Saturday, September 26, 2009

ਕਹਿੰਦੇ ਐ ਜੀਹਨੂੰ ਬੇਦੀ :: ਰਾਜਿੰਦਰ ਸਿੰਘ ਬੇਦੀ, राजिंदर सिंह बेदी


:: ਕਹਿੰਦੇ ਐ ਜੀਹਨੂੰ ਬੇਦੀ...

****************************

ਰਾਜਿੰਦਰ ਸਿੰਘ ਬੇਦੀ...
राजिंदर सिंह बेदी...
Rajinder Singh Bedi...

****************************
ਕਥਾਕਾਰ ਦੀ ਕਥਾ-ਗਾਥਾ : ਭਾਗ : ਪਹਿਲਾ :-

ਨਾਮ : ਰਾਜਿੰਦਰ ਸਿੰਘ ਬੇਦੀ
ਪਿਤਾ ਦਾ ਨਾਮ : ਹੀਰਾ ਸਿੰਘ ਬੇਦੀ (ਖੱਤਰੀ)
ਮਾਤਾ ਦਾ ਨਾਮ : ਸੇਵਾ ਦਈ (ਬ੍ਰਹਾਮਣ)
ਤਾਰੀਖ਼ ਪੈਦਾਇਸ਼ : 1 ਸਤੰਬਰ 1915
ਤਾਰੀਖ਼ ਇੰਤਕਾਲ : 11 ਨਵੰਬਰ 1984.

ਰਿਫ਼ਿਊਜ਼ੀ ਪਿੰਡ ਡੱਲੇ ਕੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ

ਤਾਲੀਮ : 1931 ਹਾਈ ਸਕੂਲ (ਐਸ.ਬੀ.ਬੀ.ਐਸ ਖਾਲਸਾ ਸਕੂਲ, ਲਾਹੌਰ) ; 1933 ਇੰਟਰਮੀਡੀਅਟ (ਡੀ.ਏ.ਵੀ. ਕਾਲੇਜ, ਲਾਹੌਰ)

1932 ਵਿਚ ਅਦਬੀ ਜ਼ਿੰਦਗੀ ਦੀ ਸ਼ੁਰੂਆਤ : ਵਿਦਿਆਰੀ ਜੀਵਨ ਵਿਚ ਮਹਸਨ ਲਾਹੌਰੀ ਦੇ ਨਾਂਅ ਨਾਲ ਅੰਗਰੇਜ਼ੀ, ਉਰਦੂ ਤੇ ਪੰਜਾਬੀ ਵਿਚ ਨਜ਼ਮਾਂ ਤੇ ਕਹਾਣੀਆਂ ਲਿਖੀਆਂ,
ਪਹਿਲੀ ਮੁਲਾਜ਼ਮਤ ਲਗਭਗ ਦਸ ਸਾਲ ਤਕ ਪੋਸਟ-ਆਫ਼ਿਸ ਲਾਹੌਰ ਵਿਚ ਬਤੌਰ ਹੈਸੀਅਤ ਕਲਰਕ ਕੀਤੀ।)
1943 ਵਿਚ ਅਸਤੀਫਾ (ਡਾਕਖਾਨੇ ਦੀ ਮੁਲਾਜ਼ਮ ਦੀ ਮੁੱਦਤ ਲਗਭਗ ਦਸ ਸਾਲ।)
ਛੇ ਮਹੀਨੇ ਦਿੱਲੀ ਵਿਚ ਕੇਂਦਰ ਸਰਕਾਰ ਦੇ ਪਬਲੀਸਿਟੀ ਡਿਪਾਰਟਮੈਂਟ ਵਿਚ ਕੰਮ ਕੀਤਾ।
ਤੀਜੀ ਮੁਲਾਜ਼ਮਤ ਆਲ ਇੰਡੀਆ ਰੇਡੀਓ ਲਾਹੌਰ ਵਿਚ ਬਤੌਰ ਆਰਟਿਸਟ।
1934 ਵਿਚ ਸ਼ਾਦੀ (ਉਮਰ 19 ਸਾਲ)

ਪਤਾਨੀ ਦਾ ਨਾਂਅ : ਸੋਮਾਵਤੀ।

1946 ਵਿਚ ਪ੍ਰਕਾਸ਼ਨ ਦਾ ਕੰਮ ਸ਼ੁਰੂ ਕੀਤਾ...ਸੰਗਮ ਪਬਲੀਸ਼ਰਜ਼ ਲਾਹੌਰ।
1948 ਵਿਚ ਦਿੱਲੀ ਆ ਗਏ।
1948 ਵਿਚ ਜੰਮੂ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਦਾ ਅਹੁਦਾ।
1949 ਵਿਚ ਬੰਬਈ ਵਿਚ ਫਿਲਮੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਲਿਖਤਾਂ ;
1936 : ਦਾਨਾ ਓ ਦਾਮ (ਕਹਾਣੀਆਂ) ਮਕਤਬਾ ਉਰਦੂ ਲਾਹੌਰ। ਦੂਜੀ ਵਾਰੀ 1943.
1942 : ਗ੍ਰਹਿਣ (ਕਹਾਣੀਆਂ) ਨਯਾ ਅਦਾਰਾ ਲਾਹੌਰ : ਦੂਜੀ ਵਾਰੀ 1981.
1943 : ਬੇਜਾਨ ਚੀਜ਼ੇਂ (ਡਰਾਮੇਂ)
1946 : ਸਾਤ ਖੇਲ (ਡਰਾਮੇਂ) ਸੰਗਮ ਪਬਲੀਸ਼ਰਜ਼ ਲਿਮਟਡ, ਬੰਬਈ। ਦੂਜੀ ਵਾਰੀ 1981.
1949 : ਕੋਖ ਜਲੀ (ਕਹਾਣੀਆਂ) ਕੁਤਬ ਪਬਲੀਸ਼ਰਜ਼, ਬੰਬਈ। ਦੂਜੀ ਵਾਰੀ 1970.
1963 : ਏਕ ਚਾਦਰ ਮੈਲੀ ਸੀ (ਨਾਵਲਿਟ) ਮਕਤਬਾ ਜਾਮੀਆ ਲਿਮਟਡ, ਦਿੱਲੀ। ਦੂਜੀ ਵਾਰੀ 1975.
1965 : ਆਪਣੇ ਦੁਖ ਮੁਝੇ ਦੇ ਦੋ (ਕਹਾਣੀਆ) ਮਕਤਬਾ ਜਾਮੀਆ ਲਿਮਟਡ, ਦਿੱਲੀ। ਦੂਜੀ ਵਾਰੀ 1973.
1974 : ਹਾਥ ਹਮਾਰੇ ਕਲਮ ਹੈਂ (ਕਹਾਣੀਆਂ) ਮਕਤਬਾ ਜਾਮੀਆ ਲਿਮਟਡ, ਦਿੱਲੀ। ਦੂਜੀ ਵਾਰੀ 1980.
1982 : ਮੁਕਤੀ ਬੋਧ (ਕਹਾਣੀਆਂ )


ਅਨੁਵਾਦਕ :: ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.

ਚਸ਼ਮੇ-ਬਦ-ਦੂਰ :: ਰਾਜਿੰਦਰ ਸਿੰਘ ਬੇਦੀ : राजिंदर सिंह बेदी

ਉਰਦੂ ਕਹਾਣੀ : ਚਸ਼ਮੇ-ਬਦ-ਦੂਰ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.

ਇਹ ਘਟਨਾ ਵੀ ਛਨੀਚਰਵਾਰ ਵਾਲੇ ਦਿਨ ਹੀ ਵਾਪਰੀ ਸੀ...

ਕਲਿਆਣੀ :: ਰਾਜਿੰਦਰ ਸਿੰਘ ਬੇਦੀ : राजिंदर सिंह बेदी


ਉਰਦੂ ਕਹਾਣੀ : ਕਲਿਆਣੀ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.



ਹੁਣ ਉਸਨੂੰ ਇਹਨਾਂ ਕਾਲੀਆਂ ਭੂਰੀਆਂ ਰਾਹਾਂ ਉੱਤੇ ਤੁਰਦਿਆਂ ਕੋਈ ਭੈ ਨਹੀਂ ਸੀ ਆਉਂਦਾ, ਜਿੱਥੇ ਅਣਗਿਣਤ ਟੋਏ ਸਨ, ਜਿਹਨਾਂ ਵਿਚ ਹਮੇਸ਼ਾ ਕਾਲਾ ਪਾਣੀ ਭਰਿਆ ਹੁੰਦਾ ਸੀ—ਬੰਬਈ ਦੇ ਇਸ ਉਦਯੋਗਿਕ ਸ਼ਹਿਰ ਦੀ ਮੈਲ 'ਤੇ ਕਦੀ ਤੈਹ 'ਤੇ ਤੈਹ ਨਹੀਂ ਸੀ ਵੱਝੀ। ਅਣਘੜ ਜਿਹੇ ਪੱਥਰ ਇਧਰ-ਉਧਰ ਸ਼ੌਕੀਆ ਹੀ ਪਏ ਸਨ—ਵਾਧੂ ਤੇ ਆਖ਼ਰੀ ਰੋੜਾ ਬਣਨ ਖਾਤਰ—ਤੇ ਉਹ ਮੁੱਢਲੇ ਦਿਨ, ਜਦੋਂ ਲੱਤਾਂ ਕੰਬਦੀਆਂ ਹੁੰਦੀਆਂ ਸਨ ਤੇ ਤੀਲ੍ਹੇ-ਤਿਨਕੇ ਵੀ ਰੋਕਣ ਵਿਚ ਕਾਮਯਾਬ ਹੋ ਜਾਂਦੇ ਹੁੰਦੇ ਸਨ।...ਇੰਜ ਲੱਗਦਾ ਹੁੰਦਾ ਸੀ ਜਿਵੇਂ ਗਲੀ ਦੇ ਮੋੜ ਉੱਤੇ ਦੇਸੀ ਸਾਬਨ ਦੇ ਵੱਡੇ-ਵੱਡੇ ਕੇਕ ਬਣਾਉਣ ਵਾਲਾ ਤੇ ਉਸਦਾ ਗਵਾਂਢੀ ਨਾਈ ਵੇਖ ਰਹੇ ਨੇ; ਹੱਸ ਰਹੇ ਨੇ—ਘੱਟੋਘਟ ਰੋ ਤਾਂ ਨਹੀਂ ਸੀ ਰਹੇ ਹੁੰਦੇ। ਨਾਲ, ਨਾਲ ਦਾ ਕੋਇਲੇ ਵਾਲਾ ਹੁੰਦਾ ਸੀ1ਜਿਹੜਾ ਆਪ ਤਾਂ ਕਦੀ ਉਸ ਚਕਲੇ ਵਿਚ ਨਹੀਂ ਸੀ ਆਇਆ; ਫੇਰ ਵੀ ਉਸਦਾ ਮੂੰਹ ਕਾਲਾ ਸੀ।
ਪਹਿਲੀ ਮੰਜ਼ਿਲ ਉੱਤੇ ਕਲਬ ਸੀ, ਜਿੱਥੇ ਚੋਰੀ ਦੀ ਰਮ ਚਲਦੀ ਸੀ ਤੇ ਯਾਰੀ ਦੀ ਰੱਮੀ। ਉਸਦੀਆਂ ਖਿੜਕੀਆਂ ਕਿਸੇ ਯੋਗੀ ਦੀਆਂ ਅੱਖਾਂ ਵਾਂਗ ਬਾਹਰ ਦੀ ਬਜਾਏ ਅੰਦਰ—ਮਨ ਰੂਪੀ ਚਕਲੇ ਵੱਲ—ਖੁੱਲ੍ਹਦੀਆਂ ਸਨ ਤੇ ਉਹਨਾਂ ਵਿਚੋਂ ਸਿਗਰਟ ਦੇ ਧੂੰਏਂ ਦੀ ਸ਼ਕਲ ਵਿਚ ਆਹਾਂ-ਹੌਂਕੇ ਨਿਕਲਦੇ ਰਹਿੰਦੇ ਸਨ। ਲੋਕ ਉਂਜ ਤਾਂ ਜੂਏ ਵਿਚ ਸੈਂਕੜਿਆਂ ਦੇ ਦਾਅ ਲਾਉਂਦੇ ਸਨ, ਪਰ ਸਿਗਰਟ ਹਮੇਸ਼ਾ ਘਟੀਆ ਪੀਂਦੇ ਸਨ...ਬਲਕਿ ਬੀੜੀ, ਸਿਰਫ ਬੀੜੀ, ਜਿਸਦਾ ਜੂਏ ਦੇ ਨਾਲ ਉਹੀ ਰਿਸ਼ਤਾ ਹੈ ਜਿਹੜਾ ਪੈਂਸਲੀਨ ਦਾ ਆਤਸ਼ਕ ਨਾਲ...ਇਹ ਖਿੜਕੀਆਂ ਅੰਦਰ ਵੱਲ ਕਿਉਂ ਖੁੱਲ੍ਹਦੀਆਂ ਸਨ? ਪਤਾ ਨਹੀਂ ਕਿਉਂ? ਪਰ ਕੋਈ ਖਾਸ ਫਰਕ ਨਹੀਂ ਸੀ ਪੈਂਦਾ, ਕਿਉਂਕਿ ਅੰਦਰ ਵਿਹੜੇ ਵਿਚ ਆਉਣ ਵਾਲੇ ਮਰਦ ਦਾ ਸਿਰਫ ਪ੍ਰਛਾਵਾਂ ਹੀ ਨਜ਼ਰ ਆਉਂਦਾ ਸੀ—ਜਿਸ ਨਾਲ ਮਾਮਲਾ ਤੈਹ ਹੁੰਦਾ ਉਹ ਕੁੜੀ ਉਸਨੂੰ ਅੰਦਰ ਲੈ ਜਾਂਦੀ, ਬਿਠਾਉਂਦੀ ਤੇ ਇਕ ਵਾਰ ਬਾਹਰ ਜ਼ਰੂਰ ਆਉਂਦੀ—ਨਲਕੇ ਤੋਂ ਪਾਣੀ ਦੀ ਬਾਲ੍ਹਟੀ ਲੈਣ, ਜਿਹੜਾ ਵਿਹੜੇ ਦੇ ਐਨ ਵਿਚਕਾਰ ਲੱਗਿਆ ਸੀ ਤੇ ਦੋਵੇਂ ਪਾਸੇ ਦੀਆਂ ਕੋਠੜੀਆਂ ਦੀ ਹਰ ਤਰ੍ਹਾਂ ਦੀ ਲੋੜ ਲਈ ਕਾਫ਼ੀ ਸੀ। ਪਾਣੀ ਦੀ ਬਾਲ੍ਹਟੀ ਚੁੱਕਣ ਤੋਂ ਪਹਿਲਾਂ ਕੁੜੀ ਹਮੇਸ਼ਾ ਆਪਣੀ ਧੋਤੀ ਜਾਂ ਸਾੜ੍ਹੀ ਨੂੰ ਲੱਕ ਦੁਆਲੇ ਕਸਦੀ ਤੇ ਗਾਹਕ ਟਕਰ ਜਾਣ ਦੀ ਆਕੜ ਵਿਚ ਆਪਣੀਆਂ ਹਮਪੇਸ਼ਾ ਭੈਣਾ ਵਿਚੋਂ ਕਿਸੇ ਨੂੰ ਜ਼ਰੂਰ ਆਖਦੀ—“ਨੀਂ ਗਿਰਜਾ! ਜ਼ਰਾ ਚੌਲ ਦੇਖ ਲਵੀਂ, ਮੇਰਾ ਗਾਹਕ ਆਇਐ...।” ਫੇਰ ਉਹ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ। ਉਦੋਂ ਗਿਰਜਾ ਸੁੰਦਰੀ ਨੂੰ ਕਹਿੰਦੀ—“ਕਲਿਆਣੀ ਵਿਚ ਕੀ ਐ ਨੀਂ? ਅੱਜ ਉਸਨੂੰ ਦੂਜਾ ਕਸਟਮਰ ਟੱਕਰਿਆ ਐ?” ਪਰ ਸੁੰਦਰੀ ਦੀ ਬਜਾਏ ਜਾੜੀ ਜਾਂ ਖ਼ੁਰਸ਼ੀਦ ਜਵਾਬ ਦੇਂਦੀ—“ਆਪੋ ਆਪਣੀ ਕਿਸਮਤ ਐ ਭੈਣਾ...” ਉਦੋਂ ਹੀ ਕਲਿਆਣੀ ਵਾਲੇ ਕਮਰੇ ਵਿਚੋਂ ਕੁੰਡੀ ਲੱਗਣ ਦੀ ਆਵਾਜ਼ ਆਉਂਦੀ ਤੇ ਬਸ...ਸੁੰਦਰੀ ਇਕ ਨਜ਼ਰ ਬੰਦ ਦਰਵਾਜ਼ੇ ਵੱਲ ਦੇਖਦੀ ਹੋਈ ਤੇਲ ਭਿੱਜੇ ਵਾਲਾਂ ਨੂੰ ਛੰਡਦੀ, ਤੌਲੀਏ ਨਾਲ ਪੂੰਝਦੀ ਤੇ ਗੁਣਗੁਣਾਉਣ ਲੱਗਦੀ—'ਰਾਤ ਜਾਗੀ ਰੇ ਬਲਮ, ਰਾਤ ਜਾਗੀ...' ਤੇ ਫੇਰ ਅਚਾਨਕ ਗਿਰਜਾ ਵਲ ਭੌਂ ਕੇ ਕਹਿੰਦੀ—“ਨੀਂ ਗਿਰਜਾ! ਕਲਿਆਣੀ ਦੇ ਚੌਲ ਉਬਲ ਰਹੇ ਆ ਨੀਂ! ਸੁਣਦੀ ਨਹੀਂ ਕੇਹੀ ਗੁੜਗੁੜ ਦੀ ਆਵਾਜ਼ ਆ ਰਹੀ ਐ ਉਸਦੇ ਭਾਂਡੇ 'ਚੋਂ!” ਤੇ ਫੇਰ ਤਿੰਨੇ ਚਾਰੇ ਕੁੜੀਆਂ ਹੱਸਣ ਲੱਗ ਪੈਂਦੀਆਂ ਤੇ ਇਕ ਦੂਜੀ ਦੇ ਕੁਹਲੇ ਵਿਚ ਚੱਪੇ ਦੇਣ ਲੱਗਦੀਆਂ। ਉਦੋਂ ਹੀ ਗਿਰਜਾ ਚੀਕ ਪੈਂਦੀ ਤੇ ਕਹਿੰਦੀ—“ਹਾਏ ਨੀਂ ਏਨੀ ਜ਼ੋਰ ਦੀ ਕਿਊਂ ਮਾਰਿਐ ਰੰਡੀਏ! ਜਾਣਦੀ ਐਂ, ਅਜੇ ਤਾਈਂ ਦੁਖ ਰਿਹੈ ਮੇਰਾ ਪਾਸਾ। ਕੰਨਾਂ ਨੂੰ ਹੱਥ ਲਇਆ ਬਾਬਾ! ਮੈਂ ਤਾਂ ਕੀ ਮੇਰੀ ਆਸ ਔਲਾਦ ਕਿਸੇ ਪੰਜਾਬੀ ਨਾਲ ਨਹੀਂ ਬੈਠਾਂਗੇ...।” ਫੇਰ ਗਿਰਜਾ ਨਾਲ ਵਾਲੀ ਕੋਠੜੀ ਦੀ ਕਿਸੇ ਕੁੜੀ ਨੂੰ ਆਵਾਜ਼ ਮਾਰਦੀ—
“ਗੰਗੀ ਤੇਰਾ ਪੋਪਟ ਕੀ ਕਹਿੰਦੈ ਹੁਣ...”
ਗੰਗੀ ਦੀ ਸ਼ਕਲ ਤਾਂ ਦਿਖਾਈ ਨਾ ਦੇਂਦੀ, ਸਿਰਫ ਆਵਾਜ਼ ਆਉਂਦੀ—“ਮੇਰਾ ਪੋਪਟ ਕਹਿੰਦੈ, ਭਜ ਮਨ ਰਾਮ, ਭਜ ਮਨ ਰਾਮ...।”
ਗੰਗੀ ਦਾ ਜਾਂ ਤਾਂ ਸਿਰ ਦਰਦ ਕਰ ਰਿਹੈ ਜਾਂ ਫੇਰ ਕੋਈ ਗਾਹਕ ਨਹੀਂ ਫਸਿਆ।
੦ ੦ ੦
ਮਹਿਪਤ ਲਾਲ ਐਤਕੀਂ ਕਈ ਮਹੀਨਿਆਂ ਬਾਅਦ ਆਇਆ ਹੈ। ਵਿਚਕਾਰ ਮੂੰਹ ਦਾ ਸਵਾਦ ਬਦਲਣ ਲਈ ਉਹ ਇੱਥੋਂ ਕੁਝ ਫਰਲਾਂਗ ਦੂਰ ਇਕ ਨਿਪਾਲੀ ਕੁੜੀ ਚੂਨੀ-ਲਾ ਦੇ ਕੋਲ ਚਲਾ ਗਿਆ ਸੀ ਤੇ ਉਸ ਪਿੱਛੋਂ ਛਿਆਨਵੇਂ ਨੰਬਰ ਦੀ ਇਕ ਕ੍ਰਿਸ਼ਚੀਅਨ ਕੁੜੀ ਨਾਲ ਫਸ ਗਿਆ ਸੀ। ਜਿਸਦਾ ਅਸਲੀ ਨਾਂ ਤਾਂ ਕੁਝ ਹੋਰ ਸੀ ਪਰ ਉੱਥੋਂ ਦੀਆਂ ਦੂਜੀਆਂ ਕੁੜੀਆਂ ਤੇ ਦਲਾਲ ਉਸਨੂੰ 'ਓਲਗਾ' ਦੇ ਨਾਂ ਨਾਲ ਬੁਲਾਉਂਦੇ ਸਨ। ਇਧਰ ਕਲਿਆਣੀ ਨੂੰ ਕੁਝ ਪਤਾ ਵੀ ਨਹੀਂ ਸੀ, ਕਿਉਂਕਿ ਇਸ ਧੰਦੇ ਵਿਚ ਤਾਂ ਦੋ ਚਾਰ ਮਕਾਨਾਂ ਦਾ ਫਾਸਲਾ ਵੀ ਸੈਂਕੜੇ ਕੋਹ ਦਾ ਪੰਧ ਹੁੰਦਾ ਹੈ। ਕੁੜੀਆਂ ਵਧ ਤੋਂ ਵਧ ਪਿਕਚਰ ਵੇਖਣ ਨਿਕਲਦੀਆਂ ਸਨ ਤੇ ਫੇਰ ਵਾਪਸ...
ਜਿਸ ਮੂੰਹ ਦਾ ਸਵਾਦ ਬਦਲਣ ਲਈ ਮਹਿਪਤ ਦੂਜੀਆਂ ਕੁੜੀਆਂ ਕੋਲ ਚਲਾ ਗਿਆ ਸੀ, ਉਸੇ ਲਈ ਉਸ ਅੱਡੇ 'ਤੇ ਪਰਤ ਆਇਆ। ਪਰ ਇਹ ਗੱਲ ਪੱਕੀ ਸੀ ਕਿ ਏਨੇ ਮਹੀਨਿਆਂ ਪਿੱਛੋਂ ਉਹ ਕਲਿਆਣੀ ਨੂੰ ਭੁੱਲ ਚੁੱਕਿਆ ਸੀ। ਹਾਲਾਂਕਿ 'ਮੁਲਕ' ਜਾਣ ਲਈ ਉਸਨੇ ਕਲਿਆਣੀ ਨੂੰ ਦੋ ਸੌ ਰੁਪਏ ਵੀ ਦਿੱਤੇ ਸਨ, ਉਦੋਂ ਸ਼ਾਇਦ ਨਸ਼ੇ ਦਾ ਸਰੂਰ ਸੀ, ਜਿਵੇਂ ਕਿ ਹੁਣ ਸੀ। ਬੀਅਰ ਦਾ ਪੂਰਾ ਪੈਗ ਪੀ ਜਾਣ ਕਰਕੇ ਮਹਿਪਤ ਲਾਲ ਦੇ ਦਿਮਾਗ਼ ਵਿਚ ਕਿਸੇ ਹੋਰ ਹੀ ਔਰਤ ਦੀ ਤਸਵੀਰ ਸੀ—ਤੇ ਉਹ ਵੀ ਅਧੂਰੀ ਤੇ ਧੁੰਦਲੀ ਜਿਹੀ। ਕਿਉਂਕਿ ਉਸਨੂੰ ਪੂਰਾ ਤਾਂ ਮਹਿਪਤ ਨੇ ਹੀ ਕਰਨਾ ਸੀ—ਇਕ ਮੁਸੱਵਰ ਵਾਂਗ, ਜਿਹੜਾ ਇਕ ਮਰਦ ਹੁੰਦਾ ਹੈ ਤੇ ਤਸਵੀਰ, ਜਿਹੜੀ ਇਕ ਔਰਤ...
ਅੰਦਰ ਆਉਂਦਿਆਂ ਹੀ ਮਹਿਪਤ ਨੇ ਵਿਹੜੇ ਦਾ ਪਹਿਲਾ ਪੜਾਅ ਲੰਘਿਆ। ਤਿੰਨ ਚਾਰ ਪੌੜੀਆਂ ਹੇਠਾਂ ਉਤਰਿਆ—ਲੋਕ ਸਮਝਦੇ ਨੇ ਪਤਾਲ ਕਿਤੇ ਦੂਰ ਹੈ...ਪਰ ਨਹੀਂ ਜਾਣਦੇ ਕਿ ਧਰਤੀ ਦੇ ਉੱਤੇ ਹੀ ਹੈ; ਉਹ ਵੀ ਸਿਰਫ ਦੋ ਤਿੰਨ ਪੌੜੀਆਂ ਹੇਠਾਂ ਹੀ—ਉੱਥੇ ਕੋਈ ਅੱਗ ਬਲ ਰਹੀ ਹੈ ਤੇ ਨਾ ਉਬਲਦੇ ਹੋਏ ਕੁੰਡ ਨੇ। ਹੋ ਸਕਦਾ ਹੈ ਪੌੜੀਆਂ ਉਤਰਨ ਪਿੱਛੋਂ ਫੇਰ ਉਸਨੂੰ ਕਿਸੇ ਉਪਰਲੇ ਥੜ੍ਹੇ 'ਤੇ ਜਾਣਾ ਪਵੇ, ਜਿੱਥੇ ਸਾਹਮਣੇ ਦੋਜਖ਼ ਹੈ, ਜਿਸ ਵਿਚ ਅਜਿਹੀਆਂ ਅਜਿਹੀਆਂ ਤਕਲੀਫਾਂ ਦਿੱਤੀਆਂ ਜਾਂਦੀਆਂ ਨੇ ਕਿ ਇਨਸਾਨ ਉਹਨਾਂ ਦੀ ਕਲਪਣਾ ਵੀ ਨਹੀਂ ਕਰ ਸਕਦਾ।
ਪੌੜੀਆਂ ਉਤਰਨ ਪਿੱਛੋਂ, ਵਿਹੜੇ ਵਿਚ ਪੈਰ ਧਰਨ ਦੇ ਬਜਾਏ ਮਹਿਪਤ ਲਾਲ ਖੋਲੀਆਂ ਦੇ ਸਾਹਮਣੇ ਵਾਲੇ ਥੜ੍ਹੇ 'ਤੇ ਚਲਾ ਗਿਆ, ਕਿਉਂਕਿ ਪੱਕਾ ਹੋਣ ਦੇ ਬਾਵਜੂਦ ਵਿਹੜੇ ਵਿਚ ਇਕ ਟੋਇਆ ਸੀ, ਜਿਸ ਵਿਚ ਹਮੇਸ਼ਾ ਹੀ ਪਾਣੀ ਭਰਿਆ ਰਹਿੰਦਾ ਸੀ। ਸਾਲ ਡੇਢ ਸਾਲ ਪਹਿਲਾਂ ਵੀ ਇਹ ਟੋਇਆ ਇਵੇਂ ਸੀ ਤੇ ਹੁਣ ਵੀ ਓਵੇਂ ਹੀ ਹੈ। ਪਰ ਟੋਏ ਬਾਰੇ ਏਨਾ ਹੀ ਕਾਫੀ ਹੈ ਕਿ ਉਸਦਾ ਪਤਾ ਹੋਵੇ। ਵਿਹੜਾ ਉਪਰੋਂ ਖੁੱਲ੍ਹਾ ਹੋਣ ਕਰਕੇ ਦਸਵੀਂ ਦਾ ਚੰਦ ਟੋਏ ਦੇ ਪਾਣੀ ਵਿਚ ਝਿਲਮਿਲਾ ਰਿਹਾ ਸੀ, ਜਿਵੇਂ ਉਸਨੂੰ ਮੈਲੇ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਹਾਂ, ਨਲਕੇ ਦੇ ਪਾਣੀ ਦਾ ਛਿੱਟਾ ਉਸ ਉੱਤੇ ਪੈਂਦਾ ਤਾਂ ਉਸਦੀ ਤਸਵੀਰ ਕੰਬਣ ਲੱਗ ਪੈਂਦੀ...ਪੂਰੀ ਦੀ ਪੂਰੀ...
ਕੁਝ ਗਾਹਕ ਲੋਕ ਗਿਰਜਾ, ਸੁੰਦਰੀ ਤੇ ਜਾੜੀ ਨੂੰ ਇੰਜ ਠੋਕ ਵਜਾਅ ਕੇ ਵੇਖ ਰਹੇ ਸਨ, ਜਿਵੇਂ ਉਹ ਕੱਚੇ-ਪੱਕੇ ਘੜੇ ਹੋਣ। ਉਹਨਾਂ ਵਿਚੋਂ ਕੁਝ ਆਪਣੀਆਂ ਜੇਬਾਂ ਫਰੋਲ ਰਹੇ ਸਨ। ਮਿਸਤਰੀ ਜਾੜੀ ਨਾਲ ਜਾਣਾ ਚਾਹੁੰਦਾ ਸੀ ਕਿਉਂਕਿ ਉਹ ਗਿਰਜਾ, ਸੁੰਦਰੀ, ਖ਼ੁਰਸ਼ੀਦ ਨਾਲੋਂ ਵੱਧ ਬਦਸੂਰਤ ਸੀ ਪਰ ਸੀ ਅੱਠ ਇੰਚ ਦੀ ਕੰਧ। ਹੈਰਾਨੀ ਤਾਂ ਇਹ ਸੀ ਕਿ ਕੁੜੀਆਂ ਵਿਚੋਂ ਕਿਸੇ ਨੂੰ ਹੈਰਾਨੀ ਨਹੀਂ ਸੀ ਹੋ ਰਹੀ। ਉਹ ਮਰਦ ਤੇ ਉਸਦੇ ਪਾਗਲਪਨ ਨੂੰ ਚੰਗੀ ਤਰ੍ਹਾਂ ਜਾਣਦੀਆਂ ਸਨ। ਮਹਿਪਤ ਨੇ ਸੁੰਦਰੀ ਨੂੰ ਦੇਖਿਆ, ਜਿਹੜੀ ਵੈਸੇ ਤਾਂ ਕਾਲੀ ਸੀ, ਪਰ ਆਮ ਕੋਂਕਣੀ ਔਰਤਾਂ ਵਾਂਗ ਤਿੱਖੇ ਨੈਣ-ਨਕਸ਼ਿਆਂ ਵਾਲੀ ਸੀ। ਫੇਰ ਲੱਕ ਤੋਂ ਹੇਠਾਂ ਉਸਦਾ ਜਿਸਮ 'ਬੱਲੇ ਬਈ ਬੱਲੇ' ਹੋ ਜਾਂਦਾ ਸੀ। ਉਦੋਂ ਹੀ ਮਹਿਪਤ ਦੇ ਕੁੜਤੇ ਨੂੰ ਖਿੱਚ ਪਈ। ਉਸਨੇ ਮੁੜ ਕੇ ਦੇਖਿਆ ਤਾਂ ਸਾਹਮਣੇ ਕਲਿਆਣੀ ਖੜ੍ਹੀ ਸੀ ਤੇ ਹੱਸਦੀ ਹੋਈ ਆਪਣੇ ਦੰਦਾਂ ਦੇ ਮੋਤੀ ਰੋਲ ਰਹੀ ਸੀ। ਪਰ ਉਹ ਪਤਲੀ ਹੋ ਗਈ ਸੀ। ਕਿਉਂ? ਪਤਾ ਨਹੀਂ ਕਿਉਂ? ਚਿਹਰਾ ਇੰਜ ਲੱਗ ਰਿਹਾ ਸੀ ਜਿਵੇਂ ਦੋ ਅੱਖਾਂ ਲਈ ਜਗ੍ਹਾ ਛੱਡ ਕੇ ਕਿਸੇ ਨੇ ਢੋਲਕੀ ਉੱਤੇ ਖੱਲ ਮੜ੍ਹ ਦਿੱਤੀ ਹੋਵੇ। ਕਿਉਂਕਿ ਔਰਤ ਤੇ ਤਕਦੀਰ ਇਕੋ ਗੱਲ ਹੈ, ਇਸ ਲਈ ਮਹਿਪਤ ਕਲਿਆਣੀ ਨਾਲ ਤੀਜੀ ਖੋਲੀ ਵਿਚ ਚਲਾ ਗਿਆ।
ਕਲਬ ਘਰ ਦੀਆਂ ਖਿੜਕੀਆਂ ਵਿਚੋਂ ਕੋਈ ਝਾਕਿਆ ਤੇ ਅੱਕ ਕੇ ਬਿਸਾਤ ਉਲਟ ਦਿੱਤੀ। ਕਲਿਆਣੀ ਨੇ ਬਾਹਰ ਆ ਕੇ ਨਲਕੇ ਤੋਂ ਬਾਲਟੀ ਭਰੀ, ਧੋਤੀ ਨੂੰ ਲੱਕ ਦੁਆਲੇ ਕਸਿਆ ਤੇ ਆਵਾਜ਼ ਦਿੱਤੀ—“ਓ ਗਿਰਜਾ, ਜ਼ਰਾ ਮੇਰੀ ਗਠੜੀ ਸਾਂਭ ਲਈਂ...” ਤੇ ਫੇਰ ਉਹ ਪਾਣੀ ਲੈ ਕੇ ਖੋਲੀ ਵਿਚ ਚਲੀ ਗਈ…
ਨਾਲ ਵਾਲੀ ਖੋਲੀ ਵਿਚੋਂ ਮੈਡਮ ਦੀ ਆਵਾਜ਼ ਆਈ—“ਇਕ ਟੈਮ ਦਾ, ਕਿ ਦੋ ਟੈਮ ਦਾ?”
ਅੰਦਰ ਕਲਿਆਣੀ ਨੇ ਮਹਿਪਤ ਨੂੰ ਅੱਖ ਮਾਰੀ ਤੇ ਮੈਡਮ ਵਾਲੀ ਖੋਲੀ ਵੱਲ ਦੇਖਦੀ ਹੋਈ ਬੋਲੀ—“ਇਕ ਟੈਮ ਦਾ”—ਤੇ ਫੇਰ ਆਪਣੇ ਪੈਸਿਆਂ ਲਈ ਮਹਿਪਤ ਅੱਗੇ ਹੱਥ ਫੈਲਾਅ ਦਿੱਤਾ, ਜਿਸ ਨੂੰ ਫੜ੍ਹ ਕੇ ਮਹਿਪਤ ਉਸਨੂੰ ਆਪਣੇ ਵੱਲ ਖਿੱਚਣ ਲੱਗਾ—ਫੇਰ ਉਸਨੇ ਪਾਨ ਨਾਲ ਗੱਚ ਲਾਲ ਲਾਲ ਮੋਹਰ ਕਲਿਆਣੀ ਦੇ ਹੋਠਾਂ ਉੱਤੇ ਲਾ ਦਿੱਤੀ, ਜਿਸਨੂੰ ਧੋਤੀ ਦੇ ਪੱਲੇ ਨਾਲ ਪੂੰਝਦੀ ਹੋਈ ਉਹ ਹੱਸ ਪਈ—“ਏਨੀ ਬੇਸਬਰੀ?”
ਤੇ ਫੇਰ ਹੱਥ ਪਸਾਰ ਕੇ ਕਹਿਣ ਲੱਗੀ—“ਤੈਂ ਮੈਨੂੰ ਤੀਹ ਰੁਪਏ ਦਵੇਂਗਾ, ਪਰ ਮੈਂ ਮੈਡਮ ਨੂੰ ਇਕ ਟੈਮ ਦਾ ਦੱਸਾਂਗੀ...ਤੇ ਤੈਂ ਵੀ ਉਸਨੂੰ ਨਾ ਦੱਸੀਂ...ਹਾਂ?”
ਮਹਿਪਤ ਨੇ ਉਂਜ ਹੀ ਸਿਰ ਹਿਲਾ ਦਿੱਤਾ—'ਹਾਂ।'
ਓਵੇਂ ਦੀ ਜਿਵੇਂ ਹੱਥ ਪਸਾਰੀ ਖੜ੍ਹੀ ਕਲਿਆਣੀ ਬੋਲੀ—“ਜਲਦੀ ਕੱਢ।”
“ਪੈਸੇ...?” ਮਹਿਪਤ ਬੋਲਿਆ।
ਕਲਿਆਣੀ ਐਤਕੀਂ ਰਸਮੀਂ ਨਹੀਂ, ਸੱਚੀਮੁੱਚੀ ਹੱਸ ਪਈ—ਨਹੀਂ, ਉਹ ਸ਼ਰਮਾ ਗਈ। ਹਾਂ, ਉਹ ਧੰਦਾ ਕਰਦੀ ਸੀ ਤੇ ਸ਼ਰਮਾਉਂਦੀ ਵੀ ਸੀ। ਕੌਣ ਕਹਿੰਦਾ ਹੈ; ਉੱਥੇ ਔਰਤ, ਔਰਤ ਨਹੀਂ ਰਹਿੰਦੀ? ਉੱਥੇ ਵੀ ਸ਼ਰਮ ਉਸਦਾ ਗਹਿਣਾ ਹੁੰਦਾ ਹੈ ਤੇ ਹਥਿਆਰ ਵੀ—ਜਿਸ ਨਾਲ ਉਹ ਮਰਦੀ ਹੈ ਤੇ ਮਾਰਦੀ ਵੀ। ਮਹਿਪਤ ਨੇ ਤੀਹ ਰੁਪਏ ਕੱਢ ਕੇ ਕਲਿਆਣੀ ਦੀ ਹਥੇਲੀ ਉੱਤੇ ਰੱਖ ਦਿੱਤੇ। ਕਲਿਆਣੀ ਨੇ ਗਿਣੇ ਵੀ ਨਹੀਂ। ਉਸਨੇ ਤਾਂ ਬਸ ਪੈਸਿਆਂ ਨੂੰ ਚੁੰਮਿਆਂ, ਮੱਥੇ ਤੇ ਅੱਖਾਂ ਨਾਲ ਲਾਇਆ, ਭਗਵਾਨ ਦੀ ਤਸਵੀਰ ਦੇ ਸਾਹਮਣੇ ਹੱਥ ਜੋੜੇ ਤੇ ਮੈਡਮ ਨੂੰ ਇਕ ਟੈਮ ਦੇ ਪੈਸੇ ਦੇਣ ਤੇ ਆਪਣੇ ਹਿੱਸੇ ਦੇ ਪੰਜ ਲੈ ਲੈਣ ਲਈ, ਅੰਦਰਲੇ ਦਰਵਾਜ਼ੇ ਵਿਚੋਂ ਹੋਰ ਵੀ ਅੰਦਰ ਚਲੀ ਗਈ ਉਹ। ਮਹਿਪਤ ਨੂੰ ਜਲਦੀ ਸੀ। ਉਹ ਬੇਸਬਰੀ ਨਾਲ ਦੁਰਗਾ ਮਈਆ ਦੀ ਤਸਵੀਰ ਵੱਲ ਵੇਖ ਰਿਹਾ ਸੀ, ਜਿਹੜੀ ਸ਼ੇਰ 'ਤੇ ਬੈਠੀ ਸੀ ਤੇ ਜਿਸ ਦੇ ਪੈਰਾਂ ਵਿਚ ਰਾਕਸ਼ਸ ਮਰਿਆ ਪਿਆ ਸੀ। ਦੁਰਗਾ ਦੀਆਂ ਦਰਜਨਾਂ ਭੁਜਾਵਾਂ ਸਨ ਤੇ ਓਨੇ ਹੀ ਹੱਥ...ਜਿਹਨਾਂ ਵਿਚੋਂ ਕਿਸੇ ਵਿਚ ਤਲਵਾਰ ਸੀ ਤੇ ਕਿਸੇ ਵਿਚ ਬਰਛੀ ਤੇ ਕਿਸੇ ਵਿਚ ਢਾਲ। ਇਕ ਹੱਥ ਵਿਚ ਕੱਟਿਆ ਹੋਇਆ ਸਿਰ ਸੀ, ਵਾਲਾਂ ਤੋਂ ਫੜ੍ਹਿਆ ਹੋਇਆ। ਤੇ ਮਹਿਪਤ ਨੂੰ ਲੱਗ ਰਿਹਾ ਸੀ, ਜਿਵੇਂ ਉਸਦਾ ਆਪਣਾ ਸਿਰ ਹੈ। ਪਰ ਦੁਰਗਾ ਦੀਆਂ ਛਾਤੀਆਂ, ਉਸਦੇ ਕੁਹਲੇ ਤੇ ਪੱਟ ਬਣਾਉਣ ਵਿਚ ਕਲਾਕਾਰ ਨੇ ਬੜੇ ਜਬਰ ਤੋਂ ਕੰਮ ਲਿਆ ਸੀ...। ਕੰਧਾਂ ਟੁੱਟੀਆਂ ਹੋਈਆਂ ਸਨ। ਉਹ ਕੋਈ ਗੱਲ ਨਹੀਂ ਸੀ, ਪਰ ਉਹਨਾਂ ਨਾਲ ਲਿਪਟੀ ਹੋਈ ਸਿਲ੍ਹ ਤੇ ਉਸ ਵਿਚ ਰਲਗਡ ਕਾਈ ਨੇ ਅਜੀਬ ਭਿਆਨਕ ਜਿਹਾ ਮਾਹੌਲ ਬਣਾ ਦਿੱਤਾ ਸੀ, ਜਿਸ ਨਾਲ ਚਿੱਤ ਨੂੰ ਕੁਝ ਹੋਣ ਲੱਗ ਪੈਂਦਾ ਸੀ। ਜਾਪਦਾ ਸੀ, ਉਹ ਕੰਧਾਂ ਨਹੀਂ, ਤਿੱਬਤੀ ਸਕੂਲ ਹੈ, ਜਿਸ ਉੱਤੇ ਸਵਰਗ ਤੇ ਨਰਕ ਦੇ ਨਕਸ਼ੇ ਬਣੇ ਨੇ। ਪਾਪੀਆਂ ਨੂੰ ਅਜਗਰ ਡਸ ਰਹੇ ਨੇ ਤੇ ਲਟਾਂ ਦੀਆਂ ਲਾਪਰੀਆਂ ਹੋਈਆਂ ਜੀਭਾਂ ਉਹਨਾਂ ਨੂੰ ਚੱਟ ਰਹੀਆਂ ਨੇ। ਪੂਰਾ ਸੰਸਾਰ ਕਾਲ ਦੇ ਵੱਡੇ-ਵੱਡੇ ਦੰਦਾਂ ਤੇ ਲੋਹੇ ਵਰਗੇ ਜਬਾੜਿਆਂ ਵਿਚ ਫਸਿਆ ਪਿਆ ਹੈ।
—ਉਹ ਲਾਜ਼ਮੀ ਨਰਕਾਂ ਵਿਚ ਜਾਏਗਾ...ਮਹਿਪਤ—ਜਾਣ ਦਿਓ!
ਕਲਿਆਣੀ ਵਾਪਸ ਆਈ ਤੇ ਆਉਂਦਿਆਂ ਹੀ ਉਸਨੇ ਆਪਣੇ ਕੱਪੜੇ ਲਾਹੁਣੇ ਸ਼ੁਰੂ ਕਰ ਦਿੱਤੇ।
ਮਰਦ ਤੇ ਔਰਤ ਦੀ ਇਹ ਖੇਡ—ਜਿਸ ਵਿਚ ਔਰਤ ਨੂੰ ਰੁਚੀ ਨਾ ਵੀ ਹੋਵੇ ਤਾਂ ਵੀ ਉਸਦਾ ਸਬੂਤ ਦੇਣਾ ਪੈਂਦਾ ਹੈ ਤੇ ਜੇ ਹੋਵੇ ਤਾਂ ਮਰਦ ਉਸਨੂੰ ਨਹੀਂ ਮੰਨਦਾ।
ਮਹਿਪਤ ਪਹਿਲਾਂ ਤਾਂ ਉਂਜ ਹੀ ਕਲਿਆਣੀ ਨੂੰ ਨੋਚਦਾ-ਪਲੋਸਦਾ ਰਿਹਾ। ਫੇਰ ਉਹ ਛਾਲ ਮਾਰ ਕੇ ਪਲੰਘ ਤੋਂ ਹੇਠਾਂ ਉਤਰ ਗਿਆ। ਉਹ ਕਲਿਆਣੀ ਨੂੰ ਨਹੀਂ, ਕਾਏਨਾਤ ਦੀ ਔਰਤ ਨੂੰ ਦੇਖਣਾ ਚਾਹੁੰਦਾ ਸੀ, ਕਿਉਂਕਿ ਕਲਿਆਣੀਆਂ ਤਾਂ ਆਉਂਦੀਆਂ ਨੇ ਤੇ ਚਲੀਆਂ ਜਾਂਦੀਆਂ ਨੇ। ਮਹਿਪਤ ਵੀ ਆਉਂਦੇ ਤੇ ਚਲਾ ਜਾਂਦੇ ਨੇ। ਪਰ ਔਰਤ ਉੱਥੇ ਹੀ ਰਹਿੰਦੀ ਹੈ ਤੇ ਮਰਦ ਵੀ। ਕਿਉਂ? ਇਹ ਸਭ ਸਮਝ ਵਿਚ ਨਹੀਂ ਆਉਂਦਾ। ਹਾਲਾਂਕਿ ਉਸ ਵਿਚ ਸਮਝਣ ਵਾਲੀ ਕੋਈ ਗੱਲ ਹੀ ਨਹੀਂ।
ਇਕ ਗੱਲ ਹੈ। ਸਤਯੁਗ, ਦੁਆਪਰ ਤੇ ਤਰੇਤਾ ਯੁਗ ਵਿਚ ਤਾਂ ਪੂਰਾ ਇਨਸਾਫ ਸੀ। ਫੇਰ ਵੀ ਔਰਤਾਂ ਮੁਹੱਬਤ ਵਿਚ ਓਹਲਾ ਕਿਉਂ ਰੱਖ ਜਾਂਦੀਆਂ ਸਨ? ਗਣਕਾ, ਵੇਸ਼ਯਾ ਕਿਉਂ ਸੀ? ਅੱਜ ਤਾਂ ਅਨਿਆਂ ਹੈ—ਪੈਰ ਪੈਰ 'ਤੇ ਅਨਿਆਂ। ਫੇਰ ਉਹਨਾਂ ਨੂੰ ਕਿਉਂ ਰੋਕਿਆ ਜਾਂਦਾ ਹੈ। ਕਿਉਂ ਉਹਨਾਂ ਉੱਤੇ ਕਾਨੂੰਨ ਬਣਾਏ ਜਾਂਦੇ ਨੇ? ਜਿਹੜਾ ਰੁਪਿਆ ਟਕਸਾਲ ਤੋਂ ਆਉਂਦਾ ਹੈ ਉਸਦੀ ਕੀਮਤ ਅੱਠ ਆਨੇ ਰਹਿ ਜਾਂਦੀ ਹੈ। ਗਰੀਬੀ ਤੇ ਵਾਧੂ ਧਨ ਦੇ ਪਾੜੇ ਨੂੰ ਪੂਰਨ ਦੀ ਜਿੰਨੀ ਲੋੜ ਅੱਜ ਹੈ, ਪਹਿਲਾਂ ਕਦੀ ਹੋਈ ਹੈ?...ਨੱਪ ਲੈ ਉਸਨੂੰ ਤਾਂ ਕਿ ਘਰ ਦੀ ਲਕਸ਼ਮੀ ਬਾਹਰ ਨਾ ਜਾਵੇ। ਪਰ ਦੌਲਤ, ਪੈਸਾ ਤਾਂ ਬਿੱਚ ਗੌਡੇਸ (Bitch Goddess) ਹੈ, ਜਿਹੜੀ ਕੁੱਤੀ ਬੂ 'ਤੇ ਆਵੇਗੀ...ਜਾਵੇਗੀ ਹੀ।
ਮਹਿਪਤ ਉਲਝਣਾ ਚਾਹੁੰਦਾ ਸੀ, ਇਸ ਲਈ ਉਸਨੂੰ ਕਾਏਨਾਤ ਦੀ ਔਰਤ ਦੇ ਵਿੰਗ ਵਲ ਖਾ ਗਏ। ਉਸਨੇ ਇਕ ਬੀਅਰ ਮਗਾਉਣ ਲਈ ਕਿਹਾ, ਪਰ ਇਸ ਤੋਂ ਪਹਿਲਾਂ ਕਿ ਕਲਿਆਣੀ ਦਾ ਕਾਲਾ ਵਜੂਦ ਉਠ ਕੇ ਮੁੰਡੂ ਨੂੰ ਆਵਾਜ਼ ਦੇਵੇ, ਉਹ ਖ਼ੁਦ ਹੀ ਬੋਲ ਪਿਆ—“ਰਹਿਣ ਦੇਅ।” ਤੇ ਉਸ ਨਜ਼ਾਰੇ ਨੂੰ ਵੇਖਣ ਲੱਗਾ ਜਿਹੜਾ ਨਸ਼ੇ ਨਾਲੋਂ ਵੀ ਵੱਧ ਸੀ। ਫੇਰ ਪਤਾ ਨਹੀਂ ਕੀ ਹੋਇਆ, ਮਹਿਪਤ ਨੇ ਝਪਟ ਕੇ ਏਨੇ ਜ਼ੋਰ ਨਾਲ ਕਲਿਆਣੀ ਦੀਆਂ ਲੱਤਾਂ ਵੱਖ ਕੀਤੀਆਂ ਕਿ ਉਹ ਵਿਲਕ ਉੱਠੀ। ਆਪਣੀ ਬਰਬਰਤਾ ਤੋਂ ਘਬਰਾਅ ਕੇ ਮਹਿਪਤ ਨੇ ਖ਼ੁਦ ਹੀ ਆਪਣੀ ਪਕੜ ਢਿੱਲੀ ਕਰ ਦਿੱਤੀ। ਹੁਣ ਕਲਿਆਣੀ ਪਲੰਘ 'ਤੇ ਪਈ ਸੀ ਤੇ ਮਹਿਪਤ ਗੋਡਿਆਂ ਦੇ ਭਾਰ ਹੇਠਾਂ ਫਰਸ਼ ਉੱਤੇ ਬੈਠਾ ਹੋਇਆ ਸੀ ਤੇ ਆਪਣੇ ਮੂੰਹ ਵਿਚ ਜ਼ਬਾਨ ਦੀ ਨੋਕ ਬਣਾ ਰਿਹਾ ਸੀ...ਕਲਿਆਣੀ ਲੇਟੀ ਹੋਈ ਉਪਰ ਛੱਤ ਵੱਲ ਦੇਖ ਰਹੀ ਸੀ, ਜਿੱਥੇ ਪੱਖੇ ਨਾਲ ਲਿਪਟਿਆ ਇਕ ਜਾਲਾ ਵੀ ਧੀਮੀ ਰਿਫ਼ਤਾਰ ਨਾਲ ਘੁੰਮ ਰਿਹਾ ਸੀ। ਫੇਰ ਅਚਾਨਕ ਕਲਿਆਣੀ ਨੂੰ ਕੁਝ ਹੋਣ ਲੱਗਿਆ। ਉਸਦੇ ਪੂਰੇ ਸਰੀਰ ਵਿਚ ਮਹਿਪਤ ਤੇ ਉਸਦੀ ਜ਼ਬਾਨ ਕਰਕੇ ਇਕ ਝੁਰਝੁਰੀ ਜਿਹੀ ਦੌੜ ਗਈ, ਤੇ ਉਹ ਉਸ ਕੀੜੇ ਵਾਂਗ ਛਟਪਟਾਈ, ਜਿਸਦੇ ਸਾਹਮਣੇ ਬੇਰਹਿਮ ਬੱਚੇ ਬਲਦੀ ਹੋਈ ਮਾਚਿਸ ਦੀ ਤੀਲੀ ਕਰ ਦਿੰਦੇ ਨੇ...
ਉਦੋਂ ਹੀ ਆਪਣੇ ਆਪ ਤੋਂ ਘਬਰਾ ਕੇ ਮਹਿਪਤ ਉੱਤੇ ਚੜ੍ਹ ਗਿਆ। ਉਸਦੇ ਸਰੀਰ ਵਿਚ ਬੇਹੱਦ ਤਣਾਅ ਸੀ ਤੇ ਬਿਜਲੀਆਂ ਸਨ, ਜਿਹਨਾਂ ਨੂੰ ਉਹ ਕਿਵੇਂ ਨਾ ਕਿਵੇਂ ਝਟਕ ਦੇਣਾ ਚਾਹੁੰਦਾ ਸੀ। ਉਸਦੇ ਹੱਥਾਂ ਦੀ ਪਕੜ ਏਨੀ ਮਜ਼ਬੂਤ ਸੀ ਕਿ ਜੱਬਰ ਤੋਂ ਜੱਬਰ ਆਦਮੀ ਉਸ ਤੋਂ ਨਹੀਂ ਸੀ ਛੁੱਟ ਸਕਦਾ। ਉਸਨੇ ਹੌਂਕਦਿਆਂ ਹੋਇਆਂ ਕਲਿਆਣੀ ਵੱਲ ਦੇਖਿਆ। ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਕ ਪੇਸ਼ਾਵਰ ਔਰਤ ਦੀਆਂ ਛਾਤੀਆਂ ਦਾ ਵਜ਼ਨ ਅਚਾਨਕ ਵੱਧ ਸਕਦਾ ਹੈ ਤੇ ਉਸਦਾ ਘੇਰਾ ਤੇ ਦਾਣੇ ਫੈਲ ਕੇ ਆਪਣੇ ਉਭਾਰ, ਕੇਂਦਰ ਨੂੰ ਵੀ ਪਛਾੜ ਸਕਦੇ ਨੇ। ਉਹਨਾਂ ਦੇ ਇਰਦ-ਗਿਰਦ ਤੇ ਕੁਹਲਿਆਂ ਤੇ ਪੱਟਾਂ ਉੱਤੇ ਸੀਤਲਾ ਦੇ ਦਾਣੇ ਜਿਹੇ ਉਭਰ ਸਕਦੇ ਨੇ। ਆਪਣੀ ਵਹਿਸ਼ਤ ਵਿਚ ਉਹ ਇਸ ਸਮੇਂ ਕਾਏਨਾਤ ਦੀ ਔਰਤ ਨੂੰ ਵੀ ਭੁੱਲ ਗਿਆ ਤੇ ਮਰਦ ਨੂੰ ਵੀ। ਉਸਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਰਿਹਾ ਕਿ ਉਹ ਖ਼ੁਦ ਕਿੱਥੇ ਹੈ ਤੇ ਕਲਿਆਣੀ ਕਿੱਥੇ? ਉਹ ਕਿੱਥੇ ਖ਼ਤਮ ਹੁੰਦਾ ਹੈ ਕਲਿਆਣੀ ਕਿੱਥੋਂ ਸ਼ੁਰੂ ਹੁੰਦੀ ਹੈ? ਉਹ ਉਸ ਕਾਤਿਲ ਵਰਗਾ ਸੀ ਜਿਹੜਾ ਛੱਤ ਤੋਂ ਕਿਸੇ ਨੂੰ ਧੱਕਾ ਦੇ ਦਿੰਦਾ ਹੈ ਤੇ ਉਸਨੂੰ ਯਕੀਨ ਹੁੰਦਾ ਹੈ ਕਿ ਏਨੀ ਉਚਾਈ ਤੋਂ ਡਿੱਗ ਕੇ ਉਹ ਬਿਆਨ ਦੇਣ ਲਈ ਜਿਉਂਦਾ ਨਹੀਂ ਬਚੇਗਾ ਤੇ ਉਹ ਉਸ ਉੱਤੇ ਖ਼ੁਦਕਸ਼ੀ ਦਾ ਇਲਜ਼ਾਮ ਲਾ ਕੇ ਖ਼ੁਦ ਬਚ ਨਿਕਲੇਗਾ। ਇਕ ਧੁਰਲੀ ਜਿਹੀ ਮਾਰ ਕੇ ਉਸਨੇ ਆਪਣਾ ਪੂਰਾ ਭਾਰ ਕਲਿਆਣੀ ਉੱਤੇ ਲੱਦ ਦਿੱਤਾ।
ਇਕ ਦਿਲ ਹਿਲਾਅ ਦੇਣ ਵਾਲੀ ਚੀਕ ਨਿਕਲੀ ਤੇ ਇਕ ਬਿਲਬਿਲਾਹਟ ਜਿਹੀ ਸੁਣਾਈ ਦਿੱਤੀ। ਸਿੱਲ੍ਹ ਤੇ ਕਾਈ ਭਰੀ ਕੰਧ ਉੱਤੇ ਪੱਖੇ ਦੇ ਖੰਭ ਆਪਣੇ ਵੱਡੇ-ਵੱਡੇ ਪਰਛਾਵੇਂ ਪਾ ਰਹੇ ਸਨ। ਪਤਾ ਨਹੀਂ ਕਿਸ ਨੇ ਪੱਖਾ ਤੇਜ਼ ਕਰ ਦਿੱਤਾ ਸੀ। ਮਹਿਪਤ ਪਸੀਨੇ ਨਾਲ ਲੱਥਪੱਥ ਹੋਇਆ ਹੋਇਆ ਸੀ ਤੇ ਸ਼ਰਮਿੰਦਾ ਵੀ, ਕਿਉਂਕਿ ਕਲਿਆਣੀ ਰੋ ਰਹੀ ਸੀ, ਕਰਾਹ ਰਹੀ ਸੀ। ਸ਼ਾਹਿਦ, ਉਹ ਇਕ ਆਮ ਧੰਦੇ ਵਾਲੀ ਵਾਂਗ ਗਾਹਕ ਨੂੰ ਲੱਤ ਮਾਰਨੀ ਨਹੀਂ ਸੀ ਜਾਣਦੀ...ਤੇ ਜਾਂ ਫੇਰ ਉਹ ਏਨੇ ਚੰਗੇ ਗਾਹਕ ਨੂੰ ਗਵਾਉਣ ਲਈ ਤਿਆਰ ਨਹੀਂ ਸੀ।
ਸਿਰਹਾਣੇ ਵਿਚ ਮੂੰਹ ਗੱਡ ਕੇ ਕਲਿਆਣੀ ਮੂਧੀ ਪਈ ਹੋਈ ਸੀ ਤੇ ਉਸਦੇ ਮੋਢੇ ਸਿਸਕਦੇ ਹੋਏ ਨਜ਼ਰ ਆ ਰਹੇ ਸਨ। ਉਦੋਂ ਹੀ ਮਹਿਪਤ ਇਕ ਛਿਣ ਲਈ ਠਿਠਕਿਆ। ਫੇਰ ਅੱਗੇ ਵਧ ਕੇ ਉਸਨੇ ਕਲਿਆਣੀ ਦੇ ਚਿਹਰੇ ਨੂੰ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਲਿਆਣੀ ਨੇ ਉਸਨੂੰ ਪਰ੍ਹਾਂ ਧਰੀਕ ਦਿੱਤਾ। ਉਹ ਸੱਚਮੁੱਚ ਰੋ ਰਹੀ ਸੀ। ਉਸਦੇ ਚਿਹਰੇ ਨੂੰ ਪਕੜਨ ਦੀ ਕੋਸ਼ਿਸ਼ ਵਿਚ ਮਹਿਪਤ ਦੇ ਆਪਣੇ ਹੱਥ ਵੀ ਗਿੱਲੇ ਹੋ ਗਏ ਸਨ। ਅੱਥਰੂ ਤਾਂ ਆਪਣੇ ਆਪ ਨਹੀਂ ਨਿਕਲ ਆਉਂਦੇ। ਜਦੋਂ ਜਬਰ ਤੇ ਬੇਵੱਸੀ ਖ਼ੂਨ ਦੀ ਹੋਲੀ ਖੇਡਦੇ ਨੇ ਉਦੋਂ ਹੀ ਅੱਖਾਂ ਛਾਣ-ਪੁਣ ਕੇ ਉਸ ਲਹੂ ਨੂੰ ਚਿਹਰੇ ਉੱਤੇ ਲੈ ਆਉਂਦੀਆਂ ਨੇ। ਜੇ ਉਹਨਾਂ ਨੂੰ ਆਪਣੇ ਅਸਲੀ ਰੰਗ ਵਿਚ ਲੈ ਆਉਣ ਤਾਂ ਦੁਨੀਆਂ ਵਿਚ ਮਰਦ ਦਿਖਾਈ ਦੇਣ, ਨਾ ਔਰਤਾਂ।
ਕਲਿਆਣੀ ਨੇ ਆਪਣਾ ਚਿਹਰਾ ਛੁਡਾਅ ਲਿਆ।
ਮਹਿਪਤ ਪਹਿਲਾਂ ਸਿਰਫ ਸ਼ਰਮਿੰਦਾ ਸੀ, ਹੁਣ ਸੱਚਮੁੱਚ ਸ਼ਰਮਿੰਦਾ ਸੀ। ਉਸਨੇ ਕਲਿਆਣੀ ਤੋਂ ਮੁਆਫ਼ੀ ਮੰਗੀ ਤੇ ਮੰਗਦਾ ਹੀ ਰਿਹਾ। ਕਲਿਆਣੀ ਨੇ ਪਲੰਘ ਦੀ ਚਾਦਰ ਨਾਲ ਅੱਖਾਂ ਪੂੰਝੀਆਂ ਤੇ ਬੇਵਸੀ ਜਿਹੀ ਨਾਲ ਮਹਿਪਤ ਵੱਲ ਦੇਖਿਆ। ਫੇਰ ਉਹ ਉਠ ਕੇ ਦੋਵੇਂ ਬਾਹਾਂ ਪਸਾਰਦੀ ਹੋਈ ਉਸ ਨਾਲ ਲਿਪਟ ਗਈ ਤੇ ਉਸਦੀ ਚੌੜੀ ਛਾਤੀ ਉਪਰ ਆਪਣੇ ਘੰਗਰਾਲੇ ਵਾਲਾਂ ਵਾਲਾ ਕੋਂਕਣੀ ਸਿਰ ਰੱਖ ਦਿੱਤਾ। ਫੇਰ ਉਸਦੀ ਘਿੱਗੀ ਵੱਝ ਗਈ, ਜਿਸ ਵਿਚੋਂ ਨਿਕਲਣ ਵਿਚ ਮਹਿਪਤ ਨੂੰ ਹੋਰ ਵੀ ਮਜ਼ਾ ਆਇਆ—ਤੇ ਕਲਿਆਣੀ ਨੂੰ ਵੀ। ਉਸਨੇ ਆਪਣੇ ਘਾਤਕ ਦੀ ਪਛਾਣ ਕਰ ਲਈ। ਮਰਦ ਤਾਂ ਮਰਦ ਹੋਵੇਗਾ ਹੀ, ਪਿਓ ਵੀ ਤਾਂ ਹੈ, ਭਰਾ ਵੀ ਤਾਂ ਹੈ—ਔਰਤ ਔਰਤ ਹੀ ਸਹੀ, ਪਰ ਉਹ ਧੀ ਵੀ ਤਾਂ ਹੈ, ਭੈਣ ਵੀ ਤਾਂ ਹੈ...
ਤੇ ਮਾਂ...
ਮਹਿਪਤ ਦੀਆਂ ਅੱਖਾਂ ਵਿਚ ਸੱਚਮੁੱਚ ਦੇ ਪਛਤਾਵੇ ਨੂੰ ਦੇਖਦਿਆਂ ਹੀ ਤਸਵੀਰ ਉਲਟ ਗਈ। ਹੁਣ ਉਸਦਾ ਸਿਰ ਕਲਿਆਣੀ ਦੀ ਛਾਤੀ 'ਤੇ ਸੀ ਤੇ ਉਹ ਉਸਨੂੰ ਪਿਆਰ ਕਰ ਰਹੀ ਸੀ। ਮਹਿਪਤ ਚਾਹੁੰਦਾ ਸੀ ਕਿ ਉਹ ਇਸ ਕ੍ਰਿਆ ਨੂੰ ਸਿਰੇ ਲਾਏ ਬਗ਼ੈਰ ਹੀ ਉੱਥੋਂ ਚਲਾ ਜਾਵੇ ਪਰ ਕਲਿਆਣੀ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਸੀ ਕਰ ਸਕਦੀ।
ਕਲਿਆਣੀ ਨੇ ਫੇਰ ਆਪਣੇ ਆਪ ਨੂੰ ਪੀੜ ਭੋਗਣ ਦਿੱਤੀ। ਵਿਚਕਾਰ ਇਕ ਦੋ ਵਾਰੀ ਉਹ ਪੀੜ ਨਾਲ ਕੁਰਲਾਈ ਵੀ ਤੇ ਫੇਰ ਬੋਲੀ—“ਹਾਏ ਮੇਰਾ ਫੁੱਲ...ਰੱਬ ਦਾ ਵਾਸਤਾ ਈ...ਮੈਨੂੰ ਸੂਈ ਲਵਾਉਣੀ ਪਏਗੀ...।” ਫੇਰ ਹੌਲੀ-ਹੌਲੀ, ਆਹਿਸਤਾ-ਆਹਿਸਤਾ ਦੁੱਖ ਝੱਲਦਿਆਂ ਹੋਇਆਂ ਉਸਨੇ ਕਾਏਨਾਤ ਦੇ ਮਰਦ ਨੂੰ ਖ਼ਤਮ ਕਰ ਦਿੱਤਾ ਤੇ ਉਸਨੂੰ ਬੱਚਾ ਬਣਾ ਕੇ ਗੋਦ ਵਿਚ ਲੈ ਲਿਆ। ਮਹਿਪਤ ਦੇ ਹਰ ਉਲਟੇ ਸਾਹ ਦੇ ਨਾਲ ਕਲਿਆਣੀ ਬੜੀ ਨਰਮੀ, ਬੜੀ ਕੋਮਲਤਾ ਤੇ ਬੜੀ ਮਮਤਾ ਦੇ ਨਾਲ ਉਸਦਾ ਮੂੰਹ ਚੁੰਮ ਲੈਂਦੀ ਸੀ, ਜਿਸ ਵਿਚੋਂ ਸਿਗਰਟ ਤੇ ਸ਼ਰਾਬ ਦੀ ਬੋ ਆ ਰਹੀ ਸੀ।
ਧੋਆ-ਧਵਾਈ ਪਿੱਛੋਂ ਮਹਿਪਤ ਨੇ ਆਪਣਾ ਹੱਥ ਕੱਪੜਿਆਂ ਵਲ ਵਧਾਇਆ, ਪਰ ਕਲਿਆਣੀ ਨੇ ਫੜ੍ਹ ਲਿਆ ਤੇ ਬੋਲੀ—“ਮੈਨੂੰ ਵੀਹ ਰੁਪਏ ਹੋਰ ਦੇਅ।”
“ਵੀਹ ਰੁਪਏ?”
“ਹਾਂ।” ਕਲਿਆਣੀ ਨੇ ਕਿਹਾ, “ਮੈਂ ਤੇਰੇ ਗੁਣ ਗਾਵਾਂਗੀ। ਮੈਨੂੰ ਭੁੱਲੇ ਨਹੀਂ ਉਹ ਦਿਨ ਜਦੋਂ ਮੈਂ 'ਮੁਲਕ' ਗਈ ਸੀ, ਤੇ ਤੈਂ ਮੈਨੂੰ ਦੋ ਸੌ ਰੁਪਏ ਨਕਦ ਦਿੱਤੇ ਸੀ—ਮੈਂ ਕਾਰਦਾਰ ਦੇ ਵੱਡੇ ਮੰਦਰ 'ਚ ਤੇਰੇ ਲਈ ਇਕ ਲੱਤ ਉੱਤੇ ਖਲੋ ਕੇ ਪ੍ਰਾਰਥਨਾਂ ਕੀਤੀ ਸੀ ਤੇ ਕਿਹਾ ਸੀ—ਮੇਰੇ ਮਾਹੀ ਦੀ ਰੱਖਿਆ ਕਰੀਂ ਭਗਵਾਨ—ਉਸਨੂੰ ਲੰਮੀ ਉਮਰ ਦੇਈਂ, ਬਹੁਤ ਸਾਰੇ ਪੈਸਾ ਦੇਈਂ...।”
ਤੇ ਕਲਿਆਣੀ ਉਮੀਦ ਭਰੀਆਂ ਨਜ਼ਰਾਂ ਨਾਲ ਪਹਿਲੀ ਤੇ ਹੁਣ ਵਾਲੀ ਪ੍ਰਾਰਥਨਾਂ ਦਾ ਅਰਸ ਦੇਖਣ ਲੱਗੀ।
ਮਹਿਪਤ ਦੀਆਂ ਨਾਸਾਂ ਨਫ਼ਰਤ ਨਾਲ ਫੁੱਲਣ ਲੱਗੀਆਂ—ਧੰਦੇਬਾਜ਼ ਔਰਤ! ਪਿਛਲੀ ਵਾਰੀ ਦੋ ਸੌ ਰੁਪਏ ਲੈਣ ਤੋਂ ਪਹਿਲਾਂ ਵੀ ਇੰਜ ਹੀ ਟਸੁਏ ਬਹਾਏ ਸਨ ਇਸਨੇ—ਇਵੇਂ ਰੋਈ-ਡੁਸਕੀ ਸੀ, ਜਿਵੇਂ ਮੈਂ ਕੋਈ ਇਨਸਾਨ ਨਾ ਜਾਨਵਰ ਹੋਵਾਂ, ਹਬਸ਼ੀ ਹੋਵਾਂ...ਪਰ...ਹੋਰ ਵੀਹ ਰੁਪਏ? ਫੇਰ ਰੋਣ ਦੀ ਕੀ ਲੋੜ ਸੀ, ਅੱਥਰੂ ਵਹਾਉਣ ਦੀ? ਉਂਜ ਹੀ ਮੰਗ ਲੈਂਦੀ ਤਾਂ ਕੀ ਮੈਂ ਇਨਕਾਰ ਕਰ ਦਿੰਦਾ? ਜਾਣਦੀ ਵੀ ਹੈ, ਮੈਂ ਪੈਸਿਆਂ ਤੋਂ ਇਨਕਾਰ ਨਹੀਂ ਕਰਦਾ। ਦਰਅਸਲ ਇਨਕਾਰ ਕਰਨਾ ਆਉਂਦਾ ਹੀ ਨਹੀਂ ਮੈਨੂੰ। ਇਸ ਲਈ ਤਾਂ ਭਗਵਾਨ ਦਾ ਸੌ-ਸੌ ਸ਼ੁਕਰ ਕਰਦਾ ਹਾਂ ਕਿ ਮੈਂ ਔਰਤ ਪੈਦਾ ਨਹੀਂ ਹੋਇਆ, ਵਰਨਾ—ਮੈਂ ਤਾਂ ਇਧਰ ਮੂੰਹੋਂ ਮੰਗਿਆ ਦੇਣ ਦਾ ਕਾਇਲ ਹਾਂ, ਜਿਸ ਨਾਲ ਪਾਪ ਦਾ ਅਹਿਸਾਸ ਨਹੀਂ ਹੁੰਦਾ—ਅਜਿਹੇ ਆਦਮੀ ਦੀ ਹੀ ਤਾਂ ਉਡੀਕ ਕਰਦੀਆਂ ਰਹਿੰਦੀਆਂ ਨੇ ਇਹ—ਤੇ ਜਦੋਂ ਉਹ ਆਉਂਦਾ ਹੈ ਤਾਂ ਕੋਰੇ ਝੂਠ ਬੋਲਣ ਤੇ ਉਸਦੇ ਕੱਪੜੇ ਲਾਹੁਣ ਤੋਂ ਵੀ ਬਾਅਜ਼ ਨਹੀਂ ਆਉਂਦੀਆਂ। ਕਹਿੰਦੀਆਂ ਨੇ—ਮੈਂ ਸੋਚਿਆ ਸੀ ਤੁਸੀਂ ਮੰਗਲ ਨੂੰ ਜ਼ਰੂਰ ਆਓਗੇ...ਭਲਾ ਮੰਗਲ ਨੂੰ ਕੀ ਸੀ ਬਾਈ?...ਮੰਗਲ ਨੂੰ ਭਗਵਾਨ ਨੂੰ ਪ੍ਰਾਰਥਨਾਂ ਕੀਤੀ ਸੀ।...ਇਹ ਰੋਣਾ...ਸ਼ਾਇਦ ਸੱਚੀਂ ਰੋਈ ਹੋਵੇ...ਮੈਂ ਵੀ ਤਾਂ ਇਕ ਅੰਨ੍ਹੇ ਵਾਂਗ ਕਿਧਰੇ ਵੀ ਜਾਣ ਦਿੱਤਾ ਆਪਣੇ ਆਪ ਨੂੰ। ਅੱਗਾ ਦੇਖਿਆ ਨਾ ਪਿੱਛਾ—ਪਿੱਛਾ ਕਿੰਨਾ ਚੰਗਾ ਸੀ!...ਪਰ ਮੈਂ ਜੋ ਤਕਲੀਫ਼ ਦਿੱਤੀ ਹੈ ਉਸਨੂੰ, ਉਸਤੋਂ ਨਿਜਾਤ ਪਾਉਣ ਦਾ ਇਕੋ ਹੀ ਤਰੀਕਾ ਹੈ—ਦੇ ਦਿਓ ਰੁਪਏ...ਪਰ ਕਿਉਂ? ਪਹਿਲਾਂ ਹੀ ਮੈਂ ਉਸਨੂੰ ਦੋ ਟੈਮਾਂ ਦੇ ਪੈਸੇ ਦਿੱਤੇ ਹੋਏ ਨੇ ਤੇ ਇਕੋ ਟੈਮ...
ਮਹਿਪਤ ਨੂੰ ਦੁਚਿੱਤੀ ਵਿਚ ਵੇਖ ਕੇ ਕਲਿਆਣੇ ਨੇ ਕਿਹਾ—“ਕਿਹੜੀਆਂ ਸੋਚਾਂ ਵਿਚ ਪੈ ਗਿਐਂ? ਦੇ ਦੇ ਨਾ—ਮੇਰਾ ਬੱਚਾ ਤੈਨੂੰ ਅਸੀਸਾਂ ਦੇਵੇਗਾ।”
“ਤੇਰਾ ਬੱਚਾ?”
“ਹਾਂ—ਤੈਂ ਨਹੀਂ ਦੇਖਿਆ?”
“ਨਹੀਂ...ਕਿੱਥੇ, ਕਿਸ ਤੋਂ ਲਿਆ?”
ਕਲਿਆਣੀ ਹੱਸ ਪਈ। ਫੇਰ ਉਹ ਸ਼ਰਮਾ ਗਈ। ਤੇ ਫੇਰ ਬੋਲੀ—“ਕੀ ਮਤਲਬ? ਮੈਨੂੰ ਸ਼ਕਲ ਥੋੜ੍ਹਾ ਈ ਚੇਤੇ ਰਹਿੰਦੀ ਐ? ਕੀ ਪਤਾ ਤੇਰਾ ਈ ਹੋਵੇ...”
ਮਹਿਪਤ ਨੇ ਘਬਰਾ ਕੇ ਕੁੜਤੇ ਦੀ ਜੋਬ ਵਿਚੋਂ ਵੀਹ ਰੁਪਏ ਕੱਢ ਕੇ ਕਲਿਆਣੀ ਦੀ ਹਥੇਲੀ ਉੱਤੇ ਰੱਖ ਦਿੱਤੇ ਜਿਹੜੀ ਅਜੇ ਤਕ ਨੰਗੀ ਖੜ੍ਹੀ ਸੀ ਤੇ ਜਿਸਦੇ ਲੱਕ ਦੇ ਕੁਹਲਿਆਂ ਉੱਤੇ ਝੁੱਲ ਰਹੀ ਚਾਂਦੀ ਦੀ ਚੇਨੀ ਚਮਕ ਰਹੀ ਸੀ। ਇਕ ਹਲਕੇ ਜਿਹੇ ਹੱਥ ਨਾਲ ਕਲਿਆਣੀ ਦਾ ਪਿੱਛਾ ਥਪਥਪਾਂਦਿਆਂ ਹੋਇਆਂ ਮਹਿਪਤ ਨੇ ਕੁਝ ਹੋਰ ਸੋਚ ਲਿਆ। ਕਲਿਆਣੀ ਨੇ ਸਾੜ੍ਹੀ ਅਜੇ ਲਪੇਟੀ ਹੀ ਸੀ ਕਿ ਉਹ ਬੋਲਿਆ—“ਜੇ ਇਕ ਟੈਮ ਹੋਰ ਲਾ ਲਵਾਂ ਤਾਂ?”
“ਪੈਸੇ ਆਏ ਹੋਏ ਆ।” ਕਲਿਆਣੀ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ ਤੇ ਆਪਣੀ ਸਾੜ੍ਹੀ ਲਾਹ ਕੇ ਪਲੰਘ ਉੱਤੇ ਸੁੱਟ ਦਿੱਤੀ। ਚੁਲੂੰ-ਚੁਲੂੰ ਕਰਦਾ ਹੋਇਆ ਉਸਦਾ ਮਾਸ ਹੁਣ ਮਾਰ ਭੁੱਲ ਚੁੱਕਿਆ ਸੀ। ਸ਼ੈਤਾਨੀਅਤ ਨੂੰ ਭੋਗ ਵੀ ਚੁੱਕਿਆ ਸੀ ਤੇ ਭੁੱਲ ਵੀ ਚੁੱਕਿਆ ਸੀ ਉਹ...ਪਰ ਮਹਿਪਤ ਨੇ ਸਿਰ ਹਿਲਾਅ ਦਿੱਤਾ—“ਹੁਣ ਦਮ ਨਹੀਂ ਰਿਹਾ!”
“ਹੂੰ...” ਕਲਿਆਣੀ ਨੇ ਕਿਹਾ—“ਬੜੇ ਜਣੇ ਆਉਂਦੇ ਐ ਮੇਰੇ ਕੋਲ ਪਰ ਤੇਰੇ ਵਰਗਾ ਕੜਕ ਮੈਂ ਨਹੀਂ ਦੇਖਿਆ, ਸੱਚੀਂ—ਤੂੰ ਤੇ ਚਲਾ ਜਾਨੈਂ, ਪਰ ਬੜੇ ਦਿਨ ਇਹ ਧਰਨ ਥਾਵੇਂ ਨਹੀਂ ਆਉਂਦੀ।”
ਚੰਦ ਟੋਏ 'ਚੋਂ ਸਰਕ ਗਿਆ ਸੀ। ਕੋਈ ਬਿਲਕੁਲ ਹੀ ਲੇਟ ਜਾਏ ਤਾਂ ਉਸਨੂੰ ਦੇਖ ਸਕੇ। ਉਦੋਂ ਹੀ ਕਲਿਆਣੀ ਮਹਿਪਤ ਦਾ ਹੱਥ ਫੜ੍ਹ ਕੇ ਉਸ ਕਮਰੇ ਵਿਚ ਲੈ ਆਈ, ਜਿੱਥੇ ਗਿਰਜਾ, ਸੁੰਦਰੀ, ਜਾੜੀ ਵਗ਼ੈਰਾ ਸਨ। ਜਾੜੀ ਮਿਸਤਰੀ ਨੂੰ ਤੇ ਉਸ ਪਿੱਛੋਂ ਇਕ ਹੋਰ ਕਾਹਲੇ ਨੂੰ ਵੀ ਭੁਗਤਾ ਚੁੱਕੀ ਸੀ। ਇਕ ਸਰਦਾਰ ਨਾਲ ਝਗੜਾ ਕਰ ਹਟੀ ਸੀ। ਜਦੋਂ ਮਹਿਪਤ ਆਇਆ ਸੀ ਤਾਂ ਉਸਨੇ ਖ਼ੁਰਸ਼ੀਦ ਨੂੰ ਕੁਹਣੀ ਮਾਰੀ ਕੇ ਕਿਹਾ ਸੀ—“ਆ ਗਿਆ, ਕਲਿਆਣੀ ਦਾ ਬੰਦਾ!...” ਇਸ ਲਈ ਕਿ ਪਹਿਲਾਂ ਜਦੋਂ ਵੀ ਮਹਿਪਤ ਇਧਰ ਆਇਆ ਸੀ ਤਾਂ ਹਮੇਸ਼ਾ ਕਲਿਆਣ ਕੋਲ ਹੀ ਜਾਂਦਾ ਸੀ...
ਕਲਿਆਣੀ ਨਾਲ ਖੋਲੀ ਵਿਚ ਆਉਂਦਿਆਂ ਹੋਇਆਂ, ਮਹਿਪਤ ਨੇ ਬਾਥਰੂਮ ਕੋਲ ਪਈ ਗਠੜੀ ਵੱਲ ਦੇਖਿਆ, ਜਿਸ ਕੋਲ ਬੈਠੀ ਹੋਈ ਗਿਰਜਾ ਆਪਣੇ ਪੱਲੇ ਨਾਲ ਉਸਨੂੰ ਹਵਾ ਝੱਲ ਰਹੀ ਸੀ। ਕਲਿਆਣੀ ਨੇ ਗਠੜੀ ਨੂੰ ਚੁੱਕ ਲਿਆ ਤੇ ਮਹਿਪਤ ਕੋਲ ਲਿਆਉਂਦੀ ਹੋਈ ਬੋਲੀ—“ਦੇਖ, ਦੇਖ ਮੇਰਾ ਬੱਚਾ...”
ਮਹਿਪਤ ਨੇ ਉਸ ਲਿਜਲਿਜੇ ਚਾਰ ਪੰਜ ਮਹੀਨਿਆਂ ਦੇ ਬੱਚੇ ਵੱਲ ਦੇਖਿਆ, ਜਿਸਨੂੰ ਗੋਦ ਵਿਚ ਚੁੱਕੀ ਖੜ੍ਹੀ ਕਲਿਆਣੀ ਕਹਿ ਰਹੀ ਸੀ—“ਇਸ ਹਲਕਟ ਨੂੰ ਪੈਦਾ ਕਰਨ, ਦੁੱਧ ਪਿਆਉਣ ਕਰਕੇ ਮੇਰੀ ਇਹ ਹਾਲਤ ਹੋ ਗਈ ਆ। ਖਾਣ ਨੂੰ ਤਾਂ ਕੁਛ ਮਿਲਦਾ ਨਹੀਂ...ਜੇ ਤੂੰ ਆਉਂਦਾ ਤਾਂ...”
ਫੇਰ ਅਚਾਨਕ ਮਹਿਪਤ ਦੇ ਕੰਨ ਕੋਲ ਮੂੰਹ ਕਰਕੇ ਕਲਿਆਣੀ ਬੋਲੀ—“ਸੁੰਦਰੀ ਦੇਖੀ? ਤੂੰ ਕਹੇਂ ਤਾਂ ਅਗਲੇ ਟੈਮ ਲਈ ਸੁੰਦਰੀ ਨੂੰ ਭੇਜ ਦੇਵਾਂ...ਨਹੀਂ, ਨਹੀਂ। ਪਰਸੋਂ ਤਾਈਂ ਮੈਂ ਆਪ ਈ ਠੀਕ ਹੋ ਜਾਵਾਂਗੀ।...ਇਸ ਸਾਰੇ ਜਖ਼ਮ ਆਠਰ ਜਾਣਗੇ ਨਾ...” ਤੇ ਕਲਿਆਣੀ ਨੇ ਆਪਣੀ ਛਾਤੀ ਤੇ ਆਪਣੇ ਕੁਹਲਿਆਂ ਨੂੰ ਛੂਹੰਦਿਆਂ ਕਿਹਾ—“ਇਹ ਸਭ ਤੂੰ ਜਿਹਨਾਂ ਨਾਲ ਆਪਣੇ ਹੱਥ ਭਰਦੈਂ, ਆਪਣੀਆਂ ਬਾਹਾਂ ਭਰਦੈਂ—ਠੀਕ ਐ, ਕੁਸ਼ ਹੱਥ ਵੀ ਤਾਂ ਆਉਣਾ ਚਾਹੀਦਾ ਐ—ਸੁੰਦਰੀ ਲੈਣੀ ਹੋਏ ਤਾਂ ਮੈਨੂੰ ਦੱਸੀਂ। ਅਸੀਂ ਸਭ ਠੀਕ ਕਰ ਦਿਆਂਗੀਆਂ। ਪਰ ਤੂੰ ਆਵੀਂ ਮੇਰੇ ਕੋਲ। ਗਿਰਜਾ ਕੋਲ ਨਹੀਂ। ਉਲਝਣਾ, ਊਂ-ਆਂ ਗੱਲਾਂ ਕਰਨੀਆਂ, ਵੱਡਾ ਨਖ਼ਰਾ ਐ ਉਸਦਾ...” ਤੇ ਫੇਰ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਝੁਲਾਉਂਦੀ ਹੋਈ ਕਲਿਆਣੀ ਨੇ ਕਿਹਾ—
“ਮੈਂ ਇਸ ਦਾ ਨਾਂਅ ਅਚਮੀ ਰੱਖਿਆ ਐ”
“ਅਚਮੀ! ਅਚਮੀ ਕੀ?”
“ਇਹ ਤਾਂ ਮੈਨੂੰ ਵੀ ਨੀਂ ਪਤਾ”—ਕਲਿਆਣੀ ਨੇ ਜਵਾਬ ਦਿੱਤਾ ਤੇ ਫੇਰ ਥੋੜ੍ਹਾ ਜਿਹਾ ਹੱਸੀ—“ਕੋਈ ਆਇਆ ਸੀ ਕਸਟਮਰ, ਬੋਲਿਆ—'ਮੇਰਾ ਤੇਰੇ ਠਹਿਰ ਗਿਆ ਤਾਂ ਉਸਦਾ ਨਾਂਅ ਅਚਮੀ ਰੱਖੀਂ।' ਇਹ ਤਾਂ ਮੈਂ ਨਹੀਂ ਕਹਿ ਸਕਦੀ ਉਸੇ ਦਾ ਠਹਿਰਿਆ ਕਿ ਕਿਸਦਾ, ਪਰ ਨਾਂਅ ਯਾਦ ਰਹਿ ਗਿਆ ਸੀ ਮੈਨੂੰ। ਉਹ ਤਾਂ ਫੇਰ ਆਇਆ ਈ ਨੀਂ ਤੇ ਤੂੰ ਵੀ ਕੁਸ਼ ਨਹੀਂ ਕਿਹਾ”...ਤੇ ਫੇਰ ਫੇਰ ਹੱਸਦੀ ਹੋਈ ਬੋਲੀ—“ਅੱਛਾ ਅਗਲੇ ਟੈਮ ਦੇਖਾਂਗੇ...”
ਮਹਿਪਤ ਨੇ ਇਕ ਨਜ਼ਰ ਅਚਮੀ ਵੱਲ ਦੇਖਿਆ ਤੇ ਫੇਰ ਆਲੇ-ਦੁਆਲੇ ਦੇ ਮਾਹੌਲ ਵੱਲ—'ਏਥੇ ਪਲੇਗਾ ਇਹ ਬੱਚਾ? ਬੱਚਾ—ਮੈਂ ਤਾਂ ਸਮਝਦਾ ਸੀ, ਇਹਨਾਂ ਕੁੜੀਆਂ ਕੋਲ ਆਉਂਦਾ ਹਾਂ ਤਾਂ ਮੈਂ ਕੋਈ ਪਾਪਾ ਨਹੀਂ ਕਰਦਾ। ਇਹ ਦਸ ਦੀ ਆਸ ਰੱਖਦੀਆਂ ਨੇ ਤਾਂ ਮੈਂ ਵੀਹ ਦੇਂਦਾ ਹਾਂ—ਇਹ ਬੱਚਾ?'
-'ਏਥੇ ਤਾਂ ਦਮ ਘੁਟਦਾ ਏ...ਜਾਂਦਿਆਂ ਹੋਇਆਂ ਤਾਂ ਘੁਟਦਾ ਈ ਏ।'
ਮਹਿਪਤ ਨੇ ਜੇਬ ਵਿਚੋਂ ਪੰਜ ਦਾ ਨੋਟ ਕੱਢਿਆ ਤੇ ਉਸਨੂੰ ਬੱਚੇ ਉੱਤੇ ਰੱਖ ਦਿੱਤਾ—“ਇਹ ਇਸ ਦੁਨੀਆਂ ਵਿਚ ਆਇਆ ਏ, ਇਸ ਲਈ ਇਹ ਇਸਦੀ ਦੱਛਣਾ।”
“ਨਹੀਂ-ਨਹੀਂ, ਇਹ ਮੈਂ ਨਹੀਂ ਲੈਣੇ।”
“ਲੈਣੇ ਪੈਣਗੇ, ਤੂੰ ਨਾਂਹ ਨਹੀਂ ਕਰ ਸਕਦੀ।”
ਫੇਰ ਵਾਕਈ ਕਲਿਆਣੀ ਨਾਂਹ ਨਹੀਂ ਸੀ ਕਰ ਸਕੀ। ਬੱਚੇ ਦੀ ਖ਼ਾਤਰ? ਮਹਿਪਤ ਨੇ ਕਲਿਆਣੀ ਦੇ ਮੋਢੇ 'ਤੇ ਹੱਥ ਰੱਖਦਿਆਂ ਹੋਇਆਂ ਕਿਹਾ—“ਮੈਨੂੰ ਮੁਆਫ਼ ਕਰ ਦੇਅ ਕਲਿਆਣੀ, ਮੈਂ ਸੱਚਮੁੱਚ ਅੱਜ ਤੇਰੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਏ।” ਪਰ ਮਹਿਪਤ ਦੀ ਗੱਲ ਤੋਂ ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੁਣ ਇੰਜ ਨਹੀਂ ਕਰੇਗਾ। ਜ਼ਰੂਰ ਕਰੇਗਾ—ਇਸੇ ਗੱਲ ਦਾ ਤਾਂ ਨਸ਼ਾ ਸੀ ਉਸਨੂੰ, ਬੀਅਰ ਤਾਂ ਵਾਧੂ ਦੀ ਗੱਲ ਸੀ।
ਕਲਿਆਣੀ ਨੇ ਜਵਾਬ ਦਿੱਤਾ—“ਕੋਈ ਗੱਲ ਨਹੀਂ, ਪਰ ਤੂੰ ਅੱਜ ਖ਼ਲਾਸ ਕਰ ਦਿੱਤੈ, ਮਾਰ ਦਿੱਤੈ ਮੈਨੂੰ।” ਤੇ ਉਹ ਇਹ ਸ਼ਿਕਾਇਤ ਕੁਝ ਇਸ ਢੰਗ ਨਾਲ ਕਰ ਰਹੀ ਸੀ, ਜਿਵੇਂ ਮਰਨਾ ਹੀ ਤਾਂ ਚਾਹੁੰਦੀ ਸੀ ਉਹ। ਕੀ ਇਸ ਲਈ ਕਿ ਪੈਸੇ ਮਿਲਦੇ ਨੇ, ਪੇਟ ਪਲਦਾ ਹੈ?...ਨਹੀਂ...ਹਾਂ, ਜਦੋਂ ਭੁੱਖ ਨਾਲ ਢਿੱਡ ਦੁਖਦਾ ਹੈ, ਤਾਂ ਜਾਪਦਾ ਹੈ ਦੁਨੀਆਂ ਵਿਚ ਸਾਰੇ ਮਰਦ ਮੁੱਕ ਗਏ ਨੇ—ਔਰਤਾਂ ਮਰ ਰਹੀਆਂ ਨੇ...
ਮਹਿਪਤ ਨੇ ਪੁੱਛਿਆ—“ਇਹ ਅਚਮੀ ਮੁੰਡਾ ਏ ਜਾਂ ਕੁੜੀ?”
ਇਕ ਅਜੀਬ ਜਿਹੀ ਚਮਕ ਨੇ ਕਲਿਆਣੀ ਦੇ ਸੁਤੇ ਹੋਏ, ਮਾਰ ਖਾਧੇ ਹੋਏ, ਚਿਹਰੇ ਉੱਤੇ ਰੌਣਕ ਲਿਆ ਦਿੱਤੀ ਤੇ ਉਹ ਚਿਹਰੇ ਦੀਆਂ ਪੰਖੜੀਆਂ ਖੋਲ੍ਹਦੀ ਹੋਈ ਬੋਲੀ—“ਮੁੰਡਾ!”
ਫੇਰ ਕਲਿਆਣੀ ਨੇ ਕਾਹਲ ਨਾਲ ਅਚਮੀ ਦਾ ਲੰਗੋਟ ਖੋਲ੍ਹਿਆ ਤੇ ਦੋਵਾਂ ਹੱਥਾਂ ਨਾਲ ਚੁੱਕ ਕੇ ਅਚਮੀ ਦੇ ਮੁੰਡਾ ਹੋਣ ਦੀ ਤਸਦੀਕ ਮਹਿਪਤ ਨੂੰ ਕਰਵਾ ਦਿੱਤੀ ਤੇ ਖਿੜ ਕੇ ਬੋਲੀ—“ਦੇਖ, ਦੇਖਿਆ...”
ਮਹਿਪਤ ਤੁਰਨ ਲੱਗਿਆ ਤਾਂ ਕਲਿਆਣੀ ਨੇ ਪੁੱਛਿਆ—“ਹੁਣ ਤੈਂ ਕਦੋਂ ਆਵੇਂਗਾ ਜੀ?”
“ਛੇਤੀ ਹੀ...” ਮਹਿਪਤ ਨੇ ਘਬਰਾ ਕੇ ਜਵਾਬ ਦਿੱਤਾ ਤੇ ਫੇਰ ਉਹ ਬਾਹਰ ਕਿਤੇ ਰੌਸ਼ਨੀਆਂ ਵਿਚ ਮੂੰਹ ਲਕੋਣ ਖਾਤਰ ਨਿਕਲ ਗਿਆ।
੦੦੦ ੦੦੦ ੦੦੦

ਤੁਲਾਦਾਨ :: ਰਾਜਿੰਦਰ ਸਿੰਘ ਬੇਦੀ : राजिंदर सिंह बेदी


ਉਰਦੂ ਕਹਾਣੀ : ਤੁਲਾਦਾਨ :: ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


ਧੋਬੀਆਂ ਦੇ ਘਰ ਜੇ ਗੋਰਾ-ਚਿੱਟਾ ਬਾਲ ਜੰਮ ਪਵੇ ਤਾਂ ਉਸਦਾ ਨਾਂ 'ਬਾਊ' ਰੱਖ ਦਿੱਤਾ ਜਾਂਦਾ ਹੈ। ਸਾਧੂਰਾਮ ਦੇ ਘਰ ਬਾਊ ਨੇ ਜਨਮ ਲਿਆ ਤੇ ਉਹ ਸਿਰਫ ਬਾਊ ਦੀ ਸ਼ਕਲ-ਸੂਰਤ ਤਾਈਂ ਹੀ ਸੀਮਿਤ ਨਹੀਂ ਸੀ ਰਿਹਾ, ਜਦੋਂ ਵੱਡਾ ਹੋਇਆ ਤਾਂ ਉਸਦੀਆਂ ਸਾਰੀਆਂ ਆਦਤਾਂ ਬਾਊਆਂ ਵਰਗੀਆਂ ਹੀ ਸਨ। ਮਾਂ ਨੂੰ ਨਫ਼ਰਤ ਨਾਲ 'ਏ ਯੂ' ਤੇ ਪਿਓ ਨੂੰ 'ਚੱਲ ਓਇ' ਕਹਿਣਾ ਉਸਨੇ ਪਤਾ ਨਹੀਂ ਕਿੱਥੋਂ ਸਿਖ ਲਿਆ ਸੀ। ਉਹ, ਉਸਦੀ ਆਕੜ ਭਰੀ ਆਵਾਜ਼, ਮੜਕ ਨਾਲ ਤੁਰਨਾ, ਬੂਟਾਂ ਸਮੇਤ ਚੌਂਕੇ ਵਿਚ ਵੜ ਜਾਣਾ, ਦੁੱਧ ਨਾਲ ਮਲਾਈ ਨਾ ਖਾਣਾ—ਸਾਰੀਆਂ ਸਿਫਤਾਂ ਬਊਆਂ ਵਾਲੀਆਂ ਹੀ ਤਾਂ ਸਨ। ਜਦੋਂ ਉਹ ਹੁਕਮ ਦੇਣ ਵਾਲੀ ਆਵਾਜ਼ ਵਿਚ ਬੋਲਦਾ ਤੇ 'ਚੱਲ ਓਇ' ਕਹਿੰਦਾ ਤਾਂ ਸਾਧੂਰਾਮ 'ਖ਼ੀਂ ਖ਼ੀਂ...' ਕਰਕੇ ਪੀਲੇ ਦੰਦ ਕੱਢ ਵਿਖਾਉਂਦਾ ਤੇ—“ਪੂਰਾ ਬਾਊ ਐ।” ਕਹਿ ਕੇ ਚੁੱਪ ਹੋ ਜਾਂਦਾ।
ਬਾਊ ਜਦੋਂ ਸੁਖਨੰਦਨ, ਅਮ੍ਰਿਤ ਤੇ ਹੋਰ ਅਮੀਰ-ਜ਼ਾਦਿਆਂ ਨਾਲ ਖੇਡਦਾ ਤਾਂ ਕਿਸੇ ਨੂੰ ਪਤਾ ਨਾ ਲੱਗਦਾ ਕਿ ਉਹ ਉਸ ਮਾਲਾ ਦਾ ਮਣਕਾ ਨਹੀਂ। ਸੱਚ ਤਾਂ ਇਹ ਹੈ ਕਿ ਈਸ਼ਵਰ ਸਭ ਜੀਵ-ਜੰਤੂ ਨੰਗੇ ਕਰਕੇ ਇਸ ਦੁਨੀਆਂ ਵਿਚ ਭੇਜ ਦੇਂਦਾ ਹੈ। ਕੋਈ ਬੋਲੀ-ਪਾੜ੍ਹਤ ਨਹੀਂ ਸਿਖਾਉਂਦਾ। ਇਹ ਨਾਦਾਰ, ਲਖਪਤੀ, ਮਹਾ ਬ੍ਰਾਹਮਣ, ਭਨੋਟ, ਹਰੀਜਨ, ਲੰਗੁਵਾ, ਫ਼ਰਨੀਕਾ-ਸਾਰੀਆਂ ਲੋਕਾਂ ਦੀਆਂ ਬਾਅਦ ਦੀਆਂ ਕੱਢੀਆਂ ਕਾਢਾਂ ਨੇ।
ਬੁਧਈ ਦੇ ਪੁਰਵਾ ਵਾਸੀਆਂ ਵਿਚ ਸੁਖਾਨੰਦਨ ਦੇ ਮਾਂ-ਪਿਓ ਖਾਂਦੇ ਪੀਂਦੇ ਆਦਮੀ ਸਨ ਤੇ ਸਾਧੂਰਾਮ ਤੇ ਦੂਜੇ ਆਦਮੀ ਉਹਨਾਂ ਨੂੰ ਖਾਂਦੇ-ਪੀਂਦੇ ਵੇਖਣ ਵਾਲੇ। ਸੁਖਨੰਦਨ ਦਾ ਜਨਮ ਦਿਨ ਆਇਆ ਤਾਂ ਪੁਰਵਾ ਦੇ ਵੱਡੇ-ਵੱਡੇ ਨੇਤਾਗਣ, ਦੇਵ–ਭੰਡਾਰੀ, ਗਣਪਤ ਮਹਾ ਬ੍ਰਾਹਮਣ ਵਗ਼ੈਰਾ ਖਾਣੇ 'ਤੇ ਬੁਲਾਏ ਗਏ। ਡਾਲਚੰਦ ਤੇ ਗਣਪਤ ਮਹਾ ਬ੍ਰਾਹਮਣ ਦੋਵੇਂ ਮੋਟੇ-ਮੋਟੇ ਆਦਮੀ ਸਨ ਤੇ ਲਗਭਗ ਹਰੇਕ ਦਾਅਵਤ ਵਿਚ ਵੇਖੇ ਜਾਂਦੇ ਸਨ। ਉਹਨਾਂ ਦੇ ਵਧੇ ਹੋਏ ਢਿੱਡ ਹੇਠਾਂ ਪਤਲੀ ਜਿਹੀ ਧੋਤੀ, ਧੋਤੀ ਹੇਠ ਲੰਗੋਟ, ਮੋਟੇ ਤਾਜ਼ੇ ਜਿਸਮ ਉੱਤੇ ਜਨੇਊ, ਵੱਡਾ ਸਾਰਾ ਚੰਦਨ ਦਾ ਟਿੱਕਾ ਵੇਖ ਕੇ ਬਾਊ ਨੂੰ ਈਰਖਾ ਹੁੰਦੀ ਸੀ...ਤੇ ਭਲਾ ਇਹ ਵੀ ਕੋਈ ਈਰਖਾ ਕਰਨ ਵਾਲੀ ਗੱਲ ਸੀ। ਸ਼ਾਇਦ ਇਕ ਨਿੱਕਾ ਜਿਹਾ ਮਲੂਕ ਸਰੀਰ ਬਾਊ ਬਣਨ ਤੋਂ ਪਿੱਛੋਂ ਮਨੁੱਖਾਂ ਵਿਚ ਥੁਲਥੁਲਾ, ਬੇਡੌਲ ਪੰਡਿਤ ਬਣਨਾ ਚਾਹੁੰਦਾ ਹੈ...ਤੇ ਪੰਡਿਤ ਬਣਨ ਪਿੱਛੋਂ ਇਕ ਮੋਈ ਜ਼ਮੀਰ ਵਾਲਾ ਗੁਨਾਹਗਾਰ ਇਨਸਾਨ ਤੇ ਅਛੂਤ ਵੀ। ਡਾਲਚੰਦ ਤੇ ਗਣਪਤ ਮਹਾ ਬ੍ਰਾਹਮਣ ਦੇ ਚਰਿੱਤਰ ਬਾਰੇ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਸਨ। ਇਹ ਇਨਸਾਨੀ ਸੁਭਾਅ ਦੀ ਤਾਸੀਰ ਹਰ ਜਗ੍ਹਾ ਰੰਗ ਵਿਖਾਉਂਦੀ ਹੈ।
ਬਾਊ ਨੇ ਵੇਖਿਆ-ਜਿੱਥੇ ਭੰਡਾਰੀ, ਮਹਾ ਬ੍ਰਾਹਮਣ, ਭਨੋਟ ਆਏ ਹੋਏ ਸਨ ਉੱਥੇ ਹੀ ਉਮਦਾਂ ਮੀਰਾਸਨ, ਹਰਖੂ, ਜੜੀ ਦਾਦਾ ਕਰਿੰਦਾ ਤੇ ਦੋ ਤਿੰਨ ਜੂਠੀਆਂ ਪਤਲਾਂ ਤੇ ਡੂਨੇ ਚੁੱਕਣ ਵਾਲੇ ਝਿਊਰ ਵੀ ਨਜ਼ਰ ਆ ਰਹੇ ਸਨ। ਜਦੋਂ ਦਸ ਪੰਦਰਾਂ ਆਦਮੀ ਖਾ ਕੇ ਵਿਹਲੇ ਹੋ ਜਾਂਦੇ ਤਾਂ ਝਿਊਰ ਪਤਲਾਂ ਤੇ ਡੂਨਿਆਂ ਵਿਚ ਬਚੀਆਂ ਖੁਚੀਆਂ ਚੀਜ਼ਾਂ ਇਕ ਜਗ੍ਹਾ ਇਕੱਠੀਆਂ ਕਰਦੇ। ਜਮਾਦਾਰਨੀ ਵਿਹੜੇ ਵਿਚ ਚਾਦਰ ਦਾ ਇਕ ਪੱਲਾ ਵਿਛਾਈ ਬੈਠੀ ਸੀ। ਉਹ ਸਾਰੀਆਂ ਬਚੀਆਂ ਖੁਚੀਆਂ ਚੀਜ਼ਾਂ, ਹਲਵਾ, ਦਾਲ, ਤੋੜੀਆਂ ਹੋਈਆਂ ਬੁਰਕੀਆਂ, ਪਕੌੜਿਆਂ ਰਲੇ ਆਲੂ-ਮਟਰ ਤੇ ਚੌਲ ਉਸਦੀ ਵਿਛੀ ਹੋਈ ਚਾਦਰ ਜਾਂ ਅਲਮੀਨੀਅਮ ਦੇ ਇਕ ਵੱਡੇ ਸਾਰੇ ਭੱਦੇ ਜਿਹੇ ਤਸਲੇ ਵਿਚ ਪਾ ਦੇਂਦੇ। ਉਸਦੇ ਸਾਹਮਣੇ ਸਾਰੀਆਂ ਚੀਜ਼ਾਂ ਦੀ ਖਿਚੜੀ ਦੇਖ ਕੇ ਬਾਊ ਤੋਂ ਰਿਹਾ ਨਾ ਗਿਆ। ਬੋਲਿਆ—
“ਜਮਾਦਾਰਨੀ, ਕਿਵੇਂ ਖਾਵੇਂਗੀ ਇਹ ਚੀਜ਼ਾਂ?”
ਜਮਾਦਾਰਨੀ ਹੱਸ ਪਈ। ਨੱਕ ਚੜ੍ਹਾ ਕੇ ਬੋਲੀ, “ਜਿਵੇਂ ਤੂੰ ਰੋਟੀਆਂ ਖਾਂਦਾ ਐਂ।”
ਇਸ ਅਜੀਬ ਤੇ ਸਦੀਵੀਂ ਜਵਾਬ ਨੇ ਬਾਊ ਦੀ ਠੁਕ ਨੂੰ ਠੋਕਰ ਮਾਰੀ। ਬੋਲਿਆ, “ਕੇਡੀ ਨਾ ਸਮਝ ਏਂ ਤੂੰ, ਏਨੀ ਗੱਲ ਵੀ ਨਹੀਂ ਸਮਝੀ। ਤਾਂਹੀਏਂ ਤਾਂ ਤੁਸੀਂ ਲੋਕ ਜੁੱਤੀਆਂ ਜੋੜਿਆਂ ਕੋਲ ਬੈਠਣ ਲਾਇਕ ਓ।”
ਹਲਾਲਖ਼ੋਰੀ ਦੀ ਆਕੜ ਲੋਕਾਂ ਨੂੰ ਵਿਰਸੇ ਵਿਚ ਮਿਲੀ ਹੁੰਦੀ ਹੈ। ਮੱਥੇ ਵੱਟ ਪਾ ਕੇ ਜਮਾਦਾਰਨੀ ਬੋਲੀ—
“ਤੇ ਤੁਸੀਂ ਤਾਂ ਅਰਸ਼ਾਂ 'ਤੇ ਬੈਠਣ ਲਾਇਕ ਓਂ; ਹੈ ਨਾ?”
“ਐਵੇਂ ਈ ਨਾਰਾਜ਼ ਹੋ ਗਈ ਏਂ ਤੂੰ ਤਾਂ।” ਬਾਊ ਬੋਲਿਆ, “ਮੇਰਾ ਮਤਲਬ ਸੀ ਸਬਜ਼ੀ ਵਿਚ ਹਲਵਾ, ਤੇ ਪਕੌੜਿਆਂ ਵਿਚ, ਆਲੂ-ਮਟਰ; ਪੁਲਾਅ ਵਿਚ ਫਿਰਨੀ, ਇਹ ਸਾਰੀਆਂ ਚੀਜ਼ਾਂ ਖਿਚੜੀ ਨਹੀਂ ਬਣ ਗਈਆਂ ਕਿ?”
ਜਮਾਦਾਰਨੀ ਨੇ ਕੋਈ ਉਤਰ ਨਾ ਦਿੱਤਾ।
ਭੰਡਾਰੀ ਤੇ ਮਹਾ ਬ੍ਰਾਹਮਣ ਨੂੰ ਚੰਗੇ ਥਾਂ ਬਿਠਾਇਆ ਗਿਆ। ਉਹ ਸਾਧੂਆਂ ਵਰਗੀ ਰੂਦਰਾਕਸ਼ ਦੀ ਮਾਲਾ ਗਲੇ ਵਿਚ ਪਾਈ ਕੁਣੱਖਾ ਜਿਹਾ ਵਾਰੀ ਵਾਰੀ ਉਮਦਾਂ ਤੇ ਜਮਾਦਾਰਨੀ ਵੱਲ ਝਾਕਦੇ ਰਹੇ। ਉਮਦਾਂ, ਜਮਾਦਾਰਨੀ ਦੇ ਕੋਲ ਹੀ ਬੈਠੀ ਸੀ। ਹਰਖੂ ਤੇ ਜੜੀ ਦਾਦਾ ਧੁੱਪ ਵਿਚ ਬੈਠੇ, ਖਾ ਰਹੇ ਆਦਮੀਆਂ ਦੇ ਮੂੰਹਾਂ ਵੱਲ ਵੇਖ ਰਹੇ ਸਨ ਕਿ ਕਦੋਂ ਉਹ ਸਾਰੇ ਖਾ ਹਟਣ ਤਾਂ ਉਹਨਾਂ ਨੂੰ ਵੀ ਕੁਝ ਨਸੀਬ ਹੋਵੇ। ਬਾਊ ਨੇ ਦੇਖਿਆ, ਉਮਦਾਂ ਦੇ ਨੇੜੇ ਹੀ ਬਾਲਣ ਦੀ ਓਟ ਵਿਚ ਉਸਦੀ ਆਪਣੀ ਮਾਂ ਬੈਠੀ ਹੋਈ ਸੀ। ਉਸਦੇ ਨੇੜੇ ਭਾਂਡੇ ਮਾਂਜਣ ਲਈ ਸਵਾਹ ਤੇ ਅੱਧ ਸੁੱਕੀਆਂ ਪਾਥੀਆਂ ਪਈਆਂ ਸਨ ਤੇ ਸਵਾਹ ਨਾਲ ਉਸਦਾ ਲਹਿੰਗਾ ਖਰਾਬ ਹੋ ਗਿਆ ਸੀ। ਕਮੀਜ਼ ਵੀ ਖਰਾਬ ਹੋ ਰਹੀ ਸੀ। ਖ਼ੈਰ ਕਮੀਜ਼ ਦੀ ਤਾਂ ਕੋਈ ਗੱਲ ਨਹੀਂ ਸੀ, ਉਹ ਤਾਂ ਕਿਸੇ ਦੀ ਸੀ ਤੇ ਧੋਣ ਲਈ ਆਈ ਸੀ। ਇਕ ਵਾਰੀ ਧੋ ਕੇ ਬਾਊ ਦੀ ਮਾਂ ਨੇ ਪਾ ਲਈ ਤਾਂ ਕੁਝ ਘਸ ਨਹੀਂ ਗਿਆ। ਪਰਮਾਤਮਾ ਭਲਾ ਕਰੇ ਬੱਦਲਾਂ ਦਾ ਕਿ ਉਹਨਾਂ ਦੀ ਮਿਹਰਬਾਨੀ ਨਾਲ ਇਹ ਮੌਕਾ ਭਿੜਿਆ ਸੀ।
ਜਦੋਂ ਆਪਣੇ ਦੋਸਤ ਸੁਖਨੰਦਨ ਨੂੰ ਮਿਲਣ ਲਈ ਬਾਊ ਨੇ ਅੱਗੇ ਵਧਣਾ ਚਾਹਿਆ ਤਾਂ ਇਕ ਆਦਮੀ ਨੇ ਉਸਨੂੰ ਚਪੇੜ ਵਿਖਾਅ ਕੇ ਥਾਵੇਂ ਹੀ ਰੋਕ ਦਿੱਤਾ ਤੇ ਕਿਹਾ, “ਖ਼ਬਰਦਾਰ! ਧੋਬੀ ਦੇ ਬੱਚੇ...ਦਿਸਦਾ ਨਹੀਂ ਕਿੱਧਰ ਵੜਿਆ ਜਾ ਰਿਹੈਂ?” ਬਾਊ ਰੁਕ ਗਿਆ। ਸੋਚਣ ਲੱਗਿਆ ਉਸ ਨਾਲ ਲੜੇ ਜਾਂ ਨਾ ਲੜੇ। ਝਿਊਰ ਦਾ ਕਮਾਇਆ ਹੋਇਆ ਸਰੀਰ ਵੇਖ ਕੇ ਉਸਨੂੰ ਥਾਵੇਂ ਰੁਕਣਾ ਪਿਆ ਤੇ ਉਂਜ ਵੀ ਉਹ ਅਜੇ ਬੱਚਾ ਸੀ; ਭਲਾ ਏਡੇ ਵੱਡੇ ਆਦਮੀ ਦਾ ਮੁਕਾਬਲਾ ਕਿੰਜ ਕਰ ਸਕਦਾ ਸੀ। ਉਸਨੇ ਇਕ ਉਦਾਸ ਟੁੱਟਵੀਂ ਜਿਹੀ ਨਿਗਾਹ ਚੰਗੀ ਥਾਵੇਂ ਬੈਠ ਕੇ ਖਾਣ ਵਾਲਿਆਂ ਤੇ ਪਾਥੀਆਂ ਦੀ ਗਿੱਲੀ ਸੁੱਕੀ ਸਵਾਹ ਤੇ ਜੁੱਤੀਆਂ ਕੋਲ ਬੈਠੇ ਮਾਨਸਾਂ ਵੱਲ ਦੇਖਿਆ ਤੇ ਮਨ ਹੀ ਮਨ ਕਿਹਾ—'ਭਾਵੇਂ ਸਾਰੇ ਨੰਗੇ ਪੈਦਾ ਹੋਏ ਨੇ, ਪਰ ਇਕ ਕਾਮੇਂ ਤੇ ਇਕ ਬ੍ਰਾਹਮਣ ਵਿਚ ਕਿੰਨਾ ਫਰਕ ਏ!'
ਫੇਰ ਦਿਲ ਵਿਚ ਕਹਿਣ ਲੱਗਾ—-'ਸੁਖਨੰਦਨ ਤੇ ਬਾਊ ਵਿਚ ਕਿੰਨਾ ਫਰਕ ਏ!' ਤੇ ਹਲਕੀ ਜਿਹੀ ਇਕ ਪੀੜ ਉਸਦੇ ਕਾਲਜੇ ਵਿਚ ਉਠੀ। ਅਸਲੀਅਤ ਤਾਂ ਬਾਊ ਦੇ ਸਾਹਮਣੇ ਸੀ। ਪਰ ਉਸਦੇ ਅਸਲੀ ਰੂਪ ਨੂੰ ਦੇਖਣ ਤੋਂ ਉਹ ਖ਼ੁਦ ਹੀ ਘਬਰਾਂਦਾ ਸੀ। ਬਾਊ ਦਿਲ ਹੀ ਦਿਲ ਵਿਚ ਕਹਿਣ ਲੱਗਾ—'ਸਾਡੇ ਲੋਕਾਂ ਕਰਕੇ ਹੀ ਤਾਂ ਇਹ ਜਿਉਂਦੇ ਨੇ। ਦਿਨ ਵਰਗੇ ਚਿੱਟੇ ਕੱਪੜੇ ਪਾਉਂਦੇ ਨੇ।...' ਦਰਅਸਲ ਬਾਊ ਨੂੰ ਭੁੱਖ ਲੱਗੀ ਹੋਈ ਸੀ। ਉਹਨਾਂ ਪਕੌੜਿਆਂ ਤੇ ਹਲਵੇ ਪੂਰੀਆਂ ਦੇ ਖ਼ਿਆਲਾਂ ਵਿਚ...ਸੱਚਾਈ ਦੇ ਇਸ ਮਕਰੂ ਰੂਪ ਨੂੰ ਤਾਂ ਕੀ ਉਹ ਆਪਣੇ ਆਪ ਨੂੰ ਵੀ ਭੁੱਲ ਗਿਆ ਸੀ। ਗਰਮਾ-ਗਰਮ ਪੂਰੀਆਂ ਦੀ ਸਬਰ ਹਿਲਾਅ ਦੇਣ ਵਾਲੀ ਖ਼ੁਸ਼ਬੂ ਉਸਦੇ ਦਿਮਾਗ਼ ਵਿਚ ਘੁਸੜਦੀ ਜਾ ਰਹੀ ਸੀ। ਅਚਾਨਕ ਉਸਦੀ ਨਜ਼ਰ ਉਮਦਾਂ ਉੱਤੇ ਪਈ। ਉਮਦਾਂ ਦੀ ਨਜ਼ਰ ਟੋਕਰੀ ਵਿਚ ਘੀ ਨਾਲ ਗੜੂੱਚ ਪੂਰੀਆਂ ਦੇ ਨਾਲ-ਨਾਲ ਤੁਰੀ ਫਿਰਦੀ ਸੀ। ਜਦੋਂ ਸੁਖਨੰਦਨ ਦੀ ਮਾਂ ਨੇੜਿਓਂ ਲੰਘੀ ਤਾਂ ਉਸਦਾ ਧਿਆਨ ਖਿੱਚਣ ਲਈ ਉਮਦਾਂ ਬੋਲੀ—
“ਜਿਜਮਾਨੀ, ਜ਼ਰਾ ਹਲਵਾਈ ਨੂੰ ਤਾੜ ਖਾਂ...ਇਹ ਦੇਖਦੀ ਨਹੀਂ ਕਿੰਨਾਂ ਘਿਓ ਚੋਂਦਾ ਜਾ ਰਿਹੈ ਜ਼ਮੀਨ ਉੱਤੇ।”
ਜਿਜਮਾਨੀ ਕੜਕ ਕੇ ਬੋਲੀ—“ਓਇ ਕਿਸ਼ਨੂੰ, ਹਲਵਾਈ ਨੂੰ ਕਹਿ ਜ਼ਰਾ ਪੂਰੀਆਂ ਕੜਾਹੀ ਵਿਚ ਦਬਾਅ ਦੇ ਕੱਢੇ।”
ਬਾਊ ਹੱਸ ਪਿਆ। ਉਮਦਾਂ ਸ਼ਰਮਿੰਦੀ ਜਿਹੀ ਹੋ ਗਈ। ਬਾਊ ਜਾਣਦਾ ਸੀ ਉਮਦਾਂ ਇਹ ਸਭ ਸਿਰਫ ਇਸ ਕਰਕੇ ਕਹਿ ਰਹੀ ਹੈ ਕਿ ਉਸਦਾ ਆਪਣਾ ਜੀਅ ਪੂਰੀਆਂ ਖਾਣ ਨੂੰ ਕਰ ਰਿਹਾ ਹੈ। ਭਾਵੇਂ ਜਿਜਮਾਨੀ ਦਾ ਧਿਆਨ ਖਿੱਚਣ ਵਾਲੇ ਇਸ ਵਾਕ ਤੋਂ ਉਸਦੀ ਇੱਛਾ ਦਾ ਪਤਾ ਨਹੀਂ ਸੀ ਲੱਗ ਰਿਹਾ। ਉਹ ਹੈਰਾਨ ਸੀ ਤੇ ਸੋਚ ਰਿਹਾ ਸੀ ਕਿ ਜਿਸ ਤਰ੍ਹਾਂ ਉਸਨੇ ਉਮਦਾਂ ਦੇ ਉਹਨਾਂ ਅਰਥਹੀਣ ਸ਼ਬਦਾਂ ਵਿਚ ਲੁਕੇ ਹੋਏ ਅਸਲੀ ਅਰਥਾਂ ਨੂੰ ਸਮਝ ਲਿਆ ਸੀ, ਕੀ ਇਹ ਵੀ ਸੰਭਵ ਹੈ ਕਿ ਉਸਦੀ ਚੁੱਪ ਤੋਂ ਕੋਈ ਉਸਦੇ ਅੰਦਰ ਦੀ ਗੱਲ ਵੀ ਸਮਝ ਲਵੇ—ਆਖ਼ਰ ਚੁੱਪ ਬੋਲਾਂ ਨਾਲੋਂ ਵੱਧ ਅਰਥ ਭਰਪੂਰ ਹੁੰਦੀ ਹੈ।
ਉਸ ਵੇਲੇ ਸੁਖਨੰਦਨ ਤੁਲ ਰਿਹਾ ਸੀ। ਸਜਾਈ ਹੋਏ ਕੰਡੇ (ਵੱਡਾ ਤੱਕੜ) ਦੇ ਇਕ ਪਾਲੜੇ ਵਿਚ ਬੈਠਾ ਚਾਰੇ ਪਾਸੇ ਦੇਖ ਕੇ ਮੁਸਕਰਾਈ ਜਾ ਰਿਹਾ ਸੀ। ਦੂਜੇ ਪਾਸੇ ਕਣਕ ਦਾ ਢੇਰ ਲੱਗਿਆ ਸੀ। ਕਣਕ ਦੇ ਇਲਾਵਾ ਚੌਲ ਬਾਸਮਤੀ, ਛੋਲੇ, ਮਾਂਹ, ਰਾਜਮਾਂਹ ਤੇ ਹੋਰ ਕਈ ਭਾਂਤ ਦੇ ਆਨਾਜ ਸਨ। ਸੁਖਨੰਦਨ ਨੂੰ ਤੋਲ-ਤੋਲ ਕੇ ਲੋਕਾਂ ਨੂੰ ਆਨਾਜ਼ ਵੰਡਿਆ ਜਾ ਰਿਹਾ ਸੀ। ਬਾਊ ਦੀ ਮਾਂ ਨੇ ਵੀ ਪੱਲਾ ਵਿਛਾਅ ਦਿੱਤਾ। ਉਸਨੂੰ ਕਣਕ ਦੀ ਧੜੀ ਮਿਲ ਗਈ। ਉਹ ਸੁਖਨੰਦਨ ਦੀ ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਹੋਈ ਉਠ ਖੜ੍ਹੀ ਹੋਈ। ਬਾਊ ਨੇ ਨਫ਼ਰਤ ਨਾਲ ਆਪਣੀ ਮਾਂ ਵੱਲ ਵੇਖਿਆ। ਜਿਵੇਂ ਕਹਿ ਰਿਹਾ ਹੋਵੇ—'ਤੈਨੂੰ ਕੱਪੜਿਆਂ ਦੀ ਧੁਆਈ ਨਾਲ ਸਬਰ ਨਹੀਂ ਆਉਂਦਾ, ਤਾਂਹੀਏਂ ਤਾਂ ਹਰੇਕ ਦੀ ਮੈਲ ਧੋਣ ਦਾ ਕੰਮ ਦਿੱਤੈ ਰੱਬ ਨੇ ਤੈਨੂੰ।...ਤੇ ਤੂੰ ਵੀ ਜਮਾਦਾਰਨੀ ਵਾਂਗ ਜੁੱਤੀਆਂ ਵਿਚ ਬੈਠਣ ਲਾਇਕ ਈ ਐਂ। ਤੇਰੀ ਕੁੱਖ ਵਿਚੋਂ ਪੈਦਾ ਹੋਣ ਵਾਲੇ ਬਾਊ ਨੂੰ ਕੜਕਦੀ ਧੁੱਪ ਵਿਚ ਖੜ੍ਹਾ ਰਹਿਣਾ ਪੈਂਦੈ। ਅੱਗੇ ਵਧਣ 'ਤੇ ਉਹ ਲੋਕ ਉਸਨੂੰ ਚਪੇੜਾਂ ਵਿਖਾਉਂਦੇ ਐ। ਹਾਏ ਓਇ!...ਤੇਰੀਆਂ ਇਹ ਪਾਟੀਆਂ ਬੇਸ਼ਰਮ ਅੱਖਾਂ ਕਣਕ ਨਾਲ ਨਹੀਂ, ਕਬਰ ਦੀ ਮਿੱਟੀ ਨਾਲ ਭਰਨਗੀਆਂ।' ਮਾਂ ਜਦੋਂ ਕੋਲੋਂ ਦੀ ਲੰਘੀ ਤਾਂ ਬਾਊ ਬੋਲਿਆ—“ਏ ਯੂ!”
ਫੇਰ ਸੋਚਣ ਲੱਗਾ, ਰਾਮ ਜਾਣੇ ਮੇਰਾ ਜਨਮ ਦਿਨ ਕਿਉਂ ਨਹੀਂ ਆਉਂਦਾ? ਮੇਰੀ ਮਾਂ ਮੈਨੂੰ ਕਦੀ ਨਹੀਂ ਤੋਲਦੀ। ਜਦੋਂ ਸੁਖਾਨੰਦਨ ਨੂੰ ਉਸਦੇ ਜਨਮ ਦਿਨ ਉੱਤੇ ਤੋਲ ਕੇ ਆਨਾਜ ਦਾਨ ਕੀਤਾ ਜਾਂਦਾ ਹੈ ਤਾਂ ਉਸਦੀਆਂ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਨੇ। ਉਸਨੂੰ ਸਰਦੀ ਵਿਚ ਬਰਫ਼ ਨਾਲੋਂ ਵੱਧ ਠੰਡੇ ਪਾਣੀ ਤੇ ਗਰਮੀਆਂ ਵਿਚ ਸਿਰ ਸਾੜ ਦੇਣ ਵਾਲੀ ਧੁੱਪ ਵਿਚ ਖੜ੍ਹਾ ਨਹੀਂ ਹੋਣਾ ਪੈਂਦਾ। ਵਾਲਾਂ ਵਿਚ ਲਾਉਣ ਲਈ ਖਾਸ ਲਖ਼ਨਊ ਤੋਂ ਮੰਗਵਾਇਆ ਹੋਇਆ ਔਲੇ ਦਾ ਤੇਲ ਮਿਲਦਾ ਹੈ। ਜੇਬ ਪੈਸਿਆਂ ਨਾਲ ਭਰੀ ਰਹਿੰਦੀ ਹੈ। ਇਸਦੇ ਉਲਟ ਮੈਂ ਸਾਰਾ ਦਿਨ ਸਾਬਨ ਦੀ ਝੱਗ ਬਨਾਉਂਦਾ ਰਹਿੰਦਾ ਹਾਂ। ਸੁਖਾਨੰਦਨ ਇਸ ਲਈ ਪਾਣੀ ਦੇ ਬੁਲਬੁਲਿਆਂ ਨੂੰ ਪਸੰਦ ਕਰਦਾ ਹੈ ਕਿ ਉਹ ਬੁਲਬੁਲੇ ਤੇ ਉਹਨਾਂ ਵਿਚ ਚਮਕਣ ਵਾਲੇ ਰੰਗ ਉਹਨੂੰ ਹਰ ਰੋਜ਼ ਨਹੀਂ ਦੇਖਣੇ ਪੈਂਦੇ। ਇੰਜ ਕੱਪੜੇ ਨਹੀਂ ਧੋਣੇ ਪੈਂਦੇ...ਸੁਖੀ ਦੀ ਦੁਨੀਆਂ ਨੂੰ ਕਿੰਨੀ ਲੋੜ ਹੈ। ਖਾਸ ਕਰਕੇ ਉਸਦੇ ਮਾਂ ਪਿਓ ਨੂੰ...ਮੇਰੇ ਮਾਂ ਪਿਓ ਨੂੰ ਮੇਰੀ ਜ਼ਰਾ ਵੀ ਲੋੜ ਨਹੀਂ। ਨਹੀਂ ਤਾਂ ਉਹ ਮੈਨੂੰ ਵੀ ਜਨਮ ਦਿਨ ਦੇ ਮੌਕੇ 'ਤੇ ਇੰਜ ਹੀ ਤੋਲਦੇ। ਤੇ ਜਦੋਂ ਦੀ ਨਿੱਕੀ ਪੈਦਾ ਹੋਈ ਹੈ...ਕਹਿੰਦੇ ਨੇ ਕਿ 'ਬਿਨਾਂ ਲੋੜ ਦੇ ਦੁਨੀਆਂ ਵਿਚ ਕੋਈ ਪੈਦਾ ਨਹੀਂ ਹੁੰਦਾ। ਇਹ ਬਾਥੂ ਜਿਹੜਾ ਨਾਲ ਦੀ ਨਾਲ ਨਾਲ ਉੱਗਿਆ ਹੋਇਆ ਏ, ਦੇਖਣ ਨੂੰ ਇਕ ਫਜ਼ੂਲ ਜਿਹੀ ਬੂਟੀ ਏ, ਜਦੋਂ ਇਸਦੀ ਭੁਰਜੀ ਬਣਦੀ ਏ ਤਾਂ ਮਜ਼ਾ ਈ ਆ ਜਾਂਦਾ ਏ'...ਤੇ ਪੂਰੀਆਂ!
ਬਾਊ ਦੀ ਮਾਂ ਨੇ ਆਵਾਜ਼ ਮਾਰੀ—
“ਬਾਊ...ਓ ਬਾਊ ਓਇ!”
ਉਸ ਵੇਲੇ ਸੁਖਾਨੰਦਨ ਬਾਊ ਵਲ ਵੇਖ ਕੇ ਮੁਸਕਰਾ ਰਿਹਾ ਸੀ। ਹੁਣ ਬਾਊ ਨੂੰ ਉਮੀਦ ਹੋਈ ਕਿ ਉਹ ਰੱਜ ਕੇ ਦਾਅਵਤ ਖਾ ਸਕੇਗਾ। ਬਾਊ ਉਸ ਚੁਭਣ ਵਾਲੀ ਧੁੱਪ ਨੂੰ ਵੀ ਭੁੱਲ ਗਿਆ ਜਿਹੜੀ ਮੀਂਹ ਪਿੱਛੋਂ ਥੋੜ੍ਹੇ ਸਮੇਂ ਲਈ ਨਿਕਲਦੀ ਹੈ ਤੇ ਓਨੇ ਚਿਰ ਵਿਚ ਹੀ ਆਪਣੀ ਸਾਰੀ ਗਰਮੀ ਵਿਖਾਅ ਦੇਣਾ ਚਾਹੁੰਦੀ ਹੈ। ਉਸਨੇ ਮਾਂ ਦੀ ਆਵਾਜ਼ ਉੱਤੇ ਕੰਨ ਨਾ ਧਰਿਆ।...ਤੇ ਕੰਨ ਧਰਦਾ ਵੀ ਕਿਉਂ? ਮਾਂ ਨੂੰ ਉਸਦੀ ਕੀ ਲੋੜ ਸੀ? ਲੋੜ ਹੁੰਦੀ ਤਾਂ ਉਹ ਉਸਦਾ ਜਨਮ ਦਿਨ ਨਾ ਮਨਾਉਂਦੀ? ਉਹ ਤਾਂ ਸ਼ਾਇਦ ਉਸ ਦਿਨ ਨੂੰ ਰੋਂਦੀ ਹੋਵੇਗੀ ਜਿਸ ਦਿਨ ਉਹ ਜੰਮ ਪਿਆ ਸੀ...ਵੈਸੇ ਬਾਥੂ ਦੀ ਭੁਰਜੀ ਖਾਸੀ ਸਵਾਦ ਹੁੰਦੀ ਹੈ।
“ਬਾਊ...ਓਇ ਓ ਬਾਊ ਦੇ ਬੱਚੇ! ਸੁਣਦਾ ਕਿਉਂ ਨਹੀਂ?” ਬਾਊ ਦੀ ਮਾਂ ਦੀ ਆਵਾਜ਼ ਆਈ।
“ਬਾਊ ਜਾਹ, ਅਜੇ ਮੈਂ ਨਹੀਂ ਆ ਸਕਦਾ” ਸੁਖਨੰਦਨ ਨੇ ਕਿਹਾ ਤੇ ਫੇਰ ਇਕ ਦੰਭੀ ਅੰਦਾਜ਼ ਵਿਚ ਆਪਣੇ ਸੁਰਖ ਸੂਹੇ ਕੋਟ ਤੇ ਬਾਊ ਵੱਲ ਦੇਖਦਾ ਹੋਇਆ ਬੋਲਿਆ—“ਕੱਲ੍ਹ ਆਵੀਂ ਭਰਾ, ਵੇਖਦਾ ਨਹੀਂ ਪਿਆ, ਅੱਜ ਮੈਨੂੰ ਵਿਹਲ ਨਹੀਂ? ਜਾਹ!”
ਉਮਦਾਂ ਨੂੰ ਪੂਰੀਆਂ ਮਿਲ ਗਈਆਂ ਸਨ। ਉਹ ਜਿਜਮਾਨੀ ਨੂੰ ਫਰਸ਼ੀ-ਸਲਾਮ ਕਰ ਰਹੀ ਸੀ। ਬਾਊ ਨੇ ਸੋਚਿਆ ਸੀ, ਸ਼ਾਇਦ ਮੁਸਕਰਾਉਂਦਾ ਹੋਇਆ ਸੁਖਨੰਦਨ ਉਸਦੀ ਚੁੱਪ ਵਿਚੋਂ ਉਸਦੇ ਮਨ ਦੀ ਗੱਲ ਤਾੜ ਲਵੇਗਾ। ਪਰ ਸੁਖਨੰਦਨ ਨੂੰ ਅੱਜ ਬਾਊ ਦਾ ਧਿਆਨ ਕਿੰਜ ਆ ਸਕਦਾ ਸੀ। ਅੱਜ ਹਰ ਛੋਟੇ-ਵੱਡੇ ਨੂੰ ਸੁਖੀ ਦੀ ਲੋੜ ਸੀ, ਪਰ ਸੁਖੀ ਨੂੰ ਕਿਸੇ ਦੀ ਲੋੜ ਨਹੀਂ ਸੀ। ਆਪਣਾ ਵੱਡਪਣ ਤੇ ਬਾਊ ਦੇ ਸਾਦੇ ਸੜੇ ਟਾਟ ਵਰਗੇ ਕੱਪੜਿਆਂ ਨੂੰ ਦੇਖ ਕੇ ਸ਼ਾਇਦ ਉਹ ਉਸਨੂੰ ਨਫ਼ਰਤ ਕਰਨ ਲੱਗਾ ਸੀ। ਆਪਣੇ ਆਦੀ ਸੁਭਾਅ ਦਾ ਪ੍ਰਦਰਸ਼ਨ ਕਰਕੇ ਉਸਨੇ ਜਿਵੇਂ ਬਾਊ ਦੀ ਰਹੀ ਸਹੀ ਹਿੰਮਤ ਵੀ ਮਿੱਟੀ ਵਿਚ ਮਿਲਾਅ ਦਿੱਤਾ ਸੀ। ਫੇਰ ਬਾਊ ਦੀ ਮਾਂ ਦੀ ਕੁਰਖ਼ਤ ਆਵਾਜ਼ ਆਈ—
“ਬਾਊ ਤੇਰਾ ਸਤਿਆਨਾਸ...ਵੇ, ਮੌਤੜੀ ਮਾਰਿਆ...ਨਿਕਲ ਆਏ ਤੇਰੇ ਮਾਤਾ ਕਾਲੀ...ਆਉਂਦਾ ਕਿਉਂ ਨਹੀਂ? ਦੋ ਸੌ ਕੱਪੜੇ ਪਏ ਐ ਲੰਬਰ ਲਾਉਣ ਵਾਲੇ—ਤਾਂ ਰੋ ਰਹੀ ਹਾਂ ਤੇਰੀ ਜਾਨ ਨੂੰ...”
ਬਾਊ ਨੂੰ ਇੰਜ ਮਹਿਸੂਸ ਹੋਇਆ ਕਿ ਨਾ ਸਿਰਫ—ਸੁਖਨੰਦਨ ਨੇ ਹੀ ਉਸਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ ਤੇ ਉਹ ਉਸ ਨਾਲ ਕਦੀ ਨਹੀਂ ਖੇਡੇਗਾ; ਬਲਕਿ ਉਸਦੀ ਮਾਂ ਵੀ, ਜਿਸਦੇ ਪੇਟੋਂ ਉਹ ਐਵੇਂ ਹੀ ਪੈਦਾ ਹੋਇਆ ਸੀ...ਜਿਸ ਤੋਂ ਉਸਨੂੰ ਦੁਨੀਆਂ ਵਿਚ ਸਭ ਤੋਂ ਵੱਧ ਪਿਆਰ ਦੀ ਉਮੀਦਾ ਸੀ, ਉਸ ਨਾਲ ਅਜਿਹਾ ਸਲੂਕ ਕਰ ਰਹੀ ਹੈ! ਕਾਸ਼! ਮੈਂ ਇਸ ਦੁਨੀਆਂ ਵਿਚ ਪੈਦਾ ਹੀ ਨਾ ਹੋਇਆ ਹੁੰਦਾ। ਜੇ ਹੁੰਦਾ ਤਾਂ ਇੰਜ ਬਾਊ ਨਾ ਹੁੰਦਾ ਤੇ ਮੇਰੀ ਮਿੱਟੀ ਇੰਜ ਨਾ ਖਰਾਬ ਹੁੰਦੀ। ਕੀ ਮੈਂ ਸੁਖੀ ਨਾਲੋਂ ਅਕਲ ਤੇ ਸ਼ਕਲ ਵਿਚ ਵਧ-ਚੜ੍ਹ ਕੇ ਨਹੀਂ?
*** *** ***
ਸੁਖਨੰਦਨ ਦੇ ਜਨਮ ਦਿਨ ਨੂੰ ਇਕ ਮਹੀਨਾ ਹੋ ਗਿਆ। ਤੁਲਾਦਾਨ ਵਿਚ ਆਈ ਹੋਈ ਕਣਕ ਪਿਸੀ। ਪਿਸ ਕੇ ਉਸਦੀ ਰੋਟੀ ਬਣੀ। ਬਾਊ ਦੇ ਮਾਂ-ਬਾਪ ਨੇ ਖਾਧੀ। ਪਰ ਬਾਊ ਨੇ ਉਹ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਜਿੰਨੀ ਦੇਰ ਤੁਲਾਦਾਨ ਦਾ ਆਟਾ ਘਰੇ ਰਿਹਾ, ਉਹ ਰੋਟੀ ਆਪਣੇ ਚਾਚੇ ਕੇ ਖਾਂਦਾ ਰਿਹਾ। ਉਹ ਨਹੀਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੰਗੀਆਂ-ਤੰਗੀਆਂ ਚੀਜਾਂ ਖਾ ਕੇ ਉਸਦੇ ਮਾਂ-ਪਿਓ ਦੀ ਸੋਚ ਗੁਲਾਮਾਂ ਵਰਗੀ ਹੋਈ ਹੋਈ ਹੈ, ਉਸ ਵਿਚ ਵੀ ਉਹ ਰੋਟੀ ਖਾ ਕੇ ਉਹ ਅੰਸ਼ ਪੈਦਾ ਹੋ ਜਾਵੇ। ਗਾੜ੍ਹੇ ਪਸੀਨੇ ਦੀ ਕਮਾਈ ਹੋਈ ਰੋਟੀ ਵਿਚੋਂ ਤਾਂ ਦੁਧ ਚੋਂਦਾ ਹੈ, ਪਰ ਹਰਾਮ ਦੀ ਕਮਾਈ ਵਿਚੋਂ ਲਹੂ—ਤੇ ਗੁਲਾਮੀ ਲਹੂ ਬਣ ਕੇ ਉਹ ਦੀਆਂ ਰਗਾਂ ਵਿਚ ਸਮਾਅ ਜਾਏ; ਇਹ ਕਦੀ ਨਹੀਂ ਹੋਵੇਗਾ। ਸਾਧੂਰਾਮ ਹੈਰਾਨ ਸੀ। ਬਾਊ ਦੀ ਮਾਂ ਹੈਰਾਨ ਸੀ। ਚਾਚਾ, ਜਿਸ ਉੱਤੇ ਉਸਦੀ ਰੋਟੀ ਦਾ ਜਬਰੀ ਬੋਝ ਪੈ ਗਿਆ ਸੀ, ਵੀ ਹੈਰਾਨ ਸੀ। ਚਾਚੀ ਨੱਕ-ਬੁੱਲ੍ਹ ਵੱਟਦੀ ਸੀ। ਤੇ ਜਦੋਂ ਘਰੇ ਇਸ ਅਨੋਖੇ ਬਾਈਕਾਟ ਦਾ ਚਰਚਾ ਹੁੰਦਾ ਤਾਂ ਸਾਧੂਰਾਮ ਯਕਦਮ ਕੱਪੜਿਆਂ ਉੱਤੇ ਨੰਬਰ ਲਾਉਣੇ ਛੱਡ ਦੇਂਦਾ ਦੇ ਪੀਲੇ-ਪੀਲੇ ਦੰਦ ਕੱਢਦਾ ਹੋਇਆ ਕਹਿੰਦਾ—
“ਖ਼ੀਂ-ਖ਼ੀਂ, ਬਾਊ ਐ ਨਾ!”
ਸੁਖਨੰਦਨ ਨੇ ਹੁਣ ਬਾਊ ਵਿਚ ਇਕ ਸਪਸ਼ਟ ਤਬਦੀਲੀ ਵੇਖੀ। ਬਾਊ ਜਿਸਦਾ ਕੰਮ ਤੋਂ ਜੀਅ ਅੱਕਿਆ ਰਹਿੰਦਾ ਸੀ; ਹੁਣ ਸਾਰਾ ਸਾਰਾ ਦਿਨ ਘਾਟ ਉੱਤੇ ਆਪਣੇ ਪਿਓ ਦਾ ਹੱਥ ਵੰਡਾਉਂਦਾ। ਬਾਊ ਹੁਣ ਉਸਦੇ ਨਾਲ ਨਹੀਂ ਸੀ ਖੇਡਦਾ। ਹਰੀਏ ਕੇ ਤਲਾਅ ਦੇ ਕਿਨਾਰੇ ਇਕ ਵੱਡੀ ਸਾਰੀ ਕਰੋਟਨ ਚੀਲ ਹੇਠ ਸਕੂਲੋਂ ਵਾਪਸ ਆਉਣ ਪਿੱਛੋਂ ਉਹ ਤੇ ਉਸਦੇ ਦੋ ਇਕ ਸਾਥੀ ਪੱਤਾ-ਮੰਗ ਖੇਡਦੇ ਹੁੰਦੇ ਸਨ। ਹੁਣ ਉਹ ਜਗ੍ਹਾ ਬਿਲਕੁਲ ਖ਼ਾਲੀ ਰਹਿੰਦੀ ਸੀ। ਨੇੜੇ ਬੈਠਾ ਇਕ ਸਾਧੂ, ਜਿਸਦੀ ਕੁਟੀਆਂ ਵਿਚ ਬੱਚੇ ਆਪਣੇ ਬਸਤੇ ਰੱਖ ਦਿੰਦੇ ਸਨ, ਕਦੀ ਕਦੀ ਚਰਸ ਦਾ ਇਕ ਲੰਮਾ ਸੂਟਾ ਖਿਚਦਿਆਂ ਪੁੱਛ ਲੈਂਦਾ—“ਬੇਟਾ, ਹੁਣ ਕਿਉਂ ਨਹੀਂ ਆਉਂਦੇ ਖੇਡਣ?” ਤੇ ਸੁਖਨੰਦਨ ਕਹਿੰਦਾ—“ਬਾਊ ਗੁੱਸੇ ਹੋ ਗਿਆ ਏ ਬਾਬਾ!” ਫੇਰ ਮਹਾਤਮਾ ਜੀ ਹੱਸਦੇ ਤੇ ਚਰਸ ਦਾ ਉਲਟਾ ਦੇਣ ਵਾਲਾ ਸੂਟਾ ਲਾਉਂਦੇ ਤੇ ਖੰਘਦੇ ਹੋਏ ਕਹਿੰਦੇ—
“ਓ-ਹੂੰ...ਹੂੰ...ਵਾਹ ਓਇ ਪੱਠਿਆ...ਆਖ਼ਰ ਖ਼ਰਾ ਬਾਊ ਜੋ ਹੋਇਆ ਤੂੰ!”
ਉਸ ਸਮੇਂ ਸੁਖਨੰਦਨ ਗਰੂਰ ਨਾਲ ਕਹਿੰਦਾ—“ਆਕੜਿਆ ਏ ਬਾਊ ਤਾਂ ਆਕੜਿਆ ਰਹੇ...ਉਸਦੀ ਔਕਾਤ ਕੀ ਏ, ਧੋਬੀ ਦੇ ਬੱਚੇ ਦੀ?”
ਪਰ ਬੱਚਿਆਂ ਨੂੰ ਆਪਣੇ ਨਾਲ ਖੇਡਣ ਲਈ ਕੋਈ ਤਾਂ ਚਾਹੀਦਾ ਹੀ ਹੈ। ਖੇਡ ਵਿਚ ਕਿਸੇ ਵੀ ਜਾਤ ਪਾਤ ਤੇ ਦਰਜੇ ਦੀ ਸ਼ਰਤ ਨਹੀਂ ਹੁੰਦੀ। ਅਸਲੀਅਤ ਵਿਚ ਕੁਝ ਸਾਲਾਂ ਦੀ ਹੀ ਤਾਂ ਗੱਲ ਸੀ ਕਿਉਂਕਿ ਇਕੋ ਜਿਹੇ ਨੰਗੇ ਪੈਦਾ ਹੋਏ ਸਨ ਉਹ ਦੋਵੇਂ ਤੇ ਉਸ ਵੇਲੇ ਤਾਈਂ ਉਹਨਾਂ ਵਿਚ ਨਾਦਾਰ, ਲਖਪਤੀ, ਮਹਾ ਬ੍ਰਾਹਮਣ, ਭਨੋਟ, ਹਰੀਜਨ ਤੇ ਇਸ ਕਿਸਮ ਦੀਆਂ ਫਜ਼ੂਲ ਗੱਲਾਂ ਬਾਰੇ ਸੋਚਣ ਤੇ ਬਹਿਸ ਕਰਨ ਦਾ 'ਗੁਣ' ਵੀ ਨਹੀਂ ਸੀ ਪੈਦਾ ਹੋਇਆ।
ਸੁਖਨੰਦਨ ਆਪਣੀ ਸਾਰੀ ਨਕਲੀ ਆਕੜ ਦੀ ਕੁੰਜ ਲਾਹ ਕੇ ਬਾਊ ਕੇ ਘਰ ਗਿਆ। ਬਾਊ ਉਸ ਸਮੇਂ ਸਾਰਾ ਦਿਨ ਕੰਮ ਕਰਕੇ ਥੱਕਿਆ ਤੇ ਸੁੱਤਾ ਪਿਆ ਸੀ। ਮਾਂ ਨੇ ਝੰਜੋੜ ਕੇ ਉਠਾਇਆ, “ਉਠ ਬੇਟਾ! ਹੁਣ ਖੇਡਨ ਕਦੀ ਨਹੀਂ ਜਾਣਾ ਕਿ? ਸੁੱਖੀ ਆਇਆ ਐ।” ਬਾਊ ਅੱਖਾਂ ਮਲਦਾ ਹੋਇਆ ਉਠਿਆ। ਮੰਜੇ ਦੇ ਹੇਠਾਂ ਉਸਨੇ ਬਹੁਤ ਸਾਰੇ ਮੈਲੇ-ਕੁਚੈਲੇ ਤੇ ਸਾਫ-ਸੁਥਰੇ ਕੱਪੜੇ ਦੇਖੇ। ਕੱਪੜੇ ਜਿਹੜੇ ਜਨਮ ਤੋਂ ਹੀ ਹਰੇਕ ਸੁਖਨੰਦਨ ਤੇ ਬਾਊ ਦੇ ਵਿਚਕਾਰ ਇਕ ਫਰਕ ਤੇ ਫਿਰਕਾ ਪੈਦਾ ਕਰ ਦਿੰਦੇ ਨੇ।...ਬਾਊ ਮੰਜੀ ਤੋਂ ਹੇਠਾਂ ਫਰਸ਼ ਉੱਤੇ ਖਿੱਲਰੇ ਹੋਏ ਕੱਪੜਿਆਂ ਉਪਰ ਖੜ੍ਹਾ ਹੋ ਗਿਆ। ਦਿਲ ਵਿਚ ਇਕ ਆਨੰਦਮਈ ਗੁਦਗੁਦੀ ਜਿਹੀ ਹੋਈ। ਕਈ ਦਿਨਾਂ ਦਾ ਉਹ ਖੇਡਨ ਨਹੀਂ ਸੀ ਗਿਆ ਤੇ ਹੁਣ ਸ਼ਾਇਦ ਆਪਣੀ ਇਸੇ ਹੈਂਕੜ ਕਾਰਕੇ ਪਛਤਾਅ ਰਿਹਾ ਸੀ। ਬਾਊ ਦਾ ਦਿਲ ਕੀਤਾ ਕਿ ਛਾਲ ਮਾਰ ਕੇ ਵਰਾਂਡੇ ਵਿਚੋਂ ਬਾਹਰ ਨਿਕਲ ਜਾਏ ਤੇ ਸੁਖੀ ਨੂੰ ਜਾ ਜੱਫੀ ਪਾਏ...ਕੀ ਕਦੀਇਨਸਾਨ ਲਈ ਇਨਸਾਨ ਦੀ ਮੁਹੱਬਤ ਕੱਪੜਿਆਂ ਦੀ ਹੱਦ ਤੋਂ ਬਾਹਰ ਨਹੀਂ ਜਾਂਦੀ? ਕੀ ਸੁਖੀ ਕੁੰਜ ਨਹੀਂ ਲਾਹ ਆਇਆ ਸੀ? ਕੀ ਬਾਊ ਚਾਹੁੰਦਾ ਸੀ ਕਿ ਦੋਵੇਂ ਭਰਾ ਰਹੇ ਸਹੇ ਕੱਪੜੇ ਵੀ ਲਾਹ ਕੇ ਇਕ ਸਾਰ ਹੋ ਜਾਣ ਤੇ ਖ਼ੂਬ ਖੇਡਨ, ਖ਼ੂਬ...। ਵਰਾਂਡੇ ਵਿਚ ਕਬੂਤਰਾਂ ਦੇ ਖੁੱਡੇ ਦੇ ਪਿੱਛੇ ਲੱਗੀ ਜਾਲੀ ਵਿਚੋਂ ਹੁੰਦੀ ਹੋਈ ਬਾਊ ਦੀ ਨਿਗਾਹ ਸੁਖੀ ਉੱਤੇ ਜਾ ਪਈ, ਜਿਹੜਾ ਉਮੀਦ ਭਰੀਆਂ ਨਿਗਾਹਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਉੱਤੇ ਗੱਡੀ ਖੜ੍ਹਾ ਸੀ। ਯਕਦਮ ਬਾਊ ਨੂੰ ਸੁਖੀ ਦੇ ਜਨਮ ਦਿਨ ਵਾਲੀ ਗੱਲ ਯਾਦ ਆ ਗਈ। ਉਹ ਮਨ ਮਸੋਸ ਕੇ ਰਹਿ ਗਿਆ। ਕਬੂਤਰਾਂ ਦੇ ਖੁੱਡੇ ਵਿਚ ਉਹਨੂੰ ਬਹੁਤ ਸਾਰੀਆਂ ਬਿੱਠਾਂ ਨਜ਼ਰ ਆ ਰਹੀਆਂ ਸਨ, ਬਹੁਤ ਸਾਰੇ ਸਿਰਾਜ, ਲੱਕੇ ਤੇ ਦੇਸੀ ਨਸਲ ਦੇ ਕਬੂਤਰ ਘੂੰ-ਘੂੰ ਕਰਦੇ ਹੋਏ ਆਪਣੀਆਂ ਧੌਣਾ ਫੁਲਾਅ ਰਹੇ ਸਨ। ਇਕ ਨਰ ਫੁਲ-ਫੁਲ ਕੇ ਇਕ ਮਾਦਾ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਊ ਨੇ ਵੀ ਆਪਣੀ ਗਰਦਨ ਫੁਲਾਅ ਲਈ ਤੇ ਘੂੰ-ਘੂੰ ਦੀ ਆਵਾਜ਼ ਪੈਦਾ ਕਰਦਾ ਹੋਇਆ ਵਾਪਸ ਮੰਜੀ ਉੱਤੇ ਜਾ ਲੇਟਿਆ। ਫੇਰ ਉਸਨੂੰ ਖ਼ਿਆਲ ਆਇਆ ਸੁਖੀ ਧੁੱਪ ਵਿਚ ਖੜ੍ਹਾ ਭੁੱਜ ਰਿਹਾ ਹੈ। ਫੇਰ ਉਹਨੇ ਮਨ ਹੀ ਮਨ ਇਕ ਪੱਕਾ ਫੈਸਲਾ ਕੀਤਾ ਤੇ ਅੱਖਾਂ ਬੰਦ ਕਰਕੇ ਪੈ ਗਿਆ। ਆਖ਼ਰ ਉਹ ਵੀ ਤਾਂ ਕਿੰਨਾ ਹੀ ਚਿਰ ਉਹਨਾਂ ਦੇ ਵਿਹੜੇ ਵਿਚ ਬਰਸਾਤ ਪਿੱਛੋਂ ਨਿਕਲੀ ਤਿੱਖੀ ਧੁੱਪ ਵਿਚ ਖੜ੍ਹਾ ਰਿਹਾ ਸੀ ਤੇ ਉਸਨੇ ਉਸਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ...ਅਮੀਰਜ਼ਾਦ ਹੋਏਗਾ ਤਾਂ ਆਪਣੇ ਘਰੇ।
“ਉਸਨੂੰ ਕਹਿ ਦੇਅ ਮਾਂ...ਉਹ ਨਹੀਂ ਆਉਂਦਾ...ਕਹਿ ਦੇ ਉਸਨੂੰ ਵਿਹਲ ਨਹੀਂ।” ਬਾਊ ਨੇ ਕਿਹਾ।
“ਸ਼ਰਮ ਤਾਂ ਨਹੀਂ ਆਉਂਦੀ ਤੈਨੂੰ!” ਮਾਂ ਨੇ ਕਿਹਾ, “ਏਡੇ ਵੱਡੇ ਸੇਠਾਂ ਦਾ ਮੁੰਡਾ ਤੈਨੂੰ ਬੁਲਾਉਣ ਆਇਐ ਤੇ ਤੂੰ ਐਂ ਪਿਐਂ...ਗਧੇ ਆਂਗੂੰ!”
ਬਾਊ ਨੇ ਮੋਢੇ ਮਾਰਦਿਆਂ ਕਿਹਾ, “ਸੱਚ ਆਖਾਂ ਮਾਂ, ਮੈਂ ਜਾਣਦਾਂ, ਮੇਰੀ ਕਿਸੇ ਨੂੰ ਵੀ ਲੋੜ ਨਹੀਂ...ਬਹੁਤਾ ਬੋਲੇਂਗੀ ਤਾਂ ਮੈਂ ਕਿਧਰੇ ਨਿਕਲ ਜਾਵਾਂਗਾ।”
ਮਾਂ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਦੋਂ ਹੀ ਨਿੱਕੀ ਉੱਚੀ-ਉੱਚੀ ਰੋਣ ਲੱਗ ਪਈ ਤੇ ਮਾਂ ਉਸਨੂੰ ਦੁੱਧ ਪਿਆਉਣ ਵਿਚ ਰੁੱਝ ਗਈ।
*** *** ***
ਬੁਧਈ ਤੇ ਪੁਰਵਾ ਵਿਚ ਸੀਤਲਾ (ਚੇਚਕ) ਦਾ ਜ਼ੋਰ ਸੀ। ਪੁਰਵਾ ਦੀਆਂ ਔਰਤਾਂ ਬਾਂਦਰੀਆਂ ਵਾਂਗ ਆਪੋ-ਆਪਣੇ ਬੱਚਿਆਂ ਨੂੰ ਕਾਲਜੇ ਨਾਲ ਲਾਈ ਫਿਰਦੀਆਂ ਸਨ। ਕਿਤੇ ਪ੍ਰਛਾਵਾਂ ਨਾ ਪੈ ਜਾਏ ਤੇ ਸੀਤਲਾ ਮਾਤਾ ਤਾਂ ਉਂਜ ਵੀ ਬੜੀ ਗੁਸੈਲ ਹੈ...ਡਾਲਚੰਦ ਕੀ ਕੁੜੀ, ਮਹਾ ਬ੍ਰਾਹਮਣ ਦੇ ਦੋ ਭਤੀਜੇ, ਸਾਰਿਆਂ ਨੂੰ ਸੀਤਲਾ ਮਾਤਾ ਨੇ ਦਰਸ਼ਨ ਦਿੱਤੇ। ਇਹਨਾਂ ਦੀਆਂ ਮਾਵਾਂ ਘੰਟਿਆਂ ਬੱਧੀ ਉਹਨਾਂ ਦੇ ਸਿਰਹਾਣੇ ਸੁੱਚੇ-ਮੋਤੀਏ ਦੇ ਹਾਰ ਰੱਖ ਕੇ ਬੈਠੀਆਂ ਗੋਰੀ ਮਈਆ ਗਾਉਂਦੀਆਂ ਰਹੀਆਂ ਸੀ ਤੇ ਦੇਵੀ ਮਾਤਾ ਨੂੰ ਪ੍ਰਾਰਥਨਾ ਕਰਦੀਆਂ ਰਹੀਆਂ ਸੀ ਕਿ ਉਹਨਾਂ ਉੱਤੇ ਆਪਣਾ ਗੁੱਸਾ ਨਾ ਕੱਢੇ। ਜਦੋਂ ਬੱਚੇ ਰਾਜ਼ੀ ਹੋ ਗਏ ਤਾਂ ਮੰਦਰ ਵਿਚ ਮੱਥਾ ਟਿਕਾਉਣ ਲੈ ਗਈਆਂ। ਮਾਤਾ ਤਾਂ ਹਰੇਕ ਇੱਛਾ ਪੂਰੀ ਕਰਦੀ ਸੀ। ਜਦੋਂ ਸੀਤਲਾ ਦਾ ਗੁੱਸਾ ਟਲਿਆ ਤੇ ਹਵਾ ਕੁਝ ਘਟ ਹੋਈ ਤਾਂ ਪੁਰਵਾ ਵਾਲਿਆਂ ਨੇ ਸੀਤਲਾ ਦੀ ਮੂਰਤੀ ਬਣਵਾਈ। ਉਸਨੂੰ ਖ਼ੂਬ ਸਜਾਇਆ। ਸੁਖਨੰਦਨ ਦੇ ਪਿਓ ਨੇ ਮੂੰਗੇ ਦੀ ਮਾਲਾ ਸੀਤਲਾ ਮਾਤਾ ਦੇ ਗਲੇ ਵਿਚ ਪਾਈ। ਸਭਨਾਂ ਨੇ ਮਿਲ ਕੇ ਇੱਜ਼ਤ-ਮਾਣ ਨਾਲ ਮਾਤਾ ਨੂੰ ਮੰਦਰ ਵਿਚੋਂ ਕੱਢਿਆ ਤੇ ਇਕ ਸਜੀ ਹੋਈ ਬਹਲੀ ਵਿਚ ਬਿਰਾਮਾਨ ਕੀਤਾ ਤੇ ਬਹਲੀ ਨੂੰ ਧਰੀਕਦੇ ਘਸੀਟਦੇ ਹੋਏ ਪਿੰਡੋਂ ਬਾਹਰ ਛੱਡਣ ਲਈ ਲੈ ਗਏ। ਪੁਰਵਾ ਦੇ ਸਾਰੇ ਬੱਚੇ, ਬੁੱਢੇ ਜਲੂਸ ਵਿਚ ਸ਼ਾਮਿਲ ਹੋਏ ਸਨ। ਪਿੱਤਲ ਦੀਆਂ ਖੜਤਾਲਾਂ, ਢੋਲ, ਟਮਕਾਂ ਵੱਜਦੇ ਜਾ ਰਹੇ ਸਨ। ਲੋਕ ਚਾਹੁੰਦੇ ਸਨ ਕਰੋਧੀ ਮਾਤਾ ਨੂੰ ਹਰੀਏ ਕੇ ਤਲਾਅ ਕੋਲ ਮਹਾਤਮਾ ਜੀ ਦੀ ਕੁਟੀਆ ਦੇ ਨੇੜੇ ਉਹਨਾਂ ਦੀ ਨਿਗਰਾਨੀ ਵਿਚ ਛੱਡ ਦਿੱਤਾ ਜਾਏ, ਤਾਂ ਕਿ ਮਾਤਾ ਇਸ ਪਿੰਡ 'ਚੋਂ ਕਿਸੇ ਹੋਰ ਪਿੰਡ ਵੱਲ ਮੂੰਹ ਨਾ ਕਰੇ। ਉਹ ਮਾਤਾ ਨੂੰ ਖੁਸ਼ੀ-ਖੁਸ਼ੀ ਰਵਾਨਾ ਕਰਨਾ ਚਾਹੁੰਦੇ ਸਨ, ਤਾਂਕਿ ਉਹਨਾਂ ਉੱਤੇ ਉਲਟੀ ਨਾ ਆਣ ਪਵੇ। ਸੁਖੀ ਵੀ ਜਲੁਸ ਦੇ ਨਾਲ ਗਿਆ। ਬਾਊ ਵੀ ਸ਼ਾਮਿਲ ਹੋਇਆ। ਨਾ ਬਾਊ ਦੀ ਸੁਖੀ ਨੂੰ ਬੁਲਾਉਣ ਦੀ ਹਿੰਮਤ ਹੋਈ, ਨਾ ਸੁਖ ਦੀ ਬਾਊ ਨੂੰ—ਹਾਂ, ਕਦੀ ਕਦੀ ਉਹ ਇਕ ਦੂਜੇ ਵੱਲ ਚੋਰ ਅੱਖ ਨਾਲ ਦੇਖ ਜ਼ਰੂਰ ਲੈਂਦੇ ਸਨ।
ਹਰੀਏ ਕੇ ਤਲਾਅ ਦੇ ਨੇੜੇ ਹੀ ਧੋਬੀਘਾਟ ਸੀ। ਇਕ ਛੋਟੀ ਜਿਹੀ ਨਹਿਰ ਰਾਹੀਂ ਤਲਾਅ ਦਾ ਪਾਣੀ ਘਾਟ ਵੱਲ ਖਿੱਚ ਲਿਆ ਜਾਂਦਾ ਸੀ। ਘਾਟ ਸੀ ਬੜਾ ਲੰਮਾ ਚੌੜਾ। ਨੇੜੇ ਤੇੜੇ ਦੇ ਕਈ ਪਿੰਡਾਂ ਦੇ ਧੋਬੀ ਉੱਥੇ ਕੱਪੜੇ ਧੋਣ ਆਉਂਦੇ ਸਨ। ਉਸੇ ਘਾਟ ਉੱਤੇ ਬਾਊ ਤੇ ਉਹਨਾਂ ਦਾ ਓੜਮਾ-ਕੋੜਮਾ ਆਉਂਦਾ ਸੀ। ਉੱਥੇ ਹੀ ਉਹ ਸਾਰੇ ਇਕ ਗਾਣਾ, ਉਸੇ ਪੁਰਾਣੀ ਸੁਰ-ਤਾਲ ਵਿਚ ਗਾਉਂਦੇ ਹੋਏ ਕੱਪੜੇ ਧੋਈ ਜਾਂਦੇ। ਇਕ ਦਿਨ ਘਾਟ ਉੱਤੇ ਸਾਰਾ ਦਿਨ ਬਾਊ ਸੁਖੀ ਦੇ ਬਗ਼ੈਰ ਬੜਾ ਸੁੰਨਾ-ਸੁੰਨਾ ਜਿਹਾ ਮਹਿਸੂਸ ਕਰਦਾ ਰਿਹਾ। ਕਦੀ ਕਦੀ ਇਕੱਲਾ ਹੀ ਕਰੋਟਨ ਚੀਲ ਦੇ ਵਲ ਖਾਂਦੇ ਟਾਹਣਿਆਂ ਉੱਤੇ ਚੜ੍ਹ ਜਾਂਦਾ। ਜਿਵੇਂ ਸੁਖੀ ਨਾਲ ਫੜ੍ਹਨ-ਫੜਾਈ ਖੇਡ ਰਿਹਾ ਹੋਵੇ। ਖੇਡ ਵਿਚ ਮਜ਼ਾ ਨਾ ਆਇਆ ਤਾਂ ਉਹ ਇੱਟਾਂ ਦੇ ਢੇਰ ਵਿਚ ਰੱਖੀ ਸੀਤਲਾ ਮਾਤਾ ਦੀ ਮੂਰਤੀ ਨੂੰ ਦੇਖਣ ਲੱਗਾ ਤੇ ਪੁੱਛਣ ਲੱਗਾ ਕਿ ਉਹ ਇਸ ਪਿੰਡ ਵਿਚੋਂ ਚਲੀ ਗਈ ਹੈ ਜਾਂ ਨਹੀਂ? ਮਾਤਾ ਕੁਝ ਗੁੱਸੇ ਵਿਚ ਦਿਖਾਈ ਦਿੱਤੀ। ਸ਼ਾਮ ਨੂੰ ਬਾਊ ਘਰ ਆਇਆ ਤਾਂ ਉਸਨੂੰ ਹਲਕਾ-ਹਲਕਾ ਬੁਖ਼ਾਰ ਸੀ ਜਿਹੜਾ ਵਧ ਗਿਆ। ਬਾਊ ਨੂੰ ਆਪਣੀ ਸੁਧ ਨਾ ਰਹੀ। ਇਕ ਵਾਰੀ ਬਾਊ ਨੂੰ ਹੋਸ਼ ਆਇਆ ਤਾਂ ਦੇਖਿਆ, ਮਾਂ ਨੇ ਮੋਤੀਏ ਦਾ ਇਕ ਹਾਰ ਉਸਦੇ ਮੰਜੇ ਉੱਤੇ ਰੱਖਿਆ ਹੋਇਆ ਸੀ। ਨੇੜੇ ਹੀ ਠੰਡੇ ਪਾਣੀ ਦਾ ਭਰਿਆ ਹੋਇਆ ਕੋਰਾ ਘੜਾ ਪਿਆ ਸੀ। ਘੜੇ ਉੱਤੇ ਵੀ ਮੋਤੀਏ ਦੇ ਹਾਰ ਰੱਖੇ ਸਨ। ਤੇ ਮਾਂ ਇਕ ਨਵਾਂ ਖ਼ਰੀਦਿਆ ਹੋਇਆ ਪੱਖਾ ਹੌਲੀ-ਹੌਲੀ ਹਿਲਾਅ ਕੇ ਗੋਰੀ ਮਈਆ ਗੁਣਗੁਣਾ ਰਹੀ ਸੀ। ਪੱਖਾ ਮਰਦੇ ਹੋਏ ਆਦਮੀ ਦੀ ਨਬਜ਼ ਵਾਂਗ ਹੌਲੀ-ਹੌਲੀ ਹਿੱਲ ਰਿਹਾ ਸੀ ਤੇ ਟੰਗਣੀ 'ਤੇ ਸੂਹੀਆਂ ਫੁਲਕਾਰੀਆਂ ਦੇ ਪਰਦੇ ਬਾਊ ਦੀ ਬੁੱਢੀ ਦਾਦੀ ਦੀਆਂ ਝੁਰੜੀਆਂ ਵਾਂਗ ਲਟਕ ਰਹੇ ਸਨ ਤੇ ਇਸ ਸਭ ਮਾਤਾ ਦੀ ਸ਼ਾਨ ਵਿਚ ਉਸਨੂੰ ਖੁਸ਼ ਕਰਨ ਲਈ ਕੀਤਾ ਗਿਆ ਸੀ। ਬਾਊ ਨੂੰ ਆਪਣੀਆਂ ਪਲਕਾਂ ਭਾਰੀਆਂ ਭਾਰੀਆਂ ਜਿਹੀਆਂ ਮਹਿਸੂਸ ਹੋਈਆਂ। ਉਸਦੇ ਸਾਰੇ ਸਰੀਰ ਵਿਚ ਸੂਲਾਂ ਜਿਹੀਆਂ ਚੁਭ ਰਹੀਆਂ ਸਨ। ਇੰਜ ਮਹਿਸੂਸ ਹੋਇਆ ਜਿਵੇਂ ਉਸਨੂੰ ਕਿਸੇ ਭੱਠੀ ਵਿਚ ਧਕ ਦਿੱਤਾ ਗਿਆ ਹੋਵੇ।
ਦੋ ਤਿੰਨ ਦਿਨ ਤਾਂ ਬਾਊ ਨੇ ਪਾਸਾ ਵੀ ਨਹੀਂ ਸੀ ਪਰਤਿਆ। ਇਕ ਦਿਨ ਜ਼ਰਾ ਆਰਾਮ ਜਿਹਾ ਮਹਿਸੂਸ ਹੋਇਆ। ਸਿਰਫ ਏਨਾ ਕਿ ਉਹ ਅੱਖਾਂ ਖੋਲ੍ਹ ਕੇ ਵੇਖ ਸਕਦਾ ਸੀ। ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ, ਸੁਖੀ ਤੇ ਉਸਦੀ ਮਾਂ ਦਰਵਾਜ਼ੇ ਕੋਲ ਬੈਠੇ ਸਨ। ਸੇਠਾਣੀ ਨੇ ਨੱਕ ਉੱਤੇ ਦੁਪੱਟਾ ਲਿਆ ਹੋਇਆ ਸੀ। ਦਰਅਸਲ ਉਹ ਦਰਵਾਜ਼ੇ ਕੋਲ ਇਸ ਲਈ ਬੈਠੇ ਸਨ ਕਿ ਕਿਤੇ ਹਵਾ ਨਾ ਫੜ੍ਹ ਲਵੇ। ਪਰ ਬਾਊ ਨੇ ਸਮਝਿਆ, ਅੱਜ ਉਹਨਾਂ ਲੋਕਾਂ ਦਾ ਗਰੂਰ ਟੁੱਟ ਗਿਆ ਹੈ। ਉਸਨੇ ਦਿਲ ਵਿਚ ਇਕ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ। ਇਕ ਜੋਤਸ਼ੀ ਜੀ ਸਾਧੂਰਾਮ ਨੂੰ ਬਹੁਤ ਸਾਰੀਆਂ ਗੱਲਾਂ ਦੱਸ ਰਹੇ ਸਨ। ਉਹਨਾਂ ਨੇ ਨਾਰੀਅਲ, ਪਤਾਸੇ, ਖੱਮਣੀਂ ਮੰਗਵਾਈ। ਸਾਧੂਰਾਮ ਕਦੀ ਕਦੀ ਆਪਣਾ ਹੱਥ ਬਾਊ ਦੇ ਤਪਦੇ ਹੋਏ ਮੱਥੇ ਉੱਤੇ ਰੱਖ ਦੇਂਦਾ ਤੇ ਕਹਿੰਦਾ-“ਬਾਊ...ਓ ਬਾਊ...ਬੇਟਾ ਬਾਊ!”
ਜਵਾਬ ਨਾ ਮਿਲਦਾ ਤਾਂ ਉਸਦੇ ਕਾਲਜੇ ਵਿਚੋਂ ਰੁੱਗ ਭਰਿਆ ਜਾਂਦਾ ਤੇ ਉਹ ਚੁੱਪ ਕਰ ਜਾਂਦਾ।
ਬਾਊ ਨੇ ਬੜੀ ਮਸ਼ਕਿਲ ਨਾਲ ਕੰਡਿਆਂ ਦੇ ਬਿਸਤਰੇ ਉੱਤੇ ਪਾਸਾ ਪਰਤਿਆ। ਫੁੱਲ ਹੱਥ ਨਾਲ ਸਰਕਾਅ ਕੇ ਸਿਰਹਾਣੇ ਵੱਲ ਕਰ ਦਿੱਤੇ। ਗਲੇ ਵਿਚ ਤਲਖ਼ੀ ਜਿਹੀ ਮਹਿਸੂਸ ਕੀਤੀ। ਹੱਥ ਵਧਾ ਕੇ ਮਾਂ ਨੇ ਪਾਣੀ ਦਿੱਤਾ। ਬਾਊ ਨੇ ਦੇਖਿਆ, ਉਸਦੇ ਇਕ ਪਾਸੇ ਕਣਕ ਦਾ ਢੇਰ ਲੱਗਿਆ ਹੋਇਆ ਸੀ। ਜੋਤਸ਼ੀ ਜੀ ਦੇ ਕਹਿਣ 'ਤੇ ਬਾਊ ਦੀ ਮਾਂ ਨੇ ਉਸਨੂੰ ਹੌਲੀ ਜਿਹੀ ਉਠਾਇਆ ਤੇ ਇਕ ਪਾਸੇ ਲਾਏ ਹੋਏ ਕੰਡੇ ਦੇ ਇਕ ਪਾਲੜੇ ਵਿਚ ਬਿਠਾਲ ਦਿੱਤਾ। ਕੰਡੇ ਦੇ ਦੂਜੇ ਪਾਲੜੇ ਵਿਚ ਕਣਕ ਤੇ ਹੋਰ ਆਨਾਜ਼ ਪਾਉਣੇ ਸ਼ੁਰੂ ਕੀਤੇ। ਬਾਊ ਨੇ ਆਪਣੇ ਆਪ ਨੂੰ ਤੁਲਦਾ ਹੋਇਆ ਦੇਖਿਆ ਤਾਂ ਮਨ ਵਿਚ ਇਕ ਖਾਸ ਕਿਸਮ ਦੀ ਆਤਮਕ ਸ਼ਾਂਤੀ ਮਹਿਸੂਸ ਕੀਤੀ। ਚਾਰ ਦਿਨਾਂ ਬਾਅਦ ਅੱਜ ਉਸਨੇ ਪਹਿਲੀ ਵਾਰੀ ਕੁਝ ਕਹਿਣ ਲਈ ਜ਼ਬਾਨ ਖੋਲ੍ਹੀ ਸੀ ਤੇ ਏਨਾ ਕਿਹਾ ਸੀ—
“ਅੰਮਾਂ...ਕੁਛ ਕਣਕ ਤੇ ਮਾਹਾਂ ਦੀ ਦਾਲ ਦੇ-ਦੇ ਸੁਖੀ ਦੀ ਮਾਂ ਨੂੰ...ਕਦੋਂ ਦੀ ਬੈਠੀ ਐ ਵਿਚਾਰੀ!”
ਸਾਧੂਰਾਮ ਨੇ ਫੇਰ ਆਪਣਾ ਹੱਥ ਬਾਊ ਦੇ ਤਪਦੇ ਹੋਏ ਮੱਥੇ ਉੱਤੇ ਰੱਖ ਦਿੱਤਾ। ਉਸਦੀਆਂ ਅੱਖਾਂ ਵਿਚੋਂ ਅੱਥਰੂਆਂ ਦੀਆਂ ਕੁਝ ਬੁੰਦਾਂ ਝਿਰ ਕੇ ਫਰਸ਼ ਉੱਤੇ ਖਿੱਲਰੇ ਕੱਪੜਿਆਂ ਵਿਚ ਅਲੋਪ ਹੋ ਗਈਆਂ। ਸਾਧੂਰਾਮ ਨੇ ਕੱਪੜਿਆਂ ਨੂੰ ਇਕ ਪਾਸੇ ਸਰਕਾਇਆ ਤੇ ਬੋਲਿਆ—
“ਪੰਡਿਤ ਜੀ...ਦਾਨ ਨਾਲ ਭਾਰ ਲੱਥ ਜੂ-ਗਾ ਨਾ? ਮੈਂ ਤਾਂ ਘਰ ਬਾਰ ਵੇਚ ਦਿਆਂ ਇਸ ਲਈ ਪੰਡਿਤ ਜੀ...”
ਬਾਊ ਦੀ ਮਾਂ ਹੁਭਕੀਂ ਰੋਂਦੀ ਹੋਈ ਸੇਠਾਣੀ ਨੂੰ ਕਹਿਣ ਲੱਗੀ—
“ਮਾਲਕਿਨ ਕੱਲ੍ਹ ਨੈਨੀਤਾਲ ਜਾਓਗੇ। ਕੱਲ੍ਹ ਨਹੀਂ ਪਰਸੋਂ ਮਿਲਨਗੇ ਕੱਪੜੇ ਹਾਏ, ਮਾਲਕਿਨ! ਤੁਹਾਨੂੰ ਕੱਪੜਿਆਂ ਦੀ ਪਈ ਐ।”
ਬਾਊ ਨੂੰ ਕੁਝ ਸ਼ੱਕ ਜਿਹਾ ਹੋਇਆ। ਉਸਨੇ ਫੇਰ ਤਕਲੀਫ਼ ਸਹਿੰਦਿਆਂ ਪਾਸਾ ਪਰਤਿਆ ਤੇ ਬੋਲਿਆ—
“ਅੰਮਾਂ...ਅੰਮਾਂ...ਅੱਜ ਮੇਰਾ ਜਨਮ ਦਿਨ ਐ ਨਾ?”
ਹੁਣ ਸਾਧੂ ਰਾਮ ਦੇ ਸੋਤੇ ਫੁੱਟ ਪਏ। ਉਹ ਹੱਥ ਨਾਲ ਗਲੇ ਨੂੰ ਦੱਬਦਾ ਹੋਇਆ ਭਰੜਾਈ ਆਵਾਜ਼ ਵਿਚ ਬੋਲਿਆ—
“ਹਾਂ ਬਾਊ ਪੁੱਤ...ਅੱਜ ਜਨਮ ਦਿਨ ਐ ਤੇਰਾ...ਬਾਊ ਬੱਚੜਾ!”
ਬਾਊ ਨੇ ਆਪਣੇ ਤਪਦੇ ਹੋਏ ਸਰੀਰ ਤੇ ਰੂਹ ਦੇ ਸਾਰੇ ਕੱਪੜੇ ਲਾਹ ਸੁੱਟੇ, ਜਿਵੇਂ ਨੰਗਾ ਹੋ ਕੇ ਸੁਖੀ ਹੋ ਗਿਆ; ਤੇ ਭਾਰ ਮਹਿਸੂਸ ਕਰਦੀਆਂ ਹੋਈਆਂ ਅੱਖਾਂ ਹੌਲੀ ਹੌਲੀ ਬੰਦ ਕਰ ਲਈਆਂ।
--- --- ---

Thursday, September 24, 2009

ਆਪਣੇ ਦੁੱਖ ਮੈਨੂੰ ਦੇ ਦਿਓ : ਰਾਜਿੰਦਰ ਸਿੰਘ ਬੇਦੀ : राजिंदर सिंह बेदी

ਉਰਦੂ ਕਹਾਣੀ : ਆਪਣੇ ਦੁੱਖ ਮੈਨੂੰ ਦੇ ਦਿਓ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


ਵਿਆਹ ਵਾਲੀ ਰਾਤ ਬਿਲਕੁਲ ਉਹ ਨਹੀਂ ਸੀ ਹੋਇਆ ਜੋ ਮਦਨ ਨੇ ਸੋਚਿਆ ਸੀ।
ਜਦੋਂ ਚਿਕਨੀ ਭਾਬੀ ਨੇ ਭਰਮਾਅ ਕੇ ਮਦਨ ਨੂੰ ਵਿਚਕਾਰਲੇ ਕਮਰੇ ਵਿਚ ਧਰੀਕ ਦਿਤਾ ਸੀ, ਉਦੋਂ ਇੰਦੂ ਸਾਹਮਣੇ ਸ਼ਾਲ ਵਿਚ ਲਿਪਟੀ, ਹਨੇਰੇ ਦਾ ਇਕ ਹਿੱਸਾ ਬਣੀ ਬੈਠੀ ਸੀ। ਬਾਹਰ ਚਿਕਨੀ ਭਾਬੀ, ਦਰਿਆਬਾਦ ਵਾਲੀ ਭੂਆ ਤੇ ਹੋਰ ਔਰਤਾਂ ਦਾ ਹਾਸਾ, ਰਾਤ ਦੀ ਚੁੱਪ ਵਿਚ ਪਾਣੀ ਵਿਚ ਮਿਸ਼ਰੀ ਵਾਂਗ ਹੌਲੀ–ਹੌਲੀ ਘੁਲ ਰਿਹਾ ਸੀ। ਸਾਰੀਆਂ ਔਰਤਾਂ ਇਹੋ ਸਮਝਦੀਆਂ ਸਨ ਕਿ ਏਨਾ ਵੱਡਾ ਹੋ ਜਾਣ 'ਤੇ ਵੀ ਮਦਨ ਕੁਝ ਨਹੀਂ ਸੀ ਜਾਣਦਾ। ਕਿਉਂਕਿ ਜਦੋਂ ਉਸਨੂੰ ਅੱਧੀ ਰਾਤ ਨੂੰ ਸੁੱਤੇ ਨੂੰ ਜਗਾਇਆ ਗਿਆ ਤਾਂ ਉਹ ਬੜਬੜਾ ਰਿਹਾ ਸੀ-“ਕਿੱਥੇ, ਕਿਉਂ ਲਈ ਜਾ ਰਹੇ ਹੋ ਮੈਨੂੰ?”
ਇਹਨਾਂ ਔਰਤਾਂ ਦੇ ਆਪਣੇ ਦਿਨ ਬੀਤ ਚੁੱਕੇ ਸਨ। ਪਹਿਲੀ ਰਾਤ ਬਾਰੇ ਇਹਨਾਂ ਦੇ ਸ਼ਰਾਰਤੀ ਪਤੀਆਂ ਨੇ ਜੋ ਕੁਝ ਕਿਹਾ ਤੇ ਮੰਨਿਆਂ–ਮਨਵਾਇਆ ਸੀ, ਉਸਦੀ ਭਿਣਕ ਤੀਕ ਬਾਕੀ ਨਹੀਂ ਸੀ ਰਹੀ ਉਹਨਾਂ ਦੇ ਕੰਨਾਂ ਵਿਚ। ਉਹ ਖ਼ੁਦ ਰਚ–ਵੱਸ ਚੁੱਕੀਆਂ ਸਨ ਤੇ ਹੁਣ ਆਪਣੀ ਇਕ ਹੋਰ ਭੈਣ ਨੂੰ ਵਸਾਉਣ 'ਤੇ ਤੁਲੀਆਂ ਹੋਈਆਂ ਸਨ। ਧਰਤੀ ਦੀਆਂ ਇਹ ਧੀਆਂ ਮਰਦ ਨੂੰ ਇੰਜ ਸਮਝਦੀਆਂ ਸਨ, ਜਿਵੇਂ ਬੱਦਲ ਦਾ ਟੁਕੜਾ ਹੋਵੇ, ਜਿਸ ਵੱਲ ਮੂੰਹ ਚੁੱਕ ਕੇ ਦੇਖਣਾ ਹੀ ਪੈਂਦਾ ਹੈ। ਨਾ ਵਰ੍ਹੇ ਤਾਂ ਮੰਨਤਾਂ–ਮੰਨਣੀਆਂ ਪੈਂਦੀਆਂ ਨੇ, ਚੜਾਵੇ ਚੜ੍ਹਾਉਣੇ ਪੈਂਦੇ ਨੇ, ਜਾਦੂ ਟੂਣੇ ਕਰਨੇ ਪੈਂਦੇ ਨੇ। ਹਾਲਾਂਕਿ ਮਦਨ ਕਾਲਕਾ ਜੀ ਦੀ ਖੁੱਲ੍ਹੀ ਆਬਾਦੀ ਵਿਚ ਘਰ ਦੇ ਸਾਹਮਣੇ ਪਿਆ ਇਹੀ ਵੇਲਾ ਉਡੀਕ ਰਿਹਾ ਸੀ। ਨਾਲੇ ਲੜਾਈ ਦੀ ਪੰਡ ਗੁਆਂਢੀ ਸਿਬਤੇ ਦੀ ਮੱਝ ਉਸਦੀ ਮੰਜੀ ਕੋਲ ਹੀ ਵੱਝੀ ਹੋਈ ਸੀ, ਜਿਹੜੀ ਵਾਰੀ ਵਾਰੀ ਫੁਕਾਰੇ ਮਾਰਦੀ, ਮਦਨ ਨੂੰ ਸੁੰਘਦੀ ਤੇ ਉਹ ਹੱਥ ਚੁੱਕ ਕੇ ਉਸਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ-ਇੰਜ ਭਲਾ ਨੀਂਦ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਸੀ?
ਸਮੁੰਦਰ ਦੀਆਂ ਲਹਿਰਾਂ ਤੇ ਔਰਤਾਂ ਦੇ ਖ਼ੂਨ ਨੂੰ ਰਸਤਾ ਦਿਖਾਉਣ ਵਾਲਾ ਚੰਦ, ਇਕ ਖਿੜਕੀ ਦੇ ਰਸਤੇ ਅੰਦਰ ਆ ਗਿਆ ਸੀ ਤੇ ਉਡੀਕ ਰਿਹਾ ਸੀ ਕਿ ਦਰਵਾਜ਼ੇ ਦੇ ਉਸ ਪਾਸੇ ਖੜ੍ਹਾ ਮਦਨ ਅਗਲਾ ਪੈਰ ਕਿੱਥੇ ਧਰੇਗਾ? ਮਦਨ ਦੇ ਆਪਣੇ ਅੰਦਰ ਇਕ ਗਰਜਨ ਜਿਹੀ ਹੋ ਰਹੀ ਸੀ ਤੇ ਉਸਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਬਿਜਲੀ ਦਾ ਖੰਭਾ ਹੈ ਜਿਸਨੂੰ ਕੰਨ ਲਾ ਕੇ ਉਸਦੇ ਅੰਦਰਲੀ ਝਣਝਣਾਹਟ ਸੁਣੀ ਜਾ ਸਕਦੀ ਹੈ। ਕੁਝ ਚਿਰ ਇਵੇਂ ਖੜ੍ਹੇ ਰਹਿਣ ਪਿੱਛੋਂ ਉਸਨੇ ਪਲੰਘ ਨੂੰ ਘਸੀਟ ਕੇ ਚੰਦ ਦੀ ਚਾਨਣੀ ਵਿਚ ਕਰ ਦਿਤਾ ਤਾਂਕਿ ਲਾੜੀ ਦਾ ਮੂੰਹ ਤਾਂ ਵੇਖ ਸਕੇ। ਫੇਰ ਉਹ ਰੁਕ ਗਿਆ। ਉਸਨੇ ਸੋਚਿਆ ਇੰਦੂ ਮੇਰੀ ਪਤਨੀ ਹੈ, ਕੋਈ ਓਪਰੀ ਔਰਤ ਨਹੀਂ ਜਿਸਨੂੰ ਨਾ ਛੂਹਣ ਦਾ ਸਬਕ ਬਚਪਨ ਤੋਂ ਪੜ੍ਹਦਾ ਆਇਆ ਹੈ। ਸ਼ਾਲ ਵਿਚ ਲਿਪਟੀ ਹੋਈ ਲਾੜੀ ਨੂੰ ਦੇਖਦਿਆਂ ਹੋਇਆਂ ਉਸਨੇ ਫਰਜ਼ ਕਰ ਲਿਆ, ਇੱਥੇ ਇੰਦੂ ਦਾ ਮੂੰਹ ਹੋਵੇਗਾ, ਤੇ ਹੱਥ ਵਧਾਅ ਕੇ ਉਸਨੇ ਕੋਲ ਪਈ ਗੰਢੜੀ ਨੂੰ ਛੂਹਿਆ ਤਾਂ ਉਹੀ ਇੰਦੂ ਦਾ ਮੂੰਹ ਸੀ। ਮਦਨ ਨੇ ਸੋਚਿਆ ਸੀ ਉਹ ਆਸਾਨੀ ਨਾਲ ਮੈਨੂੰ ਆਪਣਾ ਆਪ ਨਹੀਂ ਦੇਖਣ ਦਵੇਗੀ, ਪਰ ਇੰਦੂ ਨੇ ਅਜਿਹਾ ਕੁਝ ਨਹੀਂ ਸੀ ਕੀਤਾ, ਜਿਵੇਂ ਪਿੱਛਲੇ ਕਈ ਸਾਲਾਂ ਤੋਂ ਉਸਨੂੰ ਵੀ ਇਸੇ ਪਲ ਦੀ ਉਡੀਕ ਹੋਵੇ-ਤੇ ਕਿਸੇ ਕਲਪਿਤ ਮੱਝ ਦੇ ਸੁੰਘਦੇ ਰਹਿਣ ਕਰਕੇ ਉਸਨੂੰ ਵੀ ਨੀਂਦ ਨਾ ਆ ਰਹੀ ਹੋਵੇ। ਉੱਡੀ ਹੋਈ ਨੀਂਦ ਤੇ ਬੰਦ ਅੱਖਾਂ ਦੀ ਬੇਚੈਨੀ ਹਨੇਰੇ ਦੇ ਬਾਵਜੂਦ ਪਰਤੱਖ ਫੜਫੜਾਉਂਦੀ ਹੋਈ ਨਜ਼ਰ ਆ ਰਹੀ ਸੀ। ਠੋਡੀ ਤਕ ਪਹੁੰਚਦਿਆਂ ਹੋਇਆਂ ਆਮ ਕਰਕੇ ਚਿਹਰਾ ਲੰਬੂਤਰਾ ਹੋ ਜਾਂਦਾ ਹੈ, ਪਰ ਇੱਥੇ ਤਾਂ ਸਭ ਕੁਝ ਗੋਲ ਗੋਲ ਸੀ। ਸ਼ਾਇਦ ਇਸੇ ਲਈ ਚੰਦ ਵਾਂਗ ਗੱਲ੍ਹਾਂ ਤੇ ਬੁੱਲ੍ਹਾਂ ਵਿਚਕਾਰ ਇਕ ਛਾਂ–ਦਾਰ ਗੁਫ਼ਾ ਜਿਹੀ ਬਣੀ ਹੋਈ ਸੀ, ਜਿਵੇਂ ਦੋ ਹਰੇ ਭਰੇ ਟੀਲਿਆਂ ਵਿਚਕਾਰ ਹੁੰਦੀ ਹੈ। ਮੱਥਾ ਕੁਝ ਛੋਟਾ ਸੀ, ਪਰ ਉਸ ਤੋਂ ਅੱਗੇ ਯਕਦਮ ਉੱਗੇ ਹੋਏ ਘੁੰਗਰਾਲੇ ਵਾਲ...
ਉਦੋਂ ਹੀ ਇੰਦੂ ਨੇ ਆਪਣਾ ਚਿਹਰਾ ਛੁਡਾਅ ਲਿਆ। ਜਿਵੇਂ ਉਹਨੇ ਦੇਖਣ ਦੀ ਇਜਾਜ਼ਤ ਦੇ ਦਿੱਤੀ ਹੋਵੇ, ਪਰ ਏਨੀ ਦੇਰ ਤਕ ਨਹੀਂ। ਆਖ਼ਰ ਸ਼ਰਮ ਦੀ ਵੀ ਤਾਂ ਕੋਈ ਹੱਦ ਹੁੰਦੀ ਹੈ। ਮਦਨ ਨੇ ਜ਼ਰਾ ਤਕੜੇ ਹੱਥਾਂ ਨਾਲ ਉਂਜ ਹੀ ਹੂੰ–ਹਾਂ ਕਰਦਿਆਂ ਹੋਇਆਂ ਲਾੜੀ ਦਾ ਚਿਹਰਾ ਫੇਰ ਉਪਰ ਚੁੱਕ ਲਿਆ ਤੇ ਸ਼ਰਾਬੀਆਂ ਵਰਗੀ ਆਵਾਜ਼ ਵਿਚ ਕਿਹਾ, “ਇੰਦੂ!”
ਇੰਦੂ ਕੁਝ ਡਰ ਜਿਹੀ ਗਈ। ਜ਼ਿੰਦਗੀ ਵਿਚ ਪਹਿਲੀ ਵਾਰੀ ਕਿਸੇ ਓਪਰੇ ਆਦਮੀ ਨੇ ਉਸਦਾ ਨਾਂ ਇੰਜ ਲਿਆ ਸੀ ਤੇ ਉਹ ਓਪਰਾ ਆਦਮੀ ਕਿਸੇ ਰੱਬੀ ਹੱਕ ਨਾਲ ਰਾਤ ਦੇ ਹਨੇਰੇ ਵਿਚ ਹੌਲੀ–ਹੌਲੀ ਉਸ ਇਕੱਲੀ ਨਿਹੱਥੀ ਤੇ ਮਜ਼ਬੂਰ ਔਰਤ ਦਾ ਆਪਣਾ ਬਣਦਾ ਜਾ ਰਿਹਾ ਸੀ। ਇੰਦੂ ਨੇ ਪਹਿਲੀ ਵਾਰ ਉਸਨੂੰ ਉਪਰੋਂ ਹੇਠਾਂ ਤਕ ਦੇਖਦਿਆਂ ਹੋਇਆਂ ਫੇਰ ਅੱਖਾਂ ਬੰਦ ਕਰ ਲਈਆਂ ਤੇ ਸਿਰਫ ਏਨਾ ਕਿਹਾ-“ਜੀ!”...ਉਸਨੂੰ ਖ਼ੁਦ ਆਪਣੀ ਆਵਾਜ਼ ਕਿਸੇ ਪਤਾਲ ਵਿਚੋਂ ਆਉਂਦੀ ਸੁਣਾਈ ਦਿਤੀ ਸੀ।
ਬੜੀ ਦੇਰ ਅਜਿਹਾ ਕੁਝ ਹੀ ਹੁੰਦਾ ਰਿਹਾ ਤੇ ਫੇਰ ਹੌਲੀ–ਹੌਲੀ ਗੱਲਾਂ ਤੁਰ ਪਈਆਂ। ਹੁਣ ਜਦੋਂ ਤੁਰੀਆਂ ਤਾਂ ਰੁਕਣ ਵਿਚ ਹੀ ਨਹੀਂ ਸੀ ਆਉਂਦੀਆਂ। ਇੰਦੂ ਦੇ ਪਿਤਾ, ਇੰਦੂ ਦੀ ਮਾਂ, ਇੰਦੂ ਦੇ ਭਰਾ, ਮਦਨ ਦੇ ਭੈਣ–ਭਰਾ, ਪਿਓ, ਉਹਨਾਂ ਦੀ ਰੇਲਵੇ ਮੇਲ ਸਰਵਿਸ ਦੀ ਨੌਕਰੀ, ਉਹਨਾਂ ਦੇ ਸੁਭਾਅ, ਕਪੜਿਆਂ ਦੀ ਪਸੰਦ, ਖਾਣ–ਪਾਣ ਦੀ ਆਦਤ...ਸਭ ਕਾਸੇ 'ਤੇ ਤਬੁਸਰਾ ਹੋਣ ਲੱਗਾ। ਵਿਚ ਵਿਚ ਮਦਨ ਗੱਲਬਾਤ ਤੋਂ ਪਰ੍ਹਾਂ ਹਟਦਿਆਂ ਕੁਝ ਹੋਰ ਵੀ ਕਰਨਾ ਚਾਹੁੰਦਾ ਤਾਂ ਇੰਦੂ ਘਚਾਲੀ ਦੇ ਜਾਂਦੀ। ਬੜੀ ਹੀ ਮਜ਼ਬੂਰੀ ਤੇ ਬੇਵੱਸੀ ਵਿਚ ਮਦਨ ਨੇ ਆਪਣੀ ਮਾਂ ਦੀ ਗੱਲ ਤੋਰੀ, ਜਿਹੜੀ ਉਸਨੂੰ ਸਤ ਸਾਲ ਦਾ ਛੱਡ ਕੇ ਦਿਕ ਦੇ ਕਲਾਵੇ ਵਿਚ ਚਲੀ ਗਈ ਸੀ। “ਜਿੰਨਾ ਚਿਰ ਜਿਉਂਦੀ ਰਹੀ ਵਿਚਾਰੀ,” ਮਦਨ ਨੇ ਕਿਹਾ, “ਬਾਊਜੀ ਦੇ ਹੱਥ ਦਵਾਈ ਦੀਆਂ ਸ਼ੀਸ਼ੀਆਂ ਹੀ ਰਹੀਆਂ। ਅਸੀਂ ਹਸਪਤਾਲ ਦੀਆਂ ਪੌੜੀਆਂ ਉੱਤੇ ਤੇ ਛੋਟਾ ਪਾਸ਼ੀ ਘਰੇ ਕੀੜਿਆਂ ਦੇ ਭੌਣ ਉੱਤੇ ਸੌਂਦੇ ਰਹੇ ਤੇ ਆਖ਼ਰ ਇਕ ਦਿਨ-28 ਮਾਰਚ ਦੀ ਸ਼ਾਮ...” ਤੇ ਮਦਨ ਚੁੱਪ ਹੋ ਗਿਆ। ਕੁਝ ਪਲਾਂ ਵਿਚ ਹੀ ਉਹ ਰੋਣ ਤੋਂ ਜ਼ਰਾ ਇਧਰ ਤੇ ਭੁੱਬਾਂ ਤੋਂ ਜ਼ਰਾ ਉਧਰ ਪਹੁੰਚ ਗਿਆ। ਇੰਦੂ ਨੇ ਘਬਰਾ ਕੇ ਮਦਨ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ। ਉਸ ਰੋਣ ਨੇ ਇੰਦੂ ਨੂੰ ਵੀ ਪਲ ਕੁ ਲਈ ਆਪਣੇਪਨ ਦੇ ਏਧਰ ਤੇ ਓਪਰੇਪਨ ਦੇ ਉਧਰ ਪਹੁੰਚਾ ਦਿਤਾ ਸੀ...ਮਦਨ ਇੰਦੂ ਤੋਂ ਕੁਝ ਹੋਰ ਵੀ ਚਾਹੁੰਦਾ ਸੀ ਪਰ ਇੰਦੂ ਨੇ ਉਸਦੇ ਹੱਥ ਫੜ੍ਹ ਲਏ ਤੇ ਕਿਹਾ-“ਮੈਂ ਤਾਂ ਪੜ੍ਹੀ–ਲਿਖੀ ਨਹੀਂ ਜੀ, ਪਰ ਮੈਂ ਮਾਂ–ਪਿਓ ਦੇਖੇ ਐ, ਭਰਾ ਤੇ ਭਾਬੀਆਂ ਦੇਖੀਐਂ, ਅਨੇਕਾ ਹੋਰ ਲੋਕ ਦੇਖੇ ਐ। ਇਸ ਲਈ ਮੈਂ ਕੁਸ਼ ਸਮਝਦੀ–ਬੁੱਝਦੀ ਆਂ...ਮੈਂ ਹੁਣ ਤੁਹਾਡੀ ਆਂ, ਆਪਣੇ ਬਦਲੇ ਵਿਚ ਤੁਹਾਥੋਂ ਇਕੋ ਚੀਜ਼ ਮੰਗਦੀ ਆਂ।”
ਰੋਣ ਵੇਲੇ ਤੇ ਉਸ ਤੋਂ ਪਿੱਛੋਂ ਵੀ ਇਕ ਨਸ਼ਾ ਜਿਹਾ ਸੀ। ਮਦਨ ਨੇ ਕੁਝ ਬੇਵੱਸੀ ਤੇ ਕੁਝ ਦਰਿਆ ਦਿਲੀ ਦੇ ਮਿਲੇ ਜੁਲੇ ਸ਼ਬਦਾਂ ਵਿਚ ਕਿਹਾ-
“ਕੀ ਮੰਗਦੀ ਏਂ?...ਤੂੰ ਜੋ ਵੀ ਕਹੇਂਗੀ ਮੈਂ ਦਿਆਂਗਾ।”
“ਪੱਕੀ ਗੱਲ?” ਇੰਦੂ ਬੋਲੀ।
ਮਦਨ ਕੁਝ ਉਤਾਵਲਾ ਜਿਹਾ ਹੋ ਕੇ ਬੋਲਿਆ, “ਹਾਂ, ਹਾਂ, ਕਹਿ 'ਤਾ...ਪੱਕੀ ਗੱਲ।”
ਪਰ ਇਸ ਦੌਰਾਨ ਮਦਨ ਦੇ ਮਨ ਵਿਚ ਇਕ ਸੰਸਾ ਉੱਠਿਆ-'ਮੇਰਾ ਕਾਰੋਬਾਰ ਪਹਿਲਾਂ ਈ ਮੰਦਾ ਏ, ਜੇ ਇੰਦੂ ਨੇ ਕੋਈ ਅਜਿਹੀ ਚੀਜ਼ ਮੰਗ ਲਈ ਜਿਹੜੀ ਪਹੁੰਚ ਤੋਂ ਬਾਹਰ ਹੋਈ ਤਾਂ ਕੀ ਬਣੇਗਾ?' ਪਰ ਇੰਦੂ ਨੇ ਮਦਨ ਦੇ ਖੁਰਦਰੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿਚ ਲੈਂਦਿਆਂ ਤੇ ਉਸ ਉੱਤੇ ਆਪਣੀ ਗੱਲ੍ਹ ਰੱਖਦਿਆਂ ਕਿਹਾ-
“ਤੁਸੀਂ ਆਪਣੇ ਦੁੱਖ ਮੈਨੂੰ ਦੇ ਦਿਓ।”
ਮਦਨ ਹੈਰਾਨ ਰਹਿ ਗਿਆ। ਨਾਲ ਹੀ ਉਸਨੂੰ ਆਪਣੇ ਆਪ ਤੋਂ ਇਕ ਬੋਝ ਲੱਥਦਾ ਹੋਇਆ ਮਹਿਸੂਸ ਹੋਇਆ। ਉਸਨੇ ਚਾਨਣੀ ਵਿਚ ਇਕ ਵਾਰ ਫੇਰ ਇੰਦੂ ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਸਾਫ ਸਪਸ਼ਟ ਕੁਝ ਨਾ ਦਿਖਾਈ ਦਿਤਾ। ਉਸਨੇ ਸੋਚਿਆ, ਇਹ ਮਾਂ ਜਾਂ ਕਿਸੇ ਸਹੇਲੀ ਦਾ ਰਟਾਇਆ ਹੋਇਆ ਵਾਕ ਹੋਵੇਗਾ, ਜਿਹੜਾ ਇੰਦੂ ਨੇ ਬੋਲ ਦਿਤਾ ਹੈ, ਬਸ। ਉਦੋਂ ਹੀ ਇਕ ਕੋਸਾ ਜਿਹਾ ਅੱਥਰੂ ਮਦਨ ਦੇ ਹੱਥ ਦੇ ਪੁੱਠੇ ਪਾਸੇ ਉੱਤੇ ਡਿੱਗਿਆ। ਉਸਨੇ ਇੰਦੂ ਨੂੰ ਆਪਣੇ ਨਾਲ ਘੁੱਟਦਿਆਂ ਹੋਇਆਂ ਕਿਹਾ-“ਦਿੱਤੇ।” ਪਰ ਇਹਨਾਂ ਸਾਰੀਆਂ ਗੱਲਾਂ ਨੇ ਮਦਨ ਤੋਂ ਉਸਦੀ ਪਸ਼ੂ ਬਿਰਤੀ ਖੋਹ ਲਈ ਸੀ।
*** *** ***
ਸਾਰੇ ਮਹਿਮਾਨ ਇਕ ਇਕ ਕਰਕੇ ਵਿਦਾਅ ਹੋ ਗਏ। ਚਿਕਨੀ ਭਾਬੀ ਦੋ ਬੱਚਿਆਂ ਨੂੰ ਉਂਗਲ ਲਾਈ ਤੇ ਤੀਜਾ ਪੌੜੀਆਂ ਦੀ ਊਚ ਨੀਚ ਤੋਂ ਸੰਭਾਲਦੀ ਹੋਈ ਤੁਰ ਗਈ। ਦਰਿਆਬਾਦ ਵਾਲੀ ਭੂਆ, ਜਿਹੜੀ ਆਪਣੇ ਨੌਲੱਖੇ ਹਾਰ ਦੇ ਗਵਾਚ ਜਾਣ ਕਰਕੇ, ਰੋਂਦੀ–ਪਿੱਟਦੀ ਤੇ ਦੰਦਲਾਂ ਪਾਉਂਦੀ ਰਹੀ ਸੀ, ਤੇ ਜਿਹੜਾ ਬਾਥਰੂਮ ਵਿਚ ਪਿਆ ਲੱਭ ਗਿਆ ਸੀ, ਦਹੇਜ ਵਿਚੋਂ ਆਪਣੇ ਹਿੱਸੇ ਦੇ ਤਿੰਨ ਕਪੜੇ ਲੈ ਕੇ ਚਲੀ ਗਈ। ਫੇਰ ਚਾਚਾਜੀ ਗਏ, ਜਿਹਨਾਂ ਨੂੰ ਉਹਨਾਂ ਦੇ ਜੇ.ਪੀ. ਬਣਨ ਦੀ ਖ਼ਬਰ ਤਾਰ ਰਾਹੀਂ ਮਿਲ ਗਈ ਸੀ ਤੇ ਸ਼ਾਇਦ ਬੌਖ਼ਲਾਹਟ ਵਿਚ ਉਹ ਮਦਨ ਦੀ ਬਜਾਏ ਲਾੜੀ ਦਾ ਮੂੰਹ ਚੁੰਮਣ ਲੱਗੇ ਸਨ।
ਘਰੇ ਬੁੱਢੇ ਪਿਤਾ ਜੀ ਰਹਿ ਗਏ ਸਨ ਤੇ ਛੋਟੇ ਭੈਣ ਭਰਾ। ਛੋਟੀ ਦੁਲਾਰੀ ਤਾਂ ਹਰ ਵੇਲੇ ਭਾਬੀ ਦੇ ਗੋਡੇ ਮੁੱਢ ਬੈਠੀ ਰਹਿੰਦੀ ਸੀ। ਗਲੀ–ਮੁਹੱਲੇ ਦੀ ਜਿਹੜੀ ਗੁਆਂਢਣ ਲਾੜੀ ਨੂੰ ਵੇਖਣ ਆਵੇ ਉਹ, ਉਸ ਕੋਲ ਬੈਠੇ ਜਾਂ ਨਾ ਬੈਠੇ, ਬੈਠੇ ਤਾਂ ਕਿੰਨਾ ਚਿਰ ਬੈਠੇ, ਇਹ ਸਭ ਉਸਦੇ ਹੱਥ–ਵੱਸ ਸੀ। ਆਖ਼ਰ ਇਹ ਸਭ ਖ਼ਤਮ ਹੋਇਆ ਤੇ ਇੰਦੂ ਹੌਲੀ–ਹੌਲੀ ਪੁਰਾਣੀ ਹੋਣ ਲੱਗ ਪਈ। ਪਰ ਕਾਲਕਾ ਜੀ ਦੀ ਇਸ ਨਵੀਂ ਆਬਾਦੀ ਵਾਲੇ ਲੋਕ ਮਦਨ ਦੇ ਘਰ ਦੇ ਸਾਹਮਣੇ ਰੁਕ ਜਾਂਦੇ ਤੇ ਕਿਸੇ ਵੀ ਬਹਾਨੇ ਨਾਲ ਅੰਦਰ ਆ ਜਾਂਦੇ। ਇੰਦੂ ਉਹਨਾਂ ਨੂੰ ਦੇਖਦਿਆਂ ਹੀ ਝੱਟ ਘੁੰਡ ਕੱਢ ਲੈਂਦੀ। ਪਰ ਇਸ ਛੋਟੇ ਜਿਹੇ ਵਕਫ਼ੇ ਵਿਚ ਉਹਨਾਂ ਨੂੰ ਜੋ ਵੀ ਦਿਖਾਈ ਦੇ ਜਾਂਦਾ, ਉਹ ਬਿਨਾਂ ਘੁੰਡ ਦੇ ਦਿਖਾਈ ਵੀ ਨਹੀਂ ਸੀ ਦੇ ਸਕਦਾ।
ਮਦਨ ਦਾ ਕਾਰੋਬਾਰ ਗੰਦੇ ਬਰੋਜੇ ਦਾ ਸੀ। ਕਿਤੇ ਵੱਡੀ ਸਪਲਾਈ ਵਾਲੇ ਦੋ ਤਿੰਨ ਜੰਗਲਾਂ ਵਿਚ ਚੀਲ ਦੇ ਦੇਵਦਾਰ ਦੇ ਰੁੱਖਾਂ ਨੂੰ ਅੱਗ ਲੱਗ ਗਈ ਸੀ ਤੇ ਉਹ ਭੜ–ਭੜ ਮੱਚ ਕੇ ਸਵਾਹ ਹੋ ਗਏ ਸਨ। ਮੈਸੂਰ ਤੇ ਆਸਾਮ ਤੋਂ ਮੰਗਵਾਇਆ ਹੋਇਆ ਬਰੋਜਾ ਮਹਿੰਗਾ ਪੈਂਦਾ ਸੀ ਤੇ ਲੋਕ ਉਸਨੂੰ ਮਹਿੰਗੇ ਭਾਅ ਖ਼ਰੀਦਨ ਲਈ ਤਿਆਰ ਨਹੀਂ ਸਨ। ਇਕ ਤਾਂ ਆਮਦਨੀ ਘੱਟ ਹੋ ਗਈ ਸੀ, ਤੇ ਦੂਜਾ ਮਦਨ ਜਲਦੀ ਹੀ ਦੁਕਾਨ ਤੇ ਉਸਦੇ ਨਾਲ ਵਾਲਾ ਦਫ਼ਤਰ ਬੰਦ ਕਰਕੇ ਘਰ ਆ ਜਾਂਦਾ। ਘਰ ਪਹੁੰਚ ਕੇ ਉਸਦੀ ਪੂਰੀ ਕੋਸ਼ਿਸ਼ ਇਹੀ ਹੁੰਦੀ ਕਿ ਸਾਰੇ ਜਣੇ ਖਾ ਪੀ ਕੇ ਜਲਦੀ ਤੋਂ ਜਲਦੀ ਆਪੋ–ਆਪਣੇ ਬਿਸਤਰਿਆਂ ਵਿਚ ਪਹੁੰਚ ਜਾਣ। ਇਸੇ ਲਈ ਖਾਣੇ ਵੇਲੇ ਉਹ ਥਾਲੀਆਂ ਚੁੱਕ ਚੁੱਕ ਕੇ ਬਾਊਜੀ ਤੇ ਭੈਣ–ਭਰਾਵਾਂ ਦੇ ਅੱਗੇ ਰੱਖਦਾ ਤੇ ਖਾ ਹਟਣ ਪਿੱਛੋਂ ਜੂਠੇ ਭਾਂਡੇ ਸਮੇਟ ਕੇ ਨਲਕੇ ਕੋਲ ਰੱਖ ਆਉਂਦਾ। ਸਾਰੇ ਸਮਝਦੇ ਬਹੂ, ਭਾਬੀ ਨੇ ਮਦਨ ਦੇ ਸਿਰ ਵਿਚ ਕੁਝ ਪਾ ਦਿਤਾ ਹੈ ਤਾਂਹੀਏਂ ਤਾਂ ਹੁਣ ਉਹ ਘਰ ਦੇ ਕੰਮਕਾਜ ਵਿਚ ਦਿਲਚਸਪੀ ਲੈਣ ਲੱਗ ਪਿਆ ਹੈ। ਮਦਨ ਸਭ ਤੋਂ ਵੱਡਾ ਸੀ। ਕੁੰਦਨ ਉਸ ਤੋਂ ਛੋਟਾ ਤੇ ਪਾਸ਼ੀ ਸਭ ਤੋਂ ਛੋਟੀ। ਜਦੋਂ ਕੁੰਦਨ ਭਾਬੀ ਦੇ ਸਵਾਗਤ ਵਿਚ ਉਸਨੂੰ ਸਾਰਿਆਂ ਨਾਲ ਬੈਠ ਕੇ ਖਾਣ ਲਈ ਕਹਿੰਦਾ ਤਾਂ ਪਿਤਾ ਧਨੀਰਾਮ ਉੱਥੇ ਹੀ ਉਹਨੂੰ ਤਾੜ ਦਿੰਦੇ-“ਤੂੰ ਖਾਹ, ਆਰਾਮ ਨਾਲ ਬਹਿਕੇ,” ਉਹ ਕਹਿੰਦੇ, “ਉਹ ਵੀ ਖਾ ਲਏਗੀ।” ਤੇ ਫੇਰ ਰਸੋਈ ਵੱਲ ਦੇਖਦੇ ਰਹਿੰਦੇ ਤੇ ਜਦੋਂ ਬਹੂ ਖਾਣ ਪੀਣ ਤੋਂ ਵਿਹਲੀ ਹੋ ਜਾਂਦੀ ਤੇ ਭਾਂਡਿਆਂ ਵੱਲ ਹੁੰਦੀ ਤਾਂ ਉਸਨੂੰ ਰੋਕਦੇ ਹੋਏ ਕਹਿੰਦੇ, “ਰਹਿਣ ਦੇ ਬਹੂ, ਭਾਂਡੇ ਸਵੇਰੇ ਹੋ ਜਾਣਗੇ।”
ਇੰਦੂ ਕਹਿੰਦੀ-“ਨਹੀਂ ਬਾਊਜੀ, ਮੈਂ ਹੁਣੇ ਮਾਂਜ ਦੇਨੀ ਆਂ, ਮਿੰਟਾਂ 'ਚ।”
ਫੇਰ ਬਾਊ ਧਨੀਰਾਮ ਅਤੀ ਭਾਵੁਕ ਆਵਾਜ਼ ਵਿਚ ਕਹਿੰਦੇ-“ਮਦਨ ਦੀ ਮਾਂ ਹੁੰਦੀ ਤਾਂ ਇਹ ਸਭ ਤੈਨੂੰ ਕਰਨ ਦੇਂਦੀ?” ਤੇ ਇੰਦੂ ਝੱਟ ਆਪਣੇ ਹੱਥ ਰੋਕ ਲੈਂਦੀ।
ਛੋਟਾ ਪਾਸ਼ੀ ਭਾਬੀ ਤੋਂ ਸ਼ਰਮਾਉਂਦਾ ਸੀ। ਇਸ ਖ਼ਿਆਲ ਨਾਲ ਕਿ ਲਾੜੀ ਦੀ ਗੋਦ ਛੇਤੀ ਹਰੀ ਹੋਵੇ, ਚਿਕਨੀ ਭਾਬੀ ਤੇ ਦਰਿਆਬਾਦ ਵਾਲੀ ਭੂਆ ਨੇ ਇਕ ਰਸਮ ਅਨੁਸਾਰ ਪਾਸ਼ੀ ਨੂੰ ਇੰਦੂ ਦੀ ਗੋਦੀ ਵਿਚ ਬਿਠਾਅ ਦਿਤਾ ਸੀ। ਉਦੋਂ ਤੋਂ ਹੀ ਇੰਦੂ ਉਸਨੂੰ ਨਾ ਸਿਰਫ ਆਪਣਾ ਦਿਓਰ ਬਲਿਕੇ ਬਾਲ ਹੀ ਸਮਝਣ ਲੱਗ ਪਈ ਸੀ। ਜਦੋਂ ਉਹ ਪਿਆਰ ਨਾਲ ਪਾਸ਼ੀ ਨੂੰ ਆਪਣੀ ਬੁੱਕਲ ਵਿਚ ਲੈਣ ਦੀ ਕੋਸ਼ਿਸ਼ ਕਰਦੀ, ਉਹ ਘਬਰਾ ਜਾਂਦਾ ਤੇ ਆਪਣੇ ਆਪ ਨੂੰ ਛੁਡਾਅ ਕੇ ਦੋ ਹੱਥ ਦੀ ਦੂਰੀ 'ਤੇ ਜਾ ਖੜ੍ਹਾ ਹੁੰਦਾ-ਦੇਖਦਾ ਤੇ ਹੱਸਦਾ ਰਹਿੰਦਾ; ਕੋਲ ਆਉਂਦਾ ਨਾ ਦੂਰ ਜਾਂਦਾ। ਸਬੱਬ ਨਾਲ ਉਦੋਂ ਬਾਊਜੀ ਹਮੇਸ਼ਾ ਉੱਥੇ ਹੁੰਦੇ ਤੇ ਪਾਸ਼ੀ ਨੂੰ ਤਾੜਦੇ ਹੋਏ ਕਹਿੰਦੇ-“ਓਇ ਜਾਹ ਨਾ...ਭਾਬੀ ਪਿਆਰ ਕਰਦੀ ਏ। ਹੁਣੇ ਤੋਂ ਵੱਡਾ ਬਣ ਗਿਆ ਏਂ ਤੂੰ?” ਤੇ ਦੁਲਾਰੀ ਤਾਂ ਖਹਿੜਾ ਹੀ ਨਹੀਂ ਸੀ ਛੱਡਦੀ ਹੁੰਦੀ। ਉਸਦੀ 'ਮੈਂ ਤਾਂ ਭਾਬੀ ਦੇ ਨਾਲ ਈ ਸੰਵਾਂਗੀ' ਦੀ ਜ਼ਿਦ ਨੇ ਤਾਂ ਬਾਊਜੀ ਅੰਦਰ ਕੋਈ ਜਨਾਰਧਨ ਜਗਾ ਦਿਤਾ ਸੀ। ਇਕ ਰਾਤ ਇਸੇ ਗੱਲ ਦੀ ਜ਼ਿਦ ਕਰਕੇ ਦੁਲਾਰੀ ਦੇ ਜ਼ੋਰਦਾਰ ਥੱਪੜ ਵੀ ਪਿਆ ਤੇ ਉਹ ਘਰ ਦੀ ਅੱਧੀ–ਕੱਚੀ, ਅੱਧੀ–ਪੱਕੀ ਨਾਲੀ ਵਿਚ ਜਾ ਡਿੱਗੀ। ਇੰਦੂ ਨੇ ਅਹੂਲ ਕੇ ਚੁੱਕਿਆ ਤਾਂ ਸਿਰ ਤੋਂ ਦੁੱਪਟਾ ਉੱਡ ਗਿਆ। ਵਾਲਾਂ ਦੇ ਫੁੱਲ ਤੇ ਚਿੜੀਆਂ, ਮਾਂਗ ਦਾ ਸਿੰਧੂਰ ਤੇ ਕੰਨਾਂ ਦੇ ਝੁਮਕੇ ਸਭ ਨੰਗੇ ਹੋ ਗਏ। “ਬਾਊਜੀ!” ਇੰਦੂ ਨੇ ਹਊਂਕਾ ਜਿਹਾ ਖਿੱਚ ਕੇ ਕਿਹਾ...ਇਕੋ ਵੇਲੇ ਦੁਲਾਰੀ ਨੂੰ ਚੁੱਕਦਿਆਂ ਤੇ ਸਿਰ ਦਾ ਦੁਪੱਟਾ ਠੀਕ ਕਰਦਿਆਂ ਇੰਦੂ ਨੂੰ ਮੁੜ੍ਹਕਾ ਆ ਗਿਆ ਸੀ। ਉਸਨੇ ਬੇ–ਮਾਂ ਦੀ ਬੱਚੀ ਨੂੰ ਛਾਤੀ ਨਾਲ ਲਾ ਕੇ ਉਸਨੂੰ ਇਕ ਪਲੰਘ ਉੱਤੇ ਪਾ ਦਿਤਾ, ਜਿਸ ਉੱਤੇ ਗੱਦੇ ਤੇ ਸਿਰਹਾਣੇ ਪਏ ਸੀ। ਨਾ ਕਿਤੇ ਪੁਆਂਦੀ ਸੀ ਨਾ ਕਾਠ ਦੀ ਢੋਅ। ਸੱਟ ਤਾਂ ਇਕ ਪਾਸੇ ਕੋਈ ਕਿਧਰੇ ਚੁਭਣ ਵਾਲੀ ਚੀਜ਼ ਵੀ ਨਹੀਂ ਸੀ। ਫੇਰ ਇੰਦੂ ਦੀਆਂ ਉਂਗਲਾਂ ਦੁਲਾਰੀ ਦੇ ਸਿਰ ਦੇ ਗਮੋੜ੍ਹੇ ਨੂੰ ਪਲੋਸਤੀਆਂ ਹੋਈਆਂ-ਉਸਨੂੰ ਦੁਖਾਅ ਵੀ ਰਹੀਆਂ ਸਨ ਤੇ ਆਰਾਮ ਵੀ ਪਹੁੰਚਾਅ ਰਹੀਆਂ ਸਨ। ਦੁਲਾਰੀਆਂ ਦੀਆਂ ਗੱਲ੍ਹਾਂ ਵਿਚ ਵੱਡੇ ਵੱਡੇ ਤੇ ਪਿਆਰੇ ਪਿਆਰੇ ਟੋਏ ਪੈਂਦੇ ਸਨ। ਇੰਦੂ ਨੇ ਉਹਨਾਂ ਟੋਇਆਂ ਵੱਲ ਤੱਕਦਿਆਂ ਹੋਇਆਂ ਕਿਹਾ-“ਹਾਏ ਨੀਂ ਮੁੰਨੀਂ! ਤੇਰੀ ਸੱਸ ਮਰੇ, ਕੇਡੇ ਕੇਡੇ ਟੋਏ ਪੈਂਦੇ ਆ ਤੇਰੀਆਂ ਗੱਲ੍ਹਾਂ 'ਚ...!” ਮੁੰਨੀ ਨੇ ਮੁੰਨੀ ਵਾਂਗ ਹੀ ਕਿਹਾ-“ਟੋਏ ਤਾਂ ਤੇਰੇ ਵੀ ਪੈਂਦੇ ਨੇ ਭਾਬੀ!”
“ਹਾਂ ਮੁੰਨੀ!” ਇੰਦੂ ਨੇ ਕਿਹਾ ਤੇ ਠੰਡਾ ਹਊਕਾ ਖਿੱਚਿਆ।
ਮਦਨ ਨੂੰ ਕਿਸੇ ਗੱਲ ਦਾ ਗੁੱਸਾ ਸੀ। ਉਹ ਕੋਲ ਹੀ ਖੜ੍ਹਾ ਸਭ ਕੁਝ ਸੁਣ ਰਿਹਾ ਸੀ। ਬੋਲਿਆ, “ਮੈਂ ਤਾਂ ਕਹਿਣਾ, ਇਕ ਤਰ੍ਹਾਂ ਨਾਲ ਚੰਗਾ ਈ ਏ।”
“ਕਿਉਂ, ਚੰਗਾ ਕਿਉਂ ਐ?” ਇੰਦੂ ਨੇ ਪੁੱਛਿਆ।
“ਹੋਰ ਕੀ, ਨਾ ਹੋਊਗਾ ਬਾਂਸ, ਨਾ ਵੱਜੂਗੀ ਬੰਸਰੀ। ਸੱਸ ਨਾ ਹੋਵੇ ਤਾਂ ਕੋਈ ਝਗੜਾ ਈ ਨਹੀਂ ਰਹਿੰਦਾ।”
ਇੰਦੂ ਨੇ ਗੁੱਸਾ ਕਰਦਿਆਂ ਹੋਇਆਂ ਕਿਹਾ-“ਤੁਸੀਂ ਜਾਓ ਜੀ, ਸੌਂ ਜੋ ਜਾ ਕੇ, ਵੱਡੇ ਆਏ...ਕੋਈ ਹੋਵੇਗਾ ਤਾਂ ਲੜੇਗਾ ਵੀ। ਮਸਾਨਾ ਵਰਗੀ ਚੁੱਪ ਨਾਲੋਂ ਝਗੜਾ ਚੰਗਾ। ਜਾਓ ਨਾ, ਰਸੋਈ ਵਿਚ ਤੁਹਾਡਾ ਕੀ ਕੰਮ?”
ਮਦਨ ਕੱਚਾ ਜਿਹਾ ਹੋ ਗਿਆ ਸੀ। ਬਾਊ ਧਨੀਰਾਮ ਦੇ ਦਾਬੇ ਕਾਰਣ ਬਾਕੀ ਨਿਆਣੇ ਤਾਂ ਪਹਿਲਾਂ ਹੀ ਆਪੋ ਆਪਣੇ ਬਿਸਤਰਿਆਂ ਵਿਚ ਇੰਜ ਜਾ ਪਏ ਸਨ, ਜਿਵੇਂ ਡਾਕਘਰ ਵਿਚ ਚਿੱਠੀਆਂ ਸਾਰਟ ਹੁੰਦੀਆਂ ਨੇ, ਪਰ ਮਦਨ ਉੱਥੇ ਹੀ ਖੜ੍ਹਾ ਰਿਹਾ ਸੀ। ਵਿਰੋਧ ਨੇ ਉਸਨੂੰ ਢੀਠ ਤੇ ਬੇਸ਼ਰਮ ਬਣਾ ਦਿਤਾ ਸੀ। ਪਰ ਏਸ ਵੇਲੇ ਜਦੋਂ ਇੰਦੂ ਨੇ ਵੀ ਉਸਨੂੰ ਘੁਰਕ ਦਿਤਾ ਤਾਂ ਉਹ ਰੋਣਹਾਕ ਜਿਹਾ ਹੋ ਕੇ ਅੰਦਰ ਚਲਾ ਗਿਆ।
ਦੇਰ ਤਕ ਮਦਨ ਬਿਸਤਰੇ 'ਤੇ ਪਿਆ ਪਾਸੇ ਪਰਤਦਾ ਰਿਹਾ। ਪਰ ਬਾਊਜੀ ਦੇ ਡਰ ਕਰਕੇ ਇੰਦੂ ਨੂੰ ਆਵਾਜ਼ ਮਾਰਨ ਦੀ ਹਿੰਮਤ ਨਹੀਂ ਪਈ। ਉਸਦੀ ਬੇਵੱਸੀ ਦੀ ਹੱਦ ਹੋ ਗਈ, ਜਦੋਂ ਮੁੰਨੀਂ ਨੂੰ ਸੰਵਾਉਣ ਲਈ ਇੰਦੂ ਦੀ ਲੋਰੀ ਸੁਣਾਈ ਦਿਤੀ-“ਤੂੰ ਆ ਨੀਂਦੋ ਰਾਣੀ, ਨੀਂ ਕਮਲੀ ਮਸਤਾਨੀ।”
ਉਹ ਲੋਰੀ ਜਿਹੜੀ ਦੁਲਾਰੀ ਮੁੰਨੀ ਨੂੰ ਸੰਵਾਅ ਰਹੀ ਸੀ; ਮਦਨ ਦੀ ਨੀਂਦ ਉਡਾਅ ਰਹੀ ਸੀ। ਆਪਣੇ ਆਪ ਤੋਂ ਅੱਕ ਕੇ ਉਸਨੇ ਜ਼ੋਰ ਨਾਲ ਚਾਦਰ ਤਾਣ ਲਈ। ਸਫ਼ੇਦ ਚਾਦਰ ਦੇ ਸਿਰ ਤਕ ਲੈਣ ਤੇ ਖਾਹਮਖਾਹ ਸਾਹ ਰੋਕ ਲੈਣ ਕਰਕੇ ਕਿਸੇ ਲਾਸ਼ ਵਾਂਗ ਲੱਗਣ ਲੱਗ ਪਿਆ। ਮਦਨ ਨੂੰ ਇੰਜ ਲੱਗਿਆ ਜਿਵੇਂ ਉਹ ਮਰ ਚੁੱਕਿਆ ਹੈ ਤੇ ਉਸਦੀ ਲਾੜੀ ਇੰਦੂ ਉਸਦੇ ਕੋਲ ਬੈਠੀ ਉੱਚੀ ਉੱਚੀ ਰੋ ਰਹੀ ਹੈ ਤੇ ਜ਼ੋਰ ਜ਼ੋਰ ਨਾਲ ਸਿਰ ਪਿੱਟ ਰਹੀ ਹੈ, ਕੰਧ ਨਾਲ ਬਾਹਾਂ ਮਾਰ–ਮਾਰ ਕੇ ਚੂੜੀਆਂ ਭੰਨ ਰਹੀ ਹੈ, ਤੇ ਫੇਰ ਡਿੱਗਦੀ ਢੈਂਦੀ, ਰੋਂਦੀ ਪਿਟਦੀ ਰਸੋਈ ਵਿਚ ਜਾਂਦੀ ਹੈ ਤੇ ਚੁੱਲ੍ਹੇ ਦੀ ਸਵਾਹ ਸਿਰ ਵਿਚ ਪਾ ਲੈਂਦੀ ਹੈ, ਫੇਰ ਬਾਹਰ ਨਿਕਲ ਜਾਂਦੀ ਹੈ ਤੇ ਬਾਹਾਂ ਉਲਾਰ–ਉਲਾਰ ਕੇ ਗਲੀ ਮੁਹੱਲੇ ਦੇ ਲੋਕਾਂ ਨੂੰ ਫਰਿਆਦ ਕਰਦੀ ਹੈ-'ਲੋਕੋ ਮੈਂ ਲੁੱਟੀ ਗਈ ਵੇ!' ਹੁਣ ਉਸਨੂੰ ਦੁਪੱਟੇ ਦੀ ਪ੍ਰਵਾਹ ਨਹੀਂ, ਕਮੀਜ਼ ਦੀ ਪ੍ਰਵਾਹ ਨਹੀਂ, ਮਾਂਗ ਦਾ ਸਿੰਧੂਰ, ਵਾਲਾਂ ਦੇ ਫੁੱਲ ਤੇ ਫੁੱਲਝੜੀਆਂ ਸਭ ਨੰਗੇ ਹੋ ਗਏ ਨੇ, ਜਜ਼ਬਾਤਾਂ, ਖ਼ਿਆਲਾਤਾਂ ਦੇ ਤੋਤੇ ਉੱਡ ਚੁੱਕੇ ਨੇ...।
ਮਦਨ ਦੀਆਂ ਅੱਖਾਂ ਵਿਚੋਂ ਪਰਲ ਪਰਲ ਅੱਥਰੂ ਵਗ ਰਹੇ ਸਨ, ਹਾਲਾਂਕਿ ਰਸੋਈ ਵਿਚ ਇੰਦੂ ਹੱਸ ਰਹੀ ਸੀ ਪਲ ਭਰ ਵਿਚ ਆਪਣੇ ਸੁਹਾਗ ਦੇ ਉੱਜੜਨ ਤੇ ਮੁੜ ਵੱਸ ਜਾਣ ਵਲੋਂ ਅਣਜਾਣ...ਮਦਨ ਅਸਲੀਅਤ ਦੀ ਦੁਨੀਆਂ ਵਿਚ ਅਇਆ ਤੇ ਅੱਥਰੂ ਪੂੰਝਦਾ ਹੋਇਆ ਆਪਣੇ ਉਸ ਰੋਣੇ 'ਤੇ ਹੱਸਣ ਲੱਗ ਪਿਆ।...ਇਧਰ ਇੰਦੂ ਹੱਸ ਤਾਂ ਰਹੀ ਸੀ, ਪਰ ਉਸਦਾ ਹਾਸਾ ਫਿੱਕਾ–ਫਿੱਕਾ ਜਿਹਾ ਸੀ। ਬਾਊਜੀ ਦਾ ਖ਼ਿਆਲ ਕਾਰਕੇ ਉਹ ਕਦੀ ਉੱਚੀ ਆਵਾਜ਼ ਵਿਚ ਨਹੀਂ ਸੀ ਹੱਸਦੀ, ਜਿਵੇਂ ਖਿੜਖਿੜ ਹੱਸਣਾ ਕੋਈ ਨੰਗਾਪਨ ਹੋਵੇ-ਖ਼ਮੋਸ਼ੀ, ਦੁਪੱਟਾ, ਦੱਬਵਾਂ ਜਿਹਾ ਹਾਸਾ ਤੇ ਇਕ ਘੁੰਡ। ਫੇਰ ਮਦਨ ਨੇ ਇੰਦੂ ਦਾ ਇਕ ਕਲਪਿਤ ਬੁੱਤ ਬਣਾਇਆ ਤੇ ਉਸ ਨਾਲ ਸੈਂਕੜੇ ਗੱਲਾਂ ਕੀਤੀਆਂ। ਉਸ ਨਾਲ ਇੰਜ ਪਿਆਰ ਕੀਤਾ ਜਿਵੇਂ ਅੱਜ ਤਕ ਨਹੀਂ ਸੀ ਕੀਤਾ...ਉਹ ਫੇਰ ਆਪਣੀ ਦੁਨੀਆਂ ਵਿਚ ਪਰਤ ਆਇਆ, ਜਿਸ ਵਿਚ ਨਾਲ ਵਾਲਾ ਬਿਸਤਰਾ ਖ਼ਾਲੀ ਸੀ। ਉਸਨੇ ਹੌਲੀ–ਜਿਹੀ ਆਵਾਜ਼ ਮਾਰੀ-“ਇੰਦੂ” ਤੇ ਫੇਰ ਚੁੱਪ ਹੋ ਗਿਆ। ਇਸੇ ਉਧੇੜ–ਬੁਣ ਵਿਚ ਉਹ ਦੀਵਾਨੀ ਮਸਤਾਨੀ ਨੀਂਦ ਉਸਨੂੰ ਵੀ ਆ ਚੰਬੜੀ। ਇਕ ਉਂਘ ਜਿਹੀ ਆਈ, ਤੇ ਨਾਲ ਹੀ ਇੰਜ ਵੀ ਲੱਗਿਆ, ਜਿਵੇਂ ਵਿਆਹ ਦੀ ਰਾਤ ਵਾਲੀ ਗੁਆਂਢੀ ਸਿਬਤੇ ਦੀ ਮੱਝ ਉਸਦੇ ਮੂੰਹ ਦੇ ਕੋਲ ਆ ਕੇ ਫੁਕਾਰੇ ਮਾਰ ਰਹੀ ਹੈ। ਉਹ ਤ੍ਰਬਕ ਕੇ ਉਠਿਆ, ਫੇਰ ਰਸੋਈ ਵੱਲ ਦੇਖ ਕੇ ਸਿਰ ਖੁਰਕਦਿਆਂ ਹੋਇਆਂ ਦੋ ਤਿੰਨ ਉਬਾਸੀਆਂ ਲੈ ਕੇ ਲੇਟ ਗਿਆ ਤੇ ਸੌਂ ਗਿਆ।
ਮਦਨ ਜਿਵੇਂ ਕੰਨਾਂ ਨੂੰ ਕੋਈ ਹੁਕਮ ਦੇ ਕੇ ਸੁੱਤਾ ਸੀ। ਜਦੋਂ ਬਿਸਤਰੇ ਦੇ ਵੱਟ ਕੱਢ ਰਹੀ ਇੰਦੂ ਦੀਆਂ ਚੂੜੀਆਂ ਖੜਕੀਆਂ, ਖਣਕੀਆਂ ਤਾਂ ਉਹ ਵੀ ਤ੍ਰਬਕ ਕੇ ਉਠ ਬੈਠਾ ਹੋਇਆ। ਹਾਂ, ਯਕਦਮ ਜਾਗਣ ਕਰਕੇ ਮੁਹੱਬਤ ਦਾ ਜਜ਼ਬਾ ਹੋਰ ਵੀ ਤੇਜ਼ ਹੋ ਗਿਆ ਸੀ। ਪਿਆਰ ਦੀਆਂ ਅੰਗੜਾਈਆਂ ਲਏ ਬਗ਼ੈਰ ਆਦਮੀ ਸੌਂ ਜਾਵੇ ਤੇ ਇਕਦਮ ਉੱਠੇ ਤਾਂ ਮੁਹੱਬਤ ਦਮ ਤੋੜ ਦੇਂਦੀ ਹੈ। ਮਦਨ ਦਾ ਸਾਰਾ ਸਰੀਰ ਅੰਦਰ ਹੀ ਅੰਦਰ ਅੱਗ ਵਿਚ ਭੁੱਜ ਰਿਹਾ ਸੀ ਤੇ ਇਹੀ ਉਸਦੇ ਹਿਰਖ ਦਾ ਕਾਰਣ ਬਣ ਗਿਆ ਸੀ, ਤਦੇ ਉਸਨੇ ਕੁਝ ਖਰਵੀ ਜਿਹੀ ਆਵਾਜ਼ ਵਿਚ ਕਿਹਾ-
“ਸੋ, ਤੂੰ ਆ ਗਈ!”
“ਹਾਂ!”
“ਮੁੰਨੀ-ਸੌਂ ਮਰ ਗਈ?”
ਇੰਦੂ ਝੁਕੀ ਝੁਕੀ ਯਕਦਮ ਸਿੱਧੀ ਖੜ੍ਹੀ ਹੋ ਗਈ-“ਹਾਏ ਰਾਮ!” ਉਸਨੇ ਨੱਕ 'ਤੇ ਉਂਗਲ ਰੱਖਦਿਆਂ, ਹੈਰਾਨੀ ਜਿਹੀ ਨਾਲ ਕਿਹਾ, “ਅਹਿ ਕੀ ਕਹਿ ਰਹੇ ਓ? ਮਰੇ ਕਿਉਂ ਵਿਚਾਰੀ! ਮਾਪਿਆਂ ਦੀ ਇਕੋ ਧੀ ਐ...!”
“ਹਾਂ!” ਮਦਨ ਨੇ ਕਿਹਾ, “ਭਾਬੀ ਦੀ ਇਕੋ ਨਣਾਨ।” ਤੇ ਫੇਰ ਇਕਦਮ ਹਾਕਮਾਂ ਵਾਂਗ ਹੁਕਮ ਦਿਤਾ, “ਬਹੁਤਾ ਮੂੰਹ ਨਾ ਲਾਵੀਂ ਉਸ ਚੂੜੈਲ ਨੂੰ।”
“ਕਿਉਂ, ਇਸ 'ਚ ਕੋਈ ਪਾਪੇ ਐ?”
“ਇਹੀ ਪਾਪਾ ਏ,” ਮਦਨ ਨੇ ਚਿੜ ਕੇ ਕਿਹਾ, “ਪਿੱਛਾ ਈ ਨਹੀਂ ਛੱਡਦੀ ਤੇਰਾ। ਜਦੋਂ ਦੇਖੋ ਜੋਕ ਵਾਂਗ ਚੰਬੜੀ ਹੋਈ ਏ, ਦਫ਼ਾ ਈ ਨਹੀਂ ਹੁੰਦੀ।”
“ਹਾਅ!” ਇੰਦੂ ਨੇ ਮਦਨ ਦੇ ਮੰਜੇ ਉੱਤੇ ਬੈਠਦਿਆਂ ਹੋਇਆਂ ਕਿਹਾ, “ਭੈਣਾ ਤੇ ਧੀਆਂ ਨੂੰ ਇੰਜ ਦੁਰਕਾਰਨਾ ਨਹੀਂ ਚਾਹੀਦਾ। ਵਿਚਾਰੀਆਂ ਦੋ ਦਿਨ ਦੀਆਂ ਮਹਿਮਾਨ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਇਕ ਦਿਨ ਚਲੀਆਂ ਈ ਜਾਣੀਐਂ।” ਇਸ ਪਿੱਛੋਂ ਇੰਦੂ ਕੁਝ ਕਹਿਣਾ ਚਾਹੁੰਦੀ ਸੀ,ਪਰ ਉਹ ਚੁੱਪ ਹੋ ਗਈ। ਉਸਦੀਆਂ ਅੱਖਾਂ ਸਾਹਮਣੇ ਆਪਣੇ ਮਾਂ,ਬਾਪ, ਭਰਾ, ਭੈਣਾ, ਚਾਚੇ, ਤਾਏ ਸਾਰੇ ਘੁੰਮ ਗਏ। ਕਦੀ ਉਹ ਵੀ ਉਹਨਾਂ ਦੀ ਪਿਆਰੀ ਸੀ, ਜਿਹੜੀ ਅੱਖ ਦੇ ਫੋਰੇ ਵਿਚ ਪਰਾਈ ਹੋਣ ਲੱਗੀ ਤੇ ਫੇਰ ਦਿਨ ਰਾਤ ਉਸਨੂੰ ਕੱਢੇ ਜਾਣ ਦੀਆਂ ਗੱਲਾਂ ਹੋਣ ਲੱਗੀਆਂ। ਜਿਵੇਂ ਘਰ ਵਿਚ ਕੋਈ ਵੱਡੀ ਸਾਰੀ ਖੁੱਡ ਹੈ ਜਿਸ ਵਿਚ ਕੋਈ ਨਾਗਿਨ ਰਹਿੰਦੀ ਹੈ ਤੇ ਜਦੋਂ ਤਕ ਉਹਨੂੰ ਫੜ੍ਹ ਕੇ ਬਾਹਰ ਨਹੀਂ ਸੁਟਵਾਇਆ ਜਾਂਦਾ, ਘਰ ਵਾਲੇ ਆਰਾਮ ਦੀ ਨੀਂਦ ਨਹੀਂ ਸੌਂ ਸਕਦੇ। ਦੂਰੋਂ ਦੂਰੋਂ ਕੀਲਣ ਵਾਲੇ, ਨੱਥਣ ਵਾਲੇ, ਦੰਦ ਭੱਨਣ ਵਾਲੇ ਮਾਂਦਰੀ ਬੁਲਾਏ ਗਏ, ਵੱਡੇ ਵੱਡੇ ਧਨਵੰਤਰੀ ਤੇ ਮੋਤੀ ਸਾਗਰ...ਆਖ਼ਰ ਇਕ ਦਿਨ ਉਤਰ ਪੱਛਮ ਵੱਲੋਂ ਇਕ ਲਾਲ ਹਨੇਰੀ ਆਈ ਤੇ ਜਦੋਂ ਸਾਫ ਹੋਈ ਤਾਂ ਉਹ ਲਾਰੀ ਖੜ੍ਹੀ ਸੀ ਜਿਸ ਵਿਚ ਗੋਟੇ ਕਿਨਾਰੀ ਵਿਚ ਲਿਪਟੀ ਇਕ ਲਾੜੀ ਬੈਠੀ ਸੀ। ਪਿੱਛੇ ਘਰ ਵਿਚ, ਇਕਸੁਰ, ਵੱਜਦੀ ਹੋਈ ਸ਼ਹਿਨਾਈ ਬੀਣ ਦੀ ਆਵਾਜ਼ ਲੱਗ ਰਹੀ ਸੀ। ਫੇਰ ਇਕ ਹੂਝਕੇ ਨਾਲ ਲਾਰੀ ਤੁਰ ਪਈ।
ਮਦਨ ਨੇ ਜ਼ਰਾ ਰੜਕਵੀਂ ਆਵਾਜ਼ ਵਿਚ ਕਿਹਾ, “ਤੁਸੀਂ ਔਰਤਾਂ ਬੜੀਆਂ ਚਾਲਾਕ ਹੁੰਦੀਆਂ ਓ। ਅਜੇ ਕੱਲ੍ਹ ਹੀ ਇਸ ਘਰ ਵਿਚ ਆਈ ਏਂ ਤੇ ਇੱਥੋਂ ਦੇ ਸਾਰੇ ਲੋਕ ਤੈਨੂੰ, ਮੈਥੋਂ, ਵੱਧ ਪਿਆਰ ਕਰਨ ਲੱਗ ਪਏ ਨੇ।”
“ਹਾਂ।” ਇੰਦੂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ।
“ਇਹ ਸਭ ਝੂਠ ਏ...ਇਹ ਹੋ ਹੀ ਨਹੀਂ ਸਕਦਾ।”
“ਤੁਹਾਡਾ ਮਤਲਬ ਮੈਂ...”
“ਦਿਖਾਵਾ ਏ ਇਸ ਸਭ...ਹਾਂ!”
“ਅੱਛਾ ਜੀ!” ਇੰਦੂ ਨੇ ਅੱਖਾਂ ਭਰ ਕੇ ਕਿਹਾ, “ਇਹ ਸਭ ਦਿਖਾਵਾ ਐ ਮੇਰਾ?” ਤੇ ਉਠ ਕੇ ਆਪਣੇ ਮੰਜੇ 'ਤੇ ਚਲੀ ਗਈ ਤੇ ਸਿਰਹਾਣੇ ਵਿਚ ਮੂੰਹ ਗੱਡ ਕੇ ਸਿਸਕਨ ਲੱਗ ਪਈ। ਮਦਨ ਉਸਨੂੰ ਮਨਾਉਣ ਜਾਣ ਵਾਲਾ ਸੀ ਕਿ ਉਹ ਆਪ ਹੀ ਉਠ ਕੇ ਮਦਨ ਦੇ ਕੋਲ ਆ ਗਈ ਤੇ ਘੁੱਟ ਕੇ ਉਸਦਾ ਹੱਥ ਫੜ੍ਹਦੀ ਹੋਈ ਬੋਲੀ, “ਤੁਸੀਂ ਹਰ ਵੇਲੇ ਚੋਭਾਂ ਮਾਰਦੇ ਰਹਿੰਦੇ ਓ, ਹੋਇਆ ਕੀ ਐ ਤੁਹਾਨੂੰ?”
ਪਤੀਆਂ ਵਾਲਾ ਦਾਬਾ ਮਾਰਨ ਲਈ ਮਦਨ ਦੇ ਹੱਥ ਬਹਾਨਾ ਆ ਗਿਆ-“ਜਾਹ–ਜਾਹ, ਸੌਂ ਜਾਅ ਜਾ ਕੇ,” ਮਦਨ ਨੇ ਕਿਹਾ, “ਮੈਂ ਤੈਥੋਂ ਕੁਛ ਨਹੀਂ ਲੈਣਾ।”
“ਤੁਸੀਂ ਕੁਸ਼ ਨਹੀਂ ਲੈਣਾ, ਮੈਂ ਤਾਂ ਲੈਣਾ ਐਂ,” ਇੰਦੂ ਬੋਲੀ-“ਸਾਰੀ ਉਮਰ ਲੈਣਾ ਐਂ।” ਤੇ ਉਹ ਖੋਹਾ ਖਾਹੀ ਕਰਨ ਲੱਗ ਪਈ। ਮਦਨ ਉਸਨੂੰ ਪਰ੍ਹਾਂ ਧਰੀਕਦਾ ਸੀ ਤੇ ਉਹ ਨਾਲ ਲਿਪਟਦੀ ਜਾ ਰਹੀ ਸੀ। ਉਹ ਉਸ ਮੱਛੀ ਵਾਂਗ ਸੀ ਜਿਹੜੀ ਵਹਾਅ ਵਿਚ ਵਹਿ ਜਾਣ ਦੀ ਬਜਾਏ ਵਹਾਅ ਦੀ ਤੇਜ਼ ਧਾਰ ਦੇ ਉਲਟ ਉਪਰ ਹੋਰ ਉਪਰ ਪਹੁੰਚਣਾ ਚਾਹੁੰਦੀ ਹੈ। ਚੂੰਢੀਆਂ ਵੱਢਦੀ, ਹੱਥ ਫੜ੍ਹਦੀ, ਰੋਂਦੀ ਹੱਸਦੀ...ਉਹ ਕਹਿ ਰਹੀ ਸੀ-
“ਫੇਰ ਮੈਨੂੰ ਫਫਾਕੁਟਣੀ ਆਖੋਗੇ?”
“ਉਹ ਤਾਂ ਸਾਰੀਆਂ ਔਰਤਾਂ ਹੁੰਦੀਆਂ ਨੇ।”
“ਠਹਿਰੋ...ਤੁਹਾਡੀ ਤਾਂ...” ਇੰਜ ਲੱਗਿਆ ਜਿਵੇਂ ਇੰਦੂ ਕੋਈ ਗਾਲ੍ਹ ਕੱਢਣ ਲੱਗੀ ਸੀ ਤੇ ਉਸਨੇ ਮੂੰਹ ਵਿਚ ਕੁਝ ਗੁਣਗੁਣ ਜਿਹੀ ਵੀ ਕੀਤੀ। ਮਦਨ ਨੇ ਮੁੜਦਿਆਂ ਹੋਇਆਂ ਕਿਹਾ, “ਕੀ ਕਿਹਾ?” ਤੇ ਐਤਕੀਂ ਇੰਦੂ ਨੇ ਸੁਣੀ ਜਾ ਸਕਣ ਵਾਲੀ ਆਵਾਜ਼ ਵਿਚ ਦੁਹਰਾਇਆ। ਮਦਨ ਖਿੜ ਖਿੜ ਕਰਕੇ ਹੱਸ ਪਿਆ। ਅਗਲੇ ਹੀ ਛਿਣ ਇੰਦੂ ਮਦਨ ਦੀਆਂ ਬਾਹਾਂ ਵਿਚ ਸੀ ਤੇ ਕਹਿ ਰਹੀ ਸੀ-
“ਤੁਸੀਂ ਮਰਦ ਲੋਕ ਕੀ ਜਾਣੋ? ਜਿਸ ਨਾਲ ਪਿਆਰ ਹੁੰਦੈ ਉਸਦੇ ਸਾਰੇ ਛੋਟੇ ਵੱਡੇ ਪਿਆਰੇ ਲੱਗਦੇ ਐ। ਕੀ ਪਿਓ, ਕੀ ਭਰਾ ਤੇ ਕੀ ਭੈਣ।” ਤੇ ਫੇਰ ਅਚਾਨਕ ਕਿਤੇ ਦੂਰ ਦੇਖਦੀ ਹੋਈ ਬੋਲੀ, “ਮੈਂ ਤਾਂ ਦੁਲਾਰੀ ਮੁੰਨੀ ਦਾ ਵਿਆਹ ਕਰਾਂਗੀ।”
“ਹੱਦ ਹੋ ਗਈ,” ਮਦਨ ਨੇ ਕਿਹਾ, “ਅਜੇ ਇਕ ਹੱਥ ਦੀ ਹੋਈ ਨਹੀਂ ਕਿ ਵਿਆਹ ਦੀ ਸੋਚ ਪੈ ਗਈ?”
“ਤੁਹਾਨੂੰ ਇਕ ਹੱਥ ਦੀ ਦਿਸਦੀ ਐ ਨਾ?” ਤੇ ਫੇਰ ਆਪਣੇ ਦੋਵੇਂ ਹੱਥ ਮਦਨ ਦੀਆਂ ਅੱਖਾਂ ਉੱਤੇ ਰੱਖਦੀ ਹੋਈ ਕਹਿਣ ਲੱਗੀ-“ਜ਼ਰਾ ਅੱਖਾਂ ਬੰਦ ਕਰੋ ਤੇ ਫੇਰ ਖੋਲ੍ਹੋ...” ਮਦਨ ਨੇ ਸੱਚਮੁੱਚ ਹੀ ਅੱਖਾਂ ਬੰਦ ਕਰ ਲਈਆਂ ਤੇ ਫੇਰ ਜਦੋਂ ਕੁਝ ਦੇਰ ਤਕ ਨਾ ਖੋਲ੍ਹੀਆਂ ਤਾਂ ਇੰਦੂ ਬੋਲੀ-“ਹੁਣ ਖੋਲ੍ਹੋ ਵੀ, ਏਨੀ ਦੇਰ 'ਚ ਤਾਂ ਮੈਂ ਬੁੜ੍ਹੀ ਹੋ ਜਾਵਾਂਗੀ!” ਉਦੋਂ ਮਦਨ ਨੇ ਅੱਖਾਂ ਖੋਲ੍ਹੀਆਂ। ਪਲ ਭਰ ਲਈ ਉਸਨੂੰ ਇੰਜ ਲੱਗਿਆ, ਜਿਵੇਂ ਸਾਹਮਣੇ ਇੰਦੂ ਨਹੀਂ ਕੋਈ ਹੋਰ ਬੈਠੀ ਹੈ। ਉਹ ਹੈਰਾਨ ਜਿਹਾ ਰਹਿ ਗਿਆ।
“ਮੈਂ ਤਾਂ ਹੁਣੇ ਚਾਰ ਸੂਟ ਤੇ ਕੁਝ ਭਾਂਡੇ ਰੱਖ ਦਿੱਤੇ ਐ ਪਾਸੇ, ਉਸਦੇ ਲਈ।” ਇੰਦੂ ਨੇ ਕਿਹਾ ਤੇ ਜਦੋਂ ਮਦਨ ਨੇ ਕੋਈ ਜਵਾਬ ਨਾ ਦਿਤਾ ਤਾਂ ਉਸਨੂੰ ਝੰਜੋੜਦੀ ਹੋਈ ਬੋਲੀ-“ਤੁਸੀਂ ਕਿਉਂ ਪ੍ਰੇਸ਼ਾਨ ਹੁੰਦੇ ਓ? ਯਾਦ ਨਹੀਂ ਆਪਣਾ ਵਚਨ? ਤੁਸੀਂ ਆਪਣੇ ਦੁੱਖ ਮੈਨੂੰ ਦੇ ਚੁੱਕੇ ਓ।”
“ਐਂ?” ਮਦਨ ਨੇ ਤ੍ਰਬਕ ਕੇ ਕਿਹਾ ਤੇ ਫੇਰ ਜਿਵੇਂ ਬੇਫਿਕਰ ਹੋ ਗਿਆ। ਪਰ ਇਸ ਵਾਰੀ ਜਦੋਂ ਉਸਨੇ ਇੰਦੂ ਨੂੰ ਆਪਣੇ ਨਾਲ ਲਿਪਟਾਇਆ ਤਾਂ ਉਹ ਇਕ ਜਿਸਮ ਹੀ ਨਹੀਂ ਰਹਿ ਗਿਆ ਸੀ, ਨਾਲ ਇਕ ਰੂਹ ਵੀ ਸ਼ਾਮਿਲ ਹੋ ਗਈ ਸੀ।
*** *** ***
ਮਦਨ ਲਈ ਇੰਦੂ ਰੂਹ ਹੀ ਰੂਹ ਸੀ। ਇੰਦੂ ਇਕ ਜਿਸਮ ਵੀ ਸੀ, ਪਰ ਉਹ ਹਮੇਸ਼ਾ ਕਿਸੇ ਨਾ ਕਿਸੇ ਕਾਰਣ ਕਰਕੇ ਮਦਨ ਦੀਆਂ ਨਜ਼ਰਾਂ ਤੋਂ ਪਰ੍ਹੇ ਹੀ ਰਿਹਾ। ਇਕ ਪਰਦਾ ਸੀ-ਸੁਪਨਿਆਂ ਦੀਆਂ ਤਾਰਾਂ ਦਾ ਬਣਿਆ ਹੋਇਆ, ਠੰਡੇ ਸਾਹਾਂ ਦੇ ਧੂੰਏਂ ਨਾਲ ਰੰਗਿਆ ਹੋਇਆ, ਠਹਾਕਿਆਂ ਦੀ ਕਸ਼ੀਦਾਕਾਰੀ ਨਾਲ ਚਕਾਚੌਂਧ ਕਰ ਦੇਣ ਵਾਲਾ, ਜਿਹੜਾ ਹਰ ਵੇਲੇ ਇੰਦੂ ਨੂੰ ਢਕੀ ਰੱਖਦਾ ਸੀ। ਮਦਨ ਦੀਆਂ ਨਿਗਾਹਾਂ ਤੇ ਹੱਥਾਂ ਰੂਪੀ ਦੁਸ਼ਾਸਨ ਸਦੀਆਂ ਤੋਂ ਇਸ ਦਰੋਪਦੀ ਦਾ ਚੀਰ ਹਰਨ ਕਰਦੇ ਆਏ ਸਨ, ਜਿਹੜੀ ਕਿ ਆਮ ਸ਼ਬਦਾਂ ਵਿਚ ਪਤਨੀ ਕਹਾਉਂਦੀ ਹੈ, ਪਰ ਸਦਾ ਉਸਨੂੰ ਆਸਮਾਨਾਂ ਤੋਂ ਥਾਨਾਂ ਦੇ ਥਾਨ, ਗਜ਼ਾਂ ਦੇ ਗਜ਼ ਨੰਗੇਜ਼ ਢਕਣ ਲਈ ਮਿਲਦਾ ਰਿਹਾ ਸੀ। ਦੁਸ਼ਾਸਨ ਥੱਕ ਹਾਰ ਕੇ ਇੱਥੇ ਉੱਥੇ ਡਿੱਗ ਪਏ ਸਨ ਪਰ ਦਰੋਪਦੀ ਉੱਥੇ ਹੀ ਖੜ੍ਹੀ ਸੀ। ਇੱਜ਼ਤ ਤੇ ਪਵਿੱਤਰਤਾ ਰੂਪੀ ਸਫ਼ੇਦ ਸਾੜ੍ਹੀ ਵਿਚ ਲਿਪਟੀ ਉਹ ਦੇਵੀ ਲੱਗ ਰਹੀ ਸੀ, ਤੇ...
ਮਦਨ ਦੇ ਮਚਲਦੇ ਹੋਏ ਹੱਥ ਪ੍ਰਾਸ਼ਚਿਤ ਦੇ ਪਸੀਨੇ ਨਾਲ ਤਰ ਹੋ ਜਾਂਦੇ, ਜਿਹਨਾਂ ਨੂੰ ਸੁਕਾਉਣ ਲਈ ਉਹ ਉਪਰ ਹਵਾ ਵਿਚ ਚੁੱਕ ਲੈਂਦਾ ਤੇ ਫੇਰ ਪੰਜਿਆਂ ਨੂੰ ਪੂਰੀ ਤਰ੍ਹਾਂ ਫੈਲਾਉਂਦਾ ਹੋਇਆ ਇਕ ਬਡਰੂਪ ਗਤੀ ਨਾਲ ਫੈਲ–ਸੁੰਗੜ ਰਹੀਆਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਸਾਹਮਣੇ ਕਰ ਲੈਂਦਾ ਤੇ ਫੇਰ ਉਂਗਲਾਂ ਦੇ ਵਿਚਕਾਰ ਦੀ ਝਾਕਦਾ-ਇੰਦੂ ਦਾ ਸੁੰਦਰ, ਗੁਦਗੁਦਾ ਤੇ ਸੰਗਮਰਮਰੀ ਜਿਸਮ ਸਾਹਮਣੇ ਹੁੰਦਾ। ਇਸਤੇਮਾਲ ਲਈ ਨੇੜੇ, ਦੁਰਵਰਤੋਂ ਲਈ ਦੂਰ-ਕਦੀ ਇੰਦੂ ਦੀ ਨਾਕਾਬੰਦੀ ਹੋ ਜਾਂਦੀ ਤਾਂ ਇਸ ਕਿਸਮ ਦੇ ਵਾਕ ਹੁੰਦੇ-
“ਹਾਏ ਜੀ! ਘਰ 'ਚ ਛੋਟੇ–ਵੱਡੇ ਸਾਰੇ ਐ, ਉਹ ਕੀ ਕਹਿਣਗੇ?”
ਮਦਨ ਕਹਿੰਦਾ-“ਛੋਟੇ ਕੁਛ ਸਮਝਦੇ ਨਹੀਂ, ਵੱਡੇ ਸਭ ਸਮਝ ਜਾਣਗੇ!”
*** *** ***
ਇਸੇ ਦੌਰਾਨ ਬਾਊ ਧਨੀਰਾਮ ਦੀ ਬਦਲੀ ਸਹਾਰਨਪੁਰ ਦੀ ਹੋ ਗਈ। ਉੱਥੇ ਉਹ ਰੇਲਵੇ ਮੇਲ ਸਰਵਿਸ ਵਿਚ ਸਲੇਕਸ਼ਨ ਗਰੇਡ ਹੈਡ–ਕਲਰਕ ਜਾ ਲੱਗੇ। ਏਨਾ ਵੱਡਾ ਕਵਾਰਟਰ ਮਿਲਿਆ ਕਿ ਉਸ ਵਿਚ ਅੱਠ ਪਰਿਵਾਰ ਰਹਿ ਸਕਦੇ ਸਨ। ਪਰ ਬਾਊ ਧਨੀਰਾਮ ਉਸ ਵਿਚ ਇਕੱਲੇ ਹੀ ਲੱਤਾਂ ਪਸਾਰੀ ਬੈਠੇ ਰਹੇ। ਜ਼ਿੰਦਗੀ ਭਰ ਬਾਲ–ਬੱਚਿਆਂ ਨਾਲੋਂ ਕਦੀ ਵੱਖ ਨਹੀਂ ਸੀ ਹੋਏ। ਕੱਟੜ ਘਰੇਲੂ ਕਿਸਮ ਦੇ ਆਦਮੀ ਸਨ, ਅਖ਼ੀਰਲੀ ਉਮਰ ਵਿਚ ਇਸ ਇਕੱਲ ਨੇ ਉਹਨਾਂ ਦੀ ਜ਼ਿੰਦਗੀ ਵਿਚ ਤਲਖ਼ੀ ਪੈਦਾ ਕਰ ਦਿਤੀ। ਪਰ ਮਜ਼ਬੂਰੀ ਸੀ। ਬੱਚੇ ਸਾਰੇ ਦਿੱਲੀ ਵਿਚ ਮਦਨ ਤੇ ਇੰਦੂ ਕੋਲ ਸਨ ਤੇ ਉੱਥੇ ਹੀ ਸਕੂਲਾਂ ਵਿਚ ਪੜ੍ਹ ਰਹੇ ਸਨ। ਸਾਲ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਵਿਚਕਾਰੋਂ ਹਟਾਉਣਾ ਉਹਨਾਂ ਦੀ ਪੜ੍ਹਾਈ ਲਈ ਠੀਕ ਨਹੀਂ ਸੀ। ਬਾਊਜੀ ਨੂੰ ਦਿਲ ਦੇ ਦੌਰੇ ਪੈਣ ਲੱਗ ਪਏ।
ਗਰਮੀ ਦੀਆਂ ਛੁੱਟੀਆਂ ਹੋਈਆਂ ਤੇ ਉਹਨਾਂ ਦੇ ਵਾਰੀ ਵਾਰੀ ਲਿਖਣ 'ਤੇ ਮਦਨ ਨੇ ਇੰਦੂ ਨੂੰ ਕੁੰਦਨ, ਪਾਸ਼ੀ ਤੇ ਦੁਲਾਰੀ ਨਾਲ ਸਹਾਰਨਪੁਰ ਭੇਜ ਦਿਤਾ। ਧਨੀਰਾਮ ਦੀ ਦੁਨੀਆਂ ਚਹਿਕ ਉੱਠੀ। ਕਿੱਥੇ ਉਹਨਾਂ ਨੂੰ ਦਫ਼ਤਰ ਦੇ ਕੰਮ ਪਿੱਛੋਂ ਵਿਹਲ ਹੀ ਵਿਹਲ ਹੁੰਦੀ ਸੀ ਤੇ ਕਿੱਥੇ ਹੁਣ ਕੰਮ ਹੀ ਕੰਮ ਸੀ। ਬੱਚੇ, ਬੱਚਿਆਂ ਵਾਂਗ ਹੀ ਜਿੱਥੇ ਜਿੱਥੇ ਕਪੜੇ ਲਾਹੁੰਦੇ ਉੱਥੇ ਹੀ ਪਏ ਰਹਿਣ ਦਿੰਦੇ ਤੇ ਬਾਊਜੀ ਉਹਨਾਂ ਨੂੰ ਚੁੱਕਦੇ, ਸਾਂਭਦੇ ਫਿਰਦੇ। ਆਪਣੇ ਮਦਨ ਤੋਂ ਦੂਰ, ਅਲਸਾਈ ਹੋਈ ਰਤੀ ਇੰਦੂ ਤਾਂ ਆਪਣੇ ਪਹਿਰਾਵੇ ਵੱਲੋਂ ਵੀ ਅਵੇਸਲੀ ਹੋ ਗਈ ਸੀ। ਉਹ ਰਸੋਈ ਵਿਚ ਇੰਜ ਫਿਰਦੀ, ਜਿਵੇਂ ਕਾਜ਼ੀ ਹਾਊਸ ਵਿਚ ਗਊ ਬਾਹਰ ਵੱਲ ਮੂੰਹ ਚੁੱਕ ਚੁੱਕ ਆਪਦੇ ਮਾਲਿਕ ਨੂੰ ਲੱਭ ਰਹੀ ਹੋਵੇ। ਕੰਮ ਤੋਂ ਵਿਹਲੀ ਹੋ ਕੇ ਉਹ ਕਦੀ ਅੰਦਰ ਟਰੰਕਾਂ ਉੱਤੇ ਜਾ ਲੇਟਦੀ, ਕਦੀ ਬਾਹਰ ਕੰਬਰ ਦੇ ਬੂਟੇ ਕੋਲ ਤੇ ਕਦੀ ਅੰਬ ਦੇ ਰੁੱਖ਼ ਹੇਠ, ਜਿਹੜਾ ਵਿਹੜੇ ਵਿਚ ਸੈਂਕੜੇ ਹਜ਼ਾਰਾਂ ਦਿਲਾਂ ਨੂੰ ਬੋਚੀ ਖੜ੍ਹਾ ਸੀ।
ਸੌਣ, ਭਾਦੋਂ ਵਿਚ ਘੁਲਣ ਲੱਗਿਆ। ਵਿਹੜੇ ਵਿਚੋਂ ਬਾਹਰਲਾ ਦਰਵਾਜ਼ਾ ਖੁੱਲ੍ਹਦਾ ਤਾਂ ਕੁਆਰੀਆਂ, ਸੱਜ–ਵਿਆਹੀਆਂ ਕੁੜੀਆਂ ਪੀਂਘਾਂ ਝੂਟਦੀਆਂ ਹੋਈਆਂ ਗਾਉਂਦੀਆਂ : 'ਝੂਲਾ ਕਿਨ ਨੇ ਡਾਰੋ ਰੇ ਅਮਰੈਯਾਂ...' ਤੇ ਫੇਰ ਗੀਤ ਦੇ ਬੋਲ ਅਨੁਸਾਰ ਦੋ ਝੂਟਦੀਆਂ, ਦੋ ਝੂਟੇ ਦੇਂਦੀਆਂ। ਜੇ ਕਿਤੇ ਚਾਰ ਰਲ ਜਾਂਦੀਆਂ ਤਾਂ ਤੀਆਂ ਲੱਗ ਜਾਂਦੀਆਂ। ਪੱਕੀ ਉਮਰ ਦੀਆਂ ਤੇ ਬੁੱਢੀਆਂ ਤੀਵੀਂਆਂ ਇਕ ਪਾਸੇ ਖਲੋਤੀਆਂ ਵਿਹੰਦੀਆਂ ਰਹਿੰਦੀਆਂ। ਇੰਦੂ ਨੂੰ ਲੱਗਦਾ ਜਿਵੇਂ ਉਹ ਵੀ ਉਹਨਾਂ ਵਿਚ ਸ਼ਾਮਿਲ ਹੋ ਗਈ ਹੈ। ਝੱਟ ਉਹ ਮੂੰਹ ਭੂਆਂ ਲੈਂਦੀ ਤੇ ਠੰਡੇ ਸਾਹ ਭਰਦੀ ਹੋਈ ਸੌਂ ਜਾਂਦੀ। ਬਾਊਜੀ ਕੋਲੋਂ ਲੰਘਦੇ ਤਾਂ ਉਸਨੂੰ ਜਗਾਉਣ ਜਾਂ ਉਠਾਉਣ ਦੀ ਜ਼ਰਾ ਵੀ ਕੋਸ਼ਿਸ਼ ਨਾਲ ਕਰਦੇ, ਬਲਿਕੇ ਮੌਕਾ ਵਿਚਾਰ ਕੇ ਉਸਦੀ ਸਲਵਾਰ ਨੂੰ ਜਿਹੜੀ ਉਹਨੇ ਧੋਤੀ ਨਾਲ ਬਦਲੀ ਹੁੰਦੀ ਸੀ ਤੇ ਜਿਸਨੂੰ ਉਹ ਹਮੇਸ਼ਾ ਆਪਣੀ ਸੱਸ ਵਾਲੇ ਪੁਰਾਣੇ ਸੰਦਲ ਦੇ ਸੰਦੂਕ ਉੱਤੇ ਸੁੱਟ ਆਉਂਦੀ ਸੀ, ਚੁੱਕ ਕੇ ਕਿੱਲੀ ਉੱਤੇ ਟੰਗ ਦਿੰਦੇ। ਇੰਜ ਕਰਨ ਲੱਗਿਆਂ ਉਹਨਾਂ ਨੂੰ ਸਭ ਤੋਂ ਨਜ਼ਰਾਂ ਬਚਾਉਣੀਆਂ ਪੈਂਦੀਆਂ ਸਨ। ਪਰ ਅਜੇ ਸਲਵਾਰ ਨੂੰ ਸਾਂਭ ਕੇ ਮੁੜਦੇ, ਤਾਂ ਨਿਗਾਹ ਹੇਠਾਂ ਬਹੂ ਦੇ ਗਲਤ ਸਥਾਨ ਉੱਤੇ ਜਾ ਪੈਂਦੀ। ਫੇਰ ਉਹਨਾਂ ਦੀ ਹਿੰਮਤ ਜਵਾਬ ਦੇ ਜਾਂਦੀ ਤੇ ਉਹ ਇੰਜ ਕਾਹਲ ਨਾਲ ਕਮਰੇ ਵਿਚੋਂ ਬਾਹਰ ਨਿਕਲ ਜਾਂਦੇ, ਜਿਵੇਂ ਕੋਈ ਸੱਪ ਦਾ ਬੱਚਾ ਖੁੱਡ ਵਿਚੋਂ ਬਾਹਰ ਆ ਗਿਆ ਹੋਵੇ। ਫੇਰ ਵਰਾਂਡੇ ਵਿਚ ਉਹਨਾਂ ਦੀ ਆਵਾਜ਼ ਸੁਣਾਈ ਦੇਂਦੀ-'ਓਮ ਨਮੋ ਭਗਵਤੇ ਵਾਸੁਦੇਵਾ...'
ਆਂਢ–ਗੁਆਂਢ ਦੀਆਂ ਔਰਤਾਂ ਨੇ ਬਾਊਜੀ ਦੀ ਬਹੂ ਦੀ ਸੁੰਦਰਤਾ ਦੀਆਂ ਕਹਾਣੀਆਂ ਦੂਰ–ਦੂਰ ਤਕ ਪਹੁੰਚਾਅ ਦਿਤੀਆਂ ਸਨ। ਜਦੋਂ ਕੋਈ ਔਰਤ ਬਾਊ ਜੀ ਦੇ ਸਾਹਮਣੇ ਬਹੂ ਦੇ ਪਿਆਰੇਪਨ ਤੇ ਸੁਡੌਲ ਜਿਸਮ ਦੀਆਂ ਗੱਲਾਂ ਕਰਦੀ ਤਾਂ ਉਹ ਖੁਸ਼ੀ ਵਿਚ ਫੁੱਲ ਜਾਂਦੇ ਤੇ ਕਹਿੰਦੇ-“ਅਸੀਂ ਤਾਂ ਧੰਨ ਹੋ ਗਏ, ਅਮੀਰ ਚੰਦ ਦੀ ਮਾਂ! ਸ਼ੁਕਰ ਏ ਸਾਡੇ ਘਰ ਵਿਚ ਵੀ ਕੋਈ ਸਿਹਤਮੰਦ ਜੀਅ ਆਇਆ।” ਤੇ ਇਹ ਕਹਿੰਦਿਆਂ ਹੋਇਆਂ ਉਹਨਾਂ ਦੀਆਂ ਨਿਗਾਹਾਂ ਕਿਤੇ ਦੂਰ ਪਹੁੰਚ ਜਾਂਦੀਆਂ, ਜਿੱਥੇ ਦਿਕ ਦੀਆਂ ਯਾਦਾਂ ਸਨ। ਦਵਾਈ ਦੀਆਂ ਸ਼ੀਸ਼ੀਆਂ, ਹਸਪਤਾਲ ਦੀਆਂ ਪੌੜੀਆਂ ਤੇ ਕੀੜਿਆਂ ਦੇ ਭੌਣ। ਨਿਗਾਹਾਂ ਨੇੜੇ ਆਉਂਦੀਆਂ ਤਾਂ ਉਹਨਾਂ ਵਿਚ ਮੋਟੇ–ਮੋਟੇ ਗਦਰਾਏ ਜਿਸਮਾਂ ਵਾਲੇ ਕਈ ਬੱਚੇ ਆਸੀਂ–ਪਾਸੀਂ, ਪੱਟਾਂ ਉਪਰ, ਢੂਹੀਂ ਉੱਤੇ ਚੜ੍ਹਦੇ ਉਤਰਦੇ ਹੋਏ ਮਹਿਸੂਸ ਹੁੰਦੇ ਤੇ ਇੰਜ ਜਾਪਦਾ ਜਿਵੇਂ ਹੁਣੇ ਕੋਈ ਹੋਰ ਆ ਰਿਹਾ ਹੈ ਤੇ ਉਹ ਧੜਾਧੜ ਬੱਚੇ ਜੰਮ ਰਹੀ ਹੈ ਤੇ ਉਹਨਾਂ ਬੱਚਿਆਂ ਦੀ ਉਮਰ ਵਿਚ ਕੋਈ ਵਕਫ਼ਾ ਨਹੀਂ। ਕੋਈ ਵੱਡਾ ਹੈ, ਨਾ ਛੋਟਾ। ਸਾਰੇ ਇਕੋ ਜੇਡੇ-'ਓਮ ਨਮੋ ਭਗਵਤੇ...'
ਆਸੇ ਪਾਸੇ ਦੇ ਲੋਕ ਸਭ ਜਾਣਦੇ ਸਨ, ਇੰਦੂ ਬਾਊਜੀ ਦੀ ਚਹੇਤੀ ਬਹੂ ਹੈ। ਸੋ ਲੱਸੀ ਦੇ ਮਟਕੇ ਧਨੀਰਾਮ ਦੇ ਘਰ ਆਉਣ ਲੱਗੇ ਤੇ ਫੇਰ ਇਕ ਦਿਨ ਸਲਾਮਦੀਨ ਗੁਜਰ ਨੇ ਇਕ ਫਰਮਾਇਸ਼ ਪਾ ਦਿਤੀ। ਇੰਦੂ ਨੂੰ ਕਿਹਾ-“ਬੀਬੀ! ਮੇਰੇ ਮੁੰਡੇ ਨੂੰ ਆਰ.ਐੱਮ.ਐੱਸ. ਵਿਚ ਕੁਲੀ ਰਖਵਾ ਦਿਓ, ਅੱਲ੍ਹਾ ਤੁਹਾਨੂੰ ਅਜਰ (ਫਲ) ਦਵੇਗਾ।” ਇੰਦੂ ਦੇ ਇਸ਼ਾਰੇ ਦੀ ਦੇਰ ਸੀ ਕਿ ਸਲਾਮਦੀਨ ਦਾ ਮੁੰਡਾ ਨੌਕਰ ਲੱਗ ਗਿਆ, ਉਹ ਵੀ ਸਾਰਟਰ...ਜੋ ਨਹੀਂ ਲੱਗ ਸਕਿਆ; ਉਸਦੀ ਕਿਸਮਤ-ਅਸਾਮੀਆਂ ਜੋ ਜ਼ਿਆਦਾ ਨਹੀਂ ਸਨ।
ਬਹੂ ਦੇ ਖਾਣ ਪੀਣ ਤੇ ਸਿਹਤ ਦਾ ਬਾਊਜੀ ਖਾਸ ਖ਼ਿਆਲ ਰੱਖਦੇ ਸਨ। ਦੁੱਧ ਪੀਣ ਤੋਂ ਇੰਦੂ ਨੂੰ ਚਿੜ ਸੀ। ਉਹ ਰਾਤ ਨੂੰ ਖ਼ੁਦ ਦੁੱਧ ਨੂੰ ਬਾਟੀ ਵਿਚ ਠਾਰ ਕੇ ਗਿਲਾਸ ਵਿਚ ਪਾ ਕੇ ਬਹੂ ਨੂੰ ਪਿਆਉਣ ਲਈ ਉਸਦੀ ਮੰਜੀ ਕੋਲ ਆ ਜਾਂਦੇ। ਇੰਦੂ ਆਪਣੇ ਆਪ ਨੂੰ ਸਮੇਟਦਿਆਂ ਹੋਇਆਂ ਉਠਦੀ ਤੇ ਕਹਿੰਦੀ-“ਨਹੀਂ ਬਾਊਜੀ! ਮੈਥੋਂ ਨੀਂ ਪੀਤਾ ਜਾਂਦਾ।”
“ਤੇਰਾ ਤਾਂ ਸਹੁਰਾ ਵੀ ਪੀਏਗਾ।” ਉਹ ਮਜ਼ਾਕ ਵਿਚ ਕਹਿੰਦੇ।
“ਤਾਂ ਫੇਰ ਤੁਸੀਂ ਓ ਪੀ ਲਓ।” ਇੰਦੂ ਹੱਸਦੀ ਹੋਈ ਜਵਾਬ ਦੇਂਦੀ ਤੇ ਬਾਊਜੀ ਇਕ ਨਕਲੀ ਗੁੱਸੇ ਨਾਲ ਵਰ੍ਹ ਪੈਂਦੇ, “ਤੂੰ ਚਾਹੁੰਦੀ ਏਂ ਬਾਅਦ ਵਿਚ ਤੇਰੀ ਵੀ ਉਹੀ ਹਾਲਤ ਹੋਵੇ ਜਿਹੜੀ ਤੇਰੀ ਸੱਸ ਦੀ ਹੋਈ ਸੀ?”
“ਊਂ...ਹੂੰ...” ਇੰਦੂ ਲਾਡ ਵੱਸ ਰੁੱਸਣ ਲੱਗਦੀ। ਆਖ਼ਰ ਕਿਉਂ ਨਾ ਰੁੱਸਦੀ? ਉਹੀ ਲੋਕ ਨਹੀਂ ਰੁੱਸਦੇ ਜਿਹਨਾਂ ਨੂੰ ਮਨਾਉਣ ਵਾਲਾ ਕੋਈ ਨਾ ਹੋਵੇ। ਪਰ ਇੱਥੇ ਤਾਂ ਮਨਾਉਣ ਵਾਲੇ ਸਾਰੇ ਸਨ, ਰੁੱਸਣ ਵਾਲੀ ਸਿਰਫ ਇਕ। ਜਦੋਂ ਇੰਦੂ ਬਾਊਜੀ ਦੇ ਹੱਥੋਂ ਗਿਲਾਸ ਨਾ ਲੈਂਦੀ ਤਾਂ ਉਹ ਉਸਨੂੰ ਮੰਜੀ ਦੇ ਸਿਰਹਾਣੇ ਵੱਲ ਹੇਠਾਂ ਕਰਕੇ ਰੱਖ ਦਿੰਦੇ...ਤੇ “ਲੈ ਇਹ ਪਿਆ ਏ-ਤੇਰੀ ਮਰਜ਼ੀ ਹੋਏ ਪੀਵੀਂ, ਨਾ ਮਰਜ਼ੀ ਹੋਵੇ ਨਾ ਪੀਵੀਂ।” ਕਹਿੰਦੇ ਹੋਏ ਚਲੇ ਜਾਂਦੇ।
ਆਪਣੇ ਮੰਜੇ ਕੋਲ ਪਹੁੰਚ ਕੇ ਧਨੀਰਾਮ ਦੁਲਾਰੀ ਮੁੰਨੀ ਨਾਲ ਖੇਡਨ ਲੱਗਦੇ। ਦੁਲਾਰੀ ਨੂੰ ਬਾਊਜੀ ਦੇ ਨੰਗੇ ਪਿੰਡੇ ਦੇ ਨਾਲ ਪਿੰਡਾ ਘਸਾਉਣ ਤੇ ਢਿੱਡ ਤੇ ਮੂੰਹ ਰੱਖ ਕੇ ਭੜੂਕੇ ਮਾਰਨ ਦੀ ਆਦਤ ਸੀ। ਅੱਜ ਜਦੋਂ ਬਾਊਜੀ ਤੇ ਮੁੰਨੀ ਇਹ ਖੇਡ, ਖੇਡ ਰਹੇ ਸੀ, ਹੱਸ–ਹਸਾਅ ਰਹੇ ਸੀ ਤਾਂ ਮੁੰਨੀ ਨੇ ਭਾਬੀ ਵੱਲ ਦੇਖਦਿਆਂ ਹੋਇਆਂ ਕਿਹਾ-“ਦੁੱਧ ਤਾਂ ਖਰਾਬ ਹੋ ਜਾਏਗਾ ਬਾਊਜੀ, ਭਾਬੀ ਤਾਂ ਪੀਂਦੀ ਈ ਨਹੀਂ।”
“ਪੀਵੇਗੀ, ਜ਼ਰੂਰ ਪੀਵੇਗੀ ਬੇਟਾ,” ਬਾਊਜੀ ਨੇ ਦੂਜੇ ਹੱਥ ਨਾਲ ਪਾਸ਼ੀ ਨੂੰ ਨਾਲ ਪਾਂਦਿਆਂ ਹੋਇਆਂ ਕਿਹਾ, “ਔਰਤਾਂ ਘਰ ਦੀ ਕਿਸੇ ਚੀਜ਼ ਨੂੰ ਖਰਾਬ ਹੁੰਦਿਆਂ ਨਹੀਂ ਦੇਖ ਸਕਦੀਆਂ।” ਅਜੇ ਇਹ ਵਾਕ ਬਾਊਜੀ ਦੇ ਮੂੰਹ ਵਿਚ ਹੀ ਸੀ ਕਿ ਇਕ ਪਾਸਿਓਂ “ਹੁਸ਼, ਹੈ ਖਸਮਾਂਖਾਣੀ” ਦੀ ਆਵਾਜ਼ ਆਉਣ ਲੱਗੀ। ਪਤਾ ਲੱਗਿਆ, ਉਹ ਬਿੱਲੀ ਨੂੰ ਭਜਾਅ ਰਹੀ ਹੈ...ਤੇ ਫੇਰ ਕੋਈ ਗਟਾਗਟ ਜਿਹੀ ਆਵਾਜ਼ ਸੁਣਾਈ ਦਿਤੀ ਤੇ ਸਭ ਨੂੰ ਪਤਾ ਲੱਗ ਗਿਆ ਬਹੂ, ਭਾਬੀ ਨੇ ਦੁੱਧ ਪੀ ਲਿਆ ਹੈ...। ਕੁਝ ਚਿਰ ਪਿੱਛੋਂ ਕੁੰਦਨ ਬਾਊਜੀ ਦੇ ਕੋਲ ਆਇਆ ਤੇ ਕਿਹਾ-“ਬੋਜੀ, ਭਾਬੀ ਰੋ ਰਹੀ ਏ।”
“ਹੈਂਅ?” ਬਾਊਜੀ ਤ੍ਰਬਕੇ ਤੇ ਫੇਰ ਉਠ ਕੇ ਹਨੇਰੇ ਵਿਚ ਦੂਰ ਉਸ ਪਾਸੇ ਦੇਖਣ ਲੱਗੇ ਜਿਧਰ ਬਹੂ ਦੀ ਮੰਜੀ ਸੀ। ਕੁਝ ਚਿਰ ਇੰਜ ਹੀ ਬੈਠੇ ਰਹਿਣ ਪਿੱਛੋਂ ਫੇਰ ਲੇਟ ਗਏ ਤੇ ਕੁਝ ਸਮਝਦੇ ਹੋਏ ਕੁੰਦਨ ਨੂੰ ਕਹਿਣ ਲੱਗੇ-“ਜਾਹ...ਤੂੰ ਸੌਂ ਜਾ, ਉਹ ਵੀ ਸੌਂ ਜਾਏਗੀ ਆਪਣੇ ਆਪ।”
ਤੇ ਫੇਰ ਲੇਟ ਕੇ ਬਾਊ ਧਨੀਰਾਮ ਆਸਮਾਨ ਉੱਤੇ ਖਿੜੇ ਪ੍ਰਮਾਤਮਾ ਦੇ ਗੁਲਜ਼ਾਰ ਨੂੰ ਦੇਖਣ ਲੱਗੇ ਤੇ ਆਪਣੇ ਮਨ ਦੇ ਭਗਵਾਨ ਤੋਂ ਪੁੱਛਣ ਲੱਗੇ-'ਚਾਂਦੀ ਦੇ ਇਹਨਾਂ ਖੁੱਲ੍ਹਦੇ, ਬੰਦ ਹੁੰਦੇ ਫੁੱਲਾਂ ਵਿਚ ਮੇਰਾ ਫੁੱਲ ਕਿੱਥੇ ਹੈ?' ਤੇ ਫੇਰ ਪੂਰਾ ਆਸਮਾਨ ਉਹਨਾਂ ਨੂੰ ਦਰਦ ਦਾ ਇਕ ਦਰਿਆ ਦਿਖਾਈ ਦੇਣ ਲੱਗਾ ਤੇ ਕੰਨਾਂ ਵਿਚ ਇਕ ਲਗਾਤਾਰ 'ਹਾ–ਵ–ਹੂ' ਦੀ ਆਵਾਜ਼ ਸੁਣਾਈ ਦੇਣ ਲੱਗੀ। ਜਿਸਨੂੰ ਸੁਣਦੇ ਹੋਏ ਉਹ ਬਰੜਾਏ-'ਜਦੋਂ ਦੀ ਦੁਨੀਆਂ ਬਣੀ ਏੇਂ ਇਨਸਾਨ ਕਿੰਨਾ ਰੋਇਆ ਏ!' ਤੇ ਉਹ ਰੋਂਦੇ ਰੋਂਦੇ ਸੌਂ ਗਏ।
*** *** ***
ਇੰਦੂ ਦੇ ਜਾਣ ਦੇ ਵੀਹ ਪੱਚੀ ਦਿਨਾਂ ਵਿਚ ਹੀ ਮਦਨ ਨੇ ਭਾ–ਦੀ ਮਚਾਉਣੀ ਸ਼ੁਰੂ ਕਰ ਦਿਤੀ। ਉਸਨੇ ਲਿਖਿਆ: 'ਮੈਂ ਬਾਜ਼ਾਰ ਦੀ ਰੋਟੀ ਖਾ–ਖਾ ਕੇ ਤੰਗ ਆ ਗਿਆ ਹਾਂ, ਮੈਨੂੰ ਕਬਜ਼ ਹੋ ਗਈ ਹੈ, ਗੁਰਦੇ ਦਾ ਦਰਦ ਸ਼ੁਰੂ ਹੋ ਗਿਆ ਹੈ।' ਫੇਰ ਜਿਵੇਂ ਦਫ਼ਤਰੀ ਲੋਕ ਛੁੱਟੀ ਦੀ ਅਰਜ਼ੀ ਦੇ ਨਾਲ ਡਾਕਟਰ ਦਾ ਸਰਟਿਫੀਕੇਟ ਭੇਜ ਦਿੰਦੇ ਨੇ, ਮਦਨ ਨੇ ਬਾਊ ਜੀ ਦੇ ਇਕ ਦੋਸਤ ਤੋਂ ਤਸਦੀਕ ਕਰਦੀ ਹੋਈ ਇਕ ਚਿੱਠੀ ਲਿਖਵਾ ਭੇਜੀ। ਉਸ ਉੱਤੇ ਵੀ ਜਦੋਂ ਕੋਈ ਗੌਰ ਨਾ ਹੋਈ ਤਾਂ ਇਕ ਡਬਲ ਤਾਰ-ਜਵਾਬੀ-ਕੀਤੀ।
ਜਵਾਬੀ ਤਾਰ ਦੇ ਪੈਸੇ ਡੁੱਬ ਗਏ, ਚਲੋ ਖ਼ੈਰ, ਪ੍ਰਵਾਹ ਨਹੀਂ। ਇੰਦੂ ਤੇ ਬੱਚੇ ਵਾਪਸ ਆ ਗਏ। ਮਦਨ ਨੇ ਇੰਦੂ ਨਾਲ ਦੋ ਦਿਨ ਸਿੱਧੇ ਮੂੰਹ ਗੱਲ ਨਹੀਂ ਕੀਤੀ। ਇਹ ਦੁੱਖ ਵੀ ਇੰਦੂ ਦਾ ਹੀ ਸੀ। ਇਕ ਦਿਨ ਮਦਨ ਨੂੰ ਇਕੱਲਾ ਵੇਖ ਕੇ ਉਸਨੇ ਫੜ੍ਹ ਲਿਆ ਤੇ ਬੋਲੀ-“ਐਂ ਮੂੰਹ ਫੁਲਾਈ ਬੈਠੋ ਓ, ਮੈਂ ਕੀ ਕਿਹੈ...ਕੀਤੈ...?”
ਮਦਨ ਆਪਣੇ ਆਪ ਨੂੰ ਛੁਡਾਉਂਦਾ ਹੋਇਆ ਬੋਲਿਆ-“ਛੱਡ, ਦੂਰ ਹੋ ਜਾ ਮੇਰੀਆਂ ਅੱਖਾਂ ਤੋਂ-ਕਮੀਨੀ!”
“ਇਹੀ ਕਹਿਣ ਲਈ ਐਨੀ ਦੂਰੋਂ ਬੁਲਾਇਐ?”
“ਹਾਂ!”
“ਛੱਡੋ ਵੀ ਹੁਣ।”
“ਖ਼ਬਰਦਾਰ! ਇਹ ਸਭ ਤੇਰਾ ਕੀਤਾ ਧਰਿਆ ਏ। ਜੇ ਤੂੰ ਆਉਣਾ ਚਾਹੁੰਦੀ ਤਾਂ ਕੀ ਬਾਊਜੀ ਰੋਕ ਲੈਂਦੇ?”
ਇੰਦੂ ਨੇ ਬੇਵੱਸੀ ਜਿਹੀ ਨਾਲ ਕਿਹਾ-“ਹਾਏ ਜੀ, ਤੁਸੀਂ ਤਾਂ ਜਵਾਕਾਂ ਵਰਗੀਆਂ ਗੱਲ ਕਰਦੇ ਓ। ਮੈਂ ਭਲਾ ਉਹਨਾਂ ਨੂੰ ਕਿਵੇਂ ਕਹਿ ਸਕਦੀ ਸੀ? ਸੱਚ ਪੁੱਛੋਂ ਤਾਂ ਤੁਸੀਂ ਮੈਨੂੰ ਬੁਲਾਅ ਕੇ ਬਾਊਜੀ 'ਤੇ ਬੜਾ ਜੁਲਮ ਕੀਤੈ।”
“ਕੀ ਮਤਲਬ?”
“ਮਤਲਬ ਕੁਸ਼ ਨੀਂ, ਉਹਨਾਂ ਦਾ ਜੀਅ ਬੜਾ ਲੱਗਾ ਹੋਇਆ ਸੀ ਜਵਾਕਾਂ ਨਾਲ।”
“ਤੇ ਮੇਰਾ ਜੀਅ?”
“ਤੁਹਾਡਾ ਜੀਅ? ਤੁਸੀਂ ਤਾਂ ਕਿਤੇ ਵੀ ਲਾ ਸਕਦੇ ਓ!” ਇੰਦੂ ਨੇ ਸ਼ਰਾਰਤ ਵਜੋਂ ਕਿਹਾ। ਤੇ ਕੁਝ ਇਸ ਤਰ੍ਹਾਂ ਮਦਨ ਵੱਲ ਦੇਖਿਆ ਕਿ ਉਸਦੇ ਸਬਰ ਦੀਆਂ ਸਾਰੀਆਂ ਢੇਰੀਆਂ ਢਹਿ ਗਈਆਂ। ਉਂਜ ਵੀ ਉਹ ਕੋਈ ਚੰਗਾ ਬਹਾਨਾ ਟੋਲ ਰਿਹਾ ਸੀ। ਉਸਨੇ ਇੰਦੂ ਨੂੰ ਫੜ੍ਹ ਕੇ ਆਪਣੀ ਹਿੱਕ ਨਾਲ ਲਾ ਲਿਆ ਤੇ ਬੋਲਿਆ-“ਬਾਊਜੀ ਤੇਰੇ 'ਤੇ ਬੜੇ ਖੁਸ਼ ਸਨ?”
“ਹਾਂ!” ਇੰਦੂ ਬੋਲੀ, “ਇਕ ਦਿਨ ਮੈਂ ਜਾਗੀ ਤਾਂ ਦੇਖਿਆ ਸਿਰਹਾਣੇ ਖੜ੍ਹੇ ਮੈਨੂੰ ਦੇਖ ਰਹੇ ਐ!”
“ਇਹ ਨਹੀਂ ਹੋ ਸਕਦਾ।”
“ਆਪਣੀ ਸੌਂਹ!”
“ਆਪਣੀ ਨਹੀਂ, ਮੇਰੀ ਸੌਂਹ ਖਾਹ।”
“ਤੁਹਾਡੀ ਸੌਂਹ ਤਾਂ ਮੈਂ ਨੀਂ ਖਾਂਦੀ, ਕੋਈ ਕੁਸ਼ ਵੀ ਦੇਵੇ।”
“ਹਾਂ!” ਮਦਨ ਨੇ ਸੋਚਦਿਆਂ ਹੋਇਆਂ ਕਿਹਾ, “ਕਿਤਾਬਾਂ ਵਿਚ ਇਸ ਨੂੰ ਸੈਕਸ ਕਹਿੰਦੇ ਨੇ।”
“ਸੈਕਸ?” ਇੰਦੂ ਨੇ ਪੁੱਛਿਆ, “ਉਹ ਕੀ ਹੁੰਦੈ ਜੀ?”
“ਉਹੀ ਜੋ ਮਰਦ ਤੇ ਔਰਤ ਦੇ ਵਿਚਕਾਰ ਹੁੰਦਾ ਏ।”
“ਹਾਏ ਰਾਮ” ਇੰਦੂ ਨੇ ਯਕਦਮ ਪਿੱਛੇ ਹਟਦਿਆਂ ਹੋਇਆਂ ਕਿਹਾ, “ਗੰਦੇ ਕਿਤੋਂ ਦੇ! ਸ਼ਰਮ ਨੀਂ ਆਉਂਦੀ ਬਾਊਜੀ ਬਾਰੇ ਐਂ ਸੋਚਦਿਆਂ...?”
“ਬਾਊਜੀ ਨੂੰ ਸ਼ਰਮ ਨਹੀਂ ਆਈ ਤੈਨੂੰ ਦੇਖਦਿਆਂ....?”
“ਕਿਉਂ?” ਇੰਦੂ ਨੇ ਬਾਊਜੀ ਦਾ ਪੱਖ ਲੈਂਦਿਆਂ ਕਿਹਾ, “ਉਹ ਆਪਣੀ ਬਹੂ ਨੂੰ ਦੇਖ ਕੇ ਖੁਸ਼ ਹੋ ਰਹੇ ਹੋਣਗੇ।”
“ਕਿਉਂ ਨਹੀਂ! ਜਦੋਂ ਬਹੂ ਤੇਰੇ ਵਰਗੀ ਹੋਵੇ।”
“ਤੁਹਾਡਾ ਮਨ ਗੰਦਾ ਐ,” ਇੰਦੂ ਨੇ ਨਫ਼ਰਤ ਨਾਲ ਕਿਹਾ, “ਇਸੇ ਲਈ ਤਾਂ ਤੁਹਾਡਾ ਕਾਰੋਬਾਰ ਵੀ ਗੰਦੇ ਬਰੋਜੇ ਦਾ ਐ। ਤੁਹਾਡੀਆਂ ਕਿਤਾਬਾਂ ਸਭ ਗੰਦਗੀ ਨਾਲ ਭਰੀਆਂ ਹੋਈਐਂ। ਤੁਹਾਨੂੰ ਤੇ ਤੁਹਾਡੀਆਂ ਕਿਤਾਬਾਂ ਨੂੰ ਇਸ ਦੇ ਸਿਵਾਏ ਹੋਰ ਕੁਝ ਦਿਖਾਈ ਓ ਨੀਂ ਦਿੰਦਾ। ਐਂ ਤਾਂ ਜਦੋਂ ਮੈਂ ਵੱਡੀ ਹੋ ਗਈ ਸੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਵਧ ਪਿਆਰ ਕਰਨਾ ਸ਼ੁਰੂ ਕਰ ਦਿਤਾ ਸੀ ਤਾਂ ਕੀ ਉਹ ਵੀ-ਉਹ ਸੀ ਨਿਗੁਰਾ-ਜੀਹਦਾ ਤੁਸੀਂ ਹੁਣੇ ਨਾਂਅ ਲੈ ਰਹੇ ਸੌ?” ਤੇ ਫੇਰ ਇੰਦੂ ਬੋਲੀ, “ਬਾਊਜੀ ਨੂੰ ਇੱਥੇ ਬੁਲਾਅ ਲਓ। ਉਹਨਾਂ ਦਾ ਉੱਥੇ ਜੀਅ ਵੀ ਨਹੀਂ ਲੱਗਦਾ। ਉਹ ਦੁਖੀ ਹੋਣਗੇ ਤਾਂ ਕੀ ਤੁਸੀਂ ਦੁਖੀ ਨਹੀਂ ਹੋਵੋਗੇ?”
ਮਦਨ ਆਪਣੇ ਬਾਊਜੀ ਨੂੰ ਬੜਾ ਪਿਆਰ ਕਰਦਾ ਸੀ। ਉਸਨੂੰ ਚੰਗੀ ਤਰ੍ਹਾਂ ਯਾਦ ਸੀ-ਜਦੋਂ ਮਾਂ ਬਿਮਾਰ ਰਹਿਣ ਲੱਗ ਪਈ ਸੀ ਤੇ ਕਦੀ ਉਸਦੀ ਮੌਤ ਦਾ ਖ਼ਿਆਲ ਮਦਨ ਦੇ ਦਿਲ 'ਚ ਆਉਂਦਾ ਸੀ ਤਾਂ ਉਹ ਅੱਖਾਂ ਬੰਦ ਕਰਦੇ ਪ੍ਰਾਰਥਨਾਂ ਸ਼ੁਰੂ ਕਰ ਦਿੰਦਾ ਹੁੰਦਾ ਸੀ-'ਓਮ ਨਮੋ ਭਗਵਤੇ ਵਾਸੁਦੇਵਾ...ਓਮ ਨਮੋ...' ਹੁਣ ਉਹ ਨਹੀਂ ਚਾਹੁੰਦਾ ਸੀ ਕਿ ਬਾਊਜੀ ਦੀ ਛਤਰਛਾਇਆ ਵੀ ਸਿਰ ਤੋਂ ਜਾਂਦੀ ਰਹੇ। ਖਾਸ ਕਰਕੇ ਅਜਿਹੇ ਵੇਲੇ ਜਦਕਿ ਉਹ ਆਪਣੇ ਕਾਰੋਬਾਰ ਨੂੰ ਵੀ ਠੀਕ ਤਰ੍ਹਾਂ ਨਹੀਂ ਸੀ ਜਮਾਅ ਸਕਿਆ। ਉਸਨੇ ਕੱਚੇ–ਪੱਕੇ ਜਿਹੇ ਮਨ ਨਾਲ ਇੰਦੂ ਨੂੰ ਸਿਰਫ ਏਨਾ ਕਿਹਾ-“ਅਜੇ ਰਹਿਣ ਦੇ ਬਾਊਜੀ ਨੂੰ। ਸ਼ਾਦੀ ਤੋਂ ਪਿੱਛੋਂ ਅਸੀਂ ਦੋਵੇਂ ਪਹਿਲੀ ਵਾਰ ਆਜ਼ਾਦੀ ਨਾਲ ਮਿਲ ਰਹੇ ਹਾਂ।”
ਤੀਜੇ ਚੌਥੇ ਦਿਨ ਬਾਊਜੀ ਦਾ ਹੰਝੂਆਂ ਨਾਲ ਭਿੱਜਿਆ ਖ਼ਤ ਆਇਆ-ਮੇਰੇ ਪਿਆਰੇ ਮਦਨ ਦੇ ਸੰਬੋਧਨ ਨਾਲ। 'ਮੇਰੇ ਪਿਆਰੇ' ਸ਼ਬਦ ਖਾਰੇ ਪਾਣੀ ਨਾਲ ਧੁਲ ਗਏ ਸਨ। ਲਿਖਿਆ ਸੀ-
'ਬਹੂ ਦੇ ਇੱਥੇ ਹੁੰਦਿਆਂ ਮੇਰੇ ਤਾਂ ਉਹੀ ਪੁਰਾਣੇ ਦਿਨ ਪਰਤ ਆਏ ਸਨ-ਤੇਰੀ ਮਾਂ ਦੇ ਦਿਨ। ਜਦੋਂ ਸਾਡੀ ਨਵੀਂ ਨਵੀਂ ਸ਼ਾਦੀ ਹੋਈ ਸੀ, ਤਾਂ ਉਹ ਵੀ ਏਨੀ ਹੀ ਅੱਲ੍ਹੜ ਸੀ। ਇੰਜ ਹੀ ਲਾਹੇ ਹੋਏ ਕਪੜੇ ਇਧਰ ਉਧਰ ਸੁੱਟ ਦਿੰਦੀ-ਪਿਤਾਜੀ ਸਾਂਭਦੇ ਫਿਰਦੇ। ਉਹੀ ਸੰਦਲ ਦਾ ਸੰਦੂਕ, ਉਹੀ ਬੇਤਰਤੀਬਾ ਛਿਛਪੱਤ। ਮੈਂ ਬਾਜ਼ਾਰ ਜਾ ਰਿਹਾ ਹਾਂ, ਕੁਛ ਨਹੀਂ ਤਾਂ ਦਹੀਂ ਵੜੇ ਜਾਂ ਰਬੜੀ ਲਿਆ ਰਿਹਾ ਹਾਂ। ਹੁਣ ਘਰ ਵਿਚ ਕੋਈ ਨਹੀਂ। ਉਹ ਥਾਂ, ਜਿੱਥੇ ਸੰਦਲ ਦਾ ਸੰਦੂਕ ਪਿਆ ਹੁੰਦਾ ਸੀ, ਖ਼ਾਲੀ ਹੈ...'
ਤੇ ਫੇਰ ਇਕ ਅੱਧੀ ਲਾਈਨ ਧੁਲੀ ਹੋਈ ਸੀ। ਅਖ਼ੀਰ ਵਿਚ ਲਿਖਿਆ ਸੀ-
'ਦਫ਼ਤਰ ਤੋਂ ਵਾਪਸੀ ਵੇਲੇ ਇੱਥੇ ਵੱਡੇ ਵੱਡੇ ਹਨੇਰੇ ਕਮਰਿਆਂ ਵਿਚ ਵੜਨ ਲੱਗਿਆਂ ਮੇਰੇ ਮਨ ਨੂੰ ਇਕ ਹੌਲ ਜਿਹਾ ਪੈਂਦਾ ਹੈ'-
ਤੇ ਫੇਰ-
'ਬਹੂ ਦਾ ਖ਼ਿਆਲ ਰੱਖੀਂ। ਉਸਨੂੰ ਕਿਸੇ ਐਸੀ ਵੈਸੀ ਦਾਈ ਦੇ ਹਵਾਲੇ ਨਾ ਕਰ ਦੇਵੀਂ।'
ਇੰਦੂ ਨੇ ਦੋਵਾਂ ਹੱਥਾਂ ਵਿਚ ਚਿੱਠੀ ਫੜ੍ਹ ਲਈ, ਲੰਮਾਂ ਸਾਹ ਖਿੱਚਿਆ, ਅੱਖਾਂ ਅੱਡੀਆਂ, ਸ਼ਰਮ ਨਾਲ ਪਾਣੀ ਪਾਣੀ ਹੁੰਦੀ ਹੋਈ ਬੋਲੀ-“ਮੈਂ ਮਰ ਗਈ, ਬਾਊਜੀ ਨੂੰ ਕਿਵੇਂ ਪਤਾ ਲੱਗ ਗਿਆ?”
ਮਦਨ ਨੇ ਚਿੱਠੀ ਫੜ੍ਹਦਿਆਂ ਹੋਇਆਂ ਕਿਹਾ-“ਬਾਊਜੀ ਕੋਈ ਬਾਲ ਨੇ? ਦੁਨੀਆਂ ਦੇਖੀ ਏ, ਸਾਨੂੰ ਜੰਮਿਆਂ ਏਂ।”
“ਹਾਂ, ਪਰ?” ਇੰਦੂ ਬੋਲੀ, “ਅਜੇ ਦਿਨ ਈ ਕਿੰਨੇ ਹੋਏ ਐ?”
ਤੇ ਫੇਰ ਉਸਨੇ ਇਕ ਤਿੱਖੀ ਨਜ਼ਰੇ ਆਪਣੇ ਢਿੱਡ ਵੱਲ ਤੱਕਿਆ ਜਿਸਨੇ ਅਜੇ ਵਧਣਾ ਵੀ ਸ਼ੁਰੂ ਨਹੀਂ ਸੀ ਕੀਤਾ ਤੇ ਫੇਰ ਵੀ ਬਾਊਜੀ ਜਾਂ ਕੋਈ ਹੋਰ ਦੇਖ ਸਕਦਾ ਹੈ; ਉਸਨੇ ਸਾੜ੍ਹੀ ਦੇ ਪੱਲੇ ਨਾਲ ਉਸਨੂੰ ਢਕ ਲਿਆ ਤੇ ਕੁਝ ਸੋਚਣ ਲੱਗੀ। ਉਦੋਂ ਹੀ ਇਕ ਚਮਕ ਜਿਹੀ ਉਸਦੇ ਚਿਹਰੇ ਉੱਤੇ ਆਈ ਤੇ ਉਹ ਬੋਲੀ-“ਤੁਹਾਡੇ ਸਹੁਰਿਆਂ ਵੱਲੋ ਸ਼ੀਰਨੀ ਆਏਗੀ?”
“ਮੇਰੇ ਸਹੁਰੇ...? ਓ–ਹਾਂ।” ਮਦਨ ਨੇ ਰਸਤਾ ਬਦਲਦਿਆਂ ਹੋਇਆਂ ਕਿਹਾ, “ਕਿੰਨੀ ਸ਼ਰਮ ਵਾਲੀ ਗੱਲ ਏ। ਅਜੇ ਛੇ ਅੱਠ ਮਹੀਨੇ ਸ਼ਾਦੀ ਨੂੰ ਹੋਏ ਨੇ ਤੇ ਅਹਿ ਆ ਗਿਆ ਏ।” ਉਸਨੇ ਇੰਦੂ ਦੇ ਪੇਟ ਵੱਲ ਇਸ਼ਾਰਾ ਕੀਤਾ।
“ਆ ਗਿਐ ਕਿ ਤੁਸੀਂ ਲਿਆਏ ਓ?”
“ਤੂੰ...ਇਸ ਸਾਰਾ ਤੇਰਾ ਕਸੂਰ ਏ। ਕੁਝ ਔਰਤਾਂ ਹੁੰਦੀਆਂ ਈ ਅਜਿਹੀਆਂ ਨੇ।”
“ਤੁਹਾਨੂੰ ਪਸੰਦ ਨਹੀਂ?”
“ਉੱਕਾ ਨਹੀਂ।”
“ਕਿਉਂ?”
“ਚਾਰ ਦਿਨ ਤਾਂ ਮਜ਼ੇ ਕਰ ਲੈਂਦੇ ਜ਼ਿੰਦਗੀ ਦੇ।”
“ਕੀ ਇਹ ਜ਼ਿੰਦਗੀ ਦਾ ਮਜ਼ਾ ਨਹੀਂ?” ਇੰਦੂ ਨੇ ਦੁਖੀ ਜਿਹੀ ਆਵਾਜ਼ ਵਿਚ ਕਿਹਾ-“ਤੀਵੀਂ ਆਦਮੀਂ ਵਿਆਹ ਕਿਸ ਲਈ ਕਰਦੇ ਐ? ਭਗਵਾਨ ਨੇ ਬਿਨਾਂ ਮੰਗਿਆਂ ਦੇ ਦਿਤੈ ਨਾ? ਪੁੱਛੋ ਉਹਨਾਂ ਨੂੰ ਜੀਹਨਾਂ ਦੇ ਨਹੀਂ ਹੁੰਦਾ। ਫੇਰ ਉਹ ਕੀ ਕੁਸ਼ ਕਰਦੀਐਂ...? ਪੀਰਾਂ ਫਕੀਰਾਂ ਕੋਲ ਜਾਂਦੀਐਂ। ਸਮਾਧੀਆਂ–ਮਜਾਰਾਂ ਉੱਤੇ ਧਾਗੇ ਬੰਨ੍ਹਦੀਐਂ, ਸੰਗ–ਸ਼ਰਮ ਨੂੰ ਪਾਸੇ ਰੱਖ ਕੇ ਦਰਿਆਵਾਂ ਦੇ ਕਿਨਾਰੇ ਨੰਗੀਆਂ ਹੋ ਕੇ ਸਰਕੰਡੇ ਕੱਟਦੀਐਂ, ਸ਼ਮਸ਼ਾਨਾ ਵਿਚ ਦੀਵੇ ਜਗਾਉਂਦੀਐਂ...।”
“ਚੰਗਾ! ਚੰਗਾ!” ਮਦਨ ਬੋਲਿਆ, “ਤੂੰ ਤਾਂ ਭਾਸ਼ਣ ਈ ਸ਼ੁਰੂ ਕਰ ਦਿਤਾ ਈ। ਔਲਾਦ ਲਈ ਥੋੜ੍ਹੀ ਉਮਰ ਪਈ ਸੀ?”
“ਹੋਵੇਗਾ ਤਾਂ,” ਇੰਦੂ ਨੇ ਲੜਾਕੀਆਂ ਤੀਵੀਂਆਂ ਵਾਂਗ ਹਵਾ ਵਿਚ ਉਂਗਲ ਨਚਾਂਦਿਆਂ ਹੋਇਆਂ ਕਿਹਾ, “ਫੇਰ ਤੁਸੀਂ ਹੱਥ ਵੀ ਨਾ ਲਾਉਣਾ। ਉਹ ਤੁਹਾਡਾ ਨਹੀਂ ਮੇਰਾ ਹੋਵੇਗਾ। ਤੁਹਾਨੂੰ ਤਾਂ ਉਸਦੀ ਲੋੜ ਨਹੀਂ ਪਰ ਉਸਦੇ ਦਾਦੇ ਨੂੰ ਬੜੀ ਐ-ਇਹ ਮੈਂ ਜਾਣਦੀ ਆਂ।”
ਫੇਰ ਕੁਝ ਨਾਰਾਜ਼ ਤੇ ਕੁਝ ਨਿਰਾਸ਼ ਹੋ ਕੇ ਇੰਦੂ ਨੇ ਆਪਣਾ ਮੂੰਹ ਦੋਵਾਂ ਹੱਥਾਂ ਵਿਚ ਛੁਪਾਅ ਲਿਆ। ਉਹ ਸੋਚਦੀ ਸੀ, ਪੇਟ ਵਿਚ ਇਸ ਨੰਨ੍ਹੀ ਜਿਹੀ ਜਿੰਦ ਦੀ ਖ਼ਬਰ ਮਿਲਣ 'ਤੇ ਇਸ ਜਿੰਦ ਦਾ ਕਰਤਾ ਥੋੜ੍ਹੀ–ਬਹੁਤੀ ਹਮਦਰਦੀ ਤਾਂ ਕਰੇਗਾ ਹੀ। ਪਰ ਮਦਨ ਚੁੱਪਚਾਪ ਬੈਠਾ ਰਿਹਾ। ਇਕ ਸ਼ਬਦ ਵੀ ਉਸਦੇ ਮੂੰਹੋਂ ਨਹੀਂ ਸੀ ਨਿਕਲਿਆ। ਇੰਦੂ ਨੇ ਚਿਹਰੇ ਤੋਂ ਹੱਥ ਹਟਾ ਕੇ ਮਦਨ ਵੱਲ ਦੇਖਿਆ ਤੇ ਹੋਣ ਵਾਲੀ ਪਹਿਲੋਟਨ ਦੇ ਖਾਸ ਅੰਦਾਜ਼ ਵਿਚ ਬੋਲੀ, “ਉਹ ਤਾਂ ਜੋ ਕੁਸ਼ ਮੈਂ ਕਹਿ ਰਹੀ ਆਂ ਪਿੱਛੋਂ ਹੋਵੇਗਾ, ਪਹਿਲਾਂ ਤਾਂ ਮੈਂ ਬਚਾਂਗੀ ਈ ਨਹੀਂ...ਮੈਨੂੰ ਬਚਪਨ ਤੋਂ ਈ ਸ਼ੰਕਾ ਐ ਇਸ ਗੱਲ ਦਾ।”
ਮਦਨ ਜਿਵੇਂ ਹਿਰਖ ਗਿਆ। ਇਹ 'ਖ਼ੂਬਸੂਰਤ ਚੀਜ਼' ਜਿਹੜੀ ਜੱਚਗੀ ਪਿੱਛੋਂ ਹੋਰ ਵੀ ਖ਼ੂਬਸੂਰਤ ਲੱਗਣ ਲੱਗ ਪਏਗੀ, ਮਰ ਜਾਏਗੀ? ਉਸਨੇ ਪਿੱਠ ਵਾਲੇ ਪਾਸਿਓਂ ਇੰਦੂ ਨੂੰ ਫੜ੍ਹ ਲਿਆ ਫੇਰ ਖਿੱਚ ਕੇ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਬੋਲਿਆ, “ਤੈਨੂੰ ਕੁਛ ਨਹੀਂ ਹੋਵੇਗਾ ਇੰਦੂ। ਮੈਂ ਤਾਂ ਮੌਤ ਦੇ ਮੂੰਹ ਵਿਚੋਂ ਵੀ ਖੋਹ ਕੇ ਲੈ ਆਵਾਂਗਾ ਤੈਨੂੰ-ਏਸ ਵਾਰੀ ਸਾਵਿਤਰੀ ਨਹੀਂ, ਸਤਯਵਾਨ ਦੀ ਵਾਰੀ ਏ...”
ਮਦਨ ਦੇ ਕਲਾਵੇ ਵਿਚ ਇੰਦੂ ਭੁੱਲ ਹੀ ਗਈ ਕਿ ਉਸਦਾ ਆਪਣਾ ਵੀ ਕੋਈ ਦੁਖ ਹੈ।
ਉਸ ਪਿੱਛੋਂ ਬਾਊਜੀ ਨੇ ਕੁਝ ਨਹੀਂ ਲਿਖਿਆ। ਹਾਂ, ਸਹਾਰਨਪੁਰ ਤੋਂ ਇਕ ਸਾਰਟਰ ਆਇਆ ਜਿਸ ਨੇ ਸਿਰਫ ਏਨਾ ਦੱਸਿਆ ਕਿ ਬਾਊਜੀ ਨੂੰ ਫੇਰ ਦੌਰੇ ਪੈਣ ਲੱਗ ਪਏ ਨੇ। ਇਕ ਦੌਰੇ ਵਿਚ ਤਾਂ ਉਹ ਲਗਭਗ ਚੱਲ ਹੀ ਵੱਸੇ ਸਨ। ਮਦਨ ਡਰ ਗਿਆ, ਇੰਦੂ ਰੋਣ ਲੱਗ ਪਈ। ਸਾਰਟਰ ਦੇ ਜਾਣ ਪਿੱਛੋਂ ਹਮੇਸ਼ਾ ਵਾਂਗ ਮਦਨ ਨੇ ਅੱਖਾਂ ਮੀਚ ਲਈਆਂ ਤੇ ਮਨ ਹੀ ਮਨ ਜਪਣ ਲੱਗਿਆ-'ਓਮ ਨਮੋ ਭਗਵਤੇ...'
ਦੂਜੇ ਦਿਨ ਹੀ ਮਦਨ ਨੇ ਪਿਓ ਨੂੰ ਚਿੱਠੀ ਲਿਖੀ-
'ਬਾਊਜੀ! ਆ ਜਾਓ, ਬੱਚੇ ਬੜਾ ਯਾਦ ਕਰਦੇ ਨੇ ਤੇ ਤੁਹਾਡੀ ਬਹੂ ਵੀ...'
ਪਰ ਆਖ਼ਰ ਨੌਕਰੀ ਸੀ। ਆਪਣੇ ਵੱਸ ਦੀ ਗੱਲ ਥੋੜ੍ਹਾ ਹੀ ਸੀ। ਧਨੀਰਾਮ ਦੇ ਖ਼ਤ ਅਨੁਸਾਰ ਉਹ ਛੁੱਟੀ ਲਈ ਕੋਸ਼ਿਸ਼ ਕਰ ਰਹੇ ਸਨ...ਉਹਨਾਂ ਬਾਰੇ ਮਦਨ ਦਾ ਦਿਨੋ ਦਿਨ ਦੋਖੀ ਅਹਿਸਾਸ ਵਧਦਾ ਜਾ ਰਿਹਾ ਸੀ-'ਜੇ ਮੈਂ ਇੰਦੂ ਨੂੰ ਉੱਥੇ ਹੀ ਰਹਿਣ ਦਿੰਦਾ ਤਾਂ ਮੇਰਾ ਕੀ ਘਸ ਜਾਂਦਾ?'
*** *** ***
ਵਿਜੈ ਦਸਵੀਂ ਤੋਂ ਇਕ ਰਾਤ ਪਹਿਲਾਂ ਮਦਨ ਬੇਚੈਨੀ ਦੀ ਹਾਲਤ ਵਿਚ ਵਿਚਕਾਰਲੇ ਕਮਰੇ ਦੇ ਬਾਹਰ ਵਰਾਂਡੇ ਵਿਚ ਟਹਿਲ ਰਿਹਾ ਸੀ ਕਿ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤੇ ਉਹ ਤ੍ਰਬਕ ਕੇ ਦਰਵਾਜ਼ੇ ਵੱਲ ਅਹੁਲਿਆ। ਬੇਗਮ ਦਾਈ ਬਾਹਰ ਆਈ ਤੇ ਬੋਲੀ-“ਮੁਬਾਰਕ ਹੋਵੇ ਬਾਊਜੀ, ਮੁੰਡਾ ਹੋਇਆ ਏ।”
“ਮੁੰਡਾ?” ਮਦਨ ਬੜਰਾਇਆ ਤੇ ਫੇਰ ਫਿਕਰਾਂ ਵਿੰਨ੍ਹੀ ਆਵਾਜ਼ ਵਿਚ ਬੋਲਿਆ-“ਮਾਂ ਕੈਸੀ ਹੈ?”
ਬੇਗਮ ਬੋਲੀ-“ਖ਼ੈਰ ਮਿਹਰ ਏ, ਮੈਂ ਅਜੇ ਤੀਕ ਉਸਨੂੰ ਕੁੜੀ ਓ ਦੱਸੀ ਏ। ਜੱਚਾ ਜ਼ਿਆਦਾ ਖੁਸ਼ ਹੋ ਜਾਏ ਤਾਂ ਉਸਦੀ ਔਲ ਸੌਖੀ ਨਹੀਂ ਪੈਂਦੀ।”
“ਓ...” ਮਦਨ ਨੇ ਮੂਰਖਾਂ ਵਾਂਗ ਅੱਖਾਂ ਝਪਕਾਉਂਦਿਆਂ ਕਿਹਾ ਤੇ ਫੇਰ ਕਮਰੇ ਅੰਦਰ ਜਾਣ ਲਈ ਅਗਾਂਹ ਵਧਿਆ। ਬੇਗਮ ਨੇ ਉਸਨੂੰ ਉੱਥੇ ਹੀ ਰੋਕ ਦਿਤਾ ਤੇ ਕਹਿਣ ਲੱਗੀ- “ਤੇਰਾ ਅੰਦਰ ਕੀ ਕੰਮ?” ਤੇ ਫੇਰ ਅੰਦਰ ਹੋ ਕੇ ਦਰਵਾਜ਼ਾ ਭੇੜ ਲਿਆ।
ਮਦਨ ਦੀਆਂ ਲੱਤਾਂ ਅਜੇ ਤਕ ਕੰਬ ਰਹੀਆਂ ਸਨ। ਉਸ ਵੇਲੇ ਡਰ ਨਾਲ ਨਹੀਂ ਬਲਿਕੇ ਤਸੱਲੀ ਨਾਲ ਜਾਂ ਸ਼ਾਇਦ ਇਸ ਲਈ ਕਿ ਜਦੋਂ ਕੋਈ ਇਸ ਦੁਨੀਆਂ ਵਿਚ ਆਉਂਦਾ ਹੈ ਤਾਂ ਆਲੇ ਦੁਆਲੇ ਦੇ ਲੋਕਾਂ ਦੀ ਇਹੀ ਹਾਲਤ ਹੁੰਦੀ ਹੈ। ਮਦਨ ਨੇ ਸੁਣਿਆ ਸੀ, ਜਦੋਂ ਮੁੰਡਾ ਜੰਮਦਾ ਹੈ ਤਾਂ ਘਰ ਦੇ ਕੰਧਾਂ ਕੌਲੇ ਕੰਬਦੇ ਨੇ। ਜਿਵੇਂ ਡਰ ਰਹੇ ਹੋਣ ਕਿ ਵੱਡਾ ਹੋ ਕੇ ਸਾਨੂੰ ਵੇਚੇਗਾ ਕਿ ਰੱਖੇਗਾ। ਮਦਨ ਨੇ ਮਹਿਸੂਸ ਕੀਤਾ, ਜਿਵੇਂ ਸੱਚਮੁੱਚ ਹੀ ਕੰਧਾਂ ਕੰਬ ਰਹੀਆਂ ਸਨ...ਜੱਚਗੀ ਲਈ ਚਿਕਨੀ ਭਾਬੀ ਤਾਂ ਨਹੀਂ ਸੀ ਆਈ ਕਿਉਂਕਿ ਉਸਦਾ ਆਪਣਾ ਬਾਲ ਕਾਫੀ ਛੋਟਾ ਸੀ-ਹਾਂ, ਦਰਿਆਬਾਦ ਵਾਲੀ ਭੂਆ ਜ਼ਰੂਰ ਪਹੁੰਚ ਗਈ ਸੀ, ਜਿਸਨੇ ਜਨਮ ਸਮੇਂ 'ਰਾਮ–ਰਾਮ, ਰਾਮ–ਰਾਮ' ਦੀ ਰਟ ਲਾ ਦਿਤੀ ਸੀ ਤੇ ਹੁਣ ਉਹੀ ਰਟ ਧੀਮੀ ਹੋ ਗਈ ਸੀ...
ਜ਼ਿੰਦਗੀ ਭਰ ਮਦਨ ਨੂੰ ਆਪਣਾ ਆਪ ਏਨਾ ਫਜ਼ੂਲ ਤੇ ਬੇਕਾਰ ਕਦੀ ਨਹੀਂ ਸੀ ਲੱਗਿਆ। ਏਨੇ ਵਿਚ ਫੇਰ ਦਰਵਾਜ਼ਾ ਖੁੱਲ੍ਹਿਆ ਤੇ ਭੂਆ ਬਾਹਰ ਨਿਕਲੀ। ਵਰਾਂਡੇ ਦੀ ਬਿਜਲੀ ਦੀ ਮੱਧਮ ਜਿਹੀ ਰੌਸ਼ਨੀ ਵਿਚ ਉਸਦਾ ਚਿਹਰਾ ਕਿਸੇ ਪ੍ਰੇਤ ਦੇ ਚਿਹਰੇ ਵਰਗਾ-ਬਿਲਕੁਲ ਦੁਧੀਆ–ਸਫ਼ੇਦ- ਨਜ਼ਰ ਆ ਰਿਹਾ ਸੀ। ਮਦਨ ਨੇ ਉਸਦਾ ਰਸਤਾ ਰੋਕਦਿਆਂ ਕਿਹਾ-
“ਇੰਦੂ ਠੀਕ ਏ ਨਾ ਭੂਆ?”
“ਠੀਕ ਐ, ਠੀਕ ਐ, ਠੀਕ ਐ...” ਭੂਆ ਨੇ ਤਿੰਨ ਚਾਰ ਵਾਰੀ ਕਿਹਾ ਤੇ ਫੇਰ ਆਪਣਾ ਕੰਬਦਾ ਹੋਇਆ ਹੱਥ ਮਦਨ ਦੇ ਸਿਰ ਉੱਤੇ ਰੱਖ ਕੇ ਉਸਨੂੰ ਹੇਠਾਂ ਕੀਤਾ, ਚੁੰਮਿਆਂ ਤੇ ਬਾਹਰ ਚਲੀ ਗਈ।
ਭੂਆ ਵਰਾਂਡੇ ਦੇ ਦਰਵਾਜ਼ੇ ਵਿਚੋਂ ਬਾਹਰ ਜਾਂਦੀ ਹੋਈ ਨਜ਼ਰ ਆ ਰਹੀ ਸੀ। ਉਹ ਬੈਠਕ ਵਿਚ ਪਹੁੰਚੀ, ਜਿੱਥੇ ਬਾਕੀ ਬੱਚੇ ਸੁੱਤੇ ਹੋਏ ਸਨ। ਭੂਆ ਨੇ ਇਕ ਇਕ ਕਰਕੇ ਸਾਰਿਆਂ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਿਆ ਤੇ ਫੇਰ ਛੱਤ ਵੱਲ ਅੱਖਾਂ ਚੁੱਕ ਕੇ ਮੂੰਹ ਵਿਚ ਕੁਝ ਬਰੜਾਈ ਤੇ ਫੇਰ ਨਿਢਾਲ ਜਿਹੀ ਹੋ ਕੇ ਮੁੰਨੀ ਕੋਲ ਮੂਧੀ ਲੇਟ ਗਈ। ਉਸਦੇ ਹਿੱਲਦੇ ਹੋਏ ਮੋਢਿਆਂ ਤੋਂ ਪਤਾ ਲੱਗ ਰਿਹਾ ਸੀ ਜਿਵੇਂ ਰੋ ਰਹੀ ਹੈ। ਮਦਨ ਹੈਰਾਨ ਹੋਇਆ! ਭੂਆ ਨੇ ਕਈ ਬਾਲ ਜੰਮੇ ਸਨ ਫੇਰ ਕਿਉਂ ਉਸਦੀ ਰੂਹ ਇੰਜ ਕੰਬ ਗਈ ਹੈ...?
ਫੇਰ ਉਧਰਲੇ ਕਮਰੇ ਵਿਚੋਂ ਹਰਮਲ ਦੀ ਬੂ ਬਾਹਰ ਆਈ। ਧੂੰਏ ਦਾ ਇਕ ਗੁਬਾਰ ਜਿਹਾ ਆਇਆ, ਜਿਸਨੇ ਮਦਨ ਦਾ ਅਹਾਤਾ ਭਰ ਦਿਤਾ। ਉਸਦਾ ਸਿਰ ਚਕਰਾ ਗਿਆ। ਉਦੋਂ ਹੀ ਬੇਗਮ ਦਾਈ ਕਪੜੇ ਵਿਚ ਕੁਝ ਲਪੇਟਦੀ ਹੋਈ ਬਾਹਰ ਆਈ। ਕਪੜੇ ਉੱਤੇ ਖ਼ੂਨ ਹੀ ਖ਼ੂਨ ਸੀ, ਜਿਸ ਵਿਚੋਂ ਕੁਝ ਤੁਪਕੇ ਨਿਕਲ ਕੇ ਫਰਸ਼ ਉੱਤੇ ਡਿੱਗ ਪਏ। ਮਦਨ ਦੇ ਹੋਸ਼ ਉੱਡ ਗਏ। ਉਸਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ! ਅੱਖਾਂ ਖੁੱਲ੍ਹੀਆਂ ਸਨ, ਪਰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਵਿਚਕਾਰ ਇੰਦੂ ਦੀ ਇਕ ਮੁਰਦਲੀ ਜਿਹੀ ਆਵਾਜ਼ ਆਈ-“ਹਾ–ਏ...” ਤੇ ਫੇਰ ਬੱਚੇ ਕੇ ਰੋਣ ਦੀ ਆਵਾਜ਼...
ਤਿੰਨ ਚਾਰ ਦਿਨ ਬੜਾ ਕੁਝ ਹੋਇਆ। ਮਦਨ ਨੇ ਘਰ ਦੇ ਇਕ ਖੂੰਜੇ ਵਿਚ ਟੋਇਆ ਪੁੱਟ ਕੇ ਔਲ ਨੂੰ ਨੱਪ ਦਿਤਾ। ਕੁੱਤਿਆਂ ਨੂੰ ਅੰਦਰ ਆਉਣ ਤੋਂ ਰੋਕਿਆ। ਪਰ ਉਸਨੂੰ ਕੁਝ ਯਾਦ ਨਹੀਂ ਸੀ। ਉਸਨੂੰ ਇੰਜ ਲੱਗਿਆ ਜਿਵੇਂ ਹਰਮਲ ਦੀ ਬੂ ਦਿਮਾਗ ਵਿਚ ਵੱਸ ਜਾਣ ਪਿੱਛੋਂ ਅੱਜ ਹੀ ਉਸਨੂੰ ਹੋਸ਼ ਆਇਆ ਹੈ। ਕਮਰੇ ਵਿਚ ਉਹ ਇਕੱਲਾ ਹੀ ਸੀ ਤੇ ਇੰਦੂ-ਨੰਦ ਤੇ ਯਸ਼ੋਧਾ-ਤੇ ਦੂਜੇ ਪਾਸੇ ਨੰਦਲਾਲ-ਇੰਦੂ ਨੇ ਬੱਚੇ ਵੱਲ ਦੇਖਿਆ ਤੇ ਜਿਵੇਂ ਟੋਹ ਲੈਣ ਦੇ ਅੰਦਾਜ਼ ਵਿਚ ਬੋਲੀ-“ਬਿਲਕੁਲ ਈ ਤੁਹਾਡੇ 'ਤੇ ਗਿਐ!”
“ਹੋਵੇਗਾ,” ਮਦਨ ਨੇ ਇਕ ਸਰਸਰੀ ਜਿਹੀ ਨਿਗਾਹ ਨਾਲ ਬੱਚੇ ਵੱਲ ਦੇਖਦਿਆਂ ਕਿਹਾ-“ਮੈਂ ਤਾਂ ਕਹਿਣਾ ਸ਼ੁਕਰ ਏ ਭਗਵਾਨ ਦਾ ਤੂੰ ਬਚ ਗਈ।”
“ਹਾਂ!” ਇੰਦੂ ਨੇ ਕਿਹਾ-“ਮੈਂ ਤਾਂ ਸਮਝਦੀ ਸੀ...”
“ਸ਼ੁਭ–ਸ਼ੁਭ ਬੋਲ।” ਮਦਨ ਨੇ ਯਕਦਮ ਇੰਦੂ ਦੀ ਗੱਲ ਟੁੱਕਦਿਆਂ ਕਿਹਾ-“ਏਥੇ ਜੋ ਕੁਝ ਹੋਇਆ ਏ-ਮੈਂ ਤਾਂ ਹੁਣ ਤੇਰੇ ਨੇੜੇ ਵੀ ਨਹੀ ਫਟਕਣਾ।” ਤੇ ਮਦਨ ਨੇ ਜੀਭ ਦੰਦਾਂ ਹੇਠ ਨੱਪ ਲਈ।
“ਤੌਬਾ ਕਰੋ।” ਇੰਦੂ ਬੋਲੀ।
ਮਦਨ ਨੇ ਝੱਟ ਹੱਥ ਨਾਲ ਦੋਵੇਂ ਕੰਨ ਫੜ੍ਹ ਲਏ ਤੇ ਇੰਦੂ ਸੁਥਰਾ ਜਿਹਾ ਹਾਸਾ ਹੱਸਣ ਲੱਗੀ।
ਬੱਚਾ ਜੰਮਣ ਪਿੱਛੋਂ ਕਈ ਦਿਨਾਂ ਤਕ ਇੰਦੂ ਦੀ ਧਰਨ ਥਾਵਂੇ ਨਹੀਂ ਸੀ ਆਈ। ਉਹ ਘੁੰਮ ਘੁੰਮ ਕੇ ਬੱਚੇ ਨੂੰ ਲੱਭਦੀ ਰਹੀ ਸੀ, ਜਿਹੜਾ ਹੁਣ ਉਸ ਤੋਂ ਪਰ੍ਹੇ ਬਾਹਰਲੀ ਦੁਨੀਆਂ ਵਿਚ ਜਾ ਕੇ ਆਪਣੀ ਅਸਲੀ ਮਾਂ ਨੂੰ ਭੁੱਲ ਗਿਆ ਸੀ।
ਹੁਣ ਸਭ ਕੁਝ ਠੀਕ ਸੀ ਤੇ ਇੰਦੂ ਸ਼ਾਂਤੀ ਨਾਲ ਉਸ ਦੁਨੀਆਂ ਨੂੰ ਵੇਖ ਰਹੀ ਸੀ। ਜਾਪਦਾ ਸੀ ਉਸਨੇ ਮਦਨ ਦੇ ਹੀ ਨਹੀਂ ਸਾਰੀ ਦੁਨੀਆਂ ਦੇ ਗੁਨਾਹਗਾਰਾਂ ਦੇ ਗੁਨਾਹ ਮੁਆਫ਼ ਕਰ ਦਿਤੇ ਨੇ ਤੇ ਹੁਣ ਦੇਵੀ ਬਣ ਕੇ ਦਯਾ ਤੇ ਕਰੂਣਾ ਦਾ ਪ੍ਰਸ਼ਾਦ ਵੰਡ ਰਹੀ ਹੈ...ਮਦਨ ਨੇ ਇੰਦੂ ਦੇ ਮੂੰਹ ਵੱਲ ਤੱਕਿਆ ਤੇ ਸੋਚਣ ਲੱਗਾ-ਇਸ ਸਾਰੇ ਖ਼ੂਨ ਖ਼ਰਾਬੇ ਪਿੱਛੋਂ ਕੁਝ ਪਤਲੀ ਹੋ ਕੇ ਇੰਦੂ ਹੋਰ ਵੀ ਚੰਗੀ ਲੱਗਣ ਲੱਗ ਪਈ ਹੈ...ਉਦੋਂ ਹੀ ਇੰਦੂ ਨੇ ਆਪਣੇ ਦੋਵੇਂ ਹੱਥ ਛਾਤੀਆਂ ਉੱਤੇ ਰੱਖ ਲਏ।
“ਕੀ ਹੋਇਆ?” ਮਦਨ ਨੇ ਪੁੱਛਿਆ।
“ਕੁਸ਼ ਨੀਂ,” ਇੰਦੂ ਥੋੜ੍ਹਾ ਜਿਹਾ ਉਠਣ ਦੀ ਕੋਸ਼ਿਸ਼ ਕਰਦੀ ਹੋਈ ਬੋਲੀ-“ਇਸਨੂੰ ਭੁੱਖ ਲੱਗੀ ਐ।” ਤੇ ਉਸਨੇ ਬੱਚੇ ਵੱਲ ਇਸ਼ਾਰਾ ਕੀਤਾ।
“ਇਸ ਨੂੰ?...ਭੁੱਖ?...” ਮਦਨ ਨੇ ਪਹਿਲਾਂ ਬੱਚੇ ਵੱਲ ਤੇ ਫੇਰ ਇੰਦੂ ਵੱਲ ਦੇਖਦਿਆਂ ਕਿਹਾ-“ਤੈਨੂੰ ਕਿਵੇਂ ਪਤਾ ਲੱਗਿਆ?”
“ਦੇਖਦੇ ਨੀਂ...!” ਇੰਦੂ ਹੇਠਾਂ ਵੱਲ ਨਿਗਾਹਾਂ ਕਰਦੀ ਹੋਈ ਬੋਲੀ-“ਸਭ ਗਿੱਲਾ ਹੋ ਗਿਐ!”
ਮਦਨ ਨੇ ਗਹੂ ਨਾਲ ਇੰਦੂ ਦੇ ਢਿੱਲੇ ਢਾਲੇ ਝਗਲੇ ਵੱਲ ਦੇਖਿਆ। ਝਰ–ਝਰ ਦੁੱਧ ਵਗ ਰਿਹਾ ਸੀ ਤੇ ਇਕ ਖਾਸ ਕਿਸਮ ਦੀ ਬੂ ਆ ਰਹੀ ਸੀ। ਫੇਰ ਇੰਦੂ ਨੇ ਬੱਚੇ ਵੱਲ ਹੱਥ ਵਧਾਉਂਦਿਆਂ ਹੋਇਆਂ ਕਿਹਾ-“ਇਸਨੂੰ ਮੈਨੂੰ ਫੜਾ ਦਿਓ।”
ਮਦਨ ਨੇ ਹੱਥ ਭੰਗੂੜੇ ਵੱਲ ਵਧਾਏ ਤੇ ਉਸੇ ਪਲ ਪਿਛਾਂਹ ਖਿੱਚ ਲਏ। ਫੇਰ ਕੁਝ ਹਿੰਮਤ ਤੋਂ ਕੰਮ ਲੈਂਦਿਆਂ ਉਸਨੇ ਬੱਚੇ ਨੂੰ ਇੰਜ ਚੁੱਕਿਆ, ਜਿਵੇਂ ਉਹ ਮਰਿਆ ਹੋਇਆ ਚੂਹਾ ਹੋਵੇ। ਅਖ਼ੀਰ ਉਸਨੇ ਬੱਚੇ ਨੂੰ ਇੰਦੂ ਦੀ ਗੋਦੀ ਵਿਚ ਪਾ ਦਿਤਾ। ਇੰਦੂ ਮਦਨ ਵੱਲ ਦੇਖਦੀ ਹੋਈ ਬੋਲੀ-“ਤੁਸੀਂ ਜਾਓ ਬਾਹਰ...”
“ਕਿਉਂ?...ਬਾਹਰ ਕਿਉਂ ਜਾਵਾਂ?” ਮਦਨ ਨੇ ਪੁੱਛਿਆ।
“ਜਾਓ ਨਾ...” ਇੰਦੂ ਨੇ ਜ਼ਰਾ ਮਚਲਦਿਆਂ ਰਤਾ ਸ਼ਰਮਾਉਂਦਿਆਂ ਹੋਇਆਂ ਕਿਹਾ-“ਤੁਹਾਡੇ ਸਾਹਮਣੇ ਮੈਂ ਦੁੱਧ ਨਈਂ ਪਿਆ ਸਕਾਂਗੀ।”
“ਹੈਂ!” ਮਦਨ ਹੈਰਾਨੀ ਨਾਲ ਬੋਲਿਆ-“ਮੇਰੇ ਸਾਹਮਣੇ...ਨਹੀਂ ਪਿਆ ਸਕੇਂਗੀ!” ਤੇ ਫੇਰ ਨਾਸਮਝਾਂ ਵਾਗ ਸਿਰ ਹਿਲਾਅ ਕੇ ਬਾਹਰ ਵੱਲ ਤੁਰ ਪਿਆ। ਦਰਵਾਜ਼ੇ ਕੋਲ ਪਹੁੰਚ ਕੇ ਮੁੜਦਿਆਂ ਹੋਇਆਂ ਇੰਦੂ ਉੱਤੇ ਨਿਗਾਹ ਮਾਰੀ...ਏਨੀ ਹੁਸੀਨ ਇੰਦੂ ਅੱਜ ਤਕ ਨਹੀਂ ਸੀ ਲੱਗੀ!
*** *** ***
ਬਾਊ ਧਨੀਰਾਮ ਛੁੱਟੀ 'ਤੇ ਘਰ ਆਏ ਤਾਂ ਉਹ ਪਹਿਲਾਂ ਨਾਲੋਂ ਅੱਧੇ ਨਜ਼ਰ ਆ ਰਹੇ ਸਨ। ਜਦੋਂ ਇੰਦੂ ਨੇ ਪੋਤਾ ਉਹਨਾਂ ਦੀ ਗੋਦ ਵਿਚ ਪਾਇਆ ਤਾਂ ਉਹ ਖਿੜਪੁੜ ਗਏ। ਉਹਨਾਂ ਦੇ ਪੇਟ ਅੰਦਰ ਕੋਈ ਫੋੜਾ ਹੋ ਗਿਆ ਸੀ, ਜਿਹੜਾ ਚੌਵੀ ਘੰਟੇ ਉਹਨਾਂ ਨੂੰ ਸੂਲੀ 'ਤੇ ਟੰਗੀ ਰੱਖਦਾ ਸੀ। ਜੇ ਮੁੰਨਾ ਨਾ ਹੁੰਦਾ ਤਾਂ ਬਾਊਜੀ ਦੀ ਉਸ ਨਾਲੋਂ ਦਸ ਗੁਣਾ ਮਾੜੀ ਹਾਲਤ ਹੁੰਦੀ।
ਕਈ ਇਲਾਜ਼ ਕੀਤੇ ਗਏ। ਬਾਊਜੀ ਦੇ ਆਖ਼ਰੀ ਇਲਾਜ਼ ਵਿਚ ਡਾਕਟਰ ਨੇ ਅੱਧਾਨੀ ਬਰਾਬਰ ਪੰਦਰਾਂ ਵੀ ਗੋਲੀਆਂ ਰੋਜ਼ ਖਾਣ ਲਈ ਦੱਸ ਦਿੱਤੀਆਂ। ਪਹਿਲੇ ਦਿਨ ਹੀ ਉਹਨਾਂ ਨੂੰ ਏਨਾ ਪਸੀਨਾ ਆਇਆ ਕਿ ਦਿਨ ਵਿਚ ਤਿੰਨ ਤਿੰਨ ਚਾਰ ਚਾਰ ਵਾਰੀ ਕਪੜੇ ਬਦਲਨੇ ਪਏ। ਹਰ ਵਾਰੀ ਮਦਨ ਕਪੜੇ ਲਿਆ ਕੇ ਬਾਲਟੀ ਵਿਚ ਨਿਚੋੜਦਾ ਤਾਂ ਸਿਰਫ ਪਸੀਨੇ ਨਾਲ ਹੀ ਬਾਲਟੀ ਚੌਥਾ ਹਿੱਸਾ ਭਰ ਜਾਂਦੀ। ਰਾਤ ਨੂੰ ਉਹਨਾਂ ਨੂੰ ਵੱਤ ਆਉਣ ਲੱਗ ਪਏ ਤੇ ਉਹਨਾਂ ਆਵਾਜ਼ ਦਿਤੀ-
“ਬਹੂ! ਜ਼ਰਾ ਦਾਤੁਨ ਤਾਂ ਫੜਾਵੀਂ, ਮੂੰਹ ਦਾ ਸਵਾਦ ਬੜਾ ਖ਼ਰਾਬ ਹੋਇਆ ਹੋਇਐ।” ਬਹੂ ਕਾਹਲ ਨਾਲ ਗਈ ਤੇ ਦਾਤੂਨ ਚੁੱਕ ਲਿਆਈ। ਬਾਊਜੀ ਉਠ ਕੇ ਦਾਤੁਨ ਚੱਬ ਹੀ ਰਹੇ ਸਨ ਕਿ ਇਕ ਉਲਟੀ ਕੀ ਆਈ, ਨਾਲ ਹੀ ਖ਼ੂਨ ਦਾ ਪਰਨਾਲਾ ਚੱਲ ਪਿਆ। ਪੁੱਤਰ ਨੇ ਸਿਰਹਾਣੇ ਉੱਤੇ ਲਿਟਾਇਆ ਤਾਂ ਪੁਤਲੀਆਂ ਫਿਰ ਚੁੱਕੀਆਂ ਸਨ ਤੇ ਪਲਾਂ ਵਿਚ ਹੀ ਉਹ ਉਪਰ ਆਸਮਾਨ ਦੇ ਗੁਲਜ਼ਾਰ ਵਿਚ ਪਹੁੰਚ ਚੁੱਕੇ ਸਨ, ਜਿੱਥੇ ਉਹਨਾਂ ਆਪਣਾ ਸਥਾਨ ਮੱਲ ਲਿਆ ਸੀ।
ਮੁੰਨੇ ਨੂੰ ਜੰਮਿਆਂ ਸਿਰਫ ਵੀਹ–ਪੱਚੀ ਦਿਨ ਹੋਏ ਸਨ, ਇੰਦੂ ਨੇ ਮੂੰਹ, ਸਿਰ ਤੇ ਛਾਤੀ ਪਿੱਟ–ਪਿੱਟ ਆਪਣੇ ਆਪ ਨੂੰ ਨੀਲਾ ਕਰ ਲਿਆ। ਮਦਨ ਦੇ ਸਾਹਮਣੇ ਉਹੀ ਦ੍ਰਿਸ਼ ਸੀ, ਜਿਹੜਾ ਉਸਨੇ ਕਲਪਣਾ ਵਿਚ ਆਪਣੇ ਮਰਨੇ 'ਤੇ ਦੇਖਿਆ ਸੀ। ਫਰਕ ਸਿਰਫ ਏਨਾ ਸੀ ਕਿ ਇੰਦੂ ਨੇ ਚੂੜੀਆਂ ਤੋੜਨ ਦੀ ਬਜਾਏ ਲਾਹ ਕੇ ਰੱਖ ਦਿਤੀਆਂ ਸਨ। ਸਿਰ ਵਿਚ ਸਵਾਹ ਨਹੀਂ ਸੀ ਪਾਈ, ਪਰ ਜ਼ਮੀਨ ਤੋਂ ਮਿੱਟੀ ਲੱਗ ਜਾਣ ਕਰਕੇ ਤੇ ਵਾਲਾਂ ਦੇ ਖਿੱਲਰ ਜਾਣ ਨਾਲ ਚਿਹਰਾ ਭਿਆਨਕ ਹੋ ਗਿਆ ਸੀ। 'ਲੋਕੋ! ਮੈਂ ਲੁੱਟੀ ਗਈ ਵੇ' ਦੀ ਜਗ੍ਹਾ ਉਸਨੇ ਇਕ ਦਿਲ ਹਿਲਾਅ ਦੇਣ ਵਾਲੀ ਆਵਾਜ਼ ਵਿਚ ਚੀਕਣਾ ਸ਼ੁਰੂ ਕਰ ਦਿਤਾ ਸੀ-'ਲੋਕੋ! ਅਸੀਂ ਲੁੱਟੇ ਗਏ ਵੇ...'
ਘਰ ਬਾਹਰ ਦਾ ਕਿੰਨਾ ਬੋਝ ਮਦਨ ਉੱਤੇ ਆ ਪਿਆ ਸੀ, ਇਸ ਦਾ ਅਜੇ ਪੂਰੀ ਤਰ੍ਹਾਂ ਮਦਨ ਨੂੰ ਅੰਦਾਜ਼ਾ ਨਹੀਂ ਸੀ। ਸਵੇਰ ਹੋਣ ਤਕ ਉਸਦਾ ਦਿਲ ਉਛਲ ਕੇ ਸੰਘ ਵਿਚ ਅਟਕ ਗਿਆ। ਉਹ ਸ਼ਾਇਦ ਬਚ ਨਾ ਸਕਦਾ, ਜੇ ਉਹ ਘਰੋਂ ਬਾਹਰ ਬਾਂਦਰ ਦੇ ਕਿਨਾਰੇ ਸਿੱਲ੍ਹੀ ਮਿੱਟੀ ਉਪਰ ਮੂਧਾ ਲੇਟ ਕੇ ਆਪਣੇ ਦਿਲ ਨੂੰ ਠਿਕਾਣੇ ਨਾ ਲੈ ਆਉਂਦਾ...ਧਰਤੀ ਮਾਂ ਨੇ ਛਾਤੀ ਨਾਲ ਲਾ ਕੇ ਆਪਣੇ ਬੱਚੇ ਨੂੰ ਬਚਾਅ ਲਿਆ ਸੀ। ਛੋਟੇ ਬੱਚੇ ਕੁੰਦਨ, ਦੁਲਾਰੀ, ਮੁੰਨੀ ਤੇ ਪਾਸ਼ੀ ਇੰਜ ਚੀਕ–ਕੂਕ ਰਹੇ ਸਨ ਜਿਵੇਂ ਆਲ੍ਹਣੇ ਉੱਤੇ ਸ਼ਿਕਰੇ ਦੇ ਹਮਲੇ ਸਮੇਂ ਚਿੜੀਆਂ ਦੇ ਬੋਟ ਚੁੰਝਾਂ ਚੁੱਕ ਚੁੱਕ ਚੀਂ–ਚੀਂ ਕਰਦੇ ਨੇ। ਉਹਨਾਂ ਨੂੰ ਜੇ ਕੋਈ ਪਰਾਂ ਹੇਠ ਸਮੇਟਦੀ ਸੀ ਤਾਂ ਇੰਦੂ...
ਨਾਲੀ ਦੇ ਕਿਨਾਰੇ ਪਏ ਮਦਨ ਨੇ ਸੋਚਿਆ, ਹੁਣ ਤਾਂ ਇਹ ਦੁਨੀਆਂ ਮੇਰੇ ਲਈ ਖ਼ਤਮ ਹੋ ਗਈ ਹੈ। ਕੀ ਮੈਂ ਜਿਊਂ ਸਕਾਂਗਾ? ਜ਼ਿੰਦਗੀ ਵਿਚ ਕਦੀ ਹੱਸ ਸਕਾਂਗਾ? ਉਹ ਉਠਿਆ ਤੇ ਉਠ ਕੇ ਘਰੇ ਆ ਗਿਆ।
ਪੌੜੀਆਂ ਹੇਠ ਗੁਸਲਖ਼ਾਨਾ ਸੀ ਜਿਸ ਵਿਚ ਵੜ ਕੇ ਅੰਦਰੋਂ ਕੁੰਡੀ ਲਾਉਂਦਿਆਂ ਮਦਨ ਨੇ ਇਕ ਵਾਰੀ ਫੇਰ ਇਸ ਸਵਾਲ ਨੂੰ ਦੁਹਰਾਇਆ, ਮੈਂ ਕਦੀ ਹੱਸ ਵੀ ਸਕਾਂਗਾ?...ਤੇ ਉਹ ਖਿੜਖਿੜ ਕਰਕੇ ਹੱਸ ਪਿਆ ਸੀ। ਹਾਲਾਂਕਿ ਉਸਦੇ ਪਿਓ ਦੀ ਲਾਸ਼ ਅਜੇ ਤਕ ਬੈਠਕ ਵਿਚ ਪਈ ਸੀ।
ਪਿਓ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਮਦਨ ਅਰਥੀ ਉੱਤੇ ਪਏ ਉਸਦੇ ਜਿਸਮ ਸਾਹਮਣੇ ਡੰਡਵਤ ਕਰਨ ਦੀ ਮੁਦਰਾ ਵਿਚ ਲੇਟ ਗਿਆ। ਇਹ ਉਸਦਾ ਆਪਣੇ ਜਨਮ ਦਾਤਾ ਨੂੰ ਆਖ਼ਰੀ ਪ੍ਰਣਾਮ ਸੀ ਇਸੇ ਲਈ ਉਹ ਰੋ ਰਿਹਾ ਸੀ। ਉਸਦੀ ਇਹ ਹਾਲਤ ਦੇਖ ਕੇ ਮਾਤਮ ਵਿਚ ਸ਼ਾਮਿਲ ਹੋਣ ਵਾਲੇ ਰਿਸ਼ਤੇਦਾਰ ਤੇ ਮੁਹੱਲੇ ਵਾਲੇ ਵੀ ਸਿਲ–ਪੱਥਰ ਹੋ ਗਏ ਸਨ।
ਫੇਰ ਹਿੰਦੂ ਰਿਵਾਜ਼ ਅਨੁਸਾਰ ਸਭ ਤੋਂ ਵੱਡਾ ਪੁੱਤਰ ਹੋਣ ਦੇ ਨਾਤੇ ਮਦਨ ਨੂੰ ਚਿਤਾ ਨੂੰ ਅੱਗਨੀ ਦੇਣੀ ਪਈ। ਬਲਦੀ ਹੋਈ ਖੋਪੜੀ ਵਿਚ ਕਪਾਲ ਕ੍ਰਿਆ ਦੀ ਸੋਟੀ ਮਾਰਨੀ ਪਈ...ਔਰਤਾਂ ਬਾਹਰੋਂ ਹੀ ਸ਼ਮਸ਼ਾਨ ਦੇ ਖੂਹ 'ਤੇ ਨਹਾਅ ਕੇ ਵਾਪਸ ਜਾ ਚੁੱਕੀਆਂ ਸਨ। ਧਰਤੀ ਮਾਂ ਨੇ ਥੋੜ੍ਹੀ ਦੇਰ ਲਈ ਜਿਹੜੀ ਤਾਕਤ ਆਪਣੇ ਬੇਟੇ ਨੂੰ ਦਿਤੀ ਸੀ, ਰਾਤ ਘਿਰ ਆਉਣ ਤੇ ਫੇਰ ਹਵਸ ਵਿਚ ਢਲ ਗਈ...ਉਸਨੂੰ ਕੋਈ ਸਹਾਰਾ ਚਾਹੀਦਾ ਸੀ। ਕਿਸੇ ਅਜਿਹੇ ਜਜ਼ਬੇ ਦਾ ਸਹਾਰਾ, ਜਿਹੜਾ ਮੌਤ ਤੋਂ ਵੀ ਵੱਡਾ ਹੋਵੇ। ਉਸ ਵੇਲੇ ਧਰਤੀ ਮਾਂ ਦੀ ਧੀ, ਜਨਕ ਦੁਲਾਰੀ ਇੰਦੂ ਨੇ ਕਿਸੇ ਘੜੇ ਵਿਚੋਂ ਪੈਦਾ ਹੋ ਕੇ ਉਸ ਰਾਮ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ...ਉਸ ਰਾਤ ਜੇ ਇੰਦੂ ਆਪਣਾ ਆਪਾ ਇੰਜ ਮਦਨ ਉੱਤੇ ਨਾ ਵਾਰ ਦਿੰਦੀ ਤਾਂ ਏਡਾ ਵੱਡਾ ਦੁੱਖ ਮਦਨ ਨੂੰ ਲੈ ਡੁੱਬਦਾ।
*** *** ***
ਦਸ ਮਹੀਨਿਆਂ ਵਿਚ ਹੀ ਇੰਦੂ ਦਾ ਦੂਜਾ ਬੱਚਾ ਆ ਗਿਆ। ਪਤਨੀ ਨੂੰ ਇਸ ਨਰਕ ਦੀ ਭੱਠੀ ਵਿਚ ਧਰੀਕ ਕੇ ਮਦਨ ਆਪ ਆਪਣਾ ਦੁੱਖ ਭੁੱਲ ਗਿਆ ਸੀ। ਕਦੀ ਕਦੀ ਉਸਨੂੰ ਖ਼ਿਆਲ ਆਉਂਦਾ, ਜੇ ਮੈਂ ਸ਼ਾਦੀ ਪਿੱਛੋਂ ਬਾਊਜੀ ਕੋਲ ਗਈ ਇੰਦੂ ਨੂੰ ਨਾ ਬੁਲਾਅ ਲੈਂਦਾ ਤਾਂ ਸ਼ਾਇਦ ਉਹ ਏਨੀ ਜਲਦੀ ਨਾ ਚਲੇ ਜਾਂਦੇ। ਪਰ ਫੇਰ ਉਹ ਪਿਓ ਦੀ ਮੌਤ ਨਾਲ ਹੋਏ ਘਾਟੇ ਨੂੰ ਪੂਰਾ ਕਰਨ ਵਿਚ ਜੁਟ ਜਾਂਦਾ...ਕਾਰੋਬਾਰ, ਜਿਹੜਾ ਪਹਿਲਾਂ ਲਾਪ੍ਰਵਾਹੀ ਕਰਕੇ ਮੰਦਾ ਹੋ ਗਿਆ ਸੀ, ਮੁੜ ਰਿੜ੍ਹ ਪਿਆ ਸੀ।
ਇਹਨੀਂ ਦਿਨੀ ਵੱਡੇ ਬੱਚੇ ਨੂੰ ਮਦਨ ਕੋਲ ਛੱਡ ਕੇ, ਛੋਟੇ ਨੂੰ ਛਾਤੀ ਨਾਲ ਲਾਈ ਇੰਦੂ ਪੇਕੇ ਚਲੀ ਗਈ। ਪਿੱਛੇ ਮੁੰਨਾਂ ਤਰ੍ਹਾਂ–ਤਰ੍ਹਾਂ ਦੀ ਜ਼ਿਦ ਕਰਦਾ, ਜਿਹੜੀ ਕਦੀ ਮੰਨੀ ਜਾਂਦੀ ਸੀ ਤੇ ਕਦੀ ਨਹੀਂ ਵੀ। ਪੇਕਿਓਂ ਇੰਦੂ ਦਾ ਖ਼ਤ ਆਇਆ-
'ਮੈਨੂੰ ਏਥੇ ਆਪਣੇ ਪੁੱਤਰ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਐਂ ਜੀ, ਉਸਨੂੰ ਕੋਈ ਮਾਰਦਾ ਤਾਂ ਨਹੀਂ...'
ਮਦਨ ਨੂੰ ਬੜੀ ਹੈਰਾਨੀ ਹੋਈ। ਇਕ ਅਣਪੜ੍ਹ, ਜਾਹਿਲ ਔਰਤ ਅਜਿਹੀਆਂ ਗੱਲ ਕਿੰਜ ਲਿਖ ਸਕਦੀ ਹੈ? ਫੇਰ ਉਸਨੇ ਆਪਣੇ ਆਪ ਤੋਂ ਪੁੱਛਿਆ-'ਕੀ ਇਹ ਵੀ ਕੋਈ ਰਟਿਆ ਹੋਇਆ ਸ਼ਬਦ–ਵਾਕ ਹੈ?'
ਸਾਲ ਬੀਤਦੇ ਗਏ। ਪੈਸੇ ਕਦੀ ਏਨੇ ਨਹੀਂ ਸੀ ਹੋਏ ਕਿ ਉਹਨਾਂ ਨਾਲ ਕੁਝ ਐਸ਼ ਹੋ ਸਕੇ। ਪਰ ਗੁਜਾਰੇ ਲਾਇਕ ਆਮਦਨ ਜ਼ਰੂਰ ਹੋ ਜਾਂਦੀ ਸੀ। ਦਿੱਕਤ ਉਦੋਂ ਹੁੰਦੀ ਜਦੋਂ ਕੋਈ ਵੱਡਾ ਖ਼ਰਚਾ ਅਚਾਨਕ ਆ ਪੈਂਦਾ...ਕੁੰਦਨ ਨੂੰ ਦਾਖ਼ਲਾ ਦਿਵਾਉਣਾ ਹੈ, ਦੁਲਾਰੀ ਮੁੰਨੀ ਦਾ ਸ਼ਗਨ ਭੇਜਣਾ ਹੈ। ਉਦੋਂ ਮਦਨ ਮੂੰਹ ਲਟਕਾਅ ਕੇ ਬੈਠ ਜਾਂਦਾ ਤੇ ਫੇਰ ਇੰਦੂ ਇਕ ਪਾਸਿਓਂ ਆਉਂਦੀ ਮੁਸਕਰਾਉਂਦੀ ਹੋਈ ਤੇ ਕਹਿੰਦੀ, “ਕਿਉਂ ਦੁਖੀ ਹੋ ਰਹੇ ਓ?” ਮਦਨ ਉਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਕਹਿੰਦਾ, “ਦੁਖੀ ਨਾ ਹੋਵਾਂ? ਕੁੰਦਨ ਨੂੰ ਬੀ.ਏ. ਵਿਚ ਦਾਖਲਾ ਦਿਵਾਉਣਾ ਏਂ...ਮੁੰਨੀ...” ਇੰਦੂ ਫੇਰ ਹੱਸਦੀ ਤੇ ਕਹਿੰਦੀ, “ਚੱਲੋ ਮੇਰੇ ਨਾਲ।” ਤੇ ਮਦਨ ਭੇਡ ਦੇ ਬੱਚੇ ਵਾਂਗ ਇੰਦੂ ਦੇ ਪਿੱਛੇ–ਪਿੱਛੇ ਤੁਰ ਪੈਂਦਾ। ਇਦੂ ਸੰਦਲ ਦੇ ਸੰਦੂਕ ਕੋਲ ਪਹੁੰਚਦੀ, ਜਿਸਨੂੰ ਮਦਨ ਸਮੇਤ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਸੀ। ਕਦੀ ਕਦੀ ਇਸ ਗੱਲ 'ਤੇ ਨਾਰਾਜ਼ ਹੋ ਕੇ ਮਦਨ ਕਹਿੰਦਾ-“ਮਰੇਂਗੀ ਤਾਂ ਇਸ ਨੂੰ ਵੀ ਛਾਤੀ 'ਤੇ ਰੱਖ ਕੇ ਲੈ ਜਾਵੀਂ।” ਤੇ ਇੰਦੂ ਕਹਿੰਦੀ-“ਹਾਂ ਲੈ ਜਾਂ–ਗੀ।” ਫੇਰ ਇੰਦੂ ਉਸ ਵਿਚੋਂ ਲੋੜੀਂਦੀ ਰਕਮ ਕੱਢ ਕੇ ਸਾਹਮਣੇ ਰੱਖ ਦੇਂਦੀ।
“ਇਹ ਕਿੱਥੋਂ ਆਏ?”
“ਕਿਤੋਂ ਵੀ ਆਏ...ਤੁਹਾਨੂੰ ਅੰਬ ਖਾਣ ਤਾਈਂ ਮਤਲਬ ਐ ਕਿ...”
“ਫੇਰ ਵੀ?”
“ਤੁਸੀਂ ਜਾਓ ਆਪਣਾ ਕੰਮ ਸਾਰੋ।”
ਤੇ ਜਦੋਂ ਮਦਨ ਵਧੇਰੇ ਜ਼ਿਦ ਕਰਦਾ ਤਾਂ ਇੰਦੂ ਕਹਿੰਦੀ-“ਮੈਂ ਇਕ ਸੇਠ ਕਰ ਲਿਐ...!” ਤੇ ਫੇਰ ਹੱਸਣ ਲੱਗ ਪੈਂਦੀ। ਝੂਠਾ ਜਾਣਦਿਆਂ ਹੋਇਆਂ ਵੀ ਮਦਨ ਨੂੰ ਇਹ ਮਜ਼ਾਕ ਚੰਗਾ ਨਾ ਲੱਗਦਾ। ਫੇਰ ਇੰਦੂ ਕਹਿੰਦੀ-“ਮੈਂ ਚੋਰ–ਲੁਟੇਰੀ ਆਂ...ਤੁਸੀਂ ਨਹੀਂ ਜਾਣਦੇ? ਦਾਨੀ ਲੁਟੇਰੀ...ਜਿਹੜੀ ਇਕ ਹੱਥ ਨਾਲ ਲੁੱਟਦੀ ਐ ਤੇ ਦੂਜੇ ਨਾਲ ਗਰੀਬ–ਗੁਰਬਿਆਂ ਨੂੰ ਦੇ ਦੇਂਦਾ ਐ।”
ਇਸੇ ਤਰ੍ਹਾਂ ਮੁੰਨੀ ਦਾ ਵਿਆਹ ਹੋਇਆ ਜਿਸ ਵਿਚ ਅਜਿਹੀ ਹੀ ਲੁੱਟ ਦੇ ਗਹਿਣੇ ਬਣੇ। ਕਰਜ਼ਾ ਚੜ੍ਹਿਆ ਤੇ ਫੇਰ ਲੱਥ ਵੀ ਗਿਆ।
ਇੰਜ ਹੀ ਕੁੰਦਨ ਵੀ ਵਿਆਹਿਆ ਗਿਆ। ਆਸਮਾਨ ਵਿਚੋਂ ਬਾਊਜੀ ਤੇ ਮਾਂ ਦੇਖਦੇ ਤੇ ਫੁੱਲ ਬਰਸਾਉਂਦੇ ਜਿਹੜੇ ਕਿਸੇ ਨੂੰ ਨਜ਼ਰ ਨਾ ਆਉਂਦੇ। ਫੇਰ ਇੰਜ ਹੋਇਆ, ਉਪਰ ਮਾਂਜੀ ਤੇ ਬਾਊਜੀ ਵਿਚ ਝਗੜਾ ਹੋਣ ਲੱਗ ਪਿਆ। ਮਾਂ ਨੇ ਬਾਊਜੀ ਨੂੰ ਕਿਹਾ-“ਤੁਸੀਂ ਬਹੂ ਦੇ ਹੱਥ ਦੀ ਪੱਕੀ ਖਾ ਆਏ ਓ, ਤੇ ਉਸਦਾ ਸੁਖ ਵੀ ਦੇਖਿਆ ਏ ਪਰ ਮੈਂ ਕਰਮਾਂ ਸੜੀ ਨੇ ਕੁਝ ਵੀ ਨਹੀਂ ਦੇਖਿਆ...” ਤੇ ਇਹ ਝਗੜਾ ਵਿਸ਼ਨੂੰ, ਮਹੇਸ਼ ਤੇ ਸ਼ਿਵ ਤਕ ਪਹੁੰਚ ਗਿਆ। ਉਹਨਾਂ ਮਾਂ ਦੇ ਹੱਕ ਵਿਚ ਫੈਸਲਾ ਦਿਤਾ...ਤੇ ਇੰਜ ਮਾਂ, ਮਿਰਤੂ ਲੋਕ ਵਿਚ ਆ ਕੇ, ਬਹੂ ਦੀ ਕੁੱਖ ਵਿਚ ਵੱਸ ਗਈ...ਤੇ ਇੰਦੂ ਨੇ ਇਕ ਬੱਚੀ ਨੂੰ ਜਨਮ ਦਿਤਾ।
ਇੰਦੂ ਕੋਈ ਦੇਵੀ ਵੀ ਨਹੀਂ ਸੀ। ਜਦੋਂ ਕੋਈ ਅਸੂਲ ਦੀ ਗੱਲ ਹੁੰਦੀ ਤਾਂ ਨਣਾਨ, ਦਿਓਰ ਤਾਂ ਕੀ ਖ਼ੁਦ ਮਦਨ ਨਾਲ ਵੀ ਭਿੜ ਜਾਂਦੀ। ਮਦਨ ਇਮਾਨਦਾਰੀ ਦੀ ਏਸ ਪੁਤਲੀ ਨੂੰ ਨਾਰਾਜ਼ ਹੋ ਕੇ ਹਰੀਸ਼ਚੰਦਰ ਦੀ ਧੀ ਵੀ ਕਹਿੰਦਾ ਹੁੰਦਾ ਸੀ। ਕਿਉਂਕਿ ਇੰਦੂ ਦੀਆਂ ਗੱਲਾਂ ਵਿਚ ਉਲਝਾਅ ਹੋਣ ਦੇ ਬਾਵਜੂਦ ਸੱਚਾਈ ਤੇ ਧਰਮ ਦਾ ਵਧੇਰੇ ਅੰਸ਼ ਹੁੰਦਾ ਸੀ, ਇਸ ਲਈ ਮਦਨ ਕੇ ਟੱਬਰ ਦੇ ਬਾਕੀ ਸਾਰੇ ਲੋਕਾਂ ਦੀਆਂ ਅੱਖਾਂ ਇੰਦੂ ਦੇ ਸਾਹਮਣੇ ਨੀਵੀਆਂ ਹੀ ਰਹਿੰਦੀਆਂ ਸਨ। ਝਗੜਾ ਕਿੰਨਾ ਵੀ ਵਧ ਜਾਵੇ, ਮਦਨ ਆਪਣੇ ਪਤੀ ਦੇ ਅਧਿਕਾਰ ਸਦਕਾ ਕਿੰਨਾ ਵੀ ਇੰਦੂ ਦੀ ਗੱਲ ਨੂੰ ਰੱਦ ਕਰ ਦੇਵੇ, ਪਰ ਆਖ਼ਰ ਸਾਰੇ ਸਿਰ ਝੁਕਾ ਕੇ ਇੰਦੂ ਦੀ ਸ਼ਰਣ ਵਿਚ ਹੀ ਆਉਂਦੇ ਸਨ ਤੇ ਉਸ ਤੋਂ ਮੁਆਫ਼ੀ ਮੰਗਦੇ ਸਨ।
ਨਵੀਂ ਭਾਬੀ ਆਈ। ਕਹਿਣ ਨੂੰ ਤਾਂ ਉਹ ਵੀ ਪਤਨੀ ਸੀ, ਪਰ ਇੰਦੂ ਇਕ ਔਰਤ ਵੀ ਸੀ ਜਿਸਨੂੰ ਪਤਨੀ ਕਹਿੰਦੇ ਨੇ। ਉਸਦੇ ਉਲਟ ਛੋਟੀ ਭਾਬੀ ਰਾਣੀ ਇਕ ਪਤਨੀ ਸੀ ਜਿਸਨੂੰ ਔਰਤ ਕਹਿੰਦੇ ਨੇ। ਰਾਣੀ ਦੇ ਕਾਰਣ ਭਰਾਵਾਂ ਵਿਚ ਝਗੜਾ ਹੋਇਆ ਤੇ ਜੇ.ਪੀ. ਚਾਚੇ ਦੇ ਵਿਚ ਪੈਣ ਨਾਲ ਵੰਡ–ਵੰਡਾਰਾ-ਜਿਸ ਵਿਚ ਮਾਂ ਪਿਓ ਦੀ ਜਾਇਦਾਦ ਤਾਂ ਇਕ ਪਾਸੇ, ਇੰਦੂ ਦੀਆਂ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਵੀ ਵੰਡ ਦੀ ਲਪੇਟ ਵਿਚ ਆ ਗਈਆਂ ਤੇ ਇੰਦੂ ਮਨ ਮਸੋਸ ਕੇ ਰਹਿ ਗਈ।
ਜਿੱਥੇ ਸਭ ਕੁਝ ਮਿਲ ਜਾਣ ਪਿੱਛੋਂ ਤੇ ਵੱਖਰੇ ਹੋ ਕੇ ਵੀ ਕੁੰਦਨ ਤੇ ਰਾਣੀ ਠੀਕ ਠਾਕ ਨਹੀਂ ਸਨ ਵੱਸ ਸਕੇ, ਉੱਥੇ ਇੰਦੂ ਦਾ ਆਪਣਾ ਘਰ ਓਵੇਂ ਹੀ ਜਗਮਗ ਕਰਨ ਲੱਗ ਪਿਆ ਸੀ।
ਬੱਚੀ ਦੇ ਜਨਮ ਤੋਂ ਬਾਅਦ ਇੰਦੂ ਦੀ ਸਿਹਤ ਉਹ ਨਹੀਂ ਸੀ ਰਹੀ। ਬੱਚੀ ਹਰ ਵੇਲੇ ਇੰਦੂ ਦੀਆਂ ਛਾਤੀਆਂ ਨੂੰ ਚੰਬੜੀ ਰਹਿੰਦੀ। ਜਿੱਥੇ ਸਾਰੇ ਮਾਸ ਦੇ ਇਸ ਲੋਥੜੇ ਉੱਤੇ ਥੂਹ–ਥੂਹ ਕਰਦੇ ਸਨ, ਉੱਥੇ ਇਕ ਇੰਦੂ ਹੀ ਸੀ ਜਿਹੜੀ ਉਸਨੂੰ ਹਿੱਕ ਨਾਲ ਲਾਈ ਫਿਰਦੀ ਸੀ-ਜਦ ਕਦੀ ਖ਼ੁਦ ਵੀ ਪ੍ਰਸ਼ਾਨ ਹੋ ਜਾਂਦੀ ਤਾਂ ਬੱਚੀ ਨੂੰ ਝੱਲੀ ਵਿਚ ਪਾਉਂਦੀ ਹੋਈ ਬੋਲਦੀ-“ਤੂੰ ਮੈਨੂੰ ਜਿਉਂਣ ਵੀ ਦੇਵੇਂਗੀ...ਮਾਂ!” ਤੇ ਬੱਚੀ ਹੋਰ ਉੱਚੀ–ਉੱਚੀ ਚੀਕਾਟੇ ਛੱਡ ਦੇਂਦੀ।
ਮਦਨ ਵੀ ਇੰਦੂ ਤੋਂ ਕਤਰਾਉਣ ਲੱਗ ਪਿਆ ਸੀ। ਵਿਆਹ ਤੋਂ ਬਾਅਦ ਹੁਣ ਤਕ ਉਸਨੂੰ ਉਹ ਔਰਤ ਨਹੀ ਸੀ ਮਿਲੀ ਜਿਸਦੀ ਉਸਨੂੰ ਤਲਾਸ਼ ਸੀ। ਗੰਦਾ ਬਰੋਜਾ ਵਿਕਣ ਲੱਗ ਪਿਆ ਤੇ ਮਦਨ ਨੇ ਬਹੁਤ ਸਾਰਾ ਰੁਪਿਆ ਇੰਦੂ ਤੋਂ ਵੀਹਰ ਕੇ ਖਰਚ ਕਰਨਾ ਸ਼ੁਰੂ ਕਰ ਦਿਤਾ। ਬਾਊਜੀ ਦੇ ਚਲੇ ਜਾਣ ਪਿੱਛੋਂ ਕੋਈ ਪੁੱਛਣ ਵਾਲਾ ਵੀ ਤਾਂ ਨਹੀਂ ਸੀ ਰਿਹਾ। ਪੂਰੀ ਆਜ਼ਾਦੀ ਸੀ।
ਗੁਆਂਢੀ ਸਿਬਤੇ ਦੀ ਮੱਝ ਫੇਰ ਮਦਨ ਦੇ ਮੂੰਹ ਕੋਲ ਫੁਕਾਰੇ ਮਾਰਨ ਲੱਗ ਪਈ; ਵਾਰੀ ਵਾਰੀ ਫੁਕਾਰੇ ਮਾਰਦੀ। ਵਿਆਹ ਦੀ ਰਾਤ ਵਾਲੀ ਮੱਝ ਤਾਂ ਵਿਕ ਚੁੱਕੀ ਸੀ, ਪਰ ਉਸਦਾ ਮਾਲਿਕ ਜਿਉਂਦਾ ਸੀ। ਮਦਨ ਉਸ ਦੇ ਨਾਲ ਅਜਿਹੀਆਂ ਥਾਵਾਂ ਉੱਤੇ ਜਾਣ ਲੱਗ ਪਿਆ, ਜਿੱਥੇ ਰੌਸ਼ਨੀ ਤੇ ਪ੍ਰਛਾਵੇਂ ਅਜੀਬ ਅਣਘੜ ਜਿਹੀ ਸ਼ਕਲਾਂ ਬਣਾਉਦੇ ਨੇ। ਨੁੱਕਰ ਉੱਤੇ ਕਦੀ ਹਨੇਰੇ ਦੀ ਤਿਕੋਨ ਬਣਦੀ ਹੈ ਤੇ ਉਪਰ ਖਟਾਕ ਕਰਕੇ ਰੌਸ਼ਨੀ ਦਾ ਇਕ ਚਕੋਰ ਉਸਨੂੰ ਕੱਟ ਦਿੰਦਾ ਹੈ। ਕੋਈ ਤਸਵੀਰ ਪੂਰੀ ਨਹੀਂ ਬਣਦੀ। ਜਾਪਦਾ ਹੈ, ਇਕ ਪਾਸਿਓਂ ਇਕ ਪਾਜਾਮਾ ਨਿਕਲਿਆ ਤੇ ਫੁਰਰ ਕਰਕੇ ਆਸਮਾਨ ਵੱਲ ਉੱਡ ਗਿਆ। ਕਿਸੇ ਕੋਟ ਨੇ ਦੇਖਣ ਵਾਲੇ ਦਾ ਮੂੰਹ ਪੂਰੀ ਤਰ੍ਹਾਂ ਢਕ ਦਿਤਾ ਤੇ ਕੋਈ ਸਾਹ ਲੈਣ ਲਈ ਤੜਫਨ ਲੱਗ ਪਿਆ। ਉਦੋਂ ਹੀ ਰੌਸ਼ਨੀ ਦਾ ਚਕੋਰ ਇਕ ਚੌਖ਼ਟਾ ਬਣ ਗਿਆ ਤੇ ਉਸ ਵਿਚ ਕੋਈ ਸੂਰਤ ਨਜ਼ਰ ਆਉਣ ਲੱਗੀ। ਦੇਖਣ ਵਾਲੇ ਨੇ ਹੱਥ ਵਧਾਇਆ ਤਾਂ ਉਹ ਆਰਪਾਰ ਨਿਕਲ ਗਿਆ ਤੇ ਉੱਥੇ ਕੁਝ ਵੀ ਨਹੀਂ ਸੀ। ਪਿੱਛੇ ਕੋਈ ਕੁੱਤਾ ਰੋਣ ਲੱਗਿਆ, ਉਪਰੋਂ ਤਬਲੇ ਨੇ ਉਸਦੀ ਆਵਾਜ਼ ਨੱਪ ਲਈ।
ਮਦਨ ਨੂੰ ਉਸਦੀ ਕਲਪਣਾ ਦੇ ਬੁੱਤ–ਖ਼ਾਕੇ ਮਿਲੇ। ਪਰ ਹਰ ਜਗ੍ਹਾ ਇੰਜ ਲੱਗਿਆ ਜਿਵੇਂ ਆਰਟਿਸਟ ਤੋਂ ਕੋਈ ਟੱਚ ਗਲਤ ਲੱਗ ਗਿਆ ਹੋਵੇ। ਜਾਂ ਹਾਸੇ ਦੀ ਆਵਾਜ਼ ਲੋੜ ਨਾਲੋਂ ਵੱਧ ਉੱਚੀ ਸੀ ਤੇ ਮਦਨ ਬੇਦਾਗ ਸੱਚਾਈ ਤੇ ਟੁਣਕਵੇਂ ਹਾਸੇ ਦੀ ਭਾਲ ਵਿਚ ਗਵਾਚ ਗਿਆ।
ਸਿਬਤੇ ਨੇ ਉਸ ਵੇਲੇ ਆਪਣੀ ਘਰਵਾਲੀ ਨੂੰ ਇਹ ਗੱਲ ਦੱਸੀ, ਜਦੋਂ ਬੇਗ਼ਮ ਨੇ ਮਿਸਾਲੀ ਪਤੀ ਦੀ ਹੈਸੀਅਤ ਨਾਲ ਸਿਬਤੇ ਦੇ ਮੁਕਾਬਲੇ ਮਦਨ ਨੂੰ ਪੇਸ਼ ਕੀਤਾ; ਪੇਸ਼ ਹੀ ਨਹੀਂ ਕੀਤਾ ਬਲਿਕੇ ਮੂੰਹ 'ਤੇ ਮਾਰਿਆ। ਉਸਨੂੰ ਚੁੱਕ ਕੇ ਸਿਬਤੇ ਨੇ ਬੇਗ਼ਮ ਦੇ ਮੂੰਹ ਉੱਤੇ ਵਾਪਸ ਮਾਰਿਆ। ਜਾਪਦਾ ਸੀ ਕਿਸੇ ਕੱਟੇ ਤਰਬੂਜ਼ ਦਾ ਗੁਦਾ ਹੈ ਜਿਸਦੇ ਰੰਗ ਤੇ ਰੇਸ਼ੇ ਬੇਗ਼ਮ ਦੀ ਨੱਕ, ਉਸਦੀਆਂ ਅੱਖਾਂ ਤੇ ਕੰਨਾਂ 'ਤੇ ਲੱਗ ਗਏ ਨੇ। ਕਰੋੜਾਂ ਗਾਲ੍ਹਾਂ ਬਕਦੀ ਹੋਈ ਬੇਗ਼ਮ ਨੇ ਯਾਦਾਂ ਦੀ ਟੋਕਰੀ ਵਿਚੋਂ ਗੁੱਦਾ ਤੇ ਬੀਜ ਚੁੱਕੇ ਤੇ ਇੰਦੂ ਦੇ ਸਾਫ–ਸੁਥਰੇ ਵਿਹੜੇ ਵਿਚ ਖਿਲਾਰ ਦਿਤੇ।
ਇਕ ਇੰਦੂ ਦੀ ਬਜਾਏ ਦੋ ਇੰਦੂ ਹੋ ਗਈਆਂ, ਇਕ ਤਾਂ ਇੰਦੂ ਖ਼ੁਦ ਸੀ ਤੇ ਦੂਜੀ ਕੰਬਦੀ ਹੋਈ ਖੱਲ ਹੇਠ ਜਿਹੜੀ ਉਸਦੇ ਪੂਰੇ ਜਿਸਮ 'ਤੇ ਮੜ੍ਹੀ ਹੋਈ ਸੀ ਤੇ ਨਜ਼ਰ ਨਹੀਂ ਸੀ ਆ ਰਹੀ।
ਮਦਨ ਕਿਤੇ ਜਾਂਦਾ ਸੀ ਤਾਂ ਘਰੇ ਹੋ–ਕੇ, ਨਹਾ ਧੋ–ਕੇ, ਚੰਗੇ ਕਪੜੇ ਪਾ–ਕੇ, ਪਾਨ ਦੀ ਇਕ ਜੋੜੀ ਜਿਸ ਵਿਚ ਖੁਸ਼ਬੂਦਾਰ ਡਲੀ ਪਾਈ ਹੁੰਦੀ, ਮੂੰਹ ਵਿਚ ਪਾ–ਕੇ ਜਾਂਦਾ ਹੁੰਦਾ ਸੀ। ਪਰ ਉਸ ਦਿਨ ਮਦਨ ਘਰ ਆਇਆ ਤਾਂ ਇੰਦੂ ਦਾ ਰੂਪ ਹੀ ਹੋਰ ਸੀ। ਉਸਨੇ ਚਿਹਰੇ ਉੱਤੇ ਪਾਊਡਰ ਥੱਪਿਆ ਹੋਇਆ ਸੀ। ਗੱਲ੍ਹਾਂ ਉੱਤੇ ਲਾਲੀ ਲਿੱਪੀ ਹੋਈ ਸੀ। ਲਿਪਸਟਿਕ ਨਾ ਹੋਣ ਕਰਕੇ ਬੁੱਲ੍ਹ ਮੱਥੇ ਦੀ ਬਿੰਦੀ–ਪਾਊਡਰ ਨਾਲ ਇੰਜ ਰੰਗ ਲਏ ਸਨ ਕਿ ਮਦਨ ਦੀਆਂ ਨਜ਼ਰਾਂ ਉਹਨਾਂ ਵਿਚ ਉਲਝ ਕੇ ਰਹਿ ਗਈਆਂ।
“ਕੀ ਗੱਲ ਏ ਅੱਜ?” ਮਦਨ ਨੇ ਹੈਰਾਨ ਹੋ ਕੇ ਪੁੱਛਿਆ।
“ਕੁਸ਼ ਨੀਂ,” ਇੰਦੂ ਨੇ ਮਦਨ ਤੋਂ ਅੱਖਾਂ ਬਚਾਉਂਦਿਆਂ ਹੋਇਆਂ ਕਿਹਾ-“ਅੱਜ ਫ਼ੁਰਸਤ ਮਿਲੀ ਐ”
ਵਿਆਹ ਦੇ ਪੰਦਰਾਂ ਸਾਲ ਬੀਤ ਜਾਣ ਪਿੱਛੋਂ ਇੰਦੂ ਨੂੰ ਅੱਜ ਫ਼ੁਰਸਤ ਮਿਲੀ ਸੀ। ਉਹ ਵੀ ਉਸ ਵੇਲੇ ਜਦੋਂ ਚਿਹਰੇ ਉੱਤੇ ਸਿਆਹੀਆਂ ਪੈ ਗਈਆਂ ਸਨ ਤੇ ਬਲਾਊਜ਼ ਹੇਠ ਨੰਗੇ ਢਿੱਡ ਕੋਲ ਲੱਕ ਉੱਤੇ ਚਰਬੀ ਦੀਆਂ ਦੋ ਤਿੰਨ ਤੈਹਾਂ ਦਿਖਾਈ ਦੇਣ ਲੱਗ ਪਈਆਂ ਸਨ। ਅੱਜ ਇੰਦੂ ਨੇ ਅਜਿਹਾ ਇੰਤਜ਼ਾਮ ਕੀਤਾ ਸੀ ਕਿ ਇਹਨਾਂ ਉਣਤਾਈਆਂ ਵਿਚੋਂ ਇਕ ਵੀ ਨਜ਼ਰ ਨਹੀਂ ਸੀ ਆਉਂਦੀ ਪਈ। ਇੰਜ ਬਣੀ–ਠਣੀ, ਕਸੀ–ਕਸਾਈ ਬੜੀ ਹੁਸੀਨ ਲੱਗ ਰਹੀ ਸੀ ਉਹ। 'ਇਹ ਨਹੀਂ ਹੋ ਸਕਦਾ।' ਮਦਨ ਨੇ ਸੋਚਿਆ ਤੇ ਉਸਨੂੰ ਇਕ ਧੱਕਾ ਜਿਹਾ ਲੱਗਾ। ਉਸਨੇ ਇਕ ਵਾਰੀ ਫੇਰ ਭੌਂ ਕੇ ਇੰਦੂ ਵੱਲ ਗਹੂ ਨਾਲ ਦੇਖਿਆ...ਜਿਵੇਂ ਘੋੜਿਆਂ ਦੇ ਵਪਾਰੀ ਕਿਸੇ ਨਾਮੀਂ ਘੋੜੀ ਨੂੰ ਦੇਖਦੇ ਨੇ। ਉੱਥੇ ਘੋੜੀ ਵੀ ਸੀ ਤੇ ਲਾਲ ਲਗਾਮ ਵੀ...ਜਿਹੜੇ ਗਲਤ ਟੱਚ ਲੱਗੇ ਸਨ ਸ਼ਰਾਬੀ ਦੀਆਂ ਅੱਖਾਂ ਨੂੰ ਨਹੀਂ ਸੀ ਦਿਸ ਸਕੇ...ਇੰਦੂ ਸੱਚਮੁੱਚ ਖ਼ੂਬਸੂਰਤ ਸੀ। ਅੱਜ ਵੀ ਪੰਦਰਾਂ ਸਾਲ ਬਾਅਦ ਫੂਲਾਂ, ਰਸ਼ੀਦਾ, ਮਿਸੇਜ਼ ਰਾਬਰਟ ਤੇ ਉਹ ਦੀਆਂ ਭੈਣਾ ਉਸਦੇ ਸਾਹਮਣੇ ਪਾਣੀ ਭਰਦੀਆਂ ਸਨ...ਫੇਰ ਮਦਨ ਨੂੰ ਤਰਸ ਆਉਣ ਲੱਗਾ ਤੇ ਇਕ ਡਰ!
ਆਸਮਾਨ ਉੱਤੇ ਕੋਈ ਖਾਸ ਬੱਦਲ ਵੀ ਨਹੀਂ ਸਨ, ਪਰ ਪਾਣੀ ਵਰ੍ਹਨਾਂ ਸ਼ੁਰੂ ਹੋ ਗਿਆ ਸੀ। ਘਰ ਦੀ ਗੰਗਾ ਚੜ੍ਹੀ ਹੋਈ ਸੀ ਤੇ ਉਸਦਾ ਪਾਣੀ ਕਿਨਾਰਿਆਂ ਤੋਂ ਨਿਕਲ ਨਿਕਲ ਪੂਰੀ ਤਰਾਈ ਤੇ ਉਸਦੇ ਆਸਪਾਸ ਵੱਸਣ ਵਾਲੇ ਪਿੰਡਾਂ ਤੇ ਕਸਬਿਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਸੀ। ਇੰਜ ਜਾਪਦਾ ਸੀ, ਇਸੇ ਰਫ਼ਤਾਰ ਨਾਲ ਪਾਣੀ ਚੜ੍ਹਦਾ ਰਿਹਾ ਤਾਂ ਉਸ ਵਿਚ ਕੈਲਾਸ਼ ਪਰਬਤ ਵੀ ਡੁੱਬ ਜਾਵੇਗਾ...ਏਧਰ ਬੱਚੀ ਰੋਣ ਲੱਗ ਪਈ। ਅਜਿਹਾ ਰੋਣ-ਉਹ ਅੱਜ ਤਕ ਨਹੀਂ ਸੀ ਰੋਈ।
ਮਦਨ ਨੇ ਉਸਦੀ ਆਵਾਜ਼ ਸੁਣ ਕੇ ਅੱਖਾਂ ਬੰਦ ਕਰ ਲਈਆਂ। ਖੋਲ੍ਹੀਆਂ ਤਾਂ ਬੱਚੀ ਸਾਹਮਣੇ ਖੜ੍ਹੀ ਸੀ। ਜਵਾਨ ਔਰਤ ਬਣ ਕੇ। ਨਹੀਂ, ਨਹੀਂ ਉਹ ਇੰਦੂ ਸੀ। ਆਪਣੀ ਮਾਂ ਦੀ ਧੀ, ਆਪਣੀ ਧੀ ਦੀ ਮਾਂ; ਜਿਹੜੀ ਆਪਣੀਆਂ ਅੱਖਾਂ ਪਿੱਛੇ ਮੁਸਕਰਾ ਤੇ ਹੋਠਾਂ ਦੇ ਕੋਨਿਆਂ ਤੋਂ ਦੇਖ ਰਹੀ ਸੀ।
ਇਸੇ ਕਮਰੇ ਵਿਚ ਜਿੱਥੇ ਹਰਮਲ ਦੀ ਧੂੰਨੀ ਨੇ ਮਦਨ ਨੂੰ ਚਕਰਾ ਦਿਤਾ ਸੀ, ਅੱਜ ਖਸ ਦੀ ਖ਼ੁਸ਼ਬੋਈ ਨੇ ਬੌਂਦਲਾ ਦਿਤਾ। ਹਲਕੀ ਬਾਰਿਸ਼-ਤੇਜ਼ ਨਾਲੋਂ ਵਧੇਰੇ ਖ਼ਤਰਨਾਕ ਹੁੰਦੀ ਹੈ, ਇਸ ਲਈ ਬਾਹਰਲਾ ਪਾਣੀ ਉਪਰੋਂ ਕਿਸੇ ਕੜੀ ਵਿਚੋਂ ਰਿਸਦਾ ਹੋਇਆ ਇੰਦੂ ਤੇ ਮਦਨ ਦੇ ਵਿਚਾਲੇ ਟਪਕਣ ਲੱਗਿਆ...ਪਰ ਮਦਨ ਤਾਂ ਸ਼ਰਾਬੀ ਹੋਇਆ ਹੋਇਆ ਸੀ। ਇਸ ਨਸ਼ੇ ਸਦਕਾ ਉਸਦੀਆਂ ਅੱਖਾਂ ਮਿਚਣ ਲਈਆਂ ਸਨ ਤੇ ਤੇਜ਼ ਹੋ ਕੇ ਉਸਦੇ ਸਾਹ ਕਿਸੇ ਇਨਸਾਨ ਦੇ ਸਾਹ ਨਹੀਂ ਸੀ ਰਹੇ।
“ਇੰਦੂ...” ਮਦਨ ਨੇ ਕਿਹਾ ਤੇ ਉਸਦੀ ਆਵਾਜ਼ ਵਿਆਹ ਵਾਲੀ ਰਾਤ ਵਾਲੀ ਤੋਂ ਦੋ ਸੁਰ ਉੱਚੀ ਸੀ...ਤੇ ਇੰਦੂ ਨੇ ਪਾਸੇ ਦੇਖਦਿਆਂ ਹੋਇਆਂ ਕਿਹਾ-“ਜੀ”-ਤੇ ਉਸਦੀ ਆਵਾਜ਼ ਦੋ ਸੁਰ ਧੀਮੀ ਸੀ-ਫੇਰ ਅੱਜ ਚਾਨਣੀ ਦੀ ਬਜਾਏ ਮੱਸਿਆ ਸੀ।
ਇਸ ਤੋਂ ਪਹਿਲਾਂ ਕਿ ਮਦਨ ਇੰਦੂ ਵੱਲ ਹੱਥ ਵਧਾਉਂਦਾ, ਇੰਦੂ ਖ਼ੁਦ ਹੀ ਮਦਨ ਨਾਲ ਲਿਪਟ ਗਈ। ਫੇਰ ਮਦਨ ਨੇ ਹੱਥ ਨਾਲ ਇੰਦੂ ਦੀ ਠੋਡੀ ਉਪਰ ਚੁੱਕੀ ਤੇ ਦੇਖਣ ਲੱਗਿਆ, ਉਸਨੇ ਕੀ ਗੰਵਾਇਆ; ਕੀ ਪਾਇਆ ਹੈ? ਇੰਦੂ ਨੇ ਇਕ ਨਜ਼ਰ ਮਦਨ ਦੇ ਕਾਲੇ ਹੁੰਦੇ ਹੋਏ ਚਿਹਰੇ ਉਪਰ ਸੁੱਟੀ ਤੇ ਫੇਰ ਅੱਖਾਂ ਬੰਦ ਕਰ ਲਈਆਂ।
“ਅਹਿ ਕੀ?” ਮਦਨ ਨੇ ਤ੍ਰਬਕਦਿਆਂ ਹੋਇਆਂ ਕਿਹਾ-“ਤੇਰੀਆਂ ਅੱਖਾਂ ਸੁੱਜੀਆਂ ਹੋਈਆਂ ਨੇ!”
“ਐਵੇਂ ਈਂ,” ਇੰਦੂ ਨੇ ਕਿਹਾ ਤੇ ਬਾਲੜੀ ਵੱਲ ਇਸ਼ਾਰਾ ਕਰਦੀ ਹੋਈ ਬੋਲੀ-“ਰਾਤ ਭਰ ਜਗਾਇਆ ਐ ਏਸ ਚੁੜੈਲ ਮਈ ਨੇ।”
ਬੱਚੀ ਹੁਣ ਤਕ ਚੁੱਪ ਹੋ ਚੁੱਕੀ ਸੀ। ਜਿਵੇਂ ਸਾਹ ਰੋਕੀ ਦੇਖ ਹੋਵੇ, ਹੁਣ ਕੀ ਹੋਣ ਵਾਲਾ ਹੈ? ਆਸਮਾਨ ਤੋਂ ਪਾਣੀ ਵਰ੍ਹਨਾਂ ਬੰਦ ਹੋ ਗਿਆ ਸੀ। ਮਦਨ ਨੇ ਫੇਰ ਗੌਰ ਨਾਲ ਇੰਦੂ ਦੀਆਂ ਅੱਖਾਂ ਵਿਚ ਦੇਖਦਿਆਂ ਹੋਇਆਂ ਕਿਹਾ-“ਹਾਂ, ਪਰ...ਇਹ ਅੱਥਰੂ?”
“ਖੁਸ਼ੀ ਦੇ ਐ।” ਇੰਦੂ ਨੇ ਜਵਾਬ ਦਿਤਾ-“ਅੱਜ ਦੀ ਰਾਤ ਮੇਰੀ ਆ।” ਤੇ ਫੇਰ ਅਜੀਬ ਜਿਹਾ ਹਾਸਾ ਹੱਸਦੀ ਹੋਈ ਉਹ ਮਦਨ ਨਾਲ ਚਿਪਕ ਗਈ। ਇਕ ਨਮੋਸ਼ੀ ਜਿਹੀ ਦੇ ਅਹਿਸਾਸ ਨਾਲ ਮਦਨ ਨੇ ਕਿਹਾ-“ਅੱਜ ਵਰ੍ਹਿਆਂ ਬਾਅਦ ਮੇਰੇ ਮਨ ਦੀ ਮੁਰਾਦ ਪੂਰੀ ਏ, ਇੰਦੂ! ਮੈਂ ਹਮੇਸ਼ਾ ਚਾਹਿਆ ਸੀ।”
“ਪਰ ਤੁਸੀਂ ਕਿਹਾ ਨਹੀਂ,” ਇੰਦੂ ਬੋਲੀ-“ਯਾਦ ਐ ਵਿਆਹ ਦੀ ਰਾਤ ਮੈਂ ਤੁਹਾਥੋਂ ਕੀ ਮੰਗਿਆ ਸੀ?”
“ਹਾਂ!” ਮਦਨ ਬੋਲਿਆ-“ਆਪਣੇ ਦੁੱਖ ਮੈਨੂੰ ਦੇ ਦਿਓ।”
“ਤੁਸੀਂ ਕੁਝ ਵੀ ਤਾਂ ਨਹੀਂ ਸੀ ਮੰਗਿਆ ਮੈਥੋਂ।”
“ਮੈਂ?” ਮਦਨ ਨੇ ਹੈਰਾਨ ਹੁੰਦਿਆਂ ਹੋਇਆਂ ਕਿਹਾ-“ਮੈਂ ਕੀ ਮੰਗਦਾ? ਮੈਂ ਤਾਂ ਜੋ ਕੁਝ ਮੰਗ ਸਕਦਾ ਸਾਂ ਉਹ ਸਭ ਤੂੰ ਮੈਨੂੰ ਦੇ ਦਿਤਾ। ਮੇਰੇ ਆਪਣਿਆਂ ਨੂੰ ਪਿਆਰ, ਉਹਨਾਂ ਦੀ ਤਾਲੀਮ, ਵਿਆਹ–ਸ਼ਾਦੀ...ਇਹ ਪਿਆਰੇ ਪਿਆਰੇ ਬੱਚੇ...ਇਹ ਕੁਝ ਤਾਂ ਤੂੰ ਦੇ ਦਿਤਾ।”
“ਮੈਂ ਵੀ ਇਹੀ ਸਮਝੀ ਸੀ,” ਇੰਦੂ ਬੋਲੀ-“ਪਰ ਹੁਣ ਜਾ ਕੇ ਪਤਾ ਲੱਗਿਐ, ਇਉਂ ਨਹੀਂ।”
“ਕੀ ਮਤਲਬ?”
“ਕੁਸ਼ ਨਹੀਂ...” ਫੇਰ ਇੰਦੂ ਨੇ ਕੁਝ ਚਿਰ ਬਾਅਦ ਕਿਹਾ-“ਮੈਂ ਵੀ ਇਕ ਚੀਜ਼ ਰੱਖ ਲਈ।”
“ਕਿਹੜੀ ਚੀਜ਼ ਰੱਖ ਲਈ?”
ਇੰਦੂ ਕੁਝ ਚਿਰ ਚੁੱਪ ਰਹੀ ਤੇ ਫੇਰ ਆਪਣਾ ਮੂੰਹ ਪਰ੍ਹੇ ਕਰਦੀ ਹੋਈ ਬੋਲੀ-“ਆਪਣੀ ਲਾਜ...ਆਪਣੀ ਖੁਸ਼ੀ...ਉਸ ਵੇਲੇ ਤੁਸੀਂ ਵੀ ਕਹਿ ਦੇਂਦੇ, ਆਪਣੇ ਸੁਖ ਮੈਨੂੰ ਦੇ ਦੇ...ਤਾਂ ਮੈਂ...” ਇੰਦੂ ਦਾ ਗੱਚ ਭਰ ਆਇਆ।
ਤੇ ਕੁਝ ਚਿਰ ਬਾਅਦ ਉਹ ਬੋਲੀ-“ਹੁਣ ਤਾਂ ਮੇਰੇ ਕੋਲ ਕੁਸ਼ ਵੀ ਨਹੀਂ ਰਿਹਾ...”
ਮਦਨ ਦੇ ਹੱਥਾਂ ਦੀ ਪਕੜ ਢਿੱਲੀ ਪੈ ਗਈ। ਉਹ ਥਾਵੇਂ ਗੱਡਿਆ ਗਿਆ...ਇਹ ਅਣਪੜ੍ਹ ਔਰਤ?...ਕੋਈ ਰਟਿਆ ਰਟਾਇਆ ਵਾਕ...?
ਨਹੀਂ ਨਹੀਂ...ਇਹ ਤਾਂ ਹੁਣੇ ਸਾਹਮਣੇ ਹੀ ਜ਼ਿੰਦਗੀ ਦੀ ਭੱਠੀ ਵਿਚੋਂ ਨਿਕਲਿਆ ਹੈ। ਅਜੇ ਤਾਂ ਉਸ ਉੱਤੇ ਲਗਾਤਾਰ ਹਥੌੜੇ ਵਰ੍ਹ ਰਹੇ ਨੇ ਤੇ ਅੱਗ ਦੇ ਚੰਗਿਆੜੇ ਚਾਰੇ ਪਾਸੇ ਉੱਡ ਰਹੇ ਨੇ।
ਕੁਝ ਚਿਰ ਬਾਅਦ ਮਦਨ ਦੇ ਹੋਸ਼ ਠਿਕਾਣੇ ਆਏ ਤੇ ਬੋਲਿਆ-“ਮੈਂ ਸਮਝ ਗਿਆ ਇੰਦੂ...” ਫੇਰ ਰੋਂਦੇ ਹੋਏ ਮਦਨ ਤੇ ਇੰਦੂ ਇਕ ਦੂਜੇ ਨਾਲ ਲਿਪਟ ਗਏ। ਇੰਦੂ ਨੇ ਮਦਨ ਦਾ ਹੱਥ ਫੜ੍ਹਿਆ ਤੇ ਉਸਨੂੰ ਅਜਿਹੀ ਦੁਨੀਆਂ ਵਿਚ ਲੈ ਗਈ ਜਿੱਥੇ ਇਨਸਾਨ ਮਰ ਕੇ ਹੀ ਪਹੁੰਚ ਸਕਦਾ ਹੈ...
--- --- ---

ਰਹਿਮਾਨ ਦੀ ਜੁੱਤੀ :: ਰਾਜਿੰਦਰ ਸਿੰਘ ਬੇਦੀ : राजिंदर सिंह बेदी

ਉਰਦੂ ਕਹਾਣੀ : ਰਹਿਮਾਨ ਦੀ ਜੁੱਤੀ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਇਲ : 94177-30600.


ਸਾਰਾ ਦਿਨ ਕੰਮ ਕਰਨ ਪਿੱਛੋਂ, ਜਦੋਂ ਬੁੱਢਾ ਰਹਿਮਾਨ ਘਰ ਪਹੁੰਚਿਆ ਤਾਂ ਉਸਨੂੰ ਡਾਢੀ ਭੁੱਖ ਲੱਗੀ ਹੋਈ ਸੀ। “ਜੀਨਾ ਦੀ ਮਾਂ, ਜੀਨਾ ਦੀ ਮਾਂ!” ਉਸਨੇ ਉੱਚੀ ਆਵਾਜ਼ ਵਿਚ ਕਿਹਾ, “ਰੋਟੀ ਪਾ ਦੇ ਬਸ, ਝਟਾਪਟ।” ਬੁੱਢੀ ਉਦੋਂ ਕਪੜੇ ਭਿਓਂਈ ਬੈਠੀ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਹੱਥ ਪੂੰਝਦੀ, ਰਹਿਮਾਨ ਨੇ ਝੱਟ ਆਪਣੀ ਜੁੱਤੀ ਲਾਹ ਕੇ ਮੰਜੀ ਹੇਠ ਸਰਕਾਅ ਦਿਤੀ ਤੇ ਖੱਦਰ ਦੇ ਮੁਲਤਾਨੀ ਤਹਿਮਦ ਨੂੰ ਜ਼ਰਾ ਉੱਚਾ ਚੁੱਕ ਕੇ ਮੰਜੀ ਉੱਤੇ ਨਿੱਠ ਕੇ ਬੈਠਦਾ ਹੋਇਆ ਬੋਲਿਆ,
“ਬਿਸਮਿੱਲਾ।”
ਬੁਢਾਪੇ ਵਿਚ ਭੁੱਖ ਜਵਾਨ ਹੋ ਜਾਂਦੀ ਹੈ। ਰਹਿਮਾਨ ਦੀ 'ਬਿਸਮਿੱਲਾ' ਬੁਢਾਪੇ ਤੇ ਜਵਾਨੀ ਦੀ ਉਸ ਦੌੜ ਵਿਚ ਥਾਲੀ ਨਾਲੋਂ ਬੜੀ ਪਹਿਲਾਂ ਤੇ ਖਾਸੀ ਦੂਰ ਨਿਕਲ ਗਈ ਸੀ ਤੇ ਬੁੱਢੀ ਨੇ ਅਜੇ ਤਾਈਂ ਸੱਜੀ (ਕਪੜੇ ਧੋਣ ਵਾਲਾ ਸੋਢਾ) ਤੇ ਨੀਲ ਵਾਲੇ ਹੱਥ ਦੁਪੱਟੇ ਨਾਲ ਨਹੀਂ ਸੀ ਪੂੰਝੇ। ਜੀਨਾ ਦੀ ਮਾਂ ਪਿੱਛਲੇ ਚਾਲ੍ਹੀ ਸਾਲਾਂ ਤੋਂ ਆਪਣੇ ਹੱਥ ਦੁਪੱਟੇ ਨਾਲ ਹੀ ਪੂੰਝਦੀ ਸੀ ਤੇ ਰਹਿਮਾਨ ਲਗਭਗ ਏਨੇ ਅਰਸੇ ਤੋਂ ਹੀ ਉਸ ਉੱਤੇ ਖਿਝਦਾ ਰਿਹਾ ਸੀ ਪਰ ਅੱਜ ਅਚਾਨਕ ਉਹ ਆਪ ਵੀ ਉਸਦੀ ਸਮਾਂ ਬਚਾਉਣ ਦੀ ਉਸ ਆਦਤ ਨੂੰ ਸਲਾਹੁਣ ਲੱਗ ਪਿਆ ਸੀ। ਰਹਿਮਾਨ ਬੋਲਿਆ, 'ਜੀਨਾ ਦੀ ਮਾਂ, ਜ਼ਰਾ ਜਲਦੀ...।' ਤੇ ਬੁੱਢੀ ਆਪਣੇ ਚੁਤਾਲੀ ਸਾਲਾ ਪੁਰਾਣੇ ਸੁਭਾਅ ਅਨੁਸਾਰ ਬੋਲੀ, “ਓਹੋ, ਜ਼ਰਾ ਸਾਹ ਤਾਂ ਲੈ ਬਾਬਾ ਤੂੰ!”
ਸੋ ਸਬੱਬੀਂ ਰਹਿਮਾਨ ਦੀ ਨਿਗਾਹ ਆਪਣੇ ਜੁੱਤੀ ਉੱਤੇ ਜਾ ਪਈ ਜਿਹੜੀ ਉਸਨੇ ਕਾਹਲ ਵਿਚ ਲਾਹ ਕੇ ਮੰਜੀ ਦੇ ਹੇਠ ਸਰਕਾਅ ਦਿਤੀ ਸੀ। ਰਹਿਮਾਨ ਦੀ ਇਕ ਜੁੱਤੀ ਦੂਜੀ ਉੱਤੇ ਚੜ੍ਹੀ ਹੋਈ ਸੀ। ਇਹ ਭਵਿੱਖ ਵਿਚ ਕਿਸੇ ਸਫ਼ਰ 'ਤੇ ਜਾਣ ਦੀ ਨਿਸ਼ਾਨੀ ਸੀ। ਰਹਿਮਾਨ ਨੇ ਹੱਸਦਿਆਂ ਹੋਇਆਂ ਕਿਹਾ-
“ਅੱਜ ਫੇਰ ਮੇਰੀ ਜੁੱਤੀ, ਜੁੱਤੀ 'ਤੇ ਚੜ੍ਹੀ ਹੋਈ ਐ, ਜੀਨਾ ਦੀ ਮਾਂ-ਅੱਲ੍ਹਾ ਜਾਣੇ ਕਿਹੜੇ ਸਫ਼ਰ 'ਤੇ ਜਾਣਾ ਐਂ ਮੈਂ!”
“ਜੀਨਾ ਨੂੰ ਮਿਲਣ ਜਾਣੈ, ਹੋਰ ਕਿੱਥੇ ਜਾਣੈ ਤੈਂ?”-ਬੁੱਢੀ ਬੋਲੀ, “ਐਵੇਂ ਤਾਂ ਨੀਂ ਤੇਰਾ ਗੁੱਦੜ ਧੋਂਦੀ ਪਈ ਮੈਂ, ਬੁੱਢਿਆ! ਦੋ ਡਬਲੀ ਪੈਸਿਆਂ ਦਾ ਤਾਂ ਸੋਢਾ–ਨੀਲ ਈ ਲੱਗ ਗਿਐ ਤੇਰੇ ਕਪੜਿਆਂ ਨੂੰ। ਤੇ ਤੂੰ ਦੋ ਪੈਸੇ ਕਮਾਏ ਵੀ ਐ ਕਦੀ?”
“ਆਹੋ ਸੱਚ! ਕੱਲ੍ਹ ਮੈਂ ਆਪਣੀ ਇਕਲੌਤੀ ਬੱਚੀ ਨੂੰ ਮਿਲਣ ਅੰਬਾਲੇ ਜਾਣੈ। ਤਾਂਹੀਏਂ ਤਾਂ ਇਹ ਜੁੱਤੀ, ਜੁੱਤੀ ਨਾਲੋਂ ਵੱਖ ਹੋਣ ਦਾ ਨਾਂਅ ਨਹੀਂ ਲੈਂਦੀ ਪਈ।” ਪਾਰ ਸਾਲ ਵੀ ਜਦੋਂ ਇਹ ਜੁੱਤੀ, ਜੁੱਤੀ 'ਤੇ ਚੜ੍ਹੀ ਸੀ ਤਾਂ ਰਹਿਮਾਨ ਨੂੰ ਪਰਚੀ ਪਾਉਣ ਖਾਤਰ ਜਿਲ੍ਹਾ ਕਚਹਿਰੀ ਜਾਣਾ ਪਿਆ ਸੀ। ਉਸਨੂੰ ਉਸ ਸਾਲ ਦਾ ਸਫ਼ਰ ਤੇ ਜੁੱਤੀਆਂ ਦੀ ਕਰਤੂਤ ਚੰਗੀ ਤਰ੍ਹਾਂ ਯਾਦ ਸੀ। ਜਿਲ੍ਹਾ ਕਚਹਿਰੀ ਤੋਂ ਵਾਪਸੀ ਵੇਲੇ ਉਸਨੂੰ ਪੈਦਲ ਹੀ ਆਉਣਾ ਪਿਆ ਸੀ ਕਿਉਂਕਿ ਬਣਨ ਵਾਲੇ ਮੈਂਬਰ ਨੇ ਤਾਂ ਵਾਪਸੀ ਦਾ ਕਿਰਾਇਆ ਵੀ ਨਹੀਂ ਸੀ ਦਿਤਾ। ਉਸ ਵਿਚ ਮੈਂਬਰ ਦਾ ਕਸੂਰ ਨਹੀਂ ਸੀ ਬਲਿਕੇ ਜਦੋਂ ਰਹਿਮਾਨ ਪਰਚੀ ਉੱਤੇ ਨੀਲੀ ਚਰਖੀ ਦਾ ਨਿਸ਼ਾਨ ਲਾਉਣ ਲੱਗਿਆ ਸੀ ਤਾਂ ਉਸਦੇ ਹੱਥ ਕੰਬ ਗਏ ਸਨ ਤੇ ਘਬਰਾਹਟ ਵਿਚ ਨਿਸ਼ਾਨ ਕਿਸੇ ਦੂਜੇ ਮੈਂਬਰ ਦੇ ਹੱਕ ਵਿਚ ਲੱਗ ਗਿਆ ਸੀ।
ਜੀਨਾ ਨੂੰ ਮਿਲਿਆਂ ਦੋ ਸਾਲ ਹੋ ਚੱਲੇ ਸਨ। ਜੀਨਾ ਅੰਬਾਲੇ ਵਿਆਹੀ ਹੋਈ ਸੀ ਉਹਨਾਂ ਦੋ ਸਾਲਾਂ ਵਿਚ ਆਖ਼ਰੀ ਕੁਝ ਮਹੀਨੇ ਰਹਿਮਾਨ ਨੇ ਬੜੀ ਔਖ ਨਾਲ ਬਿਤਾਏ ਸਨ। ਉਸਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਮਘਦੀ ਹੋਈ ਪਾਥੀ ਉਸਦੇ ਦਿਲ ਉੱਤੇ ਰੱਖੀ ਹੋਈ ਹੋਵੇ। ਜਦੋਂ ਉਸਨੂੰ ਜੀਨਾ ਨੂੰ ਮਿਲਣ ਦਾ ਖ਼ਿਆਲ ਆਉਂਦਾ ਤਾਂ ਉਸਨੂੰ ਕੁਝ ਸ਼ਾਂਤੀ, ਕੁਝ ਤਸੱਲੀ ਜਿਹੀ ਹੁੰਦੀ। ਜਦੋਂ ਮਿਲਣ ਦਾ ਖ਼ਿਆਲ ਹੀ ਏਨਾ ਤਸੱਲੀ ਭਰਿਆ ਸੀ ਤਾਂ ਮਿਲਣਾ ਕੇਹਾ ਹੋਵੇਗਾ?-ਬੁੱਢਾ ਰਹਿਮਾਨ ਬੜੀ ਹਸਰਤ ਨਾਲ ਸੋਚਦਾ। ਉਹ ਆਪਣੀ ਲਾਡਲੀ ਧੀ ਨੂੰ ਮਿਲੇਗਾ ਤੇ ਫੇਰ ਤਲੰਗਿਆਂ ਦੇ ਸਰਦਾਰ ਅਲੀ ਮੁਹੰਮਦ ਨੂੰ। ਪਹਿਲਾਂ ਤਾਂ ਉਹ ਰੋਏਗਾ, ਫੇਰ ਹੱਸਣ ਲੱਗੇਗਾ, ਫੇਰ ਰੋ ਪਵੇਗਾ ਤੇ ਆਪਣੇ ਨਿੱਕੇ ਦੋਹਤਵਾਨ ਨੂੰ ਗਲੀਆਂ, ਬਾਜ਼ਾਰਾਂ ਵਿਚ ਖਿਡਾਉਂਦਾ ਫਿਰੇਗਾ...“ਇਹ ਤਾਂ ਮੈਂ ਭੁੱਲ ਹੀ ਗਿਆ ਸੀ-ਜੀਨਾ ਦੀ ਮਾਂ।” ਰਹਿਮਾਨ ਨੇ ਮੰਜੀ ਦੀ ਇਕ ਟੁੱਟੀ ਹੋਈ ਰੱਸੀ ਨੂੰ ਆਦਤ ਅਨੁਸਾਰ ਆਪਸ ਵਿਚ ਰਗੜ ਕੇ ਤੋੜਦਿਆਂ ਹੋਇਆਂ ਕਿਹਾ-“ਬੁਢਾਪੇ ਵਿਚ ਚੇਤਾ ਕਿੰਨਾ ਮਾੜਾ ਹੋ ਜਾਂਦੈ!”
ਅਲੀ ਮੁਹੰਮਦ ਜੀਨਾ ਦਾ ਘਰਵਾਲਾ ਸੀ। ਨਰੋਆ ਜਵਾਨ ਸੀ। ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਨਾਇਕ ਬਣ ਗਿਆ ਸੀ। ਤਲੰਗੇ ਉਸਨੂੰ ਆਪਣਾ ਸਰਦਾਰ ਕਹਿੰਦੇ ਸਨ। ਅਮਨ ਸ਼ਾਂਤੀ ਦੇ ਦਿਨਾਂ ਵਿਚ ਅਲੀ ਮੁਹੰਮਦ ਬੜੇ ਜੋਸ਼ ਨਾਲ ਹਾਕੀ ਖੇਡਦਾ ਹੁੰਦਾ ਸੀ। ਐੱਨ. ਡਬਲਿਊ. ਆਰ., ਪੁਲਿਸ ਮੈਨ, ਬਰਗੇਡ ਵਾਲੇ, ਯੂਨੀਵਰਸਟੀ ਵਾਲੇ ਉਸਨੇ ਸਾਰੇ ਹਰਾ ਦਿਤੇ ਸਨ। ਹੁਣ ਤਾਂ ਉਹ ਆਪਣੀ ਐਮਟੀ ਨਾਲ ਬਸਰਾ ਜਾਣ ਵਾਲਾ ਸੀ ਕਿਊਂਕਿ ਇਰਾਕ ਵਿਚ ਰਸ਼ੀਦ ਅਲੀ ਕਾਫੀ ਤਾਕਤ ਇਕੱਠੀ ਕਰ ਚੁੱਕਿਆ...ਇਸ ਹਾਕੀ ਕਰਕੇ ਹੀ ਅਲੀ ਮੁਹੰਮਦ ਕੰਪਨੀ ਕਮਾਂਡਰ ਦੀਆਂ ਨਜ਼ਰਾਂ ਵਿਚ ਖਾਸਾ ਚੜ੍ਹ ਗਿਆ ਸੀ। ਨਾਇਕ ਬਣਨ ਤੋਂ ਪਹਿਲਾਂ ਉਹ ਜੀਨਾ ਨਾਲ ਬੜਾ ਚੰਗਾ ਸਲੂਕ ਕਰਦਾ ਸੀ-ਪਰ ਉਹ ਪਿੱਛੋਂ ਉਹ ਆਪਣੀਆਂ ਹੀ ਨਜ਼ਰਾਂ ਵਿਚ ਏਨਾ ਵੱਡਾ ਹੋ ਗਿਆ ਕਿ ਚਰਣਾ ਵਿਚ ਬੈਠੀ ਜੀਨਾ ਉਸਨੂੰ ਨਜ਼ਰ ਹੀ ਨਹੀਂ ਸੀ ਆਉਂਦੀ। ਉਸਦਾ ਇਕ ਹੋਰ ਵੀ ਕਾਰਣ ਸੀ-ਮਿਸੇਜ਼ ਹੋਲਟ, ਕੰਪਨੀ ਕਮਾਂਡਰ ਦੀ ਘਰਵਾਲੀ ਨੇ ਇਨਾਮ ਵੰਡ ਸਮਾਗਮ ਸਮੇਂ ਅੰਗਰੇਜ਼ੀ ਵਿਚ ਅਲੀ ਮੁਹੰਮਦ ਨੂੰ ਕੁਝ ਕਿਹਾ ਸੀ ਜਿਸਦਾ ਅਨੁਵਾਦ ਸੂਬੇਦਾਰ ਨੇ ਕੀਤਾ ਸੀ-'ਮੈਂ ਚਾਹੁੰਦੀ ਹਾਂ ਤੇਰੀ ਸਟਿੱਕ ਚੁੰਮ ਲਵਾਂ'-ਅਲੀ ਮੁਹੰਮਦ ਦਾ ਖ਼ਿਆਲ ਸੀ ਇਸ ਸ਼ਬਦ ਸਟਿੱਕ ਨਹੀਂ ਹੋਣਾ ਕੁਝ ਹੋਰ ਹੋਵੇਗਾ। ਬੜੇ ਈਰਖਾਲੂ ਸੁਭਾਅ ਦਾ ਆਦਮੀ ਹੈ ਸੂਬੇਦਾਰ, ਅੰਗਰੇਜ਼ੀ ਵੀ ਤਾਂ ਗੁਹਾਣੇ ਤਾਈਂ ਦੀ ਈ ਪੜ੍ਹਿਆ ਏ।
ਰਹਿਮਾਨ ਨੂੰ ਇੰਜ ਮਹਿਸੂਸ ਹੋਣ ਲੱਗਿਆ ਜਿਵੇਂ ਉਸ ਨੇ ਆਪਣੇ ਜਵਾਈ ਨੂੰ ਨਹੀਂ ਕਿਸੇ ਬੜੇ ਵੱਡੇ ਅਫ਼ਸਰ ਨੂੰ ਮਿਲਣ ਜਾਣਾ ਹੈ। ਉਸਨੇ ਮੰਜੀ ਤੋਂ ਝੁਕ ਕੇ ਜੁੱਤੀ ਤੋਂ ਜੁੱਤੀ ਲਾਹੀ, ਜਿਵੇਂ ਉਹ ਅੰਬਾਲੇ ਜਾਣ ਤੋਂ ਡਰਦਾ ਹੋਵੇ। ਇਸ ਅਰਸੇ ਵਿਚ ਜੀਨਾ ਦੀ ਮਾਂ ਰੋਟੀ ਲੈ ਆਈ। ਅੱਜ ਉਸਨੇ ਆਸੋਂ ਉਲਟ ਮੀਟ ਬਣਾਇਆ ਹੋਇਆ ਸੀ। ਜੀਨਾ ਦੀ ਮਾਂ ਨੇ ਬੜੀ ਮਸ਼ਕਿਲ ਨਾਲ ਮੰਡੀਓਂ ਮੀਟ ਮੰਗਵਾਇਆ ਸੀ ਤੇ ਉਸ ਵਿਚ ਕਾਫੀ ਸਾਰਾ ਘਿਓ ਪਾਇਆ ਸੀ। ਛੇ ਮਹੀਨੇ ਪਹਿਲਾਂ ਰਹਿਮਾਨ ਨੂੰ ਤਿੱਲੀ ਦੀ ਖ਼ਰਾਬੀ ਦਾ ਰੋਗ ਲੱਗ ਗਿਆ ਸੀ, ਇਸ ਲਈ ਉਹ ਗੁੜ, ਤਿਲ, ਬੈਂਗਨ, ਮਸਰਾਂ ਦੀ ਦਾਲ, ਮੀਟ ਤੇ ਚਿਕਾਨਾਈ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਦਾ ਸੀ। ਇਸ ਛੇ ਮਹੀਨਿਆ ਦੇ ਅਰਸੇ ਵਿਚ ਰਹਿਮਾਨ ਨੇ ਸ਼ਾਇਦ ਸੇਰ ਦੇ ਲਗਭਗ ਨਸ਼ਾਦਰ ਲੱਸੀ ਵਿਚ ਘੋਲ ਕੇ ਪੀ ਲਿਆ ਸੀ ਤਾਂ ਕਿਤੇ ਜਾ ਕੇ ਉਸਦੀ ਸਾਹ ਦੀ ਤਕਲੀਫ਼ ਕੁਝ ਘੱਟ ਹੋਈ ਸੀ। ਭੁੱਖ ਲੱਗਣ ਦੇ ਨਾਲ ਨਾਲ ਉਸਦੇ ਪਿਸ਼ਾਬ ਦੀ ਪੀਲਕ ਸਫ਼ੇਦੀ ਵਿਚ ਬਦਲੀ ਸੀ। ਅੱਖਾਂ ਦਾ ਗੰਧਲਾ ਤੇ ਧੁੰਦਲਾਪਣ ਜਿਵੇਂ ਦਾ ਤਿਵੇਂ ਸੀ। ਪਲਕਾਂ ਦਾ ਫੜਕਨਾਂ ਓਵੇਂ ਹੀ ਸੀ ਤੇ ਚਮੜੀ ਕਾਲੀ ਸਿਆਹ ਹੋ ਗਈ ਸੀ। ਮੀਟ ਵੇਖ ਕੇ ਰਹਿਮਾਨ ਹਿਰਖ ਗਿਆ, ਬੋਲਿਆ-“ਚਾਰ ਪੰਜ ਦਿਨ ਪਹਿਲਾਂ ਤਾਂ ਤੂੰ ਬੈਂਗਨ ਬਣਾਏ ਸੀ, ਓਦੋਂ ਮੈਂ ਚੁੱਪ ਰਿਹਾ। ਪਰਸੋਂ ਮਸਰਾਂ ਦੀ ਦਾਲ ਬਣਾਈ ਬੈਠੀ ਸੀ, ਓਦੋਂ ਵੀ ਮੈਂ ਚੁੱਪ ਰਿਹਾ-ਤਾਂ, ਤੂੰ ਬਸ ਚਾਹੁੰਦੀ ਐਂ ਬਈ ਮੈਂ ਬੋਲਾਂ ਈ ਨਾ; ਮਰੀ ਮਿੱਟੀ ਬਣਿਆ ਰਹਾਂ। ਸੱਚ ਕਹਿ ਰਿਹਾਂ ਤੂੰ ਮੈਨੂੰ ਮਾਰਨ 'ਤੇ ਤੁਲੀ ਹੋਈ ਐਂ, ਜੀਨਾ ਦੀ ਮਾਂ।”
ਬੁੱਢੀ ਨੂੰ ਪਹਿਲੇ ਦਿਨ ਤੋਂ ਹੀ, ਜਿਸ ਦਿਨ ਉਸਨੇ ਬੈਂਗਨ ਬਣਾਏ ਸਨ, ਰਹਿਮਾਨ ਤੋਂ ਇਹੋ ਕੁਝ ਸੁਣਨ ਦੀ ਆਸ ਸੀ। ਪਰ ਰਹਿਮਾਨ ਦੀ ਚੁੱਪ ਤੋਂ ਬੁੱਢੀ ਨੇ ਉਲਟੇ ਹੀ ਅਰਥ ਲਾਏ। ਦਰਅਸਲ ਬੁੱਢੀ ਨੇ ਇਕ ਨਿਖੱਟੂ ਪਿੱਛੇ ਆਪਣੇ ਸਾਰੇ ਸਵਾਦ ਤਿਆਗ ਦਿਤੇ ਸਨ। ਬੁੱਢੀ ਦੇ ਸੋਚਣ ਦਾ ਢੰਗ ਵੀ ਨਿਆਰਾ ਸੀ। ਜਦੋਂ ਦੀ ਉਹ ਮੋਟੇ ਢਿੱਡ ਵਾਲੇ ਉਸ ਢਾਚੇ ਨਾਲ ਵੱਝੀ ਸੀ ਉਸ ਨੇ ਸੁਖ ਹੀ ਕਿਹੜਾ ਵੇਖਿਆ ਸੀ। ਫੇਰ ਇਕ ਤਰਬੂਜ਼ ਤੋਂ ਤਿਲ੍ਹਕ ਦੇ ਗੋਡਾ ਤੁੜਵਾ ਬੈਠਣ ਪਿੱਛੋਂ ਪੈਨਸ਼ਨ ਲੈ ਲਈ ਸੀ ਉਸਨੇ ਤੇ ਘੇਰੇ ਬੈਠਾ ਰਹਿੰਦਾ ਸੀ। ਬੁੱਢੀ ਨੇ ਕਪੜੇ ਨਚੋੜਦਿਆਂ ਹੋਇਆਂ ਕਿਹਾ-“ਤੂੰ ਨਾ ਖਾਹ ਬਾਬਾ। ਤੇਰੀ ਖਾਤਰ ਮੈਂ ਤਾਂ ਨੀਂ ਮਰਨਾ ਸੁੱਖਿਆ, ਮੈਨੂੰ ਤਾਂ ਰੋਜ਼ ਰੋਜ਼ ਦਾਲ ਚੰਗੀ ਨੀਂ ਲੱਗਦੀ।”
ਰਹਿਮਾਨ ਦਾ ਜੀਅ ਕੀਤਾ ਕਿ ਉਹ ਮੰਜੀ ਹੇਠੋਂ ਜੁੱਤੀ ਚੁੱਕ ਲਏ ਤੇ ਉਸ ਬੁੱਢੀ ਦੇ ਸਿਰ ਦੇ ਰਹੇ–ਸਹੇ ਵਾਲ ਵੀ ਝਾੜ ਦਵੇ। ਸਿਰ ਦੀ ਖੁਸ਼ਕੀ ਦੇ ਲੱਥਦਿਆਂ ਹੀ ਬੁੱਢੀ ਦਾ ਜਮਾਂਦਰੂ ਨਜ਼ਲਾ ਵੀ ਠੀਕ ਹੋ ਜਾਵੇਗਾ। ਪਰ ਕੁਝ ਗਰਾਹੀਆਂ ਮੂੰਹ ਵਿਚ ਪਾਉਣ ਪਿੱਛੋਂ ਤੂਰੰਤ ਉਸ ਨੇ ਸੋਚਿਆ-'ਪਿੱਤਾ ਵਧਿਆ ਐ ਤਾਂ ਵਧਿਆ ਰਹੇ, ਕੇਡਾ ਸਵਾਦ ਮੀਟ ਬਣਾਇਆ ਐ ਮੇਰੀ ਜੀਨਾ ਦੀ ਮਾਂ ਨੇ। ਮੈਂ ਵੀ ਲੂਨਾਂ ਸ਼ਿਕਰਾ ਆਂ ਪੂਰਾ।' ਤੇ ਫੇਰ ਰਹਿਮਾਨ ਚਟਖਾਰੇ ਲੈ ਲੈ ਕੇ ਸਬਜ਼ੀ ਖਾਣ ਲੱਗਾ। ਤਰੀ ਵਿਚ ਭਿੱਜੀ ਬੁਰਕੀ ਉਸਦੇ ਮੂੰਹ ਵਿਚ ਜਾਂਦੀ ਤਾਂ ਉਸਨੂੰ ਖ਼ਿਆਲ ਆਉਂਦਾ-ਆਖ਼ਰ ਉਸਨੇ ਜੀਨਾ ਦੀ ਮਾਂ ਨੂੰ ਕਿਹੜਾ ਸੁਖ ਦਿਤਾ ਹੈ? ਉਹ ਚਾਹੁੰਦਾ ਸੀ ਕਿ ਤਹਿਸੀਲ ਵਿਚ ਚਪੜਾਸੀ ਲੱਗ ਜਾਏ ਤੇ ਫੇਰ ਉਹਨਾਂ ਦੇ ਪੁਰਾਣੇ ਦਿਨ ਮੁੜ ਆਉਣ। ਖਾਣ ਪਿੱਛੋਂ ਰਹਿਮਾਨ ਨੇ ਆਪਣੀਆਂ ਉਂਗਲਾਂ ਪੱਗ ਦੇ ਲੜ ਨਾਲ ਪੂੰਝੀਆਂ ਤੇ ਉਠ ਖੜ੍ਹਾ ਹੋਇਆ। ਕਿਸੇ ਅਧ ਚੇਤਨ ਅਹਿਸਾਸ ਵੱਸ ਉਸਨੇ ਆਪਣੀ ਜੁੱਤੀ ਚੁੱਕੀ ਤੇ ਦਲਾਨ ਵਿਚ ਇਕ ਦੂਜੀ ਨਾਲੋਂ ਅੱਡ ਕਰਕੇ ਰੱਖ ਦਿਤੀ।
ਪਰ ਇਸ ਸਫ਼ਰ ਤੋਂ ਛੁਟਕਾਰਾ ਨਹੀਂ ਸੀ ਹੋਣਾ, ਹਾਲਾਂਕਿ ਆਪਣੀ ਅੱਠ ਦਿਨਾਂ ਦੀ ਮੱਕੀ ਨੂੰ ਗੋਡੀ ਕਰਨਾ ਵੀ ਲਾਜ਼ਮੀ ਸੀ।
ਸਵੇਰੇ ਦਾਲਾਨ ਵਿਚ ਝਾੜੂ ਦੇਂਦਿਆਂ ਬੁੱਢੀ ਨੇ ਬੇਧਿਆਨੀ ਨਾਲ ਰਹਿਮਾਨ ਦੀ ਜੁੱਤੀ ਪਰ੍ਹਾਂ ਸਰਕਾ ਦਿਤੀ ਤੇ ਜੁੱਤੀ ਦੀ ਅੱਡੀ ਦੂਜੀ ਜੁੱਤੀ ਉੱਤੇ ਫੇਰ ਜਾ ਚੜ੍ਹੀ। ਸ਼ਾਮ ਹੁੰਦਿਆਂ ਹੁੰਦਿਆਂ ਸਲਾਹ ਢਿੱਲੀ ਹੋਣ ਲੱਗੀ-ਸੌਣ ਤੋਂ ਪਹਿਲਾਂ ਅੰਬਾਲੇ ਜਾਣ ਦਾ ਖ਼ਿਆਲ ਰਹਿਮਾਨ ਦੇ ਦਿਲ ਵਿਚ ਕੱਚਾ ਪੱਕਾ ਸੀ-ਉਸਦਾ ਖ਼ਿਆਲ ਸੀ ਕਿ ਤਰਾਈ ਵਿਚ ਗੋਡੀ ਕਰਨ ਤੋਂ ਬਾਅਦ ਹੀ ਕਿਧਰੇ ਜਾਵੇਗਾ। ਤੇ ਨਾਲੇ ਕੱਲ੍ਹ ਦੇ ਮੀਟ ਸਦਕਾ ਫੇਰ ਉਸਦੇ ਢਿੱਡ ਵਿਚ ਗੜਬੜ ਹੋਣ ਲੱਗ ਪਈ ਸੀ। ਪਰ ਸਵੇਰੇ ਜਦੋਂ ਉਸਨੇ ਫੇਰ ਜੁੱਤੀਆਂ ਦੀ ਹਾਲਤ ਵੇਖੀ ਤਾਂ ਉਸਨੇ ਸੋਚਿਆ ਹੁਣ ਅੰਬਾਲੇ ਜਾਏ ਬਿਨਾਂ ਛੁਟਕਾਰਾ ਨਹੀਂ ਹੋਣਾ। ਮੈਂ ਲੱਖ ਇਨਕਾਰ ਕਰਾਂ ਪਰ ਮੇਰਾ ਦਾਨਾਪਾਣੀ ਤੇ ਮੇਰੀਆਂ ਜੁੱਤੀਆਂ ਬੜੀਆਂ ਬਲਵਾਨ ਨੇ, ਉਹ ਮੈਨੂੰ ਸਫ਼ਰ 'ਤੇ ਜਾਣ ਵਾਸਤੇ ਮਜ਼ਬੂਰ ਕਰ ਰਹੇ ਨੇ। ਉਦੋਂ ਸਵੇਰ ਦੇ ਸਤ ਵੱਜੇ ਸਨ ਤੇ ਸਵੇਰ ਵੇਲੇ ਇਰਾਦੇ ਬੁਲੰਦ ਹੁੰਦੇ ਨੇ। ਰਹਿਮਾਨ ਨੇ ਫੇਰ ਆਪਣੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਤੇ ਉਹਨਾਂ ਦੀ ਨਿਗਰਾਨੀ ਕਰਨ ਲੱਗਾ।
ਧੋਤੇ ਤੇ ਨੀਲ ਦਿੱਤੇ ਕਪੜੇ ਰਾਤੋ–ਰਾਤ ਸੁੱਕ ਕੇ ਲਿਸ਼ਕਣ ਲੱਗ ਪਏ ਸਨ। ਨੀਲ ਆਪਣੇ ਆਪ ਨੂੰ ਗੰਵਾਅ ਕੇ ਸਫ਼ੇਦੀ ਨੂੰ ਕਿੰਨਾ ਉਘਾੜ ਦਿੰਦਾ ਹੈ। ਜਦੋਂ ਕਦੀ ਬੁੱਢੀ ਨੀਲ ਦੇ ਬਿਨਾਂ ਕਪੜੇ ਧੋਂਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਹੁਣੇ ਉਹਨਾਂ ਨੂੰ ਛੱਪੜ ਦੇ ਪਾਣੀ ਵਿਚੋਂ ਕੱਢਿਆ ਹੋਵੇ ਤੇ ਪਾਣੀ ਦੀ ਮਿੱਟਮੈਲੀ ਰੰਗਤ ਉਹਨਾਂ ਵਿਚ ਇੰਜ ਵੱਸ ਗਈ ਹੋਵੇ ਜਿਵੇਂ ਕਮਲੇ ਦੇ ਦਿਮਾਗ ਵਿਚ ਸਿਆਣਾ ਹੋਣ ਦਾ ਭਰਮ ਵੱਸਿਆ ਹੁੰਦਾ ਹੈ।
ਜੀਨਾ ਦੀ ਮਾਂ ਦੋ ਤਿੰਨ ਦਿਨਾਂ ਦੀ ਹਰ ਰੋਜ਼ ਉਖੱਲੀ ਵਿਚ ਜੌਂ ਕੁੱਟ ਕੇ ਸੱਤੂ ਬਣਾ ਰਹੀ ਸੀ। ਘਰੇ ਪੁਰਾਣਾ ਗੁੜ ਪਿਆ ਸੀ ਜਿਸਨੂੰ ਧੁੱਪ ਵਿਚ ਰੱਖ ਕੇ ਕੀੜੇ ਕੱਢ ਦਿਤੇ ਗਏ ਸਨ। ਉਸਦੇ ਇਲਾਵਾ ਸੁੱਕੀ ਮੱਕੀ ਦੇ ਭੁੱਟੇ ਸਨ। ਸੋ ਜੀਨਾ ਦੀ ਮਾਂ ਬੜੇ ਦਿਨਾਂ ਦੀ ਇਸ ਸਫ਼ਰ ਦੀ ਤਿਆਰੀ ਕਰ ਰਹੀ ਸੀ ਤੇ ਜੁੱਤੀ ਦਾ ਜੁੱਤੀ 'ਤੇ ਚੜ੍ਹਨਾ ਤਾਂ ਸਿਰਫ ਉਸਦੀ ਪੁਸ਼ਟੀ ਕਰਦਾ ਸੀ। ਬੁੱਢੀ ਦਾ ਖ਼ਿਆਲ ਸੀ ਕਿ ਇਸ ਬਹਾਨੇ ਰਹਿਮਾਨ ਦਾ ਨਵਾਂ ਤਹਿਮਦ (ਚਾਦਰਾ) ਵੀ ਬਣ ਜਾਏਗਾ ਤੇ ਜੀਨਾ ਲਈ ਸੁਗਾਤ ਵੀ।
ਰਹਿਮਾਨ ਨੇ ਕੁਝ ਸੋਚਦਿਆਂ ਹੋਇਆਂ ਪੁੱਛਿਆ-“ਜੀਨਾ ਦੀ ਮਾਂ, ਭਲਾਂ ਕੀ ਨਾਂਅ ਰੱਖਿਐ ਉਹਨਾਂ ਆਪਣੇ ਨਿੱਕੇ ਦਾ?'
ਬੁੱਢੀ ਹੱਸ ਕੇ ਬੋਲੀ-“ਸਾਹਕ (ਇਸਹਾਕ : ਹਜ਼ਰਤ ਇਬਰਾਹਿਮ ਦੇ ਸਾਹਬਜਾਦੇੇ ਦਾ ਨਾਂ ਜਿਹਨਾਂ ਦੀ ਨਸਲ 'ਚੋ ਸਾਹਬਜਾਦੇ ਯਕੂਬ, ਮੂਸਾ ਤੇ ਈਸਾ ਵਗ਼ੈਰਾ ਅਣਗਿਣਤ ਪੈਗੰਬਰ ਔਲੀਆ ਇਸਲਾਮ ਹੋਏ-ਅਨੁ.) ਰੱਖਿਐ ਨਾਂਅ, ਹੋਰ ਕੀ ਰੱਖਿਆ ਐ, ਉਹਨਾਂ ਆਪਣੇ ਨਿੱਕੇ ਦਾ-ਸੱਚਮੁੱਚ ਬੜਾ ਕਮਜ਼ੋਰ ਐ ਤੇਰਾ ਚੇਤਾ ਵੀ।”
ਇਸਹਾਕ ਦਾ ਨਾਂ ਭਲਾ ਰਹਿਮਾਨ ਕਿਵੇਂ ਯਾਦ ਰੱਖ ਸਕਦਾ ਸੀ-ਜਦੋਂ ਉਹ ਆਪ ਨਿੱਕਾ ਹੁੰਦਾ ਸੀ ਤਾਂ ਉਸਦਾ ਦਾਦਾ ਵੀ ਰਹਿਮਾਨ ਦਾ ਨਾਂ ਭੁੱਲ ਗਿਆ ਸੀ। ਦਾਦਾ ਖਾਂਦਾ ਪੀਂਦਾ ਆਦਮੀ ਸੀ ਤੇ ਉਸਨੇ ਚਾਂਦੀ ਦੀ ਤਖ਼ਤੀ ਉੱਤੇ ਅਰਬੀ ਸ਼ਬਦਾਂ ਵਿਚ ਰਹਿਮਾਨ ਲਿਖਵਾ ਕੇ ਆਪਣੇ ਪੋਤੇ੍ਰ ਦੇ ਗਲੇ ਵਿਚ ਪਾ ਦਿੱਤਾ ਸੀ ਪਰ ਪੜ੍ਹਨਾ ਕਿਸ ਨੂੰ ਆਉਂਦਾ ਸੀ-ਬਸ ਉਹ ਤਖ਼ਤੀ ਨੂੰ ਦੇਖ ਕੇ ਹੱਸ ਪੈਂਦਾ...। ਉਹਨੀਂ ਦਿਨੀ ਤਾਂ ਨਾਂ ਗਾਮੂੰ, ਸ਼ੇਰਾ, ਫੱਤੂ, ਫੱਜਾ ਵਗ਼ੈਰਾ ਹੀ ਹੁੰਦੇ ਸੀ। ਇਸਹਾਕ, ਸ਼ੋਆਬ ਵਗ਼ੈਰਾ ਨਾਂ ਤਾਂ ਹੁਣ ਕਸਬਾਈ ਲੋਕਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ ਸੀ। ਰਹਿਮਾਨ ਸੋਚਣ ਲੱਗਿਆ-'ਸਾਹਕ ਤਾਂ ਹੁਣ ਡੇਢ ਸਾਲ ਦਾ ਹੋ ਚੁੱਕਿਆ ਹੋਵੇਗਾ। ਹੁਣ ਉਸਦੀ ਧੌਣ ਵੀ ਨਹੀਂ ਝੂਲਦੀ ਹੋਣੀ। ਉਹ ਗਰਦਨ ਚੁੱਕ ਕੇ ਮੇਰੇ ਵੱਲ ਬਿਟਰ–ਬਿਟਰ ਝਾਕਦਾ ਰਹੇਗਾ ਤੇ ਆਪਣੇ ਨਿੱਕੇ ਜਿਹੇ ਦਿਲ ਵਿਚ ਸੋਚੇਗਾ-ਅੱਲ੍ਹਾ ਜਾਣੇ ਇਹ ਬਾਬਾ, ਚਿੱਟੇ ਵਾਲਾਂ ਵਾਲਾ ਬੁੜ੍ਹਾ, ਸਾਡੇ ਘਰ ਕਿੱਥੋਂ ਆ ਗਿਆ! ਉਹ ਨਹੀਂ ਜਾਣਦਾ ਹੋਵੇਗਾ ਕਿ ਉਹ ਉਸਦਾ ਆਪਣਾ ਨਾਨਾ ਏਂ। ਆਪਣਾ ਨਾਨਾ ਜਿਸ ਦੇ ਮਾਸ–ਮੱਝਾ ਨਾਲ ਉਹ ਖ਼ੁਦ ਵੀ ਬਣਿਆਂ ਏਂ। ਉਹ ਸੰਗ ਕੇ ਆਪਣਾ ਮੂੰਹ ਜੀਨਾ ਦੀ ਬੁੱਕਲ ਵਿਚ ਲੁਕਾਅ ਲਵੇਗਾ। ਮੇਰਾ ਜੀਅ ਕਰੇਗਾ ਜੀਨਾ ਨੂੰ ਵੀ ਆਪਣੀ ਗੋਦੀ ਵਿਚ ਚੁੱਕ ਲਵਾਂ, ਪਰ ਜਵਾਨ ਧੀਆਂ ਨੂੰ ਕੌਣ ਗੋਦੀ ਚੁੱਕਦਾ ਹੁੰਦੈ ਭਲਾਂ!-ਐਵੇਂ ਹੀ ਏਨੀ ਵੱਡੀ ਹੋ ਗਈ ਜੀਨਾ। ਬਚਪਨ ਵਿਚ ਜਦੋਂ ਉਹ ਖੇਡ ਕੁੱਦ ਕੇ ਬਾਹਰੋਂ ਆਉਂਦੀ ਸੀ ਤਾਂ ਉਸਨੂੰ ਛਾਤੀ ਨਾਲ ਲਾ ਕੇ ਕਿੰਨੀ ਠੰਡ ਪੈ ਜਾਂਦੀ ਹੁੰਦੀ ਸੀ। ਉਹਨੀਂ ਦਿਨੀ ਇਸ ਦਿਲ ਉੱਤੇ ਇਹ ਮਘਦੀ ਹੋਈ ਪਾਥੀ ਰੱਖੀ ਮਹਿਸੂਸ ਨਹੀਂ ਸੀ ਹੁੰਦੀ ਹੁੰਦੀ। ਹੁਣ ਉਹ ਸਿਰਫ ਉਸਨੂੰ ਦੂਰੋਂ ਹੀ ਦੇਖ ਸਕੇਗਾ, ਉਸਦਾ ਸਿਰ ਪਿਆਰ ਨਾਲ ਚੁੰਮ ਲਵੇਗਾ-ਤੇ-ਕੀ ਓਹੋ ਤਸੱਲੀ ਮਿਲ ਸਕੇਗੀ?'
ਰਹਿਮਾਨ ਨੂੰ ਇਸ ਗੱਲ ਤਾਂ ਪੱਕਾ ਯਕੀਨ ਸੀ ਕਿ ਉਹਨਾਂ ਸਾਰਿਆਂ ਨੂੰ ਵੇਖ ਕੇ ਉਹਦਾ ਰੋਣ ਨਿਕਲ ਜਾਵੇਗਾ। ਉਹ ਅੱਥਰੂ ਰੋਕਣ ਦੀ ਲੱਖ ਕੋਸ਼ਿਸ਼ ਕਰੇਗਾ, ਪਰ ਉਹ ਆਪ–ਮੁਹਾਰੇ ਵਹਿ ਤੁਰਨਗੇ ਕਿ ਤਲੰਗਾ ਉਸਦੀ ਧੀ ਨੂੰ ਕੁੱਟਮਾਰ ਕਰਦਾ ਹੈ। ਉਹ ਜ਼ਬਾਨ ਦੀ ਫਜ਼ੂਲ ਬਕਬਕ ਦੇ ਬਿਨਾਂ ਹੀ ਇਹ ਗੱਲ ਕਹਿ ਦਵੇਗਾ ਕਿ 'ਜੀਨਾ ਮੇਰੀਏ ਧੀਏ। ਤੇਰੇ ਪਿੱਛੇ ਮੈਂ ਬੜੇ ਕਰੜੇ ਦਿਨ ਵੇਖੇ ਨੇ ਜਦੋਂ ਚੌਧਰੀ ਖੁਸ਼ਹਾਲ ਨੇ ਮੈਨੂੰ ਕੁੱਟਿਆ ਸੀ ਤਾਂ ਮੇਰੀ ਢੂਹੀ ਟੁੱਟ ਗਈ ਸੀ, ਮੈਂ ਮਰ ਹੀ ਤਾਂ ਚੱਲਿਆ ਸੀ-ਫੇਰ ਤੂੰ ਕਿੱਥੇ ਲੱਭਦੀ ਆਪਣੇ ਅੱਬਾ ਨੂੰ? ਪਰ ਅਣ–ਆਈ ਕੋਈ ਨਹੀਂ ਮਰਦਾ। ਸ਼ਾਇਦ ਮੈਂ ਤੇਰੇ ਲਈ ਜਾਂ ਸਾਹਕੇ ਲਈ ਜਾਂ ਕਿਸੇ ਹੋਰ ਸਾਊ–ਸੁਥਰੇ ਦੇ ਚਰਨਾ ਦੀ ਧੂੜ ਬਚ ਗਿਆ।
...ਤੇ ਕੀ ਨਿੱਕੇ ਦਾ ਲਹੂ ਜੋਸ਼ ਮਾਰਨੋਂ ਰਹਿ ਜਾਊ? ਉਹ ਹੁਮਕ ਹੁਮਕ ਦੇ ਆ ਜੂ–ਗਾ ਮੇਰੇ ਕੋਲ, ਤੇ ਮੈਂ ਕਹਾਂਗਾ-'ਸਾਹਕ ਬੇਟਾ ਦੇਖ ਮੈਂ ਤੇਰੇ ਲਈ ਲਿਆਇਆਂ-ਸਤੂ, ਮੱਕੀ ਦੇ ਭੂਤ ਪਿੰਨੇ ਤੇ ਖਡੌਣੇ ਤੇ ਹੋਰ ਬੜਾ ਛਿੱਛਪੱਤ; ਪਿੰਡ ਦੇ ਲੋਕਾਂ ਦਾ ਇਹੀ ਗਰੀਬੀ ਦਾਅਵਾ ਹੁੰਦੈ।' ਨਿੱਕਾ ਬੜੀ ਮੁਸ਼ਕਿਲ ਨਾਲ ਦੰਦਾਂ ਨਾਲ ਪਪੋਲ ਸਕੇਗਾ ਕਿਸੇ ਹਰੇ ਫੁੱਲੇ ਨੂੰ ਤੇ ਜਦੋਂ ਤਲੰਗੇ ਨਾਲ ਮੇਰੀ ਤੂੰ–ਤੂੰ, ਮੈਂ–ਮੈਂ ਹੋਵੇਗੀ ਤਾਂ ਖੂਬ ਖ਼ਰੀਆਂ–ਖ਼ਰੀਆਂ ਸੁਣਾਵਾਂਗਾ। ਵੱਡਾ ਸਮਝਦਾ ਕੀ ਐ ਆਪਣੇ ਆਪ ਨੂੰ-ਕੱਲ੍ਹ ਦੀ ਭੂਤਨੀ ਤੇ... ਤੇ...ਉਹ ਨਾਰਾਜ਼ ਹੋ ਜਾਵੇਗਾ। ਘਰ ਰੱਖੂੰ ਆਪਣੀ ਧੀ ਨੂੰ...ਤੇ ਫੇਰ ਮੈਂ ਉਸਦੇ ਪੁੱਤ ਨੂੰ ਚੁੱਕੀ ਫਿਰੂੰਗਾ ਗਲੀ ਗਲੀ, ਬਾਜ਼ਾਰ ਬਾਜ਼ਾਰ...ਤੇ ਮੰਨ ਜਾਵੇਗਾ ਤਲੰਗਾ।'
ਰਹਿਮਾਨ ਨੇ ਗੋਡੀ ਦਾ ਬੰਦੋਬਸਤ ਕੀਤਾ। ਖੜ੍ਹੀ ਫਸਲ 'ਤੇ ਕੁਝ ਰੁਪਏ ਉਧਾਰ ਲਏ। ਬੋਹੀਆ ਚੁੱਕਿਆ ਤੇ ਸਫ਼ਰ ਖਰਚ ਨਾਲ ਬੰਨ੍ਹਿਆਂ ਕੇ ਯੱਕੇ 'ਤੇ ਸਵਾਰ ਹੋ ਗਿਆ। ਬੁੱਢੀ ਨੇ ਉਸਨੂੰ ਅੱਲ੍ਹਾ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ-“ਬਸਰਾ ਪਹੁੰਚ ਜਾਵੇਂਗਾ, ਕੁਝ ਦਿਨਾਂ ਵਿਚ। ਮੇਰੀ ਜੀਨਾ ਨੂੰ ਨਾਲ ਲੈਂਦਾ ਆਵੀਂ ਤੇ ਮੇਰੇ ਸਾਹਕੇ ਨੂੰ ਵੀ-ਹੁਣ ਪਤਾ ਨਹੀਂ ਕਦੋਂ ਦਮ ਨਿਕਲ ਜਾਵੇ।”
ਮਲਿਕਾ ਰਾਣੀ ਤੋਂ ਮਾਨਕ ਪੁਰ ਪਹੁੰਚਦਿਆਂ ਪਹੁੰਚਦਿਆਂ ਰਹਿਮਾਨ ਨੇ ਇਸਹਾਕ ਲਈ ਬਹੁਤ ਸਾਰੀਆਂ ਚੀਜ਼ਾਂ ਖ਼ਰੀਦ ਲਈਆਂ। ਇਕ ਛੋਟਾ ਜਿਹਾ ਸ਼ੀਸ਼ਾ ਸੀ। ਇਕ ਸਲੋਲਾਈਟ ਦਾ ਜਾਪਾਨੀ ਛਣਕਣਾ ਜਿਸ ਵਿਚ ਲੱਗੇ ਅੱਧੀ ਦਰਜਣ ਦੇ ਲਗਭਗ ਘੁੰਗਰੂ ਯਕਦਮ ਵੱਜ ਪੈਂਦੇ ਸਨ। ਮਾਣਕਪੁਰ ਤੋਂ ਰਹਿਮਾਨ ਨੇ ਇਕ ਛੋਟਾ ਜਿਹਾ ਗੱਡੀਰਾ ਵੀ ਖ਼ਰੀਦ ਲਿਆ ਤਾਂਕਿ ਇਸਹਾਕ ਫੜ੍ਹ ਕੇ ਤੁਰਨਾ ਸਿੱਖ ਜਾਵੇ। ਕਦੀ ਰਹਿਮਾਨ ਕਹਿੰਦਾ ਅੱਲ੍ਹਾ ਕਰੇ, ਇਸਹਾਕ ਦੇ ਦੰਦ ਇਸ ਕਾਬਿਲ ਹੋਣ ਕਿ ਉਹ ਭੂਤ ਪਿੰਨੇ ਖਾ ਸਕੇ। ਫੇਰ ਇਕਦਮ ਉਸਦੀ ਇੱਛਾ ਹੁੰਦੀ ਕਿ ਉਹ ਏਨਾ ਛੋਟਾ ਹੋਵੇ ਕਿ ਤੁਰਨਾ ਵੀ ਨਾ ਸਿੱਖਿਆ ਹੋਵੇ ਤੇ ਜੀਨਾ ਦੀਆਂ ਗੁਆਂਢਣਾ ਜੀਨਾ ਨੂੰ ਕਹਿਣ-'ਨਿੱਕੇ ਨੇ ਤਾਂ ਆਪਣੇ ਨਾਨੇ ਦੇ ਗੱਡੀਰੇ ਨਾਲ ਤੁਰਨਾ ਸਿੱਖਿਐ'...ਤੇ ਰਹਿਮਾਨ ਨਹੀਂ ਜਾਣਦਾ ਸੀ ਕਿ ਉਹ ਨਿੱਕੇ ਨੂੰ ਵੱਡਾ ਦੇਖਣਾ ਚਾਹੁੰਦਾ ਹੈ ਜਾਂ ਵੱਡੇ ਨੂੰ ਨਿੱਕਾ! ਸਿਰਫ ਉਸਦੀ ਇੱਛਾ ਸੀ ਕਿ ਉਸਦੇ ਸੱਤੂ, ਉਸਦੇ ਭੂਤ ਪਿੰਨੇ, ਉਸਦਾ ਸ਼ੀਸ਼ਾ, ਉਸਦਾ ਛਣਕਣਾ, ਉਸਦਾ ਗੱਡੀਰਾ ਤੇ ਖ਼ਰੀਦੀਆਂ ਹੋਈਆਂ ਸਾਰੀਆਂ ਚੀਜ਼ਾਂ ਕੰਮ ਆ ਸਕਣ ਤੇ ਉਹਨਾਂ ਦੀ ਉਹ ਸਲਹੁਤ ਹੋੋਵੇ ਜਿਸਦੀ ਉਸਨੂੰ ਇੱਛਾ ਸੀ। ਕਦੀ ਉਹ ਸੋਚਦਾ, ਕੀ ਜੀਨਾ ਪਿੰਡ ਦੇ ਇਹਨਾਂ ਗਰੀਬੀ ਤੋਹਫ਼ਿਆਂ ਨੂੰ ਪਸੰਦ ਕਰੇਗੀ? ਕੀ ਪਤਾ ਉਹ ਉਸਦਾ ਦਿਲ ਰੱਖਣ ਲਈ ਇਹਨਾਂ ਚੀਜ਼ਾਂ ਨੂੰ ਵੇਖ ਕੇ ਗਦਗਦ ਹੋ ਜਾਵੇ ਪਰ ਕੀ ਉਹ ਸਿਰਫ ਮੇਰਾ ਜੀਅ ਰੱਖਣ ਲਈ ਹੀ ਇੰਜ ਕਰੇਗੀ? ਫੇਰ ਤਾਂ ਮੈਨੂੰ ਬੜਾ ਦੁੱਖ ਹੋਵੇਗਾ। ਕੀ ਮੇਰੇ ਸੱਤੂ ਸੱਚਮੁੱਚ ਉਸਨੂੰ ਪਸੰਦ ਨਹੀਂ ਆ ਸਕਦੇ? ਮੇਰੀ ਧੀ ਨੂੰ, ਮੇਰੀ ਜੀਨਾ ਨੂੰ! ਅਲੀਆ ਤਾਂ ਪਰਇਆ ਪੇਟ ਹੈ, ਉਹ ਕੁਝ ਵੀ ਪਸੰਦ ਨਹੀਂ ਕਰੇਗਾ। ਉਹ ਤਾਂ ਨਾਇਕ ਹੈ। ਅੱਲ੍ਹਾ ਜਾਣੇ ਸਾਹਬ ਲੋਕਾਂ ਨਾਲ ਕੀ ਕੁਝ ਖਾਂਦਾ ਹੋਵੇਗਾ। ਉਹ ਕਿਉਂ ਪਸੰਦ ਕਰਨ ਲੱਗਾ ਪਿੰਡ ਦੇ ਸੱਤੂ-ਤੇ ਨਾਨਕਪੁਰ ਤੋਂ ਰਵਾਨਾ ਹੋਣ ਲੱਗਾ ਰਹਿਮਾਨ ਕੰਬਣ ਲੱਗ ਪਿਆ।
ਰਹਿਮਾਨ ਨੂੰ ਦਿਮਾਗੀ ਤੇ ਸਰੀਰਕ ਥਕਾਣ ਕਾਰਣ ਘੂਕੀ ਜਿਹੀ ਚੜ੍ਹਣ ਲੱਗੀ। ਰਾਤ ਵਾਲੇ ਮੀਟ ਨੇ ਉਸਦੇ ਢਿੱਡ ਵਿਚ ਸੁੱਤਾ ਸ਼ੈਤਾਨ ਜਗਾ ਦਿਤਾ ਸੀ। ਅੱਖਾਂ ਵਿਚ ਪੀਲਕ, ਅੰਦਰੂਨੀ ਗਰਮੀ ਦੀ ਸੂਚਕ, ਤਾਂ ਸੀ ਹੀ ਪਰ ਕੁਝ ਸਫ਼ਰ, ਕੁਝ ਰਾਤ ਦੇ ਮਾਸਾ ਹਾਰੀ ਖਾਣੇ ਕਾਰਕੇ ਅੱਖਾਂ ਵਿਚ ਅੰਗਿਆਰ ਭਖ਼ਣ ਲੱਗ ਪਏ। ਰਹਿਮਾਨ ਨੇ ਆਪਣੇ ਢਿੱਡ ਨੂੰ ਦੱਬਿਆ। ਤਿਲੀ ਵਾਲੀ ਜਗ੍ਹਾ ਫੇਰ ਚਸਕਦੀ ਮਹਿਸੂਸ ਹੋਈ, ਜੀਨਾ ਦੀ ਮਾਂ ਨੇ ਐਵੇਂ ਹੀ ਮੀਟ ਬਣਾ ਲਿਆ-ਪਰ ਉਦੋਂ ਤਾਂ ਉਸਨੂੰ ਦੁਪੱਟੇ ਨਾਲ ਹੱਥ ਪੂੰਝਣੇ ਤੇ ਮੀਟ ਦੋਵੇਂ ਚੀਜ਼ਾਂ ਪਸੰਦ ਆਈਆਂ ਸਨ।
ਰਹਿਮਾਨ ਨੂੰ ਇਕ ਜਗ੍ਹਾ ਪਿਸ਼ਾਬ ਦੀ ਹਾਜਤ ਹੋਈ ਤੇ ਉਸਨੇ ਦੇਖਿਆ ਕਿ ਉਸਦਾ ਪੀਲਾ ਪਿਸ਼ਾਬ ਕਾਲੀ ਭਾਅ ਮਾਰਨ ਲੱਗ ਪਿਆ ਸੀ। ਰਹਿਮਾਨ ਨੂੰ ਫੇਰ ਵਹਿਮ ਹੋ ਗਿਆ। ਸੋ ਉਸਨੇ ਸੋਚਿਆ ਮੈਨੂੰ ਪ੍ਰਹੇਜ਼ ਰੱਖਣਾ ਚਾਹੀਦਾ ਸੀ-ਪੁਰਾਣੀ ਬਿਮਾਰੀ ਫੇਰ ਜਾਗ ਪਈ ਹੈ।
ਗੱਡੀ ਵਿਚ, ਖਿੜਕੀ ਵਾਲੇ ਪਾਸਿਓਂ ਪੁਰੇ ਦੀ ਹਵਾ ਫਰਾਟੇ ਭਰਦੀ ਅੰਦਰ ਆ ਰਹੀ ਸੀ। ਬਿਰਖ਼ਾਂ ਦੇ ਅੱਖਾਂ ਸਾਹਮਣੇ ਘੁੰਮਣ, ਕਦੀ ਅੱਖਾਂ ਬੰਦ ਕਰਨ ਤੇ ਖੋਲ੍ਹਣ ਨਾਲ ਰਹਿਮਾਨ ਨੂੰ ਗੱਡੀ ਬਿਲਕੁਲ ਕਿਸੇ ਭੰਗੂੜੇ ਵਾਂਗ ਅੱਗੇ ਪਿੱਛੇ ਹਿੱਲਦੀ ਮਹਿਸੂਸ ਹੋ ਰਹੀ ਸੀ। ਦੋ ਤਿੰਨ ਸਟੇਸ਼ਨ ਇਸੇ ਊਂਘ ਵਿਚ ਨਿਕਲ ਗਏ। ਜਦੋਂ ਉਹ ਕਰਨਾਲ ਤੋਂ ਇਕ ਦੋ ਸਟੇਸ਼ਨ ਉਰੇ ਹੀ ਸੀ ਤਾਂ ਉਸਦੀ ਅੱਖ ਖੁੱਲ੍ਹ ਗਈ-ਉਸਦੀ ਸੀਟ ਹੇਠੋਂ ਗੰਢੜੀ ਚੁੱਕੀ ਗਈ ਸੀ ਸਿਰਫ ਉਸਦੇ ਆਪਣੇ ਗੁਜਾਰੇ ਲਈ ਸੱਤੂ ਤੇ ਚਾਦਰ ਦੇ ਪੱਲੇ ਨਾਲ ਬੰਨ੍ਹੇ ਭੂਤ ਪਿੰਨੇ ਜਾਂ ਉਸਦੀਆਂ ਪਸਰੀਆਂ ਹੋਈਆਂ ਲੱਤਾਂ ਵਿਚਕਾਰ ਗੱਡੀਰਾ ਖੜ੍ਹਾ ਸੀ।
ਰਹਿਮਾਨ ਰੌਲਾ ਪਾਉਣ ਲੱਗ ਪਿਆ। ਉਸ ਡੱਬੇ ਵਿਚ ਦੋ ਬਾਬੂ ਕਿਸਮ ਦੇ ਆਦਮੀ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਬੁੱਢੇ ਨੂੰ ਚੀਕਦਿਆਂ–ਕੂਕਦਿਆਂ ਦੇਖ ਕੇ ਚੀਕੇ-“ਕਿਉਂ ਰੌਲਾ ਪਾਈ ਜਾਣੇ ਬਾਬਾ, ਚੁੱਪ ਕਰਕੇ ਬਹਿ”-ਪਰ ਰਹਿਮਾਨ ਬੋਲਦਾ ਹੀ ਰਿਹਾ। ਉਸਦੀ ਸਾਹਮਣੀ ਸੀਟ ਉੱਤੇ ਇਕ ਲਾਪਰੀਆਂ ਮੁੱਛਾਂ ਵਾਲਾ ਕਾਂਸਟੇਬਲ ਬੈਠਾ ਸੀ। ਰਹਿਮਾਨ ਨੇ ਉਸਨੂੰ ਘੇਰ ਲਿਆ ਤੇ ਬੋਲਿਆ-“ਤੂੰ ਹੀ ਮੇਰੀ ਗੰਢੜੀ ਚੁਕਵਾਈ ਆ ਬੇਟਾ”...ਕਾਂਸਟੇਬਲ ਨੇ ਇਕ ਝਟਕੇ ਨਾਲ ਰਹਿਮਾਨ ਨੂੰ ਪਰ੍ਹਾਂ ਧਰੀਕ ਦਿਤਾ। ਉਸ ਖਿੱਚੋਤਾਣੀ ਵਿਚ ਰਹਿਮਾਨ ਦਾ ਸਾਹ ਉਖੱੜ ਗਿਆ। ਬਾਊ ਫੇਰ ਬੋਲਿਆ-“ਤੂੰ ਸੌਂ ਕਿਉਂ ਗਿਆ ਸੀ, ਬਾਬਾ? ਤੂੰ ਨਿਗਾਹ ਰੱਖਦਾ ਆਪਣੀ ਗੰਢੜੀ ਦੀ...ਤੇਰੀ ਅਕਲ ਚਰਨ ਚਲੀ ਗਈ ਸੀ ਕਿਤੇ?”
ਰਹਿਮਾਨ ਉਸ ਸਮੇਂ ਸਾਰੀ ਦੁਨੀਆਂ ਨਾਲ ਭਿੜ ਜਾਣ ਲਈ ਤਿਆਰ ਸੀ। ਉਸਨੇ ਕਾਂਸਟੇਬਲ ਦੀ ਵਰਦੀ ਪਾੜ ਸੁੱਟੀ। ਕਾਂਸਟੇਬਲ ਨੇ ਗੱਡੀਰੇ ਦਾ ਡੰਡਾ ਖਿੱਚ ਕੇ ਰਹਿਮਾਨ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਉਦੋਂ ਹੀ ਟਿਕਟ ਚੈਕਰ ਅੰਦਰ ਆ ਵੜਿਆ। ਉਸਨੇ ਵੀ ਬਾਬੂ ਲੋਕਾਂ ਦੀ ਰਾਏ ਨਾਲ ਸਹਿਮਤ ਹੋ ਕੇ ਰਹਿਮਾਨ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਤੇ ਰਹਿਮਾਨ ਨੂੰ ਹੁਕਮ ਦਿਤਾ ਕਿ ਉਹ ਕਰਨਾਲ ਪਹੁੰਚ ਕੇ ਗੱਡੀ ਵਿਚੋਂ ਉਤਰ ਜਾਵੇ, ਉਸਨੂੰ ਰੇਲਵੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਚੈਕਰ ਨਾਲ ਲੜਾਈ ਵਿਚ ਇਕ ਲੱਤ ਰਹਿਮਾਨ ਦੇ ਢਿੱਡ ਵਿਚ ਵੱਜੀ ਤੇੇ ਉਹ ਫਰਸ਼ ਉੱਤੇ ਲੰਮ–ਲੇਟ ਹੋ ਗਿਆ।
ਕਰਨਾਲ ਆ ਚੁੱਕਿਆ ਸੀ-ਰਹਿਮਾਨ, ਉਸਦੀ ਚਾਦਰ ਤੇ ਗੱਡੀਰਾ ਪਲੇਟ ਫਾਰਮ ਉੱਤੇ ਲਾਹ ਦਿੱਤਾ ਗਿਆ। ਗੱਡੀਰੇ ਦਾ ਡੰਡਾ ਇਕ ਪਾਸੇ ਖ਼ੂਨ ਨਾਲ ਲਿਬੜਿਆ ਆਪਣੇ ਢਾਂਚੇ ਨਾਲੋਂ ਵੱਖ ਪਿਆ ਹੋਇਆ ਸੀ। ਤੇ ਉਹ ਮੱਕੀ ਦੇ ਭੂਤ ਪਿੰਨੇ ਖੁੱਲ੍ਹੀ ਹੋਈ ਚਾਦਰ ਵਿਚੋਂ ਨਿਕਲ ਨਿਕਲ ਪਲੇਟਫਾਰਮ ਉੱਤੇ ਰੁੜ੍ਹੇ ਫਿਰਦੇ ਸਨ।
ਰਹਿਮਾਨ ਦੇ ਢਿੱਡ ਵਿਚ ਖਾਸੀ ਸੱਟ ਵੱਜੀ ਸੀ। ਉਸਨੂੰ ਸਟਰੇਚਰ ਉੱਤੇ ਪਾ ਕੇ ਕਰਨਾਲ ਦੇ ਹਸਪਤਾਲ ਲੈ ਜਾਇਆ ਗਿਆ।
ਜੀਨਾ, ਸਾਹਕ, ਅਲੀ ਮੁਹੰਮਦ, ਜੀਨਾ ਦੀ ਮਾਂ...ਇਕ ਇਕ ਕਰਕੇ ਰਹਿਮਾਨ ਦੀਆਂ ਨਜ਼ਰਾਂ ਸਾਹਮਣਿਓ ਲੰਘਣ ਲੱਗੇ। ਜ਼ਿੰਦਗੀ ਦੀ ਫਿਲਮ ਕਿੰਨੀ ਛੋਟੀ ਹੁੰਦੀ ਹੈ-ਇਸ ਵਿਚ ਮੁਸ਼ਕਿਲ ਨਾਲ ਤਿੰਨ ਚਾਰ ਆਦਮੀ ਤੇ ਇਕ ਦੋ ਔਰਤਾਂ ਹੀ ਆ ਸਕਦੀਆਂ ਨੇ। ਹੋਰ ਮਰਦ ਤੇ ਔਰਤਾਂ ਵੀ ਆਉਂਦੀਆਂ ਨੇ, ਪਰ ਉਹਨਾਂ ਬਾਰੇ ਕੁਝ ਵੀ ਤਾਂ ਚੇਤੇ ਨਹੀਂ ਰਹਿੰਦਾ। ਜੀਨਾ, ਸਾਹਕਾ, ਅਲੀ ਮੁਹੰਮਦ ਤੇ ਜੀਨਾ ਦੀ ਮਾਂ...ਜਾਂ ਕਦੀ–ਕਦਾਰ ਉਹਨਾਂ ਕੁਝ ਲੋਕਾਂ ਵਿਚਕਾਰ ਕਸ਼ਮਕਸ਼ ਦੀ ਕੋਈ ਘਟਨਾ ਯਾਦ ਆ ਜਾਂਦੀ ਹੈ ਜਿਵੇਂ ਕਿ ਪਲੇਟਫਾਰਮ ਉੱਤੇ ਪਿਆ ਹੋਇਆ ਗੱਡੀਰਾ, ਤੇ ਮੱਕੀ ਦੇ ਰੁੜ੍ਹੇ ਫਿਰਦੇ ਭੂਤ ਪਿੰਨੇ ਜਿਹਨਾਂ ਨੂੰ ਖਲਾਸੀ, ਵਾਚ ਮੈਨ, ਸਿਗਨਲ ਵਾਲਿਆਂ ਦੇ ਆਵਾਰਾ ਛੋਹਰ ਚੁੱਕ ਕੇ ਭੱਜ ਰਹੇ ਸੀ ਤੇ ਉਹਨਾਂ ਦੇ ਕਾਲੇ ਕਾਲੇ ਚਿਹਰਿਆਂ ਉੱਤੇ ਸਫ਼ੇਦ ਦੰਦ ਬਿਲਕੁਲ ਉਸੇ ਤਰ੍ਹਾਂ ਦਿਖਾਈ ਦੇਂਦੇ ਜਿਵੇਂ ਉਸ ਧੁੰਦਲੇ ਜਿਹੇ ਦ੍ਰਿਸ਼ ਵਿਚ ਉਹਨਾਂ ਦਾ ਹਾਸਾ, ਉਹਨਾਂ ਦੇ ਠਹਾਕੇ...ਜਾਂ ਦੂਰ ਕੋਈ ਪੁਲਿਸ ਮੈਨ ਆਪਣੀ ਡਾਇਰੀ ਵਿਚ ਕੁਝ ਜ਼ਰੂਰੀ ਕੁਝ ਗੈਰਜ਼ਰੂਰੀ ਵੇਰਵਾ ਲਿਖ ਰਿਹਾ ਹੋਵੇ-
...ਫੇਰ ਲੱਤ ਮਾਰੀ...
ਹੈਂ? ਇੰਜ ਨਹੀਂ ਹੋ ਸਕਦਾ...ਅੱਛਾ ਫੇਰ ਲੱਤ ਮਾਰੀ।
ਤੇ ਫੇਰ...
ਫੇਰ ਹਸਪਤਾਲ ਦੇ ਚਿੱਟੇ ਬਿਸਤਰੇ, ਕਫ਼ਨ ਵਰਗੀਆਂ ਸਫ਼ੈਦ ਚਾਦਰਾਂ, ਕਬਰਾਂ ਵਰਗੇ ਮੰਜੇ, ਮਾਤਮੀ ਚਿਹਰਿਆਂ ਵਾਲੀਆਂ ਨਰਸਾਂ ਤੇ ਡਾਕਟਰ...
ਰਹਿਮਾਨ ਦੇ ਵੇਖਿਆ, ਉਸਦੀ ਭੂਤ ਪਿੰਨਿਆਂ ਵਾਲੀ ਚਾਦਰ ਹਸਪਤਾਲ ਵਿਚ ਉਸਦੇ ਸਿਰਹਾਣੇ ਪਈ ਸੀ। “ਇਹ ਵੀ ਉੱਥੇ ਈ ਛੱਡ ਆਏ ਹੁੰਦੇ”-ਰਹਿਮਾਨ ਨੇ ਕਿਹਾ। “ਈਹਦੀ ਮੈਨੂੰ ਕੀ ਲੋੜ ਸੀ?” ਇਸ ਦੇ ਇਲਾਵਾ ਰਹਿਮਾਨ ਕੋਲ ਕੁਝ ਵੀ ਨਹੀਂ ਸੀ। ਡਾਕਟਰ ਤੇ ਨਰਸਾਂ ਉਸਦੇ ਸਿਰਹਾਣੇ ਖੜ੍ਹੇ ਹਰ ਵਾਰੀ ਲੱਠੇ ਦੀ ਚਿੱਟੀ ਚਾਦਰ ਨੂੰ ਮੂੰਹ ਵੱਲ ਖਿਸਕਾਅ ਦੇਂਦੇ ਸਨ...ਰਹਿਮਾਨ ਨੂੰ ਕੈਅ ਦੀ ਹਾਜਤ ਮਹਿਸੂਸ ਹੋਈ ਨਰਸ ਨੇ ਫੌਰਨ ਇਕ ਚਿਲਮਚੀ ਬੈੱਡ ਦੇ ਹੇਠ ਸਰਕਾਅ ਦਿਤੀ। ਰਹਿਮਾਨ ਕੈਅ ਕਰਨ ਲਈ ਝੁਕਿਆ ਤੇ ਉਸਨੇ ਦੇਖਿਆ ਕਿ ਉਸਨੇ ਆਪਣੀ ਜੁੱਤੀ ਆਮ ਵਾਂਗ ਕਾਹਲ ਨਾਲ ਮੰਜੇ ਕੋਲ ਲਾਹ ਦਿਤੀ ਸੀ ਤੇ ਜੁੱਤੀ ਫੇਰ ਜੁੱਤੀ ਉੱਤੇ ਚੜ੍ਹੀ ਹੋਈ ਸੀ। ਰਹਿਮਾਨ ਇਕ ਫਿੱਕਾ ਤੇ ਨਿੱਕਾ ਜਿਹਾ ਹਾਸਾ ਹੱਸਿਆ ਤੇ ਬੋਲਿਆ-“ਡਾਕਦਾਰਜੀ! ਮੈਂ ਸਫ਼ਰ 'ਤੇ ਜਾਣੈ ਜੀ, ਤੁਸੀਂ ਦੇਖ ਰਹੇ ਓ ਨਾ ਮੇਰੀ ਜੁੱਤੀ, ਜੁੱਤੀ ਉੱਤੇ ਕਿਵੇਂ ਚੜ੍ਹੀ ਹੋਈ ਐ?”
ਡਾਕਟਰ ਜਵਾਬ ਵਿਚ ਮੁਸਕਰਾਇਆ ਤੇ ਬੋਲਿਆ-“ਹਾਂ ਬਾਬਾ, ਤੂੰ ਬੜੇ ਲੰਮੇਂ ਸਫ਼ਰ 'ਤੇ ਜਾਣਾ ਏਂ...” ਫੇਰ ਰਹਿਮਾਨ ਦੇ ਸਿਰਹਾਣੇ ਪਈ ਚਾਦਰ ਟੋਂਹਦਾ ਹੋਇਆ ਬੋਲਿਆ-“ਪਰ ਤੇਰਾ ਸਫ਼ਰ ਦਾ ਸਾਮਾਨ ਕਿੰਨਾ ਥੋੜ੍ਹਾ ਏ-ਅਹਿ ਸਿਰਫ ਇਹੋ ਭੂਤ ਪਿੰਨਾ ਤੇ ਏਨਾ ਲੰਮਾ ਸਫ਼ਰ”-ਬਸ ਜੀਨਾ, ਜੀਨਾ ਦੀ ਮਾਂ, ਸਾਹਕਾ ਤੇ ਅਲੀ ਮੁਹੰਮਦ ਜਾਂ ਉਹ ਅਫ਼ਸੋਸਨਾਕ ਘਟਨਾ...
ਰਹਿਮਾਨ ਨੇ ਆਪਣੇ ਸਫ਼ਰ ਦੇ ਸਾਮਾਨ ਉੱਤੇ ਆਪਣਾ ਹੱਥ ਰੱਖ ਲਿਆ ਤੇ ਇਕ ਬੜੇ ਲੰਮੇਂ ਸਫ਼ਰ ਤੇ ਰਵਾਨਾ ਹੋ ਗਿਆ।
--- --- ---