Thursday, July 29, 2010

ਹੌਲੀ...:: ਲੇਖਕਾ : ਇਲਾ ਪਰਸਾਦ



ਪ੍ਰਵਾਸੀ ਹਿੰਦੀ ਕਹਾਣੀ :
ਹੌਲੀ
ਲੇਖਕਾ : ਇਲਾ ਪਰਸਾਦ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਵੇਦਿਕਾ ਦੀਆਂ ਅੱਖਾਂ 'ਸਾਇੰਟੀਫ਼ਿਕ ਅਮੇਰਿਕਨ' ਦੇ ਉਸ ਸਫੇ ਉੱਤੇ ਅਟਕ ਗਈਆਂ ਨੇ...“'ਸੀਜ੍ਰੋਫ਼ੇਨੀਆ' ਦਾ ਮੁੱਖ ਕਾਰਣ ਫਲੂ ਦੇ ਕੀਟਾਣੂੰ ਹੁੰਦੇ ਹਨ, ਜਿਹੜੇ ਗਰਭ-ਅਵਸਥਾ ਦੌਰਾਨ ਮਾਂ ਦੇ ਸ਼ਰੀਰ 'ਚੋਂ ਬੱਚੇ ਦੇ ਦਿਮਾਗ਼ ਵਿਚ ਪ੍ਰਵੇਸ਼ ਕਰ ਜਾਂਦੇ ਹਨ ਤੇ ਨਤੀਜੇ ਵਜੋਂ ਬੱਚਾ ਜਨਮ ਤੋਂ ਹੀ ਸੀਜ੍ਰੋਫ਼ੇਨੀਆ ਦਾ ਰੋਗੀ ਹੋ ਜਾਂਦਾ ਹੈ।” ਕਿਸਨੂੰ ਜਾ ਕੇ ਦੱਸੇ? ਉਹ ਤਾਂ ਉਸ ਤੋਂ ਏਨੀ ਦੂਰ ਚਲੀ ਗਈ ਏ ਕਿ ਹੁਣ, ਉਹ ਚਾਹ ਕੇ ਵੀ ਉਸ ਕੋਲ ਨਹੀਂ ਜਾ ਸਕਦੀ।
ਏਡੀ ਹੁਸੀਨ, ਏਨਾ ਜਹੀਨ-ਦਿਮਾਗ਼ ਤੇ ਸੀਜ੍ਰੋਫ਼ੇਨੀਆ! “ਆਮ ਤੌਰ 'ਤੇ ਇਸ ਰੋਗ ਦੇ ਰੋਗੀ ਅਸਾਧਾਰਣ ਪ੍ਰਤਿਭਾ ਵਾਲੇ ਹੁੰਦੇ ਨੇ। ਸਿਮੀ ਵੀ ਹੈ। ਭਾਸ਼ਾ ਉੱਤੇ ਗ਼ਜ਼ਬ ਦਾ ਕੰਟਰੋਲ। ਅੰਗਰੇਜ਼ੀ ਵਿਚ ਇਸਦੇ ਦੋ ਕਵਿਤਾ-ਸੰਗ੍ਰਹਿ ਮੈਕਮਿਲਨ ਵਾਲਿਆਂ ਨੇ ਛਾਪੇ ਨੇ। ਖ਼ੂਬ ਵਿਕ ਰਹੇ ਨੇ।” ਸਮਿਤਾ ਨੇ ਜਾਨਕਾਰੀ ਦਿੱਤੀ ਸੀ।
“ਫੇਰ ਵੀ, ਮੈਨੂੰ ਤਾਂ ਡਰ ਈ ਲੱਗੇਗਾ ਨਾ ਇਸ ਨਾਲ ਹੌਲੀ ਖੇਡਦਿਆਂ ਹੋਇਆਂ।” ਵੇਦਿਕਾ ਨੇ ਯਕਦਿਆਂ ਹੋਇਆਂ ਕਿਹਾ ਸੀ।
“ਕਮਾਲ ਕਰਦੇ ਓ ਤੁਸੀਂ? ਅਸੀਂ ਇਸਨੂੰ ਇਕ ਸਹਿਜ ਵਾਤਾਵਰਣ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਇਹ ਆਪਣੀ ਪ੍ਰੇਸ਼ਾਨੀ ਭੁੱਲ ਜਾਏ ਤੇ ਤੁਸੀਂ ਓ ਕਿ...” ਸਮਿਤਾ ਨੇ ਵਾਕ ਅਧੂਰਾ ਈ ਛੱਡ ਦਿੱਤਾ ਸੀ।
ਵੇਦਿਕਾ ਚੁੱਪ ਹੋ ਗਈ ਸੀ।
ਉਸ ਹੋਸਟਲ ਵਿਚ ਉਸਦੀ ਦੂਜੀ ਹੋਲੀ ਸੀ ਇਹ। ਪਹਿਲੀ ਤਾਂ ਇੰਜ ਲੰਘ ਗਈ ਸੀ ਕਿ ਉਸਨੂੰ ਲੱਗਿਆ ਈ ਨਹੀਂ ਸੀ ਕਿ ਅੱਜ ਹੋਲੀ ਸੀ। ਨਵੀਂ-ਨਵੀਂ ਆਈ ਸੀ ਓਦੋਂ।
ਕੁਝ ਥੋੜ੍ਹੀਆਂ ਜਿਹੀਆਂ ਕੁੜੀਆਂ, ਜਿਹੜੀਆਂ ਹੋਸਟਲ ਵਿਚ ਛੁੱਟੀਆਂ ਦੌਰਾਨ ਰਹਿ ਪਈਆਂ ਸਨ, ਉਹਨਾਂ ਵਿਚੋਂ ਇਕ ਵੀ ਉਸਦੀ ਜਾਣਕਾਰ ਨਹੀਂ ਸੀ। ਉਹ ਸਾਰਾ ਦਿਨ ਆਪਣੇ ਕਮਰੇ ਵਿਚ ਬੰਦ ਰਹੀ ਤੇ ਬਾਹਰਲਾ ਰੌਲਾ-ਰੱਪਾ ਬੰਦ ਹੋਣ ਪਿੱਛੋਂ, ਰੋਟੀ-ਵੇਲੇ, ਨਹਾਅ-ਧੋ ਕੇ ਮੈੱਸ ਵਿਚ ਖਾਣਾ ਖਾ ਆਈ। ਕਿਸੇ ਨੇ ਉਸਨੂੰ ਛੇੜਿਆ ਨਹੀਂ, ਨਾ ਈ ਕੁਝ ਪੁੱਛਿਆ। ਫੇਰ ਸਾਰਾ ਦਿਨ ਕਮਰੇ ਵਿਚ। ਦਿਨ ਬੀਤ ਗਿਆ ਸੀ।
ਪਰ, ਅੱਜ ਇੰਜ ਨਹੀਂ ਹੋ ਸਕਦਾ। ਉਹ ਚਾਹੁੰਦੀ ਵੀ ਨਹੀਂ। ਉਸਦੀ ਪੂਰੀ ਮਿੱਤਰ ਮੰਡਲੀ ਹੋਸਟਲ ਵਿਚ ਏ। ਅੱਜ ਦੇ ਖਾਣੇ ਦਾ ਮੀਨੂੰ ਕੱਲ੍ਹ ਦਿਨੇ ਈ ਸਮਿਤਾ ਦੇ ਕਮਰੇ ਵਿਚ ਬਣ ਗਿਆ ਸੀ। ਉਸਨੇ ਆਪਣੇ ਕਮਰੇ ਵਿਚ ਖੀਰ ਬਣਾਉਣੀ ਸੀ ਜਿਹੜੀ ਉਸ ਬਣਾ ਵੀ ਲਈ ਸੀ, ਪਰ ਸਮਿਤਾ ਦੇ ਕਮਰੇ ਵਿਚ ਵੈਸ਼ਾਲੀ ਦੇ ਨਾਲ-ਨਾਲ, ਜਿਹੜੀ ਲੰਮੀ-ਝੰਮੀ, ਕੱਟੇ ਵਾਲਾਂ ਵਾਲੀ, ਨੀਲੀ ਜੀਂਸ ਤੇ ਨੀਲੀਆਂ-ਗੁਲਾਬੀ ਧਾਰੀਆਂ ਵਾਲੀ ਹਲਕੀ ਨੀਲੀ ਕਮੀਜ਼ ਵਿਚ ਨਵੀਂ ਤੇ ਸੋਹਣੀ ਜਿਹੀ ਕੁੜੀ ਦਿਸ ਰਹੀ ਏ...ਉਹ ਅੱਜ ਸਾਡੀ ਮਹਿਮਾਨ ਏ ਤੇ ਸਾਡੇ ਨਾਲ ਹੋਲੀ ਖੇਡੇਗੀ, ਇਹ ਜਾਣਕਾਰੀ ਵੀ ਉਸਨੂੰ ਹੁਣੇ-ਹੁਣੇ ਸਮਿਤਾ ਤੋਂ ਮਿਲੀ ਏ। ਉਹ ਆਪਣੇ ਘਰੋਂ ਲੜ ਕੇ ਕੱਲ੍ਹ ਰਾਤ ਈ ਵੈਸ਼ਾਲੀ ਦੇ ਕਮਰੇ ਵਿਚ ਆ ਗਈ ਸੀ ਤੇ ਸ਼ਾਇਦ ਅੱਜ ਦੀ ਰਾਤ ਵੀ ਇੱਥੇ ਈ ਰਹੇਗੀ। ਵਾਰਡਨ ਨੂੰ ਕੋਈ ਨਹੀਂ ਦੱਸੇਗਾ। ਉਂਜ ਵੀ ਕਿਸ ਨੂੰ ਫੁਰਸਤ ਏ ਅੱਜ। ਸਭ ਰੰਗ ਖੇਡਣ ਦੇ ਮੂਡ ਵਿਚ ਹੈਨ।

ਵੇਦਿਕਾ ਅਜੀਬ ਜਿਹੀ ਉਲਝਣ ਵਿਚ ਏ।
ਕੁੜੀਆਂ ਦੀ ਟੋਲੀ ਪੂਰੇ ਹੋਸਟਲ ਵਿਚ ਘੁੰਮ ਰਹੀ ਏ। ਹੱਥਾਂ ਵਿਚ ਰੰਗ-ਗੁਲਾਲ਼ ਲਈ, ਭੂਤ ਬਣੇ ਚਿਹਰੇ ਹਰੇਕ ਕਮਰੇ ਦਾ ਦਰਵਾਜ਼ਾ ਖੜਕਾਅ ਰਹੇ ਨੇ, “ਹੌਲੀ ਹੈ!” ਤੇ ਹਰ ਸੱਦੇ ਉੱਤੇ ਕੁੜੀਆਂ ਆਪਣੇ ਕਮਰੇ ਵਿਚੋਂ ਨਿਕਲ ਕੇ ਟੋਲੀ ਵਿਚ ਸ਼ਾਮਿਲ ਹੋ ਰਹੀਆਂ ਨੇ। ਕੁੱਲ ਜੋੜ ਪੱਚੀ ਤੀਹ ਕੁੜੀਆਂ। ਇਸ ਨਾਲੋਂ ਵੱਧ ਹੋਸਟਲ ਵਿਚ ਹੈਨ ਵੀ ਨਹੀਂ। ਸਾਰੀਆਂ ਹਫ਼ਤਾ ਭਰ ਪਹਿਲਾਂ ਘਰੀਂ ਨੱਠ ਗਈਆਂ ਨੇ। ਹੋਲੀ ਵਾਲੇ ਦਿਨੀਂ ਹੋਸਟਲ 'ਚੋਂ ਬਾਹਰ ਸੜਕ ਉੱਤੇ ਨਿਕਲਣਾ ਅਸੰਭਵ ਹੋ ਜਾਂਦਾ ਏ। ਏਨੀਆਂ ਬਦਤਮੀਜ਼ੀਆਂ ਹੁੰਦੀਆਂ ਨੇ। ਰਾਤ ਨੂੰ ਹੋਸਟਲ ਵਿਚ ਚੁੱਪ ਦਾ ਰਾਜ ਹੁੰਦਾ ਏ। ਤਿੰਨ ਸੌ ਕੁੜੀਆਂ ਵਿਚੋਂ ਲਗਭਗ ਏਨੀਆਂ ਈ ਰਹਿ ਜਾਂਦੀਆਂ ਨੇ। ਵੇਦਿਕਾ ਦੂਜੀ ਮੰਜ਼ਿਲ ਉੱਪਰ ਏ। ਪੂਰੇ ਫਲੋਰ ਉੱਤੇ ਸਿਰਫ ਤਿੰਨ ਈ ਕਮਰੇ ਨੇ ਜਿਹਨਾਂ ਵਿਚ ਕੋਈ ਹੈ। ਰਾਤ ਨੂੰ ਬਾਥਰੂਮ ਜਾਣ ਤੋਂ ਵੀ ਡਰ ਲੱਗਦਾ ਏ। ਏਨਾਂ ਸੁੰਨਾਂ-ਸੁੰਨਾਂ ਕਾਰੀਡੋਰ ਤੇ ਇਹ ਸਿਮੀ! ਕੱਲ੍ਹ ਰਾਤੀਂ ਆ ਗਈ! ਕਿਵੇਂ?
“ਕਿਵੇਂ ਕੀ? ਆਟੋ ਰਿਕਸ਼ਾ ਵਿਚ। ਸਿੱਧੀ ਹੋਸਟਲ ਦੇ ਦਰਵਾਜ਼ੇ 'ਤੇ ਰੁਕੀ...ਤੇ ਫੇਰ ਸਿੱਧੀ ਅੰਦਰ ਵੈਸ਼ਾਲੀ ਦੇ ਕਮਰੇ ਵਿਚ।” ਸਮਿਤਾ ਖਿੜ-ਖਿੜ ਕਰਕੇ ਹੱਸੀ। ਫੇਰ ਕੁਝ ਕਹਿਣ ਦਾ ਮੌਕਾ ਦਿੱਤੇ ਬਿਨਾਂ ਉਸ ਅੱਗੇ ਵਧ ਕੇ ਕੂਕੀ...
“ਏ ਸਿਮੀ, ਮੀਟ ਵੇਦਿਕਾ ਦੀ!” (ਸਿਮੀ, ਵੇਦਿਕਾ ਦੀ ਨੂੰ ਮਿਲੋ।)
ਉਸਨੇ ਅੱਗੇ ਵਧ ਕੇ ਉਸਦੀਆਂ ਗੱਲ੍ਹਾਂ ਉੱਤੇ ਗੁਲਾਲ਼ ਮਲ ਦਿੱਤਾ। ਵੇਦਿਕਾ ਦੇ ਹੱਥ ਵੀ ਵਧੇ ਤੇ ਪੋਲਾ ਜਿਹਾ ਉਸਦੀਆਂ ਗੱਲ੍ਹਾਂ ਨੂੰ ਛੋਹ ਕੇ ਪਰਤ ਆਏ। ਬੇਹੱਦ ਕੋਮਲ! ਹਰੇ ਗੁਲਾਲ਼ ਨਾਲ ਰੰਗੀਆਂ ਗੱਲ੍ਹਾਂ ਨੂੰ ਲਾਲ ਗੁਲਾਲ਼ ਦੀ ਛੋਹ ਦੇ ਕੇ। ਫੇਰ ਉਹ ਥੋੜ੍ਹਾ ਖਿਸਕ ਕੇ ਵਿਭਾ ਦੇ ਨਾਲ-ਨਾਲ ਤੁਰਨ ਲੱਗੀ। ਇਹਨਾਂ ਅੱਖਾਂ ਵਿਚ ਇਕ ਭਟਕਣ ਜਿਹੀ ਏ। ਸਹਿਜ ਨਹੀਂ ਲੱਗਦੀਆਂ।
ਰੌਲਾ-ਰੱਪਾ ਵਧਦਾ ਗਿਆ।
ਉਹ ਹੋਸਟਲ ਵਿਚੋਂ ਨਿਕਲ ਕੇ ਨਾਲ ਲੱਗਵੇਂ ਕੁੜੀਆਂ ਦੇ ਕਾਲੇਜ ਦੇ ਹੋਸਟਲ ਵਿਚ ਵੜ ਗਈਆਂ। ਉੱਥੇ ਵੀ ਕੁੱਲ ਏਨੀਆਂ ਕੁ ਕੁੜੀਆਂ ਈ ਸਨ। ਸਾਰਾ ਝੁੰਡ ਵਿਹੜੇ ਵਿਚਕਾਰ ਬਣੇ ਫੁਆਰੇ ਦੁਆਲੇ ਖਿੱਲਰ ਗਿਆ। ਫੁਆਰਾ ਕਈ ਦਿਨਾਂ ਦਾ ਬੰਦ ਪਿਆ ਏ, ਪਰ ਉਸਦੇ ਚਾਰੇ ਪਾਸੇ ਬਣੇ ਹੌਦ ਵਿਚ ਗੰਦਾ ਪਾਣੀ ਅਜੇ ਵੀ ਭਰਿਆ ਹੋਇਆ ਏ। ਰੰਗ ਨਾਲ ਭਰੀਆਂ ਕਈ ਬਾਲ੍ਹਟੀਆਂ ਇਕ ਦੂਜੇ ਉੱਤੇ ਡੁੱਲ੍ਹ ਕੇ ਖਾਲੀ ਹੋ ਗਈਆਂ। ਸਮਿਤਾ ਨੇ ਆਪਣੀ ਖਾਲੀ ਬਾਲ੍ਹਟੀ ਪੁੱਠੀ ਕਰਕੇ ਵਜਾਉਣੀ ਸ਼ੁਰੂ ਕਰ ਦਿੱਤੀ, “ਹੋਲੀ ਖੇਲੇਂ ਰਘੁਵੀਰਾ ਅਵਧ ਮੇਂ, ਹੋਲੀ ਖੇਲੇਂ ਰਘੁਵੀਰਾ।” ਇਕ ਸੁਰ ਉੱਠੀ ਤੇ ਡੁੱਬ ਗਈ। ਫੇਰ ਕੁਝ ਨਵੇਂ ਸੁਰ ਮਿਲੇ। ਸਿਮੀ ਨੇ ਨੱਚਣਾ ਸ਼ੁਰੂ ਕਰ ਦਿੱਤਾ। ਵੇਦਿਕਾ ਮੂਕ ਦਰਸ਼ਕ ਵਾਂਗ ਤਾੜੀ ਵਜਾਉਂਦੀ ਰਹੀ। ਹਾਂ, ਬੁੱਲ੍ਹਾਂ ਉੱਤੇ ਹਲਕੀ ਮੁਸਕਾਨ ਜ਼ਰੂਰ ਆਈ ਹੋਈ ਸੀ।
“ਇਸਦੀ ਪੈਂਟ ਕਿੰਨੀ ਟਾਈਟ ਏ। ਹੇਠੋਂ ਫਟ ਗਈ ਏ, ਫੇਰ ਵੀ ਨੱਚੀ ਜਾ ਰਹੀ ਏ।” ਵਿਭਾ ਫੁਸਫੁਸਾਈ।
“ਹਾਂ।” ਉਹ ਏਨਾ ਈ ਕਹਿ ਸਕੀ ਸੀ।
ਇਕ ਰੌਅ ਸੀ ਸਿਮੀ ਦੇ ਚਿਹਰੇ ਉੱਤੇ। ਝੱਲਿਆਂ ਵਾਂਗ ਨੱਚ ਰਹੀ ਸੀ ਇਕੱਲੀ। ਕੁਝ ਕੁੜੀਆਂ ਨੇ ਸਾਥ ਦਿੱਤਾ ਸੀ ਪਹਿਲਾਂ, ਪਰ ਫੇਰ ਉਹ ਪਾਸੇ ਹਟ ਗਈਆਂ ਸਨ। ਉਸ ਜਿੰਨੀ ਤੇਜ਼ ਗਤੀ ਨਾਲ ਕਿਸੇ ਤੋਂ ਨੱਚਿਆ ਵੀ ਨਹੀਂ ਸੀ ਜਾ ਰਿਹਾ। ਬਸ ਪਾਸੇ ਖਲੋ ਕੇ ਤਾਲ ਦੇ ਰਹੀਆਂ ਸਨ। ਉਤਸਾਹ ਭਰਭੂਰ ਸੁਰ, ਚੀਕਾ-ਰੌਲੀ ਤੇ ਹੰਗਾਮਾਂ। ਖੇਡ ਵਧਦਾ ਗਿਆ। ਫੇਰ ਉਸਨੇ ਮਿੱਟੀ ਚੁੱਕ ਕੇ ਮਿੱਟੀ ਨਾਲ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ। ਕਈ ਕੁੜੀਆਂ ਸਾਥ ਦੇਣ ਲੱਗੀਆਂ।
ਵਿਭਾ ਨੇ ਵੇਦਿਕਾ ਨੂੰ ਇਸ਼ਾਰਾ ਕੀਤਾ ਤੇ ਉਹ ਦੋਵੇਂ ਚੁੱਪਚਾਪ ਖੇਡ ਵਿਚੋਂ ਬਾਹਰ ਹੋ ਗਈਆਂ।
ਬਸ ਏਨਾ ਹੀ ਤਮਾਸ਼ਾ ਉਸ ਦਿਨ ਵੇਦਿਕਾ ਨੇ ਦੇਖਿਆ ਸੀ। ਉਹ ਸੁੰਦਰ ਕਣਕ-ਵੰਨਾਂ ਚਿਹਰਾ, ਤਿੱਖੇ ਨੈਣ-ਨਕਸ਼...ਕਿਸੇ ਵੀ ਫ਼ਿਲਮੀ ਹੀਰੋਇਨ ਨੂੰ ਮਾਤ ਪਾ ਸਕਦੇ ਸਨ। ਪੂਰੇ ਵੇਗ ਨਾਲ ਥਿਰਕਦੇ ਪੈਰ ਤੇ ਸੁਰਾਂ ਵਿਚ ਬੱਝੀ ਆਵਾਜ਼ “ਹੋਲੀ ਹੈ!”
ਉਹ ਵਿਭਾ ਨਾਲ ਕਮਰੇ ਵਿਚ ਪਰਤ ਆਈ। ਉਂਜ ਵੀ ਉਦੋਂ ਦਿਨ ਦਾ ਇਕ ਵੱਜ ਗਿਆ ਸੀ। ਧੁੱਪ ਕਰੜੀ ਲੱਗਣ ਲੱਗ ਪਈ ਸੀ ਤੇ ਉਹ ਦੋਵੇਂ ਹੋਰਨਾਂ ਵਾਂਗ ਕਈ ਵਾਰੀ ਰੰਗ ਭਰੀਆਂ ਬਾਲ੍ਹਟੀਆਂ ਉਲਟ ਕੇ ਭਿੱਜ-ਭਿਓਂ ਚੁੱਕੀਆਂ ਸਨ...ਦੋਸਤਾਂ-ਜਾਣਕਾਰਾਂ ਨੂੰ। ਭੀੜ ਵਿਚ ਕਿਸ ਨੂੰ ਹੋਸ਼ ਹੁੰਦਾ ਏ? ਸਾਰੇ ਆਪਣੇ ਈ ਸੀ। ਉਸ ਸਾਰੀ ਭੀੜ ਵਿਚ ਸਿਮੀ ਬਾਰੇ ਜਾਂ ਤਾਂ ਉਹ ਤੇ ਵਿਭਾ ਜਾਣਦੀਆਂ ਸਨ ਜਾਂ ਫੇਰ ਵੈਸ਼ਾਲੀ ਤੇ ਸਮਿਤਾ। ਬਾਕੀ ਕਿਸੇ ਨੂੰ ਕੁਝ ਸੀ ਪਤਾ ਨਹੀਂ!
ਦੁਪਹਿਰ ਦਾ ਖਾਣਾ ਸਮਿਤਾ ਦੇ ਕਮਰੇ ਵਿਚ ਖਾਧਾ ਗਿਆ। ਦਸਤਰਖਾਨ ਵਿਛ ਗਿਆ ਸੀ ਜਿਵੇਂ : ਚੇਨਈ ਦੀ ਸੰਗੀਤਾ ਬੜੇ-ਸਾਂਭਰ ਬਣਾ ਲਿਆਈ ਸੀ। ਮਹਾਰਾਸ਼ਟਰ ਦੀ ਪੋਂਗਲ ਪੋਲੀ ਲੈ ਕੇ ਸੁਧਾ ਆ ਗਈ ਸੀ। ਪੂਰਣਿਮਾ, ਮਧੂ ਸੌਮਯਾ, ਸਵਿਤਾ, ਪੱਲਵੀ ਸਭ ਸਨ। ਦਾਲ-ਪੁਲਾਅ, ਰਾਜਮਾਂਹ, ਦਮ-ਆਲੂ, ਖੀਰ, ਲੈਮਨ ਰਾਈਸ, ਗੋਭੀ-ਆਲੂ, ਟਮਾਟਰਾਂ ਦੀ ਮਿੱਠੀ ਚਟਨੀ, ਅਚਾਰ, ਪਾਪੜ ਤੇ ਹੋਰ ਪਤਾ ਨਹੀਂ ਕੀ ਕੀ! ਏਨਾ ਕੁਝ ਕਿ ਖਾਧਾ ਨਹੀਂ, ਚੱਖਿਆ ਗਿਆ ਸੀ ਤੇ ਸਾਰਿਆਂ ਦਾ ਢਿੱਡ ਭਰ ਗਿਆ ਸੀ।
ਉਸ ਮਹਿਫ਼ਿਲ ਵਿਚ ਸਿਮੀ ਨਹੀਂ ਸੀ। ਉਸਨੇ ਵੈਸ਼ਾਲੀ ਨਾਲ ਮੈਸ ਵਿਚ ਹੋਲੀ ਦਾ ਸਪੈਸ਼ਲ ਖਾਣਾ ਖਾਧਾ ਸੀ।

ਓਦੋਂ ਏਨਾ ਈ ਵੇਦਿਕਾ ਨੇ ਜਾਣਿਆ ਸੀ। ਸ਼ਾਮ ਢਲੇ ਸਮਿਤਾ ਨਾਲ ਕਮਰੇ ਵਿਚ ਉਸਨੂੰ ਜਾਂਦਿਆਂ ਤੇ ਡੂੰਘੀ ਰਾਤੇ ਨਿਕਲਦਿਆਂ ਦੇਖਿਆ ਸੀ। ਉਹੀ ਵੇਦਿਕਾ ਨਾਲ ਉਸਦੀ ਆਖ਼ਰੀ ਮੁਲਾਕਾਤ ਸੀ। ਸਮਿਤਾ ਤੀਜੀ ਮੰਜ਼ਿਲ ਉੱਤੇ ਸੀ। ਵੇਦਿਕਾ ਨੇ ਆਪਣੇ ਕਮਰੇ ਦੇ ਬਾਹਰ ਵਾਲੀ ਬਾਲਕੋਨੀ ਵਿਚੋਂ ਹੱਥ ਹਿਲਾਇਆ। ਜਵਾਬ ਸਮਿਤਾ ਨੇ ਦਿੱਤਾ। ਉਹਨਾਂ ਦੋਵਾਂ ਨੇ ਉਸ ਵੱਲ ਦੇਖਿਆ ਤਕ ਨਹੀਂ ਸੀ।
ਥੱਕੀ ਹਾਰੀ, ਕਮਰੇ ਵਿਚ ਜੋ ਕੁਝ ਬਚਿਆ-ਖੁਚਿਆ ਸੀ...ਪਾਵਰੋਟੀ ਤੇ ਦੁੱਧ...ਖਾ-ਪੀ ਕੇ ਛੇਤੀ ਹੀ ਸੌਂ ਗਈ ਸੀ। ਮੇਸ ਤਾਂ ਰਾਤ ਨੂੰ ਬੰਦ ਈ ਰਹਿਣਾ ਸੀ। ਰਾਤੀਂ ਦੋ ਵਾਰੀ ਨੀਂਦ ਟੁੱਟੀ। ਬਾਹਰ ਕੁਝ ਰੌਲਾ ਜਿਹਾ ਪੈ ਰਿਹਾ ਸੀ। ਨੀਂਦ ਉਸਦੀ ਰੂਮ-ਮੇਟ ਵਿਭਾ ਦੀ ਵੀ ਟੁੱਟੀ। “ਮੈਸ ਵਾਲੇ ਮਹਾਰਾਜ ਨੇ ਪੀ ਲਈ ਹੋਏਗੀ, ਉਹ ਲੋਕ ਹੀ ਹੋਣਗੇ, ਹੂ-ਹੱਲਾ ਕਰ ਰਹੇ ਨੇ” ਆਪਣੇ ਬਿਸਤਰੇ ਵਿਚੋਂ ਵਿਭਾ ਨੇ ਉਤਰ ਦਿੱਤਾ ਸੀ। “ਮੈਨੂੰ ਵੀ ਇਹੋ ਲੱਗਦੈ।” ਉਸਨੇ ਜਵਾਬ ਦਿੱਤਾ ਸੀ। ਫੇਰ ਦੋਵੇਂ ਸੌਂ ਗਈਆਂ ਸਨ।

ਰਾਤ ਵਾਲੇ ਹੰਗਾਮੇਂ ਦਾ ਭੇਦ ਅਗਲੀ ਸਵੇਰ ਖੁੱਲ੍ਹਿਆ, ਜਦੋਂ ਉਹ ਨਾਸ਼ਤੇ ਪਿੱਛੋਂ ਸਮਿਤਾ ਨੂੰ ਲੱਭਦੀਆਂ ਹੋਈਆਂ ਉਸਦੇ ਕਮਰੇ ਵਿਚ ਗਈਆਂ। ਓਦੋਂ ਸਵੇਰ ਦੇ ਸਾਢੇ ਅੱਠ ਵੱਜ ਚੁੱਕੇ ਸਨ। ਸਮਿਤਾ ਦੇ ਚਿਹਰੇ ਉੱਤੇ ਰਾਤ ਦੇ ਜਗਰਾਤੇ ਦੀ ਥਕਾਣ ਸੀ ਤੇ ਬਹੁਤ ਸਾਰੀ ਉਦਾਸੀ ਵੀ। “ਕੀ ਹੋਇਆ ਸਮਿਤਾ?” ਵੇਦਿਕਾ ਨੇ ਪੁੱਛਿਆ ਸੀ।
“ਘੋੜੇ ਵੇਚ ਕੇ ਸੌਂਦੀਆਂ ਓ ਤੁਸੀਂ? ਕੁਛ ਪਤਾ ਈ ਨਹੀਂ ਲੱਗਿਆ ਤੁਹਾਨੂੰ।”
ਉਹ ਹੈਰਾਨ-ਪ੍ਰੇਸ਼ਾਨ ਜਿਹੀ ਖੜ੍ਹੀ ਉਸ ਵੱਲ ਦੇਖਦੀ ਰਹੀ ਸੀ।
“ਹੁਣੇ ਹੁਣੇ ਸਿਮੀ ਨੂੰ ਉਸਦੇ ਘਰ ਛੱਡ ਕੇ ਵਾਪਸ ਆਈਆਂ। ਅਜੇ ਬੁਰਸ਼ ਵੀ ਨਹੀਂ ਕੀਤਾ।”
“ਨਾ, ਤਸੀਂ ਕਿਉਂ ਗਏ?”
“ਉਸਨੂੰ ਮੇਰੇ ਸਿਵਾਏ ਕਿਸੇ ਹੋਰ ਉੱਤੇ ਵਿਸ਼ਵਾਸ ਹੀ ਨਹੀਂ ਸੀ। ਉਹ ਸਾਰੀ ਰਾਤ ਪੰਜੇਬਾਂ ਛਣਕਾਉਂਦੀ ਘੁੰਮਦੀ ਰਹੀ ਸੀ, ਹੋਸਟਲ ਕਾਰੀਡੋਰ ਵਿਚ। ਗਰਾਊਂਡ ਫਲੋਰ 'ਤੇ।”
ਵੇਦਿਕਾ ਨੂੰ ਯਾਦ ਆਇਆ, ਵੈਸ਼ਾਲੀ ਗਰਾਊਂਡ ਫਲੋਰ 'ਤੇ ਰਹਿੰਦੀ ਏ।
“ਪਰ ਕਿਉਂ?”
“ਕਿਉਂ ਕੀ! ਰਾਤ ਹੋਣ ਦੇ ਨਾਲ ਹੀ ਉਸਦਾ ਪਾਗਲਪਨ ਵਧਣ ਲੱਗ ਪਿਆ ਸੀ। ਸ਼ਾਮ ਨੂੰ ਮੇਰੇ ਕਮਰੇ ਵਿਚ ਆਈ ਤਾਂ ਜਾਣ ਦਾ ਨਾਂ ਹੀ ਨਾ ਲਏ। ਇਕ ਕਿਰਲੀ ਦਿਸ ਪਈ ਕੰਧ ਉੱਤੇ। ਡੰਡਾ ਚੁੱਕ ਕੇ ਪੈ ਗਈ ਉਸਦੇ ਪਿੱਛੇ। ਕੇਨੀਂ ਮੁਸ਼ਕਿਲ ਨਾਲ ਬਾਹੋਂ ਫੜ੍ਹ ਕੇ ਵੈਸਾਲੀ ਲੈ ਗਈ ਸੀ, ਸਮਝਾ ਬੁਝਾਅ ਕੇ।”
“ਹਾਂ ਦੇਖਿਆ ਸੀ। ਤੁਸੀਂ ਹੱਥ ਹਿਲਾਇਆ ਸੀ ਮੈਨੂੰ, ਉਦੋਂ।”
“ਹਾਂ। ਫੇਰ ਰਾਤ ਗਏ ਉਸਨੂੰ ਭਰਮ ਹੋ ਗਿਆ ਕਿ ਕੋਈ ਹੋਸਟਲ ਗੇਟ ਦੇ ਬਾਹਰ ਖੜ੍ਹਾ ਏ। ਪਿਸਤੌਲ ਲਈ। ਉਸਨੂੰ ਮਰਨ ਖਾਤਰ। ਬਸ ਛਮ-ਛਮ ਪੰਜੇਬਾਂ ਵਜਾਉਂਦਿਆਂ ਕਾਰੀਡੋਰ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤਕ ਘੁੰਮਣਾ ਸ਼ੁਰੂ। ਪੂਰਾ ਹੋਸਟਲ ਜਾਗ ਪਿਆ ਸੀ। ਮੈੱਸ ਵਾਲੇ ਲੋਕ ਵੀ। ਜਿਸ ਪਾਸੇ ਜਾਂਦੀ ਕੁੜੀਆਂ ਡਰਦੀਆਂ ਮਾਰੀਆਂ ਦਰਵਾਜ਼ਾ ਬੰਦ ਕਰ ਲੈਂਦੀਆਂ। ਫੇਰ ਦਰਵਾਜ਼ੇ ਦੇ ਸੁਰਾਖ਼ ਵਿਚੋਂ ਦੇਖਦੀਆਂ। ਉਸਦਾ ਹੈਲੁਸਿਨੇਸ਼ਨ (ਝੱਲ) ਵਧਦਾ ਗਿਆ। ਹੋਸਟਲ ਦੀ ਛੱਤ 'ਤੇ ਜਾ ਚੜ੍ਹੀ। 'ਅੱਜ ਛਾਲ ਮਾਰ ਕੇ ਮਰ ਈ ਜਾਨੀਂ ਆਂ। ਮੈਨੂੰ ਕੋਈ ਚੰਗਾ ਨਹੀਂ ਸਮਝਦਾ। ਸਾਰਿਆਂ ਲਈ ਬੋਝ ਆਂ ਮੈਂ। ਘਰੇ ਸਭ ਝੱਲਦੇ ਨੇ ਮੈਨੂੰ। ਮੇਰਾ ਰਿਸਰਚ ਗਾਈਡ ਵੀ ਮੈਨੂੰ ਮਰਵਾਉਣਾ ਚਾਹੁੰਦੈ। ਮੈਂ ਖ਼ੁਦ ਹੀ ਮਰ ਜਾਵਾਂਗੀ।'”
“ਓ-ਹੋ! ਫੇਰ ਕਿੰਜ ਉਤਾਰਿਆ ਉਸਨੂੰ?”
“ਉਹ ਕਿਸੇ ਨੂੰ ਨੇੜੇ ਆਉਣ ਹੀ ਨਹੀਂ ਸੀ ਦੇ ਰਹੀ। ਮੈਂ ਹਿੰਮਤ ਕੀਤੀ। ਸਿੱਧਾ ਉਸਦੀਆਂ ਅੱਖਾਂ ਵਿਚ ਦੇਖਦੀ, ਇਕ ਇਕ ਕਦਮ ਅੱਗੇ ਵਧੀ, ਗੱਲਾਂ ਕਰਦੀ, ਉਸਦੇ ਬਿਲਕੁਲ ਨੇੜੇ ਚਲੀ ਗਈ। ਪਤਾ ਈ ਵੇਦਿਕਾ-ਦੀ, ਉਸਦੀਆਂ ਅੱਖਾਂ ਵਿਚ ਬੱਚਿਆਂ ਵਰਗਾ ਭੋਲਾਪਨ ਸੀ। ਉਹ ਚੀਕ ਰਹੀ ਸੀ 'ਡੋਂਟ ਟੱਚ ਮੀ। (ਹੱਥ ਨਾ ਲਵੀਂ ਮੈਨੂੰ।) ਛਾਲ ਮਾਰ ਦਿਆਂਗੀ।' ਉਹ ਹੋਸਟਲ ਦੀ ਉਪਰਲੀ ਛੱਤ ਉੱਤੇ, ਬਾਲਕੋਨੀ ਦੀ ਚਾਰਦੀਵਾਰੀ ਉੱਤੇ ਚੜ੍ਹੀ ਖੜ੍ਹੀ ਸੀ ਓਦੋਂ। ਸਾਰੀਆਂ ਕੁੜੀਆਂ ਹੇਠਾਂ ਸਾਹ ਰੋਕੀ ਖੜ੍ਹੀਆਂ ਦੇਖ ਰਹੀਆਂ ਸਨ। ਫੇਰ ਮੈਂ ਪੁੱਛਿਆ, 'ਯੂ ਲਵ ਮੀ?' ਪਤਾ ਨਹੀਂ ਕਿਉਂ ਉਸਨੇ ਮੇਰੀਆਂ ਅੱਖਾਂ ਵਿਚ ਦੇਖਿਆ, ਫੇਰ ਬੋਲੀ 'ਯੇਸ।' 'ਦੇਨ ਵਹਾਈ ਡੂ ਯੂ ਵਾਂਟ ਮੀ ਟੂ ਗੇਟ ਅਰੇਸਟੇਡ? ਇਫ਼ ਯੂ ਡਾਈ ਦੇਨ ਦੇ ਵਿਲ ਬਲੇਮ ਮੀ'” (ਫੇਰ ਤੂੰ ਮੈਨੂੰ ਜੇਲ ਕਿਉਂ ਪਹੁੰਚਾਣਾ ਚਾਹੁੰਦੀ ਏਂ? ਜੇ ਤੂੰ ਮਰ ਗਈ ਤਾਂ ਉਹ ਮੈਨੂੰ ਈ ਦੋਸ਼ੀ ਮੰਨਣਗੇ)। ਮੈਂ ਅਤੀ ਗੰਭੀਰਤਾ ਨਾਲ ਕਿਹਾ। ਪਤਾ ਨਹੀਂ ਕਿੰਜ ਗੱਲ ਉਸਦੀ ਸਮਝ ਵਿਚ ਆ ਗਈ। ਹੇਠਾਂ ਉਤਰ ਆਈ। ਪਰ ਫੇਰ ਥੋੜ੍ਹੀ ਦੇਰ ਬਾਅਦ ਵਰਲਾਪ ਸ਼ੁਰੂ “ਯੂ ਨੋ, ਟੁਨਾਈਟ ਇਜ਼ ਫ਼ੁਲ ਮੂਨ ਨਾਈਟ (ਤੈਨੂੰ ਪਤਾ ਈ ਅੱਜ ਪੂਰੇ ਚੰਦ ਦੀ ਰਾਤ ਏ)। ਫ਼ੁਲ ਮੂਨ ਡੇ (ਪੂਰਣਮਾਸ਼ੀ ਦੇ ਦਿਨ) ਸਿਜ੍ਰੋਫ਼ੇਨੀਆ ਦਾ ਰੋਗ ਵਧ ਜਾਂਦਾ ਏ। ਮੈਨੂੰ ਸਿਜਸ਼ੋਫ਼ੇਨੀਆ ਏ। ਯੂ ਨੋ?” ਆਪਣੀ ਬਿਮਾਰੀ ਬਾਰੇ ਏਨਾ ਪੜ੍ਹਿਆ ਹੋਣਾ ਵੀ ਉਸਦੀ ਮੁਸੀਬਤ ਏ।”
“ਫੇਰ?”
“ਫੇਰ ਕੀ। ਤੁਸੀਂ ਤਾਂ ਸੁੱਤੇ ਰਹੇ। ਏਨੇ ਤਮਾਸ਼ੇ ਕੀਤੇ ਉਸਨੇ। ਏਨੀ ਚੀਕਾ-ਰੌਲੀ ਪਾਈ। ਫ਼ੋਨ ਕੀਤਾ ਪੁਲਿਸ ਨੂੰ ਕਿ ਬਾਹਰ ਦਰਖ਼ਤ ਹੇਠਾਂ ਉਸਨੂੰ ਮਾਰਨ ਲਈ ਕੋਈ ਖੜ੍ਹਾ ਏ। ਕਈ ਵਾਰੀ। ਪਹਿਲਾਂ ਤਾਂ ਪ੍ਰਾਕਟਰ ਆਫ਼ਿਸ ਵਾਲਿਆਂ ਨੇ ਧਿਆਨ ਨਹੀਂ ਦਿੱਤਾ। ਸੋਚਿਆ ਹੋਏਗਾ, ਹੋਲੀ ਦਾ ਤਮਾਸ਼ਾ ਏ, ਪਰ ਵਾਰੀ ਵਾਰੀ ਫ਼ੋਨ ਕਰਦੀ ਰਹੀ। ਉਸਨੂੰ ਰੋਕਣ ਦੀ ਕੋਸ਼ਿਸ਼ ਕਰਕੇ ਅਸੀਂ ਹਾਰ ਗਏ ਸਾਂ। ਪੁਲਿਸ ਆਈ। ਕੋਈ ਹੁੰਦਾ ਤਾਂ ਦਿਸਦਾ। ਸਾਨੂੰ ਜਵਾਬ ਦੇਣਾ ਪਿਆ। ਵੈਸ਼ਾਲੀ ਨੂੰ ਮੰਨਣਾ ਪਿਆ ਕਿ ਉਹ ਉਸਦੀ ਗੇਸਟ ਏ ਤੇ ਉਹ ਉਸਨੂੰ ਘਰ ਪਹੁੰਚਾਅ ਦਏਗੀ।”
“ਓ ਮਾਈ ਗਾਡ!”
“ਉਹ ਤਾਂ ਘਰ ਜਾਣ ਲਈ ਤਿਆਰ ਹੀ ਨਹੀਂ ਸੀ। ਸਵੇਰ ਹੁੰਦਿਆਂ ਹੀ ਆਟੋਰਿਕਸ਼ਾ ਕਰਕੇ ਪ੍ਰਾਕਟਰ ਆਫ਼ਿਸ ਵਾਲੇ ਪਹੁੰਚ ਗਏ। ਮੈਂ ਉਹਨਾਂ ਨਾਲ ਗਈ। ਉਸਨੂੰ ਘਰ ਛੱਡ ਕੇ ਹੁਣੇ ਆ ਰਹੀ ਆਂ।”
“ਸਮਿਤਾ ਬੜੀ ਉਦਾਸ ਸੀ। ਉਸ ਲਈ ਕੁਝ ਨਾ ਕਰ ਸਕਣ ਦੇ ਅਹਿਸਾਸ ਤੋਂ ਦੁਖੀ। ਫੇਰ ਵੀ ਉਸਨੇ ਇਕ ਦੁਰਘਟਨਾ ਹੋਣ ਤੋਂ ਰੋਕੀ ਸੀ। ਵਰਨਾ ਹੋਸਟਲ ਦੇ ਵਰਾਂਡੇ ਵਿਚ ਸਿਮੀ ਦੀ ਲਾਸ਼ ਪਈ ਮਿਲਦੀ।”
ਵੇਦਿਕਾ ਦਾ ਤ੍ਰਾਹ ਨਿਕਲ ਗਿਆ। ਏਨਾ ਕੁਝ ਹੋ ਗਿਆ ਤੇ ਉਸਨੂੰ ਕੁਝ ਨਹੀਂ ਪਤਾ! ਏਨੀ ਦਲੇਰ ਏ ਸਮਿਤਾ! ਏਨੀ ਭਲੀ। ਪਾਗਲਾਂ ਨਾਲ ਵੀ ਸਹਿਜ ਰਹਿ ਸਕਦੀ ਏ। ਉਹਨਾਂ ਨੂੰ ਰੋਕ, ਮਨਾਅ ਸਕਦੀ ਏ। ਜੇ ਉਹ ਹੋਸਟਲ ਦੀ ਛੱਤ ਤੋਂ ਛਾਲ ਮਾਰ ਜਾਂਦੀ ਫੇਰ!
ਇਕ ਉਹ ਏ, ਮੁਰਦੇ ਵਾਂਗ ਸੁੱਤੀ ਰਹੀ। ਪੂਰਾ ਹੋਸਟਲ ਜਾਗ ਪਿਆ ਸੀ। ਮੈਸ ਵਾਲੇ ਲੋਕ ਵੀ ਨਿਕਲ ਆਏ ਸਨ ਤੇ ਉਹ ਤੇ ਵਿਭਾ ਸੁੱਤੀਆਂ ਰਹੀਆਂ...ਮਹਾਰਾਜ ਪੀ ਕੇ ਗਾ ਰਿਹਾ ਹੋਏਗਾ!
ਪਰ ਉਹ ਕੀ ਕਰ ਲੈਂਦੀ? ਦਰਸ਼ਕਾਂ ਵਿਚ ਈ ਹੁੰਦੀ। ਉਹ ਤਾਂ ਸਮਿਤਾ ਦੇ ਸਿਵਾਏ ਕਿਸੇ ਦੀ ਸੁਣ ਈ ਨਹੀਂ ਸੀ ਰਹੀ। ਵੈਸ਼ਾਲੀ ਦੀ ਵੀ ਨਹੀਂ। ਸਮਿਤਾ ਦੇ ਅੰਦਰਲੀ ਭਲੀ, ਸੁੰਦਰ ਕੁੜੀ ਨੂੰ ਵੀ ਉਸਨੇ ਪਛਾਣ ਲਿਆ ਸੀ, ਵੇਦਿਕਾ ਵਾਂਗ ਈ। ਉਹ ਵਾਕਈ ਇੰਟੈਲੀਜੇਂਟ ਏ! ਫੇਰ ਹੌਲੀ-ਹੌਲੀ ਕਰਕੇ ਉਸਨੇ ਸਿਮੀ ਬਾਰੇ ਬੜਾ ਕੁਝ ਜਾਣ ਲਿਆ। ਉਸਦਾ ਪਰਿਵਾਰਕ ਪਿੱਛੋਕੜ...ਬੜਾ ਈ ਸਰਦਾ-ਵਰਦਾ ਖ਼ਾਨਦਾਨ। ਉਸਦੀਆਂ ਸ਼ਰਾਰਤਾਂ, ਉਸਦੀਆਂ ਕੁਤਾਹੀਆਂ। ਉਸਦੀ ਅਸਾਧਾਰਣ ਬੁੱਧੀ ਦੇ ਕਿੱਸੇ ਸੁਣੇ ਸੀ, ਪਰ ਉਸ ਨਾਲ ਨੇੜਤਾ ਨਹੀਂ ਸੀ ਹੋ ਸਕੀ। ਕਦੀ ਫੇਰ ਉਹ ਹੋਸਟਲ ਆਈ ਵੀ ਨਹੀਂ। ਅੰਗਰੇਜ਼ੀ ਵਿਭਾਗ ਜਾ ਕੇ ਉਸਨੂੰ ਮਿਲਣਾ, ਉਸਦੇ ਮਨ ਵਿਚ ਸ਼ੱਕ ਪੈਦਾ ਕਰਦਾ। ਬਸ, ਵੇਦਿਕਾ ਦੀਆਂ ਯਾਦਾਂ ਦਾ ਵਿਚ ਇਕ ਖਿੱਤਾ ਚੁਰਾ ਕੇ ਵੱਸ ਗਈ ਸੀ ਉਹ! ਉਸ ਪਿੱਛੋਂ ਕਿੰਨੀਆਂ ਹੋਲੀਆਂ ਖੇਡੀਆਂ ਵੇਦਿਕਾ ਨੇ। ਹੋਸਟਲ ਵਿਚ, ਘਰੇ ਤੇ ਫੇਰ ਏਥੇ ਅਮਰੀਕਾ ਵਿਚ ਵੀ। ਹੋਲੀਕਾ ਬਾਲੀ। ਕਦੀ ਉਸਨੂੰ ਭੁੱਲ ਸਕੀ ਕਿ?
ਉਹ ਤਾਂ ਮੁੱਢੋਂ ਈ ਜਾਣਦੀ ਸੀ ਕਿ ਸਿਮੀ ਜਿਸ ਪੀੜ-ਭੱਠੀ ਵਿਚ ਭੁੱਜ ਰਹੀ ਏ, ਉਸ ਵਿਚੋਂ ਬਾਹਰ ਨਿਕਲਣਾ ਉਸਦੇ ਹੱਥ-ਵੱਸ ਨਹੀਂ ਤੇ ਉਸ ਪੀੜ ਦੀ ਮੂਕ-ਗਿਆਤਾ ਉਹ, ਉਸ ਤੋਂ ਦੂਰ ਰਹਿ ਕੇ ਵੀ, ਉਸਦੇ ਦੁੱਖ ਦੀ ਕਿਤੇ ਨਾ ਕਿਤੇ ਸਾਂਝੀਦਾਰ ਬਣ ਚੁੱਕੀ ਏ!
ਸਿਮੀ ਕੌਸ਼ਿਕ ਨੇ ਕਦੀ ਵੇਦਿਕਾ ਨੂੰ ਸਮਝਿਆ ਈ ਨਹੀਂ! ਸਮਝ ਜਾਂਦੀ ਤਾਂ ਵੀ ਕੀ ਫ਼ਰਕ ਪੈਣਾ ਸੀ! ਸਿਜ੍ਰੋਫ਼ੇਨੀਆ ਯਾਨੀ ਉਚਾਟ-ਇਕੱਲੇਪਨ ਤੇ ਉਕਤਾਹਟ ਦਾ ਅੰਤਮ ਸਿਰਾ।
ਇਕ ਦਿਨ ਉਹ ਵੀ ਆਇਆ, ਜਦੋਂ ਸਿਮੀ ਨੇ ਉਤੇਜਨਾ ਵੱਸ ਉਹ ਕਰ ਲਿਆ, ਜਿਸ ਤੋਂ ਉਸ ਰਾਤ ਸਮਿਤਾ ਨੇ ਉਸਨੂੰ ਬਚਾਅ ਲਿਆ ਸੀ।
ਅੱਜ, ਬੜੇ ਚਿਰਾਂ ਬਾਅਦ, ਅਮਰੀਕਾ ਵਿਚ ਆਪਣੇ ਸਾਰੀਆਂ ਸਹੂਲਤਾਂ ਵਾਲੇ ਘਰ ਵਿਚ ਬੈਠੀ ਵੇਦਿਕਾ ਇਕ ਵਾਰੀ ਫੇਰ ਬੇਚੈਨ ਹੋ ਗਈ ਏ। ਕੀ ਉਹ ਸਿਮੀ ਕੌਸ਼ਿਕ ਦੀ ਮਾਂ ਨੂੰ ਮਿਲ ਕੇ ਜਾਣ ਸਕਦੀ ਏ ਕਿ ਉਹਨੂੰ ਗਰਭ-ਅਵਸਥਾ ਦੌਰਾਨ ਫ਼ਲੂ ਹੋਇਆ ਸੀ ਜਾਂ ਨਹੀਂ? ਜੇ ਇਹ ਬਿਮਾਰੀ ਉਸਨੂੰ ਵਿਰਾਸਤ ਵਿਚ ਨਹੀਂ ਵੀ ਮਿਲੀ, ਤਾਂ ਵੀ ਤਾਂ ਉਸਨੂੰ ਘਰ ਵਾਲਿਆਂ ਦੀ ਹਮਦਰਦੀ ਤੇ ਸਨੇਹ ਲੈਣ ਦਾ ਹੱਕ ਤਾਂ ਹੈ ਈ ਸੀ ਨਾ?
ਕਈ ਵਾਰੀ ਹੋਰਨਾਂ ਵੱਲੋਂ ਮਿਲਿਆ ਤ੍ਰਿਸਕਾਰ, ਇਨਸਾਨ ਨੂੰ ਪਹਿਲਾਂ ਈ ਮਾਰ ਦੇਂਦਾ ਏ, ਅਸਲ ਮੌਤ ਤੋਂ ਬੜਾ ਚਿਰ ਪਹਿਲਾਂ।
ਕੀ ਪਤਾ ਸਿਮੀ ਕੌਸ਼ਿਕ ਵੀ, ਚਿਰੋਕਣਾ ਪਹਿਲਾਂ ਈ ਮਰ ਗਈ ਹੋਵੇ! ਬਸ ਵੇਦਿਕਾ ਦੀਆਂ ਯਾਦਾਂ ਨੇ ਉਸਨੂੰ ਅੱਜ ਤੀਕ ਮਰਨ ਨਹੀਂ ਦਿੱਤਾ ਤੇ ਸ਼ਾਇਦ ਉਹ ਸਮਿਤਾ ਲਈ ਵੀ ਜਿਊਂਦੀ ਹੋਵੇ!
ਕੁਝ ਯਾਦਾਂ ਦੀ ਹੋਲੀ ਕਦੀ ਨਹੀਂ ਬਲਦੀ...!
    ੦੦੦ ੦੦੦ ੦੦੦
ਇਹ ਕਹਾਣੀ ਪ੍ਰੀਤਲੜੀ ਦੇ ਫਰਬਰੀ; 2010 ਅੰਕ ਵਿਚ ਛਪੀ ਹੈ।

ਇੰਤਜ਼ਾਰ...:: ਲੇਖਕ : ਅਲੀ ਬਾਕਰ



ਪ੍ਰਵਾਸੀ ਉਰਦੂ ਕਹਾਣੀ :
ਇੰਤਜ਼ਾਰ
ਲੇਖਕ : ਅਲੀ ਬਾਕਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


'ਸੱਲੂ ਐਨੇ ਸਾਲ ਹੋ ਗਏ ਨੇ ਤੈਨੂੰ ਕਹਾਣੀਆਂ ਲਿਖਦਿਆਂ ਹੋਇਆਂ...ਕਦੀ ਮੇਰੇ ਬਾਰੇ ਵੀ ਕੋਈ ਕਹਾਣੀ ਲਿਖ ਨਾ !'' ਲੀਨਾ ਨੇ ਸੱਲੂ ਦੇ ਨੇੜੇ ਆ ਕੇ, ਆਪਣਾ ਨਰਮ ਸੁਨਹਿਰੇ ਵਾਲਾਂ ਵਾਲਾ ਸਿਰ ਉਸਦੇ ਮੋਢੇ ਉੱਤੇ ਰੱਖਦਿਆਂ ਮੱਧਮ ਆਵਾਜ਼ ਵਿਚ ਕਿਹਾ ਸੀ। ਉਦੋਂ ਉਹ ਦੋਏ ਦਰਿਆ ਕਿਨਾਰੇ ਖੜ੍ਹੇ ਸਨ। ਸ਼ਾਮ ਦਾ ਸੁਰਮਈ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਸੀ। ਹਰ ਪਾਸੇ ਪਸਰੀ ਹੋਈ ਭਰਪੂਰ ਚੁੱਪ! ਵਿਚਕਾਰੋਂ ਅਛੋਪਲੇ ਹੀ, ਵਗਦੇ ਜਾ ਰਹੇ ਪਾਣੀ ਦਾ ਹੁਸਨ ਕੁਝ ਵਧੇਰੇ ਹੀ ਨਿਖਰਿਆ ਹੋਇਆ ਲੱਗ ਰਿਹਾ ਸੀ। ਦਿਨ ਦੇ ਪਰਛਾਵੇਂ ਜਦੋਂ ਢਲਣ ਲੱਗ ਪੈਂਦੇ ਨੇ ਤੇ ਲਾਲ-ਸੁਰਖ ਹੁੰਦਾ ਹੋਇਆ ਸੂਰਜ ਦਾ ਗੋਲਾ ਟੁੱਟ-ਟੁੱਟ, ਤਿੜਕ-ਤਿੜਕ ਲਹਿਰਾਂ ਉੱਤੇ ਖਿੱਲਰਦਾ ਜਾਪਦਾ ਹੈ ਤਾਂ ਸੱਲੂ ਤੇ ਲੀਨਾ ਦਰਿਆ ਕਿਨਾਰੇ ਆ ਜਾਂਦੇ ਨੇ ਤੇ ਰੌਸ਼ਨੀ ਦੀਆਂ ਅਣਗਿਣਤ ਰਿਸ਼ਮਾਂ ਨੂੰ ਦੇਖਦੇ ਰਹਿੰਦੇ ਨੇ। ਜਿਸ ਸ਼ਾਮ ਲੀਨਾ ਨੇ ਸੱਲੂ ਸਾਹਵੇਂ ਇਹ ਅਣਹੋਣੀ ਇੱਛਾ ਪੇਸ਼ ਕੀਤੀ ਕਿ ਉਹ ਲੀਨਾ ਉੱਤੇ ਕੋਈ ਕਹਾਣੀ ਲਿਖੇ...ਐਨ ਉਸੇ ਵੇਲੇ ਸੱਲੂ ਨੇ ਇਕ ਨਿੱਕੀ ਲਾਲ ਮੱਛੀ ਦੇਖੀ, ਜਿਸਨੇ ਇਕ ਤੈਰਦੇ ਹੋਏ ਕੇਕੜੇ ਨੂੰ ਨਿਗਲ ਜਾਣ ਦੀ ਕੋਸ਼ਿਸ਼ ਵਿਚ ਦਰਿਆ ਦੀ ਸ਼ਾਂਤ ਸਤਹਿ ਉੱਤੇ ਹਲਚਲ ਮਚਾ ਦਿੱਤੀ ਸੀ। ਸੱਲੂ ਸੋਚਣ ਲੱਗਾ—ਕੌਣ ਜਾਣੇ,  ਉਸ ਤੇ ਲੀਨਾ ਵਿਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ...।
'ਤੂੰ ਏਡੀ ਪਿਆਰੀ ਕੁੜੀ ਏਂ ਲੀਨਾ...ਮੈਂ ਭਲਾ ਤੇਰੇ 'ਤੇ ਕਹਾਣੀ ਕਿੰਜ ਲਿਖ ਸਕਦਾਂ?'' ਸੱਲੂ ਨੇ ਆਪਣੇ ਖੱਬੇ ਹੱਥ ਦੀ ਹਥੇਲੀ ਨਾਲ ਲੀਨਾ ਦੀ ਮੁਲਾਇਮ ਗੱਲ੍ਹ ਥਾਪੜਦਿਆਂ ਕਿਹਾ, ''ਕਦੀ ਵਧੀਆ ਸੰਗੀਤ ਦੇ ਅਹਿਸਾਸ ਨੂੰ ਵੀ ਸ਼ਬਦਾਂ ਵਿਚ ਕੈਦ ਕੀਤਾ ਜਾ ਸਕਦਾ ਏ? ਨਾਲੇ ਲੀਨਾ ਤੇਰੀ ਕਹਾਣੀ ਕਿਸੇ ਹੱਦ ਤੱਕ ਮੇਰੀ ਆਪਣੀ ਕਹਾਣੀ ਵੀ ਤਾਂ ਹੋਏਗੀ—ਇਸ ਦਾ ਅੰਤ ਸੋਚਣਾ ਪਏਗਾ। ਕਹਾਣੀ ਜਿੰਦਗੀ ਨਹੀਂ ਹੁੰਦੀ, ਜਿਸ ਨੂੰ  ਹਾਲਾਤ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਾਏ।
'ਖੈਰ, ਚੱਲ ਘਰ ਵਾਪਸ ਚੱਲੀਏ।'' ਲੀਨਾ ਨੇ ਹੌਲੀ ਜਿਹੇ ਸੱਲੂ ਦੇ ਮੋਢੇ ਨੂੰ ਚੁੰਮਿਆ। ਫੇਰ ਉਹ ਦੋਏ ਇਕ ਦੂਜੇ ਦੇ ਲੱਕ ਦੁਆਲੇ ਬਾਹਾਂ ਪਾ ਕੇ, ਕਦਮਾਂ ਨਾਲ ਕਦਮ ਮਿਲਾਉਂਦੇ ਹੋਏ, ਤੁਰਨ ਲੱਗੇ। ਹਨੇਰਾ ਹੋ ਜਾਣ ਪਿੱਛੋਂ ਦਰਿਆ ਦੇ ਉੱਚੇ ਕਿਨਾਰੇ ਦੀ ਪਗਡੰਡੀ ਉੱਤੇ ਤੁਰਨਾ ਖਤਰਨਾਕ ਵੀ ਹੋ ਸਕਦਾ ਸੀ। ਲਗਭਗ ਡੇਢ ਕੁ ਸਾਲ ਪਹਿਲਾਂ ਇਕ ਹੁਸੀਨ ਸ਼ਾਮ ਨੂੰ ਇਸ ਪਗਡੰਡੀ ਉੱਤੇ ਆਹਮੋਂ-ਸਾਹਮਣੇ ਆਉਂਦਿਆਂ ਉਹਨਾਂ ਦੀ ਮੁਲਾਕਾਤ ਹੋਈ ਸੀ।
ਲੀਨਾ ਫਿਨਲੈਂਡ ਦੇ ਦਾਰੁੱਲ ਖਲਾਫ਼ਾ ਹੇਲ ਦੀ ਰਹਿਣ ਵਾਲੀ ਸੀ ਅਤੇ ਐਸਟਾਕ ਹੋਮ ਦੇ ਇਕ ਵੱਡੇ ਹਸਪਤਾਲ ਵਿਚ ਨਰਸ ਲੱਗੀ ਹੋਈ ਸੀ। ਸਲਾਹੁਦੀਨ ਬੰਬਈ ਤੋਂ ਸਵਿਡਿਸ਼ ਹਕੂਮਤ ਦੇ ਖਰਚ ਉੱਤੇ ਬਿਜਨਸ ਮੈਨੇਜ਼ਮੈਂਟ ਦੀ ਟ੍ਰੇਨਿੰਗ ਕਰਨ ਆਇਆ ਹੋਇਆ ਸੀ। ਲੀਨਾ ਤੇ ਸਲਾਹੁਦੀਨ ਮਿਲੇ ਵੀ ਤਾਂ ਕੁਝ ਏਦਾਂ ਕਿ ਜਿਵੇਂ ਮੌਸਮ ਬਹਾਰ ਵਿਚ ਨੀਲੇ ਆਸਮਾਨ ਉੱਤੇ, ਇਕੋ ਦਿਸ਼ਾ ਵੱਲ, ਇਕੋ ਰਫ਼ਤਾਰ, ਇਕੋ ਉਚਾਈ ਉੱਤੇ ਉੱਡਦੇ ਹੋਏ ਬੱਦਲਾਂ ਦੇ ਦੋ ਟੁੱਕੜੇ ਆਪਸ ਵਿਚ ਇਕ ਮਿਕ ਹੋ ਗਏ ਹੋਣ। ਜਦੋਂ ਸਲਾਹੁਦੀਨ ਨੇ ਲੀਨਾ ਨੂੰ ਪਹਿਲੀ ਵਾਰੀ ਡੁੱਬਦੇ ਸੂਰਜ ਦੀਆਂ ਮਹੀਨ ਰਿਸ਼ਮਾਂ ਦੀ ਰੰਗੀਨੀ ਵਿਚ ਲੱਥਪੱਥ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਆਉਂਦਿਆਂ ਦੇਖਿਆ ਤਾਂ ਉਹ ਉਸਨੂੰ ਬੜੀ ਦਿਲਕਸ਼ ਲੱਗੀ। ਉਂਜ ਵੀ ਸਕੈਂਡੀਨੇਵੀਅਨ ਕੁੜੀਆਂ ਦੇ ਮੁਕਾਬਲੇ ਵਿਚ ਲੀਨਾ ਦਾ ਜਿਸਮ ਠੋਸ ਤੇ ਨਾਜ਼ੁਕ ਸੀ। ਉਸਦੇ ਵਾਲ ਏਨੇ ਸੁਨਹਿਰੇ ਸਨ ਕਿ ਧੁੱਪ ਵਿਚ ਚਾਂਦੀ ਦੀਆਂ ਤਾਰਾਂ ਦਾ ਭੁਲੇਖਾ ਪੈਣ ਲੱਗਦਾ ਸੀ ਮੁਲਾਇਮ ਰੇਸ਼ਮ ਦੇ ਗੁੱਛੇ ਜਿਹੇ। ਲੀਨਾ ਦੇ ਹੁਸੀਨ ਚਿਹਰੇ ਉੱਤੇ ਅੰਤਾਂ ਦੀ ਸਾਦਗੀ ਤੇ ਭੋਲਾਪਨ ਸੀ ਤੇ ਆਤਮ ਸੰਤੂਸ਼ਟੀ ਦੀ ਭਾਅ ਮਾਰਦੀ ਸੀ। ਸਲਾਹੁਦੀਨ ਨੇ ਪਹਿਲੀ ਮੁਲਾਕਾਤ ਸਮੇਂ ਹੀ ਉਸ ਨਾਲ ਸਿਨੇਮਾ ਦੇਖਣ ਦੀ ਖ਼ਾਹਸ਼ ਪ੍ਰਗਟ ਕੀਤੀ ਤੇ ਉਹ ਮੰਨ ਗਈ। ਦੂਜੇ ਦਿਨ ਜਦੋਂ ਉਸ ਐਸਟਾਕ ਹੋਮ ਦੇ ਐਨ ਵਿਚਕਾਰ ਬਾਦਸ਼ਾਹ ਦੇ ਮਹਿਲ ਲਾਗੇ ਬਣੇ ਤਲਾਅ ਕੋਲ ਮਿਲੇ ਤਾਂ ਦੋਹਾਂ ਨੂੰ ਮਹਿਸੂਸ ਹੋਇਆ ਕਿ ਮਿਥੇ ਹੋਏ ਸਮੇਂ ਨਾਲੋਂ ਕਾਫੀ ਪਹਿਲਾਂ ਆ ਗਏ ਨੇ। ਲੰਮੇ ਕੱਦ ਤੇ ਪਤਲੇ ਸਰੀਰ ਦੇ ਸਲਾਹੁਦੀਨ ਨੇ ਆਪਣੇ ਬਾਰੇ ਦੱਸਿਆ, ''ਮੇਰਾ ਨਾਂ ਜ਼ਰਾ ਮੁਸ਼ਕਿਲ ਹੈ...ਵੈਸੇ ਘਰ ਵਾਲੇ ਮੈਨੂੰ ਬਚਪਨ ਤੋਂ ਹੀ ਸੱਲੂ ਆਖ ਕੇ ਬੁਲਾਂਦੇ ਨੇ।'' ਉਹਨਾਂ ਇਕੱਠਿਆਂ ਹੀ ਇਕ ਫ਼ੈਸਲਾ ਕੀਤਾ ਕਿ ਅੰਗਮਾਰ ਬਰਗਮਨ ਦੀ ਫ਼ਿਲਮ ਦੇਖੀ ਜਾਏ। ...ਪਰ ਜਦੋਂ ਸਨੇਮਾ ਹਾਲ ਸਾਹਵੇਂ ਟਿਕਟ ਲੈਣ ਦੇ ਇਰਾਦੇ ਨਾਲ ਖੜ੍ਹੇ ਹੋਏ ਸਨ ਤਾਂ ਲੀਨਾ ਨੇ ਕਿਹਾ ਸੀ, ''ਜੇ ਤੈਨੂੰ ਬੁਰਾ ਨਾ ਲੱਗੇ ਤਾਂ ਸੱਲੂ ਆਪਾਂ ਇਹ ਫ਼ਿਲਮ ਦੇਖਣ ਦਾ ਪ੍ਰੋਗਰਾਮ ਕੈਂਸਲ ਕਰ ਦੇਈਏ। ਫ਼ਿਲਮ ਉਹਨਾਂ ਲੋਕਾਂ ਨਾਲ ਦੇਖੀ ਜਾਂਦੀ ਏ, ਜਿਹਨਾਂ ਨਾਲ ਗੱਲਾਂ ਕਰਨ ਨੂੰ ਜੀਅ ਨਾ ਕਰਦਾ ਹੋਏ।...ਤੇ ਉਂਜ ਵੀ ਹਾਲ ਦੇ ਹਨੇਰੇ ਵਿਚ ਫ਼ਿਲਮ ਵੱਲੋਂ ਲਾਪ੍ਰਵਾਹ ਤੂੰ ਇਹੀ ਸੋਚਦਾ ਰਹੇਂਗਾ ਕਿ ਕਿਸੇ ਬਹਾਨੇ ਲੀਨਾ ਦਾ ਹੱਥ ਫੜਾਂ ਤੇ ਚੁੰਮ ਲਵਾਂ...ਤੇ ਮੈਂ ਸੋਚ ਰਹੀ ਹੋਵਾਂਗੀ ਕਿ ਕਾਸ਼ ਤੂੰ ਆਪਣੇ ਇਰਾਦਿਆਂ ਵਿਚ ਕਾਮਯਾਬ ਹੋ ਜਾਏਂ।'' ਟਿਕਟ ਖਿੜਕੀ ਦੇ ਸਾਹਮਣੇ ਲੱਗੀ ਲਾਈਨ ਵਿਚ ਲੀਨਾ ਸੱਲੂ ਦੇ ਬਰਾਬਰ ਖੜ੍ਹੀ ਸੀ, ਏਨਾ ਕਹਿ ਕੇ ਪੂਰੀ ਤਰ੍ਹਾਂ ਘੁੰਮ ਗਈ ਤੇ ਕਹਿਣ ਲੱਗੀ, ''ਇਹ ਨੇ ਮੇਰੇ ਹੱਥ, ਲੈ ਇਹਨਾਂ ਨੂੰ ਪਕੜ ਲੈ ਸੱਲੂ...ਤੇ ਇਹ ਨੇ ਮੇਰੇ ਹੋਂਠ, ਚੁੰਮ ਲੈ ਇਹਨਾਂ ਨੂੰ।'' ਲੀਨਾ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਉਸ ਪਿਆਰ ਦੀ ਪ੍ਰਾਪਤੀ ਦੇ ਇੰਤਜ਼ਾਰ ਵਿਚ ਬੰਦ ਕਰ ਲਈਆਂ ਜਿਸਦੀ ਇੱਛਾ ਸੱਲੂ ਦੇ ਮਨ ਵਿਚ ਵੀ ਸੀ। ਉਸਨੇ ਲੀਨਾ ਦੇ ਦੋਹੇਂ ਅੱਗੇ ਵਧੇ ਹੋਏ ਹੱਥ ਫੜ੍ਹ ਲਏ ਤੇ ਉਸਨੂੰ ਆਪਣੇ ਵੱਲ ਖਿੱਚ ਕੇ ਵਾਰੀ ਵਾਰੀ ਉਸਦੀਆਂ ਬੰਦ ਅੱਖਾਂ ਨੂੰ ਚੁੰਮਿਆਂ। ਤੇ ਫੇਰ ਉਹ ਦੋਹੇਂ ਸਿਨੇਮਾ ਹਾਲ ਵਿਚੋਂ ਬਾਹਰ ਨਿਕਲ ਆਏ। ਘੰਟਿਆਂ ਬੱਧੀ ਸ਼ਹਿਰ ਵਿਚ ਘੁੰਮਦੇ ਰਹੇ। ਕਿਤੇ ਕਾਫੀ ਪੀਤੀ, ਕਿਤੋਂ ਸੈਂਡਵਿਚ ਖਾਧੇ। ਤੇ ਉਸ ਸ਼ਾਮ ਦੇ ਤੀਸਰੇ ਪਹਿਰ ਹੀ ਦੋਹਾਂ ਨੇ ਰਲ ਕੇ, ਲੀਨਾ ਦੇ ਹਸਪਤਾਲ ਦੇ ਨੇੜੇ ਹੀ ਇਕ ਛੋਟਾ ਜਿਹਾ ਫ਼ਲੈਟ ਕਿਰਾਏ ਉੱਤੇ ਲੈ ਲਿਆ ਸੀ।  
ਸਲਾਹੂਦੀਨ ਉਸਨੂੰ ਹਿੰਦੂਸਤਾਨ ਬਾਰੇ ਦੱਸਦਾ ਰਹਿੰਦਾ ਕਿ ਉੱਥੇ ਲੋੜਾਂ ਥੁੜਾਂ ਦੇ ਬਾਵਜੂਦ ਵੀ ਲੋਕੀ ਖੁਸ਼ ਤੇ ਸੰਤੁਸ਼ਟ ਰਹਿੰਦੇ ਨੇ ਤੇ ਆਪਣੇ ਪਿਆਰਿਆਂ ਨਾਲ ਰੁੱਖੀ-ਮਿੱਸੀ ਖਾ ਕੇ ਵੀ ਖ਼ੁਦਾ ਦਾ ਸ਼ੁਕਰ ਕਰਦੇ ਨੇ। ਲੀਨਾ ਸਲਾਹੂਦੀਨ ਨੂੰ ਸਵੀਡਨ ਬਾਰੇ ਦੱਸਦੀ—ਜਿੱਥੇ ਜੀਵਨ-ਪੱਧਰ ਖਾਸਾ ਉੱਚਾ ਤੇ ਖੁਸ਼ਹਾਲ ਹੋਣ ਦੇ ਬਾਵਜੂਦ ਵੀ ਦਿਨ ਪ੍ਰਤੀ ਦਿਨ ਖ਼ੁਦਕਸ਼ੀ ਦੀਆਂ ਵਾਰਦਾਤਾਂ ਵਧ ਰਹੀਆਂ ਹੈਨ। ਲੋਕ ਆਪਣੇ ਅੰਦਰ ਇਕ ਖੋਖਲਾਪਨ ਮਹਿਸੂਸ ਕਰਦੇ ਨੇ। ਰਾਤੀਂ ਕਾਫੀ ਦੇਰ ਤਕ ਗਰਮ ਪਾਣੀ ਨਾਲ ਨਹਾਉਣ ਤੋਂ ਪਿੱਛੋਂ ਲੀਨਾ ਆਪਣੇ ਗਿੱਲੇ ਲਈ ਸਲਾਹੂਦੀਨ ਕੋਲ ਆ ਲੇਟਦੀ। ਉਹ ਉਸਨੂੰ ਆਪਣੀ ਕਿਸੇ ਕਹਾਣੀ ਦਾ ਅਨੁਵਾਦ ਸੁਣਾਉਂਦਾ। ਤੇ ਇਕ ਰਾਤ ਜਦੋਂ ਸਲਾਹੂਦੀਨ ਲਗਭਗ ਸੌਂ ਹੀ ਚੱਲਿਆ ਸੀ, ਲੀਨਾ ਨੇ ਪੁੱਛਿਆ :
'ਸੱਚ ਦੱਸੀਂ ਸੱਲੂ—ਕੀ ਤੂੰ ਇਕ ਲੇਖਕ ਹੋਣ ਕਰਕੇ ਹੀ ਮੈਨੂੰ ਪਸੰਦ ਕੀਤਾ ਏ?'' ਸਲਾਹੂਦੀਨ ਨੇ ਉਨੀਂਦਰੀਆਂ ਅੱਖਾਂ ਖੋਲ੍ਹ ਕੇ ਉਸ ਵੱਲ ਦੇਖਿਆ...ਉਹ ਬਿਸਤਰੇ ਉੱਤੇ ਮੂਧੀ ਪਈ ਹੋਈ ਸੀ ਤੇ ਉਸ ਦਾ ਗ਼ੁਲਾਬੀ ਚਿਹਰਾ ਸਿਰਹਾਣੇ ਵਿਚ ਛਿਪਿਆ ਹੋਇਆ ਸੀ—ਸ਼ਾਇਦ ਏਸੇ ਕਰਕੇ ਹੀ ਸਲਾਹੂਦੀਨ ਨੂੰ ਉਸਦੀ ਆਵਾਜ਼ ਕੁਝ ਓਪਰੀ ਜਿਹੀ ਲੱਗੀ ਸੀ।
'ਲੇਖਕ ਹੋਣ ਕਰਕੇ ਮੈਂ ਕੁਝ ਵੀ ਨਹੀਂ ਕਰਦਾ ਲੀਨਾ।'' ਸਲਾਹੂਦੀਨ ਨੇ ਜ਼ਰਾ ਸੋਚ ਕੇ ਜਵਾਬ ਦਿੱਤਾ, ''ਹਾਂ ਜਿਹੜਾ ਲੇਖਕ ਮੇਰੇ ਵਿਚ ਛਿਪਿਆ ਹੋਇਐ, ਉਹ ਮੇਰੇ ਕੁਝ ਤਜ਼ਰਬਿਆਂ, ਕੁਝ ਤੱਥਾਂ, ਕੁਝ ਅਹਿਸਾਸਾਂ ਦਾ ਚੁੱਪਚਾਪ ਫਾਇਦਾ ਉਠਾਅ ਲੈਂਦੈ...ਤੇ ਜਦੋਂ ਉਹ ਇੰਜ ਕਰਦੈ, ਤਾਂ ਮੈਨੂੰ ਉਸਦੀ ਮੁਹਾਰਤ ਉੱਤੇ ਈਰਖਾ ਹੋਣ ਲੱਗ ਪੈਂਦੀ ਐ। ਉਹ ਇਕ ਤਜ਼ਰਬੇਕਾਰ ਚੋਰ ਐ—ਜਿਹੜਾ ਦਿਨ ਦਿਹਾੜੇ ਸਭਨਾਂ ਦੇ ਸਾਹਮਣੇ ਮੇਰੀ ਚੋਰੀ ਕਰ ਲੈਂਦੈ।''
'ਕੀ ਤੂੰ ਉਹ ਨਹੀਂ, ਜੋ ਕੋਰੇ ਕਾਗਜ਼ ਉੱਤੇ ਪਾਤਰ ਨੂੰ ਜਿਹੋ-ਜਿਹਾ ਚਾਹੇਂ, ਬਣਾਅ ਦਏਂ?'' ਲੀਨਾ ਨੇ ਸਿਰਹਾਣੇ ਤੋਂ ਸਿਰ ਚੁੱਕ ਕੇ ਸਲਾਹੂਦੀਨ ਵੱਲ ਪਾਸਾ ਪਰਤਿਆ ਤੇ ਪਤਲੀਆਂ ਪਤਲੀਆਂ ਉਂਗਲਾਂ ਉਸਦੇ ਬੁੱਲ੍ਹਾਂ ਉੱਤੇ ਫੇਰਨ ਲੱਗ ਪਈ। ਉਸ ਰਾਤ ਲੀਨਾ ਨੇ ਸ਼ਾਇਦ ਸਲਾਹੂਦੀਨ ਅੰਦਰ ਛਿਪੀ ਲੇਖਨ-ਪ੍ਰਤਿਭਾ ਨੂੰ ਘੋਖਣ ਦਾ ਇਰਾਦਾ ਕਰ ਲਿਆ ਸੀ।
'ਬੜਾ ਮੁਸ਼ਕਲ ਸਵਾਲ ਐ ਇਹ।'' ਸਲਾਹੂਦੀਨ ਨੇ ਲੀਨਾ ਨੂੰ ਆਪਣੇ ਨੇੜੇ ਖਿੱਚ ਲਿਆ। ''ਉਹ ਮੈਂ ਹੁੰਦਾ ਵੀ ਹਾਂ, ਤੇ ਨਹੀਂ ਵੀ ਹੁੰਦਾ। ਜੇ ਸੱਚਮੁੱਚ ਮੇਰੇ ਵਿਚ ਇਹ ਤਾਕਤ ਹੁੰਦੀ ਕਿ ਇਨਸਾਨ ਨੂੰ ਜਿਵੇਂ ਚਾਹਾਂ ਪੇਸ਼ ਕਰ ਦਿਆਂ ਤਾਂ ਮੈਨੂੰ ਬੜਾ ਅਫ਼ਸੋਸ ਹੋਣਾ ਸੀ।...ਕਿਉਂਕਿ ਅਸਲ ਜ਼ਿੰਦਗੀ ਵਿਚ ਤਾਂ ਮੇਰੇ ਕੁਝ ਵੀ ਹੱਥ ਵੱਸ ਨਹੀਂ—ਲੋਕੀ ਜਿਵੇਂ ਚਾਹੁੰਦੇ ਐ, ਕਰਦੇ ਨੇ। ਇਨਸਾਨ ਨੂੰ ਆਪਣੀ ਮਰਜ਼ੀ ਮੁਤਾਬਕ ਨਾ ਦੇਖ ਕੇ ਲੇਖਕ ਨਾਰਾਜ਼ ਵੀ ਹੋ ਸਕਦੈ।'' ਸਲਾਹੂਦੀਨ ਦੀ ਆਵਾਜ਼ ਵਿਚ ਨੀਂਦ ਦੀ ਪੈੜ-ਚਾਲ ਸੁਣਾਈ ਦੇਖ ਲੱਗੀ, ਉਸਨੇ ਅੱਖਾਂ ਬੰਦ ਕਰ ਲਈਆਂ।
'ਨਹੀਂ ਸੱਲੂ ਅੱਜ ਸੌਣਾ ਨਹੀਂ—ਆਪਾਂ ਕੁਝ ਗੱਲਾਂ ਕਰਾਂਗੇ।'' ਲੀਨਾ ਨੇ ਬੜੇ ਪਿਆਰ ਨਾਲ ਸਲਾਹੂਦੀਨ ਦੁਆਲੇ ਆਪਣੀਆਂ ਬਾਹਾਂ ਕੱਸ ਦਿੱਤੀਆਂ। ''ਸੱਲੂ ਕੀ ਤੂੰ ਮੇਰੇ ਨਾਲ ਗੁੱਸੇ ਵੀ ਹੋ ਸਕਦਾ ਏਂ ਕਦੀ?...ਸੱਚੋ-ਸੱਚ ਦੱਸੀਂ?''
'ਲੀਨਾ, ਪਿਆਰੀ ਲੀਨਾ।'' ਸਲਾਹੂਦੀਨ ਨੇ ਲੀਨਾ ਦਾ ਮੱਥਾ ਚੁੰਮ ਕੇ ਕਿਹਾ, ''ਤੇਰੇ ਨਾਲ ਬਿਤਾਏ ਹੋਏ ਪਲ, ਤੇਰੇ ਨਾਲ ਕੀਤੀਆਂ ਗੱਲਾਂ ਤੇ ਇਹ ਅੱਜ ਰਾਤ ਦੀ ਬਾਤਚੀਤ...ਇੰਜ ਲੱਗਦੈ ਜਿਵੇਂ ਮੇਰੀ ਕਿਸੇ ਕਹਾਣੀ ਦਾ ਹਿੱਸਾ ਹੋਏ ਤੇ ਤੂੰ ਉਸਦੀ ਇਕ ਪਾਤਰ, ਜਿਹੜੀ ਉਹ ਸਭ ਕੁਝ ਕਹਿ ਰਹੀ ਏਂ ਜਿਸਨੂੰ ਸੁਣਨ ਵਾਸਤੇ ਮੈਂ ਤਰਸਦਾ ਰਹਿੰਦਾ ਆਂ।''
'ਕੀ ਤੂੰ ਸੋਚਦਾ ਏਂ ਕਿ ਇੰਜ ਹੋਣਾ ਗਲਤ ਹੈ?''
'ਹਾਂ, ਸੱਚੀ ਗੱਲ ਤਾਂ ਇਹ ਐ ਕਿ ਕਦੀ ਕਦੀ ਮੈਂ ਇੰਜ ਜ਼ਰੂਰ ਸੋਚਦਾਂ ਕਿ ਸਾਡੀ ਦੋਸਤੀ ਵਿਚ ਕੋਈ ਉਲਝਾਅ ਨਹੀਂ, ਜਿਹੜਾ ਕਹਾਣੀ ਵਿਚ ਹੋਣਾ ਲਾਜ਼ਮੀਂ ਹੁੰਦੈ—ਮਤਲਬ ਇਹ ਕਿ ਕਿਸੇ ਕਹਾਣੀ ਵਿਚ ਏਨਾ ਪੱਕਾ ਪਿਆਰ ਕਿੰਜ ਹੋ ਸਕਦੈ?'' ਤੇ ਸਲਾਹੂਦੀਨ ਨੇ ਸ਼ਾਇਦ ਲੀਨਾ ਦੇ ਹੋਂਠਾਂ ਉਪਰ ਬੋਸਾ ਏਨਾ ਲੰਮਾਂ ਕਰ ਦਿੱਤਾ ਸੀ ਕਿ ਉਹ ਬਹਿਸ ਕਰਨੀਂ ਭੁੱਲ ਗਈ ਸੀ। ਅਗਲੀ ਸਵੇਰੇ ਉਠੀ ਤਾਂ ਖਾਸੀ ਖੁਸ਼ ਸੀ ਉਹ...ਤੇ ਜਿਸ ਸਵੇਰ ਉਹ ਖੁਸ਼ ਹੁੰਦੀ ਸੀ ਸਲਾਹੂਦੀਆਂ ਦੀਆਂ ਤਲੀਆਂ ਵਿਚ ਕੁਤਕੁਤੀਆਂ ਕਰਕੇ ਉਸਨੂੰ ਜਗਾਉਂਦੀ ਹੁੰਦੀ ਸੀ। ਨਾਸ਼ਤਾ ਦੋਹੇਂ ਰਲ ਕੇ ਬਣਾਉਂਦੇ ਸਨ ਤੇ ਕਦੀ ਕਦੀ ਇੰਜ ਵੀ ਹੁੰਦਾ ਸੀ ਕਿ ਉਹ ਦੋਹੇਂ ਰਸੋਈ ਵਿਚ ਖਲੋਤੇ, ਉਬਲਦੇ ਡੁੱਲ੍ਹਦੇ ਦੁੱਧ ਨੂੰ ਦੇਖਦੇ ਰਹਿੰਦੇ ਤੇ ਇਕ ਦੂਜੇ ਨੂੰ ਛੱਡ ਕੇ ਨਾ ਤਾਂ ਅੱਗ ਘੱਟ ਕਰਦੇ ਤੇ ਨਾ ਹੀ ਪਤੀਲੀ ਹੇਠਾਂ ਲਾਹੁੰਦੇ।
'ਸੱਲੂ, ਇਕ ਹਿੰਦੂਸਤਾਨੀ ਵਿਚ ਪਤਨੀ ਵਿਚ ਕੀ ਵਿਸ਼ੇਸ਼ ਹੁੰਦਾ ਹੈ?'' ਇਕ ਸਵੇਰ ਉਬਲਦੇ ਡੁੱਲ੍ਹਦੇ ਦੁੱਧ ਵੱਲੋਂ ਲਾਪ੍ਰਵਾਹ ਲੀਨਾ ਨੇ ਸਲਾਹੂਦੀਨ ਨੂੰ ਪੁੱਛਿਆ। ਸੜ ਰਹੇ ਦੁੱਧ ਦੀ ਬੂ ਸਾਰੇ ਫਲੈਟ ਵਿਚ ਫੈਲਦੀ ਜਾ ਰਹੀ ਸੀ।
'ਵਫਾਦਾਰੀ...ਤਾਅਬੇਦਾਰੀ।'' ਏਨਾ ਕਹਿ ਦੇਣ ਪਿੱਛੋਂ ਤੁਰੰਤ ਸਲਾਹੂਦੀਨ ਨੂੰ ਅਹਿਸਾਸ ਹੋਇਆ ਕਿ ਇਹ ਖੂਬੀਆਂ ਤਾਂ ਲੀਨਾ ਵਿਚ ਵੀ ਸਨ, ਪਰ ਉਸਨੇ ਗੱਲ ਜਾਰੀ ਰੱਖੀ, ''ਚੂੜੀਆਂ ਦੀ ਖਣਕਾਰ ਹੁੰਦੀ ਐ...ਮਾਂਗ ਵਿਚ ਸੰਧੂਰ ਹੁੰਦਾ ਐ...ਸੁਹਾਗ ਦਾ ਗਰੂਰ ਹੁੰਦਾ ਐ।'' ਉਦੋਂ ਸਲਾਹੂਦੀਨ ਨੇ ਦੇਖਿਆ, ਲੀਨਾ ਦਾ ਚਿਹਰਾ ਉਤਰ ਗਿਆ ਸੀ। ਉਸਨੇ ਦੁੱਧ ਵਾਲੇ ਬਰਤਨ ਨੂੰ ਹੇਠ ਲਾਹਿਆ, ਅੱਗ ਬੁਝਾ ਦਿੱਤੀ ਤੇ ਹਸਪਤਾਲ ਜਾਣ ਦਾ ਬਹਾਨਾ ਕਰਕੇ ਫਲੈਟ ਵਿਚੋਂ ਚਲੀ ਗਈ...ਹਾਲਾਂਕਿ ਉਸ ਦਿਨ ਉਸਦੀ ਰੈਸਟ ਸੀ। ਉਸ ਸ਼ਾਮ ਲੀਨਾ ਨੇ ਸਲਾਹੂਦੀਨ ਸਾਹਮਣੇ ਇਹ ਅਨੋਖੀ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਆਪਣੇ ਉੱਤੇ ਇਕ ਕਹਾਣੀ ਲਿਖਵਾਉਣਾ ਚਾਹੁੰਦੀ ਹੈ। ਲੀਨਾ ਦੇ ਲੱਕ ਦੁਆਲੇ ਬਾਹਾਂ ਵਲੀ, ਦਰਿਆ ਕਿਨਾਰੇ ਬਣੀ ਹੋਈ ਉੱਚੀ ਨੀਵੀਂ ਪਗਡੰਡੀ ਉੱਤੇ ਤੁਰਦਾ ਹੋਇਆ ਸਲਾਹੂਦੀਨ ਸੋਚ  ਰਿਹਾ ਸੀ—ਉਹਨਾਂ ਵਿਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ। ਉਸਨੂੰ ਆਪਣੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਉਸਨੇ ਕਿਹਾ—
'ਕਈ ਲੇਖਕ ਇਹ ਸਮਝਦੇ ਐ ਲੀਨਾ ਕਿ ਉਹ ਉਹੀ ਕੁਝ ਲਿਖਦੇ ਐ ਜੋ ਜ਼ਿੰਦਗੀ ਵਿਚ ਵਾਪਰ ਰਿਹਾ ਐ...ਤੇ ਕਈ ਅਜਿਹੇ ਐ, ਜਿਹੜੇ ਸੋਚਦੇ ਐ ਕਿ ਜ਼ਿੰਦਗੀ ਉਹਨਾਂ ਦੀਆਂ ਲਿਖਤਾਂ ਮੁਤਾਬਕ ਚੱਲ ਰਹੀ ਐ।''
'ਮੈਂ ਤੈਨੂੰ ਅਥਾਹ ਪ੍ਰੇਮ ਕਰਦੀ ਆਂ ਸੱਲੂ—ਉਸੇ ਸ਼ਾਮ ਤੋਂ ਜਦੋਂ ਇਸੇ ਪਗਡੰਡੀ ਉੱਤੇ ਤੈਨੂੰ ਪਹਿਲੀ ਵਾਰੀ ਦੇਖਿਆ ਸੀ। ਇਹਨਾਂ ਅਠਾਰਾਂ ਮਹੀਨਿਆਂ ਵਿਚ ਮੇਰਾ ਯਕੀਨ ਪੱਕਾ ਹੋ ਗਿਆ ਏ ਕਿ ਮੈਂ ਹਮੇਸ਼ਾ ਤੈਨੂੰ ਏਨਾ ਹੀ ਪਿਆਰ ਕਰ ਸਕਦੀ ਆਂ। ਤੇਰੀਆਂ ਸਾਰੀਆਂ ਕਹਾਣੀਆਂ ਮੈਨੂੰ ਪਸੰਦ ਨੇ—ਉਹ ਜਿਹੜੀਆਂ ਛਪ ਚੁੱਕੀਆਂ ਨੇ, ਤੇ ਉਹ ਵੀ ਜਿਹੜੀਆਂ ਤੂੰ ਛਪਾਉਣਾ ਨਹੀਂ ਚਾਹੁੰਦਾ। ਮੈਂ ਚਾਹੁੰਦੀ ਆਂ...ਬਲਕਿ ਮੇਰੀ ਅਰਜ਼ ਏ ਕਿ ਤੂੰ ਮੇਰੇ ਉੱਤੇ ਇਕ ਕਹਾਣੀ ਲਿਖ। ਤੇਰੇ ਅੰਦਰਲਾ ਕਹਾਣੀਕਾਰ ਜੋ ਵੀ ਉਸ ਕਹਾਣੀ ਦਾ ਅੰਤ ਪੇਸ਼ ਕਰੇਗਾ, ਮੈਨੂੰ ਕਬੂਲ ਹੋਏਗਾ...ਚਾਹੇ ਉਹ ਹਮੇਸ਼ਾ ਲਈ ਮਿਲਣ ਹੋਏ, ਚਾਹੇ ਜੁਦਾਈ।'' ਲੀਨਾ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗੇ। ਸ਼ਾਮ ਦੀ ਲਾਲੀ ਦੀਆਂ ਰੰਗੀਨੀਆਂ ਸਿਮਟ ਕੇ ਅਸਮਾਨ ਦੇ ਪੱਛਮੀ ਕੋਨੇ ਵਿਚ ਕੁਝ ਗਜਾਂ ਦਾ ਹਾਸ਼ੀਆਂ ਬਣ ਗਈਆਂ ਸਨ। ਦੂਰ ਐਸਟਾਕ ਹੋਮ ਦੀਆਂ ਇਮਾਰਤਾਂ ਵੱਲੋਂ ਰੌਸ਼ਨੀ ਦਾ ਇਕ ਗੁਬਾਰ ਜਿਹਾ ਉਠਦਾ ਦਿਸਿਆ। ਸਲਾਹੂਦੀਨ ਨੇ ਤੁਰਦਿਆਂ ਤੁਰਦਿਆਂ ਰੁਕ ਕੇ ਲੀਨਾ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ਵਾਰੀ ਵਾਰੀ ਨਾਲ ਉਸਦੀਆਂ ਸਿੱਜਲ ਅੱਖਾਂ, ਭਿੱਜੀਆਂ ਗੱਲ੍ਹਾਂ ਤੇ ਹੋਠਾਂ ਨੂੰ ਚੁੰਮਦਿਆਂ ਕਿਹਾ—
'ਤੂੰ ਕਹੇਂ ਤਾਂ ਮੈਂ ਹੁਣੇ ਤੇਰੇ ਨਾਲ ਵਿਆਹ ਕਰਵਾ ਲਵਾਂ...ਪਰ ਇਹ ਜ਼ਿੰਮੇਵਾਰੀ ਮੇਰੇ ਲੇਖਕ ਨੂੰ ਨਾ ਸੌਂਪੀ। ਪਤਾ ਨਹੀਂ ਉਹ ਕੀ ਫੈਸਲਾ ਕਰੇਗਾ—ਜੇ ਕਿਤੇ ਉਸਨੇ ਕਹਾਣੀ ਵਿਚ ਹੀਰੋ ਹੀਰੋਇਨ ਨੂੰ ਵੱਖ ਕਰ ਦਿੱਤਾ ਤਾਂ ਮੈਨੂੰ ਬੇਵਫ਼ਾ ਨਾ ਸਮਝੀਂ।''
'ਸੱਲੂ ਜਿੰਨਾਂ ਭਰੋਸਾ ਮੈਨੂੰ ਉਸ ਕਹਾਣੀਕਾਰ ਉੱਤੇ ਹੈ, ਤੈਨੂੰ ਵੀ ਹੋਣਾ ਚਾਹੀਦਾ ਏ।'' ਲੀਨਾ ਨੇ ਸਲਾਹੂਦੀਨ ਦੀ ਠੋਡੀ ਹੇਠ ਆਪਣਾ ਸਿਰ ਟਿਕਾ ਦਿੱਤਾ, ''ਉਹ ਜੋ ਵੀ ਫ਼ੈਸਲਾ ਕਰੇਗਾ ਤੈਨੂੰ ਵੀ ਮੰਨਣਾ ਪਏਗਾ ਸੱਲੂ।''
ਇਸ ਘਟਨਾਂ ਨੂੰ ਸੱਤ ਹਫਤੇ ਬੀਤ ਚੁੱਕੇ ਨੇ। ਲੀਨਾ ਤੇ ਸਲਾਹੂਦੀਨ ਦੀਨ ਅੱਜ ਵੀ ਉਸੇ ਫਲੈਟ ਵਿਚ ਰਹਿੰਦੇ ਨੇ। ਪਰ ਹੁਣ ਕਿਸੇ ਸਵੇਰ ਲੀਨਾ ਸਲਾਹੂਦੀਨ ਦੀਆਂ ਤਲੀਆਂ ਵਿਚ ਕੁਤਕੁਤੀਆਂ ਕਰਕੇ ਉਸਨੂੰ ਨਹੀਂ ਜਗਾਉਂਦੀ ਤੇ ਨਾ ਹੀ ਫਲੈਟ ਵਿਚ ਸੜ ਰਹੇ ਦੁੱਧ ਦੀ ਬੂ ਫੈਲਦੀ ਹੈ। ਸਲਾਹੂਦੀਨ ਨੇ ਆਪਣੇ ਜਜ਼ਬਾਤ ਤੇ ਅਹਿਸਾਸ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਨੇ...ਪਰ ਅੱਜ ਤੱਕ ਉੱਥੇ ਕੋਈ ਚੋਰੀ ਕਰਨ ਨਹੀਂ ਆਇਆ। ਅਕਸਰ ਉਹ ਰਾਤ ਨੂੰ ਕਾਗਜ਼ ਕਲਮ ਫੜ੍ਹ ਕੇ ਟੇਬਲ ਲੈਂਪ ਕੋਲ ਜਾ ਬੈਠਦਾ ਹੈ...ਪਰ ਦੋ ਅੱਖਰ ਵੀ ਨਹੀਂ ਲਿਖ ਸਕਦਾ। ਸਲਾਹੂਦੀਨ ਨੂੰ ਪਤਾ ਹੈ ਕਿ ਜੇ ਉਹ ਲੀਨਾ ਨਾਲ ਵਿਆਹ ਕਰਵਾਊਣ ਦੀ ਜ਼ਿੱਦ ਕਰੇਗਾ ਤਾਂ ਵੀ ਉਹ ਨਹੀਂ ਮੰਨੇਗੀ। ਹੁਣ ਉਹ ਲੀਨਾ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ। ਲੀਨਾ ਸਲਾਹੂਦੀਨ ਵਿਚਲੇ ਕਹਾਣੀਕਾਰ ਨੂੰ ਹੀ ਪ੍ਰੇਮ ਕਰਦੀ ਹੈ, ਸਿਰਫ ! ਸਲਾਹੂਦੀਨ ਸੋਚਦਾ ਹੈ—ਕਾਸ਼, ਉਹ ਕਹਾਣੀਕਾਰ ਨਾ ਹੁੰਦਾ।
      ੦੦੦ ੦੦੦ ੦੦੦
ਇਹ ਕਹਾਣੀ ਸਨ 1986 ਵਿਚ ਜਗਬਾਣੀ ਵਿਚ ਛਪੀ….

Tuesday, July 27, 2010

    ਸੜਕ ਦੀ ਲੈਅ...:: ਲੇਖਕਾ : ਸੁਸ਼ਮ ਬੇਦੀ




ਪ੍ਰਵਾਸੀ ਹਿੰਦੀ ਕਹਾਣੀ :
ਸੜਕ ਦੀ ਲੈਅ...
ਲੇਖਕਾ : ਸੁਸ਼ਮ ਬੇਦੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਨੇਹਾ ਨੇ ਸੁਣਿਆ, ਪਾਪਾ ਕਹਿ ਰਹੇ ਸੀ...“ਸੜਕ ਦੀ ਵੀ ਇਕ ਲੈਅ ਹੁੰਦੀ ਏ। ਇਸ ਨੂੰ ਸੁਣੋ, ਪਛਾਣੋ ਤੇ ਓਸੇ ਹਿਸਾਬ ਨਾਲ ਗੱਡੀ ਚਲਾਓ। ਜਦੋਂ ਤੁਸੀਂ ਮੈਨਹੈੱਟੇਨ ਵਿਚ ਜਾ ਰਹੇ ਹੁੰਦੇ ਓ, ਜਿੱਥੇ ਸੈਂਕੜੇ ਗੱਡੀਆਂ ਹੋਰ ਵੀ ਚੱਲ ਰਹੀਆਂ ਹੁੰਦੀਆਂ ਨੇ। ਵਾਰੀ-ਵਾਰੀ ਲਾਲ ਬੱਤੀ ਹੋਣ 'ਤੇ ਰੁਕਣਾ ਪੈਂਦੈ, ਇਸ ਲਈ ਗੱਡੀ ਦੀ ਸਪੀਡ ਜ਼ਰਾ ਹੌਲੀ ਰੱਖਣੀ ਚਾਹੀਦੀ ਏ ਤਾਂਕਿ ਧੱਕੇ ਨਾਲ ਬਰੇਕਾਂ ਲਾਉਣ ਦੀ ਲੋੜ ਨਾ ਪਏ।”
ਪਰਸੋਂ ਨੇਹਾ ਦਾ ਡਰਾਈਵਿੰਗ ਦਾ ਇਮਤਿਹਾਨ ਹੋਣਾ ਹੈ। ਉਂਜ ਤਾਂ ਨੇਹਾ ਡਰਾਈਵਿੰਗ ਸਕੂਲ ਵਿਚ ਕਾਰ ਚਲਾਉਣੀ ਸਿੱਖਦੀ ਰਹੀ ਹੈ ਪਰ ਇਕ ਵਾਰੀ ਟੈਸਟ ਵਿਚ ਫੇਲ੍ਹ ਹੋ ਜਾਣ ਪਿੱਛੋਂ ਉਹ ਕਾਫੀ ਨਰਵਸ ਜਿਹੀ ਹੈ, ਤੇ ਪਾਪਾ ਨੇ ਕਿਹਾ ਹੈ ਕਿ ਉਹ ਉਸਨੂੰ ਕੁਝ ਅਭਿਆਸ ਕਰਵਾ ਦੇਣਗੇ। ਪਾਪਾ ਦੀ ਡਰਾਈਵਿੰਗ ਬੜੀ ਵਧੀਆ ਹੈ। ਕਿੰਨੇ ਸਾਲਾਂ ਦੇ ਗੱਡੀ ਚਲਾ ਰਹੇ ਨੇ ਉਹ।
ਛੋਟੀ ਜਿਹੀ ਸੀ ਤਾਂ ਜ਼ਿਦ ਕਰਦੀ ਹੁੰਦੀ ਸੀ ਗੱਡੀ ਚਲਾਉਣ ਦੀ! ਪਰ ਉਦੋਂ ਪਾਪਾ ਕਹਿ ਦੇਂਦੇ ਸੀ, 'ਵੱਡੀ ਹੋ ਜਾ ਫੇਰ ਸਿਖਾਵਾਂਗਾ ਤੈਨੂੰ ਗੱਡੀ।' ਪਰ ਕਾਲਜ ਜਾਣ ਲੱਗੀ ਤਾਂ ਸਮਾਂ ਹੀ ਨਹੀਂ ਮਿਲਿਆ। ਹੁਣ ਤਾਂ ਨੌਕਰੀ ਵੀ ਲੱਗ ਗਈ ਹੈ...ਤੇ ਉਸਨੂੰ ਹੋਸ਼ ਆਇਆ ਏ ਗੱਡੀ ਸਿੱਖਣ ਦਾ।
ਤੇਈ ਸਾਲਾਂ ਦੀ ਉਮਰ ਵਿਚ ਗੱਡੀ ਚਲਾਉਣਾ ਸਿੱਖ ਰਹੀ ਹੈ। ਸਬਰਬ ਵਿਚ ਰਹਿਣ ਵਾਲੇ ਮੁੰਡੇ ਕੁੜੀਆਂ ਤਾਂ ਸੋਲਾਂ ਸਾਲ ਦੇ ਹੁੰਦੇ ਹੀ ਚਲਾਉਣ ਲੱਗ ਪੈਂਦੇ ਨੇ। ਪਰ ਨੇਹਾ ਤਾਂ ਮੈਨਹੈੱਟੇਨ ਵਿਚ ਰਹਿੰਦੀ ਹੈ। ਇੱਥੇ ਉਂਜ ਵੀ ਗੱਡੀ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਉਹ ਵੀ ਪਹਿਲਾਂ ਹੀ ਸਿੱਖ ਜਾਂਦੀ। ਵੀਰਾ ਵੀ ਤਾਂ ਲੇਟ ਹੀ ਸਿੱਖਿਆ ਸੀ, ਨੌਕਰੀ ਲੱਗਣ ਪਿੱਛੋਂ। ਮੰਮਾਂ ਤਾਂ ਅੱਜ ਤਕ ਨਹੀਂ ਸਿੱਖੀ। ਤਾਂ ਐਸੀ ਕੋਈ ਗੱਲ ਨਹੀਂ ਦੇਰ ਨਾਲ ਸਿੱਖਣ ਵਿਚ।
ਪਰ ਨੇਹਾ ਹੁਣ ਤਿਆਰ ਹੈ ਹਰੇਕ ਚੀਜ਼ ਲਈ। ਉਂਜ ਨੇਹਾ ਹਰ ਕੰਮ ਸਿੱਖਣ ਲਈ ਸਮੇਂ ਤੋਂ ਪਹਿਲਾਂ ਤਿਆਰ ਰਹਿੰਦੀ ਹੈ। ਉਸਦੇ ਸਕੂਲ ਦੇ ਟੀਚਰ ਵੀ ਇਹੋ ਕਹਿੰਦੇ ਹੁੰਦੇ ਸੀ। ਗੱਲ ਇਹ ਹੈ ਕਿ ਉਸਨੂੰ ਹਰੇਕ ਕੰਮ ਆਸਾਨ ਲੱਗਦਾ ਸੀ। ਕਲਾਸ ਵਿਚ ਉਹ ਹਮੇਸ਼ਾ ਅੱਗੇ ਹੀ ਰਹੀ। ਪਰ ਉਸਦੇ ਏਸੇ ਗੁਣ ਕਰਕੇ ਮੰਮੀ ਦੀ ਸਹੇਲੀ ਨੇ ਨੇਹਾ ਨੂੰ ਪ੍ਰਿਕਾਸ਼ਸ ਬੱਚੀ ਕਿਹਾ ਸੀ ਯਾਨੀ ਸਮੇਂ ਤੋਂ ਪਹਿਲਾਂ ਹੀ 'ਪ੍ਰਿਪੇਯਰਡ'। ਇਹ ਗੁਣ ਵਾਂਗ ਨਹੀਂ ਬਲਕਿ ਇਕ ਦੋਸ਼ ਵਾਂਗ ਕਿਹਾ ਗਿਆ ਸੀ, ਉਂਜ ਗੱਲ ਵੀ ਕੁਝ ਅਜੀਬ ਜਿਹੀ ਹੋਈ ਸੀ। ਓਦੋਂ ਉਹ ਗਿਆਰਾਂ ਸਾਲ ਦੀ ਹੋਏਗੀ। ਕਲਾਸ ਵਿਚ ਜੈਨੀ ਸਭ ਕੁੜੀਆਂ ਤੋਂ ਪੁੱਛਿਆ ਸੀ, 'ਤੁਹਾਡੇ ਵਿਚੋਂ ਕੌਣ ਕੌਣ ਵਰਿਜਨ ਏਂ?'
ਨੇਹਾ ਨੂੰ ਵਰਿਜਨ ਦੇ ਅਰਥ ਨਹੀਂ ਸੀ ਪਤਾ। ਪਰ ਉਸਨੇ ਦੇਖਿਆ ਕਿ ਜਿਸ ਕੁੜੀ ਨੇ ਵੀ ਕਿਹਾ ਕਿ ਉਹ ਵਰਿਜਨ (ਕੁਆਰੀ) ਹੈ, ਉਸਦਾ ਜੈਨੀ ਤੇ ਉਸਦੀਆਂ ਸਹੇਲੀਆਂ ਨੇ ਖ਼ੂਬ ਮਜ਼ਾਕ ਉਡਾਇਆ ਸੀ। ਤੇ ਨੇਹਾ ਦੀ ਵੀ ਹਿੰਮਤ ਨਹੀਂ ਸੀ ਪਈ ਕਿ ਆਪਣੇ ਨਾਲ ਪੜ੍ਹਦੀਆਂ ਕੁੜੀਆਂ ਸਾਹਵੇਂ ਆਪਣਾ ਅਣਜਾਣਪੁਨਾ ਜ਼ਾਹਿਰ ਕਰ ਸਕੇ। ਪਰ ਘਰ ਆ ਕੇ ਉਸਨੇ ਪਹਿਲਾ ਕੰਮ ਇਹੋ ਕੀਤਾ ਕਿ ਮੰਮੀ ਦੇ ਆਪਣੀ ਸਹੇਲ ਨਾਲ ਬੈਠੇ ਹੋਣ ਵੱਲ ਧਿਆਨ ਨਹੀਂ ਦਿੱਤਾ ਤੇ ਝੱਟ ਪੁੱਛ ਲਿਆ, “ਮੰਮੀ ਵਰਿਜਨ ਕੀ ਹੁੰਦਾ ਏ?”
ਮੰਮੀ ਅਜੇ ਸਵਾਲ ਪ੍ਰਤੀ ਸੁਚੇਤ ਵੀ ਨਹੀਂ ਸੀ ਹੋਈ ਕਿ ਨੇਹਾ ਅਗਾਂਹ ਲੰਘ ਗਈ, “ਮੈਂ ਤਾਂ ਵਰਿਜਨ ਨਹੀਂ ਨਾ ਮੰਮੀ?”
ਇਸ ਤੋਂ ਪਹਿਲਾਂ ਕਿ ਮੰਮੀ ਦੇ ਫੱਕ-ਚਿਹਰੇ ਉੱਤੇ ਕੋਈ ਹਰਕਤ ਹੁੰਦੀ ਮੰਮੀ ਦੀ ਸਹੇਲੀ ਬੋਲ ਪਈ ਸੀ, “ਮਾਈ ਗਾਡ, ਕਿੰਨੀ ਪ੍ਰਿਕਾਸ਼ਸ ਬੱਚੀ ਏ! ਮੂੰਹੋਂ ਦੁੱਧ ਨਿਕਲਿਆ ਨਹੀਂ ਕਿ ਵਰਿਜਨਿਟੀ ਦੇ ਸਵਾਲ ਕਰਨ ਲੱਗ ਪਏ ਨੇ। ਬਈ ਹਾਲੇ ਤਾਂ ਤੇਰੇ ਪੜ੍ਹਨ-ਖੇਡਣ ਦੇ ਦਿਨ ਨੇ। ਇਹ ਸਭ ਜਾਣ ਕੇ ਕੀ ਕਰਨੈਂ ਤੈਂ?”
ਮੰਮੀ ਨੇ ਜਿਵੇਂ ਸੰਭਲ ਕੇ ਕਿਹਾ ਸੀ, “ਨੇਹਾ ਤੂੰ ਤੇ ਬੜੀ ਚੰਗੀ ਤੇ ਏਨੀ ਸਿਆਣੀ ਬੱਚੀ ਏਂ, ਤੈਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਇਹੋ ਜਿਹੀਆਂ ਅਮਰੀਕੀ ਕੁੜੀਆਂ ਦੀ ਸੰਗਤ ਤੋਂ ਦੂਰ ਈ ਰਹੂ। ਬਸ ਆਪਣਾ ਫੋਕਸ ਪੜ੍ਹਾਈ 'ਤੇ ਰੱਖ।”
ਆਪਣੀ ਨਜ਼ਰ ਵਿਚ ਨੇਹਾ ਅੱਜ ਵੀ ਓਨੀ ਹੀ ਭੋਲੀ ਜਾਂ ਸਮਝਦਾਰ ਸੀ, ਜਿੰਨੀ ਇਹ ਸਵਾਲ ਪੁੱਛਣ ਤੋਂ ਪਹਿਲਾਂ ਸੀ, ਪਰ ਉਸਨੂੰ ਲੱਗਿਆ ਕਿ ਸਿਰਫ ਪੁੱਛਣ ਕਰਕੇ ਹੀ ਉਹ ਮੰਮੀ-ਪਾਪਾ ਦੀਆਂ ਨਜ਼ਰਾਂ ਵਿਚ ਕੁਝ ਹੋਰ ਹੀ ਹੋ ਗਈ ਸੀ। ਉਸ ਤੋਂ ਪਿੱਛੋਂ ਉਸਨੇ ਮਹਿਸੂਸ ਕੀਤਾ ਕਿ ਮੰਮੀ-ਪਾਪਾ ਨੂੰ ਉਹ ਸਭ ਤੋਂ ਪਿਆਰੀ ਉਦੋਂ ਹੀ ਲੱਗਦੀ ਹੈ, ਜਦੋਂ ਉਹ ਭੋਲੀ, ਨਿੱਕੜੀ ਬਣੀ ਹੁੰਦੀ ਹੈ। ਜਿਸਨੂੰ ਦੀਨ-ਦੁਨੀਆਂ ਦਾ ਕੁਛ ਵੀ ਪਤਾ ਨਹੀਂ ਹੁੰਦਾ। ਪਾਪਾ ਬੜੇ ਖੁਸ਼ ਹੁੰਦੇ ਨੇ ਜਦੋਂ ਤੋਤਲੀ ਜ਼ੁਬਾਨ ਵਿਚ ਹਿੰਦੀ ਵਿਚ ਗੱਲਾਂ ਕਰਦੀ ਹੈ।
ਪਰ ਜਿੱਥੇ ਸਕੂਲ ਦੇ ਕੰਮ ਦਾ ਸਵਾਲ ਆਉਂਦਾ ਸੀ, ਉਹ ਉਸ ਤੋਂ ਪੂਰੇ, ਬਲਕਿ ਉਸ ਤੋਂ ਵੀ ਵੱਧ ਧਿਆਨ ਦੀ ਉਮੀਦ ਕਰਦੇ ਸਨ। ਉਸਨੂੰ ਯਾਦ ਹੈ ਕਿ ਇਕ ਵਾਰੀ ਇਮਤਿਹਾਨ ਵਿਚ ਉਸਦੇ ਨੰਬਰ ਘੱਟ ਆਏ ਸਨ ਤਾਂ ਉਹਨਾਂ ਕਿਹਾ ਸੀ, “ਡੋਂਟ ਐਂਡ ਅਪ ਬੀਇੰਗ ਮੇਚਿਓਰ ਯੂ ਮਸਟ ਐਕਸੇਲ ਇਨ ਯੋਰ ਸਟੱਡੀਜ।” (ਐਵੇਂ ਬਹੁਤੀ ਸਿਆਣੀ ਨਾ ਬਣੀ ਫਿਰਿਆ ਕਰ, ਆਪਣੀ ਪੜ੍ਹਾਈ ਵੱਲ ਧਿਆਨ ਦੇਅ।)
ਅੱਜ ਏਨੇ ਵਰ੍ਹਿਆਂ ਬਾਅਦ ਵੀ ਸਿਆਣੇ ਜਾਂ ਨਿਆਣੇ ਦੀ ਇਹ ਦੁਚਿੱਤੀ, ਮਿਟੀ ਨਹੀਂ ਜਾਪਦੀ। ਕਿਹੜੀਆਂ ਗੱਲਾਂ ਵਿਚ ਸਿਆਣੇ ਹੋਣਾ ਚਾਹੀਦਾ ਹੈ ਤੇ ਕਿਹੜੀਆਂ ਵਿਚ ਨਹੀਂ...ਇਸ ਦਾ ਉਹ ਕੋਈ ਮਾਪ-ਮੀਟਰ ਨਹੀਂ ਬਣਾ ਸਕੀ।
***
ਗੱਡੀ ਚਲਾਉਣਾ ਸਿੱਖਦੇ ਹੋਏ ਉਹ ਲੋਕ ਮੈਨਹੈੱਟੇਨ ਨੂੰ ਸੱਜਿਓਂ-ਖੱਬਿਓਂ ਘੇਰਨ ਵਾਲੀ ਹਾਈਵੇ 'ਤੇ ਆ ਗਏ ਸਨ। ਪਰ ਨੇਹਾ ਅਜੇ ਵੀ ਧੀਮੀ ਗਤੀ ਨਾਲ ਹੀ ਚਲਾ ਰਹੀ ਸੀ। ਪਾਪਾ ਬੋਲ, “ਜਦੋਂ ਤੁਸੀਂ ਹਾਈਵੇ 'ਤੇ ਚੱਲਦੇ ਓ ਤਾਂ ਸਪੀਡ ਤੇਜ਼ ਰੱਖਣੀ ਚਾਹੀਦੀ ਏ। ਸੜਕ ਵੀ ਖ਼ੂਬ ਚੌੜੀ ਹੁੰਦੀ ਏ ਤੇ ਲਾਲ ਬੱਤੀ ਵੀ ਨਹੀਂ ਹੁੰਦੀ। ਨਾਲੇ ਦੂਜੀਆਂ ਕਾਰਾਂ ਵੀ ਏਨੀ ਤੇਜ਼ ਚੱਲ ਰਹੀਆਂ ਹੁੰਦੀਆਂ ਨੇ ਕਿ ਜੇ ਤੁਸੀਂ ਹੌਲੀ ਚੱਲਾਓਗੇ ਤਾਂ ਸਾਰੀ ਆਵਾਜਾਈ ਵਿਚ ਅੜਿੱਕਾ ਲੱਗੇਗਾ। ਇਸੇ ਲਈ ਕਹਿ ਰਿਹਾਂ ਕਿ ਸੜਕ ਦੀ ਲੈਅ ਨੂੰ ਸਭ ਤੋਂ ਪਹਿਲਾਂ ਸਮਝਣਾ ਚਾਹੀਦਾ ਏ। ਤਾਂ ਹੀ ਤੁਸੀਂ ਚੰਗੇ ਤੇ ਸੇਫ ਡਰਾਈਵਰ ਬਣ ਸਕੋਗੇ।”
ਨੇਹਾ ਹੁਣ ਬਹੁਤ ਸਾਰੀਆਂ ਓਹਨਾਂ ਗੱਲਾਂ ਲਈ ਵੀ ਤਿਆਰ ਹੈ, ਜਿਹਨਾਂ ਬਾਰੇ ਜਾਣਦੇ-ਸਮਝਦੇ ਹੋਏ ਵੀ ਪਾਪਾ ਉਹਨਾਂ ਦੀ ਚਰਚਾ ਤੋਂ ਬੱਚਦੇ ਨੇ।
ਨੇਹਾ ਨੂੰ ਮਹਿਸੂਸ ਹੁੰਦਾ ਹੈ ਕਿ ਮੰਮੀ ਪਾਪਾ ਇਸ ਬਾਰੇ ਵੀ ਸਪਸ਼ਟ ਨਹੀਂ ਕਿ ਉਹਨਾਂ ਦੀ ਬੇਟੀ ਨੂੰ ਮੁੰਡਾ ਆਪਣੀ ਮਰਜ਼ੀ ਨਾਲ ਚੁਣਨਾ ਚਾਹੀਦਾ ਏ ਜਾਂ ਉਹ ਇਸ ਦਾ 'ਇੰਤਜ਼ਾਮ' ਕਰਨਗੇ। ਮੰਮੀ ਦੀ ਵੱਡੀ ਭੈਣ ਦੀ ਇਕ ਕੁੜੀ ਦੀ ਸ਼ਾਦੀ ਜੋਧਪਰ ਰਹਿਣ ਵਾਲੇ ਇਕ ਮੁੰਡੇ ਨਾਲ ਪੱਕੀ ਹੋਈ ਸੀ। ਇੱਥੇ ਆਉਣ ਪਿੱਛੋਂ ਉਸਦਾ ਅਜੀਬ ਜਿਹਾ ਹੀ ਸਲੂਕ ਰਿਹਾ ਤੇ ਅਖ਼ੀਰ ਉਹਨਾਂ ਦੀ ਸ਼ਾਦੀ ਦਾ ਹਸ਼ਰ ਤਲਾਕ ਹੋਇਆ। ਉਦੋਂ ਦੀ ਮੰਮੀ ਨੇਹਾ ਦੀ ਸ਼ਾਦੀ ਕਿਸੇ ਹਿੰਦੁਸਤਾਨੀ ਮੁੰਡੇ ਨਾਲ ਕਰਨ ਦੇ ਵਿਰੁੱਧ ਸੀ।
ਪਰ ਹੁਣ ਨੇਹਾ ਦੇ ਵੱਡੀ ਹੋ ਜਾਣ ਪਿੱਛੋਂ ਕਦੀ ਤਾਂ ਉਹ ਕਹਿ ਦੇਂਦੀ ਹੈ ਕਿ ਫਲਾਨੀ ਆਂਟੀ ਤੈਨੂੰ ਇਕ ਮੁੰਡੇ ਨਾਲ ਮਿਲਵਾਉਣਾ ਚਾਹੁੰਦੀ ਹੈ।...ਨਾਲ ਹੀ ਇਹ ਵੀ ਜੋੜ ਦੇਂਦੀ ਹੈ ਕਿ ਤੂੰ ਮਿਲਣਾ ਚਾਹੇਂ ਤਾਂ ਮਿਲ ਲੈ, ਵਰਨਾ ਐਸੀ ਕੋਈ ਜਬਰਦਸਤੀ ਨਹੀਂ। ਮੰਮੀ ਕਹਿੰਦੀ, “ਆਈ ਡੋਂਟ ਵਾਂਟ ਯੂ ਟੂ ਹਯੁਮਿਲਿਯੇਟਡ।”
ਕਦੀ ਉਹ ਕਹਿੰਦੀ, “ਉਂਜ ਤਾਂ ਠੀਕ ਏ, ਪੜ੍ਹਦੀ ਰਹਿ ਤੇ ਨੌਕਰੀ ਵੀ ਕਰ ਪਰ ਦੇਖਿਆ ਜਾਏ ਤਾਂ ਬਾਈ-ਤੇਈ ਸਾਲ ਵਿਚ ਵਿਆਹ ਤਾਂ ਹੋ ਹੀ ਜਾਣਾ ਚਾਹੀਦੈ ਕੁੜੀਆਂ ਦਾ। ਮੈਂ ਤਾਂ ਇੱਕੀ ਵੀ ਪੂਰੇ ਨਹੀਂ ਸੀ ਕੀਤੇ ਜਦੋਂ ਵਿਆਹੀ ਗਈ ਸੀ।”
ਨੇਹਾ ਨੂੰ ਲੱਗਿਆ ਕਿ ਮੰਮੀ ਦੇ ਰਵਈਏ ਵਿਚ ਬਦਲਾਅ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਸੀ ਕਿ ਉਹਨੀਂ ਦਿਨੀ ਉਹ ਕਿਸ ਨਾਲ ਮਿਲ ਰਹੀ ਸੀ। ਆਪਣੀਆਂ ਅਮਰੀਕੀ ਸਹੇਲੀਆਂ ਨਾਲ, ਕੁਛ ਪੁਰਾਣੇ ਖ਼ਿਆਲਾਂ ਦੀਆਂ ਹਿੰਦੁਸਤਾਨੀ ਸਹੇਲੀਆਂ ਨਾਲ, ਜਾਂ ਫੇਰ ਕਿਸੇ ਰਿਸ਼ਤੇਦਾਰ ਨਾਲ। ਮੰਮੀ ਉਹਨਾਂ ਦੇ ਸਵਾਲਾਂ ਤੇ ਟਿੱਪਣੀਆਂ ਨਾਲ ਬੜੀ ਜਲਦੀ ਡੋਲ ਜਾਂਦੀ ਸੀ।
ਇਸੇ ਲਈ ਸ਼ਾਇਦ ਮੰਮੀ ਨੇਹਾ ਨੂੰ ਕਦੀ ਇਹ ਵੀ ਕਹਿ ਦੇਂਦੀ...'ਦੇਖ ਸਾਡਾ ਜ਼ਮਾਨਾ ਤਾਂ ਹੋਰ ਸੀ, ਇੱਥੇ ਕੋਈ ਸ਼ਾਦੀ ਦੀ ਜਲਦੀ ਨਹੀਂ ਮਚਾਉਂਦਾ। ਜਦੋਂ ਕੋਈ ਢੰਗ ਦਾ ਟਕਰਾਅ ਜਾਏ, ਕਰ ਲਓ ਵਰਨਾ ਆਪਣੇ ਕੰਮ ਵਿਚ ਲੱਗੇ ਰਹੋ। ਕੋਈ ਬੰਦਿਸ਼ ਨਹੀਂ। ਹਿੰਦੁਸਤਾਨ ਵਿਚ ਤਾਂ ਹੁਣ ਤਕ ਸਾਰੇ ਰਿਸ਼ਤੇਦਾਰ ਪਿੱਛੇ ਪੈ ਗਏ ਹੁੰਦੇ ਕਿ ਕੁੜੀ ਨੂੰ ਹੁਣ ਤੱਕ ਕਿਉਂ ਕੁਆਰਾ ਬਿਠਾਇਆ ਹੋਇਐ?' ਤੇ ਨਾਲ ਹੀ ਜੋੜ ਦੇਂਦੀ...“ਵੈਸੇ ਕੁੜੀ ਦੀ ਸ਼ਾਦੀ ਠੀਕ ਉਮਰ ਵਿਚ ਹੋ ਈ ਜਾਣੀ ਚਾਹੀਦੀ ਏ, ਵਰਨਾ ਨਾ ਤਾਂ ਚੰਗੇ ਮੁੰਡੇ ਈ ਬਚੇ ਰਹਿੰਦੇ ਨੇ ਤੇ ਕੁੜੀਆਂ ਦੀ ਮੱਤ ਵੀ ਏਨੀ ਪੱਕੀ ਹੋ ਜਾਂਦੀ ਹੈ ਕਿ ਮਨ ਮੁਆਫਕ ਮੁੰਡਾ ਮਿਲਣਾ ਵੀ ਔਖਾ ਹੋ ਜਾਂਦਾ ਏ।”
ਨੇਹਾ ਨੂੰ ਪਤਾ ਸੀ ਮੰਮੀ ਦਾ ਇਸ਼ਾਰਾ ਉਸਦੀ ਸਹੇਲੀ ਅੰਸ਼ੁਲ ਵੱਲ ਸੀ। ਅੰਸ਼ੁਲ ਉੱਨਤੀ ਵਰ੍ਹਿਆਂ ਦੀ ਹੋ ਚੱਲੀ ਸੀ। ਤਿੰਨ ਸਾਲ ਪਹਿਲਾਂ ਇਕ ਭਾਰਤੀ ਮੂਲ ਦੇ ਮੁੰਡੇ ਨਾਲ ਉਸਦਾ ਸੰਬੰਧ ਬਣਿਆ ਸੀ ਤੇ ਦੋਹੇਂ ਇਕੱਠੇ ਰਹਿਣ ਲੱਗ ਪਏ ਸਨ। ਫੇਰ ਸਾਲ ਕੁ ਪਿੱਛੋਂ ਉਸ ਮੁੰਡੇ ਨੇ ਕਿਹਾ ਕਿ ਉਸਦਾ ਅੰਸ਼ੁਲ ਨਾਲ ਸ਼ਾਦੀ ਕਰਨ ਦਾ ਵਿਚਾਰ ਨਹੀਂ। ਉਹ ਚਾਹੇ ਤਾਂ ਇੰਜ ਹੀ ਇਕੱਠੇ ਰਹਿ ਸਕਦੇ ਨੇ ਦੋਵੇਂ। ਕਦੀ ਭਵਿੱਖ ਵਿਚ ਵੀ ਉਸਦਾ ਸ਼ਾਦੀ ਦਾ ਇਰਾਦਾ ਹੋਏਗਾ, ਇਸ ਬਾਰੇ ਵੀ ਪੱਕਾ ਨਹੀਂ ਸੀ ਕਹਿ ਸਕਦਾ ਉਹ।
ਅੰਸ਼ੁਲ ਨੇ ਰਿਸ਼ਤਾ ਤੋੜ ਲਿਆ ਸੀ। ਉਸ ਪਿੱਛੋਂ ਜਿਹੜੇ ਰਿਸ਼ਤੇ ਵੀ ਬਣੇ ਉਹਨਾਂ ਦਾ ਹਸ਼ਰ ਕੁਝ ਅਜਿਹਾ ਹੀ ਹੋਇਆ। ਇਕ ਲੈਟਿਨ ਅਮਰੀਕੀ ਮੁੰਡਾ ਸੀ ਜਿਸ ਨਾਲ ਉਹ ਆਪ ਸ਼ਾਦੀ ਨਹੀਂ ਕਰਨਾ ਚਾਹੁੰਦੀ ਸੀ। ਇਕ ਕਾਲਾ-ਮੁੰਡਾ (ਨਿੱਗਰ) ਸੀ ਜਿਸ ਨਾਲ ਸ਼ਾਦੀ ਕਰਨ 'ਤੇ ਉਸਦੇ ਮਾਂ-ਬਾਪ ਨੇ ਸਖ਼ਤ ਵਿਰੋਧ ਕੀਤਾ ਸੀ। ਉਂਜ ਤਾਂ ਭਾਵੇਂ ਮਾਂ-ਬਾਪ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਉਹ ਸ਼ਾਦੀ ਕਰ ਹੀ ਲੈਂਦੀ, ਪਰ ਉਹ ਰਿਸ਼ਤਾ ਖ਼ੁਦ ਹੀ ਟੁੱਟ ਗਿਆ ਸੀ।
ਹੁਣ ਅਚਾਨਕ ਉਹ ਉੱਨਤੀ ਵਰ੍ਹਿਆਂ ਦੀ ਉਮਰ ਵਿਚ ਸਨਿਆਸਨ ਬਣ ਦੀ, ਠਾਣ ਬੈਠੀ ਸੀ। ਨਾ ਤਾਂ ਹੁਣ ਉਹ ਚਮਕੀਲੇ-ਭੜਕੀਲੇ, ਗਹਿਣੇ-ਕੱਪੜੇ ਹੀ ਪਾਉਂਦੀ, ਨਾ ਹੀ ਮੇਕਅੱਪ ਕਰਦੀ। ਚਿੱਟੀ ਸਾੜ੍ਹੀ ਬੰਨ੍ਹ ਕੇ ਘੰਟਿਆਂ ਬੱਧੀ ਧਿਆਨ ਵਿਚ ਬੈਠੀ ਰਹਿੰਦੀ। ਉਸਨੇ ਆਪਰਮੈਂਟ ਦੇ ਇਕ ਕੋਨੇ ਵਿਚ ਹੀ ਮੂਰਤੀ ਰੱਖ ਕੇ ਮੰਦਰ ਬਣਾ ਲਿਆ ਸੀ।
ਆਏ ਦਿਨ ਕੋਈ ਨਾ ਕੋਈ ਦੱਖਣੀ ਏਸ਼ੀਆਈ ਸੰਸਕ੍ਰਿਤਕ ਪ੍ਰੋਗਰਾਮ ਕਰਵਾਈ ਰੱਖਦੀ ਤੇ ਔਰਤ ਜਾਤ ਦੀ ਅਗਵਾਨੀ ਕਰਦੀ। ਕਿੰਨੀ ਕੁਸੈਲ ਭਰ ਗਈ ਸੀ ਅੰਸ਼ੁਲ ਵਿਚ, ਮਰਦ ਜਾਤ ਪ੍ਰਤੀ! ਇਕ ਰੋਹੀਲੀ ਔਰਤ ਬਣ ਕੇ ਉਸਨੇ ਉਸ ਕੁਸੈਲ ਨੂੰ ਸਾਰੇ ਸਮਾਜ ਵਿਚ ਫੈਲਾਉਣ ਦਾ ਬੀੜਾ ਚੁੱਕ ਲਿਆ ਜਾਪਦਾ ਸੀ।
ਨੇਹਾ ਉਸ ਕੁਸੈਲ ਤੋਂ ਬਚਣਾ ਚਾਹੁੰਦੀ ਹੈ।
ਮੰਮੀ ਨੂੰ ਡਰ ਲੱਗਿਆ ਰਹਿੰਦਾ ਹੈ ਕਿ 'ਜੇ ਠੀਕ ਉਮਰੇ ਨੇਹਾ ਕਿਸੇ ਨਾਲ ਨਾ ਵੱਝੀ ਤਾਂ ਪਤਾ ਨਹੀਂ ਕਿਸ ਦਿਸ਼ਾ ਵੱਲ ਮੁੜ ਜਾਵੇ।' ਅੰਸ਼ੁਲ ਦਾ ਜ਼ਿਕਰ ਕਰਕੇ ਉਹ ਕਹਿ ਦੇਂਦੀ...“ਇਹ ਵੀ ਕੋਈ ਉਮਰ ਹੋਈ ਸਨਿਆਸ ਲੈਣ ਦੀ। ਉੱਨਤੀ ਸਾਲ ਦੀ ਉਮਰ ਵਿਚ ਤਾਂ ਕੁੜੀ ਸਿਰ ਤੋਂ ਪੈਰਾਂ ਤੀਕ ਗ੍ਰਹਿਸਤੀ ਵਿਚ ਰਮੀ ਹੁੰਦੀ ਏ। ਤੁਹਾਡੀ ਪੀੜ੍ਹੀ ਦੀ ਤਾਂ ਬਾਤ ਈ ਨਿਰਾਲੀ ਏ। ਕਦੀ ਤਾਂ ਏਨਾ ਰਾਗ-ਰੰਗ ਤੇ ਕਦੀ ਧੂਈਂ ਰਮਾ ਲਓ।”
ਨੇਹਾ ਹੱਸ ਪੈਂਦੀ ਹੈ...“ਮੰਮੀ ਇਹ ਸਭ ਫਰਾਡ ਏ। ਕੱਲ੍ਹ ਨੂੰ ਅੰਸ਼ੁਲਾ ਨੂੰ ਕੋਈ ਮੰਨਪਸੰਦ ਮੁੰਡਾ ਮਿਲ ਗਿਆ ਤਾਂ ਸਨਿਆਸ-ਵਨਿਆਸ ਭੁੱਲ ਜਾਏਗੀ। ਉਸਨੂੰ ਰੋਜ਼ ਜਿਊਣ ਦਾ ਕੋਈ ਨਵਾਂ ਮਕਸਦ ਲੱਭਣਾ ਪੈਂਦਾ ਏ।”
“ਉਹ ਤਾਂ ਠੀਕ ਏ ਪਰ ਕੁਛ ਠਹਿਰਾਅ ਵੀ ਹੋਣਾ ਚਾਹੀਦਾ ਏ, ਜ਼ਿੰਦਗੀ ਵਿਚ। ਹੁਣ ਇਸ ਉਮਰ ਵਿਚ ਤਾਂ ਕਿਸੇ ਨਾਲ ਵੱਝ ਹੀ ਜਾਣਾ ਚਾਹੀਦੈ।”
ਨੇਹਾ ਨੂੰ ਖ਼ੁਦ ਵੀ ਤਾਂ ਨਹੀਂ ਪਤਾ ਕਿ ਸਹੀ ਦਿਸ਼ਾ ਕਿਹੜੀ ਹੈ!
ਆਪਣੇ ਮਾਂ-ਪਿਓ ਦੇ ਜ਼ਮਾਨੇ ਦੀ ਤੈਅ-ਸ਼ੁਦਾ-ਸ਼ਾਦੀ ਉਸਦੀ ਕਲਪਨਾ ਤੋਂ ਬਾਹਰ ਹੈ। ਬਾਕੀ ਕਿਸੇ ਨਾਲ ਰਿਸ਼ਤਾ ਜੋੜਨ ਤੋਂ ਉਹ ਵੀ ਘਬਰਾਉਂਦੀ ਹੈ। ਜਿਹੜਾ ਵੀ ਰਿਸ਼ਤਾ ਜੋੜਨਾ ਹੈ ਉਸਨੂੰ ਪੂਰੇ ਚਰਮ (ਧੁਰ ਤਕ) ਤਕ ਨਿਭਾਉਣਾ ਹੁੰਦਾ ਹੈ। ਤਾਂਹੀ ਕੋਈ ਗੰਭੀਰਤਾ ਨਾਲ ਵਿਆਹ ਦੀ ਗੱਲ ਸੋਚਦਾ ਹੈ। ਤੇ ਇਸ ਚਰਮ ਤਕ ਆਜ਼ਮਾ ਲੈਣ ਦੌਰਾਨ ਪਤਾ ਨਹੀਂ ਕੀ ਤਿੜਕ ਜਾਏ ਕਿ ਪੂਰਾ ਰਿਸ਼ਤਾ ਹੀ ਚੂਰਚੂਰ ਹੋ ਜਾਂਦਾ ਹੈ। ਉਸਦੀ ਸਹੇਲੀ ਨਾਲ ਇਹੀ ਕੁਛ ਤਾਂ ਹੋ ਰਿਹਾ ਏ। ਇਸ ਡਰ ਸਦਕਾ ਉਹ ਕਿਸੇ ਮੁੰਡੇ ਨਾਲ ਦਿਲੋਂ-ਮਨੋਂ ਡੂੰਘਾ ਰਿਸ਼ਤਾ ਨਹੀ ਜੋੜ ਸਕੀ। ਮਨ ਦੇ ਰਿਸ਼ਤੇ ਤੋਂ ਸਰੀਰ ਦੇ ਰਿਸ਼ਤੇ ਨੂੰ ਵੱਖ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਬਲਕਿ ਇਹ ਵੀ ਇਕ ਸ਼ਰਤ ਹੋ ਜਾਂਦੀ ਹੈ ਕਿ 'ਮਨ ਤਾਂ ਸਮਰਪਿਤ ਕਰ ਦਿੱਤਾ ਤਾਂ ਫੇਰ ਸਰੀਰ ਕੀ ਚੀਜ਼ ਹੈ। ਇਸ ਸਮਰਪਣ ਵਿਚ ਉਲਝਣ ਤੇ ਹਿਚਕ ਕਾਹਦੀ?'
ਇਸੇ ਉਲਝਣ ਤੇ ਹਿਚਕ ਸਦਕਾ ਉਸਦਾ ਸਰੀਰ ਅਜੇ ਤਕ ਕੁਆਰਾ ਹੈ। ਅਤ੍ਰਿਪਤ ਵੀ। ਪਰ ਉਹ ਕਦੋਂ ਤਕ ਖ਼ੁਦ ਨੂੰ ਸੰਭਾਲ ਕੇ ਰੱਖਦੀ ਰਹੇਗੀ? ਮੰਮੀ ਉਸਨੂੰ ਹਮੇਸ਼ਾ ਖ਼ੁਦ ਨੂੰ ਬਚਾਅ ਕੇ ਰੱਖਣ ਤੇ ਸ਼ਾਦੀ ਤਕ ਕੁਆਰਾਪਨ ਕਾਇਮ ਰੱਖਣ ਦਾ ਪਾਠ, ਬਚਪਨ ਤੋਂ ਹੀ ਪੜਾਉਂਦੀ ਰਹੀ ਹੈ।
ਕੀ ਜਦੋਂ ਤਕ ਸਹੀ ਮੁੰਡਾ ਨਹੀਂ ਮਿਲਦਾ ਉਹ ਇੰਜ ਹੀ ਰਹੇ? ਸਿਰਫ ਤਨ ਦੀ ਤ੍ਰਿਪਤੀ ਖਾਤਰ ਸ਼ਾਦੀ ਦੇ ਬੰਧਨ ਵਿਚ ਵੱਝ ਜਾਣਾ ਤਾਂ ਕੋਈ ਅਕਲਮੰਦੀ ਵਾਲੀ ਗੱਲ ਨਾ ਹੋਈ। ਇੰਜ ਨਹੀਂ ਹੋਣ ਦਏਗੀ ਉਹ?
 ਨੇਹਾ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਮੰਮੀ ਅਸਲ ਵਿਚ ਚਾਹੁੰਦੀ ਕੀ ਹੈ! ਕਦੀ ਤਾਂ ਐਨੇ ਖੁੱਲ੍ਹੇ ਦਿਮਾਗ਼ ਵਾਲੀ ਅਮਰੀਕੀ ਔਰਤ ਬਣ ਜਾਂਦੀ ਹੈ ਤੇ ਕਦੀ ਯਕਦਮ ਰੂੜੀਵਾਦੀ।
ਉਸ ਦਿਨ ਉਸਨੇ ਸੁਣਿਆ ਮੰਮੀ ਦੀ ਇਕ ਹਿੰਦੁਸਤਾਨੀ ਸਹੇਲੀ ਕਹਿ ਰਹੀ ਸੀ...“ਅੱਜ ਕੱਲ੍ਹ ਤਾਂ ਜ਼ਮਾਨਾ ਈ ਬਦਲ ਗਿਐ, ਪਤਾ ਨਹੀਂ ਕੱਲ੍ਹ ਨੂੰ ਕੁੜੀ ਆ ਕੇ ਕੀ ਕਹੇ ਕਿ ਮੈਂ ਫਲਾਨੇ ਮੁੰਡੇ ਨਾਲ ਰਹਿਣਾ ਚਾਹੁੰਦੀ ਆਂ, ਸ਼ਾਦੀ ਕੀਤੇ ਬਗ਼ੈਰ। ਸਾਡੇ ਰੋਕਣ ਨਾਲ ਕੋਈ ਰੁਕੇਗਾ ਭਲਾ? ਮੈਨੂੰ ਤਾਂ ਇਹੋ ਖ਼ਿਆਲ ਡਰਾਉਂਦਾ ਰਹਿੰਦਾ ਐ। ਜੇ ਕੁਝ ਐਸਾ ਵੈਸਾ ਹੋ ਗਿਆ ਤਾਂ ਸਮਾਜ ਵਿਚ ਕੇਡੀ ਬਦਨਾਮੀ ਹੋਏਗੀ...”
ਸ਼ਾਇਦ ਉਸੇ ਗੱਲ ਦਾ ਅਸਰ ਹੋਏਗਾ ਕਿ ਅਗਲੇ ਦਿਨ ਮੰਮੀ ਨੇਹਾ ਨੂੰ ਪੁੱਛ ਰਹੀ ਸੀ...“ਤੇਰੇ ਦਿਮਾਗ਼ 'ਚ ਕੋਈ ਮੁੰਡਾ ਹੈ ਤਾਂ ਸਾਨੂੰ ਦਸ ਦੇ। ਜੇ ਤੂੰ ਕਿਸੇ ਦੇ ਨਾਲ-ਨੂਲ ਰਹਿਣ ਦੀ ਸੋਚ ਰਹੀ ਹੋਵੇਂ ਤਾਂ ਅਸੀਂ ਤੇਰੀ ਮੰਗਣੀ ਕਰ ਦੇਂਦੇ ਆਂ। ਉਂਜ ਈ ਨਹੀਂ ਰਹਿਣ ਦਿਆਂਗੇ।”
ਨੇਹਾ ਵੀ ਨਿੱਠ ਕੇ ਸੋਚ ਰਹੀ ਹੈ, ਅੱਜਕੱਲ੍ਹ ਸੋਚਦੀ ਹੀ ਰਹਿੰਦੀ ਹੈ ਕਿ ਕਿੰਜ ਸਹੀ ਰਸਤੇ ਤੇ ਉਤਾਰੇ ਆਪਣੀ ਜ਼ਿੰਦਗੀ।
ਨੇਹਾ ਕੋਲ ਬੜਾ ਕੁਝ ਹੈ ਦੱਸਣ ਲਈ! ਮੰਮੀ ਨੂੰ ਅਜਿਹੀਆਂ ਗੱਲਾਂ ਤਸੱਲੀ ਨਹੀਂ ਦੇਂਦੀਆਂ, ਹੋਰ ਡਰਾ ਦੇਂਦੀਆਂ ਨੇ।
***
ਨੇਹਾ ਅਜੇ ਕਿਸੇ ਨਾਲ ਮੰਗਣੀ ਨਹੀਂ ਕਰਨਾ ਚਾਹੁੰਦੀ, ਉਹ ਸੱਚਮੁੱਚ ਸਿਰਫ ਨਾਲ ਰਹਿ ਕੇ ਦੇਖਣਾ ਚਾਹੁੰਦੀ ਹੈ। ਅਜੇ ਉਸਦਾ ਵਿਆਹ ਦੇ ਬੰਧਨ ਵਿਚ ਵੱਝਣ ਦਾ ਇਰਾਦਾ ਨਹੀਂ। ਫੇਰ ਵੀ ਕਿਸੇ ਪ੍ਰੇਮ ਜਾਂ ਸਾਥ ਤੋਂ ਵਾਂਝਿਆਂ ਨਹੀਂ ਰੱਖਣਾ ਚਾਹੁੰਦੀ ਆਪਣੇ ਆਪ ਨੂੰ। ਮੰਮੀ ਨੇ ਵੀ ਤਾਂ ਇੱਕੀ ਦੀ ਉਮਰ ਵਿਚ ਸ਼ਾਦੀ ਕਰ ਲਈ ਸੀ। ਉਹ ਤਾਂ ਤੇਈ ਪਾਰ ਕਰਕੇ ਲਗਭਗ ਚੌਵੀਆਂ ਦੀ ਹੋ ਗਈ ਹੈ। ਕੀ ਉਹ ਮੰਮੀ ਨੂੰ ਦੱਸ ਸਕਦੀ ਹੈ ਕਿ ਉਹ ਮੁੰਡਾ ਨਾਲ ਹੀ ਪੜ੍ਹਦਾ ਹੋਇਆ ਇਕ ਅਮਰੀਕੀ ਹੈ? ਉਹ ਓਨਾਂ ਸਰਦਾ-ਵਰਦਾ ਨਹੀਂ ਜਿੰਨੇ ਸਰਦੇ-ਵਰਦੇ ਜਵਾਈ ਦੀ ਕਲਪਨਾ ਮੰਮੀ-ਪਾਪਾ ਕਰਦੇ ਨੇ। ਉਹ ਡਾਕਟਰ, ਇੰਜੀਨੀਅਰ ਜਾਂ ਵਕੀਲ ਕੁਝ ਵੀ ਨਹੀਂ ਬਣਨਾ ਚਾਹੁੰਦਾ। ਉਹ ਸਕੂਲ ਟੀਚਰ ਹੈ ਤੇ ਇਸ ਦੇਸ਼ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਦੀ ਚੰਗੀ ਨੀਂਹ ਦੇਣ ਵਿਚ ਵਿਸ਼ਵਾਸ ਕਰਦਾ ਹੈ। ਉਸਨੂੰ ਬੱਚਿਆਂ ਨਾਲ ਕੰਮ ਕਰਨਾ ਪਸੰਦ ਹੈ ਤੇ ਉਹੀ ਕਰ ਰਿਹਾ ਹੈ, ਕਰਨਾ ਚਾਹੁੰਦਾ ਹੈ। ਕਿੰਜ ਦੱਸੇਗੀ ਉਹਨਾਂ ਨੂੰ? ਉਹ ਕੈਸਾ ਮੂੰਹ ਬਣਾਉਣਗੇ। ਮੰਮੀ ਸੋਚੇਗੀ ਕੈਸਾ ਲਿੱਦੜ ਮੁੰਡਾ ਚੁਣਿਆ ਏ...ਸਕੂਲੀ ਟੀਚਰ? ਉਹ ਮੰਮੀ ਦੇ ਚਿਹਰੇ ਉੱਤੇ ਆਉਣ ਵਾਲੇ ਉਤਾਰ-ਚੜ੍ਹਾਅ ਦੀ ਬੜੀ ਸਹੀ ਕਲਪਨਾ ਕਰ ਸਕਦੀ ਹੈ। ਉਸ ਪਿੱਛੋਂ ਮੰਮੀ ਬੜੀ ਦੇਰ ਤਕ ਉਸ ਨਾਲ ਗੱਲ ਨਹੀਂ ਕਰੇਗੀ। ਸੋਚਾਂ ਵਿਚ ਪੈ ਜਾਏਗੀ। ਸ਼ਾਇਦ ਰੋਵੇ-ਚੀਕੇ ਵੀ ਕਿ ਉਸਦੇ ਉਮਰ ਭਰ ਦੇ ਖ਼ਿਆਲੀ ਪੁਲਾਅ ਵਿਚ ਪਾਣੀ ਪੈ ਗਿਆ ਹੈ। ਕਿੱਥੇ ਉਸਦੀ ਧੀ ਆਰਕਿਟੈਕਟ ਹੈ ਤੇ ਜਵਾਈ ਸਕੂਲੀ-ਟੀਚਰ?
ਉਂਜ ਹੈ ਤਾਂ ਨੇਹਾ ਦੇ ਸਕੂਲ ਆਫ ਆਰਕਿਟੇਕਟ ਦਾ ਹੀ ਗ੍ਰੈਜੁਏਟ, ਪਰ ਸਿਰ 'ਤੇ ਹਾਈ ਸਕੂਲ ਦੇ ਬੱਚਿਆਂ ਦਾ ਦਿਮਾਗ਼ ਦਰੁਸਤ ਕਰਨ ਦਾ ਫਤੂਰ ਹੈ! ਮੰਮੀ ਸ਼ਾਇਦ ਉਸਦੇ ਕਿੱਤੇ ਬਾਰੇ ਕਿਸੇ ਨੂੰ ਦੱਸਣਾ ਵੀ ਨਾ ਚਾਹੇ। ਉਹ ਮੰਮੀ ਦੀਆਂ ਪ੍ਰਤੀਕ੍ਰਿਆਵਾਂ ਬੜਾ ਪਹਿਲਾਂ ਹੀ ਜਾਣ ਚੁੱਕੀ ਹੈ। ਉਸਦੀ ਇਕ ਸਹੇਲੀ ਬਾਰੇ ਉਹ ਪਹਿਲਾਂ ਹੀ ਕਹਿ ਚੁੱਕੀ ਹੈ...“ਨਿਯਤੀ ਖ਼ੁਦ ਤਾਂ ਏਨੀ ਬਰਾਈਟ ਤੇ ਖ਼ੂਬਸੂਰਤ ਕੁੜੀ ਏ।...ਇਕ ਸਕੂਲੀ ਟੀਚਰ ਦੇ ਸ਼ਿਕੰਜੇ ਵਿਚ ਕਿੰਜ ਫਸ ਗਈ?” ਨੇਹਾ ਨੂੰ ਮੰਮੀ ਦਾ ਕਹਿਣ ਢੰਗ ਬੜਾ ਬੁਰਾ ਲੱਗਿਆ ਸੀ। ਉਸਨੇ ਨਿਯਤੀ ਦੀ ਪੈਰਵੀ ਕਰਦਿਆਂ ਹੋਇਆਂ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ...“ਮੰਮੀ ਉਹ ਤਾਂ ਬੜਾ ਆਇਡਿਲਿਸਟਿਕ ਮੁੰਡਾ ਏ। ਉਸਦਾ ਢੇਰ ਸਾਰੇ ਪੈਸੇ ਕਮਾਉਣ ਵਿਚ ਵਿਸ਼ਵਾਸ ਨਹੀਂ। ਉਹ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਚਾਹੁੰਦਾ ਏ। ਮੰਮੀ ਜੇ ਸਕੂਲੀ-ਟੀਚਿੰਗ ਵਿਚ ਚੰਗੇ ਤੇ ਬਰਾਈਟ ਲੋਕ ਨਹੀਂ ਜਾਣਗੇ ਤਾਂ ਇਸ ਦੇਸ਼ ਦੇ ਚੰਗੇ ਨਾਗਰਿਕ ਕਿਵੇਂ ਬਣਨਗੇ? ਸਾਰੇ ਈ ਯੂਨੀਵਰਸਟੀ ਵਿਚ ਪੜ੍ਹਾਉਣ ਲੱਗ ਪੈਣ ਤੇ ਸਕੂਲਾਂ ਵਿਚ ਨਾ ਪੜ੍ਹਾਉਣਾ ਚਾਹੁਣ ਤਾਂ ਯੂਨੀਵਰਸਟੀਆਂ ਵਿਚ ਪੜ੍ਹਨ ਕੌਣ ਆਏਗਾ?”
ਮੰਮੀ ਨੇ ਉਸਨੂੰ ਚੁੱਪ ਕਰਾ ਦਿੱਤਾ ਸੀ...“ਫਿਕਰ ਨਾ ਕਰ ਬੜੇ ਨੇ ਸਕੂਲਾਂ ਵਿਚ ਪੜ੍ਹਾਉਣ ਵਾਲੇ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦੀ ਸਾਂ ਕਿ ਨਿਯਤੀ ਉਸ ਨਾਲੋਂ ਕਿਤੇ ਬਿਹਤਰ ਤੇ ਯੋਗ ਏ। ਬਾਕੀ ਸਿਆਣਾ ਕਾਂ ਗੂੰਹ 'ਚ ਈ ਠੁੰਗ ਮਾਰੇ ਤਾਂ ਕੋਈ ਕੀ ਕਰ ਸਕਦੈ।”
ਨੇਹਾ ਫੇਰ ਵੀ ਪੈਰਵੀ ਕਰਦੀ ਰਹੀ ਸੀ...“ਮੰਮੀ ਅੱਜ ਜੇ ਉਹ ਸਕੂਲੀ-ਟੀਚਰ ਏ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰੀ ਉਮਰ ਇਹੀ ਬਣਿਆ ਰਹੇਗਾ। ਏਥੇ ਲੋਕ ਪ੍ਰੋਫ਼ੈਸ਼ਨ ਬਦਲਦੇ ਰਹਿੰਦੇ ਨੇ। ਕੱਲ੍ਹ ਨੂੰ ਯੂਨੀਵਰਸਟੀ ਵਿਚ ਪੀ.ਐਚ.ਡੀ.ਵਿਚ ਦਾਖ਼ਲਾ ਲੈ ਕੇ ਪਿੱਛੋਂ ਯੂਨੀਵਰਸਟੀ ਦਾ ਪ੍ਰੋਫ਼ੈਸਰ ਵੀ ਤਾਂ ਬਣ ਸਕਦਾ ਏ। ਜਾਂ ਜੋ ਕੁਝ ਵੀ ਕਰਨਾ ਚਾਹੇ। ਉਂਜ ਸਕੂਲੀ-ਟੀਚਰ ਦੀ ਤਨਖ਼ਾਹ ਵੀ ਕਾਲਜ ਦੇ ਪ੍ਰੋਫ਼ੈਸਰ ਨਾਲੋਂ ਘੱਟ ਨਹੀਂ ਹੁੰਦੀ। ਬਾਕੀ ਏਥੇ ਹਿੰਦੁਸਤਾਨ ਵਾਲੀ ਗੱਲ ਤਾਂ ਹੈ ਨਹੀਂ ਬਈ ਇਕ ਵਾਰੀ ਜੋ ਬਣ ਗਏ ਉਹੀ ਰਸਤਾ ਸਾਰੀ ਉਮਰ ਲਈ ਪੱਕਾ ਹੋ ਗਿਆ।”
“ਠੀਕ ਏ ਬਹੁਤੀ ਬੜਬੜ ਨਾ ਕਰ। ਹਰ ਵੇਲੇ ਮੈਨੂੰ ਈ ਮੱਤਾਂ ਦੇਂਦੀ ਰਹਿੰਦੀ ਏ।” ਮੰਮੀ ਨੂੰ ਇਸ ਗੱਲ 'ਤੇ ਗੁੱਸਾ ਆਉਂਦਾ ਹੈ ਕਿ ਬਜਾਏ ਉਹ ਆਪਣੀ ਧੀ ਨੂੰ ਮੱਤ ਦਏ, ਉਲਟਾ ਉਹੀ ਉਸਨੂੰ ਭਾਸ਼ਣ ਦੇਂਦੀ ਰਹਿੰਦੀ ਹੈ। ਜਿਵੇਂ ਉਹ ਦਾਦੀ ਅੰਮਾਂ ਹੋਵੇ ਤੇ ਮੰਮੀ ਕੋਈ ਬਾਲੜੀ। ਬੱਚੀ ਨੂੰ ਆਜ਼ਾਦੀ ਦੇਣ ਦਾ ਇਹ ਫਲ ਮਿਲ ਰਿਹਾ ਹੈ ਉਸਨੂੰ। ਪਾਪਾ ਨਾਲ ਉਸਦੀ ਇੰਜ ਪੇਸ਼ ਆਉਣ ਦੀ ਹਿੰਮਤ ਨਹੀਂ ਪੈਂਦੀ। ਪਾਪਾ ਤੋਂ ਡਰਦੀ ਹੈ ਤੇ ਉਹਨਾਂ ਦੀ ਗੱਲ ਧਿਆਨ ਨਾਲ ਸੁਣਦੀ-ਸਮਝਦੀ ਵੀ ਹੈ। ਮਾਂ ਨੂੰ ਕੁਛ ਸਮਝਦੀ ਹੀ ਨਹੀਂ।
ਪਾਪਾ ਜਦੋਂ ਉਸਨੂੰ ਸੜਕ ਦੀ ਲੈਅ ਬਾਰੇ ਸਮਝਾ ਰਹੇ ਸਨ ਤਾਂ ਨੇਹਾ ਨੂੰ ਲੱਗਿਆ ਜਿਵੇਂ ਪਾਪਾ ਬੜਾ ਕੁਝ ਸਮਝਦੇ ਨੇ। ਹੁਣ ਉਹ ਉਸਦੀ ਤੋਤਲੀ ਬੋਲੀ ਸੁਣਨ ਦੀ ਫਰਮਾਇਸ਼ ਵੀ ਨਹੀਂ ਕਰਦੇ। ਬਲਕਿ ਉਸ ਗੱਲ ਦਾ ਆਪਣੇ ਉੱਤੇ ਹੱਸਦੇ ਹੋਏ ਜ਼ਿਕਰ ਕਰਦੇ ਨੇ ਕਿ ਕਿੰਜ ਉਹਨਾਂ ਨੂੰ ਪਹਿਲਾਂ ਇਹ ਬੋਲੀ ਮਿੱਠੀ ਲੱਗਦੀ ਹੁੰਦੀ ਸੀ।
ਪਰ ਹੁਣ ਨੇਹਾ ਵੱਡੀ ਹੋ ਗਈ ਹੈ ਤੇ ਉਸਨੂੰ ਵੱਡਿਆਂ ਵਾਂਗ ਹੀ ਬੋਲਣਾ ਚਾਹੀਦਾ ਹੈ। ਸੋਚਦਿਆਂ ਸੋਚਦਿਆਂ ਅਚਾਨਕ ਉਸਦੀ ਹਿੰਮਤ ਵਧ ਗਈ ...“ਪਾਪਾ ਡਰਾਈਵਿੰਗ ਪ੍ਰੈਕਟਿਸ ਪਿੱਛੋਂ ਮੈਨੂੰ ਪੀਟਰ ਦੇ ਘਰ ਛੱਡ ਦੇਣ...”
“ਪੀਟਰ ਕੌਣ? ਇਹ ਕੋਈ ਨਵਾਂ ਦੋਸਤ ਏ ਤੇਰਾ?”
“ਨਵਾਂ ਨਹੀਂ ਸਕੂਲ ਵਿਚ ਨਾਲ ਪੜ੍ਹਦਾ ਸੀ, ਹੁਣ ਉਹ ਫੇਰ ਨਿਊਯਾਰਕ ਵਿਚ ਆ ਗਿਆ ਏ।”
“ਕਿੱਥੇ ਛੱਡਣਾ ਏਂ?”
“ਫੋਰਟੀ ਫਿਫਥ ਸਟ੍ਰੀਟ ਕੋਲ।”
“ਕਿੱਥੇ ਕੁ? ਕੋਈ ਰੇਸਟਰਾਂ ਏ?”
“ਨਹੀਂ।”
“ਰਹਿੰਦਾ ਏ ਉੱਥੇ?”
“ਹਾਂ।” ਰਤਾ ਝਿਜਕ ਨਾਲ ਨੇਹਾ ਨੇ ਉਗਲਿਆ ਸੀ ਉਹ ਛੋਟਾ ਜਿਹਾ 'ਹਾਂ'।
ਪਾਪਾ ਨੇ ਹੈਰਾਨੀ ਜ਼ਾਹਰ ਨਾ ਕਰਦਿਆਂ ਹੋਇਆ ਪੁੱਛਿਆ ਸੀ,
“ਤੂੰ ਉਸਦੇ ਅਪਾਰਮੈਂਟ 'ਚ ਜਾਏਂਗੀ?”
“ਮੇਰੀ ਉਸ ਨਾਲ ਬੜੀ ਪੁਰਾਣੀ ਦੋਸਤੀ ਏ।”
ਪਾਪਾ ਦਾ ਡਰ, ਉਹਨਾਂ ਦਾ ਫਰਜ਼, ਸਮਝਦਾਰੀ ਸਭੋ ਕੁਝ ਉਹਨਾਂ ਦੇ ਚਿਹਰੇ 'ਤੇ ਰਲਗਡ ਹੋ ਰਹੇ ਸਨ। ਪਰ ਬੜੇ ਠਰ੍ਹਮੇਂ ਨਾਲ ਬੋਲੇ ਉਹ...“ਪਰ ਜਾਣਦੀ ਏਂ ਨਾ ਕਿਸੇ ਮੁੰਡੇ ਦੇ ਅਪਾਰਟਮੈਂਟ ਵਿਚ ਇੰਜ ਜਾਣਾ...ਕੀ ਓਥੇ ਕੁਛ ਹੋਰ ਲੋਕ ਵੀ ਹੋਣਗੇ?”
“ਮੈਨੂੰ ਪਤਾ ਨਹੀਂ...ਪਰ ਸ਼ਾਇਦ ਮੈਨੂੰ ਈ ਬੁਲਾਇਆ ਏ।” ਉਹ ਚਾਹੁੰਦੀ ਸੀ ਪਾਪਾ ਸੱਚ ਜਾਣ ਲੈਣ ਤੇ ਸੱਚ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਸੀ।
“ਤਾਂ ਤੁਹਾਡੀ ਦੋਸਤੀ ਏਨੀ ਏਂ ਕਿ...?”
“ਹੂੰ...”
“ਕੀ ਤੂੰ ਉਸ ਨੂੰ ਪਿਆਰ ਕਰਦੀ ਏਂ?”
“ਅੰਅ? ਪਤਾ ਨਹੀਂ।”
“ਜੇ ਤੂੰ ਉਸਦੇ ਅਪਾਰਟਮੈਂਟ 'ਚ ਇਕੱਲੀ ਜਾ ਰਹੀ ਏਂ ਤਾਂ ਫੇਰ ਈ ਜਾਵੀਂ ਜੇ ਉਹ ਇਨਸਾਨ ਤੇਰੇ ਲਈ ਖਾਸ ਹੈ, ਨਹੀਂ ਤਾਂ ਕੁਛ ਐਸਾ-ਵੈਸਾ ਹੋ ਗਿਆ ਤਾਂ ਗ਼ਲਤ ਹੋਏਗਾ।”
“ਪਾਪਾ ਉਹ ਖਾਸ ਤਾਂ ਹੈ।”
“ਇਸਦਾ ਮਤਲਬ ਤੂੰ ਉਸ ਨੂੰ ਪਿਆਰ ਕਰਦੀ ਏਂ।”
“ਪਤਾ ਨਹੀਂ। ਅਸੀਂ ਬੜੇ ਪੱਕੇ ਦੋਸਤ ਆਂ।”
“ਕੀ ਹੋਰ ਕੋਈ ਮੁੰਡਾ ਤੇਰਾ ਏਨਾ ਪੱਕਾ ਦੋਸਤ ਨਹੀਂ?”
“ਨਹੀਂ।”
“ਤਾਂ ਫੇਰ ਇਹੀ ਤੇਰਾ ਖਾਸ ਹੈ। ਤੂੰ ਸ਼ਾਇਦ ਉਸ ਨੂੰ ਪਿਆਰ ਵੀ ਕਰਦੀ ਏਂ। ਮੇਰੇ ਸਾਹਮਣੇ ਕਹਿਣ ਤੋਂ ਝਿਜਕਦੀ ਪਈ ਏਂ।”
“ਹਾਲੇ ਪਤਾ ਨਹੀਂ, ਕੁਛ ਨਹੀਂ ਕਹਿ ਸਕਦੀ। ਹੋ ਸਕਦਾ ਏ ਕਰਦੀ ਹੋਵਾਂ।”
ਨੇਹਾ ਹੈਰਾਨ ਸੀ ਕਿ ਇਹ ਕੈਸੀਆਂ ਗੱਲਾਂ ਹੋਣ ਲੱਗ ਪਈਆਂ ਨੇ ਉਸਦੇ ਤੇ ਪਾਪਾ ਦੇ ਵਿਚਕਾਰ ਅੱਜ? ਉਸਨੂੰ ਅਚਾਨਕ ਮਹਿਸੂਸ ਹੋਇਆ ਕਿ ਪਾਪਾ ਦੀ ਨਿਗਾਹ ਵਿਚ ਉਹ ਸੱਚਮੁੱਚ ਵੱਡੀ ਹੋ ਗਈ ਹੈ। ਪਾਪਾ ਸਮਝਦੇ ਨੇ ਸਭ। ਬਸ ਉਹੀ ਘਬਰਾ ਰਹੀ ਹੈ ਇਸ ਵਿਸ਼ੇ 'ਤੇ ਗੱਲ ਕਰਨ ਤੋਂ।
“ਤੂੰ ਚਾਹੇਂ ਤਾਂ ਮੈਂ ਮਿਲ ਲਵਾਂਗਾ ਉਸਨੂੰ।”
“ਪਰ ਪਾਪਾ ਅਜਿਹੀ ਕੋਈ ਸੀਰੀਅਸ ਗੱਲ ਨਹੀਂ। ਮੈਂ ਖ਼ੁਦ ਵੀ ਨਹੀਂ ਜਾਣਦੀ ਕਿ ਇਹ ਰਿਸ਼ਤਾ ਕਿਸ ਤਰ੍ਹਾਂ ਦਾ ਰੂਪ ਲਏਗਾ।”
“ਪਰ ਜੇ ਤੈਨੂੰ ਆਪਣੇ 'ਤੇ ਭਰੋਸਾ ਜਾਂ ਉਸਦੇ ਮਨ ਦਾ ਗਿਆਨ ਨਹੀਂ ਤਾਂ ਉਸਦੇ ਅਪਾਰਟਮੈਂਟ ਵਿਚ ਕਿਉਂ ਜਾ ਰਹੀ ਏਂ?...ਇਕ ਗੱਲ ਆਖਾਂ?”
ਅਚਾਨਕ ਇਕ ਡਰ ਜਿਹਾ ਲੱਗਿਆ...ਕੀ ਕਹਿਣਗੇ ਪਾਪਾ?
“ਦੇਖ ਬੇਟੇ, ਕਿਉਂਕਿ ਮੈਂ ਖ਼ੁਦ ਇਕ ਮਰਦ ਹਾਂ। ਇਸ ਲਈ ਮਰਦ ਦੇ ਨਜ਼ਰੀਏ ਤੋਂ ਸਲਾਹ ਦਿਆਂਗਾ। ਕੋਈ ਵੀ ਕੁੜੀ ਇੰਜ ਜਦੋਂ ਕਿਸੇ ਪੁਰਸ਼ ਕੋਲ ਜਾਂਦੀ ਹੈ ਤਾਂ ਪੁਰਸ਼ ਉਸਦੀ ਕਦਰ ਨਹੀਂ ਕਰਦਾ। ਆਪਣੇ ਆਪ ਨੂੰ ਦੁਰਲਭ ਬਣਾ ਕੇ ਰੱਖੋ ਤਾਂ ਦੇਖੋ ਕਿੰਜ ਮੁੰਡੇ ਪਿੱਛੇ ਦੌੜਦੇ ਨੇ।”
“ਪਾਪਾ!” ਨੇਹਾ ਨੇ ਕਹਿਣਾ ਚਾਹਿਆ ਕਿ ਅੱਜ ਤਕ ਤਾਂ ਉਸਨੇ ਖ਼ੁਦ ਨੂੰ ਦੁਰਲਭ ਬਣਾ ਕੇ ਹੀ ਰੱਖਿਆ ਹੋਇਆ ਹੈ।...ਪਰ ਉਸਨੂੰ ਪਿੱਛੇ ਭੱਜਣ ਵਾਲਾ ਕੋਈ ਨਹੀਂ ਮਿਲਿਆ।
ਜਿਹੜੇ ਆਏ ਉਹ ਉਸ ਨਾਲ ਪਹਿਲਾਂ ਦੋਸਤੀ ਕਰਨਾ ਚਾਹੁੰਦੇ ਸੀ, ਉਸਨੂੰ ਜਾਣਨਾ ਚਾਹੁੰਦੇ ਸੀ...ਪਰ ਉਹ ਖ਼ੁਦ ਸਭ ਤੋਂ ਦੂਰ ਰਹੀ...ਫੇਰ ਨੇੜਤਾ ਕਿੰਜ ਬਣਦੀ, ਦੋਸਤੀ ਕਿਸ ਨਾਲ ਹੁੰਦੀ?
ਨੇਹਾ ਨੇ ਗੌਰ ਕੀਤਾ ਪਾਪਾ ਆਖ਼ਰ ਪਾਪਾ ਹੀ ਨੇ। ਧੀ ਦੀ ਇੱਜ਼ਤ ਨੂੰ ਲੈ ਕੇ ਘਬਰਾਏ ਹੋਏ, ਪਰ ਉਹਨਾਂ ਦਾ ਕਹਿਣ ਢੰਗ ਹਿਰਖੀਲਾ ਨਹੀਂ ਦੋਸਤਾਨਾ ਸੀ।
ਪਾਪਾ ਨੂੰ ਤਸੱਲੀ ਦੇਣ ਨੂੰ ਜੀਅ ਕੀਤਾ ਸੀ ਨੇਹਾ ਦਾ।
“ਅਸੀਂ ਨਾਲ ਨਾਲ ਇਕ ਪ੍ਰੋਜੈਕਟ 'ਤੇ ਵੀ ਕੰਮ ਕਰ ਰਹੇ ਆਂ, ਪਾਪਾ।”
“ਕਾਹਦਾ ਪ੍ਰੋਜੈਕਟ?”
"ਇਕ ਫ਼ਿਲਮ ਦਾ ਪ੍ਰੋਜੈਕਟ।"
ਨੇਹਾ ਨੂੰ ਕਹਿੰਦਿਆਂ ਹੋਇਆਂ ਲੱਗਿਆ ਕਿ ਝੂਠ ਨਹੀਂ ਬੋਲ ਰਹੀ ਉਹ। ਪੀਟਰ ਤੇ ਉਸਨੇ ਇਸ ਬਾਰੇ ਕਾਫੀ ਲੰਮੀ ਗੱਲਬਾਤ ਕੀਤੀ ਸੀ। ਭਾਵੇਂ ਅੱਜ ਉਹ ਸਿਰਫ ਉਸ ਗੱਲਬਾਤ ਦੇ ਸਿਲਸਿਲੇ ਵਿਚ ਨਹੀਂ ਸੀ ਜਾ ਰਹੀ ਹੋਰ ਵੀ ਬਹੁਤ ਸਾਰੇ ਗੱਪ ਮਾਰਨੇ ਸਨ।
ਵੈਸੇ ਉਸਨੂੰ ਵੀ ਅੰਦਾਜ਼ਾ ਸੀ ਕਿ ਆਪਣੇ ਅਪਾਰਟਮੈਂਟ ਦੀ ਇਕਾਂਤ ਵਿਚ ਉਹ ਉਸਨੂੰ ਛੂਹ ਵੀ ਸਕਦਾ ਹੈ ਤੇ ਛੂਹਣ ਤੋਂ ਅੱਗੇ ਵੀ...। ਨੇਹਾ ਸਿਰ ਤੋਂ ਪੈਰਾਂ ਤੀਕ ਕੰਬ ਗਈ...ਡਰ ਨਾਲੋਂ ਵੱਧ ਇਕ ਚੈਲੇਂਜ ਸੀ ਉਸ ਲਈ ਤੇ ਉਸਨੇ ਮਹਿਸੂਸ ਕੀਤਾ ਕਿ ਉਹ ਹਰ ਤਰ੍ਹਾਂ ਦੇ ਚੈਲੇਂਜ ਦਾ ਸਾਹਮਣਾ ਕਰਨ ਲਈ ਤਿਆਰ ਸੀ ਅੱਜ। ਨਾਲ ਹੀ ਉਹ ਇਹ ਵੀ ਜਾਣੀ ਸੀ ਕਿ ਪੂਰੀ ਤਿਆਰੀ ਦੇ ਬਾਵਜੂਦ ਉਹ ਪੀਟਰ ਨਾਲ ਸਿਰਫ ਫਿਲਮ ਬਾਰੇ ਚਰਚਾ ਕਰਨ ਵੀ ਆ ਸਕਦੀ ਸੀ।
ਨੇਹਾ ਨੂੰ ਸਮਝ ਨਹੀਂ ਆ ਰਿਹਾ ਕਿ ਠੀਕ ਕੀ ਹੈ ਤੇ ਕੀ ਗਲਤ!
***
ਉਹ ਹਾਈਵੇ ਤੋਂ ਉੱਤਰ ਕੇ ਪਹਿਲੇ ਐਵੇਨਿਊ 'ਤੇ ਆ ਗਏ ਸਨ। ਸਾਹਮਣੇ ਪੀਲੀ ਬੱਤੀ ਸੀ। ਪਿੱਛੇ ਗੱਡੀਆਂ ਆ ਰਹੀਆਂ ਸਨ। ਪਾਪਾ ਬੋਲੇ, “ਚੱਲਦੀ ਰਹੋ” ਤੇ ਸਮਝਾਉਣ ਲੱਗੇ, “ਪੀਲੀ ਬੱਤੀ 'ਤੇ ਗੱਡੀ ਰੋਕਣੀ ਹੁੰਦੀ ਹੈ ਪਰ ਜੇ ਤੇਜ਼ ਰਫਤਾਰ ਗਤੀ ਨਾਲ ਚੱਲ ਰਹੇ ਹੋਵੋ ਤੇ ਅਚਾਨਕ ਪੀਲੀ ਬੱਤੀ ਹੋ ਜਾਵੇ ਤਾਂ ਗੱਡੀ ਦੀ ਰਫਤਾਰ ਤੇਜ਼ ਕਰਕੇ ਨਿਕਲ ਜਾਣਾ ਚਾਹੀਦਾ ਏ ਵਰਨਾ ਪਿੱਛੋਂ ਉਸੇ ਰਫਤਾਰ ਨਾਲ ਆਉਂਦੀ ਗੱਡੀ ਟੱਕਰ ਮਾਰ ਸਕਦੀ ਹੈ।”
ਫੇਰ ਅਚਾਨਕ ਜਿਵੇਂ ਧਿਆਨ ਆ ਗਿਆ ਹੋਵੇ, ਬੋਲੇ...“ਕੇਹਾ ਫ਼ਿਲਮ ਪ੍ਰੋਜੈਕਟ ਏ?”
“ਅਜੇ ਤਾਂ ਉਸਦੀ ਸਕਰਿਪਟ ਹੀ ਤਿਆਰ ਕਰ ਰਹੇ ਆਂ। ਸਤੀ ਤੇ ਫ਼ਿਲਮ ਬਣਾਵਾਂਗੇ।”
“ਸਤੀ?”
“ਹਾਂ, ਤੁਸੀਂ ਏਨੇ ਹੈਰਾਨ ਕਿਉਂ ਓ?”
“ਤੂੰ ਕੀ ਜਾਣਦੀ ਏਂ ਸਤੀ ਬਾਰੇ? ਕੀ ਥੀਮ ਹੋਏਗਾ?”
“ਅਸੀਂ ਕਹਾਣੀ ਨੂੰ ਉਨੀਵੀਂ ਸਦੀ ਵਿਚ ਜੜ ਰਹੇ ਆਂ। ਉਸ ਵਿਚ ਬ੍ਰਿਟਿਸ਼ ਸੁਧਾਰਕ ਵੀ ਹੋਣਗੇ। ਇਕ ਅੰਗਰੇਜ਼ ਸਤੀ ਹੋਣ ਵਾਲੀ ਹੀਰੋਇਨ ਨੂੰ ਬਚਾ ਲੈਂਦਾ ਏ ਤੇ ਫੇਰ ਦੋਹਾਂ ਵਿਚਕਾਰ ਗੱਲਬਾਤ ਰਾਹੀਂ ਹੀਰੋਇਨ ਦੇ ਦ੍ਰਿਸ਼ਟੀਕੋਣ ਵਿਚ ਬਦਲ ਲਿਆਂਦਾ ਜਾਏਗਾ।”
“ਤੇਰਾ ਮਤਲਬ ਏ ਉਹ ਸਤੀ-ਪ੍ਰਥਾ ਦਾ ਖੰਡਨ ਕਰੇਗੀ।”
“ਪਰ ਉਸਨੂੰ ਆਪਣਾ ਧਰਮ ਬਦਲਨਾਂ ਪਏਗਾ ਕਿਉਂਕਿ ਹਿੰਦੂ ਸਮਾਜ ਵਿਚੋਂ ਉਸਨੂੰ ਛੇਕ ਦਿੱਤਾ ਜਾਂਦਾ ਏ ਕਿ ਉਹ ਪਤੀ ਦੀ ਚਿਤਾ ਤੋਂ ਉਠੀ ਕਿਉਂ?
ਪਰ ਹਿੰਦੂ ਧਰਮ ਹਰੇਕ ਔਰਤ ਨੂੰ ਪਤੀ ਦੇ ਨਾਲ ਸੜ ਕੇ ਮਰਨ ਦੀ ਆਗਿਆ ਤਾਂ ਨਹੀਂ ਦੇਂਦਾ। ਇਹ ਸਭ ਤੇਰੇ ਅੱਧਕੱਚੇ ਗਿਆਨ ਦਾ ਪ੍ਰਤੀਕ ਏ। ਮੈਨੂੰ ਤਾਂ ਇਸ ਕਹਾਣੀ ਵਿਚ ਕੋਈ ਤੁਕ ਨਜ਼ਰ ਨਹੀਂ ਆ ਰਹੀ।”
“ਦਿਸ ਇਜ ਪੋਸਟ ਕੋਲੋਨੀਅਲ ਸਟਫ। ਦੋ ਗੱਲਾਂ ਨੇ ਪਾਪਾ, ਇਕ ਤਾਂ ਮੈਂ ਅੰਤਰ-ਰਾਸ਼ਟਰੀ ਫ਼ਿਲਮ ਬਣਾਉਣਾ ਚਾਹੁੰਦੀ ਹਾਂ ਜਿਹੜੀ ਭਾਰਤ ਤੇ ਇੱਥੇ, ਦੋਹੇਂ ਕਲਚਰ ਦਰਸਾਏ ਤਾਂਕਿ ਦੁਨੀਆਂ ਭਰ ਦੇ ਦਰਸ਼ਕ-ਵਰਗ ਨੂੰ ਦੇਖਣ ਵਿਚ ਦਿਲਚਸਪੀ ਹੋਵੇ। ਦੂਜਾ ਸਤੀ ਵਰਗੀ ਮਾੜੀ ਪ੍ਰਥਾ 'ਤੇ ਫ਼ਿਲਮ ਬਣਨੀ ਚਾਹੀਦੀ ਏ ਤਾਂਕਿ ਹੋਰ ਦੁਨੀਆਂ ਦੇ ਲੋਕਾਂ ਦਾ ਇਸ ਵੱਲ ਧਿਆਨ ਜਾਏ ਤੇ ਉਹ ਇਸ ਦੀ ਨਿਖੇਧੀ ਕਰਨ, ਤੀਜਾ ਇਹ ਕਿ ਵਿਸ਼ਾ ਅਜਿਹਾ ਹੈ ਕਿ ਸਾਨੂੰ ਫ਼ਿਲਮ ਬਣਾਉਣ ਲਈ ਪੈਸਾ ਮਿਲਣ ਵਿਚ ਵੀ ਘੱਟ ਦਿਕੱਤ ਹੋਏਗੀ।”
“ਤੇ ਤੇਰਾ ਆਰਕੀਟਕਚਰ?”
“ਫ਼ਿਲਮ ਦੇ ਨਾਲ ਨਾਲ ਉਹ ਵੀ ਚਲਾਂਦੀ ਰਹਾਂਗੀ। ਪੀਟਰ ਨੇ ਤਾਂ ਇਸ ਲਈ ਹਾਈ ਪ੍ਰੈਸ਼ਰ ਨੌਕਰੀ ਛੱਡ ਕੇ ਸਕੂਲ ਵਿਚ ਪੜ੍ਹਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਏ। ਤਾਂਕਿ ਫ਼ਿਲਮ ਲਈ ਸਮਾਂ ਕੱਢ ਸਕੇ। ਅਜੇ ਤਾਂ ਸ਼ੂਟਿੰਗ ਦੀ ਸਟੇਜ ਆਉਣ ਵਿਚ ਖਾਸਾ ਸਮਾਂ ਪਿਆ ਏ। ਅਜੇ ਸਕ੍ਰਿਪਟ ਈ ਪੂਰੀ ਨਹੀਂ ਹੋਈ।”
ਉਸ ਦਿਨ ਪਾਪਾ ਨੇ ਉਸਨੂੰ ਡਰਾਪ ਕਰ ਦਿੱਤਾ ਸੀ। ਅਜੀਬ ਗੱਲ ਹੈ ਕਿ ਪਾਪਾ ਉਸਨੂੰ ਸਮਝਾਉਂਦੇ ਨੇ ਤਾਂ ਉਸਦੇ ਦੋਸਤਾਂ ਵਰਗੇ ਬਣਦੇ ਜਾ ਰਹੇ ਨੇ।
ਜਦਕਿ ਜਿਉਂ ਜਿਉਂ ਉਹ ਵੱਡੀ ਹੋ ਰਹੀ ਏ ਮੰਮੀ ਦਾ ਨਜ਼ਰੀਆ ਸੁੰਗੜਦਾ ਜਾ ਰਿਹਾ ਏ। ਇਕ ਬੇਚੈਨੀ ਤੇ ਕਾਹਲ ਜਿਹੀ ਰਹਿੰਦੀ ਹੈ ਉਸ ਵਿਚ ਨੇਹਾ ਦੀ ਸ਼ਾਦੀ ਦੇ ਮਾਮਲੇ ਨੂੰ ਲੈ ਕੇ। ਨੇਹਾ ਨੂੰ ਲੱਗਦਾ ਹੈ ਕਿ ਇਹ ਸਭ ਉਸਦੀਆਂ ਅਮਰੀਕਾ ਵਿਚ ਰਹਿੰਦੀਆਂ ਹਿਦੁਸਤਾਨੀ ਸਹੇਲੀਆਂ ਦਾ ਦਬਾਅ ਹੈ। ਵਰਨਾ ਮੰਮੀ ਤਾਂ ਬੜੇ ਖੁੱਲ੍ਹੇ ਸੁਭਾਅ ਵਾਲੀ ਸੀ। ਉਸਨੇ ਇਸ ਵਿਸ਼ੇ 'ਤੇ ਮੰਮੀ ਨਾਲ ਆਹਮਣਾ-ਸਾਹਮਣਾ ਵੀ ਕੀਤਾ ਸੀ। “ਕਿਉਂਕਿ ਅੰਸ਼ੁਲ ਸਨਿਆਸਨ ਬਣ ਗਈ ਏ ਤਾਂ ਤੁਸੀਂ ਸੋਚਦੇ ਓ ਕਿ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਪਾਗਲ ਨੇ? ਜਾਂ ਹੋ ਜਾਣਗੀਆਂ?”
“ਹਾਂ। ਟਾਈਮ ਨਾਲ ਸ਼ਾਦੀ ਹੋਣੀ ਜ਼ਰੂਰੀ ਏ।”
“ਜੇ ਨਾ ਹੋਵੇ ਫੇਰ?”
“ਫੇਰ ਬੜਾ ਬੁਰਾ ਹੁੰਦੈ।”
“ਕੀ ਬੁਰਾ ਹੁੰਦੈ?”
“ਆਖ਼ਰ ਇਹ ਰਵਾਜ਼ ਬਣੇ ਨੇ ਤਾਂ ਇਹਨਾਂ ਦੇ ਕੋਈ ਅਰਥ ਤਾਂ ਹੈਨ ਹੀ ਨਾ?”
“ਅਰਥ ਤਾਂ ਇਹੀ ਨੇ ਕਿ ਬੱਚੇ ਪੈਦਾ ਕਰੋ ਤੇ ਗ੍ਰਹਿਸਤੀ ਦੀ ਗੱਡੀ ਖਿੱਚਦੇ ਰਹੋ। ਪਰ ਮੈਂ ਤਾਂ ਵੈਸੇ ਈ ਜੁਟ ਗਈ ਆਂ ਨੌਕਰੀ 'ਚ। ਫ਼ਿਲਮ ਬਣਾਉਣ ਵਿਚ। ਮੇਰੇ ਕੋਲ ਗ੍ਰਹਿਸਤੀ ਦੀ ਗੱਡੀ ਨੂੰ ਹੱਕਣ ਦੀ ਫੁਰਸਤ ਕਿੱਥੇ ਹੈ ਹੁਣ?...ਜਦੋਂ ਹੋਈ ਤਾਂ ਸੋਚਾਂਗੀ, ਜੇ ਨਾ ਹੋਈ ਤਾਂ ਕਦੀ ਨਹੀਂ ਸੋਚਾਂਗੀ।”
“ਇਹੋ ਤਾਂ ਮੁਸ਼ਕਿਲ ਏ। ਤਾਂ ਤੂੰ ਸੋਚਦੀ ਏਂ ਕਿ ਬਿਨਾਂ ਘਰ ਵਸਾਇਆਂ ਸਾਰੀ ਉਮਰ ਕੱਟੀ ਜਾ ਸਕਦੀ ਏ।...ਤਦੇ ਤਾਂ ਤੂੰ ਮੇਰੇ ਲੱਖ ਕਹਿਣ ਦੇ ਬਾਵਜੂਦ ਖਾਣਾ ਬਣਾਉਣਾ ਨਹੀਂ ਸਿੱਖਿਆ।”
“ਮੰਮੀ ਮੇਰੇ ਨਾਲ ਦੇ ਵਧੇਰੇ ਲੋਕ ਖਾਣਾ ਬਾਹਰ ਹੀ ਖਾਂਦੇ ਨੇ। ਕਿਸੇ ਨੂੰ ਬਣਾਉਣਾ ਨਹੀਂ ਪੈਂਦਾ। ਬਣਾਉਣ ਦਾ ਸ਼ੌਕ ਹੋਏ ਤਾਂ ਇਕ ਅੱਧੀ ਚੀਜ਼ ਸਿਖੀ ਵੀ ਜਾ ਸਕਦੀ ਏ। ਪਰ ਇਹ ਅਜਿਹਾ ਕੋਈ ਮਸਟ ਨਹੀਂ, ਜਿਵੇਂ ਤੁਸੀਂ ਸਮਝਦੇ ਓ।”
“ਜਾਹ ਜਾਹ, ਤੇਰੇ ਨਾਲ ਬਹਿਸ ਕੌਣ ਕਰੇ।”
ਨੇਹਾ ਮੰਮੀ ਦੇ ਵਰਤਾਰੇ ਤੋਂ ਬੇਹੱਦ ਪ੍ਰੇਸ਼ਾਨ ਹੋ ਜਾਂਦੀ ਸੀ। ਕਦੀ ਤਾਂ ਮੰਮੀ ਦੁਨੀਆਂ-ਜਹਾਨ ਵਿਚ ਢੰਡੋਰਾ ਪਿੱਟਦੀ ਸੀ ਕਿ ਉਹ ਆਪਣੀ ਧੀ ਨਾਲ ਸ਼ਾਦੀ ਦੇ ਮਾਮਲੇ ਵਿਚ ਧੱਕਾ ਨਹੀਂ ਕਰੇਗੀ।...ਤੇ ਹੁਣ ਜਿਵੇਂ ਜਿਵੇਂ ਉਮਰ ਦੇ ਸਾਲ ਵਧ ਰਹੇ ਨੇ, ਪੁੱਠੇ ਪਾਸੇ ਵੱਲ ਤੁਰ ਪਈ ਜਾਪਦੀ ਹੈ।
ਨੇਹਾ ਦਾ ਡਰ ਸੱਚ ਨਿਕਲਿਆ। ਮੰਮੀ ਨੇ ਪੀਟਰ ਬਾਰੇ ਪੁੱਛ ਹੀ ਲਿਆ।
ਜਦੋਂ ਪਾਪਾ ਨੇ ਉਸਨੂੰ ਪੀਟਰ ਕੋਲ ਡਰਾਪ ਕੀਤਾ ਸੀ, ਓਹਨੀਂ ਦਿਨੀ ਮੰਮੀ ਨੇ ਵੀ ਪੁੱਛਿਆ ਸੀ ਉਸ ਰਿਸ਼ਤੇ ਵਿਚ ਸ਼ਾਦੀ ਦੀ ਗੰਭੀਰਤਾ ਬਾਰੇ।
ਮੰਮੀ ਨੂੰ ਟਾਲ ਦਿੱਤਾ ਸੀ ਨੇਹਾ ਨੇ। ਪਰ ਆਪਣੇ ਆਪ ਤੋਂ ਵਾਰ-ਵਾਰ ਇਹੋ ਸਵਾਲ ਪੁੱਛਦੀ ਰਹੀ ਸੀ ਉਹ, ਤੇ ਪੀਟਰ ਤੋਂ ਵੀ। ਉਸ ਦਿਨ ਜਦੋਂ ਪਾਪਾ ਨੇ ਉਸਨੂੰ ਪੀਟਰ ਦੀ ਰਹਾਇਸ਼ ਕੋਲ ਡਰਾਪ ਕੀਤਾ ਸੀ ਤਾਂ ਉਹੀ ਸਭ ਕੁਝ ਹੋਇਆ ਸੀ ਜਿਸਦਾ ਪਾਪਾ ਨੂੰ ਡਰ ਸੀ। ਤੇ ਫੇਰ ਵੀ ਉਸਨੇ ਕੁਝ ਵੀ ਨਹੀਂ ਸੀ ਹੋਣ ਦਿੱਤਾ ਕਿਉਂਕਿ ਪਾਪਾ ਦੀ ਗੱਲ ਕਿਤੇ ਧੁਰ ਅੰਦਰ ਬੈਠੀ ਹੋਈ ਸੀ।
ਪੀਟਰ ਨੇ ਉਸਦਾ ਹੱਥ ਫੜਿਆ ਹੀ ਸੀ ਕਿ ਉਹ ਬੋਲ ਪਈ, “ਜੇ ਤੇਰਾ ਸ਼ਾਦੀ ਕਰਨ ਦਾ ਖ਼ਿਆਲ ਨਹੀਂ ਤਾਂ ਮੈਂ ਇਸ ਰਿਸ਼ਤੇ ਨੂੰ ਅੱਗੇ ਨਹੀਂ ਵਧਾਉਣਾ ਚਾਹਾਂਗੀ।”
ਪੀਟਰ ਨੇ ਝੱਟ ਹੱਥ ਪਿੱਛੇ ਖਿੱਚ ਲਿਆ ਸੀ। ਬੜੀ ਦੇਰ ਤਕ ਚੁੱਪਚਾਪ ਸੋਚਦਾ ਰਿਹਾ ਸੀ।
ਫੇਰ ਪੀਟਰ ਨੇ ਉਸਦਾ ਚਿਹਰਾ ਦੋਹਾਂ ਹੱਥਾਂ ਵਿਚ ਲੈ ਕੇ ਚੁੰਮ ਲਿਆ ਸੀ ਤੇ ਉਸਦੇ ਮੋਢਿਆਂ ਨੂੰ ਥਾਪੜਦਿਆਂ ਹੋਇਆਂ ਕਿਹਾ ਸੀ, “ਏਨੀ ਟੈਂਸ ਕਿਉਂ ਏਂ ਤੂੰ ਅੱਜ? ਰਿਲੈਕਸ!”
“ਰਿਲੈਕਸ ਰਹਿਣ ਦਾ ਵਕਤ ਨਹੀਂ ਰਿਹਾ। ਰੋਜ਼ ਕਿਸੇ ਨਾ ਕਿਸੇ ਬਹਾਨੇ ਸ਼ਾਦੀ ਦੀ ਗੱਲ ਛਿੜ ਜਾਂਦੀ ਏ।” ਆਪਣੇ ਆਪ ਨੂੰ ਪੀਟਰ ਦੀ ਪਕੜ 'ਚੋਂ ਮੁਕਤ ਕਰਕੇ ਨੇਹਾ ਨੇ ਕਿਹਾ ਸੀ।
“ਤੂੰ ਸੱਚਮੁੱਚ ਸ਼ਾਦੀ ਕਰਨਾ ਚਾਹੁੰਦੀ ਏਂ, ਮੇਰੇ ਨਾਲ?”
ਪਤਾ ਨਹੀਂ ਨੇਹਾ ਦੇ ਮੂੰਹੋਂ ਕੀ-ਕੀ ਨਿਕਲਿਆ ਸੀ। ਮੰਮੀ-ਪਾਪਾ ਦੀ ਪਸੰਦ-ਨਾਪਸੰਦ, ਖ਼ੁਦ ਦੇ ਮਾਮਾਲੇ ਵਿਚ ਭਵਿੱਖ ਪ੍ਰਤੀ ਸ਼ੰਕੇ...ਕਿੰਨਾ ਕੁਝ ਸੀ ਇਸ ਜਵਾਬ ਦੀ ਭੂਮਿਕਾ ਬੰਨ੍ਹਦਾ ਹੋਇਆ! ਉਹ ਸ਼ਾਇਦ ਹਾਂ ਕਹਿਣਾ ਚਾਹੁੰਦੀ ਸੀ, ਪਰ ਮਨ ਵਿਚ ਖਿਝ ਹੀ ਖਿਝ ਭਰੀ ਹੋਈ ਸੀ। ਉਸਦੀ ਜ਼ਿੰਦਗੀ ਦਾ ਸਭ ਤੋਂ ਅਹਮ ਫੈਸਲਾ ਸੀ ਤੇ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਫੈਸਲਾ ਕਰੇ!
“ਤਾਂ ਮੈਥੋਂ ਕੀ ਚਾਹੁੰਦੀ ਏਂ ਤੂੰ? ਮੈਂ ਤਾਂ ਫਿਲਹਾਲ ਸ਼ਾਦੀ-ਵਾਦੀ ਬਾਰੇ ਸੋਚਿਆ ਈ ਨਹੀਂ। ਫੇਰ ਇਹ ਵੀ ਤਾਂ ਜ਼ਰੂਰੀ ਏ ਕਿ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ-ਜਾਚ ਲਿਆ ਜਾਏ ਪੂਰੀ ਤਰ੍ਹਾਂ...।”
“ਜਿਸ ਜਾਣਨ-ਜਾਚਣ ਦੀ ਤੂੰ ਗੱਲ ਕਰ ਰਿਹੈਂ, ਉਹ ਵਿਆਹ ਤੋਂ ਪਿੱਛੋਂ ਹੀ ਹੋ ਸਕਦਾ ਏ।”
“ਸ਼ਾਦੀ ਦਾ ਫੈਸਲਾ ਮੈਂ ਤਦ ਹੀ ਕਰ ਸਕਦਾ ਆਂ ਜਦ ਸਾਡੀ ਹਰ ਪੱਖੋਂ ਕੰਪੈਬਿਲਿਟੀ ਹੋਏ।”
“ਮੰਨ ਲਓ ਮੈਂ ਤੇਰੀ ਗੱਲ ਮੰਨ ਵੀ ਲਵਾਂ ਤਾਂ ਕੀ ਗਰੰਟੀ ਏ ਤੂੰ ਮੁੱਕਰ ਨਹੀਂ ਜਾਏਂਗਾ?”
“ਗਰੰਟੀ ਤਾਂ ਕਦੀ ਹੋਏਗੀ ਹੀ ਨਹੀਂ, ਸ਼ਾਦੀ ਤੋਂ ਬਾਅਦ ਵੀ ਨਹੀਂ। ਕੀ ਤੂੰ ਮੈਨੂੰ ਗਰੰਟੀ ਦੇ ਸਕਦੀ ਏਂ ਕਿ ਮੈਨੂੰ ਛੱਡ ਕੇ ਨਹੀਂ ਜਾਏਂਗੀ?”
“ਹਾਂ, ਪਰ ਜੇ ਤੂੰ ਕਿਸੇ ਹੋਰ ਵੱਲ ਖਿੱਚਿਆ ਜਾਏਂ ਤਾਂ ਮੈਂ ਤੇਰੇ ਨਾਲ ਚਿਪਕੀ ਨਹੀਂ ਰਹਾਂਗੀ।”
“ਖ਼ੈਰ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਜੇ ਗਰੰਟੀ ਹੁੰਦੀ ਤਾਂ ਏਨੇ ਤਲਾਕ ਕਿਉਂ ਹੁੰਦੇ? ਸਾਡਾ ਰਿਸ਼ਤਾ ਅੱਜ ਸੁਖਾਵਾਂ ਹੈ ਤਾਂ ਕੱਲ੍ਹ ਵਿਗੜ ਵੀ ਸਕਦਾ ਏ। ਨਾਲ ਰਹਿ ਕੇ ਪਤਾ ਲੱਗਦਾ ਏ, ਤੇ ਨਾਲ ਰਹਿਣ ਤੋਂ ਤੂੰ ਕਤਰਾਉਂਦੀ ਏਂ?”
“ਤੈਨੂੰ ਮੇਰੀ ਮਜ਼ਬੂਰੀ ਦਾ ਪਤਾ ਏ...? ਮੈਨੂੰ ਵੀ ਤੈਨੂੰ ਖ਼ੁਦ ਨੂੰ ਸੌਂਪ ਦੇਣ ਦੀ ਕਾਹਲ ਤੇਰੇ ਨਾਲੋਂ ਘੱਟ ਨਹੀਂ।”
“ਤੇ ਇਸੇ ਲਈ ਤੂੰ ਮੈਨੂੰ ਸ਼ਾਦੀ ਵਰਗੇ ਰਿਸ਼ਤੇ 'ਚ ਧੂ ਲੈਣਾ ਚਾਹੁੰਦੀ ਏਂ? ਸ਼ਾਦੀ ਦਾ ਮਤਲਬ, ਨਾਲ ਰਹਿਣਾ ਓਨਾ ਨਹੀਂ ਜਿੰਨਾਂ ਕਿ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਣਾ ਹੁੰਦਾ ਏ। ਠੀਕ-ਠਾਕ ਘਰ, ਠੀਕ-ਠਾਕ ਸਾਜ-ਸਜਾਵਟ, ਠੀਕ-ਠਾਕ ਬੱਚੇ, ਸਭ ਕੁਝ ਠੀਕ-ਠਾਕ ਹੋਣਾ ਚਾਹੀਦਾ ਏ। ਮੈਂ ਅਜੇ ਏਸ ਸਭ ਲਈ ਤਿਆਰ ਨਹੀਂ। ਜੇ ਤੂੰ ਸੱਚਮੁੱਚ ਮੈਨੂੰ ਪਿਆਰ ਕਰਦੀ ਏਂ ਤਾਂ ਉਸ ਚੱਕਰ ਵਿਚ ਨਾ ਪਵੀਂ...ਨਾ ਮੈਨੂੰ ਪਾਵੀਂ।”
ਤੇ ਫੇਰ ਗੱਲ ਇੱਥੋਂ ਤਕ ਪਹੁੰਚ ਗਈ ਕਿ ਪੀਟਰ ਜਦੋਂ ਵੀ ਉਸਨੂੰ ਛੂਹਣ ਦੀ ਕੋਸ਼ਿਸ਼ ਕਰਦਾ ਉਹ ਖ਼ੁਦ ਨੂੰ ਸਮੇਟ ਲੈਂਦੀ ਤਾਂ ਕਿ ਭਾਵਨਾ ਵਿਚ ਵਹਿ ਕੇ ਕੁਝ ਗ਼ਲਤ ਨਾ ਕਰ ਬੈਠੇ।
ਇਕ ਵਾਰੀ ਉਸਨੇ ਕਹਿ ਹੀ ਦਿੱਤਾ ਸੀ, “ਕੀ ਗੱਲ ਏ, ਮੇਰਾ ਛੂਹਣਾ ਤੇਰੇ ਵਿਚ ਜ਼ਰਾ ਵੀ ਪ੍ਰਤੀਕ੍ਰਿਆ ਨਹੀਂ ਜਗਾਉਂਦਾ?”
ਉਹ ਓਵੇਂ ਹੀ ਸੁੰਗੜੀ-ਸਿਮਟੀ ਖ਼ਾਮੋਸ਼ ਬੈਠੀ ਰਹੀ ਸੀ। ਫੇਰ ਪੀਟਰ ਨੂੰ ਮਿਲਣ ਤੋਂ ਕਤਰਾਉਣ ਲੱਗ ਪਈ। ਸ਼ਾਇਦ ਪਹਿਲਾਂ ਆਪਣੇ ਅੰਦਰਲੇ ਨੂੰ ਸੁਲਝਾਅ ਲੈਣਾ ਚਾਹੁੰਦੀ ਸੀ। ਕਿਸ ਉੱਤੇ ਭਰੋਸਾ ਕਰੇ? ਪੀਟਰ 'ਤੇ ਜਾਂ ਮੰਮੀ-ਪਾਪਾ 'ਤੇ? ਉਹ ਖ਼ੁਦ ਕੀ ਚਾਹੁੰਦੀ ਹੈ? ਹੁਣ ਛੇ ਮਹੀਨੇ ਬਾਅਦ ਮੰਮੀ ਨੇ ਫੇਰ ਉਹੀ ਸਵਾਲ ਦੁਹਰਾਇਆ ਤਾਂ ਨੇਹਾ ਨੇ ਕਿੰਨੇ ਸਾਰੇ ਤਣਾਵਾਂ ਤੋਂ ਯਕਦਮ ਮੁਕਤੀ ਪ੍ਰਾਪਤ ਕਰਨ ਲਈ ਬਕ ਦਿੱਤਾ ਸੀ...“ਮੈਨੂੰ ਨਾ ਪੁੱਛਿਆ ਕਰੋ ਇਹ ਗੱਲ! ਇੱਥੋਂ ਦੇ ਮੁੰਡਿਆਂ ਵਿਚ ਕਮਿਟਮੈਂਟ ਨਹੀਂ...ਮੈਂ ਕੀ ਕਰਾਂ!”  
ਨੇਹਾ ਦੇ ਚਿਹਰੇ ਉੱਤੇ ਪੀਲਕ ਤੇ ਲਾਲੀ ਨਾਲੋ-ਨਾਲ, ਆ-ਜਾ ਰਹੇ ਸਨ। ਮੰਮੀ ਨੇ ਤਾੜ ਲਿਆ ਸੀ ਤੇ ਕਿਸੇ ਪੱਕੇ ਖਤਰੇ ਨੇ ਉਸਨੂੰ ਡਰਾ ਦਿੱਤਾ ਸੀ। ਨੇਹਾ ਉਸਨੂੰ ਖਤਰਾ ਮੰਨਦੀ ਹੋਏ ਜਾਂ ਨਾ ਪਰ ਮਨ ਡਾਵਾਂਡੋਲ ਹੀ ਸੀ। ਉਸਨੇ ਪਾਪਾ ਨੂੰ ਕਿਹਾ ਸੀ...“ਏਥੇ ਮੈਨਹੈੱਟਨ 'ਚ ਗੱਡੀ ਚਲਾਉਣ ਦਾ ਮੌਕਾ ਹੀ ਨਹੀਂ ਮਿਲਦਾ ਪਾਪਾ, ਇਸੇ ਲਈ ਹੀਆ ਨਹੀਂ ਪੈਂਦਾ। ਤੁਹਾਨੂੰ ਫੇਰ ਕੁਛ ਪ੍ਰੈਕਟਿਸ ਕਰਵਾਉਣੀ ਪਏਗੀ।”
ਮੰਮੀ ਨੇ ਉਹਨਾਂ ਦੇ ਨਿਕਲਣ ਤੋਂ ਪਹਿਲਾਂ ਕਹਿ ਦਿੱਤਾ ਸੀ...“ਤੂੰ ਮੇਰੀ ਗੱਲ ਮੰਨੇ ਤਾਂ ਅਜੇ ਵੀ ਦੇਰ ਨਹੀਂ ਹੋਈ। ਗੱਲ ਚਲਾਂਦੀ ਆਂ, ਕਿਤੇ ਨਾ ਕਿਤੇ ਤਾਂ ਕੰਮ ਬਣੇਗਾ ਈ। ਏਡੀ ਵੱਡੀ ਆਰਕੀਟੈਕਟ ਏਂ ਤੂੰ। ਕੱਲ੍ਹ ਉਮਾ ਕਹਿ ਰਹੀ ਸੀ ਕਿ ਉਸਦੀ ਸਹੇਲੀ ਦਾ ਮੁੰਡਾ ਵੀ ਕੁਆਰਾ ਬੈਠਾ ਏ। ਮੀਟਿੰਗ ਤੈਅ ਕਰ ਦਿਆਂ ਤੁਹਾਡੀ ਦੋਹਾਂ ਦੀ? ਆਪਣੇ ਆਪ ਈ ਬਾਹਰ ਕਿਤੇ ਮਿਲ ਲਓ। ਸਾਨੂੰ ਵਿਚ ਪਾਉਣ ਦੀ ਵੀ ਲੋੜ ਨਹੀਂ।” ਪਾਪਾ ਨੇ ਮੰਮੀ ਨੂੰ ਤਾੜ ਦਿੱਤਾ ਸੀ...“ਕਿਉਂ ਵਾਰੀ ਵਾਰੀ ਉਸਨੂੰ ਐਮਬੈਰੇਸ ਕਰਦੀ ਏਂ? ਜਦੋਂ ਸ਼ਾਦੀ ਲਈ ਤਿਆਰ ਹੋਏਗੀ, ਆਪਣੇ ਆਪ ਦੱਸ ਦਏਗੀ। ਵੱਡੀ ਹੋ ਗਈ ਏ। ਆਪਣੇ ਬਾਰੇ ਖ਼ੁਦ ਫ਼ੈਸਲਾ ਲੈ ਸਕਦੀ ਏ। ਤੂੰ ਪਹਿਲਾਂ ਤਾਂ ਉਸਨੂੰ ਏਥੋਂ ਦੇ ਖੁੱਲ੍ਹੇ ਢੰਗ-ਤਰੀਕਿਆਂ ਨਾਲ ਪਾਲਦੀ ਰਹੀ...ਹੁਣ ਫੇਰ ਪਿੱਛੇ ਧਰੀਕਣਾ ਚਾਹੁੰਦੀ ਏਂ ਉਹਨੂੰ?”
ਗੱਡੀ ਚਲਾਉਂਦਿਆਂ ਹੋਇਆਂ ਨੇਹਾ ਨੂੰ ਲੱਗਿਆ ਕਿ ਉਸਦੀ ਡਰਾਈਵਿੰਗ 'ਤੇ ਪਕੜ ਖਾਸੀ ਚੰਗੀ ਹੋ ਗਈ ਏ। ਥੋੜ੍ਹੀ ਜਿਹੀ ਪ੍ਰੈਕਟਿਸ ਪਿੱਛੋਂ ਸ਼ਾਇਦ ਉਹ ਆਪਣੇ ਆਪ ਹੀ ਪੂਰੇ ਆਤਮ-ਵਿਸ਼ਵਾਸ ਨਾਲ ਚਲਾਉਣ ਲੱਗ ਪਏਗੀ।
ਅਚਾਨਕ ਉਸਨੇ ਪਾਪਾ ਨੂੰ ਕਹਿੰਦਿਆਂ ਸੁਣਿਆ...“ਲਾਲ ਬੱਤੀ 'ਤੇ ਹਮੇਸ਼ਾ ਰੁਕਿਆ ਕਰੋ। ਕਈ ਵਾਰੀ ਆਸ ਪਾਸ ਟ੍ਰੈਫਿਕ ਨਹੀਂ ਹੁੰਦਾ ਤਾਂ ਆਦਮੀ ਦਾ ਮਨ ਹੁੰਦਾ ਏ ਕਿ ਤੁਰਿਆ ਜਾਏ। ਪਰ ਜੇ ਲਾਲ ਬੱਤੀ 'ਤੇ ਸੜਕ ਪਾਰ ਕਰਨ ਦੀ ਅਜਿਹੀ ਆਦਤ ਪਾ ਲਓ ਤਾਂ ਅਕਸਰ ਦੁਰਘਨਾ ਹੋਣ ਦਾ ਖਤਰਾ ਰਹਿੰਦਾ ਏ। ਕਿਉਂਕਿ ਇਹ ਸੰਭਵ ਹੈ ਕਿ ਤੁਸੀਂ ਧਿਆਨ ਨਾਲ ਨਾ ਦੇਖ ਸਕੋ ਤੇ ਅਚਾਨਕ ਕੋਈ ਗੱਡੀ ਕਿਸੇ ਪਾਸਿਓਂ ਨਿਕਲ ਕੇ ਤੁਹਾਡੇ ਨਾਲ ਟਕਰਾ ਜਾਏ।” ਤੇ ਪਾਪਾ ਨੇ ਦੁਹਰਾਇਆ...“ਸੋ ਲਾਲ ਬੱਤੀ ਦੇ ਹੁੰਦਿਆਂ ਸੜਕ ਪਾਰ ਕਦੀ ਨਹੀਂ ਕਰਨੀ, ਇਹ ਚਿਤਾਵਨੀ ਤੈਨੂੰ ਵਾਰ ਵਾਰ ਦੇ ਰਿਹਾਂ।”
ਨੇਹਾ ਤ੍ਰਬਕੀ। ਪਾਪਾ ਉਸਨੂੰ ਕਿਉਂ ਦਸ ਰਹੇ ਸਨ ਇਹ ਸਭ...ਕੀ ਉਸਨੇ ਸੱਚਮੁੱਚ ਲਾਲ ਬੱਤੀ ਪਾਰ ਕੀਤੀ ਸੀ? ਜਾਂ ਪਾਪਾ ਦਾ ਉਸਨੂੰ ਚਿਤਾਉਂਦੇ ਰਹਿਣਾ ਪਿਤਾ ਦੇ ਧਰਮ-ਪਾਲਨ ਨਾਲੋਂ ਵੱਧ ਹੋਰ ਕੁਝ ਨਹੀਂ ਸੀ? ਪਾਪਾ ਦੇ ਆਪਣੇ ਮਨ ਦੇ ਡਰ...। ਕਿਤੇ ਇੰਜ ਤਾਂ ਨਹੀਂ ਸੀ ਕਿ ਬੱਤੀਆਂ ਜਗੀ-ਬੁਝੀ ਜਾ ਰਹੀਆਂ ਸਨ, ਗੱਡੀਆਂ ਰੁਕਦੀਆਂ ਤੇ ਤੁਰਦੀਆਂ ਜਾ ਰਹੀਆਂ ਸਨ ਤੇ ਉਹ ਲਾਲ ਬੱਤੀ 'ਤੇ ਹੀ ਖੜ੍ਹੀ ਸੀ?
ਪਾਪਾ ਕਹਿ ਰਹੇ ਸਨ...“ਉਂਜ ਸਿਖ ਤਾਂ ਗਈ ਏਂ ਤੂੰ ਹੁਣ। ਚੰਗਾ ਚਲਾਉਣ ਲੱਗ ਪਈ ਏਂ। ਬਾਕੀ ਜਿੰਨਾਂ ਚਲਾਵੇਂਗੀ ਓਨਾਂ ਹੀ ਆਤਮ-ਵਿਸ਼ਵਾਸ ਵਧੇਗਾ। ਬਸ ਸੜਕ ਦੀ ਲੈਅ ਸੁਣਨਾ ਨਾ ਭੁੱਲੀਂ...ਇਹੀ ਇਕ ਚੰਗੇ ਡਰਾਈਵਰ ਦੀ ਨਿਸ਼ਾਨੀ ਏ। ਵਰਨਾ ਵਾਰ ਵਾਰ ਦੁਰਘਟਨਾਵਾਂ ਹੋਣਗੀਆਂ। ਇਸ ਦੇਸ਼ ਵਿਚ ਆਪਣੇ ਬੂਤੇ ਜਿਊਣ ਲਈ ਗੱਡੀ ਚਲਾਉਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾਂ ਪੜ੍ਹਨਾ-ਲਿਖਣਾ। ਇਸ ਲਈ ਜ਼ਰੂਰੀ ਹੈ ਕਿ ਸੜਕ ਦੀ ਲੈਅ ਨੂੰ ਸੁਣੋ, ਤੇ ਸੁਣੇ ਨੂੰ ਸਮਝੋ ਤੇ ਉਸੇ ਹਿਸਾਬ ਨਾਲ ਚੱਲੋ ਤਾਂਕਿ ਸੇਫ ਡਰਾਈਵਰ ਬਣ ਸਕੋ।”
***
ਅਚਾਨਕ ਨੇਹਾ ਨੂੰ ਲੱਗਿਆ ਜਿਵੇਂ ਪਾਪਾ ਕਹਿ ਰਹੇ ਨੇ ਉਹ ਸੁਣ ਨਹੀਂ ਰਹੀ...ਫੇਰ ਵੀ ਕੁਝ ਸੁਣ ਰਹੀ ਹੈ। ਪਰ ਜੋ ਉਹ ਸੁਣ ਰਹੀ ਹੈ ਉਹ ਸ਼ਾਇਦ ਪਾਪਾ ਨਹੀਂ ਸੁਣ ਰਹੇ...ਜਾਂ ਸ਼ਾਇਦ ਪਾਪਾ ਕਹਿ ਵੀ ਨਹੀਂ ਰਹੇ...ਪਰ ਨੇਹਾ ਸੁਣ ਸਕਦੀ ਹੈ। ਕੁਝ ਅਜਿਹਾ ਜਿਸ ਪੱਖੋਂ ਨਾ ਉਹ ਵਾਕਿਫ ਸੀ ਤੇ ਨਾ ਚੇਤਨ। ਜਿਵੇਂ ਉਹ ਸੁਰ ਕਿਤੋਂ ਦੂਰੋਂ...ਕਿਸੇ ਬਹੁਤ ਡੂੰਘੇ ਸਮੁੰਦਰ ਵਿਚੋਂ ਆ ਰਹੇ ਹੋਣ...ਬੜੇ ਅਸਪਸ਼ਟ, ਭਾਰੇ ਤੇ ਗਿੱਲੇ-ਸਿਲ੍ਹੇ ਜਿਹੇ! ਆਪਣੇ ਹੀ ਬੋਝ ਨਾਲ ਝੁਕੇ ਹੋਏ...ਕਿ ਸਤਹ ਤੇ ਆਉਣ 'ਤੇ ਵੀ ਤਾਂ ਪਾਣੀ ਵਿਚ ਘੁਲੇ-ਘੁਲੇ ਜਿਹੇ ਲੱਗ ਰਹੇ ਸਨ...ਪਛਾਣ ਵੱਖਰੀ ਸੀ...ਜਿਹੜੀ ਸ਼ਬਦਾਂ ਵਿਚ ਨਹੀਂ ਢਾਲੀ ਜਾ ਸਕਦੀ ਸੀ। ਕਿਸੇ ਲਹਿਰ ਵਾਂਗ ਕਿਤੋਂ ਉਠਦੇ ਤੇ ਕਿਤੇ ਸਮਾਅ ਜਾਂਦੇ ਨੇ...।
ਕੀ ਉਹੀ ਸੀ ਸੜਕ ਦੀ ਲੈਅ!
ਪਾਪਾ ਕਹਿ ਰਹੇ ਸਨ...“ਤੂੰ ਮੈਨੂੰ ਪਹਿਲਾਂ ਘਰ ਡਰਾਪ ਕਰ ਦੇਅ, ਫੇਰ ਜਿੱਥੇ ਜਾਣ ਹੋਏ ਚਲੀ ਜਾਈਂ।”
ਪਰ ਇਹ ਤਾਂ ਪਾਪਾ ਦੀ ਆਵਾਜ਼ ਨਹੀਂ ਸੀ। ਕੁਝ ਅਜਿਹੀ ਆਵਾਜ਼ ਸੀ ਕਿ ਲੱਗਦਾ ਸੀ ਉਸਦੀ ਆਪਣੀ ਆਵਾਜ਼ ਨਾਲ ਹੀ ਰਲਦੀ ਮਿਲਦੀ ਹੈ।...ਸਾਹਮਣੇ ਹਰੀ ਬੱਤੀ ਸੀ ਸ਼ਾਇਦ। ਨੇਹਾ ਨੇ ਗੱਡੀ ਭਜਾਅ ਲਈ...।
   ---  ---  ---

ਸ਼ੇਰ ਖ਼ਾਂ... :: ਲੇਖਕ : ਵਿਜੈ




ਹਿੰਦੀ ਕਹਾਣੀ :
ਸ਼ੇਰ ਖ਼ਾਂ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਆਸਮਾਨ ਵਿਚ ਕਾਲਾ ਧੂੰਆਂ ਛਾ ਗਿਆ ਸੀ। ਜਿਹੜੇ ਨਿੱਖਰੇ ਆਸਮਾਨ ਹੇਠ ਚੰਦ-ਸੂਰਜ ਦੀ ਰੌਸ਼ਨੀ ਹੇਠ ਜਿਊਂਦੇ ਸਨ—ਫਿਕਰਾਂ ਵਿਚ ਡੁੱਬ ਗਏ। ਤੇਜ਼-ਧਾਰ ਮੀਂਹ ਸ਼ੁਰੂ ਹੋ ਗਿਆ। ਜਿਹੜੇ ਉੱਚੀਆਂ ਇਮਾਰਤਾਂ ਵਿਚ ਰਹਿੰਦੇ ਸਨ, ਉਹਨਾਂ ਟੀ.ਵੀ. 'ਤੇ ਮੌਸਮ ਵਿਭਾਗ ਦੀ ਚਿਤਾਵਨੀ ਸੁਣ ਲਈ ਸੀ। ਸੜਕਾਂ ਉੱਤੇ ਪਾਣੀ ਭਰਨਾ ਸ਼ੁਰੂ ਹੋਇਆ ਨਹੀਂ ਕਿ ਨਕਦੀ, ਜੇਵਰ, ਕ੍ਰੇਡਿਟ ਕਾਰਡ ਤੇ ਜ਼ਰੂਰੀ ਕਪੜੇ ਲੈ ਕੇ ਛੋਟੀਆਂ, ਵੱਡੀਆਂ ਕਾਰਾਂ ਵਿਚ ਨਿਕਲ ਪਏ...'ਚਲੋ ਹੋਰ ਕੁਛ ਨਹੀਂ ਤਾਂ ਪਹਾੜ 'ਤੇ ਪਿਕਨਿਕ ਹੀ ਹੋ ਜਾਵੇਗੀ।' ਮੁੰਬਈ ਤੋਂ ਪਹਾੜ ਹੈ ਵੀ ਕਿੰਨੀ ਕੁ ਦੂਰ—ਪੰਜਾਹ ਕਿਲੋਮੀਟਰ ਨਿਕਲਦਿਆਂ ਹੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਵਿਚ ਵਿਚ ਪੈਂਦੇ ਨੇ ਘਾਟ! ਵਾਦੀਆਂ ਵਿਚ ਭਾਫ ਜਿਹੀ ਭਰ ਜਾਂਦੀ ਹੈ। ਸੜਕਾਂ 'ਤੇ ਪਾਣੀ ਕਿੱਥੇ ਟਿਕਦਾ ਹੈ। ਮਾਥੇਰਾਨ, ਘਾਟ, ਲੋਨਾਵਾਲਾ ਕਿਤੇ ਵੀ ਚਲੇ ਜਾਓ—ਬਸ ਪੈਸਾ ਚਾਹੀਦਾ ਹੈ!
ਉਧਰ ਪੂਨੇ ਵਿਚ ਵੀ ਹਾਲਤ ਚੰਗੀ ਨਹੀਂ ਸੀ। ਚੁਤਾਲੀ ਪੰਤਾਲੀ ਸਾਲ ਪਹਿਲਾਂ ਵੀ ਪੂਨੇ ਪਨਸ਼ੇਟ ਡੈਮ ਟੁੱਟਣ ਕਰਕੇ ਭਰ ਗਿਆ ਸੀ। ਪਰ ਉਦੋਂ ਸਰਕਾਰ ਵਿਚ ਮਾੜ੍ਹੀ-ਮੋਟੀ ਇਮਾਨਦਾਰੀ ਹੁੰਦੀ ਸੀ। ਰਹਿਣ, ਖਾਣ ਤੇ ਬਚਾਉਣ ਦੇ ਪ੍ਰਬੰਧ ਫਟਾਫਟ ਹੋ ਗਿਆ ਸਨ। ਹੁਣ ਬੜਾ ਕੁਛ ਬਦਲ ਗਿਆ ਹੈ। ਉਦਯੋਗਾਂ ਨੇ ਪੂਨੇ ਨੂੰ ਭਰ ਦਿੱਤਾ ਹੈ। ਸਰਕਾਰ ਤੇ ਉਸਦੀ ਮਸ਼ੀਨਰੀ ਨੂੰ ਹਰ ਪਲ ਉਹਨਾਂ ਦੀ ਫਿਕਰ ਰਹਿੰਦੀ ਹੈ। ਆਮ ਆਦਮੀ ਬਾਰੇ ਕੌਣ ਸੋਚੇ!...ਪਰ ਨਾਲੇ ਦੀ ਸ਼ਕਲ ਵਿਚ ਵਗਦੀ ਭੁਲਾਮੁਠਾ ਨਦੀ ਅਚਾਨਕ ਹੀ ਦਰਿਆ ਬਣ ਗਈ ਹੈ। ਸ਼ੰਭਾ ਜੀ ਪਾਰਕ, ਜੰਗਲੀ ਮਹਾਰਾਜਾ ਰੋੜ, ਲਕਸ਼ਮੀ ਬਾਜ਼ਾਰ, ਸ਼ਨੀਵਾੜਾ ਤੇ ਪਤਾ ਨਹੀਂ ਕਿੰਨੇ ਹੋਰ ਪੇਂਠੇ (ਮੁਹੱਲੇ) ਪਾਣੀ ਵਿਚ ਘਿਰੇ ਹੋਏ ਨੇ। ਸਭ ਤੋਂ ਵੱਧ ਉਹ ਲੋਕ ਪ੍ਰੇਸ਼ਾਨ ਨੇ ਜਿਹੜੇ ਰਹਾਇਸ਼ ਦੀ ਤੰਗੀ ਕਾਰਨ, ਕਿਰਾਏ ਦੇ ਲਾਜ ਜਾਂ ਕਮਰੇ ਲੈ ਕੇ ਰਹਿੰਦੇ ਨੇ। ਚਾਹ-ਪਾਣੀ ਤੇ ਰੋਟੀ ਲਈ ਹੋਟਲਾਂ ਤੇ ਰੇਸਤਰਾਵਾਂ ਉੱਤੇ ਨਿਰਭਰ ਹੁੰਦੇ ਨੇ। ਪਾਸ਼ਾਣ ਦਾ ਇਲਾਕਾ ਕਾਫੀ ਉਚਾਈ ਉੱਤੇ ਹੈ ਇਸ ਲਈ ਯੂਨੀਵਰਸਟੀ, ਚਤੁਰਸ਼ਿੰਗੀ, ਐਨ ਸੀ ਐਲ, ਏ ਆਰ ਡੀ ਈ ਤੋਂ ਅੱਗੇ ਖੜਕਬਾਸਲਾ ਦੀ ਚੜ੍ਹਾਈ 'ਤੇ ਪ੍ਰਸ਼ਾਸਨ ਨੇ ਕੈਂਪ ਲਾ ਦਿੱਤਾ ਹੈ। ਪੂਨੇ ਦੇ ਮੱਧਵਰਗ ਦਾ ਉਹੀ ਆਸਾਨ ਸ਼ਰਣ-ਸਥਾਨ ਹੈ। ਝੁੱਗੀਆਂ-ਝੌਂਪੜੀਆਂ ਜਾਂ ਛੋਟੇ ਮਕਾਨਾਂ ਵਿਚ ਰਹਿਣ ਵਾਲੇ ਭਈਏ, ਭੱਜੀ ਜਾ ਰਹੀ ਭੀੜ ਨੂੰ ਵੇਖ ਕੇ ਕਈ ਘੰਟੇ ਹੱਸਦੇ ਰਹੇ...ਪਰ ਛੇਤੀ ਹੀ ਉਹਨਾਂ ਨੂੰ ਤਬੇਲਿਆਂ ਵਿਚ ਵੜਨਾਂ ਪਿਆ। ਜਿੱਥੇ ਪੂਛਾਂ ਹਿਲਾਅ-ਹਿਲਾਅ ਕੇ ਮੱਝਾਂ ਮੱਖੀਆਂ ਉਡਾਅ ਰਹੀਆਂ ਸਨ। ਭਈਏ ਅੰਟੀ ਵਿਚ ਰਕਮ ਤੁੰਨ ਕੇ ਮੱਝਾਂ ਤੇ ਆ ਬੈਠੇ। ਸੋਚ ਰਹੇ ਸਨ ਕਿ ਚੁੱਲ੍ਹਾ ਨਾ ਬਲੂ ਨਾ ਸਹੀ, ਦੁੱਧ ਪੀ ਲਵਾਂਗੇ...ਪਰ ਛੇਤੀ ਹੀ ਆਸ, ਨਿਰਾਸ਼ਾ ਵਿਚ ਬਦਲ ਗਈ। ਮੱਝਾਂ ਦੇ ਥਨਾਂ ਤਕ ਪਾਣੀ ਆ ਗਿਆ। ਫੇਰ ਵੀ ਸਬਰ ਨਾਲ ਬੈਠੇ ਰਹੇ ਕਿ ਡੁੱਬਾਂਗੇ ਨਹੀਂ; ਪਾਣੀ ਉੱਤੇ ਖ਼ੂਬ ਦੂਰ ਤਕ ਤੈਰ ਲੈਂਦੀਆਂ ਨੇ ਮੱਝਾਂ।
ਮੱਧਵਰਗੀ ਬਸਤੀਆਂ ਦੇ ਲੋਕ ਉੱਚੀਆਂ ਥਾਵਾਂ 'ਤੇ ਪਹੁੰਚ ਕੇ ਸਰਕਾਰ ਨੂੰ ਨਿੰਦ ਰਹੇ ਸੀ। ਕੁਛ ਬੁੱਢੇ ਉਹਨਾਂ ਦਿਨਾਂ ਨੂੰ ਚੇਤੇ ਕਰ ਰਹੇ ਸੀ ਜਦੋਂ ਮੁੰਬਈ ਦੀਆਂ ਸੜਕਾਂ 'ਤੇ ਏਨੀ ਭੀੜ ਨਹੀਂ ਸੀ ਹੁੰਦੀ। ਲੋਕਲ ਟਰੇਨ ਤੇ ਬੇਸਟ ਦੀਆਂ ਬਸਾਂ ਹਰ ਜਗ੍ਹਾ ਸਮੇਂ ਸਿਰ ਪਹੁੰਚਦੀਆਂ ਸਨ। ਪੂਨਾ ਉਦੋਂ ਸਾਈਕਲਾਂ ਕਾਰਕੇ 'ਬੇਜਿੰਗ ਆਫ ਇੰਡੀਆ' ਕਹਾਉਂਦਾ ਹੁੰਦਾ ਸੀ। ਸ਼ਾਮ ਹੁੰਦਿਆਂ ਹੀ ਐਮਯੂਨੀਅਨ ਫੈਕਟਰੀ, ਐਚ ਡੀ ਫੈਕਟਰੀ ਜਾਂ ਕਿਰਲੋਸਕਰ ਵਿਚੋਂ ਟਿਮਟਿਮਾਉਂਦੀਆਂ ਬੱਤੀਆਂ ਵਾਲੀਆਂ ਸਾਈਕਲਾਂ ਦੀਆਂ ਘੰਟੀਆਂ ਵਜਾਉਂਦੀ ਹੋਈ ਭੀੜ ਲੰਘਦੀ। ਲੋਕ ਦੇਹੂ ਰੋਜੜ ਜਾ ਕੇ ਤੁਕਾਰਾਮ ਦੀ ਰਚਨਾ ਅਭੰਗ ਸੁਣਨ ਆਉਂਦੇ ਹੁੰਦੇ ਸਨ।
ਸਭ ਨਾਲੋਂ ਵਧੇਰੇ ਮੁਸੀਬਤ ਵਿਚ ਸਨ ਦੋਵਾਂ ਸ਼ਹਿਰਾਂ ਦੀਆਂ ਵੇਸ਼ਵਾਵਾਂ। ਉਹ ਕਿੱਥੇ ਜਾਣ? ਲੱਖਾਂ ਸ਼ਹਿਰ, ਪਿੰਡ ਤੇ ਕਸਬੇ ਨੇ ਹਿੰਦੁਸਤਾਨ ਵਿਚ, ਪਰ ਕਿਤੇ ਵੀ ਤਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ—ਮਜ਼ਬੂਰੀ ਵੱਸ ਅਪਣਾਏ ਹੋਏ ਪੇਸ਼ੇ ਨੇ ਉਹਨਾਂ ਨੂੰ ਰਿਸ਼ਤਿਆਂ ਤੋਂ ਮੁਕਤ ਕਰ ਦਿੱਤਾ ਹੈ...ਜਦਕਿ ਰਿਸ਼ਤਿਆਂ ਵਿਚ ਉਲਝੇ ਹੋਏ, ਉਸੇ ਸਮਾਜ ਤੋਂ ਅੱਕੇ ਲੋਕ ਆਪਣਾ ਇਕੱਲਾਪਨ ਦੂਰ ਕਰਨ ਲਈ ਉਹਨਾਂ ਕੋਲ ਹੀ ਆਉਂਦੇ ਨੇ। ਕੀ ਬਚਾਉਣ ਉਹ? ਧਨ ਦੌਲਤ ਪੱਲੇ ਹੈ ਨਹੀਂ, ਨਕਲੀ ਖੁਸ਼ੀਆਂ ਖਾਤਰ ਖਰੀਦੀਆਂ ਸਸਤੀਆਂ ਵਸਤਾਂ? ਜਾਂ ਫੇਰ ਆਪਣੀ ਦੇਹ, ਜਿਸਨੂੰ ਵਰਤਾਅ ਕੇ ਜਿਉਂਦੇ ਰਹਿਣ ਦਾ ਮਾਣ ਬਣਿਆ ਰਹਿੰਦਾ ਹੈ! ਇਕ ਨਾ ਮੁੱਕਣ ਵਾਲੀ ਹਫੜਾ-ਤਫਰੀ ਉਹਨਾਂ ਵਿਚ ਫੈਲੀ ਹੋਈ ਹੈ। ਉੱਥੇ ਹੀ ਕੀ, ਸੈਂਕੜੇ ਮੰਦਰਾਂ ਵਿਚ ਜੋਤ ਬੱਤੀ ਨਹੀਂ ਹੋਈ ਅੱਜ...ਤੇ ਦਰਜਨਾਂ ਮਸੀਤਾਂ ਵਿਚੋਂ ਅਜਾਨ ਦੀ ਆਵਾਜ਼ ਨਹੀਂ ਆਈ। ਜਾਨ ਬਚਾਉਣੀ ਹੀ ਪਹਿਲਾ ਧਰਮ ਹੋ ਗਿਆ ਹੈ।
ਸੜਕ ਉਪਰ ਦੋ ਦੋ ਫੁੱਟ ਪਾਣੀ ਫਿਰ ਗਿਆ ਸੀ। ਤਿੰਨ ਟੱਰਕ ਸੜਕ ਤੋਂ ਲੰਘਦੇ ਨੇ। ਪੁਲਿਸ ਦਾ ਸਪੀਕਰ ਬੋਲਿਆ ਹੈ...'ਪਾਣੀ ਵਧ ਰਿਹਾ ਹੈ। ਸਾਰੇ ਜਣੇ ਟੱਰਕ ਉਪਰ ਆ ਜਾਣ।' ਹਰ ਟੱਰਕ ਉੱਤੇ ਇਕ ਮੁੰਬਈ ਪੁਲਿਸ ਵਾਲਾ ਬੈਠਾ ਹੋਇਆ ਹੈ।
ਕੋਠਿਆਂ ਵਿਚ ਰਹਿਣ ਵਾਲੀਆਂ ਕੁੜੀਆਂ ਤੇ ਔਰਤਾਂ, ਪੋਟਲੀਆਂ ਬੰਨ੍ਹੀ ਟੱਰਕਾਂ 'ਤੇ ਚੜ੍ਹਨ ਲੱਗ ਦੀਆਂ ਨੇ। ਉਪਰ ਖੜ੍ਹਾ ਸਿਪਾਹੀ ਉਹਨਾਂ ਨੂੰ ਹੱਥ ਫੜ੍ਹ ਕੇ ਖਿੱਚਦਾ ਹੈ। ਹੇਠਾਂ ਵਾਲੇ ਖੀਂ-ਖੀਂ ਕਰਦੇ ਕੱਛਾਂ ਵਿਚ ਹੱਥ ਅੜਾ ਕੇ, ਛਾਤੀਆਂ ਟੋਹੰਦੇ ਹੋਏ ਉਪਰ ਵੱਲ ਧਰੀਕਦੇ ਨੇ। ਇਕ-ਦੋ ਰਬੜ ਦੀਆਂ ਕਿਸ਼ਤੀਆਂ ਵੀ ਆ ਗਈਆਂ ਸਨ। ਇਕ ਉੱਤੇ ਕੈਮਰਾ ਚੁੱਕੀ ਖੜ੍ਹਾ ਇਕ ਆਦਮੀ ਕੂਕਦਾ ਹੈ...'ਹੇਠਾਂ ਕਰੀਂ, ਸ਼ੂਟ ਕਰਨਾਂ ਏਂ..ਇਹ ਸੀਨ ਸਾਡੇ ਚੈਨਲ 'ਤੇ ਪਹਿਲਾਂ ਆਉਣਾ ਚਾਹੀਦਾ ਏ।'
ਚਾਂਦ ਖਿੜਕੀ ਵਿਚੋਂ ਹੇਠਾਂ ਝਾਕਦੀ ਹੈ। ਇਕ ਪੰਡਤ ਟਾਈਪ ਸਿਪਾਹੀ ਕਹਿ ਰਿਹਾ ਹੈ...“ਇੰਦਰ ਬਜਰ ਘੁਮਾਈ ਜਾ ਰਿਹੈ ਜੀ; ਕਿਤੇ ਕ੍ਰਿਸ਼ਨ ਬੈਠੇ ਹੋਣਗੇ। ਲੱਗਦੈ, ਉਹਨਾਂ ਨੂੰ ਗੋਬਰਧਨ ਨਹੀਂ ਥਿਆ ਰਿਹਾ।”
ਪੁਲਿਸ ਦਾ ਸਪੀਕਰ ਫੇਰ ਬੋਲਦਾ ਹੈ। ਚਾਂਦ ਪਾਣੀ ਵਿਚ ਛਰ-ਛਰ ਕਰਦੇ ਜਾਂਦੇ ਟੱਰਕਾਂ ਨੂੰ ਦੇਖਦੀ ਰਹਿੰਦੀ ਹੈ, ਜਿਹੜੇ ਤੁੜੀ ਵਾਂਗ ਭਰੇ ਹੋਏ ਨੇ।
ਆਸੇ-ਪਾਸੇ ਦੇ ਕਮਰਿਆਂ ਵਾਲੀਆਂ ਪੰਜੇ ਕੁੜੀਆਂ ਤੇ ਦੋ ਸਾਜੀ ਜਿਹੜੇ ਮੀਂਹ ਕਰਕੇ ਘਰੀਂ ਨਹੀਂ ਗਏ ਸਨ, ਪੋਟਲੀਆਂ ਚੁੱਕੀ ਟੱਰਕਾਂ ਵਿਚ ਚੜ੍ਹ ਗਏ ਸਨ—ਜਾਨ ਹੈ ਤਾਂ ਜਹਾਨ ਹੈ। ਟਰੱਕ ਚੁਰਾਹੇ ਤੋਂ ਖੱਬੇ ਮੁੜ ਜਾਂਦੇ ਨੇ। ਕੁਝ ਦੂਰ ਜਾਣ ਪਿੱਛੋਂ ਸੜਕਾਂ 'ਤੇ ਪਾਣੀ ਘਟਣ ਲੱਗ ਪਿਆ, ਕਿਉਂਕਿ ਉੱਥੋਂ ਚੜ੍ਹਾਈ ਸ਼ੁਰੂ ਹੋ ਗਈ ਸੀ। ਦਫ਼ਤਰਾਂ ਦੀਆਂ ਇਮਾਰਤਾਂ ਦੀਆਂ ਉਪਰਲੀਆਂ ਮੰਜ਼ਿਲਾਂ ਉੱਤੇ ਚੜ੍ਹੇ ਹੋਏ ਲੋਕ ਜਾਂਦੇ ਹੋਏ ਟੱਰਕਾਂ ਨੂੰ ਦੇਖ ਰਹੇ ਨੇ। ਇਕ ਦਾੜ੍ਹੀ ਵਾਲਾ ਆਸੇ-ਪਾਸੇ ਦੇ ਲੋਕਾਂ ਨੂੰ ਕਹਿੰਦਾ ਹੈ, “ਪਰਲੋ ਸ਼ੁਰੂ ਹੋ ਗਈ ਜਾਪਦੀ ਏ। ਪਰ ਇਸ ਵਾਰੀ ਵਿਧਾਤਾ ਪ੍ਰਜਾਤੀਆਂ ਨੂੰ ਬਚਾਉਣ ਲਈ ਕੋਈ ਕਿਸ਼ਤੀ ਨਹੀਂ ਭੇਜੇਗਾ। ਸਾਰੇ ਈ ਤਾਂ ਬੇਈਮਾਨ ਹੋ ਗਏ ਨੇ। ਸ਼ਾਇਦ ਇਹ ਅੰਤਮ ਪਰੋਲ ਹੋਵੇਗੀ। ਈਸ਼ਵਰ ਫੇਰ ਸਰਿਸ਼ਟੀ ਨਹੀਂ ਰਚੇਗਾ।”
ਇਕ ਟਰੱਕ ਪਹਾੜੀ ਦੇ ਨਾਲ ਬਣੀ ਸਕੂਲ ਦੀ ਇਮਾਰਤ ਸਾਹਮਣੇ ਰੁਕਦਾ ਹੈ। ਖੁੱਲ੍ਹੇ ਟਰੱਕ ਵਿਚੋਂ ਮੀਂਹ ਨਾਲ ਭਿੱਜੇ ਲੋਕ ਹੇਠਾਂ ਉਤਰਦੇ ਨੇ। ਮੁੱਖ ਦਰਵਾਜ਼ੇ ਸਾਹਮਣੇ ਮੇਜ਼ ਕੁਰਸੀ ਡਾਹੀ ਬੈਠਾ ਆਦਮੀ ਕਤਾਰ ਬਣਾਉਣ ਲਈ ਕਹਿੰਦਾ ਹੈ। ਕੋਈ ਕਾਹਲੀ ਨਾ ਹੋਣ ਦੇ ਬਾਵਜੂਦ ਵੀ ਭੀੜ ਧੱਕੋ-ਮੁੱਕੀ ਹੁੰਦੀ ਹੋਈ ਲਾਈਨ ਬਣਾਉਂਦੀ ਹੈ। ਕੁਰਸੀ ਉੱਤੇ ਬੈਠਾ ਆਦਮੀ ਨਾਂਅ ਪਤਾ ਲਿਖ ਕੇ ਦਸਤਖ਼ਤ ਕਰਵਾਉਂਦਾ ਹੈ ਤੇ ਇਕ ਚਿਟ ਫੜਾ ਦੇਂਦਾ ਹੈ। ਇਸ ਚਿਟ ਨੂੰ ਦੇਖ ਕੇ ਹੀ ਹਰੇਕ ਨੂੰ, ਉੱਤੇ ਲੈਣ ਲਈ ਕੰਬਲ ਤੇ ਖਾਣਾ ਮਿਲੇਗਾ।
ਪੰਜ ਕੁੜੀਆਂ ਤੇ ਦੋ ਸਾਜੀ ਸਭ ਤੋਂ ਅਖ਼ੀਰ ਵਿਚ ਆਉਂਦੇ ਨੇ। ਪਹਿਲੀ ਕੁੜੀ ਨਾਂਅ ਲਿਖਾ ਕੇ ਪਤਾ ਦੱਸਦੀ ਹੈ ਤਾਂ ਲਿਖਣ ਵਾਲੇ ਦੀ ਕਲਮ ਰੁਕ ਜਾਂਦੀ ਹੈ। ਕੋਲ ਖੜ੍ਹੇ ਚਾਰ ਪੰਜ ਜਣਿਆਂ ਵੱਲ ਦੇਖ ਕੇ ਕਹਿੰਦਾ ਹੈ—“ਬਾਈ ਏਂ? ਨਹੀਂ, 'ਬਾਈ ਜੀ' ਲੋਕ ਏਧਰ ਨਹੀਂ।”
ਇਕ ਹੋਰ ਆਦਮੀ ਕਹਿੰਦਾ ਹੈ—“ਇਹ ਇੱਥੇ ਨਹੀਂ ਰਹਿ ਸਕਦੀਆਂ, ਸ਼ਰੀਫ ਲੋਕਾਂ ਦੇ ਟਬੱਰ ਰਹਿੰਦੇ ਨੇ ਇੱਥੇ।”
ਸਿਪਾਹੀ ਕਹਿੰਦਾ ਹੈ–“ਜੇ ਕਿਸੇ ਹੋਰ ਦਾ ਝੂਠਾ ਪਤਾ ਲਿਖਾ ਕੇ ਅੰਦਰ ਚਲੀਆਂ ਜਾਂਦੀਆਂ ਫੇਰ?”
“ਚੁੱਪ।” ਇਕ ਨੇਤਾ ਟਾਈਪ ਆਦਮੀ ਤੁੜਕਦਾ ਹੈ—“ਇਕ ਵਾਰੀ ਕਹਿ'ਤਾ ਨਾ, ਬਈ ਇਹ ਇੱਥੇ ਨਹੀਂ ਰਹਿਣਗੀਆਂ। ਓਧਰ ਤੁਹਾਡੇ ਅਫ਼ਸਰ ਐ ਜਿਹੜੇ, ਉਹਨਾਂ ਨੂੰ ਕਹਿ ਦਿਓ—ਏਧਰ ਗੰਦ ਨਹੀਂ ਚਾਹੀਦਾ ਸਾਨੂੰ।”
ਸਿਪਾਹੀ ਕੁੜਕੁੜ ਕਰਦਾ ਹੋਇਆ ਪੈਦਲ ਹੀ ਤੁਰ ਜਾਂਦਾ ਹੈ। ਮਨ ਹੀ ਮਨ ਗੁੱਸਾ ਕੱਢ ਰਿਹਾ ਸੀ—'ਸਾਲਾ ਰੰਡੀਬਾਜ। ਸਭ ਜਾਣਦਾਂ ਕਿ ਔਰਤਾਂ ਦੇ ਆਸ਼ਰਮ ਦਾ ਟਰਸਟੀ ਐ। ਵੱਡਾ ਸੱਚਾ-ਸੁੱਚਾ ਬਣਿਆ ਫਿਰਦੈ, ਕੁਤੀੜ੍ਹ ਕਿਤੋਂ ਦਾ।
ਉਪਰ ਸ਼ੈਡ ਹੇਠ ਖੜ੍ਹੇ ਅਫ਼ਸਰ ਨੂੰ ਸਿਪਾਹੀ ਇਹ ਪ੍ਰੇਸ਼ਾਨੀ ਦਸਦਾ ਹੈ ਤਾਂ ਉਹ ਇਕ ਟੈਂਟ ਬਿਲਡਿੰਗ ਦੇ ਬਾਹਰਵਾਰ ਲਗਵਾਉਣ ਦਾ ਹੁਕਮ ਦੇ ਦੇਂਦਾ ਹੈ। ਬਾਹਰ ਇਕ ਵੱਡਾ ਸਾਰਾ ਸੀਮਿੰਟ ਦਾ ਚਬੂਤਰਾ ਬਣਿਆ ਹੋਇਆ ਸੀ; ਹੇਠੋਂ ਸ਼ਾਇਦ ਸੀਵਰੇਜ ਲੰਘਦਾ ਹੈ। ਚਬੂਤਰੇ ਦੇ ਇਕ ਪਾਸੇ ਅੰਦਰ ਜਾਣ ਲਈ ਦਰਵਾਜ਼ਾ ਸੀ। ਅੱਧੇ ਘੰਟੇ ਬਾਅਦ ਸਿਪਾਹੀ ਪਰਤ ਆਉਂਦਾ ਹੈ। ਉਪਰ ਲਗਾਤਾਰ ਮੀਂਹ ਪੈ ਰਿਹਾ ਸੀ, ਪਾਣੀ ਰੁਕ ਹੀ ਨਹੀਂ ਸੀ ਰਿਹਾ, ਸ਼ਹਿਰ ਵੱਲ ਵਧ ਰਿਹਾ ਸੀ। ਸਿਪਾਹੀ ਪੰਜਾਂ ਕੁੜੀਆਂ ਨੂੰ ਚੂੰਧੀਆਂ ਨਜ਼ਰਾਂ ਨਾਲ ਦੇਖਦਾ ਹੈ। ਸਭ ਤੋਂ ਛੋਟੀ ਉੱਤੇ ਉਸਦੀ ਨਿਗਾਹ ਅਟਕ ਜਾਂਦੀ ਹੈ।
ਸਤੇ ਪ੍ਰਾਣੀ ਮੀਂਹ ਵਿਚ ਭਿੱਜਦੇ ਹੋਏ ਅੰਦਰ ਵੜ ਕੇ ਫਰਸ਼ 'ਤੇ ਬੈਠ ਜਾਂਦੇ ਨੇ। ਇਕ ਕੁੜੀ ਸਾਜੀਆਂ ਵੱਲ ਦੇਖ ਕੇ ਬੇਸ਼ਰਮ ਜਿਹਾ ਹਾਸਾ ਹੱਸਦੀ ਹੈ—“ਇਹਨਾਂ ਤੋਂ ਓਹਲਾ ਕਾਹਦਾ?”
ਪੋਟਲੀ ਖੋਲ੍ਹ ਕੇ ਜਲਦੀ ਜਲਦੀ ਅੱਧੇ-ਗਿੱਲੇ ਕੱਪੜੇ ਪਾਉਣ ਲੱਗ ਪੈਂਦੀ ਹੈ। ਸਾਜੀ ਕੁੜਤੇ ਬਨੈਣਾ ਲਾਹ ਕੇ ਨਿਚੋੜਦੇ ਨੇ ਤੇ ਆਪਣੇ ਕੱਪੜਿਆਂ ਨੂੰ ਵੱਡੇ ਸਾਰੇ ਤੰਬੂ ਦੇ ਇਕ ਬਾਂਸ ਉੱਤੇ ਲਟਕਾ ਦੇਂਦੇ ਨੇ। ਉਹਨਾਂ ਵਿਚੋਂ ਇਕ ਪੁੱਛਦੀ ਹੈ—“ਦੋ ਟਰੱਕ, ਜਿਹਨਾਂ ਵਿਚ ਹੋਰ ਕੋਠਿਆਂ ਦੇ ਲੋਕ ਸੀ, ਇਧਰ ਨਹੀਂ ਆਏ ਲੱਗਦੇ?”
“ਪਤਾ ਨਹੀਂ! ਅਸੀਂ ਦੇਰ ਨਾਲ ਉਤਰੇ ਤੇ ਇਸ ਪਿਛਲੇ ਟਰੱਕ ਵਿਚ ਚੜ੍ਹ ਗਏ, ਜਿਸ ਵਿਚ ਪਹਿਲਾਂ ਈ ਭੀੜ ਸੀ।”
ਸਭ ਤੋਂ ਘੱਟ ਉਮਰ ਦੀ ਨਿਸ਼ਾ ਆਪਣਾ ਅੱਧਾ ਗਿੱਲਾ ਕੁੜਤਾ ਗਲ਼ੇ ਕੋਲੋਂ ਦੂਰ ਹਟਾਉਂਦੀ ਹੋਈ ਦੂਜੀਆਂ ਵੱਲ ਦੇਖਦੀ ਹੈ, “ਕਿੰਨੇ ਜ਼ੋਰ ਦੀ ਵੱਢ ਖਾਧਾ ਸੀ ਪਰਸੋਂ ਕਮੀਨੇ ਨੇ।”
ਦੂਜੀਆਂ ਹੱਸ ਪੈਂਦੀਆਂ ਨੇ। “ਪੂਰੀ ਛਾਤੀ ਭਰੀ ਪਈ ਏ ਸਾਡੀ। ਕਿੱਥੋਂ ਕਿੱਥੋਂ ਦਿਖਾਈਏ।” ਫੇਰ ਠੰਡਾ ਹਊਕਾ ਜਿਹਾ ਖਿੱਚ ਕੇ ਕਹਿੰਦੀ ਹੈ, “ਠਾਠ ਤਾਂ ਚਾਂਦ ਦੇ ਨੇ। ਮੁਸ਼ਕਿਲ ਨਾਲ ਹਫ਼ਤੇ ਦੋ ਹਫ਼ਤੇ ਵਿਚ ਖਾਲਾ (ਮਾਸੀ) ਇਕ ਮਰਦ ਨੂੰ ਉਸ ਕੋਲ ਜਾਣ ਦੇਂਦੀ ਏ।”
ਛੋਟੀ ਕਹਿੰਦੀ ਹੈ, “ਨਸੀਬ ਐ ਆਪੋ ਆਪਣਾ। ਕਾਸ਼ਾ! ਅਸੀਂ ਵੀ ਨਾਚ ਗਾਣਾ ਸਿਖਿਆ ਹੁੰਦਾ। ਇਹ ਕਮਲੀ ਜ਼ਰੂਰ ਥਿਰਕ ਲੈਂਦੀ ਐ।”
ਓਧਰ ਕੋਠੇ 'ਤੇ ਬੁੱਢੀ ਖਾਲਾ ਚੀਕਦੀ ਹੈ, “ਓਇ ਹੁਣ ਤਾਂ ਨਿਕਲ ਆ ਕਮੀਨੀਏਂ। ਸ਼ਾਇਦ ਕੋਈ ਹੋਰ ਟਰੱਕ ਆ ਜਾਏ। ਅੱਠੇ ਚਾਲਾਂ, ਕੋਠੇ ਦੀਆਂ ਖਾਲੀ ਹੋ ਗਈਐਂ। ਭਾਂ-ਭਾਂ ਹੋ ਰਹੀ ਐ ਉਹਨਾਂ 'ਚ।”
ਅੰਦਰੋਂ ਕੋਈ ਜਵਾਬ ਨਹੀਂ ਆਉਂਦਾ। ਹਾਲ ਦੇ ਇਕ ਕੋਨੇ ਵਿਚ ਰੱਖਿਆ ਟੀਵੀ ਬੁਰੀਆਂ ਖ਼ਬਰਾਂ ਸੁਣਾ ਰਿਹਾ ਸੀ...'ਮੁੰਬਈ ਦੀਆਂ ਸੜਕਾਂ ਉਪਰ ਜਿਊਂਦੇ ਲੋਕਾਂ ਦੇ ਨਾਲ ਜਾਨਵਰਾਂ ਤੇ ਇਨਸਾਨਾਂ ਦੀਆਂ ਲਾਸ਼ਾਂ ਤੈਰਦੀਆਂ ਵਿਖਾ ਰਿਹਾ ਹੈ। ਘਾਟਕੋਪਰ, ਮਲਿਆ ਤੋਂ ਕਲਿਆਨ ਤਕ ਪਾਣੀ ਘਰਾਂ ਵਿਚ ਵੜ ਗਿਆ ਹੈ। ਲੋਕ ਉਪਰਲੀਆਂ ਮੰਜ਼ਿਲਾਂ ਉੱਤੇ ਚੜ੍ਹੇ ਬੈਠੇ ਨੇ। ਸਾਕੀਨਾਕਾ ਵਿਚ ਇਕ ਚਟਾਨ ਡਿੱਗ ਪੈਣ ਨਾਲ ਝੁੱਗੀਆਂ ਵਿਚ ਸੁੱਤੇ ਪਏ ਪੰਜਾਹ ਲੋਕ ਦਬ ਗਏ ਨੇ। ਮੀਂਹ ਕਾਰਨ ਮਲਬਾ ਹਟਾਉਣ ਵਿਚ ਬੜਾ ਸਮਾਂ ਲੱਗ ਰਿਹਾ ਹੈ। ਕਲਿਆਨ ਦੀ ਕਾਫੀ ਆਬਾਦੀ ਇਗਤਪੁਰੀ ਵੱਲ ਚਲੀ ਗਈ ਹੈ। ਕੋਲਸਾਵਾੜੀ ਵਿਚ ਪਾਣੀ ਭਰ ਗਿਆ ਹੈ। ਲੋਕ ਉਚਾਈ 'ਤੇ ਬਣੇ ਰੇਲਵੇ ਕੁਆਟਰਾਂ ਕੋਲ ਸ਼ਰਨ ਲੈ ਰਹੇ ਨੇ। ਮੁੰਬਈ ਵਰਗੀ ਵਿਸ਼ਾਲ ਉਦਯੋਗਿਕ ਨਗਰੀ ਵਿਚ ਨਾ ਤਾਂ ਸਰਕਾਰੀ ਮਸ਼ੀਨਰੀ ਗਤੀਸ਼ੀਲ ਹੈ ਨਾ ਹੀ ਉਦਯੋਗ ਪਤੀ ਉਦਾਰ ਹੋਏ ਨੇ। ਮੱਧ ਵਰਗ ਦੀ ਕਰੁਣਾ ਹੀ ਪ੍ਰੇਸ਼ਾਨ ਲੋਕਾਂ ਦਾ ਆਸਰਾ ਬਣੀ ਹੈ। ਧਰਮ ਤੇ ਜਾਤਪਾਤ ਦਾ ਭੇਦਭਾਵ ਭੁੱਲ ਕੇ ਲੋਕ ਮੁਸੀਬਤ ਦੇ ਮਾਰੇ, ਬੇਘਰੇ ਲੋਕਾਂ ਨੂੰ ਸੰਭਾਲ ਰਹੇ ਨੇ।'
ਹਾਲ ਵਿਚ ਖੜ੍ਹੀ ਬੁੱਢੀ ਖਾਲਾ ਫੇਰ ਕੂਕਦੀ ਹੈ, “ਓ ਹੁਣ ਤਾਂ ਨਿਕਲ ਆ ਰੰਡੀਏ! ਸਾਰੇ ਚਲੇ ਗਏ ਐ। ਹੁਣ ਤਾਂ ਟਰੱਕ ਵੀ ਨਹੀਂ ਆ ਰਹੇ। ਤੂੰ ਆਪ ਤਾਂ ਮਰੇਂਗੀ, ਮੈਨੂੰ ਵੀ ਮਰਵਾਏਂਗੀ ਨਾਲ।”
ਚਾਂਦ ਦੇ ਕਮਰੇ ਵਿਚੋਂ ਫੇਰ ਵੀ ਕੋਈ ਆਵਾਜ਼ ਨਾ ਆਈ ਤਾਂ ਖਾਲਾ ਉਸਦੇ ਕਮਰੇ ਵਿਚ ਪਹੁੰਚ ਗਈ। ਚਾਂਦ ਸਜੀ-ਸਜਾਈ ਪਲੰਘ ਉੱਤੇ ਲੇਟੀ ਹੋਈ ਸੀ। ਕਮਰੇ ਵਿਚ ਜਗ ਰਹੀ ਬੱਤੀ ਦੀ ਰੌਸ਼ਨੀ ਸੜਕ ਉੱਤੇ ਪੈ ਰਹੀ ਸੀ। ਖਾਲਾ ਬਾਹਰ ਵੇਖਦੀ ਹੈ, “ਯਾ ਅੱਲਾ, ਹੁਣ ਤਾਂ ਹਾਥੀ ਡੋਬੂ ਪਾਣੀ ਐਂ। ਨੀਂ ਉੱਠ ਨਿਖਸਮੀਂਏ, ਸ਼ਾਇਦ ਕੋਈ ਬੇੜੀ ਈ ਆ ਜਾਏ,” ਉਦੋਂ ਹੀ ਬਿਜਲੀ ਚਲੀ ਜਾਂਦੀ ਹੈ ਪਰ ਚਾਂਦ ਦੇ ਕੰਨ ਦੇ ਬੁੰਦੇ ਦਾ ਹੀਰਾ ਚਮਕਦਾ ਰਹਿੰਦਾ ਹੈ।
ਮੋਹ ਭਰੀਆਂ ਅੱਖਾਂ ਨਾਲ ਖਾਲਾ ਚਾਂਦ ਵੱਲ ਦੇਖ ਰਹੀ ਹੈ। ਉਹਦੇ ਗਲ਼ ਦਾ ਜੜਾਊ ਹਾਰ ਹੈ ਚਾਂਦ। ਕੋਠੇ ਦੀਆਂ ਅੱਠ ਚਾਲਾਂ ਨੇ–ਸੜਕ ਉਪਰ, ਉਪਰ-ਹੇਠਾ ਮਿਲਾ ਲਓ ਤਾਂ ਸੋਲਾਂ ਹੋਈਆਂ। ਪਰ ਮੁਜਰਾ ਸਿਰਫ ਦੋ ਕੋਠਿਆਂ 'ਤ ਹੁੰਦਾ ਹੈ...ਨਾਗੋ ਬਾਈ ਦੇ ਕੋਠੇ 'ਤੇ ਜਾਂ ਉਹਨਾਂ ਦੇ ਕੋਠੇ 'ਤੇ! ਚਾਂਦ ਦਾ ਸਾਥ ਕਦੀ ਕਦੀ ਕਮਲੀ ਹੀ ਦੇਂਦੀ ਹੈ। ਬਾਕੀ ਚਾਰ ਤਾਂ ਮਰਦਾਂ ਨਾਲ ਸੌਣਾ ਜਾਣਦੀਆਂ ਨੇ। ਢੋਕੀ ਤੋਂ ਪੂਰੇ ਪੰਜਾਹ ਹਜ਼ਾਰ 'ਚ ਲਿਆ ਸੀ ਖਾਲਾ ਨੇ ਚਾਂਦ ਨੂੰ–ਦੋ ਸਾਲ ਪਹਿਲਾਂ ਜਦੋਂ ਉਹ ਸੋਲਾਂ ਸਾਲ ਦੀ ਸੀ। ਪੈਰਾਂ ਵਿਚ ਘੁੰਗਰੂ ਬੰਨ੍ਹ ਕੇ ਜਦੋਂ ਗੇੜਾ ਲਾਉਂਦੀ ਹੈ ਤਾਂ ਬਿਜਲੀਆਂ ਲਿਸ਼ਕਣ ਲੱਗ ਪੈਂਦੀਆਂ ਨੇ। ਸਿਰਫ ਛਨੀਵਾਰ ਦੀ ਰਾਤ ਬੋਲੀ ਵਿਚ ਜਿਹੜਾ ਜਿੱਤ ਜਾਵੇ ਉਹੀ ਚਾਂਦ ਨਾਲ ਰਾਤ ਕੱਟ ਸਕਦਾ ਹੈ। 'ਚਾਰ ਛਨੀਵਾਰਾਂ ਦਾ ਮੋਇਆ ਮਦਰਾਸੀ ਛੋਕਰਾ ਸ਼੍ਰੀਨਿਵਾਸਨ ਈ ਪਹੁੰਚ ਰਿਹਾ ਏ। ਪਿਓ ਵੱਡਾ ਸਮਗਲਰ ਜੋ ਏ ਮੁੰਬਈ ਦਾ।'
ਖਾਲਾ ਮਹਿਸੂਸ ਕਰ ਰਹੀ ਹੈ ਕਿ ਜਦੋਂ ਪੰਜੇ ਕੁੜੀਆਂ ਤੇ ਦੋਵੇਂ ਸਾਜੀ ਗਏ ਸਨ ਉਦੋਂ ਵੀ ਨਿਕਲ ਸਕਦੀ ਸੀ ਉਹ, ਪਰ ਇਸ ਅੰਗੂਠੀ ਵਿਚ ਜੜੇ ਨਗੀਨੇ ਨੂੰ ਭਲਾ ਕਿੰਜ ਛੱਡ ਜਾਂਦੀ ਖਾਲਾ! ਹੋ ਸਕਦਾ ਏ ਪੰਜੇ ਦੀਆਂ ਪੰਜੇ ਵਾਪਸ ਨਾ ਆਉਣ! ਪਰ ਕੀ ਫਰਕ ਪੈਂਦਾ ਏ? ਦੱਲੇ ਪੰਜਾਂ ਦੀ ਥਾਂ ਅੱਠ ਹੋਰ ਲੈ ਆਉਣਗੇ। ਕੁੜੀਆਂ ਦਾ ਕਿਹੜਾ ਕਾਲ ਪਿਐ ਅੱਜ ਕੱਲ੍ਹ!
ਬੁੱਢੀ ਖਾਲਾ ਸਟੂਲ ਖਿੱਚ ਕੇ ਖਿੜਕੀ ਕੋਲ ਬੈਠ ਜਾਂਦੀ ਹੈ। ਆਸਮਾਨ ਤੋਂ ਡਿੱਗ ਰਿਹਾ ਪਾਣੀ ਸੜਕ 'ਤੇ ਜਮ੍ਹਾਂ ਹੋਏ ਪਾਣੀ ਉਪਰ ਤਬਲਾ ਵਜਾ ਰਿਹਾ ਸੀ। ਹੁਣ ਤਾਂ ਸੜਕ 'ਤੇ ਹਨੇਰਾ ਵੀ ਖੇਡਣ ਲੱਗ ਪਿਆ ਸੀ। ਖਾਲਾ ਨੂੰ ਯਾਦ ਆਉਣ ਲੱਗਦੇ ਨੇ ਸੜਕ ਦੇ ਦੋ ਤਿੰਨ ਦਿਨ ਪਹਿਲਾਂ ਦੇ ਨਜ਼ਾਰੇ। ਬਹੁਤੀ ਭੀੜ ਨਾ ਹੋਣ 'ਤੇ ਵੀ, ਕੁੜੀਆਂ ਉੱਤੇ ਅੱਖਾਂ ਗੱਡ ਕੇ ਤੁਰਦੇ ਹੋਏ ਲੋਕ ਇਕ ਦੂਜੇ ਨਾਲ ਭਿੜ ਜਾਂਦੇ ਸੀ। ਸਾਹਮਣੇ ਇਲਾਹੀ ਦੇ ਦੋ ਮਜ਼ਿਲਾ ਹੋਟਲ ਵਿਚ ਰੌਣਕ ਲੱਗੀ ਹੁੰਦੀ ਸੀ। ਦੋਵੇਂ ਵੱਡੀਆਂ ਭੱਠੀਆਂ ਥੜ੍ਹੇ ਤੋਂ ਹੇਠ ਆ ਜਾਂਦੀਆਂ ਸਨ। ਵੀਹ ਪੱਚੀ ਸਲਾਖਾਂ ਵਿਚ ਪਰੋਇਆ ਹੋਇਆ ਗੋਸ਼ਤ ਭੁੱਜਦਾ ਰਹਿੰਦਾ ਸੀ। ਲੋਕ ਕਾਗਜ ਦੀਆਂ ਪਲੇਟਾਂ ਵਿਚ ਤੇਜ਼ ਮਿਰਚਾਂ ਵਾਲੀ ਖੱਟੀ ਚਟਨੀ ਪਵਾ ਕੇ ਸੀਖ ਕਬਾਬ ਖਾਂਦੇ ਰਹਿੰਦੇ ਤੇ ਕੁੜੀਆਂ ਉੱਤੇ ਅੱਖਾਂ ਗੱਡੀ, ਰਾਤ ਦੀ ਉਡੀਕ ਕਰਦੇ ਰਹਿੰਦੇ। ਮੋਇਆ, ਸਸਤਾ ਵੀ ਤਾਂ ਕਿੰਨਾਂ ਦੇਂਦਾ ਏ ਕਬਾਬ! ਦਸ ਰੁਪਏ ਦੀ ਪਲੇਟ ਵਿਚ ਅੱਠ ਸੀਖ ਕਬਾਬ!
ਗਾਹਕ ਦੀਆਂ ਬਾਹਾਂ ਵਿਚ ਫਸੀ ਔਰਤ ਉਸਦੀ ਜੇਬ ਦੀ ਦਰਿਆ ਦਿਲੀ ਤਾੜ ਕੇ ਅਕਸਰ ਕਬਾਬ ਦੀ ਫਰਮਾਇਸ਼ ਕਰਦੀ ਤੇ ਗਾਹਕ ਅਮੀਰ-ਜਾਦੇ ਵਾਂਗ ਦਸ ਦਾ ਨੋਟ ਫੜਾ ਦੇਂਦਾ। ਅਚਾਨਕ ਹੀ ਕਮਰੇ ਵਿਚੋਂ ਢਾਈ ਫੁੱਟੇ ਸ਼ੇਰ ਖਾਂ ਨੂੰ ਆਵਾਜ਼ ਮਾਰੀ ਜਾਂਦੀ ਤੇ ਉਹ ਦਗੜ-ਦਗੜ ਕਰਦਾ ਹੋਇਆ ਪੌੜੀਆਂ ਉਤਰ ਕੇ ਸੜਕ ਪਾਰ ਕਰ ਜਾਂਦਾ। ਰਾਤ ਗਿਆਰਾਂ ਵਜੇ ਭੱਠੀਆਂ ਬੰਦ ਹੋ ਜਾਂਦੀਆਂ। ਥੱਕਿਆ-ਹੰਭਿਆ ਸ਼ੇਰ ਖਾਂ ਵੀ ਹਾਲ ਦੇ ਕਾਲੀਨ ਉੱਤੇ ਲੁੜਕ ਜਾਂਦਾ। ਫੇਰ ਕਮਰਿਆਂ ਦੀਆਂ ਪੰਜਾਂ ਕੁੜੀਆਂ ਨਾਲ ਹੁੰਦੇ ਰਾਤ ਭਰ ਦੇ ਗਾਹਕ ਜਾਂ ਕੋਈ ਇਕੱਲੀ ਅੰਗੜਾਈਆਂ ਲੈ ਰਹੀ ਹੁੰਦੀ। ਹਾਲ ਵਿਚ ਜਦੋਂ ਹਨੇਰਾ ਹੋ ਜਾਂਦਾ, ਸ਼ੇਰ ਖਾਂ ਖਾਲਾ ਦੀ ਚਾਦਰ ਵਿਚ ਘੁਸੜ ਜਾਂਦਾ...ਇਕੱਲਾ ਸ਼ੇਰ ਖਾਂ ਹੀ ਹੈ ਜਿਹੜਾ ਉਸਨੂੰ ਖਾਲਾ ਨਾ ਆਖ ਕੇ ਅੰਮਾਂ ਕਹਿੰਦਾ ਹੈ।
ਖਾਲਾ ਦੀ ਨੀਂਦ ਟੁੱਟ ਜਾਂਦੀ ਪਰ ਪਿਆਰ ਨਾਲ ਸ਼ੇਰ ਖਾਂ ਦਾ ਸਿਰ ਪਲੋਸਦੀ ਹੋਈ ਕਹਿੰਦੀ, “ਸੜਿਆ, ਪੂਰੇ ਜਿਸਮ 'ਚੋਂ ਕਬਾਬ ਤੇ ਚਟਨੀ ਦੀ ਬੋ ਮਾਰ ਰਹੀ ਐ। ਜਾਹ ਆਪਣੀ ਚਾਦਰ 'ਚ ਸੌਂ।”
ਖੀਂ ਖੀਂ,' ਹੱਸਦਾ ਸ਼ੇਰ ਖਾਂ, “ਓ ਅੰਮਾਂ! ਪੰਜਾਹ ਵਾਰੀ ਚੜ੍ਹਿਆ ਆਂ ਉਪਰ ਹੇਠ। ਕਾਰਤਿਕਾ ਦੇ ਗਾਹਕ ਨੇ ਤਾਂ ਹੱਦ ਈ ਕਰ ਦਿੱਤੀ। ਸੱਤ ਵਾਰੀ ਦੌੜਾਇਆ। ਆਖ਼ਰੀ ਵਾਰੀ  ਪੁੱਛਿਆ–'ਵੇਸਨ ਤੇ ਡਬਲ ਰੋਟੀ ਦੇ ਚੂਰੇ ਈ ਸੀ ਨਾ! ਗੋਸ਼ਤ ਤਾਂ ਨਹੀਂ ਸੀ?' ਕਾਰਤਿਕਾ ਨੇ ਗਲੇ ਦੀ ਘੰਡੀ ਛੂਹ ਕੇ ਕਿਹਾ–'ਰੱਬ ਦੀ ਸੌਂਹ, ਨਹੀਂ-ਜੀ।' ਮੈਂ ਹਾਸਾ ਨਹੀਂ ਸੀ ਰੋਕ ਸਕਿਆ। ਕਿੰਜ ਦੱਸਦਾ ਬਈ 'ਵੱਡੇ' ਦੇ ਗੋਸ਼ਤ ਦੇ ਹੁੰਦੇ ਨੇ, ਨਹੀਂ ਤਾਂ ਦਸ ਰੁਪਏ ਪਲੇਟ ਵਿਚ ਕੀ ਸਵਾਹ ਕਮਾਈ ਕਰਦਾ ਹੋਊ ਇਲਾਹੀ।”
“ਪੂਰਾ ਹਰਾਮੀ ਏਂ ਤੂੰ ਤੇ ਉਹ ਕਾਰਤਿਕਾ!”
ਹੱਸਦਾ ਹੈ ਸ਼ੇਰ ਖਾਂ ਉਦੋਂ ਹੀ ਮੁੰਨੀ ਦਾ ਬੂਹਾ ਖੁੱਲ੍ਹਦਾ ਹੈ। ਉਦੋਂ ਹੀ ਮੁੱਖ ਦਰਵਾਜ਼ੇ ਵਿਚੋਂ ਕੋਈ ਬਾਹਰ ਨਿਕਲ ਜਾਂਦਾ ਹੈ। ਮੁੰਨੀ ਉਹਨਾਂ ਦੋਵਾਂ ਦੇ ਸਿਰ ਉੱਤੇ ਖੜ੍ਹੀ ਨਾਲਾ ਬੰਨ੍ਹ ਰਹੀ ਸੀ, 'ਉੱਠ ਦਰਵਾਜ਼ਾ ਬੰਦ ਕਰ ਲੈ। ਸਾਲਾ ਪੂਰੀ ਰਾਤ ਦੇ ਪੈਸੇ ਦੇ ਕੇ, ਹੁਣੇ ਭੱਜ ਗਿਆ। ਕਹਿੰਦਾ ਸੀ...ਟਰੇਨ ਫੜ੍ਹਨੀ ਐਂ। ਆਪਣਾ ਇੰਜਨ ਸਟੀਮ ਛੱਡ ਗਿਆ ਤਾਂ ਭੱਜ ਲਿਆ।' ਫੇਰ ਪੁੱਛਦੀ ਹੈ, 'ਕੀ ਵੱਜਿਆ ਹੋਏਗਾ?'
ਚਾਦਰ ਵਿਚੋਂ ਨਿਕਲਦਾ ਹੈ ਸ਼ੇਰ ਖਾਂ ਤਾਂ ਮੁੰਨੀ ਰਹੱਸਮਈ ਮੁਸਕਾਨ ਸੁੱਟਦੀ ਹੈ। ਉਹ ਦਰਵਾਜ਼ਾ ਬੰਦ ਕਰਕੇ ਘੜੀ ਵੱਲ ਇਸ਼ਾਰਾ ਕਰ ਦੇਂਦਾ ਹੈ। ਘੜੀ ਡੇਢ ਵਜਾ ਰਹੀ ਸੀ। ਮੁੰਨੀ ਆਪਣੀ ਕੋਠੜੀ ਵਲ ਚਲੀ ਗਈ। ਸ਼ੇਰ ਖਾਂ ਫੇਰ ਖਾਲਾ ਦੀ ਚਾਦਰ ਵਿਚ ਘੁਸੜਨ ਲੱਗਾ ਤਾਂ ਉਹਨੇ ਝਿੜਕਿਆ, “ਕਿਉਂ ਕੁਰਬਲ-ਕੁਰਬਲ ਲਾਈ ਆ, ਥੱਕ ਗਿਐਂ ਤਾਂ ਜਾ ਕੇ ਸੌਂ ਜਾ ਆਪਣੀ ਚਾਦਰ 'ਚ।”
ਫੇਰ ਖੀਂ-ਖੀਂ ਕਰਦਾ ਹੈ ਸ਼ੇਰ ਖਾਂ ਤਾਂ ਬੁੱਢੀ ਘੁਰਕਦੀ ਹੈ, “ਬੂਥਾ ਭੰਨ ਦੂੰ ਜੇ ਰੋਲਾ ਪਾਇਆ ਤਾਂ।” ਫੇਰ ਉਸਨੂੰ ਆਪਣੇ ਨਾਲ ਭੀਚ ਲੈਂਦੀ ਹੈ। ਸ਼ੇਰ ਖਾਂ ਉਸਦੀ ਮਜ਼ਬੂਰੀ ਹੈ। ਪੰਜਾਹ ਸਾਲ ਦੀ ਉਮਰ ਵਿਚ ਜਦੋਂ ਦੱਲੇ ਵੀ ਨਹੀਂ ਝਾਕਦੇ, ਗਾਹਕ ਦਾ ਤਾਂ ਸਵਾਲ ਹੀ ਨਹੀਂ। ਵੀਹ ਇੱਕੀ ਸਾਲ ਦੇ ਬੌਣੇ ਸ਼ੇਰ ਖਾਂ ਲਈ ਵੀ ਬੁੱਢੀ ਇਕ ਮਜ਼ਬੂਰੀ ਹੈ। ਕੋਈ ਵੀ ਰੰਡੀ ਉਸਨੂੰ ਰਾਤ ਨੂੰ ਨੇੜੇ ਨਹੀਂ ਫੜਕਣ ਦੇਂਦੀ। ਇਕ ਵਾਰੀ ਤਿੰਨ ਦਿਨ ਪੈਸੇ ਜੋੜ ਕੇ ਤਿੰਨ ਨੰਬਰ ਕੋਠੇ ਵਾਲੀ, ਨੱਢੀ ਨੇਪਾਲਨ, ਕੋਲ ਸੌ ਦਾ ਪੱਤਾ ਰੱਖਿਆ ਤਾਂ ਉਸਨੇ ਚੁਟਕੀ ਵਜਾ ਕੇ ਕਿਹਾ, “ਫੁੱਟ ਜਾ ਏਥੋਂ ਮਾਂ ਦਿਆ ਖਸਮਾਂ! ਮੈਂ ਜਵਾਕਾਂ ਹੇਠ ਨਹੀਂ ਪੈਂਦੀ।”
ਉਦਾਸ ਜਿਹਾ ਪਰਤਿਆ ਸੀ ਸ਼ੇਰ ਖਾਂ। ਦਸੰਬਰ ਦੀ ਉਸ ਰਾਤ ਅਚਾਨਕ ਮੀਂਹ ਸ਼ੁਰੂ ਹੋ ਗਿਆ ਸੀ। ਚਾਦਰ ਵਿਚ ਉਸਨੂੰ ਠੰਡ ਲੱਗ ਰਹੀ ਸੀ। ਬੁੱਢੀ ਖਾਲਾ ਕੰਬਲ ਕੱਢਣ ਬਾਰੇ ਸੋਚ ਰਹੀ ਸੀ ਕਿ ਸ਼ੇਰ ਖਾਂ ਦੇ ਗਰਮ ਸਾਹਾਂ ਨੇ ਛੂਹ ਲਿਆ। ਉਸਨੂੰ ਫੌਰਨ ਆਪਣੀ ਚਾਦਰ ਵਿਚ ਖਿੱਚ ਲਿਆ। ਸ਼ੇਰ ਖਾਂ ਨੇ ਹੌਲੀ ਜਿਹੀ ਕਿਹਾ ਸੀ...“ਅੰਮਾ।” ਪਰ ਕੁਝ ਚਿਰ ਪਿੱਛੋਂ ਰਿਸ਼ਤਾ ਬਦਲ ਗਿਆ ਸੀ।
ਉਸ ਰਾਤ ਮੁੰਨੀ ਚਲੀ ਗਈ ਤਾਂ ਸ਼ੇਰ ਖਾਂ ਬੋਲਿਆ, “ਬਿਲਕੀਸ ਕਹਿੰਦੀ ਐ ਤੂੰ ਆਪਣੀ ਉਮਰ ਤਾਂ ਪੰਜਾਹ ਦੀ ਦੱਸਦੀ ਐਂ, ਪਰ ਸੱਠ ਤੋਂ ਘੱਟ ਦੀ ਨਹੀਂ।”
ਸ਼ੇਰ ਖਾਂ ਨੂੰ ਨੇੜੇ ਖਿੱਚਦਿਆਂ ਹੋਇਆਂ ਖਾਲਾ ਨੇ ਧੀਮੀ ਆਵਾਜ਼ ਵਿਚ ਕਿਹਾ, “ਪਾਗਲ ਆ ਬਿਲਕੀਸ! ਜਦ ਘਿਸ-ਘਿਸਾ ਕੇ ਤੀਹ ਦੀ ਉਮਰ 'ਚ ਪੈਂਤੀਆਂ ਦੀ ਲੱਗੂਗੀ, ਫੇਰ ਪਤਾ ਲੱਗੂ। ਖ਼ੂਬਸੂਰਤ ਰੰਡੀ ਉਮਰ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਐ। ਪਰ ਲੌਂਡੀ ਹੈ ਬੜੀ ਤੇਜ਼। ਗੁਲਕ ਵਿਚ ਮਾਲ ਪਾਉਂਦੀ ਰਹਿੰਦੀ ਐ। ਸੜਕ ਪਾਰ ਬੈਂਕ 'ਚ ਖਾਤਾ ਐ। ਬੁੱਢੇਪਾ ਆਰਾਮ ਨਾਲ ਕੱਟ ਲਊਗੀ ਕਿਤੇ।”
ਕੁਝ ਗਵਾਚੇ ਜਿਹੇ ਅੰਦਾਜ਼ ਵਿਚ ਪੁੱਛਿਆ ਸੀ ਬੁੱਢੀ ਖਾਲਾ ਨੇ, “ਤੈਨੂੰ ਆਪਣੀ ਅੰਮਾ ਯਾਦ ਐ?”
“ਥੋੜ੍ਹੀ ਥੋੜ੍ਹੀ! ਚਾਰ ਜਾਂ ਪੰਜ ਨੰਬਰ ਦੇ ਕੋਠੇ 'ਚ ਕੋਠੜੀ ਸੀ। ਸ਼ਾਮ ਹੁੰਦਿਆਂ ਈ ਮੈਨੂੰ ਦੁੱਧ 'ਚ ਅਫੀਮ ਘੋਲ ਕੇ ਪਿਆ ਦਿੰਦੀ ਤੇ ਕਮਰੇ ਦੇ ਪਿੱਛੇ ਤਖ਼ਤ ਉੱਤੇ ਪਏ ਗਦੈਲੇ 'ਤੇ ਪਾ ਆਉਂਦੀ। ਮੇਰੇ ਵਰਗੇ ਕਈ ਹੋਰ ਨਿਆਣੇ ਵੀ ਸੁੱਤੇ ਹੁੰਦੇ ਸੀ ਉੱਥੇ। ਇਕ ਰਾਤ ਮੈਂ ਤਖ਼ਤ ਤੋਂ ਡਿੱਗ ਪਿਆ। ਰੋਂਦਾ ਹੋਇਆ ਹਰ ਕੋਠੜੀ ਦੇ ਦਰਵਾਜ਼ੇ 'ਤੇ ਗਿਆ ਪਰ ਕੋਈ ਦਰਵਾਜ਼ਾ ਨਹੀਂ ਖੁੱਲਿਆ। ਬਾਹਰ ਬੈਠੇ ਪਠਾਨ ਨੇ ਮੈਨੂੰ ਭਜਾਅ ਦਿੱਤਾ। ਅੱਧੀ ਰਾਤ ਬੀਤਣ ਪਿੱਛੋਂ ਅੰਦਰ ਘੁਸਿਆ ਤੇ ਆਪਣੀ ਕੋਠੜੀ ਵਲ ਗਿਆ। ਹੁਣ ਲਾਈਨ ਸਿਰਫ ਦੋ ਤਿੰਨ ਕੋਠੜੀਆਂ ਅੱਗੇ ਈ ਸੀ ਤੇ ਪਠਾਨ ਸਟੂਲ ਤੋਂ ਹੇਠਾਂ ਬੈਠਾ ਉਂਘ ਰਿਹਾ ਸੀ। ਅੰਦਰ ਜਾ ਕੇ ਬੜਾ ਹਿਲਾਇਆ ਪਰ ਮਾਂ ਨਹੀਂ ਉੱਠੀ। ਉਸਨੇ ਮੇਰਾ ਨਾਂ ਸ਼ੇਰ ਸਿੰਘ ਰੱਖਿਆ ਸੀ। ਉਸ ਰਾਤ ਮੁੰਬਈ ਵਿਚ ਸਾਰੀ ਰਾਤ ਪਟਾਖ਼ੇ ਤੇ ਅਸਤਬਾਜ਼ੀ, ਆਨਾਰ ਚੱਲਦੇ ਰਹੇ ਸੀ। ਮਾਂ ਸ਼ਾਇਦ ਬਿਮਾਰ ਸੀ ਪਰ ਪੈਸਿਆਂ ਦੀ ਲੋੜ ਹੋਣ ਕਰਕੇ ਗਾਹਕਾਂ ਨੂੰ ਰੋਕਿਆ ਨਹੀਂ ਸੀ ਸਕੀ। ਉਹਦੇ ਮਰਨ ਪਿੱਛੋਂ ਸ਼ਾਇਦ ਉਸ ਅੰਦਰ ਨਹੀਂ ਗਿਆ ਕਦੀ...ਤੇ ਜਦੋਂ ਤੁਹਾਡੇ ਕੋਲ ਆਇਆ ਤਾਂ ਸ਼ੇਰ ਸਿੰਘ ਤੋਂ ਸ਼ੇਰ ਖਾਂ ਬਣਾ ਦਿੱਤਾ ਤੁਸੀਂ।”
ਇਕ ਲੰਮੀ ਚੁੱਪ ਪਿੱਛੋਂ ਸ਼ੇਰ ਖਾਂ ਨੇ ਪੁੱਛਿਆ ਸੀ, “ਕੀ ਤੇਰੇ ਤੇ ਕੁੜੀ 'ਚ ਬੜਾ ਫਰਕ ਹੁੰਦੈ ਅੰਮਾਂ?”
ਇਕ ਹੂਕ ਜਿਹੀ ਉਠੀ ਸੀ ਖਾਲਾ ਦੇ ਦਿਲ ਵਿਚ। ਯਾਦ ਆ ਗਈ ਸੀ ਆਪਣੀ ਨੱਥ ਲੁਹਾਈ ਵਾਲੀ ਰਾਤ। ਸ਼ੇਰ ਖਾਂ ਨੂੰ ਘੁੱਟ ਕੇ ਨਾਲ ਭੀਚਦਿਆਂ ਕਿਹਾ ਸੀ, “ਚੁੱਪ ਰਹਿ ਸ਼ੇਰ ਖਾਂ। ਬਿਨਾਂ ਜਾਣੇ ਇਹ ਫਰਕ ਪਤਾ ਨਹੀਂ ਲੱਗ ਸਕਦਾ...ਬੱਦਲ ਤੇ ਧੂੰਏਂ ਜਿੰਨਾ ਫਰਕ ਹੁੰਦੈ ਦੋਵਾਂ 'ਚ।”
ਉਹਨੀਂ ਦਿਨੀ ਚਾਂਦ ਨੂੰ ਲੈ ਆਈ ਸੀ ਖਾਲਾ। ਤੇ ਹੁਣ ਚਲਾਕ ਹੋ ਗਿਆ ਸੀ ਸ਼ੇਰ ਖਾਂ ਵੀ–ਉਹ ਹਰ ਪਲੇਟ ਵਿਚ ਅੱਠ ਦੀ ਜਗ੍ਹਾ ਛੇ ਕਬਾਬ ਲਿਆਉਂਦਾ ਸੀ ਤੇ ਹਰ ਚੌਥੀ ਪਲੇਟ ਪਿਛੋਂ ਦਸ ਰੁਪਏ ਆਪਣੀ ਜੇਬ ਵਿਚ ਪਾ ਲੈਂਦਾ ਸੀ। ਦੂਜੇ ਤੀਜੇ ਦਿਨ ਦੁਪਹਿਰ ਦਾ ਸ਼ੋਅ ਵੇਖਣ ਨਿਕਲ ਜਾਂਦਾ ਸੀ ਜਿਹੜਾ ਦੁਪਹਿਰੇ ਬਾਰਾਂ ਵਜੇ ਸ਼ੁਰੂ ਹੋ ਕੇ ਤਿੰਨ ਵਜੇ ਖ਼ਤਮ ਹੁੰਦਾ ਸੀ। ਕਦੀ ਕਦੀ ਬੁਰਕਾ ਪਾ ਕੇ ਚਾਂਦ ਵੀ ਉਸਦੇ ਨਾਲ ਸ਼ੋਅ ਦੇਖ ਆਉਂਦੀ। ਰਸਤੇ ਵਿਚ ਲੋਕ ਹੱਸਦੇ...ਅੱਧੇ ਦੀ ਪੂਰੀ ਜ਼ਨਾਨੀ! ਚਾਂਦ ਨਾਲ ਆਪਣਾ ਜੋੜਿਆ ਜਾਣਾ ਸ਼ੇਰ ਖਾਂ ਨੂੰ ਚੰਗਾ ਲੱਗਦਾ। ਵਾਪਸ ਆ ਕੇ ਚਾਂਦ ਖ਼ੂਬ ਹੱਸਦੀ।
ਪਰ ਸ਼ਾਮ ਹੁੰਦਿਆਂ ਹੀ ਸ਼ੇਰ ਖਾਂ ਕੁੜੀਆਂ ਦਾ ਜੱਦੀ ਖ਼ਰੀਦਿਆ ਗ਼ੁਲਾਮ ਬਣ ਜਾਂਦਾ ਸੀ। ਮਾੜੇ ਮੋਟੇ ਮੇਕਅੱਪ ਦੇ ਸਾਮਾਨ ਦੀਆਂ ਚੀਜਾਂ ਤੇ ਨੰਬਰ ਦਸ ਕੇ ਬਰੇਜਰੀ ਤਕ ਮੰਗਵਾ ਲੈਂਦੀਆਂ ਸੀ ਉਹ ਉਸ ਤੋਂ। ਦਲਾਲ ਵੀ ਉਸਨੂੰ ਖ਼ੂਬ ਛੇੜਦੇ ਰਹਿੰਦੇ। ਇਕ ਵਾਰੀ ਕਾਮਠੀ ਨੇ ਤਾਂ ਉਸਨੂੰ ਰੁਆ ਹੀ ਦਿੱਤਾ ਸੀ। ਪਾਜਾਮੇ ਦੇ ਨੇਫੇ ਵਿਚ ਹੱਥ ਪਾ ਦਿੱਤਾ ਸੀ, 'ਦੇਖਾਂ ਅੱਧਾ ਕੇਹੋ ਜਿਹਾ ਹੁੰਦੈ ਬਈ...'
ਸ਼ੇਰ ਖਾਂ ਅੰਮਾਂ ਨੂੰ ਬੁਲਾਉਣ ਖਾਤਰ ਚੀਕਿਆ ਸੀ। ਖਾਲਾ ਪੌੜੀਆਂ ਉਤਰ ਆਈ ਸੀ ਤੇ ਖ਼ੂਬ ਫਟਕਾਰਿਆ ਸੀ ਉਸਨੂੰ। ਕਾਮਠੀ ਬੜਬੜਾਇਆ ਸੀ...'ਕਿਹੜਾ ਸ਼ੇਰ, ਚੂਹਾ ਐ ਸਾਲਾ।'
ਕਿਉਂਕਿ ਖਾਲਾ ਪੂਰਬੀ ਉਤਰ ਪ੍ਰਦੇਸ਼ ਦੀ ਸੀ ਇਸ ਲਈ ਉਸਦੇ ਕੋਠੇ ਦੀਆਂ ਵਧੇਰੇ ਕੁੜੀਆਂ ਵੀ ਓਧਰ ਦੀਆਂ ਹੀ ਸਨ। ਸ਼ੁਰੂ ਸ਼ੁਰੂ ਵਿਚ ਤਾਂ ਭਈਆ ਟਾਈਪ ਲੋਕ ਆਉਂਦੇ ਸਨ। ਪਰ ਫੇਰ ਕਮਲੀ ਆਈ ਤਾਂ ਕੋਠੇ ਵਿਚ ਮੁਜਰਾ ਸ਼ੁਰੂ ਹੋ ਗਿਆ। ਚਾਂਦ ਦੇ ਆਉਂਦਿਆਂ ਹੀ ਹਵਾ ਬਿਲਕੁਲ ਬਦਲ ਗਈ। ਅਮੀਰ ਲੋਕ ਆਉਣੇ ਸ਼ੁਰੂ ਹੋ ਗਏ। ਚਾਂਦੀ ਟੀ.ਵੀ. ਉੱਤੇ ਨਵੇਂ ਤੋਂ ਨਵਾਂ ਫਿਲਮੀ ਕੈਸਿਟ ਵੇਖਦੀ ਤੇ ਅੰਦਾਜ਼ ਬਦਲ-ਬਦਲ ਕੇ ਨੱਚਦੀ ਜਾਂ ਗਾਉਂਦੀ। ਕੱਲ੍ਹ ਵੀ ਤਾਂ ਸ਼ੇਰ ਖਾਂ ਨਾਲ ਫਿਲਮ ਵੇਖ ਕੇ, ਉਸਦੀ ਸੀਡੀ ਲਿਆਉਣ ਲਈ ਕਿਹਾ ਸੀ। ਪਰ ਕਹਿਰ ਬਣ ਗਿਆ, ਇਹ ਪਾਣੀ। ਸ਼ੇਰ ਖਾਂ ਹਾਲੇ ਤਕ ਨਹੀਂ ਮੁੜਿਆ। ਬੁੱਢੀ ਖਾਲਾ ਦਾ ਦਿਲ ਇਹ ਸੋਚ ਕੇ ਬੈਠਣ ਲੱਗਾ ਕਿ ਢਾਈ ਫੁੱਟਾ ਆਦਮੀ ਸੀ, ਕਿਤੇ ਰੁੜ੍ਹ ਈ ਨਾ ਗਿਆ ਹੋਵੇ।
ਬੁੱਢੀ ਖਾਲਾ ਚਾਂਦ ਦੇ ਬਿਸਤਰੇ 'ਤੇ ਬਹਿ ਕੇ ਉਹਦਾ ਮੱਥਾ ਛੂੰਹਦੀ ਹੈ, “ਉੱਠ ਲਾਡੋ! ਸ਼ਾਇਦ ਕੋਈ ਕਿਸ਼ਤੀ ਆ-ਜੇ ਤੇ ਅਸੀਂ ਵੀ ਨਿਕਲ ਸਕੀਏ!” ਪਰ ਚਾਂਦ ਦੀਆਂ ਅੱਖਾਂ ਤਾਂ ਅੱਥਰੂਆਂ ਨਾਲ ਭਰੀਆਂ ਸੀ। ਪਾਨਦਾਨ ਵਿਚ ਸਿਰਫ ਆਖ਼ਰੀ ਪਾਨ ਦੇਖ ਕੇ ਵੀ ਸ਼ਾਇਦ ਏਨਾ ਅਫਸੋਸ ਖਾਲਾ ਨੂੰ ਨਹੀਂ ਸੀ ਹੋਇਆ ਜਿੰਨਾ ਚਾਂਦ ਦੀਆਂ ਅੱਖਾਂ ਵਿਚ ਅੱਥਰੂ ਵੇਖ ਕੇ ਹੋਇਆ ਸੀ। ਤ੍ਰਬਕ ਕੇ ਪੁੱਛਦੀ ਹੈ, “ਕੀ ਹੋਇਆ ਕੁੜੀਏ?”
“ਮੈਂ ਕਿਤੇ ਨਹੀਂ ਜਾਣਾ ਖਾਲਾ...”
“ਕਿਉਂ?”
“ਉਸਨੇ ਕੱਲ੍ਹ ਜਾਂ ਅੱਜ ਰਾਤ ਆ ਕੇ ਲੈ ਜਾਣ ਦਾ ਵਾਅਦਾ ਕੀਤਾ ਸੀ। ਤੂੰ ਵੀ ਮੇਰੇ ਨਾਲ ਚੱਲੀਂ। ਉਹ ਮੈਨੂੰ ਪਿਆਰ ਕਰਦਾ ਏ, ਸ਼ਾਦੀ ਕਰੇਗਾ ਮੇਰੇ ਨਾਲ। ਫੇਰ ਤਾਂ ਤੂੰ ਵੀ ਮੈਨੂੰ ਨਹੀਂ ਰੋਕੇਂਗੀ, ਹੈ-ਨਾ?”
“ਤੂੰ ਉਸ ਸ਼੍ਰੀਨਿਵਾਸ ਦੀ ਗੱਲ ਕਰ ਰਹੀ ਐਂ...ਭੁੱਲ ਜਾ ਉਸਨੂੰ। ਮੇਰਾ ਨੁਕਸਾਨ ਤਾਂ ਹੋਏਗਾ ਈ ਤੂੰ ਵੀ ਟੋਏ 'ਚ ਡਿੱਗੇਂਗੀ। ਉਸਦੇ ਪਿਓ ਦਾ ਧੰਦਾ ਜਾਣਦੀ ਐਂ ਤੂੰ? ਤੈਨੂੰ ਵੀ ਕੋਕੀਨ ਫਰੋਸ਼ ਬਣਾ ਦਵੇਗਾ, ਇਕ ਦਿਨ ਫੜ੍ਹੀ ਜਾਏਂਗੀ ਤੇ ਸਾਰੀ ਉਮਰ ਜੇਲ੍ਹ ਦੀ ਚੱਕੀ ਪੀਸੇਂਗੀ। ਤੂੰ ਵੀ ਕਿਸ ਝੂਠੇ ਦੇ ਪਿਆਰ 'ਚ ਫਸ ਗਈ ਐਂ! ਹੋਰ ਸੁਣ ਕੁੜੀਏ, ਰੰਡੀ ਕਿੰਨੀ ਵੀ ਸੋਹਣੀ ਤੇ ਸਲੀਕੇਦਾਰ ਹੋਵੇ, ਕੋਈ ਉਸ ਨਾਲ ਸੱਚਾ ਪਿਆਰ ਨਹੀਂ ਕਰਦਾ। ਸਾਰਿਆਂ ਨੂੰ ਉਹ ਲੁੱਟਦੀ ਐ ਤੇ ਸਾਰੇ ਭਰਮਾ ਕੇ ਉਸਨੂੰ ਲੁੱਟਣਾ ਚਾਹੁੰਦੇ ਨੇ। ਪਿਆਰ ਨਾਂ ਦੀ ਚੀਜ ਕਿਸੇ ਵੀ ਮਜਹਬ ਵਿਚ ਹੁੰਦੀ ਤਾਂ ਕੋਠੇ ਖ਼ਾਲੀ ਹੋ ਗਏ ਹੁੰਦੇ। ਅਕਲ ਨੂੰ ਹੱਥ ਮਾਰ ਕੁੜੀਏ।”
“ਨਹੀਂ ਅੱਜ ਆਖ਼ਰੀ ਰਾਤ ਏ। ਉਹ ਕਿਸ਼ਤੀ ਲੈ ਕੇ ਆਏਗਾ, ਤੂੰ ਦੇਖ ਲਵੀਂ।”
ਬੁੱਢੀ ਖਾਲਾ ਹਾਲ ਵਿਚ ਵਾਪਸ ਆ ਕੇ ਸਿਰ ਫੜ੍ਹ ਕੇ ਬੈਠ ਗਈ। ਫੇਰ ਮੋਮਬੱਤੀ ਬਾਲ ਕੇ ਇਕ ਪਾਸੇ ਰੱਖ ਦਿੱਤੀ। ਘੜੀ ਸੱਤ ਵਜਾ ਰਹੀ ਸੀ, ਪਰ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਸੀ। ਬੁੱਢੀ ਚਾਦਰ ਲੈ ਕੇ ਕਾਲੀਨ ਉੱਤੇ ਲੇਟ ਜਾਂਦੀ ਹੈ ਤਾਂ ਮਹਿਸੂਸ ਹੁੰਦਾ ਹੈ ਸ਼ੇਰ ਖਾਂ ਦਾ ਜਿਸਮ ਉਸਨੂੰ ਛੂਹ ਰਿਹਾ ਹੈ। ਖਾਲਾ ਦੀਆਂ ਅੱਖਾਂ 'ਚੋਂ ਬੇਵੱਸੀ ਦੇ ਅੱਥਰੂ ਝਿਰਨ ਲੱਗਦੇ ਨੇ ਹਾਲਾਂਕਿ ਦਲਾਲ ਵੀ ਉਸਨੂੰ ਬੇਰਹਿਮ ਕਹਿੰਦੇ ਸਨ, ਉਹ ਕੁੜੀਆਂ ਨੂੰ ਆਰਾਮ ਨਹੀਂ ਸੀ ਕਰਨ ਦੇਂਦੀ ਹੁੰਦੀ। ਖਾਲਾ ਕੁੜੀਆਂ ਨੂੰ ਆਪਣੀ ਸਮਝ ਅਨੁਸਾਰ ਸਮਝਾਉਂਦੀ, 'ਕਮਾਅ ਲਓ ਜਿੰਨਾਂ ਕਮਾਅ ਸਕਦੀਆਂ ਓ, ਇਸ ਜਵਾਨੀ ਤੋਂ। ਜਦੋਂ ਸੋਕਾ ਪਊਗਾ ਤਾਂ ਹੁਣ ਤਾਂ ਕਮਾਇਆ-ਬਚਾਇਆ ਈ ਕੰਮ ਆਊਗਾ।'
ਮਨ ਹੀ ਮਨ ਖਾਲਾ ਦਲਾਲਾਂ ਨੂੰ ਬੁਰਾ ਭਲਾ ਕਹਿੰਦੀ ਹੈ, 'ਮੂੰਹ 'ਤੇ ਕਿੰਨੀ ਖੁਸ਼ਾਮਦ ਕਰਦੇ ਨੇ ਹਰਾਮੀ ਪਰ ਬੁਰਾ ਵੇਲਾ ਆਇਆ ਤਾਂ ਇਕ ਵੀ ਨਹੀਂ ਆਇਆ।'
ਕੋਈ ਦੋ ਘੰਟੇ ਬਾਅਦ ਅਲਮਾਰੀ ਵਿਚ ਰੱਖਿਆ ਬਿਸਕੁਟਾਂ ਦਾ ਪੈਕੇਟ ਕੱਢ ਕੇ ਚਾਂਦ ਕੋਲ ਲੈ ਜਾਂਦੀ ਹੈ ਤੇ ਕਹਿੰਦੀ ਹੈ, “ਰੋਟੀ-ਬੋਟੀ ਦੀ ਤਾਂ ਉਮੀਦ ਨਹੀਂ...ਲੈ ਅਹਿ ਬਿਸਕੁਟ ਖਾ ਲੈ।” ਚਾਂਦ ਇਨਕਾਰ ਕਰ ਦੇਂਦੀ ਹੈ ਤਾਂ ਪੈਕੇਟ ਉੱਥੇ ਮੇਜ਼ ਉੱਤੇ ਰੱਖ ਕੇ ਹਾਲ ਵਿਚ ਆ ਕੇ ਪਾਨਦਾਨ ਕੋਲ ਰੱਖ ਕੇ ਬੈਠ ਜਾਂਦੀ ਹੈ। ਆਖ਼ਰੀ ਪਾਨ ਦਾ ਪੱਤਾ ਫੇਰ ਗਿੱਲੇ ਕੱਪੜੇ ਵਿਚ ਲਪੇਟ ਕੇ ਰੱਖ ਦੇਂਦੀ ਹੈ ਤੇ ਸਰੋਤੇ ਨਾਲ ਸੁਪਾਰੀ ਕੱਟ ਕੇ ਦੋ ਦਾਣੇ ਮੂੰਹ ਵਿਚ ਪਾ ਲੈਂਦੀ ਹੈ।
ਬੜੀ ਦੇਰ ਤਕ ਆਪਣੇ ਬੀਤੇ ਵਿਚ ਗਵਾਚੀ ਰਹਿੰਦੀ ਹੈ। ਖ਼ੁਦ ਨੂੰ ਕਿੰਨਾ ਵੇਚਿਆ ਸੀ ਇਕ ਦਿਨ ਕੋਠੇ ਵਾਲੀ ਬਣਨ ਲਈ। ਇਕ ਔਲਾਦ ਵੀ ਹੋਈ ਜਿਹੜੀ ਜਿਊਂਦੀ ਨਹੀਂ ਰਹੀ। ਸ਼ੇਰ ਖਾਂ ਵੀ ਤਾਂ ਛੇ ਸੱਤ ਸਾਲਾਂ ਲਈ ਅਦ੍ਰਿਸ਼ ਹੋ ਗਿਆ ਸੀ। ਜਦੋਂ ਵਾਪਸ ਆ ਕੇ ਉਸਦੇ ਸਾਹਮਣੇ ਖੜ੍ਹਾ ਹੋਇਆ ਤਾਂ ਗਿਆਰਾਂ ਬਾਰਾਂ ਸਾਲ ਦੇ ਦੋ ਫੁੱਟੇ ਮੁੰਡੇ ਨੂੰ ਦੇਖ ਕੇ ਬੜਾ ਹੱਸੀ ਸੀ ਉਹ। ਉਦੋਂ ਹੀ ਤਾਂ ਸਾਰਾ ਸਰਮਾਇਆ ਲਾ ਕੇ ਕੋਠੇ ਦੀ ਮਾਲਕਿਨ ਬਣੀ ਸੀ। ਸਿਰਫ ਰੋਟੀ 'ਤੇ ਰਹਿਣ ਵਾਲਾ ਨੌਕਰ ਦੇਖ ਕੇ ਮਨ ਹੀ ਮਨ ਖਿੜਪੁੜ ਗਈ ਸੀ। 'ਅੱਜ ਕੋਠੇ ਦੇ ਇਲਾਵਾ ਲੱਖ ਸਵਾ ਲੱਖ ਬੈਂਕ ਵਿਚ ਬੈਲੇਂਸ ਪਿਆ ਹੈ। ਕੀ ਬਣੇਗਾ ਇਸ ਦੌਲਤ ਦਾ? ਚਾਂਦ ਸ਼੍ਰੀਨਿਵਾਸ ਨਾਲ ਜਾ ਰਹੀ ਹੈ। ਸ਼ੇਰ ਖਾਂ ਨੂੰ ਦਿਆਂ ਤਾਂ ਵੀ ਕੌਣ ਉਸਦਾ ਘਰ ਵਸਾਏਗੀ? 'ਪਰ ਇਹ ਕੰਬਖ਼ਤ ਸ਼ੇਰ ਖਾਂ ਹੈ ਕਿੱਥੇ?' ਸੜਕ ਦਾ ਪਾਣੀ ਵੱਖਰਾ ਕੰਧਾਂ ਨਾਲ ਸਿਰ ਮਾਰ-ਮਾਰ ਕੇ ਸਮੁੰਦਰ ਦੀ ਨਕਲ ਕਰ ਰਿਹਾ ਹੈ।
ਕੰਧ ਘੜੀ ਦਸ ਵਜਾ ਰਹੀ ਸੀ। ਕੁਛ ਭੁੱਖ ਵੀ ਲੱਗੀ ਹੋਈ ਸੀ ਪਰ ਖਾਏ ਕੀ? ਚਾਂਦ ਤਾਂ ਪਾਣੀ ਵੀ ਨਹੀਂ ਸੀ ਪੀ ਰਹੀ ਤੇ ਸ਼ੇਰ ਖਾਂ ਪਤਾ ਨਹੀਂ ਸ਼ਹਿਰ ਦੀ ਕਿਸ ਨੁਕਰੇ ਭੁੱਖਾ ਬੈਠਾ ਹੋਵੇਗਾ। ਚੰਗੀਆਂ ਰਹੀਆਂ ਉਹ ਕੁੜੀਆਂ, ਮੌਜ ਨਾਲ ਖਾ-ਪੀ ਕੇ ਸਰਕਾਰੀ ਬਿਸਤਰਿਆਂ 'ਤੇ ਪਈਆਂ ਹੋਣਗੀਆਂ।
ਚੁੱਪਚਾਪ ਜਾ ਕੇ ਚਾਂਦ ਨਾਲ ਲੇਟ ਜਾਂਦੀ ਹੈ। ਚਾਂਦ ਸੁੱਤੀ ਸੀ ਜਾਂ ਅੱਖਾਂ ਬੰਦ ਕਰੀ ਪਈ ਸੀ ਪਤਾ ਹੀ ਨਹੀਂ ਸੀ ਲੱਗ ਰਿਹਾ। ਝੂਟਿਆਂ ਵਿਚ ਨੀਂਦ ਆਉਂਦੀ ਰਹੀ। ਸਵੇਰੇ ਛੇ ਵਜੇ ਅੱਖ ਖੁੱਲ੍ਹ ਗਈ। ਖਿੜਕੀ ਵਿਚੋਂ ਬਾਹਰ ਦੇਖਿਆ ਤਾਂ ਪਤਾ ਲੱਗਿਆ ਮੀਂਹ ਬੜਾ ਹਲਕਾ ਹੋ ਗਿਆ ਹੈ। ਚਾਂਦ ਸੱਚਮੁੱਚ ਉਸ ਵੇਲੇ ਸੁੱਤੀ ਪਈ ਸੀ। ਬੁੱਢੀ ਖਾਲਾ ਬੁੜਬੁੜ ਕਰਦੀ ਹੈ, 'ਸੁਪਨੇ ਲੈ ਰਹੀ ਹੋਵੇਗੀ, ਆਪਣੇ ਆਸ਼ਕ ਦੀਆਂ ਬਾਹਾਂ 'ਚ ਪਈ ਐ।'
ਕਹਿੰਦੇ ਨੇ, ਮੁੰਬਈ ਕਦੀ ਰੁਕਦਾ ਨਹੀਂ। ਪਰਸੋਂ ਸ਼ਾਮ ਨੂੰ ਸੜਕਾਂ 'ਤੇ ਪਾਣੀ ਆ ਗਿਆ ਸੀ ਪਰ ਇਲਾਹੀ ਦਾ ਹੋਟਲ ਤੇ ਸੰਤੋਖ ਭਵਨ ਖੁੱਲ੍ਹਾ ਰਿਹਾ ਸੀ। ਬਿਲਕੀਸ ਦੇ ਢਿੱਡ ਵਿਚ ਦਰਦ ਸੀ ਇਸ ਲਈ ਉਸਦਾ ਖਾਣਾ ਰਕਾਬੀ ਵਿਚ ਪਿਆ ਸੀ। ਕੱਲ੍ਹ ਸਵੇਰੇ ਉਹਨਾਂ ਉਹੀ ਖਾ ਲਿਆ ਸੀ। ਚਾਂਦ ਨੇ ਸਿਰਫ ਆਪਣੇ ਕੋਲ ਰੱਖੇ ਬਿਸਕੁਟ ਖਾਧੇ ਸਨ। ਸ਼ਾਮ ਤਕ ਪਾਨਦਾਨ ਵਿਚ ਵੀ ਆਖ਼ਰੀ ਪਾਨ ਰਹਿ ਗਿਆ ਸੀ।
ਕੁਰਲੀ ਕਰਕੇ ਖਾਲਾ ਨੇ ਪਾਨ ਲਾ ਕੇ ਮੂੰਹ ਵਿਚ ਪਾ ਲਿਆ। ਆਖ਼ਰੀ ਪੱਤੇ ਨੇ ਮੂੰਹ ਖ਼ੁਸ਼ਬੂ ਨਾਲ ਭਰ ਦਿੱਤਾ। ਅੱਠ ਵੱਜ ਚੁੱਕੇ ਸਨ। ਖਿੜਕੀ ਵਿਚੋਂ ਦੇਖਦੀ ਹੈ, ਏਨਾ ਪਾਣੀ ਅਜੇ ਵੀ ਸੀ ਕਿ ਆਦਮੀ ਡੁੱਬ ਜਾਵੇ। ਸ਼ੇਰ ਖਾਂ ਦੀ ਯਾਦ ਸਤਾਉਂਦੀ ਹੈ...ਕਿੰਜ ਆ ਸਕਦਾ ਐ ਵਿਚਾਰਾ? ਚੱਸ ਜ਼ੋਰ ਮਾਰਦੀ ਹੈ, ਪਰ ਮਜ਼ਬੂਰੀ ਸੀ। ਕਿੰਨਾ ਕਿਹਾ ਸੀ ਕੁੜੀਆਂ ਨੇ...ਪੰਜ ਰਹਿਣ ਦਿਓ ਤੁਸੀਂ ਤਾਂ ਹਾਲ 'ਚ ਸੌਂਦੇ ਓ। ਤੁਹਾਡੇ ਕਮਰੇ 'ਚ ਖਾਣਾ ਬਣਾਉਣਾ ਸ਼ੁਰੂ ਕਰ ਦਿਆਂਗੇ। ਸਾਰੇ ਰਲ ਕੇ ਖਰਚਾ ਕਰ ਲਿਆ ਕਰਾਂਗੇ। ਉਦੋਂ ਖਾਲਾ ਪਤਾ ਨਹੀਂ ਕਿਉਂ ਪੈਸੇ ਦੇ ਮੋਹ ਵਿਚ ਡੁੱਬ ਗਈ ਸੀ—'ਨਾ ਨਾ! ਮੈਂ ਕੋਠੇ 'ਤੇ ਧੁੰਆਂ ਨਹੀਂ ਕਰਨ ਦੇਣਾ। ਆਪਣਾ ਆਪਣਾ ਮੰਗਾਓ ਤੇ ਖਾਓ।' ਮਹਿਸੂਸ ਹੁੰਦਾ ਹੈ ਸ਼ਹਿਰ ਵਿਚ ਕਮਾਈ ਕਰਨ ਲਈ ਆਏ ਲੋਕ, ਜਿਹਨਾਂ ਦੇ ਪਰਿਵਾਰ ਪਿੱਛੇ ਪਿੰਡਾਂ ਵਿਚ ਰਹਿੰਦੇ ਨੇ, ਅੱਜ ਬੰਦ ਹੋਟਲ ਉਹਨਾਂ ਨੂੰ ਵੀ ਤਰਸਾ ਰਹੇ ਹੋਣਗੇ, ਜਿਹਨਾਂ ਆਪਣੀ ਜ਼ਿੰਦਗੀ ਇੱਥੇ ਕੱਟਣੀ ਏ...ਉਹਨਾਂ ਨੂੰ ਵੀ ਅੰਗੂਠਾ ਵਿਖਾ ਰਹੇ ਨੇ।
ਉਹਨੂੰ ਯਾਦ ਆਉਂਦਾ ਹੈ ਮੁੰਨੀ ਆਪਣੀ ਕੋਠੜੀ ਵਿਚ ਨਮਕੀਨ ਦੇ ਪੈਕੇਟ ਮੰਗਵਾ ਕੇ ਰੱਖਦੀ ਸੀ ਤੇ ਮੌਕਾ ਮਿਲਦਿਆਂ ਹੀ ਫੱਕਾ ਮਾਰ ਲੈਂਦੀ ਸੀ। ਖਾਲਾ ਹੌਲੀ ਹੌਲੀ ਕਮਰੇ ਦਾ ਦਰਵਾਜ਼ਾ ਖੋਹਲਦੀ ਹੈ। ਹਨੇਰਾ ਬਾਹਰ ਛਾਲ ਮਾਰ ਆਉਂਦਾ ਹੈ ਪਰ ਬੜਾ ਹੀ ਘਟ ਚਾਨਣ ਅੰਦਰ ਪ੍ਰਵੇਸ਼ ਕਰਦਾ ਹੈ। ਉਹ ਪਲੰਘ ਦੀ ਪੱਟੀ ਫੜ੍ਹ ਕੇ ਛੋਟੀ ਜਿਹੀ ਅਲਮਾਰੀ ਵੱਲ ਵਧਣਾ ਚਾਹੁੰਦੀ ਸੀ ਕਿ ਪੈਰ ਹੇਠ 'ਪਿੱਚ' ਕਰਕੇ ਕੁਛ ਆ ਜਾਂਦਾ ਹੈ। ਘਿਣ ਆਉਂਦੀ ਹੈ ਮਨ ਹੀ ਮਨ ਇਹ ਸੋਚ ਕੇ ਕਿ ਰੰਡੀਆਂ ਦੇ ਕਮਰੇ ਵਿਚ ਹੋਰ ਹੋ ਵੀ ਕੀ ਸਕਦੈ...। ਅਲਮਾਰੀ ਖੋਹਲਦੀ ਹੈ ਪਰ ਉੱਥੇ ਨਮਕੀਨ ਦੇ ਪੈਕੇਟ ਦਾ ਖ਼ਾਲੀ ਲਿਫ਼ਾਫ਼ਾ ਵੀ ਨਹੀਂ ਹੁੰਦਾ। ਬੁੜਬੁੜ ਕਰਨ ਲੱਗ ਪੈਂਦੀ ਹੈ...'ਪੋਟਲੀ ਵਿਚ ਬੰਨ੍ਹ ਕੇ ਲੈ ਗਈ ਹੋਊਗੀ। ਰਾਤੀਂ ਬਿਸਤਰੇ ਵਿਚ ਵੜ ਕੇ ਫੱਕੇ ਮਾਰੀ ਗਈ ਹੋਊਗੀ ਕੰਬਖ਼ਤ।'
ਨਿਰਾਸ਼ ਹੋ ਕੇ ਹਾਲ ਵਿਚ ਪਏ ਸੋਫੇ ਉੱਤੇ ਆ ਬੈਠਦੀ ਹੈ। ਇਸੇ ਸੋਫੇ ਉੱਤੇ ਬੈਠ ਕੇ ਨਾਨਕ ਪਰਾਂਜਏ ਚਾਂਦ ਦਾ ਨਾਚ ਵੇਖਦਾ ਹੋਇਆ ਨੋਟ ਲੁਟਾਉਂਦਾ ਹੁੰਦਾ ਸੀ। 'ਸ਼ਹਿਰ ਦਾ ਵੱਡਾ ਸਰਮਾਏਦਾਰ ਹੈ। ਚਾਹੁੰਦਾ ਤਾਂ ਆਪਣੀ ਕਿਸ਼ਤੀ ਕਰਕੇ ਵੀ ਆ ਸਕਦਾ ਸੀ ਕਮੀਨਾ। ਬਾਈਕੋ ਦੀਆਂ ਤਲੀਆਂ ਚੱਟਦਾ ਖੋਲੀ ਵਿਚ ਪਿਆ ਹੋਊਗਾ।'
ਫੇਰ ਹੱਥ ਫੇਰਦੀ ਹੈ ਆਪਣੀ ਗਰਦਨ ਉੱਤੇ ਤੇ ਦੁਪੱਟਾ ਫੜ੍ਹ ਕੇ ਦੁਆ ਲਈ ਹੱਥ ਪਸਾਰ ਲੈਂਦੀ ਹੈ, 'ਕੁੜੀਆਂ ਦੀ ਮੈਨੂੰ ਫਿਕਰ ਨਹੀਂ। ਉਹਨਾਂ ਨਾਲ ਉਹਨਾਂ ਦੇ ਜਵਾਨ ਜਿਸਮ ਐ। ਜਿੱਥੇ ਵੀ ਰਹਿਣਗੀਆਂ ਜਿਸਮ ਨਾਲ ਕਮਾਅ ਲੈਣਗੀਆਂ। ਅੱਲ੍ਹਾ ਸ਼ੇਰ ਖਾਂ ਨੂੰ ਭੇਜ ਦੇਅ।'
ਅੰਦਰੋਂ ਸਵਾਲ ਉਠਦਾ ਹੈ, ਕੌਣ ਹੈ ਉਹ ਢਾਈ ਫੁੱਟਾ ਸ਼ੇਰ ਖਾਂ ਤੇਰਾ? ਮੁੰਡਾ, ਨੌਕਰ ਜਾਂ ਖਸਮ! ਕਿਉਂ ਕਰਦੀ ਏਂ ਉਹਦੀ ਫਿਕਰ। ਕੋਠੇ 'ਤੇ ਆਣ ਕੇ ਰਿਸ਼ਤੇ ਖ਼ਤਮ ਹੋ ਜਾਂਦੇ ਨੇ। ਸਿਰਫ ਜਿਸਮ ਜਿਊਂਦੇ ਨੇ ਨੋਟਾਂ ਦੀ ਖ਼ੁਰਾਕ ਉੱਤੇ।
ਬੁੱਢੀ ਖਾਲਾ ਦੀਆਂ ਅੱਖਾਂ ਸਿੱਜਲ ਹੋ ਜਾਂਦੀਆਂ ਨੇ...ਰਿਸ਼ਤੇ ਦੀ ਨਹੀਂ ਜਾਣਦੀ ਉਹ, ਪਰ ਉਸ ਬਿਨਾਂ ਮੇਰਾ ਤੇ ਮੇਰੇ ਬਿਨਾਂ ਉਸਦਾ ਜਿਊਣਾ ਮੁਸ਼ਕਿਲ ਐ।
ਪਤਾ ਨਹੀਂ ਕਿੰਨੀ ਦੇਰ ਗੁੰਮਸੁੰਮ ਬੈਠੀ ਰਹੀ, ਖ਼ਾਲਾ। ਘੜੀ ਗਿਆਰਾਂ ਵਜਾ ਰਹੀ ਸੀ। ਉਦੋਂ ਹੀ ਚਾਂਦ ਦੀ ਰੁੱਖੜ ਆਵਾਜ਼ ਆਈ, “ਕਿਸ ਦਾ ਮਾਤਮ ਮਨਾ ਰਹੀਂ ਏਂ ਖਾਲਾ! ਇਕ ਦਿਨ ਤਾਂ ਸਾਰਿਆਂ ਜਾਣਾ ਈ ਏ। ਇੱਥੇ ਕੋਈ ਕਿਸੇ ਦਾ ਨਹੀਂ। ਇਸ ਦੁਨੀਆਂ ਵਿਚ ਰਿਸ਼ਤੇ ਕਿੱਥੇ ਵਿਕਦੇ ਨੇ।” ਚਾਂਦ  ਸ਼੍ਰੀਨਿਵਾਸ ਦਾ ਧੋਖਾ ਰੜਕ ਰਿਹਾ ਸੀ।
ਬੁੱਢੀ ਖਾਲਾ ਸਭ ਸਮਝਦੀ ਹੋਈ ਵੀ ਕਹਿੰਦੀ ਹੈ, “ਅੱਲ੍ਹਾ ਤੋਂ ਰਹਿਮਤ ਦੀ ਭੀਖ ਮੰਗ ਰਹੀ ਸੀ।”
ਉਦਾਸ ਹਾਸਾ ਹੱਸਦੀ ਹੈ ਚਾਂਦ, “ਅੱਲ੍ਹਾ ਰੰਡੀਆਂ ਨੂੰ ਭੀਖ ਨਹੀਂ ਦੇਂਦਾ ਖਾਲਾ।”
ਕੋਲ ਆਣ ਬੈਠੀ ਚਾਂਦ ਨੂੰ ਖ਼ਾਲਾ ਹਿੱਕ ਨਾਲ ਘੁੱਟ ਲੈਂਦੀ ਹੈ। ਉਦੋਂ ਹੀ ਕੁਛ ਛਪਛਪ ਦੀਆਂ ਆਵਾਜ਼ਾਂ ਖ਼ਾਲਾ ਦੇ ਕੰਨ ਕਰ ਦੇਂਦੀਆਂ ਨੇ। ਉਹਨੂੰ ਲੱਗਦਾ ਹੈ, ਸ਼ੇਰ ਖ਼ਾਂ ਪਰਤ ਆਇਆ ਹੈ। ਚਾਂਦ ਨੂੰ ਜਰਾ ਪਰ੍ਹਾਂ ਸਰਕਾ ਕੇ ਮੁੱਖ ਦਰਵਾਜ਼ਾ ਖੋਲ੍ਹ ਕੇ ਪੌੜੀਆਂ ਤੋਂ ਸੜਕ 'ਤੇ ਨਿਗਾਹ ਮਾਰਦੀ ਹੈ। ਪਾਣੀ ਮੁਸ਼ਕਿਲ ਨਾਲ ਬੂਟਾਂ ਦੇ ਬੰਨ੍ਹ ਤੀਕ ਰਹਿ ਗਿਆ ਸੀ। ਹੇਠਾਂ ਆ ਕੇ ਇਲਾਹੀ ਦੇ ਹੋਟਲ, ਸੰਤੋਖ ਭਵਨ ਰੇਸਤਰਾਂ ਤੇ ਪਾਰਕ ਵੱਲ ਦੇਖਦੀ ਹੈ ਜਿੱਥੇ ਸੜਕ ਅਜੇ ਵੀ ਪਾਣੀ ਵਿਚ ਡੁੱਬੀ ਹੋਈ ਹੈ।
ਬੁੱਢੀ ਖਾਲਾ ਪਲਟ ਆਉਂਦੀ ਹੈ। ਚਾਂਦ ਯੱਖ ਆਵਾਜ਼ ਵਿਚ ਕਹਿੰਦੀ ਵਿਚ ਕਹਿੰਦੀ ਹੈ, “ਰੰਡੀ ਦੀ ਨਿਜਾਤ (ਮੁਕਤੀ) ਸਿਰਫ ਮੌਤ ਕੋਲ ਹੈ।”
ਬੁੱਢੀ ਖਾਲਾ ਉਹਦੀ ਠੋਡੀ ਛੂਹ ਕੇ ਕਹਿੰਦੀ ਹੈ, “ਮਰਨ ਤੇਰੇ ਦੁਸ਼ਮਣ! ਮੈਂ ਕਿਤੋਂ ਕੁਛ ਖਾਣ ਲਈ ਲਿਆਉਂਦੀ ਆਂ” ਚਾਂਦ ਦਾ ਮੂੰਹ ਉਤਰਿਆ ਹੋਇਆ ਸੀ। ਕੱਲ੍ਹ ਦਾ ਉਸਨੇ ਕੁਝ ਖਾਧਾ ਵੀ ਨਹੀਂ ਸੀ।
ਪੈਰਾਂ ਵਿਚ ਜੁੱਤੀ ਪਾ ਕੇ ਖਾਲਾ ਦਬੜ ਦਬੜ ਹੇਠਾਂ ਉਤਰ ਜਾਂਦੇ ਹੈ। ਸੜਕ ਉੱਤੇ ਹੁਣ ਪਾਣੀ ਨਾਂ ਮਾਤਰ ਦਾ ਸੀ, ਪਰ ਚਿੱਕੜ ਹੀ ਚਿੱਕੜ ਸੀ। ਕੁਛ ਲੋਕ ਸੌ ਕੁ ਗਜ ਦੂਰ ਬਾਪਟ ਚੌਕ ਵੱਲ ਦੌੜੇ ਜਾ ਰਹੇ ਸੀ। ਖਾਲਾ ਦੀ ਜੁੱਤੀ ਚਿੱਕੜ ਵਿਚ ਫਸ ਜਾਂਦੀ ਹੈ ਤਾਂ ਦੂਜੀ ਨੂੰ ਵੀ ਉੱਥੇ ਹੀ ਛੱਡ ਕੇ ਉਹ ਚਿੱਕੜ ਭਰੇ ਪੈਰਾਂ ਨਾਲ ਅੱਗੇ ਤੁਰ ਜਾਂਦੀ ਹੈ। ਬਾਪਟ ਚੌਕ ਵਿਚ ਟਰੱਕ ਖੜ੍ਹਾ ਸੀ। ਪਾਲੀਥੀਨ ਦੇ ਪੈਕੇਟਾਂ ਵਿਚ ਛੇ ਪੂਰੀਆਂ ਤੇ (ਬਟਾਟਾ) ਆਲੂਆਂ ਦੀ ਸਬਜ਼ੀ ਵੰਡੀ ਜਾ ਰਹੀ ਸੀ। ਲੋਕ ਭਿਖਾਰੀਆਂ ਵਾਂਗ ਕਤਾਰ ਬੰਨ੍ਹੀ ਖੜ੍ਹੇ ਸਨ। ਬੁੱਢੀ ਖਾਲਾ ਵੀ ਕਤਾਰ ਵਿਚ ਲੱਗ ਜਾਂਦੀ ਹੈ। ਪੈਕੇਟ ਹੱਥ ਵਿਚ ਆਉਂਦਾ ਹੈ ਤਾਂ ਆਦਤਨ ਝੂਠ, ਜ਼ੁਬਾਨ 'ਤੇ ਆ ਜਾਂਦਾ ਹੈ, “ਘਰੇ ਦੋ ਜਵਾਨ ਕੁੜੀਆਂ ਭੁੱਖੀਆਂ ਬੈਠੀਐਂ, ਬੇਟਾ।”
ਪੈਕੇਟ ਵੰਡਣ ਵਾਲਾ ਝੂਠ ਨੂੰ ਸਮਝ ਕੇ ਦੋ ਹੋਰ ਪੈਕੇਟ ਫੜਾਉਂਦਾ ਹੋਇਆ, ਮਰਾਠੀ ਵਿਚ, ਕੁਝ ਕਹਿੰਦਾ ਹੈ। ਖਾਲਾ ਦੀ ਸਮਝ ਵਿਚ ਕੁਝ ਨਹੀਂ ਆਉਂਦਾ।
ਇਕ ਭਿਖਾਰਣ ਵਾਂਗ ਹੀ ਪੈਕੇਟ ਵਰਤਾਉਣ ਵਾਲੇ ਨੂੰ ਦੁਆਵਾਂ ਦੇਂਦੀ ਹੋਈ ਮੁੜਦੀ ਹੈ। ਚਾਰੇ ਪਾਸੇ ਨਿਗਾਹ ਮਾਰਦੀ ਹੈ ਪਰ ਚਾਹ ਦਾ ਗੇੜ ਨਹੀਂ ਬਣਦਾ ਕਿਉਂਕਿ ਸਾਰੀਆਂ ਦੁਕਾਨਾਂ ਬੰਦ ਨੇ। ਇਕ ਮਰੀਅਲ ਜਿਹਾ ਭਿੱਜਿਆ ਹੋਇਆ ਕਾਲਾ ਕੁੱਤਾ ਉਸਦੇ ਪਿੱਛੇ ਪਿੱਛੇ ਹੋ ਲੈਂਦਾ ਹੈ ਕਿਉਂਕਿ ਉਸਨੂੰ ਤਾਂ ਪੈਕੇਟ ਦਿੱਤਾ ਨਹੀਂ ਸੀ ਗਿਆ। ਜਿੱਥੇ ਜੁੱਤੀਆਂ ਛੁੱਟੀਆਂ ਸਨ ਉੱਥੇ ਗਹੁ ਨਾਲ ਵੇਖਦੀ ਹੈ। ਅਚਾਨਕ ਇਕ ਦੁਕਾਨ ਦੇ ਤਖ਼ਤਪੋਸ਼ ਹੇਠ ਪਈ ਇਕ ਕੁੱਤੇ ਦੀ ਲਾਸ਼ ਦਿਖਾਈ ਦੇਂਦੀ ਹੈ। ਉਸਦੇ ਮਨ ਵਿਚ ਆਉਂਦਾ ਹੈ, ਇਕ ਪੈਕੇਟ ਖੋਲ੍ਹ ਕੇ ਪੂਰੀਆਂ ਪਿੱਛੇ ਆ ਰਹੇ ਕੁੱਤੇ ਨੂੰ ਪਾ ਦਵੇ। ਫੇਰ ਮਨ ਨੂੰ ਹਿੜਕਦੀ ਹੈ, ਸ਼ੇਰ ਖਾਂ ਵੀ ਤਾਂ ਭੁੱਖਾ ਆਵੇਗਾ।
ਖਾਲਾ ਪੌੜੀਆਂ ਚੜ੍ਹ ਜਾਂਦੀ ਹੈ ਤੇ ਕੁੱਤਾ ਹੇਠਾਂ ਹੀ ਖੜ੍ਹਾ ਰਹਿ ਜਾਂਦਾ ਹੈ। ਇਕ ਵਾਰੀ ਆਪਣਾ ਸਰੀਰ ਛੰਡਦਾ ਹੈ ਤੇ ਪਰਤ ਜਾਂਦਾ ਹੈ, ਟਰੱਕ ਵੱਲ।
ਉਪਰ ਪਹੁੰਚ ਕੇ ਕੱਲ੍ਹ ਗਈਆਂ ਪੰਜੇ ਕੁੜੀਆਂ ਨੂੰ ਕਾਲੀਨ 'ਤੇ ਬੈਠਿਆਂ ਦੇਖਦੀ ਹੈ। ਉਹਨਾਂ ਦੇ ਚਿਹਰਿਆਂ ਉੱਤੇ ਮੁਦਾਨੀ ਛਾਈ ਹੋਈ ਸੀ। ਬੁੱਢੀ ਖਾਲਾ ਨੇ ਸੋਚਿਆ ਕਿ ਇਹ ਸਾਰੀਆ ਖਾਣਗੀਆਂ ਤਾਂ ਪੂਰੀਆਂ ਘਟ ਜਾਣਗੀਆਂ ਪਰ ਛੇਤੀ ਹੀ ਪੂਰੀਆਂ ਨੂੰ ਭੁੱਲ ਕਮਲੀ ਨੂੰ ਪਲੋਸ ਰਹੀ ਸੀ ਜਿਹੜੀ ਉਸਨੂੰ ਵਿਹੰਦਿਆਂ ਹੀ ਉੱਚੀ-ਉੱਚੀ ਰੋਣ ਲੱਗ ਪਈ ਸੀ, “ਕਮੀਨੇ ਸ਼ਰੀਫ਼ਜਾਦਿਆਂ ਨੇ ਸਾਨੂੰ ਇਮਾਰਤ ਵਿਚ ਨਹੀਂ ਰਹਿਣ ਦਿੱਤਾ। ਬਾਹਰ ਇਕ ਵੱਖਰੇ ਤੰਬੂ ਵਿਚ ਫਰਸ਼ 'ਤੇ ਪੈਣਾ ਪਿਆ। ਖਾ-ਪੀ ਕੇ ਗਿੱਲੇ ਕਪੜਿਆਂ ਵਿਚ ਹੀ ਲੇਟੇ ਸਾਂ ਕਿ ਪੁਲਿਸ ਦੇ ਸਾਨ੍ਹ ਟੁੱਟ ਪਏ। ਰਾਤ ਭਰ ਇਕ ਜਾਂਦਾ ਦੂਜਾ ਆਉਂਦਾ। ਬੜੀਆਂ ਮਿੰਨਤਾਂ ਕੀਤੀਆਂ...ਹਜੂਰ ਤੁਸੀਂ ਤਾਂ ਸਾਨੂੰ ਹਿਫਾਜ਼ਤ ਵਾਲੀ ਥਾਂ ਲਿਆਏ ਓ। ਅਫ਼ਸਰ ਸੀ ਉਹਨਾਂ ਦਾ। ਮੋਢੇ 'ਤੇ ਕਈ ਬਿੱਲੇ ਲੱਗੇ ਸੀ, ਘੁਰਕ ਕੇ ਪਿਆ...'ਤੁਹਾਨੂੰ ਕੀ ਫਰਕ ਪੈਂਦੇ?' ਅੰਮਾਂ ਕੀ ਅਸੀਂ ਇਨਸਾਨ ਨਹੀਂ?”
ਚਾਂਦ ਕੁਸੈਲੀ ਜਿਹੀ ਆਵਾਜ਼ ਵਿਚ ਕਹਿੰਦੀ ਹੈ, “ਤੇ ਰੰਡੀ ਬਲਾਤਕਾਰ ਦੀ ਰਿਪੋਰਟ ਵੀ ਨਹੀਂ ਲਿਖਵਾ ਸਕਦੀ। ਔਰਤ ਹੋ ਕੇ ਵੀ ਉਹ ਔਰਤ ਨਹੀਂ ਹੁੰਦੀ, ਹੈ-ਨਾ ਖਾਲਾ?”
ਇਕ ਹਊਕਾ ਜਿਹਾ ਖਿੱਚ ਕੇ ਬੁੱਢੀ ਖਾਲਾ ਕਹਿੰਦੀ ਹੈ, “ਦੋ-ਦੋ ਪੂਰੀਆਂ ਖਾ ਲਓ ਸਾਰੇ। ਚੌਰਾਹੇ 'ਤੇ ਟਰੱਕ ਖੜ੍ਹੈ। ਮੈਂ ਹੋਰ ਲਿਆਉਣੀ ਆਂ...”
ਕੁੜੀਆਂ ਖਾਣੇ ਕੇ ਵੱਡੇ-ਵੱਡੇ ਪੈਕੇਟ ਪੋਟਲੀਆਂ ਵਿਚੋਂ ਕੱਢ ਸਾਹਮਣੇ ਰੱਖ ਦੇਂਦੀਆਂ ਨੇ, “ਆਉਣ ਲੱਗਿਆਂ ਸਾਰਿਆਂ ਨੂੰ ਦੋ-ਦੋ ਦਿਨਾਂ ਦਾ ਖਾਣਾ ਮਿਲਿਆ ਏ।”
ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਮੁੰਨੀ ਫਰਿਜ ਵਿਚੋਂ ਪਾਣੀ ਵਾਲੀ ਬੋਤਲ ਕੱਢ ਲਿਆਉਂਦੀ ਹੈ। ਜਿਹੜੀ ਬਿਜਲੀ ਨਾ ਹੋਣ 'ਤੇ ਵੀ ਠੰਡੀ ਸੀ। ਬਿਲਕੀਸ ਕੁਸੈਲਾ ਜਿਹਾ ਹਾਸਾ ਹੱਸ ਕੇ ਕਹਿੰਦੀ ਹੈ, “ਇਹ ਬੋਤਲਾਂ ਵੀ ਰੰਡੀਆਂ ਸਾਡੇ ਵਰਗੀਆਂ ਬੇਸ਼ਰਮ ਨੇ।”
ਚਾਂਦ ਕਹਿੰਦੀ ਹੈ, “ਨਹੀਂ ਅਸੀਂ ਮਰਦਾਂ ਦੀ ਹਵਸ ਦਾ ਚਿੱਕੜ ਭਰਿਆ ਤਲਾਅ ਆਂ। ਉਹ ਗਾਣਾ ਤੇ ਨਾਚ ਵੇਖ ਰਹੇ ਹੁੰਦੇ ਨੇ ਪਰ ਉਹਨਾਂ ਦੀਆਂ ਨਜ਼ਰਾਂ ਸਾਡੇ ਕੱਪੜਿਆਂ ਅੰਦਰ ਕੁਛ ਹੋਰ ਹੀ ਟੋਹ-ਟਟੋਲ ਰਹੀਆਂ ਹੁੰਦੀਆਂ ਨੇ।”
ਹੌਲੀ ਹੌਲੀ ਕੁੜੀਆਂ ਕੁਝ ਸਹਿਜ ਦਿਖਾਈ ਦੇਣ ਲੱਗਦੀਆਂ। ਫੇਰ ਉਹ ਹੱਸਣ ਵੀ ਲੱਗੀਆਂ। ਮੁੰਨੀ ਚਾਂਦ ਨੂੰ ਪੁੱਛਦੀ ਹੈ, “ਤੇਰੇ ਆਸ਼ਿਕ ਦਾ ਕੀ ਬਣਿਆ ਨੀਂ?”
ਚਾਂਦ ਚੁੱਪ ਰਹਿੰਦੀ ਹੈ ਪਰ ਬਿਲਕੀਸ ਕਹਿੰਦੀ ਹੈ, “ਧੋਖਾ ਖਾ ਕੇ ਈ ਕਾਮਯਾਬ ਰੰਡੀ ਬਣਿਆ ਜਾ ਸਕਦਾ ਏ। ਸਾਥੋਂ ਵਧ ਇਹ ਖਾਲਾ ਇਸ ਸੱਚ ਨੂੰ ਜਾਣਦੀ ਹੋਵੇਗੀ। ਪਰ ਉਸਦੀਆਂ ਝਿੜਕਾਂ ਵਿਚਲੇ ਸੱਚ ਨੂੰ ਅਸੀਂ ਸਮਝ ਨਹੀਂ ਸਕਦੀਆਂ।”
ਬੁੱਢੀ ਖਾਲਾ ਨੂੰ ਸੁਣ ਕੇ ਚੰਗਾ ਲੱਗਿਆ। ਇੰਜ ਮਹਿਸੂਸ ਹੋਇਆ ਜਿਵੇਂ ਕੁੜੀਆਂ ਉਸਦੀਆਂ ਗੱਲਾਂ ਦੇ ਸਹੀ ਮੰਤਕ ਤਕ ਪਹੁੰਚ ਰਹੀ ਹੋਣ। “ਇਹ ਸੱਚ ਹੈ ਕਿ ਦੁਨੀਆਂ ਦੀ ਕੋਈ ਤਾਕਤ ਸਾਡੇ ਉੱਤੇ ਮਿਹਰਬਾਨ ਨਹੀਂ। ਔਰਤ ਹੋ ਕੇ ਵੀ ਔਰਤਾਂ ਸਾਡੀ ਮਜ਼ਬੂਰੀ ਨੂੰ ਅੱਖੋਂ ਪਰੋਖੇ ਕਰਕੇ ਸਾਨੂੰ ਨਫ਼ਰਤ ਕਰਦੀਆਂ ਨੇ। ਮਰਦ ਜਿਹੜੇ ਸਾਡੇ ਤਕ ਨਹੀਂ ਪਹੁੰਚ ਸਕਦੇ, ਅੰਦਰੇ ਅੰਦਰ ਸਾਡੇ ਵੱਲ ਦੌੜਦੇ ਰਹਿੰਦੇ ਨੇ। ਜਿਹੜੇ ਪਹੁੰਚਦੇ ਨੇ ਕੁਝ ਸਿਕੇ ਫੜਾ ਕੇ ਸਾਡੇ ਜਿਸਮ ਨੂੰ ਪੂਰੀ ਤਰ੍ਹਾਂ ਟੋਹੰਦੇ ਟਟੋਲਦੇ, ਨਿਚੋੜ ਲੈਣਾ ਚਾਹੁੰਦੇ ਨੇ। ਦੁਨੀਆਂ ਦੀ ਕੋਈ ਸਰਕਾਰ ਨਾ ਤਾਂ ਸਾਡੇ ਪੇਸ਼ੇ ਨੂੰ ਇੱਜ਼ਤ ਨਾਲ ਵੇਖਦੀ ਹੈ ਤੇ ਨਾ ਕੁਝ ਕਰਨਾ ਚਾਹੁੰਦੀ ਹੈ। ਵੈਸੇ ਘਰੇਲੂ ਔਰਤ ਵੀ ਕਿਹੜਾ ਆਪਣੀ ਜ਼ਿੰਦਗੀ ਜਿਊਂ ਰਹੀ ਏ—ਉਸ ਦਾ ਵੀ ਤਾਂ ਹਰ ਪਲ ਦੂਜਿਆਂ ਵਾਸਤੇ ਖਰਚ ਹੋ ਰਿਹੈ। ਕੁਰਬਾਨੀ ਕਹਿ ਕੇ ਉਸਨੂੰ ਸ਼ਾਬਾਸੀ ਦੀ ਸੂਲੀ ਉੱਤੇ ਲਟਕਾ ਦਿੱਤਾ ਜਾਂਦਾ ਐ।”
ਥੋੜ੍ਹਾ ਬਹੁਤਾ ਖਾ ਕੇ ਕੁੜੀਆਂ ਹਾਲ ਦੇ ਗਲੀਚੇ ਉੱਤੇ ਹੀ ਪਸਰ ਜਾਂਦੀਆਂ ਨੇ। ਬਿਲਕੀਸ ਚਾਂਦ ਦੇ ਗਲ਼ੇ ਵਿਚ ਬਾਹਾਂ ਪਾ ਕੇ ਉਸਨੂੰ ਸਮਝਾ ਰਹੀ ਸੀ, “ਔਰਤਾਂ ਆਪਣੇ ਖਸਮ ਤੇ ਔਲਾਦ ਨੂੰ ਇੱਥੇ ਆਉਣੋ ਰੋਕਦੀਆਂ ਨੇ—ਪਰ ਕੀ ਉਹ ਰੁਕਦੇ ਨੇ? ਮਤਲਬ ਇਹ ਕਿ ਮਰਦ ਨਾ ਆਪਣੀ ਬੀਵੀ ਦਾ ਹੁੰਦਾ ਏ ਤੇ ਨਾ ਮਾਂ ਦਾ—ਸਿਰਫ ਬਘਿਆੜ ਹੁੰਦਾ ਏ ਹਵਸ ਦਾ। ਅਸੀਂ ਤਾਂ ਕੋਠੇ ਵਾਲੀਆਂ ਆਂ, ਪਤਾ ਨਹੀਂ ਘਰਾਂ ਵਿਚ ਕਿੰਨੀਆਂ ਕੁੜੀਆਂ, ਔਰਤਾਂ ਚੁੱਪ ਰਹਿ ਕੇ ਇਹਨਾਂ ਦੀ ਹਵਸ ਸਹਿੰਦੀਆਂ ਰਹਿੰਦੀਆਂ ਨੇ”
ਖਾਲਾ ਸੋਫੇ 'ਤੇ ਪਸਰੀ ਹੋਈ ਸੀ। ਹਾਲ ਦੀ ਘੜੀ ਪੰਜ ਵਜਾ ਰਹੀ ਸੀ ਕਿ ਪੌੜੀਆਂ ਵਿਚ ਪੈਰਾਂ ਦਾ ਖੜਾਕ ਸੁਣਾਈ ਦਿੱਤਾ। ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ। ਦਰਵਾਜ਼ੇ ਵਿਚ ਨਿਕਮ ਦਾ ਚਿਹਰਾ ਨਜ਼ਰ ਆਉਂਦਾ ਹੈ। ਬੁੱਢੀ ਖਾਲਾ ਸੋਫੇ ਤੋਂ ਉਪਰ ਕੇ ਖੜ੍ਹੀ ਹੋ ਜਾਂਦੀ ਹੈ, “ਬਾਹਰ ਪੈਰ ਸਾਫ ਕਰਕੇ ਅੰਦਰ ਆਵੀਂ ਅੰਦਰ।”
ਨਿਕਮ ਕੋਈ ਮੋੜਵਾਂ ਜਵਾਬ ਦੇਂਦਾ ਦੇਂਦਾ ਰੁਕ ਜਾਂਦਾ ਹੈ। ਅਸਲ ਵਿਚ ਉਸਨੂੰ ਪੈਸਿਆਂ ਦੀ ਬੜੀ ਲੋੜ ਸੀ ਤੇ ਖਾਲਾ ਤੋਂ ਉਧਾਰ ਲੈਣਾ ਅਸੰਭਵ ਸੀ। ਉਹ ਦਰਵਾਜ਼ੇ ਕੋਲੋਂ ਹੀ ਕਹਿੰਦਾ ਹੈ, “ਸਿਰਫ ਦੋ ਕੋਠਿਆਂ ਦੀਆਂ ਕੁੜੀਆਂ ਆਈਆਂ ਨੇ। ਬਿਜਲੀ ਹੈ ਨਹੀਂ, ਬੜੇ ਲੋਕ ਕੈਂਪ ਦੀ ਜਗ੍ਹਾ ਕੁੜੀਆਂ ਨਾਲ ਰਾਤ ਗੁਜਾਰਨਾ ਚਾਹੁਣਗੇ। ਅੱਜ ਰੇਟ ਦੁਗਣਾ ਰੱਖੀਂ, ਮੇਰਾ ਕਮੀਸ਼ਨ ਵੀ ਦੁਗਣਾ ਹੋਵੇਗਾ।”
“ਦੋ ਦਿਨਾਂ ਦਾ ਕਿੱਥੇ ਸੀ? ਕਿੰਨਾਂ ਨੁਕਸਾਨ ਹੋਇਐ, ਕੌਣ ਭਰੂਗਾ?” ਖਾਲਾ ਹਿਰਖੀ ਹੋਈ ਹੈ।
“ਓਹ, ਉਪਰਵਾਲਾ ਪੂਰਾ ਕਰੂ, ਮੇਰਾ ਕੀ ਮਤਲਬ! ਤੂੰ ਨਹੀਂ ਮੰਨਦੀ ਤਾਂ ਦੂਜੇ ਕੋਠਿਆਂ ਤੇ ਲਾਈਨ ਲਗਵਾ ਦਿਆਂਗਾ।”
ਹੁਣ ਖਾਲਾ ਹੱਸ ਰਹੀ ਸੀ, “ਮੈਂ ਤਾਂ ਮਜ਼ਾਕ ਕਰ ਰਹੀ ਸੀ। ਤੂੰ ਸੱਚ ਸਮਝ ਬੈਠਾ।” ਫੇਰ ਕੁੜਤੀ ਦੀ ਜੇਬ ਵਿਚੋਂ ਸੌ ਰੁਪਏ ਕੱਢ ਕੇ ਨਿਕਮ ਨੂੰ ਦੇਂਦੀ ਹੋਈ ਬੋਲੀ, “ਮੋਮਬੱਤੀਆਂ ਦੇ ਪੈਕੇਟ ਲਿਆ ਦੇਅ। ਹਨੇਰੇ 'ਚ ਗਾਹਕ ਜਾਨਵਰ ਬਣ ਜਾਂਦਾ ਐ।” ਖਾਲਾ ਕੁੜੀਆਂ ਉੱਤੇ ਰਾਤ ਹੋਏ ਪੁਲਿਸ ਵਾਲਿਆਂ ਦੇ ਅਤਿਆਚਾਰ ਨੂੰ ਭੁੱਲ ਚੁੱਕੀ ਸੀ।
ਨਿਕਮ ਨੂੰ ਸੱਚਮੁੱਚ ਰੁਪਈਆਂ ਦੀ ਬੜੀ ਲੋੜ ਸੀ। ਦੋ ਵਿਹਲੀਆਂ ਰਾਤਾਂ ਨੇ ਜੇਬ ਖਾਲੀ ਕਰ ਦਿੱਤੀ ਸੀ, ਇਸ ਲਈ ਖਾਲਾ ਨੂੰ ਸਬਜ਼ਬਾਗ ਵਿਖਾਅ ਰਿਹਾ ਸੀ। ਹੁਣ ਉਸਨੂੰ ਦਾਰੂ ਦੀ ਖੁੱਲ੍ਹੀ ਦੁਕਾਨ ਲੱਭਣੀ ਪਏਗੀ।
ਅਚਾਨਕ ਹੇਠਾਂ ਉਤਰਦਾ ਨਿਕਮ ਫੇਰ ਉਪਰ ਮੁੜ ਆਉਂਦਾ ਹੈ, “ਗੁਆਂਢੀਆਂ ਨਾਲ ਹਸਪਤਾਲ ਗਿਆ ਸਾਂ, ਉੱਥੇ ਉਹਨਾਂ ਕੀ ਬੁੜ੍ਹੀ ਦਾਖ਼ਲ ਸੀ। ਜਾ ਕੇ ਪਤਾ ਲੱਗਿਆ ਮਰ ਗਈ ਏ ਤੇ ਲਾਸ਼ ਮੁਰਦਾਘਰ ਵਿਚ ਪਈ ਏ। ਉਸ ਨਾਲ ਮੁਰਦਾਘਰ ਗਿਆ ਤਾਂ ਪਹਿਲੀ ਲਾਸ਼ ਵੇਖ ਕੇ ਹੀ ਹੈਰਾਨ ਰਹਿ ਗਿਆ—ਫੁਲਿਆ ਢਿੱਡ, ਨੱਕ ਵਿਚੋਂ ਨਿਕਲ ਕੇ ਜੰਮਿਆਂ ਖ਼ੂਨ, ਆਪਣਾ ਸ਼ੇਰ ਖਾਂ ਸੀ ਉਹ।”
ਨਿਕਮ ਉਤਰਨ ਲਈ ਫੇਰ ਮੁੜਦਾ ਹੈ ਕਿ ਬੁੱਢੀ ਖਾਲਾ ਕੂਕਦੀ ਹੈ, “ਰੁਕ ਜਾ ਨਿਕਮ! ਮੈਂ ਤੇਰੇ ਨਾਲ ਹਸਪਤਾਲ ਚੱਲਦੀ ਆਂ।” ਹੈਰਾਨੀ ਵੱਸ ਨਿਕਮ ਰੁਕ ਜਾਂਦਾ ਹੈ। ਖਾਲਾ ਅਲਮਾਰੀ ਵਿਚੋਂ ਨੋਟਾਂ ਦੀ ਗੁੱਟੀ ਕੱਢ ਕੇ ਕੁੜਤੇ ਦੀ ਜੇਬ ਵਿਚ ਪਾ ਲੈਂਦੀ ਹੈ।
ਨਿਕਮ ਨਾਲ ਉਤਰਦੀ ਹੋਈ ਪੁੱਛਦੀ ਹੈ, “ਕੀ ਡੁੱਬ ਗਿਆ ਸੀ?”
“ਲੱਗਦਾ ਤਾਂ ਇੰਜ ਈ ਐ।”
ਦੋਵੇਂ ਚਿੱਕੜ ਭਰੀ ਸੜਕ ਉੱਤੇ ਆ ਜਾਂਦੇ ਨੇ। ਨਿਕਮ ਖਾਲਾ ਦੀ ਦਰਿਆ ਦਿਲੀ ਉੱਤੇ ਹੈਰਾਨ ਸੀ—ਇਕ ਮਾਮੂਲੀ ਨੌਕਰ ਹੀ ਤਾਂ ਸੀ, ਅਧੀਆ!
ਖਾਲਾ ਉਸਦੇ ਮਨੋਭਾਵ ਨੂੰ ਸਮਝ ਕੇ ਲੰਮਾਂ ਸਾਹ ਖਿੱਚਦੀ ਹੈ, ਇਹ ਕੀ ਸਮਝੇਗਾ ਸ਼ੇਰ ਖਾਂ ਦਾ ਮਹੱਤਵ। ਕੀ ਦੱਸਾਂ ਕਿ ਮੇਰਾ ਕੀ ਲੱਗਦਾ ਸੀ! ਉਸ ਕਰਕੇ ਹੀ ਤਾਂ ਬੁੱਢੀ ਹੁੰਦੀ ਕਾਇਆ ਨੇ ਕਦੀ ਇਕੱਲ ਨਹੀਂ ਭੋਗੀ। ਪੁੱਤਰ ਵਾਂਗ ਹੱਥ ਰੱਖਦੀ ਸੀ ਤੇ ਮਿੰਟਾਂ ਵਿਚ ਉਹ ਮਰਦ ਬਣ ਜਾਂਦਾ ਸੀ ਮੇਰਾ। ਰਿਸ਼ਤਾ ਬਦਲ ਜਾਂਦਾ ਹੋਊ ਪਰ ਸ਼ੇਰ ਖਾਂ ਆਪਣਾ ਰਹਿੰਦਾ ਸੀ। ਸ਼ੇਰ ਖਾਂ ਦੀ ਜਗ੍ਹਾ ਨਾ ਪਹਿਲਾਂ ਕੋਈ ਗਾਹਕ ਲੈ ਸਕਿਆ ਸੀ ਤੇ ਨਾ ਬਾਅਦ ਵਿਚ ਕੋਈ ਦੂਜਾ।
ਤੁਰਦਾ ਤੁਰਦਾ ਨਿਕਮ ਪੁੱਛਦਾ ਹੈ, “ਵੈਸੇ ਤਾਂ ਪੁਲਿਸ ਇਕ ਦੋ ਦਿਨਾਂ ਵਿਚ ਉਸਨੂੰ ਨਿਪਟਾ ਹੀ ਦੇਂਦੀ ਪਰ ਹੁਣ ਜਦੋਂ ਤੂੰ ਅੱਗੇ ਲੱਗ ਪਈ ਏਂ ਤਾਂ ਦੱਸਣਾ ਪਏਗਾ ਕਿ ਦਫ਼ਨ ਕਰਨਾ ਏਂ ਜਾਂ ਸਾੜਨਾ ਏਂ। ਉਸੇ ਹਿਸਾਬ ਨਾਲ ਇੰਤਜਾਮ ਕਰਨਾ ਪਵੇਗਾ ਤੇ ਨੋਟ-ਸ਼ੋਟ ਲੱਗਣਗੇ।” ਮਨ ਹੀ ਮਨ ਖਰਚੇ ਵਿਚ ਨਿਕਮ ਆਪਣਾ ਕਮੀਸ਼ਨ ਤੈਅ ਕਰ ਰਿਹਾ ਸੀ।
ਇਕ ਲੰਮਾ ਠੰਡਾ ਸਾਹ ਖਿੱਚਦੀ ਹੋਈ ਖਾਲਾ ਕਹਿੰਦੀ ਹੈ, “ਜਦੋਂ ਆਇਆ ਸੀ ਤਾਂ ਆਪਣਾ ਨਾਂਅ ਸ਼ੇਰ ਸਿੰਘ ਦਸਦਾ ਹੁੰਦਾ ਸੀ, ਹੁਣ ਜਿਵੇਂ ਅਸੀਂ ਬੁਲਾਉਂਦੇ ਸਾਂ, ਸ਼ੇਰ ਖਾਂ ਦਸਦਾ ਸੀ! ਸੁੰਨਤ ਤਾਂ ਹੋਈ ਨਹੀਂ ਸੀ ਉਹਦੀ।”
“ਤਾਂ ਦਫ਼ਨ ਕਰਾਅ ਦੇਂਦੇ ਆਂ, ਪੰਡਤ ਸਾਲੇ ਚੀਂ ਚੀਂ ਬੜੀ ਕਰਦੇ ਨੇ।”
ਬੁੱਢੀ ਖਾਲਾ ਦੇ ਚਿਹਰੇ ਉੱਤੇ ਚਮਕ ਆ ਗਈ, “ਨਿਕਮ ਖਰਚੇ ਦਾ ਫਿਕਰ ਨਾ ਕਰੀਂ। ਬਿਨਦਾਸ ਹੋ ਕੇ ਜਨਾਜਾ ਉਠਵਾਈਂ। ਪੰਡਿਤ ਜਿੰਨੇ ਮੰਗੇ ਦੇ ਦੇਵੀਂ।”
ਕਹਿੰਦੀ ਹੋਈ ਬੁੱਢੀ ਖਾਲਾ ਰੋ ਪਈ ਸੀ। ਨਿਕਮ ਮੂੰਹ ਭੁੰਆਂ ਕੇ ਮੁਸਕੁਰਾ ਪਿਆ, ਚੋਖੇ ਕਮੀਸ਼ਨ ਬਾਰੇ ਸੋਚ ਕੇ। ਖਾਲਾ ਦੀ ਕੰਜੂਸੀ ਕਿੱਥੇ ਚਲੀ ਗਈ ਸੀ, ਸਮਝ ਨਹੀਂ ਸੀ ਆ ਰਿਹਾ ਉਹਨੂੰ। ਏਨਾ ਉਸਨੂੰ ਪਤਾ ਕਿ ਰੰਡੀ ਹਿੰਦੂ ਜਾਂ ਮੁਸਲਮਾਨ ਹੁੰਦੀ ਹੈ ਪਰ ਉਸਦੀ ਔਲਾਦ ਦਾ ਪਿਓ ਹਿੰਦੂ ਸੀ ਜਾਂ ਮੁਸਲਮਾਨ ਪੱਕਾ ਨਹੀਂ ਦੱਸ ਸਕਦੀ।
ਨਿਕਮ ਸੋਚਦਾ ਹੈ...ਮਰਨ ਵਾਲਾ ਤਾਂ ਮਰ ਗਿਆ, ਅਸੀਂ ਤਾਂ ਜਿਊਣਾ ਏਂ। ਇਸੇ ਸ਼ਹਿਰ ਵਿਚ ਜਿਊਣਾ ਏਂ ਤੇ ਧੰਦੇ ਦਾ ਖਿਆਲ ਰੱਖਣਾ ਏਂ। ਕਮੀਸ਼ਨ ਕੋਈ ਪਾਪਾ ਨਹੀਂ।
ਹਾਲ ਵਿਚ ਪਈਆਂ ਕੁੜੀਆਂ ਵੀ ਸ਼ੇਰ ਖਾਂ ਬਾਰੇ ਸੋਚ ਸੋਚ ਕੇ ਉਦਾਸ ਹੋ ਗਈਆਂ ਸਨ। ਉਹਨਾਂ ਨੂੰ ਵਿਸ਼ਵਾਸ ਸੀ ਕਿ ਨਿਕਮ ਝੂਠ ਬੋਲ ਰਿਹਾ ਸੀ, ਅੱਜ ਕੋਈ ਗਾਹਕ ਨਹੀਂ ਆਵੇਗਾ। ਪਰ ਕੱਲ੍ਹ ਜਦੋਂ ਫੇਰ ਬਾਜ਼ਾਰ ਵਿਚ ਰੌਣਕਾਂ ਹੋਣਗੀਆਂ ਤਾਂ ਕਿਸ ਨੂੰ ਬੁਲਾਅ ਕੇ ਇਲਾਹੀ ਦਿਓਂ ਕਬਾਬ, ਮਠਿਆਈ ਜਾਂ ਸੰਤੋਖ ਭਵਨ ਕੋਲੋਂ ਪਾਨ ਦੀ ਦੁਕਾਨ ਤੋਂ ਪਾਨ ਦੇ ਬੀੜੇ ਮੰਗਾਉਣਗੀਆਂ।
ਹਸਪਤਾਲ ਦੇ ਫਰਸ਼ ਉੱਤੇ ਪਈ ਲਾਸ਼ ਕੋਲ ਬੈਠੀ ਖਾਲਾ ਰੋ ਰਹੀ ਸੀ। ਨਿਕਮ ਇੰਤਜਾਮ ਕਰਨ ਚਲਾ ਗਿਆ ਸੀ। ਲੰਘਣ-ਟੱਪਣ ਵਾਲੇ ਖਾਲਾ ਤੇ ਸ਼ੇਰ ਖਾਂ ਦੇ ਰਿਸ਼ਤੇ ਬਾਰੇ ਅੰਦਾਜੇ ਲਾ ਰਹੇ ਸਨ—ਕੌਣ ਹੈ ਇਹ ਢਾਈ ਫੁੱਟਾ ਇਸਦਾ!  
      ੦੦੦ ੦੦੦ ੦੦੦

ਜਿਉਂਦੇ ਰਹਿਣ ਲਈ...:: ਲੇਖਕ : ਹਰਚਰਨ ਚਾਵਲਾ

ਉਰਦੂ ਕਹਾਣੀ :
ਜਿਉਂਦੇ ਰਹਿਣ ਲਈ
ਲੇਖਕ : ਹਰਚਰਨ ਚਾਵਲਾ
ਅਨੁਵਾਦ : ਮਹਿੰਦਰ ਬੇਦੀ, ਜੈਤੋ
ਮੁਬਾਇਲ : 94177 30600.


ਕੱਲ੍ਹ ਹੀ ਆਪਣੇ ਪਾਪਾ ਦੇ ਫੁੱਲ ਗੰਗਾ-ਮਈਆ ਦੇ ਹਵਾਲੇ ਕਰਨ ਪਿੱਛੋਂ ਇੰਦਰ ਵਾਪਸ ਲਖ਼ਨਊ ਪਰਦਿਆ ਸੀ। ਉਦਾਸੀ ਦੀ ਇਕ ਬਾਰੀਕ ਜਿਹੀ ਲਕੀਰ ਉਸਦੇ ਦਿਲ ਨੂੰ ਐੱਗ-ਕਟਰ ਦੀ ਬਾਰੀਕ ਤਾਰ ਵਾਂਗ ਟੇਢਾ-ਤਿਰਛਾ ਕੱਟ ਰਹੀ ਸੀ। ਜੇ ਕਿਤੇ ਨਿੱਕੀ ਜਿਹੀ ਇਹ ਖੁਸ਼ੀ ਵੀ ਸਾਥ ਨਾ ਦੇ ਰਹੀ ਹੁੰਦੀ ਕਿ 'ਚਲੋ, ਮਰਨ ਤੋਂ ਪਹਿਲਾਂ ਉਸਨੇ ਪਿਤਾ ਦੇ ਅੰਤਿਮ-ਦਰਸ਼ਨ ਤਾਂ ਕਰ ਹੀ ਲਏ ਨੇ, ਉਹਨਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਏ ਤੇ ਚਿਤਾ ਨੂੰ ਆਪਣੇ ਹੱਥੀਂ ਅੱਗਨੀ ਵੀ ਦਿਖਾਈ ਹੈ ਤਾਂ ਸ਼ਾਇਦ ਉਸਨੂੰ ਵੀ ਹਾਰਟ-ਅਟੈਕ ਹੋ ਜਾਣਾ ਸੀ। ਉਸਦੇ ਐਨ ਮੌਕੇ ਉੱਤੇ ਪਹੁੰਚ ਜਾਣ ਕਾਰਨ ਉਸਦੇ ਪਿਤਾ ਦੇ ਚਿਹਰੇ ਉੱਤੇ ਸ਼ਾਂਤੀ ਦੀ ਉਹ ਲੌਅ ਨਜ਼ਰ ਆਈ ਸੀ—ਜਿਸਨੇ ਉਸਨੂੰ ਇਹ ਦੁੱਖ ਬਰਦਾਸ਼ਤ ਕਰਨ ਦੀ ਭਰਪੂਰ ਤਾਕਤ ਬਖ਼ਸ਼ੀ ਸੀ।
ਕੁਝ ਤੱਸਲੀ ਭਰੇ ਸ਼ਬਦਾਂ ਦੇ ਲਾਲਚ ਵਿਚ ਹੁਣ ਉਹ ਅੰਕਲ ਸ਼ਾਮ ਦੇ ਸਾਹਮਣੇ ਬੈਠਾ ਸੀ ਪਰ ਅੰਕਲ ਕੋਲ ਵੀ ਜਿਵੇਂ ਸ਼ਬਦ-ਭੰਡਾਰ ਮੁੱਕ ਚੁੱਕਿਆ ਸੀ...ਤੇ ਇਹ ਇਕ ਪੱਖੋਂ ਚੰਗਾ ਹੀ ਸੀ, ਨਹੀਂ ਤਾਂ ਉਸ ਨੇ ਏਨਾ ਸਮਾਂ ਬਾਹਰ ਰਹਿਣ ਤੇ ਸੋਚ-ਢੰਗ ਬਦਲ ਜਾਣ ਦੇ ਬਾਵਜ਼ੂਦ ਵੀ ਆਪਣੇ ਹੰਝੂਆਂ ਉੱਤੇ ਕਾਬੂ ਨਹੀਂ ਸੀ ਪਾ ਸਕਣਾ ਤੇ ਉਹਨਾਂ ਦੇ ਆਫ਼ਿਸ ਵਿਚ ਹੀ ਧਾਹਾਂ ਮਾਰ-ਮਾਰ ਕੇ ਰੋਣ ਲੱਗ ਪੈਣਾ ਸੀ।
ਬੜੀ ਦੇਰ ਬਾਅਦ ਅੰਕਲ ਬੋਲੇ, ''ਤੇਰੇ ਪਾਪਾ ਬੜੇ ਵਧੀਆ ਇਨਸਾਨ ਸੀ। ਖੁਸ਼ ਰਹਿਣਾ ਤੇ ਖੇੜੇ ਵੰਡਦੇ ਰਹਿਣਾ ਜਾਣਦੇ ਸੀ...।'' ਇਸ ਪਿੱਛੋਂ ਫੇਰ ਇਕ ਲੰਮੀ ਚੁੱਪ ਪਸਰ ਗਈ।
'ਤੇਰੀ ਮੰਮੀ ਦੀ ਮੌਤ ਪਿੱਛੋਂ ਗ਼ਮ ਦੇ ਏਡੇ ਵੱਡੇ ਗੋਵਰਧਨ ਨੂੰ ਉਹਨਾਂ ਭਗਵਾਨ ਕ੍ਰਿਸ਼ਨ ਵਾਂਗ ਸਿਰਫ ਇਕੋ ਉਂਗਲ ਉੱਤੇ ਚੁੱਕੀ ਰੱਖਿਆ...।''
ਉਹ ਚੁੱਪ ਰਿਹਾ ਸ਼ਾਇਦ ਅੰਦਰ ਉਠਦੇ ਤੂਫ਼ਾਨ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।... ਤੇ ਅੰਕਲ ਸ਼ਾਇਦ ਆਪਣੀ ਅਗਲੀ ਗੱਲ ਕਹਿਣ ਲਈ ਅੰਦਰੇ-ਅੰਦਰ ਕੋਈ ਵਿਉਂਤ-ਬੰਦੀ ਕਰ ਰਹੇ ਸਨ।
'ਬੱਚੇ ਏਨੀ ਦੂਰ, ਦੁਨੀਆਂ ਦੇ ਦੋ ਵੱਖੋ-ਵੱਖਰੇ ਸਿਰਿਆਂ ਉਪਰ; ਪਤਨੀ, ਦਸ ਸਾਲ ਤਕ ਅੱਖਾਂ ਤੋਂ ਪਰ੍ਹੇ...ਉਹ ਹੋਰ ਕਰਦੇ ਵੀ ਕੀ? ਪਹਿਲੇ ਪੰਜ ਸਾਲ ਉਹ ਆਪ ਬਾਹਰ ਰਹੇ—ਬੱਚੇ ਸੈਟਲ ਕੀਤੇ, ਵਾਪਸ  ਆਏ ਤਾਂ ਪਤਨੀ ਸਾਥ ਛੱਡ ਕੇ ਪਰਲੋਕ ਦੀ ਰਾਹ ਪੈ ਗਈ...ਫਾਰਨ ਤੋਂ ਅਕਸਰ ਮੈਨੂੰ ਖ਼ਤ ਲਿਖਦੇ ਰਹਿੰਦੇ ਸੀ...।''
ਜਦੋਂ ਉਹਨਾਂ ਦੇਖਿਆ ਕਿ ਉਹ ਆਪਣੇ ਪਿਤਾ ਬਾਰੇ ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਹੈ ਤਾਂ ਗੱਲ ਜਾਰੀ ਰੱਖਦੇ ਹੋਏ ਬੋਲੇ, ''ਮੈਂ ਤਾਂ ਬਕਾਇਦਾ ਉਹਨਾਂ ਦੇ ਖ਼ਤਾਂ ਦੀ ਫਾਈਲ ਇਕ ਬਣਾਈ ਹੋਈ ਏ।''
''... ... ... ...''
'ਦੇਖੇਂਗਾ ?'' ਇੰਦਰ ਦੀ ਚੁੱਪ ਨੂੰ ਰਜ਼ਾਮੰਦੀ ਸਮਝ ਕੇ ਉਹਨਾਂ ਘੰਟੀ ਵਜਾਈ। ਸੈਕਰੇਟਰੀ ਨੇ ਕੈਬਿਨ ਦਾ ਬੂਹਾ ਅੱਧਾ ਕੁ ਖੋਹਲ ਕੇ ਅੰਦਰ ਤੱਕਿਆ ਤਾਂ ਉਹਨਾਂ ਹੁਕਮ ਦੇਂਦਿਆਂ ਕਿਹਾ, ''ਜ਼ਰਾ ਉਹ ਜਗਦੀਸ਼ ਬਾਬੂ ਵਾਲੀ ਫਾਈਲ ਤਾਂ ਲੈ ਕੇ ਆਉਣਾ।''
ਜਦੋਂ ਤਕ ਫਾਈਲ ਆਉਂਦੀ, ਉਹਨਾਂ ਗੱਲਬਾਤ ਨੂੰ ਅੱਗੇ ਤੋਰਦਿਆਂ ਕਿਹਾ, ''ਬੜਾ ਹੀ ਖੁਸ਼ ਤਬੀਅਤ ਤੇ ਹੁਸਨ-ਪ੍ਰਸਤ ਬੰਦਾ ਸੀ ਬਈ...।
''ਸ਼ਾਇਦ ਏਸੇ ਕਰਕੇ ਏਡੀ ਵੱਡੀ ਦੁਨੀਆਂ ਵਿਚ ਉਹਨੇ ਅਜਿਹਾ ਦੇਸ਼ ਚੁਣਿਆਂ ਸੀ ਜਿੱਥੇ ਝਰਨੇ, ਝੀਲਾਂ, ਫੁੱਲ, ਪਹਾੜ, ਕੁਦਰਤੀ ਨਜ਼ਾਰੇ ਤੇ ਅੰਮ੍ਰਿਤ-ਜਲ ਦੇ ਝਰਨੇ ਸਨ। ਕੁਦਰਦੀ ਹੁਸਨ ਨਾਲ ਤਾਂ ਉਹ ਇਸ਼ਕ ਦੀ ਹੱਦ ਤਕ ਪ੍ਰੇਮ ਕਰਦੇ ਸਨ ਤੇ ਦੁਨਿਆਵੀ...
'...ਤੇ ਦੁਨੀਆਵੀ ਹੁਸਨ ਵੀ ਉਹਨਾਂ ਦੀ ਖਾਸ ਕਮਜ਼ੋਰੀ ਸੀ। ਮੈਂ ਤਾਂ ਹੈਰਾਨ ਹਾਂ ਬਈ ਉਹਨਾਂ ਨੂੰ ਹਾਰਟ-ਅਟੈਕ ਕਿੰਜ ਹੋ ਗਿਆ!—ਓਵਰ-ਵੇਟ ਉਹ ਨਹੀਂ ਸਨ, ਸਿਗਰੇਟ ਉਹ ਨਹੀਂ ਸੀ ਪੀਂਦੇ, ਕਿਸੇ ਕਿਸਮ ਦੀ ਚਿੰਤਾ ਫਿਕਰ ਨੂੰ ਨੇੜੇ ਨਹੀਂ ਸੀ ਫੜਕਣ ਦਿੰਦੇ...ਅਜਿਹੇ ਬੰਦੇ ਨੂੰ ਹਾਰਟ-ਅਟੈਕ; ਯਕੀਨ ਨਹੀਂ ਆਉਂਦਾ...।''
ਫਾਈਲ ਆ ਚੁੱਕੀ ਸੀ। ਉਹਨਾਂ ਖੋਹਲ ਕੇ ਉਸਨੂੰ ਇੰਦਰ ਦੇ ਸਾਹਮਣੇ ਰੱਖ ਦਿੱਤਾ। ਸਭ ਤੋਂ ਉਪਰ ਉਹ ਕਾਗਜ਼ ਸੀ ਜਿਸ ਉਪਰ ਉਹ ਰਕਮਾਂ ਦਰਜ਼ ਸਨ ਜਿਹੜੀਆਂ ਬਾਹਰ ਜਾਣ ਤੋਂ ਪਹਿਲਾਂ ਅੰਕਲ ਨੇ ਯਾਰੀ-ਦੋਸਤੀ ਵਿਚ ਉਹਨਾਂ ਉਪਰ ਖਰਚ ਕੀਤੀਆਂ ਸਨ—ਬੜਾ ਮਾਮੂਲੀ ਜਿਹਾ ਟੋਟਲ ਅਮਾਊਂਟ—ਕੋਈ ਪੰਜ-ਸੱਤ ਹਜ਼ਾਰ ਰੁਪਏ।
ਇੰਦਰ ਦੇ ਪੂਰੀ ਤਰ੍ਹਾਂ ਦੇਖ ਲੈਣ ਪਿੱਛੋਂ ਉਹਨਾਂ ਉਹ ਕਾਗਜ਼ ਉਸਦੇ ਹੱਥੋਂ ਫੜ੍ਹ ਲਿਆ। ''ਛੱਡ ਇਸਨੂੰ, ਬੇਵਕੂਫ਼ ਕੁੜੀ ਨੇ ਪਤਾ ਨਹੀਂ ਕਿਉਂ ਇਸ ਫਾਈਲ ਵਾੜ ਰੱਖਿਆ ਏ...ਇਹ ਤਾਂ ਸਾਡਾ ਦੋਸਤਾਂ ਦਾ ਮਾਮਲਾ ਸੀ।''
ਇੰਦਰ ਫਾਈਲ ਦੇਖਦਾ ਰਿਹਾ। ਅੰਕਲ ਸ਼ਾਮ ਦੇ ਨਾਂਅ ਉਸਦੇ ਪਾਪਾ ਦੇ ਖ਼ਤ ਸਨ...ਜਿਹੜੇ ਦਫ਼ਤਰੀ ਤਕਨੀਕ ਅਨੁਸਾਰ ਬਾਕਾਇਦਾ ਨੰਬਰ ਤੇ ਤਾਰੀਖ ਵਾਰ ਫਾਈਲ ਕੀਤੇ ਗਏ ਸਨ। ਉਹਨਾਂ ਵਿਚ ਉਸਦੇ ਪਾਪਾ ਨੇ ਫਾਰਨ ਵਿਚ ਆਪਣੀਆਂ ਅਯਾਸ਼ੀਆਂ, ਸੈਰ-ਸਪਾਇਆਂ ਤੇ ਪ੍ਰੇਮਕਾਵਾਂ ਬਾਰੇ ਡੀਗਾਂ ਮਾਰੀਆਂ ਹੋਈਆਂ ਸਨ। 'ਸ਼ਾਇਦ ਇਹੀ ਦਿਖਾਉਣ ਵਾਸਤੇ ਅੰਕਲ ਨੇ ਇਹ ਫਾਈਲ ਮੰਗਵਾਈ ਸੀ, ਇੰਦਰ ਨੇ ਸੋਚਿਆ, 'ਵਰਨਾ ਫਾਈਲ ਦਿਖਾਉਣ ਦਾ ਭਲਾ ਹੋਰ ਕੀ ਕਾਰਨ ਹੋ ਸਕਦਾ ਸੀ? ਇਹ ਦੁਨੀਆਂ ਦੇਵਤਿਆਂ ਦੀ ਨਗਰੀ ਨਹੀਂ, ਆਪਣੇ ਕੱਪੜਿਆਂ ਹੇਠ ਸਾਰੇ ਹੀ ਨੰਗੇ ਨੇ। ਖ਼ੁਦ ਅੰਕਲ ਨੇ ਹੁਣੇ ਹੁਣੇ ਆਪਣੀ ਸੈਕਰੇਟਰੀ ਦੇ ਬਲਾਊਜ਼ ਤੇ ਸਾੜ੍ਹੀ ਦੇ ਵਿਚਕਾਰ ਨੰਗੇ ਲੱਕ ਨੂੰ ਏਨੀਆਂ ਭੁੱਖੀਆਂ ਨਜ਼ਰਾਂ ਨਾਲ ਦੇਖਿਆ ਸੀ ਕਿ ਵਿਚਾਰੀ ਦੇ ਲੱਕ ਢਕਣ ਦੀ ਕੋਸ਼ਿਸ਼ ਵਿਚ, ਫਾਈਲ ਹੀ ਹੱਥੋਂ ਡਿੱਗਣ ਲੱਗੀ ਸੀ।' ਜਦੋਂ ਇੰਦਰ ਨੇ ਫਾਈਲ ਨੂੰ ਸਰਸਰੀ ਤੌਰ 'ਤੇ ਦੇਖ ਕੇ ਇਕ ਪਾਸੇ ਸਰਕਾ ਦਿੱਤਾ ਤਾਂ ਉਹ ਬੋਲੇ—''ਤੇਰੇ ਡੈਡੀ ਹਰ ਮਾਹੌਲ ਵਿਚ ਖੁਸ਼ੀਆਂ ਤੇ ਖੇੜੇ, ਖਿੜਾ ਵੰਡਣ ਦੇ ਇੱਛੁਕ ਰਹਿੰਦੇ ਸੀ। ਮੈਨੂੰ ਕਹਿੰਦੇ ਹੁੰਦੇ ਸੀ, 'ਮੇਰੇ ਬੱਚੇ ਤਾਂ ਬਾਹਰ ਰਹਿੰਦੇ ਨੇ, ਮਕਾਨ ਤੈਨੂੰ ਦੇ ਦਿਆਂਗਾ। ਤੇਰੀ ਕੰਪਨੀ ਵਿਚ ਨਵੇਂ-ਨਵੇਂ ਲੋਕ ਬਾਹਰੋਂ ਆ ਕੇ ਭਰਤੀ ਹੁੰਦੇ ਰਹਿੰਦੇ ਨੇ...ਏਡੇ ਵੱਡੇ ਸ਼ਹਿਰ ਵਿਚ ਵਿਚਾਰੇ ਰਹਾਇਸ਼ ਲਈ ਕਿੰਨੇ ਪ੍ਰੇਸ਼ਾਨ ਹੁੰਦੇ ਨੇ; ਤੂੰ ਉਹਨਾਂ ਲਈ ਇਕ ਕਿਸਮ ਦਾ ਬੋਰਡਿੰਗ-ਹਾਊਸ ਬਣਾਅ ਲਵੀਂ। ਉਹ ਲੋਕ ਜਦੋਂ ਤਕ ਕੋਈ ਮੁਨਾਸਿਬ ਠਿਕਾਣਾ ਨਾ ਲੱਭ ਜਾਏ, ਟੈਂਪਰੇਰੀ ਤੌਰ 'ਤੇ ਇੱਥੇ ਰਿਹਾ ਕਰਨਗੇ ਤਾਂ ਮੇਰੀ ਆਤਮਾਂ ਨੂੰ ਸ਼ਾਂਤੀ ਮਿਲੇਗੀ ਬਈ ਚਲੋ, ਮਰ ਕੇ ਵੀ ਕੁਝ ਮਜ਼ਬੂਰ ਲੋਕਾਂ ਦੇ ਕੰਮ ਤਾਂ ਆ ਸਕਿਆਂ।' ''
ਇੰਦਰ ਚੁੱਪ ਰਿਹਾ—ਜਿਵੇਂ ਇਕ ਚੁੱਪ ਵਿਚ ਸੌ ਸੁਖ ਹੋਣ, ਪਰ ਅੰਕਲ ਚੁੱਪ ਨਾ ਰਹਿ ਸਕੇ। ਕੁਝ ਚਿਰ ਬਾਅਦ ਬੋਲੇ, ''ਜਗਦੀਸ਼ ਨੇ ਕੋਈ ਵਸੀਅਤ ਵਗ਼ੈਰਾ ਵੀ ਕੀਤੀ ਏ ਕਿ...?''
ਇੰਦਰ ਨੇ ਬਰੀਫ਼ ਕੇਸ ਖੋਲ੍ਹਿਆ ਤੇ ਆਪਦੇ ਪਿਤਾ ਦੀ ਡਾਇਰੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਅੰਕਲ ਸਫੇ ਤੇ ਸਫਾ ਉਲਦਣ ਲੱਗੇ। ਆਖ਼ਰ ਇਕ ਸਫੇ ਉੱਤੇ ਰੁਕ ਗਏ, ਜਿਸ ਉੱਤੇ ਉਹਨਾਂ ਹਜ਼ਾਰਾਂ ਡਾਰਲਾਂ ਦੀ ਲਿਸਟ ਸੀ, ਜਿਹੜੇ ਉਹਨਾਂ ਆਪਣੇ ਦੋਸਤ ਸ਼ਾਮ ਦੀ ਕੰਪਨੀ ਨੂੰ ਸਮੇਂ-ਸਮੇਂ ਮਦਦ ਦੇਣ ਲਈ ਭੇਜੇ ਸਨ। ਅੰਕਲ ਦੇ ਚਿਹਰੇ ਉੱਤੇ ਕਈ ਰੰਗ ਆਏ ਕਈ ਉੱਡ ਗਏ—ਅਖ਼ੀਰ ਉਹ ਬੋਲੇ, ''ਮਕਾਨ ਬਾਰੇ ਵੀ ਕੁਝ ਲਿਖਿਆ ਏ ਕਿਤੇ?''
''ਸਫਾ ਸਤਾਸੀ...'' ਇੰਦਰ ਨੇ ਕਿਹਾ।
'ਮੇਰੀ ਦੋਸਤੀ ਹਮੇਸ਼ਾ ਕਿਤਾਬਾਂ ਨਾਲ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਪਿੱਛੋਂ ਮੇਰੇ ਮਕਾਨ ਵਿਚ ਇਕ ਛੋਟੀ ਜਿਹੀ ਲਾਇਬਰੇਰੀ ਬਣਾਅ ਦਿੱਤੀ ਜਾਏ ਜਿਸ ਲਈ ਮੇਰੀਆਂ ਨਿੱਜੀ ਕਿਤਾਬਾਂ ਦਾ ਭੰਡਾਰ ਤੇ ਇੰਸ਼ੋਰੈਂਸ ਦਾ ਪੈਸਾ ਕਾਫੀ ਹੋਏਗਾ।'
ਇੰਦਰ ਬੋਲਿਆ, ''ਮੈਂ ਮਕਾਨ ਕਾਲੋਨੀ ਦੀ ਕਮੇਟੀ ਦੇ ਨਾਂਅ ਲਿਖ ਦਿੱਤਾ ਏ। ਓਧਰ ਫਾਰਨ ਵਿਚ ਪਾਪਾ ਦੀ ਪੈਂਸਨ ਦਾ ਫੈਸਲਾ ਵੀ ਹੋ ਗਿਐ...ਇੱਥੇ ਆਪਣੇ ਦੇਸ਼ ਵਿਚ ਪੂਰੇ ਇੱਕੀ ਸਾਲ ਉਹਨਾਂ ਆਪਣੀ ਸਰਕਾਰ ਦੀ ਸੇਵਾ ਕੀਤੀ ਏ, ਪਰ ਕਾਣੀ ਕੌਡੀ ਨਹੀਂ ਮਿਲੀ। ਖ਼ੈਰ ਛੱਡੋ, ਇੱਥੋਂ ਦੀਆਂ ਗੱਲਾਂ ਈ ਕੁਝ ਹੋਰ ਨੇ। ਉੱਥੇ ਪੰਜ ਸਾਲ ਦੀ ਇਕੱਠੀ ਪੈਂਸ਼ਨ ਕਈ ਲੱਖ ਰੁਪਏ ਮਿਲਣਗੇ, ਜਿਹੜੇ ਲਾਇਬਰੇਰੀ ਦੇ ਨਾਂਅ ਫਿਕਸ ਡਿਪਾਜ਼ਿਟ ਕਰ ਦਿਆਂਗਾ—ਉਸਦੇ ਵਿਆਜ਼ ਨਾਲ ਹੀ ਲਾਇਬਰੇਰੀ ਲਈ ਅਖ਼ਬਾਰ, ਰਸਾਲੇ ਤੇ ਹੋਰ ਖਰਚੇ ਚਲਦੇ ਰਹਿਣਗੇ।''
''ਤੇਰਾ ਪਾਪਾ ਸੀ ਬੜਾ ਆਸ਼ਕ-ਮਿਜਾਜ਼ ਬੰਦਾ, ਮੇਰਾ ਮਤਲਬ ਏ ਖੁਸ਼-ਮਿਜਾਜ਼...।'' ਹੁਣ ਅੰਕਲ ਦੀ ਆਵਾਜ਼ ਦੀ ਸੁਰ ਅਤੇ ਲੈ ਕੁਝ ਹੋਰ ਕਿਸਮ ਦੇ ਸਨ।
''ਜੀ ਤੁਸੀਂ ਠੀਕ ਕਹਿ ਰਹੇ ਹੋ।'' ਇੰਦਰ ਬੋਲਿਆ ਤੇ ਨਾਲ ਹੀ ਉਸਨੇ ਬਰੀਫ਼ ਕੇਸ ਵਿਚੋਂ ਇਕ ਹੋਰ ਫਾਈਲ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ, ''ਪਾਪਾ ਦੇ ਉਹ ਪ੍ਰੇਮ-ਪੱਤਰ ਨੇ ਜਿਹੜੇ ਉਹਨਾਂ ਮੁਹੱਲੇ ਦੀ ਇਕ ਖੂਬਸੂਰਤ ਔਰਤ ਕੋਲੋਂ ਆਪਣੀ ਕਿਸੇ ਆਸ਼ਾ ਨਾਂਅ ਦੀ ਮਹਿਬੂਬਾ ਨੂੰ ਲਿਖਵਾਏ ਸਨ।'' ਸਾਰੇ ਖ਼ਤ ਕਾਰਬਨ ਕਾਪੀ ਸਨ।
ਅੰਕਲ ਕਾਫੀ ਦੇਰ ਤਕ ਉਹ ਖ਼ਤ ਪੜ੍ਹਦੇ ਰਹੇ। ਇੰਦਰ ਬੋਲਿਆ, ''ਇਹ ਖ਼ਤ ਖ਼ੁਦ ਉਸ ਔਰਤ ਨੇ ਮੈਨੂੰ ਦਿੱਤੇ ਨੇ। ਇਹਨਾਂ ਵਿਚੋਂ ਮੈਂ ਅਜੇ ਕੁਝ ਹੀ ਪੜ੍ਹੇ ਨੇ...ਤੇ ਉਹਨਾਂ ਵਿਚ ਮੈਨੂੰ ਉਹਨਾਂ ਦੀ ਮਹਿਬੂਬਾ ਵਿਚ, ਲਿਖਣ ਵਾਲੀ ਦੇ ਨੈਣ-ਨਕਸ਼, ਜੁਲਫ਼ਾਂ, ਬਾਹਾਂ, ਕੱਦ-ਬੁੱਤ, ਚਾਲ-ਢਾਲ ਤੇ ਪੂਰੇ ਵਜ਼ੂਦ ਦੇ ਦਰਸ਼ਨ ਹੋਏ ਨੇ। ਸ਼ਾਇਦ ਉਹ ਉਸਨੂੰ ਦੇਖ-ਦੇਖ ਕੇ ਹੀ ਆਪਣੀ ਮਹਿਬੂਬਾ ਦੇ ਹੁਸਨ ਦੀ ਤਾਰੀਫ਼ ਦੇ ਅਕਸ ਬਨਾਉਂਦੇ ਹੁੰਦੇ ਸਨ। ਸਿਰਫ ਦੇਖ ਕੇ ਵਰਨਾ ਉਹ ਇਹ ਖ਼ਤ ਮੇਰੇ ਹਵਾਲੇ ਕਤਈ ਨਾ ਕਰਦੀ। ਲੱਗਦਾ ਏ ਪਾਪਾ ਉਸਨੂੰ ਇਸ ਡਿਕਟੇਸ਼ਨ ਲੈਣ ਦਾ ਚੰਗਾ ਮੁਆਵਜ਼ਾ ਵੀ ਦੇਂਦੇ ਸਨ—ਉਹ ਖ਼ੁਦ ਹਿੰਦੀ-ਪੰਜਾਬੀ ਨਹੀਂ ਲਿਖ ਸਕਦੇ ਸੀ ਨਾ।''
'ਪਰ ਉਸਨੇ ਇਹ ਖ਼ਤ ਤੈਨੂੰ ਕਿਉਂ ਦਿੱਤੇ ਨੇ?'' ਅੰਕਲ ਹੈਰਾਨ ਹੋ ਕੇ ਬੋਲੇ।
'ਸ਼ਾਇਦ ਸਾਡੇ ਘਰ ਦਾ ਇਹ ਭੇਦ ਦੇ ਕੇ ਕੁਝ ਹੋਰ ਰਕਮ ਪ੍ਰਾਪਤ ਕਰਨ ਦੇ ਲਾਲਚ ਵਿਚ...ਤੇ ਮੈਂ ਕੁਝ ਰੁਪਏ ਦੇ ਕੇ ਉਸਦਾ ਇਹ ਲਾਲਚ ਵੀ ਪੂਰਾ ਕਰ ਦਿੱਤੈ।''
'ਪਰ ਉਹ ਖ਼ਤਾਂ ਦੀ ਇਹ ਨਕਲ ਆਪਣੇ ਕੋਲ ਕਿਉਂ ਰੱਖ ਰਹੀ ਸੀ?'' ਅੰਕਲ ਨੇ ਦੂਜਾ ਸਵਾਲ ਕੀਤਾ।
'ਮੈਂ ਵੀ ਉਸਨੂੰ ਇਹੋ ਪੁੱਛਿਆ ਸੀ। ਉਸ ਕਿਹਾ, 'ਉਹਨਾਂ ਦੇ ਪ੍ਰੇਮ-ਪੱਤਰ ਏਨੇ ਦਿਲਚਸਪ ਤੇ ਦਿਲਖਿੱਚ ਹੁੰਦੇ ਸੀ ਕਿ ਮੈਂ ਉਹਨਾਂ ਨੂੰ ਪਤਾ ਲੱਗਣ ਦਿੱਤੇ ਬਗ਼ੈਰ ਲਿਖਣ ਲੱਗਿਆਂ ਹੇਠਾਂ ਕਾਰਬਨ ਰੱਖ ਕੇ ਆਪਣੇ ਲਈ ਉਹਨਾਂ ਦੀ ਇਕ ਕਾਪੀ ਬਣਾਅ ਲੈਂਦੀ ਸਾਂ।' ''
''ਓ-ਅ, ਮੈਂ ਨਹੀਂ ਕਹਿੰਦਾ ਸਾਂ ਬਈ ਬੰਦੇ ਦਾ ਮਿਜਾਜ਼ ਬੜਾ ਹੀ ਆਸ਼ਕਾਨਾ ਸੀ।'' ਅੰਕਲ ਬੋਲੇ।
'ਉਹਨਾਂ ਸਖ਼ਤ ਮਿਹਨਤ ਕਰਕੇ ਤੇ ਗਰੀਬੀ 'ਚੋਂ ਉਪਰ ਚੁੱਕ ਕੇ ਸਾਨੂੰ ਕਿਤੋਂ ਦਾ ਕਿਤੇ ਪਹੁੰਚਾਅ ਦਿੱਤਾ।'' ਇੰਦਰ ਨੇ ਪਹਿਲਾਂ ਉਹਨਾਂ ਦੇ ਰਿਮਾਰਕ ਨੂੰ ਨਜ਼ਰ ਅੰਦਾਜ਼ ਕੀਤਾ, ਫੇਰ ਕਿਹਾ, ''ਸ਼ਾਇਦ ਤੁਸੀਂ ਠੀਕ ਹੀ ਕਹਿੰਦੇ ਹੋ—ਵਾਕਈ ਉਹਨਾਂ ਦਾ ਮਿਜਾਜ਼ ਬੜਾ ਆਸ਼ਿਕਾਨਾ ਸੀ।''
ਤੇ ਨਾਲ ਦੀ ਨਾਲ ਇੰਦਰ ਨੇ ਖ਼ਤਾਂ ਵਾਲੀ ਇਕ ਹੋਰ ਫਾਈਲ ਉਹਨਾਂ ਦੇ ਸਾਹਮਣੇ ਰੱਖ ਦਿੱਤੀ, ਜਿਹੜੀ ਉਹਨਾਂ ਕਾਰਬਨ ਕਾਪੀ ਖ਼ਤਾਂ ਦੀ ਅਸਲ ਕਾਪੀ ਸੀ—ਅਸਲ ਵਿਚ ਉਹ ਖ਼ਤ ਕਿਸੇ ਨੂੰ ਪੋਸਟ ਹੀ ਨਹੀਂ ਸਨ ਕੀਤੇ ਗਏ।
      ੦੦੦ ੦੦੦ ੦੦੦

Friday, July 23, 2010

ਜੀਵਨ ਕਥਾਵਾਂ ਵਿਚੋਂ, ---ਲਿਓ ਟਾਲਸਟਾਏ




ਖ਼ੁਦ ਤੋਂ ਫਰਾਰ ਹੋ ਕੇ ਜਾਵਾਂਗੇ ਕਿੱਥੇ , ਅਸੀਂ...?!

--- ਲਿਓ ਟਾਲਸਟਾਏ
ਪੇਸ਼ਕਸ਼ : ਅਨੁ.ਮਹਿੰਦਰ ਬੇਦੀ,ਜੈਤੋ
ਮੋਬਾਇਲ : 94177 30600.


ਉਹਨਾਂ ਦਿਨਾਂ ਦੀ ਯਾਦ ਮੇਰੇ ਅੰਦਰ ਭੈ, ਪੀੜ ਤੇ ਤਕਲੀਫ ਭਰ ਦਿੰਦੀ ਹੈ ਜਦੋਂ ਮੈਂ ਯੁੱਧ ਵਿਚ ਅਨੇਕਾਂ ਸੈਨਿਕਾਂ ਨੂੰ ਮਾਰਿਆ...ਬੇ-ਜ਼ਮੀਨੇ ਖੇਤ ਮਜ਼ਦੂਰਾਂ ਨੂੰ ਬਿਨਾਂ ਕਿਸੇ ਕਾਰਨ ਦੇ ਸਜ਼ਾਵਾਂ ਦਿੱਤੀਆਂ...ਇਹ ਉਹ ਦਿਨ ਸਨ ਜਦੋਂ ਮੈਂ ਅੱਯਾਸ਼ੀ ਤਾਂ ਕਰਦਾ ਹੀ ਸਾਂ ਲੋਕਾਂ ਨੂੰ ਧੋਖੇ ਵੀ ਦੇਂਦਾ ਹੁੰਦਾ ਸਾਂ। ਝੂਠ ਬੋਲਣ, ਲੁੱਟਾਂ ਖੋਹਾਂ ਕਰਨ ਤੇ ਨਸ਼ਿਆਂ ਵਿਚ ਮਸਤ ਰਹਿਣ ਤੋਂ ਲੈ ਕੇ ਹਰ ਕਿਸਮ ਦੇ ਮੰਦੇ-ਕਰਮ; ਮੁੱਕਦੀ ਗੱਲ ਇਹ ਕਿ ਅਜਿਹਾ ਕੋਈ ਵੀ ਅਪਰਾਧ ਨਹੀਂ ਸੀ, ਜਿਹੜਾ ਮੈਂ ਨਾ ਕੀਤਾ  ਹੋਵੇ। ਤਕਲੀਫ ਇਸ ਗੱਲ ਦੀ ਸੀ ਕਿ ਇਸ ਸਭ ਦੇ ਬਾਵਜ਼ੂਦ ਲੋਕ ਮੈਨੂੰ ਇਕ ਭਲਾ ਤੇ ਨੈਤਿਕ ਬੰਦਾ ਸਮਝਦੇ ਸਨ। ਇਹ ਜੀਵਨ ਮੈਨੂੰ ਲਗਭਗ ਦਸ ਸਾਲ ਜਿਊਂਣਾ ਪਿਆ...ਇਸੇ ਦੌਰਾਨ ਮੈਂ ਲਿਖਣਾ ਸ਼ੁਰੂ ਕੀਤਾ। ਮੇਰੀਆਂ ਲਿਖਤਾਂ ਉਹ ਵਿਚ ਸਭ ਕੁਝ ਓਵੇਂ ਦਾ ਜਿਵੇਂ ਹੀ ਹੁੰਦਾ ਸੀ, ਜਿਵੇਂ ਕਿ ਮੇਰੇ ਆਚਰਣ ਵਿਚ ਸੀ। ਕਿਉਂਕ ਮੈਂ ਪ੍ਰਸਿੱਧੀ ਤੇ ਪੈਸਾ ਕਮਾਉਣ ਖਾਤਰ ਲਿਖ ਰਿਹਾ ਸਾਂ, ਇਸ ਲਈ ਇਹ ਜ਼ਰੂਰੀ ਸੀ ਕਿ ਚੰਗਿਆਈਆਂ ਨੂੰ ਛਿਪਾਅ ਕੇ ਬੁਰਾਈਆਂ ਸਾਹਮਣੇ ਰੱਖੀਆਂ ਜਾਣ। ਤੇ ਮੈਂ ਇੰਜ ਹੀ ਕੀਤਾ...
ਆਪਣੇ ਦੇਸ਼ ਵਾਪਸ ਪਰਤ ਕੇ ਮੈਂ ਆਪਣੇ ਆਪ ਨੂੰ ਕਿਸਾਨਾਂ ਦੇ ਸਕੂਲ ਨਾਲ ਜੋੜ ਲਿਆ। ਇਹ ਕੰਮ ਮੈਨੂੰ ਇਸ ਕਰਕੇ ਚੰਗਾ ਲੱਗਾ ਕਿ ਮੈਨੂੰ ਉੱਥੇ ਝੂਠ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ...ਝੂਠ, ਜਿਹੜਾ ਪੱਕੇ ਤੌਰ 'ਤੇ ਮੇਰੇ ਅੰਦਰ ਬਿਰਾਜਮਾਨ ਸੀ। ਅਕਸਰ ਇਹ ਝੂਠ ਉਦੋਂ ਮੇਰੇ ਚਿਹਰੇ ਉੱਤੇ ਉਭਰ ਆਉਂਦਾ ਸੀ ਜਦੋਂ ਮੈਂ ਲੋਕਾਂ ਨੂੰ ਇਕ ਸਾਹਿਤਕਾਰ ਦੀ ਦ੍ਰਿਸ਼ਟੀ ਨਾਲ ਪੜ੍ਹਨ ਤੇ ਘੋਖਣ ਦੀ ਕੋਸ਼ਿਸ਼ ਕਰਦਾ ਸਾਂ। ਸੱਚ ਇਹ ਸੀ ਕਿ ਮੈਂ ਆਪਣੇ ਆਪ ਵਿਚ ਇਹ ਸੋਚਦਾ ਰਹਿੰਦਾ ਸਾਂ ਕਿ ਕੀ ਆਪਣੇ ਆਪ ਨੂੰ ਜਾਣੇ ਬਿਨਾਂ ਕਿਸੇ ਨੂੰ ਪੜ੍ਹਿਆ ਜਾਂ ਕੁਝ ਪੜ੍ਹਾਇਆ ਵੀ ਜਾ ਸਕਦਾ ਹੈ!?... ਮੈਂ ਆਪਣੀ ਆਤਮਾਂ ਦੀ ਗਹਿਰਾਈ ਤਕ ਇੰਜ ਮਹਿਸੂਸ ਕਰਦਾ ਸਾਂ ਕਿ ਮੈਂ ਕੁਝ ਵੀ ਅਜਿਹਾ ਨਹੀਂ ਲਿਖ ਜਾਂ ਦਸ ਸਕਦਾ ਜਿਹੜਾ ਉਦੇਸ਼ ਭਰਪੂਰ ਹੋਵੇ। ਤੇ ਇਸ ਦਾ ਸ਼ਾਇਦ ਇਕ ਕਾਰਣ ਇਹ ਵੀ ਸੀ ਕਿ ਮੈਨੂੰ ਆਪ ਨੂੰ ਉਦੇਸ਼ ਦੀ ਪੂਰੀ-ਪੱਕੀ ਸਮਝ ਵੀ ਨਹੀਂ ਸੀ...ਤੇ ਮੈਂ ਫੇਰ, ਦੂਸਰੀ ਵਾਰੀ ਖ਼ੁਦ ਕੁਝ ਸਿੱਖਣ ਲਈ, ਵਿਦੇਸ਼ ਚਲਾ ਗਿਆ।
...ਅਚਾਨਕ ਮੈਨੂੰ ਉੱਥੇ ਇਕ ਭਿਆਨਕ ਖ਼ਾਲੀਪਣ ਨੇ ਘੇਰ ਲਿਆ...ਕਈ ਪਲ ਤਾਂ ਅਜਿਹੇ ਵੀ ਆਏ ਜਦ ਮੈਨੂੰ ਲੱਗਿਆ ਮੈਂ ਬਿਲਕੁਲ ਟੁੱਟ ਚੁੱਕਿਆ ਹਾਂ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਉਂ ਜਿਊਂ ਰਿਹਾ ਹਾਂ ਤੇ ਕੀ ਕਰਣ ਲਈ ਜਿਊਂ ਰਿਹਾ ਹਾਂ! ਮੈਂ ਅਤਿ ਨਿਰਾਸ਼ਾਵਾਦੀ ਸਥਿਤੀਆਂ ਵਿਚ ਜਿਊਂ ਰਿਹਾ ਸਾਂ। ਟੁੱਟ-ਟੁੱਟ ਕੇ ਖਿੱਲਰਦੇ ਰਹਿਣ ਦੇ ਇਹ ਪਲ ਲਗਾਤਾਰ ਤੇ ਵਾਰ-ਵਾਰ ਇਕ ਵਿਸ਼ੇਸ਼ ਵਕਫ਼ੇ ਪਿੱਛੋਂ ਮਨ ਉੱਤੇ ਭਾਰੂ ਹੋਣ ਲੱਗਦੇ...ਜਿਵੇਂ ਕਿਸੇ ਲਿਖੇ ਕਾਗਜ਼ ਉੱਤੇ ਸਿਆਹੀ ਡਿੱਗ ਰਹੀ ਹੋਵੇ, ਐਨ ਉਸੇ ਤਰ੍ਹਾਂ ਮੇਰੇ ਦਿਮਾਗ਼ ਵਿਚ ਹਨੇਰਾ ਟਪਕਦਾ ਤੇ ਪਸਰਦਾ ਰਿਹਾ। ਹੁਣ ਮੈਨੂੰ ਜਚ ਗਿਆ ਸੀ ਕਿ ਇਹ ਸਭ ਕੁਝ ਬਿਨਾਂ ਕਿਸੇ ਕਾਰਣ ਦੇ ਨਹੀਂ ਸੀ ਹੋ ਰਿਹਾ।
ਅੰਦਰ ਮਨ ਵਿਚ ਉਠਦੇ ਹੋਏ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਹੋ ਗਿਆ—ਕਿਉਂਕਿ ਜਿਸ ਤਰ੍ਹਾਂ ਉਦੋਂ ਤਕ ਮੈਂ ਇਹਨਾਂ ਸਵਾਲਾਂ ਨੂੰ ਪਰ੍ਹਾਂ ਧਰੀਕਦਾ ਰਿਹਾ ਸਾਂ ਉਹਨਾਂ ਹਾਲਤਾਂ ਵਿਚ ਤਾਂ ਹੋ ਸਕਦਾ ਹੈ ਮੈਂ ਸਾਰੀ ਜ਼ਿੰਦਗੀ ਹੀ ਕੋਹਰੇ ਦੀ ਚਾਦਰ ਵਿਚੋਂ ਨਾ ਨਿਕਲ ਸਕਦਾ। ਮੈਨੂੰ ਲੱਗਿਆ, ਜੇ ਇਹਨਾਂ ਸਵਾਲਾਂ ਦਾ ਜਵਾਬ ਮੈਂ ਨਾ ਲੱਭ ਸਕਿਆ ਤਾਂ ਇਹ ਸਵਾਲ ਬਹੁਤੀ ਉਡੀਕ ਨਹੀਂ ਕਰਨਗੇ...ਪਰ ਉਤਰ ਸੱਚਮੁੱਚ ਮੇਰੇ ਕੋਲ ਨਹੀਂ ਸਨ। ਮੈਨੂੰ ਲੱਗਿਆ ਕਿ ਪੈਰਾਂ ਹੇਠਲੀ ਜ਼ਮੀਨ ਖਿਸਕ ਰਹੀ ਹੈ। ਆਪਣੇ ਅੰਤ ਨੂੰ ਨੇੜੇ ਆਉਂਦਿਆਂ ਦੇਖ ਕੇ ਮੈਂ ਸੱਚਮੁੱਚ ਘਬਰਾ ਗਿਆ ਸਾਂ ਤੇ ਇਹ ਮਹਿਸੂਸ ਕਰ ਰਿਹਾ ਸਾਂ ਕਿ ਸੱਚ ਇਹੀ ਹੈ, ਜੋ ਅੱਖਾਂ ਦੇ ਸਾਹਮਣੇ ਹੈ, ਬਾਕੀ ਸਭ ਝੂਠ ਹੈ, ਛਲ ਹੈ। ਮੇਰਾ ਜੀਵਨ ਇਕ ਵਿਸ਼ਰਾਮ-ਚਿੰਨ੍ਹ ਉੱਤੇ ਆ ਕੇ ਰੁਕ ਗਿਆ ਸੀ ਤੇ ਮੈਂ ਆਪਣੇ ਆਪ ਨੂੰ ਖ਼ਤਮ ਕਰ ਦੇਣ ਬਾਰੇ ਸੋਚਣ ਲੱਗ ਪਿਆ ਸਾਂ। ਲੱਗ ਰਿਹਾ ਸੀ, ਲੋਕ ਐਵੇਂ ਹੀ ਜੀਵਨ ਦੇ ਅਰਥ ਜਾਣਦੇ ਹੋਣ ਦੀ ਘੋਸ਼ਣਾ ਕਰਦੇ ਹੋਏ ਜਿਊਂ ਰਹੇ ਨੇ...ਆਪਣਾ ਅੰਤ ਕਰ ਦੇਣ ਦਾ ਵਿਚਾਰ ਦੇ ਮਨ ਵਿਚ ਆਉਂਦਿਆਂ ਹੀ ਮੈਂ ਅਤਿ ਦੁਖੀ ਹੋ ਜਾਂਦਾ। ਇਹੀ ਮੇਰੇ ਲਈ ਈਸ਼ਵਰ ਦੀ ਖੋਜ ਸੀ। ਅਸਲ ਵਿਚ ਇਹ ਖੁੱਲ੍ਹੀਆਂ ਅੱਖਾਂ ਵਿਚ ਜਨਮੀਂ ਭਾਵਨਾਂ ਸੀ। ਅਚਾਨਕ ਹੀ ਮੈਂ ਆਪਣੇ ਆਪ ਨੂੰ ਕਿਹਾ, 'ਠੀਕ ਹੈ...ਈਸ਼ਵਰ ਨਹੀਂ ਹੈ, ਤੇ ਨਾ ਹੀ ਅਜਿਹੀ ਕੋਈ ਹੋਰ ਸ਼ਕਤੀ...ਜਿਹੜੀ ਮੇਰੀ ਕਲਪਣਾ ਤੋਂ ਪਰ੍ਹੇ ਹੋਵੇ। ਬਲਕਿ ਇਹ ਸਭ ਮੇਰੀ ਜ਼ਿੰਦਗੀ ਦੀ ਹਕੀਕਤ ਹੈ। ਮੇਰੇ ਅੰਦਰੋਂ ਆਵਾਜ਼ ਆਈ—ਹੋਰ ਤੂੰ ਕੀ ਪਾਉਣਾ ਚਾਹੁੰਦਾ ਹੈਂ? ਇਹ ਉਹੀ ਹੈ, ਜਿਸਦੇ ਬਿਨਾਂ ਕੋਈ ਜਿਊਂ ਨਹੀਂ ਸਕਦਾ। ਈਸ਼ਵਰ ਨੂੰ ਜਾਣਨਾ ਤੇ ਜਿਊਣਾ ਇਕੋ ਗੱਲ ਹੈ।
     ੦੦੦ ੦੦੦ ੦੦੦
   

ਜੀਵਨ ਕਥਾਵਾਂ ਵਿਚੋਂ, ---ਰਵਿੰਦਰ ਨਾਥ ਠਾਕੁਰ


      ਖ਼ੁਦ ਤੋਂ ਫਰਾਰ ਹੋ ਕੇ ਜਾਵਾਂਗੇ ਕਿੱਥੇ , ਅਸੀਂ...?!

---ਰਵਿੰਦਰ ਨਾਥ ਠਾਕੁਰ
ਪੇਸ਼ਕਸ਼ : ਅਨੁ.ਮਹਿੰਦਰ ਬੇਦੀ, ਜੈਤੋ
ਮੋਬਾਇਲ : 94177 30600.


ਜਦੋਂ ਮੈਂ ਮਾਂ ਨੂੰ ਦੱਸਿਆ ਸੀ ਕਿ ਅੱਜ ਕੱਲ੍ਹ ਮੈਂ ਪਿਤਾ ਕੋਲੋਂ, ਬਾਲਮੀਕ ਦੀ ਲਿਖੀ ਹੋਈ, ਮੂਲ ਰਾਮਾਇਣ ਪੜ੍ਹ ਰਿਹਾ ਹਾਂ ਤਾਂ ਸੁਣ ਕੇ ਉਹ ਮੈਨੂੰ ਆਪਣਾ ਬੜਾ ਲਾਇਕ ਪੁੱਤਰ ਸਮਝੀ ਸੀ ਤੇ ਆਪਣੇ ਆਪ ਨੂੰ ਧੰਨ ਮੰਨਦੀ ਹੋਈ ਬੋਲੀ ਸੀ, ''ਬਈ ਵਾਹ, ਉਸ ਰਮਾਇਣ ਵਿਚੋਂ ਮੈਨੂੰ ਵੀ ਤਾਂ ਕੁਝ ਸੁਣਾ।''
ਦਰਅਸਲ ਉਸ ਰਮਾਇਣ ਦਾ ਅਧਿਅਨ ਮੈਂ ਨਾਂਅ-ਮਾਤਰ ਹੀ ਕੀਤਾ ਸੀ। ਬਸ, ਸੰਸਕ੍ਰਿਤ ਦੀ ਕਿਤਾਬ ਵਿਚ ਦਿੱਤੀਆਂ ਹੋਈਆਂ ਰਮਾਇਣ ਦੀਆਂ ਖਾਸ-ਖਾਸ ਟੂਕਾਂ ਹੀ ਪੜ੍ਹੀਆਂ ਹੋਈਆਂ ਸਨ ਤੇ ਜਿਹੜੀਆਂ ਪੂਰੀ ਤਰ੍ਹਾਂ ਮੇਰੇ ਪੱਲੇ ਵੀ ਨਹੀਂ ਸਨ ਪਈਆਂ, ਪਰ ਜਦੋਂ ਮੈਂ ਇਸ ਭਾਗ ਨੂੰ ਦੁਬਾਰਾ ਦੇਖਿਆ ਤਾਂ ਇੰਜ ਲੱਗਿਆ ਜਿਵੇਂ ਥੋੜ੍ਹਾ-ਬਹੁਤਾ ਜੋ ਵੀ ਜਾਣਦਾ ਸਾਂ, ਉਹ ਵੀ ਭੁੱਲ ਗਿਆ ਹੈ। ਮੈਂ ਇਸ ਭਰਮ ਵਿਚ ਸਾਂ ਕਿ ਮੈਨੂੰ ਸਭ ਕੁਝ ਯਾਦ ਹੈ, ਪਰ ਸਥਿਤੀ ਯਕਦਮ ਵਿਪਰੀਤ ਸੀ।...ਤੇ ਮੈਂ ਆਪਣੇ ਇਕਲੌਤੇ ਪੁੱਤਰ ਦੀ ਬੁੱਧੀ ਦਾ ਪ੍ਰਾਕਰਮ ਦੇਖਣ ਦੀ ਇੱਛੁਕ ਮਾਂ ਨੂੰ ਇਹ ਦੱਸਣ ਦਾ ਹੀਆ ਨਹੀਂ ਸੀ ਕਰ ਸਕਿਆ ਕਿ ਉਸਦਾ ਪੁੱਤਰ ਪੜ੍ਹਿਆ-ਗੁਣਿਆਂ ਸਭ ਕੁਝ ਭੁੱਲ ਗਿਆ ਹੈ...ਮਾਂ ਨੂੰ ਜੋ ਕੁਝ ਵੀ ਮੈਂ ਸੁਣਾਇਆ ਤੇ ਜਿਸ ਤਰ੍ਹਾਂ ਦੀ ਵਿਆਖਿਆ ਕੀਤੀ ਉਹ ਅਸਲ ਵਿਚ ਮਹਾਰਿਸ਼ੀ ਬਲਮੀਕ ਦੇ ਅਰਥਾਂ ਨਾਲ ਬਿਲਕੁਲ ਵੀ ਮੇਲ ਨਹੀਂ ਸੀ ਖਾਂਦੀ। ਮੈਂ ਸਮਝਦਾ ਹਾਂ ਕਿ ਮਾਤਾ ਤੋਂ ਪ੍ਰਸੰਸ਼ਾ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਬਾਲਕ ਦੇ ਹੌਸਲੇ ਉਪਰ ਕੋਮਲ ਹਿਰਦੇ ਵਾਲੇ ਮਹਾਰਿਸ਼ੀ ਬਾਲਮੀਕੀ ਨੇ ਤਾਂ ਜ਼ਰੂਰ ਕ੍ਰਿਪਾ ਕੀਤੀ ਹੋਵੇਗੀ ਤੇ ਉਸਨੂੰ ਮੁਆਫ਼ ਵੀ ਕਰ ਦਿੱਤਾ ਹੋਏਗਾ...ਪਰ ਮਾਣ-ਅਭਿਮਾਣ ਭੰਗ ਕਰਨ ਵਾਲੇ ਮਧੁਸੂਦਨ (ਕ੍ਰਿਸ਼ਨ ਭਗਵਾਨ) ਨੇ ਮੁਆਫ਼ ਨਹੀਂ ਕੀਤਾ ਹੋਏਗਾ...
ਮੈਂ ਕੁਝ ਵੱਡਾ ਹੋਇਆ ਤਾਂ ਮੈਨੂੰ ਜ਼ਿਮੀਂਦਾਰੇ ਦੀ ਨਿਗਰਾਨੀ ਕਰਨ ਲਾ ਦਿੱਤਾ ਗਿਆ। ਪਿਤਾ ਜੀ ਦੀਆਂ ਅੱਖਾਂ ਕੁਝ ਕਮਜ਼ੋਰ ਹੋ ਚੱਲੀਆਂ ਸਨ। ਇਸ ਲਈ ਹਰ ਮਹੀਨੇ ਦੀ ਦੂਜੀ ਤੇ ਤੀਜੀ ਤਾਰੀਖ਼ ਨੂੰ ਮੈਨੂੰ ਜਮ੍ਹਾਂ-ਖਰਚ ਦਾ ਹਿਸਾਬ ਤਿਆਰ ਕਰਕੇ ਪਿਤਾ ਜੀ ਨੂੰ, ਪੜ੍ਹ ਕੇ, ਸੁਣਾਉਣਾ ਪੈਂਦਾ ਸੀ। ਪਹਿਲਾਂ ਤਾਂ ਹਰ ਖਾਤੇ ਦੇ ਜੋੜ ਦੀ ਰਕਮ ਦੱਸਦਾ, ਫੇਰ ਜਿਸ ਕਲਮ ਉੱਤੇ ਉਹਨਾਂ ਨੂੰ ਸ਼ੰਕਾ ਹੁੰਦੀ ਉਸਦੀ ਤਫ਼ਸੀਲ ਪੜ੍ਹ ਕੇ ਸੁਣਾਉਣ ਦਾ ਹੁਕਮ ਮਿਲਦਾ। ਇਸ ਸਮੇਂ ਮੈਂ ਉਹਨਾਂ ਨੂੰ ਉਹੀ ਖਰਚੇ ਦੱਸਦਾ ਸਾਂ ਜਿਹੜੇ ਉਹਨਾਂ ਨੂੰ ਠੀਕ ਲੱਗਦੇ ਹੁੰਦੇ ਸਨ। ਨਾਪਸੰਦ ਖਰਚਿਆਂ ਨੂੰ ਟਾਲ ਕੇ ਝੱਟ ਦੂਜੀ ਕਲਮ ਪੜ੍ਹਨ ਲੱਗਦਾ...ਪਰ ਇਹ ਗੱਲ ਬਹੁਤਾ ਚਿਰ ਉਹਨਾਂ ਤੋਂ ਛਿਪੀ ਨਾ ਰਹਿੰਦੀ ਤੇ ਮੈਨੂੰ ਮਹੀਨੇ ਦੀ ਸ਼ੁਰੂਆਤ ਦੇ ਦਿਨ ਪ੍ਰੇਸ਼ਾਨੀ ਵਿਚ ਬਿਤਾਉਣੇ ਪੈਂਦੇ ਰਹੇ...
ਹੁਣ ਮੈਂ ਸਾਹਿਤਕ ਸਮਾਲੋਚਕਾਂ ਦੇ ਵਿਚਕਾਰ ਤਾਲ-ਸੁਰ ਦੇ ਪ੍ਰੰਪਰਾਗਤ ਨਿਯਮਾਂ ਨੂੰ ਇਕ ਪਾਸੇ ਰੱਖ ਕੇ ਨਵੇਂ ਨਿਯਮਾਂ ਨੂੰ ਚਲਾਉਣ ਤੇ ਤੋਤਲਾ ਗਾਉਣ ਵਾਲੇ ਦੇ ਰੂਪ ਵਿਚ ਪ੍ਰਸਿੱਧ ਹੋ ਗਿਆ ਸਾਂ। ਮੇਰੇ ਉੱਤੇ ਇਹ ਇਲਜ਼ਾਮ ਸੀ ਕਿ ਮੇਰੇ ਲੇਖ ਸਪਸ਼ਟ ਨਹੀਂ ਹੁੰਦੇ। ਉਦੋਂ ਭਾਵੇਂ ਇਹ ਇਲਜ਼ਾਮ ਮੈਨੂੰ ਚੰਗੇ ਨਹੀਂ ਸੀ ਲੱਗਦੇ, ਪਰ ਇੰਜ ਲੱਗਦਾ ਹੈ ਕਿ ਉਹ ਆਧਾਰਹੀਣ ਵੀ ਨਹੀਂ ਸਨ। ਦਰਅਸਲ ਕਾਵਿ ਜਗਤ ਵਿਚ ਅਨੁਭਵ ਦਾ ਬਲ ਨਹੀਂ ਸੀ।
ਤੇ ਹੁੰਦਾ ਵੀ ਕਿੰਜ ਵੱਖਰੀ ਹੋ ਸਕਦੀ ਹੈ...ਜਦਕਿ ਬਚਪਨ ਤੋਂ ਹੀ ਮੇਰੀ ਹਾਲਤ ਇਕੱਲ ਵਿਚ ਕੈਦੀ ਬਣਾ ਕੇ ਰੱਖੇ ਗਏ ਇਨਸਾਨ ਵਰਗੀ ਰਹੀ ਸੀ।
     ੦੦੦ ੦੦੦ ੦੦੦
   

Thursday, July 22, 2010

ਚੰਦਰ-ਬਿੰਦੂ...:: ਲੇਖਕਾ : ਮਹੁਆ ਮਾਜੀ



ਲੇਖਕਾ : ਮਹੁਆ ਮਾਜੀ




ਹਿੰਦੀ ਕਹਾਣੀ :
ਚੰਦਰ-ਬਿੰਦੂ...
ਲੇਖਕਾ : ਮਹੁਆ ਮਾਜੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮੇਨਕਾ ਵਿਸ਼ਵਾ ਮਿੱਤਰ ਦੀ ਮਿਥੁਨ-ਰਤ, ਆਦਮ-ਕੱਦ, ਪੱਥਰ ਦੀ ਮੂਰਤੀ। ਮੋਨੋਲਿਥਕ—ਮੇਡ ਇਨ ਸਿੰਗਲ ਸਟੋਨ। ਐਨ ਸਿਰ ਦੇ ਉੱਪਰ...ਆਸਮਾਨ ਦੇ ਹੇਠ! 'ਦ ਲੈਂਗਵੇਜ਼ ਆੱਫ ਮੈਨ ਇਜ਼ ਹੇਯਰ ਡਿਫੀਟੇਡ ਬਾਯ ਦੀ ਲੈਂਗਵੇਜ਼ ਆੱਫ ਸਟੋਨ!' (ਆਦਮੀ ਦੀ ਭਾਸ਼ਾ ਉੱਪਰ ਪੱਥਰ ਦੀ ਜ਼ੁਬਾਨ ਭਾਰੂ ਹੈ ਇੱਥੇ।) ਕਦੀ ਇਸੇ ਗਲਿਆਰੇ ਵਿਚ ਖਲੋ ਕੇ ਰਵਿੰਦਰਨਾਥ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਸੀ। ਸੱਤ ਘੋੜਿਆਂ ਤੇ ਦੋ ਦਰਜਨ ਪਹੀਆਂ ਵਾਲੇ ਸੈਂਡ-ਸਟੋਨ ਰਥ ਉੱਪਰ ਸਵਾਰ ਸੂਰਜ ਦੇਵ ਦੇ ਇਸ ਪੁਰਾਤਨ ਮੰਦਰ ਦੀਆਂ ਕੰਧਾਂ, ਸੈਂਕੜੇ ਛੋਟੀਆਂ-ਵੱਡੀਆਂ ਕਲਾ-ਕ੍ਰਿਤਾਂ ਨਾਲ ਭਰੀਆਂ ਹੋਈਆਂ ਨੇ। ਕੋਣਾਰਕ ਰੈਂਕਸ ਅਨਰਾਇਵੇਲਡ ਇਨ ਦ ਡੋਮੇਨ ਆੱਫ ਰੋਮਾਂਟਿਕ ਆਰਟ! ਵਿਸ਼ਵ ਪ੍ਰਸਿੱਧ ਕਲਾ-ਪਾਰਖੂਆਂ ਦੀ ਰਾਏ ਸੁਣਾ ਰਿਹਾ ਸੀ ਗਾਈਡ, “ਇਹਨੂੰ ਸੰਸਾਰ ਦਾ ਗ੍ਰੇਟ ਵੰਡਰ ਮੰਨਿਆਂ ਜਾਂਦਾ ਏ ਮੈਡਮ! ਕਹਿੰਦੇ ਨੇ...”
“...ਕ੍ਰਿਸ਼ਨ ਦੀ ਪਤਨੀ ਦੇ ਇਸਨਾਨ ਘਰ ਵਿਚ ਪ੍ਰਵੇਸ਼ ਕਰਨ ਦੇ ਜੁਰਮ ਵਿਚ ਰਾਜੇ ਸਾਂਭ ਨੂੰ ਕ੍ਰਿਸ਼ਨ ਦੇ ਦਿੱਤੇ ਸ਼ਰਾਪ ਦਾ ਨਤੀਜਾ ਏ ਇਹ ਵਿਸ਼ਾਲ ਮੰਦਰ, ਹੈ-ਨਾ?”
“ਹਾਂ ਮੈਡਮ! ਕੋੜ੍ਹ ਤੋਂ ਪੀੜਤ ਰਾਜੇ ਸਾਂਭ ਨੇ ਪੁਰੀ ਦੇ ਇਸ ਪੂਰਬੀ-ਉਤਰੀ ਸਮੰਦਰ-ਤਟ ਉੱਪਰ ਸੂਰਜ ਦੇਵ ਦੀ ਆਰਾਧਨਾਂ ਕਰਕੇ ਹੀ ਤਾਂ ਪਾਪ ਮੁਕਤ ਹੋਣਾ ਸੀ। ਤਦੇ ਤਾਂ...”
ਕੀ ਉਸ ਯੁੱਗ ਦੀਆਂ, ਤੇਰ੍ਹਵੀਂ ਸਦੀ ਦੀਆਂ, ਔਰਤਾਂ ਵੀ ਮਾਡਲਿੰਗ ਕਰਦੀਆਂ ਸਨ, ਉਸੇ ਵਾਂਗਰ? ਨਿਊਡ ਮਾਡਲਿੰਗ? ਵੱਖੋ-ਵੱਖ ਮੁਦਰਾਵਾਂ ਵਿਚ ਖੁਦੀਆਂ ਕਲਾ-ਕ੍ਰਿਤਾਂ ਨੇ ਉਸ ਅੰਦਰ ਜੁਗਿਆਸਾ ਤਾਂ ਜਗਾ ਦਿੱਤੀ...ਪਰ ਇਹ ਪੁੱਛਣ ਦੀ ਹਿੰਮਤ ਨਹੀਂ ਸੀ ਕਰ ਸਕੀ ਉਹ। ਪਤੀ ਦੇਵ ਕੋਲ ਖਲੋਤੇ ਨੇ...ਜੇ ਉਹ ਕੁਛ ਹੋਰ ਈ ਸਮਝ ਬੈਠੇ ਫੇਰ?...ਕਿ ਦਫ਼ਤਰ ਜਾਣ ਦੇ ਬਹਾਨੇ ਪੂਰੇ ਤਿੰਨ ਮਹੀਨੇ ਤੀਕ ਆਰਟ ਕਾਲੇਜ ਦੇ ਸਟੂਡੀਓ ਵਿਚ ਨਿਊਡ ਮਾਡਲਿੰਗ ਕਰਦੀ ਰਹੀ ਹੈ ਉਹ...ਕਿ ਕਈ ਕਈ ਜੋੜੀ ਨੌਜਵਾਨ ਅੱਖਾਂ ਸਾਹਮਣੇ ਆਰਟ ਆੱਬਜੈਕਟ ਬਣਦੀ ਰਹੀ ਹੈ, ਨਿਸੰਗ...
ਪਹਿਲੇ ਦਿਨ ਕੱਪੜੇ ਲਾਹ ਕੇ ਚੇਂਜ ਰੂਮ ਵਿਚੋਂ ਸਟੂਡੀਓ ਵਿਚ ਜਾਣ ਲੱਗਿਆਂ ਆਪਣੀ ਦੇਹ ਦੇ ਗੁਪਤ ਅੰਗਾਂ ਨੂੰ ਕੱਪੜੇ ਦੀਆਂ ਟਾਕੀਆਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਸੀ ਉਸਨੇ। ਪਰ ਅਧਿਆਪਕ ਦੀ ਕੋਰੀਵਾਣੀ ਦੀ ਫੁਆਰ ਪਈ ਸੀ...“ਕੈਬਰੇ ਡਾਂਸਰ ਨਹੀਂ ਓ ਤੁਸੀਂ ਕਿ ਸਟੇਜ ਉੱਤੇ ਕੱਪੜੇ ਲਾਹ-ਲਾਹ ਕੇ ਦਰਸ਼ਕਾਂ ਨੂੰ ਉਤੇਜਿਤ ਕਰੋ। ਨਿਊਡ ਮਾਡਲਿੰਗ ਵਿਚ ਸਟੂਡੀਓ 'ਚ ਪ੍ਰਵੇਸ਼ ਕਰਦਿਆਂ ਹੋਇਆਂ ਇਕ ਤੰਦ ਵੀ ਨਹੀਂ ਹੋਣੀ ਚਾਹੀਦੀ ਪਿੰਡੇ ਉੱਪਰ। ਵਿਦਿਆਰਥੀਆਂ ਸਾਹਮਣੇ ਇਕ-ਇਕ ਕਰਕੇ ਕੱਪੜੇ ਲਾਹੁਣ ਦੀ ਮਨਾਹੀ ਏ—ਡੋਲ ਸਕਦੇ ਨੇ ਉਹ। ਕਾਮ ਵਾਸਨਾਂ ਜਾਗ੍ਰਿਤ ਹੋ ਸਕਦੀ ਏ ਉਹਨਾਂ ਵਿਚ। ਇਹ ਨਾ ਭੁੱਲੋ ਕਿ ਤੁਸੀਂ ਸਿਰਫ ਇਕ ਆੱਬਜੈਕਟ ਦੇ ਰੂਪ ਵਿਚ ਪੇਸ਼ ਹੋਣਾ ਏਂ। ਉਹਨਾਂ ਦੇ ਮਨ ਵਿਚ ਬਿਨਾਂ ਕੋਈ ਐਸੀ-ਵੈਸੀ ਭਾਵਨਾਂ ਜਗਾਇਆਂ...ਜਿਵੇਂ ਇਕ ਸਰਜਨ ਸਾਹਮਣੇ ਆੱਪ੍ਰੇਸ਼ਨ ਟੇਬਲ ਉੱਪਰ ਪਏ ਮਰੀਜ਼ ਦੀ ਦੇਹ। ਜਿਵੇਂ ਕਿ...”
ਥਰੀ ਡਾਯਮੈਂਸ਼ਨਲ ਕੰਟ੍ਰੋਲਡ ਫ਼ੋਕਸ ਲਾਈਟ ਵਿਚ ਘਿਰੀ ਉਹ, ਉਸ ਪਹਿਲੇ ਦਿਨ ਹੀ ਮਹਾਨ ਫਰਾਂਸੀਸੀ ਕਲਾਕਾਰ ਰਾੱਦਾਂ ਨੂੰ ਦੂਹਰਾਉਂਦੇ ਅਧਿਆਪਕ ਦੀਆਂ ਦਲੀਲਾਂ-ਉਦਾਹਰਣਾ ਪਿਘਲੇ ਹੋਏ ਸ਼ੀਸ਼ੇ ਵਾਂਗ ਆਪਣੀ ਸੁਣਨ-ਇੰਦਰੀ ਰਾਹੀਂ ਗ੍ਰਹਿਣ ਕਰ ਰਹੀ ਸੀ—ਐਨ 'ਆੱਬਜੈਕਟ' ਇਜ਼ ਬਾਥ ਇਨ ਲਾਈਟ ਐਂਡ ਐਨਵੇਲਾਪਡ ਇਨ ਐਟਮੋਸਫੀਅਰ, ਕ੍ਰਿਯੇਟਸ ਅ ਸਕਲਪਚਰ...
ਫੇਰ ਉਹੀ ਆੱਬਜੈਕਟ? ਨਹੀਂ, ਉਹ ਸਿਰਫ ਆੱਬਜੈਕਟ ਬਣਨ ਖਾਤਰ ਨਹੀਂ ਆਈ ਇੱਥੇ...

ਮੰਦਰ ਦੀ ਕੰਧ ਉੱਤੇ ਲੱਗੇ ਛੋਟੇ ਜਿਹੇ ਚੌਕੋਰ ਪੱਥਰ ਉੱਪਰ ਉੱਕਰੇ ਦ੍ਰਿਸ਼ ਵੱਲ ਧਿਆਨ ਦਿਵਾਅ ਰਿਹਾ ਸੀ ਗਾਈਡ। ਨਿੱਘੀ ਗਲਵੱਕੜੀ ਵਿਚ ਮਸਤ ਕਿਸੇ ਜੋੜੇ ਦੇ ਪੈਰੀਂ ਪੈ ਰਹੀ ਇਕ ਔਰਤ। 'ਆਪਣੇ ਪਤੀ ਨੂੰ ਪਰਾਈ ਔਰਤ ਦੇ ਜਾਲ ਵਿਚੋਂ ਮੁਕਤ ਕਰਵਾਉਣ ਦੀ ਇਕ ਕੋਸ਼ਿਸ਼। ਪੈਰ ਫੜ੍ਹ ਕੇ ਪ੍ਰਾਰਥਨਾਂ ਕਰ ਰਹੀ ਹੈ। ਪਰ ਦੋਹੇਂ ਬਿਲਕੁਲ ਨਿਰਵਿਕਾਰ ਨੇ। ਦੇਖੋ ਜ਼ਰਾ, ਕਿ ਉਸਦਾ ਪਤੀ ਆਪਣੀ ਪਤਨੀ ਦੀ ਪ੍ਰਵਾਹ ਕੀਤੇ ਬਗ਼ੈਰ ਕਿੰਜ ਮੰਤਰ-ਮੁਗਧ ਹੋ ਕੇ ਆਪਣੀਆਂ ਬਾਹਾਂ ਵਿਚ ਸਮਾਈ ਪ੍ਰਮਿਕਾ ਵੱਲ ਤੱਕ ਰਿਹਾ ਹੈ...'

ਗਾਈਡ ਦੀਆਂ ਗੱਲਾਂ ਨੇ ਬੇਚੈਨ ਕਰ ਦਿੱਤਾ ਸੀ ਉਸਨੂੰ। ਜ਼ਰਾ ਕੁ ਅੱਖ ਭੁੰਆ ਕੇ ਉਸਨੇ ਆਪਣੇ ਪਤੀ ਦੇਵ ਵੱਲ ਵੇਖਿਆ।  ਉਹ ਉਸ ਨਾਲ ਅੱਖ ਨਹੀਂ ਸੀ ਮਿਲਾ ਸਕੇ। ਤੁਰੰਤ ਕੋਈ ਬੇਮੇਲ ਜਿਹਾ ਸਵਾਲ ਪੁੱਛ ਕੇ ਗਾਈਡ ਨੂੰ ਇਕ ਦੂਜੇ ਦ੍ਰਿਸ਼ ਵਿਚ ਉਲਝਾ ਦਿੱਤਾ। ਪਰ ਉਹ ਨਹੀਂ ਨਿਕਲ ਸਕੀ, ਪਹਿਲੇ ਦ੍ਰਿਸ਼ ਵਿਚੋਂ। ਲੱਭਦੀ ਰਹੀ ਤੇਰ੍ਹਵੀਂ ਸਦੀ ਦੀ ਮਿੰਨਤਾਂ ਕਰਦੀ ਔਰਤ ਦੇ ਪਤੀ ਦੀਆਂ ਅੱਖਾਂ ਵਿਚ ਉਸਦੀ ਪਤਨੀ ਲਈ ਪ੍ਰੇਮ-ਖਿੱਚ। ਉਹੀ ਪ੍ਰੇਮ-ਖਿੱਚ ਜਿਸਦੇ ਮੋਹ-ਵੱਸ ਕਦੀ ਉਸਨੇ—ਇੱਕਵੀਂ ਸਦੀ ਦੀ ਇਕ ਔਰਤ ਨੇ—ਜਬਰਨ ਪੇਕਿਆਂ ਦੀ ਦਹਿਲੀਜ਼ ਲੰਘੀ ਸੀ। ਪਰ ਪ੍ਰੇਮ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸ ਪ੍ਰੇਮ-ਖਿੱਚ ਦਾ ਰੁਖ਼ ਆਪਣੀ ਸਭ ਤੋਂ ਪਿਆਰੀ ਸਹੇਲੀ ਵੱਲ ਹੁੰਦਾ ਦੇਖ ਕੇ ਧੁਰ ਅੰਦਰ ਤੱਕ ਹਿੱਲ ਗਈ ਸੀ ਉਹ। ਸ਼ਾਇਦ ਇਸ ਪੱਥਰ ਉੱਤੇ ਉੱਕਰੀ ਔਰਤ ਵਾਂਗ ਹੀ। ਸ਼ਾਇਦ ਯੁੱਗਾਂ-ਯੁੱਗਾਂ ਤੋਂ ਠੱਗੀ ਜਾ ਰਹੀ ਹਰੇਕ ਪਤੀ-ਵਰਤਾ ਔਤਰ ਵਾਂਗ ਵੀ।
ਕਾਫੀ ਰੌਲਾ-ਰੱਟਾ, ਚੀਕ-ਚਿਹਾੜਾ ਪਾਉਣ ਪਿੱਛੋਂ ਸੁਧਰਣ ਦਾ ਇਕ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੇ, ਪਰ ਉਸਦੀ ਮਿਆਦ ਬੜੀ ਥੋੜ੍ਹੀ ਨਿਕਲੀ ਸੀ। ਕਦੀ ਕਿਸੇ ਦੋਸਤ ਦੀ ਪਤਨੀ, ਕਦੀ ਦਫ਼ਤਰ ਦੀ ਸਟੈਨੋ, ਕਦੀ ਕਿਸੇ ਗੁਆਂਢੀ ਦੀ ਮੁਟਿਆਰ ਜਾਂ ਨਵੀਂ ਵਿਆਹੀ ਦੇ ਪ੍ਰਤੀ ਆਪਣੇ ਹਿੱਸੇ ਦੀ ਪ੍ਰੇਮ-ਖਿੱਚ ਨੂੰ ਵਾਰੀ-ਵਾਰੀ ਡੋਲਦਿਆਂ ਦੇਖ ਕੇ ਧੁਰ ਅੰਦਰ ਤੱਕ ਜ਼ਖ਼ਮੀ ਹੁੰਦੀ ਰਹੀ ਸੀ ਉਹ, ਅਪਮਾਣ ਵੱਸ ਛਟਪਟਾਉਂਦੀ ਰਹੀ ਸੀ, ਆਪਣੇ ਪ੍ਰਤੀ ਹੀਣ-ਭਾਵਨਾ ਵਿਚ ਗਰਕ ਹੁੰਦੀ ਗਈ ਸੀ...। ਕੀ ਕਮੀ ਹੈ ਉਸ ਵਿਚ? ਕੀ ਉਹ ਸੁੰਦਰ ਨਹੀਂ? ਦਿਲਕਸ਼ ਨਹੀਂ? ਸ਼ੀਸ਼ੇ ਸਾਹਵੇਂ ਖਲੋ ਕੇ ਆਪਣੀ ਦੇਹ ਦੇ ਹਰੇਕ ਕੱਟ, ਹਰ ਉਭਾਰ, ਨੂੰ ਦੇਖਦੀ ਰਹਿੰਦੀ। ਲੰਮੀ-ਝੰਮੀ ਦੇਹ! ਸੁਰਾਹੀਦਾਰ ਗਰਦਨ! ਗਰਦਨ ਦੇ ਐਨ ਹੇਠਾਂ ਦਿਲਕਸ਼ ਕਾਲਰ-ਬੋਨ! ਸੀਨੇ ਉੱਪਰ ਕਿਸੇ ਅੱਲੜ੍ਹ ਮੁਟਿਆਰ ਵਰਗੇ ਮਾਸੂਮ ਉਭਾਰ! ਰੈਂਪ ਉੱਤੇ ਕੈਟ-ਵਾਕ ਕਰਦੀਆਂ ਸੰਸਾਰ ਪ੍ਰਸਿੱਧ ਮਾਡਲਜ਼ ਨੂੰ ਦੇਖ-ਦੇਖ ਅਧੁਨਿਕ ਸੰਦਰਤਾ ਦੇ ਪੈਮਾਨੇ ਤੋਂ ਵਾਕਿਫ਼ ਹੋਈ-ਹੋਈ ਸੀ ਉਹ। ਇਹ ਕਾਲੀ ਦਾਸ ਦੇ ਕੁਮਾਰਸੰਭਵਮ ਦਾ ਜ਼ਮਾਨਾ ਤਾਂ ਹੈ ਨਹੀਂ ਸੀ ਕਿ ਕੋਈ ਪੁੱਛੇ ਬਈ ਉਮਾ ਵਾਂਗਰ ਗਦਰਾਈਆਂ ਛਾਤੀਆਂ ਕਿੱਥੇ ਨੇ ਤੇਰੇ ਕੋਲ, ਜਿਹਨਾਂ ਵਿਚਕਾਰ ਕਮਲ-ਨਾੜ ਟੁੰਗਣ ਦੀ ਜਗ੍ਹਾ ਵੀ ਨਹੀਂ ਹੁੰਦੀ? ਜਾਂ ਫੇਰ ਦਾਦੀ, ਨਾਨੀ ਦੇ ਜ਼ਮਾਨੇ ਦੇ ਉਹ ਘੁੰਘਰਾਲੇ ਵਾਲ ਤੇ ਉੱਪਰੋਂ ਹੇਠ ਤੀਕ ਗੋਲ-ਮਟੋਲ ਜਿਹੀ ਦੇਹ ਦਾ ਫੈਸ਼ਨ, ਜਿਸ ਵਿਚ ਚਿਹਰੇ ਤੋਂ ਲੈ ਕੇ ਕੁਹਣੀਆਂ ਤੱਕ ਛਤੀਆਂ ਤੇ ਹੇਠਾਂ ਕੁਹਲਿਆਂ ਤਕ, ਗੋਲ-ਮਟੋਲ ਮਾਂਸਲ ਸੁੰਦਰਤਾ ਦੀ ਚਾਹਤ!
ਪਤੀ ਨਾਮਧਾਰੀ ਉਸ ਜੀਵ ਦੇ ਨਾਕਾਰ-ਆਤਮਕ ਵਤੀਰੇ ਕਰਕੇ ਉਸ ਨਾਲ ਘਿਰਣਾ ਕਰਨ ਦੀ ਇੱਛਾ ਹੁੰਦੀ ਪਰ ਹੈਰਾਨੀ ਕਿ ਇਹਨਾਂ ਸਾਰੀਆਂ ਬਗ਼ਾਵਤਾਂ ਦੇ ਬਾਵਜੂਦ ਉਹਨਾਂ ਪ੍ਰਤੀ ਪ੍ਰੇਮ ਵਧਦਾ ਹੀ ਰਿਹਾ। ਪਹਿਲਾਂ ਨਾਲੋਂ ਵੱਧ ਹੋਰ ਵਧੇਰੇ ਪਜ਼ੇਸਿਵ ਹੁੰਦੀ ਗਈ ਉਹ। ਹੈਰਾਨੀ ਵਾਲੀ ਗੱਲ ਤਾਂ ਇਹ ਵੀ ਸੀ ਕਿ ਉਹਨਾਂ ਦੇ ਹਰ ਨਵੇਂ ਸੰਬੰਧ ਦੇ ਉਦਘਾਟਨ ਪਿੱਛੋਂ...ਓਸ ਧਮਾਕੇ ਦੇ ਬਾਅਦ ਦੀ ਪ੍ਰਸਥਿਤੀ ਵਿਚੋਂ ਨਿਕਲਣ ਤੋਂ ਪਹਿਲਾਂ ਹੀ, ਆਪਣੇ ਪਤੀ ਤੇ ਉਹਨਾਂ ਦੀ ਪ੍ਰੇਮਿਕਾ ਦੇ ਸ਼ਰੀਰਕ ਸੰਬੰਧਾਂ ਦੀ ਕਲਪਨਾਂ ਕਰ-ਕਰ ਕੇ, ਉਹ ਖ਼ੁਦ ਅਸਹਿ ਕਾਮੁਕ ਪੀੜ ਵਿਚ ਭੁੱਜਣ ਲੱਗਦੀ। ਅਜਿਹੀ ਤੀਬਰ ਸ਼ਰੀਰਕ ਭੁੱਖ ਜਿਹੜੀ ਆਮ ਦਿਨਾਂ ਵਿਚ ਕਦੀ ਨਹੀਂ ਸੀ ਹੁੰਦੀ। ਤੇ ਜਦੋਂ ਅਜਿਹੀ ਸਥਿਤੀ ਵਿਚ ਉਸਨੂੰ ਮਨਾਉਣ ਖਾਤਰ ਪਤੀ ਨੇੜੇ ਆਉਂਦੇ ਤਾਂ ਨਾ ਸਿਰਫ ਉਸਦਾ ਸ਼ਰੀਰ ਸ਼ਾਂਤ ਹੁੰਦਾ, ਆਰਗੇਜ਼ਮ ਦੇ ਉਸ ਚਰਮ-ਸੁਖ ਦਾ ਅਨੁਭਵ ਵੀ ਕਰਦੀ ਉਹ ਜਿਹੜਾ ਆਮ ਦਿਨਾਂ ਵਿਚ ਨਸੀਬ ਨਹੀਂ ਸੀ ਹੁੰਦਾ-ਹੁੰਦਾ। ਉਸ ਘਟਨਾਂ ਦੀ ਤੀਬਰਤਾ ਵੱਸ ਮਨ ਜਦੋਂ ਤਕ ਉੱਖੜਿਆ ਰਹਿੰਦਾ ਉਦੋਂ ਤੀਕ ਉਹ ਉਸ ਸੁਖ ਨੂੰ ਭੋਗਦੀ ਰਹਿੰਦੀ। ਇਸੇ ਦੌਰਾਨ ਉਸਦਾ ਵਿਰੋਧ ਕਮਜ਼ੋਰ ਪੈ ਜਾਂਦਾ। ਆਪਣੇ ਮਨ ਨੂੰ ਸਮਝਾਉਂਦੀ—ਉਹ ਅੱਜ ਵੀ ਮੇਰੇ ਈ ਨੇ। ਸਿਰਫ ਮੇਰੇ।...ਤੇ ਉਹ ਉਹਨਾਂ ਤੋਂ ਫੇਰ ਗਲਤੀ ਨਾ ਕਰਨ ਦਾ ਵਾਅਦਾ ਲੈ ਕੇ ਸੁਲਾਹ ਕਰ ਲੈਂਦੀ।
ਇਸ ਦੌਰਾਨ ਉਹਨਾਂ ਦੇ ਸੰਬੰਧ ਵਿਚ ਇਕ ਨਵਾਂਪਣ ਆਉਂਦਾ। ਪਤੀ ਉਸਨੂੰ ਸਿਰ-ਅੱਖਾਂ 'ਤੇ ਬਿਠਾਈ ਰੱਖੇ। ਹੋਰ ਤਾਂ ਹੋਰ ਉਸ ਕੁੜੀ ਵੱਲ ਅੱਖ ਚੁੱਕੇ ਵੀ ਨਹੀਂ ਸੀ ਦੇਖਦੇ ਜਿਸ ਕਰਕੇ ਏਸ ਝੰਜਟ ਦੀ ਸ਼ੁਰੂਆਤ ਹੋਈ ਹੁੰਦੀ ਸੀ। ਉਹ ਖਿੜ-ਪੁੜ ਜਾਂਦੀ। ਪਰ ਉਹਨਾਂ ਉੱਤੇ ਪੂਰੀ ਅੱਖ ਰੱਖਦੀ। ਫੇਰ ਸੰਤੁਸ਼ਟ ਹੋ ਜਾਂਦੀ ਕਿ ਹੁਣ ਉਹ ਸੁਧਰ ਗਏ ਨੇ। ਸਭ ਕੁਝ ਹੌਲੀ-ਹੌਲੀ ਸ਼ਾਂਤ ਤੇ ਆਮ ਵਾਂਗ ਹੋ ਜਾਂਦਾ। ਅਕਸਰ ਇੰਜ ਬੜੇ ਥੋੜ੍ਹੇ ਸਮੇਂ ਲਈ ਹੀ ਹੁੰਦਾ। ਇਸ ਸਮੇਂ ਦੌਰਾਨ ਸਭ ਕੁਝ ਠੀਕ-ਠਾਕ ਹੋ ਗਿਆ ਹੋ ਜਾਣ ਦੇ ਬਾਵਜੂਦ ਜੀਵਨ ਕਾਫੀ ਅਕਾਊ-ਜਿਹਾ ਹੋ ਜਾਂਦਾ। ਪਤੀ ਉਸਦਾ ਧਿਆਨ ਰੱਖਣਾ ਘੱਟ ਕਰ ਦੇਂਦੇ। ਸ਼ਰੀਕ ਸੰਬੰਧਾਂ ਵਿਚ ਵੀ ਉਹ ਗਰਮੀ ਨਹੀਂ ਰਹਿੰਦੀ। ਆਰਗੇਜ਼ਮ ਦਾ ਚਰਮ-ਸੁਖ ਉਸ ਲਈ ਦੁਰਲਭ ਹੋ ਜਾਂਦਾ। ਫੇਰ ਅਚਾਨਕ ਕਿਸੇ ਦਿਨ ਉਸਨੂੰ ਅਹਿਸਾਸ ਹੁੰਦਾ ਕਿ ਉਹ ਕਿਸੇ ਨਵੀਂ ਬਲਾਅ ਉੱਪਰ ਮੁਗਧ ਹੋਏ-ਹੋਏ ਨੇ। ਉਹ ਫੇਰ ਈਰਖਾ ਵਿਚ ਸੜਨ-ਭੁੱਜਣ ਲੱਗਦੀ। ਬੇਚੈਨੀ ਨਾਲ ਉਹਨਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦੇਂਦੀ। ਵਕੀਲਾਂ ਵਾਂਗ ਗੱਲ-ਗੱਲ ਉੱਤੇ ਜਿਰਹ ਕਰਦੀ। ਉਹ ਇਨਕਾਰ ਕਰਦੇ। ਜਿਵੇਂ ਜਿਵੇਂ ਉਸਦਾ ਸ਼ੱਕ ਪੱਕਾ ਹੁੰਦਾ ਜਾਂਦਾ, ਨਿਗਰਾਨੀ ਵਧਦੀ ਜਾਂਦੀ ਤੇ ਅੰਤ ਵਿਚ ਇਕ ਦਿਨ ਉਹ ਉਹਨਾਂ ਨੂੰ ਰੰਗੇ-ਹੱਥੀਂ ਫੜ੍ਹ ਲੈਂਦੀ।...ਤੇ ਇਕ ਵਾਰੀ ਫੇਰ ਗੁੱਸਾ, ਮੰਨ-ਮਨੌਤਾਂ, ਪਜ਼ੇਸਿਵਨੈਸ, ਆਰਗੇਜ਼ਮ ਵਗ਼ੈਰਾ-ਵਗ਼ੈਰਾ ਦੀ ਖੇਡ ਸ਼ੁਰੂ ਹੋ ਜਾਂਦੀ।
ਇਸੇ ਘੁੰਮਦੇ-ਚੱਕਰ ਦੇ ਚੱਕਰ ਵਿਚ ਹੀ ਸ਼ਾਇਦ ਉਹ ਉਹਨਾਂ ਨਾਲੋਂ ਵੱਖ ਹੋਣ ਜਾਂ ਬਗ਼ਾਵਤ ਕਰਨ ਦਾ ਫੈਸਲਾ ਨਹੀਂ ਸੀ ਲੈ ਸਕੀ। ਪਰ ਹਾਂ, ਬਗ਼ਾਵਤ ਦੇ ਲਾਗੇ-ਤਾਗੇ ਦੀ ਇਕ ਹਰਕਤ ਕਰ ਬੈਠੀ ਸੀ ਉਹ ਇਕ ਦਿਨ। ਦਰਅਸਲ ਉਸ ਇਕ ਦਿਨ ਤੋਂ ਥੋੜ੍ਹਾ ਅਰਸਾ ਪਹਿਲਾਂ ਹੀ ਉਸਨੂੰ ਫੇਰ ਇਕ ਜਬਰਦਸਤ ਝੱਟਕਾ ਲੱਗਿਆ ਸੀ। ਆਪਣੇ ਵਿਆਹ ਦੀ ਵਰ੍ਹੇ-ਗੰਢ ਵਾਲੇ ਦਿਨ ਉਸਨੇ ਆਪਣੇ ਪਤੀ ਨੂੰ ਉਹਨਾਂ ਦੀ ਇਕ ਦੂਰ ਦੀ ਰਿਸ਼ਤੇਦਾਰ ਨਾਲ ਇਤਰਾਜ਼ ਯੋਗ ਸਥਿਤੀ ਵਿਚ ਦੇਖ ਲਿਆ ਸੀ। ਪਤੀ-ਪਤਨੀ ਦੇ ਜੀਵਨ ਦੇ ਇਸ ਅਤੀ ਵਿਸ਼ੇਸ਼ ਦਿਨ, ਵਿਆਹ ਦੀ ਵਰ੍ਹੇ-ਗੰਢ ਵਾਲੇ ਦਿਨ ਨੂੰ ਵੀ ਨਹੀਂ ਸੀ ਬਖ਼ਸ਼ਿਆ ਉਹਨਾਂ ਨੇ? ਮੌਕਾ ਮਿਲਦਿਆਂ ਹੀ...? ਛੀ...ਏਨਾ ਅਪਮਾਨ?
ਹਮੇਸ਼ਾ ਵਾਂਗ ਇਸ ਵਾਰੀ ਵੀ ਪਤੀ ਨੇ ਉਸਨੂੰ ਮਨਾਉਣ ਤੇ ਇਸ ਹਾਦਸੇ ਨੂੰ ਭੁੱਲ ਜਾਣ ਲਈ ਉਸਦੀ ਮਿੰਨਤ-ਖ਼ੁਸ਼ਾਮਦ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਉਸਦੇ ਕਹਿਣ 'ਤੇ ਉਹਨਾਂ ਉਸ ਕੁੜੀ ਤੋਂ ਦੂਰ, ਉਸ ਸ਼ਹਿਰ ਤੋਂ ਦੂਰ ਇਕ ਮੈਟਰੋ ਸਿਟੀ ਵਿਚ ਬਦਲੀ ਕਰਵਾ ਲਈ ਸੀ ਆਪਣੀ। ਘਰੇ ਰਹਿ ਕੇ ਚੁੱਪਚਾਪ ਘੁਟਦੀ ਨਾ ਰਹੇ ਉਹ, ਇਸ ਲਈ ਇਕ ਪ੍ਰਾਈਵੇਟ ਫਰਮ ਵਿਚ ਨੌਕਰੀ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ। ਇਕ ਵਾਰੀ ਫੇਰ ਉਹਨਾਂ ਦੀ ਗ੍ਰਹਿਸਤੀ ਦੀ ਗੱਡੀ ਪਟੜੀ 'ਤੇ ਆ ਚੜ੍ਹੀ ਸੀ ਕਿ ਇਸੇ ਦੌਰਾਨ ਇਕ ਅਖ਼ਬਾਰੀ ਸੂਚਨਾਂ ਨੇ ਉਸਦਾ ਪੂਰਾ ਸਮੀਕਰਣ ਵਿਗਾੜ ਕੇ ਰੱਖ ਦਿੱਤਾ। ਸੂਚਨਾਂ ਦਾ ਸਾਰ ਸੀ—ਗਵਰਨਮੈਂਟ ਆਰਟ ਕਾਲੇਜ ਵਿਚ ਲਾਈਵ ਸੱਟਡੀ ਲਈ ਜ਼ਨਾਨਾ ਮਾਡਲਸ ਦੀ ਭਾਰੀ ਕਮੀ! ਖਾਸ ਤੌਰ 'ਤੇ ਨਿਊਡ ਮਾਡਲਸ ਦੀ। ਜੇ ਇਕ ਅੱਧੀ ਹੈ, ਉਹ ਬੁੱਢੀ ਹੋ ਚੱਲੀ ਹੈ। ਕਾਲ ਗਰਲਸ ਵੀ ਜਾਣਾ ਨਹੀਂ ਚਾਹੁੰਦੀਆਂ ਉੱਥੇ...ਨਾ ਪੈਸੇ, ਨਾ ਗਲੈਮਰ। ਕਿਉਂ ਜਾਣ ਉਹ ਸਿਰਫ ਕੁਝ ਰੁਪਈਆਂ ਖਾਤਰ, ਦਿਨ ਭਰ ਬਿਨਾਂ ਹਿੱਲੇ-ਡੋਲੇ ਮਜ਼ਦੂਰੀ ਕਰਨ? ਤੇ ਕੰਮ ਵੀ ਸਾਲ ਵਿਚ ਸਿਰਫ ਕੁਝ ਮਹੀਨਿਆਂ ਲਈ ਹੀ। ਬਾਕੀ ਦੇ ਦਿਨ ਫਾਕੇ। ਵਿਦੇਸ਼ਾਂ ਵਿਚ ਤਾਂ ਕਿੰਨੇ ਹੀ ਰੱਜੇ-ਪੁੱਜੇ ਪਰਿਵਾਰਾਂ ਦੀਆਂ ਜ਼ਨਾਨੀਆਂ ਸ਼ੌਕ ਨਾਲ ਜਾਂਦੀਆਂ ਨੇ ਆਰਟ ਕਾਲਜਾਂ ਵਿਚ ਮਾਡਲ ਬਣਨ। ਆਪਣੀ ਦੇਹ ਦੀ ਸੁੰਦਰਤਾ ਨੂੰ ਕਲਾਕਾਰਾਂ ਦੁਆਰਾ ਪ੍ਰਿਜ਼ਰਵ ਕਰਵਾਉਣ ਖਾਤਰ। ਸਾਡੇ ਦੇਸ਼ ਵਿਚ ਹਾਲੇ ਤਕ ਉਹ ਮਾਨਸਿਕਤਾ ਪੈਦਾ ਨਹੀਂ ਹੋਈ...
ਤੇ ਬਸ, ਇਕ ਅਜੀਬ ਜਿਹੀ ਖਿੱਚ ਮਹਿਸੂਸ ਕਰਨ ਲੱਗੀ ਉਹ ਇਸ ਕੰਮ ਲਈ। ਕਈ ਜੋੜੇ ਜਵਾਨ ਅੱਖਾਂ...ਐਸੀਆਂ-ਵੈਸੀਆਂ ਨਜ਼ਰਾਂ ਨਹੀਂ, ਕਲਾਕਾਰਾਂ ਦੀਆਂ ਸੰਵੇਦਨਸ਼ੀਲ ਪਾਰਖੀ ਨਜ਼ਰਾਂ...ਮੰਤਰ-ਮੁਗਧ ਹੋ ਕੇ ਦੇਖਣਗੀਆਂ ਉਸਨੂੰ! ਉਸਦੀ ਦੇਹ ਨੂੰ! ਉਸਦੀ ਸੁੰਦਰਤਾ ਨੂੰ! ਫੇਰ ਪਿਕਾਸੋ ਦੇ ਬਲੂ ਪੀਰੀਅਡ ਦੀ ਕਿਸੇ ਪੇਂਟਿੰਗ ਵਾਂਗ ਜਾਂ ਮੋਨਾਲਿਸਾ ਵਾਂਗਰ ਕੈਦ ਹੋ ਜਾਏਗੀ ਉਹ, ਉਸਦੀ ਭੇਦ-ਭਰੀ ਮੁਸਕਾਨ ਤੇ ਉਸਦੀ ਸੁੰਦਰ ਦੇਹ, ਸਮੇਂ ਦੇ ਕੈਨਵਾਸ ਵਿਚ...ਸਦੀਆਂ ਤੀਕ ਸੈਂਕੜੇ ਮੰਤਰ-ਮੁਗਧ ਅੱਖਾਂ ਤੱਕਣਗੀਆਂ ਉਸਨੂੰ...ਇਕ ਉਸਦਾ ਪਤੀ ਨਹੀਂ ਤੱਕਦਾ ਤਾਂ ਕੀ ਹੋਇਆ?
...ਸਮਾਜ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗੇਗਾ ਤਾਂ ਕੀ ਕਹਿਣਗੇ?
...ਕੌਣ ਜਾਣਦਾ ਹੈ ਉਸਨੂੰ, ਇਸ ਨਵੇਂ ਸ਼ਹਿਰ ਵਿਚ? ਦਫ਼ਤਰ ਜਾਣ ਦੇ ਬਹਾਨੇ ਚਲੀ ਜਾਇਆ ਕਰੇਗੀ ਉੱਥੇ। ਤਿੰਨ ਮਹੀਨਿਆਂ ਦੀ ਤਾਂ ਗੱਲ ਹੈ ਸਾਰੀ। ਚੁੱਪਚਾਪ ਛੁੱਟੀ ਲੈ ਲਵੇਗੀ ਉਹ।
...ਤੇ ਇਕ ਦਿਨ ਉਸਨੇ ਫੈਸਲਾ ਕਰ ਲਿਆ। ਹੁਣ ਤਕ ਆਪਣੇ ਉੱਪਰ ਲੱਦੇ ਹੋਏ ਸਾਰੇ ਚੋਲਿਆਂ ਨੂੰ ਲਾਹ ਸੁੱਟਿਆ ਉਸਨੇ...ਜਿਹਨਾਂ ਵਿਚ ਸੰਸਕਾਰ ਵੀ ਸਨ, ਸਬਰ ਵੀ ਸੀ, ਸ਼ਰਮੋ-ਹਯਾ ਵੀ ਸੀ ਤੇ ਇਕ ਸੀ ਸਾਢੇ ਪੰਜ ਮੀਟਰ ਕੱਪੜਾ!
ਹੂ-ਬ-ਹੂ ਆਪਣੀ ਮਾਂ ਵਾਂਗ ਦਿਖਦੀ ਅਨੁਕ੍ਰਿਤੀ ਦਾ ਪੂਰਾ ਨਾਂ ਕਦੀ ਨਹੀਂ ਸੀ ਲਿਆ ਉਸਦੇ ਪਤੀ ਨੇ। ਪਤੀ-ਪਿਆਰੀ (?) ਅਨੁ, ਆਰਟ ਕਾਲੇਜ ਵਿਚ ਆ ਕੇ ਸਿਰਫ ਕ੍ਰਿਤੀ ਬਣ ਗਈ ਸੀ। ਆਪਣੇ ਨਾਂ ਦਾ ਪਿੱਛਲਾ ਹਿੱਸਾ, ਸ਼ਾਇਦ ਤੁਲਨਾਤਮਕ ਰੂਪ ਵਿਚ ਘਰੇਲੂ ਹਿੱਸਾ, ਘਰ ਦੀ ਦਹਿਲੀਜ਼ ਅੰਦਰ ਹੀ ਛੱਡ ਆਈ ਸੀ : ਅਨੁਚਰੀ (ਪਿੱਛੇ ਪਿੱਛੇ ਚੱਲਣ ਵਾਲੀ) ਸੀ, ਅਨੁਜੀਵੀ (ਕਿਸੇ ਦੇ ਆਸਰੇ ਜਿਊਣ ਵਾਲੀ) ਸੀ ਤੇ ਸੀ ਅਨੁਪਲਕਸ਼ਿਤ (ਜਿਸਦਾ ਕੋਈ ਵਿਸ਼ੇਸ਼ ਮਹੱਤਵ ਨਾ ਹੋਵੇ)!...ਇਕ ਵਸਤੂ! ਇਕ ਆੱਬਜੈਕਟ!
ਤਦੇ ਤਾਂ ਆਰਟ ਕਾਲਜ ਵਿਚ ਪਹਿਲੇ ਦਿਨ ਆਪਣੇ ਲਈ ਫੇਰ ਉਸੇ ਆੱਬਜੈਕਟ ਸ਼ਬਦ ਦਾ ਸੰਬੋਧਨ ਸੁਣ ਕੇ ਅੰਦਰੇ-ਅੰਦਰ ਡਾਢੀ ਦੁਖੀ ਹੋ ਗਈ ਸੀ ਉਹ!
ਕਦੀ ਆਪਣੀ ਸੁੰਨ ਹੁੰਦੀ ਜਾ ਰਹੀ ਸੰਵੇਦਨਾ ਨੂੰ ਹਲੂਣਦੀ ਤੇ ਕਦੀ ਆਪਣੇ ਫੈਸਲੇ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਹੋਈ ਉਗੜ-ਦੁਗੜੇ ਪਰ ਕਲਾਤਮਕ ਢੰਗ ਨਾਲ ਟੰਗੇ ਹੋਏ ਕੱਪੜਿਆਂ ਦੇ ਸ਼ੇਡ ਵਿਚਕਾਰ ਇਕ ਖਾਸ ਮੁੱਦਰਾ ਵਿਚ ਨਗਨ ਖਲੋਂਦਿਆਂ-ਬੈਠਦਿਆਂ ਪੂਰਾ ਦਿਨ ਗੁਜਾਰ ਦਿੱਤਾ ਸੀ ਉਸਨੇ। ਉਸਦੀ ਮੂਰਤੀ ਬਣਾਉਣ ਵਿਚ ਮਗਨ ਵਿਦਿਆਰਥੀਆਂ ਵੱਲ ਸਿੱਧਾ ਤੱਕਣ ਦੀ ਹਿੰਮਤ ਵੀ ਨਹੀਂ ਸੀ ਹੋਈ ਉਸਦੀ। ਲੰਚ-ਬਰੇਕ ਜਾਂ ਟੀ-ਬਰੇਕ ਵਿਚ ਵੀ ਕਿਸੇ ਨਾਲ ਅੱਖ ਨਹੀਂ ਮਿਲਾ ਸਕੀ ਸੀ। ਪੁਰਾਣੀਆਂ ਬਜ਼ੁਰਗ ਮਾਡਲਸ ਨੂੰ ਕੈਂਟੀਨ ਵਿਚ ਵਿਦਿਆਰਥੀਆਂ ਨਾਲ ਸਾਧਾਰਣ, ਸਹਿਜ ਨਾਲ ਗੱਲਾਂ-ਬਾਤਾਂ ਕਰਦਿਆਂ, ਠਹਾਕੇ ਲਾਉਂਦਿਆਂ ਦੇਖ ਕੇ ਵੀ ਵੱਖ-ਵੱਖ ਹੀ ਰਹੀ ਸੀ ਉਹ। ਆਊਟ ਆਫ਼ ਥਰੀਲ ਆਏ ਓ ਏਥੇ ਜਾਂ ਕੋਈ ਮਜ਼ਬੂਰੀ? ਬਜ਼ੁਰਗ ਮਾਡਲ ਨੇ ਪੁੱਛਿਆ ਸੀ ਤਾਂ ਯਕਦਮ ਕੋਈ ਜਵਾਬ ਨਹੀਂ ਸੀ ਦੇ ਸਕੀ। ਉਹਨਾਂ ਦੀਆਂ ਅੱਖਾਂ ਵਿਚ ਆਪਣੇ ਲਈ ਈਰਖਾ ਦੇ ਭਾਵ ਦੇਖੇ ਸਨ ਉਸਨੇ। ਕੀ ਇਸ ਨਵੇਂ ਤੇ ਠੋਸ-ਦੇਹ ਵਾਲੇ ਜਵਾਨ ਆੱਬਜੈਕਟ ਦੇ ਪ੍ਰਤੀ ਵਿਦਿਆਰਥੀਆਂ ਵਿਚ ਕਿਸੇ ਕਿਸਮ ਦੀ ਸਨਸਨੀ ਵੇਖੀ-ਮਹਿਸੂਸ ਕੀਤੀ ਹੈ ਉਹਨਾਂ ਨੇ?

...ਬੀਤਦੇ ਸਮੇਂ ਨਾਲ ਉਹ ਵੀ ਸਹਿਜ ਹੁੰਦੀ ਗਈ। ਮਾਡੇਲਿੰਗ ਦੌਰਾਨ ਸੋਚਦੀ...ਸਾਰੇ ਵਿਦਿਆਰਥੀ ਅੱਡਰੀ-ਵੱਖਰੀ ਦ੍ਰਿਸ਼ਟੀ ਨਾਲ ਤੱਕਦੇ ਪਏ ਨੇ ਉਸਦੇ ਸੁਹੱਪਣ ਨੂੰ। ਉਸਦੇ ਪ੍ਰਤੀ ਉਹਨਾਂ ਅੰਦਰ ਕੈਸੀਆਂ ਭਾਵਨਾਵਾਂ ਉਠ ਰਹੀਆਂ ਹੋਣਗੀਆਂ? ਕੇਹੀ ਉਥਲ-ਪੁਥਲ ਮੱਚੀ ਹੋਈ ਹੋਵੇਗੀ? ਇਹ ਕਿੰਜ ਹੋ ਸਕਦਾ ਹੈ ਕਿ ਉਹ ਇਕ ਜਵਾਨ ਦਿਲਕਸ਼ ਨੰਗੀ ਦੇਹ ਦੇ ਪ੍ਰਤੀ ਬਿਲਕੁਲ ਨਿਰਲੇਪ ਹੋਣ? ਨਿਰਵਿਕਾਰ ਰਹਿੰਦੇ ਹੋਣ? ਜਾਂ ਫੇਰ ਉਹਨਾਂ ਇਸ ਯਤਨ ਵਿਚ ਆਪਣਾ ਪੂਰਾ ਧਿਆਨ, ਆਪਣੀ ਪੂਰੀ ਊਰਜਾ, ਇਸ ਗੱਲ ਉੱਪਰ ਇਕੱਤਰ ਕੀਤੀ ਹੋਈ ਹੋਵੇ ਕਿ ਕਿਤੇ ਉਹਨਾਂ ਦੀ ਕ੍ਰਿਤ ਕਿਸੇ ਦੂਜੇ ਦੀ ਨਕਲ ਨਾ ਲੱਗਣ ਲੱਗ ਪਏ। ਅਧਿਆਪਕ ਨੇ ਵਾਰੀ-ਵਾਰੀ ਇਹੋ ਕਿਹਾ ਸੀ...ਆਰਟਿਸਟ ਦਾ ਐਕਸਪੀਰੀਐਂਸ, ਐਜੁਕੇਸ਼ਨ ਤੇ ਪਰਸਨਾਲਟੀ ਕਿਸੇ ਆਰਟ ਆੱਬਜੈਕਟ ਨਾਲ ਮਿਲ ਕੇ ਹੀ ਇਕ ਕਲਾ-ਕ੍ਰਿਤੀ ਦਾ ਨਿਰਮਾਣ ਕਰਦੀ ਹੈ। ਕ੍ਰਿਏਟਿਵ ਵ'ਰਡ ਵਿਚ ਇਮੀਟੇਸ਼ਨ ਲਈ ਕੋਈ ਸਥਾਨ ਨਹੀਂ...
ਵਿਦਿਆਰਥੀਆਂ ਦੇ ਕ੍ਰਿਏਟਿਵ ਤੇ ਉਰਿਜਿਨਲ ਵਰਕ ਲਈ ਉਹ ਬੈਠੀ ਰਹਿੰਦੀ...ਖੜ੍ਹੀ ਰਹਿੰਦੀ! ਵਚਿੱਤਰ ਮੁਦਰਾਵਾਂ ਵਿਚ! ਨਾ ਹਿੱਲਣਾ, ਨਾਲ ਡੋਲਣਾ...ਪਲਕਾਂ ਵੀ ਸੋਚ ਸਮਝ ਕੇ ਝਪਕਾਉਣੀਆਂ। ਛਿੱਕ, ਖਾਂਸੀ ਆਉਣ ਜਾਂ ਖੁਰਕ ਹੋਣ 'ਤੇ ਆਪਣੇ-ਆਪ ਨੂੰ ਰੋਕਣਾ। ਸਵੇਰੇ...ਦੁਪਹਿਰੇ...ਸ਼ਾਮੀਂ...! ਦਸ ਤੋਂ ਪੰਜ ਤਕ! ਚੜ੍ਹਦੇ ਦਿਨ ਦੇ ਨਾਲ, ਹੌਲੀ ਹੌਲੀ, ਅਨਰਜੀ ਘੱਟ ਹੁੰਦੀ ਜਾਣਾ! ਐਟਮੌਸਫੀਅਰਰਿਕ ਚੇਂਜ ਆਫ ਹਿਊਮਨ ਬਾਡੀ! ਚੇਂਜ ਆਫ ਐਕਸਪ੍ਰੈਸ਼ਨ! ਫਰੈਸ਼ਨੈੱਸ ਤੋਂ ਡੱਲਨੈੱਸ ਵੱਲ...ਇਹਨਾਂ ਬਾਰੀਕੀਆਂ ਨੂੰ ਸੁਖਮਤਾ ਨਾਲ ਆਪਣੀ ਕਾਲਾਕ੍ਰਿਤੀ ਵਿਚ ਕੈਦ ਕਰਦੇ ਵਿਦਿਆਰਥੀ!
ਕੀ ਪਾਗਲਪਨ ਹੈ? ਕਿਉਂ ਕਰ ਰਹੀ ਹੈ ਉਹ ਇਹ ਸਭ? ਕੀ ਹਾਸਿਲ ਹੋਵੇਗਾ ਉਸਨੂੰ? ਫੇਰ ਸੋਚਦੀ...ਕਿੰਨਾਂ ਰੋਮਾਂਚ ਹੈ ਇਸ ਕੰਮ ਵਿਚ! ਘੱਟੋਘੱਟ ਇਕ ਨਵੀਂ ਦੁਨੀਆਂ ਤਾਂ ਖੁੱਲ੍ਹ ਰਹੀ ਹੈ ਉਸਦੇ ਸਾਹਮਣੇ...ਆਰਟ ਦੀ ਦੁਨੀਆਂ...ਜਿੱਥੇ ਰਿਦਮ ਹੈ, ਬੈਲੇਂਸ ਹੈ, ਐਨਾਟੋਮੀ ਹੈ—ਸਕਲਪਚਰ ਅਤੇ ਪੇਂਟਿੰਗ ਦੇ ਇਲਾਵਾ ਵੀ ਗ੍ਰਾਫਿਕਸ, ਲੈਦਰ ਕ੍ਰਾਫਟਸ, ਸਿਰਮਿਕਸ, ਵੁੱਡ-ਵਰਕਸ, ਟੈਕਸਟਾਈਲ ਡਿਜ਼ਾਇਨਿੰਗ ਵਗ਼ੈਰਾ ਵਗ਼ੈਰਾ। ਇੰਡੀਅਨ ਪੇਂਟਿੰਗਸ ਦੀ ਤੁਲਨਾਂ ਵਿਚ ਵੈਸਟਰਨ ਪੇਂਟਿੰਗਸ ਨੂੰ ਜ਼ਿਆਦਾ ਅਹਿਮੀਅਤ ਦਿੱਤੇ ਜਾਣਾ ਉਸਨੂੰ ਰੜਕਦਾ ਤਾਂ ਹੈ ਪਰ ਕਿੰਨਾ ਕੁਝ ਜਾਣ ਲਿਆ ਹੈ ਉਸਨੇ ਸਟੂਡੀਓ ਤੇ ਕੈਂਟੀਨ ਦਾ ਫਾਸਲਾ ਤੈਅ ਕਰਦੇ-ਕਰਦੇ!
ਇਕ ਲੰਮਾਂ ਫਾਸਲਾ ਤਾਂ ਉਸਦੇ ਪਤੀ ਵੀ ਤੈਅ ਕਰਦੇ ਨੇ ਰੋਜ਼। ਇਸ ਸ਼ਹਿਰ ਦੇ ਸੈਂਕੜੇ ਹਜ਼ਾਰਾਂ ਲੋਕਾਂ ਵਾਂਗ। ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਤਕ ਦਾ! ਡਬਲ ਡੇਕਰ ਬਸ, ਮੈਟਰੋ ਰੇਲ, ਫੇਰ ਪੈਦਲ ਤੁਰ ਕੇ...ਥੱਕ ਕੇ ਚੂਰ ਹੋ ਜਾਂਦੇ ਨੇ ਬਿਸਤਰੇ ਤੀਕ ਆਉਂਦੇ ਆਉਂਦੇ। ਐਟਮੋਸਫੀਅਰਿਕ ਚੇਂਜ ਆਫ ਹਿਉਮਨ ਬਾਡੀ, ਉਹਨਾਂ ਵਿਚ ਵੀ ਦੇਖਦੀ ਹੈ ਅਨੁ। ਪਰ ਪਰਿਜ਼ਰਵ ਨਹੀਂ ਕਰ ਸਕਦੀ ਕਿਸੇ ਕਲਾਕ੍ਰਿਤੀ ਵਿਚ। ਉਹ ਖ਼ੁਦ ਪਰਿਜ਼ਰਵ ਹੋ ਰਹੀ ਹੈ ਡਿਕੇਡ ਹੋ ਜਾਣ ਤੋਂ ਪਹਿਲਾਂ...। ਉਸਦੇ ਪਤੀ ਨਹੀਂ ਜਾਣਦੇ...ਕੁਝ ਵੀ ਨਹੀਂ ਜਾਣਦੇ ਕਿ ਉਹਨਾਂ ਦੀ ਅਨੁ ਉੱਪਰ ਕ੍ਰਿਤੀ ਹਾਵੀ ਹੁੰਦੀ ਜਾ ਰਹੀ ਹੈ, ਦਿਨੋਂ-ਦਿਨ।
ਕ੍ਰਿਤੀ ਨੂੰ ਵੀ ਕਿੱਥੇ ਪਤਾ ਸੀ ਕਿ ਉਸ ਉੱਪਰ ਹਾਵੀ ਹੋਣ ਵਾਲਾ ਵੀ ਆਉਣ ਵਾਲਾ ਹੈ ਛੇਤੀ ਹੀ! ਬਾਟਿਕ ਪ੍ਰਿੰਟ ਦਾ ਕੁੜਤਾ, ਫਰੈਂਚ ਕੱਟ ਦਾੜ੍ਹੀ, ਕਣਕ-ਵੰਨੇ ਚਿਹਰੇ 'ਤੇ ਸਿਗਰਟ ਦੇ ਕਸ਼ਾਂ ਕਾਰਨ ਕਾਲੇ ਪੈ ਗਏ ਬੁੱਲ੍ਹ! ਇਕ ਸੁਰੱਖਿਅਤ ਦੂਰੀ ਰੱਖਦਿਆਂ ਹੋਇਆਂ ਕੈਲੀਪਸ ਨਾਲ ਉਸਦੇ ਸੀਨੇ ਦੇ ਉਭਾਰਾਂ ਦਾ ਨਾਪ ਲੈਂਦਾ ਹੋਇਆ ਹੌਲੀ-ਜਿਹੀ ਫੁਸਫੁਸਾਇਆ ਸੀ ਉਹ—ਬਿਊਟੀਫੁਲ! ਇਟਸ ਲੁਕਿੰਗ ਲਾਈਕ ਅਨਟਚਡ! ਵਰਜ਼ਿਨ! ਵੈਰੀ ਇਨੋਸੈਂਟ!...ਤੇ ਐਨ ਓਸੇ ਵੇਲੇ ਉਸਦੇ ਮੋਟੇ ਫਰੇਮ ਦੀ ਐਨਕ ਪਿੱਛੇ ਦੋ ਬਿਜਲੀਆਂ ਚਮਕੀਆਂ ਸਨ। ਗਜ਼ਬ ਦਾ ਅਕਰਖਣ ਸੀ ਉਹਨਾਂ ਵਿਚ। ਇਕ ਦੁਰਲਭ ਅਹਿਸਾਸ। ਸ਼ਾਇਦ ਇਸੇ ਦੀ ਭਾਲ ਸੀ ਅਨੁ ਨੂੰ! ਵਰਨਾ ਕਿਉਂ ਝੱਲੀ ਹੋਈ ਹੁੰਦੀ ਉਹ!
ਇਸ ਤੋਂ ਪਹਿਲਾਂ ਇਸ ਸਟੂਡੀਓ ਵਿਚ ਆਪਣੇ ਲਈ ਜਾਂ ਤਾਂ ਸਿਰਫ ਲਾਲਚ ਦਿੱਸੀ ਸੀ ਜਾਂ ਓਪਰਾ-ਪਰਾਇਆਪਣ, ਨਿਰਲੇਪਤਾ! ਜਾਂ ਫੇਰ ਕੁਝ ਵੀ ਨਹੀਂ। ਵਿਦੇਸ਼ ਦੇ ਕਿਸੇ ਆਰਟ ਕਾਲਜ ਤੋਂ ਕਈ ਸਾਲ ਪਹਿਲਾਂ ਕੀਤੀ ਹੋਈ ਅਧੂਰੀ ਪੜ੍ਹਾਈ ਨੂੰ ਪੂਰਾ ਕਰਨ ਖਾਤਰ ਸ਼ੈਸ਼ਨ ਵਿਚਕਾਰ ਦੇਰ ਨਾਲ ਆਏ ਇਸ ਕੁਝ ਵੱਡੀ ਉਮਰ ਦੇ ਫਾਈਨਲ ਈਅਰ ਦੇ ਵਿਦਿਆਰਥੀ ਨੇ ਆਉਂਦਿਆਂ ਹੀ ਜਿਵੇਂ ਕ੍ਰਿਤੀ ਦੇ ਤਨ, ਮਨ ਵਿਚ ਅੱਗ ਲਾ ਦਿੱਤੀ ਸੀ। ਉਸਦੇ ਕੁੜਤੇ ਦੇ ਉਪਰਲੇ ਖੁੱਲ੍ਹੇ ਹਿੱਸੇ ਵਿਚੋਂ ਝਾਕਦੇ ਸੀਨੇ ਦੇ ਸੰਘਣੇ ਕਾਲੇ ਵਾਲ...ਮਾਡੇਲਿੰਗ ਕਲੇ ਨੂੰ ਸਕਰੈਪਰ ਨਾਲ ਤਰਾਸ਼ਣ ਦਾ ਉਸਦਾ ਨਿਰਾਲਾ ਅੰਦਾਜ਼...ਆਸ-ਪਾਸ ਰਚਨਾਂ ਕਰ ਰਹੇ ਕਲਾਕਾਰਾਂ ਨੂੰ ਮਾਤ ਦੇਂਦਾ ਉਸਦਾ ਮਰਦਾਵਾਂ ਕੱਦ-ਬੁੱਤ...ਉਹ ਸੱਚਮੁੱਚ ਝੱਲੀ ਹੋ ਗਈ ਸੀ।
ਸਟੂਡੀਓ ਵਿਚ, ਬਾਹਰ ਕੈਂਟੀਨ ਜਾਂ ਕੈਂਪਸ ਵਿਚ—ਹਰ ਜਗ੍ਹਾ ਉਹ ਆਪਣੀਆਂ ਨਜ਼ਰਾਂ ਉਸਦੇ ਪਿੱਛੇ, ਬੇਲਗ਼ਾਮ, ਕਰ ਦੇਂਦੀ। ਉਸਦੇ ਸਿਗਰੇਟ 'ਚੋਂ ਨਿਕਲੇ ਬੇਫਿਕਰੀ ਦੇ ਧੂੰਏਂ ਵਿਚ ਆਪਣੀ ਨਗਨਤਾ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦੀ...ਦਿਨ ਰਾਤ ਉਸੇ ਦੇ ਖ਼ਿਆਲਾਂ ਨੂੰ ਓਢਦੀ-ਹੰਢਾਉਂਦੀ। ਪੁਚਕਾਰਦੀ-ਪਲੋਸਦੀ!
ਪਤਾ ਨਹੀਂ ਕਿਹੜੀਆਂ ਅਦ੍ਰਿਸ਼ ਤਰੰਗਾਂ ਦੀ ਮਾਰਫ਼ਤ ਇਹ ਅਹਿਸਾਸ, ਇਹ ਭਾਵਨਾਵਾਂ, ਉਸ ਕਾਲੇ ਬੁੱਲ੍ਹਾਂ ਵਾਲੇ ਤਕ ਜਾ ਪਹੁੰਚਦੀਆਂ। ਤਦੇ ਤਾਂ ਸੈਸ਼ਨ ਖ਼ਤਮ ਹੁੰਦਿਆਂ ਹੀ ਆਪਣੇ ਅਧੂਰੇ ਕੰਮ ਨੂੰ ਪੂਰਾ ਕਰਨ ਦਾ ਵਾਸਤਾ ਪਾ ਕੇ ਬੜੇ ਆਪਣੇਪਣ, ਬੜੇ ਅਧਿਕਾਰ, ਦੇ ਨਾਲ ਉਸਨੇ ਉਸਨੂੰ ਆਪਣੇ ਨਿਜੀ ਸਟੂਡੀਓ ਵਿਚ ਆਉਣ ਦਾ ਸੱਦਾ ਦੇ ਦਿੱਤਾ। ਅਣਕਿਹਾ ਕਾਰਨ ਭਾਵੇਂ ਕੁਝ ਵੀ ਹੋਵੇ ਕਿਹਾ ਸੀ...ਕਾਲੇਜ ਵੱਲੋਂ ਲਾਈ ਜਾ ਰਹੀ ਆਰਟ ਐਗਜ਼ੀਵਿਸ਼ਨ ਵਿਚ ਉਸਦਾ ਸਲਕਪਚਰ ਸ਼ਾਮਿਲ ਕਰਨਾ...ਅਧੂਰਾ ਨਹੀਂ ਪੂਰਾ!
ਉਸਨੇ ਵੀ ਪੂਰਾ ਹੋਣਾ ਸੀ, ਉਸ ਦੀਆਂ ਹਸਤਰਤਾਂ ਨੇ ਵੀ—ਅਧੂਰੇ ਸਨ ਹੁਣ ਤਕ ਦੋਵੇਂ। ਉਹ ਮੰਨ ਗਈ। ਉਹ ਮਨਾਅ ਲਈ ਗਈ। ਉਹ ਮਨ੍ਹਾਂ ਕਰਦੀ ਵੀ ਕਿੰਜ? ਉਸਦਾ ਮਨ ਤਾਂ ਇਕ ਖਾਸ ਐਨਕ ਦੇ ਪਿੱਛੇ ਵਾਲੀਆਂ ਦੋ ਚਮਕਦੀਆਂ ਹੋਈਆਂ ਅੱਖਾਂ ਵਿਚ ਰਮ ਗਿਆ ਸੀ।
ਉਹਨਾਂ ਦੋ ਚਮਕਦੀਆਂ ਅੱਖਾਂ ਵਿਚ ਉਸਨੂੰ ਆਪਣੇ ਲਈ ਬੜਾ ਕੁਝ ਨਜ਼ਰ ਆਉਣ ਲੱਗਾ ਸੀ! ਅਣਕਿਹਾ! ਉਹ ਖਿੱਚੀਦੀ ਚਲੀ ਗਈ, ਉਸ ਨਿਜੀ ਸਟੂਡੀਓ ਵਿਚ। ਜਿੱਥੇ ਇਕ ਛੋਟੇ ਜਿਹੇ ਬੰਦ ਕਮਰੇ ਦੇ ਇਕਾਂਤ ਵਿਚ ਉਸਦੀ ਨੰਗੀ ਦੇਹ ਹੁੰਦੀ...ਲਾਈਟ ਐਂਡ ਸ਼ੇਡ ਦਾ ਖੇਡ ਹੁੰਦਾ...ਉਸਦੇ ਮਚਲਦੇ ਅਰਮਾਨ ਹੁੰਦੇ...ਇਕ ਬੜਾ ਚੰਗਾ ਲੱਗਣ ਵਾਲਾ ਅਹਿਸਾਸ ਹੁੰਦਾ! ਖਾਸ ਕਰਕੇ ਉਸ ਸਮੇਂ ਜਦੋਂ ਉਸਦੀਆਂ ਗੱਲ੍ਹਾਂ ਉੱਪਰ ਝੂਲਣ ਆਈਆਂ ਆਵਾਰਾ ਲਿਟਾਂ ਨੂੰ ਉਂਗਲੀਆਂ ਨਾਲ ਸਰਕਾਅ ਕੇ ਸੰਵਾਰਿਆ ਜਾਂਦਾ...ਜਾਂ ਬਲੈਕ ਕਲੇ ਵਿਚ ਸਕ੍ਰੈਪਰ ਨਾਲ ਕੋਈ ਨਵਾਂ ਉਭਾਰ ਦੇਂਦਿਆਂ ਹੋਇਆਂ ਉਸ ਕਾਲੇ ਬੁੱਲ੍ਹਾਂ ਵਾਲੇ ਦੇ ਮੂੰਹੋਂ ਅਚਾਨਕ ਕੋਈ ਵਾਕ ਨਿਕਲਦਾ...ਜਿਵੇਂ—ਗਾਡ ਗਿਫ਼ਟੇਡ ਬਾਡੀ ਲੈਂਗਵੇਜ਼! ਫ਼ੈਂਟਾਸਟਿਕ! ਉਹ ਭਾਵਨਾਵਾਂ ਦੇ ਸਮੁੰਦਰ ਵਿਚ ਲੱਥ ਜਾਂਦੀ। ਉਸ ਤੋਂ ਅੱਗੇ ਕੁਝ ਹੋਰ ਵੀ ਸੁਣਨਾ ਚਾਹੁੰਦੀ। ਕਲਾ ਦੀ ਬਾਹਰਲੀ ਦੁਨੀਆਂ ਦਾ ਕੋਈ ਵਾਕ...ਉਸਦੀ ਆੱਬਜੈਕਟ ਵਾਲੀ ਭੂਮਿਕਾ ਤੋਂ ਬਿਲਕੁਲ ਵੱਖਰੀ ਕਿਸਮ ਦਾ ਕੋਈ ਵਾਕ...ਉਸ ਇਕਾਂਤ ਵਿਚ ਦੋ ਜਿਸਮਾਂ ਦੇ ਨੇੜੇ ਆਉਣ ਦੀ ਸਥਿਤੀ ਤੋਂ ਪਹਿਲੇ ਕੁਝ ਛਿਣਾ ਵਾਲਾ ਕੋਈ ਵਾਕ...ਪਰ ਇੱਥੋਂ ਤੀਕ ਆਉਂਦਾ ਆਉਂਦਾ ਉਹ ਹਮੇਸ਼ਾ ਠਹਿਰ ਜਾਂਦਾ। ਕੋਈ ਪਹਿਲ ਨਾ ਹੁੰਦੀ ਦੇਖ ਕੇ ਉਹ ਮੁਰਝਾ ਜਾਂਦੀ।
ਆਖ਼ਰ ਇਕ ਦਿਨ ਹਿੰਮਤ ਕਰਕੇ ਇਕ ਫਜ਼ੂਲ ਜਿਹਾ ਸਵਾਲ ਪੁੱਛ ਈ ਲਿਆ ਉਸਨੇ—ਕੀ ਤੁਸਾਂ ਆਰਟਿਸਟ ਲੋਕਾਂ ਲਈ ਸਭ ਤੋਂ ਔਖਾਂ ਕੰਮ ਫ਼ੀਮੇਲ ਨਿਊਡ ਸਕਲਪਚਰ ਬਣਾਉਣਾ ਏਂ?
ਨਹੀਂ ਮੇਰੇ ਖ਼ਿਆਲ ਵਿਚ ਸਭ ਤੋਂ ਔਖਾ ਕੰਮ ਹੁੰਦਾ ਏ ਦੌੜਦੇ ਹੋਏ ਘੋੜੇ ਨੂੰ ਸਕਲਪਚਰ ਜਾਂ ਪੇਂਟਿੰਗ ਵਿਚ ਕੈਦ ਕਰਨਾ। ਫ਼ੀਮੇਲ ਫ਼ਲੈਕਸੀਵਿਲਿਟੀ, ਕਮਸਿਨੀ, ਫ਼ਿਜ਼ੀਕਲ ਕੱਟ...ਔਖੇ ਤਾਂ ਹੈਨ ਪਰ ਘੋੜੇ ਜਿੰਨੇ ਨਹੀਂ। ਘੋੜਾ ਹਮੇਸ਼ਾ ਅਸਥਿਰ ਰਹਿੰਦਾ ਏ। ਉਸਦੀ ਉਹ ਸਪੀਡ-ਫੋਰਸ ਜਦੋਂ ਤਕ ਸਕਲਪਚਰ ਜਾਂ ਪੇਂਟਿੰਗ ਵਿਚ ਲੱਥ ਨਹੀਂ ਆਉਂਦੀ, ਉਦੋਂ ਤਕ ਉਹ ਕ੍ਰਿਤ ਡੈਡ ਮੰਨੀ ਜਾਂਦੀ ਏ।
ਮੈਂ ਕੋਈ ਘੋੜਾ ਨਹੀਂ। ਫੇਰ ਵੀ ਮੈਂ ਅਸਥਿਰ ਆਂ। ਮੈਨੂੰ ਤੁਸੀਂ ਹੀ ਅਸਥਿਰ ਕਰ ਦਿੱਤਾ ਏ। ਦਿਨ ਭਰ ਏਨੇ ਗੌਰ ਨਾਲ, ਏਨੀ ਨੇੜਿਓਂ ਦੇਖਦੇ ਰਹਿੰਦੇ ਓ ਮੈਨੂੰ, ਫੇਰ ਵੀ ਤੁਹਾਨੂੰ ਦਿਖਾਈ ਨਹੀਂ ਦੇਂਦੀ ਮੇਰੀ ਅਸਥਿਰਤਾ? ਉਹ ਫਟ ਪਈ ਸੀ ਉਸ ਦਿਨ।
ਦਿਖਾਈ ਦੇਂਦੀ ਏ। ਤਦੇ ਤਾਂ ਤੁਹਾਨੂੰ ਏਥੇ ਆਉਣ ਦਾ ਸੱਦਾ ਦਿੱਤਾ ਏ ਮੈਂ! ਇਹੀ ਅਸਥਿਰਤਾ ਤਾਂ ਉਹ ਦੁਰਲਭ ਭਾਵ ਹੈ ਜਿਸਨੂੰ ਮੈਂ ਆਪਣੀ ਸਮੁੱਚੀ ਸਾਧਣਾ ਰਾਹੀਂ ਆਪਣੀ ਕ੍ਰਿਤ ਵਿਚ ਕੈਦ ਕਰਨਾ ਚਾਹੁੰਦਾ ਆਂ। ਜਿਹੜੀ ਮੇਰੇ ਕਿਸੇ ਵੀ ਜਮਾਤੀ ਦੀ ਕਲਾ-ਕ੍ਰਿਤੀ ਨੂੰ ਨਸੀਬ ਨਹੀਂ ਹੋਵੇਗੀ। ਅਜਿਹੇ ਓਰਿਜਨਲ ਭਾਵ ਬੜੀ ਮੁਸ਼ਕਿਲ ਨਾਲ ਮਿਲਦੇ ਨੇ। ਕੀ ਮੋਨਾਲਿਸਾ ਦੀ ਉਹ ਰਹੱਸਮਈ ਮੁਸਕਾਨ ਇਸ ਦੁਨੀਆਂ ਵਿਚ ਦੁਬਾਰਾ ਕਿਸੇ ਕਲਾਕਾਰ ਦੀ ਕਲਾ-ਕ੍ਰਿਤੀ ਵਿਚ ਉਭਰ ਸਕੀ...?
ਉਫ਼! ਇਸ ਸਮੇਂ ਮੈਂ ਕਿਸੇ ਕਲਾ-ਕ੍ਰਿਤੀ ਦੀ ਗੱਲ ਨਹੀਂ ਕਰ ਰਹੀ, ਆਪਣੀ ਕਰ ਰਹੀ ਆਂ। ਆਪਣੇ ਦਿਲ ਦੀ ਗੱਲ। ਤੁਸੀਂ ਹਮੇਸ਼ਾ ਮੈਨੂੰ ਇਕ ਆੱਬਜੈਕਟ ਹੀ ਕਿਉਂ ਸਮਝਦੇ ਓ? ਇਹ ਕਿਉਂ ਨਹੀਂ ਸੋਚਦੇ ਕਿ ਮੈਂ ਇਕ ਇਨਸਾਨ ਵੀ ਆਂ। ਇਕ ਦਿਲ ਵੀ ਹੈ ਮੇਰੇ ਕੋਲ।
ਆਪਣੇ ਕੱਪੜੇ ਪਾ ਲੈ ਕ੍ਰਿਤੀ। ਅੱਜ ਤੂੰ ਬਹਿਕ ਗਈ ਏਂ। ਅੱਜ ਤੈਥੋਂ ਕੰਮ ਨਹੀਂ ਹੋਣਾ। ਉਸਨੇ ਪਹਿਲੀ ਵੇਰ ਕ੍ਰਿਤੀ ਨੂੰ ਤੂੰ ਕਹਿ ਕੇ ਸੰਬੋਧਤ ਕੀਤਾ ਸੀ।
ਮੈਨੂੰ ਤੁਹਾਡੀ ਛੋਹ ਚਾਹੀਦੀ ਏ! ਤਨ ਮਨ ਦੋਹਾਂ ਦੀ ਛੋਹ! ਅਪਣੱਤ ਤੇ ਦੀਵਾਨਗੀ ਭਰਪੂਰ ਛੋਹ! ਪਾਉਣਾ ਚਾਹੁੰਦੀ ਆਂ ਮੈਂ ਤੁਹਾਨੂੰ ਇਕ ਵੇਰ! ਪੂਰੀ ਤਰ੍ਹਾਂ ਨਾਲ...ਇਸ ਤੋਂ ਪਹਿਲਾਂ ਕਿ ਮੇਰੀ ਦੇਹ ਡਿਕੇਡ ਹੋ ਜਾਏ, ਫ੍ਰੀਜ਼ ਕਰ ਲੈਣਾ ਚਾਹੁੰਦੀ ਆਂ ਮੈਂ ਆਪਣੇ ਅਹਿਸਾਸ ਨੂੰ ਆਪਣੀ ਦੇਹ ਵਿਚ...ਦੇਹ ਦੇ ਰਸਤੇ ਮਨ ਵਿਚ...ਅੰਤਾਂ ਦੀ ਮੁਹੱਬਤ ਕਰਨ ਲੱਗ ਪਈ ਆਂ ਮੈਂ ਤੁਹਾਨੂੰ...ਕ੍ਰਿਤੀ ਨੇ ਬੰਨ੍ਹ ਤੋੜ ਸੁੱਟਿਆ ਸੀ। ਸਟੂਡੀਓ ਦੇ ਪਲੇਟਫਾਰਮ ਤੋਂ ਉਠ ਕੇ ਸਿੱਧੀ ਉਸ ਕਲਾਕਾਰ ਦੇ ਕਾਲੇ ਸੰਘਣੇ ਵਾਲਾਂ ਵਾਲੇ ਚੌੜੇ ਸੀਨੇ ਦੀ ਪਨਾਹ ਵਿਚ ਚਲੀ ਗਈ। ਫੇਰ ਬਦਹਵਾਸੀ ਵਿਚ ਆਪਣੀਆਂ ਬਾਹਾਂ ਨੂੰ ਉਸਦੀਆਂ ਬਾਹਾਂ ਦੇ ਹੇਠੋਂ ਸਰਕਾਅ ਕੇ ਪਿੱਠ ਤਕ ਲੈ ਗਈ ਤੇ ਪੂਰੀ ਤਾਕਤ ਨਾਲ ਉਸਨੂੰ ਘੁੱਟ ਲਿਆ ਆਪਣੀਆਂ ਬਾਹਾਂ ਦੇ ਕਲਾਵੇ ਵਿਚ। ਉਹ ਕੰਬ ਗਿਆ। ਉਸਦੀ ਦੇਹ ਵਿਚ ਹਲਚਲ ਹੋਣ ਲੱਗੀ। ਉਸਦੇ ਤੇਜ਼ ਹੁੰਦੇ ਸਾਹਾਂ ਦੀ ਆਵਾਜ਼ ਸੁਣਾਈ ਦੇਣ ਲੱਗੀ ਕ੍ਰਿਤੀ ਨੂੰ। ਉਹਨਾਂ ਸਾਹਾਂ ਵਿਚ ਇਕ ਸੰਗੀਤ ਸੀ। ਕ੍ਰਿਤੀ ਨੂੰ ਹੋਰ ਬੇਚੈਨ ਕਰ ਦੇਣ ਵਾਲਾ ਸੰਗੀਤ। ਕ੍ਰਿਤੀ ਡੁੱਬਦੀ ਜਾ ਰਹੀ ਸੀ ਉਸ ਸੰਗੀਤ ਵਿਚ...ਫੇਰ ਉਸਨੇ ਹੌਲੀ ਜਿਹੀ ਆਪਣਾ ਚਿਹਰਾ ਉਠਾਇਆ ਸੀ ਸੰਘਣੇ ਵਾਲਾਂ ਦੇ ਉਸ ਜੰਗਲ ਵਿਚੋਂ...ਉਸਦੇ ਹੋਂਠਾਂ ਦੀਆਂ ਗੁਲਾਬੀ ਪੰਖੜੀਆਂ ਕਾਲੇ ਰੰਗ ਦੀ ਛੂਹ ਨੂੰ ਮਚਲਨ ਲੱਗ ਪਈਆਂ ਸਨ ਸ਼ਾਇਦ! ਇਸ ਤੋਂ ਪਹਿਲਾਂ ਕਿ ਉਹ ਆਪਣੀ ਮੰਜ਼ਿਲ ਤਕ ਪਹੁੰਚਦੀ, ਕਾਲੇ ਬੁੱਲ੍ਹਾਂ ਵਾਲੇ ਨੇ ਆਪਣੇ ਚਿਹਰੇ ਦੀ ਦੂਰੀ ਵਧਾ ਲਈ। ਉਸਦੀ ਜਕੜ 'ਚੋਂ ਮੁਕਤ ਹੋਣ ਤੋਂ ਪਹਿਲਾਂ ਕਿਹਾ...ਨਹੀਂ ਕ੍ਰਿਤੀ! ਹੁਣ ਇਸ ਤੋਂ ਅੱਗੇ ਨਹੀਂ। ਹੁਣ ਤੂੰ ਕੱਪੜੇ ਪਾ ਲੈ। ਮੈਂ ਰੇਂਬ੍ਰੈਂਡ ਨਹੀਂ ਬਣ ਸਕਦਾ। ਆਪਣੇ ਮਾਡਲ ਨਾਲ ਕਲਾ ਦੇ ਰਿਸ਼ਤੇ ਤੋਂ ਇਲਾਵਾ ਕੋਈ ਰਿਸ਼ਤਾ ਜੋੜ ਕੇ ਆਪਣਾ ਨੁਕਾਸਨ ਨਹੀਂ ਕਰਨਾ ਚਾਹੁੰਦਾ। ਤੂੰ ਕੱਪੜੇ ਪਾ ਲੈ ਕ੍ਰਿਤੀ!
...ਤੇ ਉਸਨੇ ਪਹਿਲੀ ਵਾਰ ਕੱਪੜੇ ਪਾਉਣ ਵਿਚ ਕ੍ਰਿਤੀ ਦੀ ਮਦਦ ਕੀਤੀ ਸੀ...ਤੇ ਵਾਲਾਂ ਵਿਚ ਫਸ ਗਏ ਬਲਾਊਜ਼ ਦੇ ਹੁੱਕ ਨੂੰ ਸੰਤ-ਸਪਰਸ਼ ਨਾਲ ਛੁਡਾਇਆ ਸੀ ਉਹਨੇ। ਸੋਫੇ ਉੱਤੇ ਬੈਠ ਕੇ ਉਸਦੀ ਹਥੇਲੀ ਨੂੰ ਆਪਣੀ ਕਲਾਤਮਕ ਪਰ ਖੁਰਦਰੀ ਹਥੇਲੀ ਵਿਚ ਲੈ ਕੇ ਬੜੇ ਪਿਆਰ ਨਾਲ ਪਲੋਸਿਆ ਸੀ।...ਹਰ ਯੁੱਗ ਦੇ ਕਲਾਕਾਰਾਂ ਦਾ ਝੁਕਾਅ ਆਪਣੇ ਸਮੇਂ ਦੇ ਉੱਤਮ ਤੇ ਸੁੰਦਰਤਮ ਨੂੰ ਸਿਰਫ ਆਪਣਾ ਤੇ ਨਿੱਜੀ ਬਣਾਅ ਲੈਣ ਵੱਲ ਹੁੰਦਾ ਹੈ। ਮੈਂ ਵੀ ਇਹੀ ਕਰ ਰਿਹਾ ਸਾਂ। ਤੇਰੇ ਇਸ ਅਸਥਿਰ, ਅਤ੍ਰਿਪਤ ਪਰ ਠੋਸ ਰੂਪ ਨੂੰ ਕੈਦ ਕਰ ਰਿਹਾ ਸਾਂ ਆਪਣੀ ਕਲਾ-ਕ੍ਰਿਤੀ ਵਿਚ। ਇਹ ਕ੍ਰਿਤ ਅਜੇ ਅਧੂਰੀ ਹੈ। ਤੇਰੇ ਨਜ਼ਦੀਕ ਆ ਕੇ ਤੈਨੂੰ ਤ੍ਰਿਪਤ ਕਰਕੇ ਤੇਰੇ ਚਿਹਰੇ ਦੇ ਉਹਨਾਂ ਦੁਰਲਭ ਭਾਵਾਂ ਨੂੰ ਗੰਵਾਉਣਾ ਨਹੀਂ ਚਾਹੁੰਦਾ। ਵੈਸੇ ਵੀ ਜਦੋਂ ਤਕ ਕਿਸੇ ਦੇ ਪ੍ਰਤੀ ਪਿਆਰ ਜਾਂ ਖਿੱਚ, ਜਨੂੰਨ ਦੀ ਹੱਦ ਤੱਕ ਨਾ ਅੱਪੜ ਜਾਵੇ, ਕੋਈ ਕਿਉਂ ਕਰੇ ਉਸਨੂੰ ਸਪਰਸ਼? ਕਿਉਂ ਕਰੇ, ਉਸਦੀ ਕਾਮਨਾ? ਤੂੰ ਹੀ ਸੋਚ...
ਕ੍ਰਿਤੀ ਸੋਚ ਰਹੀ ਸੀ...ਆਪਣੀਆਂ ਕਮਜ਼ੋਰੀਆਂ ਬਾਰੇ...ਇਕ ਪਾਸੜ ਪ੍ਰੇਮ ਤੇ ਤੀਬਰ ਅਕਰਖਣ ਬਾਰੇ...ਉਸ ਕਲਾਕਾਰ ਦੇ ਚਰਿੱਤਰ ਦੀ ਦ੍ਰਿੜ੍ਹਤਾ ਬਾਰੇ...ਕਲਾ ਪ੍ਰਤੀ ਉਸਦੀ ਨਿਹਚਾ, ਉਸਦੇ ਸਮਰਪਣ ਬਾਰੇ...ਤੇ ਸਭ ਤੋਂ ਵੱਧ ਆਪਣੇ ਨਾਰੀਤੱਵ ਦੇ ਅਪਮਾਨ ਬਾਰੇ...
ਕ੍ਰਿਤੀ ਸ਼ਰਮਿੰਦਾ ਸੀ। ਨਿੰਮੋਝੂਨੀ ਹੋਈ ਹੋਈ ਸੀ। ਆਪਣੇ ਦਿਲ ਦੀ ਇਜਾਜ਼ਤ ਦੇ ਬਗ਼ੈਰ ਹੀ ਉਸਨੇ ਕਿਹਾ—ਆਈ ਐਮ ਸਾਰੀ...ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ! ਪਤੀ ਦੁਆਰਾ ਵਾਰੀ-ਵਾਰੀ ਠੱਗੀ ਜਾਣ ਪਿੱਛੋਂ ਜਿਸ ਹੀਣਤਾ ਦੀ ਸ਼ਿਕਾਰ ਹੋ ਗਈ ਸਾਂ, ਉਸ ਵਿਚੋਂ ਨਿਕਲਣ ਲਈ ਪਤਾ ਨਹੀਂ ਕਿਸ ਮ੍ਰਿਗਤ੍ਰਿਸ਼ਨਾਂ ਵਿਚ ਭਟਕ ਗਈ। ਖ਼ੁਦ ਨੂੰ ਕਲੰਕਿਤ ਕੀਤਾ। ਆਪਣੀ ਦੇਹ ਨੂੰ ਏਨੇ ਲੋਕਾਂ ਸਾਹਮਣੇ ਨੰਗਿਆਂ ਕੀਤਾ! ਇਹਨਾਂ ਧੱਬਿਆਂ ਨੂੰ ਕਿੰਜ ਮਿਟਾਵਾਂਗੀ ਮੈਂ?
ਦੇਖ ਕ੍ਰਿਤੀ! ਮੇਰੀ ਨਜ਼ਰ ਵਿਚ ਇਹ ਤੇਰੀ ਇਕ ਮਾਸੂਮ ਚਾਹਤ ਸੀ। ਇਸ ਲਈ ਇਸਨੂੰ ਕਲੰਕ ਨਾ ਕਹਿ। ਲੈ ਮੈਂ ਤੇਰੇ ਚਿਹਰੇ ਉੱਪਰ, ਤੇਰੀ ਦੇਹ ਤੇ ਤੇਰੇ ਦਿਲ-ਦਿਮਾਗ਼ ਉੱਤੇ ਲੱਗੇ ਹਰ ਧੱਬੇ ਨੂੰ ਸਮੇਟ ਕੇ ਇਕ ਛੋਟਾ ਜਿਹਾ ਬਿੰਦੂ ਬਣਾਅ ਦੇਂਦਾ ਆਂ। ਤੇਰੇ ਤੇ ਤੇਰੇ ਇਸ ਸਕਲਪਚਰ ਦੇ ਚੰਦਰ-ਮੁਖ ਉੱਤੇ ਇਕ ਛੋਟਾ ਜਿਹਾ ਬਿੰਦੂ—ਚੰਦਰ-ਬਿੰਦੂ! ਦੇਖੀਂ, ਇਹ ਬਿੰਦੂ...ਇਹ ਬਿੰਦੀ...ਇਸ ਬਿੰਦੀ ਦੇ ਆਸ-ਪਾਸ ਪੂਰੇ ਚਿਹਰੇ 'ਤੇ ਖਿੱਲਰੇ ਹੋਏ ਇਹ ਦੁਰਲਭ ਹਾਵ-ਭਾਵ ਇਸ ਕ੍ਰਿਤੀ ਨੂੰ ਅਮਰ ਕਰ ਦੇਣਗੇ।
...ਤੇ ਉਸ ਅਧੂਰੀ ਕ੍ਰਿਤ ਨੂੰ ਉੱਥੇ ਹੀ ਛੱਡ ਕੇ ਕ੍ਰਿਤੀ ਘਰ ਵਾਪਸ ਆ ਗਈ ਸੀ। ਅਨੁ ਤੇ ਕ੍ਰਿਤੀ, ਦੋਵੇਂ ਆੱਬਜੈਕਟਸ ਨਾਲ ਲੈ ਕੇ। ਆੱਬਜੈਕਟ ਬਣਨ ਦੇ ਮੁੱਲ ਉੱਤੇ ਅਮਰ ਨਹੀਂ ਸੀ ਹੋਣਾ ਚਾਹੁੰਦੀ ਉਹ। ਉਸ ਦਿਨ ਪਿੱਛੋਂ ਆਪਣੇ ਮੱਥੇ ਉੱਤੇ ਬਿੰਦੀ ਲਾਉਂਦਿਆਂ ਹੋਇਆਂ ਅਕਸਰ ਕੰਬ ਜਾਂਦਾ ਹੈ ਅਨੁ-ਕ੍ਰਿਤੀ ਦਾ ਹੱਥ। ਖਾਸ ਤੌਰ 'ਤੇ ਓਦੋਂ, ਜਦੋਂ ਚੰਦਰ-ਬਿੰਦੂ ਲਾਉਣ ਲੱਗਦੀ ਹੈ ਉਹ।
ਆੱਬਜੈਕਟ ਦੀ ਭੂਮਿਕਾ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਜਾਰੀ ਸੀ...
    ੦੦੦ ੦੦੦ ੦੦੦

   ਡਾ. ਬੇਦੀ ਵਾਲੀ ਗਲੀ, ਨਵੀਂ ਅਬਾਦੀ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.
    --- --- ---