Tuesday, June 22, 2010

ਆਖ਼ਰੀ ਸਾਹਾਂ ਦਾ ਕਿਰਾਇਆ...:: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ : ਆਖ਼ਰੀ ਸਾਹਾਂ ਦਾ ਕਿਰਾਇਆ...:: ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ, ਜੈਤੋ

ਇੱਥੋਂ ਹੀ ਸ਼ੁਰੂ, ਇੱਥੇ ਹੀ ਅੰਤ...ਪਾਰਵਤੀ ਸੋਚਦੀ ਹੈ ਤੇ ਉਸਦੇ ਹੱਥਲੇ ਨੋਟ ਸੁੱਕੇ ਪੱਤੇ ਵਾਂਗ ਥਰਥਰਾਉਣ ਲੱਗ ਪੈਂਦੇ ਨੇ...ਜਿਸਮ ਇੰਜ ਕੰਬਣ ਲੱਗਦਾ ਹੈ ਜਿਵੇਂ ਵਰ੍ਹਿਆਂ ਤੋਂ ਸ਼ਾਂਤ ਪਈ ਝੀਲ ਵਿਚ ਕਿਸੇ ਨੇ ਕੁਝ ਸੁੱਟ ਦਿੱਤਾ ਹੋਵੇ। ਕੁਝ ਅਜਿਹਾ ਹੀ ਉਸ ਦਿਨ ਵੀ ਹੋਇਆ ਸੀ। ਬੀ.ਏ. ਦਾ ਰਿਜ਼ਲਟ ਆਇਆ ਸੀ। ਅਖ਼ਬਾਰ ਸੁੱਕੇ ਪੱਤੇ ਵਾਂਗ ਥਰਥਰਾਇਆ ਸੀ। ਪਰ ਦਿਨੇਂ ਜਦੋਂ ਮਾਮਾ ਜੀ ਦੀ ਚਿੱਠੀ ਆਈ ਕਿ 'ਮੁੰਡਾ ਆਈ.ਏ.ਐੱਸ. ਹੈ, ਫੋਟੋ ਦੇਖਦਿਆਂ ਹੀ ਉਸਨੇ ਹਾਂ ਕਰ ਦਿੱਤੀ ਹੈ। ਫਾਰੇਨ ਰਿਟਰਨ ਹੈ। ਆਪਣੀ ਪਾਰੂ ਤਾਂ ਬੜੀ ਕਿਸਮਤ ਵਾਲੀ ਨਿਕਲੀ'...ਤਾਂ ਮਾਂ ਤੇ ਪਿਤਾ ਜੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਰਿਹਾ। ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਜ਼ਿੰਦਗੀ ਵਿਚ ਪਹਿਲੀ ਵਾਰੀ ਪ੍ਰਖਿਆ ਵਿਚ ਬੈਠੇ ਹੋਣ, ਤੇ ਸਫਲ ਹੋ ਗਏ ਹੋਣ। ਲੁਕ ਕੇ ਉਸਨੇ ਵੀ ਉਹ ਚਿੱਠੀ ਪੜ੍ਹੀ ਸੀ ਤੇ ਸਾਰਾ ਜਿਸਮ ਇੰਜ ਕੰਬਣ ਲੱÎਗਿਆ ਸੀ, ਜਿਵੇਂ ਵਰ੍ਹਿਆਂ ਤੋਂ ਸ਼ਾਂਤ ਪਈ ਝੀਲ ਵਿਚ ਕਿਸੇ ਨੇ ਕੁਝ ਸੁੱਟ ਦਿੱਤਾ ਹੋਵੇ...ਇੱਥੋਂ ਹੀ ਸ਼ੁਰੂ, ਇੱਥੇ ਹੀ ਅੰਤ!
ਵਿਆਹ ਦਾ ਦਿਨ ਨੇੜੇ ਆ ਰਿਹਾ ਸੀ। ਪਿਤਾ ਜੀ ਤਿਆਰੀਆਂ ਵਿਚ ਜੁਟੇ ਹੋਏ ਸਨ। ਮਾਂ ਕਹਿੰਦੀ, 'ਕੁਝ ਆਪਣਾ ਵੀ ਖ਼ਿਆਲ ਕੀਤਾ ਕਰੋ...' ਪਿਤਾ ਜੀ ਹੱਸ ਪੈਂਦੇ, 'ਆਪਣਾ ਖ਼ਿਆਲ ਹੀ ਤਾਂ ਕਰ ਰਿਹਾਂ। ਪਾਰੂ ਮੇਰੀ ਇਕਲੌਤੀ ਬੱਚੀ ਏ। ਆਈ.ਏ.ਐੱਸ. ਦੇ ਘਰ ਜਾ ਰਹੀ ਏ। ਕੋਈ ਕਮੀ ਰਹਿ ਗਈ ਤਾਂ ਮੇਰੀ ਹੀ ਬਦਨਾਮੀ ਹੋਏਗੀ ਨਾ...'
ਸੱਚਮੁੱਚ ਪਿਤਾ ਜੀ ਨੇ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ। ਦਾਜ-ਦਹੇਜ ਤੇ ਹੋਰ ਇੰਤਜ਼ਾਮ... ਬਾਰਾਤੀ ਬੜੇ ਖੁਸ਼ ਹੋਏ ਸਨ। ਕਿੰਨੇ ਖੁਸ਼ ਸੀ ਪਿਤਾ ਜੀ ! ਪਰ ਵਿਦਾਈ ਵਾਲੇ ਦਿਨ ਪਿਤਾ ਜੀ ਸਵੇਰ ਦੇ ਦਿਖਾਈ ਨਹੀਂ ਸੀ ਦਿੱਤੇ...ਜਾਣ ਦੀਆਂ ਤਿਆਰੀਆਂ ਹੋ ਗਈਆਂ ਸਨ। ਉਹ ਦੱਬਵੇਂ ਪੈਰੀਂ ਪੂਜਾ ਘਰ ਵਿਚ ਗਈ ਸੀ। ਜਾਣਦੀ ਸੀ, ਜਦੋਂ ਪਿਤਾ ਜੀ ਦੁਖੀ ਹੁੰਦੇ ਸੀ, ਇਸੇ ਕਮਰੇ ਵਿਚ, ਚੁੱਪਚਾਪ, ਬੈਠ ਕੇ ਭਗਵਾਨ ਨੂੰ ਇਕਟੱਕ ਦੇਖਦੇ ਰਹਿੰਦੇ ਸੀ...ਮਾਂ ਕਹਿੰਦੀ ਪਈ ਸੀ, 'ਸਭ ਕੁਝ ਤਾਂ ਤੁਸੀਂ ਏਨੇ ਉਤਸਾਹ ਨਾਲ ਕੀਤੈ, ਹੁਣ ਜਾਣ ਵੇਲੇ ਧੀ ਨੂੰ ਅਸ਼ੀਰਵਾਦ ਵੀ ਦੇ ਦਿਓ।'
ਪਿਤਾ ਜੀ ਘੁੰਮੇਂ...ਚਿਹਰਾ ਹੰਝੂਆਂ ਨਾਲ ਭਿੱÎਜਿਆ ਹੋਇਆ ਸੀ। ਕਿਸੇ ਤਰ੍ਹਾਂ ਕੰਬਦੀ ਆਵਾਜ਼ ਵਿਚ ਬੋਲੇ, 'ਸਾਵਿੱਤਰੀ ਚੇਤਾ ਏ, ਜਦੋਂ ਪਾਰੂ ਇਸ ਘਰ 'ਚ ਆਉਣ ਵਾਲੀ ਸੀ...ਮੈਂ ਕਿੰਨੇ ਉਤਸਾਹ ਨਾਲ ਸਭ ਕੁਝ ਲਿਆਂਦਾ ਸੀ; ਝੂਲਾ, ਦੁੱਧ ਵਾਲੀ ਸ਼ੀਸ਼ੀ, ਖਿਡੌਣੇ...ਫੇਰ ਉਹ ਇਸ ਘਰ 'ਚੋਂ ਜਾਣ ਵਾਲੀ ਹੋ ਗਈ, ਤਦ ਵੀ ਸਭ ਕੁਝ ਲਿਆਂਦਾ...ਪਰ ਆਉਣ ਤੇ ਜਾਣ ਵਿਚ ਏਡਾ ਵੱਡਾ ਫ਼ਰਕ ਹੋ ਸਕਦਾ ਐ, ਮੈਂ ਕਦੀ ਸੋਚਿਆ ਵੀ ਨਹੀਂ ਸੀ...' ਤੇ ਉਹ ਕਿਸੇ ਨਿੱਕੇ ਨਿਆਣੇ ਵਾਂਗ ਰੋਣ ਲੱਗ ਪਏ ਸਨ।
ਮਾਂ ਉਹਨਾਂ ਦੇ ਬਿਲਕੁਲ ਨੇੜੇ ਚਲੀ ਗਈ ਸੀ ਤੇ ਪੱਲੇ ਨਾਲ ਉਹਨਾਂ ਦੀਆਂ ਅੱਖਾਂ ਪੂੰਝਣ ਲੱਗ ਪਈ ਸੀ---'ਹਾਂ, ਜਦੋਂ ਸੰਤਾਨ ਆਉਂਣ ਵਾਲੀ ਹੁੰਦੀ ਹੈ, ਤਾਂ ਮਾਂ ਪੀੜ ਨਾਲ ਕੁਰਲਾ ਰਹੀ ਹੁੰਦੀ ਐ...ਹਰ ਕੋਈ ਦੇਖਦਾ ਏ। ਪਰ ਜਦੋਂ ਜਾਣ ਵਾਲੀ ਹੁੰਦੀ ਹੈ ਤਾਂ ਪਿਤਾ...ਜਿਸਦੇ ਦੁੱਖ ਨੂੰ ਕੋਈ ਨਹੀਂ ਸਮਝ ਸਕਦਾ...ਇੰਜ ਕਿਉਂ ਹੁੰਦਾ ਏ ਜੀ?' ਤੇ ਉਹ ਵੀ ਰੋਣ ਲੱਗ ਪਈ ਸੀ।
ਦੋਹੇਂ ਰੋ ਰਹੇ ਸਨ...ਅਚਾਨਕ ਪਾਰੂ ਦੀਆਂ ਚੂੜੀਆਂ ਛਣਕ ਗਈਆਂ। ਪਿਤਾ ਜੀ ਨੇ ਅੱਖਾਂ ਚੁੱਕੀਆਂ, ਫੇਰ ਉਹ ਆਪ ਵੀ ਉੱਠ ਕੇ ਉਸਦੇ ਕੋਲ ਆ ਗਏ–'ਚੰਗਾ ਹੋਇਆ ਪਾਰੂ, ਤੂੰ ਸਭ ਕੁਝ ਦੇਖ ਲਿਐ...ਇਸਨੂੰ ਹੀ ਅਸ਼ੀਰਵਾਦ ਸਮਝੀਂ ਤੇ ਯਾਦ ਰੱਖੀਂ, ਜਦੋਂ ਆਦਮੀ ਭੀੜ ਵਿਚ ਖ਼ੂਬ ਹੱਸੇ ਤੇ ਘਰੇ ਆਉਂਦਾ ਹੀ ਆਪਣੇ ਲਈ ਕੋਈ ਇਕਾਂਤ ਕੋਨਾ ਲੱਭਣ ਲਗੇ, ਤਾਂ ਸਮਝੋ, ਉਹ ਕਿਤੋਂ ਟੁੱਟ ਰਿਹਾ ਐ...ਅਜਿਹੇ ਆਦਮੀ ਉਤੇ ਗੁੱਸਾ ਨਹੀਂ, ਤਰਸ ਕਰਨਾ ਚਾਹੀਦਾ ਏ।' ਉਸ ਦਿਨ ਪਾਰੂ ਨੇ ਸਿਰਫ ਸੁਣਿਆਂ ਸੀ, ਪਰ ਹੁਣ ਸਮਝ ਚੁੱਕੀ ਹੈ ਕਿ ਪਿਤਾ ਜੀ ਨੇ ਦੂਜੇ ਸ਼ਬਦਾਂ ਵਿਚ ਇਹ ਕਿਹਾ ਸੀ–ਇੱਥੋਂ ਹੀ ਸ਼ੁਰੂ ਹੈ, ਇੱਥੇ ਹੀ ਅੰਤ!
ਫੇਰ ਉਹ ਪਟਨੇ ਆ ਗਈ ਸੀ। ਹਰ ਸ਼ਾਮ ਸਜ-ਧਜ ਕੇ ਪਤੀ ਨਾਲ ਕਲੱਬ ਜਾਂਦੀ। ਜਦੋਂ ਦੋ ਪੈਗ ਪੀ ਕੇ ਉਹ ਠਹਾਕੇ ਲਾਉਂਦੇ, ਤਾਂ ਉਹ ਅੰਦਰੇ-ਅੰਦਰ ਕੰਬ ਜਾਂਦੀ...ਰਾਤੀਂ ਦੇਰ ਨਾਲ ਵਾਪਸ ਪਰਤਦੇ। ਉਪਰਲਾ ਕਮਰਾ ਉਹਨਾਂ ਦਾ ਆਪਣਾ ਸੀ। ਨੀਤੂ ਤੇ ਵਿਵੇਕ ਨਾਲ ਵਾਲੇ ਕਮਰੇ ਵਿਚ ਸੌਂਦੇ ਸਨ। ਬੜੀ ਵਾਰੀ ਉਸਦਾ ਮਨ ਕਰਦਾ ਸੀ ਕਿ ਦੋਹਾਂ ਬੱÎਚਿਆਂ ਦੇ ਵਿਚਕਾਰ ਜਾ ਕੇ ਸੌਂ ਜਾਏ। ਪਰ ਉਹ ਇੰਜ ਨਹੀਂ ਸੀ ਕਰ ਸਕਦੀ। ਬਸ, ਇਕ ਨਜ਼ਰ ਬੱÎਚਿਆਂ ਨੂੰ ਦੇਖ ਕੇ ਪਤੀ ਕੋਲ ਆ ਜਾਦੀ ਸੀ...ਫਿਰ ਉਹ ਉਸਨੂੰ ਸਮੇਟ ਲੈਂਦੇ। ਮੂੰਹ ਵਿਚੋਂ ਸ਼ਰਾਬ ਦੀ ਬਦਬੂ ਆਉਂਦੀ...ਤੇ ਹੌਲੀ-ਹੌਲੀ ਇਹ ਗੰਧ ਉਸਦੇ ਜਿਸਮ ਵਿਚ ਰਚ ਜਾਂਦੀ। ਉਸਦੀ ਸਮਝ ਵਿਚ ਨਾ ਆਉਂਦਾ ਕਿ ਇਸ ਆਦਮੀ ਉੱਤੇ ਗੁੱਸਾ ਕਰੇ ਜਾਂ ਤਰਸ!
ਸਵੇਰੇ ਵਿਵੇਕ ਉਲਾਂਭਾ ਦਿੰਦਾ, 'ਮੰਮੀ, ਤੁਸੀਂ ਮੇਰਾ ਹੋਮ-ਵਰਕ ਨਹੀਂ ਕਰਾਂਦੇ। ਰਿਜਲਟ ਚੰਗਾ ਹੋਏ ਤਾਂ ਰਿਪੋਰਟ ਵੇਖ ਕੇ ਪਾਪਾ ਬਸ ਏਨਾ ਕਹਿ ਦੇਂਦੇ ਨੇ–'ਗੁੱਡ।' ਮਾੜਾ ਹੋਏ ਤਾਂ ਝਾੜ ਪਾ ਦੇਂਦੇ ਨੇ ਬਸ...ਮੈਂ ਕੀ ਕਰਾਂ ਮੰਮੀ !'
ਨੀਤੂ ਹੁਣ ਕੁਝ ਨਹੀਂ ਕਹਿੰਦੀ। ਬਸ ਇਕ ਵਾਰੀ ਉਸਨੇ ਡਰਦਿਆਂ-ਡਰਦਿਆਂ ਕਿਹਾ ਸੀ–'ਮੰਮੀ, ਤੁਸੀਂ ਮੇਰੇ ਨਾਲ ਕਿਉਂ ਨਹੀਂ ਸੌਂਦੇ?...ਮੈਨੂੰ ਬੜਾ ਡਰ ਲੱਗਦਾ ਏ।' ਤੇ ਉਹ ਵੀ ਤਾਂ ਕੁਝ ਨਹੀਂ ਸੀ ਕਹਿ ਸਕੀ...ਨਾ ਬੱÎਚਿਆਂ ਨੂੰ, ਨਾ ਪਤੀ ਨੂੰ...ਅੰਦਰੇ-ਅੰਦਰ, ਕਿਤੇ, ਉਸਨੂੰ ਵੀ ਬੜਾ ਡਰ ਲੱਗਦਾ ਸੀ। ਪਰ ਅੱਜ ਉਸਨੂੰ ਇੰਜ ਲੱਗਦਾ ਹੈ, ਜਿਵੇਂ ਸੱਚਮੁੱਚ ਸਭ ਕੁਝ ਇੱਥੋਂ ਹੀ ਸ਼ੁਰੂ ਹੋਇਆ ਹੈ, ਇੱਥੇ ਹੀ ਅੰਤ ਹੋ ਗਿਆ ਹੈ!
ਉਦੋਂ ਬੱਚੇ ਨਹੀਂ ਸੀ ਹੋਏ।
ਹੱਥਲੀ ਉੱਤੇ ਤਨਖ਼ਾਹ ਰੱਖ ਕੇ ਉਹਨਾਂ ਕਿਹਾ ਸੀ–'ਇਸ ਨਾਲ ਘਰ ਚਲਾਅ...ਤੇ ਅਹਿ ਤੂੰ ਰੱਖ।'
'ਇਹ ਕੀ ਏ?'
'ਸੌ ਦਾ ਪੱਤਾ...'
'ਕਿਉਂ?'
'ਸੇਵਾ ਕਰਨ ਦੀ ਬਖ਼ਸ਼ੀਸ਼...' ਤੇ ਉਹ ਠਹਾਕਾ ਮਾਰ ਕੇ ਹੱਸ ਪਏ ਸਨ।
ਉਹ ਧੁਰ ਅੰਦਰ ਤਕ ਕੰਬ ਗਈ ਸੀ। ਅੱਖਾਂ ਵਿਚ ਅੱਥਰੂ ਆ ਗਏ ਸਨ।
'ਕਿਉਂ ਬਈ, ਇਹ ਕੀ ਹੋਇਐ?'
'ਜੇ ਕਦੀ ਮੈਂ ਸੇਵਾ ਕਰਨ ਦੇ ਲਾਇਕ ਨਾ ਰਹੀ, ਫੇਰ...'
'ਫੇਰ ਵੀ ਇਹ ਤੈਨੂੰ ਮਿਲਦੀ ਰਹੇਗੀ...ਇਹ ਪਾਕੇਟਮਨੀ ਏ ਤੇਰੀ। ਇਸਨੂੰ ਸਿਰਫ ਆਪਣੇ ਉੱਤੇ ਖਰਚ ਕਰੀਂ।'
ਉਹ ਬੁੱਤ ਵਾਂਗ ਖੜ੍ਹੀ ਸੀ ਤੇ ਉਹਨਾਂ ਸਮੇਟ ਲਿਆ ਸੀ, 'ਵਚਨ ਦੇਅ, ਤੂੰ ਇਹ ਰੁਪਏ ਨਾ ਘਰ ਵਿਚ ਵਰਤੇਂਗੀ, ਨਾ ਮੇਰੇ 'ਤੇ ਖਰਚ ਕਰੇਂਗੀ...ਸਿਰਫ ਆਪਣੇ ਆਪ ਉੱਤੇ ਖਰਚੇਂਗੀ...ਮੇਰੀ ਕਮਾਈ ਦੇ ਕਿਸੇ ਹਿੱਸੇ ਉੱਤੇ ਤਾਂ ਤੇਰਾ ਆਪਣਾ ਨਿੱਜੀ ਹੱਕ ਹੋਏ, ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਇਹਨਾਂ ਰੁਪਈਆਂ ਨੂੰ ਤੂੰ ਸਿਰਫ ਆਪਣਾ ਸਮਝੇਂ।'
ਫੇਰ ਬੱਚੇ ਹੋਏ। ਉਹਨਾਂ ਨੂੰ ਪਾਕੇਟਮਨੀ ਦੇ ਕੇ ਉਹ ਸੌ ਦਾ ਪੱਤਾ ਉਸ ਵੱਲ ਵਧਾਅ ਦਿੰਦੇ–'ਯੋਰ ਪਾਕੇਟਮਨੀ।'
ਇੰਜ ਹਰ ਮਹੀਨੇ ਹੁੰਦਾ ਸੀ। ਇਹ ਸਿਲਸਿਲਾ ਲੰਮੇਂ ਸਮੇਂ ਚੱÎਲਿਆ। ਪਰ ਇਕ ਦਿਨ ਜਦੋਂ ਉਹ ਆਫਿਸ ਚਲੇ ਗਏ ਤੇ ਬੱਚੇ ਸਕੂਲ ਜਾਣ ਲਈ ਤਿਆਰ ਸਨ ਤਾਂ ਵਿਵੇਕ ਅੰਦਰ ਆਇਆ। ਉਸਦੇ ਹੱਥ ਵਿਚ ਨੋਟ ਸਨ। ਨੀਤੂ ਚੁੱਪਚਾਪ ਖੜ੍ਹੀ ਸੀ।
'ਕੀ ਗੱਲ ਏ ਵਿੱਕੂ?'
ਉਹ ਚੁੱਪ ਖੜ੍ਹਾ ਰਿਹਾ, ਜਿਵੇਂ ਸ਼ਬਦ ਲੱਭ ਰਿਹਾ ਹੋਵੇ। ਯਕਦਮ ਉਸਨੇ ਸਾਰੇ ਨੋਟ ਚਲਾ ਕੇ ਮਾਰੇ 'ਆਫਟਰਆਲ ਆਈ ਐੱਮ ਯੌਰ ਸਨ...ਪਾਪਾਜ਼ ਸਨ ( ਆਖ਼ਰ ਮੈਂ ਤੁਹਾਡਾ ਪੁੱਤਰ ਹਾਂ...ਪਾਪਾ ਦਾ ਪੁੱਤਰ ਹਾਂ )...ਕੋਈ ਨੌਕਰ-ਚਾਕਰ ਤਾਂ ਨਹੀਂ, ਕਿ ਹਰ ਮਹੀਨੇ ਪਾਕੇਟਮਨੀ ਦੇ ਨਾਂਅ 'ਤੇ ਉਹ ਸਾਨੂੰ ਤਨਖ਼ਾਹ ਫੜਾ ਦੇਂਦੇ ਨੇ। ਆਈ ਹੇਟ ਦਿਸ ਮਨੀ। ਨੀਤੂ, ਤੂੰ ਵੀ ਸੁੱਟ ਦੇ ਇਹ ਰੁਪਏ !'
ਪਰ ਉਹ ਚੁੱਪ ਖੜ੍ਹੀ ਰਹੀ।
ਵਿਵੇਕ ਨੇ ਉਸਦੇ ਇਕ ਚਪੇੜ ਮਾਰੀ। 'ਤੂੰ ਵੀ ਮੰਮੀ ਵਾਂਗ ਇਕ ਸਲੇਵ ( ਦਾਸੀ ) ਬਣ ਕੇ ਰਹਿ...' ਤੇ ਉਹ ਗੁੱਸੇ ਵਿਚ ਭੁੱਜਦਾ ਹੋਇਆ ਕਮਰਿਓਂ ਬਾਹਰ ਨਿਕਲ ਗਿਆ ਸੀ। ਉਸਦੇ ਪਿੱਛੇ ਹੇ ਰੋਂਦੀ ਹੋਈ ਨੀਤੂ ਵੀ ਚਲੀ ਗਈ ਸੀ।
ਉਹ ਸਿਲ-ਪੱਥਰ ਹੋਈ ਥਾਵੇਂ ਖੜ੍ਹੀ ਰਹਿ ਗਈ ਸੀ। ਦੇਖਦੇ ਦੇਖਦੇ ਵਿਵੇਕ ਏਨਾ ਵੱਡਾ ਹੋ ਗਿਆ ਸੀ! ਏਨਾ ਕੁਝ ਸੋਚਣ ਤੇ ਸਮਝਣ ਲੱਗ ਪਿਆ ਸੀ!...ਤੇ ਉਸਨੂੰ ਪਤੀ, ਪਾਰਟੀ ਤੇ ਕਲੱਬ ਦੇ ਚੱਕਰ ਵਿਚ ਕੁਝ ਵੀ ਪਤਾ ਨਹੀਂ ਸੀ ਲੱÎਗਿਆ ! ਉਹ ਆਪਣੇ ਬਿਸਤਰੇ 'ਤੇ ਢਹਿ ਪਈ ਤੇ ਫੁੱਟ-ਫੁੱਟ ਕੇ ਰੋਣ ਲੱਗੀ...ਫੇਰ ਉਸਨੇ ਦੇਖਿਆ ਕਿ ਬਿਸਤਰੇ ਉੱਤੇ ਕੁਝ ਨੋਟ ਪਏ ਹਨ। ਕੋਲ ਹੀ ਇਕ ਸਲਿੱਪ 'ਵਿਦ ਥੈਂਕਸ ਟੂ ਮੰਮੀ ਐਂਡ ਪਾਪਾ-ਨੀਤੂ।' ਉਹ ਨੀਤੂ ਦੀ ਇਸ ਨਿੱਕੀ ਇਬਾਰਤ ਨੂੰ ਵਾਰ–ਵਾਰ ਚੁੰਮ ਕੇ ਰੋਣ ਲੱਗੀ...ਪਰ ਅੱਜ ਉਸਨੂੰ ਲੱਗ ਰਿਹਾ ਹੈ, ਸ਼ਾਇਦ ਇੱਥੋਂ ਹੀ ਸਭ ਕੁਝ ਸ਼ੁਰੂ ਹੋਇਆ ਸੀ ਤੇ ਇੱਥੇ ਹੀ ਅੰਤ...!
ਫੇਰ ਉਸ ਸ਼ਾਮ ਉਹ ਕਲੱਬ ਨਹੀਂ ਗਈ। ਉਹ ਇਕੱਲੇ ਹੀ ਚਲੇ ਗਏ। ਬੱਚੇ ਜਦੋਂ ਪੜ੍ਹਨ ਬੈਠ ਗਏ, ਤਾਂ ਉਹ ਉਹਨਾਂ ਕੋਲ ਆ ਬੈਠੀ-'ਆ ਨੀਤੂ, ਅੱਜ ਮੈਂ ਤੇਰਾ ਹੋਮ ਵਰਕ ਕਰਾਵਾਂ...।'
ਨੀਤੂ ਇਕਟੱਕ ਉਸ ਵੱਲ ਦੇਖਦੀ ਰਹੀ।
'ਇੰਜ ਕਿਉਂ ਦੇਖ ਰਹੀ ਏਂ '
'ਅੱਜ ਤੁਸੀਂ ਕਲੱਬ ਨਹੀਂ ਗਏ ਮੰਮਾਂ?'
'ਹੁਣ ਕਦੀ ਨਹੀਂ ਜਾਵਾਂਗੀ।'
'ਤੇ ਪਾਰਟੀਆਂ 'ਚ?'
ਉੱਥੇ ਵੀ ਨਹੀਂ।'
ਯਕਦਮ ਨੀਤੂ ਨੇ ਉਸਨੂੰ ਗਲਵੱਕੜੀ ਪਾ ਲਈ ਸੀ, 'ਤਾਂ ਫੇਰ ਅੱਜ ਮੈਂ ਨਹੀਂਓਂ ਪੜ੍ਹਨਾ...ਸਿਰਫ ਆਪਣੀ ਮੰਮਾਂ ਨਾਲ ਗੱਲਾਂ ਕਰਾਂਗੀ'...ਤੇ ਉਹ ਜਬਰਦਸਤੀ ਉਸਨੂੰ ਆਪਣੇ ਕਮਰੇ ਵਿਚ ਲੈ ਆਈ ਸੀ ਤੇ ਬਿਸਤਰੇ 'ਤੇ ਪੈ ਕੇ ਬਹੁਤ ਸਾਰੀਆਂ ਸਕੂਲ ਦੀਆਂ ਗੱਲਾਂ ਦਸਦੀ ਰਹੀ ਸੀ। ਸਾਲ, ਦੋ-ਸਾਲ ਪੁਰਾਣੀਆਂ ਗੱਲਾਂ ਵੀ। ਚਾਣਚੱਕ ਉਸਦੀਆਂ ਅੱਖਾਂ ਸਿੱਜਲ ਹੋ ਗਈ। ਏਨਾ ਕੁਝ ਦੱਸਣਾ ਸੀ ਨੀਤੂ ਨੇ...ਤੇ ਉਹ ਕਦੀ ਸੁਣ ਨਹੀਂ ਸੀ ਸਕੀ...! ਉਦੋਂ ਹੀ ਵਿਵੇਕ ਪੈਨ ਵਿਚ ਸਿਆਹੀ ਭਰਨ ਆ ਗਿਆ। ਉਸਨੇ ਕਿਹਾ, 'ਕਿਉਂ ਵਿਵੇਕ ਤੂੰ ਕੁਝ ਨਹੀਂ ਦੱਸਣਾ-ਸੁਣਾਉਣਾ?'
'ਮੰਮਾਂ, ਗੱਲਾਂ ਤਾਂ ਬੜੀਆਂ ਸੀ...ਪਰ ਯਕੀਨ ਨਹੀਂ ਸੀ ਕਿ ਤੁਹਾਡੇ ਕੋਲ ਮੇਰੇ ਲਈ ਕਦੀ ਵਕਤ ਹੋਏਗਾ...ਇਸ ਲਈ ਕੁਝ ਯਾਦ ਨਹੀਂ ਰੱÎਖਿਆ...'
ਤੇ ਉਹ ਕਮਰੇ ਵਿਚੋਂ ਬਾਹਰ ਚਲਾ ਗਿਆ ਸੀ।
ਉਹ ਨੀਤੂ ਨੂੰ ਜੱਫੀ ਪਾ ਕੇ ਰੋ ਪਈ ਸੀ। ਕਿਤੇ ਇੱਥੋਂ ਹੀ ਤਾਂ ਸਭ ਕੁਝ ਸ਼ੁਰੂ ਨਹੀਂ ਸੀ ਹੋਇਆ, ਤੇ ਇੱਥੇ ਹੀ ਅੰਤ...!
ਫੇਰ ਸਮੇਂ ਦਾ ਰੰਦਾ ਵਰ੍ਹਿਆਂ ਦੇ ਜਿਸਮ ਛਿੱਲਦਾ ਰਿਹਾ। ਕਿੰਨਾ ਕੁਝ ਬਦਲ ਗਿਆ ! ਉਹ ਇਕੱਲੇ ਕਲੱਬ ਜਾਂਦੇ ਰਹੇ...ਪੀ ਕੇ ਦੇਰ ਨਾਲ ਆਉਂਦੇ...ਹੇਠਲੇ ਕਮਰੇ ਵਿਚ ਸੌਂ ਜਾਂਦੇ ਤੇ ਕਦੇ ਵਾਪਸ ਹੀ ਨਾ ਆਉਂਦੇ। ਸੁਣਨ ਵਿਚ ਆਇਆ ਸੀ ਕਿ ਕਲੱਬ ਵਿਚ ਆਉਣ ਵਾਲੀ ਕਿਸੇ ਜ਼ਨਾਨੀ...ਪਰ ਉਹ ਸੁਣ ਕੇ ਚੁੱਪ ਰਹੀ। ਜਿਸ ਰਾਤ ਉਹ ਨਾ ਆਉਂਦੇ, ਉਹ ਪ੍ਰੇਸ਼ਾਨ ਜਿਹੀ, ਸਾਰੀ ਰਾਤ ਤੁਰੀ ਫਿਰਦੀ, ਕਈ ਵਾਰੀ ਦਰਵਾਜ਼ੇ ਤਕ ਜਾਂਦੀ ਤੇ ਵਾਪਸ ਪਰਤ ਆਉਂਦੀ...ਕਈ ਵਾਰੀ ਉਸਨੇ ਦੇਖਿਆ ਕਿ ਵਿਵੇਕ ਖਿੜਕੀ ਓਹਲੇ ਖੜ੍ਹਾ ਚੁੱਪਚਾਪ ਸਿਗਰੇਟ ਪੀ ਰਿਹਾ ਹੈ। ਉਸਦੀ ਹਿੰਮਤ ਨਾ ਹੋਈ ਕਿ ਵਿਵੇਕ ਤੋਂ ਸਿਗਰੇਟ ਖੋਹ ਕੇ ਸੁੱਟ ਦਏ।
ਸਵੇਰੇ ਉਸਦੀਆਂ ਲਾਲ ਅੱਖਾਂ ਦੇਖ ਕੇ ਉਹ ਪੁੱਛਦੀ, 'ਰਾਤੀਂ ਸੁੱਤਾ ਨਹੀਂ ਵਿੱਕੂ ?'
'...ਸਾਰੀ ਰਾਤ ਪੜ੍ਹਦਾ ਰਿਹਾਂ...' ਤੇ ਜਦੋਂ ਉਹ ਪਲਟ ਕੇ ਪੁੱਛਦਾ, 'ਮੰਮਾਂ, ਅਕਸਰ ਤੁਹਾਡੀਆਂ ਅੱਖਾਂ ਵੀ ਬੜੀਆਂ ਲਾਲ ਰਹਿੰਦੀਆਂ ਨੇ, ਚੱਲੋ ਕਿਸੇ ਦਿਨ ਚੱਲ ਕੇ ਡਾਕਟਰ ਨੂੰ ਦਿਖਾ ਆਈਏ...' ਉਸ ਛਿਣ ਉਸ ਨੇ ਚਾਹਿਆ ਸੀ, ਉਹ ਕਹਿ ਦਏ-'ਵਿੱਕੂ ਬੇਟਾ, ਤੇਰੀ ਮਾਂ ਵੀ ਇਕ ਇਮਤਿਹਾਨ ਦੇ ਰਹੀ ਹੈ...ਸਵਾਲ ਹੈ, ਔਰਤ ਦੇ ਸਾਹਮਣੇ ਜਦੋਂ ਚੁਣਨ ਦਾ ਮੌਕਾ ਆਏ ਤਾਂ ਉਹ ਕਿਸ ਨੂੰ ਚੁਣੇ...ਪਤੀ ਨੂੰ ਜਾਂ ਸੰਤਾਨ ਨੂੰ? ਤੂੰ ਹੀ ਕੋਈ ਜਵਾਬ ਦੱਸ ਬੇਟਾ...' ਪਰ ਉਹ ਅਜਿਹਾ ਕੁਝ ਵੀ ਨਹੀਂ ਸੀ ਕਹਿ ਸਕੀ...ਤੇ ਹੌਲੀ-ਹੌਲੀ ਸਭ ਕੁਝ ਬਦਲ ਗਿਆ; ਨੀਤੂ ਜਵਾਨ ਹੋ ਗਈ ਸੀ...ਪਰ ਇਕ ਚੀਜ਼ ਨਹੀਂ ਸੀ ਬਦਲੀ-ਹਰ ਮਹੀਨੇ ਬੱÎਚਿਆਂ ਨੂੰ ਪਾਕੇਟਮਨੀ ਮਿਲਦੀ ਰਹੀ...ਤੇ ਉਸਨੂੰ ਵੀ ਸੌ ਰੁਪਏ ਦਾ ਪੱਤਾ। ਕਿੰਨੀ ਵਾਰੀ ਬਦਲੀ ਹੋਈ, ਕਿੰਨੀ ਹੀ ਵਾਰੀ ਫੇਰ ਪਲਟ ਕੇ ਉਹ ਪਟਨੇ ਆ ਗਏ...ਪਰ ਆ ਕੇ ਵੀ ਉਹ ਕਦੀ ਘਰ ਨਹੀਂ ਸਨ ਆਏ; ਆਏ ਸਨ ਤਾਂ ਸਿਰਫ ਆਪੋ ਆਪਣੇ ਕਮਰਿਆਂ ਵਿਚ!
ਇਕ ਵਾਰੀ ਉਸਨੇ ਹੌਸਲਾ ਕਰਦੇ ਕਿਹਾ ਸੀ, 'ਕਦੀ ਘਰ ਲਈ ਵੀ ਟਾਈਮ ਕੱਢ ਲਿਆ ਕਰੋ ਨਾ...'
'ਟਾਈਮ ਹੈ ਕਿੱਥੇ? ਆਪਣੀ ਨੌਕਰੀ ਦੇਖਾਂ, ਸੋਸਾਇਟੀ ਦੇਖਾਂ, ਕੈਰੀਅਰ ਦੇਖਾਂ ਜਾਂ ਘਰ?...ਕਿਸੇ ਮਾਸਟਰ ਜਾਂ ਕਲਰਕ ਨਾਲ ਵਿਆਹ ਕਰ ਲੈਂਦੀ ਤਾਂ ਪੰਜ ਵਜੇ ਆ ਕੇ ਗੋਡੇ ਮੁੱਢ ਬਹਿ ਜਾਂਦਾ... ਆਈ.ਏ.ਐੱਸ. ਵੀ ਚਾਹੀਦਾ ਏ, ਬੰਗਲਾ ਵੀ, ਕਾਰ ਵੀ...ਨਾ ਖ਼ੁਦ ਐਡਵਾਂਸ ਬਣ ਸਕੀ ਏਂ, ਨਾ ਬੱÎਚਿਆਂ ਨੂੰ ਬਣਇਆ ਏ...ਕਦੀ ਵਿਦੇਸ਼ ਜਾ ਕੇ ਦੇਖ, ਬੱਚੇ ਕਿੰਨੇ ਇੰਡਿਪੈਂਡਟ ਹੋ ਕੇ ਜਵਾਨ ਹੁੰਦੇ ਨੇ...ਤੂੰ ਸਭ ਕੁਝ ਚੌਪਟ ਕਰ ਦਿੱਤੈ...'
ਉਸਦੀ ਸਮਝ ਵਿਚ ਨਹੀਂ ਸੀ ਆਇਆ ਕਿ ਇਸ ਆਦਮੀ ਉੱਤੇ ਉਹ ਗੁੱਸਾ ਕਰੇ ਜਾਂ ਤਰਸ...ਤੇ ਉਸ ਦਿਨ ਤੋਂ ਉਹ ਹਮੇਸ਼ਾ ਲਈ ਚੁੱਪ ਹੋ ਗਈ ਸੀ।
ਫੇਰ ਵਿਵੇਕ ਨੇ ਭੱਜ-ਦੌੜ ਕਰਕੇ ਨੀਤੂ ਦਾ ਰਿਸ਼ਤਾ ਤੈਅ ਕੀਤਾ। ਇਕ-ਇਕ ਕਰਕੇ ਸਾਮਾਨ ਇਕੱਠਾ ਕਰਦਾ ਰਿਹਾ, ਤੇ ਜਿਸ ਦਿਨ ਵਿਦਾਈ ਸੀ, ਉਹ ਦਿਖਾਈ ਹੀ ਨਹੀਂ ਦਿੱਤਾ...ਜਾਣ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਸਨ। ਉਹ ਬਾਹਰ ਖੜ੍ਹੇ ਸਨ, ਆਖ਼ਰੀ ਅਸ਼ੀਰਵਾਦ ਦੇਣ ਲਈ ਕੂਕ ਰਹੇ ਸਨ, 'ਓ ਬਈ, ਨੀਤੂ ਨੂੰ ਜਲਦੀ ਲੈ ਆਓ, ਵਰਨਾਂ ਇਹਨਾਂ ਦੀ ਗੱਡੀ ਨਿਕਲ ਜਾਏਗੀ...ਦੇ ਡੋਂਅ ਨੋ ਦੀ ਵੈਲਿਯੂ ਆਫ ਟਾਈਮ...'
ਉਹ ਅਹੁਲ ਕੇ ਨੀਤੂ ਕਮਰੇ ਵਿਚ ਗਈ-ਉਹ ਉੱਥੇ ਨਹੀਂ ਸੀ। ਫੇਰ ਪੂਜਾ ਘਰ-ਭਗਵਾਨ ਦੀ ਮੂਰਤੀ ਸਾਹਮਣੇ ਵਿਵੇਕ ਚੁੱਪਚਾਪ ਬੈਠਾ ਸੀ; ਨੀਤੂ ਖੜ੍ਹੀ ਸੀ। ਉਸਦੇ ਪੈਰ ਦੇਹਲੀ ਉਪਰ ਹੀ ਰੁਕ ਗਏ...
'ਵੀਰੇ, ਆਸ਼ੀਰਵਾਦ ਨਹੀਂ ਦੇਣਾ?'
ਵਿਵੇਕ ਨੇ ਚਿਹਰਾ ਭੁੰਆਇਆ। ਅੱਥਰੂਆਂ ਨਾਲ ਭਿੱÎਗਿਆ ਚਿਹਰਾ। ਉਸਨੂੰ ਪਿਤਾ ਜੀ ਦਾ ਚਿਹਰਾ ਯਾਦ ਆ ਗਿਆ...ਤੇ ਮਾਂ ਦੇ ਸ਼ਬਦ...'ਜਦੋਂ ਸੰਤਾਨ ਆਉਂਣ ਵਾਲੀ ਹੁੰਦੀ ਹੈ, ਤਾਂ ਮਾਂ ਪੀੜ ਨਾ ਕੁਰਲਾ ਰਹੀ ਹੁੰਦੀ ਐ...ਹਰ ਕੋਈ ਦੇਖਦਾ ਏ। ਪਰ ਜਦੋਂ ਜਾਣ ਵਾਲੀ ਹੁੰਦੀ ਹੈ ਤਾਂ ਪਿਤਾ...ਜਿਸਦੇ ਦੁੱਖ ਨੂੰ ਕੋਈ ਨਹੀਂ ਸਮਝ ਸਕਦਾ...ਇੰਜ ਕਿਉਂ ਹੁੰਦਾ ਏ ਜੀ?'
'ਬਾਹਰ ਪਾਪਾ ਤਾਂ ਹੈਨ, ਅਸ਼ੀਰਵਾਦ ਦੇਣ ਲਈ ਨੀਤੂ...'
''ਪਾਪਾ ! ਉਹ ਤਾਂ ਲੋਕਾਂ ਸਾਹਮਣੇ ਸਿਰਫ ਫਾਰਮੈਲਟੀ ਨਿਭਾਉਣਗੇ...ਹੋ ਸਕਦਾ ਏ ਦਿਖਾਵੇ ਲਈ ਰੋ ਵੀ ਪੈਣ...ਆਈ ਹੇਟ ਹਿੰਮ...ਤੂੰ ਮੈਨੂੰ ਭਰਾ ਦਾ ਸਨੇਹ ਦਿਤੈ...ਪਾਪਾ ਦਾ ਪਿਆਰ ਵੀ...ਤੂੰ ਹੀ ਮੈਨੂੰ ਅਸ਼ੀਰਵਾਦ ਵੀ ਦੇਅ...' ਤੇ ਉਹ ਰੋਣ ਲੱਗ ਪਈ ਸੀ।
ਵਿਵੇਕ ਨੇ ਉੱਠ ਕੇ ਉਸਨੂੰ ਹਿੱਕ ਨਾਲ ਲਾ ਲਿਆ ਸੀ-'ਨੀਤੂ, ਆਪਣੇ ਵੀਰ ਦੀ ਇਕ ਗੱਲ ਯਾਦ ਰੱਖੀਂ...ਤੂੰ ਇਕ ਘਰ ਵਿਚੋਂ ਨਹੀਂ, ਇਕ ਸਰਾਂ ਵਿਚੋਂ ਜਾ ਰਹੀ ਏਂ...ਦੁਬਾਰਾ ਇਸ ਸਰਾਂ ਵਿਚ ਵਾਪਸ ਨਾ ਆਵੀਂ...ਮੈਨੂੰ ਨੌਕਰੀ ਮਿਲ ਜਾਏਗੀ ਤਾਂ ਮੈਂ ਵੀ ਇਸ ਘਰ ਨੂੰ ਛੱਡ ਦਿਆਂਗਾ...'
ਦੋਹੇਂ ਇਕ ਦੂਜੇ ਨਾਲ ਲਿਪਟ ਕੇ ਰੋਣ ਲੱਗ ਪਏ। ਰੋਂਦਿਆਂ ਹੋਇਆਂ ਨੀਤੂ ਨੇ ਕਿਹਾ, 'ਤੇ ਵੀਰੇ, ਜਦੋਂ ਤੇਰੀ ਸ਼ਾਦੀ ਹੋ ਜਾਏ...ਤੇ ਤੂੰ ਪਾਪਾ ਬਣ ਜਾਏਂ, ਤਾਂ ਆਪਣੇ ਬੱÎÎਚਿਆਂ ਨੂੰ ਖ਼ੂਬ ਪਿਆਰ ਕਰੀਂ...ਵਾਈਨ, ਵੂਮੈਨ ਤੇ ਕੈਰੀਅਰ ਦੇ ਚੱਕਰ 'ਚ ਉਹਨਾਂ ਨੂੰ ਨਿਗਲੈਕਟ ਨਾ ਕਰੀਂ...ਬੜਾ ਦੁੱਖ ਹੁੰਦਾ ਏ ਵੀਰਿਆ...ਪ੍ਰਾਮਿਸ ਮੀ ਵੀਰੇ...ਪ੍ਰਾਮਿਸ ਮੀ...ਤੇ ਹੋ ਸਕੇ ਤਾਂ ਮੰਮੀ ਨੂੰ ਵੀ ਇਸ ਸਰਾਂ 'ਚੋਂ ਕੱਢ ਲਵੀਂ...'
ਪਾਰਵਤੀ ਤੋਂ ਹੋਰ ਕੁਝ ਨਾ ਦੇਖਿਆ ਗਿਆ, ਨਾ ਸੁਣਿਆਂ ਗਿਆ। ਉਹ ਦੌੜ ਕੇ ਆਪਣੇ ਕਮਰੇ ਵਿਚ ਆ ਗਈ। ਬਿਸਤਰੇ 'ਤੇ ਨੋਟ ਖਿੱਲਰੇ ਪਏ ਸਨ। ਨਾਲ ਹੀ ਇਕ ਸਲਿੱਪ ਸੀ-'ਵਿਦ ਥੈਂਕਸ ਟੂ ਪਾਪਾ-ਨੀਤੂ।' ਉਸਨੂੰ ਲੱÎਗਿਆ ਨੀਤੂ, ਸਰਾਂ ਵਿਚ ਰਹਿਣ ਦਾ ਸਾਰਾ ਹਿਸਾਬ ਨੱਕੀ ਕਰ ਚੱਲੀ ਹੈ। ਉਹ ਹੌਲੀ-ਹੌਲੀ ਆਪਣੀ ਅਲਮਾਰੀ ਵੱਲ ਵਧੀ। ਇਕ ਕੋਨੇ ਵਿਚ ਸੌ-ਸੌ ਦੇ ਪੱÎਤਿਆਂ ਦਾ ਢੇਰ ਲੱਗਾ ਹੋਇਆ ਸੀ...ਉਹ ਇਹਨਾਂ ਦਾ ਕੀ ਕਰੇ...ਕਿਸ ਨੂੰ ਵਾਪਸ ਕਰੇ...ਕਿੰਜ ਵਾਪਸ ਕਰੇ...ਤੇ ਉਹਦੀਆਂ ਭੁੱਬਾਂ ਨਿਕਲ ਗਈਆਂ। ਜਿਸਮ ਇੰਜ ਕੰਬਣ ਲੱਗਾ, ਜਿਵੇਂ ਵਰ੍ਹਿਆਂ ਤੋਂ ਸ਼ਾਂਤ ਪਈ ਝੀਲ ਵਿਚ ਕਿਸੇ ਨੇ ਕੁਝ ਸੁੱਟ ਦਿੱਤਾ ਹੋਵੇ। ਸ਼ਾਇਦ ਇਹ ਸਭ ਆਖ਼ਰੀ ਸਾਹਾਂ ਦੇ ਬਾਅਦ ਦਾ ਕਿਰਾਇਆ ਸੀ, ਜਿਹੜਾ ਇਕ ਦਿਨ ਭਰਿਆ ਜਾਣਾ ਹੈ...ਸ਼ਾਇਦ ਇੱਥੋਂ ਹੀ ਇਕ ਦਿਨ ਸਭ ਕੁਝ ਸ਼ੁਰੂ ਹੋਇਆ ਸੀ, ਤੇ ਇੱਥੇ ਹੀ ਅੰਤ ਹੋਣਾ ਹੈ...

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

ਖ਼ਬਰਾਂ ਤੋਂ ਪਰ੍ਹੇ...ਤਥਾਗਤ :: ਲੇਖਕ : ਵਿਜੈ




ਹਿੰਦੀ ਕਹਾਣੀ : ਖ਼ਬਰਾਂ ਤੋਂ ਪਰ੍ਹੇ...ਤਥਾਗਤ :: ਲੇਖਕ : ਵਿਜੈ

ਮੁਬਾਇਲ : 09313301435

ਅਨੁਵਾਦ : ਮਹਿੰਦਰ ਬੇਦੀ, ਜੈਤੋ


ਦਿਨੇ ਇਕ-ਦੋ ਵਾਰੀ ਫੇਰ ਛੋਟੇ-ਮੋਟੇ ਝੱਟਕੇ ਜਿਹੇ ਆਏ, ਪਰ ਇਮਾਰਤਾਂ ਸਲਾਮਤ ਰਹੀਆਂ। ਲੋਕ ਭੈ-ਭੀਤ ਹੋ ਕੇ ਖੁੱਲ੍ਹੇ ਮੈਦਾਨਾਂ ਵੱਲ ਨੱਸ ਗਏ ਜਿਵੇਂ ਖੁੱਲ੍ਹਾ ਆਕਾਸ਼ ਹੀ ਉਹਨਾਂ ਦੀ ਜ਼ਿੰਦਗੀ ਦਾ ਅੰਤਮ ਸਹਾਰਾ ਹੋਵੇ। ਇਮਦਾਦ ਵਿਚ ਲੱਗੇ ਵਿਦੇਸ਼ੀ ਤੇ ਫੌਜੀ ਚਿਹਰੇ ਵੀ ਲੱਥ ਗਏ ਸਨ...ਕੀ ਅਹਿਮਦਾਬਾਦ ਵੀ ਭੁਜ ਤੇ ਅੰਜਾਰ ਬਣ ਜਾਏਗਾ ? ਹਜ਼ਾਰਾਂ ਖੰਡਰ, ਸ਼ਹਿਰ ਨੂੰ ਇਤਿਹਾਸ ਬਣਾ ਕੇ ਰੱਖ ਦੇਣਗੇ ਤੇ ਕਤਾਰ ਵਿਚ ਲੱਗੀਆਂ ਹੋਣਗੀਆਂ ਲਾਸ਼ਾਂ। ਉਹਨਾਂ ਵਿਚ ਇਕ ਲਾਸ਼ ਸਾਡੀ ਵੀ ਹੋਏਗੀ। ਝੱਟਕੇ ਰੁਕੇ ਤਾਂ ਹੱਸੇ ਸੀ ਸਾਰੇ, ਤੱਤਗਿਆਨ ਜਾਗ ਪਿਆ ਸੀ...'ਮੌਤ ਦਾ ਸਮਾਂ ਤੇ ਸਥਾਨ ਨਿਸ਼ਚਿਤ ਹੁੰਦਾ ਏ ਜੀ। ਬੰਦਾ ਆਪੁ ਉੱਥੇ ਜਾ ਪਹੁੰਚਦਾ ਹੈ, ਜਿੱਥੋਂ ਉਹਨੇ ਲਿਜਾਣਾ ਹੁੰਦੈ ਉਸਨੂੰ।'
ਪਾਖੀਰ ਭਵਨ ਦੀ ਡਿੱਗੀ ਹੋਈ ਪੰਜ ਮੰਜ਼ਿਲਾ ਇਮਾਰਤ ਦੇ ਪਿੱਛੇ, ਸਦੀਆ ਪੁਰਾਣੀ ਦੋ ਮੰਜ਼ਿਲਾ ਇਮਾਰਤ ਆਪਣੀ ਖੁੱਥੜ ਅਵਸਥਾ ਵਿਚ ਵੀ ਪੂਰੀ ਸ਼ਾਨ ਨਾਲ ਖੜ੍ਹੀ ਹੈ। ਕਦੀ ਇਸ ਵਿਚ ਇਕ ਰਿਟਾਇਰਡ ਅੰਗਰੇਜ਼ੀ ਫੌਜੀ ਰਹਿੰਦਾ ਹੁੰਦਾ ਸੀ, ਜਿਸ ਨੇ ਇਕ ਗੁਜਰਾਤੀ ਕੁੜੀ ਨਾਲ ਸ਼ਾਦੀ ਕਰਵਾ ਲਈ ਸੀ, ਪਰ ਗੁਜਰਾਤੀਆਂ ਨੇ ਉਸ ਨੂੰ ਅਪਣਾਇਆ ਨਹੀਂ ਸੀ...ਪ੍ਰਕ੍ਰਿਤੀ ਦਾ ਪ੍ਰਕੋਪ ਵੀ ਉਸ ਦਾ ਬਾਈਕਾਟ ਕਰ ਗਿਆ ਸੀ।
ਟੀ.ਵੀ. ਦੇਖ ਕੇ ਆਇਆ ਮੁੰਡਾ ਦੱਸ ਰਿਹਾ ਸੀ...'ਕੁੱਤੇ ਨੇ ਲੱਭ ਲਿਆ, ਮਲਬੇ ਹੇਠੋਂ। ਮੇਰੀ ਉਮਰ ਦਾ ਏ। ਬਸ ਇਕ ਲੱਤ ਫਸੀ ਹੋਈ ਏ...ਸ਼ਾਇਦ ਕੱਟਣੀ ਪਵੇਗੀ।'
ਕੋਈ ਹਊਕਾ ਜਿਹਾ ਲੈ ਕੇ ਕਹਿੰਦਾ ਹੈ...'ਅਜੀਬ ਟ੍ਰੈਜਡੀ ਐ। ਮਲਬੇ ਹੇਠ ਦਬੇ ਹੋਏ ਲੋਕ ਚੀਕ ਵੀ ਨਹੀਂ ਸਕਦੇ। ਚੀਕਣ ਵੀ ਤਾਂ ਆਵਾਜ਼ ਸੁਣਾਈ ਨਹੀਂ ਦਏਗੀ। ਉਹਨਾਂ ਨੂੰ ਮੁਰਦਿਆਂ 'ਚ ਗਿਣਨਾ ਈ ਠੀਕ ਐ।'
ਤਰੁਣ ਅੱਗੇ ਵਧਦਾ ਹੈ। ਪਾਰੀਖ ਭਵਨ ਦੀ ਇਮਾਰਤ ਮੂਧੀ ਹੋਈ ਪਈ ਸੀ ਜਿਵੇਂ ਵਾਲਾਂ ਨੇ ਕਿਸੇ ਔਰਤ ਦਾ ਚਿਹਰਾ ਢਕ ਲਿਆ ਹੋਏ। ਕੁੱਤੇ ਮਲਬੇ ਉੱਤੇ ਟਹਿਲ ਰਹੇ ਸਨ। ਇਕ ਹਊਕਾ ਜਿਹਾ ਲੈਂਦਾ ਹੈ...ਇਸੇ ਹੇਠ ਦਬੇ ਹੋਏ ਨੇ ਪਿਤਾ ਜੀ। ਤੀਜਾ ਦਿਨ ਹੈ ਅੱਜ। ਕੀ ਭਾਰੀ ਥੁਲਥੁਲ ਦੇਹ, ਲੰਮਾਂ ਸੰਘਰਸ਼ ਕਰ ਸਕੇਗੀ? ਖੋਜੀ ਕੁੱਤਾ ਘੁੰਮ ਕੇ ਦੂਜੀ ਇਮਾਰਤ ਵੱਲ ਤੁਰ ਪਿਆ। ਅਚਾਨਕ ਤ੍ਰਬਕ ਜਾਂਦਾ ਹੈ ਤਰੁਣ...ਇਹ ਪ੍ਰਛਾਵੇਂ ਕੈਸੇ ? ਤਰੁਣ ਪਛਾਣ ਲੈਂਦਾ ਹੈ, ਬੋਰੇ ਚੁੱਕੀ ਖੰਡਰਾਂ ਉੱਤੇ ਭੌਂਦੇ ਹੋਏ ਲੋਕਾਂ ਨੂੰ। ਲੈ ਜਾਣ, ਜੋ ਮਿਲਦਾ ਹੈ। ਕੀ ਫਰਕ ਪੈਂਦਾ ਹੈ ਉਹਨਾਂ ਨੂੰ ਜਿਹਨਾਂ ਨੂੰ ਕੰਧਾਂ ਢੈਅ ਕੇ ਆਪਣੇ ਨਾਲ ਸੰਵਾਈ ਪਈਆਂ ਨੇ। ਤਰੁਣ ਪਰਿਸਰ ਦੀ ਬਾਊਂਡਰੀਵਾਲ ਉੱਤੇ ਬੈਠ ਜਾਂਦਾ ਹੈ...ਆਈਸਾਬੇਲਾ ਦੀ ਸਮਾਰਟ ਦੇਹ, ਉਸਦੀ ਤੋਪ ਵਾਂਗ ਹਰ ਵੇਲੇ ਗਰਜਦੀ ਰਹਿਣ ਵਾਲੀ ਮਾੱਮ ਤੇ ਗਿਟਾਰਾਂ ਨੂੰ ਜਾਂਚਦੇ ਹੋਏ ਡੈਡ–ਸਾਰੇ ਅੰਦਰ ਨੇ, ਇਕ-ਦੂਜੇ ਨਾਲ ਮੂਕ ਭਾਸ਼ਾ ਵਿਚ ਗੱਲਾਂ ਕਰ ਰਹੇ ਹੋਣਗੇ। ਆਈਸਾਬੇਲਾ ਉਸਨੂੰ ਚੰਗੀ ਲੱਗਦੀ ਸੀ ਭਾਵੇਂ ਉਸ ਨਾਲੋਂ ਉਮਰ ਵਿਚ ਕੁਝ ਵੱਡੀ ਸੀ। ਉਸਦੇ ਡੈਡ, ਗੁਜਰਾਤ ਵਿਚ ਪਨਪ ਰਹੀ ਹੋਟਲ ਸੰਸਕ੍ਰਿਤੀ ਤੇ ਪਾਪ ਮਿਊਜਿਕ ਨੂੰ ਲੈ ਕੇ ਖਾਸੇ ਖੁਸ਼ ਸਨ। ਡਾਂਡੀਆ ਨੂੰ ਡੰਡਾ ਡਾਂਸ ਕਹਿ ਕੇ ਮਜ਼ਾਕ ਉਡਾਉਂਦੇ ਸਨ ਪਰ ਆਪਣੀ ਬੇਟੀ ਨੂੰ ਸਾਬਰਮਤੀ ਨਾਲ ਲੱਗਦੀ ਕਾਲੋਨੀ ਵਿਚ ਅਸ਼ਰਫ ਖਾਨ ਦੀਆਂ ਬਾਹਾਂ ਵਿਚ ਦੇਖ ਕੇ ਗਿਟਾਰ ਸੁੱਟ ਕੇ, ਬੰਦੂਕ ਚੁੱਕ ਲਿਆਏ ਸਨ।...ਤੇ ਵੈਦਨਾਥ ਨਾਗਰ ਕਾ ਪਰਿਵਾਰ। ਮਾਤਾ, ਪਿਤਾ, ਪਤਨੀ, ਆਯਾ ਤੇ ਬੱਚਾ ਅਭਿਗਿਆਤ। ਸਭ ਦਬ ਗਏ। ਹੇਠਾਂ ਲਾਨ ਵਿਚ ਜਦੋਂ ਆਯਾ ਬੱਚੇ ਨੂੰ ਖਿਡਾ ਰਹੀ ਹੁੰਦੀ, ਤਾਂ ਅਭਿਗਿਆਨ ਤਰੁਣ ਨੂੰ ਦੇਖ ਕੇ ਕਿਲਕਾਰੀਆਂ ਮਾਰਨ ਲੱਗ ਪੈਂਦਾ...ਤੇ ਤਰੂਣ ਦੀ ਸਾਰੀ ਉਦਾਸੀ ਪਲਾਂ-ਛਿਣਾ ਵਿਚ ਕਾਫੂਰ ਹੋ ਜਾਂਦੀ। ਹੋਰ ਲੋਕ ਵੀ ਸਨ...ਕਿਸਲਯ ਚਟਰਜੀ, ਜਿਸਨੇ ਫਲੈਟ ਵਿਚ ਹੀ ਸਟੂਡੀਓ ਖੋਹਲਿਆ ਹੋਇਆ ਸੀ। ਸਨਾਥ ਮੇਹਤਾ...ਸਾਰੇ ਹੀ ਤਾਂ ਗਏ। ਸਿਫਰ ਫਸਟ ਫਲੋਰ ਦੇ ਦੋ ਪਰਿਵਾਰ ਬਚੇ ਸੀ। ਮੇਹਤੇ ਦੀ ਪਤਨੀ ਨੂੰ ਕੁੱਤਿਆਂ ਤੋਂ ਅਲਰਜੀ ਸੀ ਤੇ ਕੱਲ੍ਹ ਸਵੇਰੇ ਹੀ ਸਰਕਾਰੀ ਕੁੱਤਾ ਚਾਰੇ ਪਾਸੇ ਘੁੰਮ-ਘੁੰਮ ਉਸਦੇ ਪ੍ਰਾਣਾ ਦੀ ਬੂ ਸੁੰਘਣ ਵਿਚ ਅਸਫਲ ਹੋ ਕੇ ਪਰਤ ਆਇਆ ਸੀ। ਜਿਊਂਦੀ ਹੁੰਦੀ ਤਾਂ ਚੀਕਣ ਨਾ ਲੱਗ ਪੈਂਦੀ ਵਿਰੋਧ ਕਰਦੀ। ਪਰ ਕੁੱਤਾ ਭੌਂਕਿਆ ਤੱਕ ਨਹੀਂ।
ਤਰੁਣ ਹਵਾ ਵਿਚ ਵੱਸੀ ਠਾਰੀ ਨੂੰ ਮਹਿਸੂਸ ਕਰਕੇ ਪਾਈ ਹੋਈ ਵਿੰਡਸ਼ੀਟਰ ਦੇ ਬਟਨ ਬੰਦ ਕਰ ਲੈਂਦਾ ਹੈ ਤੇ ਮਫ਼ਲਰ ਕੰਨਾਂ ਦੁਆਲੇ ਲਪੇਟ ਲੈਂਦਾ ਹੈ। ਦੋਹੇਂ ਚੀਜਾਂ ਹੀ ਬੜੌਦੇ ਤੋਂ ਉਸ ਲਈ ਮਯੰਕ ਲੈ ਕੇ ਆਇਆ ਹੈ। ਤਰੁਣ ਅੱਖਾਂ ਮੀਚ ਲੈਂਦਾ ਹੈ...ਸਭ ਕੁਝ ਵੇਚ ਵੱਟ ਕੇ ਪੰਜ ਮੰਜ਼ਿਲੇ ਮਕਾਨ ਦੇ ਕਿਰਾਏ 'ਤੇ ਐਸ਼ ਕਰਦੇ ਸੀ ਉਸਦੇ ਪਿਤਾ ਨਰੇਸ਼ ਪਾਰੀਖ ! ਸੋਚਦਾ ਰਹਿੰਦਾ ਹੈ ਤਰੁਣ। ਮਲਬੇ ਹੇਠ ਦਬੀ ਕਿਸੇ ਘੜੀ ਦੀ ਟਿਕ ਟਿਕ, ਮਲਬੇ ਉੱਪਰ ਘੁੰਮਦੇ ਪ੍ਰਛਾਵਿਆਂ ਨੂੰ ਵੀ ਵਿਅਸਤ ਰੱਖਦੀ ਹੈ।
ਟੈਂਟ ਦੇ ਅੰਦਰ ਪਸਰੀ ਚੁੱਪ, ਪੇਟ੍ਰੋਮੈਕਸ ਦੀ ਰੌਸ਼ਨੀ, ਚਾਰ ਬਿਸਤਰਿਆਂ ਉੱਪਰ ਲੇਟੇ ਬੇਹੋਸ਼ਾਂ ਵਰਗੇ ਜ਼ਖ਼ਮੀ, ਹਿੱਲਦੀ ਹੋਈ ਕਨਾਤ ਤੇ ਕਦੀ ਕਦੀ ਉੱਪਰ ਚੁੱਕਿਆ ਜਾਂਦਾ ਤੰਬੂ ! ਮਯੰਕ ਪੰਜਵੇਂ ਖਾਲੀ ਬਿਸਤਰੇ ਵੱਲ ਦੇਖਦਾ ਹੈ। ਉਸ ਉੱਪਰ ਲੇਟੇ ਜ਼ਖ਼ਮੀ ਨੂੰ ਮੌਤ, ਦਰਦ ਤੇ ਬੇਹੋਸ਼ੀ ਤੋਂ ਛੁਟਕਾਰਾ ਦੇ ਚੁੱਕੀ ਸੀ। ਤਰੁਣ ਮੋਟੀ ਚਾਦਰ ਵਿਚ ਲਿਪਟੀ ਲਾਸ਼ ਦੇ ਨਾਲ ਸ਼ਮਸ਼ਾਨ ਘਾਟ ਗਿਆ ਸੀ। ਵਾਪਸ ਆ ਕੇ ਦੱਸ ਰਿਹਾ ਸੀ...'ਬੜੀਆਂ ਵੱਡੀਆਂ ਚਿਤਾਵਾਂ ਸਨ। ਇਕ ਉੱਤੇ ਪੈਂਤਾਲੀ ਲਾਸ਼ਾਂ ਸੜ ਰਹੀਆਂ ਸਨ। ਲੈ ਜਾਈ ਗਈ ਲਾਸ਼ ਨੂੰ ਦੂਜੀ ਚਿਤਾ ਉੱਤੇ ਪਾ ਦਿੱਤਾ ਗਿਆ। ਚਾਲ੍ਹੀ ਲਾਸ਼ਾਂ ਪਹਿਲਾਂ ਪਈਆਂ ਸਨ। ਚਾਰ ਮੁਰਦੇ ਹੋਰ ਆਉਣ ਪਿੱਛੋਂ ਉਸਨੂੰ ਚਿਤਾ ਨੂੰ ਅੱਗ ਦਿੱਤੀ ਜਾਣੀ ਸੀ।' ਸਾਮੂਹਿਕ ਵਿਆਹਾਂ ਦੀ ਗੱਲ ਤਾਂ ਸੁਣੀ ਸੀ ਮਯੰਕ ਨੇ, ਹੁਣ ਸਾਮੂਹਿਕ ਦਾਹ ਵੀ ਸ਼ੁਰੂ ਹੋ ਗਏ। ਅਜਿਹੀ ਹਾਲਤ ਵਿਚ ਪੰਡਤ ਸੋਚਦਾ ਹੋਏਗਾ...ਇਕ ਇਕ ਕਰਕੇ ਮਰਦੇ ਤਾਂ ਲੱਖ-ਪਤੀ ਬਣ ਜਾਂਦਾ। ਧਰਮ ਦੀ ਵੀ ਤਾਂ ਹੁਣ ਦੇਹ ਹੀ ਬਚੀ ਹੈ ਧਰਤੀ ਉੱਪਰ, ਆਤਮਾ ਕਦੇ ਦੀ ਕੂਚ ਕਰ ਗਈ ਹੈ ਕਿਤੇ।
ਦੱਸਦਿਆਂ ਹੋਇਆਂ ਤਰੁਣ ਦੇ ਚਿਹਰੇ ਉੱਤੇ ਆਤੰਕ ਜਾਂ ਦਰਦ ਦਾ ਕੋਈ ਆਸਾਰ ਨਹੀਂ ਸੀ ਆਇਆ। ਪਰ ਜਦੋਂ ਦਸ ਰਿਹਾ ਸੀ ਕਿ ਉੱਥੇ ਖ਼ੂਬ ਗਰਮੀ ਸੀ, ਉਸਦੇ ਚਿਹਰੇ ਉੱਤੇ ਇਕ ਚਮਕ ਫੈਲ ਗਈ ਸੀ। ਉਸਨੇ ਬੁੱਲ੍ਹਾਂ ਨੂੰ ਰਤਾ ਤਿਰਛੇ ਕਰਕੇ ਕਿਹਾ ਸੀ, “ਡਿਊਟੀ ਉੱਪਰ ਮੌਜੂਦ ਪੁਲਿਸ ਵਾਲਾ ਪੱਥਰ ਦੀ ਬੈਂਚ ਉੱਤੇ ਉਬਾਸੀਆਂ ਲੈ ਰਿਹਾ ਸੀ ਜਿਵੇਂ ਟੀ.ਵੀ. ਉੱਤੇ ਲਹਿਰ ਨਮਕੀਨ ਦਾ ਇਸ਼ਤਿਹਾਰ ਚੱਲ ਰਿਹਾ ਹੋਵੇ...'ਕੀ ਕਰੀਏ ? ਕੰਟਰੋਲ ਹੀ ਨਹੀਂ ਹੁੰਦਾ ਪਿਆ'।”
ਮਯੰਕ ਨੂੰ ਲੱਗਿਆ ਜਿੱਥੇ ਜਿੱਥੇ ਜ਼ਿੰਦਗੀ ਹੈ, ਉੱਥੇ ਉੱਥੇ ਠੰਡ ਹੈ। ਗਰਮੀ ਦੇ ਸਾਰੇ ਹੱਕ ਮੁਰਦਿਆਂ ਕੋਲ ਚਲੇ ਗਏ ਨੇ। ਫੇਰ ਵੀ ਸ਼ਮਸ਼ਾਨ ਅੰਦਰ ਪ੍ਰਵੇਸ਼ ਕਰਨ ਤੋਂ ਲੋਕ ਕਤਰਾਉਂਦੇ ਨੇ। ਇਕ ਦੂਜੇ ਨਾਲ ਲੱਗ ਕੇ ਸੌਣ ਲਈ ਵੀ ਖ਼ੁਦ ਨੂੰ ਰਾਜੀ ਨਹੀਂ ਕਰ ਸਕਦੇ ਜਦਕਿ ਮੁਰਦੇ ਦੇ ਨਾਲ ਮੁਰਦਾ ਪੈ ਜਾਵੇ, ਭਾਵੇਂ ਜਿਊਂਦਾ...ਉਸਨੂੰ ਕੋਈ ਫਰਕ ਨਹੀਂ ਪੈਂਦਾ। ਜਾਤਪਾਤ, ਧਰਮ, ਗਰੀਬੀ ਤੇ ਅਮੀਰੀ ਦੀ ਬੂ ਤੋਂ ਆਦਮੀ ਮਰ ਕੇ ਹੀ ਮੁਕਤ ਹੋ ਸਕਦਾ ਹੈ ਸ਼ਾਇਦ। ਕੁਝ ਚਿਰ ਲਈ ਮਯੰਕ ਦੀਆਂ ਅੱਖਾਂ ਸਾਹਵੇਂ ਗਰਮ ਰੌਸ਼ਨੀ ਫੈਲ ਜਾਂਦੀ ਹੈ, ਜਿਵੇਂ ਕੈਂਪ-ਫਾਇਰ ਚੱਲ ਰਿਹਾ ਹੋਏ ਆਸ-ਪਾਸ। ਫੇਰ ਇਕ ਹਊਕਾ ਜਿਹਾ ਨਿਕਲਦਾ ਹੈ...ਸ਼ਮਸ਼ਾਨ ਵਿਚ ਹਨੇਰਾ ਹੁੰਦਾ ਹੈ, ਧੂੰਆਂ ਹੁੰਦਾ ਹੈ, ਹੋਰ ਕੁਝ ਨਹੀਂ। ਉੱਥੇ ਸਿਰਫ ਵਰਤਮਾਨ ਨੂੰ ਅਤੀਤ ਬਣਾਉਣ ਜਾਂਦੇ ਨੇ ਲੋਕ।
ਮਯੰਕ ਨੇ ਅਪ੍ਰਿਤਾ ਦੀ ਸੱਟ ਬਾਰੇ ਡਾਕਟਰ ਤੋਂ ਪੁੱਛ ਲਿਆ ਹੈ। ਡਾਕਟਰ ਦਾ ਸਹੀ ਨਾਂ ਨੂਨ ਜਾਂ ਨੂ ਕੁਝ ਅਜਿਹਾ ਹੀ ਹੈ। ਉਸਨੂੰ ਹਿੰਦੀ ਜਾਂ ਅੰਗਰੇਜ਼ੀ ਨਹੀਂ ਆਉਂਦੀ, ਸਿਰਫ ਸੱਟ, ਤੇ ਇਲਾਜ਼ ਨਾਲ ਮਤਲਬ ਹੁੰਦਾ ਹੈ। ਨਾਲ ਆਈ ਜਾਪਾਨੀ ਨਰਸ ਹਿੰਦੀ ਵਿਚ ਦੱਸਦੀ ਰਹੀ...'ਸਿਰ ਦੀ ਸੱਟ ਘਾਤਕ ਨਹੀਂ। ਲੱਕ ਤੇ ਕੁਹਨੀਂ ਦਾ ਜ਼ਖ਼ਮ ਵੀ ਬਹੁਤਾ ਨਹੀਂ।' ਪਰ ਗੁੱਝੀਆਂ ਸੱਟਾਂ ਵਧੇਰੇ ਦੁਖਦਾਈ ਹੁੰਦੀਆਂ ਨੇ। 'ਸੱਟਾਂ ਨਾਲੋਂ ਵੱਧ ਹਾਦਸੇ ਤੋਂ ਭੈ-ਭੀਤ ਹੈ ਇਹ ਔਰਤ। ਨੀਂਦ ਦਾ ਇੰਜੈਕਸ਼ਨ ਅੱਜ ਵੀ ਦਿੱਤਾ ਏ। ਸਵੇਰ ਤਕ ਹੋਸ਼ ਆ ਜਾਏਗਾ।'
ਸ਼ਾਇਦ ਮਯੰਕ ਅਹਿਮਦਾਬਾਦ ਆਉਂਦਾ ਵੀ ਨਾ। ਉਸਨੇ ਤਾਂ ਅੰਜਾਰ ਜਾਣਾ ਸੀ। ਦੋ ਜੂਨੀਅਰ ਰਿਪੋਰਟਰਾਂ ਨੇ ਭੁਜ ਤੇ ਅਹਿਮਦਾਬਾਦ ਆਉਣਾ ਸੀ। ਦੂਸਰੀਆਂ ਥਾਵਾਂ ਤੇ ਆਸੇ-ਪਾਸੇ ਦੇ ਰਿਪੋਰਟਰਾਂ ਨੂੰ ਕਵਰ ਕਰਨਾ ਸੀ ਪਰ ਪਤਾ ਨਹੀਂ ਕਿੰਜ ਤਰੁਣ ਨੇ ਫੌਜੀ ਫੋਨ ਦੀ ਲਿੰਕ ਲਾਈਨ ਰਾਹੀਂ, ਛੱਬੀ ਦੀ ਰਾਤ ਨੂੰ, ਬੜੌਦੇ ਤੋਂ ਨਿਕਲਣ ਤੋਂ ਪਹਿਲਾਂ ਹੀ, ਸੰਪਰਕ ਕਰ ਲਿਆ ਸੀ। ਭੁਜ ਜਾਂ ਅੰਜਾਰ ਨਾ ਜਾ ਸਕਣ ਦਾ ਅਫਸੋਸ ਹੋਇਆ ਸੀ ਕਿਉਂਕਿ ਉੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਸੀ, ਪਰ ਐਡੀਟਰ ਨਾਨੂਭਾਈ ਦੇਸਾਈ ਨੇ ਸਮਝਾਇਆ ਸੀ, “ਬੜਾ ਨੁਕਸਾਨ ਹੋਇਆ ਏ ਓਥੇ ਵੀ। ਅੰਜਾਰ ਵਿਚ ਵੀ ਰਾਸ਼ਟਰ ਪ੍ਰੇਮ ਦੇ ਗੀਤ ਗਾਉਂਦੇ ਸੈਂਕੜੇ ਸਕੂਲੀ ਬੱਚੇ ਗਲੀਆਂ ਦੀਆਂ ਕੰਧਾਂ ਵਿਚਕਾਰ ਜ਼ਿੰਦਗੀ ਗੁਆ ਬੈਠੇ। ਕੋਈ ਕੈਰੀਅਰ ਦੀ ਧੁਨ ਵਿਚ ਸਕੂਲ ਗਿਆ ਸੀ। ਗਣਤੰਤਰ ਦਿਹਾੜੇ ਦੀ ਛੁੱਟੀ ਹੁੰਦੇ ਹੋਏ ਵੀ ਉਹ ਘਰ ਵਾਪਸ ਨਹੀਂ ਆਇਆ। ਬੱਚਿਆਂ ਨੂੰ ਦੁੱਧ ਪਿਲਾਂਦੀਆਂ ਮਾਂਵਾਂ, ਅਖ਼ਬਾਰ ਪੜ੍ਹਦੇ ਲੋਕ, ਬੀਮਾਰ ਪਿਤਾ ਦੀ ਸੇਵਾ ਵਿਚ ਲੱਗੇ ਨੌਜਵਾਨ, ਜ਼ਿੰਦਗੀ ਦੀ ਰੌਅ ਨਾਲ ਭਰੇ ਬੱਚੇ, ਨੌਜਵਾਨ...ਸਾਰੇ ਆਪੋ ਆਪਣੇ ਨਿੰਦਰਾ-ਵਣ ਵਿਚ ਸਦੀਵੀਂ ਨੀਂਦਾ ਸੌਂ ਗਏ। ਇਹ ਟ੍ਰੈਜ਼ਡੀ ਇਮਾਰਤਾਂ ਤੇ ਇਨਸਾਨਾਂ ਨੂੰ ਖਾ ਗਈ। ਓਨਾਂ ਨੁਕਸਾਨ ਨਹੀਂ ਹੋਇਆ ਅਹਿਮਦਾਬਾਦ ਵਿਚ। ਪਰ ਉਹ ਸ਼ਹਿਰ ਸਾਡੇ ਲਈ ਖਾਸ ਇੰਮਪਾਰਟੈਂਟ ਹੈ। ਓਥੇ ਆਪਣੇ ਪਬਲੀਕੇਸ਼ਨਸ ਦੇ ਬੋਰਡ ਦਾ ਚੇਅਰਮੈਨ ਰਹਿੰਦਾ ਏ। ਬੜਾ ਵੱਡਾ ਬਿਜਨੇਸਮੈਨ ਏਂ। ਵਿਸ਼ਾਲ ਇਮਾਰਤਾਂ ਡਿੱਗੀਆਂ ਨੇ...ਬਿਲਡਰ, ਮਾਫੀਆ, ਬਿਜਨੇਸ ਤੇ ਪਾਲੀਟੀਕਲ ਸਕੂਪਸ ਨੇ ਉੱਥੇ ਤੇ ਸਭ ਤੋਂ ਪਹਿਲਾਂ ਫਾਰੇਨ ਏਡ ਉੱਥੇ ਹੀ ਲਾਂਚ ਹੋਏਗੀ। ਰੇਸਕਿਊ ਆਪਰੇਸ਼ਨਸ ਦੀ ਗਹਿਰਾਈ ਦਾ ਪਤਾ ਲੱਗੇਗਾ। ਨਾਲੇ ਤੁਹਾਡੇ ਰਿਲੇਟਿਵ ਵੀ ਤਾਂ ਉੱਥੇ ਈ ਨੇ। ਤੁਸੀਂ ਹੋਰਾਂ ਵਾਂਗ ਖਬਰਾਂ ਨਹੀਂ ਸੁਰਖ਼ੀਆਂ ਭੇਜ ਸਕੋਗੇ।”
ਮਯੰਕ ਸਿਲ-ਪੱਥਰ ਹੋਇਆ ਦੇਖ ਰਿਹਾ ਹੈ...ਐਡੀਟਰ ਦੀਆਂ ਅੱਖਾਂ ਵਿਚ ਖਬਰਾਂ ਦੀ ਰੀਲ੍ਹ ਚੱਲ ਰਹੀ ਸੀ ਜਿਸ ਵਿਚ ਹਰ ਲਾਸ਼ ਉੱਤੇ ਟਾਰਚ ਦੀ ਰੌਸ਼ਨੀ ਪੈ ਰਹੀ ਸੀ। ਸੁਰਖ਼ੀਆਂ ਵਿਚ ਨੇਤਾ, ਬਿਲਡਰ ਤੇ ਉੱਚੀਆਂ ਢੱਠੀਆਂ ਇਮਾਰਤਾਂ ਉੱਪਰ ਸਰਚ-ਲਾਈਟ ਘੁੰਮ ਰਹੀ ਸੀ। ਭੁੱਖ, ਮੌਤ ਦਾ ਸੰਨਾਟਾ, ਅਨਾਥ ਹੋਏ ਬੱਚਿਆਂ ਦੇ ਕੁਰਲਾਹਟ ਤੇ ਟੁੱਟੀਆਂ ਚੂੜੀਆਂ ਦੇ ਢੇਰ ਨਾਲ ਉਹਨਾਂ ਖਬਰਾਂ ਦਾ ਕੋਈ ਵਾਸ਼ਤਾ ਨਹੀਂ ਸੀ। ਸ਼ਾਇਦ ਖਬਰਾਂ ਦੀ ਬਿਸਾਤ ਉੱਤੇ ਇਨਸਾਨ ਸਿਰਫ ਇਕ ਮੋਹਰਾ ਹੁੰਦਾ ਹੈ। ਭੁਜ ਮਿਟੇ ਜਾਂ ਅੰਜਾਰ, ਲਾਤੂਰ ਟੁੱਟੇ ਜਾਂ ਉਤਰਕਾਂਸ਼ੀ, ਖਬਰ ਤਾਂ ਅਹਿਮਦਾਬਾਦ ਦੀਆਂ ਉੱਚੀਆਂ ਇਮਾਰਤਾਂ ਦੀ ਵੱਡੀ ਹੁੰਦੀ ਹੈ। ਜੇ ਦਿੱਲੀ ਢਹਿ ਜਾਂਦੀ ਤਾਂ ਬੜੀ ਵੱਡੀ ਖਬਰ ਬਣਦੀ, ਕਿਉਂਕਿ ਉੱਥੇ ਰਾਸ਼ਟਰਪਤੀ, ਪ੍ਰਧਾਨਮੰਤਰੀ, ਮੰਤਰੀਆਂ ਦੇ ਸਕੱਤਰ ਤੇ ਸਰਮਾਏਦਾਰ ਰਹਿੰਦੇ ਨੇ।
ਕਿੰਨਾਂ ਕੁਝ ਜਾਣ ਗਏ ਨੇ ਲੋਕ, ਐਨਵਾਇਰਮੈਂਟ ਤੇ ਇਕਾਲਾਜਿਕਲ ਬੈਲੇਂਸ ਬਾਰੇ, ਪਰ ਠੇਕੇਦਾਰ, ਦਲਾਲ ਤੇ ਰਾਜਨੀਤਕ ਮਿਲ ਕੇ ਉਹਨਾਂ ਨੂੰ ਬਰਬਾਦ ਕਰਨ 'ਤੇ ਤੁਲੇ ਹੋਏ ਨੇ। ਮਯੰਕ ਨੂੰ ਯਾਦ ਆਈ ਦਿੱਲੀ ਤੋਂ ਆਏ ਰਾਜੀਵ ਖੁਰਾਣਾ ਦੀ, ਜਿਹੜੇ ਹੁਣ ਬੜੌਦੇ ਵਿਚ ਆਪਣਾ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਕਰ ਚੁੱਕੇ ਨੇ। ਜਗਮੋਹਨ, ਕੇਂਦਰੀ ਮੰਤਰੀ 'ਤੇ ਤਪਿਆ ਰਹਿੰਦਾ ਸੀ, ਜਿਸ ਕਰਕੇ ਉਹਨਾਂ ਦੇ ਫਾਰਮ ਹਾਊਸ ਦੀ ਇਮਾਰਤ ਢੱਠੀ ਸੀ ਤੇ ਕਈ ਇਮਾਰਤਾਂ ਨੀਂਹ ਪੁੱਟਣ ਤੋਂ ਅੱਗੇ ਨਹੀਂ ਸਨ ਵਧ ਸਕੀਆਂ...'ਸਾਲਾ ਯਕਦਮ ਤਾੜ ਦਾ ਰੁੱਖ ਏ...ਜਿੰਨਾਂ ਚੜ੍ਹੋ, ਓਨਾਂ ਹੀ ਉੱਚਾ ਹੁੰਦਾ ਜਾਂਦਾ ਈ।'
ਮਯੰਕ ਨੂੰ ਲੱਗਦਾ ਹੈ ਕਿ ਅਪ੍ਰਿਤਾ ਦੇ ਮੂੰਹੋ ਕਰਾਹ ਨਿਕਲੀ ਹੈ। ਝੁਕ ਕੇ ਚਿਹਰਾ ਦੇਖਿਆ, ਪਰ ਅਪ੍ਰਿਤਾ ਤਾਂ ਨੀਮ ਬੇਹੋਸ਼ੀ ਵਿਚ ਪਈ ਸੀ। ਉਸਨੂੰ ਤਾਂ ਇਹ ਵੀ ਪਤਾ ਨਹੀਂ ਹੋਏਗਾ ਕਿ ਡੋਲਦੀ ਬਾਲਕੋਨੀ ਦੀ ਰੇਲਿੰਗ ਤੋਂ ਕਿੰਜ ਤਿਲ੍ਹਕ ਕੇ ਹੇਠਾਂ ਡਿੱਗੀ ਸੀ। ਮਲਬੇ ਉੱਤੇ ਡਿੱਗੀ ਸੀ ਅਪ੍ਰਿਤਾ, ਨਹੀਂ ਤਾਂ ਕੀ ਕੁਝ ਸਬੂਤਾ ਬਚਦਾ? ਕੈਸੀ ਸੁਡੌਲ ਦੇਹ ਹੈ? ਸ਼ਾਦੀ ਤੋਂ ਪੰਜ ਸਾਲ ਪਿੱਛੋਂ ਵੀ ਨਰੇਂਦਰ ਪਾਰੀਖ ਇਸ ਨੂੰ ਸ਼ੀਸ਼ਮ ਦੀ ਲਟੈਣ ਕਹਿੰਦਾ ਸੀ। ਹੁਣ ਮਲਬੇ ਵਿਚ ਦਬੀ ਉਸਦੀ ਲਾਸ਼ ਕੀ, ਕੁਛ ਸੋਚ ਸਕਦੀ ਹੋਏਗੀ? ਕੀ ਅਪ੍ਰਿਤਾ ਨੂੰ ਪਤਾ ਹੈ ਕਿ ਉਹ ਵਿਧਵਾ ਹੈ? ਇਹ ਖ਼ਿਆਲ ਮਯੰਕ ਨੂੰ ਝੰਜੋੜ ਦੇਂਦਾ ਹੈ ਪਰ ਛੇਤੀ ਹੀ ਉਹ ਆਪਣੀ ਅਸਥਿਰਤਾ ਨੂੰ ਸਥਿਰ ਕਰ ਲੈਂਦਾ ਹੈ, ਇਹ ਸੋਚ ਕੇ ਕਿ ਅਪ੍ਰਿਤਾ ਨੇ ਤਾਂ ਕਦੀ ਆਪਣੇ ਆਪ ਨੂੰ ਸੁਹਾਗਨ ਵੀ ਨਹੀਂ ਮੰਨਿਆਂ ਸੀ। ਪਾਰੀਖ ਭਵਨ ਦੇ ਬਗੀਚੇ ਵਿਚ ਕਿੱਕਰ ਦਾ ਰੁੱਖ ਸੀ ਉਹ।
ਮਯੰਕ ਦਿਮਾਗ ਉੱਤੇ ਜ਼ੋਰ ਪਾ ਕੇ ਅੰਦਾਜ਼ਾ ਲਾਉਣਾ ਚਾਹੁੰਦਾ ਹੈ ਕਿ ਜਦੋਂ ਤਰੁਣ ਅਪ੍ਰਿਤਾ ਨੂੰ ਚੁੱਕ ਕੇ ਬਾਲਕੋਨੀ ਵੱਲ ਦੌੜਿਆ ਤੇ ਅਪ੍ਰਿਤਾ ਡਿੱਗ ਪਈ ਤਾਂ ਕੀ ਤਰੁਣ ਨੇ ਬਾ (ਮਾਂ) ਕਹਿ ਕੇ ਬੁਲਾਇਆ ਹੋਏਗਾ? ਨਹੀਂ, ਸ਼ਾਇਦ ਨਹੀਂ। ਨਾ ਹੀ ਤਰੁਣ ਨੇ ਤੇ ਨਾ ਹੀ ਅਪ੍ਰਿਤਾ ਨੇ ਇਹ ਰਿਸ਼ਤਾ ਸਵੀਕਾਰ ਕੀਤਾ ਸੀ।
ਫੇਰ ਕਿਆਮਤ ਵੇਲੇ ਉਸੇ ਨੂੰ ਕਿਉਂ ਫੋਨ ਕੀਤਾ ਤਰੂਣ ਨੇ? ਸ਼ਾਦੀ ਦੇ ਦੋ ਮਹੀਨੇ ਬਾਅਦ ਹੀ, ਫੋਨ 'ਤੇ ਪਤੀ ਬਾਰੇ ਦੱਸਦਿਆਂ ਹੋਇਆਂ ਮਤਰਏ ਪੁੱਤਰ ਤਰੂਣ ਬਾਰੇ ਵੀ ਦਸਿਆ ਸੀ ਅਪ੍ਰਿਤਾ ਨੇ, “ਸੋਲਾਂ ਸਾਲਾਂ ਦਾ ਐ। ਸਭ ਸਮਝਦਾ ਐ। ਮੇਰੀ ਗੈਰ-ਮੌਜ਼ੂਦਗੀ ਵਿਚ ਪਤਾ ਨਹੀਂ ਕਿਸ ਤਰ੍ਹਾਂ ਟਰੰਕ ਦਾ ਜ਼ਿੰਦਰਾ ਖੋਹਲ ਕੇ ਮੇਰੀ ਡਾਇਰੀ ਤੇ ਤੇਰੇ ਖ਼ਤ, ਜਿਹੜੇ ਮੈਂ ਲੁਕਾ ਕੇ ਰੱਖਦੀ ਸਾਂ, ਪੜ੍ਹ ਗਿਆ।”
“ਫੇਰ ਤਾਂ ਪਿਓ ਨੂੰ ਦੱਸ ਦਿੱਤਾ ਹੋਏਗਾ?” ਮਯੰਕ ਨੇ ਕਿਹਾ ਸੀ।
“ਨਾ। ਲੜਾਈ ਦੇ ਬਜਾਏ ਮੇਰੀ ਖੁੱਲ੍ਹ ਕੇ ਗੱਲ ਹੋਈ...ਉਹ ਜਿੰਨੀ ਦੂਰੀ ਮੈਥੋਂ ਰੱਖਦੈ, ਉਸ ਨਾਲੋਂ ਵੱਧ ਨਫ਼ਰਤ ਆਪਣੇ ਪਿਓ ਨਾਲ ਕਰਦੈ। ਸ਼ਾਇਦ ਮੇਰੇ ਨਾਲ ਨਫ਼ਤਰ ਵੀ ਨਹੀਂ ਕਰਦਾ। ਸਿਰਫ ਸੰਬੰਧ ਤੇ ਸੰਬੋਧਨਹੀਣ ਰਿਸ਼ਤਾ ਐ ਸਾਡਾ। ਮੇਰੀ ਮਜ਼ਬੂਰੀ 'ਤੇ ਭੜਕਿਆ ਜ਼ਰੂਰ ਸੀ...'ਕਦੋਂ ਤਕ ਇੰਜ ਅਬਲਾ ਬਣੀ ਰਹੇਂਗੀ?'”
“ਇੰਜ ਕਿਉਂ?” ਪੁੱਛਿਆ ਸੀ ਮਯੰਕ ਨੇ।
“ਅੜਤਾਲੀ ਦੀ ਉਮਰ ਵਿਚ ਇਕੀ-ਬਾਈ ਦੀ ਕੁੜੀ ਨਾਲ ਸ਼ਾਦੀ ਦਾ ਵਿਰੋਧ ਕੀਤਾ ਸੀ ਪੁੱਤਰ ਨੇ। ਉਹ ਤਾਂ ਚਾਹੁੰਦਾ ਸੀ ਕਿ ਪਿਤਾ ਸ਼ਾਦੀ ਨਾ ਕਰਨ। ਪੋਰਬੰਦਰ ਤੋਂ ਵਿਧਵਾ ਭੂਆ ਨੂੰ ਲੈ ਆਉਣ, ਘਰ ਸੰਭਾਲਨ ਲਈ।”
“ਫੇਰ ਕਿਉਂ ਕੀਤੀ ਸ਼ਾਦੀ ਪਾਰੀਖ ਨੇ?”
“ਔਰਤ...ਗਰਮ ਔਰਤ ਚਾਹੀਦੀ ਸੀ ਉਸਨੂੰ ਹਰ ਰਾਤ, ਇਸ ਲਈ ਮੈਨੂੰ ਮੇਰੇ ਭਰਾ ਤੋਂ ਖਰੀਦ ਲਿਆ, ਇਕ ਉੱਚੀ ਜਾਤ ਦੀ ਕੁੜੀ ਨੂੰ ਬਘੇਲਾ ਜਾਤ ਦੇ ਮੁੰਡੇ ਤੋਂ ਬਚਾਉਣ ਦੇ ਨਾਂ 'ਤੇ ਸਮਾਜ ਵੀ ਉਸਦੇ ਨਾਲ ਹੋ ਗਿਆ ਸੀ ਤੇ ਤੂੰ ਬੁਜਦਿਲ। ਤਰੁਣ ਸਾਨੂੰ ਦੋਹਾਂ ਨੂੰ ਕਾਇਰ ਕਹਿੰਦਾ ਐ। ਜਦ ਕਿ ਕਾਇਰਤਾ ਤੂੰ ਵਿਖਾਈ ਸੀ।”
“ਨਹੀਂ ਅਪ੍ਰਿਤਾ। ਤੇਰਾ ਭਰਾ ਕਹਿ ਗਿਆ ਸੀ ਕਿ ਅਪ੍ਰਿਤਾ ਨੂੰ ਜਾਨੋਂ ਮਾਰ ਦਏਗਾ ਜੇ ਉਸਨੇ ਮੇਰੇ ਨਾਲ ਸ਼ਾਦੀ ਕੀਤੀ ਤਾਂ। ਕੀ ਮੈਂ ਤੇਰੀ ਮੌਤ ਬਰਦਾਸ਼ਤ ਕਰ ਸਕਦਾ ਸੀ?”
ਹੱਸ ਪਈ ਸੀ ਅਪ੍ਰਿਤਾ...“ਭੈਣ ਨੂੰ ਵੇਚ ਕੇ ਪੈਸੇ ਵੱਟ ਕੇ ਅਮਰੀਕਾ ਚਲਾ ਗਿਆ। ਬਲੀ ਚੜ੍ਹਾ ਗਿਆ ਮੇਰੀ। ਕਹਿੰਦਾ ਸੀ ਬੜਾ ਵੱਡਾ ਸੇਠ ਐ ਨਰੇਂਦਰ ਪਾਰੀਖ। ਤੂੰ ਰਾਜ ਕਰੇਂਗੀ। ਤੂੰ ਇਨਕਾਰ ਕੀਤਾ ਤਾਂ ਮੈਂ ਜਹਿਰ ਖਾ ਲਵਾਂਗਾ। ਝੂਠਾ। ਬਲੈਕਮੇਲਰ।”
“ਹੁਣ ਕੀ ਹੋ ਸਕਦਾ ਏ ਅਪ੍ਰਿਤਾ। ਸੁਗਨ, ਤੇਰੇ ਭਰਾ ਨੇ ਹੀ ਨਹੀਂ, ਕਈ ਹੋਰ ਬਾਂਕਿਆਂ ਨੇ ਸਹੂੰ ਖਾਧੀ ਹੋਈ ਏ। ਬੜੌਦੇ ਵਿਚ ਹਜ਼ਾਰਾਂ ਪਾਰੀਖ, ਮਹਿਤੇ, ਗਾਂਧੀ ਤੇ ਕਈ ਹੋਰ ਵੀ ਸੀ ਸਾਨੂੰ ਜੂਦਾ ਕਰਨ ਵਾਲੇ। ਗਾਂਧੀ ਜੀ ਜਿਊਂਦੇ ਹੁੰਦੇ ਤੇ ਆਪਣੀ ਤਰਫਦਾਰੀ ਕਰਦੇ ਤਾਂ ਉਹਨਾਂ ਨੂੰ ਵੀ ਮਾਰ ਸੁੱਟਦੇ। ਅੱਜ ਜਾਤ ਤੋਂ ਉੱਪਰ ਕੁਝ ਨਹੀਂ ਹੈ।”
“ਪਰ ਮੈਂ ਅੱਜ ਵੀ ਤੇਰੀ ਆਂ ਮਯੰਕ।”
“ਮੈਂ ਵੀ। ਤੇਰਾ ਹੱਕ ਹਮੇਸ਼ਾ ਰਹੇਗਾ ਪਰ ਕੀ ਮੇਰਾ ਵੀ ਕੋਈ ਹੱਕ ਹੈ?”
“ਨਹੀਂ ਮਯੰਕ ਮੇਰੇ ਕਰਕੇ ਤੈਨੂੰ ਦੁੱਖ ਮਿਲਿਆ, ਪਰ ਬਲੀ ਤਾਂ ਮੈਨੂੰ ਹੀ ਚੜ੍ਹਾਇਆ ਗਿਆ। ਜੁਲਮ ਦਾ ਹਥਿਆਰ ਸਭ ਤੋਂ ਪਹਿਲਾਂ ਔਰਤ 'ਤੇ ਹੀ ਚੱਲਦਾ ਐ, ਕਿਉਂਕਿ ਤਨ ਤੇ ਮਨ ਕੋਮਲ ਹੁੰਦਾ ਐ ਉਹਦਾ।”
ਦੋਹੇਂ ਪਾਸੇ ਹਊਕੇ ਗੂੰਜੇ। ਫੇਰ ਅਪ੍ਰਿਤਾ ਫੁਸਫੁਸਾਈ ਸੀ, “ਬੰਦ ਕਰਦੀ ਆਂ। ਤਰੂਣ ਬਾਰ ਪਿੱਛੇ ਖੜ੍ਹਾ ਸੁਣ ਰਿਹੈ।”
“ਕਿਤੇ...”
“ਨਹੀਂ। ਉਹ ਕਿਸੇ ਨੂੰ ਕੁਝ ਨਹੀਂ ਦੱਸੇਗਾ। ਸਿਰਫ ਵਿਅੰਗ ਕਰੇਗਾ...'ਹੱਡੀਵਹੀਣੇ ਪਿਆਰ ਦੇ ਪ੍ਰਤੀਕ ਓ ਤੁਸੀਂ ਦੋਹੇਂ। ਗੁਸਤਾਖੀ ਸਮਝ ਪਰ ਮੈਂ ਤੈਨੂੰ 'ਬਾ' ਨਹੀਂ ਕਹਿ ਸਕਦਾ। ਕਿਉਂਕਿ ਤੇਰੇ ਕਾਰਨ ਮੇਰਾ ਬੜਾ ਨੁਕਸਾਨ ਹੋਇਐ'।”
ਦੋ ਸਾਲ ਤੋਂ ਵਧ ਸਮਾਂ ਬੀਤ ਗਿਆ। ਕਦੇ-ਕਦਾਰ ਅਪ੍ਰਿਤਾ ਮਯੰਕ ਨੂੰ ਫੋਨ ਕਰ ਲੈਂਦੀ ਸੀ। ਇਕ ਦਿਨ ਤਰੁਣ ਦਾ ਫੋਨ ਆਇਆ ਮਯੰਕ ਨੂੰ, “ਅਪ੍ਰਿਤਾ ਨੂੰ ਲੈ ਕਿਉਂ ਨਹੀਂ ਜਾਂਦੇ। ਮੇਰੇ ਪਿਓ ਨੇ ਆਪਣੀ ਜ਼ਰੂਰਤ ਲਈ ਇਕ ਰਖੈਲ ਰੱਖ ਲਈ ਏ।”
“ਜੇ ਅਪ੍ਰਿਤਾ ਨੂੰ ਲੈਣ ਆਵਾਂ, ਤਾਂ ਕੀ ਨਰੇਂਦਰ ਪਾਰੀਖ ਲਿਜਾਣ ਦੇਣਗੇ?”
ਕੁਝ ਛਿਣ ਲਈ ਆਵਾਜ਼ ਰੁਕ ਗਈ ਸੀ। ਫੋਨ ਉੱਤੇ ਸਾਹਾਂ ਦੀ ਆਵਾਜ਼ ਆਉਂਦੀ ਰਹੀ ਸੀ। ਫੇਰ ਅਚਾਨਕ ਹੀ ਤਰੁਣ ਦੀ ਆਵਾਜ਼ ਉਭਰੀ ਸੀ, “ਤੁਹਾਡੀ ਦੋਹਾਂ ਦੀ ਸਮੱਸਿਆ ਏ। ਤੁਸੀਂ ਆਪੁ ਸੁਲਝਾਓ।”
“ਤੂੰ ਕੀ ਚਾਹੁੰਦਾ ਏਂ?”
“ਦੋਹਾਂ ਨੇ ਮੈਨੂੰ ਦੁੱਖੀ ਕੀਤੈ...ਅਪ੍ਰਿਤਾ ਦੇ ਜਾਣ ਨਾਲ ਇਕ ਦੁੱਖ ਦੇਣ ਵਾਲਾ ਤਾਂ ਘੱਟ ਜਾਏਗਾ।”
“ਤਾਂ ਇਹ ਈ ਤੇਰੀ ਸੋਚ। ਕੀ ਅਪ੍ਰਿਤਾ ਨਾਲ ਗੱਲ ਕਰਵਾ ਸਕਦੈਂ?”
ਅਪ੍ਰਿਤਾ ਨੇ ਫੋਨ ਫੜ੍ਹਦਿਆਂ ਹੀ ਰੋਣਾ ਸ਼ੁਰੂ ਕਰ ਦਿੱਤਾ, “ਮਯੰਕ ਉਹ ਕਹਿੰਦੈ 'ਤੂੰ ਔਰਤ ਨਹੀਂ ਬਰਫ਼ ਦੀ ਸਿਲ ਏਂ,ਜਿਸਨੂੰ ਕੋਲ ਰੱਖ ਕੇ ਆਦਮੀ ਨੂੰ ਕਦੀ ਨੀਂਦ ਨਹੀਂ ਆ ਸਕਦੀ। ਸ਼ੀਸ਼ਮ ਦਾ ਮੁੱਢ ਏਂ ਤੂੰ ਜਿਸ ਨਾਲ ਟਕਰਾਂ ਮਾਰ ਕੇ ਬਸ ਆਪਣਾ ਸਿਰ ਭੰਨਿਆਂ ਜਾ ਸਕਦੈ।' ਮੈਂ ਉਸ ਰਖੈਲ ਨਿਰਮਲ ਬੇਨ ਦੀ ਹੱਤਿਆ ਕਰ ਦਿਆਂਗੀ।”
“ਉਸਦਾ ਕੀ ਫਾਇਦਾ ਹੋਏਗਾ?”
“ਮੇਰਾ ਹੋਏਗਾ ਫਾਇਦਾ। ਮੋਟਾ ਥੁਲਥੁਲ ਵਪਾਰੀ ਮੈਨੂੰ ਦੋਸ਼ ਦੇਂਦੈ।”
“ਕੀ ਬੜੀ ਸੋਹਣੀ ਏਂ ਨਿਰਮਲ ਬੇਨ?”
“ਪਤਾ ਨਹੀਂ ਚਾਲੀ-ਬਿਆਲੀ ਦੀ ਏ। ਸਤਾਰਾਂ ਦੀ ਤਾਂ ਇਕ ਕੁੜੀ ਵੀ ਐ ਨਾਲ। ਰਿਲਾਇੰਸ ਕੋਲ ਕੋਠੀ ਦੁਆਈ ਹੋਈ ਐ ਉਸਨੂੰ। ਮੈਨੂੰ ਕਿਹਾ ਜਾਂਦੈ...'ਤੂੰ ਕੋਈ ਜ਼ਨਾਨੀ ਏਂ? ਮਰਦ ਨੂੰ ਪਿਆਰ ਤੇ ਸੁਖ ਦੇਣਾ ਆਉਂਦਾ ਏ ਤੈਨੂੰ'?”
ਉੱਪਰ ਵਾਲੀ ਤ੍ਰਿਪਾਲ ਹਵਾ ਨਾਲ ਝੂਲ ਰਹੀ ਸੀ। ਮਯੰਕ ਅਤੀਤ 'ਚੋਂ ਵਰਤਮਾਨ ਵਿਚ ਆ ਗਿਆ। ਕੋਈ ਦੋ ਸੌ ਮੀਟਰ ਦੂਰ ਕਰੇਨ ਸਰਚਲਾਈਟ ਦੇ ਚਾਨਣ ਵਿਚ ਮੁੱਖ ਸੜਕ 'ਤੇ ਖਿੱਲਰਿਆ, ਇਮਾਰਤਾਂ ਦਾ ਮਲਬਾ ਹਟਾ ਰਹੀ ਸੀ। ਮਯੰਕ ਹੈਲਮੇਟ ਵਾਲੇ ਆਦਮੀ ਨੂੰ ਪੁੱਛਦਾ ਹੈ, “ਹੇਠਾਂ ਕੋਈ ਹੈ?”
“ਸੱਤ ਜਿਊਂਦੇ ਤੇ ਛੱਤੀ ਮੁਰਦੇ ਕੱਢੇ ਜਾ ਚੁੱਕੇ ਨੇ। ਕੀ ਹੇਠਾਂ ਕੋਈ ਬਚਿਆ ਹੋਏਗਾ?ਕੱਲ੍ਹ ਤਕ ਪਹੁੰਚ ਜਾਣਗੀਆਂ ਆਸਟ੍ਰੇਲੀਅਨ ਤੇ ਅਮਰੀਕਨ ਟੀਮਾਂ। ਉਹਨਾਂ ਕੋਲ ਵਧੀਆ ਕੁੱਤੇ, ਗੇਜੇਟਸ ਸਭ ਹੋਏਗਾ। ਇੰਡੀਆ ਵਿਚ ਕਰਾਇਸਿਸ ਮੈਨੇਜਮੈਂਟ ਦੀ ਤਿਆਰੀ ਨਹੀਂ ਹੁੰਦੀ। ਸੋਕੇ ਨਾਲ ਹੜ੍ਹਾਂ ਦਾ ਤੇ ਹੜ੍ਹਾਂ ਨਾਲ ਸੋਕੇ ਦਾ ਇਲਾਜ਼ ਹੁੰਦਾ ਰਹਿੰਦਾ ਏ।”
“ਤੁਸੀਂ ਤਾਂ ਪਾਰੀਖ ਭਵਨ ਦਾ ਮਲਬਾ ਚੁੱਕਵਾਉਣਾ ਸੀ ਪਹਿਲਾਂ?” ਮਯੰਕ ਪੁੱਛਦਾ ਹੈ।
“ਨੋ ਸਰ। ਅਜੇ ਫੁਰਸਤ ਕਿੱਥੇ? ਪੂਰੀ ਰਾਤ ਤੇ ਕੱਲ੍ਹ ਦੀ ਦੁਪਹਿਰ ਖਪ ਜਾਏਗੀ ਇਹਨਾਂ ਇਮਾਰਤਾਂ 'ਤੇ। ਇਹ ਕੰਮ ਅਰਜੇਂਟ ਏ, ਮਲਬੇ ਵਿਚ ਮੰਤਰੀ ਜੀ ਦਾ ਸਾਲਾ ਦਬਿਆ ਹੋਇਆ ਏ।”
ਮਯੰਕ ਘੜੀ ਦੇਖਦਾ ਹੈ। ਤਿੰਨ ਵੱਜੇ ਸਨ। ਰਾਤ ਠੰਡ ਵਿਚ ਲਿਪਟੀ, ਪੱਸਰੀ ਹੋਈ ਸੀ। ਦੱਖਣ ਵਾਲੇ ਪਾਸੇ ਮੈਦਾਨ ਵਿਚ ਲੋਕ ਖੁੱਲ੍ਹੇ ਆਸਮਾਨ ਹੇਠ ਕੰਬਲ, ਚਾਦਰਾਂ ਤਾਣੀ ਸੌਣ ਦੀ ਕੋਸ਼ਿਸ਼ ਵਿਚ ਜਾਗ ਰਹੇ ਸਨ। ਕੁਝ ਤੰਬੂ ਵੀ ਨਜ਼ਰ ਆ ਰਹੇ ਸਨ ਪਰ ਉਹਨਾਂ ਵਿਚ ਵੀ ਨੀਂਦ ਹਰਾਮ ਸੀ ਕਿਉਂਕਿ ਜਦੋਂ ਤਕ ਪਿਆਰਿਆਂ ਦੀਆਂ ਜਿਊਂਦੀਆਂ ਜਾਂ ਮੁਰਦਾ ਦੇਹਾਂ ਨਹੀਂ ਨਿਕਲ ਆਉਂਦੀਆਂ, ਉਦੋਂ ਤਕ ਉਹ ਆਪਣੀ ਸੁੱਧ-ਬੁੱਧ ਭੁੱਲੇ ਹੀ ਰਹਿਣਗੇ। ਮੁਰਦਿਆਂ ਨੂੰ ਸਾੜ ਕੇ ਸ਼ਾਇਦ ਗੂੜ੍ਹੀ ਨਹੀਂ ਸੌਂ ਸਕਣ।
ਇਕ ਟੈਂਟ ਵਿਚੋਂ ਟ੍ਰਾਂਜਿਸਟਰ ਉੱਤੇ ਖਬਰਾਂ ਆ ਰਹੀਆਂ ਸਨ। 'ਗੁਜਰਾਤ ਵਿਚ ਪਰਲੋ ਆਈ ਹੈ', ਖਬਰ ਪੜ੍ਹਨ ਵਾਲੇ ਨੇ ਕਿਹਾ ਸੀ। ਮਯੰਕ ਨੂੰ ਲੱਗਿਆ ਕਿ ਸੁਸਤ ਹਿੰਦੁਸਤਾਨ ਗੁਜਰਾਤ ਦੀ ਟ੍ਰੈਜਡੀ ਨੂੰ ਲੈ ਕੇ ਜਾਗ ਪਿਆ ਹੋਏਗਾ। ਫੇਰ ਉਸਨੂੰ ਲੱਗਿਆ ਕਿ ਉਸਦੀ ਸੋਚ ਗਲਤ ਹੈ, ਕਿਉਂਕਿ ਭੂਪਾਲ ਗੈਸ ਕਾਂਢ ਵਿਚ ਵੀ ਤਾਂ ਹਜ਼ਾਰ ਤੋਂ ਵੱਧ ਲੋਕ ਮਰੇ ਸਨ ਤੇ ਬੇਈਮਾਨ ਰਾਜਨੀਤੀ ਨੇ ਮੁਆਵਜੇ ਲਈ ਵਧੇ ਹੱਥ ਹੀ ਕੱਟ ਦਿੱਤੇ ਸਨ। ਅੱਜ ਲਾਸ਼ਾਂ ਦੇ ਨਾਂਅ 'ਤੇ ਮੁਆਵਜੇ ਦੀ ਭੀਖ ਮੰਗਣ ਵਾਲਿਆਂ 'ਤੇ ਉਸੇ ਸ਼ਹਿਰ ਦੇ ਹੋਰ ਲੋਕੀ ਹੱਸਦੇ ਨੇ।
ਟ੍ਰਾਂਜਿਸਟਰ ਵਿਚੋਂ ਆਵਾਜ਼ ਆਉਂਦੀ ਹੈ...'ਹਜ਼ਾਰਾਂ ਤੰਬੂ ਤੇ ਰਾਹਤ ਸਾਮਗਰੀ ਛੇਤੀ ਹੀ ਪਹੁੰਚਾਈ ਜਾ ਰਹੀ ਹੈ।'
ਮਯੰਕ ਅੱਗੇ ਵੱਲ ਤੁਰ ਪਿਆ। ਜਾਣਦਾ ਹੈ ਅੱਧੀ ਰਾਹਤ ਸਰਕਾਰੀ ਅਮਲਾ ਹਜਮ ਕਰ ਜਾਏਗਾ। ਚੌਥਾ ਹਿੱਸਾ ਰੱਜੇ-ਪੁੱਜੇ, ਤਕੜੇ ਲੋਕ ਲੈ ਜਾਣਗੇ। ਇਸ ਦੇਸ਼ ਵਿਚ ਹੁਣ ਸਿਰਫ ਖਾਨਾਪੂਰੀ ਕੀਤੀ ਜਾਂਦੀ ਹੈ ਕਿਉਂਕਿ ਪੂਰੇ ਦੇਸ਼ ਦਾ ਚਰਿੱਤਰ ਨਵਾਂ ਮੋੜ ਲੈ ਚੁੱਕਿਆ ਹੈ...ਕਾਨੂੰਨ, ਪ੍ਰਬੰਧ, ਈਮਾਨਦਾਰੀ ਤੇ ਇਕ ਦੂਜੇ ਉੱਤੇ ਵਿਸ਼ਵਾਸ ਹੁਣ ਖਤਮ ਹੋ ਚੁੱਕਿਆ ਹੈ। ਵਿਸ਼ਵ ਬੈਂਕ ਤੋਂ ਗਰੀਬੀ ਦੂਰ ਕਰਨ ਲਈ ਕਰਜਾ ਲਿਆ ਜਾਂਦਾ ਹੈ, ਤੇ ਅਮੀਰਾਂ ਦੀ ਹੈਸੀਅਤ ਹੋਰ ਬੁਲੰਦ ਹੋ ਜਾਂਦੀ ਹੈ।
ਵੱਡੇ ਸਾਰੇ ਪੰਡਾਲ ਵਿਚ ਔਰਤਾਂ ਪੂਰੀਆਂ ਵੇਲ ਰਹੀਆਂ ਸਨ ਤੇ ਹਲਵਾਈ ਉਹਨਾਂ ਨੂੰ ਤਲ ਰਿਹਾ ਸੀ। ਇਹਨਾਂ ਵਿਚ ਉਹ ਔਰਤਾਂ ਵੀ ਸਨ ਜਿਹਨਾਂ ਦੇ ਪਤੀ, ਪੁੱਤਰ ਜਾਂ ਧੀਆਂ ਅਜੇ ਮਲਬੇ ਹੇਠੋਂਨਹੀਂ ਸਨ ਨਿਕਲੇ। ਮਯੰਕ ਨੂੰ ਲੱਗਿਆ ਕਿ ਆਪਣੀ ਖ਼ੁਦ ਦੀ ਭੁੱਖ ਆਦਮੀ ਦੀ ਸਭ ਤੋਂ ਵੱਡੀ ਲਾਚਾਰੀ ਹੈ।
ਪੰਡਾਲ ਵਿਚ ਦੋ ਫੌਜੀ ਚਾਹ ਵਾਲਾ ਡਰੰਮ ਚੁੱਕੀ ਲਈ ਜਾ ਰਹੇ ਸਨ। ਉਹ ਵਿਚੋਂ ਵਧੇਰੇ ਇਮਾਰਤਾਂ ਦੇ ਕੰਮ ਵਿਚ ਦਿਨ ਰਾਤ ਲੱਗੇ ਰਹਿੰਦੇ ਸਨ। ਹੈਰਾਨੀ ਤਾਂ ਸਥਾਨਕ ਲੋਕਾਂ 'ਤੇ ਹੁੰਦੀ ਸੀ ਜਿਹੜੇ ਟੋਲਿਆਂ ਦੇ ਟੋਲੇ ਆਉਂਦੇ ਸਨ ਤੇ ਆਪਣਾ ਗਿਆਨ ਵਧਾਅ ਕੇ ਚਲੇ ਜਾਂਦੇ ਸਨ, ਜਿਵੇਂ ਜਨਮ-ਅਸ਼ਟਮੀ ਦੀਆਂ ਝਾਕੀਆਂ ਦੇਖਣ ਆਏ ਹੋਣ।
ਮਯੰਕ ਦੇ ਦਿਮਾਗ ਵਿਚ ਅੱਜ ਦੀ ਪੂਰੀ ਸਟੋਰੀ ਤਿਆਰ ਹੋ ਜਾਂਦੀ ਹੈ ਤੇ ਉਹ ਕਮਿਊਨੀਕੇਸ਼ਨ ਕੈਂਪ ਵੱਲ ਤੁਰ ਪੈਂਦਾ ਹੈ। ਕੈਂਪ ਵਿਚ ਬੈਠ ਕੇ ਪੂਰੀ ਕਹਾਣੀ ਤਿਆਰ ਕਰਕੇ ਫੈਕਸ ਕਰ ਦੇਂਦਾ ਹੈ।
ਸੋਚਦਾ ਹੈ ਕਿ ਬੜਾ ਖੁਸ਼ ਹੋਏਗਾ ਐਡੀਟਰ, ਮੰਤਰੀ ਦੇ ਸਾਲੇ ਦੀ ਦਬੀ ਦੇਹ ਨੂੰ ਕੱਢਣ ਖਾਤਰ ਬਦਲੀ ਰੇਸਕਿਊ ਪ੍ਰਾਯਰਟੀ ਬਾਰੇ ਪੜ੍ਹ ਕੇ। ਲਸ਼ਾਂ ਦੀ ਗਿਣਤੀ, ਰੈਸਕਿਊ ਆਪਰੇਸ਼ਨ ਦੀਆਂ ਤਸਵੀਰਾਂ ਤਾਂ ਫੋਟੋਗ੍ਰਾਫਰ ਨਿਕੇਤ ਤੋਂ ਉਹ ਭਿਜਵਾ ਹੀ ਚੁੱਕਾ ਹੈ। ਸਾਲੇ ਵਾਲੀ ਗੱਲ ਤੇ ਸਥਾਨਕ ਲੋਕਾਂ ਦਾ ਖੰਡਰ-ਦਰਸ਼ਨ ਲਈ ਘੁੰਮਦੇ ਰਹਿਣਾ ਸ਼ਾਇਦ ਸੁਰਖੀ ਵਿਚ ਆਉਣ। ਮੀਡੀਏ ਦੀ ਟ੍ਰਾਂਸਪੇਰੇਂਸੀ ਦਾ ਅਰਥ...ਭਾਰਤੀ ਰਾਜਨੀਤੀ, ਪ੍ਰਬੰਧਕੀ ਢਾਂਚੇ, ਸਰਕਾਰ ਤੇ ਸੰਸਕ੍ਰਿਤੀ ਦਾ ਮਜ਼ਾਕ ਉਡਾਉਣਾ ਤੇ ਉਸਦੀ ਹੇਠੀ ਕਰਨਾ ਬਣਦਾ ਜਾ ਰਿਹਾ ਹੈ।
ਟਹਿਲਦਾ ਹੋਇਆ ਉਹ ਸਟੇਸ਼ਨ ਵੱਲ ਨਿਕਲ ਜਾਂਦਾ ਹੈ। ਸਟੇਸ਼ਨ ਦੇ ਬਾਹਰ ਲਾਨ ਵਿਚ ਭੀੜ ਭਰੀ ਹੋਈ ਸੀ। ਗੁਜਰਾਤ ਵਿਚ ਮੌਤ ਦਾ ਭੈ ਬਿਹਾਰੀ ਤੇ ਰਾਜਸਥਾਨੀ ਮਜ਼ਦੂਰਾਂ ਨੂੰ ਭਜਾ ਰਿਹਾ ਸੀ। ਇਸ ਵੇਲੇ ਉਹਨਾਂ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਹੜ੍ਹ, ਸੋਕਾ ਤੇ ਆਂਤੰਕਵਾਦ ਵਰਗੇ, ਯਮਰਾਜ ਦੇ ਦੂਤ ਉੱਥੇ ਵੀ ਉਹਨਾਂ ਨੂੰ ਉਡੀਕ ਰਹੇ ਹੋਣਗੇ। ਬੰਦਾ ਬਾਹਰ ਜਾ ਕੇ ਪਿੰਡ ਦੇ ਛੱਪੜ ਦਾ ਜ਼ਿਕਰ ਵੀ ਮਾਨਸਰੋਵਰ ਝੀਲ ਨਾਲ ਤੁਲਨਾ ਕਰਦਾ ਹੋਇਆ ਕਰਦਾ ਹੈ। ਪ੍ਰਵਾਸੀ ਪੰਜਾਬੀ...ਇੰਗਲੈਂਡ ਵਿਚ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਲਈ ਤਰਸ ਜਾਂਦਾ ਹੈ, ਪਰ ਹਿੰਦੁਸਤਾਨ ਆਉਂਦਾ ਹੀ ਮਿਨਰਲ-ਵਾਟਰ ਦੀ ਬੋਤਲ ਖਰੀਦ ਲੈਂਦਾ ਹੈ।
ਚਾਹ ਦੀ ਦੁਕਾਨ ਵਿਚ ਟੀ.ਵੀ. ਉਪਰ ਭਿਨਭਿਨਾਉਂਦੀਆਂ ਮੱਖੀਆਂ ਪਿੱਛੇ ਕੁੰਭ ਦੇ ਦ੍ਰਿਸ਼ ਆ ਰਹੇ ਸਨ। ਕੌੜਾ ਹੋ ਗਿਆ ਮਯੰਕ ਦਾ ਸੰਘ...ਇਹਨਾਂ ਪੰਡੇਆਂ ਨੇ ਖਾਲੀ ਹੋਏ ਤੰਬੂ ਭੇਜਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਲਾਟੂਰ ਭੇਜੇ ਗਏ ਇਹਨਾਂ ਦੇ ਤੰਬੂ ਵਾਪਸ ਨਹੀਂ ਸੀ ਆਏ। ਧਰਤੀ ਉੱਤੇ ਥੁੱਕਦਾ ਹੈ ਮਯੰਕ...ਇਹ ਪੰਡੇ ਭਗਤਾਂ ਨੂੰ ਗੰਗਾ ਵਿਚ ਨਹਾਉਣ ਪਿੱਛੋਂ ਸਿਰਫ ਲੁਟਣਾ ਜਾਣਦੇ ਨੇ। ਸ਼ਾਇਦ ਬੇਸਹਾਰਾ ਹੋਏ ਲੋਕਾਂ ਨੂੰ ਸੁੱਕੇ ਛੱਡਣਾ ਉਹਨਾਂ ਨੂੰ ਅਧਾਰਮਿਕ ਲੱਗਦਾ ਹੈ।
ਅਪ੍ਰਿਤਾ ਦੇ ਬਿਸਤਰੇ ਉੱਤੇ ਹਾਲੇ ਵੀ ਨੀਂਦ ਫੈਲੀ ਹੋਈ ਸੀ। ਤਰੁਣ ਇਕ ਨੁੱਕਰੇ ਪਈ ਦਰੀ ਉੱਤੇ ਅੱਖਾਂ ਮੀਚੀ ਪਿਆ ਸੀ। ਉਦੋਂ ਹੀ ਕੋਈ ਬਾਲਟੀ ਵਿਚ ਚਾਹ ਤੇ ਕਾਗਜ਼ ਦੇ ਕੱਪ ਲੈ ਆਇਆ। ਮਯੰਕ ਤਰੁਣ ਨੂੰ ਉਠਾਉਂਦਾ ਹੈ। ਚਾਹ ਦਾ ਨਾਂ ਸੁਣ ਕੇ ਤਰੁਣ ਝਟ ਉਠ ਬੈਠਦਾ ਹੈ। ਭੁੱਲ ਜਾਂਦਾ ਹੈ ਕਿ ਪਿਤਾ ਅਜੇ ਵੀ ਮਲਬੇ ਹੇਠ ਨੱਪੇ ਪਏ ਨੇ। ਮਯੰਕ ਨੇ ਦੇਖਿਆ ਕਿ ਅਪ੍ਰਿਤਾ ਅਜੇ ਵੀ ਸੁੱਤੀ ਹੋਈ ਹੈ। ਮਯੰਕ ਸਟੂਲ ਤੋਂ ਪਲਾਸਟਿਕ ਦਾ ਚਮਚਾ ਚੁੱਕ ਕੇ, ਬੁੱਲ੍ਹਾ ਵਿਚਕਾਰ ਬਣੀ ਦਰਾਰ ਵਿਚ, ਫੂਕਾਂ ਮਾਰ ਮਾਰ ਕੇ ਠੰਡੀ ਚਾਹ ਪਾਉਂਦਾ ਹੈ। ਨਾਲ ਵਾਲੇ ਖਾਲੀ ਬੈਡ ਉੱਤੇ ਇਕ ਜ਼ਖ਼ਮੀ ਮਰੀਜ਼ ਆ ਚੁੱਕਿਆ ਹੈ ਜਿਸਦੇ ਇਕ ਮੋਢੇ 'ਤੇ ਪੱਟੀ ਲਿਪਟੀ ਹੋਈ ਹੈ। ਸ਼ਾਇਦ ਉਸਦਾ ਸੱਜਾ ਹੱਥ ਕੱਟਣਾ ਪਿਆ ਹੋਏਗਾ ਇਸ ਲਈ ਖ਼ੂਨ ਵੀ ਚੜ੍ਹਾਇਆ ਜਾ ਰਿਹਾ ਸੀ। ਕੰਮ ਚਲਾਊ ਟਾਏਲੇਟਸ ਵਿਚੋਂ ਨਿਕਲ ਕੇ ਮਯੰਕ ਬੁਰਸ਼ ਉੱਤੇ ਪੇਸਟ ਰੱਖਦਾ ਹੈ, ਤਾਂ ਤਰੂਣ ਵੀ ਆਪਣੀ ਉਂਗਲ ਅੱਗੇ ਵਧਾ ਦੇਂਦਾ ਹੈ।
ਦੋਹੇਂ ਜਦੋਂ ਵਾਪਸ ਆਉਂਦੇ ਨੇ, ਪਹੂ ਫਟ ਚੁੱਕੀ ਹੁੰਦੀ ਹੈ। ਜਗ੍ਹਾ ਜਗ੍ਹਾ ਕਾਗਜ ਤੇ ਪਲਾਸਟਿਕ ਦੇ ਗਲਾਸ ਤੇ ਪਲੇਟਾਂ ਖਿੱਲਰੀਆਂ ਹੋਈਆਂ ਸੀ। ਚਾਹ ਦੇ ਨਾਲ ਮਿਲੇ ਬਿਸਕੁਟ ਜਾਂ ਬਰੇਡ-ਪਕੌੜੇ ਕੁਤਰ ਕੁਰਤ ਕੇ ਲੋਕ ਫੇਰ ਸੌਂਣ ਦਾ ਯਤਨ ਕਰ ਰਹੇ ਸਨ। ਸਾਰੀ ਰਾਤ ਉਹ ਸੌਂ ਨਹੀਂ ਸੀ ਸਕੇ।
ਮਯੰਕ ਹਸਪਤਾਲ ਦੇ ਕੈਂਪ ਕਾਟ ਦੇ ਹੇਠੋਂ ਬੈਗ ਕੱਢ ਕੇ ਉਸ ਵਿਚੋਂ ਜ਼ਰੂਰੀ ਸਾਮਾਨ ਬਾਹਰ ਕੱਢ ਕੇ ਰੱਖ ਲੱਗ ਪੈਂਦਾ ਹੈ ਕਿਉਂਕਿ ਸਾਢੇ ਸੱਤ ਵਜੇ ਫੋਟੋਗ੍ਰਾਫਰ ਨਿਕੇਤ, ਜਿਹੜਾ ਇਕ ਹੋਟਲ ਵਿਚ ਠਹਿਰਿਆ ਹੋਇਆ ਹੈ, ਟੈਕਸੀ ਲੈ ਕੇ ਆ ਜਾਏਗਾ ਜਿਸ ਵਿਚ ਜਾ ਕੇ ਮਯੰਕ ਸ਼ਹਿਰ ਵਿਚ ਫੈਲੇ ਖੰਡਰ, ਲਾਸ਼ਾਂ, ਉਹਨਾਂ ਨੂੰ ਕੱਢੇ ਜਾਣ ਦੇ ਯਤਨਾਂ ਤੇ ਸ਼ਹਿਰ ਦੇ ਮੂਸੀਬਤ-ਮਾਰੇ ਲੋਕਾਂ ਤੋਂ ਪੁੱਛਗਿੱਛ ਕਰਕੇ ਸ਼ਾਮ ਨੂੰ ਅਖ਼ਬਾਰ ਲਈ ਲੰਮੀ ਰਿਪੋਰਟ ਭੇਜੇਗਾ। ਉਹ ਤਰੁਣ ਨੂੰ ਕਹਿੰਦਾ ਹੈ ਕਿ ਜੇ ਅਪ੍ਰਿਤਾ ਨੂੰ ਹੋਸ਼ ਆ ਗਿਆ ਤਾਂ ਰਾਤੀਂ ਕਿਸੇ ਚੰਗੇ ਹੋਟਲ ਵਿਚ ਸ਼ਿਫਟ ਕਰ ਜਾਵਾਂਗੇ। ਮਯੰਕ ਅਪ੍ਰਿਤਾ ਦੇ ਵਾਲਾਂ ਨੂੰ ਸੰਵਾਰ ਕੇ ਮੁੜਿਆ ਹੀ ਹੈ ਕਿ ਤਰੁਣ ਬੁੜਬੁੜਾਉਂਦਾ ਹੈ...“ਓਹ! ਨਿਰਮਲਾ ਬੇਨ ਤੇ ਸ਼ੀਤਲ।”
ਚਿੱਟੇ ਰੰਗ ਤੇ ਸੋਹਣੀ ਫੱਬਤ ਵਾਲੀ ਨਿਰਮਲਾ ਬੇਨ ਆਪਣੀ ਬੇਟੀ ਨਾਲ ਉਹਨਾਂ ਵੱਲ ਆ ਰਹੀ ਸੀ। ਮਯੰਕ ਨੂੰ ਲੱਗਿਆ ਕਿ ਭਗਵਾਨ ਦੀ ਕ੍ਰਿਪਾ ਹੈ ਕਿ ਅਪ੍ਰਿਤਾ ਸੁੱਤੀ ਹੋਈ ਹੈ ਨਹੀਂ ਤਾਂ ਉਹਨਾਂ ਨੂੰ ਮਾਰਨ ਲਈ ਭੜਕ ਜਾਂਦੀ। ਉਹ ਪਤੀ ਨਾਲ ਨਫ਼ਰਤ ਕਰ ਸਕਦੀ ਹੈ ਪਰ ਉਸਦੀ ਰਖੈਲ ਨੂੰ ਨਹੀ ਜਰ ਸਕਦੀ।
ਦੋਹਾਂ ਦੇ ਚਿਹਰੇ ਉੱਤੇ ਉਦਾਸੀ ਛਾਈ ਹੋਈ ਹੈ। ਨਿਰਮਲਾ ਬੇਨ ਅੱਗੇ ਵਧ ਕੇ ਤਰੁਣ ਦੀ ਪਿੱਠ 'ਤੇ ਹੱਥ ਰੱਖਦੀ ਹੈ। ਸ਼ੀਤਲ ਪੱਥਰ ਦੀ ਮੂਰਤੀ ਵਾਂਗ ਇਕ ਜਗ੍ਹਾ ਖੜ੍ਹੀ ਰਹਿੰਦੀ ਹੈ। ਤਰੁਣ ਸਪਰਸ਼ ਕਾਰਨ ਕਸਮਸਾਉਂਦਾ ਹੈ। ਉਸਦੇ ਅੰਦਰ ਪਹਾੜ ਭਿੜ ਰਹੇ ਸਨ। ਨਿਰਮਲਾ ਬੇਨ ਚਾਬੀਆਂ ਦਾ ਇਕ ਗੁੱਛਾ ਤੇ ਇਕ ਲਿਫਾਫਾ ਫੜਾਉਂਦੀ ਹੋਈ ਕਹਿੰਦੀ ਹੈ...“ਕੋਠੀ ਦੇ ਕਾਗਜ਼ ਤੇ ਚਾਬੀ!...ਸਭ ਕੁਛ ਹੈ ਉੱਥੇ, ਰਾਸ਼ਨ, ਮੰਜੇ-ਬਿਸਤਰੇ, ਭਾਂਡੇ ਤੇ ਫਰਨੀਚਰ।”
ਤਰੁਣ ਦੇ ਗਲੇ ਵਿਚੋਂ ਗਰਗਰਾਹਟ ਨਿਕਲਦੀ ਹੈ। ਨਿਰਮਲਾ ਬੇਨ ਨਿਰਵਿਕਾਰ ਭਾਵ ਨਾਲ ਕਹਿੰਦੀ ਹੈ, “ਤੁਹਾਡਾ ਏ, ਤੁਹਾਨੂੰ ਲੋੜ ਏ ਤੇ ਤੁਸੀਂ ਰੱਖੋ।”
ਮਯੰਕ ਹੌਸਲਾ ਕਰਕੇ ਪੁੱਛਦਾ ਹੈ, “ਤੇ ਤੁਸੀਂ?”
“ਨਿਕੰਦ ਨਗਰ ਤਾਲੁਕਾ ਵਿਚ ਕੱਚੀ-ਪੱਕੀ ਝੌਂਪੜੀ ਬਚੀ ਏ।”
“ਓਥੇ ਕਿੰਜ ਰਹੋਗੇ?” ਤਰੂਣ ਦੀ ਸਾਰੀ ਕੁਸੈਲ ਧੁਪ ਗਈ ਸੀ।
“ਅਸੀਂ ਗਰੀਬ ਲੋਕ ਆਂ। ਹਰ ਹਾਲ ਵਿਚ ਰਹਿ ਲਵਾਂਗੇ। ਬਸ ਉਹਨਾਂ ਦੀ ਲਾਸ਼ ਜਦੋਂ ਨਿਕਲੇ, ਇੱਜ਼ਤ ਨਾਲ ਸੰਸਕਾਰ ਕਰ ਦੇਵੀਂ।”
ਬਿਨਾਂ ਕੁਝ ਕਹੇ ਨਿਰਮਲਾ ਬੇਨ ਤੇ ਸ਼ੀਤਲ ਮੁੜ ਕੇ ਤੁਰ ਪਈਆਂ ਨੇ। ਮਯੰਕ ਨੂੰ ਲੱਗਦਾ ਹੈ ਕਿ ਬਣਦਾ ਰਿਸ਼ਤਾ ਟੁੱਟ ਗਿਆ। ਤਰੁਣ ਦਾ ਹੱਥ ਵਧਦਾ ਹੈ। ਉਹ ਕੁਝ ਕਹਿਣਾ ਚਾਹੁੰਦਾ ਹੈ, ਪਰ ਸ਼ਬਦ ਗਲੇ ਵਿਚ ਅਟਕੇ ਰਹਿ ਜਾਂਦੇ ਨੇ। ਮਯੰਕ ਨੂੰ ਲੱਗਦਾ ਹੈ ਕਿ ਤਰੁਣ ਨਿਰਮਲਾ ਬੇਨ ਨੂੰ 'ਬਾ' ਕਹਿਕੇ ਬੁਲਾਉਣਾ ਚਾਹੁੰਦਾ ਹੈ।
ਜੀਪ ਵਿਚ ਬੈਠਾ ਹੋਇਆ ਮਯੰਕ ਸੋਚਦਾ ਹੈ, ਤਾਂ ਇਸੇ ਨਿਰਮਲਾ ਬੇਨ ਨੂੰ ਮਾਰਨਾ ਚਾਹੁੰਦੀ ਸੀ ਅਪ੍ਰਿਤਾ। ਤੇ ਨਿਰਮਲਾ ਬੇਨ...? ਨਿਰਮਲਾ ਬੇਨ ਤਥਾਗਤ (ਗੋਤਮਬੁੱਧ) ਵਾਂਗ ਆਪਣਾ ਸਭ ਕੁਝ ਸੌਂਪ ਕੇ ਇੰਜ ਚਲੀ ਗਈ, ਜਿਵੇਂ ਉਸਨੂੰ ਕਿਸੇ ਸ਼ੈ ਦੀ ਥੋੜ ਹੀ ਨਾ ਹੋਵੇ। ਦੁਨੀਆਂ ਜਦੋਂ ਇਕ ਦੂਜੇ ਤੋਂ ਖੋਹਣ ਵਿਚ ਰੁੱਝੀ ਹੋਈ ਹੈ, ਨਿਰਮਲਾ ਬੇਨ ਦਾ ਤਥਾਗਤ ਰੂਪ ਤੇ ਤਰੁਣ ਦੇ ਗਲੇ ਵਿਚੋਂ ਨਿਕਲਦਾ ਨਿਕਲਦਾ ਰਹਿ ਜਾਣ ਵਾਲਾ 'ਬਾ' ਬੜੀ ਵੱਡੀ ਤੇ ਮਹਾਨ ਘਟਨਾ ਹੈ, ਪਰ ਅਫਸੋਸ ਕਿ ਕੋਈ ਕੀ, ਖ਼ੁਦ ਉਸਦਾ ਆਪਣਾ ਅਖ਼ਬਾਰ ਇਸਨੂੰ ਜਗ੍ਹਾ ਨਹੀਂ ਦਏਗਾ।
ਜੀਪ ਦਾ ਸਫਰ ਸ਼ੁਰੂ ਹੋ ਜਾਂਦਾ ਹੈ। ਮਯੰਕ ਦੇ ਮਨ ਵਿਚ ਇਕ ਅਜੀਬ ਜਿਹਾ ਸਵਾਲ ਸਿਰ ਚੁੱਕਦਾ ਹੈ...ਆਦਮੀ ਆਪਣੀ ਮੌਤ ਤੋਂ ਡਰਦਾ ਹੈ ਪਰ ਦੂਸਰਿਆਂ ਦੀ ਮੌਤ ਸਮੇਂ ਵਿਅਸਤ ਹੋ ਜਾਂਦਾ ਹੈ। ਕਿਸੇ ਦੂਜੇ ਦੀ ਮੌਤ ਯਾਦ ਕੀਤੀ ਜਾਂਦੀ ਹੈ ਤੇ ਜੇ ਮੌਤ ਸਮੂਹਿਕ ਹੋਵੇ ਤਾਂ ਉਹ ਇਤਿਹਾਸ ਬਣ ਜਾਂਦੀ ਹੈ। ਪਰ ਗੁਜਰਾਤ ਦੇ ਖੰਡਰਾਂ ਦਾ ਮੁੜ ਨਿਰਮਾਣ ਕੀ ਕਦੀ ਇਹ ਕੁਦਰਤੀ ਮਾਰ ਤੇ ਆਪਣੇ ਸਕਿਆਂ ਦੀ ਮੌਤ ਨੂੰ ਵੀ ਯਾਦ ਰਹਿਣ ਦਏਗਾ? ਭਵਿੱਖ ਦਾ ਕਾਲਾ ਨਾਗ ਮੌਤ ਨਾਲੋਂ ਵੱਧ ਭੈਭੀਤ ਕਰਦਾ ਰਹੇਗਾ। ਜਿਸ ਕੋਲ ਜੀਵਨ ਬਚਿਆ ਹੈ ਬਾਜ਼ਾਰਵਾਦੀ ਸੰਸਕ੍ਰਿਤੀ ਵਿਚ ਉਸਨੂੰ ਵੱਡਾ ਬਣਾਉਣ ਲਈ ਛਲ, ਕਪਟ ਤੇ ਕਰੂਰਤਾ ਦਾ ਸਹਾਰਾ ਲੈਣਾ ਹੀ ਪਏਗਾ। ਕੀ ਓਦੋਂ ਜ਼ਮੀਨ ਵਿਚ ਦਬੇ ਜਾਂ ਲਾਸ਼ ਬਣ ਕੇ ਨਿਕਲੇ, ਸਕਿਆਂ ਦਾ ਦੁੱਖ ਆਪਣੇ ਮੋਢਿਆਂ 'ਤੇ ਬੇਤਾਲ ਵਾਂਗਰ ਢੋਏਗਾ ਕੋਈ? ਸ਼ਾਇਦ ਮੌਤ ਦਾ ਵਿਸ਼ਾ ਸਿਰਫ ਇਕ ਘਟਨਾ ਹੈ, ਯਾਤਰਾ ਨਹੀਂ, ਜ਼ਿੰਦਗੀ ਦੀ। ਕੱਲ੍ਹ ਢੱਠੀਆਂ ਇਮਾਰਤਾਂ ਉਸਰ ਕੇ ਉੱਚੀਆਂ ਹੋ ਜਾਣਗੀਆਂ। ਕੀ ਕੋਈ ਸੋਚੇਗਾ ਕਿ ਉਹਨੇ ਆਪਣੇ ਸਕਿਆਂ ਦੇ ਕਬਰਸਤਾਨ ਉੱਤੇ ਆਪਣਾ ਰਾਜਪਾਠ ਜਚਾ ਲਿਆ ਹੈ? ਐਸੇ ਮਾਹੌਲ ਵਿਚ ਨਿਰਮਲਾ ਬੇਨ? ਕੀ ਨਿਰਮਲਾ ਬੇਨ ਨੇ ਸਹੀ ਕੀਤਾ ਕਿ ਸੁਖ, ਭੋਗ ਤਰੁਣ ਨੂੰ ਸੌਂਪ ਕੇ ਬਨਵਾਸ ਲੈ ਲਿਆ? ਕੀ ਇਸਨੂੰ ਹੀ ਨਿਰਵਾਣ ਕਹਿੰਦੇ ਨੇ? ਤਰੁਣ ਬਾ ਕਹਿੰਦਾ ਕਹਿੰਦਾ ਰੁਕ ਗਿਆ। ਪਰ ਅਪ੍ਰਿਤਾ ਜਦੋਂ ਜਾਗੇਗੀ ਤਾਂ ਕੀ ਕਹੇਗੀ? ਜੇ ਐਡੀਟਰ ਨੂੰ ਖ਼ਬਰ ਬਣਾ ਕੇ ਭੇਜੇ ਤਾਂ ਰੱਦੀ ਦੀ ਟੋਕਰੀ ਵਿਚ ਸੁੱਟ ਦਏਗਾ...'ਇਹ ਕੋਈ ਨਿਊਜ਼ ਹੈ।'...'ਪਾਗਲ ਹੋ ਗਿਆ ਏ ਮਯੰਕ'...'ਸਾਹਿਤ ਲਿਖਣ ਲੱਗ ਪਿਆ ਏ।'...੍ਹਉਸਨੂੰ ਮੈਸੇਜ ਭੇਜੋ ਕਿ ਨੇਤਾ, ਅਭਿਨੇਤਾ, ਬਿਲਡਰ ਵਾਲਾ ਕੋਈ ਸਕੂਪ ਭੇਜੇ ਜਿਸ ਵਿਚ ਟਾਈਟਲ ਸਟੋਰੀ ਛਾਪੀ ਜਾ ਸਕੇ।'
ਹੱਸ ਪੈਂਦਾ ਹੈ ਮਯੰਕ...ਧਰਮ, ਜਾਤੀ, ਪੈਸਾ, ਵਿਗਿਆਨ ਤੇ ਮਾਨ-ਸਨਮਾਣ ਦੇ ਬਿੱਲਿਆਂ ਬਿਨਾਂ ਜੇ ਕੋਈ ਦਿਲ ਦੇ ਚਾਨਣ ਵਿਚ ਜਿਊਂ ਲੈਂਦਾ ਹੈ ਤਾਂ ਉਹੀ ਛਿਣ ਦੁੱਖਾਂ ਭੰਨੀ ਸਿੱਲ੍ਹੀ ਧਰਤੀ 'ਤੇ ਕਿਤੇ ਨਾ ਕਿਤੇ ਬੋਧ-ਬਿਰਖ ਖੜ੍ਹਾ ਕਰ ਦੇਂਦਾ ਹੈ।
ਨਿਕੇਤ ਉਸਨੂੰ ਹੱਸਦਿਆਂ ਦੇਖ ਕੇ ਹੈਰਾਨੀ ਨਾਲ ਪੁੱਛਦਾ ਹੈ, “ਕੀ ਹੋਇਆ ਸਰ?”
“ਕੁਛ ਨਹੀਂ। ਅੱਛਾ ਦੱਸ, ਘਰ-ਬਾਰ ਤੇ ਸੁਖ-ਆਰਾਮ ਤਿਆਗ ਕੇ ਜੇ ਕੋਈ ਉਜਾੜ ਵਿਚ ਰਹਿਣ ਦਾ ਫੈਸਲਾ ਕਰ ਲਵੇ ਤਾਂ ਤੂੰ ਉਸਨੂੰ ਤਥਾਗਤ ਕਹਾਂਗੇ ਜਾਂ ਪਾਗਲ! ਕੀ ਇਹ ਗੱਲ ਇਕ ਸਕੂਪ ਨਹੀਂ...?”
“ਅਜਿਹੇ ਬੰਦੇ ਨੂੰ ਮੈਂ ਤਾਂ ਪਾਗਲ ਹੀ ਕਹਾਂਗਾ ਸਰ। ਤੇ ਸਕੂਪ ਕਿਸੇ ਦੇ ਤਿਆਗ-ਤਪਸਿਆ ਨਾਲ ਨਹੀਂ ਬਣਦੇ...ਆਦਮੀ ਦੇ ਫਰੇਬ, ਕਮੀਨਪੁਨ ਤੇ ਕਰੂਰਤਾਮਈ ਗੁੱਝੇ ਰਹੱਸਾਂ ਉੱਤੇ ਅਧਾਰਿਤ ਹੁੰਦੇ ਨੇ ਸਰ।”
“ਫੇਰ ਤਾਂ ਨਿਰਮਲਾ ਬੇਨ ਦਾ ਗੁੱਝਾ ਰਹੱਸਮਈ ਯਥਾਰਥ ਕਦੀ ਸੁਰਖੀ ਨਹੀਂ ਬਣ ਸਕੇਗਾ।”
“ਕੀ ਕਹਿ ਰਹੇ ਓ?” ਨਿਕੇਤ ਨੂੰ ਲੱਗਿਆ ਕਿ ਲਾਸ਼ਾਂ, ਖੰਡਰ ਤੇ ਧੂੜ-ਮਿੱਟੀ ਨੇ ਮਯੰਕ ਨੂੰ ਬੇਚੈਨ ਕਰ ਦਿੱਤਾ ਹੈ।
“ਤੂੰ ਨਹੀਂ ਸਮਝੇਂਗਾ ਨਿਕੇਤ। ਤੂੰ ਲੈਂਸ ਫੋਕਸ ਕਰ। ਮਲਬੇ 'ਚੋਂ ਨਿਕਲੀਆਂ ਲਾਸ਼ਾਂ ਉਪਰ ਭੁੜਕ ਰਹੇ ਕਾਂ ਤਸਵੀਰ ਵਿਚ ਜ਼ਰੂਰ ਆਉਣੇ ਚਾਹੀਦੇ ਨੇ ਕਿਉਂਕਿ ਉਹਨਾਂ ਨਾਲ ਮੌਤ ਗਲੋਰੀਫਾਈ ਹੁੰਦੀ ਏ, ਟਾਈਟਲ ਬਣਦੇ ਨੇ।”

ਡੇਢ ਇੰਚ ਉੱਚੇ :: ਲੇਖਕ : ਨਿਰਮਲ ਵਰਮਾ

ਹਿੰਦੀ ਕਹਾਣੀ : ਡੇਢ ਇੰਚ ਉੱਚੇ :: ਲੇਖਕ : ਨਿਰਮਲ ਵਰਮਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਜੇ ਤੁਸੀਂ ਚਾਹੋ ਤਾਂ ਏਸੇ ਮੇਜ਼ ਉੱਤੇ ਆ ਸਕਦੇ ਓ; ਜਗ੍ਹਾ ਕਾਫੀ ਏ। ਅਖ਼ੀਰ ਇਕ ਆਦਮੀ ਨੂੰ ਚਾਹੀਦੀ ਵੀ ਕਿੰਨੀ ਕੁ ਜਗ੍ਹਾ ਏ? ਨਹੀਂ...ਮੈਨੂੰ...ਨਹੀਂ, ਕੋਈ ਤਕਲੀਫ ਨਹੀਂ ਹੋਵੇਗੀ। ਤੁਸੀਂ ਚਾਹੋ ਤਾਂ ਚੁੱਪ ਵੀ ਰਹਿ ਸਕਦੇ ਓ। ਮੈਂ ਆਪ ਚੁੱਪ ਰਹਿਣਾ ਪਸੰਦ ਕਰਦਾ ਆਂ...ਆਦਮੀ ਇਕੋ ਸਮੇਂ ਗੱਲਾਂ ਵੀ ਕਰ ਸਕਦਾ ਏ ਤੇ ਚੁੱਪ ਵੀ ਰਹਿ ਸਕਦਾ ਏ...ਇਹ ਬੜੇ ਘੱਟ ਲੋਕ ਸਮਝ ਸਕਦੇ ਨੇ। ਮੈਂ ਵਰ੍ਹਿਆਂ ਤੋਂ ਇੰਜ ਈ ਕਰ ਰਿਹਾ ਵਾਂ। ਭਾਵੇਂ ਤੁਸੀਂ ਨਹੀਂ...ਤੁਸੀਂ ਅਜੇ ਜਵਾਨ ਓ। ਤੁਹਾਡੀ ਉਮਰ ਵਿਚ ਚੁੱਪ ਰਹਿਣ ਦੇ ਅਰਥ ਨੇ, ਚੁੱਪ ਰਹਿਣਾ ਤੇ ਗੱਲਾਂ ਕਰਨ ਦਾ ਮਤਲਬ ਏ, ਗੱਲਾਂ ਕਰਨੀਆਂ। ਤੁਸੀਂ ਦੋਵੇਂ ਗੱਲਾਂ ਇਕੋ ਸਮੇਂ ਨਹੀਂ ਕਰ ਸਕਦੇ। ਤੁਸੀਂ ਛੋਟੇ ਮੱਗ ਵਿਚ ਪੀ ਰਹੇ ਓ। ਸ਼ਾਇਦ ਤੁਹਾਨੂੰ ਅਜੇ ਆਦਤ ਨਹੀਂ ਪਈ। ਮੈਂ ਤੁਹਾਨੂੰ ਵੇਖਦਿਆਂ ਈ ਪਛਾਣ ਗਿਆ ਸਾਂ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ। ਇਸ ਘੜੀ ਇੱਥੇ ਆਉਣ ਵਾਲਿਆਂ ਨੂੰ ਮੈਂ ਪਛਾਣਦਾ ਵਾਂ...ਉਹਨਾਂ ਨਾਲ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ। ਉਹ ਪਹਿਲਾਂ ਈ ਟੁੰਨ ਹੋਏ ਹੁੰਦੇ ਨੇ। ਉਹ ਇੱਥੇ ਆਉਂਦੇ ਨੇ ਸਿਰਫ ਆਪਣੀ ਆਖ਼ਰੀ ਬੀਅਰ ਖਾਤਰ...ਦੂਜੇ ਪੱਬ ਬੰਦ ਹੋ ਚੁੱਕੇ ਹੁੰਦੇ ਨੇ , ਇਸ ਲਈ ਉਹ ਹੋਰ ਕਿਤੇ ਜਾ ਈ ਨਹੀਂ ਸਕਦੇ। ਉਹ ਛੇਤੀ ਈ ਠੁੱਸ ਹੋ ਜਾਂਦੇ ਨੇ...ਮੇਜ਼ ਉੱਤੇ, ਬਾਹਰ ਸੜਕ ਉੱਤੇ, ਟਰਾਮ ਵਿਚ ਈ...ਫੇਰ ਮੈਨੂੰ ਉਹਨਾਂ ਨੂੰ ਚੁੱਕੇ ਕੇ ਉਹਨਾਂ ਦੇ ਘਰੀਂ ਪਹੁੰਚਾਉਣਾ ਪੈਂਦਾ ਏ। ਭਾਵੇਂ ਅਗਲੇ ਦਿਨ ਉਹ ਮੈਨੂੰ ਪਛਾਣਦੇ ਵੀ ਨਹੀਂ। ਤੁਸੀਂ ਗਲਤ ਨਾ ਸਮਝ ਲਈਓ, ਮੇਰਾ ਇਸ਼ਾਰਾ ਤੁਹਾਡੇ ਵੱਲ ਨਹੀਂ। ਤੁਹਾਨੂੰ ਮੈਂ ਇੱਥੇ ਪਹਿਲੀ ਵੇਰ ਵੇਖਿਆ ਏ। ਤੁਸੀਂ ਆ ਕੇ ਚੁੱਪਚਾਪ ਅੱਲਗ-ਥੱਲਗ ਮੇਜ਼ ਉੱਤੇ ਬੈਠ ਗਏ, ਤਾਂ ਗੱਲ ਬੁਰੀ–ਜਿਹੀ ਲੱਗੀ। ਨਹੀਂ ਘਬਰਾਓ ਨਾ...ਮੈਂ ਆਪਣੇ ਆਪ ਨੂੰ ਤੁਹਾਡੇ 'ਤੇ ਥੋਪਾਂਗਾ ਨਹੀਂ। ਅਸੀਂ ਇਕ ਦੂਜੇ ਨਾਲ ਬੈਠ ਕੇ ਵੀ ਆਪੋ–ਆਪਣੀ ਬੀਅਰ ਨਾਲ ਇਕੱਲੇ ਰਹਿ ਸਕਦੇ ਵਾਂ। ਮੇਰੀ ਉਮਰ ਵਿਚ ਇਹ ਜ਼ਰਾ ਵੀ ਮੁਸ਼ਕਿਲ ਨਹੀਂ, ਕਿਉਂਕਿ ਹਰ ਬੁੱਢਾ ਆਦਮੀ ਰਤਾ ਡਰਿਆ ਹੋਇਆ ਹੁੰਦਾ ਏ...ਹੌਲੀ ਹੌਲੀ ਮਾਣ–ਗੁਮਾਣ ਨਾਲ ਬੁੱਢੇ ਹੋਣ ਵਿਚ ਬੜੀ ਗਰੇਸ ਏ ਤੇ ਇਹ ਹਰ ਆਦਮੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇੰਜ ਆਪਣੇ–ਆਪ ਹੋ ਜਾਂਦਾ ਏ। ਬੁੱਢੇ ਹੋਣਾ ਵੀ ਇਕ ਕਲਾ ਏ, ਜਿਸਨੂੰ ਬੜੀ ਮਿਹਨਤ ਨਾਲ ਸਿਖਣਾ ਪੈਂਦਾ ਏ।... ਕੀ ਆਖਿਆ ਏ ਤੁਸੀਂ? ਮੇਰੀ ਉਮਰ? ਭਲਾ ਆਪੂੰ ਅੰਦਾਜ਼ਾ ਲਾਓ ਖਾਂ। ਓ ਨਹੀਂ ਜੀ...ਤੁਸੀਂ ਸਿਰਫ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਓ। ਤੇ ਸਾਹਬ ਤੁਸੀਂ ਵਾਕਈ ਮੇਰਾ ਚਿੱਤ ਖੁਸ਼ ਕਰ ਦਿੱਤਾ ਏ-ਤੇ ਜੇ ਆਪਣੀ ਖੁਸ਼ੀ ਨੂੰ ਮਨਾਉਣ ਖਾਤਰ ਮੈਂ ਇਕ ਬੀਅਰ ਹੋਰ ਲੈ ਲਵਾਂ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਨਾ? ਤੇ ਤੁਸੀਂ?...ਤੁਸੀਂ ਨਹੀਂ ਲਓਗੇ? ਨਹੀਂ...ਮੈਂ ਜ਼ਿਦ ਨਹੀਂ ਕਰਾਂਗਾ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਤੇ ਆਪਣੀ ਸ਼ਰਾਬ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਏ...ਦੋਵੇਂ ਸਿਰਫ ਇਕੋ ਵੇਰ ਚੁਣੀਆਂ ਜਾ ਸਕਦੀਆਂ ਨੇ। ਪਿੱਛੋਂ ਅਸੀਂ ਸਿਰਫ ਉਨ੍ਹਾਂ ਨੂੰ ਦੁਹਰਾਉਂਦੇ ਰਹਿੰਦੇ ਵਾਂ...ਜੋ ਇਕ ਵਾਰੀ 'ਪੀ' ਚੁੱਕੇ ਹੁੰਦੇ ਵਾਂ ਜਾਂ ਇਕ ਵਾਰੀ 'ਜੀ' ਚੁੱਕੇ ਹੁੰਦੇ ਵਾਂ। ਤੁਸੀਂ ਦੂਸਰੀ ਜ਼ਿੰਦਗੀ ਨੂੰ ਮੰਨਦੇ ਓ? ਮੇਰਾ ਮਤਲਬ ਏ ਮੌਤ ਤੋਂ ਬਾਅਦ? ਉਮੀਦ ਏ ਤੁਸੀਂ ਮੈਨੂੰ ਇਹ ਘਸਿਆ–ਪਿਟਿਆ ਜੁਆਬ ਨਹੀਂ ਦੇਓਗੇ ਕਿ ਤੁਸੀਂ ਕਿਸੇ ਧਰਮ 'ਚ ਵਿਸ਼ਵਾਸ ਨਹੀਂ ਕਰਦੇ। ਮੈਂ ਆਪ ਕੈਥੋਲਿਕ ਵਾਂ, ਪਰ ਮੈਨੂੰ ਤੁਹਾਡੇ ਲੋਕਾਂ ਦਾ ਇਹ ਵਿਸ਼ਵਾਸ ਬੜਾ ਦਿਲਚਸਪ ਲੱਗਦਾ ਏ ਕਿ ਮੌਤ ਤੋਂ ਪਿੱਛੋਂ ਵੀ ਆਦਮੀ ਪੂਰੀ ਤਰ੍ਹਾਂ ਮਰ ਨਹੀਂ ਜਾਂਦਾ...ਅਸੀਂ ਪਹਿਲਾਂ ਇਕ ਜ਼ਿੰਦਗੀ ਹੰਢਾਉਂਦੇ ਵਾਂ, ਫੇਰ ਦੂਜੀ ਤੇ ਫੇਰ ਤੀਜੀ। ਅਕਸਰ ਰਾਤਾਂ ਨੂੰ ਮੈਂ ਇਸ ਸਮੱÎਸਿਆ ਬਾਰੇ ਸੋਚਦਾ ਵਾਂ...ਤੁਹਾਨੂੰ ਪਤਾ ਏ ਮੇਰੀ ਉਮਰ ਦੇ ਬੰਦਿਆਂ ਨੂੰ ਨੀਂਦ ਆਸਾਨੀ ਨਾਲ ਨਹੀਂ ਆਉਂਦੀ। ਨੀਂਦ ਲਈ ਇਕ ਛਟਾਂਕ ਲਾਪ੍ਰਵਾਹੀ ਤੇ ਅੱਧੀ ਛਟਾਂਕ ਥਕਾਵਟ ਦੀ ਲੋੜ ਹੁੰਦੀ ਏ...ਜੇ ਤੁਹਾਡੇ ਕੋਲ ਦੋਵੇਂ ਚੀਜਾਂ ਨਹੀਂ ਤਾਂ ਤੁਸੀਂ ਕਰ ਕੀ ਸਕਦੇ ਓ...?...ਇਸੇ ਲਈ ਹਰ ਰੋਜ਼ ਮੈਂ ਅੱਧੀ ਰਾਤ ਨੂੰ ਇੱਥੇ ਆ ਜਾਂਦਾ ਵਾਂ; ਪਿੱਛਲੇ ਪੰਦਰਾਂ ਸਾਲਾਂ ਤੋਂ ਲਗਾਤਾਰ। ਮੈਂ ਥੋੜ੍ਹਾ ਬਹੁਤ ਸੌÎਂਦਾ ਜ਼ਰੂਰ ਵਾਂ, ਪਰ ਤਿੰਨ ਵਜੇ ਦੇ ਆਸ–ਪਾਸ ਮੇਰੀ ਅੱਖ ਖੁੱਲ੍ਹ ਜਾਂਦੀ ਏ...ਉਸ ਪਿੱਛੋਂ ਮੈਂ ਘਰੇ ਇਕੱਲਾ ਨਹੀਂ ਰਹਿ ਸਕਦਾ। ਰਾਤ ਦੇ ਤਿੰਨ ਵਜੇ...ਬੜੀ ਭਿਆਨਕ ਘੜੀ ਹੁੰਦੀ ਏ ਇਹ। ਮੈਂ ਤੁਹਾਨੂੰ ਆਪਣਾ ਅਨੁਭਵ ਦੱਸ ਰਿਹਾਂ-ਦੋ ਵਜੇ ਜਾਪਦਾ ਏ ਅਜੇ ਰਾਤ ਈ ਏ ਤੇ ਚਾਰ ਵਜੇ ਦਿਨ ਚੜ੍ਹਨ ਲੱਗ ਪੈਂਦਾ ਏ, ਪਰ ਤਿੰਨ ਵਜੇ ਜਾਪਦਾ ਏ ਤੁਸੀਂ ਨਾ ਏਧਰ ਦੇ ਓ, ਨਾ ਓਧਰ ਦੇ। ਮੈਨੂੰ ਹਮੇਸ਼ਾਂ ਇੰਜ ਲੱਗਦਾ ਏ ਜਿਵੇਂ ਮੌਤ ਦੇ ਆਉਣ ਦਾ ਜੇ ਕੋਈ ਵੇਲਾ ਏ ਤਾਂ ਸਿਰਫ ਇਹੋ ਏ।...ਕੀ ਕਹਿ ਰਹੇ ਓ? ਨਹੀਂ ਜਨਾਬ ਮੈਂ ਬਿਲਕੁਲ ਇਕੱਲਾ ਵੀ ਨਹੀਂ ਰਹਿੰਦਾ। ਤੁਸੀਂ ਜਾਣਦੇ ਓ, ਪੈਨਸ਼ਨੀਏ ਲੋਕਾਂ ਦੇ ਆਪਣੇ ਹੀ ਸ਼ੌਕ ਹੁੰਦੇ ਨੇ। ਮੇਰੇ ਕੋਲ ਇਕ ਬਿੱਲੀ ਏ-ਕਈ ਸਾਲਾਂ ਦੀ ਮੇਰੇ ਨਾਲ ਰਹਿ ਰਹੀ ਏ। ਹੁਣ ਜ਼ਰਾ ਵੇਖੋ ਮੈਂ ਇੱਥੇ ਬੀਅਰ ਪੀ ਰਿਹਾ ਵਾਂ ਤੇ ਤੁਹਾਡੇ ਨਾਲ ਲੰਮੀਆਂ ਬਹਿਸਾਂ ਛੇੜੀ ਬੈਠਾ ਵਾਂ, ਉਧਰ ਉਹ ਮੇਰੇ ਇੰਤਜ਼ਾਰ ਵਿਚ ਬੂਹੇ ਨਾਲ ਲੱਗੀ ਬੈਠੀ ਹੋਵੇਗੀ। ਤੁਹਾਡੇ ਬਾਰੇ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਵਿਚਾਰ ਖਾਸੀ ਤੱਸਲੀ ਦੇਂਦਾ ਏ ਕਿ ਕੋਈ ਮੇਰੀ ਉਡੀਕ ਵਿਚ, ਬਾਹਰ ਸੜਕ ਉੱਤੇ ਅੱਖਾਂ ਵਿਛਾਈ ਬੈਠਾ ਏ। ਮੈਂ ਅਜਿਹੇ ਲੋਕਾਂ ਬਾਰੇ ਕਲਪਨਾ ਨਹੀਂ ਕਰ ਸਕਦਾ ਜਿੰਨ੍ਹਾਂ ਨੂੰ ਕੋਈ ਉਡੀਕ ਨਹੀਂ ਕਰ ਰਿਹਾ ਹੁੰਦਾ ਜਾਂ ਜਿਹੜੇ ਆਪ ਕਿਸੇ ਦਾ ਇੰਤਜ਼ਾਰ ਨਹੀਂ ਕਰ ਰਹੇ ਹੁੰਦੇ। ਜਿਸ ਪਲ ਤੁਸੀਂ ਇੰਤਜ਼ਾਰ ਕਰਨਾ ਛੱਡ ਦੇਂਦੇ ਓ, ਉਸੇ ਪਲ ਤੁਸੀਂ ਜਿਊਂਣਾ ਛੱਡ ਦੇਂਦੇ ਓ। ਬਿੱਲੀਆਂ ਬੜੀ ਦੇਰ ਤੀਕ ਤੇ ਬੜੇ ਸਬਰ ਨਾਲ ਇੰਤਜ਼ਾਰ ਕਰ ਸਕਦੀਆਂ ਨੇ। ਇਸ ਪੱÎਖੋਂ ਉਹ ਔਰਤਾਂ ਵਾਂਗਰ ਈ ਹੁੰਦੀਆਂ ਨੇ। ਪਰ ਸਿਰਫ ਇਸ ਪੱÎਖੋਂ ਹੀ ਨਹੀਂ-ਔਰਤਾਂ ਵਾਂਗ ਈ ਉਹਨਾਂ ਵਿਚ ਖਿੱਚ-ਸ਼ਕਤੀ ਤੇ ਰਿਝਾਉਣ-ਸ਼ਕਤੀ ਵੀ ਆਸਾਧਾਰਨ ਹੁੰਦੀ ਏ। ਡਰ ਤੇ ਮੋਹ ਦੋਵੇਂ ਹੀ। ਅਸੀਂ ਇਕਾਂਤ ਵਿਚ ਉਹਨਾਂ ਨੂੰ ਦੇਖ ਕੇ ਬੱਧੇ–ਲੁੱਟੇ ਜਿਹੇ ਖੜ੍ਹੇ ਰਹਿ ਜਾਂਦੇ ਵਾਂ। ਉਂਜ ਡਰ ਤੁਹਾਨੂੰ ਕੁੱÎਤਿਆਂ ਤੇ ਹੋਰ ਜਾਨਵਰਾਂ ਕੋਲੋਂ ਵੀ ਲੱਗਦਾ ਹੋਵੇਗਾ। ਪਰ ਉਹ ਹੇਠਲੀ ਸਤਰ ਦਾ ਡਰ ਹੁੰਦਾ ਏ। ਤੁਸੀਂ ਕਿਨਾਰਾ ਕਰਕੇ ਲੰਘ ਜਾਂਦੇ ਓ। ਕੁੱਤਾ ਦੂਜੇ ਪਾਸੇ ਕਿਨਾਰਾ ਕਰ ਜਾਂਦਾ ਏ। ਉਹਨੂੰ ਡਰ ਹੁੰਦਾ ਏ ਕਿ ਕਿਤੇ ਤੁਸੀਂ ਉਸ ਨਾਲ ਕੋਈ ਸ਼ੈਤਾਨੀ ਨਾ ਖੇਡ ਜਾਓ ਤੇ ਤੁਸੀਂ ਏਸ ਲਈ ਸਹਿਮੇਂ ਰਹਿੰਦੇ ਓ ਕਿ ਅੱਖ ਬਚਾਅ ਕੇ ਕਿਤੇ ਉਹ ਬੁਰਕੀ ਓ ਨਾ ਕੱਢ ਕੇ ਲੈ ਜਾਵੇ। ਪਰ ਉਸ ਡਰ ਵਿਚ ਕੋਈ ਰਹੱਸ, ਕੋਈ ਰੋਮਾਂਚ, ਕੋਈ ਸੰਭਾਵਨਾ ਨਹੀਂ ਹੁੰਦੀ...ਜਿੱਦਾਂ ਕਿ ਅਕਸਰ ਬਿੱਲੀ ਜਾਂ ਸੱਪ ਨੂੰ ਵੇਖ ਕੇ ਪੈਦਾ ਹੁੰਦੇ ਨੇ। ਇਹ ਇਕ ਸੱਚਾਈ ਏ ਤੇ ਇਹ ਮੈਂ ਆਪਣੇ ਤਜ਼ੁਰਬੇ ਨਾਲ ਕਹਿ ਰਿਹਾ ਵਾਂ ਕਿ ਬਿੱਲੀ ਤੇ ਔਰਤ ਦੀ ਅਸਲੀਅਤ ਤੁਸੀਂ ਅੰਤ ਤੀਕ ਨਹੀਂ ਪਛਾਣ ਸਕਦੇ, ਚਾਹੇ ਤੁਸੀਂ ਉਸ ਨਾਲ ਸਾਲਾਂ ਦੇ ਸਾਲ ਹੀ ਕਿਉਂ ਨਾ ਬਿਤਾਏ ਹੋਣ। ਏਸ ਲਈ ਨਹੀਂ ਕਿ ਉਹ ਆਪ ਜਾਣ–ਬੁੱਝ ਕੇ ਕੁਝ ਲਕੋਈ ਰੱਖਦੀਆਂ ਨੇ, ਬਲਿਕੇ ਖ਼ੁਦ ਤੁਹਾਡੇ ਵਿਚ ਏਨਾ ਹੌਸਲਾ ਨਹੀਂ ਹੁੰਦਾ ਕਿ ਉਹਨਾਂ ਦੇ ਧੁਰ ਅੰਦਰ ਤੀਕ ਝਾਤ ਮਾਰ ਸਕੋ। ਕਦੀ ਤੁਹਾਨੂੰ ਇਹ ਗੱਲ ਅਜੀਬ ਨਹੀਂ ਲੱਗੀ ਕਿ ਜ਼ਿਆਦਾਤਰ ਸਾਨੂੰ ਉਹੀ ਚੀਜ਼ਾਂ ਆਪਣੇ ਵੱਲ ਵਧੇਰੇ ਖਿੱਚਦੀਆਂ ਨੇ, ਜਿੰਨ੍ਹਾਂ ਅੰਦਰ ਥੋੜ੍ਹਾ–ਬਹੁਤਾ ਆਂਤਕ ਛੁਪਿਆ ਹੁੰਦਾ ਏ...ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਇਕ ਬੀਅਰ ਹੋਰ ਮੰਗਵਾ ਲਵਾਂ...ਥੋੜ੍ਹੀ ਦੇਰ ਬਾਅਦ ਇਹ ਪੱਬ ਬੰਦਾ ਹੋ ਜਾਵੇਗਾ ਤੇ ਫੇਰ ਸਵੇਰ ਤੀਕ ਸਾਰੇ ਸ਼ਹਿਰ ਵਿਚੋਂ ਇਕ ਬੂੰਦ ਵੀ ਨਹੀਂ ਮਿਲੇਗੀ। ਤੁਸੀਂ ਡਰੋ ਨਾ...ਮੈਂ ਆਪਣੇ ਪੀਣ ਦੀ ਹੱਦ ਜਾਣਦਾ ਵਾਂ...ਆਦਮੀ ਨੂੰ ਜ਼ਮੀਨ ਤੋਂ ਡੇਢ ਇੰਚ ਉੱਚੇ ਉਠ ਜਾਣਾ ਚਾਹੀਦਾ ਏ...ਇਸ ਤੋਂ ਜ਼ਿਆਦਾ ਨਹੀਂ, ਵਰਨਾ ਉਹ ਉੱਤੇ ਉੱਡ ਜਾਵੇਗਾ ਤੇ ਫੇਰ ਉਸ ਉਡਾਨ ਦਾ ਅੰਤ ਹੋਵੇਗਾ ਕਿਸੇ ਪੁਲਿਸ ਸਟੇਸ਼ਨ ਵਿਚ ਜਾਂ ਕਿਸੇ ਨਾਲੀ ਵਿਚ...ਜੋ ਕੋਈ ਵਧੀਆ ਜਾਂ ਦਿਲਚਸਪ ਸ਼ੈ ਨਹੀਂ ਹੁੰਦਾ। ਪਰ ਕੁਝ ਲੋਕ ਡਰਦੇ ਮਾਰੇ ਜ਼ਮੀਨ ਉੱਤੇ ਈ ਪੈਰ ਗੱਡੀ ਰੱਖਦੇ ਨੇ...ਅਜਿਹੇ ਲੋਕਾਂ ਲਈ ਪੀਣੀ, ਨਾ-ਪੀਣੀ ਇਕ ਬਰੋਬਰ ਹੁੰਦੀ ਏ। ਜੀ ਹਾਂ...ਸਹੀ ਫਾਸਲਾ ਏ, ਡੇਢ ਇੰਚ। ਏਨੀ ਹੋਸ਼ ਰੱਖਣੀ ਚਾਹੀਦੀ ਏ ਕਿ ਤੁਸੀਂ ਆਪਣੀ ਚੇਤਨਾ ਨੂੰ ਮਾਚਿਸ ਦੀ ਤੀਲੀ ਵਾਂਗ ਬੁਝਦਿਆਂ ਵੇਖ ਸਕੋ...ਜਦੋਂ ਲਾਟ ਉਂਗਲਾਂ ਨੇੜੇ ਸਰਕ ਆਏ, ਉਸਨੂੰ ਛੱਡ ਦੇਣਾ ਚਾਹੀਦਾ ਏ...ਉਸ ਤੋਂ ਪਹਿਲਾਂ ਈ ਨਹੀਂ ਤੇ ਨਾ ਹੀ ਉਸ ਦੇ ਬਾਅਦ ਵਿਚ। ਕਦੋਂ ਤੀਕ ਫੜੀ ਰੱਖਣਾ ਏ ਤੇ ਕਦੋਂ ਛੱਡ ਦੇਣਾ ਚਾਹੀਦਾ ਏ, ਪੀਣ ਦਾ ਰਹੱਸ ਏਸੇ ਪਛਾਣ ਵਿਚ ਛੁਪਿਆ ਹੁੰਦਾ ਏ। ਮੁਸ਼ਕਿਲ ਸਿਰਫ ਇਹ ਆ ਕਿ ਅਸੀਂ ਉਦੋਂ ਤੀਕ ਨਹੀਂ ਪਛਾਣ ਸਕਦੇ ਜਦੋਂ ਤੀਕ ਡੇਢ ਇੰਚ ਤੋਂ ਉੱਤੇ ਨਹੀਂ ਉਠ ਜਾਂਦੇ...ਤੇ ਫੇਰ ਉਹ ਪਛਾਣ ਕਿਸੇ ਕੰਮ ਨਹੀਂ ਆਉਂਦੀ, ਜਦੋਂ ਅਸੀਂ ਪਛਾਣ ਤੋਂ ਦੁਰੇਡੇ ਚਲੇ ਜਾਂਦੇ ਵਾਂ। ਮੈਨੂੰ ਬੁਰਾ ਨਹੀਂ ਲੱਗੇਗਾ ਕਿ ਤੁਸੀਂ ਹੱਸ ਕੇ ਮੇਰੀ ਗੱਲ ਟਾਲ ਦਿਓਗੇ...ਮੈਂ ਆਪ ਕਦੇ ਕਦੇ ਇਹੋ ਕੋਸ਼ਿਸ਼ ਕਰਦਾ ਵਾਂ ਕਿ ਇਸ ਉਮੀਦ ਨਾਲ ਰਹਿਣਾ ਸਿੱਖ ਲਵਾਂ ਕਿ ਕਈ ਚੀਜ਼ਾਂ ਬਾਰੇ ਨਾ ਜਾਣਨਾ ਹੀ ਸਾਨੂੰ-ਤਹਾਨੂੰ ਸੁਰੱÎਖਿਅਤ ਰੱਖਣ ਦਾ ਵਧੀਆ ਰਸਤਾ ਏ। ਤੁਸੀਂ ਹੌਲੀ–ਹੌਲੀ ਇਸ ਉਮੀਦ ਨਾਲ ਰਹਿਣਾ ਸਿੱਖ ਜਾਂਦੇ ਓ...ਜਿਵੇਂ ਤੁਸੀਂ ਆਪਣੀ ਪਤਨੀ ਨਾਲ ਰਹਿਣਾ ਸਿੱਖ ਚੁੱਕੇ ਹੁੰਦੇ ਓ...ਇਕੋ ਘਰ ਵਿਚ ਵਰ੍ਹਿਆਂ ਬੱਧੀ ਰਹਿ ਲਏ ਹੁੰਦੇ ਓ। ਹਾਲਾਂਕਿ ਇਕ ਸ਼ੱਕ ਜਿਹਾ ਬਣਿਆ ਰਹਿੰਦਾ ਏ ਕਿ ਉਹ ਵੀ ਤੁਹਾਡੇ ਵਾਲੀ ਖੇਡ–ਖੇਡ ਰਹੀ ਏ। ਕਦੀ ਕਦੀ ਏਸ ਸ਼ੱਕ ਤੋਂ ਛੁਟਕਾਰਾ ਪਾਉਣ ਖਾਤਰ ਤੁਸੀਂ ਦੂਜੀ ਜਾਂ ਤੀਜੀ ਔਰਤ ਨਾਲ ਪਰੇਮ ਕਰਨ ਲੱਗ ਪੈਂਦੇ ਓ! ਇਹ ਨਿਰਾਸ਼ ਹੋਣ ਦੀ ਸ਼ੁਰੂਆਤ ਏ...ਕਿਉਂਕਿ ਦੂਜੀ ਔਰਤ ਦੇ ਆਪਣੇ ਰਹੱਸ ਹੁੰਦੇ ਨੇ ਤੇ ਤੀਜੀ ਦੇ ਆਪਣੇ। ਇਹ ਸਭ ਸ਼ਤਰੰਜ ਦੀ ਖੇਡ ਵਾਂਗ ਏ...ਤੁਸੀਂ ਇਕ ਚਾਲ ਚੱਲਦੇ ਓ, ਜਿਸ ਨਾਲ ਤੁਹਾਡੇ ਵਿਰੋਧੀ ਸਾਹਵੇਂ ਅੰਤਹੀਣ ਸੰਭਾਵਨਾਵਾਂ ਖੁੱਲ੍ਹ ਜਾਂਦੀਆਂ ਨੇ। ਇਕ ਬਾਜੀ ਹਾਰ ਕੇ ਤੁਸੀਂ ਦੂਜੀ ਨੂੰ ਜਿੱਤਣ ਦੀ ਉਮੀਦ ਕਰਨ ਲੱਗ ਪੈਂਦੇ ਓ। ਤੁਸੀਂ ਇਹ ਗੱਲ ਭੁੱਲ ਜਾਂਦੇ ਓ ਕਿ ਦੂਜੀ ਦੀਆਂ ਆਪਣੀਆਂ ਸੰਭਾਵਨਾਵਾਂ ਨੇ...ਪਹਿਲੀ ਵਾਂਗ ਅੰਤਹੀਣ ਤੇ ਰਹੱਸਮਈ! ਵੇਖੋ...ਏਸੇ ਕਰਕੇ ਮੈਂ ਕਹਿੰਦਾ ਵਾਂ ਕਿ ਜ਼ਿੰਦਗੀ ਵਿਚ ਤੁਸੀਂ ਚਾਹੋ ਕਿੰਨੀਆਂ ਵੀ ਔਰਤਾਂ ਨਾਲ ਸੰਪਰਕ ਕਿਉਂ ਨਾ ਰੱÎਖੋ ਅਸਲ ਸੰਬੰਧ ਸਿਰਫ ਇਕ ਨਾਲ ਈ ਹੁੰਦਾ ਏ...ਕੀ ਕਿਹਾ ਏ ਤੁਸੀਂ? ਜੀ ਨਹੀਂ, ਮੈਂ ਤੁਹਾਨੂੰ ਪਹਿਲਾਂ ਈ ਦੱਸ ਚੁੱÎਕਿਆ ਵਾਂ, ਜੇ ਤੁਸੀਂ ਮੇਰੀ ਬਿੱਲੀ ਨੂੰ ਭੁੱਲ ਜਾਓ ਤਾਂ। ਜੀ ਹਾਂ...ਮੈਂ ਵਿਆਹਿਆ ਹੋਇਆ ਵਾਂ...ਪਰ ਮੇਰੀ ਪਤਨੀ ਹੁਣ ਜਿਊਂਦੀ ਨਹੀਂ...ਇਹ ਮੇਰਾ ਅੰਦਾਜ਼ਾ ਏ। ਤੁਸੀਂ ਹੈਰਾਨ ਨਾ ਹੋਵੋ...ਅੰਦਾਜ਼ਾ ਮੈਂ ਇਸ ਲਈ ਆਖ ਰਿਹਾਂ ਕਿ ਉਸਨੂੰ ਮਰਦਿਆਂ ਨਹੀਂ ਵੇਖਿਆ ਮੈਂ। ਜਦੋਂ ਤੁਸੀਂ ਕਿਸੇ ਨੂੰ ਆਪਣੇ ਅੱਖੀਂ ਮਰਦਿਆਂ ਨਾ ਵੇਖਿਆ ਹੋਵੇ; ਹੱਥੀਂ ਦਫ਼ਨਾਇਆ ਨਾ ਹੋਵੇ, ਤਾਂ ਤੁਸੀਂ ਸਿਰਫ ਅੰਦਾਜ਼ਾ ਈ ਲਾ ਸਕਦੇ ਓ ਕਿ ਹੁਣ ਉਹ ਜਿਊਂਦਾ ਨਹੀਂ। ਤੁਸੀਂ ਸ਼ਾਇਦ ਹੱÎਸੋਗੇ, ਪਰ ਮੈਨੂੰ ਲੱਗਦਾ ਏ ਜਦੋਂ ਤੀਕ ਤੁਸੀਂ ਆਪੂੰ ਆਪਣੇ ਕਿਸੇ ਜਾਣਕਾਰ ਦਾ ਮੁਰਦਾ ਨਹੀਂ ਵੇਖ ਲੈਂਦੇ, ਇਕ ਧੂੰਦਲੀ ਜਿਹੀ ਆਸ ਬਣੀ ਰਹਿੰਦੀ ਏ ਕਿ ਉਹ ਅਜੇ ਜਿਊਂਦਾ ਏ...ਤੁਸੀਂ ਦਰਵਾਜ਼ਾ ਖੋਹਲੋਗੇ ਤੇ ਉਹ ਤੌਲੀਏ ਨਾਲ ਹੱਥ ਪੂੰਝਦੀ ਹੋਈ ਰਸੋਈ ਵਿਚੋਂ ਨੱਸ ਕੇ ਸਾਹਮਣੇ ਆਣ ਖੜ੍ਹੀ ਹੋਵੇਗੀ। ਬਿਨਾਂ ਸ਼ੱਕ, ਇਹ ਇਕ ਭਰਮ ਏ; ਇੰਜ ਹੁੰਦਾ ਨਹੀਂ...ਉਸਦੀ ਬਜਾਏ ਹੁਣ ਬਿੱਲੀ ਆਉਂਦੀ ਏ ਜਿਹੜੀ ਦਰਵਾਜ਼ੇ ਪਿੱਛੇ, ਦਹਿਲੀਜ਼ ਉੱਤੇ ਬੂਥੀ ਟਿਕਾਈ ਬੈਠੀ ਅੱਖਾਂ ਦੇ ਰੰਗ ਬਦਲਦੀ ਰਹਿੰਦੀ ਏ। ਮੈਂ ਲੋਕਾਂ ਨੂੰ ਕਹਿੰਦਿਆਂ ਸੁਣਿਆ ਏ ਕਿ ਸਮਾਂ ਬਹੁਤ ਕੁਝ ਸੋਖ ਲੈਂਦਾ ਏ...ਕੀ ਤੁਸੀਂ ਵੀ ਇੰਜ ਸੋਚਦੇ ਓ? ਮੈਨੂੰ ਨਹੀਂ ਪਤਾ...ਪਰ ਕਦੀ ਕਦੀ ਮੈਨੂੰ ਇੰਜ ਲੱਗਾ ਏ ਕਿ ਉਹ ਸੋਖਦਾ ਓਨਾਂ ਕੁਛ ਨਹੀਂ, ਜਿੰਨਾਂ ਬੁਹਾਰ ਦੇਂਦਾ ਏ...ਹਨੇਰੇ ਕੋਨੇ ਵੱਲ ਜਾਂ ਕਾਲੀਨ ਦੇ ਹੇਠ, ਤਾਂਕਿ ਬਾਹਰੋਂ ਕਿਸੇ ਨੂੰ ਕੁਝ ਦਿਖਾਈ ਨਾ ਦਵੇ। ਪਰ ਉਸਦੇ ਪੰਜੇ ਹਮੇਸ਼ਾ ਬਾਹਰ ਰਹਿੰਦੇ ਨੇ। ਕਿਸੇ ਵੀ ਅਣਜਾਣੀ ਘੜੀ ਤੁਹਾਨੂੰ ਦਬੋਚ ਸਕਦੇ ਨੇ। ਸ਼ਾਇਦ ਮੈਂ ਭਟਕ ਰਿਹਾ ਵਾਂ...ਬੀਅਰ ਪੀਣ ਦਾ ਇਹੋ ਤਾਂ ਸੁਖ ਏ। ਤੁਸੀਂ ਰਸਤੇ ਤੋਂ ਭਟਕ ਜਾਂਦੇ ਓ, ਚੱਕਰ ਲਾਉਂਦੇ ਰਹਿੰਦੇ ਓ...ਇਕੋ ਦਾਇਰੇ ਦੇ ਇਰਦ–ਗਿਰਦ, ਰਾਊਂਡ–ਐਂਡ–ਰਾਊਂਡ। ਤੁਹਾਨੂੰ ਬੱÎਚਿਆਂ ਦੀ ਉਸ ਖੇਡ ਦਾ ਪਤਾ ਏ, ਜਿਸ ਵਿਚ ਉਹ ਇਕ ਗੋਲ ਦਾਇਰਾ ਬਣਾ ਕੇ ਬੈਠ ਜਾਂਦੇ ਨੇ ਤੇ ਸਿਰਫ ਇਕੋ ਬੱਚਾ ਰੁਮਾਲ ਲੈ ਕੇ ਚਾਰੇ ਪਾਸੇ ਚੱਕਰ ਲਾਉਂਦਾ ਏ।...ਤੁਹਾਡੇ ਦੇਸ਼ ਵਿਚ ਵੀ ਖੇਡੀ ਜਾਂਦੀ ਏ? ਵਾਹ, ਵੇਖੋ ਨਾ ਅਸੀਂ ਭਾਵੇਂ ਕਿੰਨੇ ਵੱਖ–ਵੱਖ ਕਿਉਂ ਨਾ ਹੋਵੀਏ, ਬੱÎਚਿਆਂ ਦੀਆਂ ਖੇਡਾਂ ਤਾਂ ਇਕੋ ਜਿਹੀਆਂ ਹੁੰਦੀਆਂ ਨੇ। ਉਸ ਦਿਨ ਸਾਡੀ ਸਭਨਾਂ ਦੀ ਕੁਝ ਅਜਿਹੀ ਈ ਹਾਲਤ ਸੀ...ਕਿਉਂਕਿ ਸਾਡੇ ਵਿਚੋਂ ਕੋਈ ਇਹ ਨਹੀਂ ਸੀ ਜਾਣਦਾ ਕਿ ਕਦੋਂ ਅਚਾਨਕ ਕਿਸ ਦੇ ਲਈ ਆਪਣਾ ਫੰਦਾ ਛੱਡ ਜਾਵਾਂਗੇ। ਹਰੇਕ ਕਿਸੇ ਭੈਭੀਤ ਬੱਚੇ ਵਾਂਗ ਪਿੱਛਾ ਭੌÎਂ ਕੇ ਵੇਖ ਲੈਂਦਾ ਸੀ ਕਿ ਕਿਤੇ ਉਸਦੇ ਪਿੱਛੇ ਤਾਂ ਨਹੀਂ...ਜੀ ਹਾਂ, ਇਹਨੀਂ ਦਿਨੀ ਈ ਇੱਥੇ ਜਰਮਨ ਆਏ ਸੀ। ਤੁਸੀਂ ਤਾਂ ਉਦੋਂ ਬੜੇ ਛੋਟੇ ਹੁੰਦੇ ਹੋਵੋਗੇ...ਮੇਰੀ ਉਮਰ ਵੀ ਕੋਈ ਖਾਸ ਨਹੀਂ ਸੀ ਹਾਲਾਂਕਿ ਲੜਾਈ ਲੱਗੀ ਹੋਣ ਕਰਕੇ ਸਵੇਰ ਤੋਂ ਸ਼ਾਮ ਤੀਕ ਕੰਮ ਵਿਚ ਜੁਟੇ ਰਹਿਣਾ ਪੈਂਦਾ ਸੀ, ਮੈਂ ਇਕ ਜਵਾਨ ਵਹਿੜਕੇ ਵਾਂਗ ਡਟਿਆ ਰਹਿੰਦਾ ਸੀ। ਇਕ ਉਮਰ ਹੁੰਦੀ ਏ ਜਦੋਂ ਹਰੇਕ ਬੰਦਾ ਇਕ ਔਸਤ ਸੁਖ ਵਿਚ ਰਹਿਣਾ ਸਿੱਖ ਲੈਂਦਾ ਏ...ਉਸ ਤੋਂ ਅਗਾਂਹ ਵੱਲ ਵੇਖਣ ਦੀ ਫੁਰਸਤ ਨਹੀਂ ਹੁੰਦੀ ਉਸ ਕੋਲ...ਯਾਨੀ ਉਦੋਂ ਤੀਕ ਮਹਿਸੂਸ ਨਹੀਂ ਹੁੰਦਾ ਜਦੋਂ ਤੁਸੀਂ ਆਪ ਉਸ ਦਾਇਰੇ ਵਿਚ ਰਹਿੰਦੇ ਓ...ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਿਸ ਨੂੰ ਅਸੀਂ ਸੁਖ ਕਹਿੰਦੇ ਵਾਂ, ਉਹ ਕੁਛ ਖਾਸ ਪਲਾਂ ਦੀ ਚੀਜ਼ ਏ।
ਸੁਖ, ਉਂਜ ਆਪਣੇ ਆਪ ਵਿਚ ਬੜਾ ਠੋਸ ਏ ਪਰ ਉਹਨਾਂ ਪਲਾਂ ਦੇ ਬੀਤ ਜਾਣ ਪਿੱਛੋਂ ਉਹ ਫਿੱਕਾ–ਜਿਹਾ, ਧੁੰਦਲਾ–ਧੁੰਦਲਾ ਜਿਹਾ ਤੇ ਹੈਂਗਓਵਰ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਏ। ਪਰ ਜਿਸ ਨੂੰ ਅਸੀਂ ਦੁੱਖ, ਤਕਲੀਫ਼ ਜਾਂ ਯਾਤਨਾ ਕਹਿੰਦੇ ਵਾਂ, ਉਸਦਾ ਕੋਈ ਖਾਸ ਮੌਕਾ ਨਹੀਂ ਹੁੰਦਾ...ਮੇਰਾ ਮਤਲਬ ਏ, ਉਸਨੂੰ ਹੂ-ਬ-ਹੂ ਦੁਰਘਟਨਾਂ ਸਮੇਂ ਮਹਿਸੂਸ ਨਹੀਂ ਕੀਤਾ ਜਾ ਸਕਦਾ। ਦੁਰਘਟਨਾਂ ਸਮੇਂ ਅਸੀਂ ਬਦਹਵਾਸ ਹੋ ਜਾਂਦੇ ਵਾਂ, ਅਸੀਂ ਉਦੋਂ ਝੱਲੀ ਪੀੜ ਲਈ ਕੋਈ ਬਣਿਆ-ਬਣਾਇਆਂ ਫਰੇਮ ਨਹੀਂ ਲੱਭ ਸਕਦੇ, ਜਿਸ ਵਿਚ ਉਸਨੂੰ ਸਹੀ ਤੌਰ 'ਤੇ ਫਿੱਟ ਕਰ ਸਕੀਏ। ਕਿਸੇ ਦੁਰਘਟਨਾਂ ਦਾ ਹੋਣਾ ਇਕ ਗੱਲ ਏ ਤੇ ਉਸਦਾ ਠੀਕ–ਠੀਕ ਨਤੀਜਾ ਆਪਣੀ ਸਾਰੀ ਜ਼ਿੰਦਗੀ ਵਿਚ ਭੋਗਣਾ ਜਾਂ ਭੋਗ ਸਕਣ ਯੋਗ ਹੋ ਸਕਣਾ...ਬਿਲਕੁਲ ਵੱਖਰੀ ਗੱਲ। ਇੰਜ ਕਦੀ ਹੋ ਈ ਨਹੀਂ ਸਕਦਾ...ਇਹ ਅਸੰਭਵ ਏ। ਮੇਰਾ ਮਤਲਬ ਏ, ਆਪਣੇ ਆਪ ਨੂੰ ਵਾਰੀ ਵਾਰੀ ਦੂਜਿਆਂ ਦੀ ਸਥਿਤੀ ਵਿਚ ਮੰਨ ਕੇ ਓਨੇ ਈ ਦੁੱਖਾਂ ਦੀ ਕਲਪਨਾ ਕਰਨੀ ਜਿੰਨੇ ਉਹਨਾਂ ਭੋਗੇ ਸੀ। ਉਹ ਜ਼ਰਾ ਘੱਟ ਹੋਣਗੇ ਜਾਂ ਕੁਝ ਵਧੇਰੇ ਈ...ਪਰ ਓਨੇ ਨਹੀਂ ਹੋ ਸਕਦੇ ਤੇ ਨਾ ਹੀ ਓਹੋ–ਜਿਹੇ ਜਿਹੋ–ਜਿਹੇ ਦੂਜਿਆਂ ਨੇ ਭੋਗੇ ਸੀ। ਨਹੀਂ, ਨਹੀਂ ਤੁਸੀਂ ਗ਼ਲਤ ਨਾ ਸਮਝ ਲਈਓ। ਮੈਂ ਆਪਣੀ ਪਤਨੀ ਨੂੰ ਦੁੱਖ ਭੋਗਦਿਆਂ ਨਹੀਂ ਵੇਖਿਆ। ਜਦੋਂ ਮੈਂ ਘਰ ਪਹੁੰਚਿਆ ਸੀ, ਉਹ ਉਸਨੂੰ ਲਿਜਾਅ ਚੁੱਕੇ ਸੀ। ਸੱਤ ਸਾਲਾ ਵਿਆਹੁਤਾ ਜ਼ਿੰਦਗੀ ਵਿਚ ਇਹ ਮੇਰਾ ਪਹਿਲਾ ਮੌਕਾ ਸੀ, ਜਦੋਂ ਮੈਂ ਖ਼ਾਲੀ ਘਰ ਅੰਦਰ ਵੜਿਆ...। ਬਿੱਲੀ? ਨਹੀਂ ਉਹਨੀਂ ਦਿਨੀ ਉਹ ਮੇਰੇ ਕੋਲ ਨਹੀਂ ਸੀ ਹੁੰਦੀ, ਮੈਂ ਉਸਨੂੰ ਕਈ ਸਾਲ ਬਾਅਦ ਪਾਲਨਾ ਸ਼ੁਰੂ ਕੀਤਾ ਸੀ। ਦੂਜੇ ਘਰਾਂ ਵਿਚ ਵੱਸਦੇ ਮੇਰੇ ਗੁਆਂਢੀ, ਆਪੋ ਆਪਣੀਆਂ ਖਿੜਕੀਆਂ ਵਿਚੋਂ ਝਾਕਦੇ, ਮੈਨੂੰ ਵੇਖ ਰਹੇ ਸੀ। ਵੇਖਣਾ ਈ ਸੀ। ਸੁਭਾਵਕ ਜੋ ਸੀ। ਮੈਂ ਆਪ ਅਜਿਹੇ ਲੋਕਾਂ ਨੂੰ ਬਾਰੀ ਵਿਚੋਂ ਝਾਕ-ਝਾਕ ਕੇ ਵਿਹੰਦਾ ਹੁੰਦਾ ਸੀ, ਜਿੰਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਗੇਸਟਾਪੋ–ਪੁਲਸ ਫੜ੍ਹ ਕੇ ਬੰਦ ਗੱਡੀ ਵਿਚ ਲੈ ਜਾਂਦੀ ਹੁੰਦੀ। ਪਰ ਕਦੇ ਮੈਂ ਇਹ ਕਲਪਨਾ ਨਹੀਂ ਸੀ ਕੀਤੀ ਕਿ ਇਕ ਦਿਨ ਮੈਂ ਘਰ ਵਾਪਸ ਆਵਾਂਗਾ, ਮੇਰੀ ਪਤਨੀ ਦਾ ਕਮਰਾ ਖ਼ਾਲੀ ਪਿਆ ਹੋਵੇਗਾ। ਵੇਖੋ...ਮੈਂ ਤੁਹਾਥੋਂ ਇਕ ਗੱਲ ਪੁੱਛਣੀ ਚਾਹੁੰਣਾ ਵਾਂ...ਕੀ ਇਹ ਅਜੀਬ ਗੱਲ ਨਹੀਂ ਕਿ ਜਦੋਂ ਅਸੀਂ ਕਦੀ ਮੌਤ, ਯਾਤਨਾ ਜਾਂ ਦੁਰਘਟਨਾਂ ਦੀ ਗੱਲ ਸੁਣਦੇ ਵਾਂ ਜਾਂ ਸਵੇਰੇ ਅਖ਼ਬਾਰ ਵਿਚ ਪੜ੍ਹਦੇ ਵਾਂ ਤਾਂ ਸਾਡੇ ਇਹ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਇਹੋ ਕੁਝ ਸਾਡੇ ਨਾਲ ਵੀ ਵਾਪਰ ਸਕਦਾ ਸੀ...ਨਹੀਂ, ਸਾਨੂੰ ਹਮੇਸ਼ਾਂ ਇਵੇਂ ਲੱਗਦਾ ਏ ਕਿ ਇਹ ਦੂਜਿਆਂ ਵਾਸਤੇ ਈ ਨੇ...ਆ–ਹਾ, ਮੈਨੂੰ ਖੁਸ਼ੀ ਏ ਕਿ ਤੁਸੀਂ ਇਕ ਬੀਅਰ ਹੋਰ ਮੰਗਵਾ ਰਹੇ ਓ। ਅਖ਼ੀਰ ਖ਼ਾਲੀ ਗਿਲਾਸ ਸਾਹਮਣੇ ਸਾਰੀ ਰਾਤ ਤਾਂ ਨਹੀਂ ਨਾ ਬੈਠਿਆ ਜਾ ਸਕਦਾ...ਕੀ ਕਿਹਾ ਤੁਸੀਂ? ਮੈਂ ਜਾਣਦਾ ਸੀ ਤੁਸੀਂ ਇਹ ਸਵਾਲ ਵੀ ਜ਼ਰੂਰ ਪੁੱਛੋਗੇ; ਜੇ ਤੁਸੀਂ ਨਾ ਪੁੱਛਦੇ ਤਾਂ ਮੈਨੂੰ ਹੈਰਾਨੀ ਹੋਣੀ ਸੀ। ਨਹੀਂ ਜਨਾਬ...ਸ਼ੁਰੂ ਸ਼ੁਰੂ ਵਿਚ ਤਾਂ ਮੈਂ ਆਪ ਵੀ ਕੁਛ ਨਹੀਂ ਸੀ ਸਮਝ ਸਕਿਆ। ਤੁਹਾਨੂੰ ਦੱÎਸਿਆ ਸੀ ਨਾ ਕਿ ਐਨ ਦੁਰਘਟਨਾਂ ਸਮੇਂ ਆਦਮੀ ਬਦਹਵਾਸ ਹੋ ਜਾਂਦਾ ਏ ਉਹ ਆਪਣੀ ਪੀੜ ਦਾ ਸਹੀ ਅੰਦਾਜ਼ਾ ਵੀ ਨਹੀਂ ਲਾ ਸਕਦਾ। ਮੇਰੀ ਪਤਨੀ ਦੀਆਂ ਚੀਜ਼ਾਂ ਚਾਰੇ ਪਾਸੇ ਖਿੱਲਰੀਆਂ ਪਈਆਂ ਸੀ...ਕਪੜੇ, ਕਿਤਾਬਾਂ, ਮੁੱਦਤਾਂ ਪੁਰਾਣੇ ਅਖ਼ਬਾਰ! ਅਲਮਾਰੀਆਂ ਤੇ ਮੇਜ਼ਾਂ ਦੇ ਦਰਾਜ਼ ਖੁੱਲ੍ਹੇ ਹੋਏ ਸੀ ਤੇ ਉਹਨਾਂ ਵਿਚਲੀ ਹਰੇਕ ਨਿੱਕੀ–ਵੱਡੀ ਸ਼ੈਅ ਫ਼ਰਸ਼ ਉੱਤੇ ਉਲਟੀ-ਸਿੱਧੀ ਪਈ ਸੀ-ਕਰਿਸਮਿਸ ਦੇ ਤੋਹਫ਼ੇ, ਸਿਲਾਈ ਮਸ਼ੀਨ, ਪੁਰਾਣੀ ਫ਼ੋਟੋ ਐਲਬਮ; ਤੁਸੀਂ ਜਾਣਦੇ ਓ, ਵਿਆਹ ਤੋਂ ਬਾਅਦ ਕਿੰਨੀਆਂ ਈ ਚੀਜ਼ਾਂ ਆਪਣੇ ਆਪ ਇਕੱਠੀਆਂ ਹੋ ਜਾਂਦੀਆਂ ਨੇ...ਲੱਗਦਾ ਸੀ, ਉਹਨਾਂ ਨੇ ਹਰੇਕ ਨਿੱਕੀ–ਵੱਡੀ ਚੀਜ਼ ਨੂੰ ਉਲਟ–ਪਲਟ ਕੇ ਵੇਖਿਆ ਸੀ; ਕੋਨੇ ਕੋਨੇ ਦੀ ਤਲਾਸ਼ੀ ਲਈ ਸੀ...ਕੋਈ ਚੀਜ਼ ਵੀ ਅਜਿਹੀ ਨਹੀਂ ਸੀ ਜਿਹੜੀ ਉਹਨਾਂ ਦੇ ਹੱਥੋਂ ਬਚ ਸਕੀ ਹੋਵੇ! ਉਸ ਰਾਤ ਮੈਂ ਆਪਣੇ ਕਮਰੇ ਵਿਚ ਬੈਠਾ ਰਿਹਾ। ਮੇਰੀ ਪਤਨੀ ਦਾ ਬਿਸਤਰਾ ਖ਼ਾਲੀ ਪਿਆ ਸੀ। ਸਿਰਹਾਣੇ ਹੇਠ ਉਸਦਾ ਰੁਮਾਲ, ਮਾਚਸ ਤੇ ਸਿਗਰੇਟ ਪੈਕੇਟ ਰੱਖਿਆ ਹੋਇਆ ਸੀ। ਸੌਣ ਤੋਂ ਪਹਿਲਾਂ ਉਹ ਹਮੇਸ਼ਾ ਸਿਗਰੇਟ ਪੀਂਦੀ ਹੁੰਦੀ ਸੀ। ਸ਼ੁਰੂ ਸ਼ੁਰੂ ਵਿਚ ਮੈਨੂੰ ਉਸਦੀ ਇਹ ਆਦਤ ਰੜਕੀ, ਪਰ ਹੌਲੀ ਹੌਲੀ ਮੈਂ ਉਸਦਾ ਆਦੀ ਹੋ ਗਿਆ ਸੀ। ਪਲੰਘ ਕੋਲ ਰੱਖੀ ਤਿਪਾਈ ਉੱਤੇ ਉਸਦੀ ਕਿਤਾਬ ਪਈ ਹੋਈ ਸੀ, ਜਿਸਨੂੰ ਉਹ ਓਹਨੀਂ ਦਿਨੀ ਪੜ੍ਹ ਰਹੀ ਸੀ। ਜਿਸ ਪੰਨੇ ਉੱਤੇ ਉਹ ਪਿਛਲੀ ਰਾਤ ਸੀ, ਉੱਥੇ ਨਿਸ਼ਾਨੀ ਵਜੋਂ ਉਸਨੇ ਆਪਣਾ ਕਲਿੱਪ ਰੱÎਖਿਆ ਹੋਇਆ ਸੀ। ਕਲਿੱਪ ਨਾਲ ਉਸਦੇ ਵਾਲਾਂ ਦੀ ਮਹਿਕ ਜੁੜੀ ਸੀ...ਤੁਸੀਂ ਜਾਣਦੇ ਓ ਕਿਵੇਂ ਸਾਨੂੰ ਛੋਟੀਆਂ–ਛੋਟੀਆਂ ਤਫ਼ਸੀਲਾਂ ਵਰ੍ਹਿਆਂ ਤੀਕ ਚੇਤੇ ਰਹਿੰਦੀਆਂ ਨੇ। ਇਹ ਸ਼ਾਇਦ ਠੀਕ ਵੀ ਏ। ਵਿਆਹ ਤੋਂ ਪਹਿਲਾਂ ਅਸੀਂ ਹਮੇਸ਼ਾ ਵੱਡੀਆਂ ਤੇ ਅਨੁਭਵ ਭਰਪੂਰ ਸ਼ੈਆਂ ਬਾਰੇ ਸੋਚਦੇ ਵਾਂ, ਪਰ ਬਾਅਦ ਵਿਚ ਕੁਝ ਅਰਸਾ ਨਾਲ ਨਾਲ ਰਹਿਣ ਕਰਕੇ, ਇਹ ਵੱਡੀਆਂ ਸ਼ੈਆਂ ਹੱਥੋਂ ਸਰਕ ਜਾਂਦੀਆਂ ਨੇ ਤੇ ਸਿਰਫ ਛੋਟੀਆਂ–ਮੋਟੀਆਂ ਆਦਤਾਂ, ਉਪਰੋਂ ਠੁੱਸ ਦਿਸਣ ਵਾਲੀਆਂ ਨਿੱਤ–ਦਿਹਾੜੇ ਦੀਆਂ ਕ੍ਰਿਆਵਾਂ, ਰੋਜ਼–ਰੋਜ਼ ਦੇ ਆਪਸੀ ਮਤਭੇਦ ਈ ਬਾਕੀ ਰਹਿ ਜਾਂਦੇ ਨੇ। ਜਿੰਨ੍ਹਾਂ ਨੂੰ ਅਸੀਂ ਸੰਗ ਦੇ ਮਾਰੇ ਦੂਜਿਆਂ ਨੂੰ ਕਦੀ ਨਹੀਂ ਦੱਸਦੇ, ਪਰ ਜਿੰਨ੍ਹਾਂ ਦੇ ਬਿਨਾਂ ਹਰੇਕ ਸ਼ੈਅ ਸੁੰਨੀ ਜਿਹੀ ਜਾਪਦੀ ਏ। ਉਸ ਰਾਤ ਮੈਂ ਇਕੱਲਾ ਕਮਰੇ ਵਿਚ ਆਪਣੀ ਪਤਨੀ ਦੀਆਂ ਚੀਜ਼ਾਂ ਵਿਚਕਾਰ ਬੈਠਾ ਰਿਹਾ...ਉਸ ਘੜੀ ਸ਼ਾਇਦ ਮੈਂ ਆਪਣੇ ਆਪ ਵਿਚ ਨਹੀਂ ਸੀ। ਮੈਨੂੰ ਕੁਛ ਵੀ ਨਹੀਂ ਸੀ ਸੁੱਝ ਰਿਹਾ। ਉਹ ਆਪਣੇ ਕਮਰੇ ਵਿਚ ਨਹੀਂ ਸੀ...ਇਹ ਇਕ ਸੱਚ ਸੀ। ਮੈਂ ਉਸਨੂੰ ਸਮਝ ਸਕਦਾ ਸੀ। ਪਰ ਉਹ ਉਸਨੂੰ ਫੜ੍ਹ ਕੇ ਲੈ ਗਏ ਸੀ, ਇਹ ਭਿਆਨਕ ਭੇਦ ਮੇਰੀ ਸਮਝ ਤੋਂ ਬਾਹਰ ਸੀ। ਆਖ਼ਰ ਮੇਰੀ ਪਤਨੀ ਈ ਕਿਉਂ? ਉਸ ਰਾਤ ਮੈਂ ਵਾਰੀ–ਵਾਰੀ ਆਪਣੇ ਆਪ ਨੂੰ ਇਹੋ ਸਵਾਲ ਪੁੱਛਦਾ ਰਿਹਾ। ਤੁਹਾਨੂੰ ਕੁਝ ਹੈਰਾਨੀ ਹੋਵੇਗੀ ਕਿ ਸੱਤ ਸਾਲਾ ਵਿਆਹੁਤਾ ਜੀਵਨ ਵਿਚ ਮੈਨੂੰ ਪਹਿਲੀ ਵੇਰੀ ਆਪਣੀ ਪਤਨੀ ਉੱਤੇ ਸ਼ੱਕ ਹੋਇਆ ਸੀ...ਜਿਵੇਂ ਉਸਨੇ ਕੋਈ ਚੀਜ਼ ਮੈਥੋਂ ਛੁਪਾਅ ਕੇ ਰੱਖੀ ਹੋਵੇ, ਕੋਈ ਅਜਿਹੀ ਚੀਜ਼ ਜਿਸ ਦਾ ਮੇਰੇ ਨਾਲ ਕੋਈ ਸਰੋਕਾਰ ਨਹੀਂ ਸੀ। ਪਿੱਛੋਂ ਮੈਨੂੰ ਪਤਾ ਲੱÎਗਿਆ ਕਿ ਗੈਸਟਾਪੋ–ਪੁਲਸ ਕਈ ਦਿਨਾਂ ਦੀ ਉਸਦੀ ਟੋਹ ਵਿਚ ਸੀ। ਉਸ ਕੋਲੋਂ ਕੁਝ ਗੈਰਕਾਨੂੰਨੀ ਪਰਚੇ ਤੇ ਪੈਂਫਲਿਟ ਫੜ੍ਹੇ ਗਏ ਸੀ ਜਿਹੜੇ ਉਹਨੀਂ ਦਿਨੀ ਗੁਪਤ ਤੌਰ 'ਤੇ ਲੋਕਾਂ ਨੂੰ ਵੰਡੇ ਜਾਂਦੇ ਸੀ। ਜਰਮਨ ਅਧਿਕਾਰੀਆਂ ਦੀ ਨਜ਼ਰ ਵਿਚ ਇਹ ਸਭ ਤੋਂ ਸੰਗੀਨ–ਜ਼ੁਰਮ ਸੀ ਤੇ ਪੁਲਸ ਨੇ ਇਹ ਸਾਰੀਆਂ ਚੀਜ਼ਾਂ ਖ਼ੁਦ ਮੇਰੀ ਪਤਨੀ ਦੇ ਕਮਰੇ ਵਿਚੋਂ ਬਰਾਮਦ ਕੀਤੀਆਂ ਸੀ...ਤੇ ਸ਼ਾਇਦ ਤੁਹਾਨੂੰ ਇਹ ਗੱਲ ਖਾਸੀ ਦਿਲਚਸਪ ਲੱਗੇ ਕਿ ਖ਼ੁਦ ਮੈਨੂੰ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਸੀ, ਉਸ ਰਾਤ ਤੋਂ ਪਹਿਲਾਂ ਮੈਂ ਤੇ ਉਹ ਏਸੇ ਕਮਰੇ ਵਿਚ ਸੌÎਂਦੇ ਸੀ, ਪ੍ਰੇਮ ਕਰਦੇ ਸੀ...ਤੇ ਉਸੇ ਕਮਰੇ ਵਿਚ ਈ ਕੁਝ ਅਜਿਹੀਆਂ ਚੀਜ਼ਾਂ ਸੀ, ਜਿਹੜੀਆਂ ਉਸਦਾ ਰਹੱਸ ਸੀ, ਜਿੰਨ੍ਹਾਂ ਨਾਲ ਮੇਰੀ ਕੋਈ ਸਾਂਝ ਨਹੀਂ ਸੀ। ਕੀ ਤੁਹਾਨੂੰ ਇਹ ਗੱਲ ਦਿਲਚਸਪ ਨਹੀਂ ਲੱਗਦੀ ਕਿ ਉਹ ਮੇਰੀ ਪਤਨੀ ਨੂੰ ਮੇਰੇ ਨਾਲੋਂ ਵੱਧ ਜਾਣਦੇ ਸੀ...? ਜ਼ਰਾ ਠਹਿਰੋ...ਮੈਂ ਆਪਣਾ ਗਿਲਾਸ ਖ਼ਤਮ ਕਰ ਲੈਂਦਾ ਵਾਂ, ਫੇਰ ਤੁਹਾਡਾ ਸਾਥ ਦਿਆਂਗਾ। ਕੁਝ ਚਿਰ ਬਾਅਦ ਉਹ ਬੰਦ ਕਰ ਦੇਣਗੇ, ਤੇ ਫੇਰ...ਨਹੀਂ ਏਨੀ ਜਲਦੀ ਵੀ ਨਹੀਂ, ਪੀਣ ਦਾ ਮਜ਼ਾ ਤਾਂ ਆਰਾਮ ਨਾਲ ਪੀਣ ਵਿਚ ਈ ਏ। ਸਾਡੀ ਬੋਲੀ ਵਿਚ ਇਕ ਕਹਾਵਤ ਏ, ਸਾਨੂੰ ਡਕ ਕੇ ਪੀਣੀ ਚਾਹੀਦੀ ਏ ਕਿਉਂਕਿ ਸੌ ਸਾਲ ਬਾਅਦ ਅਸੀਂ ਇਸ ਦੁਨੀਆਂ ਵਿਚ ਨਹੀਂ ਹੋਣਾ। ਸੌ ਸਾਲ...ਕਾਫੀ ਲੰਮਾਂ ਅਰਸਾ ਏ...ਤੁਹਾਡਾ ਕੀ ਖ਼ਿਆਲ ਏ? ਸਾਡੇ ਵਿਚੋਂ ਕੋਈ ਏਨਾ ਅਰਸਾ ਜਿਉੂਂਦਾ ਵੀ ਰਹਿ ਸਕੇਗਾ? ਮੈਨੂੰ ਸ਼ੱਕ ਏ। ਆਦਮੀ ਜਿਊਂਦਾ ਏ, ਖਾਂਦਾ ਏ, ਪੀਂਦਾ ਏ ਤੇ ਇਕ ਦਿਨ ਅਚਾਨਕ 'ਫਿਸ'! ਨਹੀਂ ਜਨਾਬ, ਭਿਆਨਕ ਚੀਜ਼ ਮੌਤ ਨਹੀਂ, ਲੱਖਾਂ ਲੋਕੀ ਹਰ ਰੋਜ਼ ਮਰਦੇ ਨੇ ਤੇ ਅਸੀਂ ਤੁਸੀਂ ਚੂੰ ਵੀ ਨਹੀਂ ਕਰਦੇ। ਭਿਆਨਕ ਚੀਜ਼ ਏ ਕਿ ਮਰਨ ਵਾਲਾ ਆਪਣੇ ਭੇਦ ਸਦਾ ਵਾਸਤੇ ਆਪਣੇ ਨਾਲ ਲੈ ਜਾਂਦਾ ਏ ਤੇ ਅਸੀਂ ਤੁਸੀਂ ਉਸਦਾ ਕੁਛ ਵੀ ਨਹੀਂ ਵਿਗਾੜ ਸਕਦੇ। ਇਕ ਤਰ੍ਹਾਂ ਨਾਲ ਉਹ ਸਾਥੋਂ ਮੁਕਤ ਹੋ ਜਾਂਦਾ ਏ। ਉਸ ਰਾਤ ਮੈਂ ਆਪਣੇ ਘਰ ਦੇ ਇਕ ਕਮਰੇ ਤੋਂ ਦੂਜੇ ਕਮਰੇ ਤੀਕ ਚੱਕਰ ਲਾਉਂਦਾ ਰਿਹਾ...ਤੁਹਾਨੂੰ ਸ਼ਾਇਦ ਹਾਸਾ ਆਵੇ ਕਿ ਪੁਲਸ ਤੋਂ ਪਿੱਛੋਂ ਮੈਂ ਦੂਜਾ ਆਦਮੀ ਸੀ ਜਿਸ ਨੇ ਆਪਣੀ ਪਤਨੀ ਦੀ ਹਰੇਕ ਚੀਜ਼ ਦੀ ਮੁੜ ਤਲਾਸ਼ੀ ਲਈ ਸੀ...ਹਰੇਕ ਚੀਜ਼ ਨੂੰ ਉਲਟਾਅ–ਪੁਲਟਾਅ ਕਰ ਕੇ ਬੜੇ ਗਹੁ ਨਾਲ ਵੇਖਿਆ ਸੀ। ਮੈਨੂੰ ਯਕੀਨ ਈ ਨਹੀਂ ਸੀ ਆ ਰਿਹਾ ਕਿ ਉਸਨੇ ਮੇਰੀ ਖਾਤਰ ਇਕ ਵੀ ਅਜਿਹੀ ਨਿਸ਼ਾਨੀ ਨਹੀਂ ਸੀ ਛੱਡੀ ਜਿਸ ਦੇ ਆਸਰੇ ਮੈਂ ਕੋਈ ਅਜਿਹੀ ਚੀਜ਼ ਲੱਭ ਸਕਾਂ ਜਿਸ ਵਿਚ ਮੇਰਾ ਵੀ ਹਿੱਸਾ ਰਿਹਾ ਹੋਵੇ। ਉਸਦੇ ਵਿਆਹ ਦੀ ਪੁਸ਼ਾਕ, ਡਰੈਸਿੰਗ ਟੇਬਲ ਦੀ ਦਰਾਜ਼ ਵਿਚ ਪਏ ਕੁਝ ਖ਼ਤ...ਜਿਹੜੇ ਮੈਂ ਵਿਆਹ ਤੋਂ ਪਹਿਲਾਂ ਉਸਨੂੰ ਲਿਖੇ ਸੀ...ਕੁਝ ਖੰਭ ਤੇ ਪੱਥਰ ਜਿਹੜੇ ਉਸਨੇ ਸਾਂਭ–ਸਾਂਭ ਰੱਖੇ ਸੀ, ਜ਼ਰਾ ਵੇਖੋ ਨਾ, ਸੱਤ ਸਾਲ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਉਸ ਰਾਤ ਮੈਂ ਆਪਣੀ ਪਤਨੀ ਦੀਆਂ ਚੀਜ਼ਾਂ ਨੂੰ ਇੰਜ ਨਿਰਖ–ਪਰਖ ਰਿਹਾ ਸੀ ਜਿਵੇਂ ਉਸਦਾ ਪਤੀ ਨਾ ਹੋ ਕੇ ਖ਼ੁਫੀਆ ਪੁਲਸ ਦਾ ਕੋਈ ਪੇਸ਼ਾਵਰ ਮੁਲਾਜ਼ਿਮ ਹੋਵਾਂ ਮੈਂ...ਮੈਨੂੰ ਇਹ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਹੁਣ ਮੈਂ ਉਸ ਤੋਂ ਕੁਛ ਨਹੀਂ ਪੁੱਛ ਸਕਾਂਗਾ। ਉਹ ਉਹਨਾਂ ਦੇ ਹੱਥੋਂ ਬਚ ਨਹੀਂ ਸਕਦੀ, ਇਹ ਮੈਂ ਜਾਣਦਾ ਸੀ...ਉਹ ਜਿੰਨ੍ਹਾਂ ਲੋਕਾਂ ਨੂੰ ਫੜ੍ਹ ਕੇ ਲੈ ਜਾਂਦੇ ਸੀ, ਉਹਨਾਂ ਵਿਚੋਂ ਇਕ ਨੂੰ ਵੀ ਮੈਂ ਵਾਪਸ ਮੁੜਦਿਆਂ ਨਹੀਂ ਸੀ ਵੇਖਿਆ। ਪਰ ਉਸ ਰਾਤ ਮੈਨੂੰ ਇਸ ਗੱਲ ਨੇ ਏਨਾ ਭੈਭੀਤ ਨਹੀਂ ਸੀ ਕੀਤਾ ਕਿ ਮੌਤ ਉਸਦੇ ਬੜੀ ਨੇੜੇ ਏ, ਜਿੰਨਾਂ ਇਸ ਗੱਲ ਨੇ ਕਿ ਮੈਂ ਕਦੀ ਉਸ ਬਾਰੇ ਪੂਰਾ ਸੱਚ ਨਹੀਂ ਜਾਣ ਸਕਾਂਗਾ। ਮੌਤ ਹਮੇਸ਼ਾ ਲਈ ਉਸਦੇ ਭੇਤਾਂ ਨੂੰ ਜਿੰਦਰਾ ਮਾਰ ਦਵੇਗੀ ਤੇ ਉਹ ਆਪਣੇ ਪਿੱਛੇ ਕੋਈ ਅਜਿਹਾ ਸੁਰਾਗ ਵੀ ਨਹੀਂ ਛੱਡ ਕੇ ਜਾਵੇਗੀ ਜਿਸ ਦੀ ਮਦਦ ਨਾਲ ਮੈਂ ਉਸ ਜਿੰਦਰੇ ਨੂੰ ਖੋਹਲ ਸਕਾਂ। ਦੂਜੇ ਦਿਨ ਰਾਤੀਂ ਉਹਨਾਂ ਮੇਰਾ ਬੂਹਾ ਆਣ ਖੜਕਾਇਆ। ਮੈਂ ਤਿਆਰ–ਬਰ–ਤਿਆਰ ਬੈਠਾ ਉਹਨਾਂ ਨੂੰ ਈ ਉਡੀਕ ਰਿਹਾ ਸੀ; ਮੈਨੂੰ ਪਤਾ ਸੀ ਉਹ ਜ਼ਰੂਰ ਆਉਣਗੇ। ਜੇ ਮੇਰੀ ਪਤਨੀ ਉਹਨਾਂ ਸਾਹਵੇਂ ਸਭ ਕਬੂਲ ਕਰ ਲੈਂਦੀ ਤਾਂ ਸ਼ਾਇਦ ਉਹਨਾਂ ਨੂੰ ਮੇਰੀ ਲੋੜ ਨਾ ਪੈਂਦੀ। ਪਰ ਮੈਨੂੰ ਪਤਾ ਸੀ ਉਸਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲੇਗਾ। ਮੈਂ ਉਸਦੇ ਰਹੱਸਾਂ ਤੋਂ ਅਣਜਾਣ ਰਿਹਾ ਵਾਂ, ਪਰ ਉੁਸਦੀਆਂ ਅਦਤਾਂ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਉਸਨੂੰ ਚੁੱਪ ਰਹਿ ਦੀ ਜਾਚ ਸੀ; ਚਾਹੇ ਤਸੀਹੇ ਕਿੰਨੇ ਈ ਭਿਆਨਕ ਕਿਉਂ ਨਾ ਹੋਣ। ਨਹੀਂ ਜਨਾਬ ਮੈਂ ਆਪਣੇ ਅੱਖੀਂ ਉਸਨੂੰ ਤਸੀਹੇ ਭੋਗਦਿਆਂ ਨਹੀਂ ਵੇਖਿਆ, ਪਰ ਮੈਂ ਥੋੜ੍ਹਾ–ਬਹੁਤਾ ਅੰਦਾਜ਼ਾ ਤਾਂ ਲਾ ਸਕਦਾ ਵਾਂ...। ਪਹਿਲਾ ਪ੍ਰਸ਼ਨ ਜੋ ਉਹਨਾਂ ਮੈਨੂੰ ਪੁੱÎਛਿਆ ਸੀ, ਉਹ ਬਿਲਕੁਲ ਸਪਸ਼ਟ ਸੀ...ਕੀ ਮੈਂ ਸ਼੍ਰੀਮਤੀ ਦਾ ਪਤੀ ਵਾਂ? ਮੈਂ ਸਿਰਫ ਉਹਨਾਂ ਦੇ ਸਵਾਲ ਦਾ ਉਤਰ 'ਹਾਂ' ਵਿਚ ਈ ਦੇ ਸਕਿਆ ਸੀ, ਬਾਕੀ ਸਾਰੇ ਪ੍ਰਸ਼ਨ ਮੇਰੀ ਸਮਝ ਤੋਂ ਬਾਹਰ ਦੇ ਸੀ। ਪਰ ਉਹ ਮੈਨੂੰ ਆਸਾਨੀ ਨਾਲ ਛੱਡਣ ਵਾਲੇ ਨਹੀਂ ਸੀ। ਉਹਨਾਂ ਮੇਰੀ ਏਸ ਗੱਲ ਨੂੰ ਹਾਸੇ ਵਿਚ ਪਾ ਲਿਆ। ਜਦੋਂ ਮੈਂ ਦੱÎਸਿਆ ਕਿ ਮੈਂ ਆਪਣੀ ਪਤਨੀ ਦੀਆਂ ਏਹਨਾਂ ਕਾਰਵਾਈਆਂ ਬਾਰੇ ਕੁਛ ਨਹੀਂ ਜਾਣਦਾ ਤਾਂ ਉਹਨਾਂ ਸੋਚਿਆ...ਸ਼ਾਇਦ ਮੈਂ ਆਪਣੀ ਖੱਲ ਬਚਾਉਣ ਲਈ ਕੰਨੀ ਕਤਰਾਅ ਰਿਹਾ ਵਾਂ। ਉਹ ਮੈਨੂੰ ਵੱਖਰੇ–ਵੱਖਰੇ ਢੰਗ ਨਾਲ ਪੁੱਛਦੇ ਰਹੇ...ਕਿ ਮੈਂ ਆਪਣੀ ਪਤਨੀ ਬਾਰੇ ਕੀ ਕੁਛ ਜਾਣਦਾ ਵਾਂ? ਉਹ ਕਿੱਥੇ–ਕਿੱਥੇ ਜਾਂਦੀ ਸੀ? ਕਿਹੜੇ ਲੋਕਾਂ ਨਾਲ ਮਿਲਦੀ ਸੀ? ਪੈਂਫਲਿਟ ਉਸਨੂੰ ਕਿਸ ਨੇ ਦਿੱਤੇ?... ਮੇਰੇ ਅੰਦਰੋਂ ਕਿਸੇ ਕਿਸਮ ਦਾ ਵੀ ਉਤਰ ਉਗਲਵਾਅ ਲੈਣ ਲਈ, ਉਹਨਾਂ ਕਿਹੜੇ ਕਿਹੜੇ ਤਰੀਕੇ ਅਪਣਾਏ, ਉਹਨਾਂ ਬਾਰੇ ਮੈਂ ਤੁਹਾਨੂੰ ਕੁਛ ਵੀ ਨਹੀਂ ਦੱਸ ਸਕਾਂਗਾ। ਮੈਂ ਭਾਵੇਂ ਕਿਵੇਂ ਵੀ ਤੁਹਾਨੂੰ ਕਿਉਂ ਨਾ ਦੱਸਾਂ, ਤੁਸੀਂ ਉਸਦਾ ਰੱਤੀ ਭਰ ਅੰਦਾਜ਼ਾ ਨਹੀਂ ਲਾ ਸਕੋਗੇ...ਉਹ ਮੈਨੂੰ ਉਦੋਂ ਤੀਕ ਕੁਟਾਪਾ ਚਾੜ੍ਹਦੇ ਰਹਿੰਦੇ ਸੀ, ਜਦੋਂ ਤੀਕ ਮੈਂ ਬੇਹੋਸ਼ ਨਹੀਂ ਸੀ ਹੋ ਜਾਂਦਾ ਹੁੰਦਾ। ਪਰ ਉਹਨਾਂ ਵਿਚ ਅਸੀਮ ਸਬਰ ਸੀ...ਉਹ ਓਦੋਂ ਤੀਕ ਇੰਤਜ਼ਾਰ ਕਰਦੇ ਸੀ, ਜਦੋਂ ਤੀਕ ਮੇਰੀ ਚੇਤਨਾ ਵਾਪਸ ਨਹੀਂ ਆ ਜਾਂਦੀ ਸੀ।...ਤੇ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ। ਉਹੀ ਪੁਰਾਣੇ ਸਵਾਲ ਤੇ ਅੰਤਹੀਣ ਤਸੀਹੇ। ਉਹਨਾਂ ਨੂੰ ਮੇਰਾ ਵਿਸ਼ਵਾਸ ਈ ਨਹੀਂ ਸੀ ਆਇਆ ਕਿ ਮੈਂ ਜਿਹੜਾ ਆਪਣੀ ਪਤਨੀ ਨਾਲ ਏਨੇ ਵਰ੍ਹੇ ਇਕੋ ਛੱਤ ਹੇਠ ਰਿਹਾ ਸੀ, ਉਸਦੀਆਂ ਗੁਪਤ ਕਾਰਵਾਈਆਂ ਬਾਰੇ ਕੁਛ ਵੀ ਨਹੀਂ ਸੀ ਜਾਣਦਾ। ਉਹ ਸਮਝਦੇ ਸੀ ਕਿ ਮੈਂ ਉਹਨਾਂ ਨੂੰ ਬੇਵਕੂਫ਼ ਬਣਾ ਰਿਹਾਂ...ਉਹਨਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ। ਨਹੀਂ ਜਨਾਬ, ਮੈਨੂੰ ਉਹਨਾਂ ਦੀ ਕੁੱਟ–ਮਾਰ ਦੀ ਨਹੀਂ ਬਲਿਕੇ ਏਸ ਚੀਜ਼ ਦੀ ਤਕਲੀਫ਼ ਵਧੇਰੇ ਹੁੰਦੀ ਸੀ ਕਿ ਉਹਨਾਂ ਦੇ ਪ੍ਰਸ਼ਨਾਂ ਦਾ ਮੇਰੇ ਕੋਲ ਕੋਈ ਜੁਆਬ ਨਹੀਂ ਸੀ, ਦੱਸਣ ਲਈ ਮੇਰੇ ਕੋਲ ਕੁਛ ਸਾਧਾਰਨ ਤੇ ਘਰੇਲੂ ਜਿਹੀਆਂ ਗੱਲਾਂ ਸੀ, ਜਿਹੜੀਆਂ ਸ਼ਾਇਦ ਹਰੇਕ ਔਰਤ ਆਪਣੇ ਮਰਦ ਨਾਲ ਕਰਦੀ ਏ...ਮੈਂ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਰੋਜ਼ਾਨਾ ਜ਼ਿੰਦਗੀ ਦੇ ਨਾਲ ਨਾਲ ਉਹ ਇਕ ਹੋਰ ਜ਼ਿੰਦਗੀ ਵੀ ਜਿਊਂ ਰਹੀ ਸੀ...ਮੈਥੋਂ ਅੱਲਗ–ਥੱਲਗ, ਮੇਰੀ ਪਹੁੰਚ ਤੇ ਸੋਚ ਤੋਂ ਪਰ੍ਹੇ ਇਕ ਅਜਿਹੀ ਜ਼ਿੰਦਗੀ ਜਿਸ ਦਾ ਮੇਰੇ ਨਾਲ ਕੋਈ ਵਾਸਤਾ ਨਹੀਂ ਸੀ। ਤੁਹਾਨੂੰ ਇਹ ਗੱਲ ਕੁਝ ਹਾਸੋਹੀਣੀ ਜਿਹੀ ਲੱਗੇਗੀ ਕਿ ...ਜੇ ਉਹ ਉਸਨੂੰ ਨਾ ਫੜ੍ਹਦੇ ਤਾਂ ਮੈਂ ਸਾਰੀ ਉਮਰ ਇਹੋ ਸਮਝਦਾ ਰਹਿੰਦਾ ਕਿ ਮੇਰੀ ਪਤਨੀ ਉਹੀ ਏ, ਜਿਸਨੂੰ ਮੈਂ ਜਾਣਦਾ ਵਾਂ। ਤੁਸੀਂ ਜਾਣਦੇ ਓ, ਉਹ ਜੰਗ ਦੇ ਆਖ਼ਰੀ ਦਿਨ ਸੀ ਤੇ ਗੇਸਟਾਪੋ ਆਪਣੇ ਸ਼ਿਕਾਰ ਨੂੰ ਛੇਤੀ ਛੇਤੀ ਹੱਥੋਂ ਨਹੀਂ ਸੀ ਜਾਣ ਦੇਂਦੇ...ਮੇਰੀ ਪਤਨੀ ਨੇ ਅਖ਼ੀਰ ਤੀਕ ਕੁਛ ਵੀ ਕਬੂਲ ਨਾ ਕੀਤਾ। ਉਹਨਾਂ ਉਸ ਤੋਂ ਉਮੀਦ ਛੱਡ ਦਿੱਤੀ ਪਰ ਮੈਨੂੰ ਉਹ ਕੱਚਾ ਸਮਝਦੇ ਸੀ। ਉਹ ਸ਼ਾਇਦ ਮੈਨੂੰ ਜਾਨੋਂ ਮਾਰਨਾ ਨਹੀਂ ਸੀ ਚਾਹੁੰਦੇ...ਪਰ ਮੌਤ ਨਾਲੋਂ ਘੱਟ, ਜਿੰਨਾਂ ਵੱਧ ਤੋਂ ਵੱਧ ਕਸ਼ਟ ਆਦਮੀ ਨੂੰ ਦਿੱਤਾ ਜਾ ਸਕਦਾ ਏ ਉਸ ਵਿਚ ਉਹਨਾਂ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਮੈਨੂੰ ਉਹ ਉਦੋਂ ਈ ਛੱਡਦੇ ਸੀ ਜਦੋਂ ਉਹ ਖ਼ੁਦ ਥੱਕ ਜਾਂਦੇ ਸੀ ਜਾਂ ਫੇਰ ਮੈਂ ਬੇਹੋਸ਼ ਹੋ ਜਾਂਦਾ ਹੁੰਦਾ ਸੀ। ਮੈਂ ਕੁਛ ਵੀ ਕਬੂਲ ਨਹੀਂ ਕੀਤਾ...ਇਹ ਮੇਰੀ ਵਡਿਆਈ ਨਹੀਂ, ਸੱਚ ਇਹ ਆ ਕਿ ਮੇਰੇ ਕੋਲ ਕਬੂਲਣ ਜੋਗਾ ਕੁਛ ਵੀ ਨਹੀਂ ਸੀ। ਤੁਸੀਂ ਜਾਣਦੇ ਓ, ਮੈਂ ਪਹਿਲੀ ਰਾਤ ਆਪਣੀ ਪਤਨੀ ਨੂੰ ਕਮਰੇ ਵਿਚ ਨਹੀਂ ਵੇਖਿਆ ਤਾਂ ਮੈਨੂੰ ਬੜਾ ਅਫ਼ਸੋਸ ਹੋਇਆ। ਇੰਜ ਲੱÎਗਿਆ ਸੀ ਜਿਵੇਂ ਮੈਨੂੰ ਹਨੇਰੇ ਵਿਚ ਰੱਖ ਕੇ ਉਸਨੇ ਮੇਰੇ ਨਾਲ ਵੱਡਾ ਛਲ ਕੀਤਾ ਏ। ਵਾਰੀ ਵਾਰੀ ਇਹੋ ਖ਼ਿਆਲ ਰੜਕਦਾ ਰਿਹਾ ਸੀ ਕਿ ਖ਼ੁਦ ਮੇਰੀ ਪਤਨੀ ਨੇ, ਮੈਨੂੰ ਈ ਆਪਣਾ ਵਿਸ਼ਵਾਸ ਪਾਤਰ ਬਣਾਉਣਾ ਠੀਕ ਨਹੀਂ ਸੀ ਸਮਝਿਆ। ਪਰ ਬਾਅਦ ਵਿਚ ਗੇਸਟਾਪੋ ਸਾਹਮਣੇ ਪੀੜਾਂ ਤੇ ਕਸ਼ਟਾਂ ਦੇ ਅਸਹਿ ਪਲਾਂ ਵਿਚੋਂ ਲੰਘਦਿਆਂ ਹੋਇਆਂ ਮੈਂ ਉਸਦਾ ਧੰਨਵਾਦ ਕੀਤਾ ਸੀ ਕਿ ਉਸਨੇ ਮੈਨੂੰ ਕੁਛ ਨਹੀਂ ਸੀ ਦੱÎਸਿਆ। ਇਕ ਤਰ੍ਹਾਂ ਨਾਲ ਉਸਨੇ ਮੈਨੂੰ ਬਚਾਅ ਲਿਆ ਸੀ। ਮੈਂ ਅੱਜ ਵੀ ਇਸ ਦਾ ਫੈਸਲਾ ਨਹੀਂ ਕਰ ਸਕਿਆ ਕਿ ਜੇ ਮੈਨੂੰ ਆਪਣੀ ਪਤਨੀ ਦਾ ਭੇਤ ਪਤਾ ਹੁੰਦਾ ਤਾਂ ਕੀ ਮੈਂ ਚੁੱਪ ਰਹਿਣ ਦਾ ਹੀਆ ਕਰ ਸਕਦਾ ਸੀ? ਜ਼ਰਾ ਸੋਚੋ ਜੇ ਮੇਰੇ ਸਾਹਮਣੇ ਕਬੂਲ ਕਰ ਲੈਣ ਦਾ ਰਸਤਾ ਖੁੱਲ੍ਹਾ ਹੁੰਦਾ ਤਾਂ ਕੀ ਮੇਰੇ ਕਸ਼ਟਾਂ ਦਾ ਅਹਿਸਾਸ ਵਧ ਨਾ ਜਾਂਦਾ? ਤੁਸੀਂ ਮਜ਼ਬੂਰੀ ਵਿਚ ਵੱਡੀ ਤੋਂ ਵੱਡੀ ਪੀੜ ਸਹਿ ਸਕਦੇ ਓ, ਪਰ ਜੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਸੇ ਵੀ ਪਲ ਉਸ ਪੀੜ ਤੋਂ ਛੁਟਕਾਰਾ ਪਾ ਸਕਦੇ ਓ...ਚਾਹੇ ਉਸ ਲਈ ਤੁਹਾਨੂੰ ਆਪਣੀ ਪਤਨੀ, ਆਪਣੇ ਪਿਤਾ ਜਾਂ ਆਪਣੇ ਭਰਾ ਨਾਲ ਦਗ਼ਾ ਈ ਕਿਉਂ ਨਾ ਕਰਨਾ ਪਵੇ...ਕੀ ਇਕ ਹੱਦ ਤੋਂ ਬਾਅਦ ਤੁਸੀਂ ਉਹ ਰਸਤਾ ਨਹੀਂ ਚੁਣ ਲਵੋਗੇ?...ਇਸ ਬਾਰੇ ਕੁਝ ਵੀ ਕਹਿਣਾ ਅਸੰਭਵ ਏ। ਚੋਣ ਦੀ ਖੁੱਲ੍ਹੀ ਛੁੱਟੀ ਤੋਂ ਵੱਡੀ ਪੀੜ ਹੋਰ ਕੋਈ ਨਹੀਂ ਹੁੰਦੀ। ਮੈਨੂੰ ਕਦੀ ਕਦੀ ਇੰਜ ਲੱਗਦਾ ਏ ਜਿਵੇਂ ਚੁਣਨ ਦੀ ਏਸ ਪੀੜ ਤੋਂ ਬਚਾਉਣ ਖਾਤਰ ਈ ਮੇਰੀ ਪਤਨੀ ਨੇ ਆਪਣਾ ਰਹੱਸ ਮੈਨੂੰ ਨਹੀਂ ਸੀ ਦੱÎਸਿਆ। ਵੋਖੋ ਨਾ...ਅਕਸਰ ਕਿਹਾ ਜਾਂਦਾ ਏ ਕਿ ਪ੍ਰੇਮ ਵਿਚ ਕਿਸੇ ਤਰ੍ਹਾਂ ਦਾ ਓਹਲਾ, ਦੂਰੀ ਜਾਂ ਦਵੈਤ ਨਹੀਂ ਹੁੰਦਾ, ਉਹ ਸ਼ੀਸ਼ੇ ਵਾਂਗ ਸਾਫ ਹੁੰਦਾ ਏ। ਮੈਂ ਸੋਚਦਾ ਵਾਂ ਕਿ ਇਸ ਨਾਲੋਂ ਵੱਡਾ ਭਰਮ ਹੋਰ ਕੋਈ ਨਹੀਂ। ਪ੍ਰੇਮ ਕਰਨ ਦਾ ਅਰਥ ਆਪਣੇ ਆਪ ਨੂੰ ਖੋਹਲਣਾ ਈ ਨਹੀਂ, ਕਾਫੀ ਹੱਦ ਤੀਕ ਆਪਣੇ ਆਪ ਨੂੰ ਛਿਪਾਉਣਾ ਵੀ ਏ...ਤਾਂਕਿ ਦੂਸਰੇ ਬੰਦੇ ਨੂੰ ਆਪਣੇ ਨਿੱਜੀ ਖ਼ਤਰਿਆਂ ਤੋਂ ਮੁਕਤ ਰੱÎਖਿਆ ਜਾ ਸਕੇ...ਹਰ ਔਰਤ ਇਸ ਗੱਲ ਨੂੰ ਸਮਝਦੀ ਏ ਤੇ ਕਿਉਂਕਿ ਹਰ ਮਰਦ ਨਾਲੋਂ ਕਈ ਗੁਣਾ ਜ਼ਿਆਦਾ ਪ੍ਰੇਮ ਕਰਨ ਦਾ ਹੌਸਲਾ ਰੱਖਦੀ ਏ, ਇੰਜ ਉਸ ਵਿਚ ਆਪਣੇ ਆਪ ਨੂੰ ਛਿਪਾਉਣ ਦਾ ਹੌਸਲਾ ਵੀ ਆ ਜਾਂਦਾ ਏ।...ਤੁਸੀਂ ਇੰਜ ਨਹੀਂ ਸੋਚਦੇ? ਹੋ ਸਕਦਾ ਏ, ਮੈਂ ਗਲਤ ਹੋਵਾਂ...ਪਰ ਜਦੋਂ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਅਕਸਰ ਇਹ ਸੋਚ ਕੇ ਮੈਨੂੰ ਤਸੱਲੀ ਮਿਲਦੀ ਏ ਕਿ...ਖ਼ੈਰ ਛੱਡੋ, ਮੈਂ ਸਮਝਾ ਨਹੀਂ ਸਕਾਂਗਾ। ਜਦੋਂ ਮੈਂ ਤੁਹਾਨੂੰ ਆਪਣੀ ਮੇਜ਼ ਉੱਤੇ ਸੱÎਦਿਆ ਸੀ ਤਾਂ ਇਸ ਉਮੀਦ ਨਾਲ ਨਹੀਂ ਕਿ ਤੁਹਾਨੂੰ ਕੁਛ ਸਮਝਾ ਸਕਾਂਗਾ। ਕੀ ਆਖਿਆ ਏ ਤੁਸੀਂ? ਨਹੀਂ ਜਨਾਬ, ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਦੁਬਾਰਾ ਕਦੀ ਨਹੀਂ ਵੇਖਿਆ। ਇਕ ਦੁਪਹਿਰ ਨੂੰ ਜਦੋਂ ਮੈਂ ਘਰੇ ਆ ਰਿਹਾ ਸੀ, ਮੇਰੀ ਨਿਗਾਹ ਉਸ ਪੋਸਟਰ ਉੱਤੇ ਜਾ ਪਈ ਸੀ...ਉਹਨੀਂ ਦਿਨੀਂ ਓਹੋ ਜਿਹੇ ਪੋਸਟਰ ਅਕਸਰ ਦੂਜੇ ਚੌਥੇ ਦਿਨ ਸ਼ਹਿਰ ਦੀਆਂ ਕੰਧਾਂ ਉੱਤੇ ਚਿਪਕਾ ਦਿੱਤੇ ਜਾਂਦੇ ਸੀ...ਹਰ ਪੋਸਟਰ ਉੱਤੇ ਤੀਹ–ਚਾਲੀ ਜਣਿਆਂ ਦੇ ਨਾਂਅ ਹੁੰਦੇ ਸੀ, ਜਿੰਨ੍ਹਾਂ ਨੂੰ ਪਿਛਲੀ ਰਾਤ ਗੋਲੀ ਮਾਰ ਦਿੱਤੀ ਗਈ ਹੁੰਦੀ ਸੀ। ਜਦੋਂ ਮੇਰੀ ਨਜ਼ਰ ਆਪਣੀ ਪਤਨੀ ਦੇ ਨਾਂਅ ਉੱਤੇ ਪਈ ਤਾਂ ਕਈ ਪਲ ਮੈਨੂੰ ਅਜ਼ੀਬ ਜਿਹਾ ਮਹਿਸੂਸ ਹੁੰਦਾ ਰਿਹਾ ਕਿ ਉਸ ਛੋਟੇ ਜਿਹੇ ਨਾਂਅ ਪਿੱਛੇ ਮੇਰੀ ਪਤਨੀ ਦਾ ਚਿਹਰਾ ਹੋ ਸਕਦਾ ਏ...ਮੈਂ ਤੁਹਾਨੂੰ ਦੱÎਸਿਆ ਸੀ ਕਿ ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਨਾਲ ਕਿਸੇ ਨੂੰ ਮਰਦਿਆਂ ਨਹੀਂ ਵੇਖ ਲੈਂਦੇ ਤੁਹਾਨੂੰ ਵਿਸ਼ਵਾਸ ਈ ਨਹੀਂ ਹੁੰਦਾ ਕਿ ਹੁਣ ਉਹ ਜਿਊਂਦਾ ਨਹੀਂ ਰਿਹਾ...ਇਕ ਧੁੰਦਲੀ ਜਿਹੀ ਉਮੀਦ ਵੱਝੀ ਰਹਿੰਦੀ ਏ ਕਿ ਤੁਸੀਂ ਦਰਵਾਜ਼ਾ ਖੋਹਲੋਗੇ...ਪਰ ਵੇਖੋ ਮੈਂ ਆਪਣੀ ਗੱਲ ਦੁਹਰਾਉਣ ਲੱਗ ਪਿਆਂ...ਬੀਅਰ ਪੀਣ ਦਾ ਇਕ ਸੁਖ ਏ ਕਿ ਤੁਸੀਂ ਇਕੋ ਦਾਇਰੇ ਦੇ ਇਰਦ–ਗਿਰਦ ਚੱਕਰ ਲਾਉਂਦੇ ਰਹਿੰਦੇ ਓ...ਰਾਊਂਡ, ਐਂਡ–ਰਾਊਂਡ, ਐਂਡ–ਰਾਊਂਡ! ਤੁਸੀਂ ਜਾ ਰਹੇ ਓ? ਜ਼ਰਾ ਠਹਿਰੀਓ, ਮੈਂ ਸਲਾਮੀ ਦੇ ਕੁਛ ਟੁਕੜੇ ਆਪਣੀ ਬਿੱਲੀ ਖਾਤਰ ਖਰੀਦ ਲਵਾਂ। ਵਿਚਾਰੀ ਹੁਣ ਤੀਕ ਭੁੱਖੀ ਪਿਆਸੀ ਮੇਰੀ ਉਡੀਕ ਵਿਚ ਬੈਠੀ ਹੋਵੇਗੀ। ਨਹੀਂ...ਨਹੀਂ, ਤੁਹਾਨੂੰ ਮੇਰੇ ਨਾਲ ਚੱਲਣ ਦੀ ਲੋੜ ਨਹੀਂ। ਮੇਰਾ ਘਰ ਜ਼ਿਆਦਾ ਦੂਰ ਨਹੀਂ ਤੇ ਮੈਂ ਆਪਣੀ ਪੀਣ ਕਪੈਸਟੀ ਜਾਣਦਾ ਵਾਂ। ਮੈਂ ਤੁਹਾਨੂੰ ਕਿਹਾ ਸੀ ਨਾ...ਸਿਰਫ ਡੇਢ ਇੰਚ ਉੱਚੇ।

Wednesday, June 16, 2010

ਹਰ ਯੁੱਗ ਦੀ ਗੱਲ... :: ਲੇਖਕ : ਮਿਰਜ਼ਾ ਉਮੈਰ ਬੇਗ਼

ਉਰਦੂ ਕਹਾਣੀ : ਹਰ ਯੁੱਗ ਦੀ ਗੱਲ... ਲੇਖਕ : ਮਿਰਜ਼ਾ ਉਮੈਰ ਬੇਗ਼
ਅਨੁਵਾਦ : ਮਹਿੰਦਰ ਬੇਦੀ, ਜੈਤੋ


ਦੇਰ ਤਾਂ ਹੋ ਗਈ ਸੀ ਪਰ ਮਨ ਵਿਚ ਇਕ ਖ਼ਿਆਲ ਸੀ...ਸ਼ਾਇਦ ਅਜੇ ਬਹੁਤੀ ਦੇਰ ਨਹੀਂ ਹੋਈ। ਸੋ ਕਾਹਲੀ-ਕਾਹਲੀ ਤੁਰਦਾ ਹੋਇਆ ਘਾਟ ਉੱਤੇ ਪਹੁੰਚਿਆ ਤਾਂ ਸੂਰਜ ਚੜ੍ਹ ਚੁੱਕਿਆ ਸੀ ਤੇ ਸਾਰੇ ਘਾਟ ਉੱਤੇ, ਦੂਰ ਪੁਲ ਤਾਈਂ, ਇਕ ਧੰਦਲਾ ਜਿਹਾ ਚਾਨਣ ਪਸਰ ਗਿਆ ਸੀ। ਵਾਤਾਵਰਨ ਕੁਝ ਵਧੇਰੇ ਹੀ ਹੁਸੀਨ ਹੋ ਗਿਆ ਜਾਪਦਾ ਸੀ। ਬਨਾਰਸ ਕੋਲ ਗੰਗਾ ਨੇ ਇਕ ਅਜਿਹੀ ਅੰਗੜਾਈ ਲਈ ਹੈ ਕਿ ਸਾਰਾ ਸ਼ਹਿਰ ਉਸ ਦੀ ਵੱਖੀ ਦੇ ਮੋੜ ਵਿਚ ਸਮਾਅ ਗਿਆ ਹੈ। ਘਾਟ ਉੱਤੇ ਅਣਗਿਣਤ ਲੋਕਾਂ ਦਾ ਹੜ੍ਹ ਜਿਹਾ ਆਇਆ ਹੋਇਆ ਸੀ। ਆਪਣੀ ਪਵਿੱਤਰਤਾ ਦੇ ਗਰੂਰ ਵਿਚ ਗੰਗਾ ਝੂੰਮਦੀ ਤੇ ਮਸਤੀਆਂ ਮਾਣਦੀ ਵਹਿ ਰਹੀ ਸੀ...ਜਿਵੇਂ ਉਸ ਦੇ ਪੈਰ ਕਿਤੇ ਟਿਕਦੇ ਹੀ ਨਾ ਹੋਣ।
ਫਿੱਕੇ ਪੈ ਰਹੇ ਹਨੇਰੇ ਦੀ ਓਟ ਵਿਚੋਂ ਪੁਲ ਦਿਸਣ ਲੱਗ ਪਿਆ ਸੀ। ਇਸ ਪੁਲ ਤੋਂ ਲੰਘ ਕੇ ਲੋਕ ਸਾਰਨਾਥ ਜਾਂਦੇ ਨੇ। ਸਾਰਨਾਥ ਜਿੱਥੇ ਕਈ ਵਰ੍ਹਿਆਂ ਦੀ ਤਪਸਿਆ ਤੋਂ ਬਾਅਦ ਮਹਾਤਮਾ ਬੁੱਧ ਨੇ ਆਪਣਾ ਗਿਆਨ ਲੋਕਾਂ ਵਿਚ ਵਰਤਾਇਆ ਸੀ। ਦੂਜੇ ਪਾਸੇ ਰਾਮਪੁਰ ਦੇ ਕਿਲੇ ਦਾ ਧੰਦਲਾ ਜਿਹਾ ਅਕਸ ਦਿਸ ਰਿਹਾ ਸੀ।
ਸ਼ਾਇਦ ਦੇਰ ਹੋ ਗਈ ਸੀ। ਕਿਲੇ ਤੋਂ ਤਿਲਕ ਕੇ ਨਜ਼ਰਾਂ, ਗੰਗਾ ਦੀਆਂ ਮਦ-ਮਸਤ ਲਹਿਰਾਂ ਉੱਤੇ ਆ ਟਿਕੀਆਂ। ਸਵੇਰ ਦੀ ਨਰਮ, ਮੁਲਾਇਮ ਹਵਾ ਵਿਚ ਉਹ ਲੰਮੇ ਸਾਹ ਲੈ ਰਹੀ ਜਾਪਦੀ ਸੀ। ਸੂਰਜ 'ਚੋਂ ਨਿਕਲੀ ਚਾਨਣ ਦੀ ਇਕ ਮੋਟੀ ਧਾਰ ਨੇ ਉਸ ਨੂੰ ਆਪਣੀ ਬੁਕਲ ਵਿਚ ਲੈ ਲਿਆ ਸੀ। ਜਦੋਂ ਇਹ ਚਾਨਣ ਧਾਰ ਕੁਝ ਹੋਰ ਸੰਘਣੀ ਹੋਈ, ਹਰੇਕ ਸ਼ੈ ਨੇ ਆਪਣੀ ਹੋਂਦ ਨੂੰ ਪ੍ਰਤੱਖ ਕਰ ਦਿੱਤਾ।
ਸੂਰਜ ਤੋਂ ਧਰਤੀ ਤਕ ਆ ਰਿਹਾ ਚਾਨਣ ਦਾ ਇਹ ਰਾਹ ਮਲਾਹਾਂ ਦੀ ਭੀੜ ਕੋਲ ਮੁਕਦਾ ਹੈ। ਮੈਂ ਕਿਨਾਰੇ 'ਤੇ ਆ ਗਿਆ ਹਾਂ...ਸੂਰਜ ਦੀਆਂ ਸਾਰੀਆਂ ਕਿਰਨਾ ਨੂੰ ਕਿਸੇ ਨੇ ਸਮੇਟ ਕੇ ਇਕ ਬਿੰਦੂ ਉਪਰ ਇਕੱਠਾ ਕਰ ਦਿੱਤਾ ਹੈ। ਉਹ ਬਿੰਦੂ ਸੁਲਗ ਰਿਹਾ ਹੈ :
''ਮਲਕਾ ਤੂੰ ਕਿਧਰ ?'' ਮੈਂ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ ਤੇ ਮਲਕਾ ਦਾ ਚਿਹਰਾ ਵੀ ਹਸੂੰ-ਹਸੂੰ ਕਰਨ ਲਗ ਪਿਆ, ਗੱਲ੍ਹਾਂ ਸ਼ੀਸ਼ੇ ਵਾਗੂੰ ਲਿਸ਼ਕਣ ਲਗ ਪਈਆਂ ਤੇ ਉਸ ਦੀਆਂ ਬੇਚੈਨ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਹ ਆਪਣੇ ਸਾਹਾਂ 'ਤੇ ਕਾਬੂ ਪਾਉਂਦੀ ਹੋਈ ਬੋਲੀ, ''ਉਜੈਨ ਤੋਂ ਭਟਕ ਕੇ ਕਾਸ਼ੀ ਕਿੰਜ ਆ ਪਹੁੰਚੇ ਕਾਲੀਦਾਸ ?''
''ਤੈਨੂੰ ਪਤਾ ਈ ਏ, ਜਦੋਂ ਕੋਈ 'ਪਿੰਡ' ਆਪਣੇ ਕੇਂਦਰ ਤੋਂ ਭਟਕ ਜਾਏ, ਇੰਜ ਹੀ ਬ੍ਰਾਹਮੰਡ ਵਿਚ ਭਟਕਦਾ ਰਹਿੰਦਾ ਏ।''
''ਅੱਛਾ, ਅੱਛਾ !'' ਉਹ ਮੁਸਕਰਾ ਪਈ। ਫੇਰ ਕਹਿਣ ਲੱਗੀ, ''ਕਿਸ਼ਤੀ ਦੀ ਸੈਰ ਕੀਤੀ ਜਾਵੇ ?'' ਤੇ ਕਾਹਲ ਨਾਲ ਅਸੀਂ ਦੋਏ ਇਕ ਕਿਸ਼ਤੀ ਵਿਚ ਜਾ ਬੈਠੇ ਸਾਂ। ਮੈਂ ਮਲਾਹ ਨੂੰ ਕਹਿ ਦਿੱਤਾ ਸੀ ਕਿ ਗੰਗਾ ਦੇ ਐਨ ਵਿਚਕਾਰ ਜਾ ਕੇ, ਉਹ ਚੱਪੂ ਚਲਾਉਣੇ ਬੰਦ ਕਰ ਦਵੇ ਤੇ ਕਿਸ਼ਤੀ ਨੂੰ ਲਹਿਰਾਂ ਦੇ ਆਸਰੇ ਛੱਡ ਦਵੇ। ਅਸੀਂ ਸ਼ਾਮ ਤਕ ਉੱਥੇ ਹੀ ਰਹਾਂਗੇ। ਉਸ ਨੇ ਬਿੰਦ ਦਾ ਬਿੰਦ ਮੇਰੇ ਮੂੰਹ ਵੱਲ ਤੱਕਿਆ ਤੇ ਫੇਰ ਕਿਸ਼ਤੀ ਨੂੰ ਧਾਰ ਦੇ ਹਵਾਲੇ ਕਰ ਦਿੱਤਾ ਸੀ।
ਚੁੱਪ ਦੀ ਚਾਦਰ ਫੈਲੀ ਹੋਈ ਸੀ ਪਰ ਕਦੇ ਕਦੇ ਹਵਾ ਦੀ ਹਿੱਕ ਉੱਤੇ ਤੈਰ ਕੇ ਆਏ ਕਿਨਾਰੇ ਉਪਰ ਹੋ ਰਹੇ ਭਜਨ-ਕੀਰਤਨ ਦੇ ਬੋਲ ਇਸ ਚੁੱਪ ਦੀ ਚਾਦਰ ਨੂੰ ਪਾੜ ਕੇ ਸਾਡੇ ਕੰਨਾਂ ਵਿਚ ਆ ਪੈਂਦੇ ਸਨ। ਮਲਕਾ ਮੇਰੇ ਕੋਲ, ਮੇਰੇ ਨਾਲ ਲੱਗ ਕੇ ਬੈਠੀ ਹੋਈ ਹੈ...ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ। ਕਿਤੇ ਇਹ ਮੇਰਾ ਭਰਮ ਤਾਂ ਨਹੀਂ? ਮਲਕਾ ਦੀ ਥਾਂ ਇਹ ਕੋਈ ਹੋਰ ਹੀ ਹੋਏ ਜਾਂ ਕੋਈ ਵੀ ਨਾ ਹੋਏ...ਜੇ ਹੋਏ ਤਾਂ ਇਹ ਮੇਰਾ ਪ੍ਰਛਾਵਾਂ, ਜਿਹੜਾ ਹਰ ਰੋਜ਼ ਮੇਰੀ ਹਸਤੀ ਵਿਚੋਂ ਨਿਕਲ ਕੇ ਫੈਲ ਜਾਂਦਾ ਹੈ ਤੇ ਜਿਸ ਨੂੰ ਪਕੜਣ ਲਈ ਮੈਂ ਸਾਰਾ ਸਾਰਾ ਦਿਨ ਨੱਠਿਆ ਫਿਰਦਾ ਹਾਂ ਤੇ ਉਹ ਰਾਤ ਹੁੰਦਿਆਂ ਹੀ ਕਿਤੇ ਅਲੋਪ ਹੋ ਜਾਂਦਾ ਹੈ।...ਤੇ ਫੇਰ ਨਵੀਂ ਸਵੇਰ ਦੇ ਨਾਲ ਹੀ ਮੇਰੇ ਸਾਹਮਣੇ ਆ ਖਲੋਂਦਾ ਹੈ ਤੇ ਮੇਰੀ ਦੌੜ ਸ਼ੁਰੂ ਹੋ ਜਾਂਦੀ ਹੈ। ਇਸੇ ਡਰ ਕਰਕੇ ਮੈਂ ਉਸ ਵੱਲ ਨਹੀਂ ਸਾਂ ਦੇਖ ਰਿਹਾ। ਨਹੀਂ! ਇਹ ਮਲਕਾ ਨਹੀਂ ਹੋ ਸਕਦੀ। ਉਸ ਨੇ ਤਾਂ ਦਸ ਸਾਲ ਪਹਿਲਾਂ ਮੈਨੂੰ ਹਵਾ ਵਿਚ ਉਛਾਲ ਦਿੱਤਾ ਸੀ।

...ਤਿੱਖੀ ਧੁੱਪ ਵਿਚ ਮਲਕਾ ਮੇਰੇ ਨਾਲ ਨਾਲ ਟੁਰੀ ਜਾ ਰਹੀ ਸੀ। ਉਸ ਦਿਨ ਸੀ ਵੀ ਬੜੀ ਗਰਮੀ। ਕੋਟ ਤਾਂ ਕੋਟ ਤਨ ਦੇ ਹੋਰ ਕਪੜੇ ਵੀ 'ਵਗਾਰੀ ਬੋਝ' ਜਾਪਦੇ ਸਨ। ਮੈਂ ਆਪਣਾ ਕੋਟ ਲਾਹੁੰਦਿਆਂ ਕਿਹਾ, ''ਜੀਅ ਕਰਦੈ ਸਾਲੇ ਨੂੰ ਗੰਗਾ ਵਿਚ ਸੁੱਟ ਦਿਆਂ। ਬੇਲੋੜਾ ਭਾਰ ਈ ਤਾਂ ਹੈ।'' ਮਲਕਾ ਨੇ ਝੱਟ ਮੈਥੋਂ ਕੋਟ ਖੋਹ ਲਿਆ ਤੇ ਆਖਿਆ, ''ਨਾ ਬਈ, ਇੰਜ ਨਹੀਂਓਂ ਕਰਨਾਂ। ਇਹ ਤਾਂ ਮੇਰੇ ਇਕਲੌਤੇ ਸੂਟ ਨਾਲ ਦਾ ਕੋਟ ਏ।'' ਤੇ ਉਸ ਨੇ ਆਪਣਾ ਸਵੈਟਰ ਗੰਗਾ ਵਿਚ ਸੁੱਟ ਦਿੱਤਾ ਸੀ।
'ਓ-ਇ-ਏ,' ਮੈਂ ਉਸ ਦਿਨ ਵਾਂਗ ਹੀ ਤ੍ਰਬਕ ਪਿਆ ਸਾਂ।
''ਕਿਉਂ? ਕੀ ਹੋਇਆ?'' ਮਲਕਾ ਨੇ ਚੁੱਪ ਤੋੜੀ।
''ਕੁਝ ਨਹੀਂ। ਮੈਨੂੰ ਤੇਰਾ ਸਵੈਟਰ ਤਰਦਾ ਜਾਂਦਾ ਦਿਸਿਆ ਸੀ।''
''ਅੱਛਾ, ਤਾਂ ਤੈਨੂੰ ਯਾਦ ਏ ?''
''ਹਾਂ।''
ਇਕ ਦਿਨ ਅਸੀਂ ਰਾਮਗੜ੍ਹ ਦੇ ਮਿਊਜ਼ੀਅਮ ਵਿਚੋਂ ਹੁੰਦੇ ਹੋਏ, ਮੰਦਰ ਤਕ ਪਹੁੰਚ ਗਏ ਸਾਂ। ਪੁਜਾਰੀ ਮੱਲੋਮੱਲੀ ਮਲਕਾ ਨੂੰ ਦਰਸ਼ਨ ਕਰਵਾਉਣ ਲੈ ਗਿਆ ਸੀ। ਉਹ ਪਿੱਛੇ ਮੁੜ-ਮੁੜ, ਮੇਰੇ ਵੱਲ ਵਿੰਹਦੀ ਹੋਈ ਬੋਲੀ ਸੀ, ''ਏਥੇ ਈ ਰੁਕੀਂ। ਮੈਂ ਤੇਰੇ ਲਈ ਵੀ ਭਗਵਾਨ ਤੋਂ ਕੁਝ ਮੰਗਾਂਗੀ।'' ਪੁਜਾਰੀ ਬੜਾ ਸਿਆਣਾ ਸੀ, ਉਹ ਆਪ ਬਾਹਰ ਆ ਕੇ ਮੇਰੇ ਟਿੱਕਾ ਲਾ ਗਿਆ ਸੀ। ਸ਼ਾਇਦ ਉਸ ਨੂੰ ਆਸ ਸੀ ਕਿ ਮੈਂ ਅਜੇ ਪੂਰਾ ਨਹੀਂ ਭਟਕਿਆ ਤੇ ਇਕ ਦਿਨ ਜ਼ਰੂਰ ਸੁਧਰ ਜਾਵਾਂਗਾ। ਉੱਥੋਂ ਅਸੀਂ ਹੇਠਾਂ, ਰਾਜਾ ਸਾਹਬ ਦੇ ਬਣਾਏ ਹੋਏ ਘਾਟ ਉੱਤੇ ਆ ਗਏ ਸਾਂ ਤੇ ਕਾਫੀ ਦੇਰ ਤਕ ਗੰਗਾ ਵਿਚ ਪੈਰ ਡਬੋ ਕੇ ਬੈਠੇ ਰਹੇ ਸਾਂ।
''ਠਹਿਰੀਂ ਤੂੰ ਅਜੇ ਮੂੰਹ ਨਾ ਧੋਈਂ।'' ਮੈਂ ਮਲਕਾ ਦੇ ਬੁੱਕ ਵਿਚ ਪਾਣੀ ਭਰਿਆ ਵੇਖ ਕੇ ਕੂਕਿਆ।
''ਕਿਉਂ?'' ਮਲਕਾ ਨੇ ਆਪਣੀਆਂ ਸੰਘਣੀਆਂ ਪਲਕਾਂ ਰਤਾ ਉਤਾਂਹ ਚੁੱਕ ਕੇ ਪੁੱਛਿਆ।
''ਤੇਰੀਆਂ ਗੱਲ੍ਹਾਂ ਦੇ ਭਖਦੇ ਹੋਏ ਅੰਗਿਆਰ ਮੈਂ ਹੁਣੇ ਠੰਡੇ ਕਰ ਦੇਂਦਾ ਵਾਂ।'' ਤੇ ਮੈਂ ਪਾਣੀ ਦੀ ਇਕ ਚੂਲੀ ਉਸ ਦੇ ਮੂੰਹ ਉਂਤੇ ਮਲ ਦਿੱਤੀ ਸੀ।
ਮਲਕਾ ਦਾ ਚਿਹਰਾ ਦਗ਼ ਰਿਹਾ ਸੀ...ਕਿਸੇ ਭੜ-ਭੜ ਮੱਚਦੀ ਲਾਟ ਦੀ ਸੁਨਹਿਰੀ ਭਾਖ਼ ਦਾ ਭੁਲੇਖਾ।
ਸ਼ੀਸ਼ੇ ਵਰਗੀਆਂ ਮੁਲਾਇਮ ਗਲ੍ਹਾਂ ਤੋਂ ਪਾਣੀ ਕਾਹਲ ਨਾਲ ਤ੍ਰਿਪ ਗਿਆ ਸੀ। ਉਹ ਖਿੜ-ਖਿੜ ਕਰਕੇ ਹੱਸ ਪਈ ਸੀ ਤੇ ਮੇਰੀਆਂ ਉਂਗਲਾਂ ਉਸ ਦੇ ਸੰਘਣੇ ਵਾਲਾਂ ਵਿਚ ਸਿੱਥਲ ਹੋ ਗਈਆਂ ਸਨ।
''ਬਈ ਤੇਰੇ ਵਾਲ ਤਾਂ ਭਿੱਜੇ ਹੋਏ ਨੇ।'' ਉਹ ਫੇਰ ਹੱਸ ਪਈ, ''ਹਾਂ, ਮੈਂ ਹੁਣੇ ਇਸ਼ਨਾਨ ਕੀਤਾ ਏ। ਘਾਟ ਦੇ ਨੇੜੇ ਰਹਿਣ ਦਾ ਇਹੀ ਤਾਂ ਇਕੋ ਇਕ ਸੁਖ ਏ।''
ਤੇ ਮੈਨੂੰ ਅਚਾਨਕ ਯਾਦ ਆਇਆ ਸੀ ਕਿ ਉਸ ਦੀ ਏਸੇ ਆਦਤ ਦਾ ਪਤਾ ਹੋਣ ਕਰਕੇ ਤਾਂ ਮੈਂ ਸਿੱਧਾ ਘਾਟ ਵੱਲ ਦੌੜਿਆ ਆਇਆ ਸਾਂ। ਮੇਰਾ ਖ਼ਿਆਲ ਸੀ ਕਿ ਉਸ ਦੀ ਸ਼ਰਧਾ ਵਿਚ ਕਮੀ ਨਹੀਂ ਆਈ ਹੋਣੀ। ਮੈਂ ਕਈ ਵਾਰੀ ਉਸ ਤੋਂ ਪੁੱਛਿਆ ਸੀ ਕਿ 'ਤੂੰ ਏਨੀ ਭਗਤੀ ਕਿਸ ਕਰਕੇ ਕਰਦੀ ਏਂ? ਲੋਕ ਤਾਂ ਗੰਗਾ ਵਿਚ ਆਪਣੇ ਪਾਪ ਧੋਣ ਆਉਂਦੇ ਨੇ ਤੇ ਤੂੰ ਅਜਿਹੇ ਕਿਹੜੇ ਪਾਪ ਕੀਤੇ ਨੇ ਕਿ ਨਿੱਤ ਗੰਗਾ ਇਸ਼ਨਾਨ ਕਰਦੀ ਏਂ?'
ਉਸ ਦੇ ਕੋਲ ਵੀ ਇਕੋ ਜਵਾਬ ਸੀ, ''ਹਰ ਰੋਜ਼ ਇਸ਼ਨਾਨ ਪਿੱਛੋਂ ਮੈਨੂੰ ਇੰਜ ਲੱਗਦਾ ਏ ਜਿਵੇਂ ਮੇਰੀ ਆਤਮਾ ਪਹਿਲਾਂ ਨਾਲੋਂ ਪਵਿੱਤਰ ਹੋ ਗਈ...ਪਵਿੱਤਰਤਾ ਦਾ ਇਕ ਅਜੀਬ ਜਿਹਾ ਅਹਿਸਾਸ ਜਾਗ ਪੈਂਦਾ ਏ।''
''ਆ ਮੈਂ ਤੇਰੇ ਵਾਲ ਗੁੰਦ ਦਿਆਂ।''
ਕਟੋਰੀਆਂ ਵਰਗੀਆਂ ਅੱਖਾਂ ਨਾਲ ਮੇਰੇ ਵੱਲ ਵਿੰਹਦੀ ਹੋਈ ਉਹ 'ਧੜੱਮ' ਕਰਕੇ ਕਿਸ਼ਤੀ ਵਿਚ ਬੈਠ ਗਈ। ਉਸ ਦੇ ਸੰਘਣੇ ਵਾਲ ਮੇਰੀ ਗੋਦ ਵਿਚ ਖਿੱਲਰ ਗਏ। ਉਹ ਅੱਜ ਵੀ ਓਨੀ ਅਲ੍ਹੜ ਤੇ ਬੇਪ੍ਰਵਾਹ ਹੈ...ਪਰ ਉਹ ਅਲ੍ਹੜ ਜਾਂ ਬੇਪ੍ਰਵਾਹ ਸੀ ਕਦੋਂ?
''ਤੂੰ ਇਕ ਮਹਾਨ ਨਾਟਕਕਾਰ ਬਣੇਗਾ। ਕਾਲੀਦਾਸ ਵਾਂਗ ਹੀ ਸਾਰੇ ਭਾਰਤ ਵਿਚ ਤੇਰੇ ਚਰਚੇ ਹੋਣਗੇ। ਤੂੰ ਅਜੋਕੀ ਸੰਸਕ੍ਰਿਤੀ ਨੂੰ, ਇਤਿਹਾਸ ਨੂੰ ਅਤੇ ਪਾਤਰਾਂ ਨੂੰ ਹਜ਼ਾਰਾਂ ਸਾਲਾਂ ਲਈ ਅਮਰ ਕਰ ਦਵੇਂਗਾ। ਮੈਂ ਸਿਰਫ ਤੈਨੂੰ ਆਪਣੇ ਤਕ ਸੀਮਿਤ ਕਰਕੇ, ਤੇਰਾ ਰਾਹ ਨਹੀਂ ਰੋਕਣਾ ਚਾਹੁੰਦੀ।''
''ਤੂੰ ਤੇ ਪਾਗਲ ਏਂ। ਜੇ ਤੇਰੀ ਸੋਚ ਸਹੀ ਹੈ ਤਾਂ ਇਹ ਸਭ ਕੁਝ ਮੈਂ ਤੇਰੇ ਨਾਲ ਰਹਿ ਕੇ ਵੀ ਕਰ ਸਕਦਾਂ।''
''ਨਹੀਂ, ਫੇਰ ਤੇਰੀ ਪ੍ਰਤਿਭਾ ਖ਼ਤਮ ਹੋ ਜਾਏਗੀ। ਮੇਰੀਆਂ ਗੱਲਾਂ ਜ਼ਰੂਰ ਸੱਚੀਆਂ ਹੋਣੀਆਂ ਨੇ। ਤੂੰ ਆਪ ਵੇਖ ਲਵੀਂ...ਨਾਲੇ ਤੈਨੂੰ ਨੌਕਰੀ ਵੀ ਉਜੈਨ ਯੂਨੀਵਰਸਟੀ ਵਿਚ ਮਿਲੀ ਏ। ਤੂੰ ਵੱਡ-ਭਾਗੀ ਐਂ, ਕਾਲੀਦਾਸ ਦੇ ਉਜੈਨ ਜਾ ਰਿਹੈਂ। ਮੈਨੂੰ ਯਕੀਨ ਏ...ਇਤਿਹਾਸ ਮੁੜ ਆਪਣੇ ਆਪ ਨੂੰ ਦਹੁਰਾਏਗਾ। ਸ਼ਾਹਿਤ ਨੂੰ ਫੇਰ ਇਕ ਮਹਾਨ ਨਾਟਕਕਾਰ ਮਿਲੇਗਾ।''
...ਤੇ ਮੈਂ ਚਿੜ ਕੇ ਉਜੈਨ ਚਲਾ ਗਿਆ ਸਾਂ।...ਆਪਣੇ ਆਪ ਵਿਚ ਗੁਆਚ ਗਿਆ ਸਾਂ। ਪਤਾ ਨਹੀਂ ਕੀ ਕੁਝ ਲਿਖ ਮਾਰਿਆ ਸੀ ਮੈਂ।...ਸਾਰੇ ਦੇਸ਼ ਵਿਚ ਮੇਰਾ ਨਾਂ ਹੋ ਗਿਆ ਸੀ। ਜਿੱਥੇ ਵੀ ਜਾਂਦਾ ਸਾਂ ਮੈਥੋਂ ਪਹਿਲਾਂ ਮੇਰੇ ਆਉਣ ਦੀਆਂ ਖ਼ਬਰਾਂ ਫੈਲੀਆਂ ਹੁੰਦੀਆਂ ਸਨ। ਮਲਕਾ ਦਾ ਸੁਪਨਾ ਸੱਚ ਹੋ ਗਿਆ ਸੀ। ਪਰ ਮੇਰੇ ਸਾਰੇ ਸੁਪਨੇ ਅਧੂਰੇ ਸਨ।...ਇਕ ਬੇਚੈਨੀ ਸੀ ਜਿਹੜੀ ਰੂਹ ਨੂੰ ਕਲਪਾਂਦੀ ਰਹਿੰਦੀ ਸੀ।
ਮੈਂ ਉਸ ਦਾ ਚਿਹਰਾ ਆਪਣੀਆਂ ਹਥੇਲੀਆਂ ਵਿਚ ਬੋਚ ਕੇ ਰਤਾ ਉਤਾਂਹ ਚੁੱਕਿਆ ਤੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ, ''ਕਦੀ ਤੂੰ ਮੇਰਾ ਕੋਈ ਨਾਟਕ ਪੜ੍ਹਿਆ ਏ?''
ਉਸ ਦੀਆਂ ਅੱਖਾਂ ਵਿਚ ਤਾਰਿਆਂ ਵਰਗੀ ਚਮਕ ਆ ਗਈ। ਜਿਵੇਂ ਕਹਿ ਰਹੀਆਂ ਹੋਣ...'ਤੇਰੀਆਂ ਨਾਇਕਾ ਨੂੰ ਅਸਾਂ ਜਾਣਦੇ ਆਂ। ਤੂੰ ਭਾਵੇਂ ਉਸ ਨੂੰ ਮਾਲਤੀ ਕਹੂ, ਭਾਵੇਂ ਮੰਜ਼ਰੀ, ਭਾਵੇਂ ਮਧੂਮਤੀ ਤੇ ਭਾਵੇਂ ਮਾਲਾ...ਉਸ ਦਾ ਰੰਗ ਸੁਨਹਿਰਾ, ਵਾਲ ਕਾਲੀਆਂ ਘਟਾਵਾਂ ਵਰਗੇ ਜਾਂ ਪੈਰ ਮੋਰਨੀ ਵਰਗੇ...''
''ਉਂਹ, ਤੇਰੇ ਪੈਰ ਕਿੰਨੇ ਗੰਦੇ ਨੇ ਮੋਰਨੀ ਵਰਗੇ...''
''ਵੇਖਦਾ ਜਾਈਂ...ਹੁਣੇ ਰੇਤ ਉਪਰ ਤੁਰਾਂਗੀ ਨਾ ਤਾਂ ਨਿੱਖਰ ਆਉਣਗੇ।'' ਕਹਿੰਦਿਆਂ ਹੀ ਉਹ ਕੱਕੇ ਰੇਤੇ ਉੱਤੇ ਦੂਰ ਤਾਈਂ ਨੱਸ ਗਈ। ਸੱਚਮੁੱਚ ਹੀ ਨਰਮ ਰੇਤ ਨੇ ਪਲਾਂ ਵਿਚ ਮੈਲ ਲਾਹ ਦਿੱਤੀ ਸੀ। ਗੋਰੇ ਨਿਛੋਹ ਪੈਰ ਦੇ ਅੰਗੂਠੇ ਦੀ ਨਾਲ ਵਾਲੀ ਉਂਗਲ, ਮੱਖੀ ਕਬੂਤਰ ਵਾਂਗ ਧੌਣ ਚੁੱਕੀ ਖੜ੍ਹੀ ਸੀ।
''ਓਇ...ਹੋਏ। ਬਈ ਤੂੰ ਆਪਣੇ ਪਤੀ ਨੂੰ ਮੁੱਠ ਵਿਚ ਰੱਖੇਂਗੀ।''
ਉਸ ਨੇ ਆਪਣੇ ਅੰਗੂਠੇ ਨਾਲ ਲੰਮੀ ਉਂਗਲ ਨੂੰ ਛੂਹਦਿਆਂ, ਮੁੱਠੀ ਖੋਲ੍ਹ ਕੇ ਹਥੇਲੀ ਉਪਰ ਫੂਕ ਮਾਰੀ, ''ਆਹ ਲੈ ਮੈਂ ਉਸ ਨੂੰ ਆਜ਼ਾਦ ਕਰ ਦਿੱਤਾ ਏ। ਮੌਜ-ਬਹਾਰਾਂ ਲੁੱਟੇ।''
''ਤਾਂ ਮੈਂ ਚਲਾ ਜਾਵਾਂ?'' ਉਜੈਨ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ ਸੀ।
''ਹਾਂ, ਜ਼ਰੂਰ। ਤੈਨੂੰ ਜਾਣਾ ਹੀ ਚਾਹੀਦਾ ਏ।'' ਉਸ ਨੇ ਜੀਅ ਕਰੜਾ ਕਰਕੇ ਮੈਨੂੰ ਕਹਿ ਦਿੱਤਾ ਸੀ।
''ਇਹ ਤੇਰੇ ਘਟਾਵਾਂ ਤੋਂ ਸੰਘਣੇ ਵਾਲ, ਮੈਥੋਂ ਦੂਰ, ਕਿਤੇ ਹੋਰ ਕਿਉਂ ਵਰ੍ਹਣਾ ਚਾਹੁੰਦੇ ਨੇ ?''
''ਇਸ ਲਈ ਕਿ ਇਹ ਤੈਨੂੰ ਭਿਊਂਣਾ ਨਹੀਂ ਚਾਹੁਦੇ।'' ਭਾਰੇ ਗਲੇ ਨਾਲ ਉਸ ਜਵਾਬ ਦਿੱਤਾ ਸੀ।
''ਤੂੰ ਨਿਰੀ ਉੱਲੂ ਏਂ, ਖ਼ੁਦ ਆਪਣੇ ਲਈ ਹੀ ਇਕ ਅਜਿਹਾ ਫੈਸਲਾ ਕਰ ਰਹੀ ਏਂ, ਜਿਸ 'ਤੇ ਅਮਲ ਕਰਨਾ ਬੜਾ ਮੁਸ਼ਕਿਲ ਹੈ।''
''ਇਹ ਫੈਸਲਾ ਮੈਂ ਤੇਰੇ ਲਈ ਕਰ ਰਹੀ ਆਂ। ਸੋ ਇਸ ਉੱਤੇ ਅਮਲ ਕਰਨਾ ਮੇਰੇ ਲਈ ਪੂਜਾ ਦੇ ਸਮਾਨ ਏ।''
''ਮੈਂ ਤੇਰੇ ਸਾਰੇ ਨਾਟਕ ਪੜ੍ਹ ਚੁੱਕੀ ਹਾਂ।'' ਮਲਕਾ ਕਹਿ ਰਹੀ ਸੀ, ''ਹੁਣ ਉਹ ਦਿਨ ਤਾਂ ਰਹੇ ਨਹੀਂ ਜਦੋਂ ਮੈਨੂੰ ਆਉਣ-ਜਾਣ ਵਾਲਿਆਂ ਦੀ ਮੁਥਾਜ਼ ਰਹਿਣਾ ਪੈਂਦਾ ਸੀ। ਹਰ ਮਹੀਨੇ ਮੈਂ ਸਾਰੇ ਮੈਗਜ਼ੀਨ ਖ਼ਰੀਦ ਲਿਆਉਂਦੀ ਆਂ ਤੇ ਤੇਰੀਆਂ ਰਚਨਾਵਾਂ ਪੜ੍ਹਨ ਲਈ ਮਿਲ ਜਾਂਦੀਆਂ ਨੇ।''
''ਪਰ ਮੈਂ ਹਰੇਕ ਮੈਗਜ਼ੀਨ ਵਿਚ ਤਾਂ ਨਹੀਂ ਛਪਦਾ...ਤੂੰ ਸਾਰੇ ਈ ਕਿਉਂ ਖ਼ਰੀਦ ਲੈਂਦੀ ਏਂ?''
''ਦਰਅਸਲ ਬੁੱਕਸ਼ਾਪ ਉੱਤੇ ਖੋਲ੍ਹ ਕੇ ਮੈਗਜ਼ੀਨ ਫਰੋਲਣੇ ਮੈਨੂੰ ਚੰਗੇ ਨਹੀਂ ਲੱਗਦੇ...ਸੋ ਸਾਰੇ ਖ਼ਰੀਦ ਕੇ ਘਰ ਲੈ ਆਉਂਦੀ ਹਾਂ ਤੇ ਹਰੇਕ ਸਫੇ ਉੱਤੇ ਤੈਨੂੰ ਟੋਲਦੀ ਰਹਿੰਦੀ ਆਂ।''
''ਬੜੀ ਮੂਰਖ ਏਂ ਤੂੰ। ਮੈਨੂੰ ਸਫਿਆਂ ਵਿਚ ਟੋਲਦੀ ਰਹਿੰਦੀ ਏਂ, ਤੇ ਜਦੋਂ ਮੈਂ ਕੋਲ ਹੁੰਦਾ ਵਾਂ ਤੂੰ ਮੈਨੂੰ ਗੰਵਾਅ ਦੇਂਦੀ ਏਂ।''
''ਮਲਕਾ ਹੁਣ ਮੈਂ ਥੱਕ ਗਿਆ ਵਾਂ। ਉਸ ਸੂਰਜ ਵਾਂਗ ਜਿਹੜਾ ਤੜਕਸਾਰ ਕਿਸੇ ਨੂੰ ਲੱਭਣ ਨਿਕਲ ਪੈਂਦਾ ਏ, ਸਾਰਾ ਦਿਨ ਤਪਦਾ ਰਹਿੰਦਾ ਏ ਤੇ ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਦੇਂਦਾ ਏ...ਪਰ ਖ਼ੁਦ ਵਿਚਾਰਾ ਸਫਰ ਦੀ ਥਕਾਵਟ ਪਿੱਛੋਂ ਹਨੇਰਿਆਂ ਵਿਚ ਮੂੰਹ ਲਕੋ ਲੈਂਦੈ। ਅਣਗਿਣਤ ਲੋਕਾਂ ਦੀ ਭੀੜ ਵਿਚ ਘਿਰਿਆ ਮੈਂ ਇਕ ਇਕੱਲਾ ਆਦਮੀ। ਇਕ ਇਕੱਲਾ ਆਦਮੀ। ਸਮੇਂ ਦੇ ਪਾੜੇ ਦੀ ਕੋਈ ਯਾਦ ਬਾਕੀ ਨਹੀਂ...ਸ਼ਾਇਦ ਅਜੇ ਦੇਰ ਨਹੀਂ ਹੋਈ।''
''ਮਲਕਾ ਕੀ ਤੇਰਾ ਕੋਈ ਵਰਤਮਾਨ ਵੀ ਹੈ?''
''ਹਾਏ...ਕਾਲੀਦਾਸ ਤੂੰ ਮਲਕਾ ਨੂੰ ਸਿਰਫ ਏਨਾ ਹੀ ਸਮਝ ਸਕਿਆ ਏਂ?''
ਸ਼ਾਇਦ ਹਰ ਯੁੱਗ ਦਾ ਕਾਲੀਦਾਸ ਮਲਕਾ ਨੂੰ ਸਿਰਫ ਇਹੀ ਸਵਾਲ ਪੁੱਛੇਗਾ :
''ਮਲਕਾ ਕੀ ਤੇਰਾ ਕੋਈ ਵਰਤਮਾਨ ਵੀ ਹੈ ?''
੦੦੦ ੦੦੦ ੦੦੦

Friday, June 11, 2010

ਕਾਇਆ-ਕਪਟ... :: ਲੇਖਕ : ਜੋਗਿੰਦਰ ਪਾਲ

ਉਰਦੂ ਕਹਾਣੀ : ਕਾਇਆ-ਕਪਟ... :: ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਭੌਂਕ ਨਾ, ਟਾਇਗਰ! ਭੌਂਕ–ਭੌਂਕ ਕੇ ਤਾਂ ਤੂੰ ਇਹ ਸਾਰੀ ਮੁਸੀਬਤ ਖੜ੍ਹੀ ਕੀਤੀ ਐ---ਹਾਂ ਭਰਾਵਾ, ਭੌਂਕਣ ਵਾਲੀ ਗੱਲ ਹੋਵੇ ਤਾਂ ਭੌਂਕਣ ਨੂੰ ਜੀਅ ਤਾਂ ਕਰਦਾ ਈ ਐ, ਪਰ ਪਹਿਲਾਂ ਅੱਗੇ-ਪਿੱਛੇ ਤਾਂ ਵੇਖ ਲੈਣਾ ਚਾਹੀਦੈ-ਮੈਂ?-ਨਹੀਂ, ਮੇਰੀ ਹੁਣ ਕੌਣ ਸੁਣਦੈ ਟਾਇਗਰ ਬੱਚਿਆ---ਤੇਰਾ ਤੇ ਮੇਰਾ-ਸਾਡਾ ਦੋਵਾਂ ਦਾ ਮਾਲਕ ਹੁਣ ਮੇਰਾ ਪੁੱਤ੍ਰ ਐ। ਤੂੰ ਤਾਂ ਭੌਂਕ–ਭੌਂਕ ਕੇ ਚੌਦਾਂ ਵਰ੍ਹਿਆਂ 'ਚ ਈ ਬੁੱਢਾ ਹੋ ਗਿਐਂ; ਪਰ ਮੈਂ ਪਿਛਲੇ ਚਾਲੀ ਸਾਲ ਦਾ ਉਸਦੀ ਖ਼ਿਦਮਤਗੁਜ਼ਾਰੀ ਵਿਚ ਲੱਗਿਆ ਹੋਇਆ ਆਂ...। ਹਾਂ, ਅਗਲੇ ਮਹੀਨੇ ਪੂਰੇ ਸੱਤਰ ਦਾ ਹੋ ਜਾਵਾਂਗਾ।
ਕੀ?...ਤੈਨੂੰ ਆਪਣੀਆਂ ਪੁਰਾਣੀਆਂ ਗੱਲਾਂ ਸੁਣਾਵਾਂ? ਉਹੀ ਤਾਂ ਹਰ ਰੋਜ਼ ਸੁਣਾਉਂਦਾ ਰਹਿਣਾਂ ਟਾਇਗਰ! ਅੱਛਾ, ਅੱਛਾ, ਇਉਂ ਉੱਛਲ ਨਾ ਵਰਨਾ ਇਸ ਉਮਰ ਵਿਚ ਕੋਈ ਹੱਡ-ਪਸਲੀ ਤੁੜਾਅ ਬੈਠਾ ਤਾਂ ਜੁੜਨ 'ਚ ਨਹੀਂ ਆਉਂਣੀ...ਆਰਾਮ ਨਾਲ ਬਹਿ ਜਾ, ਸੁਣਾਉਂਦਾ ਆਂ!...ਅੱਜ ਪਤਾ ਨਹੀਂ ਮੇਰਾ ਪੁਰਾਣਾ ਮੁਹੱਲਾ ਕਿਉਂ ਵਾਰੀ–ਵਾਰੀ ਮੇਰੀਆਂ ਅੱਖਾਂ ਸਾਹਵੇਂ ਜਿਉਂ ਦਾ ਤਿਉਂ ਘੁੰਮ ਰਿਹਾ ਐ; ਜਿਵੇਂ ਅਸੀਂ ਉਸ ਵਿਚ ਘੁੰਮਦੇ ਹੁੰਦੇ ਸੀ। ਠੀਕ ਕਹਿ ਰਿਹੈਂ ਟਾਇਗਰ, ਪਨਾਹਗਾਹਾਂ (ਠਾਹਰਾਂ-ਠਿਕਾਣੇ) ਚੇਤਿਆਂ ਵਿਚ ਵੀ ਬਾਕੀ ਨਾ ਰਹਿਣ ਤਾਂ ਆਦਮੀ ਭੱਜ-ਭਜਾਅ ਕੇ ਜਾਵੇਗਾ ਕਿੱਥੇ?---ਅਸੀਂ ਸਾਰੇ ਮੁਹੱਲੇ ਵਾਲੇ-ਕੁੱਤੇ, ਬਿੱਲੀਆਂ, ਆਦਮੀ---ਸਾਰੇ ਜਣੇ ਈ ਇਕ ਜਾਨ-ਪ੍ਰਾਣ ਹੋ ਕੇ ਆਪਣੇ ਮੁਹੱਲੇ ਦੇ ਸਰੀਰ ਵਿਚ ਖ਼ੂਨ ਵਾਂਗ ਭੌਂਦੇ ਸੀ ਤੇ ਉਸਦੇ ਦਿਲ ਵਿਚੋਂ ਲੰਘ-ਲੰਘ ਕੇ ਹਰ ਪਲ ਪਵਿੱਤਰ ਤੇ ਸ਼ੁੱਧ ਹੋ ਜਾਂਦੇ ਸੀ...ਤੇ---ਨਹੀਂ, ਟੋਕ ਨਾ-ਪਵਿੱਤਰ ਤੇ ਸ਼ੁੱਧ ਹੋ ਕੇ ਸਭਨਾਂ ਦੇ ਚਿਹਰੇ ਦਗ–ਦਗ ਕਰਦੇ ਰਹਿੰਦੇ ਸੀ...
ਐਂ ਕਿਉਂ ਹਊਕਣ ਲੱਗ ਪਿਆ ਐਂ ਟਾਇਗਰ?---ਖ਼ੁਸ਼ੀ ਨਾਲ? ਕਿਸ ਗੱਲ ਦੀ ਖ਼ੁਸ਼ੀ? ਮੈਂ ਸੋਚਿਆ ਸ਼ਾਇਦ ਤੂੰ ਤਾੜ ਗਿਐਂ ਕਿ---ਕਿ ਨਹੀਂ, ਗੱਲ ਕੀ ਹੋਣੀ ਐਂ?---ਤੈਨੂੰ ਇਉਂ ਹੌਂਕਦਿਆਂ ਵੇਖ ਕੇ ਮੈਂ ਐਵੇਂ ਈ ਡਰ ਗਿਆ ਸੀ---ਖ਼ੁਸ਼ੀ ਨਾਲ ਵੀ ਐਨਾਂ ਹੌਂਕਣ ਲੱਗੀਏ ਕਮਲਿਆ ਤਾਂ ਸਾਹ ਅੜ ਜਾਂਦਾ ਐ। ਸਹਿਜੇ-ਸਹਿਜੇ ਖ਼ੁਸ਼ ਹੋਇਆ ਕਰ-ਹਾਂ, ਹਾਂ, ਸਬਰ ਕਰ, ਆਪਣੇ ਮੁਹੱਲੇ ਦੀ ਗੱਲ ਈ ਤਾਂ ਕਰ ਰਿਹਾਂ---ਹਾਂ, ਤਾਂ ਅਸੀਂ ਆਪਣੇ ਮੁਹੱਲੇ ਦੇ ਸਰੀਰ ਵਿਚ ਖ਼ੂਨ ਵਾਂਗ ਦੌੜੇ ਫਿਰਦੇ ਸੀ। ਦੇਹ ਕੇਹੋ ਜਿਹੀ ਵੀ ਬਣੇ ਆਪਣੇ ਖ਼ੂਨ ਤੋਂ ਹੀ ਬਣਦੀ ਐ, ਜਿਵੇਂ ਅਸੀਂ ਆਪ ਈ ਆਪਣਾ ਖ਼ੂਬਸੂਰਤ ਮੁਹੱਲਾ ਹੋਈਏ...
ਉਹ ਕਿਵੇਂ?
ਉਹ ਇਵੇਂ ਕਮਲਿਆ, ਕਿ ਦੇਹ ਨੂੰ ਪ੍ਰਾਣ ਨਾਲੋਂ ਜੁਦਾ ਕਰ ਦਿੱਤਾ ਜਾਵੇ ਤਾਂ ਬਾਕੀ ਰਹਿ ਈ ਕੀ ਜਾਂਦਾ ਐ?---ਤੇਰਾ 'ਵੈਸਟ ਵੇ ਸਟਰੀਟ' ਦਾ ਇਹ 'ਸੀ ਬਲਾਕ'!---ਤੇਰੇ ਇਸ ਬਲਾਕ ਦੀ ਭੀੜ!---ਇਸ ਭੀੜ-ਭੱੜਕੇ ਵਿਚ ਦਮ ਤਾਂ ਘੁਟਦਾ ਐ, ਪਰ ਕਿੰਨਾ ਸੁੰਨਾਂ-ਸੁੰਨਾਂ ਐਂ ਇਹ! ਇੱਥੇ ਇਕ ਵੀ ਬੰਦਾ ਨਹੀਂ ਜਿਸਨੂੰ ਕੋਈ ਬੇਝਿਜਕ ਹੋ ਕੇ ਗ਼ਲੇ ਲਾ ਸਕੇ---ਤੂੰ?---ਮੈਂ ਤੇਰੀ ਗੱਲ ਥੋੜ੍ਹਾ ਈ ਕਰ ਰਿਹਾਂ। ਤੂੰ ਤਾਂ ਆਪਣੇ ਪੰਜਿਆਂ ਨਾਲ ਖੁਰਚ–ਖੁਰਚ ਕੇ ਮੇਰੇ ਦਿਮਾਗ਼ ਦੀ ਸਾਰੀ ਗੰਦਗੀ ਲਾਹ ਦਿੰਦਾ ਐਂ। ਤੂੰ ਵੀ ਨਾ ਹੁੰਦਾ ਤਾਂ ਆਪਣੇ ਅੰਦਰੇ-ਅੰਦਰ ਮੇਰਾ ਰਹਿਣਾ-ਵੱਸਣਾ ਵੀ ਦੁੱਭਰ ਹੋ ਜਾਂਦਾ...ਮੈਂ ਤੇਰੀ ਗੱਲ ਨਹੀਂ ਕਰ ਰਿਹਾ ਟਾਇਗਰ!
ਹੋਰਾਂ ਨੂੰ ਛੱਡ, ਮੇਰੇ ਪੋਤੇ ਨੂੰ ਈ ਵੇਖ ਲੈ, ਕੱਲ੍ਹ ਮੈਨੂੰ ਉਸ ਉੱਤੇ ਜ਼ਰਾ ਕੁ ਪਿਆਰ ਆਉਣ ਲੱਗਿਆ ਤਾਂ ਮੈਂ ਝਿਜਕ-ਝਿਜਕ ਕੇ ਉਸਨੂੰ ਆਪਣੀ ਛਾਤੀ ਨਾਲ ਲਾ ਲਿਆ। ਪਰ ਛੋਹਰ ਮੈਨੂੰ ਪਰ੍ਹਾਂ ਧਰੀਕਦਿਆਂ ਬੋਲਿਆ---'ਛੱਡੋ ਗ੍ਰ੍ਰੈਨ ਪਾ, ਛੱਡ ਦਿਓ ਮੈਨੂੰ...! ਸਾਹ ਘੁਟ ਰਿਹੈ...!'' ਭੜੂਆ ਡੱਬੇ ਦਾ ਦੁਧ ਪੀ-ਪੀ ਕੇ ਲੰਮਾਂ-ਝੰਮਾਂ ਤਾਂ ਹੋ ਰਿਹੈ! ਪਰ ਉਸਨੂੰ ਕੀ ਪਤਾ, ਬੇ-ਮੋਹ ਤੇ ਬਿਨ-ਮਮਤਾ ਦੇ ਸਾਹ ਲਈ ਜਾਣਾ ਈ ਜਿਊਂਣਾ ਨਹੀਂ ਅਖਵਾਉਂਦਾ। ਮੈਂ ਸੋਚਿਆ, ਹਾਲੇ ਨਿਆਣਮੱਤ ਐ, ਤੇ ਕਿਹਾ---'ਆ, ਬਾਹਰ ਪਾਰਕ 'ਚ ਜਾ ਕੇ ਖੁੱਲ੍ਹੀ ਹਵਾ ਵਿਚ ਖੇਡਦੇ ਆਂ।' ਝੱਟ ਜੁਆਬ ਦਿੱਤਾ---'ਮੇਰੇ ਕੋਲ ਖੇਡਣ ਦਾ ਟਾਈਮ ਨਹੀਂ...!' ਪੂਰੀ ਉਮਰ ਪਈ ਐ, ਪਰ ਹੁਣੇ ਤੋਂ ਈ ਟਾਈਮ ਦਾ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕਰ ਦਿੱਤਾ ਐ। ਆਪਣੇ ਮਾਂ-ਪਿਓ ਦਾ ਹੀ ਸਿਖਾਇਆ-ਪੜ੍ਹਾਇਆ ਹੋਇਆ ਐ ਨਾ...ਉਹ ਇਹੋ ਸਮਝਾਉਂਦੇ ਆ ਟਾਇਗਰ ਬਈ ਸਿਰਫ ਟਾਈਮ ਨੂੰ ਜੋੜ-ਜੋੜ ਕੇ ਈ ਆਦਮੀ ਅਮਰ ਹੋ ਜਾਂਦਾ ਐ, ਯਾਨੀ ਜਿਊਂਵੋ ਨਾ; ਜਿਊਂਣ ਦੀਆਂ ਘੜੀਆਂ-ਪਲ, ਜੋੜਦੇ-ਜੋੜਦੇ ਮਰ ਜਾਓ।---ਹਾਂ, ਹਾਂ, ਦਿਲ ਖੋਹਲ ਕੇ ਭੌਂਕ ਲੈ, ਮੈਨੂੰ ਪਤੈ ਭੌਂਕ–ਭੌਂਕ ਕੇ ਤੂੰ ਹੱਸ ਰਿਹਾ ਐਂ। ਹੱਸ ਲੈ ਪੁੱਤ੍ਰਾ, ਜਿੰਨਾ ਸਮਾਂ ਬਾਕੀ ਐ ਖ਼ੂਬ ਹੱਸ ਲੈ, ਨਹੀਂ ਤਾਂ...ਨਹੀਂ, ਮੇਰਾ ਮਤਲਬ ਸਿਰਫ ਇਹ ਈ ਬਈ ਆਪਣੀ ਉਮਰ ਤਾਂ ਅਸੀਂ ਭੋਗੀ ਓ ਬੈਠੇ ਆਂ, ਬਾਕੀ ਸਮਾਂ ਹੱਸਣ ਵਿਚ ਬੀਤ ਜਾਵੇ ਤਾਂ ਏਹ ਤੋਂ ਚੰਗਾ ਹੋਰ ਕੀ ਐ?
ਸਾਡੇ ਮਹੱਲੇ ਵਿਚ ਹੱਸਣ-ਹਸਾਉਣ ਦਾ ਕੋਈ ਮੌਕਾ ਹੁੰਦਾ ਤਾਂ ਸਾਰੇ ਜਣੇ ਆਪਣੇ ਸਾਰੇ ਕੰਮ-ਧੰਦੇ ਛੱਡ ਕੇ ਬਾਹਰ ਗਲੀ 'ਚ ਨਿਕਲ ਆਉਂਦੇ। ਸੁਣ, ਤੈਨੂੰ ਇਕ ਮਜ਼ੇਦਾਰ ਘਟਨਾ ਸੁਣਾਉਂਣਾ...ਇਕ ਵਾਰੀ ਹੋਲੀ ਵਾਲੇ ਦਿਨ ਆਸਮਾਨ ਉੱਤੇ ਬੱਦਲਾਂ ਦੇ ਬਹੁਤ ਸਾਰੇ ਟੁਕੜੇ ਆਪਸ ਵਿਚ ਖੇਡ ਰਹੇ ਸੀ ਕਿ ਅਚਾਨਕ ਠਹਾਕਿਆਂ ਦੀ ਮੂਹਲਾਧਾਰ ਬਰਖ਼ਾ ਹੋਣ ਲੱਗ ਪਈ। ਮੈਂ ਰੰਗ ਵਾਲੀ ਬਾਲਟੀ ਚੁੱਕ ਕੇ ਦੌੜਦਾ ਹੋਇਆ ਬਾਹਰ ਗਲੀ ਵਿਚ ਆ ਗਿਆ। ਗੋਰੀ-ਚਿੱਟੀ ਲੱਖੀ ਮੂੰਹ ਉੱਤੇ ਤਵੇ ਦੀ ਕਾਲਸ ਮਲੀ ਆਪਣੇ ਕਾਲੇ ਭੁਜੰਗ ਪਤੀ ਰਾਘੂ ਨਾਲ ਠਹਾਕੇ ਲਾਉਂਦੀ ਲੋਕਾਂ ਵਿਚ ਘਿਰੀ ਖੜ੍ਹੀ ਸੀ...''ਚਾਚੀ, ਤੇਰਾ ਲਾਡਲਾ ਰਘੂ ਕਹਿੰਦਾ ਐ, ਮੈਨੂੰ ਇਕੋ ਕਾਲਾ ਰੰਗ ਹੀ ਭਾਉਂਦਾ ਆ।'' ਸੁਣ ਰਿਹਾ ਐਂ ਨਾ ਟਾਇਗਰ?...ਮੱਖਣ ਵਰਗੀ ਤੀਵੀਂ ਨੇ ਆਪਣਾ ਮੂੰਹ ਕਾਲਾ ਕਰ ਲਿਆ---ਜਿਵੇਂ ਹੋਵੇ, ਆਪਣੇ ਪੀਆ ਨੂੰ ਭਾਵੇ-ਹੋਰ ਜਾਣਦਾ ਐਂ ਕੀ ਹੋਇਆ ਸੀ? ਰਾਧੂ ਨੇ ਭੋਲੇ ਸ਼ੰਕਰ ਦੀ ਜੈ ਬੋਲ ਕੇ ਸਭਨਾਂ ਦੇ ਸਾਹਮਣੇ ਆਪਣੀ ਈ ਤੀਵੀਂ ਦੇ ਮੂੰਹ ਦੀ ਕਾਲਸ ਨਾਲ ਆਪਣੇ ਬੁੱਲ੍ਹ-ਗੱਲ੍ਹ ਲਿੱਪ ਲਏ ਸੀ---''ਤੂੰ ਗੋਰੀ ਐਂ ਲੱਖੀਏ ਤਾਂ ਕੀ ਹੋਇਆ? ਤੇਰਾ ਮਨ ਤਾਂ ਮੇਰੀ ਓ ਗਾੜ੍ਹੀ ਸਿਆਹੀ ਨਾਲ ਰੰਗਿਆ ਹੋਇਐ ਨਾ?''---ਤੇ ਫੇਰ ਅਸੀਂ ਸਾਰਿਆਂ ਨੇ ਆਪਣੇ ਰੰਗਾਂ ਦੀਆਂ ਪਿਚਕਾਰੀਆਂ ਭਰ-ਭਰ ਕੇ ਉਹਨਾਂ ਨੂੰ ਆਪਣੇ ਨਿਸ਼ਾਨੇ 'ਤੇ ਲੈ ਲਿਆ ਸੀ---“ਹੌਲੀ ਐ!” ਏਧਰ ਸਾਡੀ ਰੰਗਭਰੀ ਆਵਾਜ਼ ਬੱਦਲੀਆਂ ਭਰੇ ਆਸਮਾਨ ਵਿਚ ਗੂੰਜੀ, ਉਧਰ ਆਸਮਾਨ ਵੀ ਬੇਅਖ਼ਤਿਆਰ ਠਹਾਕੇ ਲਾਉਂਦਾ ਹੋਇਆ ਸਾਡੇ ਉਪਰ ਸੱਤੇ ਰੰਗ ਬਰਸਾਉਣ ਲੱਗ ਪਿਆ।
ਰੁਕ ਨਾ, ਟਾਇਗਰ, ਦਿਲ ਖੋਹਲ ਕੇ ਭੌਂਕ ਲੈ, ਤੇਰਾ ਤਾਂ ਹੱਸਣਾ-ਰੋਣਾ, ਪਿਆਰ ਕਰਨਾ, ਗੁੱਸੇ ਹੋਣਾ---ਸਭ ਕੁਝ ਭੌਂਕ-ਭੌਂਕ ਕੇ ਈ ਹੁੰਦਾ ਐ। ਮੁਸ਼ਕਿਲ ਵਿਚਾਰੇ ਆਦਮੀ ਨੂੰ ਐਂ, ਜਿਹੜਾ ਉਂਜ ਤਾਂ ਰੋ ਰਿਹਾ ਹੁੰਦੈ, ਪਰ ਹੱਸੀ ਜਾ ਰਿਹਾ ਹੁੰਦੈ। ਹੱਸਦਿਆਂ-ਹੱਸਦਿਆਂ ਰੋਣ ਦੀ ਇੱਛਾ ਨੂੰ ਦਬਾਅ-ਦਬਾਅ ਕੇ ਉਸਦੀ ਜਾਨ ਹਲਕ ਵਿਚ ਫਸੀ ਹੁੰਦੀ ਐ। ਠਹਿਰ, ਪਹਿਲਾਂ ਪਾਣੀ ਨਾਲ ਡਾਕਟਰ ਦੀ ਗੋਲੀ ਨਿਗਲ ਲਵਾਂ। ਗੋਲੀ ਨਾ ਲਵਾਂ ਟਾਇਗਰ ਤਾਂ ਜਾਨ ਨੂੰ ਵਾਪਸ ਆਪਣੀ ਥਾਵੇਂ ਕਿਵੇਂ ਧਰੀਕਾਂ? ਕੀ ਤੈਨੂੰ ਵੀ ਮੇਰੇ ਹਾਸੇ ਵਿਚ ਖੋਖਲੇਪਨ ਦਾ ਅਹਿਸਾਸ ਹੁੰਦਾ ਐ? ਸੱਚ ਆਖਾਂ ਟਾਇਗਰ? ਮੇਰਾ ਦਿਲ ਕਰਦੈ ਮੈਂ ਫੁੱਟ-ਫੁੱਟ ਕੇ ਰੋਵਾਂ...ਨਹੀਂ, ਹੋਇਆ ਤਾਂ ਕੁਛ ਨਹੀਂ। ਐਵੇਂ ਈ ਪਰਾਣੀਆਂ ਗੱਲਾਂ ਨੂੰ ਚੇਤੇ ਕਰਕੇ ਮਨ ਭਰ ਆਉਂਦਾ ਐ...ਏਨੀਆਂ ਪੁਰਾਣੀਆਂ ਗੱਲਾਂ ਐਂ ਤੇ ਵਾਰੀ-ਵਾਰੀ ਫਰੋਲਨ ਨਾਲ ਚੀਥੜੇ-ਚੀਥੜੇ ਹੋ ਚੁੱਕੀਐਂ ਤੇ ਹਰ ਵਾਰੀ ਕੋਈ ਨਾ ਕੋਈ ਚੀਥੜਾ ਭੁਰ ਵੀ ਜਾਂਦੈ ਤੇ ਟੁੱਟ ਕੇ ਮੁੜ ਚੇਤੇ ਆਉਣ ਵਿਚ ਈ ਨਹੀਂ ਆਉਂਦਾ।
ਨਹੀਂ, ਟਾਇਗਰ ਮੈਨੂੰ ਇਸ ਪਾਟੇ-ਪੁਰਾਣੇ, ਤਾਣੇ-ਬਾਣੇ ਵਿਚ ਹਰਦਮ ਮੂੰਹ ਲੁਕਾਅ ਕੇ ਰਹਿਣਾ ਪਸੰਦ ਨਹੀਂ। ਮੇਰੇ ਵੱਲ ਕਿਸੇ ਨੂੰ ਦੇਖਣ ਦੀ ਫ਼ੁਰਸਤ ਹੋਵੇ ਤਾਂ ਮੈਂ ਅੱਖ ਕੇ ਫੋਰੇ ਵਿਚ ਅੱਧੀ ਸਦੀ ਏਧਰ ਆ ਜਾਵਾਂ ਤੇ ਸਦਾ ਇੱਥੇ ਈ ਰਹਾਂ। ਖ਼ਿਆਲਾਂ ਜਾਂ ਸੁਪਨਿਆਂ ਵਿਚ ਕਾਲਜੇ ਨੂੰ ਠੰਡ ਥੋੜ੍ਹਾ ਈ ਪੈਂਦੀ ਐ? ਪਰ ਜਿੱਥੇ ਬੁੱਢਿਆਂ ਉੱਤੇ ਇਉਂ ਨਜ਼ਰਾਂ ਮਾਰੀਆਂ ਜਾਣ ਜਿਵੇਂ ਕੋਈ ਕੂੜੇ ਦਾ ਢੇਰ ਪਿਆ ਹੁੰਦੈ...ਕੀ ਉੱਥੇ ਆਪਣੀ ਬੂ ਸੁੰਘਣ ਲਈ ਪਿਆ ਰਹਾਂ?
ਸਾਡੇ ਮੁਹੱਲੇ ਵਿਚ ਸਾਡਾ ਇਕ ਵੱਡਾ ਚਾਚਾ ਹੁੰਦਾ ਹੁੰਦਾ ਸੀ ਟਾਇਗਰ...ਸੌਂ ਨਾ ਓਇ ਟਾਇਗਰਾ ਖੁੱਥੜਾ! ਤੇਰੇ ਅਜਿਹੇ ਲੱਛਣਾ ਨਾਲ ਈ ਤਾਂ ਇਹ ਸਾਰੀਆਂ ਮੁਸੀਬਤਾਂ ਆਈਆਂ ਹੋਈਆਂ ਐਂ। ਅੱਖਾਂ ਖੋਹਲ ਕੇ ਮੇਰੀਆਂ ਗੱਲਾਂ ਸੁਣ, ਨਹੀਂ ਤਾਂ ਤੇਰੇ ਕੰਨ ਮੁੜ ਕੇ ਤੇਰੇ ਅੰਦਰ ਵੱਲ ਜਾ ਖੁੱਲ੍ਹਣਗੇ ਤੇ ਆਪਣੇ ਆਪ ਨੂੰ ਪਤਾ ਨਹੀਂ ਕੀ-ਕੀ ਉਟ-ਪਟਾਂਗ ਸੁਣਾਉਂਦਾ ਰਹੇਂਗਾ...ਹਾਂ, ਭੌਂਕਦਾ–ਭੌਂਕਦਾ ਤੂੰ ਅਚਾਨਕ ਸੌਂ ਗਿਆ ਸੀ। ਸ਼ਾਇਦ ਸੁੱਤਾ-ਸੁੱਤਾ ਵੀ ਇਕ ਦੋ ਵਾਰੀ ਭੌਂਕਿਆ ਸੀ। ਆਪਣੀਆਂ ਗੱਲਾਂ ਵਿਚ ਮੇਰਾ ਤੇਰੇ ਵੱਲ ਧਿਆਨ ਈ ਨਹੀਂ ਗਿਆ...ਹਾਂ, ਮੈਂ ਤੈਨੂੰ ਆਪਣੇ ਮੁਹੱਲੇ ਦੇ ਵੱਡੈ ਚਾਚੇ ਬਾਰੇ ਦੱਸ ਰਿਹਾ ਸੀ। ਆਪਣੇ ਜਨਮ ਤੋਂ ਈ ਮੈਂ ਉਸਨੂੰ ਓਨਾ ਬੁੱਢਾ ਦੇਖ ਰਿਹਾ ਸੀ। ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਕਿ ਜਦੋਂ ਉਸਨੂੰ ਵਿਆਹ ਕੇ ਲਿਆਂਦਾ ਗਿਆ ਸੀ, ਵੱਡਾ ਚਾਚਾ ਓਦੋਂ ਵੀ ਐਨਾ ਈ ਬੁੱਢਾ ਨਜ਼ਰ ਆਉਂਦਾ ਸੀ...ਨਹੀਂ, ਕਿਸੇ ਨੂੰ ਨਹੀਂ ਸੀ ਪਤਾ, ਉਸਦੀ ਉਮਰ ਕੀ ਸੀ? ਉਮਰਾਂ ਦਾ ਹਿਸਾਬ ਤਾਂ ਉਦੋਂ ਰੱਖਿਆ ਜਾਂਦਾ ਐ, ਜਦੋਂ ਉਮਰ ਦੇ ਅਗਲੇ ਸਿਰੇ ਦੀ ਟੋਹ ਹੋਵੇ। ਇੱਥੇ ਤਾਂ ਇਹ ਸੀ ਕਿ ਜਿਹੜਾ ਪੈਦਾ ਹੋਇਆ, ਉਹ ਜਿਵੇਂ ਪਹਿਲਾਂ ਤੋਂ ਸਾਡੇ ਨਾਲ ਈ ਸੀ ਤੇ ਜਿਹੜਾ ਮਰ ਗਿਆ, ਉਹ ਵੀ ਸਾਨੂੰ ਛੱਡ ਕੇ ਕਿਤੇ ਨਹੀਂ ਸੀ ਗਿਆ! ਮੇਰੀ ਮਾਂ ਜਦੋਂ ਮੇਰੇ ਸਵਰਗੀ ਦਾਦੇ ਦਾ ਸ਼ਰਾਧ ਕਰਦੀ ਤਾਂ ਆਪਣੇ ਸਾਹਮਣੇ ਖਾਣੇ ਦੀ ਚੌਂਕੀ ਉੱਤੇ ਬੈਠਾ ਬ੍ਰਾਹਮਣ ਉਸਨੂੰ ਆਪਣਾ ਸਹੁਰਾ ਈ ਦਿੱਸਣ ਲੱਗ ਪੈਂਦਾ ਤੇ ਉਹ ਲੰਮਾਂ ਸਾਰਾ ਘੁੰਡ ਕੱਢ ਕੇ ਵਾਰੀ-ਵਾਰੀ ਉਸਦੀ ਥਾਲੀ ਵਿਚ ਪੂਰੀਆਂ ਰੱਖੀ ਜਾਂਦੀ ਰਹਿੰਦੀ...'ਬਸ ਭਾਈਆ ਜੀ ਅਹਿ ਆਖ਼ਰੀ ਤਾਂ ਲੈ ਲਓ!'
ਪਰ ਇਕ ਆਪਣੀ ਬਹੂ ਐ ਟਾਇਗਰ ਕਿ ਸਾਡੇ ਜਿਊਂਦੇ ਜੀਅ ਵੀ ਉਸਨੂੰ ਖ਼ਬਰ ਨਹੀਂ, ਕਿ ਅਸੀਂ ਖਾ ਕੇ ਜਿਊਂਦੇ ਆਂ, ਕਿ ਖਾਧੇ ਬਗ਼ੈਰ। ਕਦੀ ਵਿਖਾਲੀ ਈ ਨਹੀਂ ਦਿੰਦੀ, ਬਸ ਉਸ ਵੱਲੋਂ ਸਮਾਚਾਰ ਮਿਲਦੇ ਰਹਿੰਦੇ ਐ ਕਿ 'ਬਾਬਾ ਸਠਿਆ ਗਿਐ...।' ਤੂੰ ਈ ਦੱਸ ਬਈ ਹੁਣ ਸੱਤਰ ਦੀ ਉਮਰ ਵਿਚ ਕੋਈ ਸਠਿਆਵੇ ਵੀ ਨਾ? ਕਹਿੰਦੀ ਐ ਟਾਇਗਰ, ਮੈਂ ਤੈਨੂੰ ਪੂਰੀ ਤਰ੍ਹਾਂ ਵਿਗਾੜ ਰੱਖਿਆ ਐ। ਮੇਰੇ ਵੱਲ ਮੂੰਹ ਫੁਲਾਅ ਕੇ ਭੌਂਕਣਾ ਕਿਉਂ ਸ਼ੁਰੂ ਕਰ ਦਿੱਤੈ ਓਇ? ਮੈਂ ਥੋੜ੍ਹਾ ਕਹਿ ਰਿਹਾਂ, ਤੂੰ ਤਾਂ ਜਮਾਂਦਰੂ ਵਿਗੜਿਆ ਹੋਇਆ ਐਂ। ਆਪਣੀ ਉਸ ਮਾਂ ਨੂੰ ਭੌਂਕਿਆ ਕਰ...ਪਰ ਇਉਂ ਈ ਤਾਂ ਤੂੰ ਕਰਦਾ ਐਂ...ਦੇਖ ਟਾਇਗਰ, ਉਹ ਕਦੀ ਨਜ਼ਰ ਆਵੇ ਤਾਂ ਨੀਵੀਂ ਪਾ ਕੇ ਇਕ ਪਾਸੇ ਹਟ ਜਾਇਆ ਕਰ। ਤੂੰ ਉਸ ਤੋਂ ਕੀ ਲੈਣਾ-ਦੈਣੈ ਭਲਾ?
ਅੱਛਾ, ਇਹ ਦੱਸ, ਉਸ ਦਿਨ ਅੱਖ ਖੁੱਲ੍ਹਦਿਆਂ ਈ ਅਹਿ ਸਾਲੀ ਦੁੰਬ ਹਿਲਾਉਂਦਾ ਹੋਇਆ ਤੂੰ ਉਸਦੇ ਬੈੱਡਰੂਮ ਵਿਚ ਕਿਉਂ ਜਾ ਵੜਿਆ ਸੀ? ਉੱਥੇ ਤਾਂ ਉਹ ਆਪਣੇ ਨਿਆਣਿਆਂ ਨੂੰ ਵੀ ਨਹੀਂ ਵੜਨ ਦਿੰਦੀ। ਤੇਰੀਆਂ ਝੁਰੜੀਆਂ ਵਿਚ ਤਾਂ ਉਸਨੂੰ ਆਪਣੇ ਪਾਪ ਅਟਕੇ ਹੋਏ ਦਿਖਾਈ ਦਿੰਦੇ ਆ। ਕੀ ਕਹਿੰਦੀ ਸੀ...ਤੈਨੂੰ ਸ਼ੂਟ ਕਰਵਾ ਦਵੇਗੀ? ਕੋਈ ਮਜ਼ਾਕ ਐ! ਐਸੀ-ਵੈਸੀ ਗੱਲ ਹੋਈ ਤਾਂ ਮੈਂ ਉਸਨੂੰ ਫਾਹੇ ਲੁਆ ਦਿਆਂਗਾ...ਪਰ ਨਹੀਂ, ਟਾਇਗਰ, ਤੂੰ ਉਸ ਤੋਂ ਬਚ ਕੇ ਈ ਰਿਹਾ ਕਰ। ਆਪਣੇ ਆਰਾਮ ਦੀ ਖਾਤਰ ਜਦੋਂ ਇਹ ਲੋਕ ਕੁੱਤਿਆਂ ਨੂੰ ਮਰਵਾ ਦਿੰਦੇ ਐ ਤਾਂ ਇਸ ਨੂੰ ਮਰਸੀ ਕਿਲਿੰਗ ਦਾ ਨਾਂਅ ਦੇ ਦਿੱਤਾ ਜਾਂਦਾ ਐ ਤੇ ਮਰਵਾਉਣ ਵਾਲੇ ਨੂੰ ਫਾਹੇ ਲਾਉਣ ਦੀ ਬਜਾਏ ਇੱਜ਼ਤ ਨਾਲ ਦੇਖਿਆ ਜਾਂਦਾ ਐ। ਹਾਂ ਬੱਚਿਆ, ਉਸ ਤੋਂ ਬਚ ਕੇ ਈ ਰਿਹਾ ਕਰ। ਸਾਰੀ ਉਮਰ ਇਹਨਾਂ ਦੀ ਚੌਕੀਦਾਰੀ ਵਿਚ ਬਿਤਾਅ ਚੁੱਕਿਆ ਐਂ। ਹੁਣ ਆਪਣੀ ਚੌਕੀਦਾਰੀ ਕੀਤਾ ਕਰ, ਨਹੀਂ ਤਾਂ ਚੋਰ ਤੈਨੂੰ ਈ ਤੈਥੋਂ ਚੁਰਾਅ ਕੇ ਲੈ ਜਾਣਗੇ...ਨਾ, ਭੌਂਕ ਨਾ...ਤੈਨੂੰ ਏਧਰੋਂ, ਓਧਰ ਜਾਣ ਦੀ ਲੋੜ ਈ ਕੀ ਐ? ਮੈਂ ਕਹਿ ਦਿੱਤਾ ਨਾ, ਭੌਂਕ ਨਾ, ਭੌਂਕ–ਭੌਂਕ ਕੇ ਤਾਂ ਤੂੰ ਇਹ ਸਾਰੀ ਮੁਸੀਬਤ ਖੜ੍ਹੀ ਕੀਤੀ ਐ। ਮੈਨੂੰ ਕਦੀ ਓਧਰ, ਉਹਨਾਂ ਕੋਲ ਜਾਂਦਿਆਂ ਵੇਖਿਆ ਐ? ਤੂੰ ਵੀ ਇੱਥੇ ਈ ਪਿਆ ਰਿਹਾ ਕਰ। ਏਥੇ ਤਾਂ ਇਹ ਐ ਟਾਇਗਰ ਕਿ ਮਰਨ ਤੋਂ ਪਹਿਲਾਂ ਆਪਣੇ ਅਲਗ-ਅਲਗ ਕਮਰਿਆਂ ਵਿਚ ਜ਼ਿੰਦਗੀ ਦੀ ਕੈਦ ਭੁਗਤਦੇ ਰਹੋ...ਸਾਡਾ ਮੁਹੱਲਾ? ਸਾਡੇ ਮੁਹੱਲੇ ਦੀ ਕੀ ਪੁੱਛਦੈਂ? ਉਹ ਤਾਂ ਸਭ ਪਸਿਓਂ ਖੁੱਲ੍ਹਾ-ਡੁੱਲ੍ਹ ਸੀ। ਜਿੱਧਰੋਂ ਜਿੱਧਰ ਮਰਜ਼ੀ ਚਲੇ ਜਾਓ, ਜਾਪਦਾ ਸੀ ਆਪਣੇ ਕੋਲ ਈ ਆ ਪਹੁੰਚੇ ਆਂ ਤੇ ਬੇਫ਼ਿਕਰੀ ਨਾਲ ਅੱਖਾਂ ਬੰਦ ਕਰ ਲਓ ਕਿ ਮਾਂ ਦੀ ਗੋਦ ਵਿਚ ਆ ਪਏ ਆਂ...ਹਾਂ, ਮੈਂ ਤੈਨੂੰ ਵੱਡੇ ਚਾਚੇ ਬਾਰੇ ਦੱਸ ਰਿਹਾ ਸੀ। ਹਰੇਕ ਦਾ ਕਹਿਣਾ ਸੀ ਕਿ 'ਵੱਡਾ ਚਾਚਾ ਸਿਰ 'ਤੇ ਐ ਤਾਂ ਆਪਾਂ ਨੂੰ ਕੀ ਚਿੰਤਾ?' ਬੁੱਢਿਆਂ ਨੂੰ ਉਹਨਾਂ ਦੀ ਵੱਡੀ ਉਮਰ ਨਹੀਂ ਮਾਰਦੀ। ਉਮਰ ਨਾਲ ਤਾਂ ਇਕ ਵਿਸ਼ਵਾਸ ਵੱਝਦਾ ਐ। ਸਾਡਾ ਵੱਡਾ ਚਾਚਾ ਕਿਸੇ ਬਿਮਾਰ ਦੇ 'ਫੂਕਾ' ਮਾਰ ਦੇਂਦਾ ਤਾਂ ਉਹ ਆਪਣੇ ਇਸੇ ਵਿਸ਼ਵਾਸ ਸਦਕਾ ਨੌਂ ਬਰ ਨੌਂ ਹੋ ਜਾਂਦਾ ਕਿ ਵੱਡੇ ਚਾਚੇ ਨੇ 'ਫੂਕਾ' ਮਾਰ ਦਿੱਤੈ, ਹੁਣ ਬਿਮਾਰੀ ਦੀ ਕੀ ਔਕਾਤ?
ਸਾਡੇ ਵੱਡੇ ਚਾਚੇ ਨੇ ਮੁਹੱਲੇ ਦੇ ਹਰ ਜੀਅ ਨੂੰ ਮਾਲਾ ਵਿਚ ਪਰੋਅ ਕੇ ਆਪਣੇ ਗ਼ਲ ਵਿਚ ਪਾਇਆ ਹੋਇਆ ਸੀ ਤੇ ਕਹਿੰਦਾ ਹੁੰਦਾ ਸੀ---'ਬਈ ਮੇਰਾ ਦਿਲ ਹੁਣ ਇਸ ਉਮਰ ਵਿਚ ਆਪਣੇ-ਆਪ ਨਹੀਂਓਂ ਧੜਕਦਾ, ਬਲਿਕੇ ਸੋਨੇ ਦੇ ਇਹਨਾਂ ਮਣਕਿਆਂ ਵਿਚੋਂ ਕੋਈ ਨਾ ਕੋਈ ਹਰ ਪਲ ਇਸ ਵਿਚ ਟੁਣਕਦਾ ਰਹਿੰਦੈ...।'
'ਪਰ ਤੇਰੇ ਕੁਝ ਮਣਕਿਆਂ ਵਿਚ ਖੋਟ ਕੁਛ ਬਹੁਤੀ ਈ ਐ ਵੱਡੇ ਚਾਚਾ।'
'ਫੇਰ ਵੀ, ਸੋਨੇ ਦੇ ਈ ਐ ਨਾ...ਨਕਲੀ ਤਾਂ ਨਹੀਂ...'
ਸਿਆਣਿਆਂ ਦੇ ਨਿੱਘੇ-ਨਿੱਘੇ ਪ੍ਰੇਮ ਨਾਲ ਈ ਜੀਵਨ ਦੇ ਸੰਬੰਧ ਪੀਢੇ ਹੁੰਦੇ ਜਾਂਦੇ ਐ, ਟਾਇਗਰ! ਜਿੱਥੇ ਬੁੱਢਿਆਂ ਦਾ ਆਦਰ-ਮਾਣ ਨਹੀਂ, ਉੱਥੇ ਜਿਊਂਣਾ ਤੇ ਜੁੜਨਾ ਕਿਵੇਂ ਹੋਵੇ? ਤੇਰਾ ਮਾਲਿਕ ਤੇ ਮਾਲਕਿਨ ਸਿਰਫ ਤੇਰੇ ਉੱਤੇ ਈ ਚਿੜੇ ਨਹੀਂ ਰਹਿੰਦੇ, ਆਪਸ ਵਿਚ ਵੀ ਸਿਰਫ ਆਪਣੀਆਂ ਮੁਸਕਰਾਹਟਾਂ ਦਾ ਹਿਸਾਬ-ਕਿਤਾਬ ਈ ਕਰਦੇ ਰਹਿੰਦੇ ਆ। ਤੈਨੂੰ ਪਤਾ ਨਹੀਂ, ਬਹੂ ਨੇ ਕਾਨੂੰਨੀ ਕਾਰਵਾਈ ਰਾਹੀਂ ਮੇਰੇ ਮੁੰਡੇ ਤੋਂ ਬਿਜਨੇਸ ਤੇ ਪ੍ਰਾਪਰਟੀ ਵਿਚ ਆਪਣਾ ਅੱਧਾ ਅਧਿਕਾਰ ਮੰਨਵਾ ਲਿਆ ਐ। ਉਹ ਆਪਸ ਵਿਚ ਲੜਦੇ-ਝਗੜਦੇ ਤਾਂ ਨਹੀਂ, ਪਰ ਸਿਰਫ ਅਸੂਲਾਂ ਤੇ ਨਿਯਮਾਂ ਦੀ ਸਿਧਾਂਤੀ ਜ਼ਿੰਦਗੀ ਜਿਉਂਦੇ ਐ। ਤੂੰ ਵਿਅਰਥ ਈ ਆਪਣੀ ਪਿਆਰ ਦੀ ਸਨਕ ਪੂਰੀ ਨਾ ਹੋਣ ਉੱਤੇ ਭੌਂਕਦਾ ਰਹਿੰਣੈ...।
ਪਰਸੋਂ ਉਹ ਪੂਰੇ ਢਾਈ ਮਹੀਨੇ ਬਾਅਦ ਮੈਨੂੰ ਮਿਲਿਆ ਸੀ...ਹਾਂ, ਮੇਰਾ ਮੁੰਡਾ...ਤੇ ਠਾਹ ਸੋਟਾ ਮਾਰਿਆ ਸੀ, ''ਤੇਰਾ ਟਾਇਗਰ ਹੁਣ ਬੁੱਢਾ ਤੇ ਪਾਗ਼ਲ ਹੋ ਗਿਆ ਐ ਬਾਪੂ।'' ਮੈਂ ਕਿਹਾ---''ਬੁੱਢਾ ਤੇ ਪਾਗ਼ਲ ਤਾਂ ਮੈਂ ਵੀ ਹੋ ਗਿਆਂ ਪੁੱਤਰਾ! ਉਹ ਤਾਂ ਅਜੇ ਤੇਰੇ ਬਾਲ ਜਿੰਨੀ ਉਮਰ ਵੀ ਨਹੀਂ ਜਿਊਂਇਆਂ। ਉਸਨੂੰ ਪਿਆਰ ਕਰ, ਜਾਨਵਰ ਦੇ ਸਾਰੇ ਅਹਿਸਾਸ ਆਪਣੇ-ਆਪ ਪਰਤ ਆਉਣਗੇ।'' ਮਸ਼ੀਨ ਕੁਝ ਮਹਿਸੂਸ ਕੀਤੇ ਬਿਨਾਂ ਚੱਲਦੀ ਰਹੀ---''ਮੇਰੇ ਕੋਲ ਪਿਆਰ ਮੁਹੱਬਤ ਦਾ ਟਾਈਮ ਨਹੀਂ ਬਾਪੂ, ਮੈਂ ਤਾਂ ਹੁਣ ਉਸ ਤੋਂ ਛੁਟਕਾਰਾ ਈ ਪਾ ਲੈਣੈ...'' ਤੂੰ ਪ੍ਰੇਸ਼ਾਨ ਕਿਉਂ ਹੁੰਦਾ ਐਂ ਟਾਇਗਰ? ਉਹ ਤਾਂ ਮੈਥੋਂ ਵੀ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਸੋਚਦਾ ਰਹਿੰਦਾ ਐ---ਹਾਂ, ਮਨ ਭਰ ਆਇਆ ਐ ਤਾਂ ਰੋਕ ਨਾ ਰੋਣ; ਭੌਂਕ ਲੈ-ਖ਼ੂਬ ਭੌਂਕ, ਘਬਰਾਈਂ ਨਾ...ਮੈਂ ਸਭ ਠੀਕ ਕਰ ਲਵਾਂਗਾ।
ਇਕ ਗੱਲ ਦੱਸਾਂ? ਸਾਡੇ ਵੱਡੇ ਚਾਚੇ ਦੇ ਸੋਨੇ ਕੇ ਮਣਕਿਆਂ ਵਿਚ ਪੰਜ...ਨਹੀਂ ਛੇ ਕੁੱਤੇ ਵੀ ਸੀ। ਸਾਡੀ ਸਾਰੀ ਗਲੀ ਉਹਨਾਂ ਨੂੰ ਪਾਲਦੀ ਸੀ। ਵੱਡਾ ਚਾਚਾ ਆਦਮੀਆਂ ਉੱਤੇ ਵੀ ਭਰੋਸਾ ਕਰਦਾ ਸੀ ਪਰ ਆਦਮੀਆਂ ਨਾਲੋਂ ਵੱਧ ਭਰੋਸਾ ਉਸਨੂੰ ਉਹਨਾਂ ਕੁੱਤਿਆਂ ਉੱਤੇ ਸੀ। ਉਹਨਾਂ ਕੁੱਤਿਆਂ ਵਿਚੋਂ ਗੰਗਾਰਾਮ ਖਾਸਾ ਬੁੱਢਾ ਸੀ...ਨਹੀਂ, ਤੂੰ ਅਜੇ ਏਨਾ ਬੁੱਢਾ ਕਿੱਥੇ ਹੋਇਆ ਐਂ? ਆਪਣੇ ਬੁਢੇਪੇ ਦੇ ਜ਼ਿਕਰ ਉੱਤੇ ਚਿੜ ਨਾ ਜਾਇਆ ਕਰ। ਇਸੇ ਲਈ ਤਾਂ ਕੁੱਤਿਆਂ ਦੀ ਕਾਇਆ ਏਨੀ ਜਲਦੀ ਢਿੱਲੀ ਪੈਣ ਲੱਗਦੀ ਐ---ਓ ਭਰਾਵਾ, ਬੁੱਢੇ ਵੀ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੁੰਦੇ, ਵੱਡਾ ਚਾਚਾ ਜਦੋਂ ਮੇਰੇ ਸਾਹਵੇਂ ਜਿਉਂਦਾ ਤਿਉਂ ਘੁੰਮਣ ਫਿਰਨ ਲੱਗਦਾ ਐ ਤਾਂ ਮੇਰੀ ਜਵਾਨੀ ਪਰਤ ਆਉਂਦੀ ਐ। ਬੁੱਢਿਆਂ ਦੀ ਠੰਡੀ ਛਾਂ ਸਾਨੂੰ ਹਮੇਸ਼ ਹਰਿਆ-ਭਰਿਆ ਰੱਖਦੀ ਐ...ਨਹੀਂ, ਟਾਇਗਰ, ਇਹ ਗਲਤ ਐ ਕਿ ਮਹੀਨੇ ਤੇ ਸਾਲ ਸਾਨੂੰ ਬੁੱਢਾ ਕਰਦੇ ਐ। ਬੁੱਢੇ ਅਸੀਂ ਓਦੋਂ ਹੁੰਦੇ ਆਂ ਜਦੋਂ ਸਾਡੇ ਪਿਓ-ਦਾਦੇ ਨਹੀਂ ਰਹਿੰਦੇ, ਹਾਂ, ਆਪਣੇ ਆਪ ਵਿਚ ਨਾ ਰਹਿਣ ਜਾਂ ਸਾਡੇ ਦਿਲ ਤੇ ਦਿਮਾਗ਼ ਵਿਚ...। ਬੂਟੇ ਆਪਣੀਆਂ ਜੜਾਂ 'ਤੇ ਕੰਨ ਲਾਈ ਰੱਖਦੇ ਐ ਤਦੇ ਤਾਂ ਕੜਕਦੀ ਧੁੱਪ ਵਿਚ ਵੀ ਫੁੱਲਾਂ ਵਿਚ ਮੂੰਹ ਦਿੱਤੀ ਟਹਿਕਦੇ ਰਹਿੰਦੇ ਐ---ਹਾਂ, ਟਾਇਗਰ ਮੇਰਾ ਮੁੰਡਾ ਇਸੇ ਲਈ ਸੁੱਕਦਾ ਜਾ ਰਿਹੈ। ਉਸਦੇ ਧੰਦੇ ਤੇ ਰੋਗਾਂ ਦੇ ਸਿਵਾਏ ਉਸਨੂੰ ਕੋਈ ਚਿੰਤਾ ਈ ਨਹੀਂ। ਸੋ ਰੋਗ ਪਲਦੇ ਤੇ ਧੰਦੇ ਵਧਦੇ ਜਾ ਰਹੇ ਐ...ਤੇ ਉਹ ਆਪ, ਖੁਰਦਾ ਜਾ ਰਿਹਾ ਐ।...ਅਸ਼ੀਰਵਾਦ? ਅਸ਼ੀਰਵਾਦ ਤਾਂ ਮੈਂ ਉਸਨੂੰ ਫੇਰ ਵੀ ਦਿੰਦਾ ਈ ਰਹਿਣਾਂ, ਪਰ ਉਹ ਮੇਰੇ ਅਸ਼ੀਰਵਾਦ ਉੱਤੇ ਕੰਨ ਧਰੇ ਤੇ ਉਸਨੂੰ ਆਪਣੇ ਖ਼ੂਨ ਵਿਚ ਰਚਨ-ਵੜਨ ਵੀ ਦੇਵੇ, ਮੇਰੇ ਅਸ਼ੀਰਵਾਦ ਨੂੰ ਘੋਲ-ਘੋਲ ਕੇ ਪੀਂਦਾ ਰਹੇ ਤਾਂ ਦੇਖਦੇ ਈ ਦੇਖਦੇ ਨਿੱਖਰ ਨਾ ਆਏ---ਕਈ ਵਾਰੀ ਆਪੇ 'ਚੋਂ ਬਾਹਰ ਹੋ ਜਾਂਦਾ ਆਂ...ਪਰ ਟੁੱਟਿਆ–ਫੁੱਟਿਆ ਈ ਸਹੀ, ਆਪਣਾ ਈ ਆਪਾ ਐ, ਸਦਾ ਉਸ ਤੋਂ ਬਾਹਰ ਕਿਵੇਂ ਰਹਾਂ?...ਇਕ ਦਿਨ ਮੈਂ ਉਸਨੂੰ ਉਲਾਂਭਾ ਜਿਹਾ ਦਿੱਤਾ---''ਗੋਪਾਲ ਪੁੱਤਰ ਮੇਰੀ ਉਂਗਲ ਫੜ ਕੇ ਈ ਤੁਰਨ ਦੇ ਕਾਬਿਲ ਹੋਇਆ ਐਂ।'' ਮਜ਼ਾਕ ਉਡਾਉਂਦਾ ਹੋਇਆ ਬੋਲਿਆ---''ਤੂੰ ਤਾਂ ਫੇਰ ਹੁਣ ਤੁਰ-ਫਿਰ ਈ ਨਹੀਂ ਸਕਦਾ ਬਾਪੂ, ਕੀ ਮੈਂ ਤੇਰੀ ਉਂਗਲ ਫੜ੍ਹ ਕੇ ਸਾਰਾ ਦਿਨ ਤੇਰੇ ਕੋਲੇ ਬੈਠਾ ਰਿਹਾ ਕਰਾਂ?...'' ਮੈਂ ਇਹ ਤਾਂ ਨਹੀਂ ਕਹਿੰਦਾ ਟਾਇਗਰ ਕਿ ਉਹ ਹਰ ਵੇਲੇ ਮੇਰੇ ਕੋਲੇ ਬੈਠਾ ਰਹੇ ਪਰ ਇਹ ਵੀ ਕੋਈ ਜਿਉਂਣ ਐਂ ਕਿ ਤੁਹਾਡਾ ਲੈਣਾ-ਦੇਣਾ ਪੂਰਾ ਹੋ ਗਿਆ, ਬਸ ਹੁਣ ਸਿਰਫ ਇਸ ਲਈ ਜਿਉਂਦੇ ਰਹੋ ਕਿ ਇਕ ਮਰਨਾ ਬਾਕੀ ਐ।
ਹਾਂ, ਗੰਗਾਰਾਮ ਨੂੰ ਤਾਂ ਮੈਂ ਭੁੱਲ ਈ ਗਿਆ---ਕੁਦਰਤ ਬੜੀ ਸਖੀ ਐ ਟਾਇਗਰ ਕਿ ਬੁੱਢੇਪੇ ਵਿਚ ਸਭ ਕੁਝ ਝੱਟ ਈ ਭੁੱਲ ਜਾਂਦਾ ਐ...ਯਾਦ ਰਹੇ ਤਾਂ ਦਿਮਾਗ ਦੇ ਕੰਡੇ ਕੱਢ-ਕੱਢ ਕੇ ਬੁੱਢੇ ਪਾਗਲ ਹੋ ਜਾਣ---ਨਹੀਂ, ਗੰਗਾਰਾਮ ਤਾਂ ਮੈਨੂੰ ਭੁੱਲ-ਭੁੱਲ ਕੇ ਯਾਦ ਆਉਂਦਾ ਐ। ਹਾਂ---ਗੰਗਾਰਾਮ ਬੜਾ ਬੁੱਢਾ ਸੀ। ਵੱਡੇ ਚਾਚੇ ਦੇ ਘਰ ਦੇ ਸਾਹਮਣੇ ਬੈਠਾ ਰਹਿੰਦਾ ਸੀ। ਵੱਡਾ ਚਾਚਾ ਸਾਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ---'ਬਈ ਮੇਰਾ ਇਹ ਬੁੱਢਾ ਕੁੱਤਾ ਮੇਰੇ ਨਾਲ ਈ ਮਰੂਗਾ। ਏਨੇ ਲੰਮੇ ਸਫਰ ਵਿਚ ਗੰਗਾਰਾਮ ਮੇਰੇ ਅੱਗੇ-ਅੱਗੇ ਨਾ ਹੋਇਆ ਤਾਂ ਮੈਂ ਕਿਤੇ ਰੱਸਤੇ ਵਿਚ ਈ ਨਾ ਰੁਲ ਜਾਵਾਂ।' ਤੇ ਤੂੰ ਹੈਰਾਨ ਹੋਏਂਗਾ ਟਾਇਗਰ, ਸਾਡੇ ਵੱਡੇ ਚਾਚੇ ਤੇ ਗੰਗਾਰਾਮ ਨੇ ਇਕੋ ਸਮੇਂ ਪ੍ਰਾਣ ਛੱਡੇ। ਸਾਨੂੰ ਸਾਰੇ ਮੁਹੱਲੇ ਵਾਲਿਆਂ ਨੂੰ ਪੂਰੀ ਤਸੱਲੀ ਸੀ ਕਿ ਚੱਲੋ ਵੱਡੇ ਚਾਚੇ ਦਾ ਗੰਗਾਰਾਮ ਤਾਂ ਵੱਡੇ ਚਾਚੇ ਦੇ ਨਾਲ ਈ ਐ। ਦੋਵੇਂ ਮੌਜਾਂ ਨਾਲ ਹੌਲੀ-ਹੌਲੀ ਜਾ ਪਹੁੰਚਣਗੇ। ਓਇ ਟਾਇਗਰਾ, ਵੇਖੀਂ ਫ਼ੋਨ ਦੀ ਘੰਟੀ ਵੱਜ ਰਹੀ ਐ---ਨਹੀਂ, ਠਹਿਰ, ਮੈਂ ਆਪ ਈ ਵੇਖਦਾਂ। ਸੁਣਨ ਵਾਲਾ ਏਨਾ ਪੜ੍ਹਿਆ-ਲਿਖਿਆ ਕਿੱਥੇ ਹੋਣੈ ਜੋ ਤੇਰੇ ਭੌਂਕਣ ਦਾ ਅਨੁਵਾਦ ਕਰ ਲਏ?---ਠਹਿਰ, ਚੌੜ ਨਾ ਕਰ---ਨਹੀਂ, ਪਰ੍ਹੇ ਹੋ ਜਾ, ਮੈਂ ਕਿਹਾ ਨਾ, ਮੈਂ ਆਪੇ ਗੱਲ ਕਰ ਲੈਣਾ---''ਹੈਲੋ! ਹੈਲੋ!-ਗੋਪਾਲ?''---ਤੇਰਾ ਮਾਲਿਕ ਐ ਟਾਇਗਰ---ਓਇ, ਭੌਂਕ ਕਿਉਂ ਰਿਹੈਂ?-''ਨਹੀਂ, ਗੋਪਾਲ ਮੈਂ ਟਾਇਗਰ ਨੂੰ ਕਹਿ ਰਿਹਾ ਸੀ---ਹਾਂ, ਉਹੀ ਭੌਂਕ ਰਿਹਾ ਐ---ਨਹੀਂ, ਟਾਇਗਰ ਪਾਗਲ ਨਹੀਂ ਗੋਪਾਲ-ਤ-ਤੂੰ-?---ਮੈਂ ਐਂ ਨਹੀਂ ਹੋਣ ਦਿਆਂਗਾ ਗੋਪਾਲ---ਪਾਗਲ ਤੂੰ ਐਂ---ਨਹੀਂ-ਨਹੀਂ ਗੋਪਾਲ। ਉਹਨਾਂ ਨੂੰ ਨਾ ਲਿਆ---ਨਹੀਂ!''
ਟਾਇਗਰ-ਏਧਰ ਆ ਟਾਇਗਰ---ਘਬਰਾਅ ਨਾ---ਆ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਕਿਧਰੇ ਦੂਰ ਛੱਡ ਆਉਂਣਾ, ਹਾਂ-ਨਹੀਂ ਜਾਂਦਾ?---ਕਿਉਂ ਨਹੀਂ ਜਾਂਦਾ?---ਓਇ ਮੂਰਖਾ ਮਾਲਿਕ ਦੀ ਨੀਅਤ ਖ਼ਰਾਬ ਹੋਣ ਲੱਗੇ ਤਾਂ ਉਹ ਵੀ ਚੋਰ ਹੁੰਦਾ ਐ। ਤੈਨੂੰ ਕੀ ਪਈ ਐ ਬਈ ਚੋਰਾਂ ਦੀ ਰਾਖੀ ਕਰਦਾ ਫਿਰੇਂ?---ਹਾਂ, ਭੌਂਕ ਖ਼ੂਬ, ਗੁੱਸੇ ਵਿਚ ਆ ਕੇ ਭੌਂਕ-ਲਾ---ਪਰ ਠਹਿਰੀਂ, ਇਸ ਤਰ੍ਹਾਂ ਕੰਮ ਨਹੀਂਓਂ ਚੱਲਣਾ-ਆ, ਮੈਂ ਤੈਨੂੰ ਕਿਤੇ ਛੱਡ ਈ ਆਉਣਾ---ਮੇਰੇ ਵੱਲ ਏਨੀਆਂ ਸ਼ਿਕਾਇਤ ਭਰੀਆਂ ਅੱਖਾਂ ਨਾਲ ਨਾ ਵੇਖ---ਜੀਅ ਕਰਦਾ ਐ ਤਾਂ ਵੱਢ ਲੈ---ਲੈ ਵੱਢ ਲਾ, ਪਰ ਐਂ ਨਾਲ ਵੇਖ।
ਜਦੋਂ ਮੈਂ ਤੈਨੂੰ ਪਹਿਲੀ ਵੇਰ ਘਰ ਲਿਆਇਆ ਸੀ ਤੂੰ ਸ਼ਾਇਦ ਕੁਝ ਘੰਟੇ ਪਹਿਲਾਂ ਈ ਜੰਮਿਆਂ ਹੋਏਂਗਾ। ਤੇਰੀ ਮਾਂ ਤੈਨੂੰ ਸਾਡੇ ਪਿੱਛਲੇ ਪਾਰਕ ਵਿਚ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ, ਸ਼ਾਇਦ ਜਾਣ ਤੋਂ ਪਹਿਲਾਂ ਉਹ ਤੇਰੇ ਨੰਨ੍ਹੇ ਮੁੰਨੇ ਭੈਣ-ਭਰਾਵਾਂ ਨੂੰ ਸਮੇਟ ਰਹੀ ਸੀ ਤਾਂ ਤੂੰ ਸ਼ਰਾਰਤ ਵੱਸ ਕਿਸੇ ਝਾੜੀ ਵਿਚ ਲੁਟਕ ਗਿਆ ਸੀ। ਜਦੋਂ ਮੈਂ ਤੈਨੂੰ ਦੇਖਿਆ ਤਾਂ ਏਨੀ ਵੱਡੀ ਦੁਨੀਆਂ ਵਿਚ ਤੂੰ ਨੰਨ੍ਹੀ ਜਿਹੀ ਜਾਨ, ਇਕੱਲਾ ਈ ਖੇਡ ਰਿਹਾ ਸੀ ਤੇ ਤੈਨੂੰ ਕੋਈ ਫਿਕਰ ਨਹੀਂ ਸੀ ਤੇ ਆਪਣੇ ਨਿੱਕੇ-ਨਿੱਕੇ ਪੈਰਾਂ ਉਪਰ ਖੜ੍ਹੇ ਹੋ-ਹੋ ਕੇ ਵਾਰੀ-ਵਾਰੀ ਡਿੱਗਣਾ ਤੈਨੂੰ ਬੜਾ ਚੰਗਾ ਲੱਗ ਰਿਹਾ ਸੀ। ਤੇਰੇ ਮੋਹ ਕਾਰਨ ਮੇਰੇ ਅੰਦਰ ਈ ਅੰਦਰ ਮੇਰੀ ਪੂਛ ਵੀ ਹਿੱਲਣ ਲੱਗ ਪਈ ਤੇ ਮੈਂ ਆਪਣੇ ਆਪ ਨੂੰ ਪੁੱਛਣ ਲੱਗਿਆ ਕਿ ਥੋੜ੍ਹੀ ਦੇਰ ਬਾਅਦ ਜਦੋਂ ਤੈਨੂੰ ਭੁੱਖ ਸਤਾਉਣ ਲੱਗੇਗੀ ਤਾਂ ਤੂੰ ਕੀ ਖਾਏਂਗਾ? ਏਨੀ ਠੰਡ ਵਿਚ ਕਿੱਥੇ ਸੌਵੇਂਗਾ? ਮੈਨੂੰ ਵਿਸ਼ਵਾਸ ਹੋਣ ਲੱਗਾ ਕਿ ਕੁਦਰਤ ਨੇ ਤੈਨੂੰ ਮੇਰੇ ਸਪੁਰਦ ਕਰਨ ਦਾ ਫੈਸਲਾ ਕਰ ਲਿਆ ਐ...
ਮੈਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਐ ਟਾਇਗਰ, ਪਰ ਮੈਂ ਕੀ ਕਰਾਂ? ਮੈਨੂੰ ਤਾਂ ਪਤਾ ਈ ਏ ਕਿ ਮੈਂ ਵੀ ਆਪਣੇ ਪੁੱਤਰ ਦੇ ਦਿਲ ਦੇ ਬਾਹਰ ਈ ਰਹਿ ਰਿਹਾਂ। ਦਿਲ ਤੋਂ ਬਾਹਰ ਹੋਵੇ ਭਾਵੇਂ ਘਰ ਤੋਂ ਬਾਹਰ---ਕੋਈ ਦਿਲ ਵਿਚ ਹੋਵੇ ਭਾਵੇਂ ਕਿਤੇ ਵੀ ਹੋਵੇ---ਦਿਲ ਵਿਚ ਈ ਹੁੰਦਾ ਐ। ਪਿਛਲੇ ਮਹੀਨੇ ਜਦੋਂ ਇਹ ਲੋਕ ਮੇਰੀ ਸਲਾਹ ਦੇ ਬਗ਼ੈਰ ਤੈਨੂੰ ਕਿਤੇ ਬਾਹਰ ਛੱਡ ਆਏ ਸੀ ਤਾਂ ਮੈਨੂੰ ਪਤਾ ਸੀ ਬਈ ਕਿਸੇ ਦਿਨ ਤੂੰ ਮੇਰੇ ਈ ਦਿਲ ਦੇ ਕਿਸੇ ਰਾਸਤੇ 'ਚੋਂ ਅਚਾਨਕ ਅੰਦਰ ਵੜ ਆਵੇਂਗਾ ਤੇ---ਓਵੇਂ ਈ ਹੋਇਆ---ਤੂੰ ਦੋ ਦਿਨਾਂ ਵਿਚ ਈ ਪਰਤ ਆਇਆ ਤੇ ਤੈਨੂੰ ਗ਼ਲੇ ਲਾ ਕੇ ਮੇਰੀ ਜਾਨ ਵਿਚ ਜਾਨ ਆਈ---ਮੈਂ ਕੀ ਕਰਾਂ? ਆਪਣੇ ਹੱਥੀਂ ਤੈਨੂੰ ਬਾਹਰ ਧਰੀਕ ਕੇ ਮੈਂ ਵੀ ਇੱਥੇ ਕਿਵੇਂ ਰਹਾਂਗਾ?---ਤੇ ਤੂੰ ਮੁੜ ਪਰਤ ਆਇਆ ਤਾਂ ਤੂੰ ਕਿਸ ਨੂੰ ਮਿਲੇਂਗਾ?---ਘਬਰਾਅ ਨਾ ਟਾਇਗਰ, ਆਪਾਂ ਦੋਵੇਂ ਬੁੱਢੇ ਇਕੱਠੇ ਈ ਕਿਤੇ ਨਿਕਲ ਜਾਂਦੇ ਆਂ---ਨਹੀਂ ਠਹਿਰ, ਬਾਹਰ ਵੱਲ ਕਿਉਂ ਦੌੜ ਪਿਐਂ? ਇੱਥੇ ਬੈਠੇ-ਬੈਠੇ ਈ ਆਪਣੇ ਰੱਸਤੇ ਪੈ ਲਵਾਂਗੇ...
ਮੈਂ ਕੁਝ ਗੋਲੀਆਂ ਏਸੇ ਪਿੱਛੇ ਈ ਲੈ ਕੇ ਰੱਖੀਆਂ ਹੋਈਆਂ ਐਂ ਟਾਇਗਰ-ਠਹਿਰ, ਇਸ ਅਲਮਾਰੀ ਵਿਚ ਹੈਣਗੀਆਂ। ਅਹਿ ਵੇਖ, ਇਹ ਆ ਸ਼ੀਸ਼ੀ, ਤਿੰਨ ਤੂੰ ਲੈ-ਲੈ ਤੇ ਤਿੰਨ ਮੈਂ---ਠਹਿਰ, ਪਾਣੀ ਨਾਲ ਲਵਾਂਗੇ---ਅੱਛਾ ਹੁਣ ਮੂੰਹ ਖੋਲ੍ਹ! ਦੇਖ ਬੱਚੇ, ਜਲਦੀ ਨਹੀਂ ਕਰਨੀ। ਆਪਾਂ ਦੋਵੇ ਨਾਲੋ-ਨਾਲ ਚੱਲਾਂਗੇ। ਫਿਕਰ ਨਾ ਕਰ, ਮੈਂ ਤੇਰੇ ਅੱਗੇ-ਅੱਗੇ ਤੈਨੂੰ ਸਾਰਾ ਰੱਸਤਾ ਦੱਸਦਾ ਜਾਵਾਂਗਾ। ਸ਼ਾਬਾਸ਼! ਲੈ ਹੁਣ ਦੂਜੀ ਵੀ ਲੰਘਾ ਜਾ।...ਤੇ ਹੁਣ ਇਹ ਤੀਜੀ। ਤੈਨੂੰ ਪਤਾ ਨਹੀਂ, ਗੋਪਾਲ ਤੈਨੂੰ ਮਰਵਾਉਣ ਲਈ ਮਿਉਂਸਪਲ ਕਮੇਟੀ ਦੇ ਬੰਦਿਆਂ ਨੂੰ ਲਿਆ ਰਿਹਾ ਐ। ਉਹ ਲੋਕ ਹੁਣ ਆ ਰਹੀ ਰਹੇ ਹੋਣਗੇ। ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਈ ਆਪਾਂ ਕੂਚ ਕਰ ਚੁੱਕੇ ਹੋਵਾਂਗੇ। ਓਇ!-ਬਾਕੀ ਗੋਲੀਆਂ ਕਿੱਥੇ ਗਈਆਂ?---ਸ਼ੀਸ਼ੀ ਖ਼ਾਲੀ ਐ!---ਟਾਇਗਰ-ਟਾਇਗਰ, ਠਹਿਰੀਂ!---ਟਇ...
ਨਹੀਂ ਟਾਇਗਰ, ਮੈਨੂੰ ਪਤਾ ਸੀ ਕਿ ਸ਼ੀਸ਼ੀ ਖ਼ਾਲੀ ਐ। ਹਾਂ, ਕਹਿ ਤਾਂ ਦਿੱਤਾ ਐ, ਮੈਨੂੰ ਪਤਾ ਸੀ ਕਿ ਸ਼ੀਸ਼ੀ ਖ਼ਾਲੀ ਐ। ਮੈਂ ਤੇਰੇ ਅੱਗੇ-ਅੱਗੇ ਈ ਜਾਣਾ ਚਾਹੁੰਦਾ ਸੀ ਪਰ ਪਿੱਛੇ ਤੈਨੂੰ ਕਿਸ ਦੇ ਸੰਗ ਛੱਡਦਾ?---ਮੇਰੇ ਵੱਲ ਇੰਜ ਘੂਰ-ਘੂਰ ਕੇ ਕਿਉਂ ਦੇਖ ਰਿਹੈਂ?---ਜਾਹ! ਜਾਹ ਹੁਣ, ਨਹੀਂ ਤਾਂ ਉਹ ਲੋਕ ਆ ਰਹੇ ਐ...ਵੋਂ! ਬਊਂ! ਲੈ, ਉਹ ਆ ਗਏ। ਮੈਂ ਕਿਹਾ ਸੀ ਨਾ ਉਹ ਆ ਰਹੇ ਐ ਬਊਂ!---ਹਾਂ, ਉਹ ਈ ਐ! ਆਓ ਗੋਪਾਲ!...ਬਊਂ!...ਬਊਂ!...ਹਾਂ, ਗੋਪਾਲ ਹੁਣ ਇਕੋ ਬੁੱਢਾ ਕੁੱਤਾ ਬਾਕੀ ਰਹਿ ਗਿਐ...! ਇਹਨਾਂ ਲੋਕਾਂ ਨੂੰ ਕਹਿ, ਮੈਨੂੰ ਲੈ ਜਾਣ!...ਬਊਂ!...ਬਊਂ!...
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.





Thursday, June 10, 2010

ਤੀਸਰਾ ਖ਼ਤ... :: ਲੇਖਕ : ਆਬਿਦ ਸੁਹੇਲ

ਉਰਦੂ ਕਹਾਣੀ : ਤੀਸਰਾ ਖ਼ਤ... :: ਲੇਖਕ : ਆਬਿਦ ਸੁਹੇਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਚਾਚੇ ਮੌਜੂ ਦਾ ਇਹ ਤੀਸਰਾ ਖ਼ਤ ਸੀ :
'ਸ਼ੱਬਨ ਨੇ ਸਾਂਝੀ ਕੰਧ ਵਾਲੇ ਮਕਾਨ ਵਿਚ ਆਟਾ ਚੱਕੀ ਲਾ ਲਈ ਹੈ...ਮਕਾਨ ਸਾਰਾ ਦਿਨ ਹਿੱਲਦਾ ਰਹਿੰਦਾ ਹੈ...ਇਕ ਪਲ ਲਈ ਵੀ ਚੈਨ ਨਹੀਂ ਮਿਲਦਾ ਤੇ ਉਸਦੀ ਆਵਾਜ਼ ਸਾਰੀ-ਸਾਰੀ ਰਾਤ ਕੰਨਾਂ ਵਿਚ ਗੂੰਜਦੀ ਰਹਿੰਦੀ ਹੈ। ਪੂਰੀ ਰਾਤ ਜਾਗਦਿਆਂ ਤੇ ਖੰਘਦਿਆਂ ਹੀ ਬੀਤ ਜਾਂਦੀ ਹੈ। ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆ ਕੇ ਘੱÎਟੋਘੱਟ ਇਸ ਮੁਸੀਬਤ ਤੋਂ ਤਾਂ ਖਹਿੜਾ ਛੁਡਾਅ ਜਾ। ਚੱਕੀ ਕਿਤੇ ਹੋਰ ਵੀ ਲਾਈ ਜਾ ਸਕਦੀ ਹੈ। ਉਹ, ਤਲਾਅ ਦੇ ਪਰਲੇ ਪਾਸੇ, ਮੇਰਾ ਦੋ ਕਮਰਿਆਂ ਦਾ ਮਕਾਨ ਖ਼ਾਲੀ ਪਿਆ ਹੈ ਜਿਹੜਾ, ਉਸ ਵਿਚ ਲਾ ਲਏ...ਮੈਂ ਕੋਈ ਕਿਰਾਇਆ ਵੀ ਨਹੀਂ ਲਵਾਂਗਾ...ਘੱਟੋਘੱਟ ਜ਼ਿੰਦਗੀ ਦੇ ਬਚੇ-ਖੁਚੇ ਦਿਨ ਤਾਂ ਇਹ ਧੁੱਕ-ਧੁੱਕ ਸੁਣੇ ਬਗ਼ੈਰ, ਸ਼ਾਂਤੀ ਨਾਲ, ਲੰਘਣ...।'
ਇਸ ਤੋਂ ਅੱਗੇ ਮੇਰੀ ਪਤਨੀ ਲਈ ਅਸ਼ੀਰਵਾਦ ਸੀ ਤੇ ਬੱਚਿਆਂ ਲਈ ਪਿਆਰ...ਤੇ ਮੇਰੀ ਤਰੱਕੀ ਤੇ ਕਾਮਯਾਬੀ ਉੱਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ। ਪਰ ਖ਼ਤ ਖ਼ਤਮ ਕਰਨ ਲੱਗਿਆਂ ਨੂੰ ਕੁਝ ਹੋਰ ਵੀ ਚੇਤੇ ਆ ਗਿਆ ਸੀ-
'ਤੇ ਉਹ ਨਿੱਕਾ ਹੈ ਨਾ? ਉਹੀ ਜਿਸਦਾ ਪਿਓ ਆਪਣੇ ਜੌਆਂ ਵਾਲੇ ਖੇਤ ਦੀ ਰਾਖੀ ਕਰਦਾ ਹੁੰਦਾ ਸੀ...ਜਿਸ ਨੂੰ...' ਤੇ ਏਸ ਪਿੱਛੋਂ ਉਹਨਾਂ ਨੇ ਕੁਝ ਲਿਖ ਕੇ ਇੰਜ ਕੱÎਟਿਆ ਹੋਇਆ ਸੀ ਕਿ ਮੈਂ ਪੜ੍ਹ ਨਾ ਸਕਾਂ। ਪਰ ਮੈਂ ਸਭ ਕੁਝ ਪੜ੍ਹ ਲਿਆ ਸੀ...'ਮੈਂ ਦੋ ਵਾਰੀ ਸੁਨੇਹਾ ਭੇਜਿਆ, ਪਰ ਉਹ ਆਇਆ ਹੀ ਨਹੀਂ। ਉਸਦੀ ਜ਼ਮੀਨ ਮੇਰੀ ਆਤਮਾਂ ਉਪਰ ਬੋਝ ਬਣੀ ਹੋਈ ਏ ਹੁਣ। ਇੰਜ ਲੱਗਦਾ ਏ ਜਿਵੇਂ ਕੋਈ ਛਾਤੀ ਉਤੇ ਹਲ ਚਲਾ ਰਿਹਾ ਹੋਵੇ। ਬੇਟੇ ਆਖ਼ਰ ਉਹ ਆਪਣੀ ਜ਼ਮੀਨ ਵਾਪਸ ਕਿਉਂ ਨਹੀਂ ਲੈ ਲੈਂਦਾ? ਉਹ ਆਪਣੀ ਜ਼ਮੀਨ ਵਾਪਸ ਲੈ ਲਏ ਤੇ ਮੇਰੇ ਸੀਨੇ ਦਾ ਭਾਰ ਹੌਲਾ ਹੋ ਜਾਏ ਤੇ ਫਾਲੇ ਵਾਂਗ ਮੇਰੀ ਛਾਤੀ ਦੇ ਵਿਚ ਤਾਂ ਨਾ ਚੁੱਭੇ...' ਇਸ ਪਿੱਛੋਂ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ, ਪਰ ਵਾਕ ਉੱਖੜੇ-ਪੁੱਖੜੇ ਜਿਹੇ ਸਨ। ਫੇਰ ਉਹਨਾਂ ਮੈਨੂੰ ਚੇਤਾ ਕਰਵਾਇਆ ਸੀ-
'ਤੂੰ ਨਾਰਾਜ਼ ਹੋ ਕੇ ਚਲਾ ਗਿਆ ਸੈਂ...ਗੱਲ ਇੰਜ ਹੋਈ ਸੀ ਕਿ ਬੀ ਅੰਮਾਂ ਦੀ ਸੋਨੇ ਦੀ ਹੰਸਲੀ ਗੁਆਚ ਗਈ ਸੀ, ਸਾਰੇ ਇਹੀ ਕਹਿੰਦੇ ਸਨ ਕਿ ਉਹ ਹੰਸਲੀ ਉਹਨਾਂ ਵੱਡੀ ਭਾਬੀ ਨੂੰ ਦੇ ਦਿੱਤੀ ਹੈ...ਸੋ ਮੈਂ ਤੇਰਾ ਸਾਮਾਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਗੱਲ ਤਾਂ ਬੀ ਅੰਮਾਂ ਦੀ ਮੌਤ ਤੋਂ ਕਈ ਸਾਲ ਬਾਅਦ ਖੁੱਲ੍ਹੀ (ਉਹਨਾਂ ਅਧਰੰਗ ਹੋ ਜਾਣ ਪਿੱਛੋਂ ਕਈ ਸਾਲ ਗੂੰਗਿਆਂ ਵਾਂਗ ਹੀ ਬਿਤਾਏ ਸਨ) ਕਿ ਉਹ ਹੰਸਲੀ ਵੇਚ ਕੇ ਉਹਨਾਂ ਬਜਰੀਏ ਵਾਲੀ ਮਸਜਿਦ ਦਾ ਫ਼ਰਸ਼ ਪੱਕਾ ਕਰਵਾ ਦਿੱਤਾ ਸੀ ਤੇ ਉਸ ਦੀਆਂ ਕੰਧਾਂ ਦੀ ਮੁਰੰਮਤ ਵੀ! ਉਸ ਪਿੱਛੋਂ ਮੈਂ ਤੇਨੂੰ ਕਈ ਖ਼ਤ ਪਾਏ...ਕੋਈ ਤਿੰਨ ਸਾਲ ਪਹਿਲਾਂ ਜਦ ਤੂੰ ਪਿੰਡ ਆਇਆ ਸੈਂ, ਆਖਿਆ ਵੀ ਸੀ ਬਈ ਆਪਣਾ ਸਾਮਾਨ ਲੈ ਜਾ। ਭਾਈ ਸਾਹਬ ਦੇ ਚਲਾਣਾ ਕਰ ਜਾਣ ਮਗਰੋਂ ਜਦੋਂ ਭਾਬੀ ਭੁਪਾਲ ਵਿਚ ਇੱਦਤ ਦੇ ਦਿਨ ਬਿਤਾਅ ਰਹੀ ਸੀ, ਮੈਂ ਤੁਹਾਡੇ ਘਰੋਂ ਸਾਰਾ ਸਾਮਾਨ ਏਸ ਕਰਕੇ ਚੁਕਵਾ ਲਿਆਇਆ ਸੀ ਕਿ ਤੁਸੀਂ ਹੁਣ ਏਥੇ ਹੀ ਰਹੋਗੇ। ਫੇਰ ਜਦ ਤੂੰ ਇਲਾਹਾਬਾਦ ਵਿਚ ਦਾਖ਼ਲਾ ਲੈ ਲਿਆ ਸੀ ਤੇ ਆਪਣਾ ਸਾਮਾਨ ਲੈਣ ਆਇਆ ਸੈਂ, ਇਹ ਪਹਾੜ ਜਿੱਡੇ ਪਲੰਘ, ਪਾਣੀ ਵਾਲੀਆਂ ਟੈਂਕੀਆਂ, ਪੁਰਾਣੇ ਡਜ਼ਾਇਨ ਦੇ ਚੀਨੀ ਦੇ ਬਰਤਨ...ਜਿਨ੍ਹਾਂ ਉਤੇ ਗੂੜੇ ਰੰਗ ਦੇ ਫੁੱਲ ਬੂਟੇ ਬਣੇ ਨੇ ਤੇ ਲੱਕੜ ਦੇ ਉਹ ਵੱਡੇ ਵੱਡੇ ਸੰਦੂਕ, ਬਕਸੇ ਜਿਨ੍ਹਾਂ ਵਿਚ ਬਾਕੀ ਸਾਮਾਨ ਹੁਣ ਤਕ ਬੰਦ ਪਿਆ ਹੈ, ਰੱਖਣ ਜੋਗੀ ਜਗ੍ਹਾ ਨਹੀਂ। ਤੇਰਾ ਮਕਾਨ ਬੜਾ ਹੀ ਛੋਟਾ ਜਿਹਾ ਹੈ। ਪਰ ਬੇਟੇ ਹੁਣ ਲੈ ਵੀ ਜਾ, ਮੈਂ ਭਲਾ ਕਦੋਂ ਤਕ ਸਾਂਭਦਾ ਰਹਾਂਗਾ? ਹੁਣ ਤਾਂ ਮੈਨੂੰ ਉਸ ਕੋਲੋਂ ਭੈ ਆਉਣ ਲੱਗ ਪਿਆ ਹੈ...ਜਾਪਦਾ ਹੈ, ਜਿਵੇਂ ਉਸ ਦੁਆਲੇ ਸੱਪ-ਠੂੰਹੇਂ ਤੁਰੇ ਫਿਰਦੇ ਨੇ ਤੇ ਕਦੀ ਕਦੀ ਮੇਰੇ ਪਲੰਘ ਦੇ ਇਰਦ-ਗਿਰਦ ਆ ਪਹੁੰਚਦੇ ਨੇ...।'
ਇਸ ਪਿੱਛੋਂ ਤਿੰਨ ਚਾਰ ਵਾਕ ਹੋਰ ਅਜਿਹੇ ਹੀ ਸਨ ਤੇ ਫੇਰ ਫੱਜਨ ਤੇ ਨਿੱਕੇ ਦਾ ਜ਼ਿਕਰ ਸੀ ਤੇ ਫੇਰ ਅੱਬਾ ਵਾਲੇ ਬਾਗ ਦਾ ਕਿੱਸਾ। ਉਸ ਫਸਲ ਦਾ ਜ਼ਿਕਰ ਜੋ ਹੁਣ ਵੀ ਉਹਨਾਂ ਦੇ ਨਾਂ ਸੀ ਤੇ ਜਿਸਨੂੰ ਉਹ ਮੇਰੇ ਨਾਂ ਕਰਵਾ ਦੇਣਾ ਚਾਹੁੰਦੇ ਸਨ। ਫੇਰ ਉਸ ਘਟਨਾ ਦਾ ਜ਼ਿਕਰ ਸੀ ਜਦੋਂ ਜ਼ਿਮੀਂਦਾਰੀ ਦੇ ਖਾਤਮੇ ਸਮੇਂ ਚੁਤਾਲੀ ਹਜ਼ਾਰ ਦੇ ਬਾਊਂਡ ਮੁਆਵਜ਼ੇ ਵਜੋਂ ਮਿਲੇ ਸਨ ਤੇ ਮੈਂ ਪੈਸੇ ਪੈਸੇ ਦਾ ਮੁਥਾਜ ਹੁੰਦਾ ਸਾਂ। ਉਹ ਪੈਸਾ ਤਾਂ ਪਤਾ ਨਹੀਂ ਕਦੋਂ ਦਾ ਖ਼ਤਮ ਵੀ ਹੋ ਗਿਆ ਸੀ, ਪਰ ਜ਼ਮੀਨ ਜਾਇਦਾਦ ਜੋ ਵੀ ਬਾਕੀ ਸੀ ਮੇਰੇ ਨਾਂ ਕਰ ਦੇਣ ਬਾਰੇ ਲਿਖਿਆ ਸੀ...'ਬੇਟਾ, ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆਵੀਂ ਜ਼ਰੂਰ। ਬਹੂ ਤੇ ਬੱਚਿਆਂ ਨੂੰ ਵੀ ਨਾਲ ਹੀ ਲਿਆਵੀਂ...ਸ਼ੱਬਨ ਤੇਰੀ ਗੱਲ ਮੰਨ ਲਵੇਗਾ ਤੇ ਨਿੱਕਾ ਵੀ...।'
ਅਖ਼ੀਰ ਵਿਚ ਲਿਖਿਆ ਸੀ-'ਪਿੱਛਲੇ ਸਾਲ ਅੰਬਾਂ ਦੀ ਖਾਸੀ ਫਸਲ ਖ਼ਰਾਬ ਹੋ ਗਈ ਸੀ, ਇਸ ਵਾਰ ਜ਼ਰੂਰ ਚੰਗੀ ਹੋਵੇਗੀ। ਸ਼ਹਿਰ ਵਿਚ ਅੰਬ ਕੀ ਸਵਾਹ ਮਿਲਦੇ ਹੋਣੇ ਨੇ, ਤੇਰੇ ਬਾਗ਼ ਵਰਗਾ ਲੰਗੜਾ ਉੱਥੇ ਕਿੱਥੇ ਮਿਲਦਾ ਹੋਏਗਾ?'
ਚਾਚੇ ਮੌਜੂ ਦਾ ਇਹ ਖ਼ਤ ਕੋਈ ਚਾਰ ਪੰਜ ਦਿਨ ਪਹਿਲਾਂ ਆਇਆ ਸੀ ਤੇ ਮੈਂ ਅੱਠ ਵਾਰੀ ਪੜ੍ਹ ਚੁੱÎਕਿਆ ਸਾਂ। ਸੋਚਿਆ ਸੀ ਇਸ ਵਾਰੀ ਉਹਨਾਂ ਨੂੰ ਖ਼ਤ ਜ਼ਰੂਰ ਲਿਖਾਂਗਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਾਰਾ ਸਾਮਾਨ ਜਿਸ ਨੂੰ ਰੱਖਣ ਵਾਸਤੇ ਮੇਰੇ ਇਸ ਦੋ ਕਮਰਿਆਂ ਦੇ ਮਕਾਨ ਵਿਚ ਸੱਚਮੁੱਚ ਜਗ੍ਹਾ ਨਹੀਂ, ਜ਼ਰੂਰ ਲੈ ਜਾਵਾਂਗਾ...ਭਾਵੇਂ ਉਹ ਛਿੱਛਪੱਤ ਕਿਸੇ ਨੂੰ ਦੇਣਾ ਹੀ ਕਿਉਂ ਨਾ ਪਏ।
੦੦੦
ਮਾਜਿਦ ਚਾਚਾ ਜੀ ਆਪਣੇ ਵੱਡੇ ਸਾਰੇ ਮਕਾਨ ਦੇ ਬਾਹਰ, ਜਿਸਨੂੰ ਪਿੰਡ ਦੇ ਲੋਕੀ ਹਵੇਲੀ ਕਹਿੰਦੇ ਸਨ, ਇਕ ਵੱਡੇ ਸਾਰੇ ਤਖ਼ਤਪੋਸ਼ ਉੱਤੇ, ਜਿਸ ਉੱਤੇ ਇਕ ਦੁੱਧ–ਚਿੱਟੀ ਚਾਦਰ ਵਿਛੀ ਹੋਈ ਹੈ, ਗੋਲ ਸਿਰਹਾਣੇ ਨਾਲ ਢੋਅ ਲਾਈ ਬੈਠੇ ਨੇ। ਬਸ ਪੇਚਵਾਨ ਦੀ ਸਿਗਰਟ ਉਹਨਾਂ ਦੀਆਂ ਉਂਗਲਾਂ ਵਿਚ ਸੁਲਗ ਰਹੀ ਹੈ। ਅੱਖਾਂ ਏਨੀਆਂ ਲਾਲ ਨੇ ਕਿ ਉਹਨਾਂ ਉੱਤੇ ਦੋ ਵਾਰ ਪੋਲਾ ਜਿਹਾ ਹੱਥ ਫੇਰਿਆ ਜਾਏ ਤਾਂ ਖ਼ੂਨ ਤ੍ਰਿਪਨ ਲੱਗ ਪਏ। ਕਤਰੀਆਂ ਕਾਲੀਆਂ ਮੁੱਛਾਂ ਤੇ ਸਿਆਹ–ਕਾਲੇ ਘੁੰਗਰਾਲੇ ਵਾਲਾਂ ਨੇ ਉਹਨਾਂ ਦੇ ਲਾਲ ਸੁਰਖ਼ ਚਿਹਰੇ ਨੂੰ ਅਤੀ ਰੋਅਬਦਾਰ ਬਣਾ ਦਿੱਤਾ ਹੈ। ਤਖ਼ਤ ਕੋਲ ਇਕ ਮੂੜਾ ਰੱਖਿਆ ਹੋਇਆ ਹੈ। ਚੁਫੇਰੇ ਕਰਿੰਦੇ ਵੱਡੀਆਂ ਵੱਡੀਆਂ ਡਾਂਗਾਂ ਚੁੱਕੀ ਖੜ੍ਹੇ ਨੇ।
ਮਾਜਿਦ ਚਾਚਾ ਜੀ ਨੇ ਇਕ ਲੰਮਾਂ ਕਸ਼ ਖਿੱਚਿਆ ਤੇ ਸਿਰ ਨੂੰ ਛੋਟਾ ਜਿਹਾ ਝਟਕਾ ਦੇ ਕੇ ਬੋਲੇ-
''ਮਹਿਕੂ...ਈਦਗਾਹ ਦੇ ਪਰਲੇ ਪਾਸੇ ਵਾਲੇ ਖੇਤਾਂ ਦਾ ਚੱਲਾ ਕੋਠਾਰ ਪਹੁੰਚਾ ਦਿਤੈ?''
''ਹਾਂ ਸਰਕਾਰ।'' ਮਹਿਕੂ ਨੇ ਕੰਮ ਪੂਰਾ ਹੋ ਜਾਣ ਦੀ ਇਤਲਾਹ ਵੀ ਡਰਦਿਆਂ–ਡਰਦਿਆਂ ਹੀ ਦਿੱਤੀ ਸੀ।
''ਤੇ ਬਾਜਰੇ ਵਾਲੇ ਖੇਤਾਂ ਦੀ ਫਸਲ?''
''ਉਹ ਵੀ ਕੱਟੀ ਜਾ ਚੁੱਕੀ ਐ ਸਰਕਾਰ।'' ਮਹਿਕੂ ਕੰਬਣ ਲੱਗਾ।
''ਪਰ ਗੱਲਾ ਅਜੇ ਕੋਠਾਰ ਨਹੀਂ ਪਹੁੰਚਿਆ...ਕਿਉਂ?''
ਕਿਸੇ ਨੇ ਕੋਈ ਉਤਰ ਨਹੀਂ ਦਿੱਤਾ।
ਮਹਿਕੂ ਜਿਸ ਦੀਆਂ ਅੱਖਾਂ ਧਰਤੀ ਉਤੇ ਗੱਡੀਆਂ ਹੋਈਆਂ ਸਨ, ਆਪਣੀ ਡਾਂਗ ਦੀਆਂ ਗੰਢਾਂ ਉੱਤੇ ਉਂਗਲਾਂ ਫੇਰਨ ਲੱਗ ਪਿਆ, ਪਰ ਕਿਸੇ ਕਰਿੰਦੇ ਨੇ ਉਸਦੀ ਇਹ ਹਰਕਤ ਵੇਖੀ ਨਹੀਂ, ਕਿਉਂਕਿ ਉਹਨਾਂ ਦੀਆਂ ਅੱਖਾਂ ਵੀ ਧਰਤੀ ਉਤੇ ਗੱਡੀਆਂ ਹੋਈਆਂ ਸਨ।
''ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ...।'' ਮਾਜਿਦ ਚਾਚੇ ਹੁਰੀਂ ਕੜਕੇ, ਇੰਜ ਲੱਗਿਆ ਜਿਵੇਂ ਬਿਜਲੀ ਕੜਕੀ ਹੋਵੇ ਤੇ ਉਹਨਾਂ ਦੀ ਆਵਾਜ਼ ਬੱਦਲਾਂ ਨਾਲ ਟਕਰਾਅ ਰਹੀ ਹੋਵੇ।
ਮਾਜਿਦ ਚਾਚਾ ਜੀ ਨੇ ਸਿਗਰੇਟ ਸਿਰਹਾਣੇ ਪਈ ਸ਼ੀਸ਼ੇ ਦੀ ਤਸਤਰੀ ਵਿਚ ਰੱਖ ਦਿੱਤੀ। ਰਾਮ ਭਰੋਸੇ ਵੱਲ ਦੇਖਿਆ ਤਾਂ ਤੇਲ ਚੋਪੜੀ ਉਸਦੀ ਡਾਂਗ ਉਸਦੇ ਹੱਥੋਂ ਡਿੱਗ ਪਈ।
ਪਰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸਦੇ ਦੇ ਡਿੱਗਣ ਦਾ ਖੜਾਕ ਸੁਣਿਆ ਹੀ ਨਾ ਹੋਵੇ। ਉਹ ਹੱਥ ਜੋੜ ਕੇ ਬੋਲਿਆ, ''ਹਜ਼ੂਰ ਕੰਮ 'ਤੇ ਸਿਰਫ ਦੋ ਬੰਦੇ ਆਏ ਸੀ।''
''ਹੂੰ,'' ਮਾਜਿਦ ਚਾਚਾ ਜੀ ਨੇ ਜਿਵੇਂ ਗੁੱਸਾ ਪੀਣ ਦੀ ਕੋਸ਼ਿਸ਼ ਕੀਤੀ।
''ਹਜ਼ੂਰ,'' ਰਾਮ ਭਰੋਸੇ ਨੇ ਕੰਬਦੀ ਆਵਾਜ਼ ਕਿਹਾ, ''ਇਕ ਬੰਦਾ ਸ਼ੱਬਨ ਨੂੰ ਬੁਲਾਉਣ ਗਿਆ ਸੀ, ਪਰ ਉਸਦੀ ਮਾਂ ਕਹਿੰਦੀ, ਬਿਮਾਰ ਐ, ਬੇਗਾਰ ਨਹੀਂ ਕਰ ਸਕੇਗਾ।''
''ਹੂੰ...'' ਮਾਜਿਦ ਚਾਚਾ ਦੇ ਸੰਘਣੇ ਭਰਵੱਟੇ ਇਕ ਦੂਜੇ ਨਾਲ ਜੁੜ ਕੇ ਫਰਕਣ ਲੱਗ ਪਏ ਤੇ ਕਰਿੰਦਿਆਂ ਵਿਚ ਭੈ ਦੀ ਲਹਿਰ ਦੌੜ ਗਈ। ਉਸ ਵੇਲੇ ਉਹ ਪੂਰੇ ਗੁੱਸੇ ਵਿਚ ਸਨ।
''ਹਜ਼ੂਰ ਜਿੱਦੈਂ ਦੀ ਉਸਦੇ ਭਰਾ ਨੇ ਸ਼ਹਿਰੋਂ ਪੈਸੇ ਭੇਜ ਕੇ ਉਸਨੂੰ ਆਟਾ ਚੱਕੀ ਲੁਆ ਕੇ ਦਿੱਤੀ ਐ, ਉਹ ਬੇਗਾਰ ਤੋਂ ਕੰਨੀਂ ਕਤਰਾਉਣ ਲੱਗ ਪਿਐ ਜੀ।''
''ਕੱਲ੍ਹ ਤੋਂ ਚੱਕੀ ਦੀ ਆਵਾਜ਼ ਮੇਰੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ।'' ਉਹਨਾਂ ਸਿਗਰੇਟ ਬੁੱਲ੍ਹਾਂ ਨੂੰ ਲਾਈ। ਇਕ ਲੰਮਾਂ ਸੂਟਾ ਖਿੱਚਿਆ ਤੇ ਜਦੋਂ ਤਖ਼ਤਪੋਸ਼ ਤੋਂ ਹੇਠਾਂ ਪੈਰ ਲਮਕਾਏ ਤਾਂ ਕਿਸੇ ਨੇ ਦੇਖਿਆ ਕਿ ਇਕ ਸਲੀਪਰ ਤਖ਼ਤਪੋਸ਼ ਦੇ ਹੇਠਾਂ ਖਿਸਕਿਆ ਹੋਇਆ ਹੈ ਤੇ ਉਸਨੇ ਡਰਦਿਆਂ–ਡਰਦਿਆਂ ਉਹ ਉਹਨਾਂ ਦੇ ਪੈਰ ਕੋਲ ਕਰ ਦਿੱਤਾ। ਮਾਜਿਦ ਚਾਚਾ ਜੀ ਨੇ ਇਕ ਵਾਰੀ ਫੇਰ ਲਠੈਤਾਂ ਵੱਲ ਵੇਖਿਆ ਤੇ ਆਪਣੀ ਗੱਲ ਦੁਹਰਾਈ-
'' ਕੱਲ੍ਹ ਤੋਂ ਚੱਕੀ ਦੀ ਆਵਾਜ਼ ਕੰਨੀਂ ਨਹੀਂ ਪੈਣੀ ਚਾਹੀਦੀ...''
ਰਾਤੋ–ਰਾਤ ਨੇੜੇ–ਤੇੜੇ ਦੀਆਂ ਬਸਤੀਆਂ ਤੇ ਪਿੰਡਾਂ ਵਿਚ ਮੁਨਾਦੀ ਕਰਵਾ ਦਿਤੀ ਗਈ, 'ਕੱਲ੍ਹ ਤੋਂ ਚੱਕੀ 'ਤੇ ਆਟਾ ਪਿਸਵਾਉਣ ਕੋਈ ਨਹੀਂ ਜਾਏਗਾ, ਜਿਸਨੂੰ ਲੋੜ ਹੋਵੇ, ਕਣਕ ਲੈ ਆਵੇ ਤੇ ਹਵੇਲੀ ਦੇ ਪਿੱਛਲੇ ਦਰਵਾਜ਼ੇ ਤੋਂ ਓਨਾ ਹੀ ਆਟਾ ਲੈ ਜਾਵੇ...ਕੋਈ ਪਿਸਾਈ ਨਹੀਂ ਲੱਗੇਗੀ।'
ਅਗਲੇ ਦਿਨ ਪਿੰਡ ਵਿਚ ਮੌਤ ਵਰਗੀ ਚੁੱਪ ਵਾਪਰੀ ਹੋਈ ਸੀ।
ਸ਼ੱਬਨ ਡਰਦਾ–ਡਰਦਾ ਆਪਣੇ ਕੱਚੇ ਮਕਾਨ ਵਿਚੋਂ ਬਾਹਰ ਨਿਕਲਿਆ। ਚੱਕੀ ਪੰਜਾਹ ਸੱਠ ਕਰਮਾਂ 'ਤੇ ਸੀ। ਰਸਤੇ ਵਿਚ ਕਈ ਜਣੇ ਮਿਲੇ...ਉਸਨੇ ਰੋਜ਼ ਵਾਂਗ ਸਲਾਮ, ਬੰਦਗੀ ਤੇ ਰਾਮ ਰਾਮ ਕੀਤੀ, ਪਰ ਕਿਸੇ ਦਾ ਜੁਆਬ ਨਾ ਮਿਲਿਆ। ਕਿਸੇ ਨੇ ਉਸ ਨਾਲ ਅੱਖ ਵੀ ਨਹੀਂ ਮਿਲਾਈ। ਚੱਕੀ ਭਾਂ–ਭਾਂ ਕਰ ਰਹੀ ਸੀ। ਕਣਕ ਦੀ ਇਕ ਗਠੜੀ ਵੀ ਨਹੀਂ ਸੀ ਆਈ। ਕੰਡੇ ਦੇ ਪੱਲੜੇ ਵਿਚ ਵੱਟੇ ਰੱਖ ਕੇ, ਦੂਜੇ ਨੂੰ ਉਹ ਆਪਣੀ ਕਿਸਮਤ ਵਾਂਗ ਹੀ ਹਵਾ ਵਿਚ ਡੋਲਦਾ ਵੇਖਦਾ ਰਿਹਾ। ਜਦੋਂ ਸੂਰਜ ਤਲਾਅ ਵਾਲੇ ਵੱਡੇ ਬੋਹੜ ਪਿੱਛੋਂ ਸਿਰ ਕੱਢ ਕੇ ਸਾਰੇ ਪਿੰਡ ਉੱਤੇ ਆ ਪਹੁੰਚਿਆ ਪਰ ਆਟਾ ਪਿਸਵਾਉਣ ਕੋਈ ਨਾ ਆਇਆ ਤਾਂ ਉਸ ਸੋਚਿਆ ਘਰ ਵਾਪਸ ਚਲਾ ਜਾਏ। ਅਜੇ ਉਸਨੇ ਸੋਚਿਆ ਹੀ ਸੀ ਕਿ ਜੋਖਾ ਸਿਰ ਉੱਤੇ ਇਕ ਵੱਡੀ ਸਾਰੀ ਪੰਡ ਚੁੱਕੀ ਆ ਪਹੁੰਚਿਆ। ਜੋਖੇ ਨੇ ਪੰਡ ਜ਼ਮੀਨ ਉੱਤੇ ਰੱਖ ਦਿਤੀ...ਸ਼ੱਬਨ ਨੇ ਉਸ ਵੱਲ ਲਲਚਾਈਆਂ ਅੱਖਾਂ ਨਾਲ ਵੇਖਿਆ ਜਿਵੇਂ ਕਿਸੇ ਪਰਾਈ ਜਨਾਨੀ ਨੂੰ ਵੇਖ ਰਿਹਾ ਹੋਵੇ-ਪਰ ਡਰਦਿਆਂ–ਡਰਦਿਆਂ।
ਦੋਏ ਚੁੱਪ ਸਨ। ਅਖ਼ੀਰ ਸ਼ੱਬਨ ਨੇ ਕਿਹਾ, ''ਅੱਜ ਚੱਕੀ ਨਹੀਂ ਚੱਲੇਗੀ।''
''ਕਿਉਂ? ਡਰ ਗਿਐਂ?''
''ਨਹੀਂ, ਪਰ ਚੱਕੀ ਨਹੀਂ ਚੱਲਣੀ।''
''ਫਿੱਟੇ ਮੂੰਹ ਤੇਰੇ...ਮੈਂ ਤਾਂ ਤੈਨੂੰ ਮਰਦ ਬੱਚਾ ਸਮਝਦਾ ਸੀ, ਪਰ ਤੂੰ ਤਾਂ ਨਿਰਾ ਉਹ ਨਿਕਲਿਆ ਓਇ।''
ਦੋਹਾਂ ਨੇ ਇਕ ਵਾਰੀ ਫੇਰ ਇਕ ਦੂਜੇ ਵੱਲ ਤੱਕਿਆ।
ਜੋਖਾ ਵੀ ਸ਼ੱਬਨ ਵਾਂਗ ਨਰੋਆ, ਜਵਾਨ ਗਭਰੂ ਸੀ। ਦੋ ਚਾਰ ਸਾਲ ਵੱਡਾ ਹੋਊ ਤਾਂ ਕੀ? ਪਰ ਅੱਜ ਤਕ ਉਸਨੇ ਵਾਲਾਂ ਨੂੰ ਮਹਿੰਦੀ ਨਹੀਂ ਸੀ ਲਾਈ। ਦੋ ਜੁਆਕ ਸਨ ਤੇ ਦੋਏ ਕੁੜੀਆਂ। ਅਸਲ ਵਿਚ ਸ਼ੱਬਨ ਆਪਣੇ ਨਾਲੋਂ ਵੱਧ ਉਸ ਬਾਰੇ ਸੋਚ ਰਿਹਾ ਸੀ। 'ਮੀਆਂ ਉਸਨੂੰ ਨੌਕਰੀ ਤੋਂ ਹਟਾਅ ਦੇਣਗੇ, ਫੇਰ ਵੀ ਬਾਅਜ਼ ਨਾਲ ਆਇਆ ਤਾਂ ਘਰ ਸੜਵਾ ਦੇਣਗੇ। ਕੱਚੀ ਕਬੀਲਦਾਰੀ ਐ, ਕੀ ਬਣੂੰਗਾ ਇਸ ਦਾ?' ਇਹੀ ਸੋਚ ਕੇ ਉਸਨੇ ਆਟਾ ਪੀਸਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼ੱਬਨ ਦੇ ਚੱਕੀ ਚਲਾਉਣ ਜਾਂ ਨਾ ਚਲਾਉਣ ਨਾਲ ਕੋਈ ਫ਼ਰਕ ਨਾ ਪਿਆ...ਜੋਖੇ ਨੂੰ ਨੌਕਰੀਓਂ ਹਟਾਅ ਦਿੱਤਾ ਗਿਆ ਸੀ ਤੇ ਉਸਦਾ ਚਾਰ ਬਿਸਵਿਆਂ ਦਾ ਖੇਤ, ਜਿਹੜਾ ਮੀਆਂ ਦੇ ਖੇਤਾਂ ਨਾਲ ਲੱਗਦਾ ਸੀ, ਰਾਤੋ ਰਾਤ ਖਾਲ ਦੇ ਅੰਦਰਲੇ ਪਾਸੇ ਕਰ ਦਿੱਤਾ ਗਿਆ ਸੀ।
ਪਿੰਡ ਵਿਚ ਦੋ ਚਾਰ ਦਿਨ ਰਤਾ ਤਣਾਅ ਜਿਹਾ ਰਿਹਾ, ਗੁੱਝੀ ਚਰਚਾ ਛਿੜੀ ਤੇ ਚੁੱਪ ਵਾਪਰ ਗਈ...ਸਭ ਕੁਝ ਫੇਰ ਪਹਿਲਾਂ ਵਾਂਗ ਹੀ ਹੋਣ ਲੱਗਾ, ਪਰ ਚੱਕੀ ਦੀ ਆਵਾਜ਼ ਕਦੀ ਕਿਸੇ ਨੂੰ ਨਹੀਂ ਸੁਣਾਈ ਦਿੱਤੀ। ਕਈ ਸਾਲ ਤਕ ਗੱਡਿਆਂ ਉੱਤੇ ਸ਼ਹਿਰੋਂ ਪਿਸਵਾ ਕੇ ਆਟਾ ਲਿਆਂਦਾ ਜਾਂਦਾ ਰਿਹਾ ਤੇ ਹਵੇਲੀ ਦੇ ਪਿੱਛਲੇ ਦਰਵਾਜ਼ੇ ਤੋਂ ਲੋਕ ਦਾਣਿਆਂ ਬਰਾਬਰ ਆਟਾ ਲੈ ਜਾਂਦੇ ਰਹੇ। ਪਿੰਡ ਵਾਲੇ ਖ਼ੁਸ਼ ਸਨ ਕਿ ਚਲੋ ਦੋ ਪੈਸੇ ਪਿਸਾਈ ਬਚ ਜਾਂਦੀ ਹੈ, ਉਹਨਾਂ ਦੋ ਪੈਸਿਆਂ ਦੇ ਤੇਲ ਨਾਲ ਦੋ ਦਿਨ ਘਰ ਵਿਚ ਰੌਸ਼ਨੀ ਹੋ ਜਾਂਦੀ ਹੈ।
੦੦੦
ਉਸ ਚੁੱਪ ਤੇ ਫੇਰ ਸਭ ਕੁਝ ਪਹਿਲਾਂ ਵਰਗਾ ਹੋ ਜਾਣ ਅਤੇ ਚਾਚੇ ਮੌਜੂ ਦੇ ਇਹਨਾਂ ਖ਼ਤਾਂ ਵਿਚਕਾਰ ਘੱਟੋਘੱਟ ਵੀਹ ਸਾਲ ਦਾ ਫਾਸਲਾ ਹੈ। ਸਮੇਂ ਨੇ ਮਾਜਿਦ ਚਾਚਾ ਨੂੰ ਮੌਜੂ ਮੀਆਂ ਬਣਾ ਦਿੱਤਾ ਹੈ। ਉਹ ਇਕ ਹੱਥ ਵਿਚ ਲੋਹੇ ਦਾ ਗੜਵਾ ਤੇ ਦੂਜੇ ਹੱਥ ਵਿਚ ਸੋਟੀ, ਜਿਹੜੀ ਉਹਨਾਂ ਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਹੈ, ਫੜ੍ਹੀ ਮਸਜਿਦ ਅੰਦਰ ਦਾਖ਼ਲ ਹੁੰਦੇ, ਗੜਵਾ ਮਸਜਿਦ ਦੇ ਫ਼ਰਸ਼ ਉਤੇ ਰੱਖਦੇ (ਜਿਹੜਾ ਜਗ੍ਹਾ ਜਗ੍ਹਾ ਤੋਂ ਤਿੜਕ ਚੁੱਕਿਆ ਸੀ) ਤੇ ਸੋਟੀ ਕੰਧ ਨਾਲ ਲਾ ਦਿੰਦੇ ਨੇ, ਪਰ ਪਹਿਲਾਂ ਵਾਂਗ ਕੋਈ ਉਹਨਾਂ ਨੂੰ ਮੂਹਰਲੀ ਕਤਾਰ ਵਿਚ ਆ ਜਾਣ ਲਈ ਨਹੀਂ ਕਹਿੰਦਾ...ਉਹ ਆਖ਼ਰੀ ਜਾਂ ਉਸ ਤੋਂ ਅਗਲੀ ਕਤਾਰ ਵਿਚ ਖਲੋ ਕੇ ਜਾਂ ਕਦੀ ਬੈਠ ਕੇ ਨਮਾਜ਼ ਪੜ੍ਹਦੇ ਤੇ ਫੇਰ ਸੋਟੀ ਟੇਕਦੇ ਹੋਏ ਹਵੇਲੀ ਪਰਤ ਆਉਂਦੇ ਨੇ, ਜਿਸਦੇ ਚਬੂਤਰੇ ਦੀਆਂ ਪੌੜੀਆਂ ਦੀਆਂ ਇੱਟਾਂ ਪਤਾ ਨਹੀਂ ਕਿੱਦੇਂ ਦੀਆਂ ਅਲੋਪ ਹੋਈਆਂ ਹੋਈਆਂ ਨੇ। ਉਹ ਵਾਰੀ ਵਾਰੀ ਝੁਕ ਕੇ ਸੋਟੀ ਤੇ ਗੜਵਾ ਚਬੂਤਰੇ ਉੱਤੇ ਰੱਖਦੇ, ਫੇਰ ਦੋਏ ਹਥੇਲੀਆਂ ਨਾਲ ਕੰਧ ਦਾ ਸਹਾਰਾ ਲੈ ਕੇ ਉੱਤੇ ਚੜ੍ਹਦੇ। ਚਿੱਪ–ਚਿੱਪ ਕਰਦੀਆਂ ਗਿੱਡਲ ਅੱਖਾਂ ਨਾਲ ਚਾਰੇ ਪਸੇ ਵੇਖਦੇ ਤਾਂ ਕੋਈ ਡਾਂਗ ਜ਼ਮੀਨ ਉੱਤੇ ਨਹੀਂ ਡਿੱਗਦੀ, ਕਿਸੇ ਦੇ ਹੱਥ ਨਹੀਂ ਕੰਬਦੇ।
ਉਹਨਾਂ ਦਾ ਖ਼ਤ ਹੁਣ ਵੀ ਮੇਰੇ ਸਾਹਮਣੇ ਪਿਆ ਹੈ, ਮੈਂ ਜਵਾਬ ਵਿਚ ਦੋ ਲਾਈਨਾ ਵੀ ਲਿਖੀਆਂ ਨੇ-
'ਅਤਿ ਸਤਿਕਾਰ ਯੋਗ ਚਚਾ ਜਾਨ,
ਬਹੁਤ ਬਹੁਤ ਸਲਾਮ!
ਤੁਹਾਡਾ ਖ਼ਤ ਮਿਲਿਆ। ਸੁੱਖ ਸਾਂਦ ਦਾ ਪਤਾ ਲੱਗਿਆ। ਖ਼ੁਦਾ ਤੁਹਾਡਾ ਸਾਇਆ ਚਿਰਾਂ ਤਕ ਸਾਡੇ ਸਿਰਾਂ ਉੱਤੇ ਰੱਖੇ। ਤੁਹਾਡਾ ਅਸ਼ੀਰਵਾਦ ਲੈਣ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਜ਼ਰੂਰ ਆਵਾਂਗਾ। ਜੇ ਤੁਹਾਡੀ ਇਹ ਇੱਛਾ ਹੈ ਤਾਂ ਸਾਮਾਨ ਵੀ ਲੈ ਜਾਵਾਂਗ...।'
ਇਸ ਪਿੱਛੋਂ ਮੇਰਾ ਕਲਮ ਰੁਕ ਗਿਆ...ਹੋਰ ਲਿਖਦਾ ਵੀ ਕੀ? ਉਸ ਚੱਕੀ ਬਾਰੇ, ਜਿਸਦਾ ਕੋਈ ਨਾਂ–ਨਿਸ਼ਾਨ ਵੀ ਨਹੀਂ ਸੀ...ਤੇ ਜੋਖੇ ਦੇ ਪੁੱਤਰ ਨਿੱਕੇ ਨੂੰ, ਜਿਸਦਾ ਹੁਣ ਆਪਣਾ ਪੱਕਾ ਦੋ ਮੰਜਿਲਾ ਮਕਾਨ ਹੈ... ਟਿਊਬਵੈੱਲ ਤੇ ਸਾਈਕਲ ਸਪੇਅਰ ਪਾਰਟਸ ਦੀ ਦੁਕਾਨ ਹੈ...ਭਲਾ ਕਿੰਜ ਇਸ ਗੱਲ ਉੱਤੇ ਰਾਜ਼ੀ ਕਰ ਸਕਦਾ ਹਾਂ ਕਿ ਉਹ ਆਪਣੀ ਦੋ ਚਾਰ ਬਿਸਵੇ ਜ਼ਮੀਨ ਲੈ ਲਵੇ। ਉਹ ਚਾਰ ਬਿਸਵੇ ਜ਼ਮੀਨ ਜਿਸ ਨੂੰ ਮਾਜਿਦ ਚਾਚੇ ਦੇ ਮੁੰਡੇ ਕਈ ਸਾਲ ਪਹਿਲਾਂ ਗਹਿਣੇ ਕਰਕੇ ਭੁੱਲ ਵੀ ਚੁੱਕੇ ਹੋਣੇ ਨੇ।
ਮਾਜਿਦ ਚਾਚੇ ਦਾ ਇਹ ਖ਼ਤ ਮੇਜ਼ ਉੱਤੇ ਪਿਆ ਹੈ ਤੇ ਮੇਰਾ ਲਿਖਿਆ ਅਧੂਰਾ ਖ਼ਤ ਵੀ...ਇੰਜ ਹੀ ਪਹਿਲੇ ਦੋ ਖ਼ਤਾਂ ਨਾਲ ਹੋਈ ਸੀ।
000

ਤਾਬੂਤ... :: ਲੇਖਕ : ਰਾਮ ਲਾਲ

ਉਰਦੂ ਕਹਾਣੀ : ਤਾਬੂਤ... :: ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਦੇ ਹਰੇ ਭਰੇ ਲਾਨ ਵਿਚ ਰੀਤਾ ਖੰਡੇਲਵਾਲ ਤੇ ਬਿੱਜੂ ਚਤੁਰਵੇਦੀ ਬੈਠੇ ਬੜੀ ਦੇਰ ਦੇ ਬੀਆਰ ਪੀ ਰਹੇ ਸਨ। ਇਹ ਉਹਨਾਂ ਦਾ ਰੋਜ਼ ਦਾ ਸ਼ੁਗਲ ਸੀ। ਰੀਤਾ ਟੀ.ਵੀ. ਦੇ ਅੱਤ ਥਕਾਅ ਦੇਣ ਵਾਲੇ ਮਾਹੌਲ ਤੋਂ ਵਿਹਲ ਮਿਲਦਿਆਂ ਹੀ ਚਤੁਰਵੇਦੀ ਨੂੰ ਫ਼ੋਨ ਕਰ ਦੇਂਦੀ ਜਾਂ ਚਤੁਰਵੇਦੀ ਹੀ ਉਸਨੂੰ ਆਪਣੇ ਅਖ਼ਬਾਰ ਦੇ ਦਫ਼ਤਰ ਵਿਚੋਂ ਆਪਣੇ ਪ੍ਰੋਗ੍ਰਾਮ ਬਾਰੇ ਦੱਸ ਦਿੰਦਾ ਸੀ। ਇਹ ਇੱਤਫ਼ਾਕ ਬੜਾ ਹੀ ਘੱਟ ਹੁੰਦਾ ਸੀ ਕਿ ਬਿੱਜੂ ਚਤੁਰਵੇਦੀ ਆਕਾਸ਼ਵਾਣੀ ਸਾਹਮਣੇ ਪਹੁੰਚ ਕੇ ਉਸਨੂੰ ਆਪਣੀ ਗੱਡੀ ਵਿਚ ਪਿੱਕਅੱਪ ਨਾ ਕਰ ਸਕਦਾ। ਜੇ ਕਦੀ ਅਜਿਹੀ ਨੌਬਤ ਆਈ ਵੀ ਸੀ ਤਾਂ ਰੀਤਾ ਖ਼ੁਦ ਰਾਤ ਦੇ ਗਿਆਰਾਂ-ਬਾਰਾਂ ਵਜੇ ਪਿੱਛੋਂ ਵੀ ਉਸਦੇ ਫ਼ਲੈਟ ਵਿਚ ਜਾ ਪਹੁੰਚੀ ਸੀ। ਉਹ ਏਨੀ ਦਲੇਰ ਤਾਂ ਹੈ ਹੀ ਸੀ ਕਿ ਏਨੀ ਰਾਤ ਨੂੰ ਵੀ ਉਸਨੂੰ ਇਕੱਲਿਆਂ, ਕਰਜਨ ਰੋਡ ਤੋਂ ਗਰੇਟਰ ਕੈਲਾਸ਼, ਜਾਂਦਿਆਂ ਕਦੀ ਡਰ ਨਹੀਂ ਸੀ ਲੱਗਿਆ। ਜੇ ਕੋਈ ਘਟਨਾ ਵਾਪਰਨੀ ਹੋਏ ਤਾਂ ਵਾਪਰ ਕੇ ਹੀ ਰਹਿੰਦੀ ਹੈ...ਇਸ ਕਥਨ ਵਿਚ ਉਸਦਾ ਪੱਕਾ ਵਿਸ਼ਵਾਸ ਸੀ। ਇਕ ਵਾਰੀ ਇਕ ਟੈਕਸੀ ਡਰਾਇਵਰ ਨੇ ਇਕ ਸੁੰਨਸਾਨ ਜਗ੍ਹਾ ਗੱਡੀ ਰੋਕ ਲਈ ਸੀ ਤੇ ਛੇੜਖਾਨੀ ਉੱਤੇ ਉਤਰ ਆਇਆ ਸੀ...ਪਰ ਅਜੇ ਧੱਕੇ ਨਾਲ ਚੁੰਮਾਂ-ਚੱਟੀ ਤਕ ਹੀ ਨੌਬਤ ਪਹੁੰਚੀ ਸੀ ਕਿ ਪਿੱਛੋਂ ਅਚਾਨਕ ਦੋ ਹੋਰ ਟੈਕਸੀਆਂ ਆ ਗਈਆਂ ਸਨ ਤੇ ਉਸਦੇ ਚੀਕਣ-ਕੂਕਣ ਦੀ ਆਵਾਜ਼ ਸੁਣ ਕੇ ਉਹ ਲੋਕ ਉਸਦੀ ਮਦਦ ਲਈ ਰੁਕ ਗਏ ਸਨ ਤੇ ਉਹਨਾਂ ਉਸਨੂੰ ਘਰ ਤਕ ਸੁਰੱਖਿਅਤ ਪਹੁੰਚਾ ਦਿੱਤਾ ਸੀ।
ਬਿੱਜੂ ਕੁਲ ਮਿਲਾ ਕੇ ਇਕ ਚੰਗਾ ਆਦਮੀ ਹੀ ਸੀ। ਮੁਸੀਬਤ ਸਮੇਂ ਹਮੇਸ਼ਾ ਉਸਦੇ ਕੰਮ ਆਇਆ ਸੀ। ਪਹਿਲੀ ਵਾਰ ਜਦੋਂ ਉਹ ਆਪਣੇ ਪਤੀ ਨੂੰ ਛੱਡ ਕੇ ਪਟਨੇ ਜਾ ਰਹੀ ਸੀ, ਉਸ ਸਫ਼ਰ ਦੌਰਾਨ ਉਸਨੂੰ ਕੁਝ ਕਲਾਕਾਰ ਮਿਲੇ ਸਨ। ਦੋ ਮੁੰਡੇ ਤੇ ਤਿੰਨ ਕੁੜੀਆਂ। ਉਹਨਾਂ ਉਸਨੂੰ ਦੱਸਿਆ ਕਿ ਉਹ ਰੰਗ-ਮੰਚ ਉਪਰ ਨਾਟਕ ਖੇਡਦੇ ਨੇ। ਉਹ ਲੋਕ ਬੜੇ ਚੰਗੇ ਲੱਗੇ ਸਨ ਉਸਨੂੰ, ਕਿਉਂਕਿ ਉਹ ਵੀ ਕਾਲਜ ਦੇ ਦਿਨਾਂ ਵਿਚ ਨਾਟਕਾਂ ਵਿਚ ਹਿੱਸਾ ਲੈਂਦੀ ਰਹੀ ਸੀ। ਉਸਨੇ ਬੜਾ ਚਾਹਿਆ ਕਿ ਉਹ ਉਹਨਾਂ ਨੂੰ ਆਪਣੇ ਮਾਂ-ਬਾਪ ਦੇ ਘਰ ਪਟਨੇ ਲੈ ਜਾਏ, ਜਿੱਥੇ ਉਹ ਆਪਣੇ ਪਤੀ ਨੂੰ ਛੱਡ ਕੇ ਹਮੇਸ਼ਾ ਲਈ ਜਾ ਰਹੀ ਸੀ, ਪਰ ਉਹ ਲੋਕ ਤਾਂ ਕਲਕੱਤੇ ਜਾ ਰਹੇ ਸਨ, ਜਿੱਥੇ ਉਹਨਾਂ ਅਗਲੇ ਦਿਨ ਪ੍ਰੋਗਰਾਮ ਦੇਣਾ ਸੀ। ਉਹਨਾਂ ਨੇ ਉਸਨੂੰ ਵੀ ਆਪਣੇ ਨਾਲ ਕਲਕੱਤੇ ਚੱਲਣ ਲਈ ਕਿਹਾ ਸੀ ਤੇ ਉਹ ਨਾਂਹ ਨਹੀਂ ਸੀ ਕਰ ਸਕੀ। ਉਸਨੇ ਸੋਚਿਆ ਇਹ ਵੀ ਠੀਕ ਰਹੇਗਾ। ਪਤੀ ਨੂੰ ਛੱਡ ਕੇ ਪੇਕੇ ਜਾਣ ਦਾ ਫ਼ੈਸਲਾ ਉਸਨੇ ਬੜੀ ਔਖੀ ਘੜੀ ਵਿਚ ਤੇ ਤੁਰਤ-ਫੁਰਤ ਕੀਤਾ ਸੀ। ਹੁਣ ਉਹ ਪੇਕੇ ਜਾਣ ਤੋਂ ਪਹਿਲਾਂ ਆਰਾਮ ਨਾਲ ਉਸ ਉਪਰ ਸੋਚ ਵਿਚਾਰ ਵੀ ਕਾਰ ਸਕਦੀ ਸੀ। ਉਸਦੇ ਮਾਤਾ-ਪਿਤਾ ਹੁਣ ਬੁੱਢੇ ਹੋ ਚੁੱਕੇ ਸਨ। ਘਰ ਵਿਚ ਉਸਦੇ ਭਰਾਵਾਂ ਤੇ ਭਰਜਾਈਆਂ ਦੀ ਚੱਲਦੀ ਸੀ। ਉਹ ਸ਼ੁਰੂ ਤੋਂ ਹੀ ਉਸ ਨਾਲ ਨਾਰਾਜ਼ ਸਨ ਕਿ ਉਸਨੇ ਪਰਿਵਾਰਕ ਪਰੰਪਰਾ ਨੂੰ ਤੋੜ ਕੇ ਇਕ ਕ੍ਰਿਸਚਿਨ ਲੈਕਚਰਰ ਨਾਲ ਵਿਆਹੀ ਹੀ ਕਿਉਂ ਕਰਵਾਇਆ ਸੀ। ਉਹ ਲੋਕ ਸ਼ਾਇਦ ਹੁਣ ਵੀ ਉਸਨੂੰ ਮੁਆਫ਼ ਕਰਨ ਲਈ ਤਿਆਰ ਨਾ ਹੋਣ। ਇਹ ਵੀ ਹੋ ਸਕਦਾ ਹੈ ਕਿ ਉਸਦੇ ਗ੍ਰਹਿਸਤ ਜੀਵਨ ਦੀ ਅਸਫ਼ਲਤਾ ਦੀ ਸਾਰੀ ਜ਼ਿੰਮੇਂਵਾਰੀ ਉਸ ਦੇ ਸਿਰ ਮੜ੍ਹ ਦਿੱਤੀ ਜਾਏ। ਹਾਲਾਂਕਿ ਉਸਦੇ ਲਈ ਜਮਾਲ ਮਸੀਹ ਵੀ ਜ਼ਿੰਮੇਂਵਾਰ ਸੀ। ਉਹ ਬੜੇ ਨਿਰਾਸ਼ਾਵਾਦੀ ਵਿਚਾਰਾਂ ਦਾ ਆਦਮੀ ਸੀ। ਹਰ ਰਾਤ ਸੌਣ ਤੋਂ ਪਹਿਲਾਂ ਇਕ ਤਾਬੂਤ ਵਿਚ ਜ਼ਰੂਰ ਲੇਟਦਾ ਸੀ। ਇਹ ਤਾਬੂਤ ਉਸਨੇ ਆਪਣੇ ਲਈ ਖਾਸ ਤੌਰ 'ਤੇ ਬਣਵਾਇਆ ਸੀ। ਉਹ ਤਾਬੂਤ ਵਿਚ ਲੇਟ ਕੇ ਅੱਖਾਂ ਬੰਦ ਕਰ ਲੈਂਦਾ, ਛਾਤੀ ਉਪਰ ਕਰਾਸ ਬਣਾ ਕੇ ਮੂੰਹ ਵਿਚ ਕੋਈ ਦੁਆ ਪੜ੍ਹਦਾ ਰਹਿੰਦਾ ਤੇ ਉਸ ਪਿੱਛੋਂ ਬਿਲਕੁਲ ਸਿੱਥਲ ਹੋ ਜਾਂਦਾ...। ਮੁਰਦੇ ਵਾਂਗ ਉਸਨੂੰ ਇਸ ਹਾਲਤ ਵਿਚ ਪਿਆ ਦੇਖ ਕੇ ਰੀਟਾ ਡਰ ਜਾਂਦੀ। ਭਾਵੇਂ ਉਸ ਪਿੱਛੋਂ ਉਹ ਉਠ ਵੀ ਜਾਂਦਾ ਸੀ ਤੇ ਆਪਣੇ ਤਾਬੂਤ ਵਿਚੋਂ ਬਾਹਰ ਆ ਕੇ ਪਹਿਲਾਂ ਵਾਂਗ ਹੀ 'ਨਾਰਮਲ' ਲੱਗਣ ਲੱਗ ਪੈਂਦਾ ਸੀ, ਪਰ ਉਸਨੂੰ ਉਦੋਂ ਵੀ ਇਵੇਂ ਲੱਗਦਾ ਰਹਿੰਦਾ ਸੀ ਜਿਵੇਂ ਉਹ ਮਰ ਕੇ ਮੁੜ ਜਿਉਂਦਾ ਹੋਇਆ ਹੈ...ਤੇ ਪਤਾ ਨਹੀਂ ਜਿਉਂਦਾ ਵੀ ਹੋਇਆ ਹੈ ਕਿ ਨਹੀਂ ! ਉਹ ਉਹੀ ਜਮਾਲ ਮਸੀਹ ਹੈ ਜਾਂ ਉਸਦਾ ਪ੍ਰੇਤ ! ਉਸ ਤੇ ਉਸਦੇ ਅਜੀਬ ਸੁਭਾਅ ਬਾਰੇ ਆਪਣੇ ਘਰ ਵਾਲਿਆਂ ਨਾਲ ਬਹਿਸ ਵਿਚ ਪੈਣ ਦੇ ਬਜਾਏ ਉਸਨੇ ਰੰਗ-ਮੰਚ ਦੇ ਕਲਾਕਾਰਾਂ ਨਾਲ ਕਲਕੱਤੇ ਚਲੇ ਜਾਣ ਤੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਕੁਝ ਸੰਤੁਲਤ ਕਰ ਲੈਣ ਨੂੰ ਹੀ ਵਧੇਰੇ ਠੀਕ ਸਮਝਿਆ ਸੀ। ਇਸ ਲਈ ਉਹ ਉਹਨਾਂ ਨਾਲ ਚਲੀ ਗਈ ਸੀ। ਉੱਥੇ ਉਹਨਾਂ ਲੋਕਾਂ ਦੇ ਨਾਲ ਹੀ ਇਕ ਸ਼ਾਨਦਾਰ ਹੋਟਲ ਵਿਚ ਰਹੀ ਸੀ।...ਤੇ ਉੱਥੇ ਪਹੁੰਚਦਿਆਂ ਹੀ ਉਸ ਉਤੇ ਇਹ ਭੇਦ ਵੀ ਖੁੱਲ੍ਹ ਗਿਆ ਸੀ ਕਿ ਅਸਲ ਵਿਚ ਉਹ ਕੈਬਰੇ ਕਲਾਕਾਰ ਸਨ। ਕੁੜੀਆਂ ਲਗਭਗ ਸਾਰੇ ਕਪੜੇ ਲਾਹ ਕੇ ਨਾਚ ਕਰਦੀਆਂ ਸਨ ਤੇ ਆਪਣੇ ਸਰੀਰ ਦਾ ਭਰਪੂਰ ਪ੍ਰਦਰਸ਼ਨ ਕਰਦੀਆਂ ਸਨ ; ਏਨੇ ਉਤੇਜਨਾ ਭਰੇ ਢੰਗ ਨਾਲ ਕਿ ਜਿਸਨੂੰ ਦੇਖ ਕੇ ਨਵੇਂ ਅਮੀਰ ਬਣੇ ਨੌਜਵਾਨ ਤੇ ਕਈ ਬੁੱਢੇ ਵੀ ਖੁਸ਼ੀ ਵਿਚ ਪਾਗਲਾਂ ਵਾਂਗ ਚੀਕ-ਕੂਕ ਕੇ ਉਹਨਾਂ ਨੂੰ ਦਾਦ ਦਿੰਦੇ ਸਨ। ਉਹ ਦ੍ਰਿਸ਼ ਉਸਨੂੰ ਅਤਿ ਉਦਾਸ ਕਰ ਦੇਣ ਵਾਲੇ ਸਿੱਧ ਹੁੰਦੇ ਸਨ ਕਿ ਦਰਸ਼ਕ ਆਪਣੀਆਂ ਖਾਣੇ ਵਾਲੀਆਂ ਮੇਜ਼ਾਂ ਉਤੇ ਬੈਠੇ ਮਾਸ ਦੀਆਂ ਬੋਟੀਆਂ ਹੀ ਨਹੀਂ ਚੂੰਡ ਰਹੇ ਹੁੰਦੇ ਸਨ ਬਲਕਿ ਕੁੜੀਆਂ ਦੇ ਥਿਰਕਦੇ ਹੋਏ ਸਰੀਰ ਦੇਖ-ਦੇਖ ਕੇ ਉਤੇਜਨਾ ਵੱਸ ਲਲਕਾਰੇ ਮਾਰਦੇ ਹੋਏ ਇੰਜ ਲੱਗਦੇ ਸਨ ਜਿਵੇਂ ਉਹਨਾਂ ਦੇ ਅੱਧ-ਨੰਗੇ ਸਰੀਰ ਹੀ ਚੂੰਡ-ਚੂੰਡ ਕੇ ਖਾ ਰਹੇ ਹੋਣ। ਉਹ ਉਹਨਾਂ ਨਾਲ ਥੋੜ੍ਹੇ ਦਿਨ ਹੀ ਰਹਿ ਸਕੀ ਸੀ, ਹਾਲਾਂਕਿ ਉਹ ਚਾਹੁੰਦੇ ਸਨ ਕਿ ਉਹ ਉਹਨਾਂ ਨਾਲ ਰਹਿ ਕੇ ਡਾਂਸ ਸਿੱਖ ਲਏ...ਪਰ ਉਹਨੀਂ ਦਿਨੀ ਸਬਬ ਨਾਲ ਉਸਨੂੰ ਚਤੁਰਵੇਦੀ ਮਿਲ ਗਿਆ ਸੀ, ਜਿਹੜਾ ਕਲਕੱਤੇ ਵਿਚ ਸਰਵ ਭਾਰਤੀ ਪੱਤਰਕਾਰ ਸੰਮੇਲਨ ਵਿਚ ਭਾਗ ਲੈਣ ਆਇਆ ਹੋਇਆ ਸੀ। ਇਕ ਰਾਤ ਉਹ ਵੀ ਕੈਬਰੇ ਦੇਖਣ ਆ ਪਹੁੰਚਿਆ ਸੀ। ਦੋਵੇਂ ਇਕੋ ਮੇਜ਼ ਉਤੇ ਬੈਠੇ ਸਨ। ਉਸ ਝੱਲਿਆਂ ਵਾਂਗ ਉਛਲ-ਕੁੱਦ ਭਰੇ, ਉਤੇਜਤ ਕਰ ਦੇਣ ਵਾਲੇ ਨਾਚ ਉਤੇ ਟਿੱਪਣੀ ਕਰਦਿਆਂ ਉਸਨੇ ਕਿਹਾ, 'ਦਿੱਲੀ ਵਾਪਸ ਜਾ ਕੇ ਮੈਂ ਇਸਦੇ ਖ਼ਿਲਾਫ਼ ਇਕ ਆਰਟੀਕਲ ਲਿਖਾਂਗਾ।' ਚਤੁਰਵੇਦੀ ਦੇ ਇਸ ਰਵੱਈਏ ਵਿਚ ਹੀ ਉਸਨੂੰ ਆਪਣੇ ਨਿਕਲ ਭੱਜਣ ਦਾ ਰਸਤਾ ਦਿਸ ਪਿਆ ਸੀ। ਉਸਨੇ ਦੋਸਤੀ ਦਾ ਹੱਥ ਵਧਾਇਆ ਤਾਂ ਰੀਤਾ ਖੰਡੇਲਵਾਲ ਨੇ ਉਸ ਨੂੰ ਠੁਕਰਾਇਆ ਨਹੀਂ, ਬਲਕਿ ਉਸਦੇ ਨਾਲ ਉਸੇ ਦਿੱਲੀ ਵਿਚ ਪਰਤ ਆਈ, ਜਿੱਥੋਂ ਨੱਸ ਕੇ ਗਈ ਸੀ। ਪਰ ਹੁਣ ਉਹ ਇਕ ਮਸ਼ਹੂਰ ਪੱਤਰਕਾਰ ਨਾਲ ਆਈ ਸੀ ਜਿਸ ਨੇ ਆਪਣੇ ਪ੍ਰਭਾਵ ਨਾਲ ਉਸਨੂੰ ਟੀ.ਵੀ. ਵਿਚ ਸਰਵਿਸ ਦੁਆ ਦਿੱਤੀ, ਰਹਿਣ ਲਈ ਇਕ ਹੋਸਟਲ ਵਿਚ ਜਗ੍ਹਾ ਵੀ ਦੁਆਈ ਤੇ ਫੇਰ ਉਸ ਨਾਲ ਰੋਜ਼, ਬਿਨਾ ਰੋਕ-ਟੋਕ ਮਿਲਣ ਵੀ ਲੱਗ ਪਿਆ। ਹੁਣ ਉਹ ਦੋ ਸਾਲ ਤੋਂ ਉਸਦੀ ਰਖੈਲ ਹੀ ਕਹੀ ਜਾ ਸਕਦੀ ਸੀ, ਉਹ ਇਸ ਸੁਤੰਤਰ ਜੀਵਨ ਨੂੰ ਹੀ ਪਸੰਦ ਕਰਨ ਲੱਗ ਪਈ ਸੀ। ਇਸ ਵਿਚ ਵੀ ਕਈ ਕਿਸਮ ਦੀਆਂ ਖ਼ੁਸ਼ੀਆਂ ਸਨ, ਅਨੇਕਾਂ ਕਿਸਮ ਦੀਆਂ ਤਸੱਲੀਆਂ ਸਨ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੂੰ ਕਿਸੇ ਨੇ ਲੱਭਣ ਦੀ ਕੋਸ਼ਿਸ਼ ਨਹੀਂ ਸੀ ਕੀਤੀ...ਨਾ ਉਸਦੇ ਪਤੀ ਨੇ ਤੇ ਨਾ ਹੀ ਉਸਦੇ ਮਾਪਿਆਂ ਨੇ। ਸਾਰੇ ਉਸਨੂੰ ਭੁੱਲ ਗਏ ਜਾਪਦੇ ਸਨ। ਜਿਵੇਂ ਉਹ ਉਹਨਾਂ ਲਈ ਮਰ ਗਈ ਹੋਏ। ਇਹ ਵੀ ਠੀਕ ਹੀ ਸੀ। ਉਹਨਾਂ ਨੂੰ ਇੰਜ ਹੀ ਕਰਨਾ ਚਾਹੀਦਾ ਸੀ। ਉਹ ਬਿਨਾ ਕਿਸੇ ਰੋਕ-ਟੋਕ ਦੇ ਆਪਣੀ ਜ਼ਿੰਦਗੀ ਬਿਤਾ ਰਹੀ ਸੀ, ਜਿਹੜੀ ਉਸਨੂੰ ਕਿਸੇ ਪੱਖੋਂ ਵੀ ਊਣੀ ਨਹੀਂ ਸੀ ਲੱਗਦੀ। ਚਤੁਰਵੇਦੀ ਨੇ ਉਸਨੂੰ ਵਧੀਆ ਮਾਹੌਲ ਦਿੱਤਾ ਸੀ। ਉਸ ਦੇ ਨਾਲ ਨਾਲ ਘੁੰਮ ਫਿਰ ਕੇ ਉਸਨੇ ਜ਼ਿੰਦਗੀ ਦੇ ਕਈ ਰੂਪ, ਕਈ ਦਿਸ਼ਾਵਾਂ ਤੇ ਕਈ ਵਰਤਾਰੇ ਦੇਖ ਲਏ ਸਨ। ਰਾਜ ਕਿੰਜ ਕੀਤਾ ਜਾਂਦਾ ਹੈ, ਪਾਰਟੀਆਂ ਕਿਵੇਂ ਬਣਾਈਆਂ ਜਾਂਦੀਆਂ ਨੇ, ਚੋਣਾ ਕਿਵੇਂ ਲੜੀਆਂ ਜਾਂਦੀਆਂ ਹੈਨ, ਰਾਜਨੀਤੀ ਵਿਚ ਕਿੰਜ ਵੜਿਆ ਜਾਂਦਾ ਹੈ, ਇਸ ਲਈ ਪੈਸਾ ਕਿੱਥੋਂ ਆਉਂਦਾ ਹੈ ਤੇ ਕਿੰਨੇ ਹੱਥਾਂ ਵਿਚੋਂ ਹੁੰਦਾ ਹੋਇਆ ਕਿੱਥੇ ਕਿੱਥੇ ਪਹੁੰਚਦਾ ਹੈ? ਹੁਣ ਤਾਂ ਉਹ ਅਖ਼ਬਾਰ ਵਿਚ ਛਪੀ ਹਰੇਕ ਖ਼ਬਰ ਪਿੱਛੇ ਲੁਕੇ ਅਸਲੀ ਚਿਹਰੇ ਤੇ ਉਸਦੀਆਂ ਗਤੀ ਵਿਧੀਆਂ ਨੂੰ ਫੌਰਨ ਸਮਝ ਲੈਂਦੀ ਸੀ, ਕਿਉਂਕਿ ਉਹ ਅਜਿਹੇ ਲੋਕਾਂ ਨੂੰ ਕਾਫੀ ਨੇੜਿਓਂ ਦੇਖ ਚੁੱਕੀ ਸੀ। ਅਣਗਿਣਤ ਵਾਰੀ ਉਹਨਾਂ ਦੀਆਂ ਗੱਲਾਂ-ਬਾਤਾਂ ਕੰਨੀ ਸੁਣ ਚੁੱਕੀ ਸੀ। ਆਦਮੀ ਸੱਤਾ ਦਾ ਵੀ ਭੁੱਖਾ ਹੁੰਦਾ ਹੈ ਤੇ ਦੌਲਤ ਦਾ ਵੀ। ਜਦੋਂ ਇਹਨਾਂ ਨੂੰ ਪ੍ਰਾਪਤ ਕਰਨ ਵਿਚ ਉਹ ਸਿੱਧੇ ਤਰੀਕੇ ਨਾਲ ਅਸਫਲ ਹੁੰਦਾ ਹੈ, ਰਾਜਨੀਤੀ ਵਿਚ ਆ ਜਾਂਦਾ ਹੈ। ਦੇਸ਼ ਦੇ ਅਰਥਿਕ ਪ੍ਰਬੰਧ, ਰਾਜਨੀਤੀ ਤੇ ਪੱਤਰਕਾਰੀ ਨਾਲ ਉਸਦੇ ਸਬੰਧਤ ਉਸਦਾ ਗਿਆਨ ਬਿੱਜੂ ਚਤੁਰਵੇਦੀ ਦੀ ਹੀ ਦੇਣ ਸੀ। ਉਹ ਉਸਦੀ ਬੜੀ ਧੰਨਵਾਦੀ ਸੀ ਪਰ ਉਸਦੇ ਅੰਦਰ ਕਿਸੇ ਕੋਨੇ ਵਿਚ ਉਸਦੇ ਖ਼ਿਲਾਫ਼ ਨਫ਼ਰਤ ਵੀ ਜਨਮ ਲੈ ਚੁੱਕੀ ਸੀ। ਉਸਨੇ ਉਸਨੂੰ ਆਪਣੇ ਅੰਦਰ ਹੀ ਦਫ਼ਨ ਕੀਤਾ ਹੋਇਆ ਸੀ ਤੇ ਜਾਣ ਬੁੱਝ ਕੇ ਉਸਨੂੰ ਪ੍ਰਤੱਖ ਨਹੀਂ ਸੀ ਕਰਨਾ ਚਾਹੁੰਦੀ।
ਕਈ ਦਿਨ ਪਹਿਲਾਂ ਚਤੁਰਵੇਦੀ ਨੇ ਆਪਣੀ ਪਤਨੀ ਦਾ ਜ਼ਿਕਰ ਛੇੜਿਆ ਸੀ...ਉਹ ਇਕ ਅਰਸੇ ਤੋਂ ਕਿਸੇ ਹੋਰ ਸ਼ਹਿਰ ਵਿਚ ਰਹਿ ਰਹੀ ਸੀ ਤੇ ਬੱਚਿਆਂ ਦਾ ਇਕ ਸਕੂਲ ਚਲਾ ਰਹੀ ਸੀ। ਆਪਣੇ ਬੱਚਿਆਂ ਨੂੰ ਵੀ ਆਪਣੇ ਕੋਲ ਹੀ ਰੱਖ ਕੇ ਪਾਲ-ਪੜ੍ਹਾ ਰਹੀ ਸੀ। ਹੁਣ ਉਹ ਚਾਹੁੰਦੀ ਸੀ ਕਿ ਬਿੱਜੂ ਪੱਤਰਕਾਰੀ ਦਾ ਧੰਦਾ ਛੱਡ ਕੇ ਉਹਨਾਂ ਕੋਲ ਆ ਜਾਏ ਕਿਉਂਕਿ ਉਸਦਾ ਸਕੂਲ ਏਨਾ ਵੱਡਾ ਹੋ ਗਿਆ ਸੀ ਕਿ ਉਸ ਇਕੱਲੀ ਤੋਂ ਸਾਂਭਿਆ ਨਹੀਂ ਸੀ ਜਾਂਦਾ। ਇਸ ਦੇ ਇਲਾਵਾ ਉਹਨਾਂ ਦੇ ਬੱਚੇ ਵੀ ਵੱਡੇ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿਆਹ-ਸ਼ਾਦੀਆਂ ਬਾਰੇ ਸੋਚਣਾ ਵੀ ਜ਼ਰੂਰੀ ਸੀ। ਰੀਤਾ ਖੰਡੇਲਵਾਲ ਸਮਝ ਗਈ ਸੀ ਕਿ ਚਤੁਰਵੇਦੀ ਇਕ ਉਲਝਣ ਵਿਚ ਫਸ ਚੁੱਕਿਆ ਹੈ। ਉਸ ਉਲਝਣ ਵਿਚੋਂ ਉਹ ਉਦੋਂ ਹੀ ਨਿਕਲ ਸਕੇਗਾ ਜਦੋਂ ਪੱਤਰਕਾਰੀ ਦੇ ਪੇਸ਼ੇ ਨੂੰ ਸਲਾਮ ਕਹਿ ਕੇ ਆਪਣੀ ਪਤਨੀ ਕੋਲ ਚਲਾ ਜਾਏਗਾ। ਅੱਜ ਉਸਨੇ ਆਪਣੀ ਪਤਨੀ ਦਾ ਫੇਰ ਜ਼ਿਕਰ ਕੀਤਾ ਸੀ ਤੇ ਰੀਤਾ ਵੱਲ ਇਹੋ ਜਿਹੀਆਂ ਘੋਖਵੀਆਂ ਨਜ਼ਰਾਂ ਨਾਲ ਦੇਖਿਆ ਸੀ, ਜਿਵੇਂ ਜਾਣਨਾ ਚਾਹੁੰਦਾ ਹੋਵੇ ਕਿ ਇਸ ਬਾਰੇ ਉਹ ਕੀ ਕਹਿੰਦੀ ਹੈ।
ਰੀਤਾ ਉਸ ਨੂੰ ਕੋਈ ਜਵਾਬ ਦੇਣ ਦੀ ਬਜਾਏ ਉਸੇ ਦੇ ਸਿਗਰੇਟ ਕੇਸ ਵਿਚੋਂ ਸਿਗਰੇਟ ਕੱਢ ਕੇ ਪੀਣ ਲੱਗ ਪਈ। ਜਾਣ ਬੁਝ ਕੇ ਇਧਰ-ਉਧਰ ਦੇਖਦੀ ਰਹੀ। ਲਾਨ ਵਿਚ ਹੋਰ ਵੀ ਕਈ ਜਣੇ ਵੱਖ ਵੱਖ ਮੇਜ਼ਾਂ ਦੁਆਲੇ ਬੈਠੇ ਬੀਅਰ ਪੀਣ ਤੇ ਗੱਲਾਂ ਮਾਰਨ ਵਿਚ ਮਸਤ ਸਨ। ਉਹਨਾਂ ਵਿਚ ਔਰਤਾਂ ਵੀ ਸਨ ਤੇ ਮਰਦ ਵੀ। ਉਹਨਾਂ ਦੇ ਚਿਹਰੇ ਵੀ ਦਿਲਕਸ਼ ਸਨ ਤੇ ਲਿਬਾਸ ਵੀ। ਪਿੱਛਲੇ ਕਈ ਸਾਲਾਂ ਦਾ ਭਾਰਤ ਵਿਚ ਪੁਸ਼ਾਕਾਂ ਤੇ ਪਹਿਰਾਵਿਆਂ ਦਾ ਇਕ ਹੜ੍ਹ ਜਿਹਾ ਆਇਆ ਹੋਇਆ ਹੈ। ਇਹਨਾਂ ਪਹਿਰਾਵਿਆਂ ਕਰਕੇ ਹੀ ਇਹ ਲੋਕ ਕਿੰਨੇ ਦਿਲਕਸ਼ ਲੱਗ ਰਹੇ ਸਨ। ਉਸਨੇ ਬਿੱਜੂ ਵੱਲ ਦੇਖਿਆ, ਜਿਸ ਨੇ ਗਰਦਨ ਤਕ ਵਾਲ ਵਧਾਏ ਹੋਏ ਸਨ। ਉਸਦੀਆਂ ਵੱਡੀਆਂ-ਵੱਡੀਆਂ ਮੁੱਛਾਂ ਤੇ ਕੰਨਾਂ ਤੋਂ ਹੇਠਾਂ ਤਕ ਵਧਾਈਅ ਕਲਮਾਂ ਕਾਰਣ ਉਸ ਦਾ ਚਿਹਰਾ ਬੜਾ ਘੱਟ ਦਿਸ ਰਿਹਾ ਸੀ, ਜਿਹੜਾ ਬੀਅਰ ਦੀਆਂ ਕਈ ਬੋਤਲਾਂ ਪੀ ਲੈਣ ਪਿੱਛੋਂ ਕਾਫੀ ਚਮਕਣ ਲੱਗ ਪਿਆ ਸੀ। ਉਸਦੀ ਫੁੱਲਾਂ ਵਾਲੀ ਰੰਗ-ਬਿਰੰਗੀ ਸ਼ਰਟ ਦੇ ਖੁੱਲ੍ਹੇ ਗਲਮੇਂ ਵਿਚੋਂ ਛਾਤੀ ਦੇ ਵਾਲ ਝਾਕ ਰਹੇ ਸਨ।
ਰੀਤਾ ਨੇ ਆਪਣੇ ਲਿਬਾਸ ਉਤੇ ਵੀ ਨਿਗਾਹ ਮਾਰੀ...ਅੱਜ ਉਹ ਸਿਰਫ ਬਲਾਊਜ਼ ਤੇ ਮੈਕਸੀ ਪਾ ਕੇ ਆਈ ਸੀ। ਉਸਦੇ ਖੁੱਲ੍ਹੇ ਵਾਲ ਕੁਝ ਤਾਂ ਉਸਦੀ ਪਿੱਠ ਉਤੇ ਖਿੱਲਰੇ ਹੋਏ ਸਨ ਤੇ ਕੁਝ ਉਸਦੀ ਗਰਦਨ ਦੋ ਦੋਵੇਂ ਪਾਸੇ ਝੂਲ ਰਹੇ ਸਨ। ਸੱਚਮੁੱਚ ਉਹ ਵੀ ਬੜੀ ਦਿਲਕਸ਼ ਲੱਗ ਰਹੀ ਹੈ। ਉਸਦੇ ਨੇੜਿਓਂ ਲੰਘਦਿਆਂ ਹੋਇਆਂ ਕਈ ਜਣਿਆਂ ਨੇ ਉਸ ਵੱਲ ਬੜੀਆਂ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਤੱਕਿਆ ਹੈ। ਉਸਦੇ ਕੱਦ ਨਾਲੋਂ ਇਕ-ਦੋ ਇੰਚ ਛੋਟਾ ਇਕ ਅੱਧਖੜ ਉਮਰ ਦਾ ਜਰਨਲਿਸਟ ਜਿਹੜਾ ਉਸਦੇ ਸਰੀਰ ਦੀ ਇਕ ਇਕ ਗੋਲਾਈ ਬਾਰੇ ਜਾਣਦਾ ਹੈ, ਵੀ ਆਪਣੀਆਂ ਅੱਖਾਂ ਵਿਚ ਮਰਦਾਂ ਵਾਲੀ ਆਦਮ-ਭੁੱਖ ਭਰੀ ਉਸ ਵੱਲ ਤੱਕ ਰਿਹਾ ਹੈ, ਪਰ ਉਸਦੀਆਂ ਨਜ਼ਰਾਂ ਵਿਚ ਇਕ ਸੰਤੋਖ ਵੀ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਹ ਜਦੋਂ ਚਾਹੇ ਉਸਨੂੰ ਇਕ ਸ਼ਾਨਦਾਰ ਡਿਨਰ ਖੁਆ ਕੇ ਆਪਣੇ ਫਲੈਟ ਵਿਚ ਲੈ ਜਾਏਗਾ ਤੇ ਰਾਤ ਦੇ ਕਿਸੇ ਪਹਿਰ ਆਪਣੀ ਮੋਟਰ ਵਿਚ ਲੱਦ ਕੇ ਉਸਨੂੰ ਹੋਸਟਲ ਦੇ ਗੇਟ ਅੱਗੇ ਛੱਡ ਆਏਗਾ। ਉਹ ਜਾਣਦਾ ਹੈ, ਉਹ ਇਸ ਹੱਦ ਤਕ ਉਸਦੀ ਸੰਪਤੀ ਬਣ ਚੁੱਕੀ ਹੈ।
ਅਚਾਨਕ ਬਿੱਜੂ ਨੇ ਇਕ ਹੋਰ ਬੋਤਲ ਦਾ ਆਡਰ ਦੇ ਦਿੱਤਾ ਤੇ ਕਿਹਾ, ''ਮੈਨੂੰ ਇੰਜ ਲੱਗਦਾ ਏ, ਤੇਲ ਵਾਲਾ ਅਜੇ ਦੇਰ ਨਾਲ ਆਏਗਾ...ਤੇ ਜਦੋਂ ਤਕ ਉਹ ਨਹੀਂ ਆਉਂਦਾ ਆਪਾਂ ਉਸਦੇ ਖਾਤੇ 'ਚ ਪੀਂਦੇ ਰਹਾਂਗੇ।''
ਇਹ ਕਹਿ ਕੇ ਉਹ ਢੀਠਾਂ ਵਾਂਗ ਹੱÎਸਿਆ। ਜਦੋਂ ਉਹ ਕਿਸੇ ਉਤੇ ਉਕਤਾਅ ਜਾਂਦਾ ਸੀ, ਉਸਨੂੰ ਗਾਲ੍ਹ ਵਗੈਰਾ ਨਹੀਂ ਸੀ ਕੱਢਦਾ...ਉਸਦਾ ਜ਼ਿਕਰ ਕਰਕੇ ਇੰਜ ਹੀ ਹੱਸ ਪੈਂਦਾ ਸੀ।
ਰੀਤਾ ਨੇ ਪੁੱਛਿਆ, ''ਇਹ ਤੇਲ ਵਾਲਾ ਕਿਹੜੀ ਨਸਲ ਦਾ ਜਾਨਵਰ ਏ? ਕੀ ਸੱਚਮੁਚ ਇੱਥੇ ਬੈਠੇ ਅਸੀਂ ਉਸੇ ਨੂੰ ਉਡੀਕ ਰਹੇ ਆਂ?''
''ਹਾਂ। ਉਸ ਨੂੰ ਮੈਂ ਇੱਥੇ ਮਿਲਨ ਲਈ ਹੀ ਕਿਹਾ ਸੀ। ਇਸ ਵੇਲੇ ਉਹ ਜੂਨੀਅਰ ਚੈਂਬਰ ਦੀ ਮੀਟਿੰਗ ਵਿਚ ਪ੍ਰੋਵਿਸ਼ਿਅਲ ਤੇ ਸੈਂਟਰਲ ਮਨਿਸਟਰੀ ਦੇ ਲੋਕਾਂ ਨਾਲ ਮੁੰਗਫਲੀ ਦੇ ਭਾਅ ਤੇ ਟਰਾਂਸਪੋਰਟ ਵਗ਼ੈਰਾ ਦੇ ਮਾਮਲਿਆਂ ਉਤੇ ਗੱਲਬਾਤ ਕਰ ਰਿਹਾ ਹੋਏਗਾ। ਮੇਰੇ ਕੋਲ ਆਇਆ ਤਾਂ ਰਾਜ ਸਭਾ ਦੀ ਮੈਂਬਰੀ ਦੇ ਮਸਲੇ ਉਪਰ ਗੱਲ ਕਰੇਗਾ। ਤੂੰ ਦੇਖੀਂ...।''
ਉਹ ਫੇਰ ਹੱਸ ਪਿਆ ਤੇ ਬੈਰੇ ਦੇ ਹੱਥੋਂ ਬੀਅਰ ਫੜ੍ਹ ਕੇ ਗਿਲਾਸ ਵਿਚ ਭਰਨ ਲੱਗ ਪਿਆ।
''ਪਰ ਰਾਜ ਸਭਾ ਦਾ ਮੈਂਬਰ ਬਣਨ ਲਈ ਉਹ ਤੁਹਾਡੇ ਨਾਲ ਕੀ ਗੱਲ ਕਰਨੀ ਚਾਹੁੰਦਾ ਏ?'' ਰੀਤਾ ਖੰਡੇਲਵਾਲ ਨੇ ਆਪਣੀ ਆਵਾਜ਼ ਵਿਚ ਆਪ ਹੀ ਕੁਝ ਕੁਸੈਲ ਜਿਹੀ ਮਹਿਸੂਸ ਕੀਤੀ...ਤੇ ਫੇਰ ਸੰਭਲ ਕੇ ਮੁਸਕਰਾਉਣ ਲੱਗੀ, ''ਕੀ ਤੁਸੀਂ ਵਾਕਈ ਉਸ ਦੀ ਕੁਝ ਮਦਦ ਕਰ ਸਕਦੇ ਓ?''
''ਕਿਉਂ ਨਹੀਂ?'' ਉਹ ਬੋਲਿਆ, ''ਮੈਂ ਉਸ ਲਈ ਸਭ ਕੁਝ ਕਰ ਸਕਦਾਂ। ਮੇਰੇ ਕੋਲ ਦਿਮਾਗ਼ ਹੈ ਤੇ ਵੱਡੇ-ਵੱਡੇ ਲੋਕਾਂ ਨਾਲ ਮੇਰਾ ਸੰਪਰਕ ਏ। ਉਸਨੂੰ ਤਾਂ ਸਿਰਫ ਆਪਣੀ ਬਲੈਕ ਦੀ ਕਮਾਈ ਦਾ ਪੈਸਾ ਖਰਚ ਕਰਨਾ ਪੈਣਾ ਏਂ।''
ਰੀਤਾ ਨੇ ਉਸ ਨੂੰ ਹੋਰ ਕੁਝ ਨਾ ਪੁੱਛਿਆ। ਉਹ ਮਨ ਹੀ ਮਨ ਫੇਰ ਕੁੜ੍ਹਣ ਲੱਗ ਪਈ ਸੀ। ਸੋ ਚੁੱਪ ਹੀ ਰਹੀ। ਫੇਰ ਇਹ ਸੋਚ ਕੇ ਉਸ ਨੂੰ ਹੈਰਾਨੀ ਵੀ ਹੋਈ ਕਿ ਅੱਜ ਉਹ ਚਤੁਰਵੇਦੀ ਦੀਆਂ ਗੱਲਾ ਉਤੇ ਵਾਰੀ-ਵਾਰੀ ਉਤੇਜਤ ਕਿਉਂ ਹੋ ਉਠਦੀ ਏ...ਇੰਜ ਪਹਿਲਾਂ ਤਾਂ ਕਦੀ ਨਹੀਂ ਹੋਇਆ। ਉਸ ਨੇ ਜਲਦੀ-ਜਲਦੀ ਦੋ-ਤਿੰਨ ਘੁੱਟ ਭਰੇ, ਨਵੀਂ ਸਿਗਰੇਟ ਸੁਲਗਾਈ ਤੇ ਉਸ ਵੱਲ ਇੰਜ ਦੇਖਣ ਲੱਗ ਪਈ ਜਿਵੇਂ ਹੁਣ ਉਹ ਉਸ ਦੀ ਹਰੇਕ ਗੱਲ ਨੂੰ ਬਿਨਾ ਟੋਕਿਆਂ ਸੁਣੇਗੀ ਤੇ ਕੋਈ ਇਤਰਾਜ਼ ਨਹੀਂ ਕਰੇਗੀ; ਭਾਵੇਂ ਉਹ ਕੁਝ ਵੀ ਕਹੇ।
ਚਤੁਰਵੇਦੀ ਉਸ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਬੋਲਿਆ, ''ਅੱਜ ਉਹ ਖੂਬ ਸ਼ਰਾਬ ਪੀਵੇਗਾ। ਫੇਰ ਆਪਾਂ ਨੂੰ ਡਿਨਰ ਕਰਵਾਉਣ ਲੈ ਜਾਏਗਾ ਤੇ ਫੇਰ ਕੈਬਰੇ ਵੀ ਜ਼ਰੂਰ ਦੇਖਣ ਜਾਏਗਾ। ਸਾਲਾ ਕੈਬਰੇ ਉਤੇ ਤਾਂ ਜਾਨ ਦਿੰਦਾ ਏ। ਅਹਿਮਦਾਬਾਦ ਤੋਂ ਵੀ ਟ੍ਰੰਕਾਲ ਉਤੇ ਪੁੱਛ ਰਿਹਾ ਸੀ ਕਿਹੜੇ-ਕਿਹੜੇ ਹੋਟਲ ਵਿਚ ਕੀ-ਕੀ ਚੱਲ ਰਿਹਾ ਏ ?''
''ਤੇ ਤੁਸੀਂ ਉਸ ਨੂੰ ਸਭ ਕੁਝ ਦੱਸ ਦਿੱਤਾ ਹੋਏਗਾ ?'' ਰੀਤਾ ਦੀ ਆਵਾਜ਼ ਵਿਚ ਅਜੇ ਵੀ ਕੁਸੈਲ ਘੁਲੀ ਹੋਈ ਸੀ।
''ਹਾਂ, ਦਸ ਦਿੱਤਾ ਸੀ। ਮੈਥੋਂ ਕੀ ਗੁੱਝਾ ਏ, ਰੋਜ਼ ਹੀ ਤਾਂ ਛਾਪੀਦਾ ਏ...ਇਹਨਾਂ ਪ੍ਰੋਗ੍ਰਾਮਾਂ ਬਾਰੇ।'' ਉਸ ਨੇ ਸਹਿਜ ਨਾਲ ਹੀ ਕਹਿ ਦਿੱਤਾ।
ਰੀਤਾ ਨੇ ਏਸ ਵਾਰੀ ਆਪਣੀਆਂ ਅੱਖਾਂ ਵਿਚਲੇ ਗੁੱਸੇ ਨੂੰ ਛਿਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਿੱਧਾ ਉਸ ਦੀਆਂ ਅੱਖਾਂ ਵਿਚ ਤੱਕਿਆ। ਚਤੁਰਵੇਦੀ ਵੀ ਉਸ ਵੱਲ ਦੇਖਦਾ ਤੇ ਮੁਸਕਰਾਉਂਦਾ ਰਿਹਾ। ਫੇਰ ਉਹ ਕੁਝ ਅੱਗੇ ਵੱਲ ਝੁਕ ਕੇ ਜ਼ਰਾ ਧੀਮੀ ਆਵਾਜ਼ ਵਿਚ ਕਹਿਣ ਲੱਗਾ, ''ਮੇਰੇ ਦਿੱਲੀ ਛੱਡਣ ਦੀ ਗੱਲ ਸੁਣ ਕੇ ਤੂੰ ਉਦਾਸ ਹੋ ਗਈ ਸੈਂ। ਮੈਂ ਸਮਝਦਾ ਆਂ, ਜਦੋਂ ਮੈਂ ਚਲਾ ਗਿਆ, ਤੂੰ ਮੈਨੂੰ ਯਾਦ ਕਰ-ਕਰ ਕੇ ਰੋਇਆ ਕਰੇਂਗੀ। ਮੈਂ ਚਾਹੁੰਦਾ ਸਾਂ ਕਿ ਤੂੰ ਕੁਝ ਕਹਿ ਸੁਣ ਕੇ ਆਪਣੇ ਮਨ ਦੀ ਭੜਾਸ ਕੱਢ ਲਏਂ...ਮੈਂ ਤੇਰੀ ਹਰੇਕ ਗੱਲ ਸੁਣਨ ਲਈ ਤਿਆਰ ਸਾਂ, ਪਰ ਤੂੰ ਚੁੱਪ ਰਹੀ ਤੇ ਮੈਂ ਵੀ ਇਹੀ ਠੀਕ ਸਮਝਿਆ ਕਿ ਵਿਸ਼ਾ ਬਦਲ ਕੇ ਤੇਰੀ ਉਦਾਸੀ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂ। ਹਾਂ ਤੇ ਸੁਣ ਇਹ ਉਦਾਸੀ ਠੀਕ ਨਹੀਂ ਹੁੰਦੀ, ਸਾਨੂੰ ਹਰ ਅਸਲੀਅਤ ਨੂੰ 'ਫੇਸ' ਕਰਨਾ ਚਾਹੀਦਾ ਏ। ਸੱਚਵਾਦੀ ਹੋਣਾ ਚਾਹੀਦਾ ਏ। ਅੱਜ ਜੇ ਮੈਂ ਅਚਾਨਕ ਮਰ ਜਾਵਾਂ, ਤਾਂ ਵੀ ਤਾਂ ਤੂੰ ਇਕੱਲੀ ਨਹੀਂ ਰਹਿ ਜਾਏਂਗੀ ਨਾ? ਇੰਜ ਹੀ ਜੇ ਮੈਂ ਕਿਸੇ ਦੂਜੇ ਸ਼ਹਿਰ ਚਲਾ ਜਾਵਾਂਗਾ...। ਦੋਹਾਂ ਹਾਲਤਾਂ ਵਿਚ ਸਬਰ ਕਰਨਾ ਪੈਂਦਾ ਏ ਬਸ।''
ਰੀਤਾ ਸਮਝ ਗਈ ਉਹ ਜਾਣ ਦਾ ਪੱਕਾ ਫੈਸਲਾ ਕਰ ਚੁੱਕਿਆ ਹੈ। ਹੁਣ ਸਿਰਫ ਉਸ ਨੂੰ ਭੌਤਿਕ ਰੂਪ ਵਿਚ ਵਿਛੋੜੇ ਦੀ ਪੀੜ ਸਹਿਣ ਲਈ ਤਿਆਰ ਕਰ ਰਿਹਾ ਹੈ। ਉਸ ਨੇ ਕੋਈ ਜਵਾਬ ਨਾ ਦਿੱਤਾ। ਨੀਵੀਂ ਪਾ ਕੇ ਆਪਣੇ ਗਲਾਸ ਵੱਲ ਦੇਖਦੀ ਰਹੀ, ਜਿਸ ਵਿਚ ਪਈ ਥੋੜ੍ਹੀ ਜਿਹੀ ਬੀਅਰ ਵਿਚ ਪਿਆ ਬਰਫ਼ ਦਾ ਟੁਕੜਾ ਹੌਲੀ-ਹੌਲੀ ਖੁਰ ਰਿਹਾ ਸੀ।
ਚਤੁਰਵੇਦੀ ਨੇ ਕਿਹਾ, ''ਵੈਸੇ ਤੇਰੇ ਭਵਿੱਖ ਬਾਰੇ ਮੈਂ ਇਕ ਹੋਰ ਗੱਲ ਵੀ ਸੋਚੀ ਹੋਈ ਏ। ਮੈਂ ਤੈਨੂੰ ਆਪਣਾ ਇਕ ਹੋਰ ਦੋਸਤ ਦੇ ਜਾਵਾਂਗਾ, ਜਿਹੜਾ ਤੈਨੂੰ ਹਮੇਸ਼ਾ ਖ਼ੁਸ਼ ਰੱਖੇਗਾ। ਮੇਰੇ ਨਾਲੋਂ ਵੀ ਵੱਧ। ਉਸਨੂੰ ਮੈਂ ਚੰਗੀ ਤਰ੍ਹਾਂ ਜਾਣਦਾਂ। ਉਹ ਕਾਫੀ ਦੌਲਤਮੰਦ ਏ...ਤੈਨੂੰ ਹੋਸਟਲ ਵਿਚੋਂ ਕੱਢ ਕੇ ਇਕ ਫਲੈਟ ਲੈ ਦਏਗਾ। ਉਹ ਇਹੋ ਤੇਲ ਵਾਲਾ, ਲੱਖ ਪਤੀ ਏ ਜਿਹੜਾ ਕੁਝ ਚਿਰ ਵਿਚ ਈ ਇੱਥੇ ਪਹੁੰਚਣ ਵਾਲਾ ਏ। ਉਸਨੂੰ ਮਿਲ ਕੇ ਤੂੰ ਯਕੀਨਨ ਖ਼ੁਸ਼ ਹੋਏਂਗੀ।''
ਰੀਤਾ ਇਸ ਤੋਂ ਅੱਗੇ ਨਾ ਸੁਣ ਸਕੀ। ਕੁਰਸੀ ਤੋਂ ਉਠ ਕੇ ਖੜ੍ਹੀ ਹੋ ਗਈ, ''ਤੂੰ ਮੈਨੂੰ ਸਮਝ ਕੀ ਰੱਖਿਆ ਏ? ਮੇਰੇ ਲਈ ਤੇਰੇ ਦਿਲ ਵਿਚ ਬਸ ਏਨੀ ਹੀ ਇੱਜਤ ਸੀ? ਮੈਨੂੰ ਪਤਾ ਨਹੀਂ ਸੀ ਕਿ ਤੂੰ ਏਨਾ ਗਿਰ ਜਾਏਂਗਾ।''
''ਸੁਣ ਤਾਂ ਸਹੀ ਰੀਤਾ...ਰੀਤਾ ਜ਼ਰਾ ਸੁਣ, ਬੈਠ ਜਾ। ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ।'' ਉਸਨੇ ਰੀਤਾ ਦਾ ਹੱਥ ਫੜ੍ਹਨ ਦੀ ਕੋਸ਼ਿਸ਼ ਕੀਤੀ।
''ਮੈਂ ਕੁਛ ਨਹੀਂ ਸੁਣਨਾ ਚਾਹੁੰਦੀ। ਮੈਂ ਜਾ ਰਹੀ ਆਂ।'' ਕਹਿ ਕੇ ਉਹ ਉੱਥੋਂ ਤੁਰ ਪਈ। ਚਤੁਰਵੇਦੀ ਹੈਰਾਨ-ਪ੍ਰੇਸ਼ਾਨ ਜਿਹਾ ਬੈਠਾ ਰਿਹਾ। ਉਸਦੇ ਪਿੱਛੇ ਜਾ ਕੇ ਉਹ ਲੋਕਾਂ ਨੂੰ ਤਮਾਸ਼ਾ ਨਹੀਂ ਸੀ ਦਿਖਾਉਣਾ ਚਾਹੁੰਦਾ।
ਰੀਤਾ ਤੇਜ਼ ਤੇਜ਼ ਤੁਰਦੀ ਹੋਈ ਸੜਕ ਉਤੇ ਆ ਗਈ। ਜਿਹੜੀ ਨਫ਼ਰਤ ਉਸਦੇ ਅੰਦਰ ਨੱਪੀ ਹੋਈ ਸੀ, ਹੁਣ ਪੂਰੀ ਤਰ੍ਹਾਂ ਬਾਹਰ ਆ ਚੁੱਕੀ ਸੀ। ਹਰ ਆਦਮੀ ਇਕ ਵਿਸ਼ੇਸ਼ ਹੱਦ ਤਕ ਹੀ ਚੰਗਾ ਹੁੰਦਾ ਹੈ, ਉਸ ਪਿੱਛੋਂ ਉਹ ਬੇਹੱਦ ਜ਼ਲੀਲ ਤੇ ਕਮੀਨਾ ਹੁੰਦਾ ਹੈ। ਪਰ ਇਹ ਉਸ ਦਾ ਕੈਸਾ ਵਤੀਰਾ ਹੋਇਆ ਕਿ ਉਹ ਉਸ ਨੂੰ ਨਾਲ ਨਹੀਂ ਰੱਖ ਸਕਦਾ ਤਾਂ ਕਿਸੇ ਹੋਰ ਨੂੰ ਸੌਂਪ ਜਾਣ ਲਈ ਤਿਆਰ ਹੋ ਗਿਆ ਹੈ। ਉਸ ਕਿਸੇ ਦੀ ਨਿੱਜੀ ਸੰਪਤੀ ਨਹੀਂ... ਖਰੀਦੀ ਹੋਈ ਗੁਲਾਮ ਨਹੀਂ ਤਾਂ ਕਿਸੇ ਨੂੰ ਕੀ ਹੱਕ ਹੈ ਕਿ ਉਸ ਬਾਰੇ ਇੰਜ ਸੋਚੇ। ਫੈਸਲੇ ਕਰੇ?
ਉਹ ਇੰਜ ਹੀ ਗੁੱਸੇ ਵਿਚ ਸੜਦੀ-ਭੁੱਜਦੀ ਹੋਈ ਤੁਰਦੀ ਰਹੀ ਤੇ ਕਾਫੀ ਦੂਰ ਤਕ ਪੈਦਲ ਹੀ ਨਿਕਲ ਆਈ। ਤੁਰਦੀ-ਤੁਰਦੀ ਥੱਕ ਗਈ, ਫੇਰ ਵੀ ਤੁਰਦੀ ਰਹੀ। ਇਕ ਲੰਮੀ ਸੜਕ ਮੁੱਕ ਗਈ। ਇਕ ਹੋਰ ਸੜਕ ਆ ਗਈ। ਫੇਰ ਇਕ ਹੋਰ...ਫੇਰ ਵੀ ਉਹ ਤੁਰਦੀ ਰਹੀ ਜਿਵੇਂ ਆਪਣੇ ਆਪ ਨੂੰ ਸਜਾ ਦੇ ਰਹੀ ਹੋਏ, ਦੁਖ ਭੋਗਣ ਦੇ ਮੂਡ ਵਿਚ ਹੋਏ। ਉਸਨੇ ਏਨੇ ਲੰਮੇਂ ਅਰਸੇ ਤਕ ਅਜਿਹੇ ਆਦਮੀ ਉਪਰ ਵਿਸ਼ਵਾਸ ਕਿਉਂ ਕੀਤਾ? ਜਦੋਂ ਉਸਦੇ ਪ੍ਰਤੀ ਉਸਦੇ ਅੰਦਰ ਨਫ਼ਰਤ ਪੈਦਾ ਹੋ ਗਈ ਸੀ ਤਾਂ ਉਸ ਨਫ਼ਰਤ ਨੂੰ ਦਿਲ ਵਿਚ ਹੀ ਕਿਉਂ ਰਹਿਣ ਦਿੱਤਾ ਸੀ? ਹੁਣ ਤਾਂ ਉਸਨੂੰ ਆਪਣੇ ਆਪ ਨਾਲ ਵੀ ਨਫ਼ਰਤ ਹੋਣ ਲੱਗ ਪਈ ਸੀ।
ਪਤਾ ਨਹੀਂ ਉਹ ਕਿੰਨੇ ਮੀਲ ਤੁਰ ਚੁੱਕੀ ਸੀ? ਤੁਰਦੀ ਨੂੰ ਘੰਟੇ ਭਰ ਤੋਂ ਉਤੇ ਹੋ ਚੱਲਿਆ ਸੀ ਪਰ ਸ਼ਹਿਰ ਅਜੇ ਤਕ ਖ਼ਤਮ ਨਹੀਂ ਸੀ ਹੋਇਆ। ਉਹ ਅਜੇ ਤਕ ਉਸੇ ਸ਼ਹਿਰ ਵਿਚ ਭਟਕ ਰਹੀ ਸੀ ਜਾਂ ਉਸ ਸ਼ਹਿਰ ਵਿਚ ਵੱਸੇ ਹੋਏ ਇਕ ਦੂਜੇ ਸ਼ਹਿਰ ਵਿਚ ਜਿਹੜਾ ਉਸਨੂੰ ਬਹੁਤ ਵੱਡਾ ਲੱਗਿਆ ਸੀ। ਉਸ ਨੂੰ ਇੰਜ ਵੀ ਲੱਗ ਰਿਹਾ ਸੀ ਕਿ ਉਸ ਸ਼ਹਿਰ ਦੀ ਕੁੱਖ ਵਿਚ ਇਕ ਹੋਰ ਸ਼ਹਿਰ ਵੀ ਵੱਸਿਆ ਹੋਇਆ ਹੈ। ਹੋ ਸਕਦਾ ਹੈ ਹਰ ਸ਼ਹਿਰ ਦੀ ਕੁੱਖ ਇਕ ਨਵੇਂ ਸ਼ਹਿਰ ਦਾ ਭਾਰ ਢੋਅ ਰਹੀ ਹੋਏ, ਜਿਸ ਤੋਂ ਮੁਕਤੀ ਪਾ ਸਕਣਾ ਸੰਭਵ ਹੀ ਨਾ ਹੋਏ।
ਅਚਾਨਕ ਉਹ ਇਕ ਮਕਾਨ ਦੇ ਸਾਹਮਣੇ ਅਟਕ ਗਈ, ਜਿੱਥੇ ਕੁਝ ਲੋਕ ਇਕ ਅਰਥੀ ਨੂੰ ਚੁੱਕ ਕੇ ਬਾਹਰ ਲਿਆ ਰਹੇ ਸਨ। ਚਿੱਟੀ ਚਾਦਰ ਵਿਚ ਲਿਪਟੀ ਉਸ ਲਾਸ਼ ਦੇ ਪਿੱਛੇ-ਪਿੱਛੇ ਇਕ ਔਰਤ ਵਾਲ ਖਿਲਾਰੀ, ਵੈਣ ਪਾਉਂਦੀ ਹੋਈ ਬਾਹਰ ਨਿਕਲੀ। ਉਹ ਸ਼ਵ-ਯਾਤਰਾ ਨੂੰ ਰੋਕ ਲੈਣਾ ਚਾਹੁੰਦੀ ਸੀ। ਕਈ ਔਰਤਾਂ ਉਸ ਨੂੰ ਲਾਸ਼ ਨਾਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਸਨ। ਰੀਤਾ ਖੰਡੇਲਵਾਲ ਇਕ ਪਾਸੇ ਖੜ੍ਹੀ, ਕਿੰਨੀ ਹੀ ਦੇਰ ਤਕ ਇਹ ਸੰਘਰਸ਼ ਦੇਖਦੀ ਰਹੀ। ਉਸਨੂੰ ਗੁੱਸਾ ਵੀ ਆਉਂਦਾ ਰਿਹਾ ਕਿ ਇਹ ਔਰਤ ਆਪਣੇ ਆਦਮੀ ਦੀ ਲਾਸ਼ ਨੂੰ ਠੋਕਰ ਮਾਰ ਕੇ ਪਰਤ ਕਿਉਂ ਨਹੀਂ ਜਾਂਦੀ? ਇਸ ਆਦਮੀ ਨੇ ਇਸ ਨੂੰ ਕਿਹੜਾ ਸੁਖ ਦਿੱਤਾ ਹੋਏਗਾ? ਸ਼ਾਇਦ ਪੂਰੇ ਜੀਵਨ ਵਿਚ ਸੁਖ ਦਾ ਇਕ ਪਲ ਵੀ ਨਹੀਂ। ਫੇਰ ਵੀ ਉਹ ਉਸਨੂੰ ਲਿਜਾਣ ਤੋਂ ਰੋਕ ਰਹੀ ਹੈ। ਹਮੇਸ਼ਾ ਲਈ ਵਿਛੜਨ ਦੇ ਅੰਤਮ ਪਲਾਂ ਵਿਚ ਸਤਯਵਾਨ ਦੀ ਸਾਵਿੱਤਰੀ ਹੋਣ ਦਾ ਨਾਟਕ ਕਰ ਰਹੀ ਹੈ। ਰੀਤਾ ਦੇ ਮਨ ਵਿਚ ਏਨੀ ਨਫ਼ਰਤ ਭਰ ਗਈ ਸੀ ਕਿ ਉਹ ਹੋਰ ਉੱਥੇ ਇਕ ਵੀ ਪਲ ਨਾ ਰੁਕ ਸਕੀ। ਨੇੜਿਓਂ ਲੰਘ ਰਹੀ ਇਕ ਟੈਕਸੀ ਨੂੰ ਰੋਕ ਕੇ ਉਹ ਉਸ ਵਿਚ ਬੈਠ ਗਈ। ਟੈਕਸੀ ਉਸਨੂੰ ਮੌਤ ਦੇ ਉਸ ਨਾਟਕ ਤੋਂ ਤੁਰੰਤ ਦੂਰ ਲੈ ਗਈ।
ਪਿੱਛੋਂ ਉਸਨੂੰ ਪਛਤਾਵਾ ਵੀ ਹੋਇਆ ਕਿ ਉਸ ਨੇ ਏਡੇ ਵੱਡੇ ਦੁਖਾਂਤ ਉਤੇ ਅਜਿਹੀ ਪ੍ਰਤੀਕਿਰਿਆ ਕਿਉਂ ਮਹਿਸੂਸ ਕੀਤੀ ਸੀ। ਹੁਣ ਉਸਦਾ ਦਿਲ ਹੌਲੀ ਹੌਲੀ ਇਕ ਅਜੀਬ ਜਿਹੇ ਦੁੱਖ ਨਾਲ ਭਰਦਾ ਜਾ ਰਿਹਾ ਸੀ। ਇਸ ਅਪਾਰ ਦੁੱਖ ਦੀ ਨਦੀ ਵਿਚ ਆਪਣੇ ਆਪ ਨੂੰ ਡੁੱਬਣ ਤੋਂ ਰੋਕ ਵੀ ਨਹੀਂ ਸੀ ਸਕੀ; ਇੰਜ ਕਰ ਸਕਣਾ ਅਸੰਭਵ ਹੋ ਗਿਆ ਸੀ। ਉਸਨੇ ਅੱਖਾਂ ਬੰਦ ਕਰ ਲਈਆਂ, ਸ਼ਾਇਦ ਇਸੇ ਤਰ੍ਹਾਂ ਦੁਖਾਂਤ ਦੀ ਨਦੀ ਪਾਰ ਕਰ ਲਏ। ਟੈਕਸੀ ਵਾਲਾ ਵੀ ਇੰਨੇ ਨਾਜ਼ੁਕ ਪਲਾਂ ਵਿਚ ਉਸਦਾ ਸਹਾਈ ਬਣ ਗਿਆ ਸੀ। ਪਰ ਉਸਨੂੰ ਪੁੱਛੇ ਬਿਨਾ ਹੀ ਉਸਨੂੰ ਲਈ ਜਾ ਰਿਹਾ ਸੀ। ਪਤਾ ਨਹੀਂ ਕਿੱਥੇ? ਚਲੋ ਠੀਕ ਹੈ। ਜਦੋਂ ਉਹ ਆਪਣੇ ਆਪ ਕਿਤੇ ਰੁਕ ਜਾਏਗਾ ਤਾਂ ਉਹ ਮੀਟਰ ਦੇ ਪੈਸੇ ਪੁੱਛ ਲਏਗੀ ਤੇ ਅੱਖਾਂ ਬੰਦ ਕਰੀ-ਕਰੀ ਹੀ ਉਸਨੂੰ ਅੱਗੇ ਚੱਲਣ ਲਈ ਕਹੇਗੀ। ਉਸਨੂੰ ਪਤਾ ਹੈ ਉਸਦੇ ਪਰਸ ਵਿਚ ਕਿੰਨੇ ਰੁਪਏ ਹਨ। ਉਹਨਾਂ ਦੇ ਬਲ ਉਤੇ ਉਹ ਅੱਗੇ ਵਧਦੀ ਰਹੇਗੀ। ਫੇਰ ਕਿਸੇ ਜਗ੍ਹਾ ਉਤਰ ਜਾਏਗੀ ਤੇ ਉੱਥੋਂ ਫੇਰ ਪੈਦਲ ਤੁਰ ਪਏਗੀ, ਪਰ ਅੱਜ ਉਹ ਵਾਪਸ ਨਹੀਂ ਜਾਏਗੀ। ਅਜਿਹੇ ਹੋਸਟਲ ਵਿਚ ਉਹ ਵਾਪਸ ਕਿਉਂ ਜਾਏ ਜਿਸ ਦੀ ਹਰੇਕ ਕੁੜੀ ਕਿਸੇ ਨਾਲ ਕਿਸੇ ਮਰਦ ਦੇ ਪ੍ਰੇਮ ਜਾਲ ਵਿਚ ਫਸੀ ਹੋਈ ਹੈ।
ਬੰਦ ਅੱਖਾਂ ਨਾਲ ਹੀ ਉਸਨੇ ਮਹਿਸੂਸ ਕੀਤਾ, ਟੈਕਸੀ ਦੀ ਰਫ਼ਤਾਰ ਹੁਣ ਧੀਮੀ ਹੋ ਗਈ ਹੈ...ਤੇ ਫੇਰ, ਉਹ ਰੁਕ ਗਈ ਹੈ। ਇਸ ਲਈ ਰੁਕ ਗਈ ਹੈ ਕਿ ਅੱਗੇ ਜਾਣ ਲਈ ਰਸਤਾ ਨਹੀਂ ਮਿਲ ਰਿਹਾ, ਸਾਰਾ ਟਰੈਫਿਕ ਜਾਮ ਹੋਇਆ ਹੋਇਆ ਹੈ। ਠੀਕ ਹੈ, ਹੁਣੇ ਕੁਝ ਚਿਰ ਵਿਚ ਟਰੈਫਿਕ ਰੂਪੀ ਅਜਗਰ ਫੇਰ ਰੀਂਘਣ ਲੱਗ ਪਏਗਾ। ਉਸਨੂੰ ਕਦੀ ਨਾ ਕਦੀ ਅੱਗੇ ਵਧਣਾ ਹੀ ਪੈਣਾ ਹੈ। ਪਰ ਉਹ ਕਾਫੀ ਦੇਰ ਤਕ ਅੱਗੇ ਨਹੀਂ ਵਧਿਆ। ਅਚਾਨਕ ਉਸਦੇ ਕੰਨਾਂ ਵਿਚ ਹਾਰਨ ਦੀ ਆਵਾਜ਼ ਪਈ ਤੇ ਫੇਰ ਟੈਕਸੀ ਡਰਾਈਵਰ ਦੇ ਹੱਸਣ ਦੀ। ਉਹ ਪੁੱਛ ਰਿਹਾ ਸੀ, ''ਮੇਮ ਸਾਹਬ ! ਮਾਡਲ ਟਾਊਨ ਆ ਗਿਆ...ਤੁਸੀਂ ਕਿਸ ਨੰਬਰ ਵਿਚ ਜਾਣਾ ਏਂ ?''
ਉਸਨੇ ਹੈਰਾਨ ਹੋ ਕੇ ਅੱਖਾਂ ਖੋਲ੍ਹ ਲਈਆਂ। ਉਹ ਸੱਚਮੁੱਚ ਮਾਡਲ ਟਾਊਨ ਦੇ ਗੇਟ ਉਤੇ ਪਹੁੰਚ ਚੁੱਕੀ ਸੀ। ਪਰ ਉਸਨੇ ਡਰਾਈਵਰ ਨੂੰ ਕਿਹਾ ਕਦੋਂ ਸੀ ਕਿ ਉਹ ਉਸਨੂੰ ਇੱਥੇ ਲੈ ਆਏ! ਉਸਨੇ ਦਿਮਾਗ਼ ਉਤੇ ਜ਼ੋਰ ਦੇ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਉਸਨੂੰ ਯਕੀਨ ਸੀ ਉਸਨੇ ਡਰਾਈਵਰ ਨੂੰ ਕਿਤੇ ਵੀ ਲੈ ਚੱਲਣ ਲਈ ਕੁਝ ਨਹੀਂ ਸੀ ਕਿਹਾ। ਉਹ ਆਪਣੇ ਆਪ ਹੀ ਉਸਨੂੰ ਇੱਥੇ ਪਹੁੰਚਾ ਕੇ ਸਾਰੀ ਜ਼ਿੰਮੇਂਵਾਰੀ ਉਸ ਉਤੇ ਸੁੱਟਣਾ ਚਾਹੁੰਦਾ ਸੀ, ਪਰ ਉਸਨੇ ਉਸ ਨਾਲ ਬਹਿਸ ਕਰਨੀ ਠੀਕ ਨਹੀਂ ਸਮਝੀ। ਕਿਰਾਇਆ ਦੇ ਕੇ ਚੁੱਪਚਾਪ ਉਤਰ ਗਈ ਤੇ ਤੁਰ ਪਈ।
ਰਾਤ ਉਤਰ ਆਈ ਸੀ। ਮਕਾਨਾਂ ਤੇ ਸੜਕਾਂ ਦੀਆਂ ਬੱਤੀਆਂ ਜਗ ਪਈਆਂ ਸਨ। ਉਹ ਕਈ ਗਲੀਆਂ ਵਿਚੋਂ ਹੁੰਦੀ ਹੋਈ ਅਚਾਨਕ ਇਕ ਮਕਾਨ ਸਾਹਮਣੇ ਰੁਕ ਗਈ। ਨੇਮ ਪਲੇਟ ਪੜ੍ਹੀ ਤੇ ਅੰਦਰ ਚਲੀ ਗਈ।
ਉਸਦੀ ਖ਼ੁਸ਼ਬੂ ਪਛਾਣ ਕੇ ਇਕ ਛੋਟਾ ਜਿਹਾ ਤਿੱਬਤੀ ਬਰੇਯਰ ਉਸ ਦੇ ਕੋਲ ਆ ਗਿਆ ਤੇ 'ਕੂੰ-ਕੂੰ' ਕਰਦਾ ਹੋਇਆ ਉਸ ਦੀ ਗੋਦੀ ਚੜ੍ਹਨ ਲਈ ਉਛਲਣ ਲੱਗਿਆ। ਉਸਨੇ ਝੁਕ ਕੇ ਉਸਨੂੰ ਚੁੱਕ ਲਿਆ ਤੇ ਉਸਦੀ ਚਿੱਟੀ ਤੇ ਕਾਲੀ, ਨਰਮ ਮੁਲਾਇਮ ਜੱਤ ਉਤੇ ਹੱਥ ਫੇਰਨ ਲੱਗ ਪਈ। ਫੇਰ ਇਕ ਕਮਰੇ ਵਿਚੋਂ ਇਕ ਨੌਕਰ ਬਾਹਰ ਆਇਆ। ਉਹ ਵੀ ਉਸਨੂੰ ਦੇਖ ਕੇ ਹੈਰਾਨੀ ਨਾਲ ਮੁਸਕਰਾਇਆ...ਇਹ ਉਸਨੂੰ ਕੁਝ ਪੁੱਛੇ ਬਿਨਾ ਅੰਦਰ ਚਲੀ ਗਈ। ਡਰਾਇੰਗ ਰੂਮ ਖ਼ਾਲੀ ਪਿਆ ਸੀ, ਪਰ ਇਕ ਪਾਸੇ ਮੇਜ਼ ਉਤੇ ਸ਼ਰਾਬ ਦੀ ਬੋਤਲ ਤੇ ਕਈ ਗਲਾਸ ਬੜੇ ਸੁਚੱਜੇ ਢੰਗ ਨਾਲ ਰੱਖੇ ਹੋਏ ਸਨ। ਉਹ ਉਸਦੇ ਨਾਲ ਲੱਗਵੇਂ ਕਮਰੇ ਵਿਚ ਚਲੀ ਗਈ; ਉੱਥੇ ਵੀ ਕੋਈ ਨਹੀਂ ਸੀ। ਇਹ ਬੈੱਡਰੂਮ ਸੀ। ਉਸ ਦੀ ਨਜ਼ਰ ਕਾਰਨਸ ਉਤੇ ਜਾ ਟਿਕੀ। ਉਸ ਉਤੇ ਇਕ ਔਰਤ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੱਖ ਵੱਖ ਫਰੇਮਾਂ ਵਿਚ ਜੜ ਕੇ ਰੱਖੀਆਂ ਹੋਈਆਂ ਸਨ। ਉਹ ਕਾਫੀ ਦੇਰ ਤਕ ਉਹਨਾਂ ਤਸਵੀਰਾਂ ਵਲ ਦੇਖਦੀ ਰਹੀ। ਉਹ ਸੱਚਮੁੱਚ ਬੜੀ ਸੁੰਦਰ ਸੀ। ਉਸਨੂੰ ਈਰਖਾ ਜਿਹੀ ਹੋਈ, ਹਾਲਾਂਕਿ ਉਹ ਸਾਰੀਆਂ ਤਸਵੀਰਾਂ ਉਸ ਦੀਆਂ ਆਪਣੀਆਂ ਸਨ। ਉਹਨਾਂ ਵਿਚਕਾਰ ਉਸ ਮਰਦ ਦੀ ਵੀ ਇਕ ਤਸਵੀਰ ਪਈ ਸੀ ਜਿਸ ਨੇ ਉਸ ਦੀਆਂ ਏਨੀਆਂ ਤਸਵੀਰਾਂ ਆਪਣੇ ਬੈੱਡਰੂਮ ਵਿਚ ਸਜਾਈਆਂ ਹੋਈਆਂ ਸਨ।
ਅਚਾਨਕ ਉਸਨੂੰ ਨੌਕਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਦਰਵਾਜ਼ੇ ਦਾ ਪਰਦਾ ਹਟਾਅ ਕੇ ਪੁੱਛ ਰਿਹਾ ਸੀ, ''ਚਾਹ ਲਿਆਵਾਂ, ਬੀਬੀ ਜੀ?''
ਉਦੋਂ ਉਹ ਸੱਚਮੁੱਚ ਬੜੀ ਥੱਕੀ ਹੋਈ ਸੀ। ਚਾਹ ਪੀਣ ਲਈ ਤਿਆਰ ਵੀ ਹੋ ਸਕਦੀ ਸੀ, ਪਰ ਉਸਨੇ ਉਸ ਵੱਲ ਦੇਖੇ ਬਿਨਾਂ ਹੀ ਕਿਹਾ, ''ਇਕ ਲਾਰਜ ਪੈੱਗ ਬਣਾ ਲਿਆ।''
ਰਾਘੇ ਵੱਡਾ ਪੈੱਗ ਬਣਾ ਲਿਆਇਆ। ਉਸ ਨੇ ਤਿੱਬਤੀ ਬਰੇਯਰ ਨੂੰ ਫ਼ਰਸ਼ ਉਤੇ ਛੱਡਦਿਆਂ ਪੁੱਛਿਆ, ''ਸਾਹਬ ਕਿੱਥੇਂ ਨੇ?''
''ਜੀ, ਉਹ ਅਜੇ ਯੂਨੀਵਰਸਟੀ ਤੋਂ ਨਹੀਂ ਆਏ। ਦੁਪਹਿਰੇ ਕਹਿ ਰਹੇ ਸਨ, ਸ਼ਾਮੀਂ ਵੀ.ਸੀ. ਸਾਹਿਬ ਨਾਲ ਕੋਈ ਮੀਟਿੰਗ ਏ। ਨੌਂ ਵਜੇ ਤਕ ਆਪਣੇ ਕੁਝ ਦੋਸਤਾਂ ਨਾਲ ਆਉਣਗੇ। ਹੁਣ ਤਾਂ ਆਉਣ ਵਾਲੇ ਈ ਹੋਣਗੇ।''
ਉਹ ਗਲਾਸ ਤਿਪਾਈ ਉਤੇ ਰੱਖ ਕੇ ਚਲਾ ਗਿਆ। ਰੀਤਾ ਡਬਲਬੈੱਡ ਉਤੇ ਬੈਠ ਕੇ ਘੁੱਟ-ਘੁੱਟ ਪੀਣ ਲੱਗ ਪਈ। ਗਲਾਸ ਖ਼ਤਮ ਕਰਕੇ ਉੱਥੇ ਹੀ ਲੇਟ ਗਈ, ਪਰ ਯਕਦਮ ਇਕ ਝਟਕੇ ਨਾਲ ਫੇਰ ਉਠ ਕੇ ਬੈਠ ਗਈ। ਝੁਕ ਕੇ ਪਲੰਘ ਹੇਠ ਕੁਝ ਦੇਖਣ ਲੱਗੀ। ਹੱਥ ਵਧਾਅ ਕੇ ਕਿਸੇ ਚੀਜ਼ ਨੂੰ ਛੂਹਿਆ ਤੇ ਬਾਹਰ ਖਿੱਚ ਲਿਆ। ਉਹ ਉਹੀ ਖ਼ਾਲੀ ਤਾਬੂਤ ਸੀ। ਕਿੰਨੀ ਹੀ ਦੇਰ ਤਕ ਉਹ ਉਸ ਤਾਬੂਤ ਨੂੰ ਘੂਰਦੀ ਰਹੀ। ਬਿਨਾਂ ਢੱਕਣ ਵਾਲਾ ਤਾਬੂਤ ਕਿਸੇ ਖਾਲੀ ਕਬਰ ਵਾਂਗ ਖ਼ਾਮੋਸ਼ ਸੀ। ਉਸ ਵਿਚ ਕੋਈ ਨਹੀਂ ਸੀ। ਫੇਰ ਉਹ ਹੌਲੀ ਹੌਲੀ ਸ਼ੀਸ਼ੇ ਵਲ ਵਧ ਗਈ। ਸ਼ੀਸ਼ੇ ਸਾਹਮਣੇ ਪਹੁੰਚ ਕੇ ਉਸਨੇ ਆਪਣੇ ਵਾਲ ਸੰਵਾਰੇ। ਲਿਪਸਟਿਕ ਲਾਈ। ਗੱਲ੍ਹਾਂ ਉਪਰ ਥੋੜ੍ਹਾ ਜਿਹਾ ਪਫ਼ ਕੀਤਾ ਤੇ ਆਪਣੇ ਕਪੜਿਆਂ ਦੇ ਵੱਟ ਠੀਕ ਕਰਦੀ ਹੋਈ ਤਾਬੂਤ ਵਿਚ ਜਾ ਲੇਟੀ। ਅੱਖਾਂ ਬੰਦ ਕਰ ਕੇ ਛਾਤੀ ਉਤੇ ਕਰਾਸ ਬਣਾਇਆ (ਹਾਲਾਂਕਿ ਈਸਾਈ ਧਰਮ ਵਿਚ ਉਸ ਦੀ ਉੱਕਾ ਹੀ ਸ਼ਰਧਾ ਨਹੀਂ ਸੀ)। ਉਸ ਪਿੱਛੋਂ ਉਸ ਨੇ ਸਾਹ ਰੋਕ ਲਿਆ; ਉਸੇ ਹਾਲਤ ਵਿਚ ਕਈ ਮਿੰਟ ਪਈ ਰਹੀ। ਉਸਨੂੰ ਇਕ ਅਜੀਬ ਜਿਹੀ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਸੀ। ਮਨ ਹੀ ਮਨ ਉਸਨੇ 'ਕਨਫੈਸ਼ਨ' ਵੀ ਕਰ ਲਿਆ...ਉਸਨੂੰ ਲੱਗਿਆ ਉਹ ਫੁੱਲ ਵਰਗੀ ਹੌਲੀ ਹੋ ਗਈ ਹੈ, ਉਸਦੇ ਮਨ ਉਤੇ ਹੁਣ ਕੋਈ ਬੋਝ ਨਹੀਂ ਤੇ ਇਹ ਪਲ ਬੜੇ ਹੀ ਵਚਿੱਤਰ ਨੇ, ਬੜੇ ਆਨੰਦਦਾਈ ਨੇ। ਇਹਨਾਂ ਪਲਾਂ ਦੀ ਤਲਾਸ਼ ਵਿਚ ਹੀ ਉਹ ਇਕ ਮੁੱਦਤ ਤੋਂ ਭਟਕ ਰਹੀ ਸੀ।
ਅਚਾਨਕ ਉਸਦੇ ਕੰਨਾਂ ਵਿਚ ਗੇਟ ਅੰਦਰ ਵੜ ਰਹੀ ਮੋਟਰ ਦੀ ਆਵਾਜ਼ ਪਈ। ਬਹੁਤ ਸਾਰੇ ਲੋਕਾਂ ਦੇ ਗੱਲਾਂ ਕਰਨ ਤੇ ਠਹਾਕੇ ਲਾਉਣ ਦੀ ਵੀ...ਉਹਨਾਂ ਆਵਾਜ਼ਾਂ ਵਿਚ ਯਕੀਨਨ ਇਕ ਆਵਾਜ਼ ਜਮਾਲ ਮਸੀਹ ਦੀ ਵੀ ਸੀ। ਉਹ ਸਾਰੀਆਂ ਆਵਾਜ਼ਾਂ ਪਲ ਪਲ ਉਸਦੇ ਨੇੜੇ ਹੁੰਦੀਆਂ ਗਈਆਂ ਪਰ ਉਹ ਸਾਹ ਰੋਕੀ, ਆਪਣੀ ਛਾਤੀ ਉਤੇ ਨਿਮਰਤਾ ਨਾਲ ਦੋਵੇਂ ਹੱਥ ਬੰਨ੍ਹੀ, ਮੌਨ ਲੇਟੀ ਰਹੀ।
੦੦੦ ੦੦੦ ੦੦੦