Thursday, June 7, 2012

ਸਵਾਲ ;; ਲੇਖਕਾ : ਨਤਾਸ਼ਾ ਅਰੋੜਾ



ਹਿੰਦੀ ਕਹਾਣੀ :


ਸਵਾਲ
ਲੇਖਕਾ : ਨਤਾਸ਼ਾ ਅਰੋੜਾ


ਅਨੁਵਾਦ : ਮਹਿੰਦਰ ਬੇਦੀ ਜੈਤੋ


(ਇਹ ਕਹਾਣੀ 'ਕਹਾਣੀ ਪੰਜਾਬ' ਦੇ ਅਪ੍ਰੈਲ-ਜੂਨ ਅੰਕ 75 ਵਿਚ ਵੀ ਪੜ੍ਹੀ ਜਾ ਸਕਦੀ ਹੈ---ਅਨੁ.।)


ਆਪਣੀ ਠਾਹਰ ਦੇ ਤੰਬੂ ਵਿਚ ਤੇਜ਼ ਗਤੀ ਨਾਲ ਚੱਕਰ ਕੱਟ ਰਹੀ ਉਸ ਦਬੰਗ, ਤੇਜਸਵਨੀ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਕਾਫੀ ਗੂੜ੍ਹੀਆਂ ਸਨ। ਆਮ ਨਾਲੋਂ ਲੰਮੀ-ਝੰਮੀ, ਸੁਡੌਲ, ਦਰਸ਼ਨੀ, ਕਣਕਵੰਨੀ-ਕਾਇਆ। ਕੇਸਾਂ ਵਿਚ ਚਮਕਦੀਆਂ ਚਾਂਦੀ ਦੀਆਂ ਤਾਰਾਂ ਉਸਦੀ ਪੱਕੀ-ਉਮਰ ਵੱਲ ਸੰਕੇਤ ਕਰ ਰਹੀਆਂ ਸਨ। ਉਸਨੂੰ ਆਪਣੇ ਪੁੱਤਰ-ਸਮਾਨ ਪਿਆਰੇ ਸੂਹੀਏ, ਸੇਵਕ ਤੁਹੁੰਡ, ਦੀ ਉਡੀਕ ਸੀ। ਜਿਹੜੇ ਸਮਾਚਾਰ ਹੋਰ ਸੂਹੀਏ ਲਿਆਏ ਸਨ, ਉਹਨਾਂ ਦੀ ਸੱਚਾਈ ਉੱਤੇ ਸ਼ੱਕ ਨਾ ਹੋਣ ਦੇ ਬਾਵਜੂਦ ਵੀ ਉਸਦਾ ਮਨ ਉਹਨਾਂ ਨੂੰ ਸਵੀਕਾਰਨ ਲਈ ਤਿਆਰ ਨਹੀਂ ਸੀ ਹੋ ਰਿਹਾ।
ਕੁਲਾਂਤਪੀਠ-ਘਾਟੀ ਦੀ ਤਰਾਈ ਵਿਚ ਸਥਿਤ ਸਕੰਧਾਵਾਰ ਰਾਕਸ਼ਸ-ਰਾਜ ਘਟੋਤਕਚ ਦਾ ਸੀ। ਪਿਤਰੀ-ਕੁਲ ਵੱਲੋਂ ਹੋਈ ਆਗਿਆ ਦੀ ਪਾਲਨਾ ਕਰਨ ਖਾਤਰ ਰਾਕਸ਼ਸ ਰਾਜਾ ਘਟੋਤਕਚ ਆਪਣੀ ਸਾਰੀ ਸੈਨਾ ਸਮੇਤ ਕੁਰੁਕਸ਼ੇਤਰ ਦੀ ਰਣਭੂਮੀ ਵਿਚ ਜਾ ਗੱਜਿਆ ਸੀ। ਵਾਨਪ੍ਰਸਥੀ ਰਾਜਮਾਤਾ ਹਿਡਿੰਬਾ ਆਪਣੇ ਆਪ ਨੂੰ ਇਹਨਾਂ ਭਿਆਨਕ ਪ੍ਰਸਥਿੱਤੀਆਂ ਵਿਚ, ਉੱਚੀ ਪਹਾੜੀ ਉਪਤਯਕਾ ਤੋਂ ਉਤਰ ਕੇ, ਇੱਥੇ ਆਉਣ ਤੋਂ ਰੋਕ ਨਹੀਂ ਸੀ ਸਕੀ। ਆਪਣੇ ਮਨ ਦੀ ਇਸ ਬੇਚੈਨੀ ਉੱਤੇ ਉਹ ਖ਼ੁਦ ਵੀ ਹੈਰਾਨ ਸੀ। ਇਹਨਾਂ ਵਾਨਪ੍ਰਸਥੀ ਵਰ੍ਹਿਆਂ ਵਿਚ ਭੀਮ ਦੇ ਨਾਂ ਦਾ ਰਟਣ ਕਰ-ਕਰ ਧੜਕਣ ਵਾਲਾ ਦਿਲ ਮਸੀਂ ਸ਼ਾਂਤ ਹੋਇਆ ਸੀ ਕਿ ਹੁਣ ਫੇਰ ਇਹ ਬੇਚੈਨੀ? ਮੋਹ ਦੀ ਅੱਗ ਅਜੇ ਬੁਝੀ ਨਹੀਂ ਸੀ ਜਾਪਦੀ—ਪੁੱਤਰ, ਪੋਤਰਿਆਂ ਦੀ ਸਲਾਮਤੀ ਦੀ ਚਿੰਤਾ ਚੰਬੜ ਗਈ ਸੀ। ਰੋਜ਼ ਸੂਹੀਏ ਤੋਂ ਉਹ, ਭੀਮ ਸਮੇਤ, ਸਾਰਿਆਂ ਦੀ ਰਾਜੀ-ਖੁਸ਼ੀ ਜਾਣਨ ਲਈ ਬੇਚੈਨ ਰਹਿੰਦੀ।
ਤੁਹੁੰਡ ਨੇ ਤੰਬੂ ਦਾ ਪਰਦਾ ਹਟਾਇਆ ਤਾਂ ਸੋਚਾਂ ਦੇ ਭੰਵਰ ਵਿਚ ਭੌਂਦੀ ਹਿਡਿੰਬਾ ਇਕ ਝਟਕੇ ਨਾਲ ਵਰਤਮਾਨ ਵਿਚ ਪਰਤ ਆਈ। ਆਪਣੀ ਪ੍ਰੇਸ਼ਾਨੀ ਵੱਸ ਹਿਡਿੰਬਾ ਨੇ ਉਸ ਦਾ ਮੋਢਾ ਫੜ੍ਹ ਕੇ ਝੰਜੋੜ ਦਿੱਤਾ, ਪਰ ਕੋਈ ਸਵਾਲ ਨਾ ਕਰ ਸਕੀ। ਸਵਾਲ ਕਰਨਾ ਵਿਅਰਥ ਸੀ—ਤੁਹੁੰਡ ਦੀਆਂ ਅੱਖਾਂ ਸਮਾਚਾਰ ਦੇ ਸੱਚ ਦਾ ਸਬੂਤ ਬਣੀਆਂ ਹੋਈਆਂ ਸਨ। ਪੁੱਤਰ ਘਟੋਤਕਚ ਦੇ ਬੱਧ ਦੀ ਸੂਚਨਾ ਕਾਲਜਾ ਪਾੜ ਦੇਣ ਵਾਲੀ ਸੀ। ਰਾਜਮਾਤਾ ਨੇ ਆਪਣੇ ਆਪ ਉੱਤੇ ਕਾਬੂ ਪਾਉਂਦਿਆਂ ਹੋਇਆਂ ਧੀਮੀ ਆਵਾਜ਼ ਵਿਚ ਕਿਹਾ, “ਤੁਹੁੰਡ! ਮੇਰੇ ਬੱਚੇ! ਝੱਟ ਮੈਨੂੰ ਰਣਭੂਮੀ ਦਾ ਪੂਰਾ ਹਾਲ ਸੁਣਾ।”
ਸਾਰੀਆਂ ਖਬਰਾਂ ਮਾੜੀਆਂ ਸਨ—ਵਿਸ਼ਵਾਸ ਨਹੀਂ ਸੀ ਆ ਰਿਹਾ ਪਰ...! ਉਸਨੇ ਤੁਹੁੰਡ ਦੀਆਂ ਅੱਖਾਂ ਵਿਚ ਬਹੁਤ ਕੁਝ ਟੋਲਦੀਆਂ ਆਪਣੀਆਂ ਅੱਖਾਂ ਗੱਡ ਕੇ ਸਵਾਲ ਕੀਤਾ...:
“ਮੇਰਾ ਸਵਾਲ ਧਿਆਨ ਨਾਲ ਸੁਣ। ਕੀ ਕਿਸੇ ਨੇ ਵੀ ਪੁੱਤਰ ਘਟੋਤਕਚ ਨੂੰ ਕਰਣ ਨਾਲ ਯੁੱਧ ਕਰਨ ਲਈ ਮਜ਼ਬੂਰ ਕੀਤਾ ਸੀ?”
“ਨਹੀਂ ਸੁਆਮੀ ਮਾਤਾ! ਪਰ ਪ੍ਰਸਥਿੱਤੀਆਂ ਤੇ ਵਾਤਾਵਰਣ ਅਜਿਹੇ ਬਣਾਅ ਦਿੱਤੇ ਗਏ ਸਨ ਕਿ ਮਹਾਰਾਜ ਖ਼ੁਦ ਹੀ ਯੁੱਧ ਲਈ ਡਟ ਗਏ।”
“'ਬਣਾਅ' ਦਿੱਤੇ ਗਏ ਸਨ? ਸਪਸ਼ਟ ਕਰ। ਏਨੇ ਬਲੀ ਪਾਂਡਵਾਂ ਦੇ ਹੁੰਦਿਆਂ, ਕਰਣ ਨੇ ਕਿੰਜ ਮੇਰੇ ਪੁੱਤਰ ਦਾ ਬੱਧ ਕਰ ਦਿੱਤਾ?” ਹਿਡਿੰਬਾ ਦੇ ਮੱਥੇ ਦੀਆਂ ਕਰੋਧਮਈ ਤਿਊੜੀਆਂ ਅਨੇਕਾਂ ਸਵਾਲ ਕਰ ਰਹੀਆਂ ਸਨ।
“ਸੁਆਮੀ ਮਾਤਾ! ਜਦ ਕਰਣ ਦੇ ਤੀਰਾਂ ਦੀ ਬਰਖਾ ਨਾਲ ਪਾਂਡਵ ਸੈਨਾ ਤ੍ਰਾਸ-ਤ੍ਰਾਸ ਕਰ ਰਹੀ ਸੀ ਤਦ ਵੀਰ ਅਰਜੁਨ ਕਰਣ ਨਾਲ ਯੁੱਧ ਕਰਨ ਲਈ ਤਿਆਰ ਹੋਏ ਪਰ ਸ਼੍ਰੀ ਕ੍ਰਿਸ਼ਣ ਨੇ ਮਹਾਰਾਜ ਘਟੋਤਕਚ ਦੀ ਸ਼ਕਤੀ ਦਾ ਵਿਸ਼ਵਾਸ ਦਿਵਾਇਆ। ਸ਼੍ਰੀ ਕ੍ਰਿਸ਼ਣ ਨੇ ਖ਼ੁਦ ਸਾਡੇ ਮਹਾਰਾਜ ਨੂੰ ਕਿਹਾ 'ਪੁੱਤਰ ਘਟੋਤਕਚ, ਤੇਰੇ ਲਈ ਕੁਝ ਕਰ ਵਿਖਾਉਣ ਦਾ ਸੁਨਹਿਰਾ ਮੌਕਾ ਏ ਇਹ। ਪਿਤਾ ਇਸੇ ਕਰਕੇ ਪੁੱਤਰ ਦੀ ਕਾਮਨਾ ਕਰਦਾ ਹੈ ਕਿ ਸੰਕਟ ਸਮੇਂ ਉਹ, ਉਹਦੀ ਰੱਖਿਆ ਕਰੇ। ਤੂੰ ਆਪਣੇ ਕਰਤੱਵ ਦਾ ਪਾਲਨ ਕਰ'—ਇਹ ਸੁਣ ਕੇ ਸਾਡੇ ਮਹਾ...।”
“ਹਾਂ! ਹਾਂ! ਮੈਂ ਜਾਣਦੀ ਆਂ ਆਪਣੇ ਪੁੱਤਰ ਦੇ ਸੁਭਾਅ ਨੂੰ, ਉਹ ਤੁਰੰਤ ਆਪਣੇ ਪਿਤਰ-ਕੁਲ ਦੀ ਰੱਖਿਆ ਲਈ ਅੱਗੇ ਹੋ ਗਿਆ ਹੋਵੇਗਾ।” ਬੜੀ ਮੁਸ਼ਕਲ ਨਾਲ ਆਪਣੀ ਉਤੇਜਨਾ ਉੱਤੇ ਕਾਬੂ ਪਾਉਂਦਿਆਂ ਹੋਇਆਂ ਉਸਨੇ ਫੇਰ ਸਵਾਲ ਕੀਤਾ, ਇੰਜ ਜਿਵੇਂ ਉਸੇ ਉਤਰ ਉੱਤੇ ਹੀ ਉਸਦੇ ਸਾਰੇ ਜੀਵਨ ਦੀ ਤਪਸਿਆ ਦੀ ਨੀਂਹ ਟਿਕੀ ਹੋਈ ਹੋਵੇ। ਉਸਨੇ ਸਾਹਾਂ ਦੀ ਗਤੀ ਬੜੀ ਧੀਮੀ ਹੋ ਗਈ ਸੀ।
“ਦੱਸੋ ਪੁੱਤਰ! ਇਸ ਸਮੇਂ ਮੇਰੇ ਪੁੱਤਰ ਦੇ ਪਿਤਾ ਕਿੱਥੇ ਸਨ?”
“ਸੁਆਮੀ ਮਾਤਾ! ਮਹਾਰਾਜ ਭੀਮ ਸੈਨ ਯੁੱਧ ਵਿਚ ਦੂਜੇ ਪਾਸੇ ਕੌਰਵਾਂ ਦੁਆਰਾ ਘੇਰ ਲਏ ਗਏ ਸਨ, ਨਹੀਂ ਤਾਂ...।”
ਹਿਡਿੰਬਾ ਦੇ ਰੁਕੇ ਹੋਏ ਸਾਹ ਮੁੜ ਵਗਣ ਲੱਗੇ। ਸੁਆਮੀ ਮਾਤਾ ਦੇ ਆਦੇਸ਼ ਉੱਤੇ ਤੁਹੁੰਡ ਨੇ ਪੂਰੇ ਵਿਸਥਾਰ ਨਾਲ ਸਾਰੇ ਹਾਲਾਤ ਕਹਿ ਸੁਣਾਏ, ਜਿਹਨਾਂ ਨੂੰ ਸੁਣ ਕੇ ਹਿਡਿੰਬਾ ਨੂੰ ਆਪਣੇ ਗੁੱਸਾ ਨੂੰ ਰੋਕਣਾ ਦੁੱਭਰ ਹੋ ਗਿਆ। ਉਸਦੇ ਚਿਹਰੇ ਦੀ ਦ੍ਰਿੜ੍ਹ ਗੰਭੀਰਤਾ ਨੇ ਤੁਹੁੰਡ ਨੂੰ ਡਰਾ ਦਿੱਤਾ। ਹਿਡਿੰਬਾ ਨੇ ਮਨ ਹੀ ਮਨ ਕੁਝ ਫ਼ੈਸਲੇ ਕੀਤੇ। ਰਣਭੂਮੀ ਵਿਚੋਂ ਘਟੋਤਕਚ ਦੀ ਦੇਹ ਲੈ ਆਉਣ ਦਾ ਹੁਕਮ ਦੇਣ ਪਿੱਛੋਂ ਉਹ ਤੁਹੁੰਡ ਵਲ ਭੌਂ ਪਈ, “ਤੂੰ ਕੁਛ ਆਰਾਮ ਕਰ ਲੈ। ਹੁਣੇ ਤੂੰ ਮੇਰੇ ਨਾਲ ਲੰਮੀ ਯਾਤਰਾ ਕਰਨੀ ਏਂ।” ਸੁਆਮੀ ਮਾਤਾ ਦੀ ਠੰਡੀ-ਯਖ ਆਵਾਜ਼ ਤੇ ਚਿਹਰੇ ਦੇ ਹਾਵ-ਭਾਵ ਨੇ ਉਸਨੂੰ ਚਿੰਤਾ ਵਿਚ ਪਾ ਦਿੱਤਾ ਸੀ। ਉਸਨੂੰ ਵਰ੍ਹਿਆਂ ਪੁਰਾਣੀ ਰਾਜ-ਪਟਰਾਣੀ ਹਿਡਿੰਬਾ ਚੇਤੇ ਆ ਗਈ—ਜਿਸਦਾ ਹਰ ਨਿਹਚਾ ਦ੍ਰਿੜ੍ਹ ਤੇ ਫ਼ੈਸਲੇ ਅਟੱਲ ਹੁੰਦੇ ਹੁੰਦਾ ਸਨ।
ਰਾਜ ਮਾਤਾ ਦੀ ਆਗਿਆ ਅਨੁਸਾਰ ਘੋੜੇ ਤਿਆਰ ਸਨ। ਹਿਡਿੰਬਾ ਤੰਬੂ ਵਿਚੋਂ ਬਾਹਰ ਆਈ ਤੇ ਫੁਰਤੀ ਨਾਲ ਘੋੜੇ 'ਤੇ ਸਵਾਰ ਹੋ ਗਈ। ਘੋੜੇ ਹਵਾ ਨਾਲ ਗੱਲਾਂ ਕਰਨ ਲੱਗੇ। ਉਹਨਾਂ ਕਿਸੇ ਵੀ ਹਾਲਤ ਵਿਚ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਮਿਥੇ ਹੋਏ ਸਥਾਨ 'ਤੇ ਪਹੁੰਚਣਾ ਸੀ। ਪੰਧ ਲੰਮੇਰਾ ਸੀ। ਗੰਗਾ ਵੀ ਪਾਰ ਕਰਨੀ ਪੈਣੀ ਸੀ। ਤੇਜ਼ ਗਤੀ ਵਾਲੀਆਂ ਬੇੜੀਆਂ ਤਿਆਰ ਸਨ।
ਅੱਜ ਪਹਿਲੀ ਵਾਰੀ ਹਿਡਿੰਬਾ ਆਰੀਆ-ਵਰਤ ਦੇ ਪ੍ਰਸਿੱਧ ਪੌਰਵ-ਕੁਲ-ਵੰਸ਼ੀ ਰਾਜ-ਖੇਤਰ ਵਿਚ ਪ੍ਰਵੇਸ਼ ਕਰ ਰਹੀ ਸੀ। ਕੁਰੂਕਸ਼ੇਤਰ ਦੀ ਰਣਭੂਮੀ ਆਪਣੀ ਇਸ ਪੁੱਤਰ-ਬਧੁ ਦਾ ਸਵਾਗਤ, ਉਸੇ ਦੇ ਪੁੱਤਰ ਦੇ ਲਹੂ ਨਾਲ ਭਿੱਜੀ ਰੇਤ ਨਾਲ, ਕਰਨ ਦੀ ਉਡੀਕ ਵਿਚ ਸੀ।
ਆਕਾਸ਼ ਵਿਚ ਉੱਡਦੀਆਂ ਗਿਰਝਾਂ ਤੇ ਮਨੁੱਖਾਂ, ਪਸ਼ੂਆਂ ਦੀਆਂ ਚੀਕਾਂ ਤੋਂ ਉਹ ਸਮਝ ਗਈ ਕਿ ਉਸਦੀ ਮੰਜ਼ਿਲ ਨੇੜੇ ਹੀ ਹੈ। ਹੁਣ ਤੁਹੁੰਡ ਨੇ ਸੁਆਮੀ ਮਾਤਾ ਦੇ ਘੋੜਾ ਦੇ ਅੱਗੇ ਹੋ ਕੇ ਲਗਾਮ ਸਮਰਾਂਗਣ ਦੀ ਉਲਟ ਦਿਸ਼ਾ ਵੱਲ ਮੋੜ ਦਿੱਤੀ। ਹਿਡਿੰਬਾ ਨੂੰ ਕੁਝ ਰੁੱਖਾਂ ਤੇ ਝਾੜੀਆਂ ਵਿਚਕਾਰ ਘਿਰਿਆ, ਪਾਣੀ ਛਿੜਕ ਕੇ ਸਾਫ-ਸੁਥਰਾ ਕੀਤਾ, ਧਰਤੀ ਦਾ ਇਕ ਟੁਕੜਾ ਨਜ਼ਰ ਆਇਆ—ਜਿਸਦੇ ਐਨ ਵਿਚਕਾਰ ਪਿਤਾਮਾ ਭੀਸ਼ਮ ਤੀਰਾਂ ਦੀ ਸੇਜ ਉੱਤੇ ਲੇਟੇ ਹੋਏ ਸਨ। ਕੁਝ ਫ਼ਾਸਲੇ 'ਤੇ ਦੋ ਸੇਵਕ ਖੜ੍ਹੇ ਸਨ। ਹਿਡਿੰਬਾ ਰੁੱਖਾਂ ਦੇ ਝੁੰਡ ਕੋਲ ਘੋੜੇ ਤੋਂ ਉਤਰੀ, ਲਗਾਮ ਤੁਹੁੰਡ ਨੂੰ ਫੜਾ ਕੇ ਉੱਥੇ ਹੀ ਉਡੀਕ ਕਰਨ ਦੀ ਆਗਿਆ ਦੇ ਕੇ ਅੱਗੇ ਵਧ ਗਈ। ਹਲਕੀ ਜਿਹੀ ਓਪਰੀ ਪੈੜ ਚਾਲ ਸੁਣ ਕੇ ਭੀਸ਼ਮ ਨੇ ਸਵਾਲ ਕੀਤਾ...:
“ਕੌਣ?”
ਪਿਤਾਮਾ (ਪਿਤਾ ਸਮਾਨ) ਦੇ ਸਾਹਵੇਂ ਆ ਕੇ , ਹੱਥ ਜੋੜ ਕੇ ਤੇ ਸਿਰ ਨਿਵਾਅ ਕੇ, ਹਿਡਿੰਬਾ ਨੇ ਬੜੀ ਨਿਮਰ ਤੇ ਸੁਸ਼ੀਲ ਭਾਸ਼ਾ ਵਿਚ ਕਿਹਾ—
“ਪਰਮ-ਪੂਜਯ ਪਿਤਾਮਾ ਦੇ ਚਰਣਾ ਵਿਚ ਪ੍ਰਿਯ ਅੰਜਨਪਰਵਾ ਦੀ ਦਾਦੀ ਤੇ ਵੀਰ ਘਟੋਤਕਚ ਦੀ ਮਾਤਾ ਦਾ ਪ੍ਰਣਾਮ ਸਵੀਕਾਰ ਹੋਵੇ।” ਪਿਤਾਮਾ ਚੁੱਪ ਸਨ...
ਅੱਜ ਦਾ ਯੁੱਧ ਸਮਾਪਤ ਹੋਣ ਵਾਲਾ ਸੀ। ਨਿੱਤ ਵਾਂਗ ਪਾਂਡਵ, ਦੇਵੀ ਕੁੰਤੀ, ਦਰੌਪਦੀ, ਮਹਾਮੰਤਰੀ ਵਿਦੁਰ ਤੇ ਸ਼੍ਰੀ ਕ੍ਰਿਸ਼ਣ ਗੰਗਾ ਪੁੱਤਰ ਦੀ ਸੇਜ ਵੱਲ ਵਧ ਰਹੇ ਸਨ। ਨੇੜੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਸੇਜ ਕੋਲ ਕਿਸੇ ਦੇ ਖੜ੍ਹੇ ਹੋਣ ਦਾ ਅਹਿਸਾਸ ਹੋਇਆ, ਜਰਾ ਅੱਗੇ ਵਧਦੇ ਤਾਂ ਉਸ ਔਰਤ ਦਾ ਬਿੰਬ ਸਾਫ ਹੋ ਗਿਆ, ਸਾਰੇ ਠਿਠਕ ਗਏ। ਭੀਮ ਦੇ ਮੂੰਹੋਂ ਨਿਕਲੀ 'ਓਹ' ਦੀ ਆਵਾਜ਼ ਦੇ ਨਾਲ ਬਾਕੀ ਪਾਂਡਵਾਂ ਤੇ ਦੇਵੀ ਕੁੰਤੀ ਦੀਆਂ ਯਾਦਾਂ ਵਿਚ ਵੀ ਅਤੀਤ ਦੇ ਚਿੱਤਰ ਤੈਰਨ ਲੱਗੇ—ਸਾਰੇ ਜਿਵੇਂ ਸਿਲ-ਪੱਥਰ ਹੋ ਗਏ ਸਨ। ਬੁੱਤ ਬਣੇ ਖੜ੍ਹੇ ਆਪਣੇ ਪਤੀਆਂ ਵੱਲ ਦੇਖ ਕੇ ਦਰੌਪਦੀ ਨੂੰ ਬੜੀ ਹੈਰਾਨੀ ਹੋਈ—ਫੇਰ ਭੀਮ ਦੇ ਬੱਗੇ ਫੂਸ ਮੂੰਹ ਨੇ ਯਕਦਮ ਉਸਨੂੰ ਕੋਰੇ-ਸੱਚ ਦਾ ਗਿਆਨ ਕਰਵਾ ਦਿੱਤਾ—ਕਿ ਇਹ ਚਿੱਟੇ ਬਸਤਰਾਂ ਤੇ ਦਗ਼ਦੇ ਚਿਹਰੇ ਵਾਲੀ ਅਣ-ਆਰੀਆ ਤਪਸਵਨੀ ਘਟੋਚਕਚ ਦੀ ਮਾਤਾ ਹੀ ਹੈ। ਵਿਦੁਰ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਕੁਝ ਹੋਰ ਗੂੜ੍ਹੀਆਂ ਹੋ ਗਈਆਂ। ਸ਼੍ਰੀ ਕ੍ਰਿਸ਼ਣ ਦਾ ਮੁਖ-ਮੰਡਲ ਗੰਭੀਰ ਤੇ ਭਾਵਹੀਣ ਸੀ। ਉਹ ਦੱਬਵੇਂ ਪੈਰੀਂ ਇਕ ਰੁੱਖ ਦੀ ਓਟ ਵਿਚ ਚਲੇ ਗਏ।...ਤੇ ਫੇਰ ਸਾਰੇ ਹੀ ਕ੍ਰਿਸ਼ਣ ਦੀ ਵੇਖਾ-ਵੇਖੀ ਦੱਬਵੇਂ-ਪੈਰੀਂ ਨੇੜੇ ਦੇ ਰੁੱਖਾਂ ਤੇ ਬੂਟਿਆਂ ਦੀ ਓਟ ਵਿਚ ਹੋ ਗਏ। ਇਸ ਵੇਲੇ ਸਾਰੇ ਇਕੋ ਜਿਹੀ ਪ੍ਰਸਥਿਤੀ (ਹਾਲਤ) ਦੇ ਕੈਦੀ ਸਨ, ਜਿਹਨਾਂ ਦੇ ਦਿਲ ਆਪੋ-ਆਪਣੀਆਂ ਸੋਚਾਂ ਦੀ ਅਦਿੱਖ ਸੂਲੀ ਉੱਤੇ ਲਟਕ ਰਹੇ ਸਨ। ਹੁਣ ਆਪਣੇ ਆਉਣ ਦਾ ਅਹਿਸਾਸ ਕਰਵਾਏ ਬਿਨਾਂ ਵਾਪਸ ਪਰਤ ਜਾਣਾ ਵੀ ਸੌਖਾ ਨਹੀਂ ਸੀ ਤੇ ਅੱਗੇ ਵਧ ਕੇ ਖ਼ੁਦ ਨੂੰ ਜਾਹਰ ਕਰਨਾ ਤਾਂ ਅਸੰਭਵ ਹੀ ਸੀ। ਮਨੁੱਖੀ ਮਨ ਡਾਢਾ ਵਚਿੱਤਰ ਹੁੰਦਾ ਹੈ। ਸ਼ਾਇਦ ਪ੍ਰਸਿਥਤੀ ਪ੍ਰਤੀ ਉਹਨਾਂ ਦੀਆਂ ਸ਼ੰਕਾਵਾਂ ਨੇ, ਉਹਨਾਂ ਦੇ ਮਨ ਦੇ ਹੀਣ ਭਾਵਾਂ ਨੂੰ ਤਸੱਲੀ ਦੇਣ ਖਾਤਰ, ਮਜ਼ਬੂਰੀ-ਰੂਪੀ ਉਹ ਤੰਦ ਫੜਾ ਦਿੱਤੀ ਸੀ ਜਿੱਥੇ ਹਿਡਿੰਬਾ ਦੇ ਵਚਨ ਸੁਣਨ ਦੀ ਇੱਛਾ ਦੀ ਕਰੂੰਬਲ ਪੁੰਗਰ ਰਹੀ ਸੀ। ਉਹ ਧਰਤੀ ਨਾਲ ਗੁਰੂਤਾ ਖਿੱਚ ਵਾਂਗ ਚਿਪਕ ਗਏ ਜਾਪਦੇ ਸਨ।
ਪਿਤਾਮਾ ਚੁੱਪ ਸਨ...ਕਿ ਹਿਡਿੰਬਾ ਨੇ ਆਪਣੀ ਪਛਾਣ ਦੱਸ ਕੇ ਅੱਗੇ ਕਹਿਣਾ ਸ਼ੁਰੂ ਕੀਤਾ, “ਇਸ ਮੰਦੀ ਘੜੀ ਆਉਣ ਦੀ ਖਿਮਾ ਚਾਹੁੰਦੀ ਆਂ...ਖ਼ੁਦ ਨੂੰ ਰੋਕ ਨਹੀਂ ਸਕੀ। ਕੁਝ ਅਰਜ ਕਰਨ ਦੀ ਆਗਿਆ ਦਿਓ ਪਿਤਾਮਾ!”
ਹੈਰਾਨ-ਪ੍ਰੇਸ਼ਾਨ ਗੰਗਾ-ਪੁੱਤਰ ਤੁਰੰਤ ਸੰਭਲੇ ਤੇ ਸਨੇਹ ਭਿੱਜੀ ਆਵਾਜ਼ ਵਿਚ ਕਹਿਣ ਲੱਗੇ, “ਆਓ ਪੁੱਤਰੀ! ਏਸ ਮਨ-ਦੁਖਾਵੀ ਪ੍ਰਸਿਥਤੀ ਵਿਚ ਤੇਰੇ ਨਾਲ ਪਹਿਲੀ, ਤੇ ਸੰਭਵ ਏ ਏਸ ਅੰਤਮ-ਮੁਲਾਕਾਤ ਦੀ ਕਲਪਨਾ ਮੈਂ ਕਦੀ ਨਹੀਂ ਸੀ ਕੀਤੀ।” ਪਤਾ ਨਹੀਂ ਕਿਉਂ, ਪਿਤਾਮਾ ਸਾਰਿਆਂ ਲਈ ਆਪਣਾ ਅਸ਼ੀਰਵਾਦ 'ਆਯੂਸ਼ਮਾਨ ਭਵ' (ਲੰਮੀਆਂ ਉਮਰਾਂ ਹੋਣ) ਉਹਨੂੰ ਨਹੀਂ ਸੀ ਦੇ ਸਕੇ? ਭਰੇ ਗਲ਼ੇ ਨੂੰ ਖੰਘਾਰ ਕੇ ਅੱਗੇ ਬੋਲੇ, “ਪਾਂਡਵ ਕੁਲ ਦੀ ਪਲੇਠੀ ਬਹੂ ਏਂ ਪੁੱਤਰੀ! ਤੈਨੂੰ ਆਪਣੇ ਪਿਤਾਮਾ ਨੂੰ ਕੁਛ ਵੀ ਕਹਿਣ ਦਾ ਅਧਿਕਾਰ ਏ...” ਉਤੇਜਨਾ ਵੱਸ ਹੋਈ ਹਿਡਿੰਬਾ ਪਿਘਲ ਨਹੀਂ ਸਕੀ, ਫੇਰ ਵੀ ਆਪਣੀ ਆਵਾਜ਼ ਉੱਤੇ ਸੰਜਮ ਰੱਖ ਕੇ ਕਹਿਣ ਲੱਗੀ, “ਖ਼ਿਮਾ ਕਰਨਾ ਪਿਤਾਮਾ! ਪਾਂਡਵ ਕੁਲ ਦੀ ਬਹੂ ਹੋਣ ਦਾ ਸਨਮਾਨ ਸਿਰਫ ਅਨੁਜਾ (ਛੋਟੀ ਭੈਣ) ਪਾਂਚਾਲੀ ਨੂੰ ਏ। ਇਸ ਅਣ-ਆਰੀਆ ਨੂੰ ਕਦ ਕੁਲ-ਬਹੂ ਸਵੀਕਾਰਿਆ ਗਿਆ ਏ ਤਾਤ (ਪਿਤਾ ਸਮਾਨ ਪੂਰਨੀਕ ਬਜ਼ੁਰਗ)? ਮਹਾਰਾਜ ਯੁਧਿਸ਼ਠਰ ਦੇ ਰਾਜਸੂਸ-ਯੱਗ (ਉਹ ਯੱਗ ਜਿਸਨੂੰ ਕਰਨ ਦਾ ਅਧਿਕਾਰ ਸਿਰਫ ਸਮਰਾਟ ਨੂੰ ਹੁੰਦਾ ਹੈ।) ਵਿਚ ਕਿੱਥੇ ਸੀ ਇਹ ਪਲੇਠੀ ਕੁਲ-ਬਹੂ? ਮਾਤਾ ਸ਼੍ਰੀ ਕੁੰਤੀ ਦੇਵੀ ਨਾਲ ਰਹਿਣ ਤੇ ਸੇਵਾ ਕਰਨ ਦਾ ਰੱਤੀ ਕੁ ਸੁਭਾਗ ਵੀ ਨਹੀਂ ਸੀ ਪ੍ਰਾਪਤ ਹੋਇਆ ਤੁਹਾਡੀ ਇਸ ਤਥਾ-ਕਥਿਤ ਕੁਲ-ਬਹੂ ਨੂੰ?—ਤੇ ਉਹਨਾਂ ਨੂੰ ਵੀ ਤਾਂ ਕਦੀ ਚੇਤੇ ਨਹੀਂ ਆਈ ਆਪਣੀ ਇਹ ਪੁੱਤਰ-ਵਿਆਹੀ। ਸੋ ਪਿਤਾਮਾ! ਕ੍ਰਿਪਾ ਕਰਕੇ ਤੁਸੀਂ ਮੈਨੂੰ ਇਸ ਸੰਬੋਧਨ ਨਾਲ ਅਪਮਾਨਤ ਨਾ ਕਰੋ। ਮੈਂ ਸਿਰਫ ਘਟੋਤਕਚ ਦੀ ਮਾਤਾ ਹਾਂ ਤੇ ਇਸ ਉੱਤੇ ਮੈਨੂੰ ਮਾਣ ਏਂ।” ਕਹਿੰਦੇ-ਕਹਿੰਦੇ ਉਹਦਾ ਗੱਚ ਭਰ ਆਇਆ। ਕੁਝ ਪਲਾਂ ਲਈ ਚੁੱਪ ਵਾਪਰ ਗਈ। ਉਹ ਸੋਚਣ ਲੱਗੀ 'ਇਹ ਤੈਨੂੰ ਕੀ ਹੋ ਗਿਐ ਹਿਡਿੰਬੇ? ਵਾਰਤਾ ਨੇ ਇਹ ਕੈਸਾ ਮੋੜ ਕੱਟ ਲਿਆ ਏ?ਤੂੰ ਤਾਂ ਘਟੋਤਕਚ-ਬੱਧ ਦੇ ਅਨਿਆਂ ਬਾਰੇ ਪਿਤਾਮਾ ਤੋਂ ਕੁਝ ਸਵਾਲ ਪੁੱਛਣ ਆਈ ਸੈਂ, ਤੇ ਇਹ ਆਪਣਾ ਜਾਤਾਂ-ਵਰਣਾਂ ਵਾਲਾ ਪਟਾਰਾ ਖੋਹਲ ਕੇ ਬੈਠ ਗਈ ਏਂ?'
ਹਿਡਿੰਬਾ ਦੇ ਸੱਚ ਦੀ ਚੋਭ ਗੰਗਾ ਪੁੱਤਰ ਨੂੰ ਉਹਨਾਂ ਤੀਰਾਂ ਨਾਲੋਂ ਵੀ ਵੱਧ ਕਸ਼ਟ ਦੇ ਰਹੀ ਸੀ ਜਿਹਨਾਂ ਨਾਲ ਉਹ ਵਿੰਨ੍ਹੇ ਪਏ ਸਨ। ਸੱਚ ਦਾ ਤੀਰ ਕਿੰਨਾ ਤਕਲੀਫ਼ ਦੇਅ ਸੀ। 'ਪਤਾ ਨਹੀਂ ਕਿਸ ਕਿਸ ਦੇ ਅਪਰਾਧੀ ਸਨ ਉਹ...ਪਰ ਉਸ ਸੂਚੀ ਵਿਚ ਹਿਡਿੰਬਾ ਵੀ ਹੋਵੇਗੀ—ਇਹ ਕਲਪਨਾ ਤੋਂ ਪਰ੍ਹੇ ਦੀ ਗੱਲ ਸੀ', ਅਖ਼ੀਰ ਬੋਲੇ, “ਤੇਰਾ ਗੁੱਸਾ ਸੁਭਾਵਿਕ ਹੈ ਪੁੱਤਰੀ! ਇਸ ਯੁੱਧ ਨੇ, ਪਤਾ ਨਹੀਂ, ਕਿੰਨੀਆਂ ਬਲੀਆਂ ਲਈਆਂ ਨੇ। ਪਰ ਪੁੱਤਰੀ! ਧਰਮ ਦੀ ਰੱਖਿਆ ਹਿਤ ਅਕਸਰ, ਕਠੋਰ ਨਿਰਣੇ ਲੈਣੇ ਜ਼ਰੂਰੀ ਹੋ ਜਾਂਦੇ ਨੇ।”
“ਧਰਮ ਦੀ ਰੱਖਿਆ?” ਜ਼ੁਬਾਨ 'ਤੇ ਫੇਰ ਕਾਬੂ ਨਹੀਂ ਸੀ ਰੱਖ ਸਕੀ ਉਹ, “ਮੇਰੀ ਨਾਲਾਇਕੀ ਨੂੰ ਮੁਆਫ਼ ਕਰਨਾ ਤਾਤ! ਕੁਰੂ ਕੁਲ ਤਾਂ ਆਰੀਆ ਸੰਸਕ੍ਰਿਤੀ ਦਾ ਵਾਹਕ ਹੋਇਆ—ਧਰਮ ਦੀਆਂ ਮਰਿਆਦਾਵਾਂ ਦਾ ਰਾਖਾ। ਅਸੀਂ ਰਾਕਸ਼ਸ ਲੋਕ ਭਲਾ ਤੁਹਾਡੇ ਸਾਹਵੇਂ ਕਿੰਜ ਟਿਕ ਸਕਦੇ ਆਂ? ਧਰਮ ਦੀ ਮਰਿਆਦਾ ਦਾ ਪਾਲਨ ਤਾਂ ਉਦੋਂ ਹੋਇਆ ਸੀ ਜਦੋਂ ਪੁੱਤਰ-ਵਿਆਹੀ ਨੂੰ ਇਕ ਛੋਟੇ-ਜਿਹੇ ਬਾਲ ਨਾਲ ਇਕੱਲੀ ਛੱਡ ਦਿੱਤਾ ਗਿਆ ਸੀ—ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਇਕ ਪ੍ਰੇਮ-ਝੱਲੀ, ਅੱਲੜ੍ਹ ਮੁਟਿਆਰ ਨੂੰ ਸਰਲਤਾ ਨਾਲ ਵਚਨਾਂ ਵਿਚ ਬੰਨ੍ਹ ਲਿਆ ਗਿਆ ਸੀ। ਅਧਰਮੀ ਤਾਂ ਉਹ ਰਾਕਸ਼ਸ ਬੱਚੀ ਸੀ ਜਿਸਨੇ ਮਾਤਾ ਕੁੰਤੀ ਨੂੰ ਦਿੱਤੇ ਵਚਨ ਦਾ ਅੰਤ ਤੀਕ ਮਾਣ ਰੱਖਿਆ, ਫੇਰ ਕੀ ਹੋਇਆ ਜੇ ਉਸਦਾ ਦਿਲ ਲਹੂ ਦੇ ਅੱਥਰੂ ਵਹਾਉਂਦਾ ਰਿਹਾ”, ਕੁਝ ਛਿਣ ਉਹ ਆਪਣੀਆਂ ਵਹਿ ਤੁਰੀਆਂ ਅੱਖਾਂ ਨੂੰ ਪੂੰਝਦੀ ਰਹੀ, ਫੇਰ ਬੋਲੀ, “ਕੀ ਪੁੱਤਰ ਘਟੋਤਕਚ ਅਧਰਮੀ ਸੀ? ਜਿਸਦੀ ਪਿਤਰ-ਭਗਤੀ ਪਾਂਡਵਾਂ ਨਾਲੋਂ ਘੱਟ ਨਹੀਂ ਸੀ, ਉਸਦੀ ਉਸੇ ਭਗਤੀ ਦਾ ਦੁਰਉਪਯੋਗ ਉਸਦੇ ਪਿਤਰ-ਕੁਲ ਨੇ ਕੀਤਾ...ਮਾਤਾ ਕੁੰਤੀ ਨੂੰ ਅਧਿਕਾਰ ਏ ਆਪਣੀ ਸੰਤਾਨ ਦੀ ਰੱਖਿਆ ਹਿਤ ਸਾਮ, ਦਾਮ, ਦੰਡ, ਭੇਦ, ਪ੍ਰਯੋਗ ਕਰਨ ਦਾ, ਤਾਂ ਕੀ ਇਹ ਰਾਕਸ਼ਸੀ, ਮਾਂ ਨਹੀਂ? ਮੁਆਫ਼ ਕਰਨਾ ਮੇਰੇ ਕੁਸੈਲੇ ਵਚਨਾਂ ਲਈ ਤਾਤ। ਇਸ ਮਾਂ ਨੇ ਤਾਂ ਕਦੀ ਆਰੀਆ ਕੁੰਤੀ ਵਾਂਗ ਕੂਟਨੀਤੀਪੂਰਨ ਵਿਹਾਰ ਨਹੀਂ ਕੀਤਾ—ਨਹੀਂ ਤਾਂ ਕੀ ਇਹ ਮਾਂ, ਪੁੱਤਰ ਘਟੋਤਕਚ ਨੂੰ ਯੁੱਧ ਵਿਚ ਜਾਣ ਦੇਂਦੀ? ਤੁਸੀਂ ਹੀ ਦੱਸੋ ਇਸ ਯੁੱਧ 'ਚੋਂ ਉਸਨੂੰ ਕੀ ਮਿਲਣ ਵਾਲਾ ਸੀ? ਸੱਚਮੁੱਚ ਹੀ ਪਿਤਰ-ਕੁਲ ਪ੍ਰਤੀ ਆਪਣਾ ਕਰਤੱਵ ਨਿਭਾਉਣ ਦਾ ਅਧਰਮ ਕੀਤਾ ਸੀ ਉਹਨੇ...” ਵਿਅੰਗਮਈ ਸ਼ਬਦ ਜ਼ੁਬਾਨ 'ਤੇ ਆ ਹੀ ਗਏ।
ਰੁੱਖ ਦੀ ਓਟ ਵਿਚ ਖੜ੍ਹੀ ਮਾਤਾ ਕੁੰਤੀ ਸ਼ਰਮਸਾਰ ਹੋਈ ਹੋਈ ਸੀ। ਸੱਚ ਹੈ, ਹਿਡਿੰਬਾ ਨੂੰ ਕਦੀ ਦਿਲੋਂ ਕੁਲ ਦੀ ਬਹੂ ਸਵੀਕਾਰ ਨਹੀਂ ਸੀ ਕੀਤਾ ਉਹਨੇ। ਪਾਂਡਵ-ਕੁਲ ਰੱਖਿਆ ਦੇ ਹਿਤਾਂ ਦੇ ਲਈ ਇਸ ਰਾਕਸ਼ਸੀ, ਅਣ-ਆਰੀਆ ਦਾ ਸਿਰਫ ਸਵਾਰਥਪੂਰਨ ਪ੍ਰਯੋਗ ਹੀ ਤਾਂ ਕੀਤਾ ਗਿਆ ਸੀ। ਇਸ ਨਾਲੋਂ ਵੀ ਵਧ ਉਹ ਇਸ ਕੌੜੇ-ਸੱਚ ਕਾਰਨ ਸ਼ਰਮਿੰਦਾ ਸੀ ਕਿ ਪੁੱਤਰ ਅਰਜੁਨ ਦੇ ਬਚ ਜਾਣ ਦੀ ਖੁਸ਼ੀ, ਪੋਤਰੇ ਘਟੋਤਕਚ ਦੀ ਬਲੀ ਦੇ ਦੁੱਖ ਉੱਤੇ ਹਾਵੀ ਹੋ ਗਈ ਸੀ। ਅਜੇ ਇਸ ਛਿਣ ਉਹ ਖ਼ੁਦ ਤੋਂ ਅੱਖਾਂ ਚੁਰਾ ਰਹੀ ਸੀ ਕਿ ਹਿਡਿੰਬਾ ਦੀ ਆਵਾਜ਼ ਗੂੰਜੀ, “ਤੁਸੀਂ ਧਰਮ ਦੀ ਕਹਿ ਰਹੇ ਓ ਤਾਤ! ਜੇਠੇ ਸ਼੍ਰੀ ਮਹਾਰਾਜ ਯੁਧਿਸ਼ਠਰ ਤਾਂ ਧਰਮਰਾਜ ਨੇ, ਕਿੱਥੇ ਐ ਇਸ ਅਨੁਜ-ਪਤਨੀ (ਭਰਾ ਦੀ ਪਤਨੀ) ਪ੍ਰਤੀ ਉਹਨਾਂ ਦਾ ਧਰਮ? ਕੁਰੂਆਂ ਦੇ ਉੱਚ-ਆਰੀਆ ਹੋਣ ਦਾ ਸਵਾਲ ਜੋ ਸੀ, ਸੋ ਰਾਜਸੂਯ-ਯੱਗ ਵਿਚ ਇਸ ਅਨੁਜ-ਪਤਨੀ ਨੂੰ ਸਨਮਾਨ ਦੇ ਕੇ, ਆਪਣੇ ਸ਼ਰੇਸ਼ਠ ਆਰੀਆ ਵੰਸ਼ ਦਾ ਅਪਮਾਨ ਕਿੰਜ ਕਰ ਸਕਦੇ ਸਨ ਉਹ? ਨੱਕ ਨੂੰ ਦਾਅ 'ਤੇ ਕਿੰਜ ਲਾਉਂਦੇ ਭਲਾ?” ਹਿਰਖ ਵੱਸ ਉਸਦੀ ਆਵਾਜ਼ ਕੰਬਣ ਲੱਗ ਪਈ ਸੀ, “ਮੇਰਾ ਇਹ ਭਰਮ ਵੀ ਟੁੱਟ ਗਿਆ ਤਾਤ!...ਕਿ ਜੇਠ ਸ਼੍ਰੀ ਆਪਣੇ ਅਨੁਜ ਨੂੰ ਸੱਚਾ ਪਿਆਰ ਕਰਦੇ ਨੇ।”
ਪੀੜਾਂ ਦੇ ਜਾਲ ਵਿਚ ਉਲਝੇ ਗੰਗਾ ਪੁੱਤਰ ਕੀ ਉਤਰ ਦੇਂਦੇ? ਹਿਡਿੰਬਾ ਇਸ ਛਿਣ ਵਿਚਾਰਾਂ ਦੇ ਹੜ੍ਹ ਵਿਚ ਵਹਿ ਰਹੀ ਸੀ, ਧੀਮੀ ਆਵਾਜ਼ ਵਿਚ ਬੜਬੜਾਈ, “ਅਧਰਮੀ ਤਾਂ ਇਹ ਰਾਕਸ਼ਸੀ ਹੋਈ ਤਾਤ! ਜਿਸਨੇ ਆਪਣੇ ਰਾਕਸ਼ਸ-ਕੁਲ ਦੇ ਨਿਯਮਾਂ ਨੂੰ ਤਿਆਗ ਕੇ ਪਹਿਲਾਂ ਤਾਂ ਆਰੀਆ-ਵੰਸ਼ੀ ਨਾਲ ਵਿਆਹ ਕੀਤਾ, ਫੇਰ ਥੋੜ੍ਹੇ ਸਮੇਂ ਲਈ ਇਕ ਅਰੀਆ ਪੁੱਤਰ ਦੀ ਜੀਵਨ ਸਾਥਣ ਬਣ ਕੇ, ਸਾਰੀ ਉਮਰ ਉਹਦੀਆਂ ਯਾਦਾਂ ਨੂੰ ਅਰਪਿਤ ਕਰ ਦਿੱਤੀ ਤੇ ਰਾਕਸ਼ਸੀ ਪ੍ਰੰਪਰਾ ਨੂੰ ਹੀ ਬਦਲ ਦਿੱਤਾ। ਹਾਂ ਪਿਤਾਮਾ! ਮੈਂ ਅੰਤ ਤਕ ਆਪਣਾ ਵਚਨ ਪਾਲਨ ਕਰਨ ਦਾ ਅਧਰਮ ਕੀਤਾ ਏ ਕਿ ਤੁਹਾਡੇ ਇਸ ਅਖੌਤੀ ਧਰਮ-ਯੁੱਧ ਵਿਚ ਪੁੱਤਰ, ਪੋਤਿਆਂ ਦੀ ਬਲੀ ਦੇ ਦਿੱਤੀ ਏ। ਮੈਂ ਅਧਰਮੀ ਹਿਡਿੰਬਾ, ਰਾਜ-ਮਾਤਾ ਉਤਰਦਾਈ ਹਾਂ ਆਪਣੇ ਪੁੱਤਰ, ਪੋਤਿਆਂ ਦੀਆਂ ਵਿਧਵਾਵਾਂ ਸਾਹਵੇਂ।”
ਝਾੜੀਆਂ ਦੀ ਓਟ ਵਿਚ ਖੜ੍ਹੇ ਯੁਧਿਸ਼ਠਰ ਲਈ ਛੋਟੇ ਭਰਾ ਦੀ ਪਤਨੀ ਦੇ ਉਲਾਂਭਿਆਂ ਵਿਚ ਗੁੱਝੀ, ਦਰਦਮਈ ਕੁਰਲਾਹਟ ਨੂੰ ਸਹਿ ਸਕਣਾ ਅਸਹਿ ਹੋ ਗਿਆ। ਉਹ ਨਿਢਾਲ ਜਿਹੇ ਹੋ ਕੇ ਥਾਂਵੇਂ ਬੈਠ ਗਏ। 'ਦਰੌਪਦੀ ਦੇ ਤਾਂ ਉਹ ਚੀਰ-ਦੋਖੀ ਹੈ ਹੀ ਸਨ ਪਰ ਹਿਡਿੰਬਾ ਦੇ ਵੀ ਦੋਖੀ ਹੈਨ—ਇਹ ਧੱਕਾ ਅਚਾਨਕ ਲੱਗਾ ਸੀ। ਕਿੰਜ ਭੁੱਲ ਬੈਠੇ ਉਹ ਇਸ ਅਤਿ ਸਨੇਹੀ ਭਰਜਾਈ ਨੂੰ ਜਿਸਨੇ ਮਾੜੇ ਦਿਨਾਂ ਵਿਚ ਉਹਨਾਂ ਦਾ ਸਾਥ ਦਿੱਤਾ ਸੀ'...ਉਹ ਖ਼ੁਦ ਨੂੰ ਫਿਟਕਾਰਾਂ ਪਾ ਰਹੇ ਸਨ।
ਹਿਡਿੰਬਾ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ। ਹਰੇਕ ਗੱਲ ਦੇ ਜਾਣਕਾਰ, ਅੰਦਰੋਂ-ਬਾਹਰੋਂ ਵਿੰਨ੍ਹੇ ਹੋਏ ਪਿਤਾਮਾ, ਦੁਖੀ ਮਨ ਤੇ ਸਹਿਜ-ਸਿੱਜਲ ਅੱਖਾਂ ਨਾਲ ਆਪਣੀ ਇਸ ਪੁੱਤਰ-ਪਤਨੀ ਵਲ ਤੱਕ ਰਹੇ ਸਨ। ਜਿਸਨੂੰ ਜਾਣਦੇ ਤਕ ਨਹੀਂ ਸਨ, ਉਹੀ ਇਸ ਛਿਣ ਮੁੱਢੋਂ-ਮੂਲੋਂ ਆਪਣੀ ਲੱਗ ਰਹੀ ਸੀ। ਉਸਦਾ ਸੰਤਾਪ ਪਿਤਾਮਾ ਦੇ ਮਨ ਦਾ ਸੰਤਾਪ ਬਣ ਗਿਆ ਸੀ। ਉਹਨਾਂ ਸੋਚਿਆ, 'ਉਹ ਰਾਜਨੀਤੀ ਦੇ ਗਿਆਤਾ, ਇਸ ਮਹਾਨ ਕੁਲ ਦੇ ਰੱਖਿਅਕ, ਕਿੰਜ ਇਸ ਬਹੂ ਨੂੰ ਸਨਮਾਨ ਦੇਣ ਤੋਂ ਉੱਕ ਗਏ? ਕਦੀ-ਕਦੀ ਜੀਵਨ ਵਿਚ ਅਣਜਾਣੇ ਹੀ ਕੈਸੇ-ਕੈਸੇ ਅਪਰਾਧ ਹੋ ਜਾਂਦੇ ਨੇ—ਜਿਹਨਾਂ ਨੂੰ ਧੋ ਦੇਣਾ ਤਾਂ ਦੂਰ, ਉਹਨਾਂ ਉੱਤੇ ਅਫ਼ਸੋਸ ਕਰਨ ਦਾ ਮੌਕਾ ਵੀ ਨਹੀਂ ਮਿਲਦਾ।' ਉਦੋਂ ਹੀ ਚੋਰ ਵਾਂਗ ਅੰਤਰ-ਮਨ ਬੋਲ ਪਿਆ, 'ਸੱਚ ਕਹਿਣਾ ਭੀਸ਼ਮ! ਯਾਦ ਨਹੀਂ ਸੀ ਰਿਹਾ ਜਾਂ ਇਕ ਪੁੱਤਰ-ਪਤਨੀ ਦੇ ਅਣ-ਆਰੀਆ ਹੋਣ ਨੇ ਹੀ ਇਸ ਰਿਸ਼ਤੇ ਨੂੰ ਏਨਾ ਮਹੱਤਵਹੀਣ ਬਣਾ ਦਿੱਤਾ ਸੀ ਕਿ ਇਸ ਨੂੰ ਵਿਚਾਰਣ ਯੋਗ ਹੀ ਨਹੀਂ ਸੀ ਸਮਝਿਆ ਗਿਆ?' ਹਿਡਿੰਬਾ ਦੀਆਂ ਗੱਲਾਂ ਦੀ ਕੁਸੈਲ ਵਿਚ, ਵਿਅੰਗ ਵਾਕਾਂ ਨਾਲ ਕਿਸੇ ਨੂੰ ਵਿੰਨ੍ਹ ਕੇ, ਆਪਣੇ ਮਨ ਨੂੰ ਠੰਡ ਪਾ ਲੈਣ ਦੀ ਇੱਛਾ ਕਤਈ ਨਹੀਂ ਸੀ। ਪਰ ਫੇਰ ਵੀ ਉਹ ਆਪਣੇ ਆਪ ਨੂੰ, ਆਪਣੇ ਤੇ ਆਪਣੀ ਜਾਤੀ ਦੇ ਅੰਦਰੇ-ਅੰਦਰ ਰਿਸਦੇ ਹੋਏ ਜ਼ਖ਼ਮਾਂ ਦੀ ਪੀੜ ਦੇ ਮੁਵਾਦ ਨੂੰ, ਪਿਤਾਮਾ ਨੂੰ ਦਿਖਾਉਣ ਤੋਂ ਰੋਕ ਨਹੀਂ ਸੀ ਸਕੀ। ਉਸਦੀ ਇਹੋ ਪੀੜ ਭੀਸ਼ਮ ਨੂੰ ਬੇਚੈਨ ਕਰ ਰਹੀ ਸੀ।
ਚਾਰੇ ਪਾਸੇ ਪਸਰੀ ਚੁੱਪ, ਦੂਰ ਰਣਭੂਮੀ ਵਿਚ ਮੱਚੀ ਹੋਈ ਹਾਹਾਕਾਰ ਤੇ ਕੁਰਲਾਹਟ ਵਾਤਾਵਰਣ ਨੂੰ ਅਤਿ ਬੋਝਲ ਬਣਾ ਰਹੀ ਸੀ। ਉਧਰ ਉਹ ਸਾਧਵੀ ਹੋਰ ਸਾਰਿਆਂ ਦੀ ਮੌਜ਼ੂਦਗੀ ਵੱਲੋਂ ਅਣਜਾਣ ਆਪਣੀਆਂ ਪੀੜਾਂ ਦੇ ਦਰਿਆ ਵਿਚ ਵਹਿੰਦੀ ਜਾ ਰਹੀ ਸੀ, “ਮੈਂ ਅਨੁਜਾ (ਛੋਟੀ ਭੈਣ) ਪਾਂਚਾਲੀ ਦੇ ਕੁਰੂ ਸਭਾ 'ਚ ਹੋਏ ਘੋਰ ਅਪਮਾਨ ਦੀ ਪੀੜ ਦੀ ਕਲਪਨਾ ਕਰ ਸਕਦੀ ਆਂ। ਜਦ ਤੁਸੀਂ ਖ਼ੁਦ, ਸਾਰੀ ਸਭਾ, ਨਾਮੀ ਪੰਜੇ ਪਤੀ ਆਪਣੀ ਪਤਨੀ ਦੀ ਰੱਖਿਆ ਨਹੀਂ ਸੀ ਕਰ ਸਕੇ—ਮਹਾਰਾਜ ਧਿਰਤਰਾਸ਼ਟਰ ਤੇ ਮਹਾਰਾਣੀ ਗੰਧਾਰੀ ਦਾ ਅੰਨ੍ਹਾਪਨ ਸਾਰਿਆਂ ਨੇ ਤਾਣ ਲਿਆ ਸੀ, ਫੇਰ ਭਲਾ ਮੈਂ ਕਿੰਜ ਆਸ ਕਰ ਬੈਠੀ ਕਿ ਮੇਰੇ ਸੁਆਮੀ ਇਹਨਾਂ ਯੁੱਧ ਪ੍ਰਸਥਿਤੀਆਂ ਵਿਚ ਆਪਣੇ ਪੁੱਤਰ ਦੀ ਰੱਖਿਆ ਕਰਨਗੇ? ਪੱਥਰ ਹੋ ਗਿਆ ਸੀ ਸੁਆਮੀ ਦਾ ਦਿਲ”, ਇਕ ਪਤਨੀ ਦਾ ਪੀੜਾਂ-ਪਰੁੱਚਾ ਰੋਸ ਫੁਟਿਆ, “ਆਰੀਆ ਪੁੱਤਰ, ਜਿਹੜੇ ਭੈਣ ਪਾਂਚਾਲੀ ਦੀ ਰਤਾ ਜਿੰਨੀ ਪੀੜ ਜਾਂ ਅਪਮਾਨ ਬਦਲੇ ਕਿਸੇ ਦੀ ਵੀ ਹੱਤਿਆ ਕਰ ਸਕਦੇ ਨੇ, ਉਹ ਮੇਰੇ ਸੁਆਮੀ, ਇਕ ਇਕੱਲੀ ਪਤੀਵਰਤਾ ਹਿਡਿੰਬਾ ਦੇ ਦੁੱਖ ਨੂੰ ਨਾ ਸਮਝ ਸਕੇ? ਜਿਸਨੇ ਸਾਰੀ ਜ਼ਿੰਦਗੀ ਵਿਚ ਉਹਨਾਂ ਤੋਂ ਕੁਛ ਨਹੀਂ ਮੰਗਿਆ...ਚਾਹਿਆ ਤਾਂ ਸਿਰਫ ਉਹਨਾਂ ਦਾ ਹਿਤ। ਅੱਜ ਵੀ, ਜੇ ਆਈ ਆਂ ਤਾਂ ਇਹ ਜਾਣਨ ਲਈ ਕਿ ਜਦੋਂ ਆਪਣੀ ਨਿਸ਼ਠਾ ਦਾ ਕੋਈ ਪ੍ਰਤੀਦਾਨ ਅਸੀਂ ਨਹੀਂ ਸੀ ਮੰਗਿਆ ਤਾਂ ਉਸ ਨਿਸ਼ਠਾ ਦਾ ਅਪਮਾਨ ਕਿਉਂ ਹੋਇਆ? ਪੁੱਤਰ ਦੇ ਕਰਤੱਵ ਚੇਤੇ ਰਹੇ, ਪਿਤਾ ਦੇ ਨਹੀਂ! ਪਿਤਰ-ਕੁਲ ਦੀ ਰੱਖਿਆ ਹਿਤ ਯੁੱਧ ਕਰ ਰਹੇ ਪੁੱਤਰ ਨੂੰ ਜਦੋਂ ਪਿਤਾ ਦੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਸੀ, ਉਹ ਪੁੱਤਰ ਰੱਖਿਆ ਦੀ ਜਗ੍ਹਾ ਸ਼੍ਰੀ ਕ੍ਰਿਸ਼ਣ ਦੇ ਨਿਰਦੇਸ਼ਣ ਵਿਚ ਲੜੇ ਜਾ ਰਹੇ ਯੁੱਧ ਨੂੰ ਪਹਿਲ ਦੇ ਰਹੇ ਸਨ।”
ਇਸ ਪੀੜ-ਪਰੁੱਚੇ ਵਾਰ ਸਾਹਵੇਂ ਭੀਮ ਸੈਨ ਝੁਕ ਗਏ ਸਨ। ਆਪਣੀ ਇਸ ਪਿਆਰੀ ਦਾ ਸੱਚਾ ਰੋਣਾ ਅਸਹਿ ਸੀ। ਪਛਤਾਵੇ ਦੀ ਅੱਗ ਵਿਚ ਝੁਲਸ ਰਹੇ ਸਨ ਭੀਮ, 'ਜਿਸ ਪ੍ਰਿਯਾ ਨੇ ਸਭ ਤੋਂ ਪਹਿਲਾਂ ਉਸ ਵਿਲੱਖਣ ਅਹਿਸਾਸ ਦਾ ਅਨੁਭਵ ਕਰਵਾਇਆ ਸੀ, ਜਿਹੜਾ ਇਕ ਆਦਮੀ ਨੂੰ ਮਰਦ ਹੋਣ ਦੇ ਮਾਣ ਨਾਲ ਭਰ ਦੇਂਦਾ ਹੈ, ਦਰੌਪਦੀ ਦਾ ਸਾਥ ਮਿਲਦਿਆਂ ਹੀ ਕਿੰਜ ਭੁੱਲ ਬੈਠਾ ਉਹ ਉਹਨਾਂ ਅਭੁੱਲ ਪਲਾਂ ਨੂੰ? ਆਪਣੀ ਮਾਤਾ ਦੇ ਜ਼ਰਾ ਜਿੰਨੇ ਦੁੱਖ ਵਿਚ ਦੁਖੀ ਹੋ ਜਾਣ ਵਾਲਾ ਉਹ ਆਪਣੇ ਹੀ ਪੁੱਤਰ ਦੀ ਮਾਤਾ ਦੀ ਵਰ੍ਹਿਆਂ ਦੀ ਪੀੜ ਦਾ ਅਹਿਸਾਸ ਨਹੀਂ ਕਰ ਸਕਿਆ? ਧਿੱਕਾਰ ਹੈ! ਭੀਮ, ਕਿੱਥੇ ਗਿਆ ਤੇਰਾ ਸਾਰਾ ਬਲ, ਸਾਰੀ ਸ਼ਕਤੀ, ਸਾਰਾ ਹੰਕਾਰ ਜਿਹੜਾ ਆਪਣੇ ਸਾਹਵੇਂ ਹਰੇਕ ਨੂੰ ਤੁੱਛ ਸਮਝਦਾ ਹੈ? ਇਸ ਘਟੋਤਕਚ ਮਾਤਾ ਦੇ ਸਾਹਮਣੇ ਅੱਜ ਤੂੰ ਬੌਣਾ ਏਂ।'
ਪਾਂਚਾਲੀ ਵੀ ਸੋਚਾਂ ਵਿਚ ਡੁੱਬੀ ਹੋਈ ਸੀ। ਇਸ ਸਦ-ਪਤਨੀ ਨੂੰ ਕਦੀ ਚੇਤੇ ਨਾ ਕਰਨ ਦਾ ਦੁੱਖ ਹੋ ਰਿਹਾ ਸੀ,ਅੱਜ ਤੀਕ ਮਹਾਰਾਣੀ ਪਦ ਦੀ ਮਰਿਆਦਾ ਤੇ ਕਰਤੱਵ ਨੂੰ ਨਹੀਂ ਨਿਭਾ ਸਕੀ ਸੀ ਉਹ, ਇਹ ਵਿਚਾਰ ਵੀ ਸੰਤਾਪ ਦਾ ਇਕ ਕਾਰਨ ਬਣ ਗਿਆ ਸੀ।
ਉਧਰ ਹਿਡਿੰਬਾ ਦਾ ਵਰ੍ਹਿਆਂ ਤੋਂ ਡੱਕਿਆ ਹੋਇਆ ਪੀੜ-ਜਲ ਕਿਨਾਰੇ ਤੋੜ ਕੇ ਵਹਿ ਨਿਕਲਿਆ। ਜਿਹੜੀ ਭਾਵਨਾ ਵਧੇਰੇ ਜ਼ੋਰ ਮਾਰਦੀ, ਉਹੀ ਸ਼ਬਦ ਬਣ-ਬਣ ਬਹਾਰ ਆਉਣ ਲੱਗ ਪੈਂਦੀ। “ਸੱਚ ਕਹਾਂ ਤਾਤ! ਮੈਨੂੰ ਤੁਹਾਡੇ 'ਤੇ ਵੀ ਗੁੱਸਾ ਸੀ, ਇਹੋ ਵਿਚਾਰ ਆਉਂਦਾ ਕਿ ਜੇ ਤੁਸੀਂ ਦ੍ਰਿੜ ਰਹਿੰਦੇ ਤਾਂ ਸੰਭਵ ਏ ਅਜਿਹੀ ਪਰਲੋ ਜਿਹੀ ਸਥਿਤੀ ਨਾ ਬਣਦੀ...” ਉਹ ਅਚਾਨਕ ਮੌਨ ਹੋ ਗਈ, ਗੰਗਾ ਪੁੱਤਰ ਦੇ ਅੱਥਰੂ, ਦਯਾ ਦੀ ਭੀਖ ਮੰਗ ਰਹੇ ਸਨ—ਝੁਰੜੀਆਂ ਭਰੇ ਚਿਹਰੇ ਵੱਲ ਦੇਖ ਕੇ ਉਹ ਭਾਵੁਕ ਹੋ ਗਈ, “ਮੇਰੀਆਂ ਕੌੜੀਆਂ ਗੱਲਾਂ ਲਈ ਮੈਨੂੰ ਮੁਆਫ਼ ਕਰਨਾ ਤਾਤ! ਤੁਹਾਡਾ ਦਿਲ ਦੁਖਾਉਣਾ ਮੇਰਾ ਉਦੇਸ਼ ਨਹੀਂ।” ਉਹ ਫੇਰ ਮੂਲ ਵਾਤਾਵਰਣ ਵਿਚੋਂ ਭਟਕ ਕੇ ਉਹਨਾਂ ਪੀੜਾ ਨੂੰ ਸ਼ਬਦ ਦੇਣ ਲੱਗੀ ਜਿਹੜੇ ਸਵਾਲ-ਦਰ-ਸਵਾਲ ਬਣ ਕੇ ਗੰਗਾ ਪੁੱਤਰ ਭੀਸ਼ਮ ਦੇ ਸਾਹਵੇਂ ਖਲੋ ਗਏ। ਜਿਹਨਾਂ ਦੇ ਜਵਾਬ ਇਸ ਕੁਰੂਵੰਸ਼ੀ ਮਹਾਪੁਰਸ਼-ਬਜ਼ੁਰਗ ਕੋਲ ਵੀ ਨਹੀਂ ਸਨ। ਹਿਡਿੰਬਾ ਨੇ ਆਪਣੀਆਂ ਖਿੱਲਰੀਆਂ, ਰਿਸਦੀਆਂ ਭਾਵਨਾਵਾਂ ਨੂੰ ਸਮੇਟਿਆ ਤੇ ਫੇਰ ਗੰਗਾ ਪੁੱਤਰ ਨੂੰ ਕਹਿਣ ਲੱਗੀ। ਹੁਣ ਉਸਦੀ ਆਵਾਜ਼ ਗੰਭੀਰ ਸੀ, “ਤਾਤ ਸ਼੍ਰੀ! ਤੁਸੀਂ ਦੱਸੋ ਭਲਾ ਸ਼੍ਰੀ ਕ੍ਰਿਸ਼ਣ ਨੇ ਯੁੱਧ ਵਿਚ ਹਥਿਆਰ ਨਾ ਚੁੱਕਣ ਦਾ ਫ਼ੈਸਲਾ ਕਿਉਂ ਕੀਤਾ ਸੀ?” ਫੇਰ ਉਡੀਕ ਕੀਤੇ ਬਿਨਾਂ ਖ਼ੁਦ ਹੀ ਉਤਰ ਦੇਣ ਲੱਗੀ, “ਜੇ ਇਸ ਲਈ ਕਿ ਉਹ ਦਿਲੋਂ-ਮਨੋਂ ਇਸ ਯੁੱਧ ਦੇ ਹੱਕ ਵਿਚ ਨਹੀਂ ਸਨ, ਤਾਂ ਇਹ ਮੇਰੀ ਹੀਣ ਬੁੱਧ ਤੋਂ ਪਰ੍ਹੇ ਦੀ ਗੱਲ ਏ। ਕੀ ਪੂਰੇ ਯੁੱਧ ਦੀ ਹਰੇਕ ਘਟਨਾ ਦਾ ਸੰਚਾਲਨ ਉਹਨਾਂ ਦੀਆਂ ਚਤੁਰਾਈ ਭਰੀਆਂ ਵਿਓਂਤਾਂ ਨਾਲ ਨਹੀਂ ਹੋ ਰਿਹਾ? ਫੇਰ ਇਹ ਕੈਸਾ ਸ਼ਸਤਰ ਤਿਆਗ ਹੋਇਆ? ਵੈਸੇ ਵੀ ਯੁੱਧ ਦੇ ਪਹਿਲੇ ਪੜਾਅ ਵਿਚ ਹੀ ਉਹ ਅਨੇਕਾਂ ਪਾਂਡਵ ਦੁਸ਼ਮਣਾ ਨੂੰ ਆਪਣੇ ਚੱਕਰ ਨਾਲ ਸਮਾਪਤ ਕਰਕੇ ਸਮਰ ਵਿਜੇ ਮਾਰਗ ਦਿਖਾਅ ਚੁੱਕੇ ਨੇ। ਮੁਆਫ਼ ਕਰਨਾ ਪਿਤਾਮਾ! ਕੋਈ ਇਕ ਘਟਨਾ ਵੀ ਤੁਸੀਂ ਅਜਿਹੀ ਦੱਸ ਸਕਦੇ ਓ ਜਿੱਥੇ ਕ੍ਰਿਸ਼ਣ ਦਾ ਚੱਕਰ ਜਾਂ ਮਾਇਆ ਨਾ ਚਲੇ ਹੋਣ...?”
“ਆਤਮਜੇ (ਪੁੱਤਰੀ)! ਇੰਜ ਨਾ ਕਹੁ। ਸ਼੍ਰੀ ਕ੍ਰਿਸ਼ਣ ਤਾਂ ਭਗਵਤ ਅਵਾਤਰ ਨੇ...।”
“ਓਅ! ਭਗਵਤ ਅਵਤਾਰ! ਇਸੇ ਲਈ ਸ਼ਾਇਦ ਉਹ ਧਰਮ-ਅਧਰਮ ਤੋਂ ਪਰ੍ਹੇ ਨੇ”, ਹਿਡਿੰਬਾ ਦੀ ਆਵਾਜ਼ ਵਿਚ ਫੇਰ ਵਿਅੰਗ ਝਲਕਿਆ, “ਸਾਨੂੰ ਸਿੱਧੇ-ਸਾਦੇ ਅਣ-ਆਰੀਆ ਲੋਕਾਂ ਨੂੰ ਤੁਸੀਂ ਆਰੀਆ-ਲੋਕ ਮਾਇਆਵੀ ਕਹਿ ਕੇ ਨਿੰਦਦੇ ਰਹਿੰਦੇ ਓ, ਪਰ ਕ੍ਰਿਸ਼ਣ ਦੀ ਮਾਇਆ ਨੂੰ ਕ੍ਰਿਸ਼ਣ-ਧਰਮ ਕਹਿੰਦੇ ਓ। ਜੇ ਉਹ ਅਵਤਾਰ ਏ—ਭੂਤ, ਭਵਿੱਖ ਦਾ ਜਾਣਕਾਰ ਹੀ ਨਹੀਂ, ਕਰਤਾ ਵੀ ਏ ਤਾਂ ਦੱਸੋ ਤਾਤ! ਇਸ ਯੁੱਧ ਨੂੰ ਕਿਉਂ ਨਹੀਂ ਰੋਕ ਸਕਿਆ? ਸੁਣਿਆ ਏ ਰਣਭੂਮੀ ਵਿਚ ਭਰਾਤਾ ਅਰਜੁਨ ਨੂੰ ਬੜਾ ਲੰਮਾ-ਚੌੜਾ ਧਰਮ ਗਿਆਨ ਦੇ ਕੇ ਯੁੱਧ ਲਈ ਪ੍ਰੇਰਿਤ ਕੀਤਾ ਸੀ ਉਹਨੇ? ਇਹ ਕੈਸਾ ਮਾਰਗ ਹੈ ਉਹਦੀ ਧਰਮ ਸਥਾਪਨਾ ਦਾ, ਜਿਸ ਉੱਤੇ ਚੱਲਣ ਲਈ ਧਰਮ ਨੂੰ ਪੈਰ-ਪੈਰ 'ਤੇ ਤਜਨਾਂ ਪੈ ਰਿਹੈ?” ਕਹਿੰਦੀ-ਕਹਿੰਦੀ ਦੀ ਆਵਾਜ਼ ਰੋਹਿਲੀ ਹੋ ਗਈ, “ਜੇ ਕ੍ਰਿਸ਼ਣ ਦਾ ਉਦੇਸ਼ ਇਕ ਅਜਿਹੇ ਧਰਮ-ਰਾਜ ਦੀ ਸਥਾਪਨਾ ਕਰਨਾ ਸੀ ਜਿੱਥੇ ਨਿਆਂ ਹੋਵੇ, ਸਮਾਜ ਵਿਚ ਸਾਰੇ ਵਰਗਾਂ, ਸਾਰੀਆਂ ਜਾਤਾਂ ਨੂੰ ਇਕੋ-ਜਿਹਾ ਸਥਾਨ ਮਿਲੇ—ਕਿਉਂਕਿ ਇਹੀ ਧਰਮ-ਸੰਪੰਨ ਰਾਜ ਦੀ ਪ੍ਰੀਭਾਸ਼ਾ ਹੈ—ਤਾਂ ਫੇਰ ਉਹਨੇ ਖ਼ੁਦ ਕਿਉਂ ਫਰਕ ਕੀਤਾ? ਕਿਉਂ ਮੇਰੇ ਪੁੱਤਰ ਵਰਗੇ ਨਿਸ਼ਠਾਵਾਨ ਰਾਕਸ਼ਸਾਂ, ਅਣ-ਆਰੀਆਂ ਲਈ—ਨਿਸ਼ਾਚਰ, ਪ੍ਰੇਤਆਤਮਾਵਾਂ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ? ਸ਼ਿਸ਼ੁਪਾਲ, ਦੁਰਯੋਧਨ, ਸ਼ਕੁਨੀ ਆਦਿ ਵਰਗਿਆਂ ਲਈ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਿਉਂ ਨਹੀਂ ਕੀਤਾ...ਜਿਹੜੇ ਪਰਤੱਖ ਰੂਪ ਵਿਚ ਦੁਸ਼ਟ ਆਤਮਾਵਾਂ ਨੇ? ਇਸੇ ਲਈ ਨਾ ਕਿ ਉਹ ਜਨਮ ਤੋਂ ਆਰੀਆ ਨੇ—ਸ਼ਰੇਸ਼ਟ ਨੇ?” ਉਹ ਸਵਾਲ-ਦਰ-ਸਵਾਲ ਕਰ ਰਹੀ ਸੀ। ਇਹਨਾਂ ਦੇ ਜਵਾਬ ਮੰਗ ਰਹੀ ਸੀ—ਤੇ ਇਹਨਾਂ ਦੇ ਜਵਾਬ ਟੋਲਣ ਖਾਤਰ ਹੀ ਤਾਂ ਆਈ ਸੀ ਉਹ।
ਉਸਦੇ ਸਬਰ, ਸੰਤੋਖ, ਮੋਹ, ਤਿਆਗ—ਸਾਰੇ ਬੰਧਨ ਟੁੱਟ ਚੁੱਕੀ ਸੀ।
“ਕੀ ਅਜਿਹੇ ਅਧਰਮੀਆਂ ਵਿਚੋਂ ਕਿਸੇ ਇਕ ਉੱਤੇ ਵੀ, ਜਿਸਦੀ ਮੌਤ ਹੋ ਚੁੱਕੀ ਹੈ, ਸ਼੍ਰੀ ਕ੍ਰਿਸ਼ਣ ਨੇ ਓਹੋ-ਜਿਹਾ ਅਟਹਾਸ (ਵਿਅੰਗਮਈ ਠਹਾਕਾ) ਕੀਤਾ ਸੀ ਜਿਹੜਾ ਮੇਰੇ ਪੁੱਤਰ ਦੀ ਬਲੀ ਚੜ੍ਹਾ ਕੇ ਕੀਤਾ?” ਇਕ ਲੰਮਾ ਸਾਹ ਖਿੱਚ ਕੇ ਖ਼ੁਦ ਨੂੰ ਮਰਿਆਦਾ ਵਿਚ ਰੱਖਦੀ ਅੱਗੇ ਬੋਲੀ, “ਖਿਮਾ ਚਾਹੁੰਦੀ ਆਂ ਤਾਤ! ਤੁਹਾਡੇ ਨਾਲ ਰਾਜ-ਧਰਮ ਦੀ ਚਰਚਾ ਕਰਨ ਦੀ ਬਦਤਮੀਜੀ ਕਰ ਰਹੀ ਆਂ। ਵਿਰੋਧੀ ਦੀ ਸੁਣਨ ਦਾ ਸਬਰ, ਮੁਆਫ਼ ਕਰ ਦੇਣ ਦਾ ਹੌਸਲਾ, ਮਨੁੱਖੀ ਸੰਵੇਦਨਾਵਾਂ ਦਾ ਆਦਰ ਤੇ ਸਮ-ਦ੍ਰਿਸ਼ਟੀ ਹੀ ਕਿਸੇ ਰਾਸ਼ਟਰ-ਰਾਜ ਨੂੰ ਉੱਤਮ ਬਣਾਉਂਦੀ ਏ। ਜਿਸ ਰਾਜ ਦੀ ਨੀਂਹ ਸਮੇਂ ਹੀ ਇਹਨਾਂ ਸਭਨਾਂ ਨੂੰ ਇਕ ਪਾਸੇ ਰੱਖ ਦਿੱਤਾ ਗਿਆ ਹੋਵੇ, ਅਜਿਹੇ ਯੁੱਧ ਵਿਚ ਮੈਂ ਆਪਣੇ ਪੁੱਤਰ ਨੂੰ ਭੇਜਿਆ, ਇਹ ਵਿਚਾਰ ਹੀ ਮੈਨੂੰ ਦੁਖੀ ਕਰ ਰਿਹਾ ਏ। ਕਿਉਂਕਿ ਅਸੀਂ ਸਿੱਧੇ-ਸਾਦੇ, ਸਰਲ ਜਾਂਗਲੀ ਲੋਕ ਮੁੜ-ਮੁੜ ਆਪਣੇ ਉੱਚ ਸਭਿਅ ਸਮਾਜ ਦੀਆਂ ਮਿੱਠੀਆਂ-ਉੱਚੀਆਂ ਗੱਲਾਂ ਦੇ ਸ਼ਬਦ ਜਾਲ ਵਿਚ ਫਸ ਜਾਂਦੇ ਆਂ।” ਕੁਝ ਛਿਣ ਉਹ ਰੁਕੀ। ਪਿਤਾਮਾ ਨਿਰਉਤਰ ਸਨ, ਸੋਚ ਰਹੇ ਸਨ ਕਿ ਕਿਹੜੀ-ਕਿਹੜੀ ਮਾਨਸਿਕ ਪੀੜ ਨੂੰ ਝੱਲ ਰਹੀ ਹੈ ਇਹ ਘਟੋਤਕਚ ਮਾਤਾ। ਉਹ ਚਾਹ ਕੇ ਵੀ ਆਪਣੇ ਆਪ ਨੂੰ ਉਸਨੂੰ ਹੌਸਲਾ ਦੇਣ ਯੋਗ ਨਹੀਂ ਸੀ ਸਮਝ ਰਹੇ।
“ਟੁੱਟੇ-ਦਿਲ ਵਾਲੀ ਇਕ ਮਾਂ ਧਰਮ-ਅਧਰਮ, ਕਰਮਯੋਗ ਦੀਆਂ ਵੱਡੀਆਂ-ਵੱਡੀਆਂ ਗੱਲਾਂ ਨਹੀਂ ਜਾਣਦੀ ਤਾਤ! ਮਾਂ ਸਿਰਫ ਮਾਂ ਹੁੰਦੀ ਏ, ਜਿਸ ਦੇ ਦਿਲ ਦੀ ਪ੍ਰੇਮ-ਡੂੰਘਾਈ ਤਕ ਤਾਂ ਖ਼ੁਦ ਭਗਵਾਨ ਵੀ ਨਹੀਂ ਪਹੁੰਚ ਸਕਦੇ, ਤਾਂ ਉਹ ਮੇਰਾ ਮਾਇਆਵੀ ਦਿਓਰ ਕਿੰਜ ਪਹੁੰਚੇਗਾ? ਕਹਿ ਦੇਣਾ ਮੇਰੇ ਮਾਇਆਵੀ ਦਿਓਰ ਕ੍ਰਿਸ਼ਣ ਨੂੰ ਕਿ ਹਿਡਿੰਬਾ ਆਪਣੇ ਪੁੱਤਰ ਦੀ ਹੱਤਿਆ ਦੇ ਦੋਸ਼ ਤੋਂ ਉਸਨੂੰ ਕਦੀ ਮੁਕਤ ਨਹੀਂ ਕਰੇਗੀ। ਮੈਂ ਪੁੱਤਰ ਜੰਮਿਆ ਸੀ, ਬਲੀ ਦੇਣ ਲਈ ਕੋਈ ਪਸ਼ੂ ਨਹੀਂ...।”
“ਪੁੱਤਰੀ! ਇਹ ਤੂੰ ਕੀ ਕਹਿ ਰਹੀ ਏਂ? ਹੱਤਿਆ ਦਾ ਦੋਸ਼ੀ ਮਾਧਵ?”
“ਸੁਣ ਕੇ ਹੈਰਾਨ ਕਿਓਂ ਓ ਪਿਤਾਮਾ, ਕੀ ਤੁਹਾਨੂੰ ਖ਼ਬਰ ਨਹੀਂ ਮਿਲੀ?” ਇਕ ਹੋਰ ਵਿਅੰਗ ਵਾਕ ਸੁਨਾਈ ਦਿੱਤਾ।
“ਕੇਹੀ ਖ਼ਬਰ?”
“ਪਿਆਰੇ ਘਟੋਤਕਚ ਦੀ ਬਲੀ ਦੇ ਪੜਯੰਤਰ ਦੀ ਖ਼ਬਰ। ਕੀ ਤੁਸੀਂ ਨਹੀਂ ਜਾਣਦੇ ਕਿ ਕਰਣ ਦੀ ਵੈਜਯੰਤੀ-ਸ਼ਕਤੀ ਤੋਂ ਅਨੁਜ ਅਰਜੁਨ ਦੀ ਰੱਖਿਆ ਕਰਨ ਖਾਤਰ, ਪੁੱਤਰ ਘਟੋਤਕਚ-ਬਧ ਦਾ ਪੂਰਾ ਕਾਂਢ ਕ੍ਰਿਸ਼ਣ ਦੀ ਰਚਨਾ ਸੀ? ਕ੍ਰਿਸ਼ਣ ਨੇ ਮੇਰੇ ਪਿਤਰ-ਕੁਲ-ਭਗਤ ਪੁੱਤਰ ਨੂੰ ਘੋਰ ਅਸਭਿਅਕ, ਰਾਕਸ਼ਸ, ਨਿਸ਼ਾਚਰ ਦੇ ਖ਼ਿਤਾਬ ਦਿੱਤੇ...” ਕਹਿੰਦੀ-ਕਹਿੰਦੀ ਦਾ ਗੱਚ ਭਰ ਆਇਆ। ਪਿਤਾਮਾ ਅਵਾਕ ਆਪਣੀ ਇਸ ਪੌਤਰ-ਮਾਤਾ ਵਲ ਦੇਖਦੇ ਰਹੇ।
ਆਪਣੇ ਅੰਦਰਲੇ ਉਬਾਲ 'ਤੇ ਕਾਬੂ ਪਾਉਂਦਿਆਂ ਹੋਇਆਂ ਹਿਡਿੰਬਾ ਨੇ ਖ਼ਬਰ ਨੂੰ ਵਿਸਥਾਰ ਨਾਲ ਦੱਸਣ ਦਾ ਫ਼ੈਸਲਾ ਕੀਤਾ, 'ਪਿਤਾਮਾ ਭਾਵੇਂ ਉਸਦੇ ਸੱਚ ਨੂੰ ਮੰਨਣ ਜਾਂ ਨਾ ਮੰਨਣ। ਉਸਨੂੰ ਦੱਸਣਾ ਹੀ ਪਏਗਾ, ਨਹੀਂ ਤਾਂ ਉਸਦਾ ਕਾਲਜਾ ਪਾਟ ਜਾਏਗਾ।' ਉਹ ਉਤਰਦਾਈ ਹੈ ਆਪਣੀ ਪੁੱਤਰ-ਪਤਨੀ ਕਾਮਕਟੰਕਟੀ ਦੀ, ਉਹ ਉਤਰਦਾਈ ਹੈ ਆਪਣੇ ਸਾਰੇ ਰਾਕਸ਼ਸ ਕੁਲ ਦੀ'। ਆਪਣੇ ਅੰਦਰਲੀ ਹੂਕ ਨੂੰ ਸਪਸ਼ਟ ਤੇ ਗੰਭੀਰ ਸੁਰ ਦੇਂਦੀ ਹੋਈ ਉਹ ਬੋਲੀ, “ਤਾਤ ਸ਼੍ਰੀ! ਮੈਂ ਜਾਣਦੀ ਆਂ ਮੇਰੀਆਂ ਗੱਲਾਂ ਤੁਹਾਨੂੰ ਇਹਨਾਂ ਤੀਰਾਂ ਨਾਲੋਂ ਵਧ ਕਸ਼ਟ ਦੇ ਰਹੀਆਂ ਨੇ, ਪਰ ਮੇਰੇ ਮੂੰਹੋਂ ਅਗਲੇ ਸੱਚ ਦਾ ਵਿਸਥਾਰ ਸੁਣ ਕੇ ਹੋ ਸਕਦਾ ਹੈ ਕਿ ਤੁਸੀਂ ਮਹਿਸੂਸ ਕਰ ਸਕੋ ਕਿ ਕੇਹੇ ਜ਼ਹਿਰ ਭਿੱਜੇ ਤੀਰਾਂ ਵਰਗੇ ਸ਼ਬਦ ਝੱਲ ਕੇ ਤੁਹਾਡੇ ਕੋਲ ਆਈ ਹੋਵਾਂਗੀ ਮੈਂ?”
“ਕੀ ਕਹਿ ਰਹੀ ਏ ਆਤਮਜੇ! ਕੀ ਪ੍ਰਿਯ ਘਟੋਤਕਚ ਦੀ ਮੌਤ ਨਾਲੋਂ ਵੱਡੀ ਕੋਈ ਹੋਰ ਪੀੜ ਵੀ ਹੋ ਸਕਦੀ ਏ? ਕਹਿ ਪੁੱਤਰੀ! ਇਸ ਨਾਲੋਂ ਵੱਡਾ ਸੰਤਾਪ ਤੇਰੇ ਲਈ ਕੀ ਏ, ਇਹ ਮੇਰੀ ਬੁੱਧੀ ਤੋਂ ਪਰ੍ਹੇ ਹੈ। ”
“ਜੀ ਤਾਤ! ਸੁਣ ਸਕੋਗੇ?”
“ਹਿਡਿੰਬੇ! ਇਸ ਬਿਰਧ ਨੇ ਇਹਨਾਂ ਤੀਰਾਂ ਦੀ ਸੇਜ਼ ਉੱਤੇ ਹਰ ਦਿਨ ਇਕ-ਇਕ ਕਰਕੇ ਆਪਣਿਆਂ ਦੀ ਮੌਤ ਦੇ ਸਮਾਚਾਰ ਸੁਣੇ ਨੇ, ਸ਼ਰੀਰ ਤਾਂ ਵਿੰਨ੍ਹਿਆਂ ਹੀ ਹੋਇਐ, ਹੁਣ ਹਿਰਦਾ ਵੀ ਵਿੰਨ੍ਹਿਆ ਜਾ ਚੁੱਕਿਆ ਏ। ਉਹ ਤਾਂ ਇੱਛਾ-ਮ੍ਰਿਤੂ ਦੇ ਸ਼ਰਾਪ ਸਦਕਾ ਸਾਹ ਚੱਲ ਨੇ। ਜਿਸ ਲਈ ਇਹ ਮਹਾਸਰਗ (ਪਰਲੋ ਤੋਂ ਬਾਅਦ ਮੁੜ ਹੋਣ ਵਾਲੀ ਸੰਸਾਰ ਦੀ ਰਚਨਾ) ਹੋ ਰਿਹਾ ਏ ਉਸਦੇ ਸਿੱਟੇ ਤਕ ਰੁਕਣਾ ਹੀ ਹੈ, ਨਹੀਂ ਤਾਂ ਇਸ ਭੀਸ਼ਮ ਦੇ ਵਚਨ ਨੂੰ ਝੂਠਾ ਕਿਹਾ ਜਾਏਗਾ। ਇਹੀ ਮੇਰੀ ਹੋਣੀ ਹੈ, ਸੋ ਤੂੰ ਦੱਸ ਹੁਣ ਹੋਰ ਕੀ ਦੱਸਣਾ ਬਾਕੀ ਰਹਿ ਗਿਆ ਏ?”
“ਮੈਂ ਵੀ ਏਨਾ ਤਾਂ ਸਮਝਦੀ ਆਂ ਪਿਤਾਮਾ! ਕਿ ਜਦੋਂ ਪੁੱਤਰ-ਪੋਤਰਿਆਂ ਨੂੰ ਪਿਤਰ ਕੁਲ ਦੇ ਪੱਖ ਵਿਚ ਯੁੱਧ ਕਰਨ ਲਈ ਭੇਜਿਆ ਏ ਤਾਂ ਉਸ ਦੇ ਦਿਲ ਹਿਲਾ ਦੇਣ ਵਾਲੇ ਸਿੱਟਿਆਂ ਲਈ ਮਨ ਕਰੜਾ ਕਰਨਾ ਹੀ ਪਏਗਾ। ਫੇਰ ਵੀ ਘਟੋਤਕਚ-ਬਧ ਨੇ ਮੈਨੂੰ ਪੀੜਾਂ ਦੀ ਡੂੰਘੀ ਖੱਡ ਵਿਚ ਧਰੀਕ ਦਿੱਤਾ ਏ”, ਆਪਣੇ ਸ਼ਬਦਾਂ ਨੂੰ ਸਮੇਟਦੀ ਹੋਈ ਉਹ ਅੱਗੇ ਬੋਲੀ, “ਮੇਰੇ ਦੁੱਖ ਦਾ ਕਾਰਨ ਪੁੱਤਰ ਘਟੋਤਕਚ ਦੀ ਵੀਰਗਤੀ ਨਹੀਂ ਬਲਕਿ ਉਸਦੀ ਬਲੀ ਦਾ ਪੜਯੰਤਰ ਹੈ, ਤੇ ਉਸ ਨਾਲੋਂ ਵੀ ਵਧ ਉਸਦੀ ਵੀਰਗਤੀ ਦਾ ਅਪਮਾਨ ਕਰਨਾ ਹੈ।”
“ਵੀਰਗਤੀ ਦਾ ਅਪਮਾਨ!” ਹੈਰਾਨੀ ਵਸ ਭੀਸ਼ਮ ਦੀ ਬੇਚੈਨੀ ਵਧ ਗਈ ਸੀ—“ਦੇਰ ਨਾ ਕਰ ਪੁੱਤਰੀ, ਛੇਤੀ ਆਪਣੇ ਇਸ ਇਲਜ਼ਾਮ ਨੂੰ ਸਪਸ਼ਟ ਕਰ।”
“ਤਾਤ, ਮੇਰੀ ਇਹ ਦਸ਼ਾ, ਮੇਰਾ ਗੁੱਸਾ, ਪ੍ਰਿਯ ਪੁੱਤਰ ਦੇ ਚਲੇ ਜਾਣ 'ਤੇ ਸ਼੍ਰੀ ਕ੍ਰਿਸ਼ਣ ਦਾ ਨੰਗਾ-ਚਿੱਟਾ ਠਹਾਕਾ ਏ...”
“ਕੀ?” ਗੰਗਾ ਪੁੱਤਰ ਹੈਰਾਨੀ ਨਾਲ ਅੱਡੀਆਂ ਅੱਖਾਂ ਨਾਲ ਦੇਖ ਰਹੇ ਸਨ।
“ਠਹਾਕਾ ਹੀ ਨਹੀਂ, ਯੁੱਧ ਭੂਮੀ ਵਿਚ ਹੀ ਘੋੜਿਆਂ ਦੀਆਂ ਲਗਾਮਾਂ ਉਛਾਲ ਕੇ, ਖੁਸ਼ੀ ਨਾਲ ਨੱਚਦੇ ਹੋਏ ਕ੍ਰਿਸ਼ਣ ਨੇ ਮੇਰੇ ਯੋਧੇ ਪੁੱਤਰ ਦੀ ਦੇਹ ਦਾ ਅਪਮਾਨ ਕੀਤਾ...”
ਗੰਗਾ ਪੁੱਤਰ ਹੈਰਾਨ-ਪ੍ਰੇਸ਼ਾਨ ਸਨ, ਉਹ ਬੋਲੀ ਜਾ ਰਹੀ ਸੀ—“ਸੰਪੂਰਨ ਯੁੱਧ ਵਿਚ ਇਕ ਨਾਲੋਂ ਇਕ ਵੱਡਾ ਪਾਂਡਵ ਦੁਸ਼ਮਣ ਮਰਿਆ, ਉਦੋਂ ਤਾਂ ਕ੍ਰਿਸ਼ਣ ਨੇ ਨਾਚ ਨਹੀਂ ਕੀਤਾ? ਭੈਣ ਦੇ ਪੁੱਤਰ, ਪਿਆਰੇ-ਅਭਿਮੰਨਿਊ ਦੀ ਦੇਹ ਦੇਖ ਕੇ ਡਾਢੇ ਗੁੱਸੇ ਨਾਲ ਭੜਕ ਉਠਣ ਵਾਲਾ ਸ਼੍ਰੀ ਕ੍ਰਿਸ਼ਣ, ਇਸ ਭਰਾਤਾ-ਪੁੱਤਰ ਦੀ ਦੇਹ 'ਤੇ ਖੁਸ਼ੀ ਵਿਚ ਨੱਚਣ ਲੱਗ ਪਿਆ, ਹੈ ਕੋਈ ਇਸਦਾ ਜਵਾਬ? ਭਰਾਤਾ ਅਰਜੁਨ ਦਾ ਰੋਸ ਕਿੱਥੇ ਸੀ ਤਦ? ਇਸ ਅਧਰਮ ਦਾ ਕਿਸੇ ਕੋਲ ਕੋਈ ਜਵਾਬ ਹੈ?” ਫੇਰ ਖ਼ੁਦ ਹੀ ਖੋਖਲੀ ਹਾਸਾ ਹੱਸਦੀ ਜਵਾਬ ਦੇਣ ਲੱਗੀ, “ ਕ੍ਰਿਸ਼ਣ—ਆਪਣੇ ਵਾਗਜਾਲ (ਗੱਲਾਂ ਦਾ ਅਜਿਹਾ ਆਡੰਬਰ ਜਿਸ ਵਿਚ ਅਰਥ ਜਾਂ ਤੱਥ ਬੜਾ ਘੱਟ ਹੋਵੇ।) ਨਾਲ ਇਸ ਨੂੰ ਧਰਮ ਸਿੱਧ ਕਰ ਦਏਗਾ ਜਿਵੇਂ ਪ੍ਰਿਯ ਘਟੋਤਕਚ-ਬਧ 'ਤੇ ਅੱਥਰੂ ਵਹਾਉਂਦੇ ਹੋਏ ਜਯੇਸ਼ਠ ਸ਼੍ਰੀ ਤੇ ਅਨੁਜ ਅਰਜੁਨ ਨੂੰ ਪਲ ਭਰ ਵਿਚ ਸ਼ਾਂਤ ਕਰ ਦਿੱਤਾ ਸੀ। ਮੇਰੀ ਵਰ੍ਹਿਆਂ ਦੀ ਤਪਸਿਆ ਦਾ, ਪਤੀ-ਵਰਤ ਧਰਮ ਦਾ, ਨਿਹਚਾਵਾਨ ਪੁੱਤਰ ਦਾ, ਕੀ ਇਹੋ ਫਲ ਤੁਸੀਂ ਆਰੀਆ ਲੋਕਾਂ ਨੇ ਦੇਣਾ ਸੀ? ਇਸੇ ਨੂੰ ਧਰਮ ਕਹਿੰਦੇ ਓ ਤੁਸੀਂ?”
ਗਲ਼ ਵਿਚ ਅਟਕਦੇ ਸ਼ਬਦਾਂ ਨੂੰ ਯਤਨ ਕਰਕੇ ਜਾਮਾ ਪੁਆਉਂਦੇ ਭੀਸ਼ਮ ਬੋਲੇ, “ਇਹ ਤੂੰ ਕੀ ਕਹਿ ਰਹੀ ਏਂ, ਤੂੰ ਜ਼ਰੂਰ ਪੁੱਤਰ ਵਿਯੋਗ ਵਿਚ ਆਪਣੀ ਬੁੱਧ ਗੁਆ ਬੈਠੀ ਏਂ ਜੋ ਇਹ ਝੱਲ ਖਿਲਾਰ ਰਹੀ ਏਂ।”
ਹਿਡਿੰਬਾ ਆਪੇ ਵਿਚ ਨਹੀਂ ਸੀ। ਰੋਸ ਪਿਘਲ-ਪਿਘਲ ਕੇ ਬਾਹਰ ਆ ਰਿਹਾ ਸੀ, ਅੱਖਾਂ ਅੱਗ ਵਰ੍ਹਾ ਰਹੀਆਂ ਸਨ। “ਤੁਹਾਡੇ ਹੀ ਧਰਮ-ਗ੍ਰੰਥ ਕਹਿੰਦੇ ਨੇ ਤਾਤ! ਕਰਮ ਆਪਣੇ ਆਪ ਵਿਚ ਨਾ ਧਰਮ ਹੈ, ਨਾ ਅਧਰਮ ਹੈ। ਉਸਨੂੰ ਧਰਮ ਜਾਂ ਅਧਰਮ ਬਣਾਉਂਦੀ ਹੈ ਕਰਮ-ਕਰਤਾ ਦੀ ਭਾਵਨਾ। ਕ੍ਰਿਸ਼ਣ ਦੇ ਠਹਾਕੇ ਤੇ ਨਰਿਤ ਨੂੰ ਕਿਸ ਭਾਵਨਾ ਦਾ ਪ੍ਰਤੀਕ ਮੰਨਾਂ—ਦੱਸੋ?”
ਪਿਤਾਮਾ ਨਿਰਉਤਰ ਸਨ। ਉਹਨਾਂ ਨੂੰ ਮੌਨ ਵੇਖ ਕੇ ਪੁੱਛ ਬੈਠੀ, “ਤੁਹਾਨੂੰ ਵੀ ਵਿਸ਼ਵਾਸ ਨਹੀਂ ਆ ਰਿਹਾ ਨਾ? ਮੈਨੂੰ ਵੀ ਨਹੀਂ ਸੀ ਆਇਆ, ਪਰ ਇਹੋ ਸੱਚ ਏ। ਪੁੱਛ ਲੈਣਾ ਆਪਣੇ ਅਵਤਾਰ ਪੁਰਖ ਮਧੁਸੂਦਨ ਨੂੰ। ਮੈਨੂੰ ਮਾਣ ਏਂ—ਰਾਕਸ਼ਸ-ਕੁਲ ਦੀ ਹਾਂ, ਪੜਯੰਤਰਕਾਰੀ ਨਹੀਂ। ਮੇਰੇ ਪੁੱਤਰ ਨੂੰ ਜਿਹੜਾ ਸਮਾਜ ਅਧਰਮੀ ਮੰਨਦਾ ਏ ਉਸਦਾ ਧਰਮ-ਵਿਆਖਿਆਨ ਮੈਂ ਨਹੀਂ ਸੁਣਨਾ...।”
ਗੰਗਾ ਪੁੱਤਰ ਦੀ ਪ੍ਰਭਾਵਸ਼ਾਲੀ ਬਾਣੀ ਅੱਜ ਮੌਨ ਸੀ।
ਉਧਰ ਇਸ ਵਾਰਤਾ ਦੇ ਜਨਮ ਦਾਤਾ ਵਾਸੁਦੇਵ ਕ੍ਰਿਸ਼ਣ ਰੁੱਖ ਦੀ ਓਟ ਵਿਚੋਂ ਅੜਿੰਗ ਹਿਡਿੰਬਾ ਨੂੰ ਦੇਖ ਰਹੇ ਸਨ। ਔਖੀ ਤੋਂ ਔਖੀ ਘੜੀ ਵਿਚ ਵੀ ਮੁਸਕੁਰਾਉਣ ਵਾਲਾ ਇਹ ਸ਼ਾਮਰੰਗਾ ਮੁੱਖ ਗੰਭੀਰ ਸੀ। ਹਿਡਿੰਬਾ ਦੇ ਸਵਾਲਾਂ ਦਾ ਉਤਰਦਾਈ ਤਾਂ ਮੈਂ ਹੀ ਹਾਂ। 'ਕਾਸ਼ ਮੈਂ ਆਪਣੇ ਠਹਾਕਿਆਂ ਤੇ ਨਰਿਤ ਦੇ ਉਹ ਪਲ ਵਾਪਸ ਲੈ ਸਕਦਾ', ਸਦਾ ਸੰਜਮ ਵਿਚ ਰਹਿਣ ਵਾਲੇ ਕ੍ਰਿਸ਼ਣ, ਹਰ ਘਟਨਾ ਦੇ ਗਿਆਤਾ ਕ੍ਰਿਸ਼ਣ, ਅੱਜ ਲੋਕਾਂ ਦੁਆਰਾ ਪੁਆਏ ਹੋਏ ਦੇਵਤਵ ਦੇ ਚੋਲੇ ਵਿਚ ਘੁਟਨ ਮਹਿਸੂਸ ਕਰ ਰਹੇ ਸਨ। ਪਰ ਉਹ ਇਹ ਵੀ ਜਾਣਦੇ ਸਨ ਕਿ...


ਅਚਾਨਕ ਬਿਜਲੀ ਦੀ ਕੜਕ ਨਾਲ ਮੇਰੀ ਅੱਖ ਖੁੱਲ੍ਹ ਗਈ। ਮੈਂ ਕਿੱਥੇ ਸੀ—ਯਥਾਰਥ ਜਾਂ ਸੁਪਨੇ ਦੀ ਅਰਧਚੇਤਨ ਅਵਸਥਾ—ਸਭ ਕੁਝ ਗਡਮਡ ਹੋਇਆ ਹੋਇਆ ਸੀ। ਹੁਣੇ ਤਾਂ ਤੀਰਾਂ ਦੇ ਬਿਸਤਰੇ ਉੱਤੇ ਪਏ ਪਿਤਾਮਾ ਨੂੰ ਹਿਡਿੰਬਾ ਕੁਝ ਕਹਿ ਰਹੀ ਸੀ...ਉਹ ਕਿੱਥੇ ਗਈ? ਮੈਂ ਆਪਣੇ ਚਾਰੇ ਪਾਸੇ ਨਜ਼ਰਾਂ ਦੌੜਾਈਆਂ—ਨਾਈਟ ਲੈਂਪ ਦੇ ਹਲਕੇ ਪੀਲੇ ਚਾਨਣ ਵਿਚ ਦੇਖਿਆ ਕਿ ਬਿਸਤਰੇ 'ਤੇ ਤਾਂ ਮੈਂ ਪਈ ਹਾਂ। ਆਵਾਜ਼ਾਂ ਸਮਰਭੂਮੀ ਦੀਆਂ ਨਹੀਂ, ਤੂਫ਼ਾਨ ਵਿਚ ਡੋਲਦੇ, ਸ਼ੂਕਦੇ ਹੋਏ ਰੁੱਖਾਂ ਦੀ ਸਰਸਰਾਹਟ ਦੀਆਂ ਨੇ। ਓਅ! ਮੈਂ ਤਾਂ ਮਨਾਲੀ ਦੀ ਹਿਡਿੰਬਾ ਕਾਟੇਜ ਵਿਚ ਹਾਂ। ਸਾਹਮਣੀ ਪਹਾੜੀ ਉੱਤੇ ਦੇਵਦਾਰ ਦੇ ਸੰਘਣੇ ਰੁੱਖਾਂ ਵਿਚਕਾਰ ਹਿਡਿੰਬਾ ਦਾ ਪ੍ਰਾਚੀਨ ਮੰਦਰ ਹੈ। ਅੱਜ ਹੀ ਤਾਂ ਵੇਖ ਕੇ ਆਈ ਸੀ। ਉਸ ਪਟ-ਰਾਕਸ਼ਸੀ ਹਿਡਿੰਬਾ ਦੇਵੀ ਨੂੰ ਉਸਦੇ ਸਨਮਾਨਿਤ ਕਾਰਜ ਨੇ ਹੀ ਕੁੱਲੂ ਰਾਜ ਪਰਿਵਾਰ ਤੇ ਅਨੇਕਾਂ ਸ਼ਰਧਾਲੂਆਂ ਦੇ ਮਨ ਵਿਚ 'ਦਾਦੀ-ਮਾਂ' ਦੇ ਰੂਪ ਵਿਚ ਦੇਵਤਵ ਦੀ ਪਦਵੀ ਤਕ ਪਹੁੰਚਾਇਆ ਹੋਏਗਾ। ਮੇਰੇ ਗੂੜ੍ਹੀ ਨੀਂਦ ਵਿਚ ਅਚੇਤਨ ਮਸਤਕ 'ਚੋਂ ਨਿਕਲ ਕੇ ਹਿਡਿੰਬਾ ਆਣ ਖੜੀ ਹੋਈ ਸੀ, ਉਸਦੇ ਸਵਾਲ ਮੈਨੂੰ ਬੇਚੈਨ ਕਰ ਗਏ। ਹੁਣ ਪੂਰੀ ਚੇਤਨ ਹੋ ਕੇ ਸੋਚ ਰਹੀ ਹਾਂ ਕਿ ਕੀ ਇਹ ਸਵਾਲ ਅੱਜ ਵੀ ਜਵਾਬ ਨਹੀਂ ਮੰਗ ਰਹੇ? ਕਦੋਂ ਸਾਡੇ ਮਨ-ਮਸਤਕ ਵਿਚ ਵਸਾਈਆਂ ਹੋਈਆਂ ਰਾਕਸ਼ਸਾਂ ਦੀਆਂ ਕਰੂਰ ਸ਼ਕਲਾਂ ਮਨੁੱਖ-ਰੂਪ ਧਾਰਨ ਕਰਨਗੀਆਂ? ਉਫ਼ ਇਹ ਕੇਹਾ ਅੰਤਰ ਦਵੰਧ ਹੈ—ਕੀ ਅੱਜ ਵੀ ਜੰਗਲ-ਵਾਸੀ-ਲੋਕ ਸਦੀਆਂ ਤੋਂ ਉੱਥੇ ਹੀ ਨਹੀਂ ਖੜ੍ਹੇ? ਜਿੱਥੇ ਖੜ੍ਹੀ ਰਹਿਣ ਲਈ ਹਿਡਿਮਬਾ ਨੂੰ ਸ਼ਰਾਪ ਮਿਲਿਆ ਹੋਇਆ ਸੀ? ਉਦੋਂ ਵਿਆਸ ਨੇ ਨਿਆਂ ਨਹੀਂ ਸੀ ਕੀਤਾ ਤੇ ਅੱਜ ਅਸੀਂ...? ਸਵਾਲ, ਸਵਾਲ, ਸਵਾਲ—ਉਪਰੋਕਤ ਸਵਾਲਾਂ ਦੀ ਗੂੰਜ ਹਾਲੇ ਤੀਕ ਮੇਰੇ ਅੰਦਰ ਗੂੰਜ ਰਹੀ ਹੈ।



ਬੇਦੀ ਡੈਂਟਰਲ ਹੈਲਥ ਸੈਂਟਰ, ਬਾਜਾ ਰੋੜ, ਜੈਤੋ-151202. (ਪੰਜਾਬ)
ਮੋਬਾਇਲ : 94177-30600.

No comments:

Post a Comment