Friday, August 3, 2012

ਯਾਦਾਂ ਦੇ ਡੰਗ :: ਲੇਖਕਾ : ਗਗਨ ਗਿੱਲ

ਯਾਦਾਂ ਦੇ ਝਰੋਖੇ ਵਿਚੋਂ :

ਯਾਦਾਂ ਦੇ ਡੰਗ

ਲੇਖਕਾ : ਗਗਨ ਗਿੱਲ
ਅਨੁਵਾਦ : ਮਹਿੰਦਰ ਬੇਦੀ ਜੈਤੋ

ਕੁਝ ਤਾਰੀਖ਼ਾਂ ਧੁਰ ਅੰਦਰ ਤੀਕ ਧਸ ਜਾਂਦੀਆਂ ਨੇ ਤੇ ਉਹਨਾਂ ਦੇ ਡੰਗ ਹਮੇਸ਼ਾ ਵੱਜਦੇ ਰਹਿੰਦੇ ਨੇ।
31 ਅਕਤੂਬਰ, 1984 ਦੀ ਉਸ ਰਾਤ ਅਸੀਂ ਬੱਚੇ ਉਹਨਾਂ ਨੂੰ ਨਸੀਹਤਾਂ ਕਰ-ਕਰ ਸੁੱਤੇ ਸਾਂ, "ਭਾਵੇਂ ਕੁਝ ਵੀ ਹੋਵੇ, ਤੁਸੀਂ ਕੱਲ੍ਹ ਸਵੇਰੇ ਤਾਇਆ ਜੀ ਕੇ ਨਹੀਂ ਜਾਓਗੇ। ਵਾਅਦਾ ਕਰੋ।"
ਹਰ ਸਵੇਰ, ਦਾਰਜੀ ਆਪਣੇ ਪਿੰਡ ਦੇ ਮੂੰਹ ਬੋਲੇ ਭਰਾ ਨੂੰ ਦੇਖਣ ਜਾਂਦੇ ਹੁੰਦੇ ਸਨ। ਜਿਗਰ ਦੇ ਕੈਂਸਰ ਦੇ ਮਰੀਜ਼ ਤਾਇਆ ਜੀ ਦੇ ਆਖ਼ਰੀ ਦਿਨ ਸਨ ਉਹ।
“ਓ ਬਾਬਾ, ਬਿਨਾਂ ਗੱਲੋਂ ਈ ਡਰੇ ਹੋਏ ਓਂ। ਸਵੇਰ ਹੋਏਗੀ ਤਾਂ ਦੇਖਾਂਗੇ।”
ਮੈਂ ਉਹਨਾਂ ਦੀ ਪੱਤਰਕਾਰ ਧੀ ਉਹਨਾਂ ਨੂੰ ਹੁਣੇ-ਹੁਣੇ ਰਾਤ ਨੂੰ ਆਏ ਆਪਣੇ ਸਹਿਯੋਗੀ ਦੇ ਫ਼ੋਨ ਬਾਰੇ ਦੱਸ ਚੁੱਕੀ ਸਾਂ। ਮੈਡੀਕਲ ਇੰਸਟੀਚਿਊਟ ਦੇ ਆਸ-ਪਾਸ ਸਿੱਖਾਂ ਨੂੰ ਲੱਭ-ਲੱਭ ਕੇ ਕੁੱਟ-ਮਾਰ ਕੀਤੀ ਜਾ ਰਿਹਾ ਸੀ।
ਉਸ ਸਵੇਰ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ।
ਉਸੇ ਸਵੇਰ ਦਾਰਜੀ ਸਾਨੂੰ, ਸੁੱਸਤ-ਮਾਲ ਨੂੰ, ਸੁੱਤੇ ਛੱਡ ਕੇ ਸਵੇਰੇ-ਤੜਕੇ ਈ ਤਾਇਆ ਜੀ ਨੂੰ ਦੇਖਣ ਚਲੇ ਗਏ ਸਨ—ਦੂਰ ਜਮਨਾ ਪਾਰ।
ਉਹਨਾਂ ਨੂੰ ਨੀਂਦ ਵਿਚ ਵੀ ਤਾਇਆ ਜੀ ਦੀਆਂ ਹੂੰਗਰਾਂ ਹੀ ਸੁਣਦੀਆਂ ਹੁੰਦੀਆਂ ਸਨ।
ਉਹਨਾਂ ਆਵਾਜ਼ਾਂ ਨੂੰ ਸਹਿਣ ਦਾ ਇਕੋ ਤਰੀਕਾ ਸੀ—ਜਾ ਕੇ ਬਿਮਾਰ ਨੂੰ ਦੇਖਣ ਆਉਣ। ਕੌਣ ਜਾਣੇ, ਸਾਹਮਣੇ ਹੋਣ 'ਤੇ ਤਾਇਆ ਜੀ ਵਧੇਰੇ ਚੰਗੇ ਦਿਖਾਈ ਦਿੰਦੇ ਹੋਣ ਤੇ ਉਹਨਾਂ ਦੀਆਂ ਹੂੰਗਰਾਂ ਘੱਟ ਸੁਣਾਈ ਦਿੰਦੀਆਂ ਹੋਣ!
ਤਿਆਰ ਤਾਂ ਮੈਂ ਵੀ ਹੋ ਰਹੀ ਸਾਂ, ਦਫ਼ਤਰ ਜਾਣ ਲਈ, ਕਿ ਚਲੋ, ਬਾਹਰ ਚੱਲ ਕੇ ਦੇਖਾਂਗੇ, ਦੰਗੇ ਕੇਹੇ ਹੁੰਦੇ ਨੇ! ਪੱਤਰਕਾਰਤਾ ਚੁਣੀ ਏਂ, ਤਾਂ ਇਹ ਸਭ ਵੀ ਦੇਖਣਾ ਚਾਹੀਦਾ ਏ।
ਭਲੇ ਦਿਨ ਸਨ ਉਹ। ਕਿਸੇ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ—ਉਹ ਗੁਆਂਢੀ ਹੋਵੇ, ਪੁਲਿਸਵਾਲਾ ਹੋਵੇ ਜਾਂ ਫੇਰ ਓਪਰਾ ਆਦਮੀ। ਹਾਲਾਂਕਿ ਭਿੰਡਰਾਂਵਾਲੇ ਦੇ ਆਤੰਕ ਤੇ ਆਪਰੇਸ਼ਨ ਬਲਿਊ-ਸਟਾਰ ਪਿੱਛੋਂ ਦਿਮਾਗ਼ ਵਿਚ ਕਈ ਗੱਲਾਂ ਗੱਡਮੱਡ ਹੋ ਰਹੀਆਂ ਸਨ। ਹੁਣ ਯਾਦ ਏ ਤਾਂ ਘਰ ਉੱਤੇ ਹੋਈ ਪਹਿਲੀ ਨਾਅਰੇਬਾਜ਼ੀ, ਜਿਹੜੀ ਵੀਹ-ਪੱਚੀ ਲੋਕਾਂ ਦੀ ਭੀੜ ਕਰਦੀ ਹੋਈ ਲੰਘ ਗਈ ਸੀ। ਨਾ ਕਿਸੇ ਨੇ ਦਰਵਾਜ਼ਾ ਖੜਕਾਇਆ ਸੀ, ਨਾ ਸ਼ੀਸ਼ਾ ਤੋੜਿਆ ਸੀ, ਨਾ ਗਾਲ੍ਹ ਕੱਢੀ ਸੀ। ਇੱਥੋਂ ਤੱਕ ਕਿ ਘਰ ਦੇ ਬਾਹਰ ਖੜ੍ਹੀ ਨਵੀਂ ਕਾਰ ਵੀ ਬੇਦਾਗ਼ ਖੜ੍ਹੀ ਸੀ।
ਇਹ ਸ਼ੁਰੂਆਤ ਸੀ।
ਅਸੀਂ ਇਸ ਤੋਂ ਏਨਾ ਡਰ ਗਏ ਕਿ ਪਹਿਲਾ ਫ਼ੋਨ ਤਾਇਆ ਜੀ ਕੇ ਕੀਤਾ। ਉਹਨਾਂ ਨੂੰ ਉੱਥੇ ਈ ਰੋਕ ਦੇਣ ਲਈ।
ਪਰ ਉਹ ਤਾਂ ਹੁਣੇ-ਹੁਣੇ ਉੱਥੋਂ ਨਿਕਲ ਗਏ ਸੀ।
ਕਦੋਂ ਅਸੀਂ ਰਸੋਈ ਦਾ ਸਾਮਾਨ, ਗੈਸ-ਚੁੱਲ੍ਹਾ, ਭਾਂਡੇ ਉਪਰ ਤੀਜੀ ਮੰਜ਼ਿਲ ਦੀ ਮੇਰੀ ਸਟੱਡੀ ਵਿਚ ਲੈ ਜਾਣ ਲੱਗੇ, ਪਤਾ ਨਹੀਂ ਲੱਗਿਆ। ਪੰਦਰਾਂ ਤੋਂ ਪੱਚੀ ਦੀ ਉਮਰ ਦੀਆਂ ਛੋਟੀਆਂ-ਵੱਡੀਆਂ ਅਸੀਂ ਚਾਰ ਭੈਣਾਂ—ਸਭ ਤੋਂ ਛੋਟਾ ਭਰਾ, ਬਾਰ੍ਹਾਂ ਸਾਲ ਦਾ, ਪੰਜਵੀਂ ਭੈਣ ਵਰਗਾ!
ਕਈ ਵਰ੍ਹੇ ਪਹਿਲਾਂ, 1977 ਵਿਚ, ਦਿੱਲੀ ਵਿਚ ਆਏ ਹੜ੍ਹ ਕਾਰਨ ਵੀ ਸਾਨੂੰ ਆਪਣੇ ਘਰ ਦੀ ਉਪਰਲੀ ਮੰਜ਼ਿਲ 'ਤੇ ਇੰਜ ਈ ਭੱਜਣਾ ਪਿਆ ਸੀ।
ਅਸੀਂ ਸਾਰੇ ਉਤੇਜਤ ਸਾਂ—ਤੇ ਉਤਸੁਕ ਵੀ। ਹੁਣ ਪਤਾ ਲੱਗੇਗਾ ਕਿ ਵੰਡ ਵੇਲੇ ਕੀ ਹੋਇਆ ਸੀ। ਪਤਾ ਨਹੀਂ ਕਿੰਨੇ ਦਿਨ ਲੁਕ ਕੇ ਰਹਿਣਾ ਪਏ! ਮਾਂ ਕਦੀ ਆਪਣੇ ਬਚਪਨ ਦੀਆਂ ਗੱਲਾਂ ਕਰਦੀ ਸੀ ਤਾਂ ਅਸੀਂ ਕੋਰੇ ਬੈਠੇ ਰਹਿੰਦੇ ਸੀ।
ਇਸ ਸਾਰੀ ਹਫ਼ੜਾ-ਦਫ਼ੜੀ ਦੌਰਾਨ ਮਾਂ ਦੇ ਕਾਲਜ ਤੋਂ ਫ਼ੋਨ ਆਉਂਦੇ ਰਹੇ, ਦੰਗੇ ਫੈਲ ਰਹੇ ਸੀ।
ਜਿਸਦੀ ਜਿਹੜਾ ਸਮਝ 'ਚ ਆ ਰਿਹਾ ਸੀ, ਉਹ ਉਹੀ ਸਾਮਾਨ ਲੈ ਕੇ ਉੱਤੇ ਜਾ ਰਿਹਾ ਸੀ। ਬੌਂਦਲੀ ਹੋਈ ਮਾਂ ਅਲਮਾਰੀ ਵਿਚੋਂ ਜ਼ਮੀਨ-ਜਾਇਦਾਦ ਦੀਆਂ ਫਾਇਲਾਂ, ਬੀਮੇ ਦੇ ਕਾਗਜ਼, ਗਹਿਣੇ ਸਮੇਟ ਰਹੀ ਸੀ।
ਅਚਾਨਕ ਮੈਨੂੰ ਖ਼ਿਆਲ ਆਇਆ, 'ਗੱਡੀ?' ਮੈਂ ਮਾਂ ਨੂੰ ਕਿਹਾ।
ਦੋਸਤ ਗੁਆਂਢੀਆਂ ਵਿਚ ਡਾ. ਉਸ਼ਾ ਇੰਦਰਨਾਥ ਚੌਧਰੀ ਕਾ ਘਰ ਸਭ ਤੋਂ ਨੇੜੇ ਸੀ। ਪੰਜ-ਸੱਤ ਮਿੰਟ ਦੀ ਪੈਦਲ ਦੂਰੀ 'ਤੇ। ਮਾਂ ਨੇ ਗੱਡੀ ਸਟਾਰਟ ਕੀਤੀ। ਉਹਨਾਂ ਦੇ ਵਿਹੜੇ ਤੀਕ ਆਪਣੀ ਗੱਡੀ ਪਹੁੰਚਾ ਕੇ ਅਸੀਂ ਮਾਂ-ਧੀ ਉਲਟੇ ਪੈਰੀਂ ਵਾਪਸ ਮੁੜ ਆਈਆਂ।
ਸੜਕ ਅਜੇ ਖਾਲੀ ਸੀ। ਦੰਗਾ ਹਾਲੇ ਇੱਧਰ ਨਹੀਂ ਸੀ ਪਹੁੰਚੇ। ਦਾਰਜੀ ਅਜੇ ਵਾਪਸ ਨਹੀਂ ਸਨ ਆਏ।
ਇਸ ਤਰ੍ਹਾਂ ਇਤਿਹਾਸ ਬਣਦਾ ਏ।
ਉਜਾੜ ਸੜਕਾਂ, ਲੁਕੇ-ਛਿਪੇ ਲੋਕਾਂ ਵਿਚਕਾਰ—ਇਕ ਤਾਰੀਖ਼, ਬਾਕੀ ਸਾਰੀਆਂ ਤਾਰੀਖ਼ਾਂ ਨਾਲੋਂ ਵੱਖ ਹੋ ਜਾਂਦੀ ਏ? ਵਰ੍ਹਿਆਂ ਬਾਅਦ ਅਸੀਂ ਉੱਥੋਂ ਦੀ ਲੰਘਦੇ ਆਂ, ਤਾਂ ਕਲੰਡਰ ਨਾਲੋਂ ਉੱਖੜੀ ਉਹ ਤਾਰੀਖ਼ ਉੱਥੇ ਖੜ੍ਹੀ ਮਿਲਦੀ ਏ, ਇਤਿਹਾਸ ਦੇ ਚੌਰਾਹੇ ਉੱਤੇ, ਆਪਣੇ ਲਹੂ ਨਾਲ ਨਹਾਤੀ ਹੋਈ, ਨਾੜੂਆ ਹੱਥ ਵਿਚ ਫੜ੍ਹੀ?
ਹੇਠਾਂ ਘਰ ਨੂੰ ਜਿੰਦਰਾ ਲਾ ਦਿੱਤਾ ਗਿਆ ਸੀ। ਅਸੀਂ ਤੀਜੀ ਮੰਜ਼ਿਲ ਨੂੰ ਜਾਂਦੀਆਂ ਪੌੜੀਆਂ ਦਾ ਦਰਵਾਜ਼ਾ ਬੰਦ ਕਰਕੇ ਬੈਠੇ ਰਹੇ—ਸੱਟਡੀ ਵਿਚ ਲੁਕ ਕੇ, ਹਰ ਖੜਾਕ 'ਤੇ ਕੰਨ ਲਾਈ। ਸਵੇਰੇ ਦੂਜੀ ਮੰਜ਼ਿਲ ਦੇ ਸਾਡੇ ਕਿਰਾਏਦਾਰ ਸ਼ਰਮਾ ਜੀ ਨੇ ਸਾਨੂੰ ਯਕੀਨ ਦੁਆਇਆ ਸੀ, "ਭੈਣ ਜੀ, ਪਹਿਲਾਂ ਮੈਨੂੰ ਕੁਝ ਹੋਏਗਾ, ਫੇਰ ਕੋਈ ਤੁਹਾਡੇ ਤੱਕ ਪਹੁੰਚੇਗਾ।"
ਸਾਰਾ ਦਿਨ ਫ਼ੋਨ ਆਉਂਦੇ ਰਹੇ—ਬਰਸਾਤੀ ਵਿਚ। ਟੈਲੀਫ਼ੋਨ ਦੀ ਤਾਰ ਮੈਂ ਉੱਤੇ ਲੈ ਆਈ ਸਾਂ ਕਿ ਬਾਹਰਲੀ ਦੁਨੀਆਂ ਨਾਲ ਸੰਪਰਕ ਬਣਿਆਂ ਰਹੇ। ਹੁਣ ਮਿੱਤਰ ਲੋਕ ਪੁੱਛ ਰਹੇ ਸੀ, ਅਸੀਂ ਦੱਸ ਰਹੇ ਸਾਂ।
ਦਾਰਜੀ ਦਾ ਕਿੱਧਰੇ ਪਤਾ ਨਹੀਂ ਸੀ। ਉਹ ਰੋਜ਼ ਸਵੇਰੇ ਜਾ ਕੇ ਦਸ ਵਜੇ ਤਕ ਵਾਪਸ ਮੁੜ ਆਉਂਦੇ ਹੁੰਦੇ ਸਨ।
ਹੁਣ ਰਾਤ ਹੋ ਚੱਲੀ ਸੀ। ਸ਼ਹਿਰ ਵਿਚ ਅੱਗ ਮੱਚੀ ਹੋਈ ਸੀ।
ਕੋਈ ਜਾਣ-ਪਛਾਣ ਵਾਲਾ ਪੁਲਿਸ ਅਫ਼ਸਰ ਫ਼ੋਨ ਉੱਤੇ ਮਿਲ ਨਹੀਂ ਸੀ ਰਿਹਾ। ਜਿਹੜਾ ਹਾਲੇ ਤੀਕ ਨਹੀਂ ਸੀ ਟੁੱਟਿਆ, ਉਹ ਵਿਸ਼ਵਾਸ ਸੀ—ਕਾਨੂੰਨ ਵਿਵਸਥਾ ਵਿਚ, ਆਪਣੇ ਅਫ਼ਸਰਾਂ ਦੀ ਨੀਅਤ ਉੱਤੇ—ਬੱਸ ਇਕ ਫ਼ੋਨ ਸ਼ਿਕਾਇਤ ਦਾ ਪਹੁੰਚੇਗਾ ਤੇ ਸਭ ਸਿੱਧੇ ਹੋ ਜਾਣਗੇ।
ਦਿਨੇਂ, ਸਾਡੀ ਗਲੀ ਵਿਚੋਂ, ਕਈ ਟੋਲੀਆਂ ਨਾਅਰੇ ਲਾਉਂਦੀਆਂ ਹੋਈਆਂ ਲੰਘੀਆਂ ਸਨ—ਪਰ ਕਿਸੇ ਨੇ ਪਥਰਾਅ ਨਹੀਂ ਸੀ ਕੀਤਾ।
ਇਕ ਭੀੜ ਦਾ ਦੁੱਖ ਸੀ, ਉਹਨਾਂ ਸਭਨਾਂ ਵਿਚ। ਇਕ ਬੇਵੱਸ ਜਿਹਾ ਗੁੱਸਾ, ਜਿਸਨੂੰ ਪਤਾ ਨਹੀਂ ਸੀ, ਉਹ ਕਿੱਥੇ ਸਿਰ ਮਾਰੇ। ਹਿੰਸਾ ਨਹੀਂ ਸੀ ਉਸ ਵਿਚ, ਨਾ ਕਰੂਰਤਾ ਤੇ ਬਰਬਰਤਾ ਸੀ।
ਆਤਮਾ ਨੂੰ ਪੀੜਣ ਵਾਲਾ ਦੁੱਖ, ਵਿਨਾਸ਼ਕ ਤਾਂ ਹੋ ਸਕਦਾ ਏ, ਬਰਬਰ ਕਿੰਜ ਹੋ ਗਿਆ? ਕਿਸ ਠੰਢੇ ਕੁਟਿੱਲ ਦਿਮਾਗ਼ ਵਿਚੋਂ ਨਿਕਲੀ ਸੀ ਉਹ ਪ੍ਰਤੀਹਿੰਸਾ? ਜਿਹੜੀ ਆਉਣ ਵਾਲੇ ਦਿਨਾਂ ਵਿਚ ਸਭ ਨੇ ਦੇਖੀ। ਕਿਸੇ ਨੇ ਜਾਹਰ, ਕਿਸੇ ਨੇ ਲੁਕਵੀਂ।
ਰਾਤ ਹੁੰਦਿਆਂ ਈ ਕੋਈ ਦਸ ਬਾਰ੍ਹਾਂ ਜਣੇ ਸ਼ਰਮਾ ਜੀ ਦੇ ਘਰ ਪਹੁੰਚ ਗਏ। ਮੈਂ ਤੇ ਮਾਂ ਉੱਤੇ ਫ਼ਰਸ਼ ਨਾਲ ਕੰਨ ਲਾਈ ਪਈਆਂ ਰਹੀਆਂ।
ਉਹ ਕੀ ਕਹਿ ਰਹੇ ਨੇ, ਕੁਝ ਪਤਾ ਨਹੀਂ ਸੀ ਲੱਗ ਰਿਹਾ। ਸਾਰੇ ਘੁਸਰ-ਮੁਸਰ ਕਰ ਰਹੇ ਸਨ।
ਕੀ ਸਿਰਫ਼ ਮੈਂ ਤੇ ਮਾਂ ਈ ਉੱਥੇ ਛਾਪਲੇ ਹੋਏ ਸਾਂ, ਉਸ ਫ਼ਰਸ਼ ਉੱਤੇ? ਨਹੀਂ ਸ਼ਾਇਦ ਇਤਿਹਾਸ ਦੇ ਉਹ ਸਾਰੇ ਭਗੌੜੇ, ਝਟਕੇ ਹੋਏ ਲੋਕ ਵੀ ਆ ਗਏ ਸਨ, ਜਿਹੜੇ ਕਦੀ ਜਿਊਂਦੇ ਹੁੰਦੇ ਸਨ ਤੇ ਹੁਣ ਸਫ਼ਿਆਂ ਤੋਂ ਗ਼ਾਇਬ ਸਨ। ਸਾਡੀ ਪਿੱਠ ਪਿੱਛੇ। ਸਾਨੂੰ ਦੇਖਣ ਲਈ। ਬਚ ਜਾਵਾਂਗੇ ਜਾਂ ਨਹੀਂ? ਕੀ ਬਹਿਸ ਹੋ ਰਹੀ ਸੀ? ਕੀ ਸ਼ਰਮਾ ਜੀ ਹੁਣ ਸਾਡੇ ਵੱਲ ਨਹੀਂ ਸਨ?
ਮਾਂ ਤੇ ਮੈਂ ਰੀਂਘਦੇ ਹੋਏ ਵਾਪਸ ਪਰਤ ਆਏ ਕਮਰੇ 'ਚ।
ਵਿਚ-ਵਿਚ ਮਾਂ ਚੋਰ-ਨਜ਼ਰਾਂ ਨਾਲ ਕਦੀ ਸਾਨੂੰ ਚਾਰਾਂ ਭੈਣਾਂ ਨੂੰ ਤੇ ਕਦੀ ਉਸ ਤਲਵਾਰ ਨੂੰ ਦੇਖ ਲੈਂਦੀ, ਜਿਹੜੀ ਉਹਨੂੰ ਕਿਸੇ ਕਿਤਾਬ ਨੂੰ ਲਿਖਣ ਲਈ ਸਿਰੋਪੇ ਵਿਚ ਮਿਲੀ ਸੀ ਤੇ ਸਾਡੇ ਵਿਚੋਂ ਕੋਈ ਸਾਵਧਾਨੀ ਵਜੋਂ ਹੇਠਲੇ ਕਮਰੇ ਵਿਚੋਂ ਚੁੱਕ ਲਿਆਇਆ ਸੀ।
ਜਦੋਂ ਕਾਫ਼ੀ ਦੇਰ ਤੀਕ ਭੀੜ ਦੂਜੀ ਮੰਜ਼ਿਲ 'ਚੋਂ ਹੇਠਾਂ ਨਹੀਂ ਗਈ, ਤਾਂ ਉਹਨੇ ਖ਼ੁਦ ਨੂੰ ਮਜ਼ਬੂਤ ਕੀਤਾ। ਹੱਥ ਜੋੜਦਿਆਂ ਹੋਇਆਂ ਕਿਹਾ, "ਮੇਰੀਓ ਬੱਚੀਓ, ਜੇ ਤੁਹਾਨੂੰ ਮਾਰਨਾ ਪਿਆ, ਤਾਂ ਮੈਨੂੰ ਮੁਆਫ਼ ਕਰ ਦੇਣਾ। ਮੈਂ ਸਨ ਸੰਤਾਲੀ ਦੇਖਿਆ ਸੀ, ਔਰਤਾਂ ਦੇ ਨਾਲ ਕੀ ਹੁੰਦਾ ਏ…"
ਏਨੀ ਜਲਦੀ ਅਸੀਂ ਅੰਤ ਤੀਕ ਜਾ ਪਹੁੰਚੇ ਸਾਂ।
ਨਹੀਂ, ਸ਼ਰਮਾ ਜੀ ਸਾਡੇ ਵੱਲ ਈ ਸਨ। ਭੀੜ ਦੇ ਜਾਂਦਿਆਂ ਈ ਉਹਨਾਂ ਧੀਮੀ ਆਵਾਜ਼ ਦਿੱਤੀ, "ਭੈਣ ਜੀ, ਹੁਣ ਸਮਾਂ ਨਹੀਂ ਜੇ, ਗੱਡੀ ਵਿਚ ਬੈਠੋ ਜਲਦੀ।"
ਅਚਾਨਕ ਹੇਠਾਂ ਹਨੇਰੇ ਵਿਚ ਕਿਸੇ ਦੀ ਚੀਕ ਗੂੰਜੀ। ਸ਼੍ਰੀਮਤੀ ਸ਼ਰਮਾ ਏਨੀ ਡਰ ਗਈ ਸੀ ਕਿ ਚੀਕ ਉੱਤੇ ਉਸਦਾ ਵੱਸ ਨਹੀਂ ਸੀ ਰਿਹਾ। "ਇਸ ਘਰ ਨੂੰ ਪੈਟ੍ਰੋਲ ਪਾ ਕੇ ਸਾੜ ਦੇਣਗੇ? ਜੋ ਚੁੱਕਣਾ ਹੋਏ, ਚੁੱਕ ਲਵੋ?" ਉਹਨਾਂ ਦੀ ਦੇਹ ਬੁਰੀ ਤਰ੍ਹਾਂ ਕੰਬ ਰਹੀ ਸੀ। ਹਿਸਟੀਰੀਆ ਸੀ ਇਹ? ਸਾਧਾਰਣ ਮਨ ਉੱਤੇ ਦੰਗੇ ਦਾ ਅਸਰ ਇਸ ਤਰ੍ਹਾਂ ਹੁੰਦਾ ਏ? ਕਾਲਸ ਵਾਂਗ?
ਹੁਣ ਅਸੀਂ ਦੌੜ ਕੇ ਹੇਠਾਂ, ਘਰ ਦੇ ਸਾਹਮਣੇ ਖੜ੍ਹੀ, ਸ਼ਰਮਾ ਜੀ ਦੀ ਗੱਡੀ ਤੀਕ ਪਹੁੰਚਣਾ ਸੀ। ਅਸਾਂ ਪੰਜਾਂ ਭਰਾ-ਭੈਣਾਂ ਨੇ, ਮਾਂ ਨੇ, ਸ਼ਰਮਾ ਜੀ ਦੇ ਦੋ ਛੋਟੇ ਬੱਚਿਆਂ ਵਾਲੇ ਪਰਿਵਾਰ ਨੇ, ਸਾਡੇ ਨੌਕਰ ਨੇ, ਮਾਂ ਦੇ ਇਕ ਚਪੜਾਸੀ ਨੇ, ਜਿਹੜਾ ਹਾਲ ਪੁੱਛਣ ਆਇਆ ਸੀ ਤੇ ਉੱਥੇ ਈ ਰੁਕ ਗਿਆ ਸੀ। ਤੇ ਸੋਨੀਪਤ ਤੋਂ ਇਕ ਸ਼ਾਮ ਪਹਿਲਾਂ ਈ ਮਿਲਣ ਆਏ ਸ਼ਰਮਾ ਜੀ ਦੇ ਮਾਮੇ ਨੇ!
ਭੱਜਦੀ-ਭੱਜਦੀ ਮੈਂ ਫੇਰ ਪਰਤ ਆਈ, ਪੌੜੀਆਂ ਵਿਚ ਲੱਗੇ ਬਿਜਲੀ ਵਾਲੇ ਮੀਟਰ ਦਾ ਫ਼ਿਊਜ਼ ਕੱਢਣ ਲਈ, ਕਿ ਅੱਗ ਲੱਗੇ ਤਾਂ ਘਰ ਵਿਚ ਸ਼ਾਰਟ-ਸਰਕਟ ਨਾ ਹੋਵੇ! ਫ਼ਿਊਜ਼ ਕੱਢਿਆ ਈ ਸੀ, ਹੱਥੋਂ ਘਰ ਦੀ ਚਾਬੀ ਡਿੱਗ ਪਈ। ਹਨੇਰੇ ਵਿਚ ਉਸਨੂੰ ਲੱਭਣ ਦੀ ਛੋਟੀ-ਜਿਹੀ ਬਦਹਵਾਸ ਕੋਸ਼ਿਸ਼ ਪਿੱਛੋਂ ਭੱਜਣ ਲੱਗੀ ਕਿ ਪੈਰ ਦੀ ਇਕ ਚੱਪਲ ਨਿਕਲ ਗਈ।
ਇਹ ਦ੍ਰਿਸ਼ ਹਮੇਸ਼ਾ ਇਵੇਂ ਵਾਪਰਦਾ ਹੋਏਗਾ? ਭੱਜਦੇ ਹੋਏ ਲੋਕਾਂ ਦੀਆਂ ਚੀਜ਼ਾਂ ਇੰਜ ਈ ਪਿੱਛੇ ਰਹਿ ਜਾਂਦੀਆਂ ਹੋਣਗੀਆਂ? ਪਰੋਸੀ ਹੋਈ ਅਣਛੂਹੀ ਥਾਲੀ, ਬੱਚੇ ਦੀ ਦੁੱਧ ਵਾਲੀ ਬੋਤਲ, ਬਜ਼ੁਰਗ ਦੀ ਐਨਕ। ਸਿਰਫ਼ ਇਸਨੂੰ ਇਕ ਵਾਰੀ ਆਪਣੇ ਨਾਲ ਵਾਪਰਦਿਆਂ ਹੋਇਆਂ ਦੇਖਣਾ ਸੀ, ਸ਼ਾਂਤਮਈ ਮਨ ਨਾਲ ਸਮਝਣਾ ਸੀ ਇਸਦਾ ਅਸਰ।
ਬਾਹਰ ਮੇਨ ਰੋਡ 'ਤੇ, ਦੰਗਾਈਆਂ ਦੇ ਐਨ ਨੇੜਿਓਂ, ਜਦੋਂ ਕਿਸੇ ਤਰ੍ਹਾਂ ਆਪਣੀ ਓਵਰਲੋਡ ਗੱਡੀ ਦੌੜਾਂਦੇ ਹੋਏ ਸ਼ਰਮਾ ਜੀ ਸਾਨੂੰ ਲੈ ਗਏ, ਤਾਂ ਉਸ ਵਿਚ ਠਸਾਠਸ ਭਰੇ ਅਸੀਂ ਤੇਰਾਂ ਜਣੇ ਸਾਂ, ਤੇਰਾਂ!
ਹਨੇਰੇ ਵਿਚ ਅਸੀਂ ਕਿੱਥੇ ਜਾ ਰਹੇ ਸਾਂ? ਇਹ ਸ਼ਰਮਾ ਜੀ ਵੀ ਨਹੀਂ ਸਨ ਜਾਣਦੇ।
ਸੜਕਾਂ ਸੁੰਨਸਾਨ ਸਨ। ਸਿਰਫ਼ ਸਾਡੀ ਕਾਰ ਭੱਜੀ ਜਾ ਰਹੀ ਸੀ। ਇਕ ਦੂਜੇ ਵਿਚ ਧਸੇ ਸਾਡੇ ਅੰਗ ਜਿਵੇਂ ਆਪਣੀ ਦੇਹ ਨਾਲੋਂ ਵੱਖ ਹੋ ਗਏ ਸਨ। ਮੇਰੀ ਨੱਕ 'ਤੇ ਕਿਸੇ ਭੈਣ ਦੀ ਗੁੱਤ ਵਲੀ ਗਈ ਸੀ ਤੇ ਇਕ ਬਾਂਹ ਜਿਵੇਂ ਟੁੱਟ ਕੇ ਆਪਣੀ ਪਿੱਠ ਪਿੱਛੇ ਜਾ ਲੱਗੀ ਸੀ। ਬਾਕੀਆਂ ਦੇ ਸਰੀਰ ਦਾ ਕੀ ਹਾਲ ਸੀ, ਪਤਾ ਨਹੀਂ।
ਲਗਭਗ ਪੰਜ-ਛੇ ਕਿਲੋਮੀਟਰ ਅੱਗੇ ਜਾ ਕੇ ਸ਼ਰਮਾ ਜੀ ਨੂੰ ਯਾਦ ਆਇਆ ਕਿ ਥੋੜ੍ਹੀ ਦੂਰ ਰਿਜ 'ਤੇ ਈ, ਲੇ. ਗਵਰਨਰ ਦੀ ਕੋਠੀ ਦੇ ਐਨ ਨਾਲ ਇਕ ਹਾਊਸਿੰਗ ਕੰਪਲੈਕਸ ਵਿਚ ਉਹਨਾਂ ਦੇ ਇਕ ਮਿੱਤਰ ਰਹਿੰਦੇ ਨੇ। ਅਸੀਂ ਉੱਥੇ ਜਾ ਪਹੁੰਚੇ—ਸ਼ਾਂਤ, ਅੱਧ-ਸੁੱਤੇ ਕੰਪਲੈਕਸ ਵਿਚ।
ਖ਼ੈਰ ਜੀ, ਅਸੀਂ ਸਾਰੇ ਕਿਸੇ ਦੁਰਘਟਨਾ ਦਾ ਹਿੱਸਾ ਘੱਟ, ਇਕ ਦੁਖਦਾਈ ਸੁਪਨੇ ਦਾ ਹਿੱਸਾ ਵਧੇਰੇ ਲੱਗ ਰਹੇ ਸਾਂ। ਇਤਿਹਾਸ ਦੀ ਪਹੀ 'ਤੇ ਪੈਰ ਰੱਖ ਚੁੱਕੇ ਸਾਂ ਅਸੀਂ? ਬਿਨਾਂ ਜਾਣੇ?
ਗੁਪਤਾ ਜੀ ਦੇ ਪਰਿਵਾਰ ਨਾਲ ਜਦੋਂ ਸ਼ਰਮਾ ਜੀ ਨੇ ਸਾਡੀ ਜਾਣ-ਪਛਾਣ ਕਰਵਾਈ, ਮੈਂ ਦੇਖਿਆ, ਮੇਰੇ (ਜਵਾਨ) ਸੀਨੇ 'ਤੇ ਦੁਪੱਟਾ ਨਹੀਂ ਏ, ਇਕ ਪੈਰ ਵਿਚ ਚੱਪਲ ਏ, ਰਸਤੇ ਦੀ ਧੱਕਾ-ਮੁੱਕੀ 'ਚ ਐਨਕ ਵਿੰਗੀ ਹੋ ਗਈ ਏ, ਮੈਂ ਮੱਲੋਜ਼ੋਰੀ ਆਪਣੇ ਆਪਣੇ-ਆਪ ਨੂੰ ਸੰਭਾਲਦੀ ਹੋਈ ਉਹਨਾਂ ਨੂੰ ਨਮਸਤੇ ਕਰ ਰਹੀ ਆਂ ਤੇ ਸਿਰ ਦੇ ਇਕ ਕੋਨੇ ਵਿਚ ਇਕ ਚਿੰਤਾ ਦਾ ਭੰਵਰ ਭੌਂ ਰਿਹਾ ਏ—ਪਤਾ ਨਹੀਂ ਦਾਰਜੀ ਨਾਲ ਕੀ ਵਾਪਰਿਆ ਹੋਏਗਾ?
ਗੁਪਤਾ ਜੀ ਨੇ ਸਾਨੂੰ ਸਾਰਿਆਂ ਨੂੰ ਤਸੱਲੀ ਦਿੱਤੀ ਤੇ ਥੋੜ੍ਹੀ ਦੇਰ ਪਿੱਛੋਂ ਕਿਸੇ ਨੂੰ ਫ਼ੋਨ ਕੀਤਾ। ਉਸ ਕੰਪਲੈਕਸ ਵਿਚ ਰਹਿਣ ਵਾਲੇ ਉਹਨਾਂ ਦੇ ਇਕ ਸਿੱਖ ਗੁਆਂਢੀ ਆਏ, ਸਾਨੂੰ ਆਪਣੇ ਨਾਲ ਲੈ ਗਏ। ਸ਼ਰਮਾ ਜੀ ਦਾ ਪਰਿਵਾਰ ਉੱਥੇ ਈ ਰਹਿ ਪਿਆ, ਆਪਣੇ ਮਿੱਤਰ ਕੋਲ।
ਘਰ ਪਹੁੰਚਦੇ ਈ ਉਹਨਾਂ ਅਣਜਾਣ ਸਰਦਾਰ ਜੀ ਨੇ ਮਾਂ ਨੂੰ ਪੁੱਛਿਆ, 'ਭੈਣ ਜੀ, ਇਹਨਾਂ ਨੇ ਸਾਨੂੰ ਸਿੱਖਾਂ ਨੂੰ ਇਕੱਠੇ ਕਰ ਦਿੱਤਾ ਏ, ਕਿਤੇ ਘੇਰ ਕੇ ਮਾਰ ਤਾਂ ਨਹੀਂ ਦੇਣਗੇ?'
ਸਿਰਫ਼ ਇਕ ਦਿਨ ਵਿਚ, ਕੁਝ ਘੰਟਿਆਂ ਦੇ ਵਕਫ਼ੇ ਨਾਲ ਅਸੀਂ ਆਪਣੀ ਮਨੁੱਖਤਾ ਗੰਵਾਅ ਬੈਠੇ ਸਾਂ? ਹੁਣ ਅਸੀਂ ਪਸ਼ੂ ਸਾਂ, ਡਰੇ ਹੋਏ, ਵਾੜੇ ਵਿਚ ਕੈਦ ਬਦਹਵਾਸ, ਜਿਹਨਾਂ ਦੀ ਟੋਹ ਵਿਚ ਸ਼ਿਕਾਰੀ ਕਦੀ ਵੀ ਆ ਸਕਦੇ ਸਨ। ਡਰੇ ਹੋਏ ਪਸ਼ੂ ਕੀ ਕਰਦੇ ਨੇ? ਸਿੰਗ ਹੋਣ ਤਾਂ ਧਰਤੀ ਵਿਚ ਘਸੋੜ ਦੇਂਦੇ ਨੇ—ਤਿਆਰ ਹੋ ਜਾਂਦੇ ਨੇ ਆਖ਼ਰੀ ਦਾਅ ਖੇਡਣ ਲਈ।
ਸਰਦਾਰ ਜੀ ਸਾਡੇ ਨਾਲ ਆਏ ਸੇਵਕਾਂ ਨੂੰ ਪਿਛਲੇ ਵਿਹੜੇ ਵਿਚ ਲੈ ਗਏ—ਖਾਲੀ ਗ਼ਮਲੇ ਤੇ ਪੱਥਰ ਇਕੱਠੇ ਕਰਕੇ ਹਨੇਰੇ ਵਿਚ ਛੱਤ 'ਤੇ ਲੈ ਜਾਣ ਲਈ। ਅਚਾਨਕ ਆਈ ਬਿਪਤਾ ਵਿਚ, ਇਹ ਸਾਡਾ ਨਿਹੱਥਿਆਂ ਦਾ ਬਚਾ ਲਈ ਸਾਮਾਨ ਸੀ।
ਅਸੀਂ ਭੈਣਾਂ ਉਹਨਾਂ ਦੇ ਵੱਡੇ ਕਮਰੇ ਵਿਚ ਚਾਦਰ ਵਿਛਾਉਣ ਲੱਗ ਪਈਆਂ, ਭਰਾ ਵੀ। ਦਿਨੇਂ ਉਸਦੀ ਗੁੱਤ ਕਰਕੇ ਅਸੀਂ ਉਸਨੂੰ ਫਰਾਕ ਪੁਆ ਦਿੱਤੀ ਸੀ। ਦੇਰ ਬਾਅਦ ਸਰਦਾਰ ਜੀ ਨੂੰ ਪਤਾ ਲੱਗਿਆ, ਉਹ ਮੁੰਡਾ ਏ।
ਕੈਸਾ ਸਮਾਂ ਆ ਗਿਆ ਏ, ਇਕ ਵਾਰੀ ਫੇਰ ਭੈਣ ਜੀ!
ਸਰਦਾਰ ਜੀ ਤੇ ਮਾਂ ਨੂੰ ਪਤਾ ਨਹੀਂ ਕਿਹੜੀਆਂ ਯਾਦਾਂ ਨੇ ਦੁਖੀ ਕਰ ਦਿੱਤਾ ਸੀ।
ਉਸੇ ਕਮਰੇ ਵਿਚ ਅਸੀਂ ਰਾਤ ਕੱਟੀ ਸੀ, ਉਸ ਛੋਟੀ-ਜਿਹੀ ਛਾਊਣੀ ਵਿਚ।
ਇਸ ਦੌਰਾਨ ਮੈਂ ਭੁੱਲੀ ਨਹੀਂ, ਕੁਝ ਵੀ ਨਹੀਂ, ਨਾ ਆਪਣੇ ਲਾਪਤਾ ਪਿਤਾ ਨੂੰ, ਨਾ ਕਾਨੂੰਨ ਵਿਵਸਥਾ ਵਿਚ ਆਪਣੇ ਵਿਸ਼ਵਾਸ ਨੂੰ।
ਰਾਤੀਂ ਮੈਂ ਪੁਲਿਸ ਕੰਟਰੋਲ-ਰੂਮ ਵਿਚ ਫ਼ੋਨ ਕਰਦੀ ਰਹੀ। ਅੱਧੀ ਰਾਤ ਤੀਕ, ਅੱਧੀ ਰਾਤ ਤੋਂ ਬਾਅਦ ਵੀ। ਹਰ ਵਾਰੀ ਘੰਟੀ ਵੱਜਦੀ ਰਹੀ ਸੀ—ਕਿਸੇ ਨੇ ਫ਼ੋਨ ਈ ਨਹੀਂ ਚੁੱਕਿਆ ਸੀ, ਉਦੋਂ ਮਾਂ ਨੇ ਕਿਹਾ ਸੀ, "ਮੈਂ ਸਾਰੇ ਗਹਿਣੇ ਤੇ ਜ਼ਰੂਰੀ ਕਾਗਜ਼ ਤਾਂ ਤੇਰੀ ਮੇਜ਼ 'ਤੇ ਈ ਭੁੱਲ ਆਈ ਆਂ…"
ਭੁੱਲ ਜਾਂਦਾ ਏ, ਸਭ ਕੁਝ ਭੁੱਲ ਜਾਂਦਾ ਏ ਡਰਿਆ ਹੋਇਆ ਆਦਮੀ। ਟੱਟੀ-ਪਿਸ਼ਾਬ ਉੱਤੇ ਕਾਬੂ, ਗੋਦੀ ਵਾਲਾ ਆਪਣਾ ਬੱਚਾ ਤੀਕ। ਇਹ ਤਾਂ ਸਿਰਫ਼ ਕਾਗਜ਼ ਸਨ।
ਮਾਂ ਨੂੰ ਹੌਸਲਾ ਸੀ ਕਿ ਅਸੀਂ ਉਸਦੇ ਕੋਲ ਸਾਂ, ਉਸਦੇ ਬੱਚੇ। ਤੇ ਗੁਪਤ ਚਿੰਤਾ।
ਜੇ ਉਸ ਰਾਤ, ਮੰਦੀ ਕਿਸਮਤ ਉਸ ਤੋਂ ਪੁੱਛਦੀ, 'ਸਿਰਫ਼ ਇਕ ਨੂੰ ਚੁਣ ਸਕਦੀ ਏਂ, ਬੱਚੇ, ਪਤੀ ਜਾਂ ਕਾਗਜ਼ਾਂ ਵਿਚੋਂ ਕਿਸੇ ਇਕ ਨੂੰ', ਤਾਂ ਕੀ ਕਰਦੀ ਉਹ? ਕਿੱਥੇ ਜਾਂਦੀ ਉਹ ਇਸ ਚੁਨਣ-ਛੱਡਣ ਪਿੱਛੋਂ? ਕਿਸੇ ਅੰਨ੍ਹੇ ਖ਼ੂਹ ਵਿਚ ਡਿੱਗੀ ਰਹਿੰਦੀ ਉਹ ਸਾਰੀ ਉਮਰ।
ਗੱਲਾਂ ਕਰਦਿਆਂ, ਸੰਤਾਪ ਭੋਗਦਿਆਂ ਰਾਤ ਦੇ ਦੋ ਵੱਜਣ ਵਾਲੇ ਹੋ ਗਏ। ਉਦੋਂ ਈ ਫ਼ੋਨ ਦੀ ਘੰਟੀ ਵੱਜੀ। ਕਿਸੇ ਨੇ ਸਰਦਾਰ ਜੀ ਤੋਂ ਪੁੱਛਿਆ, "ਰੋਟੀ-ਪਾਣੀ ਖਾ-ਪੀ ਲਿਆ ਤੁਸੀਂ?"
ਹਾਂ-ਜੀ।
ਬੜਾ ਚੰਗਾ ਕੀਤਾ। ਜ਼ਹਿਰ ਮਿਲਿਆ ਹੋਇਆ ਸੀ ਤੁਹਾਡੀ ਪਾਣੀ ਦੀ ਟੈਂਕੀ ਵਿਚ।
ਕਿਹੜਾ ਜ਼ਹਿਰ ਸੀ ਉਸ ਰਾਤ, ਜਿਹੜਾ ਸਾਡੇ ਸਾਰਿਆਂ ਵਿਚ ਫ਼ੈਲਦਾ ਰਿਹਾ ਸੀ।
ਮਨ ਵਿਚ ਮੈਲ ਦਾ ਜ਼ਹਿਰ ਸੀ, ਪਾਣੀ ਵਿਚ ਨਹੀਂ। ਇਸ ਤਰ੍ਹਾਂ ਅਸੀਂ ਮਰਦੇ ਆਂ। ਇਸ ਤਰ੍ਹਾਂ ਅਸੀਂ ਵਿਸ਼ ਤੋਂ ਉਪਰ ਉਠਦੇ ਆਂ, ਮੈਲ ਤੋਂ ਵੀ।
ਸਵੇਰੇ ਸਾਢੇ ਪੰਜ ਵਜੇ ਅੱਖ ਖੁੱਲ੍ਹੀ ਤਾਂ ਅਸੀਂ ਜਿਊਂਦੇ ਸੀ। ਸਾਰੇ ਈ।
ਤੇ ਦਾਰਜੀ? ਸਾਡਾ ਘਰ?
ਮੈਂ ਗੁਆਂਢਣ ਆਂਟੀ ਨੂੰ ਫ਼ੋਨ ਕੀਤਾ। 'ਆਂਟੀ, ਸਾਡਾ ਘਰ ਸੜ ਗਿਆ ਕਿ?'
ਸਾਰੀ ਰਾਤ ਨੀਂਦ ਵਿਚ ਸਾਡੀਆਂ ਕਿਤਾਬਾਂ ਦੇ ਸੁਨਹਿਰੀ ਕਾਗਜ਼ ਸੜਦੇ ਰਹੇ ਸਨ। ਦਾਰਜੀ ਦੀਆਂ ਪੁਰਾਣੀਆਂ, ਦੁਰਲੱਭ ਕਿਤਾਬਾਂ, ਜਿਹੜੀਆਂ ਪਿਛਲੀ ਵਾਰ ਹੜ੍ਹ ਵਿਚ ਭਿੱਜ ਗਈਆਂ ਸਨ ਤੇ ਕਿੰਨੇ ਈ ਦਿਨ ਅਸੀਂ ਉਹਨਾਂ ਨੂੰ ਧੁੱਪੇ ਸੁਕਾਉਂਦੇ ਰਹੇ ਸਾਂ।
ਨਹੀਂ, ਘਰ ਠੀਕ-ਠਾਕ ਸੀ। ਗੁਆਂਢੀਆਂ ਨੇ ਬਚਾ ਲਿਆ ਸੀ। ਇਕ ਘਰ ਸੜਦਾ, ਤਾਂ ਦੂਜਾ ਅੱਗ ਫੜ੍ਹ ਲੈਂਦਾ। ਮੁਹੱਲੇ ਦੇ ਜਵਾਨ ਮੁੰਡਿਆਂ ਨੇ ਟੋਲੀ ਬਣਾ ਲਈ ਸੀ, ਸਾਡੇ ਜਾਣ ਪਿੱਛੋਂ। ਸਾਰੀ ਰਾਤ ਸਾਰੇ ਪਹਿਰਾ ਦੇਂਦੇ ਰਹੇ ਸਨ।
ਪਹੁ-ਫੁਟਾਲੇ ਦੇ ਨਾਲ ਅਸੀਂ ਉਸੇ ਤਰ੍ਹਾਂ ਸ਼ਰਮਾ ਜੀ ਦੇ ਨਾਲ ਵਾਪਸ ਪਰਤ ਆਏ। ਇਕ ਧੁੰਦਲੀ-ਜਿਹੀ ਉਮੀਦ ਸੀ, ਅਸੀਂ ਪਹੁੰਚਾਂਗੇ ਤਾਂ ਪਿਤਾ ਉੱਥੇ ਹੋਣਗੇ...ਪਰ ਉੱਥੇ ਕੋਈ ਨਹੀਂ ਸੀ। ਮੇਰੀ ਲੱਥੀ ਹੋਈ ਚੱਪਲ ਤੇ ਡਿੱਗੀ ਹੋਈ ਘਰ ਦੀ ਚਾਬੀ ਉੱਥੇ ਵਿਹੜੇ ਵਿਚ ਈ ਪਈ ਸੀ।
ਦੋ ਦਿਨ। ਤਿੰਨ ਦਿਨ।
ਅਸੀਂ ਤੀਜੀ ਮੰਜ਼ਿਲ ਦੀ ਸਟੱਡੀ ਵਿਚ ਲੁਕੇ ਬੈਠੇ ਰਹੇ। ਪੰਜ ਐਨ ਫਰੈਂਕ ਤੇ ਇਕ ਮਾਂ।
ਸਾਰਾ ਸਮਾਜ ਜਿਵੇਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਇਕ ਸੜਕ 'ਤੇ ਸੀ, ਦੂਜਾ ਪਰਛੱਤੀਆਂ ਵਿਚ। ਬਰਸਾਤੀ ਵਿਚ ਲੁਕੇ-ਲੁਕੇ ਈ ਜਾਣ-ਪਛਾਣ ਵਾਲਿਆਂ ਦੇ ਫ਼ੋਨ। ਮਾੜੀਆਂ ਖ਼ਬਰਾਂ।
ਗੁਰੂਦੁਆਰੇ ਸਾੜੇ ਜਾ ਰਹੇ ਸਨ। ਟਰੇਨਾਂ ਰੁਕਵਾ ਕੇ ਯਾਤਰੀਆਂ ਨੂੰ ਲੱਭ-ਲੱਭ ਕੇ ਮਾਰਿਆ ਜਾ ਰਿਹਾ ਸੀ। ਪਰ ਰੇਡੀਓ, ਟੀਵੀ ਦੀਆਂ ਖ਼ਬਰਾਂ ਵਿਚ ਇਹਨਾਂ ਦਾ ਜ਼ਿਕਰ ਤੀਕ ਨਹੀਂ ਸੀ। ਉੱਥੇ ਦਿਨ-ਰਾਤ ਇਕ ਮਹਾਨ ਸ਼ਵ-ਯਾਤਰਾ ਦੀ ਤਿਆਰੀ ਦਾ ਪ੍ਰਸਾਰਣ ਹੁੰਦਾ ਰਿਹਾ ਸੀ।
ਕਿੱਥੇ ਰਹਿ ਗਏ ਦਾਰ ਜੀ?
ਇਸ ਦੌਰਾਨ ਇਕ ਜਾਣ-ਪਛਾਣ ਵਾਲੇ ਏਸੀਪੀ ਨਾਲ ਮੇਰਾ ਫ਼ੋਨ ਮਿਲ ਗਿਆ। “ਅੰਕਲ, ਦਾਰਜੀ ਦੀ ਸੱਜੀ ਬਾਂਹ ਉੱਤੇ ਉਹਨਾਂ ਦਾ ਨਾਂ ਖ਼ੁਦਿਆ ਹੋਇਆ ਏ...”
ਇਕ ਹੱਦ ਪਿੱਛੋਂ ਅਸੀਂ ਕੁਝ ਵੀ ਸੁਨਣ-ਝੱਲਣ ਲਈ ਤਿਆਰ ਹੋ ਜਾਂਦੇ ਆਂ।
“ਬੇਟਾ, ਇੱਥੇ ਏਨੀਆਂ ਲਾਸ਼ਾਂ ਨੇ ਕਿ ਪਛਾਣ 'ਚ ਆਉਣਾ ਮੁਸ਼ਕਲ ਏ।”
***
ਚੌਥੇ ਦਿਨ, ਕਰਫ਼ਿਊ ਖੁੱਲ੍ਹਣ ਪਿੱਛੋਂ ਇਕ ਅਜਨਬੀ ਗਰੀਬ ਔਰਤ ਸਾਡੇ ਪਿਤਾ ਦਾ ਨਾਂ ਪੁੱਛਦੀ ਹੋਈ ਆਈ। ਤਦ ਤੀਕ ਅਸੀਂ ਏਨੇ ਅਰਸੇ ਦੇ ਜੜ੍ਹ ਤੇ ਭੈਭੀਤ ਹੋਏ-ਹੋਏ ਸਾਂ ਕਿ ਤੁਰੰਤ, ਨਾ ਹਾਂ ਕਹਿ ਸਕੇ, ਨਾ ਹਾਂ।
“ਡਰੋ ਨਾ,” ਉਸਨੇ ਕਿਹਾ, “ਅਹਿ ਆਪਣੇ ਪਿਤਾ ਦੀ ਲਿਖਾਵਟ ਪਛਾਣਦੇ ਓਂ।”
ਉਸਦੇ ਹੱਥਲੇ ਕਾਗਜ਼ ਉੱਤੇ ਸੱਚਮੁੱਚ ਦਾਰਜੀ ਦੇ ਹਰਫ਼ ਸਨ। ਘਰ ਦਾ ਪਤਾ ਤੇ ਦਾਰਜੀ ਦੇ ਚੇਤੇ ਵਿਚ ਉਲਟ-ਪਲਟ ਗਿਆ ਫ਼ੋਨ ਨੰਬਰ, ਉੱਥੇ ਲਿਖੇ ਸਨ। ਇਸੇ ਕਰਕੇ ਉਹ ਸਾਨੂੰ ਖ਼ਬਰ ਨਹੀਂ ਦੇ ਸਕੇ ਸਨ।
“ਉਹ ਠੀਕ ਨੇ।”
ਉਹ ਠੀਕ ਨੇ? ਉਹ ਠੀਕ ਨੇ!
ਲਗਭਗ ਬਾਰਾਂ ਕਿਲੋਮੀਟਰ ਪੈਦਲ ਚੱਲ ਕੇ ਉਹ ਔਰਤ ਸਾਡੇ ਘਰ ਪਹੁੰਚੀ ਸੀ। ਸੁੰਨਸਾਨ ਸੜਕਾਂ ਤੇ ਕਰਫ਼ਿਊ ਵਿਚੋਂ ਲੰਘ ਕੇ ਲੱਭਦੀ ਹੋਈ।
ਦਾਰਜੀ ਲਾਲ ਕਿਲੇ ਦੇ ਪਿੱਛੇ ਵੱਸੀ ਉਹਨਾਂ ਦੀ ਗੁਮਨਾਮ ਬਸਤੀ ਵਿਚ ਸਨ।
ਉਹ ਉੱਥੇ ਕਿੰਜ ਪਹੁੰਚ ਗਏ? ਇਹ ਇਕ ਬੁਝਾਰਤ ਈ ਸੀ।
***
ਇਸ ਦੁੱਖ ਨੂੰ ਰੋਜ਼-ਰੋਜ਼ ਭੋਗਣਾ ਕਿਉਂ ਪੈਂਦਾ ਏ?
ਕੇਹੀ ਅਜ਼ੀਬ ਗੱਲ ਏ! ਮਾਂ ਸੰਨ 1984 ਦੇ ਦੰਗਿਆਂ ਵਿਚ ਘਿਰੀ ਤਾਂ ਸੰਨ 1947 ਯਾਦ ਆਇਆ। ਮੈਂ ਸੰਨ 2002 ਦਾ ਗੁਜਰਾਤ ਦੇਖ ਰਹੀ ਆਂ ਤਾਂ ਸੰਨ 84 ਨਹੀਂ ਭੁੱਲਦਾ।
ਕੀ ਯਾਦ ਦਾ ਡੰਗ ਨਾਲ ਏਨਾ ਪੀਢਾ ਸੰਬੰਧ ਹੁੰਦਾ ਏ?
ਜਿਵੇਂ ਸਾਡਾ ਸਾਰਾ ਇਤਿਹਾਸ ਸਾਡੇ ਦੁੱਖਮਈ ਸੁਪਨਿਆਂ ਦੇ ਇਤਿਹਾਸ ਨਾਲੋਂ ਵੱਖਰਾ ਕੁਝ ਵੀ ਨਾ ਹੋਵੇ। ਕੋਈ ਭੁੱਲਿਆ-ਭਟਕਿਆ ਸੱਚ, ਸੁੱਖ ਜਾਂ ਖ਼ੁਸ਼ੀ ਦਾ ਛਿਣ ਆਉਂਦਾ ਵੀ ਏ ਤਾਂ ਲੰਮੇ ਹਨੇਰੇ ਨੂੰ ਚੀਰ ਕੇ—ਸਿਰਫ਼ ਛਿਣ ਭਰ ਲਈ।
ਮੈਂ ਵਾਰ-ਵਾਰ ਉੱਥੇ ਜਾ ਪਹੁੰਚਦੀ ਆਂ। ਉੱਥੇ, ਜਿੱਥੇ ਜਮਨਾ ਬਾਜ਼ਾਰ ਕੋਲ ਰਿੰਗ ਰੋੜ 'ਤੇ ਬਸ ਚਾਲਕ ਨੇ ਦਾਰਜੀ ਨੂੰ ਉਤਾਰ ਦਿੱਤਾ ਸੀ—ਅੱਗੇ ਹੁੰਦਾ ਹੋਇਆ ਦੰਗਾ ਦੇਖ ਕੇ।
ਦਾਰਜੀ ਉਤਰੇ ਈ ਸਨ ਕਿ ਪਤਾ ਨਹੀਂ ਕਿੱਥੋਂ ਭੂੰਡਾਂ ਦੇ ਖੱਖਰ ਵਾਂਗ ਦੰਗਾਈ ਉਹਨਾਂ ਉੱਤੇ ਟੁੱਟ ਪਏ ਸਨ। ਹੱਥਾਂ ਵਿਚ ਬਾਂਸ ਤੇ ਸੋਟੀਆਂ ਲਈ। ਕਿਸੇ ਨੇ ਉਹਨਾਂ ਦੀ ਜੇਬ ਨਹੀਂ ਫਰੋਲੀ, ਪੈਸੇ ਨਹੀਂ ਖੋਹੇ, ਘੜੀ ਨਹੀਂ ਲਾਹੀ। ਬੱਸ ਉਹਨਾਂ ਨੂੰ ਕੁੱਟ-ਕੁੱਟ ਕੇ ਮੁਰਦਾ ਕਰਕੇ ਉੱਥੇ ਸੁੱਟ ਗਏ।
ਪਤਾ ਨਹੀਂ, ਉਹ ਕਿੰਨੀ ਦੇਰ ਤੀਕ ਰਿੰਗ ਰੋਡ ਦੇ ਕਿਨਾਰੇ ਪਏ ਰਹੇ।
ਅੱਖ ਖੁੱਲ੍ਹੀ, ਤਾਂ ਦੱਸਦੇ ਨੇ, ਬੜੀ ਪਿਆਸ ਲੱਗੀ ਸੀ। ਏਨੀ ਮਾਰ ਪਿੱਛੋਂ ਕੋਈ ਪੀੜ ਨਹੀਂ, ਅਹਿਸਾਸ ਨਹੀਂ। ਸਿਰਫ਼ ਪਿਆਸ। ਗਲ਼ ਵਿਚ ਚੁੱਭਦੀ ਪਿਆਸ। ਸਿਰ ਉੱਤੇ ਪਟਕਾ, ਪੱਗ ਨਹੀਂ, ਇਹ ਵੀ ਪਿੱਛੋਂ ਪਤਾ ਲੱਗਿਆ।
ਪਰ ਇਸ ਪੱਗ ਦੇ ਕਾਰਨ ਹੀ ਤਾਂ ਸਿਰ ਬਚ ਗਿਆ।
ਉਹ ਉੱਠੇ, ਸਾਹਮਣੇ ਹਨੂਮਾਨ ਜੀ ਦੇ ਮੰਦਰ ਵੱਲ ਤੁਰ ਪਏ, ਜਿੱਥੇ ਬਾਹਰ ਈ ਇਕ ਨਲਕਾ ਲੱਗਾ ਹੋਇਆ ਸੀ। ਪਾਣੀ ਪੀਣ ਲਈ ਝੁਕੇ ਈ ਸਨ ਕਿ ਇਕ ਮੇਹਤਰਾਨੀ (ਕੰਮਵਾਲੀ) ਨੇ ਦੇਖ ਲਿਆ। ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਏਧਰ ਸਰਦਾਰ ਐ...”
ਉਸ ਰੌਲੇ ਤੋਂ ਈ ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਨਾਲ ਉਸ ਤੋਂ ਪਹਿਲਾਂ ਕੀ ਬੀਤ ਚੁੱਕਿਆ ਸੀ। ਵਰਨਾ ਉਹਨਾਂ ਨੂੰ ਮਾਰ ਦਾ ਕੋਈ ਧਿਆਨ ਈ ਨਹੀਂ ਸੀ।
ਦਸਦੇ ਨੇ 'ਮੈਂ ਭੱਜਣਾ ਸ਼ੁਰੂ ਕੀਤਾ। ਕਿੱਧਰ ਜਾ ਰਿਹਾਂ, ਕੁਛ ਪਤਾ ਨਹੀਂ। ਕੋੜੀਆ ਪੁਲ ਵੱਲ ਮੁੜਿਆ, ਤਾਂ ਦੇਖਿਆ ਭੀੜ ਸਿੱਖਾਂ ਨੂੰ ਹੱਥ-ਪੈਰ ਫੜ੍ਹ ਕੇ ਹੇਠਾਂ ਸੁੱਟ ਰਹੀ ਏ। ਮੈਂ ਮੁੜ ਕੇ ਦੂਜੇ ਪਾਸੇ ਵੱਲ ਦੌੜ ਪਿਆ। ਦੂਰ-ਦੂਰ ਤੀਕ ਕੋਈ ਆਦਮੀ ਨਹੀਂ, ਸੜਕ ਨਹੀਂ, ਇਹ ਹੋਸ਼ ਤੀਕ ਨਹੀਂ ਕਿ ਸੜਕ 'ਤੇ ਨਹੀਂ, ਲਾਲ ਕਿਲੇ ਪਿੱਛੇ ਬਣੀ ਕਿਸੇ ਕੂੜਾ ਸੁੱਟਣ ਵਾਲੀ ਖਾਈ ਵਿਚ ਨੱਸ ਰਿਹਾ ਆਂ...'
ਖਾਈ ਵਿਚ ਸਨ, ਇਹ ਉਦੋਂ ਪਤਾ ਲੱਗਿਆ ਜਦੋਂ ਦੂਜੇ ਪਾਸੇ ਆ ਪਹੁੰਚੇ, ਮੁਹਾਨੇ ਦੇ ਐਨ ਕੋਲ।
ਉੱਥੇ, ਮੰਜੀ ਉੱਤੇ ਬੈਠੇ, ਕੁਝ ਆਵਾਰਾ ਲੱਗਦੇ ਮੁੰਡੇ ਤਾਸ਼ ਖੇਡ ਰਹੇ ਸਨ।
ਹੁਣ ਬਚਣਾ ਮੁਸ਼ਕਲ ਏ।' ਇਹ ਸੋਚ ਕੇ ਮੈਂ ਖ਼ੁਦ ਈ ਉਹਨਾਂ ਕੋਲ ਬਾਹਾਂ ਲਟਕਾਈ ਜਾ ਖੜ੍ਹਾ ਹੋਇਆ। ਪਰ ਉਹ ਸਾਰੇ ਤਾਂ ਖੇਡਣ ਵਿਚ ਮਸਤ ਸਨ। ਉਹਨਾਂ ਨੇ ਧਿਆਨ ਈ ਨਹੀਂ ਦਿੱਤਾ ਕਿ ਕੋਈ ਉੱਥੇ ਆਣ ਖੜ੍ਹਾ ਹੋਇਆ ਏ। ਫੇਰ ਇਕ ਨੇ ਦੇਖਿਆ, ਪੁੱਛਿਆ, "ਕਿਉਂ ਸਰਦਾਰ ਜੀ, ਕੀ ਗੱਲ ਏ?" ਮੈਂ ਕਿਹਾ, "ਉਹੀ ਗੱਲ ਏ।" ਸਾਰੇ ਮੇਰੇ ਮੂੰਹ ਵੱਲ ਦੇਖਣ ਲੱਗ ਪਏ। "ਜਿਊਂਦਾ ਤਾਂ ਤੁਸੀਂ ਮੈਨੂੰ ਛੱਡੋਗੇ ਨਹੀਂ', ਮੈਂ ਕਿਹਾ, 'ਹੁਣ ਜੋ ਚਾਹੋ, ਮੇਰੇ ਨਾਲ ਕਰ ਲਓ।"
ਮੈਂ ਉੱਥੇ ਨਹੀਂ ਸੀ। ਪਰ ਉਹਨਾਂ ਦੀ ਰੋਣਹਾਕੀ-ਜਿਹੀ ਇਹ ਆਵਾਜ਼ ਹੁਣ ਵੀ ਮੇਰੇ ਦਿਮਾਗ਼ ਵਿਚ ਗੂੰਜ ਰਹੀ ਏ।
ਕੋਈ ਗੱਲ ਹੋਈ ਏ? ਉਹਨਾਂ ਵਿਚੋਂ ਇਕ ਉੱਠ ਕੇ ਖੜ੍ਹਾ ਹੋ ਗਿਆ।
ਜਿਵੇਂ ਪਹਿਲੀ ਵਾਰ ਉਸਨੇ ਉਹਨਾਂ ਦਾ ਹਾਲ ਦੇਖਿਆ ਹੋਵੇ, ਵੱਟੋ-ਵੱਟ ਕੱਪੜੇ, ਸਿਰ 'ਤੇ ਸਿਰਫ਼ ਸਾਫ਼ਾ, ਮਾਰ ਖਾਧਾ ਹੋਇਆ ਸੁੱਜਿਆ ਮੂੰਹ।
ਫੇਰ ਸਾਰਿਆਂ ਨੇ ਉਹਨਾਂ ਵੱਲ ਦੇਖਿਆ ਤੇ ਉੱਠ ਖੜ੍ਹੇ ਹੋਏ।
ਇਕ ਨੇ ਉਹਨਾਂ ਨੂੰ ਸਹਾਰਾ ਦਿੱਤਾ ਈ ਸੀ ਕਿ ਉਹਨਾਂ ਦੀਆਂ ਸਾਰੀਆਂ ਸੱਟਾਂ ਚੀਕਣ ਲੱਗ ਪਈਆਂ। ਉਹ ਉਹਨਾਂ ਨੂੰ ਸਹਾਰਾ ਦੇ ਕੇ ਆਪਣੀ ਬਸਤੀ ਵਿਚ ਲੈ ਗਏ ਸਨ। ਉੱਥੇ ਇਕ ਕੁੜੀ ਨੇ ਉਹਨਾਂ ਨੂੰ ਪਛਾਣ ਲਿਆ, “ਇਹ ਤਾਂ ਪ੍ਰਿੰਸੀਪਲ ਮੈਡਮ ਦੇ ਪਤੀ ਨੇ।”
ਉਹ ਉਸੇ ਕਾਲਜ ਵਿਚ ਪੜ੍ਹਦੀ ਸੀ, ਜਿੱਥੇ ਮਾਂ ਪ੍ਰਿੰਸੀਪਲ ਸੀ।
ਤੇ ਹੁਣ ਮੈਂ ਤੇ ਮਾਂ, ਉਸ ਗ਼ਰੀਬ ਔਰਤ ਨਾਲ ਗੱਡੀ ਵਿਚ ਬੈਠੇ, ਕਰਫ਼ਿਊ ਕਾਰਨ ਸੁੰਨਸਾਨ ਪਈਆਂ ਸੜਕਾਂ ਉੱਤੋਂ ਹੁੰਦੇ ਹੋਏ ਉਹਨਾਂ ਨੂੰ ਲੈਣ ਜਾ ਰਹੇ ਸਾਂ—ਮੈਂ, ਉਹਨਾਂ ਦੀ ਪੱਤਰਕਾਰ ਧੀ, ਹਰ ਬੈਰੀਅਰ ਉੱਤੇ ਆਪਣਾ ਪ੍ਰੈੱਸ ਕਾਰਡ ਦਿਖਾ ਕੇ ਪੋਟਾ-ਪੋਟਾ ਅੱਗੇ ਵਧ ਰਹੀ ਸਾਂ।
ਬੜੀ ਉਤਸੁਕਤਾ ਸੀ ਨਾ ਮੈਨੂੰ, ਦੰਗੇ ਦੇਖਣ ਦੀ?
ਉਸ ਦਿਨ ਮੈਂ ਸਭ ਦੇਖ ਲਿਆ। ਲੁੱਟੀਆਂ ਹੋਈਆਂ ਦੁਕਾਨਾਂ, ਸੜਕਾਂ ਉੱਤੇ ਖਿੱਲਰਿਆ ਸਾਮਾਨ, ਸੜੇ ਹੋਏ ਟਰੱਕ, ਸਟੇਰਿੰਗ 'ਤੇ ਬੈਠੀਆਂ, ਸੜੀਆਂ ਹੋਈਆਂ ਲਾਸ਼ਾਂ।
ਅੱਗ ਵਿਚ ਘਿਰਿਆ ਆਦਮੀ ਕਿੰਨੀ ਦੇਰ ਵਿਚ ਮਰਦਾ ਏ? ਪਹਿਲਾਂ ਚਮੜੀ ਸੜਦੀ ਏ, ਫੇਰ ਨਸਾਂ। ਪਾਣੀ ਤੇ ਖ਼ੂਨ ਲੈ ਜਾਣ ਵਾਲੀਆਂ ਨਾੜਾਂ ਦੇ ਸੁੰਗੜ-ਪਿਚਕ ਜਾਣ ਕਰਕੇ ਸਰੀਰ ਨਾਲੋਂ ਪਾਣੀ ਦਾ ਸੰਬੰਧ ਟੁੱਟ ਜਾਂਦਾ ਏ। ਮਰਨ ਵਾਲਾ ਅੱਗ ਨਾਲ ਨਹੀਂ, ਪਿਆਸ ਨਾਲ ਮਰਦਾ ਏ। ਸਰੀਰ 'ਚ ਪਾਣੀ ਦੀ ਕਮੀ ਹੋ ਜਾਣ ਨਾਲ ਮਰਦਾ ਏ।
ਇਹ ਸਭ ਮੈਂ ਦੇਖਿਆ, ਵਰ੍ਹਿਆਂ ਬਾਅਦ, ਇਕ ਡਾਕੂਮੈਂਟਰੀ ਵਿਚ।
ਗੋਧਰਾ ਦੀ ਟਰੇਨ ਵਿਚ ਵੀ ਇਸੇ ਤਰ੍ਹਾਂ ਮਰੇ ਹੋਣਗੇ?
ਅਸੀਂ ਉਹਨਾਂ ਨੂੰ ਲੈ ਆਏ, ਕੰਬਲ ਵਿਚ ਲਪੇਟ ਕੇ, ਲੁਕਾ ਕੇ।
ਦਾਰਜੀ ਨੂੰ ਗੁੰਮ ਸੱਟਾਂ ਲੱਗੀਆਂ ਸਨ। ਚਾਰ ਦਿਨ ਬਸਤੀ ਦੇ ਇਹ ਲੋਕ ਉਹਨਾਂ ਨੂੰ ਗਰਮ ਦੁੱਧ ਵਿਚ ਹਲਦੀ ਘੋਲ ਕੇ ਪਿਆਉਂਦੇ ਰਹੇ ਸਨ। ਗ਼ਰੀਬ ਲੋਕਾਂ ਦਾ ਘਰੇਲੂ ਇਲਾਜ਼।
ਤੇ ਉਹ ਆਵਾਰਾ ਜਿਹੇ ਲੱਗਣ ਵਾਲੇ ਮੁੰਡੇ?
ਪਤਾ ਲੱਗਿਆ ਦਾਰਜੀ ਨੂੰ ਘਰ ਪਹੁੰਚਾਉਣ ਪਿੱਛੋਂ ਉਹਨਾਂ ਨੇ ਟੋਲੀ ਬਣਾਈ, ਜ਼ਖ਼ਮੀਆਂ ਨੂੰ ਬਚਾਉਣ ਵਾਲੀ ਟੋਲੀ! ਲਾਲ ਕਿਲੇ ਦੇ ਆਸ-ਪਾਸ ਪਏ ਜ਼ਖ਼ਮੀ ਸਿੱਖਾਂ ਨੂੰ ਚੁੱਕ ਕੇ ਉਹ ਆਪਣੀ ਬਸਤੀ ਵਿਚ ਲੈ ਜਾਂਦੇ ਰਹੇ, ਇਲਾਜ਼ ਕਰਦੇ ਰਹੇ, ਜਿਵੇਂ ਜਿਊਣ ਦਾ ਉਦੇਸ਼ ਮਿਲ ਗਿਆ ਹੋਵੇ!
ਅਸੀਂ ਕਿੱਥੇ ਜਾ ਖੜ੍ਹੇ ਆਂ? ਵਿਸ਼ਵਾਸ ਦੀ ਜ਼ਮੀਨ 'ਤੇ ਜਾਂ ਸ਼ੱਕ ਦੀ ਦਲਦਲ ਵਿਚ??
ਇੰਦਰਾ ਗਾਂਧੀ ਨੂੰ ਖ਼ੁਫ਼ੀਆ ਏਜੰਸੀਆਂ ਨੇ ਗਾਰਡ ਬਦਲਣ ਲਈ ਕਿਹਾ ਸੀ, ਉਹ ਨਹੀਂ ਮੰਨੀ। ਹੁਣ ਉਹਨਾਂ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਦਾਰਜੀ ਉਹਨਾਂ ਮੁੰਡਿਆਂ ਦੇ ਹੱਥੋਂ ਮਰਨ ਲਈ ਪਹੁੰਚੇ ਸਨ ਤੇ ਮੁੰਡੇ ਜੂਆ ਖੇਡਣਾ ਛੱਡ ਕੇ ਉਹਨਾਂ ਨੂੰ ਈ ਨਹੀਂ, ਸਾਰੇ ਜ਼ਖ਼ਮੀਆਂ ਨੂੰ ਬਚਾਉਣ ਵਿਚ ਜੁਟ ਗਏ ਸਨ।
ਮਾਂ ਕੁਝ ਹੋਰ ਈ ਹੋ ਗਈ ਸੀ, ਇਸ ਸਾਰੀ ਬਦਹਵਾਸੀ ਤੇ ਕਰਫ਼ਿਊ ਲੱਗੇ ਸ਼ਹਿਰ ਦੀ ਯਾਰਤਾ ਪਿੱਛੋਂ।
ਤੁਸੀਂ ਲੋਕ ਜੋ ਬਚ ਗਏ ਓ, ਉਹਨਾਂ ਲੋਕਾਂ ਨਾਲੋਂ ਕਿਸੇ ਤਰ੍ਹਾਂ ਵੀ ਬਿਹਤਰ ਨਹੀਂ, ਜਿਹੜੇ ਬਚ ਨਹੀਂ ਸਕੇ। ਆਪਣੇ ਜ਼ਰੂਰੀ ਕੱਪੜੇ ਛੱਡ ਕੇ, ਸਾਰੇ ਸਵੈਟਰ, ਸ਼ਾਲਾਂ ਇਸ ਚਾਦਰ ਵਿਚ ਬੰਨ੍ਹ ਦਿਓ!
ਉਹਨਾਂ ਨੂੰ ਸਭ ਯਾਦ ਸੀ, ਕਿੰਜ ਸ਼ਰਨਾਰਥੀ ਕੈਂਪ ਵਿਚ ਤੋਲ ਕੇ ਆਟਾ ਦਿੱਤਾ ਜਾਂਦਾ ਸੀ। ਨੰਗੇ ਪੈਰ ਸਕੂਲ ਜਾਂਦੀ ਸੀ, ਪ੍ਰਾਰਥਨਾ ਵਾਲੇ ਮੁੱਖ ਬੱਚਿਆਂ ਵਿਚ ਸੀ ਸੁਰੀਲੇ ਗਲ਼ੇ ਕਾਰਨ, ਜਦੋਂ ਇਕ ਦਿਨ ਪ੍ਰਿੰਸੀਪਲ ਨੇ ਸਭਾ ਰੁਕਵਾ ਦਿੱਤੀ, "ਓ ਕੁੜੀਏ, ਉਹ ਕੀ ਏ ਤੇਰੇ ਪੈਰ 'ਚ?" ਕੱਚ ਚੁਭਿਆ ਹੋਇਆ ਸੀ ਪੈਰ ਵਿਚ, ਲਹੂ ਵਗ ਰਿਹਾ ਸੀ, ਤੇ ਮੇਰੀ ਬਾਰਾਂ ਵਰ੍ਹਿਆਂ ਦੀ ਬਾਲੜੀ-ਮਾਂ ਹੱਥ ਜੋੜੀ ਸਕੂਲ ਦੀ ਪ੍ਰਾਰਥਨਾ ਗਾ ਰਹੀ ਸੀ।
ਉਹਨਾਂ ਨੂੰ ਪਤਾ ਈ ਨਹੀਂ ਸੀ ਕਿ ਰਸਤੇ ਵਿਚ ਚੁਭਿਆ ਕੱਚ ਸਕੂਲ ਤੀਕ ਆ ਗਿਆ ਸੀ, ਪ੍ਰਾਰਥਨਾਂ ਦੀ ਪੰਗਤ ਤੀਕ। ਸ਼ਾਇਦ ਉਸਦੇ ਬਾਅਦ ਵੀ—ਇਕ ਬੜੀ ਲੰਮੀ ਸੜਕ ਉੱਤੇ, ਜਿਹੜੀ ਉਹਨਾਂ ਦੇ ਜੀਵਨ ਦੀ ਸੀ, ਉਹਨਾਂ ਦੇ ਸੰਘਰਸ਼ ਦੀ ਸੀ—ਉਹ ਯਾਦ ਹਮੇਸ਼ਾ ਉਹਨਾਂ ਦੇ ਨਾਲ ਰਹੀ ਹੈ।
ਕੁਝ ਵੀ ਨਹੀਂ ਸੀ ਭੁੱਲਿਆ। ਨਾ ਉਹਨਾਂ ਨੂੰ, ਨਾ ਸਾਨੂੰ।
ਹੁਣ ਅਸੀਂ ਦੰਗਾ ਪੀੜਤਾਂ ਦੇ ਸ਼ਿਵਰ ਵਿਚ ਜਾ ਰਹੇ ਸਾਂ। ਮਾਂ ਤੇ ਮੈਂ। ਕਰਫ਼ਿਊ ਵਿਚ ਪ੍ਰੈੱਸ ਕਾਰਡ ਦਿਖਾ ਕੇ ਰਸਤਾ ਬਣਾਉਣਾ ਸਾਨੂੰ ਆ ਗਿਆ ਸੀ।
ਸ਼ਾਇਦ ਨਾਨਕਸਰ ਵਾਲਿਆਂ ਦਾ ਸ਼ਿਵਰ ਸੀ। ਪਤਾ ਨਹੀਂ ਕਿੰਨੇ ਲੋਕ ਉੱਥੇ ਹੋਣਗੇ? ਪੰਜ ਸੌ? ਇਕ ਹਜ਼ਾਰ? ਸਿਰਫ਼ ਅੰਦਾਜ਼ੇ ਲਾਉਣ ਦਾ ਮੇਰਾ ਸੁਭਾਅ ਨਹੀਂ ਸੀ। ਅੱਜ ਵੀ ਨਹੀਂ। ਬੱਸ ਏਨਾ ਯਾਦ ਏ ਕਿ ਵੱਡੇ-ਵੱਡੇ ਪੰਡਾਲ ਲੱਗੇ ਸਨ ਤੇ ਚਾਰੇ-ਪਾਸੇ ਭੀੜ ਸੀ।
ਕਿਸੇ ਦੀ ਬਾਂਹ 'ਤੇ ਪਲਸਤਰ ਸੀ, ਕਿਸੇ ਦੀ ਲੱਤ 'ਤੇ। ਇਕ ਮੁੰਡੇ ਦਾ ਸਾਰਾ ਸਰੀਰ ਪੱਟੀਆਂ ਹੇਠ ਲੁਕਿਆ ਹੋਇਆ ਸੀ, ਸਿਰਫ਼ ਅੱਖਾਂ ਦਿਸ ਰਹੀਆਂ ਸਨ। ਕੰਨ ਵੀ ਪੱਟੀਆਂ ਹੇਠ ਢਕੇ ਹੋਏ ਸਨ। ਪਤਾ ਨਹੀਂ ਉਹ ਸਾਡੀ ਗੱਲ ਸੁਣ ਸਕਦਾ ਸੀ ਜਾਂ ਨਹੀਂ।
ਤੇ ਤਦ ਮੈਂ ਉਸ ਬੁੱਢੇ ਜੋੜੇ ਕੋਲ ਪਹੁੰਚੀ, ਜਿਸਨੇ ਮੇਰੀਆਂ ਯਾਦਾਂ ਵਿਚ ਵੱਸ ਜਾਣਾ ਸੀ, ਆਉਣ ਵਾਲੇ ਸਾਰੇ ਵਰ੍ਹਿਆਂ ਲਈ। ਚਿੱਟੇ ਦਾੜ੍ਹੇ ਤੇ ਕੇਸ਼ਾਂ ਵਾਲੇ ਉਹ ਸਰਦਾਰ ਜੀ ਇਕ ਪਾਸੇ ਪੱਥਰ ਦੇ ਬੁੱਤ ਵਾਂਗ ਬੈਠੇ ਹੋਏ ਸਨ। ਕਦੀ-ਕਦਾਈਂ ਉਹਨਾਂ ਦੀਆਂ ਪੁਤਲੀਆਂ ਦੇ ਹਿੱਲਣ ਦਾ ਭਰਮ ਹੁੰਦਾ, ਪਰ ਅਗਲੇ ਛਿਣ ਫੇਰ ਸਿਲ-ਪੱਥਰ ਹੋ ਗਏ ਜਾਪਦੇ। ਪਤਾ ਨਹੀਂ, ਆਪਣੇ ਆਲੇ-ਦੁਆਲੇ ਨਾਲ ਇਹ ਉਹਨਾਂ ਦੇ ਸੰਬੰਧ ਬਣਾਉਣ ਦੀ ਸ਼ੁਰੂਆਤ ਸੀ ਜਾਂ ਸਮਾਪਤ ਹੋਣ ਦੀ? ਏਨੀ ਭੀੜ ਤੇ ਏਨੇ ਸ਼ੋਰ-ਸ਼ਰਾਬੇ ਵਿਚ ਕੁਝ ਪਤਾ ਨਹੀਂ ਲੱਗ ਰਿਹਾ ਸੀ, ਉਹ ਕਿੱਥੇ ਸਨ? ਜਿਊਂਦੇ ਲੋਕਾਂ ਵਿਚ ਜਾਂ ਮਰ ਗਿਆਂ ਵਿਚ?
ਉਹਨਾਂ ਦੀ ਪਤਨੀ ਤੰਦਰੁਸਤ ਬੁੱਢੀ ਪੰਜਾਬਣ, ਲਗਾਤਾਰ ਬੋਲੀ ਜਾ ਰਹੀ ਸੀ। ਮਸ਼ੀਨਗਨ ਵਾਂਗ। ਉਸਦੇ ਭਰੇ ਹੋਏ ਗੱਚ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਆਪਣੀ ਆਪ-ਬੀਤੀ ਘੱਟੋ-ਘੱਟ ਡੇਢ-ਦੋ ਸੌ ਵਾਰ ਸੁਣਾ ਚੁੱਕੀ ਸੀ। ਜਦੋਂ ਦਾ ਉਹਨਾਂ ਨੂੰ ਸ਼ਿਵਰ ਵਿਚ ਪਹੁੰਚਾਇਆ ਗਿਆ ਸੀ, ਸ਼ਾਇਦ ਉਹ ਇਹੋ ਕਰ ਰਹੀ ਸੀ।
ਤੁਹਾਡੇ ਨਾਲ ਕੀ ਹੋਇਆ? ਜਿਹੜਾ ਵੀ ਨਵਾਂ ਬੰਦਾ ਉਹਨਾਂ ਨੂੰ ਆ ਕੇ ਪੁੱਛਦਾ, ਉਹ ਸਭ ਕੁਝ ਨਵੇਂ ਸਿਰੇ ਤੋਂ ਦੱਸਣ ਲੱਗ ਪੈਂਦੀ। ਚੈਖ਼ਵ ਦੇ ਕਿਸੇ ਪੀੜਤ ਪਾਤਰ ਵਾਂਗ।
ਇਹ ਤਾਂ ਸਭ, ਏਨੇ ਵਰ੍ਹਿਆਂ ਬਾਅਦ ਸਮਝ ਆਇਆ ਏ, ਕੁਝ ਪ੍ਰਸ਼ਨ ਉੱਤਰ ਸੁਨਣ ਲਈ ਨਹੀਂ ਕੀਤੇ ਜਾਂਦੇ। ਕੀਤੇ ਵੀ ਜਾਂਦੇ ਹੋਣ ਤਾਂ ਉਹਨਾਂ ਦਾ ਕੋਈ ਉੱਤਰ ਨਹੀਂ ਹੁੰਦਾ। ਵਾਰੀ-ਵਾਰੀ ਛਿੱਲਣ ਨਾਲ, ਮਲ੍ਹਮ ਲਾਉਣ ਨਾਲ, ਫੱਟ ਕਦੀ ਠੀਕ ਨਹੀਂ ਹੁੰਦੇ। ਅਸੀਂ ਇਹੀ ਤਾਂ ਕਰ ਰਹੇ ਸਾਂ। ਉਹਨੂੰ ਪੁੱਛਦੇ ਤਾਂ ਉਹ ਜ਼ਖ਼ਮ ਫਰੋਲਣ ਲੱਗਦੀ, ਅਸੀਂ ਚੰਗੀ ਤਰ੍ਹਾਂ ਦੇਖ ਲੈਂਦੇ ਅੰਦਰ ਤੀਕ—ਹਾਲੇ ਤੀਕ ਵਹਿ ਰਿਹਾ ਏ ਖ਼ੂਨ? ਟੁੱਟੀਆਂ ਪਈਆਂ ਨੇ ਅਸਤੀਆਂ? ਤੇ ਢੱਕਣ ਬੰਦ ਕਰ ਦੇਂਦੇ। ਫੇਰ ਕੋਈ ਦੂਜਾ ਆਉਂਦਾ, 'ਕੀ ਹੋਇਆ ਸੀ ਤੁਹਾਡੇ ਨਾਲ?' ਉਹ ਫੇਰ ਉਘਾੜ ਦੇਂਦੀ—ਲਹੂ ਭਿੱਜਾ ਆਪਣਾ ਸਭ ਕੁਝ।
ਆਪਣੇ-ਅੰਦਰ ਉਹੀ ਸਾਰੇ ਜ਼ਖ਼ਮ ਲਈ ਇਕ ਦਿਨ ਉਹ ਘਰ ਪਰਤ ਗਈ ਹੋਏਗੀ। ਜਿਊਂਦੀ, ਸਬੂਤੀ ਜਨਾਨੀ, ਜਿਹੜੀ ਦੰਗਿਆਂ ਵਿਚ ਬਚ ਗਈ ਸੀ। ਜਿਸਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਨਾ ਈ ਇਹ ਪੀੜ-ਪਰਸਾਰਣ ਕਰਨ ਦੀ।
ਮੈਂ ਪੁੱਛਿਆ ਤਾਂ ਉਸਨੇ ਫੇਰ ਖੋਲ੍ਹ ਦਿੱਤਾ ਆਪਣੀ ਢਿੱਡ ਦਾ ਢੱਕਣ…'ਅਹਿ ਦੇਖ ਮੇਰੇ ਅੰਦਰ ਰਿੱਝ ਰਿਹਾ ਮਵਾਦ। ਜ਼ਖ਼ਮ ਕਿਧਰੇ ਦਿਸਦਾ ਏ? ਕਿ ਸਿਰਫ਼ ਹੁਣ ਮਵਾਦ ਏ?'
ਮੇਰੇ ਅਣਪੱਕੇ ਪੱਤਰਕਾਰ ਚਿਹਰੇ ਵੱਲ ਤੱਕ ਰਹੀ ਸੀ ਉਹ?
ਨਹੀਂ। ਅੰਨ੍ਹੀ ਹੋ ਚੁੱਕੀ ਸੀ ਉਹ, ਪੀੜਾਂ-ਭੰਨੀਂ-ਅੰਨ੍ਹੀ—ਆਪਣੇ ਸ਼ਬਦਾਂ ਦੇ ਵਰੋਲੇ ਵਿਚ ਨੱਚਦੀ ਹੋਈ ਇਕ ਝੱਲੀ ਮਾਂ।
ਮੇਰੇ ਤਿੰਨ ਪੁੱਤਰ ਸਨ। ਇਕ ਇੰਜੀਨਿਅਰ, ਇਕ ਲੈਕਚਰਾਰ, ਇਕ ਕੰਮ ਕਰਦਾ ਸੀ ਨਹਿਰੂ ਸਟੇਡੀਅਮ ਵਿਚ। ਤਿੰਨੇ ਏਡੇ ਉੱਚੇ-ਲੰਮੇ ਕਿ ਦੇਖਣ ਲਈ ਸਿਰ ਪਿੱਛੇ ਹੱਥ ਰੱਖਣਾ ਪੈਂਦਾ ਸੀ ਮੈਨੂੰ। ਤਿੰਨੇ ਸੁਣੱਖੇ-ਗਭਰੂ-ਜਵਾਨ। 'ਉਹਨਾਂ ਨੇ' ਤਿੰਨੇ ਫੜ੍ਹ ਲਏ। ਮੈਂ ਬੜੇ ਹੱਥ ਜੋੜੇ, ਪੈਰ ਫੜ੍ਹੇ, ਰੋਈ ਉਹਨਾਂ ਮੂਹਰੇ। ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ। ਇਕ ਨੂੰ ਵੱਢ ਦਿੱਤਾ। ਇਕ ਨੂੰ ਅੱਗ ਲਾ ਦਿੱਤੀ ਤੇਲ ਪਾ ਕੇ। ਤੇ ਤੀਜਾ...ਤੀਜੇ ਲਈ ਤੇਲ ਘੱਟ ਗਿਆ ਸੀ...ਉਹਨਾਂ ਨੇ ਜਬਰਦਸਤੀ ਉਹਦਾ ਮੂੰਹ ਖੋਲ੍ਹ ਕੇ ਉਸ ਵਿਚ ਬਚਿਆ-ਖੁਚਿਆ ਤੇਲ...
ਕਿਤੇ ਥਿੜਕਣ ਨਹੀਂ ਆਵਾਜ਼ ਵਿਚ...ਕੋਈ ਉਤਾਰ-ਚੜ੍ਹਾ ਨਹੀਂ। ਮਸ਼ੀਨ ਵਰਗੀ ਗ਼ੈਰ-ਮਨੁੱਖੀ ਆਵਾਜ਼।
ਤੁਹਾਨੂੰ ਯਕੀਨ ਨਹੀਂ ਆਉਂਦਾ? ਤੁਸੀਂ ਜਾ ਕੇ ਮੇਰਾ ਘਰ ਦੇਖ ਲਓ। ਯਮਨਾ ਵਿਹਾਰ ਦੇ ਇਸ ਨੰਬਰ 'ਚ ਅਸੀਂ ਰਹਿੰਦੇ ਸਾਂ। ਉੱਥੇ ਮੇਰੇ ਪੁੱਤਰ ਦੀ ਕੱਟੀ ਹੋਈ ਲੱਤ ਹੁਣ ਵੀ ਪਈ ਹੋਏਗੀ, ਵਿਹੜੇ ਵਿਚ, ਸਕੂਟਰ ਕੋਲ…
ਕੀ ਸਰਦਾਰ ਜੀ ਦੀਆਂ ਅੱਖਾਂ ਦੀਆਂ ਪੁਤਲੀਆਂ ਹਿੱਲੀਆਂ ਸੀ? ਜਾਂ ਫੇਰ ਇਹ ਸਿਰਫ਼ ਮੇਰਾ ਭਰਮ ਹੋਇਆ ਸੀ?
ਜਿਵੇਂ ਮੈਂ ਦੱਸਿਆ, ਮੇਰੇ ਕੋਲ ਦੁਰਘਟਨਾ ਨੂੰ ਜਾਚਣ ਦਾ ਕੋਈ ਵਾਜਬ ਤਰੀਕਾ ਨਹੀਂ ਸੀ, ਨਾ ਅੰਦਾਜ਼ਾ ਲਾਉਣ ਦਾ ਕੋਈ ਵਿਸ਼ੇਸ਼ ਅਨੁਭਵ।
ਇਹ ਤਾਂ ਮੈਂ ਅੱਜ ਕਹਿ ਸਕਦੀ ਆਂ, ਏਨੇ ਵਰ੍ਹਿਆਂ ਤੇ ਏਨਾ ਕੁਝ ਦੇਖਣ ਦੇ ਬਾਅਦ, ਕਿ ਬਾਹਰਲਾ ਪਰਦਾ ਸੁੱਟ ਵੀ ਦਿਓ, ਤਦ ਵੀ ਅੰਦਰਲੇ ਦ੍ਰਿਸ਼ ਦੀ ਕੰਪਣ ਨੂੰ ਕੋਈ ਨਹੀਂ ਰੋਕ ਸਕਦਾ।
ਕੀ ਦੇਖਣ ਦਾ ਵੀ ਕੋਈ ਅੰਤ ਐ ਕਿ?
...ਤੇ ਦੇਖਣ ਤੋਂ ਬਚਣ ਦਾ?

ਸਿੱਜਲ-ਅੱਖਾਂ

ਸੰਨ ਉੱਨੀਂ ਸੌ ਸੰਤਾਲੀ ਦੇ ਆਸਪਾਸ ਤਿੰਨ ਸਾਧਾਰਣ-ਜਿਹੀਆਂ ਘਟਨਾਵਾਂ ਹੋਈਆਂ। ਤਿੰਨੇ ਆਪਣੇ ਪਿੱਛੇ ਨਿਸ਼ਾਨ ਛੱਡ ਗਈਆਂ। ਤਿੰਨੇ ਮੈਨੂੰ ਉਹਨਾਂ ਘਟਨਾਵਾਂ ਨਾਲ ਜੁੜੇ ਅਲਗ-ਅਲਗ ਵਿਅਕਤੀਆਂ ਨੇ ਦੱਸੀਆਂ।
ਇੰਜ ਉਹ ਇਕ ਨਾਲੋਂ ਵੱਧ ਵੇਰ ਵਾਪਰੀਆਂ। ਇਕ, ਘਟਨਾ ਵਾਪਰਣ ਸਮੇਂ। ਦੂਜੀ ਵਾਰ, ਦੱਸਣ ਲੱਗਿਆਂ ਤੇ ਉਸ ਪਿੱਛੋਂ ਅਨੇਕਾਂ ਵਾਰੀ—ਦੱਸਣ-ਅਣਦੱਸਣ ਵਿਚਕਾਰ ਲਟਕਦੀਆਂ ਹੋਈਆਂ।
ਪਹਿਲੀ ਵਾਰ—ਮਾਂ ਬਾਰਾਂ ਸਾਲ ਦੀ ਉਮਰ ਵਿਚ ਸਮੇਤ ਪਰਿਵਾਰ ਹਿੰਦੁਸਤਾਨ ਆਈ ਸੀ; ਪਾਕਿਸਤਾਨ ਵਿਚੋਂ ਉੱਜੜ ਕੇ ਆਉਣ ਵਾਲੇ ਸ਼ਰਨਾਰਥੀਆਂ ਦੇ ਕਾਫ਼ਲੇ ਨਾਲ। ਜਲੰਧਰ ਦੀਆਂ ਸੜਕਾਂ ਉੱਤੇ ਉਹਨੇ ਜਲੂਸ ਦੇਖਿਆ ਸੀ—ਨੰਗੀਆਂ, ਥਣ-ਕੱਟੀਆਂ ਔਰਤਾਂ ਨੂੰ ਘੁਮਾਏ ਜਾਣ ਦਾ ਜਲੂਸ।
ਇਹ ਕਿਸੇ ਅਖ਼ਬਾਰ ਵਿਚ ਪੜ੍ਹਿਆ ਗਿਆ ਕਿੱਸਾ ਨਹੀਂ ਸੀ, ਖ਼ੁਦ ਉਹਨਾਂ ਦੀਆਂ ਅੱਖਾਂ ਨੇ ਦੇਖਿਆ ਵਾਕਿਆ ਸੀ, ਜਿਸਨੂੰ ਹੁਣ ਮੈਂ ਖ਼ੁਦ ਉਹਨਾਂ ਤੋਂ ਸੁਣ ਰਹੀ ਸਾਂ, ਗਿਆਰਾਂ ਬਾਰਾਂ-ਸਾਲ ਦੀ ਉਮਰ ਵਿਚ। ਮੈਂ ਤੇ ਮੇਰੀਆਂ ਛੋਟੀਆਂ ਭੈਣਾਂ ਬਲੈਕ-ਆਊਟ ਦੇ ਸੰਨਾਟੇ ਵਿਚ।
ਬਾਹਰ ਆਵਾਜ਼ਾਂ ਸਨ ਸਾਇਰਨ ਦੀਆਂ, ਤੇ ਹਨੇਰੇ ਵਿਚ ਗੂੰਜਦੀਆਂ ਪਹਿਰਾ ਦੇਣ ਵਾਲਿਆਂ ਦੀਆਂ ਸੀਟੀਆਂ।
ਉਹ ਸੰਨ ਇਕੱਹਤਰ ਦੇ ਯੁੱਧ ਦੇ ਦਿਨ ਸਨ।
ਆਪਣੀ ਦੇਹ ਵਿਚ ਹੋ ਰਹੇ ਬਦਲਾਅ ਸਾਡੇ ਲਈ ਏਨਾ ਹੈਰਾਨੀ ਭਰਪੂਰ ਵਿਸ਼ਾ ਸਨ ਕਿ ਬਹੁਤ ਸਾਰੀਆਂ, ਬਿਨਾਂ ਛਾਤੀਆਂ ਦੇ ਨਹੀਂ, ਬਲਕਿ ਕੱਟੀਆਂ ਹੋਈਆਂ ਛਾਤੀਆਂ ਵਾਲੀਆਂ, ਸਾਡੀ ਕਲਪਨਾ ਵਿਚ ਠੀਕ-ਠੀਕ ਨਹੀਂ ਸੀ ਆ ਰਹੀਆਂ। ਨਾ ਉਹਨਾਂ ਦੇ ਸਮੂਹਿਕ ਨੰਗੇਜ਼ ਦਾ ਬਡਰੂਪ ਰੂਪ।
ਮੈਂ ਤੇ ਮੇਰੀਆਂ ਭੈਣਾਂ ਅਜੇ ਬਿਲਕੁਲ ਈ ਬੱਚੀਆਂ ਸਾਂ।
ਉਹ ਯਹੀਯਾ ਖ਼ਾਨ ਦੀ ਕਰੂਰਤਾ ਦੇ ਦਿਨ, ਬੰਗਲਾ ਦੇਸ਼ ਬਨਣ ਤੋਂ ਐਨ ਪਹਿਲਾਂ ਵਾਲੇ ਦਿਨ। ਏਨੇ ਵਰ੍ਹਿਆਂ ਬਾਅਦ ਸੋਚਦੀ ਆਂ, ਉਹਨੀਂ ਦਿਨੀਂ ਔਰਤਾਂ ਉੱਤੇ ਸੈਨਕਾਂ ਦੀ ਬਰਬਰਤਾ ਦੀਆਂ ਖ਼ਬਰਾਂ ਆਉਂਦੀਆਂ ਸਨ, ਉਦੋਂ ਮਾਂ ਨੂੰ ਬਚਪਨ ਵਿਚ ਦੇਖੀਆਂ ਉਹ ਥਣ-ਕੱਟੀਆਂ ਔਰਤਾਂ ਯਾਦ ਆਈਆਂ ਹੋਣਗੀਆਂ? ਵਰਨਾ ਏਨੇ ਵਰ੍ਹਿਆਂ ਬਾਅਦ ਕੋਈ ਔਰਤ ਆਪਣੇ ਬੱਚਿਆਂ ਨੂੰ ਕਿਉਂ ਦੱਸਣਾ ਚਾਹੇਗੀ ਕਿ ਉਸਨੇ ਆਪਣੇ ਜੀਵਨ ਵਿਚ, ਬਚਪਨ ਵਿਚ—ਯੁੱਧ, ਵੰਡਾਰੇ ਤੇ ਉਜਾੜੇ ਦੇ ਦਿਨੀਂ—ਕੀ ਦੇਖਿਆ ਸੀ!
ਕਿੱਥੇ ਗਈਆਂ ਲੁੱਟੀਆਂ-ਖਸੁੱਟੀਆਂ ਤੇ ਬੇਪੱਤ ਕੀਤੀਆਂ ਗਾਈਆਂ ਉਹ ਅਲਫ਼-ਨੰਗੀਆਂ ਔਰਤਾਂ—ਜਿਹਨਾਂ ਨੂੰ ਦੂਰ ਸਮੇਂ ਦੀ ਪਗਡੰਡੀ ਉੱਤੇ, ਬੜਾ ਚਿਰ ਪਹਿਲਾਂ, ਘੁਮਾਇਆ ਗਿਆ ਸੀ! ਕੀ ਇਸ ਦੇਸ਼ ਵਿਚ ਉਹਨਾਂ ਨੂੰ—ਧਰਤੀ ਨਿਗਲ ਗਈ? ਹਨੇਰੀ ਉਡਾਅ ਕੇ ਲੈ ਗਈ? ਕਿਸੇ ਨੇ ਤਾਂ ਢਕਿਆ ਹੋਏਗਾ, ਉਹਨਾਂ ਨੂੰ?
ਉਸ ਸ਼ਾਮ ਚੌਰਾਹੇ 'ਚੋਂ ਉਹ ਸਾਰੇ ਘਰ ਪਰਤ ਗਏ ਹੋਣਗੇ—ਜਨੂੰਨੀ ਤੇ ਤਮਾਸ਼ਬੀਨ ਲੋਕ। ਇਤਿਹਾਸ ਵਿਚ ਕਿਸੇ ਦੀ ਛਵੀ ਦਰਜ ਨਹੀਂ, ਸਿਵਾਏ ਉਹਨਾਂ ਔਰਤਾਂ ਦੇ। ਕੀ ਇਹ ਵਚਿੱਤਰ ਗੱਲ ਨਹੀਂ?
ਦੂਜੀ—ਉੱਨੀਂ ਸੌ ਚੌਰਾਸੀ ਦੇ ਦੰਗੇ ਅਜੇ ਖ਼ਤਮ ਨਹੀਂ ਸੀ ਹੋਏ ਕਿ ਕਈ ਦਿਨਾਂ ਤਕ ਅਸੀਂ ਸਿੱਧੂ ਅੰਕਲ ਨੂੰ ਡੌਰਿਆਂ ਵਾਂਗ ਭੌਂਦਿਆਂ ਦੇਖਿਆ। ਉਹ ਸਾਡੇ ਅੱਧੇ ਪਰਿਵਾਰ ਨੂੰ ਆਪਣੇ ਘਰ ਲੈ ਆਏ ਸਨ, ਯੂਨੀਵਰਸਟੀ ਕੈਂਪਸ ਵਿਚ। ਅੱਧਾ ਪਰਿਵਾਰ ਇਕ ਦੂਜੇ ਅੰਕਲ ਲੈ ਗਏ ਸਨ, ਆਪਣੇ ਘਰ। ਦੋਵਾਂ ਜਗ੍ਹਾ ਕੋਈ ਖ਼ਤਰਾ ਨਹੀਂ ਸੀ ਦੰਗਾਈਆਂ ਦਾ।
ਸਿੱਧੂ ਅੰਕਲ ਵਾਰੀ-ਵਾਰੀ ਕੈਂਪਸ ਵਿਚੋਂ ਬਾਹਰ ਜਾਂਦੇ, ਹਾਲਾਤ ਦਾ ਜਾਇਜ਼ਾ ਲੈਂਦੇ, ਵਾਪਸ ਪਰਤ ਆਉਂਦੇ—ਸਿਰ ਹਿਲਾਉਂਦੇ ਹੋਏ। ਸਾਡੀ ਸਮਝ ਵਿਚ ਕੁਝ ਵੀ ਨਹੀਂ ਸੀ ਆ ਰਿਹਾ ਕਿ ਕੀ ਗੱਲ ਏ, ਸਿਰਫ਼ ਇਸ ਤੋਂ ਬਿਨਾਂ ਕਿ ਉਹ ਬੇਚੈਨ ਸਨ। ਅਚਾਨਕ ਇਕ ਦਿਨ ਬੋਲੇ, "ਇਹਨਾਂ ਨੂੰ ਪਤਾ ਨਹੀਂ, ਇਹ ਕੀ ਕਰ ਰਹੇ ਨੇ—ਇਹਨਾਂ ਨੂੰ ਪਤਾ ਨਹੀਂ ਇਹ ਇਹਨਾਂ ਨੂੰ ਕਿੱਥੇ ਲੈ ਜਾਏਗਾ..."
ਉਹ ਇੰਜ ਬੇਚੈਨ ਤੇ ਪ੍ਰੇਸ਼ਾਨ ਨਜ਼ਰ ਆਉਂਦੇ ਜਿਵੇਂ ਕੋਈ ਰਹੱਸ ਹੁਣੇ ਉਹਨਾਂ ਦਾ ਸੀਨਾ ਚੀਰ ਕੇ ਬਾਹਰ ਆ ਜਾਏਗਾ। ਸਾਡੀ ਕੋਈ ਜਾਣਕਾਰ ਨਹੀਂ, ਮੰਚ ਉੱਤੇ ਘੁੰਮਦੀ ਬੇਚੈਨ ਲੇਡੀ ਮੈਕਨੇਥ ਵਰਗੇ ਉਹ ਲੱਗਦੇ ਸਨ। ਇਕ ਦਿਨ ਉਹ ਫਟ ਪਏ—
ਪਤਾ ਈ, ਸੰਨ ਸੰਤਾਲੀ 'ਚ ਮੈਂ ਇਕ ਆਦਮੀ ਨੂੰ ਮਾਰਿਆ ਸੀ...ਹੁਣ ਤਕ ਉਸਦਾ ਖ਼ੂਨ ਮੇਰੇ ਹੱਥਾ 'ਤੇ ਲੱਗਾ ਹੋਇਆ ਏ। ਇੰਜ ਲੱਗਦਾ ਏ ਉਹ ਹੁਣ ਵੀ ਮੈਨੂੰ ਦੇਖ ਰਿਹਾ ਏ।
ਕੌਣ ਸੀ ਉਹ?
ਸਾਡੇ ਪਿੰਡ ਦਾ ਮੁਸਲਮਾਨ ਫ਼ਕੀਰ। ਅੰਨ੍ਹਾ ਸੀ। ਖ਼ੂਹ ਦੇ ਨਾਲ ਵਾਲੇ ਖੇਤ ਵਿਚ ਮੈਂ ਈ ਉਸਨੂੰ ਲੁਕਾਇਆ ਸੀ। ਤੁਸੀਂ ਸੋਚ ਵੀ ਨਹੀਂ ਸਕਦੇ, ਪਾਗਲਪਨ ਕੈਸਾ ਹੁੰਦਾ ਏ। ਦਿਮਾਗ਼ ਵਿਚ ਕਿੰਜ ਜ਼ਹਿਰ ਫ਼ੈਲਦਾ ਏ। ਤਿੰਨ ਦਿਨ ਮੈਂ ਉਸਨੂੰ ਲੁਕਾਈ ਰੱਖਿਆ। ਦਿਨੇਂ ਮੈਂ ਬਾਹਰ ਜਾਂਦਾ—ਇਕ ਨਾਲੋਂ ਇਕ ਮਾੜੀ ਖ਼ਬਰ, ਵਹਿਸ਼ੀ ਦ੍ਰਿਸ਼। ਰਾਤੀਂ ਹਨੇਰੇ 'ਚ ਲੁਕ ਕੇ ਮੈਂ ਉਸਨੂੰ ਰੋਟੀ ਦੇਣ ਜਾਂਦਾ। ਮੈਨੂੰ ਪਤਾ ਈ ਨਹੀਂ ਲੱਗਿਆ ਮੇਰੇ ਅੰਦਰ ਏਨੀ ਕੌੜ ਭਰਦੀ ਜਾ ਰਹੀ ਏ! ਸਤਾਰਾਂ ਸਾਲ ਦਾ ਸੀ ਮੈਂ। ਇਕ ਰਾਤ ਮੈਂ ਗਿਆ, ਰੋਜ਼ ਵਾਂਗ ਈ। ਖ਼ੂਨ ਸਵਾਰ ਸੀ ਮੇਰੇ ਸਿਰ 'ਤੇ। ਮੇਰੀ ਆਹਟ ਪਛਾਣ ਕੇ ਫ਼ਕੀਰ ਨੇ ਸਮਝਿਆ, ਮੈਂ ਰੋਟੀ ਲਿਆਇਆ ਆਂ। ਉਹ ਮੈਨੂੰ ਹੱਥਾਂ ਨਾਲ ਟੋਲ ਰਿਹਾ ਸੀ, ਜਦੋਂ ਮੈਂ ਛੁਰਾ ਮਾਰਿਆ ਸੀ ਉਸਦੇ। ਉਸਨੇ ਮੇਰੀਆਂ ਬਾਹਾਂ ਨੂੰ ਫੜ੍ਹਿਆ ਹੋਇਆ ਸੀ। ਅੱਜ ਏਨੇ ਸਾਲ ਹੋ ਗਏ ਨੇ, ਅੱਜ ਵੀ ਉਹ ਮੈਨੂੰ ਹਨੇਰੇ 'ਚ ਪਿਆ ਘੂਰ ਰਿਹਾ ਏ।
ਤੀਜੀ—ਮੇਰੀ ਮਰਨ ਕਿਨਾਰੇ ਪਈ ਦਾਦੀ।
ਪਤਾ ਨਹੀਂ ਕਿੰਨੇ ਦਿਨਾਂ ਦੀ ਉਹ ਗਾ ਰਹੀ ਏ। ਨਾ ਉਹਨੂੰ ਦਿਨ ਦੀ ਸੁੱਧ ਏ, ਨਾ ਰਾਤ ਦੀ। ਨਾ ਗਰਮੀ ਦੀ, ਨਾ ਪਸੀਨੇ ਦੀ। ਜਿਵੇਂ ਉਸਦੀ ਸਾਰੀ ਹਸਤੀ ਆਵਾਜ਼ ਵਿਚ ਸਿਮਟ ਗਈ ਹੋਵੇ। ਕਿਹੜੇ ਦੇਸ-ਕਾਲ ਵਿਚ ਏ ਉਹ?
ਕਿਸੇ-ਕਿਸੇ ਦਿਨ ਦਾਦੀ ਸਾਡੇ ਵਿਚੋਂ ਕਿਸੇ ਦੀ ਆਵਾਜ਼ ਸੁਣ ਕੇ ਸਾਡੇ ਕੋਲ ਪਰਤ ਆਉਂਦੀ—ਕਿਹੜੀ ਦੁਨੀਆਂ 'ਚ ਐ ਇਹ? ਜਿਹੜੀ ਉਸਨੂੰ ਦਿਖਾਈ ਨਹੀਂ ਦੇਂਦੀ, ਸਿਰਫ਼ ਸੁਣਾਈ ਦੇਂਦੀ ਏ? ਉਹ ਸਚੇਤ ਹੁੰਦੀ ਏ। ਪਰ ਕੁਝ ਪਲਾਂ ਲਈ।
ਅਜਿਹੇ ਈ ਕਿਸੇ ਦਿਨ ਮੈਂ ਉਹਦੇ ਮੱਥੇ 'ਤੇ ਹੱਥ ਰੱਖਦੀ ਆਂ—ਛੂਹ ਦੀ ਪਗਡੰਡੀ ਪੈ ਕੇ ਉਹ ਸਾਡੇ ਕੋਲ ਪਰਤ ਆਉਂਦੀ ਏ।
ਦਾਦੀ, ਤੁਹਾਨੂੰ ਗਾਂਧੀ ਯਾਦ ਏ?
ਉਹ ਅਚਕਚਾ ਜਾਂਦੀ ਏ। ਮੱਥਾ ਫ਼ੜਕਣ ਲੱਗਦਾ ਏ ਉਹਦਾ। ਸਫ਼ੇ ਪਲਟ ਰਹੀ ਏ ਯਾਦ?
ਹਾਏ-ਹਾਏ ਯਾਦ ਕਿਉਂ ਨਹੀਂ, ਉਹ ਅੰਬਰਸਰ ਆਇਆ ਸੀ।
ਉਸਦੀ ਮੌਤ ਯਾਦ ਏ ਤੁਹਾਨੂੰ? ਤੁਸੀਂ ਕੀ ਕਰ ਰਹੇ ਸੀ ਓਦੋਂ?
ਬੁੱਲ੍ਹ ਕੰਬ ਰਹੇ ਨੇ ਉਹਦੇ। ਅੱਥਰੂ ਵਹਿ ਤੁਰੇ ਨੇ।
ਠੀਕ ਨਹੀਂ ਕੀਤਾ। ਇਹ ਸਵਾਲ ਪੁੱਛ ਕੇ ਮੈਂ ਠੀਕ ਨਹੀਂ ਕੀਤਾ। ਮੇਰੇ ਲੇਟੀ ਹੋਈ ਦਾਦੀ, ਅੰਨ੍ਹੀ, ਖੁੱਥੜ-ਜਿਹੀ ਦੇਹ। ਅੱਧੀ ਦੇਹ, ਅੱਧੀ ਲਾਸ਼।
ਅਚਾਨਕ ਉਹ ਗਾਉਣ ਲੱਗਦੀ ਏ। ਨਹੀਂ, ਗਾ ਨਹੀਂ ਰਹੀ, ਵੈਣ ਪਾ ਰਹੀ ਏ, ਜਿਵੇਂ ਰਵਾਇਤੀ ਢੰਗ ਨਾਲ ਪਿੰਡਾਂ ਵਿਚ ਪਾਏ ਜਾਂਦੇ ਨੇ।
ਵੇ...ਗਾਂਧੀ...ਤੂੰ ਨਾ ਮਰਦੋਂ, ਮੈਂ ਮਰ ਜਾਂਦੀ…
ਕਾਫ਼ੀ ਸਮਾਂ ਉਹ ਉਸ ਦੁਨੀਆਂ ਵਿਚ ਰਹਿੰਦੀ ਏ। ਵੈਣਾਂ ਦੀ ਦੁਨੀਆਂ ਵਿਚ। ਮੈਂ ਹੌਲੀ-ਹੌਲੀ ਉਸਦੇ ਮੱਥੇ 'ਤੇ ਹੱਥ ਫੇਰਦੀ ਰਹਿੰਦੀ ਆਂ। ਉਹਨੂੰ ਸੰਤਾਪ ਦੀ ਦੁਨੀਆਂ ਵਿਚੋਂ ਵਾਪਸ ਲੈ ਆਉਂਦੀ ਆਂ।
ਯਾਦ ਏ, ਸਭ ਯਾਦ ਏ। ਉਸ ਰਾਤ ਹਵੇਲੀ ਵਿਚ ਮੈਂ ਤ੍ਰਿਜਣ ਰੱਖਿਆ ਹੋਇਆ ਸੀ। ਔਰਤਾਂ ਦਾ ਜਗਰਾਤਾ। ਸਾਰੀਆਂ ਔਰਤਾਂ ਚਰਖ਼ੇ ਲੈ ਆਈਆਂ ਆਪੋ-ਆਪਣੇ। ਸਾਰੀ ਰਾਤ ਅਸੀਂ ਕੱਤਣਾ ਸੀ ਚੰਨ ਦੀ ਚਾਨਣੀ ਵਿਚ ਬੈਠ ਕੇ, ਜਦੋਂ ਪਿੰਡ ਦਾ ਚੌਕੀਦਾਰ ਇਹ ਖ਼ਬਰ ਲਿਆਇਆ...ਸਾਨੂੰ ਕੀ ਪਤਾ ਸੀ, ਕੋਈ ਨਖਸਮਾਂ ਉਸਨੂੰ ਗੋਲੀ ਮਾਰ ਦਏਗਾ...ਵੇ...ਗਾਂਧੀ...
ਉਹ ਫੇਰ ਵੈਣ ਪਾਉਣ ਲੱਗ ਪੈਂਦੀ ਏ। ਉਸਦੀ ਚੇਤਨਾ ਵਿਚ ਸਮਾਂ ਰਲਗਡ ਹੋ ਗਿਆ ਏ।...ਸਾਰੀ ਰਾਤ ਹੁਣ ਇੰਜ ਈ ਚੱਲੇਗਾ। ਉਸਨੂੰ ਕੌਣ ਸਮਝਾਵੇ ਕਿ ਗਾਂਧੀ ਨੂੰ ਮਰਿਆਂ ਪੰਜਾਹ ਸਾਲ ਹੋ ਗਏ ਨੇ...
ਪਤਾ ਨਹੀਂ ਮੈਂ ਇਹ ਸਵਾਲ ਪੁੱਛਿਆ ਕਿਉਂ?
ਜਿਵੇਂ ਉਸਦੀ ਪਰੀਖਿਆ ਲੈਣ ਲਈ ਕੋਈ ਚੰਗੀ ਗੱਲ ਪੁੱਛੀ ਨਹੀਂ ਸੀ ਜਾ ਸਕਦੀ!
ਕੇਹੇ-ਕੇਹੇ ਦੁੱਖ ਬੰਦਾ ਛਿਪਾਈ ਰੱਖਦਾ ਏ ਆਪਣੇ ਅੰਦਰ, ਅੰਤ ਸਮੇਂ ਤੀਕ। ਤੇ ਚਲਾ ਜਾਂਦਾ ਏ ਇਕ ਦਿਨ ਇਕੱਲਾ ਚਿਤਾ 'ਤੇ ਭਸਮ ਹੋਣ ਲਈ।
ਤੇ ਹੁਣ ਸੰਨ 2002 ਵਿਚ ਅਖ਼ਬਾਰਾਂ ਤੇ ਟੀ.ਵੀ. 'ਤੇ ਵਾਰ-ਵਾਰ ਉਹੀ ਚਿਹਰੇ। ਉਹੀ ਅੱਗ, ਉਹੀ ਸੇਕ। ਮਰਨ ਵਾਲਿਆ ਦੀ ਚੀਕਾ-ਰੌਲੀ, ਮਾਰਨ ਵਾਲਿਆਂ ਦੇ ਲਲਕਰੇ-ਲਲਕਾਰੇ। ਸਾਰੇ ਰਸਾਲਿਆਂ-ਅਖ਼ਬਾਰਾਂ ਦੇ ਪੰਨਿਆਂ 'ਤੇ ਇਕ ਚਿਹਰਾ ਸਥਿਰ ਹੋ ਗਿਆ ਏ। ਇਕ ਆਦਮੀ ਹੱਥ ਜੋੜਦਾ ਵਿਲ੍ਹਕਦਾ ਹੋਇਆ ਨਜ਼ਰ ਆ ਰਿਹਾ ਏ।
ਪੀੜ ਕਾਰਨ ਬੰਦ ਅੱਖਾਂ ਵਿਚ ਅੱਥਰੂ ਡੱਕੇ ਹੋਏ ਨੇ। ਅੱਥਰੂ ਜਿਹਨਾਂ ਉਸਨੂੰ ਅੰਨ੍ਹਾਂ ਕਰ ਦਿੱਤਾ ਏ।
ਉਹ ਹੱਥ ਜੋੜੀ ਖੜ੍ਹਾ ਏ।
ਕਿਸ ਸਾਹਵੇਂ?
ਤਸਵੀਰ ਨਹੀਂ ਦਿਸਦੀ ਪਰ ਚਿਹਰਾ ਕੈਸਾ ਏ ਸਾਹਮਣੇ ਵਾਲੇ ਦਾ?
ਹਤਿਆਰੇ ਦਾ ਏ? ਕਿ ਈਸ਼ਵਰ ਦਾ ਏ?
ਉਸਨੂੰ ਕੁਝ ਪਤਾ ਏ? ਵਿਲ੍ਹਕਦੇ ਖੜ੍ਹੇ...ਡਰ ਤੇ ਪੀੜ ਨਾਲ ਭੰਨੇ, ਅੰਨ੍ਹੇ ਹੋਏ ਉਸ ਆਦਮੀ ਨੂੰ?
'ਸਭ ਕੁਝ ਸਹਿ ਸਕਦਾ ਏ ਮਨੁੱਖ।' ਕਿਸੇ ਨੇ ਕਿਹਾ ਸੀ, ਸੰਸਾਰ ਯੁੱਧ ਵਿਚ ਯਹੂਦੀਆਂ ਦੇ ਬਚ ਜਾਣ 'ਤੇ...
ਪਤਾ ਨਹੀਂ, ਬੇਵੱਸੀ ਵਿਚ ਕਿ ਛੇਕ ਦਿੱਤੇ ਜਾਣ 'ਤੇ।
ਅਸੀਂ ਭੁੱਲ ਕਿੰਜ ਜਾਂਦੇ ਆਂ? ਬਚ ਕਿੰਜ ਜਾਂਦੇ ਆਂ?
ਕੀ ਏ ਇਸਦਾ ਰਹੱਸ?
ਕੀ ਏਨਾ ਈ ਕਿ ਮਾਰਨ ਵਾਲਿਆਂ ਨਾਲੋਂ ਬਚਣ ਵਾਲਿਆਂ ਦੀ, ਬਚਾਉਣ ਵਾਲਿਆਂ ਦੀ ਗਿਣਤੀ ਹਮੇਸ਼ਾ ਇਕ ਵੱਧ ਹੁੰਦੀ ਆਈ ਏ? ਸਿਰਫ਼ ਇਕ ਵੱਧ!
ਸਿਰਫ਼ ਇਕ ਵੱਧ?
--- --- ---






ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
ਮੋਬਾਇਲ ਨੰ : 94177-30600.

E-mail :- mpbedijaitu@yahoo.co.in

੦੦੦ ੦੦੦ ੦੦੦


(ਇਸ ਵਿਸ਼ੇਸ਼ ਲੇਖ ਨੂੰ ਸ਼ਬਦ-60. ਵਿਚ ਵੀ ਪੜ੍ਹਿਆ ਜਾ ਸਕਦਾ ਹੈ।)