Tuesday, July 23, 2013

ਪੰਜ ਦਾ ਸਿੱਕਾ...::ਲੇਖਕ : ਅਰੁਣ ਕੁਮਾਰ 'ਅਸਫਲ'


ਹਿੰਦੀ ਕਹਾਣੀ :

   ਪੰਜ ਦਾ ਸਿੱਕਾ...

      ਲੇਖਕ : ਅਰੁਣ ਕੁਮਾਰ 'ਅਸਫਲ'
      ਅਨੁਵਾਦ : ਮਹਿੰਦਰ ਬੇਦੀ ਜੈਤੋ

ਢਿੱਡ ਉਸਦਾ ਕੁਝ ਅਜੀਬ-ਜਿਹਾ ਏ। ਢੋਲ ਵਾਂਗੂੰ—ਅੱਗੇ ਵੱਲ ਨੂੰ ਵਧਿਆ ਹੋਇਆ। ਉਹ ਜਿਉਂ ਈ ਤੁਰਨ ਲਈ ਅੱਗੇ ਪੈਰ ਵਧਾਉਂਦਾ ਏ, ਉਸਦਾ ਢਿੱਡ ਅੱਗੇ-ਅੱਗੇ ਹੋ ਲੈਂਦਾ ਏ। ਜਦੋਂ ਅਚਾਨਕ ਕਿਧਰੇ ਪਹੁੰਚਦਾ ਏ ਤਾਂ ਲੋਕਾਂ ਦੀ ਨਜ਼ਰ ਪਹਿਲਾਂ ਉਸਦੇ ਢਿੱਡ ਉੱਤੇ ਈ ਪੈਂਦੀ ਏ। ਢਿੱਡ ਕਰਕੇ ਈ ਉਸਨੂੰ ਸਭ ਤੋਂ ਵੱਧ ਉਲਾਂਭੇ ਮਿਲਦੇ ਨੇ ਤੇ ਢਿੱਡ ਕਰਕੇ ਈ ਉਸਦਾ ਸਭ ਤੋਂ ਵੱਧ ਮਜ਼ਾਕ ਉਡਾਇਆ ਜਾਂਦਾ ਏ।
“ਅਰੇ ਰੇ...ਪਰੇ ਹਟ! ਕਹਾਂ ਸਟਾਏ ਜਾ ਰਹਾ ਹੈ ਅਪਨਾ ਪੇਟ ਸ਼ੋ ਕੇ ਸੇ!”
“ਹਮੇਂ ਏਕ ਸੀਸੀ ਤੇਲ ਅਉਰ ਬਾਕੀ ਸਉਦਾ ਦੇ ਦਾ ਤੋ ਹਮ ਚਲੇਂ...”
ਨਿਨਕੂ ਬੁੜਬੁੜਾਇਆ। ਪਰ ਉਸਦੀ ਬੁੜਬੁੜਾਹਟ ਹੋਰ ਗਾਹਕਾਂ ਦੀ ਕਾਂਵਾਂ-ਰੌਲੀ ਵਿਚ ਦਬ ਕੇ ਰਹਿ ਗਈ। ਉਸਨੇ ਚਿੜ ਕੇ ਆਪਣਾ ਢੋਲ ਵਰਗਾ ਢਿੱਡ ਫੇਰ ਹੱਟੀ ਵਾਲੇ ਦੇ ਸ਼ੋ-ਕੇਸ ਨਾਲ ਲਾ ਦਿੱਤਾ। ਹਟਬਾਣੀਆਂ ਫੇਰ, ਤਿਊੜੀਆਂ ਪਾ ਕੇ, ਉਸਨੂੰ ਘੂਰਨ ਲੱਗਾ। ਪਰ ਉਸਦੇ ਕੁਝ ਬੋਲਣ ਤੋਂ ਪਹਿਲਾਂ ਉਹ ਬੋਲ ਪਿਆ—
“ਹਮੇਂ ਸਉਦਾ ਦੇ ਦਾ ਤੋ ਹਮ ਚਲੇਂ।”
“ਹਮ ਚਲੇਂ, ਹਮ ਲੇਂ!” ਬਾਣੀਆਂ ਅੱਖਾਂ ਕੱਢ ਕੇ ਬੋਲਿਆ, “ਏਕ ਸ਼ੀਸ਼ੀ ਤੇਲ ਵਾਲੇ ਕੋ ਢੇਰ ਜਲਦੀ ਹੈ ਔਰ ਏਕ ਬੋਤਲ ਤੇਲ ਵਾਲੋਂ ਕੇ ਪਾਸ ਫਾਲਤੂ ਕਾ ਟੈਮ ਹੈ।”
ਸਾਰੇ ਬੋਤਲਾਂ ਵਾਲੇ ਇਸ ਇਕ ਸ਼ੀਸ਼ੀ ਵਾਲੇ ਨੂੰ ਆਪੋ-ਆਪਣੀ ਟੇਢੀਆਂ ਨਜ਼ਰਾਂ ਨਾਲ ਦੇਖਣ ਲੱਗੇ। ਉਹ ਕੱਚਾ-ਜਿਹਾ ਹੋ ਗਿਆ। ਉਸਦੀ ਮਾਈ ਹੁੰਦੀ ਤਾਂ ਦੱਸਦੀ ਏਸ ਨੂੰ ਤੇ ਏਹਨਾਂ ਬੋਤਲ ਵਾਲਿਆਂ ਨੂੰ ਵੀ ਵਾਧੂ ਖੰਡ ਪਾਉਂਦੀ। ਮਾਈ ਨੇ ਈ ਤਾਂ ਦੱਸਿਆ ਸੀ ਬਈ ਇਹ ਬਾਣੀਆਂ ਪਲੀ-ਪਲੀ ਤੇਲ ਵੇਚ ਕੇ ਈ ਮਾਲਦਾਰ ਬਣਿਆਂ ਏ। ਇਹ ਮੋਇਆ ਬਾਣੀਆਂ ਪੰਜਾਂ ਰੁਪਈਆਂ ਵਿਚ ਖਾਂਸੀ ਦੀ ਦਵਾਈ ਵਾਲੀ ਇਕ ਸ਼ੀਸ਼ੀ ਜਿੰਨਾ ਤੇਲ ਮਸੀਂ ਦੇਂਦਾ ਏ—ਇਸ ਹਿਸਾਬ ਨਾਲ ਪੂਰੀ ਬੋਤਲ ਅੱਸੀਆਂ ਰੁਪਈਆਂ ਵਿਚ ਭਰਦੀ ਏ। ਜਦਕਿ ਇਕ ਬੋਤਲ ਤੇਲ, ਨਫ਼ੇ ਸਮੇਤ, ਪੰਜਾਹ ਰੁਪਈਆਂ ਦੀ ਉਹਨਾਂ ਨੂੰ ਦੇ ਦੇਂਦਾ ਏ ਜਿਹੜੇ ਹੁਣੇ ਉਸਨੂੰ ਆਪਣੀ ਆਕੜ ਦਿਖਾਅ ਰਹੇ ਸੀ। ਇਹਨਾਂ ਦੀ ਆਕੜ ਨੂੰ ਠੋਸਾ ਦਿਖਾਉਣ ਦੀ ਗਰਜ ਨਾਲ ਈ ਤਾਂ ਉਸਨੇ ਜਿਵੇਂ-ਤਿਵੇਂ ਕਰਕੇ ਪਾਣੀ ਦੀ ਇਕ ਖਾਲੀ ਬੋਤਲ ਦਾ ਜੁਗਾੜ ਕਰ ਦਿੱਤਾ ਸੀ ਮਾਈ-ਬਾਊ ਨੂੰ—ਪਰ ਉਸਦੀ ਕੀ ਗਤ ਬਣੀ? ਅੱਜ ਸਾਰੇ ਘਰਵਾਲੇ ਉਸ ਬੋਤਲ ਨੂੰ ਲੈ ਕੇ ਦਿਸ਼ਾ-ਮੈਦਾਨ ਹੋਣ ਜਾਂਦੇ ਨੇ।
ਉਸਨੇ ਬਾਣੀਏ ਨੂੰ ਵੀਹ ਰੁਪਈਆਂ ਦਾ ਲਾਲ ਨੋਟ ਫੜਾਇਆ...ਪੰਦਰਾਂ ਰੁਪਏ ਕੱਟ ਕੇ ਉਸਨੇ ਨਿਨਕੂ ਨੂੰ ਪੰਜ ਦਾ ਸਿੱਕਾ ਮੋੜ ਦਿੱਤਾ। ਨਿਨਕੂ ਇਕ ਹੱਥ ਦੀ ਮੁੱਠੀ ਵਿਚ ਪੰਜ ਦਾ ਸਿੱਕਾ ਤੇ ਦੂਜੇ ਹੱਥ ਵਿਚ ਸੌਦਾ ਫੜ੍ਹ ਕੇ ਉੱਥੋਂ ਤੁਰ ਪਿਆ। ਉਹ ਅੱਗੇ ਵਧਿਆ ਤਾਂ ਢਿੱਡ ਫੇਰ ਅੱਗੇ-ਅੱਗੇ ਹੋ ਲਿਆ। ਢਿੱਡ ਦਾ ਦਬਾਅ ਪੈਣ ਕਰਕੇ ਉਸਦੀ ਧੁੰਨੀ ਦੇ ਸਾਹਮਣੇ ਵਾਲੇ ਬਟਨ ਦਾ ਕਾਜ ਚੌੜਾ ਹੋ ਜਾਂਦਾ ਸੀ। ਜਿਸ ਨਾਲ ਬਟਨ ਵਾਰੀ-ਵਾਰੀ ਖੁੱਲ੍ਹ ਜਾਂਦਾ ਸੀ ਤੇ ਉਸਦੀ ਧੁੰਨੀ ਅਕਸਰ ਨੰਗੀ ਹੋ ਜਾਂਦੀ ਸੀ। ਉਸਦੇ ਲਈ ਇਹ ਕਰੇਲੇ ਦੇ ਨਿੰਮ ਚੜ੍ਹਨ ਵਾਲੀ ਗੱਲ ਹੁੰਦੀ। ਨਦੀ ਦੇ ਉਸ ਪਾਰ ਦੇ ਮਿੱਤਰਾਂ-ਬੇਲੀਆਂ ਨਾਲ ਉਸਨੂੰ ਕੋਈ ਗਿਲਾ-ਸ਼ਿਕਵਾ ਨਹੀਂ ਸੀ। ਪਰ ਨਦੀ ਦੇ ਇਸ ਪਾਰ ਦੀ ਮੁੰਡੀਰ ਆਪਣੇ ਹੱਥ ਆਏ ਕਿਸੇ ਮੌਕੇ ਨੂੰ ਨਹੀਂ ਸੀ ਖੁੰਝਣ ਦਿੰਦੀ। ਉਹ ਉਸਦੀ ਧੁੰਨੀ ਵਿਚ ਉਂਗਲ ਫੇਰ ਕੇ ਕਹਿੰਦੇ—
“ਹੇਡਲਾਈਟ ਕਾ ਬਲਬ ਫਯੂਜ ਕਯੋਂ ਹੈ ਬੇ?”
ਉਹ ਸ਼ਰਮਾਅ ਕੇ ਕਮੀਜ਼ ਨਾਲ ਢਿੱਡ ਨੂੰ ਇੰਜ ਢਕਣ ਦੀ ਕੋਸ਼ਿਸ਼ ਕਰਦਾ ਜਿਵੇਂ ਕੋਈ ਜਵਾਨ ਕੁੜੀ ਦੁਪੱਟੇ ਨਾਲ ਆਪਣੀਆਂ ਛਾਤੀਆਂ ਢਕਣ ਦਾ ਯਤਨ ਕਰਦੀ ਏ।
ਮਸਾਲੇ ਦੀ ਤਿੱਖੀ ਗੰਧ ਨਾਲ ਉਸਦਾ ਧਿਆਨ ਭਟਕ ਗਿਆ। ਲਾਲ ਡਿੱਗੀ ਪਾਰਕ ਦੀ ਚਾਰਦੀਵਾਰੀ ਨਾਲ ਲੱਗਦੀ ਰੇਹੜੀ ਵਾਲੇ ਸ਼ਾਮ ਲਾਲ ਨੇ ਚਾਉਮੀਨ ਨੂੰ ਪਹਿਲਾ ਛੌਂਕਾ ਲਾਇਆ ਸੀ। ਕੀ ਚੀਜ਼ ਏ ਬਾਈ? ਹਰ ਵਾਰੀ ਜਦੋਂ ਉਹ ਇਸ ਰੇਹੜੀ ਕੋਲੋਂ ਲੰਘਦਾ ਏ ਤਾਂ ਉਸਦੀ ਜੀਭ ਮੂਤਣ ਲੱਗ ਪੈਂਦੀ ਏ। ਅੱਜ ਸੇਠ ਦਾ ਮੁੰਡਾ ਵੀ ਕਿਵੇਂ ਚਟਖਾਰੇ ਮਾਰ-ਮਾਰ ਖਾ ਰਿਹਾ ਸੀ। ਹਰਬਰਟ ਬੰਨ੍ਹ ਕੋਲ ਉਸਨੂੰ ਠੇਡਾ ਵੱਜਿਆ ਤਾਂ ਉਸ ਏਸ ਨਸ਼ੀਲੀ ਗੰਧ ਤੋਂ ਮੁਕਤ ਹੋਇਆ। ਤੇਲ ਦੀ ਸ਼ੀਸ਼ੀ ਖੱਬੇ ਹੱਥ ਵਿਚ ਸੀ। ਉਸਨੇ ਸਾਵਧਾਨੀ ਵੱਸ ਉਸਨੂੰ ਹੋਰ ਵੀ ਘੁੱਟ ਕੇ ਫੜ੍ਹ ਲਿਆ ਜਿਸ ਕਰਕੇ ਸੱਜੇ ਦੀ ਪਕੜ ਆਪਣੇ-ਆਪ ਢਿੱਲੀ ਪੈ ਗਈ ਤੇ ਪੰਜ ਦਾ ਸਿੱਕਾ ਇੰਜ ਰੁੜ੍ਹਿਆ ਜਿਵੇਂ ਪਿੰਜਰਾ ਖੁੱਲ੍ਹਦਿਆਂ ਈ ਚਿੜੀ ਫੁਰੱਰ ਹੋ ਜਾਂਦੀ ਏ। ਨਿਨਕੂ ਖਿੜ ਗਿਆ। ਚੰਗਾ ਸਗਨ ਏ। ਪੰਜਾਂ ਰੁਪਈਆਂ ਦੀ ਈ ਤਾਂ ਆਉਂਦੀ ਏ—ਇਕ ਪਲੇਟ ਚਾਉਮੀਨ ਦੀ! ਪਰ ਏਸ ਹਿਸਾਬ ਤੋਂ ਪਰ੍ਹੇ ਜਿਹੜੀ ਖਾਸ ਗੱਲ ਸੀ ਉਹ ਇਹ ਸੀ ਕਿ ਬੰਨ੍ਹ ਦੀ ਢਲਾਣ ਦੇ ਨਾਲ-ਨਾਲ ਗੰਦਾ ਨਾਲਾ ਜਾਂਦਾ ਸੀ, ਜਿਹੜਾ ਬੰਨ੍ਹ ਦੇ ਨਾਲ-ਨਾਲ ਦੀ ਹੁੰਦਾ ਹੋਇਆ ਰਾਪਤੀ ਨਦੀ ਵਿਚ ਜਾ ਡਿੱਗਦਾ ਸੀ ਤੇ ਪੰਜ ਦਾ ਸਿੱਕਾ ਨਾਲੇ ਵੱਲ ਇੰਜ ਰੁੜ੍ਹਿਆ ਜਾ ਰਿਹਾ ਸੀ ਜਿਵੇਂ ਰਾਪਤੀ ਨਦੀ ਵਿਚ ਜਾਣ ਦਾ ਇਸ ਤੋਂ ਬਿਹਤਰ ਕੋਈ ਹੋਰ ਰਸਤਾ ਈ ਨਾ ਹੋਏ। ਨਿਨਕੂ ਨੂੰ ਜਦੋਂ ਲੱਗਿਆ ਕਿ ਹੁਣ ਖੇਡ ਵਿਗੜਣ ਵਾਲੀ ਏ ਤਾਂ ਉਸਨੇ ਸਾਰਾ ਸਾਮਾਨ ਇਕ ਪਾਸੇ ਰੱਖ ਕੇ ਦੌੜ ਲਾ ਦਿੱਤੀ। ਨਿਨਕੂ ਦੇ ਇਸ ਕਰਤਬ ਦਾ ਕੋਈ ਚਸ਼ਮਦੀਦੀ ਗਵਾਹ ਨਹੀਂ ਸੀ, ਨਹੀਂ ਤਾਂ ਉਸਨੇ ਜਿਸ ਫੁਰਤੀ ਨਾਲ ਰੁੜ੍ਹੇ ਜਾਂਦੇ ਸਿੱਕੇ ਨੂੰ ਵਾਪਸ ਆਪਣੀ ਮੁੱਠੀ ਵਿਚ ਜਕੜ ਲਿਆ ਸੀ, ਉਸ ਉੱਤੇ ਉਹ ਤਾੜੀਆਂ ਮਾਰੇ ਬਿਨਾਂ ਨਹੀਂ ਸੀ ਰਹਿ ਸਕਦਾ। ਤੇ ਹੋਰ ਕੋਈ ਨਹੀਂ ਤਾਂ ਘੱਟੋਘੱਟ ਉਸਦੀ ਮਾਈ ਜ਼ਰੂਰ ਉਸਨੂੰ ਹਿੱਕ ਨਾਲ ਲਾ ਲੈਂਦੀ—ਭਾਵੇਂ ਹੋਰ ਦਿਨੀਂ ਤਾਅਨੇ ਈ ਮਾਰਦੀ ਰਹੇ।
ਉਹ ਸੋਚ ਰਿਹਾ ਸੀ ਕਿ ਰੱਬ ਨਾ ਕਰੇ ਜੇ ਇਹ ਸਿੱਕਾ ਨਾਲੇ ਵਿਚ ਡਿੱਗ ਪੈਂਦਾ, ਫੇਰ? ਤਾਂ ਇਸ ਨੂੰ ਲੈ ਕੇ ਮਾਈ ਕੋਲ ਦੋ ਈ ਰਸਤੇ ਸਨ ਜਾਂ ਤਾਂ ਉਸਦੀ ਖ਼ੂਬ ਖੜਕਾਈ ਕਰਦੀ ਜਾਂ ਫੇਰ ਡੋਮਿਨਗੜ੍ਹ ਦੇ ਸਾਈਕਲ ਪੁੱਲ ਤੋਂ ਅਜਿਹਾ ਧੱਕਾ ਦਿੰਦੀ ਕਿ ਉਹ ਸਿੱਧਾ ਰਾਪਤੀ ਨਦੀ ਵਿਚ ਜਾ ਡਿੱਗਦਾ। ਇਹ ਖ਼ਿਆਲ ਆਉਂਦਿਆਂ ਈ ਉਸਨੇ ਪੰਜ ਦੇ ਸਿੱਕੇ ਨੂੰ ਓਨੀਂ ਮਜ਼ਬੂਤੀ ਨਾਲ ਫੜ੍ਹ ਲਿਆ, ਜਿੰਨੀ ਮਜ਼ਬੂਤੀ ਨਾਲ ਤੇਲ ਵਾਲੀ ਸ਼ੀਸ਼ੀ। ਦੂਰੋਂ ਈ ਉਸਨੂੰ ਉਹ ਜਗ੍ਹਾ ਦਿਖਾਈ ਦਿੱਤੀ, ਜਿੱਥੇ ਉਸਦਾ ਘਰ ਸੀ। ਜਿਸ ਜਗ੍ਹਾ ਉਹ ਖੜ੍ਹਾ ਸੀ ਉੱਥੋਂ ਆਪਣਾ ਘਰ ਕੀ ਦਿਸਦਾ ਜਦੋਂ ਕਿ ਨੱਕਪਾਟੇ ਤੇ ਬਨਾਰਸੀ ਕੇ ਘਰ ਵੀ ਗਡਮਡ ਹੋਏ ਦਿਸਦੇ ਸਨ। ਕੁਝ ਦੂਰ ਹੋਰ ਜਾਂਦਾ ਤਾਂ ਕਿਤੇ ਜਾ ਕੇ ਦੋਵੇਂ ਘਰ ਅਲੱਗ-ਅਲੱਗ ਦਿਸਦੇ ਤੇ ਉਹਨਾਂ ਦੋਵਾਂ ਘਰਾਂ ਦੇ ਵਿਚਕਾਰ ਇਕ ਡੱਬੇ ਵਰਗੀ ਚਕੌਰ ਚੀਜ਼ ਫਸੀ ਦਿਸਦੀ। ਇਹੀ ਡੱਬਾ ਉਸਦਾ ਘਰ ਸੀ। ਕੁਝ ਦੂਰ ਅੱਗੇ ਚੱਲ ਕੇ ਇਹੀ ਡੱਬਾ ਉਸਦੇ ਇਕ ਕੋਠੜੇ ਦੇ ਘਰ ਵਿਚ ਬਦਲ ਜਾਏਗਾ। ਅਜੇ ਕੁਝ ਸਮਾਂ ਪਹਿਲਾਂ ਦੀ ਗੱਲ ਈ ਏ, ਪਹਿਲਾਂ ਨਾ ਤਾਂ ਇਹ ਡੱਬਾ ਸੀ ਤੇ ਨਾ ਈ ਉਸਦਾ ਘਰ। ਪਹਿਲਾਂ ਤਾਂ ਇੱਥੇ ਬਨਾਰਸੀ ਕੇ ਗਧੇ ਵੱਝੇ ਹੁੰਦੇ ਸੀ। ਨਿਨਕੂ ਨੂੰ ਸਿਰਫ਼ ਇਕੋ ਗਧਾ ਯਾਦ ਏ ਜਿਹੜਾ ਇਕ ਲੱਤੋਂ ਲੰਗ ਮਾਰਦਾ ਹੋਇਆ ਇੱਧਰ-ਉੱਧਰ ਭੌਂਦਾ-ਭਟਕਦਾ ਰਹਿੰਦਾ ਸੀ। ਉਹ ਮਰ ਗਿਆ ਜਾਂ ਬਨਾਰਸੀ ਨੇ ਕਿਸੇ ਨੂੰ ਵੇਚ ਦਿੱਤਾ ਜਾਂ ਕਿਤੇ ਚਲਾ ਗਿਆ—ਨਿਨਕੂ ਨੂੰ ਨਹੀਂ ਸੀ ਪਤਾ। ਕਾਫੀ ਦਿਨਾਂ ਤੋਂ ਟੀਨ ਦੀ ਇਸ ਛਾਉਣੀ ਨੂੰ ਵਿਹਲੀ ਪਈ ਦੇਖ ਕੇ ਉਸਦੇ ਬਾਊ ਨੇ ਬਨਾਰਸੀ ਤੋਂ ਇਹ ਥਾਂ ਕਿਰਾਏ ਉੱਤੇ ਲੈ ਲਈ ਸੀ।
ਉਸਦਾ ਘਰ ਸਾਫ਼-ਸਾਫ਼ ਦਿਸਣ ਲੱਗਾ ਤਾਂ ਉਸਨੂੰ ਘਰ ਦੇ ਕੋਲ ਪਹੁੰਚਣ ਦੀ ਤਸੱਲੀ ਹੋਈ। ਘਰ ਦੇ ਅੰਦਰੋਂ ਧੂੰਆਂ ਨਿਕਲ ਕੇ ਬਾਹਰ ਫ਼ੈਲ ਰਿਹਾ ਸੀ। ਉਸਨੂੰ ਤਸੱਲੀ ਹੋਈ ਕਿ ਚਲੋ ਬੜੇ ਮੌਕੇ ਨਾਲ ਪਹੁੰਚ ਗਿਆ। ਚਾਹ ਨੂੰ ਬਹੁਤਾ ਉਡੀਕਣਾ ਨਹੀਂ ਪਏਗਾ। ਟੀਨ ਦਾ ਬੂਹਾ ਖੋਲ੍ਹ ਕੇ ਉਹ ਅੰਦਰ ਵੜਿਆ ਤਾਂ ਧੂੰਆਂ ਨਾਸਾਂ ਵਿਚ ਵੜ ਗਿਆ।
“ਕਾਹੇ ਦਰਵਾਜਾ ਬੰਦ ਕੀ ਹੋ ਮਾਈ?”
ਉਸਦੀ ਮਾਈ ਦਾ ਚਿਹਰਾ ਚੁੱਲ੍ਹੇ ਵਿਚ ਫੂਕਣੀ ਨਾਲ ਫੂਕਾਂ ਮਾਰ-ਮਾਰ ਕੇ ਬੁਝ ਗਿਆ ਸੀ। ਧੂੰਏ ਨਾਲ ਉਸਦੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ—ਤਾਂ ਉਹ ਜਵਾਬ ਕੀ ਦੇਂਦੀ। ਇਸ ਲਈ ਉਸਨੇ ਖ਼ੂਦ ਫ਼ੈਸਲਾ ਲੈਂਦਿਆਂ ਹੋਇਆ ਦਰਵਾਜ਼ਾ ਪੂਰਾ ਖੋਲ੍ਹ ਕੇ ਉਸਦੀ ਕੁੰਡੀ ਨਾਲ ਬੱਧੀ ਰੱਸੀ ਨੂੰ ਕੰਧ ਵਿਚ ਲੱਗੀ ਮੇਖ ਨਾਲ ਬੰਨ੍ਹ ਦਿੱਤਾ। ਲਿਆਂਦੇ ਸੌਦੇ ਨੂੰ ਇੱਟਾਂ ਦੇ ਠੁੰਮਣਿਆਂ ਉੱਤੇ ਰੱਖੇ ਲੱਕੜ ਦੇ ਫੱਟੇ ਉੱਤੇ ਰੱਖ ਦਿੱਤਾ। ਉਸਦੀ ਮਾਈ ਨੇ ਇਕ ਨਜ਼ਰ ਉਸ ਉੱਤੇ ਮਾਰੀ ਤੇ ਫੇਰ ਲੱਕੜ ਪਾੜਨ ਬੈਠ ਗਈ। ਉਸਨੇ ਆਪਣੇ-ਆਪ ਫੂਕਣੀ ਚੁੱਕ ਲਈ ਤੇ ਚੁੱਲ੍ਹੇ ਵਿਚ ਫੂਕਾਂ ਮਾਰਨ ਲੱਗਿਆ।
“ਲਕੜਿਯਾਂ ਝੁਰਾਈਲ ਨਇਖੇ।” ਉਸਨੇ ਆਪਣੀਆਂ ਅੱਖਾਂ ਪੂੰਝਦਿਆਂ ਹੋਇਆਂ ਕਿਹਾ।
“ਓ ਹਟ ਰੇ !”
ਮਾਂ ਦੇ ਅਚਾਨਕ ਚੀਕਣ ਕਰਕੇ ਉਹ ਸਹਿਮ ਗਿਆ।
“ਉਹਾਂ ਤੁਲਸੀ ਕਾ ਪੱਤਾ ਬਾ ਰੇ! ਬਇਠ ਗਇਲੇ, ਕਾ ?”
ਓਧਰ ਚੁੱਲ੍ਹੇ ਵਿਚ ਅੱਗ ਤੁੜਕੀ ਏਧਰ ਉਹ ਬੁਝ ਗਿਆ। ਮਾਂ ਦੀ ਕਿੰਨੀ ਈ ਸੇਵਾ ਕਰੋ, ਕੋਈ ਫਰਕ ਨਹੀਂ ਪੈਂਦਾ। ਫੂਕਣੀ ਸੁੱਟ ਕੇ ਉਹ ਉੱਠ ਖੜ੍ਹਾ ਹੋਇਆ।
“ਇ ਪਾਇਸਾ ਰਖ ਲਾ ।” ਉਸਨੇ ਪੰਜ ਦੇ ਸਿੱਕੇ ਨੂੰ ਮਾਈ ਦੇ ਸਾਹਮਣੇ ਸਰਕਾ ਦਿੱਤਾ। ਉਸਦੀ ਮਾਈ ਅੱਖਾਂ ਪਾੜ-ਪਾੜ ਉਸ ਜਗ੍ਹਾ ਵੱਲ ਦੇਖਣ ਲੱਗੀ ਜਿੱਧਰ ਨਿਨਕੂ ਨੇ ਇਸ਼ਾਰਾ ਕੀਤਾ ਸੀ।
“ਅਉਰ ਕਹੰ ਬਾ ਰੇ !” ਮਾਈ ਦੀਆਂ ਨਜ਼ਰਾਂ ਧੂੰਏ ਦੀਆਂ ਪਰਤਾਂ ਵਿੱਚੋਂ ਸਿੱਕੇ ਉੱਤੇ ਗੱਡੀਆਂ ਹੋਈਆਂ ਸੀ।
“ਇ ਅਠੰਨੀ ਨਾਹੀਂ ਹੈ...”
“ਅਰੇ ਚੁਪ ਕਰ !” ਉਸਨੇ ਝਿੜਕਿਆ, “ਆਂਹਰ (ਅੰਨ੍ਹੀਂ) ਹਇ ਹਮ ਕਾ ! ਹਮੇਂ ਮਾਲੂਮ ਹੈ ਕਿ ਇ ਪਾਂਚ ਕਾ ਸਿੱਕਾ ਹੈ। ਅਉਰ ਕਹਾਂ ਗਯਾ?”
“ਸਉਦਾ ਨਹੀਂ ਲਾਯਾ ਕਾ !” ਉਸਨੇ ਚਿੜ ਕੇ ਫੱਟੇ ਉੱਤੇ ਲਿਆ ਕੇ ਰੱਖੇ ਸਾਮਾਨ ਵੱਲ ਇਸ਼ਾਰਾ ਕੀਤਾ। ਮਾਈ ਨੇ ਇਕ-ਇਕ ਕਰਕੇ ਸਾਮਨ ਚੁੱਕਿਆ ਕੇ ਆਪ ਨਿਰਖਿਆ।
“ਤੇਲ ਕਿੱਤੇ ਕਾ ਹੈ ?”
“ਪਾਂਚ ਰੁਪਯੇ ਕਾ।”
“ਚੀਨੀ ?”
“ਪਾਂਚ ਰੁਪਯੇ ਕਾ, ਅਉਰ ਮਸਾਲਾ ਭੀ ਪਾਂਚ ਰੁਪਯੇ ਕਾ।” ਲੱਗਦੇ ਹੱਥ ਉਸਨੇ ਮਸਾਲੇ ਦੇ ਪੈਸੇ ਵੀ ਦੱਸ ਦਿੱਤੇ।
ਉਸਦੀ ਮਾਈ ਸੋਚੀਂ ਪੈ ਗਈ।
“ਕੁਲ ਬੀਸੇ ਤੋ ਹੁਆ ! ਪਾਂਚ ਰੁਪਯਾ ਅਉਰ ਕਹਾਂ ਬਾ ਰੇ? ਗਿਰਾ ਦੇਹਲੇ ਕਾ ਕਹੀਂ ਨਹਰੀ ਵਹਰੀ ਮੇਂ?”
ਲਓ ! ਗਿਰਾ ਆਇਆ !! ਉਲਟਾ ਡਿੱਗ ਚੱਲੇ ਸੀ ਤਾਂ ਉਸਨੇ ਬਚਾ ਲਏ ਸੀ ਫੁਰਤੀ ਨਾਲ। ਇਹੀ ਤਾਂ ਨਿਨਕੂ ਦੱਸਣਾ ਚਾਹੁੰਦਾ ਸੀ। ਪਰ ਮਾਈ ਕੋਲ ਤਾਂ ਉਸਦੀ ਗੱਲ ਸੁਣਨ ਲਈ ਜ਼ਰਾ ਵੀ ਵਿਹਲ ਨਹੀਂ। ਉਲਟਾ, ਸਵਾਲ ਉੱਤੇ ਸਵਾਲ ਕਰੀ ਜਾ ਰਹੀ ਏ।
“ਸੇਠ ਕਿਤਨਾ ਪਇਸਾ ਦਿਯਾ ਥਾ ?”
“ਬੀਸ ਰੁਪਿਯਾ ।”
“ਬੀਸ ਰੁਪਿਯਾ !” ਮਾਈ ਦੀਆਂ ਅੱਖਾਂ ਧੂੰਏ ਦੇ ਬਾਵਜੂਦ ਫ਼ੈਲ ਗਈਆਂ, “ਮਾਰਵੜਿਯਾ ਨੇ ਬੀਸੇ ਰੁਪਿਯਾ ਦਿਯਾ! ਪਾਂਚ ਰੁਪਿਯਾ ਮਾਰ ਗਵਾ! ਸਾਲਾ ਹਰਾਮਿਯਾ, ਸੇਠ-ਸੂਠ ਕੀ ਜਾਤ! ਜਹਾਂ ਦੇਖਸ ਮੌਕਾ ਵਹੀਂ ਦਿਹਸ ਧੋਕਾ।”
ਮਾਈ ਦੇ ਨਾਲ-ਨਾਲ ਪਾਣੀ ਵੀ ਉਬਲਣ ਲੱਗ ਪਿਆ। ਉਹ ਉਬਲਦੇ ਹੋਏ ਪਾਣੀ ਵਿਚ ਤੁਲਸੀ ਦੇ ਪੱਤੇ, ਅਦਰਕ, ਕਾਲੀ ਮਿਰਚ ਤੇ ਪਤਾ ਨਹੀਂ ਕੀ-ਕੀ ਪਾ ਕੇ ਹਿਲਾਉਣ ਲੱਗ ਪਈ। ਉਹ ਪਹਿਲਾਂ ਈ ਨੁਚੜਿਆ ਹੋਇਆ ਸੀ। ਕਾੜ੍ਹਾ ਬਣਦਾ ਦੇਖ ਕੇ ਹੋਰ ਵੀ ਖਿਝ-ਕਰਿਝ ਗਿਆ। ਪਹਿਲਾਂ ਉਸਨੂੰ ਲੱਗਿਆ ਸੀ ਝਿੜਕਾਂ ਦੇ ਨਾਲ-ਨਾਲ ਗਰਮਾ-ਗਰਮ ਚਾਹ ਵੀ ਨਸੀਬ ਹੋ ਜਾਏਗੀ। ਚਾਹ ਤਾਂ ਹੁਣ ਕਾੜ੍ਹਾ ਬਣ ਗਈ ਸੀ, ਪਰ ਝਾੜਾਂ ਓਵੇਂ ਦੀ ਜਿਵੇਂ ਜਾਰੀ ਸਨ।
“ਕਿਤਨਾ ਗੇਹੂੰ ਬੀਨਾ ਰੇ ?”
“ਦੁ ਕਨਸਤਰ...ਭਰ ਕੇ ।”
“ਮਤਲਬ ਤੀਸ ਕਿਲੋ...ਧੋਯਾ ਭੀ ?”
“ਹਾਂ ।” ਨਿਨਕੂ ਨੇ ਧੌਣ ਹਿਲਾ ਦਿੱਤੀ, “ਧੋਯਾ ਭੀ ਅਉਰ ਧੋਕਰ ਪਸਾਰਾ ਭੀ ।”
“ਭਲਾ ਦੇਖੋ ਤੋ ਗੁੰਡਈ! ਬਿਨ; ਧੋਯਾ ਬੀਨਾ ਗੇਹੂੰ ਕਾ ਆਟਾ ਬਾਰਹ ਰੁਪਿਯਾ ਕਿਲੋ ਜਬਕਿ ਧੋ ਬੀਨ ਕਰ ਸੋਲਹ ਰੁਪਿਯਾ ਕੇ ਹਿਸਾਬ ਸੇ! ਅਉਰ ਮੇਹਨਤਾਨਾ ਏਕ ਰੁਪਿਯਾ ਕਿਲੋ ਦੇਨੇ ਮੇਂ ਭੀ ਕਰੇਜਾ ਫਟਤਾ ਹੈ। ਹਮਸੇ ਬੋਲਾ ਥਾ ਕਿ ਦੁ ਕਨਸਤਰ ਕਾ ਪੱਚੀਸ ਰੁਪਿਯਾ ਦੇਗਾ, ਲੇਕਿਨ ਦਿਯਾ ਬੀਸੇ।”
ਉਸਨੂੰ ਚੁੱਪ ਦੇਖ ਕੇ ਓਹ ਘੁਰਕੀ ।
“ਕੁਲ ਕਿਤਨੇ ਜਨੇ ਥੇ ?”
“ਤੀਨ ਗੋ ਲੜਕੇ ਅਉਰ ਥੇ। ਸਬ ਦੁ ਕਨਸਤਰ ਗੇਹੂੰ ਧੋਯੇ-ਬੀਨੇ ।”
“ਉਨਹੇਂ ਕਿਤਨਾ ਮਿਲਾ ?”
“ਹਮੇਂ ਨ ਮਾਲੂਮ। ਸਬਕੋ ਅਲਗ ਅਲਗ ਬੁਲਾ ਕਰ ਮਜੂਰੀ ਦਿਯਾ ।”
“ਸਯਾਨਾ ਹੈ ਨਾ, ਇਸਲਿਏ।” ਉਹ ਦੰਦ ਪੀਹੰਦਿਆਂ ਹੋਇਆਂ ਬੋਲੀ, “ਜਾ, ਜਾ ਕੇ ਪਾਂਚ ਰੁਪਿਯਾ ਅਉਰ ਲੇ ਆ। ਬੋਲਿਹੇ ਕਿ ਮਾਈ ਸੇ ਪੱਚੀਸ ਮੇਂ ਬਾਤ ਹੁਆ ਥਾ ਬੀਸ ਕਾਹੇ ਦਿਯਾ। ਸੇਠ ਸੇ ਬੋਲਿਹੇ ਸੇਠਾਇਨ ਸੇ ਨਾਹੀਂ। ਉ ਤੋ ਅਉਰ ਕੱਟਾਇਨ ਹੈ।”
ਉਸ ਉੱਤੇ ਜਿਵੇਂ ਘੜਿਆਂ ਬੱਧੀ ਪਾਣੀ ਪੈ ਗਿਆ ਹੋਏ। ਹੁਣੇ ਤਾਂ ਥੱਕਿਆ-ਹਾਰਿਆ ਆਇਆ ਏ। ਪਸੀਨਾ ਵੀ ਨਹੀਂ ਸੁੱਕਿਆ ਤੇ ਫੇਰ ਉੱਥੇ ਜਾਣ ਦਾ ਫਰਮਾਨ! ਵੀਹ ਰੁਪਈਏ ਹੋਣ ਜਾਂ ਪੱਚੀ ਰੁਪਈਏ। ਉਸਦੇ ਪੱਲੇ ਤਾਂ ਇਕ ਧੇਲਾ ਨਹੀਂ ਪੈਣ ਵਾਲਾ। ਸਾਰੀ ਕਮਾਈ ਮਾਈ ਦੀ ਹਥੇਲੀ  ਉੱਤੇ ਰੱਖਦਾ ਏ, ਜਿਹੜੀ ਏਸ ਵੇਲੇ ਕਾੜ੍ਹਾ ਸੁੜਕ ਰਹੀ ਏ। ਐਨ ਚਾਹ ਦੇ ਵੇਲੇ ਕਾੜ੍ਹਾ ਲੈ ਕੇ ਬੈਠ ਗਈ।
“ਤੂ ਜਾਇਬੂ ਨਾ, ਉਨਕੇ ਘਰ ਬਰਤਨ ਮਾਂਜੇ। ਤਬ ਮਾਂਗ ਲਿਹੇ।”
“ਦੇਖ ਨਹੀਂ ਰਹਾ ਹੈ ਕਾੜ੍ਹਾ ਪਿਯਤ ਹਇ ਹਮ। ਹਮਾਰਾ ਕਪਾਰ ਪਿਰਾ ਰਹਾ ਹੈ ਅਉਰ ਤੂ ਹਮੇ ਬਰਤਨ ਮਾਂਜੇ ਭੇਜ ਰਹਾ ਹੈ ਕਪੂਤ।”
ਉਹ ਆਪਣਾ ਸਿਰ ਪਿੱਟਣ ਲੱਗ ਪਈ। ਜਿਵੇਂ ਕਿ ਜੇ ਨਹੀਂ ਪਿੱਟੇਗੀ ਤਾਂ ਨਿਨਕੂ ਨੂੰ ਯਕੀਨ ਈ ਨਹੀਂ ਹੋਏਗਾ।
“ਲਗ ਰਹਾ ਕਿ ਜਵਰ ਭੀ ਹੈ। ਜਾ, ਜਾ ਕੇ ਇ ਭੀ ਬੋਲ ਦਿਹੇ ਕਿ ਮਾਈ ਨਇਖੇ ਆਯੀ।”
“ਤੋ ਸੁਬਹ ਚਲ ਜਾਇਹੇ।” ਉਹ ਨਾ ਤਾਂ ਤਨੋਂ ਤੇ ਨਾ ਈ ਮਨੋਂ ਜਾਣ ਲਈ ਤਿਆਰ ਸੀ, “ਹਮੇਂ ਦੇ ਕਿ ਨ ਦੇ।”
“ਸੁਬਹ ? ਬਾਊ ਆਜ ਰਾਤ ਭਰ ਨਹੀਂ ਆਯੇਗਾ। ਪਤਾ ਹੈ ਨ, ਜਬ ਲਿਨਟਰ ਪੜਤਾ ਹੈ ਤਬ ਰਾਤ ਭਰ ਕਾ ਕਾਮ ਹੋਤਾ ਹੈ। ਅਬ ਕਲ ਸਾਂਝਲੇ ਮਜੂਰੀ ਲੇ ਕਰ ਆਯੇਗਾ। ਪਤਾ ਹੈ ਨਾ।”
ਉਸਦੀ ਮਾਈ ਹੱਥ ਨਚਾਅ-ਨਚਾਅ ਕੇ ਉਲਾਂਭੇ-ਜਿਹੇ ਦੇ ਰਹੀ ਸੀ। ਉਹ ਸਮਝ ਗਿਆ ਸੀ ਕਿ ਜਾਏ ਬਿਨਾਂ ਕੰਮ ਨਹੀਂ ਚੱਲਣਾ।
“ਚਾਰ ਪਇਸਾ ਘਰ ਮੇਂ ਰਹੇਗਾ ਤੋ ਹਾਰੀ-ਬੀਮਾਰੀ ਮੇ ਕਾਮ ਹੀ ਆਯੇਗਾ। ਭੂਲ ਗਯਾ ਛੋਟਕੂ ਕੀ ਬੀਮਾਰੀ?”
“ਅੱਛਾ ਹਮ ਜਾ ਰਹੇ ਹੈਂ।” ਉੱਠਦਾ-ਉੱਠਦਾ ਫੇਰ ਬੈਠ ਗਿਆ। ਉੱਠਣ ਵਰਗਾ ਹੋ ਕੇ ਉਸਨੇ ਆਪਣੀ ਰਜ਼ਾਮੰਦੀ ਜਾਹਰ ਕਰ ਦਿੱਤੀ ਸੀ। ਬਸ, ਹੁਣ ਉਸਦੀ ਦਿਲੀ ਇੱਛਾ ਵੀ ਤਾਂ ਪੂਰੀ ਹੋ ਜਾਏ।
“ਹੇ ਮਾਈ ਤਨਿਕ ਚਾਹ ਤੋ ਪਿਲਾ ਦੇ।”
ਉਸਦੇ ਮਾਸੂਮੀਅਤ ਭਰੇ ਤਰਲੇ ਸਾਹਵੇਂ ਮਾਈ ਦਾ ਦਿਲ ਪਸੀਜ ਗਿਆ। ਪਰ ਬਾਲਣ ਦੇ ਢੇਰ ਵੱਲ ਦੇਖ ਕੇ ਚਿਹਰਾ ਤਣਿਆਂ ਗਿਆ।
“ਜਾ, ਜਾ ਕੇ ਪਇਸਵਾ ਲੇ ਆ ਨ ਬੇਟਾ। ਫਿਰ ਹਮ ਦੁਨੋਂ ਚਾਹ ਪੀਯੇਗੇਂ ਅਦਰਕ ਵਾਲਾ।”
ਨਿਨਕੂ ਬੁਝ ਗਿਆ ਕਿ ਅਲੱਗ-ਅਲੱਗ ਚਾਹ ਬਣਾਉਣ ਦਾ ਮਤਲਬ ਏ, ਵਾਰੀ-ਵਾਰੀ ਲੱਕੜਾਂ ਬਾਲਣੀਆਂ। ਇਸ ਲਈ ਉਸਨੇ ਇਸ ਗੱਲ ਉੱਤੇ ਸਬਰ ਕਰ ਲਿਆ ਕਿ ਚਾਹ ਨਾ ਸਹੀ ਪਿਆਰ ਦੇ ਦੋ ਬੋਲ ਤਾਂ ਮਿਲ ਗਏ। ਉਹ ਮਨ ਮਾਰ ਕੇ ਬਾਹਰ ਨਿਕਲ ਆਇਆ। ਸੌ ਕਰਮਾਂ ਦੇ ਖੜਵੰਜੇ ਦੇ ਸੜਕ-ਟੁਕੜੇ ਨੂੰ ਪਾਰ ਕਰਕੇ ਬੰਨ੍ਹ ਉੱਤੇ ਬਣੀ ਪੱਕੀ ਸੜਕ ਉੱਤੇ ਚੜ੍ਹ ਗਿਆ। ਬੰਨ੍ਹ ਉੱਤੇ ਖਲੋ ਕੇ ਉਸਨੇ ਖੱਬੇ ਪਾਸੇ ਦੇਖਿਆ। ਸੱਜੇ ਪਾਸੇ ਜਾਣ ਤੋਂ ਪਹਿਲਾਂ ਸਾਈਕਲ ਪੁਲ ਆਏਗਾ। ਉਸਨੂੰ ਪਾਰ ਕਰਕੇ ਉਹ ਸਿੱਧਾ ਡੋਮਿਨਗੜ੍ਹ ਪਹੁੰਚ ਜਾਏਗਾ, ਜਿਸਨੂੰ ਉਸਦੀ ਮਾਈ-ਬਾਊ ਨੇ ਛੇ ਮਹੀਨੇ ਪਹਿਲਾਂ ਈ ਛੱਡਿਆ ਸੀ ਤੇ ਹੁਣ ਓਥੇ ਨਾ ਜਾਣ ਦੀ ਪੱਕੀ ਠਾਣੀ ਹੋਈ ਏ। ਜਦਕਿ ਸੱਜੇ ਪਾਸੇ ਸੀ, ਮਾਰਵਾੜੀ ਸੇਠ ਦਾ ਘਰ। ਇਕ ਕੋਹ ਵੀ ਨਹੀਂ। ਜਿੱਥੇ ਉਹ ਜਾਣਾ ਨਹੀਂ ਸੀ ਚਾਹੁੰਦਾ ਤੇ ਹੁਣ ਝਖ਼ ਮਾਰਨ ਜਾ ਵੀ ਰਿਹਾ ਸੀ। ਉਹ ਜਾਣਦਾ ਸੀ ਕਿ ਜਾਣ ਦਾ ਕੋਈ ਲਾਭ ਨਹੀਂ। ਮਜੂਰੀ ਤਾਂ ਉਸਦੇ ਬਾਊ ਨੂੰ ਪੂਰੀ ਨਹੀਂ ਮਿਲਦੀ। ਰੋਜ਼ ਸ਼ਾਮ ਨੂੰ ਬੁੜਬੁੜ ਕਰਦਾ ਆਉਂਦਾ ਏ 'ਬਈ ਕੁਛ ਠੇਕੇਦਾਰ ਨੇ ਮਾਰ ਲਈ, ਕੁਛ ਮਿਸਤਰੀ ਨੇ ਅੱਧੇ, ਪਊਏ ਦੇ ਨਾਂ 'ਤੇ ਮਾਂਠ ਲਈ।' ਉਦੋਂ ਮਾਈ ਉਸ ਉੱਤੇ ਤਾਂ ਨਹੀਂ ਹਿਰਖਦੀ। ਉਲਟਾ ਕਹਿੰਦੀ ਏ ਕਿ ਮਿਸਤਰੀ ਬਾਊ ਨੂੰ ਮਿਸਤਰੀਪੁਣਾ ਸਿਖਾਅ ਰਿਹਾ ਏ। ਹੁਣ ਉਸਦਾ ਬਾਊ ਦਿਹਾੜੀਆ ਨਹੀਂ ਰਹੇਗਾ। ਤੇ ਖ਼ੁਦ ਮਾਈ! ਕੀ ਉਸਨੂੰ ਸਾਰਿਆਂ ਘਰਾਂ ਤੋਂ ਠੀਕ ਪੈਸੇ ਮਿਲਦੇ ਨੇ? ਬਨਾਰਸੀ ਦੇ ਇਸ ਡੱਬੇ ਵਿਚ ਰਹਿਣ ਬਦਲੇ, ਉਸਦੇ ਘਰ ਮੁਫ਼ਤ ਭਾਂਡੇ ਮਾਂਜਣ ਨਹੀਂ ਜਾਂਦੀ? ਵਰਨਾ ਔਕਾਤ ਏ ਕੋਈ ਬਨਾਰਸੀ ਦੀ, ਕੰਮਵਾਲੀ ਰੱਖਣ ਦੀ? ਤਾਂ ਫੇਰ ਮਾਈ ਨੇ ਉਸੇ ਦੀ ਮਜੂਰੀ ਲਈ ਹਾਏ-ਤੋਬਾ ਕਿਉਂ ਮਚਾ ਦਿੱਤੀ? ਖ਼ੁਦ ਜਾਣਾ ਨਹੀਂ ਪੈ ਰਿਹਾ ਨਾ! ਹੁਣ ਇਕ ਚੱਕਰ ਲਗਵਾ ਦਿੱਤਾ ਫਾਲਤੂ ਦਾ! ਕੀ ਉਹ ਨਹੀਂ ਜਾਣਦੀ ਕਿ ਸੇਠ ਦੇ ਦੰਦਾਂ ਵਿਚ ਫਸਿਆ ਹੋਏਗਾ ਰੁਪਈਆ?
ਰੌਲੇ-ਰੱਪੇ ਕਰਕੇ ਉਸਦਾ ਧਿਆਨ ਉੱਖੜਿਆ। ਉਸਨੇ ਸਾਹਮਣੇ ਦੇਖਿਆ। ਲਓ! ਹੁਣ ਇਕ ਹੋਰ ਮੁਸੀਬਤ ਨਾਲ ਨਜਿੱਠੋ! ਉਹ ਬੌਂਦਲ ਗਿਆ। ਉਸਨੂੰ ਇਸ ਗੱਲ ਦੀ ਹੋਸ਼ ਈ ਨਹੀਂ ਸੀ ਰਹੀ ਕਿ ਅੰਗਰੇਜ਼ੀ ਸਕੂਲ ਦੀ ਛੁੱਟੀ ਦਾ ਸਮਾਂ ਹੋ ਗਿਆ ਏ। ਨਹੀਂ ਤਾਂ ਕੁਝ ਰੁਕ ਕੇ ਜਾਂਦਾ। ਹੁਣ ਭੁਗਤੇ ਉਸਦਾ ਖਮਿਆਜਾ। ਜੇ ਇਕ ਨੇ ਚਿੜਾਉਣਾ ਸ਼ੁਰੂ ਕਰ ਦਿੱਤਾ ਤਾਂ ਵਾਰੀ ਵੱਝ ਜਾਏਗੀ।
 ਮੋਟੂ  ਸੇਠ,  ਸੜਕ  'ਤੇ  ਲੇਟ
 ਗੱਡੀ ਆਈ, ਫਟ ਗਿਆ ਪੇਟ
 ਗੱਡੀ  ਦਾ  ਨੰਬਰ, ਟੋਂਟੀ ਏਟ
 ਗੱਡੀ  ਗਈ,  ਇੰਡੀਆ ਗੇਟ
ਇਕ ਦੋ ਤਾਂ ਅੰਗਰੇਜ਼ੀ ਵਿਚ ਭੌਂਕਣਗੇ ਫੈਟ-ਫੈਟ ਤੇ ਪਤਾ ਨਹੀਂ ਕੀ-ਕੀ। ਕੋਈ ਮਤਲਬ ਨਿਕਲੇ ਜਾਂ ਨਾ ਨਿਕਲੇ ਪਰ ਦੱਸਣਾ ਜੋ ਹੋਇਆ ਕਿ 'ਅੰਗਰੇਜ਼ੀ ਸਕੂਲ ਵਿਚ ਪੜ੍ਹਦੇ ਆਂ।' ਸਭ ਤੋਂ ਪਹਿਲਾਂ ਤਾਂ ਉਸਨੇ 'ਬੁਸ਼ਸ਼ਰਟ' ਨੂੰ ਦੇਖਿਆ। ਧੁੰਨੀ ਦੇ ਸਾਹਮਣੇ ਵਾਲਾ ਬਟਨ ਖੁੱਲ੍ਹਾ ਹੋਇਆ ਸੀ। ਉਸਨੂੰ ਮਾਈ ਉੱਤੇ ਖਿਝ ਆ ਗਈ। ਮਾਈ ਦਾ ਤਾਂ ਉਹ ਇਕ-ਇਕ ਕਹਿਣਾ ਮੰਨਦਾ ਏ। ਜਦੋਂ ਥੱਕਿਆ ਹੁੰਦਾ ਏ ਤਾਂ ਭਾਵੇਂ ਨਾਂਹ-ਨੁੱਕਰ ਕਰੇ। ਪਰ ਮਾਈ ਉਸਦਾ ਰਤਾ ਵੀ ਖ਼ਿਆਲ ਨਹੀਂ ਰੱਖਦੀ। ਕਿੰਨੇ ਦਿਨਾਂ ਦਾ ਕਹਿ ਰਿਹਾ ਸੀ ਕਿ 'ਕਾਜ ਛੋਟਾ ਕਰ ਦੇ ਜਾਂ ਛੋਟਕੂ ਦੀ ਨਿੱਕਰ ਦਾ ਕੋਈ ਬਟਨ ਈ ਲਾ ਦੇਅ। ਨਿੱਕਰ ਦਾ ਬਟਨ ਤਾਂ ਬੁਸ਼ਸ਼ਰਟ ਦੇ ਕਾਜ ਨਾਲੋਂ ਥੋੜ੍ਹਾ ਵੱਡਾ ਹੋਏਗਾ ਈ।' ਪਰ ਮਾਈ ਪਤਾ ਨਹੀਂ ਕਿਸ ਦੁਨੀਆਂ ਵਿਚ ਰਹਿੰਦੀ ਏ। ਕੱਪੜੇ ਲੀੜੇ ਮੁਰੰਮਤ ਕਰਨ ਦੀ ਕੋਈ ਸੁੱਧ ਨਹੀਂ ਤੇ ਨਵੇਂ ਖਰੀਦਨ ਦਾ ਕੋਈ ਮਤਲਬ ਈ ਨਹੀਂ। ਛੋਟਕੂ ਉਸ ਨਾਲੋਂ ਵੱਡਾ ਹੁੰਦਾ ਤਾਂ ਉਸਦੇ ਕੱਪੜੇ ਤਾਂ ਘੱਟੋਘੱਟ ਉਸਦੇ ਕੰਮ ਆ ਰਹੇ ਹੁੰਦੇ। ਜਾਂ ਜੇ ਛੋਟਕੂ ਦੀ ਬਜਾਏ ਉਹੀ ਮਰ ਗਿਆ ਹੁੰਦਾ ਤਾਂ ਉਸਦੇ ਕੱਪੜੇ ਛੋਟਕੂ ਦੇ ਕੰਮ ਆ ਰਹੇ ਹੁੰਦੇ। ਉਸਨੇ ਜਿਵੇਂ-ਤਿਵੇਂ ਬਟਨ ਕਾਜ ਵਿਚ ਫਸਾ ਕੇ ਦੋ-ਤਿੰਨ ਮਰੋੜੀਆਂ ਦਿੱਤੀਆਂ—ਘੱਟੋਘੱਟ ਕੁਝ ਚਿਰ ਤਾਂ ਅਟਕਿਆ ਰਹੇਗਾ। ਪਾੜ੍ਹਿਆਂ ਦੇ ਝੁੰਡ ਦਾ ਫ਼ਾਸਲਾ ਘੱਟ ਹੁੰਦਾ ਜਾ ਰਿਹਾ ਸੀ। ਹਾਲਾਂਕਿ ਉਹ ਇੱਧਰ-ਉੱਧਰ ਖਿੱਲਰਦੇ ਵੀ ਜਾ ਰਹੇ ਸੀ ਤੇ ਝੁੰਡ ਨੇੜੇ ਆਉਂਦਾ-ਆਉਂਦਾ ਛੋਟਾ ਹੁੰਦਾ ਜਾ ਰਿਹਾ ਸੀ—ਫੇਰ ਵੀ ਉਹ ਬਿਨਾਂ ਗੱਲੋਂ ਝੰਜਟ ਵਿਚ ਨਹੀਂ ਸੀ ਪੈਣਾ ਚਾਹੁੰਦਾ। ਇਸ ਲਈ ਉਹ ਚੁੱਪਚਾਪ ਸੜਕ ਦੇ ਖੱਬੇ ਪਾਸੇ ਬੰਨ੍ਹ ਤੋਂ ਹੇਠਾਂ ਉਤਰ ਗਿਆ। ਅੱਗੇ ਜਾ ਕੇ ਸ਼੍ਰੀਧਰ ਦੀ ਚਾਹ ਦੀ ਗੁੰਮਟੀ ਸੀ। ਉਂਜ ਤਾਂ ਬੰਨ੍ਹ ਤੋਂ ਹੇਠਾਂ ਉਤਰ ਕੇ ਈ ਉਹ ਸੜਕ ਉੱਤੇ ਚੱਲਣ ਵਾਲਿਆਂ ਤੋਂ ਕਾਫੀ ਹੱਦ ਤਕ ਛੁਪ ਗਿਆ ਸੀ ਪਰ ਫੇਰ ਵੀ ਉਸਨੂੰ ਯਕੀਨ ਨਹੀਂ ਸੀ ਕਿ ਢਿੱਡ ਵੀ ਪੂਰੀ ਤਰ੍ਹਾਂ ਲੁਕ ਗਿਆ ਹੋਏਗਾ। ਇਸ ਲਈ ਉਹ ਸ਼੍ਰੀਧਰ ਦੀ ਗੁੰਮਟੀ ਦੇ ਓਹਲੇ ਹੋ ਗਿਆ। ਜਦੋਂ ਪਾੜ੍ਹਿਆਂ ਦਾ ਝੁੰਡ ਲੰਘ ਗਿਆ ਤਾਂ ਉਹ ਫੇਰ ਸੜਕ ਉੱਤੇ ਆ ਗਿਆ। ਪਿੱਠ ਉੱਤੇ ਬਸਤਾ ਲਟਕਾਈ ਜਾਂਦੇ ਹੋਏ ਬਾਲਾਂ ਨੂੰ ਉਸਨੇ ਭੌਂ ਕੇ ਦੇਖਿਆ। ਉਹ ਨੱਚਦੇ-ਟੱਪਦੇ ਹੋਏ ਜਾ ਰਹੇ ਸਨ। ਉਹਨਾਂ ਦੇ ਉੱਛਲਣ ਨਾਲ ਉਹਨਾਂ ਦੇ ਬਸਤਿਆਂ ਵਿਚਲੇ ਪੈਨਸਲ-ਬਾਕਸ ਦੀ ਖਣਕ ਇਕੱਠੀ ਹੋ ਕੇ ਉਸਦੇ ਕੰਨਾਂ ਤਕ ਪਹੁੰਚ ਰਹੀ ਸੀ। ਉਹ ਕੰਨਾਂ ਦੇ ਪਰਦਿਆਂ ਦੀ ਬਜਾਏ ਦਿਮਾਗ਼ ਦੇ ਤਾਰਾਂ ਨੂੰ ਵਧੇਰੇ ਝਣਝਣਾ ਰਹੀ ਸੀ। 'ਨਾਂ ਤਾਂ ਮੇਰਾ ਵੀ ਲਿਖਿਆ ਹੋਇਆ ਏ ਬੱਚੂਓ!' ਉਹ ਹਊਕਾ-ਜਿਹਾ ਖਿੱਚ ਕੇ ਆਪਣੀ ਰਾਹ ਤੁਰ ਪਿਆ। ਕੁਝ ਲੋਕ ਈ ਇਹ ਜਾਣਦੇ ਸਨ ਕਿ ਉਸਦਾ ਨਾਂ ਦੋ ਸਾਲ ਪਹਿਲਾਂ ਨਦੀ ਦੇ ਉਸ ਪਾਰ ਵਾਲੇ ਸਰਕਾਰੀ ਸਕੂਲ ਵਿਚ ਲਿਖਵਾ ਦਿੱਤਾ ਗਿਆ ਸੀ। ਪਰ ਮਹੀਨੇ ਵਿਚ ਇਕ ਵਾਰੀ ਮਾਈ ਜਾਂ ਬਾਊ ਨਾਲ ਜਾਂਦਾ ਏ ਤੇ ਸਿਰ ਉੱਤੇ ਰਾਸ਼ਨ ਢੋਅ ਕੇ ਲੈ ਆਉਂਦਾ ਏ।
ਜਦੋਂ ਉਹ ਸੇਠ ਦੇ ਘਰ ਦੇ ਕੋਲ ਪਹੁੰਚਿਆ ਤਾਂ ਗੇਟ ਦੀ ਜਾਲੀ ਵਿਚੋਂ ਈ ਸੇਠ ਦੀਆਂ ਹਿੱਲਦੀਆਂ-ਜੁਲਦੀਆਂ ਲੱਤ ਨਜ਼ਰ ਆ ਗਈ। ਉਸਨੂੰ ਤਸੱਲੀ-ਜਿਹੀ ਹੋਈ ਕਿ 'ਚਲੋ ਦੁਕਾਨ 'ਤੇ ਨਹੀਂ ਜਾਣਾ ਪਏਗਾ, ਜਿਹੜੀ ਸਾਹਬਗੰਜ ਸਬਜ਼ੀ ਮੰਡੀ 'ਚ ਏ। ਤੇ ਕੀ ਪਤਾ ਦੁਕਾਨ 'ਤੇ ਵੀ ਮਿਲਦਾ ਜਾਂ ਨਾ ਮਿਲਦਾ।' ਗੇਟ ਦਾ ਕੁੰਡਾ ਉਚਾਈ ਉੱਤੇ ਸੀ। ਉਸਨੂੰ ਖੋਲ੍ਹਣ ਲਈ ਉਸਨੂੰ ਹਰ ਵਾਰੀ ਬੁੜ੍ਹਕਣਾ ਪੈਂਦਾ ਸੀ। ਉਸ ਵੇਲੇ ਸੇਠ ਦਾ ਨੌਕਰ ਭੋਲਾ, ਧੋ ਕੇ ਖਿਲਾਰੀ ਕਣਕ ਨੂੰ ਬੋਰੀ ਵਿਚ ਪਾ ਰਿਹਾ ਸੀ। ਸੇਠ ਨੇ ਕਣਕ ਦੇ ਦਾਣਿਆਂ ਨੂੰ ਹਥੇਲੀ ਉੱਤੇ ਰੱਖ ਕੇ ਮਸਲਿਆ ਤੇ ਮੂੰਹ ਬਣਾ ਕੇ ਆਖਿਆ ਕਿ ਅਜੇ ਕਲ੍ਹ ਫੇਰ ਸੁਕਾਉਣੀ ਪਏਗੀ। ਉਸਨੇ ਨਿਨਕੂ ਨੂੰ ਗੇਟ ਖੋਲ੍ਹ ਕੇ ਵੜਦਿਆਂ ਦੇਖਿਆ। ਨਿਨਕੂ ਤਾਂ ਲਗਭਗ ਰੋਜ਼ ਈ ਇਸ ਘਰ ਵਿਚ ਆਪਣੀ ਮਾਈ ਨਾਲ ਆਉਂਦਾ ਸੀ। ਕਦੀ-ਕਦੀ ਤਾਂ ਦਿਨ ਵਿਚ ਦੋ-ਦੋ ਵਾਰੀ ਆ ਜਾਂਦਾ ਸੀ। ਇਸ ਲਈ ਸੇਠ ਨੇ ਉਸ ਉੱਤੇ ਇਕ ਸਰਸਰੀ ਨਿਗਾਹ ਮਾਰੀ ਤੇ ਜਦੋਂ ਭੋਲਾ ਬੋਰੀ ਨੂੰ ਮੋਢੇ ਉੱਤੇ ਲੱਦ ਕੇ ਜਾਣ ਲੱਗਿਆ ਤਾਂ ਉਹ ਵਰਾਂਡੇ ਵਿਚ ਰੱਖੀ ਆਰਾਮ ਕੁਰਸੀ ਵੱਲ ਵਧਣ ਲੱਗਿਆ—ਤੇ ਨਿਨਕੂ ਦੱਬਵੀਂ ਜ਼ਬਾਨ ਵਿਚ ਬੁੜਬੁੜਾਇਆ—
“ਸੇਠ ਜੀ, ਪਾਂਚ ਰੁਪਿਯਾ ਅਉਰ ਚਾਹਿਯੇ।”
ਮਾਰਵਾੜੀ ਸੇਠ ਤ੍ਰਬਕਿਆ...ਫੇਰ ਮੁੜ ਕੇ ਉਸ ਵੱਲ ਦੇਖਦਾ ਹੋਇਆ ਆਰਾਮ ਕੁਰਸੀ ਉੱਤੇ ਬੈਠ ਗਿਆ।
“ਪਾਂਚ ਰੁਪਿਯਾ ਔਰ ਕਯੋਂ?”
“ਮਾਈ ਬੋਲਤੀ ਹੈ ਕਿ ਪੱਚੀਸ ਰੁਪਿਯਾ ਮੇਂ ਬਾਤ ਹੁਆ ਥਾ, ਬੀਸੇ ਕਾਹੇ ਮਿਲਾ?”
“ਕੌਨ ਦਿਯਾ ਤੁਮਹੇ ਬੀਸ ਰੁਪਿਯਾ?” ਸੇਠ ਤ੍ਰਬਕ ਕੇ ਬੋਲਿਆ।
“ਮਾਲਕਿਨ ਨੇ।”
ਸੇਠ ਕੁਝ ਚਿਰ ਸੋਚਾਂ ਵਿਚ ਪਿਆ ਰਿਹਾ। ਫੇਰ ਜਿਵੇਂ ਈ ਆਪਣੀ ਬੀਵੀ ਨੂੰ ਆਵਾਜ਼ ਦੇਣ ਲੱਗਾ ਕਿ ਭੋਲੂ ਚਾਹ ਲੈ ਕੇ ਆ ਗਿਆ ਤੇ ਆਰਾਮ ਕੁਰਸੀ ਦੇ ਹੱਥੇ ਉੱਤੇ, ਜਿਹੜਾ ਇਹੋ-ਜਿਹੇ ਇਸਤੇਮਾਲ ਲਈ ਈ ਬਣਿਆਂ ਸੀ, ਗਲਾਸ ਰੱਖ ਦਿੱਤਾ।
“ਅਪਨੀ ਮਾਲਕਿਨ ਕੋ ਭੇਜਕਰ ਤਬ ਦੁਕਾਨ ਜਾਨਾ।”
ਭੋਲਾ ਅੰਦਰ ਜਾ ਕੇ ਵਾਪਸ ਆ ਗਿਆ ਤੇ ਬੋਲਿਆ, “ਬੋਲ ਦਿਯਾ, ਬਾਬੂ ਜੀ” ਕਹਿ ਕੇ ਚਲਾ ਗਿਆ। ਥੋੜ੍ਹੀ ਦੇਰ ਵਿਚ ਸੇਠਾਣੀ ਬਾਹਰ ਆਈ। ਉਹ ਆਮ ਸੇਠਾਣੀਆਂ ਵਾਂਗੂੰ ਮੋਟੀ ਤੇ ਥੁਲਥੁਲ-ਜਿਹੀ ਸੀ। ਉਸਦੇ ਪੈਰਾਂ ਦੇ ਜੋੜਾਂ ਵਿਚ ਹੁਣੇ-ਹੁਣੇ ਗਠੀਏ ਦਾ ਦਰਦ ਸ਼ੁਰੂ ਹੋਇਆ ਸੀ। ਜਿਸ ਕਰਕੇ ਉਹ ਬੁੜ੍ਹਕ-ਬੁੜ੍ਹਕ ਤੁਰਦੀ ਸੀ। ਉਹ ਬੁੜ੍ਹਕਦੀ ਹੋਈ ਆਈ ਤੇ ਖੰਭੇ ਨਾਲ ਲੱਗ ਕੇ ਖਲੋ ਗਈ।
“ਤਮਨੇ ਇਸੇ ਬੀਸ ਰੁਪਯੇ ਦਿਯੇ ਥੇ?”
ਸੇਠਾਣੀ ਨੇ ਉਸ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ। ਉਸਨੂੰ ਇੰਜ ਲੱਗਿਆ ਸੀ ਜਿਵੇਂ ਸ਼ਰੇਆਮ ਉਸਦੀ ਚੁਗਲੀ ਕੀਤੀ ਗਈ ਹੋਏ। ਇਸ ਲਈ ਤੈਸ਼ ਵਿਚ ਆ ਕੇ ਬੋਲੀ, “ਹਾਂ।”
“ਤੁਮਨੇ ਸਾਰੇ ਲੜਕੋਂ ਕੋ ਬੀਹ ਹੀ ਦਿਯਾ ਥਾ?”
“ਨਹੀਂ, ਔਰੋਂ ਕੋ ਪੱਚੀਸ ਹੀ ਦਿਯੇ ਥੇ।”
“ਤੋ ਇਸੇ ਕਯੋਂ ਬੀਸ ਦਿਯਾ?”
“ਇਸੇ ਦਿਯਾ ਤੋ ਬੀਸ ਹੀ ਲੇਕਿਨ ਹਮੇਂ ਪੜਾ ਪੱਚੀਸ ਸੇ ਭੀ ਊਪਰ।”
ਸੇਠ ਉਸ ਵੱਲ ਹੈਰਾਨੀ ਨਾਲ ਦੇਖਣ ਲੱਗਾ।
“ਔਰ ਸਬ ਲੜਕੇ ਇਸਸੇ ਬੜੇ ਨਹੀ ਥੇ? ਸੋ ਉਨਹੋਂ ਨੇ ਕਾਮ ਭੀ ਢੰਗ ਸੇ ਕਿਯਾ ਹੋਗਾ। ਔਰ ਸਬਸੇ ਬੜੀ ਬਾਤ ਯਹ ਹੈ ਕਿ ਇਸਨੇ ਖਾਨਾ ਨਹੀਂ ਖਾਯਾ ਥਾ ਕਯਾ?” ਉਸਨੇ ਆਪਣੀ ਮਾਰਵਾੜੀ ਵਿਚ ਹੌਲੀ ਜਿਹੀ ਸੇਠ ਨੂੰ ਕਿਹਾ—
“ਇਸਕੇ ਪੇਟ ਕਾ ਸਾਈਜ ਦੇਖਾ ਹੈ ਆਪਨੇ? ਅਗਰ ਨਹੀਂ ਦੇਖਾ ਹੈ ਤੋ ਅਬ ਦੇਖ ਲੀਜਿਏ।”
ਨਿਨਕੂ ਉਸਦੀ ਭਾਸ਼ਾ ਜੇ ਸੌ ਫੀ-ਸਦੀ ਨਹੀਂ ਸਮਝਿਆ ਸੀ ਤਾਂ ਇੰਜ ਵੀ ਨਹੀਂ ਸੀ ਕਿ ਆਪਣੇ ਮਤਲਬ ਦੀ ਗੱਲ ਨਾ ਬੁੱਝ ਸਕੇ ਤੇ ਜੇ ਚਰਚਾ ਉਸਦੇ ਢਿੱਡ ਦੀ ਛਿੜੀ ਹੋਏ ਤਾਂ ਉਹ ਇਸ਼ਾਰੇ ਨੂੰ ਵੀ ਤਾੜ ਲੈਂਦਾ ਸੀ। ਇਹ ਗੱਲ ਵੱਖਰੀ ਏ ਕਿ ਸਭ ਕੁਝ ਜਾਣ ਕੇ ਵੀ, ਅਣਜਾਣ ਬਣੇ ਰਹਿਣਾ— ਉਸ ਲਈ ਇਕ ਬਰਾਬਰ ਸੀ।
“ਕਯੋਂ ਰੇ, ਖਾਨਾ ਨਹੀਂ ਖਾਯਾ ਥਾ?”
ਸੇਠਾਣੀ ਨੇ ਕੜਕ ਕੇ ਪੁੱਛਿਆ ਤਾਂ ਉਹ ਕੰਬ ਗਿਆ। ਪਰ ਜੋ ਖਾਧਾ ਸੀ ਉਸ ਬਾਰੇ ਸੋਚਿਆ ਤਾਂ ਅੰਦਰੋਂ ਹੋਰ ਵੀ ਹਿੱਲ ਗਿਆ। ਉਸਨੇ ਮਾਈ ਨੂੰ ਨਹੀਂ ਸੀ ਦੱਸੀ ਇਹ ਗੱਲ ਤੇ ਨਾ ਈ ਸੇਠ ਨੂੰ। ਪਰ ਜਦੋਂ ਮੁਕੱਦਮਾ ਚੱਲ ਰਿਹਾ ਹੋਏ ਤਾਂ ਉਹ ਆਪਣੀਆਂ ਸਾਰੀਆਂ ਦਲੀਲਾਂ ਰੱਖੇਗਾ ਈ।
“ਉ ਤੋ ਸਨਾ ਭਾਤ (ਬਚੇ-ਖੁਚੇ ਜੂਠੇ ਚੌਲ) ਥਾ!”
ਸੇਠਾਣੀ ਦਾ ਟੈਂਪਰੇਚਰ ਵਿਗੜ ਗਿਆ। ਉਂਜ ਤਾਂ ਉਹ ਨੇੜੇ-ਤੇੜੇ ਦੇ ਇਲਾਕੇ ਵਿਚ ਧਾਰਮਿਕ ਤੇ ਸਾਤਵਿਕ ਜ਼ਨਾਨੀ ਦੇ ਰੂਪ ਵਿਚ ਮਸ਼ਹੂਰ ਸੀ ਪਰ ਜਦੋਂ ਕੋਈ ਲੜਣ ਉੱਤੇ ਉਤਾਰੂ ਹੋ ਜਾਏ ਤਾਂ ਉਸ ਨਾਲ ਉਹ ਦੋ-ਦੋ ਹੱਥ ਕਰਨੇ ਵੀ ਜਾਣਦੀ ਸੀ।
“ਅੱਛਾ, ਸਨਾ ਭਾਤ ਥਾ! ਥਾਲੀ ਮੇਂ ਭਾਤ, ਦਾਲ ਏਕ ਸਾਥ ਰਖ ਦੇਨੇ ਸੇ ਭਾਤ-ਦਾਲ ਮਿਲ ਗਯਾ ਥਾ ਕਿ ਸਨਾ ਭਾਤ ਥਾ?”
ਤੇ ਉਹਨਾਂ ਵਿਚ ਜਿਹੜੇ ਗੰਢੇ ਦੇ ਟੁਕੜੇ ਤੇ ਦੰਦਾਂ ਨਾਲ ਚਿੱਥੀ ਹੋਈ ਅੰਬ ਦੇ ਅਚਾਰ ਦੀ ਗੁਠਲੀ ਸੀ, ਉਹ ਕਿੱਥੋਂ ਆਈ ਸੀ? ਨਿਨਕੂ ਇਹ ਗੱਲ ਆਪਣੇ ਦਿਮਾਗ਼ ਵਿਚ ਈ ਕਹਿ ਗਿਆ ਸੀ। ਬੋਲੇਗਾ ਉਦੋਂ ਜਦੋਂ ਪੈਸੇ ਮਿਲਣ ਦੀ ਬਿਲਕੁਲ ਈ ਉਮੀਦ ਨਾ ਰਹੀ। ਅਜੇ ਤਾਂ ਸੇਠਾਣੀ ਆਪਣੀ ਖਾਨਦਾਨੀ ਚਰਬੀ ਵਿਚਲੀ ਗਰਮੀ ਕੱਢ ਰਹੀ ਸੀ।
“ਕਯਾ ਇਸਕਾ ਪੇਟ ਕੇਵਲ ਸਨੇ ਭਾਤ ਸੇ ਭਰ ਸਕਤਾ ਹੈ?”
“ਓਫ਼ ਓ! ਕਯੋਂ ਉਲਝਤੀ ਹੋ ਇਨ ਲੋਗੋਂ ਸੇ?” ਸੇਠ ਨੇ ਆਰਾਮ ਕੁਰਸੀ ਦੇ ਹੱਥੇ ਉੱਤੇ ਐਨੇ ਜ਼ੋਰ ਨਾਲ ਮੁੱਕਾ ਮਾਰਦਿਆਂ ਹੋਇਆਂ ਕਿਹਾ ਕਿ ਚਾਹ ਵਾਲਾ ਗਲਾਸ ਡਿੱਗਦਾ-ਡਿੱਗਦਾ ਮਸੀਂ ਬਚਿਆ।
“ਜਾਨਤੀ ਨਹੀਂ ਹੋ ਇਸਕੀ ਮਾਈ ਕੋ! ਅਗਰ ਆ ਕਰ ਤਮਾਸ਼ਾ ਖੜਾ ਕਰ ਦੇਗੀ ਤੋ ਨਿਬਟ ਸਕੋਗੀ?”
ਪਤੀ ਦੇ ਯਕਦਮ ਵਰ੍ਹ ਜਾਣ ਕਰਕੇ ਉਹ ਕੱਚੀ-ਜਿਹੀ ਹੋ ਗਈ। ਫੇਰ ਹਿਰਖ ਕੇ ਬੋਲੀ—
“ਠੀਕ ਹੈ, ਠੀਕ ਹੈ...ਦੇ ਦੇਤੀ ਹੂੰ।  ਮੇਰਾ ਕਯਾ ਹੈ! ਲੁਟਾਇਯੇ ਪੈਸਾ! ਲੇਕਿਨ ਜਾਨ ਲੀਜਿਯੇ, ਯਹ ਜੇ ਆਪਕਾ ਗਾਰੰਟੀ ਵਾਲਾ ਸ਼ੁੱਧ ਆਟਾ ਕਾ ਬਿਜਨੇਸ ਹੈ ਨ, ਵਹ ਏਕ ਦਿਨ ਜਰੂਰ ਬੰਦ ਕਰਨਾ ਪੜੇਗਾ।”
“ਬਹੀ ਤੁਮ ਦੇਖਤੀ ਹੋ!” ਆਪਣੇ ਚੰਗੇ ਚਲਦੇ ਧੰਦੇ ਬਾਰੇ ਮਨਹੂਸ ਗੱਲ ਸੁਣ ਕੇ ਸੇਠ ਦਾ ਪਾਰਾ ਚੜ੍ਹ ਗਿਆ ਸੀ। ਫੇਰ ਉਹ ਮਾਰਵਾੜੀ ਵਿਚ ਕੂਕਿਆ, “ਅਭੀ ਕੋਈ ਹੱਟਾ-ਕੱਟਾ ਆਦਮੀ ਕਰਤਾ ਤੋ ਉਸੇ ਮਜਦੂਰੀ ਦੇਨੇ ਕੇ ਬਾਦ ਲਗਾਤੀ ਅਪਨੇ ਲਾਭ ਹਾਨਿ ਕਾ ਹਿਸਾਬ! ਭਲਾਈ ਇਸੀ ਮੇਂ ਹੈ ਕਿ ਤੁਮ ਸਿਰਫ ਘਰ ਦੇਖੋ ਔਰ ਬਿਜਨੇਸ ਮੁਝੇ ਚਲਾਨੇ ਦੋ।”
ਉਸਦੀ ਪੂਰੀ ਗੱਲ ਸੁਣੇ ਬਗ਼ੈਰ ਈ ਸੇਠਾਣੀ ਅੰਦਰ ਚਲੀ ਗਈ ਸੀ। ਫੇਰ ਥੋੜ੍ਹੀ ਦੇਰ ਬਾਅਦ ਜਦੋਂ ਵਾਪਸ ਆਈ ਤਾਂ ਉਸਦਾ ਹੱਥ ਮੁੱਠੀ ਵਾਂਗ ਬੰਦ ਸੀ। ਨਿਨਕੂ ਨੂੰ ਉਸ ਬੰਦ ਮੁੱਠੀ ਦਾ ਭੇਦ ਪਤਾ ਲੱਗ ਗਿਆ ਸੀ। ਪਰ ਸੇਠਾਣੀ ਦੇ ਬੰਦ ਦਿਮਾਗ਼ ਵਿਚ ਕੀ ਏ, ਇਸ ਬਾਰੇ ਉਹ ਅਣਜਾਣ ਸੀ। ਉਹ ਮੋਟੀ ਬੁੜ੍ਹਕਦੀ-ਬੁੜ੍ਹਕਦੀ ਉਧਰ ਗਈ ਜਿਧਰ ਹਾਤੇ ਦੀ ਚਾਰ ਦੀਵਾਰੀ ਦੇ ਨਾਲ ਬਣੀ ਕਿਆਰੀ ਵਿਚ ਤੁਲਸੀ ਦੇ ਬੂਟੇ ਲੱਗੇ ਹੋਏ ਸਨ। ਉਹ ਕੰਧ ਨੂੰ ਹੱਥ ਪਾ ਕੇ ਖਲੋ ਗਈ ਤੇ ਆਲੇ-ਦੁਆਲੇ ਦਾ ਮੁਆਇਨਾਂ ਕਰਨ ਲੱਗ ਪਈ। ਉਦੋਂ ਈ ਨਿਨਕੂ ਨੂੰ ਲੱਗਿਆ ਕਿ ਕੋਈ ਗੜਬੜ ਏ। ਸੇਠਾਣੀ ਨੂੰ ਉੱਥੇ ਕਾਫੀ ਦੇਰ ਤਕ ਖਲੋਤੀ ਦੇਖ ਕੇ ਸੇਠ ਵਰਾਂਡੇ ਵਿਚੋਂ ਈ ਕੂਕਿਆ—
“ਅਬ ਕਯਾ ਹੁਆ? ਪੈਸਾ ਵਹਾਂ ਗਿਰ ਗਯਾ ਕਯਾ?”
“ਅਰੇ ਪੈਸੇ ਕੋ ਛੋੜੋ!” ਉਹ ਪਰੇਸ਼ਾਨ ਹੋ ਕੇ ਬੋਲੀ, “ਯਹਾਂ ਸੁਬਹ ਮੈਂਨੇ ਬਿੱਲੀ ਕੀ ਟੱਟੀ ਦੇਖੀ ਥੀ। ਕਹਾਂ ਗਯੀ?”
“ਕਹਾਂ ਗਯੀ ਕਯਾ? ਅਬ ਤਕ ਪੜੀ ਹੋਗੀ? ਮੈਂਨੇ ਸਾਫ ਕਰ ਦੀ ਸੁਬਹ ਨਹਾਨੇ ਸੇ ਪਹਲੇ।”
“ਸਾਫ ਕਰ ਦੀ!” ਉਹ ਅਚਾਨਕ ਸਿੱਧੀ ਖੜ੍ਹੀ ਹੋ ਗਈ ਤੇ ਕੰਧ ਦਾ ਸਹਾਰਾ ਛੱਡ ਦਿੱਤਾ। “ਅਪਨੇ ਆਪ ਹੀ ਸਾਫ ਕਰ ਦਿਯਾ! ਅਗਰ ਮੈਂ ਕਹਤੀ ਤੋ ਭਲਾ ਆਪ ਕਰਤੇ ਸਾਫ? ਇਤਨੀ ਜਲਦੀ ਕਯਾ ਥੀ? ਇਸਸੇ ਨ ਸਾਫ ਕਰਾ ਲੇਤੇ!”
“ਅਰੇ ਭਾਈ!” ਸੇਠ ਕੱਚਾ-ਜਿਹਾ ਹੁੰਦਾ ਬੋਲਿਆ, “ਤੁਲਸੀ ਮਾਈ ਕੇ ਪਾਸ ਗੰਦਗੀ ਅੱਛੀ ਲਗਤੀ ਹੈ ਕਯਾ?”
ਸੇਠਾਣੀ ਪਤਾ ਨਹੀਂ ਕੀ ਬੁੜਬੁੜ ਕਰਦੀ ਤੇ ਬੁੜ੍ਹਕਦੀ-ਬੁੜ੍ਹਕਦੀ ਵਾਪਸ ਆਉਣ ਲੱਗੀ। ਨਿਨਕੂ ਨੂੰ ਕੁਝ ਹੌਸਲਾ ਹੋਇਆ ਤੇ ਉਹ ਲਲਚਾਈਆਂ ਨਜ਼ਰਾਂ ਨਾਲ ਉਸ ਬੰਦ ਮੁੱਠੀ ਨੂੰ ਦੇਖਣ ਲੱਗਾ ਜਿਹੜੀ ਬੁੜ੍ਹਕ-ਬੁੜ੍ਹਕ ਤੁਰਨ ਕਰਕੇ ਉਪਰ-ਹੇਠਾਂ ਤਾਂ ਹੋ ਰਹੀ ਸੀ ਪਰ ਢਿੱਲੀ ਰਤਾ ਵੀ ਨਹੀਂ ਸੀ ਹੋ ਰਹੀ। ਸੇਠਾਣੀ ਆਉਂਦੀ ਹੋਈ ਇੰਜ ਲੱਗ ਰਹੀ ਸੀ ਜਿਵੇਂ ਉਸਦੇ ਕੋਲ ਈ ਆ ਰਹੀ ਏ। ਪਰ ਕੋਲੋਂ ਲੰਘਦੀ ਹੋਈ ਉਹ ਅੰਦਰ ਚਲੀ ਗਈ। ਨਿਨਕੂ ਨੂੰ ਲੱਗਿਆ ਹੋ ਸਕਦਾ ਏ ਮੁੱਠੀ ਉਂਜ ਈ ਬੰਦ ਹੋਏ ਤੇ ਹੁਣ ਉਹ ਪੈਸੇ ਲੈਣ ਜਾ ਰਹੀ ਹੋਏ। ਕੁਝ ਵੀ ਹੋਏ ਦੇਰ-ਸਵੇਰ ਤਾਂ ਮਿਲਣਗੇ ਈ। ਰੁਪਈਆਂ ਦੀ ਆਸ ਵਿਚ ਨਿਨਕੂ ਗੋਡਿਆਂ ਉੱਤੇ ਠੋਡੀ ਰੱਖ ਕੇ ਉੱਥੇ ਚਬੂਤਰੇ ਉੱਤੇ ਈ ਬੈਠ ਗਿਆ। ਇਸ ਵਾਰੀ ਸੇਠਾਣੀ ਨੂੰ ਬਾਹਰ ਆਉਣ ਵਿਚ ਕੋਈ ਦਸ ਮਿੰਟ ਲੱਗੇ ਹੋਣਗੇ। ਉਹ ਥੱਕੀ ਤੇ ਉਦਾਸ-ਜਿਹੀ ਲੱਗ ਰਹੀ ਸੀ। ਫੇਰ 'ਕੁਰਚ-ਕੁਰਚ' ਸਿਰ ਖੁਰਕਦੀ ਹੋਈ ਇਧਰ-ਉਧਰ ਦੇਖਣ ਲੱਗੀ। ਅਚਾਨਕ ਉਸਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਉਧਰ ਦੇਖਣ ਲੱਗੀ ਜਿਧਰ ਕਾਰ ਖੜ੍ਹੀ ਸੀ। ਫੇਰ ਉਹ ਬੋਲੀ—
“ਇਧਰ ਆਨਾ ਰੇ!”
ਉਹ ਕਾਹਲ ਨਾਲ ਉੱਠਿਆ ਤੇ ਉਧਰ ਅਹੁਲਿਆ ਜਿਧਰ ਸੇਠਾਣੀ ਹੱਥ ਵਿਚ ਪੁਰਾਣਾ ਕੱਪੜਾ ਫੜ੍ਹੀ ਖੜ੍ਹੀ ਸੀ।
“ਲੇ ਕਾਰ ਸਾਫ ਕਰ ਦੇ।”
ਕੱਪੜਾ ਫੜ੍ਹਾ ਕੇ ਉਹ ਵਰਾਂਡੇ ਵੱਲ ਤੁਰ ਗਈ।
ਤਾਂ ਇਸ ਕਰਕੇ ਪਰੇਸ਼ਾਨ ਸੀ ਇਹ ਔਰਤ! ਨਿਨਕੂ ਦੰਦ ਪੀਂਹਦਾ ਹੋਇਆ ਕਾਰ ਸਾਫ਼ ਕਰਨ ਲੱਗ ਪਿਆ। ਇਹ ਕੰਮ ਉਹ ਝਟਪਟ ਕਰ ਸਕਦਾ ਸੀ। ਪਰ ਝਟਪਟ ਕਰ ਦੇਣ ਨਾਲ ਇਸ ਚੁੜੈਲ ਦੀ ਤਸੱਲੀ ਨਹੀਂ ਸੀ ਹੋਣੀ। ਇਸ ਲਈ ਉਸਨੇ ਜਾਣ-ਬੁੱਝ ਕੇ ਦੇਰ ਲਾਈ। ਕੰਮ ਨਿਬੇੜ ਕੇ ਉਹ ਵਰਾਂਡੇ ਵੱਲ ਆਇਆ। ਉੱਥੇ ਮੂੜ੍ਹੇ ਉੱਤੇ ਬੈਠੀ ਉਹ ਹੁਣ ਵੀ ਹੌਂਕ ਰਹੀ ਸੀ। ਉਸਨੂੰ ਬੜੀ ਚੇਹ ਚੜ੍ਹੀ—ਕੰਮ ਉਹ ਕਰਕੇ ਆ ਰਿਹਾ ਏ ਤੇ ਹੌਂਕ ਉਹ ਰਹੀ ਏ! ਕਿਤੇ ਉਸਦੇ ਹਿੱਸੇ ਦਾ ਵੀ ਤਾਂ ਨਹੀਂ ਹੌਂਕ ਰਹੀ!
“ਲੇ!” ਉਸਨੇ ਬੰਦ ਮੁੱਠੀ ਖੋਲ੍ਹ ਕੇ ਸਿੱਕਾ ਉਸ ਵੱਲ ਸੁੱਟ ਦਿੱਤਾ। ਉਸਨੇ ਕਲਾਬਾਜ਼ੀਆਂ ਖਾਂਦੇ ਹੋਏ ਸਿੱਕੇ ਨੂੰ ਜ਼ਮੀਨ ਉੱਤੇ ਡਿੱਗਣ ਤੋਂ ਪਹਿਲਾਂ ਈ ਜੁੱਪ ਲਿਆ। ਉਸਦੇ ਚਿਹਰੇ ਉੱਤੇ ਜੇਤੂਆਂ ਵਾਲਾ ਭਾਵ ਦੇਖ ਕੇ ਉਹ ਸੇਠ ਸਾਹਮਣੇ ਆਪਣੀ ਭੜਾਸ ਕੱਢਣ ਲੱਗੀ—
“ਇਨਕੇ ਮਾਂ ਬਾਪ ਖੇਤੋਂ ਮੇਂ ਅਨਾਜ ਓਸਤੇ (ਇਕੱਠਾ ਕਰਦੇ ਹੋਏ) ਵਕਤ ਜਾਨਬੂਝ ਕਰ ਕੰਕੜ-ਪੱਥਰ ਮਿਲਾ ਦੇਤੇਂ ਹੈਂ ਤਾਕਿ ਇਨਕੇ ਬੱਚੋਂ ਕ ਸ਼ਹਰ ਮੇਂ ਕਾਮ ਮਿਲ ਜਾਯੇ ਔਰ ਹਮੇਂ ਦੁਤਰਫਾ ਨੁਕਸਾਨ ਉਠਨਾ ਪੜੇ, ਇਨਹੇਂ ਮਜੂਰੀ ਭੀ ਦੋ ਔਰ ਅਨਾਜ ਕੀ ਤੌਲ ਭੀ ਕਮ ਨਿਕਲੇ।”
ਉਹ ਪਤਾ ਨਹੀਂ ਹੋਰ ਕੀ-ਕੀ ਕਹਿੰਦੀ ਰਹੀ। ਨਿਨਕੂ ਨੇ ਸਮਝਣ ਲਈ ਦਿਮਾਗ਼ ਉੱਤੇ ਜ਼ੋਰ ਨਾ ਦਿੱਤਾ। ਉਹ ਅਜੇ ਤਾਈਂ ਪੰਜ ਦੇ ਸਿੱਕੇ ਨੂੰ ਦੇਖੀ ਜਾ ਰਿਹਾ ਸੀ। ਪੰਜ ਦਾ ਸਿੱਕਾ ਸੇਠਾਣੀ ਦੀ ਮੁੱਠੀ ਵਿਚ ਕਾਫੀ ਦੇਰ ਤਕ ਰਹਿਣ ਕਰਕੇ ਗਰਮ ਹੋ ਗਿਆ ਸੀ। ਉਹ ਹੁਣ ਵੀ ਆਪਣੀ ਹਥੇਲੀ ਉੱਤੇ ਸਿੱਕੇ ਦੀ ਗਰਮੀ ਮਹਿਸੂਸ ਕਰ ਰਿਹਾ। ਜਦੋਂ ਸਿੱਕੇ ਦੀ ਸਾਰੀ ਗਰਮੀ ਉਸਦੀ ਹਥੇਲੀ ਵਿਚ ਸਮਾਅ ਗਈ ਉਦੋਂ ਉਸਨੂੰ ਧਿਆਨ ਆਇਆ ਤੇ ਸੇਠਾਣੀ ਨੂੰ ਦੱਬਵੀਂ ਜ਼ਬਾਨ ਵਿਚ ਕਿਹਾ—
“ਮਾਈ ਆਜ ਕਾਮ ਪਰ ਨਾਹੀ ਆਯੀ!”
“ਕਯਾ ਕਹਾ!” ਸੇਠਾਣੀ ਆਪਣੇ ਸਿਰ ਨੂੰ ਤਿਰਛਾ ਕਰਕੇ ਆਪਣਾ ਕੰਨ ਨਿਨਕੂ ਕੋਲ ਲੈ ਆਈ। ਉਹ ਧੋਖਾ ਖਾ ਗਿਆ ਕਿ ਉਸਨੇ ਸੱਚਮੁੱਚ ਈ ਠੀਕ ਤਰ੍ਹਾਂ ਨਹੀਂ ਸੁਣਿਆਂ। ਇਸ ਲਈ ਉਹ ਸੇਠਾਣੀ ਦੇ ਹੋਰ ਨੇੜੇ ਚਲਾ ਗਿਆ—
“ਮਾਈ ਆਜ ਨਇਖੇ...”
ਉਸਨੇ ਅਜੇ ਆਪਣਾ ਵਾਕ ਪੂਰਾ ਵੀ ਨਹੀਂ ਸੀ ਕੀਤਾ ਕਿ ਸੇਠਾਣੀ ਨੇ ਉਸ ਉੱਤੇ ਇੰਜ ਝਪਟਾ ਮਾਰਿਆ ਜਿਵੇਂ ਇਕ ਵਾਰੀ ਉਸਦੇ ਹੱਥ ਵਿਚ ਰੋਟੀ ਦੇਖ ਕੇ ਬਾਂਦਰ ਨੇ ਝਪਟਾ ਮਾਰਿਆ ਸੀ। ਨਿਨਕੂ ਦੇ ਹੋਸ਼ ਉੱਡ ਗਏ। ਸੋ ਉਸਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਉਸਦਾ ਪੰਜ ਦਾ ਸਿੱਕਾ ਕਦੋਂ ਉਸਦੇ ਹੱਥੋਂ ਸੇਠਾਣੀ ਦੀ ਮੁੱਠੀ ਵਿਚ ਵਾਪਸ ਚਲਾ ਗਿਆ ਸੀ।
“ਮਾਈ ਨਹੀਂ ਆਯੇਗੀ ਤੋ ਚਲ ਤੂ ਮਾਜ!”
ਸੇਠਾਣੀ ਦਹਾੜਦੀ ਹੋਈ ਚੀਕ ਕੇ ਬੋਲੀ। ਤੇ ਜਦੋਂ ਉਹ ਉਸਦੀ ਬਾਂਹ ਫੜ੍ਹ ਕੇ ਉਸ ਵਿਚ ਨਹੂੰ ਚੁਭੋਣ ਲੱਗ ਪਈ ਤਾਂ ਨਿਨਕੂ ਦਾ ਰੋਣ ਨਿਕਲ ਗਿਆ—
  “ਹਮਾਰਾ ਹਾਥ ਛੋਡ ਸਬ ਪਿਰਾ ਰਹਾ ਹੈ।”
ਸੇਠ ਸੇਠਾਣੀ ਦੋਵੇਂ ਹੱਕੇ-ਬੱਕੇ ਰਹਿ ਗਏ।
“ਜਾਨੇ ਦੋ ਯਾਰ! ਸੁਬਹ ਸੇ ਖਟ ਰਹਾ ਹੈ।”
ਸੇਠ ਨੇ ਜ਼ਰਾ ਦਇਆ ਦਿਖਾਈ ਤਾਂ ਸੇਠਾਣੀ ਇਕ ਝਟਕੇ ਨਾਲ ਉਸ ਵੱਲ ਭੌਂ ਗਈ। ਵੈਸੇ ਵੀ ਨਿਨਕੂ ਦੇ ਰੋਣ ਕਰਕੇ ਉਹ ਆਪਣੇ ਗੁੱਸੇ ਪ੍ਰਤੀ ਧਰਮ-ਸੰਕਟ ਵਿਚ ਪੈ ਗਈ ਸੀ। ਹੁਣ ਉਸਨੂੰ ਆਪਣਾ ਗੁੱਸਾ ਲਾਹੁਣ ਲਈ ਵਾਜਬ ਜਗ੍ਹਾ ਮਿਲ ਗਈ—
“ਜਾਨੇ ਦੂੰ! ਆਪ ਸਾਫ ਕਰ ਲੇਗੇਂ?”
ਪਤੀ ਨੂੰ ਕੰਨ ਝਾੜਦਿਆਂ ਦੇਖ ਕੇ ਉਹ ਫੇਰ ਕੂਕੀ—
“ਤੋ ਫਿਰ ਜਾਨੇ ਦੂੰ ਨ ਇਸੇ? ਆਪ ਉਠ ਰਹੇ ਹੈਂ ਨ?”
“ਅਰੇ ਭਾਈ ਤੁਮ ਭੀ ਹਦ ਕਰ ਦੇਤੀ ਹੋ!”
ਸੇਠ ਦੀ ਆਵਾਜ਼ ਵਿਚ ਦੱਬਵਾਂ-ਜਿਹਾ ਗੁੱਸਾ ਸੀ ਜਿਹੜਾ ਹਮਲਾਵਰ ਘੱਟ ਸੁਰੱਖਿਆਤਮਕ ਵਧੇਰੇ ਸੀ—
“ਕਾਮ ਚਲਾਨੇ ਭਰ ਕੇ ਦੋ ਚਾਰ ਬਰਤਨ ਬੱਚੋਂ ਕੇ ਸਾਥ ਮਿਲ ਬਾਂਟ ਕਰ ਮਾਜ ਲੋ।”
“ਵਾਹ ਜੀ ਵਾਹ! ਅਗਰ ਬੀਵੀ ਬੱਚੇ ਸੇ ਬਰਤਨ ਹੀ ਮੰਜਵਾਨੇ ਹੈਂ ਤੋ ਅਪਨੇ ਕੋ ਸੇਠ ਜੀ ਕਯੋਂ ਕਹਲਵਾਤੇ ਫਿਰਤੇ ਹੈਂ!”
ਫੇਰ ਉਸਨੇ ਸਾੜ੍ਹੀ ਦਾ ਪੱਲਾ ਨੇਫ਼ੇ ਵਿਚ ਟੁੰਗ ਕੇ ਜਿਵੇਂ ਇਸ ਗੱਲ ਦਾ ਦਿਖਾਵਾ ਕੀਤਾ ਕਿ ਮੈਦਾਨ ਉਸਨੇ ਸੰਭਾਲ ਲਿਆ ਏ। ਉਸਨੇ ਕਿਹਾ ਵੀ—
“ਅਬ ਸੰਭਾਲਿਏ ਨ ਅਪਨਾ ਬਹੀ ਔਰ ਮੁਝੇ ਦੇਖਨੇ ਦੀਜਿਯੇ ਘਰ!”
ਫੇਰ ਉਸਨੇ ਨਿਨਕੂ ਵੱਲ ਦੇਖਿਆ। ਉਸਦੇ ਅੱਥਰੂ ਗੱਲ੍ਹਾਂ ਤੋਂ ਠੋਡੀ ਤਕ ਦਾ ਸਫ਼ਰ ਕੀਤੇ ਬਿਨਾਂ ਸੁੱਕ ਗਏ ਸਨ। ਉਸਨੇ ਨਰਮੀ ਨਾਲ ਉਸਦੀ ਬਾਂਹ ਫੜ੍ਹੀ ਤੇ ਖਿੱਚਦੀ ਹੋਈ ਅੰਦਰ ਲੈ ਜਾਣ ਲੱਗੀ।
“ਬਸ ਬੇਟਾ ਏਕ ਕੁਕਰ ਔਰ ਏਕ ਕੜ੍ਹਾਹੀ ਤੂ ਸਾਫ ਕਰ ਦੇ!” ਫੇਰ ਸੇਠ ਨੂੰ ਕਹਿਣ ਲੱਗੀ—
“ਬੇਵਕੂਫ਼ ਹੈ ਨ ਯਹ! ਅਗਰ ਪਹਲੇ ਬਤਾਯਾ ਹੋਤਾ ਕਿ ਮਾਈ ਨਹੀ ਆਯੇਗੀ ਤੋ ਮੈਂ ਫਾਲਤੂ ਕਾ ਕਾਮ ਥੋੜੀ ਨ ਕਰਾਤੀ।”
ਉਹ ਨਿਨਕੂ ਨੂੰ ਖਿੱਚਦੀ ਹੋਈ ਲੈ ਜਾਣ ਲੱਗੀ। ਉਹ ਬੁੜ੍ਹਕ-ਬੁੜ੍ਹਕ ਕੇ ਉਸਨੂੰ ਖਿੱਚੀ ਜਾ ਰਹੀ ਸੀ ਤੇ ਨਿਨਕੂ ਦੀ ਚਾਲ ਵਿਚ ਵੀ ਥੋੜ੍ਹੀ-ਥੋੜ੍ਹੀ ਉਛਾਲ ਆਉਣ ਲੱਗ ਪਈ ਸੀ। ਬੁੜ੍ਹਕ-ਬੁੜ੍ਹਕ ਕੇ ਨਿਨਕੂ ਨੂੰ ਘੱਟੋਘੱਟ ਇਹ ਤਾਂ ਪਤਾ ਲੱਗਿਆ ਈ ਸੀ ਕਿ ਉਸਦੀ ਮਾਈ ਸੇਠਣੀ ਨੂੰ ਡੈਣ ਕਿਓਂ ਕਹਿੰਦੀ ਏ। ਸੱਚੀ ਗੱਲ ਤਾਂ ਇਹ ਸੀ ਕਿ ਡੈਣ ਦੇ ਸਹੀ ਅਰਥ ਕੀ ਹੁੰਦੇ ਨੇ ਇਹ ਉਸਨੂੰ ਅੱਜ ਈ ਪਤਾ ਲੱਗਿਆ।
ਜਦੋਂ ਉਹ ਵਿਹੜੇ ਵਿਚ ਜੂਠੇ ਭਾਂਡਿਆਂ ਵਿਚਕਾਰ ਬੈਠਾ ਤਾਂ ਉਸਦੇ ਸਾਹਮਣੇ ਇਕ ਕੂਕਰ ਤੇ ਇਕ ਕੜਾਹੀ ਈ ਨਿਸ਼ਾਨਾਂ ਸੀ। ਪਰ ਜਦੋਂ ਉਸਨੇ ਕੂਕਰ ਨੂੰ ਹੱਥ ਲਾਇਆ ਤਾਂ ਡੈਣ ਨੇ ਵੱਡਾ ਪਤੀਲਾ ਅੱਗੇ ਸਰਕਾ ਦਿੱਤਾ ਤੇ ਜਦੋਂ ਉਹ ਕੜਾਹੀ ਨੂੰ ਸਵਾਹ ਨਾਲ ਮਾਂਜ ਰਿਹਾ ਸੀ ਤਾਂ ਪਰਾਤ ਸਰਕਾ ਦਿੱਤੀ। ਹਰ ਵਾਰੀ ਪੁਚਕਾਰਦੀ—
“ਬਸ ਬੇਟਾ ਇਸੇ ਕਰ ਦੇ।”
“...ਆਟਾ ਕਿਸਮੇਂ ਸਨੇਗਾ ਬੇਟਾ?”
ਅਖ਼ੀਰ ਵਿਚ ਜਦੋਂ ਥਾਲੀਆਂ, ਕੌਲੀਆਂ ਤੇ ਚਮਚੇ ਈ ਰਹਿ ਗਏ ਤਾਂ ਸੇਠਾਣੀ ਨੇ ਪਿਆਰ ਨਾਲ ਪੁੱਛਿਆ—
“ਚਾਹ ਪਿਯੇਗਾ ਨ! ਮੈਂ ਬਨਾਤੀ ਹੂੰ!”
ਇਹ ਸ਼ਗੂਫ਼ਾ (ਟੋਟਕਾ) ਛੱਡਣ ਪਿੱਛੋਂ ਉਸਨੇ ਪੰਜ ਦੇ ਸਿੱਕੇ ਨੂੰ ਨਲਕੇ ਦੇ ਚਬੂਤਰੇ ਉੱਤੇ ਰੱਖ ਦਿੱਤਾ ਤੇ ਬਾਕੀ ਭਾਂਡਿਆਂ ਲਈ ਵੱਖਰੀਆਂ ਮਿੰਨਤਾਂ ਕਰਨ ਤੋਂ ਬਚ ਜਾਣ ਦੇ ਹੌਸਲੇ ਸਮੇਤ ਰਸੋਈ ਵਿਚ ਚਲੀ ਗਈ।
ਸਾਰੇ ਭਾਂਡਿਆਂ ਨੂੰ ਨਿਪਟਾਅ ਕੇ ਤੇ ਸੇਠਾਣੀ ਦੀ ਕੌੜੀ ਬੇਹੀ ਚਾਹ ਨਾਲ ਮੂੰਹ ਦਾ ਸਵਾਦ ਵਿਗਾੜ ਕੇ ਨਿਨਕੂ ਜਦੋਂ ਬਾਹਰ ਆਇਆ ਤਾਂ ਉਸ ਦੇ ਅੰਦਰ ਮੁਕਤ ਹੋ ਜਾਣ ਦੀ ਰਤਾ ਵੀ ਖ਼ੁਸ਼ੀ ਨਹੀਂ ਸੀ। ਜੇ ਉਹ ਬਗ਼ੈਰ ਭਾਂਡੇ ਮਾਂਜੇ ਨਿੱਕਲ ਜਾਣ ਵਿਚ ਸਫ਼ਲ ਹੋ ਜਾਂਦਾ ਤਾਂ ਸੁਖ ਦਾ ਸਾਹ ਲੈਂਦਾ ਤੇ ਸਿੱਕੇ ਨੂੰ ਤਮਗਾ ਸਮਝ ਕੇ ਚੁੰਮਦਾ ਵੀ। ਪਰ ਹੁਣ ਸਿਰਫ਼ ਇਹ ਉਸਦੇ ਲਈ ਪੰਜ ਦਾ ਸਿੱਕਾ ਸੀ—ਨਾ ਇਕ ਪੈਸਾ ਘੱਟ, ਨਾ ਇਕ ਪੈਸਾ ਵੱਧ। ਪੈਰਾਂ ਨੂੰ ਖੰਭ ਲੱਗੇ ਹੋਣ ਦੀ ਬਜਾਏ, ਕਣਕ ਦੇ ਬੋਰੇ ਵੱਝੇ ਜਾਪਦੇ ਸਨ ਤੇ ਇਹ ਅਹਿਸਾਸ ਵਧ ਰਿਹਾ ਸੀ। ਉਹ ਜਾਣਦਾ ਸੀ ਕਿ ਹਰੇਕ ਪਲਾਂਘ ਦੇ ਨਾਲ ਉਹ ਸੇਠ ਦੇ ਘਰ ਤੋਂ ਥੋੜ੍ਹੀ ਦੂਰ ਤੇ ਆਪਣੇ ਘਰ ਦੇ ਥੋੜ੍ਹਾ ਨੇੜੇ ਹੋ ਜਾਏਗਾ, ਫੇਰ ਵੀ ਹਰ ਪਲਾਂਘ ਦੇ ਬਾਅਦ ਉਸਦਾ ਦਮ ਨਿਕਦਾ ਜਾ ਰਿਹਾ ਸੀ। ਥਕਾਵਟ ਨਾਲੋਂ ਵੱਧ ਉਦਾਸੀ ਐਨੀ ਸੀ ਕਿ ਢਿੱਡ ਦਾ ਸਾਹਮਣਾ ਬਟਨ ਕਦੋਂ ਦਾ ਖੁੱਲ੍ਹਾ ਹੋਇਆ ਸੀ, ਉਸਦਾ ਪਤਾ ਈ ਨਹੀਂ ਸੀ ਉਸਨੂੰ। ਹੋ ਸਕਦਾ ਏ ਇਕ ਦੋ ਨੇ ਵਾਕ-ਵਾਣ ਵੀ ਛੱਡੇ ਹੋਣ ਜਾਂ ਨਿਗਾਹਾਂ ਦੇ ਇਸ਼ਾਰੇ ਨਾਲ ਉਸਦਾ ਮਖ਼ੌਲ ਉਡਾਇਆ ਹੋਏ। ਜਦੋਂ ਉਸਨੇ ਸਾਹਬਗੰਜ ਚੌਕ ਪਾਰ ਕੀਤਾ ਤਾਂ ਭਲ਼ਾ ਹੋਵੇ ਹੋਸ਼-ਹਵਾਸ ਦਰੁਸਤ ਕਰ ਦੇਣ ਵਾਲੀ ਉਸ ਮਸਾਲੇਦਾਰ ਗੰਧ ਦਾ ਜਿਸਨੇ ਨਿਨਕੂ ਨੂੰ ਨੰਗੇ ਹੁੰਦੇ ਢਿੱਡ ਦੀ ਸੁੱਧ ਲੈਣ ਦੇ ਕਾਬਲ ਬਣਾਇਆ। ਉਸਨੇ ਫੇਰ ਕੰਮ-ਚਲਾਊ ਉਪਾਅ ਕਰਦਿਆਂ ਹੋਇਆਂ ਕਾਜ ਵਿਚ ਬਟਨ ਫਸਾ ਕੇ ਦੋ ਤਿੰਨ ਮਰੋੜੀਆਂ ਦੇ ਦਿੱਤੀਆਂ। ਉਸਨੇ ਇਕ ਚੋਰ ਨਿਗਾਹ ਇਸ ਚੇਤਨ ਗੰਧ ਦੇ ਮੂਲ ਸਥਾਨ ਉੱਤੇ ਮਾਰੀ। ਚਾਉਮੀਨ ਵਾਲੀ ਰੇਹੜੀ ਦੁਆਲੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਨ ਤੇ ਰੇਹੜੀ ਵਾਲੇ ਦਾ ਖੁਰਚਨਾਂ ਕੜਾਹੀ ਵਿਚ ਵੱਜ-ਵੱਜ ਕੇ ਇਕ ਵੱਖਰੀ ਕਿਸਮ ਦਾ ਸੁਆਦਲਾ ਸੰਗੀਤ ਖਿਲਾਰ ਰਿਹਾ ਸੀ। ਨਿਨਕੂ ਨੂੰ ਸੰਗੀਤ ਤੇ ਸਵਾਦ ਦੀ ਖੁਮਾਰੀ-ਜਿਹੀ ਚੜ੍ਹ ਗਈ। ਉਸਦਾ ਬਾਊ ਤਾਂ ਇਕ ਵਾਰੀ ਇਸ ਨੂੰ ਖਾ ਵੀ ਚੁੱਕਿਆ ਸੀ। ਇਹ ਉਦੋਂ ਦੀ ਗੱਲ ਸੀ ਜਦੋਂ ਉਹ ਸਾਰੇ ਨਦੀ ਦੇ ਉਸ ਪਾਰ ਰਹਿੰਦੇ ਸਨ। ਉਦੋਂ ਉਸਦਾ ਬਾਊ ਸ਼ਹਿਰੋਂ ਖਾ ਕੇ ਆਇਆ ਸੀ ਇਕ ਵਾਰੀ ਪਰ ਉਸਨੇ ਦੱਸਿਆ ਸੀ ਕਿ ਉਸਨੂੰ ਜ਼ਰਾ ਵੀ ਚੰਗਾ ਨਹੀਂ ਸੀ ਲੱਗਿਆ। ਉਸਦੀ ਸ਼ਕਲ ਈ ਅਜਿਹੀ ਹੁੰਦੀ ਏ ਜਿਵੇਂ ਸਾਬੂਤੇ ਗੰਡੋਏ ਨਿਗਲ ਰਹੇ ਹੋਈਏ। ਉਸਦੀ ਮਾਈ ਵੀ ਕਹਿੰਦੀ ਏ ਕਿ ਉਸਨੂੰ ਦੇਖ ਕੇ ਟੱਟੀ ਵਾਲੇ ਚਲੂਣੇ-ਮਲੱਪਾਂ ਯਾਦ ਆ ਜਾਂਦੀ ਨੇ। ਨਿਨਕੂ ਨੇ ਉੱਥੇ ਖੜ੍ਹੇ ਲੋਕਾਂ ਨੂੰ ਚਾਉਮੀਨ ਦੇ ਗੁੱਛਿਆਂ ਦੇ ਗੁੱਛੇ ਨਿਗਲਦਿਆਂ ਦੇਖਿਆ। ਉਸਨੂੰ ਰਤਾ ਵੀ ਗੰਡੋਇਆਂ-ਮਲੱਪਾਂ ਦਾ ਭੁਲੇਖਾ ਨਹੀਂ ਪਿਆ। ਨਾ ਪਹਿਲਾਂ ਕਦੀ ਇੰਜ ਲੱਗਿਆ ਸੀ। ਭੁਲੇਖਾ ਤਾਂ ਉਸਦੇ ਬਾਊ, ਮਾਈ ਨੇ ਪਾਇਆ ਹੋਇਆ ਸੀ—ਪੈਸੇ ਬਚਾਉਣ ਖਾਤਰ ਜਚਾਅ ਦਿੱਤਾ ਸੀ ਉਸਨੂੰ! ਨਹੀਂ ਤਾਂ ਖੁਆ ਨਾ ਦਿੱਤਾ ਹੁੰਦਾ! ਜਿਵੇਂ ਬਸਿਯਾਡੀਹ ਦੇ ਮੇਲੇ ਵਿਚ ਜ਼ਿੱਦ ਕਰਨ 'ਤੇ ਗੋਲਗੱਪੇ ਖੁਆਏ ਸਨ। ਇਕ ਰੁਪਈਏ ਦੇ ਚਾਰ ਆਏ ਸਨ। ਮਾਈ, ਬਾਊ, ਉਸਦੇ ਤੇ ਛੋਟਕੂ ਦੇ ਹਿੱਸੇ ਇਕ-ਇਕ। ਢਿੱਡ ਤਾਂ ਨਹੀਂ ਸੀ ਭਰਿਆ ਪਰ ਗਲ਼ਾ ਜ਼ਰੂਰ ਤਰ ਹੋ ਗਿਆ ਸੀ ਤੇ ਉਹ ਤੇ ਛੋਟਕੂ ਘੰਟਾ ਭਰ 'ਸੀ-ਸੀ' ਕਰਦੇ ਰਹੇ ਸੀ। ਗੋਲਗੱਪਾ ਤਾਂ ਇਕ ਮੂੰਹ ਵਿਚ ਪਾਓ ਤਾਂ ਮੂੰਹ ਭਰ ਜਾਂਦਾ ਏ। ਪਰ ਪੰਜ ਰੁਪਈਆਂ ਦੇ ਚਾਉਮੀਨ ਨਾਲ ਮੁਸ਼ਕਿਲ ਨਾਲ ਦੋ ਵਾਰੀ ਮੂੰਹ ਹਿੱਲਦਾ ਏ ਤੇ ਜਦੋਂ ਤਕ ਰੱਜ ਕੇ ਨਾ ਖਾਓ, ਕਿਸੇ ਚੀਜ਼ ਦਾ ਮਜ਼ਾ ਕਿੱਥੇ ਆਉਂਦਾ ਏ? ਅੱਜ ਸੇਠ ਦਾ ਮੁੰਡਾ ਕਿਵੇਂ ਮੂੰਹ ਭਰ-ਭਰ ਕੇ ਖਾ ਰਿਹਾ ਸੀ। ਇਕ ਵੱਡਾ ਕੌਲਾ ਭਰੀ ਬੈਠਾ ਸੀ ਕਿ ਉਸ ਵਿਚ ਬਾਜ਼ਾਰ ਦਾ ਪੰਜ-ਦਸ ਦਾ ਤਾਂ ਕੀ, ਵੀਹ ਰੁਪਈਆਂ ਦਾ ਚਾਉਮੀਨ ਆ ਜਾਏ। ਪੂਰੇ ਵੀਹ ਰੁਪਈਏ ਦਾ ਮਾਲ ਡਕਾਰ ਗਿਆ ਉਹ ਸੇਠ ਦਾ ਪੁੱਤ! ਤਦੇ ਤਾਂ ਦਾਲ-ਚੌਲ ਖਾਧੇ ਨਹੀਂ ਸੀ ਗਏ। ਜੂਠੇ ਛੱਡ ਦਿੱਤੇ। ਉਹੀ ਜੂਠ ਤਾਂ ਮਿਲੀ ਹੋਏਗੀ ਉਸਨੂੰ। ਦਾਲ ਚੌਲ ਤਾਂ ਛੱਡ ਦਿੱਤੇ ਤੇ ਕੌਲਾ ਭਰਿਆ ਚਾਉਮੀਨ ਦਾ ਸੜਪ ਗਿਆ। ਇੰਜ ਸੜਪਿਆ ਕਿ ਇਕ-ਇਕ ਗੁੱਛਾ ਹੂੰਝ ਕੇ ਮਸਾਲਾ ਵੀ ਚੱਟ ਕਰ ਗਿਆ। ਕੌਲਾ ਇੰਜ ਚੱਟਿਆ ਕਿ ਜੂਠ ਦੀ ਗੰਧ ਤਕ ਨਹੀਂ ਛੱਡੀ। ਤਦੇ ਤਾਂ ਉਸਦਾ ਕੌਲਾ ਬਿਨਾਂ ਹੱਥ ਲਾਇਆਂ ਸਾਫ਼ ਹੋ ਗਿਆ ਸੀ—ਤੇ ਮਾਈ ਦੱਸਦੀ ਏ ਏਹਨੂੰ ਟੱਟੀ ਦੇ ਮਲ੍ਹਪ-ਕੀੜੇ! ਜੇ ਛੋਟਕੂ ਖਾਣ ਲਈ ਜ਼ਿਦ ਕਰਦਾ ਤਾਂ ਮਾਈ ਕਹਿੰਦੀ, ਅੱਛਾ। ਫੇਰ ਤਾਂ ਜੇ ਦਸ ਰੁਪਏ ਦਾ ਵੀ ਆਉਂਦਾ ਤਾਂ ਬਾਊ ਖ਼ਰੀਦ ਕੇ ਲੈ ਆਉਂਦਾ ਤੇ ਬਾਅਦ ਵਿਚ ਮਾਈ ਪੁੱਛਦੀ—
“ਅਉਰ ਖਾਇਬੇ ਬੇਟਾ?”
ਪਰ ਉਸਨੂੰ ਕੀ ਕਹਿੰਦੀ!
“ਕਾ ਰੇ, ਤੁਮਹਾਰਾ ਧੋਂਧਾ (ਤੂੰਬੜ) ਨਹੀਂ ਭਰਾ ! ”
ਢਿੱਡ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਉਹ ਦੁਨੀਆਂ ਵਾਲਿਆਂ ਨੂੰ ਕੀ ਨਿੰਦੇ, ਜਦੋਂ ਉਸਦੀ ਮਾਈ ਈ ਉਸਨੂੰ ਖਰੀਆਂ-ਖੋਟੀਆਂ ਸੁਣਾਅ ਦਿੰਦੀ ਏ ਤੇ ਜਦੋਂ ਉਸਦੀ ਸੁਣਾਉਣ ਦੀ ਵਾਰੀ ਆਉਂਦੀ ਏ ਤਾਂ ਕੰਨਾਂ ਨੂੰ ਮੋਂਦੇ ਲਾ ਲੈਂਦੀ ਏ। ਜੇ ਸੁਣਦੀ ਤਾਈਂ ਤਾਂ ਉਹ ਸੁਣਾਉਂਦਾ ਕਿ ਉਹ ਤਾਂ ਜੂਠੇ ਚੌਲ ਵੀ ਖਾ ਲੈਂਦਾ ਜੇ ਅੱਖਾਂ ਸਾਹਮਣੇ ਦੰਦਾਂ ਨਾਲ ਚਿੱਥੀ ਹੋਈ ਅੰਬ ਦੀ ਗਿਟਕ ਤੇ ਪਿਆਜ਼ ਦੇ ਟੁਕੜੇ ਨਾ ਆ ਜਾਂਦੇ। ਪਰ ਇਕ ਵਾਰੀ ਘਿਣ ਆ ਗਈ ਤਾਂ ਅਗਲੀ ਗਰਾਹੀ ਮੂੰਹ ਵਿਚ ਪਾਉਂਦਿਆਂ ਹੋਇਆਂ ਜੀਅ ਕੱਚਾ ਹੋਣ ਲੱਗ ਪਿਆ। ਇਸ ਲਈ ਚੁੱਪਚਾਪ ਸੁੱਟ ਦਿੱਤੇ। ਜਦੋਂ ਸੇਠਾਣੀ ਸਾਹਮਣੇ ਖਾਲੀ ਥਾਲੀ ਰੱਖ ਕੇ ਬੋਲਿਆ, 'ਹੋਰ' ਤਾਂ ਸੇਠਾਣੀ ਨੇ ਜਿਹੋ-ਜਿਹਾ ਮੂੰਹ ਬਣਾਇਆ ਉਸਨੂੰ ਬਿਆਨ ਕਰਨ ਲਈ ਉਸ ਕੋਲ ਭਾਸ਼ਾ ਈ ਨਹੀਂ। ਮਾਈ ਤਾਂ ਖ਼ੁਦ ਵੀ ਉਸਨੂੰ ਤਿੱਖੀ ਕਟਾਰ ਕਹਿੰਦੀ ਏ। ਉਸ ਵੇਲੇ ਉਸ ਕਟਾਰ ਨੇ ਉਸਦੀ ਖਾਲੀ ਥਾਲੀ ਦੇਖਣ ਪਿੱਛੋਂ ਉਸਦੇ ਢਿੱਡ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਇੰਜ ਪੈਰ ਭੋਇੰ ਮਾਰਦੀ ਹੋਈ ਰਸੋਈ ਵਿਚ ਗਈ ਜਿਵੇਂ ਉਸਦਾ ਸਾਰਾ ਜੋੜ-ਘਟਾਓ ਗੜਬੜ ਹੋ ਗਿਆ ਹੋਏ। ਤਦੇ ਤਾਂ ਪੰਜ ਰੁਪਈਏ ਕੱਟ ਲਏ ਸੀ ਜਾਲਮ ਨੇ ਤੇ ਗਾਉਂਦੀ ਫਿਰ ਰਹੀ ਸੀ ਕਿ ਦੋ ਆਦਮੀਆਂ ਦਾ ਖਾਣਾ ਖਾ ਗਿਆ। ਜੇ ਮਾਈ ਵੀ ਸੇਠ ਵਾਂਗ ਭਲੇਚੇ ਵਿਚ ਆ ਜਾਂਦੀ ਤਾਂ ਆ ਜਾਏ! ਹੁਣ ਉਸਨੂੰ ਕਿਸੇ ਦੀ ਪ੍ਰਵਾਹ ਨਹੀਂ। ਸੌ ਗੱਲਾਂ ਦੀ ਇਕੋ ਗੱਲ ਇਹ ਕਿ ਇਹ ਪੰਜ ਰੁਪਈਏ ਉਸਦੇ ਖਾਣੇ ਦਾ ਮੁੱਲ ਏ ਤੇ ਉਸਦਾ ਢਿੱਡ ਅਜੇ ਭਰਿਆ ਨਹੀਂ।
ਢਿੱਡ ਦੇ ਇਸ ਉਲਝਾਵੇਂ ਵਿਚ ਉਲਝਿਆ ਹੋਣ ਕਰਕੇ ਉਸਨੂੰ ਹਰਬਰਟ ਬੰਨ੍ਹ ਦੀ ਚੜ੍ਹਾਈ ਦਾ ਅਹਿਸਾਸ ਭਾਵੇਂ ਨਾ ਈ ਹੋਇਆ ਹੋਵੇ ਪਰ ਉਸਦੀ ਬੰਦ ਮੁੱਠੀ ਪੰਜ ਦੇ ਸਿੱਕੇ ਦੇ ਵਜੂਦ ਨੂੰ ਹਰ ਛਿਣ ਮਹਿਸੂਸਦੀ ਰਹੀ ਸੀ। ਚੜ੍ਹਾਈ ਜਿੱਥੋਂ ਸ਼ੁਰੂ ਹੁੰਦੀ ਸੀ ਉੱਥੋਂ ਗੰਦਾ ਨਾਲਾ ਬੰਨ੍ਹ ਦੀ ਸੜਕ ਦੇ ਨਾਲ-ਨਾਲ ਵਗਦਾ ਸੀ। ਉਸਨੇ ਇਧਰ-ਉਧਰ ਦੇਖ ਕੇ ਸਿੱਕਾ ਨਾਲੇ ਵੱਲ ਰੇੜ੍ਹ ਦਿੱਤਾ। ਫੇਰ ਟਪੂਸੀ ਮਾਰ ਕੇ, ਨਾਲੇ ਵਿਚ ਡਿੱਗਣ ਤੋਂ ਐਨ ਪਹਿਲਾਂ ਸਿੱਕੇ ਨੂੰ ਜਾ ਫੜ੍ਹਿਆ ਤੇ ਉਲਟੇ ਪੈਰੀਂ ਉਸ ਰਸਤੇ ਉੱਤੇ ਦੌੜ ਪਿਆ ਜਿਸ ਤੋਂ ਆਇਆ ਸੀ। ਕੁਝ ਉਸਦੀ ਬੇਤਾਬੀ ਨੇ ਤੇ ਕੁਝ ਰਸਤੇ ਦੀ ਢਲਵਾਨ ਨੇ, ਉਸਨੂੰ ਉਸ ਥਾਂ ਉੱਤੇ ਝੱਟ ਪਹੁੰਚਾ ਦੇਣ ਵਿਚ ਕੋਈ ਕਸਰ ਨਹੀਂ ਸੀ ਛੱਡੀ, ਜਿੱਥੇ ਪਹੁੰਚਣ ਦੀ ਤਮੰਨਾ ਉਹ ਕਈ ਮਹੀਨਿਆਂ ਤੋਂ ਪਾਲ ਰਿਹਾ ਸੀ। ਉਸਨੇ ਰੇਹੜੀ ਵਾਲੇ ਦੀਆਂ ਨਫ਼ਰਤ ਭਰੀਆਂ ਨਜ਼ਰਾਂ ਨੂੰ ਆਪਣੇ ਉਪਰੋਂ ਪਰ੍ਹਾਂ ਧਰੀਕਿਆ ਤੇ ਆਪਣੀ ਮੁੱਠੀ ਖੋਲ੍ਹ ਕੇ ਸਿੱਕਾ ਉਸਨੂੰ ਦਿਖਾਇਆ। ਉਸਨੂੰ ਇਹ ਵੀ ਕਹਿਣ ਦੀ ਲੋੜ ਨਹੀਂ ਪਈ ਕਿ ਕੀ ਚਾਹੀਦਾ ਏ, ਕਿੰਨਾਂ ਚਾਹੀਦਾ ਏ ਤੇ ਅਗਲੇ ਛਿਣ ਈ ਉਹ ਖਾਣ ਵਾਲਿਆਂ ਦੀ ਪਾਲ ਵਿਚ ਸ਼ਾਮਲ ਹੋ ਗਿਆ।
ਪੱਤਾ ਗੋਭੀ ਦੀ ਕਚਰ-ਕਚਰ ਦਾ ਤਾਂ ਉਸਨੂੰ ਮਜ਼ਾ ਨਹੀਂ ਸੀ ਆਇਆ। ਪਰ ਤਿੰਨ ਚਾਰ ਸ਼ੀਸ਼ੀਆਂ ਵਿਚੋਂ ਜਿਹੜਾ ਚਟਨੀ-ਮਸਾਲਾ ਛਿਕਿਆ ਸੀ, ਉਸ ਕਰਕੇ ਚਟਪਟਾ ਬਣਿਆਂ ਹੋਏਗਾ, ਉਸਨੇ ਅੰਦਾਜ਼ਾ ਲਾਇਆ। ਪੰਜ ਰੁਪਈਆਂ ਵਿਚ ਢਿੱਡ ਨਹੀਂ ਭਰਦਾ ਇਹ ਤਾਂ ਤੈਅ ਸੀ, ਪਰ ਸਵਾਦ ਤਾਂ ਆ ਈ ਗਿਆ ਨਾ। ਹੁਣ ਜਦੋਂ ਵੀ ਇਧਰੋਂ ਲੰਘੇਗਾ, ਚੱਖ ਕੇ ਦੇਖਣ ਦੀ ਲਾਲਸਾ ਤਾਂ ਨਹੀਂ ਰਹੇਗੀ। ਅੱਜ ਸਾਰਾ ਦਿਨ ਖਰਾਬ-ਖਰਾਬ ਈ ਲੰਘਿਆ। ਬਸ, ਇਹੀ ਇਕ ਗੱਲ ਏ ਜਿਸਨੂੰ ਯਾਦ ਕਰਕੇ ਮਨ ਵਿਚ ਗੁਦਗੁਦੀ ਹੋਏਗੀ। ਭਲਾਂ ਦੀ ਪੰਜ ਰੁਪਏ ਖਰਚ ਹੋ ਗਏ ਨੇ ਤੇ ਇਸ ਦੇ ਲਈ ਮਾਈ ਦੀਆਂ ਦੋ ਗੱਲਾਂ ਸੁਣਨੀਆਂ ਪੈਣਗੀਆਂ। ਪਰ ਮਾਈ ਦਾ ਕੀ ਉਹਨੇ ਤਾਂ ਪੰਜ ਰੁਪਏ ਲੈ ਕੇ ਵੀ ਬੁੜਬੁੜ ਕਰੀ ਜਾਣੀ ਸੀ—
“ਕਾਹੇ ਦੇਰ ਹੋ ਗਯਾ ਰੇ ?”
“ਕਾ? ਬਰਤਨ ਮੰਜਲੇ ?”
“ਅਰੇ ਬੌੜਮਵਾ (ਲੋਹਲੜਾ) ! ਕਾਹੇ ਬਰਤਨ ਕੇ ਹਾਥ ਲਗਾਯਾ ?”
ਇਹ ਥੋੜ੍ਹਾ ਈ ਦੇਖਦੀ ਕਿ ਥੱਕਿਆ-ਹਾਰਿਆ ਆਇਆ ਸੀ ਉਲਟੇ ਪੈਰੀਂ ਫੇਰ ਸੇਠ ਵੱਲ ਭੇਜਾਅ ਦਿੱਤਾ ਸੀ। ਕੀ ਉਸਨੂੰ ਪਤਾ ਨਹੀਂ ਹੁੰਦਾ ਕਿ ਸ਼ੇਰ ਦੇ ਮੂੰਹੋਂ ਬੋਟੀ ਕੱਢ ਕੇ ਲਿਆਇਆ ਏ? ਚਾਹ ਦੀ ਲਲਕ ਲੈ ਕੇ ਗਿਆ ਸੀ—ਇਹ ਉਸਨੂੰ ਯਾਦ ਵੀ ਨਹੀਂ ਹੋਏਗਾ! ਜੇ ਯਾਦ ਕਰਵਾਇਆ ਤਾਂ ਉਸੇ ਦੇ ਮੱਥੇ ਮੜ੍ਹ ਦਏਗੀ—
“ਅੱਛਾ ਚਾਯ ਪੀਬੇ ! ਚਲ ਚਇਲਾ ਸੁਲਗਾ !”
ਚੰਗਾ ਕੀਤਾ ਕਿ ਪੰਜ ਰੁਪਈਆਂ ਦਾ ਚਾਉਮੀਨ ਖਾ ਲਿਆ। ਹੁਣ ਉਸਨੂੰ ਇਹ ਤਾਂ ਪਤਾ ਲੱਗਿਆ ਕਿ ਸੇਠ ਦਾ ਮੁੰਡਾ ਖਾਂਦਾ ਹੋਇਆ ਜਿਹੜੀ ਸੁਰੜ-ਸੁਰੜ ਕਰਦਾ ਏ, ਉਹ ਉਸਦੀ ਬਦਮਾਸ਼ੀ ਏ। ਚਟਪਟਾ ਤਾਂ ਹੈ ਇਹ, ਪਰ ਐਨਾ ਰੌਲਾ ਪਾ ਕੇ ਖਾਣ ਵਾਲੀ ਚੀਜ਼ ਨਹੀਂ। ਉਹ ਤਾਂ ਉਸਨੂੰ ਸ਼ਰੇਆਮ ਚਿੜਾਉਂਦਾ ਏ। ਤੇ ਜਦੋਂ ਉਹ ਉਸਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਏ ਤਾਂ ਹੋਰ ਲੰਮੇ-ਲੰਮੇ ਸੜੂਕੇ ਮਾਰਦਾ ਏ। ਅੱਜ ਘੱਟੋਘੱਟ ਉਸਦੇ ਸੜੂਕਿਆਂ ਦਾ ਭੇਦ ਤਾਂ ਖੁੱਲ੍ਹ ਗਿਆ। ਪੰਜ ਰੁਪਈਏ ਗਏ ਸੋ ਗਏ! ਮਾਈ ਪੁੱਛੇਗੀ ਤਾਂ ਕਹਿ ਦਏਗਾ—
“ਨਹਰੀ ਮੇਂ ਗਿਰ ਗਯੀਲ।”
ਮਾਈ ਕਹੇਗੀ—
“ਖਾ ਕਿਰਿਯਾ (ਸਹੁੰ) !”
ਤਾਂ ਉਹ ਸਹੁੰ ਖਾ ਕੇ ਬਕ ਦਏਗਾ—
“ਹਾਥ ਸੇ ਛੂਟ ਕਰ ਨਹਰੀ ਕੀ ਓਰ ਲੁੜੁਕ ਗਯਾ।”
ਬੱਸ ! ਮਾਈ ਕੀ ਕਰ ਲਏਗੀ ? ਵੱਧ ਤੋਂ ਵੱਧ ਇਕ ਦੋ ਚਪੇੜੇ ਲਾ ਦਏਗੀ। ਉਹ ਤਾਂ ਵੈਸੇ ਵੀ ਆਏ ਦਿਨ ਪੈਂਦੇ ਈ ਰਹਿੰਦੇ ਨੇ। ਅਜੇ ਉਸ ਦਿਨ ਈ ਪਏ ਸੀ ਜਦੋਂ ਉਸਨੇ ਪਿੰਡ ਜਾਣ ਦੀ ਜ਼ਿਦ ਫੜ੍ਹ ਲਈ ਸੀ। ਉਸਨੂੰ ਕੀ ਪਤਾ ਸੀ ਕਿ ਪਿੰਡ ਜਾਣ ਦੇ ਨਾਂ ਉੱਤੇ ਦੋ-ਚਾਰ ਚਪੇੜੇ ਮੁਫ਼ਤ ਵਿਚ ਪੈ ਜਾਣਗੇ।
“ਜਬ ਦੇਖੋ ਤਬ ਗਾਂਵ ਦਾ ਮਾਲਾ ਕਾਹੇ ਜਪਤਾ ਹੈ ਰੇ! ਕਾ ਰਖਾ ਹੈ ਗਾਂਵ ਮੇਂ? ਖੇਤ? ਘਰ? ਦੁਆਰ? ਢੋਰ? ਡੰਗਰ?”
ਫੇਰ ਇਕ ਹੋਰ ਚਪੇੜ!
ਜੇ ਚਪੇੜੇ ਮਾਰਨ ਉੱਤੇ ਉਤਾਰੂ ਨਾ ਹੁੰਦੀ ਤਾਂ ਮਾਈ ਨੂੰ ਕਹਿੰਦਾ ਵੀ—
“ਏ ਮਾਈ, ਓਹਾਂ ਸਕੂਲ ਭੀ ਤੋ ਥਾ। ਬੀਮਾਰੀ ਸੇ ਬਚੇ ਖੁਚੇ ਦੋਸਤ ਭੀ।”
ਪਰ ਕੁਝ ਤਾਂ ਡਰ ਦੇ ਮਾਰੇ, ਤੇ ਕੁਝ ਇਸ ਯਕੀਨ ਨਾਲ ਕਿ ਕੀ ਮਾਈ ਨੂੰ ਨਹੀਂ ਪਤਾ ਹੋਏਗਾ ਇਹ ਗੱਲ—ਉਹ ਚੁੱਪ ਧਾਰ ਲੈਂਦਾ ਸੀ। ਜੇ ਨਾ ਪਤਾ ਹੁੰਦਾ ਤਾਂ ਚਿੜ ਕੇ ਚਪੇੜ ਕਿਓਂ ਮਾਰਦੀ? ਸਕੂਲ ਦਾ ਨਾਂ ਸੁਣਦਿਆਂ ਈ ਮਾਈ ਫੁਕਾਰੇ ਮਾਰਨ ਲੱਗ ਪੈਂਦੀ ਏ। ਨਿਨਕੂ ਜੇ ਸਕੂਲ ਚਲਾ ਜਾਏਗਾ ਤਾਂ ਉਸਦੇ ਨਾਲ ਕੰਮ ਉੱਤੇ ਕੌਣ ਜਾਏਗਾ। ਅੱਠ ਘਰ ਫੜ੍ਹੇ ਹੋਏ ਨੇ ਉਸਦੀ ਮਾਈ ਨੇ। ਇਕੱਲੀ ਏ, ਉਸਦੇ ਵੱਸ ਵੀ ਕੀ? ਉਹ ਤਾਂ ਭਾਂਡੇ ਮਾਂਜਦੀ-ਮਾਂਜਦੀ ਹੌਂਕਣ ਲੱਗ ਪੈਂਦੀ ਏ। ਝਾੜੂ ਪੋਚੇ ਦਾ ਕੰਮ ਤਾਂ ਹਰ ਘਰੇ ਨਿਨਕੂ ਨੂੰ ਈ ਕਰਨਾ ਪੈਂਦਾ ਏ। ਤਦ ਜਾ ਕੇ ਕਿਤੇ ਮਾਈ ਨੂੰ ਪੂਰੀ ਮਜੂਰੀ ਮਿਲਦੀ ਏ। ਨਹੀਂ ਤਾਂ ਬਾਊ ਵਾਂਗੂ ਉਹ ਵੀ ਕਿਲਕਦੀ ਰਹਿੰਦੀ ਕਿ ਫਲਾਨੇ ਨੇ ਮਜੂਰੀ ਮਾਰ ਲਈ। ਫਲਾਨੇ ਨੇ ਵਗਾਰ ਕਰਵਾ ਲਈ ਜਾਂ ਫਲਾਨੇ ਨੇ ਮਜੂਰੀ ਦੇ ਬਦਲੇ ਲੱਗੀ ਹੋਈ ਕਣਕ ਦੇ ਦਿੱਤੀ। ਨਿਨਕੂ ਨੂੰ ਤਾਂ ਸਾਰੀ ਘਾਟ ਬਾਊ ਵਿਚ ਈ ਦਿਸਦੀ ਏ। ਜੇ ਬਾਊ ਠੇਕੇਦਾਰ ਤੋਂ ਪੂਰੀ ਮਜੂਰੀ ਲੈ ਆਉਂਦਾ ਤਾਂ ਭਲਾਂ ਮਾਈ ਨੂੰ ਏਨੇ ਘਰਾਂ ਦੇ ਭਾਂਡੇ ਮਾਂਜਨੇ ਪੈਂਦੇ? ਉਸਨੇ ਮਾਈ ਨੂੰ ਤਾਂ ਇਕ-ਦੋ ਵਾਰੀ ਬਾਊ ਨੂੰ ਕਹਿੰਦਿਆਂ ਸੁਣਿਆਂ ਵੀ ਸੀ ਕਿ ਜਦੋਂ ਪੂਰੀ ਮਜੂਰੀ ਨਹੀਂ ਮਿਲਦੀ ਤਾਂ ਠੇਕੇਦਾਰ ਜਾਂ ਮਿਸਤਰੀ ਦੀ ਪੂਛ ਕਿਓਂ ਫੜ੍ਹੀ ਫਿਰਦਾ ਏ। ਪਰ ਜਦੋਂ ਬਾਊ ਹਿਰਖ ਕੇ ਉਸ ਉੱਤੇ ਵਰ੍ਹਣ ਲੱਗ ਪਿਆ ਤਾਂ ਮਾਈ ਨੇ ਆਪਣਾ ਮੂੰਹ ਸਿਓਂ ਲਿਆ। ਕੀ ਨਿਨਕੂ ਨੂੰ ਯਾਦ ਨਹੀਂ ਕਿ ਜਦੋਂ ਉਸਦਾ ਬਾਊ ਸਵੇਰੇ ਮੂੰਹ ਹਨੇਰੇ ਪਿੰਡ ਵਿਚੋਂ ਨਿਕਲ ਜਾਂਦਾ ਸੀ, ਧਰਮਸ਼ਾਲਾ ਬਾਜ਼ਾਰ ਵਿਚ! ਉਦੋਂ ਮਹੀਨੇ ਵਿਚ ਵੀਹ ਦਿਨ ਸ਼ਾਮ ਨੂੰ ਓਵੇਂ ਈ ਘਰ ਪਰਤ ਆਉਂਦਾ ਸੀ ਜਿਵੇਂ ਡੰਗਰਾਂ ਦੀ ਮੰਡੀ ਵਿਚੋਂ ਕੋਈ ਡੰਗਰ ਬਿਨਾਂ ਵਿਕੇ ਪਰਤ ਆਉਂਦਾ ਏ। ਜਦੋਂ ਉਸਨੂੰ ਯਾਦ ਏ ਤਾਂ ਕੀ ਮਾਈ ਨੂੰ ਨਹੀਂ ਯਾਦ ਹੋਏਗੀ ਇਹ ਗੱਲ? ਠੇਕੇਦਾਰ ਦੀ ਚਾਕਰੀ ਵਿਚ ਜਾ ਕੇ ਰੋਜ਼ ਸ਼ਾਮ ਨੂੰ ਦੋ ਪੈਸੇ ਤਾਂ ਆ ਜਾਂਦੇ ਨੇ। ਨਹੀਂ ਤਾਂ ਮਾਈ ਨੂੰ ਚਾਰ ਘਰ ਹੋਰ ਫੜ੍ਹਨੇ ਪੈਂਦੇ ਤੇ ਉਸਨੂੰ ਓਨੇ ਈ ਘਰਾਂ ਦਾ ਝਾੜੂ-ਪੋਚਾ ਹੋਰ ਕਰਨਾ ਪੈਂਦਾ। ਇਸੇ ਲਈ ਤਾਂ ਮਾਈ ਬਾਊ ਨੇ ਨਦੀ ਦੇ ਇਸ ਪਾਰ ਡੇਰਾ ਲਾਇਆ ਸੀ ਕਿ ਪੂਰੇ ਕੁਨਬੇ ਨੂੰ ਕੰਮ ਮਿਲ ਸਕੇ। ਰਹੀ ਗੱਲ ਇੰਸੇਫਿਲੇਟਿਸ ਤੋਂ ਡਰ ਕੇ ਪਿੰਡ ਛੱਡਣ ਦੀ, ਤਾਂ ਬਾਕੀ ਲੋਕਾਂ ਨੇ ਪਿੰਡ ਕਿਓਂ ਨਾ ਛੱਡਿਆ? ਸੰਤਬਲੀ ਦੇ ਵੀ ਤਾਂ ਦੋ ਬਾਲ ਇੰਸੇਫਿਲੇਟਿਸ ਨਾਲ ਮਰ ਗਏ ਸੀ, ਉਸਨੇ ਤਾਂ ਨਹੀਂ ਛੱਡਿਆ ਪਿੰਡ! ਸੰਤਬਲੀ ਈ ਕੀ! ਜਦੋਂ ਉਹ ਬਾਊ ਨਾਲ ਛੋਟਕੂ ਦੇ ਕਿਰਿਆ ਕਰਮ ਲਈ ਮੁਰਦਘਾਟ ਗਿਆ ਸੀ ਤਾਂ ਉੱਥੇ ਸਿਰਫ਼ ਉਹ ਤੇ ਬਾਊ ਈ ਸੀ ਕਿ? ਉੱਥੇ ਤਾਂ ਆਪੋ-ਆਪਣੇ ਬੱਚਿਆਂ ਨੂੰ ਦੱਬਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਤਾਂ ਕੀ ਸਾਰਿਆਂ ਨੇ ਪਿੰਡ ਛੱਡ ਦਿੱਤਾ? ਤੇ ਕੀ ਨਦੀ ਦੇ ਇਸ ਪਾਰ ਬਿਮਾਰੀ ਨਹੀਂ ਆ ਸਕਦੀ?
ਉਸਦੀ ਮਾਈ ਨੂੰ ਨਦੀ ਦੇ ਦੋਵੇਂ ਪਾਸੇ ਮੁਸੀਬਤਾਂ ਦੇ ਪਹਾੜ ਇਕੋ-ਜਿਹੇ ਨਾ ਲੱਗਦੇ ਹੋਣ, ਪਰ ਉਸਨੂੰ ਤਾਂ ਦੋਵਾਂ ਪਾਸਿਆਂ ਦੀ ਦੁਨੀਆਂ ਇਕੋ-ਜਿਹੀ ਲੱਗਦੀ ਏ। ਬਲਕਿ ਕਦੀ-ਕਦੀ ਤਾਂ ਇਸ ਪਾਰ ਦਾ ਨਰਕ ਵਧੇਰੇ ਈ ਭਿਆਨਕ ਲੱਗਦਾ ਏ। ਪਿੰਡ ਵਿਚ ਤਾਂ ਉਸਦੇ ਜ਼ਿੰਮੇ ਐਨੀ ਤਕਲੀਫ਼ ਵਾਲਾ ਕੰਮ ਨਹੀਂ ਸੀ ਹੁੰਦਾ। ਕਦੀ ਗਊਆਂ ਮਹੀਆਂ ਦੀਆਂ ਖੁਰਲੀਆਂ ਵਿਚ ਪੱਠੇ ਰਲਾਉਣੇ ਹੁੰਦੇ ਜਾਂ ਕਦੀ ਉਹਨਾਂ ਦੇ ਗੋਹੇ ਦੀਆਂ ਪਾਥੀਆਂ ਪੱਥਣੀਆਂ ਹੁੰਦੀਆਂ ਜਾਂ ਅਜਿਹੇ ਈ ਕੰਮ ਜਿਹੜੇ ਉਹ ਯਾਰਾਂ-ਬੇਲੀਆਂ ਨਾਲ ਖੇਡ-ਖੇਡ ਵਿਚ ਕਰ ਦੇਂਦਾ ਹੁੰਦਾ ਸੀ। ਪਰ ਇੱਥੇ ਤਾਂ ਦੋ ਪੈਸੇ ਦੇਣ ਬਦਲੇ ਹਰਾਮੀ ਸਾਰਾ ਖ਼ੂਨ ਚੂਸ ਲੈਂਦੇ ਨੇ। ਇਸ ਉੱਤੇ ਵੀ ਉਸਦੇ ਪੱਲੇ ਧੇਲਾ ਨਈਂ ਪੈਂਦਾ। ਮਾਈ ਬਾਊ ਪਹਿਲਾਂ ਈ ਹਿਸਾਬ ਲਾ ਕੇ ਝਾਕ ਰੱਖੀ ਬੈਠੇ ਹੁੰਦੇ ਨੇ। ਹੁਣ ਵੀ ਤਾਂ ਉਸਦੀ ਮਾਈ ਉਸਨੂੰ ਉਡੀਕ ਈ ਰਹੀ ਹੋਏਗੀ ਨਾ। ਜੇ ਉਸਦੇ ਹੱਥ ਵਿਚ ਪੰਜ ਰੁਪਈਏ ਹੁੰਦੇ ਤਾਂ ਉਹ ਵੀ ਉਸੇ ਤਰ੍ਹਾਂ ਝਪਟਾ ਨਹੀਂ ਮਾਰੇਗੀ ਜਿਵੇਂ ਸੇਠਾਣੀ ਨੇ ਮਾਰਿਆ ਸੀ? ਸੇਠਾਣੀ ਨੇ ਭਾਵੇਂ ਤੇਲ ਕੱਢ ਲਿਆ ਸੀ, ਪਰ ਆਖ਼ਰ ਦੇ ਤਾਂ ਦਿੱਤੇ ਸੀ ਰੁਪਈਏ! ਪਰ ਮਾਈ? ਉਸਦੇ ਸਾਹਮਣੇ ਤਾਂ ਹਨੇਰਾ ਈ ਛਾ ਜਾਏਗਾ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਮੁੱਠੀ ਖਾਲੀ ਏ। ਅਜਿਹੀ ਹਾਲਤ ਵਿਚ ਜੇ ਉਸਨੂੰ ਪਤਾ ਲੱਗੇ ਕਿ ਪੰਜ ਰੁਪਈਏ ਉਸਦੇ ਢਿੱਡ ਵਿਚ ਗਏ ਨੇ ਤਾਂ ਉਹਦਾ ਢਿੱਡ ਈ ਨਾ ਪਾੜ ਦਏਗੀ। ਤੇ ਫੇਰ ਨਦੀ ਦੇ ਇਸ ਪਾਰ ਦੇ ਮੁੰਡੇ ਹੋਰ ਵੀ ਚਹਿਕਦੇ-ਫਿਰਨਗੇ ਕਿ ਦੇਖੋ ਉਹਨਾਂ ਦੀ ਗੱਲ ਸਹੀ ਨਿੱਕਲੀ, ਤੇ ਮੋਟੂ ਸੇਠ ਦਾ ਪੇਟ ਆਖ਼ਰ ਫਟ ਈ ਗਿਆ। ਇਸਦੇ ਬਜਾਏ ਜੇ ਸਿੱਕਾ ਨਾਲੇ ਵਿਚ ਡਿੱਗ ਪੈਂਦਾ ਤਾਂ ਇਹ ਉਸ ਲਈ ਘੱਟ ਕਰੋਪੀ ਵਾਲੀ ਗੱਲ ਹੁੰਦੀ। ਹੁਣ ਹੋਰ ਵੱਧ ਕੀ ਸੋਚਣਾ? ਉਹ ਤਾਂ ਇਹੀ ਕਹੇਗਾ—
“ਨਹਰੀ ਮੇਂ ਬੁੜ ਗਯਾ ।”
ਮਾਈ ਜੇ ਸ਼ੱਕ ਕਰੇਗੀ ਤਾਂ ਸਹੁੰ ਖਾ ਲਵੇਗਾ ।
“ਤੁਹਾਰ ਕਿਰਿਯਾ ਮਾਈ! ਹਾਥ ਸੇ ਗਿਰ ਕਰ ਨਹਰੀ ਕੀ ਓਰ ਲੁੜੁਕ ਗਯਾ ।”
ਬਸ ! ਅੱਗੇ ਕੁਝ ਨਹੀਂ ਸੋਚਣਾ ਵਿਚਾਰਣਾ। ਹੁਣ ਮੌਕਾ ਈ ਕਿੱਥੇ ਸੀ। ਸਾਹਮਣੇ ਗੂੜ੍ਹੇ ਰੰਗਾਂ ਦੇ ਦੋ ਘਰਾਂ ਵਿਚਕਾਰ, ਗੇਰੂ ਤੇ ਚੂਨੇ ਨਾਲ ਲਿੱਪੀ ਉਸਦੀ ਕੋਠੜੀ ਜੋ ਦਿਸਣ ਲੱਗ ਪਈ ਸੀ। ਦੋ ਕਰਮਾਂ ਹੋਰ ਅੱਗੇ ਵਧਿਆ ਤਾਂ ਘਰਾਂ ਦੇ ਬੂਹੇ ਵੀ ਦਿਸਣ ਲੱਗੇ। ਹੈਂ! ਦਰਵਾਜ਼ੇ ਸਾਹਮਣੇ ਮਾਈ ਬੈਠੀ ਏ ਕਿ? ਹਾਂ, ਮਾਈ ਈ ਤਾਂ ਏ! ਉਸੇ ਨੂੰ ਉਡੀਕ ਰਹੀ ਏ। ਉਸਨੂੰ ਨਹੀਂ, ਪੰਜ ਰੁਪਈਆਂ ਨੂੰ। ਉਹ ਕੰਬ ਗਿਆ।
“ਅਬਹਿਨ ਆ ਰਹਾ ਹੈ ਰੇ!”
“ਬਰਤਨ ਕਉਨ ਮਾਂਜਤਾ?” ਉਸਨੇ ਝੱਟ ਜਵਾਬ ਦੇ ਕੇ ਮਾਈ ਦਾ ਗੁੱਸਾ ਠੰਢਾ ਕਰਨਾ ਚਾਹਿਆ।
“ਤੂ ਪਇਸਾ ਲੈਕਰ ਭਾਗ ਆਤਾ ਨ!”
“ਕਇਸੇ ਭਾਗ ਆਤਾ? ਝਪੱਟਾ ਮਾਰ ਕਰ ਰੁਪਇਵਾ ਛੋਰ ਲਿਯਾ ਨ ਸੇਠਨਿਯਾ ਨੇ! ਕੁਲਹੀ ਬਰਤਨ ਪਰ ਰਾਖ ਰਗੜਵਾ ਕੇ ਹੀ ਦਿਯਾ ਪਈਸਾ।”
ਉਹ ਆਪਣੇ ਦੋਵਾਂ ਹੱਥਾਂ ਨੂੰ ਰਗੜਦਾ-ਮਲਦਾ ਹੋਇਆ ਆਪਣੀ ਥਕਾਣ ਦਾ ਦਿਖਾਵਾ ਕਰਨ ਲੱਗਾ।
“ਅਰੇ ਮੋਰ ਬਬੂਆ!” ਮਾਈ ਲਾਡ ਜਤਾਉਂਦੀ ਹੋਈ ਉਸਨੂੰ ਆਪਣੀ ਹਿੱਕ ਨਾਲ ਚਿਪਕਾਈ ਜਾ ਰਹੀ ਸੀ ਤੇ ਉਹ ਹਿਸਾਬ ਲਾਈ ਬੈਠਾ ਸੀ ਕਿ ਮਾਈ ਦਾ ਨਾਟਕ ਕਿੰਨੀ ਕੁ ਦੇਰ ਦਾ ਏ।
“ਭਗੌਨਾ ਮੇਂ ਚਾਯ ਬਾ ਜਾ ਜਾਕੇ ਪੀ ਲਾ, ਅਬਹਿਨ ਗਰਮੇ ਹੋਗਾ।”
ਮਾਈ ਜਿੰਨਾ ਲਾਡ ਦਿਖਾਈ ਜਾ ਰਹੀ ਸੀ, ਅੰਦਰੇ-ਅੰਦਰ ਉਹ ਓਨਾਂ ਈ ਸੁੰਗੜਦਾ ਜਾ ਰਿਹਾ ਸੀ। ਹੁਣ ਮਾਈ ਬੰਦ ਵੀ ਕਰੇ ਇਹ ਤਮਾਸ਼ਾ ਤੇ ਸਿੱਧੀ-ਸਿੱਧੀ ਮਤਲਬ ਦੀ ਗੱਲ ਉੱਤੇ ਆਏ।
“ਕਹਾਂ ਬਾ ਰੇ!” ਤੇ ਮਾਈ ਆ ਈ ਗਈ ਮਤਲਬ ਦੀ ਗੱਲ ਉੱਤੇ ਉਸਦੇ ਹੱਥਾਂ ਵੱਲ ਗਹੁ ਨਾਲ ਦੇਖਣ ਲੱਗੀ, “ਕਹਾਂ ਛੁਪਾਯਾ ਹੈ ਰੇ?”
“ਕਾ?” ਥੋੜ੍ਹਾ ਨਾਟਕ ਉਸਨੇ ਵੀ ਕਰਨਾ ਚਾਹਿਆ।
“ਪਇਸਵਾ, ਅਉਰ ਕਾ!”
“ਨਹਰੀ (ਗੰਦੇ ਨਾਲੇ) ਮੇਂ ਗਿਰ ਗਯੀਲ।”
“ਕਾ?”
ਮਾਈ ਦਾ ਗਲ਼ਾ ਵੀ ਉਸੇ ਤਰ੍ਹਾਂ ਅਟਕਿਆ ਜਿਵੇਂ ਉਦੋਂ ਸਿਠਾਣੀ ਦਾ ਅਟਕਿਆ ਸੀ ਜਦੋਂ ਉਸਨੇ ਮਾਈ ਦੇ ਨਾ ਆਉਣ ਦੀ ਗੱਲ ਦੱਸੀ ਸੀ। ਜਿਵੇਂ ਦੋਵਾਂ ਦੇ ਗਲ਼ੇ ਵਿਚ ਪੰਜ ਦਾ ਸਿੱਕਾ ਅਟਕ ਗਿਆ ਹੋਏ।
“ਅਰੇ ਕਹਾਂ ਗਿਰ ਗਯੀਲ ਰੇ? ਉਠਾਇਲੇ ਕਹੇ ਨਾਹੀ ਰੇ?
“ਖੋਜਲੀ ਤੋ ਖੂਬ ! ਮਗਰ ਨਾਹੀਂ ਮਿਲਾ !”
“ਅਰੇ ਮੋਰ ਮਾਈ ਰੇ!” ਮਾਈ ਮੱਥਾ ਪਿੱਟ-ਪਿੱਟ ਸਿਆਪਾ ਕਰਨ ਲੱਗ ਪਈ, “ਅਰੇ ਉਹਾਂ ਛੋਡ ਕਰ ਯਹਾਂ ਕਾਹੇ ਆ ਗਯਾ, ਬਕਲੋਲਵਾ?ਕੇਹੂ ਦੇਖਾ ਤੋ ਨਹੀਂ।”
“ਨਾਹੀਂ।”
“ਚਲ ਮੋਰੇ ਸਾਥ !” ਮਾਈ ਨੇ ਉਸਨੂੰ ਜ਼ੋਰ ਨਾਲ ਖਿੱਚਿਆ। ਉਹ ਤਿਆਰ ਨਹੀਂ ਸੀ, ਇਸ ਲਈ ਡਿੱਗਦਾ-ਡਿੱਗਦਾ ਮਸੀਂ ਬਚਿਆ।
“ਊਪਰ ਸੇ ਖੋਈਯਾ ਉਠਾ ਅਉਰ ਚਲ ਮੋਰੇ ਸੰਗ।”
ਮਾਈ ਨੇ ਟੀਨ ਦੀ ਛੱਤ ਤੇ ਕਾਫੀ ਦੇਰ ਤੋਂ ਸੁੱਕਦੇ ਹੋਏ ਗੰਨੇ ਦੀਆਂ ਖੋਈਆਂ ਵੱਲ ਇਸ਼ਾਰਾ ਕੀਤਾ। ਉਹ ਚੁੱਪਚਾਪ ਅੰਦਰ ਗਿਆ ਤੇ ਅੰਦਰੋਂ ਬਾਲ੍ਹਟੀ ਲਿਆ ਕੇ ਮੂਧੀ ਮਾਰ ਲਈ।
“ਦੁਆਰੇ ਪਰ ਪਇਸਾ ਕੇ ਪੇੜ ਲਗਾ ਹੈ ਨ ! ਧੰਨਾ ਸੇਠ ਬਨਕਰ ਯੇਹਰ ਵੇਹਰ ਲੁਟਾਵਤ ਚਲਤ ਹੈ।”
ਉਹ ਮਾਈ ਦੀਆਂ ਲਾਹਨਤਾਂ ਸੁਣਦਾ ਹੋਇਆ ਬਾਲ੍ਹਟੀ ਉੱਤੇ ਚੜ੍ਹ ਕੇ ਖੋਈਆਂ ਦੇ ਢੇਰ ਤਕ ਆਪਣਾ ਹੱਥ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਈ ਇਕ ਖੋਈ ਉਸਦੇ ਹੱਥ ਵਿਚ ਆਉਣ ਵਾਲੀ ਹੋਈ ਉਸਨੇ ਉਚਕ ਕੇ ਉਸਨੂੰ ਖਿੱਚ ਲਿਆ। ਬਾਲ੍ਹਟੀ ਅੰਦਰ ਰੱਖ ਕੇ ਆ ਕੇ ਉਹ ਖੋਈ ਨੂੰ ਭੋਇੰ ਮਾਰ-ਮਾਰ ਉਸ ਉੱਤੇ ਚੜ੍ਹੀ ਗਰਦ ਲਾਹੁਣ ਲੱਗਾ।
“ਅਬ ਸਾਫ ਕਾ ਕਰਤ ਹੈ! ਨਹਰੀ ਮੇਂ ਤ ਘੁਸੇੜਕ ਬਾ!”
ਹੁਣ ਜਾ ਕੇ ਪਤਾ ਲੱਗਿਆ ਕਿ ਮਾਈ ਨੇ ਖੋਈ ਕਿਓਂ ਲੁਹਾਈ ਏ। ਹੁਣ ਉਹ ਉਸ ਖੋਈ ਨਾਲ ਬੇਮਤਲਬ ਗਾਰ-ਗੱਬ ਨੂੰ ਫਰੋਲੇਗਾ।
“ਪਾਂਚ ਰੁਪਯਾ ਉਹਾਂ ਗਿਰਾ ਦਿਯਾ ਅਉਰ ਲਾਟ ਸਾਹਬ ਕੀ ਤਰਹ ਹਾਥ ਝੁਲਾਵਤ ਚਲ ਆਯਾ। ਨਹਰੀ ਮੇਂ ਹਾਥ ਥੋੜੀ ਨ ਡਾਲਾ ਹੋਗਾ।”
“ਖੂਬ ਖੋਜਲੀ ਮਾਈ, ਖੂਬ। ਯੋਹੀਲਿਏ ਤੋ ਦੇਰ ਹੋ ਗਯਾ।”
ਦੁੱਖ-ਪਰੁੱਚੀ ਆਵਾਜ਼ ਵਿਚ ਬੋਲ ਕੇ ਉਸਨੇ ਮਾਈ ਦੀ ਹਮਦਰਦੀ ਲੈਣੀ ਚਾਹੀ।
“ਆਸਪਾਸ ਕੇਹੂ ਥਾ ਤੋ ਨਹੀਂ?” ਮਾਈ ਨੇ ਦਰਵਜ਼ੇ ਦਾ ਕੁੰਡਾ ਅੜਾ ਕੇ ਜਿੰਦਾਰਾ ਮਾਰਦਿਆਂ ਹੋਇਆਂ ਇਕ ਵਾਰੀ ਫੇਰ ਪੁੱਛਿਆ।
“ਨਾਹੀਂ।”
“ਤੋ ਚਲ।”
ਮਾਈ ਅੱਗੇ-ਅੱਗੇ ਹੋ ਲਈ ਤੇ ਉਹ ਪਿੱਛੇ-ਪਿੱਛੇ।
“ਤੂ ਆਗੇ ਚਲ।” ਉਸਨੇ ਰੁਕ ਕੇ ਨਿਨਕੂ ਨੂੰ ਅੱਗੇ ਲਾ ਲੈਣ ਲਈ ਕਿਹਾ।
ਨਿਨਕੂ ਅੱਗੇ-ਅੱਗੇ ਤੁਰਦਾ ਹੋਇਆ ਸੋਚਣ ਲੱਗਾ ਕਿ ਝੂਠ ਬੋਲ ਕੇ ਉਹ ਚੰਗੀ ਮੁਸੀਬਤ ਵਿਚ ਫਸ ਗਿਆ ਏ। ਉਹ ਕਦੋਂ ਤਕ ਨਾਲੇ ਨੂੰ ਖੰਘਾਲਦਾ ਰਹੇਗਾ। ਮਾਈ ਤਾਂ ਪੰਜ ਰੁਪਈਏ ਲੈ ਕੀ ਮੰਨੇਗੀ। ਇਸ ਤੋਂ ਚੰਗਾ ਤਾਂ ਦੋ ਤਿੰਨ ਚਪੇੜੇ ਈ ਖਾ ਲਏ ਹੁੰਦੇ। ਉਸਨੇ ਮੁੜੀ ਹੋਈ ਗੰਨੇ ਦੀ ਖੋਈ ਨੂੰ ਸਿੱਧਾ ਕਰਕੇ ਲੰਮਾਂ ਕਰ ਲਿਆ। ਫੇਰ ਸੜਕ ਨਾਲ ਘਸੀਟਦਾ, ਖਿੱਚਦਾ ਅੱਗੇ-ਅੱਗੇ ਪੈਰ ਘਸੀਟਦਾ ਹੋਇਆ ਤੁਰਨ ਲੱਗਾ। ਉਸਦੇ ਪਿੱਛੋ-ਪਿੱਛੇ ਮਾਈ ਪਤਾ ਨਹੀਂ ਕੀ ਬੁੜਬੁੜ ਕਰਦੀ ਹੋਈ ਆ ਰਹੀ ਸੀ। ਕਿਉਂਕਿ ਉਹ ਸੁਣਨ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ, ਇਸ ਲਈ ਠੀਕ-ਠੀਕ ਸਮਝ ਵੀ ਨਹੀਂ ਸੀ ਆ ਰਿਹਾ। ਪਰ ਉੱਚੀ-ਉੱਚੀ ਬੋਲੀ ਜਾਣ ਕਰਕੇ 'ਹਾਯ ਮਾਈ', 'ਮੋਰ ਮਾਈ' ਕਦੀ-ਕਦੀ ਉਸਦੇ ਕੰਨਾਂ ਵਿਚ ਪੈ ਰਹੇ ਸਨ। ਨਿਨਕੂ ਇਸ ਉਲਝਣ ਵਿਚ ਫਸਿਆ ਹੋਇਆ ਸੀ ਕਿ ਉਹ ਤਾਂ ਸਵੇਰ ਦਾ ਈ ਖੱਟੂ ਬਣਿਆਂ ਹੋਇਆ ਏ, ਉਹ ਕਿਸ ਨੂੰ ਯਾਦ ਕਰੇ।
“ਕਾਹੇ ਠਹਰ ਗਯਾ?”
ਉਸਨੂੰ ਖਲੋਂਦਾ ਦੇਖ ਕੇ ਮਾਈ ਤੋਂ ਬਰਦਾਸ਼ਤ ਨਾ ਹੋਇਆ। ਹਾਲਾਂਕਿ ਉਹ ਉਸੇ ਥਾਂ ਜਾ ਕੇ ਖੜ੍ਹਾ ਸੀ, ਜਿੱਥੋਂ ਉਸਨੇ ਇਸ ਅਸੰਭਵ ਕੰਮ ਨੂੰ ਸ਼ੁਰੂ ਕਰਨਾ ਸੀ।
“ਯਹੀਂ ਤੋ ਗਿਰਾ ਥਾ !”
ਉਸਨੇ ਆਪਣੀ ਉਂਗਲੀ ਨਾਲੇ ਵੱਲ ਸਿੰਨ੍ਹ ਦਿੱਤੀ। ਉਸਦੀ ਮਾਈ ਝੁਕ ਕੇ ਦੇਖਣ ਲੱਗੀ।
“ਲੇਕਿਨ ਅਬ ਹੋਗਾ ਥੋੜੇ ਨ, ਬਹ ਗਯਾ ਹੋਗਾ।”
“ਚੁਪ ਬਕਲੋਲਾ ! ਕਉਨੋ ਕਾਗਜ ਪੱਤਾ ਹੈ ਕਿ ਬਹ ਗਯਾ ਹੋਗਾ ! ਕਹਾਂ ਗਿਰਾ ਥਾ, ਠੀਕ ਸੇ ਬਤਾ !”
ਨਿਨਕੂ ਨੇ ਫੇਰ ਉਂਗਲ ਸਿੰਨ੍ਹ ਦਿੱਤੀ ।
“ਏਕ ਜਗਹ ਬਤਾ ਨ ! ਕੱਬੋ ਏਹਰ ਕੱਬੋ ਓਹਰ ! ਮਾਥਾ ਪਰ ਜੋਰ ਦੇਕਰ ਯਾਦ ਕਰ।”
ਯਾਦ ਕਿਵੇਂ ਕਰਦਾ। ਫੇਰ ਵੀ ਇਸ ਵਾਰੀ ਅੜ ਈ ਗਿਆ।
“ਯਹੀਂ...ਯਹੀਂ ਪੱਕਾ ! ਇਹਾਂ ਸੇ ਲੁੜ੍ਹਕਾ ਅਉਰ ਉਹਾਂ ਜਾਕਰ ਗਿਰਾ। ਹਾਂ...ਹਾਂ ਬਿਲਕੁਲ ਯੇ ਹੀ ਜਗਹ!”
ਹੁਣ ਸਿੱਕੇ ਦੇ ਨਾਲੇ ਵਿਚ ਡਿੱਗਣ ਉੱਤੇ ਕੋਈ ਸ਼ੱਕ ਨਹੀਂ ਸੀ ਰਿਹਾ। ਪਰ ਨਿਨਕੂ ਨੂੰ ਡਰ ਇਸ ਗੱਲ ਦਾ ਸੀ ਕਿ ਕਿਤੇ ਮਾਈ ਇਸ ਗੱਲ ਉੱਤੇ ਵੀ ਸਹੁੰ ਨਾ ਖੁਆਉਣ ਬੈਠ ਜਾਏ ਕਿ ਸਿੱਕਾ 'ਇੱਥੇ' ਈ ਡਿੱਗਿਆ ਏ। ਇਸ ਲਈ ਇਹ ਨੌਬਤ ਆਉਣ ਤੋਂ ਪਹਿਲਾਂ ਈ ਨਿਨਕੂ ਖੋਈ ਨਾਲ ਨਾਲੇ ਦੀ ਗੱਬ ਨੂੰ ਹਿਲਾਉਣ ਲੱਗ ਪਿਆ। ਮਾਈ ਦੇ ਚਿਹਰੇ ਉੱਤੇ ਤਸੱਲੀ ਦਾ ਭਾਵ ਦੇਖਣ ਦੀ ਗਰਜ ਨਾਲ ਉਸਨੇ ਆਪਣੀ ਗਰਦਨ ਥੋੜ੍ਹੀ-ਜਿਹੀ ਤਿਰਛੀ ਕੀਤੀ। ਉਸਦੀ ਮਾਈ ਚੌਕੰਨੀ ਹੋ ਕੇ ਇੱਧਰ-ਉੱਧਰ ਆਪਣੀ ਗਰਦਨ ਭੁਆਂ ਰਹੀ ਸੀ। ਫੇਰ ਢਾਲ ਦੀ ਦਿਸ਼ਾ ਵਿਚ ਇਕਟੱਕ ਦੇਖਣ ਲੱਗੀ। ਉਸਨੇ ਮਾਈ ਦੇ ਚਿਹਰੇ ਉੱਤੇ ਤਲਖ਼ੀ ਦੀ ਬਜਾਏ ਆਸ ਦਾ ਦੁਰਲੱਭ ਭਾਵ ਦੇਖਿਆ। ਉਸਨੇ ਵੀ ਖੰਘਾਲਣਾ ਛੱਡ ਕੇ ਓਧਰ ਈ ਨਜ਼ਰਾਂ ਭੁਆਂ ਲਈਆਂ। ਢਾਲ ਵੱਲੋਂ ਮਿਊਂਸਪਲ ਕਮੇਟੀ ਦਾ ਜਮਾਦਾਰ ਨੂਰਾ ਆਪਣੀ ਕੂੜਾ ਰੇਹੜੀ ਨੂੰ ਗਰੜ-ਗਰੜ ਧੱਕਦਾ ਹੋਇਆ ਉੱਪਰ ਵੱਲ ਆ ਰਿਹਾ ਸੀ।
“ਅੱਛੇ ਵਖਤ ਨੂਰੇ ਆ ਰਹਾ ਹੈਂ।” ਉਸਦੀ ਮਾਈ ਬੁੜਬੁੜਾਈ ਤੇ ਨੂਰਾ, ਰੇਹੜੀ ਸਮੇਤ ਨੇੜੇ ਆ ਗਿਆ।
“ਕਾ ਹੋ ਭੌਜੀ?” ਉਸਦੀ ਮਾਈ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਨੂਰੇ ਨੇ ਆਪਣੀ ਚਾਲ ਧੀਮੀ ਕਰ ਦਿੱਤੀ।
“ਤਨਿਕ ਬੇਲਚਵਾ ਦੇਬਾ ।”
“ਬੇਲਚਾ ? ਕਾ ਹੋਈ ?”
“ਅਰੇ, ਇ ਲੰਠਵਾ, ਸਿੱਕਾ ਨਹਰੀ ਮੇਂ ਗਿਰਾ ਦਿਯਾ!” ਮਾਈ ਨੂੰ ਆਪਣੇ ਵੱਲ ਇਸ਼ਾਰਾ ਕਰਦਿਆਂ ਦੇਖ ਕੇ ਨਿਨਕੂ ਫੇਰ ਆਪਣੇ ਕੰਮ ਵਿਚ ਲੱਗ ਗਿਆ।
“ਅੱਛਾ ! ਸੋਨਾ ਕਿ ਚਾਂਦੀ ਕੇ ?”
ਨੂਰੇ ਨੇ ਮਖੌਲ ਕੀਤਾ ਤਾਂ ਉਸਦੀ ਮਾਈ ਸ਼ਰਮਾਅ ਗਈ।
“ਅਰੇ ਬੋੜਮਵਾ (ਕਮਲਿਆ) ! ਸਾਹਬਗੰਜ ਮੰਡੀ ਮੇਂ ਦੁਕਾਨ ਹੈ ਮੋਰਾ? ਨਦੀ ਓ ਪਾਰ ਦਸ ਏਕੜ ਖੇਤ ਹੈ ਮੋਰਾ? ਦੁਆਰੇ ਦਰਜਨ ਭਰ ਢੋਰ ਡੰਗਰ ਬੰਧੇ ਹੈ? ਬੇਲਚਾ ਦਾ, ਮਸਖਰੀ ਮਤ ਕਰ।”
“ਹਮ ਬੇਲਚਾ ਅਬ ਨਾਹੀ ਦੇਬ ਭੋਜੀ, ਹਮ ਧੋ ਦਿਯੇ ਹੈ ਇਸੇ ।”
“ਤੂ ਫਿਕਰ ਮਤ ਕਰ ! ਹਮ ਧੋ ਦੇਬ...”
ਉਸਦੀ ਮਾਈ ਨੇ ਨੂਰੇ ਦੇ ਕੁਝ ਹੋਰ ਕਹਿਣ ਤੋਂ ਪਹਿਲਾਂ ਈ ਅਹੁਲ ਕੇ ਕੂੜਾ ਰੇਹੜੀ ਵਿਚੋਂ ਖੌਂਚਾ ਚੁੱਕ ਲਿਆ ਤੇ ਨੂਰੇ ਨੂੰ ਅੱਖਾਂ ਦਿਖਾ ਕੇ ਝਿੜਕ ਦਿੱਤਾ—
“ਅਬ ਚਲ ਫੂਟ ਇਹਾਂ ਸੇ! ਸਵਾਲ ਜਵਾਬ ਬਾਦ ਮੇਂ ਕਰਿਯੇ ।”
“ਕਮੀਸਨ ਦੇਬੂ ਨ ! ਅੱਛਾ ਚਲ, ਤੂ ਏਕ ਕਪ ਚਾਯ ਪਿਲਾ ਦਿਹੇ ।”
“ਅੱਛਾ, ਪਾਂਚ ਰੁਪੱਲੀ ਮੇਂ ਤੂ ਦੁ ਰੁਪਿਯਾ ਕੇ ਚਾਯ ਪੀਬੇ !”
“ਅੱਛਾ ਚਲ, ਰਾਮਸਮੁਝ ਸੇ ਏਕ ਖੁਰਾਕ ਤਮਾਖੂ ਖਿਲਾ ਦਿਹੇ ।”
“ਓਫਓ ! ਪਰੇ ਹਟ ! ਗੋਖਰੂ ਕੀ ਨਾਈ ਚਿਪਕ ਗਯਾ ਹੈ, ਘੂਸਖੋਰ, ਸਰਕਾਰੀ ਮੁਲਾਜਿਮ!”
ਉਸਦੀ ਮਾਈ ਉਸਦੇ ਖੌਂਚਾ ਮਾਰਨ ਲਈ ਅਹੁਲੀ ਤਾਂ ਉਹ ਦੰਦੀਆਂ ਕੱਢਦਾ ਹੋਇਆ, ਕੂੜਾ-ਰੇਹੜੀ ਨੂੰ ਧੱਕਦਾ ਭੱਜ ਖੜ੍ਹਾ ਹੋਇਆ। ਉਹ ਭੱਜਦਾ ਹੋਇਆ ਵੀ ਉਸਨੂੰ ਮਖੌਲ ਕਰਨ ਤੋਂ ਬਾਅਜ ਨਹੀਂ ਸੀ ਆ ਰਿਹਾ। ਪਰ ਮਾਈ ਹੁਣ ਨੂਰੇ ਵੱਲੋਂ ਧਿਆਨ ਹਟਾਅ ਕੇ ਉਸ ਵੱਲ ਪਲਟ ਪਈ ਸੀ।
“ਲੇ ਬੇਲਚਾ!”
ਨਿਨਕੂ ਤਾਂ ਅਜੇ ਤਕ ਗੰਨੇ ਦੀ ਖੋਈ ਨਾਲ ਗੱਬ ਹਿਲਾਉਣ ਨੂੰ ਈ ਮੁਸੀਬਤ ਮੰਨ ਰਿਹਾ ਸੀ। ਖੌਂਚਾ ਦੇਖ ਕੇ ਹੋਰ ਵੀ ਪ੍ਰੇਸ਼ਾਨ ਹੋ ਗਿਆ। ਮਾਈ ਨੇ ਕਿਸੇ ਵੀ ਹਾਲਤ ਵਿਚ ਨਾਲੇ ਵਿਚੋਂ ਸਿੱਕਾ ਕੱਢਣ ਦੀ ਠਾਣ ਲਈ ਏ। ਉਹ ਖੌਂਚਾ ਫੜ੍ਹ ਕੇ ਨਾਲੇ ਦੀ ਗੱਬ ਨੂੰ ਹਿਲਾਉਣ ਲੱਗਾ।
“ਕੀਚ ਹਿਲਾ ਕਰ ਮੱਖਨ ਬਨਾ ਰਹਾ ਹੈ ਕਾ ? ਬਾਹਰ ਨਿਕਾਲ ਕੀਚ !”
ਜਿੰਨਾ ਵੱਡਾ ਨਿਨਕੂ ਨਹੀਂ ਓਨਾਂ ਵੱਡਾ ਖੌਂਚਾ! ਉਸ ਤੋਂ ਵੱਡੀ ਉਸਦੀ ਡਿਊਟੀ! ਉਸਨੇ ਪਹਿਲੇ ਯਤਨ ਵਿਚ ਜਿੰਨੀ ਗੱਬ ਕੱਢੀ ਉਸਨੂੰ ਦੇਖ ਕੇ ਮਾਈ ਭੜਕ ਉੱਠੀ—
“ਕਾਹੇ ਕਉਆ ਹਗਨ ਕਰ ਰਹਾ ਹੈ? ਆਧੀ ਰਾਤ ਲਗਇਬੇ? ਹਲ ਜਾ, ਨਹਰੀ ਮੇਂ ਨੂਰੇ ਕੀ ਨਾਈ।”
ਨਿਨਕੂ ਨੂਰੇ ਦੇ ਗੱਬ ਕੱਢਣ ਨੂੰ ਯਾਦ ਕਰਨ ਲੱਗਾ। ਨੂਰਾ ਜਦੋਂ ਨਾਲੇ ਵਿਚੋਂ ਗੱਬ ਕੱਢਦਾ ਸੀ ਤਾਂ ਆਲੇ-ਦੁਆਲੇ ਨਿਆਣਿਆਂ ਦੀ ਭੀੜ ਜੁੜ ਜਾਂਦੀ ਸੀ। ਕੁਝ ਨਿਆਣੇ ਅਜਿਹੇ ਵੀ ਹੁੰਦੀ ਸੀ ਜਿਹੜੇ ਕਿਨਾਰੇ ਢੇਰੀ ਲੱਗਦੀ ਗੱਬ ਉੱਤੇ ਅੱਖਾਂ ਗੱਡੀ ਰੱਖਦੇ ਸੀ ਤੇ ਜੇ ਕੋਈ ਕੰਮ ਦੀ ਚੀਜ਼ ਦਿਸਦੀ ਤਾਂ ਝਪੱਟਾ ਮਾਰ ਕੇ ਆਪਣੇ ਬੋਰੇ ਵਿਚ ਪਾ ਲੈਂਦੇ ਸੀ। ਕਦੀ-ਕਦੀ ਇਹਨਾਂ ਨਿਆਣਿਆਂ ਵਿਚ ਲੜਾਈ ਵੀ ਹੋਣ ਲੱਗ ਪੈਂਦੀ ਸੀ। ਜਦੋਂ ਉਹ ਇਸ ਤਮਾਸ਼ੇ ਦਾ ਮਜ਼ਾ ਲੈ ਰਿਹਾ ਹੁੰਦਾ ਸੀ, ਉਦੋਂ ਈ ਉਸਦੀ ਮਾਈ ਜਾਂ ਬਾਊ ਉਸਨੂੰ ਲੱਭਦੇ-ਹੋਏ ਆ ਜਾਂਦੇ ਸੀ। ਮਾਈ ਹੁੰਦੀ ਤਾਂ ਫਿਟਕਾਰਾਂ ਪਾਉਣ ਲੱਗ ਪੈਂਦੀ।
“ਕਾ ਰੇ, ਇਹਾਂ ਕਾਹੇ ਖੜਾ ਹੈ? ਚਲ ਦੂਰ ਹਟ ਛੀਂਟਾ ਪੜ ਜਾਯੇਗਾ!” ਤੇ ਹੁਣ ਇਸੇ ਮਾਈ ਦਾ ਹੁਕਮ ਤਾਮੀਲ ਕਰਦਾ ਹੋਇਆ ਉਹ ਨਾਲੇ ਵਿਚ ਪੈਰ ਜਮਾਈ ਖੜ੍ਹਾ ਸੀ। ਉਹ ਅਕਸਰ ਨੰਗੇ ਪੈਰੀਂ ਈ ਘੁੰਮਦਾ ਸੀ, ਫੇਰ ਵੀ ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਨੂਰੇ ਦੀਆਂ ਤਲੀਆਂ ਜ਼ਰੂਰ ਪੱਥਰ ਵਰਗੀਆਂ ਸਖ਼ਤ ਹੋਣਗੀਆਂ ਤਾਈਂ ਤਾਂ ਉਹ ਆਰਾਮ ਨਾਲ, ਨਾਲੇ ਵਿਚ ਨੰਗੇ ਪੈਰੀਂ ਵੜ ਕੇ ਗੱਬ ਕੱਢਦਾ ਸੀ। ਉਸਦੇ ਤਾਂ ਪੈਰ ਧਰਦਿਆਂ ਈ ਤਲੀਆਂ ਵਿਚ ਕੁਝ ਚੁਭਣ ਲੱਗ ਪਿਆ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਲਾਲ ਡਿਗਰੀ ਪਾਰਕ ਦੀ ਚਾਰਦੀਵਾਰੀ ਉੱਤੇ ਖੜ੍ਹਾ ਹੋਏ ਜਿਸ ਉੱਤੇ ਕੱਚ ਦੇ ਨੁਕੀਲੇ ਟੁਕੜੇ ਲੱਗੇ ਹੋਏ ਨੇ। ਉਸਨੇ ਪੂਰੀ ਤਾਕਤ ਲਾ ਕੇ ਖੌਂਚਾ ਅੰਦਰ ਵਾੜਿਆ। ਖੌਂਚੇ ਦਾ ਫਲ ਤਾਂ ਪੂਰੇ ਦਾ ਪੂਰਾ ਅੰਦਰ ਧਸ ਗਿਆ ਸੀ। ਪਰ ਉਸਨੂੰ ਗੱਬ ਸਮੇਤ ਬਾਹਰ ਲਿਆਉਣ ਲਈ ਜਿੰਨੀ ਤਾਕਤ ਦੀ ਲੋੜ ਸੀ, ਉਹ ਦਰਅਸਲ ਉਸ ਵਿਚ ਹੈ ਈ ਨਹੀਂ ਸੀ। ਉਸਨੇ ਹਿਲਾਅ-ਜੁਲਾਅ ਕੇ ਖੌਂਚੇ ਨਾਲ ਓਨੀ ਕੁ ਗੱਬ ਕੱਢੀ ਜਿੰਨਾਂ ਕੁ ਆਸਾਨੀ ਨਾਲ ਨਿਕਲ ਸਕਦੀ ਸੀ। ਜਦੋਂ ਉਸਨੇ ਤਿੰਨ-ਚਾਰ ਖੌਂਚੇ ਗੱਬ ਕੱਢ ਕੇ ਕਿਨਾਰੇ ਢੇਰੀ ਲਾ ਦਿੱਤੀ, ਉਸਦੀ ਮਾਈ ਗੰਨੇ ਦੀ ਖੋਈ ਨਾਲ ਉਸਨੂੰ ਫਰੋਲਨ ਲੱਗ ਪਈ।
ਇਸ ਸਮੇਂ ਉਸਦੀ ਮਾਈ ਹੂ-ਬ-ਹੂ ਕੂੜਾ ਚੁਗਣ ਵਾਲੀ ਜ਼ਨਾਨੀ ਲੱਗ ਰਹੀ ਸੀ। ਛੀ ਮਾਈ, ਛੀ! ਹੁਣ ਤੇਰੇ ਪਿੱਛੇ ਵੀ ਕੁੱਤੇ ਭੌਂਕਣਗੇ।
ਤੇ ਲਓ, ਹੁਣ ਮਜਮਾਂ ਲੱਗਣਾ ਵੀ ਸ਼ੁਰੂ ਹੋ ਗਿਆ। ਰਾਮ ਕਿਸ਼ੋਰ ਖ਼ੁਦ ਤਾਂ ਆ ਈ ਰਿਹਾ ਏ, ਕੰਬਖ਼ਤ, ਦੋ-ਤਿੰਨ ਖ਼ਰੂਦੀ ਮੁੰਡਿਆਂ ਨੂੰ ਵੀ ਨਾਲ ਲਿਆ ਰਿਹਾ ਏ। ਉਸਦੀ ਮਾਈ ਦੀ ਚੜ੍ਹੀ ਹੋਈ ਤਿਓੜੀ ਦੇਖ ਕੇ, ਉਸਨੂੰ ਉਸ ਤੋਂ ਤਾਂ ਕੁਝ ਪੁੱਛਣ ਦੀ ਹਿੰਮਤ ਨਹੀਂ ਪਈ—ਉਸਦੀ ਮਾਈ ਵੈਸੇ ਵੀ, ਆਪਣੇ ਗੁਸੈਲ ਸੁਭਾਅ ਕਰਕੇ ਬਦਨਾਮ ਸੀ—ਇਸ ਲਈ ਉਹ ਆਪਣੀਆਂ ਅੱਖਾਂ ਤੇ ਭਰਵੱਟੇ ਹਿਲਾ-ਹਿਲਾ, ਨਿਨਕੂ ਤੋਂ ਈ ਮਾਜਰਾ ਜਾਣਨ ਦੀ ਕੋਸ਼ਿਸ਼ ਕਰਨ ਲੱਗਾ।
“ਕਾ ਹੈ ਰੇ!” ਉਸਦੀ ਮਾਈ ਨੇ ਨਿਨਕੂ ਨੂੰ ਰੁਕਿਆ ਦੇਖਿਆ ਤਾਂ ਰਾਮ ਕਿਸ਼ੋਰ ਨੂੰ ਝਿੜਕ ਦਿੱਤਾ। ਰਾਮ ਕਿਸ਼ੋਰ ਕੱਚਾ-ਜਿਹਾ ਹੋ ਗਿਆ ਫੇਰ ਚਾਪਲੂਸੀ-ਜਿਹੀ ਕਰਦਾ ਪੁੱਛਣ ਲੱਗਾ—
“ਕਾ ਹੇਰਾਇਲ ਬਾ, ਚਾਚੀ?”
“ਤੁਹਾਰ ਮਾਈ ਕੇ ਕਰਘਨ, ਬੇਟਾ!!” ਮਾਈ ਨੇ ਉਸਨੂੰ ਉਸੇ ਦੇ ਲਹਿਜੇ ਵਿਚ ਜਵਾਬ ਦਿੱਤਾ ਤਾਂ ਰਾਮ ਕਿਸ਼ੋਰ ਦਾ ਮੂੰਹ ਲੱਥ ਗਿਆ। ਉਹ ਚੁੱਪ ਹੋ ਕੇ ਉੱਥੇ ਈ ਪੈਰਾਂ ਭਾਰ ਬੈਠ ਗਿਆ।
ਉਸਦੀ ਮਾਈ ਨੇ ਰਾਮ ਕਿਸ਼ੋਰ ਨੂੰ ਤਾਂ ਚੁੱਪ ਕਰਵਾ ਦਿੱਤਾ, ਪਰ ਸੜਕ ਦੇ ਉਸ ਪਾਰੋਂ, ਬੰਨ੍ਹ ਦੀ ਚੜ੍ਹਾਈ ਚੜ੍ਹਦੀ ਹੁਣ ਜਿਹੜੀ ਰਾਮਸਮੁਝ ਦੀ ਬੋ (ਰਾਮਸਮੁਝ ਦੀ ਘਰਵਾਲੀ) ਆ ਰਹੀ ਸੀ, ਕੀ ਉਸਨੂੰ ਵੀ ਇਸੇ ਤਰ੍ਹਾਂ ਤਾੜ ਦਏਗੀ ਕਿ? ਰਾਮਸਮੁਝ ਕੋਇਰੀ (ਸਾਗ-ਸਬਜ਼ੀਆਂ ਉਗਾਉਣ ਤੇ ਵੇਚਣ ਵਾਲੀ ਇਕ ਜਾਤੀ, ਮਾਲੀ) ਏ, ਤੇ ਲਾਲਡਿੱਗੀ ਚੌਰਾਹੇ ਉੱਤੇ, ਪੀਪਲ ਦੇ ਚਬੂਤਰੇ ਕੋਲ ਬੈਠ ਕੇ ਸੁਰਤੀ, ਚੂਨਾ ਵੇਚਦਾ ਏ। ਉਹ ਬਾਊ ਲਈ ਜਰਦਾ, ਤਮਾਖੂ ਲਿਆਉਣ ਵਾਸਤੇ ਕਈ ਵਾਰੀ ਉਸਦੇ ਅੱਡੇ ਉੱਤੇ ਗਿਆ ਏ। ਰਾਮਸਮੁਝ-ਬੋ ਨੂੰ ਵੀ ਤਮਾਕੂ ਦੀ ਲਤ ਪੈ ਚੁੱਕੀ ਸੀ ਤੇ ਉਸਦੇ ਮੂੰਹ ਚਲਾਉਣ ਦੇ ਤਰੀਕੇ ਤੋਂ ਈ ਪਤਾ ਲੱਗ ਰਿਹਾ ਸੀ ਕਿ ਤਮਾਕੂ ਦੀ ਇਕ ਖੁਰਾਕ ਹੁਣ ਵੀ ਉਸਦੇ ਦੰਦਾਂ ਤੇ ਬੁੱਲ੍ਹਾਂ ਵਿਚਕਾਰ ਨੱਪੀ ਹੋਈ ਏ।
“ਕਾ ਗਿਰਾ ਹੈ, ਨਿਨਕੂ ਕੀ ਮਾਈ ?”
ਨਿਨਕੂ ਦੇ ਕੰਨ ਖੜ੍ਹੇ ਹੋ ਗਏ ਕਿ ਦੇਖੀਏ ਹੁਣ ਉਸਦੀ ਮਾਈ ਇਸਨੂੰ ਕੀ ਜਵਾਬ ਦਿੰਦੀ ਏ।
“ਕਾ ਬਤਾਯੇਂ ਰਾਮਸਮੁਝ ਬੋ, ਇ ਹੈ ਪੂਰਾ ਬਉਕ, ਪਾਂਚ ਕਾ ਸਿੱਕਾ ਨਹਰੀ ਮੇਂ ਗਿਰਾ ਦਿਯਾ।”
ਨਿਨਕੂ ਨੇ ਠੀਕ-ਠਾਕ ਸੁਣਿਆਂ। ਦੱਸ ਈ ਦਿੱਤਾ ਇਸਨੂੰ! ਇਸ ਨੂੰ ਨਹੀਂ ਝਿੜਕਿਆ। ਆਖ਼ਰ, ਨਾਲੇ ਵਿਚ ਝਖ ਮਾਰਨ ਦੀ ਵਜਾਹ ਨਹੀਂ ਦੱਸੇਗੀ ਤਾਂ ਝੇਂਪ ਕਿਵੇਂ ਮਿਟੇਗੀ।
“ਹੇ ਰਾਮ !” ਰਾਮਸਮੁਝ-ਬੋ ਨੇ ਦਇਆ ਕੀ ਦਿਖਾਈ ਕਿ ਉਸਦੀ ਮਾਈ ਦੇ ਜ਼ਖ਼ਮ ਹਰੇ ਹੋ ਗਏ। ਉਸਨੇ ਚਿਣਕ ਕੇ ਨਿਨਕੂ ਨੂੰ ਕਿਹਾ—
“ਖੋਜ ਰੇ ਖੋਜ, ਪਾਂਚ ਕੇ ਸਿੱਕਵਾ!”
“ਪਾਂਚ ਕੇ ਸਿੱਕਵਾ ਹੈ ਚਾਚੀ!”
ਸਾਰੀ ਖ਼ਰੂਦੀ ਢਾਣੀ ਨੂੰ ਯਕਦਮ ਸੂਹ ਮਿਲ ਗਈ ਤੇ ਉਹ ਫਟਾਫਟ ਨਾਲੇ ਦੇ ਕਿਨਾਰੇ-ਕਿਨਾਰੇ ਫ਼ੈਲ ਗਏ। ਨਾਲੇ ਵਿਚ ਅੱਖਾਂ ਗੱਡੀ ਉਹ ਇਸ ਤਰ੍ਹਾਂ ਚਹਿਲ-ਕਦਮੀ ਕਰ ਰਹੇ ਸੀ ਜਿਵੇਂ ਨਿਨਕੂ ਦੀ ਉਹਨਾਂ ਨੂੰ ਬੜੀ ਫਿਕਰ ਹੋਏ। ਜਦਕਿ ਅਸਲ ਗੱਲ ਨਿਨਕੂ ਜਾਣਦਾ ਸੀ ਕਿ ਉਹਨਾਂ ਨੂੰ ਉਹਦੀ ਕੋਈ ਫਿਕਰ-ਵਿਕਰ ਨਹੀਂ ਸੀ। ਉਹ ਤਾਂ ਉਸਨੂੰ ਨੀਵਾਂ ਦਿਖਾਅ ਕੇ ਉਹਦੀ ਮਾਈ ਦੀ ਸ਼ਾਬਾਸ਼ੀ ਹਾਸਲ ਕਰਨਾ ਚਾਹੁੰਦੇ ਸੀ।
“ਚਾਚੀ, ਮਿਲ ਗਯਾ ! ਉਹਾਂ ਹੈ !”
ਅਚਾਨਕ ਰਾਮ ਕਿਸ਼ੋਰ ਕੂਕਿਆ ਤੇ ਨਿਨਕੂ ਨੂੰ ਛੱਡ ਕੇ ਸਾਰੇ ਬੱਚੇ ਓਧਰ ਚਲੇ ਗਏ। ਰਾਮ ਕਿਸ਼ੋਰ ਦੀ ਉਂਗਲ ਅਜੇ ਵੀ ਓਧਰ ਤਣੀ ਹੋਈ ਸੀ।
“ਤੂੰ ਠੂਠ ਬਨ ਕਰ ਉਹਾਂ ਕਾਹੇ ਖੜਾ ਹੈ? ਬੇਲਚਾ ਲੇਕਰ ਇਹਾਂ ਆ!”
ਮਾਈ ਹੁਣ ਇਸ ਗੱਲ ਤੋਂ ਚਿੜ ਗਈ ਸੀ ਕਿ ਜਦੋਂ ਸਾਰੇ ਓਧਰ ਚਲੇ ਗਏ ਸੀ ਤੇ ਸਿੱਕਾ ਵੀ ਓਧਰ ਏ ਤਾਂ ਉਹ ਆਪਣੀ ਜਗ੍ਹਾ ਉੱਤੇ ਕਿਉਂ ਖੜ੍ਹਾ ਏ। ਜਦਕਿ ਨਿਨਕੂ ਲਈ ਬੇਮਤਲਬ ਉੱਥੇ ਜਾਣਾ, ਉਹ ਵੀ ਖੌਂਚਾ ਲੈ ਕੇ, ਇਕ ਵਾਧੂ ਪ੍ਰੇਸ਼ਾਨੀ ਵਾਲੀ ਗੱਲ ਸੀ। ਪਰ ਮਾਈ ਦੀ ਧੌਂਸ ਕੀ ਨਾ ਕਰਵਾ ਦਏ। ਉਹ ਮਨ ਮਸੋਸ ਕੇ ਨਾਲੇ-ਨਾਲੇ ਤੁਰਦਾ ਹੋਇਆ ਓਧਰ ਨੂੰ ਵਧਿਆ। ਉੱਥੇ ਪਹੁੰਚ ਕੇ ਉਸਦੀਆਂ ਅੱਖਾਂ ਫ਼ੈਲ ਗਈਆਂ। ਇਹ ਤਾਂ ਚਮਤਕਾਰ ਏ! ਸ਼ਾਮ ਤਾਂ ਹੋ ਗਈ ਸੀ, ਪਰ ਏਨਾ ਹਨੇਰਾ ਨਹੀਂ ਸੀ ਕਿ ਨਿਨਕੂ ਦੀਆਂ ਅੱਖਾਂ ਧੋਖਾ ਖਾ ਜਾਣ। ਬਿਲਕੁਲ ਪੰਜ ਦੇ ਸਿੱਕੇ ਵਾਂਗੂੰ ਗੋਲ! ਜੇ ਉੱਪਰੋਂ ਚਿੱਕੜ ਦੀ ਪਤਰ ਹਟ ਜਾਏ ਤਾਂ ਪੰਜ ਦਾ ਸਿੱਕਾ ਚਮਕ ਉੱਠੇਗਾ। ਨਿਨਕੂ ਦੇ ਮਨ ਵਿਚ ਸਵਾਲ ਉੱਠਿਆ ਕਿ ਕਿਹੜਾ ਹੋਏਗਾ ਉਹ ਬੌੜਮ, ਲੰਠ, ਬਕਲੋਲ ਤੇ ਹੋਰ ਪਤਾ ਨਹੀਂ ਕੀ-ਕੀ ਜਿਹੜਾ ਪੰਜ ਦੇ ਸਿੱਕੇ ਨੂੰ ਨਾਲੇ ਵਿਚ ਸੁੱਟ ਕੇ ਭੁੱਲ ਗਿਆ ਹੋਏਗਾ!
ਉਸਨੇ ਉਤੇਜਤ ਹੋ ਕੇ ਖੌਂਚੇ ਨਾਲ ਉਸ ਸਿੱਕੇ ਵਰਗੀ ਗੋਲ ਚੀਜ਼ ਨੂੰ ਬਾਹਰ ਕੱਢਿਆ ਤਾਂ ਸਾਰੇ 'ਹੈਤ ਤੇਰੀ ਦੀ' ਕਰਨ ਲੱਗੇ।
“ਇ ਤੋ ਸੀਸੀ ਕੇ ਢੱਕਣ ਹੈ!”
ਇਹ ਤਾਂ ਹੋਣਾ ਈ ਸੀ। ਕਿਸੇ ਹੋਰ ਨੂੰ ਤਾਂ ਨਹੀਂ, ਪਰ ਉਸਨੂੰ ਪੂਰਾ ਯਕੀਨ ਸੀ। ਜਿਸਨੇ ਇਹ ਸਿੱਕਾ ਡੇਗਿਆ ਹੁੰਦਾ, ਭਲਾਂ ਉਸਦੀ ਮਾਈ ਨੇ ਛੱਡ ਦਿੱਤਾ ਹੁੰਦਾ ਉਸਨੂੰ? ਜੇ ਉਸਦੇ ਹੱਥੋਂ ਸਿੱਕਾ ਛੁੱਟ ਕੇ, ਰੁੜ੍ਹਦਾ-ਰੁੜ੍ਹਦਾ ਨਾਲੇ ਵਿਚ ਡਿੱਗ ਪੈਂਦਾ ਤਾਂ ਉਹ ਉਸੇ ਛਿਣ ਨਾਲੇ ਵਿਚ ਨਾ ਵੜ ਜਾਂਦਾ! ਨਦੀ ਦੇ ਇਸ ਪਾਰ ਦੇ ਮੁੰਡਿਆਂ ਨੇ ਉਸਦੀ ਮਦਦ ਕਰਨ ਦੇ ਬਹਾਨੇ ਉਸਨੂੰ ਭਕਾਅ ਈ ਦਿੱਤਾ। ਸੀ। ਉਹ ਸੱਟ ਖਾਧੇ ਸੱਪ ਵਾਂਗ ਫੁਕਾਰੇ ਮਾਰਦਾ ਹੋਇਆ, ਉਹਨਾਂ ਮੁੰਡਿਆਂ ਵੱਲ ਦੇਖਦਾ ਏ। ਜ਼ਰਾ ਉਹਨਾਂ ਦਾ ਢੀਠਪੁਣਾ ਤਾਂ ਦੇਖੋ, ਉਹ ਅਜੇ ਵੀ ਖੁਸਰ-ਫੁਸਰ ਕਰੀ ਜਾ ਰਹੇ ਸੀ।
ਇਕ ਬੋਲਿਆ, “ਉ ਕਾ ਹੈ ਰੇ!”
ਦੂਜਾ ਬੋਲਿਆ, “ਉਹਾਂ ਦੇਖ।”
ਉਹ ਹਰ ਵਾਰੀ ਮਾਈ ਵੱਲ ਦੇਖਦਾ, ਉਸਦੇ ਇਸ਼ਾਰੇ ਉੱਤੇ ਈ ਉਹ ਖੌਂਚਾ ਚੁੱਕ ਕੇ ਉਧਰ ਨੱਸਦਾ। ਕੋਈ ਵੱਡਾ ਕਹਿੰਦਾ ਕਿ 'ਯੇਹਰ ਭੀ ਬੇਲਚਾ ਘੁਮਾਓ।' ਤਾਂ ਉਹ ਮਾਈ ਦੇ ਇਸ਼ਾਰੇ ਦੀ ਉਡੀਕ ਕੀਤੇ ਬਗ਼ੈਰ ਓਥੇ ਵੀ ਖੌਂਚਾ ਮਾਰਦਾ। ਇਕ ਜਗ੍ਹਾ ਕਲੁਵਾ ਤੇ ਵਾਸਿਲ ਉਲਝੇ ਹੋਏ ਸਨ। ਕਲੁਵੇ ਨੇ ਇਕ ਜਗ੍ਹਾ ਵੱਲ ਇਸ਼ਾਰਾ ਕੀਤਾ ਸੀ ਪਰ ਨਾਲ ਖੜਾ ਵਾਸਿਲ ਉਸਦੀ ਗੱਲ ਕੱਟ ਰਿਹਾ ਸੀ—
“ਉ ਪਾਂਚ ਕਾ ਸਿੱਕਾ ਨਹੀਂ ਹੈ ਬੇ! ਹਮ ਪਾਂਚ ਕਾ ਸਿੱਕਾ ਦੇਖੇਂ ਹੈਂ। ਦੁ ਅਠੱਨੀ ਸਟਾ ਦੋ ਤੋ ਪਾਂਚ ਕਾ ਸਿੱਕਾ ਤੈਯਾਰ ਹੋ ਜਾਯੇਗਾ। ਨਯਾ ਨਹੀਂ ਪੁਰਾਨਾ ਅਠੱਨੀ! ਹਮਰੇ ਘਰ ਤੀਨ ਚਾਰ ਗੋ ਪੁਰਨਕਾ ਅਠੱਨੀ ਹੈ।”
ਤੇਰੇ ਘਰ ਖ਼ੂਬ ਸਾਰੀਆਂ ਅਠਿਆਨੀਆਂ ਹੋਣਗੀਆਂ। ਨਿਨਕੂ ਨੇ ਮਨ ਈ ਮਨ ਕਿਹਾ। ਉਸਨੂੰ ਪਤਾ ਸੀ ਕਿ ਵਾਸਿਲ ਦਾ ਅੱਬੂ ਕੰਪਨੀ ਵਾਲਿਆਂ ਵੱਲੋਂ ਬੀੜੀਆਂ ਬਣਾਉਂਦਾ ਏ। ਉਸਦੇ ਅੱਬੂ ਨੂੰ ਈ ਕੀ, ਉਸਨੇ ਤਾਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਬੀੜੀਆਂ ਵੱਟਦਿਆਂ ਦੇਖਿਆ ਸੀ। ਵਾਸਿਲ ਦਾ ਅੱਬੂ ਪੰਜਾਹ ਪੈਸਿਆਂ ਦੀਆਂ ਚਾਰ ਬੀੜੀਆਂ ਆਸੇ-ਪਾਸੇ ਦੇ ਲੋਕਾਂ ਨੂੰ ਇਸ ਚਾਲਾਕੀ ਨਾਲ ਵੇਚ ਦਿੰਦਾ ਸੀ ਕਿ ਉਸਦਾ ਹਿਸਾਬ ਨਹੀਂ ਸੀ ਵਿਗੜਦਾ। ਵਾਸਿਲ ਜਦੋਂ ਵੀ ਬਾਜ਼ਾਰ ਜਾਂਦਾ ਸੀ ਤਾਂ ਉਸਦੀਆਂ ਮੁੱਠੀਆਂ ਅਠਿਆਨੀਆਂ ਨਾਲ ਭਰੀਆਂ ਹੁੰਦੀਆਂ ਸੀ। ਉਸਨੇ ਕਈ ਵਾਰੀ ਦੁਕਾਨਦਾਰਾਂ ਨੂੰ ਵਾਸਿਲ ਨਾਲ ਉਲਝਦਿਆਂ ਦੇਖਿਆ ਸੀ।
“ਕੌਣ ਲੇਗਾ ਅਠੱਨੀ ਰੇ! ਚਲ ਭਾਗ!”
ਇਕ ਵਾਰੀ ਤਾਂ ਨਿਨਕੂ ਦੇ ਸਾਹਮਣੇ ਈ ਇਕ ਦੁਕਾਨਦਾਰ ਨੇ ਵਾਸਿਲ ਨੂੰ ਝਾੜ ਦਿੱਤਾ ਸੀ—
“ਕਯੋਂ ਰੇ! ਇਸ ਜੁਮੇਂ ਕੋ ਕੌਨ ਸੀ ਮਸਜਿਦ ਕੇ ਪਾਸ ਤੁਮਹਾਰਾ ਅੱਬੂ ਕਟੋਰਾ ਲੇਕਰ ਬੈਠਾ ਥਾ!”
ਇਕ ਹੋਰ ਵਾਕਿਆ ਜਿਹੜਾ ਉਸਨੇ ਦੇਖਿਆ ਤਾਂ ਨਹੀਂ ਪਰ ਸੁਣਿਆਂ ਸੀ ਕਿ ਕਿਸੇ ਦੁਕਾਨਦਾਰ ਨੇ ਗੁੱਸੇ ਵਿਚ ਵਾਸਿਲ ਦੀ ਮੁੱਠੀ ਝਟਕ ਦਿੱਤੀ ਸੀ ਜਿਸ ਕਰਕੇ ਸਾਰੀਆਂ ਅਠਿਆਨੀਆਂ ਨਾਲੀ ਵਿਚ ਡਿੱਗ ਪਈਆਂ ਸਨ। ਫੇਰ ਤਾਂ ਢਿਬਰੀ ਲੈ ਕੇ ਸਾਰੀ ਰਾਤ ਵਾਸਿਲ, ਉਸਦੇ ਅੱਬੂ-ਅੰਮੀ, ਇਕ ਛੋਟਾ ਭਰਾ ਓਦੋਂ ਤਕ ਲੱਗੇ ਰਹੇ ਸੀ ਜਦੋਂ ਤਕ ਇਕ-ਇਕ ਅਠਿਆਨੀ ਕੱਢ ਨਹੀਂ ਸੀ ਲਈ। ਵਾਸਿਲ ਦੀਆਂ ਅੱਖਾਂ ਵਿਚ ਅਠਿਆਨੀਆਂ ਤੇ ਇਸੇ ਲਿਹਾਜ ਨਾਲ ਪੰਜ ਦੇ ਸਿੱਕੇ ਦਾ ਸਾਈਜ ਅਟਕ ਗਿਆ ਹੋਇਆ ਹੋਏਗਾ—ਇਹੀ ਸੋਚ ਕੇ ਕਲੁਆ ਸ਼ਾਂਤ ਹੋ ਗਿਆ ਹੋਏਗਾ ਤੇ ਇਸੇ ਲਈ ਮਾਈ ਨੇ ਉਸ ਵੱਲੋਂ ਧਿਆਨ ਹਟਾਅ ਲਿਆ ਹੋਏਗਾ। ਇਸਦਾ ਫ਼ਾਇਦਾ ਨਿਨਕੂ ਨੂੰ ਇਹ ਹੋਇਆ ਕਿ ਉਸਦੇ ਹਿੱਸੇ ਇਕ ਕੰਮ ਘੱਟ ਹੋ ਗਿਆ। ਪਰ ਕੋਹੜ ਪੈ ਜਾਏ ਏਸ ਰਾਮ ਕਿਸ਼ੋਰ ਦੇ, ਜਿਸਨੂੰ ਪੰਜ ਦੇ ਸਿੱਕੇ ਦੀ ਮਾਈ ਨਾਲੋਂ ਵੱਧ ਫ਼ਿਕਰ ਸੀ।
“ਏ ਨਿਨਕੂ, ਤਨਿਕ ਦੇਖ ਰੇ! ਉ ਕਾ ਲਉਕ (ਦਿਸ) ਰਹਾ ਹੈ, ਗੋਲ-ਗੋਲ!”
ਰਾਮ ਕਿਸ਼ੋਰ ਸਿਰਫ਼ ਬੁੜਬੁੜਾਇਆ ਈ ਸੀ। ਜਿਵੇਂ ਉਹ ਖ਼ੁਦ ਈ ਦੱਸ ਦੇਣਾ ਚਾਹੁੰਦਾ ਹੋਏ ਕਿ ਉਸਦਾ ਦਾਅਵਾ ਪੁਖ਼ਤਾ ਨਹੀਂ। ਪਰ ਨਿਨਕੂ 'ਹੈਂ-ਹੈਂ' ਕਰਦਾ ਹੋਇਆ ਰਾਮ ਕਿਸ਼ੋਰ ਕੋਲ ਆ ਗਿਆ। ਉਸਨੇ ਦੂਰੋਂ ਈ ਤੈਅ ਕਰ ਲਿਆ ਸੀ ਕਿ ਇਸ ਚੌਕੜੀ ਨੂੰ ਕਿਵੇਂ ਸਬਕ ਸਿਖਾਉਣਾ ਏਂ। ਉਹਨਾਂ ਦਾ ਆਪਸ ਵਿਚ ਦੇਰ ਤਕ ਉਲਝੇ ਰਹਿਣਾ ਉਸ ਲਈ ਫ਼ਾਇਦੇਮੰਦ ਈ ਰਹੇਗਾ। ਉਸਨੇ ਖੌਂਚੇ ਨੂੰ ਗੱਬ ਨਾਲ ਨੱਕੋ-ਨੱਕ ਭਰ ਲਿਆ। ਫੇਰ ਕਾਫ਼ੀ ਉੱਤੇ ਤਕ ਚੁੱਕ ਕੇ ਛਪਾਕ ਦੇਣੇ ਕਿਨਾਰੇ ਉੱਤੇ ਉਲੱਦ ਦਿੱਤਾ। ਹੁਣ ਉਹ ਦੇਖੇਗਾ ਤਮਾਸ਼ਾ ਤੇ ਲਏਗਾ ਮਜ਼ੇ! ਉਹ ਹੋਰ ਗੱਬ ਕੱਢਣ ਦੇ ਬਹਾਨੇ ਫੇਰ ਝੁਕਿਆ ਤੇ ਆਪਣੀਆਂ ਦੋਵਾਂ ਲੱਤਾਂ ਦੇ ਵਿਚਕਾਰੋਂ ਉਹਨਾਂ ਉੱਤੇ ਨਿਗਾਹ ਮਾਰੀ। ਕੋਈ ਹੱਥ ਪੂੰਝ ਰਿਹਾ ਸੀ, ਕੋਈ ਪੈਰ। ਇਕ ਚੁੱਪਚਾਪ ਆਪਣੇ ਬੁੱਲ੍ਹਾਂ ਨੂੰ ਗੋਡੇ ਉੱਤੇ ਰਗੜ ਰਿਹਾ ਸੀ। ਜੇ ਉਸਦਾ ਮੂੰਹ ਖੁੱਲ੍ਹਾ ਹੋਇਆ ਤਾਂ ਗੱਬ ਮੂੰਹ ਵਿਚ ਜ਼ਰੂਰ ਪੈ ਗਈ ਹੋਏਗੀ। ਉਸਦੇ ਕਲੇਜੇ ਠੰਢ ਪੈ ਗਈ। ਇਹ ਮੁੰਡੀਰ ਅਕਸਰ ਉਸ ਉੱਤੇ ਇਵੇਂ ਗੱਬ ਪਾਉਂਦੀ ਹੁੰਦੀ ਸੀ। ਅੱਜ ਚਖਾ ਦਿੱਤਾ ਉਸਨੇ ਉਹਨਾਂ ਨੂੰ ਖਾਲਸ ਗੱਬ ਦਾ ਸਵਾਦ!
“ਅਬ ਉਹਾਂ ਬਗੁਲਾ ਕਾਹੇ ਬਨ ਗਯਾ ਹੈ?”
ਉਸਦਾ ਕੁਝ ਦੇਰ ਤਕ ਨਿੱਠ ਕੇ ਮਜ਼ਾ ਲੈਣਾ ਵੀ ਮਾਈ ਨੂੰ ਰਾਸ ਨਾ ਆਇਆ। ਓਹ ਖੌਂਚੇ ਨੂੰ ਨਾਲੇ ਵਿਚ ਧੱਕਦਾ ਹੋਇਆ ਇੰਜ ਅੱਗੇ ਵਧਿਆ ਜਿਵੇਂ ਨੂਰਾ ਆਪਣੀ ਕੂੜਾ-ਰਹੜੀ ਨੂੰ ਧਰੀਕਦਾ ਏ। ਜਦੋਂ ਉਸਨੂੰ ਖਿਝ ਚੜ੍ਹਦੀ ਏ ਤਾਂ ਅਜਿਹੀਆਂ ਊਲ-ਜਲੂਲ ਹਰਕਤਾਂ ਕਰਨ ਲੱਗ ਪੈਂਦਾ ਏ।
“ਥਕ ਗਯਾ ਬੇਚਾਰਾ।”
ਪਹਿਲੀ ਵਾਰ ਕਿਸੇ ਨੇ ਉਸ ਉੱਤੇ ਤਰਸ ਖਾਧਾ। ਹਾਲਾਂਕਿ ਇਹ ਉਸੇ ਰਾਮਸਮੁਝ ਦੀ ਬੀਵੀ ਸੀ, ਜਿਸ ਤੋਂ ਉਸਨੇ ਇਕ ਵਾਰੀ ਆਪਣੀ ਬੰਦ ਨੱਕ ਨੂੰ ਛਿੱਕਾਂ ਲਿਆ ਕੇ ਖੋਲ੍ਹਣ ਲਈ ਨਸਵਾਰ ਸੁੰਘਣ ਦੇ ਲਈ ਮਿੰਨਤਾਂ ਕੀਤੀਆਂ ਸਨ ਤੇ ਉਸਨੇ ਸਿਰਫ਼ ਏਸੇ ਕਰਕੇ ਮਨ੍ਹਾਂ ਕਰ ਦਿੱਤਾ ਸੀ ਕਿ ਉਸਦੇ ਕੋਲ ਉਸ ਵੇਲੇ ਪੈਸੇ ਨਹੀਂ ਸਨ।
“ਕਬ ਤਕ ਨਾਲੇ ਮੇਂ ਹਲਾ (ਵੜਿਆ) ਰਹੇਗਾ?”
ਉਸਦੀ ਮਾਈ ਨੇ ਮੂੰਹ ਨਹੀਂ ਸੀ ਖੋਲ੍ਹਿਆ। ਜਦਕਿ ਉਸਦੇ ਕੰਨ ਕੋਈ ਮਨ ਭੌਂਦਾ ਜਵਾਬ ਸੁਣਨ ਲਈ ਓਧਰ ਈ ਲੱਗੇ ਹੋਏ ਸਨ।
“ਇਸਕਾ ਬਾਊ ਕਹਾਂ ਹੈ? ਉ ਕਾਹੇ ਨਹੀਂ ਆਯਾ?” ਪਿਛਲੇ ਪਾਸੇ ਪਤਾ ਨਹੀਂ ਕਿਸ ਨੇ ਉਸ ਉੱਤੇ ਤਰਸ ਖਾਧਾ ਸੀ—ਨਿਨਕੂ ਨਾ ਤਾਂ ਉਸਨੂੰ ਦੇਖ ਈ ਸਕਿਆ ਤੇ ਨਾ ਈ ਓਹਦੀ ਆਵਾਜ਼ ਪਛਾਣ ਸਕਿਆ।
“ਤੂ ਹਮੇਂ ਜਗ ਕੇ ਸਾਮਨੇ ਜੁਲਮੀ ਸਾਬਿਤ ਕਰਨੇ ਚਲੀ ਹੈ? ਇਸਕਾ ਬਾਊ ਹੋਤਾ ਘਰ ਮੇਂ ਤੋ ਆਤਾ ਨਹੀਂ ਇਹਾਂ! ਨਿਨਕੂ ਕੀ ਜਗਹ ਵਹੀ ਹਲਾਲ ਹੋਤਾ ਨਹਰੀ ਮੇਂ, ਕਿ ਘਰ ਮੇਂ ਬੈਠ ਕਰ ਆਰਾਮ ਕਰ ਰਹਾ ਹੋਤਾ। ਆ, ਤੇਰੀ ਸਾੜੀ ਘੁਟਨੇ ਤਕ ਮੋੜ ਦ ਅਉਰ ਤੂ ਹਲ ਜਾ ਨਹਰੀ ਮੇਂ...”
ਹਾਸੇ ਦੀ ਇਕ ਧਾਰ ਫੁੱਟ ਪਈ ਜਿਹੜੀ ਨਾਲੇ ਦੇ ਕਿਨਾਰੇ-ਕਿਨਾਰੇ ਵਹਿਣ ਲੱਗੀ।
“ਬਾਊ ਘਰ ਮੇਂ ਬੈਠ ਕਰ ਖਟਿਯਾ ਤੋੜ ਰਹਾ ਹੈ? ਯਾ ਦਾਰੂ ਪੀਕਰ ਤੇਰੇ ਮਰਦ ਕੀ ਤਰਹ ਉਲਟੀ ਕਰ ਰਹਾ ਹੋਗਾ? ਜਾਨਤੀ ਨਹੀਂ ਹੈ ਕਯਾ ਕਿ ਜਬ ਲਿਨਟਰ ਪੜ ਰਹਾ ਹੋਤਾ ਹੈ ਤੋ ਮਿਸਤਰੀ ਲੋਗ ਕਾ ਰਾਤ ਭਰ ਕਾ ਕਾਮ ਰਹਤਾ ਹੈ!”
ਹੁਣ ਨਿਨਕੂ ਦਾ ਦਿਲ ਹੱਸਣ ਨੂੰ ਕੀਤਾ। ਮਿਸਤਰੀ! ਜੇ ਉਸਦਾ ਬਾਊ ਮਿਸਤਰੀ ਹੁੰਦਾ ਤਾਂ ਉਹ ਇਸ ਗੰਦੇ ਨਾਲੇ ਵਿਚ ਗੋਤੇ ਲਾਉਂਦਾ? ਪਰ ਨਹੀਂ ਇਸ ਪਾਰ ਦੇ ਲੋਕਾਂ ਲਈ ਉਸਦਾ ਬਾਊ ਮਿਸਤਰੀ ਈ ਏ। ਹੁਣ ਕੋਈ ਮਾਈ ਨੂੰ ਇਹ ਪੁੱਛੇ ਕਿ ਬਾਊ ਮਿਸਤਰੀ ਏ ਤਾਂ ਮੀਂਹਾਂ ਵੇਲੇ ਟੀਨ ਦੇ ਕੋਨਿਆਂ ਤੋਂ ਪਾਣੀ ਚੋਅ ਕੇ ਅੰਦਰ ਕਿਉਂ ਆਉਂਦਾ ਏ? ਲੋਕਾਂ ਨੂੰ ਦਿਖਾਉਣ ਲਈ ਕਿਤੋਂ ਜਰ-ਖਾਧੀ ਤੇਸੀ, ਕਰੰਡੀ ਤੇ ਟੁੱਟੇ-ਪੁਰਾਣੇ ਗਰਮਾਲੇ ਦਾ ਜੁਗਾੜ ਕਰਕੇ ਘਰ ਵਿਚ ਰੱਖ ਲਿਆ ਏ। ਮੀਂਹਾਂ ਵੇਲੇ ਕਰੰਡੀ, ਗਰਮਾਲਾ ਚੁੱਕ ਕੇ ਉੱਤੇ ਚੜ੍ਹ ਜਾਂਦਾ ਏ ਕਰੰਡੀ ਨਾਲ ਛੱਪ-ਛੱਪ ਕਰਦਾ ਰਹਿੰਦਾ ਏ। ਤਾਕਿ ਰਾਹ ਜਾਂਦੇ ਲੋਕ ਉਸਨੂੰ ਪੁੱਛਣ—
“ਏ ਮਿਸਤਰੀ ! ਕਾ ਹੋ ਰਹਾ ਹੈ ?”
ਤੇ ਕੰਨ ਵਿਚ ਮਿਸਤਰੀ ਸ਼ਬਦ ਪੈਂਦਿਆਂ ਈ ਬਾਊ ਤੇ ਮਾਈ ਗਦਗਦ ਹੋ ਜਾਣ!
“ਕਬ ਤਕ ਢੂਢਬੂ ਹੋ ਨਿਨਕੂ ਕੀ ਮਾਈ?” ਕਿਰਪਾਲ ਦੀ ਪਤੋਹੂ ਨੇ ਆਖ਼ਰ ਹਿੰਮਤ ਕਰਕੇ ਪੁੱਛ ਈ ਲਿਆ।
“ਅਰੇ ਜਬ ਤਕ ਉਜਾਸ ਹੈ ਤਬ ਤਕ ਆਸ ਹੈ।”
ਮਾਈ ਦੀ ਜ਼ਿਦ ਸਭਨਾਂ ਉੱਤੇ ਭਾਰੀ ਪਏਗੀ ਇਹ ਗੱਲ ਸਾਰੇ ਲੋਕ ਜਾਣਨ ਜਾਂ ਨਾ ਜਾਣਨ, ਨਿਨਕੂ ਚੰਗੀ ਤਰ੍ਹਾਂ ਜਾਣਦਾ ਏ। ਪਰ ਇਸ ਜਵਾਬ ਨਾਲ ਉਸਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਉਸਨੂੰ ਕਦੋਂ ਤਕ ਝਖ਼ ਮਾਰਨੀ ਪਏਗੀ। ਹਨੇਰਾ ਹੋਣ ਵਿਚ ਭਾਵੇਂ ਅਜੇ ਕੁਝ ਦੇਰ ਹੋਏ, ਪਰ ਮਾਈ ਦੇ ਇਸ ਜਵਾਬ ਨੇ ਬਿੰਦ ਦੇ ਬਿੰਦ ਉਸਦੀਆਂ ਅੱਖਾਂ ਸਾਹਵੇਂ ਹਨੇਰਾ ਲਿਆ ਦਿੱਤਾ।
“ਅਰੇ ਨਿਨਕੁਵਾ ਢੋਲਾ ਰੇ!”
ਇਕ ਮੁੰਡਾ ਕੂਕਿਆ ਤਾਂ ਉਸਦਾ ਧਿਆਨ ਆਪਣੀ ਲੱਤ ਵੱਲ ਚਲਾ ਗਿਆ। ਪੂਛ ਵਾਲਾ ਇਕ ਢੋਲਾ (ਗੰਦੇ ਪਾਣੀ ਦਾ ਕੀੜਾ) ਰੀਂਘਦਾ ਹੋਇਆ ਉਸਦੇ ਗੋਡੇ ਤੋਂ ਉੱਤੇ ਤਕ ਚੜ੍ਹ ਗਿਆ ਸੀ ਤੇ ਉਸਨੂੰ ਪਤਾ ਵੀ ਨਹੀਂ ਸੀ ਲੱਗਿਆ। ਜੇ ਉਸ ਮੁੰਡੇ ਨੇ ਨਾ ਦੱਸਿਆ ਹੁੰਦਾ ਤਾਂ ਪਤਾ ਨਹੀਂ ਕਿੱਥੇ ਵੜ ਜਾਂਦਾ। ਉਸਦੀ ਲੱਤ ਉੱਤੇ ਖੁਰਕ ਤਾਂ ਹੋ ਰਹੀ ਸੀ ਪਰ ਅਜਿਹੀ ਖੁਰਕ ਤਾਂ ਵੇਲੇ-ਕੁਵੇਲੇ ਉਸਦੇ ਸਾਰੇ ਪਿੰਡ ਉੱਤੇ ਈ ਹੁੰਦੀ ਰਹਿੰਦੀ ਸੀ। ਪਹਿਲਾਂ ਉਹ ਇਕਟੱਕ ਢੋਲੇ ਨੂੰ ਰੀਂਘ ਕੇ ਉਪਰ ਚੜ੍ਹਦਿਆਂ ਦੇਖਦਾ ਰਿਹਾ। ਮੋਇਆ ਖ਼ੁਦ ਤਾਂ ਮਸਤੀ ਨਾਲ ਝੂੰਮਦਾ ਹੋਇਆ ਉਪਰ ਚੜ੍ਹ ਰਿਹਾ ਸੀ ਤੇ ਆਪਣੇ ਨਾਲ ਲਿਆਂਦੀ ਗੱਬ ਨੂੰ ਲਕੀਰ ਦੇ ਰੂਪ ਵਿਚ ਪਿੱਛੇ ਛੱਡਦਾ ਜਾ ਰਿਹਾ ਸੀ। ਜਿਵੇਂ ਪਿੱਛੇ ਮੁੜਨ ਦਾ ਰਸਤਾ ਨਾ ਭੁੱਲ ਜਾਏ। ਉਸਨੇ ਦੂਜੀ ਲੱਤ ਚੁੱਕ ਕੇ ਪੱਟ ਤਕ ਪਹੁੰਚ ਚੁੱਕੇ ਢੋਲੇ ਨੂੰ ਹੇਠਾਂ ਡੇਗ ਦਿੱਤਾ। ਇਸ ਕੋਸ਼ਿਸ਼ ਵਿਚ ਉਸਦਾ ਸੰਤੁਲਨ ਥੋੜ੍ਹਾ-ਜਿਹਾ ਵਿਗੜਿਆ ਤੇ ਉਹ ਨਾਲੇ ਵਿਚ ਡਿੱਗਦਾ-ਡਿੱਗਦਾ ਮਸੀਂ ਬਚਿਆ।
“ਕਾ ਭੌਜੀ! ਲੈਂਡਾ ਕੇ ਜਾਨ ਲੇਬੂ ਕਾ?”
ਉਸਨੇ ਚਿੱਕੜ ਕੱਢਦਿਆਂ ਹੋਇਆਂ ਨਿਗਾਹ ਮਾਰੀ। ਉਸਦਾ ਅੰਦਾਜ਼ਾ ਸਹੀ ਨਿਕਲਿਆ। ਅਜਿਹੀ ਕੜਕਦਾਰ ਆਵਾਜ਼ ਹਰੀਏ ਦੀ ਈ ਹੋ ਸਕਦੀ ਸੀ। ਹਰੀਏ ਦੀ ਉਸਦੇ ਬਾਊ ਨਾਲ ਬੀੜੀ, ਖੈਨੀ ਦੀ ਯਾਰੀ ਸੀ। ਉਹਦੀ ਮਾਈ ਨੂੰ ਉਹ ਈ ਇੰਜ ਤਾੜ ਸਕਦਾ ਸੀ।
“ਸ਼ਹਰ ਕੇ ਕਚਰਾ ਸੇ ਪੂਰਾ ਨਾਲਾ ਪਟਾਯਾ ਹੈ ਉ ਮੇਂ ਤੁਮਹਾਰਾ ਪਾਂਚ ਕਾ ਸਿੱਕਾ ਮਿਲੇਗਾ? ਦੇਖ ਮਾਰ ਕੋਕਾ ਕੋਲਾ ਅਉਰ ਪਾਣੀ ਕੇ ਬੋਤਲ, ਚੀਪ ਅਉਰ ਮੇਗੀ ਕੇ ਖੋਖਾ...”
ਹਰੀਏ ਨੇ ਕਿਨਾਰੇ ਢੇਰ ਲੱਗੀ ਗੱਬ ਉੱਤੇ ਖਿੱਲਰੇ ਕਚਰੇ ਵੱਲ ਇਸ਼ਾਰਾ ਕੀਤਾ ਤਾਂ ਉਸਨੇ ਵੀ ਇਕ ਕਾਂ ਅੱਖ ਨਜ਼ਰ ਮਾਰੀ। ਉਸਨੂੰ ਵਿਸ਼ਵਾਸ ਈ ਨਹੀਂ ਸੀ ਹੋਇਆ ਕਿ ਉਸਨੇ ਏਨੀ ਗੱਬ ਕੱਢ ਦਿੱਤੀ ਏ ਤੇ ਗੱਬ ਦੇ ਨਾਲ-ਨਾਲ ਸ਼ਹਿਰ ਦਾ ਏਨਾ ਕਚਾਰਾ ਵੀ ਕੱਢ ਦਿੱਤਾ ਏ ਕਿ ਹਰੀਏ ਦੇ ਸਾਮਾਨ ਦੀ ਲਿਸਟ ਲੰਗੂਰ ਦੀ ਪੂਛ ਵਾਂਗੂੰ ਲੰਮੀ ਹੁੰਦੀ ਜਾਏਗੀ। ਪਰ ਏਨੀ ਲੰਮੀ ਲਿਸਟ ਵਿਚ ਹਰੀਏ ਨੇ ਇਕ ਦੋ ਚੀਜ਼ਾਂ ਦੇ ਨਾਂ ਛੱਡ ਵੀ ਦਿੱਤੇ ਸਨ। ਜਿਵੇਂ ਸ਼ੁਰੂ ਵਿਚ ਨਾਲੇ ਵਿਚੋਂ ਉਸਨੇ ਦਾਰੂ ਦੀਆਂ ਦੋ ਤਿੰਨ ਬੋਤਲਾਂ ਵੀ ਕੱਢੀਆਂ ਸਨ। ਜਿਹੜੀਆਂ ਜਾਂ ਤਾਂ ਟੁੱਟੀ-ਫੁੱਟੀਆਂ ਸਨ ਜਾਂ ਗੱਬ ਦੀ ਤੈਹ ਹੇਠ ਢੱਕੀਆਂ ਗਈਆਂ ਸਨ, ਇਸ ਲਈ ਹਰੀਏ ਨੇ ਉਹਨਾਂ ਦਾ ਨਾਂ ਨਹੀਂ ਲਿਆ ਹੋਏਗਾ। ਸਭ ਤੋਂ ਵੱਧ ਤਾਂ ਉਸਨੇ ਹਸਪਤਾਲੋਂ ਮੁਫ਼ਤ ਮਿਲਣ ਵਾਲੇ ਗੁਬਾਰੇ ਕੱਢਿਆ ਸਨ, ਜਿਹਨਾਂ ਨੂੰ ਜਦੋਂ ਨਦੀ ਪਾਰ ਦੇ ਬੱਚੇ ਫੁਲਾਅ ਕੇ ਖੇਡਦੇ ਸਨ ਤਾਂ ਸਾਰੇ ਵੱਡੇ ਬੁੱਢੇ ਮੂੰਹ ਅੱਗੇ ਹੱਥ ਰੱਖ ਕੇ ਹੱਸਣ ਲੱਗ ਪੈਂਦੇ ਸਨ। ਹਰੀਏ ਨੇ ਓਹਨਾਂ ਦਾ ਨਾਂ ਵੀ ਨਹੀਂ ਸੀ ਲਿਆ, ਜਦਕਿ ਇਕ ਤਾਂ ਉੱਥੇ ਈ ਚਮਕ ਰਿਹਾ ਸੀ, ਜਿੱਥੇ ਹਰੀਆ ਖਲੋਤਾ ਸੀ। ਹਰੀਏ ਦੀ ਇਸ ਭੁੱਲ-ਚੁੱਕ ਦੇ ਬਾਵਜੂਦ ਉਸਦੀ ਧੌਂਸ ਵਿਚ ਆ ਕੇ, ਉਸਦੀ ਮਾਈ ਨੇ ਜਿਸ ਤਰ੍ਹਾਂ ਮੂੰਹ ਸਿਓਂ ਲਿਆ ਸੀ, ਉਸ ਨਾਲ ਹੋਰ ਲੋਕਾਂ ਨੂੰ ਵਾਹਵਾ ਹੌਸਲਾ ਮਿਲਿਆ ਸੀ। ਦੋ-ਤਿੰਨ ਔਰਤਾਂ ਅੱਗੇ ਖੜ੍ਹੇ ਤਮਾਸ਼ਬੀਨਾਂ ਨੂੰ ਧਰੀਕ ਕੇ ਅੱਗੇ ਆਈਆਂ। ਇਹਨਾਂ ਵਿਚ ਵੀ ਸਭ ਤੋਂ ਅੱਗੇ ਰਾਮਸਮੁਝ-ਬੋ ਸੀ ਤੇ ਜਿਸ ਨੇ ਬਿਲਕੁਲ ਨਾਲੇ ਦੇ ਕਿਨਾਰੇ ਉੱਤੇ ਪਹੁੰਚ ਕੇ ਨਿਨਕੂ ਨੂੰ ਫੜਾਨ ਲਈ ਆਪਣਾ ਹੱਥ ਵਧਾਅ ਦਿੱਤਾ ਸੀ—
“ਆ ਨਿਨਕੂ ਬੇਟਾ! ਪਕੜ ਲੇ ਹਾਥ ਅਉਰ ਬਾਹਰ ਆ ਜਾ!”
ਉਸਦੇ ਵਧੇ ਹੋਏ ਹੱਥ ਨੂੰ ਦੇਖ ਕੇ ਨਿਨਕੂ ਨੂੰ ਉਸ ਨੂੰ ਫੜ੍ਹ ਕੇ ਬਾਹਰ ਨਿਕਲਣ ਦੀ ਇੱਛਾ ਹੋਈ। ਪਰ ਓਹ ਲਾਚਾਰ ਹੋ ਕੇ ਮਾਈ ਵੱਲ ਦੇਖਦਾ ਰਿਹਾ। ਜਿਵੇਂ ਮਾਈ ਦੇ ਹੁਕਮ ਦੀ ਉਡੀਕ ਹੋਏ ਉਸਨੂੰ। ਤਦ ਉਹ ਨਾਲੇ ਤੋਂ ਦੂਰ ਹਟ ਕੇ ਉਸਦੀ ਮਾਈ ਕੋਲ ਆਈ। ਹਰੀਏ ਵੱਲ ਦੇਖਿਆਂ ਉਸਨੂੰ ਝਾੜ ਪਾਈ—
“ਅਭੀ ਭੀ ਤੁਹਾਰ ਭੇਜੇ ਮੇਂ ਬਾਤ ਨਹੀਂ ਘੁਸਾ? ਸੋਨੇ ਕੇ ਅਸ਼ਰਫ਼ੀ ਹੈ? ਚਲ ਛੋੜ!”
“ਛੋਡ ਦੇਈ!” ਉਸਦੀ ਮਾਈ ਦੇ ਮੂੰਹੋਂ ਲਾਟਾਂ ਨਿਕਲਣ ਲੱਗ ਪਈਆਂ, “ਤੂ ਦੇਬੂ ਪਾਂਚ ਰੁਪਿਯਾ?”
ਉਸਦੀ ਮਾਈ ਨੇ ਇਹ ਗੱਲ ਰਾਮਸਮੁਝ-ਬੋ ਨੂੰ ਈ ਆਖੀ ਸੀ, ਪਰ ਚੁੱਪ ਸਾਰਿਆਂ ਦੇ ਮੂੰਹਾਂ ਉੱਤੇ ਚਿਪਕ ਗਈ ਸੀ।
“ਤੁਹਾਰ ਮਰਦ ਤੋ ਏਕ ਰੁਪੱਲੀ ਕਾ ਉਧਾਰੀ ਨਹੀਂ ਲਗਾਤਾ।”
ਪੈਸੇ ਦੇਣ ਦਾ ਜ਼ਿਕਰ ਛਿੜਦਿਆਂ ਈ ਸਾਰੇ ਇਧਰ-ਉਧਰ ਝਾਕਣ ਲੱਗ ਪਏ ਸਨ। ਪਰ ਸ਼ਰੇਆਮ ਆਪਣੇ ਮਰਦ ਦੀ ਬੇਇੱਜ਼ਤੀ ਨੇ ਰਾਮਸਮੁਝ-ਬੋ ਦੇ ਬੁੱਲ੍ਹਾਂ ਉੱਤੇ ਪੇਪੜੀ-ਜਿਹੀ ਲਿਆ ਦਿੱਤੀ। ਨਿਨਕੂ ਜਾਣਦਾ ਸੀ, ਰਾਮਸਮੁਝ-ਬੋ ਘੱਟ ਲੜਾਕੀ ਨਹੀਂ ਸੀ...ਪਰ ਇਸ ਵੇਲੇ ਕਿਉਂਕਿ ਉਸਦੀ ਮਾਈ ਉੱਤੇ ਖਬਤ ਸਵਾਰ ਸੀ ਇਸ ਲਈ ਹਿੱਕ ਥਾਪੜਣ ਦੀ ਬਜਾਏ ਓਥੋਂ ਖਿਸਕ ਜਾਣਾ ਈ ਮੁਨਾਸਿਬ ਸਮਝਿਆ, ਉਸਨੇ।
“ਪੈਸਾ ਦੇਨੇ ਕੇ ਨਾਮ ਪਰ ਫੂਟ ਗਯੀ! ਸਮਝ ਰਹੀ ਥੀ ਜੈਸੇ ਉ ਦੇ ਦੇਗੀ ਤੋ ਹਮ ਲੇ ਲੇਗੇ! ਹਮੇਂ ਮੰਗਨ ਸਮਝ ਲਿਯਾ ਥਾ। ਛੋੜ ਦੇਂ! ਹੁੰਹ! ਕਾਹੇ ਛੋੜ ਦੇਂ। ਪਾਂਚ ਰੁਪਯਾ ਮੇਂ ਏਕ ਸੀਸੀ ਤੇਲ ਆ ਜਾਈ।”
ਉਫ਼ ਮਾਈ! ਹੁਣ ਜਾਣ ਵੀ ਦੇ ਨਾ! ਉਸਦੀ ਮਾਈ ਮੈਦਾਨ ਛੱਡ ਕੇ ਭੱਜਦੀ ਹੋਈ ਰਾਮਸਮੁਝ-ਬੋ ਨੂੰ ਵੀ ਨਹੀਂ ਸੀ ਬਖ਼ਸ ਰਹੀ। ਜਦਕਿ ਓਹੀ ਜਾਣਦਾ ਏ ਕਿ ਪੰਜ ਰੁਪਈਏ ਦਾ ਕਿੰਨਾਂ ਤੇਲ ਆਉਂਦਾ ਏ ਤੇ ਉਹ ਤੇਲ ਕਿੰਨੇ ਦਿਨ ਚੱਲਦਾ ਏ। ਇਹ ਸਹੀ ਏ ਕਿ ਪੰਜ ਰੁਪਈਏ ਦਾ ਇਕ ਸ਼ੀਸ਼ੀ ਤੇਲ ਆਉਂਦਾ ਏ...ਪਰ ਉਸ ਤੇਲ ਨਾਲ ਕਿੰਨੇ ਡੰਗਾਂ ਦੀ ਸਬਜ਼ੀ ਬਣਦੀ ਏ! ਹੱਦ ਤੋਂ ਹੱਦ ਤਿੰਨ ਡੰਗਾਂ ਦੀ! ਤੇ ਜੇ ਗੋਸ਼ਤ (ਮੀਟ) ਬਣਾਉਣਾ ਹੋਏ ਤਾਂ ਇਕੋ ਡੰਗ ਮਸੀਂ ਪੂਰਾ ਪੈਂਦਾ ਏ। ਇਕ ਵਾਰੀ ਝਿਨਕ ਕਸਾਈ ਨੇ ਉਸਦੇ ਬਾਊ ਤੋਂ ਥੋੜ੍ਹਾ ਕੰਮ ਕਰਵਾਇਆ ਸੀ ਤੇ ਬਦਲੇ ਵਿਚ ਮੂੜਾ (ਬੱਕਰੇ ਦੀ ਸਿਰੀ) ਫੜਾ ਦਿੱਤੀ ਸੀ। ਓਹ ਮੋਇਆ ਮੂੜਾ ਤੇਲ ਦੀ ਪੂਰੀ ਸ਼ੀਸ਼ੀ ਪੀ ਗਿਆ ਸੀ ਤੇ ਫੇਰ ਉਸਦੇ ਬਾਊ ਨੂੰ ਸ਼ੀਸ਼ੀ ਚੱਕ ਕੇ ਦੁਕਾਨ ਵੱਲ ਭੱਜਨਾਂ ਪਿਆ ਸੀ। ਉਸਦੀ ਮਾਈ ਸਾਰੀ ਰਾਤ ਚਿਣਕ-ਚਿਣਕ ਕੇ ਬੁੜਬੁੜ ਕਰਦੀ ਰਹੀ ਸੀ ਕਿ ਕੰਗਾਲੀ ਵਿਚ ਆਟਾ ਗਿੱਲਾ ਕਰਨ ਲਈ ਮੂੜਾ ਫੜਾ ਦਿੱਤਾ! ਉਸਨੇ ਬਾਊ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਅੱਗੇ ਤੋਂ ਝਿਨਕ ਤੋਂ ਗੋਸ਼ਤ, ਗੋੜੀ (ਖਰੌੜੇ) ਜਾਂ ਚੁਸਤਾ (ਪੇਟੀ ਆਂਦਰਾਂ) ਦੇ ਇਲਾਵਾ ਕੁਝ ਵੀ ਨਹੀਂ ਲੈਣਾ।
ਰਾਮਸਮੁਝ-ਬੋ ਅੱਖਾਂ ਤੋਂ ਓਹਲੇ ਹੋ ਚੁੱਕੀ ਸੀ। ਰਾਮਸਮੁਝ-ਬੋ ਦੇ ਜਾਣ ਵਿਚ ਉਸਨੂੰ ਆਪਣਾ ਨੁਕਸਾਨ ਹੁੰਦਾ ਦਿਸਿਆ। ਰੁਪਏ ਪੈਸੇ ਦੇ ਮਾਮਲੇ ਵਿਚ ਭਾਵੇਂ ਈ ਉਹ ਦਰਿਆ ਦਿਲ ਨਾ ਹੋਏ ਪਰ ਉਸਦੀ ਤਰਫ਼ਦਾਰੀ ਵਿਚ ਦੋ ਸ਼ਬਦ ਬੋਲ ਕੇ ਖੌਂਚੇ ਦਾ ਭਾਰ ਤਾਂ ਹੌਲਾ ਕਰਾ ਈ ਰਹੀ ਸੀ। ਇੰਜ ਤਾਂ ਮਾਈ ਇਕ-ਇਕ ਕਰਕੇ ਹਰੇਕ ਨੂੰ ਭਜਾਅ ਦਏਗੀ ਜਿਹੜਾ ਵੀ ਉਸਦੇ ਮੁੰਡੇ ਉੱਤੇ ਰਤਾ ਵੀ ਰਹਿਮ ਦਿਖਾਏਗਾ। ਮਾਈ ਨੂੰ ਉਹਨਾਂ ਦੇ ਸਾਹਮਣੇ ਗੱਬ ਫਰੋਲਦਿਆਂ ਸ਼ਰਮ ਜੋ ਆ ਰਹੀ ਸੀ। ਓ ਮਾਈ, ਇਹਨਾਂ ਸ਼ਹਿਰੀ ਲੰਡਰਾਂ ਨੂੰ ਵੀ ਤਾਂ ਭਜਾਅ! ਫੇਰ ਦੋਵੇਂ ਰਲ ਕੇ ਨਾਲੇ ਦੀ ਗਾਰ ਛਾਣਦੇ-ਛਾਣਦੇ ਰਾਪਤੀ ਨਦੀ ਤਕ ਪਹੁੰਚ ਜਾਵਾਂਗੇ।
“ਜਰਾ ਦੇਖੋ ਤਾਂ ਐਸੇ ਬੋਲਕਰ ਚਲੀ ਗਈ ਰਾਮਸਮੁਝ-ਬੋ ਕਿ ਪਾਂਚ ਰੁਪਯੇ ਕਾ ਕੋਈ ਮੋਲ ਨਹੀ!”
ਹੁਣ ਉਸਦੀ ਮਾਈ ਨੇ ਕਿਰਪਾਲ ਦੀ ਪਤੋਹੂ ਤੇ ਨਜ਼ਰ ਗੱਡੀ ਹੋਈ ਸਨ।
“ਪਾਂਚ ਰੁਪਯੇ ਮੇਂ ਇੱਤਾ ਆਟਾ ਹਾਯੇਗਾ !”
ਓਇ ਬਹੁੜੀਂ ਓਇ ਬਾਪੂ? ਮਾਈ ਨੇ ਹੱਥ ਫ਼ੈਲਾਅ ਕੇ ਕਿੰਨਾਂ ਆਟਾ ਦੱਸ ਦਿੱਤਾ! ਜਦਕਿ ਪੰਜ ਰੁਪਈਆਂ ਦਾ ਘੁਣ ਲੱਗਿਆ ਆਟਾ ਵੀ ਏਨਾ ਨਹੀਂ ਆਉਂਦਾ। ਦੂਜੀ ਗੱਲ ਇਹ ਕਿ ਜੇ ਏਨਾ ਆਟਾ ਆ ਵੀ ਗਿਆ ਤਾਂ ਉਹ ਦੋ-ਦਿਨ ਤੋਂ ਵੱਧ ਨਹੀਂ ਚੱਲਣਾ। ਇਹ ਉਸ ਨਾਲੋਂ ਬਿਹਤਰ ਕੌਣ ਜਾਣਦਾ ਏ ਕਿ ਜਦੋਂ ਵੀ ਉਹ ਪੰਜ ਰੁਪਈਆਂ ਦਾ ਆਟਾ ਲਿਆਇਆ ਏ—ਅਗਲੇ ਦਿਨ ਫੇਰ ਆਟਾ ਲੈਣ ਜਾਣਾ ਪਿਆ ਏ। ਉਹ ਵੀ ਤਾਂ ਜੇ ਮਾਈ ਰੋਟੀਆਂ ਪਕਾਵੇ। ਜੇ ਬਾਊ ਦਾ ਹੱਥ ਲੱਗੇ ਤਾਂ ਰਾਮ ਜਪੋ! ਮਾਈ ਕੀ ਤੂੰ ਭੁੱਲ ਗਈ? ਜਦੋਂ ਬਾਊ ਤੇਰੇ ਖਾਣੇ ਤੋਂ ਚਿੜ ਗਿਆ ਸੀ ਤੇ ਤੂੰ ਗਰਮੀ ਖਾ ਕੇ ਬੋਲੀ ਸੀ ਕਿ ਜਾਹ ਤੂੰ ਈ ਖਾਣਾ ਬਣਾ। ਓਦੋਂ ਕਿੰਨੀਆਂ ਮੋਟੀਆਂ-ਮੋਟੀਆਂ ਰੋਟੀਆਂ ਬਣਾਈਆਂ ਸੀ ਬਾਊ ਨੇ! ਤੇ ਤਵੇ ਉੱਤੇ ਥੋੜ੍ਹਾ ਈ ਬਣਾਈਆਂ ਸੀ ਉਹਨੇ। ਓਹ ਤਾਂ ਤੈਸ਼ ਵਿਚ ਆ ਕੇ ਬੋਲਿਆ ਸੀ ਕਿ ਓਹ ਤਾਂ ਓਹੋ-ਜਿਹੀਆਂ ਰੋਟੀਆਂ ਈ ਬਣਾਏਗਾ ਜਿਹੋ-ਜਿਹੀਆਂ ਕੰਮ ਉੱਤੇ ਦੋਸਤਾਂ ਨਾਲ ਬਣਾਉਂਦਾ ਏ। ਤੇ ਫੇਰ ਕੀ ਸੀ ਸੀਮਿੰਟ ਦਾ ਮਸਾਲਾ ਢੋਣ ਵਾਲੀ ਬਠਲੀ ਨੂੰ ਚੁੱਲ੍ਹੇ ਤੇ ਮੂਧਾ ਮਾਰ ਲਿਆ ਉਸਨੇ ਤੇ ਉਸੇ ਉੱਤੇ ਓਵੇਂ ਰੋਟੀਆਂ ਲਾਹੁਣ ਲੱਗ ਪਿਆ ਸੀ ਜਿਵੇਂ ਨਦੀ ਦੇ ਉਸ ਪਾਰ ਪਿੰਡ ਵਿਚ ਗੋਹਾ ਪੱਥ ਕੇ ਪਾਥੀਆਂ ਬਨਾਉਂਦਾ ਹੁੰਦਾ ਸੀ। ਨਾਲੋ ਨਾਲ ਉਸੇ ਅੱਗ ਉੱਤੇ ਆਲੂ, ਟਮਾਟਰ ਤੇ ਲਾਲ ਮਿਰਚਾਂ ਵੀ ਭੁੰਨਦਾ ਰਿਹਾ ਸੀ। ਆਲੂ, ਟਮਾਟਰ ਤੇ ਮਿਰਚਾਂ ਦੀ 'ਦਾਲ' ਨਾਲ ਜਦੋਂ ਉਹ, ਬਾਊ ਤੇ ਮਾਈ ਰੋਟੀਆਂ 'ਤੋੜਣ' ਬੈਠੇ ਤਾਂ ਪਤਾ ਈ ਨਹੀਂ ਸੀ ਲੱਗਿਆ ਕਿ ਕਦੋਂ ਰੋਟੀਆਂ ਖ਼ਤਮ ਹੋ ਗਈਆਂ ਸੀ। ਤਿੰਨਾਂ ਨੂੰ ਰੋਟੀ ਘਟ ਗਈ ਸੀ ਤੇ ਉਹ ਦੇਰ ਤਕ ਉਂਗਲਾਂ ਚੱਟਦੇ ਰਹੇ ਸਨ। ਇਹੋ ਤਾਂ ਚੱਕਰ ਏ! ਜਾਂ ਤਾਂ ਸਵਾਦ ਲੈ ਲਓ, ਜਾਂ ਢਿੱਡ ਈ ਭਰ ਲਓ! ਤੇ ਮਾਈ ਇੰਜ ਦਿਖਾਵਾ ਕਰ ਰਹੀ ਏ ਜਿਵੇਂ ਪੰਜ ਰੁਪਈਏ ਦਾ ਆਟਾ ਪੰਜ ਦਿਨ ਚੱਲੇਗਾ।
“ਪਾਂਚ ਰੁਪਯਾ ਕਮ ਪੜ ਗਿਆ ਥਾ ਤੋ...”
ਇਹ ਅਚਾਨਕ ਮਾਈ ਦੇ ਗਲ਼ੇ ਨੂੰ ਕੀ ਹੋ ਗਿਆ? ਆਵਾਜ਼ ਏਨੀ ਬੈਠ-ਜਿਹੀ ਗਈ ਏ! ਏਨਾ ਚੀਕੇਗੀ ਤਾਂ ਗਲ਼ਾ ਬੈਠੇਗਾ ਈ!
“ਡੋਮਿਨਗੜ੍ਹ ਸੇ ਛੋਟਕੂ ਕੋ ਸਦਰ ਹਸਪਤਾਲ ਲੇ ਗਏ ਥੇ...”
ਛੋਟਕੂ ਦਾ ਨਾਂ ਕੰਨ ਵਿਚ ਪੈਂਦਿਆਂ ਈ ਨਿਨਕੂ ਦਾ ਚਿਹਰਾ ਵਟਿਆਇਆ ਗਿਆ। ਹੁਣ ਸਮਝ ਵਿਚ ਆਇਆ ਕਿ ਮਾਈ ਦਾ ਗਲ਼ਾ ਅਚਾਨਕ ਕਿਓਂ ਬੈਠ ਗਿਆ ਸੀ। ਓਹ ਤਾਂ ਅੱਠੋ ਪਹਿਰ ਭਾਸ਼ਣ ਕਰਨ ਵਾਲੀ ਜ਼ਨਾਨੀ ਏ। ਸੁਣਨ ਵਾਲਾ ਥੱਕ ਜਾਏਗਾ ਪਰ ਉਹ ਨਹੀਂ। ਦਰਅਸਲ ਹੁਣ ਮਾਈ ਉੱਤੇ ਛੋਟਕੂ ਸਵਾਰ ਹੋ ਗਿਆ ਏ। ਉਸਨੇ ਪਿੰਡ ਵਿਚ ਕਈ ਔਰਤਾਂ ਨੂੰ ਦੇਖਿਆ ਸੀ। ਜਿਹੜੀਆਂ ਆਪਣੇ ਆਪ ਨੂੰ ਭੁੱਲਾ ਕੇ ਊਲ-ਜਲੂਲ ਹਰਕਤਾਂ ਕਰਦੀਆਂ ਸਨ। ਪਿੰਡ ਵਾਲੇ ਕਹਿੰਦੇ ਸਨ ਕਿ ਓਹਨਾਂ ਵਿਚ ਦੇਵੀ ਆ ਗਈ ਏ। ਠੀਕ ਅਜਿਹੀ ਹਾਲਤ ਉਸਦੀ ਮਾਈ ਦੀ ਹੋ ਜਾਂਦੀ ਏ, ਜਦੋਂ ਉਸ ਉੱਤੇ ਛੋਟਕੂ ਸਵਾਰ ਹੋ ਜਾਂਦਾ ਏ। ਅਜੇ ਤਕ ਤਾਂ ਮਾਈ ਨੂੰ ਪੰਜ ਰੁਪਈਏ ਗਵਾਚ ਜਾਣ ਦਾ ਗ਼ਮ ਸੀ। ਹੁਣ ਛੋਟਕੂ ਦਾ ਗ਼ਮ ਵੀ ਤਾਜ਼ਾ ਹੋ ਗਿਆ ਤਾਂ ਇਸ ਨਾਲ ਨਿਨਕੂ ਦਾ ਕੁਝ ਨਹੀਂ ਬਣਨ ਵਾਲਾ, ਸਿਵਾਏ ਇਸ ਦੇ ਕਿ ਮੁਸੀਬਤਾਂ ਦਾ ਚੱਠਾ ਹੋਰ ਵੱਡਾ ਹੋ ਜਾਏਗਾ। ਉਹ ਮਾਈ ਤੇ ਲੋਕਾਂ ਵਿਚਕਾਰ ਨੋਂਕ-ਝੋਂਕ ਦਾ ਫ਼ਾਇਦਾ ਉਠਾਅ ਕੇ ਨਾਲੇ ਵਿਚ ਪੈਰ ਲਮਕਾ ਕੇ ਕਿਨਾਰੇ ਉੱਤੇ ਬੈਠ ਗਿਆ ਸੀ। ਮਾਈ ਦਾ ਰੂਪ ਬਦਲਦਾ ਦੇਖ ਉਸਨੇ ਸਮਝ ਲਿਆ ਕਿ ਆਰਾਮ ਦੀ ਘੜੀ ਸਮਾਪਤ ਹੋ ਚੁੱਕੀ ਏ ਹੁਣ। ਹੁਣ ਉਠਣਾ ਵੀ ਮੁਸੀਬਤ ਲੱਗ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਚੌਲਾਂ ਦੀ ਬੋਰੀ ਲੱਦੀ ਉਠ ਰਿਹਾ ਹੋਏ। ਉਂਜ ਚੌਲਾਂ ਦੀਆਂ ਬੋਰੀਆਂ ਵੀ ਉਸਨੇ ਸਾਹਬਗੰਜ ਮੰਡੀ ਵਿਚ ਖ਼ੂਬ ਢੋਈਆਂ ਨੇ। ਪਰ ਓਦੋਂ ਉਸਨੂੰ ਏਨੀ ਔਖ ਨਹੀਂ ਸੀ ਹੋਈ।
“ਕੁਲ ਪੈਸਾ ਸਦਰ ਹਸਪਤਾਲ ਮੇਂ ਹੀ ਖਤਮ ਹੋ ਗਵਾ! ਰਾਤ ਮੇਂ ਨੌ ਬਜੇ ਡਾਗਦਰ ਬੋਲਾ ਕਿ ਲੇ ਜਾਓ ਮੇਡਿਕਲ—ਇਸੀ ਬਖਤ! ਹਮ ਉਸੇ ਗੋਦ ਮੇਂ ਉਠਾਯੇ ਰਿਕਸਾ ਸੇ ਧਰਮਸਾਲਾ ਕੇ ਪੁਲ ਪਰ ਪਹੁੰਚੇ। ਉਹਾਂ ਕਉਨੋ ਟੇਮਪੋ ਵਾਲਾ ਕਸਾਈਯਾ ਨਾਹੀਂ ਬੈਠਾਯਾ ਕਿ ਪਾਂਚ ਰੁਪਯਾ ਕਮ ਪੜ ਰਹਾ ਹੈ। ਹਮ ਘੰਟਾ ਭਰ ਜੋਹਾ ਕਰ, ਬਸ ਮੇਂ ਧੱਕਾ-ਮੁੱਕੀ ਖਾਤੇ ਮੇਡਿਕਲ ਗਯੇ। ਪਰ ਕਹਾਂ ਬਚਾ ਛੋਟਕੂ!”
ਮਾਈ ਦਾ ਗਲ਼ਾ, ਗਲ਼ਾ ਨਾ ਰਹਿ ਕੇ ਬਾਂਸ ਬਣ ਗਿਆ ਸੀ। ਮਾਈ ਦੇ ਨਾਲ ਅਕਸਰ ਇਵੇਂ ਈ ਹੁੰਦਾ ਸੀ, ਜਦੋਂ ਉਸ ਉੱਤੇ ਛੋਟਕੂ ਸਵਾਰ ਹੁੰਦਾ ਸੀ। ਹੁਣ ਪਾਟੇ ਬਾਂਸ ਵਿਚੋਂ ਸਿਰਫ਼ ਘਰਰ-ਘਰਰ ਦੀ ਆਵਾਜ਼ ਆ ਰਹੀ ਸੀ।
“ਅਰੇ ਹਮਾਰ ਛੋਟਕੂ ਰੇ, ਅਰੇ ਹਮਾਰ ਸੋਨ ਚਿਰਇਯਾ ਰੇ!”
ਅੱਗੇ ਕੀ ਹੋਣਾ ਵਾਲਾ ਸੀ, ਇਹ ਸਭ ਨਿਨਕੂ ਨੂੰ ਪਤਾ ਸੀ। ਹੁਣ ਮਾਈ ਸੰਘ ਪਾੜ-ਪਾੜ ਰੋਏਗੀ—ਨਿਆਣਿਆਂ ਵਾਂਗ! ਇਸ ਤਰ੍ਹਾਂ ਤਾਂ ਉਹ ਵੀ ਨਹੀਂ ਰੋਂਦਾ। ਫੇਰ ਸਾਰੇ ਲੋਕ ਆਪਣਾ-ਆਪਣਾ ਕੰਮ-ਧੰਦਾ ਛੱਡ ਕੇ ਉਸ ਵੱਲ ਦੌੜਨਗੇ। ਏਥੇ ਕਿਰਪਾਲ ਦੀ ਪਤੋਹੂ ਤੇ ਫੁਲਾਰੇ ਦੀ ਮਾਈ ਉਸ ਵੱਲ ਅਹੁਲੀ। ਦੋ ਬੂੰਦ ਅੱਥਰੂ ਕਿਰਪਾਲ ਦੀ ਪਤੋਹੂ ਨੇ ਤੇ ਇਕ ਅੱਧਾ ਜਾਂ ਇਸ ਨਾਲੋਂ ਘੱਟ ਜਾਂ ਵੱਧ ਫੁਲਾਰੇ ਦੀ ਮਾਈ ਨੇ ਕੇਰਿਆ ਹੋਏਗਾ। ਉਹਨਾਂ ਦੀਆਂ ਗੱਲ੍ਹਾਂ ਉੱਤੇ ਚਮਕਦੀਆਂ ਲਕੀਰਾਂ ਤੋਂ ਉਸਨੂੰ ਇੰਜ ਈ ਜਾਪਿਆ ਸੀ।
“ਅਰੇ ਹਮਾਰ ਛੋਟਕੂ ਰੇ! ਕਹਾਂ ਬਾਟੇ ਰੇ!”
“ਅਰੇ ਚੁਪ ਕਰ ਨਿਨਕੂ ਕੀ ਮਾਈ!”
“ਰੋਨੇ ਪੀਟਨੇ ਸੇ ਭਲਾ ਕੋਈ ਵਾਪਸ ਆਯਾ ਹੈ...”
“ਦੋਖੋ ਦਾਂਤ ਨ ਲਗੇ ਬੇਚਾਰੀ ਕੇ...”
ਲੋਕ, ਨਾਲੇ ਕੋਲੋਂ ਹਟ ਕੇ, ਉਸਦੀ ਮਾਈ ਦੇ ਦੁਆਲੇ ਇਕੱਠੇ ਹੋਣ ਲੱਗੇ। ਇਕ ਤਮਾਸ਼ਾ ਖ਼ਤਮ ਨਹੀਂ ਸੀ ਹੋਇਆ ਕਿ ਦੂਜਾ ਸ਼ੁਰੂ ਹੋ ਗਿਆ। ਲੋਕਾਂ ਲਈ ਵਧੀਆ ਸ਼ਾਮ ਰਹੀ। ਸ਼ਾਇਦ ਰਾਤ ਵੀ ਚੰਗੀ ਈ ਰਹੇ। ਨਿਨਕੂ ਇਸ ਫੇਰ ਵਿਚ ਪਿਆ ਸੀ ਕਿ ਕਿਸ ਦਾ ਤਮਾਸ਼ਾ ਪਹਿਲਾਂ ਖ਼ਤਮ ਹੋਏਗਾ! ਮਾਈ ਨੂੰ ਆਪਣੇ-ਆਪੇ ਵਿਚ ਨਾ ਦੇਖ ਕੇ ਉਹ ਜ਼ਰਾ ਦੇਰ ਲਈ ਕਿਨਾਰੇ ਉੱਤੇ ਬੈਠ ਗਿਆ। ਉਸਨੇ ਇਕ ਲੰਮਾ ਸਾਹ ਖਿੱਚਿਆ ਜਿਹੜਾ ਨਾ ਤਾਂ ਸੁਖ ਦਾ ਸੀ, ਨਾ ਈ ਬੇਚੈਨੀ ਦਾ। ਸਾਨ੍ਹ ਚੋਣ ਦੀ ਮੁਸ਼ਕੱਤ ਤੋਂ ਉਸਨੂੰ ਪੰਜ ਮਿੰਟ ਦਾ ਵੀ ਆਰਾਮ ਨਹੀਂ ਸੀ ਮਿਲਿਆ ਕਿ ਹਰੀਆ ਹੁਣ ਦੂਜੀ ਤਰ੍ਹਾਂ ਦਾ ਮੂੰਹ ਬਣਾਈ ਉਸ ਵੱਲ ਆ ਰਿਹਾ ਸੀ।
“ਬੇਟਾ ਟੈਮ ਮਤ ਖਰਾਬ ਕਰ! ਦੇਖ ਅੰਧੇਰਾ ਹੋ ਰਹਾ ਹੈ। ਥੋੜਾ ਮਨ ਲਗਾ ਕੇ ਦੇਖ ਲੇ ਬੇਟਾ।”
ਲਓ ਹੁਣ ਦੇਖੋ! ਮਾਈ ਦੇ ਰੋਣ ਨੇ ਕਿੰਜ ਸਾਰਿਆਂ ਦਾ ਮਨ ਬਦਲ ਦਿੱਤਾ। ਇਹੀ ਹਰੀਆ ਕੁਝ ਚਿਰ ਪਹਿਲਾਂ ਉਸਦੀ ਤਰਫ਼ਦਾਰੀ ਕਰ ਰਿਹਾ ਸੀ। ਹੁਣ ਉਹ ਮਾਈ ਦੇ ਪਾਲੇ ਵਿਚ ਜਾ ਬੈਠਾ ਸੀ...ਤੇ ਹੁਣ ਦੇਖੋ ਕਿਰਪਾਲ ਦੀ ਪਤੋਹੂ ਕੀ ਕਹਿਣ ਆ ਰਹੀ ਏ—
“ਨਿਨਕੂ ਬੇਟਾ ਤੂ ਇਕ ਜਗਹ ਅੰਗਦ ਦੀ ਨਾਈ ਗੋੜ ਜਮਾ ਕੇ ਕਾਹੇ ਖੜਾ ਹੋ ਗਯਾ ਹੈ? ਤਨਿਕ ਇਧਰ ਦੇਖ, ਤਨਿਕ ਉਧਰ ਦੇਖ।”
ਨਿਨਕੂ ਨੇ ਹਿਰਖ ਕੇ ਸੋਚਿਆ ਕਿ ਉਹ ਖੌਂਚਾ ਨੱਕੋ-ਨੱਕ ਭਰੇ ਤੇ ਸਾਰੀ ਗੱਬ ਇਹਨਾਂ ਦੋਗਲਿਆਂ ਤੇ ਮੂੰਹ ਉੱਤੇ ਦੇ ਮਾਰੇ! ਇਹਨਾਂ ਤੋਂ ਕੀ ਆਸ ਲਾਈ ਬੈਠਾ ਸੀ ਉਹ—ਤੇ ਹੁਣ ਉਹ ਉਲਟਾ ਉਸਦੇ ਕੰਮ ਵਿਚ ਈ ਘੁੰਤਰਬਾਜ਼ੀ ਕਰਨ ਲੱਗ ਪਏ ਸੀ। ਮਾਈ ਦਾ ਰੋਣ ਹਮੇਸ਼ਾ ਉਸ ਉੱਤੇ ਕਹਿਰ ਢਾਹੁੰਦਾ ਏ। ਇਸ ਲਈ ਜਦੋਂ ਮਾਈ ਉੱਤੇ ਛੋਟਕੂ ਸਵਾਰ ਹੁੰਦਾ ਏ, ਉਸਦੀ ਸ਼ਾਮਤ ਆ ਜਾਂਦੀ ਏ। ਅਜੇ ਤਕ ਤਾਂ ਇਹ ਪੰਜ ਦਾ ਸਿੱਕਾ ਸੀ, ਹੁਣ ਸੋਨੇ ਦੀ ਅਸ਼ਰਫੀ ਬਣ ਗਿਆ ਸੀ।
ਜਦੋਂ ਉਹ ਫੇਰ ਢਾਕ ਦੇ ਤਿੰਨ ਪੱਤਰਾਂ ਵਾਲੇ ਕੰਮ ਉੱਤੇ ਲੱਗਿਆ ਤਾਂ ਲੋਕਾਂ ਨੇ ਉਸਨੂੰ ਉਸਦੀ ਹਾਲਤ ਉੱਤੇ ਛੱਡ ਦਿੱਤਾ। ਉਹ ਹਿਰਖ-ਹਿਰਖ ਕੇ ਖੌਂਚਾ ਚਲਾ ਰਿਹਾ ਸੀ। ਥੋੜ੍ਹੀ ਦੇਰ ਵਿਚ ਈ ਉਸਨੇ ਨਾਲੇ ਦਾ ਇਕ ਵੱਡਾ ਹਿੱਸਾ ਸਾਫ਼ ਕਰਕੇ ਕਿਨਾਰੇ ਉੱਤੇ ਗੱਬ ਦਾ ਢੇਰ ਲਾ ਦਿੱਤਾ ਸੀ। ਮਾਂ ਅਜੇ ਸੋਗ ਵਿਚੋਂ ਨਹੀਂ ਸੀ ਨਿਕਲੀ। ਪਰ ਉਸਦਾ ਕੰਮ ਸਾਰੇ ਤਮਾਸ਼ਬੀਨਾ ਨੇ ਸੰਭਾਲ ਲਿਆ ਸੀ। ਕੋਈ ਗੰਨੇ ਦੀ ਖੋਈ ਨਾਲ, ਕੋਈ ਲੱਕੜ ਦੇ ਡੰਡੇ ਨਾਲ ਤੇ ਕੋਈ ਹੱਥ ਨਾਲ ਉਸਦੀ ਕੱਢੀ ਗੱਬ ਨੂੰ ਫਰੋਲ ਰਿਹਾ ਸੀ।
ਮੁੰਡੀਰ ਲਈ ਇਹ ਨਵੀਂ ਖੇਡ ਹੋ ਗਈ ਸੀ।
“ਲੇ ਸੈਂਟ ਛਿੜਕ ਲੇ!” ਇਕ ਦੀ ਨਜ਼ਰ ਸੈਂਟ ਦੀ ਸ਼ੀਸ਼ੀ ਉੱਤੇ ਪਈ ਤਾਂ ਉਸਨੇ ਧੱਕ ਕੇ ਦੂਜੇ ਦੇ ਸਾਹਮਣੇ ਕਰ ਦਿੱਤੀ—“ਜਬ ਸੇ ਪੈਦਾ ਹੁਆ ਹੈ ਤਬ ਸੇ ਬਦਬੂ ਕਰ ਰਹਾ ਹੈ। ਲਗਾਇਯੇ ਔਰ ਹਮੇਂ ਭਰਮਾਇਯੇ। ਟਿਰਿੰਗ, ਟਿਰਿੰਗ...”
“ਥੇਕੂੰ ਥੇਕੂੰ।” ਦੂਜਾ ਵੀ ਘੱਟ ਨਹੀਂ ਸੀ, ਉਹ ਚਾਕਲੇਟ ਵਾਲਾ ਚਮਕਦਾ ਕਾਗਜ਼ ਡੰਡੇ ਵਿਚ ਫਸਾ ਕੇ ਪਹਿਲਾਂ ਵਾਲੇ ਦੇ ਸਾਹਮਣੇ ਲਹਿਰਾਉਣ ਲੱਗਾ—“ਬਦਲੇ ਮੇਂ ਆਪ ਖਾਇਯੇ ਮੇਵਾ ਮਲਾਈਦਾਰ ਟਿੱਕੀਵਾਲਾ ਚਾਕਲੇਟ! ਆਪਕੀ ਸਾਤ ਪੁਸ਼ਤੋਂ ਨੇ ਨਹੀਂ ਖਾਯਾ ਹੋਗਾ। ਆਹਾ! ਯਮ-ਯਮ-ਯਮ।”
ਉਹ ਚਹਿਕ ਰਹੇ ਸਨ ਤੇ ਨਿਨਕੂ ਕੁੜ੍ਹੀ ਜਾ ਰਿਹਾ ਸੀ। ਮਾਈ ਨੂੰ ਮੱਖਨ ਪਾਲਿਸ਼ ਕਰਨ ਦੀ ਦੌੜ ਲੱਗੀ ਹੋਈ ਸੀ, ਇਸ ਮੁੰਡੀਰ ਵਿਚਕਾਰ। ਕਰਦੇ ਰਹੋ, ਕਰਦੇ ਰਹੋ! ਨਾ ਤਾਂ ਤੁਹਾਨੂੰ ਮਾਈ ਤੋਂ ਕੋਈ ਇਨਾਮ ਮਿਲਣਾ ਏਂ ਤੇ ਨਾ ਈ ਪੰਜ ਦਾ ਸਿੱਕਾ! ਉਦੋਂ ਮੁੰਡੀਰ ਦੀ ਕਾਵਾਂ-ਰੌਲੀ ਅਚਾਨਕ ਵਧ ਗਈ। ਨਿਨਕੂ ਨੂੰ ਲੱਗਿਆ ਕਿ ਸੱਚਮੁੱਚ ਕਿਸੇ ਨੂੰ ਸਿੱਕਾ ਲੱਭ ਗਿਆ ਏ! ਪਰ ਰੌਲਾ ਨੇੜੇ ਬੈਠੇ ਮੁੰਡਿਆਂ ਦਾ ਨਹੀਂ ਸੀ। ਨਿਨਕੂ ਸਿਰ ਚੁੱਕ ਕੇ ਓਧਰ ਦੇਖਣ ਲੱਗਾ ਜਿਧਰ ਸਾਰੇ ਦੇਖ ਰਹੇ ਸਨ। ਰਾਮ ਕਿਸ਼ੋਰ ਕਿਸੇ ਮੁੰਡੇ ਦਾ ਹੱਥ ਫੜੀ ਆ ਰਿਹਾ ਸੀ। ਰਾਮ ਕਿਸ਼ੋਰ ਥੋੜ੍ਹੀ ਦੇਰ ਦਾ ਕਿਧਰੇ ਨਜ਼ਰ ਵੀ ਨਹੀਂ ਸੀ ਆਇਆ ਤੇ ਉਸਨੂੰ ਸ਼ਾਂਤੀ ਮਿਲੀ ਸੀ। ਨਿਨਕੂ ਦਾ ਮੱਥਾ ਵਟਿਆਇਆ ਗਿਆ। ਹੁਣ ਇਹ ਕਿਹੜੀ ਬਲਾਅ ਨੂੰ ਲੈ ਕੇ ਆ ਰਿਹਾ ਏ! ਨਿਨਕੂ ਦਾ ਖੌਂਚਾ ਚੱਲਣਾ, ਮੁੰਡੀਰ ਦਾ ਗੱਬ ਫਰੋਲਨਾਂ ਤੇ ਉਸਦੀ ਮਾਈ ਦਾ ਸੋਗ ਮਨਾਉਣਾ ਸਭ ਕੁਝ, ਕੁਝ ਚਿਰ ਲਈ ਰੁਕ ਗਿਆ ਸੀ।
“ਚਾਚੀ ਯਹੀ ਲੜਕਾ ਹੈ...” ਰਾਮ ਕਿਸ਼ੋਰ ਏਨਾ ਹੌਂਕ ਰਿਹਾ ਸੀ ਕਿ ਗੱਲ ਵੀ ਪੂਰੀ ਨਹੀਂ ਸੀ ਦੱਸ ਸਕਿਆ। ਬੰਨ੍ਹ ਦੀ ਚੜ੍ਹਾਈ ਏਨੀ ਨਹੀਂ ਸੀ ਕਿ ਕੋਈ ਹੌਂਕਣ ਲੱਗੇ ਤੇ ਨਾ ਈ ਰਾਮ ਕਿਸ਼ੋਰ ਦੌੜ ਕੇ ਈ ਆਇਆ ਸੀ। ਇਹ ਤਾਂ ਅਜਿਹੀ ਹੌਂਕਣੀ ਸੀ ਜਿਹੜੀ ਕਿਸੇ ਅਣਸੁਲਝੀ ਗੁੱਥੀ ਨੂੰ ਸੁਲਝਾਉਣ ਪਿੱਛੋਂ ਲੱਗਦੀ ਏ।
“ਇਹੇ ਦੇਖਾ ਹੈ ਇਸੇ।”
ਉਸਨੇ ਨਿਨਕੂ ਵੱਲ ਉਂਗਲ ਸਿੰਨ੍ਹ ਕੇ ਕਿਹਾ ਤਾਂ ਨਿਨਕੂ ਨੂੰ ਲੱਗਿਆ ਜਿਵੇਂ ਉਸ ਨੇ ਬੰਦੂਕ ਤਾਣ ਲਈ ਹੋਏ।
“ਨਿਨਕੂਵਾ ਸਾਮਲਾਲ ਕੇ ਠੇਲਾ ਪਰ ਚਾਊਮੀਨ ਖਇਲਸ ਹੈ! ਪਾਂਚ ਰੁਪਯਾ ਕਾ ਹੀ ਤੋ ਆਤਾ ਹੈ ਛੋਟਾ ਪਲੇਟ!”
ਹੁਣ ਉਸ ਬੰਦੂਕ ਵਿਚੋਂ ਗੋਲੀ ਵੀ ਨਿਕਲੀ ਸੀ ਤੇ ਠੀਕ ਨਿਸ਼ਾਨੇ ਉੱਤੇ ਲੱਗੀ ਵੀ ਸੀ। ਨਿਨਕੂ ਦਾ ਸਾਰਾ ਖ਼ੂਨ ਸੁੱਕ ਗਿਆ ਕਿ ਕੱਟੋ ਤਾਂ ਬੂੰਦ ਵੀ ਨਾ ਨਿਕਲੇ।
“ਹੇਂ-ਏਂ-ਏਂ!”
ਲਓ ਹੁਣ ਕੌਣ ਸੰਭਾਲੇ ਉਸਦੀ ਮਾਈ ਨੂੰ! ਜਿਸਦਾ ਗੁੱਸਾ ਫੇਰ ਰਿੱਝਣ ਲੱਗਾ ਏ ਜਿਵੇਂ ਗਰਮੀ ਵਿਚ ਸਹਿਮੀ, ਸੁੱਕੀ, ਸੁੰਗੜੀ ਰਾਪਤੀ ਨਦੀ, ਨੇਪਾਲ ਦੇ ਹੜ੍ਹ ਦੇ ਪਾਣੀ ਨਾਲ, ਅਚਾਨਕ ਉੱਫਨ ਪੈਂਦੀ ਏ।
“ਪੇਟਹਾ! ਦਲਿੱਦਰ! ਹਮ ਸਬਕੋ ਚੂਤਿਯਾ ਬਣਾ ਰਹਾ ਹੈ!”
ਸਾਰੀ ਮੁੰਡੀਰ ਹਿੜ-ਹਿੜ ਕਰਕੇ ਹੱਸਣ ਲੱਗੀ। ਮਾਈ ਦੇ ਬੋਲ ਉਸ ਉੱਤੇ ਜ਼ਹਿਰ ਬੁਝੇ ਤੀਰਾਂ ਵਾਂਗ ਵਰ੍ਹ ਰਹੇ ਸਨ ਤੇ ਇਹਨਾਂ ਲੰਡਰਾਂ ਦੇ ਕੁਤਕੁਤਾੜੀਆਂ ਹੋ ਰਹੀਆਂ ਸਨ। ਇਸੇ ਲਈ ਤਾਂ ਇਹਨਾਂ ਲੰਡਰਾਂ ਨੂੰ ਦੇਖ ਕੇ ਉਸਦੇ ਅੰਦਰ ਏਨੀ ਕੁਸੈਲ ਭਰ ਜਾਂਦੀ ਏ। ਹੁਣ ਜ਼ਰਾ ਇਸ ਮੁੰਡੇ ਨੂੰ ਈ ਦੇਖ ਲਓ! ਜਾਣ ਨਾ ਪਛਾਣ, ਅੱਗ ਲਾਉਣ ਪਹੁੰਚ ਗਿਆ। ਨਿਨਕੂ ਤਾਂ ਅੱਜ ਉਸਨੂੰ ਪਹਿਲੀ ਵਾਰੀ ਦੇਖ ਰਿਹਾ ਸੀ, ਫੇਰ ਉਹ ਉਸਨੂੰ ਕਿਵੇਂ ਜਾਣਦਾ ਏ? ਜ਼ਰੂਰ ਸਾਰੇ ਉਸਨੂੰ ਉਸਦੇ ਢਿੱਡ ਕਰਕੇ ਜਾਣਦੇ ਨੇ ਤੇ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਅੱਜ ਇਸੇ ਢਿੱਡ ਕਰਕੇ ਉਸਦੀ ਚੋਰੀ ਫੜ੍ਹੀ ਗਈ ਏ। ਵਰਨਾ, ਉਹ ਤਾਂ ਰੇਹੜੀ ਦੀ ਓਟ ਵਿਚ ਸੀ ਤੇ ਰੇਹੜੀ ਸਹਿਜਨ ਰੁੱਖ ਤੇ ਟਰਾਂਸਫਾਰਮਰ ਦੇ ਚਾਰ ਖੰਭਿਆਂ ਦੀ ਓਟ ਵਿਚ ਸੀ। ਉਸਨੇ ਤਾਂ ਪੂਰੀ ਤਰ੍ਹਾਂ ਆਪਣੇ-ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਕੰਬਖ਼ਤ ਇਹ ਅਗਾਂਹ ਨੂੰ ਵਧਿਆ ਢਿੱਡ ਈ ਹੋਏਗਾ ਜਿਸਨੇ ਉਸਦੇ ਸਾਰੇ ਕੀਤੇ ਕਰਾਏ ਉੱਤੇ ਪਾਣੀ ਫੇਰ ਦਿੱਤਾ। ਇਸੇ ਢਿੱਡ ਕਰਕੇ ਉਹ ਲੁਕਣ ਮੀਚੀ ਦੀ ਖੇਡ ਵਿਚ ਵੀ ਫੜ੍ਹਿਆ ਜਾਂਦਾ ਏ ਤੇ ਚੋਰ ਬਣ ਕੇ ਹਮੇਸ਼ਾ ਦਾਵੀ ਦੇਂਦਾ ਏ। ਇਸੇ ਢਿੱਡ ਕਰਕੇ ਉਹ ਅੱਜ ਵੀ ਫੜ੍ਹਿਆ ਗਿਆ। ਆਪਣੇ ਢਿੱਡ ਉੱਤੇ ਉਸਨੂੰ ਏਨਾ ਗੁੱਸਾ ਆਇਆ ਕਿ ਜੇ ਉਸਦੇ ਹੱਥ ਵਿਚ ਖੌਂਚੇ ਦੀ ਥਾਂ ਛੁਰਾ ਹੁੰਦਾ ਤਾਂ ਜ਼ਰੂਰ ਇਸ ਢਿੱਡ ਨੂੰ ਪਾੜ ਦਿੰਦਾ। ਇਸੇ ਬਹਾਨੇ ਸਿੱਕਾ ਤਾਂ ਬਾਹਰ ਆ ਜਾਂਦਾ।
ਪਰ ਮਾਈ ਇੰਜ ਝੱਲੀ ਹੋਈ ਉਸ ਵਲ ਆ ਰਹੀ ਸੀ ਜਿਵੇਂ ਢਿੱਡ ਪਾੜਣ ਦਾ ਕੰਮ ਉਹੀ ਕਰੇਗੀ ਆਖ਼ਰ ਰੁਪਈਆਂ ਦੀ ਲੋੜ ਵੀ ਤਾਂ ਉਸੇ ਨੂੰ ਈ ਏ।
“ਚਲ ਨਿਕਲ ਬੇ!”
ਮਾਈ ਦੀ ਦਹਾੜ ਸੁਣ ਕੇ ਪਹਿਲਾਂ ਤਾਂ ਖੌਂਚੇ ਨੂੰ ਨਾਲੇ ਦੇ ਕਿਨਾਰੇ ਡਾਂਗ ਵਾਂਗ ਖੜ੍ਹਾ ਕੀਤਾ ਫੇਰ ਆਪਣਾ ਭਾਰ ਉਸ ਉੱਤੇ ਪਾ ਕੇ ਉਹ ਬਾਹਰ ਆ ਗਿਆ। ਜੇ ਖੌਂਚਾ ਨਾ ਹੁੰਦਾ ਤਾਂ ਉਹ ਨਾਲੇ ਦੇ ਕਿਨਾਰੇ ਦਾ ਸਹਾਰਾ ਲੈ ਕੇ ਗੋਡਿਆਂ ਭਾਰ ਬਾਹਰ ਨਿਕਲਦਾ। ਸਭ ਤੋਂ ਚੰਗਾ ਤਾਂ, ਤਾਂ ਹੁੰਦਾ ਜੇ ਉਸਦੇ ਨਾਲੇ ਵਿਚੋਂ ਬਾਹਰ ਨਿਕਲਣ ਦੀ ਨੌਬਤ ਈ ਨਾ ਆਉਂਦੀ। ਪਰ ਨਾਲੇ ਵਿਚ ਜਦੋਂ ਉਹ ਵੜਿਆ ਸੀ ਉਦੋਂ ਗੱਬ ਗੋਡਿਆਂ ਤੋਂ ਕਾਫੀ ਹੇਠਾਂ ਸੀ। ਹੁਣ ਤਾਂ ਕੱਢ-ਕੱਢ ਕੇ ਉਸਨੇ ਹੋਰ ਨੀਂਵੀ ਕਰ ਦਿੱਤਾ ਸੀ—ਸੋ ਉਸ ਵਿਚ ਡੁੱਬਣ ਤੋਂ ਰਿਹਾ। ਉਸਨੂੰ ਨਾਲੇ ਦੀ ਸਖ਼ਤ ਸਤਹਿ ਦਾ ਅਹਿਸਾਸ ਤਲੀਆਂ ਵਿਚ ਹੋ ਰਹੀ ਚੁਭਣ ਤੋਂ ਈ ਹੋ ਗਿਆ ਸੀ। ਇਸ ਲਈ ਉਹ ਧਸ ਵੀ ਨਹੀਂ ਸਕਦਾ ਸੀ। ਆਖ਼ਰਕਾਰ ਉਸਨੂੰ ਉਸੇ ਤਰ੍ਹਾਂ ਬਾਹਰ ਆਉਣਾ ਪਿਆ ਜਿਸ ਤਰ੍ਹਾਂ ਨਦੀ ਪਾਰ ਤਾਰਾ ਸਾਹੂ ਦੇ ਘਰ ਤੂੜੀ ਵਾਲੇ ਕੋਠੇ ਵਿਚ ਲੁਕੇ ਚੋਰ ਨੂੰ ਲੋਕਾਂ ਨਾਲ ਘਿਰ ਜਾਣ ਕਰਕੇ ਬਾਹਰ ਆਉਣਾ ਪਿਆ ਸੀ। ਫ਼ਰਕ ਇਹ ਸੀ ਉਦੋਂ ਉਸ ਚੋਰ ਨੂੰ ਸਾਰੇ ਪਿੰਡ ਵਾਲੇ ਡਹਿ ਪਏ ਸਨ—ਕੋਈ ਲੱਤਾਂ, ਕੋਈ ਮੁੱਕੀਆਂ, ਕੋਈ ਦੋਵਾਂ ਨਾਲ ਈ ਉਸਦੀ ਕੁਟਾਈ ਕਰ ਰਿਹਾ ਸੀ ਤੇ ਇੱਥੇ ਸਿਰਫ਼ ਮਾਈ ਦਾ ਹੱਥ ਈ ਉਸ ਉੱਤੇ ਵਰ੍ਹ ਰਿਹਾ ਸੀ। ਉਹ ਵੀ ਇਕ ਦੋ ਧੌਲ-ਧੱਫਿਆਂ ਪਿੱਛੋਂ ਢਿੱਲਾ ਹੋ ਕੇ ਝੂਲ ਗਿਆ ਸੀ। ਇਸ ਲਈ ਝੜੀ ਲਗਣ ਦੀ ਨੌਬਤ ਨਹੀਂ ਸੀ ਆਈ। ਇਹ ਚੰਗਾ ਈ ਹੋਇਆ ਸੀ ਕਿ ਉਸਦਾ ਜੋੜ-ਜੋੜ ਪਹਿਲਾਂ ਈ ਦੁਖ ਰਿਹਾ ਸੀ। ਇਸ ਲਈ ਜੇ ਝੜੀ ਲੱਗਦੀ ਵੀ ਤਾਂ ਉਸਨੂੰ ਕੋਈ ਫ਼ਰਕ ਨਹੀਂ ਸੀ ਪੈਣਾ। ਹਾਂ ਸ਼ਰਾਰਤੀ ਮੁੰਡੇ ਜ਼ਰੂਰ ਚੁੱਪ ਹੋ ਗਏ ਸਨ। ਹੱਸਣ ਦੀ ਹੁਣ ਕੀ ਲੋੜ ਸੀ। ਹੱਸ-ਹੱਸ ਕੇ ਤਾਂ ਉਹਨਾਂ ਨੇ ਮਾਈ ਦਾ ਗੁੱਸਾ ਮਨ-ਮੁਤਾਬਕ ਵਧਾ ਈ ਦਿੱਤਾ ਸੀ। ਇਹਨਾਂ ਤੋਂ ਉਹ ਇਸੇ ਤਰ੍ਹਾਂ ਦੀ ਉਮੀਦ ਕਰਦਾ ਸੀ। ਉਹ ਹਮੇਸ਼ਾ ਉਸਦੀ ਉਮੀਦ ਉੱਤੇ ਖਰੇ ਉਤਰਦੇ ਸਨ।
“ਖੋਜ ਰਹਾ ਥਾ ਉ ਨਾਲੇ ਮੇਂ ਅਉਰ ਡਾਲੇ ਬੈਠਾ ਹੈ ਇ ਨਾਲੇ ਮੇਂ !”
ਮਾਈ ਉਸਦੇ ਢਿੱਡ ਵੱਲ ਢਿੱਡ ਪਾੜ ਦੇਣ ਵਾਲੀਆਂ ਨਜ਼ਰਾਂ ਨਾਲ ਵਿੰਹਦੀ ਹੋਈ ਚੀਕੀ ਤਾਂ ਦੋ ਤਿੰਨ ਮੁੰਡਿਆਂ ਦਾ ਰੋਕਦਿਆਂ ਹੋਇਆ ਵੀ ਹਾਸਾ ਰੁਕ ਨਾ ਸਕਿਆ। ਮਾਈ ਨੇ ਫੁਕਾਰਾ ਜਿਹਾ ਮਾਰ ਕੇ ਧੱਕਾ ਦਿੱਤਾ ਤਾਂ ਉਹ ਦੋ ਕਰਮ ਅਗਾਂਹ ਜਾ ਖਲੋਤਾ। ਇਹ ਵੀ ਸੰਯੋਗ ਈ ਸੀ ਕਿ ਉਹ ਘਰ ਵੱਲ ਜਾ ਰਿਹਾ ਸੀ। ਇਸਦਾ ਲਾਭ ਉਸਨੂੰ ਇਹ ਹੋਏਗਾ ਕਿ ਉਸਨੂੰ ਘਰ ਵੱਲ ਦੋ ਪਲਾਘਾਂ ਘੱਟ ਪੁੱਟਣੀਆਂ ਪੈਣਗੀਆਂ। ਨਿਨਕੂ ਨੇ ਹਿਸਾਬ ਲਾਇਆ ਤਾਂ ਦੇਖਿਆ ਕਿ ਇਸ ਵਿਚ ਤਾਂ ਘਾਟਾ ਈ ਨਹੀਂ। ਜੇ ਮਾਈ ਇਵੇਂ ਈ ਧੱਕੇ ਦਿੰਦੀ ਰਹੀ ਤਾਂ ਉਹ ਮੁਫ਼ਤ ਵਿਚ ਈ ਢੋਲੇ ਵਾਂਗ ਗੱਬ ਝਾੜਦਾ ਹੋਇਆ ਘਰ ਪਹੁੰਚ ਜਾਏਗਾ। ਆਪਣੀ ਤਾਕਤ ਨਾਲ ਤਾਂ ਉਹ ਪਹੁੰਚਣ ਤੋਂ ਰਿਹਾ। ਪਰ ਨਦੀ ਦੇ ਇਸ ਪਾਰ ਦੇ ਲੋਕਾਂ ਨੇ ਉਸਦੇ ਲਈ ਕੋਈ ਭਲਾ ਕੰਮ ਕੀਤਾ ਹੋਏ ਤਾਂ ਈ ਨਾ! ਉਹਨਾਂ ਨੇ ਤਾਂ ਹੁਣ ਮਾਈ ਨੂੰ ਇਸ ਤਰ੍ਹਾਂ ਘੇਰ ਲਿਆ ਸੀ ਕਿ ਉਹ ਉਹਨਾਂ ਦੇ ਘੇਰੇ ਵਿਚ ਕਸਮਸਾ ਰਹੀ ਸੀ। ਕਹਿਣ ਲਈ ਵੀ ਉਹਨਾਂ ਕੋਲ ਉਹੀ ਘਸੀਆਂ ਪਿਟੀਆਂ ਗੱਲਾਂ ਸਨ—
“ਕਾ ਰੇ ਨਿਨਕੂਵਾ ਕਿ ਮਾਈ ਆਜ ਤੈ ਕੀ ਹੋ ਕਾ ਕਿ ਯੇਕਰ ਜਾਨ ਲੇਵੇਕ ਹੈ! ਪਾਂਚ ਰੁਪਯਾ ਗਯੀਲ ਤੋ ਗਯੀਲ!”
ਜਦਕਿ ਮਾਈ ਨੇ ਹੁਣ ਦੂਜਾ ਰਾਗ ਅਲਾਪਣਾਂ ਸ਼ੁਰੂ ਕਰ ਦਿੱਤਾ ਸੀ—
“ਬਾਤ ਰੁਪਿਯਾ ਕਾ ਨਹੀਂ ਹੈ। ਪਾਂਚ ਰੁਪਿਯਾ ਕੇ ਖਾਤਿਰ ਇ ਝੂਠ ਕਾਹੇ ਬੋਲਾ? ਚਟੋਰਾ ਤ ਇ ਹਵੇ ਈ। ਇ ਤੋ ਸਾਰੀ ਦੁਨਿਯਾ ਜਾਨੇ ਹੈ, ਲੇਕਿਨ ਇ ਚੋਰ ਭੀ ਹੈ ਯੇਹ ਬਾਤ ਆਜ ਪਤਾ ਚਲਾ!”
ਮਾਈ ਦਾ ਸਾੜ੍ਹੀ ਬਲਾਊਜ ਇਧਰ-ਉਧਰ ਉਡਦਾ ਫਿਰ ਰਿਹਾ ਸੀ। ਪਰ ਉਸ ਉੱਤੇ ਤਾਂ ਸਿਰਫ਼ ਬਕੜਵਾ ਸਵਾਰ ਹੋਇਆ ਹੋਇਆ ਸੀ। ਉਸਦੀ ਬਕਵਕਾਹਟ ਨਾਲ ਥੁੱਕ ਦੇ ਛਿੱਟੇ ਇਧਰ-ਉਧਰ ਦੇ ਲੋਕਾਂ ਉੱਤੇ ਪੈ ਰਹੇ ਸਨ ਸੋ ਵੱਖਰੇ। ਤਾਂ ਈ ਤਾਂ ਜਦੋਂ ਲੋਕਾਂ ਨੂੰ ਲੱਗਿਆ ਕਿ ਉਸਦੀ ਮਾਈ ਨੂੰ ਸੰਭਾਲਨਾ ਮੁਸ਼ਕਿਲ ਏ ਤਾਂ ਸੋਚਿਆ ਕਿ ਕਿਉਂ ਨਾ ਨਿਨਕੂ ਨੂੰ ਈ ਇੱਥੋਂ ਹਟਾਅ ਕੇ ਬੋਝ ਨੂੰ ਹੌਲਾ ਕੀਤਾ ਜਾਏ। ਇਸੇ ਕਰਕੇ ਤਾਂ ਹਰੀਆ ਕੂਕਿਆ ਸੀ—
“ਜਾ ਰੇ ਨਿਨਕੂ, ਬੇਲਚਾ ਦੇ ਆ!” ਨਾਲ ਈ ਅੱਖ ਨਾਲ ਇਸ਼ਾਰਾ ਵੀ ਕੀਤਾ ਸੀ। ਉਦੋਂ ਤਾਂ ਉਸਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਇਹ ਉਸਨੂੰ ਓਥੋਂ ਹਟਾਉਣ ਦਾ ਬਹਾਨਾ ਏ ਸਿਰਫ਼।
ਉਹ ਖੌਂਚੇ ਨੂੰ ਘਸੀਟਦਾ ਹੋਇਆ ਬੰਨ੍ਹ ਦੇ ਸੱਜੇ ਹੱਥ ਤੁਰ ਗਿਆ। ਸ਼੍ਰੀ ਦੀ ਗੁੰਮਟੀ ਕੋਲ ਖੜ੍ਹੀ ਨੂਰੇ ਦੀ ਰੇਹੜੀ ਦੂਰੋਂ ਈ ਦਿਸ ਰਹੀ ਸੀ। ਨੂਰਾ ਉਸਨੂੰ ਜ਼ਮੀਨ ਉੱਤੇ ਮੂਧੀ ਮਾਰ ਕੇ ਕਿਧਰੇ ਚਲਾ ਗਿਆ ਸੀ। ਰੇਹੜੀ ਕੋਲ ਖੌਂਚਾ ਰੱਖਣ ਤੋਂ ਪਹਿਲਾਂ ਉਸਨੇ ਉਸਨੂੰ ਮਿਊਂਸਪਲਟੀ ਦੇ ਹੈਂਡਪੰਪ ਹੇਠ ਆਰਾਮ ਨਾਲ ਧੋਇਆ। ਹੈਂਡਪੰਪ ਗੇੜਦਿਆਂ-ਗੇੜਦਿਆਂ ਉਸਨੇ ਆਪਣੀ ਮਾਈ ਤੇ ਲੋਕਾਂ ਦੀ ਭੀੜ ਨੂੰ ਵਾਪਸ ਜਾਂਦਿਆਂ ਦੇਖਿਆ। ਉਹ ਇਕ-ਇਕ ਕਰਕੇ ਭੀੜ ਵਿਚੋਂ ਘਟਦੇ ਜਾਣਗੇ। ਇਕ ਦੋ ਜਣੇ ਈ ਮਾਈ ਨਾਲ ਘਰ ਤਕ ਜਾਣਗੇ। ਉਹ ਭਲਾਂ ਕਿਉਂ ਰਾਤ ਤਕ ਰਹਿਣਗੇ! ਫੇਰ ਤਾਂ ਉਹ ਤੇ ਮਾਈ ਇਕੱਲੇ ਕੋਠੜੀ ਵਿਚ ਬੰਦ ਰਹਿਣਗੇ, ਪਰ ਮਾਈ ਕੋਈ ਸਾਰੀ ਰਾਤ ਥੋੜ੍ਹਾ ਈ ਗੁੱਸਾ ਕਰਦੀ ਰਹੇਗੀ!
ਖੌਂਚੇ ਨੂੰ ਧੋ ਕੇ ਉਸਨੇ ਨੂਰੇ ਦੀ ਰੇਹੜੀ ਕੋਲ ਸੁੱਟ ਦਿੱਤਾ। ਫੇਰ ਆਰਾਮ ਨਾਲ ਆਪਣੇ ਹੱਥ ਪੈਰ ਧੋਣ ਲੱਗਾ। ਘਰ ਜਾਣ ਦੀ ਉਸਨੂੰ ਕੋਈ ਕਾਹਲ ਨਹੀਂ ਸੀ। ਉੱਥੇ ਅੱਖਾਂ ਵਿਛਾਈ ਕੋਈ ਉਸਦੀ ਉਡੀਕ ਨਹੀਂ ਕਰ ਰਿਹਾ ਹੋਏਗਾ। ਘਰ ਜਾਣ ਤੋਂ ਪਹਿਲਾਂ ਉਸਨੇ ਸ਼੍ਰੀ ਚਾਹ ਵਾਲੇ ਦਾ ਧਿਆਨ ਖੌਂਚੇ ਵੱਲ ਦਿਵਾਉਣਾ ਬਿਹਤਰ ਸਮਝਿਆ।
“ਸਿਰੀ ਚਾਚਾ, ਨੂਰੇ ਕੋ ਬਤਾ ਦਿਹਾ।” 
ਸ਼੍ਰੀ ਨੇ ਬਜਾਏ ਕੁਝ ਬੋਲਣ ਦੇ ਤਿਓੜੀ ਪਾ ਕੇ ਉਸ ਵੱਲ ਦੇਖਿਆ। ਫੇਰ ਕੂਕਿਆ—
“ਕਾ ਰੇ, ਮਿਲ ਗਵਾ ਪਾਂਚ ਕਾ ਸਿੱਕਾ?”
ਫੇਰ ਹੀ-ਹੀ ਕਰਕੇ ਹੱਸਣ ਲੱਗਾ। ਜਦੋਂ ਉਹ ਕੁੜ੍ਹਦਾ ਹੋਇਆ ਆਪਣੇ ਘਰ ਵੱਲ ਮੁੜਿਆ, ਉਦੋਂ ਉਸਦੀ ਦੁਕਾਨ ਉੱਤੇ ਖੜ੍ਹੇ ਗਾਹਕਾਂ ਦੀ ਹਾਸੀ ਉਸਦੇ ਕੰਨਾਂ ਵਿਚ ਪਈ। ਅਫ਼ਸੋਸ ਵੱਸ ਉਸਦੇ ਮੂੰਹ ਦਾ ਸਵਾਦ ਵਿਗਾੜ ਗਿਆ। ਉਸਦੇ ਢਿੱਡ ਉੱਤੇ ਇਕ ਹੋਰ ਕਸੀਦਾ ਲਿਖਿਆ ਗਿਆ ਸੀ।
ਘਰ ਵੱਲ ਜਾਂਦਿਆਂ-ਜਾਂਦਿਆਂ ਹਨੇਰਾ ਹੋਰ ਗੂੜ੍ਹਾ ਹੋ ਗਿਆ। ਜੇ ਸਿੱਕੇ ਦਾ ਭੇਦ ਨਾ ਖੁੱਲ੍ਹਿਆ ਹੁੰਦਾ ਤਾਂ ਉਸਦੀ ਮਾਈ ਆਪਣੇ-ਆਪ ਕੰਮ ਬੰਦ ਕਰਵਾ ਦਿੰਦੀ। ਸਿੱਕਾ ਨਾ ਮਿਲਣ ਕਰਕੇ ਥੋੜੀ-ਬਹੁਤ ਹਾਏ-ਤੌਬਾ ਜਰੂਰ ਕਰਦੀ ਪਰ ਨਿਨਕੂ ਦੀ ਏਨੀ ਬੇਪਤੀ ਨਾ ਹੁੰਦੀ। ਹੁਣ ਘਰ ਜਾਂਦਿਆਂ ਹੋਇਆ ਉਸ ਤੋਂ ਨਾ ਤਾਂ ਸਿਰ ਚੁੱਕਿਆ ਜਾ ਰਿਹਾ ਤੇ ਨਾ ਈ ਪੈਰ। ਇਸ ਵੇਲੇ ਨਾ ਤਾਂ ਉਸਨੂੰ ਆਪਣੀ ਬੁਸ਼ਰਟ ਦੇ ਬਟਨ ਦੀ ਚਿੰਤਾ ਸੀ, ਨਾ ਬਾਹਰ ਨਿਕਲੇ ਹੋਏ ਢਿੱਡ ਦੀ। ਉਸਨੂੰ ਲੱਗ ਰਿਹਾ ਸੀ ਕਿ ਅਜੇ ਉਹ ਨਾਲੇ ਵਿਚੋਂ ਨਿਕਲਿਆ ਈ ਨਹੀਂ ਤੇ ਉਸਦੇ ਪੈਰ ਸੜਕ ਦੀ ਬਜਾਏ ਨਾਲੇ ਵਿਚ ਅੱਗੇ ਵਧ ਰਹੇ ਨੇ। ਪੈਰਾਂ ਦੀ ਚੁਭਨ ਵਿਚ ਵੀ ਰੱਤੀ ਭਰ ਦਾ ਫ਼ਰਕ ਨਹੀਂ ਸੀ। ਜਦੋਂ ਰਾਪਤੀ ਨਦੀ ਉਫ਼ਾਨ ਉੱਤੇ ਹੁੰਦੀ ਏ ਤੇ ਹੜ੍ਹ ਦਾ ਪਾਣੀ ਬੰਨ੍ਹ ਦੇ ਇਸ ਪਾਸੇ ਵੀ ਭਰ ਜਾਂਦਾ ਏ ਉਦੋਂ ਮਸ਼ੀਨ ਲਾ ਕੇ ਏਧਰਲਾ ਪਾਣੀ ਸੋਖ ਕੇ ਓਧਰ ਸੁੱਟ ਦਿੱਤਾ ਜਾਂਦਾ ਸੀ। ਉਸਨੂੰ ਲੱਗਿਆ ਕਿ ਮਸ਼ੀਨ ਦਾ ਸੂਟਾ ਏਨਾ ਜਬਰਦਸਤ ਹੋਏਗਾ ਕਿ ਪੂਰੇ ਨਾਲੇ ਦਾ ਪਾਣੀ ਸੋਖ ਕੇ ਇਹ ਸੜਕ ਬਣਾਈ ਨਾਲ ਈ ਉਸਦੇ ਸਰੀਰ ਦਾ ਪਾਣੀ ਵੀ ਸੋਖ ਲਿਆ। ਉਸਨੇ ਸਿਰਫ਼ ਇਕੋ ਵਾਰੀ ਗਰਦਨ ਚੁੱਕੀ ਸੀ ਉਹ ਵੀ ਓਦੋਂ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਆਸੇ-ਪਾਸੇ ਉਸਨੂੰ ਕੋਈ ਨਹੀਂ ਦੇਖ ਰਿਹਾ। ਉਸਨੇ ਘਰ ਵੱਲ ਇਕ ਸਰਸਰੀ-ਜਿਹੀ ਨਿਗਾਹ ਮਾਰ ਕੇ ਫੇਰ ਨੀਂਵੀ ਪਾ ਲਈ। ਘਰ ਉੱਤੇ ਜਦੋਂ ਉਸਨੇ ਨਜ਼ਰ ਮਾਰੀ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਤਾਂ ਦਿਖਾਈ ਦਿੱਤਾ ਪਰ ਉੱਥੇ ਢਿੰਬਰੀ ਦੇ ਪੀਲੇ ਚਾਨਣ ਦਾ ਝੌਲਾ ਤੱਕ ਨਹੀਂ ਪਿਆ। ਉਸਦਾ ਬਾਊ ਹਰ ਦਿਵਾਲੀ ਨੂੰ ਕੋਠੜੀ ਅੰਦਰ ਕਲੀ ਕਰਦਾ ਸੀ ਪਰ ਕੋਠੜੀ ਚੁੱਲ੍ਹੇ ਕੇ ਧੂੰਏ ਨਾਲ ਏਨੀ ਧੂੰਆਂਖੀ ਜਾਂਦੀ ਸੀ ਕਿ ਦਿਨੇ ਵੀ ਪੀਲੇ ਰੰਗ ਦੀ ਮਨਹੂਸੀਅਤ ਵੱਸੀ ਹੁੰਦੀ ਸੀ। ਰਾਤ ਨੂੰ ਉਸ ਨਾਲ ਢਿੰਬਰੀ ਦੀ ਪੀਲੀ ਜੋਤ ਮਿਲ ਜਾਂਦੀ ਏ ਤੇ ਘਰ ਦੇ ਮੋਖੇ ਇੰਜ ਦਿਖਾਈ ਦਿੰਦੇ ਨੇ ਜਿਵੇਂ ਡੋਮਿਨਗੜ੍ਹ ਰੇਲਵੇ ਸਟੇਸ਼ਨ ਉੱਤੇ ਗੱਡੀ ਚੱਲਣ ਤੋਂ ਪਹਿਲਾਂ ਪੀਲੇ ਸਿਗਨਲ। ਉਸਦੇ ਅੰਦਰ ਹੁਣ ਇਹ ਸਵਾਲ ਸਿਰ ਚੁੱਕ ਰਿਹਾ ਸੀ ਕਿ ਮਾਈ ਨੇ ਹੁਣ ਤਕ ਢਿੰਬਰੀ ਕਿਓਂ ਨਹੀਂ ਬਾਲੀ? ਦਰਵਾਜ਼ਾ ਖੁੱਲ੍ਹਾ ਸੀ ਤਾਂ ਇਹ ਪੱਕਾ ਸੀ ਕਿ ਮਾਈ ਘਰੇ ਈ ਹੋਏਗੀ ਤੇ ਘਰੇ ਹਨੇਰਾ ਸੀ ਤਾਂ ਇਹ ਵੀ ਤੈਅ ਸੀ ਕਿ ਮਾਈ ਇਕੱਲੀ ਈ ਹੋਏਗੀ। ਯਾਨੀ ਹੁਣ ਉਸਨੂੰ ਮਾਈ ਦਾ ਇਕੱਲੇ ਈ ਸਾਹਮਣਾ ਪਏਗਾ।
ਘਰ ਵਿਚ ਵੜਣ ਲੱਗਿਆਂ ਉਸਨੂੰ ਇੰਜ ਲੱਗਿਆ ਜਿਵੇਂ ਕਿਸੇ ਜੰਗਲੀ ਜਾਨਵਰ ਦੀ ਗੁਫ਼ਾ ਵਿਚ ਵੜ ਰਿਹਾ ਏ। ਨਦੀ ਦੇ ਉਸ ਪਾਰ ਵਾਲੇ ਪਿੰਡ ਵਿਚ ਉਸਦਾ ਇਕ ਦੋਸਤ ਏ ਅਰਜੁਨ। ਉਸਦੇ ਬਾਊ ਮੋਤੀ ਮੁਸਹਰ ਨੂੰ ਕਿਸੇ ਜ਼ਨਾਨੀ ਨਾਲ ਬਦਫ਼ੈਲੀ ਕਰਨ ਤੇ ਫੇਰ ਉਸਨੂੰ ਕਤਲ ਕਰ ਦੇਣ ਦੇ ਜੁਰਮ ਵਿਚ ਫਾਂਸੀ ਦੀ ਸਜਾ ਹੋਈ ਏ। ਅਜੇ ਉਹ ਵੱਡੀ ਜੇਲ੍ਹ ਵਿਚ ਬੰਦ ਏ। ਅਰਜੁਨ ਦਾ ਕਹਿਣਾ ਏਂ ਕਿ ਉਸਦੇ ਬਾਊ ਨੇ ਨਰਮਦਾ ਪਾਂਡੇ ਦਾ ਜੁਰਮ ਆਪਣੇ ਸਿਰ ਲਿਆ ਏ। ਬਦਲੇ ਵਿਚ ਨਰਮਦਾ ਪਾਂਡੇ ਨੇ ਉਸਦੇ ਬਾਊ ਦਾ ਕਰਜਾ ਮਾਫ਼ ਕਰ ਦਿੱਤਾ ਏ ਤੇ ਵਾਅਦਾ ਕੀਤਾ ਏ ਕਿ ਜਦੋਂ ਤਕ ਉਸਦਾ ਬਾਊ ਜੇਲ੍ਹ ਵਿਚ ਬੰਦੇ ਏ ਉਦੋਂ ਤਕ ਪੂਰੇ ਪਰਿਵਾਰ ਦਾ ਖਰਚਾ-ਪਾਣੀ ਦਏਗਾ। ਉਸਨੇ ਇਹ ਵੀ ਕਿਹਾ ਏ ਕਿ ਉਸਦੇ ਬਾਊ ਦੀ ਫਾਂਸੀ ਦੀ ਸਜਾ ਵੀ ਖ਼ਤਮ ਕਰਵਾ ਦਏਗਾ। ਪਰ ਜੇ ਸਜਾ-ਮਾਫ਼ ਨਾ ਹੋਈ ਤਾਂ ਅਰਜੁਨ ਦਾ ਬਾਊ ਉਸੇ ਤਰ੍ਹਾਂ ਫਾਂਸੀ ਘਰ ਵਿਚ ਹੋਏਗਾ, ਜਿਸ ਤਰ੍ਹਾਂ ਉਹ ਇਸ ਵੇਲੇ ਆਪਣੇ ਘਰ ਵਿਚ ਵੜ ਰਿਹਾ ਸੀ।
ਕੋਠੜੀ ਵਿਚ ਪੈਰ ਰੱਖਦਿਆਂ ਈ ਉਸਨੇ ਇਹ ਬੁੱਝ ਲਿਆ ਕਿ ਮਾਈ ਘਰੇ ਈ ਏ ਤੇ ਸੱਜੇ ਪਾਸੇ ਜਿੱਥੇ ਕਥਰੀ ਵਿਛੀ ਹੁੰਦੀ ਏ, ਉੱਥੇ ਪਈ ਏ। ਘਰ ਵਿਚ ਵੜਦਿਆਂ ਈ ਮੱਛਰਾਂ ਦਾ ਇਕ ਝੁੰਡ ਆਇਆ ਤੇ ਉਸਦੇ ਮੂੰਹ ਉੱਤੇ ਹਵਾ ਦਾ ਇਕ ਚਪੇੜਾ ਜਿਹਾ ਮਾਰਿਆ। ਉਹ ਤ੍ਰਬਕ ਗਿਆ। ਜਦੋਂ ਦਾ ਛੋਟਕੂ ਇੰਸੇਫਿਲੇਟਿਸ ਨਾਲ ਮਰਿਆ ਏ ਉਸਦੀ ਮਾਈ ਮੱਛਰਾਂ ਤੋਂ ਬੜਾ ਭੈਅ ਖਾਂਦੀ ਏ। ਉਸਨੂੰ ਵੀ ਮੱਛਰਾਂ ਦੀ ਭਿਣਭਿਣਾਹਟ ਇੰਜ ਲੱਗਦੀ ਏ ਜਿਵੇਂ ਨਦੀ ਦੇ ਇਸ ਪਾਰ ਵਾਲੀ ਮੁੰਡੀਰ ਤਾੜੀਆਂ ਮਾਰ-ਮਾਰ ਕੇ ਉਸਦੇ ਢਿੱਡ ਉੱਤੇ ਹੱਸ ਰਹੀ ਹੋਏ। ਇਸ ਲਈ ਕੋਠੜੀ ਦਾ ਦਰਵਾਜ਼ਾ ਹਮੇਸ਼ਾ ਬੰਦ ਰਹਿੰਦਾ ਏ ਤੇ ਇਹਨਾਂ ਮੱਛਰਾਂ ਦੀ ਕੀ ਮਜ਼ਾਲ ਧੂੰਏ ਨੂੰ ਲੰਘ ਕੇ ਮਾਈ, ਬਾਊ ਤੇ ਪੁੱਤਰ ਤਕ ਪਹੁੰਚ ਸਕੇ। ਜੇ ਕੋਈ ਕਸਰ ਰਹਿ ਵੀ ਗਈ ਤਾਂ ਘਰ ਵਿਚ ਜਿਹੜੇ ਲੁਬਾਨ ਦੇ ਟੁਕੜੇ ਰੱਖੇ ਨੇ ਉਹ ਕਿਸ ਕੰਮ ਆਉਣਗੇ? ਕੋਠੜੀ ਸਾਹਮਣੇ ਜਿਹੜਾ ਨਿੰਮ ਦਾ ਰੁੱਖ ਏ ਉਸ ਦੀਆਂ ਪੱਤੀਆਂ ਕਿਸ ਕੰਮ ਆਉਣਗੀਆਂ?
ਉਸਨੇ ਟੋਹ-ਟੋਲ ਕੇ ਢਿੰਬਰੀ ਬਾਲੀ ਤੇ ਆਪਣੇ ਦਿਲ ਨੂੰ ਕਰੜਾ ਕਰਦਿਆਂ ਹੋਇਆਂ ਉਸਦੀ ਮਟਮੈਲੀ ਰੋਸ਼ਨੀ ਵਿਚ ਮਾਈ ਵੱਲ ਨਜ਼ਰ ਮਾਰੀ। ਮਾਈ ਅੱਖਾਂ ਪਾੜ-ਪਾੜ ਉਸ ਵੱਲ ਦੇਖ ਰਹੀ ਸੀ, ਪਤਾ ਨਹੀਂ ਕਦੋਂ ਦੀ। ਉਸਦਾ ਦਿਲ ਦੀ ਧੜਕਣ ਤੇਜ਼ ਹੋ ਗਈ। ਉਸਨੇ ਝੱਟ ਉਸ ਵੱਲੋਂ ਨਜ਼ਰਾਂ ਹਟਾਅ ਲਈਆਂ। ਉਸ ਪਿੱਛੋਂ ਉਸਨੇ ਕਿੰਨਾ ਈ ਬੇਪ੍ਰਾਵਹ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮਾਈ ਦੀਆਂ ਹਿੱਕ ਵਿੰਨ੍ਹਵੀਆਂ ਨਜ਼ਰਾਂ ਉਸ ਦੀਆਂ ਅੱਖਾਂ ਸਾਹਮਣਿਓਂ ਨਹੀਂ ਹਟੀਆਂ। ਕੋਠੜੀ ਦਾ ਦਰਵਾਜ਼ਾ ਬੰਦ ਕਰਨ ਤੋਂ ਲੈ ਕੇ ਚੁੱਲ੍ਹਾ ਬਾਲਣ ਦਾ ਯਤਨ ਕਰਦਿਆਂ ਹੋਇਆਂ ਵੀ ਮਾਈ ਦੀਆਂ ਨਖ਼ਰਾਂ ਕਹਿਰ ਢਾਅ ਰਹੀਆਂ ਸੀ। ਉਸਨੂੰ ਆਸ ਸੀ ਕਿ ਧੂੰਏਂ ਨਾਲ ਮੱਛਰ ਤਾਂ ਭੱਜਣਗੇ ਈ ਤੇ ਨਾਲ ਈ ਉਸ ਤੇ ਮਾਈ ਵਿਚਕਾਰ ਇਕ ਪਰਦਾ ਵੀ ਟੰਗਿਆ ਜਾਏਗਾ। ਮਾਈ ਕੁੱਟੇ ਤਾਂ ਮੁਸੀਬਤ, ਨਾ ਕੁੱਟੇ ਤਾਂ ਮੁਸੀਬਤ। ਮਾਈ ਦੇਖੇ ਤਾਂ ਮੁਸੀਬਤ, ਨਾ ਦੇਖੇ ਤਾਂ ਮੁਸੀਬਤ। ਉਹਨਾਂ ਅੱਖਾਂ ਵਿਚ ਮਾਈ ਨੇ ਉਸਨੂੰ ਥੋੜ੍ਹਾ ਈ ਬਿਠਾਇਆ ਹੋਏਗਾ—ਉਹਨਾਂ ਵਿਚ ਤਾਂ ਖ਼ੂਨ ਉਤਰਿਆ ਹੋਏਗਾ।
ਉਸਨੇ ਪਤੀਲਾ ਦੇਖਿਆ। ਉਸ ਵਿਚ ਸ਼ਾਮ ਦੀ ਥੋੜ੍ਹੀ-ਜਿਹੀ ਚਾਹ ਬਚੀ ਹੋਈ ਸੀ। ਉਸ ਵਿਚ ਤੁਲਸੀ ਤੇ ਚਾਹ ਦੀ ਉਬਲੀ ਹੋਈ ਪੱਤੀ ਵੀ ਸੀ। ਲੱਕੜਾਂ ਨੇ ਠੀਕ ਤਰ੍ਹਾਂ ਅੱਗ ਵੀ ਨਹੀਂ ਸੀ ਫੜੀ ਕਿ ਉਸਨੇ ਪਤੀਲੇ ਵਿਚ ਇਕ ਗਲਾਸ ਪਾਣੀ ਪਾ ਕੇ ਉਬਲਨ ਲਈ ਰੱਖ ਦਿੱਤਾ। ਜਦੋਂ ਖ਼ੂਬ ਧੂੰਆਂ ਨਿਕਲਦਾ ਏ ਤਾਂ ਚਾਹ ਉਸ ਨਾਲ ਧੁੰਆਂਖੀ ਜਾਂਦੀ ਏ ਤੇ ਉਸਨੂੰ ਪੀਣ ਵਿਚ ਜਿਹੜਾ ਮਜ਼ਾ ਆਉਂਦਾ ਏ, ਉਹ ਦੁੱਧ ਵਾਲੀ ਚਾਹ ਵਿਚ ਕਿੱਥੇ। ਇਸ ਲਈ ਘਰੇ ਦੁੱਧ ਹੋਏ ਜਾਂ ਨਾ ਹੋਏ ਕੋਈ ਫ਼ਰਕ ਨਹੀਂ ਪੈਂਦਾ। ਹਾਂ ਇਕ ਗਲਾਸ ਚਾਹ ਲਈ ਇਕ ਮੁੱਠੀ ਖ਼ੰਡ ਜ਼ਰੂਰ ਚਾਹੀਦੀ ਹੁੰਦੀ ਏ। ਇਸ ਲਈ ਉਸਨੇ ਬੜੇ ਯਤਨ ਨਾਲ ਖੰਡ ਵਾਲੀ ਸ਼ੀਸ਼ੀ ਚੁੱਕੀ। ਉਹ ਭੁੱਲਿਆ ਨਹੀਂ ਸੀ ਜਦੋਂ ਪਿਛਲੀ ਵਾਰੀ ਚਾਹ ਬਣਾਉਣ ਵੇਲੇ ਸ਼ੀਸ਼ੀ ਹੱਥੋਂ ਛੁੱਟੀ ਤੇ ਸਾਰੀ ਖੰਡ ਹੇਠਾਂ ਡੁੱਲ੍ਹ ਗਈ ਸੀ। ਉਦੋਂ ਮਾਈ ਨੇ ਦੋ ਚਪੇੜਾਂ ਨਾਲ ਨੁਕਸਾਨ ਦੀ ਪੂਰਤੀ ਕਰ ਲਈ ਸੀ। ਪਰ ਅਜੇ ਤਾਂ ਮਾਈ ਉਸਨੂੰ ਇੰਜ ਦੇਖ ਰਹੀ ਸੀ ਜਿਵੇਂ ਉਸਨੂੰ ਸਸਤੇ ਵਿਚ ਛੱਡ ਦੇਣ ਦਾ ਮਲਾਲ ਹੋਏ।
ਹੁਣ ਮਲਾਲ ਹੋਏ ਤਾਂ ਹੋਏ! ਉਹ ਫੜਿਆ ਗਿਆ ਸੀ। ਹੁਣ ਉਹ ਕੀ ਕਰ ਸਕਦਾ ਏ। ਬਸ ਉਹ ਮਾਈ ਦੀ ਮਨਪਸੰਦ ਗਰਮਾ-ਗਰਮ ਕੜਕ ਚਾਹ ਦਾ ਗਲਾਸ ਈ ਏ ਜਿਹੜਾ ਮਾਈ ਦੀ ਤਬੀਅਤ ਹਰੀ ਕਰ ਸਕਦਾ ਏ। ਧੂੰਏ ਦੀ ਓਟ ਵਿਚ ਮਾਈ ਦੀਆਂ ਨਿਗਾਹਾਂ ਤੋਂ ਬਚਦਾ ਹੋਇਆ ਉਹ ਮਾਈ ਕੋਲ ਸਰਕ ਆਇਆ ਤੇ ਕਥਰੀ ਕੋਲ ਗਲਾਸ ਰੱਖ ਕੇ ਬੁੜਬੁੜਾਇਆ—
“ਮਾਈ ਚਾਹ ਪੀ ਲਾ।”
ਉਹ ਪੂਰਾ ਬੋਲ ਸਕਿਆ ਸੀ ਤੇ ਨਾ ਈ ਗਲਾਸ ਠੀਕ ਤਰ੍ਹਾਂ ਰੱਖ ਸਕਿਆ ਸੀ ਕਿ ਮਾਈ ਨੇ ਅਜਿਹਾ ਹੱਥ ਘੁਮਾਇਆ ਕਿ ਗਲਾਸ ਲੁੜਕਦਾ ਹੋਇਆ ਸਿਲਵੱਟੇ ਕੋਲ ਪਹੁੰਚ ਗਿਆ ਤੇ ਚਾਹ ਰੁੜ੍ਹਦੀ ਰੁੜ੍ਹਦੀ ਕੋਠੜੀ ਦੀ ਨਾਲੀ ਕੋਲ!
“ਚਲ ਹਟ! ਹਮ ਤੋਰ ਹਾਥ ਕੇ ਚਾਯ ਪੀਯਬ! ਝੂਠ ਬੋਲ ਕੇ ਸਾਰੀ ਦੁਨਿਯਾ ਮੇਂ ਜਗਹੰਸਾਈ ਕਰਾਇਲੇ ਹਮਾਰ! ਪੇਟਹਾ ਕਹੀ ਕਾ!”
ਫੇਰ ਉਸਨੂੰ ਲੱਗਿਆ ਹੋਏਗਾ ਕਿ ਪਈ-ਪਈ ਕਿੰਨਾ ਈ ਗੁੱਸਾ ਕਰ ਲਏ ਪਰ ਸੰਘ ਪਾੜ ਕੇ ਚੀਕਣ ਲਈ ਬੈਠਣਾ ਈ ਠੀਕ ਹੋਏਗਾ। ਇਕ ਲਈ ਉਹ ਉੱਠ ਕੇ ਬੈਠ ਗਈ ਤੇ ਫੇਰ ਕੂਕੀ—
“ਅਰੇ ਛੋਟਕੂ ਕੀ ਜਗਹ ਤੂ ਕਾਹੇ ਨਹੀਂ ਮਰ ਗਯਾ ਦਰਿੱਦਰ! ਤੂ ਮਰ ਗਯਾ ਰਹਤਾ ਤਬੇ ਠੀਕ ਥਾ। ਅਰੇ ਹਮਾਰ ਛੋਟਕੂ ਰੇ!”
ਓਧਰ ਉਸਦੀ ਮਾਈ ਨੇ ਵਿਲ੍ਹਕਣਾ ਸ਼ੁਰੂ ਕੀਤਾ ਤੇ ਏਧਰ ਉਸਦੇ ਦਿਲ ਦਾ ਇਹ ਹਾਲ ਹੋਇਆ ਜਿਵੇਂ ਰੁੱਖ ਤੋਂ ਡਿੱਗਣ ਪਿੱਛੋਂ ਅੰਬੀ ਦੇ ਟੁਕੜੇ ਖਿੱਲਰ ਗਏ ਹੋਣ। ਇਕ ਏਧਰ, ਇਕ ਓਧਰ। ਰਤਾ ਮਾਈ ਦੀ ਚਲਾਕੀ ਤਾਂ ਦੇਖੋ—ਉਸਦੇ ਗਲ਼ੇ ਉੱਤੇ ਛੁਰੀ ਫੇਰ ਕੇ ਖ਼ੁਦ ਰੋਣ ਬੈਠ ਗਈ। ਹੁਣ ਜੇ ਰੋਣਾ ਈ ਸੀ ਤਾਂ ਰੋਣ ਦੀ ਵਾਰੀ ਤਾਂ ਨਿਨਕੂ ਦੀ ਸੀ! ਸਾਰਾ ਦਿਨ ਕਈ ਵਾਰੀ ਰੋਣ-ਰੋਣ ਨੂੰ ਹੋਇਆ ਪਰ ਮਾਈ ਨੇ ਹਰ ਵਾਰੀ ਮੌਕਾ ਹਥਿਆ ਲਿਆ। ਹਰ ਚੀਜ਼ ਦੀ ਹੱਦ ਹੁੰਦੀ ਏ। ਉਹ ਕਦੋਂ ਤਕ ਆਪਣੇ ਉੱਤੇ ਜਬਤ ਰੱਖੇ? ਉਹ ਇੰਜ ਤਣ ਗਿਆ ਜਿਵੇਂ ਮਿੱਟੀ ਰੰਗਾ ਸੱਪ ਤਣ ਜਾਂਦਾ ਏ ਤੇ ਉਸੇ ਵਾਂਗ ਫੁਕਾਰਿਆ ਵੀ—
“ਸੁਣ ਮਾਈ!”
ਮਾਈ ਦੇ ਧੜਲੇਦਾਰ ਰੋਣ ਸਾਹਵੇਂ ਉਸਦੇ ਫੁਕਾਰੇ ਦਾ ਅਸਰ ਨਾ ਹੋਇਆ ਤਾਂ ਤੈਸ਼ ਵਿਚ ਆ ਕੇ ਉਸਨੇ ਮਾਈ ਨੂੰ ਠੋਡੀਓਂ ਫੜਿਆ ਤੇ ਆਪਣੇ ਵੱਲ ਮੋੜਿਆ। ਮਾਈ ਦੇ ਚਿਹਰੇ ਉੱਤੇ ਉਸਦੀ ਪਕੜ ਏਨੀ ਮਜ਼ਬੂਤ ਨਹੀਂ ਸੀ ਕਿ ਬੌਰਿਆਂ ਵਾਂਗ ਸਿਰ ਹਿਲਾਉਣੋ ਯਕਦਮ ਰੁਕ ਜਾਂਦੀ। ਇਹ ਤਾਂ ਉਸਦਾ ਬਦਲਿਆ ਹੋਇਆ ਤੇਵਰ ਸੀ ਜਿਸਨੇ ਮਾਈ ਨੂੰ ਸਿੱਥਲ ਕਰ ਦਿੱਤਾ ਸੀ।
“ਤੂ ਪਹਿਲੇ ਬਤਾ ਮਾਈ ਕਿ ਫਿਨ ਬਾਰਿਸ਼ ਆਯੀ ਕਿ ਨਾਹੀ?”
ਮਾਈ ਜਵਾਬ ਤਾਂ, ਤਾਂ ਦੇਂਦੀ ਜੇ ਸਵਾਲ ਦਾ ਮਤਲਬ ਸਮਝੀ ਹੁੰਦੀ।
“ਤੂ ਪਹਿਲੇ ਬਤਾ! ਫਿਨੋ ਬਾਰਿਸ ਆਈ ਕਿ ਨਾਹੀਂ? ਆਯੀ ਨਾ!”
ਲੱਗ ਰਿਹਾ ਸੀ ਮਾਈ ਦੀਆਂ ਅਕਲ ਦੀਆਂ ਬੱਤੀ ਅਜੇ ਵੀ ਗੁੱਲ ਨੇ। ਪਰ ਉਹ ਇਸ ਤਰ੍ਹਾਂ ਹਾਵੀ ਸੀ ਕਿ ਮਾਈ ਨੂੰ ਗਰਦਨ ਹਿਲਾਅ ਕੇ ਹਾਮੀ ਭਰਨੀ ਪਈ।
“ਤਬ ਤੋ ਬਾੜ੍ਹ ਭੀ ਆਇਹੇ! ਆਇਹੇ ਨਾ?”
ਮਾਈ ਦੀ ਗਰਦਨ ਪਹਿਲਾਂ ਵਾਂਗ 'ਹਾਂ' ਵਿਚ ਹਿਲਦੀ ਰਹੀ।
“ਤੋ ਇਨਸੇਫਿਲਟਿਸ ਫਿਨੋ ਨਾਹੀ ਫੈਲੀ ਕਾ? ਬੋਲ ਫੈਲੀ ਨ!”
ਨਿਨਕੂ ਏਨਾ ਭਖਿਆ ਹੋਇਆ ਸੀ ਕਿ ਉਸ ਤੋਂ ਮਾਈ ਦੀ ਛਿਣ ਪਲ ਦੀ ਚੁੱਪ ਵੀ ਸਹਾਰ ਨਾ ਹੋਈ। ਉਸਨੂੰ ਝੰਜੋੜ ਕੇ ਪੁੱਛਿਆ—
“ਬੋਲ ਤੂ ਕਿ ਫਿਨੋ ਬਿਮਾਰੀ ਫੈਲੀ ਕਿ ਨਾਹੀਂ?”
“ਫੈਲੀ ਰੇ ਫੈਲੀ!” ਮਾਈ ਹਿਰਖ ਕੇ ਬੋਲੀ। ਰੋਣਾ-ਧੋਣਾ ਤਾਂ ਉਹ ਕਦੋਂ ਦਾ ਭੁੱਲ ਚੁੱਕੀ ਸੀ। “ਤੂਹੇ ਮਾਲੂਮ ਨਇਖੇ ਇਨਸੇਫਿਲੇਟਿਸ ਹਰ ਸਲਿਹੇ ਕਤਲੇ ਆਮ ਮਚਾਵਤ ਹੈ!”
“ਤਬ ਯੇਹ ਦਫਾ ਬਚ ਗਯੇ ਤੋ ਕਾਹੇ ਆਂਸੂ ਬਹਾਵਤ ਹਉ? ਹਮ ਉਮਰ ਕੇ ਪੱਟਾ ਲਿਖਵਾ ਕੇ ਆਯੇ ਹੈਂ ਕਾ ਮਾਈ?”
ਨਿਨਕੂ ਨੇ ਆਪਣੀ ਫ਼ਲਸਫ਼ੀ ਝਾੜਨ ਪਿੱਛੋਂ ਮਾਈ ਦੀ ਠੋਡੀ ਛੱਡ ਦਿੱਤੀ। ਪਰ ਮਾਈ ਇਸ ਤਰ੍ਹਾਂ ਬੁੱਤ ਬਣੀ ਹੋਈ ਸੀ ਕਿ ਉਸਨੂੰ ਲੱਗਿਆ ਕਿ ਠੋਡੀ ਛੱਡੀ ਨਾ ਹੋਏ ਬਲਕਿ ਠੋਡੀ ਤੋਂ ਆਪਣਾ ਹੱਥ ਹਟਾਇਆ ਹੋਏ। ਮਾਈ ਦਾ ਪ੍ਰਛਾਵਾਂ ਕੰਧ ਉੱਤੇ ਪੈ ਰਿਹਾ ਸੀ। ਢਿੰਬਰੀ ਦੀ ਹਿਲਦੀ ਲੋਅ ਵਿਚ ਮਾਈ ਦਾ ਪ੍ਰਛਾਵਾਂ ਹਿੱਲ ਰਿਹਾ ਸੀ। ਮਾਈ ਇਸ ਤਰ੍ਹਾਂ ਸਿਲ-ਪੱਥਰ ਹੋਈ ਬੈਠੀ ਸੀ ਕਿ ਉਸਦੀ ਤੁਲਨਾ ਵਿਚ ਨਿਨਕੂ ਨੂੰ ਮਾਈ ਦੇ ਪ੍ਰਛਾਵੇਂ ਵਿਚ ਵਧੇਰੇ ਜਾਨ ਨਜ਼ਰ ਆ ਰਹੀ ਸੀ। ਅਚਾਨਕ ਮਾਈ ਨੇ ਜਿਵੇਂ ਦੇਹ ਧਾਰਨ ਕੀਤੀ ਤੇ ਬੌਂਦਲੀ-ਭੰਵਤਰੀ ਜਿਹੀ ਨੇ ਨਿਨਕੂ ਨੂੰ ਆਪਣੇ ਵੱਲ ਖਿੱਚ ਲਿਆ। ਨਿਨਕੂ ਇਸ ਦੇ ਲਈ ਨਾ ਤਾਂ ਤਿਆਰ ਸੀ ਤੇ ਨਾ ਅਵੇਸਲਾ ਸੀ। ਉਹ ਖ਼ੁਦ-ਬ-ਖ਼ੁਦ ਮਾਈ ਵੱਲ ਖਿੱਚੀਦਾ ਚਲਾ ਗਿਆ। ਮਾਈ ਨੇ ਉਸਨੂੰ ਆਪਣੀ ਛਾਤੀ ਨਾਲ ਲਾਇਆ ਤਾਂ ਉਸਨੇ ਇੰਜ ਵੀ ਹੋ ਜਾਣ ਦਿੱਤਾ—ਜਿਵੇਂ ਕੋਈ ਵੇਲ ਥੋੜ੍ਹਾ ਜਿੰਨਾ ਸਹਾਰਾ ਮਿਲਣ ਉੱਤੇ ਈ ਆਪਣੇ-ਆਪ ਲਿਪਟ-ਚੰਬੜ ਜਾਂਦੀ ਏ।
“ਅਰੇ ਨਾਹੀ ਰੇ ਨਾਹੀ!” ਮਾਈ ਨੇ ਝੱਲਿਆਂ-ਬੌਰਿਆਂ ਵਾਂਗੂੰ ਉਸਨੂੰ ਆਪਣੀ ਹਿੱਕ ਨਾਲ ਘੁੱਟ ਲਿਆ ਤਾਂ ਉਸਨੂੰ ਪਤਾ ਲੱਗਣ ਦਾ ਮੌਕਾ ਮਿਲ ਗਿਆ ਕਿ ਇਹ ਆਵਾਜ਼ ਨਿੱਕਲੀ ਕਿੱਥੋਂ ਏ—
“ਤੂ ਮਤ ਜਇਹੇ ਰੇ ਨਿਨਕੂਆ-ਆ-ਅ...!”
ਨਿਨਕੂ ਨੇ ਮਾਈ ਦੀ ਹਿੱਕ ਵਿਚ ਸਿਰਫ਼ ਆਪਣਾ ਚਿਹਰਾ ਲੁਕਾਇਆ ਤੇ ਕੰਨਾਂ ਨੂੰ ਚੌਕਸ ਕੀਤਾ। ਜਦੋਂ ਮਾਈ ਦੁਬਾਰਾ ਕਲਪੀ—“ਅਰੇ ਮੋਰ ਨਿਨਕੂਵਾ ਰੇ!” ਤਾਂ ਜਾ ਕੇ ਉਸਨੂੰ ਵਿਸ਼ਵਾਸ ਹੋਇਆ ਕਿ ਮਾਈ ਇਸ ਵਾਰੀ ਛੋਟਕੂ ਦੀ ਬਜਾਏ, ਉਸਦੇ ਨਾਂ ਦੀ ਰਟ ਲਾ ਰਹੀ ਏ। ਹਾਂ ਚਿਪਕਾਇਆ ਉਸਨੂੰ ਉਸੇ ਤਰ੍ਹਾਂ ਹੋਇਆ ਸੀ ਜਿਵੇਂ ਉਸਨੇ ਮਰੇ ਹੋਏ ਛੋਟਕੂ ਨੂੰ ਚਿਪਕਾਇਆ ਹੋਇਆ ਸੀ। ਉਸਨੂੰ ਆਪਣੇ ਵੱਲ ਘੂਰਦਿਆਂ ਦੇਖ ਕੇ ਮਾਈ ਦੇ ਪੀਲੇ ਚਿਹਰੇ ਉੱਤੇ ਲਾਲੀ ਦੀ ਪਤਲੀ ਜਿਹੀ ਪਰਤ ਫ਼ੈਲ ਗਈ। ਕੀ ਦੇਖ ਕੇ ਉਸਦੀ ਮਾਈ ਖ਼ੁਸ਼ ਹੋਈ? ਕਿ ਮਰਾ ਛੋਟਕੂ ਜਿਊਂਦਾ ਹੋ ਗਿਆ! ਪਰ ਮਾਈ ਤਾਂ ਉਸਨੂੰ ਹੋਰ ਵੀ ਘੁੱਟੀ ਜਾ ਰਹੀ ਸੀ। ਜਿਵੇਂ ਕਿ ਮਰਿਆ ਨਿਨਕੂ ਜਿਊਂਦਾ ਹੋ ਗਿਆ ਹੋਏ!
“ਅਜੇ ਮੋਰ ਬਬੂਆ! ਅਰੇ ਮੋਰ ਚੁੰਨਵਾ! ਅਰੇ ਮੋਰ ਸੁੱਗਵਾ! ਤੂ ਝੂਠ ਬੋਲ ਕੇ ਹਮਾਰਾ ਮਾਥਾ ਕਾਹੇ ਖਰਾਬ ਕਿਯਾ। ਤੂ ਟਿੱਕੀ ਖਾਯੇ ਕੇ ਪਇਸਾ ਮਾਂਗਾ ਤੋ ਬਾਊ ਦੇਹਲਸ ਨਾਹੀ ਕਾ! ਤੂ ਗੋਲਗੱਪਾ ਖਾਯੇ ਕੇ ਜਿਦ ਕਿਯਾ ਤੋ ਹਮ ਖਿਯਾਯੇ ਨਾਹੀ ਕਾ! ਤੇ ਇ ਚਾਉਮੀਨ ਕਉਨ ਸਾ ਛਲਾਵਾ ਹੈ ਕਿ ਤੂ ਅਪਨਾ ਈਮਾਨ ਧਰਮ ਸਬ ਭੂਲ ਗਯਾ? ਕਾਹੇ ਨਾਹੀ ਬੋਲਾ ਕਿ ਪਾਂਚ ਰੁਪਯਾ ਕੇ ਚਾਉਮੀਨ ਖਾ ਲੇਲੇ?”
ਇਸ ਸਵਾਲ ਦੇ ਜਵਾਬ ਵਿਚ ਨਿਨਕੂ ਨੂੰ ਉਧੇੜ-ਬੁਣ ਵਿਚ ਪੈਣ ਦੀ ਲੋੜ ਨਹੀਂ ਸੀ। ਇਹ ਤਾਂ ਉਸਦੀ ਜ਼ਬਾਨ ਉੱਤੇ ਰੱਖਿਆ ਹੋਇਆ ਸੀ—
“ਤੂ ਚਿੱਲਾਤੀ ਨਾਹੀਂ ਕਾ, ਕਿ ਕਾ ਰੇ! ਤੋਰ ਕੁਇਯਾ ਕੱਬੋ ਪਟਾਈ ਕਿ ਨਾਹੀ?”
ਮਾਈ ਦੀ ਜ਼ਬਾਨ ਵਿਚ ਬੋਲ ਕੇ ਉਸਨੇ ਮਾਈ ਨੂੰ ਸ਼ਰਮਿੰਦਾ ਕਰ ਦਿੱਤਾ।
“ਤੂ ਕਾ ਜਾਨਿਬੇ? ਸੇਠਾਨੀ ਸਨਾ ਭਾਤ ਦੇਹਲਸ ਤ ਹਮ ਛੁਪਾ ਕੇ ਫੈਂਕ ਦਿਯਾ। ਦੁਬਾਰਾ ਮਾਂਗੇ ਪੇ ਇੱਤਾ ਸਾ ਭਾਤ ਦਿਯਾ। ਉ ਸੇ ਕਹੀਂ ਪੇਟ ਭਰਤਾ ਹੈ! ਬਰਤਨ ਮਾਂਜ ਕੇ ਪਾਂਚ ਰੁਪਯਾ ਕਮਾਯਾ ਤੋ ਚਾਉਮੀਨ ਖਾ ਲਿਯਾ। ਰੇ ਮਾਈ, ਤੂ ਪਾਂਚ ਰੁਪਯਾ ਕੇ ਚਾਟ ਖਇਬੂ ਤੋ ਤੁਹਾਰ ਪੇਟ ਭਰ ਜਾਈ? ਤੂ ਪਾਂਚ ਰੁਪਯਾ ਕੇ ਗੋਲਗੱਪਾ ਖਇਬੂ ਤੋ ਡਕਾਰ ਮਾਰ ਲਗਬੂ। ਲੇਕਿਨ ਬਾਜਾਰ ਮੇਂ ਤੋ ਨਉਕਾ ਨਉਕਾ ਚੀਜ ਹੈ ਨ, ਉ ਸੇ ਤੋ ਪਾਂਚ ਰੁਪਯਾ ਮੇਂ ਖਾਲੀ ਮੁੰਹ ਚਟਾਵਨ ਹੋਈ। ਦੇਖ ਮਾਈ ਹਮਾਰ ਪੇਟ ਅਬਹੂ ਖਾਲੀ ਹੈ...”
ਉਸਨੇ ਮਾਈ ਦਾ ਹੱਥ ਖਿੱਚ ਕੇ ਆਪਣੇ ਢਿੱਡ ਉੱਤੇ ਰੱਖ ਲਿਆ। ਉਸਦੀ ਮਾਈ ਮੁੱਕੀਆਂ ਮਾਰਨ ਲੱਗੀ—
“ਅਰੇ ਅਰੇ ਅਰੇ ਮੋਰ ਬਾਬੂ ਕੇ ਧੋਂਦਾ ਤੋ ਸੱਚਲ ਕੇ ਖਾਲੀ ਹੈ!”
ਉਹ ਬੈਠੀ-ਬੈਠੀ ਏਦਾਂ ਅਹੁਲੀ ਕਿ ਉਸਦਾ ਹੱਥ ਕੰਧ ਨਾਲ ਲਾ ਕੇ ਰੱਖੇ ਟੀਨ ਦੇ ਸੰਦੂਕ ਤਕ ਅਪੱੜ ਜਾਏ। ਸਹੂਲੀਅਤ ਦੇ ਹਿਸਾਬ ਨਾਲ ਹੱਥ ਅਪੱੜਾ ਕੇ ਉਸਨੂੰ ਥੋੜ੍ਹਾ-ਜਿਹਾ ਖੋਲ੍ਹ ਕੇ ਪੰਜ ਦਾ ਸਿੱਕਾ ਕੱਢਿਆ। ਨਿਨਕੂ ਹੈਰਾਨੀ ਨਾਲ ਦੇਖਣ ਲੱਗਾ। ਇਹ ਤਾਂ ਉਹੀ ਸਿੱਕਾ ਸੀ ਜਿਹੜਾ ਉਸਨੇ ਸੌਦੇ ਨਾਲ ਮਾਂਈ ਨੂੰ ਦਿੱਤਾ ਸੀ।
“ਲੇ ਤੂੰ ਪਾਂਚ ਰੁਪਿਯਾ ਕੇ ਅਉਰ ਖਾ ਆ।”
ਨਿਨਕੂ ਦੇਖ ਤਾਂ ਰਿਹਾ ਸੀ ਅੱਖਾਂ ਪਾੜ-ਪਾੜ ਕੇ...ਪਰ ਅੱਖੀਂ ਦੇਖੇ ਉੱਤੇ ਵਿਸ਼ਵਾਸ ਨਹੀਂ ਸੀ ਆ ਰਿਹਾ। ਪਰ ਜਦੋਂ ਮਾਈ ਨੇ ਘੁੜਕੀ ਦਿੱਤੀ—
“ਨਾਈ ਲੇਬੇ ਪਇਸਾ! ਕਰੇਂ ਤੇਰੀ ਕੁਟਾਈ!”
ਉਦੋਂ ਉਸਦਾ ਭਰਮ ਟੁੱਟਿਆ ਤੇ ਯਕੀਨ ਹੋਇਆ ਕਿ ਮਾਈ ਨਾਟਕ ਨਹੀਂ ਕਰ ਰਹੀ। ਉਸਨੇ ਗੋਦੀ ਵਿਚ ਲੇਟੇ-ਲੇਟੇ ਈ ਮਾਈ ਦੇ ਹੱਥੋਂ ਸਿੱਕਾ ਝਪਟਣ ਦੀ ਕੋਸ਼ਿਸ਼ ਕੀਤੀ। ਇਸ ਕਵਾਯਤ ਵਿਚ ਜ਼ਰਾ ਜਿੰਨੀ ਚੂਕ ਸਦਕਾ ਸਿੱਕਾ ਨਾ ਤਾਂ ਉਸਦੇ ਹੱਥ ਵਿਚ ਆਇਆ, ਨਾ ਮਾਈ ਦੇ ਹੱਥ ਵਿਚ ਰਿਹਾ। ਉਹ ਛੁੱਟ ਕੇ ਹੇਠਾਂ ਡਿੱਗਿਆ ਤੇ ਰੁੜ੍ਹਦਾ ਹੋਇਆ ਕੋਠੜੀ ਦੀ ਨਾਲੀ ਵੱਲ ਹੋ ਲਿਆ।
“ਅਰੇ ਭਾਗ ਰੇ, ਪਕੜ! ਕਹੀਂ ਇ ਮਰਤਬਾ ਸੱਚੁਲ ਮੇਂ (ਸੱਚੀਮੁੱਚੀ) ਨ ਨਹਰੀ ਮੇਂ ਬੁੜ ਜਾਯੇ।”
ਉਸਦੀ ਮਾਈ ਨੇ 'ਸਚੁੱਲ' ਉੱਤੇ ਰਤਾ ਜ਼ੋਰ ਦੇ ਕੇ ਮਸ਼ਖਰੀ ਕੀਤੀ ਤਾਂ ਕੁਤਕੁਤੀ ਈ ਨਹੀਂ ਹੋਈ ਬਲਕਿ ਹਾਸਾ ਵੀ ਨਿੱਕਲ ਗਿਆ। ਜਿਹੜਾ ਮਾਈ ਦੇ ਹਾਸੇ ਦੇ ਨਾਲ-ਨਾਲ ਠਹਾਕਿਆਂ ਵਿਚ ਬਦਲ ਗਿਆ। ਉਸਨੇ ਮਾਈ ਦੀ ਹਿੱਕ ਨਾਲ ਆਪਣਾ ਮੂੰਹ ਘੁੱਟ ਲਿਆ। ਇਸ ਤਰ੍ਹਾਂ ਉਸਨੇ ਆਪਣੇ ਦੋ ਹਿਤ ਸਾਧਨੇ ਸਨ। ਇਕ ਤਾਂ ਮਾਈ ਦੇ ਹਾਸੇ ਦਾ ਸੋਮਾਂ ਲੱਭਣਾ ਸੀ, ਦੂਜਾ ਦਿਨ ਭਰ ਦੀ ਥਕਾਣ ਮਿਟਾਉਣੀ ਸੀ। ਉਹਨੂੰ ਮੋਰੀ ਵੱਲ ਰੁੜ੍ਹੇ ਜਾਂਦੇ ਸਿੱਕੇ ਦੀ ਫ਼ਿਕਰ ਨਹੀਂ ਸੀ। ਇਸਨੂੰ ਅਹੁਲ ਕੇ ਮੁੱਠੀ ਵਿਚ ਕਰ ਲੈਣ ਦਾ ਤਾਂ ਉਹ ਉਸਤਾਦ ਹੋ ਗਿਆ ਸੀ।
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ : 94177-30600.