਪਲਨ ਦੇ ਪੁਜਾਰੀ ਹੋ ਰਹੇ ਸਨ, ਤੇ ਉਹ ਡਰ ਰਿਹਾ ਸੀ।

ਸਾਹਮਣੇ 'ਸ਼ੇਰੇ ਪੰਜਾਬ ਹੋਟਲ' ਵਾਲੇ ਨੇ ਜਦੋਂ 'ਸ਼ਾਨੇ ਪੰਜਾਬ' ਦੇ ਸਾਹਮਣੇ ਆਪਣੀ ਗਾਹਕੀ ਕੁਝ ਮੱਠੀ ਦੇਖੀ ਤਾਂ ਦੂਜੀ ਬੱਸ ਦੇ ਮੁਸਾਫ਼ਰਾਂ ਦਾ ਧਿਆਨ ਖਿੱਚਣ ਵਾਸਤੇ ਫਿਲਮੀ ਡਾਇਲਾਗਾਂ ਦੀ ਕੈਸਟ ਲਾ ਦਿੱਤੀ :

'ਤੇਰਾ ਕਿਆ ਹੋਗਾ ਕਾਲੀਆ…' ਘਿਸੀ ਕੈਸਟ ਵਿਚੋਂ ਅਮਜਦ ਖ਼ਾਨ ਦੀ ਤਿੱਖੀ ਆਵਾਜ਼ ਆਈ ਜਿਵੇਂ ਕਿਸੇ ਡੂੰਘੇ ਖੂਹ ਵਿਚੋਂ ਕੋਈ ਦੁਸ਼ਟ ਪ੍ਰੇਤ ਆਦਮਾ ਬੋਲ ਰਹੀ ਹੋਏ।

ਗੁੰਮਸੁੰਮ ਜਿਹੇ ਹੋਏ ਲੋਕ ਕੁਝ ਸ਼ੇਰੇ ਪੰਜਾਬ ਵੱਲ ਤੁਰ ਗਏ ਤੇ ਕੁਝ ਸ਼ਾਨੇ ਪੰਜਾਬ ਵਿਚ ਵੜ ਗਏ। ਦੋਏ ਪਾਸੇ ਪੂਰਬੀਏ ਮੁੰਡੂ ਆਪਣੇ ਰਲਗੱਡ ਜਿਹੇ ਪੰਜਾਬੀ ਲਹਿਜੇ ਵਿਚ---ਆਓ ਜੀ, ਚਾਏ ਗਰਮ, ਠੰਡੀ ਲੱਸੀ, ਅੰਡਾ-ਆਮਲੇਟ, ਆਲੂ-ਪਰਾਂਠਾ ਦੀ ਰਟ ਲਾ ਕੇ ਗਾਹਕ ਬੁਲਾਅ ਰਹੇ ਸਨ। ਗਾਹਕ ਚੁੱਪਚਾਪ ਇਧਰ ਜਾਂ ਉਧਰ ਚਲੇ ਜਾਂਦੇ। ਜਿਵੇਂ ਹਰੇਕ ਸ਼ਖ਼ਸ ਸੋਚ ਰਿਹਾ ਸੀ---'ਤੇਰਾ ਕਿਆ ਹੋਗਾ ਕਾਲੀਆ ?' ਘਿਸੀ ਕੈਸਟ ਵਿਚੋਂ ਫੇਰ ਆਵਾਜ਼ ਆਈ---'ਜੋ ਡਰ ਗਿਆ, ਵੋ ਮਰ ਗਿਆ…ਹਾ-ਹਾ-ਹਾ।' ਲੋਕ ਆਵਾਜ਼ ਨੂੰ ਭਾਵੇਂ ਅਣਸੁਣੀ ਕਰ ਰਹੇ ਸਨ---ਪਰ ਹਰ ਸ਼ਖ਼ਸ ਡਰਿਆ ਹੋਇਆ ਸੀ, ਤੇ ਅੰਦਰੇ-ਅੰਦਰ ਮਰਿਆ ਹੋਇਆ ਸੀ।

'ਚੱਲੀਏ ਸਰ ?'

'ਚੱਲੋ !'

ਇਕਬਾਲ ਨੇ ਕਾਰ ਫੇਰ ਦੌੜਾਅ ਦਿੱਤੀ। ਗਿੱਲੀ ਸੜਕ ਪਿਛਲੀ ਰਾਤ ਪਏ ਮੀਂਹ ਦੀਆਂ ਚੁਗਲੀਆਂ ਕਰ ਰਹੀ ਸੀ। ਯੁਕਲਪਟੱਸ ਦੇ ਰੁੱਖ ਸਿਰ ਝੁਕਾਈ ਖੜ੍ਹੇ ਸਨ---ਸਿਰ ਤੋਂ ਪੈਰਾਂ ਤੀਕ ਹੰਝੂਆਂ ਵਿਚ ਡੁੱਬੇ ਹੋਏ। ਸਮਾਂ ਚੰਗਾ ਹੁੰਦਾ ਤਾਂ ਉਹ ਲਾਜ਼ਮੀ ਰੁਕਦਾ, ਕੁਝ ਚਿਰ ਭਿੱਜੇ ਪੱਤਿਆਂ ਵਾਲੇ ਰੁੱਖਾਂ ਹੇਠ ਬਿਤਾਉਂਦਾ। ਬਰਸਾਤ ਦੇ ਮੌਸਮ ਦੀ ਪਹਿਲੀ ਬਾਰਿਸ਼ ਪਿੱਛੋਂ ਉਠਦੀ ਹੋਈ ਮਿੱਟੀ ਦੀ ਖ਼ੁਸ਼ਬੂ ਨਾਲ ਦਿਮਾਗ਼ ਦੇ ਭੁੱਲੇ-ਵਿਸਰੇ ਕੋਨਿਆਂ ਨੂੰ ਰੁਸ਼ਲਾਉਂਦਾ। ਆਪਣੇ ਦੇਸ਼ ਦੀ ਧਰਤੀ ਨੂੰ ਸੁਰਮੇਂ ਵਾਂਗ ਅੱਖਾਂ ਵਿਚ ਸਜਾਉਂਦਾ---ਪਰ ਹੁਣ ਤਾਂ ਹੰਝੂਆਂ ਧੋਤੇ ਰੁੱਖਾਂ ਤੋਂ ਡਰ ਲੱਗ ਰਿਹਾ ਹੈ। ਧਰਤੀ ਖਾਸੀ ਤਰ ਹੋਈ ਹੋਈ ਸੀ---ਬਾਰਿਸ਼ ਨਾਲ, ਲਹੂ ਨਾਲ। ਬੇ-ਜੀ ਨੇ ਠੀਕ ਹੀ ਆਖਿਆ ਸੀ---'ਲਹੂ ਤਾਂ ਖ਼ੈਰ ਪਾਣੀ ਵਾਂਗ ਵਹਿ ਰਿਹਾ ਜੇ, ਪਰ ਪਾਣੀ ਵੀ ਬੜਾ ਮਹਿੰਗਾ ਹੋ ਗਿਆ ਜੇ ਪੁੱਤਰ।'

ਇਕਬਾਲ ਨੇ ਅਚਾਨਕ ਕੱਚੇ ਲਾਹ ਕੇ ਗੱਡੀ ਰੋਕ ਦਿੱਤੀ, ਕੁਝ ਕਹੇ ਬਗ਼ੈਰ ਹੇਠਾਂ ਉਤਰਿਆ ਤੇ---'ਦੋ ਮਿੰਟ ਸਰ' ਕਹਿੰਦਾ ਹੋਇਆ ਝਾੜੀਆਂ ਦੀ ਓਟ ਵਿਚ ਚਲਾ ਗਿਆ।

ਇਸੇ ਗੱਲ ਦਾ ਤਾਂ ਡਰ ਸੀ, ਇਸੇ ਕਰਕੇ ਤਾਂ ਰਾਤੀਂ ਆਪਣਾ ਪ੍ਰੋਗ਼ਰਾਮ ਨਹੀਂ ਸੀ ਦੱਸਣਾ ਚਾਹੁੰਦਾ ਤੈਨੂੰ।

ਦੂਰ ਸਾਹਮਣੇ ਤਿੰਨ ਚਾਰ ਨੌਜ਼ਵਾਨ ਸਾਈਕਲਾਂ ਤੇ ਆ ਰਹੇ ਸਨ। ਉਹਨਾਂ ਦੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਹੱਥ ਵਿਚ ਕੀ ਸੀ ? ਦਿਖਾਈ ਨਹੀਂ ਸੀ ਦੇ ਦਿੱਤਾ। ਸ਼ਾਇਦ ਪਿੱਛੇ ਬੈਠੇ ਬੰਦਿਆਂ ਕੋਲ ਹੋਏ।…ਜਾਂ ਫੇਰ ਹੋ ਸਕਦਾ ਹੈ ਸਾਈਕਲਾਂ ਨਾਲ ਟੰਗੇ ਝੋਲਿਆਂ ਵਿਚ। ਸਾਰੀ ਗੱਲ ਸਪਸ਼ਟ ਹੋ ਚੁੱਕੀ ਸੀ---ਇਕਬਾਲ ਸ਼ਿਕਾਰ ਨੁੰ ਸ਼ਿਕਾਰੀਆਂ ਦੇ ਹਵਾਲੇ ਕਰਕੇ ਆਪ ਟਿਭ ਗਿਆ ਸੀ।

ਅੱਜ ਕਿਸੇ ਕੁਆਰੇ ਗ਼ਮ ਤੋਂ ਬਿਨਾਂ ਹੀ ਖ਼ੁਦਾ ਯਾਦ ਆ ਰਿਹਾ ਸੀ---ਬਿਨਾਂ ਗੱਲੋਂ ਹੀ। ਅੱਜ ਕੱਲ੍ਹ ਸਾਰੇ ਕੰਮ ਬਿਨਾਂ ਗੱਲੋਂ ਹੀ ਹੋ ਰਹੇ ਸਨ। ਕੁਝ ਸੋਚਣ, ਕੁਝ ਬੋਲਣ, ਕੁਝ ਕਰਨ ਦਾ ਮੌਕਾ ਵੀ ਨਹੀਂ ਸੀ ਰਿਹਾ। ਜ਼ਿੰਦਗੀ ਮਜ਼ੇ ਵਿਚ ਬੀਤੀ ਸੀ, ਮੌਤ ਵੀ ਮਜ਼ੇਦਾਰ ਹੀ ਹੋਏਗੀ।

ਸਾਈਕਲ ਸਵਾਰ ਖਾਸੀ ਨੇੜੇ ਆ ਗਏ ਸਨ। ਉਸਨੇ ਕਾਰ ਦੇ ਸ਼ੀਸ਼ਿਆਂ ਉਤਲੇ ਪਰਦੇ ਖਿੱਚ ਕੇ ਅਖ਼ਬਾਰ ਦੇ ਪਿੱਛੇ ਮੂੰਹ ਲਕੋ ਲਿਆ।

ਪਰ ਜਿਹੜੇ ਲੋਕ ਤੇਰੇ ਸਵਾਗਤ ਲਈ ਰਾਤ ਭਰ ਇੰਤਜ਼ਾਰ ਕਰਦੇ ਰਹੇ ਨੇ, ਉਹਨਾਂ ਕੋਲੋਂ ਪਰਦਾ ਕਾਹਦਾ ? ਆਪਣੀ ਬੇਵਕੂਫ਼ੀ ਉੱਤੇ ਉਸਨੂੰ ਖਿਝ ਚੜ੍ਹਨ ਲੱਗੀ। ਮੌਤ ਦੇ ਦੂਤ ਸਾਹਮਣੇ ਸਨ। ਫੇਰ ਉਹਨਾਂ ਟੈਕਸੀ ਦੇ ਐਨ ਕੋਲ ਆ ਕੇ ਕੁਝ ਕਿਹਾ। ਕਿਸੇ ਨੇ ਪਿਸਤੌਲ ਉਸਦੀ ਪੁੜਪੁੜੀ ਨਾਲ ਲਾ ਦਿੱਤੀ। ਸ਼ਾਇਦ ਫੇਰ ਕਿਸੇ ਨੇ ਕਿਹਾ, 'ਓ, ਇੱਥੇ ਨਹੀਂ…ਬਾਲੇ ਦੀ ਟੈਕਸੀ ਕਿਉਂ ਖਰਾਬ ਕਰਦਾ ਏਂ…' ਸ਼ਿਕਾਰ ਬਾਹਰ ਜਾ ਡਿੱਗਿਆ---ਉਹਨਾਂ ਖਿੱਚ ਲਿਆ ਜਾਂ ਸ਼ਾਇਦ ਆਪਣੇ ਆਪ ਭੁੜਕ ਕੇ…ਕੋਈ ਵਿਰੋਧ ਨਹੀਂ, ਕੋਈ ਮਿੰਨਤ-ਤਰਲਾ ਨਹੀਂ। ਕੋਈ ਆਵਾਜ਼ ਨਹੀਂ ਤੇ ਫੇਰ ਇਕ---ਠਾਹ-ਹ---ਤੇ ਫੇਰ ਜਿਵੇਂ ਗੋਡੇ ਨਿਕਲ ਗਏ ਹੋਣ, ਉਹ ਮੂਧੜੇ-ਮੂੰਹ ਜਾ ਪਿਆ, ਢੇਰ ਹੋ ਗਿਆ। ਬਸ, ਏਨੀ ਗੱਲ ਸੀ---ਜ਼ਿੰਦਗੀ ਦੇ ਵਰ੍ਹਿਆਂ ਦੇ ਝੰਜਟ ਤੋਂ ਮੌਤ ਨੇ ਇਕੋ ਪਲ ਮੁਕਤ ਕਰ ਦਿੱਤਾ।

ਅਚਾਨਕ ਉਹ ਤ੍ਰਬਕ ਕੇ ਆਪਣੇ ਆਪ ਵਿਚ ਆ ਗਿਆ। ਇਕਬਾਲ ਝਾੜੀਆਂ ਦੀ ਓਟ ਵਿਚੋਂ ਨਿਕਲਿਆ ਆ ਰਿਹਾ ਸੀ।
'ਰੋਪੜ ਵੱਲੋਂ ਆ ਰਹੇ ਓ ਸਰਦਾਰ ਜੀ ?' ਸਾਈਕਲ ਸਵਾਰਾਂ ਵਿਚੋਂ ਕਿਸੇ ਨੇ ਪੁੱਛਿਆ।
'ਹਾਂ।'
'ਡੀਜ਼ਲ ਦਾ ਟਰੱਕ ਦੇਖਿਆ ਸੀ ?'
'ਦੇਖਿਆ ਸੀ।'
'ਤੇਲ ਵੰਡ ਰਹੇ ਸੀ ?'
'ਸ਼ਾਇਦ।'
'ਚੱਲ ਓਇ ਬੰਤਾ ਸਿਆਂ ਛੇਤੀ ਕਰ, ਛੇਤੀ---ਕਿਤੇ ਮੁੱਕ ਈ ਨਾ ਜਾਏ ਫੇਰ।'
'ਮਾ'ਫ਼ ਕਰਨਾ ਸਾਹਬ ਜੀ, ਢਿੱਡ ਵਿਚ ਲੀਹ ਜਿਹੀ ਉੱਠੀ ਸੀ---ਜਾਪਦਾ ਏ, ਖੱਟੀ ਲੱਸੀ ਤੇ ਚਾਹ ਨੇ ਗੜਬੜ ਕਰ ਦਿੱਤੀ ਏ।'...ਤੇ ਇਕਬਾਲ ਸਿੰਘ ਨੇ ਫੇਰ ਕਾਰ ਸਟਾਰਟ ਕਰ ਲਈ।

ਤਿੰਨੇ ਸਾਈਕਲ ਸਵਾਰ ਬੜੀ ਤੇਜ਼ੀ ਨਾਲ ਪੈਡਲ ਮਾਰਦੇ ਹੋਏ ਸਾਈਕਲਾਂ ਭਜਾਈ ਲਈ ਜਾ ਰਹੇ ਸਨ। ਉਹਨਾਂ ਦੇ ਪਿੱਛੇ ਲਟਕਦੀਆਂ ਹੋਈਆਂ ਖਾਲੀ ਕੇਨੀਆਂ ਅਜੀਬ ਆਵਾਜ਼ ਵਿਚ ਖੜਖੜਾਅ ਰਹੀਆਂ ਸਨ, ਜਿਵੇਂ ਖਾਲਸ ਪੰਜਾਬੀ ਠਹਾਕੇ ਲਾ ਰਹੀਆਂ ਹੋਣ।

ਇਕਬਾਲ ਨੇ ਚੁੱਪ ਨੂੰ ਤੋੜਦਿਆਂ ਹੋਇਆਂ ਪੁੱਛਿਆ, 'ਆਪਣਾ ਬਿਜਨਸ ਕੀ ਏ ਸਰ ?' ਆਮ ਸ਼ਬਦਾਂ ਵਿਚ ਇਸਦੇ ਅਰਥ ਨੇ 'ਤੁਸੀਂ ਕੀ ਕਰਦੇ ਹੋ ?' ਪੰਜਾਬੀ ਲੋਕ ਅਜੀਬ ਹੁੰਦੇ ਨੇ…ਜੇ ਕਿਸੇ ਦੇ ਕੰਮ-ਧੰਦੇ, ਠਿਕਾਣੇ ਤੇ ਰੁਤਬੇ-ਅਹੁਦੇ ਬਾਰੇ ਪੁੱਛਣਾ ਹੋਏ ਤਾਂ ਸਿੱਧਾ ਨਹੀਂ ਪੁੱਛਣਗੇ ਕਿ 'ਤਸੀਂ ਕੀ ਕਰਦੇ ਹੋ ?' ਬਲਿਕੇ ਇਹ ਪੁੱਛਣਗੇ ਕਿ 'ਆਪਾਂ ਕੀ ਕਰਦੇ ਹਾਂ ?' ਤੇ ਜਦ ਆਪਣਾ ਜ਼ਿਕਰ ਕਰਨਗੇ ਤਾਂ ਕਹਿਣਗੇ---'ਓ-ਜੀ, ਕੱਲ੍ਹ ਤੁਹਾਡੇ ਵੱਡੇ ਪੁੱਤਰ ਨੂੰ ਵਲੈਤ ਘੱਲਿਆ ਜੇ। ਤੁਹਾਡੀ ਭਾਬੀ ਰੋਵੇ-ਰੋਵੇ, ਪਾਗਲ ਕਿਤੋਂ ਦੀ। ਤੁਹਾਡਾ ਛੋਟਾ ਮੁੰਡਾ ਤਾਂ ਕੋਲ ਈ ਏ ਸਹੁਰੀ ਦੇ।'

ਹਾਂ, ਤਾਂ ਇਕਬਾਲ ਪੁੱਛ ਰਿਹਾ ਸੀ, ਮੈਂ ਕੀ ਕਰਦਾ ਸਾਂ ? ਕੀ ਉਸਨੂੰ ਦੱਸਣਾ ਠੀਕ ਹੋਏਗਾ ਕਿ ਮੈਂ ਪ੍ਰੈੱਸ ਰਿਪੋਰਟਰ ਹਾਂ ? ਜਿਸ ਨੇ ਹਰੇਕ ਵੱਡੀ ਜੰਗ, ਕਾਲ, ਹੜ੍ਹ, ਭੁਚਾਲ ਤੇ ਮਾਹਾਂਮਾਰੀ ਦੀਆਂ ਤਸਵੀਰਾਂ ਖਿੱਚੀਆਂ ਨੇ। ਖਾਸਾ ਨਾਂ ਖੱਟਿਆ ਏ ਤੇ ਪੈਸਾ ਵੀ ਕਮਾਇਆ ਏ। ਨਹੀਂ ਇਹ ਨਹੀਂ ਦੱਸਣਾ ਚਾਹੀਦਾ, ਖਾਹਮਖਾਹ ਗੜਬੜ ਹੋ ਜਾਏਗੀ। ਸੁਣਿਆ ਏਂ, ਉਹ ਲੋਕ ਮਸ਼ਹੂਰ ਆਦਮੀ ਨੂੰ ਭਾਲਦੇ ਰਹਿੰਦੇ ਨੇ---ਆਪਣੇ ਜ਼ੁਰਮ ਨੂੰ ਵੱਧ ਤੋਂ ਵੱਧ ਪਬਲੀਸਿਟੀ ਦੇਣ ਖਾਤਰ।

ਪਰ ਕੋਈ ਝੂਠ ਘੜਨ ਤੋ ਪਹਿਲਾਂ ਹੀ ਮੂੰਹੋਂ ਨਿੱਕਲ ਗਿਆ, 'ਫ਼ੋਟੇਗ੍ਰਾਫਰ…'

ਇਕਬਾਲ ਨੇ ਪਰਤ ਕੇ ਇੰਜ ਦੇਖਿਆ ਜਿਵੇਂ ਕਹਿ ਰਿਹਾ ਹੋਏ ਕਿ 'ਹੈਂ ਤਾਂ ਫ਼ੋਟੋਗ੍ਰਾਫਰ ਪਰ ਮਾਲ ਖ਼ੂਬ ਮਾਰਿਆ ਲੱਗਦਾ ਜੇ ਬੰਦਿਆ।'

'ਵੀਡੀਓ-ਸ਼ੀਡੀਓ ਦਾ ਕੰਮ ਵੀ ਹੋਏਗਾ ?'

'ਹਾਂ, ਹੈ…'

'ਮੇਰਾ ਜੀਜਾ ਵੀ ਫ਼ੋਟੋਗ੍ਰਾਫੀ ਕਰਦਾ ਜੇ ਜੀ। ਵੀਡੀਓ ਦਾ ਕੰਮ ਖਾਸਾ ਵਧਾਅ ਲਿਐ। ਹਰ ਕਿਸਮ ਦੇ ਸ਼ਾਦੀ-ਵਿਆਹ, ਮੁੰਨਣ, ਨਾਮਕਰਣ---ਅੱਛੀ ਲਾਈਨ ਜੇ।' ਇਕਬਾਲ ਸਿੰਘ ਬੜੇ ਮਾਣ ਨਾਲ ਆਪਣੇ ਭਨੋਈਏ ਬਾਰੇ ਦੱਸ ਰਿਹਾ ਸੀ। ਉਹ 'ਹਾਂ-ਹਾਂ' ਕਰਦਾ ਰਿਹਾ, ਏਸੇ ਵਿਚ ਭਲਾ ਵੀ ਸੀ।

ਫੇਰ ਇਕਬਾਲ ਸਿੰਘ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ : 'ਚਾਚਾ ਜੀ, ਤਾਇਆ ਜੀ ਟੈਕਸੀ ਲਾਈਨ ਵਿਚ ਨੇ…ਬਾਪੂ ਜੀ ਪਿੰਡ ਰਹਿੰਦੇ ਨੇ। ਮੈਂ ਬਾਰਾਂ ਜਮਾਤਾਂ ਕੀਤੀਆਂ, ਕਾਲਜ ਵਿਚ ਹੋਰ ਦਿਲ ਨਹੀਂ ਲੱਗਿਆ---ਇਹੋ ਲਾਈਨ ਫੜ੍ਹ ਲਈ। ਪਿਛਲੀ ਫਸਲ 'ਤੇ ਬਾਪੂ ਜੀ ਨੇ ਕੁਝ ਜ਼ਮੀਨ ਤੇ ਇਕ ਮੱਝ ਵੇਚ ਕੇ ਇਹ ਫੀਅਟ ਲੈ ਦਿੱਤੀ। ਕੀ ਬੁਰਾ ਜੇ ਸਰ…ਸਵਾਰੀ ਦੀ ਸਵਾਰੀ ਜੇ, ਤੇ ਕੰਮ ਦਾ ਕੰਮ।' ਇਕਬਾਲ ਸਿੰਘ ਅਜੇ ਤਕ ਉਸ ਉਮਰ ਵਿਚੋਂ ਨਹੀਂ ਸੀ ਨਿਕਲਿਆ, ਜਦ ਮੁੰਡੇ ਕਾਲਜਾਂ ਵਿਚ ਪੜ੍ਹਨ ਨਹੀਂ, ਸੈਰ-ਸਪਾਟਾ ਕਰਨ ਤੇ ਹਵਾ ਪਾਣੀ ਬਦਲਣ ਜਾਂਦੇ ਹਨ।

'ਪਰ ਬਿਜਨਸ ਖਰਾਬ ਹੋ ਰਿਹਾ ਜੇ ਸਰ।'

ਉਹ ਸਿਰਫ ਸੁਣਦਾ ਰਿਹਾ---ਖਾਹਮਖਾਹ ਉਲਟੀਆਂ-ਪੁਲਟੀਆਂ ਗੱਲਾਂ ਵਿਚ ਉਲਝਣ ਦਾ ਫਾਇਦਾ ਵੀ ਕੀ ਸੀ ?

'ਜਦੋਂ ਦੀ ਇਹ ਗੜਬੜ ਸ਼ੁਰੂ ਹੋਈ ਜੇ ਜੀ, ਬਿਜਨਸ ਠੱਪ ਹੋ ਗਿਆ ਜੇ। ਸਿਰਫ ਯੂ.ਕੇ. ਤੇ ਦੁਬਈ ਦੇ ਪੈਸੇਂਜਰ ਮਿਲਦੇ ਨੇ। ਬੱਸਾਂ ਤੇ ਟਰੇਨਾਂ ਵਿਚ ਖਤਰਾ ਵਧ ਗਿਐ। ਡਰਦੇ-ਮਾਰੇ ਲੋਕ ਟੈਕਸੀ ਕਰ ਲੈਂਦੇ ਨੇ---ਖਾਸ ਕਰ ਸਾਮਾਨ ਵਾਲੇ।…ਪਰ ਦਿਨੇ ਦਿਨੇ, ਰਾਤ ਨੂੰ ਤਾਂ ਚੋਰ ਵੀ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ।' ਇਕਬਾਲ ਸਿੰਘ ਇਕ ਵਹਿਸ਼ੀ ਜਿਹਾ ਹਾਸਾ ਹੱਸਿਆ। ਸ਼ਾਇਦ ਬੜੀ ਢਿਠਾਈ ਨਾਲ ਆਉਣ ਵਾਲੇ ਖਤਰੇ ਵੱਲ ਇਸ਼ਾਰਾ ਕਰ ਰਿਹਾ ਸੀ।
***
ਕੁਝ ਚਿਰ ਬਾਅਦ ਉਹ ਆਪਣੇ ਪਿਤਰੀ-ਸ਼ਹਿਰ ਪਹੁੰਚ ਗਿਆ।

'ਉਂਜ ਤਾਂ ਸਭ ਠੀਕ-ਠਾਕ ਏ ਪੁੱਤਰਾ ਪਰ…' ਰਿਸ਼ਤੇਦਾਰੀ ਵਿਚੋਂ ਲੱਗਦੇ ਚਾਚਾ ਜੀ ਘਰ ਪਹੁੰਚਦੇ ਹੀ ਗਲੇ ਨਾਲ ਲਾ ਕੇ ਕਹਿਣ ਲੱਗੇ, ਪਰ ਇਕਬਾਲ ਵੱਲ ਦੇਖ ਕੇ ਚੁੱਪ ਹੋ ਗਏ। ਕੁਝ ਚਿਰ ਪਿੱਛੋਂ ਤਸੱਲੀ ਕਰਕੇ ਕਿ ਇਕਬਾਲ ਕਾਰ ਦਾ ਬੋਨਟ ਖੋਲ੍ਹੀ ਦੂਰ ਖੜ੍ਹਾ ਹੈ ਤੇ ਉਹਨਾਂ ਦੀ ਆਵਾਜ਼ ਉਸ ਤਕ ਨਹੀਂ ਪਹੁੰਚ ਸਕਦੀ, ਬੋਲੇ, 'ਪਰ ਇਕ ਮੁਸ਼ਕਿਲ ਖੜ੍ਹੀ ਹੋ ਗਈ ਏ, ਅੱਜ ਕੱਲ੍ਹ।'

'ਕੀ ਚਾਚਾ ਜੀ ?'

'ਸਵੇਰੇ ਜਦੋਂ ਤੇਰਾ ਛੋਟਾ ਭਰਾ ਤੇ ਮੈਂ ਕੰਮ 'ਤੇ ਜਾਣ ਲਈ ਘਰੋਂ ਨਿਕਲਦੇ ਆਂ ਤਾਂ ਇਹ ਭਰੋਸਾ ਨਹੀਂ ਹੁੰਦਾ ਕਿ ਵਾਪਸ ਪੈਰੀਂ ਚੱਲ ਕੇ ਆਵਾਂਗੇ ਜਾਂ ਲੋਕਾਂ ਦੇ ਮੋਢਿਆਂ 'ਤੇ ? ਬਸ, ਇਹੀ ਇਕ ਤਕਲੀਫ਼ ਹੈ, ਬਾਕੀ ਸਭ ਠੀਕ-ਠਾਕ ਏ।'

ਚਾਚਾ ਗੁਰਾਂ ਦਿੱਤਾ ਖਾਲਸ ਪੰਜਾਬੀ ਹੈ। ਉਹੀ ਪੰਜਾਬੀ ਜਿਹੜਾ ਆਪਣੇ ਪੁੱਤਰ ਨੂੰ ਖ਼ਤ ਲਿਖਦਾ ਹੈ ਤਾਂ ਇਹੀ ਲਿਖਦਾ ਹੈ : 'ਏਥੇ ਸਭ ਖ਼ੈਰੀਅਤ ਹੈ, ਤੇਰੀ ਖ਼ੈਰੀਅਤ ਗੁਰੂ ਮਹਾਰਾਜ ਪਾਸੋਂ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਬਈ ਕਿ ਪਰਸੋਂ ਤੇਰੀ ਮਾਸੀ ਸੁੱਖੀ ਪਰਲੋਕ ਸਿਧਾਰ ਗਈ ਹੈ। ਵਿਚਾਰੀ ਆਪਣੀ ਛੋਟੀ ਬਹੂ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਸਕੀ, ਜਿਹੜੀ ਉਸਦੇ ਵੱਡੇ ਭਤੀਜੇ ਨਾਲ ਨੱਸ ਗਈ ਹੈ। ਆਪਣੀ ਤੇ ਤੇਰੇ ਚਾਚੇ ਕੀ ਜਿਹੜੀ ਕੰਧ ਸਾਂਝੀ ਸੀ ਨਾ, ਉਹ ਮੀਹਾਂ ਨਾਲ ਢਹਿ ਗਈ ਹੈ।…ਤੇ ਬੂਰੀ ਮਹਿੰ ਨੂੰ ਪਰਸੋਂ ਦਾ ਅਫਾਰਾ ਹੋਇਆ ਪਿਆ ਹੈ।…ਤੇ ਬਾਕੀ ਸਭ ਖ਼ੈਰੀਅਤ ਹੈ।'

'ਤਾਂ ਅੱਜ ਕੱਲ੍ਹ ਆਪਣੇ ਦੇਸ਼ ਵਿਚ ਬਸ ਇਸੇ ਤਰ੍ਹਾਂ ਦੀ ਖ਼ੈਰੀਅਤ ਤਾਂ ਹੈ ਚਾਚਾ ਜੀ…?'

'ਹਾਂ, ਹੈ-ਤਾਂ-ਹੈ ਨਾ ਖ਼ੈਰੀਅਤ---ਸਾਰੇ ਕੰਮ-ਧੰਦੇ ਹੋ ਰਹੇ ਐ…ਸ਼ਾਦੀ-ਵਿਆਹ, ਜਾਪੇ-ਸਿਆਪੇ ਸਾਰੇ ਈ। ਪਰ ਦਿਨੇ ਦਿਨੇ, ਚੁੱਪਚਾਪ---ਜਿਵੇਂ ਹੱਸਣ-ਬੋਲਣ, ਰੋਣ-ਪਿੱਟਣ ਦੀ ਵੀ ਰਾਸ਼ਨਿੰਗ ਹੋ ਗਈ ਹੋਏ। ਪੁੱਤਰ ਵੇਲਾ ਬੜਾ ਖਰਾਬ ਆ ਗਿਐ ਤੇ ਤੂੰ ਵੀ ਕਿੰਨ੍ਹੀ-ਵੇਲੀਂ ਨਿਕਲ ਤੁਰਿਐਂ…ਤੇ ਉਹ ਵੀ 'ਏਸ' ਨਾਲ।'

ਚਾਚੇ ਗੁਰਾਂ ਦਿੱਤੇ ਨੇ ਵੀ 'ਏਸ' ਸ਼ਬਦ ਤੋਂ ਪਰਹੇਜ਼ ਨਹੀਂ ਸੀ ਕੀਤਾ ਹਾਲਾਂਕਿ ਉਸਦੀਆਂ ਦੋਏ ਨੂੰਹਾਂ ਸਿੱਖ ਪਰਵਾਰਾਂ ਵਿਚੋਂ ਨੇ ਤੇ ਜਵਾਈ ਵੀ ਸਿੱਖ ਨੇ।

'ਵੇਲਾ ਈ ਅਜਿਹਾ ਆ ਗਿਐ ਪੁੱਤਰਾ, ਆਪਣੇ ਪਰਛਾਵੇਂ ਤੋਂ ਭੈ ਆਉਣ ਲੱਗ ਪਿਐ। ਤੂੰ ਜ਼ਰਾ ਹੁਸ਼ਿਆਰ ਹੋ ਕੇ ਰਹੀਂ, ਮੈਨੂੰ ਤਾਂ ਡਰ ਲਗਦੈ, ਹਾਂ।'

ਚਾਚਾ ਗੁਰਾਂ ਦਿੱਤਾ ਵੀ ਡਰ ਰਿਹਾ ਹੈ। ਉਸਨੇ ਤਾਂ ਬਚਪਨ ਵਿਚ ਕੁੱਟ-ਕੁੱਟ ਕੇ ਸਾਨੂੰ ਜਪੁਜੀ ਸਾਹਿਬ ਯਾਦ ਕਰਵਾਇਆ ਸੀ। ਜਿਸ ਦੀਆਂ ਕੁਝ ਪੌੜੀਆਂ ਮੈਨੂੰ ਅੱਜ ਤਕ ਯਾਦ ਨੇ।

ਉਸ ਕਰਤਾਰ ਵਿਚ ਯਕੀਨ ਰੱਖਣ ਵਾਲਾ---ਜਿਹੜਾ ਕਰਤਾ ਪੁਰਖੁ ਹੈ, ਨਿਰਭਉ ਹੈ, ਨਿਰਵੇਰੁ ਹੈ, ਅਕਾਲ ਮੂਰਤਿ ਹੈ ਸੈਭੰ ਹੈ ਯਾਨੀ ਅਮਰ ਮੂਰਤ ਹੈ, ਮੌਤ ਤੇ ਡਰ ਦੋਹਾਂ ਤੋਂ ਬੇਪ੍ਰਵਾਹ ਹੈ---ਚਾਚਾ ਗੁਰਾਂ ਦਿੱਤਾ ਵੀ ਡਰ ਰਿਹਾ ਹੈ ਤੇ ਮੈਨੂੰ ਵੀ ਡਰਾ ਰਿਹਾ ਹੈ।

'ਹਵੇਲੀ ਜਾ ਰਿਹੈਂ ਨਾ…? ਜਰਾ ਸੰਭਲ ਕੇ ਜਾਈਂ। ਵੈਸੇ ਹਰੀ ਸਿੰਘ ਤਾਂ ਠੀਕ ਬੰਦੈ, ਪਰ ਤੂੰ ਤਾਂ ਜਾਣਦੈਂ ਉਹਨਾਂ ਲੋਕਾਂ ਦਾ ਮੁਹੱਲਾ ਐ, ਉਹ ਕੀ ਪਤੈ ਕਦ ਕੀ ਕਰ ਬੈਠਣ ? ਅਜੇ ਪਰਸੋਂ ਦੀ ਗੱਲ ਐ---ਸਕੂਟਰ ਉੱਤੇ ਤਿੰਨ ਬੰਦੇ ਆਏ ਤੇ ਇਕ ਲਾਲੇ ਤੇ ਇਕ ਪੂਰਬੀਏ ਭਈਏ ਨੂੰ ਗੋਲੀ ਮਾਰ ਕੇ ਤੁਰਦੇ ਹੋਏ।'

ਆਉਣ ਵਾਲੀ ਮੌਤ ਦਾ ਸੁਨੇਹਾ ਸੁਣਾ ਕੇ ਚਾਚਾ ਗੁਰਾਂ ਦਿੱਤਾ ਕਾਹਲ ਨਾਲ ਅੰਦਰ ਚਲਾ ਗਿਆ। ਨਾ ਕੋਈ ਲੱਸੀ-ਪਾੜੀ ਪੁੱਛਿਆ, ਨਾ ਹੀ ਰਾਤ ਦੀ ਰੋਟੀ ਦੀ ਸੁਲਾਹ ਮਾਰੀ। ਚਾਚਾ ਤਾਂ ਇਹੋ ਜਿਹਾ ਨਹੀਂ ਸੀ ਹੁੰਦਾ ! ਉਸਦਾ ਦਿਲ ਤਾਂ ਉਸਦੇ ਵਿਹੜੇ ਨਾਲੋਂ ਵੀ ਵੱਡਾ ਸੀ, ਜਿਸ ਵਿਚ ਪੂਰੀ ਬਾਰਾਤ ਦੀਆਂ ਮੰਜੀਆਂ ਡਾਹੀਆਂ ਜਾ ਸਕਦੀਆਂ ਸਨ। ਕਸੂਰ ਚਾਚਾ ਗੁਰਾਂ ਦਿੱਤਾ ਮੱਲਾ ਤੇਰਾ ਨਹੀਂ, ਜ਼ਮਾਨਾ ਹੀ ਅਜਿਹਾ ਆ ਗਿਐ ਸ਼ਾਇਦ !
***
'ਤੇ ਬੇਟਾ ਜੀ ਤੁਸੀਂ ਪਰਸੋਂ ਵਲਾਇਤੋਂ ਪਰਤੇ ਹੋ…ਤਬੀਅਤਾਂ ਪ੍ਰਸੰਨ ਹੋ ਗਈਆਂ, ਤੁਹਾਡੇ ਦਰਸ਼ਨ ਕਰਕੇ।' ਮਾਸਟਰ ਹਰਨਾਮ ਸਿੰਘ ਜੀ ਡਿਊਢੀ ਦੇ ਵੱਡੇ ਦਰਵਾਜ਼ੇ ਕੋਲ ਹੀ ਮੰਜਾ ਡਾਹੀ ਬੈਠੇ ਸਨ। ਮੈਂ ਮਾਸਟਰ ਹਰਨਾਮ ਸਿੰਘ ਹੁਰਾਂ ਦਾ ਮੰਜਾ ਤੇ ਉਹਨਾਂ ਦੇ ਦੋਸਤਾਂ ਦੀਆਂ ਦੋ-ਚਾਰ ਕੁਰਸੀਆਂ ਪਹਿਲੀ ਵੇਰ ਡਿਊਢੀ ਦੇ ਬਾਹਰ, ਚਬੂਤਰੇ ਉਪਰ ਨਹੀਂ, ਬਲਿਕੇ ਦਰਵਾਜ਼ੇ ਵਿਚ ਡੱਠੀਆਂ ਦੇਖੀਆਂ ਸੀ…ਤੇ ਆਪਣੀ ਉਮਰ ਵਿਚ ਪਹਿਲੀ ਵੇਰ ਹੀ ਡਿਊਢੀ ਦਾ ਦਰਵਾਜ਼ਾ ਬੰਦ ਦੇਖਿਆ ਸੀ। ਇੰਜ ਪਹਿਲਾਂ ਕਦੇ ਨਹੀਂ ਸੀ ਹੋਇਆ---ਜਦ ਦੇ ਮਾਸਟਰ ਜੀ ਉਸਦੇ ਪਿਤਰੀ ਪਿੰਡ ਦੇ ਹਾਈ ਸਕੂਲ ਵਿਚੋਂ ਰਿਟਾਇਰ ਹੋਏ ਸਨ, ਆਪਣੀ 'ਮਾਸਟਰਨੀ' ਨਾਲ ਇਸੇ ਹਵੇਲੀ ਵਿਚ ਰਹਿ ਰਹੇ ਸਨ। ਜਦ ਤਕ ਸਾਡੇ ਬਾਪੂ ਜੀ ਜਿਊਂਦੇ ਰਹੇ, ਮਾਸਟਰ ਹੁਰੀਂ ਹਵੇਲੀ ਦੇ ਪਿਛਲੇ ਹਿੱਸੇ ਵਿਚ ਰਹਿੰਦੇ ਰਹੇ। ਉਹਨਾਂ ਦੀ ਮੌਤ ਤੋਂ ਪਿੱਛੋਂ ਸਾਰੇ ਭਰਾਵਾਂ ਨੇ ਹਵੇਲੀ ਮਾਸਟਰ ਜੀ ਦੇ ਹਵਾਲੇ ਕੀਤੀ ਤੇ ਆਪ ਦੂਰ ਸ਼ਹਿਰੀਂ ਜਾ ਕੇ ਬਸਤੀਆਂ ਵਸਾਅ ਲਈਆਂ…ਉਦੋਂ ਹਵੇਲੀ ਨੂੰ ਆਬਾਦ ਰੱਖਣ ਵਾਸਤੇ ਕੋਈ ਤਾਂ ਚਾਹੀਦਾ ਹੀ ਸੀ ਨਾ। ਪਿਓ-ਦਾਦੇ ਦੀ ਉਸ ਹਵੇਲੀ ਦੇ ਜਹਾਜ਼ ਜਿੱਡੇ ਜਿੱਡੇ ਕਮਰਿਆਂ, ਦਲਾਲਾਂ, ਤੇ ਆਸਮਾਨ ਜਿੰਨੀਆਂ ਉੱਚੀਆਂ ਛੱਤਾਂ ਦੀ ਦੇਖ ਭਾਲ ਮਾਸਟਰ ਜੀ ਨੇ ਇਸ ਅਪਣੱਤ ਨਾਲ ਕੀਤੀ ਸੀ ਕਿ ਹਵੇਲੀ ਆਪਣੇ ਮਾਲਕਾਂ ਦੀ ਜੁਦਾਈ ਦਾ ਗ਼ਮ ਭੁੱਲ ਗਈ ਹੋਏਗੀ। ਉਹਨਾਂ ਦਾ ਇਹੀ ਵਤੀਰਾ ਹਵੇਲੀ ਦੇ ਬੱਚਿਆਂ (ਵਾਰਸਾਂ) ਨਾਲ ਵੀ ਰਿਹਾ। ਕੋਈ ਭਰਾ ਉੱਥੇ ਆਉਂਦਾ, ਮਾਸਟਰ ਹਰਨਾਮ ਸਿੰਘ ਆਪਣੀ ਮਾਸਟਰਨੀ ਤਾਂ ਕੀ, ਗਲੀ-ਮੁਹੱਲੇ ਵਾਲਿਆਂ ਦਾ ਟਿਕ ਕੇ ਬਹਿਣਾ ਹਰਾਮ ਕਰ ਦਿੰਦੇ---ਕੋਈ ਠੰਡੀਆਂ ਬੋਤਲਾਂ ਲਿਆ ਰਿਹਾ ਹੈ ਤੇ ਕੋਈ ਗਰਮਾ-ਗਰਮ ਗੁਲਾਬ ਜਾਮਨਾਂ ! ਕਦੀ ਖਾਲਸ ਦੇਸੀ ਘਿਓ ਦੇ ਲੱਡੂਆਂ ਦਾ ਆਡਰ ਦਿੱਤਾ ਜਾ ਰਿਹਾ ਹੁੰਦਾ ਤੇ ਕਦੀ ਸਮੋਸੇ ਮੰਗਵਾਏ ਜਾ ਰਹੇ ਹੁੰਦੇ। ਆਂਢ-ਗੁਆਂਢ ਦੀ ਕੋਈ ਬਹੂ ਉਹਨਾਂ ਦੀ ਰਸੋਈ ਵਿਚ ਬੈਠੀ ਪੂਰੀਆਂ ਕੱਢ ਰਹੀ ਹੁੰਦੀ---ਕਿਉਂ ਮਾਸਟਰਨੀ ਨੁੰ ਹੁਣ ਦਿਨੇ ਵੀ ਘੱਟ ਦਿਸਣ ਲੱਗ ਪਿਆ ਸੀ। ਫੇਰ ਵੀ ਏਨੀ ਖਾਤਰ ਕੀਤੀ ਜਾਂਦੀ ਕਿ ਦੋ ਦਿਨਾਂ ਵਿਚ ਹੀ ਉਹਨਾਂ ਦੇ ਕਿਰਾਏਦਾਰ 'ਨਿਊ ਮੈਡੀਕਲ ਸਟੋਰ' ਵਾਲੇ ਦਾ 'ਪੇਟ ਦੀਆਂ ਦਵਾਈਆਂ' ਦਾ ਸਾਰਾ ਸਟਾਕ ਖਤਮ ਹੋ ਜਾਂਦਾ। ਮਾਸਟਰ ਜੀ ਇਸ ਦਾ ਉਲਾਂਭਾ ਆਪਣੀ ਪ੍ਰਾਹੁਣਾਚਾਰੀ ਨੂੰ ਨਹੀਂ ਬਲਿਕੇ ਵਲਾਇਤ ਵਿਚ ਰਹਿਣ ਕਰਕੇ ਹੋਈ ਮਿਹਦੇ ਦੀ ਕਮਜ਼ੋਰੀ ਨੂੰ ਦਿੰਦੇ---'ਖਾਣ-ਪੀਣ ਨਾਲ ਕੋਈ ਬਿਮਾਰ ਨਹੀਂ ਹੁੰਦਾ ਬੇਟਾ ਜੀ।' ਮਾਸਟਰ ਜੀ ਦੀ ਇਹ ਗੱਲ ਸੈਂਕੜੇ ਵਾਰੀ ਸੁਣੀ ਹੋਣ ਕਰਕੇ ਸਾਰਿਆਂ ਨੂੰ ਜ਼ੁਬਾਨੀ ਯਾਦ ਹੋ ਗਈ ਸੀ।

ਉਸਨੇ ਓਵੇਂ ਹੀ ਮੱਥਾ ਟੇਕਿਆ, ਉਹਨਾਂ ਵੀ ਓਵੇਂ ਹੀ ਪਿਆਰ ਨਾਲ ਗਲੇ ਲਾ ਲਿਆ। ਫੇਰ ਅੰਦਰ ਜਾ ਕੇ ਮਾਸਟਰਨੀ ਨੂੰ ਖਬਰ ਕੀਤੀ ਕਿ 'ਨਿੱਕਾ' ਆਇਆ ਹੈ। ਨਿੱਕਾ---ਯਾਨੀ ਛੋਟਾ। ਉਸ ਉਮਰ ਵਿਚ ਆਪਣੇ ਲਈ ਨਿੱਕਾ ਸੁਣਨਾ ਕਿੰਨਾਂ ਚੰਗਾ ਲੱਗਦਾ ਹੈ !

ਉਹਨਾਂ ਦੀ ਮਾਸਟਰਨੀ, ਜਿਸ ਨੇ ਮਮਤਾ ਦੀ ਕਿਤਾਬ ਤੋਂ ਬਿਨਾਂ ਪੜ੍ਹਾਈ ਦਾ ਇਕ ਅੱਖਰ ਵੀ ਕਦੇ ਨਹੀਂ ਸੀ ਪੜ੍ਹਿਆ---'ਸਦਕੇ ਜਾਵਾਂ, ਜਿਊਂਦੇ ਰਹੋ…' ਅਸ਼ੀਰਵਾਦ ਦੇਣ ਲੱਗ ਪਈ। ਉਵੇਂ ਹੀ ਬਹੂ ਤੇ ਬਾਲ-ਬੱਚੇ ਦੀ ਸੁੱਖ-ਸਾਂਦ ਪੁੱਛੀ ਤੇ ਚਾਹ ਦਾ ਪਾਣੀ ਚੁੱਲ੍ਹੇ ਉੱਤੇ ਰੱਖ ਦਿੱਤਾ।

ਪਰ, ਐਤਕੀ ਮਾਸਟਰ ਹਰਨਾਮ ਸਿੰਘ ਜੀ ਕੁਝ ਗੁੰਮਸੁੰਮ ਜਿਹੇ ਲੱਗ ਰਹੇ ਸਨ, ਜਿਵੇਂ ਉਹਨਾਂ ਦਾ ਇਹ 'ਬੇਟਾ' ਚੋਰੀ ਕਰਕੇ ਘਰ ਲੁਕਣ ਵਾਸਤੇ ਆਇਆ ਹੋਏ---ਮੂੜ੍ਹੇ ਦੀ ਇਕ ਕੁਰਸੀ ਉੱਪਰ ਉਸਨੂੰ ਬਿਠਾਅ ਕੇ ਉਹ ਆਪ ਵੀ ਚੁੱਪਚਾਪ ਜਿਹੇ ਬੈਠ ਗਏ। ਕੁਰਸੀ ਵਰਗੇ ਮੂੜ੍ਹੇ ਉੱਤੇ ਜੰਮੀ ਮਿੱਟੀ ਦੀ ਪਤਲੀ ਤੈਹ ਦੱਸ ਰਹੀ ਸੀ ਕਿ ਉਸ ਉੱਪਰ ਕਈ ਦਿਨਾਂ ਤੋਂ ਕੋਈ ਨਹੀਂ ਸੀ ਬੈਠਿਆ।

ਮਾਸਟਰ ਹਰਨਾਮ ਸਿੰਘ ਨੇ ਏਧਰ-ਉਧਰ ਦੇਖ ਕੇ ਕਿਸੇ ਦੇ ਨੇੜੇ ਨਾ ਹੋਣ ਦੀ ਤਸੱਲੀ ਕਰ ਲਈ ਤਾਂ ਕਹਿਣ ਲੱਗੇ, 'ਅੱਛਾ ਤਾਂ ਤੂੰ ਹਵੇਲੀ ਦਾ ਸੌਦਾ ਕਰਨ ਆਇਆ ਏਂ…ਮੈਨੂੰ ਵੱਡੇ ਨੇ ਲਿਖਿਆ ਸੀ ਕਿ ਕੋਈ ਗਾਹਕ-ਵਾਹਕ ਲੱਭਾਂ। ਠੀਕ ਈ ਏ,ਹੁਣ ਅਸੀਂ ਭਲਾ ਕਿੰਨੇ ਕੁ ਦਿਨਾਂ ਦੇ ਮਹਿਮਾਨ ਆਂ ! ਮੈਂ ਤਾਂ ਚਿਰੋਕਣਾ ਕਹਿੰਦਾ ਪਿਆ ਸਾਂ ਕਿ ਚੰਗੇ ਪੈਸੇ ਵੱਟੇ ਜਾਣਗੇ---ਹਵੇਲੀ ਵੇਚ ਦਿਓ। ਪਰ ਓਦੋਂ ਤੁਸੀਂ ਲੋਕ ਮੰਨੇ ਈ ਨਹੀਂ। ਤੇ ਹੁਣ ਤਾਂ ਤੂੰ ਜਾਣਦਾ ਈ ਏਂ, ਇਹਨਾਂ ਹਵੇਲੀਆਂ ਦੇ ਗਾਹਕ ਕਿੱਥੇ ? ਉਂਜ ਮੈਂ ਆਖਿਆ ਹੋਇਆ ਏ ਦੋ-ਚਾਰ ਵੱਡੇ-ਵੱਡੇ ਦਲਾਲਾਂ ਨੂੰ, ਪਰ ਉਹ ਵੀ ਏਧਰ ਘੱਟ ਈ ਦਿਖਾਈ ਦਿੰਦੇ ਨੇ। ਸੱਚੇ ਨੇ, ਇਸ ਮੁਹੱਲੇ ਵਿਚ ਆਉਂਦੇ ਹੋਏ ਡਰਦੇ ਹੋਣਗੇ 'ਉਹ'।' ਮਾਸਟਰ ਹਰਨਾਮ ਸਿੰਘ ਨੀਵੀਂਆਂ ਅੱਖਾਂ ਕਰੀ ਬੋਲਦੇ ਰਹੇ, 'ਪਰ ਤੇਰੇ ਲਈ ਡਰਨ ਵਾਲੀ ਕੋਈ ਗੱਲ ਨਹੀਂ। ਏਥੇ ਸਭ ਕੁਝ ਠੀਕ-ਠਾਕ ਏ। ਤੂੰ ਚਾਹੇ ਜਿੰਨੀ ਦੇਰ ਮਰਜ਼ੀ ਰਹਿ, ਤੇਰਾ ਆਪਣਾ ਘਰ ਹੈ।'

ਫੇਰ ਉਹ ਰਜਿਸਟਰ ਕੱਢ ਲਿਆਏ ਸਨ, ਜਿਸ ਵਿਚ ਉਸ ਇਕ ਇਕ ਪਾਈ ਦਾ ਹਿਸਾਬ ਸੀ, ਜਿਹੜਾ ਉਹਨਾਂ ਕਿਰਾਏਦਾਰ ਦੁਕਾਨਦਾਰਾਂ ਤੋਂ ਵਸੂਲ ਕੀਤਾ ਸੀ।

'ਮੇਰੀ ਫਿਕਰ ਨਾ ਕਰਿਓ ਬੇਟਾ---ਜਦ ਚਾਹੋ ਮੈਂ ਤੁਹਾਡੀ ਮਾਸਟਰਨੀ ਨੂੰ ਲੈ ਕੇ ਪਿੰਡ ਚਲਾ ਜਾਵਾਂਗਾ। ਕੁਲਤਾਰ ਕੋਲ।' ਮਾਸਟਰ ਜੀ ਨੇ ਆਪਣੀ ਦੁੱਧ-ਚਿੱਟੀ, ਮੱਖਣ ਵਰਗੀ ਮੁਲਾਇਮ ਦਾੜ੍ਹੀ ਦੇ ਬਚੇ-ਖੁਚੇ ਵਾਲਾਂ ਉੱਪਰ ਹੱਥ ਫੇਰਦਿਆਂ ਕਿਹਾ।

ਫੇਰ ਉਹਨਾਂ ਨੇ ਉੱਠ ਕੇ ਡਿਊਢੀ ਦਾ ਕੁੰਡਾ ਅੰਦਰੋਂ ਲਾ ਦਿੱਤਾ ਤੇ ਕੁੰਡੇ ਵਿਚ ਲੋਹੇ ਦੀ ਇਕ ਵੱਡੀ ਸਾਰੀ ਮੇਖ ਅੜਾ ਦਿੱਤੀ। ਮੇਰੇ ਵੱਲ ਪਰਤੇ ਤਾਂ ਕਾਫੀ ਘਬਰਾਏ ਹੋਏ ਸਨ। ਜਿਵੇਂ ਚੋਰੀ ਕਰਦੇ ਫੜ੍ਹੇ ਗਏ ਹੋਣ…'ਡਰ ਵਾਲੀ ਕੋਈ ਗੱਲ ਨਹੀਂ ਪਰ…' ਵਾਕ ਪੂਰਾ ਕਰਨ ਦੀ ਜ਼ਰੂਰਤ ਵੀ ਨਹੀਂ ਸੀ ਰਹੀ।

ਉਸ ਪਿੱਛੋਂ ਚਾਹ ਵਾਲੇ ਗਲਾਸ ਹੱਥਾਂ ਵਿਚ ਫੜ੍ਹੀ ਉਹਨਾਂ ਦੋਹਾਂ ਨੇ ਕੋਈ ਗੱਲ ਨਹੀਂ ਸੀ ਕੀਤੀ, ਕਰਨ ਵਾਸਤੇ ਕੋਈ ਗੱਲ ਹੈ ਹੀ ਨਹੀਂ ਸੀ।

ਜਦੋਂ ਉਸਨੇ ਮਾਸਟਰ ਜੀ ਦੇ ਗੋਡੀਂ ਹੱਥ ਲਾ ਕੇ 'ਪੈਰੀਂ-ਪੈਣਾ' ਕੀਤਾ ਤੇ ਉਹਨਾਂ ਹੱਥ ਚੁੱਕ ਕੇ 'ਗੁਰੂ ਭਲਾ ਕਰੇ' ਦੀ ਅਸੀਸ ਦਿੱਤੀ ਤਾਂ ਮਾਸਟਰਨੀ ਜੀ ਨੇ ਰੋਕਿਆ ਕਿ ਰੋਟੀ ਤਿਆਰ ਹੈ, ਖਾ ਕੇ ਜਾਵੀਂ---ਪਰ ਉਹ ਮੱਥਾ ਟੇਕ ਕੇ ਤੁਰ ਆਇਆ ਕਿਉਂਕਿ ਮਾਸਟਰ ਜੀ ਨੇ ਸਿਫਾਰਸ਼ ਕਰ ਦਿੱਤੀ ਸੀ, 'ਏਸ ਨੂੰ ਜਾਣ ਦੇ ਭਾਗਵਾਨੇ, ਕੰਮ ਵਾਲਾ ਮੁੰਡਾ ਹੈ, ਛੇਤੀ ਪਹੁੰਚਣਾ ਹੋਏਗਾ ਕੰਮ 'ਤੇ, ਤੇ ਏਥੇ ਵੀ ਤਾਂ…'

ਉਹਨਾਂ ਕਾਹਲ ਨਾਲ ਡਿਊਢੀ ਦਾ ਕੁੰਡਾ ਖੋਲ੍ਹਿਆ ਤੇ ਇਹ ਦੇਖ ਕੇ ਕਿ ਗਲੀ ਵਿਚ ਕੋਈ ਓਪਰਾ ਜਾਂ ਗਲਤ ਬੰਦਾ ਤਾਂ ਨਹੀਂ, ਸੁਖ ਦਾ ਸਾਹ ਲਿਆ। ਫੇਰ ਅਚਾਨਕ ਜਿਵੇਂ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਚੇਤੇ ਆ ਗਈ ਸੀ---ਜਾਂਦੇ ਨੂੰ ਬੁਲਾਇਆ, 'ਜ਼ਰਾ ਰੁਕੀਂ ਤਾਂ ਨਿੱਕਿਆ---ਆਪਣਾ ਸ਼ਗਨ ਤਾਂ ਲੈਂਦਾ ਜਾਹ।' ਮੈਲੀ ਜਿਹੀ ਵਾਸਕਟ ਦੀ ਜੇਬ ਵਿਚੋਂ ਉਹਨਾਂ ਦੋ ਰੁਪਏ ਦਾ ਇਕ ਮੁੜਿਆ-ਤੁੜਿਆ ਨੋਟ ਕੱਢਿਆ, ਖੰਡ ਦੀ ਇਕ ਚੂੰਢੀ ਉਸਦੇ ਮੂੰਹ ਵਿਚ ਪਾਈ ਤੇ ਨੋਟ ਉਸਦੇ ਹੱਥ ਵਿਚ ਫੜਾ ਦਿੱਤਾ। ਇਸ ਹਵੇਲੀ ਦੀ ਜਿਹੜੀ ਸੰਤਾਨ ਉੱਥੇ ਆਉਂਦੀ, ਜਾਣ ਸਮੇਂ ਸਗਨ ਦੇਂਦੇ ਸਨ ਮਾਸਟਰ ਜੀ ਉਸਨੂੰ।

ਉਹ ਇਕ ਵਾਰੀ ਫੇਰ ਝੁਕਿਆ, ਪੈਰੀਂ ਪੈਣਾ ਕਰਨ ਖਾਤਰ…ਪਰ ਉਹਨਾਂ ਉਠਾਲ ਕੇ ਗਲ ਨਾਲ ਲਾ ਲਿਆ, 'ਅੱਛਾ ਬੇਟਾ ਜੀ ਜਾਓ। ਰੱਬ ਰਾਖਾ ਤੁਹਾਡਾ। ਜ਼ਰਾ ਜਲਦੀ ਨਿਕਲ ਜਾਣਾ, ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ।'

ਇਕਬਾਲ ਠੀਕ ਹੀ ਕਹਿੰਦਾ ਸੀ---'ਸੂਰਜ ਛਿਪਣ ਤੋਂ ਬਾਅਦ ਅੱਜਕੱਲ੍ਹ ਚੰਦ ਵੀ ਨਹੀਂ ਨਿਕਲਦਾ। ਹੁਣ ਤਾਂ ਜੀ ਚੋਰ ਵੀ ਹਨੇਰੇ ਤੋਂ ਡਰਦੇ ਨੇ।'
***
ਇਕਬਾਲ ਸਿੰਘ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਦੌੜਾ ਰਿਹਾ ਹੈ---ਹਾਲਾਂਕਿ ਉਹ ਜਾਣਦਾ ਹੈ ਕਿ ਹਵਾਈ ਅੱਡੇ ਤਕ ਉਹ ਜ਼ਿਆਦਾ ਤੋਂ ਜ਼ਿਆਦਾ ਇਕ ਘੰਟੇ ਵਿਚ ਪਹੁੰਚ ਸਕਦੇ ਸਨ ਤੇ ਹਵਾਈ ਜਹਾਜ਼ ਦੀ ਉਡਾਨ ਵਿਚ ਅਜੇ ਪੰਜ ਘੰਟੇ ਬਾਕੀ ਹਨ।

ਹਵਾਈ ਅੱਡੇ ਤੋਂ ਇਕ ਦੋ ਮੀਲ ਏਧਰ ਹੀ ਇਕਬਾਲ ਨੇ ਟੈਕਸੀ ਰੋਕ ਲਈ---'ਸਾਹਬ ਜੀ, ਏਥੇ ਕੱਪ-ਕੱਪ ਚਾਹ ਈ ਹੋ ਜਾਏ। ਸਰਦਾਰੇ ਪਹਿਲਵਾਨ ਦੀ 'ਲਾਚੀਆਂ ਵਾਲੀ ਚਾਹ' ਦੂਰ ਦੂਰ ਤੀਕ ਮਸ਼ਹੂਰ ਜੇ ਜੀ।' ਕਈ ਦਿਨਾਂ ਤਕ ਨਾਲ ਰਹਿਣ, ਨਾਲ ਨਾਲ ਘੁੰਮਣ-ਫਿਰਨ ਤੇ ਕਈ ਲੋਕਾਂ ਨੂੰ ਮਿਲਨ-ਮਿਲਾਣ ਕਰਕੇ ਇਕਬਾਲ ਸਿੰਘ ਮੇਰੀ ਚਾਹ ਪ੍ਰਤੀ ਖਿੱਚ ਨੂੰ ਪਛਾਣ ਗਿਆ ਸੀ। ਮੈਂ ਸਿਰ ਹਿਲਾਅ ਕੇ ਹਾਂ ਕਹਿ ਦਿੱਤੀ, ਇਹ ਸੋਚ ਕੇ ਕਿ ਭੈ ਨਾਲ ਸ਼ਾਇਦ ਇਹ ਆਖ਼ਰੀ ਸਾਹਮਣਾ ਹੋਏਗਾ। ਇਕਬਾਲ ਸਿੰਘ ਨੇ ਆਦਤ ਅਨੁਸਾਰ ਗੱਡੀ ਦਾ ਬੋਨਟ ਚੁੱਕ ਦਿੱਤਾ, ਰੇਡਏਟਰ ਵਿਚ ਕੁਝ ਤਾਜ਼ਾ ਪਾਣੀ ਪਾਇਆ ਤੇ ਆਪ ਗਾਇਬ ਹੋ ਗਿਆ।

ਇਕਬਾਲ ਦੀ ਇਹ ਆਦਤ ਬੁਰੀ ਸੀ ਕਿ ਕੁਝ ਦੱਸੇ-ਪੁੱਛੇ ਬਿਨਾਂ ਹੀ ਅਲੋਪ ਹੋ ਜਾਂਦਾ ਸੀ। ਸ਼ਾਇਦ ਨੇੜੇ-ਤੇੜੇ ਹੀ ਹੋਏਗਾ ਕਿਤੇ !...ਫੇਰ ਚਾਹ ਆ ਗਈ, ਪਿਆਜ਼ ਤੇ ਹਰੀ ਮਿਰਚ ਦੇ ਪਕੌੜੇ ਵੀ, ਪਰ ਇਕਬਾਲ ਦਾ ਕਿਧਰੇ ਕੋਈ ਪਤਾ ਨਹੀਂ ਸੀ…ਦੇਖਿਆ, ਕਾਰ ਵੀ ਗਾਇਬ ਸੀ।

'ਤੁਸੀਂ ਪੀਓ ਸਾਹਬ ਜੀ---ਡਰਾਈਵਰ ਸਾਹਬ ਵਾਸਤੇ ਫੇਰ ਬਣਾ ਦਿਆਂਗੇ।' ਹਾਈ ਕਲਾਸ ਹੋਸਟਲ ਦੇ ਮੋਟੇ ਮਾਲਕ ਸਰਦਾਰੇ ਪਹਿਲਵਾਨ ਨੇ ਗੱਦੀ ਰੂਪੀ ਲੱਕੜ ਦੇ ਫੱਟੇ ਉੱਤੇ ਬੈਠੇ-ਬੈਠੇ ਹੀ ਕਿਹਾ। ਕੁਝ ਚਿਰ ਬਾਅਦ ਹਾਈ ਕਲਾਸ ਹੋਟਲ ਦਾ ਪ੍ਰੋਪਰਾਈਟਰ ਸਰਦਾਰ ਸਰਦਾਰਾ ਸਿੰਘ ਕੁਝ ਹੋਰ ਗਾਹਕਾਂ ਵਾਸਤੇ ਸਪੈਸ਼ਲ ਚਾਹ ਦਾ ਹੁਕਮ ਦੇ ਕੇ 'ਕਾਰੀਗਰ' ਨੂੰ ਆਈਸ ਬਾਕਸ ਵਿਚੋਂ ਮੱਖਣ ਦੀਆਂ ਟਿੱਕੀਆਂ ਕੱਢ-ਕੱਢ ਦੇਣ ਲੱਗਾ।

ਹੁਣ ਫੇਰ ਉਸਦੇ ਪ੍ਰਾਣ ਖੁਸ਼ਕ ਹੋਣ ਲੱਗ ਪਏ ਸਨ। ਲਗਭਗ ਅੱਧਾ ਘੰਟਾ ਬੀਤ ਚੁੱਕਿਆ ਸੀ, ਪਰ ਇਕਬਾਲ ਸਿੰਘ ਤੇ ਟੈਕਸੀ ਦਾ ਕਿਤੇ ਵੀ ਪਤਾ ਨਹੀਂ ਸੀ। ਡਰਦੇ ਮਾਰੇ ਦੀ ਚਾਹ ਓਵੇਂ ਦੀ ਜਿਵੇਂ ਪਈ ਸੀ। ਹਵਾ ਵਿਚ ਘੂਰਦਾ ਹੋਇਆ ਉਹ ਆਉਣ ਵਾਲੇ ਪਲਾਂ ਬਾਰੇ ਸੋਚਣ ਲੱਗਾ। ਅਚਾਨਕ ਸੜਕ ਉੱਤੇ ਟੈਕਸੀ ਆ ਰਹੀ ਨਜ਼ਰ ਆਈ। ਇਕਬਾਲ ਸਿੰਘ ਨੇ ਹੁਣ ਪੱਗ ਖਾਸੀ ਜਚਾ ਕੇ ਬੰਨ੍ਹੀ ਹੋਈ ਸੀ। ਮੂੰਹ ਵੀ ਧੋਤਾ ਹੋਇਆ ਸੀ---ਏਨੇ ਲੰਮੇ ਸਫ਼ਰ ਵਿਚ ਪਹਿਲੀ ਵੇਰ ਉਸਦੇ ਚਿਹਰੇ ਉੱਤੇ ਰੌਣਕ ਨਜ਼ਰ ਆਈ ਸੀ।

'ਮਾ'ਫ਼ ਕਰਨਾ ਸਰ, ਜ਼ਰਾ ਦੇਰ ਹੋ ਗਈ ਗੁਰਦਵਾਰੇ 'ਚ।'

'ਤਾਂ ਤੂੰ ਗੁਰਦਵਾਰੇ ਚਲਾ ਗਿਆ ਸੈਂ ?'

ਉਸਨੂੰ ਪਤਾ ਸੀ ਨੇੜੇ ਹੀ ਇਕ ਮਸ਼ਹੂਰ ਗੁਰਦਵਾਰਾ ਵੀ ਹੈ।

'ਹਾਂ ਸਰ, ਗੁਰੂ ਘਰ ਗਿਆ ਸਾਂ---ਮੱਥਾ ਟੇਕਣ। ਤੁਰਨ ਵੇਲੇ ਸੁੱਖਿਆ ਜੋ ਸੀ ਕਿ…'

'ਕਿ…ਕੀ ਬਈ ?'

ਬਿੰਦ ਦਾ ਬਿੰਦ ਇਕਬਾਲ ਸਿੰਘ ਨੇ ਕੋਈ ਉਤਰ ਨਹੀਂ ਦਿੱਤਾ।

'ਕੀ ਸੁੱਖਿਆ ਸੀ ਬਈ ਇਕਬਾਲ ਸਿਆਂ ? ਕਿਸੇ ਲਗਨ-ਵਗਨ ਦਾ ਚੱਕਰ ਤਾਂ ਨਹੀਂ ?'

ਇਕਬਾਲ ਸ਼ਰਮਾਅ ਗਿਆ। ਉਸਦੇ ਗੱਲ੍ਹਾਂ ਦੀ ਲਾਲੀ ਉਸਦੀ ਸੱਜਰੀ ਫੁੱਟੀ ਦਾੜ੍ਹੀ ਵਿਚੋਂ ਫੁੱਟ ਨਿਕਲੀ।

'ਨਹੀਂ ਜੀ---ਐਸੀ ਕੋਈ ਗੱਲ ਨਹੀਂ।'

'ਹੋਰ ਫੇਰ ?'

'ਗੱਲ ਇਹ ਸੀ ਸਰ ਕਿ ਇਸ ਟ੍ਰਿਪ 'ਤੇ ਜਾਣ ਤੋਂ ਪਹਿਲਾਂ ਚਾਚੇ ਤੇ ਤਾਏ ਹੁਰਾਂ ਦੋਹਾਂ ਨੇ ਬੜਾ ਮਨ੍ਹਾਂ ਕੀਤਾ ਸੀ। ਏਸੇ ਕਰਕੇ ਉਹ ਉਸ ਰਾਤੀਂ ਮੌਕਾ ਦੇਖਣ ਆਏ ਸਨ। ਤੁਹਾਨੂੰ ਮਿਲ ਲੈਣ ਪਿੱਛੋਂ ਉਹਨਾਂ ਕਿਹਾ ਸੀ, 'ਸਵਾਰੀ ਤਾਂ ਠੀਕ ਏ ਬਾਲੇ ਪੁੱਤਰ…ਪਰ ਕੀ ਪਤੈ ਕਿੱਥੇ-ਕਿੱਥੇ ਘਸੀਟੀ ਫਿਰੇ…ਕੌਣ ਜਾਣਦਾ ਏ ਕਿਹੜਾ ਮੁਹੱਲਾ ਕਿਹੜੀ ਗਲੀ ਕਿਹੋ ਜਿਹੀ ਏ ? ਉਹ ਲੋਕ ਪਤਾ ਨਹੀਂ ਕੀ ਕਰ ਬਹਿਣ ?' '

'ਫੇਰ ਤੂੰ ਕੀ ਕਿਹਾ ਸੀ ਭਲਾ ?'

'ਕੁਝ ਨਹੀਂ, ਬਸ ਮੈਂ ਕਿਹਾ ਸੀ ਸਰ ਕਿ ਏਨਾ ਲੰਮਾ ਟ੍ਰਿਪ ਮੈਨੂੰ ਅੱਜ ਤੀਕ ਕਦੀ ਨਹੀਂ ਮਿਲਿਆ---ਜ਼ਰੂਰ ਜਾਵਾਂਗਾ। ਪਰ ਸਰ, ਹੁਣ ਤੁਹਾਥੋਂ ਕੀ ਲਕੋਅ, ਡਰ ਈ ਲੱਗਦਾ ਰਿਹਾ ਜੇ। ਅੱਜਕੱਲ੍ਹ ਦੇ…।' ਇਕਬਾਲ ਨੇ ਵਾਕ ਅਧੂਰਾ ਛੱਡ ਦਿੱਤਾ। ਸ਼ਾਇਦ ਉਹ ਜਾਣ ਚੁੱਕਿਆ ਸੀ ਕਿ ਗੱਲ ਅੱਗੇ ਵਧਾਈ ਤਾਂ ਉਲਝ ਵੀ ਸਕਦੀ ਹੈ। 'ਉਦੋਂ ਸਰ ਮੈਂ ਸੁਖਣਾ ਸੁੱਖੀ…ਹੇ ਵਾਹਿਗੁਰੂ ਮਹਾਰਾਜ, ਜੇ ਬਾਲਾ ਸਹੀ ਸਲਾਮਤ ਪਰਤ ਆਇਆ ਤਾਂ ਤੇਰੀ ਹਜ਼ੂਰੀ ਵਿਚ ਗਿਆਰਾਂ ਰੁਪਏ ਦਾ ਪ੍ਰਸਾਦ ਚੜ੍ਹਾਏਗਾ।'

ਤੇ ਬਾਲੇ ਨੇ ਲਾਲ ਰੁਮਾਲ ਵਿਚ ਲਪੇਟੇ ਡੂਨੇ ਵਿਚੋਂ ਅਰਦਾਸ ਦਾ ਪ੍ਰਸ਼ਾਦ ਉਸਦੇ ਦੋਏ ਹੱਥਾਂ ਵਿਚ ਫੜਾ ਦਿੱਤਾ। ਹੱਥ ਜਿਹੜੇ ਆਦਤ ਅਨੁਸਾਰ ਆਪ ਮੁਹਾਰੇ ਬੁੱਕ ਦੀ ਸ਼ਕਲ ਵਿਚ ਖੁੱਲ੍ਹੇ ਹੋਏ ਸਨ।

'ਕੋਈ ਗਲਤੀ ਹੋ ਗਈ ਹੋਏ ਤਾਂ ਮੁਆਫ਼ ਕਰ ਦੇਣਾ ਸਰ ਆਪਣਾ ਬੱਚਾ ਸਮਝ ਕੇ। ਸ਼ਾਇਦ ਘਬਰਾਹਟ ਵਿਚ ਕੋਈ ਭੱਲ-ਚੁੱਕ ਹੋ ਗਈ ਹੋਏ।'

ਇਕ ਦੂਜੇ ਦੀਆਂ ਨਜ਼ਰਾਂ ਵਿਚ ਚੋਰ ਬਣੇ ਅਸੀਂ ਇਧਰ ਉਧਰ ਦੇਖਣ ਲੱਗੇ---ਸ਼ਾਇਦ ਉਹਨਾਂ ਪ੍ਰਛਾਵਿਆਂ ਵੱਲ ਜਿਹੜੇ ਸ਼ਾਮ ਢਲਣ ਦੇ ਨਾਲ ਲੰਮੇਂ, ਗੂੜ੍ਹੇ ਤੇ ਡਰਾਵਨੇ ਹੁੰਦੇ ਜਾ ਰਹੇ ਸਨ।

Monday, May 11, 2009

ਗੋਲੇ ਕਬੂਤਰ :: ਲੇਖਕ : ਸ਼ਰਵਨ ਕੁਮਾਰ ਵਰਮਾ

ਉਰਦੂ ਕਹਾਣੀ : ਗੋਲੇ ਕਬੂਤਰ :: ਲੇਖਕ : ਸ਼ਰਵਨ ਕੁਮਾਰ ਵਰਮਾ : ਸੰਪਰਕ :-01832555580
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਲਗਭਗ ਪਿਛਲੇ ਬਹੱਤਰ ਘੰਟਿਆਂ ਦਾ ਮੈਂ ਆਪਣੇ ਕਮਰੇ ਵਿਚ ਹਾਂ---ਨਾ ਬਿਮਾਰ ਹਾਂ, ਨਾ ਕਰਜ਼ਦਾਰ। ਸ਼ਹਿਰ ਵਿਚ ਕਰਫ਼ਿਊ ਲੱਗਿਆ ਹੋਇਆ ਹੈ। ਚਾਰੇ ਪਾਸੇ ਇਕ ਰਹੱਸਮਈ ਚੁੱਪ ਪਸਰੀ ਹੋਈ ਹੈ। ਕਦੀ ਕਦੀ ਐਲ.ਐਮ.ਜੀ. ਤੇ ਏ.ਕੇ. ਸੰਤਾਲੀ ਰਾਈਫਲਾਂ ਦੇ ਠਹਾਕੇ ਇਸ ਭੇਦਭਰੀ ਚੁੱਪ ਨੂੰ ਛਲਣੀ ਕਰ ਦੇਂਦੇ ਨੇ। ਗੋਲੇ ਕਬੂਤਰਾਂ ਦਾ ਇਕ ਵੀ ਝੁੰਡ ਹੁਣ ਸਵਰਨ ਮੰਦਰ ਪਰੀਸਰ ਵੱਲ ਨਹੀਂ ਜਾਂਦਾ---ਉਹ ਮਹੰਤਾਂ ਦੇ ਡੇਰੇ ਵਿਚ ਬਣੀ ਸਮਾਧ ਦੇ ਗੁੰਬਦ ਦਾ ਚੱਕਰ ਲਾ ਕੇ ਪੁਰਾਣੇ ਮਕਾਨਾਂ ਪਿੱਛੋਂ ਜਾ ਅਲੋਪ ਹੁੰਦੇ ਨੇ। ਮੇਰੇ ਕਮਰੇ ਦੇ ਰੋਸ਼ਨਦਾਨ ਦੇ ਵਧਾਰੇ ਵਿਚ ਆਲ੍ਹਣਾ ਬਣਾਈ ਬੈਠਾ ਜੋੜਾ ਦੋ ਦਿਨਾਂ ਦਾ ਪਰਤ ਕੇ ਘਰ ਵਾਪਸ ਨਹੀਂ ਆਇਆ। ਮੇਰੀ ਬੱਚੀ ਪੁੱਛਦੀ ਹੈ :

"ਪਾਪਾ ਕਿਤੇ ਉਹਨਾਂ ਵਿਚਾਰਿਆਂ ਦੇ ਵੀ ਤਾਂ ਗੋਲੀਆਂ ਨਹੀਂ ਵੱਜ ਗਈਆਂ ?"

ਮੈਂ ਸੋਚਿਆ ਸੀ---'ਹੋ ਸਕਦਾ ਹੈ।' ਫਾਇਰਿੰਗ ਦੌਰਾਨ, ਮੈਂ ਕਈ ਕਬੂਤਰਾਂ ਨੂੰ ਡਿੱਗਦਿਆਂ ਦੇਖਿਆ ਸੀ।…ਇਹ ਜੋੜਾ ਬਿੱਠਾਂ ਕਰ-ਕਰ ਕੇ ਫ਼ਰਸ਼ ਗੰਦਾ ਕਰ ਦੇਂਦਾ ਸੀ ; ਬਾਲਕੋਨੀ ਤੇ ਕਮਰੇ ਵਿਚ ਡੱਕੇ, ਖੰਭ ਤੇ ਹੋਰ ਨਿੱਕੜ-ਸੁੱਕੜ ਖਿਲਾਰਦਾ ਰਹਿੰਦਾ ਸੀ। ਫੇਰ ਵੀ ਅਸੀਂ ਉਸਨੂੰ ਉਡਾਉਂਦੇ ਨਹੀਂ ਸੀ ਹੁੰਦੇ। ਮੇਰੀ ਪਤਨੀ ਉਹਨਾਂ ਖਾਤਰ ਦਾਣੇ ਖਿਲਾਰ ਦੇਂਦੀ ਤੇ ਬੇਟੀ ਪਾਣੀ ਦਾ ਭਾਂਡਾ ਭਰ ਕੇ ਰੱਖ ਦੇਂਦੀ---ਉਹ ਗੁਟਰ-ਗੂੰ, ਗੁਟਰ-ਗੂੰ ਕਰਦੇ ਤਾਂ ਮੇਰੀ ਬੇਟੀ ਪੂਰੇ ਧਿਆਨ ਨਾਲ ਸੁਣਦੀ, ਜਿਵੇਂ ਸੱਚਮੁੱਚ ਉਹਨਾਂ ਦੀਆਂ ਗੱਲਾਂ, ਉਸਦੀ ਸਮਝ ਵਿਚ ਆ ਰਹੀਆਂ ਹੋਣ।

"ਪਾਪਾ ਇਹ ਗੱਲਾਂ ਕਰ ਰਹੇ ਨੇ ਨਾ ?"

ਪਰ ਉਹ ਪਿਛਲੇ ਦੋ ਦਿਨਾਂ ਦੇ ਘਰ ਵਾਪਸ ਨਹੀਂ ਸੀ ਆਏ। ਪਾਣੀ ਵਾਲਾ ਭਾਂਡਾ ਜਿਵੇਂ ਦਾ ਤਿਵੇਂ ਭਰਿਆ ਪਿਆ ਸੀ। ਮੇਰੀ ਪਤਨੀ ਦੋ ਵਾਰ ਦਾਣੇ ਖਿਲਾਰ ਕੇ ਬੁਹਾਰ ਚੁੱਕੀ ਸੀ। ਕਮਰਾ ਤੇ ਬਾਲਕੋਨੀ ਸਾਫ-ਸੁਥਰੇ ਪਏ ਨੇ---ਨਾ ਬਿੱਠਾਂ ਨੇ, ਨਾ ਡੱਕੇ, ਨਾ ਖੰਭ। ਜੇ ਉਹ ਜੋੜਾ ਰੋਸ਼ਨਦਾਨ ਵਿਚ ਹੁੰਦਾ ਤਾਂ ਇਹ ਚੁੱਪ ਏਨੀ ਓਪਰੀ ਨਹੀਂ ਸੀ ਲੱਗਣੀ---ਉਹ ਗੱਲਾਂ ਕਰ ਰਹੇ ਹੁੰਦੇ, ਅਸੀਂ ਸੁਣ ਰਹੇ ਹੁੰਦੇ।

ਮੈਂ ਖਿੜਕੀ ਰਾਹੇ ਆਸਮਾਨ ਵੱਲ ਤੱਕਣ ਲੱਗ ਪਿਆ ਹਾਂ। ਉਹ ਸਦੀਆਂ ਪੁਰਾਣੀ ਬੇਪ੍ਰਵਾਹੀ ਨਾਲ ਦੂਰ-ਦੂਰ ਤਕ ਪਸਰਿਆ ਹੋਇਆ ਹੈ। ਉਸਦੇ ਪਿੱਛੇ ਕੋਈ ਹੈ ਜਾਂ ਨਹੀਂ ? ਸਦੀਆਂ ਤੋਂ ਲੋਕ ਕਹਿ ਰਹੇ ਨੇ, ਹੈ ! ਮੈਂ ਬਹੱਤਰ ਘੰਟੇ ਪਹਿਲਾਂ ਵੀ ਇਸ ਨੂੰ ਦੇਖਿਆ ਸੀ, ਰੋਜ਼ ਹੀ ਦੇਖਦਾ ਹਾਂ---ਪਰ ਹੁਣ ਇਹ ਸੁੰਨਾ, ਸੱਖਣਾ ਤੇ ਅਜਨਬੀ ਜਿਹਾ ਲੱਗ ਰਿਹਾ ਹੈ। ਮੇਰੀਆਂ ਅੱਖਾਂ ਵੀ ਉਹੀ ਨੇ, ਇਹ ਆਕਾਸ਼ ਵੀ ਉਹੀ ਹੈ---ਪਰ ਇਹਨਾਂ ਵਿਚਕਾਰ ਕੀ ਆ ਗਿਆ ਹੈ !

'ਤਰੜ-ਤਰੜ, ਤੜਾਖ਼-ਤੜਾਖ਼…'

ਅੱਧ ਮਈ ਦਾ ਖਾਲੀ-ਖਾਲੀ ਆਸਮਾਨ। ਉਦਾਸ ਸਵਰਨ ਮੰਦਰ ਵਿਚ ਧੌਣ ਚੁੱਕੀ ਖੜ੍ਹੀ ਪਾਣੀ ਦੀ ਟੈਂਕੀ ਉੱਤੇ ਖਾਲਿਸਤਾਨੀ ਝੰਡਾ ਲਹਿਰਾ ਰਿਹਾ ਹੈ…ਦੋਹਾਂ ਬੁਰਜੀਆਂ ਉੱਤੇ ਰੇਤੇ ਦੀਆਂ ਬੋਰੀਆਂ ਰੱਖ ਕੇ ਮੋਰਚੇ ਬਣਾਏ ਗਏ ਨੇ ; ਉਹਨਾਂ ਉੱਤੇ ਖਾਲਿਸਤਾਨੀ ਝੰਡੇ ਲਹਿਰਾ ਰਹੇ ਨੇ। ਅੰਦਰੋਂ ਆਉਣ ਵਾਲੀ ਇਕ ਗੋਲੀ ਨੇ, ਇਕ ਬਨੇਰੇ ਦੀ, ਇਕ ਚਿੱਪੜ ਲਾਹ ਦਿੱਤੀ ਹੈ, 'ਅਸੀਂ ਪਰੀਸਰ ਵਿਚ ਹਥਿਆਰ ਲਿਜਾਅ ਸਕਦੇ ਹਾਂ…ਕਤਲ ਤੇ ਰੇਪ ਕਰ ਸਕਦੇ ਹਾਂ, ਸਰਕਾਰ ਦਖ਼ਲ ਨਹੀਂ ਦੇ ਸਕਦੀ। ਜਦੋਂ ਅੰਦਰੋਂ ਆਉਣ ਵਾਲੀਆਂ ਗੋਲੀਆਂ ਨਾਲ ਪੁਲਿਸ ਦਾ ਇਕ ਵੱਡਾ ਅਫ਼ਸਰ ਜ਼ਖ਼ਮੀ ਹੋ ਗਿਆ ਸੀ, ਅਚਾਨਕ ਉਹਨਾਂ ਗੋਲੀਆਂ ਨੇ ਕਿਹਾ ਸੀ, 'ਸਾਡਾ ਧਰਮ ਸਿਆਸਤ ਨਾਲੋਂ ਵੱਖਰਾ ਨਹੀਂ।'

'ਇਕ ਲੱਖ ਰੁਪਈਏ ਲੈ ਕੇ ਕਮਰਾ ਨੰ. …ਵਿਚ ਆ ਜਾਓ, ਵਰਨਾ'
'ਤੇਰੀ ਕੁੜੀ ਸਾਡੇ ਜਰਨੈਲ ਨੂੰ ਪਸੰਦ ਆ ਗਈ ਹੈ।'
'ਇਸ ਮਲਬੇ ਹੇਠ ਕੋਈ ਲਾਸ਼ ਨਹੀਂ।'
'ਕਸ਼ਮੀਰ, ਪਾਕਿਸਤਾਨ ਦਾ ਹਿੱਸਾ ਹੈ। ਦਿੱਲੀ ਦਾ ਨਾਂ ਸਤਵੰਤ ਨਗਰ ਹੋਵੇਗਾ।'
'ਪਰੀਸਰ ਵਿਚ ਹਥਿਆਰ ਜਾਂ ਗੋਲਾ-ਬਾਰੂਦ, ਕੁਝ ਵੀ ਨਹੀਂ।'
'ਮੰਦਰ ਵਿਚ ਆਉਣ ਵਾਲਿਆਂ ਦੀ ਜਾਮਾ-ਤਲਾਸ਼ੀ ਲੈਣਾ, ਸਿੱਖ ਪ੍ਰੰਪਰਾ ਨੂੰ ਚੈਲਿੰਜ ਕਰਨਾ ਹੈ।'

ਮੈਂ ਅਖ਼ਬਾਰ ਪੜ੍ਹਨਾ ਚਾਹੁੰਦਾ ਹਾਂ, ਪਰ ਅੱਕ ਕੇ ਸੁੱਟ ਦੇਂਦਾ ਹਾਂ। ਅਖ਼ਬਾਰ ਬਿਨਾਂ ਨਾਗਾ ਆ ਰਹੇ ਨੇ। ਇਕ ਪੰਜਾਬੀ ਅਖ਼ਬਾਰ ਲਿਖਦਾ ਹੈ :

'ਜਿਸਮ ਵਿਚ ਲਹੂ ਦੀ ਆਖ਼ਰੀ ਬੂੰਦ ਤੱਕ ਲੜਾਈ ਜਾਰੀ ਰਹੇਗੀ---ਖਾੜਕੂਆਂ ਦੀ ਪ੍ਰਤਿਗਿਆ।' ਇਹ ਅਖ਼ਬਾਰ ਉਹਨਾਂ ਨੂੰ ਕਦੀ ਦਹਿਸ਼ਤ-ਗਰਦ ਨਹੀਂ ਲਿਖਦਾ।

ਇਕ ਹਿੰਦੀ ਅਖ਼ਬਾਰ ਦੀ ਮੋਟੀ ਸੁਰਖੀ ਹੈ---'ਆਤੰਕਵਾਦੀਆਂ ਨੇ ਇਕ ਪਰਿਵਾਰ ਦੇ ਨੌਂ ਜੀਆਂ ਦੀ ਨਿਰਮਰਮ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਵਿਚ ਦੋ ਸਾਲ ਦੀ ਇਕ ਮਾਸੂਮ ਬੱਚੀ ਵੀ ਸ਼ਾਮਿਲ। ਪਿੰਡ ਵਿਚੋਂ ਹਿੰਦੂ ਪਰਿਵਾਰ ਪਲਾਇਨ ਕਰ ਗਏ।'

ਵਧੇਰੇ ਸਭਿਅ ਲੋਕਾਂ ਲਈ ਦੇਸ਼ ਦਾ ਇਕ ਕਰੋੜ ਪਤੀ, ਅੰਗਰੇਜ਼ੀ ਅਖ਼ਬਾਰ ਛਾਪਦਾ ਹੈ---ਉਸਨੇ ਜਰਮਨ ਤੋਂ ਅਧੁਨਿਕ ਤਕਨੀਕ ਦੀ ਮਸ਼ੀਨਰੀ ਮੰਗਵਾਈ ਹੋਈ ਹੈ। ਉਸਦਾ ਹਰੇਕ ਪਰਚਾ ਇਸ ਪੱਖ ਤੋਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਕਹਿ ਰਿਹਾ ਹੈ।

ਸਾਰੇ ਅਖ਼ਬਾਰ ਹੱਥੋ-ਹੱਥੀ ਵਿਚ ਜਾਂਦੇ ਹਨ।

ਅਸੀਂ ਸੈਕੂਲਰ ਹਾਂ।
ਅਸੀਂ ਜਨਵਾਦੀ ਹਾਂ।
ਅਸੀਂ ਅਮਨ ਪਸੰਦ ਹਾਂ।

ਇਸ ਦੇਸ਼ ਵਿਚ ਹਰੇਕ ਨੂੰ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਬੋਲਣ, ਲਿਖਣ, ਘੁੰਮਣ-ਫਿਰਨ ਤੇ ਰਹਿਣ ਦੀ ਆਜ਼ਾਦੀ ਹੈ।

ਮੈਂ ਪਿਛਲੇ 72 ਘੰਟਿਆਂ ਦਾ ਆਪਣੇ ਹੀ ਘਰ ਵਿਚ ਕੈਦ ਕੀਤਾ ਹੋਇਆ ਹਾਂ। ਇਹ ਉਮੀਦ ਵੀ ਨਹੀਂ ਕਿ ਇਸ 'ਹਾਊਸ-ਅਰੈਸਟ' ਪਿੱਛੋਂ ਕੋਈ ਇਲੈਕਸ਼ਨ ਜਿੱਤਣ ਯੋਗ ਹੋ ਜਾਵਾਂਗਾ। ਗਲੀ ਦੇ ਬਾਹਰਲਾ ਦਰਵਾਜ਼ਾ ਬੰਦਾ ਹੈ। ਬਾਹਰ ਪੁਲਿਸ ਦਾ ਪਹਿਰਾ ਹੈ। ਸਰਕਾਰੀ ਵੈਨ ਐਲਾਨ ਕਰਦੀ ਫਿਰ ਰਹੀ ਹੈ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਿਬੜਿਆ ਜਾਵੇਗਾ।

"ਸੁਣਦੇ ਓ, ਘਰੇ ਸਿਰਫ ਸ਼ਾਮ ਜੋਗੀ ਸਬਜ਼ੀ ਰਹਿ ਗਈ ਏ---ਆਲੂ ਤੇ ਪਿਆਜ਼ ਵੀ ਮੁੱਕ ਗਏ ਨੇ।" ਮੇਰੀ ਪਤਨੀ ਨੇ ਇਤਲਾਹ ਦਿੱਤੀ ਹੈ।

ਮੈਂ ਟੈਂਕੀ ਉੱਤੇ ਲਹਿਰਾ ਰਹੇ ਖਾਲਿਸਤਾਨੀ ਝੰਡੇ ਵੱਲ ਦੇਖਣ ਲੱਗ ਪਿਆ ਹਾਂ।

ਉਹ ਮੇਰੀ ਚੁੱਪ ਤੇ ਮੈਥੋਂ ਉਕਤਾਅ ਕੇ ਬਾਹਰ ਚਲੀ ਗਈ ਹੈ। ਮੈਂ ਉਸਦੇ ਪਿੱਛੇ-ਪਿੱਛੇ ਹੋ ਲਿਆ ਹਾਂ। ਉਹ ਫ਼ਰਸ਼ ਉੱਤੇ ਲੇਟ ਗਈ ਹੈ। ਸਾਡੀ ਬੱਚੀ ਕੰਧ ਨਾਲ ਢੋਅ ਲਾਈ ਬੈਠੀ ਕੋਈ ਕਿਤਾਬ ਪੜ੍ਹ ਰਹੀ ਹੈ। ਮੈਂ ਕਿਹਾ…

"ਪਿੰਕੀ ਬੱਤੀ ਤਾਂ ਜਗਾ ਲੈ।"

"ਮੈਂ ਪੜ੍ਹ ਨਹੀਂ ਰਹੀ ਪਾਪਾ…"

ਮੈਂ ਬਾਲਕੋਨੀ ਵਿਚ ਗਿਆ ਹਾਂ। ਮੇਰੀ ਪਤਨੀ ਨੇ ਅੰਦਰੋਂ ਹੀ ਉੱਚੀ ਆਵਾਜ਼ ਵਿਚ ਟਾਈਮ ਪੁੱਛਿਆ, ਮੈਂ ਅਕੇਵੇਂ ਜਿਹੇ ਨਾਲ ਕਿਹਾ ਕਿ 'ਉਸਨੇ ਕਿਹੜੀ ਗੱਡੀ ਫੜ੍ਹਨੀਂ ਏਂ।' ਉਹ ਚੁੱਪ ਰਹੀ, ਪਰ ਮੈਂ ਆਪਣੇ ਲਹਿਜੇ ਦੇ ਖੁਰਦਰੇਪਣ ਉੱਤੇ ਹੈਰਾਨ-ਪ੍ਰੇਸ਼ਾਨ ਹੋ ਗਿਆ ਹਾਂ। ਮੈਂ ਟਾਈਮ ਦਸ ਦਿੱਤਾ, ਸ਼ਾਇਦ ਉਸਨੂੰ ਟਾਈਮ ਨਾ ਪਾਸ ਹੋਣ ਦਾ ਅਹਿਸਾਸ ਹੋ ਰਿਹਾ ਹੈ। ਘੜੀ ਦੀਆਂ ਸੂਈਆਂ ਆਪਣੀ ਰਿਫ਼ਤਾਰ ਨਾਲ ਚੱਕਰ ਕੱਟ ਰਹੀਆਂ ਨੇ। ਯਾਨੀ, ਟਾਈਮ ਤਾਂ ਆਪਣੀ ਤੋਰ ਤੁਰਦਾ ਹੀ ਜਾ ਰਿਹਾ ਏ।

ਗਲੀ ਵਿਚ ਪਹਿਲਵਾਨ ਦੀ ਮੱਝ ਬੋਲੀ ਹੈ। ਕਾਲੀ ਕੁੱਤੀ ਤੇ ਉਸਦੇ ਕਤੂਰੇ ਬੂਥੀਆਂ ਚੁੱਕ-ਚੁੱਕ ਭੌਂਕਣ ਲੱਗ ਪਏ ਨੇ---ਭੌਂਕੀ ਹੀ ਜਾ ਰਹੇ ਨੇ। ਇਕ ਡਲਾ ਕੁੱਤੀ ਦੇ ਵੱਜਦਾ ਹੈ, ਉਹ ਦਰਦ ਨਾਲ ਚਿਆਂ-ਚਿਆਂ ਕਰਦੀ ਨੱਸ ਜਾਂਦੀ ਹੈ, ਪਿੱਛੇ-ਪਿੱਛੇ ਉਸਦੇ ਕਤੂਰੇ ਵੀ। ਠੇਕੇਦਾਰ ਸੁਰਜਨ ਸਿੰਘ ਦੀ ਆਵਾਜ਼ ਗੂੰਜਦੀ ਹੈ…

"ਚੁੱਪ ਕਰੋ ਓਇ, ਹਰਾਮਜ਼ਾਦਿਓ…"

"ਸੁਰਜਨ ਸਿਆਂ, ਜਾਨਵਰਾਂ ਵਿਚ ਕੋਈ ਹਰਾਮਜ਼ਾਦਾ ਨਹੀਂ ਹੁੰਦਾ…ਇਹ ਤਾਂ ਇਨਸਾਨਾਂ 'ਚ…" ਖ਼ੂਹ ਦੇ ਠੰਡੇ ਚਬੂਤਰੇ ਤੋਂ ਥੱਲੇ ਉਤਰਦਿਆਂ ਹੋਇਆਂ ਰੱਖੀ ਦਾਦੀ ਨੇ ਕਿਹਾ ਹੈ। ਉਹ ਵੀ ਇਸ ਚੁੱਪ ਤੋਂ ਤੰਗ ਆਈ ਜਾਪਦੀ ਹੈ।

"ਬੀਬੀ, ਕੁੱਤਿਆਂ ਦੀ ਫੈਮਿਲੀ ਪਲੇਨਿੰਗ ਨਹੀਂ ਹੋ ਸਕਦੀ ਕਿ…!"

ਰੱਖੀ ਪੁਰਾਣੇ ਵੇਲਿਆਂ ਦੀ ਦਾਈ ਹੈ। ਸ਼ਾਇਦ ਇਸ ਨੂੰ ਪਤਾ ਨਹੀਂ ਕਿ ਇਸ ਕਿਸਮ ਦੇ ਤਜ਼ੁਰਬੇ ਹੁਣ ਕੁੱਤਿਆਂ ਉੱਤੇ ਵੀ ਕੀਤੇ ਜਾ ਰਹੇ ਨੇ। ਕੁੱਤੀ ਤੇ ਉਸਦੇ ਕਤੂਰਿਆਂ ਨੇ ਫੇਰ ਆਪੋ-ਆਪਣੇ ਮੋਰਚੇ ਸੰਭਾਲ ਲਏ ਨੇ ਤੇ ਠੇਕੇਦਾਰ ਦੇ ਮਕਾਨ ਵੱਲ ਮੂੰਹ ਕਰਕੇ ਉੱਚੀ-ਉੱਚੀ ਭੌਂਕ ਰਹੇ ਨੇ। ਇਸ ਵਾਰੀ ਉਹ ਉਹਨਾਂ ਨੂੰ ਗਾਲ੍ਹ ਤਾਂ ਨਹੀਂ ਕੱਢਦਾ, ਪਰ ਤਾੜਦਾ ਹੈ, "ਦਰੋਗਾ ਮੇਰਾ ਵਾਕਿਫ਼ ਆਦਮੀ ਏਂ, ਸਾਰਿਆਂ ਨੂੰ ਗੋਲੀਆਂ ਪੁਆ ਦਿਆਂਗਾ।"

"ਅੱਗੇ ਥੋੜ੍ਹੀਆਂ ਗੋਲੀਆਂ ਚੱਲ ਰਹੀਆਂ ਨੇ !" ਰੱਖੀ ਦਾਈ ਕਹਿੰਦੀ ਹੈ ਤੇ ਇਕ ਕਤੂਰੇ ਦੇ ਸਿਰ ਉੱਤੇ ਹੱਥ ਫੇਰਨ ਲੱਗ ਪੈਂਦੀ ਹੈ। ਫੇਰ ਬੜੇ ਪਿਆਰ ਨਾਲ ਪੁੱਛਦੀ ਹੈ, "ਭੁੱਖ ਲੱਗੀ ਹੋਈ ਏ ? ਬਿਸ਼ਨ ਕੌਰ ਨਹੀਂ ਆਈ ਨਾ…ਉਹੀ ਤੁਹਾਨੂੰ ਰੋਟੀ ਖਵਾਂਦੀ ਸੀ।" ਫੇਰ ਅਚਾਨਕ ਜਿਵੇਂ ਉਸਨੂੰ ਕੁਝ ਯਾਦ ਆ ਗਿਆ ਹੈ ਤੇ ਉਸਨੇ ਠੇਕੇਦਾਰ ਵੱਲ ਭੌਂ ਕੇ ਪੁੱਛਿਆ ਹੈ, "ਸੁਰਜਨ ਸਿਆਂ, ਕੋਈ ਪਤਾ ਲੱਗਿਆ ਬਿਸ਼ਨ ਕੌਰ ਦਾ…?"

"ਦਰਬਾਰ ਸਾਹਬ 'ਚ ਈ ਨਾ ਫਸ ਗਈ ਹੋਏ..."

"ਮਨ੍ਹਾਂ ਕੀਤਾ ਸੀ, ਨਾ ਜਾਇਆ ਕਰ ਅੱਜ-ਕੱਲ੍ਹ ਮੱਥਾ ਟੇਕਣ। ਕਹਿਣ ਲੱਗੀ, 'ਨਾ ਜਾਵਾਂ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ'---ਮੈਨੂੰ ਡਰ ਐ ਕਿਤੇ…"

ਮੇਰੀ ਪਤਨੀ ਦੋ ਬੇਹੀਆਂ ਰੋਟੀਆਂ ਲਿਆ ਕੇ ਗਲੀ ਵਿਚ ਸੁੱਟ ਗਈ ਹੈ। ਦਰਅਸਲ ਇਹ ਰੋਟੀਆਂ ਉਸਨੇ ਛਾਣ-ਸੂੜ੍ਹੇ ਬਦਲੇ ਆਲੂ-ਪਿਆਜ਼ ਦੇਣ ਵਾਲੇ ਲਈ ਰੱਖੀਆਂ ਸਨ। ਹੁਣ ਸ਼ਾਇਦ ਉਸਦੇ ਆਉਣ ਦੀ ਉਡੀਕ ਤੋਂ ਨਾ ਉਮੀਦ ਹੋ ਕੇ ਪੁੰਨ-ਖੱਟਣ ਦਾ ਖ਼ਿਆਲ ਆ ਗਿਆ ਸੀ, ਉਸਨੂੰ ! ਆਦਮੀ ਕਿੰਨਾ ਚਲਾਕ ਜੀਵ ਹੁੰਦਾ ਹੈ…ਹਰੇਕ ਕੰਮ ਵਿਚੋਂ ਲਾਭ ਖੱਟਣਾ ਚਾਹੁੰਦਾ ਹੈ।

ਕੁੱਤੀ ਰੋਟੀਆਂ ਚੁੱਕ ਕੇ ਕਸ਼ਮੀਰੀ ਲਾਲ ਦੀ ਰੇੜ੍ਹੀ ਹੇਠ ਬੱਝੀ ਬੋਰੀ ਦੇ ਝੂਲੇ ਵਿਚ ਜਾ ਬੈਠੀ ਹੈ, ਕਤੂਰੇ ਵੀ ਉਸਦੇ ਪਿੱਛੇ-ਪਿੱਛੇ ਚਲੇ ਗਏ ਨੇ। ਕਸ਼ਮੀਰੀ ਲਾਲ ਦੀ ਰੇੜ੍ਹੀ, ਜਿਸ ਉੱਤੇ ਉਹ ਸਬਜ਼ੀ ਤੇ ਫਲ ਵੇਚਣ ਜਾਂਦਾ ਹੈ, ਪਿੱਛਲੇ ਬਹੱਤਰ ਘੰਟਿਆਂ ਦੀ ਵਿਹਲੀ ਖੜ੍ਹੀ ਹੈ। ਉਹ ਕੁੱਤੀ ਤੇ ਕਤੂਰਿਆਂ ਨੂੰ ਭਜਾਉਣ ਵਾਸਤੇ ਬਾਹਰ ਆਇਆ ਹੈ, ਪਰ ਫੇਰ ਕੁਝ ਸੋਚ ਕੇ ਅੰਦਰ ਚਲਾ ਗਿਆ ਹੈ---ਸ਼ਾਇਦ ਉਸੇ ਪੂੰਨ-ਖੱਟਣ ਦੀ ਇੱਛਾ ਨਾਲ !

ਮੇਰੀ ਪਤਨੀ ਕਹਿੰਦੀ ਹੈ, "ਕਸ਼ਮੀਰੀ ਲਾਲ ਕਿਓਂ ਆਲੂ-ਪਿਆਜ਼ ਈ ਲੈ ਆਓ…ਉਹਨਾਂ ਦੇ ਪਏ ਹੋਣਗੇ।" ਮੈਂ ਹੇਠਾਂ ਚਲਾ ਜਾਂਦਾ ਹਾਂ। ਉਹ ਆਪਣੇ ਘਰ ਦੀ ਡਿਊਢੀ ਵਿਚ ਉਦਾਸ, ਪ੍ਰੇਸ਼ਾਨ-ਜਿਹਾ ਲੇਟਿਆ ਹੋਇਆ ਹੈ। ਉਸਦੀ ਪਤਨੀ ਸ਼ਾਂਤੀ ਪਾਟੀਆਂ ਬੋਰੀਆਂ ਸਿਊਂ ਰਹੀ ਹੈ।

"ਆਓ ਵਕੀਲ ਸਾਹਬ…" ਉਹ ਉੱਠ ਕੇ ਬੈਠ ਜਾਂਦਾ ਹੈ।

"ਆਲੂ-ਪਿਆਜ਼ ਹੋਣਗੇ ?"

"ਉਹ ਤਾਂ ਗਲੀ ਵਾਲੇ ਪਰਸੋਂ ਈ ਲੈ ਗਏ ਸੀ-ਜੀ ਸਾਰੇ। ਤੁਸੀਂ ਆਖਿਆ ਈ ਨਹੀਂ, ਨਹੀਂ ਤਾਂ ਰੱਖ ਲੈਂਦੇ।"

ਮੇਰੇ ਅੰਦਰ ਬਹੱਤਰ ਘੰਟਿਆਂ ਤੋਂ ਸੁੱਤਾ ਹੋਇਆ ਵਕੀਲ ਜਾਗ ਪਿਆ ਹੈ---'ਇਹ ਆਦਮੀ ਸਾਡੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਉਠਾਉਣਾ ਚਾਹੁੰਦਾ ਹੈ, ਵੱਧ ਪੈਸੇ ਭਾਲਦਾ ਹੋਵੇਗਾ।' ਮੈਂ ਧੀਮੀ ਪਰ ਜ਼ਰਾ ਕੁਸੈਲੀ ਆਵਾਜ਼ ਵਿਚ ਕਿਹਾ, "ਭਾਅ ਕੁਝ ਵੱਧ ਲਾ-ਲੈ…"

"ਕਿਹੋ ਜਿਹੀਆਂ ਗੱਲਾਂ ਕਰਦੇ ਪਏ ਓ ਜੀ, ਵਕੀਲ ਸਾਹਬ-ਜੀ ! ਨਾਲੇ ਇਹੋ ਜਿਹੇ ਹਾਲਾਤ ਵਿਚ ਕਿਸੇ ਤੋਂ ਵੱਧ ਪੈਸੇ ਲਵਾਂ ਤਾਂ ਰੱਬ ਦੀ ਮਾਰ ਨਾ ਪਵੇਗੀ ਮੇਰੇ ਉੱਤੇ…ਤੁਸੀਂ ਤਾਂ ਫੇਰ ਵੀ ਸਾਡੇ ਗੁਆਂਢੀ ਓ। ਆਓ, ਆਪ ਅੰਦਰ ਆ ਕੇ ਦੇਖ ਲਓ।"

ਮੈਂ ਅੰਦਰ ਨਹੀਂ ਜਾਂਦਾ। ਲੋਕ, ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਭ ਹੀ ਤਾਂ ਉਠਾਉਂਦੇ ਹੁੰਦੇ ਨੇ। ਕਸ਼ਮੀਰੀ ਲਾਲ ਕਿਹੜਾ ਕੋਈ ਫ਼ਰਿਸ਼ਤਾ ਹੈ। ਨਹੀਂ ਦੇਣੇ ਚਾਹੁੰਦਾ, ਨਾ ਸਹੀ---ਦਾਲ ਤੇ ਅਚਾਰ ਤਾਂ ਹੈ ਹੀ ਨੇ। ਮਰਨ ਨਹੀਂ ਲੱਗੇ ਅਸੀਂ ਆਲੂ-ਪਿਆਜ਼ਾਂ ਬਿਨਾਂ।

ਮੈਂ ਆਪਣੇ ਮਕਾਨ ਵਿਚ ਵੜਨ ਲੱਗਿਆ ਤਾਂ ਦਰਸ਼ਨ ਸਿੰਘ ਨੇ ਆਵਾਜ਼ ਮਾਰ ਲਈ। ਮੈ ਉਸ ਕੋਲ ਜਾ ਬੈਠਾ ਹਾਂ। ਉਸਦੇ ਹੱਥ ਵਿਚ ਪੁਰਾਣੀ ਤਾਸ਼ ਦੀ ਗੁੱਟੀ ਹੈ। ਉਹ ਬਿਨਾਂ ਪੁੱਛੇ ਪੱਤੇ ਵੰਡਣ ਲੱਗ ਪਿਆ ਹੈ, ਮੈਂ ਵੀ ਬਿਨਾਂ ਕੁਝ ਆਖੇ ਪੱਤੇ ਚੁੱਕ ਲਏ ਨੇ। ਉਂਜ ਮੈਂ ਤਾਸ਼ ਜਾਂ ਸ਼ਤਰੰਜ ਵਿਚ ਸਮਾਂ ਬਰਬਾਦ ਕਰਨ ਨੂੰ ਠੀਕ ਨਹੀਂ ਸਮਝਦਾ। ਮੇਰੇ ਖ਼ਿਆਲ ਵਿਚ ਇਹ ਖੇਡਾਂ ਹਸਪਤਾਲਾਂ ਜਾਂ ਬੋਰਡਿੰਗਜ਼ ਲਈ ਬਣੀਆਂ ਨੇ, ਘਰਾਂ ਵਿਚ ਖੇਡਣ ਲਈ ਨਹੀਂ। ਜਿਸ ਆਦਮੀ ਦੀਆਂ ਜੜਾਂ ਪੁੱਟਣੀਆਂ ਹੋਣ, ਉਸਨੂੰ ਇਹਨਾਂ ਦਾ ਭੁਸ ਪਾ ਦਿਓ।

"ਸੋਮਵਾਦ ਦਾ ਦੁਕਾਨ ਤੋਂ ਨੱਠਿਆ ਹੋਇਆਂ, ਬੰਦ ਵੀ ਨਹੀਂ ਸੀ ਕੀਤੀ…ਨੌਕਰ ਨੂੰ ਕਹਿ ਆਇਆ ਸਾਂ, ਪਤਾ ਨਹੀਂ ਕੀ ਕੀਤਾ-ਕਰਾਇਆ ਈ ! ਆਦਮੀ ਤਾਂ ਬੁਰਾ ਨਹੀਂ, ਫੇਰ ਵੀ ਕਿਸੇ ਦੀ ਨੀਅਤ ਦਾ ਕੀ ਪਤਾ ਲੱਗਦਾ ਜੇ ਜੀ…ਕਿ ਕਦੋਂ ਬਦਲ ਜਾਏ ? ਮੈਨੂੰ ਤਾਂ ਸੋਚ-ਸੋਚ ਕੇ ਨੀਂਦ ਨਹੀਂ ਆਂਦੀ।"

"ਕਾਮਪੋਜ਼ ਤੇ ਵਾਲੀਅਮ ਦੀਆਂ ਗੋਲੀਆਂ ਖਾਂਦੇ ਨੇ ਜੀ, ਰੋਜ਼।" ਉਸਦੀ ਪਤਨੀ ਨੇ ਦੱਸਿਆ। " ਅਖੇ ਜੇ ਦੁਕਾਨ ਵਿਚ ਕੋਈ ਹੇਰਾਫੇਰੀ ਹੋ ਗਈ, ਫੇਰ…"

"ਕੁਛ ਨਹੀਂ ਹੁੰਦਾ।" ਦਰਸ਼ਨ ਸਿੰਘ ਕਹਿੰਦਾ ਹੈ, ਜਿਵੇਂ ਪਤਨੀ ਨਾਲੋਂ ਵੱਧ ਆਪਣੇ ਮਨ ਨੂੰ ਸਮਝਾ ਰਿਹਾ ਹੋਏ, "ਵਾਹਿਗੁਰੂ ਸਭ ਭਲੀ ਕਰੇਗਾ।"

ਮੈਂ ਮਹਿਸੂਸ ਕੀਤਾ, ਉਸਨੂੰ ਖ਼ੁਦ ਆਪਣੇ ਰੱਬ ਉੱਤੇ ਯਕੀਨ ਨਹੀਂ ਰਿਹਾ ਹੈ।

"ਭਾ-ਜੀ ਚਾਹ ਲਿਆਵਾਂ…"

"ਨਹੀਂ, ਚਾਹ ਪੀ-ਪੀ ਕੇ ਮੂੰਹ ਪੱਕਿਆ ਪਿਆ ਏ। ਗਰਮੀ ਬੜੀ ਏ।" ਮੈਂ ਪੱਤੇ ਰੱਖ ਦਿੱਤੇ ਨੇ।

ਦਰਸ਼ਨ ਸਿੰਘ ਨਾ ਇਤਰਾਜ਼ ਕਰਦਾ ਹੈ, ਨਾ ਹੋਰ ਕੁਝ ਕਹਿੰਦਾ ਹੈ…ਉਹ ਵੀ ਪੱਤੇ ਸੁੱਟ ਦੇਂਦਾ ਹੈ।

"ਮੈਂ ਤਾਂ ਕਹਿਣਾ, ਅੱਗ ਲੱਗ ਜਾਏ ਸਾਰੇ ਸ਼ਹਿਰ ਨੂੰ, ਬੇੜਾ ਈ ਗਰਕ ਹੋ ਜਾਏ…ਇਹ ਸਿਫਤੀ ਦਾ ਘਰ ਏ ਕੋਈ…ਹੁਣ ਗੁਰੂ ਦੀ ਨਗਰੀ ਰਹਿ ਗਈ ਏ ! ਸਾਲੀ ਜ਼ਿੰਦਗੀ ਹੈ ਇੱਥੇ ਕੋਈ…ਚੌਥੇ ਦਿਨ ਕਰਫ਼ਿਊ…"

"ਭਾ-ਜੀ ਸਾਲ ਭਰ ਤੋਂ ਉੱਤੇ ਹੋ ਗਿਆ ਏ ਸਾਨੂੰ ਹਰਿਮੰਦਰ ਸਾਹਬ ਜਾ ਕੇ ਮੱਥਾ ਟੇਕਿਆਂ…ਇਹ ਤਾਂ ਇਕ ਦਿਨ ਰੋ ਈ ਪਏ ਸੀ। ਸਾਰਿਆਂ ਨੇ ਕਿਹਾ, 'ਚੱਲੋ, ਦੇਖਿਆ ਜਾਏਗਾ, ਜੋ ਹੋਏਗਾ।' ਪਰ ਇਹ ਨਹੀਂ ਗਏ…ਅੰਦਰ ਤਾਂ ਉਹ ਬੁਰਛੇ ਬੰਦੂਕਾਂ ਚੁੱਕੀ ਫਿਰਦੇ ਨੇ…"

ਮੈਨੂੰ ਯਾਦ ਆਇਆ ਕਿ ਦੋ-ਚਾਰ ਮਹੀਨੇ ਪਹਿਲਾਂ ਇਕ ਗੱਲ ਸੁਣੀ ਸੀ ਕਿ ਆਤੰਕਵਾਦੀਆਂ ਨੇ ਦਰਸ਼ਨ ਸਿੰਘ ਤੋਂ ਪੱਚੀ ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਕਿ---'ਅਸੀ ਜੋ ਸਿੱਖ ਧਰਮ, ਸਿੱਖ ਪੰਥ ਦੀ ਖਾਤਰ ਲੜ ਰਹੇ ਹਾਂ, ਸਾਡੀ ਸਹਾਇਤਾ ਕਰੋ।' ਅਖ਼ੀਰ ਦਸ ਹਜ਼ਾਰ ਉੱਤੇ ਮੁੱਕ-ਮੁਕਾਅ ਹੋਇਆ ਸੀ।

ਗੁੱਡੂ ਰਿਕਸ਼ਾ-ਵਾਲਾ ਬਾਹਾਂ ਲਟਕਾਈ, ਨੀਵੀਂ ਪਾਈ ਤੁਰਿਆ ਆ ਰਿਹਾ ਸੀ। ਇਹ ਕਿੱਧਰ ਚੱਲਿਆ ਹੋਇਆ ! ਗਲੀ ਦਾ ਗੇਟ ਤਾਂ ਬੰਦ ਹੈ। ਉਹ ਠੇਕੇਦਾਰ ਦੇ ਮਕਾਨ ਕੋਲ ਖੜ੍ਹੀ ਆਪਣੀ ਰਿਕਸ਼ਾ ਕੋਲ ਜਾ ਕੇ ਖਲੋ ਗਿਆ ਤੇ ਕਾਠੀ ਹੇਠੋਂ ਲੀਰ ਕੱਢ ਕੇ ਉਸਨੂੰ ਝਾੜਨ-ਪੂੰਝਣ ਲੱਗਿਆ। ਰਿੱਮ, ਤਾਰਾਂ ਗੱਦੀ ਉੱਤੇ ਕੱਪੜਾ ਮਾਰਿਆ ਤੇ ਬਰੇਕਾਂ ਨੂੰ ਨੱਪ ਕੇ ਦੇਖਿਆ। ਫੇਰ ਪਿਛਲੀ ਗੱਦੀ ਹੇਠੋਂ ਮੋਬਲ-ਆਇਲ ਵਾਲੀ ਪੁਰਾਣੀ ਕੁੱਪੀ ਕੱਢ ਕੇ ਤੇਲ ਦੇਣ ਲੱਗ ਪਿਆ ਹੈ। ਕੁੱਪੀ ਥਾਵੇਂ ਸੰਭਾਲ ਕੇ ਕਾਠੀ ਉੱਤੇ ਬੈਠ ਗਿਆ ਹੈ ਤੇ ਆਪਣੀਆਂ ਜੇਬਾਂ ਵਿਚ ਹੱਥ ਪਾ ਕੇ ਕੁਝ ਟਟੋਲਨ ਲੱਗ ਪਿਆ ਹੈ…ਸ਼ਾਇਦ ਕੋਈ ਬੀੜੀ-ਸਿਗਰੇਟ ! ਪਰ ਜੇਬਾਂ ਵਿਚੋਂ ਕੁਝ ਨਹੀਂ ਨਿਕਲਦਾ। ਉਹ ਆਪਣੇ ਖਾਲੀ ਹੱਥਾਂ ਵੱਲ ਦੇਖਦਾ ਹੈ ਤੇ ਅੱਖਾਂ ਬੰਦ ਕਰ ਲੈਂਦਾ ਹੈ।

"ਇਹਨਾਂ ਰੋਜ਼, ਰੋਜ਼ੀ ਕਮਾਉਣ ਵਾਲਿਆਂ ਦਾ ਕੀ ਬਣੇਗਾ..." ਦਰਸ਼ਨ ਸਿੰਘ ਹਮਦਰਦੀ ਨਾਲ ਕਹਿੰਦਾ ਹੈ।

ਮੈਂ ਕੋਈ ਜਵਾਬ ਨਹੀਂ ਦੇਂਦਾ ; ਜਵਾਬ ਮੇਰੇ ਕੋਲ ਹੈ ਵੀ ਨਹੀਂ। ਮੈਂ ਸੋਚਦਾ ਹਾਂ, ਕੀ ਅਸੀਂ ਗੁੱਡੂ ਨੂੰ ਇਹ ਵੀ ਨਹੀਂ ਪੁੱਛ ਸਕਦੇ ਕਿ ਉਸਨੂੰ ਕਿਸੇ ਚੀਜ਼ ਦੀ ਜਾਂ ਪੈਸੇ-ਧੇਲੇ ਦੀ ਲੋੜ ਤਾਂ ਨਹੀਂ ਹੈ ! ਮੈਂ ਦਰਸ਼ਨ ਸਿੰਘ ਵੱਲ ਦੇਖ ਰਿਹਾ ਹਾਂ। ਉਹ ਵੀ ਮੇਰੇ ਵਾਂਗ ਕੁਝ ਸੋਚ ਰਿਹਾ ਹੈ…ਸ਼ਾਇਦ ਆਪਣੇ ਦਸ ਹਜ਼ਾਰ ਬਾਰੇ, ਦੁਕਾਨ ਵਿਚ ਪਏ ਸਾਮਾਨ ਬਾਰੇ, ਹਰਿਮੰਦਰ ਸਾਹਬ ਜਾ ਕੇ ਮੱਥਾ ਟੇਕਣ ਬਾਰੇ ਜਾਂ ਫੇਰ ਗੁੱਡੂ ਦੀ ਮਦਦ ਕਰਨ ਬਾਰੇ ! ਮੈਂ ਉਸਨੂੰ ਕੁਰੇਦਦਾ ਹਾਂ…

"ਕੀ ਸੋਚ ਰਹੇ ਹੋ ਸਰਦਾਰ ਜੀ ?"

"ਕੁਛ ਨਹੀਂ…"

ਗੁੱਡੂ ਇਕ ਰੋੜਾ ਚੁੱਕੇ ਕੇ ਬਿਜਲੀ ਦੇ ਖੰਭੇ ਉੱਤੇ ਮਾਰਨ ਲੱਗ ਪਿਆ ਹੈ। ਆਵਾਜ਼ ਗੂੰਜਦੀ ਹੈ ਤਾਂ ਝੂਲੇ ਵਿਚੋਂ ਨਿਕਲ ਕੇ ਕੁੱਤੀ ਤੇ ਉਸਦੇ ਕਤੂਰੇ ਭੌਂਕਣ ਲੱਗ ਪੈਂਦੇ ਹਨ। ਦਾਦੀ ਰੱਖੀ ਉਹਨਾਂ ਨੂੰ ਪੁਚਕਾਰਦੀ ਹੋਈ ਪਿਆਰ ਨਾਲ ਸਮਝਾਉਂਦੀ ਹੈ ਕਿ ਠੇਕੇਦਾਰ ਗੁੱਸੇ ਹੋ ਜਾਵੇਗਾ। ਉਹ ਉਸਦੇ ਪਿਆਰ ਦੀ ਭਾਸ਼ਾ ਸਮਝ ਕੇ ਚੁੱਪ ਹੋ ਜਾਂਦੇ ਨੇ। ਕੁੱਤੀ ਗੇਟ ਨੂੰ ਸੁੰਘਦੀ ਤੇ ਪੰਜੇ ਨਾਲ ਖੋਹਲਣ ਦੀ ਅਸਫਲ ਕੋਸ਼ਿਸ਼ ਕਰਦੀ ਹੈ। ਫੇਰ ਆਪਣੇ ਕਤੂਰਿਆਂ ਨਾਲ ਵਾਪਸ ਪਰਤ ਆਉਂਦੀ ਹੈ ਤੇ ਗਲੀ ਦੇ ਦੂਜੇ ਸਿਰੇ ਨਿੰਮ ਦੀ ਛਾਂ ਹੇਠ ਜਾ ਬੈਠਦੀ ਹੈ।

'ਚਟਖ-ਚਟਖ-ਚਟਖ ! ਤਰੜ-ਤਰੜ-ਤਰੜ !!'

ਚੁੱਪ ਦੀ ਚਾਦਰ ਪਾਟ ਗਈ ਹੈ ਤੇ ਜ਼ੋਰਦਾਰ ਧਮਾਕੇ ਹੋਣੇ ਸ਼ੁਰੂ ਹੋ ਗਏ ਨੇ। ਗਿਆਨੀ ਦੀ ਪਤਨੀ ਘਬਰਾਈ ਹੋਈ ਘਰੋਂ ਬਾਹਰ ਨਿਕਲ ਕੇ ਗਲੀ ਵਿਚ ਆ ਗਈ ਹੈ।

"ਰਾਮਗੜ੍ਹੀ ਵਾਲੇ ਬੁੰਗੇ ਉੱਤੇ ਹਮਲਾ ਹੋਇਆ ਏ..." ਉਹ ਦੁੱਖ ਤੇ ਕੁਸੈਲ ਪਰੁੱਚੀ ਆਵਾਜ਼ ਵਿਚ ਕਹਿੰਦੀ ਹੈ, "ਸਿੱਖ ਇਹ ਵੀ ਬਰਦਾਸ਼ਤ ਨਹੀਂ ਕਰਨਗੇ।"

ਕੋਈ ਉਸਦੀ ਗੱਲ ਦਾ ਜਵਾਬ ਨਹੀਂ ਦੇਂਦਾ, ਉਹ ਅੱਗੇ ਤੁਰ ਜਾਂਦੀ ਹੈ।

"ਹੁਣ ਇਹ ਸਾਰੀ ਗਲੀ ਨੂੰ ਦੱਸਦੀ ਫਿਰੇਗੀ।" ਦਰਸ਼ਨ ਸਿੰਘ ਦੀ ਪਤਨੀ ਕਹਿੰਦੀ ਹੈ, "ਇਸ ਦਾ ਕੋਈ ਰਿਸ਼ਤੇਦਾਰ 84 ਦੇ ਦੰਗਿਆਂ ਵਿਚ, ਦਿੱਲੀ ਵਿਚ, ਮਾਰਿਆ ਗਿਆ ਸੀ।"

"ਓਇ ਭੱਈਆਂ, ਅੱਜ ਇਹ ਗਲੀ ਸਾਫ ਨਹੀਂ ਕੀਤੀ ? ਥਾਂ-ਥਾਂ ਗੋਹਾ ਖਿਲਰਿਆ ਪਿਆ ਏ। ਕੀ ਗੰਦ ਮਾਰ ਰੱਖਿਆ ਏ ਤੂੰ ਇੱਥੇ…?" ਗਿਆਨੀ ਦੀ ਪਤਨੀ ਪਹਿਲਵਾਨ ਡੇਅਰੀ ਵਾਲੇ ਦੇ ਪੂਰਬੀਏ ਨੌਕਰ ਨਾਲ ਉਲਝ ਪਈ ਹੈ। ਉਹ ਚੁੱਪਚਾਪ ਬੈਠਾ ਬੀੜੀ ਪੀ ਰਿਹਾ ਹੈ।

"ਸੁਣਿਆਂ ਨਹੀਂ ਤੈਨੂੰ, ਸੁੱਟ ਇਹ ਬੀੜੀ। ਬੀੜੀਆਂ ਪੀਣੀਆਂ ਹੋਣ ਤਾਂ ਉੱਡ ਜਾ ਆਪਣੇ ਦੇਸ ਨੂੰ…ਆ ਜਾਂਦੇ ਨੇ ਇੱਥੇ, ਸਾਨੂੰ ਖਾਣ..."

"ਇਹ ਕੀ ਗੱਲ ਹੋਈ ਬਚਨੋਂ ?" ਰੱਖੀ ਦਾਦੀ ਵੀ ਉਹਨਾਂ ਕੋਲ ਜਾ ਪਹੁੰਚੀ ਹੈ, "ਇਹ ਲੋਕ ਏਥੇ ਮਜੂਰੀ ਕਰਨ ਆ ਗਏ ਤਾਂ ਕੀ ਹੋ ਗਿਆ, ਤੇਰੇ ਦੋਵੇਂ ਮੂੰਡੇ ਵੀ ਤਾਂ ਦੁਬਈ ਗਏ ਹੋਏ ਨੇ ! ਮਜੂਰੀ ਈ ਕਰਦੇ ਨੇ ਨਾ…ਨਾ ਐਵੇਂ ਇਸ ਵਿਚਾਰੇ ਦੇ ਪਿੱਛੇ ਪਈ ਰਿਹਾ ਕਰ, ਕੀ ਕਹਿੰਦਾ ਏ ਤੈਨੂੰ…"

"ਗਲੀ ਨਹੀਂ ਸਾਫ ਕੀਤੀ ਅੱਜ ਇਸਨੇ।"

"ਕਰਦੇ ਪੁੱਤ, ਬੋ ਫੈਲਦੀ ਏ…ਤਿੰਨ ਦਿਨਾਂ ਦਾ ਸਫਾਈ ਕਰਨ ਵਾਲਾ ਵੀ ਤਾਂ ਨਹੀਂ ਆਇਆ। ਉੱਠ ਮਾਂ ਸਦਕੇ, ਕਰਦੇ ਮੇਰਾ ਬੀਬਾ ਪੁੱਤ..."

"ਤੂੰ ਸਾਰਿਆਂ ਦੀ ਹਿਮਾਇਤਨ ਬਣ ਕੇ ਆ ਜਾਂਦੀ ਏਂ।" ਬਚਨੋਂ ਸ਼ਾਇਦ ਹੁਣ ਉਸ ਨਾਲ ਪੈਂਤਰਾ ਲੈਣਾ ਚਾਹੁੰਦੀ ਸੀ, "ਮੈਂ ਇਸਨੂੰ ਬੀੜੀਆਂ-ਬੂੜੀਆਂ ਨਹੀਂ ਪੀਣ ਦੇਣੀਆਂ…"

ਰਾਮ ਅਵਤਾਰ ਬੀੜੀ ਸੁੱਟ ਕੇ, ਉੱਠ ਕੇ ਖੜ੍ਹਾ ਹੋ ਜਾਂਦਾ ਹੈ।

"ਹਮ ਚਲੇ ਜਾਏਂਗੇ, ਕੋਈ ਮੁਫ਼ਤ ਕੀ ਨਹੀਂ ਖਾਤੇ, ਜਾਨਵਰੋਂ ਕੇ ਸਾਥ ਜਾਨਵਰ ਹੋਨਾ ਪੜਤਾ ਹੈ। ਚਲੇ ਜਾਏਂਗੇ ਹਮ। ਹਮ ਤੋ ਮਜੂਰੀ ਕਰਤੇ ਹੈਂ, ਵਹਾਂ ਸਰਦਾਰ ਲੋਗੋਂ ਕੇ ਬੜੇ ਬੜੇ ਫਾਰਮ ਹੈਂ, ਬਿਲਡਿੰਗੇਂ ਹੈਂ, ਟਰੱਕ ਔਰ ਮੋਟਰੇਂ ਹੈਂ…ਯਦਿ ਉਨ੍ਹੇਂ ਆਨਾ ਪੜਾ ਤੋ…" ਉਹ ਇਕ ਮੱਝ ਦੀ ਪੂਛ ਮਰੋੜ ਦੇਂਦਾ ਹੈ। ਕੱਟੇ ਨੂੰ ਗਾਲ੍ਹ ਕੱਢਦਾ ਹੈ ਤੇ ਛੱਪਰ ਹੇਠੋਂ ਫੌੜ੍ਹਾ ਚੁੱਕ ਲਿਆਉਂਦਾ ਹੈ।

ਯਕਦਮ ਫ਼ਾਇਰੰਗ ਫੇਰ ਸ਼ੁਰੂ ਹੋ ਜਾਂਦੀ ਹੈ। ਗਿਆਨੀ ਦੇ ਘਰਵਾਲੀ ਆਪਣੇ ਘਰ ਚਲੀ ਜਾਂਦੀ ਹੈ। ਰਾਮ ਅਵਤਾਰ ਫੌੜ੍ਹਾ ਚੁੱਕੀ ਖੜ੍ਹਾ, ਗਲੀ ਵਿਚ ਖਿੱਲਰੇ ਗੋਹੇ ਵੱਲ ਦੇਖ ਰਿਹਾ ਹੈ।

"ਮਾਤਾ ਜੀ ਸੁਬਹਾ ਸੇ ਬਿਜਲੀ ਪਾਣੀ ਨਹੀਂ ਹੈ, ਤੋ ਹਮ ਕਾ-ਸੇ ਗਲੀ ਧੋਵੇਂ…"

ਮੈਂ ਘਰ ਆ ਜਾਂਦਾ ਹਾਂ। ਫਾਇਰਿੰਗ ਤੇਜ ਹੋ ਗਈ ਹੈ। ਮਹੰਤਾਂ ਦੇ ਡੇਰੇ ਵਿਚ ਯੂਕਲਿਪਟੇਸ ਦੀ ਇਕ ਸ਼ਾਖ ਉੱਤੇ ਇਕ ਕਾਲੀ ਚਿੜੀ ਆ ਬੈਠੀ ਹੈ। ਕਸ਼ਮੀਰੀ ਲਾਲ ਦੀ ਪਤਨੀ ਸਾਡੇ ਘਰ ਆਉਂਦੀ ਹੈ। ਉਹ ਉਦਾਸ ਤੇ ਪ੍ਰੇਸ਼ਾਨ ਜਿਹੀ ਲੱਗ ਰਹੀ ਹੈ। ਜਾਪਦਾ ਹੈ, ਕੁਝ ਕਹਿਣਾ ਚਾਹੁੰਦੀ ਹੈ…ਪਰ ਝਿਜਕ ਰਹੀ ਹੈ। ਮੇਰੀ ਪਤਨੀ ਉਸਦੇ ਮੂੰਹ ਵੱਲ ਦੇਖ ਰਹੀ ਹੈ।

"ਕੀ ਗੱਲ ਏ ?" ਮੇਰੀ ਪਤਨੀ ਨੇ ਪੁੱਛਿਆ।

"ਭੈਣ ਜੀ ਥੋੜ੍ਹੀ ਕੁ ਚਾਹ ਪੱਤੀ ਤੇ ਖੰਡ ਹੋਵੇ ਤਾਂ ਦੇ ਦਿਓ…ਬੱਚੇ ਚਾਹ ਲਈ ਜਿੱਦ ਕਰ ਰਹੇ ਨੇ। ਕਰਫ਼ਿਊ ਖੁੱਲ੍ਹਦਿਆਂ ਹੀ ਵਾਪਸ ਕਰ ਦਿਆਂਗੇ।"

ਮੇਰੀ ਪਤਨੀ ਮੇਰੇ ਵੱਲ ਦੇਖਦੀ ਹੈ ਤੇ ਮੈਨੂੰ ਚੁੱਪ ਦੇਖ ਕੇ ਕਹਿੰਦੀ ਹੈ, ਸਾਡੇ ਤਾਂ ਆਪ ਕੱਲ੍ਹ ਦੀ ਚਾਹ-ਖੰਡ ਮੁੱਕੀ ਹੋਈ ਏ…।

ਮੈਂ ਸੋਚਦਾ ਹਾਂ ਕਿ ਇਹ ਕਮੀਨਪੁਣਾ ਹੈ। ਸਾਡੇ ਘਰ ਅਜਿਹੀਆਂ ਚੀਜ਼ਾਂ ਦੀ ਕਦੀ ਵੀ ਕਮੀ ਨਹੀਂ ਰਹੀ। ਪਰ ਮੇਰੀ ਪਤਨੀ ਨੇ ਠੀਕ ਕੀਤਾ ਹੈ। ਕਸ਼ਮੀਰੀ ਲਾਲ ਨੇ ਆਲੂ-ਪਿਆਜ਼ ਨਹੀਂ ਦਿੱਤੇ ਸੀ। ਹੋ ਸਕਦਾ ਹੈ ਕਰਫ਼ਿਊ ਦੀ ਮਿਆਦ ਵਧਾਅ ਦਿੱਤੀ ਜਾਏ। ਫੇਰ ਅਸੀਂ ਕਿੱਥੋਂ ਲਿਆਵਾਂਗੇ, ਇਹ ਵਸਤਾਂ ?...ਨਹੀਂ ਇਹ ਕਮੀਨਗੀ ਨਹੀਂ ; ਦੂਰ-ਅੰਦੇਸ਼ੀ ਹੈ।

ਕਸ਼ਮੀਰੀ ਲਾਲ ਦੀ ਪਤਨੀ ਜਾਣ ਲਈ ਮੁੜੀ ਤਾਂ ਮੇਰੀ ਪਤਨੀ ਨੇ ਠੰਡੀ ਯਖ਼ ਆਵਾਜ਼ ਵਿਚ ਕਿਹਾ, "ਕੁਝ ਹੋਰ ਚਾਹੀਦਾ ਏ ਤਾਂ ਲੈ ਜਾਓ।"

"ਬਸ ਜੀ…" ਉਹ ਚਲੀ ਗਈ।

ਉਹ ਚਿੜੀ ਉੱਡ ਕੇ ਸਾਡੇ ਰੋਸ਼ਨਦਾਨ ਦੇ ਵਾਧਰੇ ਉੱਤੇ ਆ ਬੈਠੀ ਹੈ। ਪਤਾ ਨਹੀਂ ਕਿਉਂ ਮੈ ਕਹਿੰਦਾ ਹਾਂ…

"ਅੰਦਰ ਆ ਜਾ…"

"ਕਿਸ ਨਾਲ ਗੱਲਾਂ ਕਰ ਰਹੇ ਓ ?" ਮੇਰੀ ਪਤਨੀ ਵੀ ਅੰਦਰ ਆ ਗਈ ਹੈ। ਉਹ ਬਾਲਕੋਨੀ ਤੇ ਗਲੀ ਵਿਚ ਇਧਰ-ਉਧਰ ਦੇਖਦੀ ਹੈ---ਫੇਰ ਹੈਰਾਨ ਹੋ ਕੇ ਮੇਰੇ ਵੱਲ ਤੱਕਣ ਲੱਗ ਪੈਂਦੀ ਹੈ। ਮੈਂ ਮੁਸਕਰਾ ਪੈਂਦਾ ਹਾਂ।

Sunday, May 10, 2009

ਬਲਦੇਵ ਸਿੰਘ



ਸੰਪਰਕ :
19/374, ਕ੍ਰਿਸ਼ਨਾ ਨਗਰ, ਮੋਗਾ-142001.
ਫ਼ੋਨ : 01636-222686.
ਮੁਬਾਇਲ : 98147-83069.


ਨਾਮ : ਬਲਦੇਵ ਸਿੰਘ
ਪਿਤਾ : ਸ੍ਰ. ਹਰਦਿਆਲ ਸਿੰਘ
ਮਾਤਾ : ਸ੍ਰੀਮਤੀ ਬਚਿੰਤ ਕੌਰ
ਜਨਮ ਮਿਤੀ : 11 ਦਸੰਬਰ 1942
ਜਨਮ ਸਥਾਨ : ਪਿੰਡ ਚੰਦ ਨਵਾਂ
ਵਿਦਿਆ : ਐਮ.ਏ. (ਪੰਜਾਬੀ) ਬੀ.ਐਡ.
ਕਿੱਤਾ : ਕੁੱਲ-ਵਕਤੀ ਲੇਖਕ

ਸਾਹਿਤਕ ਰਚਨਾਵਾਂ :

ਕਹਾਣੀ ਸੰਗ੍ਰਿਹ :

ਗਿੱਲੀਆਂ ਛਿਟੀਆਂ (1977.), ਚਿੜੀਆਂ ਖਾਨਾ (1979.), ਹਵੇਲੀ ਛਾਵੇਂ ਖੜ੍ਹਾ ਰੱਬ (1982.), ਸਵੇਰੇ ਦੀ ਲੋਅਅ (1989.), ਝੱਖੜ ਤੇ ਪਰਿੰਦੇ (1993.),
ਸ਼੍ਰੇਸ਼ਟ ਕਹਾਣੀਆਂ ( ਟੀ.ਆਰ. ਵਿਨੋਦ-1995.), ਪਲੇਟ ਫਾਰਮ ਨੰ. 11 (ਹਿੰਦੀ-1996.), ਮਿੱਟੀ ਰੁਦਨ ਕਰੇ (1998.), ਨਾਗਵਲ (ਸੰਪਾ. ਵਿਰਸਾ ਸਿੰਘ-
1998.), ਹਨੇਰੇ-ਸਵੇਰੇ (2001.), ਦਿੱਸਹੱਦਿਆਂ ਤੋਂ ਪਾਰ (2005.), ਜ਼ਿੰਦਗੀ ਦੇ ਰੰਗ (ਚੋਣਵੀਆਂ ਕਹਾਣੀਆਂ-2006.)

ਨਾਵਲ :

ਦੂਸਰਾ ਹੀਰੋਸ਼ੀਮਾ (1977/87/93/96.), ਕੱਲਰੀ ਧਰਤੀ (1980/90.), ਸੂਲੀ ਟੰਗੇ ਪਹਿਰ (1986.), ਕੱਚੀਆਂ ਕੰਧਾਂ (1991.), ਜੀ.ਟੀ. ਰੋਡ (1992.),
ਲਾਲ ਬੱਤੀ (ਜਨ. 1998, ਕਾਫ਼ਲੇ ਪ੍ਰਕਾਸ਼ਨ ਤੇ ਅਕਤੂ. 1998 ਤੇ ਅਪ੍ਰੈਲ 1999, ਚੇਤਨਾ ਪ੍ਰਕਾਸ਼ਨ), ਲਾਲ ਬੱਤੀ (ਹਿੰਦੀ-2006.), ਲਾਲ ਬੱਤੀ (ਸ਼ਾਹਮੁਖੀ-
2007.), ਅੰਨਦਾਤਾ (2002.), ਪੰਜਵਾਂ ਸਾਹਿਬਜ਼ਾਦਾ (2005.), ਸਤਲੁਰ ਵਹਿੰਦਾ ਰਿਹਾ (2007.), ਢਾਹਵਾਂ ਦਿੱਲੀ ਦੇ ਕਿੰਗਰੇ (2009.)

ਵਿਸ਼ੇਸ਼ ਕਥਾ ਲੇਖ :

ਸੜਕਨਾਮਾ- (1986-1990.), ਸੜਕਾਂ ਦੇ ਜਾਏ (ਸੜਕਨਾਮਾ-2 ; 1991.), ਸੜਕਾਂ ਤੇ ਸਲੀਬਾਂ (ਸੜਕਨਾਮਾ-3 ; 1999.) ਸੜਕਨਾਮਾ ਤਿੰਨੇ ਭਾਗ
ਇਕੱਠੇ (ਚੇਤਨਾ, ਆਰਸੀ ਤੇ ਲੋਕਗੀਤ ਵਲਿਆਂ ਛਾਪੇ ਹਨ।)

ਨਾਟਕ :

ਸੋਨੇ ਦਾ ਹਿਰਨ (1991.),ਧੀਆਂ ਵਾਲੇ ਪੁੱਤਾਂ ਵਾਲੇ (1992.), ਮਿੱਟੀ ਰੁਦਨ ਕਰੇ (1999.), ਇਹ ਸਿਲਸਿਲਾ ਚਲਦਾ ਰਹੇਗਾ (2003.), ਬਿਨਸੈ ਉਪਜੈ
ਤੇਰਾ ਭਾਣਾ (2003.), ਕੀ ਕੀ ਰੰਗ ਵਿਖਾਵੇ ਮਿੱਟੀ (2003.), ਸਾਵਧਾਨ ! ਅੱਗੇ ਖਤਰਾ ਹੈ (2006.), ਕੱਠਪੁਤਲੀਆਂ (ਪ੍ਰੈਸ ਵਿਚ)

ਬਾਲ ਸਾਹਿਤ :

ਕਲੱਕਤਾ ਦੀ ਸੈਰ (1980.), ਇਕ ਸੀ ਪਰੀ (1990.), ਰੇਲ ਗੱਡੀ (1991.), ਤਾਏ ਦੀਆਂ ਭੂਤਾਂ (2004.)

ਸੰਪਾਦਨਾ :
ਪੂਰਬ ਦੀਆਂ ਕਿਰਨਾਂ (1997.), ਵਾਰਤਾਲਾਪ (ਮੁਲਾਕਾਤ-2001.), ਮੋਗਾ ਜਿਲ੍ਹਾ ਦਾ ਸਾਹਿਤਕ ਮੁਹਾਂਦਰਾ (2002.)

ਸਾਹਿਤਕ ਸਵੈ-ਜੀਵਨੀ :
ਹਮ ਹੈਂ ਗਿਆਨਹੀਨ ਅਗਿਆਨੀ (2001.)

ਸਫ਼ਰਨਾਮਾ :

ਇਹ ਸੜਕਨਾਮਾ ਨਹੀਂ ; ਮੋਗਾ ਸਿੰਘਾਪੁਰ ਵਾਇਆ ਚੀਨ ; ਮੈਂ ਏਵੇਂ ਵੇਖਿਆ ਪਾਕਿਸਤਾਨ (2007.)

ਮਾਨ-ਸਨਮਾਨ :

ਪੰਜਾਬੀ ਸਾਹਿਤਸਭਾ ਕਲਕੱਤਾ (ਪੱਛਮੀ ਬੰਗਾਲ) ਵੱਲੋਂ ਸਨਮਾਨ-1983.
ਮੈਕਸਿਮ ਗੋਰਕੀ ਐਵਾਰਡ, ਪਹਿਲਾ ਇਨਾਮ ਨਾਟਕ (ਸੋਨੇ ਦਾ ਹਿਰਨ)-1987.
ਬਰਮ੍ਹਾਂ ਸਿੱਧ ਮਿਸ਼ਨਰੀ ਸ਼ਏਬੋ (ਬਰਮਾ) ਵੱਲੋਂ ਮਾਨ ਪੱਤਰ-1988.
ਨਾਨਕ ਸਿੰਘ ਐਵਾਰਡ, ਸਰਹੱਦੀ ਸਾਹਿਤਸਭਾ, ਪ੍ਰੀਤ ਨਗਰ-1989-90.
ਭਾਈ ਮੋਹਨ ਸਿੰਘ ਵੈਦ ਪੁਰਸਕਾਰ (ਸਵੇਰ ਦੀ ਲੋਅ) ਸਾਹਿਤ ਕੇਂਦਰ ਤਰਨਤਾਰਨ-1989-90.
ਨਾਗਮਣੀ ਪੁਰਸਕਾਰ (ਕਾਲਮ ਸੜਕਨਾਮਾ)-1990.
ਪੰਜਾਬ ਕਲਾ ਸਾਹਿਤ ਐਕਾਡਮੀ ਜਲੰਧਰ ਪੁਰਸਕਾਰ-1991.
ਕਥਾ ਐਵਾਰਡ ਦਿੱਲੀ-1998.
ਰਵਨੀਤ ਯਾਦਗਾਰੀ ਪੁਰਸਕਾਰ ਖੰਨਾ-1999.
ਕਰਤਾਰ ਸਿੰਘ ਧਾਲੀਵਾਲ ਪੁਰਸਕਾਰ-2000.
ਬਾਬਾ ਫਰੀਦ ਪੁਰਸਕਾਰ ਫਰੀਦਕੋਟ-2003.
ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ-2007.

ਸੁਬਰਾਮਨੀਅਮ ਵੀ ਬੋਲ ਪਿਆ :: ਲੇਖਕ : ਕੁਲਦੀਪ ਸਿੰਘ ਬੇਦੀ



ਪੰਜਾਬੀ ਕਹਾਣੀ : ਸੁਬਰਾਮਨੀਅਮ ਵੀ ਬੋਲ ਪਿਆ :: ਲੇਖਕ : ਕੁਲਦੀਪ ਸਿੰਘ ਬੇਦੀ
ਸੰਪਰਕ : 12, ਬਸੰਤ ਨਗਰ, ਸੋਡਲ ਰੋਡ, ਜਲੰਧਰ-144004. ਫੋਨ : 0181-2295392

ਪੋਸਟਿੰਗ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


"ਆਪ ਪੰਜਾਬ ਮੇਂ ਹਮਾਰੇ ਹਿੰਦੂ ਭਾਈਓਂ ਕੋ ਮਾਰਤੇ ਹੋ ?"

ਸਤੰਬਰ 1983
ਮੈਂ ਹਮੇਸ਼ਾ ਵਾਂਗ ਉਸ ਦਿਨ ਵੀ ਬੰਬਈ ਦੀ ਲੋਕਲ ਟਰੇਨ ਵਿਚ ਸਫ਼ਰ ਕਰ ਰਿਹਾ ਸਾਂ। ਸਾਲ 'ਚ ਇਕ ਦੋ ਵਾਰ ਜਾਂ ਤਿੰਨ ਵਾਰ ਵੀ ਬੰਬਈ ਦਾ ਚੱਕਰ ਲੱਗ ਜਾਂਦਾ ਹੈ। ਉਹ ਬੰਬਈ ਫੇਰੀ ਮੈਨੂੰ ਅਜੇ ਤਕ ਵੀ ਯਾਦ ਹੈ। ਬੰਬਈ ਦੇ ਇਕ ਉਪਨਗਰ 'ਭਿਅੰਦਰ' ਵਿਖੇ ਸਾਡਾ ਇਕ ਦੋਸਤ ਸ਼ਬਾਬ ਅਲਾਵਲਪੁਰੀ ਰਹਿੰਦਾ ਹੈ। ਜਲੰਧਰ ਦੇ ਨਾਲ ਲੱਗਦੇ ਅਲਾਵਲਪੁਰ ਪਿੰਡ 'ਚੋਂ ਉਹ ਬੰਬਈ ਜਾ ਪੁੱਜਾ। ਫ਼ਿਲਮਾਂ 'ਚ ਗੀਤ ਲਿਖਣ ਦਾ ਉਸ ਨੂੰ ਪਹਿਲਾਂ-ਪਹਿਲਾਂ ਸ਼ੌਕ ਸੀ। ਹੁਣ ਉਸ ਨੇ ਇਸ ਨੂੰ ਆਪਣਾ ਕਿੱਤਾ ਬਣਾ ਲਿਆ ਹੈ। ਸ਼ਬਾਬ ਅਲਾਵਲਪੁਰੀ ਸੋਢੀ ਸਰਦਾਰਾਂ ਦਾ ਪੁੱਤ। ਸਿਰ ਉੱਤੇ ਕੇਸ ਨਹੀਂ ਹਨ। ਸਰਬਦੀਪ ਢਿਲੋਂ, ਤਰਨਤਾਰ ਦੇ ਨਾਲ ਲੱਗਦੀ ਪੱਟੀ ਦਾ ਰਹਿਣ ਵਾਲਾ, ਕੇਸ ਉਸ ਦੇ ਵੀ ਸਿਰ ਉੱਤੇ ਨਹੀਂ ਹਨ। ਪਹਿਲਾਂ ਉਹ ਪੱਟੀ ਅਤੇ ਅੰਮ੍ਰਿਤਸਰ 'ਚ ਥੀਏਟਰ ਕਰਦਾ ਹੁੰਦਾ ਸੀ, ਫਿਰ ਉਹ ਜਲੰਧਰ ਦੂਰਦਰਸ਼ਨ ਦੇ ਨਾਟਕਾਂ 'ਚ ਆਉਣਲ ਲੱਗ ਪਿਆ ਤੇ ਫਿਰ ਉਸ ਨੂੰ ਐਕਟਿੰਗ ਦਾ ਇਹ ਸ਼ੌਕ ਬੰਬਈ ਲੈ ਗਿਆ, ਜਿੱਥੇ ਬਹੁਤ ਸਾਰੇ ਉਸ ਵਰਗੇ ਨੌਜਵਾਨ ਫ਼ਿਲਮਾਂ 'ਚ ਰੋਲ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ।
ਦੀਪ ਢਿਲੋਂ (ਸਰਬਦੀਪ) ਤੇ ਮੇਰਾ, ਦੋਵਾਂ ਦਾ ਸਾਂਝਾ ਦੋਸਤ ਹੈ---ਸ਼ਬਾਬ ਅਲਾਵਲਪੁਰੀ। ਮੈਂ ਤੇ ਦੀਪ, ਸ਼ਬਾਬ ਅਲਾਵਲਪੁਰੀ ਨੂੰ 'ਭਿਅੰਦਰ' ਵਿਖੇ ਮਿਲਣ ਗਏ ਸਾਂ। ਸ਼ਬਾਬ ਇਥੇ ਇਕ ਫਲੈਟ ਲੈ ਕੇ ਰਹਿ ਰਿਹਾ ਹੈ। ਸਾਨੂੰ ਦੇਖ ਕੇ ਉਸ ਨੂੰ ਚਾਅ ਚੜ੍ਹ ਗਿਆ। ਅਸਾਂ ਤਿੰਨਾਂ ਨੇ ਡਟ ਕੇ ਡਿਨਰ ਕੀਤਾ ਅਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਗੱਲਾਂ ਕਰਦਿਆਂ ਕਰਦਿਆਂ ਰਾਤ ਦੇ ਗਿਆਰਾਂ ਵੱਜ ਗਏ। ਸਟੇਸ਼ਨ ਤੱਕ ਛੱਡਣ ਆਇਆ ਸ਼ਬਾਬ, ਸਾਨੂੰ ਰਾਤ ਰਹਿਣ ਲਈ ਕਹਿੰਦਾ ਰਿਹਾ। ਪਰ ਬੰਬਈ 'ਚ ਰਾਤ ਕਾਹਦੀ, ਓਥੇ ਤਾਂ ਰਾਤ ਪੈਂਦੀ ਹੀ ਨਹੀਂ।
ਭਿਅੰਦਰ ਤੋਂ ਅੰਧੇਰੀ ਲਈ ਲੋਕਲ ਟਰੇਨ 'ਚ ਬੈਠਿਆਂ ਬੈਠਿਆਂ ਸਾਨੂੰ ਦੋਵਾਂ ਨੂੰ ਨੀਂਦ ਆਉਣ ਲੱਗ ਪਈ। ਇਸ ਨੀਂਦ 'ਚੋਂ ਮੈਨੂੰ ਜਗਾਇਆ ਇਕ ਭਾਰੇ ਜਿਹੇ ਹੱਥ ਨੇ, ਜੋ ਮੇਰੇ ਮੋਢੇ ਉੱਤੇ 'ਧੈਂਅ' ਕਰਦਾ ਵੱਜਾ। ਮੈਂ ਅੱਬੜਵਾਹੇ ਜਾਗਿਆ।
"ਸਰਦਾਰ ਜੀ ! ਇਧਰ ਆਈਏ" ਉਸ ਆਦਮੀ ਨੇ ਮੈਨੂੰ ਮੇਰੀ ਸੀਟ ਤੋਂ ਉੱਠਣ ਲਈ ਆਖਿਆ। ਇਕ ਪਲ ਲਈ ਮੈਂ ਕੁਝ ਵੀ ਨਾ ਸਮਝ ਸਕਿਆ ਮੈਂ ਉੱਠ ਕੇ ਉਸ ਨਾਲ ਤੁਰ ਪਿਆ। ਫ਼ਾਸਟ ਟਰੇਨ ਬਹੁਤ ਸਾਰੇ ਸਟੇਸ਼ਨ ਛੱਡ ਜਾਂਦੀ ਹੈ। ਖੁੱਲ੍ਹੀ ਥਾਂ 'ਤੇ ਲਿਜਾ ਕੇ ਮੈਨੂੰ ਉਸ ਰੁਕਣ ਲਈ ਕਿਹਾ, ਹੁਣ ਉਹ ਤਿੰਨ ਜਣੇ ਸਨ।
"ਆਪ ਲੋਗ ਹਿੰਦੂਓਂ ਕੋ ਬੱਸੋਂ ਮੇਂ ਸੇ ਉਤਾਰ ਕਰ ਮਾਰਤੇ ਹੋ ਨਾ ?" ਉਨ੍ਹਾਂ 'ਚੋਂ ਇਕ ਜਣਾ ਬੋਲਿਆ।
ਸਾਰੀ ਗੱਲ ਮੇਰੀ ਸਮਝ 'ਚ ਆ ਗਈ। ਦੀਪ ਢਿਲੋਂ ਅਜੇ ਵੀ ਆਪਣੀ ਸੀਟ ਉੱਤੇ ਬੈਠਾ ਉਂਘਲਾ ਰਿਹਾ ਸੀ। ਮੈਂ ਉਂਘਲਾ ਰਹੇ ਦੀਪ ਢਿਲੋਂ ਨੂੰ ਵੇਖਿਆ ਤੇ ਫਿਰ ਟਰੇਨ ਦੇ ਪੂਰੇ ਡੱਬੇ ਦਾ ਜਾਇਜ਼ਾ ਲਿਆ। ਪਗੜੀ ਵਾਲਾ ਕੋਈ ਬੰਦਾ ਮੈਨੂੰ ਦਿਖਾਈ ਨਾ ਦਿੱਤਾ। ਪਲ ਦੀ ਪਲ ਮੈਂ ਬਰਫ਼ ਵਾਂਗ ਠਰ ਗਿਆ।
"ਆਪ ਬੋਲਤੇ ਕਿਉਂ ਨਹੀਂ ? ਆਪ ਪੰਜਾਬ ਮੇਂ ਹਮਾਰੇ ਹਿੰਦੂ ਭਾਈਓਂ ਕੋ ਮਾਰਤੇ ਹੋ ! ਅਬ ਹਮ ਆਪ ਕੋ ਇਸ ਚਲਤੀ ਗਾਡੀ ਸੇ ਨੀਚੇ..."
ਮੇਰੇ ਕੋਲ ਉਨ੍ਹਾਂ ਨੂੰ ਉੱਤਰ ਦੇਣ ਲਈ ਕੋਈ ਲਫ਼ਜ਼ ਨਹੀਂ ਸਨ। ਕੀ ਦਿਆਂ ਮੈਂ ਉਨ੍ਹਾਂ ਦੇ ਇਸ ਪ੍ਰਸ਼ਨ ਦਾ ਉੱਤਰ? ਕੀ ਬੋਲਾਂ ਮੈਂ। ਸਿਰਫ਼ ਜਾਨ ਦੀ ਭਿਖਿਆ ਮੰਗਾਂ? ਮੈਂ ਕੁੱਝ ਬੁੜ-ਬੁੜਉਣ ਦੀ ਕੋਸ਼ਿਸ਼ ਕੀਤੀ, "ਦੇਖੀਏ ਐਸੀ ਕੋਈ ਬਾਤ ਨਹੀਂ ਵਹਾਂ ਪਰ, ਹਿੰਦੂ ਸਿੱਖ ਸਭੀ ਭਾਈਓਂ…।"
"ਹਮ ਆਪ ਕੀ ਕੋਈ ਬਾਤ ਨਹੀਂ ਸੁਨਨੇ ਵਾਲੇ। ਹਮੇਂ ਯੇ ਬਤਲਾਈਏ ਕਿ ਜੋ ਲੋਗ ਵਹਾਂ ਹਿੰਦੂਓਂ ਕੋ ਮਾਰਤੇ ਹੈਂ, ਵੋਹ ਸਿੱਖ ਹੈਂ ਨਾ?"
ਮੈਂ ਫਿਰ ਖ਼ਾਮੋਸ਼ ਸਾਂ। ਮੇਰੇ ਮੂੰਹ ਉੱਤੇ ਫਿਰ ਤਾਲਾ ਵੱਜ ਗਿਆ ਸੀ। ਕਿਸ ਨੇ ਸਾਡੇ ਮੂੰਹ ਉੱਤੇ ਤਾਲੇ ਜੜ ਦਿੱਤੇ ਹਨ? ਐਨਾ ਪੜ੍ਹ ਲਿਖ ਕੇ ਵੀ ਇਸ ਗੱਲ ਦੀ ਦਲੀਲ ਕਿਉਂ ਨਹੀਂ ਦਿੱਤੀ ਜਾ ਰਹੀ? ਕਿਹੜੇ ਲਫ਼ਜ਼ਾਂ ਨਾਲ ਇਨ੍ਹਾਂ ਲੋਕਾਂ ਨੂੰ ਸਮਝਾਇਆ ਜਾਏ?
ਟਰੇਨ ਭੱਜੀ ਜਾ ਰਹੀ ਸੀ। ਕੁੱਝ ਹੋਰ ਲੋਕ ਵੀ ਆਪਣੀਆਂ ਸੀਟਾਂ ਤੋਂ ਉੱਠ ਕੇ ਸਾਡੇ ਨੇੜੇ ਆ ਗਏ ਸਨ। ਦੀਪ ਢਿਲੋਂ ਵੀ ਰੌਲਾ ਸੁਣ ਕੇ ਆ ਗਿਆ। ਦੀਪ ਨੇ ਆਪਣੀ ਉੱਚੀ ਆਵਾਜ਼ 'ਚ ਆਖਿਆ, "ਦੇਖੀਏ ਭਾਈ ਸਾਹਿਬ ਪੰਜਾਬ ਮੇਂ ਐਸੀ ਕੋਈ ਬਾਤ ਨਹੀਂ ਹੈ। ਸਿਰਫ਼ ਕੁਛ ਲੋਕ ਹੈਂ, ਜੋ ਐਸਾ ਕਰ ਰਹੇ ਹੈਂ।"
ਦੀਪ ਦੀ ਇਸ ਆਵਾਜ਼ ਨਾਲ ਬਹੁਤ ਸਾਰੇ ਲੋਕਾਂ ਦੀਆਂ ਆਵਾਜ਼ਾਂ ਰਲ ਗਈਆਂ। ਇਨ੍ਹਾਂ ਆਵਾਜ਼ਾਂ 'ਚ ਬਹੁਤ ਸਾਰੀਆਂ ਆਵਾਜ਼ਾਂ ਕਲੀਨ ਸ਼ੇਵਨ ਪੰਜਾਬੀਆਂ ਦੀਆਂ ਸਨ। ਉਹ ਤਿੰਨੇ ਨੌਜਵਾਨ ਹੁਣ ਸ਼ਾਂਤ ਸਨ। ਸਾਰੇ ਲੋਕ ਸ਼ਾਂਤ ਸਨ। ਅੰਧੇਰੀ ਸਟੇਸ਼ਨ ਆ ਗਿਆ। ਮੈਂ ਤੇ ਦੀਪ ਸਟੇਸ਼ਨ ਤੋਂ ਬਾਹਰ ਨਿਕਲ ਰਹੇ ਸਾਂ, ਦੋਵੇਂ ਅਸ਼ਾਂਤ ਸਾਂ। ਦੀਪ, ਪੰਜਾਬ 'ਚ ਕਿਉਂ ਘੱਟ ਆਉਂਦਾ ਹੈ। ਕਿਉਂ ਉਹ ਪੰਜਾਬ 'ਚ ਆ ਕੇ ਬਸ 'ਚ ਸਫ਼ਰ ਕਰਨੋਂ ਝਿਜਕਦਾ ਹੈ। ਮੈਂ ਦੀਪ ਵਾਲੀ ਸਥਿਤੀ 'ਚੋਂ ਲੰਘਦਾ ਹੋਇਆ, ਬੰਬਈ 'ਚ ਆਪਣੇ ਆਪ ਨੂੰ ਓਵੇਂ ਹੀ ਮਹਿਸੂਸ ਕਰ ਰਿਹਾ ਸਾਂ। ਕਿਉਂ ਸ਼ਬਦ ਸਾਥ ਨਹੀਂ ਸਨ ਦੇ ਰਹੇ? ਸਾਰੀ ਸਥਿਤੀ ਸਪਸ਼ਟ ਕਰਨ ਲਈ।
ਅਗਲੇ ਦਿਨ ਆਪਣੇ ਪਿਆਰੇ ਦੋਸਤ ਜਗਦੀਸ਼ ਮਾਲੀ ਨੂੰ ਮੈਂ ਫ਼ੋਨ ਕੀਤਾ। ਜਗਦੀਸ਼ ਮਾਲੀ ਫ਼ਿਲਮੀ ਦੁਨੀਆਂ ਦਾ ਮੰਨਿਆ ਹੋਇਆ ਸਟਿੱਲ-ਫ਼ੋਟੋਗ਼੍ਰਾਫ਼ਰ ਹੈ। ਉਹ ਬੰਬਈ ਦਾ ਹੀ ਵਸਨੀਕ ਹੈ---ਇਕ ਸੁਲਝਿਆ ਹੋਇਆ ਤੇ ਜ਼ਹੀਨ ਫ਼ੋਟੋਗ਼੍ਰਾਫ਼ਰ। ਮੂਡ ਨਾਲ ਕੰਮ ਕਰਦਾ ਹੈ। ਫ਼ਿਲਮਾਂ 'ਚ ਆਏ ਨਵੇਂ ਮੁੰਡੇ ਕੁੜੀਆਂ ਉਸ ਪਾਸੋਂ ਫ਼ੋਟੋ ਸੈਸ਼ਨ ਕਰਾਉਣ ਲਈ ਲੰਬੀ ਲਾਈਨ ਲਾ ਕੇ ਖਲੋਤੇ ਰਹਿੰਦੇ...ਪਰ ਉਹ ਮੂਡ ਨਾਲ ਹੀ ਕੰਮ ਕਰਦਾ। ਕਈ ਵਾਰੀ ਉਹ ਮਹੀਨਾਮਹੀਨਾ ਕੰਮ ਨਹੀਂ ਕਰਦਾ ਅਤੇ ਕਈ ਵਾਰੀ ਹਫ਼ਤਾ ਭਰ ਕੰਮ ਕਰਦਾ ਰਹਿੰਦਾ। ਫ਼ੋਨ ਉੱਤੇ ਮੈਂ ਉਸਨੂੰ ਬੰਬਈ ਆਉਣ ਬਾਰੇ ਦੱਸਿਆ। ਉਹ ਖਿੜ ਗਿਆ। ਸ਼ਾਮ ਨੂੰ ਉਸਨੇ ਮੈਨੂੰ ਬਾਂਦਰਾ ਦੀ ਐਮ. ਆਈ. ਜੀ. ਕਲੱਬ ਆਉਣ ਲਈ ਕਿਹਾ। ਇਸੇ ਕਲੱਬ 'ਚ ਮੈਂ ਤੇ ਜੱਗੀ (ਜਗਦੀਸ਼ ਮਾਲੀ) ਹਰ ਵਾਰ ਮਿਲਦੇ ਰਹੇ ਹਾਂ। ਕ੍ਰਿਕਟ ਖੇਡਣ ਦਾ ਉਹ ਵੀ ਸ਼ੁਕੀਨ ਹੈ। ਉਂਜ ਉਸ ਨੂੰ ਕਿਸੇ ਨੇ ਲੱਭਣਾ ਹੋਵੇ ਤਾਂ ਉਹ ਉਸ ਕਲੱਬ 'ਚ ਆ ਜਾਂਦਾ ਹੈ।
ਸ਼ਾਮ ਨੂੰ ਇਸ ਕਲੱਬ ਦਾ ਮਾਹੌਲ ਹੀ ਕੁੱਝ ਹੋਰ ਹੁੰਦਾ ਹੈ। ਹਰੇ ਭਰੇ ਲਾਅਨ 'ਚ ਨਿੱਕੀਆਂ ਨਿੱਕੀਆਂ ਲਾਈਟਾਂ। ਗੋਲ ਟੇਬਲਾਂ ਦੁਆਲੇ ਬੈਠੇ ਹੁਸੀਨ ਚਿਹਰੇ ਅਤੇ ਬੜੀਆਂ ਹੀ ਪਿਆਰੀਆਂ ਪਿਆਰੀਆਂ ਗੱਲਾਂ। ਜੱਗੀ ਦੇ ਦੋਸਤ ਵੀ ਬੜੇ ਪਿਆਰੇ ਇਨਸਾਨ ਹਨ। ਕੁੱਝ ਕੁ ਨੂੰ ਤਾਂ ਮੈਂ ਬਹੁਤ ਨੇੜਿਓਂ ਜਾਣਦਾ ਹਾਂ। ਅਨੰਤ, ਜੋ ਉਸ ਦਾ ਗਹਿਰਾ ਦੋਸਤ ਹੈ...ਏਅਰ ਇੰਡੀਆ 'ਚ ਪਰਸਰ ਹੈ। ਕੇ. ਐਸ. ਨੰਦਾ ਸਰਦਾਰ ਜੀ ਹਨ, ਏਅਰ ਇੰਡੀਆ ਦੇ ਪਾਇਲਟ। ਸ਼ਾਮ ਨੂੰ ਇਹ ਲੋਕ ਐਮ. ਆਈ. ਜੀ. ਕਲੱਬ 'ਚ ਜੱਗੀ ਨਾਲ ਜ਼ਰੂਰ ਮਿਲ ਪੈਂਦੇ ਹਨ।
ਮੈਂ ਕਲੱਬ 'ਚ ਪੁੱਜਿਆ ਤਾਂ ਮਾਲੀ, ਅਨੰਤ, ਨੰਦਾ ਤੇ ਇਕ ਹੋਰ ਦੋਸਤ ਪਾਲ ਬੈਠਾ ਸੀ। ਏਸੇ ਟੇਬਲ 'ਤੇ ਉਨ੍ਹਾਂ ਨਾਲ ਇਕ ਖ਼ੂਬਸੂਰਤ ਮੁਟਿਆਰ ਬੈਠੀ ਸੀ। ਮੈਨੂੰ ਦੇਖਦਿਆਂ ਹੀ ਜੱਗੀ ਨੇ ਮੈਨੂੰ ਕਲਾਵੇ 'ਚ ਲੈ ਲਿਆ। ਇਕ ਕੁਰਸੀ ਹੋਰ ਮੰਗਵਾਈ। ਅਨੰਤ ਅਤੇ ਨੰਦੇ ਨਾਲ ਹੱਥ ਮਿਲਾਇਆ। ਪਰ ਉਨ੍ਹਾਂ ਦੋਵਾਂ ਹੱਥਾਂ 'ਚ ਮੈਨੂੰ ਮਿਲਣ ਦਾ ਕੋਈ ਚਾਅ ਨਹੀਂ ਸੀ, ਜੋਸ਼ ਨਹੀਂ ਸੀ। ਅਨੰਤ ਜੋ ਪੰਜਾਬ ਦੀਆਂ ਗੱਲਾਂ ਸੁਣਦਾ ਸੁਣਦਾ ਨਹੀਂ ਸੀ ਥਕਦਾ। ਜੋ ਕਈ ਵਾਰ ਮੇਰੇ ਨਾਲ ਪੰਜਾਬ 'ਚ ਜਾਣ ਦਾ ਵਾਅਦਾ ਕਰ ਚੁੱਕਾ ਹੈ। ਉਸ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਨੰਦਾ 6 ਫੁੱਟ ਉੱਚਾ ਸਰਦਾਰ, ਮੇਰੇ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਸੀ ਕਰ ਰਿਹਾ।
ਬੀਅਰ ਦੇ ਗਲਾਸ ਉਨ੍ਹਾਂ ਅੱਗੇ ਪਏ ਗਰਮ ਹੋ ਗਏ ਸਨ। ਉਨ੍ਹਾਂ ਨੇ ਹੋਰ ਬਰਫ਼ ਮੰਗਵਾਈ।
"ਯੇਹ ਨੀਲੂ ਹੈ। ਸ਼ੀ ਇਜ਼ ਅ ਫ਼ਰੈਂਡ ਆਫ਼ ਅਨੰਤ।" ਜੱਗੀ ਨੇ ਓਥੇ ਬੈਠੀ ਸੋਹਣੀ ਜਿਹੀ ਕੁੜੀ ਨਾਲ ਮੇਰੀ ਜਾਣ ਪਛਾਣ ਕਰਾਈ, "ਏਅਰ ਹੋਸਟੈਸ ਹੈ।"
"ਔਰ ਯੇਹ ਹੈਂ ਮਿਸਟਰ ਰੈਡੀ, ਨੰਦਾ ਕੇ ਦੋਸਤ।" ਮੈਂ ਰੈਡੀ ਨਾਲ ਹੱਥ ਮਿਲਾਇਆ।
ਜਿੰਨੀ ਦੇਰ ਮੈਂ ਓਥੇ ਬੈਠਾ ਰਿਹਾ, ਜੱਗੀ ਤੋਂ ਬਿਨਾਂ ਸਾਰਿਆਂ ਦੇ ਮੂੰਹਾਂ ਉੱਤੇ ਤਾਲੇ ਵੱਜੇ ਰਹੇ। ਪੰਜਾਬ ਦੀ ਗੱਲ ਅੱਜ ਨਾ ਅਨੰਤ ਕਰ ਰਿਹਾ ਸੀ ਤੇ ਨਾ ਨੰਦਾ। ਥੋੜੀ ਦੇਰ ਪਿਛੋਂ ਅਨੰਤ ਉਠਿਆ, "ਮੈਂ ਨੀਲੂ ਕੋ ਛੋੜਨੇ ਜਾ ਰਹਾ ਹੂੰ।" ਮੇਰੇ ਵੱਲ ਉਹ ਮਰਿਆ ਜਿਹਾ ਹੱਥ ਹਿਲਾ ਕੇ ਤੁਰ ਗਿਆ। ਜੱਗੀ, ਨੰਦਾ, ਰੈਡੀ ਤੇ ਮੈਂ ਰੋਟੀ ਖਾਣ ਲਈ ਕਲੱਬ ਦੇ ਕਮਰੇ ਵਲ ਤੁਰ ਪਏ। ਨੰਦਾ ਮੇਰੇ ਲੱਕ ਦੁਆਲੇ ਬਾਂਹ ਪਾ ਕੇ ਇਕ ਪਾਸੇ ਲੈ ਗਿਆ। ਕਹਿਣ ਲੱਗਾ, "ਪੰਜਾਬ ਦੇ ਸਿੱਖਾਂ ਨੇ ਸਾਡੀ ਪੁਜੀਸ਼ਨ ਬੜੀ ਖਰਾਬ ਕੀਤੀ ਹੈ। ਇਥੇ ਆਪਣੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਸਿੱਖਾਂ ਨਾਲ ਕੋਈ ਬਹੁਤਾ ਘੁਲਣ ਮਿਲਣ ਲਈ ਤਿਆਰ ਨਹੀਂ। ਕੀ ਹੋਇਆ ਏ ਓਥੋਂ ਦੇ ਲੋਕਾਂ ਨੂੰ…? ਉਹ ਕਿਉਂ ਨਹੀਂ ਸਮਝਦੇ ਕਿ ਜੋ ਪੰਜਾਬ 'ਚ ਹੋ ਰਿਹਾ ਹੈ, ਉਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ...?"
ਨੰਦਾ ਦੀ ਇਸ ਗੱਲ ਦਾ ਵੀ ਕੋਈ ਉੱਤਰ ਮੇਰੇ ਕੋਲ ਨਹੀਂ ਸੀ। ਮੈਂ ਨਾ ਪੰਜਾਬ 'ਚ ਉਨ੍ਹਾਂ ਲੋਕਾਂ ਨੂੰ ਸਮਝਾ ਸਕਦਾ ਸਾਂ ਤੇ ਨਾ ਬੰਬਈ 'ਚ ਰਹਿੰਦੇ ਕੇ. ਐਸ. ਨੰਦਾ ਨੂੰ। ਨੰਦਾ ਤੇ ਅਨੰਤ ਦੇ ਵਤੀਰੇ 'ਚ ਮੈਨੂੰ ਕੋਈ ਬਹੁਤਾ ਵੱਡਾ ਫ਼ਰਕ ਮਹਿਸੂਸ ਨਹੀਂ ਹੋਇਆ। ਹਾਲਾਂਕਿ ਦੋਵੇਂ ਜਣੇ ਮੇਰੇ ਨਾਲ ਓਪਰਿਆਂ ਵਾਂਗ ਪੇਸ਼ ਆ ਰਹੇ ਸਨ।

ਮਾਰਚ 1987
ਇਹਨਾਂ ਤਿੰਨ ਚਹੁੰ ਸਾਲਾਂ ਦੌਰਾਨ ਬਹੁਤ ਕੁੱਝ ਵਾਪਰਿਆ। ਬਲਿਊ-ਸਟਾਰ ਅਪਰੇਸ਼ਨ। ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖਾਂ ਉੱਤੇ ਹਿੰਸਾ। ਉਨ੍ਹਾਂ ਦਾ ਕਤਲੇਆਮ। ਬੰਬਈ ਬਚਿਆ ਰਿਹਾ। ਲੋਕ ਕਹਿੰਦੇ ਹਨ ਕਿ ਓਥੇ ਸਿੱਖਾਂ ਦਾ ਕਤਲੇਆਮ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਦੀ ਕਿਰਪਾ ਨਾਲ ਨਹੀਂ ਹੋਇਆ।
ਮੈਂ ਬੰਬਈ ਗਿਆ। ਐਮ. ਆਈ. ਜੀ. ਕਲੱਬ 'ਚ ਮੇਰਾ ਸੁਆਗਤ ਕਰਨ ਲਈ ਜੱਗੀ (ਜਗਦੀਸ਼ ਮਾਲੀ) ਓਥੇ ਉਸ ਵੇਲੇ ਹਾਜ਼ਰ ਨਹੀਂ ਸੀ, ਪਰ ਦੂਰੋਂ ਹੀ ਅਨੰਤ ਦਾ ਹੱਥ ਹਿਲਿਆ। ਅਨੰਤ ਆਪਣੀ ਫ਼ਰੈਂਡ ਨੀਲੂ ਨਾਲ ਬੈਠਾ ਸੀ। ਮੈਂ ਇਕ ਪਲ ਲਈ ਸੋਚਿਆ ਕਿ ਅਨੰਤ ਕੋਲ ਜਾਵਾਂ ਜਾਂ ਨਾ, ਪਰ ਅਨੰਤ ਉੱਠ ਕੇ ਮੇਰੇ ਕੋਲ ਆ ਗਿਆ ਅਤੇ ਗਲਵਕੜੀ ਪਾ ਲਈ। ਮੈਨੂੰ ਆਪਣੀ ਟੇਬਲ ਤਕ ਲੈ ਗਿਆ। "ਨੀਲੂ ! ਜਲੰਧਰ ਸੇ ਹਮਾਰੇ ਦੋਸਤ! ਯਹਾਂ ਆਤੇ ਰਹਿਤੇ ਹੈਂ।"
"ਹਾਂ, ਪਹਿਲੇ ਮੈਂ ਇਨਸੇ ਮਿਲੀ ਹੂੰ।" ਨੀਲੂ ਚਹਿਕੀ ਅਤੇ ਕਹਿਣ ਲੱਗੀ, "ਮੈਂ ਭੀ ਜਲੰਧਰ ਕੀ ਹੂੰ।"
"ਹੱਛਾ, ਤਾਂ ਫਿਰ ਤੁਸੀਂ ਪੰਜਾਬੀ 'ਚ ਗੱਲ ਕਿਉਂ ਨਹੀਂ ਕਰਦੇ?" ਮੈਂ ਨੀਲੂ ਨੂੰ ਕਿਹਾ।
"ਹਾਂ, ਮੈਂ ਪੰਜਾਬੀ ਬਹੁਤ ਵਧੀਆ ਬੋਲ ਲੈਂਦੀ ਆਂ। ਦਰਅਸਲ ਬੰਬਈ 'ਚ ਰਹਿ ਕੇ ਹਿੰਦੀ ਜਾਂ ਫਿਰ ਇੰਗਲਿਸ਼।" ਨੀਲੂ ਹੁਣ ਪੰਜਾਬੀ 'ਚ ਗੱਲਾਂ ਕਰ ਰਹੀ ਸੀ। ਐਨੀ ਦੇਰ ਨੂੰ ਜੱਗੀ ਅਤੇ ਨੰਦਾ ਵੀ ਆ ਗਏ। ਦੋਵਾਂ ਨੇ ਮੈਨੂੰ ਗਲਵਕੜੀ ਪਾ ਲਈ। ਇਸ ਵਾਰ ਅਸੀਂ ਕਾਫ਼ੀ ਦੇਰ ਪਿਛੋਂ ਮਿਲੇ ਸਾਂ।
ਜੱਗੀ ਨੇ ਬੀਅਰ ਦਾ ਆਡਰ ਦਿੱਤਾ। ਇਸ ਵਾਰ ਗੱਲਾਂ ਪੰਜਾਬ ਦੀਆਂ ਹੀ ਹੋਈਆਂ। ਪਿਛਲੇ ਤਿੰਨ ਚਾਰ ਸਾਲ ਉਹ ਲੋਕ ਪੰਜਾਬ ਬਾਰੇ ਮੇਰੇ ਪਾਸੋਂ ਕੁੱਝ ਵੀ ਨਹੀਂ ਸਨ ਪੁੱਛ ਸਕੇ। ਪਰ ਇਸ ਵਾਰ ਉਹ ਪੰਜਾਬ ਦਾ ਵਿਸ਼ਾ ਆਪੇ ਹੀ ਛੋਹ ਬੈਠੇ।
"ਉਹ ਲੋਕ ਤਾਂ ਹੁਣ ਸਿੱਖਾਂ ਨੂੰ ਵੀ ਮਾਰ ਰਹੇ ਹਨ।" ਨੰਦਾ ਨੇ ਆਖਿਆ।
"ਯੇਹੀ ਤੋ ਮੈਂ ਕਹਿ ਰਹਾ ਹੂੰ ! ਵੋਹ ਕੌਣ ਲੋਗ ਹੈਂ? ਜੋ ਇਸ ਤਰਹ ਬੇ-ਰਹਿਮੀ ਸੇ ਹਰ ਤਰਹ ਕੇ ਲੋਗੋਂ ਕੋ ਮਾਰ ਰਹੇ ਹੈਂ…ਬੱਚੋਂ ਕੋ ਮਾਰ ਰਹੇ ਹੈਂ, ਬੂੜੋਂ ਕੋ ਮਾਰ ਰਹੇ ਹੈ, ਔਰਤੋਂ ਕੋ ਮਾਰ ਰਹੇ ਹੈ। ਆਪਨੇ ਨੇਤਾਓਂ ਕੋ ਮਾਰ ਰਹੇ ਹੈਂ। ਵੋਹ ਕਿਸੀ ਫ਼ਿਰਕੇ ਕੇ ਨਹੀਂ ਹੋ ਸਕਤੇ। ਵੋਹ ਤੋ ਸਿਰਫ਼ 'ਅਫ਼ਰਾ ਤਫ਼ਰੀ' ਫੈਲਾਅ ਰਹੇ ਹੈ। ਆਤੰਕ ਫੈਲਾਅ ਰਹੇ ਹੈਂ।"
"ਪੁਲੀਸ ਕਾ ਰੋਲ ਵਹਾਂ ਪਰ ਕਿਆ ਹੈ? ਹਮ ਪੜ੍ਹਤੇ ਹੈਂ ਕਿ ਪੁਲੀਸ ਭੀ ਵਹਾਂ ਪਰ ਆਤੰਕ ਫੈਲਾਅ ਰਹੀ ਹੈ।" ਜੱਗੀ ਨੇ ਪੁੱਛਿਆ।
"ਹਾਂ ਪੁਲਿਸ ਅਤੇ ਉਹ ਲੋਕ ਦੋਵੇਂ ਹੀ ਲੋਕਾਂ 'ਚ ਸਹਿਮ ਦਾ ਕਾਰਨ ਬਣੇ ਹੋਏ ਹਨ। ਪਰ ਸਰਕਾਰ ਨੂੰ ਇਸ 'ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ।"
"ਸ਼ਾਇਦ ਸਰਕਾਰ ਨਹੀਂ ਚਾਹਤੀ ਵਹਾਂ ਪਰ ਸ਼ਾਂਤੀ ਹੋ।" ਅਨੰਤ ਬੋਲਿਆ। ਤੇ ਫਿਰ ਉਸ ਦਿਨ ਢੇਰ ਸਾਰੀਆਂ ਗੱਲਾਂ ਹੋਈਆਂ ਪੰਜਾਬ ਦੀਆਂ। ਪੰਜਾਬ ਦੇ ਬਹਾਦਰ ਲੋਕਾਂ ਦੀਆਂ। ਪੰਜਾਬ ਦੀ ਸਰਕਾਰ ਦੀਆਂ। ਪਿਛੋਂ ਨੀਲੂ ਨੇ ਇਕ ਗ਼ਜ਼ਲ ਸੁਣਾਈ, ਅਸੀਂ ਰਤਾ ਡੇਢ ਵਜੇ ਖਾਣਾ ਖਾਧਾ ਤੇ ਫਿਰ ਜੱਗੀ ਮੈਨੂੰ ਹੋਟਲ ਛੱਡਣ ਲਈ ਆਇਆ। ਉਸ ਰਾਤ ਮੈਂ ਨਿਸ਼ਚਿੰਤ ਹੋ ਕੇ ਸੁੱਤਾ।

ਸਤੰਬਰ 1990
ਇਸ ਵਾਰ ਮੇਰੀ ਬੰਬਈ ਦੀ ਸੀਟ ਜਲੰਧਰ ਤੋਂ ਇਸ ਕਰਕੇ ਨਾ ਬੁੱਕ ਹੋ ਸਕੀ ਕਿਉਂਕਿ ਸਕੂਲਾਂ 'ਚ ਛੁੱਟੀਆਂ ਹੋਣ ਕਰਕੇ ਗੱਡੀਆਂ 'ਚ ਕਾਫ਼ੀ ਭੀੜ ਸੀ। ਮੇਰੀ ਸੀਟ ਦਿੱਲੀਓਂ ਬੁੱਕ ਸੀ।
ਦਿੱਲੀ ਦੇ ਰੇਲਵੇ ਪਲੇਟਫ਼ਾਰਮ ਉਤੇ ਜਦੋਂ ਮੈਂ ਹੋਰਾਂ ਲੋਕਾਂ ਨਾਲ ਟਰੇਨ ਦੀ ਉਡੀਕ 'ਚ ਬੈਠਾ ਸਾਂ ਤਾ ਪੁਲਿਸ ਦੇ ਇਕ ਸਿਪਾਹੀ ਨੇ ਮੇਰੇ ਅਟੈਚੀ-ਕੇਸ ਉਤੇ ਸੋਟੀ ਮਾਰਦਿਆਂ ਪੁੱਛਿਆ, "ਯੇ ਆਪ ਕਾ ਹੈ?" ਉਹ ਮੇਰੇ ਮੂੰਹ ਵੱਲ ਤੱਕ ਰਿਹਾ ਸੀ।
ਮੈਂ ਆਪਣਾ ਸ਼ਨਾਖਤੀ ਕਾਰਡ ਉਸਦੇ ਅੱਗੇ ਕੀਤਾ। ਉਹ 'ਜਰਨਲਿਸਟ' ਲਫ਼ਜ਼ ਪੜ੍ਹ ਕੇ ਓਸੇ ਵੇਲੇ ਅਗਾਂਹ ਤੁਰ ਗਿਆ। ਪਰ ਐਨੇ ਵੱਡੇ ਪਲੇਟਫ਼ਾਰਮ ਉਤੇ ਹੋਰ ਵੀ ਕਾਫ਼ੀ ਲੋਕ ਖੜੇ ਸਨ। ਕਿਸੇ ਨੂੰ ਵੀ ਉਸ ਨੇ ਅਟੈਚੀ ਖੋਲ੍ਹਣ ਵਾਸਤੇ ਨਹੀਂ ਸੀ ਆਖਿਆ। ਮੇਰੇ ਮਨ 'ਚ ਇਸ ਗੱਲ ਦੀ ਟੀਸ ਕਾਫ਼ੀ ਸੀ। ਜੇ ਮੇਰੀ ਥਾਂ ਕੋਈ ਹੋਰ ਪਗੜੀ ਵਾਲਾ ਹੁੰਦਾ ਜਿਸ ਪਾਸ ਕਿਸੇ ਪ੍ਰੈਸ ਦਾ ਸ਼ਨਾਖਤੀ ਕਾਰਡ ਨਾ ਹੁੰਦਾ ਤਾਂ ਉਸ ਦਾ ਅਟੈਚੀ ਕੇਸ ਜ਼ਰੂਰ ਖੁਲ੍ਹਵਾਇਆ ਜਾਂਦਾ।
ਖੈਰ ! ਟਰੇਨ ਆ ਗਈ। ਮੈਂ ਆਪਣਾ ਬਰਥ ਨੰਬਰ ਦੇਖਿਆ ਤੇ ਜਾ ਚੜ੍ਹਿਆ। ਮੇਰੇ ਸਾਹਮਣੇ ਵਾਲੀਆਂ ਸੀਟਾਂ ਉਤੇ ਸੁਬਰਾਮਨੀਅਮ ਪਰਿਵਾਰ ਸੀ। ਪਤੀ-ਪਤਨੀ ਅਤੇ ਦੋ ਬੱਚੇ। ਛੁੱਟੀਆਂ 'ਚ ਉਹ ਸਾਰਾ ਪਰਿਵਾਰ ਦਿੱਲੀ, ਕਾਨਪੁਰ, ਜੰਮੂ ਕਸ਼ਮੀਰ ਘੁੰਮ ਕੇ ਆ ਰਹੇ ਸਨ। ਗੱਲ ਬਾਤ ਸ਼ੁਰੂ ਹੋਈ ਤਾਂ ਪਤਾ ਲੱਗਾ ਸੁਬਰਾਮਨੀਅਮ ਮਹਾਂਰਾਸ਼ਟਰ ਦੇ ਇਕ ਸ਼ਹਿਰ 'ਕਰਾੜ' ਦੇ ਇਕ ਇੰਜਨੀਅਰਿੰਗ ਕਾਲਜ 'ਚ ਲੈਕਚਰਾਰ ਹਨ। ਉਨ੍ਹਾਂ ਦੀ ਪਤਨੀ ਵੀ ਕਾਫ਼ੀ ਵਧੀਆ ਗੱਲਾਂ ਕਰ ਰਹੀ ਸੀ ਤੇ ਬੱਚੇ ਬੜੇ ਹੀ ਪਿਆਰੇ ਸਨ, ਪਰ ਥੱਕੇ ਹੋਏ ਹੋਣ ਕਰਕੇ ਸੁਸਤ ਦਿਖਾਈ ਦੇ ਰਹੇ ਸਨ। ਸੁਬਰਾਮਨੀਅਮ ਨੂੰ ਜਦੋਂ ਪਤਾ ਲੱਗਾ ਕਿ ਮੈਂ ਇਕ ਪੱਤਰਕਾਰ ਹਾਂ ਤਾਂ ਕਾਫ਼ੀ ਗੱਲਾਂ ਉਹ ਮੇਰੇ ਨਾਲ ਕਰਦੇ ਰਹੇ।
"ਹਮ ਜੰਮੂ ਕਸ਼ਮੀਰ, ਪਠਾਨਕੋਟ ਵਗੈਰਾ ਸੇ ਹੋ ਕਰ ਆ ਰਹੇ ਹੈਂ। ਵਹਾਂ ਪਰ ਤੋਂ ਐਸੀ ਕੋਈ ਬਾਤ ਨਹੀਂ ਹੈਂ। ਜੋ ਪੰਜਾਬ ਕੇ ਬਾਰੇ ਮੇਂ ਹਮ ਇਧਰ ਬੈਠੇ ਸੋਚਤੇ ਹੈਂ ਜਾਂ ਪੜ੍ਹਤੇ ਹੈਂ।" ਸੁਬਰਾਮਨੀਅਮ ਨੇ ਕਿਹਾ।
"ਹਾਂ ਇਹ ਤਾਂ ਅਖ਼ਬਾਰਾਂ ਨੇ ਅਤੇ ਸਰਕਾਰ ਨੇ ਪੰਜਾਬ ਦੇ ਅਕਸ ਨੂੰ ਸਾਰੇ ਹਿੰਦੋਸਤਾਨ ਅੱਗੇ ਧੁੰਦਲਾ ਕਰ ਕੇ ਰੱਖਿਆ ਹੋਇਆ ਹੈ।"
"ਯੇਹ ਬਾਤ ਆਪ ਕੀ ਠੀਕ ਹੈ ! ਕਹਿਤੇ ਹੈਂ ਕਿ ਪੰਜਾਬ ਕੀ ਇੰਡਸਟਰੀ ਤਬਾਹ ਹੋ ਗਈ। ਫ਼ਸਲੇਂ ਤਬਾਹ ਹੋ ਗਈ। ਵਹਾਂ ਹਿੰਦੂਓਂ ਕੋ ਮਾਰ
ਮੈਨੂੰ ਪੰਜਾਬ ਦੀ ਤਬਾਹੀ ਬਾਰੇ ਇਕ ਹੋਰ ਗੱਲ ਯਾਦ ਆ ਗਈ ਕਿ ਜਦੋਂ ਮੈਂ ਪਿਛਲੇ ਵਰ੍ਹੇ ਬੰਬਈ 'ਚ ਸਾਂ ਤਾਂ ਇਕ ਪੰਜਾਬੀ ਸੱਜਣ ਜੋ ਚਿਰਾਂ ਤੋਂ ਬੰਬਈ 'ਚ ਰਹਿ ਰਹੇ ਹਨ ਇਹ ਗਿਲਾ ਕਰਨ ਲੱਗੇ ਕਿ ਪੰਜਾਬ 'ਚ ਸਭ ਕੁੱਝ ਤਬਾਹ ਹੋ ਗਿਆ (ਮਤਲਬ ਕਿ ਪੰਜਾਬ ਹੀ ਤਬਾਹ ਹੋ ਗਿਆ)। ਮੈਂ ਆਖਿਆ, 'ਕੀ ਤਬਾਹ ਹੋਇਆ? ਪੰਜਾਬ ਦਾ ਕਿਸਾਨ ਅੱਜ ਵੀ ਭਰਪੂਰ ਫ਼ਸਲ ਪੈਦਾ ਕਰ ਰਿਹਾ ਹੈ। ਜੇ ਦੁਵੱਲਾ ਸਹਿਮ (ਸਰਕਾਰੀ ਤੇ ਗ਼ੈਰ-ਸਰਕਾਰੀ) ਲੋਕਾਂ 'ਚ ਨਾ ਹੋਵੇ ਤਾਂ ਓਥੇ ਸਭ ਕੁੱਝ ਨਾਰਮਲ ਹੈ।'
ਸੁਬਰਾਮਨੀਅਮ ਤੇ ਉਸ ਦਾ ਪਰਿਵਾਰ ਮੇਰੇ ਪਾਸੋਂ ਬਹੁਤ ਸਾਰੀਆਂ ਗੱਲਾਂ ਪੱਤਰਕਾਰੀ ਬਾਰੇ ਪੁੱਛਦੇ ਰਹੇ। ਉਹਨਾਂ ਦੀ ਧੀ ਜੋ ਦਸਵੀਂ ਸਟੈਂਡਰਡ ਵਿਚ ਪੜ੍ਹਦੀ ਸੀ, ਜਰਨਲਿਸਟ ਬਣਨਾ ਚਾਹੁੰਦੀ ਸੀ। ਕਾਫ਼ੀ ਨਿੱਕੀਆਂ ਨਿੱਕੀਆਂ ਗੱਲਾਂ ਉਹ ਕਰਦੇ ਰਹੇ। ਜਦੋਂ ਉਨ੍ਹਾਂ ਨੇ ਆਪਸ ਵਿਚ ਕੋਈ ਗੱਲ ਕਰਨੀ ਹੁੰਦੀ ਤਾਂ ਉਹ ਆਪਣੀ ਤਾਮਿਲ ਭਾਸ਼ਾ 'ਚ ਗੱਲ ਕਰਦੇ। ਉਂਜ ਉਹ ਹਿੰਦੀ ਤੇ ਅੰਗਰੇਜ਼ੀ ਵਧੀਆ ਬੋਲਦੇ ਸਨ।
ਗੁਜਰਾਤ 'ਚ ਟਰੇਨ ਪੁੱਜੀ ਤਾ ਪੁਲਿਸ ਦੇ ਕੁੱਝ ਕਰਮਚਾਰੀ ਗੱਡੀ 'ਚ ਚੜ੍ਹ ਪਏ। ਇਕ ਦੋ ਵਾਰ ਉਹ ਸਾਡੇ ਪਾਸੋਂ ਲੰਘੇ ਤੇ ਫਿਰ ਸਾਡੀਆਂ
"ਆਪ ਖੋਲ੍ਹੀਏ ਅਟੈਚੀਕੇਸ ਕੋ।" ਉਹਨਾਂ ਦਾ ਹੁਕਮ ਹੋਇਆ। ਮੈਂ ਇਕ ਪਲ ਉਨ੍ਹਾਂ ਦੇ ਮੂੰਹਾਂ ਵੱਲ ਦੇਖਿਆ ਅਤੇ ਜੇਬ 'ਚੋਂ ਆਪਣਾ ਸ਼ਨਾਖਤੀ ਕਾਰਡ ਕੱਢ ਕੇ ਇਸ ਲਈ ਦਿਖਾਇਆ ਤਾਂ ਕਿ ਅਟੈਚੀਕੇਸ ਖੋਲ੍ਹਣ ਦੇ ਚੱਕਰ ਤੋਂ ਬਚਿਆ ਜਾ ਸਕੇ। ਸਿਪਾਹੀ ਰੈਂਕ ਵਾਲੇ ਬੰਦੂਕਧਾਰੀ ਨੇ ਦੋ ਮਿੰਟ ਸ਼ਨਾਖਤੀ ਕਾਰਡ ਪੜ੍ਹਨ ਤੇ ਘੋਖਣ ਨੂੰ ਲਾਏ। ਕਾਰਡ ਮੋੜਦਾ ਹੋਇਆ ਕਹਿਣ ਲੱਗਾ, "ਆਪ ਖੋਲ੍ਹੀਏ ਨਾ ਅਟੈਚੀਕੇਸ।"
ਸੁਬਰਾਮਨੀਅਮ ਉਪਰਲੀ ਸੀਟ ਉਤੇ ਬੈਠਾ ਸਾਰਾ ਤਮਾਸ਼ਾ ਦੇਖ ਰਿਹਾ ਸੀ। ਉਹ ਝੱਟ ਛਾਲ ਮਾਰ ਕੇ ਹੇਠਾਂ ਆ ਗਿਆ।
"ਇਨਕਾ ਅਟੈਚੀ ਕਿਉਂ ਖੁਲਵਾਤੇ ਹੋ?" ਸੁਬਰਾਮਨੀਅਮ ਗੁੱਸੇ ਨਾਲ ਕੰਬ ਰਿਹਾ ਸੀ, "ਹਮਾਰਾ ਭੀ ਖੁਲ੍ਹਵਾਓ ਨਾ। ਕਿਆ ਹਮਾਰੇ ਸਿਰ ਪਰ ਪਗੜੀ ਨਹੀਂ, ਇਸ ਲੀਏ ਆਪ ਹਮੇਂ ਛੋੜ ਰਹੇ ਹੈਂ? ਨਹੀਂ ਖੁੱਲ੍ਹੇਗਾ ਇਨ ਕਾ ਅਟੈਚੀਕੇਸ, ਪਹਿਲੇ ਹਮਾਰਾ ਖੁੱਲ੍ਹੇਗਾ, ਫਿਰ ਇਨ ਕਾ ਖੁੱਲ੍ਹੇਗਾ।" ਸੁਬਰਾਮਨੀਅਮ ਨੂੰ ਮੈਂ ਬਾਂਹ ਤੋਂ ਫੜ ਕੇ ਬਿਠਾਉਣਾ ਚਾਹਿਆ। ਪਰ ਉਸ ਦੀਆਂ ਅੱਖਾਂ ਗੁੱਸੇ ਨਾਲ ਬੰਦੂਕਧਾਰੀਆਂ ਦੇ ਚਿਹਰੇ ਤੱਕ ਰਹੀਆਂ ਸਨ। ਉਹ ਚਾਰੋਂ ਸਿਪਾਹੀ ਹੇਠਾਂ ਨੂੰ ਮੂੰਹ ਲਮਕਾ ਕੇ ਅੱਗੇ ਤੁਰ ਗਏ। ਮੈਂ ਸੁਬਰਾਮਨੀਅਮ ਨੂੰ ਆਪਣੇ ਲਾਗੇ ਬਿਠਾਇਆ। ਪਰ ਉਸਦਾ ਗੁੱਸਾ ਅਜੇ ਵੀ ਠੰਡਾ ਨਹੀਂ ਸੀ ਹੋ ਰਿਹਾ। ਸੁਬਰਾਮਨੀਅਮ, ਕਿੰਨੇ ਵਰ੍ਹੇ ਚੁੱਪ ਰਿਹਾ ਸੀ। ਉਹ ਕਿਉਂ ਚੁੱਪ ਰਿਹਾ। ਉਹ ਕਿਉਂ ਇਹ ਤਮਾਸ਼ਾ ਦੇਖਦਾ ਰਿਹਾ। ਅੱਜ ਉਹ ਬੋਲਿਆ ਤਾਂ ਜਿਵੇਂ ਉਹਨੇ ਸਾਰੇ ਭਾਈਚਾਰੇ ਨੂੰ ਆਪਣੇ ਕਲਾਵੇ 'ਚ ਲੈ ਲਿਆ ਸੀ।
ਬੰਬਈ ਤੱਕ ਅਸੀਂ ਲੋਕ ਇਕ ਪਰਿਵਾਰ ਵਾਂਗ ਹੱਸ ਖੇਡ ਰਹੇ ਸਾਂ। ਸੁਬਰਾਮਨੀਅਮ ਪਰਿਵਾਰ ਤੋਂ ਪਹਿਲਾਂ ਮੈਂ ਬੋਰੀਵਾਲੀ ਸਟੇਸ਼ਨ 'ਤੇ ਉਤਰ ਜਾਣਾ ਸੀ। ਉਹ ਸਾਰੇ ਜਣੇ ਮੈਨੂੰ ਬਹੁਤ ਹੀ ਘੁੱਟ ਕੇ ਮਿਲੇ। ਅਸੀਂ ਆਪਣੇ ਆਪਣੇ ਪਤੇ ਪਹਿਲਾਂ ਹੀ ਵਟਾ ਲਏ ਸਨ।
ਸੁਬਰਾਮਨੀਅਮ ਤੇ ਉਸ ਦਾ ਪਰਿਵਾਰ ਚੱਲਦੀ ਗੱਡੀ 'ਚੋਂ ਮੈਨੂੰ ਅਲਵਿਦਾ ਕਹਿ ਰਿਹਾ ਸੀ। ਜਿਸਮਾਨੀ ਤੌਰ 'ਤੇ ਭਾਵੇਂ ਉਹ ਮੇਰੇ ਨਾਲੋਂ ਜੁਦਾ ਹੋ ਗਏ ਸਨ ਪਰ ਜੁੜਨ ਦਾ ਜਿਹੜਾ ਅਹਿਸਾਸ ਉਹ ਮੈਨੂੰ ਦੇ ਗਏ ਸਨ, ਉਸ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ…