Sunday, November 14, 2010

ਤੁਸੀਂ ਜਾਣਦੇ ਓ..:: ਲੇਖਕ : ਰਮੇਸ਼ ਉਪਾਧਿਆਏ




ਹਿੰਦੀ ਕਹਾਣੀ :
ਤੁਸੀਂ ਜਾਣਦੇ ਓ..
ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਤੁਸੀਂ ਜਾਣਦੇ ਓ, ਮੈਂ ਜਾਗਦਾ ਹੋਇਆ ਵੀ ਸੁਪਨੇ ਦੇਖਦਾਂ। ਇਹ ਕੋਈ ਨਵੀਂ ਜਾਂ ਅਨੋਖੀ ਗੱਲ ਨਹੀਂ। ਦੁਨੀਆਂ ਵਿਚ ਅਨੇਕਾਂ ਲੋਕ ਅਜਿਹੇ ਨੇ, ਜਿਹੜੇ ਉਠਦੇ-ਬੈਠਦੇ, ਕੰਮ-ਧੰਦਾ ਕਰਦੇ ਜਾਂ ਖਾਂਦੇ-ਪੀਂਦੇ ਹੋਏ, ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਦੇ ਨੇ। ਨਵੀਂ ਜਾਂ ਅਨੋਖੀ, ਤੇ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਸੁਪਨੇ ਮੈਂ ਦੇਖਦਾਂ, ਹੋਰਨਾਂ ਨੂੰ ਵੀ ਮੇਰੀਆਂ ਅੱਖਾਂ ਵਿਚ ਸਾਫ ਝਿਲਮਿਲਾਉਂਦੇ ਹੋਏ ਦਿਸ ਪੈਂਦੇ ਨੇ। ਤੁਸੀਂ ਸੋਚ ਸਕਦੇ ਓ, ਇਸ ਨਾਲ ਮੈਨੂੰ ਕੈਸੀ ਤੇ ਕਿੰਨੀ ਪ੍ਰੇਸ਼ਾਨੀ ਹੁੰਦੀ ਹੋਵੇਗੀ!
ਅੱਖਾਂ ਮੀਚੀ, ਸੁੱਤੇ ਪਏ, ਤੁਸੀਂ ਆਪਣੇ ਸੁਪਨੇ ਵਿਚ ਕੁਝ ਵੀ ਵੇਖੋਂ...ਸਿਰਫ ਤੁਸੀਂ ਓ ਵੇਖਦੇ ਓ। ਜਦੋਂ ਤਕ ਤੁਸੀਂ ਦੱਸਦੇ ਨਹੀਂ ਕਿ ਰਾਤੀਂ ਸੁਪਨੇ ਵਿਚ ਤੁਸੀਂ ਕੀ ਵੇਖਿਆ, ਕੋਈ ਜਾਣ ਨਹੀਂ ਸਕਦਾ ਕਿ ਤੁਸੀਂ ਕੀ ਵੇਖਿਆ ਏ।...ਤੇ ਇਹ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ 'ਤੇ ਹੁੰਦਾ ਏ ਕਿ ਤੁਸੀਂ ਦੂਜਿਆਂ ਨੂੰ ਆਪਣੇ ਸੁਪਨੇ ਸੁਣਾਓ ਜਾਂ ਨਾ ਸੁਣਾਓ। ਇਹ ਵੀ ਹੋ ਸਕਦਾ ਏ ਕਿ ਤੁਸੀਂ ਉਹਨਾਂ ਨੂੰ ਸੈਂਸਰ ਕਰਕੇ ਆਪਣੇ ਮਨ ਭੌਂਦੇ ਢੰਗ ਨਾਲ ਸੁਣਾਓ ਜਾਂ ਮਨ ਭੌਂਦੇ ਰੂਪ ਵਿਚ ਕੁਝ ਮਿਰਚ-ਮਸਾਲਾ ਲਾ ਦਿਓ। ਕਿਸੇ ਨੂੰ ਕੀ ਪਤਾ ਕਿ ਤੁਸੀਂ ਅਸਲ ਵਿਚ ਕੀ ਵੇਖਿਆ ਸੀ? ਤੇ ਫੇਰ ਪੂਰੇ ਦੇ ਪੂਰੇ ਸੁਪਨੇ ਚੇਤੇ ਵੀ ਕਦੋਂ ਰਹਿੰਦੇ ਨੇ! ਚੇਤੇ ਰਹਿ ਵੀ ਜਾਣ ਤਾਂ ਤੁਸੀਂ ਇਸ ਜਾਣਕਾਰੀ ਸਦਕਾ ਹਮੇਸ਼ਾ ਲਾਭ ਵਿਚ ਰਹਿੰਦੇ ਓ ਕਿ ਸੁਪਨੇ ਤਾਂ ਸੁਪਨੇ ਹੁੰਦੇ ਨੇ; ਕਿਤੋਂ ਵੀ ਸ਼ੁਰੂ, ਤੇ ਕਿਤੇ ਵੀ ਖ਼ਤਮ ਹੋ ਸਕਦੇ ਨੇ। ਜਾਂ ਅਚਾਨਕ ਅੱਖ ਖੁੱਲ੍ਹ ਜਾਣ ਕਰਕੇ ਟੁੱਟ ਸਕਦੇ ਨੇ, ਅਧੂਰੇ ਰਹਿ ਸਕਦੇ ਨੇ। ਤੁਸੀਂ ਆਪਣੇ ਸੁਪਨੇ ਦਾ ਮਾੜਾ ਹਿੱਸਾ ਨਹੀਂ ਵੀ ਸੁਣਾਉਣਾ ਚਾਹੁੰਦੇ, ਤਾਂ ਆਰਾਮ ਨਾਲ ਕਹਿ ਸਕਦੇ ਓ...'ਬਈ, ਇਸ ਪਿੱਛੋਂ ਅੱਖ ਖੁੱਲ੍ਹ ਗਈ ਸੀ।'
ਹੁਣ ਮੇਰੀ ਸਮੱਸਿਆ ਉੱਤੇ ਵਿਚਾਰ ਕਰੋ। ਮੰਨ ਲਓ, ਤੁਸੀਂ ਮੇਰੇ ਗੁਆਂਢੀ ਓ ਤੇ ਮੈਂ ਤੁਹਾਡੇ ਨਾਲ ਮੌਸਮ, ਮਹਿੰਗਾਈ, ਰਾਜਨੀਤੀ ਜਾਂ ਨਵੇਂ ਮਾਡਲ ਦੀ ਕਿਸੇ ਕਾਰ ਬਾਰੇ ਗੱਲਬਾਤ ਕਰ ਰਿਹਾ ਆਂ ਤੇ ਤੁਸੀਂ ਮੇਰੀਆਂ ਅੱਖਾਂ ਵਿਚ ਵੇਖ ਲੈਂਦੇ ਓ ਕਿ ਤੁਹਾਡੀ ਸੁੰਦਰ ਪਤਨੀ ਜਾਂ ਜਵਾਨ ਧੀ ਕਿਸੇ ਬਾਗ਼-ਬਗ਼ੀਚੇ ਦੇ ਇਕਾਂਤ ਵਿਚ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੋਈ ਘੁੰਮ ਰਹੀ ਏ। ਸੋਚੋ, ਤੁਹਾਡੀ ਕੀ ਹਾਲਤ ਹੋਵੇਗੀ ਤੇ ਤੁਸੀਂ ਮੇਰੀ ਕੀ ਗਤ ਬਣਾਓਗੇ! ਹੋ ਸਕਦਾ ਏ, ਤੁਸੀਂ ਕਿਸੇ ਡਰ, ਸ਼ਰਮ ਜਾਂ ਮੁਲਾਹਜੇ ਸਦਕਾ ਮੈਨੂੰ ਕੁਝ ਨਾ ਕਹਿ ਸਕੋਂ, ਪਰ ਆਪਣੇ ਘਰ ਜਾ ਕੇ ਆਪਣੀ ਸੁੰਦਰ ਪਤਨੀ ਜਾਂ ਜਵਾਨ ਧੀ ਦੀ ਹੱਤਿਆ ਕਰ ਦੇਵੋਂ। ਕੀ ਇਹ ਅਸੰਭਵ ਨਹੀਂ? ਹੈ ਨਾ? ਤਾਂ ਸੋਚੋ ਕਿ ਜਾਗਦਿਆ ਹੋਇਆਂ ਸੁਪਨੇ ਵੇਖਣਾ ਕਿੰਨਾ ਖ਼ਤਰਨਾਕ ਹੁੰਦਾ ਏ! ਮੇਰੇ ਲਈ ਈ ਨਹੀਂ, ਹੋਰਾਂ ਲਈ ਵੀ!
ਇਸ ਲਈ, ਤੁਸੀਂ ਜਾਣਦੇ ਓ, ਮੈਂ ਕਿਸੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨੀਂ ਤਾਂ ਦੂਰ ਰਹੀ, ਅੱਖ ਮਿਲਾ ਕੇ ਵੀ ਗੱਲ ਨਹੀਂ ਕਰਦਾ। ਨੀਵੀਂ ਪਾ ਕੇ ਤੁਰਦਾਂ ਤੇ ਨਜ਼ਰਾਂ ਚੁਰਾਅ ਕੇ ਗੱਲ ਕਰਦਾਂ। ਨਤੀਜਾ ਇਹ ਕਿ ਤੁਰਦਿਆਂ ਹੋਇਆਂ ਪੈਰ-ਪੈਰ 'ਤੇ ਟਕਰਾ ਜਾਨਾਂ...ਲੋਕਾਂ ਨਾਲ, ਵਾਹਣਾ ਨਾਲ, ਖੰਭਿਆਂ ਨਾਲ, ਦਰਵਾਜ਼ਿਆਂ ਨਾਲ ਤੇ ਕੰਧਾਂ-ਕੌਲਿਆਂ ਨਾਲ।...ਤੇ ਗੱਲ ਕਰਦਿਆਂ ਹੋਇਆਂ ਦੱਬੂ, ਝੇਂਪੂ, ਕਾਇਰ ਜਾਂ ਬਦਤਮੀਜ਼ ਸਮਝਿਆ ਜਾਂਦਾ ਆਂ। ਸੋਚੋ, ਕਿੰਨੀ ਵੱਡੀ ਸਮੱਸਿਆ ਏ ਇਹ! ਪਰ ਇਹ ਤਾਂ ਮੇਰੀ ਸਮੁੱਚੀ ਸਮੱਸਿਆ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ।
ਤੁਸੀਂ ਮੇਰੀ ਸਮੱਸਿਆ ਦੇ ਰੂਪ ਤੇ ਬੱਡਰੂਪ ਦਾ ਅੰਦਾਜ਼ਾ ਲਾ ਸਕੋ, ਇਸ ਲਈ ਮੈਂ ਅੱਜ ਦੀ ਇਕ ਘਟਨਾ ਸੁਣਾਉਂਦਾ ਆਂ। ਹੋਇਆ ਕੀ, ਕਿ ਸਵੇਰੇ ਕੰਮ 'ਤੇ ਜਾਂਦਾ ਹੋਇਆ ਮੈਂ ਕਿਸੇ ਨਾਲ ਟਕਰਾਅ ਗਿਆ। ਹੁਣ ਕਿਉਂਕਿ ਅੱਖਾਂ ਝੁਕਾਅ ਕੇ ਤੁਰਨ ਕਰਕੇ ਮੈਂ ਪੈਰ-ਪੈਰ 'ਤੇ ਟਕਰਾਉਂਦਾ ਰਹਿੰਦਾ ਆਂ, ਇਸ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਟਕਰਾਅ ਜਾਣ 'ਤੇ ਮੈਂ ਤੁਰੰਤ 'ਸੌਰੀ ਜੀ' ਕਹਿ ਦੇਂਦਾ ਆਂ ਤੇ ਅੱਖਾਂ ਚੁੱਕ ਕੇ ਇਹ ਵੇਖੇ ਬਿਨਾਂ ਈ ਕਿ ਮੈਂ ਕਿਸ ਨਾਲ ਟਕਰਇਆ ਸਾਂ, ਅੱਗੇ ਟੁਰ ਜਾਂਦਾ ਆਂ। ਇੱਥੋਂ ਤਕ ਕਿ ਜਦੋਂ ਕਿਸੇ ਕਾਰ-ਕੂਰ ਨਾਲ ਟਕਰਾਅ ਕੇ ਡਿੱਗ ਪੈਂਦਾ ਆਂ, ਉਦੋਂ ਵੀ ਅੱਖਾਂ ਚੁੱਕ ਕੇ ਨਹੀਂ ਵੇਖਦਾ। ਇਹੀ ਕਾਰਨ ਏਂ ਕਿ ਸੈਂਕੜੇ ਵਾਰੀ ਦੁਰਘਟਨਾਵਾਂ ਹੋ ਜਾਣ 'ਤੇ ਵੀ ਮੈਂ ਅੱਜ ਤਕ ਨਾ ਤਾਂ ਕਿਸੇ ਨਾਲ ਝਗੜਾ ਕੀਤਾ ਏ ਤੇ ਨਾ ਈ ਕੋਈ ਮੁਆਵਜ਼ਾ ਮੰਗਿਆ ਏ। ਤੁਸੀਂ ਜਾਣਦੇ ਓ, ਇੰਜ ਕਰਨ ਲਈ ਅੱਖਾਂ ਚੁੱਕ ਕੇ, ਨਜ਼ਰਾਂ ਮਿਲਾਅ ਕੇ ਗੱਲ ਕਰਨੀਂ ਜ਼ਰੂਰੀ ਏ, ਜਿਹੜੀ ਮੈਂ ਨਹੀਂ ਕਰ ਸਕਦਾ। ਇਸ ਲਈ ਟੱਕਰ ਵਿਚ ਆਪਣਾ ਦੋਸ਼ ਨਾ ਹੋਣ 'ਤੇ ਵੀ ਮੈਂ ਮੰਨ ਲੈਂਦਾ ਆਂ ਕਿ ਮੈਂ ਈ ਦੋਸ਼ੀ ਆਂ ਤੇ ਅਫ਼ਸੋਸ ਪ੍ਰਗਟ ਕਰਕੇ ਅੱਗੇ ਤੁਰ ਜਾਂਦਾ ਆਂ।
ਪਰ ਅੱਜ ਮੈਂ ਇੰਜ ਨਹੀਂ ਕਰ ਸਕਿਆ। ਟਕਰਾਉਂਦਿਆਂ ਈ ਇਕ ਸੁਖਦਾਈ ਕੋਮਲ ਛੂਹ ਦਾ, ਇਕ ਜਾਣੀ-ਪਛਾਣੀ ਮਹਿਕ ਦਾ ਤੇ ਜਿਹੜਾ ਰੰਗ ਮੈਨੂੰ ਵਿਸ਼ੇਸ ਤੌਰ 'ਤੇ ਪਸੰਦ ਏ, ਉਸੇ ਨੀਲੇ ਰੰਗ ਦੀ ਸਾੜ੍ਹੀ ਦੀ ਸਰਸਰਾਹਟ ਦਾ ਅਹਿਸਾਸ ਹੋਇਆ। ਅੱਖਾਂ ਹੇਠਾਂ ਗੱਡੀ ਅਫ਼ਸੋਸ ਪ੍ਰਗਟ ਕਰਕੇ ਅੱਗੇ ਵਧ ਜਾਣ ਦੀ ਬਜਾਏ ਮੈਂ ਨਜ਼ਰਾਂ ਚੁੱਕ ਕੇ ਵੇਖਿਆ ਤੇ ਵੇਖਦਾ ਈ ਰਹਿ ਗਿਆ। ਇਕ ਅਦਭੁਤ ਰੂਪਮਤੀ ਔਰਤ ਮੇਰੇ ਸਾਹਮਣੇ ਖੜ੍ਹੀ ਸੀ...ਤੇ ਹੈਰਾਨੀ ਸੀ ਕਿ ਉਹ ਵੀ, 'ਅੰਨ੍ਹਾਂ ਏਂ? ਵੇਖ ਕੇ ਨਹੀਂ ਤੁਰ ਸਕਦਾ?' ਜਾਂ ਅਜਿਹਾ ਈ ਕੁਝ ਹੋਰ ਕਹਿ ਕੇ ਅੱਗੇ ਵਧ ਜਾਣ ਦੀ ਬਜਾਏ ਮੇਰੇ ਵੱਲ ਵੇਖ ਰਹੀ ਸੀ। ਮੈਨੂੰ ਇੰਜ ਲੱਗਿਆ ਜਿਵੇਂ ਮਨ ਅੰਦਰ ਇਕ ਪੁਰਾਣੀ ਗ਼ਜ਼ਲ ਦਾ ਟੇਪ ਚਾਲੂ ਹੋ ਗਿਆ ਹੋਵੇ...'ਦਿਲ ਮੇਰਾ ਕਹਿਤਾ ਮੁਝ ਸੇ, ਮੈਂ ਕਭੀ ਐਸਾ ਕਰੂੰ; ਸਾਮਨੇ ਤੁਝਕੋ ਬਿਠਾਅ ਕਰ, ਦੇਰ ਤਕ ਦੇਖਾ ਕਰੂੰ।' ਓਧਰ ਉਹ ਵੀ ਮੁਸਕੁਰਾ ਰਹੀ ਸੀ, ਬਲਕਿ ਖਿੜ-ਪੁੜ ਗਈ ਸੀ ਤੇ ਕਿਸੇ ਪੁਰਾਣੀ ਗਾਇਕਾ ਦੇ ਗਾਏ ਦਾਦਰਾ ਦੀ ਨਕਲ ਕਰਦਿਆਂ ਮੈਨੂੰ ਮਸ਼ਕਰੀ ਕਰ ਰਹੀ ਸੀ...'ਹਮਾਰੀ ਅਟਰੀਆ ਪੇ ਆਜਾ ਰੇ ਸੰਵਰੀਆ, ਦੇਖਾ-ਦੇਖੀ ਤਨਿਕ ਹੁਈ ਜਾਏ ਰੇ...'
ਇਹ ਸਵੇਰ ਦੇ 'ਪੀਕ-ਆਵਰਜ਼' ਦਾ ਸਮਾਂ ਸੀ। ਅਸੀਂ ਵਿਪਰੀਤ ਦਿਸ਼ਾਵਾਂ ਤੋਂ ਸੜਕ ਪਾਰ ਕਰਦੇ ਹੋਏ ਸੜਕ ਦੇ ਐਨ ਵਿਚਕਾਰ ਟਕਰਾਏ ਸਾਂ ਤੇ ਇਕ ਦੂਜੇ ਨੂੰ ਵੇਖਦੇ ਹੋਏ ਥਾਵੇਂ ਅਟਕ ਗਏ ਸਾਂ—ਪਤਾ ਨਹੀਂ ਕਿੰਨੀ ਦੇਰ ਤਕ ਇੰਜ ਅਟਕੇ ਰਹੇ। ਪੈਦਲ ਸੜਕ ਪਾਰ ਕਰਨ ਵਾਲਿਆਂ ਲਈ ਹੋਈ ਹਰੀ ਬੱਤੀ ਪਤਾ ਨਹੀਂ ਕਦੋਂ ਲਾਲ ਹੋ ਗਈ ਤੇ ਵਾਹਣਾ ਲਈ ਹੋਈ ਲਾਲ ਬੱਤੀ ਪਤਾ ਨਹੀਂ ਕਦੋਂ ਹਰੀ। ਸਾਨੂੰ ਹੋਸ਼ ਉਦੋਂ ਆਇਆ ਜਦੋਂ ਵਾਹਣਾ ਦੇ ਹਾਰਨ ਚੀਕ-ਚੀਕ ਕੇ ਸਾਨੂੰ ਹਟ ਜਾਣ ਤੇ ਨੱਸ ਜਾਣ ਲਈ ਕਹਿਣ ਲੱਗੇ। ਹੋਸ਼ ਆਉਂਦਿਆਂ ਈ ਅਸੀਂ ਇਕ ਦੂਜੇ ਦਾ ਹੱਥ ਫੜ੍ਹ ਕੇ ਇਕੋ ਪਾਸੇ ਵੱਲ ਨੱਸ ਪਏ ਤੇ ਇਕੋ ਛਿਣ ਵਿਚ ਸੜਕ ਪਾਰ ਕਰ ਗਏ।
ਤੁਸੀਂ ਜਾਣਦੇ ਓ, ਇਹ ਬਿਲਕੁਲ ਫ਼ਿਲਮੀ ਸਿਚੁਏਸ਼ਨ ਏ। ਤੁਹਾਨੂੰ ਈ ਕਿਉਂ ਕਿਸੇ ਨੂੰ ਵੀ ਲੱਗ ਸਕਦਾ ਏ ਕਿ ਅਸੀਂ ਕੋਈ ਵਿੱਛੜੇ ਹੋਏ ਪ੍ਰੇਮੀ ਸਾਂ, ਜਿਹੜੇ ਅੱਜ ਅਚਾਨਕ ਟਕਰਾਅ ਗਏ ਸਾਂ। ਪਰ ਤੁਹਾਡਾ ਇਹ ਅੰਦਾਜ਼ਾ ਸਹੀ ਨਹੀਂ। ਮੈਨੂੰ ਤਾਂ ਕਦੀ ਕਿਸੇ ਨਾਲ ਪ੍ਰੇਮ ਹੋਇਆ ਈ ਨਹੀਂ। ਹੁੰਦਾ ਕਿੰਜ? ਜਿਸ ਵੱਲ ਵੀ ਅੱਖਾਂ ਚੁੱਕ ਕੇ ਵੇਖਿਆ, ਉਸੇ ਨੇ ਮੇਰੀਆਂ ਅੱਖਾਂ ਵਿਚ ਕੋਈ ਨਾ ਕੋਈ ਸੁਪਨਾ ਵੇਖ ਲਿਆ...ਤੇ ਫੇਰ ਕੋਈ ਘਬਰਾਅ ਕੇ ਪਿੱਛੇ ਹਟ ਗਈ, ਕਿਸੇ ਨੇ ਨਫ਼ਰਤ ਨਾਲ ਮੂੰਹ ਭੁੰਆਂ ਲਿਆ, ਕੋਈ ਡਰ ਕੇ ਨੱਸ ਗਈ, ਕੋਈ ਯਕਦਮ ਲੋਹੀ-ਲਾਖੀ ਹੋ ਕੇ ਚੀਕਣ-ਕੂਕਣ ਲੱਗੀ। ਕਿਸੇ ਨੂੰ ਦੇਰ ਤਕ ਵੇਖਣ ਦੀ ਤਾਂ ਗੱਲ ਈ ਕੀ, ਕਿਸੇ ਨਾਲ ਪਲ-ਛਿਣ ਲਈ ਝਾਤੀ-ਵਾਤੀ ਵੀ ਨਹੀਂ ਹੋ ਸਕੀ।
ਤਾਂ ਫੇਰ ਇੰਜ ਕਿਉਂ ਹੋਇਆ ਕਿ ਟਕਰਾਉਣ ਪਿੱਛੋਂ ਅਸੀਂ ਵਿਪਰੀਤ ਦਿਸ਼ਾਵਾਂ ਵੱਲ ਆਪੋ-ਆਪਣੇ ਕੰਮ 'ਤੇ ਚਲੇ ਜਾਣ ਦੀ ਬਜਾਏ ਇਕ ਦੂਜੇ ਦਾ ਹੱਥ ਫੜ੍ਹ ਕੇ ਇਕ ਪਾਸੇ ਵੱਲ ਨੱਸ ਪਏ?
ਹੋਇਆ ਇਹ ਕਿ ਉਸ ਨਾਲ ਟਕਰਾਉਣ ਪਿੱਛੋਂ ਜਿਉਂ ਈ ਮੈਂ ਨਜ਼ਰਾਂ ਚੁੱਕ ਕੇ ਦੇਖਿਆ, ਉਸਦੀਆਂ ਅੱਖਾਂ ਵਿਚ ਮੈਨੂੰ ਉਹੀ ਸੁਪਨਾ ਝਿਲਮਿਲਾਉਂਦਾ ਹੋਇਆ ਦਿਖਾਈ ਦਿੱਤਾ, ਜਿਸ ਨੂੰ ਦੇਖਦਾ ਹੋਇਆ ਮੈਂ ਉਸ ਸਮੇਂ ਤੁਰਿਆ ਜਾ ਰਿਹਾ ਸਾਂ। ਸੁਪਨਾ ਕੀ ਸੀ, ਇਹ ਪਿੱਛੋਂ ਦੱਸਾਂਗਾ, ਪਹਿਲਾਂ ਤੁਸੀਂ ਏਸ ਸੰਯੋਗ ਉੱਪਰ ਵਿਚਾਰ ਕਰੋ ਕਿ ਸੜਕ 'ਤੇ ਅਚਾਨਕ ਟਕਰਾਅ ਜਾਣ ਵਾਲੇ ਦੋ ਵਿਅਕਤੀ ਇਕੋ ਸੁਪਨਾ ਦੇਖ ਰਹੇ ਨੇ! ਅਦਭੁਤ ਸੰਯੋਗ ਏ ਨਾ? ਤੇ ਅਜਿਹਾ ਅਦਭੁਤ ਸੰਯੋਗ ਕੀ ਦੋਵਾਂ ਵਿਅਕਤੀਆਂ ਨੂੰ ਇਕ ਸਮਾਨ ਰਹਿਣ ਦਵੇਗਾ? ਕੀ ਉਹ ਹੈਰਾਨ ਹੋ ਕੇ ਇਕ ਦੂਜੇ ਵੱਲ ਵੇਖਦੇ ਨਹੀਂ ਰਹਿ ਜਾਣਗੇ? ਕੀ ਉਹ ਇਸ ਅਦਭੁਤ ਸੰਯੋਗ ਦਾ ਕਾਰਨ ਨਹੀਂ ਜਾਣਨਾ ਚਾਹੁਣਗੇ? ਬਸ, ਇਹੀ ਕਾਰਨ ਸੀ ਕਿ ਟਕਰਾਉਣ ਪਿੱਛੋਂ ਅਸੀਂ ਵਿਪਰੀਤ ਦਿਸ਼ਾਵਾਂ ਵੱਲ ਆਪੋ-ਆਪਣੇ ਕੰਮ 'ਤੇ ਚਲੇ ਜਾਣ ਦੀ ਬਜਾਏ ਇਕ ਦੂਜੇ ਦਾ ਹੱਥ ਫੜ੍ਹ ਕੇ ਇਕੋ ਦਿਸ਼ਾ ਵੱਲ ਨੱਸ ਪਏ ਸਾਂ।
ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਏ ਕਿ ਅਸੀਂ ਇਕ ਛਿਣ ਵਿਚ ਸੜਕ ਪਾਰ ਕਰ ਗਏ। ਫੁਟਪਾਥ 'ਤੇ ਜਾ ਖਲੋਣ ਪਿੱਛੋਂ ਵੀ ਇਕ ਦੂਜੇ ਦਾ ਹੱਥ ਨਹੀਂ ਛੱਡਿਆ ਤੇ ਫੇਰ ਇਕ ਦੂਜੇ ਦੀਆਂ ਅੱਖਾਂ ਵਿਚ ਵੇਖਿਆ। ਗਹੁ ਨਾਲ ਵੇਖਣ 'ਤੇ ਅਸੀਂ ਮਹਿਸੂਸ ਕੀਤਾ ਕਿ ਕਿਤੇ ਕਿਤੇ ਨਿੱਕੀ-ਮੋਟੀ ਡਿਟੇਲਜ਼ ਵਿਚ ਕੁਝ ਫਰਕ ਜ਼ਰੂਰ ਏ ਪਰ ਕੁੱਲ ਮਿਲਾ ਕੇ ਸੁਪਨਾ ਸਾਵਾਂ ਈ ਏਂ।
ਅਸੀਂ ਇਕ ਅਜਿਹੇ ਘਰ ਦਾ ਸੁਪਨਾ ਵੇਖ ਰਹੇ ਸਾਂ, ਜਿਸ ਵਿਚ ਮੀਂਹ-ਹਨੇਰੀ, ਲੂ-ਧੁੱਪ ਤੇ ਵਰੋਲਿਆਂ-ਝੱਖੇੜਿਆਂ ਤੋਂ ਬੱਚਤ ਲਈ ਜਗ੍ਹਾ ਤਾਂ ਹੋਏਗੀ, ਪਰ ਸਾਨੂੰ ਘੇਰ ਕੇ ਬਾਕੀ ਦੁਨੀਆਂ ਨਾਲੋਂ ਵੱਖ ਕਰ ਦੇਣ ਵਾਲੀਆਂ ਕੰਧਾਂ ਨਹੀਂ ਹੋਣਗੀਆਂ। ਉਸ ਘਰ ਵਿਚ ਸਮੇਂ ਅਨੁਸਾਰ ਸਾਰੀਆਂ ਜ਼ਰੂਰੀ ਵਸਤਾਂ ਲਈ ਜਗ੍ਹਾ ਹੋਏਗੀ, ਪਰ ਅਜਿਹੀ ਕਿਸੇ ਚੀਜ਼ ਲਈ ਕੋਈ ਜਗ੍ਹਾ ਨਹੀਂ ਹੋਏਗੀ, ਜਿਸ ਲਈ ਦੂਜੇ ਲੋਕ ਤਰਸਦੇ ਹੋਣ; ਲਿਲਕਣ ਤੇ ਸਾਡੇ ਨਾਲ ਈਰਖਾ ਕਰਨ ਤੇ ਉਸ ਵਸਤੂ ਨੂੰ ਸਾਥੋਂ ਖੋਹਣ ਲਈ ਸਾਨੂੰ ਮਾਰ ਦੇਣ ਦੀਆਂ ਵਿਉਂਤਾਂ ਘੜਨ ਲੱਗ ਪੈਣ। ਸਿਰਫ ਵਿਖਾਵੇ ਲਈ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ ਲਈ ਸਾਡੇ ਘਰ ਵਿਚ ਕਤਈ ਕੋਈ ਜਗ੍ਹਾ ਨਹੀਂ ਹੋਏਗੀ। ਸਾਡੇ ਘਰ ਵਿਚ ਕਿਤਾਬਾਂ ਪੜ੍ਹਨ ਲਈ ਹੋਣਗੀਆਂ ਤੇ ਭਾਸ਼ਾਵਾਂ ਬੋਲਣ ਲਈ; ਦੂਜਿਆਂ ਨੂੰ ਪ੍ਰਭਾਵਿਤ ਤਾਂ ਭੈਭੀਤ ਕਰਨ ਲਈ ਨਹੀਂ। ਦੂਰਸੰਚਾਰ ਦੇ ਸਾਧਨ ਇਕ ਤਰਫ਼ਾ ਨਹੀਂ, ਦੋ ਤਰਫ਼ਾ ਹੋਣਗੇ, ਜਿਹਨਾਂ ਦਾ ਉਪਯੋਗ ਸੰਵਾਦ ਕਰਨ ਲਈ ਕੀਤਾ ਜਾਏਗਾ, ਵਾਧੂ ਦੀ ਗੱਪਸ਼ੱਪ ਮਾਰਨ ਜਾਂ ਸੌਦੇਬਾਜ਼ੀ ਲਈ ਨਹੀਂ...
ਇਕ ਦੂਜੇ ਦੀਆਂ ਅੱਖਾਂ ਵਿਚ ਆਪਣਾ ਸੁਪਨਾ ਵੇਖ ਕੇ ਸਾਨੂੰ ਖੁਸ਼ੀ ਹੋਈ। ਤੁਸੀਂ ਜਾਣਦੇ ਓ, ਅਜਿਹੇ ਮੌਕਿਆਂ 'ਤੇ ਹੋਣ ਵਾਲੀ ਖੁਸ਼ੀ ਦਾ ਵਰਨਣ ਕਰਨ ਲਈ ਲੋਕ ਖੁਸ਼ੀ ਦੇ ਨਾਲ ਬੜੀ, ਬਹੁਤ, ਅੰਤਾਂ ਦੀ ਜਾਂ ਅਪਾਰ ਵਰਗੇ ਵਿਸ਼ਲੇਸ਼ਣ ਜੋੜ ਲੈਂਦੇ ਨੇ...ਮੈਂ ਕੋਈ ਵਿਸ਼ਲੇਸ਼ਣ ਨਹੀਂ ਜੋੜ ਰਿਹਾ; ਇਸ ਲਈ ਕਿ ਇਹ ਸਾਡੇ ਜੀਵਨ ਦੀ ਪਹਿਲੀ ਤੇ ਇਕਲੌਤੀ ਖੁਸ਼ੀ ਸੀ, ਜਿਸ ਨੂੰ ਤੁਲਨਾਤਮਕ ਦ੍ਰਿਸ਼ਟੀ ਨਾਲ ਨਾਪ-ਤੋਲ ਕੇ ਵਿਸ਼ੇਸ਼ ਦਰਸਾਉਣ ਦਾ ਸਵਾਲ ਈ ਨਹੀਂ ਪੈਦਾ ਹੁੰਦਾ। ਉਸਦਾ ਅਨੁਭਵ ਕੀ ਕਹਿੰਦਾ ਸੀ, ਇਹ ਮੈਨੂੰ ਨਹੀਂ ਸੀ ਪਤਾ...ਪਰ ਇਸ ਤੋਂ ਪਹਿਲਾਂ ਮੇਰਾ ਅਨੁਭਵ ਇਹ ਰਿਹਾ ਸੀ ਕਿ ਮੇਰੀਆਂ ਅੱਖਾਂ ਵਿਚ ਝਿਲਮਿਲਾਉਂਦਾ ਹੋਇਆ ਮੇਰਾ ਇਹ ਸੁਪਨਾ ਵੇਖ ਕੇ ਲੋਕੀ ਮੈਨੂੰ ਹੈਰਾਨੀ ਨਾਲ ਘੂਰਨ ਲੱਗ ਪੈਂਦੇ ਸੀ। ਉਹ ਸ਼ਾਇਦ ਮੈਨੂੰ ਜੇਲ੍ਹ, ਹਸਪਤਾਲ ਜਾਂ ਪਾਗਲਖ਼ਾਨੇ ਭੇਜਣ ਬਾਰੇ ਸੋਚਣ ਲੱਗਦੇ ਸੀ। ਉਹਨਾਂ ਦੀਆਂ ਅੱਖਾਂ ਦਾ ਇਹ ਭਾਵ ਵੇਖ ਕੇ ਮੈਂ ਡਰ ਜਾਂਦਾ ਸਾਂ ਤੇ ਜਾਨ ਬਚਾਅ ਕੇ ਨੱਸ ਜਾਂਦਾ ਸਾਂ ਕਿ ਕਿਤੇ ਕਿਸੇ ਨੂੰ ਮੇਰੀਆਂ ਅੱਖਾਂ ਵਿਚਲਾ ਸੁਪਨਾ ਨਾ ਦਿਸ ਜਾਏ, ਇਸ ਡਰ ਸਦਕਾ ਮੈਂ ਸਿਰ ਝੁਕਾਅ ਕੇ ਤੁਰਦਾ ਸਾਂ ਤੇ ਗੱਲ, ਹਮੇਸ਼ਾ ਅੱਖਾਂ ਨੀਵੀਆਂ ਕਰਕੇ ਕਰਦਾ ਸਾਂ। ਇੰਜ ਤਾਂ ਮੇਰੇ ਨਾਲ ਪਹਿਲੀ ਵਾਰੀ ਵਾਪਰ ਰਿਹਾ ਸੀ ਕਿ ਮੈਨੂੰ ਮੇਰਾ ਸੁਪਨਾ ਕਿਸੇ ਹੋਰ ਦੀਆਂ ਅੱਖਾਂ ਵਿਚ ਦਿਖਾਈ ਦੇ ਰਿਹਾ ਸੀ ਤੇ ਉਹ ਮੇਰੇ ਵੱਲ ਵੇਖਦੀ ਹੋਈ ਮੁਸਕੁਰਾ ਰਹੀ ਸੀ।
“ਕਿੱਦਾਂ ਰਹੇ, ਜੇ ਅੱਜ ਅਸੀਂ ਆਪੋ-ਆਪਣੇ ਕੰਮ 'ਤੇ ਨਾ ਜਾਈਏ ਤੇ ਮੌਜ਼ ਨਾਲ ਘੁੰਮੀਏਂ-ਫਿਰੀਏ?” ਮੈਂ ਸੁਝਾਅ ਦਿੱਤਾ ਤੇ ਉਸਨੇ ਖੁਸ਼ੀ ਨਾਲ ਮੰਨ ਲਿਆ।
“ਆਓ, ਪਹਿਲਾਂ ਕਿਤੇ ਬੈਠ ਕੇ ਚਾਹ ਪੀਨੇਂ ਆਂ”
“ਹਾਂ, ਇਹ ਠੀਕ ਏ!” ਉਸਨੇ ਕਿਹਾ ਤੇ ਮੇਰੇ ਨਾਲ ਤੁਰ ਪਈ।
ਉਸਨੇ ਪੁੱਛਿਆ, ਨਾ ਮੈਂ ਈ ਕਿ ਅਸੀਂ ਕੌਣ ਆਂ, ਕੀ ਕਰਦੇ ਆਂ, ਕਿੱਥੇ ਰਹਿੰਦੇ ਆਂ, ਐਰਾ-ਵਗ਼ੈਰਾ...ਫੇਰ ਵੀ ਚਾਹ-ਘਰ ਪਹੁੰਚਣ ਤਕ ਅਸੀਂ ਲਗਾਤਾਰ ਗੱਲਾਂ ਕਰਦੇ ਰਹੇ। ਤੁਸੀਂ ਜਾਣਦੇ ਓ, ਗੱਲਬਾਤ ਕਰਨ ਲਈ ਸਾਂਝੇ ਸੰਧਰਭਾਂ ਦਾ ਹੋਣ ਲਾਜ਼ਮੀ ਏਂ ਤੇ ਗੱਲਬਾਤ ਨੂੰ ਸਿਰਫ ਰਾਹੇ ਪਾਈ ਰੱਖਣ ਲਈ ਮੌਸਮ, ਮਹਿੰਗਾਈ, ਰਾਜਨੀਤੀ ਜਾਂ ਕਿਸੇ ਨਵੇਂ ਮਾਡਲ ਦੀ ਕਾਰ ਵਰਗੇ ਸਾਂਝੇ ਸੰਧਰਭ ਫਜ਼ੂਲ ਹੁੰਦੇ ਨੇ। ਸਾਡੇ ਸਾਂਝੇ ਸੰਧਰਭ ਫਜ਼ੂਲ ਨਹੀਂ ਸਨ ਤੇ ਸਾਡੀ ਗੱਲਬਾਤ ਸਿੱਧੀ-ਸਾਦੀ ਗੱਲਬਾਤ ਸੀ।
ਉਸਨੇ ਕਿਹਾ, “ਮੈਂ ਆਪਣੇ ਬੱਚਿਆਂ ਨੂੰ ਹੁਣ ਬਿਲਕੁਲ ਨਹੀਂ ਸਮਝ ਸਕਦੀ। ਮੇਰੀ ਭਾਸ਼ਾ ਤਾਂ ਉਹਨਾਂ ਸਕੂਲ ਜਾਣਾ ਸ਼ੁਰੂ ਕਰਦਿਆਂ ਈ ਬੋਲਣੀ ਛੱਡ ਦਿੱਤੀ ਸੀ, ਹੁਣ ਅੰਗਰੇਜ਼ੀ ਵੀ ਅਜਿਹੀ ਬੋਲਣ ਲੱਗ ਪਏ ਨੇ, ਜਿਸਦੀ ਸ਼ਬਦਾਵਲੀ ਮੇਰੀ ਸਮਝ ਤੋਂ ਬਿਲਕੁਲ ਬਾਹਰ ਏ...ਉਹਨਾਂ ਦੇ ਬੋਲੇ ਸ਼ਬਦ ਡਿਕਸ਼ਨਰੀ ਵਿਚ ਲੱਭਿਆਂ ਨਹੀਂ ਲੱਭਦੇ। ਉਹਨਾਂ ਦੇ ਹਰੇਕ ਵਾਕ ਵਿਚ ਦੋ ਚਾਰ ਐਬਰੀਵੀਏਸ਼ਨ ਹੁੰਦੇ ਨੇ, ਜਿਹਨਾਂ ਦੇ ਅਰਥ ਮੈਂ ਉਹਨਾਂ ਕੋਲੋਂ ਪੁੱਛ ਕੇ ਵੀ ਨਹੀਂ ਸਮਝ ਸਕਦੀ। ਮੈਂ ਆਦੇਸ਼ਾਂ ਤੇ ਉਪਦੇਸ਼ਾਂ ਵਿਚ ਯਕੀਨ ਨਹੀਂ ਕਰਦੀ, ਉਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦੀ ਆਂ, ਪਰ ਕਿੱਦਾਂ ਕਰਾਂ? ਗੱਲਬਾਤ ਤਾਂ ਦੂਰ ਦੀ ਗੱਲ ਹੋ ਗਈ, ਕਦੀ ਕਦੀ ਤਾਂ ਇੰਜ ਲੱਗਦਾ ਏ ਜਿਵੇਂ ਉਹਨਾਂ ਨਾਲ ਮੇਰਾ ਕੋਈ ਰਿਸ਼ਤਾ ਈ ਨਾ ਰਿਹਾ ਹੋਵੇ।”
“ਮੈਂ ਵੀ ਸਾਰਥਕ ਸੰਵਾਦ ਵਿਚ ਵਿਸ਼ਵਾਸ਼ ਕਰਦਾ ਆਂ, ਪਰ ਵੇਖਦਾ ਆਂ ਕਿ ਲੇਖਕ ਦੀ ਸਥਿਤੀ ਹੁਣ ਆਤਮ-ਅਲਾਪ ਜਾਂ ਨਿੱਜੀ ਵਿਲਾਪ ਕਰਨ ਵਾਲੇ ਵਰਗੀ ਹੋ ਗਈ ਏ। ਪਹਿਲਾਂ ਮੈਨੂੰ ਲੱਗਦਾ ਸੀ, ਲਿਖ ਕੇ ਕਰਾਂ ਜਾਂ ਬੋਲ ਕੇ, ਲੋਕਾਂ ਨਾਲ ਗੱਲਾਂ ਕਰ ਰਿਹਾ ਆਂ ਤੇ ਉਹ ਮੇਰੇ ਸਾਹਵੇਂ ਬੈਠੇ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਨੇ, ਕਿਤੇ ਕਿਤੇ ਆਪਣੀ ਰਾਏ ਵੀ ਜ਼ਾਹਿਰ ਕਰ ਦੇਂਦੇ ਨੇ...ਕਦੀ ਤਾੜੀਆਂ ਵਜਾ ਕੇ ਤੇ ਕਦੀ ਗਾਲ੍ਹਾਂ ਕੱਢ ਕੇ। ਉਦੋਂ ਮੈਨੂੰ ਲੱਗਦਾ ਸੀ ਕਿ ਮੈਂ ਗਤੀ ਵਿਚ ਆਂ, ਤੇਜ਼ੀ ਨਾਲ ਅੱਗੇ ਵਧ ਰਿਹਾਂ...ਤੇ ਮੈਥੋਂ ਪ੍ਰੇਰਿਤ-ਪ੍ਰਭਾਵਿਤ ਇਕ ਵਿਸ਼ਾਲ ਲੋਕ-ਹੜ੍ਹ ਮੇਰੇ ਨਾਲ-ਨਾਲ ਤੁਰ ਰਿਹਾ ਏ। ਪਰ ਹੁਣ ਲੱਗਦਾ ਏ, ਕੋਈ ਮੇਰੇ ਅੱਗੇ ਐ ਨਾ ਪਿੱਛੇ, ਤੇ ਏਸ ਇਕੱਲ ਵਿਚ ਮੇਰਾ ਸਾਥ ਦੇਣ ਵਾਲਾ ਵੀ ਕੋਈ ਨਹੀਂ।”
“ਮੈਂ ਸਮਝ ਸਕਦੀ ਆਂ। ਤੁਸੀਂ ਜਿਹਨਾਂ ਨਾਲ ਸੰਵਾਦ ਕਰਨਾ ਚਾਹੁੰਦੇ ਓ, ਉਹਨਾਂ ਦੀ ਭਾਸ਼ਾ ਵੀ ਉਸੇ ਤਰ੍ਹਾਂ ਬਦਲ ਗਈ ਏ, ਜਿਸ ਤਰ੍ਹਾਂ ਮੇਰੇ ਬੱਚਿਆਂ ਦੀ ਭਾਸ਼ਾ। ਨਾਲੇ, ਵਿਚਕਾਰ ਅਜਿਹੇ ਮਾਧਿਅਮ ਆ ਗਏ ਨੇ, ਜਿਹਨਾਂ ਉੱਤੇ ਤੁਹਾਡਾ ਕੋਈ ਜ਼ੋਰ ਨਹੀਂ। ਉਹ ਇਕ-ਪਾਸੜ ਵੀ ਨੇ। ਤੁਹਾਨੂੰ ਪੜ੍ਹਨ ਜਾਂ ਸੁਣਨ ਵਾਲੇ ਤੁਹਾਥੋਂ ਕਿਤੇ ਦੂਰ ਪਤਾ ਨਹੀਂ ਕਿੱਥੇ ਹੁੰਦੇ ਨੇ। ਉਹਨਾਂ ਦੀ ਪ੍ਰਤੀਕ੍ਰਿਆ ਵੀ ਤੁਹਾਡੇ ਤਕ ਬੜੀ ਮੁਸ਼ਕਿਲ ਨਾਲ ਈ ਪਹੁੰਚਦੀ ਏ। ਉਹ ਵੀ ਖਰੀ ਤੇ ਆਪਣੇ ਮੂਲ ਰੂਪ ਵਿਚ ਨਹੀਂ।”
“ਜਿਹੜੇ ਮਾਧਿਅਮ ਇਕ ਪਾਸੜ ਨਹੀਂ, ਉਹ ਵੀ ਤੁਹਾਡੇ ਹੱਥ-ਵੱਸ ਕਦੋਂ ਨੇ? ਤੁਸੀਂ ਟੈਲੀਫ਼ੋਨ ਉੱਤੇ ਗੱਲ ਕਰ ਰਹੇ ਹੁੰਦੇ ਓ...ਅਚਾਨਕ ਲਾਈਨ ਕੱਟੀ ਜਾਂਦੀ ਏ, ਜਾਂ ਟੈਲੀਫ਼ੋਨ ਮੌਨ ਧਾਰ ਲੈਂਦਾ ਏ, ਜਾਂ ਕਈ ਲਾਈਨਾ ਜੁੜ ਜਾਂਦੀਆਂ ਨੇ ਤੇ ਇਕੋ ਸਮੇਂ ਆਉਂਦੀਆਂ ਹੋਈਆਂ ਕਈ ਆਵਾਜ਼ਾਂ ਦੇ ਘਪਲੇ ਵਿਚ ਤੁਸੀਂ ਹੈਲੋ-ਹੈਲੋ ਕਰਦੇ ਰਹਿ ਜਾਂਦੇ ਓ।”
ਚਾਹ-ਘਰ ਵਿਚ ਜਾ ਕੇ ਅਸੀਂ ਇਕ ਟੇਬਲ ਉੱਤੇ ਆਹਮਣੋ-ਸਾਹਮਣੇ ਬੈਠ ਗਏ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਆਹਮਣੋ-ਸਾਹਮਣੇ ਬੈਠਣ ਵਾਲੀ ਇਕ ਆਮ ਸਥਿਤੀ ਵੀ ਏਨੀ ਖੁਸ਼ੀ ਭਰੀ ਜਾਂ ਆਨੰਦਮਈ ਹੋ ਸਕਦੀ ਏ। ਮੈਨੂੰ ਲੱਗਿਆ, ਅੱਜ ਮੈਨੂੰ ਉਹ ਮਿਲ ਰਿਹਾ ਏ, ਜਿਹੜਾ ਮੈਂ ਸਦੀਆਂ ਤੋਂ ਚਾਹ ਰਿਹਾ ਆਂ, ਪਰ ਮਿਲ ਨਹੀਂ ਸੀ ਰਿਹਾ।
ਸੋ ਉਹਦੇ ਸਾਹਮਣੇ ਬੈਠ ਕੇ ਮੈਂ ਉਹਦੀਆਂ ਅੱਖਾਂ ਵਿਚ ਵੇਖਿਆ ਤੇ ਮਹਿਸੂਸ ਕੀਤਾ ਕਿ ਘਰ ਵਾਲੇ ਸੁਪਨੇ ਵਿਚ ਖਾਸਾ ਪਰਿਵਰਤਨ ਹੋ ਚੁੱਕਿਆ ਏ। ਸੁਪਨਾ ਘਰ ਦਾ ਈ ਏ, ਪਰ ਬੜਾ ਬਦਲਿਆ ਹੋਇਆ ਏ। ਮੈਂ ਦੇਖਿਆ ਕਿ ਅਸੀਂ ਦੋਵੇਂ ਘਰ ਦੀ ਤਲਾਸ਼ ਵਿਚ ਭਟਕ ਰਹੇ ਆਂ। ਕੋਹਰਾ ਛਾਇਆ ਹੋਇਆ ਏ ਤੇ ਦਿਸ਼ਾਵਾਂ ਦੀ ਜਗ੍ਹਾ, ਹਰ ਜਗ੍ਹਾ ਮਿਰਗਛਲ ਏ। ਪੈਰਾਂ ਹੇਠ ਕੋਈ ਸੜਕ, ਰਸਤਾ ਜਾਂ ਪਗਡੰਡੀ ਨਹੀਂ, ਬੰਜਰ ਜਿਹੀ ਜ਼ਮੀਨ ਏਂ ਤੇ ਉਸ ਉੱਤੇ ਚਮਕੀਲੀਆਂ-ਭੜਕੀਲੀਆਂ ਦੁਕਾਨਾਂ ਦਾ ਜੰਗਲ ਉਗਿਆ ਹੋਇਆ ਏ। ਦੁਕਾਨਾਂ ਉੱਤੇ ਬੜੀ ਭੀੜ ਏ, ਪਰ ਉਹ ਭੀੜ ਉਹਨਾਂ ਗਾਹਕਾਂ ਦੀ ਏ, ਜਿਹੜੇ ਵਸਤਾਂ ਆਪਣੀ ਜ਼ਰੂਰਤ ਲਈ ਨਹੀਂ, ਬਲਕਿ ਦੂਜਿਆਂ ਦੀ ਦੇਖਾ-ਦੇਖੀ, ਸਿਰਫ ਖ਼ਰੀਦਨ ਲਈ, ਖ਼ਰੀਦ ਲੈਂਦੇ ਨੇ। ਅਸੀਂ ਆਪਣੇ ਘਰ ਦੀ ਭਾਲ ਵਿਚ ਆਂ, ਪਰ ਕਿਧਰੇ ਵਿਖਾਲੀ ਈ ਨਹੀਂ ਦੇ ਰਿਹਾ, ਹਾਲਾਂਕਿ ਸਾਡੇ ਬੱਚੇ ਦੁਕਾਨਾਂ ਦੇ ਉਸ ਜੰਗਲ ਵਿਚ ਭਟਕਦੇ ਹੋਏ ਨਜ਼ਰ ਆ ਰਹੇ ਨੇ। ਅਸੀਂ ਉਹਨਾਂ ਨੂੰ ਆਵਾਜ਼ਾਂ ਮਾਰ ਰਹੇ ਆਂ, ਘਰ ਚੱਲਣ ਲਈ ਕਹਿ ਰਹੇ ਆਂ, ਪਰ ਉਹ ਕੰਨਾਂ ਵਿਚ ਈਅਰ ਫ਼ੋਨ ਲਾਈ ਕੋਈ ਤੇਜ਼ ਤੇ ਸ਼ੋਰ ਭਰਿਆ ਵਿਦੇਸ਼ੀ ਸੰਗੀਤ ਸੁਣ ਰਹੇ ਨੇ, ਸਾਡੀ ਆਵਾਜ਼ ਨਹੀਂ...
ਸੁਪਨੇ ਵਿਚ ਦ੍ਰਿਸ਼ ਬਦਲਦਾ ਏ ਤੇ ਦੁਕਾਨਾਂ ਦਾ ਜੰਗਲ ਅਲੋਪ ਹੋ ਜਾਂਦਾ ਏ। ਹੁਣ ਅਸੀਂ ਕਿਸੇ ਪਿੰਡ ਦੀਆਂ ਕੱਚੀਆਂ ਵੀਹਾਂ ਤੇ ਟੁੱਟੇ ਛਪਰਾਂ ਵਾਲੇ ਘਰਾਂ ਵਿਚਕਾਰੋਂ ਲੰਘਦੇ ਹੋਏ ਆਪਣਾ ਘਰ ਲੱਭ ਰਹੇ ਆਂ। ਅਸੀਂ ਥੱਕ ਗਏ ਆਂ ਤੇ ਚਾਹੁੰਦੇ ਆਂ ਕਿ ਕੁਛ ਖਾਣ-ਪੀਣ ਲਈ ਮਿਲ ਜਾਏ, ਪਰ ਪੁੱਛਣ 'ਤੇ ਪਤਾ ਲੱਗਦਾ ਏ ਕਿ ਇੱਥੇ ਤਾਂ ਅਕਾਲ ਪਿਆ ਹੋਇਐ, ਅੰਨ-ਪਾਣੀ ਕੁਛ ਵੀ ਨਹੀਂ...ਤੇ ਸਾਡੀ ਪ੍ਰੇਸ਼ਾਨੀ ਇਹ ਐ ਕਿ ਸਾਡੇ ਘਰ ਜਾਣ ਵਾਲਾ ਰਸਤਾ ਇਸ ਅਕਾਲ ਤੇ ਭੁੱਖ ਮਰੀ ਵਿਚੋਂ ਦੀ ਹੋ ਕੇ ਜਾਂਦਾ ਏ...
ਤੁਸੀਂ ਜਾਣਦੇ ਓ ਕਿ ਅਜਿਹੀ ਯਾਤਰਾ, ਜੇ ਤੁਸੀਂ ਇਸ ਨੂੰ ਯਾਤਰਾ ਕਹਿ ਸਕੋ, ਕਿੰਨੀ ਔਖੀ ਤੇ ਤਰਾਸ ਭਰੀ ਹੁੰਦੀ ਏ! ਤੁਸੀਂ ਤੁਰਦੇ ਘੱਟ ਓ, ਭਟਕ ਹਰ ਪੈਰ 'ਤੇ ਜਾਂਦੇ ਓ। ਇਸ ਲਈ ਥੱਕਦੇ ਵੀ ਜ਼ਿਆਦਾ ਓ। ਭਟਕਣ ਤੇ ਥਕਾਣ ਦੇ ਇਲਾਵਾ ਨਿਰਾਸ਼ਾ ਵੀ ਏਨੀ ਵੱਧ ਹੁੰਦੀ ਏ ਕਿ ਤੁਸੀਂ ਰੁਕ ਜਾਣ, ਡਿੱਗ ਪੈਣ, ਢੈ ਜਾਣ ਤੇ ਮਰ ਜਾਣ ਬਾਰੇ ਸੋਚਣ ਲੱਗ ਪੈਂਦੇ ਓ। ਉਦੋਂ ਤੁਸੀਂ ਆਪ ਭਾਵੇਂ ਈਸ਼ਵਰ ਨੂੰ ਮੰਨੋ ਜਾਂ ਨਾ ਮੰਨੋ, ਪ੍ਰਾਰਥਨਾਂ ਕਰਨ ਲੱਗਦੇ ਓ ਕਿ ਕੋਈ ਸਾਥੀ ਮਿਲ ਜਾਏ।
ਚਾਹ-ਘਰ ਵਿਚ ਉਸ ਦੇ ਨਾਲ ਚਾਹ ਪੀਂਦਿਆਂ ਹੋਇਆਂ ਮੈਨੂੰ ਇੰਜ ਲੱਗਿਆ, ਜਿਵੇਂ ਮੇਰੀ ਪ੍ਰਾਰਥਨਾਂ ਸੁਣ ਲਈ ਗਈ ਏ। ਘਰ ਦਾ ਰਸਤਾ ਬੜਾ ਔਖਾ ਦੇ ਭਿਅੰਕਰ ਏ, ਪਰ ਉਸਦੀ ਖ਼ੂਬਸੂਰਤੀ ਇਹ ਐ ਕਿ ਉਸ ਉੱਪਰ ਅਸੀਂ ਦੋਵੇਂ ਇਕੱਠੇ ਤੁਰ ਰਹੇ ਆਂ।
ਚਾਹ ਪੀਂਦਿਆਂ ਹੋਇਆਂ ਮੈਂ ਉਸਨੂੰ ਪੁੱਛਿਆ, “ਇਹ ਸੁਪਨਾ ਤੂੰ ਕਦੋਂ ਦਾ ਦੇਖ ਰਹੀ ਏਂ?”
“ਜਦੋਂ ਦਾ ਬੱਚਿਆਂ ਨੇ ਮੈਨੂੰ ਇਕ ਗਰੀਬ ਦੇਸ਼ ਦੀ ਪਿਛੜੀ ਹੋਈ ਔਰਤ ਸਮਝਣਾ ਸ਼ੁਰੂ ਕੀਤਾ ਏ ਤੇ ਨੌਕਰਾਣੀ ਵਾਂਗ ਮੈਥੋਂ ਕੰਮ ਲੈਂਦੇ ਹੋਏ ਮੈਨੂੰ 'ਸਟੁਪਿਡ-ਵੋਮਨ' ਕਹਿਣਾ ਸ਼ੁਰੂ ਕੀਤਾ ਏ। ਤੇ ਤੁਸੀਂ...?”
“ਜਦੋਂ ਮੈਨੂੰ ਲੱਗਿਆ ਕਿ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਨੇ, ਤਿਵੇਂ ਤਿਵੇਂ ਮੇਰਾ ਘਰ, ਮੇਰਾ ਨਹੀਂ, ਓਪਰਾ ਹੁੰਦਾ ਜਾ ਰਿਹਾ ਏ। ਮੈਂ ਸੋਚਿਆ ਸੀ, ਆਪਣੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੁਆਵਾਂਗਾ ਤੇ ਖ਼ੁਦ ਉਹਨਾਂ ਨੂੰ ਚੰਗੇ ਤੋਂ ਚੰਗੇ ਸੰਸਕਾਰ ਦਿਆਂਗਾ। ਚੰਗੀ ਸਿੱਖਿਆ ਦੁਆਉਣ ਦਾ ਮਤਲਬ ਸੀ ਉਹਨਾਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਉਣ ਵਾਲੇ ਮਹਿੰਗੇ ਪਬਲਿਕ ਸਕੂਲ ਵਿਚ ਪੜ੍ਹਾਵਾਂਗਾ। ਸ਼ਾਇਦ ਇਹੀ ਮੈਥੋਂ ਪਹਿਲੀ ਗ਼ਲਤੀ ਹੋਈ। ਉਹ ਸਮਝਣ ਲੱਗੇ ਕਿ ਅਸੀਂ ਦੇਸ਼ ਦੇ ਦਸ ਪ੍ਰਤੀਸ਼ਤ ਧਨੀ ਲੋਕਾਂ ਵਿਚੋਂ ਆਂ ਤੇ ਸਾਨੂੰ ਬਾਕੀ ਦੇ ਨੱਬੇ ਪ੍ਰਤੀਸ਼ਤ ਲੋਕਾਂ ਨੂੰ ਆਪਣੇ ਨੌਕਰ ਜਾਂ ਗ਼ੁਲਾਮ ਸਮਝਦਿਆਂ ਹੋਇਆਂ, ਉਹਨਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਵੇਖਣ ਦਾ ਅਧਿਕਾਰ ਏ। ਹੁਣ ਉਹਨਾਂ ਦੇਖਿਆ ਕਿ ਮੈਂ ਨੌਕਰਾਂ ਜਾਂ ਗ਼ੁਲਾਮਾਂ ਵਾਲੀ ਭਾਸ਼ਾ ਵਿਚ ਲਿਖਦਾ ਆਂ ਤੇ ਉਹਨਾਂ ਦੀ ਭਾਸ਼ਾ ਈ ਬੋਲਦਾ ਆਂ, ਤਾਂ ਉਹ ਮੈਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ। ਉਹ ਚਾਹੁਣ ਲੱਗੇ-ਸਗੋਂ ਮੰਗ ਕਰਨ ਲੱਗੇ ਕਿ ਮੈਂ ਅੰਗਰੇਜ਼ੀ ਸਿਖਾਂ, ਅੰਗਰੇਜ਼ੀ ਬੋਲਾਂ ਤੇ ਅੰਗਰੇਜ਼ੀ ਵਿਚ ਈ ਲਿਖਾਂ। ਜਦੋਂ ਮੈਂ ਕਿਹਾ ਕਿ ਇਹ ਸੰਭਵ ਨਹੀਂ, ਤਾਂ ਉਹਨਾਂ ਕਿਹਾ, 'ਠੀਕ ਏ, ਤੁਸੀਂ ਆਪਣੀ ਭਾਸ਼ਾ ਵਿਚ ਈ ਲਿਖੋ, ਪਰ ਦੇਸ਼ ਦੇ ਦਸ ਪ੍ਰਤੀਸ਼ਤ ਧਨੀ ਲੋਕਾਂ ਦੇ ਕੰਮ ਦੀ ਚੀਜ਼ ਲਿਖੋ, ਤਾਂਕਿ ਪੈਸਾ ਮਿਲੇ, ਪ੍ਰਸਿੱਧੀ ਮਿਲੇ ਤੇ ਪ੍ਰਸਿੱਧੀ ਨੂੰ ਇਸਤੇਮਾਲ ਕਰਕੇ ਹੋਰ ਵਧੇਰੇ ਪੈਸਾ ਮਿਲੇ। ਇਹ ਕੀ ਕਿ ਤੁਸੀਂ ਦਿਨ ਰਾਤ ਮਿਹਨਤ ਕਰਕੇ ਲਿਖਦੇ ਓ ਤੇ ਆਪਣੀਆਂ ਰਚਨਾਵਾਂ ਅਜਿਹੀਆਂ ਪੱਤਰਕਾਵਾਂ ਨੂੰ ਭੇਜਦੇ ਓ, ਜਿਹੜੀਆਂ ਹਜ਼ਾਰ-ਪੰਜ ਸੌ ਛਪਦੀਆਂ ਨੇ ਤੇ ਮਿਹਨਤਾਨਾ ਵੀ ਨਹੀਂ ਦੇਂਦੀਆਂ।' ਉਹ ਮੈਨੂੰ ਮੂਰਖ ਜਾਂ ਪਾਗਲ ਸਮਝਣ ਲੱਗ ਪਏ ਸੀ।”
“ਮੇਰੇ ਨਾਲ ਵੀ ਕੁਛ ਇਵੇਂ ਈ ਹੋਇਆ। ਜਦੋਂ ਉਹਨਾਂ ਵੇਖਿਆ ਕਿ ਮੈਂ ਉਹਨਾਂ ਵਰਗੀ ਫੱਰਾਟੇਦਾਰ ਅੰਗਰੇਜ਼ੀ ਨਹੀਂ ਬੋਲ ਸਕਦੀ; ਜਿੰਨੀ ਕੁ ਬੋਲਦੀ ਆਂ, ਉਹ ਵਿਚ ਵੀ ਉਚਾਰਣ ਦੀਆਂ ਗਲਤੀਆਂ ਕਰਦੀ ਆਂ, ਤਾਂ ਉਹਨਾਂ ਦੇ ਮਨ ਵਿਚ ਮੇਰੇ ਲਈ ਕੋਈ ਆਦਰ ਨਹੀਂ ਰਿਹਾ। ਜਦੋਂ ਉਹ ਵੱਡੇ ਹੋਣ ਲੱਗੇ ਤੇ ਮੈਂ ਉਹਨਾਂ ਨੂੰ ਕਹਿਣ ਲੱਗੀ ਕਿ ਸਾਦਾ ਖਾਓ, ਸਾਦਾ ਪਾਓ ਤੇ ਘਰ ਦੇ ਕੰਮ-ਕਾਜ ਵਿਚ ਮੇਰਾ ਹੱਥ ਵੰਡਾਓ; ਤਾਂ ਉਹਨਾਂ ਨੂੰ ਬੜੀ ਬੁਰੀ ਲੱਗਣ ਲੱਗ ਪਈ। ਮੈਂ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਖਾਣ-ਪਾਉਣ ਦਿਆਂ, ਆਜ਼ਾਦੀ ਨਾਲ ਘੁੰਮਣ-ਫਿਰਨ ਦਿਆਂ, ਕੋਈ ਕੰਮ ਕਰਨ ਲਈ ਨਾ ਆਖਾਂ ਤੇ ਖ਼ੁਦ ਉਹਨਾਂ ਲਈ ਨੌਕਰੀ ਕਰਾਂ ਤੇ ਘਰ ਦੇ ਵੀ ਸਾਰੇ ਕੰਮ ਕਰਦੀ ਰਹਾਂ। ਇਹ ਸਭ ਮੇਰੇ ਫ਼ਰਜ਼ ਨੇ ਤੇ ਉਹਨਾਂ ਦੇ ਅਧਿਕਾਰ। ਪਰ ਮੈਨੂੰ ਏਨਾ ਵੀ ਅਧਿਕਾਰ ਨਹੀਂ ਕਿ ਜਦੋਂ ਮੈਂ ਆਪਣੇ ਕੰਮ ਤੋਂ ਥੱਕੀ-ਹਾਰੀ ਆਵਾਂ ਤਾਂ ਉਹਨਾਂ ਨੂੰ ਇਕ ਕੱਪ ਚਾਹ ਬਣਾਉਣ ਲਈ ਵੀ ਕਹਿ ਸਕਾਂ। ਕੀ ਚਾਹ ਬਣਾਉਣੀ ਉਹਨਾਂ ਦਾ ਕੰਮ ਏ? ਕੀ ਉਹ ਮੇਰੇ ਨੌਕਰ ਨੇ? ਨਹੀਂ, ਮੈਂ ਆਂ ਉਹਨਾਂ ਦੀ ਨੌਕਰ; ਤੇ ਪੈਸਾ ਕਮਾਉਣ ਵਾਲੀ ਮਸ਼ੀਨ...!”
“ਹਾਂ, ਉਹ ਮੈਨੂੰ ਵੀ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਸਮਝਦੇ ਨੇ, ਉਹ ਵੀ ਬਹੁਤ ਪੁਰਾਣੇ ਮਾਡਲ ਦੀ, ਬਿਲਕੁਲ ਐਬਸੋਲੀਟ ਟੈਕਨਾਲੋਜੀ ਦੀ। ਹੁਣ ਉਹ ਵੱਡੇ ਤੇ ਮੈਥੋਂ ਵੱਧ ਸਮਝਦਾਰ ਹੋ ਗਏ ਨੇ। ਕਹਿੰਦੇ ਨੇ...'ਪ੍ਰਿੰਟ ਮੀਡੀਏ ਦਾ ਜ਼ਮਾਨਾ ਗਿਆ, ਲਿਖਣਾ ਈ ਏ ਤਾਂ ਇਲੈਕਟਰਾਨਿਕ ਮੀਡੀਏ ਲਈ ਲਿਖੋ। ਪੁਰਾਣੇ ਟਾਈਪਰਾਈਟਰ ਨੂੰ ਸੁੱਟੋ, ਕੰਪਿਊਟਰ ਲੈ ਆਓ। ਕਿਤਾਬਾਂ ਪੜ੍ਹਨ ਦੀ ਪੁਰਾਣੀ ਆਦਤ ਛੱਡੋ, ਇੰਟਰਨੈਟ 'ਤੇ ਸਰਫਿੰਗ ਕਰੋ।' ਮੇਰਾ ਨਵੀਆਂ ਚੀਜ਼ਾਂ ਨਾਲ ਕੋਈ ਵਿਰੋਧ ਨਹੀਂ। ਮੇਰਾ ਵੱਸ ਚੱਲੇ ਤਾਂ ਮੈਂ ਅੱਜ ਈ ਕੰਪਿਊਟਰ ਲੈ ਆਵਾਂ। ਪਰ ਪੈਸਾ ਕਿੱਥੋਂ ਲਿਆਵਾਂ? ਚੋਰੀ ਕਰਾਂ, ਡਾਕਾ ਮਾਰਾਂ ਜਾਂ ਕੋਈ ਘਪਲਾ-ਘੋਟਾਲਾ ਕਰਾਂ? ਮੇਰਾ ਇਹ ਸਵਾਲ ਸੁਣ ਕੇ ਉਹ ਸ਼ਰਮਿੰਦੇ ਨਹੀਂ ਹੁੰਦੇ, ਸਗੋਂ ਮੇਰਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਨੇ...'ਕਰ ਸਕਦੇ ਓ ਤਾਂ ਦਿਖਾਉਣ ਲਈ ਈ ਸਹੀ, ਇਕ ਅੱਧਾ ਕਰਕੇ ਵੀ ਵਿਖਾਓ!' ਅਜਿਹੀਆਂ ਗੱਲਾਂ ਸੁਣ ਕੇ ਮੈਂ ਸੋਚਦਾ ਆਂ...ਇਹ ਘਰ ਹੁਣ ਮੇਰਾ ਨਹੀਂ ਰਿਹਾ।”
“ਮੈਂ ਤਾਂ ਸੋਚ ਲਿਆ ਏ, ਹੁਣ ਮੈਂ ਵੀ ਉਹਨਾਂ ਦੀ ਪ੍ਰਵਾਹ ਨਹੀਂ ਕਰਾਂਗੀ। ਪਾਲ-ਪੋਸ ਕੇ ਵੱਡੇ ਕਰ ਦਿੱਤੇ, ਹੁਣ ਜਾਣ ਤੇ ਆਪਣਾ ਕਮਾਉਣ-ਖਾਣ।”
“ਮੈਂ ਵੀ ਇੰਜ ਈ ਕਰਾਂਗਾ।”
“ਪਰ ਸੁਣੋ, ਤੁਸੀਂ ਸੜਕ 'ਤੇ ਸਿਰ ਸੁੱਟ ਕੇ ਕਿਉਂ ਚੱਲਦੇ ਓ? ਕੀ ਤੁਹਾਨੂੰ ਆਪਣੇ ਨਵੇਂ ਘਰ ਦੇ ਸੁਪਨੇ ਤੋਂ ਸ਼ਰਮ ਆਉਂਦੀ ਏ? ਜਾਂ ਡਰ ਲੱਗਦਾ ਏ ਕਿ ਲੋਕ ਕੀ ਕਹਿਣਗੇ?”
“ਹਾਂ, ਡਰ ਲੱਗਦਾ ਏ।” ਮੈਂ ਕੁਝ ਚਿਰ ਚੁੱਪਚਾਪ ਸੋਚਦੇ ਰਹਿਣ ਪਿੱਛੋਂ ਕਿਹਾ, “ਮੈਂ ਆਪਣੇ ਸੁਪਨੇ ਨੀਂਦ ਵਿਚ ਨਹੀਂ, ਜਾਗਦਿਆਂ ਹੋਇਆਂ ਦੇਖਦਾ ਆਂ ਨਾ। ਉੱਪਰੋਂ ਦਿੱਕਤ ਇਹ ਐ ਕਿ ਮੇਰੇ ਸੁਪਨੇ, ਦੂਜਿਆਂ ਨੂੰ ਵੀ ਮੇਰੀਆਂ ਅੱਖਾਂ ਵਿਚ ਦਿਖਾਈ ਦੇ ਜਾਂਦੇ ਨੇ। ਉਹਨਾਂ ਨੂੰ ਦੇਖ ਕੇ ਉਹ ਮੈਨੂੰ ਜੇਲ੍ਹ, ਹਸਪਤਾਲ ਜਾਂ ਪਾਗਲਖ਼ਾਨੇ ਭਿਜਵਾਉਣ ਬਾਰੇ ਸੋਚਣ ਲੱਗ ਪੈਂਦੇ ਨੇ। ਹਾਲਾਂਕਿ ਉਹਨਾਂ ਵਿਚ ਵੀ ਜ਼ਿਆਦਾ ਅਜਿਹੇ ਨੇ, ਜਿਹੜੇ ਮੇਰੇ ਤੇ ਤੇਰੇ ਵਾਂਗ ਆਪੋ-ਆਪਣੇ ਘਰਾਂ ਵਿਚ ਓਪਰੇ ਤੇ ਪਰਾਏ ਹੋ ਚੁੱਕੇ ਨੇ ਤੇ ਉਹਨਾਂ ਨੂੰ ਨਵੇਂ ਘਰ ਦੀ ਲੋੜ ਏ, ਫੇਰ ਵੀ ਉਹਨਾਂ ਨੂੰ ਪਤਾ ਨਹੀਂ ਕਿਉਂ ਨਵੇਂ ਘਰ ਦੇ ਸੁਪਨੇ ਤੋਂ ਡਰ ਲੱਗਦਾ ਏ।...ਤੇ ਮੈਨੂੰ ਇਸੇ ਚੀਜ਼ ਤੋਂ ਸਭ ਤੋਂ ਵੱਧ ਡਰ ਲੱਗਦਾ ਏ।”
“ਤਾਂ ਹੁਣ ਤੁਸੀਂ ਕੀ ਕਰੋਗੇ?”
“ਸੋਚਦਾ ਆਂ, ਹਫਤੇ ਵਿਚ ਘੱਟੋਘੱਟੋ ਇਕ ਵਾਰੀ ਇਵੇਂ ਈ ਰਾਹ ਚੱਲਦਿਆਂ ਕਿਸੇ ਨਾਲ ਟਕਰਾਅ ਜਾਇਆ ਕਰਾਂ ਤੇ ਮਸਤੀ ਵਿਚ ਘੁੰਮ ਫਿਰ ਕੇ ਪੂਰਾ ਦਿਨ ਬਿਤਾਉਣ ਪਿੱਛੋਂ ਘਰ ਵਾਪਸ ਜਾਇਆ ਕਰਾਂ।”
“ਆਈਡੀਆ ਬੁਰਾ ਨਹੀਂ।” ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ, “ਜਦੋਂ ਸਾਡੇ ਬੱਚੇ ਸਾਡੀ ਕਮਾਈ ਦੇ ਸਿਰ 'ਤੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜਿਊਣਾ ਆਪਣਾ ਅਧਿਕਾਰ ਸਮਝਦੇ ਨੇ, ਤਾਂ ਆਪਣੀ ਕਮਾਈ ਦੇ ਸਿਰ 'ਤੇ ਅਸੀਂ ਵੀ ਦੋ ਚਾਰ ਦਿਨ ਤਾਂ ਆਪਣੇ ਢੰਗ ਨਾਲ ਜਿਊਂ ਈ ਸਕਦੇ ਆਂ।”
“ਚੱਲ, ਹੁਣ ਇੱਥੋਂ ਬਾਹਰ ਨਿਕਲੀਏ ਤੇ ਥੋੜ੍ਹਾ ਘੁੰਮ ਫਿਰ ਲਈਏ।”
“ਹਾਂ, ਚੱਲੋ।”
ਅਸੀਂ ਚਾਹ-ਘਰ ਵਿਚੋਂ ਨਿਕਲੇ ਤੇ ਇਹ ਸੋਚੇ ਬਿਨਾਂ ਕਿ ਅਸੀਂ ਕਿੱਧਰ ਜਾਣਾ ਏਂ, ਇਕ ਪਾਸੇ ਵੱਲ ਤੁਰ ਪਏ। ਮੇਰੇ ਅੰਦਰ ਪਤਾ ਨਹੀਂ ਕਿਉਂ ਤੇ ਕਿਵੇਂ ਏਨਾ ਹੌਸਲਾ ਆ ਗਿਆ ਸੀ ਕਿ ਹੁਣ ਮੈਂ ਸਿਰ ਸੁੱਟ ਕੇ ਹੇਠਾਂ ਵੇਖਦਾ ਹੋਇਆ ਨਹੀਂ, ਬਲਕਿ ਸਿਰ ਚੁੱਕ ਕੇ ਸਾਹਮਣੇ ਵੇਖਦਾ ਹੋਇਆ ਤੁਰ ਰਿਹਾ ਸਾਂ।
ਤੁਸੀਂ ਜਾਣਦੇ ਓ, ਦਿੱਲੀ ਵਰਗੇ ਅਧੁਨਿਕ ਸ਼ਹਿਰ ਤੇ ਅੱਜ ਦੇ ਉਤਰ-ਅਧੁਨਿਕ ਸਮੇਂ ਵਿਚ ਵੀ ਇਸ ਘਟਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਵੇਗਾ। ਭਲਾ ਇੰਜ ਕਿੰਜ ਹੋ ਸਕਦਾ ਏ ਕਿ ਆਪੋ-ਆਪਣੇ ਕੰਮ 'ਤੇ ਜਾਂਦੇ ਹੋਏ ਦੋ ਪੱਕੀ ਉਮਰ ਦੇ ਬਾਲ-ਬੱਚੜਦਾਰ ਔਰਤ-ਮਰਦ ਇੰਜ ਅਚਾਨਕ ਟਕਰਾਅ ਜਾਣ ਤੇ ਨੌਜਵਾਨ ਪ੍ਰੇਮੀਆਂ ਵਾਂਗ ਛੁੱਟੀ ਮਾਰ ਕੇ ਮਸਤੀ ਵਿਚ ਘੁੰਮਦੇ ਫਿਰਨ? ਇਸ ਲਈ ਮੈਂ ਇਸ ਸੱਚੀ ਘਟਨਾ ਨੂੰ ਕਹਾਣੀ ਦਾ ਰੂਪ ਦੇ ਕੇ ਖ਼ਤਮ ਕਰਾਂਗਾ। ਤੁਹਾਨੂੰ ਝਟਕਾ ਦੇਣ ਲਈ ਨਹੀਂ, ਬਲਕਿ ਕਹਾਣੀ ਨੂੰ ਇਕ ਖ਼ੂਬਸੂਰਤ ਮੋੜ ਦੇਣ ਲਈ ਦੱਸ ਦਿਆਂ ਕਿ ਅੱਜ ਜਿਸ ਨਾਲ ਮੈਂ ਟਕਰਾਇਆ ਸਾਂ, ਉਹ ਕੋਈ ਹੋਰ ਨਹੀਂ, ਮੇਰੀ ਪਤਨੀ ਏਂ। ਵੈਸੇ ਮੇਰਾ ਖ਼ਿਆਲ ਏ ਕਿ ਤੁਸੀਂ ਇਹ ਗੱਲ ਸ਼ੁਰੂ 'ਚ ਈ ਸਮਝ ਗਏ ਹੋਵੋਗੇ।
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

No comments:

Post a Comment