Monday, October 22, 2012

ਦੂਜੀ ਦੁਨੀਆਂ...:: ਲੇਖਕ : ਨਿਰਮਲ ਵਰਮਾ




ਪ੍ਰਵਾਸੀ ਹਿੰਦੀ ਕਹਾਣੀ :


ਅਨੁਵਾਦ : ਮਹਿੰਦਰ ਬੇਦੀ, ਜੈਤੋ



ਬੜੀ ਪਹਿਲਾਂ ਮੈਂ ਇਕ ਕੁੜੀ ਨੂੰ ਜਾਣਦਾ ਸੀ। ਉਹ ਸਾਰਾ ਦਿਨ ਪਾਰਕ ਵਿਚ ਖੇਡਦੀ ਰਹਿੰਦੀ। ਉਸ ਪਾਰਕ ਵਿਚ ਬਹੁਤ ਸਾਰੇ ਰੁੱਖ ਸਨ, ਜਿਹਨਾਂ ਵਿਚੋਂ ਮੈਂ ਥੋੜ੍ਹਿਆਂ ਨੂੰ ਹੀ ਪਛਾਣਦਾ ਸੀ। ਮੈਂ ਸਾਰਾ ਦਿਨ ਲਾਇਬਰੇਰੀ ਵਿਚ ਰਹਿੰਦਾ ਤੇ ਜਦੋਂ ਸ਼ਾਮ ਨੂੰ ਪਰਤਦਾ, ਤਾਂ ਉਹ ਉਹਨਾਂ ਰੁੱਖਾਂ ਹੇਠ ਤੁਰੀ-ਫਿਰਦੀ ਦਿਖਾਈ ਦਿੰਦੀ। ਬੜੇ ਦਿਨਾਂ ਤਕ ਅਸੀਂ ਇਕ ਦੂਜੇ ਨਾਲ ਨਹੀਂ ਸੀ ਬੋਲੇ। ਮੈਂ ਲੰਦਨ ਦੇ ਉਸ ਇਲਾਕੇ ਵਿਚ ਸਿਰਫ਼ ਕੁਝ ਦਿਨਾਂ ਲਈ ਠਹਿਰਣਾ ਸੀ। ਉਹਨੀਂ ਦਿਨੀ ਮੈਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਬਦਲਦਾ ਰਹਿੰਦਾ ਸੀ—ਸਸਤੀ ਰਹਾਇਸ਼ ਦੀ ਭਾਲ ਵਿਚ।
ਉਹ ਕਾਫੀ ਗ਼ਰੀਬੀ ਦੇ ਦਿਨ ਸਨ।
ਉਹ ਕੁੜੀ ਵੀ ਕਾਫੀ ਗ਼ਰੀਬ ਹੋਵੇਗੀ—ਇਹ ਮੈਂ ਅੱਜ ਸੋਚਦਾ ਹਾਂ। ਉਸਦੇ ਇਕ ਅੱਧਾ-ਉਧੜਿਆ ਸਵੈਟਰ ਪਾਇਆ ਹੁੰਦਾ ਸੀ। ਸਿਰ 'ਤੇ ਕਥਈ ਰੰਗ ਦਾ ਟੋਪ ਹੁੰਦਾ, ਜਿਸਦੇ ਦੋਵੇਂ ਪਾਸੇ ਉਸਦੇ ਵਾਲ ਨਿਕਲੇ ਹੁੰਦੇ। ਕੰਨ ਹਮੇਸ਼ਾ ਲਾਲ ਰਹਿੰਦੇ ਤੇ ਨੱਕ ਦਾ ਉਪਰਲਾ ਸਿਰਾ ਵੀ—ਕਿਉਂਕਿ ਉਹ ਅਕਤੂਬਰ ਦੇ ਅੰਤਮ ਦਿਨ ਸਨ—ਸਰਦੀਆਂ ਸ਼ੁਰੂ ਹੋਣ ਤੋਂ ਪਹਿਲੇ ਦਿਨ ਤੇ ਇਹ ਸ਼ੁਰੂ ਦੇ ਦਿਨ ਕਦੀ-ਕਦੀ ਅਸਲੀ ਸਰਦੀ ਤੋਂ ਵੀ ਵਧ ਕਰੂਰ ਹੁੰਦੇ ਨੇ।
ਸੱਚ ਕਹਾਂ ਤਾਂ ਠੰਢ ਤੋਂ ਬਚਣ ਲਈ ਹੀ ਮੈਂ ਲਾਇਬਰੇਰੀ ਆਉਂਦਾ ਸੀ। ਉਹਨੀਂ ਦਿਨੀਂ ਮੇਰਾ ਕਮਰਾ ਬਰਫ਼ ਬਣ ਜਾਂਦਾ। ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਆਪਣੇ ਸਾਰੇ ਸਵੈਟਰ ਤੇ ਜੁਰਾਬਾਂ ਪਾ ਲੈਂਦਾ। ਰਜਾਈ ਉੱਤੇ ਆਪਣੇ ਕੋਟ ਤੇ ਓਵਰ ਕੋਟ ਇਕੱਠੇ ਕਰ ਲੈਂਦਾ—ਪਰ ਠੰਢ ਫੇਰ ਵੀ ਨਹੀਂ ਸੀ ਰੁਕਦੀ। ਇਹ ਨਹੀਂ ਕਿ ਕਮਰੇ ਵਿਚ ਹੀਟਰ ਨਹੀਂ ਸੀ, ਪਰ ਉਸਨੂੰ ਬਾਲਣ ਲਈ ਉਸਨੂੰ ਇਕ ਸ਼ਲਿੰਗ ਖੁਆਉਣਾ ਪੈਂਦਾ ਸੀ।
ਪਹਿਲੀ ਰਾਤ ਜਦੋਂ ਮੈਂ ਉਸ ਕਮਰੇ ਵਿਚ ਸੰਵਿਆਂ ਸੀ ਤਾਂ ਰਾਤ ਭਰ ਹੀਟਰ ਨੂੰ ਪੈਸੇ ਖਵਾਂਦਾ ਰਿਹਾ ਸੀ—ਹਰ ਅੱਧੇ ਘੰਟੇ ਪਿੱਛੋਂ ਉਸਦੀ ਪੇਟ ਦੀ ਅੱਗ ਜਾਂ ਭੁੱਖ ਸ਼ਾਂਤ ਕਰਨੀ ਪੈਂਦੀ। ਦੂਜੇ ਦਿਨ ਮੇਰੇ ਕੋਲ ਨਾਸ਼ਤੇ ਲਈ ਵੀ ਪੈਸੇ ਨਹੀਂ ਸਨ ਬਚੇ। ਉਸ ਪਿੱਛੋਂ ਮੈਂ ਹੀਟਰ ਵੱਲੋਂ ਮੂੰਹ ਮੋੜ ਲਿਆ ਸੀ। ਮੈਂ ਸਾਰੀ ਰਾਤ ਠੰਢ ਨਾਲ ਕੰਬਦਾ ਰਹਿੰਦਾ—ਪਰ ਇਹ ਤਸੱਲੀ ਹੁੰਦੀ ਕਿ ਉਹ ਵੀ ਭੁੱਖਾ ਹੈ ਤੇ ਮੇਜ਼ 'ਤੇ ਪਿਆ ਠਰ ਰਿਹਾ ਹੈ—ਤੇ ਮੈਂ ਬਿਸਤਰੇ ਵਿਚ ਹਾਂ। ਇਸ ਤਰ੍ਹਾਂ ਸਾਡੇ ਦੋਵਾਂ ਵਿਚਕਾਰ ਇਕ ਸ਼ੀਤਯੁੱਧ ਜਾਰੀ ਰਹਿੰਦਾ।
ਸਵੇਰ ਹੁੰਦਿਆਂ ਹੀ ਮੈਂ ਜਲਦੀ-ਜਲਦੀ ਲਾਇਬਰੇਰੀ ਆ ਜਾਂਦਾ। ਪਤਾ ਨਹੀਂ ਕਿੰਨੇ ਲੋਕ ਮੇਰੇ ਵਾਂਗ ਉੱਥੇ ਆਉਂਦੇ ਸਨ—ਲਾਇਬਰੇਰੀ ਖੁੱਲ੍ਹਣ ਤੋਂ ਪਹਿਲਾਂ ਹੀ ਦਰਵਾਜ਼ੇ ਮੂਹਰੇ ਲਾਈਨ ਲਾ ਕੇ ਖੜ੍ਹੇ ਹੋ ਜਾਂਦੇ ਸਨ। ਉਹਨਾਂ ਵਿਚ ਜ਼ਿਆਦਾ ਬੁੱਢੇ ਲੋਕ ਹੁੰਦੇ ਸਨ—ਜਿਹਨਾਂ ਨੂੰ ਪੈਨਸ਼ਨ ਬੜੀ ਘੱਟ ਮਿਲਦੀ ਸੀ...ਪਰ ਸਰਦੀ ਸਭ ਤੋਂ ਵੱਧ ਲੱਗਦੀ ਸੀ। ਮੇਜ਼ ਉੱਤੇ ਇਕ ਦੋ ਕਿਤਾਬਾਂ ਖੋਲ੍ਹ ਕੇ ਉਹ ਬੈਠ ਜਾਂਦੇ। ਕੁਝ ਚਿਰ ਪਿੱਛੋਂ ਹੀ ਮੈਂ ਦੇਖਦਾ—ਮੇਰੇ ਖੱਬੇ-ਸੱਜੇ ਸਾਰੇ ਲੋਕ ਸੁੱਤੇ ਹੋਏ ਨੇ। ਕੋਈ ਉਹਨਾਂ ਨੂੰ ਟੋਕਦਾ ਨਹੀਂ ਸੀ। ਇਕ-ਅੱਧੇ ਘੰਟੇ ਪਿੱਛੋਂ ਲਾਇਬਰੇਰੀ ਦਾ ਕੋਈ ਕਰਮਚਾਰੀ ਚੱਕਰ ਲਾਉਣ ਉੱਥੇ ਆ ਜਾਂਦਾ। ਖੁੱਲ੍ਹੀ ਕਿਤਾਬ ਨੂੰ ਬੰਦ ਕਰ ਦਿੰਦਾ...ਤੇ ਉਹਨਾਂ ਲੋਕਾਂ ਨੂੰ ਹੌਲੀ-ਹੌਲੀ ਹਿਲਾਅ ਦਿੰਦਾ, ਜਿਹਨਾਂ ਦੇ ਘੁਰਾੜੇ ਦੂਜਿਆਂ ਦੀ ਨੀਂਦ ਜਾਂ ਪੜ੍ਹਾਈ ਵਿਚ ਵਿਘਣ ਪਾ ਰਹੇ ਹੁੰਦੇ ਸਨ।
ਇੰਜ ਹੀ ਉਂਘਦੀ ਹੋਈ ਇਕ ਦੁਪਹਿਰ ਵਿਚ ਮੈਂ ਉਸ ਕੁੜੀ ਨੂੰ ਦੇਖਿਆ ਸੀ—ਲਾਇਬਰੇਰੀ ਦੀ ਲੰਮੀ ਖਿੜਕੀ ਵਿਚੋਂ। ਉਸਨੇ ਆਪਣਾ ਬਸਤਾ ਇਕ ਬੈਂਚ ਉੱਤੇ ਰੱਖ ਦਿੱਤਾ ਸੀ ਤੇ ਖ਼ੁਦ ਰੁੱਖਾਂ ਪਿੱਛੇ ਛੁਪ ਗਈ ਸੀ। ਉਹ ਕੋਈ ਧੁੱਪ ਵਾਲਾ ਦਿਨ ਨਹੀਂ ਸੀ, ਇਸ ਲਈ ਮੈਨੂੰ ਥੋੜ੍ਹੀ ਹੈਰਾਨੀ ਹੋਈ ਕਿ ਏਨੀ ਠੰਢ ਵਿਚ ਉਹ ਕੁੜੀ ਬਾਹਰ ਖੇਡ ਰਹੀ ਹੈ। ਉਹ ਬਿਲਕੁਲ ਇਕੱਲੀ ਸੀ। ਬਾਕੀ ਬੈਂਚਾਂ ਖਾਲੀ ਪਈਆਂ ਸਨ...ਤੇ ਉਸ ਦਿਨ ਪਹਿਲੀ ਵਾਰੀ ਮੈਨੂੰ ਇਹ ਜਾਣਨ ਦੀ ਤਿੱਖੀ ਉਤਸੁਕਤਾ ਹੋਈ ਸੀ ਕਿ ਉਹ ਕਿਹੜੇ ਖੇਡ ਨੇ, ਜਿਹਨਾਂ ਨੂੰ ਕੁਝ ਬੱਚੇ ਇਕੱਲੇ ਖੇਡਦੇ ਨੇ!
ਦੁਪਹਿਰ ਹੁੰਦਿਆਂ ਹੀ ਉਹ ਪਾਰਕ ਵਿਚ ਆਉਂਦੀ, ਬੈਂਚ ਉੱਤੇ ਆਪਣਾ ਬਸਤਾ ਰੱਖ ਦਿੰਦੀ ਤੇ ਫੇਰ ਰੁੱਖਾਂ ਪਿੱਛੇ ਭੱਜ ਜਾਂਦੀ। ਮੈਂ ਕਦੀ-ਕਦੀ ਕਿਤਾਬ ਤੋਂ ਸਿਰ ਚੁੱਕ ਕੇ ਉਸ ਵੱਲ ਵੇਖ ਲੈਂਦਾ। ਪੰਜ ਵੱਜਦੇ ਤਾਂ ਹਸਪਤਾਲ ਦਾ ਗਜਰ ਸੁਣਾਈ ਦਿੰਦਾ। ਘੰਟੇ ਵੱਜਦਿਆਂ ਹੀ, ਉਹ ਕੁੜੀ ਜਿੱਥੇ ਵੀ ਹੁੰਦੀ, ਦੌੜਦੀ ਹੋਈ ਆਪਣੀ ਬੈਂਚ ਉੱਤੇ ਆਣ ਬੈਠਦੀ। ਉਹ ਬਸਤਾ ਗੋਦੀ ਵਿਚ ਰੱਖ ਕੇ ਚੁੱਪਚਾਪ ਬੈਠੀ ਰਹਿੰਦੀ, ਜਦੋਂ ਤਕ ਦੂਜੇ ਪਾਸਿਓਂ ਆਉਂਦੀ ਇਕ ਔਰਤ ਦਿਖਾਈ ਨਾ ਦਿੰਦੀ। ਮੈਂ ਕਦੀ ਉਸ ਔਰਤ ਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਸੀ ਦੇਖ ਸਕਿਆ। ਉਹ ਹਮੇਸ਼ਾ ਨਰਸ ਦੀ ਚਿੱਟੀ ਪੁਸ਼ਾਕ ਵਿਚ ਆਉਂਦੀ ਸੀ।...ਤੇ ਇਸ ਤੋਂ ਪਹਿਲਾਂ ਕਿ ਬੈਂਚ ਤਕ ਪਹੁੰਚ ਸਕਦੀ—ਉਹ ਕੁੜੀ ਆਪਣਾ ਸਬਰ ਛੱਡ ਕੇ ਭੱਜ ਤੁਰਦੀ ਤੇ ਉਸਨੂੰ ਵਿਚਕਾਰ ਹੀ ਰੋਕ ਲੈਂਦੀ। ਉਹ ਦੋਵੇਂ ਗੇਟ ਵੱਲ ਮੁੜ ਜਾਂਦੀਆਂ ਤੇ ਮੈਂ ਉਹਨਾਂ ਨੂੰ ਉਦੋਂ ਤਕ ਦੇਖਦਾ ਰਹਿੰਦਾ, ਜਦੋਂ ਤਕ ਉਹ ਅੱਖਾਂ ਤੋਂ ਓਹਲੇ ਨਾ ਹੋ ਜਾਂਦੀਆਂ।
ਮੈਂ, ਹਿਚਕਾਕ ਦੇ ਹੀਰੋ ਵਾਂਗ, ਖਿੜਕੀ ਵਿਚੋਂ ਬਾਹਰ, ਜਿੱਥੇ ਇਹ ਪੈਂਟੋਮਿਮ ਰੋਜ਼ ਦੁਹਰਾਇਆ ਜਾਂਦਾ ਸੀ, ਇਹ ਸਭ ਦੇਖਦਾ ਸੀ। ਇਹ ਸਿਲਸਿਲਾ ਸ਼ਾਇਦ ਸਰਦੀਆਂ ਤਕ ਚੱਲਦਾ ਰਹਿੰਦਾ—ਜੇ ਇਕ ਦਿਨ ਅਚਾਨਕ ਮੌਸਮ ਨੇ ਪਾਸਾ ਨਾ ਪਰਤਿਆ ਹੁੰਦਾ।
ਇਕ ਰਾਤ ਅਚਾਨਕ ਸੁੱਤਿਆਂ-ਸੁੱਤਿਆਂ ਮੈਨੂੰ ਆਪਣੀ ਰਜਾਈ ਤੇ ਉਸ ਉੱਤੇ ਰੱਖੇ ਹੋਏ ਕੋਟ ਬੋਝ ਲੱਗਣ ਲੱਗ ਪਏ। ਮੇਰੀ ਦੇਹ ਪਸੀਨੇ ਨਾਲ ਲੱਥਪੱਥ ਹੋਈ ਪਈ ਸੀ, ਜਿਵੇਂ ਬਹੁਤ ਦਿਨਾਂ ਬਾਅਦ ਬੁਖ਼ਾਰ ਤੋਂ ਉੱਠ ਰਿਹਾ ਹੋਵਾਂ। ਖਿੜਕੀ ਖੋਲ੍ਹ ਕੇ ਬਾਹਰ ਝਾਕਿਆ, ਤਾਂ ਨਾ ਧੁੰਦ, ਨਾ ਕੋਹਰਾ, ਲੰਦਨ ਦਾ ਆਸਮਾਨ ਨੀਲੀ ਮਖ਼ਮਲੀ ਡੱਬੀ ਵਾਂਗ ਖੁੱਲ੍ਹਿਆ ਹੋਇਆ ਸੀ, ਜਿਸ ਵਿਚ ਕਿਸੇ ਨੇ ਢੇਰ ਸਾਰੇ ਤਾਰੇ ਮੜ੍ਹ ਦਿੱਤੇ ਸਨ। ਮੈਨੂੰ ਲੱਗਿਆ ਜਿਵੇਂ ਇਹ ਗਰਮੀਆਂ ਦੀ ਰਾਤ ਹੈ ਤੇ ਮੈਂ ਵਿਦੇਸ਼ ਵਿਚ ਨਾ ਹੋ ਕੇ ਆਪਣੇ ਘਰ ਦੀ ਛੱਤ ਉੱਤੇ ਲੇਟਿਆ ਹਾਂ।
ਅਗਲੇ ਦਿਨ ਖੁੱਲ੍ਹ ਕੇ ਧੁੱਪ ਨਿਕਲੀ ਸੀ, ਮੈਂ ਬਹੁਤੀ ਦੇਰ ਤਕ ਲਾਇਬਰੇਰੀ ਵਿਚ ਨਾ ਬੈਠ ਸਕਿਆ। ਦੁਪਹਿਰ ਹੁੰਦਿਆਂ ਹੀ ਮੈਂ ਬਾਹਰ ਨਿਕਲ ਆਇਆ ਤੇ ਘੁੰਮਦਾ ਹੋਇਆ ਉਸ ਰੇਸਤਰਾਂ ਵਿਚ ਆ ਗਿਆ, ਜਿੱਥੇ ਮੈਂ ਰੋਜ਼ ਖਾਣਾ, ਖਾਣ ਜਾਂਦਾ ਹੁੰਦਾ ਸੀ। ਉਹ ਇਕ ਸਸਤਾ ਯਹੂਦੀ ਰੇਸਤਰਾਂ ਸੀ। ਉੱਥੇ ਸਿਰਫ਼ ਡੇਢ ਸ਼ਲਿੰਗ ਵਿਚ ਕੋਸ਼ਰ ਗੋਸ਼ਤ, ਦੋ ਰੋਟੀਆਂ ਤੇ ਬੀਅਰ ਦਾ ਇਕ ਛੋਟਾ ਗਲਾਸ ਮਿਲ ਜਾਂਦਾ ਸੀ। ਰੇਸਤਰਾਂ ਦੀ ਯਹੂਦੀ ਮਾਲਕਿਨ, ਜਿਹੜੀ ਯੁੱਧ ਤੋਂ ਪਹਿਲਾਂ ਲਿਥੂਨੀਆ ਤੋਂ ਆਈ ਸੀ, ਇਕ ਉੱਚੇ ਸਟੂਲ 'ਤੇ ਬੈਠੀ ਰਹਿੰਦੀ। ਕਾਊਂਟਰ ਉੱਤੇ ਇਕ ਕੈਸ਼-ਬਕਸ ਰੱਖਿਆ ਹੁੰਦਾ ਤੇ ਉਸਦੇ ਹੇਠ ਬੈਠੀ ਇਕ ਚਿੱਟੀ-ਕਾਲੀ ਬਿੱਲੀ ਗਾਹਕਾਂ ਨੂੰ ਘੁਰਦੀ ਰਹਿੰਦੀ। ਮੈਨੂੰ ਸ਼ਾਇਦ ਉਹ ਥੋੜ੍ਹਾ ਬਹੁਤਾ ਪਛਾਣਨ ਲੱਗ ਪਈ ਸੀ, ਕਿਉਂਕਿ ਜਿੰਨੀ ਦੇਰ ਮੈਂ ਖਾਂਦਾ ਰਹਿੰਦਾ, ਓਨੀ ਦੇਰ ਉਹ ਆਪਣੀਆਂ ਹਰੀਆਂ ਅੱਖਾਂ ਨਾਲ ਮੇਰੇ ਵੱਲ ਬਿਟਰ-ਬਿਟਰ ਝਾਕਦੀ ਰਹਿੰਦੀ। ਗ਼ਰੀਬੀ, ਠੰਢ ਤੇ ਇਕੱਲੇਪਨ ਦੇ ਦਿਨਾਂ ਵਿਚ ਬਿੱਲੀ ਦਾ ਸਹਾਰਾ ਵੀ ਬੜਾ ਹੁੰਦਾ ਹੈ, ਇਹ ਮੈਂ ਉਹਨਾਂ ਦਿਨਾਂ ਵਿਚ ਸੋਚਦਾ ਹੁੰਦਾ ਸੀ। ਮੈਂ ਇਹ ਵੀ ਸੋਚਦਾ ਸੀ ਕਿ ਕਿਸੇ ਦਿਨ ਮੈਂ ਵੀ ਅਜਿਹਾ ਹੀ ਹਿੰਦੁਸਤਾਨੀ ਰੇਸਤਰਾਂ ਖੋਲ੍ਹਾਂਗਾ ਤੇ ਇਕੱਠੀਆਂ ਤਿੰਨ ਬਿੱਲੀਆਂ ਰੱਖਾਂਗਾ।
ਰੇਸਤਰਾਂ 'ਚੋਂ ਬਾਹਰ ਆਇਆ ਤਾਂ ਦੁਬਾਰਾ ਲਾਇਬਰੇਰੀ ਜਾਣ ਦੀ ਇੱਛਾ ਮਰ ਗਈ। ਲੰਮੀ ਮੁੱਦਤ ਬਾਅਦ ਉਸ ਦਿਨ ਘਰੋਂ ਚਿੱਠੀਆਂ ਤੇ ਅਖ਼ਬਾਰ ਆਏ ਸਨ। ਮੈਂ ਉਹਨਾਂ ਨੂੰ ਪਾਰਕ ਦੀ ਖੁੱਲ੍ਹੀ ਧੁੱਪ ਵਿਚ ਪੜ੍ਹਨਾ ਚਾਹੁੰਦਾ ਸੀ। ਮੈਨੂੰ ਹਲਕੀ ਜਿਹੀ ਹੈਰਾਨੀ ਹੋਈ ਜਦੋਂ ਮੇਰੀ ਨਜ਼ਰ ਪਾਰਕ ਦੇ ਫੁੱਲਾਂ ਉੱਤੇ ਪਈ। ਉਹ ਬੜੇ ਛੋਟੇ-ਛੋਟੇ ਫੁੱਲ ਸਨ, ਜਿਹੜੇ ਘਾਹ ਵਿਚ ਆਪਣਾ ਸਿਰ ਚੁੱਕੀ ਖੜ੍ਹੇ ਸਨ। ਇਹਨਾਂ ਫੁੱਲਾਂ ਬਾਰੇ ਸ਼ਾਇਦ ਜੀਸਸ ਨੇ ਕਿਹਾ ਸੀ, 'ਲਿਲੀਜ਼ ਆਫ਼ ਦ ਫੀਲਡ' ਅਜਿਹੇ ਫੁੱਲ, ਜਿਹੜੇ ਆਉਣ ਵਾਲੇ ਦਿਨਾਂ ਬਾਰੇ ਨਹੀਂ ਸੋਚਦੇ।
ਉਹ ਬੀਤੀਆਂ ਹੋਈਆਂ ਗਰਮੀਆਂ ਨੂੰ ਚੇਤੇ ਕਰਵਾਉਂਦੇ ਨੇ।
ਮੈਂ ਘਾਹ ਵਿਚ ਉਹਨਾਂ ਫੁੱਲਾਂ ਉੱਤੇ ਤੁਰਨ ਲੱਗਿਆ।
ਬੜਾ ਚੰਗਾ ਲੱਗਿਆ। ਆਉਣ ਵਾਲੇ ਦਿਨਾਂ ਦੀਆਂ ਮਾੜੀਆਂ ਚਿੰਤਾਵਾਂ ਝੜਨ ਲੱਗੀਆਂ। ਮੈਂ ਹਲਕਾ-ਜਿਹਾ ਹੋ ਗਿਆ। ਮੈਂ ਆਪਣੇ ਬੂਟ ਲਾਹ ਦਿੱਤੇ ਤੇ ਘਾਹ 'ਤੇ ਨੰਗੇ ਪੈਰੀਂ ਤੁਰਨ ਲੱਗਿਆ। ਮੈਂ ਬੈਂਚ ਕੋਲ ਪਹੁੰਚਿਆ ਹੀ ਸੀ ਕਿ ਮੈਨੂੰ ਆਪਣੇ ਪਿੱਛੇ ਇਕ ਚੀਕ ਸੁਣਾਈ ਦਿੱਤੀ। ਕੋਈ ਤੇਜ਼ੀ ਨਾਲ ਦੌੜਦਾ ਹੋਇਆ ਮੇਰੇ ਵੱਲ ਆ ਰਿਹਾ ਸੀ, ਪਿੱਛੇ ਮੁੜ ਕੇ ਦੇਖਿਆ, ਤਾਂ ਉਹੀ ਕੁੜੀ ਦਿਖਾਈ ਦਿੱਤੀ। ਉਹ ਦਰਖ਼ਤਾਂ ਵਿਚੋਂ ਨਿਕਲ ਕੇ ਬਾਹਰ ਆਈ ਤੇ ਮੇਰਾ ਰਸਤਾ ਰੋਕ ਕੇ ਖੜ੍ਹੀ ਹੋ ਗਈ।
“ਯੂ ਆਰ ਕਾੱਟ,” ਉਸਨੇ ਹੱਸਦਿਆਂ ਹੋਇਆਂ ਕਿਹਾ, “ਹੁਣ ਤੁਸੀਂ ਜਾ ਨਹੀਂ ਸਕਦੇ।”
ਮੈਂ ਸਮਝਿਆ ਨਹੀਂ। ਜਿੱਥੇ ਖੜ੍ਹਾ ਸੀ, ਉੱਥੇ ਹੀ ਖੜ੍ਹਾ ਰਿਹਾ।
“ਤੁਸੀਂ ਪਕੜੇ ਗਏ...” ਉਸਨੇ ਦੁਬਾਰਾ ਕਿਹਾ, “ਤੁਸੀਂ ਮੇਰੀ ਜ਼ਮੀਨ 'ਤੇ ਖੜ੍ਹੇ ਓਂ।”
ਮੈਂ ਚਾਰੇ ਪਾਸੇ ਵੇਖਿਆ, ਘਾਹ ਵਿਚ ਫੁੱਲ ਸਨ, ਕਿਨਾਰੇ ਖ਼ਾਲੀ ਬੈਂਚਾਂ ਸਨ, ਵਿਚਕਾਰ ਤਿੰਨ ਸਦਾ ਬਹਾਰ ਦਰਖ਼ਤ ਤੇ ਇਕ ਮੋਟੇ ਤਣੇ ਵਾਲਾ ਓਕ ਖੜ੍ਹਾ ਸੀ। ਉਸਦੀ ਜ਼ਮੀਨ ਕਿਤੇ ਦਿਖਾਈ ਨਹੀਂ ਦਿੱਤੀ।
“ਮੈਨੂੰ ਪਤਾ ਨਹੀਂ ਸੀ,” ਮੈਂ ਕਿਹਾ ਤੇ ਮੁੜ ਕੇ ਵਾਪਸ ਜਾਣ ਲੱਗਿਆ।
“ਨਹੀਂ, ਨਹੀਂ...ਤੁਸੀਂ ਜਾ ਨਹੀਂ ਸਕਦੇ,” ਬੱਚੀ ਮੇਰੇ ਸਾਹਮਣੇ ਆ ਕੇ ਖੜ੍ਹੀ ਹੋ ਗਈ। ਉਸਦੀਆਂ ਅੱਖਾਂ ਚਮਕ ਰਹੀਆਂ ਸਨ, “ਉਹ ਤੁਹਾਨੂੰ ਜਾਣ ਨਹੀਂ ਦੇਣਗੇ।”
“ਕੌਣ ਨਹੀਂ ਜਾਣ ਦੇਣਗੇ?” ਮੈਂ ਪੁੱਛਿਆ।
ਉਸਨੇ ਦਰਖ਼ਤਾਂ ਵੱਲ ਇਸ਼ਾਰਾ ਕੀਤਾ, ਜਿਹੜੇ ਹੁਣ ਸੱਚਮੁੱਚ ਸਿਪਾਹੀਆਂ ਵਰਗੇ ਨਜ਼ਰ ਆ ਰਹੇ ਸਨ, ਲੰਮੇਂ ਹੱਟੇ-ਕੱਟੇ ਪਹਿਰੇਦਾਰ। ਮੈਂ ਬਿਨਾਂ ਜਾਣੇ ਉਸਦੇ ਅਦ੍ਰਿਸ਼ ਫੰਦੇ ਵਿਚ ਫਸ ਗਿਆ ਸੀ।
ਕੁਛ ਦੇਰ ਤਕ ਅਸੀਂ ਚੁੱਪਚਾਪ ਆਹਮਣੇ-ਸਾਹਮਣੇ ਖੜ੍ਹੇ ਰਹੇ। ਉਸਦੀਆਂ ਅੱਖਾਂ ਇਕਟੱਕ ਮੇਰੇ ਉੱਤੇ ਟਿਕੀਆਂ ਸਨ—ਉਤੇਜਿਤ ਤੇ ਸਵਾਧਾਨ। ਜਦੋਂ ਉਸਨੇ ਵੇਖਿਆ ਮੇਰਾ ਭੱਜਣ ਦਾ ਕੋਈ ਇਰਾਦਾ ਨਹੀਂ ਹੈ, ਤਾਂ ਉਹ ਕੁਝ ਢੈਲੀ ਪੈ ਗਈ।
“ਤੁਸੀਂ ਛੁੱਟਣਾ ਚਾਹੁੰਦੇ ਓਂ?” ਉਸਨੇ ਕਿਹਾ।
“ਕਿੱਦਾਂ?” ਮੈਂ ਉਸ ਵੱਲ ਦੇਖਿਆ।
“ਤੁਹਾਨੂੰ ਇਹਨਾਂ ਨੂੰ ਖਾਣਾ ਦੇਣਾ ਪਵੇਗਾ। ਇਹ ਬੜੇ ਦਿਨਾਂ ਦੇ ਭੁੱਖੇ ਨੇ।” ਉਸਨੇ ਦਰਖ਼ਤਾਂ ਵੱਲ ਇਸ਼ਾਰਾ ਕੀਤਾ। ਉਹ ਹਵਾ ਵਿਚ ਸਿਰ ਹਿਲਾਅ ਰਹੇ ਸਨ।
“ਖਾਣਾ ਮੇਰੇ ਕੋਲ ਹੈ ਨਹੀਂ।” ਮੈਂ ਕਿਹਾ।
“ਤੁਸੀਂ ਚਾਹੋ ਤਾਂ ਲਿਆ ਸਕਦੇ ਓ।” ਉਸਨੇ ਹੌਸਲਾ ਦਿੱਤਾ, “ਇਹ ਸਿਰਫ ਫੁੱਲ-ਪੱਤੇ ਖਾਂਦੇ ਨੇ।”
ਮੇਰੇ ਲਈ ਇਹ ਮੁਸ਼ਕਲ ਨਹੀਂ ਸੀ। ਉਹ ਅਕਤੂਬਰ ਦੇ ਦਿਨ ਸਨ ਤੇ ਪਾਰਕ ਵਿਚ ਫੁੱਲਾਂ ਦੇ ਇਲਾਵਾ ਢੇਰ ਸਾਰੇ ਪੱਤੇ ਖਿੱਲਰੇ ਰਹਿੰਦੇ ਸਨ। ਮੈਂ ਹੇਠਾਂ ਝੁਕਿਆ ਹੀ ਸੀ ਕਿ ਉਸਨੇ ਅਹੁਲ ਕੇ ਮੇਰਾ ਹੱਥ ਫੜ੍ਹ ਲਿਆ।
“ਨਹੀਂ, ਨਹੀਂ-ਇੱਥੋਂ ਨਹੀਂ। ਇਹ ਮੇਰੀ ਜ਼ਮੀਨ ਏਂ। ਤੁਹਾਨੂੰ ਓਥੇ ਜਾਣ ਪਵੇਗਾ।” ਉਸਨੇ ਪਾਰਕ ਦੇ ਫੇਂਸ ਵੱਲ ਦੇਖਿਆ। ਉੱਥੇ ਮੁਰਝਾਏ ਫੁੱਲਾਂ ਤੇ ਪੱਤਿਆਂ ਦਾ ਢੇਰ ਲੱਗਿਆ ਹੋਇਆ ਸੀ। ਮੈਂ ਉੱਥੇ ਜਾਣ ਲੱਗਾ ਤਾਂ ਉਸਦੀ ਆਵਾਜ਼ ਸੁਣਾਈ ਦਿੱਤੀ—
“ਠਹਿਰੋ—ਮੈਂ ਤੁਹਾਡੇ ਨਾਲ ਆਉਂਦੀ ਆਂ, ਪਰ ਜੇ ਤੁਸੀਂ ਬਚ ਕੇ ਭੱਜੋਗੇ ਤਾਂ...ਇੱਥੇ ਈ ਮਰ ਜਾਓਗੇ।” ਉਹ ਰੁਕੀ, ਮੇਰੇ ਵੱਲ ਦੇਖਿਆ, “ਤੁਸੀਂ ਮਰਨਾ ਚਾਹੁੰਦੇ ਓਂ?”
ਮੈਂ ਜਲਦੀ ਨਾਲ ਸਿਰ ਹਿਲਾਇਆ। ਉਹ ਏਨਾ ਗਰਮ ਤੇ ਨਿਖ਼ਰਿਆ ਹੋਇਆ ਦਿਨ ਸੀ ਕਿ ਮਰਨ ਦੀ ਮੇਰੀ ਇੱਛਾ ਨਹੀਂ ਹੋਈ।
ਅਸੀਂ ਫੇਂਸ ਗਏ। ਮੈਂ ਰੁਮਾਲ ਕੱਢਿਆ ਤੇ ਫੁੱਲ-ਪੱਤੀਆਂ ਇਕੱਠੀਆਂ ਕਰਨ ਲੱਗ ਪਿਆ। ਮੁਕਤੀ ਪਾਉਣ ਲਈ ਆਦਮੀ ਕੀ ਕੁਝ ਨਹੀਂ ਕਰਦਾ।
ਵਾਪਸ ਮੁੜਦਿਆਂ ਹੋਇਆਂ ਉਹ ਚੁੱਪ ਰਹੀ। ਮੈਂ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਹ ਕਾਫੀ ਬਿਮਾਰ-ਜਿਹੀ ਬੱਚੀ ਲੱਗਦੀ ਸੀ। ਉਹਨਾਂ ਬੱਚਿਆਂ ਵਾਂਗ ਗੰਭੀਰ, ਜਿਹੜੇ ਹਮੇਸ਼ਾ ਇਕਾਂਤ ਵਿਚ ਆਪਣੇ ਨਾਲ ਖੇਡਦੇ ਨੇ। ਜਦੋਂ ਉਹ ਚੁੱਪ ਰਹਿੰਦੀ ਸੀ, ਉਦੋਂ ਬੁੱਲ੍ਹ ਭਿਚ ਜਾਂਦੇ ਸਨ—ਹੇਠਲਾ ਬੁੱਲ੍ਹ ਥੋੜ੍ਹਾ-ਜਿਹਾ ਬਾਹਰ ਨਿਕਲ ਆਉਂਦਾ ਸੀ, ਜਿਸ ਉਪਰ ਮਿੱਡੀ ਨੱਕ ਬੇਸਹਾਰਾ-ਜਿਹੀ ਦਿਖਾਈ ਦਿੰਦੀ ਸੀ। ਵਾਲ ਬੜੇ ਛੋਟੇ ਸਨ—ਤੇ ਬੜੇ ਕਾਲੇ। ਗੋਲ ਛੱਲਿਆਂ ਵਿਚ ਧੁਪੀ ਹੋਈ ਰੂੰ ਵਾਂਗ ਵੱਟੇ ਹੋਏ, ਜਿਹਨਾਂ ਨੂੰ ਛੁਹਣ ਲਈ ਮੱਲੋਮੱਲੀ ਹੱਥ ਅੱਗੇ ਵਧ ਜਾਂਦਾ ਸੀ। ਪਰ ਉਹ ਆਪਣੀ ਦੂਰੀ ਵਿਚ ਹਰੇਕ ਕਿਸਮ ਦੀ ਛੋਹ ਤੋਂ ਪਰ੍ਹੇ ਜਾਪਦੇ ਸਨ।
“ਹੁਣ ਤੁਸੀਂ ਇਹਨਾਂ ਨੂੰ ਖਾਣਾ ਦੇ ਸਕਦੇ ਓਂ।” ਉਸਨੇ ਕਿਹਾ। ਉਹ ਦਰਖ਼ਤਾਂ ਕੋਲ ਆ ਕੇ ਰੁਕ ਗਈ ਸੀ।
“ਕੀ ਉਹ ਮੈਨੂੰ ਛੱਡ ਦੇਣਗੇ?” ਮੈਂ ਕੋਈ ਗਾਰੰਟੀ, ਕੋਈ ਤਸੱਲੀ ਕਰ ਲੈਣਾ ਚਾਹੁੰਦਾ ਸੀ।
ਇਸ ਵਾਰੀ ਉਹ ਮੁਸਕੁਰਾਈ—ਤੇ ਮੈਂ ਪਹਿਲੀ ਵਾਰੀ ਉਸਦੇ ਦੰਦ ਦੇਖੇ। ਯਕਦਮ ਸਫ਼ੇਦ ਤੇ ਚਮਕੀਲੇ—ਜਿਹੋ ਜਿਹੇ ਅਕਸਰ ਨੀਗਰੋ ਕੁੜੀਆਂ ਦੇ ਹੁੰਦੇ ਨੇ।
ਮੈਂ ਉਹ ਪੱਤੀਆਂ ਰੁਮਾਲ ਵਿਚੋਂ ਕੱਢੀਆਂ, ਚਾਰ ਬਰਾਬਰ-ਬਰਾਬਰ ਹਿੱਸਿਆਂ ਵਿਚ ਵੰਡੀਆਂ ਤੇ ਦਰਖ਼ਤਾਂ ਹੇਠ ਰੱਖ ਦਿੱਤੀਆਂ।
ਮੈਂ ਆਜ਼ਾਦ ਹੋ ਗਿਆ ਸੀ—ਕੁਛ ਖ਼ਾਲੀ ਖ਼ਾਲੀ ਜਿਹਾ ਵੀ।
ਮੈਂ ਜੇਬ ਵਿਚੋਂ ਚਿੱਠੀਆਂ ਤੇ ਰੁਮਾਲ ਕੱਢੇ ਤੇ ਉਸ ਬੈਂਚ ਉੱਤੇ ਬੈਠ ਗਿਆ, ਜਿਸ ਉੱਤੇ ਉਸਦਾ ਬੈਗ਼ ਰੱਖਿਆ ਹੋਇਆ ਸੀ। ਉਹ ਕਾਲੇ ਚਮੜੇ ਦਾ ਬੈਗ ਸੀ। ਅੰਦਰ ਕਿਤਾਬਾਂ ਤੁੰਨੀਆਂ ਹੋਈਆਂ ਸਨ। ਉਪਰਲੀ ਜੇਬ ਵਿਚੋਂ ਅੱਧਾ ਕੁਤਰਿਆ ਹੋਇਆ ਸਿਓ ਬਾਹਰ ਝਾਕ ਰਿਹਾ ਸੀ।
ਉਹ ਗ਼ਾਇਬ ਹੋ ਗਈ। ਮੈਂ ਚਾਰੇ ਪਾਸੇ ਧਿਆਨ ਨਾਲ ਦੇਖਿਆ, ਤਾਂ ਉਸਦੀ ਫ਼ਰਾਕ ਦਾ ਇਕ ਕੋਨਾਂ ਝਾੜੀਆਂ 'ਚੋਂ ਬਾਹਰ ਦਿਖਾਈ ਦਿੱਤਾ। ਉਹ ਇਕ ਖ਼ਰਗੋਸ਼ ਵਾਂਗ ਸ਼ਹਿ ਕੇ ਬੈਠੀ ਹੋਈ ਸੀ—ਮੇਰੇ ਵਰਗੇ ਹੀ ਕਿਸੇ ਭੁੱਲੇ-ਭਟਕੇ ਰਾਹੀ-ਪਾਂਧੀ ਉੱਤੇ ਝਪਟਣ ਲਈ। ਪਰ ਬੜੀ ਦੇਰ ਪਾਰਕ ਵਿਚੋਂ ਕੋਈ ਆਦਮੀ ਨਹੀਂ ਲੰਘਿਆ। ਹਵਾ ਚੱਲਦੀ ਤਾਂ ਦਰਖ਼ਤਾਂ ਹੇਠ ਇਕੱਠੀਆਂ ਕੀਤੀਆਂ ਪੱਤੀਆਂ ਘੁੰਮਣ ਲੱਗਦੀਆਂ—ਇਕ ਭੰਵਰ ਵਾਂਗ ਤੇ ਉਹ ਆਪਣੇ ਸ਼ਿਕਾਰ ਨੂੰ ਭੁੱਲ ਕੇ ਉਹਨਾਂ ਦੇ ਪਿੱਛੇ-ਪਿੱਛੇ ਨੱਸਣ ਲੱਗਦੀ।
ਕੁਛ ਚਿਰ ਬਾਅਦ ਉਹ ਬੈਂਚ ਕੋਲ ਆਈ, ਇਕ ਛਿਣ ਮੈਨੂੰ ਦੇਖਿਆ, ਫੇਰ ਬਸਤੇ ਦੀ ਜੇਬ ਵਿਚੋਂ ਸਿਓ ਕੱਢਿਆ। ਮੈਂ ਅਖ਼ਬਾਰ ਪੜ੍ਹਦਾ ਰਿਹਾ ਤੇ ਉਸਦੇ ਦੰਦਾਂ ਹੇਠ ਕੁਤਰੇ ਜਾ ਰਹੇ ਸਿਓ ਦੀ ਕੁਤਰਨ ਸੁਣਦਾ ਰਿਹਾ।
ਅਚਾਨਕ ਉਸਦੀ ਨਜ਼ਰ ਮੇਰੀਆਂ ਚਿੱਠੀਆਂ ਉੱਤੇ ਪਈ, ਜਿਹੜੀਆਂ ਬੈਂਚ 'ਤੇ ਰੱਖੀਆਂ ਸਨ। ਉਸਦੇ ਹਿੱਲਦੇ ਹੋਏ ਜਬਾੜੇ ਰੁਕ ਗਏ।
“ਇਹ ਤੁਹਾਡੀਆਂ ਐਂ?”
“ਹਾਂ।” ਮੈਂ ਉਸ ਵੱਲ ਦੇਖਿਆ।
“ਤੇ ਇਹ?”
ਉਸਨੇ ਲਿਫ਼ਾਫ਼ੇ ਉੱਤੇ ਲੱਗੀ ਟਿਕਟ ਵੱਲ ਉਂਗਲ ਸਿੰਨ੍ਹੀ। ਟਿਕਟ ਉੱਤੇ ਹਾਥੀ ਦੀ ਤਸਵੀਰ ਸੀ, ਜਿਸਦੀ ਸੁੰਢ ਹਵਾ ਵਿਚ ਉਪਰ ਉੱਠੀ ਹੋਈ ਸੀ। ਉਹ ਆਪਣੇ ਦੰਦਾਂ ਵਿਚ ਹੱਸਦਾ ਜਿਹਾ ਨਜ਼ਰ ਆ ਰਿਹਾ ਸੀ।
“ਤੂੰ ਕਦੀ ਜ਼ੂ ਗਈ ਏਂ?” ਮੈਂ ਪੁੱਛਿਆ।
“ਇਕ ਵਾਰੀ ਪਾਪਾ ਨਾਲ ਗਈ ਸੀ। ਉਹਨਾਂ ਮੈਨੂੰ ਇਕ ਪੇਨੀ ਦਿੱਤੀ ਸੀ ਤੇ ਹਾਥੀ ਨੇ ਆਪਣੀ ਸੁੰਢ ਨਾਲ ਉਸ ਪੇਨੀ ਨੂੰ ਮੇਰੇ ਹੱਥ ਤੋਂ ਚੱਕਿਆ ਸੀ”
“ਤੂੰ ਡਰੀ ਨਹੀਂ?”
“ਨਹੀਂ, ਕਿਉਂ?” ਉਸਨੇ ਸਿਓ ਕੁਤਰਦਿਆਂ ਹੋਇਆਂ ਮੇਰੇ ਵੱਲ ਦੇਖਿਆ।
“ਪਾਪਾ ਤੇਰੇ ਨਾਲ ਇੱਥੇ ਨਹੀਂ ਆਉਂਦੇ?”
“ਇਕ ਵਾਰੀ ਆਏ ਸੀ। ਤਿੰਨ ਵਾਰੀ ਫੜ੍ਹੇ ਗਏ।”
ਉਹ ਨਿੱਕਾ-ਜਿਹਾ ਹੱਸੀ—ਜਿਵੇਂ ਮੈਂ ਉੱਥੇ ਨਾ ਹੋਵਾਂ, ਜਿਵੇਂ ਕੋਈ ਇਕੱਲਾ ਹੀ ਹੱਸਦਾ ਹੈ, ਜਿੱਥੇ ਕੋਈ ਯਾਦ, ਸੱਤੇ ਦਰਵਾਜ਼ੇ ਖੋਲ੍ਹ ਦਿੰਦੀ ਹੈ।
ਹਸਪਤਾਲ ਦੀ ਘੜੀ ਦਾ ਗਜਰ ਸੁਣਾਈ ਦਿੱਤਾ ਤਾਂ ਅਸੀਂ ਦੋਵੇਂ ਤ੍ਰਬਕ ਗਏ। ਕੁੜੀ ਨੇ ਬੈਂਚ ਤੋਂ ਬਸਤਾ ਚੁੱਕਿਆ ਤੇ ਉਹਨਾਂ ਦਰਖ਼ਤਾਂ ਕੋਲ ਚਲੀ ਗਈ ਜਿਹੜੇ ਚੁੱਪ-ਚੁੱਪ ਖੜ੍ਹੇ ਸਨ। ਬੱਚੀ ਹਰ ਦਰਖ਼ਤ ਕੋਲ ਜਾਂਦੀ ਸੀ। ਛੂਹੰਦੀ ਸੀ। ਕੁਛ ਕਹਿੰਦੀ ਸੀ। ਜਿਸਨੂੰ ਸਿਰਫ਼ ਦਰਖ਼ਤ ਹੀ ਸੁਣ ਸਕਦੇ ਸਨ। ਅਖ਼ੀਰ ਵਿਚ ਉਹ ਮੇਰੇ ਕੋਲ ਆਈ ਤੇ ਮੇਰੇ ਨਾਲ ਹੱਥ ਮਿਲਾਇਆ, ਜਿਵੇਂ ਮੈਂ ਵੀ ਉਹਨਾਂ ਦਰਖ਼ਤਾਂ ਵਿਚੋਂ ਇਕ ਹੋਵਾਂ।
ਉਸਦੀਆਂ ਨਜ਼ਰਾਂ ਪਿੱਛੇ ਭੌਂ ਗਈਆਂ। ਮੈਂ ਦੇਖਿਆ—ਕੌਣ ਹੈ? ਉਹ ਔਰਤ ਦਿਖਾਈ ਦਿੱਤੀ। ਉਹਦੀ ਨਰਸਾਂ ਵਾਲੀ ਚਿੱਟੀ ਪੁਸ਼ਾਕ ਹਰੀ ਘਾਹ ਉੱਤੇ ਚਮਕ ਰਹੀ ਸੀ। ਬੱਚੀ ਉਹਨੂੰ ਦੇਖਦਿਆਂ ਹੀ ਦੌੜਨ ਲੱਗੀ। ਮੈਂ ਧਿਆਨ ਨਾਲ ਦੇਖਿਆ—ਇਹ ਉਹੀ ਔਰਤ ਸੀ, ਜਿਸਨੂੰ ਮੈਂ ਲਾਇਬਰੇਰੀ ਦੀ ਖਿੜਕੀ ਵਿਚੋਂ ਦੇਖਦਾ ਹੁੰਦਾ ਸੀ। ਛੋਟਾ ਕੱਦ, ਮੋਢਿਆਂ 'ਤੇ ਥੈਲਾ ਤੇ ਬੱਚੀ ਵਰਗੇ ਹੀ ਕਾਲੇ ਘੁੰਗਰਾਲੇ ਵਾਲ। ਉਹ ਮੈਥੋਂ ਖਾਸੀ ਦੂਰ ਸੀ, ਪਰ ਉਸਦੀ ਆਵਾਜ਼ ਸੁਣਾਈ ਦੇ ਜਾਂਦੀ ਸੀ—ਵੱਖੋ-ਵੱਖਰੇ ਸ਼ਬਦ ਨਹੀਂ, ਸਿਰਫ਼ ਦੋ ਆਵਾਜ਼ਾਂ ਦੀ ਟਕਰਾਹਟ ਦੀ ਇਕ ਆਹਟ-ਜਿਹੀ। ਉਹ ਘਾਹ ਉੱਤੇ ਬੈਠ ਗਈ ਸੀ। ਬੱਚੀ ਮੈਨੂੰ ਭੁੱਲ ਗਈ ਸੀ।
ਮੈਂ ਬੂਟ ਪਾਏ। ਅਖ਼ਬਾਰ ਤੇ ਚਿੱਠੀਆਂ ਜੇਬ ਵਿਚ ਪਾਈਆਂ। ਅਜੇ ਸਮਾਂ ਕਾਫੀ ਸੀ, ਮੈਂ ਸੋਚਿਆ ਇਕ ਦੋ ਘੰਟੇ ਲਾਇਬਰੇਰੀ ਵਿਚ ਬਿਤਾਅ ਸਕਦਾ ਹਾਂ। ਪਾਰਕ ਦੇ ਜਾਦੂ ਤੋਂ ਅਲੱਗ। ਆਪਣੀ ਇਕੱਲੀ ਨੁੱਕਰ ਵਿਚ।
ਮੈਂ ਪਾਰਕ ਦੇ ਵਿਚਕਾਰ ਆ ਗਿਆ। ਦਰਖ਼ਤਾਂ ਦੀਆਂ ਕਰੂੰਭਲਾਂ ਉੱਤੇ ਅੱਗ ਸੁਲਗਣ ਲੱਗੀ ਸੀ। ਸਮੁੱਚਾ ਪਾਰਕ ਸੋਨੇ ਵਿਚ ਢਲ ਰਿਹਾ ਸੀ। ਵਿਚਕਾਰ ਪੱਤਿਆਂ ਦਾ ਦਰਿਆ ਸੀ, ਹਵਾ ਵਿਚ ਹਿੱਲਦਾ ਡੋਲਦਾ ਹੋਇਆ।
ਕੌਣ-ਕੌਣ ਹੈ? ਕੋਈ ਮੈਨੂੰ ਬੁਲਾਅ ਰਿਹਾ ਸੀ ਤੇ ਮੈਂ ਤੁਰਦਾ ਰਿਹਾ, ਰੁਕਿਆ ਨਹੀਂ। ਕਦੀ-ਕਦੀ ਆਦਮੀ ਖ਼ੁਦ ਆਪਣੇ-ਆਪ ਨੂੰ ਬੁਲਾਉਣ ਲੱਗਦਾ ਹੈ। ਬਾਹਰੋਂ ਅੰਦਰ—ਤੇ ਅੰਦਰ ਕੁਝ ਵੀ ਨਹੀਂ ਹੁੰਦਾ। ਪਰ ਉਹ ਬੁਲਾਵਾ ਹੋਰ ਦਿਨਾਂ ਵਰਗਾ ਨਹੀਂ ਸੀ। ਇਹ ਰੁਕਿਆ ਨਹੀਂ, ਇਸ ਲਈ ਅੰਤ ਵਿਚ ਮੈਨੂੰ ਹੀ ਰੁਕਣਾ ਪਿਆ। ਇਸ ਵਾਰੀ ਕੋਈ ਸ਼ੱਕ ਨਹੀਂ ਹੋਇਆ। ਸੱਚਮੁੱਚ ਕੋਈ ਚੀਕ ਰਿਹਾ ਸੀ-“ਸਟੋਪ, ਸਟੋਪ...!” ਮੈਂ ਪਿੱਛੇ ਭੌਂ ਕੇ ਵੇਖਿਆ, ਕੁੜੀ ਖੜ੍ਹੀ ਦੋਵੇਂ ਹੱਥ ਹਵਾ ਵਿਚ ਹਿਲਾਅ ਰਹੀ ਸੀ; ਸੱਚ! ਮੈਂ ਫੇਰ ਫੜ੍ਹਿਆ ਗਿਆ ਸੀ—ਦੂਜੀ ਵੇਰ। ਬੇਵਕੂਫ਼ਾਂ ਵਾਂਗ ਮੈਂ ਉਸਦੀ ਜ਼ਮੀਨ ਵਿਚ ਵੜ ਆਇਆ ਸੀ। ਇਸ ਵਾਰੀ ਮਾਂ ਤੇ ਧੀ ਦੋਵੇਂ ਹੱਸ ਰਹੀਆਂ ਸਨ।
ਉਹ ਝੂਠੀਆਂ ਗਰਮੀਆਂ ਦੇ ਦਿਨ ਸਨ। ਉਹ ਦਿਨ ਬਹੁਤੀ ਦੇਰ ਨਹੀਂ ਟਿਕਣੇ, ਇਹ ਗੱਲ ਸਾਰੇ ਜਾਣਦੇ ਸਨ। ਲਾਇਬਰੇਰੀ ਉਜਾੜ ਰਹਿਣ ਲੱਗ ਪਈ। ਮੇਰੇ ਗੁਆਂਢੀ, ਬੁੱਢੇ ਪੈਨਸ਼ਨੀਏਂ ਲੋਕ, ਹੁਣ ਬਾਹਰ ਧੁੱਪ ਵਿਚ ਬੈਠਣ ਲੱਗ ਪਏ ਸਨ। ਆਸਮਾਨ ਏਨਾ ਨੀਲਾ ਦਿਖਾਈ ਦਿੰਦੀ ਕਿ ਲੰਦਨ ਦੀ ਧੁੰਦ ਵੀ ਉਸਨੂੰ ਮੈਲਾ ਨਾ ਕਰ ਸਕਦੀ। ਉਸਦੇ ਹੇਠ ਪਾਰਕ ਹਰੇ ਟਾਪੂ ਵਾਂਗ ਲੇਟਿਆ ਰਹਿੰਦਾ।
ਗ੍ਰੇਤਾ (ਇਹ ਉਹਦਾ ਨਾਂਅ ਸੀ) ਹਮੇਸ਼ਾ ਉੱਥੇ ਹੀ ਦਿਖਾਈ ਦਿੰਦੀ ਸੀ। ਕਦੀ ਦਿਖਾਈ ਨਾ ਦਿੰਦੀ, ਤਾਂ ਵੀ ਬੈਂਚ ਉੱਤੇ ਉਸਦਾ ਬਸਤਾ ਦੇਖ ਕੇ ਪਤਾ ਲੱਗ ਜਾਂਦਾ ਕਿ ਉਹ ਇੱਥੇ ਕਿਤੇ ਹੀ ਹੈ। ਕਿਸੇ ਕੋਨੇ ਵਿਚ ਦੁਬਕੀ ਹੋਈ ਹੈ। ਮੈਂ ਬਚਦਾ ਹੋਇਆ ਆਉਂਦਾ, ਦਰਖ਼ਤਾਂ ਤੋਂ, ਝਾੜੀਆਂ ਤੋਂ, ਘਾਹ ਦੇ ਫੁੱਲਾਂ ਤੋਂ। ਹਰ ਰੋਜ਼ ਉਹ ਕਿਤੇ ਨਾ ਕਿਤੇ, ਇਕ ਅਦਿੱਖ ਭਿਆਨਕ ਫੰਦਾ ਛੱਡ ਜਾਂਦੀ ਤੇ ਜਦੋਂ ਪੂਰੀ ਚੌਕਸੀ ਦੇ ਬਾਵਜੂਦ ਮੇਰਾ ਪੈਰ ਉਸ ਵਿਚ ਫਸ ਜਾਂਦਾ, ਉਹ ਬੌਂਦਲੀ-ਭਵੱਤਰੀ-ਜਿਹੀ ਮੇਰੇ ਕੋਲ ਆ ਖੜ੍ਹੀ ਹੁੰਦੀ। ਮੈਂ ਫੜ੍ਹ ਲਿਆ ਜਾਂਦਾ, ਛੱਡ ਦਿੱਤਾ ਜਾਂਦਾ। ਫੇਰ ਫੜ੍ਹ ਲਿਆ ਜਾਂਦਾ...।
ਇਹ ਖੇਡ ਨਹੀਂ ਸੀ—ਇਕ ਪੂਰੀ ਦੁਨੀਆਂ ਸੀ ਇਹ। ਉਸ ਦੁਨੀਆਂ ਨਾਲ ਮੇਰਾ ਕੋਈ ਵਾਸਤਾ ਨਹੀਂ ਸੀ—ਹਾਲਾਂਕਿ ਮੈਂ ਕਦੀ-ਕਦੀ ਉਸ ਵਿਚ ਬੁਲਾਅ ਲਿਆ ਜਾਂਦਾ ਸੀ। ਡਰਾਮੇ ਦੇ ਇਕ ਐਕਟਰ ਵਾਂਗ। ਮੈਨੂੰ ਹਮੇਸ਼ਾ ਤਿਆਰ ਰਹਿਣਾ ਪੈਂਦਾ ਸੀ, ਕਿਉਂਕਿ ਉਹ ਮੈਨੂੰ ਕਿਸੇ ਵੀ ਸਮੇਂ ਬੁਲਾਅ ਸਕਦੀ ਸੀ। ਇਕ ਦੁਪਹਿਰ ਅਸੀਂ ਦੋਵੇਂ ਬੈਂਚ ਉੱਤੇ ਬੈਠੇ ਸੀ, ਅਚਾਨਕ ਉਹ ਉੱਠ ਖੜ੍ਹੀ ਹੋਈ।
“ਹੈਲੋ ਮਿਸੇਜ ਟਾਮਸ...।” ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ, “ਅੱਜ ਤੁਸੀਂ ਬੜੇ ਦਿਨਾਂ ਬਾਅਦ ਦਿਖਾਈ ਦਿੱਤੇ ਓਂ—ਇਹ ਮੇਰੇ ਇੰਡੀਅਨ ਦੋਸਤ ਨੇ, ਇਹਨਾਂ ਨੂੰ ਮਿਲੋ।”
ਮੈਂ ਸਿਲ ਪੱਥਰ ਹੋਇਆ ਉਸ ਵੱਲ ਦੇਖਦਾ ਰਿਹਾ। ਉੱਥੇ ਕੋਈ ਨਹੀਂ ਸੀ।
“ਤੁਸੀਂ ਬੈਠੇ ਓਂ? ਇਹਨਾਂ ਨਾਲ ਹੱਥ ਮਿਲਾਓ।” ਉਸਨੇ ਮੈਨੂੰ ਰਤਾ ਝਿੜਕਦਿਆਂ ਹੋਇਆਂ ਕਿਹਾ।
ਮੈਂ ਖੜ੍ਹਾ ਹੋ ਗਿਆ ਖ਼ਾਲੀ ਹਵਾ ਨਾਲ ਹੱਥ ਮਿਲਾਇਆ। ਗ੍ਰੇਤਾ ਸਰਕ ਕੇ ਮੇਰੇ ਨੇੜੇ ਹੋ ਗਈ, ਤਾਕਿ ਕੋਨੇ ਵਿਚ ਮਿਸੇਜ ਟਾਮਸ ਬੈਠ ਸਕੇ।
“ਤੁਸੀਂ ਬਾਜ਼ਾਰ ਜਾ ਰਹੇ ਸੀ?” ਉਸਨੇ ਖ਼ਾਲੀ ਜਗ੍ਹਾ ਵੱਲ ਤੱਕਦਿਆਂ ਹੋਇਆਂ ਕਿਹਾ, “ਮੈਂ ਤੁਹਾਡਾ ਥੈਲਾ ਦੇਖ ਕੇ ਸਮਝ ਗਈ। ਨਹੀਂ ਮਾ'ਫ਼ ਕਰਨਾਂ, ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ। ਮੈਂ ਬੜਾ ਕੰਮ ਕਰਨਾਂ ਏ। ਇਹਨਾਂ ਵੱਲ ਵੇਖੋ (ਉਸਨੇ ਦਰਖ਼ਤਾਂ ਵੱਲ ਇਸ਼ਾਰਾ ਕੀਤਾ), ਇਹ ਸਵੇਰ ਦੇ ਭੁੱਖੇ ਨੇ, ਮੈਂ ਅਜੇ ਤਕ ਇਹਨਾਂ ਲਈ ਖਾਣਾ ਵੀ ਨਹੀਂ ਬਣਾਅ ਸਕੀ—ਤੁਸੀਂ ਚਾਹ ਪੀਓਗੇ ਕਿ ਕਾਫੀ? ਓਅ—ਤੁਸੀਂ ਘਰੋਂ ਪੀ ਕੇ ਆਏ ਓਂ। ਕੀ ਕਿਹਾ—ਮੈਂ ਤੁਹਾਡੇ ਘਰ ਕਿਉਂ ਨਹੀਂ ਆਉਂਦੀ? ਅੱਜ-ਕਲ੍ਹ ਵਿਹਲ ਕਿੱਥੇ ਹੁੰਦੀ ਐ। ਸਵੇਰੇ ਹਸਪਤਾਲ ਜਾਣ ਪੈਂਦੈ, ਦੁਪਹਿਰ ਨੂੰ ਬੱਚਿਆਂ ਨਾਲ—ਤੁਸੀਂ ਤਾਂ ਜਾਣਦੇ ਓਂ। ਮੈਂ ਐਤਵਾਰ ਨੂੰ ਆਵਾਂਗੀ। ਤੁਸੀਂ ਜਾ ਰਹੇ ਓਂ—”
ਉਸਨੇ ਖੜ੍ਹੀ ਹੋ ਕੇ ਦੁਬਾਰਾ ਹੱਥ ਮਿਲਾਇਆ। ਮਿਸੇਜ ਟਾਮਸ ਸ਼ਾਇਦ ਜਲਦੀ ਵਿਚ ਸਨ। ਵਿਦਾਅ ਲੈਣ ਸਮੇਂ ਉਹਨਾਂ ਮੈਨੂੰ ਦੇਖਿਆ ਨਹੀਂ। ਸੋ ਮੈਂ ਬੈਂਚ 'ਤੇ ਹੀ ਬੈਠਾ ਰਿਹਾ।
ਕੁਝ ਚਿਰ ਤਕ ਅਸੀਂ ਚੁੱਪ ਬੈਠੇ ਰਹੇ। ਫੇਰ ਅਚਾਨਕ ਉਹ ਤ੍ਰਬਕ ਪਈ।
“ਤੁਸੀਂ ਕੁਛ ਸੁਣ ਰਹੇ ਓਂ?” ਉਸਨੇ ਮੇਰੀ ਕੁਹਣੀ ਨੂੰ ਝੰਜੋੜਿਆ।
“ਨਹੀਂ...ਕੁਛ ਵੀ ਨਹੀਂ।” ਮੈਂ ਕਿਹਾ।
“ਫ਼ੋਨ ਦੀ ਘੰਟੀ-ਕਿੰਨੀ ਦੇਰ ਦੀ ਵੱਜ ਰਹੀ ਏ। ਜ਼ਰਾ ਦੇਖਣਾ, ਕੌਣ ਏਂ?”
ਮੈਂ ਉੱਠ ਕੇ ਬੈਂਚ ਦੇ ਪਿੱਛੇ ਗਿਆ, ਹੇਠੋਂ ਘਾਹ ਤੋਂ ਇਕ ਟੁੱਟੀ ਟਹਿਣੀ ਚੁੱਕੀ ਤੇ ਜ਼ੋਰ ਨਾਲ ਕਿਹਾ, “ਹੈਲੋ!”
“ਕੌਣ ਏਂ?” ਉਸਨੇ ਕੁਝ ਕਾਹਲੀ ਪੈਂਦਿਆਂ ਪੁੱਛਿਆ।
“ਮਿਸੇਜ ਟਾਮਸ।” ਮੈਂ ਕਿਹਾ।
“ਓਅ—ਫੇਰ ਮਿਸੇਜ ਟਾਮਸ।” ਉਸਨੇ ਇਕ ਥੱਕੀ-ਜਿਹੀ ਅੰਗੜਾਈ ਲਈ। ਧੀਮੇਂ ਕਦਮਾਂ ਨਾਲ ਕੋਲ ਆਈ। ਮੇਰੇ ਹੱਥੋਂ ਟਾਹਣੀ ਖਿੱਚ ਕੇ ਕਿਹਾ, “ਹੈਲੋ, ਮਿਸੇਜ ਟਾਮਸ—ਤੁਸੀਂ ਬਾਜ਼ਾਰੋ ਪਰਤ ਆਏ? ਕੀ-ਕੀ ਲਿਆਏ? ਮੀਟ-ਵਾਲਸ, ਫਿਸ਼-ਫਿੰਗਰ, ਆਲੂ ਦੇ ਚਿਪਸ?” ਉਸ ਦੀਆਂ ਅੱਖਾਂ ਹੈਰਾਨੀ ਨਾਲ ਫੈਲਦੀਆਂ ਜਾ ਰਹੀਆਂ ਸਨ। ਉਹ ਸ਼ਾਇਦ ਚੁਣ-ਚੁਣ ਕੇ ਉਹਨਾਂ ਚੀਜਾਂ ਦਾ ਨਾਂਅ ਲੈ ਰਹੀ ਸੀ, ਜਿਹੜੀਆਂ ਉਸਨੂੰ ਸਭ ਤੋਂ ਵੱਧ ਚੰਗੀਆਂ ਲੱਗਦੀਆਂ ਸਨ।
ਫੇਰ ਉਹ ਚੁੱਪ ਹੋ ਗਈ—ਜਿਵੇਂ ਮਿਸੇਜ ਟਾਮਸ ਨੇ ਕੋਈ ਖਾਸ ਗੱਲ ਆਖੀ ਹੋਵੇ। “ਠੀਕ ਏ ਮਿਸੇਜ ਟਾਮਸ, ਮੈਂ ਹੁਣੇ ਆਈ—ਨਹੀਂ, ਮੈਨੂੰ ਦੇਰ ਨਹੀਂ ਲੱਗੇਗੀ। ਮੈਂ ਹੁਣੇ ਬੱਸ-ਸਟੇਸ਼ਨ ਵੱਲ ਜਾ ਰਹੀ ਹਾਂ—ਗੁੱਡ ਬਾਈ ਮਿਸੇਜ ਟਾਮਸ!”
ਉਸਨੇ ਚਮਕਦੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ।
“ਮਿਸੇਜ ਟਾਮਸ ਨੇ ਮੈਨੂੰ ਡਿਨਰ 'ਤੇ ਬੁਲਾਇਆ ਏ—ਤੁਸੀਂ ਕੀ ਕਰੋਗੇ?”
“ਮੈਂ ਸੰਵਾਂਗਾ।”
“ਪਹਿਲਾਂ ਇਹਨਾਂ ਨੂੰ ਕੁਛ ਖੁਆ ਦੇਣਾ...ਨਹੀਂ ਤਾਂ ਇਹ ਰੋਣਗੇ।” ਉਸਨੇ ਦਰਖ਼ਤਾਂ ਵੱਲ ਇਸ਼ਾਰਾ ਕੀਤਾ, ਜਿਹੜੇ ਠੰਢੀ ਹਵਾ ਵਿਚ ਅਡੋਲ ਖੜ੍ਹੇ ਸਨ।
ਉਹ ਤਿਆਰ ਹੋਣ ਲੱਗੀ। ਆਪਣੇ ਖਿੱਲਰੇ ਹੋਏ ਵਾਲ ਠੀਕ ਕੀਤੇ। ਪਾਊਡਰ ਲਾਉਣ ਦਾ ਐਕਸ਼ਨ ਕੀਤਾ। ਹਥੇਲਦੀ ਦਾ ਸ਼ੀਸ਼ਾ ਬਣਾ ਕੇ ਉਸ ਵਿਚ ਵੇਖਿਆ। ਧੁੱਪ ਤੇ ਦਰਖ਼ਤਾਂ ਦੀ ਛਾਂ ਵਿਚ ਉਹ ਸੱਚਮੁੱਚ ਸੁੰਦਰ ਲੱਗ ਰਹੀ ਸੀ।
ਜਾਣ ਵੇਲੇ ਉਸਨੇ ਮੇਰੇ ਵੱਲ ਹੱਥ ਹਿਲਾਇਆ। ਮੈਂ ਉਸਨੂੰ ਵੇਖਦਾ ਰਿਹਾ—ਜਦ ਤਕ ਉਹ ਦਰਖ਼ਤਾਂ ਤੇ ਝਾੜੀਆਂ ਦੇ ਸੰਘਣੇ ਝੁਰਮੁਟ ਵਿਚ ਗ਼ਾਇਬ ਨਹੀਂ ਹੋ ਗਈ।
ਇੰਜ ਹਰ ਰੋਜ਼ ਹੋਣ ਲੱਗਾ। ਉਹ ਮਿਸੇਜ ਟਾਮਸ ਨੂੰ ਮਿਲਣ ਚਲੀ ਜਾਂਦੀ ਤੇ ਮੈਂ ਬੈਂਚ 'ਤੇ ਲੇਟਿਆ ਰਹਿੰਦਾ। ਮੈਂ ਇਕੱਲ ਮਹਿਸੂਸ ਨਹੀਂ ਸੀ ਕਰਦਾ। ਪਾਰਕ ਦੀਆਂ ਅਜੀਬ, ਅਦ੍ਰਿਸ਼ ਆਵਾਜ਼ਾਂ ਹਰਦਮ ਮੈਨੂੰ ਘੇਰੀ ਰੱਖਦੀਆਂ ਸਨ। ਮੈਂ ਇਕ ਦੁਨੀਆਂ ਵਿਚੋਂ ਨਿਕਲ ਕੇ ਦੂਜੀ ਦੁਨੀਆਂ ਵਿਚ ਆ ਜਾਂਦਾ ਸੀ। ਲੰਦਨ ਦੇ ਬੱਦਲਾਂ ਨੂੰ ਵੇਖਦਾ—ਉਹ ਘੁੰਮਦੇ ਰਹਿੰਦੇ ਤੇ ਜਦ ਕਦੀ ਕੋਈ ਸਫ਼ੇਦ ਟੁਕੜਾ ਸੂਰਜ ਸਾਹਵੇਂ ਅਟਕ ਜਾਂਦਾ, ਤਦ ਪਾਰਕ ਵਿਚ ਹਨੇਰਾ-ਜਿਹਾ ਘਿਰ ਆਉਂਦਾ।
ਅਜਿਹੇ ਹੀ ਇਕ ਦਿਨ ਮੈਂ ਬੈਂਚ 'ਤੇ ਲੇਟਿਆ ਹੋਇਆ ਸੀ, ਮੈਨੂੰ ਆਪਣੇ ਨੇੜੇ ਇਕ ਅਜੀਬ ਜਿਹੀ ਖੜਖੜਾਹਟ ਸਣਾਈ ਦਿੱਤੀ। ਮੈਨੂੰ ਲੱਗਿਆ, ਮੈਂ ਸੁਪਨੇ ਵਿਚ ਮਿਸੇਜ ਟਾਮਸ ਨੂੰ ਵੇਖ ਰਿਹਾ ਹਾਂ। ਉਹ ਮੇਰੇ ਕੋਲ ਬਿਲਕੁਲ ਨੇੜੇ ਆ ਕੇ ਖੜ੍ਹੀ ਹੋ ਗਈ ਹੈ, ਮੈਨੂੰ ਬੁਲਾਅ ਰਹੀ ਹੈ।
ਮੈਂ ਹੜਬੜਾ ਕੇ ਉੱਠ ਬੈਠਾ ਹੋਇਆ।
ਸਾਹਮਣੇ ਬੱਚੀ ਦੀ ਮਾਂ ਖੜ੍ਹੀ ਸੀ। ਉਹਨੇ ਗ੍ਰੇਤਾ ਦਾ ਹੱਥ ਫੜ੍ਹਿਆ ਹੋਇਆ ਸੀ ਤੇ ਕੁਝ ਦੁਚਿੱਤੀ-ਜਿਹੀ ਨਾਲ ਮੇਰੇ ਵੱਲ ਤੱਕ ਰਹੀ ਸੀ।
“ਮੁਆਫ਼ ਕਰਨਾ...” ਉਸਨੇ ਕੁਝ ਨਮੋਸ਼ੀ-ਜਿਹੀ ਨਾਲ ਕਿਹਾ, “ਤੁਸੀਂ ਸੁੱਤੇ ਤਾਂ ਨਹੀਂ ਸੀ ਹੋਏ?”
ਮੈਂ ਕੱਪੜੇ ਝਾੜਦਾ ਹੋਇਆ ਉੱਠ ਖੜ੍ਹਾ ਹੋਇਆ।
“ਅੱਜ ਤੁਸੀਂ ਜਲਦੀ ਆ ਗਏ?” ਮੈਂ ਕਿਹਾ। ਉਸਦੀ ਸਫ਼ੇਦ ਪੁਸ਼ਾਕ, ਕਾਲੀ ਬੈਲਟ ਤੇ ਵਾਲਾਂ 'ਤੇ ਬੰਨ੍ਹੇ ਸਕਾਰਫ ਨੂੰ ਦੇਖ ਕੇ ਮੇਰੀਆਂ ਅੱਖਾਂ ਚੁੰਧਿਆ-ਜਿਹੀ ਗਈਆਂ ਸਨ। ਲੱਗਦਾ ਸੀ ਉਹ ਹਸਪਤਾਲੋਂ ਸਿੱਧੀ ਇੱਥੇ ਆ ਗਈ ਸੀ।
“ਹਾਂ, ਮੈਂ ਜਲਦੀ ਆ ਗਈ,” ਉਹ ਮੁਸਕਰਾਉਂਣ ਲੱਗੀ, “ਛਨੀਵਾਰ ਨੂੰ ਕੰਮ ਬਹੁਤਾ ਨਹੀਂ ਹੁੰਦਾ—ਮੈਂ ਦੁਪਹਿਰ ਨੂੰ ਹੀ ਆ ਜਾਂਦੀ ਆਂ।”
ਉਹ ਵੈਸਟ ਇੰਡੀਜ਼ ਦੇ ਚੌੜੇ ਉਚਾਰਣ ਨਾਲ ਬੋਲ ਰਹੀ ਸੀ ਜਿਸ ਵਿਚ ਹਰ ਸ਼ਬਦ ਦਾ ਅੰਤਿਮ ਹਿੱਸਾ ਗੁਬਾਰੇ ਵਾਂਗ ਉੱਡਦਾ ਦਿਖਾਈ ਦਿੰਦਾ ਸੀ।
“ਮੈਂ ਤੁਹਾਨੂੰ ਕਹਿਣ ਆਈ ਸਾਂ—ਅੱਜ ਤੁਸੀਂ ਸਾਡੇ ਨਾਲ ਚਾਹ ਪੀਣ ਚੱਲੋ...ਅਸੀਂ ਲਾਗੇ ਈ ਰਹਿੰਦੇ ਆਂ।”
ਉਸਦੀ ਆਵਾਜ਼ ਵਿਚ ਕੋਈ ਸੰਕੋਚ ਜਾਂ ਦਿਖਾਵਾ ਨਹੀਂ ਸੀ, ਜਿਵੇਂ ਉਹ ਮੈਨੂੰ ਮੁੱਦਤ ਤੋਂ ਜਾਣਦੀ ਹੋਵੇ।
ਮੈਂ ਤਿਆਰ ਹੋ ਗਿਆ। ਮੈਂ ਅਰਸੇ ਤੋਂ ਕਿਸੇ ਦੇ ਘਰ ਨਹੀਂ ਸੀ ਗਿਆ। ਆਪਣੇ ਬੇਡਸਿਟਰ ਤੋਂ ਲਾਇਬਰੇਰੀ ਤੇ ਪਰਕ ਤਕ ਪਰਿਕਰਮਾਂ ਕਰ ਲੈਂਦਾ ਸੀ। ਮੈਂ ਲਗਭਗ ਭੁੱਲ ਗਿਆ ਸੀ ਕਿ ਉਸਦੇ ਪਰ੍ਹੇ ਇਕ ਹੋਰ ਦੁਨੀਆਂ ਵੀ ਹੈ—ਜਿੱਥੇ ਗ੍ਰੇਤਾ ਰਹਿੰਦੀ ਹੋਵੇਗੀ, ਖਾਂਦੀ ਹੋਵੇਗੀ, ਸੌਂਦੀ ਹੋਵੇਗੀ।
ਉਹ ਅੱਗੇ-ਅੱਗੇ ਤੁਰ ਰਹੀ ਸੀ। ਕਦੀ-ਕਦੀ ਪਿੱਛੇ ਮੁੜ ਕੇ ਦੇਖ ਲੈਂਦੀ ਸੀ ਕਿ ਕਿਤੇ ਅਸੀਂ ਬਹੁਤੀ ਦੂਰ ਤਾਂ ਨਹੀਂ ਰਹਿ ਗਏ। ਉਸਨੂੰ ਸ਼ਾਇਦ ਕੁਛ ਅਨੋਖਾ-ਜਿਹਾ ਲੱਗ ਰਿਹਾ ਸੀ ਕਿ ਮੈਂ ਉਸਦੇ ਘਰ ਆ ਰਿਹਾ ਹਾਂ। ਅਜੀਬ ਮੈਨੂੰ ਵੀ ਲੱਗ ਰਿਹਾ ਸੀ—ਉਸਦੇ ਘਰ ਆਉਣਾ ਨਹੀਂ, ਬਲਕਿ ਉਸਦੀ ਮਾਂ ਦੇ ਨਾਲ ਤੁਰਨਾਂ। ਉਹ ਉਮਰ ਵਿਚ ਖਾਸੀ ਛੋਟੀ ਦਿਖਾਈ ਦਿੰਦੀ ਸੀ, ਸ਼ਾਇਦ ਆਪਣੇ ਕੱਦ ਕਾਰਕੇ। ਮੇਰੇ ਨਾਲ ਤੁਰਦੀ ਹੋਈ ਉਹ ਕੁਛ ਏਨੀ ਛੋਟੀ ਦਿਖਾਈ ਦੇ ਰਹੀ ਸੀ ਕਿ ਭਰਮ ਹੁੰਦਾ ਸੀ ਕਿ ਮੈਂ ਕਿਸੇ ਦੂਜੀ ਗ੍ਰੇਤਾ ਨਾਲ ਤੁਰ ਰਿਹਾ ਹਾਂ।
ਸਾਰੇ ਰਸਤੇ ਉਹ ਚੁੱਪ ਰਹੀ। ਸਿਰਫ਼ ਜਦੋਂ ਉਸਦਾ ਘਰ ਸਾਹਮਣੇ ਆਇਆ, ਤਾਂ ਜ਼ਰਾ ਠਿਠਕੀ।
“ਤੁਸੀਂ ਵੀ ਤਾਂ ਕਿਤੇ ਨੇੜ ਈ ਰਹਿੰਦੇ ਓਂ?” ਉਹਨੇ ਪੁੱਛਿਆ।
“ਬ੍ਰਾਇਟ ਸਟ੍ਰੀਟ ਵਿਚ,” ਮੈਂ ਕਿਹਾ, “ਟਿਊਬ ਸਟੇਸ਼ਨ ਦੇ ਬਿਲਕੁਲ ਸਾਹਮਣੇ।”
“ਤੁਸੀਂ ਸ਼ਾਇਦ ਹੁਣੇ ਕਿਤੇ ਈ ਆਏ ਓਂ?” ਉਹਨੇ ਮੁਸਕੁਰਾਉਂਦਿਆਂ ਹੋਇਆਂ ਕਿਹਾ, “ਇਸ ਇਲਾਕੇ ਵਿਚ ਬੜੇ ਘੱਟ ਇੰਡੀਅਨ ਰਹਿੰਦੇ ਨੇ।”
ਉਹ ਹੇਠਾਂ ਉੱਤਰਣ ਲੱਗੀ। ਉਹਦਾ ਘਰ ਬੇਸਮੇਂਟ ਵਿਚ ਸੀ ਤੇ ਸਾਨੂੰ ਪੌੜੀਆਂ ਉੱਤਰ ਕੇ ਹੇਠਾਂ ਜਾਣਾ ਪਿਆ ਸੀ। ਬੱਚੀ ਦਰਵਾਜ਼ਾ ਖੋਲ੍ਹ ਕੇ ਖੜ੍ਹੀ ਸੀ। ਕਮਰੇ ਵਿਚ ਦਿਨ ਵੇਲੇ ਵੀ ਹਨੇਰਾ ਸੀ। ਬੱਤੀ ਜਗਾਈ, ਤਾਂ ਤਿੰਨ ਚਾਰ ਕੁਰਸੀਆਂ ਦਿਖਾਈ ਦਿੱਤੀਆਂ। ਵਿਚਕਾਰ ਇਕ ਮੇਜ਼ ਸੀ। ਲੋੜ ਨਾਲੋਂ ਵੱਧ ਲੰਮੀ ਤੇ ਨੰਗੀ—ਜਿਵੇਂ ਉਸ ਉੱਤੇ ਪਿੰਗ-ਪਾਂਗ ਖੇਡੀ ਜਾਂਦੀ ਹੋਵੇ। ਕੰਧ ਨਾਲ ਲੱਗਿਆ ਇਕ ਸੋਫਾ ਸੀ, ਜਿਸ ਦੇ ਸਿਰਹਾਣੇ ਇਕ ਰਜਾਈ ਲਪੇਟ ਕੇ ਰੱਖੀ ਹੋਈ ਸੀ। ਲੱਗਦਾ ਸੀ, ਉਹ ਕਮਰਾ ਬਹੁਤ ਸਾਰੇ ਕੰਮ ਆਉਂਦਾ ਸੀ, ਜਿਸ ਵਿਚ ਖਾਣਾ, ਸੌਣਾ ਤੇ ਮੌਕਾ ਪੈਣ 'ਤੇ—ਮਹਿਮਾਨ ਦੀ ਆਓ-ਭਾਗਤ ਵੀ ਸ਼ਾਮਿਲ ਸੀ।
“ਤੁਸੀਂ ਬੈਠੋ, ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਆਂ।”
ਉਹ ਪਰਦਾ ਚੁੱਕੇ ਕੇ ਅੰਦਰ ਚਲੀ ਗਈ। ਮੈਂ ਤੇ ਗ੍ਰੇਤਾ ਕਮਰੇ ਵਿਚ ਇਕੱਲੇ ਬੈਠੇ ਰਹੇ। ਅਸੀਂ ਦੋਵੇਂ ਪਾਰਕ ਦੇ ਪਤਝੜੀ ਚਾਨਣ ਵਿਚ ਇਕ ਦੂਜੇ ਨੂੰ ਪਛਾਣਨ ਲੱਗੇ ਸੀ। ਪਰ ਕਮਰੇ ਵਿਚ ਨਾ ਕੋਈ ਮੌਸਮ ਸੀ, ਨਾ ਕੋਈ ਮਾਇਆ। ਉਹ ਅਚਾਨਕ ਇਕ ਬੜੀ ਛੋਟੀ ਉਮਰ ਦੀ ਬੱਚੀ ਬਣ ਗਈ ਸੀ, ਜਿਸਦਾ ਜਾਦੂ ਤੇ ਆਤੰਕ ਦੋਵੇਂ ਝੜ ਗਏ ਸਨ।
“ਤੂੰ ਏਥੇ ਸੌਂਦੀ ਏਂ?” ਮੈਂ ਸੋਫੇ ਵੱਲ ਦੇਖਿਆ।
“ਨਹੀਂ, ਏਥੇ ਨਹੀਂ,” ਉਸਨੇ ਸਿਰ ਹਿਲਾਇਆ, “ਮੇਰਾ ਕਮਰਾ ਅੰਦਰ ਏ—ਤੁਸੀਂ ਦੇਖੋਗੇ?”
ਕਿਚਨ ਤੋਂ ਅੱਗੇ ਇਕ ਕੋਠੜੀ ਸੀ, ਜਿਹੜੀ ਸ਼ਾਇਦ ਪਹਿਲਾਂ ਸਟੋਰ ਹੁੰਦੀ ਹੋਏਗੀ। ਉਸ ਅੱਗੇ ਇਕ ਨੀਲੀ ਚਿਕ ਲਟਕ ਰਹੀ ਸੀ। ਉਸਨੇ ਚਿਕ ਚੁੱਕੀ ਤੇ ਦੱਬਵੇਂ ਪੈਂਰੀ ਅੰਦਰ ਵੜ ਗਈ।
“ਹੌਲੀ ਦੇਣੇ ਆ ਜਾਓ—ਉਹ ਸੁੱਤਾ ਹੋਇਆ ਏ।”
“ਕੌਣ?”
“ਹਿਸ਼!” ਉਸਨੇ ਆਪਣਾ ਹੱਥ ਮੂੰਹ ਉੱਤੇ ਰੱਖ ਦਿੱਤਾ।
ਮੈਂ ਸੋਚਿਆ, ਕੋਈ ਅੰਦਰ ਹੈ। ਪਰ ਅੰਦਰ ਬਿਲਕੁਲ ਸੁੰਨਾ ਸੀ। ਕਮਰੇ ਦੀਆਂ ਕੰਧਾਂ ਹਰੀਆਂ ਸਨ, ਜਿਹਨਾਂ ਉੱਤੇ ਜਾਨਵਰਾਂ ਦੀਆਂ ਤਸਵੀਰਾਂ ਚਿਪਕੀਆਂ ਸਨ। ਕੋਨੇ ਵਿਚ ਉਸਦੀ ਮੰਜੀ ਸੀ, ਜਿਹੜੀ ਖਟੋਲੇ ਵਰਗੀ ਦਿਸਦੀ ਸੀ! ਸਿਰਹਾਣੇ ਉੱਤੇ ਗੱਦੀਆਂ ਵਿਚ ਲਿਪਟਿਆ ਇਕ ਭਾਲੂ ਲੇਟਿਆ ਸੀ, ਗੁਦੜੀ ਦੇ ਲਾਲ ਵਾਂਗ—
“ਉਹ ਸੁੱਤਾ ਹੋਇਆ ਏ।” ਉਸਨੇ ਘੁਸਰ-ਮੁਸਰੀ ਆਵਾਜ਼ ਵਿਚ ਕਿਹਾ।
“ਤੇ ਤੂੰ?” ਮੈਂ ਕਿਹਾ, “ਤੂੰ ਇੱਥੇ ਨਹੀਂ ਸੌਂਦੀ?”
“ਇੱਥੇ ਸੌਂਦੀ ਆਂ। ਜਦ ਪਾਪਾ ਇੱਥੇ ਸਨ, ਤਾਂ ਉਹ ਦੂਜੇ ਪਲੰਘ ਉੱਤੇ ਸੌਂਦੇ ਸਨ। ਮਾਂ ਨੇ ਉਸ ਪਲੰਘ ਨੂੰ ਬਾਹਰ ਰਖਵਾ ਦਿੱਤਾ ਏ।”
“ਕਿੱਥੇ ਰਹਿੰਦੇ ਨੇ ਉਹ?” ਇਸ ਵਾਰੀ ਮੇਰੀ ਆਵਾਜ਼ ਵੀ ਧੀਮੀ ਹੋ ਗਈ, ਭਾਲੂ ਦੇ ਡਰ ਨਾਲ ਨਹੀਂ, ਆਪਣੇ ਉਸ ਡਰ ਨਾਲ ਜਿਹੜਾ ਕਈ ਦਿਨਾਂ ਦਾ ਮੇਰੇ ਅੰਦਰ ਪਲ ਰਿਹਾ ਸੀ।
“ਆਪਣੇ ਘਰ ਰਹਿੰਦੇ ਨੇ—ਹੋਰ ਕਿੱਥੇ?”
ਉਸਨੇ ਜ਼ਰਾ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਉਸਨੂੰ ਲੱਗਿਆ, ਪੂਰੀ ਤਰ੍ਹਾਂ ਨਾਲ ਮੇਰੀ ਤੱਸਲੀ ਨਹੀਂ ਹੋਈ। ਉਹ ਆਪਣੀ ਮੇਜ਼ ਕੋਲ ਗਈ, ਜਿੱਥੇ ਉਸਦੀਆਂ ਸਕੂਲ ਦੀਆਂ ਕਿਤਾਬਾਂ ਰੱਖੀਆਂ ਸਨ। ਦਰਾਜ ਖੋਲ੍ਹਿਆ ਤੇ ਉਸ ਵਿਚੋਂ ਚਿੱਠੀਆਂ ਦਾ ਬੰਡਲ ਬਾਹਰ ਕੱਢਿਆ। ਬੰਡਲ ਉੱਤੇ ਰੇਸ਼ਮ ਦਾ ਲਾਲ ਫੀਤਾ ਬੰਨ੍ਹਿਆਂ ਸੀ। ਲਿਫ਼ਾਫ਼ੇ ਉੱਤੇ ਲੱਗਾ ਟਿਕਟ ਦਿਖਾਇਆ।
“ਉਹ ਇੱਥੇ ਰਹਿੰਦੇ ਨੇ।” ਉਸਨੇ ਕਿਹਾ।
ਮੈਨੂੰ ਯਾਦ ਆਇਆ, ਉਹ ਮੇਰੀ ਨਕਲ ਕਰ ਰਹੀ ਹੈ—ਬੜੀ ਪਹਿਲਾਂ ਪਾਰਕ ਵਿਚ ਮੈਂ ਉਸਨੂੰ ਆਪਣੇ ਦੇਸ਼ ਦੀ ਚਿੱਠੀ ਦਿਖਾਈ ਸੀ।
ਬੈਠਕ ਵਿਚ ਉਸਦੀ ਮਾਂ ਸਾਨੂੰ ਬੁਲਾਅ ਰਹੀ ਸੀ। ਆਵਾਜ਼ ਸੁਣਦਿਆਂ ਹੀ ਉਹ ਕਮਰੇ ਵਿਚੋਂ ਬਾਹਰ ਚਲੀ ਗਈ। ਮੈਂ ਕੁਝ ਪਲ ਉੱਥੇ ਰੁਕਿਆ ਰਿਹਾ। ਖਟੋਲੇ ਉੱਤੇ ਭਾਲੂ ਸੁੱਤਾ ਹੋਇਆ ਸੀ। ਕੰਧ ਉੱਤੇ ਜਾਨਵਰਾਂ ਦੀਆਂ ਅੱਖਾਂ ਮੈਨੂੰ ਘੂਰ ਰਹੀਆਂ ਸਨ। ਬਿਸਤਰੇ ਦੇ ਕੋਲ ਹੀ ਇਕ ਛੋਟੀ-ਜਿਹੀ ਵੇਸਿਨੀ ਸੀ, ਜਿਸ ਉੱਤੇ ਉਸਦਾ ਟੁੱਥ-ਬਰਸ਼, ਸਾਬੁਨ ਤੇ ਕੰਘਾ ਰੱਖੇ ਸਨ।
ਬਿਲਕੁਲ ਮੇਰੇ ਬੈੱਡ ਸੈੱਟ ਵਾਂਗ—ਮੈਂ ਸੋਚਿਆ। ਪਰ ਮੇਰੇ ਨਾਲੋਂ ਬੜੇ ਭਿੰਨ। ਮੈਂ ਆਪਣਾ ਕਮਰਾ ਛੱਡ ਕੇ ਕਿਤੇ ਵੀ ਜਾ ਸਕਦਾ ਸੀ, ਉਸਦਾ ਕਮਰਾ ਆਪਣੀਆਂ ਚੀਜ਼ਾਂ ਨਾਲ ਭਰਿਆ-ਭਰਿਆ ਜਾਪਦਾ ਸੀ।
ਮੇਜ਼ ਉੱਤੇ ਚਿੱਠੀਆਂ ਦਾ ਬੰਡਲ ਪਿਆ ਸੀ, ਰੇਸ਼ਮੀ ਡੋਰ ਵਿਚ ਬੰਨ੍ਹਿਆਂ ਹੋਇਆ, ਜਿਸਨੂੰ ਕਾਹਲ ਵਿਚ ਉਹ ਇਕੱਲਾ ਛੱਡ ਗਈ ਸੀ।
“ਕਮਰਾ ਦੇਖ ਲਿਆ ਤੁਸੀਂ?” ਉਹਨਾਂ ਮੁਸਕਰਾਉਂਦਿਆਂ ਹੋਇਆਂ ਕਿਹਾ।
“ਇੱਥੇ ਜੋ ਵੀ ਆਉਂਦਾ ਏ, ਸਭ ਤੋਂ ਪਹਿਲਾਂ ਉਸਨੂੰ ਆਪਣਾ ਕਮਰਾ ਦਿਖਾਉਂਦੀ ਏ।” ਉਹ ਕੱਪੜੇ ਬਦਲ ਆਈ ਸੀ। ਲਾਲ ਛੀਟ ਦੀ ਸਕਰਟ ਤੇ ਖੁੱਲ੍ਹਾ-ਖੁੱਲ੍ਹਾ ਭੂਰੇ ਰੰਗ ਦਾ ਕਾਰਡੀਗਨ। ਕਮਰੇ ਵਿਚ ਸਸਤੀ ਸੈਂਟ ਦੀ ਗੰਧ ਫੈਲ ਗਈ।
“ਤੁਸੀਂ ਚਾਹ ਨਹੀਂ—ਪੂਰੀ ਪਾਰਟੀ ਦੇ ਰਹੇ ਲੱਗਦੇ ਓਂ।” ਮੈਂ ਮੇਜ਼ ਉੱਤੇ ਪਏ ਸਾਮਾਨ ਨੂੰ ਦੇਖ ਕੇ ਕਿਹਾ। ਟੋਸਟ, ਜੈਮ, ਮੱਖਣ, ਚੀਜ਼—ਪਤਾ ਨਹੀਂ, ਏਨੀਆਂ ਸਾਰੀਆਂ ਚੀਜਾਂ ਮੈਂ ਪਹਿਲਾਂ ਕਦੋਂ ਦੇਖੀਆਂ ਸਨ।
“ਹਸਪਤਾਲ ਦੀ ਕੈਂਟੀਨ 'ਚੋਂ ਲੈ ਆਉਂਦੀ ਆਂ—ਉੱਥੇ ਸਸਤਾ ਮਿਲ ਜਾਂਦਾ ਏ।”
ਉਹ ਪ੍ਰੇਸ਼ਾਨ ਲੱਗਦੀ ਸੀ। ਹੱਸਦੀ ਸੀ, ਪਰ ਪ੍ਰੇਸ਼ਾਨੀ ਆਪਣੀ ਥਾਵੇਂ ਡਟੀ ਰਹਿੰਦੀ ਸੀ। ਪਤਾ ਨਹੀਂ, ਬੱਚੀ ਕਿੱਥੇ ਸੀ? ਉਹ ਉਸਨੂੰ ਚੀਕ-ਚੀਕ ਕੇ ਬੁਲਾਅ ਰਹੀ ਸੀ, ਤੇ ਚਾਹ ਠੰਢੀ ਹੋ ਰਹੀ ਸੀ।
ਉਹ ਸਿਰ ਫੜ੍ਹ ਕੇ ਬੈਠ ਗਈ। ਫੇਰ ਯਾਦ ਆਇਆ ਮੈਂ ਵੀ ਹਾਂ। “ਤੁਸੀਂ ਸ਼ੁਰੂ ਕਰੋ—ਉਹ ਬਾਗ਼ ਵਿਚ ਬੈਠੀ ਹੋਏਗੀ।”
“ਤੁਹਾਡਾ ਆਪਣਾ ਬਾਗ਼ ਏ?” ਮੈਂ ਪੁੱਛਿਆ।
“ਬੜਾ ਛੋਟਾ-ਜਿਹਾ, ਕਿਚਨ ਦੇ ਪਿੱਛੇ। ਜਦ ਅਸੀਂ ਇੱਥੇ ਆਏ ਸਾਂ, ਉਜਾੜ ਪਿਆ ਸੀ। ਮੇਰੇ ਪਤੀ ਨੇ ਉਸਨੂੰ ਸਾਫ਼ ਕੀਤਾ। ਹੁਣ ਤਾਂ ਥੋੜ੍ਹੀ-ਬਹੁਤੀ ਸਬਜ਼ੀ ਵੀ ਉੱਗ ਪੈਂਦੀ ਏ।”
“ਤੁਹਾਡੇ ਪਤੀ ਇੱਥੇ ਨਹੀਂ ਰਹਿੰਦੇ?”
“ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲਿਆ—ਸਾਰਾ ਦਿਨ ਪਾਰਕ ਵਿਚ ਘੁੰਮਦੇ ਰਹਿੰਦੇ ਸਨ। ਉਹੀ ਆਦਤ ਗ੍ਰੇਤਾ ਨੂੰ ਪਈ ਏ...”
ਉਸਦੀ ਆਵਾਜ਼ ਵਿਚ ਹਲਕੀ-ਜਿਹੀ ਥਕਾਣ ਸੀ। ਖਿਝ ਤੋਂ ਸੱਖਣੀ—ਪਰ ਅਜਿਹੀ ਥਕਾਣ ਜਿਹੜੀ ਨਰਮ ਧੂੜ ਵਾਂਗ ਹਰੇਕ ਚੀਜ਼ ਉੱਤੇ ਅਛੋਪਲੇ ਹੀ ਜੰਮੀ ਹੁੰਦੀ ਹੈ।
“ਪਾਰਕ ਵਿਚ ਤਾਂ ਮੈਂ ਵੀ ਘੁੰਮਦਾ ਹਾਂ।” ਮੈਂ ਉਹਨੂੰ ਹਲਕਾ ਕਰਨਾਂ ਚਾਹਿਆ। ਉਹ ਹੋ ਵੀ ਗਈ। ਹੱਸਣ ਲੱਗੀ।
“ਤੁਹਾਡੀ ਗੱਲ ਹੋਰ ਏ।” ਉਸਨੇ ਡੁੱਬਦੀ ਆਵਾਜ਼ ਵਿਚ ਕਿਹਾ, “ਤੁਸੀਂ ਇਕੱਲੇ ਓਂ। ਪਰ ਲੰਦਨ ਵਿਚ ਜੇ ਪਰਿਵਾਰ ਨਾਲ ਹੋਵੇ, ਤਾਂ ਬਿਨਾਂ ਨੌਕਰੀ ਦੇ ਨਹੀਂ ਰਿਹਾ ਜਾ ਸਕਦਾ।”
ਉਹ ਮੇਜ਼ ਦੀਆਂ ਚੀਜ਼ਾਂ ਸਾਫ਼ ਕਰਨ ਲੱਗੀ। ਭਾਂਡਿਆਂ ਨੂੰ ਸਮੇਟ ਕੇ ਮੈਂ ਕਿਚਨ ਵਿਚ ਲੈ ਗਿਆ। ਸਿੰਕ ਅੱਗੇ ਖਿੜਕੀ ਸੀ, ਜਿੱਥੋਂ ਉਹਨਾਂ ਦਾ ਬਾਗ਼ ਦਿਖਾਈ ਦਿੰਦਾ ਸੀ। ਵਿਚਕਾਰ ਇਕ ਵਿਪਿੰਗ ਵਿਲੋ ਖੜ੍ਹਾ ਸੀ, ਜਿਸ ਦੀਆਂ ਸ਼ਾਖ਼ਾਵਾਂ ਇਕ ਉਲਟੀ ਛਤਰੀ ਦੀਆਂ ਸਲਾਖਾਂ ਵਾਂਗ ਝੂਲ ਰਹੀਆਂ ਸਨ।
ਪਿੱਛੇ ਮੁੜਿਆ ਤਾਂ ਉਹ ਦਿਖਾਈ ਦਿੱਤੀ। ਦਰਵਾਜ਼ੇ ਕੋਲ ਤੌਲੀਆ ਫੜ੍ਹੀ ਖੜ੍ਹੀ ਸੀ।
“ਕੀ ਦੇਖ ਰਹੇ ਓਂ?”
“ਤੁਹਾਡਾ ਬਾਗ਼...ਇਹ ਬਹੁਤਾ-ਛੋਟਾ ਵੀ ਨਹੀਂ।”
“ਛੋਟਾ ਵੀ ਨਹੀਂ—ਪਰ ਇਸ ਦਰਖ਼ਤ ਨੇ ਸਾਰੀ ਜਗ੍ਹਾ ਘੇਰ ਰੋਕ ਰੱਖੀ ਏ। ਮੈਂ ਇਸਨੂੰ ਕੱਟਵਾਉਣਾ ਚਾਹੁੰਦੀ ਸਾਂ, ਪਰ ਉਹ ਆਪਣੀ ਜ਼ਿਦ 'ਤੇ ਅੜ ਗਈ—ਜਿਸ ਦਿਨ ਦਰਖ਼ਤ ਕੱਟਣਾ ਸੀ, ਉਹ ਸਾਰੀ ਰਾਤ ਰੋਂਦੀ ਰਹੀ।”
ਉਹ ਚੁੱਪ ਹੋ ਗਈ—ਜਿਵੇਂ ਉਸ ਰਾਤ ਨੂੰ ਯਾਦ ਕਰਨਾਂ ਆਪਣੇ-ਆਪ ਵਿਚ ਇਕ ਰੋਣਾ ਹੋਵੇ।
“ਕੀ ਕਹਿੰਦੀ ਸੀ?”
“ਕਹਿੰਦੀ ਕੀ ਸੀ—ਆਪਣੀ ਜ਼ਿਦ 'ਤੇ ਅੜੀ ਸੀ। ਬੜੀ ਪਹਿਲਾਂ ਕਦੀ ਉਸਦੇ ਪਾਪਾ ਨੇ ਕਿਹਾ ਸੀ ਕਿ ਦਰਖ਼ਤ ਹੇਠ ਸਮਰ-ਹਾਊਸ ਬਣਾਵਾਗੇ—ਹੁਣ ਤੁਸੀਂ ਦੱਸੋ, ਇੱਥੇ ਖ਼ੁਦ ਰਹਿਣ ਦੀ ਜਗ੍ਹਾ ਹੈ ਨਹੀਂ, ਬਾਗ਼ ਵਿਚ ਗੁੱਡੀਆ ਦਾ ਸਮਰ–ਹਾਊਸ ਬਣੇਗਾ?”
“ਸਮਰ-ਹਾਊਸ?”
“ਹਾਂ, ਸਮਰ-ਹਾਊਸ—ਜਿੱਥੇ ਗ੍ਰੇਤਾ ਆਪਣੇ ਭਾਲੂ ਨਾਲ ਰਹੇਗੀ।”
ਉਹ ਹੱਸਣ ਲੱਗੀ—ਇਕ ਉਦਾਸ ਜਿਹੀ ਹਾਸੀ ਜਿਹੜੀ ਇਕ ਖ਼ਾਲੀ ਜਗ੍ਹਾ ਤੋਂ ਉੱਠ ਕੇ ਦੂਜੀ ਖ਼ਾਲੀ ਜਗ੍ਹਾ 'ਚ ਸਮਾਅ ਜਾਂਦੀ ਹੈ—ਤੇ ਵਿਚਕਾਰਲੀ ਜਗ੍ਹਾ ਨੂੰ ਵੀ ਸੁੰਨੀ ਕਰ ਜਾਂਦੀ ਹੈ।
ਮੇਰੇ ਜਾਣ ਦਾ ਸਮਾਂ ਹੋ ਗਿਆ ਸੀ—ਪਰ ਗ੍ਰੇਤਾ ਕਿਤੇ ਦਿਖਾਈ ਨਹੀਂ ਦਿੱਤੀ। ਅਸੀਂ ਪੌੜੀਆਂ ਚੜ੍ਹ ਕੇ ਉਪਰ ਆ ਗਏ। ਲੰਦਨ ਦੀ ਮੈਲੀ ਧੁੱਪ ਗੁਆਂਢੀਆਂ ਦੀਆਂ ਚਿਮਨੀਆਂ 'ਤੇ ਰੀਂਘ ਰਹੀ ਸੀ।
ਜਦੋਂ ਵਿਦਾਅ ਲੈਣ ਲਈ ਮੈਂ ਹੱਥ ਅੱਗੇ ਵਧਾਇਆ, ਤਾਂ ਉਹਨਾਂ ਕੁਝ ਝਿਜਕਦਿਆਂ ਹੋਇਆਂ ਕਿਹਾ, “ਤੁਸੀਂ ਕਲ੍ਹ ਖ਼ਾਲੀ ਓਂ?”
“ਦੱਸੋ—ਮੈਂ ਤਕਰੀਬਨ ਹਰ ਰੋਜ਼ ਈ ਖ਼ਾਲੀ ਹੁੰਨਾਂ।”
“ਕਲ੍ਹ ਐਤਵਾਰ ਏ...” ਉਹਨਾਂ ਕਿਹਾ, “ਗ੍ਰੇਤਾ ਦੀ ਛੁੱਟੀ ਏ, ਪਰ ਮੇਰੀ ਹਸਪਤਾਲ ਵਿਚ ਡਿਊਟੀ ਏ, ਕੀ ਮੈਂ ਉਸਨੂੰ ਤੁਹਾਡੇ ਕੋਲ ਛੱਡ ਸਕਦੀ ਆਂ?”
“ਕਿੰਨੇ ਵਜੇ ਆਵਾਂ?”
“ਨਹੀਂ, ਤੁਸੀਂ ਆਉਣ ਦੀ ਖੇਚਲ ਨਾ ਕਰਨਾਂ। ਹਸਪਤਾਲ ਜਾਂਦਿਆਂ ਹੋਇਆਂ ਮੈਂ ਇਸਨੂੰ ਲਾਇਬਰੇਰੀ ਸਾਹਮਣੇ ਛੱਡ ਦਿਆਂਗੀ...ਸ਼ਾਮ ਨੂੰ ਵਾਪਸੀ 'ਤੇ ਲੈ ਆਵਾਂਗੀ।”
ਮੈਂ ਹਾਮੀ ਭਰੀ ਤੇ ਸੜਕ ਤੇ ਨਿਕਲ ਆਇਆ। ਕੁਝ ਦੂਰ ਜਾ ਕੇ ਜੇਬ ਵਿਚੋਂ ਪੈਸੇ ਕੱਢੇ ਤੇ ਉਹਨਾਂ ਨੂੰ ਗਿਣਨ ਲੱਗਾ। ਅੱਜ ਖਾਣੇ ਦੇ ਪੈਸੇ ਬਚ ਜਾਣਗੇ—ਇਹ ਸੋਚ ਕੇ ਖ਼ੁਸ਼ੀ ਹੋਈ। ਮੈਂ ਬਚੀ ਹੋਈ ਭਾਣ ਨੂੰ ਮੁੱਠੀ ਵਿਚ ਘੁੱਟਿਆ ਤੇ ਘਰ ਵਲ ਤੁਰ ਪਿਆ।
ਮੈਂ ਲਾਇਬਰੇਰੀ ਦੇ ਦਰਵਾਜ਼ੇ ਸਾਹਵੇਂ ਖੜ੍ਹਾ ਸੀ।
ਉਹਨਾਂ ਨੂੰ ਦੇਰ ਹੋ ਗਈ ਸੀ—ਸ਼ਾਇਦ ਸਰਦੀ ਕਰਕੇ। ਧੁੱਪ ਕਿਤੇ ਨਹੀਂ ਸੀ। ਲੰਦਨ ਦੀਆਂ ਇਮਾਰਤਾਂ ਉੱਤੇ ਧੁੰਦਲਾ-ਜਿਹਾ ਚਾਨਣ ਪੁਚਿਆ ਹੋਇਆ ਸੀ—ਪੀਲਾ-ਪੀਲਾ ਜਿਹਾ, ਜਿਸ ਕਾਰਕੇ ਉਹ ਵੀ ਦਲਿੱਦਰ ਤੇ ਦੁਖੀ ਦਿਖਾਈ ਦਿੰਦੀਆਂ ਸਨ।
ਮੈਨੂੰ ਉਹਨਾਂ ਦੀ ਸਫ਼ੇਦ ਪੁਸ਼ਾਕ ਦਿਖਾਈ ਦਿੱਤੀ। ਦੋਵੇਂ ਪਾਰਕ ਵਿਚੋਂ ਲੰਘਦੀਆਂ ਆ ਰਹੀਆਂ ਸਨ। ਅੱਗੇ-ਅੱਗੇ ਉਹ ਤੇ ਪਿੱਛੇ-ਪਿੱਛੇ ਭੱਜਦੀ ਹੋਈ ਗ੍ਰੇਤਾ। ਜਦੋਂ ਉਹਨਾਂ ਮੈਨੂੰ ਦੇਖ ਲਿਆ ਤਾਂ ਹਵਾ ਵਿਚ ਹੱਥ ਲਹਿਰਾਇਆ, ਬੱਚੀ ਨੂੰ ਕਾਹਲ ਨਾਲ ਚੁੰਮਿਆਂ ਤੇ ਕਾਹਲੇ ਪੈਰੀਂ ਹਸਪਤਾਲ ਵੱਲ ਮੁੜ ਗਏ।
ਪਰ ਬੱਚੀ ਨੂੰ ਕੋਈ ਕਾਹਲ ਨਹੀਂ ਸੀ। ਉਹ ਧੀਮੀ ਤੋਰ, ਮੇਰੇ ਕੋਲ ਆਈ। ਸਰਦੀ ਨਾਲ ਨੱਕ ਲਾਲ ਸੁਰਖ਼ ਹੋਈ ਹੋਈ ਸੀ। ਉਸਨੇ ਪੂਰੀਆਂ ਬਾਹਾਂ ਵਾਲਾ ਬ੍ਰਾਊਨ ਸਵੈਟਰ ਪਾਇਆ ਹੋਇਆ ਸੀ—ਸਿਰ 'ਤੇ ਉਹੀ ਪੂਰਾਣੀ ਕੈਪ ਸੀ, ਜਿਸਨੂੰ ਮੈਂ ਪਾਰਕ ਵਿਚ ਦੇਖਦਾ ਹੁੰਦਾ ਸੀ।
ਉਹ ਨਿਢਾਲ-ਜਿਹੀ ਖੜ੍ਹੀ ਸੀ।
“ਚੱਲੀਏ?” ਮੈਂ ਉਸਦਾ ਹੱਥ ਫੜ੍ਹਿਆ।
ਉਸਨੇ ਚੁੱਪਚਾਪ ਸਿਰ ਹਿਲਾਅ ਦਿੱਤਾ। ਮੈਨੂੰ ਨਿੱਕੀ-ਜਿਹੀ ਨਿਰਾਸ਼ਾ ਹੋਈ। ਮੈਂ ਸੋਚਦਾ ਸੀ, ਉਹ ਪੁੱਛੇਗੀ, ਕਿੱਥੇ—ਤੇ ਫੇਰ ਮੈਂ ਉਸਨੂੰ ਹੈਰਾਨੀ ਵਿਚ ਪਾ ਦਿਆਂਗਾ।
ਪਰ ਉਸਨੇ ਪੁੱਛਿਆ ਕੁਝ ਵੀ ਨਹੀਂ ਤੇ ਅਸੀਂ ਸੜਕ ਪਾਰ ਕਰਨ ਲੱਗੇ।
ਜਦੋਂ ਅਸੀਂ ਪਾਰਕ ਛੱਡ ਕੇ ਅੱਗੇ ਵਧੇ ਤਾਂ ਇਕ ਵਾਰੀ ਉਸਨੇ ਪ੍ਰਸ਼ਨ-ਭਰੀਆਂ ਨਿਗਾਹਾਂ ਨਾਲ ਮੇਰੇ ਵੱਲ ਦੇਖਿਆ—ਜਿਵੇਂ ਉਹ ਆਪਣੇ ਕਿਸੇ ਸੁਰੱਖਿਅਤ ਘੇਰੇ ਵਿਚੋਂ ਬਾਹਰ ਜਾ ਰਹੀ ਹੋਵੇ। ਪਰ ਮੈਂ ਚੁੱਪ ਰਿਹਾ—ਤੇ—ਉਸਨੇ ਕੁਝ ਪੁੱਛਿਆ ਨਹੀਂ। ਉਦੋਂ ਮੈਨੂੰ ਪਹਿਲੀ ਵਾਰ ਲੱਗਿਆ ਕਿ ਜਦੋਂ ਬੱਚਾ, ਮਾਂ-ਪਿਓ ਨਾਲ ਨਹੀਂ ਹੁੰਦਾ ਤਾਂ ਸਾਰੇ ਪ੍ਰਸ਼ਨਾਂ ਦੀ ਪੁੜੀ ਬੰਨ੍ਹ ਕੇ ਕਿਸੇ ਹਨੇਰੇ ਟੋਏ ਵਿਚ ਸੁੱਟ ਦਿੰਦਾ ਹੈ।
ਟਿਊਬ ਵਿਚ ਬੈਠ ਕੇ ਉਹ ਨਿਸ਼ਚਿੰਤ ਨਜ਼ਰ ਆਈ। ਉਸਨੇ ਮੇਰਾ ਹੱਥ ਛੱਡ ਦਿੱਤਾ ਤੇ ਖਿੜਕੀ ਦੇ ਬਾਹਰ ਦੇਖਣ ਲੱਗੀ।
“ਕੀ ਹੁਣੇ ਰਾਤ ਹੋ ਗਈ?” ਉਸਨੇ ਪੁੱਛਿਆ।
“ਕੈਸੀ ਰਾਤ?”
“ਦੇਖੋ, ਬਾਹਰ ਕਿੰਨਾ ਹਨੇਰਾ ਏ।”
“ਅਸੀਂ ਜ਼ਮੀਨ ਦੇ ਹੇਠਾਂ ਆਂ।” ਮੈਂ ਕਿਹਾ।
ਉਹ ਕੁਝ ਸੋਚਣ ਲੱਗੀ, ਫੇਰ ਹੌਲੀ-ਜਿਹੀ ਬੋਲੀ, “ਹੇਠਾਂ ਰਾਤ ਏ, ਉਪਰ ਦਿਨ।”
ਅਸੀਂ ਦੋਵੇਂ ਹੱਸ ਪਏ। ਮੈਂ ਪਹਿਲਾਂ ਕਦੀ ਇੰਜ ਨਹੀਂ ਸੀ ਸੋਚਿਆ।
ਹੌਲੀ-ਹੌਲੀ ਰੌਸ਼ਨੀ ਨਜ਼ਰ ਆਉਣ ਲੱਗੀ। ਉਪਰ ਆਕਾਸ਼ ਦਾ ਇਕ ਟੁਕੜਾ ਦਿਖਾਈ ਦਿੱਤਾ ਤੇ ਫੇਰ ਅਥਾਹ ਸਫ਼ੇਦੀ ਵਿਚ ਡੁੱਬਿਆ ਦਿਨ ਸੁਰੰਗ 'ਚੋਂ ਬਾਹਰ ਨਿਕਲ ਆਇਆ।
ਟਿਊਬ ਸਟੇਸ਼ਨ ਦੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਉਹ ਰੁਕ ਗਈ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ।
“ਰੁਕ ਕਿਉਂ ਗਈ !”
“ਮੈਂ ਬਾਥਰੂਮ ਜਾਣਾ ਏਂ।”
ਮੈਨੂੰ ਦਹਿਸ਼ਤ ਹੋਈ। ਟਾਯਲੇਟ ਹੇਠਾਂ ਸੀ ਤੇ ਉਹ ਇਸ ਤਰ੍ਹਾਂ ਆਪਣੇ ਨੂੰ ਰੋਕੀ ਬਹੁਤੀ ਦੂਰ ਤਕ ਨਹੀਂ ਜਾ ਸਕਦੀ ਸੀ। ਮੈਂ ਉਸਨੂੰ ਗੋਦੀ ਚੁੱਕ ਲਿਆ ਤੇ ਉਲਟੇ ਪੈਰੀਂ ਪੌੜੀਆਂ ਦੇ ਦੌੜਨ ਲੱਗਾ। ਲਾਂਘੇ ਦੇ ਦੂਜੇ ਸਿਰੇ 'ਤੇ ਟਾਯਲੇਟ ਦਿਖਾਈ ਦਿੱਤੇ—ਪੁਰਸ਼ਾਂ ਲਈ—ਮੈਂ ਕਾਹਲ ਨਾਲ ਉਸਨੂੰ ਅੰਦਰ ਲੈ ਗਿਆ। ਦਰਵਾਜ਼ਾ ਬੰਦ ਕਰਕੇ ਬਾਹਰ ਆਇਆ ਤਾਂ ਲੱਗਿਆ ਜਿਵੇਂ ਉਹ ਨਹੀਂ ਮੈਂ ਮੁਕਤ ਹੋ ਗਿਆ ਹੋਵਾਂ।
“ਚੇਨ ਬੜੀ ਉੱਚੀ ਏ।” ਉਸਨੇ ਕਿਹਾ।
“ਤੂੰ ਠਹਿਰ, ਮੈਂ ਖਿੱਚ ਆਉਂਦਾ ਆਂ।”
ਉਸਨੇ ਮੇਰਾ ਕੋਟ ਫੜ੍ਹ ਲਿਆ। ਉਹ ਖ਼ੁਦ ਖਿੱਚਣਾ ਚਾਹੁੰਦੀ ਸੀ। ਉਸਦੇ ਨਾਲ ਮੈਂ ਅੰਦਰ ਗਿਆ, ਉਸਨੂੰ ਦੁਬਾਰਾ ਗੋਦੀ ਚੁੱਕਿਆ ਤੇ ਉਦੋਂ ਤਕ ਚੱਕੀ ਰੱਖਿਆ ਜਦੋਂ ਤਕ ਉਸਦਾ ਹੱਥ ਚੇਨ ਤਕ ਨਹੀਂ ਪਹੁੰਚ ਗਿਆ। ਅਸੀਂ ਦੋਵੇਂ ਹੈਰਾਨੀ ਨਾਲ ਟਾਯਲੇਟ ਵਿਚ ਪਾਣੀ ਵਗਦਾ ਦੇਖਦੇ ਰਹੇ, ਜਿਵੇਂ ਇਹ ਚਮਤਕਾਰ ਜ਼ਿੰਦਗੀ ਵਿਚ ਪਹਿਲੀ ਵੇਰ ਵੇਖ ਰਹੇ ਹੋਈਏ।
ਅਸੀਂ ਪੌੜੀਆਂ ਚੜ੍ਹਨ ਲੱਗੇ। ਉਪਰ ਆਏ ਤਾਂ ਉਸਨੇ ਘੁੱਟ ਕੇ ਮੇਰਾ ਹੱਥ ਫੜ੍ਹ ਲਿਆ। ਟ੍ਰਿਫਲਗਰ ਸਕੈਯਰ ਅੱਗੇ ਸੀ, ਚਾਰੇ ਪਾਸੇ ਭੀੜ, ਚਾਨਣ, ਸ਼ੋਰ। ਮੈਂ ਉਸਨੂੰ ਹੈਰਾਨ ਕਰ ਦੇਣਾ ਚਾਹੁੰਦਾ ਸੀ। ਪਰ ਉਹ ਡਰ ਗਈ। ਉਹ ਏਨੀ ਡਰ ਗਈ ਸੀ ਕਿ ਮੈਂ ਉਸਨੂੰ ਦੁਬਾਰਾ ਹੇਠਾਂ ਲੈ ਜਾਵਾਂ—ਟਿਊਬ ਸਟੇਸ਼ਨ ਵਿਚ ਜਿੱਥੇ ਜ਼ਮੀਨ ਦਾ ਆਪਣਾ ਸੁਰੱਖਿਅਤ ਹਨੇਰਾ ਸੀ।
ਪਰ ਜਲਦੀ ਹੀ ਡਰ ਮੁੱਕ ਗਿਆ ਤੇ ਉਸਨੇ ਮੇਰਾ ਹੱਥ ਵੀ ਛੱਡ ਦਿੱਤਾ। ਉਹ ਸਕੈਯਰ ਦੇ ਅਨੋਖੇ ਚਾਨਣ ਵਿਚ ਗਵਾਚ ਗਈ ਸੀ। ਉਹ ਉਹਨਾਂ ਸ਼ੇਰਾਂ ਦੇ ਹੇਠ ਆ ਗਈ ਸੀ, ਜਿਹੜੇ ਕਾਲੇ ਪੱਥਰਾਂ 'ਤੇ ਆਪਣੇ ਪੰਜੇ ਰੱਖੀ ਲੋਕਾਂ ਦੀ ਭੀੜ ਵੱਲ ਵੇਖ ਰਹੇ ਸਨ। ਬਹੁਤ ਸਾਰੇ ਬੱਚੇ ਕਬੂਤਰਾਂ ਨੂੰ ਦਾਣਾ ਪਾ ਰਹੇ ਸਨ।
ਖੰਭਾਂ ਦੀ ਛਾਂ ਇਕ ਬੱਦਲ ਵਰਗੀ ਦਿਖਾਈ ਦੇਂਦੀ ਸੀ, ਜਿਹੜੀ ਹਵਾ ਵਿਚ ਕਦੀ ਏਧਰ ਜਾਂਦੀ ਸੀ, ਕਦੀ ਓਧਰ—ਸਿਰ ਦੇ ਉਪਰੋਂ ਨਿਕਲ ਜਾਂਦੀ ਸੀ ਤੇ ਕੰਨਾਂ ਵਿਚ ਸਿਰਫ਼ ਇਕ ਕੋਸੀ-ਜਿਹੀ, ਸਨਸਨਾਉਂਦੀ ਹੋਈ ਫੜਫੜਾਹਟ ਬਾਕੀ ਰਹਿ ਜਾਂਦੀ ਸੀ।
ਉਹ ਸੁਣ ਰਹੀ ਸੀ। ਉਹ ਮੈਨੂੰ ਭੁੱਲ ਗਈ ਸੀ।
ਮੈਂ ਉਸ ਤੋਂ ਅੱਖ ਬਚਾਅ ਕੇ ਸਕੈਅਰ ਦੇ ਵਿਚਕਾਰ ਆ ਗਿਆ। ਉੱਥੇ ਇਕ ਲਾਲ ਲੱਕੜੀ ਦਾ ਕੈਬਿਨ ਸੀ, ਜਿੱਥੇ ਦਾਣੇ ਵਿਕਦੇ ਸਨ। ਇਕ ਕੱਪ ਦਾਣਿਆਂ ਦਾ ਭਾਅ—ਚਾਰ ਪੇਂਸ। ਮੈਂ ਇਕ ਕੱਪ ਖ਼ਰੀਦਿਆ ਤੇ ਭੀੜ ਵਿਚ ਉਸਨੂੰ ਲੱਭਣ ਲੱਗਾ।
ਬੱਚੇ ਖਾਸੇ ਸਨ—ਕਬੂਤਰਾਂ ਵਿਚਕਾਰ ਘਿਰੇ ਹੋਏ। ਪਰ ਉਹ ਜਿੱਥੇ ਸੀ, ਉੱਥੇ ਹੀ ਖੜ੍ਹੀ ਸੀ। ਆਪਣੀ ਜਗ੍ਹਾ ਤੋਂ ਇਕ ਇੰਚ ਨਹੀਂ ਸੀ ਹਿੱਲੀ। ਮੈਂ ਉਸਦੇ ਪਿੱਛੇ ਗਿਆ ਤੇ ਦੋਵਾਂ ਹੱਥਾਂ ਨਾਲ ਕੱਪ ਉਸਦੇ ਸਾਹਮਣੇ ਕਰ ਦਿੱਤਾ।
ਉਹ ਮੁੜੀ ਤੇ ਹੱਕੀ-ਬੱਕੀ ਹੋ ਕੇ ਮੇਰੇ ਵੱਲ ਦੇਖਣ ਲੱਗੀ। ਬੱਚੇ ਅਹਿਸਾਨ ਮੰਦ ਨਹੀਂ ਹੁੰਦੇ, ਸਿਰਫ਼ ਅਪਣਾਅ ਲੈਂਦੇ ਨੇ। ਇਕ ਤੀਜੀ ਅੱਖ ਖੁੱਲ੍ਹ ਜਾਂਦੀ ਹੈ, ਜਿਹੜੀ ਸਮੁੱਚੀ ਚੁੱਪ ਨੂੰ ਕੱਟ ਦਿੰਦੀ ਹੈ। ਉਸਨੇ ਕੱਪ ਨੂੰ ਲਗਭਗ ਮੇਰੇ ਹੱਥੋਂ ਖੋਹੰਦਿਆਂ ਹੋਇਆਂ ਕਿਹਾ, “ਕੀ ਉਹ ਆਉਣਗੇ?”
“ਜ਼ਰੂਰ ਆਉਣਗੇ...ਪਹਿਲਾਂ ਤੈਨੂੰ ਇਕ-ਇਕ ਦਾਣਾ ਪਾਉਣਾ ਪਏਗਾ, ਉਹਨਾਂ ਨੂੰ ਬੁਲਾਉਣ ਲਈ, ਫੇਰ...”
ਉਸਨੇ ਮੇਰੀ ਗੱਲ ਨਹੀਂ ਸੁਣੀ। ਉਹ ਉਸ ਪਾਸੇ ਦੌੜ ਗਈ ਜਿਧਰ ਕੋਈ-ਕੋਈ ਕਬੂਤਰ ਭਟਕ ਰਿਹਾ ਸੀ। ਸ਼ੁਰੂ-ਸ਼ੁਰੂ ਵਿਚ ਉਸਨੇ ਡਰਦਿਆਂ-ਡਰਦਿਆਂ ਹਥੇਲੀ ਅੱਗੇ ਕੀਤੀ। ਕਬੂਤਰ ਉਸਦੇ ਕੋਲ ਆਉਂਦੇ ਹੋਏ ਝਿਜਕ ਰਹੇ ਸਨ, ਜਿਵੇਂ ਉਸਦੇ ਡਰ ਨੇ ਉਹਨਾਂ ਨੂੰ ਵੀ ਛੂਹ ਲਿਆ ਹੋਵੇ। ਪਰ ਬਹੁਤੀ ਦੇਰ ਉਹ ਆਪਣਾ ਲਾਲਚ ਨਹੀਂ ਰੋਕ ਸਕੇ। ਨਖ਼ਰੇ ਛੱਡ ਕੇ ਕੋਲ ਆਏ—ਏਧਰ ਉਧਰ ਦੇਖਣ ਦਾ ਬਹਾਨਾ ਕੀਤਾ ਤੇ ਫਟਾਫਟ ਉਸਦੀ ਹਥੇਲੀ ਤੋਂ ਦਾਣੇ ਚੁਗਣ ਲੱਗੇ। ਉਹ ਹੁਣ ਆਪਣੀ ਫਰਾਕ ਫੈਲਾਅ ਕੇ ਬੈਠ ਗਈ ਸੀ। ਇਕ ਹੱਥ ਵਿਚ ਕੱਪ, ਦੂਜੇ ਵਿਚ ਦਾਣੇ। ਮੈਂ ਹੁਣ ਉਸਨੂੰ ਦੇਖ ਵੀ ਨਹੀਂ ਸਕਦਾ ਸੀ। ਖੰਭਾਂ ਦੀ ਸਲੇਟੀ, ਫੜਫੜਾਉਂਦੀ ਛੱਤ ਨੇ ਉਸਨੂੰ ਆਪਣੇ ਹੇਠ ਢਕ ਲਿਆ ਸੀ।
ਮੈਂ ਬੈਂਚ 'ਤੇ ਬੈਠ ਗਿਆ। ਫੁਆਰਿਆਂ ਨੂੰ ਦੇਖਣ ਲੱਗਾ, ਜਿਹਨਾਂ ਦੇ ਛਿੱਟੇ ਉੱਡਦੇ ਹੋਏ ਗੋਡਿਆਂ ਤਕ ਆ ਜਾਂਦੇ ਸਨ। ਬੱਦਲ ਏਨੀ ਹੇਠਾਂ ਝੁਕ ਆਏ ਸਨ ਕਿ ਨੇਲਸਨ ਦਾ ਸਿਰ ਸਿਰਫ਼ ਇਕ ਕਾਲੇ ਧੱਬੇ ਵਰਗਾ ਦਿਖਾਈ ਦਿੰਦਾ ਸੀ।
ਦਿਨ ਬੀਤ ਰਿਹਾ ਸੀ।
ਕੁਝ ਚਿਰ ਪਿੱਛੋਂ ਹੀ ਮੈਂ ਦੇਖਿਆ ਉਹ ਸਾਹਮਣੇ ਖੜ੍ਹੀ ਹੈ।
“ਮੈਂ ਇਕ ਕੱਪ ਹੋਰ ਲਵਾਂਗੀ।” ਉਸਨੇ ਕਿਹਾ।
“ਹੁਣ ਨਹੀ...” ਮੈਂ ਯਕਦਿਆਂ ਹੋਇਆਂ ਕਿਹਾ, “ਖਾਸੀ ਦੇਰ ਹੋ ਗਈ ਏ। ਹੁਣ ਚਾਹ ਪੀਆਂਗੇ—ਤੇ ਤੂੰ ਆਈਸਕਰੀਮ ਲਏਂਗੀ।”
ਉਸਨੇ ਸਿਰ ਹਿਲਾਇਆ।
“ਮੈਂ ਇਕ ਕੱਪ ਹੋਰ ਲਵਾਂਗੀ।”
ਉਸਦੀ ਆਵਾਜ਼ ਵਿਚ ਜ਼ਿਦ ਨਹੀਂ ਸੀ। ਕੁਝ ਚਿਰ ਪਹਿਲਾਂ ਜਿਹੜੀ ਪਛਾਣ ਹੋਈ ਸੀ, ਉਹ ਜਿਵੇਂ ਮੈਥੋਂ ਨਹੀਂ ਉਸ ਤੋਂ ਮੰਗ ਕਰ ਰਹੀ ਸੀ।
ਮੈਂ ਉਸਦੇ ਹੱਥੋਂ ਖ਼ਾਲੀ ਕੱਪ ਲਿਆ ਤੇ ਦੁਕਾਨ ਵੱਲ ਤੁਰ ਪਿਆ। ਪਿੱਛੇ ਮੁੜ ਕੇ ਦੇਖਿਆ। ਉਹ ਮੇਰੇ ਵੱਲ ਦੇਖ ਰਹੀ ਸੀ। ਮੈਂ ਦੁਕਾਨ ਦੇ ਪਿੱਛੇ ਮੁੜ ਗਿਆ। ਉੱਥੇ ਭੀੜ ਸੀ ਤੇ ਉਸਦੀਆਂ ਨਜ਼ਰਾਂ ਮੇਰੇ ਤਕ ਨਹੀਂ ਪਹੁੰਚ ਸਕਦੀਆਂ ਸਨ। ਕੋਨੇ ਵਿਚ ਖਲੋ ਕੇ ਮੈਂ ਜੇਬ ਵਿਚੋਂ ਪੈਸੇ ਕੱਢੇ। ਚਾਹ ਤੇ ਆਈਸਕਰੀਮ ਦੇ ਪੈਸੇ ਇਕ ਪਾਸੇ ਕੀਤੇ, ਟਿਊਬ ਦੇ ਕਿਰਾਏ ਦੇ ਪੈਸੇ ਦੂਜੇ ਪਾਸੇ—ਬਾਕੀ ਸਿਰਫ਼ ਦੋ ਪੇਂਸ ਬਚੇ ਸਨ। ਮੈਂ ਚਾਹ ਦੇ ਕੁਝ ਪੈਸੇ ਉਹਨਾਂ ਵਿਚ ਰਲਾ ਦਿੱਤੇ ਤੇ ਦੁਕਾਨ ਦੇ ਸਾਹਮਣੇ ਲੱਗੀ ਲਾਈਨ ਵਿਚ ਖੜ੍ਹਾ ਹੋ ਗਿਆ।
ਇਸ ਵਾਰੀ ਜਦੋਂ ਮੈਂ ਉਸਨੂੰ ਕੱਪ ਦਿੱਤਾ, ਤਾਂ ਉਸਨੇ ਮੈਨੂੰ ਦੇਖਿਆ ਵੀ ਨਹੀਂ। ਉਹ ਤੁਰੰਤ ਦੌੜਦੀ ਹੋਈ ਉਸ ਜਗ੍ਹਾ ਚਲੀ ਜਿੱਥੇ ਸਭ ਤੋਂ ਵਧ ਕਬੂਤਰ ਇਕੱਠੇ ਹੋਏ ਹੋਏ ਸਨ। ਉਹ ਆਸੇ-ਪਾਸੇ ਉੱਡਦੇ ਹੋਏ ਕਦੀ ਹੱਥਾਂ, ਕਦੀ ਮੋਢਿਆਂ ਤੇ ਉਸਦੇ ਸਿਰ 'ਤੇ ਬੈਠ ਜਾਂਦੇ ਸਨ। ਉਹ ਹੱਸੀ ਜਾ ਰਹੀ ਸੀ, ਪੀਲਾ ਚਿਹਰਾ ਭਖ਼ਣ ਲੱਗ ਪਿਆ ਸੀ ਤੇ ਬਡਰੂਪ-ਜਿਹਾ ਹੋ ਗਿਆ ਸੀ ਤੇ ਹੱਥ—ਉਹ ਹੱਥ ਜਿਹੜੇ ਹਮੇਸ਼ਾ ਮੈਨੂੰ ਏਨੇ ਨਿਰਜਿੰਦ ਜਿਹੇ ਲੱਗਦੇ ਸਨ—ਹੁਣ ਇਕ ਬੇਚੈਨੀ ਵੱਸ ਕਦੀ ਖੁੱਲ੍ਹਦੇ ਸਨ, ਕਦੀ ਬੰਦ ਹੁੰਦੇ ਸਨ ਜਿਵੇਂ ਉਹ ਕਿਸੇ ਵੀ ਛਿਣ ਕਬੂਤਰਾਂ ਦੀ ਫੜਫੜਾਉਂਦੀ ਮਾਂਸਲ ਧੜਕਨ ਨੂੰ ਦਬੋਚ ਲੈਣਗੇ। ਉਸਨੂੰ ਪਤਾ ਵੀ ਨਹੀਂ ਲੱਗਿਆ, ਕਦੋਂ ਦਾਣਿਆਂ ਵਾਲਾ ਕੱਪ ਖ਼ਾਲੀ ਹੋ ਗਿਆ—ਕੁਝ ਚਿਰ ਤਕ ਹਵਾ ਵਿਚ ਹਥੇਲੀ ਖੋਲ੍ਹੀ ਬੈਠੀ ਰਹੀ। ਅਚਾਨਕ ਉਸਨੂੰ ਅਹਿਸਾਸ ਹੋਇਆ, ਕਬੂਤਰ ਉਸਨੂੰ ਛੱਡ ਕੇ ਦੂਜੇ ਬੱਚਿਆਂ ਦੇ ਆਲੇ-ਦੁਆਲੇ ਮੰਡਲਾਉਣ ਲੱਗ ਪਏ ਨੇ। ਉਹ ਖੜ੍ਹੀ ਹੋ ਗਈ ਤੇ ਬਿਨਾਂ ਕਿਸੇ ਪਾਸੇ ਵੇਖਿਆਂ ਚੁੱਪਚਾਪ ਮੇਰੇ ਕੋਲ ਆ ਕੇ ਖੜ੍ਹੀ ਹੋ ਗਈ।
ਉਹ ਇਕਟੱਕ ਮੇਰੇ ਵੱਲ ਵੇਖ ਰਹੀ ਸੀ। ਮੈਨੂੰ ਸ਼ੱਕ ਹੋਇਆ, ਉਹ ਮੇਰੇ 'ਤੇ ਸ਼ੱਕ ਕਰ ਰਹੀ ਹੈ। ਮੈਂ ਬੈਂਚ ਤੋਂ ਉੱਠ ਖੜ੍ਹਾ ਹੋਇਆ।
“ਹੁਣ ਚੱਲੀਏ?” ਮੈਂ ਕਿਹਾ।
“ਮੈਂ ਇਕ ਕੱਪ ਹੋਰ ਲਵਾਂਗੀ।”
“ਹੁਣ ਹੋਰ ਨਹੀਂ—ਤੂੰ ਦੋ ਲੈ ਚੁੱਕੀ ਏਂ।” ਮੈਂ ਗੁੱਸੇ ਵਿਚ ਕਿਹਾ, “ਤੈਨੂੰ ਪਤਾ ਏ, ਮੇਰੇ ਕੋਲ ਕਿੰਨੇ ਪੈਸੇ ਬਚੇ ਨੇ?”
“ਸਿਰਫ਼ ਇਕ ਹੋਰ—ਉਸ ਪਿੱਛੋਂ ਆਪਾਂ ਚੱਲਾਂਗੇ।”
ਲੋਕ ਸਾਡੇ ਵੱਲ ਦੇਖਣ ਲੱਗੇ ਸਨ। ਮੈਂ ਬਹਿਸ ਕਰ ਰਿਹਾ ਸੀ—ਦਾਣਿਆਂ ਦੇ ਇਕ ਕੱਪ ਲਈ। ਮੈਂ ਉਸਨੂੰ ਚੁੱਕ ਕੇ ਬੈਂਚ ਉੱਤੇ ਬਿਠਾਅ ਦਿੱਤਾ, “ਗ੍ਰੇਤਾ ਤੂੰ ਬੜੀ ਜ਼ਿੱਦੀ ਏਂ। ਹੁਣ ਤੈਨੂੰ ਕੁਛ ਨਹੀਂ ਮਿਲੇਗਾ।”
ਉਸਨੇ ਠੰਢੀਆਂ ਅੱਖਾਂ ਨਾਲ ਮੈਨੂੰ ਦੇਖਿਆ।
“ਤੁਸੀਂ ਬੁਰੇ ਆਦਮੀ ਓ। ਮੈਂ ਤੁਹਾਡੇ ਨਾਲ ਕਦੀ ਨਹੀਂ ਖੇਡਾਂਗੀ।” ਮੈਨੂੰ ਲੱਗਿਆ ਜਿਵੇਂ ਉਸਨੇ ਮੇਰੀ ਤੁਲਨਾਂ ਕਿਸੇ ਅਦਿੱਖ ਆਦਮੀ ਨਾਲ ਕੀਤੀ ਹੋਵੇ। ਮੈਂ ਖ਼ਾਲੀ-ਜਿਹਾ ਬੈਠਾ ਰਿਹਾ। ਕਦੀ-ਕਦੀ ਇੰਜ ਹੁੰਦਾ ਹੈ ਕਿ ਤੁਹਾਡੇ ਲਈ ਕੋਈ ਉਮੀਦ ਨਹੀਂ ਰਹਿੰਦੀ। ਸਿਰਫ਼ ਅਕੱਥ ਹੈਰਾਨੀ ਹੋਣ ਲੱਗਦੀ ਹੈ, ਆਪਣੀ ਹੋਂਦ ਉੱਤੇ, ਆਪਣੀ ਹਸਤੀ ਉੱਤੇ ਵੀ ਹੈਰਾਨੀ ਹੋਣ ਲੱਗਦੀ ਹੈ। ਫੇਰ ਮੈਨੂੰ ਉਹ ਆਵਾਜ਼ ਸੁਣਾਈ ਦਿੱਤੀ, ਜਿਹੜੀ ਅੱਜ ਵੀ ਮੈਨੂੰ ਇਕੱਲ ਵਿਚ ਸੁਣਾਈ ਦਿੰਦੀ ਹੈ...ਤੇ ਮੈਂ ਮੂੰਹ ਫੇਰ ਲੈਂਦਾ ਹਾਂ।
ਉਹ ਰੋ ਰਹੀ ਸੀ। ਹੱਥ ਵਿਚ ਦਾਣਿਆ ਵਾਲਾ ਖ਼ਾਲੀ ਕੱਪ ਸੀ, ਤੇ ਉਸਦੀ ਕੈਪ ਖਿਸਕ ਕੇ ਮੱਥੇ 'ਤੇ ਆ ਗਈ ਸੀ। ਉਹ ਚੁੱਪ ਦਾ ਰੋਣ ਸੀ। ਵੱਖ-ਵੱਖ ਸਾਹਾਂ ਵਿਚ ਪੁਰਿਆ ਹੋਇਆ। ਮੈਥੋਂ ਉਹ ਨਹੀਂ ਸਹਾਰਿਆ ਗਿਆ। ਮੈਂ ਉਸਦੇ ਹੱਥੋਂ ਕੱਪ ਲਿਆ ਤੇ ਲਾਈਨ ਵਿਚ ਜਾ ਕੇ ਖੜ੍ਹਾ ਹੋ ਗਿਆ। ਇਸ ਵਾਰੀ ਪੈਸਿਆਂ ਨੂੰ ਗਿਣਨਾ ਵੀ ਯਾਦ ਨਹੀਂ ਆਇਆ। ਮੈਂ ਸਿਰਫ਼ ਉਸਦਾ ਰੋਣਾ ਸੁਣ ਰਿਹਾ ਸੀ, ਹਾਲਾਂਕਿ ਉਹ ਮੈਥੋਂ ਬੜੀ ਦੂਰ ਸੀ, ਤੇ ਵਿਚਕਾਰ ਕਬੂਤਰਾਂ ਦੀ ਫੜਫੜਾਹਟ ਤੇ ਬੱਚਿਆਂ ਦੀਆਂ ਕੂਕਾਂ ਦੇ ਕਾਰਨ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਪਰ ਇਹਨਾਂ ਸਭਨਾਂ ਤੋਂ ਪਰ੍ਹੇ ਮੇਰੇ ਅੰਦਰ ਦਾ ਸੰਨਾਟਾ ਸੀ ਜਿਸ ਵਿਚ ਉਸਦੇ ਦੁੱਖਾਂ ਵਿੰਨ੍ਹੇ ਸਾਹਾਂ ਦੀ ਕੰਬਣੀ ਸੀ—ਜਿਹੜੀ ਮੈਂ ਅੰਤਹੀਣ ਦੂਰੀ ਤੋਂ ਸੁਣ ਸਕਦਾ ਸੀ।
ਪਰ ਇਸ ਵਾਰੀ ਪਹਿਲਾਂ ਵਾਂਗ ਨਹੀਂ ਹੋਇਆ। ਬੜੀ ਦੇਰ ਤਕ ਕੋਈ ਕਬੂਤਰ ਉਸ ਕੋਲ ਨਹੀਂ ਆਇਆ। ਉਸਦੀ ਆਪਣੀ ਘਬਰਾਹਟ ਕਰਕੇ ਜਾਂ ਘਿਰ ਰਹੇ ਹਨੇਰੇ ਕਰਕੇ—ਉਹ ਨੇੜੇ ਤਕ ਆਉਂਦੇ ਸਨ, ਪਰ ਉਸਦੀ ਖੁੱਲ੍ਹੀ ਹਥੇਲੀ ਨੂੰ ਅਣਡਿੱਠ ਕਰਕੇ ਦੂਰ ਬੱਚਿਆਂ ਕੋਲ ਚਲੇ ਜਾਂਦੇ ਸਨ। ਨਿਰਾਸ਼ ਹੋ ਕੇ ਉਸਨੇ ਦਾਣਿਆ ਵਾਲਾ ਕੱਪ ਜ਼ਮੀਨ ਉੱਤੇ ਰੱਖ ਦਿੱਤਾ ਤੇ ਆਪ ਮੇਰੇ ਕੋਲ ਆ ਕੇ ਬੈਂਚ ਉੱਤੇ ਬੈਠ ਗਈ।
ਉਸਦੇ ਜਾਂਦਿਆਂ ਹੀ ਕਬੂਤਰਾਂ ਦੀ ਡਾਰ ਕੱਪ ਦੇ ਇਰਦ ਗਿਰਦ ਇਕੱਤਰ ਹੋ ਲੱਗੀ। ਕੁਝ ਚਿਰ ਪਿੱਛੋਂ ਅਸੀਂ ਦੇਖਿਆ ਦਾਣਿਆਂ ਵਾਲਾ ਕੱਪ ਉਲਟਿਆ ਪਿਆ ਹੈ ਤੇ ਉਸ ਵਿਚ ਇਕ ਵੀ ਦਾਣਾ ਨਹੀਂ।
“ਹੁਣ ਚੱਲੀਏ?” ਮੈਂ ਕਿਹਾ।
ਉਹ ਤੁਰੰਤ ਬੈਂਚ ਤੋਂ ਉੱਠ ਖੜ੍ਹੀ ਹੋਈ, ਜਿਵੇਂ ਉਹ ਏਨੀ ਦੇਰ ਦੀ ਸਿਰਫ਼ ਇਸੇ ਦੀ ਉਡੀਕ ਕਰ ਰਹੀ ਹੋਵੇ। ਉਸਦੀਆਂ ਅੱਖਾਂ ਚਮਕ ਰਹੀਆਂ ਸਨ—ਇਕ ਸਿੱਲ੍ਹੀ-ਜਿਹੀ ਚਮਕ—ਜਿਹੜੀ ਹੰਝੂਆਂ ਪਿੱਛੋਂ ਆ ਜਾਂਦੀ ਹੈ।
ਉਹਨੀਂ ਦਿਨੀਂ ਟ੍ਰਿਫਾਲਗਰ ਸਕੈਅਰ ਦੇ ਸਾਹਮਣੇ ਲਾਯੰਸ ਦਾ ਰੇਸਤਰਾਂ ਸੀ। ਗੰਦਾ ਤੇ ਸਸਤਾ ਦੋਵੇਂ ਹੀ। ਸੜਕ ਪਾਰ ਕਰਕੇ ਅਸੀਂ ਉੱਥੇ ਚਲੇ ਗਏ।
ਇਸ ਦੌਰਾਨ ਮੈਂ ਜੇਬ ਵਿਚ ਹੱਥ ਪਾ ਕੇ ਪੈਸਿਆਂ ਨੂੰ ਗਿਣ ਲਿਆ ਸੀ—ਮੈਂ ਉਸ ਲਈ ਦੋ ਟੋਸਟ ਮੰਗਵਾਏ, ਆਪਣੇ ਲਈ ਚਾਹ। ਆਈਸ ਕਰੀਮ ਨੂੰ ਭੁੱਲ ਜਾਣਾ ਹੀ ਬਿਹਤਰ ਸੀ।
ਉਹ ਪਹਿਲੀ ਵਾਰੀ ਕਿਸੇ ਰੇਸਤਰਾਂ ਵਿਚ ਆਈ ਸੀ। ਬੜੀ ਉਤਸੁਕਤਾ ਨਾਲ ਚਾਰੇ ਪਾਸੇ ਦੇਖ ਰਹੀ ਸੀ। ਮੈਨੂੰ ਲੱਗਿਆ ਕੁਝ ਚਿਰ ਪਹਿਲਾਂ ਵਾਲਾ ਸੰਤਾਪ ਖੁਰਣ ਲੱਗਿਆ ਹੈ। ਅਸੀਂ ਲਗਭਗ ਦੁਬਾਰਾ ਇਕ ਦੂਜੇ ਦੇ ਨੇੜੇ ਆ ਗਏ ਸੀ। ਪਰ ਪਹਿਲਾਂ ਵਾਂਗ ਨਹੀਂ—ਕਬੂਤਰਾਂ ਦੀ ਛਾਂ ਹੁਣ ਵੀ ਸਾਡੇ ਦੋਵਾਂ ਵਿਚਕਾਰ ਫੜਫੜਾ ਰਹੀ ਸੀ।
“ਮੈਂ ਕੋਈ ਬੁਰਾ ਆਦਮੀ ਆਂ!” ਮੈਂ ਪੁੱਛਿਆ।
ਉਸਨੇ ਅੱਖਾਂ ਚੁੱਕੀਆਂ, ਇਕ ਛਿਣ ਮੇਰੇ ਵੱਲ ਦੇਖਦੀ ਰਹੀ, ਫੇਰ ਬੜੀ ਬੇਚੈਨ ਆਵਾਜ਼ ਵਿਚ ਕਿਹਾ, “ਮੈਂ ਤੁਹਾਨੂੰ ਨਹੀਂ ਸੀ ਕਿਹਾ।”
“ਮੈਨੂੰ ਨਹੀਂ ਸੀ ਕਿਹਾ?” ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ, “ਫੇਰ ਕਿਸ ਨੂੰ ਕਿਹਾ ਸੀ?”
“ਮਿ. ਟਾਮਸ ਨੂੰ—ਉਹ ਬੁਰੇ ਆਦਮੀ ਨੇ। ਇਕ ਦਿਨ ਜਦੋਂ ਮੈਂ ਉਹਨਾਂ ਦੇ ਘਰ ਗਈ, ਉਹ ਡਾਂਟ ਰਹੇ ਸਨ ਤੇ ਮਿਸੇਜ ਟਾਮਸ ਵਿਚਾਰੀ ਰੋ ਰਹੀ ਸੀ।”
“ਓਅ!” ਮੈਂ ਕਿਹਾ।
“ਤੁਸੀਂ ਸਮਝੇ—ਮੈਂ ਤੁਹਾਨੂੰ ਕਿਹਾ ਸੀ?”
ਉਹ ਹੱਸਣ ਲੱਗੀ ਜਿਵੇਂ ਮੈਂ ਸੱਚਮੁੱਚ ਵੱਡੀ ਮੂਰਖਤਾ ਵਾਲੀ ਭੁੱਲ ਕੀਤੀ ਹੋਵੇ—ਤੇ ਉਸਦੀ ਹਾਸੀ ਦੇਖ ਕੇ ਪਤਾ ਨਹੀਂ ਕਿਉਂ, ਮੇਰਾ ਦਿਲ ਬੈਠਣ ਲੱਗਾ।
“ਅਸੀਂ ਇੱਥੇ ਫੇਰ ਕਦੀ ਆਵਾਂਗੇ?” ਉਸਨੇ ਪੁੱਛਿਆ।
“ਗਰਮੀਆਂ ਵਿਚ,” ਮੈਂ ਕਿਹਾ, “ਗਰਮੀਆਂ ਵਿਚ ਟੇਮਸ 'ਤੇ ਚੱਲਾਂਗੇ, ਉਹ ਇੱਥੋਂ ਨੇੜੇ ਈ ਏ।”
“ਕੀ ਉੱਥੇ ਵੀ ਕਬੂਤਰ ਹੋਣਗੇ?” ਉਸਨੇ ਪੁੱਛਿਆ।
ਮੈਨੂੰ ਬੁਰਾ ਲੱਗਿਆ, ਜਿਵੇਂ ਕੋਈ ਕੁੜੀ ਆਪਣੇ ਪ੍ਰੇਮੀ ਦੀ ਚਰਚਾ ਵਾਰ-ਵਾਰ ਛੇੜ ਰਹੀ ਹੋਵੇ। ਪਰ ਮੈਂ ਉਸਨੂੰ ਦੁਬਾਰਾ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਗਰਮੀਆਂ ਕਾਫੀ ਦੂਰ ਸਨ, ਵਿਚਕਾਰ ਪਤਝੜ ਤੇ ਬਰਫ਼ ਦੇ ਦਿਨ ਆਉਣਗੇ—ਉਦੋਂ ਤਕ ਮੇਰਾ ਝੂਠ ਵੀ ਪਿਘਲ ਜਾਵੇਗਾ, ਮੈਂ ਸੋਚਿਆ।
ਅਸੀਂ ਬਾਹਰ ਆਏ ਤਾਂ ਪੀਲਾ-ਜਿਹਾ ਹਨੇਰਾ ਘਿਰਿਆ ਹੋਇਆ ਸੀ। ਹਾਲਾਂਕਿ ਦੁਪਹਿਰ ਅਜੇ ਬਾਕੀ ਸੀ। ਉਸਨੇ ਗਵਾਚੀਆਂ ਜਿਹੀਆਂ ਅੱਖਾਂ ਨਾਲ ਸਕੈਅਰ ਵੱਲ ਤੱਕਿਆ, ਜਿੱਥੇ ਕਬੂਤਰ ਹੁਣ ਵੀ ਉੱਡ ਰਹੇ ਸਨ। ਮੇਰੀ ਜੇਬ ਵਿਚ ਹੁਣ ਓਨੇ ਹੀ ਪੈਸੇ ਸਨ, ਜਿਹਨਾਂ ਟਿਊਬ ਦਾ ਕਿਰਾਇਆ ਦਿੱਤਾ ਜਾ ਸਕੇ। ਇਸ ਵਾਰੀ ਉਸਨੇ ਕੋਈ ਮੰਗ ਨਹੀਂ ਕੀਤੀ। ਬੱਚੇ ਇਕ ਹੱਦ ਤੋਂ ਪਿੱਛੋਂ, ਵੱਡਿਆਂ ਦੀ ਗ਼ਰੀਬੀ ਨਾ ਸਹੀ, ਮਜ਼ਬੂਰੀ ਸੁੰਘ ਲੈਂਦੇ ਨੇ।
ਮੈਂ ਸੋਚਿਆ ਸੀ, ਟ੍ਰੇਨ ਵਿਚ ਬੈਠਾਂਗੇ ਤਾਂ ਮੈਂ ਉਸਨੂੰ ਸਮਰ-ਹਾਊਸ ਬਾਰੇ ਪੁੱਛਾਂਗਾ—ਉਸ ਵਿਲੋ ਬਾਰੇ ਵੀ, ਜਿਹੜਾ ਇਕੱਲਾ ਉਸਦੇ ਬਾਗ਼ ਵਿਚ ਖੜ੍ਹਾ ਸੀ। ਮੈਂ ਉਸਨੂੰ ਦੁਬਾਰਾ ਉਸਦੀ ਆਪਣੀ ਦੁਨੀਆਂ ਵਿਚ ਲਿਆਉਣਾ ਚਾਹੁੰਦਾ ਸੀ—ਜਿੱਥੇ ਪਹਿਲੀ ਵਾਰ ਅਸੀਂ ਦੋਵੇਂ ਇਕ ਦੂਜੇ ਨੂੰ ਮਿਲੇ ਸੀ। ਪਰ ਇੰਜ ਨਹੀਂ ਹੋਇਆ। ਸੀਟ 'ਤੇ ਬੈਠਦਿਆਂ ਹੀ ਉਸਦੀਆਂ ਅੱਖਾਂ ਮਿਚਣ ਲੱਗੀਆਂ। ਟ੍ਰਿਫਾਲਗਰ ਸਕੈਅਰ ਤੋਂ ਇਸਲਿੰਗਟਨ ਤਕ ਕਾਫੀ ਲੰਮਾਂ ਫਾਸਲਾ ਸੀ। ਕੁਝ ਚਿਰ ਬਾਅਦ ਉਸਨੇ ਮੇਰੇ ਮੋਢੇ 'ਤੇ ਸਿਰ ਟਿਕਾਅ ਲਿਆ ਤੇ ਸੌਂ ਗਈ।
ਇਸ ਵਿਚ ਇਕ ਅੱਧੀ ਵਾਰ ਮੈਂ ਉਸਦੇ ਚਿਹਰੇ ਵੱਲ ਦੇਖਿਆ ਸੀ। ਮੈਨੂੰ ਹੈਰਾਨੀ ਹੋਈ ਕਿ ਸੁੱਤੀ ਹੋਈ ਉਹ ਹੂ-ਬ-ਹੂ ਓਹੋ-ਜਿਹੀ ਹੀ ਲੱਗ ਰਹੀ ਹੈ, ਜਿਹੋ-ਜਿਹੀ ਪਹਿਲੀ ਵਾਰੀ ਮੈਂ ਉਸਨੂੰ ਦੇਖਿਆ ਸੀ—ਪਾਰਕ ਦੇ ਦਰਖ਼ਤਾਂ ਨਾਲ ਘੁਲੀ-ਮਿਲੀ ਤੇ ਪੂਰੀ-ਸੂਰੀ। ਕਬੂਤਰਾਂ ਲਈ ਜਿਹੜਾ ਭਟਕਾਅ ਆਇਆ ਸੀ, ਉਹ ਹੁਣ ਕਿਤੇ ਨਹੀਂ ਸੀ। ਹੰਝੂ ਕਦੇ ਦੇ ਸੁੱਕ ਚੁੱਕੇ ਸਨ। ਨੀਂਦ ਵਿਚ ਉਹ ਓਨੀ ਹੀ ਪੂਰਣ ਲੱਗ ਰਹੀ ਸੀ, ਜਿੰਨੀ ਝਾੜੀਆਂ ਵਿਚ ਤੇ ਉਦੋਂ ਮੈਨੂੰ ਇਕ ਅਜੀਬ ਜਿਹਾ ਵਿਚਾਰ ਆਇਆ। ਪਾਰਕ ਵਿਚ ਉਸਨੇ ਕਈ ਵਾਰੀ ਮੈਨੂੰ ਫੜ੍ਹਿਆ ਸੀ, ਪਰ ਉਸਦੇ ਸੁੱਤੇ ਹੋਏ ਲੀਨ ਚਿਹਰੇ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਉਹ ਹਮੇਸ਼ਾ ਫੜ੍ਹੀ ਹੋਈ ਕੁੜੀ ਹੈ, ਜਦੋਂ ਕਿ ਮੇਰੇ ਵਰਗੇ ਲੋਕ ਸਿਰਫ਼ ਕਦੀ-ਕਦੀ ਪਕੜ ਵਿਚ ਆਉਂਦੇ ਨੇ ਤੇ ਉਸਨੂੰ ਇਸਦਾ ਕੋਈ ਪਤਾ ਨਹੀਂ—ਤੇ ਇਹ ਇਕ ਤਰ੍ਹਾਂ ਦਾ ਵਰਦਾਨ ਹੈ, ਕਿਉਂਕਿ ਦੂਜਿਆਂ ਨੂੰ ਹਮੇਸ਼ਾ ਛੁੱਟੇ ਹੋਣ ਦਾ, ਮੁਕਤ ਹੋਣ ਦਾ, ਭਰਮ ਰਹਿੰਦਾ ਹੈ, ਜਦਕਿ ਬੱਚੀ ਨੂੰ ਇਸ ਤਰ੍ਹਾਂ ਦੀ ਕੋਈ ਆਸ ਨਹੀਂ ਸੀ। ਉਦੋਂ ਪਹਿਲੀ ਵਾਰੀ ਮੈਂ ਉਸਨੂੰ ਛੋਹਣ ਦਾ ਸਾਹਸ ਕੀਤਾ। ਮੈਂ ਹੌਲੀ-ਹੌਲੀ ਉਸਦੀਆਂ ਗੱਲ੍ਹਾਂ ਛੋਹਣ ਲੱਗਿਆ, ਜਿਹੜੀਆਂ ਹੰਝੂਆਂ ਪਿੱਛੋਂ ਗਰਮ ਹੋ ਗਈਆਂ ਸਨ, ਕੁਝ ਓਵੇਂ ਹੀ, ਜਿਵੇਂ ਮੀਂਹ ਪਿੱਛੋਂ ਘਾਹ ਦੀਆਂ ਪੱਤੀਆਂ ਹੋ ਜਾਂਦੀਆਂ ਨੇ।
ਉਹ ਜਾਗੀ ਨਹੀਂ। ਟਿਊਬ ਸਟੇਸ਼ਨ ਆਉਣ ਤਕ ਆਰਾਮ ਨਾਲ ਸੁੱਤੀ ਰਹੀ।
ਉਸ ਰਾਤ ਬਾਰਿਸ਼ ਸ਼ੁਰੂ ਹੋਈ, ਤਾਂ ਹਫ਼ਤਾ ਭਰ ਚੱਲਦੀ ਰਹੀ। ਝੂਠੀ ਗਰਮੀ ਦੇ ਦਿਨ ਖ਼ਤਮ ਹੋ ਗਏ। ਸਾਰੇ ਸ਼ਹਿਰ ਉੱਤੇ ਪੀਲੀ ਧੁੰਦ ਦੀ ਪਰਤਾਂਜੰਮੀ ਰਹਿੰਦੀ। ਸੜਕ ਉੱਤੇ ਤੁਰਦਿਆਂ ਹੋਇਆਂ ਕੁਝ ਦਿਖਾਈ ਨਾ ਦਿੰਦਾ—ਨਾ ਦਰਖ਼ਤ, ਨਾ ਲੈਂਪ ਪੋਸਟ, ਨਾ ਦੂਜੇ ਆਦਮੀ।
ਮੈਨੂੰ ਉਹ ਦਿਨ ਯਾਦ ਨੇ। ਕਿਉਂਕਿ ਉਹਨੀਂ ਦਿਨੀਂ ਮੈਨੂੰ ਕੰਮ ਮਿਲਿਆ ਸੀ। ਲੰਦਨ ਵਿਚ ਉਹ ਮੇਰੀ ਪਹਿਲੀ ਨੌਕਰੀ ਸੀ। ਕੰਮ ਬੜਾ ਸੀ, ਪਰ ਔਖਾ ਨਹੀਂ ਸੀ। ਇਕ ਪੱਬ ਵਿਚ ਕਾਊਂਟਰ ਪਿੱਛੇ ਸੱਤ ਘੰਟੇ ਖੜ੍ਹਾ ਰਹਿਣਾ ਪੈਂਦਾ ਸੀ। ਬੀਅਰ ਤੇ ਲਿੰਗਰ ਦੇ ਗਲਾਸ ਧੋਣੇ ਪੈਂਦੇ ਸਨ ਤੇ ਪਿਅਕੱੜ ਲੋਕਾਂ ਨੂੰ ਬਾਹਰ ਕੱਢਣਾ ਪੈਂਦਾ ਸੀ। ਕੁਝ ਦਿਨ ਤਕ ਮੈਂ ਕਿਧਰੇ ਬਾਹਰ ਨਾ ਜਾ ਸਕਿਆ। ਘਰ ਪਰਤਦਾ ਤੇ ਬਿਸਤਰੇ 'ਤੇ ਢੈਅ ਜਾਂਦਾ—ਜਿਵੇਂ ਪਿਛਲੇ ਮਹੀਨਿਆਂ ਦੀ ਨੀਂਦ ਕੋਈ ਪੁਰਾਣਾ ਬਦਲਾ ਲੈ ਰਹੀ ਸੀ। ਅੱਖ ਖੁੱਲ੍ਹਦੀ, ਮੀਂਹ ਦਿਖਾਈ ਦਿੰਦਾ, ਜਿਹੜਾ ਘੜੀ ਦੀ ਟਿਕ-ਟਿਕ ਵਾਂਗ ਲਗਾਤਾਰ ਜ਼ਾਰੀ ਰਹਿੰਦਾ। ਕਦੀ-ਕਦੀ ਭਰਮ ਹੁੰਦਾ ਕਿ ਮੈਂ ਮਰ ਗਿਆ ਹਾਂ—ਤੇ ਆਪਣੀ ਕਬਰ ਦੇ ਦੂਜੇ ਪਾਸੇ ਮੀਂਹ ਦੀ ਟੱਪ-ਟੱਪ ਸੁਣ ਰਿਹਾ ਹਾਂ।
ਪਰ ਇਕ ਦਿਨ ਆਕਾਸ਼ ਦਿਖਾਈ ਦਿੱਤਾ—ਪੂਰਾ ਨਹੀਂ, ਸਿਰਫ਼ ਨੀਲ ਡੁੱਬੀ ਫਰਾਕ ਵਰਗਾ। ਦੇਖ ਕੇ ਅਚਾਨਕ ਮੈਨੂੰ ਪਾਰਕ ਦੇ ਦਿਨ ਯਾਦ ਆ ਗਏ, ਯਹੂਦੀ ਰੇਸਤਰਾਂ ਦੀ ਬਿੱਲੀ ਤੇ ਬਾਜ਼ਾਰ ਜਾਂਦੀ ਹੋਈ ਮਿਸੇਜ ਟਾਮਸ। ਉਹ ਮੇਰੀ ਛੁੱਟੀ ਦਾ ਦਿਨ ਸੀ। ਉਸ ਦਿਨ ਮੈਂ ਆਪਣੇ ਸਭ ਤੋਂ ਵਧੀਆ ਕੱਪੜੇ ਪਾਏ ਤੇ ਕਮਰੇ ਵਿਚੋਂ ਬਾਹਰ ਨਿਕਲ ਆਇਆ।
ਲਾਇਬਰੇਰੀ ਖੁੱਲ੍ਹੀ ਸੀ। ਸਾਰੇ ਪੁਰਾਣੇ ਚਿਹਰੇ ਉੱਥੇ ਨਜ਼ਰ ਆਏ। ਪਾਰਕ ਖ਼ਾਲੀ ਪਿਆ ਸੀ। ਦਰਖ਼ਤਾਂ ਉੱਤੇ ਪਿੱਛਲੇ ਦਿਨਾਂ ਦੀ ਬਾਰਿਸ਼ ਚਮਕ ਰਹੀ ਸੀ। ਉਹ ਸੂੰਗੜੇ-ਜਿਹੇ ਦਿਖਾਈ ਦਿੰਦੇ ਸਨ, ਜਿਵੇਂ ਆਉਣ ਵਾਲੀ ਸਰਦੀ ਦੀ ਅਫਵਾਹ ਉਹਨਾਂ 'ਤੇ ਭਾਰੂ ਹੋ ਗਈ ਹੋਵੇ।
ਮੈਂ ਦੁਪਹਿਰ ਤਕ ਉਡੀਕਦਾ ਰਿਹਾ। ਗ੍ਰੇਤਾ ਕਿਤੇ ਦਿਖਾਈ ਨਹੀਂ ਦਿੱਤੀ—ਨਾ ਬੈਂਚ ਉੱਤੇ, ਨਾ ਦਰਖ਼ਤਾਂ ਪਿੱਛੇ। ਹੌਲੀ-ਹੌਲੀ ਪਾਰਕ ਦਾ ਪੀਲਾ, ਪੱਤਝੜੀ ਚਾਨਣ ਫਿੱਕਾ ਪੈਣ ਲੱਗਾ। ਪੰਜ ਵਜੇ ਹਸਪਤਾਲ ਦਾ ਗਜਰ ਸੁਣਾਈ ਦਿੱਤਾ ਤੇ ਮੇਰੀਆਂ ਅੱਖਾਂ ਆਪ-ਮੁਹਾਰੇ ਹੀ ਫਾਟਕ ਵੱਲ ਭੌਂ ਗਈਆਂ। ।
ਕੁਝ ਚਿਰ ਤਕ ਕੋਈ ਦਿਖਾਈ ਨਾ ਦਿੱਤਾ। ਫਾਟਕ ਦਾ ਲੋਹੇ ਦਾ ਹੈਂਡਲ ਸ਼ਾਮ ਦੀ ਆਖ਼ਰੀ ਧੁੱਪ ਵਿਚ ਚਮਕ ਰਿਹਾ ਸੀ। ਉਸ ਦੇ ਪਿੱਛੇ ਹਸਪਤਾਲ ਦੀ ਲਾਲ ਇੱਟਾਂ ਦੀ ਇਮਾਰਤ ਦਿਖਾਈ ਦੇ ਰਹੀ ਸੀ। ਮੈਨੂੰ ਪਤਾ ਸੀ, ਉਹਨੂੰ ਘਰ ਜਾਣ ਲਈ ਪਾਰਕ ਵਿਚੋਂ ਲੰਘਣਾ ਪਏਗਾ, ਪਰ ਫੇਰ ਵੀ ਮੈਂ ਭਟਕਦੀਆਂ ਜਿਹੀਆਂ ਨਜ਼ਰਾਂ ਨਾਲ ਕਦੀ ਫਾਟਕ ਵੱਲ ਦੇਖਦਾ ਤੇ ਕਦੀ ਸੜਕ ਵੱਲ। ਇਹ ਖ਼ਿਆਲ ਵੀ ਆਉਂਦਾ ਸੀ ਕਿ ਸ਼ਾਇਦ ਉਸਦੀ ਡਿਊਟੀ ਅੱਜ ਹਸਪਤਾਲ ਵਿਚ ਨਾ ਹੋਵੇ ਤੇ ਉਹ ਘਰੇ ਹੀ ਬੈਠੀ ਹੋਵੇ।
ਸੜਕ ਦੀਆਂ ਬੱਤੀਆਂ ਜਗ ਪਈਆਂ। ਮੈਨੂੰ ਅਜੀਬ-ਜਿਹੀ ਘਬਰਾਹਟ ਹੋਈ, ਜਿਵੇਂ ਉਡੀਕ ਦਾ ਅੰਤ ਆਣ ਪਹੁੰਚਿਆ ਹੋਵੇ ਤੇ ਮੈਂ ਉਸਨੂੰ ਟਾਲਦਾ ਜਾ ਰਿਹਾ ਹੋਵਾਂ। ਮੈਂ ਬੈਂਚ ਤੋਂ ਉੱਠ ਖੜ੍ਹਾ ਹੋਇਆ—ਖੜ੍ਹਾ ਹੋ ਕੇ ਉਡੀਕ ਕਰਨੀ ਵਧੇਰੇ ਆਸਾਨ ਜਾਪਦੀ ਸੀ। ਪਰ ਉਦੋਂ ਹੀ ਮੈਨੂੰ ਫਾਟਕ ਕੋਲ ਸਰਸਰਾਹਟ ਜਿਹੀ ਸੁਣਾਈ ਦਿੱਤੀ। ਉਹਦੇ ਚਿਹਰੇ ਨੂੰ ਬਾਅਦ ਵਿਚ ਦੇਖਿਆ, ਸਫ਼ੇਦ ਪੁਸ਼ਾਕ ਪਹਿਲਾਂ ਦਿਖਾਈ ਦਿੱਤੀ। ਉਹ ਕਾਹਲੇ ਕਦਮੀਂ ਪਾਰਕ ਦੇ ਵਿਚਕਾਰ ਪਗਡੰਡੀ ਉੱਤੇ ਤੁਰੀ ਜਾ ਰਹੀ ਸੀ। ਉਸਨੇ ਮੈਨੂੰ ਨਹੀਂ ਸੀ ਦੇਖਿਆ। ਜੇ ਉਹ ਮੇਰੀ ਦਿਸ਼ਾ ਵਿਚ ਆ ਰਹੀ ਹੁੰਦੀ ਤਾਂ ਵੀ ਸ਼ਇਦ ਧੁੰਦ ਦੇ ਧੁੰਦਲੇ ਕਾਰਕੇ ਮੈਨੂੰ ਪਛਾਣ ਨਾ ਸਕਦੀ।
ਮੈਂ ਦੌੜਦਾ ਹੋਇਆ ਉਸਦੇ ਪਿੱਛੇ ਜਾ ਪਹੁੰਚਿਆ।
“ਮਿਸੇਜ ਪਾਰਕਰ!” ਪਹਿਲੀ ਵੇਰ ਮੈਂ ਉਸਨੂੰ ਉਸਦੇ ਨਾਂਅ ਨਾਲ ਬੁਲਾਇਆ ਸੀ।
ਉਹ ਅਟਕ ਗਈ ਤੇ ਹੈਰਾਨ ਪ੍ਰੇਸ਼ਾਨ-ਜਿਹੀ ਹੋ ਕੇ ਮੇਰੇ ਵੱਲ ਦੇਖਣ ਲੱਗੀ। “ਤੁਸੀਂ ਏਥੇ ਕਿਵੇਂ?” ਹੁਣ ਉਹ ਵੀ ਆਪਣੇ-ਆਪ ਨੂੰ ਸੰਭਾਲ ਨਹੀਂ ਸੀ ਸਕੀ।
“ਮੈਂ ਇੱਥੇ ਦੁਪਹਿਰ ਦਾ ਬੈਠਾ ਹੋਇਆ ਆਂ।” ਮੈਂ ਮੁਸਕਰਾਉਂਦਿਆਂ ਹੋਇਆਂ ਕਿਹਾ।
ਉਹ ਹੱਕੀ ਬੱਕੀ ਜਿਹੀ ਹੋਈ ਮੇਰੇ ਵੱਲ ਦੇਖ ਰਹੀ ਸੀ। ਉਹਨੇ ਮੈਨੂੰ ਪਛਾਣ ਲਿਆ ਸੀ ਪਰ ਜਿਵੇਂ ਉਸ ਪਛਾਣ ਨੂੰ ਅਰਥ ਨਹੀਂ ਸੀ ਦੇ ਸਕੀ। ਮੈਂ ਕੁਝ ਹੈਰਾਨੀ ਵਿਚ ਪੈ ਗਿਆ ਤੇ ਸਹਿਜ ਆਵਾਜ਼ ਵਿਚ ਬੋਲਿਆ, “ਅੱਜ ਤੁਸੀਂ ਏਨੀ ਦੇਰ ਕਰ ਦਿੱਤੀ? ਪੰਜ ਦਾ ਗਜਰ ਤਾਂ ਕਦੋਂ ਦਾ ਵੱਜ ਗਿਆ ਏ?”
“ਪੰਜ ਦਾ ਗਜਰ?” ਉਸਨੇ ਹੈਰਾਨੀ ਨਾਲ ਪੁੱਛਿਆ।
“ਤੁਸੀਂ ਹਮੇਸ਼ਾ ਪੰਜ ਵਜੇ ਆ ਜਾਂਦੇ ਓ।” ਮੈਂ ਕਿਹਾ।
“ਓਅ!” ਉਸਨੂੰ ਯਾਦ ਆਇਆ, ਜਿਵੇਂ ਮੈਂ ਕਿਸੇ ਪੁਰਾਣੀ ਇਤਿਹਾਸਕ ਘਟਨਾ ਦਾ ਜ਼ਿਕਰ ਕਰ ਰਿਹਾ ਹੋਵਾਂ।
“ਤੁਸੀਂ ਲੰਦਨ ਵਿਚ ਈ ਸੀ?” ਉਸਨੇ ਪੁੱਛਿਆ।
“ਮੈਨੂੰ ਕੰਮ ਮਿਲ ਗਿਆ, ਇਸ ਲਈ ਏਨੇ ਦਿਨ ਨਹੀਂ ਆ ਸਕਿਆ। ਗ੍ਰੇਤਾ ਕੈਸੀ ਏ?”
ਉਹ ਝਿਜਕੀ—ਇਕ ਨਿੱਕੀ-ਜਿਹੀ ਝਿਜਕ, ਜਿਸਦੇ ਕੁਛ ਵੀ ਅਰਥ ਨਹੀਂ ਹੁੰਦੇ—ਪਰ ਸ਼ਾਮ ਦੇ ਘੁਸਮੁਸੇ ਵਿਚ ਮੈਨੂੰ ਉਹ ਅੱਪਸ਼ਕੁਨ ਵਰਗੀ ਲੱਗੀ।
“ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ, ਪਰ ਮੈਨੂੰ ਤੁਹਾਡਾ ਘਰ ਨਹੀਂ ਪਤਾ ਸੀ...”
“ਉਹ ਠੀਕ ਏ ਨਾ?”
“ਹਾਂ, ਠੀਕ ਏ,” ਉਸਨੇ ਕਾਹਲ ਨਾਲ ਕਿਹਾ, “ਪਰ ਹੁਣ ਉਹ ਇੱਥੇ ਨਹੀਂ। ਕੁਝ ਦਿਨ ਪਹਿਲਾਂ ਉਸਦੇ ਪਿਤਾ ਆਏ ਸਨ, ਉਹ ਉਸਨੂੰ ਆਪਣੇ ਨਾਲ ਲੈ ਗਏ।”
ਮੈਂ ਉਸ ਵੱਲ ਦੇਖਦਾ ਰਿਹਾ। ਮੇਰੇ ਅੰਦਰ ਜੋ ਕੁਝ ਸੀ ਉਹ ਠਹਿਰ ਜਿਹਾ ਗਿਆ—ਮੈਂ ਉਸਦੇ ਅੰਦਰ ਸੀ, ਉਸ ਠਹਿਰਾਅ ਦੇ ਵਿਚੋਂ ਦੁਨੀਆਂ ਬਿਲਕੁਲ ਬਾਹਰ ਦਿਖਾਈ ਦਿੰਦੀ ਸੀ। ਮੈਂ ਕਦੀ ਏਨੀ ਸਫ਼ਾਈ ਨਾਲ ਬਾਹਰ ਨਹੀਂ ਸੀ ਦੇਖਿਆ।
“ਕਦੋਂ ਦੀ ਗੱਲ ਏ?”
“ਜਿਸ ਦਿਨ ਤੁਸੀਂ ਉਸਦੇ ਨਾਲ ਟ੍ਰਿਫਾਲਗਰ ਸਕੈਅਰ ਗਏ ਸੀ—ਉਸਦੇ ਦੂਜੇ ਦਿਨ ਈ ਉਹ ਆਏ ਸਨ...ਤੁਸੀਂ ਜਾਣਦੇ ਓਂ, ਉਹਨਾਂ ਨੂੰ ਉੱਥੇ ਕੰਮ ਮਿਲ ਗਿਆ ਏ।”
“ਤੇ ਤੁਸੀਂ?” ਮੈਂ ਕਿਹਾ, “ਤੁਸੀਂ ਏਥੇ ਇਕੱਲੇ ਰਹੋਗੇ?”
“ਮੈਂ ਅਜੇ ਕੁਛ ਸੋਚਿਆ ਨਹੀਂ।” ਉਸਨੇ ਹੌਲੀ-ਜਿਹੀ ਸਿਰ ਚੁੱਕਿਆ, ਆਵਾਜ਼ ਵਿਚ ਹਲਕੀ-ਜਿਹੀ ਕੰਬਣੀ ਸੀ, ਇਕ ਪਲ ਲਈ ਮੈਨੂੰ ਉਸਦੇ ਚਿਹਰੇ ਵਿਚ ਬੱਚੀ ਦਿਖਾਈ ਦਿੱਤੀ—ਉਪਰ ਉਠਿਆ ਹੋਇਆ ਬੁੱਲ੍ਹ ਤੇ ਸਿੱਲ੍ਹੀਆਂ ਅੱਖਾਂ, ਹਵਾ ਵਿਚ ਉੱਡ ਰਹੇ ਕਬੂਤਰਾਂ ਵੱਲ ਦੇਖਦੀ ਹੋਈ।
“ਤੁਸੀਂ ਕਦੀ ਘਰ ਜ਼ਰੂਰ ਆਉਣਾ...” ਉਹਨੇ ਵਿਦਾਅ ਮੰਗੀ ਤੇ ਮੈਂ ਹੱਥ ਅੱਗੇ ਵਧਾ ਦਿੱਤਾ। ਮੈਂ ਬੜੀ ਦੂਰ ਤਕ ਉਹਨੂੰ ਦੇਖਦਾ ਰਿਹਾ। ਫੇਰ ਕਾਫੀ ਦੇਰ ਤਕ ਬੈਂਚ 'ਤੇ ਬੈਠਾ ਰਿਹਾ। ਮੈਂ ਕਿਤੇ ਜਾਣਾ ਨਹੀਂ ਸੀ, ਨਾ ਹੀ ਕਿਸੇ ਦੀ ਉਡੀਕ ਕਰਨੀ ਸੀ। ਹੌਲੀ-ਹੌਲੀ ਦਰਖ਼ਤਾਂ ਉਪਰ ਤਾਰੇ ਨਿਕਲਣ ਲੱਗੇ। ਮੈਂ ਪਹਿਲੀ ਵਾਰੀ ਲੰਦਨ ਦੇ ਆਕਾਸ਼ ਵਿਚ ਏਨੇ ਤਾਰੇ ਦੇਖੇ ਸਨ, ਸਾਫ਼ ਚਮਕੀਲੇ, ਜਿਵੇਂ ਬਾਰਿਸ਼ ਨੇ ਉਹਨਾਂ ਨੂੰ ਧੋ ਦਿੱਤਾ ਹੋਵੇ।
“ਇਟ ਇਜ਼ ਟਾਈਮ ਡੀਅਰ!”
ਪਾਰਕ ਦੇ ਚੌਕੀਦਾਰ ਨੇ ਦੂਰੋਂ ਹੀ ਹੇਕ ਲਾਈ। ਉਹ ਗੇਟ ਦੀਆਂ ਚਾਬੀਆਂ ਖੜਕਾਉਂਦਾ ਹੋਇਆ ਪਾਰਕ ਦਾ ਚੱਕਰ ਲਾ ਰਿਹਾ ਸੀ। ਟਾਰਚ ਦੀ ਰੋਸ਼ਨੀ ਵਿਚ ਉਹ ਹਰ ਬੈਂਚ, ਝਾੜੀ ਦੇ ਦਰਖ਼ਤ ਦੇ ਹੇਠ ਦੇਖ ਲੈਂਦਾ ਸੀ ਕਿ ਕਿਤੇ ਕੋਈ ਰਹਿ ਤਾਂ ਨਹੀਂ ਗਿਆ—ਕੋਈ ਗਵਾਚਿਆ ਹੋਇਆ ਨਿਆਣਾ, ਕੋਈ ਸ਼ਰਾਬੀ, ਕੋਈ ਘਰੇਲੂ ਬਿੱਲੀ।
ਉੱਥੇ ਕੋਈ ਨਹੀਂ ਸੀ। ਕੋਈ ਵੀ ਚੀਜ਼ ਨਹੀਂ ਰਹੀ ਸੀ। ਮੈਂ ਉੱਠ ਖੜ੍ਹਾ ਹੋਇਆ ਤੇ ਗੇਟ ਵੱਲ ਤੁਰ ਪਿਆ। ਅਚਾਨਕ ਹਵਾ ਆਈ। ਇਕ ਨਿੱਕਾ ਜਿਹਾ ਬੁੱਲ੍ਹਾ ਉੱਠਿਆ ਤੇ ਹਨੇਰੇ ਵਿਚ ਦਰਖ਼ਤ ਸਰਸਰਾਉਣ ਲੱਗ ਪਏ। ਤੇ ਫੇਰ ਮੈਨੂੰ ਧੀਮੀ ਆਵਾਜ਼ ਸੁਣਾਈ ਦਿੱਤੀ, ਇਕ ਅਸੀਮ ਤਾੜਨਾ ਵਿਚ ਲਿਪਟੀ ਹੋਈ—'ਸਟਾਪ...ਸਟਾਪ...' ਮੇਰੇ ਪੈਰ ਥਾਵੇਂ ਰੁਕ ਗਏ। ਚਾਰੇ ਪਾਸੇ ਦੇਖਿਆ; ਕੋਈ ਨਹੀਂ ਸੀ। ਨਾ ਕੋਈ ਆਵਾਜ਼; ਨਾ ਕੋਈ ਖੜਾਕ—ਸਿਰਫ ਦਰਖ਼ਤਾਂ ਦੀਆਂ ਟਾਹਣੀਆਂ ਹਵਾ ਵਿਚ ਝੂਲ ਰਹੀਆਂ ਸਨ। ਉਸ ਸਮੇਂ ਇਕ ਅੱਧ ਕਮਲੀ, ਖੁੱਥੜ ਜਿਹੀ, ਨੰਗੀ ਸ਼ੰਕਾ ਮੇਰੇ ਅੰਦਰ ਜਾਗੀ ਕਿ ਇੱਥੇ ਹੀ ਬੈਠ ਜਾਵਾਂ। ਇਹਨਾਂ ਦਰਖ਼ਤਾਂ ਵਿਚਕਾਰ ਜਿੱਥੇ ਮੈਂ ਪਹਿਲੀ ਵਾਰੀ ਫੜ੍ਹਿਆ ਗਿਆ ਸੀ। ਮੇਰੀ ਹੁਣ ਹੋਰ ਅੱਗੇ ਜਾਣ ਦੀ ਇੱਛਾ ਨਹੀਂ ਸੀ। ਮੈਂ ਇਸ ਵਾਰੀ ਅੰਤਿਮ ਤੇ ਪੱਕੇ ਤੌਰ 'ਤੇ ਫੜ੍ਹ ਲਿਆ ਜਾਣਾ ਚਾਹੁੰਦਾ ਸੀ...
“ਇਟ ਇਜ਼ ਕਲੋਜਿੰਗ ਟਾਈਮ!” ਚੌਕੀਦਾਰ ਨੇ ਇਸ ਵਾਰੀ ਬੜੀ ਨੇੜੇ ਆ ਕੇ ਕਿਹਾ। ਮੇਰੇ ਵੱਲ ਜੁਗਿਆਸਾ ਨਾਲ ਦੇਖਿਆ ਕਿ ਕੀ ਮੈਂ ਉਹੀ ਆਦਮੀ ਹਾਂ, ਜਿਹੜਾ ਹੁਣੇ ਕੁਝ ਚਿਰ ਪਹਿਲਾਂ ਬੈਂਚ 'ਤੇ ਬੈਠਾ ਸੀ।
ਇਸ ਵਾਰੀ ਮੈਂ ਨਹੀਂ ਮੁੜਿਆ। ਪਾਰਕ ਦੇ ਬਾਹਰ ਆ ਕੇ ਸਾਹ ਲਿਆ। ਮੇਰਾ ਗਲ਼ਾ ਸੁੱਕ ਗਿਆ ਸੀ ਤੇ ਦੇਹ ਥੋਥੀ-ਜਿਹੀ ਜਾਪਦੀ ਸੀ। ਪਾਰਕ ਦੇ ਸਾਹਮਣੇ ਪੱਬ ਦੀ ਲਾਲਟੈਨ ਝੂਲ ਰਹੀ ਦਿਖਾਈ ਦਿੱਤੀ। ਮੈਂ ਜੇਬ ਵਿਚੋਂ ਪਰਸ ਕੱਢਿਆ, ਪੈਸੇ ਗਿਣਨ ਲਈ। ਪੁਰਾਣੀ ਗ਼ਰੀਬੀ ਦੀ ਇਹ ਆਦਤ ਅਜੇ ਵੀ ਬਾਕੀ ਸੀ। ਮੈਂ ਹੈਰਾਨੀ ਨਾਲ ਦੇਖਿਆ ਕਿ ਮੇਰੇ ਕੋਲ ਪੂਰੇ ਦੋ ਪੌਂਡ ਨੇ—ਤੇ ਹੁਣ ਮੈਨੂੰ ਯਾਦ ਆਇਆ ਕਿ ਮੈਂ ਇਹ ਕਬੂਤਰਾਂ ਦੇ ਦਾਣਿਆਂ ਲਈ ਲਿਆਇਆ ਸੀ।
--- --- ---
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

No comments:

Post a Comment