Thursday, June 30, 2011

ਘਰ ਕਿੱਥੇ ਗਿਆ ਪਾਪਾ...:: ਲੇਖਕ : ਰਾਬਿਨ ਸ਼ਾਹ ਪੁਸ਼ਪ




ਹਿੰਦੀ ਕਹਾਣੀ :

ਘਰ ਕਿੱਥੇ ਗਿਆ ਪਾਪਾ...
ਲੇਖਕ : ਰਾਬਿਨ ਸ਼ਾਹ ਪੁਸ਼ਪ

ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਾਰੇ ਭੱਜ ਰਹੇ ਹਨ...ਭੀੜ ਵਿਚ। ਰਾਤਰੀ ਸ਼੍ਰੀਵਾਸਤਵ ਵੀ ਭੱਜੀ ਜਾ ਰਹੀ ਹੈ। ਸਾਰੇ ਅਣਜਾਣ ਹਨ, ਅਜਨਬੀ ਹਨ...ਇਕ ਦੂਜੇ ਨਾਲੋਂ ਅੱਡਰੇ-ਵੱਖਰੇ। ਇਨਸਾਨਾਂ ਦੀ ਇਹ ਨਦੀ, ਕਿਸੇ ਸਮੁੰਦਰ ਵਿਚ ਨਹੀਂ ਮਿਲੇਗੀ, ਆਪੋ-ਆਪਣੇ ਖੁੱਡਿਆਂ ਵਿਚ ਜਾ ਕੇ ਅਗਲੀ ਸਵੇਰ ਤਕ, ਬਰਫ਼ ਦੇ ਛੋਟੇ-ਛੋਟੇ ਡਲਿਆਂ ਵਾਂਗ ਜੰਮ ਜਾਵੇਗੀ—ਫੇਰ ਅਗਲੀ ਸਵੇਰ ਜਦੋਂ ਬਰਫ਼ ਪਿਘਲੇਗੀ, ਤਾਂ ਭੀੜ ਦੀ ਨਦੀ ਬਣ ਕੇ ਤੇਜੀ ਨਾਲ ਵਹਿ ਤੁਰੇਗੀ...ਬਸਾਂ ਲਈ, ਲੋਕਲ ਟ੍ਰੇਨਾਂ ਲਈ। ਉਦੋਂ ਹੀ ਸਲੋ-ਟ੍ਰੇਨ ਆ ਜਾਂਦੀ ਹੈ। ਭੀੜ ਉਸ ਉੱਤੇ ਟੁੱਟ ਪੈਂਦੀ ਹੈ, ਜਿਵੇਂ ਟ੍ਰੇਨ ਨਹੀਂ, ਜ਼ਿੰਦਗੀ ਆ ਕੇ ਪਲੇਟਫਾਰਮ ਉੱਤੇ ਰੁਕ ਗਈ ਹੋਵੇ...ਤੇ ਜੇ ਆਪਣੇ ਹਿੱਸੇ ਦੀ ਜਗ੍ਹਾ ਨਾ ਮੱਲੀ ਗਈ ਤਾਂ ਫੇਰ ਉਡੀਕ ਕਰਨੀ ਪਵੇਗੀ—ਅਗਲੀ ਟ੍ਰੇਨ ਦੀ ਉਡੀਕ ! ਸ਼ਾਇਦ ਮਹਾਨਗਰ ਵਿਚ ਭੱਜਦੇ ਰਹਿਣਾ ਹੀ ਜੀਵਨ ਅਖਵਾਂਦਾ ਹੈ...।
ਰਾਤਰੀ ਸ਼੍ਰੀਵਾਸਤਵ ਸੋਚਦੀ ਹੈ, ਉਹ ਵੀ ਤਾਂ ਭੱਜ ਹੀ ਰਹੀ ਹੈ; ਵੀਰ ਵਿਨੈ ਵੀ ਭੱਜ ਰਿਹਾ ਹੈ; ਮਾਂ ਵੀ ਭੱਜ ਰਹੀ ਹੈ। ਏਨੀ ਭੱਜ-ਦੌੜ ਵਿਚ ਸਥਿਰ ਰਹਿਣ ਵਾਲਾ ਉਹਨਾਂ ਦਾ ਘਰ ਵੀ ਭੱਜ ਰਿਹਾ ਹੈ...ਕਿੱਧਰ ਜਾ ਰਿਹਾ ਹੈ ਘਰ...?
      --- --- ---
ਉਸਨੂੰ ਅੱਜ ਵੀ ਚੇਤੇ ਹੈ—ਇਕ ਘਰ ਸੀ: ਘਰ ਵਿਚ ਪਾਪਾ ਸਨ; ਮਾਂ ਸੀ; ਵੱਡਾ ਵੀਰ ਸੀ। ਜਦੋਂ ਉਹ ਛੋਟੀ ਹੁੰਦੀ ਸੀ, ਪਾਪਾ ਸਾਈਕਲ ਦੇ ਡੰਡੇ 'ਤੇ ਬਿਠਾਅ ਕੇ ਘੁਮਾਉਣ ਲੈ ਜਾਂਦੇ ਹੁੰਦੇ ਸੀ। ਸ਼ਾਮੀਂ, ਮਾਂ ਬੱਚਿਆਂ ਨੂੰ 'ਹੋਮ-ਵਰਕ' ਕਰਵਾਉਂਦੀ ਸੀ ਤੇ ਪਾਪਾ ਕੁਰਸੀ ਉੱਤੇ ਅੱਧ-ਲੇਟੇ ਜਿਹੇ ਬੈਠੇ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ। ਪੜ੍ਹਾਈ ਖ਼ਤਮ ਹੋ ਜਾਣ ਪਿੱਛੋਂ ਅਸੀਂ ਸਾਰੇ ਇਕੋ ਮੇਜ਼ 'ਤੇ ਬੈਠ ਕੇ, ਇਕੱਠੇ, ਰੋਟੀ ਖਾਂਦੇ ਸਾਂ। ਮਾਂ, ਪਾਪਾ ਦੀ ਮੱਛਰਦਾਨੀ ਬੰਨ੍ਹਦੀ ਸੀ ਤੇ ਲੱਤਾਂ ਘੁੱਟਦੀ ਹੁੰਦੀ ਸੀ...। ਉਸ ਦਿਨ ਐਤਵਾਰ ਸੀ, ਪਾਪਾ ਇਕ ਲੱਕੜੀ ਦਾ ਟੋਟਾ ਕੱਟ ਰਹੇ ਸਨ। ਉਸਨੇ ਪੁੱਛਿਆ, 'ਇਹ ਕੀ ਏ ?'
ਬਸ ਤੂੰ ਦੇਖਦੀ ਜਾਹ।' ਪਾਪਾ ਏਨਾ ਕਹਿ ਕੇ ਫੇਰ ਆਰੀ ਚਲਾਉਣ ਲੱਗ ਪਏ। ਇਕ ਚੌਰਸ ਟੁਕੜਾ ਕੱਟ ਕੇ, ਉਹਨਾਂ ਵਿਨੈ ਵੀਰ ਨੂੰ ਦੇ ਦਿੱਤਾ। ਉਹ, ਉਸ ਉੱਤੇ ਰੇਗਮਾਰ ਘਸਾਉਣ ਲੱਗ ਪਿਆ—ਵਿਚ-ਵਿਚ ਪਾਪਾ ਲੱਕੜੀ ਦੀ ਚਿਕਨਾਹਟ ਦੇਖ ਕੇ ਕਹਿੰਦੇ, 'ਥੋੜ੍ਹਾ ਹੋਰ...'
ਕੁਝ ਚਿਰ ਪਿੱਛੋਂ ਉਹਨਾਂ ਆਵਾਜ਼ ਮਾਰੀ, 'ਇਲਾ, ਓ ਬਈ ਕਿੱਥੇ ਐਂ ? ਆਪਣੇ ਪੁੱਤਰ ਦਾ ਕੰਮ ਤਾਂ ਵੇਖ...ਇਸਨੇ ਇਸ ਫੱਟੀ ਦਾ ਸਾਰਾ ਖੁਰਦਰਾਪਨ ਦੂਰ ਕਰ ਦਿੱਤੈ।'
ਮਾਂ ਆਈ। ਹੱਥ ਵਿਚ ਚਾਹ ਦੀ ਪਿਆਲੀ ਸੀ। ਮਾਂ ਤੋਂ ਚਾਹ ਫੜ੍ਹ ਕੇ ਪਾਪਾ ਨੇ ਕਿਹਾ, 'ਜ਼ਰਾ ਛੂਹ ਕੇ ਤਾਂ ਦੇਖ, ਤੇਰੇ ਵਿਨੈ ਨੇ ਇਸ ਲੱਕੜ ਨੂੰ ਘਿਸਾ-ਘਿਸਾਅ ਕੇ ਸੰਗਮਰਮਰ ਵਾਂਗ ਕੂਲੀ ਕਰ ਦਿੱਤੈ।'
ਮਾਂ ਨੇ ਹਥੇਲੀ ਫੇਰੀ, 'ਵਾਹ ! ਆਪਣਾ ਵਿਨੈ ਐਨਾ ਹੁਸ਼ਿਆਰ ਹੋ ਗਿਐ !'
ਪਾਪਾ ਹੱਸੇ ਸਨ, 'ਆਖ਼ਰ ਪੁੱਤਰ ਕਿਸ ਦਾ ਏ !' ਫੇਰ ਇਕ ਘੁੱਟ ਚਾਹ ਪੀ ਕੇ ਬੋਲੇ, 'ਵਿਨੈ ਪੁੱਤਰ...ਤੇ ਤੂੰ ਵੀ ਸੁਣ ਰਾਤੂ...ਇਹ ਜ਼ਿੰਦਗੀ ਲੱਕੜੀ ਵਰਗੀ ਹੁੰਦੀ ਏ। ਸਾਰੇ ਆਪਣੇ ਆਪਣੇ ਹਿਸਾਬ ਨਾਲ ਕੱਟ ਕੇ ਇਸਨੂੰ ਛੋਟਾ ਜਾਂ ਵੱਡਾ ਬਣਾ ਲੈਂਦੇ ਨੇ...ਫੇਰ ਇਸ ਨੂੰ ਰੇਗਮਾਰ ਨਾਲ ਘਸਾ ਕੇ ਕੂਲਾ ਕਰਨ ਵਿਚ ਜੁਟ ਜਾਂਦੇ ਨੇ...ਰੇਗਮਾਰ ਵੱਖ-ਵੱਖ ਨੰਬਰਾਂ ਦੇ ਹੁੰਦੇ ਨੇ। ਜਿਵੇਂ ਗਲਤ ਨੰਬਰ ਨਾਲ ਘਿਸਾਈ ਹੋਈ ਲੱਕੜੀ ਕੂਲੀ ਹੋਣ ਦੇ ਬਜਾਏ ਖੁਰਦਰੀ ਹੋ ਜਾਂਦੀ ਹੈ। ਜ਼ਿੰਦਗੀ ਵਿਚ ਪੁੱਟਿਆ ਗਿਆ ਇਕ ਗਲਤ ਕਦਮ ਉਸਨੂੰ ਅਤਿ ਬਦਸੂਰਤ ਬਣਾ ਦਿੰਦਾ ਏ...'
ਟ੍ਰੇਨ ਹੌਲੀ ਨਹੀਂ ਹੋਈ...ਤਦ ਰਾਤਰੀ ਸ਼੍ਰੀਵਾਸਤਵ ਨੂੰ ਅਹਿਸਾਸ ਹੋਇਆ ਕਿ ਉਹ ਗਲਤੀ ਨਾਲ ਫਾਸਟ-ਟ੍ਰੇਨ ਵਿਚ ਚੜ੍ਹ ਗਈ ਹੈ...ਉਸਨੂੰ ਫੇਰ ਵਾਪਸ ਆਉਂਦਾ ਪਵੇਗਾ...
ਸ਼ਾਮ ਤਕ ਪਾਪਾ ਦਾ ਬਣਾਇਆ ਹੋਇਆ ਬੋਰਡ ਸੁੱਕ ਗਿਆ। ਇਸ ਨੂੰ ਸਾਹਮਣੇ ਵਾਲੇ ਛੋਟੇ ਵਰਾਂਡੇ ਦੇ ਦਰਵਾਜ਼ੇ ਉਪਰ ਲਾਉਣਾ ਸੀ। ਪਾਪਾ ਸਟੂਲ 'ਤੇ ਖੜ੍ਹੇ ਹੋ ਗਏ। ਉਸਨੇ ਤੇ ਵਿਨੈ ਵੀਰ ਨੇ ਸਟੂਲ ਫੜ੍ਹ ਲਿਆ। ਮਾਂ ਨੇ ਮੇਖ਼ ਤੇ ਹਥੌੜੀ ਫੜਾ ਦਿੱਤੀ। ਪਾਪਾ ਮੇਖ਼ ਠੋਕਣ ਲੱਗੇ ਤਾਂ ਮੇਖ਼ ਮੁੜ ਗਈ ਤੇ ਹਥੌੜੀ ਪਾਪਾ ਦੀ ਉਂਗਲ ਉੱਤੇ ਜਾ ਵੱਜੀ।
'ਅੱਜ ਕੱਲ੍ਹ ਮੇਖ਼ਾਂ ਬੜੀਆਂ ਘਟੀਆ ਬਣਨ ਲੱਗ ਪਈਆਂ ਨੇ। ਉਸ ਦਿਨ ਸੂਪ ਟੰਗਣ ਲਈ ਮੈਂ ਵੀ ਚਾਰ ਪੰਜ ਖਰਾਬ ਕੀਤੀਆਂ ਸੀ...ਤਾਂ ਕਿਤੇ ਜਾ ਕੇ ਇਕ ਠੁਕੀ ਸੀ।' ਮਾਂ ਨੇ ਕਿਹਾ ਸੀ ਤੇ ਦੂਜੀ ਮੇਖ਼ ਫੜਾ ਦਿੱਤੀ ਸੀ।
ਨਹੀਂ ਇਲਾ, ਇਸ ਵਿਚ ਮੇਖ਼ ਦਾ ਕੋਈ ਕਸੂਰ ਨਹੀਂ...ਮੇਰਾ ਦੋਸ਼ ਏ। ਜਿੱਥੇ ਦੋ ਇੱਟਾਂ ਮਿਲਦੀਆਂ ਨੇ, ਉਸ ਜੋੜ ਨੂੰ ਬਿਨਾਂ ਧਿਆਨ ਵਿਚ ਰੱਖਿਆਂ ਮੈਂ ਠੋਕਣ ਲੱਗ ਪਿਆ ਸਾਂ। ਗਲਤੀ ਮੇਰੀ ਹੈ।' ਫੇਰ ਉਹ ਟੋਹ-ਟੋਹ ਕੇ ਜੋੜ ਲੱਭਣ ਲੱਗ ਪਏ ਸਨ।
ਉਦੋਂ ਉਹ ਛੋਟੀ ਹੁੰਦੀ ਸੀ, ਪਰ ਉਸਨੂੰ ਯਾਦ ਹੈ, ਪਾਪਾ ਨੇ ਕਦੀ ਕਿਸੇ ਨੂੰ ਦੋਸ਼ ਨਹੀਂ ਸੀ ਦਿੱਤਾ। ਹਰ ਵਾਰੀ ਸਾਰਾ ਦੋਸ਼ ਆਪਣੇ ਸਿਰ ਲੈ ਕੇ, ਦੋਸ਼ੀਆਂ ਵਾਂਗ ਕਟਹਿਰੇ ਵਿਚ ਖੜ੍ਹੇ ਹੋਏ ਤੇ ਖ਼ੁਦ ਹੀ ਆਪਣੇ ਵਿਰੁੱਧ ਫੈਸਲਾ ਸੁਣਾਅ ਦਿੱਤਾ।
ਬੋਰਡ ਟੰਗਿਆ ਗਿਆ। ਪਾਪਾ ਨੇ ਆਪਣੇ ਹੱਥੀਂ ਲਿਖਿਆ ਸੀ—'ਹੋਮ, ਸਵੀਟ ਹੋਮ'...ਕਿੱਥੇ ਗਿਆ ਉਹ ਘਰ !
ਗੱਡੀ ਰੁਕ ਜਾਂਦੀ ਹੈ। ਰਾਤਰੀ ਕਾਹਲ ਨਾਲ ਹੇਠਾਂ ਉਤਰ ਆਉਂਦੀ ਹੈ। ਉਸਨੂੰ ਵਾਪਸ ਜਾਣਾ ਪਵੇਗਾ...ਸਲੋ-ਟ੍ਰੇਨ ਰਾਹੀਂ। ਇਸ ਵਾਰੀ ਉਹ ਗਲਤੀ ਨਹੀਂ ਕਰੇਗੀ।
ਪਰ ਪਾਪਾ ਨੇ ਵੀ ਕਦ ਗਲਤੀ ਕੀਤੀ ਸੀ ! ਉਹਨਾਂ ਨੇ ਤਾਂ ਬਸ ਇਜਾਜ਼ਤ ਦਿੱਤੀ ਸੀ...
ਮਾਂ ਦੀ ਸਹੇਲੀ ਨੇ ਆ ਕੇ ਕਿਹਾ ਸੀ, 'ਓ ਬਈ ਇਲਾ, ਹੁਣ ਤਾਂ ਬੱਚੇ ਵੱਡੇ ਹੋ ਗਏ ਨੇ। ਤੂੰ ਘਰ ਵਿਚ ਬੋਰ ਫੀਲ ਨਹੀਂ ਕਰਦੀ ! ਬਈ, ਸਮਾਜ ਦੇ ਪ੍ਰਤੀ, ਦੇਸ਼ ਦੇ ਪ੍ਰਤੀ ਵੀ ਤਾਂ ਆਪਣਾ ਕੁਝ ਫਰਜ਼ ਬਣਦੈ। ਔਰਤ ਸਿਰਫ ਇਸ ਲਈ ਤਾਂ ਨਹੀਂ ਹੁੰਦੀ ਕਿ ਕੱਪੜੇ ਧੋਵੇ, ਖਾਣਾ ਬਣਾਵੇ ਤੇ ਰਾਤ ਨੂੰ ਬਿਸਤਰਾ ਬਣ ਜਾਵੇ।' ਤੇ ਉਹ 'ਫਿਸ-ਸ' ਕਰਕੇ ਹੱਸ ਪਈ ਸੀ।
ਉਸਨੂੰ ਯਾਦ ਹੈ, ਉਸ ਔਰਤ ਦਾ ਹਾਸਾ ਪਾਪਾ ਨੂੰ ਬੁਰਾ ਲੱਗਿਆ ਸੀ। ਪਰ ਉਹ ਚੁੱਪ ਰਹੇ ਸਨ। ਉਹ ਔਰਤ ਫੇਰ ਹੱਸੀ ਸੀ, 'ਭਾਈ ਸਾਹਬ ਏਨਾ ਵੀ ਕੀ, ਜ਼ਰਾ ਸਾਡੇ ਲੋਕਾਂ ਲਈ ਵੀ ਇਸਨੂੰ ਫਰੀ ਕਰ ਦਿਓ।'
ਮਾਂ ਨੇ ਪਾਪਾ ਵੱਲ ਦੇਖਿਆ ਸੀ ਤੇ ਪਾਪਾ ਨੇ ਇਜਾਜ਼ਤ ਦੇ ਦਿੱਤੀ ਸੀ। ਉਸੇ ਦਿਨ ਤੋਂ ਮਾਂ 'ਸਮਾਜ-ਸੇਵਾ' ਵਿਚ ਜੁਟ ਗਈ ਸੀ...
ਫੇਰ ਮਾਂ ਖਾਸੀ ਵਿਅਸਤ ਹੋ ਗਈ। ਪਹਿਲਾਂ ਸਾਰੇ ਇਕੱਠੇ ਰੋਟੀ ਖਾਂਦੇ ਸਨ—ਰਾਤ ਨੂੰ। ਹੌਲੀ-ਹੌਲੀ ਸਿਲਸਿਲਾ ਖ਼ਤਮ ਹੋ ਗਿਆ। ਪਹਿਲੀ ਰਾਤ ਜਦੋਂ ਮੇਜ਼ 'ਤੇ ਖਾਣਾ ਲਾਇਆ ਗਿਆ ਸੀ...ਪਾਪਾ ਵਾਰੀ ਵਾਰੀ ਘੜੀ ਦੇਖਦੇ ਰਹੇ, ਫੇਰ ਹੌਲੀ ਜਿਹੀ ਬੋਲੇ ਸਨ, 'ਆਓ, ਸ਼ੁਰੂ ਕਰੀਏ।'...ਤੇ ਦੋ ਬੁਰਕੀਆਂ ਖਾ ਕੇ ਉੱਠ ਗਏ ਸਨ ਉਹ। ਉਸਨੇ ਵਿਜੈ ਵੀਰ ਵੱਲ ਦੇਖਿਆ ਸੀ...ਉਹ ਚੁੱਪਚਾਪ ਸਿਰ ਸੁੱਟੀ ਬੈਠਾ ਖਾ ਰਿਹਾ ਸੀ।...ਉਸ ਰਾਤ ਪਾਪਾ ਨੇ ਮੱਛਰਦਾਨੀ ਆਪੇ ਲਾਈ ਸੀ। ਉਸਨੂੰ ਅੰਦਰੇ-ਅੰਦਰ ਡਰ ਲੱਗ ਰਿਹਾ ਸੀ...ਮਾਂ ਆਵੇਗੀ, ਤਾਂ ਪਾਪਾ ਬੜਾ ਨਾਰਾਜ਼ ਹੋਣਗੇ। ਕਾਫੀ ਰਾਤ ਬੀਤ ਜਾਣ ਪਿੱਛੋਂ ਮਾਂ ਆਈ। ਦਰਵਾਜ਼ੇ ਦਾ ਕੁੰਡਾ ਖੜਕਿਆ। ਉਹ ਜਾਗ ਰਹੀ ਸੀ। ਸ਼ਾਇਦ ਵਿਨੈ ਵੀਰ ਵੀ। ਪਰ ਦਰਵਾਜ਼ਾ ਪਾਪਾ ਨੇ ਖੋਲ੍ਹਿਆ ਸੀ। ਮਾਂ ਨੇ ਆਉਂਦਿਆਂ ਹੀ ਪੁੱਛਿਆ ਸੀ, 'ਬੱÎਚਿਆਂ ਨੇ ਖਾ ਲਿਆ ?'
'ਹਾਂ, ਉਹ ਸੌਂ ਗਏ ਨੇ।'
'ਤੁਸੀਂ ਖਾਇਆ ?'
'ਹਾਂ।'
ਉਸਦਾ ਗੱਚ ਭਰ ਆਇਆ...ਪਾਪਾ ਨੂੰ ਇਹ ਕੀ ਹੋ ਗਿਆ ਹੈ ! ਅੱਜ ਤਕ ਉਸਨੇ ਪਾਪਾ ਨੂੰ ਝੂਠ ਬੋਲਦਿਆਂ ਨਹੀਂ ਸੀ ਸੁਣਿਆਂ...ਅੱਜ ਪਹਿਲੀ ਵਾਰੀ...
ਅੰਦਰੇ-ਅੰਦਰ ਡਰ ਰਹੀ ਸੀ ਉਹ। 'ਮਿਸੇਜ ਸਿਨਹਾਂ ਦੇ ਘਰ ਪਾਰਟੀ ਸੀ...ਸਾਰੇ ਸ਼ਹਿਰ ਦੇ ਵੱਡੇ-ਵੱਡੇ ਲੋਕ ਆਏ ਹੋਏ ਸਨ।' 'ਚਲੋ, ਖਰਾ ਹੋਇਆ...' ਮਾਂ ਆਪਣੇ ਕਮਰੇ ਵਿਚ ਚਲੀ ਗਈ। ਪਾਪਾ ਨੇ ਦਰਵਾਜ਼ਾ ਬੰਦ ਕਰ ਦਿੱਤਾ। ਬੱਤੀ ਬੁਝਾ ਦਿੱਤੀ ਗਈ। ਉਸਨੇ ਸਿਰਫ ਆਹਟ ਤੋਂ ਅੰਦਾਜ਼ਾ ਲਾਇਆ ਸੀ ਕਿ ਪਾਪਾ ਆਪਣੇ ਕਮਰੇ ਵਿਚ ਚਲੇ ਗਏ ਹਨ। ਫੇਰ ਪੂਰਾ ਘਰ ਡੂੰਘੀ ਚੁੱਪ ਵਿਚ ਡੁੱਬ ਗਿਆ ਸੀ।
      --- --- ---
ਪਲੇਟਫਾਰਮ ਉੱਤੇ ਕਾਵਾਂ-ਰੌਲੀ ਪੈਣ ਲੱਗੀ! ਟ੍ਰੇਨ ਦੇ ਆਉਂਦਿਆਂ ਹੀ ਉਹ ਉਸ ਵੱਲ ਅਹੁਲੀ...ਲੋਕਲ ਟ੍ਰੇਨ ਰੁਕਦੀ ਹੀ ਕਿੰਨਾਂ ਹੈ!...ਤੇ ਇੱਥੇ ਕੌਣ ਕਿਸ ਲਈ ਰੁਕਦਾ ਹੈ! ਜ਼ਰਾ ਦੇਰ ਹੋਈ ਕਿ ਗੱਡੀ ਲੰਘ ਗਈ...ਖੜ੍ਹੇ ਹੋਣ ਲਈ ਜਗ੍ਹਾ ਵੀ ਜਬਰਦਸਤੀ ਲੈਣੀ ਪੈਂਦੀ ਹੈ।
ਪਰ ਪਾਪਾ ਨੇ ਕਦੀ ਅਧਿਕਾਰ ਨਹੀਂ ਸੀ ਵਿਖਾਇਆ। ਕਦੀ ਜਬਰਦਸਤੀ ਨਹੀਂ ਸੀ ਕੀਤੀ। ਉਹ ਚੁੱਪਚਾਪ ਭੀੜ ਘਟਣ ਦੀ ਉਡੀਕ ਕਰਦੇ ਰਹੇ ਤੇ ਕਿਸੇ ਇਕੱਲੇ ਯਾਤਰੀ ਵਾਂਗ ਜ਼ਿੰਦਗੀ ਦੇ ਪਲੇਟਫਾਰਮ ਉੱਤੇ ਇਕੱਲੇ ਰਹਿ ਗਏ...ਮਾਂ ਸ਼ਹਿਰ ਦੀ ਮਸ਼ਹੂਰ 'ਸਮਾਜ-ਸੇਵਿਕਾ' ਬਣ ਗਈ। ਹੁਣ ਉਸਨੂੰ ਤੇ ਵਿਨੈ ਵੀਰ ਨੂੰ ਲੋਕ ਮਾਂ ਦੇ ਨਾਂਅ ਨਾਲ ਜਾਣਦੇ ਸਨ। ਪਾਪਾ ਦਾ ਨਾਂਅ ਉਹਨਾਂ ਦੇ ਆਪਣੇ ਕਮਰੇ ਵਿਚ ਕਿਸੇ ਪਾਟੇ ਪੁਰਾਣੇ ਲੱਥੜ ਵਾਂਗ ਉਹਨਾਂ ਦੀ ਖਿੜਕੀ ਵਿਚ ਟੰਗਿਆ ਗਿਆ ਸੀ ਤੇ ਇਕ ਦਿਨ ਉਹ ਵੀ ਇਲਾ ਜੀ ਦੇ ਪਤੀ ਬਣ ਗਏ...'ਮੇਨ-ਗੇਟ' ਦੇ ਦੂਜੇ ਪੱਲੇ ਉੱਤੇ ਮਾਂ ਦੇ ਨਾਂਅ ਦਾ ਵੱਡਾ ਸਾਰਾ ਬੋਰਡ ਲੱਗ ਗਿਆ।
ਇਕ ਦਿਨ ਉਹ ਕਾਲਜੋਂ ਵਾਪਸ ਆ ਰਹੀ ਸੀ। ਉਸਨੇ ਦੂਰੋਂ ਹੀ ਦੇਖਿਆ, ਪਾਪਾ ਬਾਹਰ ਖੜ੍ਹੇ ਹੋ ਕੇ ਆਪਣੀ ਨੇਮ ਪਲੇਟ ਪੜ੍ਹ ਰਹੇ ਹਨ। ਜਦੋਂ ਉਹ ਨੇੜੇ ਆਈ, ਪਾਪਾ ਉਸਨੂੰ ਉਖਾੜ ਰਹੇ ਸਨ।
'ਪਾਪਾ...।' ਉਸਦੀ ਆਵਾਜ਼ ਕੰਬ ਗਈ ਸੀ।
'ਬੇਟਾ, ਇਸ ਦੇ ਰੰਗ ਉੱਡ ਗਏ ਨੇ। ਮੁੜ ਲਿਖਾਂਗਾ...' ਤੇ ਉਹ ਸਿਰ ਸੁੱਟ ਕੇ ਬੋਰਡ ਉਖਾੜਨ ਲੱਗੇ ਰਹੇ ਸਨ। ਉਸ ਦਿਨ ਉਸਨੇ ਪਾਪਾ ਦੀ ਪੀੜ ਨੂੰ ਸਹੀ ਢੰਗ ਨਾਲ ਸਮਝਿਆ ਸੀ ਤੇ ਇਹ ਵੀ ਜਾਣਿਆਂ ਸੀ ਕਿ ਉਹ ਝੁਕ ਕੇ ਕਿੱਦਾਂ ਸਿੱਲ੍ਹੀਆਂ ਅੱਖਾਂ ਛੁਪਾਅ ਲੈਂਦੇ ਹਨ...
ਉਸ ਦਿਨ ਪਿੱਛੋਂ ਨਾ ਨਵੇਂ ਰੰਗ ਆਏ, ਨਾ ਨੇਮ ਪਲੇਟ ਹੀ ਲੱਗੀ। ਪਾਪਾ ਵਰਾਂਡੇ ਵਿਚ ਚੁੱਪਚਾਪ ਬੈਠੇ ਬਹੁਤਾ ਸਮਾਂ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ। ਉਹ ਆਰਾਮ ਕੁਰਸੀ ਜਿਹੜੀ ਕਦੀ ਅੰਦਰ ਰੱਖੀ ਹੁੰਦੀ ਸੀ, ਪਾਪਾ ਸਾਹਮਣੇ ਵਰਾਂਡੇ ਵਿਚ ਲੈ ਆਏ ਸਨ। ਹੁਣ ਅੰਦਰਲੇ ਕਮਰੇ ਵਿਚ ਉਹਦੀ ਲੋੜ ਵੀ ਨਹੀਂ ਸੀ ਰਹੀ...ਇਕ ਅਰਸਾ ਹੋਇਆ, ਮਾਂ 'ਹੋਮ-ਵਰਕ' ਕਰਵਾਉਂਦੀ ਹੁੰਦੀ ਸੀ। ਪਾਪਾ ਇਜ਼ੀ ਚੇਅਰ 'ਤੇ ਲੇਟ ਕੇ ਪੜ੍ਹਦੇ ਰਹਿੰਦੇ ਸਨ...ਫੇਰ ਸਭ ਦੀ ਪੜ੍ਹਾਈ ਇਕੱਠਿਆਂ ਖ਼ਤਮ ਹੁੰਦੀ ਸੀ। ਇਕੱਠੇ ਖਾਣੇ ਦੀ ਮੇਜ਼ 'ਤੇ ਬੈਠਦੇ ਸਨ...ਹੁਣ ਤਾਂ ਸਾਰੇ ਸਿਆਣੇ ਹੋ ਗਏ ਨੇ...ਵਿਨੈ ਵੀਰ ਨੌਕਰੀ ਲੱਗ ਗਿਆ ਹੈ...ਉਹ ਆਪਣੇ ਕਮਰੇ ਵਿਚ ਬੈਠੀ ਕਾਲੇਜ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹੈ...
ਉਹ ਟ੍ਰੇਨ ਵਿਚ ਲੱਗੇ ਇਕ ਵਿਗਿਆਪਨ ਨੂੰ ਪੜ੍ਹਦੀ ਹੈ, ਜਿਸ ਉਪਰ ਲਿਖਿਆ ਹੈ, 'ਵਧੀਆ ਲੱਕੜੀ ਦਾ ਵਧੀਆਂ ਫਰਨੀਚਰ ਸਾਡੇ ਤੋਂ ਖਰੀਦੋ...' ਉਸ ਦੀਆਂ ਪਲਕਾਂ ਆਪ ਮੁਹਾਰੇ ਸਿੱਲ੍ਹੀਆਂ ਹੋ ਗਈਆਂ ਹਨ...ਕਦੀ ਪਾਪਾ ਨੇ ਕਿਹਾ ਸੀ—'ਇਹ ਜ਼ਿੰਦਗੀ ਲੱਕੜੀ ਵਰਗੀ ਹੁੰਦੀ ਹੈ। ਸਾਰੇ ਆਪਣੇ ਆਪਣੇ ਹਿਸਾਬ ਨਾਲ, ਕੱਟ ਕੇ ਇਸਨੂੰ ਛੋਟਾ ਜਾਂ ਵੱਡਾ ਬਣਾ ਲੈਂਦੇ ਨੇ। ਫੇਰ ਇਸ ਨੂੰ ਰੇਗਮਾਰ ਨਾਲ ਘਸਾ ਕੇ ਕੂਲਾ ਕਰਨ ਵਿਚ ਜੁਟ ਜਾਂਦੇ ਨੇ। ਰੇਗਮਾਰ ਵੱਖ-ਵੱਖ ਨੰਬਰਾਂ ਦੇ ਹੁੰਦੇ ਨੇ। ਗਲਤ ਨੰਬਰ ਨਾਲ ਘਿਸਾਈ ਹੋਈ ਲੱਕੜੀ ਜਿਵੇਂ ਕੂਲੀ ਹੋਣ ਦੇ ਬਜਾਏ ਖੁਰਦਰੀ ਹੋ ਜਾਂਦੀ ਹੈ। ਜ਼ਿੰਦਗੀ ਵਿਚ ਪੁੱਟਿਆ ਗਿਆ ਇਕ  ਗਲਤ ਕਦਮ ਉਸਨੂੰ ਅਤਿ ਬਦਸੂਰਤ ਬਣਾ ਦਿੰਦਾ ਏ...'  
ਤੇ ਇਕ ਦਿਨ ਉਸਦੀ ਸਮਝ ਵਿਚ ਆ ਗਿਆ ਸੀ ਕਿ ਪਾਪਾ ਵੱਧ ਸਮਾਂ ਬਾਹਰ ਬੈਠ ਕੇ ਕਿਉਂ ਪੜ੍ਹਦੇ ਹਨ...ਉਹ ਅਚਾਣਕ ਕੁਝ ਪੁੱਛਣ ਬਾਹਰ ਆ ਗਈ ਸੀ। ਪਾਪਾ ਪੜ੍ਹ ਕਿੱਥੇ ਰਹੇ ਸਨ...ਬਸ, ਦਰਵਾਜ਼ੇ ਉੱਤੇ ਲੱਗੇ ਬੋਰਡ ਨੂੰ ਦੇਖ ਰਹੇ ਸਨ—'ਹੋਮ, ਸਵੀਟ ਹੋਮ'...ਉਸਨੂੰ ਦੇਖਦਿਆਂ ਹੀ ਪਾਪਾ ਨੇ ਕਿਤਾਬ ਸਾਹਮਣੇ ਕਰ ਲਈ ਸੀ। ਉਸ ਵਿਚ ਵੀ ਏਨਾ ਹੌਂਸਲਾ ਕਿੱਥੇ ਸੀ ਕਿ ਪਾਪਾ ਦੇ ਅੱਥਰੂ ਦੇਖ ਸਕਦੀ। ਉਹ ਖ਼ੁਦ ਭੁੱਲ ਗਈ ਸੀ ਕਿ ਉਹ ਕਿਉਂ ਆਈ ਹੈ। ਪਾਪਾ ਨੇ ਹੀ ਪੁੱਛਿਆ ਸੀ, 'ਕੀ ਗੱਲ ਏ ਬੇਟਾ?'
ਉਸਨੇ ਕੰਬਦੀ ਹੋਈ ਆਵਾਜ਼ ਵਿਚ ਸਿਰਫ ਏਨਾ ਕਿਹਾ ਸੀ, 'ਪਾਪਾ, ਇਸ ਬੋਰਡ ਨੂੰ ਨਾ ਉਤਾਰਨਾਂ...।' ਤੇ ਉਹ ਵਾਪਸ ਚਲੀ ਗਈ ਸੀ।
ਆਪਣੇ ਕਮਰੇ ਵਿਚ ਆ ਕੇ ਉਸਨੂੰ ਲੱਗਿਆ ਸੀ ਕਿ ਪਾਪਾ ਆਪਣੇ ਕਮਰੇ ਵਿਚ ਜਾ ਕੇ ਖੰਘ ਰਹੇ ਹਨ...ਇਹ ਖਾਂਸੀ ਅਕਸਰ ਰਾਤਾਂ ਨੂੰ ਉਠਦੀ ਹੁੰਦੀ ਸੀ। ਉਹ ਮਾਂ ਦੇ ਉੱਠਣ ਦੀ ਉਡੀਕ ਕਰਦੀ...ਜਦੋਂ ਮਾਂ ਦੇ ਘੁਰਾੜੇ ਬੰਦ ਨਾ ਹੁੰਦੇ, ਤਾਂ ਆਪ ਪਾਣੀ ਦਾ ਗਲਾਸ ਲੈ ਕੇ ਉਹਨਾਂ ਕੋਲ ਜਾਂਦੀ। ਉਹ ਚੁੱਪਚਾਪ ਪਾਣੀ ਪੀ ਲੈਂਦੇ। ਉਹਨਾਂ ਦਾ ਸਾਹ ਉੱਖੜਿਆ ਹੋਇਆ ਹੁੰਦਾ...ਪਰ ਕਹਿੰਦੇ ਉਹ ਕੁਝ ਵੀ ਨਹੀਂ ਸੀ ਹੁੰਦੇ। ਉਹ ਚੁੱਪ ਉਸ ਤੋਂ ਬਰਦਾਸ਼ਤ ਨਾ ਹੁੰਦੀ ਤੇ ਉਹ ਵਾਪਸ ਆਪਣੇ ਕਮਰੇ ਵਿਚ ਆ ਜਾਂਦੀ ਸੀ।
ਉਹ ਵਾਪਸ ਆ ਰਹੀ ਸੀ ਘਰ! ਕਦੋਂ ਟ੍ਰੇਨ ਰੁਕੀ...ਕਦੋਂ ਉਹ ਉਤਰੀ...ਕਦੋਂ ਫੁਟਪਾਥ 'ਤੇ ਆ ਗਈ...ਕੁਝ ਪਤਾ ਹੀ ਨਹੀਂ ਸੀ ਲੱਗਿਆ ; ਬਸ, ਉਹ ਸਿਰਫ ਏਨਾ ਜਾਣਦੀ ਹੈ, ਕਿ ਆਫਿਸ 'ਚੋਂ ਛੁੱਟੀ ਹੋਣ 'ਤੇ ਉਹ ਘਰ ਜਾ ਰਹੀ ਹੈ...ਫੁਟਪਾਥਾਂ ਤੋਂ ਹੁੰਦੀ ਹੋਈ, ਆਪਣੇ ਘਰ...
      --- --- ---
ਐਤਵਾਰ ਦਾ ਦਿਨ ਸੀ। ਪਾਪਾ ਦਾ ਕਮਰਾ ਸਾਫ ਕਰਦੇ ਕਰਦੇ ਉਸਦੇ ਹੱਥ ਪਾਪਾ ਦੀ ਡਾਇਰੀ ਆ ਗਈ। ਪਾਪਾ ਦੀ ਲਿਖਾਵਟ—
 'ਨਾਲੋ ਨਾਲ ਚਲਦੇ ਹੋਏ...
 ਇਸ ਸ਼ਹਿਰ ਦੇ ਫੁਟਪਾਥਾਂ 'ਤੇ,
 ਅਸੀਂ ਸੁਪਨਾ ਦੇਖਿਆ ਸੀ
 ਇਕ ਛੋਟੇ ਜਿਹੇ ਘਰ ਦਾ,
 ਤੇ ਜਦ ਸੁਪਨਾ
 ਘਰ ਬਣ ਗਿਆ,
 ਅਸੀਂ ਵੱਖ-ਵੱਖ ਕਮਰਿਆਂ 'ਚ ਵੰਡੇ ਗਏ!'
ਉਹ ਫਿਸ ਪਈ ਸੀ।
ਅਚਾਣਕ ਪਾਪਾ ਆ ਗਏ ਸਨ ਤੇ ਹੌਲੀ-ਹੌਲੀ ਉਸਦੇ ਸਿਰ ਉਪਰ ਹੱਥ ਫੇਰਨ ਲੱਗ ਪਏ ਸਨ...
'ਪਾਪਾ !'
ਥੋੜ੍ਹੀ ਦੇਰ ਚੁੱਪ ਰਹਿ ਕੇ ਪਾਪਾ ਨੇ ਕਿਹਾ ਸੀ —'ਬੇਟੇ, ਗਲਤੀ ਮੇਰੀ ਹੀ ਹੈ...'
ਉਸਨੇ ਸਿੱਧਾ ਪਾਪਾ ਦੀਆਂ ਅੱਖਾਂ ਵਿਚ ਤੱਕਿਆ...ਇਸ ਵਾਰੀ ਅੱਖਾਂ ਵਿਚ ਅੱਥਰੂ ਨਹੀਂ ਸਨ। ਅੱਖਾਂ ਪੱਥਰ ਵਾਂਗ ਬੇਜਾਨ ਲੱਗ ਰਹੀਆਂ ਸਨ। ਉਸਦਾ ਦਿਲ ਕੀਤਾ, ਚੀਕ ਕੇ ਕਹੇ—'ਆਖ਼ਰ ਕਦ ਤਕ...ਕਦ ਤਕ, ਹਰ ਦੋਸ਼ ਆਪਣੇ ਆਪ ਉੱਤੇ ਲੈ ਕੇ, ਆਪਰਾਧੀ ਵਾਂਗ ਕਟਹਿਰੇ ਵਿਚ ਖੜ੍ਹੇ ਹੋ ਕੇ, ਆਪਣੇ ਖ਼ਿਲਾਫ਼ ਫੈਸਲੇ ਦਿੰਦੇ ਰਹੋਗੇ...ਆਖ਼ਰ ਕਦ ਤਕ ਪਾਪਾ ?'...ਪਰ ਉਹ ਉਹਨਾਂ ਮੁਰਦਾ ਅੱਖਾਂ ਸਾਹਵੇਂ ਟਿਕ ਨਹੀਂ ਸੀ ਸਕੀ ਤੇ ਹੌਲੀ-ਹੌਲੀ, ਪੈਰ ਘਸੀਟਦੀ ਹੋਈ, ਕਮਰੇ ਵਿਚੋਂ ਬਾਹਰ ਵੱਲ ਤੁਰ ਪਈ ਸੀ।
''ਰਾਤੂ ਬੇਟਾ...'
ਉਹ ਰੁਕ ਗਈ।
'ਮੈਂ ਫੁਟਪਾਥ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀ, ਫੇਰ ਫੁਟਪਾਥ 'ਤੇ ਆ ਗਿਆਂ...। ਜਿੱਥੇ ਦੋ ਇੱਟਾਂ ਮਿਲਦੀਆਂ ਹਨ, ਬਿਨਾਂ ਉਸ ਜੋੜ ਦਾ ਹਿਸਾਬ ਲਾਏ ਮੇਖ਼ ਠੋਕਦਾ ਰਿਹਾ...ਮੇਖ਼ ਟੇਢੀ ਹੋਣੀ ਹੀ ਸੀ...ਉਂਗਲਾਂ ਜਖ਼ਮੀ ਹੋਣੀਆਂ ਹੀ ਸਨ...ਇਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ...ਆਪਣੇ ਪਾਪਾ ਨੂੰ ਮੁਆਫ਼ ਕਰ ਦੇਵੀਂ ਬੇਟਾ...।' ਕਹਿੰਦਿਆਂ-ਕਹਿੰਦਿਆਂ ਪਾਪਾ ਨੂੰ ਖੰਘ ਛਿੜ ਪਈ ਸੀ।  
ਤੇ ਉਹ ਕੁਝ ਹੋਰ ਨਹੀਂ ਸਨ ਕਹਿ ਸਕੇ...ਤੇ ਉਸ ਵਿਚ ਕੁਝ ਹੋਰ ਸੁਣਨ ਦੀ ਹਿੰਮਤ ਵੀ ਸੀ ਰਹੀ!...ਉਸ ਦਿਨ ਵੀ ਕਦੋਂ ਹਿੰਮਤ ਕਰ ਸਕੀ ਸੀ ਉਹ ਜਿਸ ਦਿਨ ਵਿਨੈ ਵੀਰ ਭਾਬੀ ਦੇ ਕਹਿਣ ਉੱਤੇ ਚੀਕੇ-ਕੂਕੇ ਸਨ ਕਿ 'ਤੇਰੇ ਪਿਉ ਦੀ ਖੌਂ-ਖੌਂ ਨੇ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਕੋਈ ਹੱਲ ਲੱਭ'...ਤੇ ਵੀਰ ਦੂਜੇ ਸ਼ਹਿਰ ਦੀ ਬਦਲੀ ਕਰਵਾ ਕੇ, ਇਕ ਤਰੀਕੇ ਨਾਲ ਹੱਲ ਲੱਭ ਕੇ, ਭੱਜ ਨਿਕਲਿਆ ਸੀ...
ਹੌਲੀ ਹੌਲੀ ਉਸਨੇ ਮਹਿਸੂਸ ਕੀਤਾ ਕਿ ਮਾਂ ਵੀ ਪਾਪਾ ਤੋਂ ਦੂਰ ਹੁੰਦੀ ਜਾ ਰਹੀ ਹੈ। ਮੀਟਿੰਗਾਂ, ਪਾਰਟੀਆਂ ਦੇ ਨਾਂਅ 'ਤੇ ਦੇਰ ਨਾਲ ਵਾਪਸ ਆਉਣ ਪਿੱਛੋਂ...ਹੁਣ ਉਹ ਕਾਨਫਰੰਸਾਂ ਦੇ ਨਾਂਅ 'ਤੇ ਵਧੇਰੇ ਕਰਕੇ ਸ਼ਹਿਰ 'ਚੋਂ ਬਾਹਰ ਰਹਿਣ ਲੱਗ ਪਈ ਸੀ...ਕੱਲ੍ਹ ਹੀ ਤਾਂ ਦਿੱਲੀ ਗਈ ਹੈ...ਅਚਾਣਕ ਉਸਨੂੰ ਚੇਤਾ ਆਉਂਦਾ ਹੈ, ਕੱਲ੍ਹ 'ਬਰੋਵਾਨ' ਖ਼ਤਮ ਹੋ ਗਿਆ ਸੀ। ਆਉਂਦਿਆਂ ਹੋਇਆਂ ਪਾਪਾ ਨੇ ਲਿਆਉਣ ਲਈ ਕਿਹਾ ਸੀ। ਉਹ ਇਕ ਮੈਡੀਕਲ ਸਟੋਰ ਵਿਚ ਵੜ ਜਾਂਦੀ ਹੈ।...ਫਿਰ ਉਸੇ ਫੁਟਪਾਥ 'ਤੇ ਆ ਜਾਂਦੀ ਹੈ। ਕਾਹਲੀ ਕਾਹਲੀ ਤੁਰਨ ਲੱਗਦੀ ਹੈ। ਹੱਥ ਵਿਚ 'ਬਰੋਵਾਨ' ਦੀ ਸ਼ੀਸ਼ੀ ਹੈ। ਉਸਦੀਆਂ ਅੱਖਾਂ ਸਾਹਵੇਂ ਪਾਪਾ ਦਾ ਖੰਘਦਾ ਹੋਇਆ ਚਿਹਰਾ ਘੁੰਮਣ ਲੱਗਦਾ ਹੈ...ਕਮਰੇ ਵਿਚ ਬੇਚੈਨੀ ਨਾਲ ਟਹਿਲ ਰਹੇ ਪਾਪਾ...ਉਸਨੂੰ ਲੱਗਦਾ ਹੈ, ਪਾਪਾ ਕਮਰੇ ਵਿਚ ਨਹੀਂ ਕਿਸੇ ਫੁਟਪਾਥ ਉੱਤੇ ਟਹਿਲ ਰਹੇ ਹੋਣਗੇ...ਇਕੱਲੇ...ਬੇਸਹਾਰਾ ! ਉਸਦਾ ਦਿਲ ਕਹਿੰਦਾ ਹੈ, ਜਲਦੀ-ਜਲਦੀ ਪਾਪਾ ਕੋਲ ਪਹੁੰਚ ਜਾਵੇ...ਉਹ ਹੋਰ ਤੇਜ਼ ਤੁਰਨ ਲੱਗਦੀ ਹੈ...ਹੋਰ ਤੇਜ਼...ਪਰ ਦੂਰ ਤਕ ਵਿਛੇ ਹੋਏ ਫੁਟਪਾਥ 'ਤੇ ਘਰ ਨਜ਼ਰ ਹੀ ਨਹੀਂ ਆ ਰਿਹਾ...ਅੰਦਰੇ-ਅੰਦਰ ਕੂਕਦੀ ਹੈ ਉਹ : ਘਰ ਆਉਂਦਾ ਕਿਉਂ ਨਹੀਂ ਪਿਆ...ਕਿੱਥੇ ਚਲਾ ਗਿਆ ਹੈ, ਘਰ...। ਘਰ ਕਿੱਥੇ ਗਿਆ ਪਾਪਾ...!
    000

Wednesday, June 29, 2011

ਘਰਵਾਲੀ...:: ਲੇਖਕਾ : ਇਸਮਤ ਚੁਗ਼ਤਾਈ




ਉਰਦੂ ਕਹਾਣੀ :

ਘਰਵਾਲੀ...
ਲੇਖਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਜਿਸ ਦਿਨ ਦੀ ਮਿਰਜ਼ਾ ਦੀ ਨਵੀਂ ਨੌਕਰਾਣੀ ਲਾਜੋ ਘਰ ਆਈ ਸੀ, ਸਾਰੇ ਮੁਹੱਲੇ ਵਿਚ ਖਲਬਲੀ ਜਿਹੀ ਮੱਚੀ ਹੋਈ ਸੀ। ਜਮਾਂਦਾਰ ਜਿਹੜਾ ਮਸੀਂ ਦੋ ਝਾੜੂ ਮਾਰਦਾ ਤੇ ਨੱਸ ਜਾਂਦਾ ਸੀ, ਹੁਣ ਜ਼ਮੀਨ ਨੂੰ ਦੇਰ ਤਕ ਖੁਰਚੀ ਜਾਂਦਾ; ਦੋਧੀ ਜਿਹੜਾ ਪਾਣੀ ਨੂੰ ਦੁੱਧ ਦਾ ਤੁੜਕਾ ਲਾ ਕੇ ਮੜ੍ਹ ਜਾਂਦਾ ਸੀ, ਹੁਣ ਘਰੋਂ ਕੜ੍ਹਿਆ ਹੋਇਆ ਦੁੱਧ ਲਿਆਉਣ ਲੱਗ ਪਿਆ—ਏਨਾ ਗਾੜ੍ਹਾ ਕਿ ਰਬੜੀ ਦਾ ਭੁਲੇਖਾ ਪੈਣ ਲੱਗਦਾ।
ਪਤਾ ਨਹੀਂ ਕਿਸ ਅਰਮਾਨ ਭਰੀ ਨੇ ਲਾਜੋ ਨਾਂ ਰੱਖਿਆ ਹੋਵੇਗਾ ਉਸਦਾ!...ਲਾਜ ਤੇ ਸ਼ਰਮ ਦੇ ਲਾਜੋ ਦੀ ਦੁਨੀਆਂ ਵਿਚ ਕੋਈ ਅਰਥ ਨਹੀਂ ਸਨ। ਪਤਾ ਨਹੀਂ ਕਿੱਥੇ ਤੇ ਕਿਸ ਦੇ ਢਿੱਡੋਂ ਨਿਕਲੀ, ਸੜਕਾਂ 'ਤੇ ਰੁਲ-ਖੁਲ ਕੇ ਪਲੀ, ਤੇਰੇ-ਮੇਰੇ ਟੁੱਕੜ ਖਾ ਕੇ ਇਸ ਲਾਇਕ ਹੋਈ ਕਿ ਖੋਹ-ਖਾਹ ਕੇ ਢਿੱਡ ਭਰ ਸਕੇ। ਜਦੋਂ ਸਿਆਣੀ ਹੋ ਗਈ ਤਾਂ ਉਸਦਾ ਸਰੀਰ ਉਸਦੀ ਇਕੋ-ਇਕ ਪੂੰਜੀ ਸਾਬਤ ਹੋਇਆ। ਛੇਤੀ ਹੀ ਹਾਣ-ਪ੍ਰਵਾਣ ਦੇ ਆਵਾਰਾ ਮੁੰਡਿਆਂ ਦੀ ਸੋਹਬਤ ਵਿਚ ਜ਼ਿੰਦਗੀ ਦੇ ਅਛੂਤੇ-ਭੇਦ ਜਾਣ ਗਈ ਤੇ ਬੇਲਗ਼ਾਮ ਘੋੜੀ ਬਣ ਗਈ।
ਮੁੱਲ-ਭਾਅ ਕਰਨ ਦੀ ਉਸਨੂੰ ਬਿਲਕੁਲ ਵੀ ਆਦਤ ਨਹੀਂ ਸੀ—ਜੇ ਕੁਝ ਹੱਥ ਲੱਗ ਗਿਆ ਤਾਂ ਕੀ ਕਹਿਣੈ। ਨਕਦ ਨਾ ਸਹੀ, ਉਧਾਰ ਹੀ ਸਹੀ; ਜੇ ਅਗਲੇ ਵਿਚ ਉਧਾਰ ਦੀ ਗੁੰਜਾਇਸ਼ ਵੀ ਨਾ ਹੁੰਦੀ ਤਾਂ ਪੂੰਨ ਖਾਤ ਹੀ ਸੀ।
“ਕਿਉਂ ਨੀਂ ਤੈਨੂੰ ਸ਼ਰਮ ਨਹੀਂ ਆਉਂਦੀ?” ਲੋਕ ਉਸਨੂੰ ਪੁੱਛਦੇ।
“ਆਉਂਦੀ ਐ।” ਉਹ ਢੀਠਾਂ ਵਾਂਗ ਜਵਾਬ ਦੇਂਦੀ।
“ਇਕ ਦਿਨ ਖੱਟਾ ਖਾਏਂਗੀ, ਖੱਟਾ।”
ਲਾਜੋ ਨੂੰ ਕਦੋਂ ਪ੍ਰਵਾਹ ਸੀ? ਉਹ ਤਾਂ ਖੱਟਾ-ਮਿੱਠਾ ਸਭੋ ਕੁਝ ਇਕੋ ਹੱਲੇ ਡਕਾਰ ਜਾਣ ਦੀ ਆਦੀ ਸੀ। ਸੂਰਤ ਬੜੀ ਭੋਲੀ-ਭਾਲੀ ਸੀ, ਅੱਖਾਂ ਹਿਰਨੀ ਵਾਂਗ ਚੰਚਲ, ਛੋਟੇ-ਛੋਟੇ ਦੰਦ, ਮੁਸ਼ਕੀ ਰੰਗ, ਮੱਲੋਮੱਲੀ ਧਿਆਨ ਖਿੱਚ ਲੈਣ ਵਾਲੀ ਤੋਰ ਕਿ ਦੇਖਣ ਵਾਲੇ ਦੀ ਜ਼ੁਬਾਨ ਰੁਕ ਜਾਂਦੀ ਤੇ ਅੱਖਾਂ ਬਕਵਾਸ ਕਰਨ ਲੱਗ ਪੈਂਦੀਆਂ।
ਮਿਰਜ਼ਾ ਕੁਆਰੇ ਸਨ। ਹੱਥੀਂ ਰੋਟੀਆਂ ਪਕਾਉਂਦੇ-ਪਕਾਉਂਦੇ ਭੱਬੂ ਬਣੇ ਹੋਏ ਸਨ। ਛੋਟੀ ਜਿਹੀ ਬਸਾਤੀ ਦੀ ਦੁਕਾਨ ਸੀ, ਜਿਸਨੂੰ ਉਹ ਜਨਰਲ ਸਟੋਰ ਕਹਿੰਦੇ ਹੁੰਦੇ ਸਨ। ਪਿੰਡ ਜਾ ਕੇ ਸ਼ਾਦੀ ਕਰਾ ਆਉਣ ਦੀ ਵਿਹਲ ਨਹੀਂ ਸੀ ਮਿਲਦੀ। ਕਦੀ ਵਪਾਰ ਏਨਾ ਮੰਦਾ ਹੁੰਦਾ ਕਿ ਦਿਵਾਲਾ ਨਿਕਲਣ ਵਾਲਾ ਹੋ ਜਾਂਦਾ, ਕਦੀ ਏਨੀ ਗਾਹਕੀ ਪੈਂਦੀ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ; ਸਿਹਰਾ ਬੰਨ੍ਹਵਾਉਂਣ ਦੀ ਗੱਲ ਤਾਂ ਦੂਰ ਦੀ ਸੀ।
ਬਖਸ਼ੀ ਨੂੰ ਲਾਜੋ ਇਕ ਬੱਸ ਸਟਾਪ ਉੱਤੇ ਮਿਲੀ ਸੀ। ਪਤਨੀ ਪੂਰੇ ਦਿਨਾਂ 'ਤੇ ਸੀ, ਨੌਕਰਾਨੀ ਦੀ ਲੋੜ ਸੀ। ਜਦੋਂ ਬੱਚਾ ਹੋ ਗਿਆ, ਉਸਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਲਾਜੋ ਮਾਰ ਖਾਣ ਤੇ ਕੱਢੇ ਜਾਣ ਦੀ ਆਦੀ ਸੀ, ਪਰ ਬਖਸ਼ੀ ਨੂੰ ਉਸਦੀ ਆਦਤ ਜਿਹੀ ਪੈ ਗਈ ਸੀ। ਪਰ ਹੁਣ ਉਸਨੂੰ ਸਮੁੰਦਰ ਪਾਰ ਇਕ ਵੱਢੀ ਨੌਕਰੀ ਮਿਲ ਗਈ ਸੀ, ਇਸ ਲਈ ਉਸਨੇ ਸੋਚਿਆ ਕਿ ਲਾਜੋ ਨੂੰ ਮਿਰਜ਼ੇ ਕੋਲ ਛੱਡ ਜਾਏ—ਕੰਜਰੀਆਂ ਕੋਲੋਂ ਮਿੱਟੀ ਪਲੀਤ ਕਰਾਉਂਦਾ ਫਿਰਦਾ ਏ; ਜ਼ਰਾ ਇਹ ਮੁਫ਼ਤ ਦਾ ਮਾਲ ਵੀ ਚਖ ਲਵੇਗਾ।
“ਲਾਹੌਲ ਵਲਾ ਕੁਵੱਤ। ਮੈਂ ਨੀਚ ਔਰਤਾਂ ਨੂੰ ਘਰੇ ਨਹੀਂ ਵੜਨ ਦੇਂਦਾ।” ਮਿਰਜਾ ਭੜਕ ਗਏ।
“ਓ ਮੀਆਂ, ਛੱਡੋ ਵੀ, ਸਾਰਾ ਕੰਮਕਾਜ ਕਰੇਗੀ ਸੋ ਮੁਫ਼ਤ ਦੇ ਖਾਤੇ ਵਿਚ।” ਬਖਸ਼ੀ ਨੇ ਸਮਝਾਇਆ।
“ਨਹੀਂ ਬਈ, ਇਹ ਲਾਹਨਤ ਕਿਉਂ ਮੇਰੇ ਸਿਰ ਮੜ੍ਹੀ ਜਾ ਰਹੇ ਓ, ਆਪਣੇ ਨਾਲ ਈ ਕਿਉਂ ਨਹੀਂ ਲੈ ਜਾਂਦੇ?”
“ਮੇਰੀ ਇਕੱਲੇ ਦੀ ਟਿਕਟ ਆਈ ਏ, ਸਾਰੇ ਟੱਬਰ ਦੀ ਨਹੀਂ...।”
ਏਨੇ ਵਿਚ ਲਾਜੋ ਰਸੋਈ ਉੱਤੇ ਧਾਵਾ ਬੋਲ ਚੁੱਕੀ ਸੀ। ਲਹਿੰਗੇ ਨੂੰ ਲੰਗੋਟ ਵਾਂਗ ਕਸੀ, ਇਕ ਲੰਮਾਂ ਬਾਂਸ ਜਿਸ ਦੇ ਸਿਰੇ ਤੇ ਝਾੜੂ ਵੱਝਿਆ ਸੀ, ਚੁੱਕੀ ਸਾਰੇ ਘਰ ਵਿਚ ਘੁਮਾਉਂਦੀ ਫਿਰ ਰਹੀ ਸੀ। ਬਖਸ਼ੀ ਨੇ ਜਦੋਂ ਉਸਨੂੰ ਮਿਰਜਾ ਦੇ ਫ਼ੈਸਲੇ ਬਾਰੇ ਦੱਸਿਆ ਤਾਂ ਉਸਨੇ ਬਿਲਕੁਲ ਨੋਟਸ ਨਾ ਲਿਆ। ਉਸਨੂੰ ਪਤੀਲੀ ਟਾਂਡ ਉੱਤੇ ਰਖ ਆਉਣ ਲਈ ਕਿਹਾ ਤੇ ਆਪ ਨਲਕੇ ਤੋਂ ਪਾਣੀ ਭਰਨ ਚਲੀ ਗਈ।
“ਜੇ ਤੂੰ ਕਹੇਂ ਤਾਂ ਵਾਪਸ ਘਰ ਛੱਡ ਆਵਾਂ...”
“ਚੱਲ ਦਫ਼ਾ ਹੋ! ਤੂੰ ਮੇਰਾ ਖ਼ਸਮ ਲੱਗਦੈਂ ਜਿਹੜਾ ਮੈਨੂੰ ਪੇਕੇ ਛੱਡ ਆਵੇਂਗਾ। ਜਾਹ ਆਪਣਾ ਰਸਤਾ ਫੜ੍ਹ, ਮੈਂ ਏਥੇ ਆਪੇ ਨਿੱਬੜ ਲਵਾਂਗੀ।”
ਬਖਸ਼ੀ ਨੇ ਮੋਟੀ ਜਿਹੀ ਗਾਲ੍ਹ ਕੱਢੀ ਕਿ ਚਗਲ ਆਕੜਦੀ ਕਿਸ ਗੱਲ 'ਤੇ ਹੈ। ਲਾਜੋ ਨੇ ਉਸ ਨਾਲੋਂ ਵੀ ਤਕੜੀ ਗਾਲ੍ਹ ਕੱਢੀ ਕਿ ਬਖਸ਼ੀ ਵਰਗੇ ਲਫੰਗੇ ਨੂੰ ਵੀ ਪਸੀਨੇ ਆਉਣ ਲੱਗ ਪਏ।
ਬਖਸ਼ੀ ਦੇ ਜਾਣ ਪਿੱਛੋਂ ਮਿਰਜਾ ਦੇ ਹੋਸ਼ ਕੁਝ ਇਸ ਤਰ੍ਹਾਂ ਗੁੰਮ ਹੋਏ ਕਿ ਉਹ ਯਕਦਮ ਮਸਜਿਦ ਵੱਲ ਭੱਜ ਤੁਰੇ। ਉੱਥੇ ਬੈਠ ਕੇ ਸੋਚਣ ਲੱਗੇ ਐਵੇਂ ਖਰਚਾ ਵਧੇਗਾ, ਚੋਰੀ ਵੱਖਰੀ ਕਰੇਗੀ, ਕੇਹੀ ਬਲਾ ਸਿਰ ਆਣ ਪਈ ਏ। ਮਗਰਬ ਦੀ ਨਮਾਜ਼ ਤੋਂ ਪਿੱਛੋਂ ਘਰ ਆਏ ਤਾਂ ਹੈਰਾਨ ਹੀ ਰਹਿ ਗਏ। ਜਿਵੇਂ ਬੀ-ਅੰਮਾ ਮਰਹੂਮ ਵਾਪਸ ਤਸ਼ਰੀਫ ਲੈ ਆਈ ਹੋਵੇ! ਘਰ ਚੰਦਨ ਵਾਂਗ ਚਮਕ ਰਿਹਾ ਸੀ। ਪਾਣੀ ਪੀਣ ਵਾਲਾ ਕੋਰਾ ਤੌੜਾ ਤੇ ਉਸ ਉੱਤੇ ਮਾਂਜਿਆ ਹੋਇਆ ਕਟੋਰਾ ਝਿਲਮਿਲਾ ਰਿਹਾ ਸੀ, ਲਾਲਟੈਂਨ ਸਾਫ ਸੁਥਰੀ ਜਗਮਗਾ ਰਹੀ ਸੀ।
“ਮੀਆਂ ਖਾਣਾ ਲਿਆਵਾਂ?” ਲਾਜੋ ਨੇ ਘਾਟ-ਘਾਟ ਦਾ ਪਾਣੀ ਪੀਤਾ ਸੀ।
“ਖਾਣਾ?”
“ਸਬਜ਼ੀ ਤਿਆਰ ਐ, ਗਰਮਾ-ਗਰਮ ਫੁਲਕੇ ਲਾਹ ਦੇਨੀਂ ਆਂ। ਬਸ ਤੁਸੀਂ ਬੈਠੋ।” ਬਿਨਾਂ ਜਵਾਬ ਉਡੀਕੇ ਉਹ ਰਸੋਈ ਵਿਚ ਚਲੀ ਗਈ।
ਆਲੂ ਪਾਲਕ ਦੀ ਸਬਜ਼ੀ, ਧੋਤੀ ਮੂੰਗੀ ਦੀ ਦਾਲ, ਜੀਰੇ ਤੇ ਪਿਆਜ਼ ਦਾ ਤੁੜਕਾ...ਬਸ ਅੰਮਾ ਜੀ ਦੇ ਹੱਥੋਂ ਖਾਧੀ ਸੀ, ਮੂੰਹ ਵਿਚ ਬੁਰਕੀ ਰੁਕ ਗਈ।
“ਪੈਸੇ ਕਿੱਥੋਂ ਲਿਆਈ?” ਉਹਨਾਂ ਪੁੱਛਿਆ।
“ਬਾਣੀਏਂ ਤੋਂ ਸਾਮਾਨ ਉਧਾਰ ਲੈ ਆਂਦਾ ਸੀ।”
“ਮੈਂ ਤੈਨੂੰ ਵਾਪਸੀ ਦਾ ਕਿਰਾਇਆ ਦੇ ਦਿਆਂਗਾ।”
“ਵਾਪਸੀ?”
“ਹਾਂ ਮੇਰੀ...ਹੈਸੀਅਤ ਨਹੀਂ, ਤਨਖ਼ਾਹ ਦੇਣ ਦੀ।”
“ਤਨਖ਼ਾਹ, ਮੰਗੀ ਕਿਸ ਕੰਬਖ਼ਤ ਨੇ ਐ?”
“ਪਰ...?”
“ਮਿਰਚਾਂ ਜ਼ਿਆਦਾ ਤਾਂ ਨਹੀਂ...” ਲਾਜੋ ਨੇ ਫੁਲਕਾ ਰਕਾਬੀ ਵਿਚ ਰੱਖਦਿਆਂ ਪੁੱਛਿਆ। ਜਿਵੇਂ ਗੱਲ ਖ਼ਤਮ ਕੀਤੀ ਹੋਵੇ। ਜੀਅ 'ਚ ਆਇਆ ਕਹਿ ਦਏ, ਨੇਕ ਬੰਦੀ, ਸਿਰ ਤੋਂ ਪੈਰਾਂ ਤੀਕ ਮਿਰਚਾਂ ਹੀ ਮਿਰਚਾਂ ਨੇ, ਪਰ ਲਾਜੋ ਫਟਾਫਟ ਤਾਜ਼ੇ ਫੁਲਕੇ ਲਿਆਉਣ ਵਿਚ ਲੱਗੀ ਹੋਈ ਸੀ, ਜਿਵੇਂ ਰਸੋਈ ਵਿਚ ਬੈਠਾ ਕੋਈ ਹੋਰ ਪਕਾ-ਪਕਾ ਕੇ ਫੜਾ ਰਿਹਾ ਹੋਵੇ।
'ਖ਼ੈਰ ਸਵੇਰੇ ਦੇਖੀ ਜਾਏਗੀ।' ਮਿਰਜ਼ਾ ਇਹ ਸੋਚ ਕੇ ਆਪਣੇ ਕਮਰੇ ਵਿਚ ਚਲੇ ਗਏ। ਸਾਰੀ ਉਮਰ ਵਿਚ ਪਹਿਲੀ ਵਾਰੀ ਇਕ ਔਰਤ ਨੇ ਘਰੇ ਸੌਣਾ ਸੀ, ਪਤਾ ਨਹੀਂ ਕਿਵੇਂ ਲੱਗ ਰਿਹਾ ਸੀ। ਥੱਕੇ ਹੋਏ ਸਨ, ਸੌਂ ਗਏ।
“ਨਾ ਮੀਆਂ ਮੈਂ ਨਹੀਂ ਜਾਣਾ ਕਿਤੇ ਵੀ।” ਸਵੇਰੇ ਜਦੋਂ ਉਹਨਾਂ ਉਸਦੇ ਜਾਣ ਬਾਰੇ ਗੱਲ ਛੇੜੀ ਤਾਂ ਲਾਜੋ ਨੇ ਅਲਟੀਮੇਟਮ ਦੇ ਦਿੱਤਾ।
“ਪਰ...”
“ਕੀ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਆਇਆ?”
“ਇਹ ਗੱਲ ਨਹੀਂ।”
“ਘਰ ਦੀ ਸਫਾਈ ਚੰਗੀ ਨਹੀਂ ਕੀਤੀ?”
“ਉਹ ਤਾਂ ਸਭ ਠੀਕ ਏ ਪਰ...”
“ਤਾਂ ਫੇਰ ਕਾਹਦੀ ਸਜਾ ਹੋਈ?” ਲਾਜੋ ਗਰਮ ਹੋ ਗਈ।
ਪਹਿਲੀ ਨਜ਼ਰ ਵਿਚ ਹੀ ਲਾਜੋ ਦਿਲ ਦੇ ਬੈਠੀ ਸੀ ਮਿਰਜ਼ੇ ਹੁਰਾਂ ਨੂੰ ਨਹੀਂ, ਘਰ ਨੂੰ। ਬਗ਼ੈਰ ਮਾਲਕਿਨ ਦਾ ਘਰ ਆਪਣਾ ਹੀ ਹੋਇਆ ਨਾ। ਘਰ, ਮਰਦ ਦਾ ਥੋੜ੍ਹਾ ਈ ਹੁੰਦਾ ਏ, ਉਹ ਤਾਂ ਮਹਿਮਾਨ ਹੁੰਦਾ ਏ। ਬਖਸ਼ੀ ਮੋਇਆ ਤਾਂ ਕੀੜਿਆਂ ਭਰਿਆ ਕਬਾਬ ਸੀ। ਅਲਗ ਕੋਠੜੀ ਵਿਚ ਸੁੱਟ ਰੱਖਿਆ ਸੀ ਤੇ ਕੋਠੜੀ ਵੀ ਕੀ ਸੀ, ਨੰਦੀ ਕੁਮਾਰ ਦੀ ਮੱਝ ਵਾਲਾ ਛੱਪਰ। ਮੱਝ ਤਾਂ ਕਦੇ ਦੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ...ਪਰ ਅਜਿਹੀ ਬੋ ਛੱਡ ਗਈ ਸੀ ਕਿ ਲਾਜੋ ਦੀ ਨਸ-ਨਸ ਵਿਚ ਰਚ ਗਈ ਸੀ ਤੇ ਉਪਰੋਂ ਆਕੜ ਵਿਖਾਉਂਦਾ ਸੀ, ਸੋ ਵੱਖਰੀ। ਇੱਥੇ ਘਰ ਦੀ ਰਾਣੀ ਤਾਂ ਉਹੀ ਸੀ।
ਮਿਰਜਾ ਨਿਰੇ ਭੌਂਦੂ ਸਨ—ਲਾਜੋ ਨੇ ਦੇਖਦਿਆਂ ਈ ਇਹ ਤਾੜ ਲਿਆ ਸੀ। ਵਾਕਈ ਮਹਿਮਾਨਾ ਵਾਂਗ ਆਉਂਦੇ—ਚੁੱਪਚਾਪ। ਜੋ ਅੱਗੇ ਰੱਖ ਦੇਂਦੀ, ਖਾ ਲੈਂਦੇ। ਪੈਸੇ ਦੇ ਜਾਂਦੇ, ਦੋ ਚਾਰ ਵਾਰੀ ਹਿਸਾਬ ਪੁੱਛਿਆ, ਫੇਰ ਤੱਸਲੀ ਹੋ ਗਈ ਕਿ ਲੁੱਟਦੀ ਨਹੀਂ। ਸਵੇਰ ਦੇ ਨਿਕਲੇ ਸ਼ਾਮ ਨੂੰ ਘਰ ਆਉਂਦੇ।
ਲਾਜੋ ਸਾਰਾ ਦਿਨ ਘਰ ਦੀ ਸਾਫ-ਸਫਾਈ ਵਿਚ ਰੁੱਝੀ ਰਹਿੰਦੀ। ਵਿਹੜੇ ਵਿਚ ਨਹਾਉਂਦੀ। ਕਦੀ ਜੀਅ 'ਚ ਆਉਂਦਾ ਤਾਂ ਗੁਆਂਢ ਵਿਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ। ਰਾਮੂ ਮਿਰਜਾ ਦੇ ਸਟੋਰ ਵਿਚ ਕੰਮ ਕਰਦਾ ਸੀ। ਲਾਜੋ ਉੱਤੇ ਫ਼ੌਰਨ ਡੁੱਲ੍ਹ ਗਿਆ। ਤੇਰਾਂ ਚੌਦਾਂ ਸਾਲ ਦਾ ਹੋਏਗਾ। ਮੂੰਹ ਉੱਤੇ ਮੁਹਾਸੇ ਹੀ ਮੁਹਾਸੇ। ਬੁਰੀ ਸੰਗਤ ਵਿਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜਾ ਅਕਸਰ ਕੰਜਰੀਆਂ ਕੋਲ ਵੀ ਜਾਂਦੇ ਨੇ।
ਲਾਜੋ ਨੂੰ ਬੜਾ ਬੁਰਾ ਲੱਗਿਆ। ਵਾਧੂ ਦਾ ਖਰਚਾ। ਲੁਟੇਰੀਆਂ ਹੁੰਦੀਆਂ ਨੇ ਇਹ ਕੰਜਰੀਆਂ ਵੀ, ਆਖ਼ਰ ਉਹ ਖ਼ੁਦ ਕਿਸ ਮਰਜ਼ ਦੀ ਦੁਆ ਸੀ? ਅੱਜ ਤਕ ਜਿੱਥੇ ਰਹੀ, ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆਂ ਹਫ਼ਤਾ ਹੋ ਗਿਆ ਸੀ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲ੍ਹੇ ਦਿਲ ਨਾਲ ਦੇਖਿਆ ਸੀ। ਪਿਆਰ ਹੀ ਉਸ ਲਈ ਸਭ ਤੋਂ ਹੁਸੀਨ ਤਜ਼ੁਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਵਿਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ ਨਾ ਦਾਦੀ ਨਾਨੀ ਜਿਹੜੀ ਊਚ-ਨੀਚ ਸਮਝਾਉਂਦੀ। ਇਸ ਮਾਮਲੇ ਵਿਚ ਲਾਜੋ ਬਿਲਕੁਲ ਗੁਆੜ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਪਰ ਆਪਣਾ ਹੱਕ ਸਮਝਦੀ ਸੀ।
ਇਧਰੋਂ ਉਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ ਪਰ ਉਹ ਮਿਰਜ਼ੇ ਦੀ ਨੌਕਰਾਣੀ ਸੀ, ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਹੱਸਣਗੇ ਮਿਰਜ਼ੇ ਉੱਤੇ।
ਮਿਰਜ਼ਾ ਉੱਪਰੋ ਬਰਫ਼ ਦਾ ਤੋਦਾ ਬਣੇ ਬੈਠੇ ਸਨ, ਅੰਦਰ ਵਿਚਾਰਿਆਂ ਦੇ ਜਵਾਲਾ ਮੁਖੀ ਰਿੱਝ ਰਹੇ ਸਨ। ਜਾਣ-ਬੁਝ ਘਰੋਂ ਲਾਂਭੇ-ਪਾਸੇ ਰਹਿੰਦੇ। ਦਿਲ ਦਾ ਹਾਲ ਅਜੀਬ ਸੀ। ਕੁਝ ਮੁਹੱਲੇ ਦੇ ਮਨ ਚਲਿਆਂ ਦਾ ਵੀ ਹਵਾ ਦੇਣ ਵਿਚ ਹੱਥ ਸੀ। ਜਿਧਰ ਦੋਖੋ, ਲਾਜੋ ਦੇ ਚਰਚੇ—ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਧਰ ਸੁੱਟਿਆ, ਕਲ੍ਹ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿਧਰ ਜਾਂਦੀ ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ ਸਨ। ਸਕੂਲ ਦੇ ਮਾਸਟਰ ਜੀ ਗਲੀ ਵਿਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਵਿਚ ਰੁੱਝ ਜਾਂਦੇ। ਮਸਜਿਦ 'ਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤੇ ਅਲਕਰਸੀ ਪੜ੍ਹਨ ਲੱਗਦੇ। ਮਿਰਜ਼ਾ ਕੁਝ ਹਿਰਖੇ ਜਿਹੇ ਘਰੇ ਆਏ, ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ। ਗਿੱਲੇ ਵਾਲ ਮੋਢਿਆਂ ਉੱਤੇ ਝੂਲ ਰਹੇ ਸਨ। ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗੱਲ੍ਹਾਂ ਭਖ਼ ਰਹੀਆਂ ਸਨ, ਅੱਖਾਂ ਛਲਕ ਰਹੀਆਂ ਸਨ, ਮੀਆਂ ਨੂੰ ਬੇ-ਮੌਕੇ ਆਉਂਦਿਆਂ ਦੇਖ ਕੇ ਦੰਦ ਕੱਢ ਵਿਖਾਏ। ਮਿਰਜਾ ਬੌਂਦਲ ਗਏ, ਡਿੱਗਦੇ-ਡਿੱਗਦੇ ਮਸਾਂ ਬਚੇ।
ਚੁੱਪਚਾਪ ਰੋਟੀ ਖਾਧੀ ਫੇਰ ਉੱਠ ਕੇ ਮਸਜਿਦ ਵਿਚ ਜਾ ਬੈਠੇ। ਪਰ ਦਿਲ ਘਰੇ ਪਿਆ ਸੀ। ਪਤਾ ਨਹੀਂ ਬੈਠੇ-ਬੈਠੇ ਘਰ ਕਿਉਂ ਯਕਦਮ ਯਾਦ ਆਉਣ ਲੱਗ ਪਿਆ ਸੀ। ਮੁੜੇ ਤਾਂ ਲਾਜੋ ਬੂਹੇ ਵਿਚ ਖੜ੍ਹੀ ਕਿਸੇ ਨਾਲ ਝਗੜ ਰਹੀ ਸੀ, ਮਿਰਜਾ ਨੂੰ ਦੇਖ ਕੇ ਅੰਦਰ ਚਲੀ ਗਈ।
“ਕੌਣ ਸੀ?” ਉਹਨਾਂ ਸ਼ੱਕੀ ਪਤੀ ਵਾਂਗ ਪੁੱਛਿਆ।
“ਰਘੂਆ।”
“ਰਘੂਆ?” ਮਿਰਜ਼ਾ ਕਈ ਸਾਲਾਂ ਤੋਂ ਦੁੱਧ ਲੈ ਰਹੇ ਸਨ ਪਰ ਦੋਧੀ ਦਾ ਨਾਂਅ ਵੀ ਨਹੀਂ ਸੀ ਪਤਾ।
“ਦੁੱਧ ਵਾਲਾ। ਹੁੱਕਾ ਤਾਜ਼ਾ ਕਰਾਂ ਮੀਆਂ।” ਲਾਜੋ ਟਲਣ ਲੱਗੀ।
“ਨਹੀਂ...ਕੀ ਕਹਿ ਰਿਹਾ ਸੀ?”
“ਪੁੱਛਦਾ ਸੀ ਕਿੰਨਾਂ ਪਾਵਾਂ?”
“ਫੇਰ ਤੂੰ ਕੀ ਕਿਹਾ?”
“ਮੈਂ ਕਿਹਾ, ਮੋਇਆ ਤੇਰੀ ਅਰਥੀ ਉੱਠੇ...ਜਿੰਨਾਂ ਦੁੱਧ ਰੋਜ ਪਾਉਂਦਾ ਐਂ ਪਾ ਦੇ।”
“ਫੇਰ?” ਮਿਰਜ਼ਾ ਦਾ ਅੰਦਰ ਬਾਹਰ ਭਖ਼ਣ ਲੱਗਾ।
“ਫੇਰ ਮੈਂ ਕਿਹਾ ਹਰਾਮੀਆਂ ਆਪਣੀ ਮਾਂ-ਭੈਣ ਦੇ ਪਾ...”
“ਉੱਲੂ ਦਾ ਪੱਠਾ। ਬੜਾ ਹਰਾਮੀ ਏਂ ਰਘੂਆ। ਬੰਦ ਕਰ ਦਿਓ ਦੁੱਧ। ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ।”
ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੁਰਾਂ ਬੜੀ ਸ਼ਾਨ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੰਬਾ ਕੰਨ ਵਿਚ ਟੁੰਗਿਆ ਤੇ ਖੁੰਡੀ ਚੁੱਕ ਕੇ ਖੰਘੂਰੇ ਮਾਰਦੇ ਹੋਏ ਬਾਹਰ ਵੱਲ ਤੁਰ ਪਏ। ਲਾਜੋ ਮੱਚ ਸੜ ਕੇ ਕੋਲੇ ਹੋ ਗਈ, ਕਿਸੇ ਪਤੀ ਵਰਤਾ ਵਾਂਗ ਹੀ ਗੁੰਮਸੁੰਮ ਬੈਠੀ ਦੇਖਦੀ ਰਹੀ ਤੇ ਮਨ ਹੀ ਮਨ ਉਸ ਕੰਬਖ਼ਤ ਨੂੰ ਬੁਰਾ ਭਲਾ ਕਹਿੰਦੀ ਰਹੀ। ਉਹ ਮਿਰਜਾ ਨੂੰ ਪਸੰਦ ਨਹੀਂ, ਅਜਿਹਾ ਤਾਂ ਕੁਝ ਵੀ ਨਹੀਂ ਲੱਗਦਾ।
ਕੰਜਰੀ ਆਪਣੇ ਦੂਜੇ ਗਾਹਕ ਨੂੰ ਨਿਪਟਾ ਰਹੀ ਸੀ। ਮਿਰਜਾ ਹਿਰਖ ਕੇ ਲਾਲੇ ਦੀ ਦੁਕਾਨ 'ਤੇ ਜਾ ਬੈਠੇ। ਮਹਿੰਗਾਈ ਤੇ ਸਿਆਸੀ ਉਲਟ ਫੇਰ ਉੱਤੇ ਸਿਰ ਖਪਾ ਕੇ ਹਿਰਖੇ ਹੋਏ ਵਾਪਸ ਪਰਤੇ ਤਾਂ ਗਿਆਰਾਂ ਵੱਜ ਚੁੱਕੇ ਸਨ। ਪਾਣੀ ਵਾਲੀ ਸੁਰਾਹੀ ਸਿਰਹਾਣੇ ਵੱਲ ਰੱਖੀ ਹੋਈ ਸੀ ਪਰ ਧਿਆਨ ਨਾ ਗਿਆ। ਰਸੋਈ ਘਰ ਵਿਚ ਇਕ ਪਾਸੇ ਤੌੜਾ ਪਿਆ ਹੋਇਆ ਸੀ। ਗਟਾਗਟ ਠੰਡਾ ਪਾਣੀ ਪੀਤਾ ਪਰ ਅੰਦਰਲੀ ਅੱਗ ਹੋਰ ਭੜਕ ਪਈ।
ਲਾਜੋ ਦੀਆਂ ਕੂਲੀਆਂ ਸੁਨਹਿਰੀ ਲੱਤਾਂ ਦਰਵਾਜ਼ੇ ਦੀ ਓਟ ਵਿਚੋਂ ਝਾਕ ਰਹੀਆਂ ਸਨ। ਬੇਢੰਗੀ ਕਰਵਟ ਲੈਣ ਕਾਰਨ ਉਸਦੇ ਕੜੇ ਖਣਕੇ ਤੇ ਟੰਗਾ ਹੋਰ ਪਸਰ ਗਈਆਂ। ਮਿਰਜਾ ਨੇ ਇਕ ਗਲਾਸ ਪਾਣੀ ਹੋਰ ਅੰਦਰ ਸੁੱਟਿਆ ਤੇ ਲਾਹੌਲ ਪੜ੍ਹਦੇ ਹੋਏ ਪਲੰਘ ਉੱਤੇ ਢੈ ਪਏ।
ਪਾਸੇ ਪਰਤ-ਪਰਤ ਕੇ ਪਿੰਡਾ ਛਿੱਲਿਆ ਗਿਆ। ਪਾਣੀ ਪੀ-ਪੀ ਢਿੱਡ ਢੋਲ ਬਣ ਗਿਆ। ਦਰਵਾਜ਼ੇ ਪਿੱਛੋਂ ਟੰਗਾਂ ਕੁਝ ਹੋਰ ਵੀ ਅੜੰਗੇ ਮਾਰਦੀਆਂ ਲੱਗੀਆਂ। ਅਣਜਾਣ ਭੈ ਛਾਤੀ ਉੱਤੇ ਆ ਸਵਾਰ ਹੋਇਆ। ਬੜਾ ਰੌਲਾ ਪਾਏਗੀ ਨਾ-ਮੁਰਾਦ। ਪਰ ਸ਼ੈਤਾਨ ਨੇ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਆਪਣੇ ਪਲੰਘ ਤੋਂ ਉਸ ਮੰਜੇ ਤਕ ਪਤਾ ਨਹੀਂ ਕਿੰਨੇ ਮੀਲ ਦਾ ਚੱਕਰ ਕੱਟ ਚੁੱਕੇ ਸਨ, ਹੁਣ ਹਿੰਮਤ ਨਹੀਂ ਸੀ ਰਹੀ।
ਫੇਰ ਇਕ ਬੜਾ ਹੀ ਭੋਲਾ-ਭਾਲਾ ਜਿਹਾ ਖ਼ਿਆਲ ਉਹਨਾਂ ਦੇ ਮਨ ਵਿਚ ਸਿਰ ਚੁੱਕਣ ਲੱਗਾ ਜੇ ਲਾਜੋ ਦੀਆਂ ਲੱਤਾਂ ਏਨੀਆਂ ਨੰਗੀਆਂ ਨਾ ਹੁੰਦੀਆਂ ਤਾਂ ਉਹਨਾਂ ਨੂੰ ਏਨੀ ਪਿਆਸ ਨਾ ਲੱਗਦੀ। ਇਸ ਖ਼ਿਆਲ ਨੇ ਜਿਵੇਂ ਹੀ ਫਨ ਚੁੱਕਿਆ ਉਹਨਾਂ ਦੀ ਹਿੰਮਤ ਵਧ ਗਈ। ਨਾਮੁਰਾਦ ਜਾਗ ਪਈ ਤਾਂ ਪਤਾ ਨਹੀਂ ਕੀ ਸਮਝੇਗੀ। ਪਰ ਆਪਣੇ ਬਚਾਅ ਖਾਤਰ, ਖਤਰਾ ਮੁੱਲ ਲੈਣਾ ਹੀ ਪੈਂਦਾ ਹੈ।
ਬੂਟ ਪਲੰਘ ਕੋਲ ਛੱਡੇ ਤੇ ਦਬਵੇਂ ਪੈਰੀਂ, ਸਾਹ ਰੋਕ ਕੇ ਉਹ ਅੱਗੇ ਵਧੇ। ਜਿਵੇਂ ਤਿਵੇਂ ਲਹਿੰਗੇ ਦਾ ਗੋਟਾ ਫੜ੍ਹ ਕੇ ਹੇਠਾਂ ਖਿੱਚ ਦਿੱਤਾ। ਦੂਜੇ ਪਲ ਉਹਨਾਂ ਨੂੰ ਪਛਤਾਵਾ ਵੀ ਹੋਣ ਲੱਗਿਆ ਕਿ ਸ਼ਾਇਦ ਗਰੀਬ ਨੂੰ ਗਰਮੀ ਲੱਗ ਰਹੀ ਹੋਵੇ। ਕੁਝ ਚਿਰ ਦੋਚਿੱਤੀ ਜਿਹੀ ਵਿਚ ਖੜ੍ਹੇ ਕੰਬਦੇ ਰਹੇ। ਫੇਰ ਦਿਲ ਉੱਤੇ ਪੱਥਰ ਰੱਖ ਕੇ ਵਾਪਸ ਮੁੜੇ।
ਅਜੇ ਉਹਨਾਂ ਦੇ ਥਿੜਕਦੇ ਕਦਮ ਦਹਿਲੀਜ਼ ਤਕ ਨਹੀਂ ਸੀ ਪਹੁੰਚੇ ਕਿ ਕਿਆਮਤ ਆ ਗਈ ਜਾਪੀ। ਇਕਦਮ ਪਾਸਾ ਪਰਤ ਕੇ ਇਕੋ ਛਾਲ ਵਿਚ ਲਾਜੋ ਨੇ ਉਹਨਾਂ ਨੂੰ ਜਾ ਦਬੋਚਿਆ ਸੀ। ਮਿਰਜ਼ਾ ਦੀ ਘਿੱਗੀ ਵੱਝ ਗਈ ਸੀ। ਮਿਰਜ਼ਾ ਨਾਲ ਸਾਰੀ ਜ਼ਿੰਦਗੀ ਵਿਚ ਅਜਿਹੀ ਕਦੀ ਨਹੀਂ ਹੋਈ ਸੀ। ਉਹ ਹੈਂ-ਹੈਂ ਕਰਦੇ ਰਹਿ ਗਏ ਤੇ ਲਾਜੋ ਨੇ ਉਹਨਾਂ ਦੀ ਲਾਜ ਲੁੱਟ ਲਈ।
ਸਵੇਰੇ ਮਿਰਜਾ ਲਾਜੋ ਤੋਂ ਇੰਜ ਸ਼ਰਮਾ ਰਹੇ ਸਨ, ਜਿਵੇਂ ਨਵੀਂ ਵਿਆਹੀ ਦੁਲਹਨ। ਲਾਜੋ ਸੀਨਾ ਜ਼ੋਰ ਜੇਤੂ ਵਾਂਗ ਗੁਣਗੁਣਾ ਰਹੀ ਸੀ ਤੇ ਪਰੌਂਠਿਆਂ ਉੱਪਰ ਘਿਓ ਲਿੱਪ ਰਹੀ ਸੀ। ਉਸਦੀਆਂ ਅੱਖਾਂ ਵਿਚ ਰਾਤ ਦੀ ਗੱਲ ਦਾ ਕੋਈ ਅਕਸ ਨਹੀਂ ਸੀ। ਓਵੇਂ ਹੀ ਹਰ ਰੋਜ਼ ਵਾਂਗ ਦਹਿਲੀਜ਼ ਉਤੇ ਬੈਠੀ ਮੱਖੀਆਂ ਉਡਾਉਂਦੀ ਰਹੀ। ਮਿਰਜਾ ਡਰ ਰਹੇ ਸਨ ਹੁਣ ਉਂਗਲ ਫੜ੍ਹਦਿਆਂ ਹੀ ਪੰਜਾ ਫੜ੍ਹੇਗੀ।
ਦੁਪਹਿਰੇ ਜਦੋਂ ਉਹ ਉਹਨਾਂ ਲਈ ਖਾਣਾ ਲੈ ਕੇ ਦੁਕਾਨ ਉੱਤੇ ਆਈ ਤਾਂ ਉਸਦੀ ਚਾਲ ਵਿਚ ਅਜੀਬ ਜਿਹਾ ਠੁੰਮਕਾ ਸੀ। ਲਾਜੋ ਨੂੰ ਦੇਖ ਕੇ ਲੋਕ ਐਵੇਂ ਹੀ ਚੀਜਾਂ ਦਾ ਭਾਅ ਪੁੱਛਣ ਆ ਜਾਂਦੇ ਸਨ। ਸ਼ਰਮੋ-ਸ਼ਰਮੀਂ ਫਸਿਆਂ ਨੂੰ ਕੁਝ ਖਰੀਦਨਾ ਵੀ ਪੈਂਦਾ। ਬਗ਼ੈਰ ਕਹੇ ਲਾਜੋ ਫ਼ੌਰਨ ਸਾਮਾਨ ਨਾਪ ਤੋਲ ਕੇ ਦੇਣ ਲੱਗਦੀ। ਹਰ ਚੀਜ਼ ਨਾਲ ਢੇਰ ਸਾਰੀਆਂ ਮੁਸਕਰਾਹਟਾਂ ਤੇ ਨਖ਼ਰੇ ਵੀ ਬੰਨ੍ਹ ਦੇਂਦੀ। ਏਨੀ ਕੁ ਦੇਰ ਵਿਚ ਉਹ ਏਨੀ ਵਿੱਕਰੀ ਕਰ ਜਾਂਦੀ ਕਿ ਮਿਰਜ਼ਾ ਤੋਂ ਸਵੇਰ ਤੋਂ ਸ਼ਾਮ ਤੀਕ ਨਾ ਹੁੰਦੀ। ਅੱਜ ਉਹਨਾਂ ਨੂੰ ਇਹ ਗੱਲ ਬੜੀ ਭੈੜੀ ਲੱਗ ਰਹੀ ਸੀ।
ਪਰ ਹੁਣ ਤਾਂ ਜੋ ਨੂਰ ਮਿਰਜਾ ਉੱਤੇ ਸੀ ਕਿਸੇ ਰਾਜੇ 'ਤੇ ਨਹੀਂ ਸੀ। ਸਿਹਤ ਬਣ ਗਈ ਸੀ, ਰੰਗ ਨਿੱਖਰ ਆਇਆ ਸੀ। ਲੋਕ ਕਾਰਨ ਜਾਣਦੇ ਸਨ ਤੇ ਮੱਚਦੇ ਸੜਦੇ ਰਹਿੰਦੇ ਸਨ। ਮਿਰਜਾ ਦੀ ਬੋਖਲਾਹਟ ਵੀ ਦਿਨ-ਬਦਿਨ ਵਧਦੀ ਜਾ ਰਹੀ ਸੀ। ਜਿੰਨੀ ਉਹ, ਉਹਨਾਂ ਦੀ ਸੇਵਾ-ਟਹਿਲ ਕਰਦੀ ਰਹੀ ਓਨੇ ਹੀ ਇਹ ਉਸਦੇ ਦੀਵਾਨੇ ਹੁੰਦੇ ਗਏ। ਉਹਨਾਂ ਦੇ ਦਿਲ ਵਿਚ ਦੁਨੀਆਂ ਦਾ ਡਰ ਵਧਦਾ ਗਿਆ। ਉਹਨਾਂ ਨੂੰ ਲਾਜੋ ਦੀ ਖੁੱਲ੍ਹਦਿਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ੁਰਬਾ ਸੀ—ਪਰਲੇ ਸਿਰੇ ਦੀ ਬੇਹਯਾ ਸੀ। ਖਾਣਾ ਲਿਆਉਂਦੀ ਤਾਂ ਬਾਜ਼ਾਰ ਵਿਚ ਭੂਚਾਲ ਆ ਜਾਂਦਾ। ਕਿਸੇ ਨੂੰ ਚੂੰਢੀ ਵੱਢਦੀ, ਕਿਸਨੇ ਨੂੰ ਠੋਸਾ ਦਿਖਾਉਂਦੀ, ਥਿਰਕਦੀ, ਲੱਕ ਮਟਕਾਉਂਦੀ, ਗਾਲ੍ਹਾਂ ਕੱਢਦੀ ਹੋਈ ਆਉਂਦੀ ਤਾਂ ਮਿਰਜਾ ਦਾ ਖ਼ੂਨ ਉਬਾਲੇ ਖਾਣ ਲੱਗ ਪੈਂਦਾ।
“ਤੂੰ ਖਾਣਾ ਲੈ ਕੇ ਨਾ ਆਇਆ ਕਰ।”
“ਕਿਉਂ ਜੀ...?” ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਵਿਚ ਜ਼ਰਾ ਰੰਗ ਵੱਝਦਾ ਸੀ...ਹਾਸਾ-ਠੱਠਾ, ਮਨ-ਪ੍ਰਚਾਵਾ ਹੋ ਜਾਂਦਾ ਸੀ।

ਜਦੋਂ ਉਸ ਖਾਣਾ ਲੈ ਕੇ ਆਉਣਾ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਵਿਚ ਕਈ ਤਰ੍ਹਾਂ ਦੇ ਸ਼ੰਕੇ ਉੱਠਣ ਲੱਗੇ। ਪਤਾ ਨਹੀਂ ਕੀ ਗੁਲ ਖਿਲਾ ਰਹੀ ਹੋਵੇਗੀ...ਮੁਰਦਾਰ। ਉਹ ਮੌਕੇ-ਬੇਮੌਕੇ ਜਾਸੂਸੀ ਕਰਨ ਆ ਵੜਦੇ। ਉਹ ਫ਼ੌਰਨ ਉਹਨਾਂ ਦੀ ਥਕਾਣ ਉਤਾਰਨ ਲਈ ਤਤਪਰ ਹੋ ਜਾਂਦੀ। ਅਜਿਹੀ ਧਾਕੜ ਤੀਵੀਂ ਤੋਂ ਭੈ ਨਹੀਂ ਆਏਗਾ? ਇਕ ਦਿਨ ਜਦੋਂ ਇੰਜ ਯਕਦਮ ਘਰ ਪਹੁੰਚੇ ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਸਿਲਵਤਾਂ ਸੁਣਾ ਰਹੀ ਹੈ ਤੇ ਰੱਦੀ ਵਾਲਾ ਦੰਦੀਆਂ ਕੱਢਦਾ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ ਹੈ। ਮਿਰਜ਼ਾ ਨੂੰ ਦੇਖਿਆ ਤਾਂ ਖਿਸਕਣ ਲੱਗਿਆ, ਮਿਰਜ਼ਾ ਨੇ ਅਹੁਲ ਕੇ ਧੋਣੋ ਜਾ ਫੜਿਆ ਤੇ ਖਿੱਚ ਕੇ ਦੋ-ਚਾਰ ਚਪੇੜਾਂ ਲਾ ਦਿੱਤੀਆਂ ਤੇ ਉਤੋਂ ਮਾਰੀ ਇਕ ਲੱਤ।
“ਕੀ ਕਿੱਸਾ ਸੁਣਾ ਰਹੀ ਸੀ?” ਮਿਰਜ਼ਾ ਦੀਆਂ ਨਾਸਾਂ ਫੁਲਣ ਲੱਗੀਆਂ।
“ਮੌਤੜੀ ਮਾਰਿਆ ਦਸ ਆਨੇ ਸੇਰ ਦੇ, ਦੇ ਰਿਹਾ ਸੀ। ਮੈਂ ਕਿਹਾ ਆਪਣੀ ਮਾਂ ਨੂੰ ਦੇ ਜਾ ਕੇ ਹਰਾਮਜਾਦਿਆ।” ਰੱਦੀ ਦਾ ਭਾਅ ਅੱਠ ਆਨੇ ਸੇਰ ਸੀ।
“ਤੈਨੂੰ ਕਿਸ ਨੇ ਕਿਹਾ ਸੀ, ਰੱਦੀ ਵੇਚਣ ਲਈ?” ਮਿਰਜਾ ਬੜਬੜਾਏ ਤੇ ਪੈਰ ਉੱਪਰ ਕਰਕੇ ਫੀਤੇ ਖੋਹਲਣ ਲੱਗ ਪਏ।

ਪਰ ਉਸ ਦਿਨ ਤਾਂ ਉਹਨਾਂ ਦੇ ਸਬਰ ਦੀ ਹੱਦ ਹੀ ਨਹੀਂ ਸੀ ਰਹੀ ਜਦੋਂ ਉਹਨਾਂ ਲਾਜੋ ਨੂੰ ਗਲੀ ਦੇ ਮੁੰਡਿਆਂ ਨਾਲ ਕੱਬਡੀ ਖੇਡਦਿਆਂ ਦੇਖਿਆ ਸੀ। ਉਸਦਾ ਲਹਿੰਗਾ ਹਵਾ ਵਿਚ ਕਲਾਬਾਜੀਆਂ ਲਾ ਰਿਹਾ ਸੀ। ਬੱਚੇ ਤਾਂ ਕਬਡੀ ਖੇਡ ਰਹੇ ਸਨ ਬੱਚਿਆਂ ਦੇ ਪਿਓ ਲਹਿੰਗੇ ਦੀਆਂ ਉਡਾਰੀਆਂ ਦਾ ਮਜ਼ਾ ਲੈ ਰਹੇ ਸਨ। ਉਹ ਸਾਰੇ ਹੀ ਵਾਰੀ ਵਾਰੀ ਉਸਨੂੰ ਚੁਬਾਰਾ ਦਿਵਾਉਣ ਦੀ ਪੇਸ਼ਕਸ਼ ਕਰ ਚੁੱਕੇ ਸਨ। ਜਿਸਨੂੰ ਲਾਜੋ ਠੁਕਰਾ ਚੁੱਕੀ ਸੀ। ਮਿਰਜ਼ਾ ਬੜੀ ਨਮੋਸ਼ੀ ਨਾਲ ਸਿਰ ਝੁਕਾਈ ਲੰਘ ਰਹੇ ਸਨ। ਲੋਕ ਉਹਨਾਂ ਉੱਤੇ ਹੱਸ ਰਹੇ ਸਨ...ਮੀਆਂ ਜੀ ਦਾ ਗੁੱਸਾ ਤਾਂ ਦੇਖੋ ਜਿਵੇਂ ਉਹ ਉਹਨਾਂ ਦੀ ਵਿਆਹੁਤਾ ਹੋਵੇ।
ਲਾਜੋ ਉਹਨਾਂ ਦੀ ਜਾਨ ਨੂੰ ਰੋਗ ਵਾਂਗ ਚਿੰਬੜ ਗਈ ਸੀ। ਉਸਦੀ ਜੁਦਾਈ ਦੇ ਖ਼ਿਆਲ ਨਾਲ ਹੀ ਤਰੇਲੀਆਂ ਆਉਣ ਲੱਗ ਪੈਂਦੀਆਂ ਸਨ। ਸਟੋਰ 'ਤੇ ਉਹਨਾਂ ਦਾ ਬਿਲਕੁਲ ਜੀਅ ਨਾ ਲੱਗਦਾ। ਹਰ ਵੇਲੇ ਲਾਜੋ ਦਾ ਖ਼ਿਆਲ ਸਤਾਉਂਦਾ ਰਹਿੰਦਾ, ਪਤਾ ਨਹੀਂ ਕਦ ਕਿਸੇ ਮੋਟੀ ਪੇਸ਼ਕਸ਼ ਉੱਪਰ ਨਾਮੁਰਾਦ ਦੀ ਲਾਲ ਡਿੱਗ ਪਏ।
“ਮੀਆਂ ਨਿਕਾਹ ਕਿਉਂ ਨਹੀਂ ਪੜ੍ਹਵਾ ਲੈਂਦੇ।” ਉਹਨਾਂ ਮੀਰਨ ਮੀਆਂ ਅੱਗੇ ਦੁਖੜਾ ਰੋਇਆ ਤਾਂ ਉਹਨਾਂ ਸਲਾਹ ਦਿੱਤੀ।
“ਲਾਹੌਲ ਵਲਾ ਕੁਵੱਤ!” ਨਿਕਾਹ ਵਰਗੀ ਪਵਿੱਤਰ ਚੀਜ਼ ਨੂੰ ਉਸ ਮੁਸ਼ਟੰਡੀ ਨਾਲ ਕਿੰਜ ਜੋੜਿਆ ਜਾ ਸਕਦਾ ਹੈ? ਸਾਰੇ ਜਹਾਨ ਵਿਚ ਲਾਹਨਤਾਂ ਉਛਾਲ ਕੇ ਹੁਣ ਉਹ ਉਹਨਾਂ ਦੀ ਦੁਲਹਨ ਕਿੰਜ ਬਣ ਸਕਦੀ ਹੈ? ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤੇ ਲਾਜੋ ਨਾ ਦਿਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲਾ ਕੰਬਖ਼ਤ ਬੜੇ ਦਿਨਾਂ ਦਾ ਸੁੰਘ ਰਿਹਾ ਸੀ...ਕੋਈ ਢਕੀ-ਛਿਪੀ ਗੱਲ ਨਹੀਂ। ਉਸਨੇ ਸ਼ਰੇਆਮ ਸਭ ਦੇ ਸਾਹਮਣੇ ਕਿਹਾ ਸੀ ਕਿ 'ਕਮਰਾ ਨਹੀਂ, ਉਹ ਕਹੇ ਤਾਂ ਬੰਗਲਾ ਲੈ ਦਿਆਂਗਾ।' ਮੀਰਨ ਮੀਆਂ ਵੱਢੇ ਦੋਸਤ ਬਣੇ ਫਿਰਦੇ ਸਨ, ਪਰ ਅੰਦਰ ਖਾਤੇ ਉਹਨਾਂ ਨੇ ਵੀ ਆਪਣੀ ਹੈਸੀਅਤ ਮੁਤਾਬਿਕ ਨਜ਼ਰਾਨਾ ਪੇਸ਼ ਕੀਤਾ ਸੀ।
ਮਿਰਜ਼ਾ ਬੌਂਦਲੇ ਹੋਏ ਬੈਠੇ ਸਨ ਕਿ ਲਾਜੋ ਵਾਪਸ ਆ ਗਈ। ਉਹ ਰਾਮੂ ਦੀ ਦਾਦੀ ਦੀ ਪਿੱਠ ਮਲਣ ਗਈ ਸੀ। ਉਸ ਦਿਨ ਮਿਰਜ਼ਾ ਨੇ ਫ਼ੈਸਲਾ ਕਰ ਲਿਆ ਕਿ ਖ਼ਾਨਦਾਨ ਦੀ ਨੱਕ ਕੱਟੀ ਜਾਵੇ ਭਾਵੇਂ ਸਲਾਮਤ ਰਹੇ ਲਾਜੋ ਨੂੰ ਨਿਕਾਹ ਵਿਚ ਬੰਨਣਾ ਪਵੇਗਾ।
“ਕਿਉਂ ਮੀਆਂ ਕਿਉਂ?”' ਜਦੋਂ ਮਿਰਜ਼ਾ ਨੇ ਆਪਣੀ ਗੱਲ ਰੱਖੀ ਤਾਂ ਲਾਜੋ ਬੋਲੀ।
“ਕਿਉਂ? ਕੀ ਕਿਤੇ ਹੋਰ ਦੀਦੇ ਲੜਾਉਣ ਦਾ ਇਰਾਦਾ ਏ?” ਮਿਰਜ਼ਾ ਹਿਰਖ ਗਏ।
“ਥੂਹ...ਮੈਂ ਕਿਉਂ ਲੜਾਵਾਂ ਦੀਦੇ...”
“ਉਹ ਰਾਓ ਜੀ ਬੰਗਲਾ ਦਿਵਾਉਣ ਲਈ ਕਹਿੰਦਾ ਹੈ।”
“ਮੈਂ ਥੁੱਕਦੀ ਵੀ ਨਹੀਂ ਉਸਦੇ ਬੰਗਲੇ 'ਤੇ। ਜੁੱਤੀ ਮਾਰ ਦਿੱਤੀ ਸੀ ਮੈਂ ਉਸਦੇ ਬੂਥੜ ਉੱਤੇ।”
“ਤਾਂ ਫੇਰ?”
ਪਰ ਲਾਜੋ ਦੀ ਸਮਝ ਵਿਚ ਨਹੀਂ ਸੀ ਆਇਆ ਕਿ ਵਿਆਹ ਕਰਨ ਦੀ ਲੋੜ ਕੀ ਹੈ? ਉਹ ਤਾਂ ਜਨਮਾਂ-ਜਨਮਾਂ ਤੋਂ ਉਹਨਾਂ ਦੀ ਹੈ, ਤੇ ਉਹਨਾਂ ਦੀ ਹੀ ਰਹੇਗੀ। ਫੇਰ ਅਜਿਹੀ ਕਿਹੜੀ ਭੁੱਲ ਹੋ ਗਈ ਕਿ ਮਿਰਜ਼ਾ ਨੂੰ ਨਿਕਾਹ ਦੀ ਲੋੜ ਮਹਿਸੂਸ ਹੋਈ? ਪਰ ਅਜਿਹਾ ਮਾਲਕ ਤਾਂ ਪਤਾ ਨਹੀਂ ਕਿੰਨੇ ਜਨਮ ਭੋਗਣ ਪਿੱਛੋਂ ਮਿਲਦਾ ਹੈ। ਲਾਜੋ ਨੇ ਬੜੀਆਂ ਠੋਕਰਾਂ ਖਾਧੀਆਂ ਸਨ। ਮਿਰਜ਼ਾ ਉਸਨੂੰ ਫਰਿਸ਼ਤੇ ਲੱਗਦੇ ਸਨ। ਉਸਦੇ ਸਾਰੇ ਮਾਲਕ ਉਸਦੇ ਆਸ਼ਕ ਬਣ ਜਾਂਦੇ ਸਨ। ਫੇਰ ਉਸਨੂੰ ਚੱਟਚੁੱਟ ਕੇ, ਕੁੱਟਮਾਰ ਕਰਕੇ ਦੌੜਾ ਦੇਂਦੇ ਸਨ।
ਮਿਰਜ਼ਾ ਨੇ ਕਦੀ ਉਸਨੂੰ ਫੁੱਲਾਂ ਦੀ ਛੜੀ ਨਾਲ ਵੀ ਨਹੀਂ ਸੀ ਮਾਰਿਆ ਤੇ ਪਿਆਰ ਵੀ ਦਿਲ ਖੋਲ੍ਹ ਕੇ ਕੀਤਾ ਸੀ। ਦੋ ਜੋੜੇ ਬਣਵਾਏ ਗਏ ਤੇ ਸੋਨੇ ਦੀਆਂ ਮੁੰਦਰੀਆਂ ਦਿਵਾਈਆਂ...ਖਰੇ ਸੋਨੇ ਦਾ ਜ਼ੇਵਰ ਤਾਂ ਉਸਦੀਆਂ ਸੱਤ ਪੀੜ੍ਹੀਆਂ 'ਚ ਵੀ ਕਿਸੇ ਨਹੀਂ ਪਾਇਆ ਹੋਣਾ।
ਉਹਨਾਂ ਨੇ ਰਾਮੂ ਦੀ ਦਾਦੀ ਨੂੰ ਕਿਹਾ, ਉਹ ਵੀ ਹੈਰਾਨ ਰਹਿ ਗਈ।
“ਓਇ ਮੀਆਂ ਕਿਉਂ ਗਲੇ 'ਚ ਘੰਟੀ ਬਣਨ ਲੱਗੇ ਓ? ਜੇ ਸਹੂਰੀ ਨਖ਼ਰੇ ਕਰਦੀ ਐ ਤਾਂ ਚਾੜ੍ਹ ਦਿਓ ਕੁਟਾਪਾ ਚੁੜੈਲ ਨੂੰ, ਸਿੱਧੀ ਹੋ ਜਾਏਗੀ। ਜਿੱਥੇ ਜੁੱਤੀ ਫੇਰਿਆਂ ਕੰਮ ਹੋ-ਜੇ—ਉੱਥੇ ਨਿਕਾਹ ਕਰਨ ਦੀ ਕੀ ਲੋੜ ਪਈ ਏ।”
ਪਰ ਮਿਰਜ਼ਾ ਨੂੰ ਤਾਂ ਇਕੋ ਰਟ ਲੱਗੀ ਹੋਈ ਸੀ, 'ਜੇ ਮੇਰੀ ਹੈ ਤਾਂ ਮੇਰੇ ਨਾਲ ਨਿਕਾਹ ਕਰ ਲਏ।'
“ਕਿਉਂ ਨੀਂ, ਤੈਨੂੰ ਜਾਂ ਤੇਰੇ ਧਰਮ ਨੂੰ ਕੋਈ ਛਲ ਪੈਂਦੈ?”
“ਨਾ ਮਾਈ, ਐਸੀ ਕੋਈ ਗੱਲ ਨਹੀਂ। ਮੈਂ ਤਾਂ ਉਹਨਾਂ ਨੂੰ ਆਪਣਾ ਮੰਨਦੀ ਆਂ।” ਲਾਜੋ ਬੜੀ ਮਿੱਠੇ ਸੁਭਾਅ ਦੀ ਸੀ। ਉਹ ਤਾਂ ਦੋ ਘੜੀਆਂ ਦੇ ਗਾਹਕ ਨੂੰ ਵੀ ਪਲ ਭਰ ਲਈ ਆਪਣਾ ਪਤੀ ਮੰਨ ਕੇ ਉਸਦੀ ਪੂਰੀ ਸੇਵਾ-ਟਹਿਲ ਕਰਦੀ ਸੀ...ਉਸਨੇ ਕਦੀ ਆਪਣੇ ਕਿਸੇ ਆਸ਼ਕ ਨਾਲ ਕੰਜੂਸੀ ਨਹੀਂ ਸੀ ਵਰਤੀ। ਧਨ ਨਸੀਬ ਨਹੀਂ ਹੋਇਆ, ਤਨ ਤੇ ਮਨ ਉਸਨੇ ਕਦੀ ਸਾਂਭ ਕੇ ਨਹੀਂ ਰੱਖਿਆ—ਜਿਸਨੂੰ ਵੀ ਦਿੱਤਾ ਜੀਅ ਖੋਲ੍ਹ ਕੇ ਦਿੱਤਾ, ਜੀਅ ਭਰ ਕੇ ਲਿਆ। ਤੇ ਫੇਰ ਮਿਰਜ਼ਾ ਦੀ ਗੱਲ ਹੀ ਨਿਰਾਲੀ ਸੀ, ਉਹਨਾਂ ਨੂੰ ਦੇਣ ਤੇ ਉਹਨਾਂ ਤੋਂ ਖੋਹਣ ਵਿਚ ਜਿਹੜਾ ਮਜ਼ਾ ਆਉਂਦਾ ਸੀ ਉਹ ਕੋਈ ਲਾਜੋ ਦੇ ਦਿਲ ਤੋਂ ਪੁੱਛੇ। ਉਹਨਾਂ ਸਾਹਮਣੇ ਬਾਕੀ ਸਾਰੇ ਢੀਠ ਕੁੱਤੇ ਲੱਗੇ ਸਨ। ਉਹ ਆਪਣੀ ਅਸਲੀਅਤ ਜਾਣਦੀ ਸੀ। ਸ਼ਾਦੀ ਵਿਆਹ ਤਾਂ ਕੁਆਰੀਆਂ ਦੇ ਹੁੰਦੇ ਨੇ ਤੇ ਆਪਣੀ ਸੁਰਤ ਵਿਚ ਉਹ ਕਦੀ ਕੁਆਰੀ ਨਹੀਂ ਸੀ। ਉਹ ਕਿਸੇ ਦੀ ਲਾੜੀ ਬਣਨ ਲਾਇਕ ਨਹੀਂ।
ਉਸਨੇ ਬੜੇ ਹੱਥ ਪੈਰ ਜੋੜੇ ਮਿੰਨਤਾਂ ਕੀਤੀਆਂ ਪਰ ਮਿਰਜ਼ਾ ਉੱਤੇ ਨਿਕਾਹ ਦਾ ਭੂਤ ਸਵਾਰ ਸੀ। ਨੇਕ ਸੈਂਤ ਦੇਖ ਕੇ ਇਕ ਦਿਨ ਅਸ਼ਾ ਦੀ ਨਮਾਜ਼ ਪਿੱਛੋਂ ਨਿਕਾਹ ਹੋ ਗਿਆ। ਸਾਰੇ ਮੁਹੱਲੇ ਟੋਲੇ ਵਿਚ ਉਧਮ ਮੱਚ ਗਿਆ। ਕੁੜੀਆਂ ਕਤਰੀਆਂ ਢੋਲਕੀ ਉੱਤੇ ਸੁਹਾਗ ਗਾਉਣ ਲੱਗੀਆਂ। ਕੋਈ ਲਾੜੀ ਵਾਲੇ ਪਾਸੇ ਦੀ ਬਣ ਗਈ, ਕੋਈ ਲਾੜੇ ਵਾਲੇ ਪਾਸਿਓਂ ਤੇ ਮਿਰਜ਼ਾ ਨੇ ਖਿੜੇ-ਮੱਥੇ ਲਾਗ ਦਿੱਤਾ। ਲਾਜੋ ਉਰਫ਼ ਕਨੀਜ਼ ਫਾਤਮਾ ਦਾ ਨਿਕਾਹ, ਮਿਰਜ਼ਾ ਇਰਫਾਨ ਬੇਗ਼ ਨਾਲ ਹੋ ਗਿਆ।
ਨਿਕਾਹ ਹੁੰਦਿਆਂ ਹੀ ਮਿਰਜ਼ਾ ਨੇ ਲਹਿੰਗੇ ਉੱਤੇ ਪਾਬੰਦੀ ਲਾ ਦਿੱਤੀ ਤੇ ਭੀੜੀ ਮੋਹਰੀ ਦਾ ਪਾਜਾਮਾ ਕੁੜਤਾ ਬਣਵਾ ਦਿੱਤਾ। ਕਨੀਜ਼ ਫਾਤਮਾ ਨੂੰ ਲੱਤਾਂ ਦੇ ਹੇਠਲੇ ਪਾਸੇ ਖੁੱਲ੍ਹੇ ਦੀ ਆਦਤ ਸੀ। ਦੋ ਵੱਖ-ਵੱਖ ਪਹੁੰਚੇ ਜਿਹਨਾਂ ਵਿਚਕਾਰ ਦੋ ਲੱਤਾਂ ਵਿਚਾਲੇ ਕੱਪੜਾ ਆ ਜਾਏ ਨਿਰਾ ਝੰਜਟ ਹੈ। ਉਹ ਵਾਰੀ-ਵਾਰੀ ਉਸ ਵਾਧੂ ਦੀ ਰੁਕਾਵਟ ਨੂੰ ਖਿੱਚੀ ਜਾਂਦੀ। ਪਹਿਲੀ ਫੁਰਸਤ ਵਿਚ ਉਸਨੇ ਪਾਜਾਮਾ ਲਾਹ ਕੇ ਟੰਗਣੀ ਉੱਤੇ ਟੰਗ ਦਿੱਤਾ ਤੇ ਲਹਿੰਗਾ ਚੁੱਕ ਕੇ ਸਿਰ ਵੱਲੋਂ ਪਾਇਆ ਹੀ ਸੀ ਕਿ ਮਿਰਜ਼ਾ ਆ ਗਏ। ਉਸਨੇ ਲਹਿੰਗਾ ਲੱਕ ਉੱਪਰ ਰੋਕਣ ਦੇ ਬਜਾਏ ਛੱਡ ਦਿੱਤਾ।
“ਲਾਹੌਲ ਵਿਲਾ ਕੁਵੱਤ...” ਮਿਰਜ਼ਾ ਦਹਾੜਨ ਲੱਗੇ ਤੇ ਚਾਦਰ ਚੁੱਕ ਕੇ ਉਸ ਉੱਤੇ ਸੁੱਟ ਦਿੱਤੀ। ਪਤਾ ਨਹੀਂ ਮਿਰਜ਼ਾ ਨੇ ਕੀ ਭਾਸ਼ਣ ਦਿੱਤਾ, ਉਸਦੇ ਕੁਝ ਪੱਲੇ ਨਹੀਂ ਸੀ ਪਿਆ ਕਿ ਉਸਨੇ ਕੀ ਗਲਤੀ ਕੀਤੀ ਹੈ? ਉਸਦੀ ਇਸ ਹਰਕਤ ਉੱਤੇ ਤਾਂ ਕਦੀ ਮਿਰਜ਼ਾ ਜਾਨ ਛਿੜਕਦੇ ਹੁੰਦੇ ਸਨ। ਮਿਰਜ਼ਾ ਨੇ ਚੰਗਾ ਭਲਾ ਲਹਿੰਗਾ ਸੱਚਮੁੱਚ ਚੁੱਕ ਕੇ ਚੁੱਲ੍ਹੇ ਵਿਚ ਸੁੱਟ ਦਿੱਤਾ।
ਮਿਰਜ਼ਾ ਬੁੜਬੁੜ ਕਰਦੇ ਬਾਹਰ ਚਲੇ ਗਏ। ਉਹ ਚੋਰ ਜਿਹੀ ਬਣੀ ਥਾਵੇਂ ਖੜ੍ਹੀ ਰਹਿ ਗਈ। ਚਾਦਰ ਪਰ੍ਹਾਂ ਸੁੱਟ ਕੇ ਉਸਨੇ ਆਪਣੇ ਜਿਸਮ ਦਾ ਮੁਅਇਨਾ ਕੀਤਾ ਕਿ ਕਿਤੇ ਕੋਈ ਕੋਹੜ ਤਾਂ ਨਹੀਂ ਫੁੱਟ ਪਿਆ। ਨਲਕੇ ਹੇਠ ਨਹਾਉਂਦੀ ਹੋਈ ਉਹ ਵਾਰੀ-ਵਾਰੀ ਹੰਝੂ ਪੂੰਝਦੀ ਰਹੀ। ਸਿਰਕੀਆਂ ਵਾਲਿਆਂ ਦਾ ਮੁੰਡਾ ਮਿਠੂਆ ਪਤੰਗ ਉਡਾਉਣ ਦੇ ਬਹਾਨੇ, ਨਾਲ ਵਾਲੀ ਛੱਤ, ਉੱਪਰੋਂ ਉਸਨੂੰ ਨਹਾਉਂਦਿਆਂ ਦੇਖਦਾ ਹੁੰਦਾ ਸੀ। ਅੱਜ ਉਹ ਏਨੀ ਉਦਾਸ ਸੀ ਕਿ ਨਾ ਉਸਨੂੰ ਅੰਗੂਠਾ ਦਿਖਾਇਆ ਨਾ ਉਸਨੂੰ ਜੁੱਤੀ ਵਿਖਾ ਕੇ ਡਰਾਇਆ, ਨਾ ਦੌੜਦੀ ਹੋਈ ਕੋਠੜੀ ਅੰਦਰ ਗਈ ਬਲਕਿ ਚਾਦਰ ਲਪੇਟ ਲਈ।
ਦਿਲ ਉੱਤੇ ਪੱਥਰ ਰੱਖ ਕੇ ਉਸਨੇ ਸ਼ੈਤਾਨ ਦੀ ਆਂਦਰ ਜਿੱਡੀਆਂ ਮੋਹਰੀਆਂ ਚੜ੍ਹਾਈਆਂ, ਮੋਇਆ ਕਮਰਬੰਦ ਉਲਟ ਗਿਆ। ਚੀਕ-ਚੀਕ ਕੇ ਗਲਾ ਪੱਕ ਗਿਆ ਤਾਂ ਕਿਤੇ ਜਾ ਕੇ ਭੂਆ ਆਈ ਤੇ ਕਮਰਬੰਦ ਠੀਕ ਕੀਤਾ। ਇਹ ਬੰਦੂਕ ਦਾ ਗਿਲਾਫ ਪਤਾ ਨਹੀਂ ਕਿਸ ਅਕਲ ਦੇ ਅੰਨ੍ਹੇ ਨੇ ਬਣਾਇਆ ਹੋਏਗਾ...ਜਿੰਨੀ ਵਾਰੀ ਟੱਟੀ ਪਿਸ਼ਾਬ ਜਾਓ, ਖੋਹਲੋ-ਬੰਨ੍ਹੋਂ।
ਜਦੋਂ ਮਿਰਜ਼ਾ ਦੁਕਾਨ ਤੋਂ ਵਾਪਸ ਆਏ ਤਾਂ ਫੇਰ ਕਮਰਬੰਦ ਢਿਲਕ ਗਿਆ। ਉਹ ਇਕ ਹੱਥ ਨਾਲ ਵਾਰੀ-ਵਾਰੀ ਉਤਾਂਹ ਕਰਦੀ ਰਹੀ। ਮਿਰਜਾ ਨੂੰ ਉਸ ਉੱਤੇ ਪਿਆਰ ਆਉਣ ਲੱਗਾ। ਪੁਚਕਾਰ ਕੇ ਕਲਾਵੇ ਵਿਚ ਭਰ ਲਿਆ। ਬੜੇ ਤਿਕੜਮਾਂ ਨਾਲ ਕਮਰਬੰਦ ਹੱਥ ਆਇਆ, ਤਦ ਉਸਨੂੰ ਪਾਜਾਮੇ ਨਾਲ ਏਨੀ ਸ਼ਿਕਾਇਤ ਨਾ ਰਹੀ।
ਫੇਰ ਇਕ ਮੁਸੀਬਤ ਹੋਰ ਖੜ੍ਹੀ ਹੋ ਗਈ। ਪਹਿਲਾਂ ਲਾਜੋ ਦੀਆਂ ਜਿਹੜੀਆਂ ਸ਼ਰਾਰਤਾਂ ਚੰਗੀਆਂ ਲੱਗਦੀਆਂ ਸਨ—ਉਹ ਮਿਰਜ਼ਾ ਨੂੰ ਘਬਵਾਲੀ ਦੀਆਂ ਬੁਰਾਈਆਂ ਲੱਗਣ ਲੱਗ ਪਈਆਂ। ਇਹ ਬਾਜ਼ਾਰੂ ਔਰਤਾਂ ਵਾਲੀਆਂ ਅਦਾਵਾਂ ਸ਼ਰੀਫ ਜਾਦੀਆਂ ਨੂੰ ਨਹੀਂ ਸੋਭਦੀਆਂ। ਉਹ ਉਹਨਾਂ ਦੇ ਸੁਪਨਿਆਂ ਵਾਲੀ ਰਵਾਇਤੀ ਬੀਵੀ (ਪਤਨੀ) ਨਹੀਂ ਬਣ ਸਕੀ ਕਿ ਮਿਰਜ਼ਾ ਪਿਆਰ ਦੀ ਭੀਖ ਮੰਗਣ, ਇਹ ਸ਼ਰਮਾਏ। ਉਹ ਜ਼ਿੱਦ ਕਰਨ, ਇਹ ਨਾਰਾਜ਼ ਹੋ ਜਾਏ। ਉਹ ਮਨਾਉਣ, ਇਹ ਰੁੱਸ-ਰੁੱਸ ਬੈਠੇ। ਲਾਜੋ ਤਾਂ ਸੜਕ ਦਾ ਪੱਥਰ ਸੀ, ਸੇਜ ਦਾ ਫੁੱਲ ਬਣਨ ਦੇ ਗੁਰ ਨਹੀਂ ਸੀ ਜਾਣਦੀ। ਝਾੜ-ਫਿਟਕਾਰ ਕੇ ਮਿਰਜ਼ਾ ਨੇ ਲਗਾਮ ਪਾਈ, ਅਖ਼ੀਰ ਬਾਂਦਰੀ ਨੂੰ ਸਿਧਾਅ ਹੀ ਲਿਆ।
ਮਿਰਜ਼ਾ ਹੁਣ ਬੜੇ ਨਿਸ਼ਚਿੰਤ ਹੋ ਗਏ ਸਨ ਕਿ ਉਹਨਾਂ ਲਾਜੋ ਨੂੰ ਸ਼ਰੀਫਜਾਦੀ ਬਣਾ ਕੇ ਹੀ ਛੱਡਿਆ। ਇਹ ਹੋਰ ਗੱਲ ਹੈ ਕਿ ਹੁਣ ਉਹਨਾਂ ਨੂੰ ਘਰ ਜਾਣ ਦੀ ਜ਼ਿਆਦਾ ਜਲਦੀ ਨਹੀਂ ਸੀ ਹੁੰਦੀ। ਆਮ ਪਤੀਆਂ ਵਾਂਗ ਹੀ ਯਾਰ-ਦੋਸਤਾਂ ਵਿਚ ਵੀ ਉੱਠ ਬੈਠ ਲੈਂਦੇ ਕਿ ਲੋਕ ਤੀਵੀਂ ਦਾ ਗੁਲਾਮ ਨਾ ਕਹਿਣ। ਮਾਸ਼ੂਕਾ ਦੇ ਨਖਰੇ ਝੱਲਣਾ ਹੋਰ ਗੱਲ ਹੁੰਦੀ ਹੈ ਪਰ ਪਤਨੀ ਦੀ ਧੌਂਸ ਮਰਦ ਬਰਦਾਸ਼ਤ ਨਹੀਂ ਕਰ ਸਕਦਾ।
ਆਪਣੀ ਗ਼ੈਰਹਾਜ਼ਰੀ ਨੂੰ ਪੂਰਨ ਲਈ ਉਹਨਾਂ ਇਕ ਨੌਕਰਾਣੀ ਰੱਖ ਲੈਣ ਦੀ ਗੱਲ ਕੀਤੀ ਤਾਂ ਲਾਜੋ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ। ਉਹ ਜਾਣਦੀ ਸੀ ਕਿ ਮੀਆਂ ਕੰਜਰੀਆਂ ਕੋਲ ਜਾਣ ਲੱਗੇ ਨੇ। ਸਾਰੇ ਮੁਹੱਲੇ ਦੇ ਮੀਆਂ ਹੀ ਜਾਂਦੇ ਸਨ, ਪਰ ਘਰ ਵਿਚ ਉਹ ਕਿਸੇ ਦਾ ਦਾਖਲਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਕੋਈ ਉਸਦੇ ਝਿਲਮਿਲ ਕਰਦੇ ਭਾਂਡਿਆਂ ਨੂੰ ਹੱਥ ਲਾਏ, ਉਸਦੀ ਰਸੋਈ ਵਿਚ ਪੈਰ ਰੱਖੇ ਤਾਂ ਉਸਦੀਆਂ ਲੱਤਾਂ ਤੋੜ ਕੇ ਰੱਖ ਦਏਗੀ। ਮਿਰਜ਼ਾ ਵਿਚ ਸਾਂਝ ਬਰਦਾਸ਼ਤ ਕਰ ਸਕਦੀ ਸੀ, ਪਰ ਘਰ ਦੀ ਉਹੀ ਇਕੱਲੀ ਮਾਲਕਣ ਸੀ।
ਫੇਰ ਮਿਰਜ਼ਾ ਹੁਰੀਂ ਲਾਜੋ ਨੂੰ ਘਰ ਬਿਠਾਅ ਕੇ ਜਿਵੇਂ ਭੁੱਲ ਗਏ ਹੋਣ। ਹਫਤਿਆਂ ਬੱਧੀ ਹੂੰ-ਹਾਂ ਤੋਂ ਅੱਗੇ ਗੱਲ ਨਾ ਤੁਰਦੀ। ਜਦੋਂ ਤਕ ਉਹ ਨੌਕਰਾਣੀ ਸੀ, ਸਾਰੇ ਅੱਖਾਂ ਸੇਕਦੇ ਸਨ। ਜਦੋਂ ਕਿਸੇ ਸ਼ਰੀਫ ਦੇ ਘਰ ਬੈਠ ਗਈ ਤਾਂ ਮੁਹੱਲੇ ਟੋਲੇ ਦੇ ਅਸੂਲਾਂ ਅਨੁਸਾਰ ਮਾਂ, ਭੈਣ ਤੇ ਬੇਟੀ ਬਣ ਗਈ। ਕੋਈ ਭੁੱਲ ਕੇ ਟਾਟ ਦੇ ਪਰਦੇ ਦੇ ਅੰਦਰ ਝਾਤ ਮਾਰਨ ਦਾ ਕਸ਼ਟ ਨਾ ਕਰਦਾ, ਸਿਵਾਏ ਮਿਠੂਏ ਸਿਰਕੀਆਂ ਵਾਲਿਆਂ ਦੇ ਮੁੰਡੇ ਦੇ। ਉਹ ਹੁਣ ਵੀ ਵਫ਼ਾ ਨਿਭਾ ਰਿਹਾ ਸੀ। ਉਹ ਹੁਣ ਵੀ ਕੋਠੇ 'ਤੇ ਪਤੰਗ ਉਡਾਉਂਦਾ। ਜਦੋਂ ਮਿਰਜਾ ਚਲੇ ਜਾਂਦੇ ਤੇ ਲਾਜੋ ਕੰਮ-ਧੰਦੇ ਤੋਂ ਵਿਹਲੀ ਹੋ ਕੇ ਟੂਟੀ ਹੇਠ ਨਹਾਉਣ ਬੈਠਦੀ। ਪਰਦੇ ਦੇ ਖ਼ਿਆਲ ਨਾਲ ਹੀ ਘਰੇ ਨਲਕਾ ਲਗਵਾਇਆ ਸੀ। ਲਾਜੋ ਨੇ ਕੋਠੇ ਵੱਲ ਦੇਖਣਾ ਛੱਡ ਦਿੱਤਾ ਸੀ। ਪਰ ਉਸ ਰਾਤ ਮਿਰਜਾ ਯਾਰ ਦੋਸਤਾਂ ਨਾਲ ਦਸਿਹਰੇ ਦੇ ਜਸ਼ਨ ਮਨਾਉਂਦੇ ਘਰੋਂ ਗਾਇਬ ਰਹੇ। ਸਵੇਰੇ ਸੰਗਦੇ ਸ਼ਰਮਾਉਂਦੇ ਜਿਹੇ ਪਰਤੇ ਤੇ ਜਲਦੀ ਜਲਦੀ ਨਹਾ ਧੋ ਕੇ ਸਟੋਰ ਚਲੇ ਗਏ। ਲਾਜੋ ਚੜ੍ਹੀ ਬੈਠੀ ਸੀ। ਉਦੋਂ ਹੀ ਉਸਦੀ ਨਜ਼ਰ ਕੋਠੇ ਵੱਲ ਗਈ ਜਾਂ ਸ਼ਾਇਦ ਉਸ ਦਿਨ ਮਿਠੂਏ ਦੀਆਂ ਨਜ਼ਰਾਂ ਵਿਚੋਂ ਬਰਛੇ ਨਿਕਲ ਰਹੇ ਸਨ ਜਿਹੜੇ ਉਸਦੇ ਗਿੱਲੇ ਜਿਸਮ ਵਿਚ ਪੁਰ ਗਏ ਸਨ ਤੇ ਮੁੰਡੇ ਦੀ ਬੜੇ ਦਿਨਾਂ ਬਾਅਦ ਉਸ ਦਿਨ ਪਤੰਗ ਕੱਟੀ ਗਈ ਸੀ। ਡੋਰ ਟੁੱਟੀ ਤਾਂ ਲਾਜੋ ਦੀ ਪਿੱਠ ਉੱਤੇ ਘਸੜਾ ਮਾਰਦੀ ਗਈ। ਲਾਜੋ ਨੇ ਸਿਸਕਾਰੀ ਜਿਹੀ ਲਈ ਤੇ ਜਾਣੇ ਜਾਂ ਅਣਜਾਣੇ ਵਿਚ ਬਗ਼ੈਰ ਚਾਦਰ ਉੱਤੇ ਲਏ ਉੱਠ ਕੇ ਕੋਠੜੀ ਵਿਚ ਚਲੀ ਗਈ। ਇਕ ਬਿਜਲੀ ਜਿਹੀ ਲਿਸ਼ਕੀ ਤੇ ਸਾਹਮਣੇ ਵਾਲੇ ਕੋਠੇ ਉੱਤੇ ਡਿੱਗੀ। ਫੇਰ ਉਸਨੂੰ ਖ਼ਿਆਲ ਆਇਆ ਕਿ ਟੂਟੀ ਤਾਂ ਚੱਲਦੀ ਹੀ ਛੱਡ ਆਈ ਸੀ। ਸੋ ਵਾਪਸ ਓਨੀਂ ਪੈਰੀਂ ਦੌੜੀ।
ਇਸ ਤੋਂ ਪਿੱਛੋਂ ਜਦੋਂ ਵੀ ਲਾਜੋ ਹਲਵਾਈ ਦਿਓਂ ਕੁਝ ਮੰਗਵਾਉਣ ਲਈ ਟਾਟ ਦਾ ਪਰਦਾ ਸਰਕਾਉਂਦੀ—ਮਿਠੂਆ ਉਸਨੂੰ ਨੇੜੇ-ਤੇੜੇ ਫਿਰਦਾ ਹੋਇਆ ਨਜ਼ਰ ਆਉਂਦਾ।
“ਓਇ ਮਿਠੂਏ, ਸਾਰਾ ਦਿਨ ਮਿੱਟੀ ਦਾ ਮਾਧੋ ਬਣਿਆ ਬੈਠਾ ਰਹਿਣੈ, ਜਾਹ ਜ਼ਰਾ ਦੋ ਕਚੌਰੀਆਂ ਤਾਂ ਲਿਆ ਦੇ, ਚਟਨੀ ਵਿਚ ਖ਼ੂਬ ਸਾਰੀਆਂ ਮਿਰਚਾਂ ਪੁਆ ਲਈਂ।”
ਫੇਰ ਮਿਠੂਆ ਹੋਰ ਵੀ ਖੁੱਲ੍ਹ ਗਿਆ। ਜੇ ਗਲਤੀ ਨਾਲ ਨਹਾਉਣ ਵੇਲੇ ਕੋਠੇ 'ਤੇ ਨਾ ਨਜ਼ਰ ਆਉਂਦਾ ਤਾਂ ਫੜਫੜਾ ਕੇ ਜਾਗ ਉਠਦਾ। ਜਿਹੜਾ ਪਿਆਰ ਉਹ ਸਾਰੀ ਉਮਰ ਦੋਵਾਂ ਹੱਥਾਂ ਨਾਲ ਲੁਟਾਂਦੀ ਆਈ ਸੀ, ਮਿਠੂਏ ਲਈ ਵੀ ਹਾਜ਼ਰ ਸੀ। ਮਿਰਜ਼ਾ ਦੇ ਕਿਸੇ ਡੰਗ ਖਾਣਾ ਨਾ ਖਾਂਦੇ ਤਾਂ ਉਹ ਸੁੱਟ ਥੋੜੇ ਹੀ ਦੇਂਦੀ ਸੀ...ਕਿਸੇ ਗਰੀਬ, ਲੋੜਮੰਦ ਨੂੰ ਦੇ ਦੇਂਦੀ ਸੀ ਤੇ ਮਿਠੂਏ ਨਾਲੋਂ ਵੱਧ ਲੋੜਮੰਦ ਉਸਦੀ ਮਿਹਰ ਨਜ਼ਰ ਵਿਚ ਹੋਰ ਕੌਣ ਹੋ ਸਕਦਾ ਸੀ...
ਮਿਰਜ਼ਾ ਨੇ ਲਾਜੋ ਦੇ ਪੈਰਾਂ ਵਿਚ ਵਿਆਹ ਦੀ ਬੇੜੀ ਪਾ ਕੇ ਸੋਚ ਲਿਆ ਕਿ ਹੁਣ ਬਣ ਗਈ ਉਹ ਕਬੀਲਦਾਰ। ਆਪਣੀਆਂ ਅੱਖਾਂ ਨਾਲ ਨਾ ਦੇਖਦੇ ਤਾਂ ਯਕੀਨ ਵੀ ਨਾ ਕਰਦੇ। ਲਾਜੋ ਨੇ ਜਦੋਂ ਉਹਨਾਂ ਨੂੰ ਇੰਜ ਬੇਵਕਤ ਚੌਖਟ ਤੇ ਖੜ੍ਹੇ ਦੇਖਿਆ ਤਾਂ ਬੇਮੁਹਾਰੇ ਹੀ ਉਸਦੀ ਹਾਸੀ ਨਿਕਲ ਗਈ। ਉਸਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਮਿਰਜ਼ਾ ਏਨਾ ਬੁਰਾ ਮੰਨ ਜਾਣਗੇ, ਪਰ ਮਿਠੂਆ ਤਾੜ ਗਿਆ ਤੇ ਤੰਬੀ ਚੁੱਕ ਕੇ ਇੰਜ ਨੱਸਿਆ ਕਿ ਤਿੰਨ ਪਿੰਡ ਪਾਰ ਕਰਕੇ ਹੀ ਸਾਹ ਲਿਆ।
ਮਿਰਜ਼ਾ ਨੇ ਲਾਜੋ ਨੂੰ ਏਨਾ ਕੁਟਾਪਾ ਚਾੜ੍ਹਿਆ ਕਿ ਜੇ ਉਸਨੇ ਦੁਨੀਆਂ ਦੀਆਂ ਗਰਮ-ਸਰਦ ਹਵਾਵਾਂ ਨਾ ਝੱਲੀਆਂ ਹੁੰਦੀਆਂ ਤਾਂ ਉਹ ਅੱਲਾ ਨੂੰ ਪਿਆਰੀ ਹੋ ਗਈ ਹੁੰਦੀ। ਉਸੇ ਵੇਲੇ ਇਹ ਖ਼ਬਰ ਸਾਰੇ ਮੁਹੱਲੇ ਵਿਚ ਅੱਗ ਵਾਂਗ ਫ਼ੈਲ ਗਈ ਕਿ ਮਿਰਜ਼ਾ ਨੇ ਆਪਣੀ ਘਰਵਾਲੀ ਨੂੰ ਮਿਠੂਏ ਨਾਲ ਫੜ੍ਹ ਲਿਆ ਤੇ ਦੋਵਾਂ ਨੂੰ ਮਾਰ ਮੁਕਾਇਆ ਹੈ। ਮਿਰਜ਼ਾ ਦਾ ਮੂੰਹ ਕਾਲਾ ਹੋ ਗਿਆ। ਖ਼ਾਨਦਾਨ ਦੀ ਨੱਕ ਕੱਟੀ ਗਈ। ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋ ਗਏ, ਪਰ ਇਹ ਦੇਖ ਕੇ ਉਹਨਾਂ ਨੂੰ ਬੜਾ ਅਫਸੋਸ ਹੋਇਆ ਕਿ ਮਿਠੂਆ ਛਾਲੀਂ ਹੋ ਚੁੱਕਿਆ ਸੀ ਤੇ ਘਰਵਾਲੀ ਟੁੱਟੀ-ਫੁੱਟੀ ਪਈ ਹੈ। ਪਰ ਅੰਦਰਦੀ ਖ਼ਬਰ ਲਿਆਈ ਰਾਮੂ ਦੀ ਦਾਦੀ। ਕੋਈ ਸੋਚੇਗਾ ਕਿ ਏਨੀਆਂ ਜੁੱਤੀਆਂ ਖਾ ਕੇ ਲਾਜੋ ਨੂੰ ਮਿਰਜ਼ਾ ਦੀ ਸੂਰਤ ਨਾਲ ਵੀ ਨਫ਼ਰਤ ਹੋ ਗਈ ਹੋਏਗੀ। ਤੋਬਾ ਕਰੋ, ਜੁੱਤੀ-ਫੇਰੀ ਨਾਲ ਤਾਂ ਅਸਲ ਬੰਧਨ ਮਜ਼ਬੂਤ ਹੋਇਆ ਜਿਹੜਾ ਨਿਕਾਹ ਨਾਲ ਨਹੀਂ ਸੀ ਹੋਇਆ। ਹੋਸ਼ ਵਿਚ ਆਉਂਦੀ ਹੀ ਮਿਰਜ਼ਾ ਬਾਰੇ ਪੁੱਛਣ ਲੱਗੀ। ਉਸਦੇ ਸਾਰੇ ਆਕਾ ਦੇਰ ਸਵੇਰ ਉਸਦੇ ਆਸ਼ਕ ਬਣ ਬੈਠਦੇ ਸਨ। ਇਸ ਮਿਹਰਬਾਨੀ ਤੋਂ ਬਾਅਦ ਤਨਖਾਹ ਦਾ ਸਵਾਲ ਖ਼ਤਮ ਹੋ ਜਾਂਦਾ। ਮੁਫ਼ਤ ਦੀ ਰਗੜਾਈ, ਉੱਪਰੋਂ ਚਾਰ ਚੋਟ ਦੀ ਮਾਰ...ਮਿਰਜ਼ਾ ਨੇ ਅੱਜ ਤਕ ਉਸਨੂੰ ਫੁੱਲਾਂ ਦੀ ਛੜੀ ਨਹੀਂ ਛੁਹਾਈ ਸੀ। ਦੂਸਰੇ ਆਕਾ ਉਸਨੂੰ ਯਾਰਾਂ ਦੋਸਤਾਂ ਨੂੰ ਵੀ ਪੇਸ਼ ਕਰ ਦੇਂਦੇ ਸਨ, ਮਿਰਜ਼ਾ ਨੇ ਅੱਜ ਤਕ ਉਸਨੂੰ ਆਪਣੀ ਚੀਜ਼ ਸਮਝਿਆ, ਉਸ ਉੱਤੇ ਆਪਣਾ ਹੱਕ ਦਿਖਾਇਆ। ਇਹ ਉਸਦੀ ਇੱਜ਼ਤ ਵਧਾਈ ਹੀ ਸੀ। ਹਾਲਾਂਕਿ ਇਸਤੇਮਾਲ ਵਿਚ ਰਹਿੰਦੀ ਸੀ, ਫੇਰ ਵੀ ਉਹਨਾਂ ਨੂੰ ਏਨੀ ਪਿਆਰੀ ਸੀ ਕਿ ਆਪਣੀ ਪੀੜਾਂ ਉੱਤੇ ਮਿਰਜ਼ਾ ਦੀ ਪੀੜ ਭਾਰੂ ਹੋ ਗਈ। ਸਾਰਿਆਂ ਨੇ ਉਸਨੂੰ ਸਮਝਾਇਆ ਜਾਨ ਦੀ ਖ਼ੈਰ ਚਾਹੁੰਦੀ ਏਂ ਤਾਂ ਭੱਜ ਜਾਹ, ਪਰ ਉਹ ਨਹੀਂ ਮੰਨੀ।
ਮੀਰਨ ਮੀਆਂ ਨੇ ਮਿਰਜ਼ਾ ਨੂੰ ਰੋਕਿਆ ਹੋਇਆ ਸੀ ਨਹੀਂ ਤਾਂ ਨੱਕ ਗੁੱਤ ਕੱਟ ਕੇ ਕਤਲ ਕੀਤੇ ਬਗ਼ੈਰ ਛੁਟਕਾਰਾ ਨਹੀਂ ਸੀ। ਉਹਨਾਂ ਦੀ ਨੱਕ ਕੱਟੀ ਗਈ ਸੀ; ਲਾਜੋ ਜਿਊਂਦੀ ਬਚ ਗਈ ਸੀ। ਹੁਣ ਉਹ ਦੁਨੀਆਂ ਨੂੰ ਕਿੰਜ ਮੂੰਹ ਦਿਖਾਉਣਗੇ।
“ਓਇ ਇਕ ਤੀਵੀਂ ਖਾਤਰ ਫਾਂਸੀ ਚੜ੍ਹ ਜਾਏਂਗਾ...”
“ਕੋਈ ਪ੍ਰਵਾਹ ਨਹੀਂ।”
“ਮੀਆਂ ਤਲਾਕ ਦੇ ਦਿਓ ਸਾਲੀ ਨੂੰ।” ਮੀਰਨ ਮੀਆਂ ਨੇ ਸਮਝਾਇਆ। ਕੋਈ ਸ਼ਰੀਫਜਾਦੀ ਹੁੰਦੀ ਤਾਂ ਹੋਰ ਗੱਲ ਸੀ।
ਮਿਰਜ਼ਾ ਨੇ ਉਸੇ ਵੇਲੇ ਤਲਾਕ ਦੇ ਦਿੱਤਾ। ਮੁਬਲਗ 32 ਰੁਪਏ ਮਿਹਰ ਤੇ ਉਸਦੇ ਕੱਪੜੇ ਲੀੜੇ ਰਾਮੂ ਦੀ ਦਾਦੀ ਦੇ ਘਰ ਭੇਜ ਦਿੱਤੇ।
ਜਦੋਂ ਲਾਜੋ ਨੂੰ ਤਲਾਕ ਦੀ ਖ਼ਬਰ ਮਿਲੀ ਤਾਂ ਉਸਦੀ ਜਾਨ ਵਿਚ ਜਾਨ ਆ ਗਈ। ਜਿਵੇਂ ਸਿਰ ਤੋਂ ਮਣਾਂ ਮੂੰਹੀਂ ਭਾਰ ਲੱਥ ਗਿਆ ਹੋਵੇ। ਨਿਕਾਹ ਵੈਸੇ ਵੀ ਉਸਨੂੰ ਰਾਸ ਨਹੀਂ ਸੀ ਆਇਆ। ਇਹ ਸਭ ਇਸੇ ਕਰਕੇ ਹੋਇਆ, ਚਲੋ ਪਾਪ ਕੱਟਿਆ ਗਿਆ।
“ਮੀਆਂ ਤਾਂ ਨਾਰਾਜ਼ ਨਹੀਂ?” ਉਸਨੇ ਰਾਮੂ ਦੀ ਦਾਦੀ ਨੂੰ ਪੁੱਛਿਆ।
“ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦੇ, ਕਿਹੈ ਕਿ ਇੱਥੋਂ ਮੂੰਹ ਕਾਲਾ ਕਰ ਜਾ।”
ਮਿਰਜ਼ਾ ਦੀ ਤਲਾਕ ਦੀ ਖ਼ਬਰ ਸਾਰੇ ਮੁਹੱਲੇ ਵਿਚ ਝਟਪਟ ਫੈਲ ਗਈ। ਫ਼ੌਰਨ ਲਾਲੇ ਨੇ ਪੈਗ਼ਾਮ ਭਿਜਵਾਇਆ, “ਬੰਗਲਾ ਤਿਆਰ ਹੈ।”
“ਉਸ ਵਿਚ ਆਪਣੀ ਮਾਂ ਨੂੰ ਬਿਠਾਅ ਦੇ...” ਲਾਜੋ ਨੇ ਕਹਿ ਦਿੱਤਾ। ਮੁਬਲਗ 32 ਰੁਪਏ ਵਿਚੋਂ ਦਸ ਉਸਨੇ ਰੋਟੀ ਪਾਣੀ ਦੇ ਰਾਮੂ ਦੀ ਮਾਂ ਨੂੰ ਦੇ ਦਿੱਤੇ । ਤੰਗ ਪਾਜਾਮੇ ਸ਼ਕੂਰੇ ਦੀ ਬਹੂ ਦੇ ਹੱਥ ਔਣੇ-ਪੌਣੇ ਵੇਚ ਲਏ। ਪੰਦਰਾਂ ਦਿਨਾਂ ਵਿਚ ਲੁਟਪੁਟ ਜਾਣ ਪਿੱਛੋਂ ਖੜ੍ਹੀ ਹੋ ਗਈ। ਕੰਮਬਖ਼ਤ ਦੀ ਜਿਵੇਂ ਧੂੜ, ਝੜ ਗਈ ਹੋਵੇ। ਜੁੱਤੀਆਂ ਖਾ ਕੇ ਹੋਰ ਨਿਖਰ ਆਈ। ਲੱਕ ਸੌ-ਸੌ ਵਲ ਖਾਣ ਲੱਗਾ। ਪਾਨ ਦਾ ਬੀੜਾ ਲੈਣ ਲਈ ਜਾਂ ਕਚੌਰੀਆਂ ਲੈਣ ਹਲਵਾਈ ਦੀ ਦੁਕਾਨ ਤੀਕ ਜਾਂਦੀ ਤਾਂ ਗਲੀ ਦੀ ਚਹਿਲ-ਪਹਿਲ ਵਧ ਜਾਂਦੀ।
ਮਿਰਜ਼ਾ ਦੇ ਦਿਲ ਉੱਤੇ ਆਰੇ ਚੱਲਦੇ। ਇਕ ਦਿਨ ਪਨਵਾੜੀ ਦੇ ਖੜ੍ਹੀ ਲੈਚੀ ਦੇ ਦਾਣਿਆਂ ਲਈ ਝਗੜ ਰਹੀ ਸੀ। ਉਹ ਮਜ਼ੇ ਲੈ ਰਿਹਾ ਸੀ। ਮਿਰਜ਼ਾ ਅੱਖ ਬਚਾਅ ਕੇ ਪਾਸੇ ਦੀ ਨਿਕਲ ਗਏ।
“ਓਇ ਬਈ ਤੇਰੀ ਤਾਂ ਮੱਤ ਮਾਰੀ ਗਈ ਏ। ਹੁਣ ਤੇਰੀ ਬਲਾ ਨਾਲ ਉਹ ਕੁਝ ਕਰਦੀ ਫਿਰੇ। ਤੂੰ ਤਾਂ ਤਲਾਕ ਦੇ ਦਿੱਤਾ ਏ। ਤੇਰਾ ਹੁਣ ਉਸ ਨਾਲ ਕੀ ਵਾਸਤਾ?”
“ਮੇਰੀ ਘਰਵਾਲੀ ਸੀ, ਮੈਂ ਕਿੰਜ ਬਰਦਾਸ਼ਤ ਕਰ ਸਕਦਾਂ?” ਮਿਰਜ਼ਾ ਹਿਰਖ ਗਏ।
“ਫੇਰ ਕੀ ਹੋਇਆ, ਹੁਣ ਤਾਂ ਤੇਰੀ ਬੀਵੀ ਨਹੀਂ। ਜੇ ਸੱਚ ਪੁੱਛਣੈ ਤਾਂ ਉਹ ਤੇਰੀ ਹੈ ਈ ਨਹੀਂ ਸੀ।”
“ਤੇ ਨਿਕਾਹ ਜਿਹੜਾ ਹੋਇਆ ਸੀ?”
“ਬਿਲਕੁਲ ਨਾਜਾਇਜ਼...”
“ਯਾਨੀ ਕਿ...”
“ਹੋਇਆ ਈ ਨਹੀਂ ਬਰਾਦਰ। ਪਤਾ ਨਹੀਂ ਉਹ ਕਿਸ ਦੀ ਨਾਜਾਇਜ਼ ਔਲਾਦ ਹੋਏਗੀ। ਨਾਜਾਇਜ਼ ਨਾਲ ਨਿਕਾਹ ਹਰਾਮ ਹੁੰਦੈ।'' ਮੀਰਨ ਮੀਆਂ ਨੇ ਗੱਲ ਮੇਲੀ।
“ਤਾਂ ਨਿਕਾਹ ਹੋਇਆ ਹੀ ਨਹੀਂ?”
“ਕਤਈ ਨਹੀਂ।” ਬਾਅਦ ਵਿਚ ਮੁੱਲਾ ਜੀ ਨੇ ਵੀ ਸਾਫ ਕਰ ਦਿੱਤਾ ਕਿ ਹਰਾਮੀ ਔਲਾਦ ਨਾਲ ਨਿਕਾਹ ਜਾਇਜ਼ ਨਹੀਂ।”
“ਤਾਂ ਮਤਲਬ ਇਹ ਕਿ ਨੱਕ ਨਹੀਂ ਕੱਟੀ ਗਈ ਸਾਡੀ।” ਮਿਰਜਾ ਦੇ ਸਿਰੋਂ ਬੋਝ ਲੱਥ ਗਿਆ।
“ਬਿਲਕੁਲ ਨਹੀਂ।”
“ਬਈ ਕਮਾਲ ਏ, ਤਾਂ ਤੇ ਫੇਰ ਤਲਾਕ ਵੀ ਨਹੀਂ ਹੋਇਆ?”
“ਭਰਾ ਮੇਰਿਆ ਨਿਕਾਹੀ ਹੀ ਨਹੀਂ ਹੋਇਆ ਤਾਂ ਫੇਰ ਤਲਾਕ ਕਿਵੇਂ ਹੋ ਸਕਦਾ ਏ?”
“ਮੁਬਲਗ ਬੱਤੀ ਰੁਪਏ ਮਿਹਰ ਦੇ ਮੁਫ਼ਤ ਵਿਚ ਗਏ।” ਮਿਰਜ਼ਾ ਨੂੰ ਦੁੱਖ ਹੋਣ ਲੱਗਾ।
ਫ਼ੌਰਨ ਇਹ ਖ਼ਬਰ ਸਾਰੇ ਮੁਹੱਲੇ ਵਿਚ ਛਲਾਂਗਾਂ ਮਾਰਨ ਲੱਗੀ ਕਿ ਮਿਰਜ਼ਾ ਦਾ ਉਹਨਾਂ ਦੀ ਘਰਵਾਲੀ ਨਾਲ ਨਿਕਾਹ ਹੀ ਨਹੀਂ ਹੋਇਆ, ਨਾ ਤਲਾਕ ਹੋਈ—ਹਲਾਂਕਿ ਮੁਬਲਗ ਦੇ ਬੱਤੀ ਰੁਪਏ ਜ਼ਰੂਰ ਡੁੱਬ ਗਏ।
ਲਾਜੋ ਨੇ ਇਹ ਖੁਸ਼ਖਬਰੀ ਸੁਣੀ ਤਾਂ ਨੱਚ ਉੱਠੀ, ਸੀਨੇ ਤੋਂ ਭਾਰ ਲੱਥ ਗਿਆ। ਨਿਕਾਹ ਤੇ ਤਲਾਕ ਇਕ ਭਿਆਨਕ ਸੁਪਨਾ ਸੀ, ਜਿਹੜਾ ਟੁੱਟ ਗਿਆ ਤੇ ਜਾਨ ਛੁੱਟੀ।
ਸਭ ਤੋਂ ਵਧ ਖੁਸ਼ੀ ਸੀ ਤਾਂ ਇਸ ਗੱਲ ਦੀ ਸੀ ਕਿ ਮੀਆਂ ਦੀ ਨੱਕ ਨਹੀਂ ਸੀ ਕੱਟੀ ਗਈ। ਉਸਨੂੰ ਮੀਆਂ ਦੀ ਇੱਜ਼ਤ ਜਾਣ ਦਾ ਬੜਾ ਦੁੱਖ ਸੀ। ਹਰਾਮੀ ਹੋਣਾ ਕਿੰਨੇ ਮੌਕੇ 'ਤੇ ਕੰਮ ਆਇਆ। ਰੱਬ ਨਾ ਕਰੇ ਜੇ ਉਹ ਕਿਸੇ ਦੀ ਜਾਇਜ਼ ਔਲਾਦ ਹੁੰਦੀ ਤਾਂ ਛੁੱਟੀ ਹੋ ਜਾਂਦੀ। ਰਾਮੂ ਦੀ ਦਾਦੀ ਦੇ ਘਰ ਵਿਚ ਉਸਦਾ ਦਮ ਘੁਟ ਰਿਹਾ ਸੀ। ਜ਼ਿੰਦਗੀ ਵਿਚ ਕਦੀ ਇੰਜ ਘਰ ਦੀ ਮਾਲਕਣ ਬਣ ਕੇ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਉਸਨੂੰ ਘਰ ਦੀ ਫਿਕਰ ਲੱਗੀ ਹੋਈ ਸੀ। ਚੋਰੀ ਚਕਾਰੀ ਦੇ ਡਰ ਨਾਲ ਮੀਆਂ ਨੇ ਏਨੇ ਦਿਨਾਂ ਦੀ ਝਾੜੂ ਵੀ ਨਹੀਂ ਦਿਵਾਈ ਸੀ...ਕੂੜੇ ਦੇ ਢੇਰ ਲੱਗ ਗਏ ਹੋਣਗੇ। ਉਹ ਸਟੋਰ ਜਾ ਰਹੇ ਸਨ। ਲਾਜੋ ਨੇ ਰਸਤਾ ਰੋਕ ਲਿਆ:
“ਫੇਰ ਮੀਆਂ ਕੱਲ੍ਹ ਤੋਂ ਕੰਮ 'ਤੇ ਆ ਜਾਵਾਂ...?” ਉਹ ਠੁਣਕੀ।
“ਲਾਹੌਲ ਵਲਾ ਕੁਵੱਤ।” ਮੀਆਂ ਸਿਰ ਝੁਕਾ ਕੇ ਲੰਮੀਆਂ-ਲੰਮੀਆਂ ਪਲਾਂਘਾਂ ਪੁੱਟਦੇ ਨਿਕਲ ਗਏ। ਦਿਲ ਵਿਚ ਸੋਚਿਆ ਇਸ ਦੇ ਮਨ ਵਿਚ ਕੋਈ ਗੱਲ ਜ਼ਰੂਰ ਹੈ, ਬਦਕਾਰ ਹੀ ਸੀ, ਪਰ ਪਿਛਲੇ ਮਾਮਲੇ ਤਾਂ ਸਾਰੇ ਨਿਬੜ ਹੀ ਗਈ ਨੇ।
ਲਾਜੋ ਨੇ ਕਲ੍ਹ ਦੀ ਉਡੀਕ ਨਹੀਂ ਕੀਤੀ। ਛੱਤੋ ਛੱਤ ਹੁੰਦੀ ਹੋਈ ਵਿਹੜੇ ਵਿਚ ਜਾ ਛਾਲ ਮਾਰੀ। ਲਹਿੰਗੇ ਦਾ ਲੰਗੋਟ ਬਣਾਇਆ ਤੇ ਜੁਟ ਗਈ।
ਸ਼ਾਮੀਂ ਮਿਰਜਾ ਵਾਪਸ ਆਏ ਤਾਂ ਲੱਗਿਆ ਜਿਵੇਂ ਮੋਈ ਹੋਈ ਅੰਮਾ ਬੀ ਵਾਪਸ ਆ ਹੋਏ। ਘਰ ਸਾਫ ਸੀ, ਚੰਦਨ ਵਾਂਗ। ਧੂਫ ਦੀ ਨਿੰਮੀ ਨਿੰਮੀ ਖੁਸ਼ਬੂ, ਕੋਰੇ ਮਟਕੇ ਉੱਤੇ ਲਿਸ਼ਲਿਸ਼ ਕਰਦਾ ਮਾਂਜਿਆ ਹੋਇਆ ਕਟੋਰਾ; ਗੱਚ ਭਰ ਆਇਆ। ਚੁੱਪਚਾਪ ਭੁੰਨਿਆਂ ਹੋਇਆ ਮੀਟ ਤੇ ਗਰਮਾ-ਗਰਮ ਰੋਟੀਆਂ ਖਾਂਦੇ ਰਹੇ। ਲਾਜੋ ਆਪਣੀ ਹੈਸੀਅਤ ਮੁਤਾਬਕ ਦਹਿਲੀਜ਼ ਉੱਤੇ ਬੈਠੀ ਪੱਖਾ ਝੱਲਦੀ ਰਹੀ।
ਰਾਤੀਂ ਜਦੋਂ ਰਸੋਈ ਵਿਚੋਂ ਵਾਪਸ ਆਈ ਤੇ ਦੋ ਟਾਟ ਜੋੜ ਕੇ ਲੇਟ ਗਈ ਤਾਂ ਮਿਰਜਾ ਨੂੰ ਫੇਰ ਡਾਢੀ ਪਿਆਸ ਦਾ ਦੌਰਾ ਪੈ ਗਿਆ। ਮਨ ਮਾਰ ਕੇ ਪਏ ਉਸਦੇ ਕੜਿਆਂ ਦੀ ਝਣਕਾਰ ਸੁਣਦੇ ਤੇ ਪਾਸੇ ਪਰਤਦੇ ਰਹੇ। ਦਿਲ ਵਿਚ ਡਰ ਸੀ ਕਿ ਬੜੀ ਬੇਕਦਰੀ ਕੀਤੀ ਸੀ ਉਹਨਾਂ ਉਸਦੀ।
“ਲਾਹੌਲ ਵਲਾ ਕੁਵੱਤ...” ਅਚਾਨਕ ਉਸ ਬੜਬੜਾਉਂਦੇ ਹੋਏ ਉੱਠੇ ਤੇ ਟਾਟ 'ਤੇ ਪਈ ਘਰਵਾਲੀ ਨੂੰ ਸਮੇਟ ਲਿਆ।
--- --- ---

Saturday, June 25, 2011

ਸ਼ਹਿਰ ਦੇ ਨਾਂਅ... :: ਲੇਖਕਾ : ਮਰਿਦੁਲਾ ਗਰਗ



ਹਿੰਦੀ ਕਹਾਣੀ :

ਲੇਖਕਾ : ਮਰਿਦੁਲਾ ਗਰਗ :
ਸੰਪਰਕ :-01129222140.

ਅਨੁਵਾਦ : ਮਹਿੰਦਰ ਬੇਦੀ, ਜੈਤੋ


ਇਹ ਮੇਰਾ ਆਖ਼ਰੀ ਖ਼ਤ ਹੈ ਤੇ ਮੈਥੋਂ ਫੈਸਲਾ ਨਹੀਂ ਹੋ ਰਿਹਾ ਕਿ ਇਹ ਮੈਂ ਕਿਸ ਦੇ ਨਾਂਅ ਲਿਖਾਂ! ਇੰਜ ਪਹਿਲਾਂ ਕਦੀ ਨਹੀਂ ਹੋਇਆ। ਮੈਨੂੰ ਖ਼ਤ ਲਿਖਣ ਦਾ ਸ਼ੌਕ ਹੈ। ਦਿਮਾਗ਼ ਉਪਰ ਦਸਤਕ ਹੋਈ ਨਹੀਂ ਕਿ ਖ਼ਤ ਲਿਖਣ ਬੈਠ ਗਈ। ਜਿਸ ਦਾ ਵੀ ਖ਼ਿਆਲ ਪਹਿਲਾਂ ਜ਼ਿਹਨ ਵਿਚ ਆਉਂਦਾ—ਉਸੇ ਦੇ ਨਾਂਅ। ਮਾਂ ਦੇ, ਬੱਪਾ ਦੇ, ਨਵੇਂ ਬਣੇ ਦੋਸਤਾਂ ਦੇ, ਵਰ੍ਹਿਆਂ ਤੋਂ ਛੁੱਟੀਆਂ ਸਹੇਲੀਆਂ ਦੇ, ਕਿਸੇ ਦੇ ਵੀ ਨਾਂਅ। ਜਵਾਬ ਆਵੇ, ਭਾਵੇਂ ਨਾ—ਪਰਵਾਹ ਨਹੀਂ।
ਜਵਾਬ ਘੱਟ ਹੀ ਆਉਂਦਾ ਹੈ। ਹਰ ਕਿਸੇ ਨੂੰ ਖ਼ਤ ਲਿਖਣ ਦਾ ਸ਼ੌਕ ਨਹੀਂ ਹੁੰਦਾ ਨਾ। ਪਿੱਛੋਂ ਮੁਲਾਕਾਤ ਹੁੰਦੀ, ਤਾਂ ਲੋਕ ਝਿਜਕ-ਜਿਹੀ ਨਾਲ ਕਹਿੰਦੇ, ਮੁਆਫ਼ ਕਰੀਂ, ਸੋਚਿਆ ਬੜਾ ਪਰ ਤੇਰੇ ਖ਼ਤ ਦਾ ਜਵਾਬ ਨਹੀਂ ਦੇ ਸਕੇ। ਕੀ ਕਰੀਏ, ਇਹ ਸ਼ਹਿਰ ਹੀ ਐਸਾ ਹੈ—ਏਨਾ ਉਲਝਾਈ ਰੱਖਦਾ ਹੈ ਕਿ ਵਿਹਲ ਹੀ ਨਹੀਂ ਮਿਲਦੀ। ਮੈਂ ਹੱਸ ਪੈਂਦੀ। ਲਓ, ਸ਼ਹਿਰ ਨੂੰ ਕਿਉਂ ਬਦਨਾਮ ਕਰ ਰਹੇ ਹੋ। ਜਵਾਬ ਨਹੀਂ ਦਿੱਤਾ, ਨਾ ਸਹੀ। ਮੈਨੂੰ ਚਾਹੀਦਾ ਵੀ ਨਹੀਂ। ਖ਼ਤ ਤਾਂ ਪਿਆਰ ਵਾਂਗ ਹੁੰਦਾ ਹੈ, ਜਵਾਬ ਨਹੀਂ ਮੰਗਦਾ।
ਕਿਵੇਂ ਏਨਾ ਕੱਚਾ-ਜਿਹਾ ਹਾਸਾ-ਹੱਸ ਲੈਂਦੇ ਨੇ ਇਹ ਲੋਕ? ਪਿਆਰ—ਤੇ ਜਵਾਬ ਨਾ ਚਾਹੇ; ਕਿਹੜੀ ਸਦੀ ਦੀ ਗੱਲ ਕਰ ਰਹੀ ਏਂ? ਉਹ ਕਹਿੰਦੇ ਨਹੀਂ—ਪਰ ਕਿਹਾ, ਅਣ-ਕਿਹਾ ਸਭ ਮੈਂ ਸਮਝ ਜਾਂਦੀ ਹਾਂ। ਕਿਹੜੇ ਪਿਆਰ ਦੀ ਗੱਲ ਕਰ ਗਏ ਨੇ ਇਹ ਲੋਕ, ਮੈਂ ਸੋਚਦੀ ਰਹਿ ਜਾਂਦੀ ਹਾਂ। ਸ਼ਾਇਦ ਔਰਤ-ਮਰਦ ਦੇ ਪਿਆਰ ਵਾਲੀ ਗੱਲ। ਪਰ ਮੇਰਾ ਮਤਲਬ ਉਸ ਤੋਂ ਨਹੀਂ ਸੀ। ਮੇਰੇ ਲਈ ਪਿਆਰ ਦਾ ਮਤਲਬ ਸੀ ਦੇਣਾ। ਖ਼ੁਦ ਨੂੰ ਦੇਣਾ। ਨਹੀਂ...ਨਹੀਂ, ਜਿਸਮ ਨਹੀਂ।
ਉਹ ਇਹੀ ਮਤਲਬ ਕੱਢਦੇ ਸੀ, ਮੈਂ ਹੁਣ ਸਮਝ ਗਈ ਹਾਂ, ਪਰ ਇਹ ਗਲਤ ਹੈ। ਕੀ ਮੈਂ ਸਿਰਫ ਇਕ ਜਿਸਮ ਹਾਂ? ਜਿਸਮ ਤਾਂ ਘਰ ਹੈ ਮੇਰਾ। ਮੈਂ ਉਸ ਵਿਚ ਰਹਿੰਦੀ ਹਾਂ। ਹਰ ਘਰ ਦੀ ਇਕ ਆਤਮਾ ਹੁੰਦੀ ਹੈ। ਮੇਰੇ ਘਰ ਦੀ ਵੀ ਹੈ। ਮੈਂ ਉਹ ਆਤਮਾ ਲੋਕਾਂ ਵਿਚ ਵੰਡਣਾ ਚਾਹੁੰਦੀ ਸਾਂ—ਘਰ ਹੀ ਉਹਨਾਂ ਦੇ ਹਵਾਲੇ ਕਰ ਦੇਂਦੀ ਤਾਂ ਆਤਮਾ ਕਿੱਥੇ ਰਹਿੰਦੀ?
ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਸਾਂ, 'ਤੁਸੀਂ ਭਲੇ ਓ, ਮੈਨੂੰ ਅੱਛੇ ਲਗਦੇ ਓ। ਤੁਹਾਡੀ ਜਗਿਆਸਾ, ਤੁਹਾਡੀ ਦ੍ਰਿਸ਼ਟੀ, ਤੁਹਾਡੀ ਤਤਪਰਤਾ, ਤੁਹਾਡੀ ਸਥਿਰਤਾ, ਤੁਹਾਡੀ ਹਾਸੀ, ਤੁਹਾਡੀ ਚੁੱਪ।' ਕੁਛ ਵੀ। ਹਰ ਆਦਮੀ ਵਿਚ ਕੁਛ ਹੁੰਦਾ ਜ਼ਰੂਰ ਹੈ ਜਿਹੜਾ ਦੂਜਿਆਂ ਨੂੰ ਚੰਗਾ ਲਗਦਾ ਹੈ। ਉਹੀ ਮੈਂ ਉਸ ਨਾਲ ਵੰਡ ਲੈਣਾ ਚਾਹੁੰਦੀ ਸਾਂ। ਹਰ ਕਿਸੇ ਵਿਚ ਕੁਛ ਸੀ ਜਿਹੜਾ ਮੈਨੂੰ ਪਸੰਦ ਸੀ। 'ਤੂੰ ਮੈਨੂੰ ਪਸੰਦ ਹੈਂ,' ਮੈਂ ਕਹਿਣਾ ਚਾਹੁੰਦੀ ਸਾਂ, 'ਤੂੰ, ਤੂੰ, ਤੁਸੀਂ ਵੀ।'
ਕਿਸੇ ਇਕ ਨੂੰ ਜੀਵਨ ਸਾਥੀ ਬਣਾਉਣ ਦਾ ਸਵਾਲ, ਦੂਜਾ ਸੀ—ਬਿਲਕੁਲ ਵੱਖਰਾ। ਕੀ ਦੱਸਾਂ ਤੁਹਾਨੂੰ, ਮੈਨੂੰ ਬੱਚੇ ਕਿੰਨੇ ਪਿਆਰੇ ਲਗਦੇ ਸੀ! ਕੋਈ ਮੋਟਾ, ਕੋਈ ਗੰਜਾ, ਕੋਈ ਚੁੱਚੀਆਂ ਅੱਖਾਂ ਵਾਲਾ ਤੇ ਕੋਈ ਸੰਘ ਪਾੜ-ਪਾੜ ਰੋਣ ਵਾਲਾ। ਮੈਂ ਆਪਣੇ ਬੱਚੇ ਵੀ ਚਾਹੁੰਦੀ ਸਾਂ। ਕਮ-ਸੇ-ਕਮ ਚਾਰ। ਮੈਨੂੰ ਪਰਵਾਹ ਨਹੀਂ ਸੀ, ਪਰਿਵਾਰ ਨਿਯੋਜਨ ਦੀ। ਬੱਚਿਆਂ ਲਈ ਕਿਸੇ ਇਕ ਨੂੰ ਜੀਵਨ ਸਾਥੀ ਚੁਣਨਾ ਜ਼ਰੂਰੀ ਸੀ—ਤਾਂ ਚੁਣ ਲਵਾਂਗੀ—ਕਾਹਲੀ ਨਹੀਂ ਸੀ; ਸਮਾਂ ਬੜਾ ਪਿਆ ਸੀ ਮੇਰੇ ਕੋਲ। ਹਾਂ, ਇਕ ਗੱਲ ਵਿਚ ਮੈਂ ਫੇਰ-ਬਦਲ ਕਰਨ ਲਈ ਤਿਆਰ ਨਹੀਂ ਸਾਂ। ਬੱਚੇ ਚਾਹੀਦੇ ਸੀ ਚਾਰ; ਕਮ-ਸੇ-ਕਮ ਚਾਰ—ਵਧ ਹੋਣ ਤਾਂ ਵੀ ਠੀਕ। ਬੱਪਾ ਵਾਂਗ ਨਹੀਂ ਕਿ ਇਕ ਪੈਦਾ ਕੀਤਾ ਤੇ ਕਰ ਦਿੱਤੀ ਛੁੱਟੀ। ਕੀ ਕਹਿੰਦੇ ਸਨ ਮੇਰੇ ਬੱਪਾ, 'ਸਰਕਾਰ ਦੋ ਕਹੇ ਤਾਂ ਸਾਨੂੰ ਇਕ ਜੰਮਣਾ ਚਾਹੀਦਾ ਹੈ। ਸਰਕਾਰੀ ਅਫ਼ਸਰਾਂ ਨੂੰ ਮਿਸਾਲ ਬਣਨਾ ਚਾਹੀਦਾ ਹੈ ਹੋਰਨਾਂ ਦੇ ਸਾਹਮਣੇ,' ਕਿੰਨੇ ਫ਼ਖ਼ਰ ਨਾਲ ਖ਼ੁਦ ਕਿਹਾ ਸੀ, ਬੱਪਾ ਨੇ ਮੈਨੂੰ ਇਕ ਦਿਨ।
ਹਾਏ, ਮੈਂ ਸਭ ਕੁਛ ਲਿਖ ਹੀ ਤਾਂ ਦਿੱਤਾ ਸੀ। ਸਿੱਧਾ ਬੱਪਾ ਦੇ ਨਾਂਅ ਖ਼ਤ ਵਿਚ। ਪੜ੍ਹ ਕੇ ਕਿੰਨਾ ਨਾਰਾਜ਼ ਹੋਏ ਸਨ। ਉਹਨਾਂ ਉਪਰੋਂ ਵਿਅੰਗ ਕੀਤਾ, ਇਸ ਕਰਕੇ ਨਹੀਂ ਜਿੰਨਾ ਇਸ ਗੱਲ 'ਤੇ ਕਿ ਮੈਂ ਢੇਰ ਸਾਰੇ ਬੱਚੇ ਚਾਹੁੰਦੀ ਸਾਂ।
'ਚਾਰ-ਚਾਰ ਬੱਚੇ, ਇਸ ਯੁੱਗ ਵਿਚ—ਦੇਸ਼ ਦੀ ਦਿਨੋਂ-ਦਿਨ ਬਦਤਰ ਹੋ ਰਹੀ ਹਾਲਤ ਨੂੰ ਅੱਖੋਂ ਓਹਲੇ ਕਰਕੇ—ਇਸ ਲਈ ਪੜ੍ਹਾਇਆ-ਲਿਖਾਇਆ ਸੀ ਤੈਨੂੰ। ਇਸ ਲਈ ਅਮਰੀਕਾ ਭੇਜਿਆ ਸੀ।' (ਲਓ, ਅਮਰੀਕਾ ਆਉਣ ਦਾ ਮਤਲਬ ਇਹ ਕਿੰਜ ਹੋ ਗਿਆ ਕਿ ਆਦਮੀ ਬੱਚੇ ਪੈਦਾ ਕਰਨਾ ਨਾ ਚਾਹੇ!)
ਉਫ਼, ਕਿੰਨੀ ਗੁਸੈਲ ਤੇ ਮਜ਼ੇਦਾਰ ਚਿੱਠੀ ਲਿਖੀ ਸੀ ਬੱਪਾ ਨੇ ਜਵਾਬ ਵਿਚ। ਖ਼ੂਬ ਹੱਸੀ ਸਾਂ ਪੜ੍ਹ ਕੇ ਮੈਂ, ਖ਼ੂਬ ਹੱਸੀ ਸਾਂ। ਦੋਸਤਾਂ ਨੂੰ ਵੀ ਪੜ੍ਹ ਕੇ ਸੁਣਾਈ ਸੀ। ਪਰ ਉਹ ਲੋਕ ਹੱਸੇ ਨਹੀਂ ਸਨ, ਬਲਕਿ ਕੁਛ ਵਧੇਰੇ ਹੀ ਸੰਜੀਦਾ ਹੋ ਗਏ ਸੀ। ਛਿੱਥੇ-ਛਿੱਬੇ ਜਿਹੇ, ਜਿਵੇਂ ਲੋਕ ਕਿਸੇ ਦੀ ਗਰੀਬੀ ਦੀ ਗੱਲ ਸੁਣ ਕੇ ਹੋ ਜਾਂਦੇ ਹੁੰਦੇ ਨੇ। ਏਨਾ ਗੁੱਸਾ ਆਇਆ ਸੀ ਕਿ ਕੀ ਦੱਸਾਂ। ਮਨ ਵਿਚ ਆਇਆ ਸਾਰਿਆਂ ਨੂੰ ਫੜ੍ਹ-ਫੜ੍ਹ ਝੰਜੋੜ ਸੁੱਟਾਂ।
ਤਦੇ ਹੈਰੀ ਬੋਲ ਪਿਆ ਸੀ। ਸੀ ਤਾਂ ਬੜਬੋਲਾ। ਕਿਤਾਬਾਂ ਪੜ੍ਹ-ਪੜ੍ਹ ਕੇ ਫ਼ਿਲਾਸਫ਼ੀ ਝਾੜਨਾਂ ਸਿੱਖ ਗਿਆ ਸੀ। ਪਰ ਇਕ ਗੱਲ ਸੀ, ਉਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਸੁਣ ਕੇ ਪਿਆਰ ਆ ਜਾਂਦਾ ਸੀ। ਮੈਂ ਸੋਚਦੀ ਸਾਂ, ਕਾਸ਼, ਹੈਰੀ ਹਵਾਈ ਗੱਲਾਂ ਕਰਨੀਆਂ ਕਦੀ ਨਾ ਛੱਡੇ। ਧਰਤੀ ਤੋਂ ਜ਼ਰਾ ਉਪਰ ਬੁੜ੍ਹਕ-ਬੁੜ੍ਹਕ ਚੱਲਦਾ ਰਿਹਾ ਤਾਂ ਇਕ ਦਿਨ ਜ਼ਰੂਰ ਲੀਕ ਤੋਂ ਹਟ ਕੇ ਕੁਛ ਕਰ ਵਿਖਾਵੇਗਾ। ਹਿੰਦੁਸਤਾਨ ਬਾਰੇ ਏਨੀਆਂ ਕਿਤਾਬਾਂ ਪੜ੍ਹੀਆਂ ਸਨ ਉਸਨੇ ਕਿ ਹਰ ਮੁੱਦੇ ਉੱਤੇ ਮੈਥੋਂ ਵਧ ਜਾਣਕਾਰੀ ਹਾਸਿਲ ਕਰ ਲਈ ਸੀ। ਮੈਨੂੰ ਉਹ ਚੰਗਾ ਲਗਦਾ ਸੀ, ਉਸਦੀ ਅੰਤਹੀਣ ਤੇਜੀ ਤੇ ਜਗਿਆਸਾ ਭਲੀ ਲਗਦੀ ਸੀ, ਇਸੇ ਲਈ ਮੈਂ ਉਸਨੂੰ ਨਹੀਂ ਸੀ ਦਸਿਆ ਕਿ ਜਾਣਕਾਰੀ ਰੱਖਣ ਤੇ ਜਾਣਕਾਰ ਹੋਣ ਵਿਚ ਬੜਾ ਫਰਕ ਹੁੰਦਾ ਹੈ। ਸੋਚਦੀ ਸਾਂ, ਜਦੋਂ ਹਿੰਦੁਸਤਾਨ ਜਾਵੇਗਾ ਤਾਂ ਖ਼ੁਦ ਹੀ ਸਮਝ ਜਾਵੇਗਾ—ਲੋੜ ਹੋਈ ਤਾਂ ਮੈਂ ਮਦਦ ਕਰ ਦਿਆਂਗੀ। ਉਦੋਂ ਤਕ ਉਹ ਆਪਣੀ ਇਸ ਖੁਸ਼ਫਹਿਮੀ ਵਿਚ ਰਹਿ ਸਕਦਾ ਸੀ ਕਿ ਸਭ ਤੋਂ ਵਧ ਜਾਣਕਾਰੀ ਉਸੇ ਕੋਲ ਹੈ।
ਉਸ ਦਿਨ ਬੱਪਾ ਦਾ ਖ਼ਤ ਸੁਣਿਆ, ਤਾਂ ਐਨ ਬੱਪਾ ਵਾਂਗ ਹੀ ਨਾਰਾਜ਼ ਹੋ ਕੇ ਬੋਲਿਆ ਸੀ, 'ਬਿਲਕੁਲ ਠੀਕ ਕਹਿੰਦੇ ਨੇ ਤੇਰੇ ਬੱਪਾ। ਹਿੰਦੁਸਤਾਨ ਵਿਚ ਰਹਿ ਕੇ ਚਾਰ-ਚਾਰ ਬੱਚੇ ਪੈਦਾ ਕਰਨੇ ਸਰਾਸਰ ਬੇਵਕੂਫ਼ੀ ਹੈ। ਬੱਚਿਆਂ ਦਾ ਏਨਾ ਸ਼ੌਕ ਏ ਤਾਂ ਅਮਰੀਕਾ 'ਚ ਈ ਰਹਿ।' ਤੇ 'ਸ਼ਾਦੀ ਕਿਸ ਨਾਲ ਕਰਾਂ, ਤੇਰੇ ਨਾਲ,' ਮੈਂ ਪੁੱਛਿਆ ਤਾਂ ਹੈਰੀ ਤਿਲਮਿਲਾ ਕੇ ਉਠ ਖੜ੍ਹਾ ਹੋਇਆ। 'ਹਾਂ, ਮੇਰੇ ਨਾਲ, ਗੁੱਸੇ ਵਿਚ ਭੜਕ ਕੇ ਉਬਲਿਆ ਸੀ ਉਹ—'ਬਿਲਕੁਲ ਠੀਕ ਆਦਮੀ ਹਾਂ ਤੇਰੇ ਲਈ, ਸੋਚ ਲੈ।'
ਮੈਂ ਸੋਚ ਲਿਆ—ਹੈਰੀ, ਆਪਾਂ ਸ਼ਾਦੀ ਕਰ ਲੈਂਦੇ ਹਾਂ,' ਮੈਂ ਉਸਨੂੰ ਖ਼ਤ ਵਿਚ ਲਿਖਿਆ ਸੀ, 'ਪਰ ਰਹਾਂਗੇ ਹਿੰਦੁਸਤਾਨ ਵਿਚ। ਅਮਰੀਕਾ ਵਿਚ ਰਹਿ ਕੇ ਮੈਂ ਬੱਚੇ ਨਹੀਂ ਪੈਦਾ ਕਰ ਸਕਦੀ। ਤੂੰ ਚੱਲ ਮੇਰੇ ਨਾਲ ਹਿੰਦੁਸਤਾਨ। ਕਿੰਨਾ ਪੜ੍ਹਿਆ ਏ ਤੂੰ ਉਸ ਬਾਰੇ। ਹੁਣ ਅੱਖੀਂ ਵੇਖ ਲਵੀਂ। ਯਕੀਨ ਕਰੀਂ, ਆਪਾਂ ਦੋਵੇਂ ਨੌਕਰੀ ਕਰਾਂਗੇ ਤਾਂ ਚਾਰ ਬੱਚਿਆਂ ਖਾਤਰ ਜ਼ਰੂਰ ਕਮਾਅ ਲਵਾਂਗੇ। ਜੇ ਤੂੰ ਨਾ ਚਾਹੇਂ ਤਾਂ ਚਾਰੇ ਆਪਣੇ ਪੈਦਾ ਕਰਨ ਦੀ ਵੀ ਜ਼ਰੂਰਤ ਨਹੀਂ, ਦੋ ਤਾਂ ਖ਼ੈਰ ਮੈਨੂੰ ਚਾਹੀਦੇ ਹੀ ਨੇ, ਬਾਕੀ ਦੇ ਦੋ ਜਾਂ ਚਾਰ, ਅਸੀਂ ਕਿਸੇ ਅਨਾਥ-ਆਸ਼ਰਮ ਵਿਚੋਂ ਜਾਂ ਤਿਆਗੇ ਹੋਏ ਬੱਚਿਆਂ ਦੀ ਸੰਸਥਾ ਵਿਚੋਂ ਗੋਦ ਲੈ ਲਵਾਂਗੇ। ਫੇਰ ਤਾਂ ਸਾਡੇ ਕਾਰਨ ਦੇਸ਼ ਦੀ ਹਾਲਤ ਬਦਤਰ ਨਹੀਂ ਹੋਵੇਗੀ ਨਾ? ਠੀਕ ਹੈ, ਛੇ ਬੱਚੇ ਪਾਲਾਂਗੀ ਮੈਂ। ਮੇਰੇ ਨਾਨਾਜੀ ਦੇ ਵੀ ਛੇ ਸਨ। ਤਾਂ ਬਸ ਫਟਾਫਟ ਪ੍ਰੋਗ਼੍ਰਾਮ ਬਣ ਲੈ। ਸ਼ਾਦੀ ਕਰਕੇ ਅਸੀਂ ਦੋਵੇਂ ਛੇਤੀ ਤੋਂ ਛੇਤੀ ਹਿੰਦੁਸਤਾਨ ਪਹੁੰਚ ਜਾਵਾਂਗੇ ਤੇ ਆਪਣਾ ਪਰਿਵਾਰ ਸ਼ੁਰੂ ਕਰ ਲਵਾਂਗੇ।'
ਹੈਰੀ ਖ਼ੁਦ ਆ ਕੇ ਮੇਰਾ ਖ਼ਤ ਵਾਪਸ ਕਰ ਗਿਆ ਸੀ। 'ਬੜੀ ਭੋਲੀ ਏਂ ਤੂੰ,' ਉਸਨੇ ਕਿਹਾ ਸੀ, 'ਏਨੀ ਖੁੱਲ੍ਹੀ ਚਿੱਠੀ ਭਲਾ ਕੋਈ ਕੁੜੀ ਲਿਖਦੀ ਹੁੰਦੀ ਏ ਕਦੀ—ਕੋਈ ਦੇਖ ਲੈਂਦਾ ਤਾਂ ਕੀ ਸੋਚਦਾ—ਪ੍ਰਪੋਜ਼ ਮੁੰਡੇ ਕਰਦੇ ਨੇ, ਕੁੜੀਆਂ ਨਹੀਂ।' ਉਹ ਮੇਰੀ ਥਾਂ ਸ਼ਰਮਿੰਦਾ ਨਜ਼ਰ ਆ ਰਿਹਾ ਸੀ। ਨੀਵੀਂ ਪਾਈ ਖੜ੍ਹਾ ਭਾਸ਼ਣ ਦੇ ਰਿਹਾ ਸੀ। 'ਪਰ ਸ਼ਾਦੀ ਦੀ ਗੱਲ ਤਾਂ ਤੂੰ ਹੀ ਕਹੀ ਸੀ, ਮੈਂ ਕਿਹਾ ਤਾਂ ਘਬਰਾ ਗਿਐਂ।' 'ਇੱਥੇ ਰਹਿ ਕੇ ਸ਼ਾਦੀ ਕਰਨ ਲਈ ਕਿਹਾ ਸੀ ਮੈਂ, ਤੂੰ ਤਾਂ...ਤੂੰ ਤਾਂ...ਪਤਾ ਨਹੀ ਕੀ ਸਮਝ ਬੈਠੀ।'
ਮੈਂ ਸਮਝ ਗਈ ਇਕ ਅਮੀਰ ਮੁਲਕ ਦੇ ਆਦਮੀ ਨੂੰ ਸ਼ਾਦੀ ਦਾ ਨਿਓਤਾ ਦੇ ਕੇ ਮੈਂ ਆਪਣਾ ਅਪਮਾਨ ਕਰ ਬੈਠੀ ਸਾਂ। ਇਹ ਸੋਚ ਲੈਣਾ ਕਿ ਉਹ ਹਿੰਦੁਸਤਾਨ ਆ ਸਕਦਾ ਹੈ, ਆਉਣ ਬਾਰੇ ਸੋਚ ਸਕਦਾ ਹੈ, ਗੁਸਤਾਖ਼ੀ ਸੀ ਮੇਰੀ। ਕਿਉਂ? ਉਹ ਹਿੰਦੁਸਤਾਨ ਨਹੀਂ ਆ ਸਕਦਾ ਸੀ ਪਰ ਮੈਂ ਅਮਰੀਕਾ ਵਿਚ ਰਹਿ ਸਕਦੀ ਸੀ। ਖੁਸ਼ੀ ਨਾਲ ਰਹਿ ਸਕਦੀ ਸੀ—ਪਰ ਮੈਂ ਕਿਉਂ ਰਹਾਂ ਅਮਰੀਕਾ ਵਿਚ?
ਨਹੀਂ ਰਹਾਂਗੀ ਹੋਰ ਉੱਥੇ, ਮੈਂ ਤੈਅ ਕਰ ਲਿਆ। ਸਾਰੇ ਦੋਸਤਾਂ ਨੂੰ ਕਹਿ ਦਿੱਤਾ, ਮੈਂ ਵਾਪਸ ਜਾ ਰਹੀ ਹਾਂ ਆਪਣੇ ਦੇਸ਼। ਬੱਪਾ ਨੂੰ ਵੀ ਲਿਖ ਦਿੱਤਾ, 'ਫੌਰਨ ਟਿਕਟ ਦੇ ਪੈਸੇ ਭੇਜ ਦਿਓ; ਮੈਂ ਆ ਰਹੀ ਹਾਂ ਆਪਣੇ ਸ਼ਹਿਰ, ਤੁਹਾਡੇ ਕੋਲ।'
ਬੱਪਾ ਦਾ ਜਵਾਬੀ ਖ਼ਤ ਏਨੀ ਜਲਦੀ ਆਇਆ ਕਿ ਮੈਂ ਘਬਰਾ ਗਈ। ਦੋਵਾਂ ਦੇਸ਼ਾਂ ਦਾ ਡਾਕ ਪ੍ਰਬੰਧ ਯਕਦਮ ਏਨਾ ਕਿੰਜ ਸੁਧਰ ਗਿਆ ਕਿ ਸਵਾਲ, ਜਵਾਬ ਵਿਚ ਥੋੜ੍ਹੀ ਜਿਹੀ ਉਡੀਕ ਲਈ ਵੀ ਸਮਾਂ ਬਾਕੀ ਨਹੀਂ ਰਿਹਾ।
ਮੇਰੀ ਮੁਸਕਰਾਹਟ ਜ਼ਿਆਦਾ ਦੇਰ ਤਕ ਨਹੀਂ ਰਹੀ। ਬੱਪਾ ਦਾ ਖ਼ਤ ਪੜ੍ਹ ਕੇ ਮੈਂ ਸੁੰਨ ਹੋ ਗਈ। 'ਅਹਿਸਾਨ ਫ਼ਰਾਮੋਸ਼,' ਬੱਪਾ ਨੇ ਲਿਖਿਆ ਸੀ, 'ਪੜ੍ਹਾਈ ਵਿੱਚੇ ਛੱਡ ਕੇ ਵਾਪਸ ਆਉਣ ਦਾ ਕਾਰਣ? ਮੇਰੀ ਬੇਇੱਜ਼ਤੀ ਦਾ ਜ਼ਰਾ ਖ਼ਿਆਲ ਨਹੀਂ। ਲੋਕ ਕੀ ਕਹਿਣਗੇ, ਇਹੀ ਨਾ, ਬਹੁਤ ਵੱਡਾ ਸਮਝਦਾ ਸੀ ਆਪਣੇ ਆਪ ਨੂੰ, ਕੁੜੀ ਨੂੰ ਐਮ.ਐਸ. ਦੀ ਪੜ੍ਹਾਈ ਵੀ ਪੂਰੀ ਨਹੀਂ ਕਰਵਾ ਸਕਿਆ। ਜਾਣਦੀ ਹੈਂ, ਸ਼ਹਿਰ ਵਿਚ ਮੇਰਾ ਕਿੱਡਾ ਨਾਂਅ ਹੈ, ਕਿੰਨੇ ਉੱਚੇ ਅਹੁਦੇ ਉਪਰ ਹਾਂ ਅੱਜਕਲ੍ਹ। ਹਰ ਆਦਮੀ ਮੈਥੋਂ ਸੜਦਾ ਹੈ, ਮੇਰੀ ਕਿਸਮਤ ਉੱਤੇ ਰਸ਼ਕ ਕਰਦਾ ਹੈ ਤੇ ਤੂੰ ਹੈਂ, ਸਭ ਕੁਛ ਮਿੱਟੀ ਵਿਚ ਮਿਲਾਅ ਦੇਣ 'ਤੇ ਤੁਲੀ ਹੋਈ ਏਂ। ਏਨਾ ਪੈਸਾ ਖਰਚ ਕਰਕੇ ਤੈਨੂੰ ਪੜ੍ਹਾਈ ਪੂਰੀ ਕਰਨ ਲਈ ਅਮਰੀਕਾ ਭੇਜਿਆ, ਕੀ ਇਸ ਲਈ ਕਿ ਤੂੰ ਖ਼ਤਾਂ ਵਿਚ ਊਲ-ਜਲੂਲ ਗੱਲਾਂ ਲਿਖਦੀ ਰਹੇਂ। ਕਦੀ ਮਾਂ ਤੋਂ ਅਚਾਰ ਮੁਰੱਬੇ ਬਣਾਉਣ ਦੀ ਵਿਧੀ ਮੰਗਦੀ ਹੈਂ, ਕਦੀ ਚਾਰ-ਚਾਰ ਬੱਚੇ ਪੈਦਾ ਕਰਨ ਦਾ ਐਲਾਨ ਕਰ ਦੇਂਦੀ ਏਂ, ਤੇ ਹੁਣ ਇਹ ਵਾਪਸ ਆਉਣ ਦੀ ਧਮਕੀ। ਤੁਰਰਾ ਇਹ ਕਿ ਪੈਸੇ ਮੈਂ ਭੇਜਾਂ, ਕਿਉਂ? ਕਿਸ ਖਾਤਰ? ਕਮਾਅ ਲੈ ਖ਼ੁਦ। ਝਾੜੂ ਲਾ, ਭਾਂਡੇ ਮਾਂਜ, ਤੇਰੀ ਜ਼ਿੰਦਗੀ ਹੈ, ਜਿਊਂ। ਪਰ ਏਨਾ ਯਾਦ ਰੱਖ ਕਿ ਡਿਗਰੀ ਲਏ ਬਗ਼ੈਰ ਵਾਪਸ ਆਈ ਤਾਂ ਸਾਡਾ-ਤੇਰਾ ਕੋਈ ਰਿਸ਼ਤਾ ਨਹੀਂ ਰਹੇਗਾ। ਫਿਲਹਾਲ ਮੈਂ ਫੈਸਲਾ ਕਰ ਲਿਆ ਹੈ ਕਿ ਤੇਰੀ ਫੀਸ ਸਿੱਧੀ ਤੇਰੇ ਕਾਲੇਜ ਵਿਚ ਭੇਜਾਂਗਾ। ਇਸ ਦੇ ਇਲਾਵਾ ਕੋਈ ਜੇਬ ਖਰਚ ਨਹੀਂ ਭੇਜਾਂਗਾ। ਦੇਖਦਾ ਹਾਂ, ਕਮਾਉਣ ਦੀ ਕਿੰਨੀ ਕੁ ਤਾਕਤ ਹੈ ਤੇਰੇ ਵਿਚ। ਜਾਂ ਸ਼ਾਇਦ ਕਮਾਉਣ ਦੀ ਲੋੜ ਹੀ ਨਾ ਪਏ। ਅਣਗਿਣਤ ਦੋਸਤ ਜੋ ਨੇ ਤੇਰੇ ਜਿਹੜੇ ਤੇਰੀ ਮਦਦ ਕਰਨਗੇ। ਮੰਗ ਲਵੀਂ ਉਹਨਾਂ ਕੋਲੋਂ ਪੈਸੇ।'
ਖ਼ਤ ਦੀ ਆਖ਼ਰੀ ਲਾਈਨ ਮੇਰੇ ਦਿਲ ਵਿਚ ਚੁਭ ਗਈ। ਕੁਝ ਦਿਨ ਪਹਿਲਾਂ ਮਾਂ ਨੂੰ ਜਿਹੜਾ ਖ਼ਤ ਲਿਖਿਆ ਸੀ, ਉਸਦੇ ਜਵਾਬ ਵਿਚ ਚੰਡ ਮਾਰੀ ਸੀ ਬੱਪਾ ਨੇ। ਮਾਂ ਨੇ ਬੱਪਾ ਨੂੰ ਖ਼ਤ ਵਿਖਾਇਆ ਹੋਏਗਾ—ਮੈਂ ਕਿਹੜਾ ਮਨ੍ਹਾਂ ਕੀਤਾ ਸੀ। 'ਇੱਥੇ ਮੇਰੇ ਬਹੁਤ ਸਾਰੇ ਦੋਸਤ ਨੇ,' ਮੈਂ ਲਿਖਿਆ ਸੀ, 'ਮੈਂ ਸਾਰਿਆਂ ਨੂੰ ਪਿਆਰ ਕਰਦੀ ਹਾਂ, ਤੈਨੂੰ ਤੇ ਬੱਪਾ ਨੂੰ ਵੀ। ਮਾਂ, ਇੱਥੇ ਰਹਿ ਰਹੀ ਹਾਂ, ਪਰ ਮਨ ਦੁਖਦਾ ਹੈ, ਆਪਣਾ ਦੇਸ਼, ਆਪਣਾ ਸ਼ਹਿਰ ਯਾਦ ਆਉਂਦਾ ਹੈ, ਤੂੰ ਤੇ ਬੱਪਾ ਬਹੁਤ ਹੀ। ਤੇ ਵਾਪਸ ਆਉਣ ਬਾਰੇ ਸੋਚਦੀ ਹਾਂ ਤਾਂ ਵੀ ਦਿਲ ਨੂੰ ਕੁਛ ਹੋਣ ਲੱਗ ਪੈਂਦਾ ਹੈ। ਏਥੇ ਮੇਰੇ ਏਨੇ ਸਾਰੇ ਦੋਸਤ ਨੇ, ਪਿਆਰੇ-ਪਿਆਰੇ ਦੋਸਤ। ਪਰ ਮਾਂ ਇਕ ਗੱਲ ਸਮਝ ਨਹੀਂ ਆਉਂਦੀ-ਇਹ ਲੋਕ ਪਿਆਰ ਦਾ ਮਤਲਬ ਨਹੀਂ ਸਮਝਦੇ ਜਾਂ ਮੇਰੀ ਅੰਗਰੇਜ਼ੀ ਏਨੀ ਕਮਜ਼ੋਰ ਹੈ ਕਿ ਆਪਣੀ ਗੱਲ ਇਹਨਾਂ ਨੂੰ ਸਮਝਾ ਨਹੀਂ ਸਕਦੀ। ਤੂੰ ਮੈਨੂੰ ਅਮਰੀਕਾ ਕਿਉਂ ਭੇਜਿਆ ਪੜ੍ਹਨ ਲਈ? ਏਨੇ, ਕਰੋੜਾਂ ਲੋਕ ਆਪਣੇ ਸ਼ਹਿਰ ਵਿਚ ਰਹਿ ਕੇ ਪੜ੍ਹਦੇ ਨੇ, ਮੈਂ ਉਹਨਾਂ ਵਿਚੋਂ ਕਿਉਂ ਨਹੀਂ ਹਾਂ? ਮੈਂ ਤਾਂ ਆਪਣੇ ਸ਼ਹਿਰ ਨੂੰ ਉਹਨਾਂ ਸਰਿਆਂ ਨਾਲੋਂ ਵਧ ਪਿਆਰ ਕਰਦੀ ਹਾਂ। ਅੱਜਕਲ੍ਹ ਮੈਂ ਹਰ ਪਲ ਇਹੋ ਸੋਚਦੀ ਰਹਿੰਦੀ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ ਜਿਸ ਜ਼ਰੀਏ ਮੈਂ ਆਪਣਾ ਪਿਆਰ ਜ਼ਾਹਿਰ ਕਰ ਸਕਾਂ। ਤੂੰ ਹੀ ਦੱਸ ਮਾਂ, ਕੀ ਕਰਨਾਂ ਠੀਕ ਰਹੇਗਾ?'
ਉਸ ਗੱਲ ਦਾ ਜਵਾਬ ਵੀ ਮਾਂ ਨੇ ਨਹੀਂ, ਬੱਪਾ ਨੇ ਦਿੱਤਾ ਸੀ। ਉਸ ਉੱਤੇ ਵੀ ਬੜੇ ਗੁੱਸੇ ਹੋਏ ਸਨ ਉਹ। 'ਤੂੰ ਚੰਗੀ ਤਰ੍ਹਾਂ ਜਾਣਦੀ ਹੈਂ, ਤੈਨੂੰ ਇਸ ਸ਼ਹਿਰ ਵਿਚੋਂ ਹਟਾਅ ਕੇ ਬਾਹਰ ਕਿਉਂ ਭੇਜਣਾ ਪਿਆ ਸੀ। ਤੂੰ ਮੇਰੀ ਇੱਜ਼ਤ, ਮੇਰੇ ਅਹੂਦੇ, ਮੇਰੀ ਮਾਣ-ਮਰਿਆਦਾ ਦਾ ਕਦੀ ਖ਼ਿਆਲ ਨਹੀਂ ਰੱਖਿਆ। ਸ਼ਹਿਰ ਦੇ ਸਭ ਤੋਂ ਵੱਡੇ ਕਾਲੇਜ ਵਿਚ ਤੈਨੂੰ ਪੜ੍ਹਨ ਲਾਇਆ ਤੇ ਤੂੰ ਮਨ ਲਾ ਕੇ ਪੜ੍ਹਨ ਦੀ ਬਜਾਏ, ਰਾਜਨੀਤੀ ਦੇ ਗੰਦੇ ਦਲਦਲ ਵਿਚ ਫਸ ਗਈ। ਕਿਉਂ? ਮੈਨੂੰ ਜਲੀਲ ਕਰਨ ਖਾਤਰ ਨਾ! ਪੁਲਿਸ ਫੜ੍ਹ ਲਿਜਾਂਦੀ ਤੈਨੂੰ ਤਾਂ ਜਾਣਦੀ ਹੈਂ ਕੀ ਹੁੰਦਾ? ਮੈਨੂੰ ਨੌਕਰੀ ਤੋਂ ਅਸਤੀਫ਼ਾ ਦੇਣਾ ਪੈਂਦਾ। ਸ਼ਹਿਰ ਭਰ ਵਿਚ ਬੇਆਬਰੂ ਹੋ ਜਾਂਦਾ ਮੈਂ।'
ਮੈਂ ਕੀ ਰਾਜਨੀਤੀ ਕੀਤੀ? ਮਜ਼ਦੂਰਾਂ ਦੀਆਂ ਝੁੱਗੀਆਂ-ਝੋਂਪੜੀਆਂ, ਬਸਤੀਆਂ, ਗਲੀਆਂ ਵਿਚ ਜਾ ਕੇ, ਨਾਟਕ ਹੀ ਤਾਂ ਖੇਡਦੇ ਹੁੰਦੇ ਸਾਂ ਅਸੀਂ ਲੋਕ। ਇਸ ਵਿਚ ਗਲਤ ਕੀ ਸੀ? ਅਸੀਂ ਤਾਂ ਖ਼ੁਦ ਸਿਖਣਾ ਚਾਹੁੰਦੇ ਸਾਂ, ਜਾਣਨਾ ਚਾਹੁੰਦੇ ਸਾਂ, ਅੰਦਰ ਤਕ ਮਹਿਸੂਸ ਕਰਨਾ ਚਾਹੁੰਦੇ ਸਾਂ—ਉਹ ਸਭ ਜਿਹੜਾ ਕਿਤਾਬਾਂ ਵਿਚ ਪੜ੍ਹਿਆ ਸੀ। 'ਲੁੱਟ-ਖਸੁੱਟ', 'ਭਰਿਸ਼ਟਾਚਾਰ', 'ਪ੍ਰਦੂਸ਼ਨ', ਖੋਖਲੇ ਸ਼ਬਦ ਨਾ ਰਹਿ ਜਾਂਦੇ—ਜੇ ਅਸੀਂ ਉਹਨਾਂ ਲੋਕਾਂ ਵਿਚ ਜਾ ਕੇ ਉਹਨਾਂ ਨੂੰ ਮਹਿਸੂਸ ਨਾ ਕਰਦੇ, ਜਿਹੜੇ ਇਹਨਾਂ ਦੇ ਅਸਲੀ ਸ਼ਿਕਾਰ ਸਨ? ਨਾਟਕ ਵਿਚ ਤਾਂ ਅਸੀਂ ਜੋ ਦਿਖਾਉਂਦੇ ਸਾਂ, ਉਹ ਤਾਂ ਉਹਨਾਂ ਦੀ ਅਸਲੀ ਦੁਨੀਆਂ ਹੈ ਹੀ ਸੀ। ਉਸ ਤੋਂ ਅਣਜਾਣ ਥੋੜ੍ਹਾ ਹੀ ਸਨ ਉਹ ਲੋਕ। ਫੇਰ ਵੀ ਆਪਣਾ ਝੱਲਿਆ ਮੰਚ ਉੱਤੇ ਵੇਖ ਕੇ ਉਹਨਾਂ ਅੰਦਰ ਉਸ ਨਾਲ ਲੜਨ ਦੀ ਇੱਛਾ ਜਾਗ ਪੈਂਦੀ ਸੀ ਸ਼ਾਇਦ। ਇਹੀ ਕਸੂਰ ਬਣ ਗਿਆ ਸੀ ਸਾਡਾ। ਕੰਮ ਵੀ ਕਿੰਨਾ ਕੁ ਆ ਸਕੇਂ ਸਾਂ ਅਸੀਂ ਉਹਨਾਂ ਲੋਕਾਂ ਦੇ। ਬਸ, ਉਹਨਾਂ ਵੱਲੋਂ ਕੁਝ ਚਿੱਠੀਆਂ-ਅਰਜੀਆਂ ਲਿਖ ਦੇਂਦੇ ਸਾਂ—ਐਪਲੀਕੇਸ਼ਨ, ਦਰਖ਼ਵਾਸਤ, ਅਪੀਲ ਜੋ ਤੁਸੀਂ ਕਹਿਣਾ ਚਾਹੋ। ਮੈਨੂੰ ਖ਼ਤ ਲਿਖਣ ਦਾ ਕਿੰਨਾ ਸ਼ੌਕ ਸੀ। ਕਾਨੂੰਨੀ ਕਾਰਵਾਈਆਂ ਦੇ ਨੁਕਤੇ ਪੜ੍ਹ ਕੇ ਵੀ ਉਹਨਾਂ ਨੂੰ ਸਮਝਾਉਣ ਵਿਚ ਕਿੰਨਾ ਆਨੰਦ ਆਉਂਦਾ ਹੁੰਦਾ ਸੀ ਮੈਨੂੰ।
'ਬੱਪਾ, ਤੁਸੀਂ ਚਾਹੁੰਦੇ ਸੀ ਨਾ, ਮੈਂ ਮਨ ਲਾ ਕੇ ਪੜ੍ਹਾਂ, ਕਲਾਸ ਵਿਚੋਂ ਅੱਵਲ ਆਵਾਂ—ਤਾਂ ਬਿਨਾਂ ਇਹਨਾਂ ਬਾਰੀਕੀਆਂ ਨੂੰ ਸਮਝੇ, ਪੜ੍ਹਾਈ ਕਿੰਜ ਪੂਰੀ ਹੋ ਸਕਦੀ ਸੀ ਭਲਾ? ਅਲਗ-ਥਲਗ, ਸੁਰੱਖਿਅਤ ਕੋਨੇ ਵਿਚ ਬੈਠੇ ਰਹਿ ਕੇ। ਫੇਰ ਇਹ ਜੁਰਮ ਕਿੰਜ ਹੋ ਗਿਆ? ਪੁਲਿਸ ਸਾਡੇ ਪਿੱਛੇ ਕਿਉਂ ਪੈ ਗਈ? ਤੁਹਾਡੀ ਇੱਜ਼ਤ, ਅਹੁਤਾ ਵਿਚਕਾਰ ਕਿੰਜ ਆ ਘੁਸੇ? ਅੱਛਾ ਬੱਪਾ, ਤੁਸੀਂ ਤਾਂ ਪ੍ਰਸ਼ਾਸਕ ਓ, ਸਰਕਾਰੀ ਅਫ਼ਸਰ ਹੋ। ਤੁਹਾਨੂੰ ਸਰਕਾਰ ਨੇ ਏਡਾ ਪਦ ਤੇ ਮਾਣ-ਸਨਮਾਣ ਦੇ ਕੇ ਲਾਇਆ ਹੋਇਆ ਹੈ? ਇਸੇ ਲਈ ਨਾ ਕਿ ਤੁਸੀਂ ਆਪਣੇ ਸ਼ਹਿਰ ਦੇ ਲੋਕਾਂ ਦੀ ਦੇਖਭਾਲ ਕਰੋ। ਨਾ ਸਹੀ ਸੇਵਾ, ਸੇਵਾ ਨਹੀਂ ਕਹਾਂਗੀ, ਤੁਹਾਡੇ ਕੰਮ ਨੂੰ। ਸ਼ਬਦਾਂ ਦੀ ਤਾਨਾਸ਼ਾਹੀ ਤੋਂ ਵਾਕਿਫ਼ ਹਾਂ ਮੈਂ। ਤੁਸੀਂ ਸੇਵਕ ਨਹੀਂ—ਪ੍ਰਸ਼ਾਸਕ ਹੋ, ਅਫ਼ਸਰ ਹੋ। ਸੇਵਾ ਨਾ ਸਹੀ, ਦੇਖਭਾਲ ਕਰਨ ਦਾ ਕੰਮ ਹੈ ਤੁਹਾਡਾ। ਮੈਂ ਤਾਂ ਤੁਹਾਡਾ ਹੀ ਹੱਥ ਵੰਡਾਅ ਰਹੀ ਸਾਂ, ਫੇਰ ਮੇਰੇ ਕਾਰਣ ਤੁਹਾਡਾ ਨੁਕਸਾਨ-ਅਪਮਾਨ ਕਿੰਜ ਹੋ ਗਿਆ? ਕੀ ਏਨਾ ਵੱਡਾ ਜੁਰਮ ਸੀ ਮੇਰਾ ਕਿ ਝੱਟ ਦੇਸ਼ ਨਿਕਾਲਾ ਦੇ ਦੇਣਾ ਪਿਆ?'
ਮੈਂ ਖ਼ਤ ਲਿਖ ਦਿੱਤਾ ਸੀ ਬੱਪਾ ਨੂੰ।
ਸੋਚ ਕੇ ਦੇਖਦੀ ਹਾਂ ਤਾਂ ਹੁਣ ਤਕ ਸਭ ਤੋਂ ਵਧ ਖ਼ਤ ਬੱਪਾ ਨੂੰ ਹੀ ਲਿਖੇ ਨੇ ਮੈਂ। ਮਾਂ ਨੂੰ ਵੀ ਘੱਟ ਨਹੀਂ ਲਿਖੇ ਪਰ ਉਸਨੂੰ ਇਕੋ ਗੱਲ ਸਮਝਾਉਣ ਲਈ ਵਾਰੀ-ਵਾਰੀ ਲਿਖਣ ਦੀ ਲੋੜ ਨਹੀਂ ਪੈਂਦੀ ਸੀ। ਉਹ ਮੇਰੇ ਨਾਲ ਜ਼ਿਰਹ ਜਾਂ ਬਹਿਸ ਨਹੀਂ ਸੀ ਕਰਦੀ। ਮੇਰੀ ਗੱਲ ਸੁਣ ਕੇ ਹਜ਼ਮ ਕਰ ਲੈਂਦੀ ਸੀ। ਤੇ ਬੱਪਾ ਸਨ ਕਿ ਉਸਦੀ ਜੁਗਾਲੀ ਕਰਨ ਲੱਗ ਪੈਂਦੇ ਸਨ। ਮੈਂ ਜੋ ਵੀ ਲਿਖਦੀ, ਮਾਂ ਦਾ ਜਵਾਬ ਉਹੀ ਹੁੰਦਾ ਸੀ, 'ਤੂੰ ਖੁਸ਼ ਰਹਿ, ਮਨ ਲਾ ਕੇ ਪੜ੍ਹਾਈ ਕਰ, ਖ਼ੁਰਾਫਾਤਾਂ ਵਿਚ ਨਾ ਪੈ, ਤੇਰੇ ਬੱਪਾ ਨੂੰ ਤੇਰੇ 'ਤੇ ਬੜੀਆਂ ਉਮੀਦਾਂ ਨੇ। ਧੀ-ਪੁੱਤਰ ਸਭ ਤੂੰ ਹੀ ਹੈਂ ਨਾ। ਇਕੱਲੀ ਸੰਤਾਨ। ਉਹਨਾਂ ਦੀਆਂ ਆਸਾਂ ਇੱਛਾਵਾਂ ਨੂੰ ਤੂੰ ਨਹੀਂ ਤਾਂ ਹੋਰ ਕੌਣ ਪੂਰਿਆਂ ਕਰੇਗਾ? ਮੈਂ ਇਹੀ ਚਾਹੁੰਦੀ ਹਾਂ ਕਿ ਤੂੰ ਤੇ ਤੇਰੇ ਬੱਪਾ, ਦੋਵੇਂ ਖੁਸ਼ ਰਹੋਂ ਤੇ ਮੇਰੇ ਕੋਲ ਰਹੋਂ। ਤੂੰ ਬੜੀ ਯਾਦ ਆਉਂਦੀ ਏਂ। ਤੇਰੇ ਬਿਨਾਂ ਘਰ ਬਿਲਕੁਲ ਸੁੰਨਾਂ ਲੱਗਦਾ ਏ। ਸਭ ਦੋਸਤ-ਰਿਸ਼ਤੇਦਾਰ ਤੇਰੇ ਬਾਰੇ ਪੁੱਛਦੇ ਰਹਿੰਦੇ ਨੇ। ਤੂੰ ਵਾਪਸ ਆਏਂਗੀ ਤਾਂ ਸਾਰਿਆਂ ਨਾਲ ਮਿਲਵਾਵਾਂਗੀ। ਪੜ੍ਹਾਈ ਪੂਰੀ ਕਰਕੇ, ਜਲਦੀ ਤੋਂ ਜਲਦੀ ਵਾਪਸ ਆ, ਇਸੇ ਇੰਤਜ਼ਾਰ ਵਿਚ, ਤੇਰੀ ਮਾਂ।'
ਉਸਨੂੰ ਬਿਗਾਨੇ ਸ਼ਹਿਰ ਵਿਚ ਕਦੀ ਕਦੀ ਲਗਦਾ, ਮਾਂ ਦੇ ਖ਼ਤਾਂ ਦੀ ਇਸ ਆਖ਼ਰੀ ਲਾਈਨ ਦੇ ਸਹਾਰੇ ਹੀ ਜਿਊਂ ਰਹੀ ਹਾਂ। ਮੇਰਾ ਸ਼ਹਿਰ ਮੇਰੀ ਉਡੀਕ ਕਰ ਰਿਹਾ ਹੈ। ਛੇਤੀ ਤੋਂ ਛੇਤੀ ਮੇਰੇ ਪਰਤ ਆਉਣ ਦੀ। ਪਰ ਸਮਝ ਨਹੀਂ ਆਉਂਦੀ, ਬੱਪਾ ਦੀਆਂ ਆਸਾਂ ਕੀ ਨੇ? ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਮੇਰੀ ਜ਼ਿੰਮੇਵਾਰੀ ਕਿਉਂ ਹੈ? ਜੇ ਬੱਪਾ ਦੇ ਇਕ ਮੁੰਡਾ ਵੀ ਹੁੰਦਾ, ਦੋ ਚਾਰ ਹੋਰ ਧੀਆਂ-ਪੁੱਤਰ ਹੁੰਦੇ ਤਾਂ ਵੀ ਉਹ ਆਪਣੀਆਂ ਆਸਾਵਾਂ-ਉਮੀਦਾਂ ਉਹਨਾਂ ਸਾਰਿਆਂ ਤੋਂ ਪੂਰੀਆਂ ਕਰਵਾਉਂਦੇ? ਫੇਰ ਤਾਂ ਢੇਰ ਸਾਰੀਆਂ ਆਸਾਂ-ਉਮੀਦਾਂ ਢੋਣੀਆਂ ਪੈਂਦੀਆਂ ਉਹਨਾਂ ਨੂੰ। ਜਾਂ ਇਕੋ ਉਮੀਦ ਵੰਡੀ-ਵੰਡੀਚੀ ਜਾਂਦੀ। ਇਕ ਜੋੜੀ ਮੋਢਿਆਂ ਨੂੰ ਸਾਰਾ ਭਾਰ ਤਾਂ ਨਾ ਢੋਣਾ ਪੈਂਦਾ, ਸੋਚ-ਸੋਚ ਹਾਸੀ ਆ ਜਾਂਦੀ ਸੀ ਮੈਨੂੰ।
ਇਕੱਲੀ ਜਾਨ ਮੈਂ ਕਦੋਂ ਤਕ, ਕਿੱਥੋਂ ਤਕ ਤੁਹਾਡੀਆਂ ਆਸਾਂ ਉਮੀਦਾਂ ਢੋਂਦੀ ਫਿਰਾਂਗੀ ਬੱਪਾ? ਮੈਨੂੰ ਆਪਣਾ ਆਪਾ ਵੰਡ ਦੇਣ ਦਿਓ, ਦੇ ਦੇਣ ਦਿਓ। ਮੈਂ ਪਿਆਰ ਵੰਡਣਾ ਚਾਹੁੰਦੀ ਹਾਂ। ਸਾਰਿਆਂ ਨਾਲ—ਬੜਾ ਹੈ ਮੇਰੇ ਕੋਲ, ਤੁਹਾਨੂੰ ਵੀ ਦਿਆਂਗੀ, ਅਥਾਹ ਖਜਾਨਾ, ਕਦੀ ਨਹੀਂ ਮੁੱਕੇਗਾ, ਸੱਚ।' ਤੇ ਲਿਖ ਹੀ ਤਾਂ ਦਿੱਤਾ ਮੈਂ ਖ਼ਤ ਵਿਚ ਬੱਪਾ ਨੂੰ। 'ਬੱਪਾ, ਇੱਥੋਂ ਦੇ ਪਾਦਰੀ ਕਹਿੰਦੇ ਨੇ, ਮੈਂ ਨਨ ਬਣ ਜਾਵਾਂ, ਫੇਰ ਮੈਨੂੰ ਪਿਆਰ ਵੰਡਣ ਤੋਂ ਕੋਈ ਨਹੀਂ ਰੋਕ ਸਕੇਗਾ। ਮੇਰੇ ਪਿਆਰ ਦੇ ਗਲਤ ਅਰਥ ਵੀ ਨਹੀਂ ਕੱਢੇ ਜਾਣਗੇ। ਅੰਗਰੇਜ਼ੀ ਕਿੰਨੀ ਵੀ ਖਰਾਬ ਕਿਉਂ ਨਾ ਹੋਵੇ, ਮੇਰੀ—ਜੀਸਸ ਕਰਾਇਸਟ ਨਾਲ ਸੰਬੰਧ ਜੋੜ ਕੇ ਪੂਰਨ ਮੁਕਤ ਹੋ ਜਾਵਾਂਗੀ। ਬਣ ਜਾਵਾਂ ਫੇਰ?
'ਪਰ ਕਿਵੇਂ ਬਣ ਸਕਦੀ ਹਾਂ? ਮੈਨੂੰ ਬੱਚੇ ਚਾਹੀਦੇ ਨੇ, ਘੱਟ ਤੋਂ ਘੱਟ ਚਾਰ। ਪਾਲਨ ਲਈ ਤਾਂ ਮਿਲ ਜਾਣਗੇ ਪਰ ਆਪਣੇ ਪੈਦਾ ਕਰਨ ਦੀ ਉਹਨਾਂ ਲੋਕਾਂ ਨੂੰ ਮਨਾਹੀ ਹੈ। ਪਰ ਮੈਨੂੰ ਤਾਂ ਚਾਹੀਦੇ ਨੇ। ਆਪਣੇ ਵੀ—ਗੋਦ ਲਏ ਹੋਏ ਵੀ। ਮੈਂ ਸ਼ਾਦੀ ਪਿੱਛੋਂ, ਬੱਚੇ ਪੈਦਾ ਕਰਕੇ, ਗੋਦ ਲੈ ਕੇ, ਪਿਆਰ ਵੰਡਦੀ ਰਹਿਣਾ ਚਾਹੁੰਦੀ ਹਾਂ ਬੱਪਾ। ਸਮਝ ਵਿਚ ਨਹੀਂ ਆਉਂਦਾ ਕੀ ਕਰਾਂ? ਤੁਸੀਂ ਹੀ ਦੱਸੋ ਬੱਪਾ, ਮੇਰੇ ਪਿਆਰੇ, ਚੰਗੇ, ਗਿਆਨੀ ਬੱਪਾ, ਮੈਨੂੰ ਰਾਹੇ ਪਾਓ, ਮੈਂ ਤੁਹਾਨੂੰ ਬੜਾ ਪਿਆਰ ਕਰਦੀ ਹਾਂ ਫੇਰ ਵੀ ਪਿਆਰ ਵੰਡਣਾ ਚਾਹੁੰਦੀ ਹਾਂ ਸਭਨਾਂ ਵਿਚਕਾਰ। ਮੈਨੂੰ ਦੱਸੋ ਇਹ ਕਿੰਜ ਸੰਭਵ ਹੋਵੇਗਾ, ਮੇਰੇ ਬੜੇ ਹੀ ਪਿਆਰੇ-ਪਿਆਰੇ ਬੱਪਾ।'
ਬੱਪਾ ਦਾ ਜਵਾਬ ਆਇਆ ਸੀ...ਨਹੀਂ-ਨਹੀਂ, ਯਾਦ ਕਰਦੀ ਹਾਂ ਤਾਂ ਬਰਦਾਸ਼ਤ ਨਹੀਂ ਹੁੰਦਾ। ਉਸ ਪਿੱਛੋਂ ਆਏ ਇਸ ਖ਼ਤ ਨੂੰ ਪੜ੍ਹ ਕੇ ਤਾਂ ਬਿਲਕੁਲ ਨਹੀਂ। ਉਦੋਂ ਮੈਂ ਸੋਚਿਆ ਸੀ ਅਗਲੇ ਖ਼ਤ ਵਿਚ ਬੱਪਾ ਨੂੰ ਮਨਾਅ ਲਵਾਂਗੀ ਤੇ ਉਹਨਾਂ ਤੋਂ ਇਕ ਪਿਆਰ ਭਰਿਆ ਖ਼ਤ ਵੀ ਵਸੂਲ ਕਰ ਲਵਾਂਗੀ। 'ਕੈਸੇ ਭਰਿਸ਼ਟ ਲੋਕਾਂ ਦੀ ਸੰਗਤ ਵਿਚ ਪੈ ਗਈ ਤੂੰ,' ਬੱਪਾ ਨੇ ਲਿਖਿਆ ਸੀ, 'ਅਜਿਹੇ ਊਲ-ਜਲੂਲ ਸੰਬੋਧਨ ਪਿਤਾ ਲਈ ਪ੍ਰਯੋਗ ਨਹੀਂ ਕੀਤੇ ਜਾਂਦੇ, ਏਨੀ ਵੀ ਅਕਲ ਨਹੀਂ ਰਹੀ। ਨਨ ਬਨੇਂਗੀ ਤੂੰ! ਭੁੱਲ ਜਾ, ਸ਼ਾਦੀ ਬਾਰੇ ਗੱਲ ਸਮਾਂ ਆਉਣ 'ਤੇ ਹੋਏਗੀ। ਹਾਲੇ ਤੂੰ ਸਿਰਫ ਪੜ੍ਹਾਈ ਪੂਰੀ ਕਰਨ ਵਿਚ ਦਿਲ ਲਾ। ਸਮਝੀ? ਮੈਂ ਆਪਣੇ ਇਕ ਦੋਸਤ ਨੂੰ ਲਿਖਿਆ ਹੈ, ਤੇਰੇ 'ਤੇ ਨਜ਼ਰ ਰੱਖੇ। ਪਾਦਰੀ ਨੂੰ ਮਿਲਣ ਕਿਉਂ ਗਈ ਸੈਂ ਤੂੰ? ਅੱਗੋਂ ਧਿਆਨ ਰੱਖੀਂ, ਇਕ ਵਾਰੀ ਬਚਾਅ ਲਿਆ, ਇਸ ਵਾਰੀ ਗਲਤ ਸੋਹਬਤ ਵਿਚ ਪਈ ਤਾਂ ਬਚਾਉਣਾ ਮੇਰੇ ਹੱਥ ਵਿਚ ਨਹੀਂ ਹੋਏਗਾ।'
ਇਕ ਵਾਰੀ ਆਏ ਸਨ ਉਹਨਾਂ ਦੇ ਦੋਸਤ, ਮੈਨੂੰ ਮਿਲਣ, ਫੇਰ ਨਹੀਂ। ਵਿਚਾਰੇ ਮੇਰੇ ਉੱਤੇ ਕੀ ਨਜ਼ਰ ਰੱਖਦੇ। ਉਹ ਤਾਂ ਖ਼ੁਦ ਨਜ਼ਰਾਂ ਬਚਾਉਂਦੇ ਫਿਰ ਰਹੇ ਸਨ। ਆਪਣੇ ਕਾਰਨਾਮਿਆਂ ਦਾ ਕੋਈ ਗਵਾਹ ਨਹੀਂ ਸਨ ਚਾਹੁੰਦੇ। ਵੱਡੀ ਉਮਰ ਵਿਚ ਪਹਿਲੀ ਵੇਰ ਆਪਣਾ ਸ਼ਹਿਰ ਛੱਡ ਕੇ ਬਾਹਰ ਆਏ ਸੀ। ਪਤਾ ਨਹੀਂ ਕਦ-ਕਦ ਦੀ, ਕਿਹੜੀ-ਕਿਹੜੀ, ਕਸਰ ਪੂਰੀ ਕਰ ਰਹੇ ਸਨ। ਉਹਨਾਂ ਦੇ ਸ਼ਹਿਰ ਜਾ ਕੇ ਕੋਈ ਕਹਿ ਦੇਂਦਾ ਫੇਰ? ਮੈਂ ਉਹਨਾਂ ਨੂੰ ਬੰਧਨ-ਮੁਕਤ ਕਰ ਦਿੱਤਾ। ਕਹਿ ਦਿੱਤਾ, 'ਤੁਸੀਂ ਜੋ ਕਰਦੇ ਓ, ਉਸ ਵਿਚ ਰਤਾ ਵੀ ਦਿਲਚਸਪੀ ਨਹੀਂ ਮੇਰੀ।' ਅਹਿਸਾਨਮੰਦ ਹੋ ਗਏ ਵਿਚਾਰੇ। ਮੈਥੋਂ ਨਜ਼ਰਾਂ ਮੋੜ ਲਈਆਂ। 'ਹਾਏ ਬੱਪਾ, ਕਿੰਨਾ ਘੱਟ ਸਮਝਣਾ ਚਾਹੁੰਦੇ ਰਹੇ ਤੁਸੀਂ।
ਇਸ ਵਾਰੀ ਹੱਦ ਕਰ ਗਏ ਤੁਸੀਂ ਬੱਪਾ। ਖ਼ਤ ਦਾ ਜਵਾਬ ਮੈਂ ਨਹੀਂ ਦਿੱਤਾ। ਬਸ ਮਨ ਹੀ ਮਨ ਕਿਹਾ, ਬੱਪਾ, ਹੁਣ ਹੋਰ ਇੱਥੇ ਨਹੀਂ ਰਹਾਂਗੀ। ਤੁਸੀਂ ਜੋ ਕਿਹਾ ਹੈ ਉਹੀ ਕਰਾਂਗੀ, ਝਾੜੂ ਦਿਆਂਗੀ, ਭਾਂਡੇ ਮਾਂਜਾਂਗੀ ਤੇ ਟਿਕਟ ਦੇ ਪੈਸੇ ਬਣਦਿਆਂ ਹੀ ਆਪਣੇ ਸ਼ਹਿਰ ਪਰਤ ਅਵਾਂਗੀ।
ਕੈਂਪਸ ਵਿਚ ਮੈਨੂੰ ਲਾਇਬਰੇਰੀ 'ਚ ਨੌਕਰੀ ਮਿਲ ਰਹੀ ਸੀ, ਕੈਂਟੀਨ ਵਿਚ ਕੈਸ਼ ਕਾਊਂਟਰ ਉੱਤੇ ਵੀ, ਪਰ ਮੈਂ ਨਹੀਂ ਕੀਤੀ। ਮੈਂ ਆਪਣੇ ਆਪ ਨੂੰ ਉਹਨਾਂ ਦੇ ਸ਼ਹਿਰ ਵਿਚ ਖੁੱਲ੍ਹਾ ਛੱਡ ਦੇਣਾ ਚਾਹੁੰਦੀ ਸਾਂ। ਵਿਦੇਸ਼ੀ ਸੀ ਨਾ, ਵਿਦਿਆਰਥੀ ਦੀ ਹੈਸੀਅਤ ਨਾਲ ਸਾਂ। ਮੈਨੂੰ ਬਾਹਰ ਕੰਮ ਕਰਕੇ ਕਮਾਉਣ ਦੀ ਇਜਾਜ਼ਤ ਨਹੀਂ ਸੀ। ਪਰ ਇਜਾਜ਼ਤ ਸੀ ਕਿਸ ਚੀਜ ਦੀ ਸਾਡੇ ਵਰਗੇ ਲੋਕਾਂ ਨੂੰ। ਮੈਂ ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੀ ਸੀ, ਜਿਹਨਾਂ ਨੂੰ ਸਮਾਜ ਇੱਜ਼ਤ ਨਹੀਂ ਦਿੰਦਾ—ਤੇ ਇਜਾਜ਼ਤ ਨਹੀਂ ਦਿੰਦਾ ਇੱਜ਼ਤ ਬਣਾਉਣ ਦੀ ਕੋਸ਼ਿਸ਼ ਕਰਨ ਦੀ। ਉਸ ਸ਼ਹਿਰ ਵਿਚ ਅਜਿਹੇ ਅਨੇਕਾਂ ਹਨੇਰੇ ਕੋਨੇ ਸਨ ਜਿੱਥੇ ਕਾਨੂੰਨ ਦੀ ਇਜਾਜ਼ਤ ਲੈਣ ਜਾਂ ਆਪਣੇ ਕੰਮਾਂ ਦਾ ਪਹਿਲਾ-ਚਿੱਠਾ ਪੇਸ਼ ਕਰਨ ਦੀ ਲੋੜ ਨਹੀਂ ਸੀ। ਉੱਥੇ ਬਸ ਛੋਟੇ-ਛੋਟੇ ਢਾਬਿਆਂ ਵਿਚ ਸਮਾਜ ਦੀ ਜੂਠ, ਜੂਠੇ ਭਾਂਡੇ ਸਾਫ ਕਰਦੀ ਹੁੰਦੀ ਸੀ। ਉੱਥੇ ਹੀ ਮੈਂ ਬੱਪਾ ਦਾ ਕਹਿਣਾ, ਪੂਰਾ ਕਰਨਾਂ ਸ਼ੁਰੂ ਕੀਤਾ। ਜੂਠ ਦੀ ਜੂਠ ਸਾਫ ਕਰਨ ਦਾ ਕੰਮ ਆਸਾਨੀ ਨਾਲ ਮਿਲ ਗਿਆ ਮੈਨੂੰ।
ਕਿੰਨੀ ਵੀ ਵਧੀਆਂ ਪਲੇਟ ਕਿਉਂ ਨਾ ਧੋਵਾਂ, ਮੇਰਾ ਮਾਲਕ ਇਹੀ ਕਹਿੰਦਾ ਸੀ, 'ਪਲੇਟ ਸਾਫ ਕਰ।' ਇਕ ਦਿਨ ਮੈਨੂੰ ਗੁੱਸਾ ਆ ਗਿਆ। 'ਸਾਫ ਤਾਂ ਹੈ,' ਮੈਂ ਕਿਹਾ। 'ਸਾਫ ਕਰ,' ਉਸਨੇ ਦੁਹਰਾਇਆ। ਮੈਂ ਹਿਰਖ ਗਈ, 'ਜਾਣਦੇ ਓ, ਮੈਂ ਐਮ.ਐਸ. ਕਰ ਰਹੀ ਹਾਂ।' 'ਫੇਰ?' ਉਸਨੇ ਕਿਹਾ ਤੇ ਮੇਰੇ ਮੂੰਹ ਵੱਲ ਦੇਖਣ ਲੱਗਾ...ਦੇਖਦਾ ਰਿਹਾ। ਪਰ ਬੋਲਿਆ ਕੁਝ ਨਹੀਂ। ਉਂਜ ਵੀ ਉਹ ਘੱਟ ਹੀ ਬੋਲਦਾ ਸੀ। ਉੱਥੇ ਸਾਰੇ ਹੀ ਘੱਟ ਬੋਲਦੇ ਸਨ। ਇਹਨਾਂ ਦਿਨਾਂ ਵਿਚ ਇਕ ਵੀ ਹੈਰੀ ਨਹੀਂ ਸੀ ਮਿਲਿਆ ਮੈਨੂੰ। ਉਸਦੇ ਉਸ ਇਕ ਸ਼ਬਦ ਦੇ ਸਵਾਲ ਨੇ ਮੈਨੂੰ ਅੰਦਰ ਤੀਕ ਹਿਲਾਅ ਦਿੱਤਾ। ਇਕ ਛਿਣ ਵਿਚ ਬਹੁਤ ਸਾਰੀਆਂ ਗੱਲਾਂ ਮੇਰੀ ਸਮਝ ਵਿਚ ਆ ਗਈ। ਪਲੇਟ ਸਾਫ ਕਰਨੀ ਹੈ ਤਾਂ ਪਲੇਟ ਸਾਫ ਕਰਨੀ ਹੈ। ਮੈਂ ਕੀ ਹਾਂ, ਮੈਂ ਕੌਣ ਹਾਂ, ਕੀ ਕਰ ਸਕਦੀ ਹਾਂ, ਉਸ ਦਾ ਕੋਈ ਅਰਥ ਨਹੀਂ।
ਸੱਚ ਕਹਿ ਰਹੀ ਹਾਂ ਮਾਂ,' ਮੈਂ ਮਾਂ ਨੂੰ ਖ਼ਤ ਲਿਖਿਆ, 'ਮੇਰੇ ਵਰਗਾ ਪਲੇਟਾਂ ਧੋਣ ਵਾਲਾ ਤੈਨੂੰ ਪੂਰੀ ਦੁਨੀਆਂ ਵਿਚ ਲੱਭਿਆਂ, ਨਹੀਂ ਲੱਭਣਾ। ਜਦੋਂ ਪਲੇਟ ਧੋ ਰਹੀ ਹੁੰਦੀ ਹਾਂ ਤਾਂ ਲੱਗਦਾ ਹੈ, ਮੈਂ, ਮੈਂ ਨਹੀਂ—ਪਲੇਟ ਹਾਂ। ਆਪਣੇ-ਆਪ ਨੂੰ ਸਾਫ ਤੇ ਲਿਸ਼ਕੀਲਾ ਬਣਾ ਲੈਣ ਦੇ ਇਲਾਵਾ ਹੋਰ ਕੋਈ ਟੀਚਾ ਨਹੀਂ ਹੈ ਮੇਰਾ। ਕਿਸੇ ਅੜਚਨ, ਅੜਿੱਕੇ ਦੀ ਪ੍ਰਵਾਹ ਨਹੀਂ ਮੈਨੂੰ। ਮਾਂ, ਦੋਸ਼-ਰਹਿਤ ਕੰਮ ਕਰਨ ਲਈ ਇਕ ਅਜਿਹੀ ਇਕਾਗਰਤਾ ਚਾਹੀਦੀ ਹੈ, ਜਿਹੀ ਕਿ ਪਹਾੜ ਉਪਰ ਚੜ੍ਹਨ ਲਈ, ਚਾਹੇ ਪਲੇਟਾਂ ਧੋਣੀਆਂ ਹੋਣ। ਨਾਰਾਜ਼ ਨਾ ਹੋਵੀਂ, ਮੇਰੀ ਪਿਆਰੀ ਮਾਂ, ਪਰ ਪਲੇਟਾਂ ਧੋਂਦੇ-ਧੋਂਦੇ ਮੈਨੂੰ ਲੱਗਦਾ ਹੈ, ਮੈਂ ਬੱਪਾ ਨਾਲੋਂ ਵਧ ਮਹੱਤਵਪੂਰਨ ਕੰਮ ਕਰ ਰਹੀ ਹਾਂ। ਮੈਂ ਖੁਸ਼ ਹਾਂ, ਮਾਂ, ਅੱਜਕਲ੍ਹ ਬੜੀ ਖੁਸ਼ ਹਾਂ। ਬਿਲਕੁਲ ਨਵੀਂ ਤਰਜ਼ ਦੇ ਸੰਗੀ-ਸਾਥੀ ਮਿਲ ਰਹੇ ਨੇ ਤੇ ਮੈਂ ਸਭਨਾਂ ਨੂੰ ਪਿਆਰ ਵੰਡ ਰਹੀ ਹਾਂ। ਇਹਨਾਂ ਨੂੰ ਵਧੇਰੇ ਲੋੜ ਹੈ ਨਾ, ਮਾਂ।'
ਮਾਂ ਨੇ ਇਹ ਖ਼ਤ ਬੱਪਾ ਨੂੰ ਨਹੀਂ ਦਿਖਾਇਆ ਹੋਣਾ ਕਿਉਂਕਿ ਉਹਨਾਂ ਦੀ ਕੋਈ ਤਿੱਖੀ ਪ੍ਰਤੀਕ੍ਰਿਆ ਮੈਨੂੰ ਨਹੀਂ ਮਿਲੀ। ਬਲਕਿ ਕੁਝ ਦਿਨਾਂ ਦੀ ਚੁੱਪ ਪਿੱਛੋਂ ਉਹਨਾਂ ਲਿਖਿਆ, 'ਪੈਸੇ ਦੀ ਲੋੜ ਹੋਏ ਤਾਂ ਲਿਖ ਦੇਵੀਂ।' ਲਿਖਾਂਗੀ ਬੱਪਾ, ਜ਼ਰੂਰ ਲਿਖਾਂਗੀ। ਲੋੜ ਹੋਈ ਤਾਂ ਲਿਖਾਂਗੀ ਨਹੀਂ? ਪਰ ਮੈਨੂੰ ਲੋੜ ਹੈ ਨਹੀਂ। ਏਨਾਂ ਭਰਪੂਰ ਹੈ ਸਭ ਕੁਝ। ਕਿਸੇ ਚੀਜ ਦੀ ਕਮੀ ਨਹੀਂ ਤਾਂ ਲੋੜ ਕਿੰਜ ਮਹਿਸੂਸ ਹੋਵੇਗੀ? ਪਰ ਖ਼ਤ ਨਹੀਂ ਲਿਖਿਆ ਮੈਂ ਬੱਪਾ ਨੂੰ; ਉਸ ਦਿਨ ਲਈ ਸੁਰੱਖਿਅਤ ਕਰ ਦਿੱਤਾ ਜਦੋਂ ਲੋੜ ਮਹਿਸੂਸ ਕਰਾਂਗੀ।
ਹੋਰ ਨਹੀਂ, ਪਰ ਇਕ ਲੋੜ ਜ਼ਰੂਰ ਹੈ ਮੈਨੂੰ। ਵਾਪਸ ਆਪਣੇ ਸ਼ਹਿਰ ਪਰਤ ਜਾਣਦੀ। ਉਸੇ ਲਈ ਕਮਾਅ ਕੇ ਪੈਸਾ ਜੋੜ ਰਹੀ ਹਾਂ। ਪਰ ਕੰਮ ਵਿਚ ਰੁੱਝੀ, ਏਨਾ ਲੋਕਾਂ ਵਿਚਕਾਰ ਵੰਡੀ, ਮਹਿਸੂਸ ਕਰ ਰਹੀ ਹਾਂ ਕਿ ਲੋੜ ਬਹੁਤੀ ਰੜਕਦੀ ਨਹੀਂ—ਬਲਕਿ ਦੂਰੋਂ ਦਿਖਾਈ ਦੇ ਰਹੇ ਮੰਜ਼ਿਲ ਦੇ ਦੀਵੇ ਵਾਂਗ, ਟਿਮਟਿਮਾਅ ਕੇ ਰੌਸ਼ਨੀ ਦੇ ਰਹੀ ਹੈ।
'ਚੰਗਾ ਹੈ ਨਾ ਮਾਂ, ਏਨੇ ਲੋਕਾਂ ਵਿਚਕਾਰ ਵੰਡੇ ਰਹਿਣਾ। ਮਾਂ,' ਮੈਂ ਲਿਖਆ—'ਅੱਜ ਮੈਂ ਤੇਰੇ ਸਿਖਾਏ ਅਲੀਗੜ੍ਹੀ-ਆਲੂ ਬਣਾ ਕੇ ਖੁਆਏ ਉਹਨਾਂ ਨੂੰ। ਬੜੇ ਪਸੰਦ ਆਏ ਸਾਰਿਆਂ ਨੂੰ। ਬਈ, ਆਲੂ ਪਿੱਛੇ ਤਾਂ ਪਾਗਲ ਹੋਏ-ਹੋਏ ਨੇ ਇਹ ਲੋਕ, ਪਰ ਬਣਾਉਣ ਦੇ ਨਾਂਅ 'ਤੇ ਉਹੀ ਚਿਪਸ ਜਾਂ ਵਧ ਤੋਂ ਵਧ ਬੇਕ ਕਰ ਲਏ ਮੱਖਨ-ਚੀਜ਼ ਪਾ ਕੇ। ਸਾਡੇ ਲੋਕਾਂ ਵਾਂਗ ਹਰ ਸ਼ਹਿਰ ਦੇ ਨਾਂਅ 'ਤੇ ਭਾਂਤ-ਸੁਭਾਂਤੇ ਆਲੂ ਬਣਾਉਣੇ ਕਿੱਥੇ ਜਾਣਦੇ ਨੇ ਇਹ ਲੋਕ? ਸੱਚ ਮਾਂ, ਲੋਕੀਂ, ਮੇਰੇ-ਤੇਰੇ ਵਾਂਗ ਆਲੂ ਦੇ ਨਾਂਅ 'ਤੇ ਪਿਆਰ ਵੰਡਣਾ ਸ਼ੁਰੂ ਕਰ ਦੇਣ ਤਾਂ ਦੁਨੀਆਂ ਵਿਚ ਜੰਗਾਂ ਹੋਣੀਆਂ ਬੰਦ ਹੋ ਜਾਣ। ਓ ਮਾਂ, ਕਿੰਨਾ ਜੀਅ ਕਰਦਾ ਏ, ਉੱਡ ਕੇ ਤੇਰੇ ਕੋਲ ਪਹੁੰਚ ਜਾਵਾਂ ਤੇ ਊਲ-ਜਲੂਲ ਬੇਵਕੂਫ਼ੀਆਂ ਭਰੀਆਂ ਗੱਲਾਂ ਕਰਾਂ। ਤੈਨੂੰ ਬੇਵਕੂਫ਼ੀ ਤੋਂ ਪਰਹੇਜ਼ ਨਹੀਂ ਨਾ, ਬੱਪਾ ਨੂੰ ਕਿਉਂ ਹੈ? ਕਾਸ਼, ਲੋਕੀ ਬੇਵਕੂਫ਼ ਹੁੰਦੇ ਤੇ ਪਿਆਰ ਵੰਡਦੇ ਰਹਿੰਦੇ—ਆਲੂਆਂ ਵਾਂਗ। ਓ ਮਾਂ, ਏਨੇ ਸਵਾਦ ਬਣੇ ਅਲੀਗੜ੍ਹੀ-ਆਲੂ, ਏਨੇ ਸਵਾਦ ਕਿ ਮਜ਼ਾ ਆ ਗਿਆ। ਹੁਣ ਫਟਾਫਟ ਦਮ-ਆਲੂਆਂ ਦੀ ਵਿਧੀ ਲਿਖ ਕੇ ਭੇਜ ਦੇ। ਕਲਕੱਤੇ ਵਿਚ ਖਾਧੇ ਸਨ ਨਾ ਲੂਚੀ ਦੇ ਨਾਲ। ਖ਼ੂਬ ਮਸਾਲੇਦਾਰ। ਕਲਕੱਤੀਆ-ਆਲੂ। ਨਹੀਂ...ਨਹੀਂ, ਦਮ-ਆਲੂ ਨਾਂਅ ਬਿਹਤਰ ਹੈ। ਚੱਲਣ ਦਿਓ ਉਹੀ। ਬਣਾ ਕੇ ਖੁਆਵਾਂਗੀ ਇਹਨਾਂ ਲੋਕਾਂ ਨੂੰ। ਮਾਂ, ਤੂੰ ਸੋਚ ਨਹੀਂ ਸਕਦੀ, ਕਿੰਨੇ ਬੇਵੱਸ, ਲਾਚਾਰ ਕਿਸਮ ਦੇ ਲੋਕ ਆਉਂਦੇ ਨੇ ਇੱਥੇ। ਦੋ ਦਿਨ ਕੰਮ ਕੀਤਾ ਤੇ ਗ਼ਇਬ। ਕੋਈ ਜੇਲ੍ਹ 'ਚੋਂ ਛੁੱਟ ਕੇ ਆ ਰਿਹੈ ਤੇ ਕੋਈ ਜੇਲ੍ਹ ਜਾ ਰਿਹੈ, ਸ਼ਰਾਬੀ, ਆਵਾਰਾ, ਗੰਜੇੜੀ। ਡੱਰਗ-ਐਡਿਕਟਸ ਕਹਿੰਦੇ ਨੇ। ਹਾਸਾ ਆਉਂਦਾ ਹੈ; ਨਹੀਂ, ਰੋਣ ਆਉਂਦਾ ਹੈ। ਤੇ ਮਾਂ, ਕਦੀ-ਕਦੀ ਉਹਨਾਂ ਲੋਕਾਂ ਨਾਲ ਗੱਲਾਂ ਕਰਦਿਆਂ ਮੈਨੂੰ ਬੱਪਾ ਦਾ ਚਿਹਰਾ ਯਾਦ ਆ ਜਾਂਦਾ ਹੈ ਤੇ ਉਦੋਂ ਦਿਲ ਕਰਦਾ ਏ, ਮੈਂ ਵੀ ਸ਼ਰਾਬ ਪੀਵਾਂ, ਡੱਰਗ ਲਵਾਂ, ਆਵਾਰਾਗਰਦੀ ਕਰਾਂ ਤੇ ਇਹਨਾਂ ਲੋਕਾਂ ਦੇ ਦੁਖ ਨੂੰ ਧੁਰ ਅੰਦਰ ਤੀਕ ਸਮਝਾਂ।
'ਨਾ...ਨਾ, ਘਬਰਾਵੀਂ ਨਾ। ਪੈਸੇ ਹੀ ਨਹੀਂ ਹੁੰਦੇ ਮੇਰੇ ਕੋਲ ਏਨਾ ਸਭ ਕਰਨ ਲਈ। ਜੋ ਕਮਾਂਦੀ ਹਾਂ, ਖਰਚ ਕਰ ਦੇਂਦੀ ਹਾਂ ਜਾਂ ਬਚਾਅ ਕੇ ਰੱਖਦੀ ਹਾਂ—ਇਕ ਖਾਸ ਕੰਮ ਲਈ। ਅਜੇ ਨਹੀਂ ਦੱਸਾਂਗੀ ਕਿਸ ਕੰਮ ਲਈ। ਇਕ ਦਿਨ ਹੈਰਾਨੀ ਵਿਚ ਪਾ ਦਿਆਂਗੀ ਤੈਨੂੰ, ਮੇਰੀ ਚੰਗੀ, ਪਿਆਰੀ, ਕੁਛ-ਕੁਛ ਬੇਵਕੂਫ਼ ਮਾਂ।
'ਦਮ–ਆਲੂ ਦੀ ਵਿਧੀ ਭੇਜਣਾ ਨਾ ਭੁੱਲੀਂ। ਇਹਨਾਂ ਲੋਕਾਂ ਨੂੰ ਖੁਆਉਣੇ ਨੇ। ਕੁਛ ਹੈ ਇਹਨਾਂ ਵਿਚ, ਜਿਹੜਾ ਪੁਰਾਣੀਆਂ ਲਤਾਂ ਛੱਡ ਕੇ ਮੁੜ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਭੁੱਖ ਮਿਟਾਉਣ ਖਾਤਰ ਵਿਚਾਰੇ ਕਾਫ਼ੀ-ਡੋਨੇਟ ਦਾ ਸਹਾਰਾ ਲੈਂਦੇ ਨੇ। ਉਹਨਾਂ ਨੂੰ ਹੀ ਬਣਾਅ ਕੇ ਖੁਆ ਦੇਂਦੀ ਹਾਂ ਕਦੀ-ਕਦੀ। ਆਪਣੇ ਢਾਬੇ ਪਿੱਛੇ ਗੈਰੇਜ ਹੈ, ਉਸੇ ਵਿਚ ਮਿਲਦੇ ਹਾਂ ਅਸੀਂ ਲੋਕ। ਹਾਏ, ਮੇਰਾ ਮਾਲਕ ਢਾਬਾ ਨਾਂਅ ਸੁਣਦਿਆਂ ਹੀ ਮੱਚ-ਸੜ ਜਾਏਗਾ। ਈਟਿੰਗ ਜਾਏਂਟ ਹੈ ਇਹ ਮਾਂ, ਫਾਸਟ-ਫੂਡ-ਬੋਨਾਂਜਾ। 'ਕਾਕੇ ਦਾ ਢਾਬਾ' ਯਾਦ ਏ ਤੈਨੂੰ ਤੇ ਉਹ ਈਰਾਨੀ ਹੋਟਲ? ਕਦੋਂ ਦੇਖਾਂਗੀ ਮੈਂ ਉਹਨਾਂ ਨੂੰ?'
ਲਗਦਾ ਹੈ ਹੁਣ ਮਾਂ ਮੇਰੇ ਖ਼ਤ ਬੱਪਾ ਨੂੰ ਨਹੀਂ ਦਿਖਾਉਂਦੀ। ਬੱਪਾ ਮੇਰੀ ਫੀਸ ਤੇ ਕੁਛ ਜੇਬ ਖਰਚ ਸਿੱਧਾ ਕਾਲੇਜ ਭਿਜਵਾ ਦਿੰਦੇ ਨੇ। ਰਸੀਦ ਉਹਨਾਂ ਨੂੰ ਮਿਲ ਜਾਂਦੀ ਹੈ। ਮੈਂ ਅੱਜਕਲ੍ਹ ਉਹਨਾਂ ਨੂੰ ਖ਼ਤ ਨਹੀਂ ਲਿਖਦੀ। ਜਦੋਂ ਪਰਤ ਕੇ ਵਾਪਸ ਜਾਵਾਂਗੀ ਆਪਣੇ ਸ਼ਹਿਰ ਤਾਂ ਖ਼ੂਬ ਸਮਝਾ ਕੇ ਗੱਲਬਾਤ ਕਰਾਂਗੀ ਉਹਨਾਂ ਨਾਲ, ਤੁਹਾਡੇ ਪੈਸਿਆਂ ਨਾਲ ਹੀ ਵਾਪਸ ਪਰਤ ਆਈ ਹਾਂ ਬੱਪਾ—ਤੁਹਾਡੇ ਕਮਾਏ ਪੈਸੇ ਜਾਂ ਤੁਹਾਡੀ ਰਾਏ ਨਾਲ ਕਮਾਏ, ਮੇਰੇ ਪੈਸੇ—ਕੋਈ ਫਰਕ ਨਹੀਂ, ਹੈ ਨਾ? ਮੈਂ ਆਉਣਾ ਸੀ ਮੈਂ ਆ ਗਈ। ਹੁਣ ਮੈਂ ਤੁਹਾਡੇ ਬੂਟ ਪਾਲਿਸ਼ ਕੀਤਾ ਕਰਾਂਗੀ; ਸ਼ੀਸੇ ਵਾਂਗ ਲਿਸ਼ਕਿਆ ਕਰਨਗੇ। ਪਤਾ ਏ ਮੈਂ ਕੌਣ ਹਾਂ, ਦ ਗ੍ਰੇਟੇਸਟ ਪਾਲਿਸ਼ਰ ਆਫ ਦ ਵਰਡ। ਪਲੇਟਾਂ ਲਿਸ਼ਕਾ-ਲਿਸ਼ਕਾ ਕੇ ਐਕਸਪਰਟ ਹੋ ਗਈ ਹਾਂ...ਇੰਤਜ਼ਾਰ ਕਰਨਾ ਹੈ ਅਜੇ। ਅਜੇ ਤਾਂ ਜੂਠ ਸਾਫ ਕਰਨੀ ਹੈ ਮੈਂ। ਪਲੇਟਾਂ ਦੀ ਤੇ ਸਮਾਜ ਦੀ। ਥੋੜ੍ਹੇ ਕੁ ਆਲੂ ਤੇ ਥੋੜ੍ਹਾ ਕੁ ਪਿਆਰ ਵੰਡਣਾ ਏਂ।
'ਮਾਂ, ਇਸ ਵਾਰੀ, ਸਰ੍ਹੋਂ-ਪਿਆਜ ਵਾਲੇ ਆਲੂ-ਬੈਂਗਨਾਂ ਦੀ ਵਿਧੀ ਭੇਜ ਦੇਵੀਂ। ਤੇਰੇ ਹਿਸਾਬ ਨਾਲ ਬਨਾਉਂਦੀ ਹਾਂ ਤਾਂ ਖਾ ਕੇ ਸਾਰੇ ਦੰਗ ਰਹਿ ਜਾਂਦੇ ਨੇ। ਸਾਡੇ ਗੈਰੇਜ ਵਿਚ ਉਹ ਗੁਲਜ਼ਾਰ ਖਿੜਿਆ ਹੁੰਦਾ ਹੈ ਕਿ ਕੀ ਦੱਸਾਂ! ਕਾਕੇ ਦੇ ਢਾਬੇ ਦੀ ਯਾਦ ਤਾਜੀ ਹੋ ਜਾਂਦੀ ਹੈ। ਇਕ ਆਤਮਾ ਕਲੋਲ ਕਰਨ ਲੱਗਦੀ ਹੈ—ਉਸ ਖੁਸ਼ੀਓਂ ਸੱਖਣੀ ਟੋਲੀ ਵਿਚ। ਤੇ ਉਦੋਂ ਮੈਂ ਦੁੱਗਣੇ ਜੋਸ਼ ਨਾਲ ਪਲੇਟਾਂ ਰਗੜਦੀ ਹਾਂ, ਰਗੜ-ਰਗੜ ਕੇ ਇੰਜ ਲਿਸ਼ਕਾਅ ਦੇਂਦੀ ਹਾਂ ਕਿ ਤੇਰਾ ਪਿਆਰਾ-ਪਿਆਰਾ ਸਾਂਵਲਾ ਮੂੰਹ ਵੀ ਹਰੇਕ ਵਿਚ ਗੋਰਾ ਬਣ ਕੇ ਚਮਕੇ। ਬੱਪਾ ਨੂੰ ਆਖੀਂ ਵਾਪਸ ਆਵਾਂਗੀ ਤਾਂ...ਨਹੀਂ ਛੱਡ, ਬੱਪਾ ਨੂੰ ਅਜੇ ਕੁਛ ਨਾ ਆਖੀਂ। ਮੈਂ ਹੀ ਕਹਾਂਗੀ ਇਕ ਦਿਨ...ਅੱਛਾ ਮਾਂ, ਮੇਰਾ ਕੋਈ ਪੁਰਾਣਾ ਸਾਥੀ ਮਿਲਿਆ ਕਦੀ? ਕਦੀ ਨਹੀਂ ਮਿਲਿਆ? ਕੋਈ ਵੀ? ਮਿਲਣ ਆਇਆ ਤਾਂ ਹੋਵੇਗਾ। ਬੱਪਾ ਨੇ ਭਜਾਅ ਦਿੱਤਾ ਹੋਵੇਗਾ। ਮਾਂ ਕੋਈ ਮਿਲੇ ਤਾਂ ਕਹੀਂ...ਨਹੀਂ, ਰਹਿਣ ਦੇਅ—ਉਹ ਵੀ ਮੈਂ ਹੀ ਕਹਾਂਗੀ ਇਕ ਦਿਨ...
'ਤਾਂ ਕੀ ਮਾਂ ਤੂੰ ਮੈਨੂੰ ਸਮਝ ਗਈ ਏਂ? ਕਾਸ਼ ਬੱਪਾ...
'ਸਮਝਣਗੇ ਇਕ ਦਿਨ...
'ਮੈਂ ਆਵਾਂਗੀ ਆਪਣੇ ਸ਼ਹਿਰ...'
---- ---- ----

'ਇਹ ਕੀ ਹੋ ਗਿਆ ਮਾਂ, ਮੈਂ ਮਦਦ ਕਰਨੀ ਚਾਹੀ ਸੀ, ਨਿਰਮਲ ਮਨ ਨਾਲ। ਕਿਉਂ ਹੋਇਆ ਇੰਜ? ਮੈਂ ਬੱਪਾ ਤੋਂ ਹਾਰ ਗਈ। ਉਹ ਦੁਖੀ ਸੀ। ਹੁਣ ਵੀ ਕਹਿੰਦੀ ਹਾਂ, ਦੁਖੀ ਸੀ। ਪੀੜਾਂ ਭੰਨਿਆਂ, ਬੱਚੇ ਵਾਂਗ ਹੀ—ਦਿਸ਼ਾ ਲੱਭ ਰਿਹਾ ਸੀ ਉਹ, ਦਿਸ਼ਾਓਂ ਭਟਕਿਆ ਨਹੀਂ ਸੀ। ਜੀਵਨ ਤੋਂ ਨਿਰਾਸ਼ ਨਹੀਂ ਹੋਇਆ ਸੀ। ਪਰਤ ਆਉਣਾ ਚਾਹੁੰਦਾ ਸੀ, ਮੇਰੇ ਵਾਂਗ। ਪਰਤਨਾਂ ਚਾਹੋਂ ਤੇ ਕੋਈ ਬਾਂਹ ਨਾ ਫੜ੍ਹੇ...ਮਾਂ, ਮੈਂ ਸੋਚਿਆ, ਮੈਂ ਉਸਨੂੰ ਪਰਤਾਅ ਤਾਂ ਨਹੀਂ ਸਕਦੀ ਪਰ ਵਾਪਸੀ ਵਿਚ ਉਸਦੀ ਥੋੜ੍ਹੀ ਬਹੁਤੀ ਮਦਦ ਤਾਂ ਕਰ ਸਕਦੀ ਹਾਂ। ਉਹ ਭੁੱਖਾ ਸੀ, ਮੈਂ ਉਸਨੂੰ ਖਾਣਾ ਖੁਆ ਸਕਦੀ ਸਾਂ। ਕਮਜ਼ੋਰ-ਬਿਮਾਰ ਸੀ। ਸੌਣ ਲਈ ਸਿਰ 'ਤੇ ਛੱਤ ਤੇ ਬਿਸਤਰਾ ਦੇ ਸਕਦੀ ਸਾਂ। ਸੋਚਿਆ ਸੀ, ਇਕ ਦੋ-ਦਿਨ ਆਰਾਮ ਕਰੇਗਾ, ਰੱਜ ਕੇ ਖਾਏਗਾ ਤਾਂ ਨਿਰਾਸ਼ਾ ਉੱਤੇ ਫਤਿਹ ਪਾ ਲਵੇਗਾ। ਜਾਵੇਗਾ ਤਾਂ ਜ਼ਿੰਦਗੀ ਜਿਊਣ ਦੀ ਭਰਪੂਰ ਲਾਲਸਾ ਨਾਲ ਲੈ ਕੇ। ਪਰ...। ਉਹ ਡੱਰਗ ਖਾਂਦਾ ਜ਼ਰੂਰ ਸੀ, ਕੁਝ ਸਮਾਂ ਪਹਿਲਾਂ—ਹਾਂ, ਡੱਰਗ ਐਡਿਕਟ ਸੀ ਉਹ। ਇਸੇ ਲਈ ਮਾਂ-ਪਿਓ ਨੇ ਘਰੋਂ ਕੱਢ ਦਿੱਤਾ ਸੀ। ਕਿਹਾ ਸੀ, ਸਾਡੀ ਆਪਣੀ ਵੀ ਜ਼ਿੰਦਗੀ ਹੈ। ਤੇਰੀ ਮਜ਼ਬੂਰੀ ਉੱਤੇ ਪੂਰਾ ਪਰਿਵਾਰ ਕੁਰਬਾਨ ਨਹੀਂ ਹੋ ਸਕਦਾ। ਉਸਨੇ ਆਤਮ ਹੱਤਿਆ ਨਹੀਂ ਕੀਤੀ, ਹਥਿਆਰ ਨਹੀਂ ਸੁੱਟੇ, ਡੱਰਗ ਛੱਡਣ ਦੀ ਕੋਸ਼ਿਸ਼ ਕੀਤੀ ਤੇ ਅਖ਼ੀਰ ਸਫਲ ਵੀ ਹੋ ਗਿਆ। ਹੁਣ ਤਾਂ ਬਸ ਭੁੱਖਾ ਸੀ, ਨੌਕਰੀ ਦੀ ਭਾਲ ਵਿਚ ਨਿਕਲਿਆ ਬੇਰੁਜ਼ਗਾਰ ਸੀ ਤੇ ਭਵਿੱਖ ਤੋਂ ਡਰਿਆ ਹੋਇਆ ਸੀ। ਮੈਂ ਸੋਚਿਆ, ਮੈਂ ਉਸਦੀ ਮਦਦ ਕਰ ਸਕਦੀ ਹਾਂ, ਕਰਨੀ ਚਾਹੀਦੀ ਹੈ ਮੈਨੂੰ। ਉਹ ਵਾਪਸ ਜੋ ਆਉਣਾ ਚਾਹੁੰਦਾ ਸੀ...
'ਮੈਂ ਉਸਨੂੰ ਕਾਲੇਜ ਦੇ ਆਪਣੇ ਕਮਰੇ ਵਿਚ ਲੈ ਆਈ। ਤੇਰੇ ਸਿਖਾਏ ਕੜ੍ਹੀ-ਚੌਲ ਬਣਾ ਕੇ ਖਾਣ ਲਈ ਦਿੱਤੇ। ਉਸਨੇ ਖਾਧੇ ਮਾਂ, ਰੱਜ ਕੇ ਖਾਧੇ, ਖਿੜ-ਪੁੜ ਗਿਆ। ਖਾ ਕੇ ਸੌਣ ਦੀ ਤਿਆਰੀ ਕਰਨ ਲੱਗਾ। ਫੇਰ...ਮਾਂ, ਕੈਸੇ ਵਹਿਸ਼ੀ ਨੇ ਇੱਥੋਂ ਦੇ ਲੋਕ! ਨਹੀਂ, ਬਿਮਾਰ—ਮਨ ਦੇ; ਆਤਮਾ ਦੇ—ਬਿਮਾਰ। ਉਸਨੇ ਕਿਹਾ, 'ਫੇਰ ਲਿਆਈ ਕਿਸ ਲਈ ਸੈਂ ਤੂੰ ਮੈਨੂੰ ਇਸ ਕਮਰੇ ਵਿਚ?' ਮਾਂ, ਹੁਣ ਹੋਰ ਇੱਥੇ ਨਹੀਂ ਰਿਹਾ ਜਾਣਾ ਮੈਥੋਂ। ਆਪਣੇ ਸ਼ਹਿਰ ਵਾਪਸ ਆ ਰਹੀ ਹਾਂ, ਜਦੋਂ ਸਾਹਮਣੇ ਹੋਵਾਂਗੀ, ਸਮਝ ਲਵੀਂ ਮੈਂ ਆ ਗਈ।'
ਮਾਂ ਨੇ ਆਪਣੇ ਜਵਾਬੀ ਖ਼ਤ ਵਿਚ ਕੀ ਲਿਖਿਆ, ਮੈਂ ਨਹੀਂ ਜਾਣਦੀ। ਉਹ ਖ਼ਤ ਮੈਂ ਉਸਨੂੰ ਪਾਇਆ ਹੀ ਨਹੀਂ ਸੀ। ਵਾਪਸ ਆਪਣੇ ਕਮਰੇ ਵਿਚ ਵੀ ਨਹੀਂ ਸਾਂ ਗਈ। ਕੋਈ ਖ਼ਤ ਆਇਆ ਵੀ ਹੋਵੇਗਾ ਤਾਂ ਪਿਆ ਹੋਵੇਗਾ। ਬੱਪਾ ਦਾ ਭੇਜਿਆ ਜੇਬ ਖਰਚ ਮੇਰੇ ਖਾਤੇ ਵਿਚ ਜਮ੍ਹਾਂ ਹੁੰਦਾ ਰਹਿੰਦਾ ਸੀ। ਕਢਵਾ ਲਿਆ। ਆਪਣਾ ਪੈਸਾ ਵੀ ਕੁਛ ਜਮ੍ਹਾਂ ਕੀਤਾ ਸੀ, ਉਹ ਵੀ। ਮੈਂ ਆਪਣੇ ਸ਼ਹਿਰ ਪਰਤਨ ਲਈ ਟਿਕਟ ਖਰੀਦ ਲਿਆ। ਹੁਣ ਜੋ ਹੋਵੇਗਾ, ਉੱਥੇ ਪਹੁੰਚ ਕੇ ਹੀ...
---- ---- ----

ਮੈਂ ਸ਼ਾਮ ਵੇਲੇ ਆਪਣੇ ਸ਼ਹਿਰ ਵਿਚ ਉਤਰੀ। ਜਾਣ-ਬੁੱਝ ਕੇ ਉਸ ਫਲਾਈਟ ਦਾ ਟਿਕਟ ਲਿਆ ਸੀ ਜਿਸਨੇ ਅਗਲੀ ਸ਼ਾਮ ਤਕ ਮੈਨੂੰ ਆਪਣੇ ਸ਼ਹਿਰ ਪਹੁੰਚਾ ਦਿੱਤਾ ਸੀ।
ਹਰ ਸ਼ਹਿਰ ਦੀ ਇਕ ਆਤਮਾ ਹੁੰਦੀ ਹੈ, ਜਿਹੜੀ ਸ਼ਾਮ ਦੇ ਗੂੜ੍ਹੇ ਹੋ ਰਹੇ ਘੁਸਮੁਸੇ ਵਿਚ ਹੀ ਇਨਸਾਨ ਦੀ ਪਕੜ ਵਿਚ ਆ ਸਕਦੀ ਹੈ। ਦਿਨ ਦੀ ਰੌਸ਼ਨੀ ਬੜੀ ਬੇਦਰਦ ਹੁੰਦੀ ਹੈ। ਹਰੇਕ ਨਕਸ਼ ਨੂੰ ਏਨੀ ਸਫਾਈ ਨਾਲ ਉਘਾੜ ਦਿੰਦੀ ਹੈ ਕਿ ਅਸੀਂ ਉਸਦੇ ਬਾਰੀਕ ਵੱਟਾਂ-ਕੱਟਾਂ ਨੂੰ ਹੀ ਦੇਖਦੇ ਰਹਿ ਜਾਂਦੇ ਹਾਂ। ਸ਼ਹਿਰ ਦੀ ਉਦੋਂ ਆਪਣੀ ਕੋਈ ਵੱਖਰੀ ਪਛਾਣ ਨਹੀਂ ਹੁੰਦੀ। ਉਹ ਦੁਨੀਆਂ ਦਾ ਇਕ ਬੇਨਾਮ ਹਿੱਸਾ ਬਣਿਆ ਹੁੰਦਾ ਹੈ—ਇੱਟਾਂ-ਗਰੇ ਨਾਲ ਚਿਣਿਆ, ਗਲੀਆਂ-ਮੁਹੱਲਿਆਂ ਵਿਚ ਵੰਡਿਆ, ਚੀਕਾ-ਰੌਲੀ ਵਿਚ ਘਿਰਿਆ, ਭੀੜ ਭਰਿਆ ਹਿੱਸਾ। ਸ਼ਾਮ ਪਿੱਛੋਂ ਜਦੋਂ ਹੌਲੀ-ਹੌਲੀ ਰਾਤ ਉਤਰਦੀ ਹੈ ਤਾਂ ਥਕਾਨ ਵਿਚ ਚੂਰ ਜਿਸਮ ਚੁੱਪ ਹੋ ਜਾਂਦੇ ਹਨ। ਉਦੋਂ ਗੂੜੇ ਹੋ ਰਹੇ ਹਨੇਰੇ ਤੇ ਸੰਨਾਟੇ ਵਿਚ ਸ਼ਹਿਰ ਦੀ ਆਤਮਾ ਦੀ ਮਹੀਨ ਆਵਾਜ਼ ਕੰਨਾਂ ਤੀਕ ਪਹੁੰਚ ਸਕਦੀ ਹੈ। ਪਰ ਉਸ ਨਾਲੋਂ ਵੀ ਪਹਿਲਾਂ ਸਮੇਂ ਦਾ ਇਕ ਛੋਟਾ ਜਿਹਾ ਟੋਟਾ ਉਹ ਹੁੰਦਾ ਹੈ, ਜਦੋਂ ਸ਼ਾਮ ਦਾ ਘੁਸਮੁਸਾ ਸ਼ਹਿਰ ਦੇ ਤਿੱਖੇ ਕੰਨਾਂ ਉਪਰ ਕੂਚੀ ਫੇਰ ਦਿੰਦਾ ਹੈ। ਦੋਵਾਂ ਦੇ ਅਕਸ ਧੁੰਦਲੇ ਹੋ ਕੇ ਇਕ ਦੂਜੇ ਵਿਚ ਸਮਾਅ ਜਾਂਦੇ ਨੇ। ਕੁਝ ਚਿਰ ਸ਼ਹਿਰ ਦੀ ਅਖੰਡਿਤ ਤਸਵੀਰ ਸਾਡੀਆਂ ਅੱਖਾਂ ਸਾਹਮਣੇ ਝਿਲਮਿਲਾਉਂਦੀ ਹੈ—ਉਹੀ ਅਸਲ ਸਮਾਂ ਹੁੰਦਾ ਹੈ ਉਸਨੂੰ ਪਛਾਣਨ ਦਾ, ਉਸਦੀ ਆਤਮਾ ਦੀ ਇਕ ਝਲਕ ਵੇਖਣ ਦਾ—ਫੇਰ ਰਾਤ ਘਿਰ ਆਉਂਦੀ ਹੈ ਤੇ ਸ਼ਹਿਰ ਦੀ ਆਵਾਜ਼ ਏਨੀ ਧੀਮੀ ਹੋ ਜਾਂਦੀ ਹੈ ਕਿ ਚਾਹੁਣ 'ਤੇ ਵੀ ਉਸਨੂੰ ਫੜਨ ਦੀ ਕੋਸ਼ਿਸ਼—ਵਧੇਰੇ ਸੰਭਵ ਹੈ, ਨਾਕਾਮ ਹੋ ਜਾਵੇ।
ਹੁਣ ਜਾ ਕੇ ਮੇਰੀ ਸਮਝ ਵਿਚ ਆਇਆ ਸੀ—ਆਪਣੇ ਸ਼ਹਿਰ ਤੋਂ ਏਨੀ ਦਿਨ ਦੂਰ ਰਹਿ ਕੇ—ਕਿ ਬਚਪਨ ਵਿਚ ਮੈਨੂੰ ਧੁੰਦ ਭਰੇ ਦਿਨ ਐਨੇ ਚੰਗੇ ਕਿਉਂ ਲੱਗਦੇ ਹੁੰਦੇ ਸੀ। ਉਦੋਂ ਮੈਂ ਸੋਚਦੀ ਸਾਂ, ਸ਼ਾਇਦ ਇਸ ਲਈ ਕਿ ਜਦੋਂ ਦੂਰ ਤੀਕ ਕੁਛ ਸਾਫ ਦਿਖਾਈ ਨਹੀਂ ਦਿੰਦਾ ਤਾਂ ਇਹ ਸੋਚ ਲੈਣਾ ਆਸਾਨ ਹੁੰਦਾ ਹੈ ਕਿ ਉਸ ਦੂਰੀ ਵਿਚ ਕੁਛ ਬੜਾ ਹੀ ਖੂਬਸੂਰਤ ਛੁਪਿਆ ਹੋਇਆ ਹੈ। ਹਾਲਾਂਕਿ ਇਸ ਡਰ ਤੋਂ ਵੀ ਮੈਂ ਮੁਕਤ ਨਹੀਂ ਸੀ ਹੁੰਦੀ ਕਿ ਸੂਰਜ ਦੀ ਰੌਸ਼ਨੀ ਵਿਚ ਉਹ ਖੂਬਸੂਰਤੀ, ਬਦਸੂਰਤੀ ਬਣ ਕੇ ਉਜਾਗਰ ਹੋ ਜਾਵੇਈ। ਪਰ ਉਹ ਬਚਪਨ ਦੀ ਸੋਚ ਸੀ। ਗੱਲਾਂ ਏਨੀਆਂ ਸਿੱਧੀਆਂ ਸਾਫ ਕਿੱਥੇ ਹੁੰਦੀਆਂ ਹਨ। ਸਵਾਲ ਖੂਬਸੂਰਤੀ-ਬਦਸੂਰਤੀ ਦਾ ਤਾਂ ਹੈ ਹੀ ਨਹੀਂ। ਸੱਚ ਕੌੜਾ ਹੋ ਸਕਦਾ ਹੈ, ਬਡਰੂਪ ਨਹੀਂ। ਪਰ ਸੱਚ, ਠੋਸ-ਸੱਚ ਦੀ ਇਕ ਪਰਤ ਹੇਠ ਛੁਪਿਆ ਰਹਿੰਦਾ ਹੈ। ਸੂਰਜ ਦੀ ਰੌਸ਼ਨੀ ਵਿਚ ਉਪਰਲਾ ਸੱਚ ਏਨਾ ਤਿੱਖਾ ਮਹਿਸੂਸ ਹੁੰਦਾ ਹੈ ਕਿ ਸੱਚ ਦੇ ਦਰਸ਼ਨ ਨਹੀਂ ਹੋ ਸਕਦੇ। ਸ਼ਾਮ ਦਾ ਘੁਸਮੁਸਾ ਜਿਸਮ ਦੇ ਉਹਨਾਂ ਕਟਾਵਾਂ ਨੂੰ ਢਕ ਦਿੰਦਾ ਹੈ ਜਿਹੜੇ ਅੱਖਾਂ ਨੂੰ ਭਰਮਾਅ ਕੇ ਆਤਮਾ ਤੀਕ ਨਹੀਂ ਪਹੁੰਚਣ ਦੇਂਦੇ। ਸ਼ਾਇਦ ਇਸੇ ਲਈ ਬੀਤੇ ਜ਼ਮਾਨੇ ਵਿਚ ਔਰਤਾਂ ਘੁੰਡ ਕੱਢਦੀ ਹੁੰਦੀਆਂ ਸਨ।
ਉਤਰੀ ਤਾਂ ਮੈਂ ਸ਼ਾਮ ਵੇਲੇ ਹੀ ਸਾਂ ਆਪਣੇ ਸ਼ਹਿਰ ਵਿਚ ਪਰ...ਇਹ ਕੀ ਹੋ ਗਿਆ ਮੇਰੇ ਸ਼ਹਿਰ ਨੂੰ! ਨਹੀ, ਇਹ ਮੇਰਾ ਸ਼ਹਿਰ ਨਹੀਂ ਹੈ। ਜਾਂ ਫੇਰ ਇਹ ਸ਼ਾਮ ਦਾ ਵੇਲਾ ਨਹੀਂ। ਮੈਂ ਜਿੱਥੋਂ ਚੱਲੀ ਸਾਂ, ਪਰਸੋਂ ਸਵੇਰੇ ਜਾਂ ਕਲ੍ਹ ਰਾਤੀਂ, ਉੱਥੇ ਹੀ ਹਾਂ ਹੁਣ ਵੀ, ਕਿਤੇ ਹੋਰ ਨਹੀਂ ਪਹੁੰਚੀ। ਵਿਚਕਾਰਲਾ ਕੁਛ ਘੰਟਿਆਂ ਦਾ ਸਮਾਂ ਗਵਾਚ ਗਿਆ ਹੈ ਬਸ, ਉੱਥੋਂ ਤੋਂ ਇੱਥੋਂ ਤੀਕ ਦੇ ਸਫਰ ਵਿਚ। ਦਿਨ ਬਣੀ ਰਾਤ ਨੂੰ ਉੱਥੋਂ ਤੁਰੀ ਸੀ ਤੇ ਦਿਨ ਬਣੀ ਰਾਤ ਨੂੰ ਇੱਥੇ ਹਾਂ। ਸਵੇਰ ਉੱਗੀ ਹੀ ਨਹੀਂ ਵਿਚਕਾਰ ਕਿਤੇ—ਨਾ ਹੀ ਸ਼ਾਮ ਦਾ ਘੁਸਮੁਸਾ ਨਜ਼ਰ ਆਇਆ ਸੀ। ਮਸ਼ੀਨੀ ਚਾਨਣ ਦਾ ਸੰਨਾਟਾ ਛਾਇਆ ਰਿਹਾ ਸੀ ਉੱਥੇ ਵੀ ਤੇ...ਇੱਥੇ ਵੀ। ਥੋੜ੍ਹੇ-ਥੋੜ੍ਹੇ ਫਾਸਲੇ 'ਤੇ ਖੜ੍ਹੇ ਬਿਜਲੀ ਦੇ ਖੰਭਿਆਂ ਦੇ ਬਲਬ ਪੀਲੀ ਰੌਸ਼ਨੀ ਖਿਲਾਰ ਰਹੇ ਨੇ। ਉੱਚੀਆਂ ਉੱਚੀਆਂ ਇਮਾਰਤਾਂ, ਮੋਟਰਾਂ-ਕਾਰਾਂ, ਹੱਥਾਂ-ਪੈਰਾਂ ਵਿਚ ਆਏ ਲੋਕ, ਭੀੜ-ਭੱੜਕਾ—ਸੱਚਮੁੱਚ ਕੀ ਮੈਂ ਆਪਣੇ ਸ਼ਹਿਰ ਵਿਚ ਹਾਂ! ਬੀਂਡਿਆਂ ਦੀ ਬਾਰੀਕ ਆਵਾਜ਼ ਵਿਚ ਵੀ ਤਾਂ ਨਹੀਂ ਬੁਲਾਅ ਰਹੀ ਇਸ ਸ਼ਹਿਰ ਦੀ ਆਤਮਾ ਮੈਨੂੰ।
ਨਹੀਂ, ਇਹ ਮੇਰਾ ਸ਼ਹਿਰ ਨਹੀਂ। ਇਹ ਮੇਰੀ ਆਤਮਾ ਦਾ ਬੇਲੀ ਨਹੀਂ, ਮੇਰੀ ਯਾਦਦਾਸ਼ਤ ਦਾ ਸਹਾਰਾ ਨਹੀਂ। ਰਾਤ ਤੋਂ ਰਾਤ ਤਕ ਦਾ ਸਫਰ ਕਰਕੇ ਮੈਂ ਸਵੇਰ ਕਿਤੇ ਗੁਆ ਬੈਠੀ ਤੇ ਸ਼ਾਮ ਨੂੰ ਦੁਪਹਿਰ ਵਿਚ ਤਬਦੀਲ ਕਰ ਲਿਆ। ਇਹ ਕੀ ਹੋ ਗਿਆ ਮੇਰੇ ਸ਼ਹਿਰ ਨੂੰ?
ਬੌਂਦਲੀ-ਭੰਵਤਰੀ ਜਿਹੀ ਮੈਂ ਹਵਾਈ ਅੱਡੇ ਵਿਚੋਂ ਬਾਹਰ ਆਈ ਤੇ ਟੈਕਸੀ ਵਿਚ ਬੈਠ ਗਈ। ਬੁੱਢੇ ਡਰਾਈਵਰ ਨੂੰ ਕਿਹਾ ਸ਼ਹਿਰ ਤੋਂ ਦੂਰ ਜਾਣ ਵਾਲੀ ਕਿਸੇ ਸੜਕ ਉੱਤੇ ਗੱਡੀ ਮੋੜ ਲਏ। ਉਸਨੇ ਸਵਾਲ ਨਹੀਂ ਕੀਤਾ। ਗੱਡੀ ਹਨੇਰੀ ਸੜਕ ਉੱਤੇ ਦੌੜਾ ਦਿੱਤੀ। ਅਮਰੀਕਾ ਤੋਂ ਆਏ ਗਾਹਕਾਂ ਨੂੰ ਹੁਸ਼ਿਆਰ ਵਪਾਰੀ ਸਵਾਲ ਨਹੀਂ ਕਰਦੇ।
ਪਤਾ ਨਹੀਂ ਕਿੰਨੀ ਦੇਰ ਮੈਂ ਸਫਰ ਕੀਤਾ। ਰਾਤ ਮੇਰੇ ਉੱਤੇ ਹਾਵੀ ਹੋਣ ਲੱਗ ਪਈ ਸੀ। ਪਤਾ ਨਹੀਂ ਕਦੋਂ ਅੱਖ ਲੱਗ ਗਈ। ਤੇ ਤਦ ਨੀਂਮ ਬੇਹੋਸ਼ੀ ਵਿਚ ਮੈਂ ਮਹਿਸੂਸ ਕੀਤਾ ਕੋਈ ਧੀਮੀ ਆਵਾਜ਼ ਵਿਚ ਮੈਨੂੰ ਬੁਲਾਅ ਰਿਹਾ ਹੈ। ਬੀਂਡੇ ਵਰਗੀ ਮਹੀਨ ਆਵਾਜ਼ ਵਿਚ। ਬਿਨਾਂ ਤ੍ਰਬਕਿਆਂ ਮੈਂ ਜਾਗ ਪਈ। ਸਮਝ ਗਈ ਸ਼ਾਮ ਦੇ ਘੁਸਮੁਸੇ ਵਿਚ ਉਸ ਸ਼ਹਿਰ ਦੀ ਆਤਮਾ ਜਿਸਮ ਦੇ ਖੋਲ ਵਿਚੋਂ ਬਾਹਰ ਨਿਕਲ ਆਈ ਹੈ ਤੇ ਮੈਨੂੰ ਕੁਛ ਕਹਿਣਾ ਚਾਹੁੰਦੀ ਹੈ।
ਸੜਕ ਦੇ ਕਿਨਾਰੇ ਇਕ ਵਿਸ਼ਾਲ ਇਕੱਲੀ ਕਹਿਰੀ ਇਮਾਰਤ ਦਿਖਾਈ ਦਿੱਤੀ। ਚਾਰੇ ਪਾਸੇ ਉਜੜਿਆ ਹੋਇਆ ਬਾਗ਼, ਬੰਜਰ ਜ਼ਮੀਨ, ਟੁੰਡਮੁੰਡ ਹੋਏ ਦਰਖ਼ਤ। ਲੁੱਟਿਆ-ਪੱਟਿਆ ਤੇ ਸਰਾਪਿਆ ਜਿਹਾ ਇਕ ਬਗ਼ੀਚਾ। ਨਾ ਖੁੱਲ੍ਹੇ ਜੰਗਲ ਵਰਗਾ ਤੇ ਨਾ ਹੀ ਨਿੱਜੀ ਬਾਗ਼ੀਚੇ ਵਾਂਗ ਸਜਾਇਆ-ਸੰਵਾਰਿਆ। ਮੈਨੂੰ ਲੱਗਿਆ ਇਹ ਖੜਮਸਤੀਆਂ ਕਰਦੀ ਆਵਾਜ਼ ਉਸੇ ਇਮਾਰਤ ਦੇ ਇਰਦ-ਗਿਰਦ ਮੰਡਲਾ ਰਹੀ ਹੈ।
ਮੈਂ ਗੱਡੀ ਰੁਕਵਾ ਲਈ। ਖ਼ੁਦ ਉੱਤਰੀ ਤੇ ਸਾਮਾਨ ਵੀ ਉਤਰਵਾ ਲਿਆ। ਇਮਾਰਤ ਦਾ ਨਾਂਅ ਪੁੱਛਿਆ ਤਾਂ ਸ਼ਹਿਰ ਦਾ ਵੀ ਪਤਾ ਲੱਗ ਗਿਆ। ਰਾਤ ਦੇ ਪਹਿਰੇਦਾਰ ਨੇ ਦੱਸਿਆ ਕਿ ਇਸ ਇਮਾਰਤ ਵਿਚ ਕਦੀ ਬੀਤੇ ਜ਼ਮਾਨੇ ਦੇ ਯੁਵਰਾਜ ਦਾ ਮਹਿਲ ਹੁੰਦਾ ਸੀ, ਹੁਣ ਹੋਟਲ ਹੈ ਨਾਂਅ ਦਾ। ਇੱਕਾ-ਦੁੱਕਾ ਯਾਤਰੀ; ਉਹ ਵੀ ਕਦੇ-ਕਦਾਈਂ—ਜਿਵੇਂ ਅੱਜ ਮੈਂ। “ਤੇ ਬੀਤੇ ਜ਼ਮਾਨੇ ਦੇ ਯੁਵਰਾਜ?” ਪੁੱਛਣ ਦੀ ਦੇਰ ਸੀ ਕਿ ਯਾਦਆਸ਼ਤ ਬੰਨ੍ਹ ਤੋੜ ਕੇ ਵਹਿ ਨਿਕਲੀ। ਬੀਤੇ ਦਿਨਾਂ ਦੀ ਚੀਕਾ-ਰੌਲੀ ਨੇ ਮਹੀਨ ਆਵਾਜ਼ ਨੂੰ ਸ਼ਿਸ਼ਕਰ ਦਿੱਤਾ।
ਜਾਣਦੇ ਨਹੀਂ ਤੁਸੀਂ। ਸਨ 1975 ਵਿਚ ਸਰਕਾਰ ਨੇ ਉਹਨਾਂ ਨੂੰ ਫੜ੍ਹਨ ਲਈ ਮਹਿਲ ਨੂੰ ਘੇਰਾ ਪਾਇਆ ਸੀ। ਸਮਰਪਣ ਕਰ ਤੋਂ ਇਨਕਾਰ ਜੋ ਕਰ ਦਿੱਤਾ ਸੀ ਸਾਡੇ ਯੁਵਰਾਜ ਨੇ। ਸ਼ਹਿਰ ਦਾ ਕੋਈ ਅਫ਼ਸਰ ਉਹਨਾਂ ਨੂੰ ਗ਼੍ਰਿਫਤਾਰ ਕਰਨ ਲਈ ਤਿਆਰ ਨਹੀਂ ਸੀ—ਰਾਜਧਾਨੀ ਤੋਂ ਆਈ ਸੀ ਪੁਲਿਸ ਤੇ ਘੇਰ ਲਿਆ ਸੀ ਮਹਿਲ ਨੂੰ।
ਸਨ 1975 ਵਿਚ? ਹਾਂ, ਕੁਛ ਤਾਰੀਖ਼ਾਂ ਅਜਿਹੀਆਂ ਹੁੰਦੀਆਂ ਨੇ ਬਿਨਾਂ ਕੁਛ ਕਿਹਾਂ ਸਭ ਕੁਛ ਸਮਝਾ ਦੇਂਦੀਆਂ ਨੇ। ਸ਼ਹਿਰਾਂ ਵਾਂਗ ਤਾਰੀਖ਼ਾਂ ਦੀ ਵੀ ਆਤਮਾ ਹੁੰਦੀ ਹੈ। ਉਹੀ ਸਾਲ ਤਾਂ ਸੀ ਜਦੋਂ ਬੱਪਾ ਨੇ ਮੈਨੂੰ ਦੇਸ਼-ਨਿਕਾਲਾ ਦਿੱਤਾ ਸੀ। ਇਸ ਸ਼ਹਿਰ ਦਾ ਬੀਤੇ ਜ਼ਮਾਨੇ ਦਾ ਯੁਵਰਾਜ ਤੇ ਰਾਜਧਾਨੀ ਦੀ ਸਰਕਾਰ—ਇਕੋ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀਨਿਧ ਸਨ। ਪਰ ਕੌਣ ਨਾਗਰਿਕ ਹੈ, ਕੌਣ ਨਹੀਂ—ਤੈਅ ਕਰਨ ਦਾ ਅਧਿਕਾਰ ਮੇਰੇ ਬੱਪਾ ਵਰਗੇ ਲੋਕਾਂ ਦੇ ਹੱਥਾਂ ਵਿਚ ਸੀ ਉਹਨੀਂ ਦਿਨੀ। ਇਸੇ ਕਰਕੇ ਤਾਂ ਮੈਨੂੰ ਬਾਹਰ ਕੱਢ ਦਿੱਤਾ ਗਿਆ ਸੀ। ਸੰਕਟਕਾਲ (ਐਮਰਜੈਸੀ) ਸੀ ਉਹ ਮੇਰੇ ਲਈ, ਤੇ ਬੀਤੇ ਜ਼ਮਾਨੇ ਦੇ ਯੁਵਰਾਜ ਲਈ ਜਿਹੜਾ ਉਦੋਂ ਸਾਂਸਦ ਸੀ, ਵਿਰੋਧੀ ਪਾਰਟੀ ਦਾ।
ਉਸਨੂੰ ਘੇਰ ਕੇ ਆਪਣੇ ਹੀ ਮਹਿਲ ਵਿਚ ਕੈਦੀ ਬਣਾ ਦਿੱਤਾ ਗਿਆ ਸੀ। ਪਰ ਉਹ ਕੈਦ ਵਿਚ ਰਿਹਾ ਕਦੋਂ? ਬੰਦ ਕਮਰੇ ਵਿਚ ਪਸਤੌਲ ਪੁੜਪੁੜੀ ਉਪਰ ਰੱਖ ਕੇ ਮੁਕਤ ਹੋ ਗਿਆ। ਕੀ ਉਸਦੀ ਆਤਮਾ ਸ਼ਹਿਰ ਦੀ ਆਤਮਾ ਵਿਚ ਮਿਲ ਗਈ ਜਾਂ ਇਸ ਸਰਾਪੇ ਹੋਏ ਮਹਿਲ ਨਾਲ ਟੱਕਰਾਂ ਮਾਰਦੀ ਭਟਕ ਰਹੀ ਹੈ? ਬੁੱਢੇ ਪਹਿਰੇਦਾਰ ਲਈ ਯੁਵਰਾਜ ਹੀ ਸ਼ਹਿਰ ਸੀ ਪਰ ਮੈਂ ਜਾਂਦੀ ਹਾਂ ਇੰਜ ਨਹੀਂ ਹੈ। ਫੇਰ ਵੀ ਸਨ 1975 ਵਿਚ ਸ਼ਹੀਦ ਹੋਏ ਲੋਕਾਂ ਦੀ ਆਵਾਜ਼ ਸੁਣਨ ਤੋਂ ਮੈਂ ਇਨਕਾਰ ਨਹੀਂ ਕਰ ਸਕਦੀ ਸੀ। ਜਿਸਮ ਦੇ ਪਿੰਜਰੇ ਵਿਚ ਕੈਦ ਮੈਂ ਕਿੱਥੇ-ਕਿੱਥੇ ਭਟਕੀ ਹਾਂ—ਉਸ ਸਾਲ ਦੀ ਵੇਦੀ ਉਪਰ ਆਪਣੀ ਆਤਮਾ ਦਾ ਬਲਿਦਾਨ ਦੇਣ ਤੋਂ ਇਨਕਾਰ ਕਰਕੇ। ਕੀ ਮੈਂ ਆਤਮਾ ਇੱਥੇ ਛੱਡ ਗਈ ਸਾਂ? ਨਹੀਂ, ਮੇਰੇ ਜਿਸਮ ਵਿਚ ਤੇ ਮੇਰੇ ਸ਼ਹਿਰ ਵਿਚ, ਦੋਵੀਂ ਥਾਵੀਂ ਵੰਡੀ-ਵੰਡੀ ਭਟਕਦੀ ਰਹੀ ਸੀ ਮੇਰੀ ਆਤਮਾ। ਸੁਣੋ ਖਾਂ, ਇਕ ਵਾਰੀ ਕੰਨ ਲਾ ਕੇ ਸਣੋ—ਬੀਤੇ ਜ਼ਮਾਨੇ ਦੇ ਯੁਵਰਾਜ ਤੇ ਉਸ ਸਮੇਂ ਦੇ ਸਾਂਸਦ ਦੀ ਆਤਮਾ ਦੀ ਆਵਾਜ਼ ਕੀ ਕਹਿਣਾ ਚਾਹ ਰਹੀ ਹੈ...
ਬੁੱਢੇ ਪਹਿਰੇਦਾਰ ਦੀ ਕਹਾਣੀ ਦੇ ਖਤਮ ਹੁੰਦਿਆਂ ਹੀ ਮੈਂ ਉਸ ਕਮਰੇ ਕੋਲ ਜਾ ਪਹੁੰਚੀ, ਜਿੱਥੇ ਉਸਨੇ ਕੈਦ ਤੇ ਮੁਕਤੀ ਦੋਵੇਂ ਪ੍ਰਾਪਤ ਕੀਤੀਆਂ ਸਨ। ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਪਰ ਸ਼ੀਸ਼ੇ ਵਿਚ ਝਾਕ ਕੇ ਅੰਦਰ ਦੇਖਿਆ ਜਾ ਸਕਦਾ ਸੀ। ਉਸ ਸਰਾਪੇ ਮਹਿਲ ਵਿਚ ਹੁਣ ਵੀ ਕੋਈ ਰੋਜ਼ ਆ ਕੇ ਕਮਰਾ ਸਾਫ ਕਰ ਜਾਂਦਾ ਸੀ। ਸਾਫ-ਸੁਥਰੀ ਤੇ ਸੁਚੱਜੇ ਢੰਗ ਦੀ ਤਰਤੀਬ ਸੀ, ਬਿਸਤਰੇ ਉਪਰ ਵਿਛੇ ਤਾਜੇ ਫੁੱਲ, ਕੰਧ ਉੱਤੇ ਯੁਵਰਾਜ ਦੀ ਆਦਮ ਕੱਦ ਤਸਵੀਰ। ਸਭ ਕੁਛ ਸੀ ਪਰ ਯੁਵਰਾਜ ਦੀ ਆਤਮਾ ਉੱਥੇ ਨਹੀਂ ਸੀ। ਸ਼ਾਮ ਦੇ ਘੁਸਮੁਸੇ ਵਿਚ ਵੀ ਉਸਨੇ ਮੈਨੂੰ ਨਹੀਂ ਸੀ ਬੁਲਾਇਆ—ਪਰ ਮੁਕਤ ਵੀ ਨਹੀਂ ਸੀ ਕੀਤਾ ਪੂਰੀ ਤਰ੍ਹਾਂ। ਦੂਰ ਕਿਤੇ, ਹਲਕੇ ਸੁਰਾਂ ਵਿਚ ਮੈਨੂੰ ਕੋਈ ਬੁਲਾਅ ਕੇ ਸਾਥ ਦੇਣ ਦੀ ਮੰਗ ਕਰ ਰਿਹਾ ਸੀ।
ਮੈਂ ਅੱਖਾਂ ਬੰਦ ਕਰਕੇ ਮਹਿਲ ਦੀ ਸੁੱਕੀ ਘਾਹ ਭਰੇ ਅਹਾਤੇ ਵਿਚ ਬੈਠ ਗਈ। ਹਨੇਰਾ ਤੇ ਸੰਨਾਟਾ ਗਾੜ੍ਹਾ ਹੁੰਦਾ ਗਿਆ ਤੇ ਉਸਦੇ ਨਾਲ ਹੀ ਮੈਨੂੰ ਪੂਰੀ ਕਹਾਣੀ ਯਾਦ ਆ ਗਈ—ਜਿਵੇਂ ਓਹਨੀਂ ਦਿਨੀ ਸੁਣੀ ਸੀ। ਬਾਹਰ ਭੇਜੇ ਜਾਣ ਤੋਂ ਪਹਿਲਾਂ, ਪੂਰੀ ਦੀ ਪੂਰੀ।
ਉਸਨੂੰ ਘੋੜੇ ਪਾਲਨ ਦਾ ਖਬਤ ਸੀ। ਰੇਸ ਦੇ ਘੋੜੇ। ਮਹਿਲ ਦੇ ਪਿੱਛਲੇ ਪਾਸੇ ਸਟਡ-ਫਾਰਮ ਸੀ, ਜਿੱਥੇ ਉਹ ਘੋੜ-ਦੌੜ ਦੇ ਵਿਜੇਤਾ ਤਿਆਰ ਕਰਦੇ ਸਨ। ਪੁਲਿਸ ਦੇ ਘੇਰਾ ਪਾਉਣ ਨਾਲ ਉਸਦੇ ਉਹ ਨਾਯਾਬ ਘੋੜੇ ਬਿਨਾਂ ਦਾਣੇ ਪਾਣੀ ਦੇ ਭੁੱਖੇ ਮਰਨ ਲੱਗੇ। ਉਹੀ ਸਮਿਆਂ ਤੋਂ ਚੱਲੀ ਜਾ ਰਹੀ ਚਾਲ ਸੀ ਰਾਜਧਾਨੀ ਦੀ—ਘੋੜਿਆਂ ਦੀ ਜ਼ਿੰਦਗੀ, ਸਮਰਪਨ ਕਰ ਦੇਣ ਦੀ ਸ਼ਰਤ ਬਣ ਗਈ। ਤਦ ਉਸਨੇ ਪੁੜਪੁੜੀ ਨੂੰ ਸਿੰਨ੍ਹ ਕੇ ਪਸਤੌਲ ਦੀ ਗੋਲੀ ਚਲਾ ਦਿੱਤੀ ਸੀ। ਉਸਦੇ ਮਰਦਿਆਂ ਹੀ ਘੇਰਾ ਹਟਾਅ ਲਿਆ ਗਿਆ। ਪਾਣੀ ਦੀ ਸਪਲਾਈ ਖੋਹਲ ਦਿੱਤੀ ਗਈ। ਰਸਦ ਅੰਦਰ ਜਾਣ ਲੱਗ ਪਈ। ਘੋੜੇ ਬਚ ਗਏ—ਆਪਣੀਆਂ ਨਾਲਾਂ ਸਮੇਤ।
ਹਾਂ, ਧਿਆਨ ਨਾਲ ਸੁਣਿਆ ਮੈਂ—ਉਹਨਾਂ ਘੋੜਿਆਂ ਦੇ ਨਾਲ ਜੜੇ ਪੈਰਾਂ ਦੀ ਆਵਾਜ਼ ਹੀ ਸੀ ਉਹ। ਉੱਥੇ ਅਸਤਬਲ ਦੇ ਨੇੜੇ ਤੇੜੇ ਹੀ ਭਟਕ ਰਹੀ ਹੋਵੇਗੀ ਉਸਦੀ ਆਤਮਾ। ਹਨੇਰੇ ਵਿਚ ਬਿਨਾਂ ਰਾਹ ਟੋਲੇ, ਉਸੇ ਦੇ ਸਹਾਰੇ ਵਧਦੀ ਰਹੀ ਮੈਂ। ਮੁਸ਼ਕਿਲ ਨਹੀਂ ਸੀ ਉਸ ਸੁਨਸਾਨ ਸੰਨਾਟੇ ਵਿਚ ਉਸ ਆਵਾਜ਼ ਨੂੰ ਸੁਣ ਸਕਣਾ। ਪੈਰਾਂ ਦੀ ਥਪਥਪ ਧੀਮੀ ਜ਼ਰੂਰ ਸੀ ਪਰ ਰਾਤ ਦੀ ਚੁੱਪ ਵਿਚ ਇਕੱਲੀ ਹੋਣ ਕਰਕੇ, ਧਮਕ ਜ਼ੋਰਦਾਰ ਕਰ ਰਹੀ ਸੀ—ਕੰਨਾਂ ਉੱਤੇ, ਦਿਮਾਗ਼ ਉੱਤੇ ਤੇ ਦਿਲ ਉੱਤੇ।
ਸੁਣ, ਆ, ਏਧਰ ਮੇਰੇ ਕੋਲ ਆ। ਮੇਰੀ ਕਹਾਣੀ ਸੁਣ। ਅਣਕਹੀ ਕਹਾਣੀ ਸਮਝਣ ਦੀ ਤਾਬ ਹੈ ਤਾਂ ਆ। ਇਸੇ ਧਮਕ ਦੇ ਸਹਾਰੇ ਤੁਰੀ ਆ। ਰਸਤਾ ਪੈਰਾਂ ਹੇਠਲੀ ਜ਼ਮੀਨ ਨਹੀਂ, ਪਛਾਣ ਮੰਗਦਾ ਹੈ। ਤੇਰੇ ਲਈ ਰਸਤੇ ਦੀ ਪਛਾਣ ਇਹ ਧਮਕ ਹੈ ਮੇਰੇ ਪੈਰਾਂ ਦੀ ਪੈੜਚਾਲ।
ਸੁਣ...ਥਪ-ਥਪ, ਟਪ-ਟਪ, ਠਪ-ਠਪ, ਠਕ-ਠਕ, ਕਿੱਥੋਂ ਕਿੱਥੇ ਤੀਕ ਪਹੁੰਚਾਅ ਦਿੱਤੀ ਤੁਸਾਂ ਲੋਕਾਂ ਨੇ ਧਮਕ ਮੇਰੀ ਪੈੜਚਾਲ ਦੀ। ਤੂੰ ਸ਼ਾਇਦ ਸਮਝ ਸਕੇਂ...ਸ਼ਾਇਦ ਨਹੀਂ...ਸ਼ਾਇਦ...
ਠਕ-ਠਕ, ਠਪ-ਠਪ, ਟਪ-ਟਪ, ਥਪ-ਥਪ...ਥਪਕ ਗਵਾਚ ਕਿਉਂ ਗਈ ਠਕ-ਠਕ ਵਿਚ? ਪੈੜਚਾਪ ਵੱਝ ਕਿਉਂ ਗਈ ਨਾਲਾਂ ਵਿਚ?
ਮੈਂ ਘੋੜਿਆਂ ਤੀਕ ਪਹੁੰਚਣ ਤੋਂ ਪਹਿਲਾਂ ਹੀ ਬੜਾ ਕੁਛ ਸਮਝ ਚੁੱਕੀ ਸਾਂ। ਸ਼ਾਮ ਦਾ ਘੁਸਮੁਸ ਹੁਣ ਪੂਰੀ ਤਰ੍ਹਾਂ ਰਾਤ ਦੇ ਇਕ ਛਤਰ ਹਨੇਰੇ ਵਿਚ ਬਦਲ ਚੁੱਕਿਆ ਸੀ। ਉੱਥੋਂ ਤੀਕ ਪਹੁੰਚਣ ਤੋਂ ਪਹਿਲੋਂ ਹੀ ਮੈਂ ਉਸ ਧਮਕ ਨੂੰ ਪਛਾਣ ਲਿਆ ਸੀ—ਸਲਾਖਾਂ ਦੇ ਦਰਵਜ਼ਿਆਂ ਵਾਲੇ ਵਾੜੇ ਵਿਚ ਬੰਦ ਧਾਕੜ ਘੋੜਿਆਂ ਦੇ ਪੌੜ ਭੋਇੰ ਮਾਰਨ ਦੀ ਆਵਾਜ਼ ਨੂੰ ਹੀ ਨਹੀਂ, ਉਸ ਵਿਚ ਗੁੱਝੀ ਪੀੜ ਨੂੰ ਵੀ।
ਦੌੜਨ ਦੀ ਸ਼ਕਤੀ ਅਣਥੱਕ ਸੀ। ਪਰ ਦੌੜ ਲਾਉਣ ਲਈ ਖੁੱਲ੍ਹਾ ਜੰਗਲ ਨਹੀਂ ਸੀ। ਗਿਣਿਆ-ਮਿਣਿਆ ਟਰੈਕ ਸੀ ਤੇ ਸੀ—ਮਾਲਕ ਦੀ ਪੁਚਕਾਰ, ਦਾਅ ਲਾਉਣ ਵਾਲਿਆਂ ਦੀ ਆਸ-ਨਿਰਾਸ਼ਾ ਤੇ ਜੁਆਰੀਆਂ ਦਾ ਜੁਆ ਢੋਣ ਵਾਲੇ, ਨਾਲਾਂ ਠੁਕੇ ਪੈਰ—ਖੜ੍ਹੇ-ਖੜ੍ਹੇ ਇਕੋ ਥਾਂ ਦੌੜ ਲਾਉਣ ਦਾ ਮਾਇਆਜਾਲ ਪੈਦਾ ਕਰਦੇ, ਆਪਣੀ ਤ੍ਰਿਸ਼ਣਾ ਸ਼ਾਂਤ ਕਰ ਰਹੇ ਸਨ।
ਪਹਿਲੇ ਵਾੜੇ ਸਾਹਮਣੇ ਮੈਂ ਠਿਠਕ ਕੇ ਖੜ੍ਹੀ ਹੋ ਗਈ। ਆਵਾਜ਼ ਦੇ ਨਾਲ ਉੱਚੇ ਸਫ਼ੈਦ ਅਰਬੀ ਘੋੜੇ ਦੀ ਨਜ਼ਰ ਨੇ ਮੈਨੂੰ ਕੀਲ ਲਿਆ। ਦੌੜ ਲਾਉਣ ਸਮੇਂ ਅੱਖਾਂ ਉਪਰ ਪਰਦੇ ਪਾਏ ਹੁੰਦੇ ਨੇ ਨਾ, ਇਸ ਸਮੇਂ ਦੇਖਣ ਲਈ ਮੁਕਤ ਸਨ। ਜੰਗਲ ਤੇ ਮੈਦਾਨ ਦੇ ਆਖ਼ਰੀ ਸਿਰੇ ਉੱਤੇ ਨਿਗਾਹ ਟਿਕਾਅ ਕੇ ਮਨਚਾਹੀ ਦੌੜ ਲਾਉਣ ਲਈ—ਫੇਰ ਵੀ ਨਹੀਂ—ਮੇਰੇ ਵੱਲ। ਪਿਆਰ ਵੰਡਣ ਵਾਲੇ ਹੱਥਾਂ ਨਾਲ ਮੈਂ ਉਸਦੀ ਬੂਥੀ ਦੋਵਾਂ ਹੱਥ ਵਿਚ ਫੜ੍ਹ ਲਈ। ਸਿਰ ਉੱਤੇ ਹੱਥ ਫੇਰ ਸਕਣ ਜਿੰਨੀ ਉਚਾਈ ਮੇਰੀ ਆਪਣੀ ਨਹੀਂ ਸੀ—ਅੱਖਾਂ ਨਾਲ ਅੱਖਾਂ ਮਿਲ ਗਈਆਂ, ਇਹੀ ਬੜਾ ਸੀ।
ਤੂੰ ਗਲਤ ਸੀ, ਬੀਤੇ ਹੋਏ ਕਲ੍ਹ ਦੇ ਯੁਵਰਾਜ। ਖ਼ੁਦਕਸ਼ੀ ਕਰਕੇ ਤੈਂ ਆਪਣੀ ਹਊਮੇਂ ਨੂੰ ਬਚਾਇਆ, ਘੋੜਿਆਂ ਨੂੰ ਨਹੀਂ। ਤੈਨੂੰ ਆਪਣੇ ਘੋੜਿਆਂ ਨਾਲ ਪਿਆਰ ਨਹੀਂ, ਉਹਨਾਂ ਦਾ ਮਾਲਕ ਹੋਣ ਉੱਤੇ ਨਾਜ਼ ਸੀ। ਇਸੇ ਲਈ ਤੇਰੀ ਆਤਮਾ ਦੀ ਆਵਾਜ਼ ਇਹਨਾਂ ਦੇ ਪੈਰਾਂ ਦੀ ਠਕ-ਠਕ ਵਿਚ ਗਵਾਚ ਗਈ ਹੈ। ਬਿਹਤਰ ਹੁੰਦਾ ਜੇ ਤੂੰ ਇਹਨਾਂ ਦੇ ਵਾੜਿਆਂ ਦੀਆਂ ਸਲਾਖਾਂ ਵਾਲੇ ਗੇਟ ਤੁੜਵਾ ਦਿੰਦਾ, ਇਹਨਾਂ ਨੂੰ ਆਜ਼ਾਦ ਕਰ ਦੇਂਦਾ, ਆਪੋ-ਆਪਣਾ ਜੰਗਲ ਤੇ ਮੈਦਾਨ ਲੱਭਣ ਲਈ।
ਉਸ ਅਰਬੀ ਘੋੜੇ ਦਾ ਚਿਹਰਾ ਆਪਣੇ ਹੱਥ ਵਿਚ ਲੈ ਕੇ, ਉਸਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ, ਮੈਂ ਆਪਣੇ ਪੈਰਾਂ ਨੂੰ ਝਾੜਿਆ, ਐਨ ਕਿਸੇ ਰੇਸ ਦੇ ਘੋੜੇ ਵਾਂਗ। ਰਤਾ ਕੁ ਤ੍ਰਬਕ ਕੇ ਘੋੜਾ ਨੇ ਮੇਰੇ ਵੱਲ ਦੇਖਿਆ। ਮੇਰੀਆਂ ਅੱਖਾਂ ਦੀ ਝਿਲਮਿਲ ਉਸਦੀਆਂ ਅੱਖਾਂ ਦੇ ਕੋਇਆਂ ਵਿਚ ਉਤਰ ਗਈ।
ਨਹੀਂ, ਉਸਨੇ ਮੈਨੂੰ ਕਿਹਾ, ਤੇਰੇ ਪੈਰਾਂ ਵਿਚ ਨਾਲ ਨਹੀਂ ਠੁਕੀ, ਤੂੰ ਅਜੇ ਵੀ ਆਜ਼ਾਦ ਏਂ। ਰੇਸ ਵਿਚ ਨਾ ਦੌੜੀਂ, ਦੌੜ ਜਾਹ—ਰੇਸ ਸ਼ੁਰੂ ਹੋਵੇ ਉਸ ਤੋਂ ਪਹਿਲਾਂ ਦੌੜ ਜਾਹ, ਦੌੜ ਜਾਹ।...ਦੌੜ ਜਾਹ, ਇਕ ਹੋਰ ਆਵਾਜ਼ ਉਸਦੀ ਆਵਾਜ਼ ਵਿਚ ਆ ਮਿਲੀ। ਨਾਲ ਠੁਕੇ ਪੈਰਾਂ ਦੀਆਂ ਠੋਕਰਾਂ ਹੇਠ ਮਿੱਧੀ ਧਰਤੀ 'ਚੋਂ ਨਿਕਲ ਕੇ ਚਾਰੇ ਪਾਸੇ ਫੈਲ ਗਈ। ਸਮਾਂ ਰਹਿੰਦਿਆਂ ਦੌੜ ਜਾਹ, ਰੇਸ 'ਚੋਂ ਬਾਹਰ ਹੋ ਜਾ ਵਰਨਾ ਮੇਰੇ ਵਾਂਗ ਝੂਠੀ ਆਜ਼ਾਦੀ ਦੇ ਮੋਹ-ਜਾਲ ਵਿਚ ਫਸ ਕੇ, ਪੁੜਪੁੜੀ ਉੱਤੇ ਪਸਤੌਲ ਰੱਖ ਕੇ ਗੋਲੀ ਚਲਾਉਣੀ ਪਵੇਗੀ। ਜਾਂ ਪ੍ਰਗਤੀ ਦੇ ਭਰਮ-ਭੁਲੇਖਿਆਂ ਵਿਚ ਫਸੀ ਖੜ੍ਹੀ, ਕਿਸੇ ਅਸਮਾਨ ਛੁੰਹਦੀ ਇਮਾਰਤ ਦੀ ਸਭ ਤੋਂ ਉੱਚੀ ਮੰਜ਼ਿਲ ਤੋਂ ਛਾਲ ਮਾਰ ਕੇ, ਸਰੀਰ ਦਾ ਮਲਬਾ ਬਣਾਉਣਾ ਪਵੇਗਾ।
ਨਹੀਂ, ਉਸੇ ਛਿਣ ਮੈਂ ਫੈਸਲਾ ਕਰ ਲਿਆ, ਇੰਜ ਨਹੀਂ ਹੋਵੇਗਾ। ਤੁਸਾਂ ਮੈਨੂੰ ਚੇਤਾਅ ਦਿੱਤਾ, ਤੁਹਾਡੀ ਸ਼ੁਕਰਗੁਜ਼ਾਰ ਹਾਂ। ਸਿਰਫ ਤੁਹਾਡੀ ਨਹੀਂ, ਉਹਨਾਂ ਦੀ ਵੀ ਜਿਹਨਾਂ ਨੂੰ ਮੈਂ ਆਪਣਾ ਅਪਰਾਧੀ ਮੰਨਦੀ ਰਹੀ ਹਾਂ। ਸਾਰੇ ਮੇਰਾ ਅਹਿਸਾਸ ਜਗਾ ਰਹੇ ਸੀ, ਆਪਣੇ ਸ਼ਹਿਰ ਵਾਪਸ ਜਾਣ ਲਈ ਉਕਸਾਅ ਰਹੇ ਸੀ। ਉਸ ਸ਼ਹਿਰ ਵਿਚ ਨਹੀਂ ਜਿੱਥੋਂ ਮੈਂ ਪਹਿਲਾਂ ਪਹਿਲ ਤੁਰੀ ਸਾਂ। ਪਰ ਉਸ ਸ਼ਹਿਰ ਵਿਚ, ਜਿਹੜਾ ਮੇਰੇ ਸ਼ਹਿਰ ਦੀ ਭਟਕਦੀ ਆਤਮਾ ਸੰਜੋਈ ਬੈਠਾ ਸੀ। ਮੈਂ ਉਸ ਸ਼ਹਿਰ ਵਿਚ ਪਹੁੰਚ ਗਈ। ਹੁਣ ਮੈਂ ਹਾਰਾਂਗੀ ਨਹੀਂ ਤੇ ਨਾ ਹੀ ਦੌੜਾਂਗੀ ਕੋਈ ਅਰਥਹੀਣ ਰੇਸ...।
ਇਕ ਵਾਰੀ ਘੋੜੇ ਦੇ ਮੱਥੇ ਨਾਲ ਆਪਣਾ ਸਿਰ ਘਸਾ ਕੇ ਮੈਂ ਵਾਪਸ ਮੁੜ ਆਈ।
ਹੋਰ ਜੋ ਹੋਵੇ, ਮੈਂ ਯਾਦ ਰੱਖਾਂਗੀ, ਮੇਰੇ ਪੈਰਾਂ ਵਿਚ ਨਾਲ ਨਹੀਂ ਠੁਕੀ ਹੋਈ—ਮੈਂ ਖੁੱਲ੍ਹੇ ਮੈਦਾਨ ਵਿਚ ਦੌੜ ਸਕਦੀ ਹਾਂ। ਆਪਣਾ ਰਾਹ ਚੁਣ ਸਕਦੀ ਹਾਂ। ਰੇਸ ਦੇ ਟਰੈਕ ਉਪਰ ਦੌੜਨਾ ਲਾਜ਼ਮੀ ਨਹੀਂ ਬਣਾ ਸਕਦਾ ਕੋਈ, ਮੇਰੇ ਲਈ। ਮੈਂ ਆਜ਼ਾਦ ਰਖਾਂਗੀ ਖ਼ੁਦ ਨੂੰ ਉਹਨਾਂ ਲੋਕਾਂ ਨਾਲ ਰਹਿਣ ਲਈ, ਜਿਹੜੇ ਰੇਸ ਵਿਚ ਸ਼ਰੀਕ ਹੋਣ ਜੋਗੇ ਨਹੀਂ ਹੁੰਦੇ।
ਬੱਪਾ, ਤੁਸੀਂ ਫਿਕਰ ਨਾ ਕਰਨਾ, ਕਿਸੇ ਨੂੰ ਪਤਾ ਨਹੀਂ ਲੱਗੇਗਾ ਮੈਂ ਤੁਹਾਡੀ ਬੇਟੀ ਹਾਂ। ਆਪਣੀ ਜਵਾਬਦੇਹੀ ਤੋਂ ਮੈਂ ਤੁਹਾਨੂੰ ਮੁਕਤ ਕਰ ਦਿੱਤਾ। ਤੇ ਖ਼ੁਦ ਨੂੰ ਤੁਹਾਡੀ ਸਹਿਮਤੀ ਪ੍ਰਾਪਤ ਕਰਨ ਦੀ ਲਾਲਸਾ ਤੋਂ। ਮਾਂ, ਤੈਨੂੰ ਪ੍ਰਣਾਮ! ਪਰ ਇਹ ਖ਼ਤ ਤੈਨੂੰ ਨਹੀਂ ਭੇਜਾਂਗੀ। ਤੈਨੂੰ ਨਾ ਹੀ ਪਤਾ ਲੱਗੇ ਤਾਂ ਚੰਗਾ ਹੈ ਕਿ ਮੈਂ ਆਪਣੇ ਸ਼ਹਿਰ ਪਰਤ ਆਈ ਹਾਂ। ਹੋਰ ਖ਼ਤ ਵੀ ਨਹੀਂ ਲਿਖਾਂਗੀ। ਖ਼ਤ ਲਿਖਣ ਦੀ ਮੇਰੀ ਤਾਂਘ ਅੱਜ ਮੁੱਕ ਗਈ। ਇਹ ਮੇਰਾ ਆਖ਼ਰੀ ਖ਼ਤ ਹੈ। ਇਸਨੂੰ ਪਾੜਾਂਗੀ ਨਹੀਂ। ਆਖ਼ਰੀ ਸਮਾਂ ਆਉਣ ਉੱਤੇ ਆਪਣੇ ਸ਼ਹਿਰ ਦੇ ਨਾਂਅ ਛੱਡ ਜਾਵਾਂਗੀ। ਉਸ ਸ਼ਹਿਰ ਦੇ ਨਾਂਅ, ਜਿਹੜਾ ਮੇਰਾ ਆਪਣਾ ਨਹੀਂ ਸੀ ਪਰ ਜਿਸ ਵਿਚ ਮੇਰੇ ਸ਼ਹਿਰ ਦੀ ਆਤਮਾ ਜ਼ਰੂਰ ਸੀ।
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

Wednesday, June 8, 2011

ਵਸਨੀਕ...:: ਲੇਖਕ : ਜੋਗਿੰਦਰ ਪਾਲ




ਉਰਦੂ ਕਹਾਣੀ :

ਵਸਨੀਕ...
ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਕੋਈ ਛੱਤੀ ਵਰ੍ਹੇ ਬਾਅਦ ਮੈਂ ਆਪਣੇ ਜਨਮ-ਨਗਰ ਵਿਚ ਆਇਆ ਹਾਂ। ਉਹਦੇ ਗਵਾਚੇ ਹੋਏ ਰਸਤੇ ਮੇਰੀਆਂ ਸੁਪਨੀਲੀਆਂ ਅੱਖਾਂ ਵਿਚ ਭਰ ਗਏ ਨੇ ਤੇ ਭਰਦਿਆਂ ਹੀ ਬੜੇ ਪ੍ਰਕ੍ਰਿਤਿਕ ਢੰਗ ਨਾਲ ਆਪਣੇ ਪੱਕੇ ਠਿਕਾਣਿਆਂ ਵੱਲ ਤੁਰ ਪਏ ਨੇ।
ਮੇਰੇ ਮਿੱਤਰ ਜਮਾਲ ਨੇ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਆਪਣੀ ਕਾਰ ਵੱਲ ਇਸ਼ਾਰਾ ਕੀਤਾ ਹੈ—'ਚੱਲ।' ਉਹ ਮੈਨੂੰ ਸਟੇਸ਼ਨ 'ਤੇ ਲੈਣ ਆਇਆ ਹੈ।
ਪਾਕਿਸਤਾਨ ਬਣਨ ਤੋਂ ਪਹਿਲਾਂ ਜਮਾਲ ਤੇ ਮੈਂ ਲਾਹੌਰ ਵਿਚ ਆਪਣੇ ਯੂਨੀਵਰਸਟੀ ਹਾਸਟਲ ਦੇ ਇਕੋ ਕਮਰੇ ਵਿਚ ਰਹਿੰਦੇ ਸਾਂ। ਜਮਾਲ ਕਾ ਜੱਦੀ ਘਰ ਪਾਕਿਸਤਾਨ ਦੀ ਸੀਮਾ ਦੇ ਉਸ ਪਾਰ ਮੇਰਠ ਵਿਚ ਸੀ ਤੇ ਮੇਰਾ ਇਸ ਸ਼ਹਿਰ ਸਿਆਲਕੋਟ ਵਿਚ। ਪਾਕਿਸਤਾਨ ਬਣਨ ਪਿੱਛੋਂ ਮੈਂ ਸੀਮਾਂ ਦੇ ਉਸ ਪਾਰ ਜਾ ਵੱਸਿਆ ਤੇ ਉਹ ਇੱਥੇ ਸਿਆਲਕੋਟ ਵਿਚ ਆ ਗਿਆ। ਬੂਟਿਆਂ ਦਾ ਕੀ ਹੁੰਦਾ ਹੈ ? ਇਹਨਾਂ ਨੂੰ ਕਿਤੋਂ ਵੀ ਪੁੱਟੋ ਤੇ ਕਿਤੇ ਵੀ ਲਾ ਦਿਓ। ਵਧ ਤੋਂ ਵਧ ਇੰਜ ਹੋਏਗਾ ਕਿ ਨਵੀਂ ਜਗ੍ਹਾ ਦਾ ਹਵਾ-ਪਾਣੀ ਰਾਸ ਨਾ ਆਇਆ ਤਾਂ ਸੁੱਕ-ਸੜ ਜਾਣਗੇ।—ਪਰ ਮੈਂ ਤਾਂ ਏਡਾ ਵੱਡਾ ਹੋ ਗਿਆ ਹਾਂ—ਨਹੀਂ, ਸੁੱਕਦਾ-ਸੜਦਾ ਤਾਂ ਮੈਂ ਵੀ ਰਿਹਾਂ...ਪਰ ਉਗਦਾ-ਉਗਦਾ ਸਖ਼ਤ ਜਾਨ ਹੋ ਗਿਆਂ ਤੇ ਮੇਰਾ ਸੁੱਕਣਾ-ਸੜਨਾਂ ਬੰਦ ਹੋ ਗਿਆ। ਬੇਵੱਸ ਆਦਮੀ ਤੋਂ ਉਹ ਕੁਝ ਤਾਂ ਨਹੀਂ ਹੋ ਸਕਦਾ ਜੋ ਉਹ ਕਰਨਾ ਚਾਹੁੰਦਾ ਹੈ ਪਰ ਕੁਦਰਤ ਉਸ ਉਪਰ ਮਿਹਰਬਾਨ ਹੋ ਕੇ ਏਨਾ ਜ਼ਰੂਰ ਕਰ ਦੇਂਦੀ ਹੈ ਕਿ ਜੋ ਕੁਝ ਉਹ ਸ਼ੁਰੂ ਵਿਚ ਨਹੀਂ ਚਾਹੁੰਦਾ ਹੁੰਦਾ, ਹੁੰਦਿਆਂ-ਹੁੰਦਿਆਂ ਉਸੇ ਦੀ ਆਦਤ ਪੈ ਜਾਂਦੀ ਹੈ ਉਸਨੂੰ। ਇਸ ਲੰਮੇਂ ਅਰਸੇ ਵਿਚ ਮੇਰੇ ਨਾਲ ਵੀ ਇੰਜ ਹੀ ਹੋਇਆ ਹੈ। ਮੇਰੀ ਪਛਾਣ ਤੇ ਚਾਹਤ ਦੇ ਸਾਰੇ ਚਿੰਨ੍ਹ ਹੁਣ ਦਿੱਲੀ ਨਾਲ ਜੁੜ ਗਏ ਨੇ ਤੇ ਮੈਨੂੰ ਡਰ ਜਿਹਾ ਲੱਗਦਾ ਹੈ ਕਿਤੇ ਇੱਥੋਂ ਵੀ ਪੁੱਟ ਲਿਆ ਗਿਆ ਤਾਂ ਬਾਲਣ ਹੋ ਕੇ ਰਹਿ ਜਾਵਾਂਗਾ। ਇਸ ਦੇ ਬਾਵਜ਼ੂਦ ਜਦ ਕਿਸੇ ਭਲੇ ਮੌਸਮ ਵਿਚ ਮੈਂ ਲਹਿਰਾ ਰਿਹਾ ਹੁੰਦਾ ਹਾਂ ਤੇ ਮੈਨੂੰ ਵੇਖ-ਵੇਖ ਕੇ ਮੇਰੀਆਂ ਮਾਸੂਮ ਸ਼ਾਖਾਵਾਂ ਵੀ ਲਹਿਲਿਹਾਉਣ ਲੱਗਦੀਆਂ ਨੇ ਤੇ ਉਹਨਾਂ ਦੇ ਅਣਗਿਣਤ ਗੋਲ-ਮਟੋਲ ਪੱਤੇ ਉਹਨਾਂ ਦੀ ਹਿੱਕ ਵਿਚ ਇਕੋ ਸਮੇਂ ਮੂੰਹ ਗੱਡ ਲੈਂਦੇ ਨੇ ਤਾਂ ਇਸ ਆਨੰਦਮਈ ਦਸ਼ਾ ਵਿਚ ਮੈਨੂੰ ਪਤਾ ਨਹੀਂ ਕਿਉਂ ਆਪਣੀਆਂ ਜੜਾਂ ਦੀ ਸਿਆਲਕੋਟ ਦੀ ਪੁਰਾਣੀ ਮਿੱਟੀ, ਭੁਰ-ਭੁਰ ਝੜਦੀ ਮਹਿਸੂਸ ਹੁੰਦੀ ਹੈ ਤੇ ਮੈਂ ਯਕਦਮ ਆਪਣੇ ਅੰਦਰ ਹੀ ਅੰਦਰ ਰੋਣ ਲੱਗਦਾ ਹਾਂ ਤੇ ਅੰਦਰੇ ਅੰਦਰ ਹੀ ਵਰ੍ਹਦੇ ਪਾਣੀ ਸਦਕਾ ਮੇਰਾ ਰੂਪ ਨਿਖਰਦਾ ਜਾਂਦਾ ਹੈ।
ਮੇਰਾ ਸਿਆਲ ਕੋਟ ਮੇਰੀ ਆਤਮਾਂ ਵਿਚ ਵੱÎਸਿਆ ਹੋਇਆ ਹੈ। ਮੇਰੀ ਹਮੇਸ਼ਾ ਇਹੋ ਇੱਛਾ ਰਹੀ ਹੈ ਕਿ ਇਕ ਵਾਰੀ ਉੱਥੇ ਜਾਣਾ ਨਸੀਬ ਹੋ ਜਾਏ। ਗਵਾਚੇ ਹੋਏ ਕੁੱਤੇ-ਬਿੱਲੀਆਂ ਵੀ ਚਾਰ ਛੇ ਦਿਨਾਂ ਵਿਚ ਪੂਛਾਂ ਮਾਰਦੇ ਹੋਏ ਦੂਰੋਂ-ਦੂਰੋਂ ਆਪਣੇ ਠਿਕਾਣਿਆਂ ਉਪਰ ਮੁੜ ਆਉਂਦੇ ਨੇ ਪਰ ਇਹ ਆਦਮੀ ਹੀ ਹੈ ਜਿਹੜਾ ਆਪਣੀ ਰਹਿਬਰੀ ਦੇ ਲਈ ਅਜਿਹੇ ਕਾਨੂੰਨ ਘੜ ਲੈਂਦਾ ਹੈ, ਜਿੰਨਾਂ ਦੀ ਮਿਹਰਬਾਨੀ ਸਦਕਾ ਸਾਰੀ ਉਮਰ ਹਵਾਈ ਜਹਾਜ਼ਾਂ ਵਿਚ ਬਿਨਾਂ ਗੱਲੋਂ ਉੱਡਦਾ ਰਹਿੰਦਾ ਹੈ—ਆਪਣੇ ਸਰੀਰ ਤੋਂ ਆਪਣੀ ਹੀ ਆਤਮਾਂ ਤਕ ਉਸਦੀ ਪਹੁੰਚ ਨਹੀਂ ਹੋ ਸਕੀ।
ਜਮਾਲ ਨੇ ਮੇਰੇ ਮੋਢੇ ਨੂੰ ਫੇਰ ਹਿਲਾਇਆ ''ਸੁਪਨੇ ਦੇਖ ਰਿਹੈਂ ?—ਆ ਘਰ ਚੱਲੀਏ।''
ਰੇਲ-ਗੱਡੀ 'ਚੋਂ ਉਤਰ ਕੇ ਮੈਂ ਉਸਨੂੰ ਪਛਾਣ ਨਹੀਂ ਸੀ ਸਕਿਆ। ਸਮੇਂ ਦੇ ਇਸ ਲੰਮੇਂ ਫਾਸਲੇ ਵਿਚ ਉਹ ਬਾਂਕਾ ਮੁੰਡਾ ਪਤਾ ਨਹੀਂ ਆਪਣੀ ਖੁਸ਼ਕ ਦਾੜ੍ਹੀ ਦੀ ਸਫ਼ੈਦ ਝਾੜੀ ਵਿਚ ਕਿੱਥੇ ਛੁਪਿਆ ਬੈਠਾ ਸੀ।
ਉਸਨੇ ਇਕ ਹੱਥ ਨਾਲ ਗੱਡੀ ਦਾ ਪਿੱਛਲਾ ਦਰਵਾਜ਼ਾ ਖੋਲ੍ਹ ਕੇ ਦੂਜਾ ਨਾਲ ਮੇਰੀ ਪਿੱਠ ਪਿੱਛੇ ਲਾ ਕੇ ਮੈਨੂੰ ਦਰਵਾਜ਼ੇ ਦੇ ਅੰਦਰ ਵਲ ਧਰੀਕਿਆ ਹੈ ਤੇ ਮੈਂ ਅੰਦਰ ਬੈਠ ਗਿਆ ਹਾਂ ਤਾਂ ਉਹ ਵੀ ਮੇਰੇ ਪਿੱਛੇ ਆ ਗਿਆ ਹੈ।
'ਚੱਲੋ ਡਰਾਈਵਰ।'' ਫੇਰ ਉਹ ਮੇਰੇ ਵੱਲ ਵੇਖ ਕੇ ਬੋਲਿਆ, ''ਅਜੇ ਤੀਕ ਸੁਪਨੇ ਈ ਦੇਖ ਰਿਹਾ ਏਂ ਮੋਹਨ—ਹੁਣ ਜਾਗ ਬਈ !''
ਮੈਂ ਉਸਨੂੰ ਦੱÎਸਿਆ ਹੈ ਕਿ ਮੈਨੂੰ ਵਾਕਈ ਇੰਜ ਲੱਗਦਾ ਹੈ ਜਿਵੇਂ ਕੋਈ ਸੁਪਨਾ ਵੇਖ ਰਿਹਾ ਹੋਵਾਂ।
''ਅੱਖਾਂ ਖੋਲ੍ਹੇ ਦੋਸਤਮ !''
ਉਸਦੇ ਹੱਸਣ ਨਾਲ ਝਾੜੀ ਵਿਚ ਹਰਕਤ ਹੋਈ ਤੇ ਅਚਾਨਕ, ਉਹ ਮੈਨੂੰ ਉੱਥੇ ਦਿਸ ਪਿਆ ਹੈ ਤੇ ਮੈਂ ਪੋਲੇ-ਪੈਰੀਂ ਚੱਲ ਕੇ ਉੱਥੇ ਛੁਪੇ ਆਪਣੇ ਮਿੱਤਰ ਨਾਲ ਜਾ ਰਲਿਆ ਹਾਂ।
ਉਸਨੇ ਆਪਣਾ ਸਿਗਰਟ ਸੁਲਗਾ ਕੇ ਡੱਬੀ ਤੇ ਮਾਚਿਸ ਮੇਰੇ ਵੱਲ ਵਧਾਈ ਹੈ, ''ਲੈ ਇਹ ਇੰਪੋਟੇਡ ਸਿਗਰੇਟ ਪੀ—ਤੇਰਾ ਹਿੰਦੁਸਤਾਨ ਤਾਂ ਦੁਨੀਆਂ ਭਰ ਦੀ ਦੌਲਤ ਇਕੱਠੀ ਕਰਨ ਲਈ ਬਾਹਰੋਂ ਇਕ ਪੈਸੇ ਦਾ ਵੀ ਚੰਗਾ ਮਾਲ ਨਹੀਂ ਮੰਗਵਾਂਦਾ।''
ਮੈਂ ਸਿਗਰਟ ਲਾ ਲਈ ਹੈ ਤੇ ਉਹ ਕੁਝ ਯਾਦ ਕਰਕੇ ਅਚਾਨਕ ਹੱਸਣ ਲੱਗਾ ਪਿਆ ਹੈ।
'ਯਾਦ ਏ ਮੋਹਨ, ਮੈਂ ਤੇਰੀ ਸਿਗਰਟਾਂ ਵਾਲੀ ਡੱਬੀ ਲੁਕਾਅ ਦਿੰਦਾ ਹੁੰਦਾ ਸਾਂ। ਤੇ ਫੇਰ ਅਸੀਂ ਦੋਵੇਂ ਡੱਬੀ ਲੱਭਣ ਲਈ ਆਪਣੇ ਰੂਮ ਦੀ ਇਕ ਇਕ ਚੀਜ਼ ਉਲਟ-ਪੁਲਟ ਕੇ ਰੱਖ ਦਿੰਦੇ ਹੁੰਦੇ ਸਾਂ।'' ਉਸਨੇ ਮੇਰੀ ਪਿੱਠ 'ਤੇ ਹੱਥ ਮਾਰ ਕੇ ਠਹਾਕਾ ਲਾਇਆ ਹੈ, ''ਤੈਨੂੰ ਮੇਰੇ 'ਤੇ ਸ਼ੱਕ ਤਾਂ ਹੋ ਜਾਂਦਾ ਸੀ ਪਰ ਖ਼ੁਦਾ-ਬਖ਼ਸ਼ੇ, ਮੇਰੀਆਂ ਝੂਠੀਆਂ ਸੌਂਹਾਂ ਸੁਣ ਸੁਣ ਕੇ ਤੇਰੀ ਕੋਈ ਪੇਸ਼ ਨਹੀਂ ਜਾਂਦੀ ਸੀ—ਹਾ-ਹਾ—ਹਾ-ਹਾ—ਤੁਹਾਡੀ ਕਾਫਰਾਂ ਦੀ ਸੋਹਬਤ ਵਿਚ ਰਹਿ-ਰਹਿ ਕੇ ਸਾਡਾ ਈਮਾਨ-ਵਾਲਿਆਂ ਦਾ ਸੋਲ੍ਹਾਂ ਆਨੇ ਸਤਿਆਨਾਸ਼ ਹੋ ਚੁੱਕਿਆ ਸੀ !'' ਉਸਨੇ ਮੇਰਾ ਹੱਥ ਦੋਵਾਂ ਹੱਥਾਂ ਵਿਚ ਲੈ ਕੇ ਘੁੱਟਿਆ ਹੈ, ''ਏਧਰ ਵੇਖ, ਅਹੁ ਅੱਗੇ ਪਿੱਛੇਵਾਲੀ ਦੀ ਗਲੀ।''
ਉਹ ਕੂਚਾ-ਬੰਦ ਗਲੀ ਮੇਰੀਆਂ ਅੱਖਾਂ ਵਿਚ ਜ਼ਰਾ ਜਿਹੀ ਝਪਕੀ ਹੈ ਤੇ ਗੱਡੀ ਅੱਗੇ ਨਿਕਲ ਗਈ ਹੈ। ਇਕ ਵਾਰੀ ਜਮਾਨ ਨੂੰ ਮੈਂ ਲਾਹੌਰੋਂ ਆਪਣੇ ਘਰ ਲੈ ਆਇਆ ਸੀ ਤੇ ਉਸਨੂੰ ਸ਼ੀਲਾ ਨਾਲ ਮਿਲਵਾਇਆ ਸੀ। ਸ਼ੀਲਾ ਉਸ ਗਲੀ ਵਿਚ ਸੱਜੇ ਹੱਥ ਪੰਜਵੇਂ ਮਕਾਨ ਵਿਚ ਰਹਿੰਦੀ ਸੀ—-ਸ਼ੀਲਾ !...ਮੇਰੇ ਨਾਲ ਨਾਲ ਨਾ ਚੱਲ ਮੋਹਨ ! ਅੱਗੇ ਹੋ ਜਾ...ਪਰ ਸੁਣ ਜ਼ਰਾ...ਨਹੀਂ, ਅੱਗੇ ਜਾ ਕੇ ! ਏਥੇ ਕੋਈ ਦੇਖ ਲਏਗਾ ! ਪਰ ਨਹੀਂ, ਮੈਂ ਕਹਿ ਰਹੀ ਹਾਂ ਨਾ, ਮੇਰੇ ਨਾਲ ਨਾਲ ਨਾ ਚੱਲ—ਪਿੱਛੇ ਹੋ ਜਾ। ਮੇਰੇ ਇਸ ਪਹਿਲੀ ਮੁਹੱਬਤ ਦੇ ਤਿੰਨ ਚਾਰ ਵਰ੍ਹੇ ਸ਼ੀਲਾ ਦੇ ਅੱਗੇ-ਪਿੱਛੇ ਦੌੜਦਿਆਂ ਹੀ ਬੀਤ ਗਏ ਸੀ, ਤੇ ਇਸ ਤੋਂ ਪਹਿਲਾਂ ਕਿ ਸ਼ਰੇਆਮ ਨਾਲ ਨਾਲ ਤੁਰਦੇ, ਉਹ ਵੀ ਸੀਮਾ ਪਾਰ ਜਾ ਕੇ ਗਵਾਚ ਗਈ ਸੀ। ਆਪਣੇ ਇਸ ਰੁਕੇ ਖੜ੍ਹੇ ਪਿਆਰ ਨੂੰ ਮੈਂ ਉਸ ਪਾਰ ਜਾ ਕੇ ਕਿੰਜ ਲੱਭਦਾ ? ਪਰ ਉਸਦਾ ਖ਼ਿਆਲ ਆਉਣ 'ਤੇ ਜਦੋਂ ਮੈਂ ਆਪਣੀ ਪਤਨੀ ਨੂੰ ਚੁੰਮਦਾ-ਚੱਟਦਾ ਹੋਇਆ ਬੇਸੁੱਧ ਜਿਹਾ ਹੋ ਜਾਂਦਾ ਹਾਂ ਤਾਂ ਉਹ ਹੈਰਾਨ ਜਿਹੀ ਹੋਈ ਮੇਰੇ ਵੱਲ ਵੇਖਦੀ ਰਹਿੰਦੀ ਹੈ ਕਿ ਮੇਰਾ ਪਤੀ ਕਿੰਨਾਂ ਝੱਲਾ ਏ !
ਸਾਡੀ ਗੱਡੀ ਦੇ ਅੱਗੇ ਅੱਗੇ ਸੜਕ ਮੈਨੂੰ ਵੇਖ ਕੇ ਏਨਾ ਹੱਸ ਰਹੀ ਹੈ ਕਿ ਉਸ ਵਿਚ ਟੋਏ ਹੀ ਟੋਏ ਪੈਂਦੇ ਜਾ ਰਹੇ ਹਨ ਤੇ ਗੱਡੀ ਦੇ ਵਾਰ ਵਾਰ ਉੱਛਲਣ ਕਰਕੇ ਮੇਰੇ ਹੋਸ਼ ਠਿਕਾਣੇ ਨਹੀਂ ਸਨ।
''ਹੌਲੀ, ਡਰਾਈਵਰ !''
''ਇਹਨਾਂ ਟੋਇਆਂ ਵਿਚ ਹੌਲੀ ਚੱਲਾਂਗਾ ਸ਼ਾਹ ਜੀ ਤਾਂ ਹੋਰ ਵੱਧ ਧੱਕੇ ਲੱਗਣਗੇ।''
''ਠੀਕ ਹੈ,'' ਸ਼ਾਹ ਜੀ ਨੇ ਆਪਣੇ ਡਰਾਈਵਰ ਨੂੰ ਸਮਝਾਇਆ ਹੈ, ''ਪਰ ਏਨੀ ਤੇਜ਼ ਵੀ ਨਾ ਚੱਲ ਕਿ ਗੱਡੀ ਉਲਟ ਜਾਏ।''
ਇਸ ਸੜਕ ਉੱਤੇ ਮੈਂ ਵੀ ਤੇਜ਼ ਤੇਜ਼ ਤੁਰਦਾ ਹੁੰਦਾ ਸੀ ਤੇ ਤੁਰਦਾ ਤੁਰਦਾ ਅੰਨ੍ਹਾਂ ਜਿਹਾ ਹੋ ਜਾਂਦਾ ਹੁੰਦਾ ਸੀ। ਇਕ ਬੁੱਢਾ ਤੇ ਲੰਗੜਾ ਸਿੱਖ ਜਿਹੜਾ ਇੱਥੇ ਹੀ ਇਕ ਬੜੀ ਵੱਡੀ ਬਿਜਲੀ ਦੇ ਸਾਮਾਨ ਦੀ ਦੁਕਾਨ ਦੇ ਸਾਹਮਣੇ ਆਲੂ ਛੋਲੇ ਵੇਚਦਾ ਹੁੰਦਾ ਸੀ, ਮੈਨੂੰ ਦੇਖਦੇ ਹੀ ਆਪਣਾ ਕੰਮ ਛੱਡ ਦਿੰਦਾ ਸੀ ਤੇ ਉਸਦੀਆਂ ਸੰਘਣੀਆਂ ਮੁੱਛਾਂ ਤੇ ਦਾੜ੍ਹੀ ਵਿਚ ਲੁਕਿਆ ਉਸਦਾ ਚਿਹਰਾ ਹਸੂੰ-ਹਸੂੰ ਕਰਦਾ ਬਾਹਰ ਨਿਕਲ ਆਉਂਦਾ ਸੀ। ਮੈਨੂੰ ਲੱਗਦਾ ਸੀ ਮੇਰੇ ਤੇ ਸ਼ੀਲਾ ਦੇ ਪਿਆਰ ਨੂੰ ਤਾੜ ਕੇ ਉਸਨੇ ਦਿਲ ਹੀ ਦਿਲ ਵਿਚ ਸਾਡੇ ਬਾਰੇ ਕੋਈ ਕਿੱਸਾ ਜੋੜਿਆ ਹੋਇਆ ਹੈ। ਉਸਨੂੰ ਇੰਜ ਆਪਣੇ ਵੱਲ ਵੇਖਦਿਆਂ ਵੇਖ ਕੇ ਮੈਂ ਘਬਰਾ ਜਾਂਦਾ ਸੀ ਤੇ ਠੇਡਾ ਖਾ ਕੇ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਡਿੱਗਣ ਤੋਂ ਬਚਾਉਂਦਾ ਸੀ—'ਬਚ ਕੇ ਬਾਊ ਜੀ, ਸਾਰੀ ਉਮਰ ਚੱਲਦੇ ਰਹਿਣਾ ਏਂ ਤਾਂ ਬਚ ਕੇ ਚੱਲੋ !'...ਕੱਚੇ ਦਿਨਾਂ ਦੀਆਂ ਕਈ ਮੋਟੀਆਂ ਚਿਤਾਵਨੀਆਂ ਨੂੰ ਅਸੀਂ ਭੁੱਲ ਗਏ ਹੁੰਦੇ ਹਾਂ, ਪਰ ਉਹ ਭੂਤਾਂ ਵਾਂਗ ਸਾਡੇ ਦਿਮਾਗ਼ ਵਿਚ ਛਾਉਣੀ ਪਾ ਕੇ ਬੈਠੀਆਂ ਕਿਸੇ ਢੁੱਕਵੇਂ ਮੌਕੇ ਦੀ ਤਾੜ ਵਿਚ ਰਹਿੰਦੀਆਂ ਹਨ। ਮੈਨੂੰ ਇਹ ਸਵੀਕਾਰ ਕਰ ਲੈਣ ਵਿਚ ਕੋਈ ਝਿਜਕ ਨਹੀਂ ਕਿ ਜਦੋਂ ਵੀ ਕੋਈ ਅਜਿਹਾ ਮੌਕਾ ਆਇਆ ਹੈ ਕਿ ਮੈਂ ਆਪਣੇ ਬਚਾਅ ਦੀ ਤਦਬੀਰ ਨੂੰ ਲਾਂਭੇ ਰੱਖ ਕੇ ਬੇਧੜਕ ਆਪਣੀ ਕੋਈ ਪਿਆਰੀ ਇੱਛਾ ਪੂਰੀ ਕਰ ਲਵਾਂ, ਮੈਂ ਉਸ ਸਮੇਂ ਆਪਣੀ ਇੱਛਾ ਨੂੰ ਹੀ ਇਕ ਪਾਸੇ ਰੱਖ ਦਿੱਤਾ ਹੈ। ਬਚ-ਬਚ ਕੇ ਚੱਲਦਿਆਂ ਹੋਇਆਂ ਮੈਂ ਬੜਾ ਹੀ ਖੁਸ਼ਹਾਲ ਸੱਜਨ ਦੇ ਸਮਝਦਾਰ ਹੋ ਗਿਆ ਹਾਂ ਪਰ ਇਸ ਨਾਲੋਂ ਤਾਂ ਇਹੀ ਚੰਗਾ ਸੀ ਕਿ ਉਸ ਆਲੂ ਛੋਲੇ ਵਾਲੇ ਵਾਂਗ ਆਪਣੀ ਇਕ ਲੱਤ ਗੰਵਾਅ ਕੇ ਵੀ ਮੈਂ ਆਪਣੀਆਂ ਦੋ ਚਾਰ ਚੋਰ ਇੱਛਾਵਾਂ ਪੂਰੀਆਂ ਕਰ ਲੈਂਦਾ ਤੇ ਫੇਰ ਬਾਕੀ ਦੀ ਉਮਰ ਹੋਰਾਂ ਨੂੰ ਖ਼ਬਰਦਾਰ ਕਰਦਾ ਰਹਿੰਦਾ।
ਉਹੀ ਦੁਕਾਨ ਹੈ।...ਪਰ ਇੱਥੇ ਤਾਂ ਹੁਣ ਕੋਈ ਆਪਣਾ ਹੋਟਲ ਖੋਲ੍ਹੀ ਬੈਠਾ ਹੈ—ਨਹੀਂ, ਮੈਨੂੰ ਉਹ ਉਹੀ ਬਿਜਲੀ ਦੇ ਸਾਮਾਨ ਦੀ ਦੁਕਾਨ ਹੀ ਲੱਗ ਰਹੀ ਹੈ ਤੇ ਉਸਦੇ ਸਾਹਮਣੇ ਬਿਲਕੁਲ ਉਸੇ ਜਗ੍ਹਾ 'ਤੇ ਮੱਖੀਆਂ ਦੇ ਝੁੰਡ ਦੇ ਝੁੰਡ ਮੰਡਲਾ ਰਹੇ ਹਨ ਜਿੱਥੇ ਉਹ ਲੰਗੜਾ ਆਪਣਾ ਖੌਂਚਾ ਲਾਈ ਬੈਠਾ ਹੁੰਦਾ ਸੀ—'ਬਚ ਕੇ ਬਾਊ !...'
ਗੱਡੀ ਦਾ ਧੱਕਾ ਖਾ ਕੇ ਮੈਂ ਆਪਣੇ ਆਪ ਨੂੰ ਇਸ ਪਾਸੇ ਡਿੱਗਣ ਤੋਂ ਬਚਾਇਆ ਹੈ ਜਿਵੇਂ ਸੜਕ ਉੱਤੇ ਤੁਰਦੇ ਨੇ ਠੇਡਾ ਖਾਧਾ ਹੋਵੇ।
''ਹੌਲੀ ਚੱਲੋ ਡਰਾਈਵਰ।'' ਜਮਾਲ ਨੇ ਡਰਾਈਵਰ ਨੂੰ ਫੇਰ ਹਦਾਇਤ ਕੀਤੀ ਹੈ।
ਸੜਕ ਨੂੰ ਮੇਰਾ ਪਤਾ ਲੱਗ ਗਿਆ ਹੈ ਤੇ ਉਸਨੇ ਸਾਡੇ ਅੱਗੇ-ਅੱਗੇ ਦੂਰ ਤਕ ਦੌੜ ਕੇ, ਮੁੜ ਕੇ ਸਾਡੀ ਵਿੰਡ ਸਕਰੀਨ ਵਿਚ ਦੇਖਿਆ—'ਮੋਹਨ-ਮੋਹਨ…'
ਨਹੀਂ, ਸੱਚਮੁੱਚ ਸੜਕ ਮੈਨੂੰ ਬੁਲਾਅ ਰਹੀ ਹੈ। ਇਸ ਵਿਚ ਹੈਰਾਨੀ ਵਾਲੀ ਕਿਹੜੀ ਗੱਲ ਹੈ ? ਪੁਸ਼ਤਾਂ ਪੁਰਾਣੀ ਸੜਕ ਹੈ। ਬੇਜਾਨ ਵੀ ਹੋਵੇਗੀ ਤਾਂ ਲੱਖਾਂ ਇਨਸਾਨਾਂ ਦੇ ਸਾਹਾਂ ਵਿਚ ਰਚ-ਵੱਸ ਕੇ ਉਸ ਵਿਚ ਜਾਨ ਪੈ ਗਈ ਹੋਵੇਗੀ ? ਇੱਥੇ ਹੀ ਸਿਆਲਕੋਟ ਵਿਚ ਦਾਦੀ ਸਾਨੂੰ ਦੱਸਦੀ ਹੁੰਦੀ ਸੀ ਕਿ ਦਾਦਾ ਸੁੱਤੇ-ਸੁੱਤੇ ਚੱਲ ਵੱਸੇ ਸਨ। ਜਿਸ ਦਿਨ ਉਹਨਾਂ ਦੀ ਚਿਤਾ ਨੂੰ ਅੱਗ ਦਿੱਤੀ ਗਈ ਸੀ ਉਸੇ ਰਾਤ ਉਹ ਬਾਰਾਂ ਵਜੇ ਦੇ ਲਗਭਗ ਦਾਦੀ ਦੇ ਸਿਰਹਾਣੇ ਖੜ੍ਹੇ ਉਸਨੂੰ ਜਗਾਅ ਰਹੇ ਸਨ—'ਨਿੱਕੇ ਦੀ ਮਾਂ...' ਦਾਦਾ ਮੇਰੇ ਬਾਊ ਨੂੰ ਨਿੱਕਾ ਕਹਿੰਦੇ ਹੁੰਦੇ ਸਨ—'ਉੱਠ, ਨਿੱਕੇ ਦੀ ਮਾਂ !...' ਦਾਦੀ ਨੇ ਸਾਨੂੰ ਦੱਸਿਆ ਕਿ ਰੋਂਦਿਆਂ-ਰੋਂਦਿਆਂ ਉਦੋਂ ਹੀ ਉਸਦੀ ਅੱਖ ਲੱਗੀ ਸੀ ਤੇ ਉਹ ਉਸ ਸਮੇਂ ਸੁਪਨੇ ਵਿਚ ਦਾਦਾ ਨੂੰ ਹੀ ਦੇਖ ਰਹੀ ਸੀ। ਉਹ ਸਮਝੀ ਕਿ ਅਜੇ ਸੁਪਨਾ ਹੀ ਦੇਖ ਰਹੀ ਹੈ, ਇਸ ਲਈ ਫੇਰ ਅੱਖਾਂ ਬੰਦ ਕਰ ਲਈਆਂ।
''ਉੱਠ ਨਿੱਕੇ ਦੀ ਮਾਂ, ਉੱਠ ਪੈ !''
ਹਾਏ ! ਸਾਕਸ਼ਾਤ ਉਹੀ !'
'ਮੈਂ ਸੋਚਿਆ ਤੇਨੂੰ ਮਿਲ ਨਹੀਂ ਹੋਇਆ ਨਿੱਕੇ ਦੀ ਮਾਂ, ਸੋ ਆ ਗਿਆ।'' ਦਾਦੀ ਦਾ ਕਹਿਣਾ ਸੀ ਦਰਵਾਜ਼ਾ ਚੌਪਟ ਖੁੱਲਿਆ ਹੋਇਆ ਸੀ।
'ਮੈਂ ਹੀ ਦਰਵਾਜ਼ੇ ਨੂੰ ਕਿਹਾ, ਨਿੱਕੇ ਦੀ ਮਾਂ, ਭਲਿਆ ਲੋਕਾ ਆਪੇ ਹੀ ਖੁੱਲ੍ਹ ਜਾਅ, ਉਹ ਕਮਲੀ ਤਾਂ ਬੜੀ ਮੁਸ਼ਕਿਲ ਨਾਲ ਸੁੱਤੀ ਹੋਵੇਗੀ।''
ਜਦ ਅਸੀਂ ਦਾਦੀ ਨੂੰ ਪੁੱਛਿਆ ਕਿ ਦਰਵਾਜ਼ਾ ਆਪਣੇ ਆਪ ਹੀ ਕਿੰਜ ਖੁੱਲ੍ਹ ਗਿਆ ਤਾਂ ਉਹ ਸਾਨੂੰ ਦੱਸਣ ਲੱਗੀ ਕਿ ਕਿੰਜ ਨਾ ਖੁੱਲ੍ਹਦਾ, ਦਾਦੇ ਦਾ ਹੀ ਤਾਂ ਬਣਵਾਇਆ ਹੋਇਆ ਸੀ !
ਠੀਕ ਹੀ ਤਾਂ ਹੈ। ਜਿਸਨੂੰ ਅਸੀਂ ਕਿਸੇ ਚੀਜ਼ ਜਾਂ ਬੰਦੇ ਦੀ ਜਾਨ ਕਹਿੰਦੇ ਹਾਂ...ਉਹ ਆਪਣੇ ਆਪ ਵਿਚ ਕੁਝ ਨਹੀਂ ਹੁੰਦੀ, ਬਲਕਿ ਜੋ ਤੇ ਜਿਵੇਂ ਵੀ ਹੁੰਦੀ ਹੈ, ਸੰਬੰਧਾਂ ਦੇ ਹਵਾਲੇ ਨਾਲ ਹੁੰਦੀ ਹੈ। ਦਾਦੀ ਹੀ ਸਾਨੂੰ ਇਕ ਖਿਡੌਣੇ ਬਣਾਉਣ ਵਾਲੇ ਦੀ ਕਹਾਣੀ ਸੁਣਾਉਦੀ ਹੁੰਦੀ ਸੀ ਕਿ ਉਹ ਕਿੰਜ ਮੁੱਠੀ ਭਰ ਗਿੱਲੀ ਮਿੱਟੀ ਨੂੰ ਹੱਥਾਂ ਵਿਚ ਲੈ ਕੇ ਆਪਣੀਆਂ ਉਂਗਲਾਂ ਦੇ ਪੋਰਾਂ ਨਾਲ ਉਸ ਵਿਚ ਆਪਣਾ ਨਿੱਘ ਜਜ਼ਬ ਕਰਦਾ ਸੀ। ਉਦੋਂ ਉਸਦੇ ਹੱਥ ਮਾਂ ਦੀ ਕੁੱਖ ਬਣੇ ਹੁੰਦੇ ਸਨ, ਜਿੱਥੋਂ ਕੋਈ ਜਾਨਦਾਰ ਜਨਮ ਲੈਂਦਾ ਹੈ। ਮੇਰੀ ਮਾਂ ਮੇਰੇ ਬਚਪਨ ਵਿਚ ਹੀ ਮਰ ਗਈ ਸੀ ਪਰ ਆਪਣੀ ਦਾਦੀ ਦੀਆਂ ਝੁਰੜੀਆਂ ਦੇ ਸੁੰਦਰ ਤਾਣੇ-ਬਾਣੇ ਵਿਚ ਮੈਨੂੰ ਉਸੇ ਦਾ ਰੂਪ ਤੇ ਭਰਿਆ ਹੋਇਆ ਚਿਹਰਾ ਦਿਖਾਈ ਦਿੰਦਾ ਸੀ। ਮੈਂ ਤੇ ਮੇਰੀ ਭੈਣ ਏਨੇ ਸਾਲ ਬਾਅਦ ਅੱਜ ਵੀ ਜਦੋਂ ਮਿਲ ਬੈਠਦੇ ਹਾਂ ਤਾਂ ਆਪਣੇ ਬੱਚਿਆਂ ਦੇ ਬੱਚੇ ਜਿਹੇ ਬਣੇ ਦਾਦੀ ਦੇ ਹੱਥੋਂ ਘਿਓ, ਸ਼ਕਰ ਖਾਂਦੇ ਹੋਏ ਕੋਈ ਕਹਾਣੀ ਸੁਣ ਰਹੇ ਹੁੰਦੇ ਹਾਂ। ਇਸੇ ਲਈ ਮੈਂ ਆਪਣੇ ਬੇਟੇ ਦੀਆਂ ਜੈਨਰੇਸ਼ਨ ਗੈਪ ਦੀਆਂ ਗੱਲਾਂ ਉੱਤੇ ਹੱਸੇ ਬਗ਼ੈਰ ਨਹੀਂ ਰਹਿ ਸਕਦਾ। ਮੈਂ ਉਸਨੂੰ ਕਿੰਜ ਸਮਝਾਵਾਂ ਕਿ ਜਦ ਤਕ ਮੇਰੀ ਸਵਰਗਵਾਸੀ ਦਾਦੀ ਜਿਉਂਦੀ ਹੈ...ਤਦੋਂ ਤਕ ਮੈਂ ਆਪਣੇ ਪੋਤਿਆਂ ਤੇ ਦੋਹਤਿਆਂ ਦਾ ਹਮਉਮਰ ਹਾਂ।
ਜਮਾਲ ਨੇ ਮੇਰਾ ਮੋਢਾ ਹਲੂਣਦਿਆਂ ਪੁੱਛਿਆ ਹੈ, ''ਕਿਉਂ, ਆਪਣੇ ਆਪ ਕਿਉਂ ਹੱਸੀ ਜਾ ਰਿਹਾ ਏਂ ?''
''ਮੈਨੂੰ ਆਪਣੀ ਦਾਦੀ ਯਾਦ ਆ ਰਹੀ ਹੈ, ਜਮਾਲ !''
'ਤਾਂ ਚੈਨ ਨਾਲ ਦੋ-ਚਾਰ ਅੱਥਰੂ ਵਹਾਅ ਲੈ, ਇਸ ਵਿਚ ਖੀਂ-ਖੀਂ ਕਰਨ ਵਾਲੀ ਕਿਹੜੀ ਗੱਲ ਏ, ਭਲਾ ?...ਲੈ ਇਕ ਹੋਰ ਸਿਗਰਟ ਲਾ ਲੈ, ਤੇਰੀ ਭਾਬੀ ਹੁਣ ਸਿਗਰਟਾਂ ਛੂਹਣ ਵੀ ਨਹੀਂ ਦਿੰਦੀ, ਇਸ ਲਈ ਮੈਂ ਆਪਣੀ ਸਾਰੀ ਸਮੋਕਿੰਗ ਘਰ ਦੇ ਬਾਹਰ ਹੀ ਕਰਦਾ ਹਾਂ।''
ਅਸੀਂ ਇਕ ਇਕ ਸਿਗਰਟ ਹੋਰ ਲਾ ਲਈ।
''ਮੋਹਨ ਤੂੰ ਆਪਦੀ ਦਾਦੀ ਤੋਂ ਸੁਣੀਆਂ ਹੋਈਆਂ ਜਿਹੜੀਆਂ ਕਹਾਣੀਆਂ ਮੈਨੂੰ ਸੁਣਾਈਆਂ ਹੋਈਆਂ ਨੇ, ਉਹਨਾਂ ਵਿਚੋਂ ਕਈ ਮੈਨੂੰ ਹੁਣ ਤਕ ਨਹੀਂ ਭੁੱਲੀਆਂ। ਜਿਸ ਦਿਨ ਤੇਰੇ ਆਉਣੇ ਦੀ ਚਿੱਠੀ ਮਿਲੀ ਉਸ ਦਿਨ ਤਾਂ ਕਈ ਹੋਰ ਯਾਦ ਆ ਗਈਆਂ।'' ਜਮਾਲ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ, ''ਇਹ ਤੂੰ ਚੰਗਾ ਨਹੀਂ ਕੀਤਾ ਬਈ ਇਕ ਦਿਨ ਵਾਸਤੇ ਹੀ ਆਇਆ ਹੈਂ।''
'ਮੈਂ ਤੈਨੂੰ ਦੱਸ ਚੁੱਕਿਆਂ, ਮੇਰੇ ਬੀਜੇ ਦੀ ਮੋਹਲਤ ਖ਼ਤਮ ਹੋ ਰਹੀ ਹੈ।''
''ਪਹਿਲਾਂ ਕਿਉਂ ਨਹੀਂ ਆਇਆ ?''
ਉਹ ਵੀ ਮੈਂ ਉਸਨੂੰ ਦੱਸ ਚੁੱਕਿਆ ਸੀ ਕਿ ਛੇ ਦਿਨ ਕਿੰਜ ਉਹ ਕੰਮ ਨਿਪਟਾਂਦਿਆਂ ਬੀਤ ਗਏ ਜਿਸਦੇ ਲਈ ਬੀਜਾ ਮੰਜ਼ੂਰ ਹੋਇਆ ਸੀ।
''ਬੜਾ ਫਰਾਡ ਏਂ ! ਛੱਤੀ ਸਾਲ ਬਾਅਦ ਆਇਆ ਏਂ ਤੇ ਬਸ ਇਕ ਦਿਨ ਲਈ...''
ਸੜਕ ਦੀ ਆਖ਼ਰੀ ਨੁੱਕੜ ਉੱਤੇ ਪਹੁੰਚ ਕੇ ਡਰਾਈਵਰ ਗੱਡੀ ਨੂੰ ਸੱਜੇ ਹੱਥ ਮੋੜਨ ਲੱਗਿਆ ਹੈ ਤਾਂ ਮੈਂ ਖੱਬੇ ਵੱਲ ਇਸ਼ਾਰਾ ਕਰਕੇ ਜਮਾਲ ਨੂੰ ਕਿਹਾ ਹੈ, ''ਪਹਿਲਾਂ ਏਧਰੋਂ ਹੋ ਚੱਲੀਏ।''
''ਹਾਂ, ਚੱਲ ਪਹਿਲਾਂ ਤੂੰ ਆਪਣਾ ਘਰ ਵੇਖ ਲੈ।''
ਏਧਰ ਖੱਬੀ ਢਲਾਨ 'ਤੇ ਮੁੜਦਿਆਂ ਹੀ ਦਿਲ ਦੀਆਂ ਸਾਰੀਆਂ ਟੋਹਾਂ ਜਿਵੇਂ ਦੀ ਤਿਵੇਂ ਇਕ ਬਾਅਦ ਦੂਜੀ ਮੇਰੇ ਸਾਹਮਣੇ ਆਉਣ ਲੱਗੀਆਂ ਹਨ।
'ਚਾਚਾ, ਹੇਠਲੀ ਉਪਰ, ਸਵਾਰੋ ਸਵਾਰ ?'' ਮੈਂ ਫਜ਼ਲੇ ਨੂੰ ਆਪਣੀ ਪਿੱਠ 'ਤੇ ਚੁੱਕਿਆ ਹੋਇਆ ਹੈ ਤੇ ਉਸ ਬਾਜ਼ਾਰ ਵਿਚ ਦੁਕਾਨ-ਦੁਕਾਨ ਪੁੱਛਦਾ ਜਾ ਰਿਹਾ ਹਾਂ ਕਿ ਹੇਠਾਂ ਵਾਲਾ ਉਪਰ ਆ ਜਾਏ ਚਾਚਾ, ਜਾਂ ਸਵਾਰ ਇਵੇਂ ਹੀ ਸਵਾਰ ਬਣਿਆਂ ਰਹੇ ?
''ਸਵਾਰੋ-ਸਵਾਰ !''
ਇਸ ਦੁਕਾਨ ਸਾਹਮਣੇ ਮੈਂ ਫਜ਼ਲੇ ਨੂੰ ਹੇਠਾਂ ਸੁੱਟ ਦਿੱਤਾ ਹੈ, ''ਬਸ ਹੁਣ ਹੋਰ ਨਹੀਂ !''
ਫਜ਼ਲੇ ਨੇ ਮੈਨੂੰ ਯਾਦ ਦਿਵਾਇਆ ਹੈ ਕਿ ਆਖ਼ਰੀ ਨੁੱਕੜ ਤੋਂ ਪਹਿਲਾਂ ਖੇਡ ਖਤਮ ਨਹੀਂ ਕੀਤੀ ਜਾ ਸਕਦੀ !
''ਕਹਿ ਦਿੱਤਾ ਨਾ ਬਸ !''
ਉਸਨੇ ਮੈਨੂੰ ਗਲਾਮੇਂ ਤੋਂ ਫੜ੍ਹ ਲਿਆ ਹੈ।
ਮੈਂ ਉਸਦੇ ਇਕ ਘਸੁੰਨ ਜੜ ਦਿੱਤਾ ਹੈ।
ਉਹ ਮੈਥੋਂ ਜ਼ਿਆਦਾ ਤਕੜਾ ਹੈ ਤੇ ਮੈਨੂੰ ਕੁੱਟਣ ਲੱਗ ਪਿਆ ਹੈ।
ਮੈਂ ਰੋਣਾ ਸ਼ੁਰੂ ਕਰ ਦਿੱਤਾ ਹੈ।
ਉਹ ਘਬਰਾ ਗਿਆ ਹੈ। ''ਰੋ ਨਾ, ਆ ਹੁਣ ਤੂੰ ਮੇਰੀ ਪਿੱਠ 'ਤੇ ਆ ਜਾ।''
ਮੈਂ ਉਸਦੀ ਪਿੱਠ ਉੱਤੇ ਸਵਾਰ ਹੁੰਦਿਆਂ ਹੀ ਰੋਂਦਾ ਰੋਂਦਾ ਮੁਸਕਰਾਉਣ ਲੱਗ ਪਿਆ ਹਾਂ।
ਜਮਾਲ ਨੇ ਮੈਨੂੰ ਪੁੱਛਿਆ ਹੈ, ''ਮੁਸਕਰਾ ਕਿਉਂ ਰਿਹਾ ਏਂ ?''
ਇਸ ਰਾਤ ਚੌਂਕ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਅੱਗ ਦੀਆਂ ਲਪਟਾਂ ਏਨੀਆਂ ਉੱਚੀਆਂ ਉਠ ਰਹੀਆਂ ਹਨ ਕਿ ਪੂਰੇ ਸ਼ਹਿਰ ਦੇ ਮਕਾਨਾਂ ਦੀਆਂ ਛੱਤਾਂ ਉੱਤੇ ਬੈਠੇ ਹੋਏ ਲੋਕਾਂ ਨੂੰ ਇੰਜ ਹੀ ਲੱਗ ਰਿਹਾ ਹੈ ਕਿ ਉਹ ਇਕੋ ਜਗ੍ਹਾ ਜੁੜ ਕੇ ਬੈਠੇ ਅੱਗ ਸੇਕ ਰਹੇ ਹਨ।
ਰੇਲਵੇ ਲਾਈਨ ਨੂੰ ਕਰਾਸ ਕਰਦਿਆਂ ਹੀ ਇਸ ਸੜਕ ਦੇ ਖੱਬੇ ਪਾਸੇ ਬੇਬੇ ਨੂਰਾਂ ਦੀ ਗਲੀ ਹੈ—ਹਾਂ, ਉਹੀ ਹੈ।
''ਬੇਬੇ !''
ਅਪਾਹਿਜ ਤੇ ਬੁੱਢੀ ਬੇਬੇ ਨੇ ਆਪਣੀ ਝੁੱਗੀ ਦੇ ਕੱਚੇ ਫਰਸ਼ ਉੱਤੇ ਸਰੀਰ ਨੂੰ ਘਸੀਟਦਿਆਂ ਹੋਇਆਂ ਦਰਵਾਜ਼ੇ ਵਿਚੋਂ ਝਾਕਿਆ ਹੈ। ਉਸਦੇ ਚਿਹਰੇ ਦੀਆਂ ਝੁਰੜੀਆਂ ਕਾਲੇ ਪਾਣੀ ਦੇ ਖਾਰਦਾਰ ਰਸਤਿਆਂ ਵਿਚ ਅਟਕੀਆਂ ਹੋਈਆਂ ਹਨ, ਜਿੱਥੇ ਉਸਦਾ ਜਵਾਨ ਪੁੱਤ ਇਕ ਲੰਮੇਂ ਅਰਸੇ ਤੋਂ ਖ਼ੂਨ ਦੀ ਸਜ਼ਾ ਭੁਗਤ ਰਿਹਾ ਹੈ। ਕਿਉਂਕਿ ਬੇਬੇ ਦਿਨ ਰਾਤ ਇਹਨਾਂ ਰਸਤਿਆਂ 'ਚ ਭਟਕਦੀ ਰਹਿੰਦੀ ਹੈ, ਇਸ ਲਈ ਵਿਚਾਰੀ ਨੂੰ ਆਪਣਾ ਆਲਾ-ਦੁਆਲਾ ਵਿਖਾਈ ਨਹੀਂ ਦਿੰਦਾ।
''ਬੇਬੇ !''
''ਕੌਣ ਐਂ ?''
'ਮੈਂ ਮੋਹਨਾਂ, ਬੇਬੇ—ਸਲਾਮਾਲੇਕੁਮ...ਅਹਿ ਜਲੇਬੀਆਂ ਲੈ ਦਾਦੀ ਨੇ ਭੇਜੀਆਂ ਨੇ !''
ਬੇਬੇ ਦੇ ਮੂੰਹੋਂ ਮੂਸਲਾਧਾਰ ਮੀਂਹ ਵਾਂਗ ਅਸ਼ੀਰਵਾਦ ਵਰ੍ਹਣ ਲੱਗੇ ਹਨ—ਜਿਉਂਦਾ ਰਹਿ ! ਖਿਲਦਾ ਰਹਿ ! ਹੱਸਦਾ ਰਹਿ ! ਫਲਦਾ ਰਹਿ !
ਬੇਬੇ ਦੀਆਂ ਦੁਆਵਾਂ ਦੀ ਫੁਆਰ ਗੱਡੀ ਵਿਚ ਪੈ ਰਹੀ ਹੈ, ਜਿਸ ਨਾਲ ਮੇਰਾ ਮੂੰਹ ਧੁਲ ਗਿਆ ਹੈ।
ਜਮਾਲ ਨੇ ਮੈਨੂੰ ਪੁੱਛਿਆ ਹੈ, ''ਓਇ ਰੋ ਕਿਉਂ ਰਿਹੈਂ !''
ਗੱਡੀ ਹੁਣ ਸਾਡੀ ਗਲੀ ਵਾਲੇ ਬਾਜ਼ਾਰ ਵਿਚ ਦਾਖਲ ਹੋ ਰਹੀ ਹੈ—ਇਹ ਸਿਪਰਿਆ ਵਾਲੇ ਨੰਗੇ ਚਾਚੇ ਦੀ ਦੁਕਾਨ—ਚਾਚਾ, ਤੁਸੀਂ ਕੱਪੜੇ ਕਿਉਂ ਨਹੀਂ ਪਾਉਂਦੇ...ਨੰਗੇ ਆਏ ਪੁੱਤਰਾ ਤੇ ਨੰਗੇ ਹੀ ਜਾਣਾ...ਤੜਾਕ ! ਇੱਥੇ ਗੋਬਿੰਦ ਤਾਇਆ ਮੈਨੂੰ ਦੇਖਦਿਆਂ ਹੀ ਆਪਣੀ ਮਿਠਿਆਈ ਵਾਲੀ ਦੁਕਾਨ ਤੋਂ ਕਾਹਲ ਨਾਲ ਥੱਲੇ ਉਤਰ ਆਇਆ ਹੈ ਤੇ ਕੁਝ ਪੁੱਛੇ ਬਗ਼ੈਰ ਤੜਾਕ ਕਰਕੇ ਮੂੰਹ ਉੱਤੇ ਚੰਡ ਕੱਢ ਮਾਰੀ ਹੈ।
''ਕੰਜਰ, ਬਾਜ਼ਾਰ ਵਿਚ ਈ ਘੁੰਮਦਾ ਰਹਿੰਦਾ ਏ !'' ਗੁੱਸੇ ਵਿਚ ਤਾਇਆ ਹਮੇਸ਼ਾ ਉਰਦੂ ਬੋਲਣ ਲੱਗ ਪੈਂਦਾ ਹੈ।
ਮੈਂ ਆਪਣੀ ਗੱਲ ਪਲੋਸਦਿਆਂ ਹੋਇਆਂ ਉਸਨੂੰ ਜਵਾਬ ਦਿੱਤਾ ਹੈ ਕਿ ਕੰਜਰਾਂ ਦਾ ਬਾਜ਼ਾਰ ਮੇਰੇ ਕਾਲਜ ਦੇ ਰਸਤੇ ਵਿਚ ਆਉਂਦਾ ਹੈ।
ਤਾਇਆ ਢੈਲਾ ਪੈ ਗਿਆ ਹੈ ਤੇ ਉਸਨੇ ਮੈਨੂੰ ਦੁਕਾਨ ਤੋਂ ਬਰਫੀ ਦੀਆਂ ਦੋ ਟੁਕੜੀਆਂ ਦੇਂਦਿਆਂ ਹੋਇਆਂ ਕਿਹਾ ਹੈ, ''ਲੈ, ਖਾ ਲੈ।''
ਬਰਫੀ ਲੈ ਕੇ ਮੈਂ ਜਾਣ ਲਈ ਮੁੜਿਆ ਹਾਂ ਤਾਂ ਮੈਨੂੰ ਉਸਦੀ ਚੇਤਾਵਨੀ ਸੁਣਾਈ ਦਿੱਤੀ ਹੈ ਕਿ ਅਗੋਂ ਤੋਂ ਮੈਂ ਕਿਸੇ ਹੋਰ ਰਸਤੇ ਕਾਲਜ ਜਾਇਆ ਕਰਾਂ।
ਇਹ ਸਾਡੀ ਗਲੀ ਆ ਗਈ ਹੈ।
ਗਲੀ ਵਿਚ ਚੁੱਪ ਜਿਹੀ ਵਰਤੀ ਹੋਈ ਹੈ। ਜਿਉਂ ਹੀ ਮੈਂ ਉਸਦੇ ਅੰਦਰ ਜਾਣ ਲਈ ਪੈਰ ਪੁੱਟਿਆ ਹੈ, ਮੈਨੂੰ ਆਪਣੇ ਘਰ ਦੇ ਨੇੜੇ ਦੇ ਮੰਦਰ ਦੇ ਦਰਵਾਜ਼ੇ ਵਿਚੋਂ ਨਿਕਲਦੀ ਦਾਦੀ ਦਾ ਝੌਲਾ ਜਿਹਾ ਪਿਆ ਹੈ। ਮੰਦਰੀਆਂ ਪੌੜੀਆਂ ਉਤਰ ਕੇ ਉਹ ਗਲੀ ਦੇ ਮੌੜ ਵੱਲ ਹੋ ਲਈ ਹੈ, ਜਿੱਥੇ ਸੱਜੇ ਹੱਥ ਸਾਡੇ ਘਰ ਦਾ ਦਰਵਾਜ਼ਾ ਹੈ। ਜਮਾਲ ਨੂੰ ਪਿੱਛੇ ਛੱਡ ਕੇ ਮੈਂ ਕਾਹਲੇ ਪੈਂਰੀ ਤੁਰਨ ਲੱਗਿਆ ਹਾਂ। ਜ਼ਰਾ ਅੱਗੇ ਜਾ ਕੇ ਉਹ ਸੱਜੇ ਹੱਥ ਮੁੜੀ ਹੈ ਤੇ ਮੈਨੂੰ ਉਸਦੇ ਚਿਹਰੇ ਦੀ ਝਲਕ ਦਿਖਾਈ ਦਿੱਤੀ ਹੈ। ਮੈਂ ਹੋਰ ਤੇਜ਼ ਤੁਰਦਾ ਹੋਇਆ ਉਸ ਨਾਲ ਜਾ ਰਲਣਾ ਚਾਹੁੰਦਾ ਹਾਂ ਪਰ ਮੋੜ 'ਤੇ ਪਹੁੰਚ ਕੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ। ਮੈਂ ਆਪਣੇ ਘਰ ਦੇ ਦਰਵਾਜ਼ੇ ਸਾਹਮਣੇ ਆ ਖੜ੍ਹਾ ਹੋਇਆ ਹਾਂ। ਦਰਵਾਜ਼ਾ ਬੰਦ ਹੈ। ਮੈਂ ਆਸੇ ਪਾਸੇ ਦੇ ਘਰਾਂ ਵੱਲ ਦੇਖਣ ਲੱਗਾ ਹਾਂ। ਸਾਰੇ ਓਵੇਂ ਹੀ ਇਕ ਦੂਜੇ ਦੇ ਨਾਲ ਜੁੜੇ ਖਲੋਤੇ ਹਨ, ਇਹ ਸਾਰੇ ਘਰ ਸਾਡੇ ਆਪਣੇ ਹੀ ਸਨ ਤੇ ਆਪਣੇ ਘਰੋਂ ਆਪਣੇ ਜਾਣਾ ਹੁੰਦਾ ਤਾਂ ਬਾਹਰਲੇ ਦਰਵਾਜ਼ਿਆਂ ਰਾਹੀਂ ਥੋੜ੍ਹਾ ਹੀ ਜਾਇਆ ਜਾਂਦਾ ਹੈ !
ਮੈਂ ਆਪਣੇ ਘਰ ਦਾ ਬੂਹਾ ਖੜਕਾਇਆ ਹੈ। ਤੇ ਮੈਨੂੰ ਇਕ ਅਜੀਬ ਜਿਹਾ ਵਿਚਾਰ ਆਇਆ ਹੈ ਕਿ ਮੈਂ ਕੋਈ ਹੋਰ ਹਾਂ, ਕੋਈ ਓਪਰਾ ਆਦਮੀ ਹਾਂ ਤੇ ਜਿਹੜਾ ਮੇਰੇ ਲਈ ਅੰਦਰੋਂ ਬੂਹਾ ਖੋਹਲੇਗਾ, ਉਹ ਵੀ ਮੈਂ ਹੀ ਹੋਵਾਂਗਾ, ਪਰ ਮੇਰੇ ਬਜਾਏ ਉਹ ਮੈਂ, ਜਿਹੜਾ ਮੈਂ ਉਹਨੀਂ ਦਿਨੀਂ ਹੁੰਦਾ ਸੀ।
'ਕੌਣ ਏਂ ?'' ਦਰਵਾਜ਼ਾ ਖੁੱਲ੍ਹਿਆ ਹੈ।
ਪਰ ਮੈਂ ਆਪਣੇ ਇਸ ਪੁਰਾਣੇ ਘਰ ਵਿਚਲੇ ਮੈਂ ਨੂੰ ਕਿੰਜ ਨਾ ਪਛਾਣਦਾ ? ਪਰ ਉਸਨੇ ਮੇਰੇ ਵੱਲ ਦੇਖ ਕੇ ਪੁੱਛਿਆ ਹੈ, ''ਤੁਸੀਂ ਕੌਣ ਹੋ ?''
ਨਹੀਂ, ਇਸ ਵਿਚ ਉਸ ਵਿਚਾਰੇ ਦਾ ਕੀ ਦੋਸ਼ ? ਉਸਨੇ ਮੇਨੂੰ ਕਦੀ ਵੇਖਿਆ ਹੀ ਨਹੀਂ ਤਾਂ ਪਛਾਣੇ ਕਿੱਦਾਂ ?
ਦਰਵਾਜ਼ਾ ਓਵੇਂ ਦੀ ਜਿਵੇਂ ਬੰਦ ਹੈ। ਮੈਂ ਉਸਨੂੰ ਇਕ ਵਾਰੀ ਫੇਰ ਖੜਕਾਇਆ ਹੈ ਤੇ ਜਵਾਬ ਦੀ ਉਡੀਕ ਕਰਣ ਲੱਗਾ ਹਾਂ ਤੇ ਇਸੇ ਦੌਰਾਨ ਦੇਖਿਆ ਹੈ ਕਿ ਬਾਹਰਲੀਆਂ ਦੋਵੇਂ ਖਿੜਕੀਆਂ ਵੀ ਬੰਦ ਹਨ। ਮੈਂ ਇਕ ਵਾਰੀ ਹੋਰ ਦਰਵਾਜ਼ਾ ਖੜਕਾਉਣ ਲਈ ਹੱਥ ਵਧਾਇਆ ਹੈ ਪਰ ਸਾਹਮਣੇ ਮਕਾਨ ਦੀ ਖਿੜਕੀ 'ਚੋਂ ਇਕ ਬੁਰਕੇ ਵਾਲੀ ਜ਼ਨਾਨੀ ਦੀ ਅਜ਼ਨਬੀ ਜਿਹੀ ਆਵਾਜ਼ ਸੁਣ ਕੇ ਰੁਕ ਗਿਆ ਹਾਂ, ''ਘਰ ਵਾਲੇ ਬਾਹਰ ਗਏ ਹੋਏ ਨੇ।''
ਜਮਾਲ ਨੇ ਬੜੀ ਦੁੱਖਭਰੀ ਨਰਮੀਂ ਨਾਲ ਮੇਰਾ ਮੋਢਾ ਹਿਲਾਇਆ ਹੈ, ''ਚੱਲ, ਵਾਪਸ ਚੱਲੀਏ ਮੋਹਨ !''
ਅਸੀਂ ਦੋਵੇਂ ਚੁੱਪਚਾਪ ਹੌਲੀ ਹੌਲੀ ਤੁਰਦੇ ਹੋਏ ਗਲੀ 'ਚੋਂ ਬਾਹਰ ਨਿਕਲ ਆਏ ਹਾਂ ਤੇ ਗੱਡੀ ਵਿਚ ਜਾ ਬੈਠ ਹਾਂ। ''ਚੱਲੋ ਡਰਾਈਵਰ, ਹੁਣ ਘਰ ਚੱਲੋ।'' ਜਮਾਲ ਨੇ ਡਰਾਈਵਰ ਵੱਲੋਂ ਧਿਆਨ ਹਟਾਅ ਕੇ ਮੇਰੇ ਵੱਲ ਵੇਖਿਆ ਹੈ, ''ਸਿਗਰਟ ਪੀਏਂਗਾ ?''
ਮੇਰੇ ਉਤਰ ਦੀ ਉਡੀਕ ਕੀਤੇ ਬਿਨਾਂ ਉਸਨੇ ਦੋ ਸਿਗਰਟਾਂ ਸੁਲਗਾ ਕੇ ਇਕ ਮੇਰੇ ਵੱਲ ਵਧਾਅ ਦਿੱਤੀ ਹੈ। ਤੇ ਅਸਾਂ ਦੋਵੇਂ ਨੇ ਚੁੱਪਚਾਪ ਲੰਮੇਂ ਲੰਮੇਂ ਸੂਟੇ ਲਾਉਂਦੇ ਹੋਏ ਆਪਣੇ ਦਿਮਾਗ਼ ਅੰਦਰ ਏਨਾਂ ਧੂੰਆਂ ਭਰ ਲਿਆ ਹੈ ਕਿ ਸਾਨੂੰ ਕੁਝ ਵੀ ਨਹੀਂ ਸੁਝ ਰਿਹਾ।
ਗੱਡੀ ਤੇਜ਼ ਰਿਫ਼ਤਾਰ ਨਾਲ ਚੱਲਦੀ ਹੋਈ ਭੇਡਾਂ ਵਾਲੇ ਪੁਲ ਦੀ ਖੁੱਲ੍ਹੀ ਸੜਕ ਉੱਤੇ ਜਾ ਰਹੀ ਹੈ। ਜਮਾਲ ਨੇ ਚੁੱਪ ਨੂੰ ਤੋੜਦਿਆਂ ਹੋਇਆਂ ਮੈਨੂੰ ਦੱਸਿਆ ਹੈ ਕਿ ਉਹ ਇਸੇ ਇਲਾਕੇ ਵਿਚ ਰਹਿੰਦਾ ਹੈ।
''ਇੱਥੇ, ਇਕ ਕੀਰਤਨ ਮੰਦਰ ਵੀ ਤਾਂ ਸੀ ?''
''ਹਾਂ, ਹਾਂ...ਉਹੀ ਮੰਦਰ ਤਾਂ ਮੇਰਾ ਘਰ ਹੈ !''
ਮੈਨੂੰ ਜ਼ਰਾ ਅਜੀਬ ਜਿਹਾ ਲੱਗਿਆ ਕਿ ਭਗਵਾਨ ਦੇ ਘਰ ਹੁਣ ਇਨਸਾਨ ਵੱਸ ਗਏ ਨੇ।
''ਲੈ ਆਪਾਂ ਪਹੁੰਚ ਗਏ।''
ਮੇਰੀਆਂ ਨਜ਼ਰਾਂ ਵਿਚ ਬੜਾ ਪੁਰਾਣਾ ਮੰਦਰ ਘੁਸਿਆ ਹੋਇਆ ਹੈ ਤੇ ਮੈਨੂੰ ਉਹ ਪਰੀਵਰਤਨ ਦਿਖਾਈ ਨਹੀਂ ਦੇ ਰਿਹਾ ਜਿਹੜਾ ਜਮਾਲ ਨੇ ਆਪਣੇ ਰਹਿਣ ਦੀਆਂ ਲੋੜਾਂ ਅਨੁਸਾਰ ਮੰਦਰ ਦੀ ਇਮਾਰਤ ਵਿਚ ਕਰਵਾਇਆ ਹੋਇਆ ਹੈ।
ਜਦੋਂ ਅਸੀਂ ਗੇਟ ਅੰਦਰ ਦਾਖ਼ਲ ਹੋਏ ਤਾਂ ਜਮਾਲ ਦੇ ਘਰ ਵਾਲੇ ਲਾਨ 'ਚੋਂ ਉੱਠ ਕੇ ਸਾਡੇ ਸਵਾਗਤ ਲਈ ਬਾਹਰ ਵੱਲ ਅਹੁਲੇ ਹਨ।
''ਮੇਰੀ ਬੇਗ਼ਮ ਨੂੰ ਮਿਲੋ,'' ਸਭ ਤੋਂ ਪਹਿਲਾਂ ਜਮਾਲ ਨੇ ਆਪਦੀ ਪਤਨੀ ਨਾਲ ਮੇਰੀ ਜਾਣ-ਪਛਾਣ ਕਰਵਾਈ ਹੈ।
''ਸਲਾਮਾਲੇਮਕੁਮ !'' ਭਾਬੀ ਨੇ ਮੈਨੂੰ ਕਿਹਾ ਹੈ।
'ਵਾਊਲੇਕੁਮ ਅਸੱਲਾਮ ਭਾਬੀ ਜੀ !'' ਵਾਊਲੇਕੁਮ ਅਸੱਲਾਮ ਦੇ ਏਨੇ ਠੀਕ ਉਚਾਰਣ ਉਪਰ ਮੈਨੂੰ ਆਪਣੇ ਲਹਿਜੇ ਦੇ ਓਪਰੇਪਨ ਉੱਤੇ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਹੈ।
'ਸੁਣਿਆਂ ਬੇਗ਼ਮ !'' ਯੂ.ਪੀ. ਦੇ ਜਮਾਲ ਨੇ ਕਿਹਾ ਹੈ, ''ਕਿੰਨਾਂ ਸਹੀ ਤਲਫੁੱਜ਼ ( ਉਚਾਰਣ ) ਹੈ ਮੇਰੇ ਯਾਰ ਦਾ ! ਮੇਰੇ ਨਾਲ ਢਾਈ ਤਿੰਨ ਸਾਲ ਰਹਿ ਕੇ ਇਹ ਪੰਜਾਬੀ, ਆਦਮੀ ਬਣ ਗਿਆ, ਪਰ ਇਕ ਤੂੰ ਏਂ ਕਿ ਮੇਰੇ ਨਾਲ ਸਾਰੀ ਉਮਰ ਬਿਤਾਅ ਕੇ ਵੀ ਜਿਉਂ ਦੀ ਤਿਉਂ ਪੰਜਾਬਣ ਏਂ !''
''ਤਾਂ ਫੇਰ ਕੀ ਏ ?'' ਭਾਬੀ ਨੇ ਜਵਾਬ ਦਿੱਤਾ ਹੈ, ''ਅਸਾਨੂੰ ਤਾਂ ਇਕ ਉਰਦੂ ਹੀ ਨਹੀਂ ਆਈ ਪਰ ਤੁਹਾਨੂੰ ਉਰਦੂ ਦੇ ਸਿਵਾਏ ਆਉਂਦਾ ਈ ਕੀ ਏ ?''
''ਤੇਰੇ ਸਾਥ ਦਾ ਅਸਰ ਏ ਬੇਗ਼ਮ,'' ਫੇਰ ਜਮਾਲ ਮੇਰੇ ਵੱਲ ਭੌਂ ਪਿਆ, ''ਯਾਦ ਏ ਮੋਹਨ ! ਤੂੰ ਵੀ ਇਸੇ ਤਰ੍ਹਾਂ 'ਅਸਾਨੂੰ', 'ਤੁਹਾਨੂੰ' ਕਰਦਾ ਹੁੰਦਾ ਸੈਂ ਤੇ ਮੈਂ ਤੈਨੂੰ ਵਾਰਨਿੰਗ ਦਿੱਤੀ ਸੀ ਕਿ ਸਹੀ ਭਾਸ਼ਾ ਨਹੀਂ ਬੋਲੇਂਗਾ ਤਾਂ ਮੈਂ ਆਪਣਾ ਹੋਸਟਲ ਦਾ ਕਮਰਾ ਬਦਲ ਲਵਾਂਗਾ ਪਰ ਆਪਣੀ ਬੇਗ਼ਮ ਨੂੰ ਇਹ ਗੱਲ ਕਿੰਜ ਕਹਿ ਸਕਦਾ ਹਾਂ !''
ਅਸੀਂ ਸਾਰੇ ਹੱਸ ਪਏ ਹਾਂ।
''ਬਾਹਰ ਮੇਰੀ ਬਹੂ ਹੈ ਮੋਹਨ ਤੇ ਅਹਿ ਬੇਟੀ। ਇਸਦਾ ਮੀਆਂ ਸਾਊਦੀ ਅਰਬ ਵਿਚ ਇੰਜੀਨਿਰ ਏ ਤੇ ਉਹ...''
ਉਸਦੇ ਮੁੰਡੇ ਨੂੰ ਵੇਖ ਕੇ ਮੈਨੂੰ ਲੱਗਿਆ ਹੈ ਕਿ ਮੇਰੇ ਜਿਹਨ ਵਿਚੋਂ ਉਹੀ ਪੁਰਾਣਾ ਜਮਾਲ ਬਾਹਰ ਨਿਕਲ ਕੇ ਮੇਰੇ ਸਾਹਮਣੇ ਖੜ੍ਹਾ ਹੋ ਗਿਆ ਹੈ—ਕੱਢ, ਕੱਢ ਮੇਰੀ ਸਿਗਰਟਾਂ ਵਾਲੀ ਡੱਬੀ...ਮੈਂ ਇਹ ਸੋਚ ਕੇ ਮੁਸਕਰਾ ਰਿਹਾ ਹੋਣ ਦੇ ਬਾਵਜ਼ੂਦ ਉਦਾਸ ਜਿਹਾ ਹੋ ਗਿਆ ਹਾਂ ਕਿ ਮੈਂ ਉਸਨੂੰ ਓਵੇਂ ਨਹੀਂ ਦਿਸ ਰਿਹਾ ਜਿਵੇਂ ਉਹ ਮੇਨੂੰ ਦਿਸ ਰਿਹਾ ਹੈ।
''ਮੋਹਨ ਕੱਲ੍ਹ ਹੀ ਵਾਪਸ ਜਾ ਰਿਹੈ,'' ਜਮਾਲ ਨੇ ਆਪਣੀ ਪਤਨੀ ਨੂੰ ਕਿਹਾ, ''ਚੰਗਾ ਈ ਏ, ਅਸੀਂ ਕੋਈ ਹੋਰ ਕੰਮ ਨਹੀਂ ਕਰਨੇ ਕਿ !''
''ਓ ਭਰਾ, ਨਾਰਾਜ਼ ਕਿਉਂ ਹੋ ਰਿਹੈਂ ?''
''ਬਾਣੀਏਂ ਨੂੰ ਅਜਿਹਾ ਖਾਣਾ ਬਣਾ ਕੇ ਖਵਾ ਬੇਗ਼ਮ ਕਿ ਇਸ ਨੂੰ ਆਪਣੇ ਦਾਲ-ਚੌਲਾਂ ਵਿਚ ਵੀ ਸਦਾ ਸਾਡੇ ਖਾਣੇ ਦੀ ਲਜ਼ੱਤ ਆਉਂਦੀ ਰਹੇ...ਡਰਾਈਵਰ !'' ਫੇਰ ਉਸਨੇ ਡਰਾਈਵਰ ਨੂੰ ਸੱਦਣ ਲਈ ਆਵਾਜ਼ ਮਾਰੀ ਹੈ।
''ਜੀ, ਸ਼ਾਹ ਜੀ !''
'ਇਹਨਾਂ ਦਾ ਸਾਮਾਨ ਮੇਰੇ ਬੈੱਡ ਰੂਮ ਵਿਚ ਹੀ ਰੱਖ ਦੇਵੀਂ।'' ਇਸ ਦੌਰਾਨ ਮੇਰੇ ਵੱਲ ਤੱਕਦਿਆਂ ਹੋਇਆਂ ਉਸ ਕਿਹਾ, ''ਇਕ ਹੀ ਰਹਿਮਤ ਦੀ ਰਾਤ ਸਹੀ। ਅਸੀਂ ਓਵੇਂ ਹੀ ਰੂਮ ਮੇਟ ਬਣ ਕੇ ਰਾਤ ਗੁਜਾਰਾਂਗੇ...ਬੇਗ਼ਮ, ਅੱਜ, ਸਿਰਫ ਅੱਜ ਮੈਨੂੰ ਸਿਗਰਟ ਪੀਣ ਤੋਂ ਮਨ੍ਹਾਂ ਨਾ ਕਰਨਾ...ਇਹ ਲੈ ਮੋਹਨ, ਪੀ!'' ਉਸਨੇ ਇਕ ਸਿਗਰਟ ਮੈਨੂੰ ਦੇ ਕੇ ਇਕ ਆਪਣੇ ਬੁੱਲ੍ਹਾਂ ਨਾਲ ਲਾ ਲਈ ਹੈ। ''ਡਰਾਈਵਰ ਨਾਲ ਜਾਓ ਮੋਹਨ। ਮੂੰਹ ਹੱਥ ਧੋ ਲਓ, ਫੇਰ ਬੈਠਾਂਗੇ।''
ਡਰਾਈਵਰ ਨਾਲ ਮੰਦਰ ਦੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਮੇਰੀਆਂ ਅੱਖਾਂ ਵਿਚ ਉਹ ਪਲ ਪਰਤ ਆਏ ਹਨ ਜਦ ਮੈਂ ਇੱਥੇ ਹਰ ਜਨਮ-ਅਸ਼ਟਮੀ ਨੂੰ ਪ੍ਰਸ਼ਾਦ ਲੈਣ ਆਉਂਦਾ ਹੁੰਦਾ ਸੀ। ਉਹਨੀਂ ਦਿਨੀਂ ਇੱਥੇ ਹਰ ਸਾਲ ਜਨਮ-ਅਸ਼ਟਮੀ ਦੇ ਮੌਕੇ 'ਤੇ ਅੱਧੀ ਰਾਤ ਨੂੰ ਭਗਵਾਨ ਕ੍ਰਿਸ਼ਨ ਦਾ ਜਨਮ ਹੁੰਦਾ ਹੁੰਦਾ ਸੀ। ਇਕ ਸਾਲ ਵਿਚ ਹੀ ਆਪਣੀ ਉਮਰ ਪੂਰੀ ਕਰਕੇ ਭਗਵਾਨ ਐਨ ਏਸੇ ਘੜੀ ਫੇਰ ਪੈਦਾ ਹੋ ਜਾਂਦਾ ਹੈ। ਮੈਂ ਕੋਈ ਹੋਰ ਤਿਉਹਾਰ ਮਨਾਵਾਂ ਜਾਂ ਨਾ ਮਨਾਵਾਂ, ਜਨਮ ਅਸ਼ਟਮੀ ਨੂੰ ਬੜੀ ਧੂੰਮਧਾਮ ਨਾਲ ਮਨਾਉਂਦਾ ਹਾਂ ਤੇ ਗਾ-ਗਾ ਕੇ ਭਗਵਾਨ ਨੂੰ ਭੰਗੂੜਾ ਝੁਲਾਉਂਦਾ ਹਾਂ ਤੇ ਉਸਦੇ ਬਚਪਨ ਤੇ ਬੇਵੱਸੀ ਨੂੰ ਮਹਿਸੂਸ ਕਰਕੇ ਮੇਰੀ ਮਮਤਾ ਜਾਗ ਉੱਠਦੀ ਹੈ ਤੇ ਅਚਾਨਕ ਚਾਹੁਣ ਲੱਗਦਾ ਹਾਂ ਕਿ ਇਸਨੂੰ ਕਲਯੁਗ ਦੀ ਅਗਨੀ ਬਚਾਈ ਰੱਖਾਂ।
ਵਰਾਂਡੇ ਵਿਚੋਂ ਲੰਘ ਕੇ ਅਸੀਂ ਇਕ ਹਾਲ ਕਮਰੇ ਵਿਚ ਆ ਗਏ ਹਾਂ ਤੇ ਫੇਰ ਨੇੜੇ ਹੀ ਜਮਾਲ ਦੇ ਸੌਣ ਕਮਰੇ ਵਿਚ ਡਰਾਈਵਰ ਨੇ ਮੇਰਾ ਸਾਮਾਨ ਇਕ ਪਾਸੇ ਰੱਖ ਦਿੱਤਾ ਹੈ ਤੇ ਇਕ ਦਰਵਾਜ਼ੇ ਵੱਲ ਇਸ਼ਾਰਾ ਕਰਕੇ ਮੈਨੂੰ ਦੱਸਿਆ ਹੈ ਕਿ ਉਹ ਬਾਥਰੂਮ ਹੈ।
''ਮੂੰਹ-ਹੱਥ ਧੋ ਲਓ ਜੀ !''
ਉਸਦੇ ਜਾਂਦਿਆਂ ਹੀ ਮੈਂ ਸੂਟਕੇਸ ਵਿਚੋਂ ਢਿੱਲੇ ਕੱਪੜੇ ਕੱਢੇ ਹਨ ਤੇ ਬਾਥਰੂਮ ਵਿਚ ਵੜ ਗਿਆ ਹਾਂ। ਹੱਥ-ਮੂੰਹ ਧੋ ਕੇ ਮੈਂ ਤੌਲੀਏ ਨਾਲ ਆਪਣਾ ਮੂੰਹ ਪੂੰਝ ਰਿਹਾ ਹਾਂ ਕਿ ਵਾਸ਼ ਬੇਸਿਨ ਵਿਚ ਅਚਾਨਕ ਮੈਨੂੰ ਇਕ ਕਾਕਰੋਚ ਦਿਖਾਈ ਦਿੱਤਾ ਹੈ, ਜਿਸਨੂੰ ਪਤਾ ਨਹੀਂ ਕਿਉਂ ਮੈਂ ਮੁਕਰਾਂਦਿਆਂ ਹੋਇਆ ਸਲਾਮਾਲੇਕੁਮ ਕਿਹਾ ਹੈ ਤੇ ਫੇਰ ਜਮਾਲ ਦਾ ਖ਼ਿਆਲ ਆਉਣ 'ਤੇ ਆਪਣੇ ਆਪ ਨੂੰ ਦਰੁਸਤ ਕੀਤਾ ਹੈ—'ਵਾਊਲੇਕੁਮ ਅਸੱਲਾਮ !' ਤੇ ਕਾਕਰੋਚ ਨੇ ਉੱਤਰ ਵਿਚ ਆਪਣੇ ਖੰਭ ਫੈਲਾਏ ਹਨ, 'ਵਾਊਲੇਕੁਮ ਅਸੱਲਾਮ !' ਤੇ ਮੇਰੇ ਦੇਖਦੇ ਦੇਖਦੇ ਹੀ ਕਿਤੇ ਗਾਇਬ ਹੋ ਗਿਆ ਹੈ।
ਕੱਪੜੇ ਬਦਲ ਕੇ ਜਦੋਂ ਮੈਂ ਹਾਲ ਵਿਚ ਪਰਤਿਆ ਹਾਂ ਤਾਂ ਜਮਾਲ ਨੂੰ ਆਪਣੀ ਉਡੀਕ ਕਰਦਿਆਂ ਦੇਖਿਆ ਹੈ, ''ਆਓ।''
ਮੈਂ ਉਸਦੇ ਕੋਲ ਹੀ ਸੋਫੇ ਵਿਚ ਧਸ ਗਿਆ ਹਾਂ ਤੇ ਉਸਨੂੰ ਆਪਣੀ ਇੰਪੋਰਟਿਡ ਸਿਗਰਟਾਂ ਵਾਲੀ ਡੱਬੀ ਕੱਢਣ ਲਈ ਕਿਹਾ ਹੈ।
ਮੈਨੂੰ ਡੱਬੀ ਫੜਾ ਕੇ ਉਹ ਦੱਸਣ ਲੱਗਿਆ ਹੈ, ''ਇਸੇ ਹਾਲ ਵਿਚ ਕ੍ਰਿਸ਼ਨ ਦੀ ਮੂਰਤੀ ਰੱਖੀ ਹੋਈ ਸੀ, ਅਹੂ, ਉੱਥੇ ਜੰਗਲੇ ਵਿਚ।''
'ਹਾਂ, ਮੈਨੂੰ ਪਤਾ ਏ।'' ਮੈਂ ਉਸ ਜੰਗਲੇ ਵੱਲ ਤੱਕਣ ਲੱਗਿਆ ਹਾਂ।
''ਓਇ,'' ਉਹ ਅਚਾਨਕ ਬੁੜ੍ਹਕ ਕੇ ਉੱਠਿਆ ਹੈ, ''ਮੇਰੀ ਨਮਾਜ਼ ਦਾ ਟਾਈਮ ਹੋ ਰਿਹੈ, ਮੈਂ ਹੁਣੇ ਆਇਆ...''
ਉਹ ਉਠ ਕੇ ਬਾਹਰ ਚਲਾ ਗਿਆ ਹੈ ਤੇ ਮੈਂ ਉਸ ਜੰਗਲੇ ਦੇ ਨੇੜੇ ਆ ਖੜ੍ਹਾ ਹੋਇਆ ਹਾਂ। ਜੰਗਲੇ ਦੇ ਅੰਦਰ ਐਨ ਵਿਚਕਾਰ ਉੱਖੜੇ ਹੋਏ ਸੀਮਿੰਟ ਦੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਮੂਰਤੀ ਇੱਥੇ ਹੀ ਸਥਾਪਿਤ ਕੀਤੀ ਗਈ ਹੋਏਗੀ। ਮੈਂ ਉਧਰ ਘੂਰ ਘੂਰ ਕੇ ਦੇਖ ਰਿਹਾ ਹਾਂ ਤੇ ਇੰਜ ਦੇਖਦੇ ਦੇਖਣੇ ਮੈਨੂੰ ਆਪਣੇ ਮਨ ਵਿਚ ਯਕਦਮ ਕਈ ਘੰਟੀਆਂ ਵੱਜਣ ਦੀ ਸਦਾ ਸੁਣਾਈ ਦਿੱਤੀ ਹੈ ਤੇ ਕ੍ਰਿਸ਼ਨ ਭਗਵਾਨ ਮੇਰੀਆਂ ਅੱਖਾਂ 'ਚੋਂ ਨਿਕਲ ਕੇ ਸਿੱਧੇ ਆਪਣੇ ਸਥਾਨ 'ਤੇ ਜਾ ਖੜ੍ਹੇ ਹੋਏ ਹਨ—ਬੋਲ ਕ੍ਰਿਸ਼ਨ ਭਗਵਾਨ ਕੀ ਜੈ ! ਸਾਰਾ ਹਾਲ ਉੱਥੇ ਬੈਠੇ ਹੋਏ ਅਣਗਿਣਤ ਲੋਕਾਂ ਦੀ ਜੈ ਜੈ ਨਾਲ ਗੂੰਜ ਉੱਠਿਆ ਹੈ—ਕ੍ਰਿਸ਼ਨ ਭਗਵਾਨ ਦਾ ਜਨਮ ਹੋ ਗਿਆ ਹੈ !...ਲਓ ਬੇਟਾ ਪ੍ਰਸ਼ਾਦ ਲਓ !...ਦਾਦੀ ਨੇ ਮੇਰੇ ਮੂੰਹ ਵਿਚ ਏਨੀ ਮਿਠਿਆਈ ਤੂੰਨ ਦਿੱਤੀ ਹੈ ਕਿ ਮੈਥੋਂ ਬੋਲਿਆ ਨਹੀਂ ਜਾ ਰਿਹਾ, ਪਰ ਮੈਂ ਮਨ ਹੀ ਮਨ ਸਾਰਿਆਂ ਦੇ ਨਾਲ ਬੋਲ ਰਿਹਾ ਹਾਂ—'ਬੋਲ ਕ੍ਰਿਸ਼ਨ ਭਗਵਾਨ ਕੀ ਜੈ !'...ਕ੍ਰਿਸ਼ਨ ਭਗਵਾਨ ਪੈਦਾ ਹੁੰਦੇ ਹੀ ਜਵਾਨ ਹੋ ਗਏ ਹਨ ਤੇ ਬੰਸਰੀ ਬੁੱਲ੍ਹਾਂ ਨੂੰ ਲਾ ਲਈ ਹੈ ਤੇ ਕਾਲੇ ਕਾਹਨਾਂ ਦੀ ਬੰਸਰੀ ਦੀ ਤਾਣ ਉੱਤੇ ਮੱਖਣ ਵਰਗੀਆਂ ਗੋਪੀਆਂ ਨੱਚ ਰਹੀਆਂ ਹਨ ਤੇ ਨੱਚ-ਨੱਚ ਕੇ ਬੇਸੁੱਧ ਹੋ ਰਹੀਆਂ ਹਨ ਤੇ ਚਾਹ ਰਹੀਆਂ ਹਨ ਕਿ ਉਹ ਸਦਾ ਇੰਜ ਹੀ ਬੇਸੁੱਧ ਹੋ ਕੇ ਨੱਚਦੀਆਂ ਰਹਿਣ—ਹਾਲ ਵਿਚ ਬੈਠੀ ਹੋਈ ਸੰਗਤ ਪੰਡਿਤ ਜੀ ਦੀ ਬਾਣੀ ਉੱਤੇ ਸਿਰ ਮਾਰਦੀ ਹੋਈ ਗਾ ਰਹੀ ਹੈ—ਰਾਧੇਸ਼ਿਆਮ !...ਰਾਧੇਸ਼ਿਆਮ !...ਰਾਧੇ...ਭਗਵਾਨ ਬਿੰਦਰਾਬਨ ਛੋਡ ਚੁਕੇ ਹੈਂ। ਪਰ ਰਾਧਾ ਉਵੇਂ ਹੀ ਨੱਚੀ ਜਾ ਰਹੀ ਹੈ ਜਿਵੇਂ ਉਹ ਹੋਠਾਂ ਨਾਲ ਮੁਰਲੀ ਦੀ ਤਾਣ ਜਿਵੇਂ ਦੀ ਤਿਵੇਂ ਛੇੜ ਰਹੇ ਹੋਣ...ਨਹੀਂ, ਵਿਚਾਰੀ ਨੂੰ ਰੋਕੋ ਨਾ, ਇਸ ਨੂੰ ਦੱਸੋ ਨਾ ਕਿ ਭਗਵਾਨ ਨੂੰ ਗਿਆਂ ਤਾਂ ਇਕ ਯੁੱਗ ਬੀਤ ਚੁੱਕਿਆ ਹੈ। ਹਾਲ ਵਿਚ ਸਿਸਕੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ—ਰਾਧੇ ਨੂੰ ਨੱਚੀ ਜਾਣ ਦਿਓ। ਇਸਨੂੰ ਰੋਕੋ ਨਾ। ਸਿਸਕੀਆਂ ਦੀ ਆਵਾਜ਼ ਤੇਜ਼ ਹੋ ਰਹੀ ਹੈ। ਮੈਂ ਸਿਸਕੀਆਂ ਦੀ ਆਵਾਜ਼ ਵੱਲ ਮੂੰਹ ਮੋੜਿਆ ਹੈ—ਤੇ ਦੇਖਿਆ ਹੈ ਕਿ ਹਾਲ ਤਾਂ ਖ਼ਾਲੀ ਹੈ, ਉੱਥੇ ਸਿਵਾਏ ਮੇਰੇ ਤੇ ਭਗਵਾਨ ਦੇ ਹੋਰ ਕੋਈ ਨਹੀਂ...ਮੈਂ ਫੇਰ ਭਗਵਾਨ ਵੱਲ ਨਜ਼ਰਾਂ ਭੂਆਂ ਲਈਆਂ ਹਨ...ਭਗਵਾਨ ਉੱਥੇ ਓਵੇਂ ਜਿਵੇਂ ਖੜ੍ਹੇ ਹਨ। ਨਹੀਂ, ਉੱਥੇ ਨਹੀਂ, ਜ਼ਰਾ ਪਿੱਛੇ ਹਟ ਕੇ ਕੰਧ ਨਾਲ ਢੋਅ ਲਾਇਆ ਹੋਇਆ ਹੈ ਤੇ ਉਹਨਾਂ ਦੇ ਹੱਥ ਵਿਚ ਬੰਸਰੀ ਹੈ ਨਾ ਸੁਦਰਸ਼ਨ ਚੱਕਰ ਤੇ ਸਿਰ ਬੇਮੁਕਟ ਹੈ ਬਾਹਾਂ ਲਟਕੀਆਂ ਹੋਈਆਂ ਹਨ।
ਮੈਨੂੰ ਭਗਵਾਨ ਦੇ ਇਕੱਲੇਪਨ ਉੱਤੇ ਤਰਸ ਆਉਣ ਲੱਗਾ ਹੈ।
''ਭਗਵਾਨ !'' ਮੈਂ ਭਗਵਾਨ ਨੂੰ ਹੌਂਸਲਾ ਦੇਣ ਲਈ ਮੂੰਹ ਖੋਹਲਿਆ ਹੈ। ਭਗਵਾਨ ਅਚਾਨਕ ਉਚਕ ਕੇ ਸਿੱਧੇ ਖੜ੍ਹੇ ਹੋ ਗਏ ਹਨ, ''ਓਇ ਮੇਰੀ ਨਮਾਜ਼ ਦਾ ਵਕਤ ਲੰਘਿਆ ਜਾ ਰਿਹੈ ਬਈ !''
ਮੈਂ ਅੱਖਾਂ ਮਲ ਕੇ ਜਦ ਉਧਰ ਦੇਖਿਆ ਹੈ ਤਾਂ ਉਹ ਜਾ ਚੁੱਕੇ ਸਨ।
੦੦੦ ੦੦੦ ੦੦੦

Tuesday, June 7, 2011

ਦੁੰਬੇ ! : ਗੁਲਜ਼ਾਰ




ਇਕ ਵਿਸ਼ੇਸ਼ ਲਿਖਤ :

ਦੁੰਬੇ !




ਲੇਖਕ : ਗੁਲਜ਼ਾਰ




ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ




(ਇਹ ਰਚਨਾ ਸ਼ਬਦ ਦੇ ਇਸ ਅੰਕ-55 (ਜੁਲਈ-ਸਤੰਬਰ : 11) ਵਿਚ ਵੀ ਪੜ੍ਹੀ ਜਾ ਸਕਦੀ ਹੈ।

ਸੁਚੀਤਗੜ੍ਹ, ਇਕ ਛੋਟਾ-ਜਿਹਾ ਪਿੰਡ ਹੈ—ਇਸ ਪਾਸੇ; ਹਿੰਦੁਸਤਾਨ ਵਿਚ। ਸਿਆਲਕੋਟ ਇਕ ਵੱਡੀ ਜਗ੍ਹਾ ਹੈ—ਉਸ ਪਾਸੇ; ਪਾਕਿਸਤਾਨ ਵਿਚ।
ਕੈਪਟਨ ਸ਼ਾਹੀਨ, ਇਕ ਹੈਂਡਸਮ ਰਿਟਾਇਰਡ ਫ਼ੌਜੀ ਨੇ—ਨਿਊਯਾਰਕ ਵਿਚ। 'ਕਸ਼ਮੀਰ' ਨਾਂ ਦਾ ਇਕ ਰੈਸਟੋਰੈਂਟ ਚਲਾਉਂਦੇ ਨੇ। ਉਹਨਾਂ ਦੇ ਦਫ਼ਤਰ ਦੀ ਸ਼ਕਲ ਮੁਹਾਜ਼ ਦੇ ਕਿਸੇ 'ਬੰਕਰ' ਵਰਗੀ ਲੱਗਦੀ ਹੈ। ਛੱਤ 'ਤੇ ਵੀ ਪਲਾਸਟਿਕ ਦੀਆਂ ਹਰੀਆਂ ਪੱਤੀਆਂ ਦੀ ਬਣਵਾਈ ਹੋਈ ਜਾਲੀ ਲਾ ਰੱਖੀ ਹੈ। ਇਕ ਪਾਸੇ ਬਹੁਤ ਸਾਰੀਆਂ ਟੋਪੀਆਂ ਟੰਗੀਆਂ ਹੋਈਆਂ ਨੇ—ਫੌਜੀ ਬੂਟ ਰੱਖੇ ਨੇ ਤੇ ਇਕ ਵਰਦੀ ਵੀ ਟੰਗੀ ਹੋਈ ਹੈ।
ਅਮਜਦ ਇਸਲਾਮ 'ਅਮਜਦ' ਨੇ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਸੀ...ਤੇ ਵਕੀਲ ਅੰਸਾਰੀ ਆ ਕੇ ਮੈਨੂੰ ਉੱਥੇ ਲੈ ਗਏ ਸਨ। ਉਹ ਉਸ ਪਾਸੇ ਦੇ ਨੇ, ਪਰ ਇਸ ਪਾਸੇ ਦੀਆਂ ਸਾਰੀਆਂ ਉਰਦੂ ਹਸਤੀਆਂ ਤੇ ਲੇਖਕਾਂ-ਸ਼ਾਇਰਾਂ ਨੂੰ ਆਪਣੇ ਉੱਥੇ ਆਉਣ ਦਾ ਸੱਦਾ ਤੇ ਆਪਣੇ ਉਰਦੂ ਦੇ ਸ਼ੌਕ ਨੂੰ ਥਾਪੜਾ ਦੇਂਦੇ ਰਹਿੰਦੇ ਨੇ।
'ਜਸ਼ਨੇ ਗੋਪੀ ਚੰਦ ਨਾਰੰਗ', ਅਮਰੀਕਾ ਵਿਚ ਕਈ ਜਗ੍ਹਾ ਮਨਾ ਚੁੱਕੇ ਨੇ। ਆਪਣਾ ਇਕ ਹੋਟਲ ਹੈ, ਉਹਨਾਂ ਦਾ। ਉਹੀ ਰੋਜ਼ਗਾਰ ਦਾ ਜ਼ਰੀਆ ਹੈ। ਸਰਦਾਰ ਜਾਫ਼ਰੀ, ਇਸ ਪਾਸੇ ਦੇ, ਤੇ ਅਹਿਮਦ ਫ਼ਰਾਜ ਉਸ ਪਾਸੇ ਦੇ, ਅਕਸਰ ਉਹਨਾਂ ਦੇ ਘਰ ਹੀ ਠਹਿਰਦੇ ਨੇ। ਵਕੀਲ ਅੰਸਾਰੀ ਦਾ ਦਿਲ ਲੱਗਾ ਵਾਕ ਹੈ, “ਜ਼ਿੰਦਗੀ ਤਿੱਤਰ-ਬਟੇਰਾ ਬਣ ਕੇ ਰਹਿ ਗਈ ਏ-ਜੀ।” ਜਾਂ ਕਦੀ-ਕਦੀ, “ਅਸੀਂ ਲੋਕ ਤਾਂ ਜੀ, ਤਿੱਤਰ-ਬਟੇਰੇ ਬਣ ਗਏ ਆਂ।” ਬੜੀ ਖਰੀ ਗੱਲ ਹੈ। ਪਹਿਲਾਂ ਕਦੀ ਸੁਣੀ ਜਾਂ ਪੜ੍ਹੀ ਨਹੀਂ—ਨਾ ਇਸ ਪਾਸੇ, ਨਾ ਉਸ ਪਾਸੇ।
ਕੈਪਟਨ ਸ਼ਾਹੀਨ ਦੇ ਰੈਸਟੋਰੈਂਟ ਵਿਚ ਖਾਣਾ ਖਾਂਦਿਆਂ ਹੋਇਆਂ ਅਮਜਦ ਭਾਈ ਨੇ ਕਿਹਾ, “ਨਿਊਯਾਰਕ 'ਚ ਜੇ ਈਸਟਰਨ ਖਾਣਾ, ਖਾਣਾ ਹੋਏ ਤਾਂ ਇਸ ਨਾਲੋਂ ਬਿਹਤਰ ਜਗ੍ਹਾ ਹੋਰ ਕੋਈ ਨਹੀਂ ਮਿਲ ਸਕਦੀ।” ਜਦੋਂ ਹਿੰਦੁਸਤਾਨੀ ਖਾਣਾ ਕਹਿਣਾ ਹੋਏ ਜਾਂ ਪਾਕਿਸਤਾਨੀ ਤਾਂ ਅਮਜਦ ਭਾਈ ਬੜੀ ਸੋਚ-ਵਿਚਾਰ ਤੋਂ ਕੰਮ ਲੈਂਦੇ ਨੇ ਤੇ ਉਸਨੂੰ ਪੰਜਾਬੀ ਵੀ ਨਹੀਂ—'ਈਸਟਰਨ' ਕਹਿੰਦੇ ਨੇ। ਤੇ ਕਸ਼ਮੀਰ ਦਾ ਤਾਂ ਨਾਂਅ ਵੀ ਨਹੀਂ ਲੈਂਦੇ।
ਪਰ ਕੈਪਟਨ ਸ਼ਾਹੀਨ, ਫ਼ੌਜੀਆਂ ਵਾਂਗ ਹੀ ਬੜੇ ਦਿਲਦਾਰ ਆਦਮੀ ਨੇ। ਹੱਸ ਕੇ ਕਹਿੰਦੇ ਨੇ, “ਓ-ਜੀ ਕਸ਼ਮੀਰ 'ਤੇ ਤਾਂ ਦੋਵੇਂ ਈ ਆਪਣਾ ਹੱਕ ਸਮਝਦੇ ਨੇ-ਜੀ—ਇਸ ਲਈ ਸਾਡਾ ਰੈਸਟੋਰੈਂਟ ਬੜਾ ਅੱਛਾ ਚੱਲ ਰਿਹਾ ਏ।”
ਫ਼ੌਜ ਵਿਚੋਂ ਕਿਸੇ ਗੱਲ 'ਤੇ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਸੀ। ਪਰ ਫ਼ੌਜੀ ਹੋਣ ਦਾ ਮਾਣ ਹੁਣ ਵੀ ਓਵੇਂ ਦੀ ਜਿਵੇਂ ਹੈ। ਕਹਿੰਦੇ ਨੇ, “ਇਕ ਮਹੀਨਾ ਹੋਰ ਠਹਿਰ ਜਾਂਦਾ ਤਾਂ 'ਮੇਜਰ' ਬਣ ਕੇ ਰਿਟਾਇਰਡ ਹੁੰਦਾ, ਪਰ ਜੀ ਆਪਾਂ-ਨੂੰ ਨਾਂਅ ਦੇ ਨਾਲ ਕੈਪਟਨ ਅਖਵਾਉਣਾ ਵਧੇਰੇ ਚੰਗਾ ਲੱਗਦਾ ਸੀ।”
ਸਨ 1971 ਦੀ ਜੰਗ ਵਿਚ ਹਿੱਸਾ ਲਿਆ ਸੀ ਤੇ ਦੱਸ ਰਹੇ ਸਨ ਕਿ ਉਸ ਜੰਗ ਵਿਚ 'ਸਾਰਾ ਐਕਸ਼ਨ ਬੰਗਾਲ ਵੱਲ ਈ ਹੋਇਆ ਸੀ। ਪੰਜਾਬ ਵੱਲ ਛੋਟੀਆਂ-ਮੋਟੀਆਂ ਝੜਪਾਂ ਹੋਈਆਂ।' ਤੇ ਓਦੋਂ ਉਹ 'ਸਿਆਲਕੋਟ ਸੈਕਸ਼ਨ' ਦੇ ਇਕ ਮੋਰਚੇ ਉੱਤੇ ਇਕ ਐਕਸ਼ਨ ਵਿਚ ਸ਼ਾਮਲ ਸਨ।
ਹੁਣ ਹਲਕੀ ਜਿਹੀ ਦਾੜ੍ਹੀ ਰੱਖ ਲਈ ਹੈ ਤੇ ਗੱਲ ਕਰਦੇ ਹੋਏ ਮੁੱਛਾਂ ਉੱਤੇ ਵਾਰ-ਵਾਰ ਹੱਥ ਫੇਰਦੇ ਰਹਿੰਦੇ ਨੇ। ਮੈਂ ਪੁੱਛਿਆ ਸੀ ਕਿ 'ਉਹ ਕਿਹੜਾ ਜਜ਼ਬਾ ਹੁੰਦਾ ਏ, ਜਿਹੜਾ ਆਦਮੀ ਨੂੰ ਸੋਲਜਰ ਬਣਾਉਂਦਾ ਏ?'
“ਉਹ ਜੀ ਜਿਹੜੀ ਇਕ ਠੁੱਕ ਵਾਲੀ ਗੱਲ ਹੁੰਦੀ ਏ—ਵਰਦੀ ਦੀ ਸ਼ਾਨ, ਤੇ ਰੁਤਬੇ ਦੀ ਟੋਪੀ, ਇਕ ਸ਼ਖ਼ਸੀਅਤ ਬਣਾ ਦੇਂਦੀ ਏ ਆਦਮੀ ਨੂੰ ਜੀ।...ਤੇ ਉਸਦੇ ਇਲਾਵਾ ਮਰਨ-ਮਾਰਨ ਦੀ ਕੋਈ ਤਮੰਨਾ ਨਹੀਂ ਹੁੰਦੀ।” ਤੇ ਫੇਰ ਖ਼ੁਦ ਹੀ ਹੱਸ ਪਏ, “ਸਾਡੀ ਲੜਾਈ ਵੀ ਕੋਈ ਲੜਾਈ ਹੁੰਦੀ ਏ? ਹਿੰਦੁਸਤਾਨ, ਪਾਕਿਸਤਾਨ ਦੀ ਲੜਾਈ! ਐਵਈਂ ਸਕੂਲ ਦੇ ਬੱਚਿਆਂ ਵਾਂਗ ਲੜਦੇ ਰਹਿੰਦੇ ਨੇ। ਇਸਦੀ ਬਾਂਹ ਮਰੋੜ, ਉਸਦੇ ਗੋਡਾ ਮਾਰ; ਇਸਦੀ ਸਲੇਟੀ ਖੋਹ, ਉਸਦੀ ਫੱਟੀ ਤੋੜ; ਕਦੀ ਨਿੱਭ ਚੁਭੋ ਦਿੱਤੀ, ਕਦੀ ਚੋਭਾ ਲੈ ਲਿਆ ਜੀ; ਸਿਆਹੀ ਡੋਲ੍ਹ ਦਿੱਤੀ ਜੀ। ਯਾਦ ਏ ਸਕੂਲ ਵਿਚ ਹੁੰਦੇ ਸਾਂ ਤਾਂ ਦੁੰਬਿਆਂ ਦੀ ਲੜਾਈ ਵੇਖਣ ਜਾਂਦੇ ਹੁੰਦੇ ਸਾਂ। ਤੁਸੀਂ ਵੀ ਜਾਂਦੇ ਹੋਵੋਗੇ!”
ਉਹ ਬੜੇ 'ਡਾਊਨ ਟੂ ਅਰਥ' ਇਨਸਾਨ ਲੱਗੇ। ਲਹਿਜੇ ਵਿਚ ਕਮਾਲ ਦੀ ਈਮਾਨਦਾਰੀ ਸੀ। ਮੈਂ ਕੁਛ ਪੁੱਛਿਆ ਜਿਸ ਦੇ ਜਵਾਬ 'ਚ ਕਹਿਣ ਲੱਗੇ, “ਫ਼ੌਜੀ ਨੂੰ ਵੀ ਪਹਿਲੋਂ-ਪਹਿਲ ਡਰ ਜ਼ਰੂਰ ਲੱਗਦਾ ਏ। ਪਰ ਤਿੰਨ ਚਾਰ ਗੋਲੀਆਂ ਚਲਾ ਲੈਣ ਪਿੱਛੋਂ ਖ਼ੁਸ਼ਬੂ ਉਡਦੀ ਏ। ਫਰੰਟ 'ਤੇ ਗੋਲੀਆਂ ਚਲਾਉਂਦਿਆਂ ਹੋਇਆਂ ਉਸੇ ਦਾ ਨਸ਼ਾ ਹੋ ਜਾਂਦਾ ਏ। ਥੋੜ੍ਹੀ ਦੇਰ ਗੋਲੀਆਂ ਨਾ ਚੱਲਣ ਤਾਂ ਕਦੀ-ਕਦੀ ਨਸ਼ਾ ਟੁੱਟਣ ਵੀ ਲੱਗ ਪੈਂਦਾ ਏ। ਕਿਸੇ ਦੇ ਲੱਗਣੀ-ਲਗਾਉਣੀ ਜ਼ਰੂਰੀ ਨਹੀਂ ਹੁੰਦੀ!” ਫੇਰ ਬੋਲੇ, “ਆਦਮੀ ਖ਼ੌਫ਼ ਦਾ ਸਿਆਣੂ ਹੋ ਜਾਵੇ ਤਾਂ ਖ਼ੌਫ਼ ਨਹੀਂ ਰਹਿੰਦਾ।”
ਮੈਨੂੰ ਲੱਗਿਆ ਜਿਵੇਂ ਕਹਿ ਰਹੇ ਸਨ—ਫਰੰਟ 'ਤੇ ਮੌਤ ਦੇ ਸਿਆਣੂ ਹੋ ਜਾਣ ਵਾਲੀ ਗੱਲ ਹੈ—ਆ ਜਾਏਗੀ, ਜਦੋਂ ਆਉਣਾ ਹੋਏਗਾ।
ਉਹ ਦੱਸ ਰਹੇ ਸਨ, “ਸ਼ੁਰੂ-ਸ਼ੁਰੂ ਵਿਚ ਜਦੋਂ ਟਰੇਨਿੰਗ ਹੁੰਦੀ ਏ...ਤੇ ਜ਼ਮੀਨ 'ਤੇ ਲੇਟ ਕੇ ਘਿਸੜਦਿਆਂ ਦੀਆਂ ਕੁਹਣੀਆਂ-ਗੋਡੇ ਰਗੜੇ ਜਾਂਦੇ ਨੇ, ਤਾਂ ਕਈ ਵਾਰ ਖ਼ਿਆਲ ਆਉਂਦਾ ਏ ਕਿ ਅਹਿ ਨੌਕਰੀ ਜਾਰੀ ਰੱਖੀਏ ਜਾਂ ਛੱਡ ਦੇਈਏ...
“...ਪਰ ਜਦੋਂ ਕਿਸੇ ਗ਼ਲਤੀ 'ਤੇ ਆਪਣਾ 'ਬ੍ਰਿਗੇਡਰ' ਤੁਹਾਨੂੰ ਚੀਕ ਕੇ ਖੜ੍ਹਾ ਕਰਦਾ ਏ ਤੇ ਪੁੱਛਦਾ ਏ,'ਕੁੱਥੋਂ ਦਾ ਐਂ ਓਇ ਜਵਾਨ?...ਰਤਾ ਜ਼ੋਰ ਨਾਲ ਬੋਲ!' ਤਾਂ ਸਾਹਬ ਯਕੀਨ ਮੰਨਿਓਂ ਆਪਣੇ ਪਿੰਡ, ਜਾਂ ਇਲਾਕੇ ਦਾ ਨਾਂਅ ਮੂੰਹੋਂ ਨਹੀਂ ਨਿਕਲਦਾ।...ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਏ!”
ਸ਼ਾਇਦ ਇਹੋ ਗੱਲ ਅੱਗੇ ਚੱਲ ਕੇ ਫ਼ੌਜੀ ਲਈ ਆਪਣੇ ਮੁਲਕ ਦੀ ਇੱਜ਼ਤ ਬਣ ਜਾਂਦੀ ਹੈ।
ਕੈਪਟਨ ਸ਼ਾਹੀਨ ਨੇ ਦੱਸਿਆ, “ਸੁਚੀਤਗੜ੍ਹ ਇਕ ਛੋਟਾ ਜਿਹਾ ਪਿੰਡ ਏ, ਉਸ ਪਾਸੇ! ਗਿਣੇ-ਚੁਣੇ ਘਰਾਂ ਦਾ। ਕੁਛ ਤਾਂ ਪਹਿਲਾਂ ਈ ਖਾਲੀ ਹੋ ਚੁੱਕਿਆ ਸੀ ਕਿਉਂਕਿ ਮੁਹਾਜ਼ ਦੇ ਬੜਾ ਲਾਗੇ ਸੀ, ਕੁਛ ਸਾਡੇ ਪਹੁੰਚਣ 'ਤੇ ਖਾਲੀ ਹੋ ਗਿਆ। ਇਕ ਇਕ ਘਰ ਦਾ ਮੁਆਇਨਾ ਕਰ ਲੈਣਾ ਜ਼ਰੂਰੀ ਸੀ। ਕਿਉਂਕਿ ਕੋਈ ਵੀ ਇਲਾਕਾ ਬਿਨਾਂ ਕਿਸੇ ਮੁਕਾਬਲੇ ਦੇ ਫ਼ਤਹਿ ਹੋ ਜਾਵੇ ਤਾਂ ਉਸ ਵਿਚ ਦੁਸ਼ਮਣ ਦੀ ਕਿਸੇ ਚਾਲ ਦਾ ਸ਼ੱਕ ਹੋਣ ਲੱਗਦਾ ਏ।”
ਕੈਪਟਨ ਸ਼ਾਹੀਨ ਦਾ ਕਹਿਣਾ ਇਹ ਵੀ ਸੀ ਕਿ, ਇਸ ਪਾਸੇ ਤੇ ਉਸ ਪਾਸੇ ਦੇ ਲੋਕਾਂ ਤੇ ਫ਼ੋਜੀਆਂ ਦੇ ਮਿਜਾਜ਼ ਵਿਚ ਵੀ ਕਾਫ਼ੀ ਫ਼ਰਕ ਹੈ—“ਹੈ ਉਹੀ ਪੰਜਾਬ, ਪਰ ਇਸ ਪਾਸੇ ਦੇ ਫ਼ੌਜੀ ਵੀ ਤੇ ਲੋਕ ਵੀ ਅਗ੍ਰੇਸਿਵ ਨੇ...ਤੇ ਉਸ ਪਾਸੇ ਦੇ ਲੋਕ ਜ਼ਰਾ ਠੰਡੇ ਸੁਭਾਅ ਦੇ ਨੇ। ਇਸ ਪਾਸੇ ਦੀ ਖੇਤੀਬਾੜੀ ਤੇ ਖ਼ੂਹ, ਸਰਹੱਦ ਦੀ ਲਕੀਰ ਤਕ ਆਂਦੇ ਨੇ। ਸਾਡੇ ਇਸ ਪਾਸੇ ਦੇ ਬਾਰਡਰ ਤੋਂ ਦੋ ਤਿੰਨ ਸੌ ਗਜ ਛੱਡ ਕੇ ਚੌਂਕੀਆਂ ਬਣਾਦੇ ਨੇ, ਤੇ ਘਰ ਵਸਾਂਦੇ ਨੇ, ਅਜਿਹੀ ਜਗਾਹ 'ਤੇ ਇੰਜ ਵੀ ਹੁੰਦਾ ਏ ਕਿ ਦੋਵੇ ਪਾਸੇ ਪੰਜ-ਪੰਜ ਸੱਤ-ਸੱਤ ਸਿਪਾਹੀਆਂ ਦੇ ਛੋਟੇ-ਛੋਟੇ ਦਸਤੇ ਗਸ਼ਤ ਕਰਦੇ ਰਹਿੰਦੇ ਨੇ। ਤੇ ਅਕਸਰ ਏਨੇ ਨੇੜੇ ਹੁੰਦੇ ਨੇ ਕਿ ਇਕ ਦੂਜੇ ਦਾ ਸਿਗਰਟ ਵੀ ਸੁਲਗਾ ਸਕਦੇ ਨੇ।”
ਇਸ ਪਾਸੇ ਦੇ ਫ਼ੌਜੀ ਅਮੂਮਨ (ਆਮ ਤੌਰ 'ਤੇ) ਪੰਜਾਬੀ ਹੁੰਦੇ ਨੇ ਤੇ ਉਸ ਪਾਸੇ ਅਕਸਰ ਗ਼ੈਰ-ਪੰਜਾਬੀ ਨਜ਼ਰ ਆਉਂਦੇ ਨੇ। ਪਰ ਇਸ ਪਾਸੇ ਵਾਲੇ ਬੁਲਾ ਵੀ ਲੈਂਦੇ ਨੇ। 'ਕਿਉਂ, ਭਾਅ ਕੁੱਥੂੰ ਦਾ ਏਂ?'
“ਕੋਈ ਮਦਰਾਸੀ ਹੋਏ ਤਾਂ ਅੰਗਰੇਜ਼ੀ 'ਚ ਜਵਾਬ ਦੇਂਦਾ ਏ, ਵਰਨਾ ਆਮ ਤੌਰ 'ਤੇ ਉਰਦੂ ਨੁਮਾ ਹਿੰਦੀ ਈ ਸੁਣਾਈ ਦੇਂਦੀ ਏ। ਸੁਜੀਤਗੜ੍ਹ ਫ਼ਤਹਿ ਕਰਨ ਪਿੱਛੋਂ ਮੈਂ ਚਾਰ ਪੰਜ ਸਿਪਾਹੀਆਂ ਨੂੰ ਨਾਲ ਲੈ ਕੇ ਘਰਾਂ ਦੀ ਤਲਾਸ਼ੀ ਲੈ ਰਿਹਾ ਸਾਂ ਕਿ ਇਕ ਕੋਠੜੀ ਦਾ ਦਰਵਾਜ਼ਾ ਧਰੀਕਿਆ ਤਾਂ ਸਹਿਮਿਆਂ ਹੋਇਆ ਇਕ ਮੁੰਡਾ ਕੋਨੇ ਵਿਚ ਦੁਬਕਿਆ ਬੈਠਾ ਨਜ਼ਰ ਆਇਆ। ਸਿਪਾਹੀਆਂ ਨੇ ਭੌਂ ਕੇ ਮੈਨੂੰ ਆਵਾਜ਼ ਦਿੱਤੀ, 'ਸਰ ਜੀ!'
“ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਉਠਿਆ ਤੇ ਮੇਰੇ ਨਾਲ ਲਿਪਟ ਗਿਆ—ਸਿਪਾਹੀਆਂ ਨੇ ਵੱਖ ਕੀਤਾ ਉਸ ਨੂੰ...ਤੇ ਮੈਨੂੰ ਸਮਝ ਨਹੀਂ ਆਇਆ, ਕੀ ਕਰਾਂ?
“ਉਸਦੇ ਮਾਂ-ਬਾਪ ਬਾਰੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ। ਬੜਾ ਡਰਿਆ ਹੋਇਆ ਸੀ। । ਕੰਬ ਰਿਹਾ ਸੀ। ਮੈਂ ਉਸਨੂੰ ਨੱਠ ਜਾਣ ਲਈ ਵੀ ਕਿਹਾ, ਪਰ ਉਹ ਨਹੀਂ ਗਿਆ, ਮੈਂ ਉਸਨੂੰ ਜੀਪ ਵਿਚ ਬਿਠਾਅ ਕੇ ਪਿਛਲੀ ਚੌਕੀ ਤਕ ਲੈ ਆਇਆ। ਰੋਟੀ-ਸ਼ੋਟੀ ਦਿੱਤੀ ਤੇ ਇਕ ਕੋਨੇ 'ਚ ਬਿਸਤਰਾ ਲਾ ਕੇ ਸੌਂ ਜਾਣ ਲਈ ਕਹਿ ਦਿੱਤਾ। ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨਾ। ਉਸੂਲਨ ਉਹ ਸਾਡਾ ਪ੍ਰਿਜ਼ਨਰ ਆੱਫ ਵਾੱਰ ਸੀ ਤੇ ਮੇਰਾ ਫ਼ਰਜ਼ ਬਣਦਾ ਸੀ ਕਿ ਹੈਡ-ਕਵਾਰਟਰ' 'ਚ ਖ਼ਬਰ ਕਰ ਦਿਆਂ ਤੇ ਦੂਜੇ 'ਪ੍ਰਿਜ਼ਨਰ' ਦੇ ਨਾਲ ਉਸਨੂੰ ਜੇਲ੍ਹ 'ਚ ਡੱਕ ਦਿਆਂ।
“ਪਤਾ ਨਹੀਂ ਕਿਉਂ ਉਸਦੀਆਂ ਮਾਸੂਮ-ਜਿਹੀਆਂ ਅੱਖਾਂ ਵੇਖ ਕੇ ਜੀਅ ਨਹੀਂ ਕੀਤਾ ਕਿ ਉਹ ਇਸ ਤਰ੍ਹਾਂ ਦੀ ਆਫ਼ਤ 'ਚੋਂ ਲੰਘੇ।
“ਅਗਲੇ ਦਿਨ ਦਫ਼ਤਰ ਦੇ ਸਮੇਂ ਮੈਂ ਆਪਣੇ ਬਿੱਲੇ-ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ। ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ। ਦੂਰ 'ਟਿਊਬਵੈੱਲ' 'ਤੇ ਇਕ ਬਜ਼ੁਰਗ ਸਰਦਾਰ ਨੂੰ ਮੂੰਹ-ਹੱਥ ਧੋਂਦਿਆਂ ਵੇਖਿਆ ਤਾਂ ਆਵਾਜ਼ ਮਾਰੀ, 'ਸਰਦਾਰ ਜੀ, ਓਇ ਏਧਰ ਆਓ!' ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤਾਂ ਉਹ ਆਪਣੀ ਪੱਗ ਦੇ ਲੜ ਨਾਲ ਮੂੰਹ ਪੂੰਝਦਾ ਹੋਇਆ ਆਇਆ, ਮੈਂ ਪੁੱਛਿਆ, 'ਤੁਸੀਂ ਗਏ ਨਹੀਂ?'
“ਬੜੀ ਹੈਰਾਨੀ ਨਾਲ ਉਸਨੇ ਪੁੱਛਿਆ, 'ਕਿੱਥੇ?'
“'ਸਾਰੇ ਪਿੰਡ ਛੱਡ ਕੇ ਚਲੇ ਗਏ ਆ। ਤੁਸੀਂ ਕਿਉਂ ਨਹੀਂ ਗਏ?'
“ਉਸਨੇ ਹੱਥ ਚੁੱਕ ਕੇ ਮਿਹਣਾ ਜਿਹਾ ਮਾਰਿਆ।
“'ਲੈ! ਪਿੰਡ ਤਾਂ ਉਸ ਪਾਸੇ ਛੱਡ ਆਇਆ ਸਾਂ, ਤੇਰੇ ਪਾਸੇ! ਹੁਣ ਖੇਤ ਤੂੰ ਲੈਣ ਆਇਆ ਐਂ ਕਿ?'
“ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ। ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਕਿ, 'ਸੁਚੀਤਗੜ੍ਹ ਤੋਂ ਸੱਤ-ਅੱਠ ਵਰ੍ਹਿਆਂ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਏ। ਉਸਦੇ ਮਾਂ-ਬਾਪ ਸ਼ਾਇਦ ਪਿੰਡ ਛੱਡ ਕੇ ਚਲੇ ਗਏ ਨੇ।'
“'ਫੇਰ?'
“'ਉਸਨੂੰ ਲੈ ਆਵਾਂ ਤਾਂ ਉਸਦੇ ਮਾਂ-ਬਾਪ ਕੋਲ ਪਹੁੰਚਾ ਦਿਓਗੇ?'
“ਸਰਦਾਰ ਸੋਚੀਂ ਪੈ ਗਿਆ। ਬੜੀ ਦੇਰ ਬਾਅਦ, ਉਸਨੇ ਸਿਰ ਹਿਲਾਇਆ, 'ਠੀਕ ਐ।'
“ਮੈਂ ਕਿਹਾ, 'ਸ਼ਾਮ ਨੂੰ ਪੰਜ ਵਜੇ ਆ ਜਾਣਾ। ਮੈਂ ਲੈ ਕੇ ਆਵਾਂਗਾ ਉਸਨੂੰ।'”
ਕੈਪਟਨ ਸ਼ਾਹੀਨ ਨੇ ਕਿਹਾ, “ਪੀਲੇ ਪੀਲੇ ਦੰਦਾਂ ਦੀ ਅਜਿਹੀ ਹਾਸੀ ਮੈਂ ਪਹਿਲਾਂ ਕਦੀ ਨਹੀਂ ਸੀ ਦੇਖੀ।” ਸਰਦਾਰ ਨੇ ਹੱਸ ਕੇ ਕਿਹਾ, 'ਉਸਨੂੰ ਛੱਡ ਦੇ ਮੈਨੂੰ ਲੈ ਚੱਲ। ਮੇਰਾ ਪਿੰਡ ਉਸ ਪਾਸੇ ਆ। ਸਿਆਲਕੋਟ ਤੋਂ ਅੱਗੇ। ਛਜਰਾ!' ਤੇ ਝੂੰਮਦਾ ਹੋਇਆ ਵਾਪਸ ਚਲਾ ਗਿਆ। ਪਿੰਡ ਦੇ ਨਾਂਅ 'ਤੇ ਹੀ ਮਸਤ ਹੋ ਗਿਆ ਜਾਪਦਾ ਸੀ।
“ਉਸ ਸ਼ਾਮ ਮੈਂ ਜਾ ਨਹੀਂ ਸੀ ਸਕਿਆ। ਸਾਡਾ ਕਮਾਂਡਰ ਦੌਰੇ 'ਤੇ ਆ ਗਿਆ ਸੀ ਤੇ ਉਸ ਮੁੰਡੇ ਨੂੰ ਲਕੋਅ ਕੇ ਰੱਖਣ ਕਰਕੇ, ਸਮਝੌ, ਬਸ, ਜਾਨ ਹੀ ਨਿਕਲ ਗਈ ਸੀ ਸਾਡੀ। ਖੁਆ-ਪਿਆ ਕੇ ਉਸਨੂੰ ਕੰਟ੍ਰੋਲ-ਰੂਮ ਦੀ ਪਰਛੱਤੀ 'ਤੇ ਲਕੋਅ ਰੱਖਿਆ ਸੀ। ਕਾਹਲ ਨਾਲ ਕੱਢਿਆ ਤੇ ਪਿੱਛੇ ਟੱਟੀ ਵਿਚ ਲੁਕਾਅ ਦਿੱਤਾ। ਕੰਮਾਂਡਰ ਜਦੋਂ ਕੰਟਰੋਲ-ਰੂਮ 'ਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਪਿੱਛੇ ਲੁਕਾਅ ਦਿੱਤਾ। ਸਾਰਿਆਂ ਦੀ ਜਾਨ 'ਤੇ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਸਰਾਸਰ ਜੁਰਮ ਸੀ ਤੇ ਪਤਾ ਲੱਗ ਜਾਣ 'ਤੇ ਸਾਡੇ ਵਿਚੋਂ ਕਈ ਅਫ਼ਸਰ ਸਸਪੈਂਡ ਕੀਤੇ ਜਾ ਸਕਦੇ ਸੀ। ਇਕ ਵਾਰੀ ਤਾਂ ਜੀਅ ਚਾਹਿਆ ਦੋ ਸਿਪਾਹੀਆਂ ਨੂੰ ਕਹਾਂ ਕਿ ਇਕ ਬੋਰੀ 'ਚ ਪਾ ਕੇ, ਸਰਦਾਰ ਦੇ ਖੇਤ 'ਚ ਸੁੱਟ ਆਉਣ। ਜਦੋਂ ਤਕ ਕਮਾਂਡਰ ਰਿਹਾ, ਸਾਡੀ ਜਾਨ 'ਤੇ ਬਣੀ ਰਹੀ।
“ਬੰਗਲਾ ਦੇਸ਼ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ। ਜਿਹੜੀਆਂ ਅਤਿ ਨਿਰਾਸ਼ਾ ਭਰੀਆਂ ਸਨ। ਭਾਰਤੀ ਫ਼ੌਜਾਂ ਮੁਕਤੀ ਵਾਹਿਨੀ ਦਾ ਸਾਥ ਦੇ ਰਹੀਆਂ ਸਨ ਤੇ ਯਾਹੀਯਾ ਖ਼ਾਨ...ਖ਼ੈਰ ਛੱਡੋ।” ਉਹ ਚੁੱਪ ਹੋ ਗਏ।
ਕੁਝ ਪਲ ਚੁੱਪ ਵਿਚ ਬੀਤੇ, ਕੈਪਟਨ ਦੀਆਂ ਅੱਖਾਂ ਸਿੱਜਲ ਹੋਣ ਲੱਗੀਆਂ। ਬੋਲੇ...:
“ਅਗਲੇ ਦਿਨ ਵੀ ਫ਼ੌਜੀ ਟੁਕੜੀਆਂ ਦੀ ਬੜੀ ਮੋਮੈਂਟ ਰਹੀ। ਸਾਰਾ ਦਿਨ ਨਿਕਲ ਗਿਆ। ਸ਼ਾਮ ਦਾ ਵੇਲਾ ਸੀ ਤੇ ਸੂਰਜ ਡੁੱਬਣ ਵਾਲਾ ਸੀ ਜਦੋਂ ਉਸ ਮੁੰਡੇ ਨੂੰ ਨਾਲ ਲੈ ਕੇ ਬਾਰਡਰ ਲਾਈਨ 'ਤੇ ਪਹੁੰਚਿਆ। ਮੈਨੂੰ ਹੈਰਾਨੀ ਹੋਈ। ਸਰਦਾਰ ਮੇਰੀ ਉਡੀਕ ਕਰ ਰਿਹਾ ਸੀ। ਚਾਰ ਪੰਜ ਸਿਪਾਹੀਆਂ ਦੀ ਇਕ ਟੁਕੜੀ ਵੀ ਉਸਦੇ ਨਾਲ ਸੀ। ਉਸੇ ਵਿਚੋਂ ਇਕ ਨੇ ਪੁੱਛਿਆ, 'ਕੈਪਟਲ ਓ ਕਿ ਮੇਜਰ?' ਫਰੰਟ 'ਤੇ ਸਾਡੇ ਫੀਤੇ ਨਹੀਂ ਲੱਗੇ ਹੁੰਦੇ, ਫੇਰ ਵੀ ਕੋਈ ਵੱਡਾ ਅਫ਼ਸਰ ਹੋਏ ਤਾਂ ਪਛਾਣਿਆਂ ਜਾਂਦਾ ਏ। ਉਹ ਵੀ ਕੋਈ ਕੈਪਟਨ, ਮੇਜਰ ਹੀ ਸੀ। ਮੈਂ ਅੱਗੇ ਵਧ ਕੇ ਹੱਥ ਮਿਲਾਇਆ। ਤੇ ਮੁੰਡੇ ਨੂੰ ਉਹਨਾਂ ਦੇ ਹਵਾਲੇ ਕੀਤਾ।”
“ਅਫ਼ਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ, 'ਕਿਓਂ ਓਇ? ਕਿੱਥੋਂ ਦਾ ਏਂ? ਮਾਂ-ਬਾਪ ਕਿੱਥੇ ਨੇ ਤੇਰੇ?'
“ਮੁੰਡਾ ਫੇਰ ਸਹਿਮ ਗਿਆ ਸੀ। ਅੱਖਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਬੋਲਿਆ, 'ਚਾਚਾ, ਮੈਂ ਇੱਥੋਂ ਦਾ ਨਹੀਂ, ਉਸ ਪਾਸੇ ਦਾ ਆਂ!'
“ਉਸਨੇ ਸਾਡੇ ਵੱਲ ਇਸ਼ਾਰਾ ਕੀਤਾ, 'ਸਿਆਲਕੋਟ ਤੋਂ ਅੱਗੇ, ਛਜਰਾ ਦਾ!'
“ਸਾਰੇ ਹੈਰਾਨ ਰਹਿ ਗਏ।
“ਮੈਂ ਸਰਦਾਰ ਵੱਲ ਦੇਖਿਆ। ਉਸਦੇ ਪੀਲੇ-ਪੀਲੇ ਦੰਦ ਨਿਕਲ ਆਏ। ਉਸਨੇ ਅੱਗੇ ਵਧ ਕੇ ਉਸਦੇ ਸਿਰ 'ਤੇ ਹੱਥ ਰੱਖ ਦਿੱਤਾ। ਤੇ ਛਲਨੀ ਬਣੀਆਂ ਅੱਖਾਂ ਨਾਲ ਪੁੱਛਿਆ, 'ਅੱਛਾ? ਛਜਰਾ ਦਾ ਐਂ ਤੂੰ?'
“ਮੈਂ ਕੜਕ ਕੇ ਪੁੱਛਿਆ, 'ਤਾਂ ਏਥੇ ਕੀ ਕਰ ਰਿਹਾ ਸੈਂ?'
“ਮੁੰਡੇ ਦਾ ਰੋਣ ਨਿਕਲ ਗਿਆ, ਬੋਲਿਆ, 'ਸਕੂਲੋਂ ਭੱਜ ਕੇ ਆਇਆ ਸੀ, ਲੜਾਈ ਵੇਖਣ!'”
ਕੈਪਟਲ ਸ਼ਾਹੀਨ ਕਹਿ ਰਹੇ ਸਨ।
“ਯਕੀਨ ਮੰਨਣਾ, ਅਸੀਂ ਦੋਵੇਂ ਫ਼ੌਜੀ ਉਸਦੇ ਸਾਹਵੇਂ, ਦੋ ਬੇਵਕੂਫ ਮਾਸਟਰਾਂ ਵਾਂਗ ਖੜ੍ਹੇ ਸਾਂ।...ਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਰਗੀਆਂ ਲੱਗ ਰਹੀਆਂ ਸਨ।”
-----------------------