Monday, June 10, 2013

ਕੈਸੇ ਕੈਸੇ ਲੋਗ... :: ਲੇਖਕ : ਰਾਮਲਾਲ


ਉਰਦੂ ਕਹਾਣੀ :




    ਕੈਸੇ ਕੈਸੇ ਲੋਗ...

       ਲੇਖਕ : ਰਾਮਲਾਲ
       ਅਨੁਵਾਦ : ਮਹਿੰਦਰ ਬੇਦੀ, ਜੈਤੋ


ਥੋੜ੍ਹੀ ਦੇਰ ਪਹਿਲਾਂ ਉਹ ਮੇਰੇ ਹੱਥੋਂ ਬੀਅਰ ਦਾ ਗਲਾਸ ਕਬੂਲ ਕਰ ਚੁੱਕੀ ਸੀ...ਤੇ ਸਿਗਰਟ ਪੀਂਦਿਆਂ ਹੋਇਆਂ ਉਸਨੂੰ ਖੰਘ ਆ ਗਈ ਸੀ ਤਾਂ ਉਸਨੇ ਕਿਹਾ ਸੀ—
“ਇਸ ਤੋਂ ਪਹਿਲਾਂ ਮੈਂ ਕਦੀ 'ਸਮੋਕਿੰਗ' ਨਈਂ ਕੀਤੀ ਤੇ ਸ਼ਰਾਬ ਵੀ ਕਦੀ ਨਈਂ ਪੀਤੀ।”
“ਪਰ ਇਹ ਤਾਂ ਬੀਅਰ ਏ। ਭਾਵੇਂ ਕੁਛ 'ਸਟਰਾਂਗ' ਏ ਪਰ ਕਈ ਔਰਤਾਂ ਸਿਰਫ਼ ਸਾਥ ਦੇਣ ਖਾਤਰ ਸਾਈਡਰ ਦੇ ਤੌਰ 'ਤੇ ਲੈ ਲੈਂਦੀਆਂ ਨੇ, ਇਹ ਬੜਾ ਈ ਲਾਈਟ ਡਰਿੰਕ ਏ।”
“ਮੈਂ ਇਹ ਕਹਿ ਰਹੀ ਸੀ, ਮੈਂ ਪਹਿਲਾਂ ਕਦੀ ਇਸ ਕਿਸਮ ਦੀਆਂ ਚੀਜ਼ਾਂ ਨਈਂ ਵਰਤੀਆਂ।”
“ਖ਼ੈਰ, ਛੱਡੋ ਇਸ ਬਹਿਸ ਨੂੰ। ਇਹ ਦੱਸੋ, ਕੀ ਤੁਸੀਂ ਕਦੀ ਸੋਚਿਆ ਸੀ—ਸਾਡੀ ਪਹਿਲੀ ਮੁਲਾਕਾਤ ਇਸ ਤਰ੍ਹਾਂ ਅਚਾਨਕ ਹੋ ਜਾਵੇਗੀ। ਘਰੋਂ ਸੈਂਕੜੇ ਮੀਲ ਦੂਰ, ਇਕ ਕਸਬੇ ਦੇ ਅਜਿਹੇ ਬਾਜ਼ਾਰ ਵਿਚ ਜਿਸਦੀ ਸੱਨਅਤ ਦੀ ਕੋਈ ਆਪਣੀ ਰਵਾਇਤ ਨਈਂ। ਜਿੱਥੇ ਸਾਰਾ ਮਾਲ ਬਾਹਲੀਆਂ ਮੰਡੀਆਂ 'ਚੋਂ ਲਿਆ ਕੇ ਵੇਚਿਆ ਜਾਂਦਾ ਏ!”
“ਨਈਂ ਇਹ ਤਾਂ ਵਾਕੱਈ ਕਦੀ ਨਈਂ ਸੀ ਸੋਚਿਆ—ਪਰ ਜਦੋਂ ਤੁਹਾਨੂੰ ਸਾੜ੍ਹੀਆਂ ਦੀ ਦੁਕਾਨ ਅੰਦਰ ਵੜਦਿਆਂ ਦੇਖਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਤੁਸੀਂ ਬੰਗਾਲ ਦੇ ਰਹਿਣ ਵਾਲੇ ਹਰਗਿਜ਼ ਨਈਂ ਓਂ। ਮੈਂ ਇੱਥੇ ਇਕ ਹਫ਼ਤੇ ਦੀ ਰਹਿ ਰਹੀ ਆਂ। ਹਰ ਰੋਜ਼ ਸਵੇਰੇ-ਸ਼ਾਮ ਘੁੰਮਣ ਲਈ ਦੋ ਮੀਲ ਪੈਦਲ ਤੁਰ ਕੇ ਆਉਂਦੀ ਆਂ। ਇਕ ਦਿਨ ਪਤਾ ਲੱਗਿਆ ਬਾਬਾਪੁਰ ਪਿੰਡ 'ਚ ਇਕ ਮੇਲਾ ਲੱਗਦਾ ਏ। ਇਸ ਜਗ੍ਹਾ ਤੋਂ ਦਸ ਮੀਲ ਦੂਰ ਏ ਤੇ ਉੱਥੇ ਵੀ ਪੈਦਲ ਈ ਜਾਣਾ ਪੈਂਦਾ ਏ। ਕਿਉਂਕਿ ਉੱਥੇ ਪਹੁੰਚਣ ਲਈ ਨਾ ਸੜਕ ਏ, ਨਾ ਕੋਈ ਸਵਾਰੀ। ਹਜ਼ਾਰਾਂ ਪਿੰਡਾਂ ਤੋਂ ਲੋਕਾਂ ਨੂੰ ਟੋਲੀਆਂ ਬਣਾ-ਬਣਾ ਕੇ ਪਗਡੰਡੀਆਂ ਉੱਤੇ ਇਕ ਦੂਜੇ ਦੇ ਪਿੱਛੇ ਇਕੋ ਲਾਈਨ ਵਿਚ ਜਾਂਦਿਆਂ ਦੇਖਿਆ। ਸਾਰੇ ਈ ਆਪਣੀ ਭਾਸ਼ਾ ਵਿਚ ਗੀਤ ਗਾਉਂਦੇ ਜਾ ਰਹੇ ਸੀ—ਉੱਥੇ ਮੈਂ ਬਾਬਿਆਂ ਨੂੰ ਜਿਹੜੇ ਇਕ ਤਰ੍ਹਾਂ ਨਾਲ ਵੰਜਾਰਿਆਂ ਵਰਗੇ ਈ ਹੁੰਦੇ ਨੇ ਲੋਕਾਂ ਦੀ ਭੀੜ ਦੇ ਵਿਚਕਾਰ ਇਕ ਤਾਰਾ ਜਾਂ ਖਜਬਰੀ ਵਜਾ-ਵਜਾ ਕੇ ਭਜਨ ਗਾਉਂਦਿਆਂ ਸੁਣਿਆਂ। ਕੀ ਤੁਸੀਂ ਬੰਗਾਲ ਦੇ ਪਿੰਡਾਂ ਦੇ ਲੋਕ ਦੇਖੇ ਨੇ ਜਿਹੜੇ ਸ਼ਹਿਰ ਜਾਂ ਕਸਬੇ ਵਿਚ ਰਹਿਣ ਵਾਲੇ ਪੇਂਡੂ ਲੋਕਾਂ ਨਾਲੋਂ ਬਿਲਕੁਲ ਵੱਖਰੇ ਹੁੰਦੇ ਨੇ। ਕਾਲੇ-ਕਾਲੇ ਨੰਗੇ ਪਿੰਡੇ, ਨਿਚਲੇ ਹਿੱਸੇ 'ਤੇ ਛੋਟੀ-ਜਿਹੀ ਰੰਗੀਨ ਧੋਤੀ ਜਾਂ ਮੂਕਾ ਬੰਨ੍ਹਿਆਂ ਹੁੰਦਾ ਏ ਤੇ ਉਹਨਾਂ ਦੀਆਂ ਔਰਤਾਂ ਉਹਨਾਂ ਵਾਂਗ ਈ ਕਾਲੀਆਂ ਪਰ ਬੜੇ ਈ ਦਿਲਕਸ਼ ਨੱਕ-ਨਕਸ਼ੇ ਵਾਲੀਆਂ ਹੁੰਦੀਆਂ ਨੇ। ਉਹਨਾਂ ਦੇ ਸਿਰ ਦੇ ਵਾਲ ਏਨੇ ਲੰਮੇ ਹੁੰਦੇ ਨੇ ਕਿ ਗੋਡਿਆਂ ਤੋਂ ਹੇਠਾਂ ਤੱਕ ਪਹੁੰਚਦੇ ਨੇ। ਉਹਨਾਂ ਨੂੰ ਖੋਪੇ ਦਾ ਤੇਲ ਲਾ-ਲਾ ਕੇ ਬੇਹੱਦ ਕੂਲਾ ਤੇ ਚਮਕਦਾਰ ਬਣਾ ਲੈਂਦੀਆਂ ਨੇ ਉਹ। ਇਕ ਦਿਨ ਚੱਲਿਓ ਮੇਰੇ ਨਾਲ! ਮੈਂ ਪਤਾ ਕਰਕੇ ਆਵਾਂਗੀ ਕਿ ਫੇਰ ਕਿਸ ਦਿਨ ਮੇਲਾ ਲੱਗੇਗਾ। ਪਰ—ਆਈ ਐਮ ਸਾਰੀ! ਮੈਂ ਏਨੇ ਦਿਨ ਤੱਕ ਇੱਥੇ ਕਿੰਜ ਰਹਿ ਸਕਦੀ ਆਂ!”
“ਕਿਓਂ ਇਹੋ-ਜਿਹੀ ਕੀ ਪਰਾਬਲਮ ਏਂ! ਕੀ ਘਰ ਵਾਪਸ ਜਾਣ ਲਈ ਜੀਅ ਕਰ ਰਿਹਾ ਏ”
“ਘਰ ਤਾਂ ਜਾਣਾ ਈ ਏਂ ਜ਼ਰੂਰ ਕਦੀ ਨਾ ਕਦੀ। ਮੈਂ ਇੱਥੇ ਕੁੜੀਆਂ ਦੇ ਹੋਸਟਲ 'ਚ ਇਕ ਕੁੜੀ ਦੀ ਗੈਸਟ ਬਣ ਕੇ ਰਹਿ ਰਹੀ ਆਂ। ਜਿਸ ਨਾਲ ਕਲਕੱਤੇ ਤੋਂ ਆਉਂਦਿਆਂ ਹੋਇਆਂ ਅਚਾਨਕ ਦੋਸਤੀ ਹੋ ਗਈ ਸੀ। ਉਸਨੇ ਮੈਨੂੰ ਮਹਿਮਾਨਾਂ ਨੂੰ ਮਿਲਣ ਵਾਲੇ ਕਮਰੇ ਵਿਚ ਸਿਰਫ਼ ਰਾਤ ਨੂੰ ਠਹਿਰਾਉਣ ਦੀ ਇਜਾਜ਼ਤ ਲਈ ਹੋਈ ਏ। ਇਕ ਹਫ਼ਤਾ ਹੋ ਗਿਆ ਏ—ਮੈਂ ਕਦੋਂ ਤੱਕ ਉਸਨੂੰ ਪ੍ਰੇਸ਼ਾਨ ਕਰ ਸਕਦੀ ਆਂ, ਇਹ ਵੀ ਤਾਂ ਸੋਚਦੀ ਆਂ!”
ਦੂਜੇ ਦਿਨ ਉਹ ਮੇਰੇ ਨਾਲ ਰਹਿਣ ਲਈ ਟੂਰਿਸਟ ਲਾਜ ਵਿਚ ਆ ਗਈ। ਸਾਰਾ ਦਿਨ ਅਸੀਂ ਕਈ ਪਿੰਡਾਂ ਵਿਚ ਪੈਦਲ ਘੁੰਮਦੇ ਰਹੇ। ਇਹ ਮੇਰੇ ਪੇਸ਼ੇ ਦੇ ਬਿਲਕੁਲ ਉਲਟ ਇਕ ਨਵਾਂ ਤਜਰਬਾ ਸੀ। ਵਰਨਾ ਆਮ ਤੌਰ 'ਤੇ ਮੈਂ ਰੇਲਵੇ ਸਟੇਸ਼ਨਾਂ 'ਤੇ ਤੇ ਵਪਾਰਕ ਮੰਡੀਆਂ ਵਿਚ ਜਾ ਕੇ ਹੀ ਆਪਣਾ ਕੰਮ ਪੂਰਾ ਕਰ ਲੈਂਦਾ ਸੀ ਤੇ ਇਹ ਸਮਝ ਕੇ ਤਸੱਲੀ ਹੋ ਜਾਂਦੀ ਸੀ ਕਿ ਜਿੰਨਾ ਕੁਝ ਦੇਖ ਲਿਆ ਹੈ ਉਹ ਵੀ ਹਿੰਦੁਸਤਾਨ ਹੀ ਤਾਂ ਹੈ! ਪਰ ਨੀਰਾ ਚੌਧਰੀ ਦੇ ਨਾਲ-ਨਾਲ ਤੁਰਦੇ ਹੋਏ ਜਦੋਂ ਖੇਤਾਂ ਵਿਚ ਕੰਮ ਕਰਦੇ ਮਰਦਾਂ ਤੇ ਔਰਤਾਂ ਨੂੰ ਦੇਖਿਆ। ਪਿੰਡ ਦੀਆਂ ਬਾਂਸ, ਜੁਟ ਤੇ ਧਾਈਂ ਦੇ ਰੇਸ਼ਿਆਂ ਤੇ ਜੰਗਲੀ ਘਾਹ ਨਾਲ ਬਣੀਆਂ ਝੌਂਪੜੀਆਂ ਵਿਚਕਾਰੋਂ ਹੋ ਕੇ ਲੰਘਿਆ—ਤੇ ਬੇਸ਼ੁਮਾਰ ਹੈਰਾਨ-ਪ੍ਰੇਸ਼ਾਨ ਤੇ ਲੋੜਮੰਦ ਅੱਖਾਂ ਨੂੰ ਆਪਣੇ ਵੱਲ ਘੂਰਦਿਆਂ ਹੋਇਆਂ ਦੇਖਿਆ ਤਾਂ ਮੇਰਾ ਜੀਅ ਕੀਤਾ ਕੁਝ ਦਿਨ ਇਹਨਾਂ ਲੋਕਾਂ ਦੇ ਵਿਚਕਾਰ ਰਹਿ ਕੇ ਬਿਤਾਏ ਜਾਣ।
ਦੂਜਿਆਂ ਦੇ ਜਿਊਣ ਢੰਗ ਨੂੰ ਨੇੜਿਓਂ ਘੋਖਣਾ ਤੇ ਉਹਨਾਂ ਦੇ ਮਸਲਿਆਂ ਨੂੰ ਜਾਣਨਾ ਮੇਰੀ ਬੜੀ ਪੁਰਾਣੀ ਆਦਤ ਹੈ। ਪਰ ਨੀਰਾ ਚੌਧਰੀ ਮੇਰੀ ਇਸ ਰਾਏ ਨਾਲ ਸਹਿਮਤ ਨਹੀਂ ਹੋਈ। ਬੋਲੀ—
“ਹੋ ਸਕਦਾ ਏ ਕੋਈ ਸਾਨੂੰ ਮਹਿਮਾਨ ਬਣਾਉਣਾ ਕਬੂਲ ਨਾ ਕਰੇ। ਉਹਨਾਂ ਦੇ ਦਿਲ 'ਚ ਸਾਡੇ ਪ੍ਰਤੀ ਇਕ ਡਰ ਵੀ ਤਾਂ ਪੈਦਾ ਹੋ ਸਕਦਾ ਏ। ਜੁੱਗਾਂ ਤੋਂ ਪੀੜੇ ਜਾ ਰਹੇ ਗਰੀਬ ਲੋਕਾਂ ਦੇ ਸੁਭਾਅ ਬਾਰੇ ਤੁਸੀਂ ਜਾਣਦੇ ਨਈਂ। ਨਈਂ ਰਾਤ ਕੱਟਣ ਲਈ ਕਿਸੇ ਬਿਹਤਰ ਆਦਮੀ ਨੂੰ ਲੱਭਣਾ ਪਵੇਗਾ ਜਿਹੜਾ ਦੂਜਿਆਂ ਨਾਲੋਂ ਚੰਗਾ ਖਾਂਦਾ-ਪੀਂਦਾ ਹੋਵੇ। ਫੇਰ ਇਸਦਾ ਫਾਇਦਾ ਈ ਕੀ—ਇਸ ਨਾਲੋਂ ਕਿਤੇ ਚੰਗਾ ਇਹ ਐ ਕਿ ਅਸੀਂ ਟੂਰਿਸਟ ਲਾਜ ਵਿਚ ਰਹਿ ਕੇ ਇੱਧਰ-ਉੱਧਰ ਘੁੰਮ ਲਿਆ ਕਰੀਏ। ਕੁਛ ਦਿਨਾਂ ਬਾਅਦ ਕਿਸੇ ਹੋਰ ਪਾਸੇ ਚਲੇ ਚੱਲਾਂਗੇ!”
ਇਹ ਸੁਣ ਕੇ ਮੈਨੂੰ ਹਾਸਾ ਆ ਗਿਆ—“ਇਹ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਤੁਹਾਡੇ ਨਾਲ ਜਗ੍ਹਾ-ਜਗ੍ਹਾ ਘੁੰਮਦਾ ਫਿਰਾਂਗਾ?”
“ਸੌਰੀ!” ਇਹ ਕਹਿ ਕੇ ਉਹ ਕਈ ਮਿੰਟਾਂ ਤੱਕ ਚੁੱਪਚਾਪ ਖੜ੍ਹੀ ਰਹੀ। ਅਸੀਂ ਇਕ ਤਲਾਅ ਦੇ ਕਿਨਾਰੇ ਕਈ ਫੁੱਟ ਉੱਚੀ ਜੰਗਲੀ ਪਾਮ ਦੀ ਇਕ ਹਰੀ-ਭਰੀ ਝਾੜੀ ਕੋਲ ਖੜ੍ਹੇ ਸੀ। ਪਾਮ ਦੇ ਛੋਟੇ-ਛੋਟੇ ਖੰਭ ਹਲਕੀ-ਹਲਕੀ ਹਵਾ ਨਾਲ ਝੂੰਮ ਰਹੇ ਸਨ। ਤਲਾਅ ਦੇ ਡੂੰਘੇ ਨੀਲੇ ਪਾਣੀ ਦੀ ਸਤਹਿ ਉੱਤੇ ਕਮਲ ਦੇ ਬੇਸ਼ੁਮਾਰ ਫੁੱਲ ਤੈਰ ਰਹੇ ਸਨ। ਕਿਨਾਰੇ-ਕਿਨਾਰੇ ਸਫੇਦ ਤੇ ਉਨਾਭੀ ਰੰਗ ਦੇ ਫੁੱਲਾਂ ਵਾਲੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਸਨ ਜਿਹਨਾਂ ਦਾ ਪਰਛਾਵਾਂ ਪਾਣੀ ਵਿਚ ਵੀ ਪੈ ਰਿਹਾ ਸੀ। ਪਰ ਮੈਂ ਏਨੇ ਪ੍ਰਭਾਸ਼ਾਲੀ ਨਜ਼ਾਰੇ ਨੂੰ ਦੇਰ ਤੱਕ ਮਾਣ ਨਾ ਸਕਿਆ ਕਿਉਂਕਿ ਉਸਦੀ ਡੂੰਘੀ ਚੁੱਪ ਮੇਰੇ ਮਨ ਨੂੰ ਬੁਰੀ ਤਰ੍ਹਾਂ ਰੜਕ ਰਹੀ ਸੀ। ਮੈਂ ਉਸ ਵੱਲ ਦੇਖਿਆ ਤਾਂ ਇਕ ਛਿਣ ਤੋਂ ਵੱਧ ਨਾ ਦੇਖਿਆ ਗਿਆ—ਉਸਦੀਆਂ ਨਜ਼ਰਾਂ ਮੇਰੇ ਉੱਤੇ ਹੀ ਟਿਕੀਆਂ ਹੋਈਆਂ ਸਨ।
“ਜੇ ਤੁਸੀਂ ਵਾਕੱਈ ਇਹੋ ਚਾਹੁੰਦੇ ਓਂ ਤਾਂ ਫੇਰ ਮੈਨੂੰ ਤੁਹਾਡੇ ਨਾਲ ਘੁੰਮਣ-ਫਿਰਨ ਵਿਚ ਕੋਈ ਇਤਰਾਜ਼ ਨਈਂ ਏਂ।”
“ਨਈਂ-ਨਈਂ, ਮੈਂ ਤੁਹਾਨੂੰ ਮਜ਼ਬੂਰ ਨਈਂ ਕਰਾਂਗੀ। ਮੈਂ ਤਾਂ ਕੁਛ ਦਿਨਾਂ ਲਈ ਆਪਣੇ-ਆਪ ਨੂੰ ਮਨ ਦੀ ਮੌਜ਼ ਦੇ ਹਵਾਲੇ ਕਰ ਦੇਣ ਲਈ ਈ ਆਪਣਾ ਸਭ ਕੁਛ ਤਿਆਗ ਦਿੱਤਾ ਸੀ। ਤੁਸੀਂ ਨਈਂ ਮਿਲੇ ਸੀ ਉਦੋਂ ਵੀ ਤਾਂ ਘੁੰਮ ਰਹੀ ਸੀ ਮੈਂ! ਇਕੱਲੀ। ਹੁਣ ਵੀ ਇਕੱਲੀ ਘੁੰਮ ਲਵਾਂਗੀ—ਮੈਨੂੰ ਡਰ ਕਿਸ ਗੱਲ ਦਾ ਏ!”
ਉਸ ਦੀਆਂ ਅੱਖਾਂ ਵਿਚ ਵਾਕੱਈ ਭੈਹੀਣ ਦਲੇਰੀ ਝਲਕ ਰਹੀ ਸੀ। ਪਰ ਉਸਦਾ ਲਹਿਜਾ ਪੂਰੀ ਤਰ੍ਹਾਂ ਸ਼ਿਕਾਇਤ ਕਰ ਰਿਹਾ ਸੀ। ਕੁਝ ਦਿਨਾਂ ਦੇ ਮੇਲ-ਮੁਲਾਕਾਤ ਨੇ ਹੀ ਸਾਡੇ ਵਿਚਕਾਰ ਏਨੀ ਨੇੜਤਾ ਪੈਦਾ ਕਰ ਦਿੱਤੀ ਸੀ ਕਿ ਹੁਣ ਉਹਨੂੰ ਇਸ ਕਿਸਮ ਦਾ ਸ਼ਿਕਾਇਤੀ ਲਹਿਜਾ ਅਪਣਾਉਣ ਦਾ ਪੂਰਾ ਹੱਕ ਸੀ। ਮੈਂ ਸੋਚਿਆ ਜੇ ਇਸਨੇ ਮੇਰੀ ਇੱਛਾ ਨੂੰ ਠੁਕਰਾ ਕੇ ਮੇਰਾ ਸਾਥ ਦੇਣ ਤੋਂ ਇਨਕਾਰ ਕੀਤਾ ਹੁੰਦਾ ਤਾਂ ਮੇਰੇ ਅੰਦਰ ਵੀ ਉਹੀ ਨਾਰਾਜ਼ਗੀ ਤੇ ਸਦਮੇਂ ਦਾ ਜਜ਼ਬਾ ਪੈਦਾ ਹੋ ਸਕਦਾ ਸੀ।
ਇਹਨਾਂ ਪਲਾਂ ਵਿਚ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਦੋ ਅਜਨਬੀ ਕਿਸੇ ਸੁਭਾਵਕ ਜਜ਼ਬੇ ਤਹਿਤ ਹੀ ਇਸ ਤਰ੍ਹਾਂ ਇਕ ਦੂਜੇ ਦੇ ਨੇੜੇ ਆ ਸਕਦੇ ਨੇ। ਉਸ ਫ਼ਾਸਲੇ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਏਨਾਂ ਨੇੜੇ ਲਿਆ ਕੇ ਵੀ ਦੂਰ ਰੱਖੀ ਰੱਖਦਾ ਹੈ। ਮੈਂ ਤਾਂ ਅਜੇ ਤੱਕ ਉਸਨੂੰ ਇਹ ਵੀ ਨਹੀਂ ਸੀ ਪੁੱਛਿਆ ਕਿ ਉਹ ਕਿੱਥੋਂ ਆਈ ਸੀ! ਨਾ ਈ ਇਸ ਕਿਸਮ ਦਾ ਕੋਈ ਸਵਾਲ ਉਸਨੇ ਮੈਨੂੰ ਕੀਤਾ ਸੀ। ਅਸੀਂ ਬਸ ਇਕ ਦੂਜੇ ਦੇ ਨਾਂ ਜਾਣਦੇ ਸੀ ਤੇ ਇਕ ਦੂਜੇ ਦੀ ਪਸੰਦ ਤੇ ਨਾ ਪਸੰਦ ਵੀ ਤੇ ਇਹ ਸੱਚਾਈ ਵੀ ਕਿ ਸਾਨੂੰ ਦੋਵਾਂ ਨੂੰ ਇਕ ਦੂਜੇ ਦੇ ਨਾਲ ਰਹਿਣਾ ਬੜਾ ਚੰਗਾ ਲੱਗ ਰਿਹਾ ਸੀ।
ਮੈਂ ਥੋੜ੍ਹੀ ਦੇਰ ਲਈ ਪਾਮ ਦੀ ਛਾਂ ਵਿਚ ਘਾਹ ਉੱਤੇ ਬੈਠ ਗਿਆ। ਉਸ ਨੂੰ ਕਿਹਾ, “ਤੁਸੀਂ ਵੀ ਬੈਠੋ। ਕੁਛ ਚਿਰ ਸੁਸਤਾ ਲਿਆ ਜਾਏ!”
ਉਹ ਮੈਥੋਂ ਜ਼ਰਾ ਫ਼ਾਸਲੇ 'ਤੇ ਬੈਠ ਗਈ। ਸਿਰ ਦੇ ਖੁੱਲ੍ਹੇ ਵਾਲਾਂ ਨੂੰ ਦੋਵਾਂ ਹੱਥਾਂ ਵਿਚ ਭਰ ਕੇ ਲਪੇਟਿਆ ਤੇ ਫੇਰ ਗਰਦਨ ਦੇ ਪਿੱਛੇ ਇਕ ਦਿਲਕਸ਼ ਜੂੜੇ ਵਾਂਗ ਬੰਨ੍ਹ ਦਿੱਤਾ। ਮੈਂ ਉਸਦੀਆਂ ਉੱਤੇ ਉੱਠੀਆਂ ਹੋਈਆਂ ਬਾਹਾਂ ਦੇ ਹੇਠ ਉਸਦੀ ਲੰਮੀ ਗਰਦਨ ਤੇ ਜਿਸਮ ਦੀਆਂ ਹੋਰ ਗੋਲਾਈਆਂ ਦੀ ਦਿਲਕਸ਼ੀ ਨੂੰ ਦੇਖਦਾ ਰਹਿ ਗਿਆ। ਕੋਈ ਵੀ ਔਰਤ ਹਰ ਵੇਲੇ ਦਿਲਕਸ਼ੀ ਦਾ ਪਟਾਰਾ ਨਹੀਂ ਹੁੰਦੀ। ਉਹ ਖਾਸ-ਖਾਸ ਪਲਾਂ ਵਿਚ ਹੀ ਅਜਿਹੀ ਦਿਖਾਈ ਦਿੰਦੀ ਹੈ। ਮੈਂ ਉਸ ਵੱਲ ਹੱਥ ਵਧਾ ਕੇ ਕਿਹਾ—
“ਫੜਾਓ ਜ਼ਰਾ ਤੁਹਾਡਾ ਹੱਥ ਦੇਖਾਂ!”
ਮੈਂ ਖ਼ੁਦ ਹੀ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ ਸੀ...ਜਿਸਨੂੰ ਉਸਨੇ ਵਾਪਸ ਨਹੀਂ ਸੀ ਖਿੱਚਿਆ। ਕੁਝ ਚਿਰ ਤੱਕ ਉਸਦੀ ਹਥੇਲੀ ਦੀਆਂ ਡੂੰਘੀਆਂ ਲਕੀਰਾਂ ਨੂੰ ਬੜੇ ਗੌਰ ਨਾਲ ਦੇਖਦਾ ਰਿਹਾ। ਇਕ-ਦੋ ਵਾਰੀ ਆਪਣੇ ਹੱਥ ਨਾਲ ਮਲ-ਮਲ ਕੇ ਉਹਨਾਂ ਲਕੀਰਾਂ ਨੂੰ ਸਾਫ਼ ਵੀ ਕੀਤਾ—ਤੇ ਫੇਰ ਕਿਹਾ, “ਤੁਹਾਡੀਆਂ ਜਜ਼ਬਾਤੀ ਲਕੀਰਾਂ ਤਾਂ ਬੜੀਆਂ ਈ ਸਾਫ਼ ਨੇ। ਮੈਂ ਇਹ ਤਾਂ ਨਈਂ ਕਹਿ ਸਕਦਾ ਤੁਸੀਂ ਕਿਸੇ ਨਾਲ ਅੰਤਾਂ ਦੀ ਮੁਹੱਬਤ ਕੀਤੀ ਹੋਵੇਗੀ...ਪਰ ਮੁਹੱਬਤ ਦੇ ਮਾਮਲੇ ਵਿਚ ਤੁਸੀਂ ਹੱਦੋਂ ਵੱਧ ਬੇਚੈਨ ਜ਼ਰੂਰ ਰਹੇ ਓਂ—ਤੇ—ਅਹਿ ਲਕੀਰ ਤੁਹਾਡੇ ਦਿਲ ਦੀ ਏ ਤੇ ਇਹ ਬੜੀ ਈ ਲੰਮੀ ਉਮਰ ਦੀ, ਯਾਨੀ ਤੁਸੀਂ ਦਾਦੀ, ਨਾਨੀ ਬਣ ਕੇ ਈ ਜ਼ਿੰਦਗੀ ਤੋਂ ਰਿਟਾਇਰ ਹੋਵੋਂਗੇ—ਤੇ...”
ਅੱਗੇ ਕੁਝ ਕਹਿਣ ਤੋਂ ਪਹਿਲਾਂ ਮੈਂ ਉਸ ਵੱਲ ਦੇਖਿਆ ਤਾਂ ਉਸਨੂੰ ਆਪਣੇ ਗੋਡਿਆਂ ਉੱਤੇ ਠੋਡੀ ਰੱਖ ਕੇ ਆਪਣੇ ਵੱਲ ਅਜੀਬ ਨਜ਼ਰਾਂ ਨਾਲ ਦੇਖਦਿਆਂ ਹੋਇਆਂ ਦੇਖਿਆ—ਉਹਨਾਂ ਨਜ਼ਰਾਂ ਵਿਚ ਬੇਚੈਨੀ ਸੀ ਤੇ ਇਕ ਵਿਅੰਗ ਭਰੀ ਬੜੀ ਹੀ ਮਾਸੂਮ ਮੁਸਕਰਾਹਟ ਦੀ ਝਲਕ ਵੀ। ਮੈਨੂੰ ਚੁੱਪ ਦੇਖ ਕੇ ਬੋਲੀ, “ਹੋਰ ਵੀ ਕੁਛ ਦੱਸੋ!”
“ਬਸ ਇਸ ਨਾਲੋਂ ਵੱਧ ਕੁਛ ਨਈਂ ਜਾਣਦਾ।” ਪਰ ਮੈਂ ਉਸਦਾ ਹੱਥ ਨਹੀਂ ਛੱਡਿਆ। ਉਸਨੂੰ ਘੁਮਾਅ ਘੁਮਾਅ ਕੇ ਦੇਖਦਾ ਰਿਹਾ—“ਤੁਹਾਡੇ ਬੱਚੇ ਬੜੇ ਨੇ। ਫਾਰਨ ਜਾਣ ਦਾ ਚਾਂਸ ਵੀ ਐ...ਹੋ ਸਕਦਾ ਏ ਹੋ ਵੀ ਆਏ ਹੋਵੋਂ!”
ਇਹ ਸੁਣ ਕੇ ਉਹ ਹੱਸ ਪਈ। ਖਿੜ-ਪੁੜ ਗਈ ਤੇ ਪਹਿਲਾਂ ਵਾਂਗ ਹੀ ਸਹਿਜ ਹੋ ਗਈ। ਫੇਰ ਮੇਰੇ ਨੇੜੇ ਖਿਸਕ ਆਈ ਤੇ ਮੇਰਾ ਹੱਥ ਆਪਣੇ ਹੱਥਾਂ ਵਿਚ ਫੜ੍ਹ ਕੇ ਬੋਲੀ, “ਥੋੜ੍ਹੀ ਜਿਹੀ ਵਿੱਦਿਆ ਮੈਂ ਵੀ ਜਾਣਦੀ ਆਂ। ਦੇਖੋ, ਇਹ ਤੁਹਾਡੀ ਹਾਰਟ ਲਾਈਨ ਏ। ਬੜੇ ਮਜ਼ਬੂਤ ਇਰਾਦੇ ਦੇ ਆਦਮੀ ਓਂ ਤੁਸੀਂ। ਤੇ ਇਹ ਲਾਈਫ਼ ਲਾਈਨ। ਤੁਹਾਡੀ ਉਮਰ ਵੀ ਘੱਟ ਲੰਮੀ ਨਈਂ ਏਂ ਜਨਾਬ! ਬਿਲਕੁਲ ਬੁੱਢੇ ਖੁਸਟ ਹੋ ਕੇ ਜਾਓਂਗੇ ਇਸ ਫਾਨੀ ਦੁਨੀਆਂ ਤੋਂ। ਜਿਸਨੂੰ ਤੁਸੀਂ ਰਿਟਾਇਰਮੈਂਟ ਦਾ ਨਾਂ ਦੇ ਰਹੇ ਸੀ। ਤੁਹਾਡੀ ਜਜ਼ਬਾਤ ਦੀ ਲਾਈਨ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਏ...ਯਾਨੀ ਤੁਸੀਂ ਹਮੇਸ਼ਾ ਇਕ ਕਸ਼ਮਕਸ਼ ਵਿਚ ਰਹਿੰਦੇ ਓਂ। ਫੇਰ ਵੀ ਤੁਹਾਡੇ ਵਿਚ ਇਕ ਫ਼ੈਸਲਾ ਕਰਨ ਵਾਲੀ ਤਾਕਤ ਮੌਜੂਦ ਏ।”
ਫੇਰ ਮੇਰੇ ਹੱਥ ਨੂੰ ਇੱਧਰ-ਉੱਧਰ ਘੁਮਾਇਆ। ਬਰੀਕ-ਬਰੀਕ ਲਕੀਰਾਂ ਨੂੰ ਆਪਣੀ ਸਾੜ੍ਹੀ ਦੇ ਪੱਲੇ ਨਾਲ ਸਾਫ਼ ਕੀਤਾ ਤੇ ਬੜੇ ਗੌਰ ਨਾਲ ਦੇਖਦੀ ਹੋਈ ਬੋਲੀ—
“ਦੋ ਤਿੰਨ ਬੱਚੇ ਵੀ ਨੇ। ਸ਼ਾਇਦ ਹੋ ਵੀ ਚੁੱਕੇ ਹੋਣ। ਬਾਹਰ ਜਾਣ ਦਾ ਚੱਕਰ ਵੀ ਨਜ਼ਰ ਆਉਂਦਾ ਏ—ਪਰ ਆਪਣੇ ਬਾਰੇ ਇਹ ਸਭ ਜਾਣ ਕੇ ਅਸੀਂ ਖ਼ੁਸ਼ ਕਿਓਂ ਹੋ ਜਾਂਦੇ ਆਂ! ਕਦੀ ਇਹ ਵੀ ਸੋਚਿਆ ਏ ਤੁਸੀਂ!”
“ਇਸ ਵੇਲੇ ਤਾਂ ਸਿਰਫ਼ ਇਹ ਸੋਚ ਰਿਹਾ ਆਂ ਕਿ ਅਸੀਂ ਦੋਵੇਂ ਹਸਤਰੇਖਾ ਵਿਗਿਆਨ ਬਾਰੇ ਕੁਛ ਵੀ ਨਈਂ ਜਾਣਦੇ। ਬਸ ਇਕ ਦੂਜੇ ਦੇ ਹੱਥਾਂ ਵਿਚ ਆਪਣਾ ਹੱਥ ਦੇ ਕੇ ਈ ਇਕ ਅਜੀਬ-ਜਿਹਾ ਸੁਖ ਹਾਸਲ ਕਰ ਰਹੇ ਆਂ।”
ਇਹ ਸੁਣਦਿਆਂ ਹੀ ਉਸਨੇ ਆਪਣਾ ਹੱਥ ਖਿੱਚ ਲਿਆ, ਪਰ ਮੇਰੇ ਵੱਲ ਬੜੀਆਂ ਸ਼ਰਾਤਤੀ ਨਜ਼ਰਾਂ ਨਾਲ ਵੀ ਦੇਖਿਆ। ਉਸਦੇ ਚਿਹਰੇ ਉੱਤੇ ਅਚਾਨਕ ਜਿਹੜੀ ਲਾਲੀ ਆ ਗਈ ਸੀ, ਉਹ ਮੈਨੂੰ ਬੜੀ ਚੰਗੀ ਲੱਗੀ। ਪੰਜਾਹ ਦੇ ਲਾਗੇ ਪਹੁੰਚੀ ਹੋਈ ਇਕ ਔਰਤ—ਜਿਸਦੇ ਜਿਸਮ ਦਾ ਮਾਸ ਅਜੇ ਤੱਕ ਕਿਤੋਂ ਵੀ ਨਹੀਂ ਸੀ ਢਲਿਆ ਤੇ ਇਸੇ ਕਰਕੇ ਉਸਦੀ ਉਮਰ ਦਸ ਪੰਦਰਾਂ ਸਾਲ ਘੱਟ ਲੱਗਦੀ ਸੀ!
ਉਸ ਸ਼ਾਮ ਜਦੋਂ ਅਸੀਂ ਆਪਣੀ ਠਾਹਰ ਦੇ ਆਰਾਮ ਕਮਰੇ ਵਿਚ ਵਾਪਸ ਜਾ ਚੁੱਕੇ ਸੀ—ਉਹ ਇਕ ਸੋਫ਼ੇ ਦੀ ਢੋਅ ਨਾਲ ਸਿਰ ਟਿਕਾਈ ਅੱਖਾਂ ਬੰਦ ਕਰੀ ਬੈਠੀ ਮੈਨੂੰ ਦੱਸ ਰਹੀ ਸੀ— “ਮੈਂ ਇਕ ਦਿਨ ਅਚਾਨਕ ਸਿਰਫ਼ ਆਪਣੇ ਲਈ ਜਿਊਣ ਦਾ ਫ਼ੈਸਲਾ ਕਰ ਲਿਆ। ਮੇਰੇ ਦੋ ਬੇਟੇ ਨੇ ਤੇ ਇਕ ਬੇਟੀ। ਬੇਟੀ ਸਾਰਿਆਂ ਤੋਂ ਵੱਡੀ ਏ। ਹੋਟਲ ਮੈਨੇਜਮੈਂਟ ਦਾ ਕੋਰਸ ਪੂਰਾ ਕਰਕੇ ਇਕ ਫਾਈਵ ਸਟਾਰ ਹੋਟਲ ਵਿਚ ਸਰਵਿਸ ਕਰ ਰਹੀ ਏ। ਇਕ ਬੇਟਾ ਜਰਨਲਿਸਟ ਏ, ਦੂਜਾ ਅਵਾਸ ਵਿਕਾਸ ਵਿਚ ਜੂਨੀਅਰ ਇੰਜੀਨੀਅਰ ਏ। ਅਜੇ ਕਿਸੇ ਦੀ ਵੀ ਸ਼ਾਦੀ ਨਈਂ ਹੋਈ। ਮੈਂ ਦਰਅਸਲ ਉਹਨਾਂ ਉੱਤੇ ਆਪਣੀ ਮਰਜ਼ੀ ਨਈਂ ਠੋਸਣਾ ਚਾਹੁੰਦੀ। ਇੰਤਜ਼ਾਰ ਕਰ ਰਹੀ ਆਂ ਕਿ ਉਹ ਕਦ ਆਪਣੇ-ਆਪਣੇ ਪਾਰਟਨਰ ਬਾਰੇ ਮੈਨੂੰ ਇਤਲਾਹ ਦੇਂਦੇ ਨੇ। ਉਹ ਮੈਨੂੰ ਇਤਲਾਹ ਦਿੱਤੇ ਬਗ਼ੈਰ ਵੀ ਸ਼ਾਦੀ ਕਰ ਲੈਣਗੇ ਤਾਂ ਮੈਂ ਬੁਰਾ ਨਈਂ ਮੰਨਾਂਗੀ। ਇਹ ਇਕ ਤਰ੍ਹਾਂ ਨਾਲ ਉਹਨਾਂ ਦਾ ਮੇਰੇ ਉੱਤੇ ਅਹਿਸਾਨ ਈ ਹੋਵੇਗਾ ਕਿ ਮੈਂ ਬਹੁਤ ਸਾਰੇ ਇੰਤਜ਼ਾਮੀ ਝੰਜਟਾਂ ਤੋਂ ਬਚ ਜਾਵਾਂਗੀ—ਹਾਂ ਤਾਂ ਮੈਂ ਕਹਿ ਰਹੀ ਸੀ ਕਿ ਮੈਂ ਜਦੋਂ ਬੰਬਈ ਤੋਂ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆ ਰਹੀ ਸੀ ਤਾਂ ਮੇਰੇ ਦਿਲ 'ਚ ਅਚਾਨਕ ਇਕ ਉਮੰਗ ਜਾਗੀ। ਮੈਂ ਘਰ ਕਿਓਂ ਵਾਪਸ ਜਾਵਾਂ? ਤੇ ਘਰ ਜਾਵਾਂ ਵੀ ਕਿੱਥੇ? ਸ਼ੋਹਰ ਦਾ ਅਰਸਾ ਹੋਇਆ ਇੰਤਕਾਲ ਹੋ ਚੁੱਕਿਆ ਏ। ਬੱਚੇ ਇੱਧਰ-ਉੱਧਰ ਖਿੱਲਰੇ ਹੋਏ ਨੇ। ਖਾਲੀ ਮਕਾਨ ਹੁਣ ਮੈਨੂੰ ਖਾਣ ਨੂੰ ਆਉਂਦਾ ਏ...ਕਿਉਂਕਿ ਉੱਥੇ ਕੋਈ ਮੇਰੀ ਉਡੀਕ ਨਈਂ ਕਰ ਰਿਹਾ ਹੁੰਦਾ। ਬਸ ਇਕ ਰੁਟੀਨ ਏ ਕਿ ਸਵੇਰੇ ਉੱਠ ਕੇ ਆਪਣੇ ਲਈ ਨਾਸ਼ਤਾ ਤਿਆਰ ਕਰਾਂ, ਝਾੜੂ ਦੇਵਾਂ, ਗੁਸਲਖਾਨੇ ਵਿਚ ਨਹਾਉਣ ਲਈ ਜਾਵਾਂ ਤਾਂ ਕੁਛ ਮੈਲੇ ਕੱਪੜੇ ਵੀ ਧੋ ਦਿਆਂ। ਫੇਰ ਦਿਲ ਕਰੇ ਤਾਂ ਲਿਖਣ-ਪੜ੍ਹਨ ਲਈ ਬੈਠ ਜਾਵਾਂ ਜਾਂ ਵਿਹੜੇ ਦੇ ਐਨ ਵਿਚਕਾਰ ਚਿਣੀ ਹੋਈ ਕੰਧ ਦੇ ਉਸ ਪਾਰ ਦੀਆਂ ਆਵਾਜ਼ਾਂ ਸੁਣਾਂ। ਉੱਧਰ ਮੇਰੀ ਬੁੱਢੀ ਸੌਕਣ ਰਹਿੰਦੀ ਏ ਤੇ ਉਸਦੇ ਪੰਜ ਬੱਚੇ ਨੇ। ਮੈਂ ਆਪਣੇ ਸ਼ੌਹਰ ਦੀ ਦੂਜੀ ਬੀਵੀ ਸੀ। ਉਸਨੇ ਮੇਰੇ ਨਾਲ ਸ਼ਾਦੀ ਕੀਤੀ ਤਾਂ ਉਹ ਪੰਜਾਹ ਸਾਲ ਤੋਂ ਉੱਤੇ ਹੋਵੇਗਾ। ਉਦੋਂ ਮੈਂ ਸਿਰਫ਼ ਪੰਦਰਾਂ ਸਾਲ ਦੀ ਸੀ। ਕੁਛ ਅਜਿਹੇ ਈ ਹਾਲਾਤ ਸਨ—ਜਿਹੜੇ ਨਈਂ ਜਾਣਦੇ ਸੀ ਉਹ ਉਸਨੂੰ ਮੇਰਾ ਬਾਬਾ ਸਮਝਦੇ ਸਨ। ਜਿਸ ਉੱਤੇ ਉਹ ਹਿਰਖ ਜਾਂਦਾਂ ਸੀ, ਪਰ ਮੈਂ ਖ਼ੂਬ ਹੱਸਦੀ ਸੀ! ਇਸ ਲੰਮੀ ਤੇ ਦੁੱਖਭਰੀ ਕਹਾਣੀ ਦਾ ਆਖ਼ਰੀ ਹਿੱਸਾ ਇਹੀ ਏ ਜਿਹੜਾ ਤੁਹਾਡੇ ਸਾਹਮਣੇ ਐ। ਪਰ ਮੈਂ ਪਹਿਲਾਂ ਕਦੀ ਨਈਂ ਸੋਚਿਆ ਕਿ ਆਪਣੀ ਆਜ਼ਾਦੀ ਲਈ ਕਦੀ ਇੰਜ ਵੀ ਕਰ ਸਕਾਂਗੀ। ਦੂਜੀ ਸ਼ਾਦੀ ਕਰਨਾ ਮੇਰੇ ਵੱਸ ਵਿਚ ਨਈਂ ਸੀ। ਬੱਚਿਆਂ ਨੂੰ ਛੱਡ ਕੇ ਕਿੱਥੇ ਜਾਂਦੀ! ਜਿਹੜੇ ਆਪਣੇ ਬਾਪ ਦੀ ਮੌਤ ਵੇਲੇ ਖਾਸੇ ਵੱਡੇ-ਵੱਡੇ ਹੋ ਚੁੱਕੇ ਸਨ। ਮੈਂ ਇਹੀ ਸੁਪਨੇ ਦੇਖਦੀ ਰਹੀ ਕਿ ਉਹ ਆਪਣਾ-ਆਪਣਾ ਘਰ ਵਸਾ ਲੈਣ ਤਾਂ ਮੈਂ ਜ਼ਰਾ ਸੁਖ ਦਾ ਸਾਹ ਲਵਾਂ। ਬੱਚਿਆਂ ਨੂੰ ਵੱਡਾ ਕਰਨਾ, ਉਹਨਾਂ ਦੀ ਪੜ੍ਹਾਈ ਤੇ ਪਰਵਰਿਸ਼ ਵੱਲ ਧਿਆਨ ਦੇਣਾ ਤੇ ਇਹ ਦੇਖਦੇ ਰਹਿਣਾ ਕਿ ਉਹਨਾਂ ਵਿਚੋਂ ਕੋਈ ਗ਼ੈਰਜ਼ਿੰਮੇਦਾਰ ਤਾਂ ਨਈਂ ਸਾਬਤ ਹੋ ਰਿਹਾ ਏ! ਬੜਾ ਮੁਸ਼ਕਲ ਕੰਮ ਹੁੰਦਾ ਏ। ਮੈਂ ਵਾਪਸੀ 'ਤੇ ਅਚਾਨਕ ਅਟਾਰੀ ਸਟੇਸ਼ਨ 'ਤੇ ਉੱਤਰ ਗਈ। ਉੱਥੋਂ ਨਾਗਪੁਰ ਗਈ ਫੇਰ ਹੈਦਰਾਬਾਦ ਤੇ ਮਦਰਾਸ ਤੇ ਆਖ਼ਰ ਵਿਚ ਕਲਕੱਤੇ ਤੇ ਕਲਕੱਤੇ ਤੋਂ ਸ਼ਾਂਤੀ ਨਿਕੇਤਨ ਚਲੀ ਗਈ। ਇਸ ਤਰ੍ਹਾਂ ਕੋਈ ਬੁੱਧ ਉੱਥੇ ਹੁੰਦਾ ਤਾਂ ਮੈਂ ਉੱਥੇ ਚਲੀ ਗਈ ਹੁੰਦੀ। ਪਰ ਇਹ ਜਗ੍ਹਾ ਵੀ ਮੈਨੂੰ ਚੰਗੀ ਲੱਗੀ। ਸੋਨੀਆ ਸਾਨਿਆਲ ਨੇ ਵੀ ਇਹੀ ਕਿਹਾ ਸੀ ਕਿ ਹਾਲੇ ਵਾਪਸ ਨਾ ਜਾਓ। ਸਾਡੀ ਯੂਨੀਵਰਸਟੀ ਦਾ ਮਾਹੌਲ ਵੀ ਦੇਖਦੇ ਜਾਓ ਜ਼ਰਾ, ਜਿਸਨੂੰ ਬਣਾਉਣ ਵਾਲੇ ਰਵਿੰਦਰ ਠਾਕੁਰ ਸਨ। ਉਸਨੇ ਮੈਨੂੰ ਆਪਣੇ ਹੋਸਟਲ ਵਿਚ ਗੈਸਟ ਬਣਾ ਲੈਣ ਦੀ ਛੂਟ ਵੀ ਦੇ ਦਿੱਤੀ ਸੀ—ਫੇਰ ਇਕ ਦਿਨ ਤੁਸੀਂ ਮਿਲ ਗਏ!”
“ਮੇਰੇ ਮਿਲ ਜਾਣ ਨਾਲ ਤੁਹਾਨੂੰ ਵਾਕੱਈ ਬੜੀ ਖ਼ੁਸ਼ੀ ਮਹਿਸੂਸ ਹੋਈ ਸੀ?”
“ਨਈਂ ਬਹੁਤੀ ਜ਼ਿਆਦਾ ਤਾਂ ਨਈਂ, ਬਸ ਥੋੜ੍ਹੀ-ਜਿਹੀ। ਇਹ ਸੋਚ ਕੇ ਕਿ ਦੇਖਾਂ ਇਹ ਆਦਮੀ ਕਿੱਦਾਂ ਦਾ ਏ ਜਿਸਨੂੰ ਮੈਂ ਪਹਿਲਾਂ ਉਸਦੀ ਪਿੱਠ ਵੱਲੋਂ ਦੇਖਿਆ ਏ, ਹੌਲੀ-ਹੌਲੀ ਤੁਰਦਾ ਹੋਇਆ। ਮੈਂ ਵੀ ਉਸੇ ਸਟੋਰ 'ਚ ਜਾ ਕੇ ਉਸਦੇ ਸਾਹਮਣੇ ਗਈ ਤਾਂ ਉਸਨੇ ਮੇਰੇ ਵੱਲ ਕੁਛ ਲੱਭਦੀਆਂ ਹੋਈਆਂ ਅਜੀਬ-ਜਿਹੀਆਂ ਨਜ਼ਰਾਂ ਨਾਲ ਦੇਖਿਆ। ਜਿਵੇਂ ਕਿ ਮੈਂ ਇਕੱਲੀ ਆਂ! ਕਿਸੇ ਸਾਥੀ ਦੀ ਭਾਲ 'ਚ ਆਂ? ਕੀ ਮੈਂ ਉਸ ਦੇ ਨਾਲ ਕਿਧਰੇ ਬੈਠ ਕੇ ਗੱਲਾਂ ਕਰਨ ਲਈ ਤਿਆਰ ਹੋ ਸਕਦੀ ਆਂ! ਮੈਨੂੰ ਏਦਾਂ ਈ ਲੱਗ ਰਿਹਾ ਸੀ ਤੁਹਾਨੂੰ ਆਪਣੇ ਵੱਲ ਦੇਖਦਿਆਂ ਹੋਇਆਂ ਦੇਖ ਕੇ। ਤੇ ਇਹ ਵੀ ਫ਼ੈਸਲਾ ਕਰ ਲਿਆ ਸੀ ਮੈਂ ਕਿ ਜੇ ਤੁਸੀਂ ਮੇਰੇ ਵੱਲ ਇਕ ਕਦਮ ਅੱਗੇ ਵਧਾਇਆ ਤਾਂ ਮੈਂ ਵੀ ਪਿੱਛੇ ਨਈਂ ਹਟਾਂਗੀ। ਹਰ ਇਨਸਾਨ ਦੀਆਂ ਛੋਟੀਆਂ-ਛੋਟੀਆਂ ਤੇ ਬੁਨਿਆਦੀ ਖ਼ਾਹਿਸ਼ਾਂ ਹੁੰਦੀਆਂ ਨੇ ਜਿਹੜੀਆਂ ਬੜੀਆਂ ਈ ਨੇਚੁਰਲ ਤੇ ਮਾਸੂਮ ਹੁੰਦੀਆਂ ਨੇ। ਉਹਨਾਂ ਨੂੰ ਪੂਰਾ ਕਰਨ ਲਈ ਉਹ ਮਜ਼ਬੂਰ ਹੋ ਜਾਂਦਾ ਏ ਤਾਂ ਉਸਦੀ ਬੇਚੈਨੀ ਵਧ ਜਾਂਦੀ ਏ। ਜ਼ਿੰਦਗੀ ਉਂਜ ਵੀ ਉਸਨੂੰ ਪੈਰ-ਪੈਰ 'ਤੇ ਬੇਚੈਨ ਕਰਦੀ ਰਹਿੰਦੀ ਏ।”
“ਉਹ ਕਿਵੇਂ?” ਉਹ ਪਹਿਲੀ ਵਾਰੀ ਖੁੱਲ੍ਹ ਰਹੀ ਸੀ, ਇਕ ਕਿਤਾਬ ਵਾਂਗ ਤੇ ਆਪਣੇ-ਆਪ।
“ਦੇਖੋ ਨਾ, ਤੁਹਾਡੇ ਨਾਲ ਕੁਛ ਦਿਨ ਰਹਿ ਲੈਣ ਦੇ ਬਾਵਜੂਦ ਦਿਲ ਨੂੰ ਇਕ ਧੜਕਾ ਜਿਹਾ ਲੱਗਿਆ ਰਿਹਾ, ਇਕ ਭੈਅ ਮਹਿਸੂਸ ਹੁੰਦਾ ਰਹਿੰਦਾ ਕਿ ਤੁਸੀਂ ਮੇਰੇ ਨਾਲ ਕੀ ਸਲੂਕ ਕਰਦੇ ਓਂ? ਮੈਂ ਇਕ ਔਰਤ ਤਾਂ ਹਾਂ ਈ। ਇਸ ਗੱਲ ਨੂੰ ਕੋਈ ਵੀ ਨਈਂ ਭੁੱਲ ਸਕਦਾ—ਖਾਸ ਕਰਕੇ ਉਹਨਾਂ ਪਲਾਂ ਵਿਚ ਜਦੋਂ ਤੁਹਾਡੇ ਨਾਲ ਬਿਲਕੁਲ ਇਕੱਲੀ ਹੁੰਦੀ ਆਂ। ਮੈਂ ਔਰਤ ਮਰਦ ਦੀਆਂ ਬੁਨਿਆਦੀ ਲੋੜਾਂ ਦੀ ਗੱਲ ਨਈਂ ਕਰ ਰਹੀ ਜਿਸਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਏ। ਪਰ ਆਦਮੀ ਦੀ ਨੇਚੁਰ ਇਕ ਜਾਨਵਰ ਵਰਗੀ ਵੀ ਤਾਂ ਏ! ਮੁਆਫ਼ ਕਰਨਾ!” ਉਹ ਉੱਚੀ ਸਾਰੀ ਹੱਸ ਪਈ ਸੀ।
“ਕਿਹੜਾ ਜਾਨਵਰ! ਮੇਰਾ ਮਤਲਬ ਏ ਜਾਨਵਰ ਵੀ ਤਾਂ ਕੁਦਰਤ ਦਾ ਗੁਲਾਮ ਹੁੰਦਾ ਏ। ਜਿਵੇਂ ਉਸਨੂੰ ਬਣਾਇਆ ਗਿਆ ਏ, ਓਵੇਂ ਈ ਉਹ ਕਰਦਾ ਏ। ਪਰ ਮੇਰਾ ਖ਼ਿਆਲ ਏ ਜਾਨਵਰ ਬੜਾ ਈ ਸਿੱਧਾ ਤੇ ਸ਼ਰੀਫ਼ ਜਾਨਦਾਰ ਹੁੰਦਾ ਏ। ਆਪਣੀ ਮੇਟ (Mate) ਨੂੰ ਪਿਆਰ ਕਰਨ ਲਈ ਕੁਦਰਤ ਨੇ ਉਸ ਲਈ ਖਾਸ ਮੌਸਮ ਮੁਕਰਰ ਕੀਤੇ ਹੋਏ ਨੇ। ਉਸ ਦੇ ਇਲਾਵਾ ਉਹ ਕਦੀ ਕਿਸੇ ਕੋਲ ਨਈਂ ਫਟਕਦਾ ਜਦਕਿ ਆਦਮੀ ਹਰ ਮੌਸਮ ਦਾ ਜਾਨਵਰ ਹੁੰਦਾ ਏ। ਮੁਆਫ਼ ਕਰਨਾ ਲਫ਼ਜ਼ ਜਾਨਵਰ ਦਾ ਇਸਤੇਮਾਲ ਅਸੀਂ ਇਨਸਾਨ ਕਿੰਨਾਂ ਗਲਤ ਕਰਦੇ ਆਂ ਜਦਕਿ ਲਫ਼ਜ਼ ਇਨਸਾਨ ਈ ਜਬਰ, ਦਰਿੰਦਗੀ ਤੇ ਵਹਿਸ਼ਤ ਦੀ ਅਲਾਮਤ ਹੋਣਾ ਚਾਹੀਦਾ ਏ—ਪਰ ਤੁਸੀਂ ਆਪਣੀ ਗੱਲ ਭੈਅ ਤੋਂ ਸ਼ੁਰੂ ਕੀਤੀ ਸੀ। ਕੀ ਤੁਸੀਂ ਸਮਝਦੇ ਓਂ ਸਿਰਫ਼ ਮਰਦ ਈ ਭਿਆਨਕ ਜਾਨਵਾਰ ਹੁੰਦਾ ਏ! ਔਰਤ ਕਦੀ ਨਈਂ!”
“ਮਰਦਾਂ ਦੀ ਦੁਨੀਆਂ 'ਚ ਵਧੇਰੇ ਗਿਣਤੀ ਭਿਆਨਕ ਮਰਦਾਂ ਦੀ ਈ ਏ—ਅਜਿਹੀਆਂ ਔਰਤਾਂ ਬੜੀਆਂ ਘੱਟ ਹੋਣਗੀਆਂ!” ਉਹ ਥੋੜ੍ਹੀ-ਜਿਹੀ ਸੰਤੁਸ਼ਟ ਵੀ ਨਜ਼ਰ ਆਈ ਕਿ ਉਸਨੇ ਇਕ ਸੰਜੀਦਾ ਬਹਿਸ ਛੇੜ ਕੇ ਮੇਰੇ ਅੰਦਰ ਠਹਿਰਾ ਪੈਦਾ ਕਰ ਦਿੱਤਾ ਸੀ।
ਮੈਂ ਠਹਿਰਾ ਨੂੰ ਹੀ ਇਕ ਵਿਸ਼ਾ ਬਣਾ ਕੇ ਕਿਹਾ—
“ਤੁਸੀਂ ਇਹੀ ਦੇਖੋ, ਇਸ ਹੋਟਲ ਦੇ ਰਜਿਸਟਰ ਵਿਚ ਮਰਦ ਦੇ ਨਾਲ ਇਕ ਬੀਵੀ ਦਾ ਖਾਨਾਂ ਵੀ ਏ। ਇਕ ਮਰਦ ਦੋਸਤ ਦਾ ਵੀ ਹੋ ਸਕਦਾ ਏ। ਪਰ ਕਿਸੇ ਔਰਤ ਦੋਸਤ ਦਾ ਹਰਗਿਜ਼ ਨਈਂ! ਸਾਡਾ ਸਮਾਜ ਇਹ ਗੱਲ ਫ਼ਰਜ਼ ਵੀ ਨਈਂ ਕਰ ਸਕਦਾ ਕਿ ਕੋਈ ਮਰਦ ਆਪਣੇ ਨਾਲ ਇਕ ਦੋਸਤ ਔਰਤ ਵੀ ਲੈ ਕੇ ਆ ਸਕਦਾ ਏ। ਮੈਨੂੰ ਵੀ ਮਜਬੂਰਨ ਝੂਠ ਦਾ ਸਹਾਰਾ ਲੈਣਾ ਪਿਆ। ਜਦਕਿ ਸੱਚਾਈ ਇਹ ਐ ਕਿ ਅਸੀਂ ਹੁਣ ਤੱਕ ਦੋਸਤ ਈ ਆਂ! ਸਾਡੇ ਦਰਵਾਜ਼ੇ ਤੇ ਖਿੜਕੀਆਂ ਬੰਦ ਦੇਖ ਕੇ ਬਾਹਰ ਵਾਲੇ ਇਹੀ ਸਮਝ ਕੇ ਸ਼ਾਂਤ ਨੇ ਕਿ ਅਸੀਂ ਉਹੀ ਕੁਛ ਕਰ ਰਹੇ ਹੋਵਾਂਗੇ ਜਿਹੜਾ ਮੀਆਂ ਬੀਵੀ ਦੇ ਫ਼ਰਜ਼ਾਂ ਵਿਚ ਸ਼ਾਮਲ ਏ ਪਰ ਅਸੀਂ ਕਿੰਨੀਆਂ ਸੰਜੀਦਾ ਗੱਲਾਂ ਵਿਚ ਰੁੱਝੇ ਹੋਏ ਆਂ!”
“ਪਰ ਮੈਂ ਬਾਹਰ ਵਾਲਿਆਂ ਤੋਂ ਇੰਤਕਾਮ ਲੈਣ ਲਈ ਖ਼ੁਦ ਨੂੰ ਤੁਹਾਡੇ ਹਵਾਲੇ ਨਈਂ ਕਰ ਸਕਦੀ!” ਉਸਨੇ ਠਹਾਕਾ ਮਾਰ ਕੇ ਕਿਹਾ ਤੇ ਦੇਰ ਤੱਕ ਹੱਸਦੀ ਰਹੀ।
“ਮੇਰਾ ਵੀ ਅਜਿਹਾ ਕੋਈ ਇਰਾਦਾ ਨਈਂ ਕਿ ਤੁਹਾਨੂੰ ਕਿਸੇ ਦਿਮਾਗ਼ੀ ਕਸ਼ਮਕਸ਼ ਵਿਚ ਪਾ ਦਿਆਂ!”
ਅਗਲੀ ਸਵੇਰ ਉਹ ਮੈਥੋਂ ਪਹਿਲਾਂ ਜਾਗ ਪਈ ਤੇ ਮੇਰੇ ਲਈ ਚਾਹ ਮੰਗਵਾ ਕੇ ਮੈਨੂੰ ਵੀ ਜਗਾਅ ਦਿੱਤਾ। ਬੋਲੀ, “ਮੈਂ ਨਹਾਉਣ ਤੋਂ ਪਹਿਲਾਂ ਚਾਹ ਨਈਂ ਪੀਵਾਂਗੀ। ਅੱਛਾ ਜਦੋਂ ਤੱਕ ਤੁਸੀਂ ਚਾਹ ਪੀਂਦੇ ਓਂ, ਮੈਂ ਤਿਆਰ ਹੋ ਕੇ ਆਉਂਦੀ ਆਂ।”
ਨਾਸ਼ਤਾ ਕਰਨ ਲਈ ਅਸੀਂ ਡਾਈਨਿੰਗ ਹਾਲ ਵਿਚ ਗਏ—ਉੱਥੇ ਆਮ ਨਾਲੋਂ ਕੁਝ ਵੱਧ ਹੀ ਭੀੜ ਸੀ। ਨੌਜਵਾਨ ਮੁੰਡੇ ਤੇ ਕੁੜੀਆਂ ਬੰਗਾਲੀ ਭਾਸ਼ਾ ਵਿਚ ਕਾਹਲੀ-ਕਾਹਲੀ ਗੱਲਾਂਬਾਤਾਂ ਕਰ ਰਹੇ ਸੀ—
“ਏ ਗੰਗੋਲੀ ਦਾ, ਸ਼ੋਨੋ, ਤੁਮਰਾ ਸੇਨ ਭੂਮਕ ਦਾ ਏਕ ਬਾਰੇ ਪਰ ਨਾਏ ਕਟੇ ਦਏ ਛੇ। ਰਸ਼ ਪਰਿੰਟ ਦੇਖੇ ਲੋਲੇ ਅੱਛੇ। ਅਲੇ ਸ਼ਬ ਜੋਲੇ ਨਾ!” ਲੰਮੇ-ਲੰਮੇ ਵਾਲਾਂ ਵਾਲੀ ਕੁੜੀ ਜਿਸਨੇ ਇਹ ਫਿਰਕੇ ਬੜੀ ਸ਼ੋਖ਼ੀ ਨਾਲ ਕਹੇ ਸਨ ਉਸਦੇ ਜਵਾਬ ਵਿਚ ਇਕ ਦਰਮਿਆਨੇ ਕੱਦਾ ਦਾ ਖ਼ੁਸ਼ ਸ਼ਕਲ ਨੌਜਵਾਨ ਬੋਲਿਆ—
“ਹਾਂ-ਹਾਂ, ਅਮੀ ਜਾਨੀ। ਕਨਤੋ ਉਟਯਾ ਅਮਾਰ ਭਾਲੋ ਏਕ ਟੰਗ ਹੋਏ ਛੇ ਬੋਲਈ ਕੇਟੇ ਗਏ ਛੇ। ਅਹੀ ਕਾਰਨ ਭੋਮਕ ਦਾ ਸੇ ਜਾਨੇ ਹੈ ਅਮਾਰ ਭਾਲੋ—ਐਕਟਿੰਗ ਏ ਚੁਨਾ ਏਕ ਟੋ ਲੰਮਬਾ ਸੀਨ ਕਾਹੀ ਲਿਖਤੇ ਜਾਤੇ।”
 ਉਹਨਾਂ ਦੇ ਡਾਇਲਾਗ ਸੁਣ ਕੇ ਉੱਥੇ ਜਿੰਨੇ ਲੋਕ ਸੀ ਉੱਚੀ-ਉੱਚੀ ਹੱਸਣ ਲੱਗੇ।
ਉਹਨਾਂ ਲੋਕਾਂ ਦਾ ਬੰਨ੍ਹਿਆਂ ਹੋਇਆ ਸਾਮਾਨ ਕੰਧਾਂ ਦੇ ਨਾਲ ਰੱਖਿਆ ਹੋਇਆ ਸੀ। ਵੱਡੇ-ਵੱਡੇ ਸੂਟਕੇਸ, ਅਟੈਚੀ ਤੇ ਬਰੀਫ਼ ਕੇਸ ਤੇ ਕੁਝ ਵੱਡੇ-ਵੱਡੇ ਕੈਮਰੇ ਵੀ। ਪਤਾ ਲੱਗਿਆ ਟਾਲੀ ਗੰਜ ਦੀ ਇਕ ਫ਼ਿਲਮ ਕੰਪਨੀ ਦਾ ਪੂਰਾ ਯੂਨਿਟ ਸ਼ੂਇੰਗ ਕਰਨ ਆਇਆ ਸੀ। ਉਹਨਾਂ ਦੀਆਂ ਦੋ ਮੋਟਰਾਂ, ਇਕ ਜੀਪ ਤੇ ਇਕ ਵੈਨ ਟੂਰਿਸਟ ਲਾਜ ਦੇ ਅਹਾਤੇ ਵਿਚ ਖੜ੍ਹੀ ਦਿਖਾਈ ਦਿੱਤੀ।
ਸ਼ਾਂਤੀ ਨਿਕੇਤਨ ਦੇ ਬਾਗ਼ ਤੇ ਆਲੇ-ਦੁਆਲੇ ਦਾ ਮਾਹੌਲ ਬੰਗਾਲੀ ਫ਼ਿਲਮਾਂ ਲਈ ਇਕ ਚੰਗੀ ਰੇਡੀਮੇਡ ਸਿਚੁਏਸ਼ਨ ਪੈਦਾ ਕਰ ਦਿੰਦਾ ਹੈ—ਘੱਟ ਖਰਚ ਤੇ ਵਧੇਰੇ ਲਾਭ। ਉਂਜ ਵੀ ਕਲਕੱਤਾ ਉੱਥੋਂ ਬਹੁਤੀ ਦੂਰ ਨਹੀਂ ਹੈ।
ਜਦੋਂ ਤੱਕ ਅਸੀਂ ਨਾਸ਼ਤਾ ਕਰਦੇ ਰਹੇ ਫ਼ਿਲਮ ਯੂਨਿਟ ਦਾ ਇਕ ਮੋਟਾਂ-ਤਾਜ਼ਾ ਤੇ ਲੰਮਾਂ ਉੱਚਾ ਸ਼ਖ਼ਸ ਸਾਡੇ ਵੱਲ ਦੇਖਦਾ ਰਿਹਾ। ਫੇਰ ਜਿਵੇਂ ਉਸ ਤੋਂ ਸਬਰ ਨਾ ਹੋ ਸਕਿਆ ਤੇ ਸਾਡੇ ਕੋਲ ਆ ਕੇ ਬੋਲਿਆ, “ਜੇ ਤੁਸੀਂ ਵਾਕੱਈ ਨਾਰਦਨ ਇੰਡੀਆ ਦੇ ਓਂ ਤਾਂ ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਾਂਗਾ।”
ਮੇਰੇ ਹਾਂ ਵਿਚ ਸਿਰ ਹਿਲਾਅ ਦੇਣ 'ਤੇ ਉਹ ਹੱਥ ਵਧਾ ਕੇ ਬੋਲਿਆ...:
“ਮੈਂ ਡਾਇਰੈਕਟਰ ਭੂਮਕ ਆਂ। ਗੁਰੂਪਦ ਭੂਮਕ। ਚਾਰ ਫ਼ਿਲਮਾਂ ਬਣਾ ਚੁੱਕਿਆ ਆਂ। ਦੋ ਤਾਂ ਹਿੱਟ ਹੋ ਗਈਆਂ। ਨਵੀਂ ਫ਼ਿਲਮ ਹਿੰਦੀ ਵਿਚ ਵੀ ਡੱਬ ਹੋ ਗਈ—'ਕੈਸੇ ਕੈਸੇ ਲੋਗ'! ਕਦੀ ਨਾ ਕਦੀ ਤੁਹਾਨੂੰ ਵੀ ਦੇਖਣ ਲਈ ਜ਼ਰੂਰ ਮਿਲੇਗੀ। ਅੱਛਾ, ਇਕ ਗੱਲ ਹੋਰ ਏ—ਇਹ ਜਿਹੜੀ ਨਵੀਂ ਫ਼ਿਲਮ ਦੀ ਸ਼ੂਟਿੰਗ ਕਰਨ ਵਾਸਤੇ ਅਸੀਂ ਇੱਧਰ ਆਏ ਆਂ, ਉਸਦੀ ਕਹਾਣੀ ਇੱਥੋਂ ਦੇ ਇਕ ਪ੍ਰੋਫ਼ੈਸਰ ਆਸ਼ਿਸ਼ ਦਾਸ ਗੁਪਤਾ ਨੇ ਲਿਖੀ ਏ। ਉਹ ਹੁਣੇ ਆਉਣ ਵਾਲਾ ਏ। ਉਹ ਨਾਲ ਅੱਜ ਦੀ ਸਿਚੁਏਸ਼ਨ 'ਤੇ ਡਿਸਕਸ਼ਨ ਵੀ ਹੋਣੀ ਏਂ। ਤੁਹਾਨੂੰ ਦੋਵਾਂ ਨੂੰ ਦੇਖ ਕੇ ਇਕ ਗੱਲ ਇਕਦਮ ਮਨ ਵਿਚ ਆਈ। ਪ੍ਰੋਫ਼ੈਸਰ ਆਸ਼ਿਸ਼ ਦਾਸ ਗੁਪਤਾ ਨੂੰ ਵੀ ਦੱਸਾਂਗਾ—ਉਮੀਦ ਏ ਉਹ ਵੀ ਪਸੰਦ ਕਰੇਗਾ। ਫਿਲਮ ਬਣਾਉਂਦਿਆਂ-ਬਣਾਉਂਦਿਆ ਬੜਾ ਕੁਛ ਐਡਜੈਸਟ ਕਰਨਾ ਪੈਂਦਾ ਏ ਦਾਦਾ। ਹੁਣ ਤੁਸੀਂ ਇੱਥੇ ਓਂ ਨਾ! ਇਸੇ ਹੋਟਲ 'ਚ...! ਅਸੀਂ ਲੋਕ ਪਹਿਲਾਂ ਡਿਸਕਸ਼ਨ ਕਰ ਲਈਏ ਫੇਰ ਤੁਹਾਨੂੰ ਵੀ ਆ ਕੇ ਦੱਸਾਂਗਾ। ਪਰ ਕੀ ਤੁਸੀਂ ਲੋਕ ਇਕ ਜਾਂ ਦੋ ਸੀਨਾਂ 'ਚ ਕੰਮ ਕਰਨ ਲਈ ਰਾਜ਼ੀ ਓਂ ਨਾ! ਦੇਖੋ, ਸਾਡੇ ਕੋਲ ਬਹੁਤਾ ਪੈਸ ਨਈਂ ਹੁੰਦਾ। ਬੜੇ ਸਸਤੇ 'ਚ ਫਿਲਮ ਬਣਾਉਂਦੇ ਆਂ। ਅਸੀਂ ਲੋਕ ਤਾਂ ਆਰਟ 'ਤੇ ਮਰਦੇ ਆਂ ਦਾਦਾ। ਅੱਛੀ ਕਹਾਣੀ ਉੱਤੇ—ਤੇ ਅੱਛੀ ਐਕਟਿੰਗ ਉੱਤੇ! ਸਾਰੇ ਬੰਗਾਲ 'ਚ ਗਿਣਤੀ ਦੇ ਸਿਨੇਮਾ ਘਰ ਨੇ। ਇਹ ਬੰਬਈ ਨਈਂ ਦਾਦਾ, ਜੋ ਸਾਰੇ ਇੰਡੀਆ 'ਤੇ ਰਾਜ ਕਰਦੀ ਏ ਤੇ ਖ਼ੂਬ ਕਮਾਉਂਦੀ ਏ। ਬਸ, ਆਰਟ ਦੇ ਮਰਦੇ ਆਂ ਦਾਦਾ!”
ਨੀਰਾ ਚੌਧਰੀ ਨੇ ਉਸਨੂੰ ਫ਼ੌਰਨ ਕਹਿ ਦਿੱਤਾ—
“ਅਸੀਂ ਤਿਆਰ ਆਂ—ਪਰ ਪਹਿਲਾਂ ਸਕਰਿਪਟ ਦਿਖਾਅ ਦੇਣਾ ਜ਼ਰਾ। ਅਸੀਂ ਲੋਕ ਰੂਮ ਨੰਬਰ ਪੰਜ 'ਚ ਆਂ।”
ਆਪਣੇ ਕਮਰੇ ਵਿਚ ਜਾ ਕੇ ਮੈਂ ਨੀਰਾ ਨੂੰ ਕਿਹਾ—“ਮੈਂ ਤਾਂ ਕਦੀ ਐਕਟਿੰਗ-ਵੈਕਟਿੰਗ ਕੀਤੀ ਨਈਂ। ਹੁਣੇ ਪਸੀਨਾ ਆ ਰਿਹੈ।”
“ਇਕ ਅੱਧੇ ਸੀਨ 'ਚ ਹੋਵੇਗਾ ਕੀ? ਇਸ ਮਾਮਲੇ 'ਚ ਮੈਂ ਵੀ ਬਿਲਕੁਲ ਕੋਰੀ ਆਂ। ਪਰ ਮੈਨੂੰ ਡਰ ਨਈਂ ਲੱਗ ਰਿਹਾ—ਇਕ ਐਡਵੈਂਚਰ ਈ ਤਾਂ ਹੋਵੇਗਾ! ”
“ਜੇ ਉਹਨਾਂ ਨੇ ਸਾਨੂੰ ਕੁਛ ਤੋਂ ਕੁਛ ਬਣਾ ਦਿੱਤਾ! ਮਾਂ ਬੇਟਾ ਜਾਂ ਭਰਾ ਭੈਣ!”
“ਤਾਂ ਕਿਹਾੜਾ ਵੱਡਾ ਪਹਾੜ ਟੁੱਟ ਪਵੇਗਾ? ਬਣਾ ਦੇਣ।”
ਗਿਆਰਾਂ ਵਜੇ ਦੇ ਲਗਭਗ ਗੁਰੂਪਦ ਭੂਮਕ ਇਕ ਸ਼ਖ਼ਸ ਨੂੰ ਸਾਡੇ ਕਮਰੇ ਵਿਚ ਲੈ ਆਇਆ। ਸਾਡੇ ਨਾਲ ਜਾਣ-ਪਛਾਣ ਕਰਾਉਂਦਾ ਹੋਇਆ ਬੋਲਿਆ, “ਇਹ ਨੇ ਸਾਡੇ ਕਹਾਣੀਕਾਰ ਆਸ਼ਿਸ਼ ਰਾਏ ਦਾਸ ਗੁਪਤਾ। ਵਿਸ਼ਵ ਭਾਰਤੀ 'ਚ ਇੰਗਲਿਸ਼ ਲਿਟਰੇਚਰ ਪੜ੍ਹਾਉਂਦੇ ਨੇ। ਇਹਨਾਂ ਨੇ ਮੇਰੀ ਸਿਚੁਏਸ਼ਨ 'ਤੇ ਦੋ ਚਾਰ ਸੀਨ ਹੋਰ ਵਧਾ ਦਿੱਤੇ ਨੇ। ਤੁਹਾਨੂੰ ਸਣਾਉਣ ਕੇ ਵਾਸਤੇ ਨਾਲ ਲਿਆਇਆ ਆਂ।”
ਪ੍ਰੋਫ਼ੈਸਰ ਆਸ਼ਿਸ਼ ਰਾਏ ਬੋਲੇ, “ਸਾਡੀ ਕਹਾਣੀ ਵਿਚ ਜਿਹੜੀ ਹੀਰੋਇਨ ਏ ਉਹ ਅਪਾਹਜ਼ ਏ। ਪੋਲੀਓ ਕਰਕੇ ਬਿਲਕੁਲ ਤੁਰ ਫਿਰ ਨਈਂ ਸਕਦੀ—ਇਕ ਹੋਟਲ ਵਿਚ ਰਿਸੈਪਸਨਿਸ਼ਟ ਦੀ ਜਾਬ ਕਰਦੀ ਏ। ਉਸ ਕੋਲ ਇਕ ਟੂਰਿਸਟ ਔਰਤ ਆਉਂਦੀ ਏ। ਉਸ ਕੋਲ ਬੈਠ ਕੇ ਉਸਨੂੰ ਆਪਣੀ ਜ਼ਿੰਦਗੀ ਬਾਰੇ ਕੁਛ ਨਾ ਕੁਛ ਦੱਸਦੀ ਰਹਿੰਦੀ ਏ। ਤੇ ਉਹ ਜਿਹੜੀ ਟੂਰਿਸਟ ਔਰਤ ਏ ਨਾਰਦਨ ਇੰਡੀਆ ਦੀ ਇਕ ਫ਼ੇਮਸ ਰਾਈਟਰ ਏ ਤੇ ਯਕਦਮ ਮੌਡਰਨ, ਨਵੇਂ ਵਿਚਾਰਾਂ ਦੀ। ਅਚਾਨਕ ਉਸਦੀ ਮੁਲਾਕਾਤ ਬੋਲਪੁਰ ਦੇ ਬਾਜ਼ਾਰ ਵਿਚ ਆਪਣੇ ਵਰਗੇ ਇਕ ਹੋਰ ਰਾਈਟਰ ਨਾਲ ਹੋ ਜਾਂਦੀ ਏ। ਉਹ ਵੀ ਬੜਾ ਫ਼ੇਮਸ ਏ ਪਰ ਉਹ ਪਹਿਲਾਂ ਇਕ ਦੂਜੇ ਨੂੰ ਕਦੀ ਨਈਂ ਮਿਲੇ। ਪਹਿਲੀ ਵਾਰੀ ਇੱਥੇ ਬਾਜ਼ਾਰ 'ਚ ਮਿਲਦੇ ਨੇ। ਖਿਡੌਣਿਆਂ, ਵਾਲ ਹੈਂਗਿੰਗ ਤੇ ਕੁਛ ਹੋਰ ਸਾਮਾਨ ਵਾਲੀ ਇਕ ਦੁਕਾਨ 'ਚ ਜਿਹੜਾ ਟੂਰਿਸਟਾਂ ਨੂੰ ਲਲਚਾਉਣ ਲਈ ਰੱਖਿਆ ਹੁੰਦਾ ਏ। ਉਹ ਇਕ ਦੂਜੇ ਦੇ ਫਰੈਂਡ ਬਣ ਜਾਂਦੇ ਨੇ। ਉੱਥੋਂ ਨਿਕਲ ਕੇ ਇਕ ਰੇਸਤਰਾਂ ਵਿਚ ਜਾ ਬੈਠਦੇ ਨੇ। ਜੋ ਕੁਛ ਉਹ ਇਕ ਦੂਜੇ ਨੂੰ ਕਹਿੰਦੇ ਨੇ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ। ਉਹ ਬੰਗਾਲੀ 'ਚ ਨਈਂ ਬੋਲਣਾ ਪਵੇਗਾ। ਤੁਸੀਂ ਆਪਣੀ ਜ਼ਬਾਨ 'ਚ ਬੋਲਣਾ। ਫੇਰ ਉਹ ਰਿਕਸ਼ੇ ਵਿਚ ਬੜੀ ਦੇਰ ਤੱਕ ਇੱਧਰ-ਉੱਧਰ ਘੁੰਮਦੇ ਨੇ। ਸਾਡਾ ਕੈਮਰਾ ਤੁਹਾਡੇ ਪਿੱਛੇ-ਪਿੱਛੇ ਰਹੇਗਾ। ਉਹ ਆਦਮੀ ਉਸਨੂੰ ਆਪਣੇ ਨਾਲ ਹੋਟਲ 'ਚ ਠਹਿਰਣ ਵਾਸਤੇ ਇਨਵਾਈਟ ਕਰਦਾ ਏ। ਔਰਤ ਇਨਕਾਰ ਨਈਂ ਕਰਦੀ। ਸਾਡਾ ਕੈਮਰਾ ਉਹਨਾਂ ਦੋਵਾਂ ਨੂੰ ਇਕ ਰੂਮ ਅੰਦਰ ਜਾਂਦਿਆਂ ਪਿੱਛਲੇ ਪਾਸਿਓਂ ਸ਼ੂਟ ਕਰ ਲਵੇਗਾ। ਇਸ ਪਿੱਛੋਂ ਇਕ ਹੋਰ ਸੀਨ ਏ। ਸਾਡੀ ਹੀਰੋਇਨ ਕੋਲ ਬੈਠੀ ਹੋਈ ਉਹ ਔਰਤ ਬੋਲਦੀ ਏ—'ਮੈਨੂੰ ਆਪਣੀ ਆਜ਼ਾਦੀ ਪਿਆਰੀ ਏ। ਉਸੇ ਵਾਸਤੇ ਮੈਂ ਘਰ-ਬਾਰ, ਬੱਚੇ, ਸ਼ਹਿਰ, ਸਭ ਕੁਛ ਛੱਡ ਕੇ ਘੁੰਮਣ ਨਿਕਲੀ ਆਂ।' ਬਸ! ਇਸ ਪਿੱਛੋਂ ਸਾਡੀ ਆਪਣੀ ਕਹਾਣੀ ਚੱਲਦੀ ਏ। ਤੁਹਾਡਾ ਲੋਕਾਂ ਦਾ ਕੰਮ ਬਸ ਐਨਾ ਈ ਹੋਵੇਗਾ!”
ਇਹ ਸਭ ਸੁਣ ਕੇ ਮੈਂ ਤਾਂ ਹੱਕਾ-ਬੱਕਾ ਰਹਿ ਗਿਆ। ਨੀਰਾ ਚੌਧਰੀ ਦੇ ਚਿਹਰੇ ਉੱਤੇ ਵੀ ਓਹੋ-ਜਿਹੀ ਹੈਰਾਨੀ ਹੀ ਸੀ। ਇੰਜ ਲੱਗਿਆ ਜਿਵੇਂ ਉਹ ਸਾਨੂੰ ਦੋਵਾਂ ਨੂੰ ਜਾਣਦੇ ਨੇ। ਕਈ ਦਿਨਾਂ ਦੇ ਸਾਡੇ ਪਿੱਛੇ ਲੱਗੇ ਹੋਏ ਨੇ। ਸਾਨੂੰ ਇਸ ਤਰ੍ਹਾਂ ਖ਼ਾਮੋਸ਼ ਦੇਖ ਕੇ ਡਾਇਰੈਕਟਰ ਭੂਮਕ ਬੋਲਿਆ, “ਦੇਖੋ ਦਾਦਾ, ਇਨਕਾਰ ਨਾ ਕਰਨਾ। ਤੁਹਾਨੂੰ ਲੋਕਾਂ ਨੂੰ ਦੇਖ ਕੇ ਈ ਅਚਾਨਕ ਏਨਾ ਅੱਛਾ ਖ਼ਿਆਲ ਸੁੱਝਿਆ ਕਿ ਉਸ ਸਾਡੀ ਕਹਾਣੀ ਨੂੰ ਯਕਦਮ ਹਾਈ ਪੀਚ 'ਤੇ ਲੈ ਜਾਏਗਾ। ਇਸ ਸਿਚੁਏਸ਼ਨ ਨਾਲ ਅਸੀਂ ਆਪਣੀ ਹੀਰੋਇਨ ਦਾ ਰਿਐਕਸ਼ਨ ਦਿਖਾਉਣਾ ਚਾਹੁੰਦੇ ਆਂ। ਉਹ ਆਪਣੇ ਅਪਾਹਜ਼ਪਨ ਕਰਕੇ ਕੁਛ ਹੋਰ ਨਈਂ ਕਰ ਸਕਦੀ। ਕਾਊਂਟਰ 'ਤੇ ਬੈਠੀ-ਬੈਠੀ ਆਉਣ-ਜਾਣ ਵਾਲਿਆਂ ਬਾਰੇ ਆਪਣੀ ਡਾਇਰੀ 'ਚ ਕੁਛ ਨਾ ਕੁਛ ਲਿਖਦੀ ਰਹਿੰਦੀ ਏ। ਸਾਰੀ ਕਹਾਣੀ ਉਸ ਡਾਇਰੀ 'ਤੇ ਅਧਾਰਿਤ ਏ। ਅਸੀਂ ਜਾਣਦੇ ਆਂ ਇਸ ਲਈ ਤੁਹਾਨੂੰ ਚਾਰ ਪੰਜ ਦਿਨ ਹੋਰ ਰੁਕਣਾ ਪਏਗਾ। ਇਸਦਾ ਕਿਰਾਇਆ ਤੇ ਹੋਰ ਸਾਰੇ ਬਿੱਲ ਅਸੀਂ ਦਿਆਂਗੇ। ਬਸ, ਏਨਾ ਅਸੀਂ ਕਰ ਸਕਦੇ ਆਂ।”
ਨੀਰਾ ਚੌਧਰੀ ਨੇ ਮੇਰੇ ਵੱਲ ਟੋਂਹਦੀਆਂ-ਟਟੋਲਦੀਆਂ ਨਜ਼ਰਾਂ ਨਾਲ ਦੇਖਿਆ। ਉਹ ਮੇਰੇ ਅੰਦਰ ਹੋ ਰਹੀ ਉਥਲ-ਪੁਥਲ ਨੂੰ ਵੀ ਸਮਝ ਚੁੱਕੀ ਸੀ। ਹੌਲੀ-ਜਿਹੀ ਬੋਲੀ, “ਇਹ ਲੋਕ ਸਾਡੇ ਬਾਰੇ ਪਹਿਲਾਂ ਕੁਛ ਨਈਂ ਜਾਣਦੇ ਸੀ ਪਰ ਇਸ ਤੋਂ ਪਤਾ ਲੱਗਦਾ ਏ ਕਿ ਸਾਡੀ ਦੁਨੀਆਂ ਕਿੰਨੀ ਛੋਟੀ ਹੋ ਗਈ ਏ। ਸਾਡੀ ਕਹਾਣੀ ਹਰ ਇਲਾਕੇ ਦੀਆਂ ਕਹਾਣੀ ਬਣ ਗਈਆਂ ਏ ਕਿਉਂਕਿ ਹਰ ਜਗ੍ਹਾ ਦੇ ਮਸਲੇ ਇਕੋ-ਜਿਹੇ ਨੇ। ਹਰ ਜਗ੍ਹਾ ਇਕੋ-ਜਿਹਾ ਘਰ ਏ। ਉਸ ਘਰ ਵਿਚਲਾ ਡਿਪਰੈਸ਼ਨ ਤੇ ਉਸ 'ਚੋਂ ਨਿੱਕਲ ਕੇ ਭੱਜ ਜਾਣ ਦੀ ਤਮੰਨਾ ਵੀ! ਇਸ ਬਹਾਨੇ ਇਕ ਦੂਜੇ ਨੂੰ ਹੋਰ ਵੱਧ ਜਾਣਨ ਦਾ ਮੌਕਾ ਮਿਲ ਰਿਹਾ ਏ ਤਾਂ ਹੱਥੋਂ ਕਿਓਂ ਜਾਣ ਦਿੱਤਾ ਜਾਣ ਦੇਈਏ!” ਫੇਰ ਉਸਨੇ ਗੁਰੂਪਦ ਭੂਮਕ ਵੱਲ ਭੌਂ ਕੇ ਕਿਹਾ, “ਠੀਕ ਏ ਦਾਦਾ, ਸਾਨੂੰ ਸਭ ਮੰਜ਼ੂਰ ਏ। ਤੁਹਾਡਾ ਕੰਮ ਕਦੋਂ ਤੱਕ ਸ਼ੁਰੂ ਹੋਵੇਗਾ!
--- --- ---
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

No comments:

Post a Comment