Thursday, February 26, 2009

ਨਿਰਮਲ ਵਰਮਾ


ਨਿਰਮਲ ਵਰਮਾ

3 ਮਈ 1929 ਨੂੰ ਸ਼ਿਮਲੇ ਵਿਚ ਜਨਮੇ ਨਿਰਮਲ ਵਰਮਾ ਨੂੰ ਮੂਰਤੀਦੇਵੀ ਪੁਰਸਕਾਰ (1995), ਸਾਹਿਤ ਅਕਾਦਮੀ ਪੁਰਸਕਾਰ (1985), ਉਤਰ ਪ੍ਰਦੇਸ਼ ਹਿੰਦੀ ਸੰਸਥਾਨ ਤੇ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪਰਿੰਦੇ (1958) ਤੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਨਿਰਮਲ ਵਰਮਾ ਦਾ ਕਹਾਣੀ-ਸੰਗ੍ਰਹਿ---ਅਭਿਵਿਕਤੀ ਤੇ ਸ਼ਿਲਪ ਦੀ ਦ੍ਰਿਸ਼ਟੀ ਨਾਲ ਸਭ ਤੋਂ ਬੇਜੋੜ ਸਮਝਿਆ ਜਾਂਦਾ ਹੈ।

ਬ੍ਰਿਟਿਸ਼-ਭਾਰਤ ਸਰਕਾਰ ਦੇ ਰੱਖਿਆ ਵਿਭਾਗ ਵਿਚ ਇਕ ਉੱਚੇ ਅਹੁਦੇ ਉੱਪਰ ਬਿਰਾਜਮਾਣ ਸ਼੍ਰੀ ਨੰਦ ਕੁਮਾਰ ਵਰਮਾ ਦੇ ਘਰ ਜਨਮ ਲੈਣ ਵਾਲੇ ਅੱਠ ਭਰਾ-ਭੈਣਾ ਵਿਚੋਂ ਪੰਜਵੇਂ ਨਿਰਮਲ ਵਰਮਾ ਦੀ ਸੰਵੇਦਨਾਤਮਕ ਬੁਨਾਵਟ ਉੱਪਰ ਹਿਮਾਚਲ ਦੀਆਂ ਪਹਾੜੀਆਂ ਦੇ ਪਰਛਾਵਿਆਂ ਦੀ ਬੜੀ ਗੂੜ੍ਹੀ ਛਾਪ ਹੈ।

ਦਿੱਲੀ ਦੇ ਸੇਂਟ ਸਟੀਵੇਂਸਨ ਕਾਲੇਜ ਵਿਚ ਇਤਿਹਾਸ ਦੀ ਐਮ.ਏ. ਕਰਨ ਪਿੱਛੋਂ ਕੁਝ ਦਿਨ ਤਕ ਉਹਨਾਂ ਅਧਿਆਪਕੀ ਕੀਤੀ। 1959 ਤੋਂ ਪਰਾਗ (ਚੈਕੋਸਲੋਵਾਕੀਆ) ਦੇ ਪਰਾਚਯ ਵਿਦਿਆ ਸੰਸਥਾਨ ਵਿਚ ਸੱਤ ਵਰ੍ਹੇ ਤਕ ਰਹੇ। ਉਸ ਪਿੱਛੋਂ ਲੰਦਨ ਵਿਚ ਰਹਿੰਦੇ ਹੋਏ ਟਾਈਮਸ ਆਫ ਇੰਡੀਆ ਲਈ ਸਾਂਸਕ੍ਰਿਤਿਕ ਰਿਪੋਰਟਿੰਗ ਕੀਤੀ। 1972 ਵਿਚ ਸਵਦੇਸ਼ ਪਰਤ ਆਏ। 1977 ਵਿਚ ਆਯੋਵਾ ਵਿਸ਼ਵ ਵਿਦਾਲਿਆ (ਅਮਰੀਕਾ) ਦੇ ਇੰਟਰਨੈਸ਼ਨਲਰਾਈਟਰਸ ਪ੍ਰੋਗ੍ਰਾਮ ਵਿਚ ਭਾਗ ਲਿਆ। ਉਹਨਾਂ ਦੀ ਕਹਾਣੀ 'ਮਾਇਆ ਦਰਪਣ' ਉੱਤੇ ਫਿਲਮ ਬਣੀ ਜਿਸਨੂੰ 1973 ਦਾ ਸਰਵਸ਼ਰੇਸ਼ਠ ਹਿੰਦੀ ਫਿਲਮ ਦਾ ਪੁਰਸਕਾਰ ਮਿਲਿਆ।

ਉਹ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟਡੀਜ਼ (ਸ਼ਿਮਲਾ) ਦੇ ਫੈਲੋ (1973), ਨਿਰਾਲਾ ਸਿਰਜਣਪੀਠ ਭੋਪਾਲ (1981-83) ਤੇ ਯਸ਼ਪਾਲ ਸਿਰਜਣਪੀਠ (ਸ਼ਿਮਲਾ) ਦੇ ਅਧਿਅਕਸ਼ ਰਹੇ (1989)

1988 ਵਿਚ ਇੰਗਲੈਂਡ ਦੇ ਪ੍ਰਕਾਸ਼ਕ ਰੀਡਰਸ ਇੰਟਰਨੈਸ਼ਨਲ ਦੁਆਰਾ ਉਹਨਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ 'ਦ ਵਰਡ ਐਲਸਵੇਅਰ' ਪ੍ਰਕਾਸ਼ਿਤ ਹੋਇਆ। ਇਸੇ ਸਮੇਂ ਬੀਬੀਸੀ ਦੁਆਰਾ ਉਹਨਾਂ ਉਪਰ ਡਾਕੂਮੈਂਟਰੀ ਫਿਲਮ ਪ੍ਰਸਾਰਿਤ ਕੀਤੀ ਗਈ।


ਮੌਤ 25 ਅਕਤੂਬਰ, 2005.

ਪ੍ਰਮੁੱਖ ਕ੍ਰਿਤੀਆਂ :

ਨਾਵਲ : ਅੰਤਿਮ ਅਰਨਯ, ਰਾਤ ਕਾ ਰਿਪੋਰਟਰ, ਇਕ ਚਿਥੜਾ ਸੁਖ, ਲਾਲ ਟੀਨ ਕੀ ਛੱਤ, ਵੇ ਦਿਨ।


ਕਹਾਣੀ ਸੰਗ੍ਰਹਿ : ਪਰਿੰਦੇ, ਕੌਵੇ ਔਰ ਕਾਲੇ ਪਾਣੀ, ਸੂਖਾ ਤਥਾ ਅਨਯ ਕਹਾਣੀਆਂ, ਬੀਚ ਬਹਸ ਮੇਂ, ਜਲਤੀ ਝਾੜੀ, ਪਿਛਲੀ ਗਰਮਿਯੋਂ ਮੇ।


ਸੰਸਮਰਣ ਯਾਤਰਾ ਵਰਿਤਾਂਤ : ਧੁੰਏ ਸੇ ਉਠਤੀ ਧੁਨ, ਚੀੜੋ ਪਰ ਚਾਂਦਨੀ।


ਨਿਬੰਧ : ਭਾਰਤ ਔਰ ਯੂਰੋਪ, ਪ੍ਰਤੀਭੁਤਿ ਦੇ ਕਸ਼ੇਤਰ, ਸ਼ਤਾਬਦੀ ਕੇ ਢਲਤੇ ਵਰਸ਼ੋਂ ਸੇ, ਕਲਾ ਕਾ ਜੋਖਿਮ, ਸ਼ਬਦ ਔਰ ਸਮਰਿਤੀ, ਢਲਾਨ ਸੇ ਉਤਰਤੇ ਹੁਏ।

Tuesday, February 24, 2009

ਮਾਰੀਆ :: ਲੇਖਕਾ : ਜ਼ਕਿਯਾ ਜ਼ੁਬੈਰੀ

ਪ੍ਰਵਾਸੀ ਹਿੰਦੀ ਕਹਾਣੀ : ਮਾਰੀਆ :: ਲੇਖਕਾ : ਜ਼ਕਿਯਾ ਜ਼ੁਬੈਰੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਸਾਰੇ ਹੀ ਇਕ ਦੂਜੇ ਤੋਂ ਅੱਖਾਂ ਚੁਰਾਅ ਰਹੇ ਸੀ।
ਅਜੀਬ ਜਿਹਾ ਮਾਹੌਲ ਸੀ। ਹਰ ਇਨਸਾਨ, ਕਿਸੇ ਅਖ਼ਬਾਰ-ਰਸਾਲੇ ਨੂੰ ਏਨਾ ਉੱਚਾ ਚੁੱਕ ਕੇ ਪੜ੍ਹ ਰਿਹਾ ਕਿ ਇਕ ਨੂੰ ਦੂਜੇ ਦਾ ਚਿਹਰਾ ਤਕ ਨਜ਼ਰ ਨਹੀਂ ਸੀ ਆ ਰਿਹਾ। ਸਿਰਫ ਕੱਪੜਿਆਂ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਕਿਹੜਾ ਏਸ਼ੀਅਨ ਏ, ਤੇ ਕਿਹੜਾ ਬ੍ਰਿਟਿਸ਼---ਵਰਨਾਂ ਚਿਹਰੇ ਤਾਂ ਸਾਰਿਆਂ ਨੇ ਲਕੋਏ ਹੋਏ ਸਨ।…ਤੇ ਜਿਹੜੇ ਮੁਜਰਿਮ ਸੀ, ਉਹ ਸ਼ਾਂਤ ਦੇ ਬੇਫਿਕਰ ਬੈਠੇ ਸਨ---ਜਿਵੇਂ ਉਹਨਾਂ ਦਾ ਕੋਈ ਕਸੂਰ ਹੀ ਨਾ ਹੋਵੇ। ਕਸੂਰਵਾਰ ਤਾਂ ਸਿਰਫ ਮੁਜਰਿਮ ਪੈਦਾ ਕਰਨ ਵਾਲੀਆਂ ਮਾਵਾਂ ਸਨ।
ਕੁਝ ਸਿਰ ਫਿਰੇ ਤਾਂ ਇੱਥੋਂ ਤੀਕ ਕਹਿ ਦੇਂਦੀ ਸੀ ਕਿ ਭਗਵਾਨ ਵੀ ਤਾਂ ਕਸੂਰਵਾਰ ਹੈ, ਜਿਸਨੇ ਇਸ ਸਰਿਸ਼ਟੀ ਦੀ ਰਚਨਾਂ ਕੀਤੀ ਹੈ---ਕੀ ਮਿਲਆ ਉਸਨੂੰ ? ਕੀ ਹਾਸਿਲ ਹੋਇਆ। ਹਰ ਪਲ, ਹਰੇਕ ਛਿਣ ਆਪਣੇ ਬਾਗ਼ੀ ਬੰਦਿਆਂ ਹੱਥੋਂ ਜਲੀਲ ਹੀ ਹੁੰਦਾ ਰਹਿੰਦਾ ਏ! ਹਰ ਘੜੀ ਉਸਨੂੰ ਚੈਲੇਂਜ ਕੀਤਾ ਜਾਂਦਾ ਹੈ, ਲਲਕਾਰਿਆ ਜਾਂਦਾ ਹੈ। ਭਲਾ, ਕਿੰਨੇ ਲੋਕ ਸੱਚੇ ਦਿਲੋਂ, ਬਿਨਾਂ ਕਿਸੇ ਸਵਾਰਥ ਦੇ ਉਸਨੂੰ ਯਾਦ ਕਰਦੇ ਹੋਣਗੇ?...ਸਿਰਫ ਸ਼ਿਕਾਇਤਾਂ, ਫਰਿਆਦਾਂ ਲਈ ਜਾਂ ਫੇਰ ਮੁਸੀਬਤ ਸਮੇਂ ਹੀ ਉਸਨੂੰ ਯਾਦ ਕੀਤਾ ਜਾਂਦਾ ਹੈ।
ਐਨ ਓਵੇਂ ਹੀ ਮਾਰੀਆ ਦੀ ਮਾਂ ਮਾਰਥਾ ਵੀ ਆਪਣੀ ਕੁਆਰੀ ਧੀ ਦੇ ਗਰਭ-ਵਤੀ ਹੋ ਜਾਣ ਦੀ ਨਮੋਸ਼ੀ ਕਾਰਨ ਭਾਰੇ ਹੋਏ ਕਦਮਾਂ ਨਾਲ ਕਲੀਨਿਕ ਵਿਚੋਂ ਬਾਹਰ ਨਿਕਲ ਰਹੀ ਸੀ। ਜਾਂਦਿਆਂ ਜਾਂਦਿਆਂ ਆਪਣੀ ਹੀ ਤਰ੍ਹਾਂ ਦੀਆਂ ਦੋ ਤਿੰਨ ਮਾਵਾਂ ਨਾਲ ਉਸਦਾ ਸਾਹਮਣਾ ਹੋ ਗਿਆ। ਹਰੇਕ ਨੇ ਨਜ਼ਰਾਂ ਝੁਕਾਅ ਲਈਆਂ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਬਰਸਤਾਨ ਵਿਚ ਮੁਰਦੇ ਦੱਬਨ ਜਾ ਰਹੀਆਂ ਹੋਣ। ਸਭ ਦੇ ਚਿਹਰੇ ਉਦਾਸ, ਬੇਰੌਣਕ, ਮੁਰਝਾਏ ਜਿਹੇ ਲੱਗ ਰਹੇ ਸਨ---ਜਿਵੇਂ ਸਭ ਕੁਝ ਲੁੱਟਿਆ-ਪੱਟਿਆ ਗਿਆ ਹੋਵੇ, ਕੁਝ ਵੀ ਬਾਕੀ ਨਾ ਰਿਹਾ ਹੋਵੇ।
ਮਾਰਥਾ ਵੀ ਜਿੱਧਰ ਨੂੰ ਪੈਰ ਲੈ ਗਏ ਤੁਰਦੀ ਗਈ…ਕੋਈ ਧਿਆਨ ਨਹੀਂ ਸੀ ਕਿੱਧਰ ਜਾ ਰਹੀ ਹੈ। ਪਤਲੀ ਜਿਹੀ ਇਕ ਪਗਡੰਡੀ ਸੀ ਜਿਸਦੇ ਦੋਵੇਂ ਪਾਸੇ ਸ਼ਾਹ-ਬਲੂਤ ਦੇ ਰੁੱਖ ਆਪਣੇ ਹਰੇ ਹਰੇ ਪੱਤਿਆਂ ਤੋਂ ਮੁਕਤੀ ਪਾ ਚੁੱਕੇ ਸਨ। ਰੁੰਡ-ਮੁੰਡ ਟਾਹਣੀਆਂ ਸਮੇਤ, ਨੰਗੇ ਧੜ, ਸ਼ਰਮਿੰਦਾ ਹੋਏ ਖੜ੍ਹੇ ਸਨ। ਪੀਲੇ ਤੇ ਅੱਗ ਦੇ ਰੰਗ ਵਿਚ ਬਦਲੇ ਹੋਏ ਪੱਤੇ ਮਾਰਥਾ ਦੇ ਪੈਰਾਂ ਹੇਠ ਆ ਕੇ ਕਰਾਹ ਰਹੇ ਸਨ, ਜਿਵੇਂ ਕਿਸੇ ਬੱਚੇ ਦਾ ਗਲਾ ਘੁੱਟਿਆ ਜਾ ਰਿਹਾ ਹੋਵੇ। ਜਿਹੜਾ ਹੱਥ ਪੈਰ ਮਾਰਦਾ ਸਹਾਇਤਾ ਮੰਗ ਰਿਹਾ ਹੋਵੇ, ਕੁਰਲਾਅ ਰਿਹਾ ਹੋਵੇ, ਪ੍ਰਾਥਨਾ ਕਰ ਰਿਹਾ ਹੋਵੇ ਕਿ ਮੈਨੂੰ ਬਚਾਓ, ਬਚਾਓ…ਮੇਰਾ ਕੀ ਕਸੂਰ ਹੈ? ਮੈਂ ਕੀ ਅਪਰਾਧ ਕੀਤਾ ਏ? ਮੈਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ? ਮਾਰਥਾ ਘਬਰਾ ਕੇ ਤੇਜ਼ ਤੇਜ਼ ਤੁਰਨ ਲੱਗ ਪਈ। ਪਰ ਆਵਾਜ਼ ਵੀ ਓਨੀ ਹੀ ਤੇਜ਼ ਹੋ ਗਈ। ਮਾਰਥਾ ਦਾ ਗੱਚ ਭਰ ਆਇਆ। ਪੈਰ ਰੁਕ ਗਏ ਤੇ ਨੇੜੇ ਪਈ ਇਕ ਬੈਂਚ ਉੱਤੇ ਜਾ ਬੈਠੀ। ਅੱਖਾਂ ਸਿੱਜਲ ਹੋ ਗਈਆਂ ਸਨ ਤੇ ਸਭ ਕੁਝ ਧੁੰਦਲਾ-ਧੁੰਦਲਾ ਜਿਹਾ ਨਜ਼ਰ ਆ ਰਿਹਾ ਸੀ। ਫੇਰ ਅੱਖਾਂ ਵਿਚੋਂ ਮੋਟੇ ਮੋਟੇ ਤੇ ਗਰਮ ਗਰਮ ਅੱਥਰੂ ਵਹਿਣ ਲੱਗੇ, ਜਿਵੇਂ ਇਸ ਸਾਰੀ ਦੁਨੀਆਂ, ਸਾਰੇ ਸੰਸਾਰ ਨੂੰ ਰੋੜ੍ਹ ਕੇ ਲੈ ਜਾਣਗੇ, ਗਰਕ ਕਰ ਦੇਣਗੇ। ਅੱਖਾਂ ਬੰਦ ਸਨ ਪਰ ਸਭ ਕੁਝ ਦੇਖ ਰਹੀ ਸੀ ਉਹ। ਰੁੱਖਾਂ ਦੀ ਓਟ ਵਿਚ ਕਲੀਨਿਕ ਦੀ ਇਮਾਰਤ ਨਜ਼ਰ ਆ ਰਹੀ ਸੀ। ਪਰ ਮਾਰਥਾ ਵਾਰੀ ਵਾਰੀ ਉਸ ਭਵਨ ਤੋਂ ਨਜ਼ਰਾਂ ਹਟਾਅ ਲੈਂਦੀ ਸੀ, ਅੱਖਾਂ ਚੁਰਾਅ ਰਹੀ ਸੀ ਕਿ ਕਿਤੇ ਕੋਈ ਇਹ ਨਾ ਬੁੱਝ ਲਵੇ ਕਿ ਮਾਰੀਆ ਨੂੰ ਉਸਨੇ ਉੱਥੇ ਭਰਤੀ ਕਰਵਾਇਆ ਹੋਇਆ ਹੈ। ਫੇਰ ਹਰ ਆਦਮੀ ਦੇ ਦਿਲ-ਦਿਮਾਗ਼ ਵਿਚ ਹਜ਼ਾਰਾਂ ਸਵਾਲ ਉੱਠਣਗੇ, ਬੁੱਲ੍ਹਾਂ ਤਕ ਆਉਣਗੇ ਤੇ ਉਹਨਾਂ ਦਾ ਪ੍ਰਚਾਰ ਕੀਤਾ ਜਾਵੇਗਾ। ਮਾਰਥਾ ਕਿਸ ਕਿਸ ਨੂੰ ਜਵਾਬ ਦਵੇਗੀ? ਕਿੰਨੇ ਝੂਠ ਬੋਲੇਗੀ? ਇਕ ਝੂਠ ਪਿੱਛੋਂ ਸੈਂਕੜੇ ਝੂਠ ਹੋਰ ਘੜਨੇ ਪੈਂਦੇ ਨੇ। ਪਰ ਸੱਚ ਬੋਲਿਆ ਕਿੰਜ ਜਾਵੇ? ਬੜਾ ਕੌੜਾ ਹੁੰਦਾ ਏ ਸੱਚ! ਇਸ ਨਾਗ ਦੇ ਵਿਸ਼ ਵਰਗੇ ਕੌੜੇ ਸੱਚ ਨੂੰ ਉਗਲਿਆ ਜਾਂ ਨਿਗਲਿਆ ਕਿੰਜ ਜਾਵੇ? ਵਿਚਾਰੀ ਮਾਰਥਾ ਇਸੇ ਉਧੇੜ-ਬੁਣ ਵਿਚ ਬੈਠੀ ਹੁਭਕੀਂ ਰੋਂਦੀ ਰਹੀ। ਪਤਝੜ ਦੀ ਮਾਰ ਖਾਧੇ ਪੱਤਿਆਂ ਨੂੰ ਆਉਂਦੇ-ਜਾਂਦੇ ਰਾਹੀ-ਪਾਂਧੀ ਮਿੱਧ-ਮਿੱਧ ਲੰਘਦੇ ਰਹੇ। ਮਾਰਥਾ ਬੈਠੀ ਪੱਤਿਆਂ ਦਾ ਕੁਰਲਾਹਟ ਸੁਣਦੀ ਰਹੀ। …ਘੜੀ ਦੇਖੀ, ਅਜੇ ਬੜਾ ਸਮਾਂ ਪਿਆ ਸੀ। ਕੀ ਕਰੇ? ਕਿੱਧਰ ਜਾਵੇ?
ਪ੍ਰਕ੍ਰਿਤੀ ਦਾ ਤਮਾਸ਼ਾ ਵੀ ਖ਼ੂਬ ਹੈ। ਸਿਰਜਣ ਵਿਚ ਸਮਾਂ ਲੱਗਦਾ ਹੈ, ਜਦਕਿ ਵਿਨਾਸ਼, ਪਲਾਂ-ਛਿਣਾ ਵਿਚ ਹੋ ਜਾਂਦਾ ਹੈ। ਦਮ ਘੁਟ ਰਿਹਾ ਸੀ। ਖੁੱਲ੍ਹੇ ਆਸਮਾਨ ਹੇਠ ਵੀ ਸਾਹ ਲੈਣਾ ਦੁੱਭਰ ਹੋਇਆ ਹੋਇਆ ਸੀ। ਮਾਰਥਾ ਦਾ ਜੀਅ ਘਬਰਾਉਣ ਲੱਗਾ ਤੇ ਦਿਲ ਚਾਹੁਣ ਲੱਗਾ ਕਿ ਹਨੇਰੇ ਕਮਰੇ ਵਿਚ ਜਾ ਕੇ, ਕਿਸੇ ਦੀ ਬੁੱਕਲ ਵਿਚ ਮੂੰਹ ਲਕੋਅ ਕੇ ਆਪਣਾ ਸਾਰਾ ਦੁੱਖ ਉਸਦੀ ਸਫੇਦ ਟੀ-ਸ਼ਰਟ ਦੀ ਝੋਲੀ ਵਿਚ ਉਲਟ ਦੇਵੇ। ਉਹ ਆਪਣਾ ਸੱਜਾ ਹੱਥ ਮਾਰਥਾ ਦੇ ਵਾਲਾਂ ਵਿਚ ਫੇਰਦਾ ਰਹੇ, ਮੱਥਾ ਚੰਮਦਾ ਰਹੇ ਤੇ ਕਹਿੰਦਾ ਰਹੇ, 'ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ।'
ਮਾਰਥਾ ਸਾਹ ਰੋਕੀ ਉਸਦੀ ਬੁੱਕਲ ਵਿਚ ਬੱਚਿਆਂ ਵਾਂਗ ਲੇਟੀ ਰਹਿੰਦੀ। ਸੁਰੱਖਿਆ ਦਾ ਅਹਿਸਾਸ ਕਿੰਨਾ ਆਤਮ-ਵਿਸ਼ਵਾਸ ਪੈਦਾ ਕਰਦਾ ਹੈ! ਪਿਆਰ ਵਿਚ ਕੇਡੀ ਪੱਕਿਆਈ ਪੈਦਾ ਹੋ ਜਾਂਦੀ ਹੈ, ਚਾਹਤ ਕਿਹੜੇ ਹੱਦ-ਬੰਨੇ ਛੂਹ ਲੈਂਦੀ ਹੈ! ਇਹ ਸਿਰਫ ਦੋ ਸੱਚੀ ਮੁਹੱਬਤ ਤੇ ਇਕ ਦੂਜੇ ਨੂੰ ਪਿਆਰ ਕਰਨ ਵਾਲੇ ਤੇ ਇਕ ਦੂਜੇ ਉੱਪਰ ਵਿਸ਼ਵਾਸ ਕਰਨ ਵਾਲੇ ਹੀ ਸਮਝ ਸਕਦੇ ਨੇ। ਕਦੀ ਮਾਰਥਾ ਦਾ ਸਿਰ ਉਸਦੇ ਮੋਢੇ ਉੱਪਰ ਹੁੰਦਾ ਤੇ ਉਸਦਾ ਸਿਰ ਮਾਰਥਾ ਕੀ ਗੋਦ ਵਿਚ। ਇੰਜ ਮਹਿਸੂਸ ਹੁੰਦਾ ਜਿਵੇਂ ਉਸਦਾ ਆਪਣਾ ਬੱਚਾ ਗੋਦ ਵਿਚ ਪਿਆ ਹੋਵੇ। ਭਰਾ ਹੋਵੇ, ਪਿਓ ਹੋਵੇ…ਪਤੀ ਹੋਵੇ ਜਾਂ ਪ੍ਰੇਮੀ---ਔਰਤ ਤਾਂ ਇਕ ਮਾਂ ਹੁੰਦੀ ਏ। ਉਹ ਹਰ ਪਲ ਹਰ ਮੌਕੇ ਮਮਤਾ ਨਿਛਾਵਰ ਕਰਨ ਲਈ ਤਤਪਰ ਹੁੰਦੀ ਹੈ। ਐਨ ਇਸੇ ਭਾਵ ਹਿੱਤ ਉਹ ਸਾਰੀ ਸਾਰੀ ਰਾਤ ਉਸਦਾ ਸੰਘਣੇ, ਚਮਕੀਲੇ ਵਾਲਾਂ ਵਾਲਾ ਸਿਰ ਆਪਣੀ ਛਾਤੀ ਉੱਪਰ ਰੱਖੀ ਬੈਠੀ ਰਹਿੰਦੀ। ਵਾਲਾਂ ਵਿਚ ਉਂਗਲਾਂ ਫੇਰਦੀ, ਮੱਥਾ ਚੁੰਮਦੀ ਤੇ ਠੋਡੀ ਤੇ ਗਰਦਨ ਨੂੰ ਮਹਿਸੂਸ ਕਰਦੀ ਰਹਿੰਦੀ। ਕਦੀ ਕਦੀ ਉਹ ਨੀਂਦ ਵਿਚ ਹੀ ਆਵਾਜ਼ ਦੇਂਦਾ; ਮਾਰਥਾ ਜਵਾਬ ਵਿਚ ਪਿਆਰ ਕਰਦੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਤੇ ਬੱਚਿਆਂ ਵਾਂਗ ਹੀ ਉਸਦੇ ਸਿਰ ਨੂੰ ਘੁੱਟ ਕੇ ਹਿੱਕ ਨਾਲ ਲਾ ਲੈਂਦੀ ਤੇ ਸੰਵਾਅ ਦੇਂਦੀ। ਉਹ ਫੇਰ ਕਿਸੇ ਮਾਸੂਮ ਬੱਚੇ ਵਾਂਗ ਨਿਸ਼ਚਿੰਤ ਹੋ ਜਾਂਦਾ ਕਿ ਮਾਰਥਾ ਗਈ ਨਹੀਂ। ਤੇ ਫੇਰ ਗੂੜ੍ਹੀ ਨੀਂਦ ਸੌਂ ਜਾਂਦਾ। ਅਚਾਨਕ ਅਲਾਰਮ ਦੀ ਘੰਟੀ ਨਾਲ ਦੋਵੇਂ ਜਾਗ ਜਾਂਦੇ ਤੇ ਇਕ ਦੂਜੇ ਨਾਲ ਲਿਪਟ ਜਾਂਦੇ…ਇਹ ਜੁਦਾਈ ਦੀ ਘੜੀ ਕਿੰਜ ਬਰਦਾਸ਼ਤ ਕਰਾਂਗੇ? ਥੋੜ੍ਹੀ ਦੇਰ ਵਿਚ ਕਾਰ ਰਵਾਨਾ ਹੋ ਰਹੀ ਹੁੰਦੀ ਤੇ ਉਹ ਖਿੜਕੀ ਵਿਚ ਖੜ੍ਹਾ ਹੁੰਦਾ; ਇਕ ਕੈਦੀ ਵਾਂਗ। ਚਾਹੁੰਦਾ ਹੋਇਆ ਵੀ ਉਹ ਉਸਨੂੰ ਵਿਦਾਅ ਨਹੀਂ ਕਹਿ ਸਕਦਾ ਸੀ। ਹਨੇਰੇ ਵਿਚ ਮਾਰਥਾ ਨੂੰ ਜਾਂਦਿਆਂ ਦੇਖਦਾ ਤਾਂ ਘਬਰਾ ਜਾਂਦਾ…ਮਿੰਨਤ ਕਰਦਾ ਕਿ ਥੋੜ੍ਹਾ ਚਾਨਣ ਹੋ ਜਾਵੇ, ਫੇਰ ਚਲੀ ਜਾਵੀਂ। ਉਹ ਜਿਸ ਹਨੇਰੇ ਦੀ ਗੱਲ ਕਾਰਦਾ ਸੀ, ਉਹ ਸਿਰਫ ਉਸਦੇ ਨਾ ਹੋਣ ਕਾਰਕੇ ਹੀ ਹੁੰਦਾ ਸੀ। ਜਿੱਥੇ ਉਹ ਹੁੰਦਾ ਚਾਨਣ ਹੀ ਚਾਨਣ ਹੁੰਦਾ। ਉਸ ਤੋਂ ਦੂਰੀ ਹਨੇਰੇ ਗੂੜੇ ਕਰ ਦੇਂਦੀ; ਭਾਵੇਂ ਸੂਰਜ ਕਿੰਨਾ ਵੀ ਤੇਜ ਕਿਉਂ ਨਾ ਚਮਕ ਰਿਹਾ ਹੁੰਦਾ। ਜੇ ਉਹ ਨਹੀਂ ਤਾਂ ਕੁਝ ਵੀ ਨਹੀਂ।…ਤੇ ਗੱਡੀ ਸੜਕ 'ਤੇ ਦੌੜਨ ਲੱਗਦੀ। ਮਾਰਥਾ ਸ਼ੀਸ਼ਾ ਹੇਠਾਂ ਕਰਕੇ ਹੱਥ ਹਿਲਾਉਂਦੀ। ਹੱਥਾਂ ਦੇ ਇਸ਼ਾਰੇ ਨਾਲ ਚੁੰਮਣਾ ਦੀ ਝੜੀ ਲਾ ਦੇਂਦੀ। ਜਦ ਤਕ ਉਹ ਅੱਖਾਂ ਤੋਂ ਓਹਲੇ ਨਾ ਹੋ ਜਾਂਦੀ ਉਹ ਵੀ ਹੱਥ ਹਿਲਾਉਂਦਾ ਰਹਿੰਦਾ ਤੇ ਅਗਲੇ ਪਲ ਹੀ ਫ਼ੋਨ ਦੀ ਘੰਟੀ ਵੱਜਦੀ। ਉਂਘਲਾਈ ਜਿਹੀ ਆਵਾਜ਼ ਕੰਨਾਂ ਵਿਚ ਰਸ ਘੋਲ ਰਹੀ ਹੁੰਦੀ---"ਹੁਣ ਕਿੱਥੇ ਪਹੁੰਚ ਗਈ ਏਂ?...ਕੈਸੀ ਏਂ? ਠੀਕ ਏਂ ਨਾ?...ਡਰ ਤਾਂ ਨਹੀਂ ਰਹੀ?..."
ਮਾਰਥਾ ਆਪਣੀ ਆਵਾਜ਼ ਵਿਚ ਵਿਸ਼ਵਾਸ ਪੈਦਾ ਕਰਿਦਆਂ ਕਹਿੰਦੀ ਨਹੀਂ, "ਡਰ ਕਿਸ ਗੱਲ ਦਾ? ਤੁਸੀਂ ਜੋ ਓ…!"
ਜਦੋਂ ਤਕ ਘਰ ਨਾ ਪਹੁੰਚ ਜਾਂਦੀ ਉਹ ਫ਼ੋਨ ਉੱਤੇ ਤਸੱਲੀਆਂ ਦੇਂਦਾ ਰਹਿੰਦਾ, ਗਾਣਾ ਸੁਣਾਉਂਦਾ ਰਹਿੰਦਾ ਤੇ ਵਾਰੀ ਵਾਰੀ ਪੁੱਛਦਾ ਕਿ ਹੁਣ ਉਹ ਕਿੱਥੇ ਕੁ ਪਹੁੰਚ ਗਈ ਹੈ?
ਮਾਰਥਾ ਦੱਸਦੀ ਕਿ ਉਹ ਘਰ ਵਿਚ ਪ੍ਰਵੇਸ਼ ਕਰਨ ਲੱਗੀ ਹੈ ਤਾਂ ਉਹ ਉਦਾਸ ਹੋ ਜਾਂਦਾ ਤੇ ਕਹਿੰਦਾ, "ਤੂੰ ਬੜੀ ਯਾਦ ਆ ਰਹੀ ਏਂ।" ਤੇ ਜ਼ਿਦ ਕਰਦਾ ਕਿ ਛੱਡ ਕੇ ਨਾ ਜਾਇਆ ਕਰ, ਬਸ ਹੁਣ ਹਮੇਸ਼ਾ ਲਈ ਆ ਜਾ।
ਮਾਰਥਾ ਉਸਨੂੰ ਦਿਲਾਸਾ ਦੇਂਦੀ, ਪੁਚਕਾਰਦੀ-ਪਿਆਰਦੀ ਤੇ ਘਰ ਅੰਦਰ ਵੜਦੀ ਹੋਈ ਉਸਨੂੰ ਤੁਰੰਤ ਸੌਂ ਜਾਣ ਦੀ ਹਦਾਇਤ ਦੇਂਦੀ। ਭਰੜਾਈ ਹੋਈ ਆਵਾਜ਼ ਵਿਚ ਸ਼ੁਭ-ਰਾਤਰੀ ਕਹਿੰਦੀ ਤੇ ਫ਼ੋਨ ਬੰਦ ਕਰ ਦੇਂਦੀ।
ਜਦੋਂ ਵੀ ਦੋਵੇਂ ਮਿਲਦੇ, ਹਰੇਕ ਛਿਣ ਜੀਅ ਭਰ ਕੇ ਪਿਆਰ ਕਰਦੇ। ਮਾਰਥਾ ਉਸ ਉਤੋਂ ਵਾਰੀ-ਘੋਲੀ ਜਾਂਦੀ…ਤੇ ਜਦੋਂ ਵਿਛੜਦੇ ਤਾਂ ਉਦਾਸ ਹੋ ਜਾਂਦੀ। ਇਕ ਅਨਿਸ਼ਚਿਤ ਅਹਿਸਾਸ ਕਿ ਪਤਾ ਨਹੀਂ ਕੱਲ੍ਹ ਕੀ ਹੋਵੇਗਾ?...ਇਵੇਂ ਜੀ ਦੋਵਾਂ ਇਕ ਸਾਲ ਨਾਲ ਨਾਲ ਬਿਤਾਇਆ, ਤੇ ਅੱਜ ਜਦੋਂ ਕਿ ਮਾਰਥਾ ਬਗ਼ੈਰ ਪੱਤਿਆਂ ਵਾਲੇ ਰੁੱਖ ਹੇਠ ਇਕੱਲੀ ਤੇ ਉਦਾਸ ਬੈਠੀ ਹੋਈ ਹੈ, ਉਸਨੂੰ ਇਹ ਰੁੱਖ ਵੀ ਆਪਣੀ ਜ਼ਿੰਦਗੀ ਦਾ ਪ੍ਰਤੀਕ ਨਜ਼ਰ ਆਉਣ ਲੱਗ ਪਏ ਨੇ…ਜਿਹੜੇ ਜ਼ਿੰਦਗੀ ਦੀ ਬਹਾਰ ਵੇਖਣ ਪਿੱਛੋਂ, ਪਤਝੱੜ ਹੱਥੇ ਚੜ੍ਹ ਚੁੱਕੇ ਨੇ। ਹੁਣ ਸਿਰਫ ਪੀਲੇ, ਭੂਰੇ-ਭੂਸਲੇ ਤੇ ਨਾਰੰਗੀ ਪੱਤੇ ਹੀ ਬਹਾਰ ਗੁਜਰ ਜਾਣ ਦੀ ਕਹਾਣੀ ਸੁਣਾ ਰਹੇ ਨੇ।
ਮਾਰਥਾ ਬੜੀ ਬੈਚੇਨੀ ਨਾਲ ਮਾਰੀਆਂ ਦੀ ਉਡੀਕ ਕਰ ਰਹੀ ਸੀ। ਇੰਤਜ਼ਾਰ ਦੀ ਭਟਕਣ ਨਾਲ ਵਾਰੀ ਵਾਰੀ ਉਸਦਾ ਖ਼ਿਆਲ ਆ ਰਿਹਾ ਸੀ। ਉਸਦੀ ਕਮੀ ਮਹਿਸੂਸ ਹੋ ਰਹੀ ਸੀ। ਇਕੱਲਾਪਣ ਖਾਣ ਨੂੰ ਆ ਰਿਹਾ ਸੀ। ਕਿੰਨਾ ਸਹਾਰਾ ਹੁੰਦਾ ਸੀ ਉਸਦਾ, ਜਦੋਂ ਉਹ ਮੁਸ਼ਕਿਲ ਵਿਚ ਹੁੰਦੀ ਸੀ! ਜ਼ਰਾ ਵੀ ਪ੍ਰੇਸ਼ਾਨ ਹੁੰਦੀ ਤਾਂ ਉਹ ਝੱਟ ਕਹਿੰਦਾ, "ਤੂੰ ਐਵੇਂ ਕਿਉਂ ਪ੍ਰੇਸ਼ਾਨ ਹੁੰਦੀ ਏਂ…ਮੈਂ ਹਾਂ ਨਾ।" ਤੇ ਅੱਜ ਜਦੋਂ ਮਾਰਥਾ ਨੂੰ ਕਿਸੇ ਆਪਣੇ ਦੇ ਸਹਾਰੇ ਦੀ ਲੋੜ ਹੈ ਤਾਂ ਉਹ ਬਿਲਕੁਲ ਇਕੱਲੀ ਬੈਠੀ ਹੋਈ ਹੈ।
ਮਾਰੀਆ ਉਸਦੀ ਆਪਣੀ ਬੱਚੀ…ਜਿਸਨੂੰ ਉਹ ਹਮੇਸ਼ਾ ਆਪਣੀ ਦੋਸਤ, ਆਪਣਾ ਸਾਥੀ ਤੇ ਆਪਣਾ ਸਹਾਰਾ ਸਮਝਦੀ ਰਹੀ ਸੀ, ਉਹ ਆਪਣੀ ਮਾਂ ਨੂੰ ਦੱਸੇ ਬਗ਼ੈਰ ਇਹ ਕੁਝ ਕਰ ਬੈਠੀ! ਮਾਂ ਦੇ ਵਿਸ਼ਵਾਸ ਨੂੰ ਕੇਡੀ ਠੋਕਰ ਮਾਰੀ ਸੀ ਉਸਨੇ! ਏਸ ਪੀੜ ਨੂੰ ਸਿਰਫ ਉਹੀ ਸਮਝ ਸਕਦੀ ਸੀ। ਮਾਰਥਾ ਨੂੰ ਫੇਰ ਉਹ ਯਾਦ ਆਉਂਣ ਲੱਗ ਪਿਆ…ਅੱਥਰੂ ਹੱਦਾਂ-ਬੰਨੇ ਤੋੜ ਕੇ ਬਾਹਰ ਆਉਣ ਲਈ ਬੇਤਾਬ ਹੋ ਗਏ।
ਅਚਾਨਕ ਘੜੀ 'ਤੇ ਨਜ਼ਰ ਗਈ, ਸਮਾਂ ਹੋ ਗਿਆ ਸੀ। ਮਾਰਥਾ ਕਾਹਲ ਨਾਲ ਉੱਠੀ ਤੇ ਕਾਹਲੇ ਪੈਰੀਂ ਕਲੀਨਿਕ ਵੱਲ ਤੁਰ ਪਈ। ਹੁਣ ਇਹ ਪੱਤੇ ਤੜਫ਼-ਵਿਲਕ ਕੇ ਖ਼ਾਮੋਸ਼ ਹੋ ਗਏ ਸਨ। ਮਾਰਥਾ ਦੀ ਚਾਲ ਵਿਚ ਵੀ ਠਹਿਰਾਅ ਆ ਗਿਆ ਸੀ। ਅੱਥਰੂ ਵੀ ਕਾਫੀ ਹੱਥ ਤਕ ਰੁਕ ਗਏ ਸਨ। ਕਲੀਨਿਕ ਦੀ ਘੰਟੀ ਵਜਾਂਦਿਆਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਮਾਰਥਾ ਨੇ ਅੰਦਰ ਵੜਦਿਆਂ ਹੀ ਰਿਸੈਪਸ਼ਨ 'ਤੇ ਬੈਠੀ ਇਕ ਟਰੇਂਡ ਨਰਸ ਨੂੰ ਪੁੱਛਿਆ, "ਮਾਰੀਆ ਕਿੱਥੇ...?...ਕੈਸੀ ਹੈ ਉਹ ?...ਠੀਕ-,ਠਾਕ ਏ ਨਾ ?...ਕੀ ਤੁਸੀਂ ਖ਼ੁਦ ਮਾਰੀਆ ਨੂੰ ਦੇਖਿਆ ਹੈ ?" ਮਾਰਥਾ ਲਗਾਤਾਰ ਸਵਾਲ ਕਰਦੀ ਰਹੀ, ਉਸ ਨਰਸ ਨੂੰ ਜਵਾਬ ਦੇਣ ਦਾ ਮੌਕਾ ਤਕ ਨਹੀਂ ਦਿਤਾ।
ਜਦ ਉਹ ਰੁਕੀ। ਸਮਾਂ ਮਿਲਿਆ ਤਾਂ ਨਰਸ ਨੇ ਪੁੱਛਿਆ, "ਮਾਰੀਆ ਦਾ ਪੂਰਾ ਨਾਂਅ ਕੀ ਏ?...ਤੇ ਉਹ ਕਿੰਨੀ ਕੁ ਉਮਰ ਦੀ ਏ ਮੈਡਮ?"
ਮਾਰੀਆ ਦਾ ਨਾਂ ਜਿਵੇਂ ਮਾਰਥਾ ਦੇ ਸੰਘ ਵਿਚ ਫਸ ਗਿਆ ਹੋਵੇ। ਉਸਦਾ ਅੰਦਰਲਾ ਕਹਿ ਰਿਹਾ ਸੀ, 'ਮਾਰੀਆ ਦਾ ਨਾਂ ਨਾ ਦੱਸੀਂ, ਮਤੇ ਇੱਥੇ ਬੈਠੀਆਂ ਸਾਰੀਆਂ ਔਰਤਾਂ ਨੂੰ ਪਤਾ ਲੱਗ ਜਾਵੇ ਕਿ ਮਾਰੀਆ ਨੇ ਕੀ ਕੀਤਾ ਈ…?' ਤੇ ਉਮਰ ਬਾਰੇ ਤਾਂ ਸੋਚ ਕੇ ਹੀ ਉਸਨੂੰ ਗਸ਼ੀ ਪੈਣ ਵਾਲੀ ਹੋ ਗਈ ਸੀ। ਪੰਦਰਾਂ ਸਾਲ ਦੀ ਕੁਆਰੀ ਮਾਂ! ਮਾਰਥਾ ਇਕ ਵਾਰੀ ਫੇਰ ਅੰਦਰ ਤਕ ਕੰਬ ਗਈ। ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਉਦੋਂ ਹੀ ਇਕ ਨਰਸ ਮਾਰੀਆ ਨੂੰ ਫੜ੍ਹ ਕੇ ਬਾਹਰ ਲਿਆ ਰਹੀ ਸੀ। ਮਾਂ, ਧੀ ਦੀਆਂ ਨਜ਼ਰਾਂ ਮਿਲੀਆਂ। ਦੋਵਾਂ ਦੀਆਂ ਅੱਖਾਂ ਸਿੱਜਲ ਹੋ ਗਈਆਂ। ਦੋਵਾਂ ਨੇ ਨਜ਼ਰਾਂ ਝੁਕਾਅ ਲਈਆਂ। ਮਾਂ ਨੇ ਉਸਦਾ ਹੱਥ ਫੜ੍ਹ ਲਿਆ। ਹੱਥ ਬਿਲਕੁਠ ਠੰਡਾ ਬਰਫ਼ ਹੋਇਆ ਹੋਇਆ ਸੀ। ਮਾਂ ਆਪਣੇ ਹੱਥਾਂ ਨਾਲ ਛੇਤੀ ਛੇਤੀ ਉਸਦੇ ਹੱਥ ਮਲਣ ਲੱਗ ਪਈ, ਗਰਮ ਕਰਨ ਲਈ। ਉਸਨੂੰ ਮਹਿਸੂਸ ਹੋਇਆ ਕਿ ਮਾਰੀਆ ਦਾ ਰੰਗ ਸੰਗਮਰਮਰ ਵਾਂਗ ਸਫੇਦ ਹੋਇਆ ਹੋਇਆ ਹੈ। ਬੁੱਲ੍ਹਾਂ ਦੀ ਗੁਲਾਬੀ ਰੰਗਤ ਫਿੱਕੀ ਪੈ ਚੁੱਕਿਆ ਸੀ। ਸੰਘਣੇ ਸੁਨਿਹਰੀ ਵਾਲ ਖਿੱਲਰ-ਪੁਲਰ ਕੇ ਮੋਢਿਆਂ ਤੇ ਗਰਦਨ ਦੁਆਲੇ ਲਿਪਟੇ ਹੋਏ ਸੀ। ਮਾਰੀਆ ਵਿਚ ਮਾਂ ਵਰਗੀ ਪਵਿੱਤਰਤਾ ਪੈਦਾ ਹੋ ਚੁੱਕੀ ਹੈ। ਮਾਂ ਉਸਨੂੰ ਫੜ੍ਹ ਕੇ ਹੌਲੀ ਹੌਲੀ ਤੌਰਦੀ ਹੋਈ ਕਾਰ ਤਕ ਲੈ ਆਈ। ਮਾਰਥਾ ਖ਼ੁਦ ਨੂੰ ਏਨਾ ਕਮਜ਼ੋਰ ਮਹਿਸੂਸ ਕਰ ਰਹੀ ਸੀ ਜਿਵੇਂ ਕਾਰ ਚਲਉਣ ਦੀ ਤਾਕਤ ਵੀ ਨਾ ਹੋਵੇ। ਉਸਨੇ ਹਿੰਮਤ ਕਰਕੇ ਮਾਰੀਆ ਨੂੰ ਪੁੱਛਿਆ ਕਿ ਉਹ ਕੌਣ ਸੀ ਜਿਸ ਲਈ ਮਾਰੀਆ ਇਹ ਕੁਰਬਾਨੀ ਦੇ ਗਈ?...ਮਾਂ ਨੇ ਮਾਂ ਨੂੰ ਕੋਈ ਉਤਰ ਨਾ ਦਿੱਤਾ ਤੇ ਉਸਦੀ ਗੋਦੀ ਵਿਚ ਮੂੰਹ ਲਕੋਅ ਲਿਆ।
ਮਾਂ ਹੋਰ ਉਦਾਸ ਹੋ ਗਈ। ਉਸਨੂੰ ਫੇਰ ਉਸਦਾ ਚੇਤਾ ਆ ਗਿਆ। ਉਹ ਵੀ ਮਾਰਥਾ ਦੀ ਗੋਦ ਵਿਚ ਇੰਜ ਹੀ ਮੂੰਹ ਲੁਕਾਅ ਲੈਂਦਾ ਹੁੰਦਾ ਸੀ।…ਘੰਟਿਆਂ ਬੱਧੀ ਪਿਆ ਰਹਿੰਦਾ ਤੇ ਕਹਿੰਦਾ , "ਮੇਰਾ ਜੀਅ ਕਰਦੈ, ਸਮਾਂ ਇੱਥੇ ਈ ਰੁਕ ਜਾਵੇ।"
ਮਾਰਥਾ ਦੀ ਗੋਦੀ ਵਿਚ ਉਸਨੂੰ ਬੜੀ ਸ਼ਾਂਤੀ ਮਿਲਦੀ। ਮਾਰਥਾ ਉਸਨੂੰ ਗੋਦ ਵਿਚ ਲਿਟਾਈ ਘੰਟਿਆਂ ਬੱਧੀ ਇਕੋ ਥਾਂ ਬੈਠੀ ਰਹਿੰਦੀ…ਹਿੱਲਦੀ ਤਕ ਨਹੀਂ ਸੀ…ਮਤੇ ਉਹ ਜਾਗ ਈ ਨਾ ਪਵੇ। ਮਾਰੀਆ ਦੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਹੋਇਆ ਮਾਂ ਨੇ ਫੇਰ ਪੁੱਛਿਆ, "ਮਾਰੀਆ ਅਜਿਹਾ ਕੌਣ ਈ, ਜਿਸਦੀ ਮੁਹੱਬਤ ਵਿਚ ਤੂੰ ਆਪਣੇ ਆਪਣੇ ਆਪ ਨੂੰ ਬਰਬਾਦ ਕਰ ਲਿਐ…?"
ਮਾਰੀਆ ਨੇ ਬੁੱਕਲ ਵਿਚ ਚਿਹਰਾ ਹੋਰ ਧਸਾਂਦਿਆਂ, ਭਿਚੀ ਜਿਹੀ ਆਵਾਜ਼ ਵਿਚ ਕਿਹਾ, "ਮਾਂ ਜਿਸ ਕੋਲ ਤੂੰ ਜਾਂਦੀ ਸੈਂ…!"

Sunday, February 22, 2009

ਤਿੰਨ ਪਲ : ਮਰਿਦੁਲਾ ਗਰਗ

ਹਿੰਦੀ ਕਹਾਣੀ : ਤਿੰਨ ਪਲ :: ਲੇਖਕਾ : ਮਰਿਦੁਲਾ ਗਰਗ : ਸੰਪਰਕ :-01129222140.
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.



ਇਹ ਅਨੁਵਾਦ ਹੁਣ : ਅੰਕ : 10.---ਸਤੰਬਰ-ਦਸੰਬਰ 2008. ਵਿਚ ਛਪੀ।


ਸਰਦੀਆਂ ਦੇ ਦਿਨ ਸਨ। ਕਾਫੀ ਠੰਡ ਸੀ। ਤੇਜ਼ਧਾਰ ਬਾਰਿਸ਼ ਹੋਣ ਲੱਗ ਪਈ। ਠੰਡ ਵਧ ਗਈ। ਉਂਜ ਐਤਵਾਰ ਸੀ। ਉੱਗਣ ਪਿੱਛੋਂ, ਪਹਿਲਾ ਪਹਿਰ। ਅਕਸਰ ਹੀ, ਐਤਵਾਰ ਨੂੰ ਇਸ ਵੇਲੇ ਕਾਲੋਨੀ ਦੇ ਸਾਰੇ ਜੀਵ, ਪਾਰਕ ਵਿਚ ਜਾ ਬਿਰਾਜਦੇ ਸਨ---ਧੁੱਪ ਸੇਕਣ ਲਈ। ਅੱਜ ਧੁੱਪ ਨਹੀਂ ਸੀ। ਮੀਂਹ ਸੀ---ਤੇ ਠੰਡ ਸੀ। ਵੱਡਿਆਂ ਦੀ ਪੂਰੀ ਬਸਤੀ, ਬੰਦ ਦਰਵਾਜ਼ਿਆਂ ਪਿੱਛੇ, ਘਰਾਂ ਵਿਚ ਸਮਾਈ ਹੋਈ ਸੀ---ਸ਼ਾਇਦ ਹੀਟਰ ਵੀ ਲਾ ਲਏ ਹੋਣ।
ਮੈਂ ਪਾਰਕ ਵਿਚ ਸਾਂ। ਰੋਜ਼ ਨਹੀਂ ਜਾਂਦੀ---ਬਸ, ਕਦੀ ਕਦੀ। ਐਤਵਾਰ ਨੂੰ ਵੀ ਨਹੀਂ। ਅੱਜ ਗਈ ਸਾਂ---ਇਕੱਲੀ; ਹਰਿਆਲੀ ਦਾ ਆਨੰਦ ਮਾਣਨ। ਸਰਦੀ ਦਾ ਮੌਸਮ ਹੋਵੇ ਤਦ ਇਕੱਲੇ ਨੂੰ ਅਸਲ ਇਕਾਂਤ ਮਿਲਦੀ ਹੈ। ਕੰਬਣ ਦਾ ਮਜ਼ਾ ਵੀ ਤਦੇ ਹੁੰਦੈ, ਜਦ 'ਕੱਲਮ-'ਕੱਲੇ ਹੋਵੀਏ। ਵਰਨਾ, ਕੋਈ ਨਾ ਕੋਈ, ਨਾਲ ਬੈਠ ਕੇ, ਨਿੱਘ ਦੇਣ ਲੱਗ ਪੈਂਦਾ ਹੈ। ਜਾਂ ਪਾਸਾ ਭਿੜਾਅ ਕੇ, ਸੇਕਣ ਲੱਗ ਪੈਂਦਾ ਹੈ। ਮੀਂਹ ਹੋਵੇ ਤਾਂ ਕੀ ਕਹਿਣਾ---ਖ਼ਦ ਤੋਂ, ਤੇ ਖ਼ੁਦੀ ਤੋਂ ਪਰਦਾ ਹੋਇਆ ਰਹਿੰਦਾ ਹੈ। ਖ਼ੁਦਾ ਦੀ, ਖ਼ੁਦਾ ਜਾਣੇ।
ਮੈਂ ਭਿੱਜ ਰਹੀ ਸਾਂ ਪਰ ਕੰਬ ਨਹੀਂ ਸੀ ਰਹੀ। ਬਾਰਿਸ਼ ਸਦਕਾ ਗੜੂੱਚ ਸਾਂ---ਖ਼ੁਦ ਤੋਂ ਬਾਹਰਲੇ ਸ਼ੁੰਨ ਵਿਚ ਵਰ੍ਹਦੇ ਪਾਣੀ ਨਾਲ। ਸ਼ਾਇਦ ਇਸੇ ਲਈ ਕੰਬਣੀ ਨੇ ਆਪਣਾ ਅਹਿਸਾਸ ਮੁਲਤਵੀ ਕੀਤਾ ਹੋਇਆ ਸੀ।
ਤਦੇ ਇਕੱਲ ਵਿਚ ਖ਼ਲ਼ਲ ਪੈ ਗਿਆ। ਤਿੰਨ ਬੱਚੇ ਅੰਦਰ ਘੁਸ ਆਏ। ਘੁਸ ਕੀ ਆਏ, ਕੰਧ ਟੱਪ ਆਏ। ਛੇ-ਸੱਤ ਸਾਲ ਦੇ ਹੋਣਗੇ। ਸਿਰਫ ਇਕ ਦੇ ਕੱਛਾ ਪਾਇਆ ਹੋਇਆ ਸੀ---ਸ਼ਾਇਦ ਉਹ ਕੁੜੀ ਹੋਵੇ। ਬਾਕੀ ਦੋਵੇਂ ਨੰਗੇ-ਧੜੰਗੇ ਸਨ---ਰੁੱਖੇ ਵਾਲ, ਮੈਲੀ ਪਾਟੀ ਚਮੜੀ ਤੇ ਬਿਆਈਆਂ ਭਰੀਆਂ ਤਲੀਆਂ ਵਾਲੇ, ਕਾਲੇ-ਡੰਝ ਬੱਚੇ।
ਇਸ ਪਾਰਕ ਵਿਚ ਅਜਿਹੇ ਬੱਚੇ ਕਦੀ ਨਹੀਂ ਦਿਸਦੇ। ਮਨਾਹੀ ਨਹੀਂ ਹੈ। ਫ਼ਾਟਕ ਉਪਰ ਚਿਤਾਵਨੀ ਦੀ ਫੱਟੀ ਵੀ ਨਹੀਂ ਲੱਗੀ ਹੋਈ। ਫੇਰ ਵੀ ਖੁਸ਼ਹਾਲ-ਜੀਵਾਂ ਦੇ ਪਾਰਕ ਵਿਚ ਹੁੰਦਿਆਂ, ਉਹ ਅੰਦਰ ਨਹੀਂ ਘੁਸਦੇ। ਕੀ ਦੱਸਾਂ ਕਿਉਂ ਨਹੀਂ ਘੁਸਦੇ? ਬਸ, ਨਹੀਂ ਘੁਸਦੇ---ਕਿਹਾ ਨਾ। ਤਦ ਵੀ ਨਹੀਂ, ਜਦ ਅੰਤਾਂ ਦੀ ਗਰਮੀ ਦੇ ਮੌਸਮ ਵਿਚ, ਸਭਿਅਕ-ਜੀਵਾਂ ਦੇ ਬੱਚੇ, ਲਗਭਗ, ਨੰਗੀਆਂ ਪੁਸ਼ਾਕਾਂ ਵਿਚ ਪਾਰਕ ਵਿਚ ਖੇਡ ਰਹੇ ਹੁੰਦੇ ਨੇ---ਲਗਭਗ ਨੰਗਾ ਹੋਣ ਤੇ ਅਲਫ਼ ਨੰਗਾ ਹੋਣ ਵਿਚ ਬੜਾ ਅੰਤਰ ਹੈ, ਜਿਸਨੂੰ ਇਕ ਮੈਲੇ-ਕੁਚੈਲੇ ਕੱਛੇ ਨਾਲ ਨਹੀਂ ਪੂਰਿਆ ਜਾ ਸਕਦਾ। ਪਰ ਇਸ ਵਕਤ, ਮੇਰੇ ਸਿਵਾਏ, ਪਾਰਕ ਵਿਚ ਹੋਰ ਕੋਈ ਨਹੀਂ ਸੀ। ਮੈਂ ਇਕ ਝਾੜੀ ਪਿੱਛੇ ਸ਼ਹਿ ਗਈ। ਜੰਗਲ ਦੇ ਤੇਂਦੂਏ ਵਾਂਗ।
ਬੱਚੇ ਅੰਦਰ ਆਏ। ਠੰਡ ਦੇ ਬਾਵਜੂਦ, ਮੀਂਹ ਵਿਚ ਨਹਾਉਣ ਲੱਗੇ। ਉੱਛਲਦੇ, ਕੁੱਦਦੇ, ਕਿਲਕਾਰੀਆਂ ਮਾਰਦੇ, ਪੁੱਠੀਆਂ-ਸਿੱਧੀਆਂ ਲੋਟਨੀਆਂ ਲਾਉਂਦੇ ਚਾਂਬੜਾਂ ਮਾਰਨ ਲੱਗ ਪਏ। ਏਨੇ ਕੁੱਦੇ-ਉੱਛਲੇ, ਉਲਟੇ-ਪਲਟੇ, ਹੱਸੇ-ਗਾਏ ਕਿ ਮੀਂਹ ਜ਼ਰਾ ਦੇਰ ਲਈ ਰੁਕ ਗਿਆ। ਉਹ ਘਾਹ ਵਿਚ ਲਿਟ-ਲਿਟ ਪਿੰਡਾ ਸੁਕਾਉਣ ਲੱਗੇ। ਇਕ ਪਾਸਾ ਸੁੱਕਿਆ ਨਹੀਂ ਸੀ ਕਿ ਮੀਂਹ ਫੇਰ ਸ਼ੁਰੂ…।
ਸ਼ੁਕਰ ਕੀਤਾ, ਭਗਭਾਨ ਦਾ ਮੈਂ---ਇਸ ਲਈ ਨਹੀਂ ਕਿ ਨੰਗੇ ਬੱਚਿਆਂ ਨੂੰ, ਠਾਰੀ ਵਿਚ ਭਿੱਜਦਿਆਂ ਦੇਖ ਕੇ, ਪਰਾਈ-ਪੀੜ ਦਾ ਸੁਖ ਭੋਗਣਾ ਚਾਹੁੰਦੀ ਸਾਂ; ਏਡਾ ਤੇਂਦੁਆ ਨਹੀਂ ਸੀ ਮੈਂ। ਪਰ ਮੀਂਹ ਰੁਕ ਜਾਂਦਾ ਤਾਂ ਕਾਲੋਨੀ ਦੇ ਰੁਤਬਾ-ਬਰਦਾਰ-ਜੀਵ, ਧੜਾਧੜ ਪਾਰਕ ਵਿਚ ਆ ਵੜਦੇ। ਨੰਗ-ਮਲੰਗ ਬੱਚਿਆਂ ਨੂੰ ਬਾਹਰ ਕੱਢਣ ਲਈ ਫਿਟਕਾਰਾਂ ਦੀ ਝੜੀ ਲਾ ਦੇਂਦੇ। ਜਾਂ ਉਹਨਾਂ ਨੂੰ ਦੇਖ ਕੇ, ਫਿਟਕਾਰਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ, ਬੁੱਚੇ ਖ਼ੁਦ ਨੱਸ ਜਾਂਦੇ।
ਮੇਰੇ ਅੰਦਰ ਗੁੱਸਾ ਫ਼ਨ ਮਾਰਨ ਲੱਗਿਆ। ਛੋਟੇ-ਵੱਡੇ ਦੇ ਪਾੜੇ 'ਤੇ ਆਉਣ ਵਾਲਾ ਗੁੱਸਾ। ਬੇਚੈਨੀ ਵਧਾਉਣ ਵਾਲਾ; ਬੇਵੱਸ ਗੁੱਸਾ। ਉਹਨਾਂ ਬੱਚਿਆਂ ਦੇ ਚਿਹਰੇ, ਜੁੱਸੇ ਉਪਰ, ਉਹਨਾਂ ਦੀ ਮਾਲੀ ਹਾਲਤ, ਮਾਂ-ਬਾਪ ਦੀ ਆਮਦਨੀ, ਸਮਾਜ ਵਿਚ ਉਹਨਾਂ ਦੀ ਜਗ੍ਹਾ ਤੇ ਮੰਦਹਾਲੀ ਸਭੋ ਕੁਝ ਉੱਕਰਿਆ ਹੋਇਆ ਸੀ। ਫਿਲਹਾਲ ਮੇਰਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਸੀ। ਹਾਲੇ ਤਾਂ ਮੈਂ, ਝਾੜੀ ਪਿੱਛੇ ਤੇਂਦੂਏ ਵਾਂਗ ਛੁਪੀ, ਉਂਗਦੇ ਦਿਮਾਗ ਨਾਲ ਕਾਏਨਾਤ ਭੋਗ ਰਹੀ, ਇਕ ਇਨਸਾਨ ਸੀ ਸਿਰਫ। ਇਕੱਲੀ। ਰੁਤਬਿਆਂ-ਅਹੁਦਿਆਂ ਵਾਲੇ ਆ ਜਾਂਦੇ ਤਾਂ ਮੈਂ ਸਮਾਜ ਬਣ ਜਾਂਦੀ। ਸੌਂਦੇ ਦਿਮਾਗ ਨੂੰ, ਨਾਇਨਸਾਫੀ ਦਾ ਅਹਿਸਾਸ, ਜਗਾਅ ਦੇਂਦਾ ਤੇ ਮੈਂ ਤਪ ਜਾਂਦੀ, ਬਹਿਸ ਕਰਦੀ; ਹਾਰਦੀ ਭਾਵੇਂ ਜਿੱਤਦੀ, ਹਰ ਹੀਲੇ, ਛੋਟੀ ਸਮਝੀ ਜਾਂਦੀ। ਸੁਕੂਨ (ਮਨ ਦੀ ਸ਼ਾਂਤੀ) ਉੱਤੇ ਲਾਚਾਰੀ ਭਾਰੂ ਹੋ ਜਾਂਦੀ।
ਅਜੇ ਪਾਰਕ ਵਿਚ, ਇਹਨਾਂ ਤਿੰਨਾ ਬੱਚਿਆਂ ਦੇ ਸਿਵਾਏ ਮੈਂ ਹੀ ਸਾਂ। ਉਹਨਾਂ ਲਈ ਮੈਂ ਵੀ ਨਹੀਂ ਸਾਂ। ਉਹ ਮੈਨੂੰ ਦੇਖ ਨਹੀਂ ਸੀ ਸਕਦੇ। ਮੈਂ ਝਾੜੀ ਪਿੱਛੇ, ਮੁੜੀ-ਤੁੜੀ,ਪੂਰੀ ਤਰ੍ਹਾਂ ਛਿਪੀ ਬੈਠੀ ਸਾਂ। ਉਹਨਾਂ ਭਾਣੇ ਸਿਰਫ ਉਹ ਤਿੰਨੇ ਸਨ ਤੇ ਮੀਂਹ ਦੀ ਕਿਚਰ-ਮਿਚਰ ਸੀ; ਕਦੀ ਤੇਜ਼, ਕਦੀ ਹੌਲੀ। ਹੁਣ ਤਕ ਘਾਹ ਪੂਰੀ ਤਰ੍ਹਾਂ ਭਿੱਜ ਚੱਕਿਆ ਸੀ। ਪਾਣੀ ਨਾਲ ਖੇਡ ਲੈਣ ਪਿੱਛੋਂ ਉਹ ਕਿਆਰੀਆਂ ਦੀ ਮਿੱਟੀ ਵਿਚ ਲੇਟੇ ਲਾ ਰਹੇ ਸਨ---ਕਾਟੋਆਂ ਵਾਂਗ। ਪਿੰਡਿਆਂ ਉੱਤੇ ਮਿੱਟੀ ਦਾ ਲੋਪ ਹੋ ਰਿਹਾ ਸੀ। ਪਰ ਕਿਆਰੀਆਂ ਵਿਚ ਬੂਟੇ ਸਨ। ਖਾਸੀਆਂ ਫੁੱਲ-ਪੱਤੀਆਂ ਉਹਨਾਂ ਦੇ 'ਮਿੱਟੀ-ਨਹਾਉਣ' ਨਾਲ, ਟੁੱਟ-ਟੂੱਟ ਖਿੱਲਰ ਰਹੀਆਂ ਸਨ। ਮਿੱਟੀ ਦੇ ਗ਼ਿਲਾਫ਼ ਉਪਰ ਨਗੀਨੇ ਜੜ ਰਹੀਆਂ ਸਨ।
ਮੇਰਾ ਡਰ ਵਧ ਰਿਹਾ ਸੀ। ਇਸ ਵੇਲੇ ਕੋਈ ਆ ਗਿਆ ਤਾਂ ਟੁੱਟੇ-ਬੂਟਿਆਂ ਦੀ ਹਮਦਰਦੀ ਵਿਚ ਨਿਰੋਲ ਬੇਦਰਦ ਬਣ ਜਾਏਗਾ। ਸ਼ੁਕਰ ਹੈ, ਮੀਂਹ ਦੀ ਰਿਫ਼ਤਾਰ ਵਧ ਰਹੀ ਹੈ। ਮੈਂ ਸਰਕਦੀ ਹੋਈ, ਝਾੜੀ-ਦਰ-ਝਾੜੀ, ਇਕ ਵੱਡੇ ਰੁੱਖ ਹੇਠ ਪਹੁੰਚ ਗਈ ਸਾਂ। ਮੌਲਸ਼੍ਰੀ ਦਾ ਰੁੱਖ ਸੀ। ਬਾਰਿਸ਼ ਨੇ ਫੁੱਲਾਂ ਦੀ ਖੁਸ਼ਬੂ ਖੋਹ ਕੇ ਹੇਠਾਂ ਖਿਲਾਰ ਦਿਤੀ ਸੀ। ਫੁੱਲ ਸੁੱਕ ਚੁੱਕੇ ਸੀ, ਪਰ ਕੁਝ ਸਨ ਜਿਹੜੇ ਜਬਰੀ ਟਾਹਣੀਆਂ ਨਾਲ ਜੁੜੇ ਹੋਏ ਸਨ। ਹੁਣ ਬਾਰਿਸ਼ ਦੇ ਤਕੜੇ ਛੜਾਕੇ ਨੇ ਧਾਵਾ ਬੋਲ ਦਿਤਾ ਸੀ। ਪਰ ਕਿੰਨੀ ਖੁਸ਼ਦਿਲੀ ਨਾਲ ਕਿ ਪੂਰਾ ਨਜ਼ਾਰਾ ਖੁਸ਼ਬੂਦਾਰ ਹੋ ਗਿਆ ਸੀ। ਫੇਰ ਵੀ ਰੁੱਖ ਦਾ ਸਹਾਰਾ ਤੇ ਝਾੜੀਆਂ ਦੀ ਓਟ, ਦੋਵੇਂ, ਮੇਰੀਆਂ ਬੁੱਢੀਆਂ ਹੱਡੀਆਂ ਨੂੰ ਵਾਛੜ ਤੇ ਠੰਡ ਦੀ ਮਾਰ ਤੋਂ ਬਚਾਉਣ ਲਈ ਕਾਫੀ ਨਹੀਂ ਸਨ। ਯਕੀਨਨ ਮੇਰੀਆਂ ਬੁੱਢੀਆਂ ਹੱਡੀਆਂ ਘਰ ਚਲੇ ਜਾਣਾ ਲੋਚਦੀਆਂ ਸਨ।
ਪਰ ਜਦ ਤਕ ਮਨ ਇਜਾਜ਼ਤ ਨਾ ਦਵੇ, ਉਹ ਹਿੱਲਣ-ਡੋਲਣ ਕਿਵੇਂ? ਤੇ ਮਨ ਸੀ ਕਿ ਜਵਾਨ ਤੋਂ ਬੱਚਾ ਹੁੰਦਾ ਜਾ ਰਿਹਾ ਸੀ। ਹੁਕਮ ਦੇਣ ਦੇ ਨਾਕਾਬਿਲ ਤੇ ਬਾਲ-ਹਠ ਕਰਨ ਦਾ ਮਾਹਿਰ।
'ਨਹੀਂ ਜਾਣਾ, ਮੈਂ ਨਹੀਂ ਜਾਣਾ,
ਪਾਰਕ ਛੱਡ ਕੇ ਨਹੀਂ ਜਾਣਾ।'
ਮੇਰਾ ਮਨ ਗਾ ਰਿਹਾ ਸੀ। ਬੱਚੇ ਗਾ ਰਹੇ ਸਨ। ਬੁੱਢੀਆਂ ਹੱਡੀਆਂ ਕੋਲ ਆਵਾਜ਼ ਨਹੀਂ ਸੀ ਰਹੀ। ਜਵਾਨ ਮਨ ਨੂੰ ਤਾੜ-ਝਿੜਕ ਨਹੀਂ ਸੀ ਸਕਦੀਆਂ। ਬਸ ਕੰਬਦੀ ਖੱਲ ਦੀ ਲੈ ਨਾਲ ਵੱਜੀ ਜਾ ਰਹੀਆਂ ਸਨ। ਸੁੱਕੇ ਪੱਤਿਆਂ ਤੇ ਖੜਤਾਲ ਵਾਂਗਰ।
ਮੇਰੀਆਂ ਹੱਡੀਆਂ ਨੂੰ ਛੱਡ ਕੇ ਸਭ ਕੁਝ ਗੱੜੂਚ ਹੋ ਚੁੱਕਿਆ ਸੀ। ਤਰੋਤਰ। ਰਸੇ ਵਾਂਗਰ ਚੋਂਦਾ-ਚੋਂਦਾ। ਪੱਤੀ-ਪੱਤੀ, ਬੂਟਾ-ਬੂਟਾ ਭਿੱਜਿਆ ਹੋਇਆ ਸੀ, ਜਵਾਨ ਮਨ ਵਾਂਗਰ ਹੀ।
ਬੱਚੇ ਗਾ ਰਹੇ ਸਨ, ਉੱਚੀ-ਉੱਚੀ। ਜਿਵੇਂ ਜਵਾਨ ਹੋ ਰਹੇ ਹੋਣ। ਮੇਰਾ ਮਨ ਵੀ ਗਾ ਰਿਹਾ ਸੀ। ਮੇਰੀ ਉਮਰ ਘਟ ਰਹੀ ਸੀ। ਬੱਚਿਆਂ ਦੀ ਵਧ ਰਹੀ ਸੀ। ਆਸੀਂ ਸਾਰੇ ਜਵਾਨ ਹੋ ਰਹੇ ਸਾਂ।
ਮੈਂ ਦੇਖਿਆ, ਉਹ ਜਵਾਨ ਹੋ ਗਏ। ਇਕ ਤ੍ਰਿਕੋਣ ਬਣੀ। ਇਕ ਕੁੜੀ, ਦੋ ਮੁੰਡੇ। ਕੁੜੀ ਨੂੰ ਇਕ ਮੁੰਡੇ ਨਾਲ ਪਿਆਰ ਹੋਇਆ, ਦੂਜੇ ਨਾਲ ਨਹੀਂ। ਖੁਸ਼ੀਆਂ ਖਿੱਲਾਰਦੀ ਹੈਰਾਨੀ ਸੀ ਕਿ ਏਨੇ ਬਦਹਾਲੇ, ਅਸਭਿਅ ਬੱਚੇ ਵੀ ਜਵਾਨ ਹੋ ਕੇ ਪਿਆਰ ਕਰ ਸਕਦੇ ਸੀ! ਕਰ ਰਹੇ ਸੀ! ਕਰਦੇ ਨੇ!
ਮੈਂ ਦੇਖਿਆ, ਕੁੜੀ ਇਕ ਮੁੰਡੇ ਨਾਲ ਪਿਆਰ ਕਰ ਰਹੀ ਹੈ। ਦੂਜਾ ਪਤੰਗ ਉਡਾਅ ਰਿਹਾ ਹੈ। ਮੀਂਹ ਵਿਚ ਭਿੱਜਦਾ-ਭਿੱਜਦਾ ਵੱਡਾ ਹੋ ਰਿਹਾ ਹੈ। ਗਰਮੀ-ਸਰਦੀ ਵਿਚ ਬੋਝ ਢੋਅ ਰਿਹਾ ਹੈ। ਰੋਜੀ-ਰੋਟੀ ਕਮਾਅ ਰਿਹਾ ਹੈ। ਕੁੜੀ ਵੀ ਢੋਅ ਰਹੀ ਹੈ। ਪਹਿਲਾ ਮੁੰਡਾ ਵੀ। ਪਰ ਕੁੜੀ ਪਹਿਲੇ ਨੂੰ ਹੀ ਪਿਆਰ ਕਰ ਰਹੀ ਹੈ। ਦੂਜਾ ਆਪਣੇ ਵਿਚ ਮਗਨ ਹੈ, ਆਪਣੀ ਰੋਟੀ ਕਮਾਉਣ, ਮੇਰੀ ਬਸਤੀ ਵਿਚ ਆ ਗਿਆ ਹੈ। ਬਾਕੀ ਦੋਵੇਂ ਦੂਜੀ ਬਸਤੀ ਵਿਚ ਨੇ। ਉਹ ਹਨ, ਮੈਂ ਹਾਂ। ਸਾਡੀ ਉਮਰ ਹੁਣ ਬਰਾ-ਬਰਾਬਰ ਹੈ।
ਇਕ ਜਵਾਨ ਮੁੰਡੇ ਨਾਲ ਉਸ ਕੁੜੀ ਨੂੰ ਪਿਆਰ ਹੋਇਆ, ਦੂਜੇ ਨਾਲ ਮੈਨੂੰ। ਹੋਰ…ਹੋਰ ਕੀ? ਹੋਰ ਕੁਛ ਨਹੀਂ। ਪਿਆਰ ਵਿਚ ਹੋਰ ਨਹੀਂ ਜੋੜਨਾ ਚਾਹੀਦਾ। ਸ਼ਬਦ ਜੁੜਦਿਆਂ ਹੀ ਪਿਆਰ ਲੜਖੜਾ ਜਾਂਦਾ ਹੈ। ਹੋਰ ਵਿਆਹ, ਹੋਰ ਘਰ, ਹੋਰ ਸੰਗੀ-ਸਾਥੀ ਤੇ ਹੋਰ ਸਾਂਝੇਦਾਰੀਆਂ-ਹਮਦਰਦ, ਹਮਨਿਵਾਲਾ, ਹਮਸਫ਼ਰ। ਖਾਣਾ, ਸੌਣਾ, ਰਹਿਣਾ, ਭੁੱਖ-ਪਿਆਸ, ਅੰਗ-ਸੰਗ। ਹੋਰ ਦੇ ਨਾਲ ਇਕ ਉਮੰਗ, ਇਕ ਉਮੀਦ, ਇਕ ਚਾਹਤ ਕਿ ਉਹ ਸਾਥੋਂ ਵਧ ਸਾਨੂੰ ਚਾਹੇ। ਉਹ, ਉਹ ਕਰੇ ਜੋ ਖ਼ੁਦ ਆਪਣੇ ਲਈ ਨਾ ਕਰ ਸਕੇ। ਸੋਚਦੇ ਨੇ, ਉਸ ਲਈ ਕਰਦੇ ਹਾਂ, ਪਰ ਕਰਦੇ ਨਹੀਂ।
ਸਾਨੂੰ ਆਪਣਾ ਪਿਆਰ ਮਿਲ ਗਿਆ। ਬਸ, ਬਥੇਰਾ ਹੈ। ਮੈਂ ਸਾਥੀ ਨਹੀਂ ਕਿਹਾ। ਪਿਆਰ। ਪੂਰਨ ਵਿਰਾਮ ਯਾਨੀ ਡੰਡੀ। ਹੋੜਾ, ਕਨੌੜਾ ਨਹੀਂ; ਈਰਖਾ, ਸਾੜਾ ਨਹੀਂ; ਤੂੰ, ਤਰਾਂ ਨਹੀਂ। ਇਕ ਭਾਵ। ਉਮੰਗ। ਖੇੜਾ। ਇਕ ਯਾਦ? ਮੈਂ ਫੇਰ ਬੁੱਢੀ ਹੋ ਰਹੀ ਸਾਂ? ਹਾਂ। ਜ਼ਰੂਰ।
ਤੇ ਮੀਂਹ ਰੁਕ ਗਿਆ।
ਆਓ ਬੱਚਿਓ, ਘਰ ਆਓ। ਕਾਫੀ ਜਵਾਨ ਹੋ ਲਏ। ਮੇਰੀਆਂ ਬੁੱਢੀਆਂ ਹੱਡੀਆਂ ਦੀ ਫਿਕਰ ਕਰੋ। ਮੇਰੀ ਖੱਲ ਤਕ ਨਹੀਂ ਕੰਬ ਰਹੀ---ਐਨੀ ਠਰ ਗਈ ਹਾਂ ਮੈਂ। ਹੁਣ ਮੇਰੀ ਦੇਹ ਨੂੰ ਘਰ ਜਾਣਾ ਹੀ ਪਏਗਾ। ਮਨ ਆਪਣੀ ਜ਼ਿੱਦ ਉੱਤੇ ਅੜਿਆ ਰਿਹਾ ਤਾਂ ਉਹ ਪ੍ਰਾਣ ਤਿਆਗ ਸਕਦੀ ਹੈ। ਏਨੀ ਵੀ ਮਨ ਦੀ ਗ਼ੁਲਾਮ ਨਹੀਂ।
ਪਰ ਜਾਵਾਂ ਤਾਂ ਕਿਸ ਤਰ੍ਹਾਂ? ਮੈਂ ਚਲੀ ਗਈ, ਇਹ ਇੱਥੇ ਰਹੇ ਤਾਂ ਸਾਊ ਗੁਆਂਢੀਆਂ ਦੇ ਆਉਣ 'ਤੇ ਉਹਨਾਂ ਨਾਲ ਲੜੇਗਾ ਕੌਣ? ਲੜਨ ਵਿਚ ਅਮੀਰ ਤੋਂ ਅਮੀਰ ਗੁਆਂਢੀ ਨੂੰ ਹਿੜਕ ਸਕਦੀ ਹਾਂ, ਜਾਣਦੀ ਸਾਂ। ਪਰ ਉਸ ਲਈ ਜ਼ਰੂਰੀ ਸੀ ਕਿ ਗਲੇ ਵਿਚੋਂ ਸਾਫ, ਕਰਾਰੀ ਆਵਾਜ਼ ਕੱਢ ਸਕਾਂ। ਹੱਥਾਂ-ਪੈਰਾਂ ਨੂੰ ਉਗਾਸ-ਉਲਾਰ ਸਕਾਂ। ਝਾੜੀਆਂ ਪਿੱਛੇ ਸ਼ਹਿ ਕੇ ਬੈਠੀ ਦਾ ਸਰੀਰ ਏਨਾ ਜੁੜ ਗਿਆ ਸੀ ਕਿ ਉਸਨੂੰ ਹਿਲਾਉਣਾ, ਉਠਾਉਣਾ, ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਸ ਤੋਂ ਕੋਈ ਹੋਰ ਕੰਮ ਲਿਆ ਜਾ ਸਕੇ, ਉਸਨੂੰ ਜ਼ਮੀਨ ਤੋਂ ਉਠਾਲ ਕੇ ਖੜ੍ਹਾ ਕੀਤਾ ਜਾਵੇ।
ਮੈਂ ਖੜ੍ਹੀ ਹੋਈ। ਇਕ ਠਰੀ, ਸੁੰਗੜੀ, ਖੁੱਥੜ-ਜਿਹੀ ਕਾਇਆ ਵਾਲੀ ਬੁੱਢੀ। ਮੀਂਹ ਨਾਲ ਭਿੱਜੀ ਸਾੜ੍ਹੀ, ਸਰੀਰ ਨਾਲ ਇਸ ਤਰ੍ਹਾਂ ਚਿਪਕੀ ਹੋਈ ਸੀ ਕਿ ਉਸਨੂੰ ਲਗਭਗ ਨੰਗਾ ਕਰ ਰਹੀ ਸੀ। ਪਰ ਸੀ ਤਾਂ ਸੀ। ਸਾੜ੍ਹੀ, ਬਲਾਉਜ਼, ਪੇਟੀਕੋਟ---ਇਕ ਨਹੀਂ, ਅਨੇਕ ਕਪੜੇ ਸਨ। ਗਿੱਲੇ, ਲਿਪਟੇ, ਪਾਰ-ਦਰਸ਼ੀ---ਪਰ ਸਨ। ਲਗਭਗ ਤੇ ਅਲਫ਼ ਨੰਗੇ ਹੋਣ ਵਿਚ ਫਰਕ ਹੈ।
ਬੱਚੇ ਉਛਾਲ ਦੌਰਾਨ ਇੰਜ ਅਟਕ ਗਏ ਜਿਵੇਂ ਬੁੱਤਾਂ ਵਿਚ ਤਬਦੀਲ ਹੋ ਗਏ ਹੋਣ। ਮੇਰੇ ਵਲ ਇੰਜ ਤੱਕਿਆ, ਜਿਵੇਂ ਝਾੜੀ ਵਿਚੋਂ ਕੋਈ ਖ਼ੂੰਖ਼ਾਰ ਤੇਂਦੂਆ ਜਾਂ ਚੀਤਾ ਨਿਕਲ ਆਇਆ ਹੋਵੇ। ਮੇਰਾ ਆਕੜਿਆ, ਠਰਿਆ, ਝੁਕਿਆ ਸਰੀਰ, ਉਹਨਾਂ ਨੂੰ ਘਾਤ ਲਾਈ ਸ਼ਿਕਾਰ ਉੱਤੇ ਝਪਟਣ ਵਾਲਾ ਕੋਈ ਚੌਪਾਇਆ ਲੱਗਿਆ।
ਉਹ ਨੱਸ ਗਏ। ਚਾਣਚੱਕ। ਹੁਣੇ ਉਹ ਸਾਹਮਣੇ ਸਨ ਤੇ ਹੁਣੇ ਅੱਖਾਂ ਤੋਂ ਪਰ੍ਹੇ।

ਕੱਛੂ ਤੇ ਖ਼ਰਗੋਸ਼ : ਰਮੇਸ਼ ਉਪਾਧਿਆਏ

ਹਿੰਦੀ ਵਿਅੰਗਮਈ ਕਹਾਣੀ : ਕੱਛੂ ਤੇ ਖ਼ਰਗੋਸ਼ ::ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਅਨੁਵਾਦ ਅ.ਪੰ.ਮੀਰਜ਼ਾਦਾ : ਅੰਕ : 4.---ਅਕਤੂਬਰ-ਦਸੰਬਰ 2008. ਵਿਚ ਛਪੀ।
ਕੱਛੂਆਂ ਨੂੰ ਉਹ ਕਹਾਣੀ ਬੜੀ ਪਸੰਦ ਸੀ ਜਿਸ ਵਿਚ ਉਹਨਾਂ ਦਾ ਇਕ ਵਡੇਰਾ, ਖ਼ਰਗੋਸ਼ ਨਾਲ ਦੌੜ ਵਿਚ ਜਿੱਤ ਗਿਆ ਸੀ। ਉਸਨੇ ਆਪਣੀ ਧੀਮੀ ਚਾਲ ਦੇ ਬਾਵਜੂਦ ਤੇਜ਼ੀ ਨਾਲ ਦੌੜਨ ਵਾਲੇ ਖ਼ਰਗੋਸ਼ ਨੂੰ ਹਰਾ ਦਿੱਤਾ ਸੀ। ਕੱਛੂ ਬੜੇ ਮਾਣ ਨਾਲ ਇਹ ਕਹਾਣੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਸਨ---"ਸੁਣੋ ਬੱਚਿਓ, ਕਿਸੇ ਜ਼ਮਾਨੇ ਵਿਚ ਇਕ ਕੱਛੂ ਸੀ। ਸਾਡੇ ਵਰਗਾ ਹੀ ਧੀਰ, ਗੰਭੀਰ, ਧੀਮੀ ਚਾਲ ਨਾਲ ਚੱਲਣ ਵਾਲਾ, ਨਿਯਮ ਅਨੁਸਾਰ ਕੰਮ ਕਰਨ ਵਾਲਾ, ਖ਼ਤਰਾ ਤਾੜਦਿਆਂ ਹੀ ਖੋਪੜੀ ਤੇ ਹੱਥ ਪੈਰ ਸਮੇਟ ਕੇ ਆਪਣੇ ਮਜ਼ਬੂਤ ਖੋਲ ਵਿਚ ਬੰਦ ਹੋ ਜਾਣ ਵਾਲਾ ਪਰ ਕਿਤੇ ਪਹੁੰਚਣ ਦੀ ਠਾਣ ਲਏ ਤਾਂ ਬਿਨਾਂ ਰੁਕੇ, ਬਿਨਾਂ ਥੱਕੇ ਆਪਣੀ ਮੰਜ਼ਿਲ ਵਲ ਵਧਦਾ ਹੋਇਆ ਲਗਾਤਾਰ ਅੱਗੇ ਈ ਅੱਗੇ ਵਧਦਾ ਜਾਣ ਵਾਲਾ।…ਤੇ ਉਸੇ ਜ਼ਮਾਨੇ ਵਿਚ ਇਕ ਖ਼ਰਗੋਸ਼ ਸੀ; ਖ਼ਰਗੋਸ਼ਾਂ ਵਾਂਗੂੰ ਚੰਚਲ ਸੁਭਾਅ, ਤੇਜ਼ ਦੌੜਨ ਵਾਲਾ, ਕਿਸੇ ਨਿਯਮ ਕਾਇਦੇ ਦੀ ਪ੍ਰਵਾਹ ਨਾ ਕਰਨ ਵਾਲਾ। ਥੋੜ੍ਹਾ ਆਲਸੀ, ਥੋੜ੍ਹਾ ਚਤੁਰ ਚਲਾਕ ਪਰ ਹੱਦ ਦਰਜੇ ਦਾ ਘੁਮੰਡੀ। ਉਸਨੂੰ ਆਪਣੀ ਤੇਜ਼ ਦੌੜਨ ਦੀ ਸ਼ਕਤੀ ਉੱਤੇ ਬੜਾ ਘੁਮੰਡ ਸੀ। ਸੋ ਧੀਮੀ ਚਾਲ ਚੱਲਣ ਵਾਲੇ ਕੱਛੂਆਂ ਦਾ ਮਖ਼ੌਲ ਉਡਾਉਂਦਾ ਹੁੰਦਾ ਸੀ ਉਹ।
ਇਕ ਦਿਨ ਉਸਨੇ ਸਾਡੇ ਉਸ ਵਡੇਰੇ ਕੱਛੂ ਦਾ ਮਜ਼ਾਕ ਉਡਾਂਦਿਆਂ ਕਿਹਾ, "ਮੇਰੇ ਨਾਲ ਦੌੜ ਲਾਵੇਂਗਾ?" ਕੱਛੂ ਨੇ ਖ਼ਰਗੋਸ਼ ਦੇ ਮੰਦੇ ਗੁਣਾ ਨੂੰ ਧਿਆਨ ਵਿਚ ਰੱਖਦਿਆਂ ਕਿਹਾ, "ਬੋਲ ਕਿੱਥੋਂ ਤੀਕ ਦੌੜਨਾ ਈ?"
"ਓਇ, ਕੋਈ ਬਹੁਤੀ ਦੂਰ ਤੱਕਰ ਨਹੀਂ, ਔਹ ਸਾਹਮਣੇ ਜਿਹੜਾ ਵੱਡਾ ਬੋਹੜ ਦਾ ਰੁੱਖ ਏ ਨਾ, ਉਹੀ ਸਾਡੀ ਹੱਦ ਹੋਏਗੀ। ਦੇਖਦੇ ਹਾਂ, ਕਿਹੜਾ ਪਹਿਲਾਂ ਪਹੁੰਚਦਾ ਏ?"
ਕੱਛੂ ਨੇ ਕੁਝ ਸੋਚ ਕੇ ਕਿਹਾ, "ਚੱਲ ਠੀਕ ਏ। ਕਿੱਥੋਂ ਸ਼ੁਰੂ ਕਰੀਏ?"
ਖ਼ਰਗੋਸ਼ ਨੇ ਜ਼ਮੀਨ ਉੱਤੇ ਇਕ ਲਕੀਰ ਖਿੱਚੀ ਤੇ ਬੋਲਿਆ, "ਆ, ਏਥੋਂ ਸ਼ੁਰੂ ਕਰਦੇ ਆਂ।" ਦੋਵੇਂ ਉਸ ਲਕੀਰ ਉੱਤੇ ਖੜ੍ਹੇ ਹੋ ਗਏ ਤੇ ਇਕੱਠੇ ਬੋਲੇ, "ਇਕ…ਦੋ…ਤਿੰਨ…।" ਤਿੰਨ ਬੋਲਦਿਆਂ ਹੀ ਖ਼ਰਗੋਸ਼ ਦੌੜ ਪਿਆ ਤੇ ਜਦ ਤਕ ਕੱਛੂ ਦੋ-ਚਾਰ ਕਦਮ ਚੱਲਦਾ, ਉਹ ਲਗਭਗ ਅੱਧੀ ਦੂਰੀ ਪਾਰ ਕਰ ਗਿਆ। ਉਸਨੇ ਮੁੜ ਕੇ ਪਿੱਛੇ ਦੇਖਿਆ ਕਿ ਕੱਛੂ ਕਾਫੀ ਪਿੱਛੇ ਰਹਿ ਗਿਆ ਹੈ। ਉਸਨੇ ਸੋਚਿਆ ਕਿ 'ਏਨੀ ਮੱਠੀ ਚਾਲ ਨਾਲ ਤਾਂ ਕੱਛੂ ਇੱਥੇ ਦੁਪਹਿਰ ਤਕ ਨਹੀਂ ਪਹੁੰਚ ਸਕਦਾ, ਤਦ ਤੀਕ ਕਿਉਂ ਨਾ ਮੈਂ ਕੁਝ ਖਾ-ਪੀ ਕੇ, ਇੱਥੇ ਹਰੀ ਘਾਹ ਉੱਤੇ, ਸੁਨਹਿਰੀ ਧੁੱਪ ਵਿਚ ਲੇਟ ਕੇ ਕੁਝ ਆਰਾਮ ਈ ਕਰ ਲਵਾਂ? ਜਦ ਕੱਛੂ ਇੱਥੇ ਤੀਕ ਪਹੁੰਚੇਗਾ, ਮੈਂ ਫੇਰ ਦੌੜਨਾ ਸ਼ੁਰੂ ਕਰ ਦਿਆਂਗਾ ਤੇ ਇਕੋ ਹੱਲੇ ਵਿਚ ਨਿਸ਼ਾਨੇ 'ਤੇ ਪਹੁੰਚ ਕੇ ਜਿੱਤ ਜਾਵਾਂਗਾ'। ਪਰ ਹੋਇਆ ਇੰਜ ਕਿ ਖ਼ਰਗੋਸ਼ ਉੱਥੇ ਲੇਟਦਿਆਂ ਹੀ ਆਲਸ ਵੱਸ ਸੌਂ ਗਿਆ। ਉਹ ਵੀ ਏਨੀ ਗੂੜ੍ਹੀ ਨੀਂਦ ਤੇ ਏਨੀ ਦੇਰ ਤੀਕ ਕਿ ਸੁਸਤ ਤੋਰ ਤੁਰਨ ਵਾਲਾ ਕੱਛੂ ਉਸਦੇ ਬਰਾਬਰ ਆ ਗਿਆ। ਉਸਨੇ ਦੇਖਿਆ, ਖ਼ਰਗੋਸ਼ ਸੁੱਤਾ ਹੋਇਆ ਹੈ ਤਾਂ ਉਹ ਮੁਸਕਰਾਇਆ ਤੇ ਉੱਥੇ ਰੁਕੇ ਬਿਨਾਂ ਅੱਗੇ ਵਧ ਗਿਆ। ਇੰਜ ਖ਼ਰਗੋਸ਼ ਸੁੱਤਾ ਹੀ ਰਹਿ ਗਿਆ ਤੇ ਕੱਛੂ ਬੜੇ ਆਰਾਮ ਨਾਲ ਬੋਹੜ ਦੇ ਵੱਡੇ ਰੁੱਖ ਤੀਕ ਉਸ ਤੋਂ ਪਹਿਲਾਂ ਪਹੁੰਚ ਕੇ ਦੌੜ ਜਿੱਤ ਗਿਆ।"
ਕੱਛੂ ਇਹ ਕਹਾਣੀ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਆ ਰਹੇ ਸਨ ਪਰ ਹੁਣ ਸਮਾਂ ਬਦਲ ਗਿਆ ਸੀ। ਬੱਚੇ ਹੁਣ ਪਹਿਲਾਂ ਵਰਗੇ ਬੱਚੇ ਨਹੀਂ ਸੀ ਰਹੇ ਕਿ ਉਹਨਾਂ ਨੂੰ ਕੁਝ ਵੀ ਸੁਣਾ ਦਿਓ ਤੇ ਉਹ ਉਸ ਉੱਤੇ ਵਿਸ਼ਵਾਸ ਕਰ ਲੈਣਗੇ। ਹੁਣ ਤਾਂ ਬੱਚੇ ਪੈਦਾ ਹੁੰਦੇ ਹੀ ਮਾਂ-ਪਿਓ ਨੂੰ ਪੁੱਛਣ ਲੱਗ ਪੈਂਦੇ ਨੇ, "ਸਾਡੀ ਮਰਜ਼ੀ ਤੋਂ ਬਿਨਾਂ ਤੁਸੀਂ ਸਾਨੂੰ ਦੁਨੀਆਂ ਵਿਚ ਲਿਆਉਣ ਵਾਲੇ ਕੌਣ ਓ?" ਸੋ ਕੱਛੂ ਤੇ ਖ਼ਰਗੋਸ਼ ਵਾਲੀ ਇਹ ਕਹਾਣੀ ਸੁਣ ਕੇ ਉਹ ਸੁਣਾਉਣ ਵਾਲੇ ਨਾਲ ਬਹਿਸ ਕਰਨ ਲਗਦੇ। ਕਹਿੰਦੇ, "ਕੈਸੀ ਊਲ-ਜਲੂਲ ਕਹਾਣੀ ਏ। ਦੌੜ ਦੇ ਕੁਝ ਨਿਯਮ ਹੁੰਦੇ ਨੇ। ਪਹਿਲੀ ਗੱਲ ਇਹ ਕਿ ਦੌੜ ਬਰਾਬਰ ਦੇ ਪ੍ਰਤੀਯੋਗੀਆਂ ਵਿਚਕਾਰ ਹੋਣੀ ਚਾਹੀਦੀ ਏ, ਜਿਵੇਂ ਕੱਛੂਆਂ ਵਿਚਕਾਰ ਜਾਂ ਖ਼ਰਗੋਸ਼ਾਂ ਵਿਚਕਾਰ। ਕੱਛੂ ਤੇ ਖ਼ਰਗੋਸ਼ ਵਿਚਕਾਰ ਦੌੜ ਕਿੰਜ ਹੋ ਸਕਦੀ ਹੈ!...ਤੇ ਉਸ ਵਿਚ ਮਜ਼ਾ ਵੀ ਕੀ ਆਵੇਗਾ? ਉਸ ਵਿਚ ਤਾਂ ਪਹਿਲਾਂ ਹੀ ਸਭ ਨੂੰ ਪਤਾ ਹੋਵੇਗਾ ਕਿ ਕੱਛੂ ਹਾਰੇਗਾ ਤੇ ਖ਼ਰਗੋਸ਼ ਜਿੱਤੇਗਾ…"
"ਬੱਚਿਓ ਇਹੀ ਤਾਂ ਇਸ ਕਹਾਣੀ ਦੀ ਖੂਬੀ ਏ---ਇਸ ਵਿਚ ਕੱਛੂ ਜਿੱਤਾ ਏ ਤੇ ਖ਼ਰਗੋਸ਼ ਹਾਰਦਾ ਏ।"
"ਪਰ ਬਜ਼ੁਰਗੋ ਇਸ ਕਹਾਣੀ ਵਿਚ ਦੌੜ ਹੋਈ ਹੀ ਕਦੋਂ ਸੀ? ਦੌੜ ਦੇ ਨਾਂਅ ਤੇ ਮਜ਼ਾਕ ਹੋਇਆ ਸੀ ਜਿਹੜਾ ਖ਼ਰਗੋਸ਼ ਨੇ ਕੱਛੂ ਨਾਲ ਕੀਤਾ। ਚੱਲੋ, ਗੱਲ ਕਰਨ ਲਈ ਮੰਨ ਵੀ ਲਈਏ ਕਿ ਦੌੜ ਹੋਈ ਤੇ ਕੱਛੂ ਜਿੱਤਿਆ ਤਾਂ ਸਵਾਲ ਉਠਦਾ ਹੈ ਕਿ ਕੀ ਕੱਛੂ ਆਪਣੀ ਕਿਸੇ ਖੂਬੀ ਕਾਰਨ ਜਿੱਤਿਆ? ਨਹੀਂ। ਉਹ ਜਿੱਤ ਖ਼ਰਗੋਸ਼ ਦੇ ਘੁਮੰਡ, ਲਾਪ੍ਰਵਾਹੀ ਤੇ ਆਰਮ ਪਸੰਦੀ ਕਾਰਨ ਹੋਈ। ਸੋਚੋ, ਕੱਛੂ ਨੇ ਜਿੱਤਣ ਲਈ ਕੀ ਕੀਤਾ? ਕੁਝ ਵੀ ਨਹੀਂ। ਉਹ ਤਾਂ ਬਸ ਆਪਣੀ ਚਾਲੇ ਚਲਦਾ ਰਿਹਾ, ਜੇ ਖ਼ਰਗੋਸ਼ ਰਸਤੇ ਵਿਚ ਰੁਕ ਕੇ ਸੌਂ ਨਾ ਗਿਆ ਹੁੰਦਾ ਤਾਂ ਕੀ ਕੱਛੂ ਉਸ ਤੋਂ ਜਿੱਤ ਜਾਂਦਾ?...ਕਦੀ ਨਹੀਂ।"
"ਬੱਚਿਓ, ਸਮਝਣ ਦੀ ਕੋਸ਼ਿਸ਼ ਕਰੋ। ਇਹ ਕਹਾਣੀ ਤੁਹਾਨੂੰ ਇਹੀ ਸਿੱਖਿਆ ਦੇਣ ਲਈ ਸੁਣਾਈ ਜਾਂਦੀ ਏ ਕਿ ਸਾਨੂੰ ਖ਼ਰਗੋਸ਼ ਵਾਂਗ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪਸੰਦ ਨਹੀਂ ਹੋਣਾ ਚਾਹੀਦਾ। ਖ਼ਰਗੋਸ਼ ਆਪਣੇ ਇਹਨਾਂ ਔਗੁਣਾ ਕਾਰਨ ਉਸ ਦੌੜ ਵਿਚ ਹਾਰਿਆ। ਕੱਛੂ ਵਿਚ ਇਹ ਔਗੁਣ ਨਹੀਂ ਸਨ ਇਸ ਲਈ ਉਹ ਉਸ ਦੌੜ ਵਿਚ ਜਿੱਤਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਘੁੰਮਡ, ਲਾਪ੍ਰਵਾਹੀ ਤੇ ਆਰਾਮ ਪ੍ਰਸਤੀ ਤੋਂ ਬਚ ਕੇ ਤੁਸੀਂ ਬਿਨਾਂ ਥੱਕੇ, ਬਿਨਾਂ ਰੁਕੇ, ਲਗਾਤਾਰ ਤੁਰਦੇ ਰਹੋਗੇ ਤਾਂ ਆਪਣੀ ਧੀਮੀ ਚਾਲ ਦੇ ਬਾਵਜੂਦ ਤੇਜ਼ ਚਾਲ ਵਾਲਿਆਂ ਤੋਂ ਅੱਗੇ ਨਿਕਲ ਜਾਓਗੇ।"
"ਬਜੂਰਗੋ ਤੁਸੀਂ ਜੇ ਕੋਈ ਸਿੱਖਿਆ ਹੀ ਲੈਣੀ ਏ ਤਾਂ ਇਸ ਕਹਾਣੀ ਤੋਂ ਕਿਉਂ ਲੈਦੇ ਓ ਆਪਣੀ ਜ਼ਿੰਦਗੀ ਤੋਂ ਕਿਉਂ ਨਹੀਂ ਲੈਦੇ! ਆਪਣੀ ਜ਼ਿੰਦਗੀ ਵਿਚ ਤੁਸੀਂ ਕਿਸੇ ਕੱਛੂ ਨੂੰ ਖ਼ਰਗੋਸ਼ ਤੋਂ ਅੱਗੇ ਨਿਕਲਦਿਆਂ ਵੇਖਿਆ ਏ? ਖ਼ਰਗੋਸ਼ ਭਾਵੇਂ ਕਿੰਨੇ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪ੍ਰਸਤ ਹੋਣ, ਕੱਛੂਆਂ ਨਾਲੋਂ ਹਮੇਸ਼ਾ ਅੱਗੇ ਈ ਰਹਿੰਦੇ ਨੇ। ਦੂਜੇ ਪਾਸੇ ਕੱਛੂ ਭਾਵੇਂ ਕਿੰਨੇ ਹੀ ਨਿਮਰ, ਸਾਵਧਾਨ ਤੇ ਕਸ਼ਟ ਸਹਿਣ ਵਾਲੇ ਹੋਣ, ਖ਼ਰਗੋਸ਼ ਤੋਂ ਹਮੇਸ਼ਾ ਪਿੱਛੇ ਹੀ ਰਹਿੰਦੇ ਨੇ।"
ਬਜੁਰਗ ਲੋਕ ਬੱਚਿਆਂ ਦੀ ਗੱਲ ਕਦ ਸੁਣਦੇ ਨੇ? ਕੱਛੂ ਵੀ ਨਹੀਂ ਸੁਣਦੇ ਸਨ, ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਸਲ ਵਿਚ ਜੇ ਕੱਛੂਆਂ ਤੇ ਖ਼ਰਗੋਸ਼ਾਂ ਦੀ ਦੌੜ ਹੋਈ ਤਾਂ ਉਸ ਵਿਚ ਖ਼ਰਗੋਸ਼ ਨਹੀਂ ਕੱਛੂ ਹੀ ਹਾਰਨਗੇ…ਫੇਰ ਵੀ ਖ਼ਰਗੋਸ਼ ਉੱਤੇ ਇਕ ਕੱਛੂ ਦੀ ਜਿੱਤ ਦੀ ਉਹ ਕਹਾਣੀ ਉਹਨਾਂ ਨੂੰ ਏਨੀ ਪਸੰਦ ਸੀ ਕਿ ਉਸਨੂੰ ਉਹ ਆਪਣੇ ਬੱਚਿਆਂ ਨੂੰ ਸੁਣਾਉਂਦੇ ਸਨ, ਸਕੂਲਾਂ ਵਿਚ ਪੜ੍ਹਾਉਂਦੇ ਸਨ, ਸੁੰਦਰ-ਸੁੰਦਰ ਤਸਵੀਰਾਂ ਬਣਾ ਕੇ ਪੁਸਤਕਾਂ, ਰਸਾਲਿਆਂ ਤੇ ਅਖ਼ਬਾਰਾਂ ਵਿਚ ਵਾਰੀ-ਵਾਰੀ ਛਾਪਦੇ ਰਹਿੰਦੇ ਸਨ ਤੇ ਉਸਨੂੰ ਨਾਟਕਾਂ, ਫ਼ਿਲਮਾਂ, ਰੇਡੀਓ, ਟੈਲੀਵਿਜ਼ਨ ਦੇ ਪ੍ਰੋਗ੍ਰਾਮਾਂ ਆਦਿ ਦੇ ਵੱਖਰੇ-ਵੱਖਰੇ ਰੂਪ ਵਿਚ ਦਿਨ-ਰਾਤ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦੇ ਰਹਿੰਦੇ ਸਨ।
'ਕੱਛੂ-ਕਵੀਆਂ' ਨੇ ਉਸ ਕਹਾਣੀ ਉੱਤੇ ਸੈਂਕੜੇ ਮਹਾਕਾਵਿ, ਹਜ਼ਾਰਾਂ ਕਾਵਿ-ਪੁਸਤਕਾਂ, ਲੱਖਾਂ ਖੁੱਲ੍ਹੀਆਂ ਕਵਿਤਾਵਾਂ ਰਚੀਆਂ। 'ਕੱਛੂ-ਕਥਾ-ਲੇਖਕਾਂ' ਨੇਉਸ ਕਹਾਣੀ ਉੱਤੇ ਸੈਂਕੜੇ ਨਾਵਲ, ਹਜ਼ਾਰਾਂ ਕਹਾਣੀਆਂ ਤੇ ਲੱਖਾਂ ਮਿੰਨੀ-ਕਹਾਣੀਆਂ ਲਿਖੀਆਂ ਸਨ। 'ਕੱਛੂ-ਨਾਟਕਕਾਰਾਂ' ਨੇ ਉਸ ਕਹਾਣੀ ਉੱਤੇ ਸੈਂਕੜੇ ਨਾਟਕ, ਹਜ਼ਾਰਾਂ ਇਕਾਂਗੀ ਤੇ ਲੱਖਾਂ ਅਪੇਰੇ ਲਿਖ ਕੇ ਖਿਡਵਾਏ ਸਨ। ਉਸ ਕਹਾਣੀ ਉੱਤੇ ਅਣਗਿਣਤ ਫ਼ਿਲਮਾਂ ਬਣ ਚੁੱਕੀਆਂ ਸਨ, ਅਣਗਿਣਤ ਟੀ.ਵੀ. ਸੀਰੀਅਲ ਬਣ ਚੁੱਕੇ ਸਨ। ਇੱਥੋਂ ਤਕ ਕਿ ਸਰਕਾਰੀ ਪ੍ਰਚਾਰ ਵਾਲੇ 'ਸਪਾਟਸ' ਤੇ ਪ੍ਰਾਈਵੇਟ ਕੰਪਨੀਆਂ ਦੇ ਵਪਾਰਕ ਪ੍ਰਚਾਰ ਵਾਲੇ ਵਿਗਿਆਪਨਾਂ ਵਿਚ ਵੀ ਉਸ ਕਹਾਣੀ ਨੂੰ ਵਾਰ-ਵਾਰ ਤੇ ਲਗਾਤਾਰ ਇਸਤੇਮਾਲ ਕੀਤਾ ਗਿਆ ਸੀ ਤੇ ਹੁਣ ਹਾਲਤ ਇਹ ਸੀ ਕਿ 'ਸਲੋ', 'ਵਿਨ' ਤੇ 'ਰੇਸ' ਆਦਿ ਨਾਵਾਂ ਵਾਲੇ ਸੈਂਕੜੇ ਚੈਨਲ ਸੈਟੇਲਾਈਟਜ਼ ਦੀ ਮਦਦ ਨਾਲ ਦਿਨ ਰਾਤ ਉਸ ਕਹਾਣੀ ਨੂੰ ਅੱਡਰੇ-ਵੱਖੇਰੇ ਰੂਪਾਂ ਵਿਚ ਦੁਨੀਆਂ ਭਰ ਦੇ ਕੱਛੂਆਂ ਤਕ ਪਹੁੰਚਾ ਰਹੇ ਸਨ।
ਇੱਧਰ ਇੰਟਰਨੈਟ 'ਤੇ ਵੀ ਇਹ ਕਹਾਣੀ ਵੱਖ-ਵੱਖ ਤਰ੍ਹਾਂ ਦੀ ਚਿੱਤਰ ਸ਼ੈਲੀ ਤੇ ਵਚਿੱਤਰ ਰੂਪਾਂ ਵਿਚ ਹਾਜ਼ਰ-ਨਾਜ਼ਰ ਸੀ। ਆਪਣੀ ਜਾਤੀ ਦੀ ਵਿਜੈ-ਗਾਥਾ ਦੇ ਇੰਜ ਸੌਖਿਆਂ ਉਪਲਬਧ ਹੋ ਜਾਣ ਉੱਤੇ ਦੁਨੀਆਂ ਭਰ ਦੇ ਕੱਛੂ ਖੁਸ਼ ਸਨ। ਏਨੇ ਖੁਸ਼ ਕਿ ਅਸਲ ਜੀਵਨ ਵਿਚ ਖ਼ਰਗੋਸ਼ ਤੋਂ ਹਮੇਸ਼ਾ, ਵਾਰ-ਵਾਰ ਤੇ ਲਗਾਤਾਰ ਹਾਰਦੇ ਰਹਿਣ ਦੇ ਬਾਵਜੂਦ, ਉਹ ਖ਼ਰਗੋਸ਼ ਨੂੰ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪ੍ਰਸਤ ਤੇ ਖ਼ੁਦ ਨੂੰ ਨਿਮਰ, ਸਾਵਧਾਨ ਤੇ ਸਮਝਦਾਰ ਮੰਨ ਕੇ ਚੱਲਦੇ ਸਨ। ਉਹ ਖ਼ਰਗੋਸ਼ਾਂ ਦੇ ਤੇਜ਼ ਚੱਲਣ ਨੂੰ ਇਕ ਭਾਰੀ ਔਗੁਣ ਤੇ ਆਪਣੀ ਸੁਸਤ ਚਾਲ ਨੂੰ ਬੜਾ ਸਦਗੁਣ ਸਮਝਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਕੱਛੂਆਂ ਨੂੰ ਆਪਣੀ ਚਾਲ ਨਾਲ ਹੀ ਚੱਲਣਾ ਚਾਹੀਦਾ ਹੈ, ਉਸ ਉੱਤੇ ਸ਼ਰਮਿੰਦਾ ਹੋਣ ਦੀ ਬਜਾਏ ਮਾਣ ਕਰਨਾ ਚਾਹੀਦਾ ਹੈ ਤੇ ਖ਼ਰਗੋਸ਼ਾਂ ਨੂੰ ਵੀ ਚਾਹੀਦਾ ਹੈ ਕਿ ਉਹ ਤੇਜ਼ ਚਾਲ ਚੱਲਣ ਵਾਲੇ ਔਗੁਣ ਨੂੰ ਤਿਆਗ ਕੇ ਸੁਸਤ ਚਾਲ ਚੱਲਣ ਦਾ ਸਦਗੁਣ ਅਪਨਾਉਣ। ਵਾਹ, ਇੰਜ ਹੋ ਗਿਆ ਤਾਂ ਇਸ ਦੁਨੀਆਂ ਦੇ ਕੱਛੂ-ਖ਼ਰਗੋਸ਼ ਵਾਲੇ ਭੇਦ ਭਾਵ ਮਿਟ ਜਾਣਗੇ ਤੇ ਦੁਨੀਆਂ ਸਵਰਗ ਬਣਾ ਜਾਏਗੀ।…ਪਰ ਕੱਛੂਆਂ ਦੇ ਬੱਚੇ ਜਿਹੜੇ ਨਵੇਂ ਜ਼ਮਾਨੇ ਦੇ ਸੀ ਤੇ ਆਪਣੇ ਬਜ਼ੁਰਗਾਂ ਨਾਲੋਂ ਵੱਧ ਸੂਝ-ਬੂਝ ਵਾਲੇ ਬੱਚੇ ਸੀ, ਉਸ ਕਹਾਣੀ ਤੇ ਵਿਸ਼ਵਾਸ ਹੀ ਨਹੀਂ ਸੀ ਕਰਦੇ। ਜਿਉਂ-ਜਿਉਂ ਉਹ ਵੱਡੇ ਹੋ ਰਹੇ ਸਨ, ਉਹਨਾਂ ਦੀਆਂ ਸ਼ੰਕਾਵਾਂ ਤੇ ਅਵਿਸ਼ਵਾਸ ਵਧ ਰਿਹਾ ਸੀ। ਹੁਣ ਬਜ਼ੁਰਗਾਂ ਨਾਲ ਉਹਨਾਂ ਦੀਆਂ ਬਹਿਸਾਂ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ---"ਬਜ਼ੁਰਗੋ, ਇਕ ਗੱਲ ਦੱਸੋ, ਕਹਾਣੀ ਵਿਚ ਕੱਛੂ ਤੇ ਖ਼ਰਗੋਸ਼ ਦੀ ਜਿਸ ਦੌੜ ਦਾ ਵਰਨਣ ਹੈ, ਕੀ ਉਸ ਪਿੱਛੋਂ ਕੋਈ ਹੋਰ ਦੌੜ ਵੀ ਹੋਈ ?"
"ਪਤਾ ਨਹੀਂ।"
"ਯਾਨੀ ਇਤਿਹਾਸ ਵਿਚ ਅਜਿਹੀ ਕਿਸੇ ਹੋਰ ਦੌੜ ਦਾ ਵਰਨਣ ਨਹੀਂ ਮਿਲਦਾ?"
"ਨਹੀਂ।"
"ਅੱਛਾ, ਜਿਸ ਦੌੜ ਦੀ ਕਹਾਣੀ ਤੁਸੀਂ ਸੁਣਾਉਂਦੇ ਓ,ਉਹ ਕਿਸ ਨਗਰ ਖੇੜੇ ਦੇ ਇਤਿਹਾਸ ਵਿਚ ਲਿਖੀ ਏ?"
"ਪਤਾ ਨਹੀਂ।"
"ਇਸ ਦਾ ਮਤਲਬ ਇਹ ਕਿ ਇਹ ਇਤਿਹਾਸਕ ਘਟਨਾ ਨਹੀਂ। ਸਿਰਫ ਪੌਰਾਣਿਕ ਕਥਾ ਹੈ ਯਾਨੀ ਮਿਥਕ ਭਾਵ ਕਲਪਨਿਕ ਕਹਾਣੀ…?"
"ਪਤਾ ਨਹੀਂ।"
"ਪਤਾ ਨਹੀਂ ! ਪਤਾ ਨਹੀਂ !! ਜਦ ਤੁਹਾਨੂੰ ਕੁਛ ਪਤਾ ਈ ਨਹੀਂ ਤਾਂ ਇਸ ਕਹਾਣੀ ਨੂੰ ਸੁਣਾ ਕੇ ਸਾਡੇ ਮਨਾਂ ਵਿਚ ਇਹ ਕਿਉਂ ਵਾੜਦੇ ਰਹਿੰਦੇ ਓਕਿ ਅਸੀਂ ਆਪਣੀ ਧੀਮੀ ਚਾਲ ਨਾਲ ਹਮੇਸ਼ਾ ਤੁਰਦੇ ਰਹੀਏ ਤਾਂ ਤੇਜ਼ ਦੌੜਨ ਵਾਲੇ ਖ਼ਰਗੋਸ਼ਾਂ ਨਾਲੋਂ ਅੱਗੇ ਨਿਕਲ ਕੇ ਜਿੱਤ ਜਾਵਾਂਗੇ?"
"ਖ਼ਾਮੋਸ਼, ਬਦਤਮੀਜੋ ! ਵੱਡਿਆਂ ਨਾਲ ਇੰਜ ਗੱਲ ਕੀਤੀ ਜਾਂਦੀ ਏ? ਆਪਣੀ ਜਾਤੀ ਦੀ ਵਿਜੈ-ਗਾਥਾ ਉਪਰ ਸ਼ੱਕ-ਸ਼ੰਕੇ ਕਰਨ ਵਾਲੇ ਨਾਸਤਕੋ ! ਤੁਹਾਡਾ ਇਹੀ ਹਾਲ ਰਿਹਾ ਤਾਂ ਤੁਸੀਂ ਕਦੀ ਖ਼ਰਗੋਸ਼ਾਂ ਨਾਲੋਂ ਅੱਗੇ ਨਹੀਂ ਨਿਕਲ ਸਕੋਗੇ।"
ਬਜ਼ੁਰਗਾਂ ਦੀ ਝਾੜ ਖਾ ਕੇ ਬੱਚੇ ਹਮੇਸ਼ਾ ਚੁੱਪ ਹੋ ਜਾਂਦੇ ਸਨ ਪਰ ਸ਼ੰਕੇ ਕਰਨਾ ਬੰਦ ਨਹੀਂ ਸੀ ਕਰਦੇ। ਉਹ ਆਪਸ ਵਿਚ ਇਕ ਦੂਜੇ ਨੂੰ ਕਹਿੰਦੇ, "ਜੇ ਕੱਛੂ ਤੇ ਖ਼ਰਗੋਸ਼ ਵਾਲੀ ਕਹਾਣੀ ਸੱਚੀ ਹੈ ਤਾਂ ਹੁਣ ਕੱਛੂਆਂ ਤੇ ਖ਼ਰਗੋਸ਼ਾਂ ਦੀ ਦੌੜ ਕਿਉਂ ਨਹੀਂ ਹੁੰਦੀ?"
"ਅਜਿਹੀ ਦੌੜ ਕਰਵਾਏਗਾ ਕੌਣ ਜਿਸ ਵਿਚ ਪਹਿਲਾਂ ਹੀ ਪਤਾ ਹੋਵੇ ਕਿ ਕੌਣ ਜਿੱਤੇਗਾ?"
"ਕੱਛੂ ਆਪ ਹੀ ਕਰਵਾ ਲੈਣ !"
"ਤਦ ਤਾਂ ਉਹਨਾਂ ਨੂੰ ਅਜਿਹੇ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪ੍ਰਸਤ ਖ਼ਰਗੋਸ਼ ਲੱਭ ਕੇ ਲਿਆਉਣੇ ਪੈਣਗੇ ਜਿਹੜੇ ਦੌੜ ਦੌਰਾਨ ਸੌਂ ਜਾਣ!" ਬੱਚੇ ਹੱਸਣ ਲੱਗਦੇ।
"ਕਿਉਂ, ਫਿਕਸਿੰਗ ਵੀ ਤਾਂ ਕੀਤੀ ਜਾ ਸਕਦੀ ਏ !" ਦੂਜੇ ਬੱਚੇ ਹੱਸਦੇ, ਪਹਿਲਾਂ ਹੀ ਪੈਸੇ ਖੁਆ ਕੇ ਖ਼ਰਗੋਸ਼ਾਂ ਨੂੰ ਕਿਹਾ ਜਾ ਸਕਦਾ ਹੈ ਕਿ ਦੌੜ ਦੌਰਾਨ ਸੌਂ ਕੇ ਤੁਸੀਂ ਕੱਛੂਆਂ ਤੋਂ ਹਾਰ ਜਾਣਾ!" ਦਰਅਸਲ ਕੱਛੂਆਂ ਦੇ ਬੱਚਿਆਂ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਸੀ ਕਿ ਖ਼ਰਗੋਸ਼ਾਂ ਦੇ ਬੱਚਿਆਂ 'ਤੇ ਹੀ ਨਹੀਂ, ਉਹਨਾਂ ਦੇ ਬਜ਼ੁਰਗਾਂ ਉੱਤੇ ਵੀ ਆਪਣੀ ਇਸ ਇਤਿਹਾਸਕ ਹਾਰ ਦੀ ਕਥਾ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਸੀ ਆਉਂਦਾ। ਉਹ ਸੋਚਦੇ, ਜਿਸ ਤਰ੍ਹਾਂ ਇਹ ਕਹਾਣੀ ਸਾਡੇ ਬਜ਼ੁਰਗਾਂ ਨੂੰ ਜਿੱਤ ਦੇ ਮਾਣ ਨਾਲ ਭਰ ਦਿੰਦੀ ਹੈ, ਓਵੇਂ ਹੀ ਇਹ ਕਹਾਣੀ ਖ਼ਰਗੋਸ਼ਾਂ ਨੂੰ ਹਾਰ ਦੀ ਸ਼ਰਮਿੰਦਗੀ ਨਾਲ ਭਰ ਦਿੰਦੀ ਹੋਏਗੀ। ਜਿਸ ਤਰ੍ਹਾਂ ਅਸੀਂ ਆਪਣੇ ਵਿਜੇਤਾ ਵੱਡੇ-ਵਡੇਰਿਆਂ ਦੇ ਸਦਗੁਣਾ ਦੀ ਪ੍ਰਸੰਸਾ ਕਰਦੇ ਹਾਂ, ਉਸੇ ਤਰ੍ਹਾਂ ਖ਼ਰਗੋਸ਼ ਆਪਣੇ ਉਸ ਹਾਰੇ ਹੋਏ ਵਡੇਰੇ ਦੇ ਔਗੁਣ ਦੀ ਨਿੰਦਾ ਕਰਦੇ ਹੋਣਗੇ ਪਰ ਖ਼ਰਗੋਸ਼ ਅਜਿਹਾ ਕੁਝ ਕਰਦੇ ਦਿਖਾਈ ਨਹੀਂ ਸੀ ਦਿੰਦੇ। ਉਲਟਾ, ਉਹ ਤਾਂ ਇਸ ਕਹਾਣੀ ਨੂੰ ਪੜ੍ਹ ਕੇ, ਸੁਣ ਕੇ ਜਾਂ ਟੀ.ਵੀ. ਵਗ਼ੈਰਾ 'ਤੇ ਵੇਖ ਕੇ ਕੱਛੂਆਂ ਵਾਂਗ ਹੀ ਖੁਸ਼ ਹੁੰਦੇ ਸਨ। ਇੰਜ ਕਿਉਂ ?
ਕੱਛੂ ਬੱਚਿਆਂ ਦੇ ਮਨ ਵਿਚ ਸਵਾਲ ਉਠਦਾ ਸੀ ਪਰ ਉਹਨਾਂ ਨੂੰ ਉਸਦਾ ਕੋਈ ਉਤਰ ਨਹੀਂ ਸੀ ਮਿਲਦਾ।
ਉਧਰ ਖ਼ਰਗੋਸ਼ਾਂ ਦੀ ਦੁਨੀਆਂ ਵਿਚ ਵੀ ਬੱਚਿਆਂ ਦੇ ਮਨ ਵਿਚ ਨਵੇਂ ਜ਼ਮਾਨੇ ਅਨੁਸਾਰ ਨਵੇਂ-ਨਵੇਂ ਸਵਾਲ ਉਠਦੇ ਸਨ।
ਇਕ ਦਿਨ ਇਕ ਖ਼ਰਗੋਸ਼ ਮਾਂ ਨੇ ਆਪਣੇ ਖ਼ਰਗੋਸ਼ ਬੱਚੇ ਨੂੰ ਪਹਿਲੀ ਵਾਰੀ ਕੱਛੂ ਤੇ ਖ਼ਰਗੋਸ਼ ਵਾਲੀ ਕਹਾਣੀ ਸੁਣਾਈ ਤੇ ਬੱਚੇ ਨੇ ਪੁੱਛਿਆ, "ਮਾਂਕੱਛੂ ਤਾਂ ਇਸ ਕਹਾਣੀ ਨੂੰ ਸੁਣ ਕੇ ਬੜੇ ਖੁਸ਼ ਹੁੰਦੇ ਹੋਣਗੇ?"
"ਹਾਂ, ਬੇਟਾ !"
"ਤੇ ਖ਼ਰਗੋਸ਼ਾਂ ਨੁੰ ਸ਼ਰਮ ਆਉਂਦੀ ਹੋਏਗੀ ?"
"ਨਹੀਂ, ਬੇਟਾਂ।"
"ਕਿਉਂ, ਮਾਂ ?"
"ਇਹ ਭੇਦ ਕਿਸੇ ਕੱਛੂ ਨੂੰ ਨਾ ਦੱਸੀਂ ਪੁੱਤਰ, ਪਰ ਤੂੰ ਜਾਣ ਲੈ ਕਿ ਇਹ ਕਹਾਣੀ ਖ਼ਰਗੋਸ਼ਾਂ ਨੇ ਹੀ ਬਣਾ ਕੇ ਕੱਛੂਆਂ ਵਿਚ ਫੈਲਾਈ ਹੈ।"
"ਕਿਉਂ, ਮਾਂ ?"
"ਇਹ ਅਜੇ ਨਾ ਪੁੱਛ, ਵੱਡਾ ਹੋ ਕੇ ਤੂੰ ਖ਼ੁਦ ਹੀ ਸਮਝ ਜਾਏਂਗਾ।"

ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ : ਲੇਖਕ : ਵਿਜੈ ਕੁਮਾਰ

ਹਿੰਦੀ ਵਿਅੰਗ : ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ :: ਲੇਖਕ : ਵਿਜੈ ਕੁਮਾਰ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਵਿਅੰਗ ਨਵਾਂ ਜ਼ਮਾਨਾ : 9 ਨਵੰਬਰ 2008. ਵਿਚ ਛਪਿਆ ਹੈ।

ਛੁੱਟੀ ਦਾ ਦਿਨ ਉਂਜ ਤਾਂ ਹੁਣ ਹਰ ਦੂਜੇ ਚੌਥੇ ਦਿਨ ਆ ਜਾਂਦਾ ਹੈ, ਫੇਰ ਵੀ ਐਤਵਾਰ ਦਾ ਆਪਣਾ ਹੀ ਆਨੰਦ ਹੁੰਦਾ ਹੈ। ਸਵੇਰੇ ਆਰਾਮ ਨਾਲ ਉੱਠਣਾ, ਦੋ ਤਿੰਨ ਰਾਊਂਡ ਚਾਹ ਪੀਂਦਿਆਂ ਹੋਇਆਂ ਅਖ਼ਬਾਰ ਪੜ੍ਹਨਾ, ਠੰਡ ਹੋਵੇ ਤਾਂ ਧੁੱਪ ਵਿਚ ਬੈਠ ਕੇ ਤੇਲ ਮਾਲਸ਼ ਤੇ ਫੇਰ ਖੁੱਲ੍ਹੇ ਇਸ਼ਨਾਨ ਦਾ ਵੱਖਰਾ ਹੀ ਮਜ਼ਾ ਹੈ।
ਪਰ ਸਵੇਰੇ ਚਾਹ ਪੀਂਦਿਆਂ ਹੋਇਆਂ ਵਰਮਾ ਜੀ ਆ ਧਮਕੇ। ਰਾਮ-ਰਾਮ ਨਾ ਸ਼ਾਮ-ਸ਼ਾਮ, ਆਉਂਦੇ ਹੀ ਮੇਰੇ ਉੱਪਰ ਵਰ੍ਹ ਗਏ। 'ਤੈਥੋਂ ਅਜਿਹੀ ਉਮੀਦ ਨਹੀਂ ਸੀ ਕੁਮਾਰ। ਤੂੰ ਸਾਰਾ ਦਿਨ ਅਖ਼ਬਾਰਾਂ 'ਚ ਡੁੱਬਿਆ ਰਹਿੰਦਾ ਏਂ, ਇਸ ਲਈ ਮੈਨੂੰ ਲੱਗਿਆ ਸੀ ਬਈ ਤੈਨੂੰ ਸਾਹਿਤ ਦੀ ਮਾੜੀ-ਮੋਟੀ ਸਮਝ ਹੋਵੇਗੀ, ਪਰ ਤੂੰ ਮੇਰੇ ਬੇਟੇ ਨੂੰ ਅਹਿ ਕੀ ਦੱਸਿਆ ਕਿ ਨਿਬੰਧ ਪ੍ਰਤੀਯੋਗਤਾ ਵਿਚ ਉਸ ਦੇ ਸਭ ਨਾਲੋਂ ਘੱਟ ਨੰਬਰ ਆਏ ਨੇ?'
ਹੁਣ ਜਾ ਕੇ ਗੱਲ ਮੇਰੀ ਸਮਝ ਵਿਚ ਆਈ, ਵਰਮਾ ਜੀ ਦਾ ਬੇਟਾ ਚਿੰਟੂ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ। ਉਸਦੇ ਸਕੂਲ ਵਿਚ ਪਿਛਲੇ ਦਿਨੀਂ ਨਿਬੰਧ ਪ੍ਰਤੀਯੋਗਤਾ ਹੋਈ। ਉਸਦਾ ਵਿਸ਼ਾ ਸੀ 'ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ।' ਵਰਮਾ ਜੀ ਹੋਏ ਵਪਾਰੀ ਬੰਦੇ, ਉਹਨਾਂ ਨੁੰ ਸਾਰਾ ਦਿਨ ਨੋਟ ਗਿਣਨ ਤੋਂ ਵਿਹਲ ਨਹੀਂ ਸੀ ਮਿਲਦੀ, ਸੋ ਉਹਨਾਂ ਚਿੰਟੂ ਨੂੰ ਮੇਰੇ ਕੋਲ ਭੇਜ ਦਿੱਤਾ ਸੀ।
ਉਂਜ ਤਾਂ ਇਸ ਵਿਸ਼ੇ ਉੱਤੇ ਮੈਂ ਬਚਪਨ ਵਿਚ ਇਕ ਨਿਬੰਧ ਲਿਖਿਆ ਸੀ, ਪਰ ਮੈਂ ਸੋਚਿਆ ਕਿ ਹੁਣ ਸਮਾਂ ਬਦਲ ਗਿਆ ਹੈ। ਸਿਧਾਂਤਕ ਗੱਲਾਂ ਦੀ ਜਗ੍ਹਾ ਜੇ ਕੁਝ ਵਿਹਾਰਕ ਗੱਲਾਂ ਲਿਖੀਆਂ ਜਾਣ ਤਾਂ ਸ਼ਾਇਦ ਅਧਿਆਪਕ ਇਸ ਨੂੰ ਵਧੇਰੇ ਪਸੰਦ ਕਰਨਗੇ। ਪਰ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਭਲਾ ਹੀ ਅੱਗੇ ਵਧ ਗਈ ਹੋਵੇ, ਅਧਿਆਪਕ ਅੱਜ ਵੀ ਉੱਥੇ ਦੇ ਉੱਥੇ ਹੀ ਹਨ।
ਮੈਂ ਜਿਹੜੇ ਨੁਕਤੇ ਚਿੰਟੂ ਨੂੰ ਦੱਸੇ ਸਨ, ਉਹਨਾਂ ਦੇ ਕੁਝ ਅੰਸ਼ ਪੇਸ਼ ਕਰ ਰਿਹਾ ਹਾਂ। ਇਹਨਾਂ ਨੂੰ ਪੜ੍ਹ ਕੇ ਤੁਸੀਂ ਹੀ ਦੱਸੋ ਬਈ ਮੇਰਾ ਗਰੀਬ ਦਾ ਕੀ ਦੋਸ਼ ਹੈ?
ਭਾਰਤ ਇਕ ਪ੍ਰਾਚੀਨ ਦੇਸ਼ ਹੈ। ਇਸ ਵਿਚ ਜਿੰਨੇ ਵੀ ਰਾਜ ਨੇ, ਉਹ ਸਾਰੇ ਆਪਣੇ ਆਪ ਨੂੰ ਅਤਿ ਪ੍ਰਾਚੀਨ ਦੱਸਦੇ ਨੇ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ, ਬੋਲੀਆਂ ਤੇ ਲਿੱਪੀਆਂ ਵੀ ਖ਼ੁਦ ਨੂੰ ਅਤਿਅੰਤ ਪ੍ਰਾਚੀਨ ਕਹਿੰਦੀਆਂ ਨੇ। ਕੁਝ ਤਾਂ ਆਪਣਾ ਜਨਮ ਆਪਣੀ ਮਾਂ ਨਾਲੋਂ ਵੀ ਪਹਿਲਾਂ ਦਾ ਦੱਸਦੀਆਂ ਨੇ। ਇਸ ਨਾਲ ਸਪਸ਼ਟ ਹੈ ਕਿ ਭਾਰਤ ਦੇ ਸਭ ਰਾਜਾਂ ਵਿਚ ਅਨੇਕਤਾ ਹੋਣ 'ਤੇ ਵੀ ਏਕਤਾ ਹੈ।
ਭਾਸ਼ਾਵਾਂ ਪ੍ਰਾਚੀਨ ਹੋਣ ਜਾਂ ਨਵੀਨ, ਪਰ ਉਹਨਾਂ ਵਿਚਕਾਰ ਆਪਸੀ ਝਗੜਾ ਹਰੇਕ ਪ੍ਰਦੇਸ਼ ਵਿਚ ਹੁੰਦਾ ਹੈ---ਅਸਾਮ ਵਿਚ ਹਿੰਦੀ ਭਾਸ਼ੀਆਂ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਮੁੰਬਈ ਦੇ ਇਕ ਨੇਤਾ ਸਾਰਿਆਂ ਨੂੰ ਸਿਰਫ ਮਰਾਠੀ ਬੋਲਣ ਦਾ ਹੀ ਆਦੇਸ਼ ਦੇਂਦੇ ਨੇ। ਤਾਮਿਲ ਵਿਚ ਹਿੰਦੀ ਬੋਲਣ ਵਾਲੇ ਹੀਣ ਸਮਝੇ ਜਾਂਦੇ ਨੇ ਅਤੇ ਦੂਰਦਰਸ਼ਨ ਉੱਤੇ ਆਉਣ ਵਾਲੇ ਫੂਹੜਤਾ ਭਰੇ ਪ੍ਰਸਾਰਨ ਵਿਚ ਸਿੰਧੀ, ਹਰਿਆਨਵੀ, ਤੇਲਗੂ ਆਦਿ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਰ ਆਪਣੀ ਭਾਸ਼ਾ ਉੱਤੇ ਏਨਾ ਵਧੇਰੇ ਮਾਣ ਕਰਨ ਦੇ ਬਾਵਜੂਦ ਸਾਰਿਆਂ ਦਾ ਅੰਗਰੇਜ਼ੀ ਦੇ ਪ੍ਰਤੀ ਬਰਾਬਰ ਦਾ ਮੋਹ ਹੈ। ਉਹ ਉਸਨੂੰ ਆਪਣੀ ਪ੍ਰਗਤੀ ਦਾ ਸਭ ਤੋਂ ਵੱਡਾ ਆਧਾਰ ਮੰਨਦੇ ਨੇ।
ਇਸ ਲਈ ਗੱਲਬਾਤ ਵਿਚ ਅੰਗਰੇਜ਼ੀ ਦੇ ਕੁਝ ਸ਼ਬਦ ਜਾਂ ਵਾਕ ਘੁਸੇੜਨਾ ਲੋਕ ਆਪਣੀ ਸ਼ਾਨ ਸਮਝਦੇ ਨੇ। ਅਖ਼ਬਾਰਾਂ, ਰਸਾਲਿਆਂ ਤੇ ਦੂਰਦਰਸ਼ਨ ਦੀ ਭਾਸ਼ਾ ਵਿਚ ਅੰਗਰੇਜ਼ੀ ਸ਼ਬਦ, ਨਾਂਅ ਤੇ ਮੁਹਾਵਰੇ ਧੜਲੇ ਨਾਲ ਵਰਤੇ ਜਾ ਰਹੇ ਨੇ। ਉਰਦੂ ਤੇ ਅਰਬੀ-ਫਾਰਸੀ ਤਕ ਘੁਸਪੈਠ ਕਰ ਚੁੱਕੀ ਹੈ। ਸਭ ਪਾਸੇ ਖਿਚੜੀ ਭਾਸ਼ਾ ਦੀ ਇਸ ਵੰਨਗੀ ਤੋਂ ਸਾਫ ਹੁੰਦਾ ਹੈ ਕਿ ਭਾਰਤ ਵਿਚ 'ਅਨੇਕਤਾ ਵਿਚ ਏਕਤਾ' ਹੈ।
ਵਿਦਿਅਕ ਅਦਾਰਿਆਂ ਵਿਚ ਅਨੁਸ਼ਾਸਨ ਤੇ ਸਿੱਖਿਆ ਨਾਲੋਂ ਵੱਧ ਟਿਊਸ਼ਨ ਤੇ ਕੋਚਿੰਗ ਦਾ ਜੋਰ ਹੈ। ਵਿਦਿਆਰਥੀ ਆਪਣੀ ਕਲਾਸ ਵਿਚ ਨਹੀਂ, ਆਪਣੇ ਕੱਪੜਿਆਂ ਉੱਪਰ ਵਿਦੇਸ਼ੀ ਕੰਪਨੀਆਂ ਦੇ ਵਿਗਿਆਪਨ ਚਿਪਕਾਈ, ਬਾਜ਼ਾਰਾਂ ਵਿਚ ਫੈਸ਼ਨ ਪ੍ਰੇਡ ਕਰਦੇ ਨਜ਼ਰ ਆਉਂਦੇ ਨੇ। ਕਿਤਾਬਾਂ ਭਾਵੇਂ ਨਾ ਹੋਣ, ਪਰ ਮੋਬਾਇਲ ਹਰੇਕ ਕੋਲ ਜ਼ਰੂਰ ਹੋਵੇਗਾ। ਵਿਦਿਆਰਥੀ ਰਾਜਨੀਤੀ ਵਿਚ ਵੀ ਦੇਸ਼ ਤੇ ਪ੍ਰਦੇਸ਼ ਵਾਂਗ ਹੀ ਜਾਤੀਵਾਦ, ਖੇਤਰਵਾਦ, ਹੱਤਿਆ-ਹਿੰਸਾ ਦੇ ਗੁਣ ਆ ਗਏ ਨੇ। ਇਹ ਮਾਹੌਲ ਪੂਰੇ ਦੇਸ਼ ਵਿਚ ਬਿਰਾਜਮਾਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਦੇਸ਼ 'ਅਨੇਕਤਾ ਵਿਚ ਏਕਤਾ' ਦੀ ਸੁੰਦਰ ਉਦਹਾਰਨ ਹੈ।
ਕੇਰਲ ਹੋਵੇ ਜਾਂ ਕਰਨਾਟਕ, ਪੰਜਾਬ ਹੋਵੇ ਜਾਂ ਜੰਮੂ-ਕਸ਼ਮੀਰ, ਦਿੱਲੀ ਹੋਵੇ ਭਾਵੇਂ ਮੁੰਬਈ, ਆਤੰਕਵਾਦ ਨੇ ਸਾਰੇ ਪਾਸੇ ਜੜਾਂ ਫੈਲਾਅ ਲਈਆਂ ਨੇ। ਹਰ ਸੂਬੇ ਵਿਚ ਧਮਾਕੇ ਹੁੰਦੇ ਰਹਿੰਦੇ ਨੇ। ਹਰ ਦਿਨ ਹਥਿਆਰ ਫੜ੍ਹੇ ਜਾ ਰਹੇ ਨੇ---ਜਿਹੜੇ ਜਲ, ਥਲ ਤੇ ਹਵਾ; ਭਾਵ ਹਰੇਕ ਮਾਰਗ ਰਾਹੀਂ ਆ ਰਹੇ ਹੁੰਦੇ ਨੇ। ਆਤੰਕਵਾਦੀਆਂ ਨੂੰ ਛੁਡਾਉਣ ਤੇ ਉਹਨਾਂ ਦੀ ਫਾਂਸੀ ਮੁਆਫ਼ ਕਰਵਾਉਣ ਦੀ ਮੁਹਿੰਮ ਸਭ ਪਾਸੇ ਚੱਲ ਪੈਂਦੀ ਹੈ। ਇਕ ਨਹੀਂ ਅਨੇਕਾਂ ਦਲ ਇਸ ਵਿਚ ਸ਼ਾਮਲ ਨੇ। ਲੇਖਕ, ਪ੍ਰਾ-ਅਧਿਆਪਕ, ਨੇਤਾ, ਸਰਕਾਰੀ ਅਧਿਕਾਰੀ, ਪੱਤਰਕਾਰ ਸਾਰੇ ਰਾਸ਼ਪਤੀ ਮਹੱਤਵ ਦੇ ਇਸ ਕੰਮ 'ਚ ਲੱਗ ਜਾਂਦੇ ਨੇ। ਇਸ ਨਾਲ ਵੀ 'ਅਨੇਕਤਾ ਵਿਚ ਏਕਤਾ' ਦੀ ਧਾਰਨਾ ਨੂੰ ਬਲ ਮਿਲਦਾ ਹੈ।
ਭ੍ਰਿਸ਼ਟਾਚਾਰ ਹਰ ਨਗਰ, ਜ਼ਿਲ੍ਹੇ, ਦਫ਼ਤਰ ਤੇ ਕੁਰਸੀ ਉੱਤੇ ਬਿਰਾਜਮਾਨ ਹੈ। ਨੇਤਾ ਹੋਵੇ ਜਾਂ ਅਭਿਨੇਤਾ, ਸਾਂਸਦ ਹੋਵੇ ਜਾਂ ਮੰਤਰੀ, ਪੈਸਾ ਸਾਰੇ ਲੈ ਰਹੇ ਨੇ। ਪਹਿਲਾਂ ਹਰ ਸੌਦੇ ਲਈ 'ਸੈਵਨ ਪ੍ਰਸੈਟ' ਦੀ ਲਕੀਰ ਸੀ, ਹੁਣ ਹਰ ਕੰਮ ਦੀ ਵੱਖਰੀ ਫੀਸ ਹੈ। ਨੰਬਰ ਦੋ ਦਾ ਧੰਦਾ ਪੂਰੀ ਇਮਾਨਦਾਰੀ ਨਾਲ ਚੱਲ ਰਿਹਾ ਹੈ। ਸਿਧਾਂਤਹੀਣ ਗਠਬੰਧਨ ਹਰ ਪਾਸੇ ਬਣਨ ਲੱਗ ਪਏ ਨੇ।
ਸਾਰੀਆਂ ਸਰਕਾਰਾਂ ਦੀ ਉਮਰ ਉੱਪਰ ਬੇ-ਪ੍ਰਤੀਤੀ ਦੇ ਬੱਦਲ ਮੰਡਲਾਉਂਦੇ ਰਹਿੰਦੇ ਨੇ। 'ਅਨੇਕਤਾ ਵਿਚ ਏਕਤਾ' ਦੀ ਇਸ ਨਾਲੋਂ ਵੱਡੀ ਉਦਾਹਰਨ ਹੋਰ ਕਿਹੜੀ ਮਿਲ ਸਕਦੀ ਹੈ-ਜੀ?
ਕੀ ਰੇਲਾਂ, ਕੀ ਬੱਸਾਂ---ਪਹਿਲਾਂ ਹੀ ਸਮੇਂ ਸਿਰ ਨਹੀਂ ਸੀ ਚੱਲਦੀਆਂ, ਹੁਣ ਹਵਾਈ ਜਹਾਜ਼ ਵੀ ਇਸੇ ਸ਼੍ਰੇਣੀ ਵਿਚ ਸ਼ਾਮਲ ਹੋ ਗਏ ਨੇ। ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ, ਪੂਰੇ ਭਾਰਤ ਵਿਚ ਗੰਦਗੀ, ਜਾਮ, ਸੜਕਾਂ ਉੱਪਰ ਨਾਜਾਇਜ਼ ਕਬਜੇ ਨਜ਼ਰ ਆਉਂਦੇ ਨੇ। ਪੈਦਲ ਬੰਦਾ ਕਿੱਥੇ ਤੁਰੇ, ਇਹ ਦੱਸਣ ਵਾਲਾ ਕੋਈ ਨਹੀਂ। ਸਵੇਰ ਦੇ ਚਾਰ ਵੱਜਦਿਆਂ ਹੀ, ਜਾਇਜ਼ ਨਾਜਾਇਜ਼ ਕਬਜਿਆਂ ਵਾਲੇ ਧਾਰਮਿਕ ਸਥਾਨਾਂ ਉੱਤੇ ਸਪੀਕਰ ਵੱਜਣ ਲੱਗ ਪੈਂਦੇ ਨੇ। ਟ੍ਰੈਫਿਕ ਦਾ ਸ਼ੋਰ ਤੇ ਧੂੰਆਂ ਹਰ ਸ਼ਹਿਰ ਵਿਚ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਬੱਚੇ ਭਾਵੇਂ ਭੁੱਲ ਗਏ ਹੋਣ, ਪਰ ਬਿਜਲੀ ਲੁਕਣ-ਮੀਟੀਆਂ ਖੇਡਦੀ ਰਹਿੰਦੀ ਹੈ। ਇਹ 'ਅਨੇਕਤਾ ਵਿਚ ਏਕਤਾ ਨਹੀਂ' ਤਾਂ ਹੋਰ ਕੀ ਹੈ?
ਸ਼ਰਾਬ, ਸ਼ਬਾਬ ਤੇ ਕਬਾਬ ਦਾ ਰੁਝਾਨ ਦੇਸ਼ ਭਰ ਵਿਚ ਵਧ ਰਿਹਾ ਹੈ। ਰਾਮ, ਕ੍ਰਿਸ਼ਨ ਤੇ ਬੁੱਧ ਤੋਂ ਬਾਅਦ ਹੁਣ ਗਾਂਧੀਗਿਰੀ ਦੀ ਪਾਲਿਸ਼ ਉਤਾਰੀ ਜਾ ਰਹੀ ਹੈ। ਕਿਸਾਨ ਆਤਮ-ਹੱਤਿਆ ਕਰ ਰਹੇ ਨੇ, ਹੁਣ ਵਾਰੀ ਛੋਟੇ ਵਪਾਰੀ ਦੀ ਹੈ। ਭਾਰਤੀ, ਅੰਬਾਨੀ ਤੋਂ ਲੈ ਕੇ ਵਾਲ ਮਾਰਟ ਵਰਗੀਆਂ ਕੰਪਨੀਆਂ ਆਪਣੇ ਰਾਕਸ਼ਸ਼ੀ ਮੂੰਹ ਖੋਲ੍ਹ ਰਹੀਆਂ ਨੇ। ਪੂਰੇ ਦੇਸ਼ ਵਿਚ ਫੈਲੇ ਉਹਨਾਂ ਦੇ ਜਾਲ ਨੂੰ ਵੇਖ ਕੇ ਵੀ 'ਅਨੇਕਤਾ ਵਿਚ ਏਕਤਾ' ਬਾਰੇ ਕੀ ਕੋਈ ਸ਼ੱਕ ਰਹਿ ਜਾਂਦਾ ਹੈ?
ਦਾਦਰੀ, ਸਿੰਗੂਰ ਜਾਂ ਫੇਰ ਨੰਦੀਗ੍ਰਾਮ, ਗਰੀਬ ਦੀ ਲੰਗੋਟੀ ਤੇ ਕਿਸਾਨ ਦੀ ਸੁੱਕੀ ਰੋਟੀ ਉੱਤੇ ਸਾਰਿਆਂ ਦੀ ਨਜ਼ਰ ਹੈ। ਉਹਨਾਂ ਨੂੰ ਲਾਲਚ ਤੇ ਧਮਕੀ ਦੇ ਕੇ ਆਪਣੀ ਜ਼ਮੀਨ ਛੱਡਣ ਲਈ ਕਿਹਾ ਜਾ ਰਿਹਾ ਹੈ। ਉਹ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਰਹੇ ਨੇ। ਕੁਝ ਲੋਕ ਵਧੇਰੇ ਖਾ ਕੇ, ਤੇ ਕੁਝ ਭੁੱਖ ਨਾਲ ਮਰ ਰਹੇ ਨੇ। ਦੇਸ਼ ਉੱਤੇ ਮਰਨ ਵਾਲਿਆਂ ਨੂੰ ਕੋਈ ਨਹੀਂ ਜਾਣਦਾ, ਪਰ ਅਭਿਨੇਤਾ ਤੇ ਕ੍ਰਿਕਟ ਖਿਡਾਰੀਆਂ ਨੂੰ ਸਾਰੇ ਹੀ ਪਛਾਣਦੇ ਨੇ।
ਕੁੜੀਆਂ ਦੇ ਤਨ ਦੇ ਕੱਪੜੇ ਪੂਰੇ ਦੇਸ਼ ਵਿਚ ਘੱਟ ਹੋ ਰਹੇ ਨੇ। ਫਿਲਮਾਂ ਵਿਚ ਨੰਗਾਪਨ ਵਧ ਰਿਹਾ ਹੈ। ਦੂਰਦਰਸ਼ਨ ਵਾਲੇ ਐੱਸ ਐੱਮ ਐੱਸ ਰਾਹੀਂ ਵੋਟਾਂ ਲੈਣ ਦੀ ਦੌੜ ਵਧਾ ਕੇ, ਦਰਸ਼ਕਾਂ ਨੂੰ ਉੱਲੂ ਬਣਾ ਰਹੇ ਨੇ। ਬੱਚਿਆਂ ਤੇ ਬੱਚੀਆਂ ਦੇ ਅਪਹਰਣ, ਬਲਾਤਕਾਰ ਤੇ ਹੱਤਿਆਵਾਂ ਜਗ੍ਹਾ-ਜਗ੍ਹਾ ਹੋ ਰਹੀਆਂ ਨੇ। ਨੋਏਡਾ ਹੋਵੇ ਜਾਂ ਦਿੱਲੀ, ਕਵਿਤਾ ਹੋਵੇ ਜਾਂ ਮਧੂਮਿਤਾ, ਜੈਸਿਕਾ ਲਾਲ ਹੋਵੇ ਜਾਂ ਸ਼ਿਵਾਨੀ ਭਟਨਾਗਰ, ਹਰ ਰਾਜ ਇੱਕ ਨਾਲੋਂ ਅੱਗੇ ਜਾ ਰਿਹਾ ਹੈ। ਕੀ ਇਸ ਵਿਚ 'ਅਨੇਕਤਾ ਵਿਚ ਏਕਤਾ' ਨਹੀਂ ਝਲਕਦੀ ?
ਅਜਿਹੀਆਂ ਅਨੇਕਾਂ ਵਿਹਾਰਕ ਗੱਲਾਂ ਮੈਂ ਚਿੰਟੂ ਨੂੰ ਦੱਸੀਆਂ ਸਨ, ਫੇਰ ਵੀ ਉਸਦੇ ਲੇਖ ਨੂੰ ਸਭ ਨਾਲੋਂ ਘੱਟ ਨੰਬਰ ਮਿਲੇ, ਤਾਂ ਇਸ ਵਿਚ ਮੇਰੀ ਕੀ ਗਲਤੀ ਹੈ? ਸੋ ਪਾਠਕ ਵੀਰੋ, ਮੇਰੇ ਪਿਓਵੋ-ਭਰਾਵੋ, ਫੈਸਲਾ ਤੁਹਾਡੇ ਹੱਥ ਵਿਚ ਹੈ, ਆਪਣਾ ਫੈਸਲਾ ਸੰਪਾਦਕ ਜੀ ਨੂੰ ਦੱਸ ਦੇਣ, ਮੈਂ ਉਹਨਾਂ ਤੋਂ ਪੁੱਛ ਲਵਾਂਗਾ।

Saturday, February 21, 2009

ਆਤੰਕਵਾਦ ਬੜੇ ਕਾਮ ਕੀ ਚੀਜ਼ : ਅਭਿਰੰਜਨ ਕੁਮਾਰ

ਹਿੰਦੀ ਵਿਅੰਗ : ਆਤੰਕਵਾਦ ਬੜੇ ਕਾਮ ਕੀ ਚੀਜ਼… ਲੇਖਕ :: ਅਭਿਰੰਜਨ ਕੁਮਾਰ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੁਬਾਇਲ : 94177-30600.

ਬਲਾਸਟ ਦੀ ਖ਼ਬਰ ਆਈ ਹੈ। ਨਿਊਜ਼ ਰੂਮ ਵਿਚ ਅਚਾਨਕ ਗਹਿਮਾ-ਗਹਿਮੀ ਵਧ ਗਈ ਹੈ। ਹੱਤਿਆ ਤੇ ਬਲਾਤਕਾਰ ਦੀਆਂ ਖ਼ਬਰਾਂ ਦੀ ਕਮੀ ਕਰਕੇ ਅੱਜ ਉਂਜ ਹੀ ਖ਼ਬਰਾਂ ਦਾ ਅਕਾਲ ਪਿਆ ਜਾਪਦਾ ਸੀ। ਸੰਪਾਦਕ ਜੂਝ ਰਹੇ ਸਨ ਕਿ ਹੈਡ-ਲਾਈਨਜ਼ ਕੀ ਦੇਈਏ! ਮਾਹੌਲ ਠੁੱਸ ਜਿਹਾ ਹੋਇਆ ਹੋਇਆ ਸੀ ਤੇ ਹਰ ਪਾਸੇ ਸਿਲ੍ਹੀ-ਜਿਹੀ ਸ਼ਾਂਤੀ ਸੀ। ਕੋਈ ਉਬਾਸੀਆਂ ਲੈ ਰਿਹਾ ਸੀ, ਕੋਈ ਆਪਣੇ ਫੇਫੜੇ ਫੂਕਣ ਲਈ ਹੇਠਾਂ ਸਮੋਕਿੰਗ ਜੋਨ ਵਿਚ ਚਲਾ ਗਿਆ ਸੀ। ਕੁਝ ਲੋਕਾਂ ਨੂੰ ਇਹਨੀਂ ਦਿਨੀ ਬਲਾਗਜ਼ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ, ਉਹ ਬਲਾਗ ਚਰਚਾ ਵਿਚ ਰੁੱਝੇ ਹੋਏ ਸਨ। ਪਰ ਇਸ ਹਮਲੇ ਦਾ ਸ਼ੁਕਰੀਆ---ਯਕਦਮ ਸਾਰੇ ਹਰਕਤ ਵਿਚ ਆ ਗਏ ਨੇ। ਨਿਊਜ਼ ਰੂਮ ਵਿਚ ਸ਼ੋਰ ਵਧ ਗਿਆ ਹੈ। ਕੀ ਆਊਟ-ਪੁੱਟ ਵਾਲੇ ਤੇ ਕੀ ਇਨ-ਪੁੱਟ ਵਾਲੇ---ਸਾਰੇ ਹੀ ਚੀਕ-ਕੂਕ ਰਹੇ ਨੇ ਤੇ ਨਾਲ ਹੀ ਪ੍ਰੋਡਕਸ਼ਨ ਵਾਲੇ ਵੀ ਨੇ। ਚੈਨਲ ਦੀ ਸਕਰੀਨ ਉੱਤੇ ਬਰੇਕਿੰਗ ਨਿਊਜ ਵਾਲੀ ਪੱਟੀ ਨੇ ਇਕ ਚੌਥਾਈ ਜਗ੍ਹਾ ਘੇਰ ਲਈ ਹੈ। ਰਿਪੀਟ ਪ੍ਰੋਗ੍ਰਾਮ ਨੂੰ ਕਰੈਸ਼ ਕਰਕੇ, ਐਂਕਰ ਨੇ ਮੋਰਚਾ ਸੰਭਾਲ ਲਿਆ ਹੈ। ਗਲੇ ਵਿਚ ਕਿੰਨੀ ਜਾਨ ਹੈ---ਇਸਦੇ ਇਮਤਿਹਾਨ ਦਾ ਸਮਾਂ ਆ ਗਿਆ ਹੈ। ਹੈਡ-ਲਾਈਨਜ਼ ਦਾ ਸੰਕਟ ਖ਼ਤਮ ਹੋ ਚੁੱਕਿਆ ਹੈ। ਚਾਰ ਹੈਡ-ਲਾਈਨਜ਼ ਤਾਂ ਇਸ ਧਮਾਕੇ ਦੇ ਪ੍ਰਤਾਪ ਨਾਲ ਹੀ ਬਣ ਗਈਆਂ ਨੇ : 'ਪ੍ਰਧਾਨ ਮੰਤਰੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।'...'ਸੁਪਰ ਪ੍ਰਧਾਨ-ਮੰਤਰੀ ਨੇ ਇਸ ਨੂੰ ਆਤੰਕਵਾਦੀਆਂ ਦੀ ਕਾਇਰਾਨਾ ਹਰਕਤ ਕਿਹਾ ਹੈ। ਤੇ ਕਿਹਾ ਹੈ ਕਿ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ।' ਗ੍ਰਹਿ ਮੰਤਰੀ ਦਾ ਦੂਰ-ਅੰਦੇਸ਼ੀ ਬਿਆਨ ਵੀ ਆ ਗਿਆ ਹੈ। ਉਹਨਾਂ ਕਿਹਾ ਹੈ, 'ਮੁੱਢਲੇ ਸੰਕੇਤਾਂ ਮੁਤਾਬਿਕ ਇਸ ਦੇ ਤਾਰ ਸੀਮਾ ਪਾਰ ਨਾਲ ਜੁੜੇ ਹੋਏ ਹਨ।' ਹੁਣੇ ਥੋੜ੍ਹੀ ਦੇਰ ਵਿਚ ਮੰਤਰੀ, ਅਫ਼ਸਰ ਸਾਰੇ ਘਟਨਾਂ ਵਾਲੀ ਜਗ੍ਹਾ ਵੱਲ ਕੂਚ ਕਰ ਜਾਣਗੇ। ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਵੀ ਥੋੜ੍ਹੇ ਚਿਰ ਵਿਚ ਹੀ ਹੋ ਜਾਵੇਗਾ। ਫੱਟੜਾਂ ਨੂੰ ਪੱਚੀ-ਪੰਜਾਹ ਹਜ਼ਾਰ ਰੁਪਏ ਮਿਲ ਜਾਣਗੇ। ਅਸੀਂ ਲੋਕ ਆਤੰਕਵਾਦ ਨੂੰ ਐਵੇਂ ਹੀ ਨਿੰਦਦੇ-ਨੇਹਣਦੇ ਰਹਿੰਦੇ ਹਾਂ। ਇਸ ਨੂੰ ਸਮੱਸਿਆ ਵਾਂਗ ਨਹੀਂ ਬਲਿਕੇ ਇਕ ਵਰਦਾਨ ਵਾਂਗ ਦੇਖਣਾ ਚਾਹੀਦਾ ਹੈ। ਕਿਤੇ ਕੋਈ ਧਮਾਕਾ ਹੁੰਦਾ ਹੈ ਤਾਂ ਲੱਗਦਾ ਹੈ ਕਿ ਦੇਸ਼ ਵਿਚ ਸਾਰੇ ਮੁਸ਼ਤੈਦ ਨੇ। ਕੋਈ ਕੰਮ ਹੋ ਰਿਹਾ ਹੈ---ਦੇਸ਼ ਦੀ ਚਿੰਤਾ ਕਰਨ ਵਾਲੇ ਲੋਕ ਅਜੇ ਜਿਊਂਦੇ ਨੇ।
ਆਤੰਕਵਾਦ ਦਾ ਸਾਰਿਆਂ ਨੂੰ ਲਾਭ ਹੈ। ਨਿਊਜ਼ ਚੈਨਲਾਂ ਨੂੰ ਲਾਭ ਹੈ; ਅਖ਼ਬਾਰਾਂ ਨੂੰ ਲਾਭ ਹੈ---ਅੱਜ ਦੀ ਤਾਰੀਖ਼ ਵਿਚ ਮੀਡੀਏ ਲਈ ਇਕ ਵੱਡੇ ਧਮਾਕੇ ਨਾਲੋਂ ਵੱਡੀ ਖ਼ਬਰ, ਕੋਈ ਹੋਰ ਨਹੀਂ ਹੋ ਸਕਦੀ। ਤੁਸੀਂ ਉਸ ਨਾਲ ਕਈ ਘੰਟੇ ਨਹੀਂ, ਕਈ ਦਿਨਾਂ ਤਕ ਖੇਡ ਸਕਦੇ ਹੋ। ਘਟਨਾਂ ਵਾਲੀ ਜਗ੍ਹਾ ਦੀਆਂ ਤਸਵੀਰਾਂ, ਹਸਪਤਾਲ ਦੀਆਂ ਤਸਵੀਰਾਂ, ਰੋਂਦੇ-ਪਿਟਦੇ ਯਾਰਾਂ-ਰਿਸ਼ਤੇਦਾਰਾਂ ਦੀਆਂ ਤਸਵੀਰਾਂ, ਫੱਟੜਾਂ ਦੀ ਮਦਦ ਲਈ ਅੱਗੇ ਆਏ ਲੋਕਾਂ ਦੀਆਂ ਤਸਵੀਰਾਂ, ਨੇਤਾਵਾਂ ਤੇ ਅਫ਼ਸਰਾਂ ਦੇ ਦੌਰੇ ਦੀਆਂ ਤਸਵੀਰਾਂ, ਸਾਰੇ ਨੇਤਾਵਾਂ ਦੇ ਬਿਆਨ, ਮੁਆਵਜ਼ੇ ਦਾ ਐਲਾਨ---ਇਹ ਸਾਰਾ ਤੁਹਾਡੇ ਪੂਰੇ ਦਿਨ ਦਾ ਭਰਪੂਰ ਮਸਾਲਾ ਹੁੰਦੇ ਨੇ। ਦੂਜੇ ਦਿਨ ਤੁਸੀਂ ਪੀੜਤ ਪਰਿਵਾਰਾਂ ਦੀ ਤਰਾਸਦੀ ਵਿਖਾਅ ਕੇ ਉਹਨਾਂ ਦੇ ਮਨੂੱਖੀ ਪੱਖਾਂ ਉੱਤੇ ਉਂਗਲ ਰੱਖ ਸਕਦੇ ਹੋ। ਬਲਾਸਟ ਵਿਚ ਕੋਈ ਅਜਿਹਾ ਜ਼ਰੂਰ ਮਰਿਆ ਹੋਵੇਗਾ, ਜਿਸਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੋਵੇਗਾ ਜਾਂ ਵਿਆਹ ਹੋਣ ਵਾਲਾ ਹੋਵੇਗਾ। ਕਿਸੇ ਦੀ ਮਾਂ, ਕਿਸੇ ਦਾ ਪਿਓ, ਕਿਸੇ ਦੀ ਪਤਨੀ, ਕਿਸੇ ਦੇ ਬੱਚੇ ਇਸ ਬਲਾਸਟ ਵਿਚ ਜ਼ਰੂਰ ਕੁਰਬਾਨ ਹੋਏ ਹੋਣਗੇ। ਕਈ ਅਜਿਹੇ ਲੋਕ ਵੀ ਹੋਣਗੇ ਜਿਹੜੇ ਇਸ ਧਮਾਕੇ ਪਿੱਛੋਂ ਲਾਪਤਾ ਹੋ ਗਏ ਹੋਣਗੇ। ਤੁਸੀਂ ਦਿਖਾਅ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਲੋਕ ਉਹਨਾਂ ਦੀ ਤਸਵੀਰ ਲੈ ਕੇ ਹਸਪਤਾਲਾਂ ਵਿਚ, ਪੁਲਿਸ ਠਾਣਿਆ ਵਿਚ ਉਹਨਾਂ ਨੂੰ ਲੱਭਣ ਲਈ ਜੱਦੋ-ਜਹਿਦ ਕਰ ਰਹੇ ਨੇ। ਜਾਂਚ ਨਾਲ ਜੁੜੇ ਪੱਖ, ਇੰਟੈਲੀਜੇਂਸੀ ਦੀ ਨਾਕਾਮੀ, ਪੁਲਿਸ ਦੀ ਨਾਕਾਮੀ ਇਹ ਸਾਰੇ ਮਸਲੇ ਨੇ, ਜਿਹਨਾਂ ਉਪਰ ਕਹਾਣੀਆਂ ਬਣ ਸਕਦੀਆਂ ਨੇ। ਇਸ ਦੇ ਇਲਾਵਾ ਇਹ ਵਿਖਾਉਣਾ ਵੀ ਦਿਲਚਸਪ ਹੁੰਦਾ ਹੈ ਕਿ ਕਿਸ ਤਰ੍ਹਾਂ ਐਨੇ ਵੱਡੇ ਧਮਾਕੇ ਪਿੱਛੋਂ ਅਗਲੀ ਸਵੇਰ ਸਾਰਾ ਸ਼ਹਿਰ ਆਪਣੇ ਕੰਮਾਂ-ਧੰਦਿਆਂ ਵਿਚ ਜੁਟ ਜਾਂਦਾ ਹੈ। ਇਸ ਜਜ਼ਬੇ ਨੂੰ ਸਲਾਮ। ਦੋ ਸੌ ਲੋਕ ਮਰੇ ਨੇ, ਬਾਕੀ ਲੋਕ ਆਪੁ-ਆਪਣੇ ਕੰਮ-ਧੰਦੇ ਵਿਚ ਰੁੱਝ ਗਏ ਨੇ। ਮੁੰਬਈ ਤੈਨੂੰ ਸਲਾਮ; ਦਿੱਲੀ ਤੈਨੂੰ ਸਲਾਮ; ਬਨਾਰਸ ਤੈਨੂੰ ਸਲਾਮ। ਇਸ ਪਿੱਛੋਂ ਮੁਆਵਜ਼ਾ ਮਿਲਣ ਵਿਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੀਆਂ ਖ਼ਬਰਾਂ; ਦੇਸ਼ ਭਰ ਵਿਚ ਆਤੰਕਵਾਦ ਦੇ ਵਿਰੋਧ ਵਿਚ ਪ੍ਰਦਰਸ਼ਣ ਦੀਆਂ ਖ਼ਬਰਾਂ। ਜਿਵੇਂ-ਜਿਵੇਂ ਦਿਨ ਮਹੀਨੇ ਬੀਤਣਗੇ---ਜਾਂਚ ਵਿਚ ਢਿੱਲ, ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਤੇ ਅਦਾਲਤੀ ਕਾਰਵਾਈ ਦੀਆਂ ਖ਼ਬਰਾਂ ਬਣਨਗੀਆਂ। ਸਾਲ ਬੀਤ ਜਾਏਗਾ ਤਾਂ ਬਰਸੀ ਦੀ ਖ਼ਬਰ ਬਣੇਗੀ। ਇਕ ਧਮਾਕੇ ਵਿਚ ਕਿੰਨਾ ਕੁਛ ਹੈ!
…ਤੇ ਸਿਰਫ ਮੀਡੀਏ ਦਾ ਹੀ ਕਿਉਂ, ਇਸ ਨਾਲ ਨੇਤਾਵਾਂ ਦਾ ਵੀ ਲਾਭ ਹੈ। ਸੱਤਾਧਾਰੀਆਂ ਨੂੰ ਫਾਇਦਾ ਹੈ। ਵਿਰੋਧੀ ਦਲ ਨੂੰ ਫਾਇਦਾ ਹੈ। ਆਤੰਕਵਾਦ ਦਾ ਚੁੱਲ੍ਹਾ ਗਰਮ ਹੋਵੇ ਤਾਂ ਰਾਜਨੀਤੀ ਦੀਆਂ ਰੋਟੀਆਂ ਸੇਕਣ ਲਈ ਇਸ ਨਾਲੋਂ ਚੰਗੀ-ਚੋਖੀ ਅੱਗ ਨਹੀਂ ਮਿਲ ਸਕਦੀ। ਇਸ ਨਾਲ ਹਿੰਦੂ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਫਾਇਦਾ ਹੈ। ਮੁਸਲਮਾਨ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਫਾਇਦਾ ਹੈ। ਹਿੰਦੂ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਮੁਸਲਮਾਨਾਂ ਦੇ ਵਿਰੁੱਧ ਬੋਲ ਕੇ ਹਿੰਦੂ ਵੋਟਰਾਂ ਨੂੰ ਲਾਮਬੰਦ ਕਰ ਸਕਦੇ ਨੇ ਤੇ ਮੁਸਲਿਮ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਮੁਸਲਮਾਨਾਂ ਦੇ ਮਨ ਵਿਚ ਅਸੁਰੱਖਿਆ ਦੀ ਭਾਵਨਾ ਜਗਾ ਕੇ ਲਾਭ ਲੈ ਸਕਦੇ ਨੇ। ਕੋਈ ਆਤੰਕਵਾਦੀ ਫੜ੍ਹਿਆ ਜਾਂਦਾ ਹੈ ਤਾ ਹਾਏ-ਤੋਬਾ ਮਚਾਉਣ ਲਈ ਬੜਾ ਹੀ ਵਧੀਆ ਮੌਕਾ ਹੁੰਦਾ ਹੈ ਕਿ ਦੇਖੋ-ਦੇਖੋ, ਕਿਵੇਂ ਚੁਣ-ਚੁਣ ਕੇ ਮੁਸਲਮਾਨਾਂ ਨੂੰ ਫੜ੍ਹਿਆ ਜਾ ਰਿਹਾ ਹੈ ਤੇ ਕਿੰਜ ਇਸ ਦੇਸ਼ ਦੇ ਹਿੰਦੂ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ।
ਆਤੰਕਵਾਦ ਦਾ ਭਾਰਤ ਦੀ ਸਰਕਾਰ ਨੂੰ ਵੀ ਫਾਇਦਾ ਹੈ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ। ਆਤੰਕਵਾਦ ਹੈ ਤਾਂ ਬਾਕੀ ਸਾਰੇ ਮੁੱਦੇ ਫਿੱਕੇ ਨੇ। ਆਤੰਕਵਾਦ ਹੈ ਤਾਂ ਨਾ ਭੁੱਖ ਹੈ, ਨਾ ਗਰੀਬੀ, ਨਾ ਬੇਰੋਜ਼ਗਾਰੀ। ਆਤੰਕਵਾਦ ਹੈ ਤਾਂ ਨਾ ਕੋਈ ਬਿਮਾਰ ਹੈ, ਨਾ ਕੋਈ ਅਨਪੜ੍ਹ। ਨਾ ਬਿਜਲੀ ਪਾਣੀ ਦਾ ਸੰਕਟ ਹੈ, ਨਾ ਸੜਕਾਂ ਦੀ ਹਾਲਤ ਖਸਤਾ ਹੈ। ਦੋਵੇਂ ਦੇਸ਼ ਇਕ ਦੂਜੇ ਦੇ ਖ਼ਿਲਾਫ ਬਿਆਨ ਦੇਂਦੇ ਰਹਿਣ। ਹਿੰਦੂ ਮੁਸਲਮਾਨਾਂ ਦੇ ਵਿਰੁੱਧ ਬੋਲਦੇ ਰਹਿਣ; ਮੁਸਲਮਾਨ ਹਿੰਦੂਆਂ ਦੇ ਖ਼ਿਲਾਫ ਬੋਲਦੇ ਰਹਿਣ---ਦੇਸ਼ ਚੱਲਦਾ ਰਹੇਗਾ; ਸਰਕਾਰਾਂ ਚੱਲਦੀਆਂ ਰਹਿਣਗੀਆਂ। ਨਾ ਬਗ਼ਾਵਤ ਹੋਵੇਗੀ, ਨਾ ਅੰਦੋਲਨ ਹੋਣਗੇ।
ਆਤੰਕਵਾਦ ਹੈ ਤਾਂ ਅਮਰੀਕਾ ਨੂੰ ਫ਼ਾਇਦਾ ਹੈ। ਬ੍ਰਿਟੇਨ ਨੂੰ ਫ਼ਾਇਦਾ ਹੈ। ਉਹਨਾਂ ਨੂੰ ਲੜਨ ਤੇ ਲੜਾਉਣ ਦੇ ਕਾਰਨ ਮਿਲ ਜਾਂਦੇ ਨੇ। ਇਰਾਕ ਤੇ ਅਫ਼ਗਾਨਿਸਤਾਨ ਉੱਤੇ ਹਮਾਲਾ ਕਰਨ ਦਾ ਕਾਰਨ ਮਿਲ ਜਾਂਦਾ ਹੈ। ਹਥਿਆਰ ਵੇਚਣ ਦੇ ਚਾਂਸ ਮਿਲ ਜਾਂਦੇ ਨੇ। ਉਹ ਤੇਲ ਮਿਲ ਜਾਂਦਾ ਹੈ ਜਿਸ ਨਾਲ ਅਰਥ-ਢਾਂਚੇ ਦੇ ਜਰ-ਖਾਧੇ ਪੁਰਜਿਆਂ ਨੂੰ ਚਿਕਨਾਹਟ ਮਿਲ ਜਾਂਦੀ ਹੈ। ਪੂਰੀ ਦੁਨੀਆਂ ਉੱਤੇ ਆਪਣੀ ਦਾਦਾਗਿਰੀ ਕਾਇਮ ਹੁੰਦੀ ਹੈ। ਆਤੰਕਵਾਦ ਹੈ ਤਾ ਓਸਾਮਾ ਬਿਨ ਲਾਦੇਨ, ਸੱਦਾਮ ਹੁਸੈਨ---ਸਾਰੇ ਹੀਰੋ ਨੇ: ਕੋਈ ਜਿਉਂਦੇ-ਜੀਆ, ਕੋਈ ਮਰ ਕੇ। ਆਤੰਕਵਾਦ ਹੈ ਤਾਂ ਦੁਨੀਆਂ ਵਿਚ ਮਨੁੱਖੀ ਅਧਿਕਾਰ ਵਾਦੀਆਂ ਦੇ ਵੀ ਪੌਂ ਬਾਰਾਂ ਨੇ। ਆਤੰਕਵਾਦੀਆਂ ਉੱਤੇ ਪੁਲਿਸ ਤੇ ਕਾਨੂੰਨ ਦੀਆਂ ਵਧੀਕੀਆਂ ਤੇ ਉਹਨਾਂ ਨਾਲ ਹੋਈ ਮੁੱਠ-ਭੇੜ ਉੱਤੇ ਸਵਾਲ ਖੜ੍ਹੇ ਕਰਨ ਨਾਲ ਉਹਨਾਂ ਦੀ ਦੁਕਾਨਦਾਰੀ ਧੜਾਧੜ ਚੱਲਦੀ ਰਹਿੰਦੀ ਹੈ। ਬੁੱਧੀਜੀਵੀਆਂ ਦੀ ਹਿਮਾਇਤ ਮਿਲਦੀ ਹੈ। ਉਹਨਾਂ ਉੱਤੇ ਵੱਡੇ-ਵੱਡੇ ਲੋਖ ਲਿਖੇ ਜਾਂਦੇ ਨੇ। ਅੰਤਰ-ਰਾਸ਼ਟਰੀ ਇਨਾਮਾਂ ਦੀ ਝੜੀ ਲੱਗ ਜਾਂਦੀ ਹੈ।
ਆਤੰਕਵਾਦ ਹੈ ਤਾਂ ਆਤੰਕਵਾਦੀਆਂ ਨੂੰ ਵੀ ਲਾਭ ਹੈ। ਕਿੰਨੇ ਬੇਰੁਜ਼ਗਾਰ ਨੌਜਵਾਨਾਂ ਦੇ ਪਰਿਵਾਰ ਪਲਦੇ ਨੇ। ਬੇਰੁਜ਼ਗਾਰੀ ਦੇ ਆਲਮ ਵਿਚ ਨੌਕਰੀਆਂ ਮੰਗ ਰਹੇ ਆਮ ਨੌਜਵਾਨਾਂ ਉੱਤੇ ਜਾਂ ਆਪਣੀ ਕੋਈ ਸਮੱਸਿਆ ਲੈ ਕੇ ਅੰਦੋਲਨ ਕਰ ਰਹੇ ਆਮ ਲੋਕਾਂ ਲਈ ਸਰਕਾਰਾਂ ਕੋਲ ਡਾਂਗਾਂ-ਗੋਲੀਆਂ ਨੇ, ਪਰ ਆਤੰਕਵਾਦੀਆਂ ਨੂੰ ਗੱਲਬਾਤ ਦੀ ਮੇਜ਼ ਉੱਤੇ ਲਿਆਉਣ ਲਈ ਵੱਡੇ-ਵੱਡੇ ਦੇਸ਼ਾਂ ਦੀਆਂ ਸਰਕਾਰਾਂ ਤਰਸਦੀਆਂ ਰਹਿੰਦੀਆਂ ਨੇ। ਅੰਦਰ ਖਾਤੇ ਗੱਲਬਾਤ ਹੁੰਦੀ ਹੈ। ਉਹਨਾਂ ਨਾਲ ਇਸ ਗੱਲ ਦੀ ਮੰਨ-ਮਨੌਤ ਹੁੰਦੀ ਹੈ ਕਿ ਹਥਿਆਰ ਛੱਡ ਕੇ ਮੁੱਖ-ਧਾਰਾ ਵਿਚ ਆ ਜਾਓ---ਲੋਕ ਤੰਤਰ ਦੀ ਪੁਕਾਰ ਹੈ; ਚੋਣ ਲੜੋ, ਜਿੱਤੋ ਤੇ ਰਾਜ ਕਰੋ।
ਜਿਹਨਾਂ ਨੂੰ ਆਤੰਕਵਾਦ ਦਾ ਸ਼ਿਕਾਰ ਕਹਿੰਦੇ ਨੇ, ਉਹਨਾਂ ਦਾ ਵੀ ਫਾਇਦਾ ਹੁੰਦਾ ਹੈ। ਉਹਨਾਂ ਵਿਚ ਵਧੇਰੇ ਅਜਿਹੇ ਲੋਕ ਹੁੰਦੇ ਨੇ, ਜਿਹੜੇ ਆਪਣੇ ਪਰਿਵਾਰ ਲਈ ਸਾਰੀ ਜ਼ਿੰਦਗੀ ਵਿਚ ਪੰਜ ਲੱਖ ਰੁਪਏ ਨਹੀਂ ਕਮਾਅ ਸਕਦੇ। ਉਹ ਮੁਆਵਜ਼ੇ ਦੇ ਤੌਰ 'ਤੇ ਉਹਨਾਂ ਨੂੰ ਇਕੋ ਵਾਰੀ ਮਿਲ ਜਾਂਦਾ ਹੈ। ਪੰਜ ਜਣੇ ਮਰੇ, ਪੱਚੀ ਲੱਖ---ਯਾਨੀ ਬਚਿਆ ਹੋਇਆ ਛੇਵਾਂ ਆਦਮੀ ਮਾਲਾਮਾਲ। ਲੋਕਾਂ ਦੀ ਹਮਦਰਦੀ ਵੱਖਰੀ ਮਿਲਦੀ ਹੈ। ਵੱਡੇ ਨੇਤਾਵਾ, ਅਫ਼ਸਰਾਂ ਦੇ ਚਰਨਾਂ ਨਾਲ ਘਰ ਦੀ ਮਿੱਟੀ ਪਵਿੱਤਰ ਹੁੰਦੀ ਹੈ ਸੋ ਵੱਖਰੀ। ਅਖ਼ਬਾਰਾਂ ਵਿਚ ਨਾਂਅ ਛਪਦਾ ਹੈ। ਟੀ.ਵੀ. ਤੇ ਚਿਹਰਾ ਨਜ਼ਰ ਆਉਂਦਾ ਹੈ। ਉਹਨਾਂ ਦੀਆਂ ਰੋਂਦੀਆਂ, ਛਾਤੀ-ਪਿੱਟਦੀਆਂ ਤਸਵੀਰਾਂ ਵੇਖ-ਵੇਖ ਦੁਨੀਆਂ ਵਿਚ ਮਨੂੱਖਤਾ ਜਿਊਂਦੀ ਰਹਿੰਦੀ ਹੈ।
…ਸੋ ਜਿਸ ਆਤੰਕਵਾਦ ਨਾਲ ਮਨੁੱਖਤਾ ਦੇ ਫੁੱਲ ਖਿੜਦੇ ਨੇ ਤੇ ਚਮਨ ਵਿਚ ਹਰ ਪਾਸੇ ਫਾਇਦਿਆਂ ਦੀ ਝੜੀ ਲੱਗ ਜਾਂਦੀ ਹੈ---ਉਸ ਉਪਰ ਏਨੇ ਸਵਾਲ ਕਿਉਂ? ਉਸ ਨਾਲ ਏਨੀ ਨਫ਼ਰਤ ਕਿਉਂ? ਇਸ ਨੂੰ ਸੈਲੀਬਰੇਟ ਕਰ ਕੇ ਦੁਨੀਆਂ ਵਿਚ ਇਸ ਨੂੰ ਸਦੀਵੀਂ ਰੱਖਣ ਵਿਚ, ਵੱਡੇ-ਵੱਡੇ ਮੁਲਕਾਂ ਦੀਆਂ ਸਰਕਾਰਾਂ ਦਾ ਸਾਥ ਦਿਓ।

Friday, February 20, 2009

ਨਵਾਂ ਸਾਲ : ਹਰੀ੍ਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਨਵਾਂ ਸਾਲ… :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ ਜੈਤੋ। ਮੁਬਾਇਲ : 94177-30600.

ਸਾਧੋ, ਪਿਛਲਾ ਸਾਲ ਗੁਜ਼ਰ ਗਿਆ ਹੈ ਤੇ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਨਵੇਂ ਸਾਲ ਦੇ ਸ਼ੁਰੂ ਵਿਚ ਸ਼ੁਭਕਾਮਨਾਵਾਂ ਦੇਣ ਦਾ ਰਿਵਾਜ਼ ਹੈ…ਪਰ, ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦੇਣ ਤੋਂ ਝਿਜਕ ਰਿਹਾ ਹਾਂ। ਗੱਲ ਇਹ ਹੈ ਸਾਧੋ ਕਿ ਕੋਈ ਸ਼ੁਭਕਾਮਨਾ ਹੁਣ ਕਾਰਗਰ ਨਹੀਂ ਹੁੰਦੀ। ਮੰਨ ਲਓ, ਮੈਂ ਆਖਾਂ, ਕਿ ਈਸ਼ਵਰ ਨਵਾਂ ਸਾਲ ਤੁਹਾਡੇ ਲਈ ਸੁਖਦਾਈ ਕਰੇ, ਤਾਂ ਤੁਹਾਨੂੰ ਦੁੱਖ ਦੇਣ ਵਾਲੇ ਈਸ਼ਵਰ ਨਾਲ ਹੀ ਭਿੜ ਜਾਣਗੇ। ਇਹ ਕਹਿਣਗੇ,'ਦੇਖਦੇ ਹਾਂ, ਈਸ਼ਵਰ ਤੈਨੂੰ ਕਿਵੇਂ ਸੁਖ ਦੇਂਦਾ ਹੈ…।' ਸਾਧੋ ਕੁਛ ਲੋਕ ਈਸ਼ਵਰ ਨਾਲੋਂ ਵੀ ਵੱਡੇ ਹੋ ਗਏ ਨੇ। ਈਸ਼ਵਰ ਤੁਹਾਨੂੰ ਸੁਖ ਦੇਣ ਦੀ ਯੋਜਨਾ ਅਜੇ ਉਲੀਕ ਹੀ ਰਿਹਾ ਹੁੰਦਾ ਹੈ, ਕਿ ਇਹ ਲੋਕ ਉਸਨੂੰ ਪਾੜ-ਪੂੜ ਕੇ ਦੁਖ ਦੇਣ ਦੀਆਂ ਯੋਜਨਾਵਾਂ ਬਣਾ ਲੈਂਦੇ ਨੇ।
ਸਾਧੋ, ਮੈਂ ਆਖਾਂ ਕਿ ਇਹ ਵਰ੍ਹਾ ਤੁਹਾਡੇ ਲਈ ਸੁਖਦਾਈ ਹੋਵੇ…ਸੁਖ ਦੇਣ ਵਾਲਾ ਨਾ ਵਰ੍ਹਾ ਹੈ, ਨਾ ਮੈਂ ਹਾਂ, ਨਾ ਈਸ਼ਵਰ। ਸੁਖ ਤੇ ਦੁਖ ਦੇਣ ਵਾਲੇ ਹੋਰ ਹੀ ਨੇ। ਮੈਂ ਕਹਾਂ ਕਿ ਤੁਹਾਨੂੰ ਸੁਖ ਮਿਲੇ, ਈਸ਼ਵਰ ਵੀ ਮੇਰੀ ਗੱਲ ਮੰਨ ਕੇ ਚੰਗੀ ਫਸਲ ਕਰ ਦੇਵੇ। ਪਰ ਫਸਲ ਆਉਂਦਿਆਂ ਹੀ ਵਪਾਰੀ ਅਨਾਜ ਨੱਪ ਲੈਣ ਤੇ ਕੀਮਤਾਂ ਵਧਾਅ ਦੇਣ ਤਾਂ ਤੁਹਾਨੂੰ ਸੁਖ ਕਿੰਜ ਮਿਲੇਗਾ ? ਇਸ ਲਈ ਤੁਹਾਡੇ ਲਈ ਸੁਖ ਦੀ ਕਾਮਨਾ ਵਿਅਰਥ ਹੈ।
ਸਾਧੋ, ਤੁਹਾਨੂੰ ਚੇਤਾ ਹੋਵੇਗਾ ਕਿ ਨਵੇਂ ਸਾਲ ਦੇ ਸ਼ੁਰੂ ਵਿਚ ਮੈਂ ਤੁਹਾਨੂੰ ਸ਼ੁਭਕਾਮਨਾ ਦਿੱਤੀ ਸੀ। ਪਰ ਪੂਰਾ ਸਾਲ ਤੁਹਾਡੇ ਲਈ ਦੁਖਾਂ ਭਰਿਆ ਬੀਤਿਆ ਹਰ ਮਹੀਨੇ ਕੀਮਤਾਂ ਵਧਦੀਆਂ ਗਈਆਂ। ਤੁਸੀਂ ਚਕੀ-ਪੂਕਾਰ ਕਰਦੇ ਸੀ ਤਾਂ ਸਰਕਾਰ ਵਪਾਰੀਆਂ ਨੂੰ ਧਮਦੀ ਦੇ ਦੇਂਦੀ ਸੀ। ਬਹੁਤਾ ਰੌਲਾ ਪਾਇਆ ਤਾਂ ਦੋ ਚਾਰ ਵਪਾਰੀ ਗ੍ਰਿਰਫ਼ਤਾਰ ਕਰ ਲਏ, ਹੁਣ ਤਾਂ ਤੁਹਾਡਾ ਢਿੱਡ ਭਰ ਗਿਆ ਹੋਵੇਗਾ। ਸਾਧੋ, ਇਹ ਪਤਾ ਨਹੀਂ ਕਿਹੜਾ ਅਰਥਿਕ ਨਿਯਮ ਹੈ ਕਿ ਜਿਵੇਂ ਜਿਵੇਂ ਵਾਪਰੀ ਗਿਰਫ਼ਤਾਰ ਹੁੰਦੇ ਗਏ, ਤਿਵੇਂ-ਤਿਵੇਂ ਕੀਮਾਂ ਵਧਦੀਆਂ ਗਈਆਂ। ਮੈਨੂੰ ਤਾਂ ਇੰਜ ਲੱਗਦਾ ਹੈ, ਮਨਾਫ਼ਾਖ਼ੋਰ ਨੂੰ ਗਿਰਫ਼ਤਾਰ ਕਰਨਾ ਇਕ ਪਾਪ ਹੈ। ਇਸੇ ਪਾਪ ਸਦਕਾ ਕੀਮਤਾਂ ਵਧਦੀਆਂ ਨੇ।
ਸਾਧੋ, ਮੇਰੀ ਕਾਮਨਾ ਅਕਸਰ ਪੁੱਠੀ ਪੈ ਜਾਂਦੀ ਹੈ। ਪਿੱਛਲੇ ਸਾਲ ਵਿਚ ਇਕ ਸਰਕਾਰੀ ਕਰਮਚਾਰੀ ਲਈ ਮੈਂ ਸੁਖ ਦੀ ਕਾਮਨਾ ਕੀਤੀ ਸੀ। ਸਿੱਟਾ ਇਹ ਹੋਇਆ ਕਿ ਉਹ ਰਿਸ਼ਵਤ ਖਾਣ ਲੱਗ ਪਿਆ…ਉਸਨੇ ਮੇਰੀ ਇੱਛਾ ਜੋ ਪੂਰੀ ਕਰਨੀ ਸੀ ਤੇ ਰਿਸ਼ਵਤ ਖਾਧੇ ਬਿਨਾਂ ਕੋਈ ਸਰਕਾਰੀ ਕਰਮਚਾਰੀ ਸੁਖੀ ਹੋ ਹੀ ਨਹੀਂ ਸਕਦਾ। ਸਾਧੋ, ਸਾਲ ਭਰ ਤਾਂ ਉਹ ਸੁਖੀ ਰਿਹਾ, ਪਰ ਦਸੰਬਰ ਵਿਚ ਗ੍ਰਿਫ਼ਤਾਰ ਹੋ ਗਿਆ। ਇਕ ਵਿਦਿਆਰਥੀ ਨੂੰ ਮੈਂ ਕਿਹਾ ਸੀ ਕਿ ਨਵਾਂ ਸਾਲ ਸੁਖਦਾਈ ਹੋਵੇ…ਤਾਂ ਉਸਨੇ ਫਸਟ ਕਲਾਸ ਲੈਣ ਖਾਤਰ ਇਮਤਿਹਾਨਾਂ ਵਿਚ ਨਕਲ ਮਾਰ ਲਈ। ਇਕ ਨੇਤਾ ਨੂੰ ਮੈਂ ਕਿਹਾ ਦਿੱਤਾ ਸੀ ਕਿ ਇਸ ਵਰ੍ਹੇ ਤੁਹਾਡਾ ਜੀਵਨ ਸੁਖਦਾਈਹੋਵੇ…ਤਾਂ ਉਹ ਸੰਸਦ ਦਾ ਪੈਸਾ ਖਾ ਗਿਆ ਸੀ।
ਸਾਧੋ, ਇਕ ਈਮਾਨਦਾਰ ਵਪਾਰੀ ਨੂੰ ਮੈਂ ਕਹਿ ਬੈਠਾ ਸਾਂ…ਕਿ ਨਵਾਂ ਵਰ੍ਹਾ ਸੁਖਦਾਈ ਹੋਵੇ ਤਾਂ ਉਹ ਉਸੇ ਦਿਨ ਤੋਂ ਮੁਨਾਫ਼ਾਖ਼ੋਰੀ ਕਰਨ ਲੱਗ ਪਿਆ ਸੀ। ਇਕ ਪੱਤਰਕਾਰ ਲਈ ਮੈਂ ਸ਼ੁਭਕਾਮਨਾਵਾਂ ਭਜੀਆਂ ਤਾਂ ਉਹ ਬਲੈਕ-ਮੇਲਿੰਗ ਕਰਨ ਲੱਗ ਪਿਆ। ਇਕ ਲੇਖਕ ਨੂੰ ਕਿਹਾ ਕਿ ਨਵਾਂ ਸਾਲ ਤੁਹਾਡੇ ਨਹੀ ਸੁਖਦਾਈ ਹੋਵੇ ਤਾਂ ਉਹ ਲਿਖਣਾ ਛੱਡ ਕੇ ਰੇਡੀਓ ਤੇ ਨੌਕਰ ਹੋ ਗਿਆ। ਇਕ ਪਹਿਲਵਾਨ ਨੂੰ ਮੈਂ ਦਿੱਤਾ ਕਿ ਬਹਾਦਰ ਤੇਰਾ ਨਵਾਂ ਸਾਲ ਸੁਖਦਾਈ ਹੋਵੇ ਤਾਂ ਉਹ ਜੂਏ ਦਾ ਅੱਡਾ ਲਾ ਕੇ ਬੈਠ ਗਿਆ। ਇਕ ਅਧਿਆਪਕ ਨੂੰ ਮੈਂ ਸ਼ੁਭਕਾਮਨਾ ਦਿੱਤੀ ਤਾਂ ਉਹ ਪੈਸੇ ਲੈ ਕੇ ਮੁੰਡਿਆਂ ਨੂੰ ਪਾਸ ਕਰਵਾਉਣ ਲੱਗ ਪਿਆ। ਇਕ ਮੁਟਿਆਰ ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪ੍ਰੇਮੀ ਨਾਲ ਨੱਠ ਗਈ। ਇਕ ਐਮ. ਐਲ. ਏ. ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪੁਲਿਸ ਨਾਲ ਰਲ ਕੇ ਰਿਸ਼ਵਤ ਖਾਣ ਲੱਗ ਪਿਆ।
ਸਾਧੋ, ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਮੈਂ ਇਸ ਲਈ ਡਰ ਰਿਹਾ ਹਾਂ ਕਿ ਇਕ ਤਾਂ ਈਮਾਨਦਾਰ ਆਦਮੀ ਨੂੰ ਸੁਖ ਦੇਣਾ ਕਿਸੇ ਦੇ ਵੱਸ ਦੀ ਗੱਲ ਨਹੀਂ : ਈਸ਼ਵਰ ਦੇ ਵੀ ਨਹੀਂ। ਮੇਰੇ ਕਹਿ ਦੇਣ ਨਾਲ ਕੁਛ ਨਹੀਂ ਹੋਵੇਗਾ। ਜੇ ਮੇਰੀ ਸ਼ੁਭਕਾਮਨਾ ਨੇ ਸਹੀ ਹੀ ਹੋਣਾ ਹੈ, ਤਾਂ ਤੁਸੀਂ ਸਾਧੂ ਸੁਭਾਅ ਛੱਡ ਕੇ ਪਤਾ ਨਹੀਂ ਕੀ ਕੀ ਕਰਨ ਲੱਗ ਪਓਂ ! ਤੁਸੀਂ ਗਾਂਜਾ-ਸ਼ਰਾਬ ਜਾਂ ਚੋਰ-ਬਾਜ਼ਾਰੀ ਕਰਨ ਲਗੋਂ। ਤੁਸੀਂ ਕੋਈ ਸੰਸਥਾ ਬਣਾ ਕੇ ਚੰਦਾ ਖਾਣ ਲੱਗੋਂ। ਸਾਧੋ, ਸਿੱਧੇ ਰਸਤੇ ਇਸ ਰਾਜਭਾਗ ਵਿਚ ਕੋਈ ਸੁਖ ਨਹੀਂ ਮਿਲਦਾ। ਸਾਧੋ, ਇਸੇ ਡਰ ਦਾ ਮਾਰਿਆ ਮੈਂ ਤੁਹਾਨੂੰ ਨਵੇਂ ਸਾਲ ਲਈ ਕੋਈ ਸ਼ੁਭਕਾਮਨਾ ਨਹੀਂ ਦੇਂਣਾ ਪਿਆ ਕਿ ਕਿੱਧਰੇ ਤੁਸੀਂ ਸੁਖੀ ਹੋਣ ਦੀਆਂ ਕੋਸ਼ਿਸ਼ਾਂ ਹੀ ਨਾ ਕਰਨ ਲੱਗ ਪਵੋਂ।… ਸੁਖੀ ਹੋਣ ਦੀਆਂ ਕੋਸ਼ਿਸ਼ਾਂ ਹੀ ਨਾ ਕਰਨ ਲੱਗ ਪਵੋਂ।…

ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮਬਾਇਲ : 9417730600.


ਮੇਰਾ ਇਕ ਦੋਸਤ ਹੈ, ਕੱਟੜ ਮਾਰਕਸਵਾਦੀ। ਉਸਦੀ ਸੋਚ ਅਧੁਨਿਕ, ਵਿਗਿਆਨਕ ਤੇ ਬੁੱਧੀਵਾਦੀ ਹੈ। ਉਹ ਕੋਈ ਵੀਹ ਕੁ ਸਾਲ ਤੋਂ ਆਪਣੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਰਾਜਨੀਤਕ ਕੰਮਾਂ ਵਿਚ ਰੁਝਿਆ ਹੋਇਆ ਹੈ। ਉਹਦਾ ਕੋਈ ਆਪਣਾ ਵੀ ਹੈ, ਮੈਨੂੰ ਪਤਾ ਨਹੀਂ। ਪਰ ਉਹਦਾ ਵੀ ਕੋਈ ਹੈ ਜ਼ਰੂਰ ਸੀ। ਪਿਛਲੇ ਹਫ਼ਤੇ ਪ੍ਰਯਾਗ ਜਾ ਰਹੀ ਗੱਡੀ ਵਿਚ ਉਹ ਮੈਨੂੰ ਮਿਲ ਪਿਆ। ਉਸਨੇ ਸਿਰ ਮੁਨਵਾਇਆ ਹੋਇਆ ਸੀ।
ਮੈਂ ਪੁੱਛਿਆ, ''ਕਿੱਥੇ ਜਾ ਰਹੇ ਹੋ?''
ਉਹ ਬੋਲਿਆ, ''ਪ੍ਰਯਾਗਰਾਜ।''
ਲੋਕ ਚੋਰੀ ਕਰਨ ਜਾਂਦੇ ਨੇ ਤਾਂ ਇਸ ਸ਼ਹਿਰ ਨੂੰ ਇਲਾਹਾਬਾਦ ਕਹਿੰਦੇ ਨੇ, ਪਿੰਡ ਭਰਾਉਣ ਜਾਂਦੇ ਨੇ ਤਾਂ ਪ੍ਰਯਾਗਰਾਜ।
ਮੈਂ ਪੁੱਛਿਆ, ''ਆਹ, ਸਿਰ ਕਿਉਂ ਮੁਨਵਾ ਦਿੱਤਾ ਏ?''
ਉਸ ਕਿਹਾ, ''ਫਾਦਰ ਦੀ ਡੈੱਥ ਹੋ ਗਈ ਹੈ।''
ਮੈਂ ਕਿਹਾ, ''ਅੱਛਾ! ਪਹਿਲੀ ਵਾਰ ਪਤਾ ਲੱਗਾ ਜੇ ਕਿ ਤੁਹਾਡੇ ਵੀ ਕੋਈ ਫਾਦਰ ਸਨ!''
ਉਂਜ ਕੋਈ ਮਾੜੀ ਗੱਲ ਨਹੀਂ। ਆਪੋ-ਆਪਣੀ ਹੈਸੀਅਤ ਮੁਤਾਬਕ ਲੋਕਾਂ ਦੇ ਇਕ ਤੋਂ ਵੱਧ ਪਿਓ ਵੀ ਹੁੰਦੇ ਨੇ। ਮੈਂ ਇਕ ਅਜਿਹੇ ਬੰਦੇ ਨੂੰ ਜਾਣਦਾ ਹਾਂ ਜਿਸ ਦੇ ਪਰਸੋਂ ਤਕ ਪੈਂਤੀ ਪਿਓ ਸਨ। ਕੱਲ੍ਹ ਸਾਂਝੀ ਸਰਕਾਰ ਟੁੱਟਣ ਲੱਗੀ ਸੀ ਤਾਂ ਪੰਦਰਾਂ ਹੀ ਰਹਿ ਗਏ ਸਨ...ਤੇ ਅੱਜ ਫੇਰ ਉਹੋ ਸਰਕਾਰ ਹੈ ਤਾਂ ਉਸਦੇ ਪਿਓਆਂ ਦੀ ਗਿਣਤੀ ਅੱਠਤੀ ਹੋ ਗਈ ਹੈ।
ਮੈਨੂੰ ਉਸਦੇ 'ਫਾਦਰ' ਦੀ ਮੌਤ ਦਾ ਜ਼ਰਾ ਵੀ ਦੁੱਖ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਸਾਂ। ਨਾਲੇ ਉਹ ਅੱਸੀ ਸਾਲ ਦੇ ਸਨ ਤੇ ਉਹਨਾਂ ਦੇ ਮਰ ਜਾਣ ਨਾਲ ਕੋਈ ਯਤੀਮ ਵੀ ਨਹੀਂ ਸੀ ਹੋਇਆ। ਮੇਰੇ ਦੋਸਤ ਨੂੰ ਵੀ ਦੁੱਖ ਨਹੀਂ ਸੀ, ਹਾਂ ਜ਼ਰਾ ਪਛਤਾਵਾ ਸੀ।
ਮੈਨੂੰ ਤਾਂ ਉਸਦੀ ਚਿੰਤਾ ਲੱਗੀ ਹੋਈ ਏ ਜਿਸਨੂੰ ਪਿਛਲੇ ਵੀਹ ਸਾਲ ਤੋਂ ਉਹ ਆਪਣਾ ਪਿਓ ਮੰਨੀ ਬੈਠਾ ਹੈ—ਯਾਨੀਕਿ ਮਾਰਕਸਵਾਦ। ਉਸਨੇ ਆਪਣੇ ਹੱਥੀਂ ਮਾਰਕਸਵਾਦ ਦਾ ਮੁੰਨਣ ਕਰ ਦਿੱਤਾ ਸੀ।
ਉਸਦੇ ਹੱਥ ਵਿਚ ਇਕ ਨਿੱਕੀ ਜਿਹੀ ਥੈਲੀ ਫੜ੍ਹੀ ਹੋਈ ਸੀ। ਮੈਂ ਪੁੱਛਿਆ, ''ਇਸ ਵਿਚ ਕੀ ਏ?''
ਉਸ ਕਿਹਾ, ''ਉਹਨਾਂ ਦੇ ਫੁੱਲ ਨੇ, ਤੈਨੂੰ ਏਨਾ ਵੀ ਨਹੀਂ ਪਤਾ...''
ਮੈਂ ਬੋਲਿਆ, ''ਮੈਂ ਸਮਝਿਆ ਸਾਂ, ਇਸ ਵਿਚ ਦਵੰਦਾਤਮਕ-ਭੌਤਿਕਵਾਦ ਹੈ। ਜਿਹੜਾ ਸੰਗਮ ਵਿਚ ਜਲ-ਪ੍ਰਵਾਹ ਕਰ ਦਿੱਤਾ ਜਾਏਗਾ।''
ਉਹ ਚਿੜ ਗਿਆ ਸੀ। ਬੋਲਿਆ, ''ਯਾਰ, ਇਹ ਬੜਾ ਈ ਟੇਢਾ ਸੰਘਰਸ਼ ਏ। ਇਕ ਪਾਸੇ ਕਰਾਂਤੀ ਦੀ ਤਾਂਘ ਤੇ ਦੂਜੇ ਪਾਸੇ ਸੰਸਕਾਰਾਂ ਦੇ ਨਾਲ-ਨਾਲ ਪਰਿਵਾਰਕ-ਭਾਵਨਾਵਾਂ।''
ਮੈਂ ਇਸ ਸੰਘਰਸ਼ ਬਾਰੇ ਵੀ ਜਾਣਦਾ ਹਾਂ। ਚਾਚਾ ਜੀ ਦੀ ਮੌਤ ਪਿੱਛੋਂ ਮੈਂ ਐਲਾਨ ਕਰ ਦਿੱਤਾ ਸੀ ਕਿ ਸ਼ਰਾਧ ਨਹੀਂ ਕਰਾਂਗਾ। ਮੇਰੀ ਉਹ ਗਤ ਬਣੀ ਸੀ ਕਿ ਮੈਂ ਹੀ ਜਾਣਦਾ ਹਾਂ। ਸ਼ਰਾਧ ਕਰਨ ਵਾਲੇ ਹੋਰ ਵੀ ਕਈ ਸਨ। ਚਾਚਾ ਜੀ ਕੋਈ ਮੇਰੇ ਭਰੋਸੇ 'ਤੇ ਤਾਂ ਪਰਲੋਕ ਗਏ ਨਹੀਂ ਸਨ। ਨਾਲੇ ਮੇਰੇ ਵਰਗੇ ਬੰਦੇ ਦੇ ਭਰੋਸੇ 'ਤੇ ਕੋਈ ਪਰਲੋਕ ਵਿਚ ਜਾ ਵੀ ਕਿੰਜ ਸਕਦਾ ਹੈ? ਮੇਰੇ ਭਰੋਸੇ 'ਤੇ ਤਾਂ ਕੋਈ ਇਸ ਦੁਨੀਆਂ ਵਿਚ ਵੀ ਨਹੀਂ ਰਹਿ ਸਕਦਾ।
ਮੇਰੇ ਮਨ ਵਿਚ ਇਕੋ ਸਵਾਲ ਸੀ—ਜੇ ਕੋਈ ਬੰਦਾ ਆਪਣੇ ਪੂਰੇ ਭੌਤਿਕ ਵਿਸ਼ਵਾਸ ਨਾਲ ਸਮਾਜਿਕ-ਕਰਾਂਤੀ ਲੈ ਆਉਣ ਵਿਚ ਰੁੱਝਿਆ ਹੋਵੇ ਤੇ ਉਸਦੀ ਚਾਚੀ ਕਹੇ ਕਿ ਪੁੱਤਰ ਜੇ ਤੂੰ ਸ਼ਰਾਧ ਨਾ ਕੀਤਾ ਤਾਂ ਤੇਰੇ ਚਾਚੇ ਦੀ ਆਤਮਾ ਨੂੰ ਦੁੱਖ ਹੋਏਗਾ ਤੇ ਪਰਲੋਕ ਵਿਚ ਉਹਨਾਂ ਦੀ ਦੁਰਗਤ ਹੋ ਜਾਏਗੀ, ਤਾਂ ਕਰਾਂਤੀਕਾਰੀ ਕੀ ਕਰੇਗਾ? ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਨੀ ਪੈਂਦੀ ਹੈ। ਫੇਰ ਕੀ ਉਹ ਇੰਜ ਕਹੇਗਾ, 'ਚਾਚੀ ਜੀ, ਤੁਸਾਂ ਦੀ ਇਹੋ ਮੰਸ਼ਾ ਹੈ ਤਾਂ ਮੈਂ ਕਰਾਂਤੀ ਦੀ ਰਾਹ ਛੱਡ ਦੇਂਦਾ ਹਾਂ?'
ਮੇਰਾ ਇਕ ਹੋਰ ਦੋਸਤ ਏ। ਉਹ ਕਰਨੀ ਤੇ ਕੱਥਨੀ ਦੋਹਾਂ ਵਿਚ ਮੈਥੋਂ ਵੱਧ ਸੁਲਝਿਆ ਹੋਇਆ ਸੀ। ਮੈਂ ਉਸੇ ਤੋਂ ਗਿਆਨ ਤੇ ਪ੍ਰੇਰਨਾ ਪ੍ਰਾਪਤ ਕੀਤੀ ਹੈ। ਇਕ ਦਿਨ ਉਹ ਵੀ ਰੰਗੇ ਹੱਥੀਂ ਫੜ੍ਹਿਆ ਗਿਆ। ਮੈਂ ਵੇਖਿਆ ਕਿ ਉਹ ਧੋਤੀ ਬੰਨ੍ਹ ਕੇ, ਚੌਂਕੜੀ ਮਾਰ ਕੇ ਬੈਠਾ ਹੋਇਆ ਹੈ ਤੇ ਸਤਨਾਰਾਇਣ ਦੀ ਕਥਾ ਕਰ ਰਿਹਾ ਹੈ। ਇੰਜ ਲੱਗਾ ਜਿਵੇਂ ਹਸਪਤਾਲ ਦੀ ਬੱਸ ਨੇ ਹੀ ਮੈਨੂੰ ਕੁਚਲ ਦਿੱਤਾ ਹੋਵੇ।
ਦੂਸਰੇ ਦਿਨ ਮੈਂ ਉਸਨੂੰ ਪੁੱਛਿਆ, 'ਕਿਉਂ ਝੂਠ-ਨਾਰਾਇਣ ਜੀ ਮਾਹਾਰਾਜ, ਕੱਲ੍ਹ ਕੀ ਹੋ ਰਿਹਾ ਸੀ?' ਉਸਨੇ ਉਤਰ ਦਿੱਤਾ, 'ਯਾਰ 'ਮਦਰ ਇਨ ਲਾਅ' (ਸੱਸ) ਖਹਿੜੇ ਪੈ ਗਈ ਸੀ।'
ਮੇਰਾ ਖ਼ਿਆਲ ਹੈ ਕਿ 'ਮਦਰ ਇਨ ਲਾਅ' ਦੀ ਕਿਸਮ ਸੱਸ ਨਾਲੋਂ ਰਤਾ ਵੱਖਰੀ ਹੁੰਦੀ ਹੈ। ਨਹੀਂ ਤਾਂ ਤਜ਼ਰਬੇ ਦਾ ਜ਼ਰੂਰ ਫ਼ਰਕ ਹੈ।
'ਮਦਰ ਇਨ ਲਾਅ' ਅਖਵਾਉਣ ਵਾਲੀਆਂ ਤੀਵੀਆਂ, ਕਰਾਂਤੀਕਾਰੀਆਂ ਦੀਆਂ ਦੁਸ਼ਮਣ ਹੁੰਦੀਆਂ ਨੇ। ਕਰਾਂਤੀਕਾਰੀ ਦਾ ਪਹਿਲਾ ਤੇ ਸਭ ਤੋਂ ਵੱਡਾ ਸੰਘਰਸ਼ 'ਮਦਰ ਇਨ ਲਾਅ' ਨਾਲ ਨਿਬੜਣਾ ਹੀ ਹੈ। ਗੱਲ ਕੁਝ ਇੰਜ ਹੁੰਦੀ ਹੈ ਕਿ ਉਹ ਪਤਨੀ ਦੇ ਦਿੰਦੀ ਹੈ ਤੇ ਪਤਨੀ ਆਪਣੇ ਫਰਜ਼ ਅਨੁਸਾਰ ਬੱਚੇ।...ਫੇਰ 'ਮਦਰ ਇਨ ਲਾਅ' ਆ ਕੇ ਕਹਿੰਦੀ ਹੈ, 'ਕਾਕਾ, ਆਪਣਾ ਨਹੀਂ ਤਾਂ ਬੱਚਿਆਂ ਦਾ ਖ਼ਿਆਲ ਕਰੋ।'
ਤੇ ਕਾਕਾ ਜੀ ਦਾ ਇਨਕਾਲਬੀਪੁਣਾ ਮੋੜ ਕੱਟ ਕੇ ਠੁੱਸ ਹੋ ਜਾਂਦਾ ਹੈ।
ਅਜਿਹੇ 'ਮਦਰ ਇਨ ਲਾਅ' ਦੇ ਸ਼ਿਕਾਰ ਕਰਾਂਤੀਕਾਰੀਆਂ ਦੇ ਵੀਹ-ਪੱਚੀ ਪਿੰਜਰ ਮੇਰੇ ਕੋਲ ਪਏ ਹੈਨ। ਤੁਸੀਂ ਵੀ ਕਈ ਅਜਿਹੇ ਬੰਦਿਆਂ ਨੂੰ ਜਾਣਦੇ ਹੋਵੋਗੇ।
ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ ਬੜੀ ਦਿਲਚਸਪ ਹੁੰਦੀ ਹੈ। ਲੋਕਾਂ ਨੂੰ, ਸੰਸਕਾਰਾਂ ਤੇ ਅਰਥ-ਸ਼ਾਸਤਰ ਦੀ ਅਜਿਹੀ ਪੜ੍ਹਦਿਆਂ ਮੈਂ ਆਪ ਵੇਖਿਆ ਹੈ।
ਕੋਈ ਦੋ ਸਾਲ ਪਹਿਲਾਂ ਮੈਂ ਇਕ ਸ਼ਹਿਰ ਵਿਚ ਕਿਸੇ ਸਭਿਆਚਾਰਕ ਪ੍ਰੋਗਰਾਮ ਵਿਚ ਗਿਆ ਸਾਂ। ਉੱਥੇ ਇਕ ਸਾਹਿਤਕ ਰੂਚੀ ਵਾਲੇ ਸੱਜਣ ਖਹਿੜੇ ਹੀ ਪੈ ਗਏ ਸਨ ਕਿ ਮੇਰੇ ਘਰ ਚੱਲ ਕੇ ਚਾਹ ਜ਼ਰੂਰ ਪੀਓ। ਹਰ ਵਾਰ ਬੇਨਤੀ ਕਰਦੇ ਇਹ ਜ਼ਰੂਰ ਕਹਿੰਦੇ ਸਨ—'ਸਰਿਤਾ ਨੇ ਵੀ ਕਿਹਾ ਹੈ।' ਮੈਂ ਸਮਝ ਗਿਆ ਇਹ ਸਰਿਤਾ ਉਹਨਾਂ ਦੀ ਧਰਮ ਪਤਨੀ ਹੋਵੇਗੀ, ਜਿਸਨੂੰ ਸਾਹਿਤ ਪੜ੍ਹਨ ਤੇ ਕਵਿਤਾ ਵਗ਼ੈਰਾ ਲਿਖਣ ਦਾ ਸ਼ੌਕ ਹੋਏਗਾ। ਮੈਂ ਚਾਹ ਪੀਣ ਪਹੁੰਚਿਆ ਤਾਂ ਉਹਨਾਂ ਨੇ ਬੈਠਕ ਵਿਚੋਂ ਹੀ ਪਰਦੇ ਵੱਲ ਮੂੰਹ ਕਰਕੇ ਮੇਰੇ ਆਉਣ ਦਾ ਐਲਾਨ ਕਰ ਦਿੱਤਾ। ਦਵੰਧ ਵਿਚ ਫਸੇ, ਅੱਧ-ਅਧੁਨਿਕ ਪਰਿਵਾਰਾਂ ਵਿਚ ਇਸ ਤੋਂ ਪਿੱਛੋਂ ਕੀ ਵਾਪਰਦਾ ਹੈ? ਮੈਨੂੰ ਪਤਾ ਹੈ। ਪਤਨੀ ਆਉਂਦੀ ਹੈ, ਨਮਸਤੇ ਕਰਕੇ ਘੜੇ-ਘੜਾਏ ਵਾਕ ਬੋਲਣ ਲੱਗ ਪੈਂਦੀ ਹੈ—'ਅਸੀਂ ਅਕਸਰ ਤੁਹਾਡੀਆਂ ਕਹਾਣੀਆਂ ਪੜ੍ਹਦੇ ਹਾਂ...ਹਾਸੜ ਪੈ ਜਾਂਦੀ ਹੈ। ਬਸ ਕੀ ਦੱਸਾਂ...! ਬੜਾ ਹੀ ਹਾਸਾ ਆਉਂਦਾ ਏ।' ਉਸੇ ਸਮੇ ਉਸਨੂੰ 'ਦੰਪਤੀ-ਸੰਹਿਤਾ' ਦਾ ਨਿਯਮ ਨੰਬਰ 73 ਯਾਦ ਆ ਜਾਂਦਾ ਹੈ...'ਪਤਨੀਆਂ ਨੂੰ ਆਪਣੇ ਨਿੱਜੀ ਵਿਚਾਰ ਨਹੀਂ ਪੇਸ਼ ਕਰਨੇ ਚਾਹੀਦੇ। ਜੇ ਕਦੀ ਇੰਜ ਕਰਨਾ ਜ਼ਰੂਰੀ ਹੋਵੇ ਤਾਂ ਇਸ ਤਰ੍ਹਾਂ ਦੀ ਗੱਲਬਾਤ ਵਿਚ ਪਤੀ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ।' ਤੇ ਉਹ ਪਤੀ ਨੂੰ ਵੀ ਸ਼ਾਮਲ ਕਰ ਲੈਂਦੀ ਹੈ...'ਕਿਉਂ ਜੀ, ਉਹ ਕਿਹੜੀ ਕਹਾਣੀ ਪੜ੍ਹੀ ਸੀ ਆਪਾਂ, ਪਿਛਲੇ ਹਫ਼ਤੇ?'
ਜੇ ਘਰ ਵਿਚ ਕੋਈ ਨਿੱਕਾ ਨਿਆਣਾ ਹੋਵੇ ਤਾਂ ਉਸ ਤੋਂ ਮੱਲੋਮੱਲੀ 'ਅੰਕਲ-ਜੀ' ਨੂੰ ਨਮਸਕਾਰ ਕਰਵਾਈ ਜਾਂਦੀ ਹੈ। ਫੇਰ ਆਖਿਆ ਜਾਂਦਾ ਹੈ, 'ਅੰਕਲ ਤੈਨੂੰ ਬੜੀ ਸੋਹਣੀ ਕਹਾਣੀ ਸੁਣਾਉਣਗੇ।' ਤੇ ਕਦੀ-ਕਦੀ ਤਾਂ ਉੱਥੇ ਹੀ ਬੱਚੇ ਨੂੰ ਕੋਈ ਕਹਾਣੀ ਸੁਣਾ ਦੇਣ ਲਈ ਮਜ਼ਬੂਰ ਵੀ ਕੀਤਾ ਜਾਂਦਾ ਹੈ। ਮੇਰੇ ਕੋਲ ਵੀ ਬੜੇ ਨੁਸਖ਼ੇ ਨੇ। ਬਜ਼ੂਰਗਾਂ ਲਈ 'ਡਾਇਬਟੀਜ਼' ਦਾ ਤੇ ਬੱਚਿਆਂ ਲਈ ਕਾਲੀ ਖੰਘ ਦਾ। ਮੈਂ ਝੱਟ ਬੱਚੇ ਨੂੰ ਕਿਸੇ ਦਿਓ ਦੀ ਕਹਾਣੀ ਸੁਣਾ ਦਿੰਦਾ ਹਾਂ ਤੇ ਜੇ ਵਧੇਰੇ ਹੀ ਆਖਿਆ ਜਾਵੇ ਤਾਂ ਸਹੁਰਾ ਸਾਹਬ ਹੁਰਾਂ ਨੂੰ ਕ੍ਰਿਸ਼ਨ ਸੁਦਾਮੇਂ ਦੀ ਕਹਾਣੀ ਸੁਣਾ ਦਿੰਦਾ ਹਾਂ।
ਬੈਠਕ ਵਿਚ ਬੈਠ ਕੇ ਮੈਂ ਇਹੀ ਸੋਚ ਰਿਹਾ ਸਾਂ ਕਿ ਹੁਣੇ ਸਰਿਤਾ ਜੀ ਆਉਣਗੇ ਤੇ ਮਸ਼ੀਨੀ ਚਰਚਾ ਛਿੜ ਪਏਗੀ। ਕਾਫੀ ਦੇਰ ਹੋ ਚੁੱਕੀ ਸੀ ਪਰ ਸਰਿਤਾ ਜੀ ਤਾਂ ਕੀ ਕੋਈ 'ਨਾਲੀ-ਜੀ' ਵੀ ਨਹੀਂ ਸੀ ਆਈ। ਮੈਂ ਸੋਚਿਆ ਚਾਹ ਲੈ ਕੇ ਆਉਣਗੇ।...ਕੁਝ ਚਿਰ ਪਿੱਛੋਂ ਬੂਹੇ ਦੀ ਕੁੰੜੀ ਖੜਕੀ ਤੇ ਸ਼੍ਰੀਮਾਨ ਜੀ ਚਾਹ ਦੀ ਟਰੇ ਚੁੱਕ ਲਿਆਏ।
ਪਰਦੇ ਪਿੱਛੋਂ ਇਕ ਬਿੱਲੀ ਅੰਦਰ ਆ ਵੜੀ, ਏਸ ਘਰ ਦੀ ਇਸਤਰੀ ਜਾਤੀ ਵਿਚ ਇਹੋ ਇਕ ਬਿੱਲੀ ਸੀ ਜਿਹੜੀ ਪਰਦਾ ਨਹੀਂ ਸੀ ਕਰਦੀ।
ਕੁੰਡੀ ਧਾਤੂ ਯੁੱਗ ਤੋਂ ਚੱਲੀ ਆ ਰਹੀ 'ਕਾਲਬੈੱਲ' ਹੈ। ਸਰਿਤਾ ਜੀ ਕੁਝ ਸੰਸਕਾਰ ਆਪਣੇ ਪੇਕਿਓਂ ਲੈ ਕੇ ਆਏ ਹੋਣਗੇ ਤੇ ਬਾਕੀ ਏਥੇ ਮਿਲ ਗਏ ਹੋਣਗੇ। ਜੇ ਉਹਨਾਂ ਦੇ ਪੈਰ ਦਹਿਲੀਜ਼ ਵੱਲ ਵਧਦੇ ਨੇ ਤਾਂ ਹੱਥ ਆਪ-ਮੁਹਰੇ ਹੀ ਕੁੰਡੀ ਵੱਲ ਚਲਾ ਜਾਂਦਾ ਹੈ।
ਜੇ ਹਾਲ ਇਹ ਹੈ ਤਾਂ ਇਸ ਆਦਮੀ ਨੇ ਵਾਰ-ਵਾਰ ਇੰਜ ਕਿਉਂ ਕਿਹਾ ਸੀ—'ਸਰਿਤਾ ਜੀ ਨੇ ਵੀ ਆਉਣ ਲਈ ਕਿਹਾ ਹੈ।' ਏਸ ਨਾਟਕ ਵਿਚ ਸਰਿਤਾ ਦਾ ਬਸ ਏਨਾ ਹੀ 'ਰੋਲ' ਹੈ ਕਿ ਉਹ ਪਰਦੇ ਦੇ ਪਿੱਛੇ ਕੁੰਡੀ ਖੜਕਾਉਂਦੀ ਹੈ। ਜੇ ਇਸ ਆਦਮੀ ਨੇ ਸਰਿਤਾ ਨੂੰ ਰੰਗਮੰਚ 'ਤੇ ਲਿਆਉਣਾ ਹੈ ਤਾਂ ਬੂਹੇ ਦੀ ਕੁੰਡੀ ਨੂੰ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ। ਪਰ ਫੇਰ ਉਹ ਕੌਲੀਆਂ-ਭਾਂਡੇ ਖੜਕਾਉਣ ਲੱਗ ਪਏਗੀ।
ਮੈਂ ਫੇਰ ਦੋ ਸਾਲ ਪਿੱਛੋਂ ਉਸੇ ਸ਼ਹਿਰ ਵਿਚ ਗਿਆ ਸਾਂ ਤਾਂ ਉਹੀ ਸੱਜਣ ਮੈਨੂੰ ਚਾਹ ਪਿਆਉਣ ਲਈ ਘਰ ਲੈ ਗਏ ਸਨ। ਪਰ ਏਸ ਵਾਰੀ ਉਹਨਾਂ ਇਹ ਨਹੀਂ ਸੀ ਆਖਿਆ—'ਸਰਿਤਾ ਜੀ ਨੇ ਵੀ ਆਉਣ ਲਈ ਕਿਹਾ ਹੈ।' ਉਹਨਾਂ ਨੇ ਪਰਦੇ ਪਿੱਛੋਂ ਕੁੰਡੀ ਖੜਕਾਉਣ ਵਾਲਾ ਨਾਟਕ ਦਾ ਹਿੱਸਾ ਵੀ ਕੱਟ ਦਿੱਤਾ ਹੋਵੇਗਾ। ਮੈਂ ਬੈਠਕ ਵਿਚ ਪਹੁੰਚ ਗਿਆ ਸਾਂ, ਪਰ ਉਹਨਾਂ ਪਰਦੇ ਵੱਲ ਮੂੰਹ ਭੂਆਂ ਕੇ ਮੇਰੇ ਆ ਜਾਣ ਦਾ ਐਲਾਨ ਨਹੀਂ ਸੀ ਕੀਤਾ। ਕੁਝ ਚਿਰ ਪਿੱਛੋਂ ਸਰਿਤਾ ਜੀ ਆਪ ਹੀ ਚਾਹ ਵਾਲੀ ਟਰੇ ਚੁੱਕ ਕੇ ਅੰਦਰ ਆ ਗਏ। ਉਹਨਾਂ ਇਕ ਦੋ ਰਸਮੀ ਜਿਹੇ ਵਾਕ ਬੋਲੇ ਤੇ ਘੜੀ ਵੱਲ ਵਿੰਹਦਿਆਂ ਹੋਇਆਂ ਕਿਹਾ, 'ਤੁਸੀਂ ਚਾਹ ਪੀਓ। ਮੇਰਾ ਤਾਂ ਸਕੂਲ ਜਾਣ ਦਾ ਵੇਲਾ ਹੋ ਗਿਆ ਏ।' ਤੇ ਉਹ ਚੱਪਲਾਂ ਦੀ 'ਚਿੱਟ-ਪਿੱਟ' ਦਾ ਖੜਾਕ ਕਰਦੇ ਹੋਏ ਪੌੜੀਆਂ ਉਤਰ ਗਏ ਸਨ।
ਸ਼ੀਮਾਨ ਸਰਿਤਾ ਪਤੀ ਬੋਲੇ, 'ਸਕੂਲ ਵਿਚ ਨੌਕਰੀ ਕਰ ਲਈ ਏ। ਅੱਜ ਕੱਲ੍ਹ 'ਕੱਲੇ ਬੰਦੇ ਦੀ ਕਮਾਈ ਨਾਲ ਪੂਰਾ ਈ ਨਹੀਂ ਪੈਂਦਾ।'
ਮੈਂ ਸਮਝ ਗਿਆ ਅਰਥ-ਸ਼ਾਸਤਰ ਨੇ ਸੰਸਕਾਰਾਂ ਨੂੰ ਧੋਬੀ ਪਟਕਾ ਮਾਰ ਦਿੱਤਾ ਹੈ।
ਸਾਡੇ ਏਸ ਜ਼ਮਾਨੇ ਵਿਚ ਨਾਰੀ ਨੂੰ ਮੁਕਤੀ ਮਿਲਣ ਦਾ ਅਸਲੀ ਕਾਰਣ ਕੀ ਹੈ? ਕੋਈ ਅੰਦੋਲਨ? ਅਜੋਕਾ ਦ੍ਰਿਸ਼ਟੀਕੋਨ? ਜਾਂ ਆਪਣੇ ਵਿਅਕਤੀਤਵ ਦਾ ਅਹਿਸਾਸ?...ਜੀ ਨਹੀਂ, ਉਸਦੀ ਮੁਕਤੀ ਦਾ ਕਾਰਣ ਹੈ ਮਹਿੰਗਾਈ। ਨਾਰੀ ਮੁਕਤੀ ਦੇ ਇਤਿਹਾਸ ਵਿਚ ਇਹ ਵਾਕ ਸਦਾ ਅਮਰ ਰਹੇਗਾ—'ਕੱਲੇ ਬੰਦੇ ਦੀ ਕਮਾਈ ਨਾਲ ਪੂਰਾ ਈ ਨਹੀਂ ਪੈਂਦਾ।'
ਅਰਥ-ਸ਼ਾਸਤਰ ਸੰਸਕਾਰਾਂ ਦੀ ਹਿੱਕ ਉੱਤੇ ਚੜ੍ਹ ਬੈਠਾ ਹੈ ਤੇ ਉਹਨਾਂ ਦਾ ਗਲ਼ਾ ਘੁੱਟ ਰਿਹਾ ਹੈ। ਇਕ ਮੁੰਡਾ ਕਿਸੇ ਕੁੜੀ ਨੂੰ ਰਜ਼ਾਮੰਦੀ ਨਾਲ ਭਜਾ ਕੇ ਲੈ ਗਿਆ ਤੇ ਉਹਨਾਂ ਨੇ ਸਰਕਾਰੀ ਸ਼ਾਦੀ ਕਰ ਲਈ। ਮੁੰਡਾ ਭਲਾਮਾਣਸ, ਸੁੰਦਰ ਤੇ ਚੰਗੀ ਨੌਕਰੀ 'ਤੇ ਲੱਗਾ ਹੋਇਆ ਸੀ। ਸ਼ੁਰੂ ਵਿਚ ਕੁੜੀ ਦੀ ਮਾਂ ਦੇ ਸੰਸਕਾਰਾਂ ਨੇ ਬੜਾ ਹੀ ਜ਼ੋਰ ਮਾਰਿਆ, ਬੜੀ ਚੀਕਾ-ਰੌਲੀ ਪਾਈ। ਪਰ ਅਰਥ-ਸ਼ਾਸਤਰ ਤੋਂ ਜਰਿਆ ਨਾ ਗਿਆ। ਉਸਨੇ ਸੰਸਕਾਰਾਂ ਨੂੰ ਭੋਇੰ ਪਟਕ ਦਿੱਤਾ। ਮਾਂ ਨੇ ਸੋਚਿਆ, 'ਉਹ ਪੰਦਰਾਂ ਹਜ਼ਾਰ ਰੁਪਏ ਜਿਹੜੇ ਦਾਜ ਵਾਸਤੇ ਜੋੜੇ ਸਨ, ਬਚ ਗਏ ਨੇ। ਤੇ ਨਾਲੇ ਪੰਦਰਾਂ ਹਜ਼ਾਰ ਵਿਚ ਵੀ ਕਿਹੜਾ ਏਡਾ ਚੰਗਾ ਮੁੰਡਾ ਲੱਭ ਪੈਣਾ ਸੀ।' ਉਹਨਾਂ ਕਾਰਡ ਵੰਡ ਦਿੱਤੇ—ਲੋਕਾਂ ਨੂੰ 'ਪ੍ਰੀਤੀ ਭੋਜ' ਕਰ ਦਿੱਤਾ ਗਿਆ।
ਚੰਗੀਆਂ ਮਾਵਾਂ ਇੰਜ ਕਿਉਂ ਨਹੀਂ ਸੋਚਦੀਆਂ ਕਿ ਕੋਈ ਚੰਗਾ ਮੁੰਡਾ, ਉਹਨਾਂ ਦੀ ਕੁੜੀ ਨੂੰ ਭਜਾ ਕੇ ਲੈ ਜਾਵੇ ਤੇ ਵਿਆਹ ਕਰਵਾ ਕੇ ਸਾਨੂੰ ਦਸ ਦੇਵੇ ਤਾਂ ਜੋ ਅਸੀਂ ਪ੍ਰੀਤੀ ਭੋਜ ਦੇ ਦੇਈਏ।
ਆਪਸੀ ਲੜਾਈ ਝਗੜੇ ਸ਼ਾਸਤਰਾਂ ਵਿਚ ਵੀ ਹੁੰਦੇ ਨੇ। ਅਰਥ-ਸ਼ਾਸਤਰ ਜਦੋਂ ਧਰਮ-ਸ਼ਾਸਤਰ ਉੱਤੇ ਚੜ੍ਹ ਬੈਠਦਾ ਹੈ ਤਾਂ ਗਊ-ਰਕਸ਼ਾ ਅੰਦੋਲਨ ਦੇ ਨੇਤਾ, ਪੰਡਤ ਦੁਆਰਕਾ ਨਾਥ, ਬੂਟਾਂ ਦੀ ਦੁਕਾਨ ਖੋਹਲ ਲੈਂਦੇ ਨੇ। 'ਕਾਫ਼-ਲੈਦਰ' (ਵੱਛੇ ਦਾ ਚਮੜਾ) ਦੇ ਬੂਟਾਂ ਨੂੰ ਭਾਗਵਤ ਵਾਂਗ ਹੱਥ ਵਿਚ ਫੜ੍ਹ ਕੇ ਕਹਿੰਦੇ ਨੇ—'ਇਹ ਬੂਟ ਬੜਾ ਹੀ ਮੁਲਾਇਮ ਹੁੰਦਾ ਏ। ਪਹਿਲਾਂ 'ਕਾਫ਼-ਲੈਦਰ' ਵਲਾਇਤ ਤੋਂ ਆਉਂਦਾ ਸੀ ਹੁਣ ਆਪਣੇ ਦੇਸ਼ ਵਿਚ ਉਤਾਰਿਆ ਜਾਣ ਲੱਗ ਪਿਆ ਹੈ। ਆਪਣਾ ਦੇਸ਼ ਵੀ ਕਾਫੀ ਅਗਾਂਹ ਵਧ ਗਿਆ ਏ।'
ਸੜਕਾਂ ਉੱਤੇ ਜਲੂਸ ਕੱਢ ਰਹੇ ਹੁੰਦੇ ਨੇ ਤਾਂ ਕਹਿੰਦੇ ਨੇ—'ਗਊ ਹੱਤਿਆ ਹੋਣ ਕਰਕੇ ਹੀ ਦੇਸ਼ ਪਿੱਛੜ ਰਿਹਾ ਹੈ।' ਦੁਕਾਨ 'ਤੇ ਬੈਠੇ ਹੁੰਦੇ ਨੇ ਤਾਂ ਕਹਿੰਦੇ ਨੇ—'ਵੱਛੇ ਦਾ ਚਮੜਾ ਉਤਾਰਿਆ ਜਾਣ ਲੱਗ ਪਿਆ ਹੈ ਸੋ ਦੇਸ਼ ਤਰੱਕੀ ਕਰ ਰਿਹਾ ਹੈ।' ਗੱਲਾਂ ਦੋਹੇਂ ਹੀ ਠੀਕ ਨੇ। ਦੇਸ਼ ਪਿਛੜਿਆ ਜ਼ਰੂਰ ਹੈ ਪਰ ਫੇਰ ਰੀਂਘਦਾ ਹੋਇਆ ਅਗਾਂਹ ਵੀ ਵਧਿਆ ਹੈ ਤੇ ਉਹਨਾਂ ਦੇ ਕਾਰਖ਼ਾਨੇ ਤਕ ਆ ਗਿਆ ਹੈ। ਓਥੇ ਉਹਨਾਂ ਦੇਸ਼ ਦੀ ਚੰਮ ਲਾਹ ਲਈ ਹੈ ਤੇ ਬੂਟ ਬਣਾ ਕੇ ਵੇਚਣ ਲੱਗ ਪਏ ਨੇ।
  --- --- ---

  ਪੰਜਾਬੀ ਟ੍ਰਿਬਿਊਨ : 10. 10. 2007.

ਦੂਜਿਆਂ ਦੇ ਈਮਾਨ ਦੇ ਰਾਖੇ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਦੂਜਿਆਂ ਦੇ ਈਮਾਨ ਦੇ ਰਾਖੇ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਮੁਬਾਇਲ : 94177-30600.

ਪਹਿਲਾਂ ਜਿਹੜੀਆਂ ਗੱਲਾਂ ਨੂੰ ਵੇਖ ਕੇ ਦੁੱਖ ਹੁੰਦਾ ਸੀ, ਹੁਣ ਉਹਨਾਂ ਉੱਤੇ ਹਿਰਖ ਚੜ੍ਹ ਜਾਂਦਾ ਹੈ। ਕਰੋਧ ਨੂੰ ਪਾਪ ਦਾ ਮੂਲ ਕਹਿੰਦੇ ਨੇ…ਯਾਨੀਕਿ ਹੁਣ ਸਾਡੀ ਪਾਪ ਕਰਨ ਦੀ 'ਸਟੇਜ' ਆ ਗਈ ਹੈ। ਪਰ ਹਿਰਖ ਨਾ ਕਰਨਾ ਕੀ ਪਾਪਾ ਨਹੀਂ ? ਹਿਰਖ ਨਾ ਕਰਨ ਕਰਕੇ ਹੀ ਬਲ੍ਹਦ ਕੁਟਾਪਾ ਝੱਲਦਾ ਹੈ ਤੇ ਹਿਰਖੀ ਹੋਣ ਕਰਕੇ ਢੱਠੇ ਦੀ ਪੂਜਾ ਕੀਤੀ ਜਾਂਦੀ ਹੈ। ਆਪਣੀ ਸ਼ਖ਼ਸੀਅਤ ਨੂੰ ਡਾਂਗਾਂ ਖਾਣ ਦਾ 'ਸੱਦਾ-ਪੱਤਰ' ਬਣਾ ਲੈਣਾ ਕੀ ਕਿਸੇ ਪੁੰਨ ਦਾ ਕੰਮ ਹੈ ? ਤੇ ਕੀ ਸਾਰੇ ਬਲ੍ਹਦ ਸਵਰਗਾਂ ਨੂੰ ਹੀ ਜਾਂਦੇ ਨੇ ? ਹਿਰਖ ਨਾ ਕਰਨ ਦੇ ਅਜਿਹੇ ਪੁੰਨ ਨਾਲੋਂ, ਕਰੋਧ ਦਾ ਪਾਪ ਚੰਗਾ ਲੱਗਣ ਲੱਗ ਪਿਆ ਹੈ। ਸੁਣਿਆ ਹੈ, 'ਬਿਹਾਰ ਵਿਚ ਭੁੱਖ ਦੀ ਪੀੜ ਨਾਲ ਲੋਕਾਂ ਦੀਆਂ ਅੱਖਾਂ ਵਿਚ ਲਾਲ ਡੋਰੇ ਦਿੱਸਣ ਲੱਗ ਪਏ ਨੇ।' ਪੁੰਨ-ਪਰਵ ਸ਼ੁਰੂ ਹੋ ਗਿਆ ਜਾਪਦਾ ਹੈ। ਜਿਹੜੀ ਗਤੀ ਨਾਲ ਲੋਕਾਂ ਦਾ ਸਾਂਝਾ ਦੁੱਖ ਕਰੋਧ ਦਾ ਰੂਪ ਧਾਰਨ ਕਰ ਲਵੇਗਾ, ਉਸੇ ਗਤੀ ਨਾਲ ਦੁੱਖ ਘਟਦੇ ਜਾਣਗੇ। 'ਹਾਏ' ਨੂੰ 'ਓਇ'' ਤੇ 'ਆਹ' ਨੂੰ 'ਆ-ਓਇ' ਵਿਚ ਛੇਤੀ ਹੀ ਬਦਲ ਜਾਣਾ ਚਾਹੀਦਾ ਹੈ। ਕਈ ਜੁੱਗਾਂ ਤੋਂ ਪਾਪ ਪੁੰਨ ਦਾ ਫੈਸਲਾ ਕਰਨ ਵਾਲੇ ਵਿਹਲੜ ਲੋਕ ਅੱਜ ਵੀ ਆਪੋ-ਆਪਣੇ 'ਫਲੈਟਸ' ਵਿਚ ਬੈਠੇ 'ਹੋਂਦ ਦੇ ਪ੍ਰਸ਼ਨ' ਦੀ ਅਧਿਆਤਮਕ ਪੀੜ ਦਾ ਮਜ਼ਾ ਲੈ ਰਹੇ ਨੇ।
ਕਿੰਨੀ ਵਧੀਆ ਗੱਲ ਮੈਂ ਕਹਿ ਦਿੱਤੀ ਹੈ ! ਕਿਸੇ ਮਸੀਹੇ ਵਾਂਗ ! ਹੁਣ ਮੇਰੀ ਇੱਛਾ ਹੋਵੇ ਤਾਂ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਆਪੋ ਵਿਚ ਫਸਾ ਕੇ ਠੋਡੀ ਗੋਡਿਆਂ ਉੱਤੇ ਰੱਖ ਕੇ ਚੁੱਪਚਾਪ ਬੈਠ ਜਾਵਾਂ ਤੇ ਪਾਗਲਾਂ ਵਰਗੀ ਸੱਖਣੀ ਤੱਕਣੀ ਨਾਲ ਆਸਮਾਨ ਵੱਲ ਵਿਹੰਦਾ ਰਹਾਂ। ਲੋਕ ਆਖਣਗੇ…'ਹੁਣੇ ਗਿਆਨੀ ਜੀ ਨੇ ਤੱਤ ਗਿਆਨ ਦੀ ਇਕ ਗੱਲ ਆਖੀ ਏ ਤੇ ਦੂਜੀ ਦੀ ਖੋਜ ਵਿਚ ਨੇ; ਲੱਭ ਪਈ ਤਾਂ ਬੋਲਣਗੇ।' ਜੇ ਮੇਰੀ ਇੱਛਾ ਹੋਵੇ ਕਿ ਚੁੱਪ ਹੀ ਰਹਾਂ ਤਾਂ ਲੋਕ ਕਹਿਣਗੇ, 'ਗਿਆਨੀ ਜੀ ਚੁੱਪ ਵਿਚ ਵੀ ਬੋਲ ਰਹੇ ਨੇ। ਸੁਣੋ ਤੱਤ-ਕਥਾ ਚੱਲ ਰਹੀ ਏ।'
ਪਰ ਗਿਆਨੀ ਪਤਾ ਨਹੀਂ ਕਿਉਂ ਰਤਾ ਮਨਹੂਸ ਹੋ ਜਾਂਦਾ ਹੈ…ਜੇ ਉਸਨੂੰ ਫੁੱਲ ਵਿਖਾਓ, ਤਾਂ ਉਸਦੀ ਜੜ ਵਿਚ ਲੱਗੇ ਚਿੱਕੜ ਵੱਲ ਵੇਖਣ ਲੱਗ ਪੈਂਦਾ ਹੈ ਤੇ ਉਦਾਸ ਹੋ ਜਾਂਦਾ ਹੈ…'ਹਾਏ ਇਹ ਸੁੰਦਰਤਾ ਮਿਥਿਆ ਹੈ। ਇਸ ਦਾ ਮੂਲ ਚਿੱਕੜ ਹੈ।' ਤਾਂ ਮੂਰਖ ਬੰਦਾ ਗਿਆਨੀ ਹੁਰਾਂ ਨੂੰ ਪੁੱਛਦਾ ਹੈ…'ਗਿਆਨੀ ਜੀ,ਫੁੱਲ ਹੀ ਮਿਥਿਆ ਕਿਉਂ ਹੈ ? ਚਿੱਕੜ ਮਿਥਿਆ ਕਿਉਂ ਨਹੀਂ ?' ਗਿਆਨੀ ਕਹਿੰਦਾ ਹੈ, 'ਗਿਆਨ ਦਾ ਸਾਰ ਇਹੀ ਹੈ ਕਿ ਜੋ ਸੁੰਦਰ ਹੈ, ਉਹੀ ਮਿਥਿਆ ਹੈ।' ਕਰੂਪਤਾ ਸੱਤ ਹੈ। ਜੋ ਅੱਛਾ ਹੈ, ਉਸਦਾ ਕੋਈ ਮੰਤਵ ਨਹੀਂ। ਜੋ ਮਾੜਾ ਹੈ, ਉਹ ਠੋਸ ਹੈ। ਉਂਜ ਤਾਂ ਸਾਰੇ ਜਗਤ ਦਾ ਪਾਸਾਰ ਹੀ ਮਿਥਿਆ ਹੈ, ਮਾਇਆ ਹੈ।' ਅਗਿਆਨੀ ਬੰਦਾ ਫੇਰ ਪੁੱਛਦਾ ਹੈ, 'ਜੇ ਸਭ ਕੁਝ ਮਾਇਆ ਤੇ ਮਿਥਿਆ ਹੀ ਹੈ ਤਾਂ ਮਠ ਦੀ ਗੱਦੀ ਵਾਸਤੇ ਸ਼ੰਕਰਆਚਾਰੀਆ ਜੀ ਹਾਈ ਕੋਰਟ ਵਿਚ ਮੁਕੱਦਮਾ ਕਿਉਂ ਲੜਦੇ ਨੇ ? ਕੀ ਸਾਨੂੰ ਅਗਿਆਨੀਆਂ ਨੂੰ ਚਿੱਕੜ ਦਾ ਸੱਚ ਹੋਣਾ ਏਸ ਲਈ ਤਾਂ ਨਹੀਂ ਦੱਸਿਆ ਜਾਂਦਾ ਕਿ ਇਹ ਗਿਆਨੀ ਬੰਦੇ ਆਪ ਫੁੱਲ ਸਮੇਟ ਲੈਣ ?'
ਅਗਿਆਨੀਆਂ ਦੇ ਅਜਿਹੇ ਪੁੱਠ-ਸਿੱਧੇ ਸਵਾਲਾਂ ਦੇ ਡਰ ਕਾਰਨ ਹੀ ਮੇਰੀ ਗਿਆਨੀ ਬਣਨ ਦੀ ਹਿੰਮਤ ਨਹੀਂ ਪੈਂਦੀ...ਉਂਜ ਉਮੀਦ ਪੂਰੀ ਹੈ। ਅਜੇ ਤਾਂ ਮੂਰਖਾਂ ਵਾਂਗ ਕਰੋਧ ਕਰ ਰਿਹਾ ਹਾਂ। ਪਿੱਛਲੇ ਦਿਨਾਂ ਵਿਚ ਇਕ ਅਭੁੱਲ ਕਰੋਧ ਕਰ ਬੈਠਾ ਹਾਂ। ਇਕ ਯਾਦਗਾਰੀ ਕਰੋਧ ਪਿਛਲੇ ਦਿਨਾਂ ਵਿਚ ਮੈਨੂੰ ਇਕ ਸਾਹਿਤ-ਸਮਾਰੋਹ ਵਿਚ ਆਇਆ ਸੀ। ਕੁਝ ਸਾਹਿਤਕ ਸਮਾਰੋਹ ਵੀ ਕਿਸੇ ਯੱਗ ਵਾਂਗ ਹੀ ਕੀਤੇ ਜਾਂਦੇ ਨੇ। ਪ੍ਰਬੰਧਕ ਇਹਨਾਂ ਨੂੰ ਬੜਾ ਹੀ ਪਵਿੱਤਰ ਦੇ ਧਾਰਮਿਕ ਕੰਮ ਮੰਨਦੇ ਨੇ ਜਾਂ ਦਸਦੇ ਨੇ ਤੇ ਇਹ ਭਰੋਸਾ ਦਿਵਾਉਂਦੇ ਨੇ ਕਿ ਜਿਵੇਂ ਹੀ ਮੰਤਰਾਂ ਦੀ ਗੂੰਜ ਤੇ ਯੱਗ ਦਾ ਧੂੰਆਂ ਆਕਾਸ਼ ਵਿਚ ਫੈਲੇਗਾ, ਮੀਂਹ ਪਵੇਗਾ ਤੇ ਧਰਤੀ ਅੰਨ ਉਗਲ ਦਵੇਗੀ। ਹਿੰਦੀ ਦੇ ਸਾਰੇ ਲੇਖਕਾਂ ਦਾ ਕਲਿਆਣ ਹੋ ਜਾਵੇਗਾ। ਤੇ ਜੇ ਕਿਤੇ ਇਹ ਸਾਹਿਤਕ ਯੱਗ ਨਾ ਹੋਇਆ ਤਾਂ ਲੋਕਾਈ ਦਾ ਅੰਤ ਹੋ ਜਾਵੇਗਾ। ਪ੍ਰਬੰਧਕਾਂ ਦਾ ਉਣੀਦੀਆਂ ਅੱਖਾਂ, ਮੱਥੇ ਦੀਆਂ ਤਿਊੜੀਆਂ ਤੇ ਧਰਤੀ ਉਪਰ ਨਜ਼ਰ ਟਿਕਾਅ ਕੇ ਟੁਰਨ ਦਾ ਅੰਦਾਜ਼ ਤੇ ਕੱਛੇ ਮਾਰਿਆ ਝੋਲਾ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਸਾਰੀ ਦੁਨੀਆਂ ਦਾ ਭਾਰ ਉਹਨਾਂ ਦੇ ਮੋਢਿਆਂ ਉੱਤੇ ਹੀ ਹੈ। ਪਰ ਸਿਆਣੇ ਲੇਖਕ ਇਹਨਾਂ ਸਮਾਗਮਾਂ ਤੋਂ ਦੂਰ ਹੀ ਨੱਸਦੇ ਨੇ; ਜਿਵੇਂ ਕੋਈ ਯਤੀਮ ਬੱਚਾ ਯਤੀਮਖ਼ਾਨੇ ਚੋਂ ਬਚ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੱਥੇ ਵਾਜਾ ਵਜਾ ਕੇ ਚੰਦਾ ਮੰਗਣਾ ਪਵੇਗਾ। ਅਜਿਹੇ ਸਮਾਗਮ ਕਿਉਂਕਿ ਯੱਗ ਹੁੰਦੇ ਨੇ ਸੋ ਇਹਨਾਂ ਲਈ ਅਹੂਤੀ ਦੀ ਲੋੜ ਪੈਂਦੀ ਹੈ। ਜੇ ਇਹ ਅਸ਼ਵਮੇਘ ਵਰਗਾ ਕੋਈ ਮਹਾਨ ਯੱਗ ਹੋਵੇ ਤਾਂ ਅਹੂਤੀ ਦੇ ਰੂਪ ਵਿਚ ਕਿਸੇ ਘੋੜੇ ਵਰਗੇ ਧੱਕੜ ਲੇਖਕ ਨੂੰ ਲੱਭ ਲਿਆ ਜਾਂਦਾ ਹੈ। ਅਜਿਹੇ ਸਮਾਰੋਹ ਕਰਵਾਉਣ ਵਾਲਿਆਂ ਨੂੰ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਹੈ ਕਿ ਤੁਹਾਡਾ ਕੋਈ ਪਵਿੱਤਰ ਉਦੇਸ਼ ਤਾਂ ਨਹੀਂ ? ਕੀ ਤੁਸੀਂ ਸਵਾਰਥ ਮੁਕਤ ਹੋ ਕੇ ਤਾਂ ਇਹ ਸਮਾਰੋਹ ਨਹੀਂ ਕਰ ਰਹੇ ਨਾ ? ਜੇ ਉਦੇਸ਼ ਪਵਿੱਤਰ ਹੋਵੇ ਤੇ ਪ੍ਰਬੰਧਕਾਂ ਨੂੰ ਕੋਈ ਸਵਾਰਥ ਵੀ ਨਾ ਹੋਵੇ ਤਾਂ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਿਹੜਾ ਆਦਮੀ ਸਵਾਰਥ ਦਾ ਦਮਨ ਕਰ ਦਵੇ, ਉਹ ਬੜਾ ਖ਼ਤਰਨਾਕ ਬਣ ਜਾਂਦਾ ਹੈ। ਉਹ ਕਿਸੇ ਦੀ ਜਾਨ ਲੈਣਾ ਵੀ ਆਪਣਾ ਅਧਿਕਾਰ ਸਮਝਦਾ ਹੈ।
ਪਰ ਕਦੇ-ਕਦਾਈਂ ਚਲਾਕ ਬੰਦੇ ਵੀ ਮਾਰ ਖਾ ਜਾਂਦੇ ਨੇ। ਨਾਗਾਰਜੁਨ ਹੁਰੀਂ ਵੀ ਖਾ ਗਏ। ਸੈਂਕੜੇ ਮੀਲ ਦੂਰ ਪਟਨੇ ਤੋਂ ਬੁਲਾਅ ਕੇ, ਤੇ ਉਹਨਾਂ ਦੇ ਨਾਂ ਉੱਤੇ ਕਵੀ ਸੰਮੇਲਨ ਕਰਵਾ ਕੇ ਵੀ ਪ੍ਰਬੰਧਕਾਂ ਨੇ ਉਹਨਾਂ ਨੂੰ ਤੀਜੇ ਦਰਜੇ ਦਾ ਕਿਰਾਇਆ ਫੜਾ ਦਿੱਤਾ ਤੇ ਕੂਹਣੀਆਂ ਤਕ ਹੱਥ ਜੋੜ ਕੇ ਮੱਥਾ ਟੇਕ ਦਿੱਤਾ ਸੀ। ਇਹ ਮੁਦਰਾ ਲੱਖਾਂ ਰੁਪਏ ਦੀ ਹੈ। ਪਤਾ ਨਹੀਂ ਅਜਿਹੀ ਟਰੇਨਿੰਗ ਕਿੱਥੋਂ ਮਿਲਦੀ ਹੈ ? ਮੈਂ ਬੜੇ ਹੀ ਯਤਨ ਕੀਤੇ ਪਰ ਇਹ ਮੁਦਰਾ ਬਣਾਉਣ ਵਿਚ ਸਫਲ ਨਹੀਂ ਹੋ ਸਕਿਆ। ਅੱਜ ਕੱਲ੍ਹ ਨਵੇਂ ਚੇਲੇ ਇਸ ਮੁਦਰਾ ਨੂੰ ਪੁਰਾਣੇ ਅਚਾਰੀਆਂ ਨਾਲੋਂ ਛੇਤੀ ਸਿਖ ਲੈਂਦੇ ਨੇ।
ਮੈਨੂੰ ਅਜਿਹੀ ਨਿਮਰਤਾ ਵੇਖ ਕੇ ਗੁੱਸਾ ਚੜ੍ਹਨ ਲੱਗ ਪੈਂਦਾ ਹੈ। ਪਤਾ ਨਹੀਂ ਅਜਿਹੀ ਨਿਮਰਤਾ ਵਿਚ ਕੀ ਹੈ ਜੋ ਮੈਨੂੰ ਚੁਭ ਜਾਂਦਾ ਹੈ। ਮਨ ਵਿਚ ਆਇਆ ਕਿ ਏਸ ਸੱਜਣ ਦੇ ਹੱਥ ਤੇ ਸਿਰ ਇੰਜ ਹੀ ਬੰਨ੍ਹ ਦਿਆਂ ਤੇ ਰੱਸੀ ਦਾ ਸਿਰਾ ਨਾਗਾਰਜੁਨ ਨੂੰ ਫੜਾ ਦਿਆਂ ਤੇ ਆਖਾਂ, 'ਲੈ ਬਾਬਾ, ਲੈ ਜਾ ਪਟਨੇ !' ਨਾਗਾਰਜੁਨ ਕਿਸੇ ਜ਼ਮਾਨੇ ਸਾਧੂ ਵੀ ਰਹੇ ਨੇ ਕਰੋਧ ਨੂੰ ਜਿੱਤ ਲੈਣਾ (ਜਾਂ ਇਸਦਾ ਪ੍ਰਗਟਾਵਾ ਨਾ ਕਰਨਾ) ਵੀ ਸਾਧੂ ਦੀ ਟ੍ਰੇਨਿੰਗ ਵਿਚ ਸ਼ਾਮਲ ਹੁੰਦਾ ਹੈ। ਹੁਣ ਕੋਰਸ ਰਤਾ ਵਧ ਗਿਆ ਹੈ। ਜਲੂਸ ਕਢਣੇ, ਸੰਸਦ ਦਾ ਘਿਰਾਓ ਕਰਨਾ ਤੇ ਪੈਟਰੋਲ ਛਿੜਕ ਕੇ ਮਾਇਆ ਰੂਪੀ ਦੇਹ ਨੂੰ ਸਾੜ ਲੈਣਾ ਵੀ ਸਾਧੂ ਨੂੰ ਸਿਖਣਾ ਪੈਂਦਾ ਹੈ। ਸੋ ਨਾਗਾਰਜੁਨ ਨੇ ਆਪਣੀ ਪੁਰਾਣੀ ਆਦਤ ਅਨੁਸਾਰ ਕਹਿ ਦਿੱਤਾ, 'ਭਾਵੇਂ ਇਹ ਵੀ ਰੱਖ ਲਓ।' ਮੈਨੂੰ ਸਾਧਪੁਣੇ ਦਾ ਕੋਈ ਤਜ਼ੁਰਬਾ ਨਹੀਂ ਸੋ ਇਕ ਨੀਚ ਸੰਸਾਰੀ ਵਾਂਗ ਹਿਰਖ ਗਿਆ ਸਾਂ।
ਪ੍ਰਬੰਧਕ ਬੜੇ ਤਿੱਖੇ ਹੁੰਦੇ ਨੇ। ਉਹਨਾਂ ਕਿਹਾ, 'ਇਹ ਤਾਂ ਸਾਹਿਤ ਦਾ ਕੰਮ ਸੀ। ਸਾਰਿਆਂ ਨੇ ਆਪਣੀ ਸਮਰਥਾ ਅਨੁਸਾਰ ਹਿੱਸਾ ਪਾਇਆ ਏ…ਤੇ ਨਾਲੇ ਨਾਗਾਰਜੁਨ ਜੀ ਦੀ ਤਾਂ ਸਾਡੇ ਦਿਲਾਂ ਵਿਚ ਬੜੀ ਇੱਜ਼ਤ ਏ, ਰੁਪਈਏ ਤਾਂ ਇਸਦੇ ਮੁਕਾਬਲੇ ਨਿਗੁਣੀ ਸ਼ੈ ਨੇ।'
ਮੈਂ ਕਿਹਾ, 'ਤਾਂ ਹੁਣ ਤੁਸੀਂ ਲਾਊਡ ਸਪੀਕਰ ਵਾਲੇ ਨੂੰ ਵੀ ਇਹੀ ਕਹੋਗੇ ਕਿ ਇਹ ਤਾਂ ਸਾਹਿਤ ਦਾ ਕੰਮ ਏਂ, ਤੇਰੇ ਪ੍ਰਤੀ ਸਾਡੇ ਦਿਲਾਂ ਵਿਚ ਬੜੀ ਸ਼ਰਧਾ ਏ, ਇਸ ਲਈ ਕਿਰਾਇਆ ਨਾ ਲੈ।'
ਪ੍ਰਬੰਧਕ ਸਮਝੇ ਕਿ ਮੈਂ ਕੋਈ ਹਾਸਰਸ ਵਾਲੀ ਗੱਲ ਕਰ ਰਿਹਾ ਹਾਂ। ਹੱਸ ਕੇ ਗੱਲ ਟਾਲੀ ਜਾ ਸਕਦੀ ਹੈ। ਪਰ ਮੈਂ ਗੱਲ ਟਲਣ ਨਹੀਂ ਦਿੱਤੀ। ਪੁੱਛਿਆ, 'ਬਿਜਲੀ ਦੇ ਸਾਮਾਨ ਤੇ ਟੈੱਟ ਹਾਊਸ ਵਾਲੇ ਪ੍ਰਤੀ ਵੀ ਤੁਹਾਡੇ ਦਿਲ ਵਿਚ ਬੜੀ ਸ਼ਰਧਾ ਹੋਵੇਗੀ ?'
ਉਹਨਾਂ ਨੇ ਉਤਰ ਦਿੱਤਾ, 'ਇਹਨਾਂ ਦੇ ਪ੍ਰਤੀ ਭਲਾ ਕਿਸ ਗੱਲ ਦੀ ਸ਼ਰਧਾ !'
…ਏਸ ਲਈ ਇਹਨਾਂ ਨੂੰ ਪੂਰੇ ਪੈਸੇ ਦਿੱਤੇ ਜਾਣਗੇ, ਨਾਗਾਰਜੁਨ ਪ੍ਰਤੀ ਸ਼ਰਧਾ ਹੈ ਸੋ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਣਗੇ।
ਹੁਣ ਉਹ ਸਮਝ ਗਏ ਸਨ ਕਿ ਇਹ ਕੋਈ ਹਾਸਰਸ ਨਹੀਂ ਸਗੋਂ ਰੋਦ੍ਰ ਤੇ ਵੀਭਤਸ ਰਸ ਬਣ ਗਿਆ ਹੈ। ਉਹਨਾਂ ਸ਼ਾਂਤ ਰਸ ਦੀ ਗੱਲ ਚਲਾਈ। ਕਹਿਣ ਲੱਗੇ, 'ਰੁਪਏ ਖ਼ਤਮ ਹੋ ਗਏ ਨੇ। ਹਜ਼ਾਰ ਰੁਪਏ ਕਿਸੇ ਪਾਸਿਓਂ ਆਉਣ ਵਾਲੇ ਨੇ। ਪਿੱਛੋਂ ਮਨੀਆਡਰ ਕਰਾ ਦਿਆਂਗੇ।'
ਸੁਣਿਆ ਏ, ਰੱਬ ਨੇ ਵੀ ਇਕ ਵਾਰੀ ਸਵਰਗ ਵਿਚ ਕਵੀ-ਸੰਮੇਲਨ ਕਰਵਾਇਆ ਸੀ ਤੇ ਇਕ ਕਵੀ ਨੂੰ ਕਿਹਾ ਸੀ, 'ਤੁਸੀਂ ਜਾਓ, ਪੈਸੇ ਪਿੱਛੋਂ ਭੇਜ ਦਿਆਂਗੇ।' ਉਦੋਂ ਕਵੀ ਨੇ ਕਿਹਾ ਸੀ, 'ਪ੍ਰਭੂ, ਪਿੱਛੋਂ ਕੋਈ ਨਹੀਂ ਭੇਜਦਾ ! ਮੈਂ ਇੱਥੇ ਹੀ ਰਹਿ ਪੈਂਦਾ ਆਂ। ਤੁਸੀਂ ਪੈਸਿਆਂ ਦਾ ਪ੍ਰਬੰਧ ਕਰ ਲਵੋ, ਮੈਂ ਲੈ ਕੇ ਹੀ ਜਾਵਾਂਗਾ।' ਏਸ ਮਾਸਲੇ ਵਿਚ ਰੱਬ ਦਾ ਵੀ ਭਰੋਸਾ ਨਹੀਂ।
ਏਸ ਵਾਰੀ ਪਤਾ ਨਹੀਂ ਕਿਉਂ ਏਨਾ ਖਿਝ ਗਿਆ ਹਾਂ ? ਇਕ ਸਾਧਾਰਣ ਘਟਨਾ ਏ, ਹਮੇਸ਼ਾ ਇੰਜ ਹੀ ਵਾਪਰਦਾ ਏ। ਸ਼ਾਇਦ ਇਸ ਗੱਲ ਵਿਚ ਉਲਝ ਗਿਆ ਹਾਂ ਕਿ ਸਾਡੇ ਦੋਵਾਂ ਵਿਚੋਂ ਠੀਕ ਕੌਣ ਏਂ ?...ਮੈਂ ਜਾਂ ਪ੍ਰਬੰਧਕ ? ਮੈਨੂੰ ਜਚ ਗਿਆ ਹੈ ਕਿ ਉਹ ਆਪਣੇ ਕਰਤੱਵ ਤੋਂ ਡਿੱਗ ਪਏ ਨੇ।…ਤੇ ਉਹ ਸੋਚਦੇ ਹੋਣਗੇ ਕਿ ਕੀ ਅਸੀਂ ਲੋਕ ਸਾਹਿਤ ਦੀ ਏਨੀ ਸੇਵਾ ਵੀ ਨਹੀਂ ਕਰ ਸਕਦੇ ? ਦੋਵਾਂ ਦੀ ਪਰਖ ਕਸੌਟੀ ਬਦਲੀ ਹੋਈ ਜਾਪਦੀ ਹੈ। ਦੂਜੇ ਨੂੰ ਉਸਦੇ ਫ਼ਰਜ਼ ਦੀ ਪਛਾਣ ਕਰਾਉਣਾ ਆਪਣੇ ਫ਼ਰਜ਼ ਦੀ ਪਛਾਣ ਨਾਲੋਂ ਵੱਡਾ ਕੰਮ ਹੈ। ਸੋ ਪ੍ਰਬੰਧਕ ਇਹ 'ਵੱਡਾ-ਕੰਮ' ਕਰ ਰਹੇ ਨੇ ਇਸ ਲਈ ਉਹ ਠੀਕ ਨੇ ਤੇ ਅਸੀਂ ਗਲਤ।
ਇੰਜ ਲੱਗਦਾ ਹੈ ਜਿਵੇਂ ਹਰ ਬੰਦਾ ਦੂਜੇ ਦੇ ਈਮਾਨ ਦੀ ਫ਼ਿਕਰ-ਚਿੰਤਾ ਵਿਚ ਉਲਝਿਆ ਹੋਇਆ ਹੈ ਤੇ ਉਸਦੀ ਰਾਖੀ ਕਰ ਰਿਹਾ ਹੈ। ਜੇ ਕੋਈ ਪੁੱਛੇ, 'ਕੀ ਕਰ ਰਹੇ ਓ ਸਾਹਬ ?' ਤਾਂ ਝੱਟ ਆਖੇਗਾ, 'ਇਹਦੇ ਈਮਾਨ ਦੀ ਰਾਖੀ ਕਰ ਰਿਹਾ ਵਾਂ !' 'ਪਰ ਆਪਣਾ ਬੂਹਾ ਤਾਂ ਖੁੱਲ੍ਹਾ ਛੱਡ ਆਏ ਓ !' 'ਫੇਰ ਕੀ ਹੋਇਆ ਸਾਡੀ ਡਿਊਟੀ ਤਾਂ ਏਧਰ ਜੇ।'
ਇਕ ਦਿਨ ਲੇਖਕ ਹੁਰੀਂ ਦਿੱਲੀ, ਮੁੰਬਈ ਤੇ ਪਰਾਗ ਦਾ ਦੌਰਾ ਕਰਕੇ ਆਏ ਤਾਂ ਬੜੇ ਫਿਕਰਮੰਦ ਜਾਪੇ। ਉਹਨਾਂ ਕਿਹਾ, 'ਸਾਰੇ ਈਮਾਨ ਵੇਚ ਰਹੇ ਨੇ।' ਮੈਨੂੰ ਪਤਾ ਹੈ ਉਧਰ ਜਾ ਕੇ ਕਹਿੰਦੇ ਹੋਣਗੇ, 'ਜੱਬਲਪੁਰ ਵਾਲੇ ਈਮਾਨ ਵੇਚ ਰਹੇ ਨੇ, ਬੜੇ ਮੰਦੇ ਭਾਅ। ਦੂਜਿਆਂ ਦਾ ਈਮਾਨ ਵਿਕਦਾ ਵੇਖ ਕੇ ਵਿਚਾਰਾ ਫਿਕਰਾਂ ਵਿਚ ਸੁੱਕਦਾ ਜਾ ਰਿਹਾ ਹੈ। ਮੈਂ ਪੁੱਛ ਲਿਆ, 'ਕਿਉਂ ਜੀ ਥੋਕ ਵਿਚ ਵਿਕ ਰਿਹਾ ਏ ਜਾਂ ਪਰਚੂਨ ਵਿਚ ? ਲੋੜ ਨਾਲੋਂ ਵੱਧ ਈਮਾਨ ਰੱਖਣਾ ਉਂਜ ਵੀ ਜੁਰਮ ਹੈ। ਜਮ੍ਹਾਂ-ਖੋਰੀ ਦਾ ਕਾਨੂੰਨ ਲਾਗੂ ਹੋ ਜਾਂਦਾ ਹੈ। ਫਾਲਤੂ ਕੱਢਣਾ ਹੀ ਪਵੇਗਾ।' ਇਹ ਵਿਚਾਰਾ ਕਿਸ ਕਿਸ ਦੇ ਈਮਾਨ ਦੀ ਰਾਖੀ ਕਰੇਗਾ ? ਇਸ ਨੂੰ ਕਿਤੇ ਬਾਜ਼ਾਰ ਵਿਚ ਹੋਈ ਖੜਕਾਈ ਦਾ ਦੁੱਖ ਤਾਂ ਨਹੀਂ ? ਇਹ ਸੋਚ ਕੇ ਝੁਰ ਰਿਹਾ ਹੋਵੇਗਾ, ਹਾਏ ਲੋਕਾਂ ਦਾ ਰੱਦੀ ਤੇ ਗਲਿਆ-ਸੜਿਆ ਈਮਾਨ ਤਾਂ ਧੜਾਧੜ ਵਿਕ ਰਿਹਾ ਹੈ…ਪਰ ਸਾਡੇ ਸ਼ੁੱਧ ਤੇ ਤਾਜੇ ਈਮਾਨ ਦਾ ਕੋਈ ਮੁੱਲ ਹੀ ਨਹੀਂ ਪਾ ਰਿਹਾ…!
ਇਕ ਖਾਨਦਾਨੀ ਅਮੀਰ ਸੱਜਣ ਨੇ ; ਮੇਰਾ ਬੜਾ ਹੀ ਫਿਕਰ ਕਰਦੇ ਨੇ। ਉਹਨਾਂ ਨੂੰ ਇੰਜ ਲੱਗਦਾ ਹੈ ਕਿ ਮੈਂ ਨੌਕਰੀ ਨਹੀਂ ਕਰਦਾ ਤਾਂ ਸ਼ਾਇਦ ਕੁਝ ਵੀ ਨਹੀਂ ਕਰਦਾ। ਉਹ ਕਹਿੰਦੇ ਨੇ, 'ਨਿਕੰਮਾਂ ਬੰਦਾ ਏ, ਓਹਨੇ ਕੀ ਕੰਮ ਕਰਨੈਂ।' ਉਹ ਕਾਮੇ ਬੰਦੇ ਨੇ ਬੜਾ ਕੰਮ ਕਰਦੇ ਨੇ। ਸਵੇਰੇ ਉੱਠ ਕੇ ਸੋਚਣ ਲੱਗ ਪੈਂਦੇ ਨੇ, 'ਬਈ ਰਾਤ ਦੇ ਖਾਣੇ ਵਾਸਤੇ ਕੀ ਬਣਾਇਆ ਜਾਵੇ ! ਰਾਤ ਨੂੰ ਸੋਚਦੇ ਨੇ ਕਿ ਸਵੇਰੇ ਨਾਸ਼ਤੇ ਵਿਚ ਕੀ ਖਾਧਾ ਜਾਵੇ !' ਥੱਕ ਹਾਰ ਕੇ ਸੌਂ ਜਾਂਦੇ ਨੇ।
ਮੈਂ ਹੈਰਾਨ ਹਾਂ ਕਿ ਅੱਜ ਦਾ ਮਨੁੱਖ ਦੂਜਿਆਂ ਦਾ ਕਿੰਨਾ ਧਿਆਨ ਰੱਖਣ ਲੱਗ ਪਿਆ ਹੈ !ਚੰਗਾ ਚੰਗਾ ਦੂਜਿਆਂ ਲਈ ਤਿਆਗ ਦਿੱਤਾ ਹੈ ਤੇ ਆਪ ਮੰਦਾ ਭੋਗ ਰਿਹਾ ਹੈ !
---'ਕਿਉਂ ਭਾਅ ਜੀ, ਸਾਡੇ ਵਾਸਤੇ ਕੀ ਛੱਡਿਆ ਏ ਤੁਸੀਂ ?'
---'ਤਿਆਗ, ਕੁਰਬਾਨੀ, ਨਿਰਸਵਾਰਥ !'
---'ਤੇ ਤੁਸੀਂ ਕੀ ਭੋਗ ਰਹੇ ਓ ?'
---'ਘਟੀਆ ਸਵਾਰਥ, ਨੀਚ ਲਾਲਸਾ !'
---'ਕਿਉਂ ਰਾਸ਼ਟਰ ਰਤਨ ਜੀ, ਸਾਡੇ ਲਈ ਤੁਸੀਂ ਕੀ ਛੱਡਿਆ ਏ ?'
---'ਸੇਵਾ, ਅਹੁਦੇ ਦੀ ਲਾਲਸਾ ਦਾ ਤਿਆਗ !'
---'ਤੇ ਆਪ ਕੀ ਲੈ ਰਹੇ ਓ ਤੁਸੀਂ ?'
----'ਨਫ਼ਰਮਈ ਪਦ ਲਾਲਸਾ !'
ਦੂਜਿਆਂ ਵਾਸਤੇ ਇਹਨਾਂ ਚੰਗੇ ਕਰਮਾਂ ਦੇ ਤਿਆਗੀ ਬੰਦਿਆਂ ਉੱਤੇ ਮੈਨੂੰ ਕਰੋਧ ਨਹੀਂ ਕਰਨਾ ਚਾਹੀਦਾ, ਸਗੋਂ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿ ਵਿਚਾਰੇ ਕਿੰਜ ਮੰਦੇ ਭੋਗ, ਭੋਗ ਰਹੇ ਨੇ…

ਕੰਬਦਾ ਹੋਇਆ ਲੋਕ ਰਾਜ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਕੰਬਦਾ ਹੋਇਆ ਲੋਕਰਾਜ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੋਬਾਇਲ : 94177-30600.

ਮੈਂ ਚਾਰ ਵਾਰੀ ਲੋਕ-ਰਾਜੀ ਦਿਨ ਦਾ ਜਲਸਾ ਦਿੱਲੀ ਵਿਚ ਵੇਖਿਆ ਹੈ। ਪੰਜਵੀਂ ਵਾਰੀ ਵੇਖਣ ਦੀ ਹਿੰਮਤ ਨਹੀਂ ਹੋਈ। ਪਤਾ ਨਹੀਂ ਕੀ ਕਾਰਨ ਹੈ ਕਿ ਜਿੰਨੀ ਵਾਰੀ ਵੀ ਮੈਂ ਲੋਕ-ਰਾਜ ਸਮਾਰੋਹ ਵੇਖਣ ਗਿਆ ਹਾਂ, ਮੌਸਮ ਅਤੀ ਖ਼ਰਾਬ ਹੁੰਦਾ ਹੈ। 26 ਜਨਵਰੀ ਤੋਂ ਪਹਿਲਾਂ ਉਪਰਲੇ ਇਲਾਕਿਆਂ ਵਿਚ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਸ਼ੀਤ ਲਹਿਰ ਆ ਜਾਂਦੀ ਹੈ, ਬੱਦਲ ਛਾ ਜਾਂਦੇ ਹਨ, ਕਣੀਆਂ ਡਿੱਗਣ ਲਗ ਪੈਂਦੀਆਂ ਹਨ ਤੇ ਸੂਰਜ ਅਲੋਪ ਹੋ ਜਾਂਦਾ ਹੈ। ਜਿਵੇਂ ਦਿੱਲੀ ਦੀ ਆਪਣੀ ਕੋਈ ਅਰਥ ਨੀਤੀ ਨਹੀਂ, ਓਵੇਂ ਹੀ ਇਸਦਾ ਆਪਣਾ ਕੋਈ ਮੌਸਮ ਵੀ ਨਹੀਂ। ਜਿਵੇ ਅਰਥ ਨੀਤੀ, ਭਾਵ ਡਾਲਰ, ਪੌਂਡ, ਰੁਪਏ…ਅੰਤਰ-ਰਾਸ਼ਟਰੀ ਰਿਜ਼ਰਵ ਬੈਂਕ ਜਾਂ ਭਾਰਤ ਸਹਾਇਤਾ ਕਲੱਬ ਦੀਆਂ ਮੀਟਿੰਗਾਂ ਵਿਚ ਤੈਅ ਕੀਤੀ ਜਾਂਦੀ ਹੈ, ਓਵੇਂ ਹੀ ਦਿੱਲੀ ਦਾ ਮੌਸਮ ਵੀ ਕਸ਼ਮੀਰ, ਸਿੱਕਮ ਤੇ ਰਾਜਸਥਾਨ ਦੇ ਫੈਸਲਿਆਂ ਦਾ ਮੁਥਾਜ ਹੈ।
ਮੈਂ ਏਨਾ ਮੂਰਖ ਵੀ ਨਹੀਂ ਕਿ ਇੰਜ ਮੰਨ ਬਹਾਂ ਬਈ ਜਿਸ ਸਾਲ ਮੈਂ ਇਹ ਸਮਾਗਮ ਵੇਖਣ ਜਾਂਦਾ ਹਾਂ, ਉਸ ਸਾਲ ਇਉਂ ਵਾਪਰਦਾ ਹੈ। ਇਸ ਸਮਾਰੋਹ ਦੇ ਪੱਕੇ ਸਾਲਾਨਾ ਦਰਸ਼ਕ ਆਪ ਦੱਸਦੇ ਨੇ ਕਿ ਇਹ ਦਿਨ ਆਏ ਵਾਰੀ ਇਵੇਂ ਹੀ ਧੁੱਪ ਰਹਿਤ ਤੇ ਠੰਡ ਭਰਪੂਰ ਹੁੰਦਾ ਹੈ।
ਆਖ਼ਰ ਮਾਜਰਾ ਕੀ ਹੈ ? ਰਹੱਸ ਕੀ ਹੈ ?
ਉਦੋਂ ਕਾਂਗਰਸ ਪਾਰਟੀ ਦੁਫਾੜ ਨਹੀਂ ਸੀ ਹੋਈ, ਮੈਂ ਇਕ ਕਾਂਗਰਸੀ ਮੰਤਰੀ ਨੂੰ ਪੁੱਛਿਆ, 'ਬਈ ਲੋਕ ਰਾਜ ਦਿਵਸ ਨੂੰ ਸੂਰਜ ਕਿਉਂ ਅਲੋਪ ਰਹਿੰਦਾ ਹੈ ! ਸੂਰਜ ਦੇ ਚਾਨਣ ਵਿਚ ਅਸੀਂ ਇਹ ਦਿਹਾੜਾ ਕਿਉਂ ਨਹੀਂ ਮਨਾਅ ਸਕਦੇ ?' ਉਸਨੇ ਕਿਹਾ ਸੀ, 'ਹੌਸਲਾ ਰੱਖੋ ਜੀ ! ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੂਰਜ ਬਾਹਰ ਆ ਜਾਵੇ…ਪਰ ਏਨੇ ਵੱਡੇ ਸੂਰਜ ਨੂੰ ਬਾਹਰ ਲੈ ਕੇ ਆਉਣਾ ਕੋਈ ਆਸਾਨ ਕੰਮ ਏਂ ਭਲਾ ! ਸਾਨੂੰ ਸਤਾ ਦੇ ਘੱਟ ਤੋਂ ਘੱਟ ਸੌ ਸਾਲ ਤਾਂ ਦਿਓ।'
'ਚਲੋ ਬਈ ਦੇ ਦਿੱਤੇ ! ਸੂਰਜ ਨੂੰ ਬਾਹਰ ਲੈ ਆਉਣ ਲਈ ਸੌ ਸਾਲ ਦੇ ਦਿੱਤੇ। ਪਰ ਜਨਾਬ ਉਸਦਾ ਕੋਈ ਨਾ ਕੋਈ ਕੋਨਾ ਤਾਂ ਹਰ ਸਾਲ ਬਾਹਰ ਨਿਕਲਦਾ ਦਿਸਣਾ ਈ ਚਾਹੀਦਾ ਏ ਨਾ ! ਸੂਰਜ ਕੋਈ ਬੱਚਾ ਤਾਂ ਹੈ ਨਹੀਂ ਜਿਹੜਾ ਬ੍ਰਹਿਮੰਡ ਦੀ ਕੁੱਖ ਵਿਚ ਅਟਕਿਆ ਹੋਇਆ ਹੈ ਤੇ ਤੁਸੀਂ ਕਿਸੇ ਦਿਨ ਇਕੋ ਆਪ੍ਰੇਸ਼ਨ ਨਾਲ ਬਾਹਰ ਕੱਢ ਲਿਆਓਗੇ।'
ਜਦੋਂ ਕਾਂਗਰਸ ਦੇ ਦੋ ਹਿੱਸੇ ਹੋ ਗਏ, ਇਹੀ ਸਵਾਲ ਮੈਂ ਇਕ ਇੰਡੀਕੇਟੀ ਕਾਂਗਰਸੀ ਤੋਂ ਪੁੱਛਿਆ ਤੇ ਉਸਨੇ ਕਿਹਾ, 'ਅਸੀਂ ਤਾਂ ਹਰ ਵਾਰੀ ਸੂਰਜ ਨੂੰ ਬੱਦਲਾਂ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਸਾਂ ਪਰ ਇਹ ਸਿੰਡੀਕੇਟੀਏ ਕੋਈ ਨਵਾਂ ਹੀ ਅੜੰਗਾ ਖੜ੍ਹਾ ਕਰ ਬਹਿੰਦੇ ਸਨ। ਹੁਣ ਅਸੀਂ ਵਾਅਦਾ ਕਰਦੇ ਕਿ ਅਗਲੇ ਲੋਕਰਾਜ ਦਿਵਸ ਨੂੰ ਤੁਸੀਂ ਸੂਰਜ ਨੂੰ ਬਾਹਰ ਨਿਕਲਿਆ ਵੇਖੋਗੇ।'
ਇਕ ਸਿੰਡੀਕੇਟ ਕੋਲ ਹੀ ਖੜ੍ਹਾ ਸੁਣ ਰਿਹਾ ਸੀ। ਉਹ ਬੋਲਿਆ, 'ਬਈ ਇਹ ਪ੍ਰਧਾਨ ਮੰਤਰੀ ਕਾਮਰੇਡਾਂ ਦੇ ਝਾਂਸੇ ਚ ਆ ਗਿਆ ਏ। ਇਹਨਾਂ ਨੂੰ ਤਾਂ ਉਹੀ ਸੂਰਜ ਨੂੰ ਬਾਹਲ ਲਿਆਉਣ ਲਈ ਉਕਸਾਅ ਰਹੇ ਨੇ। ਉਹਨਾਂ ਨੂੰ ਉਮੀਦ ਹੈ, ਬੱਦਲਾਂ ਪਿੱਛੋਂ ਉਹਨਾਂ ਦਾ ਪਿਆਰਾ ਸੂਰਜ, ਲਾਲ-ਸੂਰਜ ਨਿਕਲੇਗਾ। ਅਸੀਂ ਕਹਿੰਦੇ ਹਾਂ, ਸੂਰਜ ਨੂੰ ਖਿੱਚਣ-ਧੂਣ ਦੀ ਕੀ ਲੋੜ ਏ ? ਕੀ ਬੱਦਲਾਂ ਨੂੰ ਪਰ੍ਹੇ ਹਟਾਉਣ ਨਾਲ ਕੰਮ ਨਹੀਂ ਚੱਲ ਸਕਦਾ ?'
ਮੈਂ ਸੰਸੋਪਾਈ ਭਾਈ ਤੋਂ ਪੁੱਛਦਾ ਹਾਂ, ਜਵਾਬ ਮਿਲਦਾ ਹੈ, 'ਸੂਰਜ ਗ਼ੈਰ-ਕਾਂਗਰਸਵਾਦ ਉੱਤੇ ਅਮਲ ਕਰ ਰਿਹਾ ਹੈ। ਉਸਨੇ ਡਾਕਟਰ ਲੋਹੀਆ ਦੇ ਕਹਿਣ ਤੇ ਸਾਡਾ ਪਾਰਟੀ ਫਾਰਮ ਭਰ ਦਿੱਤਾ ਏ। ਕਾਂਗਰਸੀ ਪ੍ਰਧਾਨ ਮੰਤਰੀ ਨੂੰ ਉਹ ਸਲਾਮੀ ਲੈਂਦਿਆਂ ਕਿੰਜ ਵੇਖ ਸਕਦਾ ਏ ਭਲਾ ! ਕਿਸੇ ਗ਼ੈਰ ਕਾਂਗਰਸੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਸੂਰਜ ਤਾਂ ਕੀ ਉਸਦੇ ਬਾਲ-ਬੱਚੇ ਵੀ ਨਿਕਲ ਆਉਣਗੇ।'
ਇਕ ਜਨਸੰਘੀ ਭਰਾ ਤੋਂ ਵੀ ਮੈਂ ਪੁੱਛਿਆ ਸੀ। ਉਸਨੇ ਸਾਫ ਹੀ ਕਹਿ ਦਿੱਤਾ ਸੀ, 'ਬਈ ਜੇ ਸੂਰਜ ਸੈਕੂਲਰ ਹੁੰਦਾ ਤਾਂ ਹੀ ਏਸ ਸਰਕਾਰ ਦੀ ਪ੍ਰੇਡ ਵੇਖਣ ਲਈ ਨਿਕਲਦਾ। ਇਸ ਸਰਕਾਰ ਤੋਂ ਆਸ ਨਾ ਰੱਖੋ ਕਿ ਇਹ ਤੁਹਾਨੂੰ ਭਗਵਾਨ ਅੰਸ਼ੂਮਾਲੀ ਦੇ ਦਰਸ਼ਨ ਕਰਵਾ ਸਕੇਗੀ। ਸੂਰਜ ਦੇਵਤਾ ਤਾਂ ਸਾਡੇ ਰਾਜ ਵਿਚ ਹੀ ਨਿਕਲਣਗੇ।'
ਇਕ ਸਮਾਜਵਾਦੀ ਨੇ ਮੈਨੂੰ ਪੂਰੇ ਭਰੋਸੇ ਨਾਲ ਦੱਸਿਆ ਸੀ, 'ਇਹ ਸਾਰੀ ਸੀ. ਆਈ. ਏ. ਦੀ ਸਾਜਿਸ਼ ਏ। ਸੱਤਵੇਂ ਬੇੜੇ ਚੋਂ ਬੱਦਲ ਦਿੱਲੀ ਭੇਜੇ ਜਾ ਰਹੇ ਨੇ।'
ਆਜ਼ਾਦ ਪਾਰਟੀ ਦੇ ਨੇਤਾ ਨੇ ਕਿਹਾ, 'ਰੂਸ ਦਾ ਪਿੱਠੂ ਬਣਨ ਦਾ ਹੋਰ ਕੀ ਨਤੀਜਾ ਹੋ ਸਕਦਾ ਏ ?'
ਪੁਸ਼ਪਾ ਦੇ ਭਰਾ ਨੇ ਉਪਰਲੇ ਮਨੋਂ ਹੀ ਕਹਿ ਦਿੱਤਾ ਸੀ, 'ਸਵਾਲ ਕਾਫ਼ੀ ਉਲਝਿਆ ਹੋਇਆ ਹੈ। ਨੈਸ਼ਨਲ ਕੌਂਸਲ ਦੀ ਅਗਲੀ ਮੀਟਿੰਗ ਵਿਚ ਇਸ ਦਾ ਫੈਸਲਾ ਕਰਕੇ ਜਵਾਬ ਦਿੱਤਾ ਜਾ ਸਕਦੈ।'
ਰਾਜਾ ਸਾਹਿਬ ਨਾਲ ਮੇਰੀ ਮੁਲਾਕਾਤ ਹੀ ਨਹੀਂ ਸੀ ਹੋ ਸਕੀ। ਉਹ ਮਿਲ ਵੀ ਜਾਂਦੇ ਤਾਂ ਇਹੀ ਆਖਦੇ, 'ਬਈ ਗ਼ਨੀਮਤ ਸਮਝੋ ਕਿ ਇਸ ਰਾਜ ਵਿਚ ਤਾਰੇ ਨਿਕਲਦੇ ਨੇ।'
ਖ਼ੈਰ, ਮੈਂ ਸੂਰਜ ਦੇ ਨਿਕਲਣ ਤਕ ਉਸਦਾ ਇੰਤਜ਼ਾਰ ਕਰਾਂਗਾ।
ਆਜ਼ਾਦੀ ਦਿਹਾੜਾ ਵੀ ਤਾਂ ਬਰਸਾਤੀ ਮੌਸਮ ਵਿਚ ਆਉਂਦਾ ਹੈ। ਅੰਗਰੇਜ਼ ਬੜੇ ਚਲਾਕ ਸਨ, ਬਰਸਾਤ ਦੇ ਦਿਨਾਂ ਵਿਚ ਆਜ਼ਾਦ ਕਰਦੇ ਚਲੇ ਗਏ… ਉਸ ਕਪਟੀ ਪ੍ਰੇਮੀ ਵਾਂਗ ਪੱਤਰੇ ਵਾਚ ਗਏ, ਜਿਹੜਾ ਪ੍ਰਮਿਕਾ ਦੀ ਛੱਤਰੀ ਵੀ ਨਾਲ ਲੈ ਜਾਂਦਾ ਹੈ ਤੇ ਵਿਚਾਰੀ ਭਿੱਜਦੀ-ਭੱਜਦੀ, ਬਸ-ਸਟੈਂਡ ਵਲ ਜਾਂਦੀ ਨੂੰ ਪ੍ਰੇਮੀ ਨਹੀਂ, ਛੱਤਰੀ ਚੋਰ ਯਾਦ ਆ ਰਿਹਾ ਹੁੰਦਾ ਹੈ।
ਭਿੱਜਦੀ ਹੋਈ ਆਜ਼ਾਦੀ ਤੇ ਕੰਬਦਾ ਹੋਇਆ ਲੋਕਰਾਜ !
ਮੈਂ ਓਵਰਕੋਟ ਦੀਆਂ ਜੇਬਾਂ ਵਿਚ ਹੱਥ ਤੁੰਨੀ ਖੜ੍ਹਾ ਪਰੇਡ ਵੇਖ ਰਿਹਾ ਹਾਂ। ਪ੍ਰਧਾਨ ਮੰਤਰੀ ਆਪਣੇ ਕਿਸੇ ਵਿਦੇਸ਼ੀ ਮਹਿਮਾਨ ਨਾਲ ਓਪਨ ਕਾਰ ਵਿਚੋਂ ਉਤਰਦੇ ਨੇ। ਰੇਡੀਓ ਟਿੱਪਣੀਕਾਰ ਕਹਿੰਦਾ ਹੈ, 'ਘੋਰ ਤਾਲੀ ਨਾਦ ਗੂੰਜ ਰਿਹਾ ਹੈ।' ਪਰ ਮੈਂ ਵੇਖ ਰਿਹਾ ਹਾਂ ਸਾਡੇ ਵਿਚੋਂ ਕੋਈ ਵੀ ਤਾੜੀਆਂ ਨਹੀਂ ਵਜਾ ਰਿਹਾ …ਸਾਡੇ ਹੱਥ ਤਾਂ ਆਪੋ-ਆਪਣੇ ਕੋਟ ਦੀਆਂ ਜੇਬਾਂ ਵਿਚ ਨੇ; ਬਾਹਰ ਕੱਢਣ ਨੂੰ ਜੀਅ ਹੀ ਨਹੀਂ ਕਰਦਾ, ਸੁੰਨ ਹੋ ਜਾਣਗੇ।
ਕੀ ਹੋਇਆ ਜੇ ਅਸੀਂ ਨਹੀਂ ਵਜਾ ਰਹੇ ਸਾਂ, ਤਾੜੀਆਂ ਤਾਂ ਵੱਜ ਹੀ ਰਹੀਆਂ ਸਨ; ਸਾਹਮਣੇ ਗਰਾਊਂਡ ਵਿਚ ਬੈਠੇ ਲੋਕ ਵਜਾ ਰਹੇ ਸਨ। ਉਹਨਾਂ ਕੋਲ ਹੱਥ ਨਿੱਘੇ ਕਰਨ ਲਈ ਕੋਟ ਹੀ ਨਹੀਂ ਸਨ। ਇੰਜ ਜਾਪਦਾ ਹੈ ਲੋਕਰਾਜ ਠਰੇ ਹੋਏ ਹੱਥਾਂ ਦੀਆਂ ਤਾੜੀਆਂ ਉਪਰ ਟਿਕਿਆ ਹੋਇਆ ਹੈ। ਲੋਕਰਾਜ ਨੂੰ ਉਹਨਾਂ ਹੱਥਾਂ ਦੀਆਂ ਤਾੜੀਆਂ ਹੀ ਨਸੀਬ ਹੁੰਦੀਆਂ ਹਨ, ਜਿਹਨਾਂ ਦੇ ਮਾਲਿਕਾਂ ਕੋਲ ਹੱਥਾਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕਪੜੇ ਨਹੀਂ ਹੁੰਦੇ।
ਪਰ ਕੁਝ ਲੋਕ ਕਹਿੰਦੇ ਨੇ, 'ਗਰੀਬੀ ਖ਼ਤਮ ਹੋਣੀ ਚਾਹੀਦੀ ਹੈ।' ਉਦੋਂ ਹੀ ਦੂਜੇ ਬੋਲ ਪੈਂਦੇ ਨੇ, 'ਇੰਜ ਆਖਣ ਵਾਲੇ ਲੋਕਰਾਜ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਨੇ।'
ਲੋਕਰਾਜੀ ਸਮਾਰੋਹ ਵਿਚ ਹਰੇਕ ਰਾਜ ਦੀ ਝਾਕੀ ਵਿਖਾਈ ਜਾਂਦੀ ਹੈ, ਪਰ ਇਹ ਝਾਕੀਆਂ ਆਪੋ-ਆਪਣੇ ਰਾਜ ਦੀ ਸੱਚੀ ਪ੍ਰਤੀਨਿਧਤਾ ਨਹੀਂ ਕਰਦੀਆਂ 'ਸਤਮੇਵ ਜਯਤੇ' ਸਾਡਾ ਮਾਟੋ ਹੈ…ਪਰ ਝਾਕੀਆਂ ਝੂਠ ਬੋਲਦੀਆਂ ਹਨ। ਇਹਨਾਂ ਵਿਚ ਵਿਕਾਸ ਦੇ ਕੰਮ, ਲੋਕ ਜੀਵਨ ਅਤੇ ਇਤਿਹਾਸ ਪੇਸ਼ ਕੀਤਾ ਹੁੰਦਾ ਹੈ, ਪਰ ਹਰੇਕ ਰਾਜ ਨੂੰ ਓਹੀ ਝਾਕੀ ਪੇਸ਼ ਕਰਨੀ ਚਾਹੀਦੀ ਹੈ ਜਿਸ ਵਿਚ ਸਦਕਾ ਉਸਨੇ ਪਿੱਛਲੇ ਸਾਲ ਵਧੇਰੇ ਨਾਮਨਾ ਖੱਟਿਆ ਸੀ। ਜਿਵੇਂ ਗੁਜਰਾਤ ਦੀ ਝਾਕੀ ਵਿਚ ਇਸ ਸਾਲ ਦੰਗੇ-ਫਸਾਦਾਂ ਦੇ ਦ੍ਰਿਸ਼ ਹੋਣੇ ਚਾਹੀਦੇ ਸਨ…ਬਲਦੇ ਹੋਏ ਮਕਾਨ, ਅੱਗ ਵਿਚ ਸੁੱਟੇ ਜਾ ਰਹੇ ਬੱਚੇ। ਪਿੱਛਲੇ ਸਾਲ ਮੈਨੂੰ ਪੂਰੀ ਉਮੀਦ ਸੀ ਕਿ ਸਾੜੇ ਜਾ ਰਹੇ ਹਰੀਜਨ ਵਿਖਾਏ ਜਾਣਗੇ, ਪਰ ਇੰਜ ਨਹੀਂ ਸੀ ਹੋਇਆ। ਇਹ ਕਿੱਡਾ ਵੱਡਾ ਝੂਠ ਹੈ ਕਿ ਇਕ ਰਾਜ ਦੰਗੇ-ਫਸਾਦ ਸਦਕਾ ਅੰਤਰ-ਰਾਸ਼ਟਰੀ ਨਾਮਨਾ ਖੱਟਦਾ ਹੈ ਪਰ ਝਾਕੀ ਵਿਖਾਈ ਜਾਂਦੀ ਹੈ ਲਘੂ ਉਦਯੋਗ ਦੀ। ਫਸਾਦਾਂ ਨਾਲੋਂ ਚੰਗਾ ਘਰੇਲੂ ਉਦਯੋਗ ਹੋਰ ਕਿਹੜਾ ਹੋ ਸਕਦਾ ਹੈ, ਇਸ ਦੇਸ਼ ਵਿਚ ? ਮੇਰੇ ਮੱਧ ਪ੍ਰਦੇਸ਼ ਨੇ ਦੋ ਸਾਲ ਪਹਿਲਾਂ ਸੱਚ ਲਾਗੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ, ਝਾਕੀ ਵਿਚ ਅਕਾਲ ਰਾਹਤ ਪ੍ਰੋਗ੍ਰਾਮ ਸੰਬੰਧੀ ਦ੍ਰਿਸ਼ ਵਿਖਾਏ ਸਨ…ਪਰ ਸੱਚ ਅਧੂਰਾ ਰਹਿ ਗਿਆ ਸੀ। ਉਸ ਸਾਲ ਮੱਧ ਪ੍ਰਦੇਸ਼ ਰਾਹਤ ਕਾਰਜਾਂ ਕਰਕੇ ਨਹੀਂ, ਰਾਹਤ ਕਾਰਜਾਂ ਵਿਚ ਹੋਏ ਘਪਲਿਆਂ ਸਦਕਾ ਮਸ਼ਹੂਰ ਹੋਇਆ ਸੀ। ਮੇਰਾ ਸੁਝਾਅ ਮੰਗਦੇ ਤਾਂ ਝਾਕੀਆਂ ਵਿਚ ਜਾਲ੍ਹੀ ਮਸਟਰੋਲ ਭਰਿਆ ਜਾ ਰਿਹਾ ਵਿਖਾਉਂਦੇ ਅਤੇ ਚੁਕਾਰਾ ਕਰਨ ਵਾਲੇ (ਵੰਡ-ਅਫ਼ਸਰ) ਦਾ ਅੰਗੂਠਾ ਹਜ਼ਾਰਾਂ ਮੂਰਖਾਂ ਦੇ ਨਾਂਅ ਸਾਹਮਣੇ ਲੱਗਦਾ ਵਿਖਾਇਆ ਜਾਂਦਾ। ਨੇਤਾ, ਅਫ਼ਸਰ ਤੇ ਠੇਕੇਦਾਰ ਵਿਚਕਾਰ ਹੋਇਆ ਲੈਣ-ਦੈਣ ਦਰਸਾਉਂਦੇ। ਉਹਨਾਂ ਝਾਕੀਆਂ ਵਿਚ ਤਾਂ ਉਹ ਗੱਲ ਵੀ ਨਹੀਂ ਸੀ ਦਰਸਾਈਂ…ਪਿਛਲੇ ਸਾਲ ਸਕੂਲਾਂ ਦੇ ਟਾਟ-ਪੱਟੀ ਕਾਂਢ ਸਦਕਾ ਵੀ ਸਾਡਾ ਰਾਜ ਕਾਫ਼ੀ ਮਸ਼ਹੂਰ ਹੋਇਆ ਸੀ। ਮੈਂ ਪਿਛਲੇ ਸਾਲ ਦੀ ਝਾਕੀ ਵਿਚ ਇਹ ਦ੍ਰਿਸ਼ ਇੰਜ ਪੇਸ਼ ਕਰਦਾ…ਮੰਤਰੀ, ਅਫ਼ਸਰ ਵਗ਼ੈਰਾ ਖੜ੍ਹੇ ਹਨ ਤੇ ਤੱਪੜ ਖਾ ਰਹੇ ਹਨ।
ਜਿਹੜੇ ਹਾਲ ਝਾਕੀਆਂ ਦੇ ਹਨ, ਉਹੀ ਐਲਾਨਾ ਦੇ। ਹਰ ਸਾਲ ਐਲਾਨ ਕਰ ਦਿੱਤਾ ਜਾਂਦਾ ਹੈ, ਸਮਾਜਵਾਦ ਆ ਰਿਹਾ ਹੈ। ਪਰ ਅੱਜ ਤਾਈਂ ਉਹ ਬਹੁੜਿਆ ਹੀ ਨਹੀਂ…ਪਤਾ ਨਹੀਂ ਕਿੱਥੇ ਅਟਕ ਗਿਆ ਹੈ ? ਲਗਾਤਾਰ ਸਾਰੇ ਦਲ ਸਮਾਜਵਾਦ ਲੈ ਆਉਣ ਦਾ ਦਾਅਵਾ ਕਰਦੇ ਨੇ, ਪਰ ਉਹ ਆ ਹੀ ਨਹੀਂ ਰਿਹਾ।
ਮੈਂ ਇਕ ਸੁਪਨਾ ਵੇਖਦਾ ਹਾਂ : ਸਮਾਜਵਾਦ ਆ ਗਿਆ ਹੈ ਤੇ ਬਸਤੀ ਤੋਂ ਬਾਹਰ-ਵਾਰ ਟਿੱਬੇ ਉੱਤੇ ਖਲੋਤਾ ਹੋਇਆ ਹੈ। ਬਸਤੀ ਦੇ ਲੋਕ ਆਰਤੀ ਵਾਲੀ ਥਾਲੀ ਸਜਾ ਕੇ ਉਸਦਾ ਸਵਾਗਤ ਕਰਨ ਲਈ ਤਿਆਰ ਖੜ੍ਹੇ ਨੇ। ਉਧਰ ਕਈ ਸਮਾਜਵਾਦੀ ਗੁੱਟ ਉਸਨੂੰ ਟਿੱਬੇ ਉਪਰ ਹੀ ਘੇਰੀ ਖੜ੍ਹੇ ਨੇ। ਸਾਰੇ ਲੋਕਾਂ ਨੂੰ ਆਖ ਕੇ ਆਏ ਨੇ ਕਿ ਅਸੀਂ ਸਮਾਜਵਾਦ ਲਿਆਵਾਂਗੇ।
ਟਿੱਬੇ ਉੱਤੇ ਖਲੋਤਾ ਸਮਾਜਵਾਦ ਕੂਕਦਾ ਹੈ, 'ਓਇ ਮੈਨੂੰ ਬਸਤੀ ਵਿਚ ਲੈ ਚੱਲੋ ਓਇ….'
ਪਰ ਟਿੱਬੇ ਉੱਤੇ ਉਸਨੂੰ ਘੇਰੀ ਖੜ੍ਹੇ ਸਮਾਜਵਾਦੀ ਕਹਿੰਦੇ ਹਨ, 'ਠਹਿਰ ਬਈ, ਪਹਿਲਾਂ ਫੈਸਲਾ ਤਾਂ ਹੋ ਜਾਵੇ ਕਿ ਕਿਹੜਾ ਤੈਨੂੰ ਖੜ ਕੇ ਬਸਤੀ 'ਚ ਲਿਜਾਵੇਗਾ…'
ਸਾਰੇ ਹੀ ਸਮਾਜਵਾਦੀ ਸਸੋਪਾ, ਪਸਪਾ ਵਾਲੇ ਲੋਕ ਤਾਂਤਰਿਕ ਸਮਾਜਵਾਦੀ, ਪੀਪਲਜ਼ ਡੈਮੋਕਰੇਸੀ ਅਤੇ ਨੈਸ਼ਨਲ ਡੈਮੋਕਰੇਸੀ ਵਾਲੇ ਸਮਾਜਵਾਦੀ, ਦੋਵਾਂ ਧੜਿਆਂ ਦੇ ਕਾਂਗਰਸੀ ਸੋਸ਼ਲਿਸਟ, ਯੂਨਿਟ ਸੈਂਟਰ ਵਾਲੇ ਅਤੇ ਕਰਾਂਤੀਕਾਰੀ ਸਮਾਜਵਾਦੀ…ਸਮਾਜਵਾਦ ਦੀ ਨਾਕਾਬੰਦੀ ਕਰੀ ਖੜ੍ਹੇ ਹਨ। ਹਰੇਕ ਸਮਾਜਵਾਦ ਦੀ ਬਾਂਹ ਫੜ੍ਹ ਕੇ ਉਸਨੂੰ ਬਸਤੀ ਵਿਚ ਲੈ ਜਾਣਾ ਚਾਹੁੰਦਾ ਹੈ ਤੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ, 'ਲਓ ਬਈ ਅਸੀਂ ਸਮਾਜਵਾਦ ਲੈ ਆਏ ਹਾਂ।'
ਇਧਰ ਸਮਾਜਵਾਦ ਪ੍ਰੇਸ਼ਾਨ ਹੈ ਤੇ ਉਧਰ ਜੰਤਾ। ਸਮਾਜਵਾਦ ਆਉਣ ਲਈ ਤਿਆਰ ਹੈ, ਪਰ ਸਮਾਜਵਾਦੀ ਆਪੋ ਵਿਚ ਲੱਤੋ-ਮੁੱਕੀ ਹੋ ਰਹੇ ਹਨ। ਸਮਾਜਵਾਦ ਇਕ ਪਾਸੇ ਉਤਰਨਾਂ ਚਾਹੁੰਦਾ ਹੈ, ਦੂਜੇ ਪਾਸਿਓਂ ਉਸ ਉੱਤੇ ਪਥਰਾਅ ਸ਼ੁਰੂ ਹੋ ਜਾਂਦਾ ਹੈ। 'ਖਬਰਦਾਰ ਉਧਰ ਨਹੀਂ ਜਾਣਾ।' ਇਕ ਸਮਾਜਵਾਦੀ ਉਸਦੀ ਬਾਂਹ ਫੜ੍ਹ ਲੈਂਦਾ ਹੈ ਦੂਜਾ ਉਸਦ ਹੱਥ ਫੜ੍ਹ ਕੇ ਆਪਣੇ ਵੱਲ ਖਿੱਚਦਾ ਹੈ ਤੇ ਹੋਰਾਂ ਦੀ ਖਿੱਚੋ-ਖਿੱਚੀ ਨਾਲ ਉਹਨਾਂ ਦੇ ਹੱਥ ਛੁੱਟ ਜਾਂਦੇ ਨੇ। ਵਿਚਾਰਾ ਸਮਾਜਵਾਦ ਲਹੂ-ਲੁਹਾਣ ਹੋਇਆ ਟਿੱਬੇ ਉੱਤੇ ਖੜ੍ਹਾ ਹੈ।
ਇਸ ਦੇਸ਼ ਵਿਚ ਜਿਹੜਾ ਵੀ ਜਿਸ ਕੰਮ ਲਈ ਪ੍ਰਤੀਬੱਧ ਹੈ, ਉਹੀ ਉਸਦੀਆਂ ਜੜਾਂ ਕੱਟ ਰਿਹਾ ਹੈ। ਲਿਖਣ-ਆਜ਼ਾਦੀ ਲਈ ਪ੍ਰਤੀਬੱਧ ਲੋਕ ਹੀ ਲੇਖਕ ਦੀ ਆਜ਼ਾਦੀ ਖੋਹ ਰਹੇ ਹਨ। ਸਹਿਕਾਰਤਾ ਲਈ ਪ੍ਰਤੀਬੱਧ ਲੋਕ ਹੀ ਇਸ ਅੰਦੋਲਨ ਨੂੰ ਫੇਲ੍ਹ ਕਰਨ ਤੇ ਤੁਲੇ ਹੋਏ ਹਨ…ਉਹ ਰਲਮਿਲ ਕੇ ਸਹਿਕਾਰਤਾ-ਪੂਰਨ ਖਾ-ਪੀ ਜਾਂਦੇ ਹਨ ਤੇ ਅੰਦੋਲਨ ਨੂੰ ਫੇਲ੍ਹ ਕਰ ਦਿੰਦੇ ਹਨ। ਸਮਾਜਵਾਦ ਨੂੰ ਸਮਾਜਵਾਦੀ ਹੀ ਰੋਕੀ ਖੜ੍ਹੇ ਹਨ।
ਉਂਜ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਸਮਾਜਵਾਦ ਆਉਣ ਹੀ ਵਾਲਾ ਹੈ।
ਮੈਂ ਕਲਪਨਾ ਕਰਦਾ ਹਾਂ…ਅਚਾਨਕ ਫੁਰਮਾਨ ਜਾਰੀ ਕੀਤਾ ਜਾਏਗਾ, 'ਸਮਾਜਵਾਦ ਸਾਰੇ ਦੇਸ਼ ਵਿਚ ਦੌਰਾ ਕਰੇਗਾ…ਉਸਦੀ ਸੁਰੱਖਿਆ ਦਾ ਪੁਰਾ-ਪੂਰਾ ਬੰਦੋਬਸਤ ਕੀਤਾ ਜਾਵੇ।'
ਇਕ ਸੈਕ੍ਰੇਟਰੀ ਦੂਜੇ ਸੈਕ੍ਰੇਟਰੀ ਨੂੰ ਕਹੇਗਾ, 'ਲਓ ਜੀ, ਇਕ ਹੋਰ ਵੀ. ਆਈ. ਪੀ. ਸੱਜਣ ਆ ਰਹੇ ਨੇ। ਹੁਣ ਇਹਨਾਂ ਦਾ ਬੰਦੋਬਸਤ ਕਰੋ। ਨੱਕ 'ਚ ਦਮ ਕਰ ਛੱਡਿਆ ਏ।'
ਜ਼ਿਲਾ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤਾ ਜਾਏਗਾ, ਉਹ ਐਸ. ਡੀ. ਐਮ. ਨੂੰ ਲਿਖ ਭੇਜਣਗੇ ਤੇ ਉਹ ਅਗਾਂਹ ਤਹਿਸੀਲਦਾਰਾਂ ਨੂੰ।
ਪੁਲਿਸ ਥਾਨਿਆਂ ਵਿਚ ਫੁਰਮਾਨ ਪਹੁੰਚ ਜਾਏਗਾ : 'ਸਮਾਜਵਾਦ ਦੀ ਸੁਰੱਖਿਆ ਦੀ ਤਿਆਰੀ ਕਰੋ।'
ਦਫ਼ਤਰਾਂ ਦੇ ਹੈਡ ਕਲਰਕ, ਕਲਰਕਾਂ ਨੂੰ ਕਹਿਣਗੇ, 'ਤਿਵਾੜੀ ਜੀ ਮ'ਰਾਜ, ਉਹ ਇਕ ਸਮਾਜਵਾਦ ਵਾਲਾ ਕਾਗਜ਼ ਆਇਆ ਸੀ ਨਾ…ਜ਼ਰਾ ਕੱਢਿਓ ਖਾਂ….'
ਤੇ ਕਲਰਕ ਤਿਵਾੜੀ ਲੱਭ-ਲੁੱਭ ਕੇ ਕਾਗਜ਼ ਉਸਦੇ ਹੱਥ ਵਿਚ ਫੜਾ ਦਵੇਗਾ। ਹੈਡ ਕਲਰਕ ਕਾਗਜ਼ ਵੇਖ ਕੇ ਕਹੇਗਾ, 'ਹੈਂ-ਹੈਂ ! ਸਮਾਜਵਾਦ ਤਾਂ
ਸਾਰੇ ਅਫ਼ਸਰ ਇੱਕਠੇ ਹੋ ਕੇ ਚੀਫ਼ ਸੈਕ੍ਰੇਟਰੀ ਕੋਲ ਜਾਣਗੇ। 'ਸਮਾਜਵਾਦ ਕੁਝ ਦਿਨ ਠਹਿਰ ਕੇ ਨਹੀਂ ਆ ਸਕਦਾ ਜੀ ? ਦਰਅਸਲ ਅਸੀਂ ਉਸਦੀ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਾਂਗੇ। ਦੁਸ਼ਹਿਰਾ ਆ ਰਿਹੈ, ਦੰਗੇ ਦੇ ਆਸਾਰ ਨੇ। ਪੂਰੀ ਫੋਰਸ ਦੰਗਿਆਂ ਨਾਲ ਨਜਿੱਠਣ ਲਈ ਲਾ ਦਿੱਤੀ ਗਈ ਏ ਜੀ।'
ਚੀਫ਼ ਸੈਕ੍ਰੇਟਰੀ ਦਿੱਲੀ ਲਿਖ ਭੇਜੇਗਾ : 'ਅਸੀਂ ਮਜ਼ਬੂਰ ਹਾਂ। ਸਮਾਜਵਾਦ ਦੀ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਾਂਗੇ…ਅਜੇ ਉਸਦਾ ਦੌਰਾ ਮੁਲਤਵੀ ਦਿੱਤਾ ਜਾਏ।'
ਜਿਸ ਰਾਜ ਵਿਚ ਸਮਾਜਵਾਦ ਦੀ ਆਮਦ ਦੇ ਕਾਗਜ਼ ਦੱਬ ਲਏ ਜਾਂਦੇ ਹਨ ਤੇ ਜਿਸ ਵਿਚ ਉਸਦੀ ਸੁਰੱਖਿਆ ਦੇ ਅਜੇ ਪ੍ਰਬੰਧ ਨਹੀਂ ਹੋ ਸਕਦੇ। ਉਸਦੇ ਭਰੋਸੇ ਸਮਾਜਵਾਦ ਲਿਆਉਣਾ ਹੈ ਤਾਂ ਲੈ ਆਓ ! ਮੈਨੂੰ ਕੋਈ ਖ਼ਾਸ ਇਤਰਾਜ਼ ਨਹੀਂ। ਲੋਕਾਂ ਦੀ ਬਜਾਏ ਸਮਾਜਵਾਦ ਦਫਤਰਾਂ ਰਾਹੀਂ ਆ ਗਿਆ ਤਾਂ ਇਹ ਇਕ ਇਤਿਹਾਸਕ ਘਟਨਾ ਹੋਵੇਗੀ।

ਇਕ ਮਾਦਾ, ਇਕ ਕੁੜੀ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਇਕ ਮਾਦਾ, ਇਕ ਕੁੜੀ : ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੋਬਾਇਲ : 94177-30600.


ਕਮਲਾ ਦਾਸ ਮਲਿਆਲਮ ਤੇ ਅੰਗਰੇਜ਼ੀ ਦੀ ਪ੍ਰਸਿੱਧ ਕਥਾ-ਲੇਖਕਾ ਤੇ ਕਵਿੱਤਰੀ ਹੈ ਤੇ ਅੰਮ੍ਰਿਤਾ ਪ੍ਰੀਤਮ ਪੰਜਾਬੀ ਤੇ ਹਿੰਦੀ ਦੀ ਪ੍ਰਸਿੱਧ ਕਥਾ-ਲੇਖਕਾ ਤੇ ਕਵਿੱਤਰੀ। ਦੋਵਾਂ ਆਪੁ-ਆਪਣੀ ਆਤਮ-ਕਥਾ ਲਿਖ ਮਾਰੀ। ਕਮਲਾ ਦਾਸ ਦੀ ਆਤਮ-ਕਥਾ ਦਾ ਨਾਂਅ ਹੈ—'ਮੇਰੀ ਕਹਾਣੀ', ਤੇ ਅੰਮਿਤਾ ਪ੍ਰੀਤਮ ਦੀ—'ਰਸੀਦੀ ਟਿਕਟ'।
ਪੜ੍ਹ ਤਾਂ ਮੈਂ ਕਾਫੀ ਚਿਰ ਪਹਿਲਾਂ ਈ ਲਈਆਂ ਸਨ, ਪਰ ਇਹਨਾਂ ਬਾਰੇ ਕੁਝ ਕਹਿਣ ਤੋਂ ਹਾਲੇ ਤੀਕ ਡਰ ਰਿਹਾਂ, ਕਿਉਂਕਿ ਇਹ ਦੋਵੇਂ 'ਲਿਬਰੇਟੇਡ' (ਮੁਕਤ/ਆਜ਼ਾਦ) ਨਾਰੀਆਂ ਨੇ; ਘੱਟੋਘੱਟ ਇਹਨਾਂ ਦੇ ਤੇਵਰ ਤਾਂ ਅਜਿਹੇ ਹੀ ਨੇ। ਪਤਾ ਨਹੀਂ ਇਹ ਕਿਸ-ਕਿਸ ਚੀਜ਼ਾਂ ਤੋਂ ਮੁਕਤ ਹੋ ਚੁੱਕੀਆਂ ਨੇ...ਇਹਨਾਂ ਦੀ ਮੁਕਤੀ ਦੇ ਜਾਲ ਵਿਚ ਫਸ ਜਾਓ, ਤਾਂ ਫ਼ਜ਼ੀਹਤ (ਖ਼ੈਰ ਨਹੀਂ)। ਹਾਂ, ਮੁਕਤੀ ਦੀਆਂ ਵੀ ਆਪਣੀਆਂ ਹੀ ਜ਼ੰਜੀਰਾਂ ਹੁੰਦੀਆਂ ਨੇ।
ਇਹਨਾਂ ਆਤਮ-ਕਥਾਵਾਂ ਨੂੰ ਪੜ੍ਹ ਕੇ ਲੱਗਿਆ ਕਿ ਇਹਨਾਂ ਮੁਕਤ ਤੇ ਬੁੱਧੀਵਾਨ-ਨਾਰੀਆਂ ਨੇ, ਆਪਣੇ ਆਪ ਨੂੰ ਉਹਨਾਂ ਜ਼ੰਜੀਰਾਂ ਵਿਚ ਹੋਰ ਵਧੇਰੇ ਜਕੜ ਲਿਆ ਹੈ, ਜਿਹੜੀਆਂ ਨਾਰੀ ਨੂੰ ਦਾਸੀ ਬਣਾਈ ਰਖਦੀਆਂ ਨੇ—ਯਾਨੀ ਚੰਮੜੀ ਦਾ ਮੋਹ ਤੇ ਅਤਿ ਭਵੁਕਤਾ ਰੂਪੀ ਜੂਲਾ।
ਕਮਲਾ ਦਾਸ ਦੀ ਆਤਮ-ਕਥਾ ਦਾ ਨਾਂਅ ਹੋਣਾ ਚਾਹੀਦਾ ਸੀ—'ਇਕ ਮਾਦਾ ਦੀ ਕਹਾਣੀ'। ਇਹ ਕਿਸੇ ਔਰਤ ਦੀ ਕਹਾਣੀ ਨਹੀਂ ਜਾਪਦੀ, ਤੇ ਲੇਖਕਾ ਦੀ ਤਾਂ ਬਿਲਕੁਲ ਵੀ ਨਹੀਂ; ਸ਼ੁੱਧ ਮਾਦਾ ਦੀ ਕਹਾਣੀ ਲੱਗਦੀ ਹੈ। ਇਹ ਕਿਸੇ ਬੱਕਰੀ ਜਾਂ ਗਊ ਦੀ ਕਹਾਣੀ ਵੀ ਨਹੀਂ ਹੋ ਸਕਦੀ। ਬੱਕਰੀ ਜਾਂ ਗਊ ਨੂੰ ਘੱਟੋਘੱਟ ਘਾਹ-ਫੂਸ ਦੀ ਤਾਂ ਚਿੰਤਾ ਹੁੰਦੀ ਹੈ; ਕਮਲਾ ਦਾਸ ਨੂੰ ਇਹ ਚਿੰਤਾ ਵੀ ਨਹੀਂ। ਬੱਕਰੀ ਜਾਂ ਗਊ ਦੇ 'ਸੈਕਸ' ਕਰਨ ਦੀ ਕੋਈ ਵਿਸ਼ੇਸ਼ ਰੁੱਤ ਤੇ ਸਮਾਂ ਹੁੰਦਾ ਹੈ, ਕਮਲਾ ਦਾਸ ਬਾਰਾਂ-ਮਾਸੀਆ ਹੈ।
ਬੱਕਰੀ ਜਾਂ ਗਊ ਬੱਚੇ ਨੂੰ ਦੁੱਧ ਪਿਆਉਂਦੀ ਜਾਂ ਚੱਟਦੀ ਹੈ, ਕਮਲਾ ਦਾਸ ਨੇ ਆਪਣੇ ਆਦਮਜ਼ਾਦਾਂ ਨਾਲ ਇੰਜ ਕੀਤਾ ਹੋਵੇ, ਇਸ ਦੀ ਭਿਣਕ ਵੀ ਇਸ ਕਿਤਾਬ ਵਿਚ ਨਹੀਂ ਮਿਲਦੀ। ਪਤੀ ਨਾਲ ਨਫ਼ਰਤ ਜਾਂ ਪ੍ਰੇਮ ਦਾ ਕੋਈ ਰਿਸ਼ਤਾ ਨਹੀਂ, ਉਹ ਸਿਰਫ ਅਤਿ-ਕਾਮੁਕ ਨਰ ਹੈ। ਸਮ-ਲਿੰਗੀ ਵੀ ਹੈ। ਪਤੀ ਸਮੇਤ ਜਿਹਨਾਂ ਆਦਮੀਆਂ ਦੇ ਲੇਖਕਾ ਨਾਲ ਸੰਬੰਧ ਰਹੇ ਨੇ, ਉਹਨਾਂ ਵਿਚੋਂ ਕਿਸੇ ਨਾਲ ਵੀ ਲੇਖਕਾ ਦੀ ਕੋਈ ਭਾਵ-ਆਤਮਕ ਸਾਂਝ ਨਹੀਂ। ਇਕ ਲੋਲ੍ਹੜ ਹੈ, ਜਿਹੜਾ ਲੇਖਕਾ ਨੂੰ ਦੇਵੀ ਮੰਨ ਕੇ ਦੂਰੋਂ ਹੀ ਉਸਦੀ ਆਰਤੀ ਕਰਦਾ ਰਹਿੰਦਾ ਹੈ।
ਪੂਰੀ ਕਥਾ ਵਿਚ ਇਹੋ ਗੱਲਾਂ ਨੇ—ਚੰਮਾਂ-ਚੱਟੀ, ਦਬੋਚ ਲੈਣਾ, ਮਸਲ ਦੇਣਾ, ਬਿਸਤਰੇ 'ਤੇ ਜਾ ਵਿਛਣਾ—ਕਦੀ ਇੱਛਾ ਨਾਲ, ਕਦੀ ਅਣਇੱਛਾ ਨਾਲ। ਮੈਂ ਹਰੇਕ ਅਧਿਆਏ ਇਸ ਆਸ ਨਾਲ ਖੋਹਲਦਾ ਰਿਹਾ ਕਿ ਸ਼ਾਇਦ ਇਸ ਵਿਚ ਕੁਝ ਵੱਖਰਾ ਹੋਵੇ...ਪਰ ਉਹੀ, ਉਹੀ ਤੇ ਸਿਰਫ ਉਹੀ ਕੁਝ ਹੁੰਦਾ ਰਿਹਾ।
ਅੰਮ੍ਰਿਤਾ ਪ੍ਰੀਤਮ ਦੀ ਭਾਸ਼ਾ, ਸ਼ੈਲੀ ਦੀਆਂ ਅਦਾਵਾਂ ਬੜੀਆਂ ਰੰਗੀਨ ਨੇ ਤੇ ਅਤਿਭਾਵੁਕ ਤੇ ਸਸਤੀਆਂ ਭਵਨਾਵਾਂ ਐਰਾ-ਵਗ਼ੈਰਾ ਵੀ ਨੇ। ਪਰ ਠੋਸ ਯਥਾਰਥੀ ਜ਼ਿੰਦਗੀ ਅੰਮ੍ਰਿਤਾ ਪ੍ਰੀਤਮ ਲਈ ਸਿਰਫ ਲਿਜਲਿਜੀ, ਲਿੱਸੜ, ਪਰ ਕਿਤੇ-ਕਿਤੇ ਲੰਮਕਦੀ ਹੋਈ ਕਿਸੇ ਫੁੰਦੇ ਵਰਗੀ ਭਾਵੁਕਤਾ ਦੇ ਸਮਾਨ ਹੈ।
ਸਾਹਿਰ ਦੀ ਛਾਤੀ ਉਪਰ ਕਦੀ ਅਲ੍ਹੜ-ਅਵਸਥਾ ਵਿਚ ਅੰਮ੍ਰਿਤਾ ਪ੍ਰੀਤਮ ਨੇ ਕੌੜੇ ਤੇਲ ਦੀ ਮਾਲਿਸ਼ ਕੀਤੀ ਸੀ। ਕਹਿੰਦੀ ਹੈ—'ਚਾਂਹਦੀ ਸੀ ਹਮੇਸ਼ਾ ਇਵੇਂ ਹੀ ਤੇਲ ਮਾਲਦੀ ਰਵਾਂ'। (ਯਾਨੀ ਵਿਚਾਰਾ ਸਾਹਿਰ ਜ਼ਿੰਦਗੀ-ਭਰ ਬੀਮਾਰ ਰਹੇ)। ਇਸ ਘਟਨਾਂ ਨੂੰ ਅੰਮ੍ਰਿਤਾ ਪ੍ਰੀਤਮ ਏਨੀ ਥਾਈਂ ਬਿਆਨ ਕਰ ਚੁੱਕੀ ਹੈ ਤੇ ਲੋਕਾਂ ਨੇ ਏਨੀ ਵਾਰੀ ਪੜ੍ਹੀ ਹੈ ਕਿ ਵਿਚਾਰੇ ਸਾਹਿਰ ਦੀ ਛਾਤੀ ਉੱਤੇ ਰਗੜਾਂ ਨਾਲ ਛਾਲੇ ਪੈ ਗਏ ਹੋਣਗੇ, ਏਨੀ ਮਾਲਿਸ਼ ਹੋਈ ਹੈ।
ਮੇਰਾ ਅੰਦਾਜ਼ਾ ਹੈ ਕਿ ਅੰਮ੍ਰਿਤਾ ਦੇ ਏਸ ਵਾਰੀ ਦੇ ਬਿਆਨ ਨਾਲ ਤਾਂ ਖ਼ੁਦ ਵਿਚਾਰਾ ਸਾਹਿਰ ਸਿਰਫ ਪ੍ਰੇਸ਼ਾਨ ਹੀ ਨਹੀਂ, ਬਲਕਿ ਅਤਿ ਸ਼ਰਮਿੰਦਾ ਵੀ ਹੋ ਰਿਹਾ ਹੋਵੇਗਾ। ਇਸ 'ਲਿਬਰੇਸ਼ਨ' ਦਾ, ਅੰਮ੍ਰਿਤਾ ਪ੍ਰੀਤਮ ਦੀ ਜ਼ੁਬਾਨੀ, ਇਹ ਹਾਲ ਹੈ ਕਿ ਉਸਦਾ ਪੁੱਤਰ ਪੁੱਛਦਾ ਹੈ—ਮੰਮੀ, ਕੀ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ? ਇਹ ਹੈ ਮੁਕਤੀ/ਆਜ਼ਾਦੀ, ਜਿਸ ਵਿਚ ਪੁੱਤਰ ਮਾਂ ਤੋਂ ਪੁੱਛੇ ਬਈ ਇਹ ਜਿਹੜੇ ਮਰਦ ਤੇਰੇ ਆਲੇ-ਦੁਆਲੇ ਭੌਂ ਰਹੇ ਨੇ ਇਹਨਾਂ ਵਿਚੋਂ ਮੇਰਾ ਪਿਓ ਕਿਹੜਾ ਹੈ...?...ਮੈਨੂੰ ਆਪਣੇ ਗਵਾਚੇ ਹੋਏ ਪਿਓ ਦੀ ਤਲਾਸ਼ ਹੈ।
ਅੰਮ੍ਰਿਤਾ ਪ੍ਰੀਤਮ ਦੀ ਮੌਜ਼ ਇਹ ਹੈ ਕਿ ਹਾਲੇ ਤੀਕ ਉਸਨੇ ਅੱਲ੍ਹੜ-ਅਵਸਥਾ ਪਾਰ ਨਹੀਂ ਕੀਤੀ। ਉਹ ਉਹੀ 18 ਸਾਲਾਂ ਦੀ ਕੁੜੀ ਬਣੀ ਹੋਈ ਹੈ। ਜ਼ਿੰਦਗੀ ਨੇ ਉਸਨੂੰ ਕੁਝ ਨਹੀਂ ਸਿਖਾਇਆ, ਅਨੁਭਵ ਉਸ ਲਈ ਬੇਕਾਰ ਦੀ ਸ਼ੈ ਨੇ।
ਕਮਲਾ ਦਾਸ ਦੀ ਆਤਮ-ਕਥਾ ਪੜ੍ਹਦਿਆਂ ਹੋਇਆਂ ਇੰਜ ਲੱਗਿਆ, ਜਿਵੇਂ ਕਿਸੇ ਮਾਸਾ-ਹਾਰੀ ਹੋਟਲ ਸਾਹਵੇਂ ਖੜ੍ਹਾ ਹੋਵਾਂ, ਜਿਸਦੇ ਸਾਈਨ ਬੋਰਡ ਉੱਤੇ ਲਿਖਿਆ ਹੋਵੇ...'ਇੱਥੇ ਵਧੀਆ ਚਿਕਨ, ਕਬਾਬ, ਮੁਰਗ-ਮੁਸੱਲਮ, ਬਿਰਿਆਨੀ ਮਿਲਦੇ ਹਨ'। ਰੇਡੀਓ ਵਿਚ ਇਕ ਫਿਲਮੀ ਗਾਣਾ ਚੀਕ ਰਿਹਾ ਹੈ 'ਜਾ ਰੇ ਪੀਛਾ ਛੋੜ ਮੁਝ ਮਤਵਾਲੀ ਕਾ, ਰੂਪ ਸਹਾ ਨਾ ਜਾਏ ਨਖ਼ਰੇ ਵਾਲੀ ਕਾ—ਹੋ-ਅ'!
ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ਪੜ੍ਹਦੇ ਨੂੰ ਇੰਜ ਲੱਗਿਆ ਸੀ, ਜਿਵੇਂ 'ਦਿਲਬਹਾਰ' ਹੋਟਲ ਦੇ ਸਾਹਮਣੇ ਖੜ੍ਹਾ ਹਾਂ, ਜਿਸ ਦੀਆਂ ਕੰਧਾਂ ਅੱਤ-ਭੜਕੀਲੇ ਲਾਲ ਤੇ ਗੁੜ੍ਹੇ ਹਰੇ ਰੰਗਾਂ ਨਾਲ ਲਿੱਪੀਆਂ ਹੋਈਆਂ ਹਨ, ਫਿਲਮ ਸਟਾਰਾਂ ਦੇ ਅੱਧਨੰਗੇ ਫੋਟੋ ਟੰਗੇ ਹਨ, ਤੇ ਰੇਡੀਓ ਰਾਹੀਂ ਫਿਲਮੀ ਗਾਣਾ ਕੂਕ ਰਿਹਾ ਹੈ—'ਅੱਖੀਆਂ ਮਿਲਾ ਕੇ, ਜੀਆ ਭਰਮਾ ਕੇ, ਚਲੇ ਨਹੀਂ ਜਾਨਾ—ਹੋ-ਅ'!
ਕਮਲਾ ਦਾਸ ਦੀ ਆਤਮ-ਕਥਾ ਕਬਾਬ ਦੀ ਪਲੇਟ ਹੈ।
ਤੇ ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ਲੱਸੀ ਦਾ ਗਿਲਾਸ, ਜਿਸ ਉੱਤੇ ਝੱਗ ਹੀ ਝੱਗ ਹੈ।
ਇਕ ਅੱਧਖੜ ਉਮਰ ਦੀ ਤੀਵੀਂ ਜਾਂ ਕਿਸੇ ਬੁੱਢੀ ਨੇ ਬੁੱਲ੍ਹ ਰੰਗੇ ਹੋਏ ਨੇ, ਚਿਹਰੇ ਉੱਤੇ ਪਾਊਡਰ ਪੋਚਿਆ ਹੋਇਆ ਹੈ, ਅੱਖਾਂ ਵਿਚ ਸੁਰਮਾ ਹੈ, ਵਾਲਾਂ ਵਿਚੋਂ ਤੇਲ ਦੇ ਲਿਸ਼ਕਾਰੇ ਪੈ ਨੇ, ਫੁੰਦੇ ਵਾਲੀ ਪਰਾਂਦੀ ਹੈ, ਸਲਮਾ-ਸਿਤਾਰਿਆਂ ਵਾਲਾ ਸੂਟ। ਇੰਜ ਇਕ ਅਲ੍ਹੜ-ਮੁਟਿਆਰ ਵਾਲੇ ਸਾਰੇ ਲੱਛਣਾ ਸਮੇਤ, ਮਟਕ-ਮਟਕ ਕੇ ਕਹਿੰਦੀ ਫਿਰਦੀ ਹੈ—'ਅਸਾਂ ਕੋਈ ਐਸੇ-ਵੈਸੇ ਨਹੀਂ ਜੀ'। ਇਹ 'ਰਸੀਦੀ ਟਿਕਟ' ਵਾਲੀ ਨਾਰ ਹੈ।
ਦੂਜੀ ਪੱਕੀ ਉਮਰ ਦੀ ਹੈ। ਉਹ ਨਰ ਨੂੰ ਕੰਨੋਂ ਫੜ੍ਹ ਕੇ ਪਲੰਘ ਉੱਤੇ ਲੈ ਜਾਂਦੀ ਹੈ। ਜਦ ਉਸਨੂੰ ਛੱਡਦੀ ਹੈ, ਤਦ ਕਿਸੇ ਭੋਲੀ ਬਾਲੜੀ ਵਾਂਗ ਕਹਿੰਦੀ ਹੈ—ਅਸਾਨੂੰ ਇਹ ਸਭ ਚੰਗਾ ਨਹੀਓਂ ਲੱਗਦਾ ਜੀ।
ਮੈਨੂੰ ਇਹਨਾਂ ਆਤਮ-ਕਥਾਵਾਂ ਨੂੰ ਪੜ੍ਹਨ ਤੋਂ ਪਹਿਲਾਂ ਵੀ ਕੋਈ ਅਜਿਹਾ ਭਰਮ ਨਹੀਂ ਸੀ ਕਿ ਮੈਂ ਸਾਵਿੱਤਰੀ-ਸਤਿਆਵਾਨ ਦੀ ਕਥਾ ਪੜ੍ਹਨ ਲੱਗਿਆ ਹਾਂ। ਮੈਂ ਕੋਈ ਕਟੱੜ ਨੈਤਿਕਤਾਵਾਦੀ ਜਾਂ ਪਵਿੱਤਰਤਾਵਾਦੀ ਵੀ ਨਹੀਂ ਹਾਂ। ਮੈਂ ਇਹਨਾਂ ਲੇਖਕਾਵਾਂ ਨੂੰ ਕਹਿੰਦਾ ਹਾਂ ਕਿ ਜੇ ਕੁਝ ਦੱਸਣ ਹੀ ਬੈਠੀਆਂ ਸੌ ਤਾਂ ਸਭ ਕੁਝ ਖੋਹਲ-ਫਰੋਲ ਕੇ ਰੱਖ ਦਿੱਤਾ ਹੁੰਦਾ, ਐਵੇਂ, ਖਾਹਮਖਾਹ, ਹੀ ਕਿਉਂ ਆਪਣੀ ਇਕ—'ਕੱਲਮ-'ਕੱਲੀ' ਗੱਲ ਦੇ ਮਗਰ ਪਈਆਂ ਰਹੀਆਂ ਹੋ।
ਉਮਰ ਢਲ ਜਾਏ ਤਾਂ ਇਸ ਉਮਰ ਵਿਚ ਨਾ ਘਰਵਾਲੇ ਨੂੰ ਦੂਜੀ ਮਿਲਦੀ ਹੈ ਨਾ ਆਪਾਂ ਨੂੰ ਹੀ ਦੂਜਾ। ਬੱਚਿਆਂ ਨੂੰ ਅਜਿਹੀ ਸਿਖਿਆ ਮਿਲ ਗਈ ਹੋਵੇ ਕਿ ਉਹ 'ਸੈਕਸ' ਨੂੰ ਆਈਸਕਰੀਮ ਸਮਝਣ ਲੱਗ ਪਏ ਹੋਣ। ਪਰਿਵਾਰ ਤੇ ਸਮਾਜ ਦੀ ਲੋੜ ਹੀ ਨਾ ਰਹਿ ਗਈ ਹੋਵੇ...ਇਸ ਤੋਂ ਬਾਹਰ ਜਾਂ ਪਰ੍ਹੇ ਨਿਕਲ ਗਏ ਹੋਣ ਜਾਂ ਉੱਚੇ ਉਠ ਗਏ ਹੋਣ। ਤਦ ਲੇਖਕਾ ਸੋਚਦੀ ਹੈ—ਬਹਾਦਰ ਬਣ ਗਏ, ਹਰੇਕ ਅੜਿੱਕੇ-ਅੜਚਨ ਨੂੰ ਠੁੱਡ ਮਾਰ ਦਿੱਤੀ। ਆਪਣੇ ਬਾਰੇ ਕੁਝ ਅਜਿਹਾ ਲਿਖਿਆ ਕਿ ਲੋਕ ਦੰਗ ਰਹਿ ਗਏ, ਸਨਸਨੀ ਫੈਲ ਗਈ, ਬਹਿਸਾਂ ਛਿੜ ਪਈਆਂ।
ਮੈਂ ਇਹਨਾਂ ਲੇਖਕਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਉਹਨਾਂ ਲਿਖਿਆ ਹੈ, ਉਹ ਹੈਰਾਨ ਕਰ ਦੇਣ ਵਾਲਾ ਨਹੀਂ ; ਅਕਾਅ ਦੇਣ ਵਾਲਾ ਹੈ। ਇਸ ਨੂੰ ਪੜ੍ਹ ਕੇ ਲੇਖਕਾ ਦੇ ਹੌਸਲੇ ਦੀ ਦਾਦ ਦੇਣ ਦੀ ਇੱਛਾ ਨਹੀਂ ਹੁੰਦੀ, ਉਸ ਉੱਤੇ ਦਯਾ ਆਉਂਦੀ ਹੈ।
ਸਵਾਲ ਉਠਦਾ ਹੈ ਕਿ ਇਹ ਪ੍ਰਬੁੱਧਾ ਲੇਖਕਾਵਾਂ ਏਨੇ ਵਰ੍ਹੇ ਰਹਿੰਦੀਆਂ ਕਿੱਥੇ ਰਹੀਆਂ ਹੋਣਗੀਆਂ? ਮੈਨੂੰ ਤਾਂ ਇੰਜ ਜਾਪਦਾ ਹੈ...ਕਿਸੇ ਦੇਸ਼, ਕਿਸੇ ਸਮਾਜ ਵਿਚ ਨਹੀਂ ਰਹੀਆਂ; ਰਹੀਆਂ ਹੁੰਦੀਆਂ ਤਾਂ ਉਸ ਸਮਾਜ ਦੀ ਹਲਚਲ, ਧੜਕਨ, ਮੋਹ-ਮਮਤਾ ਜਾਂ ਦਵੰਧ ਕਿਧਰੇ ਤਾਂ ਨਜ਼ਰ ਆਉਂਦਾ, ਇਹਨਾਂ ਦੀਆਂ ਜੀਵਨੀਆਂ ਵਿਚ। ਕੁਝ ਹੋਰ ਨਹੀਂ ਤਾਂ ਘੱਟੋਘੱਟ ਲੇਖਕੀ ਅਨੁਭਵ ਤੇ ਸੰਘਰਸ਼ ਨੂੰ ਹੀ ਚੇਤੇ ਕਰ ਲੈਂਦੀਆਂ। ਪਰ ਇੰਜ ਲੱਗਦਾ ਹੈ ਜਿਵੇਂ ਇਹ ਜ਼ਿੰਦਗੀ-ਭਰ ਹਿੰਦ-ਮਹਾਸਾਗਰ ਦੇ ਕਿਸੇ ਨਿਰਜਿੰਦ ਟਾਪੂ ਵਿਚ ਹੀ ਰਹੀਆਂ ਨੇ, ਜਿੱਥੇ ਸਿਰਫ 2-3 ਜਾਂ ਇਕਾ-ਦੁੱਕੀ ਕੋਈ ਹੋਰ ਮਰਦ ਵੀ ਹੋਵੇਗਾ। ਖਾਣ ਪੀਣ ਦਾ ਸਾਮਾਨ ਆਸਮਾਨੋਂ ਡਿੱਗ ਪੈਂਦਾ ਹੋਵੇਗਾ, ਕੱਪੜੇ ਹਵਾ ਵਿਚੋਂ ਬਰਾਮਦ ਹੋ ਜਾਂਦੇ ਹੋਣਗੇ। ਲੱਗਦਾ ਹੈ, ਅਜਿਹੇ ਹੀ ਕਿਸੇ ਬੀਆਬਾਨ ਟਾਪੂ ਵਿਚ, ਇਹਨਾਂ ਪ੍ਰਬੁੱਧਾ ਲੇਖਕਾਵਾਂ ਨੇ ਸਾਰੀ ਉਮਰ ਵਿਹਾਅ ਦਿੱਤੀ ਹੈ; ਸਿਰਫ ਸਰੀਰ ਤੇ ਸੁਪਨਿਆਂ ਵਿਚਕਾਰ।
ਜੇ ਕੋਈ ਵਿਗਿਆਨਕ ਆਪਣੀ ਪੂਰੀ ਆਤਮ-ਕਥਾ ਵਿਚ ਇਹੀ ਲਿਖੀ ਜਾਵੇ ਕਿ ਉੱਥੇ ਮੈਂ ਪੁਲਾਅ ਖਾਧਾ, ਫੇਰ ਉੱਥੇ ਗਿਆ ਤਾਂ ਵਧੀਆ ਮੁਰਗਾ ਖਾਧਾ, ਫੇਰ ਓਥੇ ਗਿਆ ਤਾਂ ਵਧੀਆ ਮੁਰਗੀ ਖਾਧੀ, ਫੇਰ ਓਧਰ ਗਿਆ ਤਾਂ ਅੰਬ ਚੂਪੇ, ਉਸ ਜਗ੍ਹਾ ਦੀ ਰਸ-ਮਲਾਈ ਬੜੀ ਵਧੀਆ ਹੁੰਦੀ ਹੈ।...ਤਾਂ ਕੀ ਇਹ ਇਕ ਵਿਗਿਆਨਕ ਦੀ ਆਤਮ-ਕਥਾ ਹੋ ਗਈ?...ਇਹ ਤਾਂ ਇਕ ਚਟੋਰੇ ਦੀ ਆਤਮ-ਕਥਾ ਹੋਈ।
ਪਾਠਕ ਪੈਸਾ ਖਰਚ ਕੇ ਇਸ ਆਸ ਨਾਲ ਕਿਤਾਬਾਂ ਖਰੀਦਦਾ ਹੈ ਕਿ ਇਹ ਲੇਖਕਾ ਦੀ ਆਤਮ-ਕਥਾ ਹੈ, ਤੇ ਉਹਦੀ ਜੀਵਨ-ਜਾਚ ਤੋਂ ਕੁਝ ਤਜ਼ੁਰਬਾ ਵਧੇਗਾ। ਪਰ ਪੜ੍ਹ ਕੇ ਸੋਚੀਂ ਪੈ ਜਾਂਦਾ ਹੈ—ਕੀ ਇਹਨਾਂ ਲੇਖਕਾਵਾਂ ਕੋਲ ਕਹਿਣ ਲਈ ਸਿਰਫ ਇਹੋ ਕੁਝ ਹੀ ਸੀ?
ਇਹ ਆਤਮ-ਕਥਾਵਾਂ ਕੁਲ ਏਨਾ ਦੱਸਦੀਆਂ ਨੇ ਕਿ ਲੇਖਕ ਜਦੋਂ ਆਪਣੇ ਬਾਰੇ ਲਿਖਦਾ ਹੈ ਤਾਂ ਉਹ ਲੇਖਕ ਨਹੀਂ ਹੁੰਦਾ। ਮੁੱਕਦੀ ਗੱਲ ਇਹ ਕਿ ਇਹ ਲਿਖਤਾਂ ਕਰਮ ਤੇ ਧਰਮ ਦੋਵਾਂ ਤੋਂ ਵੀ 'ਲਿਬਰੇਟੇਡ' ਨੇ।  
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

ਇਕ ਹੋਰ ਆਤਮ-ਹੱਤਿਆ : ਵਿਜੈ





ਹਿੰਦੀ ਕਹਾਣੀ : ਇਕ ਹੋਰ ਆਤਮ-ਹੱਤਿਆ : ਲੇਖਕ : ਵਿਜੈ, ਮੁਬਾਇਲ : 09313301435.
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੋਬਾਇਲ : 94177-30600.

ਸ਼ਰਦ ਪ੍ਰਕਾਸ਼ ਕਾਮਲੀ ਵਿਹੜੇ ਵਿਚ ਨੀਵੀਂ ਪਾਈ ਬੈਠਾ ਸੀ। ਪੋਗਰੀ (ਕੁੜੀ) ਹੰਸਾ ਚੀਕ-ਚੀਕ ਕੇ ਕਹਿ ਰਹੀ ਸੀ ਉਸਨੂੰ ਦੱਸ ਰਹੀ ਸੀ…"ਅੰਨਾ (ਬਾਪੂ)। ਟਰੈਕਟਰ, ਥਰੈਸ਼ਰ, ਤੇ ਹੋਰ ਸਾਮਾਨ ਲਈ ਜਾ ਰਹੇ ਐ ਓਹ…ਰੋਕ ਓਹਨਾਂ ਨੂੰ।"
ਪਰ ਕਾਮਲੀ ਸਿਰ ਉੱਤੇ ਨਹੀਂ ਸੀ ਚੁੱਕ ਰਿਹਾ। ਸ਼ਾਂਤਾ ਬਾਈ ਹਨੇਰੀ ਕੋਠੜੀ ਵਿਚ ਬੈਠੀ, ਧੀ ਦਾ ਬੂ-ਕੁਰਲਾਹਟ ਸੁਣ ਕੇ ਵੀ ਚੁੱਪ ਹੈ। ਹੰਸਾ ਹਿਰਖ ਕੇ ਅੰਨਾ ਦਾ ਮੋਢਾ ਝੰਜੋੜਦੀ ਹੋਈ ਪਿੱਠ ਵਿਚ ਮੁੱਕੀਆਂ ਮਾਰਨ ਲੱਗ ਪੈਂਦੀ ਹੈ, "ਕਿਉਂ ਲੈ ਜਾਣ ਦਿੱਤਾ…ਸਾਡਾ ਸੀ, ਸਾਡਾ।"
ਸ਼ਾਂਤਾ ਬਾਈ ਨੂੰ ਉਠਣਾ ਪਿਆ। ਵਿਹੜੇ ਵਿਚ ਜਾ ਕੇ ਹੰਸਾ ਨੂੰ ਫੜ੍ਹਦੀ ਹੈ, ਚੁੱਪ ਹੋ ਜਾ ਹੰਸਾ। "ਸਾਡਾ ਕੁਛ ਵੀ ਨਹੀਂ ਏਥੇ…ਭਗਵਾਨ ਵੀ ਸਾਡਾ ਨਹੀਂ-ਜਿਸਨੂੰ ਅਸੀਂ ਰੋਜ਼ ਮੰਦਰ ਜਾ ਕੇ ਪੂਜਦੇ ਆਂ।"
"ਕਿਉਂ ! ਪਰ ਕਿਉਂ ?" ਲੱਤਾਂ ਬਾਹਾਂ ਮਾਰਦੀ ਹੋਈ, ਭੂੰਜੇ ਲਿਟਣ ਲੱਗ ਪੈਂਦੀ ਹੈ ਹੰਸਾ। ਅੱਠ ਨੌਂ ਸਾਲ ਦੀ ਇਸ ਉਮਰ ਵਿਚ ਉਸਦਾ ਦਿਲ-ਦਿਮਾਗ ਇਹ ਨਹੀਂ ਸਮਝ ਸਕਦਾ ਕਿ ਜਿਸ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਉਸਦੀ ਜ਼ਿੰਦਗੀ, ਅੱਜ ਦੇ ਯੁੱਗ ਵਿਚ ਵੀ, ਆਸਮਾਨੀ ਮਿਹਰ ਉੱਤੇ ਕਿਉਂ ਟਿਕੀ ਹੋਈ ਹੈ ? ਬੱਦਲ ਆ ਕੇ ਵਰ੍ਹ ਜਾਣ ਤੇ ਫੇਰ ਸੂਰਜ ਚਮਕੇ ਤਾਂ ਹਰੀ ਭਰੀ ਫਸਲ ਵਾਂਗ ਕਿਸਾਨ ਵੀ ਟਹਿਕਣ ਲੱਗ ਪੈਂਦਾ ਹੈ…ਤੇ ਜਦੋਂ ਬੱਦਲ ਨਹੀਂ ਵੱਸਦਾ ਤੇ ਸੂਰਜ ਅੱਗ ਵਰ੍ਹਾਉਂਦਾ ਹੈ ਤਾਂ ਉਸਦਾ ਮੂੰਹ ਕੋਰੇ ਕੁੱਜੇ ਵਾਂਗ ਖੁੱਲ੍ਹਾ ਰਹਿ ਜਾਂਦਾ ਹੈ।
ਦੁਪਹਿਰ ਪਿੱਛੋਂ ਨਿਕਮ ਆਇਆ। ਸਭ ਸੁਣ ਲਿਆ ਸੀ ਉਸਨੇ। ਕਾਮਲੀ ਦਾ ਮੋਢਾ ਥਾਪਡ ਕੇ ਬੋਲਿਆ, "ਹਾਰਨਾਂ ਨਹੀਂ ਭਾਊ ! ਅਸੀਂ ਛੋਟੇ ਕਿਸਾਨ ਸੀ, ਪਹਿਲਾਂ ਮਜ਼ਦੂਰ ਬਣੇ ; ਤੂੰ ਦਰਮਿਆਨਾ ਜ਼ਿਮੀਂਦਾਰ ਸੈਂ, ਤੇਰਾ ਨੰਬਰ ਰਤਾ ਦੇਰ ਨਾਲ ਆ ਗਿਆ। ਪਹਿਲਾਂ ਵੀ ਕਿਸਾਨ ਭੱਜਦਾ ਸੀ ; ਹੁਣ ਵੀ ਭੱਜ ਰਿਹੈ। ਸ਼ਹਿਰ ਕਿਸਾਨਾ ਨਾਲ ਈ ਤਾਂ ਬਣਦੇ ਆ। ਝੁੱਗੀਆਂ-ਝੌਂਪੜੀਆਂ ਦੀ ਗੰਦਗੀ ਵਿਚ ਰਹਿ ਕੇ ਉਹੀ ਤਾਂ ਸੇਠਾਂ ਦੇ ਕਾਰਖ਼ਾਨੇ ਚਲਾਉਂਦੇ ਆ। ਆਤਮ-ਹੱਤਿਆ ਬਾਰੇ ਨਾ ਸੋਚੀਂ ਭਾਊ ਹੁਣ ਨਗਰ ਈ ਆਸਰਾ-ਸਹਾਰਾ ਐ ਆਪਣਾ।"
"ਕੀ ਕਰੀਏ ਨਿਕਮ। ਤਿੰਨ ਪਹਿਲਾਂ ਝਾਲੀ ਖ਼ੂਬ ਹੋਈ (ਚੋਖਾ ਮੀਂਹ ਵਰ੍ਹਿਆ) ਸੀ। ਬੈਂਕ ਵਾਲੇ ਏਥੇ ਸੱਥ ਵਿਚ ਮੇਜ਼ ਕੁਰਸੀਆਂ ਲਾ ਕੇ ਆਣ ਬੈਠੇ ਸੀ। ਸਸਤੀ ਵਿਆਜ ਦਰ ਤੇ ਰਕਮਾਂ ਦਿੱਤੀਆਂ…ਟਰੈਕਟਰ ਲਓ, ਚੰਗਾ ਬੀਅ, ਥਰੈਸ਼ਰ ਖ਼ਰੀਦੋ। ਸੋਚਿਆ ਸੀ ਨਵੇਂ ਢੰਗ ਨਾਲ ਖੇਤੀ ਕਰਾਂਗਾ; ਛੋਟੇ ਕਿਸਾਨਾਂ ਦੇ ਖੇਤੀਂ ਬੀਜ-ਬਿਜਾਈ, ਕਟਾਈ ਕਰ ਛੱਡਿਆ ਕਰਾਂਗਾ; ਚਾਰ ਪੈਸੇ ਆਉਣਗੇ। ਪੋਗਰਾ (ਮੁੰਡਾ) ਇੰਜੀਨੀਅਰ ਦੀ ਪੜਾਈ ਪੂਰੀ ਕਰ ਲਊਗਾ।"
"ਮੀਂਹ ਨਾ ਪਿਆ ਤਾਂ ਕਿਸਦਾ ਖੇਤ ਵਾਹੇਂਗਾ, ਕਟੇਂਗਾ ? ਤੈਨੂੰ ਪਤੈ ਸੱਤ ਕੋਹ ਰੋਜ਼ ਕਰਦਾਂ, ਦਿਹਾੜੀ ਜਾਣ ਲਈ। ਮੈਂ ਈ ਕੀ ਦਾਮੂ, ਅੰਤਵਰਾ ਤੇ ਹੋਰ ਕਈ ਜਣੇ ਜਾਂਦੇ ਐ। ਸਾਰਿਆਂ ਦੇ ਛੋਟੇ ਛੋਟੇ ਖੇਤ ਸੂਰਜ ਨੇ ਤਿੜਕਾ ਦਿੱਤੇ। ਦਗੜ (ਪੱਥਰ) ਬਣ ਗਈ ਧਰਤੀ। ਨਗਰ ਕੋਲ ਹੁੰਦੇ ਤਾਂ ਪਲਾਟ ਕੱਟੇ ਜਾਂਦੇ। ਕੀ ਮਿਲਿਆ ਅੰਨਾ ਘੱਟ ਵਿਆਜ ਵਾਲਿਆਂ ਤੋਂ-ਇਕ ਮਹੀਨੇ ਦੀ ਕਬੀਲਦਾਰੀ ਨੀ ਚੱਲੀ।"
"ਤੇਰੇ ਕੋਲੇ ਤਾਂ ਦੋ ਬਲ੍ਹਦ ਤੇ ਇਕ ਗਾਂ ਵੀ ਸੀ ?"
"ਸ਼-ਸ਼ੀ-ਸ਼ੀ ! ਚੁੱਪ ਰਹੁ। ਸਭ ਤੋਂ ਪਹਿਲਾਂ ਸ਼ਹਿਰ ਦੇ ਕਸਾਈ ਹੱਥ ਓਹੀ ਵੇਚੇ। ਪੱਠੇ ਨਹੀਂ ਤਾਂ ਗਾਂ ਕਿੱਥੋਂ ਦੁੱਧ ਦੇਂਦੀ ?...ਬਲ੍ਹਦ ਭੁੱਖੇ ਰਹਿੰਦੇ ਸੀ। ਹੁਣ ਤਾਈਂ ਤਾਂ ਡੱਬਾ-ਬੰਦ ਹੋ ਗਏ ਹੋਣੇ ਆਂ ਤੇ ਬੂਟ ਚੱਪਲਾਂ ਬਣ ਗਈਆਂ ਹੋਣੀਐਂ। ਪਰ ਕਿਸੇ ਕੋਲ ਗੱਲ ਨਾ ਕਰੀਂ। ਪਤਾ ਲੱਗਿਆ ਤਾਂ ਜਾਖੜੀ (ਪੁਜਾਰੀ) ਦੀਕਸ਼ਤ ਕਹੂ…ਗਊ ਹੱਤਿਆ ! ਸ਼ੁੱਧੀ ਕਰਾਅ…। ਸ਼ੁੱਧੀ ਵਾਸਤੇ ਫੇਰ ਪੈਸੇ ਚਾਹੀਦੇ ਹੋਣੇ ਐਂ। ਤੇ ਪੈਸੇ ਹੈ ਕਿੱਥੇ ?"
"ਭਾਬੀ ਕੀ ਕਰਦੀ ਐ ਨਿਕਮ ?"
"ਸਬਰ ਕਰਦੀ ਐ; ਹੱਥੋਂ ਕੰਨੋ ਬੁੱਚੀ।…ਪਰ ਤੁਹਾਡੇ ਕੋਲ ਤਾਂ ਗਹਿਣਾ-ਗੱਟੇ ਵੀ ਵਾਹਵਾ ਸੀ !"
"ਗਹਿਣੇ ਸੀ…ਰੋਜ਼ ਰੋਜ਼ ਦੀ ਬਿਮਾਰੀ; ਸਾਰਾ ਸੋਨਾ ਡਾਕਟਰ ਨਿਗਲ ਗਿਆ।"
"ਤਾਂ ਚੱਲ ਫੇਰ ਸਵੇਰ ਤੋਂ ਮੇਰੇ ਨਾਲ ਦਿਹਾੜੀ ਤੇ ! ਅੱਸੀ ਰੁਪਏ ਰੋਜ਼ ਦੇ ਮਿਲਦੇ ਆ।"
ਲੰਮਾਂ, ਹਊਕੇ ਵਰਗਾ ਸਾਹ ਖਿੱਚਦਾ ਹੈ ਕਾਮਲੀ। ਨਿਕਮ ਨੂੰ ਅਚਾਨਕ ਕੁਝ ਚੇਤੇ ਆ ਜਾਂਦਾ ਹੈ ਤੇ ਪੁੱਛਦਾ ਹੈ, "ਨਿਸ਼ੀਕਾਂਤ ਦੀ ਪੜ੍ਹਾਈ ?"
"ਇਕ ਸਾਲ ਰਹਿੰਦੈ, ਇਜੀਨੀਅਰ ਬਣਨ ਚ। ਵਿਚਾਰਾ ਪੋਗਰਾ !"
ਕੁਝ ਚਿਰ ਸੋਚ ਕੇ ਕਹਿੰਦਾ ਹੈ ਨਿਕਮ, "ਇਕ ਗੱਲ ਆਖਾਂ ਭਾਊ। ਤਾਲੁਕਾ (ਤਹਿਸੀਲਦਾਰ) ਮਦਧੇ ਦਾਮੜੇ ਭਾਊ ਦਾ ਬੜਾ ਵੱਡਾ ਪਰਵੀਜਨ ਸਟੋਰ ਐ…ਪੋਗਰੀ ਲਕਸ਼ਮੀ ਦਸ ਜਮਾਤਾਂ ਕਰ ਗਈ ਆ, ਬਾਰਵੀਂ 'ਚ ਐ।"
"ਫੇਰ ?"
"ਫੇਰ ਕੀ ! ਵਿਆਹ ਲਈ ਦਾਮੜੇ ਕੋਈ ਡਾਕਟਰ ਜਾਂ ਇਜੀਨੀਅਰ ਨੌਹਰਾ (ਮੁੰਡਾ) ਭਾਲਦੈ।"
"ਦਾਜ ਮੰਗਾਂ ਤਾਂ ਹੰਸਾ ਨੂੰ ਵੀ ਦੇਣਾ ਪਊ…"
"ਪਾਗਲ, ਝੱਲਾ ਭਾਊ ! ਓਇ ਮਾੜੇ ਦਿਨ ਲੰਘ ਜਾਣਗੇ। ਮੁੰਡਾ ਇਜੀਨੀਅਰ ਬਣ ਰਿਹੈ, ਤੂੰ ਤਾਂ ਸਿਰਫ ਦਸਵੀਂ ਪਾਸ ਐਂ।"
"ਤੂੰ ਕੋਈ ਹੋਰ ਗੱਲ ਕਰ ਭਾਊ। ਮੈਂ ਕੱਲ੍ਹ ਬੈਂਕ ਜਾਣੈ।"
"ਬੈਂਕ ?" ਨਿਕਮ ਪੁੱਛਦਾ ਹੈ।
"ਬੈਂਕ ਚ ਸੇਠ ਮੋਠਾ ਆਊਗਾ। ਜ਼ਮੀਨ ਲਊਗਾ ਮੇਰੀ। ਪੈਸਾ ਦੇਊਗਾ। ਬੈਂਕ ਤੇ ਸੁਸਾਇਟੀ ਦਾ ਕਰਜਾ ਲੱਥ ਜਾਊ। ਕੁਛ ਪੈਸੇ ਨਿਸ਼ੀਕਾਂਤ ਨੂੰ ਭੇਜਾਂਗਾ, ਨਹੀਂ ਤਾਂ ਉਹਨੂੰ ਕਾਲਜੋਂ ਕੱਢ ਦਿੱਤਾ ਜਾਊਗਾ।"
"ਜ਼ਮੀਨ ਦਾ ਕੀ ਕਰੂਗਾ ਸੇਠ ?"
"ਪਤਾ ਨੀ ਕੀ ਕਰੂਗਾ। ਕਹਿੰਦਾ ਸੀ ਪਿੰਡ ਦੇ ਕਈ ਲੋਕਾਂ ਨੂੰ ਰੋਜ਼ਗਾਰ ਦੇਊਗਾ। ਨੌਕਰੀ ਨਾਲ ਢਿੱਡ ਤਾਂ ਚਲਦਾ ਰਹੂ।"
"ਮੇਰੇ ਲਈ ਵੀ ਕਰੀਂ ਸੇਠ ਨਾਲ ਗੱਲ…"

ਦੂਜੇ ਦਿਨ ਨਿਕਮ ਦਾਮੜੇ ਪ੍ਰਵੀਜ਼ਨ ਸਟੋਰ ਪਹੁੰਚ ਗਿਆ। ਦਾਮੜੇ ਨਿਸ਼ੀਕਾਂਤ ਬਾਰੇ ਸੁਣ ਕੇ ਖੁਸ਼ ਹੋਇਆ ਸੀ ਤੇ ਸਾਰੀਆਂ ਗੱਲਾਂ ਮੰਨ ਗਿਆ ਸੀ। ਨਿਕਮ ਉਸ ਪਿੱਛੋਂ ਕੰਮ ਤੇ ਚਲਾ ਗਿਆ ਸੀ।
ਸ਼ਾਮ ਢਲੇ ਨਿਕਮ ਖੁਸ਼ ਖੁਸ਼ ਵਾਪਸ ਆਇਆ। ਸਭ ਤੋਂ ਪਹਿਲਾਂ ਉਹ ਕਾਮਲੀ ਕੇ ਘਰ ਜਾ ਕੇ ਖੁਸ਼ਖਬਰੀ ਸੁਣਾਉਣਾ ਚਾਹੁੰਦਾ ਸੀ…ਐਸ਼ ਕਰ ਭਾਊ। ਜਦੋਂ ਤਕ ਮੁੰਡਾ ਨੌਕਰੀ ਨਹੀਂ ਲੱਗਦਾ, ਦਾਮੜੇ ਘਰ ਤੋਰਨ ਲਈ ਰਾਸ਼ਨ ਪਾਣੀ ਵੀ ਦੇਊ। ਉਸਦੇ ਨਾਲ ਭਾਊ ਭੈਰਵ ਨੂੰ ਸੇਲਮੈਨ ਵੀ ਰੱਖੂ। ਪਰ ਇਹ ਕੀ ?...ਸ਼ਾਮ ਢਲੇ ਵੀ ਕਾਮਲੀ ਕੇ ਬੂਹੇ 'ਤੇ ਜੰਦਰਾ !...ਗੋਹੇ ਨਾਲ ਲਿੱਪ ਪੋਚ ਕੇ ਵਾਹੀ ਹੋਈ ਰੰਗੋਲੀ ਉੱਤੇ ਇਕ ਕੁੱਤਾ ਮੌਜ਼ ਨਾਲ ਸੁੱਤਾ ਪਿਆ ਸੀ।
ਨਿਕਮ ਨੂੰ ਦੇਖ ਕੇ ਆਪਣੀ ਖੋਲੀ ਦੇ ਬਾਰ ਵਿਚ ਬੈਠੇ ਗੋਡਬੋਲੇ ਨੇ ਉਸਨੂੰ ਹਾਕ ਮਾਰੀ, "ਐਧਰ ਲੰਘ ਆ ਭਾਊ।"
ਨਿਕਮ ਉਸਦੇ ਕੋਲ ਪਹੁੰਚਦਾ ਹੈ ਤਾਂ ਗੋਲਬੋਲੇ ਪੁੱਛਦਾ ਹੈ, "ਕਿਉਂ, ਕਾਮਲੀ ਨੂੰ ਮਿਲਣ ਆਇਆ ਸੀ ਕਿ ? ਘਰੇ ਕੋਈ ਨੀਂ, ਸਾਰੇ ਨਾਗਪੁਰ ਚਲੇ ਗਏ ਆ।"
"ਓਥੇ ਤਾਂ ਉਹਦਾ ਮੁੰਡਾ ਪੜ੍ਹਦਾ ਸੀ…?"
"ਹਾਂ, ਓਥੇ ਈ ਗਏ ਆ। ਪਿਛਲੇ ਤੇ ਏਸ ਮਹੀਨੇ ਦੀ ਫੀਸ ਤੇ ਹੋਸਟਲ ਦਾ ਖਰਚਾ ਨਹੀਂ ਪਹੁੰਚਿਆ ਸੀ…
"...ਕਾਮਲੀ ਦੀ ਹਾਲਤ ਦਾ ਮੁੰਡੇ ਨੂੰ ਪਤਾ ਸੀ।…ਪੱਖੇ ਨਾਲ ਰੱਸੀ ਪਾ ਕੇ ਫਾਹਾ ਲੈ ਲਿਆ, ਸਹੁਰੇ ਨੇ। ਦੁਪਿਹਰੇ ਕਾਮਲੀ ਬੈਂਕ ਚੋਂ ਪੈਸੇ ਲੈ ਕੇ ਆਇਆ ਤੇ ਓਧਰੋਂ ਤਾਰ ਆ ਗਈ। ਲਾਸ਼ ਲੈਣ, ਸਾਰੇ ਈ ਚਲੇ ਗਏ। ਆਪਾਂ ਵੀ ਕੱਲ੍ਹ ਵਰਧਾ ਚਲੇ ਜਾਣੈ, ਓਥੇ ਆਪਣਾ ਸ਼੍ਰੀਚੰਦ ਨੌਕਰੀ ਕਰਦੈ। ਏਥੇ ਰਹਿਣ ਦਾ ਮਤਲਬ ਆ…ਮਰਨਾਂ ; ਆਤਮ ਹੱਤਿਆ ਕਰਨਾਂ।"
ਨਿਕਮ ਦੇ ਕੰਨਾਂ ਵਿਚ 'ਸ਼ਾਂ-ਸ਼ਾਂ' ਹੋਣ ਲੱਗ ਪਈ ਹੈ। ਉਹਦੇ ਭਵਿੱਖ ਬਾਰੇ ਬੁਣੇ ਸੁਪਨੇ ਢੈ-ਢੇਰੀ ਹੋ ਗਏ ਨੇ। ਤੁਰਨ ਲੱਗਿਆਂ ਗਲੀ 'ਚ ਪਏ ਡਲੇ ਨੂੰ ਠੇਡਾ ਮਾਰਦਾ ਹੈ…'ਸਾਲਾ ਕਾਮਲੀ। ਮੁੰਡਾ ਆਤਮ ਹੱਤਿਆ ਕਰ ਗਿਆ ; ਖ਼ੁਦ ਕਰਦਾ, ਪ੍ਰਧਾਨਮੰਤਰੀ ਫੰਡ ਦਾ ਰੁਪਈਆ ਭੱਜਿਆ ਆਉਂਦਾ। ਅਖ਼ਬਾਰ ਟੀ.ਵੀ. ਤੇ ਵਿਰੋਧੀ ਦਲ ਅੱਗ ਉਗਲਦੇ। ਹੁਣ ਕੀ ਹੋਣੈ ? ਕਿਸੇ ਅਖ਼ਬਾਰ ਨੇ ਨਹੀਂ ਲਿਖਣਾ ਬਈ ਇਕ ਕਿਸਾਨ ਦੇ ਪੁੱਤ ਨੇ ਆਤਮ ਹੱਤਿਆ ਕਰ ਲਈ…ਵਿਦਰ 'ਚ ਤੇ ਉਹ ਜਿਊਂਦਾ ਈ ਮਰ ਗਿਆ…'
ਅਚਾਨਕ ਗਲੀ ਵਿਚ ਪਏ ਡਲੇ ਨੂੰ ਮਾਰੇ ਠੇਡੇ ਕਾਰਨ ਟੁੱਟੀ ਚੱਪਲ ਨੂੰ ਹੱਥ ਵਿਚ ਚੁੱਕ ਲੈਂਦਾ ਹੈ ਨਿਕਮ ਤੇ ਨੀਂਵੀਂ ਪਾ ਕੇ ਤੁਰ ਜਾਂਦਾ ਹੈ।…ਸਾਰਾ ਪਿੰਡ ਚੁੱਪ ਦੀ ਚਾਦਰ ਵਿਚ ਲਿਪਟਿਆ ਹੋਇਆ ਹੈ। ਜਾਪਦਾ ਹੈ, ਨਿੱਤ ਦਿਨ ਦੀਆਂ ਆਤਮ ਹੱਤਿਆਵਾਂ ਉੱਤੇ ਇਸ ਨਾਲੋਂ ਵੱਧ ਅਫ਼ਸੋਸ ਮਨਾਉਣ ਦੀ ਤਾਕਤ ਨਹੀਂ ਰਹੀ ਹੁਣ ਉਹਨਾਂ ਵਿਚ…

ਅਬਾਬੀਲ (ਕਾਲੀ ਚਿੜੀ) : ਖ਼ਵਾਜਾ ਅਹਿਮਦ ਅੱਬਾਸ

ਉਰਦੂ ਕਹਾਣੀ : ਅਬਾਬੀਲ (ਕਾਲੀ ਚਿੜੀ) : ਲੇਖਕ : ਖ਼ਵਾਜਾ ਅਹਿਮਦ ਅੱਬਾਸ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਸੰਪਰਕ : 94177-30600.


ਉਸਦਾ ਨਾਂ ਤਾਂ ਰਹੀਮ ਖ਼ਾਂ ਸੀ, ਪਰ ਉਸ ਵਰਗਾ ਜਾਲਮ ਸ਼ਾਇਦ ਹੀ ਕੋਈ ਹੋਰ ਹੋਵੇ ! ਸਾਰਾ ਪਿੰਡ ਉਸਦੇ ਨਾਂ ਤੋਂ ਕੰਬਦਾ ਸੀ। ਇਕ ਦਿਨ ਇਕ ਲੁਹਾਰ ਦੇ ਪੁੱਤਰ ਨੇ ਉਸਦੇ ਬਲ੍ਹਦ ਦੀ ਪੂਛ ਨਾਲ ਛਾਪੇ ਬੰਨ੍ਹ ਦਿੱਤੇ, ਰਹੀਮ ਖ਼ਾਂ ਨੇ ਬੱਚੇ ਨੂੰ ਮਾਰ-ਮਾਰ ਕੇ ਅੱਧ ਮੋਇਆ ਕਰ ਛੱਡਿਆ ਅਗਲੇ ਦਿਨ ਸਰਕਾਰੀ ਅਫ਼ਸਰ ਦੀ ਘੋੜੀ ਉਸਦੇ ਖੇਤ ਵਿਚ ਆ ਵੜੀ ਤਾਂ ਰਹੀਮ ਖ਼ਾਂ ਨੇ ਉਸਨੂੰ ਐਨਾ ਕੁੱਟਿਆ ਕਿ ਉਹ ਲਹੂ-ਲੁਹਾਣ ਹੋ ਗਈ। ਲੋਕ ਕਹਿੰਦੇ ਕਿ 'ਕੰਬਖ਼ਤ ਨੂੰ ਰੱਬ ਦਾ ਭੈ ਵੀ ਨਹੀਂ …ਅਣਭੋਲ ਹੋਵੇ ਜਾਂ ਬੇਜ਼ੁਬਾਨ, ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਜ਼ਰੂਰ ਨਰਕਾਂ ਅੱਗ ਚ ਸੜੇਗਾ।' ਪਰ ਇਹ ਸਭ ਕੁਝ ਉਹ ਉਸਦੀ ਪਿੱਠ ਪਿੱਛੇ ਹੀ ਕਹਿੰਦੇ ਸਨ। ਇਕ ਦਿਨ ਇਕ ਵਿਚਾਰੇ ਦੀ ਸ਼ਾਮਤ ਆ ਗਈ ਕਿ ਉਹ ਰਹੀਮ ਖ਼ਾਂ ਨੂੰ ਆਖ ਬੈਠਾ :
"ਓਇ ਰਹੀਮ ਖ਼ਾਨਾ ! ਤੂੰ ਕਿਉਂ ਨਿਆਣਿਆਂ ਨੂੰ ਮਾਰਦਾ ਏਂ...?" ਬਸ ਉਸਦੀ ਓਹ ਗਤ ਬਣਾਈ ਕਿ ਉਸ ਦਿਨ ਤੋਂ ਲੋਕਾਂ ਰਹੀਮ ਖ਼ਾਂ ਨਾਲ ਗੱਲ ਕਰਨੀਂ ਛੱਡ ਦਿੱਤੀ, ਖਬਰੇ ਕਿਸ ਗੱਲ ਤੇ ਵਿਗੜ ਬੈਠਣਾ ਸੀ ਉਸਨੇ !
ਭਾਵੇਂ ਸਾਰੇ ਪਿੰਡ ਨੇ ਉਸ ਨਾਲ ਗੱਲ ਕਰਨੀ ਛੱਡ ਦਿੱਤੀ ਸੀ ਪਰ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਸਵੇਰੇ ਸਵਖ਼ਤੇ ਹੀ ਉਹ ਹਲ ਮੋਢੇ ਉੱਤੇ ਧਰੀ ਖੇਤ ਵੱਲ ਜਾਂਦਾ ਦਿਸਦਾ। ਰਾਹ ਵਿਚ ਕਿਸੇ ਨਾਲ ਗੱਲ ਨਾ ਕਰਦਾ, ਪਰ ਖੇਤ ਪਹੁੰਚ ਕੇ ਬਲ੍ਹਦਾਂ ਨਾਲ ਬੰਦਿਆਂ ਵਾਂਗ ਗੱਲਾਂ ਕਰਨ ਲੱਗ ਪੈਂਦਾ। ਦੋਹਾਂ ਬਲ੍ਹਦਾਂ ਦੇ ਉਸਨੇ ਨਾਂ ਰੱਖੇ ਹੋਏ ਸਨ…ਨੱਥੂ ਤੇ ਛਿੱਦੂ। ਹਲ ਵਾਹੁੰਦਿਆਂ ਬੋਲਦਾ, "ਕਿਉਂ ਓਇ ਨੱਥੂ, ਤੈਂ ਸਿੱਧਾ ਨੀ ਤੁਰਨਾਂ…ਅਹਿ ਕਿਆਰਾ ਅੱਜ ਤੇਰੇ ਪਿਓ ਨੇ ਪੂਰਾ ਕਰਨੈਂ ?" ਤੇ, "ਓਇ ਛਿੱਦੂ, ਤੇਰੀ ਵੀ ਸ਼ਾਮਤ ਆਈ ਏ ਕਿ ?" ਤੇ ਉਦੋਂ ਸੱਚੀ-ਮੁੱਚੀ ਉਹਨਾਂ ਵਿਚਾਰਿਆਂ ਦੀ ਸ਼ਾਮਤ ਹੀ ਆ ਜਾਂਦੀ ਸੀ। ਦੋਹਾਂ ਬਲ੍ਹਦਾਂ ਦੀਆਂ ਪਿੱਠਾਂ ਉੱਤੇ ਚਟਾਕ ਬਣ ਜਾਂਦੇ।
ਰਹੀਮ ਖ਼ਾਂ ਸ਼ਾਂਮ ਨੂੰ ਘਰ ਪਰਤਦਾ ਤਾਂ ਪਤਨੀ, ਬੱਚਿਆਂ ਤੇ ਹਿਰਖ ਲਾਹੁੰਦਾ। ਦਾਲ ਜਾਂ ਸਾਗ ਵਿਚ ਲੂਣ ਘੱਟ ਹੁੰਦਾ ਤਾਂ ਪਤਨੀ ਦਾ ਚੰਮ ਉਧੇੜ ਛੱਡਦਾ। ਕੋਈ ਬੱਚਾ ਸ਼ਰਾਰਤ ਕਰਦਾ ਤਾਂ ਉਸਨੂੰ ਪੁੱਠਾ ਟੰਗ ਕੇ ਕੁੱਟ-ਕੁੱਟ ਕੇ ਬੇਸੁੱਧ ਕਰ ਦਿੰਦਾ। ਨਿੱਤ ਹੀ ਮੁਸੀਬਤ ਖੜ੍ਹੀ ਰਹਿੰਦੀ। ਮਾਰ ਖਾ-ਖਾ ਕੇ ਪਤਨੀ ਅੱਧਮਰੀ ਜਿਹੀ ਹੋ ਗਈ ਸੀ। ਚਾਲ੍ਹੀ ਵਰ੍ਹਿਆਂ ਦੀ ਉਮਰ ਵਿਚ ਹੀ ਸੱਠਾਂ ਦੀ ਲੱਗਣ ਲੱਗ ਪਈ ਸੀ। ਬੱਚੇ ਛੋਟੀ ਉਮਰ ਵਿਚ ਤਾਂ ਕੁੱਟ ਖਾਂਦੇ ਰਹੇ, ਪਰ ਵੱਡਾ ਮੁੰਡਾ ਜਦੋਂ ਬਾਰਾਂ ਸਾਲ ਦਾ ਹੋਇਆ ਤਾਂ ਇਕ ਦਿਨ ਕੁੱਟ ਖਾ ਕੇ ਅਜਿਹਾ ਭੱਜਿਆ ਕਿ ਮੁੜ ਘਰ ਵਾਪਸ ਨਹੀਂ ਆਇਆ। ਨਾਲ ਦੇ ਪਿੰਡ ਰਿਸ਼ਤੇਦਾਰੀ ਚੋਂ ਉਹਦਾ ਇਕ ਚਾਚਾ ਰਹਿੰਦਾ ਸੀ…ਉਹ ਉਸ ਕੋਲ ਜਾ ਕੇ ਰਹਿਣ ਲੱਗ ਪਿਆ ਸੀ। ਇਕ ਦਿਨ ਪਤਨੀ ਨੇ ਡਰਦਿਆਂ ਡਰਦਿਆਂ ਆਖਿਆ :
"ਹਾਲਾਸਪੁਰ ਜਾਏਂ ਤਾਂ ਨੂਰੇ ਨੂੰ ਲੈਂਦਾ ਆਈਂ…"
ਤੇ ਨਾਲ ਦੀ ਨਾਲ ਉਹ ਭੜਕ ਉਠਿਆ ਤੇ ਬੋਲਿਆ, "ਮੈਂ ਉਸ ਬਦਮਾਸ਼ ਨੂੰ ਲੈਣ ਜਾਵਾਂ ? ਹੁਣ ਤਾਂ ਉਹ ਆਪੁ ਵੀ ਆਇਆ ਤਾਂ ਲੱਤਾਂ ਵੱਢ ਕੇ ਸੁੱਟ ਦਿਆਂਗਾ…" ਤੇ ਉਹ 'ਬਦਮਾਸ਼' ਭਲਾਂ ਕਿਉਂ ਮੌਤ ਦੇ ਮੂੰਹ ਵਿਚ ਆਉਂਦਾ ?
ਦੋ ਸਾਲ ਪਿੱਛੋਂ ਛੋਟਾ ਮੁੰਡਾ ਬਿੰਦੂ ਵੀ ਨੱਸ ਗਿਆ ਤੇ ਭਰਾ ਕੋਲ ਜਾ ਕੇ ਰਹਿਣ ਲੱਗ ਪਿਆ। ਹੁਣ ਰਹੀਮ ਖ਼ਾਂ ਕੋਲ ਗੁੱਸਾ ਠਾਰਨ ਲਈ ਸਿਰਫ ਪਤਨੀ ਹੀ ਰਹਿ ਗਈ ਸੀ ਤੇ ਉਸ ਨੇ ਏਨੀ ਮਾਰ ਖਾਧੀ ਸੀ ਕਿ ਉਸਨੂੰ ਇਸ ਦੀ ਆਦਤ ਜਿਹੀ ਪੈ ਗਈ ਸੀ।…ਤੇ ਇਕ ਦਿਨ ਰਹੀਮ ਖ਼ਾਂ ਨੇ ਉਸਨੂੰ ਏਨਾ ਕੁਟਾਪਾ ਚਾੜ੍ਹਿਆ ਕਿ ਉਸ ਤੋਂ ਵੀ ਸਬਰ ਨਾ ਹੋਇਆ ਤੇ ਉਹ ਮੌਕਾ ਵੇਖ ਕੇ ਆਪਣੀ ਮਾਂ ਦੇ ਘਰ ਚਲੀ ਗਈ ਤੇ ਆਪਣੀ ਗੁਆਂਢਣ ਨੂੰ ਕਹਿ ਗਈ ਕਿ ਰਹੀਮ ਖ਼ਾਂ ਆਏ ਤਾਂ ਉਸਨੂੰ ਦੱਸ ਦੇਈਂ ਕਿ ਉਹ ਕੁਝ ਦਿਨਾਂ ਲਈ ਆਪਣੇ ਪੇਕੇ, ਰਾਮ ਨਗਰ, ਚਲੀ ਗਈ ਏ।
ਸ਼ਾਮੀ ਰਹੀਮ ਖ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਦਾ ਵਾਂਗ ਗੁੱਸੇ ਹੋਣ ਦੀ ਥਾਂ ਚੁੱਪ ਚੁਪੀਤਾ ਆਪਣੇ ਬਲ੍ਹਦ ਬੰਨ੍ਹਣ ਤੁਰ ਗਿਆ। ਉਸਨੂੰ ਯਕੀਨ ਹੋ ਗਿਆ ਸੀ ਕਿ ਹੁਣ ਉਸਦੀ ਪਤਨੀ ਵੀ ਵਾਪਸ ਨਹੀਂ ਆਵੇਗੀ।
ਬਲ੍ਹਦ ਬੰਨ੍ਹ ਕੇ ਜਦੋਂ ਉਹ ਘਰ ਮੁੜਿਆ ਤਾਂ ਉੱਥੇ ਇਕ ਬਿੱਲੀ ਮਿਆਊਂ ਮਿਆਉਂ ਕਰਦੀ ਫਿਰਦੀ ਸੀ। ਕੋਈ ਹੋਰ ਘਰੇ ਹੈ ਨਹੀਂ ਸੀ, ਇਸ ਲਈ ਰਹੀਮ ਖ਼ਾਂ ਨੇ ਉਸੇ ਨੂੰ ਪੂਛੋਂ ਫੜ੍ਹ ਕੇ ਘਰੋਂ ਬਾਹਰ ਵਗਾਹ ਮਾਰਿਆ। ਚੁੱਲ੍ਹਾ ਠੰਡਾ ਪਿਆ ਸੀ। ਅੱਗ ਬਾਲ ਕੇ ਰੋਟੀ ਕੌਣ ਪਕਾਉਂਦਾ ? ਬਿਨਾਂ ਕੁਝ ਖਾਧੇ ਪੀਤੇ ਹੀ ਉਹ ਸੌਂ ਗਿਆ।

ਅਗਲੇ ਦਿਨ ਜਦੋਂ ਉਹ ਉਠਿਆ ਤਾਂ ਚਿੱਟਾ ਦਿਨ ਚੜ੍ਹਿਆ ਹੋਇਆ ਸੀ। ਪਰ ਅੱਜ ਉਸਨੂੰ ਖੇਤ ਜਾਣ ਦੀ ਬਹੁਤੀ ਕਾਹਲ ਨਹੀਂ ਸੀ। ਬੱਕਰੀਆਂ ਦਾ ਦੁੱਧ ਚੋਅ ਕੇ ਪੀ ਲਿਆ ਤੇ ਹੁੱਕਾ ਭਰ ਕੇ ਮੰਜੇ ਤੇ ਆ ਬੈਠਾ। ਹੁਣ ਘਰ ਦੇ ਅੰਦਰ ਵਾਰ ਵੀ ਧੁੱਪ ਆ ਗਈ ਸੀ। ਇਕ ਕੋਠੇ ਵਿਚ ਜਾਲੇ ਲੱਗੇ ਹੋਏ ਸਨ। ਸੋਚਿਆ ਕਿ ਸਫ਼ਾਈ ਹੀ ਕਰ ਲਏ। ਉਹ ਇਕ ਸੋਟੀ ਨਾਲ ਕਪੜਾ ਬੰਨ੍ਹ ਕੇ ਜਾਲੇ ਲਾਹੁਣ ਲੱਗਿਆ ਤਾਂ ਖਪਰੈਲ ਵਿਚ ਅਬਾਬੀਲ (ਕਾਲੀ ਚਿੜੀ) ਦਾ ਆਲ੍ਹਣਾ ਦਿਸ ਪਿਆ। ਦੋ ਅਬਾਬੀਲਾਂ ਕਦੇ ਅੰਦਰ ਆਉਂਦੀਆਂ ਤੇ ਕਦੇ ਬਾਹਰ ਚਲੀਆਂ ਜਾਂਦੀਆਂ ਸਨ। ਪਹਿਲਾਂ ਤਾਂ ਉਸਦੇ ਚਿੱਤ ਵਿਚ ਆਈ ਕਿ ਸੋਟੀ ਨਾਲ ਆਲ੍ਹਣਾ ਖਿਲਾਰ ਸੁੱਟੇ ਪਰ ਫੇਰ ਪਤਾ ਨਹੀਂ ਕਿਉਂ ਇਕ ਘੜੌਂਜੀ ਲਿਆ ਕੇ ਉਹ ਉਸ ਉੱਤੇ ਚੜ੍ਹ ਗਿਆ ਤੇ ਆਲ੍ਹਣੇ ਅੰਦਰ ਝਤੀਆਂ ਮਾਰਨ ਲੱਗ ਪਿਆ। ਉੱਥੇ ਲਾਲ ਲੋਥੜਿਆਂ ਵਰਗੇ ਦੋ ਬੋਟ ਚੂੰ ਚੂੰ ਕਰ ਰਹੇ ਸਨ।…ਤੇ ਦੋਵੇਂ ਅਬਾਬੀਲਾਂ ਉਹਨਾਂ ਦੀ ਰੱਖਿਆ ਖਾਤਰ ਉੱਤੇ ਚੱਕਰ ਲਾ ਰਹੀਆਂ ਸਨ। ਰਹੀਮ ਖ਼ਾਂ ਨੇ ਆਲ੍ਹਣੇ ਵੱਲ ਹੱਥ ਵਧਾਇਆ ਹੀ ਸੀ ਕਿ ਇਕ ਨੇ ਉਸ ਉੱਤੇ ਆਪਣੀ ਚੁੰਝ ਨਾਲ ਵਾਰ ਕੀਤਾ :
"ਓਇ ਤੂੰ ਅੱਖ ਕਢੇਂਗੀ ਕਿ ?" ਉਸ ਕਿਹਾ ਤੇ ਘੜੌਂਜੀ ਤੋਂ ਉਤਰ ਆਇਆ। ਆਲ੍ਹਣਾ ਸਲਾਮਤ ਰਹਿ ਗਿਆ।
ਅਗਲੇ ਦਿਨ ਤੋਂ ਉਸਨੇ ਖੇਤ ਜਾਣਾ ਸ਼ੁਰੂ ਕਰ ਦਿੱਤਾ। ਪਿੰਡ ਚੋਂ ਹੁਣ ਵੀ ਉਸ ਨਾਲ ਕੋਈ ਗੱਲ ਨਹੀਂ ਸੀ ਕਰਦਾ। ਉਹ ਸਾਰਾ ਉਹ ਸਾਰਾ ਦਿਨ ਖੇਤ ਵਿਚ ਕੰਮ ਕਰਦਾ ਪਰ ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਹੀ ਘਰ ਪਰਤ ਆਉਂਦਾ। ਹੁੱਕਾ ਭਰ ਕੇ ਲੇਟ ਜਾਂਦਾ ਤੇ ਆਲ੍ਹਣੇ ਵੱਲ ਤੱਕਦਾ ਰਹਿੰਦਾ।
ਹੁਣ ਦੋਵੇਂ ਬੋਟ ਉੱਡਣ ਲੱਗ ਪਏ ਸਨ। ਰਹੀਮ ਖ਼ਾਂ ਨੇ ਉਹਨਾਂ ਦੇ ਨਾਂ ਆਪਣੇ ਬੱਚਿਆਂ ਵਾਲੇ ਰੱਖ ਦਿੱਤੇ ਸਨ। ਦੁਨੀਆਂ ਵਿਚ ਹੁਣ ਉਸਦੇ ਦੋਸਤ ਇਹ ਚਾਰ ਪੰਛੀ ਹੀ ਸਨ। ਲੋਕ ਹੈਰਾਨ ਸਨ ਕਿ ਉਹਨਾਂ ਨੇ ਕਈ ਦਿਨਾਂ ਤੋਂ ਉਸਨੂੰ ਬਲ੍ਹਦਾਂ ਨੂੰ ਕੁੱਟਦਿਆਂ ਵੀ ਨਹੀਂ ਸੀ ਵੇਖਿਆ। ਦੋਵੇਂ ਬਲ੍ਹਦ ਖੁਸ਼ ਸਨ। ਉਹਨਾਂ ਦੀਆਂ ਪਿੱਠਾਂ ਤੋਂ ਜਖ਼ਮਾਂ ਦੇ ਨਿਸ਼ਾਨ ਲਗਭਗ ਅਲੋਪ ਹੋ ਗਏ ਸਨ।
ਰਹੀਮ ਖ਼ਾਂ ਇਕ ਦਿਨ ਕੁਝ ਸਵਖ਼ਤੇ ਮੁੜ ਰਿਹਾ ਸੀ ਕਿ ਰਾਹ ਵਿਚ ਕੁਝ ਮੁੰਡੇ ਕੌਡੀ ਖੇਡਦੇ ਮਿਲ ਗਏ…ਪਰ ਉਹ ਉਸਨੂੰ ਵੇਖਦਿਆਂ ਹੀ ਆਪਣੀਆਂ ਜੁੱਤੀਆਂ ਛੱਡ ਕੇ ਨੱਸ ਗਏ। ਉਹ ਕਹਿੰਦਾ ਹੀ ਰਹਿ ਗਿਆ, "ਓਇ ਐਂ ਮੈਂ ਕੋਈ ਖਾਂਦਾ ਤਾਂ ਨੀਂ ਤੁਹਾਨੂੰ…"

ਅਸਮਾਨ ਉੱਤੇ ਬੱਦਲ ਛਾਏ ਹੋਏ ਸਨ। ਉਹ ਬਲ੍ਹਦਾਂ ਨੂੰ ਕਾਹਲ ਨਾਲ ਹਿੱਕ ਕੇ ਘਰ ਪਹੁੰਚਿਆ। ਉਦੋਂ ਹੀ ਬੱਦਲ ਜ਼ੋਰ ਨਾਲ ਗਰਜੇ ਤੇ ਮੀਂਹ ਲੱਥ ਪਿਆ।
ਰਹੀਮ ਖ਼ਾਂ ਨੇ ਘਰ ਆ ਕੇ ਬੂਹੇ ਬੰਦ ਕੀਤੇ ਤੇ ਦੀਵਾ ਬਾਲ ਲਿਆ। ਫੇਰ ਰੋਜ਼ ਵਾਂਗ ਬੇਹੀ ਰੋਟੀ ਭੋਰ ਕੇ ਆਲ੍ਹਣੇ ਕੋਲ ਇਕ ਟਾਂਡ ਉੱਤੇ ਸੁੱਟ ਆਇਆ।
ਓਇ ਓ ਬਿੰਦੂ ! ਓਇ ਨੂਰਿਆ !! ਉਸ ਹਾਕ ਮਾਰੀ ਪਰ ਬੋਟ ਆਲ੍ਹਣਿਓਂ ਬਾਹਰ ਨਾ ਨਿਕਲੇ। ਉਸਨੇ ਆਲ੍ਹਣੇ ਵਿਚ ਨਿਗਾਹ ਮਾਰੀ ਤਾਂ ਚਾਰੇ ਪੰਛੀ ਆਪਣੇ ਖੰਭਾਂ ਵਿਚ ਸਿਰ ਲਕੋਈ ਸਹਿਮੇ ਬੈਠੇ ਸਨ। ਉਹਨਾਂ ਉੱਤੇ ਛੱਤ ਚੋਂ ਪਾਣੀ ਤ੍ਰਿਪ ਰਿਹਾ ਸੀ। ਰਹੀਮ ਖ਼ਾਂ ਨੇ ਸੋਚਿਆ ਜੇ ਪਾਣੀ ਇਵੇਂ ਚੋਂਦਾ ਰਿਹਾ ਤਾਂ ਆਲ੍ਹਣਾ ਗਲ ਜਾਏਗਾ। ਉਹ ਘਰੋਂ ਬਾਹਰ ਨਿਕਲਿਆ ਤੇ ਵਰ੍ਹਦੇ ਮੀਂਹ ਵਿਚ ਛੱਤ ਉਪਰ ਚੜ੍ਹ ਕੇ ਮੋਰੀ ਬੰਦ ਕਰਨ ਲੱਗ ਪਿਆ। ਆਖ਼ੀਰ ਜਦੋਂ ਉਹ ਹੇਠਾਂ ਉਤਰਿਆ ਤਾਂ ਮੀਂਹ ਨਾਲ ਭਿੱਜ ਕੇ ਗੱਚ ਹੋ ਚੁੱਕਿਆ ਸੀ। ਅੰਦਰ ਆਇਆ ਤਾਂ ਉਸਨੂੰ ਛਿੱਕਾਂ ਆਉਣ ਲੱਗ ਪਈਆਂ।
ਉਸ ਗਿੱਲੇ ਕਪੜੇ ਬਦਲੇ ਤੇ ਚਾਦਰ ਤਾਣ ਕੇ ਲੇਟ ਗਿਆ। ਅਗਲੇ ਦਿਨ ਸਵੇਰੇ ਉਠਿਆ ਤਾਂ ਉਸਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਤੇ ਹੱਡ ਭੱਨਣੀ ਲੱਗੀ ਹੋਈ ਸੀ। ਪਰ ਹਾਲ ਚਾਲ ਕੌਣ ਪੁੱਛਦਾ ? ਕੌਣ ਦੁਆ ਦਾਰੂ ਕਰਦਾ ? ਦੋ ਦਿਨ ਉਹ ਓਵੇਂ ਪਿਆ ਰਿਹਾ।
ਜਦੋਂ ਲੋਕਾਂ ਉਸਨੂੰ ਖੇਤ ਜਾਂਦਿਆਂ ਨਾ ਦੇਖਿਆ ਤਾਂ ਉਹਨਾਂ ਨੂੰ ਚਿੰਤਾ ਹੋਈ ਕਿ ਕਿਤੇ ਬਿਮਾਰ ਹੀ ਨਾ ਹੋ ਗਿਆ ਹੋਵੇ ! ਕੁਝ ਲੋਕ ਉਸਦੇ ਘਰ ਤੱਕ ਆਏ। ਉਹਨਾਂ ਅੰਦਰ ਝਾਕ ਕੇ ਵੇਖਿਆ ਤਾਂ ਉਹ ਬਿਸਤਰੇ ਉੱਤੇ ਲੇਟਿਆ ਹੋਇਆ ਸੀ ਤੇ ਆਪ ਮੁਹਾਰੇ ਗੱਲਾਂ ਕਰੀ ਜਾ ਰਿਹਾ ਸੀ…ਓਇ ਬਿੰਦੂ ! ਓਇ ਨੂਰਿਆ !!ਕਿੱਥੇ ਮਰ ਗਏ ਓਇ…ਅੱਜ ਤੁਹਾਨੂੰ ਕੌਣ ਰੋਟੀ ਖੁਆਊ ?
ਅਬਾਬੀਲਾਂ ਕਮਰੇ ਵਿਚ ਖੰਭ ਫੜਫੜਾਉਂਦੀਆਂ ਫਿਰ ਰਹੀਆਂ ਸਨ।
"ਲੱਗਦੈ, ਵਿਚਾਰਾ ਪਾਗਲ ਹੋ ਗਿਐ…" ਕਾਲੂ ਜ਼ਿਮੀਂਦਾਰ ਨੇ ਕਿਹਾ, "ਕੱਲ ਸਵੇਰੇ ਹਸਪਤਾਲ ਵਾਲਿਆਂ ਨੂੰ ਖਬਰ ਕਰ ਦਿਆਂਗੇ ਬਈ ਇਸਨੂੰ ਲੈ ਜਾਣ…"

ਦੂਜੇ ਦਿਨ ਸਵੇਰੇ ਲੋਕ ਹਸਪਤਾਲ ਵਾਲਿਆਂ ਨੂੰ ਸੱਦ ਲਿਆਏ, ਪਰ ਰਹੀਮ ਖ਼ਾਂ ਦੇ ਅੰਦਰ ਵੜੇ ਤਾਂ ਉਹ ਮਰਿਆ ਪਿਆ ਸੀ…ਚਾਰੇ ਅਬਾਬੀਲਾਂ ਉਸਦੀ ਪੁਆਂਦੀ ਨੀਵੀਂ ਪਾਈ ਬੈਠੀਆਂ ਸਨ।

ਇਕ ਪਾਠਕ : ਮੈਕਸਿਮ ਗੋਰਕੀ

ਰੂਸੀ ਕਹਾਣੀ : ਇਕ ਪਾਠਕ :: ਲੇਖਕ : ਮੈਕਸਿਮ ਗੋਰਕੀ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਕਹਾਣੀ ਮੁਹਾਂਦਰਾ : 24.---ਜਨਵਰੀ-ਮਾਰਚ 2008. ਵਿਚ ਛਪੀ ਹੈ। ਮੁਹਾਂਦਰਾ ਦਾ ਸੰਪਰਕ ਨੰਬਰ ਹੈ = 01679-230403.

ਰਾਤ ਕਾਫੀ ਹੋ ਗਈ ਸੀ, ਜਦੋਂ ਮੈਂ ਉਸ ਘਰੋਂ ਵਿਦਾਅ ਹੋਇਆ ਸਾਂ। ਉੱਥੇ ਮਿੱਤਰਾਂ ਦੀ ਇਕ ਗੋਸ਼ਟੀ ਵਿਚ ਆਪਣੀਆਂ ਪ੍ਰਕਾਸ਼ਿਤ ਕਹਾਣੀਆਂ ਵਿਚੋਂ ਇਕ ਦਾ ਪਾਠ ਵੀ ਕੀਤਾ ਸੀ ਮੈਂ ਤੇ ਉਹਨਾਂ ਤਾਰੀਫ਼ ਦੇ ਪੁਲ ਬੰਨ੍ਹਣ ਵਿਚ ਕੋਈ ਕਸਰ ਨਹੀਂ ਸੀ ਛੱਡੀ। ਤੇ ਮੈਂ ਹੌਲੀ-ਹੌਲੀ, ਮਗਨ-ਚਿੱਤ, ਸੜਕ ਉੱਤੇ ਤੁਰ ਰਿਹਾ ਸਾਂ। ਮੇਰਾ ਮਨ-ਚਿੱਤ ਆਨੰਦ ਨਾਲ ਭਰਿਆ ਹੋਇਆ ਸੀ ਤੇ ਮੈਂ ਜੀਵਨ ਵਿਚ ਇਕ ਅਜਿਹੇ ਸੁਖ ਦਾ ਅਨੁਭਵ ਕਰ ਰਿਹਾ ਸਾਂ ਜਿਹੜਾ ਪਹਿਲਾਂ ਕਦੀ ਨਹੀਂ ਸੀ ਕੀਤਾ।
ਫਰਵਰੀ ਦਾ ਮਹੀਨਾ ਸੀ। ਰਾਤ ਸਾਫ਼ ਸੀ ਤੇ ਖ਼ੂਬ ਤਾਰਿਆਂ ਨਾਲ ਜੜਿਆ ਹੋਇਆ, ਬੱਦਲਾਂ ਰਹਿਤ, ਆਸਮਾਨ ਧਰਤੀ ਉੱਪਰ ਨਿਹਾਲ ਕਰ ਦੇਣ ਵਾਲੀ ਠੰਡਕ ਬਰੂਰ ਰਿਹਾ ਸੀ, ਜਿਸ ਨੇ ਨਵੀਂ ਡਿੱਗੀ ਬਰਫ਼ ਨਾਲ ਸੋਲ੍ਹਾਂ ਸ਼ਿੰਗਾਰ ਕੀਤਾ ਹੋਇਆ ਸੀ।
'ਇਸ ਧਰਤੀ ਉੱਪਰ ਲੋਕਾਂ ਦੀਆਂ ਨਜ਼ਰਾਂ ਵਿਚ ਕੁਝ ਹੋਣ, ਬੜਾ ਚੰਗਾ ਲੱਗਦਾ ਹੈ…।' ਮੈਂ ਸੋਚਿਆ ਤੇ ਮੇਰੇ ਭਵਿੱਖ ਦੇ ਚਿੱਤਰ ਵਿਚ ਉੱਜਲ ਰੰਗ ਭਰਨ ਵਿਚ ਮੇਰੀ ਕਲਪਨਾ ਨੇ ਕੋਈ ਕੁਤਾਹੀ ਨਹੀਂ ਕੀਤੀ।
"ਹਾਂ, ਤੂੰ ਇਕ ਬੜੀ ਹੀ ਪਿਆਰੀ ਚੀਜ਼ ਲਿਖੀ ਏ। ਇਸ ਵਿਚ ਕੋਈ ਸ਼ੱਕ ਨਹੀਂ।" ਮੇਰੇ ਪਿੱਛੇ ਅਚਾਨਕ ਕੋਈ ਗੁਣਗੁਣਾਇਆ।
ਕਾਲੇ ਕੱਪੜੇ ਪਾਈ ਇਕ ਛੋਟੇ ਕੱਦ ਦਾ ਆਦਮੀ ਕਾਹਲੇ ਪੈਰੀਂ ਤੁਰਦਾ ਹੋਇਆ ਮੇਰੇ ਨਾਲ ਆ ਰਲਿਆ ਤੇ ਤਿੱਖੀ ਮਲੂਕ ਮੁਸਕਾਨ ਨਾਲ ਮੇਰੇ ਚਿਹਰੇ ਉੱਤੇ ਆਪਣੀਆਂ ਨਜ਼ਰਾਂ ਗੱਡ ਦਿੱਤੀਆਂ। ਉਸਦੀ ਹਰੇਕ ਚੀਜ਼ ਤਿੱਖੀ-ਤਿੱਖੀ ਜਾਪਦੀ ਸੀ…ਉਸਦੀ ਨਿਗਾਹ, ਉਸਦੇ ਜਬਾੜੇ ਦੀਆਂ ਹੱਡੀਆਂ, ਉਸਦੀ ਦਾੜ੍ਹੀ ਜਿਹੜੀ ਬੱਕਰੇ ਦੀ ਦਾੜ੍ਹੀ ਵਾਂਗ ਨੋਕਦਾਰ ਸੀ, ਉਸਦਾ ਸਮੁੱਚਾ ਮੁਰਝਾਇਆ ਜਿਹਾ ਢਾਂਚਾ, ਜਿਹੜਾ ਕੁਝ ਏਨਾ ਵਚਿੱਤਰ ਤੇ ਤਿੱਖਾ-ਨੁਕੀਲਾ ਸੀ ਕਿ ਅੱਖਾਂ ਵਿਚ ਚੁੱਭ ਰਿਹਾ ਸੀ। ਉਸਦੀ ਚਾਲ ਧੀਮੀ ਤੇ ਬੇਆਵਾਜ਼ ਸੀ। ਇੰਜ ਜਾਪਦਾ ਸੀ ਜਿਵੇਂ ਉਹ ਬਰਫ਼ ਉੱਤੇ ਤਿਲ੍ਹਕ ਰਿਹਾ ਹੋਵੇ। ਗੋਸ਼ਟੀ ਵਿਚ ਜਿਹੜੇ ਲੋਕ ਹਾਜ਼ਰ ਸਨ, ਉਹਨਾਂ ਵਿਚ ਉਹ ਮੈਨੂੰ ਨਜ਼ਰ ਨਹੀਂ ਸੀ ਆਇਆ…ਤੇ ਇਸੇ ਲਈ ਉਸਦੀ ਟਿੱਪਣੀ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਉਹ ਕੌਣ ਸੀ? ਤੇ ਕਿੱਥੋਂ ਆਇਆ ਸੀ?
"ਕੀ ਤੁਸੀਂ…ਮਤਲਬ ਕਿ…ਮੇਰੀ ਕਹਾਣੀ ਸੁਣੀ ਸੀ?" ਮੈਂ ਪੁੱਛਿਆ।
"ਹਾਂ, ਮੈਨੂੰ ਉਸਨੂੰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਏ।"
ਉਸਦੀ ਆਵਾਜ਼ ਤਿੱਖੀ ਸੀ। ਉਸਦੇ ਪਤਲੇ ਬੁੱਲ੍ਹਾਂ ਉੱਤੇ ਛੋਟੀਆਂ-ਛੋਟੀਆਂ ਕਾਲੀਆਂ ਮੁੱਛਾਂ ਵੀ ਸਨ, ਜਿਹੜੀਆਂ ਉਸਦੀ ਮੁਸਕਾਨ ਨੂੰ ਲਕੋਅ ਨਹੀਂ ਸੀ ਸਕੀਆਂ। ਮੁਸਕਾਨ ਉਸਦੇ ਬੁੱਲ੍ਹਾਂ ਤੋਂ ਵਿਦਾਅ ਹੋਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ ਤੇ ਇਹ ਮੈਨੂੰ ਬੜਾ ਓਪਰਾ ਜਿਹਾ ਲੱਗ ਰਿਹਾ ਸੀ।
"ਆਪਣੇ ਆਪ ਨੂੰ ਹੋਰਨਾਂ ਨਾਲੋਂ ਅਨੋਖਾ ਅਨੁਭਵ ਕਰਨਾ ਬੜਾ ਸੁਖਦਾਈ ਜਾਪਦੈ। ਕਿਊਂ, ਠੀਕ ਏ ਨਾ?" ਮੇਰੇ ਸਾਥੀ ਨੇ ਪੁੱਛਿਆ।
ਮੈਨੂੰ ਇਸ ਪ੍ਰਸ਼ਨ ਵਿਚ ਅਜਿਹੀ ਕੋਈ ਗੱਲ ਨਹੀਂ ਲੱਗੀ ਜਿਹੜੀ ਅਸਾਧਾਰਣ ਹੋਵੇ। ਸੋ ਮੈਂ ਸਹਿਮਤੀ ਪ੍ਰਗਟ ਕਰਨ ਵਿਚ ਦੇਰ ਨਹੀਂ ਕੀਤੀ।
"ਹੋ-ਹੋ-ਹੋ!" ਪਹਿਲੀ ਉਂਗਲ ਨਾਲ ਆਪਣੀ ਹਥੇਲੀ ਨੂੰ ਮਲਦਾ ਹੋਇਆ ਉਹ ਤਿੱਖੀ ਹਾਸੀ ਹੱਸਿਆ। ਉਸਦੀ ਹਾਸੀ ਮੈਨੂੰ ਅਪਮਾਣਤ ਕਰਨ ਵਾਲੀ ਸੀ।
"ਤੁਸੀਂ ਬੜੇ ਹਸਮੁੱਖ ਜੀਵ ਲੱਗਦੇ ਓ?" ਮੈਂ ਰੁੱਖੀ ਆਵਾਜ਼ ਵਿਚ ਕਿਹਾ।
"ਹਾਂ ਬਈ, ਬਹੁਤ।" ਮੁਸਕਰਾਉਂਦਿਆਂ ਤੇ ਸਿਰ ਹਿਲਾਉਂਦਿਆਂ ਉਸਨੇ ਹਾਮੀ ਭਰੀ, "ਤੇ ਮੈਂ ਵਾਲ ਦੀ ਖੱਲ ਉਧੇੜਨ ਵਾਲਾ ਵੀ ਆਂ, ਕਿਉਂਕਿ ਮੈਂ ਹਮੇਸ਼ਾ ਚੀਜ਼ਾਂ ਬਾਰੇ ਜਾਣਨਾ ਚਾਹੁੰਦਾ ਆਂ…ਹਰ ਗੱਲ ਦੇ ਧੁਰ ਅੰਦਰ ਤੱਕ ਜਾਣਾ ਚਾਹੁੰਦਾ ਆਂ।'
ਉਹ ਫੇਰ ਆਪਣੀ ਤਿੱਖੀ ਹਾਸੀ ਹੱਸਿਆ ਤੇ ਵਿੰਨ੍ਹ ਸੁੱਟਣ ਵਾਲੀਆਂ ਆਪਣੀਆਂ ਕਾਲੀਆਂ ਅੱਖਾਂ ਨਾਲ ਮੇਰੇ ਵੱਲ ਦੇਖਦਾ ਰਿਹਾ। ਮੈਂ ਆਪਣੇ ਕੱਦ ਦੀ ਉਚਾਈ ਤੋਂ ਇਕ ਨਜ਼ਰ ਉਸ ਉੱਤੇ ਮਾਰੀ ਤੇ ਠੰਡੀ ਆਵਾਜ਼ ਵਿਚ ਪੁੱਛਿਆ, "ਮਾਫ਼ ਕਰਨਾ, ਪਰ ਕੀ ਮੈਂ ਜਾਣ ਸਕਦਾਂ ਕਿ ਮੈਨੂੰ ਕਿਸ ਨਾਲ ਗੱਲਾਂ ਕਰਨ ਦਾ ਮਾਣ…"
"ਯਾਨੀ, ਮੈਂ ਕੌਣ ਹਾਂ? ਕੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ? ਜੀ ਹਾਂ, ਫਿਲਹਾਲ ਮੈਂ ਤੁਹਾਨੂੰ ਨਹੀਂ ਦੱਸਾਂਗਾ…ਕੀ ਤੁਸੀਂ ਆਦਮੀ ਦਾ ਨਾਂਅ ਉਸ ਗੱਲ ਨਾਲੋਂ ਵਧੇਰੇ ਮਹੱਤਵਪੂਰਨ ਸਮਝਦੇ ਓ, ਜਿਹੜੀ ਉਹ ਕਹਿਣ ਵਾਲਾ ਹੁੰਦਾ ਏ?"
"ਬਿਲਕੁਲ ਨਹੀਂ, ਪਰ ਇਹ ਸਭ ਕੁਝ ਬੜਾ ਈ ਅਜੀਬ ਹੋ ਰਿਹਾ ਏ।" ਮੈਂ ਉਤਰ ਦਿੱਤਾ।
ਉਸਨੇ ਮੈਨੂੰ ਬਾਹੋਂ ਫੜ੍ਹ ਕੇ ਨਿੱਕਾ ਜਿਹਾ ਝਟਕਾ ਦਿੱਤਾ ਤੇ ਸ਼ਾਂਤ ਹਾਸੀ ਹੱਸ ਕੇ ਬੋਲਿਆ, "ਹੋਣ ਦਿਓ ਅਜੀਬ, ਆਦਮੀ ਨੂੰ ਕਦੀ ਤਾਂ ਜ਼ਿੰਦਗੀ ਦੀਆਂ ਸਾਧਾਰਣ ਤੇ ਘਿਸੀਆਂ-ਪਿਟੀਆਂ ਲਕੀਰਾਂ ਤੋਂ ਪਰ੍ਹਾਂ ਹੋਣਾ ਚਾਹੀਦਾ ਏ। ਜੇ ਇਤਰਾਜ਼ ਨਾ ਹੋਵੇ ਤਾਂ ਆਓ ਜ਼ਰਾ ਖੁੱਲ੍ਹ ਕੇ ਗੱਲਾਂ ਕਰੀਏ। ਸਮਝ ਲਓ ਕਿ ਮੈਂ ਤੁਹਾਡਾ ਇਕ ਪਾਠਕ ਆਂ…ਇਕ ਵਚਿੱਤਰ ਕਿਸਮ ਦਾ ਪਾਠਕ, ਜਿਹੜਾ ਇਹ ਜਾਣਨਾ ਚਾਹੁੰਦਾ ਏ ਕਿ ਕੋਈ ਕਿਤਾਬ---ਮਿਸਾਲ ਵਜੋਂ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ---ਕਿੰਜ ਤੇ ਕਿਸ ਉਦੇਸ਼ ਨੂੰ ਲੈ ਕੇ ਲਿਖੀ ਗਈ…? ਦੱਸੋ, ਇਸ ਕਿਸਮ ਦੀ ਗੱਲਬਾਤ ਕਰਨਾ ਪਸੰਦ ਕਰੋਗੇ?"
"ਓਅ, ਜ਼ਰੂਰ!" ਮੈਂ ਕਿਹਾ, "ਮੈਨੂੰ ਖੁਸ਼ੀ ਹੋਵੇਗੀ। ਅਜਿਹੇ ਆਦਮੀ ਨਾਲ ਗੱਲਾਂ ਕਰਨ ਦਾ ਮੌਕਾ ਰੋਜ਼-ਰੋਜ਼ ਨਹੀਂ ਮਿਲਦਾ।" ਪਰ ਮੈਂ ਇਹ ਝੂਠ ਕਿਹਾ ਸੀ, ਕਿਉਂਕਿ ਮੈਨੂੰ ਇਹ ਸਭ ਬੜਾ ਹੀ ਰੜਕ ਰਿਹਾ ਸੀ। ਫੇਰ ਵੀ ਮੈਂ ਉਸਦੇ ਨਾਲ ਤੁਰਦਾ ਰਿਹਾ---ਧੀਮੇਂ ਕਦਮਾਂ ਨਾਲ, ਬੜੇ ਭੱਦਰ-ਪੁਰਸ਼ਾਂ ਵਾਂਗ ਜਿਵੇਂ ਮੈਂ ਉਸਦੀ ਗੱਲ ਧਿਆਨ ਨਾਲ ਸੁਣ ਰਿਹਾ ਹੋਵਾਂ।
ਮੇਰਾ ਸਾਥੀ ਪਲ ਛਿਣ ਲਈ ਚੁੱਪ ਹੋ ਗਿਆ ਤੇ ਫੇਰ ਬੜੀ ਵਿਸ਼ਵਾਸ ਭਰੀ ਆਵਾਜ਼ ਕਹਿਣ ਲੱਗਾ, "ਮਨੁੱਖੀ ਵਰਤਾਰੇ ਵਿਚ ਗੁੱਝੇ ਉਦੇਸ਼ਾਂ ਤੇ ਇਰਾਦਿਆਂ ਨਾਲੋਂ ਵੱਧ ਵਚਿੱਤਰ ਤੇ ਮਹੱਤਵਪੂਰਨ ਚੀਜ਼ ਇਸ ਦੁਨੀਆਂ ਵਿਚ ਹੋਰ ਕੋਈ ਨਹੀਂ…ਤੁਸੀਂ ਇਹ ਗੱਲ ਮੰਨਦੇ ਓ ਨਾ?"
ਮੈਂ ਸਿਰ ਹਿਲਾ ਕੇ ਹਾਮੀ ਭਰੀ।
"ਠੀਕ, ਫੇਰ ਆਓ ਜ਼ਰਾ ਖੁੱਲ੍ਹ ਕੇ ਗੱਲਾਂ ਕਰੀਏ। ਸੁਣੋ, ਤੁਸੀਂ ਜਦ ਤੀਕ ਜਵਾਨ ਓ, ਖੁੱਲ੍ਹ ਕੇ ਗੱਲਾਂ ਕਰਨ ਦਾ ਇਕ ਵੀ ਮੌਕਾ ਹੱਥੋਂ ਨਾ ਜਾਣ ਦੇਈਓ…।"
'ਅਜੀਬ ਆਦਮੀ ਹੈ।' ਮੈਂ ਸੋਚਿਆ, ਪਰ ਉਸਦੇ ਸ਼ਬਦਾਂ ਨੇ ਮੈਨੂੰ ਉਲਝਾ ਲਿਆ ਸੀ।
"ਸੋ ਤਾਂ ਠੀਕ ਏ," ਮੈਂ ਕਿਹਾ, "ਪਰ ਅਸੀਂ ਗੱਲਬਾਤ ਕਿਸ ਵਿਸ਼ੇ ਉੱਪਰ ਕਰਾਂਗੇ?"
ਕਿਸੇ ਪੁਰਾਣੇ ਜਾਣਕਾਰ ਵਾਂਗ ਉਸਨੇ ਸਿੱਧਾ ਮੇਰੀਆਂ ਅੱਖਾਂ ਵਿਚ ਦੇਖਿਆ, "ਸਾਹਿਤ ਦੇ ਉਦੇਸ਼ ਬਾਰੇ, ਕਿਉਂ ਠੀਕ ਏ ਨਾ?"
"ਹਾਂ, ਪਰ…ਦੇਰ ਕਾਫੀ ਹੋ ਗਈ ਏ…"
"ਓਅ, ਤੁਸੀਂ ਅਜੇ ਨੌਜੁਆਨ ਓ, ਤੁਹਾਡੇ ਲਈ ਅਜੇ ਦੇਰ ਨਹੀਂ ਹੋਈ।"
ਮੈਂ ਰੁਕ ਗਿਆ, ਉਸਦੇ ਸ਼ਬਦਾਂ ਨੇ ਮੈਨੂੰ ਜਕੜ ਲਿਆ ਸੀ। ਕਿਸੇ ਹੋਰ ਹੀ ਅਰਥਾਂ ਵਿਚ ਉਸਨੇ ਇਹਨਾਂ ਸ਼ਬਦਾਂ ਦਾ ਉਚਾਰਨ ਕੀਤਾ ਸੀ ਤੇ ਏਨੀ ਗੰਭੀਰਤਾ ਨਾਲ ਕੀਤਾ ਸੀ ਕਿ ਕੋਈ ਭਵਿੱਖ-ਨਾਦ ਜਾਪ ਰਹੇ ਸਨ। ਮੈਂ ਰੁਕ ਗਿਆ ਸਾਂ, ਪਰ ਉਸਨੇ ਮੈਨੂੰ ਬਾਹੋਂ ਫੜ੍ਹਿਆ ਤੇ ਚੁੱਪਚਾਪ ਪਰ ਦ੍ਰਿੜ੍ਹਤਾ ਨਾਲ ਅੱਗੇ ਵਧਣ ਲੱਗਾ।
"ਰੁਕੋ ਨਾ, ਮੇਰੇ ਨਾਲ ਤੁਸੀਂ ਸਹੀ ਰਸਤੇ ਉੱਪਰ ਓ।" ਉਸਨੇ ਕਿਹਾ, "ਗੱਲ ਸ਼ੁਰੂ ਕਰੋ…ਹਾਂ, ਮੈਨੂੰ ਇਹ ਦੱਸੋ ਬਈ ਸਾਹਿਤ ਦਾ ਉਦੇਸ਼ ਕੀ ਹੈ?"
ਮੇਰੀ ਹੈਰਾਨੀ ਵਧਦੀ ਜਾ ਰਹੀ ਸੀ ਤੇ ਆਤਮ-ਸੰਤੁਲਨ ਘਟਦਾ…'ਆਖ਼ਰ ਇਹ ਆਦਮੀ ਮੈਥੋਂ ਚਾਹੁੰਦਾ ਕੀ ਹੈ? ਤੇ ਇਹ ਹੈ ਕੌਣ?' ਸ਼ੱਕ ਨਹੀਂ ਕਿ ਉਹ ਇਕ ਦਿਲਚਸਪ ਆਦਮੀ ਸੀ, ਪਰ ਮੈਨੂੰ ਉਸ ਉੱਤੇ ਖਿਝ ਚੜ੍ਹਨ ਲੱਗ ਪਈ ਸੀ। ਉਸ ਤੋਂ ਪਿੰਡ ਛੁੜਾਉਣ ਦੀ ਇਕ ਹੋਰ ਕੋਸ਼ਿਸ਼ ਕਰਦਾ ਹੋਇਆ ਮੈਂ ਕਾਹਲ ਨਾਲ ਅੱਗੇ ਵੱਲ ਅਹੁਲਿਆ; ਪਰ ਉਹ ਵੀ ਪਿੱਛੇ ਨਾ ਰਿਹਾ। ਨਾਲ-ਨਾਲ ਤੁਰਦਾ ਹੋਇਆ ਸ਼ਾਂਤ ਭਾਵ ਨਾਲ ਬੋਲਿਆ, "ਮੈਂ ਤੁਹਾਡੀ ਦਿੱਕਤ ਸਮਝ ਸਕਦਾ ਆਂ। ਯਕਦਮ ਸਾਹਿਤ ਦੀ ਵਿਆਖਿਆ ਕਰਨ ਲੱਗ ਪੈਣਾ ਤੁਹਾਡੇ ਲਈ ਔਖਾ ਏ, ਕਹੋ ਤਾਂ ਮੈਂ ਕੋਸ਼ਿਸ਼ ਕਰਾਂ…?"
ਉਸਨੇ ਮੁਸਕਰਾਉਂਦਿਆਂ ਹੋਇਆਂ ਮੇਰੇ ਵੱਲ ਦੇਖਿਆ, ਪਰ ਮੇਰੇ ਉਤਰ ਦੀ ਉਡੀਕ ਕੀਤੇ ਬਿਨਾਂ ਕਹਿਣ ਲੱਗਾ, "ਸ਼ਾਇਦ ਇਸ ਗੱਲ ਨਾਲ ਤੁਸੀਂ ਸਹਿਮਤ ਹੋਵੋ, ਜੇ ਮੈਂ ਕਹਾਂ ਕਿ ਸਾਹਿਤ ਦਾ ਉਦੇਸ਼ ਹੈ---ਖ਼ੁਦ ਆਪਣੇ ਬਾਰੇ ਜਾਣਨ ਵਿਚ ਇਨਸਾਨ ਦੀ ਮਦਦ ਕਰਨੀ; ਉਸਦੇ ਆਤਮ-ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣਾ ਤੇ ਸੱਚ ਦੀ ਪਰਖ ਪ੍ਰਤੀ ਦ੍ਰਿੜ੍ਹ ਹੋਣਾ…ਲੋਕਾਂ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਨਾ ਤੇ ਬੁਰਿਆਈਆਂ ਦਾ ਨਾਸ਼ ਕਰਨ ਲਈ ਬਲ ਵਧਾਉਣ ਵਿਚ ਮਦਦ ਕਰਨਾ। ਲੋਕਾਂ ਦੇ ਦਿਲਾਂ ਵਿਚ ਅਣਖ, ਗੁੱਸਾ ਤੇ ਹੌਸਲਾ ਪੈਦਾ ਕਰਨਾ, ਉੱਚੇ ਉਦੇਸ਼ਾਂ ਲਈ ਸ਼ਕਤੀ ਪ੍ਰਬਲ ਕਰਨਾ ਤੇ ਸਵੱਛਤਾ ਦੀ ਪਵਿੱਤਰ ਭਾਵਨਾ ਨਾਲ ਉਹਨਾਂ ਦੀ ਜੀਵਨ ਜਾਚ ਨੂੰ ਸ਼ੁੱਧ ਬਣਾਉਣਾ। ਕਿਉਂ, ਏਨਾ ਤਾਂ ਮੰਨਦੇ ਓ…?"
"ਹਾਂ।" ਮੈਂ ਕਿਹਾ, "ਪਰਿਭਾਸ਼ਾ ਬੜੀ ਸਹੀ ਹੈ। ਇਹ ਤਾਂ ਸਾਰੇ ਮੰਨਦੇ ਨੇ ਕਿ ਸਾਹਿਤ ਦਾ ਉਦੇਸ਼ ਲੋਕਾਂ ਨੂੰ ਹੋਰ ਚੰਗੇਰਾ ਬਣਾਉਣਾ ਏਂ।"
"ਫੇਰ ਦੋਖੋ ਨਾ, ਲੋਖਕ ਦੇ ਰੂਪ ਵਿਚ ਤੁਸੀਂ ਕਿੰਨੇ ਉੱਚੇ ਉਦੇਸ਼ ਲਈ ਕੰਮ ਕਰ ਰਹੇ ਓ।" ਮੇਰੇ ਸਾਥੀ ਨੇ ਗੰਭੀਰਤਾ ਨਾਲ ਆਪਣੀ ਗੱਲ ਉੱਤੇ ਜ਼ੋਰ ਦੇਂਦਿਆਂ ਕਿਹਾ ਤੇ ਫੇਰ ਆਪਣੀ ਉਹੀ ਤਿੱਖੀ ਹਾਸੀ ਹੱਸਣ ਲੱਗਾ, "ਹੋ-ਹੋ-ਹੋ!"
ਇਸ ਨਾਲ ਮੈਨੂੰ ਆਪਣੀ ਹੇਠੀ ਹੋ ਰਹੀ ਜਾਪੀ। ਮੈਂ ਦੁੱਖ, ਹਿਰਖ ਤੇ ਖਿਝ ਵੱਸ ਚੀਕਿਆ, "ਆਖ਼ਰ ਤੁਸੀਂ ਮੈਥੋਂ ਚਾਹੁੰਦੇ ਕੀ ਓ?"
"ਆਓ, ਥੋੜ੍ਹੀ ਦੇਰ ਬਾਗ਼ ਵਿਚ ਚੱਲ ਕੇ ਬੈਠਦੇ ਆਂ।" ਉਸਨੇ ਫੇਰ ਇਕ ਨਿੱਕੀ ਹਾਸੀ ਹੱਸਦਿਆਂ ਤੇ ਮੇਰਾ ਹੱਥ ਫੜ੍ਹ ਕੇ ਮੈਨੂੰ ਖਿੱਚਦਿਆਂ ਹੋਇਆਂ ਕਿਹਾ।
ਫੇਰ ਅਸੀਂ ਨਗਰ-ਬਾਗ਼ ਦੀ ਜੂਹ ਵਿਚ ਪਹੁੰਚ ਗਏ। ਚਾਰੇ ਪਾਸੇ ਕਿੱਕਰਾਂ ਤੇ ਲਿਲਕ ਦੀਆਂ ਲੰਮੀਆਂ ਟਾਹਣੀਆਂ ਦਿਖਾਈ ਦੇ ਰਹੀਆਂ ਸਨ, ਜਿੰਨਾਂ ਉੱਪਰ ਬਰਫ਼ ਦੀ ਪਰਤ ਚੜ੍ਹੀ ਹੋਈ ਸੀ। ਉਹ ਚੰਦ ਦੀ ਰੌਸ਼ਨੀ ਵਿਚ ਚਮਕਦੀਆਂ ਹੋਈਆਂ ਮੇਰੇ ਸਿਰ ਉੱਪਰ ਛਾਈਆਂ ਹੋਈਆਂ ਸਨ ਤੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਰੌਸ਼ਨੀ ਬਰਫ਼ ਦਾ ਕਵਚ ਪਾਈ ਸਖ਼ਤ ਟਾਹਣੀਆਂ ਨੂੰ ਵਿੰਨ੍ਹਾਂ ਕੇ ਸਿੱਧੀ ਮੇਰੇ ਦਿਲ ਤੱਕ ਪਹੁੰਚ ਰਹੀ ਹੋਵੇ।
ਮੈਂ ਬਿਨਾਂ ਇਕ ਸ਼ਬਦ ਕਹੇ ਆਪਣੇ ਸਾਥੀ ਵੱਲ ਦੇਖਿਆ। ਉਸਦੇ ਵਤੀਰੇ ਨੇ ਮੈਨੂੰ ਚੱਕਰ ਵਿਚ ਪਾਇਆ ਹੋਇਆ ਸੀ। 'ਇਸਦੇ ਦਿਮਾਗ਼ ਦਾ ਕੋਈ ਪੁਰਜਾ ਢਿੱਲਾ ਜਾਪਦਾ ਏ।' ਮੈਂ ਸੋਚਿਆ ਤੇ ਉਸਦੇ ਵਤੀਰੇ ਦੀ ਇਸ ਵਿਆਖਿਆ ਨਾਲ ਆਪਣੇ ਮਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।
"ਸ਼ਾਇਦ ਤੁਸੀਂ ਸੋਚ ਰਹੇ ਓ ਕਿ ਮੇਰਾ ਦਿਮਾਗ਼ ਕੁਝ ਖ਼ਰਾਬ ਲੱਗਦਾ ਏ।" ਉਸਨੇ ਜਿਵੇਂ ਮੇਰੇ ਭਾਵਾਂ ਨੂੰ ਪੜ੍ਹਦਿਆਂ ਕਿਹਾ, "ਪਰ ਇਸ ਖ਼ਿਆਲ ਨੂੰ ਆਪਣੇ ਦਿਮਾਗ਼ ਵਿਚੋਂ ਕੱਢ ਦਿਓ, ਇਹ ਤੁਹਾਡੇ ਲਈ ਨੁਕਸਾਨ ਦੇਹ ਤੇ ਅਢੁੱਕਵਾਂ ਏਂ…। ਬਜਾਏ ਇਸਦੇ ਕਿ ਅਸੀਂ ਉਸ ਆਦਮੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਹੜਾ ਸਾਡੇ ਨਾਲੋਂ ਭਿੰਨ ਏ, ਤੇ ਇਸ ਬਹਾਨੇ ਦੀ ਓਟ ਲੈ ਕੇ ਅਸੀਂ ਉਸਨੂੰ ਸਮਝਣ ਦੇ ਝੰਜਟ ਤੋਂ ਖਹਿੜਾ ਛੁਡਾ ਲੈਣਾ ਚਾਹੀਏ---ਮਨੁੱਖ ਦੇ ਪ੍ਰਤੀ ਆਦਮੀ ਦੀ ਉਦਾਸੀਨਤਾ ਦਾ ਬੜਾ ਹੀ ਠੋਸ ਪ੍ਰਮਾਣ ਏਂ ਇਹ।"
"ਉਹ ਤਾਂ ਠੀਕ ਏ," ਮੈਂ ਕਿਹਾ। ਮੇਰੀ ਖਿਝ ਲਗਾਤਾਰ ਵਧਦੀ ਜਾ ਰਹੀ ਸੀ, "ਪਰ ਮਾਫ਼ ਕਰਨਾ, ਮੈਂ ਹੁਣ ਚੱਲਾਂਗਾ। ਕਾਫੀ ਸਮਾਂ ਹੋ ਗਿਐ..."
"ਜਾਓ।" ਉਸਨੇ ਮੋਢੇ ਸਿਕੋੜ ਕੇ ਕਿਹਾ, "ਜਾਓ, ਪਰ ਇਹ ਜਾਣ ਲਓ ਕਿ ਤੁਸੀਂ ਖ਼ੁਦ ਆਪਣੇ ਆਪ ਤੋਂ ਭੱਜ ਰਹੇ ਓ।" ਉਸਨੇ ਮੇਰਾ ਹੱਥ ਛੱਡ ਦਿੱਤਾ ਤੇ ਮੈਂ ਉੱਥੋਂ ਤੁਰ ਪਿਆ।
ਉਹ ਬਾਗ਼ ਵਿਚ ਹੀ ਇਕ ਟਿੱਲੇ ਕੋਲ ਰੁਕ ਗਿਆ। ਉੱਥੋਂ ਵੋਲਗਾ ਨਜ਼ਰ ਆਉਂਦੀ ਸੀ ਜਿਸ ਉੱਪਰ ਹੁਣ ਬਰਫ਼ ਦੀ ਚਾਦਰ ਤਣ ਗਈ ਸੀ ਤੇ ਇੰਜ ਜਾਪਦਾ ਸੀ ਜਿਵੇਂ ਬਰਫ਼ ਦੀ ਉਸ ਚਾਦਰ ਉੱਪਰ ਸੜਕਾਂ ਦੇ ਕਾਲੇ ਫੀਤੇ ਟੰਗੇ ਹੋਏ ਹੋਣ। ਸਾਹਮਣੇ ਦੂਰ ਤਟ ਦੇ ਸ਼ਾਂਤ ਤੇ ਉਦਾਸੀ ਵਿਚ ਡੁੱਬੇ ਲੰਮੇ-ਚੌੜੇ ਮੈਦਾਨ ਫੈਲੇ ਹੋਏ ਸਨ। ਉਹ ਉੱਥੇ ਪਈ ਇਕ ਬੈਂਚ ਉੱਤੇ ਬੈਠ ਗਿਆ ਤੇ ਸੁੰਨੇ ਮੈਦਾਨਾਂ ਵੱਲ ਤੱਕਦਾ ਹੋਇਆ ਸੀਟੀ ਦੀ ਸੁਰ ਵਿਚ ਇਕ ਜਾਣੇ-ਪਛਾਣੇ ਗੀਤ ਦੀ ਧੁਨ ਵਜਾਉਣ ਲੱਗਾ :
'ਉਹ ਕੀ ਦਿਖਾਉਣਗੇ ਰਸਤਾ ਸਾਨੂੰ
ਜਿੰਨ੍ਹਾਂ ਨੂੰ ਖ਼ੁਦ ਆਪਣੀ ਸੁੱਧ ਨਹੀਂ…'
ਮੈਂ ਭੌਂ ਕੇ ਉਸ ਵੱਲ ਦੇਖਿਆ…ਆਪਣੀ ਕੁਹਣੀ ਨੂੰ ਗੋਡੇ ਉੱਤੇ ਤੇ ਠੋਡੀ ਨੂੰ ਹਥੇਲੀ ਉੱਤੇ ਟਿਕਾਈ, ਮੂੰਹ ਨਾਲ ਸੀਟੀ ਵਜਾਉਂਦਾ, ਉਹ ਮੇਰੇ ਵੱਲ ਹੀ ਝਾਕ ਰਿਹਾ ਸੀ ਤੇ ਚੰਨ ਚਾਨਣੀ ਵਿਚ ਚਮਕਦੇ ਉਸਦੇ ਚਿਹਰੇ ਉੱਪਰ ਉਸਦੀਆਂ ਬਰੀਕ ਕਾਲੀਆਂ ਮੁੱਛਾਂ ਫਰਕ ਰਹੀਆਂ ਸਨ। ਇਹ ਸਮਝ ਕੇ ਕਿ ਇਹੀ ਵਿਧੀ ਦਾ ਵਿਧਾਨ ਹੈ, ਮੈਂ ਉਸ ਕੋਲ ਜਾ ਬੈਠਣ ਦਾ ਫੈਸਲਾ ਕਰ ਲਿਆ। ਕਾਹਲੇ ਕਦਮਾਂ ਨਾਲ ਉੱਥੇ ਪਹੁੰਚਿਆ ਤੇ ਉਸਦੇ ਬਰਾਬਰ ਜਾ ਬੈਠਾ।
"ਦੇਖੋ, ਜੇ ਅਸੀਂ ਗੱਲਬਾਤ ਕਰਨੀ ਏਂ ਤਾਂ ਸਿੱਧੇ-ਸਾਦੇ ਢੰਗ ਨਾਲ ਸੰਖੇਪ ਵਿਚ ਹੋਣੀ ਚਾਹੀਦੀ ਏ।" ਮੈਂ ਆਪਣੀ ਰੋਸ ਭਰੀ ਆਵਾਜ਼ ਉੱਤੇ ਕਾਬੂ ਰੱਖਦਿਆਂ ਕਿਹਾ।
"ਲੋਕਾਂ ਨੂੰ ਹਮੇਸ਼ਾ ਸਿੱਧੇ-ਸਾਦੇ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ।" ਉਸਨੇ ਸਿਰ ਹਿਲਾਉਂਦਿਆਂ ਹੋਇਆਂ ਕਿਹਾ, "ਪਰ ਇਹ ਤੁਹਾਨੂੰ ਵੀ ਮੰਨਣਾ ਪਏਗਾ ਕਿ ਆਪਣੇ ਉਸ ਢੰਗ ਤੋਂ ਕੰਮ ਲਏ ਬਿਨਾਂ ਮੈਂ ਤੁਹਾਡਾ ਧਿਆਨ ਨਹੀਂ ਸੀ ਖਿੱਚ ਸਕਣਾ। ਅੱਜ ਕੱਲ੍ਹ ਸਿੱਧੀਆਂ-ਸਾਦੀਆਂ ਤੇ ਸਪਸ਼ਟ ਗੱਲਾਂ ਨੂੰ ਰਸਹੀਣ, ਰੁੱਖੜ ਕਹਿ ਕੇ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਏ, ਪਰ ਅਸਲ ਗੱਲ ਇਹ ਜੇ ਕਿ ਅਸੀਂ ਕਿਸੇ ਵੀ ਚੀਜ਼ ਵਿਚ ਜੋਸ਼ ਜਾਂ ਕੋਮਲਤਾ ਲਿਆਉਣ ਵਿਚ ਅਸਮਰਥ ਰਹਿੰਦੇ ਆਂ। ਅਸੀਂ ਤੁੱਛ ਕਲਪਨਾਵਾਂ ਤੇ ਦਿੱਵ-ਸੁਪਨਿਆਂ ਵਿਚ ਰਮਨਾ ਤੇ ਆਪਣੇ ਆਪ ਨੂੰ ਵਚਿੱਤਰ ਤੇ ਅਨੋਖਾ ਦਿਖਾਉਣਾ ਚਾਹੁੰਦੇ ਹਾਂ, ਕਿਉਂਕਿ ਜਿਸ ਜੀਵਨ ਦੀ ਅਸੀਂ ਰਚਨਾ ਕੀਤੀ ਏ, ਉਹ ਰਸਹੀਣ, ਬਦਰੰਗ ਤੇ ਅਕਾਅ ਦੇਣ ਵਾਲ ਏ। ਜਿਸ ਜੀਵਨ ਨੂੰ ਅਸੀਂ ਕਦੀ ਏਨੀ ਲਗਨ ਤੇ ਜੋਸ਼ ਨਾਲ ਬਦਲਣ ਤੁਰੇ ਸਾਂ, ਉਸ ਨੇ ਸਾਨੂੰ ਕੁਚਲ ਤੇ ਤੋੜ ਕੇ ਰੱਖ ਦਿੱਤਾ ਏ।" ਇਕ ਪਲ ਚੁੱਪ ਰਹਿ ਕੇ ਉਸਨੇ ਪੁੱਛਿਆ, "ਕਿਉਂ, ਮੈਂ ਠੀਕ ਕਹਿ ਰਿਹਾਂ ਨਾ?"
"ਹਾਂ…" ਮੈਂ ਕਿਹਾ, "ਤੁਹਾਡਾ ਕਹਿਣਾ ਠੀਕ ਏ।"
"ਤੁਸੀਂ ਬੜੀ ਛੇਤੀ ਗੋਡੇ ਟੇਕ ਦੇਂਦੇ ਓ..." ਤਿੱਖੀ ਹਾਸੀ ਹੱਸਦਿਆਂ ਹੋਇਆਂ ਮੇਰੇ ਪ੍ਰਤੀਵਾਦੀ ਨੇ ਮੇਰਾ ਮਖ਼ੌਲ ਉਡਾਇਆ। ਮੈਂ ਕੱਚਾ ਜਿਹਾ ਹੋ ਗਿਆ। ਉਸਨੇ ਤਿੱਖੀਆਂ ਨਜ਼ਰਾਂ ਮੇਰੇ ਉੱਤੇ ਗੱਡ ਦਿੱਤੀਆਂ ਤੇ ਮੁਸਕਰਾਉਂਦਾ ਹੋਇਆ ਬੋਲਿਆ, "ਤੁਸੀਂ ਲੇਖਕ ਓ, ਤੇ ਤੁਸੀਂ ਜੋ ਲਿਖਦੇ ਓ ਉਸਨੂੰ ਹਜ਼ਾਰਾਂ ਲੋਕ ਪੜ੍ਹਦੇ ਨੇ। ਤੁਸੀਂ ਕਿਸ ਗੱਲ ਦਾ ਪ੍ਰਚਾਰ ਕਰਦੇ ਓ? ਤੇ ਕੀ ਕਦੀ ਤੁਸੀਂ ਆਪਣੇ ਆਪ ਨੂੰ ਇਹ ਪੁੱਛਿਆ ਏ ਕਿ ਦੂਜਿਆਂ ਨੂੰ ਸਿਖਿਆ ਦੇਣ ਦਾ ਤੁਹਾਨੂੰ ਕੀ ਅਧਿਕਾਰ ਹੈ?"
ਜੀਵਨ ਵਿਚ ਪਹਿਲੀ ਵਾਰੀ ਮੈਂ ਆਪਣੀ ਸੋਚ ਨੂੰ ਫਰੋਲਿਆ ; ਉਸਨੂੰ ਜਾਚਿਆ-ਪਰਖਿਆ। 'ਹਾਂ, ਤਾਂ ਮੈਂ ਕਿਸ ਚੀਜ਼ ਦਾ ਪ੍ਰਚਾਰ ਕਰਦਾ ਹਾਂ? ਲੋਕਾਂ ਨੂੰ ਕਹਿਣ ਲਈ ਮੇਰੇ ਕੋਲ ਕੀ ਹੈ? ਕੀ ਓਹੋ ਸਾਰੀਆਂ ਗੱਲਾਂ ਜਿਹੜੀਆਂ ਹਮੇਸ਼ਾ ਕਹੀਆਂ-ਸੁਣੀਆਂ ਜਾਂਦੀਆਂ ਨੇ, ਪਰ ਜਿਹੜੀਆਂ ਆਦਮੀ ਨੂੰ ਬਦਲ ਕੇ ਬਿਹਤਰ ਨਹੀਂ ਬਣਾਉਂਦੀਆਂ? ਤੇ ਉਹਨਾਂ ਵਿਚਾਰਾਂ ਤੇ ਨੀਤੀਆਂ ਦਾ ਪ੍ਰਚਾਰ ਕਰਨ ਦਾ ਮੈਨੂੰ ਕੀ ਹੱਕ ਹੈ, ਜਿੰਨ੍ਹਾਂ ਵਿਚ ਨਾ ਤਾਂ ਮੈਂ ਯਕੀਨ ਕਰਦਾ ਹਾਂ, ਤੇ ਨਾ ਜਿੰਨ੍ਹਾਂ ਨੂੰ ਮੈਂ ਅਮਲ ਵਿਚ ਲਿਆਂਦਾ ਹੈ? ਜਦੋਂ ਮੈਂ ਖ਼ੁਦ ਆਪਣੇ ਖ਼ਿਲਾਫ਼ ਆਚਰਨ ਕਰ ਰਿਹਾਂ, ਤਾਂ ਕੀ ਇਹ ਸਿੱਧ ਨਹੀਂ ਹੁੰਦਾ ਕਿ ਉਹਨਾਂ ਦੀ ਸੱਚਾਈ ਵਿਚ ਮੈਨੂੰ ਵਿਸ਼ਵਾਸ ਨਹੀਂ? ਇਸ ਆਦਮੀ ਨੂੰ ਮੈਂ ਕੀ ਜਵਾਬ ਦਿਆਂ…ਜਿਹੜਾ ਮੇਰੇ ਸਾਹਮਣੇ ਬੈਠਾ ਹੋਇਆ ਹੈ?'
ਪਰ ਉਸਨੇ ਮੇਰੇ ਜਵਾਬ ਦੀ ਉਡੀਕ ਤੋਂ ਅੱਕ ਕੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ, "ਇਕ ਸਮਾਂ ਸੀ ਜਦ ਇਹ ਧਰਤੀ ਲਿਖਣ ਕਲਾ ਮਾਹਿਰਾਂ, ਜੀਵਨ ਤੇ ਮਨੁੱਖੀ ਮਨ ਦੇ ਅਧਿਅਨਕਾਰਾਂ ਤੇ ਅਜਿਹੇ ਲੋਕਾਂ ਨਾਲ ਭਰੀ ਹੋਈ ਸੀ ਜਿਹੜੇ ਦੁਨੀਆਂ ਨੂੰ ਚੰਗੇਰੇ ਬਣਾਉਣ ਦੀ ਸਰਭ ਪ੍ਰਬਲ ਇੱਛਾ ਤੇ ਮਨੁੱਖੀ ਪ੍ਰਕ੍ਰਿਤੀ ਵਿਚ ਡੂੰਘੇ ਵਿਸ਼ਵਾਸ ਨਾਲ ਭਰੇ ਹੋਏ ਸਨ। ਉਹਨਾਂ ਅਜਿਹੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਕਦੀ ਚੇਤਿਆਂ ਵਿਚੋਂ ਮਿਟ ਹੀ ਨਹੀਂ ਸਕਦੀਆਂ, ਕਾਰਣ?...ਉਹ ਅਮਰ ਸੱਚਾਈਆਂ ਨੂੰ ਉਜਾਗਰ ਕਰਦੀਆਂ ਨੇ ਤੇ ਉਹਨਾਂ ਦੇ ਪੰਨਿਆਂ ਵਿਚੋਂ ਕਦੀ ਮੈਲੀ ਨਾ ਹੋਣ ਵਾਲੀ ਸੁੰਦਰਤਾ ਫੁੱਟ-ਫੁੱਟ ਪੈਂਦੀ ਜੇ। ਉਹਨਾਂ ਵਿਚ ਚਿੱਤਰੇ ਪਾਤਰ, ਜੀਵਨ ਦੇ ਸੱਚੇ ਪਾਤਰ ਨੇ, ਕਿਉਂਕਿ ਪ੍ਰੇਰਨਾ ਨੇ ਉਹਨਾਂ ਵਿਚ ਜਾਨ ਪਾਈ ਹੋਈ ਏ। ਉਹਨਾਂ ਕਿਤਾਬਾਂ ਵਿਚ ਹੌਸਲਾ ਤੇ ਦਲੇਰੀ ਏ, ਦਗਦਾ ਹੋਇਆ ਗੁੱਸਾ ਤੇ ਨਿੱਘਾ-ਸੱਚਾ ਪ੍ਰੇਮ ਹੈ। ਉਹਨਾਂ ਵਿਚ ਇਕ ਵੀ ਸ਼ਬਦ ਭਰਤੀ ਨਹੀਂ ਕੀਤਾ ਗਿਆ।
"ਮੈਂ ਜਾਣਦਾ ਹਾਂ ਕਿ ਇਹਨਾ ਪੁਸਤਕਾਂ ਵਿਚੋਂ ਹੀ ਤੁਸੀਂ ਆਪਣੀ ਆਤਮਾ ਲਈ ਖੁਰਾਕ ਪ੍ਰਾਪਤ ਕੀਤੀ ਏ। ਫੇਰ ਵੀ ਤੁਹਾਡੀ ਆਤਮਾ ਉਸ ਨੂੰ ਪਚਾ ਨਹੀਂ ਸਕੀ। ਸੱਚ ਤੇ ਪ੍ਰੇਮ ਬਾਰੇ ਤੁਸੀਂ ਜੋ ਵੀ ਲਿਖਦੇ ਓ, ਉਹ ਝੂਠਾ, ਫਿੱਕਾ ਤੇ ਅਨੁਭਵਹੀਣ ਜਾਪਦਾ ਏ। ਲੱਗਦਾ ਏ, ਜਿਵੇਂ ਸ਼ਬਦ ਜਬਰਦਸਤੀ ਮੂੰਹ ਵਿਚੋਂ ਉਗਲੇ ਜਾ ਰਹੇ ਹੋਣ। ਚੰਦ ਵਾਂਗਰ ਤੁਸੀਂ ਕਿਸੇ ਦੂਸਰੇ ਦੇ ਚਾਨਣ ਨਾਲ ਚਮਕਦੇ ਓ, ਤੇ ਇਹ ਚਾਨਣ ਵੀ ਪੂਰੀ ਤਰ੍ਹਾਂ ਮੈਲਾ ਏ---ਉਹ ਪ੍ਰਛਾਵੇਂ ਖ਼ੂਬ ਉਭਾਰਦਾ ਏ, ਪਰ ਨੂਰ ਘੱਟ ਬਰੂਰਦਾ ਏ…ਤੇ ਨਿੱਘ ਤਾਂ ਉਸ ਵਿਚ ਬਿਲਕੁਲ ਵੀ ਨਹੀਂ…
"ਅਸਲ ਵਿਚ ਤੁਸੀਂ ਲੋਕ ਖ਼ੁਦ ਗਰੀਬ ਓ, ਏਨੇ ਗਰੀਬ ਕਿ ਦੂਜਿਆਂ ਨੂੰ ਅਜਿਹੀ ਕੋਈ ਸ਼ੈ ਦੇ ਹੀ ਨਹੀਂ ਸਕਦੇ ਜਿਹੜੀ ਸੱਚਮੁੱਚ ਮੁੱਲਵਾਨ ਹੋਵੇ। ਤੇ ਜੇ ਦੇਂਦੇ ਵੀ ਓ ਤਾਂ ਸਰਵਉੱਚ ਸੰਤੋਖ ਦੇ ਇਸ ਗਿਆਨ ਦੇ ਨਾਲ ਨਹੀਂ ਕਿ ਤੁਸੀਂ ਸੁੰਦਰ ਵਿਚਾਰਾਂ ਤੇ ਸ਼ਬਦਾਂ ਦੀ ਲੜੀ ਵਿਚ ਵਾਧਾ ਕਰਕੇ ਜੀਵਨ ਨੂੰ ਅਮੀਰ ਬਣਾਇਆ ਏ---ਬਲਿਕੇ ਤੁਸੀਂ ਸਿਰਫ ਇਸ ਲਈ ਦੇਂਦੇ ਓ ਜੀਵਨ ਤੇ ਹੋਰ ਲੋਕਾਂ ਤੋਂ ਇਸ ਨਾਲੋਂ ਵੱਧ ਹਾਸਲ ਕਰ ਸਕੋਂ। ਤੁਸੀਂ ਏਨੇ ਕਮੀਨੇ ਓ ਕਿ ਸੁਗਾਤ ਵਜੋਂ ਕਿਸੇ ਨੂੰ ਪਿੰਡੇ ਦੀ ਜੂੰ ਤੀਕ ਨਹੀਂ ਦੇ ਸਕਦੇ। ਜਾਂ ਫੇਰ ਸੂਦ-ਖੋਰ ਹੋ ਤੇ ਅਨੁਭਵ ਦੇ ਟੁਕੜਿਆਂ ਦਾ ਲੈਣ-ਦੇਣ ਕਰਦੇ ਓ, ਤਾਂ ਕਿ ਪ੍ਰਸਿੱਧੀ ਦੇ ਰੂਪ ਵਿਚ ਸੂਦ ਪ੍ਰਾਪਤ ਕਰ ਸਕੋਂ।
"ਤੁਹਾਡੀ ਲੇਖਨੀ ਚੀਜ਼ਾਂ ਦੀਆਂ ਉਪਰਲੀਆਂ ਤੈਹਾਂ ਨੂੰ ਹੀ ਖੁਰਚਦੀ ਏ। ਜੀਵਨ ਦੀਆਂ ਤੁੱਛ ਪ੍ਰਸਥਿਤੀਆਂ ਨੂੰ ਹੀ ਤੁਸੀਂ ਅਰਥਹੀਣ ਢੰਗ ਨਾਲ ਖੁਰਚਕੇ-ਵਲੂੰਧਰਦੇ ਰਹਿੰਦੇ ਓ। ਹੋ ਸਕਦਾ ਏ, ਇੰਜ ਤੁਸੀਂ ਉਹਨਾਂ ਨੂੰ ਅਨੇਕ ਸਾਧਾਰਣ, ਮਹੱਤਵਹੀਣ ਸੱਚਾਈਆਂ ਸਿਖਾਉਂਦੇ ਹੋਵੋਂ, ਪਰ ਕੀ ਤੁਸੀਂ ਕੋਈ ਅਜਿਹੀ ਰਚਨਾ ਵੀ ਕਰ ਸਕਦੇ ਓ ਜਿਹੜੀ ਮਨੁੱਖ ਦੀ ਆਤਮਾ ਨੂੰ ਉੱਚਾ ਚੁੱਕਣ ਦਾ ਬਲ ਰੱਖਦੀ ਹੋਵੇ? ਨਹੀ!...ਤਾਂ ਕੀ ਤੁਸੀਂ ਸੱਚਮੁੱਚ ਇਸ ਕਾਰਜ ਨੂੰ ਏਨਾ ਮਹੱਤਵਪੂਰਨ ਸਮਝਦੇ ਓ ਕਿ ਹਰ ਜਗ੍ਹਾ ਪਏ ਕੂੜੇ ਦੇ ਢੇਰਾਂ ਨੂੰ ਫਰੋਲਿਆ ਜਾਏ ਤੇ ਇਹ ਸਿੱਧ ਕੀਤਾ ਜਾਏ ਕਿ ਮਨੁੱਖ ਬੁਰਾ ਹੈ, ਮੂਰਖ ਹੈ, ਆਤਮ-ਸਨਮਾਨ ਦੀ ਭਾਵਨਾ ਤੋਂ ਸੱਖਣਾ ਹੈ, ਪਰਿਸਥਿਤੀਆਂ ਦਾ ਗ਼ੁਲਾਮ ਹੈ, ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਕਮਜ਼ੋਰ, ਤਰਸਯੋਗ ਤੇ ਇਕੱਲਾ ਹੈ?
"ਜੇ ਤੁਸੀਂ ਮੈਥੋਂ ਪੁੱਛੋਂ ਤਾਂ ਮਨੁੱਖ ਬਾਰੇ ਅਜਿਹਾ ਘਿਣਾਉਣਾ ਪ੍ਰਚਾਰ ਮਨੁੱਖਤਾ ਦੇ ਦੁਸ਼ਮਣ ਕਰਦੇ ਨੇ---ਤੇ ਦੁੱਖ ਦੀ ਗੱਲ ਇਹ ਹੈ ਕਿ ਉਹ ਮਨੁੱਖ ਦੇ ਮਨ ਵਿਚ ਇਹ ਵਿਸ਼ਵਾਸ ਪੈਦਾ ਕਰਨ ਵਿਚ ਸਫ਼ਲ ਵੀ ਹੋ ਚੁੱਕੇ ਨੇ। ਹੁਣ ਤੁਸੀਂ ਹੀ ਦੋਖੋ, ਮਨੁੱਖੀ ਮਸਤਕ ਅੱਜ ਕਿੰਨਾ ਠੁੱਸ ਹੋ ਚੁੱਕਿਆ ਏ ਤੇ ਉਸਦੀ ਆਤਮਾ ਦੇ ਤਾਰ ਕਿੰਨੇ ਬੇ-ਆਵਾਜ਼ ਹੋ ਗਏ ਨੇ। ਇਹ ਕੋਈ ਅਚਰਜ ਵਾਲੀ ਗੱਲ ਨਹੀਂ…ਉਹ ਆਪਣੇ ਆਪ ਨੂੰ ਉਸੇ ਰੂਪ ਵਿਚ ਦੇਖਦਾ ਏ ਜਿਹੋ ਜਿਹਾ ਉਸਨੂੰ ਪੁਸਤਕਾਂ ਵਿਚ ਦਿਖਾਇਆ ਜਾਂਦਾ ਏ…
"ਤੇ ਪੁਸਤਕਾਂ, ਖਾਸ ਤੌਰ 'ਤੇ ਪ੍ਰਤਿਭਾ ਦਾ ਭਰਮ ਪੈਦਾ ਕਰਨ ਵਾਲੀ ਵਾਕਬੰਦੀ ਵਿਚ ਲਿਖੀਆਂ ਗਈਆਂ ਪੁਸਤਕਾਂ, ਪਾਠਕਾਂ ਦੀ ਮੱਤ ਮਾਰ ਕੇ ਉਹਨਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੀਆਂ ਨੇ। ਜੇ ਉਹਨਾਂ ਵਿਚ ਮਨੁੱਖ ਨੂੰ ਕਮਜ਼ੋਰ, ਤਰਸਯੋਗ, ਇਕੱਲਾ ਦਿਖਾਇਆ ਗਿਆ ਹੈ ਤਾਂ ਪਾਠਕ ਉਹਨਾਂ ਵਿਚ ਆਪਣਾ ਭੱਦਾਪਨ ਤਾਂ ਦੇਖਦਾ ਏ, ਪਰ ਉਸਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਉਸ ਵਿਚ ਸੁਧਾਰ ਦੀ ਵੀ ਕੋਈ ਸੰਭਾਵਨਾ ਹੋ ਸਕਦੀ ਹੈ। ਕੀ ਤੁਹਾਡੇ ਵਿਚ ਇਸ ਸੰਭਾਵਨਾ ਨੂੰ ਪ੍ਰਬਲ ਕਰਨ ਦੀ ਤਾਕਤ ਹੈ? ਪਰ ਇਹ ਤੁਸੀਂ ਕਿੰਜ ਕਰ ਸਕਦੇ ਓ, ਜਦਕਿ ਤੁਸੀਂ ਖ਼ੁਦ ਹੀ…ਖ਼ੈਰ ਜਾਣ ਦਿਓ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗਾ, ਕਿਉਂਕਿ ਮੇਰੀ ਗੱਲ ਨੂੰ ਕੱਟੇ ਜਾਂ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਤੁਸੀਂ ਮੇਰੀ ਗੱਲ ਸੁਣ ਰਹੇ ਓ…
"ਤੁਸੀਂ ਆਪਣੇ ਆਪ ਨੂੰ ਮਸੀਹੇ ਦੇ ਰੂਪ ਵਿਚ ਦੇਖਦੇ ਓ। ਸਮਝਦੇ ਓ ਕਿ ਬੁਰਾਈਆਂ ਨੂੰ ਖੋਲ੍ਹ ਕੇ ਰੱਖ ਦੇਣ ਲਈ ਹੀ ਖ਼ੁਦ ਪ੍ਰਮਾਤਮਾ ਨੇ ਤੁਹਾਨੂੰ ਇਸ ਦੁਨੀਆਂ ਵਿਚ ਭੇਜਿਆ ਏ, ਤਾਂਕਿ ਅੱਛਾਈਆਂ ਦੀ ਜਿੱਤ ਹੋਵੇ ਪਰ ਬੁਰਿਆਈਆਂ ਨੂੰ ਚੰਗਿਆਈਆਂ ਤੋਂ ਵੱਖ ਕਰਨ ਵੇਲੇ ਕੀ ਤੁਸੀਂ ਇਹ ਨਹੀਂ ਦੇਖਿਆ ਕਿ ਇਹ ਦੋਵੇਂ ਇਕ ਦੂਜੇ ਨਾਲ ਗੁਥੀਆਂ ਹੋਈਆਂ ਨੇ ਤੇ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ? ਮੈਨੂੰ ਇਸ ਵਿਚ ਵੀ ਬੜਾ ਭਾਰੀ ਸ਼ੰਕਾ ਏ ਕਿ ਪ੍ਰਮਾਤਮਾ ਨੇ ਤੁਹਾਨੂੰ ਆਪਣਾ ਮਸੀਹਾ ਬਣਾ ਕੇ ਭੇਜਿਆ ਏ। ਜੇ ਉਹ ਭੇਜਦਾ ਤਾਂ ਤੁਹਾਥੋਂ ਮਜ਼ਬੂਤ ਇਨਸਾਨਾਂ ਨੂੰ ਇਸ ਕਾਰ ਲਈ ਚੁਣਦਾ। ਉਹਨਾਂ ਦੇ ਦਿਲਾਂ ਵਿਚ ਜੀਵਨ, ਸੱਚ ਤੇ ਲੋਕਾਂ ਦੇ ਪ੍ਰਤੀ ਪਵਿੱਤਰ ਪ੍ਰੇਮ ਦੀ ਜੋਤ ਜਗਾਉਂਦਾ ਤਾਂਕਿ ਉਹ ਹਨੇਰੇ ਵਿਚ ਉਨ੍ਹਾਂ 'ਚ ਮਾਣ-ਸਨਮਾਨ ਤੇ ਸ਼ਕਤੀ ਦਾ ਐਲਾਨ ਕਰਨ ਵਾਲੀਆਂ ਮਸ਼ਾਲਾਂ ਵਾਂਗ ਚਾਨਣ ਫੈਲਾਉਂਣ। ਤੁਸੀਂ ਲੋਕ ਤਾਂ ਸ਼ੈਤਾਨ ਦੀ ਮੋਹ ਉਗਲਨ ਵਾਲੀ ਛੜੀ ਵਾਂਗ ਧੂੰਆਂ ਫੈਲਾਉਂਦੇ ਓ, ਤੇ ਇਹ ਧੂੰਆਂ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਹੀਣਤਾ ਨਾਲ ਭਰ ਦੇਂਦਾ ਏ।
"ਇਸ ਲਈ ਤੁਸੀਂ ਤੇ ਤੁਹਾਡੀ ਜਾਤੀ ਦੇ ਹੋਰ ਲੋਕਾਂ ਨੇ ਜੋ ਕੁਝ ਵੀ ਲਿਖਿਆ ਏ, ਉਸ ਸਭ ਦਾ ਇਕ ਸਚੇਤ ਪਾਠਕ, ਮੈਂ ਤੁਹਾਥੋਂ ਪੁੱਛਦਾ ਹਾਂ---ਤੁਸੀਂ ਕਿਉਂ ਲਿਖਦੇ ਹੋ? ਤੁਹਾਡੀਆਂ ਲਿਖਤਾਂ ਕੁਝ ਨਹੀਂ ਸਿਖਾਉਂਦੀਆਂ ਤੇ ਪਾਠਕ ਸਿਵਾਏ ਤੁਹਾਡੀਆਂ ਲਿਖਤਾਂ ਉੱਤੇ ਸ਼ਰਮ ਮਹਿਸੂਸ ਕਰਨ ਦੇ ਹੋਰ ਕੁਝ ਨਹੀਂ ਕਰਦਾ। ਉਹਨਾਂ ਦੀ ਹਰ ਚੀਜ਼ ਆਮ-ਸਾਧਾਰਨ ਏ, ਆਮ-ਸਾਧਾਰਨ ਲੋਕ, ਆਮ ਸਾਧਾਰਨ-ਵਿਚਾਰ, ਆਮ ਸਾਧਾਰਨ-ਘਟਨਾਵਾਂ। ਆਤਮਾ ਦੇ ਵਿਦਰੋਹ ਤੇ ਆਤਮਾ ਦੇ ਮੁੜ ਜਾਗਰਨ ਬਾਰੇ ਤੁਸੀਂ ਲੋਕ ਕਦੋਂ ਬੋਲਣਾ ਸ਼ੁਰੂ ਕਰੋਗੇ? ਤੁਹਾਡੀਆਂ ਲਿਖਤਾਂ ਵਿਚ ਰਚਨਾਤਮਕ ਜੀਵਨ ਦੀ ਉਹ ਲਲਕਾਰ ਕਿੱਥੇ ਹੈ, ਵੀਰਰਸ ਦੇ ਦ੍ਰਿਸ਼ਟਾਂਤ ਤੇ ਜਗਾਉਣ ਤੇ ਉਕਸਾਉਣ ਵਾਲੇ ਉਹ ਸ਼ਬਦ ਕਿੱਥੇ ਨੇ, ਜਿੰਨ੍ਹਾਂ ਨੂੰ ਸੁਣ ਕੇ ਆਤਮਾ ਆਕਾਸ਼ ਦੀਆਂ ਉਚਾਈਆਂ ਨੂੰ ਛੂੰਹਦੀ ਹੈ ?
"ਸ਼ਾਇਦ ਤੁਸੀਂ ਕਹੋ---'ਜੋ ਕੁਝ ਅਸੀਂ ਪੇਸ਼ ਕਰਦੇ ਹਾਂ, ਉਸਦੇ ਇਲਾਵਾ ਜੀਵਨ ਦੇ ਹੋਰ ਨਮੂਨੇ ਮਿਲਦੇ ਹੀ ਕਿੱਥੇ ਨੇ…?' ਨਾ, ਅਜਿਹੀ ਗੱਲ ਮੂੰਹੋਂ ਨਾ ਕੱਢਣਾ। ਇਹ ਨਮੋਸ਼ੀ ਤੇ ਨਿਰਾਦਰੀ ਵਾਲੀ ਗੱਲ ਜੇ ਕਿ ਉਹ, ਜਿਸਨੂੰ ਪ੍ਰਮਾਤਮਾ ਨੇ ਲਿਖਣ ਦੀ ਸ਼ਕਤੀ ਪ੍ਰਦਾਨ ਕੀਤੀ ਏ, ਜੀਵਨ ਸਾਹਮਣੇ ਆਪਣੇ ਆਪ ਨੂੰ ਅਪਾਹਜ ਤੇ ਉਸ ਤੋਂ ਉੱਚਾ ਉਠਣ ਵਿਚ ਆਪਣੀ ਮਜ਼ਬੂਰੀ ਨੂੰ ਸਵੀਕਾਰ ਕਰੇ। ਜੇ ਤੁਹਾਡਾ ਸਤਰ ਵੀ ਉਹੀ ਹੈ, ਜਿਹੜਾ ਆਮ ਜੀਵ ਦਾ ਹੈ; ਜੇ ਤੁਹਾਡੀ ਕਲਪਨਾ ਅਜਿਹੇ ਆਦਰਸ਼ ਨਮੂਨਿਆਂ ਦੀ ਰਚਨਾ ਨਹੀਂ ਕਰ ਸਕਦੀ ਜਿਹੜੇ ਆਮ ਜੀਵਨ ਵਿਚ ਨਹੀਂ ਤੇ ਉਸਨੂੰ ਸੁਧਾਰਨ ਲਈ ਅਤੀ ਜ਼ਰੂਰੀ ਨੇ, ਤਾਂ ਫੇਰ ਤੁਹਾਡੀ ਕ੍ਰਿਤ ਕਿਸ ਕੰਮ ਦੀ? ਕਿਸ ਬਿਮਾਰੀ ਦੇ ਇਲਾਜ ਹੋ ਤੁਸੀਂ? ਤੇ ਤੁਹਾਡੇ ਧੰਦੇ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ?
"ਲੋਕਾਂ ਦੇ ਦਿਮਾਗ਼ਾਂ ਨੂੰ ਉਹਨਾਂ ਘਟਨਾਹੀਣ ਫੋਟੋਗ੍ਰਾਫਿਕ ਚਿੱਤਰਾਂ ਦਾ ਗੋਦਾਮ ਬਣਾਉਣ ਸਮੇਂ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਕਿ ਇੰਜ ਕਰਕੇ ਕੀ ਤੁਸੀਂ ਪੂਰੀ ਮਨੁੱਖਤਾ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ? ਕਾਰਣ---ਤਾਂ ਤੁਹਾਨੂੰ ਇਹ ਤੁਰੰਤ ਸਵੀਕਾਰ ਕਰ ਲੈਣਾ ਚਾਹੀਦਾ ਏ ਕਿ ਤੁਸੀਂ ਜੀਵਨ ਦਾ ਅਜਿਹਾ ਚਿੱਤਰ ਪੇਸ਼ ਕਰਨ ਦਾ ਢੰਗ ਨਹੀਂ ਜਾਣਦੇ ਜਿਹੜਾ ਨਮੋਸ਼ੀ ਦੀ ਇਕ ਪ੍ਰਤੀਸ਼ੋਧਮਈ ਚੇਤਨਾ ਨੂੰ ਜਨਮ ਦੇਵੇ, ਜੀਵਨ ਦੇ ਨਵੇਂ ਰੂਪਾਂ ਦੀ ਰਚਨਾ ਕਰਨ ਲਈ ਆਸਾਂ ਦੀ ਭਖਦੀ ਹੋਈ ਜਵਾਲਾ ਨੂੰ ਜਨਮ ਦੇਵੇ। ਕੀ ਤੁਸੀਂ ਜੀਵਨ ਦੀ ਗਤੀ ਤੇ ਉਸਦੇ ਵੇਗ ਨੂੰ ਹੋਰ ਤੇਜ਼ ਕਰਨਾ ਹੀ ਨਹੀਂ ਚਾਹੁੰਦੇ ਓ, ਜਿਵੇਂ ਕਿ ਲੋਕ ਕਰ ਚੁੱਕੇ ਨੇ?"
ਮੇਰਾ ਵਚਿੱਤਰ ਸਾਥੀ ਚੁੱਪ ਹੋ ਗਿਆ ਤੇ ਮੈਂ ਬਿਨਾਂ ਕੁਝ ਬੋਲੇ, ਉਸਦੇ ਸ਼ਬਦਾਂ ਉੱਪਰ ਗੌਰ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਉਸਨੇ ਫੇਰ ਕਿਹਾ, "ਇਕ ਗੱਲ ਹੋਰ, ਕੀ ਤੁਸੀਂ ਅਜਿਹੀ ਹਾਸੜ ਭਰੀ ਕੋਈ ਹਾਸਰਸ ਦੀ ਰਚਨਾ ਦੇ ਸਕਦੇ ਓ ਜਿਹੜੀ ਆਤਮਾ ਦੀ ਸਾਰੀ ਮਲ ਲਾਹ ਸੁੱਟੇ? ਦੋਖੋ ਨਾ, ਲੋਕ ਉੱਕਾ ਹੀ ਭੁੱਲ ਗਏ ਨੇ ਕਿ ਠੀਕ ਢੰਗ ਨਾਲ ਹੱਸਿਆ ਕਿਵੇਂ ਜਾਂਦਾ ਏ। ਉਹ ਗੁੱਝਾ ਹਾਸਾ ਹੱਸਦੇ ਨੇ, ਕਮੀਨੇਪਨ ਨਾਲ ਹੱਸਦੇ, ਅਕਸਰ ਆਪਣੇ ਅੱਥਰੂ ਤੀਕ ਲਕੋ ਕੇ ਹੱਸਦੇ ਨੇ। ਉਹ ਮਨੋਂ, ਆਪਣੇ ਸਮੁੱਚੇ ਅੰਦਰ ਨਾਲ ਕਦੀ ਨਹੀਂ ਹੱਸੇ ਜਿਸ ਨਾਲ ਢਿੱਡੀਂ ਪੀੜ ਪੈਣ ਲੱਗਦੀ ਏ, ਪਸਲੀਆਂ ਬੋਲਣ ਲੱਗ ਪੈਂਦੀਆਂ ਨੇ। ਖੁੱਲ੍ਹ ਕੇ ਹੱਸਣਾ ਸਿਹਤ ਲਈ ਲਾਭਵੰਤ ਹੈ, ਹੈ ਨਾ? ਇਹ ਬੜਾ ਜ਼ਰੂਰੀ ਏ ਕਿ ਲੋਕ ਹੱਸਣ। ਹੱਸਣ ਦੀ ਸੂਖਮ ਕਲਾ ਉਹਨਾਂ ਗਿਣੀਆਂ-ਚੁਣੀਆਂ ਪ੍ਰਵਿਰਤੀਆਂ ਵਿਚੋਂ ਇਕ ਏ, ਜਿਹੜੀਆਂ ਮਨੁੱਖ ਨੂੰ ਪਸ਼ੂ ਨਾਲੋਂ ਵੱਖ ਕਰਦੀਆਂ ਨੇ। ਕੀ ਤੁਸੀਂ ਨਿੰਦਾ ਦੀ ਹਾਸੀ ਦੇ ਇਲਾਵਾ, ਕਿਸੇ ਹੋਰ ਕਿਸਮ ਦੀ ਹਾਸੀ ਨੂੰ ਵੀ ਜਨਮ ਦੇ ਸਕਦੇ ਓ? ਨਿੰਦਾ ਦੀ ਹਾਸੀ ਤਾਂ ਬਾਜ਼ਾਰੂ ਹਾਸੀ ਏ, ਜਿਹੜੀ ਮਨੁੱਖੀ ਜਾਮਾ ਧਾਰੀਆਂ ਨੂੰ ਸਿਰਫ਼ ਹਾਸੇ ਦਾ ਪਾਤਰ ਬਣਾਉਂਦੀ ਹੈ ਕਿ ਉਹਨਾਂ ਦੀ ਸਥਿਤੀ ਤਰਸਯੋਗ ਹੈ।
"ਤੁਹਾਨੂੰ ਆਪਣੇ ਹਿਰਦੇ ਵਿਚ ਮਨੁੱਖ ਦੀਆਂ ਕਮਜ਼ੋਰੀਆਂ ਲਈ ਮਹਾਨ ਘਿਰਣਾ ਤੇ ਪ੍ਰੇਮ ਦੀ ਪਰਵਰਿਸ਼ ਕਰਨੀ ਚਾਹੀਦੀ ਏ। ਤਦ ਹੀ ਤੁਸੀਂ ਲੋਕਾਂ ਨੂੰ ਸਿੱਖਿਆ ਦੇਣ ਦੇ ਅਧਿਕਾਰੀ ਬਣ ਸਕੋਗੇ। ਜੇ ਤੁਸੀਂ ਘਿਰਣਾ ਤੇ ਪ੍ਰੇਮ, ਦੋਵਾਂ ਵਿਚੋਂ ਕਿਸੇ ਦਾ ਅਨੁਭਵ ਨਹੀਂ ਕਰ ਸਕਦੇ, ਤਾਂ ਸਿਰ ਨਿਵਾਅ ਕੇ ਰੱਖੋ ਤੇ ਕੁਝ ਕਹਿਣ ਤੋਂ ਪਹਿਲਾਂ ਸੌ ਵਾਰੀ ਸੋਚੋ।"
--- --- ---
ਸਵੇਰ ਦੀ ਸਫੇਦੀ ਦਿੱਸਣ ਲੱਗ ਪਈ ਸੀ। ਪਰ ਮੇਰੇ ਅੰਦਰ ਘੁੱਪ ਹਨੇਰਾ ਪਸਰ ਗਿਆ ਸੀ। ਇਹ ਆਦਮੀ ਜਿਹੜਾ ਮੇਰੇ ਅੰਦਰਲੇ ਰਹੱਸ ਜਾਣਦਾ ਸੀ, ਹੁਣ ਵੀ ਬੋਲ ਰਿਹਾ ਸੀ :
"ਸਭ ਕਾਸੇ ਦੇ ਬਾਵਜੂਦ ਜੀਵਨ ਪਹਿਲਾਂ ਨਾਲੋਂ ਵਧੇਰੇ ਅਰਥ-ਭਰਪੂਰ, ਚੇਤਨ ਤੇ ਜੁਗਿਆਸੂ ਹੁੰਦਾ ਜਾ ਰਿਹਾ ਹੈ, ਪਰ ਇਹ ਸਭ ਬੜੀ ਧੀਮੀ ਗਤੀ ਨਾਲ ਹੋ ਰਿਹਾ ਏ, ਕਿਉਂਕਿ ਤੁਹਾਡੇ ਕੋਲ ਇਸ ਗਤੀ ਨੂੰ ਤੇਜ਼ ਕਰਨ ਵਾਲੀ ਕੋਈ ਸ਼ਕਤੀ ਨਹੀਂ। ਨਾ ਗਿਆਨ ਹੈ। ਜੀਵਨ ਅੱਗੇ ਵਧ ਰਿਹਾ ਏ, ਤੇ ਲੋਕ ਦਿਨੋਂ-ਦਿਨ ਹੋਰ ਵਧੇਰੇ ਜਾਣਨਾ ਚਾਹੁੰਦੇ ਨੇ। ਉਹਨਾਂ ਦੇ ਸਵਾਲਾਂ ਦੇ ਜਵਾਬ ਕੌਣ ਦਵੇ? ਇਹ ਤੁਹਾਡਾ ਕੰਮ ਹੈ। ਪਰ ਕੀ ਤੁਸੀਂ ਜੀਵਨ ਵਿਚ ਏਨੇ ਡੂੰਘੇ ਉਤਰੇ ਓ ਕਿ ਉਸਨੂੰ ਦੂਜਿਆਂ ਸਾਹਮਣੇ ਖੋਲ੍ਹ ਕੇ ਰੱਖ ਸਕੋ? ਕੀ ਤੁਸੀਂ ਜਾਣਦੇ ਓ ਕਿ ਸਮੇਂ ਦੀ ਮੰਗ ਕੀ ਏ?ਕੀ ਤੁਹਾਨੂੰ ਭਵਿੱਖ ਦੀ ਜਾਣਕਾਰੀ ਹੈ? ਤੇ ਤੁਸੀਂ ਆਪਣੇ ਸ਼ਬਦਾਂ ਨਾਲ ਉਸ ਆਦਮੀ ਵਿਚ ਨਵੀਂ ਜਾਨ ਭਰ ਸਕਦੇ ਓ ਜਿਸਨੂੰ ਜੀਵਨ ਦੀ ਨੀਚਤਾ ਨੇ ਨਸ਼ਟ ਤੇ ਨਿਰਾਸ਼ ਕਰ ਦਿੱਤਾ ਏ…?"
ਇਹ ਕਹਿ ਕੇ ਉਹ ਚੁੱਪ ਹੋ ਗਿਆ। ਮੈਂ ਉਸ ਵੱਲ ਨਹੀਂ ਦੇਖਿਆ। ਯਾਦ ਨਹੀਂ ਕਿਹੜੇ ਵਿਚਾਰ ਮੇਰੇ ਅੰਦਰ ਭਾਰੂ ਹੋਏ ਹੋਏ ਸਨ। ਸ਼ਰਮ ਦੇ ਜਾਂ ਡਰ ਦੇ…ਮੈਂ ਕੁਝ ਨਾ ਕਹਿ ਸਕਿਆ।
"ਤੁਸੀਂ ਕੋਈ ਜਵਾਬ ਨਹੀਂ ਦੇ ਰਹੇ?" ਉਸਨੇ ਫੇਰ ਕਿਹਾ, "ਖ਼ੈਰ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਤੁਹਾਡੇ ਮਨ ਦੀ ਹਾਲਤ ਸਮਝ ਸਕਦਾ ਹਾਂ, ਤਾਂ ਹੁਣ ਮੈਂ ਚੱਲਦਾਂ…"
"ਏਨੀ ਛੇਤੀ?" ਮੈਂ ਧੀਮੀ ਆਵਾਜ਼ ਵਿਚ ਕਿਹਾ। ਕਾਰਣ, ਮੈਂ ਉਸ ਤੋਂ ਭਾਵੇਂ ਕਿੰਨਾ ਹੀ ਭੈਭੀਤ ਸਾਂ, ਪਰ ਉਸ ਤੋਂ ਵੀ ਵੱਧ ਆਪਣੇ ਆਪ ਤੋਂ ਡਰ ਰਿਹਾ ਸਾਂ।
"ਹਾਂ, ਮੈਂ ਜਾ ਰਿਹਾਂ। ਪਰ ਮੈਂ ਫੇਰ ਆਵਾਂਗਾ, ਮੇਰੀ ਉਡੀਕ ਰੱਖਣਾ।"
ਤੇ ਉਹ ਚਲਾ ਗਿਆ। ਪਰ ਕੀ ਉਹ ਸੱਚਮੁੱਚ ਚਲਾ ਗਿਆ? ਮੈਂ ਉਸਨੂੰ ਜਾਂਦਿਆਂ ਹੋਇਆਂ ਨਹੀਂ ਦੇਖਿਆ। ਉਹ ਕਿਸੇ ਪ੍ਰਛਾਵੇਂ ਵਾਂਗ, ਬੜੀ ਤੇਜ਼ੀ ਨਾਲ, ਅਛੋਪਲੇ ਹੀ ਗਾਇਬ ਹੋ ਗਿਆ ਸੀ। ਮੈਂ ਉੱਥੇ ਬਾਗ਼ ਵਿਚ ਬੈਠਾ ਰਿਹਾ---ਪਤਾ ਨਹੀਂ ਕਿੰਨੀ ਦੇਰ ਤੀਕ! ਨਾ ਮੈਨੂੰ ਠੰਡ ਦਾ ਅਹਿਸਾਸ ਸੀ, ਨਾ ਹੀ ਇਸ ਗੱਲ ਦਾ ਕਿ ਸੂਰਜ ਚੜ੍ਹ ਆਇਆ ਹੈ ਤੇ ਰੁੱਖਾਂ ਦੀਆਂ ਬਰਫ਼ ਲੱਦੀਆਂ ਟਾਹਣੀਆਂ ਉੱਤੇ ਚਮਕ ਰਿਹਾ ਹੈ।