Wednesday, April 1, 2009

ਅਮਨ ਅਮਾਨ ? !... :: ਲੇਖਕ : ਸੇਫ ਅਲ ਰਹਿਮਾਨ ਅਬਾੱਦ

ਉਰਦੂ ਕਹਾਣੀ : ਅਮਨ ਅਮਾਨ ? !... :: ਲੇਖਕ : ਸੇਫ ਅਲ ਰਹਿਮਾਨ ਅਬਾੱਦ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਬਸਰਾ ਦਾ ਹਸਪਤਾਲ…

ਨਰਸ ਕਾਹਲੇ ਪੈਰੀਂ ਤੁਰਦੀ ਹੋਈ ਵਾਰਡ ਵਿਚ ਆਈ ਤੇ ਕੋਨੇ ਵਾਲੇ ਪਲੰਘ ਕੋਲ ਆਣ ਕੇ ਰੁਕ ਗਈ। ਉਸਨੇ ਗੌਰ ਨਾਲ ਬੈੱਡ ਉਪਰ, ਅਹਿੱਲ-ਅਡੋਲ, ਪਈ ਮਰੀਜ਼ ਵੱਲ ਦੇਖਿਆ, ਜਿਸ ਦਾ ਸਾਰਾ ਸਰੀਰ ਕੰਬਲ ਹੇਠ ਢਕਿਆ ਹੋਇਆ ਸੀ। ਸਿਰਫ ਚਿਹਰਾ ਨਜ਼ਰ ਆ ਰਿਹਾ ਸੀ। ਉਦੋਂ ਉਸ ਦੇ ਉੱਗਦੀ ਸਵੇਰ ਵਰਗੇ ਚਿਹਰੇ ਉੱਤੇ, ਢੱਲੀ ਹੋਈ ਸ਼ਾਮ ਵਰਗੀ ਕਲੱਤਣ ਨਜ਼ਰ ਆ ਰਹੀ ਸੀ। ਸੰਘਣੇ ਲੰਮੇਂ ਵਾਲ, ਜਾਲ ਵਾਂਗ ਸਿਰਹਾਣੇ ਉੱਤੇ ਖਿੱਲਰੇ ਹੋਏ ਸਨ। ਇਹ ਮਰੀਜ਼ ਦੋ ਦਿਨਾਂ ਦੀ ਬੇਹੋਸ਼ ਪਈ ਸੀ।

ਨਰਸ ਮੇਜ਼ ਉੱਤੇ ਪਈਆਂ ਦਵਾਈਆਂ ਤੇ ਇੰਜੈਕਸ਼ਨਜ਼ ਦਾ ਮੁਆਇਨਾਂ ਕਰਨ ਲੱਗੀ।

"ਅ-ਆ…ਆ-ਹ !" ਮਰੀਜ਼ ਦੀ ਕਰਾਹ ਸੁਣ ਕੇ ਉਹ ਉਸ ਵੱਲ ਪਰਤੀ ਤੇ ਉਸਦੇ ਚਿਹਰੇ ਵੱਲ ਦੇਖਣ ਲੱਗੀ। ਉਸਦੇ ਸੁੱਕੇ ਬੁੱਲ੍ਹਾਂ ਤੇ ਕਾਲੀਆਂ ਲੰਮੀਆਂ ਪਲਕਾਂ ਵਿਚ ਥੋੜ੍ਹੀ-ਥੋੜ੍ਹੀ ਫਰਕਣ ਹੋ ਰਹੀ ਸੀ। ਨਰਸ ਦੇ ਬੁੱਲ੍ਹਾਂ ਉੱਤੇ ਮੁਸਕਰਾਹਟ ਫੈਲ ਗਈ। ਉਹ ਬੈੱਡ ਦੀ ਬਾਹੀ ਉੱਤੇ ਬੈਠ ਕੇ ਮਰੀਜ਼ ਦੇ ਚਿਹਰੇ ਵੱਲ ਦੇਖਣ ਲੱਗੀ।

ਹੁਣ ਮਰੀਜ਼ ਦਾ ਪੂਰਾ ਚਿਹਰਾ ਜੀਵਨ-ਰੌ ਨਾਲ ਫਰਕ ਰਿਹਾ ਸੀ। ਨਰਸ ਨੇ ਇਕ ਲੰਮਾ ਸਾਹ ਖਿੱਚਿਆ ਜਿਵੇਂ ਆਪਣੇ ਸੀਨੇ ਅੰਦਰਲੇ ਕਿਸੇ ਖ਼ਾਲੀ ਥਾਂ ਨੂੰ ਭਰ ਰਹੀ ਹੋਵੇ।

"ਹੁਣ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ? ਬੋਲੋ ! ਬੋਲੋ !!" ਨਰਸ ਨੇ ਮਰੀਜ਼ ਦੇ ਫਰਕਦੇ ਹੋਏ ਬੁੱਲ੍ਹਾਂ ਉੱਤੇ ਨਿਗਾਹ ਗੱਡਦਿਆਂ ਕਿਹਾ।

"ਆਹ…ਮੈਂ ਕਿੱਥੇ ਆਂ ? !" ਮਰੀਜ਼ ਦੀ ਕਮਜ਼ੋਰ ਜਿਹੀ ਫੁਸਫੁਸਾਹਟ ਸੁਣਾਈ ਦਿੱਤੀ।

"ਘਬਰਾਓ ਨਾ, ਤੁਸੀਂ ਹਸਪਤਾਲ 'ਚ ਓ। ਕੋਈ ਤਕਲੀਫ਼ ਮਹਿਸੂਸ ਹੋ ਰਹੀ ਏ ਤੁਹਾਨੂੰ ?"

"ਪਰ ਮੈਂ ਇੱਥੇ ਕਿੰਜ ਪਹੁੰਚੀ ?"

"ਤੁਸੀਂ ਜਖ਼ਮੀ ਹੋ ਗਏ ਸੌ---ਇਸ ਲਈ ਤੁਹਾਨੂੰ ਹਸਪਤਾਲ ਲਿਆਂਦਾ ਗਿਆ। ਹੁਣ ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ।"

"ਸਿਸਟਰ ਮੇਰਾ ਸਾਰਾ ਜਿਸਮ ਬੇਜਾਨ ਹੋਇਆ ਪਿਆ ਏ…ਜਾਪਦਾ ਏ ਜਿਵੇਂ ਪੱਥਰ ਹੋ ਗਿਆ ਹੋਵੇ। ਮੈਂ ਹਿੱਲ ਵੀ ਨਹੀਂ ਸਕਦੀ..."

"ਹੌਸਲਾ ਕਰੋ।" ਨਰਸ ਨੇ ਉਸਦੀਆਂ ਗੱਲ੍ਹਾਂ ਥਾਪੜਦਿਆਂ ਕਿਹਾ, "ਤੁਸੀਂ ਬਿਲਕੁਲ ਠੀਕ ਹੋ ਜਾਓਗੇ…ਬੜੀ ਛੇਤੀ, ਤੇ ਫੇਰ ਖੁਸ਼ੀ-ਖੁਸ਼ੀ ਆਪਣੇ ਘਰ ਚਲੇ ਜਾਣਾ। ਪਤਾ ਏ, ਬਗਦਾਦ ਵਿਚ ਅੰਤਰ-ਰਾਸ਼ਟਰੀ ਅਮਨ ਕਾਨਫਰੰਸ ਹੋ ਰਹੀ ਏ? ਅਮਨ ਲਈ, ਰਾਹਤ ਲਈ ਸਕੂਨ ਲਈ…ਸਾਰੇ ਦੇਸ਼ ਦੀਆਂ ਕੰਧਾਂ ਉੱਪਰ ਅਮਨ ਦੇ ਸਫ਼ੈਦ ਕਬੂਤਰ ਦੇ ਪੋਸਟਰ ਲਾ ਦਿੱਤੇ ਗਏ ਨੇ। ਸਾਰੀ ਦੁਨੀਆਂ ਦੇ ਨੁਮਾਇੰਦੇ ਇਸ ਕਾਨਫਰੰਸ ਵਿਚ ਆ ਰਹੇ ਨੇ।"

"ਸੱਚ ਕਹਿ ਰਹੇ ਓ ਸਿਸਟਰ ? !" ਮਰੀਜ਼ ਔਰਤ ਦੀਆਂ ਅੱਖਾਂ ਵਿਚ ਚਮਕ ਆ ਗਈ। "ਕੀ ਫੇਰ ਕਦੀ ਧਮਾਕਿਆਂ ਦਾ ਦਿਲ ਹਿਲਾਅ ਦੇਣ ਵਾਲਾ ਖੜਾਕ ਨਹੀਂ ਗੂੰਜੇਗਾ ?...ਕੀ ਸੱਚਮੁੱਚ ਅਮਨ ਹੋ ਗਿਆ ਏ ? ਉਹ ਅਮਨ ਜਿਹੜਾ ਸ਼ਹਿਦ ਵਰਗਾ ਮਿੱਠਾ, ਫੁੱਲਾਂ ਜਿਹਾ ਨਰਮ ਤੇ ਸ਼ਬਨਮ ਦੇ ਕਤਰੇ ਜਿੰਨਾ ਸ਼ੀਤਲ ਹੁੰਦਾ ਏ ! ਕੀ ਅਸੀਂ ਫੇਰ ਸੁਥਰੀ ਹਵਾ ਵਿਚ ਸਾਹ ਲੈ ਸਕਾਂਗੇ ਤੇ ਹਵਾ ਵਿਚੋਂ ਬਾਰੂਦ ਦੀ ਬੋਝਲ ਗੰਧ ਨਹੀਂ ਆਏਗੀ ? ਬੋਲੋ ਸਿਸਟਰ…ਜਵਾਬ ਦਿਓ ? !"

ਨਰਸ ਉਸਦੇ ਮੂੰਹ ਵੱਲ ਤੱਕਦੀ ਰਹੀ, ਉਸਨੂੰ ਮਰੀਜ਼ ਉੱਤੇ ਤਰਸ ਆ ਰਿਹਾ ਸੀ। ਉਦੋਂ ਹੀ ਉਹ ਫੇਰ ਬੋਲਣ ਲੱਗੀ, "ਹਾਂ, ਮੈਨੂੰ ਯਾਦ ਆ ਰਿਹਾ ਏ…ਬਸਰਾ ਉੱਤੇ ਬੰਬਾਰੀ ਹੋ ਰਹੀ ਸੀ ; ਮੈਂ ਜਖ਼ਮੀ ਹੋ ਗਈ ਸਾਂ ; ਮੇਰਾ ਸਾਰਾ ਪਿੰਡਾ ਪੀੜਾਂ ਨੇ ਭੰਨ ਸੁੱਟਿਆ ਸੀ ਤੇ ਮੈਂ ਬੇਹੋਸ਼ ਹੋ ਗਈ ਸਾਂ। ਸੱਚ ਦੱਸਣਾ ਸਿਸਟਰ, ਕੀ ਅਮਨ ਦਾ ਕਬੂਤਰ ਸੱਚਮੁੱਚ ਦਹਿਸ਼ਤ ਦੀ ਕੈਦ ਵਿਚੋਂ ਰਿਹਾਅ ਹੋ ਗਿਆ ਏ ? ! ਕੀ ਬੱਚੇ ਫੇਰ ਸਕੂਲ ਜਾਣ ਲੱਗ ਪੈਣਗੇ ? ਕੀ ਉਹ ਆਜ਼ਾਦੀ ਨਾਲ ਮੁੜ ਖੁੱਲ੍ਹੇ ਮੈਦਾਨ ਵਿਚ ਖੇਡ ਸਕਣਗੇ ?"

"ਹਾਂ, ਅਮਨ ਹੋਏਗਾ," ਨਰਸ ਨੇ ਉਸਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ, "…ਤੇ ਹੋਏਗਾ ਕਿਉਂ ਨਹੀਂ ; ਅਸੀਂ ਸਾਰੇ ਅਮਨ ਚਾਹੁੰਦੇ ਆਂ, ਸਾਰੀ ਦੁਨੀਆਂ ਅਮਨ ਚਾਹੁੰਦੀ ਏ ; ਤੇ ਅਮਨ ਹੋਣਾ ਹੀ ਚਾਹੀਦਾ ਏ। ਅਮਨ ਜ਼ਰੂਰ ਹੋਏਗਾ। ਜਾਣਦੇ ਓ, ਅੱਜ ਅਨੇਕਾਂ ਲੋਕ ਕਾਨਫਰੰਬ ਹਾਲ ਦੇ ਬਾਹਰ ਇਕੱਤਰ ਹੋਏ ਹੋਏ ਨੇ…ਹਰੇਕ ਬੱਚੇ, ਬੁੱਢੇ, ਜਵਾਨ, ਮਰਦ ਤੇ ਔਰਤ ਦੀ ਜ਼ਬਾਨ ਉੱਤੇ ਇੱਕੋ ਵਾਕ ਹੈ---'ਜੰਗ, ਨਹੀਂ…ਅਮਨ, ਸਿਰਫ ਅਮਨ।'

"ਅੱਜ ਬਹੁਤ ਸਾਰੀਆਂ ਔਰਤਾਂ ਵੀ ਕਾਨਫਰੰਸ ਹਾਲ ਦੇ ਬਾਹਰ ਜਮ੍ਹਾਂ ਹੋਈਆਂ ਹੋਈਆਂ ਨੇ, ਸਭਨਾਂ ਨੇ ਆਪਣੇ ਉਹਨਾਂ ਜਿਗਰੀ ਮਿੱਤਰਾਂ-ਪਿਅਰਿਆਂ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਨੇ ਜਿਹਨਾਂ ਨੂੰ ਜੰਗ ਦੇ ਦੈਂਤ ਨੇ ਹਮੇਸ਼ਾ ਲਈ ਖੋਹ ਲਿਆ ਹੈ। ਅਮਨ ਹੋਣਾ ਚਾਹੀਦਾ ਏ, ਅਮਨ ਹੋਏਗਾ।"

"ਸੁਣੋ ਸਿਸਟਰ, ਮੇਰਾ ਇਕ ਬੇਟਾ ਏ…ਚਾਰ ਕੁ ਸਾਲ ਦਾ। ਬੜਾ ਪਿਆਰਾ, ਬੜਾ ਸ਼ਰਾਰਤੀ ਤੇ ਬੜ ਈ ਜ਼ਿੱਦੀ। ਜਾਣਦੇ ਓ ਸਿਸਟਰ ਉਹ ਸਿਰਫ ਮੇਰੇ ਨਾਲ ਰੋਟੀ ਖਾਂਦਾ ਏ, ਸਿਰਫ ਮੇਰੇ ਹੱਥੋਂ। ਜੇ ਮੈਂ ਉਸਨੂੰ ਆਪਣੇ ਹੱਥ ਨਾਲ ਨਾ ਖਵਾਵਾਂ ਤਾਂ ਭੁੱਖਾ ਸੌਂ ਜਾਂਦਾ ਏ। ਉਹ ਮੇਰੇ ਜਿਗਰ ਦਾ ਟੁਕੜਾ ਏ ਸਿਸਟਰ…ਉਹ ਭੁੱਖਾ ਹੋਏਗਾ, ਉਹ ਮਰ ਜਾਏਗਾ ਸਿਸਟਰ। ਆਖ਼ਰ ਮੈਨੂੰ ਛੁੱਟੀ ਕਦ ਮਿਲੇਗੀ ? ਦੱਸੋ ਨਾ ਸਿਸਟਰ ? !"

"ਬਸ ਛੇਤੀ ਹੀ।" ਨਰਸ ਨੇ ਫੇਰ ਉਸਦੀਆਂ ਗੱਲ੍ਹਾਂ ਥਾਪੜੀਆਂ, "ਦੇਖੋ ਤੁਹਾਨੂੰ ਦੋ ਦਿਨ ਬਾਅਦ ਹੋਸ਼ ਆਇਆ ਏ ; ਖਾਸੀ ਕਮਜ਼ੋਰੀ ਏ ਤੇ ਤੁਹਾਨੂੰ ਜ਼ਿਆਦਾ ਬੋਲਣਾ ਵੀ ਨਹੀਂ ਚਾਹੀਦਾ। ਹੌਸਲਾ ਰੱਖੋ…ਤੁਸੀਂ ਬੜੀ ਜਲਦੀ ਆਪਣੇ ਘਰ ਤੇ ਆਪਣੇ ਬੱਚੇ ਕੋਲ ਜਾ ਸਕੋਗੇ। ਬਸ, ਹੁਣ ਸੌਣ ਦੀ ਕੋਸ਼ਿਸ਼ ਕਰੋ।"

"ਹਾਂ, ਸਿਸਟਰ ਮੈਂ ਹੁਣ ਸੰਵਾਂਗੀ। ਹੁਣ ਆਪਾਂ ਸਾਰੇ ਹੀ ਆਰਾਮ ਨਾਲ ਬੇਫਿਕਰ ਹੋ ਕੇ ਸੰਵਾਂਗੇ…ਅਸੀਂ ਮੁੱਦਤਾਂ ਤੋਂ ਜਾਗ ਰਹੇ ਹਾਂ।"

ਏਨਾ ਕਹਿੰਦਿਆਂ ਕਹਿੰਦਿਆਂ ਮਰੀਜ਼ ਦੀਆਂ ਦੋਵੇ ਪਲਕਾਂ ਇਕ ਦੂਜੀ ਨਾਲ ਜਾ ਮਿਲੀਆਂ। ਕੁਝ ਪਲ ਉਹਨਾਂ ਵਿਚ ਹਲਕੀ ਜਿਹੀ ਹਰਕਤ ਹੁੰਦੀ ਰਹੀ, ਫੇਰ ਉਹ ਸਿੱਥਲ-ਸ਼ਾਂਤ ਹੋ ਗਈਆਂ। ਮਰੀਜ਼ ਦੇ ਬੁੱਲ੍ਹਾਂ ਉਪਰ ਇਕ ਮੁਸਕਰਾਹਟ ਖਿੱਲਰੀ ਹੋਈ ਸੀ, ਜਿਵੇਂ ਕੋਈ ਹੁਸੀਨ ਸੁਪਨਾਂ ਦੇਖ ਰਹੀ ਹੋਵੇ !

"ਮੰਮਾਂ !"
"ਮੈਂ ਆ ਗਈ ਬੇਟਾ !"
"ਪਰ ਤੁਸੀਂ ਕਿੱਥੇ ਚਲੇ ਗਏ ਸੀ ? ਮੈਨੂੰ ਛੱਡ ਕੇ ?"
"ਬਸ, ਮੈਂ ਆ ਗਈ ਬੇਟਾ।"
"ਮੰਮਾਂ, ਮੈਨੂੰ ਬੜੀ ਭੁੱਖ ਲੱਗੀ ਏ।"
"ਬਸ, ਹੁਣ ਮੈਂ ਆ ਗਈ ਬੇਟਾ।"
"ਮੰਮਾਂ ਮੈਨੂੰ ਆਪਣੇ ਨਾਲ ਰੋਟੀ ਖੁਆਓ…ਆਪਣੇ ਹੱਥ ਨਾਲ।"
"ਮੈਨੂੰ ਪਤਾ ਏ ਤੂੰ ਮੇਰੇ ਹੱਥੋਂ ਰੋਟੀ ਖਾਂਦਾ ਏਂ…ਲੈ ਮੈਂ ਤੈਨੂੰ ਆਪਣੇ ਹੱਥ ਨਾਲ ਖੁਆਉਂਦੀ ਆਂ ਬੇਟਾ।"

ਨਰਸ ਮਰੀਜ਼ ਦੇ ਚਿਹਰੇ ਉੱਤੇ ਝੁਕ ਗਈ…ਉਸਦੇ ਚਿਹਰੇ ਉੱਤੇ ਖਿੱਲਰੀ ਮੁਸਕਾਨ ਤੇ ਬੁੱਲ੍ਹਾਂ ਦੀ ਫਰਕਣ ਨੂੰ ਦੇਖਦੀ ਰਹੀ…ਫੇਰ ਉਸਦੀਆਂ ਅੱਖਾਂ ਵਿਚੋਂ ਦੋ ਹੰਝੂ ਕਿਰੇ ਤੇ ਮਰੀਜ਼ ਦੀ ਠੋਡੀ ਉਪਰੋਂ ਤਿਲ੍ਹਕਦੇ ਹੋਏ, ਉਸਦੀ ਗਰਦਨ ਦੇ ਪਿਛਲੇ ਪਾਸੇ ਚਲੇ ਗਏ। ਮਰੀਜ਼ ਔਰਤ ਨੇ ਨੀਂਦ ਵਿਚ ਪਾਸਾ ਪਰਤਨਾ ਚਾਹਿਆ, ਉਸਦੇ ਸਰੀਰ ਦਾ ਉਪਰਲਾ ਹਿੱਸਾ ਨੰਗਾ ਹੋ ਗਿਆ…ਤੇ ਨਰਸ ਦੀਆਂ ਅੱਖਾਂ ਵਿਚ ਹੰਝੂਆਂ ਦਾ ਹੜ੍ਹ ਆ ਗਿਆ। ਉਸਨੇ ਇਕ ਹੱਥ ਨਾਲ ਆਪਣੀਆਂ ਅੱਖਾਂ ਢਕ ਲਈਆਂ ਤੇ ਦੂਜੇ ਨਾਲ ਟੋਹ-ਟਟੋਲ ਕੇ ਮਰੀਜ਼ ਦੇ ਉਹਨਾਂ ਹੱਥਾਂ ਨੂੰ ਕੰਬਲ ਹੇਠ ਢਕਣ ਲੱਗੀ ਜਿਹੜੇ ਹਸਪਤਾਲ ਵਿਚ ਆਉਣ ਦੇ ਫੌਰਨ ਬਾਅਦ ਕੱਟ ਦਿੱਤੇ ਗਏ ਸਨ।

No comments:

Post a Comment