Thursday, March 24, 2011

ਭੁਜਾਵਾਂ...:: ਲੇਖਕ : ਹਰੀਸ਼ੀਕੇਸ਼ ਸੁਲਭ




ਹਿੰਦੀ ਕਹਾਣੀ :


ਭੁਜਾਵਾਂ...
ਲੇਖਕ : ਹਰੀਸ਼ੀਕੇਸ਼ ਸੁਲਭ

ਅਨੁਵਾਦ : ਮਹਿੰਦਰ ਬੇਦੀ, ਜੈਤੋ




ਅਸ਼ਟਭੁਜਾ ਲਾਲ ਨੂੰ ਆਪਣੇ ਬੀਤੇ ਹੋਏ ਦਿਨਾਂ ਬਾਰੇ ਸੋਚਣਾ ਚੰਗਾ ਨਹੀਂ ਲੱਗਦਾ। ਬੀਤੇ ਦਿਨਾਂ ਦੀ ਯਾਦ ਆਉਂਦਿਆਂ ਹੀ ਉਹਨਾਂ ਦਾ ਚਿੱਤ ਘਿਰਨ ਲੱਗ ਪੈਂਦਾ ਹੈ। ਉਹਨਾਂ ਨੂੰ ਲੱਗਦਾ ਹੈ ਜਿਵੇਂ ਆਪਣੀ ਪਤਨੀ ਦੇ ਵਾਰਡਰੋਬ ਵਿਚ ਬੰਦ ਹੋ ਗਏ ਹੋਣ। ਇਸ ਵਾਰਡਰੋਬ ਦੀ ਯਾਦ ਉਹਨਾਂ ਲਈ ਕਿਸੇ ਬਦਬੂਦਾਰ, ਬੜ੍ਹਕੇ ਹੋਏ ਨਾਲੇ ਵਿਚ ਡਿੱਗ ਪੈਣ ਜਿੰਨੀ ਦੁਖਦਾਈ ਹੈ। ਇਸ ਤਕਲੀਫ਼ ਤੋਂ ਮੁਕਤ ਹੋਣ ਲਈ ਉਹ ਲਗਾਤਾਰ ਹੱਥ-ਪੈਰ ਮਾਰਦੇ ਰਹਿੰਦੇ ਨੇ—ਲਾਚਾਰ ਜ਼ਖ਼ਮੀ ਵਾਂਗ ਛਟਪਟਾਉਂਦੇ ਰਹਿੰਦੇ ਨੇ। ਜਦੋਂ ਦਾ ਉਹਨਾਂ ਨੇ ਆਪਣੀ ਪਤਨੀ ਦਾ ਵਾਰਡਰੋਬ ਦੇਖਿਆ ਹੈ, ਜੀਵਨ ਦੇ ਬੀਤੇ ਹੋਏ ਦਿਨਾਂ ਦੇ ਅਜੀਬ-ਅਜੀਬ ਚਿੱਤਰ, ਮਨ ਵਿਚ, ਬਣਦੇ-ਢਹਿੰਦੇ ਰਹਿੰਦੇ ਨੇ। ਕਿਸੇ ਡਰਾਉਣੇ ਸੁਪਨੇ ਵਾਂਗ ਇਹ ਵਾਰਡਰੋਬ ਉਹਨਾਂ ਦੇ ਦਿਲ-ਦਿਮਾਗ਼ ਉੱਤੇ ਛਾਇਆ ਹੋਇਆ ਹੈ।
ਪਿਛਲੇ ਦਿਨੀਂ ਪਤਨੀ ਦੇ ਪੇਕਾ-ਪ੍ਰਵਾਸ ਦੇ ਦੌਰਾਨ ਵਾਰਡਰੋਬ ਦੀ ਚਾਬੀ ਉਹਨਾਂ ਦੇ ਹੱਥ ਲੱਗ ਗਈ ਸੀ। ਪਤਨੀ ਉਸ ਨੂੰ ਨਾਲ ਲੈ ਜਾਣਾ ਭੁੱਲ ਗਈ ਸੀ। ਬਿਨਾਂ ਕਿਸੇ ਮਾੜੀ ਭਾਵਨਾ ਦੇ, ਸਿਰਫ ਜੁਗਿਆਸਾ ਵੱਸ, ਉਹਨਾਂ ਵਾਰਡਰੋਬ ਖੋਲ੍ਹ ਕੇ ਦੇਖਣਾ ਚਾਹਿਆ ਕਿ 'ਆਖ਼ਰ ਕੀ-ਕੀ ਸਾਂਭ-ਛੁਪਾਅ ਕੇ ਰੱਖਿਆ ਹੋਇਆ ਏ ਸ਼੍ਰੀਮਤੀ ਕੁਸਮ ਕੁਮਾਰੀ ਨੇ?'...ਤੇ ਅਸ਼ਟਭੁਜਾ ਲਾਲ ਨੇ ਮੁਸੀਬਤ ਮੁੱਲ ਲੈ ਲਈ। ਨਾ ਦੇਖਤੇ ਤਾਂ ਸ਼ਾਇਦ ਉਹਨਾਂ ਦੇ ਜੀਵਨ ਦੇ ਬੀਤੇ ਹੋਏ ਦਿਨਾਂ ਦੇ ਮੂਹਰੇ, ਵਾਰ-ਵਾਰ, ਪਤਨੀ ਦਾ ਵਾਰਡਰੋਬ ਇੰਜ ਨਾ ਆਣ ਖੜ੍ਹਾ ਹੁੰਦਾ। ਬੜ੍ਹਕੇ, ਬਦਬੂਦਾਰ ਨਾਲੇ ਵਿਚ ਡਿੱਗ ਕੇ ਨਿਕਲਣ ਲਈ ਹੱਥ-ਪੈਰ ਮਾਰਨ ਵਰਗੀ ਇਹ ਤਕਲੀਫ਼ ਤਾਂ ਨਾ ਝੱਲਣੀ ਪੈਂਦੀ ਉਹਨਾਂ ਨੂੰ।
ਉਸ ਦਿਨ ਪਤਨੀ ਦੇ ਵਾਰਡਰੋਬ ਵਿਚ ਉਹਨਾਂ ਨੂੰ ਭਾਂਤ-ਭਾਂਤ ਦੀਆਂ ਚੀਜ਼ਾਂ ਮਿਲੀਆਂ ਸਨ। ਵਾਰਡਰੋਬ ਖੋਲ੍ਹਦਿਆਂ ਹੀ ਉਹਨਾਂ ਨੂੰ ਲੱਗਿਆ ਸੀ ਕਿ ਅੱਜ ਕੋਈ ਅਣਹੋਣੀ ਹੋਣ ਵਾਲੀ ਹੈ। ਉਹ ਹੱਥ ਪਾਉਂਦੇ ਝਿਜਕ ਰਹੇ ਸਨ। ਉਹ ਜਦੋਂ ਜਦੋਂ ਆਪਣਾ ਹੱਥ ਖਿੱਚਦੇ, ਇਕ ਦੂਜੇ ਨਾਲ ਗੁਥੀਆਂ ਹੋਈਆਂ ਚੀਜ਼ਾਂ ਬਾਹਰ ਨਿਕਲ ਆਉਂਦੀਆਂ ਤੇ ਅਸ਼ਟਭੁਜਾ ਲਾਲ ਉਲਝ ਕੇ ਰਹਿ ਜਾਂਦੇ। ਉਹ ਆਪਣੇ ਨੂੰ ਫਿਟਕਾਰਦੇ, ਆਪਣਾ ਮੱਥਾ ਪਿੱਟਦੇ ਤੇ ਖ਼ੁਦ ਆਪਣੀ ਲਾਹਨਤ-ਮਲਾਮਤ ਕਰਦੇ ਹੋਏ ਵਰਡਰੋਬ ਵਿਚ ਫਸੇ ਰਹੇ ਸਨ। ਉਹਨਾਂ ਸਾਹਮਣੇ ਖਿੱਲੀਆਂ ਹੋਈਆਂ ਸਨ, ਵਾਰਡਰੋਬ ਵਿਚੋਂ ਨਿਕਲੀਆਂ ਹੋਈਆਂ ਚੀਜ਼ਾਂ—ਮਸਲਨ, ਸ਼ਾਦੀ-ਸ਼ੁਦਾ ਵੱਡੀ ਬੇਟੀ ਧੰਨੀ ਦੇ ਬਚਪਨ ਦੇ ਦਿਨਾਂ ਦੀ ਦੁੱਧ ਵਾਲੀ ਬੋਤਲ...ਜਵਾਨ ਹੋ ਕੇ ਵਿਆਹ ਦੀ ਉਡੀਕ ਵਿਚ ਅਟਕੀ ਚੌਵੀ ਵਰ੍ਹਿਆਂ ਦੀ ਦੂਜੀ ਬੇਟੀ ਬੰਨੀ ਦੇ ਬਚਪਨ ਦੇ ਦਿਨਾਂ ਦਾ ਪੁਰਾਣਾ ਫਰਾਕ ਤੇ ਚੱਡੀ...ਪਤਨੀ ਦੇ ਦੋ-ਦੋ ਪੁਰਾਣੇ ਹੁੱਕਹੀਣ ਬਰਾ...ਆਰਜੂ, ਤਾਜ-ਮਹਲ, ਮੇਰੇ ਮਹਿਬੂਬ ਜਿਹੀਆਂ ਪੁਰਾਣੀਆਂ ਫ਼ਿਲਮਾਂ ਦੇ ਗਾਣਿਆਂ ਦੀਆਂ ਕਿਤਾਬੜੀਆਂ...ਸ਼ਿੰਗਾਰ ਦੇ ਸਾਮਾਨ ਦੀਆਂ ਕੁਝ ਖਾਲੀ ਸ਼ੀਸ਼ੀਆਂ...ਉਹਨਾਂ ਦੀ ਪ੍ਰਚੰਡ ਜਵਾਨੀ ਦੇ ਦਿਨਾਂ ਦੀ ਇਕ ਕਾਲੀ-ਚਿੱਟੀ ਫ਼ੋਟੋ, ਜਿਸ ਵਿਚ ਉਹਨਾਂ ਦੇ ਗਲ਼ ਛੀਂਟ ਵਾਲੀ ਟਾਈ ਕਸੀ ਹੋਈ ਸੀ ਤੇ ਜੁਲਫ਼ਾਂ ਦੇਵਾ ਨੰਦ ਵਾਂਗ ਉਪਰ ਉਠੀਆਂ ਹੋਈਆਂ ਸਨ। ਤੇ ਇਸੇ ਵਾਰਡਰੋਬ ਵਿਚ ਉਹਨਾਂ ਨੂੰ ਮਿਲਿਆ ਸੀ...। ਸ਼੍ਰੀਮਤੀ ਕੁਸਮ ਕੁਮਾਰੀ ਦੇ ਇਸ ਫੂਹੜਪਨ ਨੇ ਉਹਨਾਂ ਦੇ ਜੀਵਨ ਦੀ ਸ਼ਕਲੋ-ਸੂਰਤ ਹੀ ਬਦਲ ਦਿੱਤੀ ਸੀ। ਉਹਨਾਂ ਨੂੰ ਆਪਣਾ ਸਾਰਾ ਜੀਵਨ ਫੂਹੜ ਦਿਖਾਈ ਦੇ ਰਿਹਾ ਸੀ। ਇੱਥੋਂ ਤਕ ਕਿ ਉਹਨਾਂ ਨੂੰ ਆਪਣੇ ਨਾਂ ਨਾਲ ਵੀ ਚਿੜ ਹੋਣ ਲੱਗ ਪਈ ਸੀ। ਆਪਣੇ ਨਾਂ ਦਾ ਸੰਬੋਧਨ ਸੁਣਦਿਆਂ ਹੀ ਉਹਨਾਂ ਦੀ ਇੱਛਾ ਹੁੰਦੀ ਕਿ ਉਹ ਬੁਲਾਉਣ ਵਾਲੇ ਦਾ ਮੂੰਹ ਵਲੂੰਧਰ ਦੇਣ।
ਅਸ਼ਟਭੁਜਾ ਲਾਲ ਦੇ ਨਾਂ ਦੀ ਕਥਾ ਦੇ ਸੂਤਰ ਉਹਨਾਂ ਦੇ ਜਨਮ ਦੀ ਕਥਾ ਵਿਚ ਛੁਪੇ ਸਨ। ਉਹਨਾਂ ਦੇ ਜਨਮ ਤੇ ਉਸ ਤੋਂ ਪਹਿਲਾਂ ਜੰਮਣ ਤਕ ਦੀਆਂ ਸਥਿਤੀਆਂ ਵੀ ਉਲਝੀਆਂ ਹੋਈਆਂ ਸਨ। ਉਹਨਾਂ ਨੂੰ ਆਪਣੇ ਘਰ ਵਿਚ ਪੈਦਾ ਕਰਨ ਲਈ ਉਹਨਾਂ ਦੇ ਮਾਤਾ-ਪਿਤਾ ਦੇ ਸੰਘਰਸ਼ ਨੇ ਉਹਨਾਂ ਨੂੰ ਇਹ ਨਾਂ ਦਿੱਤਾ ਸੀ। ਉਹਨਾਂ ਦੀ ਮਾਤਾ ਮਾਨੋ ਦੇਈ ਦੁਰਲੱਭ ਸੁੰਦਰਤਾ ਤੇ ਵਿਅਕਤੀਤਵ ਦੀ ਮਲਿਕਾ ਸੀ। ਸਤਾਰਾਂ ਵਰ੍ਹਿਆਂ ਦੀ ਉਮਰ ਤਕ ਆਪਣੇ ਪੇਕਾ-ਘਰ ਦੇ ਵਿਹੜੇ ਵਿਚ ਕੋਇਲ ਵਾਂਗ ਕੂਕਦੀ ਰਹਿਣ ਵਾਲੀ ਮਾਨੋ ਦੇਈ ਨੂੰ ਉਸਦੇ ਕਾਤਿਬ ਪਿਤਾ ਨੇ ਜਦੋਂ ਝੂਲਨ ਲਾਲ ਦੇ ਹਵਾਲੇ ਕੀਤਾ, ਉਹਨਾਂ ਦਾ ਆਪਣੇ ਘਰ ਦਾ ਵਿਹੜਾ ਸੁੰਨਾ ਹੋ ਗਿਆ...ਤੇ ਦੂਜੇ ਪਾਸੇ ਛਪਰਾ ਕਚਹਿਰੀ ਦੇ ਨਾਮਵਰ ਵਕੀਲ ਬਾਬੂ ਹਨੁਮੰਤ ਸਹਾਏ ਦੇ ਕਾਰ-ਮੁਖਤਿਆਰ ਝੂਲਨ ਲਾਲ ਦਾ ਘਰ ਤੇ ਵਿਹੜਾ, ਮਾਨੋ ਦੇਈ ਦੀ ਹੋਂਦ ਸਦਕਾ, ਵਹਿੰਦੇ ਹੋਏ ਝਰਨੇ ਦੀਆਂ ਫੁਆਰਾਂ ਨਾਲ ਭਰ ਗਿਆ। ਵਿਆਹ ਤੋਂ ਪਿੱਛੋਂ ਪੂਰਾ ਇਕ ਮਹੀਨਾ ਨਾ ਤਾਂ ਝੂਲਨ ਲਾਲ ਕਚਹਿਰੀ ਗਏ, ਤੇ ਨਾ ਹੀ ਵਕੀਲ ਸਾਹਬ ਕੇ ਘਰ। ਖੱਸੀ ਬਣਵਾ-ਬਣਵਾ ਖਾਂਦੇ ਤੇ ਮਾਨੋ ਦੇਈ ਦੀਆਂ ਝੁਮਕੀ ਵਾਲੀਆਂ ਝਾਂਜਰਾਂ ਦੀ ਛਮ-ਛਮ ਦੇ ਪਿੱਛੇ-ਪਿੱਛੇ ਭੌਂਦੇ ਫਿਰਦੇ। ਜਦੋਂ ਮਾਨੋ ਦੇਈ ਨੂੰ ਉਲਟੀਆਂ ਆਉਣ ਲੱਗ ਪਈਆਂ ਤੇ ਬਹੂ ਨੂੰ ਆਉਣ ਵਾਲੀਆਂ ਇਹਨਾਂ ਉਲਟੀਆਂ ਦਾ ਸਵਾਗਤ ਸੱਸ ਨੇ ਸੋਹਰ ਦੇ ਬੋਲਾਂ ਨਾਲ ਕੀਤਾ—ਓਦੋਂ ਝੂਲਨ ਲਾਲ ਨੇ ਕਚਹਿਰੀ ਦੀ ਸੁੱਧ ਲਈ।
ਲਗਭਗ ਅੱਠ ਵਰ੍ਹਿਆਂ ਵਿਚ ਧੜਾਧੜ ਸੱਤ ਕੁੜੀਆਂ ਜੰਮ ਦੇਣ ਪਿੱਛੋਂ, ਜਦੋਂ ਪੱਚੀਆਂ ਦੀ ਹੋਈ ਮਾਨੋ ਦੇਈ ਤਾਂ ਸਬਰ ਨੇ ਝੂਲਨ ਲਾਲ ਦਾ ਸਾਥ ਛੱਡ ਦਿੱਤਾ। ਨਿਰਾਸ਼ਾ ਦੇ ਡੂੰਘੇ ਖ਼ੂਹ ਵਿਚ ਡਿੱਗ ਪਏ ਤੈਤੀ ਵਰ੍ਹਿਆਂ ਦੇ ਮੁੰਸ਼ੀ ਝੂਲਨ ਲਾਲ। ਸੱਤ ਕੁੜੀਆਂ ਵਿਚੋਂ ਪਹਿਲੀ ਦੋ ਸਾਲ ਤਕ ਜਿਊਂਦੀ ਰਹਿਣ ਪਿੱਛੋਂ ਚੱਲ ਵੱਸੀ। ਦੂਜੀ ਤੇ ਤੀਜੀ ਕੁੜੀ ਨੇ ਇਕ-ਇਕ ਵਰ੍ਹੇ ਤਕ ਝੂਲਨ ਲਾਲ ਦੇ ਵਿਹੜੇ ਵਿਚ ਬਾਲ-ਲੀਲ੍ਹਾ ਕਰਨ ਪਿੱਛੋਂ ਇਸ ਦੁਨੀਆਂ ਨਾਲੋਂ ਨਾਤਾ ਤੋੜਿਆ। ਚੌਥੀ ਤੇ ਪੰਜਵੀਂ ਨੇ ਕੁਝ ਘੰਟੇ ਤਕ ਇਸ ਧਰਤੀ ਨੂੰ ਪਵਿੱਤਰ ਕਰਨ ਪਿੱਛੋਂ ਪਲਾਇਨ ਕੀਤਾ। ਮਾਨਸਿਕ ਰੂਪ ਵਿਚ ਅਪਾਹਜ ਛੇਵੀਂ ਪੁੱਤਰੀ ਵੀ ਮਾਨੋ ਦੇਈ ਦੀ ਕੁੱਖ ਦੀ ਲਾਜ ਬਚਾਉਣ ਲਈ ਜਿਊਂਦੀ ਨਹੀਂ ਰਹਿ ਸਕੀ ਤੇ ਸੱਤਵੀਂ ਨੇ ਗਰਭ ਵਿਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਸਾਥ ਛੱਡ ਦਿੱਤਾ। ਸੱਤਵੀਂ ਬੱਚੀ ਦੇ ਮੁਰਦਾ ਪੈਦਾ ਹੋਣ ਪਿੱਛੋਂ ਝੂਲਨ ਲਾਲ ਨਗਰ ਦੇ ਬਾਹਰ ਸਰਯੂ-ਤਟ 'ਤੇ ਬਣੇ ਸਿੱਧ ਸ਼ਕਤੀਪੀਠ ਅਸ਼ਟਭੁਜਾ ਮੰਦਰ ਪਹੁੰਚੇ। ਮੰਦਰ ਦੀ ਦੇਹਲੀ 'ਤੇ ਮੱਥਾ ਟੇਕ ਕੇ ਉਹਨਾਂ ਮਾਤਾ ਅਸ਼ਟਭੁਜਾ ਤੋਂ ਪੁੱਤਰ ਦੀ ਕਾਮਨਾ ਕੀਤੀ ਤੇ ਮਾਤਾ ਨੂੰ ਵਚਨ ਦਿੱਤਾ ਕਿ ਜਦੋਂ ਤਕ ਜਿਊਂਦੇ ਰਹਿਣਗੇ, ਸਵੇਰੇ-ਸ਼ਾਮ, ਦੋਵੇਂ ਵੇਲੇ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਭਰਣ ਆਉਣਗੇ। ਉਸੇ ਰਾਤ ਮਾਤਾ ਅਸ਼ਟਭੁਜਾ ਨੇ ਉਹਨਾਂ ਨੂੰ ਸੁਪਨੇ ਵਿਚ ਦਰਸ਼ਨ ਦਿੱਤੇ ਤੇ ਆਸ਼ੀਰਵਾਦ ਵੀ। ਮਾਤਾ ਅਸ਼ਟਭੁਜਾ 'ਲੋਪ ਹੋਈ ਤੇ ਉਹਨਾਂ ਦੀ ਨੀਂਦ ਖੁੱਲ੍ਹੀ। ਮਾਤਾ ਦੇ ਦਰਸ਼ਨ ਦੀ ਖੁਸ਼ੀ ਵਿਚ ਗਦਗਦ ਉਹ ਜੱਚਾ ਦੀ ਕੋਠੜੀ 'ਚ ਪਹੁੰਚੇ। ਰਤਹੀਣ ਦੇਹ ਲਈ ਮਾਨੋ ਦੇਈ ਮਰਨ ਕਿਨਾਰੇ ਪਈ ਸੀ। ਝੂਲਨ ਲਾਲ ਨੇ ਪਤਨੀ ਦੇ ਮੱਥੇ 'ਤੇ ਹੱਥ ਫੇਰਿਆ। ਮਾਨੋ ਦੇਈ ਨੇ ਅੱਖਾਂ ਖੋਲ੍ਹ ਕੇ ਪਤੀ ਵੱਲ ਦੇਖਿਆ। ਸੁਪਨੇ ਵਿਚ ਮਾਤਾ ਦੇ ਦਰਸ਼ਨ ਤੇ ਆਸ਼ੀਰਵਾਦ ਦੀ ਸੂਚਨਾ ਪ੍ਰਾਪਤ ਕੀਤੀ ਤੇ ਸੁੰਨੀਆਂ ਅੱਖਾਂ ਨਾਲ ਬੜੀ ਦੇਰ ਤਕ ਪਤੀ ਵੱਲ ਤੱਕਦੀ ਰਹੀ। ਉਸਦੀਆਂ ਅੱਖਾਂ ਵਿਚ ਇਕ ਤਰਲਾ ਸੀ—ਕਸਾਈ ਤੋਂ ਜਾਨ ਦੀ ਭੀਖ ਮੰਗ ਰਹੀ ਬਕਰੀ ਦੀਆਂ ਅੱਖਾਂ ਵਰਗਾ ਤਰਲਾ।
ਇਸ ਰਾਤ ਤੋਂ ਅੱਠ ਵਰ੍ਹੇ ਬਾਅਦ ਝੂਲਨ ਲਾਲ ਦੀ ਅੱਠਵੀਂ ਸੰਤਾਨ ਦੇ ਰੂਪ ਵਿਚ ਮਾਨੋ ਦੇਈ ਨੇ ਅਸ਼ਟਭੁਜਾ ਲਾਲ ਨੂੰ ਜਨਮ ਦਿੱਤਾ। ਪਰ ਇਸ ਸ਼ੁਭ ਘੜੀ ਦੇ ਸਾਕਸ਼ੀ ਨਹੀਂ ਬਣ ਸਕੇ ਝੂਲਨ ਲਾਲ। ਲੰਮੇਂ ਸਮੇਂ ਤਕ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਾਉਂਦਿਆਂ, ਚਾਕਰੀ ਕਰਦਿਆਂ, ਝੂਲਨ ਲਾਲ ਨਿਰਾਸ਼ ਹੋ ਚੁੱਕੇ ਸਨ। ਸੰਤਾਨ-ਸੁਖ ਨਾ ਪ੍ਰਾਪਤ ਹੋਣ ਦੀ ਇਸ ਨਿਰਾਸ਼ਾ ਸਦਕਾ ਉਹਨਾਂ ਆਪਣੇ ਲਈ ਇਕ ਵੱਖਰਾ ਸੰਸਾਰ ਵਸਾਅ ਲਿਆ ਸੀ। ਬਹੁਤ ਘੱਟ ਬੋਲਦੇ। ਚੁੱਪਚਾਪ ਸੁੰਨੀਆਂ ਅੱਖਾਂ ਨਾਲ ਘੰਟਿਆਂ ਬੱਧੀ ਆਸਮਾਨ ਵੱਲ ਤੱਕਦੇ ਰਹਿੰਦੇ। ਕਚਹਿਰੀ ਜਾਣ ਦੀ ਇੱਛਾ ਨਾ ਹੁੰਦੀ, ਪਰ ਜ਼ਿੰਦਗੀ ਦਾ ਰੇੜ੍ਹਾ ਤਾਂ ਰੇੜਣਾ ਹੀ ਪੈਣਾ ਸੀ। ਮੁਵਕਿਲਾਂ ਤੋਂ ਜੋ ਮਿਲਦਾ, ਬਿਨਾਂ ਹੀਲ-ਹੁੱਜਤ ਦੇ ਲੈ ਲੈਂਦੇ। ਉਹਨਾਂ ਦੇ ਚਾਰੇ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਪੱਸਰੀ ਰਹਿੰਦੀ।...ਤੇ ਅਜਿਹੀ ਹੀ ਇਕ ਸਵੇਰ ਜਦੋਂ ਉਹ ਮੰਦਰ 'ਚੋਂ ਪੂਜਾ ਕਰਕੇ ਵਾਪਸ ਆਏ, ਮਾਨੋ ਦੇਈ ਨੇ ਉਹਨਾਂ ਨੂੰ ਆਪਣੇ ਗਰਭਵਤੀ ਹੋਣ ਦੀ ਸੂਚਨਾ ਦਿੱਤੀ। ਇਹ ਸੂਚਨਾ ਮਿਲਣ 'ਤੇ ਪਹਿਲਾਂ ਤਾਂ ਉਹ ਖੁਸ਼ ਹੋਏ, ਫੇਰ ਉਹਨਾਂ ਨੇ ਮੋਈਆਂ ਹੋਈਆਂ ਸੱਤੇ ਧੀਆਂ ਦੇ ਜਨਮ ਪਿੱਛੋਂ ਬੀਤੇ ਵਰ੍ਹਿਆਂ ਦੇ ਇਕ-ਇਕ ਦਿਨ ਨੂੰ ਯਾਦ ਕੀਤਾ। ਆਪਣੇ ਦਿਮਾਗ਼ ਉੱਤੇ ਲਗਾਤਾਰ ਦਬਾਅ ਪਾਉਣ ਦੇ ਬਾਵਜੂਦ ਵੀ ਉਹ, ਉਸ ਛਿਣ ਦੀ ਯਾਦ ਨੂੰ ਨਹੀਂ ਲੱਭ ਸਕੇ। ਉਹਨਾਂ ਆਪਣੇ ਬੀਤੇ ਹੋਏ ਵਰ੍ਹਿਆਂ ਦਾ ਕੋਨਾ-ਕੋਨਾ ਛਾਣ ਮਾਰਿਆ। ਲੱਭਦੇ-ਲੱਭਦੇ ਉਹਨਾਂ ਦਾ ਦਿਮਾਗ਼ ਥੱਕ ਕੇ ਚੂਰ-ਚੂਰ ਹੋ ਗਿਆ, ਪਰ ਉਹਨਾਂ ਨੂੰ ਉਹ ਛਿਣ ਨਹੀਂ ਲੱਭਾ। ਅਖ਼ੀਰ ਉਹਨਾਂ ਪਤਨੀ ਨੂੰ ਪੁੱਛਿਆ। ਮਾਨੋ ਦੇਈ ਨੇ ਕੁਝ ਵੀ ਨਾ ਛਿਪਾਇਆ। ਸਭ ਕੁਝ ਸਾਫ-ਸਾਫ ਦੱਸ ਦਿੱਤਾ। ...ਤੇ ਤਦ ਉਹਨਾਂ ਦੀ ਨਜ਼ਰ ਆਪਣੇ ਮਮੇਰੇ ਭਰਾ ਬਚਨੂ ਲਾਲ 'ਤੇ ਪਈ, ਜਿਹੜੇ ਪਿਛਲੇ ਇਕ ਵਰ੍ਹੇ ਤੋਂ ਉਹਨਾਂ ਦੇ ਘਰ ਸਥਾਈ ਮਹਿਮਾਨ ਬਣ ਕੇ ਰਹਿ ਰਹੇ ਸਨ ਤੇ ਕਚਹਿਰੀ ਵਿਚ ਮੁਹਰਰ ਦੇ ਕੰਮ 'ਤੇ ਲੱਗੇ ਹੋਏ ਸਨ। ਝੂਲਨ ਨਾਲ ਨੇ ਪਤਨੀ ਵੱਲ ਗਹੁ ਨਾਲ ਦੇਖਿਆ। ਸੱਤਵੀ ਬੇਟੀ ਦੇ ਬਾਅਦ ਜੱਚਾ ਦੀ ਕੋਠੜੀ ਵਿਚ ਪਈ, ਖੁੱਥੜ ਜਿਹੀ ਕਾਇਆ ਵਾਲੀ, ਮਾਨੋ ਦੇਈ ਦੀ ਸੂਰਤ ਉਹਨਾਂ ਦੀਆਂ ਅੱਖਾਂ ਸਾਹਵੇਂ ਭੌਂ ਗਈ। ਉਹ ਬੜੀ ਦੇਰ ਤਕ ਮਾਨੋ ਦੇਈ ਵੱਲ ਘੂਰਦੇ ਰਹੇ। ਉਹਦੇ ਚਿਹਰੇ ਦੀ ਗੋਰੀ ਪਾਰਦਰਸ਼ੀ ਚਮੜੀ ਹੇਠ ਦਮਕਦੀ ਲਹੂ ਦੀ ਆਭਾ, ਵੱਡੀਆਂ-ਵੱਡੀਆਂ ਕਜਰਾਰੀਆਂ ਅੱਖਾਂ ਦੀਆਂ ਜਲਦੀ-ਜਲਦੀ ਬਦਲਦੀਆਂ ਮੁਦਰਾਵਾਂ, ਛਾਤੀਆਂ ਦੇ ਬੋਝ ਨਾਲ ਲਚਕਦਾ ਪਤਲਾ ਲੱਕ ਤੇ ਭਾਰੀ ਪਿੱਛੇ ਨੂੰ ਤੱਕਦੇ ਰਹੇ ਝੂਲਨ ਲਾਲ। ਪਿਛਲੇ ਵਰ੍ਹਿਆਂ ਵਿਚ ਆਪਣੇ ਹਿੱਸੇ ਆਈ ਨਿਰਾਸ਼ਾ ਨੂੰ ਉਹਨਾਂ ਵਾਰ-ਵਾਰ ਘੋਖਣ ਦਾ ਜਤਨ ਕੀਤਾ। ਮਾਨੋ ਦੇਵੀ ਨੇ ਆਪਣੇ ਰੂਪ ਦੀ ਦਮਕ ਤੇ ਦੇਹ ਦੀ ਜਿਹੜੀ ਸੁਡੌਲਤਾ ਕਮਾਈ ਸੀ, ਉਸ ਨਾਲ ਆਪਣੇ ਅਯੋਗ-ਸਹਿਯੋਗ ਦੀ ਤੁਲਨਾ ਕਰਦੇ ਹੋਏ ਲਗਭਗ ਮਹੀਨਾ ਕੁ ਜਿਊਂਦੇ ਰਹੇ ਸੀ ਝੂਲਨ ਲਾਲ।...ਤੇ ਇਕ ਰਾਤ ਅਸ਼ਟਭੁਜਾ ਮੰਦਰ 'ਚੋਂ ਪੂਜਾ ਕਰਕੇ ਆਏ ਤੇ ਲੰਮੀ ਨੀਂਦ ਸੌਣ ਲਈ ਚਲੇ ਗਏ। ਗਰਭ ਦਾ ਸਮਾਂ ਪੂਰਾ ਹੋਇਆ। ਮਾਨੋ ਦੇਈ ਨੇ ਪੁੱਤਰ ਨੂੰ ਜਨਮ ਦਿੱਤਾ। ਝੂਲਨ ਲਾਲ ਨੇ ਸਵਰਗ ਵਿਚੋਂ ਹੀ ਮਾਤਾ ਅਸ਼ਟਭੁਜਾ ਨੂੰ ਪ੍ਰਣਾਮ ਕਰਕੇ ਇਸ ਕ੍ਰਿਪਾ ਲਈ ਧੰਨਵਾਦ ਦਿੱਤਾ। ਸੱਤ ਬੇਟੀਆਂ ਦੇ ਜਨਮ ਦੇ ਅੱਠ ਵਰ੍ਹਿਆਂ ਬਾਅਦ ਅੱਠਵੀਂ ਸੰਤਾਨ ਦੇ ਰੂਪ ਵਿਚ ਮਾਤਾ ਅਸ਼ਟਭੁਜਾ ਦੀ ਕ੍ਰਿਪਾ ਨਾਲ ਪੈਦਾ ਹੋਏ ਆਪਣੇ ਪੁੱਤਰ ਦਾ ਨਾਂ ਮਾਨੋ ਦੇਈ ਨੇ ਅਸ਼ਟਭੁਜਾ ਰੱਖਿਆ। ਪ੍ਰਕ੍ਰਿਤੀ, ਕਿਸਮਤ ਤੇ ਸਮਾਜ ਉੱਤੇ ਜਿੱਤ ਤੋਂ ਬਾਅਦ ਇਸ ਨਾਂ ਨੂੰ ਮਾਨੋ ਦੇਈ ਨੇ ਬੜੇ ਮਾਣ ਨਾਲ ਆਪਣੇ ਪੁੱਤਰ ਨੂੰ ਸੌਂਪਿਆ ਸੀ। ਇਹ ਨਾਂ ਅਸ਼ਟਭੁਜਾ ਲਾਲ ਦੇ ਪਿਤਾ ਦੀਆਂ ਧਾਰਮਿਕ ਆਸਥਾਵਾਂ ਤੇ ਮਾਤਾ ਦੇ ਸੰਘਰਸ਼ ਦਾ ਪ੍ਰਤੀਫਲ ਸੀ। ਅਣਜਾਣੇ ਵਿਚ ਵੀ ਆਪਣੇ ਜਿਸ ਨਾਂ ਦੀ ਚਰਚਾ ਕਰਦੇ ਨਹੀਂ ਸੀ ਥੱਕੇ ਅਸ਼ਟਭੁਜਾ ਲਾਲ, ਉਹੀ ਨਾਂ ਉਹਨਾਂ ਨੂੰ ਵੱਢਣ-ਖਾਣ ਨੂੰ ਪੈ ਰਿਹਾ ਸੀ।...ਉਸ ਵਾਰਡਰੋਬ ਨੇ ਉਹਨਾਂ ਦੇ ਜੀਵਨ ਵਿਚ ਉਥਲ-ਪੁਥਲ ਮਚਾ ਦਿੱਤੀ ਸੀ।
***  
ਸ਼੍ਰੀਮਤੀ ਕੁਸਮ ਕੁਮਾਰੀ ਪੂਰੇ ਕੁਨਬੇ ਸਮੇਤ ਪੇਕਾ-ਪ੍ਰਵਾਸ ਤੋਂ ਵਾਪਸ ਆਈ। ਉਹ ਆਪਣੇ ਵੱਡੇ ਭਰਾ ਦੇ ਛੋਟੇ ਸਪੁੱਤਰ ਦੇ ਵਿਆਹ ਉਤਸਵ ਵਿਚ ਸ਼ਾਮਿਲ ਹੋਣ ਲਈ, ਛੋਟੀ ਬੇਟੀ ਬੰਨੀ ਨਾਲ, ਪਟਨੇ ਗਈ ਹੋਈ ਸੀ। ਵੱਡੀ ਬੇਟੀ ਧੰਨੀ ਵੀ ਪਤੀ ਤੇ ਬੱਚਿਆਂ ਸਮੇਤ ਮਮੇਰੇ ਭਰਾ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਲਈ ਉੱਥੇ ਪਹੁੰਚੀ ਸੀ।...ਸੋ ਬੇਟੀਆਂ, ਜਵਾਈ ਤੇ ਦੋਹਤਵਾਨਾਂ ਨੂੰ ਵੀ ਨਾਲ ਹੀ ਲੈਂਦੀ ਆਈ ਸੀ ਸ਼੍ਰੀਮਤੀ ਕੁਸਮ ਕੁਮਾਰੀ।
ਐਤਵਾਰ ਦਾ ਦਿਨ ਸੀ। ਅਸ਼ਟਭੁਜਾ ਲਾਲ ਬਿਨਾਂ ਕੁਝ ਖਾਧੇ-ਪੀਤੇ, ਢਿੱਡ ਹੇਠ ਸਿਰਹਾਣਾ ਰੱਖੀ, ਮੂਧੇ-ਮੂੰਹ ਪਏ ਸਨ। ਕਾਲਬੈੱਲ ਦੀ ਆਵਾਜ਼ ਸੁਣ ਕੇ ਉਠੇ। ਦਰਵਾਜ਼ਾ ਖੋਲ੍ਹਿਆ। ਪਤਨੀ ਵੱਲ ਟੇਢੀ ਅੱਖ ਨਾਲ ਦੇਖਿਆ। ਇਸ ਤੋਂ ਪਹਿਲਾਂ ਕਿ ਲੋਕ ਪੈਰ ਛੂਹ ਕੇ ਅਸ਼ੀਰਵਾਦ ਲੈਣ, ਅਸ਼ਟਭੁਜਾ ਲਾਲ, ਕਾਹਲੀ ਨਾਲ ਮੁੜੇ 'ਤੇ ਬਾਥ-ਰੂਮ ਵਿਚ ਵੜ ਗਏ। ਦਸ ਦਿਨਾਂ ਦਾ ਖਾਲੀ ਭਾਂਡੇ ਵਾਂਗ ਡੌਂ-ਡੌਂ ਕਰਦਾ ਘਰ, ਘਰ ਲੱਗਣ ਲੱਗ ਪਿਆ। ਦੋਵਾਂ ਦੋਹਤਵਾਨਾਂ ਦੀ ਖੜਮਸਤੀ ਦਾ ਸੰਗੀਤ ਗੂੰਜ ਰਿਹਾ ਸੀ। ਚੜ੍ਹਦੀ ਜਵਾਨੀ ਨੂੰ ਜਿਉਂ-ਤਿਉਂ ਸੰਭਾਲ, ਕੁਆਰੇਪਨ ਦੇ ਦਿਨ ਕੱਟਦੀ, ਬੰਨੀ ਦਾ ਦੁਪੱਟਾ ਪੂਰੇ ਘਰ ਵਿਚ ਲਹਿਰਾ ਰਿਹਾ ਸੀ। ਪੰਜ ਵਰ੍ਹਿਆਂ ਦੇ ਵਿਆਹੁਤਾ ਜੀਵਨ ਵਿਚ ਦੋ ਬੱਚਿਆਂ ਨੂੰ ਜਨਮ ਦੇ ਕੇ ਵੱਡਾ ਸਾਰਾ ਢਿੱਡ ਤੇ ਤਕੜਾ-ਭਾਰੀ ਪਿੱਛਾ ਖੱਟੀ ਧੰਨੀ, ਤਖ਼ਤਪੋਸ ਉੱਤੇ ਹੱਥ-ਪੈਰ ਪਸਾਰੀ ਪਈ, ਸਿਰ ਦਰਦ ਨਾਲ ਕਰਾਹ ਰਹੀ ਸੀ। ਬੈਂਕ ਵਿਚ ਮੁਲਾਜ਼ਿਮ ਜਵਾਈ ਮੁਕੰਦ ਬਿਹਾਰੀ ਵਰਮਾ ਡਰਾਇੰਗ-ਰੂਮ ਵਿਚ ਸੋਫ਼ੇ 'ਤੇ ਬੈਠੇ ਆਪਣੀ ਸਾਲੀ ਦੇ ਦੁਪੱਟੇ ਦੀ ਛਾਂ ਦੇ ਪਿੱਛੇ ਖੋਜੀ ਤੇ ਜੀਭ-ਚਟੋਰੀ ਬਿੱਲੀ ਵਾਂਗ ਅੱਖਾਂ ਦੌੜਾ ਰਹੇ ਸਨ। ਸ਼੍ਰੀਮਤੀ ਕੁਸਮ ਕੁਮਾਰੀ ਸੂਟਕੇਸ ਤੇ ਬੈਗ ਖੋਲ੍ਹ ਕੇ ਪੇਕਿਓਂ ਮਿਲੀਆਂ ਸੁਗਾਤਾਂ ਵੇਖਣ ਵਿਚ ਵਿਅਸਤ ਸੀ।...ਬੂੰਦੀ ਦੇ ਲੱਡੂ...ਚੁਨਰੀ ਪ੍ਰਿੰਟ ਦੀ ਸਾੜ੍ਹੀ...ਬੰਨੀ ਲਈ ਸਲਵਾਰ ਕਮੀਜ਼ ਦਾ ਕੱਪੜਾ ਤੇ ਪਤੀ ਲਈ ਕੁਰਤੇ-ਪਾਜਾਮੇਂ ਦਾ ਕੱਪੜਾ। ਧੰਨੀ ਦੇ ਪਰਿਵਾਰ ਦੇ ਕੱਪੜੇ ਉਸਦੇ ਸੂਟਕੇਸ ਵਿਚ ਸਨ। ਸ਼੍ਰੀਮਤੀ ਕੁਸਮ ਕੁਮਾਰੀ ਜੈਤੂਆਂ ਵਾਂਗ ਵਾਪਸ ਆਈ ਸੀ। ਤੀਹ ਸਾਲ ਪਹਿਲਾਂ ਛੁੱਟ ਗਏ ਪੇਕਿਆਂ ਤੋਂ ਅੱਜ ਦੇ ਜ਼ਮਾਨੇ ਵਿਚ ਏਨਾ ਕੁਝ ਵਸੂਲ ਕੇ ਲੈ ਆਉਣਾ ਆਸਾਨ ਕੰਮ ਨਹੀਂ ਸੀ। ਤੇ ਉਹ ਵੀ ਓਦੋਂ, ਜਦੋਂ ਭਰਜਾਈਆਂ ਚੰਟ ਹੋਣ ਤੇ ਭਰਾ ਗ਼ੁਲਾਮਾਂ ਵਾਂਗ ਉਹਨਾਂ ਦੇ ਪਿੱਛੋ-ਪਿੱਛੇ ਪੂਛ ਹਿਲਾਉਂਦੇ ਫਿਰ ਰਹੇ ਹੋਣ। ਹਾਲਾਂਕਿ ਅਸਟਭੁਜਾ ਲਾਲ ਲਈ ਕੱਪੜੇ ਦੇ ਨਾਂ 'ਤੇ ਦਮ ਸਾਧ ਲਿਆ ਸੀ ਭਰਜਾਈਆਂ ਨੇ। ਅਖ਼ੀਰ, ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਸਰਕਾਰੀ ਪੈਂਸ਼ਨ ਦੀ ਨਿੱਜੀ ਰਾਸ਼ੀ ਵਿਚੋਂ ਸ਼੍ਰੀਮਤੀ ਕੁਸਮ ਕੁਮਾਰੀ ਦੀ ਮਾਂ ਨੇ ਉਤਸਵ ਵਿਚ ਗ਼ੈਰ-ਹਾਜ਼ਰ ਜਵਾਈ ਲਈ ਕੱਪੜਾ ਖ਼ਰੀਦ ਦਿੱਤਾ। ਅਸ਼ਟਭੁਜਾ ਲਾਲ ਬਾਥ-ਰੂਮ ਵਿਚੋਂ ਨਿਕਲੇ। ਆਪਣੇ ਸਾਹਵੇਂ ਪੰਸਾਰ ਦੀ ਦੁਕਾਨ ਸਜਾਈ, ਫਰਸ਼ ਉੱਤੇ ਪਲਾਥੀ ਮਾਰੀ ਬੈਠੀ, ਪਤਨੀ ਵੱਲ ਦੇਖਿਆ ਤੇ ਅੱਗੇ ਲੰਘ ਗਏ। ਸ਼੍ਰੀਮਤੀ ਕੁਸਮ ਕੁਮਾਰੀ ਨੇ ਕਿਹਾ—“ਸੁਣਿਓ! ਤੁਹਾਡੇ ਲਈ ਭਾਬੀ ਨੇ ਕੱਪੜਾ ਲੈ ਕੇ ਦਿੱਤਾ ਏ। ਕੁਰਤੇ ਲਈ ਮਲਮਲ...”
“ਮੇਰੇ ਲਈ?” ਅਸ਼ਟਭੁਜਾ ਲਾਲ ਮੁੜੇ। ਪਤਨੀ ਵੱਲ ਘੂਰ ਕੇ ਦੇਖਿਆ। ਫੇਰ ਪੁੱਛਿਆ—“ਦਿੱਤਾ ਏ ਜਾਂ ਤੂੰ ਮੰਗ ਕੇ ਲਿਆਈ ਏਂ?”
ਗੋਲੀ ਨਿਸ਼ਾਨੇ 'ਤੇ ਲੱਗੀ ਤੇ ਆਰ-ਪਾਰ ਹੋ ਗਈ। ਪਤੀ ਦੇ ਇਸ ਸਧੇ ਹੋਏ ਹਮਲੇ ਨਾਲ ਸ਼੍ਰੀ ਕੁਸਮ ਕੁਮਾਰੀ ਦੇ ਪੈਰ ਉੱਖੜ ਗਏ। ਉਹ ਹਕਲਾਉਂਦੀ ਹੋਈ ਬੋਲੀ—“ਆਖ਼ਰ ਗੱਲ ਕੀ ਏ? ਆਈ ਆਂ ਓਦੋਂ ਦੀ ਦੇਖ ਰਹੀ ਆਂ ਕਿ ਮੂੰਹ ਫੁਲਾਇਆ ਹੋਇਆ ਏ। ਨਾ ਹੂੰ, ਨਾ ਹਾਂ। ਬੱਚਿਆਂ ਤਕ ਦੀ ਰਾਜੀ ਖ਼ੁਸ਼ੀ ਨਹੀਂ ਪੁੱਛੀ।”
“ਹੁਣ ਪੇਕੇ ਦਾ ਪੜਪੰਚ ਸਮੇਟ ਤੇ ਉਠ। ਪੇਕਿਆਂ ਦੀ ਪਟਾਰੀ ਦੇਖ-ਦੇਖ ਖੁਸ਼ ਹੋਣ ਲਈ ਬੜੀ ਉਮਰ ਪਈ ਏ ਹਾਲੇ—ਦੇਖ ਦੀ ਤੇ ਖੁਸ਼ ਹੁੰਦੀ ਰਹੀਂ...ਪਹਿਲਾਂ ਚਾਹ ਬਣਾ।”
ਅਸ਼ਟਭੁਜਾ ਲਾਲ ਡਰਾਇੰਗ-ਰੂਮ ਵੱਲ ਮੁੜ ਗਏ। ਜਵਾਈ ਨੇ ਆ ਕੇ ਪੈਰੀਂ ਹੱਥ ਲਾਏ। ਉਹਨਾਂ ਜਵਾਈ ਨੂੰ ਦੋਵਾਂ ਬਾਂਹਵਾਂ ਵਿਚ ਘੁੱਟ ਕੇ ਮੋਹ ਕੀਤਾ ਤੇ ਆਪਣੇ ਕਮਰੇ ਵੱਲ ਮੁੜ ਗਏ। ਜਿਵੇਂ ਗੋਲਾ ਦਾਗਨ ਪਿੱਛੋਂ ਤੋਪ ਦੀ ਨਾਲੀ ਪਿੱਛੇ ਖਿੱਚ ਕੇ ਤੋਪ-ਗੱਡੀ ਵਾਪਸ ਮੁੜ ਗਈ ਹੋਵੇ। ਸ਼੍ਰੀਮਤੀ ਕੁਸਮ ਕੁਮਾਰੀ ਢੈ-ਢੇਰੀ ਹੋ ਚੁੱਕੀ ਸੀ। ਲੱਤਾਂ ਪਸਾਰੀ, ਹੱਥ 'ਤੇ ਹੱਥ ਧਰੀ ਬੈਠੀ, ਸਹੁਰੇ-ਜਵਾਈ ਦੇ ਮਿਲਾਪ ਨੂੰ ਬਿੱਟ-ਬਿੱਟ ਤੱਕਦੀ ਰਹੀ। ਉਹਨੇ ਉਠਣ ਦੀ ਕੋਸ਼ਿਸ਼ ਕੀਤੀ, ਪਰ ਉਸ ਛਿਣ ਉਠ ਨਹੀਂ ਸਕੀ। ਦੇਹ ਜਿਵੇਂ ਧਰਤੀ ਨਾਲ ਚਿਪਕ ਗਈ ਸੀ।
ਦਿਨ ਜਿਵੇਂ-ਤਿਵੇਂ ਬੀਤਿਆ। ਧੰਨੀ ਨੇ ਸਿਰ ਦਰਦ ਦੇ ਬਹਾਨੇ ਘੁਰਾੜੇ ਮਾਰਦਿਆਂ ਸਾਰਾ ਦਿਨ ਲੰਘਾ ਦਿੱਤਾ। ਮੁਕੰਦ ਬਿਹਾਰੀ ਵਰਮਾ ਤੇ ਬੰਨੀ ਜੀਜਾ-ਸਾਲੀ ਦੇ ਵਿਚਕਾਰ ਹਾਸੇ-ਮਖ਼ੌਲ ਦੇ ਸਹਿਜ ਸੰਬੰਧਾਂ ਦੀ ਓਟ ਵਿਚ ਇਕ ਦੂਜੇ ਨਾਲ ਸ਼ਤਰੰਜ ਦੇ ਖਿਡਾਰੀਆਂ ਵਾਂਗ ਚਾਲਾਂ ਚਲਦੇ ਰਹੇ। ਬੰਨੀ ਦਾ ਦੁੱਪਟਾ ਲਹਿਰਾਉਂਦਾ ਰਿਹਾ ਤੇ ਬੈਂਕ ਬਾਬੂ ਉਸਦੇ ਦੁੱਪਟੇ ਦੀ ਹਵਾ ਦੇ ਬੁੱਲ੍ਹਿਆਂ ਨਾਲ ਇਧਰ-ਉਧਰ ਉਡਦੇ ਰਹੇ। ਅਸ਼ਟਭੁਜਾ ਲਾਲ ਨੇ ਪਤਨੀ ਵੱਲੋਂ ਮੂੰਹ ਮੋੜਦਿਆਂ ਦੋਹਤਰਿਆਂ ਨਾਲ ਮਨ ਪ੍ਰਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਭੋਲੀਆਂ ਸ਼ਰਾਰਤਾਂ ਤੇ ਸ਼ੈਤਾਨੀਆਂ 'ਤੇ ਖੁੱਲ੍ਹ ਕੇ ਹੱਸਣਾ ਚਾਹਿਆ—ਪਰ ਪਤਨੀ ਦੇ ਵਾਰਡਰੋਬ ਵਿਚ ਛੁਪਿਆ ਸੱਚ ਵਾਰ-ਵਾਰ ਉਹਨਾਂ ਦੇ ਕਾਲਜੇ ਵਿਚ ਬੰਬ-ਗੋਲੇ ਵਾਂਗ ਫਟਦਾ ਤੇ ਉਹ ਲਹੂ-ਲੁਹਾਨ ਹੋ ਜਾਂਦੇ।
ਸ਼੍ਰੀਮਤੀ ਕੁਸਮ ਕੁਮਾਰੀ ਸਾਰਾ ਦਿਨ ਵਿਅਸਤ ਰਹੀ। ਇਸ ਰੁਝੇਵੇਂ ਵਿਚ ਪੇਕੇ ਦੀਆਂ ਯਾਦਾਂ ਨੇ ਉਹਦਾ ਪੱਲਾ ਫੜ੍ਹੀ ਰੱਖਿਆ। ਤੀਹ ਵਰ੍ਹਿਆਂ ਬਾਅਦ ਪੁਰਾਣੇ ਜ਼ਖ਼ਮ ਇਕ ਵਾਰੀ ਫੇਰ ਹਰੇ ਹੋ ਗਏ ਸਨ। ਹਾਲਾਂਕਿ ਬੰਨੀ ਦੀ ਪੈਦਾਇਸ਼ ਤੋਂ ਪਿੱਛੋਂ ਵੀ ਉਹ ਲਗਾਤਾਰ ਸਹਾਏ ਦੇ ਪ੍ਰਛਾਵੇਂ ਹੇਠ ਜਿਊਂਦੀ ਰਹੀ ਸੀ। ਬੜੇ ਔਖੇ ਸਨ ਉਹ ਵਰ੍ਹੇ। ਕਿਸੇ ਦੇ ਪ੍ਰਛਾਵੇਂ ਦਾ ਸਾਥ ਲੈ ਕੇ, ਕਿਸੇ ਦੂਜੇ ਦੇ ਨਾਲ ਜਿਊਣਾ, ਤਿਲ-ਤਿਲ ਖੁਰ ਕੇ ਮਰਨ ਨਾਲੋਂ ਵੱਖਰਾ ਹੋਰ ਕੁਝ ਨਹੀਂ ਹੁੰਦਾ। ਜਿਊਣ ਦੀ ਕੋਸ਼ਿਸ਼ ਵਿਚ ਇੰਜ ਹੀ ਮਰ-ਮਰ ਕੇ ਉਸਨੇ ਬੜੀ ਮੁਸ਼ਕਿਲ ਨਾਲ ਨਿਰੰਜਨ ਸਹਾਏ ਨੂੰ ਪਿੱਛੇ ਧਰੀਕਿਆ—ਕੁੜੀਆਂ ਦੇ ਪਾਲਨ-ਪੋਸ਼ਣ ਵਿਚ ਉਲਝ ਕੇ ਜਿਊਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਏਨਾ ਸਮਾਂ ਕੱਟ ਲਿਆ। ...ਪਰ ਬੋਤਲ ਵਿਚ ਬੰਦ ਜਿੰਨ ਜਿਵੇਂ ਢੱਕਣ ਤੋੜ ਕੇ ਬਾਹਰ ਨਿਕਲ ਆਇਆ ਹੋਵੇ, ਓਵੇਂ ਹੀ ਇਸ ਵਾਰ ਨੀਰੂ ਨੇ...। ਨੀਰੂ! ਨਿਰੰਜਨ ਨੂੰ ਉਹ ਪਿਆਰ ਨਾਲ ਨੀਰੂ ਕਹਿੰਦੀ ਸੀ। ਸੀ ਕੀ?...ਅੱਜ ਵੀ ਕਹਿੰਦੀ ਹੈ। ਉਸ ਦਿਨ ਵੀ ਤਾਂ ਇਹੀ ਨਿਕਲਿਆ ਸੀ ਉਸਦੇ ਮੂੰਹੋਂ।
ਹਵਾ ਵਿਚ ਉਡਦੇ ਰੂੰ ਦੇ ਤੂੰਬਿਆਂ ਵਾਂਗ ਨੀਰੂ ਦੀਆਂ ਯਾਦਾਂ ਉਡਨ ਲੱਗੀਆਂ ਸਨ। ਵਰ੍ਹਿਆਂ ਤਕ ਚੁੱਪ ਦੇ ਝੁਰਮੁਟਾਂ ਵਿਚ ਛਿਪੇ ਰਹਿਣ ਪਿੱਛੋਂ ਸ਼੍ਰੀਮਤੀ ਕੁਸਮ ਕੁਮਾਰੀ ਦਾ ਮਨ ਬਾਹਰ ਨਿਕਲ ਆਇਆ ਸੀ।...ਅੱਜ ਵੀ ਓਹੀ ਮੁਸਕਾਨ ਹੈ ਨੀਰੂ ਦੀ। ਓਵੇਂ ਹੀ ਸ਼ਬਦਾਂ ਉੱਤੇ ਜ਼ੋਰ ਦੇ ਕੇ ਬੋਲਦਾ ਹੈ। ਮਸਤੀ ਬੋਤੇ ਵਾਂਗ ਉਸਦੀ ਤੋਰ ਵੀ ਵੈਸੀ ਹੀ ਹੈ। ਉਹ ਔਰਤਾਂ ਦੀ ਭੀੜ ਵਿਚ ਬੈਠੀ ਸੀ ਤੇ ਉਹ, ਉਸਨੂੰ ਪਛਾਣ ਗਿਆ। ਭੀੜ ਵਿਚ ਘੁਸ ਕੇ ਸਾਹਮਣੇ ਖੜ੍ਹਾ ਹੋ ਗਿਆ। ਉਸਦੇ ਮੂੰਹੋਂ ਨਿਕਲਿਆ 'ਨੀਰੂ'...ਤੇ ਨੀਰੂ ਉਸ ਵੱਲ ਬਿਨਾਂ ਅੱਖਾਂ ਝਪਕਾਏ ਦੇਖਿਆ ਰਿਹਾ—ਜਿਵੇਂ ਕੋਈ ਡਰਿਲ ਚਟਾਨ ਨੂੰ ਡਰਿਲ ਕਰ ਰਹੀ ਹੋਵੇ। ਕਾਸ਼...ਉਹ ਵੀ ਚਟਾਨ ਵਾਂਗ ਕਠੋਰ ਬਣੀ ਰਹਿ ਸਕਦੀ! ਪਰ ਇੰਜ ਹੋਇਆ ਕਿੱਥੇ? ਨੀਰੂ ਦੀ ਇਕ ਨਜ਼ਰ ਨੇ ਉਸਨੂੰ ਮੋਮ ਬਣਾ ਦਿੱਤਾ ਸੀ। ਉਹਨੇ ਅੱਖਾਂ ਝੁਕਾ ਲਈਆਂ ਸਨ।
“ਕੁਸਮ ਏਧਰ ਆ।” ਨੀਰੂ ਨੇ ਕਿਹਾ ਸੀ।
ਸ਼੍ਰੀਮਤੀ ਕੁਸਮ ਕੁਮਾਰੀ ਉਠ ਕੇ ਯੰਤਰ ਵਾਂਗ ਉਸਦੇ ਪਿੱਛੇ-ਪਿੱਛੇ ਤੁਰ ਪਈ। ਵਰਾਂਡੇ ਸਾਹਮਣੇ ਵਿਹੜੇ ਵਿਚ ਕੁਰਸੀਆਂ ਡਾਹੀਆਂ ਹੋਈਆਂ ਸਨ। ਦੋ ਕੁਰਸੀਆਂ ਖਿੱਚ ਕੇ ਪਹਿਲਾਂ ਉਸਨੂੰ ਬੈਠਣ ਲਈ ਕਿਹਾ। ਫੇਰ ਖ਼ੁਦ ਬੈਠਿਆ ਤੇ ਗੱਲਾਂ ਕਰਦਾ ਰਿਹਾ। ਬੱਚਿਆਂ ਤੇ ਪਤੀ ਬਾਰੇ ਪੁੱਛਿਆ। ਪਤੀ ਦੇ ਨਾ ਆਉਣ ਦਾ ਕਾਰਨ ਪੁੱਛਿਆ। ਧੰਨੀ, ਬੰਨੀ, ਜਵਾਈ ਤੇ ਦੋਹਤਿਆਂ ਨੂੰ ਬੁਲਵਾ ਕੇ ਮਿਲਿਆ। ਆਪਣੇ ਬਾਰੇ ਦੱਸਿਆਂ ਕਿ ਇਕ ਬੇਟੀ ਤੇ ਦੋ ਬੇਟੇ ਨੇ। ਬੇਟੀ ਦੀ ਸ਼ਾਦੀ ਹੋ ਚੁੱਕੀ ਏ। ਵੱਡਾ ਮੁੰਡਾ ਵਿਆਹ ਪਿੱਛੋਂ ਵਿਦੇਸ਼ ਜਾ ਵੱਸਿਆ ਸੀ; ਛੋਟੇ ਨੇ ਇਸੇ ਸਾਲ ਬੈਂਕ ਦੀ ਨੌਕਰੀ ਜਵਾਇਨ ਕੀਤੀ ਏ। ਨਾਲ ਈ ਰਹਿੰਦਾ ਏ। ਪਤਨੀ ਚਾਰ ਸਾਲ ਪਹਿਲਾਂ ਗੁਜਰ ਗਈ ਸੀ; ਅੱਛੀ ਪ੍ਰੈਕਟਿਸ ਏ। ਵਕਾਲਤ ਦੇ ਪੇਸ਼ੇ ਕਰਕੇ ਕਿਧਰੇ ਜਾਣਾ-ਆਉਣਾ ਘੱਟ ਈ ਹੁੰਦਾ ਏ। ਉਸਦੇ ਪਿਤਾ ਨਵਰੰਗ ਸਹਾਏ ਅਜੇ ਜਿਊਂਦੇ ਨੇ। ਅੱਸੀ ਤੋਂ ਉਪਰ ਹੋ ਚੁੱਕੇ ਨੇ। ਨਾਲ ਈ ਰਹਿੰਦੇ ਨੇ। ਉਹਨਾਂ ਦੀ ਸੇਵਾ ਲਈ ਇਕ ਫੁੱਲ-ਟਾਈਮ ਨਰਸ ਰੱਖੀ ਹੋਈ ਏ...।
ਸ਼੍ਰੀਮਤੀ ਕੁਸਮ ਕੁਮਾਰੀ ਕਦੀ ਉਸਦੇ ਪ੍ਰਸ਼ਨਾਂ ਦੇ ਜਵਾਬ ਦੇਂਦੀ, ਕਦੀ ਉਸਦੀਆਂ ਗੱਲਾਂ ਸੁਣਦੀ ਹੋਈ ਪੁਰਾਣੇ ਦਿਨਾਂ ਦੀ ਕਿਸੇ ਯਾਦ ਦੇ ਪ੍ਰਛਾਵੇਂ ਨੂੰ ਫੜਨ ਲੱਗ ਪੈਂਦੀ...ਤੇ ਕਦੀ ਉਸਦੀ ਕਿਸੇ ਗੱਲ 'ਤੇ ਮੁਸਕੁਰਾ ਕੇ ਅੱਖਾਂ ਝੁਕਾ ਲੈਂਦੀ। ਬੜੀ ਦੇਰ ਤਕ ਦੋਵੇਂ ਇਕੱਠੇ ਬੈਠੇ ਰਹੇ ਸਨ। ਇਸ ਦੌਰਾਨ ਬੰਨੀ ਚਾਹ ਦੇ ਗਈ ਸੀ। ਚਾਹ ਖ਼ਤਮ ਕਰਕੇ ਸ਼੍ਰੀਮਤੀ ਕੁਸਮ ਕੁਮਾਰੀ ਨੇ ਪੁੱਛਿਆ—“ਅਜੇ ਤਾਂ ਰੁਕੋਗੇ ਨਾ?”
“ਹਾਂ, ਪਰਸੋਂ ਬਹੂਭੋਜ ਪਿੱਛੋਂ ਦੇਰ ਰਾਤ ਵਾਲੀ ਗੱਡੀ 'ਤੇ ਨਿਕਲਾਂਗਾ।...ਕੁਸਮ! ਸ਼ਾਦੀ ਵਿਆਹ ਵਾਲਾ ਘਰ ਏ, ਫੇਰ ਫੁਰਸਤ ਮਿਲੇ ਨਾ ਮਿਲੇ! ਇਕ ਗੱਲ ਕਰਨੀਂ ਚਾਹੁਣਾ...।” ਨੀਰੂ ਦੀ ਆਵਾਜ਼ ਵਿਚ ਗੰਭੀਰਤਾ ਸੀ।
ਕੰਬ ਗਈ ਸੀ ਸ਼੍ਰੀਮਤੀ ਕੁਸਮ ਕੁਮਾਰੀ—“ਦੱਸੋ।”
“ਬੰਨੀ ਨੂੰ ਮੈਨੂੰ ਸੌਂਪ ਦੇਅ। ਛੋਟੇ ਪੁੱਤਰ ਲਈ ਕੁੜੀ ਲੱਭਣ ਦੇ ਅਭਿਆਨ 'ਤੇ ਨਿਕਲਿਆ ਸਾਂ। ਪਤਾ ਸੀ ਤੂੰ ਆ ਰਹੀ ਏਂ। ਬੰਨੀ ਬਾਰੇ ਤੇਰੀ ਮਾਂ ਤੋਂ ਫ਼ੋਨ 'ਤੇ ਜਾਣਕਾਰੀ ਮਿਲੀ ਸੀ।...ਪਹਿਲਾਂ ਤਾਂ ਸੋਚਿਆ ਸੀ, ਮੇਰਾ ਬੇਟਾ ਏ, ਸੋ ਜ਼ਰੂਰ ਇਸ਼ਕ ਦਾ ਕੀੜਾ ਉਸ ਵਿਚ ਵੀ ਹੋਏਗਾ ਤੇ ਕਿਤੇ ਨਾ ਕਿਤੇ ਗੁਲ ਖਿਲਾਏਗਾ ਹੀ।...ਪਰ ਨਾਲਾਇਕ ਨਿਕਲਿਆ।...ਹਾਂ ਦਹੇਜ਼ ਜ਼ਰੂਰ ਲਵਾਂਗਾ।” ਨੀਰੂ ਦੇ ਬੁੱਲ੍ਹਾਂ 'ਤੇ ਮੁਸਕਾਨ ਸੀ।
“ਕੀ ਲਓਗੇ?”
“ਸੰਬੰਧਨ ਚਾਹੀਦੀ ਏ ਦਹੇਜ਼ ਵਿਚ।” ਇਕ ਜ਼ੋਰਦਾਰ ਠਹਾਕਾ ਲਾਇਆ ਸੀ ਬਾਬੂ ਨਿਰੰਜਨ ਸਹਾਏ ਐਡਵੋਕੇਟ ਨੇ।
ਸ਼੍ਰੀਮਤੀ ਕੁਸਮ ਕੁਮਾਰੀ ਨੇ ਸ਼ਰਮਾਉਂਦਿਆਂ ਹੋਇਆਂ ਨਜ਼ਰਾਂ ਝੁਕਾ ਲਈਆਂ ਸਨ ਤੇ ਹੌਲੀ-ਜਿਹੀ ਉਸਦੇ ਬੁੱਲ੍ਹ ਕੰਬੇ ਸੀ—“ਛਪਰਾ ਜਾ ਕੇ ਖ਼ਤ ਲਿਖਾਂਗੀ।”
ਪੇਕਾ-ਪ੍ਰਵਾਸ ਦਾ ਇਕ-ਇਕ ਛਿਣ ਯਾਦਗਾਰ ਬਣਦਾ ਗਿਆ। ਭੀੜ ਵਿਚ ਹਰ ਛਿਣ ਨੀਰੂ ਦੀਆਂ ਅੱਖਾਂ ਸ਼੍ਰੀਮਤੀ ਕੁਸਮ ਕੁਮਾਰੀ ਦਾ ਪਿੱਛਾ ਕਰਦੀਆਂ ਰਹੀਆਂ ਸਨ। ਹਰ ਰਸਮ 'ਤੇ ਜਦੋਂ ਉਹ ਸਜਦੀ-ਸੰਵਰਦੀ, ਉਹਦੀ ਇਹੋ ਇੱਛਾ ਹੁੰਦੀ ਕਿ ਨੀਰੂ ਦੇਖ ਲਏ! ਤੇ ਹੁੰਦਾ ਵੀ ਇਵੇਂ। ਜਿਵੇਂ ਬਾਬੂ ਨਿਰੰਜਨ ਸਹਾਏ ਇਸ ਛਿਣ ਦੀ ਉਡੀਕ ਕਰ ਰਹੇ ਹੁੰਦੇ ਸੀ ਤੇ ਅਚਾਨਕ ਪ੍ਰਗਟ ਹੋ ਜਾਂਦੇ ਸੀ। ਬਹੂਭੋਜ ਦੀ ਰਾਤ, ਭੀੜ ਵਿਚ ਨੀਰੂ ਦੀਆਂ ਅੱਖਾਂ ਸਿਰਫ ਉਸਦੇ ਪਿੱਛੇ ਹੀ ਘੁੰਮਦੀਆਂ ਰਹੀਆਂ। ਲੇਸਰ ਕਿਰਨਾਂ ਵਾਂਗ ਉਸਦੇ ਧੁਰ ਅੰਦਰ ਤਕ ਵਿੰਹਦੀਆਂ ਰਹੀਆਂ ਨੀਰੂ ਦੀਆਂ ਅੱਖਾਂ।
ਸ਼੍ਰੀਮਤੀ ਕੁਸਮ ਕੁਮਾਰੀ ਦੇ ਮਨ ਦਾ ਕੋਨਾ-ਕੋਨਾ ਰੁਸ਼ਨਾਅ ਗਿਆ ਸੀ। ਅਸੰਖ ਕੰਦੀਲਾਂ ਦੇ ਚਾਨਣ ਵਿਚ ਜਗਮਗਾ ਉਠੇ ਸਨ ਮਨ ਦੇ ਡੂੰਘੇ-ਗੁੱਝੇ ਗਾਰ। ਆਪਣੇ ਵਿਆਹ ਪਿੱਛੋਂ ਮੁੱਢਲੇ ਦਿਨਾਂ ਵਿਚ ਕਿਰੇ ਹੰਝੂਆਂ ਦੇ ਟੇਪੇ ਫੁੱਲ ਬਣ-ਬਣ ਟਹਿਕਣ ਲੱਗੇ...ਉਸਦੇ ਮਨ ਦੇ ਆਕਾਸ਼ ਵਿਚ ਮਹਿਕਣ ਲੱਗੇ। ਖ਼ੁਸ਼ੀ ਨਾਲ ਭਰੀ ਛਪਰਾ ਵਾਪਸ ਆਈ ਸੀ ਸ਼੍ਰੀਮਤੀ ਕੁਸਮ ਕੁਮਾਰੀ। ਸੋਚਿਆ ਸੀ, ਘਰ ਪਹੁੰਚਦਿਆਂ ਹੀ ਪਤੀ ਨੂੰ ਇਹ ਖ਼ੁਸ਼ਖ਼ਬਰੀ ਦਏਗੀ। ਉਹਨੂੰ ਵਿਸ਼ਵਾਸ ਸੀ ਕਿ ਮੁੰਡਾ ਲੱਭਣ ਦੀ ਤੇ ਦਹੇਜ਼ ਇਕੱਠਾ ਕਰਨ ਦੀ ਤਰਾਸਦੀ ਤੋਂ ਮੁਕਤੀ ਦਾ ਇਹ ਸੁਨੇਹਾਂ ਪਤੀ ਨੂੰ ਖ਼ੁਸ਼ੀ ਨਾਲ ਭਰ ਦਏਗਾ। ਪਰ ਇੱਥੇ ਤਾਂ ਮੌਸਮ ਹੀ ਬਦਲਿਆ ਹੋਇਆ ਸੀ। ਸ਼੍ਰੀਮਤੀ ਕੁਸਮ ਕੁਮਾਰੀ ਦਿਨ ਭਰ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਰਹੀ, ਪਰ ਅਸ਼ਟਭੁਜਾ ਲਾਲ ਨੇ ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੱਤੀ। ਉਹ ਪਿੱਛੇ-ਪਿੱਛੇ ਘੁੰਮਦੀ ਤੇ ਅਸ਼ਟਭੁਜਾ ਲਾਲ ਦੁੱਲਤੀ ਝਾੜ ਕੇ ਹੋਰ ਪਾਸੇ ਨਿਕਲ ਜਾਂਦੇ।
ਰਾਤ ਹੋਈ। ਖਾਣੇ ਦੀ ਮੇਜ਼ 'ਤੇ ਸਾਰੇ ਲੋਕ ਇਕੱਠੇ ਹੋਏ। ਧੰਨੀ ਦੇ ਬੱਚੇ ਪਹਿਲਾਂ ਹੀ ਖਾ-ਪੀ ਕੇ ਸੌਂ ਚੁੱਕੇ ਸਨ। ਅਸ਼ਟਭੁਜਾ ਲਾਲ ਬੇ-ਮਨ ਜਿਹੇ ਰੋਟੀ ਦੇ ਟੁਕੜੇ ਕੁਤਰ ਰਹੇ ਸਨ। ਪਤਨੀ ਨੇ ਜਾਣਨਾ ਚਾਹਿਆ, “ਤਬੀਅਤ ਤਾਂ ਠੀਕ ਏ ਨਾ?”
ਅਸ਼ਟਭੁਜਾ ਲਾਲ ਦੇ ਜ਼ਖ਼ਮ ਅਗਿਣਤ ਸੂਰਜਾਂ ਵਾਂਗ ਮਘਣ ਲੱਗੇ। ਉਹਨਾਂ ਨੇ ਅੱਗ ਉਗਲਦੀਆਂ ਅੱਖਾਂ ਨਾਲ ਪਤਨੀ ਨੂੰ ਘੂਰਿਆ ਤੇ ਥਾਲੀ ਸਰਕਾ ਕੇ ਉਠ ਗਏ। ਸ਼੍ਰੀਮਤੀ ਕੁਸਮ ਕੁਮਾਰੀ ਅੱਗੇ ਥਾਲੀ ਰੱਖੀ ਹੈਰਾਨ ਪ੍ਰੇਸ਼ਾਨ ਜਿਹੀ ਬੈਠੀ ਰਹੀ। ਪਿਤਾ ਦੇ ਜਾਣ ਪਿੱਛੋਂ ਬੰਨੀ ਨੇ ਵਾਤਵਰਣ ਨੂੰ ਸਹਿਜ ਬਣਾਉਣ ਲਈ ਜੀਜੇ ਨੂੰ ਛੇੜਿਆ, ਤਾਂ ਧੰਨੀ ਨੇ ਰੰਗ ਵਿਖਾਇਆ। ਦਿਨ ਭਰ ਬਿਨਾਂ ਰੋਕ-ਟੋਕ ਬੰਨੀ ਨਾਲ ਚੁਹਲ ਕਰਦੇ ਰਹਿਣ ਦੀ ਛੁੱਟੀ ਸਦਕਾ ਧੰਨੀ ਦੀ ਮੌਜ਼ੂਦਗੀ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਮੁਕੰਦ ਬਿਹਾਰੀ ਵਰਮਾ ਦੇ ਹੋਸ਼, ਉਸਨੇ ਆਪਣੀ ਮੁਖਮੁਦਰਾ ਨਾਲ, ਠਿਕਾਣੇ ਲਿਆ ਦਿੱਤੇ। ਬੈਂਕ ਬਾਬੂ ਨੇ ਛਿੱਥਾ ਜਿਹਾ ਪੈ ਕੇ ਥਾਲੀ 'ਤੇ ਜੋ ਨਜ਼ਰਾਂ ਗੱਡੀਆਂ, ਖਾਣਾ ਖਤਮ ਹੋਣ ਪਿੱਛੋਂ ਹੀ ਬੰਨੀ ਵੱਲ ਦੇਖ ਸਕੇ। ਦਿਨ ਭਰ ਦੀ ਗੂੜ੍ਹੀ ਨੀਂਦ ਪਿੱਛੋਂ ਸਜ-ਧਜ ਕੇ ਤਿਆਰ ਧੰਨੀ ਆਪਣੇ ਖਜਾਨੇ ਉੱਤੇ ਨਾਗਨ ਵਾਂਗ ਕੁੰਡਲੀ ਮਾਰ ਕੇ ਬੈਠੀ ਫੁਕਾਰ ਰਹੀ ਸੀ। ਬੰਨੀ ਉਠੀ ਤੇ ਡਰਾਇੰਗ-ਰੂਮ ਦੇ ਸੋਫੇ ਉੱਤੇ ਜਾ ਕੇ ਪਸਰ ਗਈ। ਧੰਨੀ ਨੇ ਪਤੀ ਨਾਲ ਬੰਨੀ ਵਾਲੇ ਕਮਰੇ ਦੇ ਪਲੰਘ ਉੱਤੇ ਕਬਜਾ ਜਮਾ ਲਿਆ। ਸ਼੍ਰੀਮਤੀ ਕੁਸਮ ਕੁਮਾਰੀ ਬਿਨਾਂ ਕੁਝ ਖਾਧੇ ਉਠੀ, ਮੇਜ਼ ਸਾਫ ਕੀਤੀ, ਕਿਚਨ ਠੀਕ-ਠਾਕ ਕੀਤੀ ਤੇ ਜਾ ਕੇ ਛੱਤ 'ਤੇ ਬੈਠ ਗਈ।
ਮਈ ਦਾ ਆਖ਼ਰੀ ਹਫ਼ਤਾ ਚਲ ਰਿਹਾ ਸੀ। ਦਿਨ ਤਪਦੇ ਤੇ ਰਾਤਾਂ ਉਮਸ ਭਰੀਆਂ ਹੁੰਦੀਆਂ। ਦੇਰ ਰਾਤ ਤਕ ਲੋਕ ਛੱਤਾਂ 'ਤੇ ਹੁੰਦੇ। ਪਹਿਲੇ ਜ਼ਮਾਨੇ ਵਿਚ ਲੋਕ ਦਰਵਾਜ਼ਿਆਂ ਸਾਹਵੇਂ ਖੁੱਲ੍ਹੇ ਥਾਂ ਮੰਜੀਆਂ ਡਾਹ ਕੇ ਸੌਂਦੇ ਹੁੰਦੇ ਸਨ। ...ਪਰ, ਹੁਣ ਤਾਂ ਲੋਕ ਸੂੰਗੜ ਕੇ ਘਰਾਂ ਅੰਦਰ ਜਾਂ ਛੱਤਾਂ 'ਤੇ ਸੌਣ ਲੱਗ ਪਏ ਸਨ।...ਦਾਨਾਪੁਰ ਰੇਲਵੇ ਕਾਲੋਨੀ ਦੀ ਗਰਮੀ ਦੀਆਂ ਰਾਤਾਂ ਸਾਕਾਰ ਹੋ ਉਠੀਆਂ ਸ਼੍ਰੀਮਤੀ ਕੁਸਮ ਕੁਮਾਰੀ ਦੀਆਂ ਅੱਖਾਂ ਸਾਹਵੇਂ।
ਰੇਲਵੇ ਕਾਲੋਨੀ ਵਿਚ ਆਪੋ-ਆਪਣੇ ਕਵਾਰਟਰਾਂ ਸਾਹਮਣੇ ਮੰਜੀਆਂ ਡਾਹ ਕੇ ਸੌਂਦੇ ਹੁੰਦੇ ਸਨ ਲੋਕ। ਉਸਦੇ ਪਿਤਾ ਵਾਸੁਦੇਵ ਸ਼ਰਣ ਮਾਲ ਬਾਬੂ ਸਨ। ਬਾਬੂ ਨਵਰੰਗ ਸਹਾਏ ਟੀ.ਸੀ. ਤੇ ਵਾਸੁਦੇਵ ਸ਼ਰਣ ਦੇ ਕਵਾਰਟਰ ਆਹਮਣੇ-ਸਾਹਮਣੇ ਸਨ। ਇਹਨਾਂ ਕਵਾਰਟਰਾਂ ਵਿਚ ਸ਼੍ਰੀਮਤੀ ਕੁਸਮ ਕੁਮਾਰੀ ਤੇ ਨਿਰੰਜਨ ਸਹਾਏ ਐਡਵੋਕੇਟ ਦੇ ਬਚਪਨ ਤੋਂ ਲੈ ਕੇ ਜਵਾਨੀ ਦੇ ਮੁੱਢਲੇ ਦਿਨ ਗੁਜਰੇ ਸਨ। ਇਸੇ ਦਾਨਾਪੁਰ ਰੇਲਵੇ ਕਾਲੋਨੀ ਦੇ ਆਕਾਸ਼, ਸੂਰਜ-ਚੰਦ ਤੇ ਤਾਰਿਆਂ ਨੇ ਦੋਵਾਂ ਨੂੰ ਗੋਡਿਆਂ ਭਾਰ ਰਿੜ੍ਹਨ ਤੋਂ ਲੈ ਕੇ ਜਵਾਨੀ ਦੇ ਵਾ-ਵਰੋਲਿਆਂ ਵਿਚ ਇਕੱਠੇ ਉਡਦਿਆਂ ਦੇਖਿਆ ਸੀ। ਇੱਥੇ ਮੈਟ੍ਰਿਕ ਪਾਸ ਹੋਣ ਦੀ ਖੁਸ਼ੀ ਵਿਚ ਕੁਮਾਰੀ ਕੁਸਮ ਨੇ ਪਹਿਲੀ ਵੇਰ ਚੁੰਮਨ ਦਾ ਮੌਲਿਕ ਤੇ ਦੁਰਲੱਭ ਤੋਹਫ਼ਾ ਦਿੱਤਾ ਸੀ ਆਪਣੇ ਨੀਰੂ ਨੂੰ। ਇਸੇ ਕਾਲੋਨੀ ਵਿਚ ਦੁਰਗਾ ਪੂਜਾ ਵਾਲੀ ਰਾਤ ਆਪਣੀ ਮਾਂ ਦੀ ਪੇਟੀ ਵਿਚੋਂ ਪੈਸੇ ਚੁਰਾਉਂਦਾ ਹੋਇਆ ਫੜਿਆ ਜਾਣ 'ਤੇ ਨਵਰੰਗ ਸਹਾਏ ਤੋਂ ਜੁੱਤੀਆਂ ਦੀ ਮਾਰ ਖਾਂਦੇ ਨੀਰੂ ਨੂੰ ਜਦੋਂ ਉਸਦੀ ਮਾਂ ਮੁਕਤੀ ਨਹੀ ਸੀ ਦਿਵਾ ਸਕੀ, ਉਦੋਂ ਕੁਸਮ ਨੇ ਢਾਲ ਵਾਂਗ ਆਪਣੀ ਪਿੱਠ ਵਿਛਾਅ ਦਿੱਤੀ ਸੀ। ਇੱਥੇ ਬੜਾ ਕੁਝ ਹੋਇਆ ਸੀ। ਛੋਟੇ-ਛੋਟੇ ਕਾਗਜ਼ਾਂ ਦੀਆਂ ਪਰਚੀਆਂ 'ਤੇ ਲਿਖੇ ਸੁਨੇਹੇਂ ਲੰਮੇਂ ਪ੍ਰੇਮ-ਪੱਤਰਾਂ ਵਿਚ ਵਟ ਗਏ ਸਨ। ਬੀ.ਏ. ਵਿਚ ਫੇਲ੍ਹ ਹੋਣ ਪਿੱਛੋਂ ਮਹੀਨਿਆਂ ਤਕ ਮੂੰਹ ਹਨੇਰੇ ਨਿਕਲ ਕੇ ਦੇਰ ਰਾਤ ਵਾਪਸ ਆਉਣ 'ਤੇ ਆਪਣੀ ਉਡੀਕ ਵਿਚ ਕੁਸਮ ਕੁਮਾਰੀ ਨੂੰ ਰਾਹ ਤੱਕਦਿਆਂ ਦੇਖ ਕੇ ਨੀਰੂ ਨੇ ਇਸ ਧਰਤੀ ਉੱਤੇ ਬੜਾ ਵੱਡਾ ਆਦਮੀ ਬਣਨ ਦੀ ਸੌਂਹ ਖਾਧੀ ਸੀ। ਇਸੇ ਦਾਨਾਪੁਰ ਰੇਲਵੇ ਕਾਲੋਨੀ ਦੇ ਅੰਤਮ ਸਿਰੇ 'ਤੇ ਬਣੇ ਕਵਾਰਟਰ ਵਿਚ ਰਹਿੰਦੇ ਸਨ ਵਾਸੁਦੇਵ ਸ਼ਰਣ ਦੇ ਦੋਸਤ ਤੇ ਬਚਨੂ ਨਾਲ ਦੇ ਸਾਲੇ, ਜਿਹਨਾਂ ਦੀ ਬੇਟੀ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਛਪਰਾ ਤੋਂ ਆਈ ਸੀ ਮਾਨੋ ਦੇਈ। ਉਹ ਨੇ ਰਜਿਸਟਰੀ ਆਫ਼ਿਸ ਵਿਚ ਕਲਰਕੀ ਕਰ ਰਹੇ ਆਪਣੇ ਬੇਟੇ ਅਸ਼ਟਭੁਜਾ ਲਾਲ ਲਈ ਕੁਸਮ ਕੁਮਾਰੀ ਨੂੰ ਪਸੰਦ ਕਰ ਲਿਆ ਸੀ।
ਦਾਨਾਪੁਰ ਰੇਲਵੇ ਕਾਲੋਨੀ ਦੀ ਇਸ ਧਰਤੀ ਨੇ ਉਹਨੀਂ ਦਿਨੀ ਹਰ ਛਿਣ ਇਤਿਹਾਸ ਰਚਿਆ ਸੀ। ਵਿਆਹ ਦੀ ਗਹਿਮਾ-ਗਹਿਮੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਨੀਰੂ ਨੇ ਕੁਸਮ ਨੂੰ ਕਿਹਾ ਸੀ—“ਹੁਣ ਤਾਂ ਤੂੰ ਜਾ ਰਹੀ ਏਂ। ਮੈਂ ਇਸ ਲਾਇਕ ਨਹੀਂ ਕਿ ਤੈਨੂੰ ਰੋਕ ਸਕਾਂ।...ਪਰ ਤੇਰੇ ਨਾਲ ਥੋੜ੍ਹੀ ਦੇਰ ਲਈ ਇਕਾਂਤ 'ਚ ਮਿਲਣਾ ਚਾਹੁਣਾ। ਇਕ-ਦੋ ਦਿਨਾਂ 'ਚ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਜਾਣਗੇ—ਤੇਰਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਏਗਾ...ਕੀ ਅੱਜ...?”
...ਤੇ ਉਸੇ ਰਾਤ ਵਾਸੁਦੇਵ ਸ਼ਰਣ ਦੇ ਕਵਾਰਟਰ ਦੇ ਪਿੱਛੇ ਭਾਰਤੀ ਰੇਲ ਮਜ਼ਦੂਰ ਸੰਘ ਦੇ ਦਫ਼ਤਰ ਦੇ ਵਰਾਂਡੇ ਦੇ ਸੰਘਣੇ ਹਨੇਰੇ ਵਿਚ ਦੋ ਪ੍ਰੇਮ-ਭੁੱਖੀਆਂ ਆਤਮਾਵਾਂ ਤੇ ਦੇਹਾਂ ਦਾ ਮਹਾ-ਮਿਲਣ ਹੋਇਆ। ਈਸ਼ਵਰ ਇਸ ਮਹਾ-ਮਿਲਣ ਦੇ ਸਾਕਸ਼ੀ ਹੀ ਨਹੀਂ ਬਣੇ, ਬਲਕਿ ਉਹਨਾਂ ਫੜੇ ਜਾਣ ਤੋਂ ਵੀ ਇਹਨਾਂ ਦੀ ਰੱਖਿਆ ਕੀਤੀ। ਬੀ.ਏ. ਫੇਲ੍ਹ ਨੀਰੂ, ਨੌਕਰੀ ਪੇਸ਼ਾ ਅਸ਼ਟਭੁਜਾ ਲਾਲ ਦੇ ਰਥ ਨੂੰ ਰੋਕ ਨਾ ਸਕਿਆ। ਚੁੱਪਚਾਪ ਨੀਰੂ ਨੇ ਆਪਣੇ ਹੱਥੀਂ ਬਾਰਾਤੀਆਂ ਨੂੰ ਭੋਜਨ ਪਰੋਸਿਆ ਤੇ ਜੂਠੇ ਪਤਲ ਚੁੱਕੇ। ਵਿਦਾਅ ਹੁੰਦੀ ਸ਼੍ਰੀਮਤੀ ਕੁਸਮ ਕੁਮਾਰੀ ਨੂੰ ਆਸ਼ੀਸ਼ ਦਿੱਤੀ। ਕਿਸੇ ਧਾੜਵੀ ਯੋਧੇ ਵਾਂਗ ਆਏ ਅਸ਼ਟਭੁਜਾ ਲਾਲ ਤੇ ਕੁਸਮ ਕੁਮਾਰੀ ਨੂੰ ਲੈ ਕੇ ਚਲੇ ਗਏ।
ਅਸ਼ਟਭੁਜਾ ਲਾਲ ਨੂੰ ਨੀਂਦ ਨਹੀਂ ਆ ਰਹੀ ਸੀ। ਅੱਗ ਦੀ ਸੇਜ 'ਤੇ ਲੇਟੇ ਉਹ ਛਟਪਟਾ ਰਹੇ ਸਨ। ਅੱਖਾਂ ਮੀਚਦੇ, ਤਾਂ ਹਨੇਰੇ ਵਿਚ ਵਾਰਡਰੋਬ ਝਲਕਣ ਲੱਗਦਾ। ਉਹ ਵਾਰਡਰੋਬ ਉਹਨਾਂ ਲਈ ਉੱਚੇ ਤਾਪ 'ਤੇ ਦਹਿਕਦੀ ਪ੍ਰਮਾਣੂ ਭੱਠੀ ਵਾਂਗ ਸੀ, ਜਿਸ ਵਿਚ ਕੈਦ ਉਹਨਾਂ ਦੀ ਹੋਂਦ ਤੇ ਹਸਤੀ ਗਲ ਕੇ ਪਾਣੀ ਬਣ ਰਹੀ ਸੀ। ਉਹਨਾਂ ਸੱਜੇ-ਖੱਬੇ, ਹਰ ਪਾਸੇ, ਸੌਣ ਦਾ ਦਾ ਜਤਨ ਕੀਤਾ। ਕਦੀ ਢਿੱਡ ਭਾਰ, ਤੇ ਕਦੀ ਚਿੱਤ ਲੇਟੇ ਪਰ ਚੈਨ ਨਾ ਮਿਲਿਆ। ਕੁਝ ਦੇਰ ਤਕ ਜਦੋਂ ਸ਼੍ਰੀਮਤੀ ਕੁਸਮ ਕੁਮਾਰੀ ਕਮਰੇ ਵਿਚ ਨਾ ਪਹੁੰਚੀ—ਉਹ, ਉਸਨੂੰ ਦੇਖਣ ਲਈ ਬਾਹਰ ਨਿਕਲੇ।
ਬੰਨੀ ਸੋਫੇ 'ਤੇ ਪਸਰੀ ਹੋਈ ਸੀ। ਧੰਨੀ ਪਤੀ ਨਾਲ ਕਮਰੇ 'ਚ ਬੰਦ ਸੀ। ਖਾਣੇ ਦੀ ਮੇਜ਼, ਕਿਚਨ, ਸਭ ਖਾਲੀ ਸੀ। ਕਿੱਥੇ ਗਈ ਹੋਈ, ਸ਼੍ਰੀਮਤੀ ਕੁਸਮ ਕੁਮਾਰੀ? ਦੱਬਵੇਂ ਪੈਰੀਂ ਪੌੜੀਆਂ ਚੜ੍ਹਦੇ ਹੋਏ ਅਸ਼ਟਭੁਜਾ ਲਾਲ ਛੱਤ 'ਤੇ ਪਹੁੰਚੇ—ਦੇਖਿਆ ਸ਼੍ਰੀਮਤੀ ਕੁਸਮ ਕੁਮਾਰੀ ਬੈਂਤ ਵਾਲੀ ਕੁਰਸੀ 'ਤੇ ਢੋਅ ਲਾਈ ਬੈਠੀ ਆਸਮਾਨ ਵੱਲ ਤੱਕ ਰਹੀ ਸੀ। ਉਹ ਫੇਰ ਦੱਬਵੇਂ ਪੈਰੀਂ ਹੇਠਾਂ ਉਤਰ ਆਏ। ਕੁਸਮ ਕੁਮਾਰੀ ਨੂੰ ਪਤਾ ਤਕ ਨਹੀਂ ਲੱਗਿਆ ਕਿ ਕੋਈ ਆ ਕੇ ਵਾਪਸ ਚਲਾ ਗਿਆ ਸੀ।
ਦਾਨਾਪੁਰ ਰੇਲਵੇ ਕਾਲੋਨੀ ਸਥਿਤ ਅਖਿਲ ਭਾਰਤੀ ਰੇਲ ਮਜ਼ਦੂਰ ਸੰਘ ਦੇ ਹਨੇਰੇ ਵਰਾਂਡੇ ਦੀਆਂ ਯਾਦਾਂ 'ਚੋਂ ਇਕ ਲੰਮਾਂ ਸਾਹ ਖਿੱਚ ਕੇ ਬਾਹਰ ਨਿਕਲੀ ਸ਼੍ਰੀਮਤੀ ਕੁਸਮ ਕੁਮਾਰੀ। ਉਠੀ ਤੇ ਆਸਮਾਨ ਵੱਲ ਮੂੰਹ ਚੁੱਕ ਕੇ ਦੋਵਾਂ ਹਥੇਲੀਆਂ ਨਾਲ ਚਿਹਰਾ ਪੂੰਝਿਆ। ਖੁੱਲ੍ਹੇ-ਖਿੱਲਰੇ ਵਾਲਾਂ ਨੂੰ ਸਮੇਟ ਕੇ ਢਿੱਲਾ ਜਿਹਾ ਜੂੜਾ ਕੀਤਾ। ਹੇਠਾਂ ਉਤਰੀ ਤੇ ਕਮਰੇ ਵਿਚ ਚਲੀ ਗਈ। ਅਸ਼ਟਭੁਜਾ ਲਾਲ ਨੂੰ ਜਦੋਂ ਸ਼੍ਰੀਮਤੀ ਕੁਸਮ ਕੁਮਾਰੀ ਦੇ ਆਉਣ ਦੀ ਆਹਟ ਮਿਲੀ ਤਾਂ ਉਹ ਪਾਸਾ ਪਰਤ ਕੇ ਲੇਟ ਗਏ।
ਸ਼੍ਰੀਮਤੀ ਕੁਸਮ ਕੁਮਾਰੀ ਪਤੀ ਕੋਲ ਜਾ ਕੇ ਲੇਟ ਗਈ। ਥੋੜ੍ਹੀ ਦੇਰ ਤਕ ਉਸਦੀ ਨਜ਼ਰ ਕਮਰੇ ਦੀਆਂ ਕੰਧਾਂ 'ਤੇ ਭਟਕਦੀ ਰਹੀ। ਬੜੀ ਮੁਸ਼ਕਿਲ ਨਾਲ ਉਸਨੇ ਆਪਣੇ ਆਪ ਨੂੰ ਸਮੇਟਿਆ। ਪਿਘਲ ਕੇ ਵਹਿ ਰਹੇ ਮਨ ਨੂੰ ਬੰਨ੍ਹ ਮਾਰਿਆ ਤੇ ਪਤੀ ਦੇ ਮੋਢੇ 'ਤੇ ਹੱਥ ਰੱਖਦੀ ਹੋਈ ਬੋਲੀ—“ਸੁਣੋ! ਇਕ ਜ਼ਰੂਰੀ ਗੱਲ ਕਰਨੀ ਏ ਤੁਹਾਡੇ ਨਾਲ।”
“ਬੋਲ।” ਬਿਨਾਂ ਪਾਸਾ ਪਰਤਿਆਂ ਅਸ਼ਟਭੁਜਾ ਲਾਲ ਨੇ ਕਿਹਾ।
“ਮੇਰੇ ਵੱਲ ਘੁੰਮੋ ਤਾਂ ਕੋਈ ਗੱਲ ਕਰਾਂ।” ਸ਼੍ਰੀਮਤੀ ਕੁਸਮ ਕੁਮਾਰੀ ਨੇ ਕਿਹਾ।
“ਗੱਲ ਕਰਨ ਲਈ ਚਿਹਰਾ ਦੇਖਣਾ ਜ਼ਰੂਰੀ ਨਹੀਂ ਹੁੰਦਾ। ਕਹਿ ਜੋ ਕਹਿਣਾ ਏਂ।” ਅਸ਼ਟਭੁਜਾ ਲਾਲ ਨੇ ਫੁਕਾਰਾ ਜਿਹਾ ਮਾਰਿਆ।
“ਕਿਸ ਗੱਲ 'ਤੇ ਨਾਰਾਜ਼ ਓ?...ਬਿਨਾਂ ਅਪਰਾਧ ਦੱਸੇ ਸਜ਼ਾ ਦੇਣਾ ਕਿੱਥੋਂ ਦਾ ਇਨਸਾਫ ਏ?...ਤੇ ਇੰਜ ਕੋਈ ਗੱਲ ਕਹਿਣ, ਸੁਣਨ ਦਾ ਕੀ ਲਾਭ?...ਪਹਿਲਾਂ ਮੇਰੇ ਵੱਲ ਘੁੰਮੋ, ਫੇਰ ਦੱਸਾਂਗੀ।” ਸ਼੍ਰੀਮਤੀ ਕੁਸਮ ਕੁਮਾਰੀ ਨੇ ਆਪਣੀ ਆਵਾਜ਼ ਮਿੱਠੀ ਕੀਤੀ ਤੇ ਪਤੀ ਦੀ ਪਿੱਠ ਨਾਲ ਲਗਦਿਆਂ ਹੋਇਆਂ ਸੱਜੀ ਬਾਂਹ ਨਾਲ ਅਸ਼ਟਭੁਜਾ ਲਾਲ ਨੂੰ ਨਾਲ ਘੁੱਟ ਲੈਣ ਦੀ ਕੋਸ਼ਿਸ਼ ਕੀਤੀ।
“ਜੋ ਕਹਿਣਾ ਏਂ ਜਲਦੀ ਕਹਿ। ਮੈਨੂੰ ਨੀਂਦ ਆ ਰਹੀ ਏ।” ਅਸ਼ਟਭੁਜਾ ਲਾਲ ਜਿਵੇਂ ਦੀ ਤਿਵੇਂ ਬਣੇ ਰਹਿਣਾ ਚਾਹੁੰਦੇ ਸਨ।
“ਨਹੀਂ ਪਹਿਲਾਂ ਏਧਰ ਮੂੰਹ ਕਰੋ।...ਮੇਰੇ ਵੱਲ ਦੇਖੋ, ਤਦ ਬੋਲਾਂਗੀ।” ਸ਼੍ਰੀਮਤੀ ਕੁਸਮ ਕੁਮਾਰੀ ਨੇ ਅਸ਼ਟਭੁਜਾ ਲਾਲ ਦੀ ਪਿੱਠ 'ਤੇ ਆਪਣੀਆਂ ਛਾਤੀਆਂ ਦਾ ਦਬਾਅ ਵਧਾਅ ਦਿੱਤਾ। ਉਹਨਾਂ ਦੇ ਮੋਢੇ ਤੇ ਗਰਦਨ ਦੇ ਹੇਠ ਹੌਲੀ ਜਿਹੀ ਦੰਦ ਚੁਭੋ ਦਿੱਤੇ।
ਅਸ਼ਟਭੁਜਾ ਲਾਲ ਨੇ ਪਾਸਾ ਪਰਤਿਆ। ਪੱਕੇ ਫਲ ਵਾਂਗ ਆਪਣੀ ਝੋਲੀ 'ਚ ਡਿੱਗਦੇ ਪਤੀ ਨੂੰ ਦੋਵਾਂ ਬਾਹਾਂ ਵਿਚ ਕਸ ਕੇ ਸ਼੍ਰੀਮਤੀ ਕੁਸਮ ਕੁਮਾਰੀ ਮੁਸਕੁਰਾਈ। ਫੇਰ ਬੋਲੀ—“ਬੇਟੀਆਂ ਦੇ ਸਾਹਮਣੇ ਜਿੰਨਾ ਚਾਹੋ ਨਾਰਾਜ਼ ਹੋ ਲਓ...ਜੋ ਬੋਲਣਾ ਚਾਹੋ, ਬੋਲ ਲਓ...ਪਰ ਜਵਾਈ ਦੇ ਸਾਹਮਣੇ ਤਾਂ ਮੇਰਾ ਮਾਣ ਰੱਖ ਲਿਆ ਕਰੋ।”
ਛਿਣ ਭਰ ਲਈ ਅਸ਼ਟਭੁਜਾ ਲਾਲ ਨੇ ਪਤਨੀ ਦੀਆਂ ਅੱਖਾਂ 'ਚ ਤੱਕਿਆ ਤੇ ਬੋਲੇ—“ਕਹਿ, ਕੀ ਕਹਿਣਾ ਏਂ?”
“ਤੁਹਾਨੂੰ ਨੀਰੂ ਯਾਦ ਏ?...ਨਿਰੰਜਨ, ਸਾਡੀ ਸ਼ਾਦੀ 'ਚ ਤਾਂ ਦੇਖਿਆ ਈ ਸੀ ਤੁਸੀਂ ਉਸਨੂੰ।”
“ਨਹੀਂ, ਮੈਨੂੰ ਕੋਈ ਯਾਦ ਨਹੀਂ।” ਅਸ਼ਟਭੁਜਾ ਲਾਲ ਨੇ ਆਪਣੀਆਂ ਅੱਖਾਂ ਸ਼੍ਰੀਮਤੀ ਕੁਸਮ ਕੁਮਾਰੀ ਦੀਆਂ ਅੱਖਾਂ ਵਿਚ ਗੱਡ ਦਿੱਤੀਆਂ।
“ਦਾਨਾਪੁਰ ਰੇਲਵੇ ਕਾਲੋਨੀ 'ਚ ਐਨ ਸਾਡੇ ਕਵਾਰਟਰ ਦੇ ਸਾਹਮਣੇ ਉਹਨਾਂ ਲੋਕਾਂ ਦਾ ਕਵਾਰਟਰ ਸੀ। ਨਵਰੰਗ ਚਾਚਾਜੀ ਦਾ ਕਵਾਰਟਰ...। ਨਿਰੰਜਨ ਅੱਜ ਕਲ੍ਹ ਬੜਾ ਵੱਡਾ ਵਕੀਲ ਏ। ਭਾਗਲਪੁਰ 'ਚ ਪ੍ਰੈਕਟਿਸ ਕਰਦਾ ਏ। ਆਪਣਾ ਮਕਾਨ ਏ। ਕਾਫ਼ੀ ਪੈਸਾ ਤੇ ਜਾਇਦਾਦ ਏ...ਉਸੇ ਦੇ ਛੋਟੇ ਬੇਟੇ ਨਾਲ ਬੰਨੀ ਦੀ ਗੱਲ ਚਲਾਈ ਏ। ਮੁੰਡਾ ਬੈਂਕ 'ਚ ਅਫ਼ਸਰ ਏ।...ਸਾਡੇ ਦੋਵੇਂ ਜਵਾਈ ਬੈਂਕ ਵਾਲੇ ਹੋ ਜਾਣਗੇ। ਕੋਈ ਬੇਟੀ ਕਿਸੇ ਤੋਂ ਘੱਟ ਨਹੀਂ ਰਹੇਗੀ।...ਬੜੇ ਵੱਡੇ ਲੋਕ ਨੇ। ਪੁਰਾਣੇ ਸੰਬੰਧਾਂ ਕਰਕੇ ਮੰਨ ਗਏ ਨੇ। ਮਾਂ ਤੇ ਵੀਰ ਹੁਰਾਂ ਨੇ ਦਬਾਅ ਪਾਇਆ ਤਾਂ ਉਹਨਾਂ ਨੂੰ ਮੰਨਣਾ ਈ ਪਿਆ।...ਹੁਣ ਉਹ ਆਪਣੇ ਬੇਟੇ ਨਾਲ ਬੰਨੀ ਨੂੰ ਦੇਖਣ ਆਉਣਾ ਚਾਹੁੰਦੇ ਨੇ...ਅਗਲੇ ਈ ਮਹੀਨੇ।”
“ਬੰਨੀ ਨੂੰ ਦੇਖਣ ਆਉਣਾ ਚਾਹੁੰਦੇ ਨੇ ਕਿ ਆਪਣੀ ਚਹੇਤੀ ਨੂੰ ਮਿਲਣ?” ਦੰਦ ਪੀਂਹਦਿਆਂ ਹੋਇਆ ਪੁੱਛਿਆ ਅਸ਼ਟਭੁਜਾ ਲਾਲ ਨੇ। ਉਹਨਾਂ ਦੀਆਂ ਅੱਖਾਂ ਵਿਚ ਕਰੋਧ ਦੀਆਂ ਲਪਟਾਂ ਸਨ ਤੇ ਨਾਸਾਂ ਫੁੱਲ-ਪਿਚਕ ਰਹੀਆਂ ਸਨ।
“ਕੀ ਹੋ ਗਿਆ ਏ ਤੁਹਾਨੂੰ?” ਸ਼੍ਰੀਮਤੀ ਕੁਸਮ ਕੁਮਾਰੀ ਮਿਨਮਿਨਾਈ ਸੀ।
“ਮੈਨੂੰ ਤਾਂ ਕੁਝ ਨਹੀਂ ਹੋਇਆ।...ਹਾਂ, ਤੈਨੂੰ ਖੰਭ ਜ਼ਰੂਰ ਲੱਗ ਗਏ ਨੇ।...ਬੇਟੀ ਦੇ ਬਹਾਨੇ ਪੁਰਾਣੇ ਯਾਰ ਨਾਲ ਰਿਸ਼ਤਾ ਜੋੜਨਾ ਚਾਹੁੰਦੀ ਏਂ ਤੂੰ...” ਗਰਜੇ ਸੀ ਅਸ਼ਟਭੁਜਾ ਲਾਲ ਤੇ ਚੀਤੇ ਜਿਹੀ ਫੁਰਤੀ ਨਾਲ ਉਛਲ ਕੇ ਸ਼੍ਰੀਮਤੀ ਕੁਸਮ ਕੁਮਾਰੀ ਦੀ ਛਾਤੀ 'ਤੇ ਸਵਾਰ ਹੋ ਗਏ ਸੀ।
“ਤੁਹਾਡਾ ਦਿਮਾਗ਼...”
ਇਸ ਤੋਂ ਪਹਿਲਾਂ ਕਿ ਆਪਣੀ ਗੱਲ ਪੂਰੀ ਕਰੇ ਸ਼੍ਰੀਮਤੀ ਕੁਸਮ ਕੁਮਾਰੀ, ਅਸ਼ਟਭੁਜਾ ਲਾਲ ਨੇ ਇਕ ਜ਼ੋਰਦਾਰ ਥੱਪੜ ਮਾਰਿਆ। ਪਲੰਘ ਦੇ ਬਿਸਤਰੇ ਹੇਠ ਹੱਥ ਪਾ ਕੇ ਪੁਰਾਣੇ ਖ਼ਤਾਂ ਦਾ ਇਕ ਬੰਡਲ ਕੱਢਿਆ ਤੇ ਸ਼੍ਰੀਮਤੀ ਕੁਸਮ ਕੁਮਾਰੀ ਦੇ ਮੂੰਹ 'ਤੇ ਦੇ ਮਾਰਿਆ। ਬੋਲੇ—“ਮੇਰਾ ਦਿਮਾਗ਼ ਤਾਂ ਉਸੇ ਦਿਨ ਦਾ ਖ਼ਰਾਬ ਹੋਇਆ ਹੋਇਆ ਏ ਜਿਸ ਦਿਨ ਦੀ ਤੂੰ ਪਟਨੇ ਗਈ ਏਂ।...ਲੈ, ਪੜ੍ਹ ਆਪਣੇ ਪੁਰਾਣੇ ਯਾਰ ਦੀਆਂ ਇਹ ਚਿੱਠੀਆਂ।” ਵਿਆਹ ਤੋਂ ਪਹਿਲਾਂ ਲਿਖੇ ਨੀਰੂ ਦੇ ਖ਼ਤ ਪਲੰਘ ਉੱਤੇ ਖਿੱਲਰ ਗਏ। ਸ਼੍ਰੀਮਤੀ ਕੁਸਮ ਕੁਮਾਰੀ ਦੀ ਛਾਤੀ 'ਤੇ ਸਵਾਰ ਸਨ ਅਸ਼ਟਭੁਜਾ ਲਾਲ। ਕਦੀ ਥੱਪੜ, ਕਦੀ ਮੁੱਕੇ ਮਾਰਦੇ ਤੇ ਕਦੀ ਮੁੱਠੀਆਂ ਵਿਚ ਵਾਲ ਜਕੜ ਕੇ ਝੰਜੋੜਦੇ। ਉਹਨਾਂ ਦਾ ਰੂਪਾਂਤਰਣ ਹੋ ਚੁੱਕਿਆ ਜਾਪਦਾ ਸੀ। ਉਹਨਾਂ ਸੱਚਮੁੱਚ ਅਸ਼ਟਭੁਜਾਧਾਰੀ ਆੱਕਟੋਪਸ ਵਾਂਗ ਸ਼੍ਰੀਮਤੀ ਕੁਸਮ ਕੁਮਾਰੀ ਨੂੰ ਆਪਣੀ ਪਕੜ ਵਿਚ ਜਕੜਿਆ ਹੋਇਆ ਸੀ।
ਪਤੀ ਦੇ ਇਸ ਬਡਰੂਪ ਦਾ ਰਹੱਸ ਪਲ ਭਰ ਵਿਚ ਸਮਝ ਗਈ ਸ਼੍ਰੀਮਤੀ ਕੁਸਮ ਕੁਮਾਰੀ। ਉਹ ਪਤੀ ਦੇ ਹਮਲਿਆਂ ਸਦਕਾ ਬਦਹਾਲ ਹੋਈ ਹੋਈ ਸੀ, ਪਰ ਉਸਨੇ ਉਸੇ ਛਿਣ ਫ਼ੈਸਲਾ ਕਰ ਲਿਆ ਕਿ ਅਸ਼ਟਭੁਜਾ-ਨਾਮਧਾਰੀ ਇਸ ਆੱਕਟੋਪਸ ਤੋਂ ਮੁਕਤੀ ਲਈ ਇਹੀ ਮੌਕਾ ਠੀਕ ਹੈ—ਆਪਣੇ ਅੰਦਰ ਹੌਸਲੇ ਨੂੰ ਇਕੱਤਰ ਕੀਤਾ ਤੇ ਇਕ ਝਟਕੇ ਨਾਲ ਉਠੀ। ਅਸ਼ਟਭੁਜਾ ਲਾਲ ਦੀ ਪਕੜ ਢਿੱਲੀ ਪੈ ਗਈ ਤੇ ਉਹ ਤਿਲਮਿਲਾਉਂਦੇ ਹੋਏ ਪਰ੍ਹੇ ਜਾ ਡਿੱਗੇ। ਤਣ ਕੇ ਖੜ੍ਹੀ ਹੋ ਗਈ ਸ਼੍ਰੀਮਤੀ ਕੁਸਮ ਕੁਮਾਰੀ। ਬੋਲੀ—“ਬਸ! ਹੁਣ ਹੱਥ ਨਾ ਲਾਵੀਂ ਮੈਨੂੰ।...ਤੈਨੂੰ ਇਹ ਚਿੱਠੀਆਂ ਤਾਂ ਵਾਰਡਰੋਬ ਵਿਚ ਮਿਲ ਗਈਆਂ...ਪਰ ਆਪਣੀ ਮਾਂ ਦੀ ਡਾਇਰੀ ਨਹੀਂ ਮਿਲੀ?...ਉਸੇ 'ਚ ਪਈ ਐ...ਜਾਹ ਕੱਢ ਤੇ ਪੜ੍ਹ ਲੈ। ਮਰਨ ਤੋਂ ਪਹਿਲਾਂ ਮੈਨੂੰ ਦੇ ਗਈ ਸੀ ਤੇਰੀ ਮਾਂ ਮਾਨੋ ਦੇਈ। ਕੈਥੀ ਲਿੱਪੀ 'ਚ ਐ।...ਉਸਦੇ ਮਰਨ ਪਿੱਛੋਂ ਤੈਥੋਂ ਈ ਕੈਥੀ ਸਿੱਖ ਕੇ ਪੜ੍ਹੀ ਸੀ ਮੈਂ। ਤੂੰ ਵੀ ਪੜ੍ਹ ਲੈ।...ਤੇ ਕਲ੍ਹ ਤੋਂ ਅਸ਼ਟਭੁਜਾ ਲਾਲ ਵਲਦ ਝੂਲਨ ਲਾਲ ਨਾ ਲਿਖੀਂ—ਲਿਖੀਂ, ਅਸ਼ਟਭੁਜਾ ਲਾਲ ਵਲਦ ਬਚਨੂ ਲਾਲ...”
ਅਸ਼ਟਭੁਜਾ ਲਾਲ ਪਲੰਘ 'ਤੇ ਲੋਥ ਵਾਂਗ ਪਏ ਸਨ। ਉਹਨਾਂ ਦੀਆਂ ਸਾਰੀਆਂ ਭੁਜਾਵਾਂ ਪਤਾ ਨਹੀਂ ਕਿੱਥੇ ਵਲੀਨ ਹੋ ਚੁੱਕੀਆਂ ਸਨ।  
   ੦੦੦ ੦੦੦ ੦੦੦

ਸਮਝੌਤਾ... :: ਲੇਖਕਾ : ਕਾਦੰਬਰੀ ਮਹਿਰਾ




ਪ੍ਰਵਾਸੀ ਹਿੰਦੀ ਕਹਾਣੀ :

ਸਮਝੌਤਾ...
ਲੇਖਕਾ : ਕਾਦੰਬਰੀ ਮਹਿਰਾ

ਅਨੁਵਾਦ ਮਹਿੰਦਰ ਬੇਦੀ, ਜੈਤੋ




ਛਿੰਦੋ ਦਾ ਰੋਣ ਪੂਰੀ ਓਵਰਟਨ ਸਟਰੀਟ 'ਤੇ ਗੂੰਜ ਰਿਹਾ ਏ—ਇਕ ਸਿਰੇ ਤੋਂ ਦੂਜੇ ਸਿਰੇ ਤੀਕ—ਪੂਰੇ ਇਕ ਸੌ ਦਸ ਘਰਾਂ ਦੇ ਬੂਹੇ ਖੜਕਾ ਰਿਹਾ ਏ। ਛਿੰਦੋ ਅੜਤਾਲੀ ਨੰਬਰ ਦੇ ਘਰ 'ਚ ਰਹਿੰਦੀ ਏ।
ਉਸਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ, ਉਸ ਕੋਲ। ਜਦੋਂ ਰੋਂਦੀ-ਰੋਂਦੀ ਥੱਕ ਜਾਂਦੀ ਏ ਤਾਂ ਥੋੜ੍ਹੀ ਸ਼ਾਂਤੀ ਹੋ ਜਾਂਦੀ ਏ। ਓਦੋਂ ਮਲਕੀਤ, ਸਾਰੇ ਜਿਸਨੂੰ ਮੌਲੀ ਕਹਿੰਦੇ ਨੇ—ਉਸ ਕੋਲ ਜਾ ਕੇ ਉਸਨੂੰ ਹਿਲਾਉਂਦੀ ਏ। ਦੋ-ਚਾਰ ਵਾਰੀ ਇਵੇਂ ਈ ਹੋਇਆ ਏ—ਪਹਿਲੀ ਵਾਰੀ ਛਿੰਦੋ ਨੇ ਪਾਣੀ ਮੰਗਿਆ ਸੀ; ਫੇਰ ਉਸਨੇ ਸੋਚ ਲਿਆ ਕਿ ਦਾਦੀ ਨੂੰ ਪਾਣੀ ਪਿਆਉਣਾ ਚਾਹੀਦਾ ਏ, ਇਸ ਲਈ ਜਦੋਂ ਵੀ ਉਹ ਨੀਮ-ਬੇਹੋਸ਼ੀ ਦੀ ਹਾਲਤ 'ਚ ਸਿਰ ਸੁੱਟ ਕੇ ਅਧਮੋਈ ਜਿਹੀ ਹੋ ਜਾਂਦੀ, ਮੌਲੀ ਉਸਨੂੰ ਕੱਪ ਨਾਲ ਪਾਣੀ ਪਿਆ ਦੇਂਦੀ। ਥੋੜ੍ਹਾ ਝੰਜੋੜਦੀ ਤੇ ਹਿਲਾਅ ਕੇ ਪੁੱਛਦੀ, “ਆਰ ਯੂ ਆਲ ਰਾਈਟ ਦਾਦੀ? (ਦਾਦੀ, ਤੁਸੀਂ ਠੀਕ ਓ ਨਾ?)” ਛਿੰਦੋ ਅੱਖਾਂ ਖੋਲ੍ਹ ਕੇ ਸੁੰਨੀਆਂ-ਸੱਖਣੀਆਂ ਨਜ਼ਰਾਂ ਨਾਲ ਮੌਲੀ ਵੱਲ ਤੱਕਦੀ, ਉਸਨੂੰ ਪਿਆਰ ਨਾਲ ਪਲੋਸਦੀ ਤੇ ਆਪਣੀ ਹਿੱਕ ਨਾਲ ਲਾ ਕੇ ਜ਼ੋਰ ਨਾਲ ਘੁੱਟ ਲੈਂਦੀ—ਫੇਰ, ਹੌਲੀ-ਹੌਲੀ ਜਕੜ ਢਿੱਲੀ ਪੈਣ ਲੱਗਦੀ ਤੇ ਅੱਖਾਂ ਵਰ੍ਹਣ ਲੱਗ ਪੈਂਦੀਆਂ। ਇਕ-ਇਕ ਕਰਕੇ ਉਹੀ ਵਾਕ ਮੂੰਹੋਂ ਨਿਕਲਣ ਲੱਗਦੇ ਜਿਹਨਾਂ ਦੇ ਅਰਥ ਮੌਲੀ ਦੀ ਸਮਝ ਤੋਂ ਪਰ੍ਹੇ ਸਨ...:
“ਮੇਰਾ ਲਾਲ...ਵੇ ਮੈਂ ਕਿੱਥੇ ਲੱਭਣ ਜਾਵਾਂ...”
“ਵੇ ਤੂੰ ਆ ਕੇ ਬੈੱਲ ਵਜਾਅ-ਅ।...ਮੇਰਾ ਸੱਤਾ, ਮੇਰੇ ਬੂਹੇ ਮਾਰ ਗਿਆ-ਅ।...ਕਿੱਥੇ ਚਲਾ ਗਿਓਂ-ਵੇ, ਮਾਂ ਨੂੰ ਛੱਡ ਕੇ...”
“ਵੇ ਲੈ ਗਏ ਮੇਰਾ ਦੁੱਧ ਪਤਾਸਾ-ਆ-ਅ। ਮੇਰਾ ਸੱਤਾ-ਆ-ਅ। ਆ ਜਾ ਮਾਂ ਸਦਕੇ-ਏ-ਵੇ...”
ਦਾਦੀ ਦਾ ਵਿਲਾਪ ਏਨਾਂ ਦਿਲ ਹਿਲਾ ਦੇਣ ਵਾਲਾ ਸੀ ਕਿ ਮੌਲੀ ਵੀ ਕਈ ਵਾਰੀ ਰੋ ਚੁੱਕੀ ਸੀ। ਸੇਬ ਖਾਂਦੀ ਹੋਈ, ਉਹ ਆਪਣੀ ਗੁਡੀਆ ਨੂੰ ਗੋਦੀ ਵਿਚ ਚੁੱਕੀ, ਦਾਦੀ ਨਾਲ ਲੱਗੀ ਬੈਠੀ ਏ। ਉਸਦੀਆਂ ਅੱਖਾਂ ਤੇ ਨੱਕ ਵੀ ਡੁਸਕਣ ਕਰਕੇ ਵਹਿਣ ਲੱਗ ਪਏ ਨੇ ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਕਿ ਉਹ ਏਨਾ ਕਿਉਂ ਰੋ ਰਹੀ ਏ। ਸੱਟ ਤਾਂ ਉਸਦੀ ਮਾਂ ਦੇ ਵੱਜੀ ਸੀ। ਸੱਤਾ, ਯਾਨੀ ਡੈਡ ਤਾਂ ਬਸ ਉਸਦੇ ਨਾਲ ਗਏ ਸਨ।
ਕਲ੍ਹ ਦੀ ਈ ਤਾਂ ਗੱਲ ਏ।
ਜੋਗਿੰਦਰ—ਜੱਗੋ—ਜੈਗ, ਮੌਲੀ ਨੂੰ ਸਕੂਲ ਲੈ ਜਾ ਰਹੀ ਸੀ। ਰਸਤੇ 'ਚੋਂ ਕੀਰਤੀ ਦੀ ਮਮ ਵੀ ਨਾਲ ਈ ਹੋ ਲਈ। ਕੀਰਤੀ ਪੰਜਾਹ ਨੰਬਰ ਦੇ ਘਰ 'ਚ ਰਹਿੰਦੀ ਤੇ ਉਸ ਦੀ ਕਲਾਸ 'ਚ ਈ ਪੜ੍ਹਦੀ ਏ। ਕੀਰਤੀ ਦੀ ਮਮ ਨੇ ਪੁੱਛਿਆ ਕਿ 'ਸਕੈਨ ਕਰਵਾਇਆ ਤਾਂ ਕੀ ਆਇਆ—ਮੁੰਡਾ ਕਿ ਕੁੜੀ?' ਮੌਲੀ ਜਾਣਦੀ ਸੀ ਕਿ ਦਾਦੀ ਨੇ ਮਮ ਨੂੰ ਕਿਸੇ ਨੂੰ ਦੱਸਣ ਤੋਂ ਮਨ੍ਹਾਂ ਕੀਤਾ ਸੀ; ਇਸ ਲਈ ਜੈਗ ਨੇ ਟਾਲਦਿਆਂ ਹੋਇਆਂ ਕਿਹਾ ਕਿ 'ਸਕੈਨ ਬੱਚੇ ਲਈ ਚੰਗੀ ਚੀਜ਼ ਨਹੀਂ ਹੁੰਦੀ, ਇਸ ਲਈ ਨਹੀਂ ਕਰਵਾਈ। ਬਸ ਦਸ ਹਫ਼ਤਿਆਂ ਦੀ ਤਾਂ ਗੱਲ ਏ।' ਮੌਲੀ ਨਵੇਂ ਬੱਚੇ ਦੀ ਉਡੀਕ ਵਿਚ ਹਰ ਰੋਜ਼ ਇਕ ਕਲੰਡਰ ਦੇ ਦਿਨਾਂ-ਤਾਰੀਖ਼ਾਂ ਉੱਤੇ ਪੈਨਸਲ ਨਾਲ ਸਹੀ ਦਾ ਨਿਸ਼ਾਨ ਲਾਉਂਦੀ ਰਹਿੰਦੀ। ਰੋਜ਼ ਰਾਤ ਨੂੰ ਉਸਦੇ ਡੈਡ ਸਤਵੰਤ ਸਿੰਘ ਉਸ ਨੂੰ ਪੁੱਛਦੇ...:
“ਹੁਣ ਕਿੰਨੇ ਦਿਨ ਰਹਿ ਗਏ ਨੇ ਮੌਲੀ?”
ਮੌਲੀ ਇਕ ਘੱਟਾ ਕੇ ਉਤਰ ਦੇਂਦੀ ਸੈਵਨ, ਸੈਵੇਂਟੀ ਸਿਕਸ, ਸੈਵੇਂਟੀ ਫਾਈਵ ਆਦਿ—ਇੰਜ ਉਹ ਘਟਾਓ ਸਿੱਖ ਰਹੀ ਸੀ।
ਕਲ੍ਹ ਘਰ ਆ ਕੇ ਉਸਨੇ ਬਸਤਾ ਰੱਖਿਆ, ਬੂਟ ਲਾਹੇ ਤੇ ਹੱਥ-ਮੂੰਹ ਧੋ ਕੇ ਬਾਬੇ ਦੀ ਫ਼ੋਟੋ ਸਾਹਮਣੇ ਮੱਥਾ ਟੇਕਿਆ। ਮਮ ਨੇ ਉਸਨੂੰ ਟੋਸਟ ਨਾਲ ਸਾਸੇਜ ਤੇ ਵੀਂਸ ਗਰਮ ਕਰਕੇ ਖੁਆਏ। ਮਿਲਕ ਸ਼ੇਕ ਪਿਆਇਆ ਤੇ ਘਰ ਦਾ ਕੰਮ ਕਰਦੇ-ਕਰਦੇ ਉਸ ਕੋਲੋਂ ਦਿਨ ਭਰ ਦੀਆਂ ਖ਼ਬਰਾਂ ਪੁੱਛਣ ਲੱਗੀ—ਏਨੇ ਵਿਚ ਡੈਡ ਆ ਗਏ; ਰੋਜ਼ ਨਾਲੋਂ ਜਲਦੀ। ਉਹਨਾਂ ਜ਼ੋਰ ਨਾਲ, ਫਟਾਕ ਕਰਕੇ, ਦਰਵਾਜ਼ਾ ਬੰਦ ਕੀਤਾ। ਉਹ ਬੜੇ ਗੁੱਸੇ ਵਿਚ ਜਾਪਦੇ ਸਨ। ਮਮ ਘਰ ਦੇ ਪਿੱਛਲੇ ਪਾਸੇ ਲਾਂ ਤੋਂ ਕੱਪੜੇ ਲਾਹੁਣ ਗਈ ਹੋਈ ਸੀ। ਆਵਾਜ਼ ਸੁਣ ਕੇ ਅੰਦਰ ਆਈ...:
“ਕੀ ਹੋਇਆ?”
“ਇਟਸ ਡੈਡ! ਹੀ ਇਜ ਅਪਸੇਟ।” (ਡੈਡ ਨੇ, ਅਪਸੈੱਟ ਲੱਗਦੇ ਨੇ।) ਸਹਿਮੀ ਜਿਹੀ ਮੌਲੀ ਨੇ ਕਿਹਾ।
ਅਜੇ ਜੈਗ ਪੁੱਛ ਈ ਰਹੀ ਸੀ ਕਿ ਸੱਤੇ ਨੇ ਕੱਟਗਲਾਸ ਦੀ ਐਸ਼-ਟਰੇ ਵਗਾਹ ਕੇ ਮਾਰੀ। ਮਾਰੀ ਤਾਂ ਉਸਨੇ ਰਸੋਈ ਤੇ ਪੈਸੇਜ ਦੇ ਵਿਚਕਾਰਲੇ ਦਰਵਾਜ਼ੇ 'ਤੇ ਸੀ, ਪਰ ਜੈਗ ਨੇ ਉਸੇ ਸਮੇਂ ਬੂਹਾ ਖੋਲ੍ਹਿਆ ਤੇ ਉਹ ਸਿੱਧੀ ਉਸਦੇ ਸਿਰ ਵਿਚ ਜਾ ਵੱਜੀ। ਤੇ ਲਹੂ ਦਾ ਫੁਆਰਾ ਫੁੱਟ ਪਿਆ। ਸੱਟ ਪੁੜਪੁੜੀ 'ਤੇ ਵੱਜੀ ਸੀ। ਜੈਗ ਬਾਂਹ ਉੱਤੇ ਕੱਪੜਿਆਂ ਦਾ ਢੇਰ ਚੁੱਕੀ ਥਾਂਵੇਂ ਡਿੱਗ ਪਈ। ਉਹ ਬੇਸੁੱਧ ਹੋ ਗਈ ਸੀ।
ਸੱਤਾ ਹੋਸ਼ ਵਿਚ ਆ ਕੇ ਕੂਕਿਆ, “ਓ ਮਾਈ ਗਾਡ! ਮੌਲੀ ਪਾਣੀ ਲਿਆ।”
ਮੌਲੀ ਪੱਥਰ ਦਾ ਬੁੱਤ ਬਣੀ ਹੋਈ ਸੀ। ਸੱਤਾ ਫੇਰ ਚੀਕਿਆ, “ਫਾਸਟ ਮੌਲੀ ਕਵਿੱਕ! ਸ਼ੀ ਇਜ ਸੀਰੀਅਸ।” (ਛੇਤੀ ਮੌਲੀ ਛੇਤੀ! ਉਹ ਸੀਰੀਅਸ ਏ।)
ਮੌਲੀ ਨੇ ਕੱਪ 'ਚ ਭਰ ਕੇ ਪਾਣੀ ਫੜਾਇਆ ਤਾਂ ਸੱਤੇ ਨੇ ਜੈਗ ਦੇ ਮੂੰਹ 'ਤੇ ਛਿੱਟੇ ਮਾਰੇ। ਤੌਲੀਏ ਨਾਲ ਖ਼ੂਨ ਰੋਕਣਾ ਚਾਹਿਆ, ਫੇਰ ਬੇਹੱਦ ਘਬਰਾ ਗਿਆ। ਕਾਹਲ ਨਾਲ ਫ਼ੋਨ ਕੀਤਾ। ਨੰਬਰ ਮਿਲਾਇਆ 999। ਉਧਰੋਂ ਉਤਰ ਮਿਲਣ 'ਤੇ ਬੋਲਿਆ...:
“ਐਂਬੂਲੈਂਸ ਪਲੀਜ਼, ਥਰੀ ਏਟ, ਓਵਰਟਨ ਸਟਰੀਟ। ਆਈ ਹੈਵ ਹਰਟ ਮਾਈ ਵਾਈਫ਼। ਹਰ ਹੇੱਡ ਇਜ ਬਲੀਡਿੰਗ। ਸ਼ੀ ਇਜ ਪ੍ਰੈਗਨੈਂਟ।” (ਐਂਬੂਲੈਂਸ ਭੇਜੋ ਪਲੀਜ਼, ਮੈਥੋਂ ਮੇਰੀ ਘਰਵਾਲੀ ਦੇ ਸੱਟ ਵੱਜ ਗਈ ਏ...ਲਹੂ ਵਗ ਰਿਹੈ..ਉਹ ਮਾਂ ਬਣਨ ਵਾਲੀ ਏ।)
ਤੁਰਤ-ਫੁਰਤ ਉੱਥੇ ਇਕ ਐਂਬੂਲੈਂਸ ਆ ਗਈ। ਦੋ ਸਧੇ ਹੋਏ ਪੈਰਾਮੈਡੀਕਸ ਨੇ ਜੈਗ ਨੂੰ ਸੰਭਾਲ ਕੇ ਉਸ 'ਚ ਲਿਟਾਅ ਦਿੱਤਾ ਪਰ ਅਜੇ ਉਹ ਬਾਹਰ ਈ ਸਨ ਕਿ ਪੁਲਿਸ ਦੀ ਗੱਡੀ ਵੀ ਸਾਇਰਨ ਵਜਾਉਂਦੀ ਹੋਈ ਆ ਪਹੁੰਚੀ।
ਅੰਦਰ ਆ ਕੇ ਉਹਨਾਂ ਨੇ ਸੱਤੇ ਨੂੰ ਕੜਕ ਕੇ ਬੈਠ ਜਾਣ ਲਈ ਕਿਹਾ। ਮੌਲੀ ਡੈਡ ਨਾਲ ਚਿਪਕ ਗਈ ਤੇ ਉੱਚੀ-ਉੱਚੀ ਰੋਣ ਲੱਗ ਪਈ। ਓਦੋਂ ਈ ਇਕ ਔਰਤ ਕਾਂਸਟੇਬਲ ਨੇ ਟੀਚਰ ਵਾਂਗ, ਰੋਅਬ ਨਾਲ, ਉਸਨੂੰ ਆਪਣੇ ਨਾਲ ਦੂਜੇ ਕਮਰੇ ਵਿਚ ਚੱਲਣ ਲਈ ਕਿਹਾ। ਮੌਲੀ ਜਾਂਦੀ ਨਹੀਂ ਸੀ ਪਈ, ਪਰ ਡੈਡ ਨੇ ਉਸਨੂੰ ਪੁਚਕਾਰ ਕੇ ਸਮਝਾਇਆ ਤੇ ਕਿਹਾ...:
“ਡੂ ਇਜ ਯੂ ਆਰ ਟੋਲਡ ਲਾਈਕ ਏ ਗੁੱਡ ਗਰਲ।” (ਜੋ ਇਹ ਕਹਿ ਰਹੇ ਨੇ, ਅੱਛੇ ਬੱਚਿਆਂ ਵਾਂਗ ਮੰਨੋ ਬੇਟਾ।)
ਉਹ ਅੰਦਰ ਚਲੀ ਗਈ। ਪਰ ਦੇਰ ਤੀਕ ਹੁਭਕੀਂ-ਹਉਕੀਂ ਰੋਂਦੀ ਰਹੀ।
ਪੁਲਿਸ ਵਾਲੇ ਡੈਡ ਤੋਂ ਅੰਗਰੇਜ਼ੀ 'ਚ ਪੁੱਛਗਿੱਛ ਕਰਦੇ ਰਹੇ। ਉਹ ਹਰੇਕ ਗੱਲ ਦਾ ਜਵਾਬ ਨੋ-ਨੋ 'ਚ ਦੇ ਰਹੇ ਸਨ। ਸੱਤੇ ਦੇ ਉਹਨਾਂ ਬ੍ਰੇਥੇਲਾਈਜਰ ਲਾਇਆ। ਜਿਸ ਨੇ ਉਸਦੀ ਸ਼ਰਾਬ ਦੀ ਮਾਤਰਾ ਕਾਫੀ ਜ਼ਿਆਦਾ ਦੱਸੀ।
ਸੱਤਾ ਇਕ ਟੈਕਸੀ ਡਰਾਈਵਰ ਸੀ। ਦਿਨੇ ਸ਼ਰਾਬ ਪੀ ਕੇ ਟੈਕਸੀ ਚਲਾਉਣ ਤੇ ਪਤਨੀ ਨੂੰ ਕੁੱਟਮਾਰ ਕਰਨ ਦਾ ਇਲਜਾਮ ਝੱਟ ਪੁਲਿਸ ਨੇ ਉਸ ਉੱਤੇ ਲਾ ਦਿੱਤਾ। ਸੱਤੇ ਨੇ ਬਥੇਰੀਆਂ ਦਲੀਲਾਂ ਦਿੱਤੀਆਂ। ਉਸਨੇ ਦੱਸਿਆ ਕਿ ਲੰਚ ਪਿੱਛੋਂ ਇਕ ਹੋਟਲ 'ਚੋਂ ਨਿਕਲੇ ਚਾਰ ਗੋਰੇ ਆਦਮੀ ਉਸਦੀ ਟੈਕਸੀ 'ਚ ਬੈਠੇ ਤੇ ਲੰਦਨ ਦੇ ਬਾਹਰੀ ਸਿਰੇ ਦੇ ਇਕ ਪਿੰਡ 'ਚ ਗਏ। ਉਹ ਖਾਸੀ ਨਿਰਾਲੀ ਜਗ੍ਹਾ ਸੀ। ਉਤਰ ਕੇ ਉਹਨਾਂ ਪੈਸੇ ਨਹੀਂ ਦਿੱਤੇ ਤੇ ਮੰਗਣ 'ਤੇ ਉਸਨੂੰ ਕਿਹਾ, “ਬਲਡੀ ਪਾਕੀ ਗੈਟ ਲਾਸਟ।” (ਪਾਕੀ, ਪਾਕਿਸਤਾਨੀ ਦਾ ਸੰਖੇਪ ਪਰ ਇੰਗਲਿਸਤਾਨ ਵਿਚ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਗਾਲ੍ਹ ਵਰਗਾ ਨਕਾਰਾਤਮਕ ਸ਼ਬਦ-ਅਨੁ.) ਇਹੀ ਨਹੀਂ ਇਕ ਨੇ ਉਸਦੀ ਪੱਗ ਢਾਅ ਦਿੱਤੀ ਤੇ ਮਖ਼ੌਲ ਉਡਾਉਂਦਾ ਹੋਇਆ ਬੋਲਿਆ, “ਆਨ ਯੋਰ ਬਾਈਕ ਔਰ ਆਈ ਵਿਲ ਸਟ੍ਰੈਂਗਲ ਯੂ ਵਿਦ ਯੋਰ ਸ਼ੀਟ।” (ਗੱਡੀ ਸਟਾਰਟ ਕਰ ਤੇ ਉਡਦਾ ਹੋ, ਵਰਨਾ ਤੇਰੀ ਏਸੇ ਸ਼ੀਟ ਨਾਲ ਨੂੜ ਦਿਆਂਗਾ।)
ਸੱਤਾ ਇਕੱਲਾ ਸੀ, ਘਬਰਾ ਗਿਆ ਤੇ ਫੁਰਤੀ ਨਾਲ ਐਕਸੀਲੇਟਰ 'ਤੇ ਪੈਰ ਦਾ ਦਬਾਅ ਵਧਾ ਦਿੱਤਾ, ਪਰ ਉਸਨੂੰ ਪੱਗ 'ਤੇ ਹੱਥ ਪਾਏ ਜਾਣ 'ਤੇ ਡਾਢਾ ਗੁੱਸਾ ਸੀ। ਆਪਣਾ ਗੁੱਸਾ ਘੱਟ ਕਰਨ ਲਈ ਉਸਨੇ ਆਪਣੇ ਆਫ਼ਿਸ ਆ ਕੇ ਦੋ ਪੈਗ ਚੜ੍ਹਾ ਲਏ। ਕੰਮ ਕਰਨ ਦਾ ਬਿਲਕੁਲ ਮਨ ਨਹੀਂ ਸੀ ਹੋ ਰਿਆ। ਉਹ ਘਰ ਆ ਗਿਆ। ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਜੱਗੋ ਇੰਜ ਸਾਹਮਣੇ ਆ ਜਾਏਗੀ।
ਪੁਲਿਸ ਅਫ਼ਸਰ ਵੀਹ-ਪੱਚੀ ਦੀ ਉਮਰ ਦੇ ਹੋਣੇ ਨੇ। ਸੱਤੇ ਦੀ ਉਹਨਾਂ ਇਕ ਨਹੀਂ ਸੁਨੀਂ। ਉਸਦੀਆਂ ਗੱਲਾਂ ਨੂੰ ਮਨ-ਘੜੰਤ ਕਹਾਣੀ ਦੱਸਿਆ ਤੇ ਕਿਹਾ ਕਿ 'ਸ਼ਰਾਬ ਪੀ ਕੇ ਘਰਵਾਲੀ ਨੂੰ ਕੁੱਟਣ ਦੀਆਂ ਅਜਿਹੀਆਂ ਘਟਨਾਵਾਂ ਏਸ਼ੀਆਈ ਸਮਾਜ ਦਾ ਸੁਭਾਅ ਬਣ ਚੁੱਕੀਆਂ ਨੇ। ਭਾਰਤੀ ਪਤੀ ਤੇ ਜੰਗਲੀ ਜਾਨਵਰ ਵਿਚ ਕੋਈ ਅੰਤਰ ਨਹੀਂ ਹੁੰਦਾ—ਇਹ ਜਗਤਜਾਣੀ ਗੱਲ ਹੈ।' ਉਹਨਾਂ ਨੇ ਇਹ ਵੀ ਕਿਹਾ ਕਿ 'ਸੱਤੇ ਵਰਗੇ ਸ਼ਰਾਬੀਆਂ ਨੂੰ ਇਕ ਸਭਿਅ ਸਮਾਜ ਵਿਚ ਰਹਿਣ ਦੀ ਤਮੀਜ਼ ਨਹੀਂ। ਉਹ ਹਰ ਰੋਜ਼ ਆਪਣੇ ਗੁਆਂਢੀਆਂ ਤੇ ਸਰਕਾਰ ਦੀ ਸ਼ਾਂਤੀ ਭੰਗ ਕਰਦੇ ਨੇ।' ਸਿਰੇ ਦੀ ਗੱਲ ਇਹ ਕਿ 'ਉਹਨੂੰ ਪੁਲਿਸ ਸਟੇਸ਼ਨ ਚੱਲ ਕੇ ਆਪਣੀ ਸਫਾਈ ਵਿਚ ਬਿਆਨ ਦੇਣਾ ਪਏਗਾ। ਝੂਠ ਪਰਖਣ ਵਾਲੀ ਮਸ਼ੀਨ ਲਾਈ ਜਾਏਗੀ ਉਸਨੂੰ।' ਵਗ਼ੈਰਾ ਵਗ਼ੈਰਾ।
ਫਸ ਗਏ ਤੋ ਫੜਕਣ ਕਾਹਦੀ? ਮੂੰਹ ਦੀ ਆਖੀ ਗੱਲ ਤਾਂ ਇਹ ਛੋਕਰੇ ਮੰਨ ਈ ਨਹੀਂ ਸੀ ਰਹੇ, ਫੇਰ ਸੱਤਾ ਕੀ ਕਰਦਾ?
ਜਾਂਦੇ-ਜਾਂਦੇ ਮੌਲੀ ਨੂੰ ਕਿਹਾ, “ਆਈ ਵਿਲ ਬੀ ਬੈਕ ਸੂਨ। ਦਾਦੀ ਨੂੰ ਦੱਸ ਦਵੀਂ। ਦਾਦੀ ਆਉਂਦੀ ਈ ਹੋਏਗੀ।”
ਰੋਂਦੀ-ਵਿਲਕਦੀ ਬਾਲੜੀ ਨੂੰ ਪੁਲਿਸ ਔਰਤ ਕੈਥੀ ਜੋਂਸ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ। ਪੰਜ ਵਜੇ ਛਿੰਦੋ ਆਪਣੀ ਨੌਕਰੀ ਤੋਂ ਵਾਪਸ ਆ ਗਈ।
ਜਦੋਂ ਉਸਨੇ ਪੁੱਛਿਆ ਤਾਂ ਪੁਲਿਸ ਔਰਤ ਕੈਥੀ ਨੇ ਦੱਸਿਆ ਕਿ 'ਉਸਦਾ ਬੇਟਾ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਕੁੱਟਮਾਰ ਕਰ ਰਿਹਾ ਸੀ ਤੇ ਉਹ ਬੇਹੋਸ਼ ਹੋ ਗਈ ਸੀ। ਮਾਮਲਾ ਜੀ.ਬੀ.ਐੱਚ. ਯਾਨੀ ਗ੍ਰੀਵੀਅਸ ਬੈਡਲੀ ਹਾਰਮ ਯਾਨੀ ਸ਼ਰੀਰਕ-ਤਸੀਹੇ ਦੇਣ ਦਾ ਏ। ਸੋ ਉਸਨੂੰ ਫੜ੍ਹ ਕੇ ਲੈ ਗਏ ਨੇ ਪੁਲਿਸ ਸਟੇਸ਼ਨ।'
ਇਹ ਸੁਣਦਿਆਂ ਹੀ ਮੌਲੀ ਚੀਕੀ, “ਨਹੀਂ ਦਾਦੀ, ਇਹ ਸੱਚ ਨਹੀਂ। ਇਟ ਇਜ ਨਾਟ ਰਾਈਟ। ਮਾਈ ਡੈਡ ਥ੍ਰਿਯੂ ਐਨ ਐਸ਼ ਟਰੇ ਐਂਡ ਮਾਈ ਮਮ ਗਾੱਟ ਹਰਟ ਬਾਈ ਐਕਸੀਡੈਂਟ। ਹੀ ਡਿਡਨਾਟ ਬੀਟ ਐਨੀਵਨ।” (ਡੈਡ ਨੇ ਐਸ਼ਟਰੇ ਚਲਾ ਕੇ ਮਾਰੀ ਤੇ ਮਮ ਅਚਾਨਕ ਸਾਹਮਣੇ ਆ ਗਈ। ਉਹਨਾਂ ਕਿਸੇ ਨੂੰ ਨਹੀਂ ਕੁਟਿਆ ਮਾਰਿਆ।) ਸਕੂਲ ਦੇ ਖੇਡ ਮੈਦਾਨ ਵਿਚ ਆਪਸੀ ਧੀਂਗਾ-ਮਸਤੀ ਦੌਰਾਨ ਸੱਟ ਖਾਧੇ ਬੱਚਿਆਂ ਦੀ ਲੜਾਈ ਦਾ ਫ਼ੈਸਲਾ ਕਰਨ ਸਮੇਂ ਡਿਊਟੀ ਅਧਿਆਪਕਾਵਾਂ ਅਕਸਰ ਪੁੱਛਦੀਆਂ ਨੇ, “ਤੁਸੀਂ ਜਾਣ-ਬੁੱਝ ਕੇ ਮਾਰਿਆ ਸੀ ਜਾਂ ਗ਼ਲਤੀ ਨਾਲ ਵੱਜ ਗਿਐ?”
“ਚਲੋ ਇਕ ਦੂਜੇ ਨੂੰ ਸਾੱਰੀ ਬੋਲੋ।” ਨਿਆਂ ਦੀ ਏਸ ਮੂਲ ਕਾਰਜ-ਵਿਧੀ ਦਾ ਮੌਲੀ ਨੂੰ ਪਤਾ ਸੀ।
ਛਿੰਦੋ ਨੇ ਵੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਕੈਥੀ ਨੂੰ ਵਿਸ਼ਵਾਸ ਦਿਵਾਇਆ...:
“ਮਾਈ ਸਨ ਲਵ ਹਿਜ ਵਾਈਫ਼ ਵੈਰੀ ਮੱਚ। ਸ਼ੀ ਇਜ ਪ੍ਰੈਗਨੈਂਟ। ਹੀ ਨਾੱਟ ਪਾੱਸੀਬਲ ਬੀਟ ਹਰ। ਸ਼ੀ ਇਜ ਵੈਰੀ ਗੁੱਡ ਵਾਈਫ਼।” (ਮੇਰਾ ਪੁੱਤਰ ਆਪਣੀ ਪਤਨੀ ਨੂੰ ਬੜਾ ਪਿਆਰ ਕਰਦਾ ਏ। ਉਹ ਢਿੱਡੋਂ ਏ। ਨਹੀਂ, ਉਹ ਨਹੀਂ ਮਾਰ ਸਕਦਾ ਉਸਨੂੰ, ਉਹ ਬੜੀ ਚੰਗੀ ਪਤਨੀ ਏਂ।)
ਕੈਥੀ ਜੋਂਸ ਨੇ ਸ਼ਾਂਤ ਆਵਾਜ਼ ਵਿਚ ਕਿਹਾ ਕਿ 'ਅਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਾਂਗੇ। ਉਹ ਖ਼ੁਦ ਆਪਣੇ ਉਪਰ ਵਾਲੇ ਅਫ਼ਸਰਾਂ ਨਾਲ ਇਹ ਗੱਲ ਸਾਫ ਕਰੇਗੀ ਕਿ ਇਹ ਘਟਨਾ ਸਿਰਫ ਇਕ ਐਕਸੀਡੈਂਟ ਏ। ਭਾਵੇਂ ਤਹਿਕੀਕਾਤ ਹੁੰਦਿਆਂ-ਹੁੰਦਿਆਂ ਚਾਰ-ਪੰਜ ਘੰਟੇ ਲੱਗ ਸਕਦੇ ਨੇ। ਸਭ ਠੀਕ ਰਿਹਾ ਤਾਂ ਉਸਦਾ ਬੇਟਾ ਡਿਨਰ-ਟਾਈਮ ਤੀਕ ਵਾਪਸ ਆ ਜਾਏਗਾ।'
 ਛਿੰਦੋ ਨੇ ਸੰਤੁਸ਼ਟ ਹੋ ਕੇ ਉਸਨੂੰ ਵਿਦਾਅ ਕੀਤਾ ਤੇ ਰੋਂਦੀ ਹੋਈ ਮੌਲੀ ਨੂੰ ਸਮਝਾ-ਬੁਝਾਅ ਕੇ ਸ਼ਾਂਤ ਕੀਤਾ। ਮੌਲੀ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਡੈਡ ਕਿਸੇ ਹੋਰ ਜਗ੍ਹਾ ਗਿਆ ਏ। ਉਹ ਇਹੀ ਸਮਝਦੀ ਸੀ ਕਿ ਉਹਨੂੰ ਦੂਜੀ ਕਾਰ ਵਿਚ ਮਾਂ ਨਾਲ ਈ ਲੈ ਜਾਇਆ ਗਿਆ ਏ।
ਸ਼ਾਮ ਦੇ ਛੇ ਵੱਜ ਚੁੱਕੇ ਸਨ। ਛਿੰਦੋ ਨੇ ਕੱਪੜੇ ਬਦਲੇ, ਮੱਥਾ ਟੇਕਿਆ। ਮੌਲੀ ਨੂੰ ਕੋਟ ਤੇ ਬੂਟ ਪਾ ਲੈਣ ਲਈ ਕਿਹਾ। ਇਕ ਕੱਪ ਚਾਹ ਬਣਾ ਕੇ ਖ਼ੁਦ ਪੀਤੀ ਤੇ ਬਸ ਫੜ੍ਹ ਕੇ ਜੈਗ ਨੂੰ ਦੇਖਣ ਹਸਪਤਾਲ ਚਲੀ ਗਈ। ਜੈਗ ਇਨਟੈਸਿਵ ਕੇਅਰ ਵਿਚ ਪਈ ਸੀ। ਸਿਰ 'ਤੇ ਲੰਮਾਂ ਜ਼ਖ਼ਮ ਸੀ। ਪੱਟੀ ਬੰਨ੍ਹੀ ਸੀ ਤੇ ਉਸਨੂੰ ਸੰਵਾਅ ਦਿੱਤਾ ਗਿਆ ਸੀ।
ਦੇਖ ਕੇ ਛਿੰਦੋ ਆਪਣਾ ਰੋਣ ਨਾ ਰੋਕ ਸਕੀ। ਮੌਲੀ ਵੀ ਰੋਣ ਲੱਗ ਪਈ। ਦੋਵਾਂ ਨੂੰ ਸਮਝਾ-ਬੁਝਾਅ ਕੇ ਨਰਸਾਂ ਬਾਹਰ ਲੈ ਆਈਆਂ। ਘਰ ਆਉਂਦਿਆਂ-ਆਉਂਦਿਆ ਸਾਢੇ ਅੱਠ ਵੱਜ ਗਏ। ਮੌਲੀ ਭੁੱਖੀ ਸੀ। ਛਿੰਦੋ ਨੇ ਰੋਟੀ ਪਕਾ ਕੇ ਉਸਨੂੰ ਖੁਆਈ ਤੇ ਹੱਥ-ਮੂੰਹ ਧੁਆ ਕੇ ਸੰਵਾਅ ਦਿੱਤਾ। ਮੌਲੀ ਨੀਂਦ ਵਿਚ ਵੀ ਡੈਡ-ਡੈਡ ਬੜਬੜਾਂਦੀ ਰਹੀ।
ਆਪ ਛਿੰਦੋ ਭੁੱਖੀ-ਪਿਆਸੀ ਆਪਣੇ ਸੱਤੇ ਦੇ ਘਰ ਆਉਣ ਦੀ ਉਡੀਕ ਕਰਦੀ ਰਹੀ। ਦਸ ਵੱਜ ਗਏ, ਗਿਆਰਾਂ ਵੱਜ ਗਏ। ਛਿੰਦੋ ਕਿਸ ਨੂੰ ਦੱਸੇ—'ਪੁਲਿਸ ਫੜ ਕੇ ਲੈ ਗਈ ਏ, ਸੁਣਦੇ ਈ ਸਾਰੇ ਸਮਾਜ ਵਿਚ ਥੂਹ-ਥੂਹ ਹੋ ਜਾਏਗੀ।' ਪਰ ਉਸਦੇ ਢਿੱਡ ਦਾ ਖਾਲੀਪਨ ਵਧਦਾ ਈ ਜਾ ਰਿਹਾ ਸੀ। ਦੋ ਵਾਰੀ ਉਹ ਆਪਣਾ ਅਸਥਮੇਂ ਵਾਲਾ ਪੰਪ ਖਿੱਚ ਚੁੱਕੀ ਸੀ ਫੇਰ ਵੀ ਸਾਹ ਘੁਟ ਰਿਹਾ ਸੀ ਸੀਨੇ ਵਿਚ। ਦਿਲ ਦੀ ਧੜਕਨ ਵਧਦੀ ਜਾ ਰਹੀ ਸੀ। ਕਿਤੇ ਉਸਨੂੰ ਈ ਨਾ ਕੁਝ ਹੋ ਜਾਏ। ਕੀ ਬਣੇਗਾ ਮੌਲੀ ਦਾ? ਜਦੋਂ ਨਾ ਈ ਰਿਹਾ ਗਿਆ ਤਾਂ ਖਿੜਕੀ ਕੋਲ ਜਾ ਖੜੀ ਹੋਈ। ਚਾਰੇ-ਪਾਸੇ ਘਰਾਂ ਦੀਆਂ ਬੱਤੀਆਂ ਬੁਝ ਚੁੱਕੀਆਂ ਸਨ। ਉਹ ਇੰਜ ਈ ਤਾਂ ਹੱਥ-ਮਲਦੀ ਨਹੀਂ ਸੀ ਬੈਠੀ ਰਹਿ ਸਕਦੀ। ਝੱਟ ਕੋਟ ਪਾਇਆ ਤੇ ਚੱਪਲਾਂ ਘਸੀਟਦੀ ਹੋਈ ਸਾਹਮਣੇ ਵਾਲੇ ਘਰ ਤੀਕ ਜਾ ਪਹੁੰਚੀ ਕਿਉਂਕਿ ਉੱਥੇ ਇਕ ਬੱਤੀ ਜਗ ਰਹੀ ਸੀ।
ਚਾਰ ਪੰਜ ਵਾਰੀ ਘੰਟੀ ਵਜਾਉਣ 'ਤੇ ਇਕ ਮਰਦਾਵਾਂ ਆਵਾਜ਼ ਨੇ ਪੁੱਛਿਆ, “ਕੌਣ ਏਂ?” ਛਿੰਦੋ ਦੀ ਆਵਾਜ਼ ਕੰਬ ਰਹੀ ਸੀ। ਉਂਜ ਵੀ ਉਸਦਾ ਨਾਂ ਕੌਣ ਜਾਣਦਾ ਸੀ ਇੱਥੇ, ਸੋ ਏਨਾ ਈ ਕਹਿ ਸਕੀ, “ਆਈ ਇੰਡੀਅਨ, ਹੈਲਪ।”
ਜਨਾਨਾ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦਿੱਤਾ ਗਿਆ। ਜਿਵੇਂ-ਤਿਵੇਂ ਛਿੰਦੋ ਨੇ ਸਾਰੀ ਕਹਾਣੀ ਉਸਨੂੰ ਸੁਣਾਈ। ਮਰਦ ਭਲਾ ਆਦਮੀ ਸੀ, ਉਪਰੋਂ ਉਸਦੀ ਪਤਨੀ ਵੀ ਆ ਗਈ। ਦੋਵੇਂ ਛਿੰਦੋ ਦੇ ਘਰ ਆ ਗਏ। ਆਦਮੀ ਨੇ ਆਪਣਾ ਨਾਂ ਪੀਟਰ ਦੱਸਿਆ ਤੇ ਪਤਨੀ ਦਾ ਹੈਲੇਨ। ਛਿੰਦੋ ਨੇ ਖ਼ੁਦ ਨੂੰ ਮਿਸੇਜ ਸਿੰਘ ਦੱਸਿਆ। ਹੈਲੇਨ ਨੇ ਚਾਹ ਬਣਾ ਕੇ ਛਿੰਦੋ ਨੂੰ ਪਿਆਈ ਤੇ ਦੋ ਬਿਸਕੁਟ ਵੀ ਖੁਆਏ।
ਕਈ ਵਾਰੀ ਫ਼ੋਨ ਕਰਨ ਪਿੱਛੋਂ ਪੀਟਰ ਨੇ ਪਤਾ ਕੀਤਾ ਕਿ ਕਿਉਂਕਿ ਘਟਨਾ ਸ਼ਾਮ ਦੇ ਪੰਜ ਵਜੇ ਤੋਂ ਪਹਿਲਾਂ ਵਾਪਰੀ ਸੀ ਇਸ ਲਈ ਉਦੋਂ ਜਿਹੜੇ ਲੋਕ ਡਿਊਟੀ 'ਤੇ ਸਨ ਉਹੀ ਦੱਸ ਸਕਦੇ ਸਨ ਕਿ ਕੀ ਹੋਇਆ, ਪਰ ਉਹ ਸਭ ਕਲ੍ਹ ਸਵੇਰ ਤੀਕ ਲਈ ਜਾ ਚੁੱਕੇ ਸਨ। ਰਾਤ ਦੀ ਡਿਊਟੀ 'ਤੇ ਆਉਣ ਵਾਲੇ ਲੋਕ ਕੁਝ ਵੀ ਦੱਸਣ ਤੋਂ ਅਸਮਰਥ ਨੇ। ਫੇਰ ਵੀ ਇੰਜ ਲੱਗਦਾ ਏ ਕਿ ਜਿਹੜੇ ਲੋਕ ਸ਼ਾਮ ਨੂੰ ਗਿਰਫ਼ਤਾਰ ਹੋਏ ਸਨ, ਉਹਨਾਂ ਵਿਚੋਂ ਕਿਸੇ ਨੂੰ ਵੀ ਨਹੀਂ ਸੀ ਛੱਡਿਆ ਗਿਆ। ਲੱਗਦਾ ਏ ਰਾਤ ਉਸਨੂੰ ਪੁਲਿਸ ਥਾਨੇ ਵਿਚ ਈ ਕੱਟਣੀ ਪਏਗੀ ਤੇ ਸਵੇਰੇ ਦਸ ਵਜੇ ਜਦੋਂ ਕੇਸ ਦੀ ਇਨਕਵਾਏਰੀ ਪੂਰੀ ਹੋ ਜਾਏਗੀ, ਉਸਨੂੰ ਘਰ ਭੇਜ ਦਿੱਤਾ ਜਾਏਗਾ।
ਛਿੰਦੋ ਕਲ੍ਹ ਦੀ ਉਡੀਕ ਵਿਚ ਕੁਝ ਸ਼ਾਂਤ ਹੋ ਗਈ। ਮਰਦੀ ਕੀ ਨਾ ਕਰਦੀ। ਪੀਟਰ ਤੇ ਹੈਲੇਨ ਸਵੇਰੇ ਆਉਣ ਦਾ ਵਾਅਦਾ ਕਰਕੇ ਚਲੇ ਗਏ। ਛਿੰਦੋ ਦੀਆਂ ਅੱਖਾਂ 'ਚ ਨੀਂਦ ਕਿੱਥੇ? ਸ਼ਾਇਦ ਸੁੱਤੀ ਵੀ ਹੋਏ ਕੁਝ ਦੇਰ ਲਈ, ਪਰ ਮਾੜੇ ਸੁਪਨਿਆਂ ਨੇ ਨੀਂਦ ਉਖਾੜ ਦਿੱਤੀ। ਸਵੇਰ ਦੇ ਚਾਰ ਵਜੇ ਉਸਨੇ ਇਸ਼ਨਾਨ ਕੀਤਾ ਤੇ ਦਸਾਂ ਗੁਰੂਆਂ ਦਾ ਧਿਆਨ ਧਰਦੀ, ਸੁਖਮਨੀ ਸਾਹਬ ਦਾ ਪਾਠ ਕਰਨ ਬੈਠ ਗਈ।
ਰਬ-ਰਬ ਕਰਕੇ ਸਵੇਰ ਹੋਈ। ਮਲਕੀਤ—ਮੌਲੀ ਉਠ ਬੈਠੀ। ਉਸਨੂੰ ਤਿਆਰ ਹੋ ਕੇ ਸਕੂਲ ਜਾਣ ਲਈ ਕਿਹਾ ਤਾਂ ਰੋਹਾਂਸੀ-ਜਿਹੀ ਹੋ ਕੇ ਬੋਲੀ...:
“ਜਦੋਂ ਡੈਡ ਆਉਣਗੇ ਉਦੋਂ ਜਾਵਾਂਗੀ। ਪਲੀਜ਼ ਦਾਦੀ ਕੈਨ ਆਈ ਸਟੇ ਵਿਦ ਯੂ। ਡੈਡ ਟੋਲਡ ਮੀ।” ਛਿੰਦੋ ਨੇ ਸੋਚਿਆ ਬਾਲੜੀ ਏ। ਹੋਰਨਾਂ ਨਾਲ ਗੱਲ ਕਰੇਗੀ ਤਾਂ ਬੇਕਾਰ ਅਫ਼ਵਾਹਾਂ ਉਡਨਗੀਆਂ। ਅੰਦਰੋਂ ਉਹ ਖ਼ੁਦ ਵੀ ਪੋਲੀ ਪਈ ਹੋਈ ਸੀ, ਹਿੰਮਤ ਪੱਖੋਂ। ਉਸਨੇ ਮੌਲੀ ਨੂੰ ਰੋਕ ਲਿਆ।
ਅੱਠ ਵਜੇ ਦਫ਼ਤਰ ਜਾਣ ਤੋਂ ਪਹਿਲਾਂ ਪੀਟਰ ਫੇਰ ਆਇਆ। ਉਸਨੇ ਪੁਲਿਸ ਸਟੇਸ਼ਨ ਫ਼ੋਨ ਕੀਤਾ। ਕਿਸੇ ਅਫ਼ਸਰ ਨੇ ਉਸਨੂੰ ਕਿਹਾ ਕਿ ਦਸ ਵਜੇ ਤੀਕ ਜਾਂਚ-ਪੜਤਾਲ ਪੂਰੀ ਹੋ ਸਕੇਗੀ”—ਜਦੋਂ ਕਲ੍ਹ ਵਾਲੀ ਟੀਮ ਵਾਪਸ ਡਿਊਟੀ 'ਤੇ ਆਏਗੀ।...ਤੇ ਜੇ ਮਾਂ ਮਿਲਣਾ ਚਾਹੁੰਦੀ ਏ ਤਾਂ ਇਸ ਤੋਂ ਪਹਿਲਾਂ ਸੰਭਵ ਨਹੀਂ।
ਪੀਟਰ ਨੇ ਮਹਿਸੂਸ ਕੀਤਾ ਕਿ ਗੱਲਬਾਤ ਦਾ ਢੰਗ ਬਦਲ ਗਿਆ ਏ। ਪਹਿਲਾਂ ਤਾਂ ਕਹਿ ਰਹੇ ਸੀ ਕਿ ਉਹਨੂੰ ਘਰ ਵਾਪਸ ਭੇਜ ਦਿੱਤਾ ਜਾਏਗਾ ਤੇ ਹੁਣ ਜੇ ਮਾਂ ਮਿਲਣਾ ਚਾਹੇ ਤਾਂ ਉਸਨੂੰ ਉੱਥੇ ਮਿਲਣ ਜਾਣਾ ਪਏਗਾ। ਸ਼ਾਇਦ ਕੋਈ ਗੰਭੀਰ ਮਾਮਲਾ ਏ, ਕਰਾਈਮ ਦਾ। ਸੋ ਉਸਨੇ ਛਿੰਦੋ ਨੂੰ ਸਮਝਾ-ਬੁਝਾਅ ਕੇ ਹੌਸਲਾ ਰੱਖਣ ਲਈ ਕਿਹਾ ਤੇ ਆਪਣੇ ਕੰਮ 'ਤੇ ਚਲਾ ਗਿਆ।
ਛਿੰਦੋ ਇਕੱਲੀ ਰਹਿ ਗਈ। ਨੌ ਵੱਜੇ, ਦਸ ਵੱਜੇ, ਕੋਈ ਫ਼ੋਨ ਨਹੀਂ ਆਇਆ। ਸਾਢੇ ਦਸ ਵਜੇ ਪੁਲਿਸ ਦੀ ਕਾਰ 'ਚ ਇਕ ਵੱਡਾ ਅਫ਼ਸਰ ਤੇ ਦੋ ਜ਼ਨਾਨਾ-ਪੁਲਿਸ ਵਾਲੀਆਂ ਆਈਆਂ ਤੇ ਛਿੰਦੋ ਨੂੰ ਇਕ ਪਾਸੇ ਲੈ ਗਈਆਂ। ਉਹਨਾਂ ਵਿਚ ਇਕ ਔਰਤ ਉਹੀ ਕਲ੍ਹ ਸ਼ਾਮ ਵਾਲੀ ਕੈਥੀ ਜੋਂਸ ਵੀ ਸੀ। ਉਹ ਮੌਲੀ ਨੂੰ ਅਲਗ ਉਸਦੇ ਕਮਰੇ ਵਿਚ ਲਿਜਾ ਕੇ ਕਹਾਣੀਆਂ ਸੁਣਾਉਣ ਲੱਗ ਪਈ।
ਲਗਭਗ ਪੰਦਰਾਂ ਮਿੰਟ ਬਾਅਦ ਉਹ ਲੋਕ ਚਲੇ ਗਏ। ਮੌਲੀ ਉਹਨਾਂ ਨੂੰ ਬਾਏ-ਬਾਏ ਕਹਿ ਕੇ ਹੱਸਦੀ-ਖੇਡਦੀ ਦਾਦੀ ਕੋਲ ਆਈ ਤਾਂ ਦਾਦੀ ਨੇ ਬਿਨਾਂ ਕੁਝ ਬੋਲੇ ਉਸ ਵੱਲ ਆਪਣੀਆਂ ਬਾਂਹਵਾਂ ਪਸਾਰ ਦਿੱਤੀਆਂ। ਮੌਲੀ ਉਸਦੀ ਹਿੱਕ ਨਾਲ ਲੱਗ ਗਈ। ਛਿੰਦੋ ਦੀਆਂ ਚੀਕਾਂ ਅਸਮਾਨੀਂ ਛੇਕ ਪਾਉਣ ਲੱਗੀਆਂ।
ਸਤਿਆਨਾਸ਼ ਹੋ ਚੁੱਕਿਆ ਸੀ।
ਪੁਲਿਸ ਦੇ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਰਾਤ ਨੂੰ ਵਧੇਰੇ ਸ਼ਰਾਬ ਪੀ ਲੈਣ ਤੇ ਵਧੇਰੇ ਗੁੱਸਾ ਕਰਨ ਕਰਕੇ ਸਤਵੰਤ ਸਿੰਘ ਦੇ ਦਿਮਾਗ਼ ਦੀ ਨਸ ਫਟ ਗਈ ਤੇ ਉਹ ਲਾਕਅੱਪ ਵਿਚ ਸੁੱਤਾ-ਸੁੱਤਾ ਈ ਮਰ ਗਿਆ। ਰਾਤ ਨੂੰ ਉਹ ਉਸ ਹਾਲਤ ਵਿਚ ਨਹੀਂ ਸੀ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਸੋ ਉਸਨੂੰ ਲਾਕਅੱਪ ਵਿਚ ਰੱਖਣਾ ਜ਼ਰੂਰੀ ਹੋ ਗਿਆ, ਜਿੱਥੇ ਬਦਕਿਸਮਤੀ ਨਾਲ ਉਹ ਮਰ ਗਿਆ।
ਛਿੰਦੋ ਕੀ ਕਰੇ, ਕਿਸਨੂੰ ਕਹੇ। ਕੋਈ ਵੀ ਤਾਂ ਨਹੀਂ ਸੀ ਆਪਣਾ। ਉਸਦੇ 'ਦਾਰਜੀ' ਗੁਜਰ ਚੁੱਕੇ ਸਨ। ਉਹ ਉਹਨਾਂ ਦੀ ਤੀਜੀ ਪਤਨੀ ਸੀ। ਉਸਦਾ ਭਰਾ ਮੱਖਣ ਸਿੰਘ ਉਸਦੇ ਨਾਲ ਲੰਦਨ ਆਇਆ ਸੀ, ਪਰ ਵੱਡਾ ਹੋਣ 'ਤੇ ਉਹ 'ਮਾਈਕਲ' ਬਣ ਗਿਆ; ਆਪਣੇ-ਆਪ ਨੂੰ ਮਿੱਕੀ ਕਹਿਣ ਲੱਗਾ ਤੇ ਇਕ ਆਈਰਿਸ਼ ਕੈਥੋਲਿਕ ਕੁੜੀ ਨਾਲ ਸ਼ਾਦੀ ਕਰਕੇ ਅਮਰੀਕਾ ਚਲਾ ਗਿਆ। ਅੱਜ-ਕਲ੍ਹ ਉਹ ਬਾਸਟਨ ਵਿਚ ਰਹਿੰਦਾ ਸੀ। ਕਾਫੀ ਪੜ੍ਹਿਆ-ਲਿਖਿਆ ਵੀ ਸੀ ਪਰ ਆਉਂਦਾ-ਆਉਂਦਾ ਈ ਆਉਂਦਾ।
ਰੋਂਦੇ-ਪਿੱਟਦਿਆਂ ਸ਼ਾਮ ਹੋਣ ਲੱਗੀ। ਕਿੰਜ ਉਹ ਮੌਲੀ ਨੂੰ ਦੱਸੇ ਕਿ ਹੁਣ ਉਸਦਾ ਡੈਡ ਕਦੀ ਨਹੀਂ ਆਏਗਾ। ਕੈਥੀ ਵੀ ਮਨ੍ਹਾਂ ਕਰ ਗਈ ਸੀ। ਕਿੱਤੇ ਨਿਆਣੀ ਵਿੱਟਰ ਗਈ ਤਾਂ ਛਿੰਦੋ ਕਿੰਜ ਸੰਭਾਲੇਗੀ। ਉਹ ਵਾਅਦਾ ਕਰਕੇ ਗਈ ਸੀ ਕਿ ਕਿਸੇ ਨੂੰ ਸਹਾਇਤਾ ਲਈ ਭੇਜ ਦਏਗੀ, ਪਰ ਕੋਈ ਨਹੀਂ ਸੀ ਆਇਆ।
ਛਿੰਦੋ ਆਪਣੇ ਵਾਲ ਪੁੱਟਦੀ ਰਹੀ ਪਰ ਉਸਦੇ ਸਿਰ ਦਾ ਚਕਰਾਉਣਾ ਬੰਦ ਨਾ ਹੋਇਆ। ਦੋਵੇਂ ਛਾਤੀਆਂ ਦੁਹੱਥੜਾਂ ਮਾਰ-ਮਾਰ ਕੇ ਸੁਜਾ ਲਈਆਂ ਪਰ ਅੰਦਰਲਾ ਅੰਬਾਅ (ਭਾਰਾਪਨ, ਅੰਦਰੂਨੀ ਪੀੜ ਜਿਹੜੀ ਸਿਰਫ ਮਹਿਸੂਸ ਹੀ ਕੀਤੀ ਜਾ ਸਕਦੀ ਹੈ) ਨਹੀਂ ਘਟਿਆ।
“ਸੱਤੇ ਆ, ਮੇਰੇ ਬੱਛੜੇ, ਤੈਨੂੰ ਦੁੱਧ ਪਿਆਵਾਂ।” ਮਮਤਾ ਦੀਆਂ ਮਾਰੀਆਂ ਦੋਵੇਂ ਬੁੱਢੀਆਂ ਛਾਤੀਆਂ ਅੰਦਰੂਨੀ ਤਣਾਅ ਸਦਕਾ ਸਨਸਨਾ ਰਹੀਆਂ ਸਨ।
ਸ਼ਾਮ ਦੇ ਚਾਰ ਵਜੇ ਕੀਰਤੀ ਦੀ ਮੰਮ—ਸੰਗੀਤਾ—ਦੇਖਣ ਆਈ ਕਿ ਮੌਲੀ ਸਕੂਲ ਕਿਉਂ ਨਹੀਂ ਪਹੁੰਚੀ? ਜੈਗ ਠੀਕ ਤਾਂ ਏ ਨਾ! ਮੌਲੀ ਉਸ ਨਾਲ ਲਿਪਟ ਗਈ।
“ਆਂਟੀ ਮਾਈ ਦਾਦੀ। ਲੁਕ ਇਟ ਹਰ। ਸ਼ੀ ਵਿਲ ਡਾਈ। ਸ਼ੀ ਇਜ ਕਰਾਇੰਗ ਸੋ ਮੱਚ।” (ਆਂਟੀ ਮੇਰੀ ਦਾਦੀ—ਦੇਖੋ ਨਾ, ਮਰ ਜਾਏਗੀ—ਰੋਈ ਈ ਜਾਂਦੀ ਏ।)
ਸੰਗੀਤਾ ਦੇ ਹੋਣ ਕਰਕੇ ਛਿੰਦੋ ਦਾ ਬੰਨ੍ਹ ਟੁੱਟ ਗਿਆ। ਉਸਨੇ ਰੋ-ਰੋ ਕੇ ਸਭ ਦੱਸ ਦਿੱਤਾ। ਕੋਹਰਾਮ ਮੱਚ ਗਿਆ। ਦੋਵੇਂ ਬੱਚੀਆਂ ਉੱਚੀ-ਉੱਚੀ ਰੋਣ ਲੱਗ ਪਈਆਂ, ਉਦੋਂ ਹੀ ਪੀਟਰ ਤੇ ਹੈਲੇਨ ਵੀ ਆ ਗਏ ਤੇ ਸਭ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗ ਗਿਆ। ਸੰਗੀਤਾ ਨੇ ਮੱਖਣ ਸਿੰਘ ਨੂੰ ਫ਼ੋਨ ਕੀਤਾ। ਗੁਰਦੁਆਰੇ ਖ਼ਬਰ ਕੀਤੀ, ਛਿੰਦੋ ਦੀ ਦੇਖਭਾਲ ਲਈ ਆਪਣੀ ਮਾਂ ਨੂੰ ਬੁਲਾਅ ਲਿਆ।
ਚਾਰ ਧੜ ਇਕੱਠੇ ਹੋਏ। ਚਾਰ ਦਿਨ ਬਾਅਦ ਵੀ ਪੁਲਿਸ ਲਾਸ਼ ਨੂੰ ਦਿਖਾਉਣ ਵਿਚ ਆਨਾਕਾਨੀ ਕਰ ਰਹੀ ਸੀ। ਪੋਸਟ ਮਾਰਟਮ ਦੀ ਰਿਪੋਰਟ ਵਿਚ ਉਹੀ ਬਰੇਨ-ਹੈਮਰੇਜ ਦਿਖਾਇਆ ਗਿਆ ਸੀ। ਮੱਖਣ ਸਿੰਘ ਨੇ ਇਕ ਵਕੀਲ ਕਰ ਲਿਆ।
ਉਧਰ ਜੈਗ ਨੂੰ ਹੋਸ਼ ਆ ਗਿਆ ਸੀ। ਉਸਦੀ ਡਾਕਟਰ ਤੇ ਨਰਸਾਂ ਉਸਦਾ ਬਿਆਨ ਕੈਥੀ ਜੋਂਸ ਦੀ ਮੌਜ਼ੂਦਗੀ ਵਿਚ ਲੈ ਚੁੱਕੀਆਂ ਸਨ। ਕੈਥੀ ਨੂੰ ਜਦੋਂ ਭਾਵਨਾਤਮਕ ਸਹਾਰਾ ਦੇਣ ਲਈ ਛਿੰਦੋ ਤੇ ਮੌਲੀ ਕੋਲ ਦੁਬਾਰਾ ਜਾਣਾ ਪਿਆ ਤਾਂ ਉਹ ਆਤਮ-ਗਿਲਾਨੀ ਨਾਲ ਮਰ ਜਿਹੀ ਗਈ। ਨਿੱਕੀ-ਜਿਹੀ ਮੌਲੀ ਉਸਨੂੰ ਦੇਖਦਿਆਂ ਈ ਚੀਕ ਪਈ...:
“ਆਈ ਟੋਲਡ ਯੂ, ਮਾਈ ਮਦਰ ਗੌਟ ਹਰਟ ਬਾਈ ਐਕਸੀਡੈਂਟ। ਮਾਈ ਡੈਡ ਡਿਡ ਨਾਟ ਹਿਟ ਹਰ ਆਨ ਪਰਪਸ। ਸਟਿੱਲ ਯੂ ਟੁਕ ਹਿਮ ਅਵੇ ਐਂਡ ਯੂ ਕਿੱਲ ਹਿਮ। ਗੋ ਅਵੇ। ਹੋ ਅਵੇ।” (ਮੈਂ ਤੁਹਾਨੂੰ ਦੱਸਿਆ ਸੀ, ਮੇਰੀ ਮਾਂ ਹਾਦਸੇ ਕਾਰਨ ਜ਼ਖ਼ਮੀ ਹੋਈ ਏ। ਮੇਰੇ ਡੈਡ ਨੇ ਜਾਣਬੁੱਝ ਕੇ ਨਹੀਂ ਮਾਰਿਆ। ਫੇਰ ਵੀ ਤੁਸੀਂ ਉਹਨਾਂ ਨੂੰ ਫੜ੍ਹ ਕੇ ਲੈ ਗਏ ਤੇ ਮਾਰ ਦਿੱਤਾ। ਜਾਓ, ਚਲੇ ਜਾਓ।)
ਕੈਥੀ ਰੋ ਪਈ। ਉਸਨੇ ਮੌਲੀ ਨੂੰ ਗੋਦੀ ਚੁੱਕ ਲਿਆ ਤੇ ਪਿਆਰ ਕਰਦੀ ਹੋਈ ਬੋਲੀ...:
“ਡਾਰਲਿੰਗ ਆਈ ਟੋਲਡ ਦੈੱਮ ਵੈੱਨ ਆਈ ਵੈਂਟ ਬੈਕ ਟੂ ਦ ਸਟੇਸ਼ਨ, ਬਟ ਇਟ ਵਾਜ ਟੂ ਲੇਟ।” (ਬੇਟਾ ਮੈਂ ਉਹਨਾਂ ਨੂੰ ਦੱਸਿਆ ਸੀ ਜਦ ਮੈਂ ਵਾਪਸ ਥਾਨੇ ਗਈ ਸਾਂ। ਪਰ ਦੇਰ ਹੋ ਚੁੱਕੀ ਸੀ।)
 ਛਿੰਦੋ ਤੇ ਮਿਕੀ ਨੇ ਖ਼ੁਦ ਆਪਣੇ ਕੰਨਾਂ ਨਾਲ ਸੁਣਿਆ, ਯਾਨੀ ਜਦੋਂ ਤੀਕ ਕੈਥੀ ਪਹੁੰਚੀ, ਇਹ ਲੋਕ ਸੱਤੇ ਦੀ ਰੱਜਵੀਂ ਪਿਟਾਈ ਕਰ ਚੁੱਕੇ ਸਨ, ਜਿਸ ਨਾਲ ਉਸਦਾ ਪ੍ਰਾਣ-ਪੰਛੀ ਉੱਡ ਗਿਆ ਸੀ।
ਮੱਖਣ ਸਿੰਘ ਨੇ ਮਾਮਲਾ ਹਿਊਮਨ ਰਾਈਟ ਕਮੀਸ਼ਨ ਦੇ ਸਾਹਵੇਂ ਰੱਖਣ ਦੀ ਧਮਕੀ ਦਿੱਤੀ। ਮੌਲੀ ਦੀ ਸਕੂਲ ਟੀਚਰ ਨੂੰ ਜਦੋਂ ਇਸ ਸਭ ਦਾ ਪਤਾ ਲੱਗਿਆ ਤਾਂ ਉਸਨੇ ਵੀ ਬਣਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਤੇ ਖ਼ੁਦ ਬੱਚੀ ਤੇ ਉਸਦੇ ਮਾਂ-ਬਾਪ ਦੇ ਚੰਗੇ ਸੰਬੰਧਾਂ ਦੀ ਗਵਾਹੀ ਦੇਣ ਦਾ ਬੀੜਾ ਚੁੱਕਿਆ। ਉਧਰ ਜੈਗ ਦੀਆਂ ਨਰਸਾਂ ਨੇ ਮੁਸ਼ਕਿਲ ਨਾਲ ਉਸਨੂੰ ਸੰਭਾਲਿਆ ਹੋਇਆ ਸੀ। ਉਸਦੇ ਹੋਣ ਵਾਲੇ ਬੱਚੇ ਦੀ ਜਾਨ ਖਤਰੇ 'ਚ ਸੀ। ਦਰਅਸਲ ਉਸਨੂੰ ਦੱਸਿਆ ਈ ਨਹੀਂ ਸੀ ਗਿਆ। ਜਦੋਂ ਉਹ ਸੱਤੇ ਬਾਬਤ ਪੁੱਛਦੀ, ਉਸਨੂੰ ਕਹਿ ਦਿੱਤਾ ਜਾਂਦਾ, ਸੱਤਾ ਟੈਕਸੀ ਲੈ ਕੇ ਯੂਰਪ ਗਿਆ ਹੋਇਆ ਏ।
ਅੱਠ ਦਿਨ ਹੋ ਚੁੱਕੇ ਸਨ ਤੇ ਲਾਸ਼ ਦਾ ਪਤਾ ਨਹੀਂ ਸੀ। ਕੈਥੀ ਦੇ ਖ਼ਿਲਾਫ਼ ਕਈ ਆਵਾਜ਼ਾਂ ਉਠ ਰਹੀਆਂ ਸਨ। ਮੌਲੀ ਇਕ ਮਹੱਤਵਪੂਰਨ ਗਵਾਹ ਸੀ। ਉਹ ਵਾਰੀ-ਵਾਰੀ ਯਾਦ ਦਿਵਾਉਂਦੀ ਕਿ ਉਸਦੀ ਟੀਚਰ ਨੇ ਤਾਂ ਕਿਹਾ ਸੀ ਕਿ ਪੁਲਿਸ ਸਾਡੀ ਰੱਖਿਆ ਕਰਦੀ ਏ ਤੇ ਮਿੱਤਰ ਹੁੰਦੀ ਏ ਫੇਰ ਉਹ ਕਿਉਂ ਮਿੱਤਰਤਾ ਨਹੀਂ ਦਿਖਾਉਂਦੀ ਪਈ। ਕਿਉਂ ਉਸਨੇ ਸੱਚੋ-ਸੱਚ ਨਹੀਂ ਦੱਸਿਆ? ਕਿਉਂ ਉਹ ਮੌਲੀ ਦਾ ਵਿਸ਼ਵਾਸ ਨਹੀਂ ਕਰਦੀ ਪਈ?
ਕੈਥੀ ਜਾਣਦੀ ਸੀ ਕਿ ਪੁਲਿਸ ਕਰਮਚਾਰੀ ਪ੍ਰਭੂਤਾ-ਤੰਤਰ ਦੇ ਗ਼ੁਲਾਮ ਸਨ ਤੇ ਅਵਿਸ਼ਵਾਸ ਤੇ ਪੁਰਾਣੀ-ਪਾੜਤ ਅਨੁਸਾਰ ਸ਼ਰੀਰਕ ਤਸੀਹੇ ਦੇਣਾ ਉਹਨਾਂ ਦੇ ਹਥਿਆਰ ਸਨ, ਜਿਸ ਨਾਲ ਉਹ ਆਪਣੇ ਆਹਮ ਦੀ ਤ੍ਰਿਪਤੀ ਕਰਦੇ ਸਨ। ਇਹ ਨੌਜਵਾਨ ਅਫ਼ਸਰ ਮੁੰਡੇ ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਤੇ ਟੁੱਟੇ ਹੋਏ ਪਰਿਵਾਰਾਂ ਦੇ ਬੱਚੇ ਸਨ। ਇਕ ਅੰਸ਼ ਸਫ਼ਲਤਾ ਵੀ ਇਹਨਾਂ ਦੇ ਨਾਂ ਨਾਲ ਨਹੀਂ ਸੀ ਜੁੜੀ ਕਦੀ। ਆਪਣੇ ਆਪ ਨੂੰ ਵੱਡਾ ਸਿੱਧ ਕਰਨ ਖਾਤਰ ਉਹਨਾਂ ਨੂੰ ਨਸਲ-ਪ੍ਰਸਤੀ, ਰੰਗ-ਭੇਦ ਤੇ ਮਾਂਸਲ-ਸ਼ਕਤੀ ਦਾ ਸਹਾਰਾ ਲੈਣਾ ਪੈਂਦਾ ਸੀ। ਆਪਣੀ ਹੀਣਤਾ ਛਿਪਾਉਣ ਲਈ ਇਹ ਦੂਜਿਆਂ ਨੂੰ ਹੀਣ ਸਿੱਧ ਕਰਦੇ। ਸ਼ਿਕਾਰ ਮਿਲਦਿਆਂ ਈ ਬਿਨਾਂ ਅੱਗਾ-ਪਿੱਛਾ ਵੇਖਿਆਂ ਉਸ ਉੱਤੇ ਟੁੱਟ ਪੈਂਦੇ।
ਕੈਥੀ ਨੂੰ ਪਤਾ ਸੀ ਕਿ ਸੱਤੇ ਦੀ ਮੌਤ ਸਿਰ ਤੇ ਪੁੜਪੁੜੀ ਉੱਤੇ ਬੂਟਾਂ ਦੀਆਂ ਠੋਕਰਾਂ ਮਾਰਨ ਕਰਕੇ ਹੋਈ ਏ। ਉਸਦੀ ਪੱਗ ਲਾਹ ਕੇ ਦਰਿੰਦਿਆਂ ਨੇ ਉਸਨੂੰ ਧਰਤੀ 'ਤੇ ਮਧੋਲਿਆ ਸੀ ਤੇ ਮਾਰ ਈ ਮੁਕਾਇਆ ਸੀ।
ਕੈਥੀ, ਮੌਲੀ ਦਾ ਪਿਤਾ, ਛਿੰਦੋ ਦਾ ਪੁੱਤਰ ਤੇ ਜੈਗ ਦਾ ਪਤੀ ਤਾਂ ਵਾਪਸ ਨਹੀਂ ਸੀ ਲਿਆ ਸਕਦੀ ਪਰ ਏਨੇ ਵੱਡੇ ਜ਼ਖ਼ਮ 'ਤੇ ਮਲ੍ਹਮ ਜ਼ਰੂਰ ਲਾ ਸਕਦੀ ਸੀ। ਇਸ ਲਈ ਉਸਨੇ ਉਪਰਲੇ ਅਫ਼ਸਰਾਂ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਜੇ ਜ਼ਰੂਰਤ ਪਈ ਤਾਂ ਉਹ ਮੱਖਣ ਸਿੰਘ ਦਾ ਸਾਥ ਦਏਗੀ, ਭਾਵੇਂ ਉਸਨੂੰ ਅਸਤੀਫ਼ਾ ਈ ਕਿਉਂ ਨਾ ਦੇਣਾ ਪਏ। ਪੁਲਿਸ ਉਂਜ ਵੀ ਡਰੀ ਹੋਈ ਸੀ ਕਿ ਜੇ ਇਹ ਮਾਮਲਾ ਸਿੱਖ ਭਾਈਚਾਰੇ ਤੇ ਪ੍ਰੈਸ ਵਿਚ ਉਛਲ ਗਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਇਹ ਸੋਲਾਂ ਆਨੇ ਸਹੀ ਸੀ ਕਿ ਜੇ ਸਤਵੰਤ ਸਿੰਘ ਦੀ ਥਾਂ ਕੋਈ ਅੰਗਰੇਜ਼ ਹੁੰਦਾ ਤਾਂ ਉਸਨੂੰ ਫੜਿਆ ਈ ਨਹੀਂ ਸੀ ਜਾਣਾ; ਕੁੱਟਮਾਰ ਕਰਨੀ ਤਾਂ ਦੂਰ ਦੀ ਗੱਲ ਸੀ।
ਇਸ ਪਿੱਛੋਂ ਮੁਹੱਲੇ ਵਾਲਿਆਂ ਨੇ ਦੇਖਿਆ, ਰੋਜ਼ ਇਕ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਦਸਤਾ ਛਿੰਦੋ ਕੇ ਘਰ ਆਉਂਦਾ। ਘੰਟਿਆਂ ਬੱਧੀ ਮਸ਼ਵਰਾ ਹੁੰਦਾ, ਫੇਰ ਚਲਾ ਜਾਂਦਾ। ਕੈਥੀ ਵੀ ਰੋਜ਼ ਉਹਨਾਂ ਨੂੰ ਭਾਵਨਾਤਮਕ ਸੁਰੱਖਿਆ ਤੇ ਹੌਸਲਾ ਦੇਣ ਆਉਂਦੀ। ਮੌਲੀ ਨੂੰ ਉਸਨੇ ਆਪਣੇ ਕੋਲੋਂ ਅਣਗਿਣਤ ਤੋਹਫ਼ੇ ਦਿੱਤੇ। ਅਸਲ ਵਿਚ ਜਿਹੜਾ ਵੀ ਸੁਣਦਾ ਮੌਲੀ ਨੂੰ ਤੋਹਫ਼ਾ ਭੇਜਦਾ। ਛਿੰਦੋ ਦੀ ਰੋਣ ਦੀ ਸ਼ਕਤੀ ਮੁੱਕ ਚੁੱਕੀ ਸੀ। ਉਸਦੀ ਥਾਂ ਘੋਰ ਨਿਰਾਸ਼ਾ ਨੇ ਲੈ ਲਈ ਸੀ। ਅਫ਼ਸਰ ਆਉਂਦੇ, ਉਹ ਦਰਵਾਜ਼ਾ ਖੋਲ੍ਹ ਕੇ ਇਕ ਪਾਸੇ ਜਾ ਬੈਠਦੀ। ਉਹਨਾਂ ਦੀਆਂ ਦਲੀਲਾਂ ਉਸਦੇ ਕੰਨਾਂ ਨਾਲ ਟਕਰਾ ਕੇ ਕੰਧਾਂ ਵਿਚ ਸਮਾਅ ਜਾਂਦੀਆਂ। ਮੱਖਣ ਸਿੰਘ ਉਸ ਵੱਲੋਂ ਆਖਦਾ-ਸੁਣਦਾ ਰਹਿੰਦਾ। ਉਹਨਾਂ ਦੇ ਜਾਣ ਪਿੱਛੋਂ ਪੀਟਰ ਤੇ ਹੈਲੇਨ ਨਾਲ ਸਲਾਹ-ਮਸ਼ਵਰਾ ਕਰਦਾ।
ਆਖ਼ਰਕਾਰ ਗਰੀਬਨੀ ਵਿਕ ਗਈ!
ਪੀਟਰ, ਹੈਲਨ, ਕੈਥੀ ਆਦਿ ਸਾਰਿਆਂ ਨੇ ਰਲ ਕੇ ਮੱਖਣ ਸਿੰਘ 'ਤੇ ਦਬਾਅ ਪਾਇਆ ਕਿ ਉਹ ਪਲਿਸ ਦੇ ਸੁਝਾਅ ਨੂੰ ਮੰਨ ਕੇ ਛਿੰਦੋ ਤੇ ਜੈਗ ਨੂੰ ਰਾਜ਼ੀ ਕਰ ਲਏ। ਮੱਖਣ ਸਿੰਘ ਨੇ ਵੀ ਵਾਪਸ ਬੋਸਟਨ ਚਲੇ ਜਾਣਾ ਸੀ। ਛਿੰਦੋ ਵਿਚਾਰੀ ਕਿੰਜ ਕੋਰਟ-ਕਚਹਿਰੀਆਂ ਭੁਗਤਦੀ! ਜੈਗ ਦਾ ਆਉਣ ਵਾਲਾ ਬੱਚਾ ਉਹਨਾਂ ਦੇ ਜੀਵਨ ਦੀ ਆਸ ਤੇ ਸੱਤੇ ਦਾ ਅੰਸ਼ ਸੀ।
ਛਿੰਦੋ ਨੇ ਛਾਤੀ 'ਤੇ ਪੱਥਰ ਰੱਖ ਲਿਆ। ਅਗਲੀ ਸਵੇਰ ਸੱਤੇ ਦੀ ਮੌਤ ਦੇ ਬਾਰ੍ਹਵੇਂ ਦਿਨ ਛਿੰਦੋ ਸਵੇਰੇ-ਸਵੇਰੇ ਮੌਲੀ ਨੂੰ ਸਕੂਲ ਭੇਜਣ ਪਿੱਛੋਂ ਜੈਗ ਕੋਲ ਹਸਪਤਾਲ ਜਾ ਪਹੁੰਚੀ। ਜੈਗ ਪੂਰੀ ਤਰ੍ਹਾਂ ਹੋਸ਼ ਵਿਚ ਸੀ ਤੇ ਰੋਜ਼ ਘਰ ਜਾਣ ਦੀ ਉਡੀਕ ਕਰਦੀ ਸੀ। ਸੱਸ ਨੂੰ ਦੇਖ ਕੇ ਰੋਸੇ ਭਰੀ ਆਵਾਜ਼ 'ਚ ਬੋਲੀ, “ਮੰਮੀ ਜੀ ਤੁਸੀਂ ਇਹ ਕੀ ਹਾਲ ਬਣਾ ਰੱਖਿਆ ਏ? ਸੱਤਾ ਕਿੱਥੇ ਈ? ਮੈਂ ਸੋਚਦੀ ਆਂ, ਆਪਣੀ ਕਰਨੀ 'ਤੇ ਸ਼ਰਮਿੰਦਾ ਹੋ ਰਿਹਾ ਹੋਏਗਾ, ਇਸੇ ਲਈ ਮਿਲਣ ਨਹੀਂ ਆਇਆ। ਉਸਨੂੰ ਕਹਿ ਦੇਣਾ ਕਿ ਮੈਨੂੰ ਕੋਈ ਗਿਲਾ ਨਹੀਂ। ਐਕਸੀਡੈਂਟ ਹੋਇਆ, ਸੋ ਹੋ ਗਿਆ। ਹੋਰ ਕੀ। ਕੋਈ ਗੱਲ ਨਹੀਂ ਵਧਾਉਣੀ। ਹੁਣ ਤਾਂ ਮੈਂ ਠੀਕ ਆਂ। ਆਵੇ ਤੇ ਸਾਈਨ ਕਰਕੇ ਮੈਨੂੰ ਘਰ ਲੈ ਜਾਵੇ।”
ਛਿੰਦੋ ਸ਼ਾਂਤ ਉਸਦੇ ਐਨ ਸਾਹਮਣੇ ਬੈਠ ਗਈ। ਫੇਰ ਉਸਦੇ ਮੋਢਿਆਂ 'ਤੇ ਦੋਵੇਂ ਹੱਥ ਰੱਖ ਕੇ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦ੍ਰਿੜ ਆਵਾਜ਼ ਵਿਚ ਬੋਲੀ, “ਜੱਗੋ ਸਾਈਨ ਮੈਂ ਕਰਾਂਗੀ। ਪਹਿਲੋਂ ਤੂੰ ਮੇਰੇ ਨਾਲ ਇਹ ਵਾਅਦਾ ਕਰ, ਜੋ ਮੈਂ ਤੈਨੂੰ ਦੱਸਣ ਲੱਗੀ ਆਂ, ਓਹ ਸੁਣਕੇ ਤੂੰ ਰੋਏਂਗੀ ਨਹੀਂ। ਤੈਨੂੰ ਬਾਬੇ ਦੀ ਸਹੁੰ।”
ਫੇਰ ਉਸਨੇ ਜੈਗ ਦਾ ਹੱਥ ਫੜ ਕੇ ਆਪਣੇ ਹੱਥਾਂ ਵਿਚ ਘੁੱਟ ਲਿਆ, “ਜੱਗੋ ਵਾਅਦ ਕਰ ਤੂੰ, ਮੈਂ ਜੋ ਮੰਗਾਂ ਦਏਂਗੀ। ਹੋਰ ਕੋਈ ਨਹੀਂ ਦੇ ਸਕਦਾ, ਖ਼ੁਦ ਭਗਵਾਨ ਵੀ ਨਹੀਂ। ਬੋਲ ਦਏਂਗੀ?”
ਜੈਗ ਹੈਰਾਨ-ਜਿਹੀ ਬੈਠੀ ਸੱਸ ਵੱਲ ਤੱਕਦੀ ਰਹੀ। ਉਸਦੇ ਚੇਤਿਆਂ ਵਿਚ ਦੂਰ-ਦੂਰ ਤੀਕ ਕੋਈ  ਦੁੱਖਾਂਤ ਨਹੀਂ ਸੀ ਫੇਰ ਇਹ ਸਭ ਕਿਉਂ ਕਹਿ ਰਹੇ ਨੇ ਮੰਮੀ ਜੀ?
“ਮੈਂ ਕੀ ਦਿਆਂ ਮੰਮੀ ਜੀ?”
“ਮੇਰਾ ਸੱਤਾ।”
“ਕੀ? ਮੈਂ ਉਸਨੂੰ ਛੱਡ ਦਿਆਂ?”
“ਨਾ ਬੱਲੀ ਨਾ। ਰੱਬ ਰੱਖੇ ਤੈਨੂੰ! ਸੱਤਾ ਬਸ ਹੁਣ ਏਥੇ ਐ।” ਕਹਿੰਦੀ-ਕਹਿੰਦੀ ਛਿੰਦੋ ਨੇ ਆਪਣੀ ਹਥੇਲੀ ਜੈਗ ਦੇ ਗਰਭ 'ਤੇ ਟਿਕਾਅ ਦਿੱਤੀ। ਉਸਦੀ ਆਵਾਜ਼ ਕੰਬ ਰਹੀ ਸੀ, ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ।
ਜੈਗ ਨੇ ਦੋਵਾਂ ਹੱਥਾਂ ਨਾਲ ਉਸਨੂੰ ਝੰਜੋੜਿਆ।
“ਕੀ ਗੱਲ ਏ, ਦੱਸੋ ਵੀ?”
“ਸੱਤਾ ਨਹੀਂ ਰਿਹਾ ਦੁਨੀਆਂ 'ਚ। ਬਸ ਓਹਦੀ ਨਿਸ਼ਾਨੀ ਤੇਰੇ ਕੋਲ ਏ। ਓਹਨੂੰ ਸੰਭਾਲ ਪੁੱਤਰ। ਪੱਥਰ ਹੋ ਜਾ ਮੇਰੇ ਵਾਂਗ ਪਰ ਰੋਈਂ ਨਾ।”
ਜੈਗ ਪੱਥਰ ਹੋ ਗਈ। ਸਾਰੀ ਕਹਾਣੀ ਤਾਂ ਉਸਨੂੰ ਹੌਲੀ-ਹੌਲੀ ਪਤਾ ਲੱਗੀ। ਰੋਣ ਲਈ ਸਾਰੀ ਉਮਰ ਪਈ ਸੀ। ਜੇ ਛਿੰਦੋ ਨੇ ਇਕਲੌਤਾ ਪੁੱਤਰ ਗੰਵਾਅ ਕੇ ਏਨੀ ਹਿੰਮਤ ਕਰ ਲਈ ਸੀ ਤਾਂ ਉਸਨੇ ਵੀ ਤਾਂ ਇਕਲੌਤੇ ਪੁੱਤਰ ਦੀ ਰੱਖਿਆ ਕਰਨੀ ਸੀ।
ਦੋ ਹਫ਼ਤੇ ਹੋ ਚੁੱਕੇ ਸਨ ਸਤਵੰਤ ਸਿੰਘ ਨੂੰ ਮਰਿਆਂ।
ਸਤਵੰਤ ਸਿੰਘ ਦੀ ਅਰਥੀ ਪੁਲਿਸ ਬੈਂਡ ਨਾਲ ਗੁਰਦੁਆਰੇ ਲਿਆਂਦੀ ਗਈ। ਪੂਰੀ ਹਾਈ ਸਟ੍ਰੀਟ 'ਚ ਇਕ ਘੰਟੇ ਲਈ ਟਰੈਫ਼ਿਕ ਜਾਮ ਹੋ ਗਿਆ, ਜਿਸ ਦਾ ਸੰਚਾਲਨ ਟਰੈਫ਼ਿਕ ਪੁਲਿਸ ਨੇ ਕੀਤਾ। ਲਗਭਗ ਸੌ ਵਰਦੀਧਾਰੀ ਪੁਲਿਸ ਕਰਮਚਾਰੀ ਅਰਥੀ ਨੂੰ ਘੇਰ ਕੇ ਚੱਲ ਰਹੇ ਸਨ। ਅਰਥੀ ਨੂੰ ਪੁਲਿਸ ਦੀ ਵਿਸ਼ੇਸ਼ ਕਾਲੇ ਘੋੜਿਆਂ ਵਾਲੀ ਬੱਘੀ ਵਿਚ ਰੱਖਿਆ ਗਿਆ ਸੀ। ਉਸਦੇ ਪਿੱਛੇ ਕਾਲੀ ਰੋਲਸ ਰਾਏਸ ਗੱਡੀ ਵਿਚ ਛਿੰਦੋ, ਜੈਗ, ਮੌਲੀ ਤੇ ਮੱਖਣ ਸਿੰਘ ਬੈਠੇ ਸਨ। ਚਾਰ ਹੋਰ ਕਾਲੀਆਂ ਗੱਡੀਆਂ ਨਾਲ ਸਨ, ਜਿਹਨਾਂ ਵਿਚ ਪੁਲਿਸ ਅਫ਼ਸਰ ਬੈਠੇ ਸਨ।
ਸਿੱਖ ਸਮਾਜ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ। ਲਗਭਗ ਇਕ ਹਜ਼ਾਰ ਬੰਦੇ ਸਫੇਦ ਪੱਗਾਂ ਵਿਚ ਅਰਥੀ ਦੇ ਨਾਲ ਤੁਰੇ ਸਨ। ਗੁਰਦੁਆਰੇ ਦਾ ਗ੍ਰੰਥੀ ਉਸਦੇ ਅੱਗੇ ਸੀ। ਅਰਥੀ ਚੁੱਕਣ ਵਾਲੇ ਜਵਾਨ ਵੀ ਪੁਲਿਸ ਵਰਦੀ ਵਿਚ ਸਨ। ਸਾਰੇ ਅੱਗੇ-ਅੱਗੇ ਤੇ ਪਿੱਛੇ ਪੁਲਿਸ ਦਾ ਝੰਡਾ ਚੁੱਕੀ ਇਕ ਘੋੜ ਸਵਾਰ।
ਜਦੋ ਤੀਕ ਪੂਰਾ ਸੰਸਕਾਰ ਨਹੀਂ ਹੋ ਗਿਆ, ਪੁਲਿਸ ਅਫ਼ਸਰ ਸ਼ਾਂਤ ਬੈਠੇ ਰਹੇ। ਕੈਥੀ ਸੋਗੀ ਕਾਲੀ ਡਰੈੱਸ ਤੇ ਲੈਸਵਾਲੀ ਕਾਲੀ ਹੈਟ ਵਿਚ ਨਾਲ  ਆਈ ਸੀ। ਉਸਦੀਆਂ ਅੱਖਾਂ ਪਰਲ-ਪਰਲ ਵਗ ਰਹੀਆਂ ਸਨ।
ਜਦੋਂ ਦਾਹਮਸ਼ੀਨ ਦਾ ਬਟਨ ਨੱਪਿਆ ਗਿਆ ਤਾਂ ਸਤਵੰਤ ਸਿੰਘ ਦੇ ਸਨਮਾਨ ਵਿਚ ਰਾਈਫਲਾਂ ਦਾਗ਼ ਕੇ ਅੰਤਿਮ ਸਲਾਮੀ ਦਿੱਤੀ ਗਈ।
ਚੌਥੇ ਵਾਲੇ ਦਿਨ ਪਾਠ ਦੇ ਪਿੱਛੋਂ ਕਿਸੇ ਮਿਲਣ ਵਾਲੀ ਨੇ ਪੁੱਛਿਆ...:
“ਨੀਂ ਛਿੰਦੋ ਤੂੰ ਏਨ੍ਹਾਂ ਮਰ ਜਾਣਿਆਂ 'ਤੇ ਮੁਕੱਦਮਾਂ ਕਿਉਂ ਨਹੀਂ ਕੀਤਾ?”
ਛਿੰਦੋ ਨੇ ਦੂਰ ਆਸਮਾਨ ਵੱਲ ਤੱਕਦਿਆਂ ਹੋਇਆਂ ਕਿਹਾ, “ਨੀਂ ਸੱਤੇ ਦੀ ਚਿੱਟੀ ਚਾਦਰ ਨੂੰ ਦਾਗ਼ ਕਿਸ ਤਰ੍ਹਾਂ ਲਾ ਦੇਂਦੀ? ਆਪਣੀ ਮੌਤ ਮਰਿਆ—ਉਸਦੀ ਆਈ ਸੀ। ਜੋ ਵਾਹਿਗੁਰੂ ਜੀ ਦੀ ਮਰਜ਼ੀ।”
ਦੋ ਮਹੀਨੇ ਬਾਅਦ ਛਿੰਦੋ ਦੇ ਪੋਤਾ ਹੋਇਆ। ਛਿੰਦੋ ਨੇ ਨਾਮ-ਅੱਖਰ ਕਢਵਾਇਆ ਤਾਂ 'ਸੱਸਾ' ਈ ਨਿਕਲਿਆ। ਛਿੰਦੋ ਨੇ ਉਸਦਾ ਨਾਂ ਸਤਨਾਮ ਸਿੰਘ ਰੱਖਿਆ।
ਜੈਗ ਨੇ ਟੈਕਸੀ ਕੰਪਨੀ ਖੋਲ੍ਹ ਲਈ। ਅੱਜ ਦੀ ਤਾਰੀਖ਼ ਵਿਚ ਉਸਦੀ ਫਲੀਟ 'ਚ ਲੀਮੂਸੀਨ, ਰੋਲਸ ਰਾਏਸ, ਟੂਰ ਕੋਚ ਵਗ਼ੈਰਾ ਸਭ ਨੇ। ਮਰਨਾ ਹੋਏ, ਸ਼ਾਦੀ ਹੋਏ, ਕੋਚ ਟ੍ਰਿਪ ਹੋਏ, 'ਸੱਤਾ ਐਂਡ ਸੱਤਾ ਟੈਕਸੀਜ' ਹਾਜ਼ਰ ਏ। ਜੈਗ ਦਾ ਸਭ ਤੋਂ ਚੰਗਾ ਗਾਹਕ ਏ ਸਥਾਨਿਕ ਪੁਲਿਸ ਵਿਭਾਗ।

*** *** ***

   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
   ਮੋਬਾਇਲ ਨੰ : 94177-30600.