Wednesday, July 4, 2012

ਬਾਲਜ਼ਾਕ... :: ਲੇਖਕ : ਨਟੀਫਨ ਸਵਾਇਗ



ਜੀਵਨੀ ਵਿਚੋਂ :
ਬਾਲਜ਼ਾਕ ਦਾ ਇਕ ਦਿਨ ਤੇ ਕਾਰਜ-ਸ਼ੈਲੀ...


ਲੇਖਕ : ਨਟੀਫਨ ਸਵਾਇਗ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ












(ਇਸ ਵਿਸ਼ੇਸ਼ ਲੇਖ ਨੂੰ ਸ਼ਬਦ-59, ਜੁਲਾਈ-ਸਤੰਬਰ, 2012 ਵਿਚ ਵੀ ਪੜ੍ਹਿਆ ਜਾ ਸਕਦਾ ਹੈ।)


ਸ਼ਾਮ ਦੇ ਅੱਠ ਵੱਜੇ ਨੇ। ਪੈਰਸ ਵਾਸੀਆਂ ਨੇ ਆਪੋ-ਆਪਣਾ ਕੰਮ-ਧੰਦਾ ਕਦੋਂ ਦਾ ਨਿਪਟਾ ਲਿਆ ਹੈ ਤੇ ਦਫ਼ਤਰਾਂ, ਦੁਕਾਨਾਂ ਤੇ ਫੈਕਟਰੀਆਂ 'ਚੋਂ ਵਾਪਸ ਆ ਗਏ ਨੇ। ਰਾਤ ਦਾ ਖਾਣਾ-ਖਾਣ ਪਿੱਛੋਂ ਇਹ ਲੋਕ ਆਪਣੇ ਮਿੱਤਰ-ਪਿਆਰਿਆਂ ਨਾਲ ਜਾਂ ਇਕੱਲੇ-ਇਕੱਲੇ ਮੌਜ਼-ਮਸਤੀ ਕਰਨ ਲਈ ਸੜਕਾਂ 'ਤੇ ਨਿਕਲ ਪਏ ਨੇ। ਕੁਝ ਲੋਕ ਚੌਪਾਟੀ 'ਤੇ ਟਹਿਲਨਗੇ ਤੇ ਕੁਝ ਕੈਫ਼ੇ 'ਚ ਜਾ ਬੈਠਣਗੇ। ਕੁਝ ਲੋਕੀ ਸਿਨੇਮਾ ਜਾਂ ਥਿਏਟਰ ਦੇਖਣ ਜਾਣ ਲਈ ਬਣ-ਠਣ ਕੇ ਨਿਕਲੇ ਨੇ। ਇਕ ਬਲਜ਼ਾਕ ਹੈ ਜਿਹੜਾ ਆਪਣੇ ਹਨੇਰੇ ਕਮਰੇ 'ਚ ਸੁੱਤਾ ਪਿਆ ਹੈ...ਆਪਣੀ ਮੇਜ਼ 'ਤੇ ਲਗਭਗ ਸੋਲਾਂ-ਸਤਾਰਾਂ ਘੰਟੇ ਕੰਮ ਕਰਨ ਪਿੱਛੋਂ ਉਸਨੂੰ ਦੁਨੀਆਂ ਜਹਾਨ ਦੀ ਕੋਈ ਸੁਧ ਨਹੀਂ...।
ਰਾਤ ਦੇ ਨੌ ਵੱਜੇ ਨੇ। ਨਾਟਕਾਂ ਦੀਆਂ ਪੇਸ਼ਕਾਰੀਆਂ ਸ਼ੁਰੂ ਹੋ ਚੁੱਕੀਆਂ ਨੇ। ਨਾਚ-ਘਰਾਂ 'ਚ ਥਿਰਕਦੇ ਹੋਏ ਨੌਜਵਾਨ ਜੋੜਿਆਂ ਦੀ ਭੀੜ ਹੈ। ਜੂਆ-ਖਾਨਿਆਂ 'ਚ ਸੋਨੇ ਦੇ ਸਿੱਕੇ ਟਨਟਨਾ ਰਹੇ ਨੇ। ਪਿਛਲੀਆਂ ਗਲੀਆਂ 'ਚ ਨਜ਼ਰ-ਚੋਰ ਪ੍ਰੇਮੀਆਂ ਦੀ ਗਿਣਤੀ ਵਧ ਰਹੀ ਹੈ। ਪਰ ਬਾਲਜ਼ਾਕ ਦੀ ਨੀਂਦ ਜਾਰੀ ਹੈ।

ਗਿਆਰਾਂ ਵਜੇ : ਥਿਏਟਰਾਂ ਦੇ ਪਰਦੇ ਡਿੱਗ ਰਹੇ ਨੇ। ਪਾਰਟੀਆਂ ਵਿਚ ਜਾਂ ਕਿਧਰੇ ਹੋਰ ਮੌਜ਼-ਮੇਲਾ ਕਰਨ ਪਿੱਛੋਂ ਲੋਕ ਘਰਾਂ ਨੂੰ ਪਰਤ ਰਹੇ ਨੇ। ਰੇਤਸਰਾਵਾਂ ਦੀਆਂ ਰੋਸ਼ਨੀਆਂ ਮਧਮ ਹੋ ਰਹੀਆਂ ਨੇ, ਸੜਕਾਂ ਵੀਰਾਨ ਹੋ ਰਹੀਆਂ ਨੇ, ਮੌਜ-ਮਸਤੀ ਦੀ ਆਖ਼ਰੀ ਕਿਸ਼ਤ ਲਈ ਲੋਕ ਚੌਪਾਟੀ 'ਚੋਂ ਨਿਕਲ ਕੇ ਪਿਛਲੀਆਂ ਗਲੀਆਂ ਵੱਲ ਕੂਚ ਕਰ ਰਹੇ ਨੇ। ਪਰ ਬਲਜ਼ਾਕ ਹਾਲੇ ਵੀ ਸੁੱਤਾ ਹੋਇਆ ਹੈ।
ਅੱਧੀ ਰਾਤ : ਪੈਰਸ ਸੁੰਨਸਾਨ ਹੈ। ਲੱਖਾਂ ਅੱਖਾਂ ਮਿਚ ਚੁੱਕੀਆਂ ਨੇ। ਵਧੇਰੇ ਰੋਸ਼ਨੀਆਂ ਬੁਝ ਚੁੱਕੀਆਂ ਨੇ। ਦੂਜੇ ਆਰਾਮ ਫ਼ਰਮਾ ਰਹੇ ਨੇ ਇਸ ਲਈ ਬਾਲਜ਼ਾਕ ਦੇ ਕੰਮ ਕਰਨ ਦਾ ਸਮਾਂ ਹੋ ਰਿਹਾ ਹੈ। ਉਹ ਲੋਕ ਹੁਣ ਸੁਪਨਿਆਂ 'ਚ ਟਹਿਲਨ ਲੱਗੇ ਨੇ ਤੇ ਬਾਲਜ਼ਾਕ ਦੇ ਉਠਣ ਦਾ ਸਮਾਂ ਹੋ ਰਿਹਾ ਹੈ। ਬਾਕੀਆਂ ਦਾ ਦਿਨ ਢਲ ਰਿਹਾ ਹੈ ਪਰ ਬਾਲਜ਼ਾਕ ਦਾ ਹੁਣ ਨਿਕਲਣ ਵਾਲਾ ਹੈ। ਹੁਣ ਨਾ ਕੋਈ ਉਸਨੂੰ ਤੰਗ ਕਰੇਗਾ ਤੇ ਨਾ ਕੋਈ ਮਿਲਣ-ਜੁਲਣ ਆ ਸਕੇਗਾ। ਨਾ ਕੋਈ ਪ੍ਰੇਸ਼ਾਨ ਕਰਦੀ ਚਿੱਠੀ ਤੇ ਨਾ ਕਿਸੇ ਲੈਣਦਾਰ ਦੀ ਦਸਤਕ। ਖਰੜੇ ਦੀ ਅਗਲੀ ਕਿਸ਼ਤ ਜਾਂ ਜਾਂਚ ਕੀਤੇ ਪਰੂਫ਼ ਲੈਣ ਲਈ ਪ੍ਰੈੱਸ ਵਾਲਿਆਂ ਦਾ ਕਰਿੰਦਾ ਵੀ ਨਹੀਂ। ਕਾਫ਼ੀ ਸਾਰਾ ਸਮਾਂ ਹੈ—ਅੱਠ-ਦਸ ਘੰਟੇ ਦਾ ਸੰਪੂਰਨ ਇਕਾਂਤ ਹੈ, ਉਸਦੇ ਕੋਲ ਜਿਸਨੂੰ ਉਹ ਆਪਣੇ ਵਿਸ਼ਾਲ ਉਦਮ ਵਿਚ ਲਾ ਸਕੇਗਾ। ਉਸ ਭੱਠੀ ਦੀ ਅੱਗ ਠੰਡੀ ਨਹੀਂ ਹੋਣੀ ਚਾਹੀਦੀ ਜਿਹੜੀ ਭੁਰਭੁਰੀਆਂ ਧਾਤਾਂ ਨੂੰ ਢਾਲ ਕੇ ਕੜਕ ਇਸਪਾਤ 'ਚ ਬਦਲ ਦੇਂਦੀ ਹੈ...ਇਸ ਲਈ ਨਜ਼ਰ ਦੇ ਤਾਪ ਵਿਚ ਕੋਤਾਹੀ ਨਹੀਂ ਹੋਣ ਦੇਣੀ ਹੈ।
“ਦਿਮਾਗ਼ 'ਚੋਂ ਮੇਰੇ ਵਿਚਾਰ ਇੰਜ ਟਪਕਦੇ ਰਹਿੰਦੇ ਨੇ ਜਿਵੇਂ ਝਰਨੇ 'ਚੋਂ ਪਾਣੀ। ਇਹ ਪ੍ਰਕ੍ਰਿਆ ਪੂਰੀ ਤਰ੍ਹਾਂ ਖ਼ੁਦ-ਬ-ਖ਼ੁਦ ਹੁੰਦੀ ਏ।” ਉਸਦੇ ਕੰਮ ਨੇ ਉਸਨੂੰ ਬਸ ਇਕੋ ਫਤਵਾ ਦਿੱਤਾ ਹੋਇਆ ਹੈ।
“ਬਾਹਰ ਨਿਕਲ ਕੇ ਮੇਰੇ ਲਈ ਕੰਮ ਕਰਨਾ ਅਸੰਭਵ ਏ। ਮੈਥੋਂ ਲਗਾਤਾਰ ਸਿਰਫ਼ ਇਕ-ਦੋ ਘੰਟੇ ਕੰਮ ਨਹੀਂ ਹੁੰਦਾ।”
ਉਹ ਨਿਰੰਤਰਤਾ ਤਾਂ ਰਾਤ ਦੇ ਪਹਿਰ ਹੀ ਸੰਭਵ ਹੋ ਸਕਦੀ ਹੈ, ਜਦੋਂ, ਆਪਣੇ ਹੱਥ ਆਪਣਾ ਪੂਰਾ ਤੇ ਬੇਹਿਸਾਬ ਸਮਾਂ ਹੁੰਦਾ ਹੈ। ਕੰਮ ਦੀ ਨਿਰੰਤਰਤਾ ਰੱਖਣ ਲਈ ਉਸਨੇ ਸਮੇਂ ਦੀ ਸੂਈ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ...ਜਿਸ ਨਾਲ ਉਸਦੀ ਰਾਤ, ਦਿਨ ਵਿਚ ਬਦਲ ਗਈ ਹੈ।
ਦਰਵਾਜ਼ੇ 'ਤੇ ਨੌਕਰ ਦੀ ਥਪਕੀ ਨੇ ਬਾਲਜ਼ਾਕ ਨੂੰ ਜਗਾਇਆ। ਉਹ ਉਠਦਾ ਹੈ ਤੇ ਆਪਣਾ ਝਿਲੰਗਾ (ਲਿਬਾਦਾ) ਚੜ੍ਹਾ ਲੈਂਦਾ ਹੈ। ਵਰ੍ਹਿਆਂ ਕੰਮ ਦੇ ਤਜ਼ੁਰਬੇ ਪਿੱਛੋਂ ਇਹੋ ਲਿਬਾਸ ਉਸਨੂੰ ਠੀਕ ਲੱਗਦਾ ਹੈ—ਸਰਦੀਆਂ ਵਿਚ ਹੋ ਗਈ ਕਸ਼ਮੀਰੀ ਸ਼ਾਲ ਤੇ ਗਰਮੀਆਂ ਵਿਚ ਇਹ ਪਤਲਾ ਝਿਲੰਗਾ...ਦੁਧੀਆ ਤੇ ਲੰਮਾਂ ਜਿਸ ਨਾਲ ਬੈਠਣ-ਉਠਣ ਵਿਚ ਸਹੂਲੀਅਤ ਰਹੇ, ਗਰਦਨ ਕੋਲੋਂ ਖੁੱਲ੍ਹਾ ਰਹਿੰਦਾ ਹੈ ਤਾਂ ਕਿ ਬਿਨਾਂ ਕਸਾ ਦੇ ਨਿੱਘਾ ਰਹੇ। ਹੋ ਸਕਦਾ ਹੈ, ਇਸ ਝਿਲੰਗੇ ਦੀ ਚੋਣ ਪਿੱਛੇ ਇਹ ਸੋਚ ਵੀ ਹੋਵੇ ਕਿ ਇਹ ਕਿਸੇ ਮਹਾਤਮਾ ਦੇ ਚੋਲੇ ਨਾਲ ਮਿਲਦਾ-ਜੁਲਦਾ ਹੈ ਤੇ ਅਵਚੇਤਨ ਵਿਚ ਉਸਨੂੰ ਯਾਦ ਦਿਵਾਉਂਦਾ ਰਹਿੰਦਾ ਹੈ ਕਿ ਉਸਨੇ ਇਕ ਵਿਸ਼ੇਸ਼ ਵਿਧਾਨ ਅਨੁਸਾਰ ਰਹਿਣਾ ਹੈ ਤੇ ਇਸਨੂੰ ਪਾ ਕੇ ਉਹ ਬਾਹਰੀ ਦੁਨੀਆਂ ਤੇ ਉਸਦੇ ਲੋਭ-ਲਾਲਚਾਂ ਤੋਂ ਪਰੇ ਰਹੇਗਾ। ਉਸਦੇ ਮਠ ਵਰਗੇ ਘੇਰੇ ਦੁਆਲੇ ਇਕ ਢਿੱਲੀ ਜਿਹੀ ਰੱਸੀ ਵੱਝੀ ਹੁੰਦੀ ਸੀ (ਪਿੱਛੋਂ ਉਸਦੀ ਥਾਂ ਸੋਨੇ ਦੀ ਜ਼ੰਜੀਰ ਆ ਗਈ)। ਜਿਸਦੇ ਉਪਰਲੇ ਹਿੱਸੇ ਵਿਚ ਕਾਗਜ਼ ਕੱਟਣ ਵਾਲਾ ਚਾਕੂ ਤੇ ਕੈਂਚੀ ਲਟਕ ਰਹੇ ਹੁੰਦੇ ਨੇ। ਕਮਰੇ ਵਿਚ ਹੀ ਇਕ ਦੋ ਕਦਮ ਘੁੰਮ-ਫਿਰ ਕੇ ਉਹ ਪੱਠਿਆਂ ਵਿਚ ਖ਼ੂਨ ਦੇ ਦੌਰੇ ਨੂੰ ਰਵਾਂ ਕਰਦਾ ਹੈ ਤਾਕਿ ਖ਼ੁਮਾਰੀ ਦਾ ਆਖ਼ਰੀ ਅੰਸ਼ ਵੀ ਦਫ਼ਾ ਹੋ ਜਾਵੇ। ਹੁਣ ਬਾਲਜ਼ਾਕ ਤਿਆਰ ਹੈ।
ਮੇਜ਼ ਉੱਤੇ ਰੱਖੇ ਚਾਂਦੀ ਦੇ ਮੋਮਬੱਤੀ-ਦਾਨ ਵਿਚ ਨੌਕਰ ਨੇ ਛੇ ਮੋਮਬੱਤੀਆਂ ਜਗਾ ਦਿੱਤੀਆਂ ਨੇ ਤੇ ਕਮਰੇ ਦੇ ਪਰਦੇ ਇੰਜ ਖਿੱਚ ਦਿੱਤੇ ਨੇ...ਜਿਵੇਂ ਬਾਹਰੀ ਦੁਨੀਆਂ ਨਾਲ ਹੁਣ ਕੋਈ ਰਿਸ਼ਤਾ ਨਹੀਂ ਰੱਖਣਾ। ਕੰਮ ਕਰਨਾ ਹੈ ਤਾਂ ਤਾਰਿਆਂ ਜਾਂ ਸੂਰਜ ਦੀ ਕੀ ਪ੍ਰਵਾਹ। ਸਵੇਰ ਹੋ ਜਾਏ ਤੇ ਪੈਰਸ ਨਵੇਂ ਦਿਨ ਦੀ ਸ਼ੁਰੂਆਤ ਕਰ ਰਿਹਾ ਹੋਵੇ ਤੋ ਉਸਨੂੰ ਉਸਦੀ ਕੀ ਫਿਕਰ! ਕੰਧਾਂ, ਕੰਧਾਂ ਨਾਲ ਰੱਖੀਆਂ ਕਿਤਾਬਾਂ, ਦਰਵਾਜ਼ੇ, ਖਿੜਕੀਆਂ (ਤੇ ਉਹਦੇ ਪਾਰ ਦਿਸਦਾ ਅਨੰਤ) ਯਾਨੀ ਉਸਦੇ ਸਾਹਮਣੇ ਰੱਖੀਆਂ ਸਾਰੀਆਂ ਚੀਜ਼ਾਂ ਭੌਤਿਕ ਪ੍ਰਛਾਵੇਂ ਰਹਿ ਗਏ ਨੇ। ਕਹਿਣ-ਕਰਨ ਦੇ ਲਿਹਾਜ ਨਾਲ ਹੁਣ ਉਹੀ ਹੋਵੇਗਾ ਜੋ ਉਸਦਾ ਜ਼ਿਹਨ ਸਿਰਜਣਾ ਚਾਹੇਗਾ। ਉਹ ਇਕ ਵੱਖਰੀ ਦੁਨੀਆਂ ਦੇ ਸਿਰਜਣ ਵਿਚ ਲੱਗਿਆ ਹੋਇਆ ਹੈ, ਜਿਹੜੀ ਚਿਰ ਸਥਾਈ ਤੇ ਟਿਕਾਊ ਹੋਵੇਗੀ।
ਉਹ ਆਪਣੀ ਮੇਜ਼ 'ਤੇ ਆਉਂਦਾ ਹੈ ਜਿਸ ਬਾਰੇ ਉਸਦੀ ਇਹ ਰਾਏ ਹੈ—“ਇਸ ਕੁਠਲੀ ਵਿਚ ਆਪਣੀ ਜ਼ਿੰਦਗੀ ਨੂੰ ਮੈਂ ਇੰਜ ਢਾਲਦਾ ਹਾਂ ਜਿਵੇਂ ਸਵਰਣਕਾਰ ਆਪਣਾ ਸੋਨਾ ਢਾਲਦਾ ਏ।” ਉਹ ਇਕ ਛੋਟੀ-ਜਿਹੀ, ਆਮ-ਜਿਹੀ, ਆਇਤਾਕਾਰ ਮੇਜ਼ ਹੈ ਜਿਸਨੂੰ ਉਹ ਆਪਣੀਆਂ ਹੋਰ ਬਹੁਮੁੱਲ ਚੀਜ਼ਾਂ ਨਾਲੋਂ ਵੱਧ ਚਾਹੁੰਦਾ ਹੈ। ਇਹ ਉਸਨੂੰ ਫ਼ਿਰੋਜ਼ਾਂ ਨਾਲ ਜੜੀ ਆਪਣੀ ਬੈਂਤ ਨਾਲੋਂ ਵੱਧ ਪਿਆਰੀ ਹੈ, ਉਸ ਚਾਂਦੀ ਦੇ ਥਾਲ ਨਾਲੋਂ ਵੀ ਵੱਧ ਅਜ਼ੀਜ਼ ਹੈ ਜਿਹੜਾ ਉਸਨੇ ਕਿਸ਼ਤਾਂ ਵਿਚ ਖ਼ਰੀਦਿਆ ਸੀ, ਸ਼ਾਨੋ-ਸ਼ੌਕਤ ਨਾਲ ਜਿਲਦਾਂ ਵਿਚ ਵੱਝੀਆਂ ਆਪਣੀਆਂ ਕਿਤਾਬਾਂ ਨਾਲੋਂ ਵੀ ਵੱਧ...ਆਪਣੇ ਕਮਾਏ ਹੋਏ ਨਾਂ ਨਾਲੋਂ ਵੀ ਵੱਧ ਅਜ਼ੀਜ਼ ਕਿਉਂਕਿ ਇਕ ਤੋਂ ਦੂਜੀ ਜਗ੍ਹਾ ਬਦਲੇ ਆਪਣੇ ਘਰਾਂ ਵਿਚ ਇਸਨੂੰ ਉਹ ਹਮੇਸ਼ਾ ਆਪਣੇ ਨਾਲ ਲੈ ਜਾਂਦਾ ਹੈ। ਕੜਕੀ ਤੇ ਬਦਹਾਲੀ ਵਿਚ ਵੀ ਉਹ ਇਸਨੂੰ ਇੰਜ ਸਾਂਭ-ਸਭਾਲ ਕੇ ਰੱਖਦਾ ਜਿਵੇਂ ਕੋਈ ਫੌਜੀ ਜੰਗ ਦੇ ਹੁੱਲੜ ਵਿਚ ਫਸੇ ਆਪਣੇ ਲਾਚਾਰ ਸਾਥੀ ਨੂੰ ਸਾਂਭਦਾ-ਸੰਭਾਲਦਾ ਹੈ। ਇਹ ਉਸਦੇ ਸਾਰੇ ਅੰਦਰੂਨੀ ਆਨੰਦਾਂ ਤੇ ਵਿਗੋਚਿਆਂ ਦੀ ਹਮਰਾਜ ਸੀ...ਉਸਦੀ ਅਸਲੀ ਜ਼ਿੰਦਗੀ ਦੀ ਇਕਲੌਤੀ ਖ਼ਾਮੋਸ਼ ਗਵਾਹ।
“ਇਸਨੇ ਮੇਰੀ ਸਾਰੀ ਗਰਦਿਸ਼ ਦੇਖੀ ਏ। ਮੇਰੇ ਸਾਰੇ ਮਨਸੂਬਿਆਂ ਨੂੰ ਜਾਣਦੀ ਏ, ਮੇਰੇ ਵਿਚਾਰਾਂ ਦੀ ਦੂਰੋਂ ਈ ਟੋਹ ਲੈ ਲੈਂਦੀ ਏ...ਇਸਦੇ ਉੱਤੇ ਰੱਖ ਕੇ ਲਿਖੇ ਕਾਗਜ਼ਾਂ 'ਤੇ ਆਪਣੀ ਕਲਮ ਘਸੀਟਦਿਆਂ ਹੋਇਆਂ ਮੇਰੀਆਂ ਬਾਹਾਂ ਨੇ ਇਸ ਉੱਤੇ ਜੁਲਮਾਂ ਦੇ ਵਾਰ ਕੀਤੇ ਨੇ।”
ਤੇ ਸੱਚੀਂ, ਕੋਈ ਦੂਜਾ ਸ਼ਖ਼ਸ ਇਸ ਬਾਰੇ ਏਨਾ ਨਹੀਂ ਜਾਣਦਾ। ਉਸਦੇ ਸੰਗ ਪ੍ਰਬਲ ਮਿਲਣਸਾਰੀ ਦੀਆਂ ਏਨੀਆਂ ਰਾਤਾਂ ਕਿਸੇ ਔਰਤ ਨੇ ਵੀ ਨਹੀਂ ਬਿਤਾਈਆਂ। ਇਹੀ ਉਹ ਮੇਜ਼ ਸੀ ਜਿੱਥੇ ਬਾਲਜ਼ਾਕ ਦੀ ਜ਼ਿੰਦਗੀ ਰਹਿੰਦੀ ਸੀ ਤੇ ਇਹੀ ਉਹ ਮੇਜ਼ ਸੀ ਜਿਸ ਉੱਤੇ ਕੋਹਲੂ ਦੇ ਬੈਲ ਵਾਂਗ ਜੁਟ ਕੇ ਉਸਨੇ ਜਾਨ ਗੰਵਾਅ ਦਿੱਤੀ।
ਬਸ ਆਖ਼ਰੀ ਵਾਰ ਇਧਰ-ਉਧਰ ਨਜ਼ਰ ਘੁਮਾਈ ਕਿ ਸਭ ਚੀਜ਼ਾਂ ਠੀਕ-ਠਾਕ ਤਾਂ ਹੈਨ ਨਾ। ਹਰ ਸੱਚੇ ਸਿਰੜੀ ਕਾਰਜ-ਕਰਤਾ ਵਾਂਗ ਆਪਣੇ ਤੌਰ-ਤਰੀਕਿਆਂ ਵਿਚ ਬਾਲਜ਼ਾਕ ਬੜਾ ਪੰਡਤਾਊ ਹੈ। ਆਪਣੇ ਔਜਾਰਾਂ ਨੂੰ ਉਹ ਇੰਜ ਪਿਆਰ ਕਰਦਾ ਹੈ ਜਿਵੇਂ ਕੋਈ ਸੈਨਕ ਆਪਣੇ ਹਥਿਆਰਾਂ ਨੂੰ ਕਰਦਾ ਹੈ। ਕੰਮ 'ਤੇ ਜੁਟਨ ਤੋਂ ਪਹਿਲਾਂ ਉਹ ਪੱਕਾ ਕਰ ਲੈਂਦਾ ਹੈ ਕਿ ਸਾਰੀਆਂ ਲੋੜੀਦੀਆਂ ਚੀਜ਼ਾਂ ਢੰਗ ਸਿਰ ਤਾਂ ਰੱਖੀਆਂ ਹੋਈਆਂ ਹੈਨ ਨਾ। ਉਸਦੇ ਖੱਬੇ ਹੱਥ ਕਾਗਜ਼ਾਂ ਦਾ ਬੰਡਲ ਹੁੰਦਾ ਹੈ। ਕਾਗਜ਼ਾਂ ਦੀ ਚੋਣ ਉਹ ਬੜੇ ਧਿਆਨ ਨਾਲ ਕਰਦਾ ਹੈ। ਉਸਦੇ ਕਾਗਜ਼ ਇਕ ਖਾਸ ਰੰਗ-ਆਕਾਰ ਦੇ ਹੀ ਹੁੰਦੇ—ਹਲਕੀ ਨੀਲੀ ਭਾਅ ਵਾਲੇ ਜਿਹੜੀ ਉਸਦੀਆਂ ਅੱਖਾਂ ਨੂੰ ਚੁਭੇ-ਥਕਾਏ ਨਾ। ਇਹ ਖ਼ੂਬ ਕੂਲੇ ਹੁੰਦੇ ਤਾਂ ਕਿ ਲਿਖਣ ਵੇਲੇ ਖੜਖੜ ਨਾ ਹੋਵੇ ਤੇ ਉਸਦੀ ਕਲਮ ਫਰਾਟੇ ਨਾਲ ਲਿਖਦੀ ਜਾਏ। ਕਲਮ ਵੀ ਉਹ ਓਨੀ ਹੀ ਸਾਵਧਾਨੀ ਨਾਲ ਚੁਣਦਾ ਹੈ। ਇਸ ਵਿਚ ਕੋਈ ਸਮਝੌਤਾ ਨਹੀਂ। ਸਿਆਹੀਦਾਨ ਜ਼ਰੂਰ ਸਾਧਾਰਣ ਜਿਹਾ ਹੁੰਦਾ। ਕਿਸੇ ਮੁਰੀਦ ਦੁਆਰਾ ਤੋਹਫ਼ੇ ਵਜੋਂ ਦਿੱਤਾ ਮਹਿੰਗਾ ਸਿਆਹੀਦਾਨ ਨਹੀਂ, ਉਸਨੂੰ ਤਾਂ ਸਾਧਾਰਣ ਜਿਹਾ, ਉਹੀ ਸਿਆਹੀਦਾਨ ਚਾਹੀਦਾ ਹੈ ਜਿਹੜਾ ਵਿਦਿਆਰਥੀ ਹੋਣ ਦੇ ਸਮੇਂ ਤੋਂ ਉਸਦਾ ਸਾਥ ਨਿਭਾ ਰਿਹਾ ਹੈ। ਸਿਆਹੀਦਾਨ ਦੇ ਨੇੜੇ ਹੀ ਸਹੂਲਤ ਦੇ ਤੌਰ 'ਤੇ ਸਿਆਹੀ ਦੀਆਂ ਇਕ-ਦੋ ਬੋਤਲਾਂ ਰੱਖੀਆਂ ਹੁੰਦੀਆਂ ਨੇ। ਆਪਣੇ ਕੰਮ ਵਿਚ ਸੁਚਾਰੂ ਤੇ ਨਿਰਵਿਘਨ ਰਵਾਨੀ ਖ਼ਾਤਰ ਉਹ ਕੋਈ ਕਸਰ ਬਾਕੀ ਨਹੀਂ ਛੱਡਦਾ। ਉਸਦੇ ਸੱਜੇ ਪਾਸੇ ਇਕ ਛੋਟੀ ਜਿਹੀ ਨੋਟ ਬੁੱਕ ਰੱਖੀ ਹੈ ਜਿਸ ਵਿਚ ਕਦੇ-ਕਦਾਰ ਉਹ ਕੋਈ ਅਜਿਹੀ ਗੱਲ ਜਾਂ ਵਿਚਾਰ ਦਰਜ਼ ਕਰ ਦੇਂਦਾ ਹੈ ਜਿਹੜਾ ਬਾਅਦ ਵਿਚ ਕਿਸੇ ਅਧਿਆਏ ਵਿਚ ਕੰਮ ਆ ਸਕੇ। ਹੋਰ ਕੋਈ ਯੰਤਰ ਉੱਥੇ ਨਹੀਂ ਹੁੰਦਾ। ਕਿਤਾਬਾਂ, ਨੋਟਸ ਤੇ ਸ਼ੋਧ-ਸਾਮਗਰੀ, ਉਸ ਲਈ ਵਾਧੂ ਦੀਆਂ ਚੀਜ਼ਾਂ ਨੇ। ਲਿਖਣ ਬੈਠਣ ਤੋਂ ਪਹਿਲਾਂ ਬਾਲਜ਼ਾਕ ਹਰ ਚੀਜ਼ ਨੂੰ ਆਪਣੇ ਦਿਮਾਗ਼ ਵਿਚ ਤਪਾ-ਪਕਾ ਲੈਂਦਾ ਹੈ।
ਕੁਰਸੀ ਨੂੰ ਪਿੱਛੇ ਖਿੱਚ ਕੇ ਉਸਨੇ ਢੁਈ ਸਿੱਧੀ ਕੀਤੀ ਤੇ ਜਾਮੇ ਦੀਆਂ ਬਾਹਾਂ ਚੜ੍ਹਾ ਲਈਆਂ ਤਾਕਿ ਹੱਥ ਖੁੱਲ੍ਹਾ-ਖੁੱਲ੍ਹਾ ਰਹੇ। ਫੇਰ ਨੀਮ-ਮਸਖਰੀ ਵਿਚ ਆਪਣੇ ਆਪ ਨੂੰ ਇੰਜ ਉਕਸਾਇਆ ਜਿਵੇਂ ਬੱਲੀ ਖਿੱਚਣ ਤੋਂ ਪਹਿਲਾਂ ਗਡੀਵਾਨ ਆਪਣੇ ਘੋੜੇ ਨੂੰ ਅੱਡੀ ਲਾ ਰਿਹਾ ਹੋਏ। ਜਾਂ ਉਸਦੀ ਤੁਲਨਾ ਕਿਸੇ ਅਜਿਹੇ ਤੈਰਾਕ ਨਾਲ ਕੀਤੀ ਜਾ ਸਕਦੀ ਹੈ ਜਿਹੜਾ ਇਕ ਸਟੀਕ ਗੋਤੇ ਤੋਂ ਪਹਿਲਾਂ ਆਪਣੀਆਂ ਬਾਹਾਂ ਤੇ ਜੋੜਾਂ ਨੂੰ ਢਿੱਲਾ ਛੱਡਦਾ ਹੈ। ਬਾਲਜ਼ਾਕ ਲਿਖੀ ਜਾ ਰਿਹਾ ਹੈ, ਲਿਖੀ ਜਾ ਰਿਹਾ ਹੈ। ਬਿਨਾਂ ਕਿਸੇ ਵਿਰਾਮ ਤੋਂ, ਬਿਨਾਂ ਕਿਸੇ ਸੰਕੋਚ ਤੋਂ। ਉਸਦੀ ਕਲਪਨਾ ਦੀ ਲੌਅ ਮਘ ਪਈ ਤਾਂ ਬਸ ਮਘਦੀ ਰਹੇਗੀ। ਇਹ ਕਿਸੇ ਜੰਗਲ ਦੀ ਅੱਗ ਵਾਂਗ ਹੈ ਜਿਹੜੀ ਇਕ ਰੁੱਖ ਤੋਂ ਦੂਜੇ ਰੁੱਖ ਤਕ ਭੜਕ ਕੇ ਵਧੇਰੇ ਪ੍ਰਚੰਡ ਤੇ ਭਕਸ਼ਕ ਹੁੰਦੀ ਜਾਂਦੀ ਹੈ। ਸਫ਼ੇ ਉੱਤੇ ਕਲਮ ਫਰਾਟੇ ਨਾਲ ਦੌੜ ਰਹੀ ਹੈ ਪਰ ਸ਼ਬਦ ਨੇ ਕਿ ਉਸਦੇ ਵਿਚਾਰਾਂ ਦੀ ਰਿਫ਼ਤਾਰ ਨਾਲੋਂ ਪੱਛੜੇ-ਪੱਛੜੇ ਜਿਹੇ ਮਹਿਸੂਸ ਕਰ ਰਹੇ ਨੇ। ਉਹ ਜਿੰਨਾ ਜ਼ਿਆਦਾ ਲਿਖਦਾ ਹੈ ਓਨਾ ਹੀ ਵਧੇਰੇ ਸ਼ਬਦ-ਸੰਖੇਪਣਾ ਵਿਚ ਵੜਦਾ ਜਾ ਰਿਹਾ ਹੈ ਤਾਕਿ ਸੋਚਣ ਦੀ ਰਿਫ਼ਤਾਰ ਘੱਟ ਨਾ ਕਰਨੀ ਪਏ। ਆਪਣੇ ਅੰਦਰਲੇ ਦ੍ਰਿਸ਼ ਵਿਚ ਉਸਨੂੰ ਕੋਈ ਅੜਿੱਕਾ ਬਦਰਾਸ਼ਤ ਨਹੀਂ। ਸਫ਼ੇ ਤੋਂ ਉਸਦੀ ਕਲਮ ਤਦ ਤਕ ਨਹੀਂ ਹਟੇਗੀ ਜਦ ਤਕ ਉਸਦੀਆਂ ਉਂਗਲਾਂ ਜਵਾਬ ਨਾ ਦੇ ਜਾਣ ਜਾਂ ਥਕਾਨ ਤੇ ਚੱਕਰਾਂ ਦੇ ਮਾਰੇ ਲਿਖਾਵਟ ਹੀ ਕੀੜੇ-ਮਕੌੜੇ ਨਾ ਬਣਨ ਲੱਗ ਪਏ।
ਬਾਹਰ ਸੜਕਾਂ ਸ਼ਾਂਤ ਪਈਆਂ ਨੇ। ਸਫ਼ੇ ਦੀ ਹਿੱਕ 'ਤੇ ਸਰਕਦੀ ਕਲਮ ਨਾਲ ਪੈਦਾ ਹੋਈ ਮੁਲਾਇਮ ਸਰਸਰਾਹਟ ਦੇ ਸਿਵਾਏ ਕਮਰੇ ਵਿਚ ਹੋਰ ਕੋਈ ਆਵਾਜ਼ ਨਹੀਂ। ਹਾਂ, ਪੂਰੇ ਹੋਏ ਸਫ਼ਿਆਂ ਨੂੰ ਲਿਖੇ ਹੋਏ ਸਫ਼ਿਆਂ ਦੀ ਤੈਅ ਵਿਚ ਰੱਖਣ ਲੱਗਿਆਂ ਥੋੜ੍ਹੀ-ਜਿਹੀ ਸਰਸਰਾਹਟ ਜ਼ਰੂਰ ਹੋ ਜਾਂਦੀ ਹੈ। ਬਾਹਰ ਪਹੁ-ਫੁੱਟਣ ਲੱਗ ਪਈ ਹੈ ਪਰ ਬਾਲਜ਼ਾਕ ਨੂੰ ਇਸ ਨਾਲ ਕੀ ਵਾਸਤਾ। ਉਸਦਾ ਦਿਨ ਤਾਂ ਛੋਟੇ-ਜਿਹੇ ਘੇਰ ਵਿਚ ਰੱਖੀਆਂ ਮੋਮਬੱਤੀਆਂ ਨੇ ਚੜ੍ਹਾਇਆ ਹੋਇਆ ਹੈ। ਉਸਨੂੰ ਨਾ ਸਮੇਂ ਦਾ ਫ਼ਿਕਰ ਹੈ ਨਾ ਘੜੀ ਦਾ ਧਿਆਨ। ਉਸਨੂੰ ਪਈ ਹੈ ਤਾਂ ਸਿਰਫ਼ ਉਸ ਦੁਨੀਆਂ ਦੀ ਜਿਸਨੂੰ ਉਹ ਇੱਟ-ਦਰ-ਇੱਟ ਉਸਾਰ ਰਿਹਾ ਹੈ।
ਰਹਿ-ਰਹਿ ਕੇ ਉਸਦਾ ਸ਼ਰੀਰ ਜਵਾਬ ਦੇ ਜਾਂਦਾ ਹੈ। ਸੰਕਲਪ-ਸ਼ਕਤੀ ਕਿੰਨੀ ਵੀ ਦ੍ਰਿੜ੍ਹ ਕਿਉਂ ਨਾ ਹੋਏ, ਸ਼ਰੀਰ ਦੀ ਕੁਦਰਤੀ ਤਾਕਤ ਕਦ ਤਕ ਨਹੀਂ ਢਏਗੀ। ਪੰਜ ਛੇ ਘੰਟੇ ਲਗਾਤਾਰ ਲਿਖਣ ਪਿੱਛੋਂ ਬਾਲਜ਼ਾਕ ਨੂੰ ਲੱਗਦਾ ਹੈ ਕਿ ਹੁਣ ਥੋੜ੍ਹਾ ਦਮ ਲੈ ਲੈਣਾ ਚਾਹੀਦਾ ਹੈ। ਉਸਦੀਆਂ ਉਂਗਲਾਂ ਸੁੰਨ ਹੋ ਗਈਆਂ ਨੇ, ਅੱਖਾਂ ਸਿੱਜਲ-ਹੋਈਆਂ ਹੋਈਆਂ ਨੇ, ਢੁਈ ਦੁਖਣ ਲੱਗ ਪਈ ਹੈ ਤੇ ਪੁੜਪੁੜੀਆਂ ਤਣੀਆਂ ਹੋਈਆਂ ਨੇ। ਅੱਗੇ ਸੂਤ ਭਰ ਤਣਾਅ ਵੀ ਨਾੜਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਏਗਾ। ਜਿੰਨਾ ਕੰਮ ਹੋ ਚੁੱਕਿਆ ਹੈ ਉਸਦੀ ਥਾਂ ਕੋਈ ਹੋਰ ਹੁੰਦਾ ਤਾਂ ਸੰਤੁਸ਼ਟ ਹੋ ਕੇ ਅੱਜ ਰਾਤ ਦਾ ਕੰਮ ਬੰਦ ਕਰ ਦੇਂਦਾ। ਪਰ ਬਾਲਜ਼ਾਕ ਹਾਲੇ ਕਿੱਥੇ ਮੰਨਣ ਵਾਲਾ ਹੈ। ਅੱਡੀ ਲਾਉਣੀ ਪੈ ਜਾਏ ਪਰ ਘੋੜੇ ਨੂੰ ਮੰਜ਼ਿਲ ਤਕ ਤਾਂ ਪਹੁੰਚਾਉਣਾ ਹੀ ਪਏਗਾ। ਅੜੀਅਲ ਟੱਟੂ ਜੇ ਚੱਲਣ ਵਿਚ ਨਾਂਹ-ਨੁੱਕਰ ਕਰੇ ਤਾਂ ਜੜ ਦਿਓ ਚਾਬੂਕ। ਬਾਲਜ਼ਾਕ ਆਪਣੀ ਕੁਰਸੀ ਤੋਂ ਉਠਦਾ ਹੈ ਤੇ ਉਸ ਮੇਜ਼ ਤਕ ਜਾਂਦਾ ਹੈ ਜਿੱਥੇ ਉਸਦਾ ਕਾਫੀ ਵਾਲਾ ਭਾਂਡਾ ਪਿਆ ਹੈ।
ਕਾਫੀ ਉਹ ਕਾਲਾ ਤੇਲ ਹੈ ਜਿਸ ਨਾਲ ਉਸਦਾ ਇੰਜਨ ਫੇਰ ਚਾਲੂ ਹੋ ਜਾਏਗਾ। ਇਸ ਲਈ ਬਾਲਜ਼ਾਕ ਨੂੰ ਇਹ ਖਾਣ ਜਾਂ ਸੌਣ ਨਾਲੋਂ ਵੱਧ ਅਹਿਮ ਲੱਗਦੀ ਹੈ। ਉਸਨੂੰ ਤਮਾਕੂ ਤੋਂ ਚਿੜ ਹੈ ਕਿਉਂਕਿ ਉਹ ਉਸਨੂੰ ਉਸ ਜ਼ਰੂਰੀ ਜੋਸ਼ ਤਕ ਉਤੇਜਤ ਨਹੀਂ ਕਰ ਸਕਦਾ, ਜਿਸ ਨਾਲ ਉਹ ਕੰਮ ਕਰਦਾ ਹੈ।
“ਤਮਾਕੂ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦਾ ਏ, ਦਿਮਾਗ਼ ਨੂੰ ਠੁਸ ਕਰਦਾ ਏ ਤੇ ਲੋਕਾਂ ਦੀ ਸੋਚਣ ਸ਼ਕਤੀ ਘਟਾਉਂਦਾ ਹੈ।”
ਪਰ ਕਾਫੀ ਦੀ ਪ੍ਰਸ਼ੰਸਾ ਵਿਚ ਉਸਨੇ ਗੁਣਗਾਣ ਕੀਤਾ...:
“ਕਾਫੀ ਜਦੋਂ ਢਿੱਚ 'ਚ ਜਾਂਦੀ ਏ ਤਾਂ ਹਰ ਚੀਜ਼ ਨੂੰ ਸੁਫੁਰਤ ਕਰ ਦਿੰਦੀ ਏ। ਮਹਾਸੈਨਾ ਦੀਆਂ ਬਟਾਲੀਅਨਾਂ ਵਾਂਗ ਮਨ ਵਿਚ ਵਿਚਾਰ ਆਉਂਦੇ ਨੇ ਤੇ ਯਾਦਾਂ 'ਚ ਉਫਾਨ ਆ ਜਾਂਦਾ ਏ, ਆਪਣੇ ਸਾਜੋ-ਸਾਮਾਨ ਸਮੇਤ ਤਰਕ ਦੀਆਂ ਟੁਕੜੀਆਂ ਦਣਦਣਾਉਣ ਲੱਗ ਪੈਂਦੀਆਂ ਨੇ, ਇਕ ਪਿੱਛੋਂ ਇਕ-ਇਕ ਖ਼ਿਆਲ ਸ਼ਾਰਟ-ਸ਼ੂਟਰਾਂ ਵਾਂਗ ਭਿਡੰਤ ਵਿਚ ਕੁੱਦ ਪੈਂਦਾ ਏ। ਚਰਿੱਤਰ ਆਪਣੇ ਜਾਮੇ ਪਾਉਣ ਲੱਗਦੇ ਨੇ। ਕਾਗਜ਼ ਸਿਆਹੀ ਨਾਲ ਭਰ ਜਾਂਦੇ ਨੇ। ਜੰਗ ਛਿੜੀ ਹੁੰਦੀ ਏ ਤੇ ਕਾਲਖ਼ ਉਗਲਦੇ ਅਸਲੀ ਯੁੱਧ ਖੇਤਰ ਵਾਂਗ ਹੀ ਖ਼ਤਮ ਹੋਏਗੀ; ਜਦੋਂ ਬਹੁਤ ਸਾਰਾ ਕਾਲਾ ਦਰਵ ਵਹਿ ਚੁੱਕਿਆ ਹੋਏਗਾ।” ਕਾਫੀ ਦੇ ਬਿਨਾ ਉਸਦਾ ਕੰਮ ਨਹੀਂ ਚਲਦਾ ਜਾਂ ਘੱਟੋਘੱਟ ਇਸ ਤਰ੍ਹਾਂ ਤਾਂ ਨਹੀਂ ਚੱਲ ਸਕਦਾ ਸੀ ਜਿਵੇਂ ਕਿ ਉਹ ਕਰਦਾ ਸੀ। ਕਾਗਜ਼ ਤੇ ਕਲਮ ਵਾਂਗ ਕਾਫੀ ਦੀ ਮਸ਼ੀਨ ਵੀ ਲਾਜ਼ਮੀ ਹਰ ਜਗ੍ਹਾ ਉਸਦੇ ਨਾਲ ਹੁੰਦੀ ਹੈ। ਇਹ ਉਸਦੀ ਨਿੱਕੀ-ਜਿਹੀ ਮੇਜ਼ ਜਾਂ ਦੁਧੀਆ ਝਿਲੰਗੇ ਨਾਲੋਂ ਘੱਟ ਜ਼ਰੂਰੀ ਨਹੀਂ। ਆਪਣੀ ਕਾਫੀ ਬਣਾਉਣ ਦੀ ਇਜਾਜ਼ਤ ਉਹ ਕਿਸੇ ਨੂੰ ਨਹੀਂ ਦੇਂਦਾ ਕਿਉਂਕਿ ਉਸ ਉਤੇਜਕ ਪੇਅ ਵਿਚ ਓਹੋ-ਜਿਹਾ ਰੰਗ ਤੇ ਸਵਾਦ ਦੂਜਾ ਕੋਈ ਲਿਆ ਹੀ ਨਹੀਂ ਸਕਦਾ। ਕਿਸੇ ਅੰਧ-ਵਿਸ਼ਵਾਸੀ ਟੋਟਕੇ ਵਾਂਗ ਜਿਵੇਂ ਉਹ ਖਾਸ ਤਰ੍ਹਾਂ ਦੇ ਹੀ ਕਾਗਜ਼-ਕਲਮ ਇਸਤੇਮਾਲ ਕਰਦਾ ਹੈ ਓਵੇਂ ਹੀ ਖਾਸ ਅੰਦਾਜ਼ ਵਿਚ ਉਹ ਕਾਫੀ ਬਣਾਉਂਦਾ ਹੈ। ਉਸਦੇ ਇਕ ਮਿੱਤਰ ਨੇ ਇਸ ਬਾਬਤ ਲਿਖਿਆ ਹੈ—'ਉਸਦੀ ਕਾਫੀ ਵਿਚ ਤਿੰਨ ਤਰ੍ਹਾਂ ਦੇ ਦਾਣੇ ਹੁੰਦੇ...ਬੌਰਬੋਨ, ਮਾਰਟੀਨਿਕ ਤੇ ਮੋਕਾ। ਬੌਰਬੋਨ ਉਹ ਮੋਂਬਲਾਂ ਤੋਂ ਖ਼ਰੀਦਾ, ਮਾਰਟੀਨਿਕ ਦੀ ਵੀਲ ਅਦ੍ਰੀਤ ਤੋਂ ਤੇ ਮੋਕਾ ਨੂੰ ਫੋਬਰਗ ਵਿਚ ਯੂਨੀਵਰਸਟੀ ਕੈਂਪਸ ਦੇ ਇਕ ਪਰਚੂਨੀਏ ਤੋਂ। ਇਸ ਮੁਹਿੰਮ ਵਿਚ ਪੈਰਸ ਦਾ ਛੋਰ-ਸਿਰਾ ਗਾਹੁਣ ਵਿਚ ਹਰ ਵਾਰੀ ਅੱਧਾ ਦਿਨ ਤਾਂ ਖ਼ਰਾਬ ਹੁੰਦਾ ਹੀ ਸੀ, ਪਰ ਇਕ ਚੰਗੀ ਕਾਫੀ ਹਾਸਲ ਕਰ ਲੈਣ ਦੀ ਚਾਹਤ ਕਾਰਨ ਇਹ ਸਾਰੀ ਜਹਿਮਤ ਝੱਲ ਲਈ ਜਾਂਦੀ ਸੀ।'
ਕਾਫੀ ਉਸ ਲਈ ਭੰਗ ਵਾਂਗ ਸੀ। ਆਪਣੀਆਂ ਨਸਾਂ ਉੱਤੇ ਵਧਦੇ ਦਬਾਅ ਸਦਕਾ ਉਸ ਖ਼ੂਨੀ ਅਕਸੀਰ ਦੀ ਖ਼ੁਰਾਕ ਲਗਾਤਾਰ ਵੱਧ ਮਾਤਰਾ ਵਿਚ ਲੈਣੀ ਪੈਂਦੀ ਸੀ ਉਸਨੂੰ, ਤਾਕਿ ਉਸਦਾ ਅਸਰ ਬਰਕਰਾਰ ਰਹੇ। ਆਪਣੀ ਇਕ ਕਿਤਾਬ ਬਾਰੇ ਤਾਂ ਉਸਨੇ ਦੱਸਿਆ ਵੀ ਹੈ ਕਿ ਉਹ ਤਾਂ 'ਕਾਫੀ ਦੀ ਸਰਿਤਾ' ਦੇ ਸਹਾਰੇ ਹੀ ਪੂਰੀ ਕੀਤੀ ਜਾ ਸਕੀ ਸੀ। ਵੀਹ ਸਾਲ ਨਿੱਠ ਕੇ ਉਸਦਾ ਸੇਵਨ ਕਰਨ ਪਿੱਛੋਂ, ਸਨ 1845 ਵਿਚ ਉਸਨੇ ਮੰਨਿਆਂ ਕਿ 'ਇਸਦੀ ਬੇਹਿਸਾਬ ਵਰਤੋਂ ਸਕਦਾ ਉਸਦੀ ਪੂਰੀ ਕਾਇਆ ਜ਼ਹਿਰੀਲੀ ਹੋ ਗਈ ਏ ਜਿਸ ਕਰਕੇ ਉਸਦੇ ਪੇਟ 'ਚ ਭਿਅੰਕਰ ਦਰਦ ਤਾਂ ਹੁੰਦਾ ਈ ਏ, ਇਸਦਾ ਅਸਰ ਵੀ ਘਟਦਾ ਜਾ ਰਿਹਾ ਏ।' ਕੜਕ ਕਾਫੀ ਦੇ ਪੰਜਾਹ ਹਜ਼ਾਰ ਪਿਆਲਿਆਂ ਨੇ—ਇਕ ਅੰਕ ਸ਼ਾਸਤਰੀ ਦੇ ਅੰਦਾਜ਼ੇ ਮੁਤਾਬਕ, ਏਨੇ ਤਾਂ ਉਸਨੇ ਪੀ ਹੀ ਲਏ ਹੋਣਗੇ—ਹਯੂਮੈਨ ਕਮੇਡੀ ਦੇ ਵਿਸ਼ਾਲ ਸਮੇਂ ਚੱਕਰ ਨੂੰ ਲਿਖਣ ਵਿਚ ਤਾਂ ਜ਼ਰੂਰ ਹਵਾ ਭਰੀ ਪਰ ਘੰਟੀ ਵਰਗੇ ਉਸਦੇ ਪੁਖ਼ਤਾ ਦਿਲ ਦੀ ਅਸਮੇਂ ਖ਼ਰਾਬੀ ਦੇ ਲਈ ਵੀ ਉਹੀ ਜ਼ਿੰਮੇਵਾਰ ਨੇ। ਤਾ-ਉਮਰ ਉਸਦੇ ਦੋਸਤ ਤੇ ਚਕਿਸਤਸਕ ਰਹੇ ਡਾਕਟਰ ਨਾਕਰ ਨੇ ਉਸਦੀ ਮੌਤ ਦੇ ਅਸਲ ਕਾਰਨ ਨੂੰ ਇੰਜ ਸਿੱਧ ਕੀਤਾ ਹੈ—'ਦਿਲ ਦੀ ਪੁਰਾਣੀ ਬਿਮਾਰੀ ਜਿਹੜੀ ਰਾਤ ਨੂੰ ਦੇਰ ਤਕ ਕੰਮ ਕਰਨ ਜਾਂ ਕਾਫੀ ਦੀ ਵਰਤੋਂ ਜਾਂ ਕਹੀਏ ਦੁਰਵਰਤੋਂ ਨਾਲ ਹੋਰ ਵਧ ਗਈ...ਆਮ ਇਨਸਾਨ ਲਈ ਜ਼ਰੂਰੀ ਨੀਂਦ ਤੋਂ ਬਾਗ਼ੀ ਹੋਣਾ ਉਸਦੀ ਮਜ਼ਬੂਰੀ ਸੀ।'
*** *** ***
ਸਵੇਰੇ ਘੜੀ ਨੇ ਅੱਠ ਵਜਾਏ ਤਾਂ ਦਰਵਾਜ਼ੇ ਉੱਤੇ ਕਿਸੇ ਨੇ ਹੌਲੀ-ਜਿਹੀ ਦਸਤਕ ਦਿੱਤੀ। ਹਲਕੇ-ਫੁਲਕੇ ਨਾਸ਼ਤੇ ਦੀ ਟਰੇ ਲੈ ਕੇ ਆਗਸਤ, ਉਸਦਾ ਨੌਕਰ, ਅੰਦਰ ਆਇਆ। ਬਾਲਜ਼ਾਕ ਉਸ ਮੇਜ਼ ਤੋਂ ਉਠਿਆ ਜਿਸ ਉੱਤੇ ਉਹ ਪਿਛਲੀ ਅੱਧੀ ਰਾਤ ਤੋਂ ਲਿਖ ਰਿਹਾ ਸੀ। ਹੁਣ ਕੁਝ ਆਰਾਮ ਕਰਨ ਦੇ ਪਲ ਨੇ। ਆਗਸਤ ਨੇ ਪਰਦੇ ਖਿੱਚੇ। ਬਾਲਜ਼ਾਕ ਖਿੜਕੀ ਕੋਲ ਆਇਆ ਤੇ ਉਸ ਸ਼ਹਿਰ 'ਤੇ ਨਿਗਾਹ ਮਾਰੀ ਜਿਸਨੂੰ ਜਿੱਤਨ ਦਾ ਉਹ ਬੀੜਾ ਚੁੱਕ ਕੇ ਤੁਰਿਆ ਸੀ। ਹੁਣ ਉਸਨੂੰ ਹੋਸ਼ ਆਉਂਦਾ ਹੈ ਕਿ ਇਕ ਹੋਰ ਦੁਨੀਆਂ, ਇਕ ਹੋਰ ਪੈਰਸ ਵੀ ਹੈ...ਜਿਹੜਾ ਆਪਣਾ ਕੰਮ ਸ਼ੁਰੂ ਕਰਨ 'ਚ ਰੁੱਝਿਆ ਹੋਇਆ ਹੈ—ਦੁਕਾਨਾਂ ਖੁੱਲ੍ਹ ਰਹੀਆਂ ਨੇ, ਬੱਚੇ ਸਕੂਲ ਜਾਣ ਦੀ ਕਾਹਲ 'ਚ ਨੇ, ਸੜਕਾਂ 'ਤੇ ਤਾਂਗੇ ਦੌੜ ਰਹੇ ਨੇ, ਦਫ਼ਤਰਾਂ 'ਚ ਬੈਠੇ ਲੋਕ ਕੰਮ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਨੇ।
ਥੱਕ ਕੇ ਚੂਰ ਹੋਈ ਦੇਹ ਨੂੰ ਆਰਾਮ ਦੇਣ 'ਤੇ ਅਗਲੇਰੇ ਕਾਰਜ ਦੀ ਸ਼ੁਰੂਆਤ ਲਈ ਆਪਣੇ-ਆਪ ਨੂੰ ਤਰੋ-ਤਾਜ਼ਾ ਕਰਨ ਲਈ ਬਾਲਜ਼ਾਕ ਗਰਮ ਪਾਣੀ ਨਾਲ ਇਸ਼ਨਾਨ ਕਰਦਾ ਹੈ। ਨੇਪੋਲੀਅਨ ਵਾਂਗ ਟੱਬ ਵਿਚ ਨਾਹਾਉਣ 'ਚ ਉਹ ਕੋਈ ਘੰਟਾ ਕੁ ਲਾਏਗਾ, ਕਿਉਂਕਿ ਇਹੀ ਉਹ ਜਗ੍ਹਾ ਹੈ ਜਿੱਥੇ ਉਹ ਨਿਰਵਿਘਨ ਮਨਨ ਕਰ ਸਕਦਾ ਹੈ...ਇਕ ਅਜਿਹਾ ਮਨਨ ਜਿੱਥੇ ਉਸਨੂੰ ਆਪਣੇ ਖ਼ਿਆਲਾਂ ਨੂੰ ਸ਼ਬਦ-ਬੱਧ ਕਰਨ ਦੀ ਕਾਹਲ ਨਹੀਂ ਹੁੰਦੀ, ਜਿੱਥੇ ਕੋਈ ਕਸ਼ਟ ਕੀਤੇ ਬਿਨਾਂ ਉਹ ਸੁਪਨੀਲੇ ਸਿਰਜਨਾਤਮਕਤਾ ਤੇ ਕਾਮੁਕ ਆਨੰਦ ਵਿਚ ਵਿਛ ਜਾਏਗਾ। ਅਜੇ ਉਸਨੇ ਆਪਣਾ ਜਾਮਾ ਨਹੀਂ ਬਦਲਿਆ ਕਿ ਦਰਵਾਜ਼ੇ ਵੱਲੋਂ ਆਉਂਦੇ ਕਦਮਾਂ ਦੀ ਧਮਕ ਸੁਣਾਈ ਦੇਣ ਲੱਗ ਪਈ। ਨੇਪੋਲੀਅਨ ਦੇ ਸੈਨਾ ਦੇ ਕੰਟਰੋਲ ਰੂਮ ਤੇ ਹੁਕਮ ਵਜਾਉਂਦੀਆਂ ਬਟਾਲੀਅਨਾਂ ਵਿਚ ਸੰਪਰਕ ਰੱਖਣ ਲਈ ਜਿਵੇਂ ਮਾਲ-ਸਵਾਰ ਭੇਜੇ ਜਾਂਦੇ ਸਨ ਉਸੇ ਤਰ੍ਹਾਂ ਉਸਦੇ ਘਰ ਵੀ ਵੱਖ-ਵੱਖ ਛਾਪੇ-ਖਾਨਿਆਂ ਤੋਂ ਹਰਕਾਰੇ ਆ ਧਮਕਦੇ ਨੇ। ਪਹਿਲਾ, ਲਿਖੇ ਜਾ ਰਹੇ ਨਾਵਲ ਦੀ ਤਾਜ਼ਾ ਕਿਸ਼ਤ ਮੰਗਦਾ ਹੈ—ਬੀਤੀ ਰਾਤ ਲਿਖਿਆ ਜਿਸਦਾ ਖਰੜਾ ਅਜੇ ਸਿੱਲ੍ਹਾ ਪਿਆ ਹੈ। ਬਾਲਜ਼ਾਕ ਜੋ ਵੀ ਲਿਖਦਾ ਹੈ ਉਸਨੂੰ ਝੱਟ ਛਾਪਕ ਕੋਲ ਭੇਜਣਾ ਹੁੰਦਾ ਹੈ...ਇਸ ਲਈ ਨਹੀਂ ਕਿ ਅਖ਼ਬਾਰ ਜਾਂ ਪ੍ਰਕਾਸ਼ਕ ਕਰਜ਼ੇ ਦੀ ਉਗਾਹੀ ਦੇ ਬਤੌਰ ਉਸਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਬਲਕਿ (ਉਸਦਾ ਹਰ ਨਾਵਲ ਲਿਖਣ ਤੋਂ ਪਹਿਲਾਂ ਹੀ ਵਿਕ ਜਾਂਦਾ ਹੈ) ਇਸ ਲਈ ਕਿ ਜਿਸ ਬੇਸੁਧ ਹਾਲਤ ਵਿਚ ਬਾਲਜ਼ਾਕ ਕੰਮ ਕਰਦਾ ਹੈ, ਉਸਨੂੰ ਖ਼ੁਦ ਹੀ ਖ਼ਬਰ ਨਹੀਂ ਹੁੰਦੀ ਕਿ ਉਹ ਕੀ ਲਿਖ ਰਿਹਾ ਹੈ ਜਾਂ ਲਿਖ ਚੁੱਕਿਆ ਹੈ। ਹੱਥ-ਲਿਖਤ ਖਰੜਿਆਂ ਦੇ ਉਸ ਸੰਘਣੇ ਜੰਗਲ ਦਾ ਉਸਦੀ ਬਾਰੀਕ ਨਜ਼ਰ ਖ਼ੁਦ ਮੁਆਇਨਾ ਨਹੀਂ ਕਰ ਸਕਦੀ। ਉਹ ਜਦੋਂ ਛਪ ਜਾਂਦੇ ਨੇ ਤੇ ਉਹ ਪੈਰਾ-ਦਰ-ਪੈਰਾ ਉਹਨਾਂ 'ਤੇ ਨਜ਼ਰ ਮਾਰਦਾ ਹੈ (ਭਾਵੇ ਕਦਮਤਾਲ ਕਰਦੀਆਂ ਫੌਜੀ ਕੰਪਨੀਆਂ ਮੁਆਇਨੇ 'ਤੇ ਹੋਣ) ਤਦ ਜਨਰਲ ਬਾਲਜ਼ਾਕ ਨੂੰ ਸਮਝ ਆਉਂਦੀ ਹੈ ਕਿ ਉਸਨੇ ਕਿਲਾ ਫਤਹਿ ਕਰ ਲਿਆ ਹੈ ਜਾਂ ਉਸਨੂੰ ਮੁੜ ਲਾਮਬੰਦੀ ਕਰਨੀ ਪਏਗੀ। ਛਾਪਕਾਂ, ਅਖ਼ਬਾਰਾਂ ਜਾਂ ਪ੍ਰਕਾਸ਼ਕਾਂ ਵੱਲੋਂ ਆਏ ਹਰਕਾਰੇ ਦੋ ਰਾਤਾਂ ਪਹਿਲਾਂ ਲਿਖੇ ਤੇ ਅਗਲੇ ਦਿਨ ਛਪਣ ਨਹੀ ਭੇਜੇ ਪਰੂਫ਼ ਲਿਆਏ ਨੇ। ਉਸ ਤੋਂ ਪਹਿਲੋਂ ਦਿੱਤੀਆਂ ਕਿਸ਼ਤਾਂ ਦੇ ਦੂਜੇ ਜਾਂ ਤੀਜੇ ਪਰੂਫ਼ ਵੀ ਨਾਲ ਨੇ। ਤਾਜ਼ਾ ਛਪੇ ਗਿੱਲੇ ਕਾਗਜ਼ਾਂ ਦਾ ਪੂਰਾ ਢੇਰ ਹੈ। ਉਸਦੀ ਮੇਜ਼ ਉੱਤੇ ਪੰਜ ਛੇ ਦਰਜਨ ਕਾਂਗਜ਼ਾਂ ਦਾ ਥੱਬਾ ਹਰ ਸਮੇਂ ਪਿਆ ਰਹਿੰਦਾ ਹੈ ਜਿਹਨਾਂ 'ਚੋਂ ਅਜੇ ਛਾਪੇ ਦੀ ਸਿੱਲ੍ਹ ਨਹੀਂ ਸੁੱਕੀ ਹੁੰਦੀ ਤੇ ਜਿਹੜੇ ਉਸਦੀ ਨਜ਼ਰ ਸਾਨੀ ਚਾਹੁੰਦੇ ਨੇ।
ਨੌ ਵਜੇ ਉਸਦਾ ਇਹ ਸੁਸਤਾਉਣਾ ਖ਼ਤਮ ਹੁੰਦਾ ਹੈ। ਉਹ ਕਹਿੰਦਾ ਹੈ ਕਿ ਉਸਦੇ ਆਰਾਮ ਦਾ ਤਰੀਕਾ ਇਕ ਕੰਮ ਬਦਲੇ ਦੂਜਾ ਕੰਮ ਕਰਨਾ ਹੁੰਦਾ ਹੈ। ਪਰ ਬਾਲਜ਼ਾਕ ਲਈ ਪਰੂਫ਼ ਵੇਖਣਾ ਹਾਸੇ-ਠੱਠੇ ਦਾ ਸੌਦਾ ਨਹੀਂ। ਇਸ ਵਿਚ ਛਾਪਕ ਦੀਆਂ ਗ਼ਲਤੀਆਂ ਦਰੁਸਤ ਕਰਨਾ ਤੇ ਲਿਖਤ ਜਾਂ ਵਿਸ਼ੇ ਵਿਚ ਥੋੜ੍ਹੀ ਬਹੁਤ ਕੱਟ-ਵੱਢ ਕਰਨਾ ਹੀ ਨਹੀਂ ਹੈ, ਇਸ ਦਾ ਮੁੱਖ ਆਸ਼ਾ ਮੁੜ ਲੇਖਨ ਤੇ ਮੁੜ ਪੇਸ਼ਕਾਰੀ ਹੈ। ਪਹਿਲੇ ਛਪੇ ਪਰੂਫ ਨੂੰ ਤਾਂ ਉਹ ਆਪਣਾ ਪਹਿਲਾ ਮਸੌਦਾ ਮੰਨ ਕੇ ਚੱਲਦਾ ਹੈ। ਆਪਣੇ ਮੁਲਾਇਮ ਗਦ ਨੂੰ ਪਰੂਫ਼-ਸ਼ੀਟਾਂ ਵਿਚ ਹੌਲੀ-ਹੌਲੀ ਸ਼ਕਲ-ਸੂਰਤ ਦੇਣ ਦੇ ਸਿਵਾਏ ਉਹ ਦੁਨੀਆਂ ਦੇ ਹੋਰ ਕਿਸੇ ਕੰਮ ਵਿਚ ਇੰਜ ਦਿਲੋਂ ਮਿਹਨਤ ਨਹੀਂ ਗਵਾਉਂਦਾ। ਬੜੀ ਤਲਖ਼-ਅਦਬੀ ਨਾਲ ਉਹ ਇਹਨਾਂ ਪਰੂਫ਼ ਸ਼ੀਟਾਂ ਦੀ ਜਾਂਚ-ਪੜਤਾਲ ਕਰਦਾ ਹੈ ਤੇ ਵਾਰੀ-ਵਾਰੀ ਉਹਨਾਂ ਵਿਚ ਰਦੋ-ਬਦਲ ਕਰਦਾ ਜਾਂਦਾ ਹੈ। ਆਪਣੇ ਕੰਮ ਕਾਜ ਨਾਲ ਜੁੜੀ ਹਰ ਚੀਜ਼ ਬਾਰੇ ਉਹ ਬੜਾ ਬੇਰਹਿਮ ਤੇ ਕਰਮਕਾਂਢੀ ਹੈ। ਆਪਣੀ ਲਿਖਤ ਨੂੰ ਛਾਪੇ ਜਾਣ ਦੇ ਕਾਇਦੇ ਉਹ ਖ਼ੁਦ ਬਣਾਉਂਦਾ ਹੈ—ਕਾਗਜ਼ ਵਿਸ਼ੇਸ਼ ਤੌਰ 'ਤੇ ਲੰਮਾਂ ਤੇ ਚੌੜਾ ਹੋਣਾ ਚਾਹੀਦਾ ਹੈ ਜਿਸ ਨਾਲ ਸਬਦ ਤਾਸ਼ ਦੇ ਇੱਕੇ ਦੇ ਉਪਰ ਬਣੀ ਬੂੰਦੀ ਵਰਗੇ ਲੱਗਣ। ਸੱਜੇ ਤੇ ਖੱਬੇ, ਉੱਤੇ ਤੇ ਹੇਠਾਂ ਵੱਡਾ-ਵੱਡਾ ਹਸੀਆ ਛੱਡਿਆ ਹੋਣ ਚਾਹੀਦਾ ਹੈ ਤਾਕਿ ਕੱਟ-ਕਟਈਏ ਤੇ ਰਦੋ-ਬਦਲ ਕਰਨ ਲਈ ਖ਼ੂਬ ਜਗ੍ਹਾ ਹੋਵੇ। ਇਸਦੇ ਇਲਾਵਾ ਕਿਸੇ ਸਸਤੇ ਘਟੀਆ ਕਾਗਜ਼ 'ਤੇ ਭੇਜੇ ਪਰੂਫ਼ ਨੂੰ ਮਾਨਤਾ ਨਹੀਂ ਮਿਲਦੀ। ਉਸਨੂੰ ਤਾਂ ਇਹ ਸਭ ਸਿਰਫ਼ ਸਫੇਦ ਕਾਗਜ਼ 'ਤੇ ਹੀ ਚਾਹੀਦਾ ਹੈ ਤਾਕਿ ਹਰ ਸ਼ਬਦ ਸਾਫ਼-ਸਾਫ਼ ਦਿਖਾਈ ਦਵੇ।
ਉਹ ਫੇਰ ਆਪਣੀ ਛੋਟੀ ਮੇਜ਼ 'ਤੇ ਆ ਗਿਆ ਹੈ। ਆਪਣੇ ਸਿਰਜੇ ਚਰਿਤਰ ਲੁਈਸ ਲਾਮਬਰਟ (Louis Lambert) (ਆਤਮਕਥਾ ਸ਼ੈਲੀ ਵਿਚ ਲਿਖਿਆ ਬਾਲਜ਼ਾਕ ਦਾ ਇਕ ਸ਼ੁਰੂਆਤੀ ਨਾਵਲ ਜਿਹੜਾ ਆਪਣੇ ਨਾਇਕ ਦੇ ਨਾਂ 'ਤੇ ਹੀ ਹੈ।) ਉਸ ਕੋਲ ਇਕੋ ਸਮੇਂ ਛੇ ਸਤ ਪੰਗਤਾਂ ਪੜ੍ਹਨ ਲੈਣ ਵਾਲੀ ਨਜ਼ਰ ਹੈ। ਪਹਿਲੀ ਨਜ਼ਰ 'ਚ ਹੀ ਉਸਦੀ ਕਲਮ ਦੀ ਚੋਭ ਸ਼ੁਰੂ ਹੋ ਜਾਂਦੀ ਹੈ। ਉਸਦੇ ਦਿਲ ਦੀ ਦਿਲ ਵਿਚ ਰਹਿ ਗਈ ਹੈ। ਜੋ ਵੀ ਬੀਤੇ ਦਿਨ ਜਾਂ ਉਸ ਤੋਂ ਪਹਿਲਾਂ ਲਿਖਿਆ ਸੀ, ਸਭ ਬੇਕਾਰ ਹੈ। ਉਸਦੇ ਅਰਥ ਧੁੰਦਲੇ ਨੇ, ਵਾਕ ਗੱਡਮੱਡ ਨੇ, ਸ਼ੈਲੀ ਦੋਸ਼-ਪੂਰਨ ਹੈ ਤੇ ਸੰਰਚਨਾ ਫੂਹੜ। ਹਰ ਚੀਜ਼ ਬਦਲਣੀ ਪਵੇਗੀ ਤਾਕਿ ਚੀਜ਼ਾਂ ਸਾਫ਼, ਸਰਲ ਤੇ ਘੱਟ ਬੋਝਲ ਲੱਗਣ ਲੱਗ ਪੈਣ। ਦੁਸ਼ਮਣ ਦੇ ਜੱਥੇ 'ਤੇ ਵਾਰ ਕਰਦੇ ਘੋੜਸਵਾਰ ਵਾਂਗ ਉਸ ਉੱਤੇ ਝੱਲ ਸਵਾਰ ਹੋਇਆ ਹੋਇਆ ਹੈ ਤੇ ਉਹ ਆਪਣੀ ਫੁਕਾਰਦੀ ਕਲਮ ਨੂੰ ਉਸੇ ਬੇਰਹਿਮੀ ਨਾਲ ਪੰਨਿਆਂ ਦੇ ਪੋਰ-ਪੋਰ 'ਚ ਚੋਭ ਰਿਹਾ ਹੈ। ਇੰਜ ਆਪਣੀ ਕਲਮ ਦੀ ਤੇਗ ਤੇ ਸੋਚ-ਸ਼ੁੱਧੀ ਸਦਕਾ ਉਸਨੇ ਇਕ ਵਾਕ ਪੂਰਾ ਹੀ ਉਡਾਅ ਦਿੱਤਾ, ਇਕ ਸ਼ਬਦ ਨੂੰ ਤੀਰ ਮਾਰਿਆ ਤੇ ਉਸਨੂੰ ਖੱਬੇ ਪਾਸੇ ਸੁੱਟ ਦਿੱਤਾ, ਪੂਰੇ ਪੈਰੇ ਨੂੰ ਮਧੋਲ-ਮਸਲ ਕੇ ਉਸਦੀ ਜਗ੍ਹਾ ਨਵਾਂ ਪੈਰਾ ਪਾ ਦਿੱਤਾ। ਛੇਤੀ ਹੀ ਹਾਲ ਇਹ ਹੋ ਗਿਆ ਹੈ ਕਿ ਕੰਪੋਜੀਟਰ ਨੂੰ ਨਿਰਦੇਸ਼ ਦੇਣ ਲਈ ਲੋੜੀਦੇ ਆਮ ਪ੍ਰਤੀਕ ਚਿੰਨ੍ਹ ਘਟ ਗਏ ਨੇ, ਇਸ ਲਈ ਬਾਲਜ਼ਾਕ ਮੀਆਂ ਨੂੰ ਖ਼ੁਦ ਆਪਣੇ ਪ੍ਰਤੀਕ ਚਿੰਨ੍ਹ ਘੜਨੇ ਪੈ ਰਹੇ ਨੇ। ਕੁਝ ਚਿਰ ਬਾਅਦ ਤਾਂ ਹਾਲਤ ਇਹ ਹੋ ਗਈ ਕਿ ਅੱਗੇ ਕੱਟ-ਵੱਢ ਕਰਨ ਲਈ ਹਾਸ਼ੀਏ ਉੱਤੇ ਜਗ੍ਹਾ ਹੀ ਨਹੀਂ ਰਹੀ, ਕਿਉਂਕਿ ਉਸ ਵਿਚ ਛਾਪੇ ਨਾਲੋਂ ਵੱਧ ਮਜਮੂਨ ਲਿਖ ਦਿੱਤਾ ਗਿਆ ਹੈ। ਕੱਟ-ਵੱਢ ਕਰਕੇ ਜਿਹੜੀ ਚੀਜ਼ ਹਾਸ਼ੀਏ 'ਤੇ ਲੈ ਜਾ ਕੇ ਟੰਗ ਦਿੱਤੀ ਗਈ ਸੀ ਉਸ ਵਿਚ ਮੁੜ ਕੱਟ-ਵੱਢ ਕਰ ਦਿੱਤੀ ਗਈ ਹੈ। ਇਸ ਪੂਰਕ, ਨਵੇਂ ਵਿਚਾਰ, ਵੱਲ ਕੰਪੋਜੀਟਰ ਦਾ ਧਿਆਨ ਦਿਵਾਉਣ ਲਈ ਵੱਖਰੇ ਨਿਸ਼ਾਨ ਘਸੀਟ ਦਿੱਤੇ ਗਏ ਨੇ। ਜਿਸ ਪੰਨੇ ਉੱਤੇ ਸਫੇਦੀ ਦੇ ਰੇਗਿਸਤਾਨ ਉੱਤੇ ਛਾਪੇ ਹੋਏ ਮਜਮੂਨ ਦਾ ਜੰਗਲ ਵਿਛਿਆ ਹੋਇਆ ਸੀ, ਉੱਥੇ ਟੇਢੀਆਂ-ਮੇਢੀਆਂ ਲਕੀਰਾਂ ਦਾ ਇਕ ਅਜਿਹਾ ਮਕੜ-ਜਾਲ ਪਸਰ ਗਿਆ ਹੈ ਕਿ ਰਦੋ-ਬਦਲ ਜਾਰੀ ਰੱਖਣ ਲਈ ਉਸਨੂੰ ਪੰਨੇ ਦੇ ਪਿਛਲੇ ਪਾਸੇ ਜਾਣਾ ਪਏਗਾ। ਪਰ ਉਸ ਨਾਲ ਕੰਮ ਨਹੀਂ ਚੱਲੇਗਾ। ਟੇਢੀਆਂ-ਮੇਢੀਆਂ ਲਕੀਰਾਂ ਤੇ ਪ੍ਰਤੀਕ ਚਿੰਨ੍ਹਾਂ ਦੀ ਮਾਰਫ਼ਤ ਕੰਪੋਜੀਟਰ ਨੂੰ ਰਸਤਾ ਦੱਸਣ ਲਈ ਜਦੋਂ ਵਾਲ ਜਿੰਨੀ ਜਗ੍ਹਾ ਵੀ ਨਹੀਂ ਰਹੀ ਤਾਂ ਬਾਲਜ਼ਾਕ ਨੇ ਕੈਂਚੀ ਦਾ ਸਹਾਰਾ ਲਿਆ ਹੈ। ਅਣਚਾਹੇ ਹਿੱਸੇ ਨੂੰ ਕੱਟ ਕੇ ਉਸਦੀ ਜਗ੍ਹਾ ਨਵੀ ਪੱਟੀ ਲਾ ਦਿੱਤੀ ਗਈ ਹੈ। ਕਿਸੇ ਵਾਕ ਦੇ ਆਰੰਭ ਨੂੰ ਉਖਾੜ ਕੇ ਵਿਚਕਾਰ ਘੁਸੇੜ ਦਿੱਤਾ ਗਿਆ ਹੈ ਤੇ ਉੱਥੇ ਨਵਾਂ ਅੰਸ਼ ਲਿਖ ਦਿੱਤਾ ਗਿਆ ਹੈ। ਪੂਰੀ ਸਾਮਗਰੀ ਦੀਆਂ ਧੱਜੀਆਂ ਉਡਾਅ ਦਿੱਤੀਆਂ ਗਈਆਂ ਨੇ। ਕੱਟ-ਵੱਢ, ਪ੍ਰਤੀਕ ਰੇਖਾਵਾਂ ਤੇ ਧੱਬਿਆਂ ਨਾਲ ਤਹਿਸ-ਨਹਿਸ ਕੀਤਾ ਇਹੋ ਮਾਲ ਹੁਣ ਛਾਪਕ ਕੋਲ ਜਾਏਗਾ ਜਿਹੜਾ ਮੂਲ ਖਰੜੇ ਨਾਲੋਂ ਕਿਤੇ ਵੱਧ ਬੇ-ਸਿਰ-ਪੈਰਾ ਤੇ ਅੱਖਰਾਂ-ਸ਼ਬਦਾਂ ਦਾ ਜੰਗਲ ਹੀ ਜਾਪ ਰਿਹਾ ਹੈ।
ਅਖ਼ਬਾਰ ਤੇ ਛਾਪੇ ਦੇ ਦਫ਼ਤਰਾਂ ਵਿਚ ਉਸ ਹੈਰਾਨੀਜਨਕ ਧੂ-ਘਸੀਟ ਨੂੰ ਦੇਖ ਕੇ ਲੋਕ ਠਹਾਕੇ ਲਾ ਰਹੇ ਨੇ। ਸਭ ਤੋਂ ਵੱਧ ਤਜੁਰਬੇਕਾਰ ਕੰਪੋਜੀਟਰ ਨੇ ਉਸਦੀ ਕੰਪੋਜ਼ਿੰਗ ਕਰਨ ਤੋਂ ਆਪਣੀ ਬੇਵੱਸੀ ਜ਼ਾਹਰ ਕਰ ਦਿੱਤੀ ਹੈ। ਦੁਗਣੇ ਮਿਹਨਤਾਨੇ ਦੇ ਲਾਲਚ ਦੇ ਬਾਵਜੂਦ ਕੋਈ ਬਾਲਜ਼ਾਕ ਸਾਹਬ ਦੀ ਖਾਤਰ ਇਕ ਤੋਂ ਵੱਧ ਦਿਨ ਖਪਾਉਣ ਲਈ ਰਾਜ਼ੀ ਨਹੀਂ ਹੈ। ਮਹੀਨੇ ਦੀ ਮਿਹਨਤ ਦੇ ਬਾਅਦ ਇਕ ਸ਼ਖ਼ਸ ਜਨਾਬ ਦੀ ਚਿੱਤਰ-ਲਿੱਪੀ ਨੂੰ ਉਘਾੜਨ ਵਿਚ ਕਾਮਯਾਬ ਹੋਇਆ—ਪਰ ਇਕ ਖਾਸ ਪਰੂਫ਼ ਰੀਡਰ ਦੀ ਆਸ ਤਾਂ ਉਸ ਤੋਂ ਵੀ ਅੱਗੇ ਹੁੰਦੀ ਹੈ ਜਿਹੜਾ ਸ਼੍ਰੀਮਾਨ ਕੰਪੋਜ਼ੀਟਰ ਸਾਹਬ ਦੇ ਕਿਆਸੇ ਅਕਸ ਨੂੰ ਮੁੜ ਦਰੁਸਤ ਕਰ ਸਕਦਾ ਹੈ।
ਪਰ ਉਹਨਾਂ ਲੋਕਾਂ ਦੇ ਕੰਮ ਨੂੰ ਹਾਲੇ ਤਾਂ ਸ਼ੁਰੂਆਤ ਹੀ ਮੰਨਿਆਂ ਜਾਏ ਕਿਉਂਕਿ ਜਦੋਂ ਦੂਜੇ ਦੌਰ ਦੇ ਪਰੂਫ਼ ਆਏ ਤਾਂ ਬਾਲਜ਼ਾਕ ਉਹਨਾਂ 'ਤੇ ਫੇਰ ਉਸੇ ਤਲਖ਼ੀ ਨਾਲ ਟੁੱਟ ਪਿਆ। ਏਨੀ ਮਿਹਨਤ ਮੁਸ਼ਕਤ ਨਾਲ ਬਣਾਏ ਤਾਣੇ-ਬਾਣੇ ਨੂੰ ਮੁੜ ਉਧੇੜਨ ਬੈਠ ਗਿਆ। ਉਪਰੋਂ ਹੇਠਾਂ ਤਕ ਹਰ ਵਰਕੇ ਵਿਚ ਰਦੋ-ਬਦਲ ਤੇ ਕੱਟ-ਵੱਢ ਦਾ ਸਿਲਸਿਲਾ ਓਦੋਂ ਤਕ ਚੱਲਦਾ ਰਹੇਗਾ ਜਦੋਂ ਤਕ ਇਹ ਪਹਿਲਾਂ ਵਾਂਗ ਹੀ ਘਿਚਮਿਚ ਤੇ ਨਾਪੜ੍ਹਨ ਯੋਗ ਨਹੀਂ ਹੋ ਗਿਆ। ਤੇ ਇਹੋ ਕਵਾਇਤ ਕੋਈ ਛੇ-ਸੱਤ ਵਾਰੀ ਕੀਤੀ ਜਾਂਦੀ ਹੈ। ਫ਼ਰਕ ਬਸ ਇਹੀ ਹੁੰਦਾ ਹੈ ਕਿ ਪਹਿਲਾਂ ਉਹ ਪੂਰੇ ਪੈਰਿਆਂ ਦੀ ਭੰਨ-ਘੜ ਕਰਦਾ ਸੀ, ਹੁਣ ਸਿਰਫ਼ ਵਾਕਾਂ ਦੀ ਕਰਦਾ ਹੈ। ਅਖ਼ੀਰ ਹੁੰਦੇ-ਹੁੰਦੇ ਉਹ ਇਕ-ਇਕ ਸ਼ਬਦ ਦੇ ਨਾਪ-ਤੋਲ 'ਤੇ ਜਾ ਟਿਕਦਾ ਹੈ। ਆਪਣੀਆਂ ਕੁਝ ਕਿਤਾਬਾਂ ਦੇ ਬਾਲਜ਼ਾਕ ਨੇ ਇਸੇ ਤਰ੍ਹਾਂ ਪੰਦਰਾਂ ਜਾਂ ਸੋਲਾਂ ਵਾਰ ਪਰੂਫ਼ ਚੈਕ ਕੀਤੇ। ਇਸ ਤੋਂ ਸਾਨੂੰ ਉਸਦੀ ਬੇਪਨਾਹ ਤਾਕਤ ਦਾ ਥੋੜ੍ਹਾ-ਜਿਹਾ ਅੰਦਾਜ਼ਾ ਲੱਗਦਾ ਹੈ। ਵੀਹ ਵਰ੍ਹਿਆਂ ਦੌਰਾਨ ਉਸਨੇ ਨਾ ਸਿਰਫ਼ ਆਪਣੇ ਉਹ ਚੌਦਾਂ ਨਾਵਲ, ਕਹਾਣੀਆਂ-ਸੰਗ੍ਰਹਿ ਤੇ ਸ਼ਬਦ-ਚਿੱਤਰ ਲਿਖੇ ਬਲਕਿ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਉਸਨੇ ਉਹਨਾਂ ਨੂੰ ਵਾਰ-ਵਾਰ ਲਿਖਿਆ।
ਇਸ ਨੌਲੱਖੇ ਹਿਸਾਬ-ਕਿਤਾਬ ਦੇ ਰਸਤੇ ਵਿਚ ਨਾ ਉਸਦੀਆਂ ਆਰਥਕ ਲੋੜਾਂ ਕੋਈ ਅੜਿੱਕਾ ਲਾਉਂਦੀਆਂ ਤੇ ਨਾ ਪ੍ਰਕਾਸ਼ਕਾਂ ਦੀਆਂ ਮਿੰਨਤਾਂ—ਜਿਹੜੀਆਂ ਦੋਸਤਾਨਾ ਫਿਟਕਾਰਾਂ ਤੋਂ ਕਾਨੂੰਨੀ ਧਮਕੀਆਂ ਦਾ ਰੰਗ ਲੈ ਲੈਂਦੀਆਂ ਸਨ। ਕਿੰਨੀ ਵਾਰੀ ਤਾਂ ਉਸਨੇ ਮਿਲਣ ਵਾਲੀ ਫ਼ੀਸ ਦੀ, ਕਦੀ ਅੱਧੀ ਤੇ ਕਦੀ ਸਾਰੀ, ਰਕਮ ਇਸੇ ਕਰਕੇ ਜਬਤ ਹੋ ਜਾਣ ਦਿੱਤੀ ਕਿ ਇਹਨਾਂ ਸੋਧਾਂ ਤੇ ਫੇਰ-ਬਦਲਾਂ ਦੀ ਲਾਗਤ ਉਸਨੂੰ ਆਪਣੀ ਜੇਬ 'ਚੋਂ ਭਰਨੀ ਪਈ। ਪਰ ਉਸ ਲਈ ਇਹ ਲਿਖਤ ਪ੍ਰਤੀ ਇਮਾਨਦਾਰੀ ਦੀ ਗੱਲ ਸੀ, ਜਿਸ ਉੱਤੇ ਉਹ ਅਟਲ ਰਹਿੰਦਾ ਸੀ। ਕਿਸੇ ਅਖ਼ਬਾਰ ਦੇ ਸੰਪਾਦਕ ਨੇ ਇਕ ਵਾਰੀ ਉਸਦੇ ਇਕ ਨਾਵਲ ਦੀ ਕਿਸ਼ਤ ਨੂੰ ਉਸਦੇ ਦੇਖੇ ਅੰਤਮ ਪਰੂਫ਼ ਜਾਂ ਉਸਦੀ ਸਹਿਮਤੀ ਦੇ ਬਗ਼ੈਰ ਛਾਪ ਦਿੱਤਾ ਤਾਂ ਬਾਲਜ਼ਾਕ ਨੇ ਹਮੇਸ਼ਾ ਲਈ ਉਸ ਨਾਲ ਆਪਣੇ ਸੰਬੰਧ ਤੋੜ ਲਏ। ਬਾਹਰੀ ਦੁਨੀਆਂ ਲਈ ਉਹ ਲੱਖ ਹੋਛਾ, ਫੂਹੜ ਤੇ ਲੋਭੀ ਹੋਵੇ ਪਰ ਇਕ ਕਲਾਕਾਰ ਦੇ ਸਤਰ 'ਤੇ ਅਧੁਨਿਕ ਸਾਹਿਤ ਵਿਚ ਕੀਤਾ ਜਾਣ ਵਾਲਾ ਸਭ ਤੋਂ ਈਮਾਨਦਾਰ ਸੰਘਰਸ਼ ਉਸੇ ਦੇ ਨਾਂ ਦਰਜ ਹੁੰਦਾ ਹੈ। ਸਿਰਫ਼ ਉਹੀ ਜਾਣਦਾ ਸੀ ਕਿ ਉਸ ਨਿਰਜਨ ਪ੍ਰਯੋਗਸ਼ਾਲਾ ਵਿਚ ਬੈਠ ਕੇ ਉਸਨੂੰ ਆਪਣੀਆਂ ਰਚਨਾਵਾਂ ਮੁਕੰਮਲ ਕਰਨ ਵਿਚ ਕਿੰਨੀ ਊਰਜਾ ਤੇ ਕੁਰਬਾਨੀ ਦੇਣੀ ਪਈ ਹੈ। ਸਿਰਫ਼ ਕਿਤਾਬਾਂ ਦੇ ਆਧਾਰ 'ਤੇ ਉਹਨਾਂ ਵਿਚ ਗੁੱਝੇ ਉਸਦੇ ਕਸ਼ਟਾਂ ਤੇ ਮਿਹਨਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਆਪਣੇ ਇਕਲੌਤੇ, ਸੱਚੇ ਤੇ ਵਿਸ਼ਵਾਸਪਾਤਰ ਮਿੱਤਰਾਂ ਵਾਂਗ ਇਹਨਾਂ ਪਰੂਫ਼-ਸ਼ੀਟਾਂ ਨੂੰ ਉਹ ਸਾਂਭ-ਸਾਂਭ ਰੱਖਦਾ ਸੀ। ਉਹ ਉਸਦੀ ਸ਼ਾਨ ਸਨ...ਉਸ ਅੰਦਰਲੇ ਕਾਲਾਕਾਰ ਦੀ ਓਨੀ ਨਹੀਂ ਜਿੰਨੀ ਉਸਦੇ ਕ੍ਰਿਤੀ ਜਾਂ ਸ਼ਿਲਪਕਾਰ ਦੀ ਸ਼ਾਨ। ਇਸ ਲਈ ਉਸਨੇ ਆਪਣੀ ਹਰੇਕ ਕਿਤਾਬ ਦੀ ਇਕ ਵੱਖਰੀ ਕਾਪੀ ਤਿਆਰ ਕੀਤੀ ਹੋਈ ਸੀ, ਜਿਸ ਵਿਚ ਮੂਲ ਖਰੜੇ ਦੇ ਹਰ ਮਰਹਲੇ 'ਤੇ ਕੀਤੀ ਰੱਦੋ-ਬਦਲ ਵਾਲੇ ਸਾਰੇ ਪਰੂਫ਼ਾਂ ਨੂੰ ਇਕ ਪੋਥੇ ਦਾ ਰੂਪ ਦਿੱਤਾ ਗਿਆ ਹੁੰਦਾ ਸੀ, ਜਿਸ ਵਿਚ ਕਿਸੇ ਛਪੇ ਹੋਏ ਨਾਵਲ ਦੇ ਦੋ ਸੌ ਸਫ਼ਿਆਂ ਦੇ ਮੁਕਾਬਲੇ ਕੋਈ ਦੋ ਹਜ਼ਾਰ ਸਫ਼ੇ ਹੁੰਦੇ। ਕਿਸੇ ਪੋਥੇ ਵਿਚ ਮੂਲ ਖਰੜੇ ਦੀ ਕਾਪੀ ਨੂੰ ਕੋਈ ਵਿਸ਼ੇਸ਼ ਪਛਾਣ ਦੇਣ ਦੀ ਬਜਾਏ ਸਿਰਫ਼ ਨੱਥੀ ਕਰਕੇ ਰੱਖ ਦਿੱਤਾ ਜਾਂਦਾ ਸੀ। ਜਿਵੇਂ ਨਿਪੋਲੀਅਨ ਆਪਣੇ ਫੀਲਡ ਮਾਰਸ਼ਲਾਂ ਤੇ ਵਿਸ਼ਵਾਸਪਾਤਰ ਸਮਰਥਕਾਂ ਨੂੰ ਰਾਜਸੀ ਤਮਗੇ-ਖ਼ਿਤਾਬ ਵੰਡਦਾ ਹੁੰਦਾ ਸੀ, ਓਵੇਂ ਹੀ ਬਾਲਜ਼ਾਕ ਵੀ ਹਯੂਮੈਨ ਕਾੱਮੇਡੀ ਦੀਆਂ ਵਿਸਥਾਰ ਨਾਲ ਲਿਖੀਆਂ ਇਹਨਾਂ ਕੜੀਆਂ ਦੀਆਂ ਕਾਪੀਆਂ ਨੂੰ ਆਪਣੇ ਸਭ ਤੋਂ ਨੇੜੇ ਦੇ ਮਿੱਤਰਾਂ ਨੂੰ ਤੋਹਫ਼ੇ ਵਜੋਂ ਭੇਂਟ ਕਰ ਦੇਂਦਾ ਸੀ।
“ਇਹ ਪੋਥੀਆਂ ਮੈਂ ਉਹਨਾਂ ਨੂੰ ਦੇਂਦਾ ਹਾਂ ਜਿਹੜੇ ਮੇਰੇ ਨਾਲ ਸਨੇਹ ਕਰਦੇ ਨੇ ਜਾਂ ਮੇਰੇ ਲੰਮੇਂ ਸੰਘਰਸ਼ ਦੇ ਸਾਥੀ ਨੇ। ਇਹਨਾਂ ਮਹਾਨ ਪੰਨਿਆਂ ਸੰਗ ਮੈਂ ਆਪਣੀਆਂ ਰਾਤਾਂ ਬਿਤਾਈਆਂ ਨੇ।”
ਵਧੇਰੇ ਪੋਥੇ ਤਾਂ ਉਸਨੇ ਮੈਡਮ ਹਾਂਸਕਾ (Hanska) ਨੂੰ ਦਿੱਤੇ ਪਰ ਮੈਡਮ ਕੈਸਟ੍ਰੀਜ (Castries) ਤੇ ਰਾਜਕੁਮਾਰੀ ਵਿਸਕੋਂਤੀ (Countess Visconti) (ਇਹਨਾਂ ਤਿੰਨਾਂ ਅਮੀਰਜ਼ਾਦੀਆਂ ਉੱਤੇ ਬਾਲਜ਼ਾਕ ਆਪਣਾ ਦਿਲ ਛਿੜਕਦਾ ਰਿਹਾ—ਮੁੱਖ ਤੌਰ 'ਤੇ ਉਹ ਅਮੀਰ ਹੋਣ ਦੇ ਨਾਲ-ਨਾਲ ਖਰੀ ਸੋਚ ਵਾਲੀਆਂ ਸਨ। ਜੀਵਨ ਦੇ ਆਖ਼ਰੀ ਵਰ੍ਹਿਆਂ ਵਿਚ ਉਹਨੇ ਮੈਡਮ ਹਾਂਸਕਾ ਨੂੰ ਆਪਣੀ ਪਤਨੀ ਬਣਾ ਲਿਆ—ਉਹ ਵੀ ਇਸ ਕਰਕੇ ਕਿ ਮਿਸਟਰ ਹਾਂਸਕਾ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਚੁੱਕੀ ਸੀ-ਅਨੁ.) ਤੇ ਉਸਦੀ ਭੈਣ ਵੀ ਪ੍ਰਾਪਤ ਕਰਤਾਵਾਂ ਵਿਚ ਸ਼ਾਮਲ ਸੀ। ਉਸਦੀ ਸੌਗਾਤ ਪਾਉਣ ਵਾਲੇ ਇਹਨਾਂ ਕੁਝ ਖ਼ੁਸ਼ਨਸੀਬਾਂ ਨੂੰ ਇਹਨਾਂ ਬੇਜੋੜ ਦਸਤਾਵੇਜ਼ਾਂ ਦੀ ਅਹਿਮੀਅਤ ਦੀ ਖ਼ੂਬ ਸਮਝ ਹੁੰਦੀ ਸੀ, ਇਹ ਗੱਲ ਵਰ੍ਹਿਆਂ ਬੱਧੀ ਉਸਦੀ ਸਿਹਤ ਦਾ ਖ਼ਿਆਲ ਰੱਖਣ ਵਾਲੇ ਡਾਕਟਰ ਨਾਕਰ (Dr. Nacquart)—ਜਿਹਨਾਂ ਨੂੰ ਅਜਿਹਾ ਇਕ ਪੋਥਾ ਨਸੀਬ ਹੋਇਆ ਸੀ—ਦੇ ਇਸ ਖ਼ਤ ਤੋਂ ਜਾਹਰ ਹੋ ਜਾਂਦੀ ਹੈ—'ਇਹ ਸੱਚਮੁੱਚ ਇਕ ਅਸਾਧਾਰਣ ਸਮਾਰਕ ਹੈ ਜੋ, ਕਲਾ ਦੀ ਪੂਰਨਤਾ ਵਿਚ ਯਕੀਨ ਰੱਖਣ ਵਾਲੇ ਸਾਰੇ ਲੋਕਾਂ ਨੂੰ ਪੜ੍ਹਨਾ ਚਾਹੀਦਾ ਹੈ। ਉਹਨਾਂ ਆਮ ਲੋਕਾਂ ਲਈ ਵੀ ਇਹ ਅੱਖਾਂ ਖੋਹਲਣ ਵਾਲਾ ਹੋਏਗਾ ਜਿਹੜੇ ਸਮਝਦੇ ਨੇ ਕਿ ਜ਼ਿਹਨ ਦੀ ਸਿਰਜਣਾ ਓਨੀ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ ਜਿੰਨੀ ਆਸਾਨੀ ਨਾਲ ਉਹ ਉਸਨੂੰ ਪੜ੍ਹ ਲੈਂਦੇ ਨੇ। ਕਾਸ਼, ਵੇਨਡੋਮ ਚੌਰਾਹੇ 'ਚ ਮੈਨੂੰ ਆਪਣੀ ਲਾਇਬਰੇਰੀ ਬਣਾਉਣ ਲਈ ਜਗ੍ਹਾ ਮਿਲ ਜਾਏ ਤਾਕਿ ਆਪਣੀ ਬੁੱਧ ਦੇ ਪਾਰਖੂਆਂ ਨੂੰ ਇਹ ਜਾਣਨ ਦਾ ਮੌਕਾ ਤਾਂ ਮਿਲੇ ਕਿ ਇਹ ਕਿਸ ਪ੍ਰਤੀਬੱਧਤਾ ਤੇ ਅਧਿਅਨ ਦੇ ਬਲ-ਬੁੱਤੇ ਕੰਮ ਕਰਦੇ ਨੇ।'
ਬੀਥੋਕਿਨ ਦੀ ਨੋਟ ਬੁੱਕ ਦੇ ਇਲਾਵਾ ਅੱਜ ਸ਼ਾਇਦ ਹੀ ਕੋਈ ਦੂਜਾ ਅਜਿਹਾ ਦਸਤਾਵੇਜ਼ ਹੋਵੇ ਜਿਹੜਾ ਕਲਾਕਾਰ ਦੇ ਪ੍ਰਗਟਾਵੇ ਦੇ ਸੰਘਰਸ਼ ਨੂੰ ਏਨਾ ਸਮਝ-ਵਿਚਾਰ ਨਾਲ ਪ੍ਰਗਟਾਉਂਦਾ ਹੋਵੇ ਜਿਹਨਾਂ ਕਿ ਇਹ ਪੋਥੇ। ਬਾਲਜ਼ਾਕ ਕਿੰਨੀ ਕੁਦਰਤੀ ਸ਼ਕਤੀ ਨਾਲ ਲੈਸ ਸੀ, ਆਪਣੀਆਂ ਕਿਤਾਬਾਂ ਵਿਚ ਕਿੰਨੀ ਅਕੱਥ ਊਰਜਾ ਖਪਤ ਕਰਦਾ ਸੀ, ਇਸਨੂੰ ਕਿਸੇ ਸ਼ਬਦ-ਚਿੱਤਰ ਜਾਂ ਦੰਦ-ਕਥਾ ਦੀ ਬਜਾਏ ਇਹਨਾਂ ਪੋਥਿਆਂ ਰਾਹੀਂ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਹਨਾਂ ਦੇ ਸਹਾਰੇ ਅਸੀਂ ਅਸਲੀ ਬਾਲਜ਼ਾਕ ਨੂੰ ਸਮਝ ਸਕਦੇ ਹਾਂ।
*** *** ***
ਤਿੰਨ-ਚਾਰ ਘੰਟੇ ਪਰੂਫ਼ਾਂ ਵਿਚ ਰੁੱਝੇ ਰਹਿਣ ਕਾਰਨ ਦੁਪਹਿਰ ਹੋ ਜਾਂਦੀ। ਕਾਗਜ਼ਾਂ ਦੇ ਢੇਰ ਨੂੰ ਉਹ ਇਕ ਪਾਸੇ ਸਰਕਾਉਂਦਾ ਤੇ ਪੇਟ ਪੂਜਾ ਵਿਚ ਲੱਗ ਜਾਂਦਾ, ਜਿਸ ਵਿਚ ਇਕ ਆਂਡਾ, ਇਕ ਜਾਂ ਦੋ ਸੈਂਡਵਿਚ ਜਾਂ ਕੋਈ ਪੇਸਟਰੀ ਹੁੰਦੇ। ਉਸਨੂੰ ਠਾਠ ਨਾਲ ਰਹਿਣ ਦਾ ਸ਼ੌਕ ਸੀ। ਆਪਣੇ ਪਿੰਡ ਤੋਰਾਂ (Touraine) ਦੇ ਤਲੇ ਤੇ ਪੱਕੇ ਖਾਣੇ ਉਸਨੂੰ ਖਾਸੇ ਚੰਗੇ ਲੱਗਦੇ ਸਨ...ਉੱਥੋਂ ਦੀਆਂ ਕਕਰੀ ਮੱਛੀਆਂ ਤੇ ਲਾਲ ਤਰੀ ਵਾਲਾ ਮੀਟ ਆਦਿ ਵੀ। ਆਪਣੇ ਪਿੰਡ ਦੀ ਲਾਲ, ਚਿੱਟੀ ਸ਼ਰਾਬ ਦਾ ਤਾਂ ਉਹ ਅਜਿਹਾ ਪਾਰਖ਼ੂ ਸੀ ਜਿਵੇਂ ਪਿਆਨੋਵਾਧਕ ਆਪਣੀਆਂ ਕਿੱਲੀਆਂ ਦਾ ਹੁੰਦਾ ਹੈ। ਪਰ ਜਦੋਂ ਉਹ ਕੰਮ ਕਰ ਰਿਹਾ ਹੁੰਦਾ ਤਾਂ ਹਰ ਤਰ੍ਹਾਂ ਦੇ ਸੁਖ ਨਾਲੋਂ ਆਪਣੇ ਆਪ ਨੂੰ ਵੱਖ ਕਰ ਲੈਂਦਾ। ਉਸਨੂੰ ਪਤਾ ਸੀ ਕਿ ਖਾਣੇ ਪਿੱਛੋਂ ਆਦਮੀ ਨੂੰ ਆਲਸ ਘੇਰ ਲੈਂਦੀ ਹੈ...ਤੇ ਅਲਸਾਉਣ ਦੀ ਉਸ ਕੋਲ ਵਿਹਲ ਕਿੱਥੇ ਸੀ...
ਥੋੜ੍ਹੀ ਦੇਰ ਉਂਜ ਹੀ ਢੂਈ ਸਿੱਧੀ ਕਰਨ ਬਾਅਦ ਉਹ ਵਾਪਸ ਆਪਣੀ ਉਸੇ ਮੇਜ਼ 'ਤੇ ਆ ਬੈਠੇਗਾ। ਬਚੇ-ਖੁਚੇ ਪਰੂਫ਼ਾਂ ਨੂੰ ਠੀਕ ਕਰੇਗਾ, ਇਕ-ਅੱਧਾ ਲੇਖ ਲਿਖੇਗਾ, ਕਿਸੇ ਨੂੰ ਖ਼ਤ ਲਿਖੇਗਾ ਜਾਂ ਨੋਟ ਬੁੱਕ 'ਚ ਕੁਝ ਫੁਰਨੇ ਲਿਖੇਗਾ। ਸ਼ਾਮ ਨੂੰ ਕੋਈ ਪੰਜ ਵਜੇ ਜਾ ਕੇ ਉਸਦੀ ਕਲਮ ਨੂੰ ਸਾਹ ਆਏਗਾ। ਅਜੇ ਤਕ ਉਹ ਨਾ ਕਿਸੇ ਨੂੰ ਮਿਲਿਆ ਹੈ ਤੇ ਨਾ ਉਸਨੇ ਅਖ਼ਬਾਰ ਦੇਖਿਆ ਹੈ। ਹੁਣ ਉਸਨੂੰ ਥੋੜ੍ਹੀ ਰੈਲ ਰਹੇਗੀ। ਆਗਸਤ ਉਸ ਲਈ ਥੋੜ੍ਹਾ ਹਲਕਾ ਖਾਣਾ ਲੈ ਆਉਂਦਾ ਹੈ। ਇਸ ਦੌਰਾਨ ਕੋਈ ਮਿੱਤਰ ਜਾਂ ਕੋਈ ਪ੍ਰਕਾਸ਼ਕ ਵੱਲੋਂ ਆ ਜਾਏ ਤਾਂ ਆ ਜਾਏ ਪਰ ਉਹ ਆਮ ਤੌਰ 'ਤੇ ਇਕੱਲਾ ਹੀ ਹੁੰਦਾ ਹੈ—ਸ਼ਾਇਦ, ਰਾਤ ਨੂੰ ਲਿਖਿਆ ਜਾਣ ਬਾਰੇ ਕੁਝ ਸੋਚਦਾ-ਵਿਚਾਰਦਾ ਹੋਇਆ। ਸੜਕ 'ਤੇ ਘੁੰਮਣ ਲਈ ਵੀ ਉਹ ਘੱਟ ਹੀ ਨਿਕਲਦਾ ਹੈ ਕਿਉਂਕਿ ਥੱਕ ਕੇ ਚੂਰ ਹੋ ਗਿਆ ਹੁੰਦਾ ਹੈ। ਅੱਠ ਵਜੇ ਜਦੋਂ ਬਾਕੀ ਦੁਨੀਆਂ ਮੌਜ-ਮਜ਼ੇ ਕਰਨ ਲਈ ਨਿਕਲ ਰਹੀ ਹੁੰਦੀ ਹੈ, ਉਹ ਬਿਸਤਰੇ 'ਤੇ ਲੇਟ ਜਾਂਦਾ ਹੈ ਤੇ ਝੱਟ ਹੀ ਸੌਂ ਜਾਂਦਾ ਹੈ। ਉਸਦੀ ਨੀਂਦ ਬੜੀ ਗੂੜ੍ਹੀ ਤੇ ਸੁਪਨਿਆਂ-ਰਹਿਤ ਹੁੰਦੀ ਹੈ। ਸੌਂਦਾ ਉਹ ਇਸ ਲਈ ਹੈ ਕਿ ਭੁੱਲ ਸਕੇ ਕਿ ਹੁਣ ਤਕ ਜੋ ਉਸਨੇ ਲਿਖਿਆ ਹੈ...ਉਸਨੇ, ਉਸਨੂੰ ਅਗਲੇ ਦਿਨ ਜਾਂ ਉਸ ਤੋਂ ਅਗਲੇ ਜਾਂ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਲਿਖਦੇ ਰਹਿਣ ਤੋਂ ਮੁਕਤ ਨਹੀਂ ਕੀਤਾ। ਬਸ ਅੱਧੀ ਰਾਤ ਨੂੰ ਉਸਦਾ ਨੌਕਰ ਫੇਰ ਆ ਕੇ ਮੋਮਬੱਤੀਆਂ ਜਗਾ ਦਵੇਗਾ ਤੇ ਬਾਲਜ਼ਾਕ ਦੇ ਅੰਦਰਲੀ ਲੌ ਇਕ ਵਾਰ ਫੇਰ ਬਲਣ ਲਈ ਬੇਚੈਨ ਹੋ ਉਠੇਗੀ।
(ਸਨੀਫਨ ਸਵਾਇਕ ਦੀ ਲਿਖੀ ਬਾਲਜ਼ਾਕ ਦੀ ਵਿਸਥਾਰ ਭਰਪੂਰ ਜੀਵਨੀ ਦੇ ਇਕ ਕਾਂਢ ਦਾ ਅੰਸ਼)