Monday, June 10, 2013

ਵੈਣ...:: ਅਹਿਮਦ ਨਦੀਮ ਕਾਸਮੀ


ਪਕਿਸਤਾਨੀ ਉਰਦੂ ਕਹਾਣੀ :

ਵੈਣ...


       ਲੇਖਕ : ਅਹਿਮਦ ਨਦੀਮ ਕਾਸਮੀ
       ਅਨੁਵਾਦ : ਮਹਿੰਦਰ ਬੇਦੀ, ਜੈਤੋ


ਬਸ ਕੁਛ ਅਜਿਹਾ ਈ ਮੌਸਮ ਸੀ, ਜਦੋਂ ਤੂੰ ਸੋਲਾਂ ਸਾਲ ਪਹਿਲਾਂ ਮੇਰੀ ਝੋਲੀ 'ਚ ਆਈ ਸੈਂ। ਬਰਕੈਨਾਂ 'ਤੇ ਖਿੜੇ ਫੁੱਲ ਇਸੇ ਤਰ੍ਹਾਂ ਮੁਸਕੁਰਾ ਰਹੇ ਸੀ ਤੇ ਬੇਰੀਆਂ 'ਤੇ ਕਾਟੋਆਂ ਤਣਿਆਂ ਤੋਂ ਟੀਸੀਆਂ ਤੱਕ ਇਸੇ ਤਰ੍ਹਾਂ ਭੱਜੀਆਂ ਫਿਰਦੀਆਂ ਸਨ ਤੇ ਇਹੋ-ਜਿਹੀ ਹਵਾ ਵਗ ਰਹੀ ਸੀ ਜਿਵੇਂ ਸਦੀਆਂ ਦੇ ਸੁੱਕੇ ਤਖ਼ਤਿਆਂ 'ਚ ਵੀ ਕਰੂੰਭਲਾਂ ਫੁੱਟ ਪੈਣਗੀਆਂ। ਜਦੋਂ ਤੂੰ ਮੇਰੀ ਝੋਲੀ 'ਚ ਆਈ ਸੈਂ, ਦੀਵੇ ਦੀ ਕਾਲੀ, ਪੀਲੀ ਰੋਸ਼ਨੀ 'ਚ ਉਂਘਦਾ ਹੋਇਆ ਕੋਠਾ ਦਮਕਣ ਲੱਗ ਪਿਆ ਸੀ ਤੇ ਦਾਈ ਨੇ ਕਿਹਾ ਸੀ, “ਹਾਏ ਨੀਂ ਏਸ ਕੁੜੀ ਦੇ ਅੰਗ-ਅੰਗ 'ਚ ਤਾਂ ਜੁਗਨੂੰ ਟਹਿਕਦੇ ਆ।”
ਉਸ ਵੇਲੇ ਮੈਂ ਵੀ ਦਰਦਾਂ ਦੇ ਖੁਮਾਰ 'ਚ ਆਪਣੇ ਜਿਸਮ ਦੀ ਉਸ ਬੋਟੀ ਨੂੰ ਦੇਖਿਆ ਸੀ ਤੇ ਮੈਨੂੰ ਤਾਂ ਯਾਦ ਨਈਂ ਪਰ ਦਾਈ ਨੇ ਮੈਨੂੰ ਦੱਸਿਆ ਸੀ ਕਿ ਮੈਂ ਮੁਸਕੁਰਾ ਕੇ ਤੇਰੇ ਚਿਹਰੇ ਦੀ ਦਮਕ 'ਚ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਇੰਜ ਦੇਖਣ ਲੱਗ ਪਈ ਸਾਂ ਜਿਵੇਂ ਕੋਈ ਖ਼ਤ ਪੜ੍ਹ ਰਿਹਾ ਹੋਵੇ।
ਅਗਲੀ ਰਾਤ ਜਦੋਂ ਤੇਰੇ ਅੱਬੂ ਨੇ ਮੌਕਾ ਤਾੜ ਕੇ ਤੈਨੂੰ ਦੇਖਿਆ, ਤਾਂ ਉਦਾਸ ਹੋ ਗਿਆ ਸੀ। ਤੇ ਮੈਂ ਕਿਹਾ ਸੀ—“ਤੂੰ ਤਾਂ ਕਹਿੰਦਾ ਸੈਂ ਮੁੰਡਾ ਹੋਵੇ ਭਾਵੇਂ ਕੁੜੀ, ਸਭ ਖ਼ੁਦਾ ਦੀ ਦੇਣ ਏ। ਹੁਣ ਇਹ ਮੂੰਹ ਕਿਓਂ ਲਟਕਾ ਲਿਐ।” ਤੇ ਉਸਨੇ ਕਿਹਾ ਸੀ, “ਤੂੰ ਨਈਂ ਜਾਣਦੀ ਨਾ ਭੋਲੀਏ ਲੋਕੇ। ਤੂੰ ਮਾਂ ਏਂ ਨਾ, ਤੂੰ ਕਿਵੇਂ ਜਾਣੇ ਕਿ ਖ਼ੁਦਾ ਐਨੀਆਂ ਸੋਹਣੀਆਂ ਕੁੜੀਆਂ ਸਿਰਫ਼ ਅਜਿਹੇ ਬੰਦਿਆਂ ਨੂੰ ਦੇਂਦਾ ਏ ਜਿਹਨਾਂ ਉੱਤੇ ਉਹ ਡਾਢਾ ਖਫ਼ਾ ਹੁੰਦਾ ਏ।” ਉਸ ਵੇਲੇ ਮੇਰਾ ਜੀਅ ਕੀਤਾ ਸੀ ਕਿ ਮੈਂ ਤੇਰੇ ਅੱਬੂ ਦੀਆਂ ਅੱਖਾਂ ਉਸਦੀ ਖੋਪੜੀ 'ਚੋਂ ਕੱਢ ਕੇ ਬਦਾਮਾਂ ਵਾਂਗ ਭੰਨ ਦਿਆਂ ਕਿਉਂਕਿ ਮੇਰੀ ਜਾਨ ਉਹ ਤੈਨੂੰ ਇੰਜ ਦੇਖ ਰਿਹਾ ਸੀ ਜਿਵੇਂ ਚਿੜੀ, ਸੱਪ ਨੂੰ ਦੇਖਦੀ ਏ। ਉਹ ਤੇਰੀ ਖ਼ੂਬਸੂਰਤੀ ਦੇਖ ਕੇ ਡਰ ਗਿਆ ਸੀ ਤੇ ਫੇਰ ਉਸਨੇ ਆਪਣੀ ਉਮਰ ਦੇ ਸੋਲਾਂ-ਸਤਾਰਾਂ ਸਾਲ ਤੈਥੋਂ ਡਰਦਿਆਂ-ਹੋਇਆਂ ਈ ਬਿਤਾਅ ਦਿੱਤੇ ਸੀ। ਉਹ ਹੁਣ ਵੀ ਡਰਿਆ ਤੇ ਸਹਿਮਿਆਂ ਹੋਇਆ, ਬਾਹਰ ਗਲੀ 'ਚ ਡੱਠੀ ਮੰਜੀ ਉੱਤੇ, ਲੋਕਾਂ 'ਚ ਘਿਰਿਆ ਬੈਠਾ ਏ ਤੇ ਆਸਮਾਨ ਵੱਲ ਇੰਜ ਦੇਖ ਰਿਹਾ ਏ ਜਿਵੇਂ ਉਹ ਉਸੇ ਵੱਲ ਆ ਰਿਹਾ ਹੋਵੇ।
ਤੂੰ ਮੇਰੇ 'ਤੇ ਤਾਂ ਨਈਂ ਸੈਂ ਗਈ ਮੇਰੀਏ ਬੱਚੀਏ। ਮੈਂ ਤਾਂ ਪਿੰਡ ਦੀ ਇਕ ਆਮ-ਜਿਹੀ ਕੁੜੀ ਸਾਂ। ਮੇਰਾ ਨੱਕ-ਨਕਸ਼ਾ ਬਿਲਕੁਲ ਸਿੱਧਾ-ਸਾਦਾ ਸੀ। ਹਾਂ, ਤੂੰ ਆਪਣੇ ਅੱਬੂ 'ਤੇ ਗਈ ਸੈਂ ਜਿਹੜਾ ਬੜਾ ਸੁਣੱਖਾ ਸੀ। ਉਹ ਤਾਂ ਹੁਣ ਵੀ ਬੜਾ ਸੋਹਣਾ ਏਂ ਪਰ ਹੁਣ ਉਸਦਾ ਸੁਹਪੱਣ ਸੋਲਾਂ-ਸਤਾਰਾਂ ਵਰ੍ਹਿਆਂ ਦੀ ਧੂੜ ਨਾਲ ਢਕਿਆ ਗਿਆ ਏ। ਹੁਣ ਵੀ ਉਸਦੀਆਂ ਮੋਟੀਆਂ-ਮੋਟੀਆਂ ਅੱਖਾਂ, ਚੀਰਵੀਂਆਂ ਬਾਦਾਮੀ ਨੇ ਤੇ ਹੁਣ ਵੀ ਉਸਦੇ ਚਿਹਰੇ ਤੇ ਮੁੱਛਾਂ ਦੇ ਰੰਗ 'ਚੋਂ ਸੋਨੇ ਦੀ ਭਾਅ ਮਾਰਦੀ ਏ। ਪਰ ਜਦੋਂ ਤੂੰ ਪੈਦਾ ਹੋਈ ਸੈਂ ਨਾ! ਤਾਂ ਬਿਲਕੁਲ ਮੂਰਤ ਹੁੰਦਾ ਸੀ। ਤੂੰ ਆਈ ਤਾਂ ਉਹ ਡਰ ਗਿਆ ਸੀ ਪਰ ਉਸ ਡਰ ਨੇ ਉਸਦੀ ਸ਼ਕਲ ਨਈਂ ਸੀ ਬਦਲੀ—ਬਸ, ਜ਼ਰਾ ਜਿੰਨੀ ਬੁਝਾ ਦਿੱਤੀ ਸੀ। ਤੇਰੇ ਆਉਣ ਪਿੱਛੋਂ ਮੈਂ ਉਸਦੇ ਮੋਤੀਆਂ ਵਰਗੇ ਦੰਦ ਬੜੇ ਘੱਟ ਦੇਖੇ। ਉਸਦੇ ਪੰਖੜੀਆਂ ਵਰਗੇ ਬੁੱਲ੍ਹ ਹਮੇਸ਼ਾ ਇੰਜ ਭਿਚੇ ਰਹੇ ਜਿਵੇਂ ਖੁੱਲ੍ਹੇ ਤਾਂ ਕੁਛ ਹੋ ਜਾਵੇਗਾ।
ਹੁਣ ਕੁਝ ਚਿਰ ਪਹਿਲਾਂ ਜਦੋਂ ਉਹ ਆਇਆ ਤੇ ਉਸਨੇ ਤੈਨੂੰ ਦੇਖਿਆ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਬਹੁਤ ਵੱਡੇ ਮਹਿਲ ਦੀਆਂ ਨੀਹਾਂ ਬੈਠ ਗਈਆਂ ਹੋਣ। ਉਹ ਇੱਥੇ ਖੜ੍ਹਾ-ਖੜ੍ਹਾ ਈ ਯਕਦਮ ਅੰਦਰੋਂ ਬੁੱਢਾ ਹੋ ਗਿਆ। ਜਦੋਂ ਉਹ ਪਰਤਿਆ ਤਾਂ ਮੈਂ ਡਰੀ ਕਿ ਉਹ ਗਲੀ ਤੱਕ ਪਹੁੰਚਣ ਤੋਂ ਪਹਿਲਾਂ ਈ ਢੇਰ ਹੋ ਜਾਵੇਗਾ। ਪਰ ਹੁਣੇ-ਹੁਣੇ ਮੈਂ ਕੰਧ ਤੋਂ ਝਾਕ ਕੇ ਦੇਖਿਆ ਏ ਤਾਂ ਉਹ ਗਲੀ ਵਿਚ ਬੈਠਾ ਏ ਤੇ ਜਮ੍ਹਾਂ ਹੁੰਦੇ ਲੋਕਾਂ ਨੂੰ ਇੰਜ ਡਰ-ਡਰ ਕੇ, ਤ੍ਰਭਕ ਤ੍ਰਭਕ ਦੇ ਦੇਖ ਰਿਹਾ ਏ ਜਿਵੇਂ ਉਸਦੀ ਚੋਰੀ ਫੜ੍ਹੀ ਗਈ ਹੋਵੇ।
ਤੂੰ ਜਦੋਂ ਤਿੰਨ-ਚਾਰ ਸਾਲ ਦੀ ਹੋ ਕੇ ਦੌੜਨ-ਭੱਜਣ ਲੱਗੀ ਪਈ ਤਾਂ ਦੇਖਣ ਵਾਲਿਆਂ ਨੂੰ ਯਕੀਨ ਨਈਂ ਆਉਂਦਾ ਸੀ ਕਿ ਮਿੱਟੀ ਦਾ ਬਣਿਆਂ ਇਨਸਾਨ ਐਨਾ ਖ਼ੂਬਸੂਰਤ ਵੀ ਹੋ ਸਕਦਾ ਏ! ਇਕ ਵਾਰੀ ਤੂੰ ਡਿੱਗ ਪਈ ਤੇ ਤੇਰੇ ਮੱਥੇ 'ਤੇ ਸੱਟ ਵੱਜੀ, ਮੈਂ ਰੋਂਦਿਆਂ-ਰੋਂਦਿਆਂ ਬੇਹਾਲ ਹੋ ਗਈ, ਪਰ ਤੇਰੇ ਅੱਬੂ ਨੇ ਚਹਿਕ ਕੇ ਕਿਹਾ ਸੀ—“ਖ਼ੁਦਾ ਜੋ ਵੀ ਕਰਦਾ ਏ, ਠੀਕ ਕਰਦਾ ਏ। ਸਾਡੀ ਰਾਣੋ ਧੀ ਦੇ ਮੱਥੇ 'ਤੇ ਸੱਟ ਦੇ ਨਿਸ਼ਾਨ ਨੇ ਉਸਦੀ ਖ਼ੂਬਸੂਰਤੀ ਨੂੰ ਦਾਗ਼ਦਾਰ ਕਰ ਦਿੱਤਾ ਏ।” ਪਰ ਖ਼ੁਦਾ ਨੂੰ ਕੁਛ ਹੋਰ ਮੰਜੂਰ ਸੀ। ਸੱਟ ਦਾ ਨਿਸ਼ਾਨ ਤਾਂ ਬਾਕੀ ਰਹਿ ਗਿਆ ਪਰ ਇਹ ਨਿਸ਼ਾਨ ਬਿਲਕੁਲ ਨਵੇਂ ਚੰਦ ਵਰਗਾ ਸੀ। ਲਾਲ-ਲਾਲ ਜਿਹਾ ਵੀ ਸੀ ਤੇ ਸੁਨਹਿਰੀ-ਸੁਨਹਿਰੀ ਜਿਹਾ ਵੀ...ਜਿਹੜਾ ਹੁਣ ਮੇਰੀ ਜਾਨ ਪੀਲਾ-ਪੀਲਾ ਜਿਹਾ ਲੱਗ ਰਿਹਾ ਏ।
ਫੇਰ ਜਦੋਂ ਤੂੰ ਪੰਜ ਸਾਲ ਦੀ ਹੋਈ ਤਾਂ ਮੈਂ ਕੁਰਾਨ ਸ਼ਰੀਫ਼ ਪੜ੍ਹਾਉਣ ਲਈ ਤੈਨੂੰ ਬੀਬੀ-ਜੀ ਕੋਲ ਬਿਠਾਲ ਦਿੱਤਾ। ਉਦੋਂ ਪਤਾ ਲੱਗਿਆ ਕਿ ਤੇਰੀ ਆਵਾਜ਼ ਵੀ ਤੇਰੇ ਵਾਂਗ ਖ਼ੂਬਸੂਰਤ ਏ। ਬੀਬੀ-ਜੀ ਦੇ ਘਰ ਦੀਆਂ ਕੰਧਾਂ ਅੰਦਰੋਂ ਕੁਰਾਨ ਸ਼ਰੀਫ਼ ਪੜ੍ਹਨ ਵਾਲੀਆਂ ਬੱਚੀਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਤਾਂ ਉਹਨਾਂ 'ਚੋਂ ਮੇਰੀ ਰਾਣੋ ਧੀ ਦੀ ਆਵਾਜ਼ ਸਾਫ਼ ਪਛਾਣੀ ਜਾਂਦੀ ਸੀ। ਤੇਰੀ ਆਵਾਜ਼ ਵਿਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਸੀ। ਅਜਿਹੀ ਟੁਣਕ ਕਿ ਤੂੰ ਚੁੱਪ ਵੀ ਹੋ ਜਾਂਦੀ ਸੈਂ ਤਦ ਵੀ ਚਾਰੇ ਪਾਸੇ ਟੁਣਕਦੀ ਰਹਿੰਦੀ ਸੀ। ਫੇਰ ਇੰਜ ਹੋਇਆ ਕਿ ਪਹਿਲਾਂ ਤੂੰ 'ਆਯਤ' (ਕੁਰਾਨ ਦਾ ਇਕ ਵਾਕ) ਪੜ੍ਹਦੀ ਸੀ ਤੇ ਤੇਰੇ ਪਿੱਛੋਂ ਤੇਰੀਆਂ ਸਾਥਨਾਂ ਦੀ ਆਵਾਜ਼ ਆਉਂਦੀ ਸੀ। ਇੰਜ ਜਦੋਂ ਤੂੰ ਇਕੱਲੀ ਪੜ੍ਹ ਰਹੀ ਹੁੰਦੀ ਸੈਂ ਤਾਂ ਗਲੀ 'ਚੋਂ ਲੰਘਣ ਵਾਲਿਆਂ ਦੇ ਪੈਰ ਰੁਕ ਜਾਂਦੇ ਸੀ ਤੇ ਚਿੜੀਆਂ ਦੇ ਝੁੰਡ ਬਨੇਰਿਆਂ 'ਤੇ ਉੱਤਰ ਆਉਂਦੇ ਸੀ। ਇਕ ਵਾਰੀ ਮਜ਼ਾਰ ਸਾਈਂ ਦੂਲ੍ਹੇ ਸ਼ਾਹ ਦੇ ਮਜਾਵਰ (ਦਰਗਾਹ ਦਾ ਸੇਵਾਦਾਰ) ਸਾਈਂ ਹਜ਼ਰਤ ਸ਼ਾਹ ਇੱਧਰੋਂ ਦੀ ਲੰਘੇ ਤੇ ਤੇਰੀ ਆਵਾਜ਼ ਸੁਣ ਕੇ ਕਿਹਾ ਸੀ, “ਇਹ ਕੌਣ ਲੜਕੀ ਏ ਜੀਹਦੀ ਆਵਾਜ਼ ਵਿਚ ਅਸੀਂ ਫਰਿਸ਼ਤਿਆਂ ਦੇ ਖੰਭਾਂ ਦੀ ਫੜਫੜਾਹਟ ਸੁਣ ਰਹੇ ਆਂ।” ਤੇ ਜਦੋਂ ਤੈਨੂੰ ਪਤਾ ਲੱਗਿਆ ਕਿ ਸਾਈਂ ਹਜ਼ਰਤ ਸ਼ਾਹ ਨੇ ਇਹ ਕਿਹਾ ਏ ਤਾਂ ਤੂੰ ਐਨੀ ਖ਼ੁਸ਼ ਹੋਈ ਕਿ ਰੋਣ ਲੱਗ ਪਈ ਸੈਂ।
ਉਦੋਂ ਇੰਜ ਹੋਇਆ ਕਿ ਔਰਤਾਂ ਪਾਣੀ ਦੇ ਭਰੇ ਭਾਂਡੇ ਲਿਆਉਂਦੀਆਂ ਤੇ ਤੇਰੀ ਤਿਲਾਵਤ (ਕੁਰਾਨ ਸ਼ਰੀਫ਼ ਦਾ ਪਾਠ) ਖ਼ਤਮ ਹੋਣ ਦੀ ਉਡੀਕ ਕਰਦੀਆਂ ਰਹਿੰਦੀਆਂ। ਤੂੰ ਕੁਰਾਨ ਸ਼ਰੀਫ਼ ਬੰਦ ਕਰਕੇ ਉਠਦੀ ਤੇ “ਬਰਕਤ ਸਾਈਂ ਦੂਲ੍ਹੇ ਸ਼ਾਹ ਜੀ” ਕਹਿੰਦੀ ਹੋਈ ਉਹਨਾਂ ਭਾਂਡਿਆਂ 'ਤੇ “ਛੂ” ਕਰਦੀ ਤੇ ਔਰਤਾਂ ਇਹ ਪਾਣੀ ਆਪਣੇ ਪਿਆਰਿਆਂ ਨੂੰ ਪਿਆਉਂਦੀਆਂ ਤਾਂ ਬਿਮਾਰ ਚੰਗੇ-ਭਲ਼ੇ ਹੋ ਜਾਂਦੇ। ਬੇ-ਨਮਾਜ, ਨਮਾਜੀ ਹੋ ਜਾਂਦੇ।
ਉਹਨੀਂ ਦਿਨੀਂ ਮੈਨੂੰ ਇੰਜ ਲੱਗਣ ਲੱਗਾ ਜਿਵੇਂ ਤੂੰ ਨੂਰ ਦੀ ਬਣੀ ਹੋਈ ਤਾਂ ਹਮੇਸ਼ਾ ਤੋਂ ਏਂ ਪਰ ਹੁਣ ਤੂੰ ਬੀਬੀ-ਜੀ ਦੇ ਘਰੋਂ ਵਾਪਸ ਘਰ ਆਉਂਦੀ ਏਂ ਤਾਂ ਤੇਰੇ ਚਿਹਰੇ 'ਤੇ ਮੇਰੀਆਂ ਨਜ਼ਰਾਂ ਨਈਂ ਟਿਕਦੀਆਂ ਜਿਵੇਂ ਸੂਰਜ 'ਤੇ ਨਈਂ ਟਿਕ ਸਕਦੀਆਂ।
ਖ਼ੁਦਾ ਤੇ ਰਸੂਲ ਦੇ ਬਾਅਦ ਤੂੰ ਸਾਈਂ ਦੂਲ੍ਹੇ ਸ਼ਾਹ ਜੀ ਦਾ ਨਾਂ ਜਪਦੀ ਰਹਿੰਦੀ ਸੈਂ...ਇਸੇ ਲਈ ਤਾਂ ਤੇਰਾ ਅੱਬਾ ਇਕ ਵਾਰੀ ਤੈਨੂੰ ਸਾਈਂ ਦੂਲ੍ਹੇ ਸ਼ਾਹ ਜੀ ਦੇ ਮਜ਼ਾਰ 'ਤੇ ਸਲਾਮ ਵੀ ਕਰਵਾ ਲਿਆ ਸੀ।
ਕੁਰਾਨ-ਸ਼ਰੀਫ਼ ਤੂੰ ਐਨਾ ਪੜ੍ਹਿਆ ਮੇਰੇ ਜਿਗਰ ਦੀ ਬੋਟੀ ਕਿ ਹੁਣ ਵੀ ਜਦੋਂ ਚਾਰੇ-ਪਾਸੇ ਸੰਨਾਟਾ ਏ, ਸਿਰਫ਼ ਇੱਧਰੋਂ-ਉੱਧਰੋਂ ਸਿਸਕੀਆਂ ਦੀ ਆਵਾਜ਼ ਆ ਜਾਂਦੀ ਏ, ਮੈਂ ਤੇਰੇ ਆਸੇ-ਪਾਸੇ ਤੇਰੀ ਆਵਾਜ਼ 'ਚ ਕੁਰਾਨ ਸ਼ਰੀਫ਼ ਦਾ ਪਾਠ ਸੁਣ ਰਹੀ ਆਂ। ਤੇਰੇ ਬੁੱਲ੍ਹ ਨਈਂ ਹਿੱਲ ਰਹੇ ਪਰ ਮੈਂ ਆਪਣੇ ਦੁੱਧ ਦੀ ਸਹੁੰ ਖਾ ਕੇ ਕਹਿੰਦੀ ਆਂ ਕਿ ਇਹ ਆਵਾਜ਼ ਤੇਰੀ ਏ। ਜ਼ਮੀਨ 'ਤੇ ਅਜਿਹੀ ਸੁਰੀਲੀ ਆਵਾਜ਼ ਮੇਰੀ ਰਾਣੋ ਦੇ ਸਿਵਾਏ ਹੋਰ ਕਿਸ ਦੀ ਹੋ ਸਕਦੀ ਏ!
ਇਕ ਦਿਨ ਜਦੋਂ ਤੇਰੇ ਚਾਚੇ ਦੀਨ ਮੁਹੰਮਦ ਦੀ ਬੀਵੀ ਆਪਣੇ ਮੁੰਡੇ ਲਈ ਤੇਰਾ ਰਿਸ਼ਤਾ ਮੰਗਣ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਤੂੰ ਵਿਆਹ ਦੀ ਉਮਰ ਨੂੰ ਪਹੁੰਚ ਗਈ ਏਂ। ਮਾਂਵਾਂ ਤਾਂ ਧੀ ਦੇ ਸਿਰ 'ਤੇ ਚੁੰਨੀ ਲੈਂਦਿਆਂ ਈ ਸਮਝ ਜਾਂਦੀਆਂ ਨੇ ਕਿ ਵਕਤ ਆ ਰਿਹਾ ਏ, ਪਰ ਤੇਰੇ ਬਾਰੇ 'ਚ ਮੈਂ ਸੋਚ ਈ ਨਾ ਸਕੀ। ਤੂੰ ਸੋਚਣ ਦੀ ਮੋਹਲਤ ਨਈਂ ਦਿੱਤੀ। ਮੈਂ ਤੇਰੇ ਅੱਬਾ ਨਾਲ ਆਪਣੀ ਇਸ ਬੇਖ਼ਬਰੀ ਦੀ ਗੱਲ ਕੀਤੀ ਤਾਂ ਉਹ ਬੋਲਿਆ, “ਤੂੰ ਤਾਂ ਸਦਾ ਦੀ ਬੇਖ਼ਬਰੀ ਏਂ ਪਰ ਮੈਂ ਏਡਾ ਬੇਖ਼ਬਰ ਨਈਂ ਆਂ। ਬਸ, ਗੱਲ ਇਹ ਐ ਕਿ ਮੈਨੂੰ ਕੁੜੀ ਤੋਂ ਡਰ ਲੱਗਦਾ ਏ। ਉਸ ਨਾਲ ਵੀ ਤਾਂ ਗੱਲ ਕਰ। ਉਸਨੇ ਤਾਂ ਜਿਵੇਂ ਆਪਣਾ ਸਭ ਕੁਛ ਮੌਲਾ ਦੀ ਰਾਹ 'ਤੇ ਤਜ ਦਿੱਤਾ ਏ।”
ਉਦੋਂ ਪਹਿਲੀ ਵਾਰੀ ਮੈਨੂੰ ਵੀ ਤੈਥੋਂ ਭੈਅ ਆਇਆ। ਮੈਂ ਸੋਚਿਆ, ਜੇ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਕੀਤੀ ਤਾਂ ਕਿਤੇ ਤੈਨੂੰ ਗੁੱਸਾ ਨਾ ਆ ਜਾਵੇ, ਪਰ ਫੇਰ ਉਸੇ ਸ਼ਾਮ ਸਾਈਂ ਹਜ਼ਰਤ ਸ਼ਾਹ ਦਾ ਇਕ ਖਾਦਿਮ (ਸੇਵਾਦਾਰ) ਆਇਆ ਤੇ ਉਸਨੇ ਦੱਸਿਆ ਕਿ ਕਲ੍ਹ ਤੋਂ ਸਾਈਂ ਦੂਲ੍ਹੇ ਸ਼ਾਹ ਜੀ ਦਾ ਉਰਸ ਏ ਜਿਹੜਾ ਤਿੰਨ ਦਿਨ ਤੱਕ ਚੱਲੇਗਾ ਤੇ ਸਾਈ ਹਜ਼ਰਤ ਸ਼ਾਹ ਨੇ ਸੁਪਨੇ ਵਿਚ ਸਾਈਂ ਦੂਲ੍ਹੇ ਸ਼ਾਹ ਜੀ ਨੂੰ ਦੇਖਿਆ ਏ ਤੇ ਇਹ ਫਰਮਾਉਂਦੇ ਸੁਣਿਆਂ ਏ ਕਿ ਮੇਰੀ ਚੇਲੀ ਰਾਣੋ ਨੂੰ ਬੁਲਾਅ ਕੇ ਤਿੰਨ ਦਿਨ ਤੱਕ ਉਸ ਤੋਂ ਮੇਰੇ ਮਜ਼ਾਰ 'ਤੇ ਕੁਰਾਨ ਸ਼ਰੀਫ਼ ਦੀ ਤਿਲਾਵਤ ਕਰਵਾਓ ਵਰਨਾ ਸਾਰਿਆਂ ਨੂੰ ਭਸਮ ਕਰ ਦਿਆਂਗਾ। ਤੂੰ ਜਾਣਦੀ ਸੈਂ ਧੀਏ ਕਿ ਸਾਈਂ ਦੂਲ੍ਹੇ ਸ਼ਾਹ ਜੀ ਬੜੇ ਜਲਾਲ (ਗੁੱਸੇ) ਵਾਲੇ ਸਾਈਂ ਸਨ। ਜ਼ਿੰਦਗੀ ਵਿਚ ਜਿਸਨੇ ਵੀ ਉਹਨਾਂ ਦੇ ਵਿਰੁੱਧ ਕੋਈ ਗੱਲ ਕੀਤੀ, ਉਸਨੂੰ ਬਸ ਇਕ ਨਜ਼ਰ ਭਰ ਕੇ ਦੇਖਿਆ ਤੇ ਰਾਖ ਕਰ ਦਿੱਤਾ। ਮਰਨ ਪਿੱਛੋਂ ਉਹਨਾਂ ਦੀ ਦਰਗਾਹ ਵਿੱਚ ਜਾਂ ਉਸਦੇ ਆਸੇ-ਪਾਸੇ ਕੋਈ ਬੁਰੀ ਗੱਲ ਹੋ ਜਾਵੇ ਤਾਂ ਉਹਨਾਂ ਦਾ ਮਜਾਰ ਸ਼ਰੀਫ਼ ਸਿਰਹਾਣੇ ਵਾਲੇ ਪਾਸਿਓਂ ਖੁੱਲ੍ਹ ਜਾਂਦਾ ਏ ਤੇ ਉਸ ਵਿਚੋਂ ਉਹਨਾਂ ਦਾ ਪਵਿੱਤਰ ਹੱਥ ਨਿਕਲਦਾ ਏ। ਬੁਰਾ ਕੰਮ ਜਾਂ ਬੁਰੀ ਗੱਲ ਕਰਨ ਵਾਲਾ ਜਿੱਥੇ ਵੀ ਹੋਵੇ, ਖਿੱਚਿਆ ਆਉਂਦਾ ਏ। ਆਪਣੀ ਗਰਦਨ ਸਾਈਂ ਜੀ ਦੇ ਪਵਿੱਤਰ ਹੱਥ 'ਚ ਦੇ ਦੇਂਦਾ ਏ ਤੇ ਫੇਰ ਉੱਥੇ ਈ ਢੇਰ ਹੋ ਜਾਂਦਾ ਏ। ਸਾਈਂ ਜੀ ਦਾ ਪਵਿੱਤਰ ਹੱਥ ਵਾਪਸ ਮਜਾਰ-ਸ਼ਰੀਫ਼ 'ਚ ਚਲਾ ਜਾਂਦਾ ਏ ਤੇ ਮਜਾਰ-ਸ਼ਰੀਫ਼ ਦੀਆਂ ਕੰਧਾਂ ਇੰਜ ਜੁੜ ਜਾਂਦੀਆਂ ਨੇ ਜਿਵੇਂ ਕਦੀ ਖੁੱਲ੍ਹੀਆਂ ਈ ਨਾ ਹੋਣ।
ਕੀਹਦੀ ਮਜਾਲ ਸੀ ਕਿ ਸਾਈਂ ਦੂਲ੍ਹੇ ਸ਼ਾਹ ਜੀ ਦਾ ਹੁਕਮ ਨਾ ਮੰਨਦਾ। ਦੂਜੇ ਦਿਨ ਅਸੀਂ ਤਿੰਨੇ ਇਕ ਊਠ 'ਤੇ ਕੁਜਾਵੇ 'ਚ ਬੈਠੇ ਦਰਗਾਹ ਸਾਈਂ ਦੂਲ੍ਹੇ ਸ਼ਾਹ ਜੀ ਵੱਲ ਜਾ ਰਹੇ ਸਾਂ। ਮੈਂ ਕੁਜਾਵੇ ਦੇ ਇਕ ਪਾਸੇ ਸਾਂ ਤੇ ਤੂੰ ਮੇਰੀ ਜਾਨ! ਕੁਜਾਵੇ ਦੇ ਦੂਜੇ ਪਾਸੇ ਤੇ ਵਿਚਕਾਰ ਊਠ ਦੇ ਪਲਾਨ 'ਤੇ ਤੇਰਾ ਅੱਬਾ ਬੈਠਾ ਸੀ। ਊਠ ਜਿਉਂ ਈ ਉੱਠਿਆ ਤੇ ਚੱਲਣ ਲੱਗਾ ਸੀ ਤਾਂ ਤੂੰ ਕੁਰਾਨ ਸ਼ਰੀਫ਼ ਦੀਆਂ ਤਿਲਾਵਤਾਂ ਸ਼ੁਰੂ ਕਰ ਦਿੱਤੀਆਂ ਸਨ। ਤੇ ਮੇਰੀ ਪਾਕ ਤੇ ਨੇਕ ਬੱਚੀ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਸਾਡਾ ਊਠ ਜਿੱਥੋਂ ਵੀ ਲੰਘਦਾ ਸੀ ਲੋਕ ਦੂਰ-ਦੂਰ ਤੋਂ ਖਿੱਚੇ ਤੁਰੇ ਆਉਂਦੇ ਸੀ। ਉਹ ਸਾਡੇ ਨਾਲ-ਨਾਲ ਤੁਰ ਰਹੇ ਸੀ ਤੇ ਰੋ ਰਹੇ ਸੀ ਤੇ ਸੁਬਹਾਨ-ਅੱਲਾ, ਸੁਬਹਾਨ-ਅੱਲਾ ਕਰ ਰਹੇ ਸੀ। ਕੁਜਾਵੇ ਦੇ ਉੱਪਰ ਚਿੜੀਆਂ, ਮੜਕੀਆਂ ਤੇ ਕਬੂਤਰਾਂ ਦੇ ਝੁੰਡ ਆਉਂਦੇ ਸਨ ਤੇ ਗੋਤਾ ਲਾ ਕੇ ਜਿਵੇਂ ਮੇਰੀ ਬੱਚੀ ਦੀ ਆਵਾਜ਼ ਦਾ ਸ਼ਰਬਤ ਪੀ ਕੇ ਨੱਚਦੇ-ਤੈਰਦੇ ਹੋਏ ਦੂਰ ਨਿਕਲ ਜਾਂਦੇ ਸਨ ਤੇ ਮੈਂ ਸੋਚਦੀ ਸਾਂ ਕਿ ਇਹ ਸਾਡੀ ਪਾਪੀਆਂ ਦੀ ਕਿਸ ਨੇਕੀ ਦਾ ਫ਼ਲ ਏ ਕਿ ਖ਼ੁਦਾ ਨੇ ਸਾਨੂੰ ਅਜਿਹੀ ਧੀ ਦਿੱਤੀ ਏ ਜਿਹੜੀ ਧਰਤੀ 'ਤੇ ਕੁਰਾਨ ਸ਼ਰੀਫ਼ ਦਾ ਪਾਠ ਕਰਦੀ ਏ ਤਾਂ ਉਸਦੀ ਆਵਾਜ਼ ਆਸਮਾਨ ਤੱਕ ਪਹੁੰਚ ਜਾਂਦੀ ਏ। ਆਸਮਾਨ ਦਾ ਖ਼ਿਆਲ ਮੈਨੂੰ ਇੰਜ ਆਉਂਦਾ ਸੀ ਕਿ ਇਕ ਵਾਰੀ ਤੇਰੇ ਅੱਬਾ ਨੇ ਪਾਲਾਨ 'ਚੋਂ ਝੁਕ ਕੇ ਮੇਰੇ ਕੰਨ ਵਿਚ ਹੌਲੀ-ਜਿਹੀ ਕਿਹਾ ਸੀ—“ਉੱਪਰ ਦੇਖ, ਇਹ ਕੇਹੇ ਨੂਰਾਨੀ ਪਰਿੰਦੇ ਨੇ ਜਿਹੜੇ ਸਾਡੇ ਨਾਲ-ਨਾਲ ਉੱਡ ਰਹੇ ਨੇ। ਮੈਂ ਇਹਨਾਂ ਇਲਾਕਿਆਂ 'ਚ ਅਜਿਹੇ ਪਰਿੰਦੇ ਕਦੀ ਨਈਂ ਦੇਖੇ ਕਿ ਉਹਨਾਂ ਦੇ ਖੰਭਾਂ 'ਚ ਸਿਤਾਰੇ ਚਮਕਦੇ ਹੋਣ। ਇਹ ਤਾਂ ਆਸਮਾਨ ਤੋਂ ਉਤਰ ਕੇ ਆਉਣ ਵਾਲੇ ਫਰਿਸ਼ਤੇ ਜਾਪਦੇ ਨੇ।” ਤੇ ਮੇਰੀਆਂ ਅੱਖਾਂ ਦੀ ਨੂਰ ਬੱਚੀ! ਮੈਂ ਤੇਰੀ ਜਾਹਿਲ ਮਾਂ ਸਹੁੰ ਖਾ ਕੇ ਕਹਿ ਸਕਦੀ ਆਂ ਕਿ ਉਹ ਫਰਿਸ਼ਤੇ ਈ ਸਨ। ਕੁਝ ਇਹੋ-ਜਿਹੇ ਜਿਵੇਂ ਨਿੱਕੇ-ਨਿੱਕੇ ਬੱਚਿਆਂ ਦੇ ਖੰਭ ਲੱਗ ਗਏ ਹੋਣ ਤੇ ਉਹ ਹਵਾ ਵਿਚ ਹੁਮਕਦੇ ਫਿਰਦੇ ਹੋਣ ਤੇ ਉਹ ਮੇਰੀ ਪਹੁੰਚੀ ਹੋਈ ਧੀ ਤੋਂ ਕੁਰਾਨ ਸ਼ਰੀਫ਼ ਦਾ ਪਾਠ ਸੁਣਨ ਆਏ ਹੋਣ।
ਫੇਰ ਜਦੋਂ ਦਰਗਾਹ ਸਾਈਂ ਦੂਲ੍ਹੇ ਸ਼ਾਹ ਜੀ ਦੇ ਕੋਲ ਸਾਡਾ ਊਠ ਬੈਠਿਆ ਸੀ ਤਾਂ ਜਿਵੇਂ ਤੂੰ ਭੁੱਲ ਗਈ ਸੈਂ ਕਿ ਤੇਰੇ ਨਾਲ ਤੇਰੇ ਮਾਂ-ਪਿਓ ਵੀ ਨੇ। ਤੂੰ ਮਜਾਰ ਸ਼ਰੀਫ਼ ਵੱਲ ਇੰਜ ਖਿੱਚੀਦੀ ਤੁਰ ਗਈ ਸੈਂ ਜਿਵੇਂ ਸਾਈਂ ਦੂਲ੍ਹੇ ਸ਼ਾਹ ਜੀ ਤੇਰੀ ਉਂਗਲ ਫੜ੍ਹ ਕੇ ਤੈਨੂੰ ਆਪਣੇ ਘਰ ਲਈ ਜਾ ਰਹੇ ਹੋਣ।
ਮਜਾਰ ਸ਼ਰੀਫ਼ ਨੂੰ ਚੁੰਮ ਕੇ ਉਸਦੇ ਇਕ ਪਾਸੇ ਬੈਠ ਕੇ ਤੂੰ ਕੁਰਾਨ ਸ਼ਰੀਫ਼ ਦੀ ਤਿਲਾਵਤ ਸ਼ੁਰੂ ਕਰ ਦਿੱਤੀ ਸੀ ਤੇ ਤੇਰੀ ਆਵਾਜ਼ ਦੀ ਮਿਠਾਸ ਚਖਣ ਲਈ ਉਸ 'ਤੇ ਆਉਣ ਵਾਲੇ ਲੋਕ ਮਜਾਰ ਸ਼ਰੀਫ਼ ਦੁਆਲੇ ਜੁੜ ਗਏ ਸਨ। ਅਸੀਂ ਦੋਵਾਂ ਨੇ ਮਜਾਰ ਸ਼ਰੀਫ਼ ਨੂੰ ਆਪਣੇ ਪੋਰਾਂ ਨਾਲ ਛੂਹਿਆ ਤੇ ਫੇਰ ਆਪਣੇ ਪੋਰ ਚੁੰਮ ਲਏ। ਫੇਰ ਅਸੀਂ ਸਾਈਂ ਹਜਰਤ ਸ਼ਾਹ ਦੀ ਸੇਵਾ 'ਚ ਉਹਨਾਂ ਦੇ ਚਰਣਾਂ ਨੂੰ ਛੂਹਣ ਤੇ ਪਵਿੱਤਰ ਹੱਥ ਨੂੰ ਚੁੰਮਣ ਪਹੁੰਚੇ ਸੀ ਤੇ ਉਹਨਾ ਨੇ ਫਰਮਾਇਆ ਸੀ, “ਆਪਣੀ ਬੇਟੀ ਨੂੰ ਸਾਈਂ ਜੀ ਦੇ ਕਦਮਾਂ ਵਿੱਚ ਬਿਠਾਅ ਕੇ ਤੁਸੀਂ ਆਪਣੇ ਅਗਲੇ-ਪਿਛਲੇ ਗੁਨਾਹ ਮੁਆਫ਼ ਕਰਾ ਲਏ ਨੇ। ਤੁਸੀਂ ਇੰਸ਼ਾ ਅੱਲਾ ਜੱਨਤੀ ਓਂ।” ਇਹ ਸੁਣ ਕੇ ਖ਼ੁਸ਼ੀ ਨਾਲ ਸਾਡੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ। ਫੇਰ ਅਸੀਂ ਅੰਦਰ ਜਾ ਕੇ ਬੀਬੀਆਂ ਨੂੰ ਸਲਾਮ ਕੀਤਾ ਤੇ ਤੈਨੂੰ ਮੇਰੀ ਜਾਨ ਸਾਈਂ ਦੂਲ੍ਹੇ ਸ਼ਾਹ ਜੀ ਤੇ ਹਜਰਤ ਸ਼ਾਹ ਜੀ ਤੇ ਉਹਨਾਂ ਦੇ ਘਰਾਨੇ ਦੀਆਂ ਬੀਬੀਆਂ ਦੀ ਇਮਾਨਤ 'ਚ ਦੇ ਕੇ ਅਸੀਂ ਦੋਵੇਂ ਇਹ ਕਹਿ ਕੇ ਪਿੰਡ ਆ ਗਏ ਕਿ ਉਰਸ ਦੇ ਤਿੰਨ ਦਿਨ ਬੀਤਣ ਪਿੱਛੋਂ ਅਗਲੇ ਦਿਨ ਅਸੀਂ ਆਪਣੀ ਇਸ ਨਿਆਮਤ (ਰੱਬੀ ਦਾਤ) ਨੂੰ ਲੈਣ ਹਾਜ਼ਰ ਹੋ ਜਾਵਾਂਗੇ ਜਿਹੜੀ ਖ਼ੁਦਾ ਨੇ ਤੇ ਉਸਦੇ ਹਬੀਬ-ਏ-ਪਾਕ ਨੇ ਸਾਡੀ ਗਰੀਬਾਂ ਤੇ ਪਾਪੀਆਂ ਦੀ ਕਿਸੇ ਸਿੱਧੀ-ਸਾਦੀ ਨੇਕੀ ਤੋਂ ਖ਼ੁਸ਼ ਹੋ ਕੇ ਬਖ਼ਸ਼ੀ ਏ।
ਨੀਂ ਮੇਰੀ ਬੱਚੀਏ, ਨੀਂ ਮੇਰੇ ਜਿਗਰ ਦੀ ਬੋਟੀਏ, ਨੀਂ ਮੇਰੀ ਸਾਫ਼-ਸੁਥਰੀ ਰਾਣੋ ਧੀਏ! ਫੇਰ ਜਦੋਂ ਤੀਜੇ ਦਿਨ ਬਾਅਦ ਅਸੀਂ ਦੋਵੇਂ ਸਾਈਂ ਦੂਲ੍ਹੇ ਸ਼ਾਹ ਜੀ ਦੇ ਮਜਾਰ 'ਤੇ ਗਏ ਤਾਂ ਤੂੰ ਉੱਥੇ ਬੈਠੀ ਸੈਂ ਜਿੱਥੇ ਅਸੀਂ ਤੈਨੂੰ ਬੈਠਾਅ ਗਏ ਸੀ। ਪਰ ਕੀ ਇਹ ਤੂੰ ਈ ਸੈਂ? ਤੇਰੀਆਂ ਅੱਖਾਂ ਦੀਆਂ ਪੁਤਲੀਆਂ ਫ਼ੈਲ ਗਈਆਂ ਸਨ। ਤੇਰੇ ਬੁੱਲ੍ਹਾਂ 'ਤੇ ਜੰਮੇ ਖ਼ੂਨ ਦੀਆਂ ਪੇਪੜੀਆਂ ਸਨ। ਤੇਰੇ ਵਾਲ ਖਿੱਲਰੇ ਹੋਏ ਸਨ। ਚਾਦਰ ਤੇਰੇ ਸਿਰ ਤੋਂ ਲੱਥੀ ਹੋਈ ਸੀ ਪਰ ਆਪਣੇ ਅੱਬੂ ਨੂੰ ਦੇਖ ਕੇ ਵੀ ਤੈਨੂੰ ਆਪਣਾ ਸਿਰ ਢਕਣ ਦਾ ਖ਼ਿਆਲ ਨਈਂ ਸੀ ਆਇਆ। ਤੇਰਾ ਰੰਗ ਮਿੱਟੀ-ਮਿੱਟੀ ਹੋਇਆ-ਹੋਇਆ ਸੀ। ਤੇ ਸਾਨੂੰ ਦੇਖਦੇ ਈ ਤੂੰ ਚੀਕ ਪਈ ਸੈਂ—“ਮੈਥੋਂ ਦੂਰ ਰਹੋ ਅੱਬਾ, ਮੇਰੇ ਕੋਲ ਨਾ ਆਵੀਂ ਅੰਮਾਂ, ਮੈਂ ਉਦੋਂ ਤੱਕ ਇੱਥੇ ਰਹਾਂਗੀ ਜਦੋਂ ਤੱਕ ਸਾਈਂ ਦੂਲ੍ਹੇ ਸ਼ਾਹ ਜੀ ਦਾ ਮਜਾਰ ਸ਼ਰੀਫ਼ ਨਈਂ ਖੁੱਲ੍ਹਦਾ ਤੇ ਉਸ ਵਿੱਚੋਂ ਉਹਨਾਂ ਦਾ ਪਵਿੱਤਰ ਹੱਥ ਨਈਂ ਨਿਕਲਦਾ। ਜਦੋਂ ਤੱਕ ਫ਼ੈਸਲਾ ਨਈਂ ਹੁੰਦਾ, ਮੈਂ ਇੱਥੇ ਈ ਰਹਾਂਗੀ। ਤੇ ਮਜਾਰ ਸ਼ਰੀਫ਼ ਖੁੱਲ੍ਹੇਗਾ, ਅੱਜ ਨਈਂ ਤਾਂ ਕਲ੍ਹ ਖੁੱਲ੍ਹੇਗਾ। ਇਕ ਮਹੀਨੇ ਬਾਅਦ, ਇਕ ਸਾਲ ਬਾਅਦ, ਦੋ ਸਾਲ ਬਾਅਦ ਸਹੀ...ਪਰ ਮਜਾਰ ਸ਼ਰੀਫ਼ ਜ਼ਰੂਰ ਖੁੱਲ੍ਹੇਗਾ ਤੇ ਪਵਿੱਤਰ ਹੱਥ ਜ਼ਰੂਰ ਨਿਕਲੇਗਾ। ਓਦੋਂ ਮੈਂ ਖ਼ੁਦ ਆਪਣੇ ਅੱਬੂ ਤੇ ਅੰਮਾਂ ਦੇ ਕਦਮਾਂ 'ਚ ਚਲੀ ਜਾਵਾਂਗੀ ਤੇ ਸਾਰੀ ਉਮਰ ਉਹਨਾਂ ਦੀਆਂ ਜੁੱਤੀਆਂ ਸਿੱਧੀਆਂ ਕਰਾਂਗੀ ਤੇ ਉਹਨਾਂ ਦੇ ਪੈਰ ਧੋ-ਧੋ ਪੀਵਾਂਗੀ। ਪਰ ਹੁਣ ਮੈਂ ਨਈਂ ਆ ਸਕਦੀ। ਮੈਂ ਵੱਝ ਗਈ ਆਂ। ਮੈਂ ਮਰ ਗਈ ਆਂ।” ਫੇਰ ਯਕਦਮ ਤੇਰੀ ਭੁੱਬ ਨਿਕਲ ਗਈਆਂ ਸੀ ਤੇ ਪਰ ਤੂੰ ਯਕਦਮ ਆਪਣੇ ਅੱਥਰੂ ਡੱਕ ਲਏ ਸਨ ਤੇ ਭਰੜਾਈ ਹੋਈ ਆਵਾਜ਼ 'ਚ ਤਿਲਾਵਤ ਕਰਨ ਲੱਗ ਪਈ ਸੈਂ ਤੂੰ। ਆਸੇ-ਪਾਸੇ ਖੜ੍ਹੇ ਕਈ ਲੋਕ ਸਾਡੇ ਨਾਲ-ਨਾਲ ਰੋਣ ਲੱਗ ਪਏ ਸਨ ਤੇ ਕਹਿਣ ਲੱਗੇ ਸਨ—“ਅਸਰ ਆ ਗਿਆ ਏ। ਦਿਨ-ਰਾਤ ਮਜਾਰ ਸ਼ਰੀਫ਼ 'ਤੇ ਰਹਿਣ ਕਰਕੇ ਇਸ 'ਚ ਕੋਈ ਕਸਰ ਆ ਗਈ ਏ।”
ਤੇਰੇ ਅੱਬੂ ਨੇ ਫਰਿਆਦ ਕੀਤੀ ਸੀ—“ਅਸਰ ਆ ਗਿਆ ਏ...ਕਸਰ ਆ ਗਈ ਐ? ਦਿਨ-ਰਾਤ ਕੁਰਾਨ ਸ਼ਰੀਫ਼ ਦੀ ਤਿਲਾਵਤ ਕਰਨ ਵਾਲੀ ਕੁੜੀ 'ਚ ਕੋਈ ਕਸਰ ਕਿੰਜ ਆ ਸਕਦੀ ਐ? ਤੇ ਜੇ ਤੁਸੀਂ ਕਹਿੰਦੇ ਓਂ ਕਿ ਕਸਰ ਆ ਗਈ ਏ ਤਾਂ ਸਾਈਂ ਹਜਰਤ ਸ਼ਾਹ ਕਿੱਥੇ ਨੇ?” ਉਹ ਰੋਂਦਾ ਹੋਇਆ ਸਾਈਂ ਹਜਰਤ ਸ਼ਾਹ ਵੱਲ ਤੁਰ ਪਿਆ ਸੀ ਤੇ ਮੈਂ ਵਿਲਕਦੀ ਹੋਈ ਉਸਦੇ ਪਿੱਛੇ-ਪਿੱਛੇ ਸਾਂ...ਪਰ ਸਾਨੂੰ ਖਾਦਿਮ ਨੇ ਦੱਸਿਆ ਕਿ ਸਾਈਂ ਜੀ ਤਾਂ ਉਰਸ ਦੇ ਫ਼ੌਰਨ ਬਾਅਦ ਇਕ ਕੋਠੜੀ 'ਚ ਬੰਦ ਹੋ ਕੇ ਬੈਠ ਜਾਂਦੇ ਨੇ ਤੇ ਕਈ ਦਿਨ ਤੱਕ ਵਜੀਫ਼ਾ (ਜਪ) ਫਰਮਾਉਂਦੇ ਰਹਿੰਦੇ ਨੇ ਤੇ ਕਿਸੇ ਨੂੰ ਨਈਂ ਮਿਲਦੇ। ਫੇਰ ਮੈਂ ਅੰਦਰ ਬੀਬੀਆਂ ਕੋਲ ਜਾਣਾ ਚਾਹਿਆ ਸੀ। ਵੱਡੇ ਦਰਵਾਜ਼ੇ 'ਤੇ ਖਾਦਿਮ ਨੇ ਦੱਸਿਆ ਕਿ ਰਾਣੋ ਦੀ ਹਾਲਤ ਤੋਂ ਬੀਬੀਆਂ ਪਹਿਲਾਂ ਈ ਬੜੀਆਂ ਪ੍ਰੇਸ਼ਾਨ ਨੇ, ਤੇ ਉਹਨਾਂ ਨੂੰ ਹੋਰ ਪ੍ਰੇਸ਼ਾਨ ਕਰਨਾ ਪਾਪ ਏ। ਅਸੀਂ ਫੇਰ ਅਹੁਲ ਕੇ ਮਜਾਰ ਸ਼ਰੀਫ਼ ਵੱਲ ਗਏ ਪਰ ਐਤਕੀਂ ਮੇਰੀ ਬੱਚੀ ਤੂੰ ਸਾਨੂੰ ਦੇਖਿਆ ਤਾਂ ਤੈਨੂੰ ਜਲਾਲ ਆ ਗਿਆ ਤੇ ਤੂੰ ਐਨੇ ਜ਼ੋਰ ਨਾਲ ਚੀਕ ਕੇ ਕਿਹਾ ਸੀ ਕਿ 'ਤੁਸੀਂ ਗਏ ਕਿਓਂ ਨਈਂ?' ਤੇ ਮੈਨੂੰ ਯਕੀਨ ਈ ਨਈਂ ਸੀ ਆਇਆ ਕਿ ਉਹ ਚੀਕ ਉਸ ਹਲਕ 'ਚੋਂ ਨਿਕਲੀ ਏ ਜਿਸ 'ਚੋਂ ਤਿਲਾਵਤ ਦੇ ਸਿਵਾਏ ਕਦੀ ਕੁਛ ਹੋਰ ਨਿਕਲਿਆ ਈ ਨਈਂ ਸੀ!
ਅਸੀਂ ਉੱਜੜੇ-ਪੁੱਜੜੇ ਮਾਪੇ ਮਜਾਰ ਸ਼ਰੀਫ਼ ਦੇ ਇਕ ਪਾਸੇ ਨੁੱਕਰ 'ਚ ਬੈਠ ਗਏ ਸੀ ਤੇ ਰੋ ਰਹੇ ਸੀ ਤੇ ਲੋਕ ਸਾਨੂੰ ਰੋਂਦਿਆਂ ਨੂੰ ਦੇਖ ਕੇ ਰੋ ਰਹੇ ਸੀ ਕਿ ਸਾਈਂ ਹਜਰਤ ਸ਼ਾਹ ਦਾ ਖਾਦਿਮ ਆਇਆ ਤੇ ਉਸਨੇ ਦੱਸਿਆ ਕਿ ਸਾਈਂ ਜੀ ਨੂੰ ਰਾਣੋ ਦੀ ਇਸ ਹਾਲਤ ਦਾ ਬੜਾ ਦੁੱਖ ਸੀ ਤੇ ਉਹਨਾਂ ਨੇ ਫਰਮਾਇਆ ਸੀ ਕਿ ਇਹ ਕੁੜੀ ਅਚਾਨਕ ਜਿੰਨ-ਭੂਤ ਦੇ ਕਬਜੇ 'ਚ ਚਲੀ ਗਈ ਏ ਤੇ ਸਾਈਂ ਹਜਰਤ ਸ਼ਾਹ ਖਾਸ ਵਜੀਫ਼ਾ ਫਰਮਾ ਰਹੇ ਨੇ ਕਿ ਜਿੰਨ ਉਤਰੇ ਤਾਂ ਇਸ ਅਮਾਨਤ ਨੂੰ ਉਸਦੇ ਮਾਂ-ਪਿਓ ਤੱਕ ਪਹੁੰਚਾਇਆ ਜਾਵੇ। ਫੇਰ ਹੁਕਮ ਹੋਇਆ ਕਿ ਤੁਸੀਂ ਜਾਓ ਤੇ ਰਾਣੋ ਨੂੰ ਦਰਗਾਹ ਸ਼ਰੀਫ਼ ਦੀ ਨਿਗਰਾਨੀ 'ਚ ਰਹਿਣ ਦਿਓ।
“ਹੁਣ ਤੁਸੀਂ ਜਾਓ”, ਸਾਡੇ ਸਿਰਾਂ 'ਤੇ ਤੇਰੀ ਆਵਾਜ਼ ਗੂੰਜੀ ਸੀ ਤੇ ਅਸੀਂ ਸਿਰ ਚੁੱਕ ਕੇ ਦੇਖਿਆ ਸੀ ਕਿ ਤੇਰੀਆਂ ਅੱਖਾਂ ਤਲਾਵਾਂ ਵਾਂਗ ਭਰੀਆਂ ਹੋਈਆਂ ਸਨ। “ਹੁਣ ਤੁਸੀਂ ਜਾਓ ਮੇਰੇ ਅੱਬੂ, ਜਾਓ ਮੇਰੀ ਅੰਮਾਂ, ਹੁਣ ਤੁਸੀਂ ਜਾਓ, ਮਜਾਰ ਸ਼ਰੀਫ਼ ਜ਼ਰੂਰ ਖੁੱਲ੍ਹੇਗਾ, ਮੁਬਾਰਕ ਹੱਥ ਜ਼ਰੂਰ ਨਿਕਲੇਗਾ, ਫ਼ੈਸਲਾ ਜ਼ਰੂਰ ਹੋਵੇਗਾ। ਫ਼ੈਸਲਾ ਹੋ ਜਾਵੇ ਤਾਂ ਮੈਂ ਸਿੱਧੀ ਤੁਹਾਡੇ ਕੋਲ ਪਹੁੰਚਾਂਗੀ।” ਇਹ ਕਹਿ ਕੇ ਤੂੰ ਮਜਾਰ ਸ਼ਰੀਫ਼ ਵੱਲ ਪਰਤ ਗਈ ਸੈਂ ਤੇ ਤੂੰ ਤੁਰਦੀ ਹੋਈ ਇੰਜ ਡੋਲ ਰਹੀ ਸੈਂ ਜਿਵੇਂ ਕੱਟੀ ਪਤੰਗ ਡੋਲ ਰਹੀ ਹੁੰਦੀ ਏ।
ਮੈਂ ਤੇਰੇ ਤੋਂ ਸਦਕੇ ਜਾਵਾਂ ਮੇਰੀਏ ਧੀਏ! ਅਸੀਂ ਤੇਰੇ ਮਾਪੇ ਉਸ ਪਿੱਛੋਂ ਵੀ ਵਾਰੀ-ਵਾਰੀ ਤੇਰੇ ਕੋਲ ਪਹੁੰਚੇ ਪਰ ਹੁਣ ਤਾਂ ਤੂੰ ਸਾਨੂੰ ਪਛਾਣਦੀ ਵੀ ਨਈਂ ਸੈਂ। ਅਸੀਂ ਤੈਨੂੰ ਬੁਲਾਉਂਦੇ ਸਾਂ ਤਾਂ ਤੂੰ ਸਾਨੂੰ ਇੰਜ ਸੁੰਨੀਆਂ-ਸੁੰਨੀਆਂ ਅੱਖਾਂ ਨਾਲ ਦੇਖਦੀ ਸੈਂ ਜਿਵੇਂ ਹੈਰਾਨ ਹੋ ਰਹੀ ਹੋਵੇਂ ਕਿ ਇਹ ਆਵਾਜ਼ ਕਿੱਧਰੋਂ ਆਈ ਏ! ਤੇਰਾ ਰੰਗ ਮੈਲਾ-ਮੈਲਾ ਜਿਹਾ ਹੋ ਗਿਆ ਸੀ। ਤੇਰੇ ਬੁੱਲ੍ਹ ਆਕੜ ਕੇ ਪਾਟ ਗਏ ਸਨ। ਤੇਰੇ ਵਾਲਾਂ ਵਿਚ ਗਰਦ ਸੀ, ਡੱਕੇ-ਡੌਲੇ ਸਨ, ਖ਼ੁਸ਼ਕ ਟੁੱਟੇ ਹੋਏ ਪੱਤੇ ਸਨ। ਇਕ ਵਾਰੀ ਜਦੋਂ ਅਸੀਂ ਤੇਰੇ ਲਈ ਕੱਪੜਿਆਂ ਦਾ ਨਵਾਂ ਜੋੜਾ ਲੈ ਕੇ ਗਏ ਸੀ ਤੇ ਅਸੀਂ ਇਹ ਕੱਪੜੇ ਤੇਰੇ ਸਾਹਮਣੇ ਰੱਖੇ ਤਾਂ ਤੂੰ ਇਹ ਕੱਪੜੇ ਹੱਥ ਵਿਚ ਲੈ ਕੇ ਉੱਠੀ ਤੇ ਇਕ ਪਾਸੇ ਚਲੀ ਗਈ। ਤੇਰਾ ਇਕ ਵੀ ਪੈਰ ਸਿੱਧਾ ਨਈਂ ਸੀ ਪੈ ਰਿਹਾ। ਫੇਰ ਤੂੰ ਗਾਇਬ ਹੋ ਗਈ ਸੈਂ ਤੇ ਅਸੀਂ ਖ਼ੁਸ਼ ਹੋਏ ਸੀ ਕਿ ਤੂੰ ਕਿਤੇ ਕੱਪੜੇ ਬਦਲਣ ਗਈ ਏਂ। ਪਰ ਫੇਰ ਯਕਦਮ ਇਕ ਪਾਸੇ ਰੌਲਾ ਪੈਣ ਲੱਗਾ ਸੀ ਤੇ ਤੂੰ ਉਸੇ ਤਰ੍ਹਾਂ ਵਾਪਸ ਆ ਰਹੀ ਸੈਂ ਤੇ ਤੇਰੇ ਪਿੱਛੇ-ਪਿੱਛੇ ਦਰਗਾਹ ਦੇ ਕੁਝ ਖਾਦਿਮ ਸਨ ਜਿਹਨਾਂ ਨੇ ਦੱਸਿਆ ਸੀ ਕਿ ਤੂੰ ਨਵੇਂ ਕੱਪੜਿਆਂ ਦਾ ਇਹ ਜੋੜਾ ਦਰਗਾਹ ਸ਼ਰੀਫ਼ ਦੇ ਲੰਗਰ ਦੀ ਦੇਗ ਹੇਠ ਮੱਚਦੀ ਅੱਗ ਵਿਚ ਸੁੱਟ ਦਿੱਤਾ ਸੀ।
ਤਿਲਾਵਤ ਤਾਂ ਤੂੰ ਹੁਣ ਵੀ ਕਰ ਰਹੀ ਸੈਂ ਪਰ ਆਵਾਜ਼ ਵਿਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਨਈਂ ਸੀ। ਫੇਰ ਤੂੰ ਪੜ੍ਹਦੀ-ਪੜ੍ਹਦੀ ਮਜਾਰ ਸ਼ਰੀਫ਼ ਦੇ ਸਿਰਹਾਣੇ ਵੱਲ ਝੁਕ ਜਾਂਦੀ ਸੈਂ ਜਿਵੇਂ ਕੋਈ ਝਿਰੀ, ਕੋਈ ਦਰਾੜ ਲੱਭਣ ਦੀ ਕੋਸ਼ਿਸ਼ ਕਰ ਰਹੀ ਹੋਵੇਂ—ਫੇਰ ਤੂੰ ਫੁੱਟ-ਫੁੱਟ ਰੋਣ ਲੱਗ ਪੈਂਦੀ ਸੈਂ ਤੇ ਤਿਲਾਵਤ ਨੂੰ ਰੋਕ ਕੇ ਹੌਲੀ-ਹੌਲੀ ਜਿਵੇਂ ਖ਼ੁਦ ਨੂੰ ਸਮਝਾਉਂਦੀ ਸੈਂ—'ਮਜਾਰ ਸ਼ਰੀਫ਼ ਜ਼ਰੂਰ ਖੁੱਲ੍ਹੇਗਾ ਤੇ ਪਵਿੱਤਰ ਹੱਥ ਜ਼ਰੂਰ ਨਿਕਲੇਗਾ, ਫ਼ੈਸਲਾ ਜ਼ਰੂਰ ਹੋਵੇਗਾ, ਇਨਸਾਫ਼ ਜ਼ਰੂਰ ਹੋਵੇਗਾ।' ਫੇਰ ਤੂੰ ਅੱਖਾਂ ਬੰਦ ਕਰ ਲੈਂਦੀ ਸੈਂ ਤੇ ਤਿਲਾਵਤ ਵਿਚ ਮਗਨ ਹੋ ਜਾਂਦੀ ਸੈਂ।
ਇਕ ਵਾਰੀ ਅਸੀਂ ਸਾਈਂ ਹਜਰਤ ਸ਼ਾਹ ਦੀ ਖ਼ਿਦਮਤ ਵਿਚ ਹਾਜ਼ਰ ਹੋਏ ਸਾਂ ਤੇ ਅਰਜ਼ ਕੀਤੀ ਸੀ ਕਿ 'ਜਿੰਨ-ਭੂਤ ਕੁਰਾਨ ਸ਼ਰੀਫ਼ ਪੜ੍ਹਨ ਵਾਲਿਆਂ ਦੇ ਨੇੜੇ ਨਈਂ ਫੜਕਦੇ ਤੇ ਦੂਰ ਬੈਠੇ-ਬੈਠੇ ਹੱਸਦੇ ਰਹਿੰਦੇ ਨੇ ਤੇ ਝੂੰਮਦੇ ਰਹਿੰਦੇ ਨੇ ਤੇ ਜੇ ਸਾਡੀ ਹੀਰੇ ਵਰਗੀ ਧੀ 'ਤੇ ਅਜਿਹੇ ਕਾਫ਼ਰ ਜਿੰਨ ਆ ਗਏ ਨੇ ਜਿਹੜੇ ਕੁਰਾਨ ਸ਼ਰੀਫ਼ ਦੀ ਤਿਲਾਵਤ ਦਾ ਵੀ ਲਿਹਾਜ਼ ਨਈਂ ਕਰਦੇ ਤਾਂ ਇਹ ਤੁਹਾਡੇ ਦਰਗਾਹ ਸ਼ਰੀਫ਼ ਦੇ ਈ ਜਿੰਨ ਨੇ। ਤੁਹਾਡੇ ਹੁਕਮ ਨਾਲ ਉਤਰ ਜਾਣਗੇ। ਖ਼ੁਦਾ ਦੇ ਨਾਂ 'ਤੇ, ਰਸੂਲ ਦੇ ਪਾਕ ਨਾਂ 'ਤੇ, ਪੀਰ ਦਸਤਗੀਰ ਦੇ ਨਾਂ 'ਤੇ, ਸ਼ਾਈਂ ਦੂਲ੍ਹੇ ਸ਼ਾਹ ਜੀ ਦੇ ਨਾ 'ਤੇ ਸਾਡੇ ਨਾਲ ਮਜਾਰ ਸ਼ਰੀਫ਼ 'ਤੇ ਚੱਲੋ ਤੇ ਜਿੰਨ ਲਾਹੋ।' ਉਦੋਂ ਸ਼ਾਈਂ ਹਜਰਤ ਸ਼ਾਹ ਜੀ ਨੇ ਫਰਮਾਇਆ ਸੀ ਕਿ 'ਅਸੀਂ ਜਿੰਨ ਤਾਂ ਲਾਹ ਦਿੰਦੇ ਪਰ ਤੁਸੀਂ ਠੀਕ ਕਿਹਾ ਏ—ਇਹ ਕੋਈ ਵੱਡਾ ਕਾਫ਼ਿਰ ਜਿੰਨ ਏਂ ਤੇ ਕਾਫ਼ਿਰ ਜਿੰਨ ਸਾਡੇ ਕਬਜੇ ਵਿਚ ਨਈਂ। ਅਸੀਂ ਇੱਥੇ ਦੁਆ ਕਰ ਰਹੇ ਆਂ, ਤੁਸੀਂ ਘਰ ਜਾ ਕੇ ਦੁਆ ਕਰੋ। ਸਾਡਾ ਫਜੀਫ਼ਾ ਜਾਰੀ ਰਹੇਗਾ।'
ਜਦੋਂ ਅਸੀਂ ਟੁੱਟੇ ਹੋਏ ਵਾਪਸ ਜਾ ਰਹੇ ਸਾਂ ਤਾਂ ਬੁੱਢੀ ਖਾਦਿਮਾ ਨੇ ਮੈਨੂੰ ਇਕ ਪਾਸੇ ਲੈ ਜਾ ਕੇ ਦੱਸਿਆ ਸੀ ਕਿ 'ਉਰਸ ਦੇ ਤੀਜੇ ਦਿਨ ਹਜਰਤ ਸ਼ਾਹ ਮਜ਼ਾਰ ਵੱਲ ਆਏ ਸਨ। ਤੇ ਤੇਰੀ ਬਦਨਸੀਬ ਧੀ ਨੇ ਮਜਾਰ ਸ਼ਰੀਫ਼ ਤੋਂ ਗੋਲ-ਗੋਲ ਲਹਿਰੀਏ ਪੱਥਰ ਚੁੱਕ ਕੇ ਝੋਲੀ ਵਿਚ ਭਰ ਲਏ ਸਨ ਤੇ ਚੀਕ-ਚੀਕ ਕੇ ਕਿਹਾ ਸੀ ਕਿ 'ਸਾਈਂ ਮਜਾਰ ਸ਼ਰੀਫ਼ 'ਚੋਂ ਮੁਬਾਰਕ ਹੱਥ ਤਾਂ ਜਦੋਂ ਨਿਕਲੇਗਾ, ਨਿਕਲੇਗਾ, ਜੇ ਤੂੰ ਇਕ ਕਦਮ ਵੀ ਅੱਗੇ ਵਧਿਆ ਤਾਂ ਮੈਂ ਸਾਈਂ ਦੂਲ੍ਹੇ ਸ਼ਾਹ ਜੀ ਦੇ ਦਿੱਤੇ ਹੋਏ ਇਹਨਾਂ ਪੱਥਰਾਂ ਨਾਲ ਤੇਰਾ ਨਾਸ਼ ਕਰ ਦਿਆਂਗੀ।' ਖਾਦਿਮ ਤੇਰੀ ਧੀ ਨੂੰ ਕੁੱਟ-ਮਾਰ ਕਰਨ ਲਈ ਅੱਗੇ ਵਧੇ ਤਾਂ ਸਾਈਂ ਜੀ ਨੇ ਉਹਨਾਂ ਨੂੰ ਰੋਕ ਕੇ ਕਿਹਾ ਕਿ 'ਨਾਦਾਨੋਂ! ਇਹ ਲੜਕੀ ਨਈਂ ਬੋਲ ਰਹੀ, ਉਸਦੇ ਅੰਦਰਲਾ ਕਾਫ਼ਿਰ ਜਿੰਨ ਬੋਲ ਰਿਹਾ ਏ। ਜਦੋਂ ਤੱਕ ਇਸਨੇ ਮਜਾਰ ਸ਼ਰੀਫ਼ ਉੱਤੇ ਕਬਜਾ ਕੀਤਾ ਹੋਇਆ ਏ, ਸਾਨੂੰ ਤੇ ਸਾਡੇ ਖ਼ਾਨਦਾਨ ਦੇ ਕਿਸੇ ਮਰਦ-ਔਰਤ ਨੂੰ ਇੱਧਰ ਨਈਂ ਆਉਣਾ ਚਾਹੀਦਾ ਵਰਨਾ ਕੀ ਪਤਾ ਕਿ ਇਹ ਜਿੰਨ ਕੀ ਕਰ ਬੈਠੇ'।'
ਫੇਰ ਦਰਗਾਹ ਸ਼ਰੀਫ਼ ਦਾ ਇਕ ਖਾਦਿਮ ਆਇਆ ਕਿ ਤੁਹਾਡੀ ਧੀ ਤੁਹਾਨੂੰ ਬੁਲਾਅ ਰਹੀ ਏ। ਡਿੱਗਦੇ-ਢਹਿੰਦੇ ਉੱਥੇ ਪਹੁੰਚੇ ਤਾਂ ਤੂੰ ਮਜਾਰ ਸ਼ਰੀਫ਼ ਦੇ ਪੁਆਂਦੀ ਲੇਟੀ ਹੋਈ ਸੈਂ। ਚਿਰਾਗ਼ ਦੀ ਰੌਸ਼ਨੀ ਵਿਚ ਅਸੀਂ ਦੇਖਿਆ ਕਿ ਤੇਰੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ ਤੇ ਤੇਰੇ ਬੁੱਲ੍ਹ ਮਸੀਂ ਈ ਹਿੱਲ ਰਹੇ ਸਨ। ਜ਼ਾਹਿਰ ਏ ਕਿ ਤੂੰ ਉਸ ਸਮੇਂ ਵੀ ਤਿਲਾਵਤ ਕਰ ਰਹੀ ਸੈਂ। ਫੇਰ ਜਦੋਂ ਮੈਂ ਤੇਰਾ ਸਿਰ ਗੋਦੀ ਵਿਚ ਰੱਖਿਆ ਤੇ ਤੇਰੇ ਅੱਬਾ ਨੇ ਤੇਰਾ ਹੱਥ ਆਪਣੇ ਹੱਥ ਵਿਚ ਘੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਬੜੀ ਈ ਕਮਜ਼ੋਰ ਆਵਾਜ਼ 'ਚ ਤੂੰ ਕਿਹਾ ਸੀ—“ਮੇਰੀ ਅੰਮਾਂ, ਮੇਰੇ ਅੱਬਾ! ਕੌਣ ਜਾਣੇ ਮਜਾਰ ਸ਼ਰੀਫ਼ ਕਿਓਂ ਨਈਂ ਖੁੱਲ੍ਹਿਆ? ਹਾਲੇ ਇਨਸਾਫ਼ ਨਈਂ ਹੋਇਆ। ਪਰ ਚਲੋ ਫ਼ੈਸਲਾ ਤਾਂ ਹੋ ਗਿਆ। ਚਲੋ ਮੈਂ ਈ ਗੁਨਾਹਗਾਰ ਸਹੀ। ਸਾਈਂ ਦੂਲ੍ਹੇ ਸ਼ਾਹ ਜੀ, ਤੁਸੀਂ ਤਾਂ ਬੜਾ ਇੰਤਜ਼ਾਰ ਕਰਵਾਇਆ। ਹੁਣ ਕਿਆਮਤ ਦੇ ਦਿਨ ਜਦੋਂ ਅਸੀਂ ਸਾਰੇ ਖ਼ੁਦਾ ਦੇ ਸਾਹਮਣੇ ਪੇਸ਼ ਹੋਵਾਂਗੇ, ਖ਼ੁਦਾ ਦੇ ਸਾਹਮਣੇ...ਖ਼ੁਦਾ...” ਇਸ ਪਿੱਛੋਂ ਤੂੰ ਚੁੱਪ ਹੋ ਗਈ ਸੈਂ ਤੇ ਉਦੋਂ ਦੀ ਚੁੱਪ ਏਂ।
ਫੇਰ ਅਸੀਂ ਤੈਨੂੰ ਇੱਥੇ ਘਰ ਚੁੱਕ ਲਿਆਏ ਤੇ ਜਦੋਂ ਹੁਣੇ-ਹੁਣੇ ਸੁਭਾਅ-ਸਵੇਰੇ ਸਾਈਂ ਹਜਰਤ ਸ਼ਾਹ ਦਾ ਖਾਸ ਖਾਦਿਮ ਸਾਈਂ ਜੀ ਵੱਲੋਂ ਤੇਰੇ ਲਈ ਕਫ਼ਨ ਲਿਆਇਆ ਤਾਂ ਤੇਰੇ 'ਚੋਂ ਨਿਕਲਿਆ ਜਿੰਨ ਤੇਰੇ ਅੱਬਾ 'ਚ ਆ ਗਿਆ। ਉਸਨੇ ਕਫ਼ਨ ਹੱਥ ਵਿੱਚ ਫੜ੍ਹਿਆ ਤੇ ਉਸ ਚੁੱਲ੍ਹੇ ਵਿੱਚ ਝੋਕ ਦਿੱਤਾ ਜਿਸ ਉੱਤੇ ਤੈਨੂੰ ਗੁਸਲ ਕਰਵਾਉਣ ਲਈ ਪਾਣੀ ਗਰਮ ਕੀਤਾ ਜਾ ਰਿਹਾ ਸੀ।
ਹੁਣ ਮੇਰੇ ਜਿਗਰ ਦੀ ਬੋਟੀ! ਮੇਰੀ ਨੇਕ ਤੇ ਪਾਕ, ਮੇਰੀ ਸਾਫ਼-ਸੁਥਰੀ ਰਾਣੋ ਧੀ! ਆ, ਮੈਂ ਤੇਰੇ ਮੱਥੇ ਦੇ ਬੁਝੇ ਹੋਏ ਚੰਦ ਨੂੰ ਚੁੰਮ ਲਵਾਂ। ਦੇਖ ਕਿ ਬਰਕੈਨਾਂ 'ਤੇ ਖਿੜੇ ਫੁੱਲ ਉਸੇ ਤਰ੍ਹਾਂ ਮੁਸਕੁਰਾ ਰਹੇ ਨੇ ਤੇ ਬੇਰੀਆਂ 'ਤੇ ਕਾਟੋਆਂ ਤਣਿਆਂ ਤੋਂ ਟੀਸੀਆਂ ਤੱਕ ਉਸੇ ਤਰ੍ਹਾਂ ਭੱਜੀਆਂ ਫਿਰਦੀਆਂ ਨੇ ਤੇ ਓਹੋ-ਜਿਹੀ ਹਵਾ ਵਗ ਰਹੀ ਏ ਜਿਵੇਂ ਸਦੀਆਂ ਦੇ ਸੁੱਕੇ ਤਖ਼ਤਿਆਂ 'ਚ ਵੀ ਕਰੂੰਭਲਾਂ ਫੁੱਟ ਪੈਣਗੀਆਂ ਤੇ ਚਾਰੇ-ਪਾਸੇ ਤੇਰੀ ਤਿਲਾਵਤ ਦੀ ਆਵਾਜ਼ ਦੀ ਗੂੰਜ ਏ ਤੇ ਸਾਈਂ ਹਜਰਤ ਸਾਹ ਜੀ ਦੇ ਕਫ਼ਨ ਦੇ ਸੜਨ ਦੀ ਬੂ ਸਾਰੇ ਮਾਹੌਲ ਵਿਚ ਫ਼ੈਲ ਚੁੱਕੀ ਏ ਤੇ ਮੇਰੇ ਅੰਦਰ ਐਨਾ ਦਰਦ ਜਮ੍ਹਾ ਹੋ ਗਿਆ ਏ ਜਿੰਨਾ ਤੈਨੂੰ ਜਨਮ ਦੇਣ ਵੇਲੇ ਹੋਇਆ ਸੀ।
--- --- ---
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ। ਜੈਤੋ-151202.(ਪੰਜਾਬ)
     ਮੋਬਾਇਲ : 94177-30600.
--- --- ---

ਕੈਸੇ ਕੈਸੇ ਲੋਗ... :: ਲੇਖਕ : ਰਾਮਲਾਲ


ਉਰਦੂ ਕਹਾਣੀ :




    ਕੈਸੇ ਕੈਸੇ ਲੋਗ...

       ਲੇਖਕ : ਰਾਮਲਾਲ
       ਅਨੁਵਾਦ : ਮਹਿੰਦਰ ਬੇਦੀ, ਜੈਤੋ


ਥੋੜ੍ਹੀ ਦੇਰ ਪਹਿਲਾਂ ਉਹ ਮੇਰੇ ਹੱਥੋਂ ਬੀਅਰ ਦਾ ਗਲਾਸ ਕਬੂਲ ਕਰ ਚੁੱਕੀ ਸੀ...ਤੇ ਸਿਗਰਟ ਪੀਂਦਿਆਂ ਹੋਇਆਂ ਉਸਨੂੰ ਖੰਘ ਆ ਗਈ ਸੀ ਤਾਂ ਉਸਨੇ ਕਿਹਾ ਸੀ—
“ਇਸ ਤੋਂ ਪਹਿਲਾਂ ਮੈਂ ਕਦੀ 'ਸਮੋਕਿੰਗ' ਨਈਂ ਕੀਤੀ ਤੇ ਸ਼ਰਾਬ ਵੀ ਕਦੀ ਨਈਂ ਪੀਤੀ।”
“ਪਰ ਇਹ ਤਾਂ ਬੀਅਰ ਏ। ਭਾਵੇਂ ਕੁਛ 'ਸਟਰਾਂਗ' ਏ ਪਰ ਕਈ ਔਰਤਾਂ ਸਿਰਫ਼ ਸਾਥ ਦੇਣ ਖਾਤਰ ਸਾਈਡਰ ਦੇ ਤੌਰ 'ਤੇ ਲੈ ਲੈਂਦੀਆਂ ਨੇ, ਇਹ ਬੜਾ ਈ ਲਾਈਟ ਡਰਿੰਕ ਏ।”
“ਮੈਂ ਇਹ ਕਹਿ ਰਹੀ ਸੀ, ਮੈਂ ਪਹਿਲਾਂ ਕਦੀ ਇਸ ਕਿਸਮ ਦੀਆਂ ਚੀਜ਼ਾਂ ਨਈਂ ਵਰਤੀਆਂ।”
“ਖ਼ੈਰ, ਛੱਡੋ ਇਸ ਬਹਿਸ ਨੂੰ। ਇਹ ਦੱਸੋ, ਕੀ ਤੁਸੀਂ ਕਦੀ ਸੋਚਿਆ ਸੀ—ਸਾਡੀ ਪਹਿਲੀ ਮੁਲਾਕਾਤ ਇਸ ਤਰ੍ਹਾਂ ਅਚਾਨਕ ਹੋ ਜਾਵੇਗੀ। ਘਰੋਂ ਸੈਂਕੜੇ ਮੀਲ ਦੂਰ, ਇਕ ਕਸਬੇ ਦੇ ਅਜਿਹੇ ਬਾਜ਼ਾਰ ਵਿਚ ਜਿਸਦੀ ਸੱਨਅਤ ਦੀ ਕੋਈ ਆਪਣੀ ਰਵਾਇਤ ਨਈਂ। ਜਿੱਥੇ ਸਾਰਾ ਮਾਲ ਬਾਹਲੀਆਂ ਮੰਡੀਆਂ 'ਚੋਂ ਲਿਆ ਕੇ ਵੇਚਿਆ ਜਾਂਦਾ ਏ!”
“ਨਈਂ ਇਹ ਤਾਂ ਵਾਕੱਈ ਕਦੀ ਨਈਂ ਸੀ ਸੋਚਿਆ—ਪਰ ਜਦੋਂ ਤੁਹਾਨੂੰ ਸਾੜ੍ਹੀਆਂ ਦੀ ਦੁਕਾਨ ਅੰਦਰ ਵੜਦਿਆਂ ਦੇਖਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਤੁਸੀਂ ਬੰਗਾਲ ਦੇ ਰਹਿਣ ਵਾਲੇ ਹਰਗਿਜ਼ ਨਈਂ ਓਂ। ਮੈਂ ਇੱਥੇ ਇਕ ਹਫ਼ਤੇ ਦੀ ਰਹਿ ਰਹੀ ਆਂ। ਹਰ ਰੋਜ਼ ਸਵੇਰੇ-ਸ਼ਾਮ ਘੁੰਮਣ ਲਈ ਦੋ ਮੀਲ ਪੈਦਲ ਤੁਰ ਕੇ ਆਉਂਦੀ ਆਂ। ਇਕ ਦਿਨ ਪਤਾ ਲੱਗਿਆ ਬਾਬਾਪੁਰ ਪਿੰਡ 'ਚ ਇਕ ਮੇਲਾ ਲੱਗਦਾ ਏ। ਇਸ ਜਗ੍ਹਾ ਤੋਂ ਦਸ ਮੀਲ ਦੂਰ ਏ ਤੇ ਉੱਥੇ ਵੀ ਪੈਦਲ ਈ ਜਾਣਾ ਪੈਂਦਾ ਏ। ਕਿਉਂਕਿ ਉੱਥੇ ਪਹੁੰਚਣ ਲਈ ਨਾ ਸੜਕ ਏ, ਨਾ ਕੋਈ ਸਵਾਰੀ। ਹਜ਼ਾਰਾਂ ਪਿੰਡਾਂ ਤੋਂ ਲੋਕਾਂ ਨੂੰ ਟੋਲੀਆਂ ਬਣਾ-ਬਣਾ ਕੇ ਪਗਡੰਡੀਆਂ ਉੱਤੇ ਇਕ ਦੂਜੇ ਦੇ ਪਿੱਛੇ ਇਕੋ ਲਾਈਨ ਵਿਚ ਜਾਂਦਿਆਂ ਦੇਖਿਆ। ਸਾਰੇ ਈ ਆਪਣੀ ਭਾਸ਼ਾ ਵਿਚ ਗੀਤ ਗਾਉਂਦੇ ਜਾ ਰਹੇ ਸੀ—ਉੱਥੇ ਮੈਂ ਬਾਬਿਆਂ ਨੂੰ ਜਿਹੜੇ ਇਕ ਤਰ੍ਹਾਂ ਨਾਲ ਵੰਜਾਰਿਆਂ ਵਰਗੇ ਈ ਹੁੰਦੇ ਨੇ ਲੋਕਾਂ ਦੀ ਭੀੜ ਦੇ ਵਿਚਕਾਰ ਇਕ ਤਾਰਾ ਜਾਂ ਖਜਬਰੀ ਵਜਾ-ਵਜਾ ਕੇ ਭਜਨ ਗਾਉਂਦਿਆਂ ਸੁਣਿਆਂ। ਕੀ ਤੁਸੀਂ ਬੰਗਾਲ ਦੇ ਪਿੰਡਾਂ ਦੇ ਲੋਕ ਦੇਖੇ ਨੇ ਜਿਹੜੇ ਸ਼ਹਿਰ ਜਾਂ ਕਸਬੇ ਵਿਚ ਰਹਿਣ ਵਾਲੇ ਪੇਂਡੂ ਲੋਕਾਂ ਨਾਲੋਂ ਬਿਲਕੁਲ ਵੱਖਰੇ ਹੁੰਦੇ ਨੇ। ਕਾਲੇ-ਕਾਲੇ ਨੰਗੇ ਪਿੰਡੇ, ਨਿਚਲੇ ਹਿੱਸੇ 'ਤੇ ਛੋਟੀ-ਜਿਹੀ ਰੰਗੀਨ ਧੋਤੀ ਜਾਂ ਮੂਕਾ ਬੰਨ੍ਹਿਆਂ ਹੁੰਦਾ ਏ ਤੇ ਉਹਨਾਂ ਦੀਆਂ ਔਰਤਾਂ ਉਹਨਾਂ ਵਾਂਗ ਈ ਕਾਲੀਆਂ ਪਰ ਬੜੇ ਈ ਦਿਲਕਸ਼ ਨੱਕ-ਨਕਸ਼ੇ ਵਾਲੀਆਂ ਹੁੰਦੀਆਂ ਨੇ। ਉਹਨਾਂ ਦੇ ਸਿਰ ਦੇ ਵਾਲ ਏਨੇ ਲੰਮੇ ਹੁੰਦੇ ਨੇ ਕਿ ਗੋਡਿਆਂ ਤੋਂ ਹੇਠਾਂ ਤੱਕ ਪਹੁੰਚਦੇ ਨੇ। ਉਹਨਾਂ ਨੂੰ ਖੋਪੇ ਦਾ ਤੇਲ ਲਾ-ਲਾ ਕੇ ਬੇਹੱਦ ਕੂਲਾ ਤੇ ਚਮਕਦਾਰ ਬਣਾ ਲੈਂਦੀਆਂ ਨੇ ਉਹ। ਇਕ ਦਿਨ ਚੱਲਿਓ ਮੇਰੇ ਨਾਲ! ਮੈਂ ਪਤਾ ਕਰਕੇ ਆਵਾਂਗੀ ਕਿ ਫੇਰ ਕਿਸ ਦਿਨ ਮੇਲਾ ਲੱਗੇਗਾ। ਪਰ—ਆਈ ਐਮ ਸਾਰੀ! ਮੈਂ ਏਨੇ ਦਿਨ ਤੱਕ ਇੱਥੇ ਕਿੰਜ ਰਹਿ ਸਕਦੀ ਆਂ!”
“ਕਿਓਂ ਇਹੋ-ਜਿਹੀ ਕੀ ਪਰਾਬਲਮ ਏਂ! ਕੀ ਘਰ ਵਾਪਸ ਜਾਣ ਲਈ ਜੀਅ ਕਰ ਰਿਹਾ ਏ”
“ਘਰ ਤਾਂ ਜਾਣਾ ਈ ਏਂ ਜ਼ਰੂਰ ਕਦੀ ਨਾ ਕਦੀ। ਮੈਂ ਇੱਥੇ ਕੁੜੀਆਂ ਦੇ ਹੋਸਟਲ 'ਚ ਇਕ ਕੁੜੀ ਦੀ ਗੈਸਟ ਬਣ ਕੇ ਰਹਿ ਰਹੀ ਆਂ। ਜਿਸ ਨਾਲ ਕਲਕੱਤੇ ਤੋਂ ਆਉਂਦਿਆਂ ਹੋਇਆਂ ਅਚਾਨਕ ਦੋਸਤੀ ਹੋ ਗਈ ਸੀ। ਉਸਨੇ ਮੈਨੂੰ ਮਹਿਮਾਨਾਂ ਨੂੰ ਮਿਲਣ ਵਾਲੇ ਕਮਰੇ ਵਿਚ ਸਿਰਫ਼ ਰਾਤ ਨੂੰ ਠਹਿਰਾਉਣ ਦੀ ਇਜਾਜ਼ਤ ਲਈ ਹੋਈ ਏ। ਇਕ ਹਫ਼ਤਾ ਹੋ ਗਿਆ ਏ—ਮੈਂ ਕਦੋਂ ਤੱਕ ਉਸਨੂੰ ਪ੍ਰੇਸ਼ਾਨ ਕਰ ਸਕਦੀ ਆਂ, ਇਹ ਵੀ ਤਾਂ ਸੋਚਦੀ ਆਂ!”
ਦੂਜੇ ਦਿਨ ਉਹ ਮੇਰੇ ਨਾਲ ਰਹਿਣ ਲਈ ਟੂਰਿਸਟ ਲਾਜ ਵਿਚ ਆ ਗਈ। ਸਾਰਾ ਦਿਨ ਅਸੀਂ ਕਈ ਪਿੰਡਾਂ ਵਿਚ ਪੈਦਲ ਘੁੰਮਦੇ ਰਹੇ। ਇਹ ਮੇਰੇ ਪੇਸ਼ੇ ਦੇ ਬਿਲਕੁਲ ਉਲਟ ਇਕ ਨਵਾਂ ਤਜਰਬਾ ਸੀ। ਵਰਨਾ ਆਮ ਤੌਰ 'ਤੇ ਮੈਂ ਰੇਲਵੇ ਸਟੇਸ਼ਨਾਂ 'ਤੇ ਤੇ ਵਪਾਰਕ ਮੰਡੀਆਂ ਵਿਚ ਜਾ ਕੇ ਹੀ ਆਪਣਾ ਕੰਮ ਪੂਰਾ ਕਰ ਲੈਂਦਾ ਸੀ ਤੇ ਇਹ ਸਮਝ ਕੇ ਤਸੱਲੀ ਹੋ ਜਾਂਦੀ ਸੀ ਕਿ ਜਿੰਨਾ ਕੁਝ ਦੇਖ ਲਿਆ ਹੈ ਉਹ ਵੀ ਹਿੰਦੁਸਤਾਨ ਹੀ ਤਾਂ ਹੈ! ਪਰ ਨੀਰਾ ਚੌਧਰੀ ਦੇ ਨਾਲ-ਨਾਲ ਤੁਰਦੇ ਹੋਏ ਜਦੋਂ ਖੇਤਾਂ ਵਿਚ ਕੰਮ ਕਰਦੇ ਮਰਦਾਂ ਤੇ ਔਰਤਾਂ ਨੂੰ ਦੇਖਿਆ। ਪਿੰਡ ਦੀਆਂ ਬਾਂਸ, ਜੁਟ ਤੇ ਧਾਈਂ ਦੇ ਰੇਸ਼ਿਆਂ ਤੇ ਜੰਗਲੀ ਘਾਹ ਨਾਲ ਬਣੀਆਂ ਝੌਂਪੜੀਆਂ ਵਿਚਕਾਰੋਂ ਹੋ ਕੇ ਲੰਘਿਆ—ਤੇ ਬੇਸ਼ੁਮਾਰ ਹੈਰਾਨ-ਪ੍ਰੇਸ਼ਾਨ ਤੇ ਲੋੜਮੰਦ ਅੱਖਾਂ ਨੂੰ ਆਪਣੇ ਵੱਲ ਘੂਰਦਿਆਂ ਹੋਇਆਂ ਦੇਖਿਆ ਤਾਂ ਮੇਰਾ ਜੀਅ ਕੀਤਾ ਕੁਝ ਦਿਨ ਇਹਨਾਂ ਲੋਕਾਂ ਦੇ ਵਿਚਕਾਰ ਰਹਿ ਕੇ ਬਿਤਾਏ ਜਾਣ।
ਦੂਜਿਆਂ ਦੇ ਜਿਊਣ ਢੰਗ ਨੂੰ ਨੇੜਿਓਂ ਘੋਖਣਾ ਤੇ ਉਹਨਾਂ ਦੇ ਮਸਲਿਆਂ ਨੂੰ ਜਾਣਨਾ ਮੇਰੀ ਬੜੀ ਪੁਰਾਣੀ ਆਦਤ ਹੈ। ਪਰ ਨੀਰਾ ਚੌਧਰੀ ਮੇਰੀ ਇਸ ਰਾਏ ਨਾਲ ਸਹਿਮਤ ਨਹੀਂ ਹੋਈ। ਬੋਲੀ—
“ਹੋ ਸਕਦਾ ਏ ਕੋਈ ਸਾਨੂੰ ਮਹਿਮਾਨ ਬਣਾਉਣਾ ਕਬੂਲ ਨਾ ਕਰੇ। ਉਹਨਾਂ ਦੇ ਦਿਲ 'ਚ ਸਾਡੇ ਪ੍ਰਤੀ ਇਕ ਡਰ ਵੀ ਤਾਂ ਪੈਦਾ ਹੋ ਸਕਦਾ ਏ। ਜੁੱਗਾਂ ਤੋਂ ਪੀੜੇ ਜਾ ਰਹੇ ਗਰੀਬ ਲੋਕਾਂ ਦੇ ਸੁਭਾਅ ਬਾਰੇ ਤੁਸੀਂ ਜਾਣਦੇ ਨਈਂ। ਨਈਂ ਰਾਤ ਕੱਟਣ ਲਈ ਕਿਸੇ ਬਿਹਤਰ ਆਦਮੀ ਨੂੰ ਲੱਭਣਾ ਪਵੇਗਾ ਜਿਹੜਾ ਦੂਜਿਆਂ ਨਾਲੋਂ ਚੰਗਾ ਖਾਂਦਾ-ਪੀਂਦਾ ਹੋਵੇ। ਫੇਰ ਇਸਦਾ ਫਾਇਦਾ ਈ ਕੀ—ਇਸ ਨਾਲੋਂ ਕਿਤੇ ਚੰਗਾ ਇਹ ਐ ਕਿ ਅਸੀਂ ਟੂਰਿਸਟ ਲਾਜ ਵਿਚ ਰਹਿ ਕੇ ਇੱਧਰ-ਉੱਧਰ ਘੁੰਮ ਲਿਆ ਕਰੀਏ। ਕੁਛ ਦਿਨਾਂ ਬਾਅਦ ਕਿਸੇ ਹੋਰ ਪਾਸੇ ਚਲੇ ਚੱਲਾਂਗੇ!”
ਇਹ ਸੁਣ ਕੇ ਮੈਨੂੰ ਹਾਸਾ ਆ ਗਿਆ—“ਇਹ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਤੁਹਾਡੇ ਨਾਲ ਜਗ੍ਹਾ-ਜਗ੍ਹਾ ਘੁੰਮਦਾ ਫਿਰਾਂਗਾ?”
“ਸੌਰੀ!” ਇਹ ਕਹਿ ਕੇ ਉਹ ਕਈ ਮਿੰਟਾਂ ਤੱਕ ਚੁੱਪਚਾਪ ਖੜ੍ਹੀ ਰਹੀ। ਅਸੀਂ ਇਕ ਤਲਾਅ ਦੇ ਕਿਨਾਰੇ ਕਈ ਫੁੱਟ ਉੱਚੀ ਜੰਗਲੀ ਪਾਮ ਦੀ ਇਕ ਹਰੀ-ਭਰੀ ਝਾੜੀ ਕੋਲ ਖੜ੍ਹੇ ਸੀ। ਪਾਮ ਦੇ ਛੋਟੇ-ਛੋਟੇ ਖੰਭ ਹਲਕੀ-ਹਲਕੀ ਹਵਾ ਨਾਲ ਝੂੰਮ ਰਹੇ ਸਨ। ਤਲਾਅ ਦੇ ਡੂੰਘੇ ਨੀਲੇ ਪਾਣੀ ਦੀ ਸਤਹਿ ਉੱਤੇ ਕਮਲ ਦੇ ਬੇਸ਼ੁਮਾਰ ਫੁੱਲ ਤੈਰ ਰਹੇ ਸਨ। ਕਿਨਾਰੇ-ਕਿਨਾਰੇ ਸਫੇਦ ਤੇ ਉਨਾਭੀ ਰੰਗ ਦੇ ਫੁੱਲਾਂ ਵਾਲੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਸਨ ਜਿਹਨਾਂ ਦਾ ਪਰਛਾਵਾਂ ਪਾਣੀ ਵਿਚ ਵੀ ਪੈ ਰਿਹਾ ਸੀ। ਪਰ ਮੈਂ ਏਨੇ ਪ੍ਰਭਾਸ਼ਾਲੀ ਨਜ਼ਾਰੇ ਨੂੰ ਦੇਰ ਤੱਕ ਮਾਣ ਨਾ ਸਕਿਆ ਕਿਉਂਕਿ ਉਸਦੀ ਡੂੰਘੀ ਚੁੱਪ ਮੇਰੇ ਮਨ ਨੂੰ ਬੁਰੀ ਤਰ੍ਹਾਂ ਰੜਕ ਰਹੀ ਸੀ। ਮੈਂ ਉਸ ਵੱਲ ਦੇਖਿਆ ਤਾਂ ਇਕ ਛਿਣ ਤੋਂ ਵੱਧ ਨਾ ਦੇਖਿਆ ਗਿਆ—ਉਸਦੀਆਂ ਨਜ਼ਰਾਂ ਮੇਰੇ ਉੱਤੇ ਹੀ ਟਿਕੀਆਂ ਹੋਈਆਂ ਸਨ।
“ਜੇ ਤੁਸੀਂ ਵਾਕੱਈ ਇਹੋ ਚਾਹੁੰਦੇ ਓਂ ਤਾਂ ਫੇਰ ਮੈਨੂੰ ਤੁਹਾਡੇ ਨਾਲ ਘੁੰਮਣ-ਫਿਰਨ ਵਿਚ ਕੋਈ ਇਤਰਾਜ਼ ਨਈਂ ਏਂ।”
“ਨਈਂ-ਨਈਂ, ਮੈਂ ਤੁਹਾਨੂੰ ਮਜ਼ਬੂਰ ਨਈਂ ਕਰਾਂਗੀ। ਮੈਂ ਤਾਂ ਕੁਛ ਦਿਨਾਂ ਲਈ ਆਪਣੇ-ਆਪ ਨੂੰ ਮਨ ਦੀ ਮੌਜ਼ ਦੇ ਹਵਾਲੇ ਕਰ ਦੇਣ ਲਈ ਈ ਆਪਣਾ ਸਭ ਕੁਛ ਤਿਆਗ ਦਿੱਤਾ ਸੀ। ਤੁਸੀਂ ਨਈਂ ਮਿਲੇ ਸੀ ਉਦੋਂ ਵੀ ਤਾਂ ਘੁੰਮ ਰਹੀ ਸੀ ਮੈਂ! ਇਕੱਲੀ। ਹੁਣ ਵੀ ਇਕੱਲੀ ਘੁੰਮ ਲਵਾਂਗੀ—ਮੈਨੂੰ ਡਰ ਕਿਸ ਗੱਲ ਦਾ ਏ!”
ਉਸ ਦੀਆਂ ਅੱਖਾਂ ਵਿਚ ਵਾਕੱਈ ਭੈਹੀਣ ਦਲੇਰੀ ਝਲਕ ਰਹੀ ਸੀ। ਪਰ ਉਸਦਾ ਲਹਿਜਾ ਪੂਰੀ ਤਰ੍ਹਾਂ ਸ਼ਿਕਾਇਤ ਕਰ ਰਿਹਾ ਸੀ। ਕੁਝ ਦਿਨਾਂ ਦੇ ਮੇਲ-ਮੁਲਾਕਾਤ ਨੇ ਹੀ ਸਾਡੇ ਵਿਚਕਾਰ ਏਨੀ ਨੇੜਤਾ ਪੈਦਾ ਕਰ ਦਿੱਤੀ ਸੀ ਕਿ ਹੁਣ ਉਹਨੂੰ ਇਸ ਕਿਸਮ ਦਾ ਸ਼ਿਕਾਇਤੀ ਲਹਿਜਾ ਅਪਣਾਉਣ ਦਾ ਪੂਰਾ ਹੱਕ ਸੀ। ਮੈਂ ਸੋਚਿਆ ਜੇ ਇਸਨੇ ਮੇਰੀ ਇੱਛਾ ਨੂੰ ਠੁਕਰਾ ਕੇ ਮੇਰਾ ਸਾਥ ਦੇਣ ਤੋਂ ਇਨਕਾਰ ਕੀਤਾ ਹੁੰਦਾ ਤਾਂ ਮੇਰੇ ਅੰਦਰ ਵੀ ਉਹੀ ਨਾਰਾਜ਼ਗੀ ਤੇ ਸਦਮੇਂ ਦਾ ਜਜ਼ਬਾ ਪੈਦਾ ਹੋ ਸਕਦਾ ਸੀ।
ਇਹਨਾਂ ਪਲਾਂ ਵਿਚ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਦੋ ਅਜਨਬੀ ਕਿਸੇ ਸੁਭਾਵਕ ਜਜ਼ਬੇ ਤਹਿਤ ਹੀ ਇਸ ਤਰ੍ਹਾਂ ਇਕ ਦੂਜੇ ਦੇ ਨੇੜੇ ਆ ਸਕਦੇ ਨੇ। ਉਸ ਫ਼ਾਸਲੇ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਏਨਾਂ ਨੇੜੇ ਲਿਆ ਕੇ ਵੀ ਦੂਰ ਰੱਖੀ ਰੱਖਦਾ ਹੈ। ਮੈਂ ਤਾਂ ਅਜੇ ਤੱਕ ਉਸਨੂੰ ਇਹ ਵੀ ਨਹੀਂ ਸੀ ਪੁੱਛਿਆ ਕਿ ਉਹ ਕਿੱਥੋਂ ਆਈ ਸੀ! ਨਾ ਈ ਇਸ ਕਿਸਮ ਦਾ ਕੋਈ ਸਵਾਲ ਉਸਨੇ ਮੈਨੂੰ ਕੀਤਾ ਸੀ। ਅਸੀਂ ਬਸ ਇਕ ਦੂਜੇ ਦੇ ਨਾਂ ਜਾਣਦੇ ਸੀ ਤੇ ਇਕ ਦੂਜੇ ਦੀ ਪਸੰਦ ਤੇ ਨਾ ਪਸੰਦ ਵੀ ਤੇ ਇਹ ਸੱਚਾਈ ਵੀ ਕਿ ਸਾਨੂੰ ਦੋਵਾਂ ਨੂੰ ਇਕ ਦੂਜੇ ਦੇ ਨਾਲ ਰਹਿਣਾ ਬੜਾ ਚੰਗਾ ਲੱਗ ਰਿਹਾ ਸੀ।
ਮੈਂ ਥੋੜ੍ਹੀ ਦੇਰ ਲਈ ਪਾਮ ਦੀ ਛਾਂ ਵਿਚ ਘਾਹ ਉੱਤੇ ਬੈਠ ਗਿਆ। ਉਸ ਨੂੰ ਕਿਹਾ, “ਤੁਸੀਂ ਵੀ ਬੈਠੋ। ਕੁਛ ਚਿਰ ਸੁਸਤਾ ਲਿਆ ਜਾਏ!”
ਉਹ ਮੈਥੋਂ ਜ਼ਰਾ ਫ਼ਾਸਲੇ 'ਤੇ ਬੈਠ ਗਈ। ਸਿਰ ਦੇ ਖੁੱਲ੍ਹੇ ਵਾਲਾਂ ਨੂੰ ਦੋਵਾਂ ਹੱਥਾਂ ਵਿਚ ਭਰ ਕੇ ਲਪੇਟਿਆ ਤੇ ਫੇਰ ਗਰਦਨ ਦੇ ਪਿੱਛੇ ਇਕ ਦਿਲਕਸ਼ ਜੂੜੇ ਵਾਂਗ ਬੰਨ੍ਹ ਦਿੱਤਾ। ਮੈਂ ਉਸਦੀਆਂ ਉੱਤੇ ਉੱਠੀਆਂ ਹੋਈਆਂ ਬਾਹਾਂ ਦੇ ਹੇਠ ਉਸਦੀ ਲੰਮੀ ਗਰਦਨ ਤੇ ਜਿਸਮ ਦੀਆਂ ਹੋਰ ਗੋਲਾਈਆਂ ਦੀ ਦਿਲਕਸ਼ੀ ਨੂੰ ਦੇਖਦਾ ਰਹਿ ਗਿਆ। ਕੋਈ ਵੀ ਔਰਤ ਹਰ ਵੇਲੇ ਦਿਲਕਸ਼ੀ ਦਾ ਪਟਾਰਾ ਨਹੀਂ ਹੁੰਦੀ। ਉਹ ਖਾਸ-ਖਾਸ ਪਲਾਂ ਵਿਚ ਹੀ ਅਜਿਹੀ ਦਿਖਾਈ ਦਿੰਦੀ ਹੈ। ਮੈਂ ਉਸ ਵੱਲ ਹੱਥ ਵਧਾ ਕੇ ਕਿਹਾ—
“ਫੜਾਓ ਜ਼ਰਾ ਤੁਹਾਡਾ ਹੱਥ ਦੇਖਾਂ!”
ਮੈਂ ਖ਼ੁਦ ਹੀ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ ਸੀ...ਜਿਸਨੂੰ ਉਸਨੇ ਵਾਪਸ ਨਹੀਂ ਸੀ ਖਿੱਚਿਆ। ਕੁਝ ਚਿਰ ਤੱਕ ਉਸਦੀ ਹਥੇਲੀ ਦੀਆਂ ਡੂੰਘੀਆਂ ਲਕੀਰਾਂ ਨੂੰ ਬੜੇ ਗੌਰ ਨਾਲ ਦੇਖਦਾ ਰਿਹਾ। ਇਕ-ਦੋ ਵਾਰੀ ਆਪਣੇ ਹੱਥ ਨਾਲ ਮਲ-ਮਲ ਕੇ ਉਹਨਾਂ ਲਕੀਰਾਂ ਨੂੰ ਸਾਫ਼ ਵੀ ਕੀਤਾ—ਤੇ ਫੇਰ ਕਿਹਾ, “ਤੁਹਾਡੀਆਂ ਜਜ਼ਬਾਤੀ ਲਕੀਰਾਂ ਤਾਂ ਬੜੀਆਂ ਈ ਸਾਫ਼ ਨੇ। ਮੈਂ ਇਹ ਤਾਂ ਨਈਂ ਕਹਿ ਸਕਦਾ ਤੁਸੀਂ ਕਿਸੇ ਨਾਲ ਅੰਤਾਂ ਦੀ ਮੁਹੱਬਤ ਕੀਤੀ ਹੋਵੇਗੀ...ਪਰ ਮੁਹੱਬਤ ਦੇ ਮਾਮਲੇ ਵਿਚ ਤੁਸੀਂ ਹੱਦੋਂ ਵੱਧ ਬੇਚੈਨ ਜ਼ਰੂਰ ਰਹੇ ਓਂ—ਤੇ—ਅਹਿ ਲਕੀਰ ਤੁਹਾਡੇ ਦਿਲ ਦੀ ਏ ਤੇ ਇਹ ਬੜੀ ਈ ਲੰਮੀ ਉਮਰ ਦੀ, ਯਾਨੀ ਤੁਸੀਂ ਦਾਦੀ, ਨਾਨੀ ਬਣ ਕੇ ਈ ਜ਼ਿੰਦਗੀ ਤੋਂ ਰਿਟਾਇਰ ਹੋਵੋਂਗੇ—ਤੇ...”
ਅੱਗੇ ਕੁਝ ਕਹਿਣ ਤੋਂ ਪਹਿਲਾਂ ਮੈਂ ਉਸ ਵੱਲ ਦੇਖਿਆ ਤਾਂ ਉਸਨੂੰ ਆਪਣੇ ਗੋਡਿਆਂ ਉੱਤੇ ਠੋਡੀ ਰੱਖ ਕੇ ਆਪਣੇ ਵੱਲ ਅਜੀਬ ਨਜ਼ਰਾਂ ਨਾਲ ਦੇਖਦਿਆਂ ਹੋਇਆਂ ਦੇਖਿਆ—ਉਹਨਾਂ ਨਜ਼ਰਾਂ ਵਿਚ ਬੇਚੈਨੀ ਸੀ ਤੇ ਇਕ ਵਿਅੰਗ ਭਰੀ ਬੜੀ ਹੀ ਮਾਸੂਮ ਮੁਸਕਰਾਹਟ ਦੀ ਝਲਕ ਵੀ। ਮੈਨੂੰ ਚੁੱਪ ਦੇਖ ਕੇ ਬੋਲੀ, “ਹੋਰ ਵੀ ਕੁਛ ਦੱਸੋ!”
“ਬਸ ਇਸ ਨਾਲੋਂ ਵੱਧ ਕੁਛ ਨਈਂ ਜਾਣਦਾ।” ਪਰ ਮੈਂ ਉਸਦਾ ਹੱਥ ਨਹੀਂ ਛੱਡਿਆ। ਉਸਨੂੰ ਘੁਮਾਅ ਘੁਮਾਅ ਕੇ ਦੇਖਦਾ ਰਿਹਾ—“ਤੁਹਾਡੇ ਬੱਚੇ ਬੜੇ ਨੇ। ਫਾਰਨ ਜਾਣ ਦਾ ਚਾਂਸ ਵੀ ਐ...ਹੋ ਸਕਦਾ ਏ ਹੋ ਵੀ ਆਏ ਹੋਵੋਂ!”
ਇਹ ਸੁਣ ਕੇ ਉਹ ਹੱਸ ਪਈ। ਖਿੜ-ਪੁੜ ਗਈ ਤੇ ਪਹਿਲਾਂ ਵਾਂਗ ਹੀ ਸਹਿਜ ਹੋ ਗਈ। ਫੇਰ ਮੇਰੇ ਨੇੜੇ ਖਿਸਕ ਆਈ ਤੇ ਮੇਰਾ ਹੱਥ ਆਪਣੇ ਹੱਥਾਂ ਵਿਚ ਫੜ੍ਹ ਕੇ ਬੋਲੀ, “ਥੋੜ੍ਹੀ ਜਿਹੀ ਵਿੱਦਿਆ ਮੈਂ ਵੀ ਜਾਣਦੀ ਆਂ। ਦੇਖੋ, ਇਹ ਤੁਹਾਡੀ ਹਾਰਟ ਲਾਈਨ ਏ। ਬੜੇ ਮਜ਼ਬੂਤ ਇਰਾਦੇ ਦੇ ਆਦਮੀ ਓਂ ਤੁਸੀਂ। ਤੇ ਇਹ ਲਾਈਫ਼ ਲਾਈਨ। ਤੁਹਾਡੀ ਉਮਰ ਵੀ ਘੱਟ ਲੰਮੀ ਨਈਂ ਏਂ ਜਨਾਬ! ਬਿਲਕੁਲ ਬੁੱਢੇ ਖੁਸਟ ਹੋ ਕੇ ਜਾਓਂਗੇ ਇਸ ਫਾਨੀ ਦੁਨੀਆਂ ਤੋਂ। ਜਿਸਨੂੰ ਤੁਸੀਂ ਰਿਟਾਇਰਮੈਂਟ ਦਾ ਨਾਂ ਦੇ ਰਹੇ ਸੀ। ਤੁਹਾਡੀ ਜਜ਼ਬਾਤ ਦੀ ਲਾਈਨ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਏ...ਯਾਨੀ ਤੁਸੀਂ ਹਮੇਸ਼ਾ ਇਕ ਕਸ਼ਮਕਸ਼ ਵਿਚ ਰਹਿੰਦੇ ਓਂ। ਫੇਰ ਵੀ ਤੁਹਾਡੇ ਵਿਚ ਇਕ ਫ਼ੈਸਲਾ ਕਰਨ ਵਾਲੀ ਤਾਕਤ ਮੌਜੂਦ ਏ।”
ਫੇਰ ਮੇਰੇ ਹੱਥ ਨੂੰ ਇੱਧਰ-ਉੱਧਰ ਘੁਮਾਇਆ। ਬਰੀਕ-ਬਰੀਕ ਲਕੀਰਾਂ ਨੂੰ ਆਪਣੀ ਸਾੜ੍ਹੀ ਦੇ ਪੱਲੇ ਨਾਲ ਸਾਫ਼ ਕੀਤਾ ਤੇ ਬੜੇ ਗੌਰ ਨਾਲ ਦੇਖਦੀ ਹੋਈ ਬੋਲੀ—
“ਦੋ ਤਿੰਨ ਬੱਚੇ ਵੀ ਨੇ। ਸ਼ਾਇਦ ਹੋ ਵੀ ਚੁੱਕੇ ਹੋਣ। ਬਾਹਰ ਜਾਣ ਦਾ ਚੱਕਰ ਵੀ ਨਜ਼ਰ ਆਉਂਦਾ ਏ—ਪਰ ਆਪਣੇ ਬਾਰੇ ਇਹ ਸਭ ਜਾਣ ਕੇ ਅਸੀਂ ਖ਼ੁਸ਼ ਕਿਓਂ ਹੋ ਜਾਂਦੇ ਆਂ! ਕਦੀ ਇਹ ਵੀ ਸੋਚਿਆ ਏ ਤੁਸੀਂ!”
“ਇਸ ਵੇਲੇ ਤਾਂ ਸਿਰਫ਼ ਇਹ ਸੋਚ ਰਿਹਾ ਆਂ ਕਿ ਅਸੀਂ ਦੋਵੇਂ ਹਸਤਰੇਖਾ ਵਿਗਿਆਨ ਬਾਰੇ ਕੁਛ ਵੀ ਨਈਂ ਜਾਣਦੇ। ਬਸ ਇਕ ਦੂਜੇ ਦੇ ਹੱਥਾਂ ਵਿਚ ਆਪਣਾ ਹੱਥ ਦੇ ਕੇ ਈ ਇਕ ਅਜੀਬ-ਜਿਹਾ ਸੁਖ ਹਾਸਲ ਕਰ ਰਹੇ ਆਂ।”
ਇਹ ਸੁਣਦਿਆਂ ਹੀ ਉਸਨੇ ਆਪਣਾ ਹੱਥ ਖਿੱਚ ਲਿਆ, ਪਰ ਮੇਰੇ ਵੱਲ ਬੜੀਆਂ ਸ਼ਰਾਤਤੀ ਨਜ਼ਰਾਂ ਨਾਲ ਵੀ ਦੇਖਿਆ। ਉਸਦੇ ਚਿਹਰੇ ਉੱਤੇ ਅਚਾਨਕ ਜਿਹੜੀ ਲਾਲੀ ਆ ਗਈ ਸੀ, ਉਹ ਮੈਨੂੰ ਬੜੀ ਚੰਗੀ ਲੱਗੀ। ਪੰਜਾਹ ਦੇ ਲਾਗੇ ਪਹੁੰਚੀ ਹੋਈ ਇਕ ਔਰਤ—ਜਿਸਦੇ ਜਿਸਮ ਦਾ ਮਾਸ ਅਜੇ ਤੱਕ ਕਿਤੋਂ ਵੀ ਨਹੀਂ ਸੀ ਢਲਿਆ ਤੇ ਇਸੇ ਕਰਕੇ ਉਸਦੀ ਉਮਰ ਦਸ ਪੰਦਰਾਂ ਸਾਲ ਘੱਟ ਲੱਗਦੀ ਸੀ!
ਉਸ ਸ਼ਾਮ ਜਦੋਂ ਅਸੀਂ ਆਪਣੀ ਠਾਹਰ ਦੇ ਆਰਾਮ ਕਮਰੇ ਵਿਚ ਵਾਪਸ ਜਾ ਚੁੱਕੇ ਸੀ—ਉਹ ਇਕ ਸੋਫ਼ੇ ਦੀ ਢੋਅ ਨਾਲ ਸਿਰ ਟਿਕਾਈ ਅੱਖਾਂ ਬੰਦ ਕਰੀ ਬੈਠੀ ਮੈਨੂੰ ਦੱਸ ਰਹੀ ਸੀ— “ਮੈਂ ਇਕ ਦਿਨ ਅਚਾਨਕ ਸਿਰਫ਼ ਆਪਣੇ ਲਈ ਜਿਊਣ ਦਾ ਫ਼ੈਸਲਾ ਕਰ ਲਿਆ। ਮੇਰੇ ਦੋ ਬੇਟੇ ਨੇ ਤੇ ਇਕ ਬੇਟੀ। ਬੇਟੀ ਸਾਰਿਆਂ ਤੋਂ ਵੱਡੀ ਏ। ਹੋਟਲ ਮੈਨੇਜਮੈਂਟ ਦਾ ਕੋਰਸ ਪੂਰਾ ਕਰਕੇ ਇਕ ਫਾਈਵ ਸਟਾਰ ਹੋਟਲ ਵਿਚ ਸਰਵਿਸ ਕਰ ਰਹੀ ਏ। ਇਕ ਬੇਟਾ ਜਰਨਲਿਸਟ ਏ, ਦੂਜਾ ਅਵਾਸ ਵਿਕਾਸ ਵਿਚ ਜੂਨੀਅਰ ਇੰਜੀਨੀਅਰ ਏ। ਅਜੇ ਕਿਸੇ ਦੀ ਵੀ ਸ਼ਾਦੀ ਨਈਂ ਹੋਈ। ਮੈਂ ਦਰਅਸਲ ਉਹਨਾਂ ਉੱਤੇ ਆਪਣੀ ਮਰਜ਼ੀ ਨਈਂ ਠੋਸਣਾ ਚਾਹੁੰਦੀ। ਇੰਤਜ਼ਾਰ ਕਰ ਰਹੀ ਆਂ ਕਿ ਉਹ ਕਦ ਆਪਣੇ-ਆਪਣੇ ਪਾਰਟਨਰ ਬਾਰੇ ਮੈਨੂੰ ਇਤਲਾਹ ਦੇਂਦੇ ਨੇ। ਉਹ ਮੈਨੂੰ ਇਤਲਾਹ ਦਿੱਤੇ ਬਗ਼ੈਰ ਵੀ ਸ਼ਾਦੀ ਕਰ ਲੈਣਗੇ ਤਾਂ ਮੈਂ ਬੁਰਾ ਨਈਂ ਮੰਨਾਂਗੀ। ਇਹ ਇਕ ਤਰ੍ਹਾਂ ਨਾਲ ਉਹਨਾਂ ਦਾ ਮੇਰੇ ਉੱਤੇ ਅਹਿਸਾਨ ਈ ਹੋਵੇਗਾ ਕਿ ਮੈਂ ਬਹੁਤ ਸਾਰੇ ਇੰਤਜ਼ਾਮੀ ਝੰਜਟਾਂ ਤੋਂ ਬਚ ਜਾਵਾਂਗੀ—ਹਾਂ ਤਾਂ ਮੈਂ ਕਹਿ ਰਹੀ ਸੀ ਕਿ ਮੈਂ ਜਦੋਂ ਬੰਬਈ ਤੋਂ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆ ਰਹੀ ਸੀ ਤਾਂ ਮੇਰੇ ਦਿਲ 'ਚ ਅਚਾਨਕ ਇਕ ਉਮੰਗ ਜਾਗੀ। ਮੈਂ ਘਰ ਕਿਓਂ ਵਾਪਸ ਜਾਵਾਂ? ਤੇ ਘਰ ਜਾਵਾਂ ਵੀ ਕਿੱਥੇ? ਸ਼ੋਹਰ ਦਾ ਅਰਸਾ ਹੋਇਆ ਇੰਤਕਾਲ ਹੋ ਚੁੱਕਿਆ ਏ। ਬੱਚੇ ਇੱਧਰ-ਉੱਧਰ ਖਿੱਲਰੇ ਹੋਏ ਨੇ। ਖਾਲੀ ਮਕਾਨ ਹੁਣ ਮੈਨੂੰ ਖਾਣ ਨੂੰ ਆਉਂਦਾ ਏ...ਕਿਉਂਕਿ ਉੱਥੇ ਕੋਈ ਮੇਰੀ ਉਡੀਕ ਨਈਂ ਕਰ ਰਿਹਾ ਹੁੰਦਾ। ਬਸ ਇਕ ਰੁਟੀਨ ਏ ਕਿ ਸਵੇਰੇ ਉੱਠ ਕੇ ਆਪਣੇ ਲਈ ਨਾਸ਼ਤਾ ਤਿਆਰ ਕਰਾਂ, ਝਾੜੂ ਦੇਵਾਂ, ਗੁਸਲਖਾਨੇ ਵਿਚ ਨਹਾਉਣ ਲਈ ਜਾਵਾਂ ਤਾਂ ਕੁਛ ਮੈਲੇ ਕੱਪੜੇ ਵੀ ਧੋ ਦਿਆਂ। ਫੇਰ ਦਿਲ ਕਰੇ ਤਾਂ ਲਿਖਣ-ਪੜ੍ਹਨ ਲਈ ਬੈਠ ਜਾਵਾਂ ਜਾਂ ਵਿਹੜੇ ਦੇ ਐਨ ਵਿਚਕਾਰ ਚਿਣੀ ਹੋਈ ਕੰਧ ਦੇ ਉਸ ਪਾਰ ਦੀਆਂ ਆਵਾਜ਼ਾਂ ਸੁਣਾਂ। ਉੱਧਰ ਮੇਰੀ ਬੁੱਢੀ ਸੌਕਣ ਰਹਿੰਦੀ ਏ ਤੇ ਉਸਦੇ ਪੰਜ ਬੱਚੇ ਨੇ। ਮੈਂ ਆਪਣੇ ਸ਼ੌਹਰ ਦੀ ਦੂਜੀ ਬੀਵੀ ਸੀ। ਉਸਨੇ ਮੇਰੇ ਨਾਲ ਸ਼ਾਦੀ ਕੀਤੀ ਤਾਂ ਉਹ ਪੰਜਾਹ ਸਾਲ ਤੋਂ ਉੱਤੇ ਹੋਵੇਗਾ। ਉਦੋਂ ਮੈਂ ਸਿਰਫ਼ ਪੰਦਰਾਂ ਸਾਲ ਦੀ ਸੀ। ਕੁਛ ਅਜਿਹੇ ਈ ਹਾਲਾਤ ਸਨ—ਜਿਹੜੇ ਨਈਂ ਜਾਣਦੇ ਸੀ ਉਹ ਉਸਨੂੰ ਮੇਰਾ ਬਾਬਾ ਸਮਝਦੇ ਸਨ। ਜਿਸ ਉੱਤੇ ਉਹ ਹਿਰਖ ਜਾਂਦਾਂ ਸੀ, ਪਰ ਮੈਂ ਖ਼ੂਬ ਹੱਸਦੀ ਸੀ! ਇਸ ਲੰਮੀ ਤੇ ਦੁੱਖਭਰੀ ਕਹਾਣੀ ਦਾ ਆਖ਼ਰੀ ਹਿੱਸਾ ਇਹੀ ਏ ਜਿਹੜਾ ਤੁਹਾਡੇ ਸਾਹਮਣੇ ਐ। ਪਰ ਮੈਂ ਪਹਿਲਾਂ ਕਦੀ ਨਈਂ ਸੋਚਿਆ ਕਿ ਆਪਣੀ ਆਜ਼ਾਦੀ ਲਈ ਕਦੀ ਇੰਜ ਵੀ ਕਰ ਸਕਾਂਗੀ। ਦੂਜੀ ਸ਼ਾਦੀ ਕਰਨਾ ਮੇਰੇ ਵੱਸ ਵਿਚ ਨਈਂ ਸੀ। ਬੱਚਿਆਂ ਨੂੰ ਛੱਡ ਕੇ ਕਿੱਥੇ ਜਾਂਦੀ! ਜਿਹੜੇ ਆਪਣੇ ਬਾਪ ਦੀ ਮੌਤ ਵੇਲੇ ਖਾਸੇ ਵੱਡੇ-ਵੱਡੇ ਹੋ ਚੁੱਕੇ ਸਨ। ਮੈਂ ਇਹੀ ਸੁਪਨੇ ਦੇਖਦੀ ਰਹੀ ਕਿ ਉਹ ਆਪਣਾ-ਆਪਣਾ ਘਰ ਵਸਾ ਲੈਣ ਤਾਂ ਮੈਂ ਜ਼ਰਾ ਸੁਖ ਦਾ ਸਾਹ ਲਵਾਂ। ਬੱਚਿਆਂ ਨੂੰ ਵੱਡਾ ਕਰਨਾ, ਉਹਨਾਂ ਦੀ ਪੜ੍ਹਾਈ ਤੇ ਪਰਵਰਿਸ਼ ਵੱਲ ਧਿਆਨ ਦੇਣਾ ਤੇ ਇਹ ਦੇਖਦੇ ਰਹਿਣਾ ਕਿ ਉਹਨਾਂ ਵਿਚੋਂ ਕੋਈ ਗ਼ੈਰਜ਼ਿੰਮੇਦਾਰ ਤਾਂ ਨਈਂ ਸਾਬਤ ਹੋ ਰਿਹਾ ਏ! ਬੜਾ ਮੁਸ਼ਕਲ ਕੰਮ ਹੁੰਦਾ ਏ। ਮੈਂ ਵਾਪਸੀ 'ਤੇ ਅਚਾਨਕ ਅਟਾਰੀ ਸਟੇਸ਼ਨ 'ਤੇ ਉੱਤਰ ਗਈ। ਉੱਥੋਂ ਨਾਗਪੁਰ ਗਈ ਫੇਰ ਹੈਦਰਾਬਾਦ ਤੇ ਮਦਰਾਸ ਤੇ ਆਖ਼ਰ ਵਿਚ ਕਲਕੱਤੇ ਤੇ ਕਲਕੱਤੇ ਤੋਂ ਸ਼ਾਂਤੀ ਨਿਕੇਤਨ ਚਲੀ ਗਈ। ਇਸ ਤਰ੍ਹਾਂ ਕੋਈ ਬੁੱਧ ਉੱਥੇ ਹੁੰਦਾ ਤਾਂ ਮੈਂ ਉੱਥੇ ਚਲੀ ਗਈ ਹੁੰਦੀ। ਪਰ ਇਹ ਜਗ੍ਹਾ ਵੀ ਮੈਨੂੰ ਚੰਗੀ ਲੱਗੀ। ਸੋਨੀਆ ਸਾਨਿਆਲ ਨੇ ਵੀ ਇਹੀ ਕਿਹਾ ਸੀ ਕਿ ਹਾਲੇ ਵਾਪਸ ਨਾ ਜਾਓ। ਸਾਡੀ ਯੂਨੀਵਰਸਟੀ ਦਾ ਮਾਹੌਲ ਵੀ ਦੇਖਦੇ ਜਾਓ ਜ਼ਰਾ, ਜਿਸਨੂੰ ਬਣਾਉਣ ਵਾਲੇ ਰਵਿੰਦਰ ਠਾਕੁਰ ਸਨ। ਉਸਨੇ ਮੈਨੂੰ ਆਪਣੇ ਹੋਸਟਲ ਵਿਚ ਗੈਸਟ ਬਣਾ ਲੈਣ ਦੀ ਛੂਟ ਵੀ ਦੇ ਦਿੱਤੀ ਸੀ—ਫੇਰ ਇਕ ਦਿਨ ਤੁਸੀਂ ਮਿਲ ਗਏ!”
“ਮੇਰੇ ਮਿਲ ਜਾਣ ਨਾਲ ਤੁਹਾਨੂੰ ਵਾਕੱਈ ਬੜੀ ਖ਼ੁਸ਼ੀ ਮਹਿਸੂਸ ਹੋਈ ਸੀ?”
“ਨਈਂ ਬਹੁਤੀ ਜ਼ਿਆਦਾ ਤਾਂ ਨਈਂ, ਬਸ ਥੋੜ੍ਹੀ-ਜਿਹੀ। ਇਹ ਸੋਚ ਕੇ ਕਿ ਦੇਖਾਂ ਇਹ ਆਦਮੀ ਕਿੱਦਾਂ ਦਾ ਏ ਜਿਸਨੂੰ ਮੈਂ ਪਹਿਲਾਂ ਉਸਦੀ ਪਿੱਠ ਵੱਲੋਂ ਦੇਖਿਆ ਏ, ਹੌਲੀ-ਹੌਲੀ ਤੁਰਦਾ ਹੋਇਆ। ਮੈਂ ਵੀ ਉਸੇ ਸਟੋਰ 'ਚ ਜਾ ਕੇ ਉਸਦੇ ਸਾਹਮਣੇ ਗਈ ਤਾਂ ਉਸਨੇ ਮੇਰੇ ਵੱਲ ਕੁਛ ਲੱਭਦੀਆਂ ਹੋਈਆਂ ਅਜੀਬ-ਜਿਹੀਆਂ ਨਜ਼ਰਾਂ ਨਾਲ ਦੇਖਿਆ। ਜਿਵੇਂ ਕਿ ਮੈਂ ਇਕੱਲੀ ਆਂ! ਕਿਸੇ ਸਾਥੀ ਦੀ ਭਾਲ 'ਚ ਆਂ? ਕੀ ਮੈਂ ਉਸ ਦੇ ਨਾਲ ਕਿਧਰੇ ਬੈਠ ਕੇ ਗੱਲਾਂ ਕਰਨ ਲਈ ਤਿਆਰ ਹੋ ਸਕਦੀ ਆਂ! ਮੈਨੂੰ ਏਦਾਂ ਈ ਲੱਗ ਰਿਹਾ ਸੀ ਤੁਹਾਨੂੰ ਆਪਣੇ ਵੱਲ ਦੇਖਦਿਆਂ ਹੋਇਆਂ ਦੇਖ ਕੇ। ਤੇ ਇਹ ਵੀ ਫ਼ੈਸਲਾ ਕਰ ਲਿਆ ਸੀ ਮੈਂ ਕਿ ਜੇ ਤੁਸੀਂ ਮੇਰੇ ਵੱਲ ਇਕ ਕਦਮ ਅੱਗੇ ਵਧਾਇਆ ਤਾਂ ਮੈਂ ਵੀ ਪਿੱਛੇ ਨਈਂ ਹਟਾਂਗੀ। ਹਰ ਇਨਸਾਨ ਦੀਆਂ ਛੋਟੀਆਂ-ਛੋਟੀਆਂ ਤੇ ਬੁਨਿਆਦੀ ਖ਼ਾਹਿਸ਼ਾਂ ਹੁੰਦੀਆਂ ਨੇ ਜਿਹੜੀਆਂ ਬੜੀਆਂ ਈ ਨੇਚੁਰਲ ਤੇ ਮਾਸੂਮ ਹੁੰਦੀਆਂ ਨੇ। ਉਹਨਾਂ ਨੂੰ ਪੂਰਾ ਕਰਨ ਲਈ ਉਹ ਮਜ਼ਬੂਰ ਹੋ ਜਾਂਦਾ ਏ ਤਾਂ ਉਸਦੀ ਬੇਚੈਨੀ ਵਧ ਜਾਂਦੀ ਏ। ਜ਼ਿੰਦਗੀ ਉਂਜ ਵੀ ਉਸਨੂੰ ਪੈਰ-ਪੈਰ 'ਤੇ ਬੇਚੈਨ ਕਰਦੀ ਰਹਿੰਦੀ ਏ।”
“ਉਹ ਕਿਵੇਂ?” ਉਹ ਪਹਿਲੀ ਵਾਰੀ ਖੁੱਲ੍ਹ ਰਹੀ ਸੀ, ਇਕ ਕਿਤਾਬ ਵਾਂਗ ਤੇ ਆਪਣੇ-ਆਪ।
“ਦੇਖੋ ਨਾ, ਤੁਹਾਡੇ ਨਾਲ ਕੁਛ ਦਿਨ ਰਹਿ ਲੈਣ ਦੇ ਬਾਵਜੂਦ ਦਿਲ ਨੂੰ ਇਕ ਧੜਕਾ ਜਿਹਾ ਲੱਗਿਆ ਰਿਹਾ, ਇਕ ਭੈਅ ਮਹਿਸੂਸ ਹੁੰਦਾ ਰਹਿੰਦਾ ਕਿ ਤੁਸੀਂ ਮੇਰੇ ਨਾਲ ਕੀ ਸਲੂਕ ਕਰਦੇ ਓਂ? ਮੈਂ ਇਕ ਔਰਤ ਤਾਂ ਹਾਂ ਈ। ਇਸ ਗੱਲ ਨੂੰ ਕੋਈ ਵੀ ਨਈਂ ਭੁੱਲ ਸਕਦਾ—ਖਾਸ ਕਰਕੇ ਉਹਨਾਂ ਪਲਾਂ ਵਿਚ ਜਦੋਂ ਤੁਹਾਡੇ ਨਾਲ ਬਿਲਕੁਲ ਇਕੱਲੀ ਹੁੰਦੀ ਆਂ। ਮੈਂ ਔਰਤ ਮਰਦ ਦੀਆਂ ਬੁਨਿਆਦੀ ਲੋੜਾਂ ਦੀ ਗੱਲ ਨਈਂ ਕਰ ਰਹੀ ਜਿਸਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਏ। ਪਰ ਆਦਮੀ ਦੀ ਨੇਚੁਰ ਇਕ ਜਾਨਵਰ ਵਰਗੀ ਵੀ ਤਾਂ ਏ! ਮੁਆਫ਼ ਕਰਨਾ!” ਉਹ ਉੱਚੀ ਸਾਰੀ ਹੱਸ ਪਈ ਸੀ।
“ਕਿਹੜਾ ਜਾਨਵਰ! ਮੇਰਾ ਮਤਲਬ ਏ ਜਾਨਵਰ ਵੀ ਤਾਂ ਕੁਦਰਤ ਦਾ ਗੁਲਾਮ ਹੁੰਦਾ ਏ। ਜਿਵੇਂ ਉਸਨੂੰ ਬਣਾਇਆ ਗਿਆ ਏ, ਓਵੇਂ ਈ ਉਹ ਕਰਦਾ ਏ। ਪਰ ਮੇਰਾ ਖ਼ਿਆਲ ਏ ਜਾਨਵਰ ਬੜਾ ਈ ਸਿੱਧਾ ਤੇ ਸ਼ਰੀਫ਼ ਜਾਨਦਾਰ ਹੁੰਦਾ ਏ। ਆਪਣੀ ਮੇਟ (Mate) ਨੂੰ ਪਿਆਰ ਕਰਨ ਲਈ ਕੁਦਰਤ ਨੇ ਉਸ ਲਈ ਖਾਸ ਮੌਸਮ ਮੁਕਰਰ ਕੀਤੇ ਹੋਏ ਨੇ। ਉਸ ਦੇ ਇਲਾਵਾ ਉਹ ਕਦੀ ਕਿਸੇ ਕੋਲ ਨਈਂ ਫਟਕਦਾ ਜਦਕਿ ਆਦਮੀ ਹਰ ਮੌਸਮ ਦਾ ਜਾਨਵਰ ਹੁੰਦਾ ਏ। ਮੁਆਫ਼ ਕਰਨਾ ਲਫ਼ਜ਼ ਜਾਨਵਰ ਦਾ ਇਸਤੇਮਾਲ ਅਸੀਂ ਇਨਸਾਨ ਕਿੰਨਾਂ ਗਲਤ ਕਰਦੇ ਆਂ ਜਦਕਿ ਲਫ਼ਜ਼ ਇਨਸਾਨ ਈ ਜਬਰ, ਦਰਿੰਦਗੀ ਤੇ ਵਹਿਸ਼ਤ ਦੀ ਅਲਾਮਤ ਹੋਣਾ ਚਾਹੀਦਾ ਏ—ਪਰ ਤੁਸੀਂ ਆਪਣੀ ਗੱਲ ਭੈਅ ਤੋਂ ਸ਼ੁਰੂ ਕੀਤੀ ਸੀ। ਕੀ ਤੁਸੀਂ ਸਮਝਦੇ ਓਂ ਸਿਰਫ਼ ਮਰਦ ਈ ਭਿਆਨਕ ਜਾਨਵਾਰ ਹੁੰਦਾ ਏ! ਔਰਤ ਕਦੀ ਨਈਂ!”
“ਮਰਦਾਂ ਦੀ ਦੁਨੀਆਂ 'ਚ ਵਧੇਰੇ ਗਿਣਤੀ ਭਿਆਨਕ ਮਰਦਾਂ ਦੀ ਈ ਏ—ਅਜਿਹੀਆਂ ਔਰਤਾਂ ਬੜੀਆਂ ਘੱਟ ਹੋਣਗੀਆਂ!” ਉਹ ਥੋੜ੍ਹੀ-ਜਿਹੀ ਸੰਤੁਸ਼ਟ ਵੀ ਨਜ਼ਰ ਆਈ ਕਿ ਉਸਨੇ ਇਕ ਸੰਜੀਦਾ ਬਹਿਸ ਛੇੜ ਕੇ ਮੇਰੇ ਅੰਦਰ ਠਹਿਰਾ ਪੈਦਾ ਕਰ ਦਿੱਤਾ ਸੀ।
ਮੈਂ ਠਹਿਰਾ ਨੂੰ ਹੀ ਇਕ ਵਿਸ਼ਾ ਬਣਾ ਕੇ ਕਿਹਾ—
“ਤੁਸੀਂ ਇਹੀ ਦੇਖੋ, ਇਸ ਹੋਟਲ ਦੇ ਰਜਿਸਟਰ ਵਿਚ ਮਰਦ ਦੇ ਨਾਲ ਇਕ ਬੀਵੀ ਦਾ ਖਾਨਾਂ ਵੀ ਏ। ਇਕ ਮਰਦ ਦੋਸਤ ਦਾ ਵੀ ਹੋ ਸਕਦਾ ਏ। ਪਰ ਕਿਸੇ ਔਰਤ ਦੋਸਤ ਦਾ ਹਰਗਿਜ਼ ਨਈਂ! ਸਾਡਾ ਸਮਾਜ ਇਹ ਗੱਲ ਫ਼ਰਜ਼ ਵੀ ਨਈਂ ਕਰ ਸਕਦਾ ਕਿ ਕੋਈ ਮਰਦ ਆਪਣੇ ਨਾਲ ਇਕ ਦੋਸਤ ਔਰਤ ਵੀ ਲੈ ਕੇ ਆ ਸਕਦਾ ਏ। ਮੈਨੂੰ ਵੀ ਮਜਬੂਰਨ ਝੂਠ ਦਾ ਸਹਾਰਾ ਲੈਣਾ ਪਿਆ। ਜਦਕਿ ਸੱਚਾਈ ਇਹ ਐ ਕਿ ਅਸੀਂ ਹੁਣ ਤੱਕ ਦੋਸਤ ਈ ਆਂ! ਸਾਡੇ ਦਰਵਾਜ਼ੇ ਤੇ ਖਿੜਕੀਆਂ ਬੰਦ ਦੇਖ ਕੇ ਬਾਹਰ ਵਾਲੇ ਇਹੀ ਸਮਝ ਕੇ ਸ਼ਾਂਤ ਨੇ ਕਿ ਅਸੀਂ ਉਹੀ ਕੁਛ ਕਰ ਰਹੇ ਹੋਵਾਂਗੇ ਜਿਹੜਾ ਮੀਆਂ ਬੀਵੀ ਦੇ ਫ਼ਰਜ਼ਾਂ ਵਿਚ ਸ਼ਾਮਲ ਏ ਪਰ ਅਸੀਂ ਕਿੰਨੀਆਂ ਸੰਜੀਦਾ ਗੱਲਾਂ ਵਿਚ ਰੁੱਝੇ ਹੋਏ ਆਂ!”
“ਪਰ ਮੈਂ ਬਾਹਰ ਵਾਲਿਆਂ ਤੋਂ ਇੰਤਕਾਮ ਲੈਣ ਲਈ ਖ਼ੁਦ ਨੂੰ ਤੁਹਾਡੇ ਹਵਾਲੇ ਨਈਂ ਕਰ ਸਕਦੀ!” ਉਸਨੇ ਠਹਾਕਾ ਮਾਰ ਕੇ ਕਿਹਾ ਤੇ ਦੇਰ ਤੱਕ ਹੱਸਦੀ ਰਹੀ।
“ਮੇਰਾ ਵੀ ਅਜਿਹਾ ਕੋਈ ਇਰਾਦਾ ਨਈਂ ਕਿ ਤੁਹਾਨੂੰ ਕਿਸੇ ਦਿਮਾਗ਼ੀ ਕਸ਼ਮਕਸ਼ ਵਿਚ ਪਾ ਦਿਆਂ!”
ਅਗਲੀ ਸਵੇਰ ਉਹ ਮੈਥੋਂ ਪਹਿਲਾਂ ਜਾਗ ਪਈ ਤੇ ਮੇਰੇ ਲਈ ਚਾਹ ਮੰਗਵਾ ਕੇ ਮੈਨੂੰ ਵੀ ਜਗਾਅ ਦਿੱਤਾ। ਬੋਲੀ, “ਮੈਂ ਨਹਾਉਣ ਤੋਂ ਪਹਿਲਾਂ ਚਾਹ ਨਈਂ ਪੀਵਾਂਗੀ। ਅੱਛਾ ਜਦੋਂ ਤੱਕ ਤੁਸੀਂ ਚਾਹ ਪੀਂਦੇ ਓਂ, ਮੈਂ ਤਿਆਰ ਹੋ ਕੇ ਆਉਂਦੀ ਆਂ।”
ਨਾਸ਼ਤਾ ਕਰਨ ਲਈ ਅਸੀਂ ਡਾਈਨਿੰਗ ਹਾਲ ਵਿਚ ਗਏ—ਉੱਥੇ ਆਮ ਨਾਲੋਂ ਕੁਝ ਵੱਧ ਹੀ ਭੀੜ ਸੀ। ਨੌਜਵਾਨ ਮੁੰਡੇ ਤੇ ਕੁੜੀਆਂ ਬੰਗਾਲੀ ਭਾਸ਼ਾ ਵਿਚ ਕਾਹਲੀ-ਕਾਹਲੀ ਗੱਲਾਂਬਾਤਾਂ ਕਰ ਰਹੇ ਸੀ—
“ਏ ਗੰਗੋਲੀ ਦਾ, ਸ਼ੋਨੋ, ਤੁਮਰਾ ਸੇਨ ਭੂਮਕ ਦਾ ਏਕ ਬਾਰੇ ਪਰ ਨਾਏ ਕਟੇ ਦਏ ਛੇ। ਰਸ਼ ਪਰਿੰਟ ਦੇਖੇ ਲੋਲੇ ਅੱਛੇ। ਅਲੇ ਸ਼ਬ ਜੋਲੇ ਨਾ!” ਲੰਮੇ-ਲੰਮੇ ਵਾਲਾਂ ਵਾਲੀ ਕੁੜੀ ਜਿਸਨੇ ਇਹ ਫਿਰਕੇ ਬੜੀ ਸ਼ੋਖ਼ੀ ਨਾਲ ਕਹੇ ਸਨ ਉਸਦੇ ਜਵਾਬ ਵਿਚ ਇਕ ਦਰਮਿਆਨੇ ਕੱਦਾ ਦਾ ਖ਼ੁਸ਼ ਸ਼ਕਲ ਨੌਜਵਾਨ ਬੋਲਿਆ—
“ਹਾਂ-ਹਾਂ, ਅਮੀ ਜਾਨੀ। ਕਨਤੋ ਉਟਯਾ ਅਮਾਰ ਭਾਲੋ ਏਕ ਟੰਗ ਹੋਏ ਛੇ ਬੋਲਈ ਕੇਟੇ ਗਏ ਛੇ। ਅਹੀ ਕਾਰਨ ਭੋਮਕ ਦਾ ਸੇ ਜਾਨੇ ਹੈ ਅਮਾਰ ਭਾਲੋ—ਐਕਟਿੰਗ ਏ ਚੁਨਾ ਏਕ ਟੋ ਲੰਮਬਾ ਸੀਨ ਕਾਹੀ ਲਿਖਤੇ ਜਾਤੇ।”
 ਉਹਨਾਂ ਦੇ ਡਾਇਲਾਗ ਸੁਣ ਕੇ ਉੱਥੇ ਜਿੰਨੇ ਲੋਕ ਸੀ ਉੱਚੀ-ਉੱਚੀ ਹੱਸਣ ਲੱਗੇ।
ਉਹਨਾਂ ਲੋਕਾਂ ਦਾ ਬੰਨ੍ਹਿਆਂ ਹੋਇਆ ਸਾਮਾਨ ਕੰਧਾਂ ਦੇ ਨਾਲ ਰੱਖਿਆ ਹੋਇਆ ਸੀ। ਵੱਡੇ-ਵੱਡੇ ਸੂਟਕੇਸ, ਅਟੈਚੀ ਤੇ ਬਰੀਫ਼ ਕੇਸ ਤੇ ਕੁਝ ਵੱਡੇ-ਵੱਡੇ ਕੈਮਰੇ ਵੀ। ਪਤਾ ਲੱਗਿਆ ਟਾਲੀ ਗੰਜ ਦੀ ਇਕ ਫ਼ਿਲਮ ਕੰਪਨੀ ਦਾ ਪੂਰਾ ਯੂਨਿਟ ਸ਼ੂਇੰਗ ਕਰਨ ਆਇਆ ਸੀ। ਉਹਨਾਂ ਦੀਆਂ ਦੋ ਮੋਟਰਾਂ, ਇਕ ਜੀਪ ਤੇ ਇਕ ਵੈਨ ਟੂਰਿਸਟ ਲਾਜ ਦੇ ਅਹਾਤੇ ਵਿਚ ਖੜ੍ਹੀ ਦਿਖਾਈ ਦਿੱਤੀ।
ਸ਼ਾਂਤੀ ਨਿਕੇਤਨ ਦੇ ਬਾਗ਼ ਤੇ ਆਲੇ-ਦੁਆਲੇ ਦਾ ਮਾਹੌਲ ਬੰਗਾਲੀ ਫ਼ਿਲਮਾਂ ਲਈ ਇਕ ਚੰਗੀ ਰੇਡੀਮੇਡ ਸਿਚੁਏਸ਼ਨ ਪੈਦਾ ਕਰ ਦਿੰਦਾ ਹੈ—ਘੱਟ ਖਰਚ ਤੇ ਵਧੇਰੇ ਲਾਭ। ਉਂਜ ਵੀ ਕਲਕੱਤਾ ਉੱਥੋਂ ਬਹੁਤੀ ਦੂਰ ਨਹੀਂ ਹੈ।
ਜਦੋਂ ਤੱਕ ਅਸੀਂ ਨਾਸ਼ਤਾ ਕਰਦੇ ਰਹੇ ਫ਼ਿਲਮ ਯੂਨਿਟ ਦਾ ਇਕ ਮੋਟਾਂ-ਤਾਜ਼ਾ ਤੇ ਲੰਮਾਂ ਉੱਚਾ ਸ਼ਖ਼ਸ ਸਾਡੇ ਵੱਲ ਦੇਖਦਾ ਰਿਹਾ। ਫੇਰ ਜਿਵੇਂ ਉਸ ਤੋਂ ਸਬਰ ਨਾ ਹੋ ਸਕਿਆ ਤੇ ਸਾਡੇ ਕੋਲ ਆ ਕੇ ਬੋਲਿਆ, “ਜੇ ਤੁਸੀਂ ਵਾਕੱਈ ਨਾਰਦਨ ਇੰਡੀਆ ਦੇ ਓਂ ਤਾਂ ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਾਂਗਾ।”
ਮੇਰੇ ਹਾਂ ਵਿਚ ਸਿਰ ਹਿਲਾਅ ਦੇਣ 'ਤੇ ਉਹ ਹੱਥ ਵਧਾ ਕੇ ਬੋਲਿਆ...:
“ਮੈਂ ਡਾਇਰੈਕਟਰ ਭੂਮਕ ਆਂ। ਗੁਰੂਪਦ ਭੂਮਕ। ਚਾਰ ਫ਼ਿਲਮਾਂ ਬਣਾ ਚੁੱਕਿਆ ਆਂ। ਦੋ ਤਾਂ ਹਿੱਟ ਹੋ ਗਈਆਂ। ਨਵੀਂ ਫ਼ਿਲਮ ਹਿੰਦੀ ਵਿਚ ਵੀ ਡੱਬ ਹੋ ਗਈ—'ਕੈਸੇ ਕੈਸੇ ਲੋਗ'! ਕਦੀ ਨਾ ਕਦੀ ਤੁਹਾਨੂੰ ਵੀ ਦੇਖਣ ਲਈ ਜ਼ਰੂਰ ਮਿਲੇਗੀ। ਅੱਛਾ, ਇਕ ਗੱਲ ਹੋਰ ਏ—ਇਹ ਜਿਹੜੀ ਨਵੀਂ ਫ਼ਿਲਮ ਦੀ ਸ਼ੂਟਿੰਗ ਕਰਨ ਵਾਸਤੇ ਅਸੀਂ ਇੱਧਰ ਆਏ ਆਂ, ਉਸਦੀ ਕਹਾਣੀ ਇੱਥੋਂ ਦੇ ਇਕ ਪ੍ਰੋਫ਼ੈਸਰ ਆਸ਼ਿਸ਼ ਦਾਸ ਗੁਪਤਾ ਨੇ ਲਿਖੀ ਏ। ਉਹ ਹੁਣੇ ਆਉਣ ਵਾਲਾ ਏ। ਉਹ ਨਾਲ ਅੱਜ ਦੀ ਸਿਚੁਏਸ਼ਨ 'ਤੇ ਡਿਸਕਸ਼ਨ ਵੀ ਹੋਣੀ ਏਂ। ਤੁਹਾਨੂੰ ਦੋਵਾਂ ਨੂੰ ਦੇਖ ਕੇ ਇਕ ਗੱਲ ਇਕਦਮ ਮਨ ਵਿਚ ਆਈ। ਪ੍ਰੋਫ਼ੈਸਰ ਆਸ਼ਿਸ਼ ਦਾਸ ਗੁਪਤਾ ਨੂੰ ਵੀ ਦੱਸਾਂਗਾ—ਉਮੀਦ ਏ ਉਹ ਵੀ ਪਸੰਦ ਕਰੇਗਾ। ਫਿਲਮ ਬਣਾਉਂਦਿਆਂ-ਬਣਾਉਂਦਿਆ ਬੜਾ ਕੁਛ ਐਡਜੈਸਟ ਕਰਨਾ ਪੈਂਦਾ ਏ ਦਾਦਾ। ਹੁਣ ਤੁਸੀਂ ਇੱਥੇ ਓਂ ਨਾ! ਇਸੇ ਹੋਟਲ 'ਚ...! ਅਸੀਂ ਲੋਕ ਪਹਿਲਾਂ ਡਿਸਕਸ਼ਨ ਕਰ ਲਈਏ ਫੇਰ ਤੁਹਾਨੂੰ ਵੀ ਆ ਕੇ ਦੱਸਾਂਗਾ। ਪਰ ਕੀ ਤੁਸੀਂ ਲੋਕ ਇਕ ਜਾਂ ਦੋ ਸੀਨਾਂ 'ਚ ਕੰਮ ਕਰਨ ਲਈ ਰਾਜ਼ੀ ਓਂ ਨਾ! ਦੇਖੋ, ਸਾਡੇ ਕੋਲ ਬਹੁਤਾ ਪੈਸ ਨਈਂ ਹੁੰਦਾ। ਬੜੇ ਸਸਤੇ 'ਚ ਫਿਲਮ ਬਣਾਉਂਦੇ ਆਂ। ਅਸੀਂ ਲੋਕ ਤਾਂ ਆਰਟ 'ਤੇ ਮਰਦੇ ਆਂ ਦਾਦਾ। ਅੱਛੀ ਕਹਾਣੀ ਉੱਤੇ—ਤੇ ਅੱਛੀ ਐਕਟਿੰਗ ਉੱਤੇ! ਸਾਰੇ ਬੰਗਾਲ 'ਚ ਗਿਣਤੀ ਦੇ ਸਿਨੇਮਾ ਘਰ ਨੇ। ਇਹ ਬੰਬਈ ਨਈਂ ਦਾਦਾ, ਜੋ ਸਾਰੇ ਇੰਡੀਆ 'ਤੇ ਰਾਜ ਕਰਦੀ ਏ ਤੇ ਖ਼ੂਬ ਕਮਾਉਂਦੀ ਏ। ਬਸ, ਆਰਟ ਦੇ ਮਰਦੇ ਆਂ ਦਾਦਾ!”
ਨੀਰਾ ਚੌਧਰੀ ਨੇ ਉਸਨੂੰ ਫ਼ੌਰਨ ਕਹਿ ਦਿੱਤਾ—
“ਅਸੀਂ ਤਿਆਰ ਆਂ—ਪਰ ਪਹਿਲਾਂ ਸਕਰਿਪਟ ਦਿਖਾਅ ਦੇਣਾ ਜ਼ਰਾ। ਅਸੀਂ ਲੋਕ ਰੂਮ ਨੰਬਰ ਪੰਜ 'ਚ ਆਂ।”
ਆਪਣੇ ਕਮਰੇ ਵਿਚ ਜਾ ਕੇ ਮੈਂ ਨੀਰਾ ਨੂੰ ਕਿਹਾ—“ਮੈਂ ਤਾਂ ਕਦੀ ਐਕਟਿੰਗ-ਵੈਕਟਿੰਗ ਕੀਤੀ ਨਈਂ। ਹੁਣੇ ਪਸੀਨਾ ਆ ਰਿਹੈ।”
“ਇਕ ਅੱਧੇ ਸੀਨ 'ਚ ਹੋਵੇਗਾ ਕੀ? ਇਸ ਮਾਮਲੇ 'ਚ ਮੈਂ ਵੀ ਬਿਲਕੁਲ ਕੋਰੀ ਆਂ। ਪਰ ਮੈਨੂੰ ਡਰ ਨਈਂ ਲੱਗ ਰਿਹਾ—ਇਕ ਐਡਵੈਂਚਰ ਈ ਤਾਂ ਹੋਵੇਗਾ! ”
“ਜੇ ਉਹਨਾਂ ਨੇ ਸਾਨੂੰ ਕੁਛ ਤੋਂ ਕੁਛ ਬਣਾ ਦਿੱਤਾ! ਮਾਂ ਬੇਟਾ ਜਾਂ ਭਰਾ ਭੈਣ!”
“ਤਾਂ ਕਿਹਾੜਾ ਵੱਡਾ ਪਹਾੜ ਟੁੱਟ ਪਵੇਗਾ? ਬਣਾ ਦੇਣ।”
ਗਿਆਰਾਂ ਵਜੇ ਦੇ ਲਗਭਗ ਗੁਰੂਪਦ ਭੂਮਕ ਇਕ ਸ਼ਖ਼ਸ ਨੂੰ ਸਾਡੇ ਕਮਰੇ ਵਿਚ ਲੈ ਆਇਆ। ਸਾਡੇ ਨਾਲ ਜਾਣ-ਪਛਾਣ ਕਰਾਉਂਦਾ ਹੋਇਆ ਬੋਲਿਆ, “ਇਹ ਨੇ ਸਾਡੇ ਕਹਾਣੀਕਾਰ ਆਸ਼ਿਸ਼ ਰਾਏ ਦਾਸ ਗੁਪਤਾ। ਵਿਸ਼ਵ ਭਾਰਤੀ 'ਚ ਇੰਗਲਿਸ਼ ਲਿਟਰੇਚਰ ਪੜ੍ਹਾਉਂਦੇ ਨੇ। ਇਹਨਾਂ ਨੇ ਮੇਰੀ ਸਿਚੁਏਸ਼ਨ 'ਤੇ ਦੋ ਚਾਰ ਸੀਨ ਹੋਰ ਵਧਾ ਦਿੱਤੇ ਨੇ। ਤੁਹਾਨੂੰ ਸਣਾਉਣ ਕੇ ਵਾਸਤੇ ਨਾਲ ਲਿਆਇਆ ਆਂ।”
ਪ੍ਰੋਫ਼ੈਸਰ ਆਸ਼ਿਸ਼ ਰਾਏ ਬੋਲੇ, “ਸਾਡੀ ਕਹਾਣੀ ਵਿਚ ਜਿਹੜੀ ਹੀਰੋਇਨ ਏ ਉਹ ਅਪਾਹਜ਼ ਏ। ਪੋਲੀਓ ਕਰਕੇ ਬਿਲਕੁਲ ਤੁਰ ਫਿਰ ਨਈਂ ਸਕਦੀ—ਇਕ ਹੋਟਲ ਵਿਚ ਰਿਸੈਪਸਨਿਸ਼ਟ ਦੀ ਜਾਬ ਕਰਦੀ ਏ। ਉਸ ਕੋਲ ਇਕ ਟੂਰਿਸਟ ਔਰਤ ਆਉਂਦੀ ਏ। ਉਸ ਕੋਲ ਬੈਠ ਕੇ ਉਸਨੂੰ ਆਪਣੀ ਜ਼ਿੰਦਗੀ ਬਾਰੇ ਕੁਛ ਨਾ ਕੁਛ ਦੱਸਦੀ ਰਹਿੰਦੀ ਏ। ਤੇ ਉਹ ਜਿਹੜੀ ਟੂਰਿਸਟ ਔਰਤ ਏ ਨਾਰਦਨ ਇੰਡੀਆ ਦੀ ਇਕ ਫ਼ੇਮਸ ਰਾਈਟਰ ਏ ਤੇ ਯਕਦਮ ਮੌਡਰਨ, ਨਵੇਂ ਵਿਚਾਰਾਂ ਦੀ। ਅਚਾਨਕ ਉਸਦੀ ਮੁਲਾਕਾਤ ਬੋਲਪੁਰ ਦੇ ਬਾਜ਼ਾਰ ਵਿਚ ਆਪਣੇ ਵਰਗੇ ਇਕ ਹੋਰ ਰਾਈਟਰ ਨਾਲ ਹੋ ਜਾਂਦੀ ਏ। ਉਹ ਵੀ ਬੜਾ ਫ਼ੇਮਸ ਏ ਪਰ ਉਹ ਪਹਿਲਾਂ ਇਕ ਦੂਜੇ ਨੂੰ ਕਦੀ ਨਈਂ ਮਿਲੇ। ਪਹਿਲੀ ਵਾਰੀ ਇੱਥੇ ਬਾਜ਼ਾਰ 'ਚ ਮਿਲਦੇ ਨੇ। ਖਿਡੌਣਿਆਂ, ਵਾਲ ਹੈਂਗਿੰਗ ਤੇ ਕੁਛ ਹੋਰ ਸਾਮਾਨ ਵਾਲੀ ਇਕ ਦੁਕਾਨ 'ਚ ਜਿਹੜਾ ਟੂਰਿਸਟਾਂ ਨੂੰ ਲਲਚਾਉਣ ਲਈ ਰੱਖਿਆ ਹੁੰਦਾ ਏ। ਉਹ ਇਕ ਦੂਜੇ ਦੇ ਫਰੈਂਡ ਬਣ ਜਾਂਦੇ ਨੇ। ਉੱਥੋਂ ਨਿਕਲ ਕੇ ਇਕ ਰੇਸਤਰਾਂ ਵਿਚ ਜਾ ਬੈਠਦੇ ਨੇ। ਜੋ ਕੁਛ ਉਹ ਇਕ ਦੂਜੇ ਨੂੰ ਕਹਿੰਦੇ ਨੇ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ। ਉਹ ਬੰਗਾਲੀ 'ਚ ਨਈਂ ਬੋਲਣਾ ਪਵੇਗਾ। ਤੁਸੀਂ ਆਪਣੀ ਜ਼ਬਾਨ 'ਚ ਬੋਲਣਾ। ਫੇਰ ਉਹ ਰਿਕਸ਼ੇ ਵਿਚ ਬੜੀ ਦੇਰ ਤੱਕ ਇੱਧਰ-ਉੱਧਰ ਘੁੰਮਦੇ ਨੇ। ਸਾਡਾ ਕੈਮਰਾ ਤੁਹਾਡੇ ਪਿੱਛੇ-ਪਿੱਛੇ ਰਹੇਗਾ। ਉਹ ਆਦਮੀ ਉਸਨੂੰ ਆਪਣੇ ਨਾਲ ਹੋਟਲ 'ਚ ਠਹਿਰਣ ਵਾਸਤੇ ਇਨਵਾਈਟ ਕਰਦਾ ਏ। ਔਰਤ ਇਨਕਾਰ ਨਈਂ ਕਰਦੀ। ਸਾਡਾ ਕੈਮਰਾ ਉਹਨਾਂ ਦੋਵਾਂ ਨੂੰ ਇਕ ਰੂਮ ਅੰਦਰ ਜਾਂਦਿਆਂ ਪਿੱਛਲੇ ਪਾਸਿਓਂ ਸ਼ੂਟ ਕਰ ਲਵੇਗਾ। ਇਸ ਪਿੱਛੋਂ ਇਕ ਹੋਰ ਸੀਨ ਏ। ਸਾਡੀ ਹੀਰੋਇਨ ਕੋਲ ਬੈਠੀ ਹੋਈ ਉਹ ਔਰਤ ਬੋਲਦੀ ਏ—'ਮੈਨੂੰ ਆਪਣੀ ਆਜ਼ਾਦੀ ਪਿਆਰੀ ਏ। ਉਸੇ ਵਾਸਤੇ ਮੈਂ ਘਰ-ਬਾਰ, ਬੱਚੇ, ਸ਼ਹਿਰ, ਸਭ ਕੁਛ ਛੱਡ ਕੇ ਘੁੰਮਣ ਨਿਕਲੀ ਆਂ।' ਬਸ! ਇਸ ਪਿੱਛੋਂ ਸਾਡੀ ਆਪਣੀ ਕਹਾਣੀ ਚੱਲਦੀ ਏ। ਤੁਹਾਡਾ ਲੋਕਾਂ ਦਾ ਕੰਮ ਬਸ ਐਨਾ ਈ ਹੋਵੇਗਾ!”
ਇਹ ਸਭ ਸੁਣ ਕੇ ਮੈਂ ਤਾਂ ਹੱਕਾ-ਬੱਕਾ ਰਹਿ ਗਿਆ। ਨੀਰਾ ਚੌਧਰੀ ਦੇ ਚਿਹਰੇ ਉੱਤੇ ਵੀ ਓਹੋ-ਜਿਹੀ ਹੈਰਾਨੀ ਹੀ ਸੀ। ਇੰਜ ਲੱਗਿਆ ਜਿਵੇਂ ਉਹ ਸਾਨੂੰ ਦੋਵਾਂ ਨੂੰ ਜਾਣਦੇ ਨੇ। ਕਈ ਦਿਨਾਂ ਦੇ ਸਾਡੇ ਪਿੱਛੇ ਲੱਗੇ ਹੋਏ ਨੇ। ਸਾਨੂੰ ਇਸ ਤਰ੍ਹਾਂ ਖ਼ਾਮੋਸ਼ ਦੇਖ ਕੇ ਡਾਇਰੈਕਟਰ ਭੂਮਕ ਬੋਲਿਆ, “ਦੇਖੋ ਦਾਦਾ, ਇਨਕਾਰ ਨਾ ਕਰਨਾ। ਤੁਹਾਨੂੰ ਲੋਕਾਂ ਨੂੰ ਦੇਖ ਕੇ ਈ ਅਚਾਨਕ ਏਨਾ ਅੱਛਾ ਖ਼ਿਆਲ ਸੁੱਝਿਆ ਕਿ ਉਸ ਸਾਡੀ ਕਹਾਣੀ ਨੂੰ ਯਕਦਮ ਹਾਈ ਪੀਚ 'ਤੇ ਲੈ ਜਾਏਗਾ। ਇਸ ਸਿਚੁਏਸ਼ਨ ਨਾਲ ਅਸੀਂ ਆਪਣੀ ਹੀਰੋਇਨ ਦਾ ਰਿਐਕਸ਼ਨ ਦਿਖਾਉਣਾ ਚਾਹੁੰਦੇ ਆਂ। ਉਹ ਆਪਣੇ ਅਪਾਹਜ਼ਪਨ ਕਰਕੇ ਕੁਛ ਹੋਰ ਨਈਂ ਕਰ ਸਕਦੀ। ਕਾਊਂਟਰ 'ਤੇ ਬੈਠੀ-ਬੈਠੀ ਆਉਣ-ਜਾਣ ਵਾਲਿਆਂ ਬਾਰੇ ਆਪਣੀ ਡਾਇਰੀ 'ਚ ਕੁਛ ਨਾ ਕੁਛ ਲਿਖਦੀ ਰਹਿੰਦੀ ਏ। ਸਾਰੀ ਕਹਾਣੀ ਉਸ ਡਾਇਰੀ 'ਤੇ ਅਧਾਰਿਤ ਏ। ਅਸੀਂ ਜਾਣਦੇ ਆਂ ਇਸ ਲਈ ਤੁਹਾਨੂੰ ਚਾਰ ਪੰਜ ਦਿਨ ਹੋਰ ਰੁਕਣਾ ਪਏਗਾ। ਇਸਦਾ ਕਿਰਾਇਆ ਤੇ ਹੋਰ ਸਾਰੇ ਬਿੱਲ ਅਸੀਂ ਦਿਆਂਗੇ। ਬਸ, ਏਨਾ ਅਸੀਂ ਕਰ ਸਕਦੇ ਆਂ।”
ਨੀਰਾ ਚੌਧਰੀ ਨੇ ਮੇਰੇ ਵੱਲ ਟੋਂਹਦੀਆਂ-ਟਟੋਲਦੀਆਂ ਨਜ਼ਰਾਂ ਨਾਲ ਦੇਖਿਆ। ਉਹ ਮੇਰੇ ਅੰਦਰ ਹੋ ਰਹੀ ਉਥਲ-ਪੁਥਲ ਨੂੰ ਵੀ ਸਮਝ ਚੁੱਕੀ ਸੀ। ਹੌਲੀ-ਜਿਹੀ ਬੋਲੀ, “ਇਹ ਲੋਕ ਸਾਡੇ ਬਾਰੇ ਪਹਿਲਾਂ ਕੁਛ ਨਈਂ ਜਾਣਦੇ ਸੀ ਪਰ ਇਸ ਤੋਂ ਪਤਾ ਲੱਗਦਾ ਏ ਕਿ ਸਾਡੀ ਦੁਨੀਆਂ ਕਿੰਨੀ ਛੋਟੀ ਹੋ ਗਈ ਏ। ਸਾਡੀ ਕਹਾਣੀ ਹਰ ਇਲਾਕੇ ਦੀਆਂ ਕਹਾਣੀ ਬਣ ਗਈਆਂ ਏ ਕਿਉਂਕਿ ਹਰ ਜਗ੍ਹਾ ਦੇ ਮਸਲੇ ਇਕੋ-ਜਿਹੇ ਨੇ। ਹਰ ਜਗ੍ਹਾ ਇਕੋ-ਜਿਹਾ ਘਰ ਏ। ਉਸ ਘਰ ਵਿਚਲਾ ਡਿਪਰੈਸ਼ਨ ਤੇ ਉਸ 'ਚੋਂ ਨਿੱਕਲ ਕੇ ਭੱਜ ਜਾਣ ਦੀ ਤਮੰਨਾ ਵੀ! ਇਸ ਬਹਾਨੇ ਇਕ ਦੂਜੇ ਨੂੰ ਹੋਰ ਵੱਧ ਜਾਣਨ ਦਾ ਮੌਕਾ ਮਿਲ ਰਿਹਾ ਏ ਤਾਂ ਹੱਥੋਂ ਕਿਓਂ ਜਾਣ ਦਿੱਤਾ ਜਾਣ ਦੇਈਏ!” ਫੇਰ ਉਸਨੇ ਗੁਰੂਪਦ ਭੂਮਕ ਵੱਲ ਭੌਂ ਕੇ ਕਿਹਾ, “ਠੀਕ ਏ ਦਾਦਾ, ਸਾਨੂੰ ਸਭ ਮੰਜ਼ੂਰ ਏ। ਤੁਹਾਡਾ ਕੰਮ ਕਦੋਂ ਤੱਕ ਸ਼ੁਰੂ ਹੋਵੇਗਾ!
--- --- ---
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.