Thursday, August 8, 2013

ਜਿਮ ਹੁਣ ਇਕੱਲਾ ਨਹੀਂ ਰਿਹਾ! :: ਲੇਖਕ : ਮਹੇਂਦਰ ਦਵੇਸਰ 'ਦੀਪਕ'


ਪ੍ਰਵਾਸੀ ਹਿੰਦੀ ਕਹਾਣੀ :

   ਜਿਮ ਹੁਣ ਇਕੱਲਾ ਨਹੀਂ ਰਿਹਾ!

       ਲੇਖਕ : ਮਹੇਂਦਰ ਦਵੇਸਰ 'ਦੀਪਕ'
ਸੰਪਰਕ ਨੰ. 00(44)02086604750




       ਅਨੁਵਾਦ : ਮਹਿੰਦਰ ਬੇਦੀ, ਜੈਤੋ
ਸੰਪਰਕ : 9417730600

ਆਪਣੇ ਫਲੈਟ ਦੀ ਖੁੱਲ੍ਹੀ ਖਿੜਕੀ ਵਿਚੋਂ ਉਸਨੇ ਸਾਹਮਣੀ ਪਹਾੜੀ ਵੱਲ ਇਸ਼ਾਰਾ ਕੀਤਾ—“ਓਹ ਦੇਖੋ ਸਾਹਮਣੀ ਪਹਾੜੀ 'ਤੇ ਪਤਝੜ ਦਾ ਮਾਰਿਆ ਰੁੰਡ-ਮੁੰਡ ਜਿਹਾ ਇਕ ਇਕੱਲਾ ਰੁੱਖ! ਮੈਂ ਵੀ ਬਸ ਉਹੀ ਆਂ। ਓਹੋ-ਜਿਹਾ ਈ ਆਂ। ਉਹ ਵੀ ਇਕੱਲਾ, ਮੈਂ ਵੀ ਇਕੱਲਾ। ਸਾਡੇ ਦੋਵਾਂ 'ਚ ਗੱਲਬਾਤ ਹੁੰਦੀ ਰਹਿੰਦੀ ਏ।”
ਇਕ ਰੁੱਖ, ਇਕ ਆਦਮੀ!
ਕਿੱਥੇ ਦੂਰ ਵਾਲਾ ਉਹ ਰੁੱਖ, ਕਿੱਥੇ ਮੇਰੇ ਕੋਲ ਬੈਠਾ, ਜਿਊਂਦਾ-ਜਾਗਦਾ ਇਹ ਇਨਸਾਨ! ਇਹ ਸੀ ਜਿਮ, ਮੇਰਾ ਟੈਕਸੀ ਡਰਾਈਵਰ-ਕਮ-ਗਾਈਡ। ਪੂਰਾ ਨਾਂ ਜੇਮਸ ਹਿਲ। ਪੂਰਾ ਪਾਗਲ? ਸ਼ਾਇਦ ਨਹੀਂ! ਪਰ ਉਹ ਨੀਮ ਪਾਗਲ ਤਾਂ ਹੈ ਹੀ। ਗਵਾਚਿਆ-ਗੁਵਾਚਿਆ ਤੇ ਉਦਾਸ-ਜਿਹਾ ਰਹਿੰਦਾ ਹੈ...ਜਿਵੇਂ ਆਪਣੇ-ਆਪ ਨੂੰ ਲੱਭ ਰਿਹਾ ਹੋਵੇ। ਕਦੀ-ਕਦੀ ਮੈਂ ਸੋਚਦਾ ਹਾਂ ਕਿ ਗਵਾਚਿਆ-ਗਵਾਚਿਆ ਜਿਹਾ ਇਹ ਆਦਮੀ ਮੇਰਾ ਗਾਈਡ ਕਿੰਜ ਬਣ ਗਿਆ?...ਪਰ ਬਣ ਗਿਆ।
ਉਸ ਦਿਨ ਉਸਦਾ ਜਨਮ ਦਿਨ ਸੀ। ਆਪਣੇ ਜਨਮ ਦਿਨ ਉੱਤੇ ਉਸਦਾ ਇਹ ਕੇਹੋ-ਜਿਹਾ ਝੱਲਾ ਸਵਾਲ ਸੀ?
“ਉਸ ਰੁੱਖ ਦੇ ਇਰਦ-ਗਿਰਦ ਜ਼ਮੀਨ 'ਤੇ ਖਿੱਲਰੇ ਹੋਏ ਉਹ ਸੁੱਕੇ ਪੱਤੇ ਕਿੰਨੇ ਕੂ ਹੋਣਗੇ ਭਲਾਂ?”
“ਹੋਣਗੇ ਕਈ ਸੈਕੜੇ, ਹਜ਼ਾਰਾਂ। ਸਾਨੂੰ ਕੀ?”
“ਉਹ ਪੱਤੇ ਨਈਂ, ਸੁਪਨੇ ਨੇ ਮਰੇ ਹੋਏ!”
ਜਿਮ ਨਾਲ ਮੇਰੀ ਜਾਣ-ਪਛਾਣ ਪਰਥ, ਦੱਖਣ-ਪੱਛਮੀ ਆਸਟਰੇਲੀਆ ਵਿਚ ਮੇਰੇ ਮਮਰੇ ਭਰਾ ਰਾਜੀਵ ਤੇ ਨੇਹਾ ਭਾਬੀ ਨੇ ਕਰਵਾਈ ਸੀ। ਮੈਂ ਉਹਨੀਂ ਦਿਨੀਂ ਇੰਗਲੈਂਡ ਦੇ ਇਕ ਰਿਸਰਚ ਪ੍ਰੋਜੈਕਟ ਦੇ ਸਿਲਸਿਲੇ ਵਿਚ ਉੱਥੇ ਸਾਂ। ਦੋ-ਚਾਰ ਦਿਨਾਂ ਦੀ ਗੱਲ ਹੁੰਦੀ ਤਾਂ ਕੁਝ ਹੋਰ ਗੱਲ ਸੀ। ਦੋਵਾਂ 'ਚੋਂ ਕਿਸੇ ਇਕ ਦੀ ਕਾਰ ਮੰਗ ਲੈਂਦਾ। ਪਰ ਤਿੰਨ ਮਹੀਨਿਆਂ ਦੀ ਬੇਸ਼ਰਮੀ ਕਿੰਜ ਧਾਰ ਲੈਂਦਾ? ਰਾਜੀਵ ਨੇ ਜੇਮਸ ਹਿਲ ਦੀ ਟੈਕਸੀ ਦਾ ਪ੍ਰਬੰਧ ਕਰ ਦਿੱਤਾ।
ਸਵੇਰ ਤੋਂ ਸ਼ਾਮ ਤੱਕ ਅਸੀਂ ਇਕੱਠੇ ਰਹਿੰਦੀ। ਲੰਚ, ਡਿਨਰ ਇਕੱਠੇ ਕਰਦੇ। ਪਤਾ ਹੀ ਨਹੀਂ ਲੱਗਿਆ ਕਦੋਂ ਮੈਂ 'ਸਰ' ਤੋਂ 'ਮਿਸਟਰ ਦੀਪਕ' ਬਣ ਗਿਆ। ਦੋਸਤੀ ਹੋ ਗਈ ਤਾਂ ਫੇਰ ਇਹ ਓਪਚਾਰਕਤਾ ਵੀ ਨਹੀਂ ਰਹੀ ਤੇ ਮੈਂ 'ਦੀਪਕ' ਤੋਂ ਅੰਗਰੇਜ਼ੀ ਦਾ ਇਕ ਸਰਭਨਾਂ 'ਯੂ' ਬਣ ਕੇ ਰਹਿ ਗਿਆ। ਉਸਦੀ ਟੈਕਸੀ ਦਾ ਭਾੜਾ ਹਰ ਸ਼ਾਮ ਦੇਣਾ ਮੰਨਿਆਂ ਸੀ...ਪਰ ਉਸੇ ਨੇ ਰਾਏ ਦਿੱਤੀ ਕਿ ਮੇਰੀ ਯਾਤਰਾ ਦੇ ਆਖ਼ਰੀ ਦਿਨ ਸਾਰਾ ਹਿਸਾਬ ਕਰ ਲਿਆ ਜਾਵੇਗਾ। ਮੈਨੂੰ ਵੀ ਇਸੇ ਵਿਚ ਸੌਖ ਸੀ। ਉਸਦੀ ਗੱਲ ਮੰਨ ਲਈ। ...ਪਰ ਰੁੱਖ ਤੇ ਸੁੱਕੇ ਪੱਤਿਆਂ ਵਾਲੀ ਗੱਲ ਮੈਂ ਕਿੰਜ ਮੰਨ ਲੈਂਦਾ? ਮੈਂ ਵੀ ਬੇਝਿਜਕ ਕਹਿ ਦਿੱਤਾ—
“ਨਾ ਤੂੰ ਸੁੱਕਾ ਪੱਤਾ ਏਂ, ਨਾ ਰੁੱਖ, ਨਾ ਪਹਾੜੀ! ਆਪਣੇ ਜਨਮ ਦਿਨ 'ਤੇ ਇਹ ਕਿਹੋ-ਜਿਹੀਆਂ ਗੱਲਾਂ ਕਰਨ ਲੱਗ ਪਿਆ ਏਂ?...ਤੇ ਇਕੱਲਾ ਕਿਓਂ ਏਂ? ਚੰਗਾ ਭਲ਼ਾ ਇਨਸਾਨ ਏ, ਸੋਹਣਾ-ਸੁਣੱਖਾ ਏਂ, ਚੋਖਾ ਕਮਾਅ ਲੈਂਦਾ ਏਂ। ਕੋਈ ਗਰਲ ਫਰੈਂਡ ਲੱਭ ਤੇ ਵਿਆਹ ਕਰ ਲੈ।”
“ਸੀ ਇਕ ਆਦਿਵਾਸੀ ਕੁੜੀ, ਅਲਕੀਨਾ! ਬਿਨਾਂ ਲੱਭੇ ਈ ਮਿਲ ਗਈ ਸੀ।”
“ਫੇਰ ਕੀ ਹੋਇਆ?”
“ਖੁੱਸ ਗਈ।”
ਝੱਟ ਕੀਤਾ ਭੁੱਲ ਦਾ ਸੁਧਾਰ, “ਖੁੱਸ ਨਈਂ ਗਈ, ਖੋਹ ਲਈ ਗਈ। ਸਭ ਕੁਛ ਖੋਹ ਲਿਆ ਜਾਂਦਾ ਰਿਹਾ...ਝੱਲਦਾ ਰਿਹਾ ਆਂ। ਹੁਣ ਤਾਂ ਆਦਤ ਪੈ ਗਈ ਏ।”
ਆਪਣੇ ਇਕੱਲੇਪਨ ਦਾ ਸਬੂਤ ਵੀ ਜਿਮ ਨੇ ਖ਼ੁਦ ਹੀ ਦੇ ਦਿੱਤਾ। ਆਪਣੇ ਜਨਮ ਦਿਨ ਉੱਤੇ ਉਸਨੇ ਕੋਈ ਪਾਰਟੀ-ਵਾਰਟੀ ਨਹੀਂ ਦਿੱਤੀ। ਬਸ, ਉਹ ਸੀ ਤੇ ਮੈਂ। ਦੁਪਹਿਰੇ ਹੀ ਪੱਬ ਵਿਚ ਪੀਣਾ-ਪਿਆਉਣਾ ਸ਼ੁਰੂ ਹੋ ਗਿਆ ਤੇ ਕਾਫੀ ਦੇਰ ਤੱਕ ਚਲਦਾ ਰਿਹਾ।  ਫੇਰ ਜਿਮ ਨੇ ਜ਼ਿਦ ਫੜ੍ਹ ਲਈ ਕਿ ਮੈਂ ਉਸਦੇ ਘਰ ਚੱਲਾਂ। ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ।
ਜਿਮ ਦਾ ਦੋ ਕਮਰਿਆਂ ਦਾ ਫਲੈਟ। ਅੰਦਰ ਵੜਦਿਆਂ ਦੇਖਿਆ ਡਰਾਇੰਗ-ਰੂਮ ਵਿਚ ਸਾਹਮਣੀ ਕੰਧ ਨਾਲ ਲੱਗਾ ਹੋਇਆ ਉਸਦਾ ਪਲੰਘ। ਪਲੰਘ ਤੋਂ ਕੁਝ ਉਚਾਈ ਉੱਤੇ ਇਕ ਖਿੜਕੀ। ਜਿਵੇਂ ਪਹਾੜੀ ਦੇ ਉਸ ਰੁੱਖ ਨੂੰ ਸਾਹਮਣੇ ਰੱਖ ਕੇ ਫਿੱਟ ਕੀਤੀ ਗਈ ਹੋਵੇ। ਕਮਰੇ ਵਿਚ ਵੜਦਿਆਂ ਹੀ ਜਿਮ ਨੇ ਪਲੰਘ ਕੋਲ ਜਾ ਕੇ ਉਸ ਰੁੱਖ ਨੂੰ ਨਮਸਕਾਰ ਕੀਤਾ ਜਿਵੇਂ ਉਹ ਉਸਦਾ ਕੋਈ ਦੇਵਤਾ, ਕੋਈ ਵੱਡਾ-ਵਡੇਰਾ ਹੋਵੇ।
ਝੱਲਿਆਂ ਵਾਲੀ ਹਰਕਤ, ਝੱਲੀ-ਵਲੱਲੀ ਸਫ਼ਾਈ।
“ਤੇਰਾ ਕੀ ਤੂੰ ਤਾਂ ਪੰਦਰਾਂ ਵੀਹ ਦਿਨਾਂ ਬਾਅਦ ਇੰਗਲੈਂਡ ਚਲਾ ਜਾਵੇਂਗਾ। ਫੇਰ ਉਹ ਵੀ ਇਕੱਲਾ, ਮੈਂ ਵੀ ਇਕੱਲਾ। ਦੂਜੇ ਕਮਰੇ ਦੀ ਖਿੜਕੀ ਵਿਚੋਂ ਉਹ ਰੁੱਖ ਦਿਖਾਈ ਨਹੀਂ ਸੀ ਦਿੰਦਾ, ਇਸ ਲਈ ਪਲੰਘ ਇੱਥੇ ਲਾ ਲਿਆ ਏ। ਉਸ ਰੁੱਖ ਨੂੰ ਦੇਖਦਾ ਆਂ, ਉਸ ਨਾਲ ਗੱਲਾਂ ਕਰਦਾ ਆਂ। ਅਜੀਬ-ਜਿਹੀ ਅੱਛੀ ਫੀਲਿੰਗ ਹੁੰਦੀ ਏ, ਇਕ ਸਹਾਰਾ ਮਿਲਦਾ ਏ।”
ਕੀ ਪਾਗਲਾਂ ਦੀ ਵੀ ਕੋਈ ਫੀਲਿੰਗ ਹੁੰਦੀ ਹੈ? ਸੜਕਾਂ ਉੱਤੇ ਆਪਣੇ-ਆਪ ਨਾਲ ਗੱਲਾਂ ਕਰਦੇ, ਚੀਕਾ-ਰੌਲੀ ਪਾਉਂਦੇ ਫਿਰਦੇ, ਕਈ ਪਾਗਲ ਦੇਖਦੇ ਹਾਂ ਅਸੀਂ! ਕੀ ਉਹਨਾਂ ਦੀ ਉਹੀ ਫੀਲਿੰਗ ਹੁੰਦੀ ਹੈ?
ਜਿਮ ਦੀਆਂ ਉਹਨਾਂ ਬਹੁਤ ਸਾਰੀਆਂ ਗੱਲਾਂ ਦੀ ਇਹ ਉਦਾਸ ਭੂਮਿਕਾ ਸੀ। ਸੋਚਿਆ, ਉਸਦਾ ਮੂਡ ਬਦਲਾਂ—
“ਘੱਟੋਘੱਟ ਅੱਜ ਦੇ ਦਿਨ ਤਾਂ ਹੱਸ-ਖੇਡ, ਖ਼ੁਸ਼ੀਆਂ ਮਨਾਅ। ਕੀ ਇੰਜ ਮਨਾਉਂਦੇ ਨੇ ਜਨਮ ਦਿਨ? ਕਿਸੇ ਚੰਗੀ ਜਗ੍ਹਾ ਚਲਦੇ ਆਂ, ਡਿਨਰ ਕਰਦੇ ਆਂ। ਫੇਰ ਤੇਰਾ ਬਰਥ-ਡੇ ਕੇਕ ਕੱਟਾਂਗੇ।”
“ਮੈਂ ਜਨਮ ਦਿਨ ਦਾ ਕੇਕ ਨਈਂ ਕੱਟਦਾ। ਮੇਰਾ ਜਨਮ-ਦਿਨ, ਮਦਰ-ਡੇ ਤੇ ਕਰਿਸਮਿਸ ਡੇ...ਇਹ ਤਿੰਨੇ ਦਿਨ ਮੇਰੇ ਲਈ ਸਭ ਤੋਂ ਉਦਾਸ ਦਿਨ ਨੇ।”
“ਗ਼ਜ਼ਬ ਕਰਦਾ ਏਂ, ਇਹ ਵੀ ਕੋਈ ਗੱਲ ਹੋਈ?”
ਗੱਲ ਸੀ...ਗ਼ਜ਼ਬ ਸੀ, ਹਨੇਰ ਸੀ...ਤੇ ਇੰਜ ਖੁੱਲ੍ਹੀ ਕਹਾਣੀ—
“ਤੰਤਰ ਕੋਈ ਵੀ ਹੋਵੇ ਜਦੋਂ ਹਕੂਮਤਾਂ ਜੁਲਮ ਕਰਨ 'ਤੇ ਉਤਰ ਆਉਂਦੀਆਂ ਨੇ ਤਾਂ ਖ਼ੁਦਾ ਦਾ ਲਿਖਿਆ ਵੀ ਬਦਲ ਦਿੰਦੀਆਂ ਨੇ, ਕਿਆਮਤ ਲਿਆ ਦਿੰਦੀਆਂ ਨੇ! ਮੈਂ ਤਾਂ ਸਿਰਫ਼ ਇਕ ਮਿਸਾਲ ਆਂ। ਮੇਰੇ ਵਰਗੇ ਲਗਭਗ ਦਸ ਹਜ਼ਾਰ ਸ਼ਿਕਾਰ ਹੋਰ ਵੀ ਨੇ।”
“ਕਿਓਂ? ਕੀ ਹੋਇਆਂ ਸੀ?”
“ਤੂੰ ਸੁਣੇਗਾ? ਸੁਣ ਸਕੇਂਗਾ? ਤੇਰੇ ਇੰਗਲੈਂਡ ਦੇ ਨਾਟਿੰਗਮ ਵਿਚ ਏ ਉਹ ਮਾਤ੍ਰਦੇਵੀ, ਇਕ ਸਿਰਕੱਢ ਸੋਸ਼ਲ ਵਰਕਰ, ਮਾਰਗੇਟ ਹੰਫ਼ੀਜ਼। ਉਹਨਾਂ ਤੋਂ ਸੁਣਿਆਂ ਸੀ ਪੂਰਾ ਕਿੱਸਾ।”
ਪਾਗਲਾਂ ਵਾਲੀ ਗੱਲ ਨਹੀਂ ਸੀ ਇਹ! ਸੁਣਨੀਂ ਪਈ ਦਸ ਹਜ਼ਾਰ ਕਹਾਣੀਆਂ ਦੀ ਉਸਦੀ ਇਕ ਕਹਾਣੀ ਜਿਹੜੀ ਦੋ ਸਭਿਅ ਤੇ ਸੁਸੰਸਕ੍ਰਿਤ ਦੇਸ਼ਾਂ—ਇੰਗਲੈਂਡ ਤੇ ਆਸਟਰੇਲੀਆ ਦੀ ਕਹਾਣੀ ਵੀ ਹੈ!
ਜੇਮਸ ਹਿਲ ਵਰਗੇ ਦਸ ਹਜ਼ਾਰ ਬੱਚਿਆਂ ਨੂੰ ਜਿਹੜੇ ਕਹਿਣ ਨੂੰ 'ਕੇਅਰ' ਵਿਚ ਸਨ—ਸਰਕਾਰੀ ਪਰਵਰਿਸ਼ ਵਿਚ ਸਨ—ਇੰਗਲੈਂਡ 'ਚੋਂ ਕੱਢ ਕੇ ਅਸਟਰੇਲੀਆ ਵਿਚ ਸੁੱਟ ਦਿੱਤਾ ਗਿਆ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਹੋਏ ਇਕ ਅਤਿ ਖ਼ਤਰਨਾਕ, ਗੁਪਤ ਤੇ ਘਿਣੌਨੇ ਸਮਝੌਤੇ ਦੇ ਤਹਿਤ। ਕੋਈ ਕਾਗਜ਼ ਪੱਤਰ ਨਹੀਂ, ਪਾਸਪੋਰਟ ਨਹੀਂ...ਬਸ, ਸੁੱਟ ਦਿੱਤਾ! ਮਕਸਦ? ਨੰਗਾ ਨਸਲਵਾਦ ਤੇ ਗ਼ਰੀਬ, ਮਾਸੂਮ ਬੱਚਿਆਂ ਦਾ ਨਿਰੰਕੁਸ਼ ਸ਼ੋਸ਼ਣ! ਬਦਨਾਮੀ ਦੇ ਡਰ ਤੋਂ ਇਸ ਨੀਚ ਪੜਯੰਤਰ ਵਿਚ ਕੈਥਲਿਕ ਬਰਦਰਸ, ਸਾਲਵੇਸ਼ਨ ਆਰਮੀ, ਬਰਨਾਰਡਜ਼ ਵਰਗੀਆਂ ਲੋਕ-ਸਨਮਾਣਿਤ ਧਾਰਮਿਕ ਤੇ ਸਮਾਜਿਕ ਕਲਿਆਣਕਾਰੀ ਸੰਸਥਾਵਾਂ ਵੀ ਸ਼ਾਮਲ ਕਰ ਲਈਆਂ ਗਈਆਂ। ਪੈਸਾ ਸਰਕਾਰੀ ਲੱਗਦਾ ਪਰ ਸੌਖ ਅਨੁਸਾਰ ਇਹਨਾਂ ਸੰਸਥਾਵਾਂ ਨੂੰ ਅੱਗੇ ਕਰ ਦਿੱਤਾ ਜਾਂਦਾ।
ਬ੍ਰਿਟੇਨ ਦੀ 'ਕੇਅਰ' ਵਿਚ ਬੱਚਿਆਂ ਦਾ ਰੋਜ਼ਾਨਾ ਖ਼ਰਚਾ ਪੰਜ ਪਾਊਂਡ ਸੀ ਜਦਕਿ ਆਸਟਰੇਲੀਆ ਵਿਚ ਇਹ ਸਿਰਫ਼ ਦਸ ਸ਼ਲਿੰਗ ਸੀ (ਅੱਜ ਦੇ ਪੰਜਾਹ ਪੇਂਸ)। ਬ੍ਰਿਟੇਨ ਨੂੰ ਹੋਈ ਪ੍ਰਤੀ ਬੱਚਾ ਪ੍ਰਤੀ ਦਿਨ ਸਾਢੇ ਚਾਰ ਪਾਊਂਡ ਦੀ ਬੱਚਤ। ਆਸਟਰੇਲੀਆ ਦੀ ਨਸਲਵਾਦੀ ਸਰਕਾਰ ਨੂੰ ਹੋਇਆ ਦੂਹਰਾ ਫ਼ਾਇਦਾ। ਆਸਟਰੇਲੀਆ ਨੂੰ ਮਿਲੇ ਮੁਫ਼ਤ ਵਿਚ ਬਾਲ-ਮਜ਼ਦੂਰ ਤੇ ਕਾਲੇ ਆਦਿਵਾਸੀਆਂ ਦੇ ਮੁਕਾਬਲੇ ਗੋਰਿਆਂ ਦੀ ਆਬਾਦੀ ਵਿਚ ਵਾਧਾ। ਬਾਅਦ ਵਿਚ ਗੋਰੇ, ਗੋਰੀਆਂ ਦੀਆਂ ਆਪਸੀ ਸ਼ਾਦੀ ਦੇ ਨਤੀਜੇ ਵਜੋਂ ਇਸ ਵਾਧੇ ਦਾ ਹੋਇਆ ਜਬਰਦਸਤ multiplier effect !
ਵੀਹ ਸਾਲਾਂ ਵਿਚ ਕੋਈ ਦਸ ਹਜ਼ਾਰ ਬੱਚੇ ਆਰਾਮ ਨਾਲ ਖਪਾਅ ਦਿੱਤੇ ਗਏ। ਮਾਂਵਾਂ ਨੂੰ ਕਹਿ ਦਿੱਤਾ 'ਬਦਚਲਣ' ਓਂ, ਪਿਤਾਵਾਂ ਨੂੰ 'ਨਾਕਾਰਾ' ਤੇ ਫੇਰ ਝੂਠ ਉੱਤੇ ਝੂਠ! ਬੱਚਿਆਂ ਨੂੰ ਕਹਿ ਦਿੱਤਾ ਕਿ ਉਹਨਾਂ ਦੇ ਮਾਤਾ-ਪਿਤਾ ਨਹੀਂ ਰਹੇ ਤੇ ਮਾਂ-ਬਾਪ ਨੂੰ ਕਿਹਾ ਗਿਆ ਕਿ ਉਹਨਾਂ ਦੇ ਬੱਚੇ ਰੱਜੇ-ਪੁੱਜੇ, ਧਨੱਡ ਤੇ ਭਲੇ ਘਰਾਂ ਨੇ ਗੋਦ ਲੈ ਲਏ ਨੇ ਤੇ ਉਹਨਾਂ ਦੇ ਸੰਪਰਕ 'ਚੋਂ ਬਾਹਰ ਰਹਿਣਗੇ। ਉਹ ਬੱਚੇ ਇਨਸਾਨ ਨਹੀਂ ਸਨ, ਲੁੱਟ ਦਾ ਮਾਲ ਸਨ ਤੇ ਲੁੱਟ ਦੇ ਮਾਲ ਵਾਂਗ ਹੀ ਉਹਨਾਂ ਦੀ ਦੁਰ-ਵਰਤੋਂ ਵੀ ਹੋਈ।
ਜਿਮ ਨੇ ਤਾਂ ਆਪਣੀ ਕਹਾਣੀ ਸੁਣਾਉਣੀ ਸੀ। ਉਹ ਇਕ ਝਟਕੇ ਨਾਲ ਉੱਠਿਆ ਤੇ ਨਾਲ ਵਾਲੇ ਕਮਰੇ ਵਿਚ ਚਲਾ ਗਿਆ। ਆਇਆ ਤਾਂ ਉਸਦੇ ਹੱਥ ਵਿਚ ਇਕ ਭੂਸਲੇ ਰੰਗ ਦਾ ਰਜਿਸਟਰ ਸੀ। ਉਹੋ-ਜਿਹੇ ਭੂਸਲੇ, ਪੀਲੇ ਪੰਨੇ ਸਨ ਉਸ ਰਜਿਸਟਰ ਦੇ—ਦੇਖਦਿਆਂ ਹੀ ਮੂੰਹੋਂ ਨਿਕਲਿਆ, “ਸਕਰੈਪ ਬੁੱਕ।”
“ਯਸ, ਸਕਰੈਪ-ਬੁੱਕ ਆਫ਼ ਏ ਸਕਰੈਪ-ਲਾਈਫ਼ (ਇਕ ਰੱਦੀ ਜ਼ਿੰਦਗੀ ਦਾ ਰੱਦੀ ਰਜਿਸਟਰ)! ਇਸ ਵਿਚ ਵੱਸੀਆਂ ਹੋਈਆਂ ਨੇ ਮੇਰੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਤਿੱਖੀਆਂ, ਕੁਸੈਲੀਆਂ ਯਾਦਾਂ। ਨੌਂ ਸਾਲ ਦੀ ਕੱਚੀ ਉਮਰ ਵਿਚ ਮੇਰੀ ਮੰਮੀ ਦਾ ਦਿੱਤਾ ਇਹ ਅੰਤਮ ਤੋਹਫ਼ਾ!”
“ਨੌਂ ਸਾਲ ਦੀ ਉਮਰ 'ਚ ਤੇਰੀ ਮਾਂ ਚੱਲ ਵੱਸੀ ਸੀ?”
“ਨਈਂ! ਉਹ ਵੀ ਖੋਹ ਲਈ ਗਈ ਸੀ। ਉਹ ਇੰਗਲੈਂਡ 'ਚ ਕਿਤੇ ਹੋਵੇਗੀ ਤੇ ਮੈਂ ਇੱਥੇ ਆਸਟਰੇਲੀਆ 'ਚ ਆ ਪਹੁੰਚਿਆਂ!”
ਜਿਮ ਨੇ ਮਾਂ ਦੇ ਉਸ ਅੰਤਮ ਤੋਹਫ਼ੇ ਨੂੰ ਇਕ ਧਰਮ-ਪੁਸਤਕ ਵਾਂਗ ਚੁੰਮਿਆਂ, ਮੱਥੇ ਨੂੰ ਲਾਇਆ ਤੇ ਪੰਨੇ ਪਰਤਣ ਲੱਗਿਆ।
ਪਹਿਲੀ ਤਸਵੀਰ ਸੀ ਨਵੇਂ ਜੰਮੇ ਜਿਮ ਦੀ ਜਿਸ ਉੱਤੇ ਉਸਦੀ ਮਾਂ ਨੇ ਹੱਥ ਨਾਲ ਉਸਦਾ ਜਨਮ-ਸਮਾਂ ਤੇ ਤਾਰੀਖ਼ ਲਿਖੀ ਹੋਈ ਸੀ। ਕੁਝ ਤਸਵੀਰਾਂ ਸਕੂਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸਦੀ ਬਾਲ-ਅਵਸਥਾ ਦੀਆਂ ਸਨ...ਨਿੱਕੇ ਨਿੱਕੇ ਖਿਡੌਣੇ, ਕਾਰਾਂ, ਰਬੜ ਦੀਆਂ ਨਿੱਕੀਆਂ-ਵੱਡੀਆਂ ਗੇਂਦਾਂ ਤੇ ਪਲਾਸਟਕ ਦਾ ਕ੍ਰਿਕਟ ਬੈਟ-ਬਾਲ ਵਗ਼ੈਰਾ-ਵਗ਼ੈਰਾ।
ਮਾਰਗਰੇਟ ਨੇ ਚੁਣ-ਚੁਣ ਕੇ ਬੜੇ ਪਿਆਰ ਨਾਲ ਸਕਰੈਪ-ਬੁੱਕ ਵਿਚ ਚਿਪਕਾਈਆਂ ਹੋਣਗੀਆਂ ਉਹ ਕਾਤਰਾਂ। ਇਕ ਕਾਤਰ ਵਿਚ ਪਹਿਲੀ ਵਾਰ ਬਿੰਦੂਆਂ ਨਾਲ ਜੋੜਿਆ ਉਸਦੇ ਹੱਥ ਦਾ ਲਿਖਿਆ ਹੋਇਆ ਉਸਦਾ ਨਾਂ, ‘Jim’। ਉਹ ਪੰਨੇ ਪਰਤਦਾ ਰਿਹਾ ਤੇ ਉਹਨਾਂ ਕਾਰਤਾਂ ਵਿਚ ਦੇਖਣ ਨੂੰ ਮਿਲਿਆ ਸ਼ਬਦਾਂ ਵਿਚ ਝਲਕਦਾ ਮਾਂ ਦੇ ਪ੍ਰਤੀ ਉਸਦਾ ਪਿਆਰ!
‘Mum’
‘My mum’
‘I love my mum’
ਅਗਲੀ ਕਾਤਰ ਸੀ—‘I love my mum.
   +++'
ਭਰੜਾਈ ਆਵਾਜ਼ ਵਿਚ ਬਿਆਨ ਹੋਈ, ਉਸ ਕਾਤਰ ਦੀ ਅਸਲੀਅਤ।
“ਉਦੋਂ ਪਹਿਲੀ ਵਾਰੀ ਮਾਂ ਨੇ ਮੈਨੂੰ ਸਮਝਾਇਆ ਸੀ ਕਿ ਹਰ ਵਾਕ ਤੇ ਅੰਤ ਵਿਚ 'ਫੁਲ-ਸਟਾਪ' ਵੀ ਲਾਉਣਾ ਹੁੰਦਾ ਏ। ਜੇ ਤੂੰ ਮੰਮੀ ਨੂੰ ਪਿਆਰ ਕਰਦਾ ਏਂ ਤਾਂ ਚੁੰਮਣ ਦੇ ਨਿਸ਼ਾਨ '+++' ਵੀ ਜੋੜ।”
ਜਿਮ ਦੀਆਂ ਸਿੱਜਲ ਅੱਖਾਂ ਮੇਰੀਆਂ ਅੱਖਾਂ ਨਾਲ ਮਿਲੀਆਂ, “ਦੇਖ ਲੈ ਤੂੰ ਵੀ! ਮੇਰੀ ਲਿਖਾਈ ਸੁਧਰਦੀ ਗਈ, ਤਕਦੀਰ ਵਿਗੜਦੀ ਗਈ। ਇਹ ਫੁਲ ਸਟਾਪ ਹਮੇਸ਼ਾ ਲਈ ਸਾਡੇ ਮਾਂ-ਪੁੱਤਰ ਵਿਚਕਾਰ ਆ ਗਿਆ ਤੇ ਜਿਵੇਂ ਗਲਤ ਲਿਖਾਈ ਨੂੰ ਕਾਗਜ਼ ਤੋਂ ਕੱਟ ਦਿੱਤਾ ਜਾਂਦਾ ਏ, ਚੁੰਮਨਾਂ ਦੇ '+++' ਬਣ ਗਏ ਕਾਟਿਆਂ ਦੇ ਨਿਸ਼ਾਨ!”
ਸਕਰੈਪ-ਬੁੱਕ ਦੇ ਇਕ ਪੰਨੇ ਉੱਤੇ ਮਾਂ-ਪੁੱਤਰ ਦੀ ਫੋਟੋ ਚਿਪਕੀ ਹੋਈ ਸੀ। ਉਸਦੇ ਹੇਠਾਂ ਮਾਰਗਰੇਟ ਹਿਲ ਨੇ ਕੈਪੀਟਲ ਅੱਖਰਾਂ ਵਿਚ ਦੱਖਣ ਲੰਦਨ ਦੇ ਕ੍ਰਾਯਡਨ ਵਿਚ ਸਥਿਤ ਆਪਣੇ ਘਰ ਦਾ ਪਤਾ ਤੇ ਫੋਨ ਨੰਬਰ ਲਿਖਿਆ ਹੋਇਆ ਸੀ। ਜਿਮ ਦੀ ਹਥੇਲੀ ਆਪਣੀ ਮਾਂ ਦੇ ਲਿਖੇ ਪੱਚੀ ਸਾਲ ਪੁਰਾਣੇ ਆਪਣੇ ਫਲੈਟ ਦੇ ਪਤੇ ਉੱਤੇ ਇੰਜ ਫਿਰਨ ਲੱਗੀ ਜਿਵੇਂ ਆਪਣੀ ਇਸ ਕ੍ਰਿਆ ਨਾਲ ਉਸਨੇ ਸਮੇਂ ਦੀ ਫਿਰਕੀ ਨੂੰ ਸਾਲਾਂ ਪਿੱਛੇ ਘੁਮਾਅ ਦਿੱਤਾ ਹੋਵੇ ਤੇ ਸੱਤ ਸਮੁੰਦਰ ਪਾਰ ਫੇਰ ਆਪਣੇ ਘਰ ਦੀ ਦਹਿਲੀਜ਼ ਉੱਤੇ ਜਾ ਖੜ੍ਹਾ ਹੋਇਆ ਹੋਵੇ।
ਫੇਰ ਅਚਾਨਕ ਉਹ ਕੂਕਿਆ, “ਹਿਟਲਰ ਦੇ ਤੁਖ਼ਮੋਂ, ਇਹ ਤਿਲ-ਤਿਲ ਖੋਰੇ ਦੀ ਮੌਤ ਕਿਓਂ ਸੌਂਪ ਦਿੱਤੀ ਸਾਨੂੰ? ਕਿਸੇ ਚੈਂਬਰ ਵਿਚ ਬੰਦ ਕਰ ਦਿੰਦੇ, ਗੋਲੀ ਨਾਲ ਉਡਾਅ ਦਿੰਦੇ!”
ਦਸ ਹਜ਼ਾਰ ਆਵਾਜ਼ਾਂ ਹੋਰ ਵੀ ਇੰਜ ਈ ਕੂਕਦੀਆਂ ਹੋਣਗੀਆਂ! ਗੋਲੀ, ਗੈਸ-ਚੈਬਰ ਨਾਲ ਕਿੰਜ ਮਿਲਦੇ ਮੁਫ਼ਤ ਦੇ ਗੁਲਾਮ, ਉਹ ਬਾਲ-ਮਜ਼ਦੂਰ? ਕਿੰਜ ਵਧਦੀ ਆਸਟਰੇਲੀਆ ਵਿਚ ਗੋਰੀ ਆਬਾਦੀ?
ਇਹ ਸੀ ਜਿਮ ਦੀਆਂ 'ਬਹੁਤ ਸਾਰੀਆਂ' ਗੱਲਾਂ ਦੀ ਪਹਿਲੀ ਉਦਾਸ ਕਿਸ਼ਤ! ਵਾਤਾਵਰਣ ਬੋਝਲ ਹੋ ਗਿਆ ਸੀ। ਬੜੀ ਮੁਸ਼ਕਲ ਨਾਲ ਮੈਂ ਜਿਮ ਨੂੰ ਬਾਹਰ ਚੱਲ ਕੇ ਇਕ ਚੰਗੇ ਰੇਸਤਰਾਂ ਵਿਚ ਡਿਨਰ ਲਈ ਮਨਾਇਆ।
ਜਿਮ ਦੀ ਪੂਰੀ ਕਹਾਣੀ ਮੈਂ ਸੁਣ ਲਈ ਹੈ। ਉਸਦੀ ਮੰਮੀ ਰੋਮਨ ਕੈਥਲਿਕ ਸੀ—ਪੋਪ ਦੀ ਅਨੁਯਾਈ...ਤੇ ਡੈਡੀ, ਪ੍ਰੋਟੇਸਟੈਂਟ—ਚਰਚ ਆਫ਼ ਇੰਗਲੈਂਡ ਦੇ ਅਨੁਯਾਈ! ਵਿਆਹ ਹੋਇਆ ਨਹੀਂ ਤੇ ਮਾਰਗਰੇਟ ਤੇ ਡੇਵਿਡ ਇਕੱਠੇ ਰਹਿਣ ਲੱਗੇ ਤੇ ਜਿਮ ਦਾ ਜਨਮ ਹੋਇਆ। ਉਹ ਨੌਂ ਸਾਲ ਦਾ ਸੀ ਜਦੋਂ ਇਕ ਰਾਤ ਡੇਵਿਡ ਅਚਾਨਕ ਘਰ ਛੱਡ ਕੇ ਚਲਾ ਗਿਆ। ਉਸਦੀ ਕਮਾਈ ਨਾਲ ਘਰ ਚੱਲਦਾ ਸੀ ਤੇ ਮਾਰਗਰੇਟ ਰਹਿ ਗਈ ਇਕ ਗਰੀਬ 'ਸਿੰਗਲ ਮਦਰ'। ਉਸਨੇ ਘਰੇ ਹੀ ਕੁਛ ਟਾਈਪਿੰਗ ਤੇ ਸਿਲਾਈ ਵਗ਼ੈਰਾ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਕਿਸੇ ਤਰ੍ਹਾਂ ਮਾਂ-ਪੁੱਤਰ ਦਾ ਗੁਜਾਰਾ ਚੱਲਦਾ ਰਿਹਾ। ਫੇਰ ਵੀ ਮਾਂ ਤੋਂ ਪੁੱਤਰ ਨੂੰ ਝਪਟਣ ਦੇ ਬਹਾਨੇ ਲੱਭੇ ਜਾਣ ਲੱਗੇ।
ਇਕ ਦਿਨ ਕ੍ਰਾਯਡਨ ਕਾਊਂਸਲ ਵਾਲੇ ਕਰਮਚਾਰੀ ਆਏ ਤੇ ਇਕ ਛਪੇ ਹੋਏ ਫਾਰਮ ਉੱਤੇ ਆਪਣਾ ਫਤਵਾ ਲਿਖ ਗਏ—’Single mother, no stable income, James Hill (9) to be taken into Council care.’
ਫੇਰ ਆਏ ਪਾਦਰੀਆਂ ਵਰਗੇ ਕੈਥਲਿਕ ਬਰਦਰਸ। ਲੰਮੇ-ਲੰਮੇ ਕਾਲੇ ਚੋਗੇ, ਲੰਮੀਆਂ-ਲੰਮੀਆਂ ਦਾੜ੍ਹੀਆਂ। ਨਾ ਉਹਨਾਂ 'ਚ ਈਸਾਈਅਤ ਸੀ, ਨਾ ਇਨਸਾਨੀਅਤ! ਦਾੜ੍ਹੀਆਂ ਦੀ ਓਟ ਵਿਚ ਛਿਪੇ ਗਰਦਨਾਂ ਵਿਚ ਲਟਕਦੇ ਉਹਨਾਂ ਦੇ ਕਰਾਸ, ਈਸਾਈਅਤ ਦੇ ਧਰਮ-ਚਿੰਨ੍ਹ ਨੂੰ ਲਾਜ ਲਾਉਂਦੇ ਹੋਣਗੇ। ਉਹਨਾਂ ਦਾ ਬਹਾਨਾ ਵੱਖਰਾ ਸੀ। ਮਾਰਗਰੇਟ ਨੇ ਬਿਨਾਂ ਵਿਆਹ ਦੇ ਇਕ ਗ਼ੈਰ-ਧਰਮੀ ਨਾਲ ਰਿਸ਼ਤਾ ਜੋੜ ਕੇ ਇਕ bastard ਨੂੰ ਕਿਉਂ ਜਨਮ ਦਿੱਤਾ? ਬੜੀ ਚੀਕੀ-ਕੂਕੀ ਸੀ ਮਾਰਗਰੇਟ, “ਡੇਵਿਡ ਬੇਵਫ਼ਾ ਨਿਕਲਿਆ...ਮੇਰੀ ਕਿਸਮਤ। ਵਿਆਹ ਹੋਇਆ ਹੋਵੇ ਜਾਂ ਨਾ ਵੀ ਹੋਇਆ ਹੋਵੇ...ਕੀ ਧਰਮੀ, ਕੀ ਗ਼ੈਰ-ਧਰਮੀ—ਤੁਹਾਡੇ ਕੋਲ ਕੀ ਗਾਰੰਟੀ ਏ ਕਿ ਕਿਸੇ ਧਰਮ ਵਿਚ ਕੋਈ ਬੇਵਫ਼ਾ ਨਈਂ ਹੁੰਦਾ, ਕਿਸੇ ਨੂੰ ਛੱਡ ਕੇ ਨਈਂ ਜਾਂਦਾ?”
ਉਹ ਕੱਚੇ-ਜਿਹੇ ਹੋ ਕੇ ਚਲੇ ਗਏ।
ਇਕ ਘੜੀ-ਘੜਾਈ ਨੀਤੀ ਸੀ ਕੈਥਲਿਕ ਬਰਦਰਸ ਦੀ...ਪਹਿਲਾਂ ਗਰਮ, ਫੇਰ ਨਰਮ! ਹੁਣ ਉਹਨਾਂ ਵੱਲੋ ਪੇਸ਼ ਹੋਇਆ ਮਿੱਠਾ ਜ਼ਹਿਰ! ਇਕ ਹੋਰ ਪਾਦਰੀਨੁਮਾ ਅਜਨਬੀ। ਬਰਦਰ ਜਾਨ ਘਰ ਵਿਚ ਆਉਣ-ਜਾਣ ਲੱਗਾ। ਉਹੀ ਹੁਲੀਆ ਪਰ ਵੱਡੀਆਂ-ਵੱਡੀਆਂ ਗੱਲਾਂ, ਤੇ ਫਰਿਸ਼ਤਿਆਂ ਵਰਗੀ ਮਿੱਠੀ, ਨਿਮਰ ਭਾਸ਼ਾ। ਉਹ ਮਾਰਗਰੇਟ ਨੂੰ 'ਮਾਈ ਚਾਈਲਡ' ਤੇ ਜਿਮ ਨੂੰ 'ਡੀਅਰ ਲਿਟਲ ਸਨ' ਕਹਿ ਕੇ ਬੁਲਾਉਂਦਾ ਸੀ। ਉਸਨੇ ਵਿਸ਼ਵਾਸ ਦਿਵਾਇਆ ਕਿ ਕੈਥਲਿਕ ਬਰਦਰਸ ਦੀਆਂ ਨਜ਼ਰਾਂ ਵਿਚ ਉਹ ਹਮੇਸ਼ਾ ਰੋਮਨ ਕੈਥਲਿਕ ਹੀ ਰਹਿਣਗੇ ਤੇ ਮਾਂ-ਪੁੱਤਰ, ਦੋਵਾਂ ਨੂੰ ਕੈਥਲਿਕ ਬਰਦਰਸ ਦੀ 'ਕੇਅਰ' ਵਿਚ ਰੱਖਿਆ ਜਾਵੇਗਾ। ਜਿਮ ਨੂੰ ਕਾਊਂਸਲ ਦੀ ਕੇਅਰ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਬਰਦਰ ਜਾਨ ਨੇ ਮਾਰਗਰੇਟ ਨੂੰ ਆਪਣੇ ਸੰਗਠਨ ਵਿਚ ਇਕ ਚੰਗੀ ਫੁਲ-ਟਾਈਮ ਨੌਕਰੀ ਦਿਵਾਉਣ ਦਾ ਵਚਨ ਵੀ ਦਿੱਤਾ। ਉਹ ਨੌਕਰੀ ਲਈ 'ਹਾਂ' ਕਿਵੇਂ ਕਰ ਦਿੰਦੀ। ਸਵਾਲ ਜਿਮ ਦਾ ਸੀ। ਉਸਨੂੰ ਕੌਣ ਸੰਭਾਲਦਾ?
ਜਿਮ ਹੀ ਤਾਂ ਸੀ ਉਹਨਾਂ ਦੇ ਨਿਸ਼ਾਨੇ ਉੱਤੇ! ਉਸੇ ਕਰਕੇ ਤਾਂ ਰਚਿਆ ਜਾ ਰਿਹਾ ਸੀ ਉਹ ਪੜਪੰਚ। ਸਿਰਫ਼ ਸ਼ਹਿਦ ਵਿਚ ਘੁਲੇ ਸ਼ਬਦਾਂ ਨਾਲ ਗੱਲ ਨਹੀਂ ਸੀ ਬਣਨ ਵਾਲੀ। ਜਾਨ ਪਰਿਵਾਰ ਦੇ ਮੈਂਬਰਾਂ ਲਈ ਹਰ ਤੀਜੇ, ਚੌਥੇ ਦਿਨ ਕਦੀ ਫੁੱਲ, ਕਦੀ ਚਾਕਲੇਟ ਲੈ ਕੇ ਪਹੁੰਚ ਜਾਂਦਾ। ਹੌਲੀ-ਹੌਲੀ ਇਹਨਾਂ ਛੋਟੀਆਂ-ਛੋਟੀਆਂ ਮਿਹਰਬਾਨੀਆਂ ਕਰਕੇ ਬਿਲਕੁਲ ਆਪਣਿਆਂ ਵਾਂਗ ਉਹਨਾਂ ਨਾਲ ਘੁਲਮਿਲ ਗਿਆ ਤੇ ਬਣ ਬੈਠਾ ਉਹਨਾਂ ਦਾ ਸਰਪਰਸਤ। ਉਸਨੇ ਦੂਰ ਪਾਰ ਆਸਟਰੇਲੀਆ ਦੀ ਸੱਚੀ, ਝੂਠੀ ਪ੍ਰਸੰਸ਼ਾ ਵਿਚ ਉੱਥੋਂ ਦੀ ਸੁੰਦਰ ਹਰਿਆਲੀ ਮਾਰਗਰੇਟ ਦੇ ਚੁਫ਼ੇਰੇ ਵਿਛਾਅ ਦਿੱਤੀ।
ਰਾਤ ਨੂੰ ਜਿਹੜੇ ਸੁਪਨੇ ਅਸੀਂ ਦੇਖਦੇ ਹਾਂ, ਆਉਂਦੇ ਨੇ ਤੇ ਭੁੱਲ-ਵਿਸਰ ਜਾਂਦੇ ਨੇ। ਅਗਲੀ ਸਵੇਰ ਤੱਕ ਯਾਦ ਵੀ ਨਹੀਂ ਰਹਿੰਦੇ। ਜਾਗਦੀਆਂ ਅੱਖਾਂ ਸਾਹਵੇਂ ਜਦੋਂ ਕੋਈ ਦੂਜਾ ਸੁਪਨੇ ਵਿਛਾਉਂਦਾ ਹੈ, ਉਹ ਵਿਸਰਦੇ  ਨਹੀਂ। ਕਈ ਵਾਰੀ ਧੁਰ ਅੰਦਰ ਤੱਕ ਧਸ ਜਾਂਦੇ ਨੇ, ਪੱਕਾ ਠਿਕਾਣਾ ਬਣਾ ਬਹਿੰਦੇ ਨੇ! ਬਰਦਰ ਜਾਨ ਨੂੰ ਇਸ ਕਲਾ ਵਿਚ ਕਮਾਲ ਹਾਸਲ ਸੀ। ਕੌਣ ਜਾਣੇ ਇਸ ਤੋਂ ਪਹਿਲਾਂ ਉਸਨੇ ਕਿੰਨੀਆਂ ਮਾਂਵਾਂ ਨੂੰ ਬੇਵਕੂਫ਼ ਬਣਾਇਆ ਹੋਵੇਗਾ! ਇੰਗਲੈਂਡ ਬਿਲਕੁਲ ਤੰਗ ਤੇ ਘੁਟਿਆ-ਘੁਟਿਆ ਜਿਹਾ! ਇੱਥੇ ਧੁੱਪ ਕਿੱਥੇ...ਬੱਦਲ, ਬਰਸਾਤ ਤੇ ਬਰਫ਼। ਓਧਰ ਆਸਟਰੇਲੀਆ—ਇਕ ਮਹਾਦੀਪ। ਹਰ ਮੌਸਮ ਵਿਚ ਸੁਨਹਿਰੀ ਧੁੱਪ ਵਿਚ ਪਲਦੇ, ਵਧਦੇ-ਫੁੱਲਦੇ , ਦੂਰ-ਦੂਰ ਤੱਕ ਫ਼ੈਲੇ, ਖੁੱਲ੍ਹੇ ਖੇਤ ਤੇ ਫਲਾਂ ਦੇ ਬਾਗ਼! ਹੂ-ਬ-ਹੂ ਜੱਨਤ ਹੈ ਉਹ ਦੇਸ਼। ਖੇਤਾਂ ਬਾਗ਼ਾਂ ਦੀ ਸੈਰ ਕਰੇਗਾ ਤੇਰਾ ਲਾਲ! ਹਰ ਕਿਸਮ ਦੇ ਤਾਜ਼ੇ ਫ਼ਲ ਖਾਵੇਗਾ। ਨਵੇਂ-ਨਵੇਂ ਦੋਸਤ ਬਣਾਵੇਗਾ। ਘੋੜਾ-ਬੱਘੀ ਵਿਚ ਬੈਠ ਕੇ ਸਕੂਲ ਜਾਵੇਗਾ। ਹਰ ਰੋਜ਼ ਸੈਂਕੜੇ, ਹਜ਼ਾਰਾਂ ਲੋਕ ਇੱਥੋਂ, ਓਥੇ ਐਵੇਂ ਹੀ ਨਹੀਂ ਜਾ ਰਹੇ। ਤੇਰੇ ਕੋਲ ਵੀ ਇੱਥੇ ਫੁੱਲ-ਟਾਈਮ ਨੌਕਰੀ ਹੋਵੇਗੀ। ਕੁਛ ਮਹੀਨਿਆਂ ਵਿਚ ਤੂੰ ਵੀ ਖ਼ੂਬ ਸਾਰੇ ਪੈਸੇ ਬਚਾਅ ਕੇ ਆਪਣੇ ਪੁੱਤਰ ਕੋਲ ਚਲੀ ਜਾਵੀਂ।”
ਉਦੋਂ ਹੀ ਜਿਮ ਕਮਰੇ ਵਿਚ ਆ ਗਿਆ। ਬਰਦਰ ਜਾਨ ਨੇ ਉਸਨੂੰ ਪੁੱਛਿਆ, “ਤੂੰ ਇੱਥੇ ਸਰਕਾਰੀ 'ਕੇਅਰ' ਵਿਚ ਜਾਵੇਂਗਾ ਜਾਂ ਆਸਟਰੇਲੀਆ?”
ਨੌਂ ਸਾਲ ਦਾ ਅਣਭੋਲ ਬੱਚਾ। ਵਿਛੋੜੇ ਦੇ ਦੁੱਖਾਂ ਤੋਂ ਅਣਜਾਣ। ਸਮੁੰਦਰ-ਸੈਰ ਦੀ ਉਕਸਾਹਟ ਵਿਚ ਝੱਟ ਕਹਿ ਦਿੱਤਾ, “ਆਸਟਰੇਲੀਆ!”
ਮੁਸੀਬਤਾਂ ਦੀ ਗੁਫ਼ਾ ਵਿਚ ਕੈਦ ਮਾਰਗਰੇਟ ਧੋਖਾ ਖਾ ਗਈ। ਉਸਦੇ ਮੂੰਹੋਂ ਨਿਕਲਿਆ, “ਸੋਚਣਾ ਪਵੇਗਾ!”
ਜਾਨ ਨੂੰ ਲੈ ਜਾਣ ਲਈ ਇਕ ਦਿਨ ਕੌਂਸਿਲ ਦੇ ਅਧਿਕਾਰੀ ਫੇਰ ਆ ਧਮਕੇ। ਮਾਰਗਰੇਟ ਨੇ ਕਿਹਾ ਸੀ 'ਸੋਚਣਾ ਪਵੇਗਾ।' ਵਿਚਾਰ ਅਧੀਨ ਗੱਲ ਨੂੰ ਉੱਥੇ ਮੌਜੂਦ ਬਰਦਰ ਜਾਨ ਨੇ ਆਪਣੇ ਵੱਲੋਂ ਅੰਤਮ ਫ਼ੈਸਲੇ ਵਿਚ ਬਦਲ ਦਿੱਤਾ। ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਦੋਵੇਂ ਮਾਂ-ਪੁੱਤਰ ਕੈਥਲਿਕ ਬਰਦਰਸ ਦੀ 'ਕੇਅਰ' ਵਿਚ ਨੇ ਤੇ ਆਸਟਰੇਲੀਆ ਭੇਜੇ ਜਾ ਰਹੇ ਨੇ। ਪਹਿਲਾਂ ਜਿਮ ਦੀ ਵਾਰੀ ਹੈ। ਤਿੰਨ ਮਹੀਨੇ ਬਾਅਦ ਇਕ ਸਮੁੰਦਰੀ ਜਹਾਜ਼ ਵਿਚ ਉਸਦੀ ਬੁਕਿੰਗ ਹੈ। ਮਾਂ ਬਾਅਦ ਵਿਚ ਬਾਈ ਏਅਰ ਚਲੀ ਜਾਵੇਗੀ।
ਮਾਰਗਰੇਟ ਕੁਝ ਨਾ ਕਹਿ ਸਕੀ। ਬਸ ਸੋਚ ਲਿਆ ਕਿ ਘੱਟੋਘੱਟ ਤਿੰਨ ਮਹੀਨਿਆਂ ਲਈ ਮਾੜੀ ਘੜੀ ਟਲ ਗਈ।
ਪਰ ਤਿੰਨ ਮਹੀਨੇ?...ਤਿੰਨ ਮਹੀਨੇ ਈ ਹੁੰਦੇ ਨੇ...ਲੰਘਦਿਆਂ ਦੇਰ ਨਹੀਂ ਲੱਗਦੀ। ਪੁੱਤਰ ਦੇ ਵਿਛੋੜੇ ਦਾ ਡਰ ਮਾਰਗਰੇਟ ਨੂੰ ਖਾਈ ਜਾ ਰਿਹਾ ਸੀ। ਦੋਵੇਂ ਮਾਂ-ਪੁੱਤਰ ਇਕੋ ਕਮਰੇ ਵਿਚ ਸੌਂਦੇ ਸਨ। ਇਕ ਰਾਤ ਜਿਮ ਨੇ ਮਾਂ ਦੀਆਂ ਸਿਸਕੀਆਂ ਸੁਣੀਆਂ। ਉਹ ਉਸ ਨਾਲ ਜਾ ਲਿਪਟਿਆ।
“ਤੂੰ ਚਲਾ ਜਾਵੇਂਗਾ...ਇਕੱਲਾ ਏਨੀ ਦੂਰ!”
“ਬਾਅਦ 'ਚ ਤੁਸੀਂ ਵੀ ਤਾਂ ਆ ਜਾਓਗੇ ਨਾ।”
“ਤੂੰ ਅਜੇ ਬੜਾ ਛੋਟਾ ਏਂ। ਪਹਿਲਾਂ ਕਦੀ ਮੈਥੋਂ ਵੱਖ ਨਈਂ ਰਿਹਾ। ਏਨੇ ਦਿਨ ਮੇਰੇ ਬਿਨਾਂ ਕਿੰਜ ਰਹੇਂਗਾ?”
ਇਹੀ ਸਵਾਲ ਮਨ ਈ ਮਨ ਮਾਰਗਰੇਟ ਆਪਣੇ-ਆਪ ਤੋਂ ਵੀ ਪੁੱਛ ਰਹੀ ਹੋਵੇਗੀ, 'ਮੈਂ ਜਿਮ ਦੇ ਬਿਨਾਂ ਇਕੱਲੀ ਕਿੰਜ ਰਹਾਂਗੀ?'...ਤੇ ਫੇਰ ਉਹ ਤਸੱਲੀਆਂ ਜਿਹੜੀਆਂ ਅਜਿਹੇ ਸਮੇਂ ਮਾਂਵਾਂ ਮੰਗਦੀਆਂ ਨੇ ਤੇ ਵਚਨ ਜਿਹੜੇ ਦਿੱਤੇ ਜਾਂਦੇ ਨੇ—ਸਾਰੀ ਉਮਰ ਨਾ ਭੁੱਲਣ ਦੀਆਂ ਸੌਂਹਾਂ!
ਹੁਣ ਉੱਥੇ ਵਿਛੋੜੇ ਦੀ ਉਦਾਸੀ ਵੀ ਸੀ ਤੇ ਉੱਜਲ ਭਵਿੱਖ ਦੇ ਸੁਪਨੇ ਵੀ!
ਸਾਉਥੈਂਪਟਨ।
ਮਾਰਗਰੇਟ ਨੇ ਦੇਖਿਆ ਕਿ ਉਸ ਸਮੁੰਦਰੀ ਜਹਾਜ਼ ਉੱਤੇ ਸਵਾਰੀ ਲਈ ਜੈਟੀ 'ਤੇ ਕੋਈ ਅੱਸੀ-ਸੌ ਮੁੰਡੇ, ਕੁੜੀਆਂ ਹੋਰ ਵੀ ਸਨ। ਕਈ ਤਾਂ ਦੇਖਣ ਵਿਚ ਜਿਮ ਨਾਲੋਂ ਵੀ ਛੋਟੇ ਸਨ। ਇਕ ਦੋ ਬੱਚੇ ਤਾਂ ਸਿਰਫ਼ ਤਿੰਨ ਜਾਂ ਚਾਰ ਸਾਲ ਦੇ ਈ ਹੋਣਗੇ ਤੇ ਨਾਲ ਕੋਈ ਸਰਪਰਸਤ ਵੀ ਨਹੀਂ ਸੀ।
ਵਿਦਾਈ ਦਾ ਸਮਾਂ! ਮਾਂ ਨੇ ਪੁੱਤਰ ਨੂੰ ਗਲ਼ ਲਾਇਆ। ਚੁੰਮਣਾਂ ਨਾਲ ਉਸਦਾ ਮੂੰਹ ਧੋਤਾ। ਫੇਰ ਕਾਫੀ ਸਾਰੇ ਉਪਦੇਸ਼ ਦਿੱਤੇ...ਭੁੱਲ ਨਾ ਜਾਈਂ, ਖ਼ਤ ਲਿਖੀਂ...ਚੰਗਾ ਬੱਚਾ ਬਣੀ...ਪੜ੍ਹਾਈ, ਲਿਖਾਈ ਵਿਚ ਧਿਆਨ ਦਵੀਂ...ਸਿਰਫ਼ ਖੇਡਣ-ਕੁੱਦਨ 'ਚ ਸਮਾਂ ਨਾ ਗੁਆਵੀਂ।
ਜਿਮ ਦਾ ਟ੍ਰਾਲੀ-ਸੂਟਕੇਸ ਉਸਦੇ ਨਿੱਕੇ-ਜਿਹੇ ਹੱਥਾਂ ਵਿਚ ਕਾਫੀ ਭਾਰੀ ਲੱਗਦਾ ਸੀ, ਸੰਭਲ ਨਹੀਂ ਸੀ ਰਿਹਾ। ਜਹਾਜ਼ ਦੇ ਗੈਂਗਵੇ ਉੱਤੇ ਉਹ ਕੁਝ ਕਦਮ ਹੀ ਤੁਰਿਆ ਹੋਵੇਗਾ ਜਦੋਂ ਮਾਰਗਰੇਟ ਦੀ ਮਮਤਾ ਨੇ ਜੋਸ਼ ਮਾਰਿਆ, “ਜਾਂ ਮੇਰੇ ਜਿਮ ਨੂੰ ਜਹਾਜ਼ 'ਚੋਂ ਉਤਾਰੋ, ਜਾਂ ਮੈਨੂੰ ਵੀ ਜਾਣ ਦਿਓ।”
ਜਵਾਬ ਵਿਚ ਸੁਣਨ ਨੂੰ ਮਿਲੀ ਇਕ ਅਫ਼ਸਰੀ ਫਿਟਕਾਰ—
“ਬਿਨਾਂ ਟਿਕਟ, ਬਿਨਾਂ ਪਾਸਪੋਰਟ ਕਿੰਜ ਜਾਵੇਂਗੀ ਤੂੰ? ਇਹਨਾਂ ਸਾਰਿਆਂ ਦਾ ਤਾਂ ਸਮੂਹਿਕ-ਪਾਸਪੋਰਟ ਏ।”
ਸਮੂਹਿਕ-ਪਾਸਪੋਰਟ?...ਕੋਰਾ ਝੂਠ!
ਬਰਦਰ ਜਾਨ ਦਹਾੜਿਆ, “ਉਹਨਾਂ ਦਾ ਕਿਰਾਇਆ ਭਰਿਆ ਏ ਕੈਥਲਿਕ ਬਰਦਰਸ ਨੇ! ਜਿਮ ਨੂੰ ਲਾਹ ਦੇਂਦੇ ਨੇ ਤੂੰ ਕਿਰਾਇਆ ਵਾਪਸ ਕਰ ਦੇਅ!”
ਮਾਂ ਤੋਂ ਸ਼ਰੇਆਮ ਉਸਦੇ ਪੁੱਤਰ ਦੀ ਫਿਰੌਤੀ ਮੰਗੀ ਜਾ ਰਹੀ ਸੀ! ਕੈਸਾ 'ਬਰਦਰ' ਏ ਇਹ ਆਦਮੀ? ਇਹੀ ਕੁਝ ਦਿਨ ਪਹਿਲਾਂ ਮਾਰਗਰੇਟ ਨੂੰ 'ਮਾਈ ਚਾਈਲਡ' ਤੇ ਜਿਮ ਨੂੰ 'ਡੀਅਰ ਲਿਟਲ ਸਨ' ਕਹਿ ਕੇ ਬੁਲਾਉਂਦਾ ਹੁੰਦਾ ਸੀ।
ਮਾਰਗਰੇਟ ਰੋਂਦੀ, ਕੁਰਲਾਉਂਦੀ ਰਹੀ। ਜਿਮ ਮਾਂ ਨੂੰ 'ਵੇਵ' ਕਰਦਾ ਰਿਹਾ। ਜਹਾਜ਼ ਦਾ ਹਾਰਨ ਵੱਜਿਆ ਤੇ ਉਹ ਸਮੁੰਦਰ ਵੱਲ ਤੁਰ ਚੱਲਿਆ।
ਜਹਾਜ਼ ਸਮੁੰਦਰ ਵਿਚ ਪਹੁੰਚਿਆ। ਇਕ ਹਾਲ ਵਿਚ ਸਾਰੇ ਮੁੰਡੇ, ਕੁੜੀਆਂ ਨੂੰ ਇਕੱਠਾ ਕਰ ਲਿਆ ਗਿਆ। ਉਹਨਾਂ ਦੇ ਨਾਂ ਤੇ ਜਨਮ-ਤਾਰੀਖ਼ਾਂ ਬਦਲ ਦਿੱਤੀਆਂ ਗਈਆਂ ਤਾਕਿ ਭਵਿੱਖ ਵਿਚ ਉਹਨਾਂ ਦਾ ਕੋਈ ਆਪਣਾ, ਕੋਈ ਸਰਪਰਸ ਉਹਨਾਂ ਨੂੰ ਲੱਭਣਾ ਵੀ ਚਾਹੇ ਤਾਂ ਆਸਾਨੀ ਨਾਲ ਲੱਭ ਨਾ ਸਕੇ। ਉਹ ਮੁਜਰਿਮ ਤਾਂ ਸੀ ਨਹੀਂ—ਫੇਰ ਵੀ ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਤੱਕ ਲਏ ਗਏ। ਜੇ ਆਸਟਰੇਲੀਆ ਵਿਚ ਕੋਈ ਭੱਜ ਵੀ ਜਾਵੇ, ਤਾਂ ਫੇਰ ਫੜ੍ਹਿਆ ਜਾ ਸਕੇ। ਕੋਈ ਪੀਟਰ ਤੋਂ ਹੈਨਰੀ ਬਣਾ ਦਿੱਤਾ ਗਿਆ, ਕਿਸੇ ਨੂੰ ਸੂਜਨ ਤੋਂ ਕੈਥਰੀਨ!
ਜਿਮ ਨੇ ਜ਼ਿਦ ਫੜ੍ਹ ਲਈ। ਚੀਕ-ਚੀਕ ਕੇ ਰੋਣ ਲੱਗਾ—
“ਮੇਰਾ ਨਾਂ ਤੇ ਜਨਮ-ਤਾਰੀਖ਼ ਇਸ ਸਕਰੈਪ ਬੁੱਕ ਵਿਚ ਲਿਖੇ ਹੋਏ ਨੇ। ਨਈਂ ਬਦਲੇ ਜਾ ਸਕਦੇ। ਮੇਰੀ ਮੰਮੀ ਨੇ ਕਿਹਾ ਏ ਕਿ ਖ਼ਤ ਲਿਖਦਾ ਰਹਾਂ। ਕਿਸੇ ਦੂਜੇ ਨਾਂ ਨਾਲ ਖ਼ਤ ਲਿਖਾਂਗਾ ਤਾਂ ਉਹ ਮੈਨੂੰ ਕਿੰਜ ਪਛਾਣੇਗੀ?”
...ਤੇ ਜ਼ਿਦ ਚੱਲ ਗਈ।
ਛੇ ਮਹੀਨਿਆਂ ਦੀ ਲੰਮੀ ਸਮੁੰਦਰੀ ਯਾਤਰਾ ਪਿੱਛੋਂ ਜਹਾਜ਼ ਪਰਥ ਦੇ ਫਰੀਮੇਂਟਲ ਕਿਨਾਰੇ ਉੱਤੇ ਜਾ ਲੱਗਿਆ। ਉੱਥੋਂ ਦੇ ਵੱਡੇ ਧਰਮਿਕ-ਗੁਰੂ (ਅਚਾਰੀਆ ਵਿਸ਼ਪ) ਨੇ ਉਹਨਾਂ ਨੂੰ ਉਪਦੇਸ਼ ਦਿੱਤਾ, “ You are of a good white stock. ਯੂਰਪੀਨ ਈਸਾਈ ਮੁੱਲਾਂ ਦਾ ਹਮੇਸ਼ਾ ਖ਼ਿਆਲ ਰੱਖਣਾ। ਅਸੀਂ ਇੱਥੋਂ ਦੇ ਕਾਲੇ, ਅਸਭਿਅ ਆਦਿਵਾਸੀਆਂ ਦਾ ਬਾਈਕਾਟ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਆਪਣੇ ਸਮਾਜ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਿੱਖਿਅਤ ਕਰਨਾ ਤੇ ਸਭਿਅਕ ਬਣਾਉਣਾ ਹੈ।”
ਇਸ਼ਾਰਾ ਸਾਫ਼ ਸੀ—ਆਦਿਵਾਸੀਆਂ ਦਾ ਤਿਰਸਕਾਰ, ਨਫ਼ਰਤ!
ਸਮੁੰਦਰੀ ਸਫ਼ਰ ਦੌਰਾਨ ਮੁੰਡੇ-ਕੁੜੀਆਂ ਵਿਚ ਗੂੜ੍ਹੀ ਦੋਸਤੀ ਹੋ ਗਈ ਸੀ। ਉਹ ਪ੍ਰੇਮ-ਬੰਧਨ ਵੀ ਇਕੋ ਝਟਕੇ ਨਾਲ ਕੱਟ ਦਿੱਤਾ ਗਿਆ। ਘਾਟ 'ਤੇ ਇਕ ਪਾਸੇ ਮੁੰਡਿਆਂ ਨੂੰ ਖੜ੍ਹਾ ਕਰ ਦਿੱਤਾ ਗਿਆ ਤੇ ਕੁੜੀਆਂ ਨੂੰ ਦੂਜੇ ਪਾਸੇ। 'ਕੇਅਰ' ਵਿਚ ਆਏ ਕਈ ਸਕੇ ਭਰਾ-ਭੈਣ ਵੀ ਸਨ। ਉਹ ਚੀਕਦੇ, ਕੂਕਦੇ ਰਹੇ। ਭਰਾ ਵੱਖ ਕਰ ਦਿੱਤੇ ਗਏ ਤੇ ਭੈਣਾ ਵੱਖ।
ਦੂਰ ਕਿਧਰੇ ਕੋਈ ਸਵਰਗ ਵੀ ਹੋਵੇਗਾ, ਪਰ ਇਹਨਾਂ ਬੱਚਿਆਂ ਲਈ ਆਸਟਰੇਲੀਆ ਵਿਚ ਹੀ ਨਰਕ ਦੀਆਂ ਕਈ ਬਰਾਂਚਾਂ ਸਨ ਜਿਵੇਂ ਕਵੀਂਜ਼ਲੈਂਡ ਵਿਚ ਰਾਕਹੇਂਪਟਨ ਦੇ ਨੇੜੇ ਅਖੌਤੀ ਸਨਿਆਸਨਾਂ—Sisters of Mercy ਦਾ ਚਲਾਇਆ ਹੋਇਆ ਨੀਰਕੋਲ ਦਾ ਰੋਮਨ ਕੈਥਲਿਕ ਅਨਾਥ-ਆਸ਼ਰਮ।
ਸਦਭਾਵਨਾ ਤੇ ਮੋਹ-ਰਹਿਤ ਬੜੀਆਂ ਕਰੂਰ ਸਨ ਇਹ Sisters of Mercy ! ਇਸ ਅਨਾਥ-ਆਸ਼ਰਮ ਦੇ ਫਰਸ਼ ਲੱਕੜੀ ਦੇ ਸਨ। ਜ਼ਰਾ-ਜ਼ਰਾ ਜਿੰਨੀ ਗ਼ਲਤੀ 'ਤੇ ਕੁੜੀਆਂ ਨੂੰ ਫਰਸ਼ ਦੇ ਤਖ਼ਤਿਆਂ ਹੇਠ ਬਣੇ ਹਨੇਰੇ ਭੋਰਿਆਂ ਵਿਚ ਡੱਕ ਦਿੱਤਾ ਜਾਂਦਾ। ਘੁਟਨ ਕਾਰਨ ਉਹ ਮੌਤ ਦੇ ਮੂੰਹ ਤੱਕ ਪਹੁੰਚ ਜਾਂਦੀਆਂ। ਕੁੜੀਆਂ ਦੇ ਨਹੂੰ ਉਖਾੜ ਦਿੱਤੇ ਜਾਂਦੇ। ਗਰਮ ਉਬਲਦੇ ਪਾਣੀ ਨਾਲ ਉਹਨਾਂ ਦੇ ਕੋਮਲ ਅੰਗ ਸਾੜ ਦਿੱਤੇ ਜਾਂਦੇ। ਪਰਥ ਵਿਚ ਵੱਖ ਕੀਤੇ ਗਏ ਦੋ ਸਕੇ ਭੈਣ-ਭਰਾ ਇਕ ਵਾਰੀ ਫੇਰ ਮਿਲ ਗਏ। ਬੜੀ ਮੁਸ਼ਕਲ ਨਾਲ ਇਕ ਭਰਾ ਨੇ ਭੈਣ ਨੂੰ ਨੀਕਾੱਲ ਵਿਚ ਲੱਭਿਆ ਸੀ। ਦੋਵੇਂ ਇਕ ਦੂਜੇ ਦੇ ਗਲ਼ੇ ਵੀ ਮਿਲੇ ਸਨ। ਜੋਸ਼ ਵਿਚ ਆਈ ਭੈਣ ਨੇ ਭਰਾ ਦਾ ਹੱਥ ਕੀ ਫੜ੍ਹਿਆ ਕਿ ਉਸਨੂੰ ਕੁਟਾਪਾ ਚਾੜ੍ਹਣਾ ਸ਼ੁਰੂ ਕਰ ਦਿੱਤਾ ਗਿਆ। ਦਿਖਾਵੇ ਦੀਆਂ ਸਨਿਆਸਨਾਂ ਉਸਦਾ ਹੱਥ ਵੀ ਕੱਟ ਸੁੱਟਦੀਆਂ ਤਾਂ ਕੌਣ ਪੁੱਛਣ ਵਾਲਾ ਸੀ? ਉਹਨਾਂ ਨੇ ਏਨਾ ਰਹਿਮ ਕੀਤਾ—ਬਸ ਹੱਥ ਦੀ ਹੱਡੀ ਤੋੜ ਦਿੱਤੀ। ਇਕ ਕੁੜੀ ਦੇ ਪਿਛਲੇ ਗੁਪਤ ਅੰਗ ਵਿਚ ਬਲਦੀ ਹੋਈ ਸਲਾਖ਼ ਘੁਸੇੜ ਦਿੱਤੀ ਗਈ—ਉਸਦੇ ਅੰਦਰੋਂ ਸ਼ੈਤਾਨ ਕੱਢਣਾ ਸੀ ਇਸ ਲਈ।
ਕਹਿਣ ਨੂੰ ਉਹ ਸਭ ਸਨਿਆਸਨਾਂ ਸਨ। ਉਹ ਕੁੜੀਆਂ ਦਾ ਸਮਲਿੰਗਕ ਯੋਨ ਸ਼ੋਸ਼ਣ ਕਰਦੀਆਂ ਤੇ ਫੇਰ ਉਹਨਾਂ ਨੂੰ ਅਨਾਥ-ਆਸ਼ਰਮ ਦੇ ਸਹਿਯੋਗੀ ਮਰਦਾਂ ਨੂੰ ਬਲਾਤਕਾਰ ਲਈ ਸੌਂਪ ਦਿੰਦੀਆਂ।
ਇਕ ਹੋਰ ਨਰਕ ਸੀ ਬਿੰਡੂਨ—ਪਰਥ ਤੋਂ ਕੋਈ ਅੱਸੀ ਕਿਲੋਮੀਟਰ ਉੱਤਰ ਵਿਚ ਇਕ ਸ਼ਹਿਰ। ਬਹੁਤ ਸਾਰੇ ਬਦਕਿਸਮਤ ਮੁੰਡਿਆਂ ਨੂੰ ਉੱਥੇ ਪਹੁੰਚਾ ਦਿੱਤਾ ਗਿਆ। ਉਹ ਬਣਿਆਂ ਉਹਨਾਂ ਦਾ—Bin of Doom—ਸਰਵਨਾਸ਼ ਦਾ ਕੂੜੇਦਾਨ! ਉੱਥੇ ਕੈਥਲਿਕ-ਬਰਦਰਸ ਦਾ ਇਕ ਦੂਜਾ ਮਖ਼ੌਟਾ ਸੀ—ਕਰਿਸ਼ਚੀਅਨ-ਬਰਦਰਸ। ਇਸ ਸੰਸਥਾ ਦਾ ਸੰਚਾਲਕ ਸੀ ਬਰਦਰ ਫਰਾਂਸਿਸ ਕੀਨੀ। ਉਸਦੀ ਮਨੋਕਾਮਨਾ ਸੀ ਉੱਥੇ ਕੈਥਲਿਕ ਧਰਮ ਦੇ ਸਨਮਾਨ ਵਜੋਂ ਇਕ ਵਿਸ਼ਾਲ ਭਵਨ ਦਾ ਨਿਰਮਾਣ ਕੀਤਾ ਜਾਵੇ। ਹੁਣ ਹਾਜ਼ਰ ਸਨ ਇਹ ਬਾਲ-ਗੁਲਾਮ ਤੇ ਮੱਥਿਆਂ ਉੱਤੇ ਇਹਨਾਂ ਦੇ ਮਾਸੂਮ ਹੰਝੂਆਂ ਨਾਲ ਲਿਖੀ ਜਾ ਰਹੀ ਸੀ ਇਹਨਾਂ ਦੀ  ਗੁਲਾਮੀ ਦੀ ਕਹਾਣੀ! ਪਾਣੀ ਨਾਲ ਮੂੰਹ ਧੋ ਲਏ ਜਾਂਦੇ, ਪਰ ਗੁਸਤਾਖ਼ ਹੰਝੂ ਫੇਰ ਆ ਜਾਂਦੇ। ਹੰਝੂਆਂ ਨਾਲ ਲਿਖੀ ਇਹ ਕਹਾਣੀ ਹੰਝੂਆਂ ਨਾਲ ਧੋਤੀ ਜਾਂਦੀ ਰਹੀ ਪਰ ਜੁਲਮ ਘੱਟ ਨਹੀਂ ਹੋਇਆ!
ਢਿੱਡ ਭਰ ਕੇ ਖਾਣਾ ਖਾਂਦੇ ਸਨ ਅਧਿਕਾਰੀ ਤੇ ਬੱਚਿਆਂ ਨੂੰ ਮਿਲਦੀ ਜੂਠ। ਅੱਧੇ ਭੁੱਖੇ ਢਿੱਡ ਤੇ ਮੈਲੇ ਕੁਚੈਲੇ ਕੱਪੜਿਆਂ ਵਿਚ, ਨੰਗੇ ਪੈਰੀਂ ਉਹ ਕਰ ਰਹੇ ਸਨ ਉਸ ਭਵਨ ਦਾ ਨਿਰਮਾਣ...ਬੱਜਰੀ ਰਲਾਉਣ ਤੇ ਚੂਨੇ ਗਾਰੇ ਦਾ ਸਾਰਾ ਕੰਮ ਹੱਥਾਂ ਨਾਲ ਕਰਨਾ ਪੈਂਦਾ ਸੀ। ਛਾਤੀ ਤੋਂ ਲੈ ਕੇ ਢਿੱਡ ਤੱਕ ਲੰਮੇ, ਭਾਰੇ ਪੱਥਰ ਚੁੱਕਣੇ ਪੈਂਦੇ ਸਨ। ਕਹਿਣ ਲਈ ਤਾਂ ਇਹ ਕੰਮ ਧਰਮ ਦਾ ਕੰਮ ਸੀ ਪਰ ਜ਼ਖ਼ਮੀ, ਬਿਮਾਰ ਬੱਚਿਆਂ ਦੇ ਇਲਾਜ਼ ਨੂੰ ਧਰਮ ਕੋਈ ਆਪਣਾ ਧਰਮ ਨਹੀਂ ਸੀ ਸਮਝਦਾ। ਜ਼ਰਾ ਜਿੰਨੀ ਗ਼ਲਤੀ ਹੋਣ 'ਤੇ ਚਾਰ ਪੇਟੀਆਂ ਦੇ ਬਣੇ ਹੰਟਰ ਨਾਲ ਕੁੱਟਪਾ ਚਾੜ੍ਹਣਾ ਸ਼ੁਰੂ ਕਰ ਦਿੱਤਾ ਜਾਂਦਾ। ਇਕ ਪੈ ਜਾਂਦਾ ਸੀ ਤਾਂ ਮਰਨ ਨੂੰ ਜੀਅ ਕਰਦਾ ਸੀ—ਪਰ ਹੰਟਰ ਵਰ੍ਹਦਾ ਰਹਿੰਦਾ। ਕੋਈ ਹੱਡੀ ਪੱਸਲੀ ਟੁੱਟ ਜਾਵੇ, ਤਾਂ ਵੀ ਕੀ? ਕਿੰਨੇ ਮਰ ਗਏ, ਕਿੰਨਿਆਂ ਨੇ ਖ਼ਦਕਸ਼ੀ ਕੀਤੀ? ਲਾਸ਼ਾਂ ਦਾ ਹਿਸਾਬ ਕੌਣ ਰੱਖੇ? ਚੁੱਪਚਾਪ ਸਾੜ ਦਿੱਤੇ ਜਾਂ ਦਫ਼ਨਾ ਦਿੱਤੇ ਜਾਂਦੇ।
ਅੰਤਾਂ ਦੀ ਭੁੱਖ ਲੱਗੀ ਹੋਵੇਗੀ ਬਾਰਾਂ ਵਰ੍ਹਿਆਂ ਦੇ ਜਾਨ ਹੈਨੇਸੀ ਨੂੰ ਜਦੋਂ ਉਹ ਬੱਚਿਆਂ ਨੂੰ ਲੈ ਕੇ ਅੰਗੂਰਾਂ ਦੇ ਬਾਗ਼ ਵਿਚ ਜਾ ਵੜਿਆ ਸੀ। ਰੱਜ ਕੇ ਅੰਗੂਰ ਖਾਧੇ। ਬਾਅਦ ਵਿਚ ਨੰਗਾ ਕੀਤਾ ਗਿਆ ਤੇ ਪੰਜਾਹ ਮੁੰਡਿਆਂ ਦੇ ਸਾਹਮਣੇ ਚਾਰ ਪੇਟੀਆਂ ਵਾਲੇ ਹੰਟਰ ਨਾਲ ਕੁੱਟਿਆ ਗਿਆ। ਕੋੜਿਆਂ, ਹੰਟਰਾਂ ਨਾਲ ਬੱਚਿਆਂ ਨੂੰ ਮਾਰ ਪੈਣੀ ਉੱਥੇ ਰੋਜ਼ ਦੀ ਗੱਲ ਸੀ।
ਬਣ ਰਹੇ ਭਵਨ ਦੇ ਚੁਫੇਰੇ ਦੂਰ-ਦੂਰ ਤੱਕ ਖਾਲੀ ਮੈਦਾਨ, ਖੇਤ ਤੇ ਬਾਗ਼ ਸਨ। ਕਿਹਾ ਜਾਂਦਾ ਹੈ ਕਿ ਇਹ ਸਾਰੀ ਜ਼ਮੀਨ ਜਾਂ ਤਾਂ ਆਦਿਵਾਸੀਆਂ ਤੋਂ ਹਥਿਆਈ ਲਈ ਗਈ ਸੀ ਜਾਂ ਔਣੇ-ਪੌਣੇ ਭਾਅ ਖ਼ਰੀਦ ਲਈ ਗਈ ਸੀ। ਜਿਮ ਅਜੇ ਛੋਟਾ ਸੀ। ਬਿਲਡਿੰਗ ਦਾ ਕੰਮ ਉਹ ਕੀ ਕਰਦਾ—ਉਸਨੂੰ ਫਲਾਂ ਦੀਆਂ ਪੇਟੀਆਂ ਭਰਨ ਦੇ ਕੰਮ 'ਤੇ ਲਾ ਦਿੱਤਾ ਗਿਆ। ਇੰਗਲੈਂਡ ਵਿਚ 'ਹਰ ਤਰ੍ਹਾਂ ਦੇ ਤਾਜ਼ੇ' ਫਲਾਂ ਦਾ ਲਾਲਚ ਦਿੱਤਾ ਗਿਆ ਸੀ। ਅਜੇ ਉਸਨੇ ਇਕ ਸਿਓ ਨੂੰ ਪਹਿਲਾ ਚੱਕ ਹੀ ਵੱਢਿਆ ਸੀ ਕਿ ਸਾਰੀ ਲਾਲਸਾ ਠੰਢੀ ਹੋ ਗਈ, ਜਦੋਂ ਗੱਲ੍ਹਾਂ ਨੂੰ ਗਰਮਾਗਰਮ ਥੱਪੜਾਂ ਨਾਲ ਸੇਕ ਦਿੱਤਾ ਗਿਆ।
“ਚੋਰੀ ਕਰਕੇ ਫਲ ਖਾਵੇਂਗਾ ਤੂੰ?”
ਮੁੰਡਿਆਂ ਦਾ ਯੋਨ-ਸ਼ੋਸ਼ਣ ਵੀ ਲਗਾਤਾਰ ਚੱਲ ਰਿਹਾ ਸੀ। ਰਾਤ ਨੂੰ ਬਿਸਤਰਿਆਂ ਵਿਚ ਤੇ ਦਿਨੇ ਦੂਰ ਤੱਕ ਫ਼ੈਲੇ ਖੇਤਾਂ, ਝਾੜੀਆਂ, ਸਰਕੜ੍ਹਿਆਂ ਓਹਲੇ। ਕੌਣ ਦੇਖਦਾ, ਸੁਣਦਾ ਸੀ? ਕਦੀ ਕਿਸੇ ਬੱਚੇ ਨੇ ਇਤਰਾਜ਼ ਕੀਤਾ ਤਾਂ ਉਸਨੂੰ ਕਿਸੇ ਰੁੱਖ ਦੇ ਤਣੇ ਨਾਲ ਬੰਨ੍ਹ ਕੇ ਮਤਲਬ ਕੱਢ ਲਿਆ ਗਿਆ! ਜਿਮ ਕਈ ਵਾਰੀ ਸ਼ਿਕਾਰ ਹੋ ਚੁੱਕਿਆ ਸੀ। ਮੁੰਡੇ ਆਪਣੇ ਦੁੱਖ ਕਿਸ ਨੂੰ ਦੱਸਦੇ?...ਕਾਸ਼! ਰੁੱਖ ਬੋਲ ਸਕਦੇ!
ਸਰੀਰਕ ਅਤਿਆਚਾਰ ਤੇ ਯੋਨ-ਸ਼ੋਸ਼ਣ ਦੇ ਇਲਾਵਾ ਇਹਨਾਂ ਬਾਲ-ਗੁਲਾਮਾ ਉੱਤੇ ਆਰਥਕ ਦਬਾਅ ਵੀ ਪਾਇਆ ਜਾਂਦਾ। ਜਦੋਂ ਕੋਈ ਬੱਚਾ ਪੰਦਰਾਂ ਵਰ੍ਹਿਆਂ ਦਾ ਹੋ ਜਾਂਦਾ ਕਰਿਸ਼ਚੀਅਨ-ਬਰਦਰਸ ਉਸਦੇ ਪਾਲਣ-ਪੋਸ਼ਣ ਦਾ ਹਜ਼ਾਰਾਂ ਦਾ ਬਿੱਲ ਉਸਦੇ ਹੱਥ ਵਿਚ ਫੜਾ ਦਿੰਦੇ ਤਾਕਿ ਜ਼ਿੰਦਗੀ ਭਰ ਉਹ ਉਹਨਾਂ ਦਾ ਗੁਲਾਮ-ਮਜ਼ਦੂਰ ਬਣਿਆਂ ਰਹੇ। ਏਨੇ ਵਰ੍ਹਿਆਂ ਦੀ ਉਸਦੀ ਵਗਾਰ ਦਾ ਕੋਈ ਮੁੱਲ ਨਹੀਂ ਸੀ ਮੰਨਿਆਂ ਜਾਂਦਾ—ਉਸੇ ਤੋਂ ਉਸਦੇ ਸ਼ੋਸ਼ਣ ਦੀ ਵੀ ਵਸੂਲੀ ਕੀਤੀ ਜਾਂਦੀ।
ਇਹਨਾਂ ਅਤਿਆਚਾਰਾਂ ਤੋਂ ਦੁਖੀ ਇਕ ਅੱਠ ਵਰ੍ਹਿਆਂ ਦਾ ਬੱਚਾ ਵਿੰਡੂਨ 'ਚੋਂ ਭੱਜ ਕੇ ਸਮੁੰਦਰ ਕਿਨਾਰੇ ਜਾ ਪਹੁੰਚਿਆ। ਆਪਣੇ ਭੋਲੇਪਨ ਸਦਕਾ ਇਕ ਨੌਜਵਾਨ ਜੋੜੇ ਤੋਂ ਇੰਗਲੈਂਡ ਜਾਣ ਦਾ ਪੈਦਲ ਰਸਤਾ ਪੁੱਛਣ ਲੱਗਿਆ! ਕਿਸਮਤ ਚੰਗੀ ਸੀ, ਉਹਨਾਂ ਨੇ ਉਸਨੂੰ ਗੋਦ ਲੈ ਲਿਆ। ਬੜੇ ਸਾਲਾਂ ਬਾਅਦ ਉਸਨੇ ਇਕ ਇੰਟਰਵਿਊ ਵਿਚ ਕਿਹਾ ਸੀ, 'ਜੇ ਕੋਈ ਜ਼ਮੀਨੀ ਰਸਤਾ ਹੁੰਦਾ ਤਾਂ ਮੈਂ ਸੱਚਮੁੱਚ ਪੈਦਲ ਨਿਕਲ ਜਾਂਦਾ।'
ਆਦਿਵਾਸੀਆਂ ਤੇ ਕ੍ਰਿਸਚੀਅਨ-ਬਰਦਰਸ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਸੀ। ਜ਼ਮੀਨ ਖੁੱਸ ਚੁੱਕੀ ਸੀ, ਫੇਰ ਕੀ ਸੀ? ਉਹ ਉਸਦੀ ਉਪਜ ਉੱਤੇ ਹੁਣ ਵੀ ਆਪਣਾ ਅਧਿਕਾਰ ਸਮਝਦੇ ਸਨ ਤੇ ਫਲਾਂ ਦੀ ਚੋਰੀ ਲਈ ਬਾਗ਼ਾਂ ਵਿਚ ਵੜ ਆਉਂਦੇ ਸਨ। ਇਕ ਵਾਰੀ ਉਹਨਾਂ ਨੇ ਧਮਕੀ ਵੀ ਦਿੱਤੀ ਸੀ, 'ਸਾਨੂੰ ਬੱਚਿਆਂ ਦਾ ਖ਼ਿਆਲ ਏ ਨਈਂ ਤਾਂ ਤੁਹਾਡੇ ਗੁਨਾਹਾਂ ਦਾ ਇਹ ਮਹਿਲ ਇਕ ਰਾਤ 'ਚ ਢਾਅ ਕੇ ਢੇਰੀ ਕਰ ਦੇਈਏ ਤੇ ਇੱਥੇ ਕਿਤੇ ਵੀ ਜੰਗਲੀ ਗੁਫ਼ਾਵਾਂ ਵਿਚ ਛਿਪਣ ਹੋ ਜਾਈਏ।'
ਕਰਿਸਚੀਅਨ-ਬਰਦਰਸ ਮੌਕੇ ਦੀ ਨਜ਼ਾਕਤ ਸਮਝਦੇ ਸਨ ਤੇ ਆਦਿਵਾਸੀਆਂ ਨਾਲ ਟੱਕਰ ਲੈਣੀ ਠੀਕ ਨਹੀਂ ਸੀ ਸਮਝਦੇ।
ਨਿਯੋਕਾ, ਇਕ ਆਦਿਵਾਸੀ ਹੈ। ਉਸ ਦਿਨ ਬਾਗ਼ 'ਚੋਂ ਫਲ ਚੁਰਾਉਣ ਦੀ ਸੁੱਝੀ ਤੇ ਉਸਨੇ ਰੁੱਖ ਨਾਲ ਵੱਝੇ ਇਕ ਬੱਚੇ ਦੀਆਂ ਚੀਕਾਂ ਸੁਣੀਆਂ। ਇਹ ਜਿਮ ਹੀ ਤਾਂ ਸੀ। ਨਿਯੋਕਾ ਨੇ ਅੱਗਾ ਵਿਚਾਰਿਆ ਨਾ ਪਿੱਛਾ ਬਲਤਕਾਰੀ ਦੀ ਪਿੱਠ ਉੱਤੇ ਪੱਥਰ ਮਾਰਿਆ। ਫੇਰ ਇਕ ਹੋਰ ਪੱਥਰ ਚਲਾਇਆ। ਜਿਮ ਨੂੰ ਰੁੱਖ ਨਾਲ ਵੱਝਿਆ ਛੱਡ ਕੇ ਉਹ ਮੁਜਰਿਮ ਦੌੜ ਗਿਆ। ਨਿਯੋਕਾ ਨੇ ਉਸਨੂੰ ਖੋਲ੍ਹਿਆ। ਉਸਦੇ ਅੱਥਰੂ ਪੂੰਝੇ, ਸਿਰ ਉੱਤੇ ਹੱਥ ਫੇਰਿਆ।
“ਇਹ ਸਕੂਲ ਦਾ ਸਮਾਂ ਏਂ। ਤੂੰ ਸਕੂਲ ਨਈਂ ਜਾਂਦਾ?”
ਰੁੱਖ ਨਾ ਬੰਨ੍ਹਿਆਂ ਮੁੰਡਾ ਸਕੂਲ ਕਿਵੇਂ ਜਾਵੇ?
“ਦੋ ਸਾਲ ਪਹਿਲਾਂ, ਇੰਗਲੈਂਡ 'ਚ ਜਾਂਦਾ ਹੁੰਦਾ ਸੀ। ਇਹ ਲੋਕ ਕਹਿੰਦੇ ਨੇ, ਪਹਿਲਾਂ ਕੰਮ ਫੇਰ ਸਕੂਲ। ਬਹੁਤ ਸਾਰੇ ਕੰਮ ਹੁੰਦੇ ਨੇ, ਸਕੂਲ ਜਾਣ ਦੀ ਵਿਹਲ ਈ ਨਈਂ ਮਿਲਦੀ।”
ਸ਼ਿਕਾਰੀਆਂ ਦੁਆਰਾ ਯੋਨ ਭੁਗਤਨਾ...ਇਹ ਮਜਬੂਰੀ ਵੀ ਤਾਂ ਉਹਨਾਂ ਕੰਮਾਂ ਵਿਚੋਂ ਇਕ ਕੰਮ ਹੀ ਤਾਂ ਸੀ! ਜਿਮ ਰੋਣ ਲੱਗ ਪਿਆ।
“ਸਕੂਲ ਲਈ ਕੱਪੜੇ ਵੀ ਤਾਂ ਚਾਹੀਦੇ ਨੇ। ਮੇਰੇ ਕੋਲ ਤਾਂ ਕੱਪੜੇ ਵੀ ਨਈਂ। ਇੱਥੇ ਨਾ ਢੰਗ ਦਾ ਖਾਣਾ ਮਿਲਦਾ ਏ, ਨਾ ਕੱਪੜੇ।”
ਮੁੰਡੇ ਵਿਚ ਕੁਝ ਸੀ, ਜਿਹੜਾ ਨਿਯੋਕਾ ਨੂੰ ਟੁੰਭ ਗਿਆ। ਇਕ ਪਾਸੇ ਸਨ 'good white stock' ਵਾਲੇ ਧਰਮ ਦੇ ਠੇਕੇਦਾਰਾਂ ਦੇ ਜੁਲਮ ਤੇ ਦੂਜੇ ਪਾਸੇ ਸੀ ਨਿਯੋਕਾ—'ਕਾਲੇ ਅਸਭਿਅ ਜੰਗਲੀ' ਦੇ ਕੋਮਲ ਮਨ ਦੀ ਸੁਹਿਰਦਤਾ।'
ਨਿਯੋਕਾ ਅਗਲੇ ਦਿਨ ਤੜਕੇ, ਸਵੇਰੇ ਹੀ ਆ ਪਹੁੰਚਿਆ। ਨਾਲ ਸੀ ਉਸਦੀ ਧੀ ਅਲਕੀਨਾ। ਉਹ ਆਪਣੇ ਨਾਲ ਅਲਕੀਨਾ ਦੇ ਭਰਾ ਦੇ ਛੋਟੇ ਹੋ ਗਏ ਕੁਝ ਕੱਪੜੇ ਤੇ ਇਕ ਜੋੜੀ ਚੱਪਲ ਵੀ ਲਿਆਏ ਸਨ।
“ਜਲਦੀ ਤਿਆਰ ਹੋ ਜਾ, ਤੈਨੂੰ ਸਕੂਲ ਲੈ ਚੱਲੀਏ। ਅੱਜ ਤੋਂ ਤੂੰ ਅਲਕੀਨਾ ਨਾਲ ਸਕੂਲ ਜਾਇਆ ਕਰੇਂਗਾ।”
“ਮੈਂ ਸਕੂਲ ਨਈਂ ਜਾ ਸਕਦਾ। ਬਰਦਰਸ ਬੜਾ ਮਾਰਨਗੇ।”
“ਉਹ ਤੈਨੂੰ ਮਾਰਨਗੇ...ਅਸੀਂ ਉਹਨਾਂ ਨੂੰ ਮਾਰਾਂਗੇ।”
ਜਿਮ ਨਹਾਅ-ਧੋ ਕੇ ਨਿਕਲਿਆ। ਉਹ ਤਿੰਨੇ ਤੁਰਨ ਲੱਗੇ। ਉਦੋਂ ਹੀ ਬਰਦਰ ਹੈਮਿਲਟਨ ਉੱਥੇ ਆ ਗਿਆ, “ਕਿੱਥੇ ਜਾ ਰਿਹਾ ਏਂ, ਜਿਮ?”
ਜਿਮ ਚੁੱਪ ਰਿਹਾ। ਨਿਯੋਕਾ ਨੇ ਉੱਤਰ ਦਿੱਤਾ, “ਤੂੰ ਗਿਆ ਸੀ ਨਾ ਸਕੂਲ? ਇਹ ਵੀ ਜਾ ਰਿਹਾ ਏ। ਕੋਈ ਇਤਰਾਜ਼ ਏ?”
ਹੈਮਿਲਟਨ ਬੁੜਬੁੜ ਕਰਦਾ ਹੋਇਆ ਉੱਥੋਂ ਤੁਰ ਗਿਆ। ਆਸਟਰੇਲੀਆ ਵਿਚ ਸੋਲਾਂ ਸਾਲ ਤੱਕ ਦੇ ਬੱਚੇ ਲਈ ਸਿੱਖਿਆ ਜ਼ਰੂਰੀ ਹੈ। ਬਰਦਰਸ ਨੇ ਕਾਨੂੰਨ ਦਾ ਪਾਲਨ ਕੀਤਾ ਤੇ ਸਾਰੇ ਬੱਚਿਆਂ ਦਾ ਨਾਂ ਸਕੂਲ ਵਿਚ ਲਿਖਵਾ ਦਿੱਤਾ ਪਰ ਹਾਜ਼ਰੀ 'ਤੇ ਪਾਬੰਦੀ ਲਾ ਦਿੱਤੀ...ਪਾਬੰਦੀ ਬਰਦਰਸ ਦੀ ਤੇ ਗ਼ੈਰਹਾਜ਼ਰੀ ਦੀ ਜ਼ਿੰਮੇਵਾਰੀ ਬੱਚਿਆਂ ਦੀ ਸੀ।
ਦੋ ਵਰ੍ਹਿਆਂ ਬਾਅਦ ਇਕ ਵਾਰੀ ਫੇਰ ਜਿਮ ਦੀ ਪੜ੍ਹਾਈ ਸ਼ੁਰੂ ਹੋ ਗਈ। ਕਿਸੇ ਕਾਰਨ ਕਰਕੇ ਜਿਮ ਨਾਲੋਂ ਦੋ ਸਾਲ ਵੱਡੀ ਅਲਕੀਨਾ ਦੀ ਪੜ੍ਹਾਈ ਦੇਰ ਨਾਲ ਸ਼ੁਰੂ ਹੋਈ ਹੋਵੇਗੀ। ਦੋਵੇਂ ਇਕੋ ਜਮਾਤ ਵਿਚ ਸਨ। ਦੋਵਾਂ ਨੂੰ ਇਕ ਦੂਜੇ ਦਾ ਸਹਾਰਾ ਹੋ ਗਿਆ। ਅਲਕੀਨਾ ਦੇ ਟਿਫ਼ਨ ਬਾਕਸ ਵਿਚ ਜਿਮ ਦਾ ਹਿੱਸਾ ਵੀ ਹੁੰਦਾ। ਉਹ ਜਮਾਤ ਵਿਚ ਸਭ ਨਾਲੋਂ ਫਿਸੜੀ ਸੀ। ਸਕੂਲੋਂ ਘਰ ਲਈ ਮਿਲਿਆ ਕੰਮ ਦੋਵੇਂ ਇਕੱਠੇ ਬੈਠ ਕੇ ਕਰਨ ਲੱਗੇ—ਸਕੂਲ ਵਿਚ ਜਾਂ ਫੇਰ ਅਲਕੀਨਾ ਦੇ ਘਰ। ਜਿਮ ਦੇ ਆਪਣੇ ਠਿਕਾਣੇ ਉੱਤੇ ਤਾਂ—ਜਾਂ ਤਾਂ ਸਕੂਲ ਦਾ ਕੰਮ ਹੋ ਸਕਦਾ ਸੀ ਜਾਂ ਫੇਰ ਕਰਿਸਚੀਅਨ-ਬਰਦਰਸ ਦੀ ਵਗਾਰ! ਉਹ ਜਾਣਦੇ ਸਨ ਕਿ ਮੁੰਡਾ ਉਹਨਾਂ ਦੇ ਵੱਸੋਂ ਬਾਹਰ ਸੀ ਤੇ 'ਵਿਗੜ' ਰਿਹਾ ਸੀ। ਵਚਿੱਤਰ ਵਿਗਾੜ ਸੀ ਇਹ! ਜਮਾਤ ਦਾ ਸਾਲਾਨਾ ਨਤੀਜਾ ਆਇਆ ਤਾਂ ਦੋਵੇਂ ਮਿੱਤਰ ਲਗਭਗ ਟਾਪ 'ਤੇ ਸਨ। ਖਾਸੇ ਪ੍ਰਭਾਵਿਤ ਹੋਏ ਸਕੂਲ ਵਾਲੇ ਵੀ ਤੇ ਅਲਕੀਨਾ ਦਾ ਪਰਿਵਾਰ ਵੀ। ਬਦਲੇ ਵਿਚ ਆਦਿਵਾਸੀ ਤਿਓਹਾਰਾਂ ਸਮੇਂ ਤੇ ਪਰਿਵਾਰ ਵਿਚ ਹਰੇਕ ਦੇ ਜਨਮ ਦਿਨ ਉੱਤੇ ਉਸਨੂੰ ਤੋਹਫ਼ੇ ਮਿਲਦੇ, ਨਵੇਂ ਕੱਪੜੇ ਤੇ ਬੂਟ ਮਿਲਦੇ। ਸਕੂਲ ਦੇ 'ਪੂਅਰ-ਫੰਡ' ਵਿਚੋਂ ਵੱਖਰੀ ਸਹਾਇਤਾ ਮਿਲਦੀ।
ਕਰਿਸਚੀਅਨ-ਬਰਦਰਸ ਦੀ 'ਕੇਅਰ' ਤਾਂ ਬਸ ਨਾਂ ਦੀ ਹੀ ਰਹਿ ਗਈ ਸੀ। ਜਿਮ ਨੂੰ ਸੰਭਾਲ ਲਿਆ ਸੀ ਉਸ ਆਦਿਵਾਸੀ ਪਰਿਵਾਰ ਨੇ। ਕੁਝ ਸਮੇਂ ਤੱਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਦੂਜੇ ਬਾਲ-ਗ਼ੁਲਾਮਾਂ ਦੀ ਬਗ਼ਾਵਤ ਦੇ ਡਰ ਸਦਕਾ ਕਰਿਸਚੀਅਨ-ਬਰਦਰਸ ਜਿਮ ਦੇ ਰਾਹ ਵਿਚ ਰੋੜੇ ਅੜਾਉਣ ਲੱਗੇ। ਉਹ ਸਵੇਰੇ-ਸਵੇਰੇ ਹੀ ਉਸਨੂੰ ਏਨਾ ਕੰਮ ਦੇ ਦਿੰਦੇ ਕਿ ਉਸਦਾ ਸਕੂਲ ਜਾਣ ਦੁੱਭਰ ਹੋ ਜਾਂਦਾ। ਉਹ ਦੇਰ ਨਾਲ ਪਹੁੰਚਦਾ ਤੇ ਸੰਸਥਾ ਵਿਚ ਵਧੇਰੇ ਕੰਮ ਹੋਣ ਦਾ ਕਾਰਨ ਦੱਸਦਾ।
ਸਕੂਲ ਵਾਲਿਆਂ ਨੂੰ ਕਰਿਸਚੀਅਨ-ਬਰਦਰਸ ਬਾਰੇ ਪੂਰੀ ਜਾਣਕਾਰੀ ਸੀ ਪਰ ਉਹ ਉਹਨਾਂ ਨਾਲ ਭਿੜਣਾ ਨਹੀਂ ਸੀ ਚਾਹੁੰਦੇ। ਜਿਮ ਦੀ ਟੀਚਰ ਮਿਸ ਸਿੰਪਸਨ ਉਸਦੀ ਮਦਦ ਕਰਨਾ ਚਾਹੁੰਦੀ ਸੀ। ਉਹਨੇ ਭਰੀ ਜਮਾਤ ਵਿਚ ਅਪੀਲ ਕੀਤੀ ਕਿ ਸਕੂਲ ਤੋਂ ਪਹਿਲਾਂ ਜਾਂ ਸਕੂਲ ਤੋਂ ਬਾਅਦ ਕੋਈ ਉਸਦੀ ਮਦਦ ਕਰ ਦਿਆ ਕਰੇ। ਬਾਕੀ ਬੱਚੇ ਤਾਂ ਇਕ ਦੂਜੇ ਦਾ ਮੂੰਹ ਦੇਖਦੇ ਰਹੇ, ਅਲਕੀਨਾ ਨੇ ਆਪਣਾ ਹੱਥ ਖੜ੍ਹਾ ਕਰ ਦਿੱਤਾ। ਮੁਫ਼ਤ ਵਿਚ ਮਿਲੀ ਇਕ ਹੋਰ ਮਜ਼ਦੂਰ ਦਾ ਕਰਿਸਚੀਅਨ-ਬਰਦਰਸ ਨੂੰ ਭਲਾਂ ਕੀ ਇਤਰਾਜ਼ ਹੁੰਦਾ?
ਹੁਣ ਉਹ ਹਰ ਦਿਨ, ਹਰ ਸ਼ਾਮ ਨਾਲੋ-ਨਾਲ ਹੁੰਦੇ। ਸਕੂਲ ਵਿਚ ਤੇ ਸਕੂਲ ਤੋਂ ਬਾਅਦ ਫਲਾਂ ਦੇ ਬਾਗ਼ਾਂ ਵਿਚ। ਜਿਮ ਚੌਦਾਂ ਦਾ ਹੋ ਗਿਆ ਸੀ ਅਲਕੀਨਾ ਸੋਲਾਂ ਦੀ। ਸ਼ੁਰੂ-ਸ਼ੁਰੂ ਦਾ ਸਨੇਹ-ਮਿਲਣ ਹੁਣ ਗਲਵਕੜੀਆਂ ਦੁਆਰਾ ਦਰਸਾਇਆ ਜਾਣ ਲੱਗਾ ਸੀ। ਜੇਮਸ ਨੂੰ ਉਹ ਜਿਮ ਨਹੀਂ 'ਡਾਰਲਿੰਗ ਜਿੰਮੀ' ਕਹਿ ਕੇ ਬੁਲਾਉਂਦੀ ਸੀ ਤੇ ਅਲਕੀਨਾ ਹੋ ਗਈ ਸੀ ਜਿਮ ਦੀ 'ਅਲਕੀ'।
ਆਦਿਵਾਸੀਆਂ ਵਿਚ ਜਲਦੀ ਸ਼ਾਦੀ ਕਰ ਦੇਣ ਦਾ ਰਿਵਾਜ਼ ਹੈ। ਅਲਕੀਨਾ ਦੇ ਸੁਝਾਅ 'ਤੇ ਪ੍ਰਗਤੀਵਾਦੀ ਪਿਤਾ ਨੇ ਸਾਫ਼ ਇਨਕਾਰ ਕਰ ਦਿੱਤਾ।
“ਜਿਮ ਅਜੇ ਬੜਾ ਛੋਟਾ ਏ। ਅਜੇ ਮੰਗਨੀ ਕਰ ਲਓ। ਸ਼ਾਦੀ ਜਿਮ ਦੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਹੋਵੇਗੀ।”
“ਤਾਂ ਫੇਰ ਮੈਂ ਵੀ ਉਸਦੇ ਨਾਲ ਕਾਲਜ 'ਚ ਪੜ੍ਹਾਂਗੀ।”
ਭਾਵੇਂ ਅਸੀਂ ਕਿਸੇ ਵੀ ਅਣਦੇਖੇ ਭਗਵਾਨ ਨੂੰ ਆਪਣਾ ਜਨਮ-ਦਾਤਾ ਮੰਦੇ ਰਹੀਏ, ਜਿਮ ਲਈ ਉਸਦੀ ਮਾਂ, ਉਸਦੀ ਜਨਨੀ ਹੀ ਉਸਦੀ ਭਗਵਾਨ ਸੀ। ਉਸਦੀ ਜਮਾਤ ਵਿਚ ਇਕ ਲੇਖ ਮੁਕਾਬਲਾ ਹੋਇਆ। 'ਮਾਂ' 'ਤੇ ਲੇਖ ਲਿਖਿਆ ਜਾਣਾ ਸੀ ਤੇ ਸਭ ਤੋਂ ਵਧੀਆ ਲੇਖ ਉੱਤੇ ਪੰਜ ਡਾਲਰ ਦਾ ਇਨਾਮ ਸੀ। ਜਿਮ ਨੇ ਇਕ ਬੜਾ ਸੁੰਦਰ ਲੇਖ ਲਿਖਿਆ ਜਿਸਦਾ ਆਖ਼ਰੀ ਵਾਕ ਸੀ ’My mother is my God!’ ਜਿਮ ਨੂੰ ਇਨਾਮ ਦਿੱਤਾ ਗਿਆ ਪਰ ਉਸਦੀ ਟੀਚਰ ਮਿਸ ਸਿੰਪਸਨ ਨੇ ਇਸ ਵਾਕ ਨੂੰ ਕੱਟ ਕੇ ਸ਼ੁੱਧ ਕੀਤਾ ‘My mother is like a goddess for me.’ ਮੁੰਡਾ ਤਾਂ ਟੀਚਰ ਦੇ ਸਾਹਮਣੇ ਤਣ ਕੇ ਖੜ੍ਹਾ ਹੋ ਗਿਆ—
”Sorry, teacher. My mother is my God.’ 
ਸ਼ਰਮਿੰਦਾ ਹੋ ਗਈ ਵਿਚਾਰੀ ਟੀਚਰ। ਉਸਨੇ ਆਪਣੀ ਸੋਧ ਨੂੰ ਆਪਣੇ ਹੱਥੀਂ ਕੱਟ ਕੇ ਜਿਮ ਦੇ ਵਾਕ ਨੂੰ ਦੁਬਾਰਾ ਲਿਖ ਦਿੱਤਾ।
ਪੰਜ ਡਾਲਰ ਤਾਂ ਕੀ, ਜਿਮ ਦੇ ਹੱਥ ਵਿਚ ਉਦੋਂ ਤੱਕ ਕਦੀ ਪੰਜ ਸੈਂਟ ਵੀ ਨਹੀਂ ਸੀ ਆਏ। ਤਾਂ ਫੇਰ ਕਿੰਜ ਲਿਖਦਾ ਉਹ ਮਾਂ ਨੂੰ ਖ਼ਤ? ਲੇਖ ਦੀ ਫੋਟੋ ਕਾਪੀ ਕਰਵਾਈ ਗਈ। ਅਲਕੀਨਾ ਦੇ ਪਤੇ ਤੋਂ ਜਿਮ ਨੇ ਉਸਨੂੰ ਖ਼ਤ ਲਿਖ ਦਿੱਤਾ। ਦੇਰ ਨਾਲ ਲਿਖਣ ਦਾ ਕਾਰਨ, ਸਕੂਲ ਦੀ ਪੜ੍ਹਾਈ ਵਿਚ ਆਪਣੀ ਯੋਗਤਾ, ਨਾਲ ਨੱਥੀ ਕੀਤਾ ਇਨਾਮ ਜੇਤੂ ਲੇਖ ਤੇ ਪੰਜ ਡਾਲਰ ਦੇ ਇਨਾਮ ਦੀ ਗੱਲ ਲਿਖੀ। ਖ਼ੁਸ਼ੀ-ਖ਼ੁਸ਼ੀ ਉਹ ਖ਼ਤ ਡਾਕ ਵਿਚ ਪਾ ਆਇਆ ਤੇ ਬੜੇ ਚਾਵਾਂ ਨਾਲ ਮਾਂ ਦੇ ਖ਼ਤ ਦੀ ਉਡੀਕ ਕਰਨ ਲੱਗਾ।
ਮਾਂ ਦਾ ਉਤਰ ਕੀ ਆਉਂਦਾ ਜਦੋਂ ਖ਼ਤ ਹੀ ਵਾਪਸ ਆ ਗਿਆ—”Returned to sender. Addressee not traceable.” ਉਸਨੂੰ ਲਿਫ਼ਾਫ਼ਾ ਫੜਾ ਕੇ ਅਲਕੀਨਾ ਬੜੀ ਪਛਤਾਈ। ਦੋਵੇਂ ਗਲ਼ ਲੱਗ ਕੇ ਦੇਰ ਤੱਕ ਰੋਂਦੇ ਰਹੇ।
“ਮੰਮੀ ਗਵਾਚ ਗਈ...ਅਲਕੀ, ਮੇਰੀ ਮੰਮੀ ਗਵਾਚ ਗਈ...ਕਿਵੇਂ ਤੇ ਕਿੱਥੇ ਲੱਭਾਂ ਉਸਨੂੰ? ਮੰਮੀ, ਮੇਰੀ ਮੰਮੀ!”
ਅਲਕੀ ਵੀ ਕੀ ਦਿਲਾਸਾ ਦਿੰਦੀ? ਬਸ, ਕਹਿ ਦਿੱਤਾ, “ਸਾਰੀ ਜਿਮ! ਮੈਨੂੰ ਇਹ ਲਿਫ਼ਾਫ਼ਾ ਤੈਨੂੰ ਦੇਣਾ ਈ ਨਈਂ ਸੀ ਚਾਹੀਦਾ। ਉਡੀਕ ਤਾਂ ਰਹਿੰਦੀ, ਉਮੀਦ ਤਾਂ ਰਹਿੰਦੀ।”
ਜੇਮਸ ਹਿਲ ਦੀ ਸਕਰੈਪ-ਬੁੱਕ...'ਸਕਰੈਪ-ਬੁੱਕ ਆਫ਼ ਦੀ ਲਾਈਫ਼' ਸ਼ੁਰੂ ਤੋਂ ਆਖ਼ਰ ਤੱਕ ਦੇਖ ਲਈ ਹੈ ਮੈਂ! ਉਸਦੀ ਇਕ ਪਾਕੇਟ ਵਿਚ ਉਸਦਾ ਲੇਖ ਵੀ ਪੜ੍ਹ ਲਿਆ ਹੈ। ਸੋਨੇ ਦੇ ਅੱਖਰਾਂ ਵਿਚ ਲਿਖੇ ਜਾਣ ਵਾਲੇ ਉਸਦੇ ਵਾਕ ‘My mother is my God.’ ਤੇ ਟੀਚਰ ਦੀ ਲਾਲ ਲਕੀਰ ਤੇ ਫੇਰ ਭੁੱਲ ਸੁਧਾਰ ਨੂੰ ਵੀ ਪੜ੍ਹ ਲਿਆ ਹੈ ਮੈਂ। ਸਕਰੈਪ ਬੁੱਕ ਦੇ ਅਖ਼ੀਰਲੇ ਸਫ਼ੇ ਉੱਤੇ ਅਲਕੀਨਾ ਦੀ ਫੋਟੋ ਵੀ ਲੱਗੀ ਹੋਈ ਹੈ। ਉਸਦੇ ਘੁੰਘਰਾਲੇ ਵਾਲ। ਗੂੜ੍ਹੇ ਕਾਲੇ ਚਿਹਰੇ ਨੂੰ ਸਜਾਉਂਦਾ ਉਸਦਾ ਚੌੜਾ ਮੱਥਾ ਤੇ ਹੇਠ ਚਮਕਦੀਆਂ ਉਸਦੀਆਂ ਦੋ ਭੋਲੀਆਂ-ਭਾਲੀਆਂ ਅੱਖਾਂ, ਫਿੱਡਾ ਆਦਿਵਾਸੀ ਨੱਕ ਤੇ ਮੋਟੇ-ਮੋਟੇ ਬੁੱਲ੍ਹ—ਫੇਰ ਵੀ ਫੋਟੋ ਵਿਚ ਉਹ ਬੜੀ ਸੁੰਦਰ ਲੱਗ ਰਹੀ ਹੈ। ਪਰ ਹੁਣ ਉਹ ਮੋਹਨੀ ਮੂਰਤ ਨਹੀਂ ਰਹੀ। ਉਸਦਾ ਕਤਲ ਹੋ ਚੁੱਕਿਆ ਹੈ। ਉਹ ਬਾਗ਼ ਵਿਚੋਂ ਫਲ ਚੁਰਾ ਰਹੀ ਸੀ। ਕਿਸੇ ਨੇ ਪਿੱਛੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੀ ਉਸਦੇ ਨਾਲ ਬਲਾਤਕਾਰ ਵੀ ਹੋਇਆ ਸੀ? ਪੁਲਿਸ ਆਈ, ਪੁੱਛ-ਪੜਤਾਲ ਹੋਈ, ਬਿਆਨ ਲਏ ਗਏ, ਪੋਸਟਮਾਰਟਮ ਵੀ ਹੋਇਆ ਪਰ ਕੋਈ ਗਿਰਫ਼ਤਾਰੀ ਨਹੀਂ ਹੋਈ। ਚੁੱਪਚਾਪ ਉਸਨੂੰ ਦਫ਼ਨਾ ਦਿੱਤਾ ਗਿਆ।
ਇਕ ਸਕਰੈਪ-ਬੁੱਕ ਵਿਚ ਪੂਰੀ ਜ਼ਿੰਦਗੀ ਤਾਂ ਨਹੀਂ ਸਿਮਟ ਸਕਦੀ। ਉਸ ਬੰਦ ਕਿਤਾਬ ਦੇ ਬਾਹਰ ਵੀ ਤਾਂ ਦੁਨੀਆ ਹੁੰਦੀ ਹੈ...ਉਸਦੇ ਭਲ਼ੇ, ਭੱਦੇ ਰੰਗ ਹੁੰਦੇ ਨੇ। ਨਿਯੋਕਾ ਜਿਮ ਨੂੰ ਆਪਣੇ ਭਾਵੀ ਜਵਾਈ ਦੇ ਰੂਪ ਵਿਚ ਦੇਖਦਾ ਸੀ। ਜਦੋਂ ਅਣਵਿਆਹੀ ਧੀ ਹੀ ਨਹੀਂ ਰਹੀ ਤਾਂ ਜਵਾਈ ਕਾਹਦਾ? ਫੇਰ ਵੀ ਨਿਯੋਕਾ ਦਾ ਮੋਹ ਓਵੇਂ ਹੀ ਰਿਹਾ...ਪਰ ਮੁੰਡਾ ਆਪਣੇ-ਆਪ ਨੂੰ ਬੇਸਹਾਰਾ ਸਮਝਣ ਲੱਗ ਪਿਆ ਸੀ ਤੇ ਵਿੰਡੂਨ ਵਿਚ ਕਰਿਸਚੀਅਨ-ਬਰਦਰਸ ਦੀ ਅਖੌਤੀ 'ਕੇਅਰ' ਬਣੀ ਹੋਈ ਸੀ ਜੀਅ ਦਾ ਜੰਜਾਲ!
ਇੰਗਲੈਂਡ ਤੋਂ ਪਾਦਰੀ ਮਿਸੇਜ ਮਾਰਗਰੇਟ ਹੰਮਫ਼ਰੀਜ਼ ਨੇ ਮੁਕਤੀ ਦਿਵਾਈ। ਉਹ ਜਿਮ ਨੂੰ ਵਿੰਡੂਨ ਵਿਚੋਂ ਕੱਢ ਕੇ ਪਰਥ ਲੈ ਆਈ ਜਿੱਥੇ ਉਸਦੀ ਸਕੂਲ ਦੀ ਪੜ੍ਹਾਈ ਪੂਰੀ ਹੋਈ।
ਮਿਸੇਜ਼ ਹੰਮਫ਼ਰੀਜ਼ ਦਾ ਆਦਰਸ਼ ਹੈ ਮਦਰ ਟਰੇਸਾ। ਉਹਨੇ ਇਹਨਾਂ ਦੁੱਖੀ ਬੱਚਿਆਂ ਤੇ ਇਹਨਾਂ ਦੇ ਪਰਿਵਾਰਾਂ ਦੇ ਦਰਦ ਨੂੰ ਅਪਣਾਅ ਲਿਆ ਹੈ। ਉਹਨੂੰ ਮੌਤ ਦੀਆਂ ਧਮਕੀਆਂ ਵੀ ਮਿਲੀਆਂ ਕਿਉਂਕਿ ਉਹ ਅਖੌਤੀ ਧਾਰਮਕ ਤੇ ਰਾਜਨੀਤਕ ਮਹਾਨ ਹਸਤੀਆਂ ਨੂੰ ਬੇਨਕਾਬ ਕਰ ਰਹੀ ਸੀ। ਉਹ ਲਗਭਗ ਇਕ ਹਜ਼ਾਰ ਪਰਿਵਾਰਾਂ ਨੂੰ ਜੋੜਨ ਵਿਚ ਸਫ਼ਲ ਹੋ ਗਈ। ਉਹਦਾ ਇਹ ਨੇਕ ਮਿਸ਼ਨ ਉਦੋਂ ਸ਼ੁਰੂ ਹੋਇਆ ਜਦੋਂ ਮਾਤਰਹੀਣ ਕਹੀਆਂ ਗਈਆਂ ਬਚਪਨ ਤੋਂ ਆਸਟਰੇਲੀਆਂ ਵਿਚ ਦੇਸ਼ ਵਿਛੋੜਾ ਭੋਗ ਰਹੀਆਂ ਦੋ ਔਰਤਾਂ ਨਾਟਿੰਗਮ ਵਿਚ ਉਹਨਾਂ ਨੂੰ ਆ ਕੇ ਮਿਲੀਆਂ। ਮਿਸੇਜ਼ ਹੰਮਫ਼ਰੀਜ਼ ਦੀ ਖੋਜ ਤੋਂ ਬਾਅਦ ਦੋਵਾਂ ਦੀਆਂ ਮਾਵਾਂ ਜਿਉਂਦੀਆਂ ਮਿਲੀਆਂ। ਇਹਨਾਂ ਦੋਵਾਂ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਜਹਾਜ਼ ਵਿਚ ਸੈਂਕੜੇ ਬੱਚੇ ਹੋਰ ਵੀ ਸਨ। ਉਦੋਂ ਭੇਦ ਖੁੱਲ੍ਹਿਆ ਕਿ ਉਹਨਾਂ ਵਰਗੇ ਕੋਈ ਦਸ ਹਜ਼ਾਰ ਬੱਚੇ ਆਸਟਰੇਲੀਆਂ ਵਿਚ ਹੋਰ ਵੀ ਨੇ। ਆਸਟਰੇਲੀਆ ਦੇ ਅਖ਼ਬਾਰਾਂ ਵਿਚ ਵਿਗਿਆਪਨ ਛਪੇ ਜਿਹਨਾਂ ਵਿਚ ਇਹਨਾਂ ਬੱਚਿਆਂ ਲਈ ਉਹਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਹਜ਼ਾਰਾਂ ਜਵਾਬ ਆਏ। ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜਿਹੜੇ ਆਪਣੇ ਬਚਪਨ ਵਿਚ ਵਿੰਡੂਨ ਜਾਂ ਵਿੰਡੂਨ ਵਰਗੀਆਂ ਸੰਸਥਾਵਾਂ ਵਿਚ ਦੁੱਖ ਭੋਗ ਚੁੱਕੇ ਸਨ। ਕੰਮ ਔਖਾ ਸੀ ਤੇ ਸ਼ੁਰੂ-ਸ਼ੁਰੂ ਵਿਚ ਅਸੰਭਵ ਲੱਗਦਾ ਸੀ। ਉਹਨਾਂ ਪਰਥ ਤੇ ਮੇਲਬੋਰਨ ਵਿਚ ਇਹਨਾਂ ਬੱਚਿਆਂ ਤੇ ਇਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ Child Migrants “rust ਬਣਾਇਆ। ਅਸੰਭਵ ਨੂੰ ਸੰਭਵ ਕਰ ਦਿਖਾਇਆ!
ਮਿਸੇਜ਼ ਹੰਫ਼ਰੀਜ਼ ਨੂੰ ਆਸਟਰੇਲੀਆ ਵਿਚਲੇ ਇਹਨਾਂ ਬੱਚਿਆਂ ਦੀ ਪੂਰੀ ਖ਼ਬਰ ਮਿਲ ਚੁੱਕੀ ਸੀ ਤੇ ਉਹਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੀਆਂ ਸ਼ਿਕਾਇਤਾਂ ਭੇਜ ਦਿੱਤੀਆਂ ਸਨ ਤੇ ਉਸਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਛੇਤੀ ਹੀ ਇਹਨਾਂ ਸਾਰੇ ਜ਼ਾਲਮਾਂ ਨੂੰ ਕੋਰਟ ਵਿਚ ਘਸੀਟਿਆ ਜਾਵੇਗਾ। ਮਿਸੇਜ਼ ਹੰਫ਼ਰੀਜ਼ ਦੀ ਪੁੱਛਗਿੱਛ 'ਤੇ ਨੌਂ ਸਾਲ ਦੀ ਉਮਰ ਤੋਂ ਉਦੋਂ ਤੱਕ ਜੋ ਵੀ ਉਸ ਨਾਲ ਬੀਤਿਆ, ਜਿਮ ਨੇ ਸਭ ਕੁਝ ਦੱਸ ਦਿੱਤਾ। ਮੈਡਮ ਨੇ ਬੇਝਿਜਕ ਉਸਦੇ ਯੋਨ ਸ਼ੋਸ਼ਣ ਬਾਰੇ ਵੀ ਪੁੱਛ ਲਿਆ—
ਕੁਰਲਾ ਉੱਠਿਆ ਸੀ ਜਿਮ, “ਦਿਨੇ ਵੀ, ਰੁੱਖਾਂ ਨਾਲ ਬੰਨ੍ਹ-ਬੰਨ੍ਹ ਕੇ।”
ਮੈਡਮ ਨੇ ਉਸਦੇ ਅੱਥਰੂ ਪੂੰਝੇ, “ਡਰਨਾ ਨਈਂ। ਕੋਰਟ ਵਿਚ ਵੀ ਕਹਿ ਦਵੀਂ ਸਭ ਕੁਛ।”
ਜਿਮ ਨੇ 'ਹਾਂ' ਵਿਚ ਸਿਰ ਹਿਲਾਇਆ ਸੀ।
ਆਖ਼ਰ ਮਿਸੇਜ਼ ਹੰਫ਼ਰੀਜ਼ ਦੀ ਮਿਹਨਤ ਰੰਗ ਲਿਆਈ। 'ਕੇਅਰ' ਦੇ ਨਾਂ 'ਤੇ ਚਲਾਏ ਗਏ ਮਸੂਮ ਬੱਚਿਆਂ ਦੇ ਜ਼ਾਲਮ ਕੈਦਖ਼ਾਨਿਆਂ ਦੇ ਚਾਲਕਾਂ ਉੱਤੇ ਮੁਕੱਦਮੇ ਚਲਾਏ ਗਏ।
ਅਦਾਲਤ ਵਿਚ ਫੇਰ ਉਹੀ ਕਿੱਸੇ ਖੁੱਲ੍ਹ ਕੇ ਦੁਹਰਾਏ ਗਏ ਜਿਹਨਾਂ ਨੂੰ ਸੁਣ ਕੇ, ਸੁਣ ਵਾਲਿਆਂ ਤੇ ਜੱਜਾਂ, ਵਕੀਲਾਂ ਦੇ ਸਿਰ ਸ਼ਰਮ ਨਾਲ ਝੁਕ ਗਏ ਹੋਣਗੇ। ਚਮੜੇ ਦੀਆਂ ਚਾਰ ਪੇਟੀਆਂ ਵਾਲੇ ਹੰਟਰ ਵੀ ਪੇਸ਼ ਕੀਤੇ ਗਏ ਜਿਹਨਾਂ ਨਾਲ ਨਿੱਕੀਆਂ, ਕੋਮਲ ਪਿੱਠਾਂ ਉੱਤੇ ਵਾਰ ਕੀਤੇ ਗਏ ਸਨ ਤੇ ਨੰਗੀਆਂ ਪਿੱਠਾਂ ਉੱਤੇ ਉਹਨਾਂ ਦੀ ਮਾਰ ਦੇ ਅਮਿੱਟ ਨਿਸ਼ਾਨ ਵੀ ਦਿਖਾਏ ਗਏ। ਅਦਾਲਤ ਵਿਚ ਇਕ ਗਵਾਹ ਦਾ ਨਾਂ ਪੁੱਛਿਆ ਗਿਆ। ਉਸਦਾ ਉੱਤਰ ਸੀ—“ਮੈਂ ਆਪਣਾ ਸਹੀ ਨਾਂ ਨਈਂ ਦੱਸ ਸਕਦਾ।”
“ਕੀ ਕਹਿ ਰਹੇ ਓਂ ਤੁਸੀਂ? ਇਹ ਕੋਰਟ ਦਾ ਅਪਮਾਨ ਏਂ।”
“ਮੈਂ ਜਾਣਦਾ ਆਂ—ਪਰ ਤਿੰਨ ਸਾਲ ਦੀ ਉਮਰ ਵਿਚ ਈ ਇੰਗਲੈਂਡ ਵਿਚੋਂ ਮੇਰੇ ਮਾਂ-ਬਾਪ ਤੋਂ ਮੈਨੂੰ ਖੋਹ ਲਿਆ ਗਿਆ ਸੀ ਤੇ ਮੇਰਾ ਨਾਂ ਬਦਲ ਦਿੱਤਾ ਗਿਆ ਸੀ। ਮੈਂ ਅੱਜ ਵੀ ਆਪਣੀ ਪਹਿਚਾਨ ਲੱਭ ਰਿਹਾ ਆਂ। ਮੇਰੇ ਮਾਂ-ਬਾਪ ਕੌਣ ਸਨ? ਉਹਨਾਂ ਦੇ ਨਾਂ, ਉਹਨਾਂ ਦੇ ਚਿਹਰੇ ਤੱਕ ਮੈਨੂੰ ਯਾਦ ਨਈ।”
ਬਾਲ ਯੋਨ ਸ਼ੋਸ਼ਣ ਦੇ ਅਨੇਕਾਂ ਕਿੱਸੇ ਖੁੱਲ੍ਹੇ। ਨਿਯੋਕਾ ਤੇ ਜਿਮ ਦੇ ਬਿਆਨ ਵੀ ਹੋਏ। ਇਕ ਕੁੜੀ ਦੀਆਂ ਪਿਆਰੀਆਂ ਨੀਲੀਆਂ ਅੱਖਾਂ ਦੋ ਬਰਦਰਸ ਵਿਚਕਾਰ ਹੋਏ ਇਕ ਵਹਿਸ਼ੀਆਨਾ ਮੁਕਾਬਲੇ ਦਾ ਸ਼ਿਕਾਰ ਹੋ ਗਈਆਂ—ਦੋਵਾਂ ਵਿਚੋਂ ਕਿਹੜਾ ਸੌ ਵਾਰੀ ਉਸਦਾ ਬਲਾਤਕਾਰ ਕਰੇਗਾ। ਉਹ ਆਪਣੀਆਂ ਬੰਦ ਅੱਖਾਂ ਉੱਤੇ ਇਸ ਲਈ ਦੁਹੱਥੜਾਂ ਮਾਰਦੀ ਰਹੀ ਸੀ ਕਿ ਕਾਸ਼ ਅੱਖਾਂ ਦਾ ਰੰਗ ਬਦਲ ਜਾਵੇ!...ਪਰ ਅੱਖਾਂ ਦਾ ਰੰਗ ਨਹੀਂ ਸੀ ਬਦਲਿਆ ਤੇ ਉਹ ਦੋਵੇਂ ਬਲਾਤਕਾਰ ਕਰਦੇ ਰਹੇ ਸੀ। ਅਕਸਰ ਕੋਰਟ ਕਚਹਿਰੀ ਵਿਚ ਬਲਾਤਕਾਰ ਸਿੱਧ ਕਰਨਾ ਲਗਭਗ ਅਸੰਭਵ ਹੁੰਦਾ ਹੈ ਪਰ 250 ਮਾਮਲਿਆਂ ਵਿਚ ਇਸ ਅਸੰਭਵ ਵੀ ਸੰਭਵ ਹੋ ਗਿਆ। ਦੋਸ਼ੀ ਸਿੱਧ ਹੋਈਆਂ ਕਈ ਸਨਿਆਸਨਾਂ Sisters of Merch ਤੇ ਕਾਲੇ ਚੋਗੇ ਵਾਲੇ ਕਈ ਬਰਦਰਸ ਨੂੰ ਬਣਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਤੇ ਉਹ ਹੱਥਕੜੀਆਂ ਵਿਚ ਜੇਲ੍ਹ ਭੇਜੇ ਗਏ।
ਆਖ਼ਰ 'ਕੇਅਰ' ਦੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੇ ਜੁਰਮ ਸਵੀਕਾਰ ਕਰਨੇ ਪਏ। ਵਿੰਡੂਨ ਦੇ ਕਰਿਸਚੀਅਨ-ਬਰਦਰਸ ਨੇ ਪੁਰਾਣੇ ਤੇ ਵਰਤਮਾਨ ਵਾਸੀਆਂ ਨੂੰ ਦਸ-ਦਸ ਹਜ਼ਾਰ ਡਾਲਰ ਦਾ ਮੁਆਵਜ਼ਾ ਦੇਣਾ ਸਵੀਕਾਰ ਕੀਤਾ।
ਸਥਿਤੀ ਏਨੀ ਸ਼ਰਮਨਾਕ ਸੀ ਕਿ 1998 ਵਿਚ ਬ੍ਰਿਟੇਨ ਦੇ  House of commons ਦੀ ਇਕ  Select  Committee ਨੇ ਇਸ ਘਿਰਣਤ ਪੜਯੰਤਰ ਨੂੰ  ‘Britain’s Shameful Secred’ ਤਾਂ ਕਹਿ ਦਿੱਤਾ ਪਰ ਕਿਸੇ ਨੇ ਮੁਆਫ਼ੀ ਨਹੀਂ ਮੰਗੀ। 15 ਨਵੰਬਰ 2009 ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਕੈਬਿਨ ਰੱਡ ਨੇ ਪਹਿਲ ਕੀਤੀ ਤੇ ਆਸਟਰੇਲੀਅਨ ਪਾਰਲੀਮੈਂਟ ਵਿਚ ਬ੍ਰਿਟੇਨ ਤੋਂ ਅਗਵਾਹ ਕੀਤੇ ਗਏ ਬੱਚਿਆਂ ਤੋਂ ਖੁੱਲਮ-ਖੁੱਲ੍ਹਾ ਰਾਜਨੀਤਕ ਮੁਆਫ਼ੀ ਮੰਗੀ ਤੇ ਦਸ ਲੱਖ ਪਾਊਂਡ ਹਰਜਾਨਾ ਦੇਣ ਦਾ ਐਲਾਨ ਕੀਤਾ। ਇਹ ਸਾਰੇ ਬੱਚੇ ਬ੍ਰਿਟਿਸ਼ ਮੂਲ ਦੇ ਸਨ। 23 ਫਰਬਰੀ 2010 ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਗਾਰਡਨ ਬਰਾਉਨ ਨੂੰ ਵੀ ਹਾਊਸ ਆਫ ਕਾਮਨਸ ਵਿਚ ਓਵੇਂ ਹੀ ਮੁਆਫ਼ੀ ਮੰਗਣੀ ਪਈ ਤੇ ਪੀੜਤ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਸੱਠ ਲੱਖ ਪਾਊਂਡ ਦੇ ਮੁਆਵਜ਼ੇ ਦਾ ਐਲਾਨ ਕੀਤਾ।
ਮੁਆਵਜ਼ੇ ਵਜੋਂ ਜਿਮ ਨੂੰ ਵੀ ਖ਼ੂਬ ਪੈਸੇ ਮਿਲਿਆ। ਪੈਸਿਆਂ ਨਾਲ ਗਵਾਚਿਆ ਹੋਇਆ ਬਚਪਨ ਤਾਂ ਨਹੀਂ ਸੀ ਮਿਲ ਸਕਦਾ ਪਰ ਬੇਵਤਨ ਹੋਇਆ, ਉਹ ਆਪਣੀ ਗਵਾਚੀ ਹੋਈ ਮਾਂ ਨੂੰ ਲੱਭਣ ਲਈ ਇੰਗਲੈਂਡ ਜਾਣਾ ਚਾਹੁੰਦਾ ਸੀ। ਬ੍ਰਿਟਿਸ਼ ਤੇ ਫੇਰ ਆਸਟਰੇਲੀਆ ਸਰਕਾਰ ਤੋਂ ਪਾਸਪੋਰਟ ਦੀ ਮੰਗ ਕੀਤੀ ਪਰ ਉਸਨੂੰ ਇਨਕਾਰ ਹੀ ਮਿਲਿਆ। ਜੇ ਅਲਕੀਨਾ ਨਾਲ ਉਸਦਾ ਵਿਆਹ ਹੋ ਜਾਂਦਾ ਤਾਂ ਉਹ ਆਸਟਰੇਲੀਅਨ ਨਾਗਰਿਕ ਦਾ ਪਤੀ ਹੁੰਦਾ ਤੇ ਆਸਟਰੇਲੀਆ ਦਾ ਪਾਸਪੋਰਟ ਆਸਾਨੀ ਨਾਲ ਮਿਲ ਜਾਂਦਾ। ਇਕ ਜਿਊਂਦੇ ਜਾਗਦੇ ਇਨਸਾਨ ਤੋਂ ਕਾਗਜ਼ੀ ਸਬੂਤ ਮੰਗੇ ਜਾ ਰਹੇ ਸਨ...ਮਾਂ ਦੇ ਹੱਥ ਦੀ ਲਿਖੀ ਸਕਰੈਪ-ਬੁੱਕ ਦਾ ਇਕ ਸਫ਼ਾ ਤਾਂ ਸਰਕਾਰੀ ਬਰਥ-ਸਰਟਿਫੀਕੇਟ ਨਹੀਂ ਸੀ ਮੰਨਿਆਂ ਜਾ ਸਕਦਾ। ਬ੍ਰਿਟੇਨ ਵਿਚ ਉਸਦੇ ਜਨਮ ਦਾ ਪ੍ਰਮਾਣ-ਪੱਤਰ ਮੰਗਿਆ ਗਿਆ...ਤੇ ਨਾਲ ਮੰਗੇ ਗਏ ਬ੍ਰਿਟੇਨ 'ਚੋਂ ਜਾਣ ਤੇ ਆਸਟਰੇਲੀਆ ਵਿਚ ਪ੍ਰਵੇਸ਼ ਦੇ ਕਾਗਜ਼ੀ ਸਬੂਤ!
“ਮੈਂ ਕੀ ਪੇਸ਼ ਕਰਦਾ? ਜ਼ਾਲਮਾਂ ਨੇ ਆਪਣੇ ਗੁਨਾਹਾਂ ਦਾ ਕੋਈ ਸਬੂਤ ਨਈਂ ਸੀ ਛੱਡਿਆ ਮੇਰੇ ਕੋਲ?”
ਜਿਮ ਦੀ ਇਹ ਸ਼ਿਕਾਇਤ ਸੀ ਦੋਵਾਂ ਸਰਕਾਰਾਂ ਪ੍ਰਤੀ, ਉਹਨਾਂ ਦੇ ਨੇਤਾਵਾਂ ਪ੍ਰਤੀ, ਅਧਿਕਾਰੀਆਂ ਪ੍ਰਤੀ ਪਰ ਉਸਨੇ ਸਵਾਲ ਕੀਤਾ ਮੈਨੂੰ, “ਜਿਹਨਾਂ ਲੋਕਾਂ ਨੇ ਉਸ ਦੁੱਖਦਾਈ, ਨਾਜਾਇਜ਼ ਸਮਝੌਤੇ ਤਹਿਤ ਸਾਡੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ—ਬਹੁਤ ਸਾਰੇ ਅੱਜ ਵੀ ਜਿਊਂਦੇ ਹੋਣਗੇ, ਉੱਚੇ ਅਹੁਦਿਆਂ 'ਤੇ ਬੈਠੇ ਹੋਣਗੇ—ਉਹਨਾਂ ਨਵੇਂ ਹਿਟਲਰਾਂ ਉੱਤੇ ਕਦੋਂ ਮੁਕੱਦਮਾ ਚੱਲੇਗਾ? ਉਹਨਾਂ ਨੂੰ ਕੌਣ ਜੇਲ੍ਹ ਭੇਜੇਗਾ?”
ਸੁਣਦਾ ਰਿਹਾ ਮੈਂ—ਜਵਾਬ ਕੀ ਦਿੰਦਾ?
ਆਸਟਰੇਲੀਆ ਵਿਚ ਮੇਰੀ ਰਿਸਰਚ ਦਾ ਕੰਮ ਪੂਰਾ ਹੋ ਗਿਆ ਸੀ ਤੇ ਉੱਥੇ ਉਹ ਮੇਰੀ ਆਖ਼ਰੀ ਸ਼ਾਮ ਸੀ। ਅਸੀਂ ਦੋਵਾਂ ਨੇ ਇਕ ਵਧੀਆ ਰੇਸਤਰਾਂ ਵਿਚ ਡਿਨਰ ਕੀਤਾ। ਤਿੰਨ ਮਹੀਨਿਆਂ ਵਿਚ ਜਿਮ ਦੀ ਟੈਕਸੀ ਦਾ ਭਾੜਾ ਪੰਜ ਹਜ਼ਾਰ ਚਾਰ ਸੌ ਡਾਲਰ ਬਣਿਆਂ ਸੀ। ਮੈਂ ਦਿਲੀ ਧੰਨਵਾਦ ਨਾਲ ਇਕ ਬੰਦ ਲਿਫ਼ਾਫ਼ੇ ਵਿਚ ਉਸਨੂੰ ਛੇ ਹਜ਼ਾਰ ਡਾਲਰ ਪਾ ਕੇ ਦੇ ਦਿੱਤੇ ਤੇ ਉਸਨੇ ਮੈਨੂੰ ਦੇ ਦਿੱਤੀ ਆਪਣੀ ਸਕਰੈਪ-ਬੁੱਕ ਦੇ ਉਸ ਸਫ਼ੇ ਦੀ ਫੋਟੋ ਕਾਪੀ ਜਿਸ ਵਿਚ ਮਾਂ ਨਾਲ ਉਸਦੇ ਬਚਪਨ ਦੀ ਤਸਵੀਰ ਸੀ।
“ਮੁਆਫ਼ ਕਰੀਂ ਦੋਸਤ ਆਪਣੇ ਦੁੱਖ 'ਚ ਤੈਨੂੰ ਵੀ ਘਸੀਟ ਰਿਹਾਂ। ਕੁਛ ਬੋਝ ਤਾਂ ਤੈਨੂੰ ਵੀ ਢੋਣਾ ਪਵੇਗਾ। ਜਿਵੇਂ ਵੀ ਹੋਵੇ, ਕਿਤੋਂ ਵੀ, ਕਿਸੇ ਤਰ੍ਹਾਂ ਮੇਰੀ ਮੰਮੀ ਨੂੰ ਲੱਭ ਦਵੀਂ। ਸਾਰੀ ਉਮਰ ਤੇਰੀ ਗੁਲਾਮੀ ਕਰਾਂਗਾ।”
ਉਸਦੀਆਂ ਬੇਚੈਨ ਸਿੱਜਲ ਪਲਕਾਂ ਤੇ ਕੰਬਦੇ ਹੋਏ ਬੁੱਲ! ਇਨਕਾਰ ਦਾ ਤਾਂ ਸਵਾਲ ਹੀ ਨਹੀਂ ਸੀ। ਅਗਲੇ ਦਿਨ ਉਹ ਮੈਨੂੰ ਏਅਰਪੋਰਟ ਉੱਤੇ ਛੱਡਣ ਆਇਆ। ਗਲ਼ੇ ਮਿਲੇ, ਵਿਦਾਈ ਹੋਈ ਤੇ ਮੈਂ ਜਹਾਜ਼ ਚੜ੍ਹ ਗਿਆ।
ਪਲੇਨ ਦਾ ਲੰਮਾ ਸਫ਼ਰ ਸ਼ੁਰੂ ਹੋਇਆ ਤਾਂ ਸੋਚਿਆ ਆਪਣਾ ਥੀਸਿਸ ਇਕ ਵਾਰ ਫੇਰ ਪੜ੍ਹ ਲਵਾਂ। ਕੋਈ ਕੱਟ-ਵੱਢ ਜ਼ਰੂਰੀ ਹੋਵੇ ਤਾਂ ਕਰ ਲਵਾਂ। ਬਰੀਫ਼ ਕੇਸ ਵਿਚ ਹੱਥ ਪਾਇਆ ਤਾਂ ਮੇਰੇ ਹੱਥ ਵਿਚ ਆ ਗਿਆ ਨੋਟਾਂ ਵਾਲਾ ਜਿਮ ਨੂੰ ਦਿੱਤਾ ਉਹੀ ਲਿਫ਼ਾਫ਼ਾ। ਪਤਾ ਨਹੀਂ ਕਦੋਂ ਅੱਖ ਬਚਾਅ ਕੇ ਉਸਨੇ ਇਹ ਖੇਡ, ਖੇਡੀ ਸੀ! ਇਕ ਰੁੱਕਾ ਵੀ ਸੀ ਨਾਲ—“ਮੈਂ ਤੇਰਾ ਨੁਕਸਾਨ ਨਈਂ ਚਾਹੁੰਦਾ। ਮੰਮੀ ਨੂੰ ਲੱਭਣ ਵਿਚ ਪੈਸੇ ਤਾਂ ਲੱਗਣਗੇ ਈ। ਲੋੜ ਹੋਵੇ ਤਾਂ ਹੋਰ ਮੰਗਵਾ ਲਵੀਂ...ਪਰ ਮੇਰੀ ਮੰਮੀ ਨੂੰ ਜ਼ਰੂਰ ਲੱਭੀਂ...ਪਲੀਜ਼, ਪਲੀਜ਼, ਪਲੀਜ਼!”
ਇਕ ਹਥੌੜਾ-ਜਿਹਾ ਵੱਜਿਆ!
ਯੂਨੀਵਰਸਟੀ ਵਿਚ ਮੇਰੀ ਥੀਸਿਸ ਸਵੀਕਾਰ ਹੋ ਗਈ ਤੇ ਮੈਨੂੰ ਪੀ.ਐਚ.ਡੀ. ਦੀ ਡਿਗਰੀ ਵੀ ਮਿਲ ਗਈ ਪਰ ਜਿਮ ਦੀ ਮੰਮੀ ਨਹੀਂ ਮਿਲੀ। ਉਸਦੇ ਪੁਰਾਣੇ ਘਰ ਤੇ ਆਂਢ-ਗੁਆਂਢ ਦੇ ਕਈ ਘਰਾਂ ਦੇ ਦਰਵਾਜ਼ੇ ਖੜਕਾਏ, ਪਰ ਨਿਰਾਸ਼ਾ ਹੀ ਮਿਲੀ।
ਇਕ ਸਦ-ਭਰਮਾਉਣ ਵਾਲਾ ਸ਼ਬਦ ਹੈ 'ਸ਼ਾਇਦ'...ਜਿਹੜਾ ਸ਼ੰਕਿਆਂ ਤੇ ਉਮੀਦਾਂ ਵਿਚਕਾਰ ਲਟਕਾਈ ਰੱਖਦਾ ਹੈ। ਲਗਾਤਾਰ ਚੁਭਦਾ ਰਹਿੰਦਾ ਹੈ। ਮੈਂ ਉਸ ਦੇ ਘਰ ਦੇ ਸਾਹਮਣੇ ਵਾਲੀ ਸੜਕ ਉੱਤੇ ਚੱਕਰ ਤੇ ਚੱਕਰ ਲਾਏ। ਇਸ ਉਮੀਦ ਨਾਲ ਕਿ ਹੁਣੇ ਇਕ ਮਾਂ ਆਵੇਗੀ। ਮੈਂ ਜੇਮਸ ਹਿਲ ਦਾ ਨਾਂ ਲਵਾਂਗਾ ਤੇ ਉਹ ਉਤਸਾਹ ਨਾਲ ਪੁੱਛੇਗੀ, 'ਕੈਸਾ ਏ ਮੇਰਾ ਪੁੱਤਰ!'
ਇਕ ਬੁੱਢੀ ਪੁਰਾਣੀ ਗੁਆਂਢਣ, ਮਿਸੇਜ਼ ਟੇਲਰ ਨਾਲ ਮੁਲਾਕਾਤ ਹੋ ਗਈ। ਉਸਨੂੰ ਇਸ ਮਾਂ-ਪੁੱਤਰ ਦੀ ਤਸਵੀਰ ਦਿਖਾਈ। ਕੁਝ ਚਿਰ ਅਤੀਤ ਦੀ ਧੁੰਦ ਵਿਚ ਗਵਾਚੀ ਰਹੀ ਉਹ ਮੈਡਮ। ਫੇਰ ਜਿਵੇਂ ਕਿਸੇ ਔਖੀ ਬੁਝਾਰਤ ਦੇ ਸਮਝ ਆ ਜਾਣ 'ਤੇ ਅਸੀਂ ਜੋਸ਼ ਵਿਚ ਆ ਜਾਂਦੇ ਹਾਂ, ਉਹੀ ਬੁਲੰਦੀ ਸੀ ਉਸਦੀ ਆਵਾਜ਼ ਵਿਚ—“ਓ ਯਸ! ਮਾਰਗਰੇਟ ਹਿਲ! ਉਹ ਤਾਂ ਜਿਮ ਦੇ ਨਾਲ ਆਸਟਰੇਲੀਆ ਚਲੀ ਗਈ ਸੀ।”
ਸਮਝਾਉਣਾ ਪਿਆ। ਮਾਰਗਰੇਟ ਹਿਲ ਨਹੀਂ ਸੀ ਗਈ। ਜਿਮ ਦਾ ਅਗਵਾਹ ਹੋਇਆ ਸੀ। ਉਹ ਇਕੱਲਾ ਹੀ ਗਿਆ ਸੀ। ਫੇਰ ਜੋ ਵੀ ਮੈਥੋਂ ਹੋ ਸਕਿਆ, ਮੈਂ ਕੀਤਾ। ਕਰਾਯਡਨ, ਸਾਉਥੇਂਪਟਨ ਦੇ ਥਾਣਿਆਂ ਵਿਚ ਪੁੱਛਗਿੱਛ, ਅਖ਼ਬਾਰਾਂ ਵਿਚ ਤੇ ਇੰਟਰਨੈਟ ਉੱਤੇ ਇਸ਼ਤਿਹਾਰ। ਹਸਪਤਾਲਾਂ, ਕਬਰਸਤਾਨਾਂ ਦੇ ਚੱਕਰ। ਕਿਤੋਂ ਕੋਈ ਖ਼ਬਰ ਨਹੀਂ ਮਿਲੀ।
ਡਿਗਰੀ ਲੈਣ 'ਤੇ ਮੈਨੂੰ ਵਧਾਈਆਂ ਤਾਂ ਮਿਲਣੀਆਂ ਹੀ ਸੀ। ਬਹੁਤ ਸਾਰੇ ਖ਼ਤ ਤੇ ਕੰਪਿਊਟਰ 'ਤੇ ਈ.ਮੇਲ ਵੀ ਮਿਲੇ। ਫ਼ੋਨ ਦੀ ਘੰਟੀ ਵੀ ਲਗਾਤਾਰ ਵੱਜਦੀ ਰਹੀ। ਰਾਜੀਵ ਤੇ ਨੇਹਾ ਦੀ ਵੀ ਫ਼ੋਨ ਕਾਲ ਵੀ ਆਈ। ਜਵਾਬ ਵਿਚ ਮੇਰੇ 'ਥੈਂਕ-ਯੂ' ਕਹਿਣ ਬਾਅਦ ਕਹਿਣ ਲਈ ਨਾ ਮੇਰੇ ਕੋਲ ਕੁਝ ਸੀ ਨਾ ਉਹਨਾਂ ਕੋਲ। ਉਦੋਂ ਰਾਜੀਵ ਬਦਲਦੇ, ਬੇਵਫ਼ਾ ਮੌਸਮ ਦਾ ਜ਼ਿਕਰ ਛੇੜ ਬੈਠਾ—“ਤੂੰ ਤਾਂ  Indian Summer ਮਨਾਅ ਰਿਹਾ ਏਂ। ਇੱਥੇ ਤਾਂ ਸਿਰੇ ਦੀ ਸਰਦੀ ਏ। ਪਿਛਲੀ ਰਾਤ ਬੜਾ ਜਬਰਦਸਤ ਤੂਫ਼ਾਨ ਆਇਆ। ਘਰਾਂ ਦੀਆਂ ਛੱਤਾਂ ਉੱਡ ਗਈਆਂ, ਬਹੁਤ ਸਾਰੇ ਰੁੱਖ ਡਿੱਗ ਪਏ।”
ਬਹੁਤ ਸਾਰੇ ਰੁੱਖ? ਉਹਨਾਂ ਵਿਚ ਇਕ ਤਾਂ ਮੇਰੇ 'ਤੇ ਹੀ ਡਿੱਗਿਆ ਲੱਗਿਆ ਜਦੋਂ ਰਾਜੀਵ ਨੇ ਦੱਸਿਆ ਕਿ ਉਸ ਰਾਤ ਉਹ ਦੋਵੇਂ ਸ਼ਹੀਦ ਹੋ ਗਏ...ਜਿਮ ਤੇ ਉਸਦੇ ਨਾਲ ਉਹ ਪਹਾੜੀ ਵਾਲਾ ਰੁੱਖ!
ਨਤੀਜਾ ਸੋਚੇ ਬਿਨਾਂ ਜਦੋਂ ਕੋਈ ਕੁਝ ਵੀ ਕਰ ਦਵੇ ਤਾਂ ਉਹ ਪਾਗਲ ਹੀ ਮੰਨਿਆਂ ਜਾਵੇਗਾ। ਜਿਮ ਉੱਤੇ ਵੀ ਅਜਿਹੇ ਹੀ ਪਾਗਲਪਨ ਦਾ ਦੌਰਾ ਪਿਆ ਹੋਵੇਗਾ। ਉਹ ਆਪਣੇ ਉਸ ਚਹੇਤੇ ਰੁੱਖ ਨੂੰ ਜਾ ਚੰਬੜਿਆ। ਅਗਲੀ ਸਵੇਰ ਮਿਲੀ ਉਸਦੀ, ਮੂਧੀ, ਆਕੜੀ, ਲਾਵਾਰਿਸ ਲਾਸ਼। ਰੁੱਖ ਨੂੰ ਜੱਫੀ ਪਾਈ ਸੀ ਜਿਮ ਦੀਆਂ ਆਕੜੀਆਂ ਹੋਈਆਂ ਬਾਹਾਂ, ਲੱਤਾਂ ਨੇ। ਜ਼ਰਾ ਦੂਰੀ 'ਤੇ ਖੜ੍ਹੀ ਉਸਦੀ ਟੈਕਸੀ ਦੀ ਨੰਬਰ ਪਲੇਟ ਤੋਂ ਉਸਦੀ ਪਛਾਣ ਵੀ ਹੋ ਗਈ ਸੀ।
ਜਿਮ ਨਹੀਂ ਰਿਹਾ ਪਰ ਮੇਰੇ ਉੱਤੇ ਦੋ-ਦੋ ਕਰਜ਼ੇ ਛੱਡ ਗਿਆ ਹੈ। ਕਿਤੇ ਗਵਾਚੀ ਹੋਈ ਉਸਦੀ ਮਾਂ ਵੀ ਹੈ...ਹੈ ਜਾਂ ਸੀ? ਉਸਨੂੰ ਕਿੱਥੇ ਲੱਭਾਂ, ਕਿਸਨੂੰ ਖ਼ਬਰ ਪਹੁੰਚਾਵਾਂ? ਬੰਦ ਲਿਫ਼ਾਫ਼ਾ ਵਿਚ ਬਿਨਾਂ ਮੰਗੇ ਦਾ ਜਿਹੜਾ ਕਰਜ਼ਾ ਮੇਰੇ ਉੱਤੇ ਚੜ੍ਹਾ ਗਿਆ ਹੈ, ਉਸਨੂੰ ਕਿੱਥੇ ਤੇ ਕਿੰਜ ਲਾਹਵਾਂ?
ਇਕ ਇਨਸਾਨ ਦੀ ਮੌਤ, ਇਕ ਤਮਾਸ਼ਾ! ਲੋਕਾਂ ਦੀ ਭੀੜ ਲੱਗ ਗਈ ਸੀ। ਰੁੱਖ ਤੇ ਲਾਸ਼ ਵੱਖ ਹੋਣ ਤਾਂ ਦਫ਼ਨ ਹੋਣ। ਪਰ ਕਿਵੇਂ?
ਹੁੰਦਾ ਆਇਆ ਹੈ...ਇਨਸਾਨ ਤੋੜੇ ਦਿੱਤੇ ਜਾਂਦੇ ਨੇ, ਫੇਰ ਦਰਸਾਈ ਜਾਂਦੀ ਹੈ ਲਸ਼ਾਂ ਦੇ ਪ੍ਰਤੀ ਆਪਣੀ ਭਾਵਨਾ ਤੇ ਰਾਏ! ਭਾਵੁਕ ਆਦਮੀ! ਪਾਦਰੀ ਵੀ ਲਗਭਗ ਰੋ ਪਿਆ ਸੀ—“ਕਦੀ ਦੇਖਿਆ ਨਹੀਂ, ਨਾ ਸੁਣਿਆਂ ਹੈ ਅਜਿਹਾ ਕੁਦਰਤੀ ਪ੍ਰੇਮ! ਇਕ ਮਰੇ ਹੋਏ ਰੁੱਖ ਨਾਲ ਐਨਾ ਅਟੁੱਟ ਮੋਹ! ਮਰਨ ਵਾਲੇ ਦੀਆਂ ਭਾਵਨਾਵਾਂ ਦੀ ਕਦਰ ਕਰੋ। ਲਾਸ਼ ਤੋਂ ਉਪਰੋਂ-ਹੇਠੋਂਰੁੱਖ ਨੂੰ ਕੱਟ ਕੇ ਉਸਨੂੰ ਸਿੱਧਾ ਕਰੋ। ਜਿਮ ਤੇ ਹਿੱਕ ਨਾਲ ਲੱਗੇ ਤਣੇ ਨੂੰ ਇਕੱਠਿਆਂ ਦਫ਼ਨ ਕਰਨਾ ਹੈ।”
ਜਿਮ ਹੁਣ ਇਕੱਲਾ ਨਹੀਂ ਰਿਹਾ!
---------------