Sunday, March 29, 2009

ਇੰਤਜ਼ਾਰ/ਉਡੀਕ :: ਲੇਖਕ : ਅਲੀ ਅਮਾਮ ਨਕਵੀ

ਉਰਦੂ ਕਹਾਣੀ : ਇੰਤਜ਼ਾਰ/ਉਡੀਕ :: ਲੇਖਕ : ਅਲੀ ਅਮਾਮ ਨਕਵੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਬਸ---!
ਇਕ ਜ਼ਰਾ ਜਿੰਨਾਂ ਖੜਾਕ ਉਸਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ।
"ਤੂੰ ਆ ਗਿਆ ?"
ਉਹ ਧੀਮੀ ਆਵਾਜ਼ ਵਿਚ ਉਸਨੂੰ ਪੁੱਛਦਾ ਹੈ। ਪਰ ਆਉਣ ਵਾਲਾ ਹਮੇਸ਼ਾ ਵਾਂਗ ਚੁੱਪਚਾਪ ਹੈ, ਉਸ ਦੀ ਚੁੱਪ ਉਸਨੂੰ ਨਿਰਾਸ਼ ਕਰ ਦਿੰਦੀ ਹੈ। ਆਪਣੇ ਉੱਖੜੇ ਹੋਏ ਸਾਹਾਂ ਉੱਤੇ ਕਾਬੂ ਪਾਉਂਦਿਆਂ ਹੋਇਆਂ, ਉਹਦਾ ਧਿਆਨ ਕਿਚਨ ਵੱਲ ਚਲਾ ਜਾਂਦਾ ਹੈ। ਕਿਚਨ ਵਿਚ ਉਸਦੀ ਬਹੂ ਦੀ ਆਵਾਜ਼ ਸੁਣਾਈ ਦਿੰਦੀ ਹੈ।
"ਜਾਹ, ਇਹ ਰੋਟੀ ਦਾਦੇ ਨੂੰ ਦੇ ਆ।"
"ਮਾਂ।"
"ਕੀ-ਐ ?"
"ਤੂੰ ਉਸ ਦਿਨ ਕਹਿ ਰਹੀ ਸੀ…ਜਿਹੜੇ ਕੁਝ ਨਹੀਂ ਕਰਦੇ, ਪਏ-ਪਏ ਰੋਟੀਆਂ ਤੋੜਦੇ ਨੇ, ਉਹ ਨਿਖੱਟੂ ਹੁੰਦੇ ਐ..."
"ਹਾਂ, ਫੇਰ ?" ਬਲੇਡ ਵਰਗੀ ਤਿੱਖੀ ਆਵਾਜ਼ ਉਸਨੂੰ ਧੁਰ ਅੰਦਰ ਤਕ ਚੀਰ ਗਈ ਹੈ।
"ਤਾਂ-ਤੇ ਫੇਰ, ਦਾਦਾ ਜੀ..."
"ਚੁੱਪ ਨਾਲਾਇਕ, ਉਹ ਸੁਣ ਲਊਗਾ।"
ਪਰ ਉਹ ਤਾਂ ਸਭ ਕੁਝ ਸੁਣ ਹੀ ਰਿਹਾ ਸੀ ਤੇ ਆਪਣੀਆਂ ਭਟਕਦੀਆਂ ਨਜ਼ਰਾਂ ਨਾਲ ਏਧਰ-ਉਧਰ ਤੱਕ ਰਿਹਾ ਸੀ। ਕਾਫੀ ਦੇਰ ਬਾਅਦ ਉਹ ਬੜਬੜਾਇਆ, "ਯਾ ਅੱਲਾ…ਇੰਜ ਕਦੋਂ ਤਾਈਂ ਜਿਊਣਾ ਪਏਗਾ ਹੋਰ…"
ਬਸ---!
ਇਕ ਜ਼ਰਾ ਜਿੰਨਾਂ ਖੜਾਕ ਉਸਨੂੰ ਫੇਰ ਸੁਣਾਈ ਦਿੱਤਾ ਹੈ। ਉਸ ਨੇ ਮਹਿਸੂਸ ਕੀਤਾ ਹੈ, ਜਿਵੇ ਹੁਣੇ ਕੋਈ ਲਾਂਘੇ ਵਿਚੋਂ ਲੰਘਿਆ ਹੈ।
"ਸੁਣੀ…" ਬੁੱਢੇ ਦੀ ਥੱਕੀ ਥੱਕੀ ਜਿਹੀ ਆਵਾਜ਼ ਸੁਣਾਈ ਦਿੱਤੀ ਹੈ।
"ਕਿਸ ਨੂੰ ਬੁਲਾਅ ਰਹੇ ਓ ਦਾਦਾ ਜੀ ?"
ਪੋਤੀ, ਰੋਟੀ ਵਾਲੀ ਥਾਲੀ ਉਸਦੇ ਮੰਜੇ ਉੱਤੇ ਰੱਖ ਚੁੱਕੀ ਸੀ ਤੇ ਇਕ ਮਾਸੂਮ ਜਿਹੀ ਮੁਸਕਾਨ ਚਿਹਰੇ ਉੱਤੇ ਲਈ ਖੜ੍ਹੀ ਸੀ। ਬਿੰਦ ਦਾ ਬਿੰਦ ਉਸਨੇ ਕੁਝ ਸੋਚਿਆ, ਫੇਰ ਥਾਲੀ ਆਪਣੇ ਵੱਲ ਖਿਸਕਾ ਕੇ ਬੋਲਿਆ :
"ਆਪਣੀ ਮੌਤ ਨੂੰ…!"
"ਵਾਹ ਬਾਪੂ ਜੀ, ਹੋਰ ਤੂੰ ਕੀ ਕਰਨੈਂ ?" ਬਲੇਡ ਨੇ ਫੇਰ ਉਸਦੀ ਚੇਤਨਾ ਉੱਤੇ ਵਾਰ ਕੀਤਾ। "ਸੱਠਾਂ-ਪੈਂਹਟਾਂ ਨੂੰ ਟੱਪ ਗਿਐਂ, ਪਰ ਏਨੀ ਅਕਲ ਨਹੀਂ ਆਈ, ਬਈ ਜਵਾਕ ਸਾਹਮਣੇ ਕੀ ਕਹਿਣੈ ਕੀ ਨਹੀਂ…ਕੋਈ ਜਾਂਦਾ ਆਉਂਦਾ ਸੁਣੂੰ ਤਾਂ ਕੀ ਕਹੂਗਾ...?"

'ਕੀ ਕਹੂਗਾ…?' ਬੁੱਢੇ ਦੀਆਂ ਅੱਖਾਂ ਵਿਚ ਸਵਾਲ ਸੀ।
"...ਇਹੀ ਨਾ ਬਈ, ਨੂੰਹ-ਪੁੱਤ ਨੇ ਬੁੜ੍ਹੇ ਨੂੰ ਬੜਾ ਦੁਖੀ ਕੀਤਾ ਹੋਇਐ…।"
"ਨਹੀਂ, ਤੁਸਾਂ ਲੋਕਾਂ…ਤੁਸਾਂ ਲੋਕਾਂ ਨੇ ਤਾਂ ਮੈਨੂੰ ਕੀ ਦੁਖੀ ਕਰਨੈਂ ? ਮੈਂ ਤਾਂ ਆਪ ਈ…ਆਪਣੇ ਆਪੇ ਤੋਂ, ਆਪਣੇ ਏਸ ਇਕ ਇਕ ਸਾਹ ਤੋਂ ਅੱਕਿਆ ਪਿਆਂ।"
"ਤਾਂ ਇਸ ਵਿਚ ਸਾਡਾ ਕੀ ਕਸੂਰ ਐ…ਅਸੀਂ ਕੋਈ ਕਸਰ ਛੱਡੀ ਐ ? ਉਹ ਖ਼ੁਦ ਆਪਣੇ ਹੱਥੀਂ, ਖ਼ੂਨ ਭਰੀ ਬਲਗਮ ਦੀਆਂ ਚਿਰਮਚੀਆਂ ਧੋਂਦੈ…ਮੈਂ ਸਭ ਤੋਂ ਪਹਿਲਾਂ ਤੇਰੀ ਰੋਟੀ ਪਕਾਉਂਦੀ ਆਂ। ਪਰ ਤੈਨੂੰ ਤਾਂ ਯਕੀਨ ਹੋ ਗਿਐ ਬਈ ਅਸੀਂ ਤੈਥੋਂ ਤੰਗ ਆਏ ਹੋਏ ਆਂ।"
"ਭਾਈ ਬੀਬਾ, ਕਿਉਂ ਗੱਲ ਦੀ ਲੱਲ ਬਣਾ ਰਹੀ ਐਂ…"
"ਇਹ ਕੋਈ ਨਵੀਂ ਗੱਲ ਕਹੀ ਐ ਤੈਂ…ਜਿੱਥੇ ਮੈਂ ਮੂੰਹ ਖੋਲ੍ਹਿਆ ਤੂੰ ਫੈਸਲਾ ਸੁਣਾ ਦਿੱਤਾ। ਸੱਚ ਪੁਛਦੈਂ ਤਾਂ ਮੈਂ ਤਾਂ ਤੁਹਾਡੇ ਸਾਰੇ ਟੱਬਰ ਤੋਂ ਅੱਕੀ ਪਈ ਆਂ।"
ਬਸ---!
ਇਕ ਜ਼ਰਾ ਜਿੰਨੀ ਬਿਮਾਰੀ ਸੀ, ਡਾਕਟਰ ਇਹੀ ਕਹਿੰਦਾ ਸੀ…ਪਰ ਇਸ ਜ਼ਰਾ ਜਿੰਨੀ ਬਿਮਾਰੀ ਨੇ ਹੀ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ। ਮੁੰਡੇ ਨੇ ਇਲਾਜ਼ ਵੰਨੀਓਂ ਕੋਈ ਕਸਰ ਨਹੀਂ ਸੀ ਛੱਡੀ, ਪਰ ਕੋਈ ਫ਼ਰਕ ਹੀ ਨਹੀਂ ਸੀ ਪੈ ਰਿਹਾ। ਸਾਰੇ ਜਹਾਨ ਦੀ ਬਲਗਮ ਉਸੇ ਦੀ ਛਾਤੀ ਅੰਦਰ ਆਣ ਇਕੱਠੀ ਹੋਈ ਸੀ। ਖੰਘ-ਖੰਘ ਕੇ ਬਲਗਮ ਕੱਢਣ ਦੀ ਕੋਸ਼ਿਸ਼ ਵਿਚ ਖ਼ੂਨ ਦੀਆਂ ਕੱਤਲਾਂ ਵੀ ਨਾਲ ਈ ਤੁਰ ਪੈਂਦੀਆਂ। ਸ਼ਾਮੀਂ ਆ ਕੇ ਮੁੰਡਾ ਗਟਰ ਵਿਚਚਿਰਮਚੀ ਡੋਲ੍ਹਦਾ ਹੋਇਆ ਸੋਚਦਾ : ਆਖ਼ਰ ਸਵਾ ਪੰਜ ਸੌ ਰੁਪਏ ਦੀ ਨੌਕਰੀ ਵਿਚ ਬਾਪੂ ਦੀਆਂ ਦਵਾਈਆਂ ਕਦ ਤਕ ਆਉਣਗੀਆਂ ? ਵਰ੍ਹਿਆਂ ਤੋਂ ਖੰਘ ਰਿਹੈ, ਸਾਰੀ ਬਲਗਮ ਸਾਰਾ ਖ਼ੂਨ ਇਕੋ ਵਾਰੀ ਕਿਉਂ ਨਹੀਂ ਨਿਕਲ ਜਾਂਦਾ…ਇੰਜ ਇਸਦਾ ਪਿੰਡ ਛੁੱਟੇ ਤੇ ਸਾਨੂੰ ਵੀ ਚੈਨ ਮਿਲੇ।
"ਬਾਪੂ ਦੀ ਖੰਘ ਤਾਂ ਸਾਨੂੰ ਸੌਣ ਮਰਨ ਵੀ ਨਹੀਂ ਦਿੰਦੀ।" ਪਤੀ ਵੱਲ ਪਾਸਾ ਪਰਤਦਿਆਂ ਪਤਨੀ ਨੇ ਕਿਹਾ ਸੀ।
"ਤੂੰ ਹੀ ਦੱਸ, ਮੈਂ ਕੀ ਕਰਾਂ ?"
"ਤੂੰ ਕਦੇ ਕੁਝ ਨਹੀਂ ਕਰ ਸਕਦਾ।"
"ਆਖ਼ਰ ਮੈਂ ਕੀ ਕਰਾਂ ?"
"ਦੱਸਿਆ ਏ ਨਾ ਤੂੰ ਕੁਝ ਨਹੀਂ ਕਰ ਸਕਦਾ।"
"ਕੀ ਕਰਾਂ ? ਸੁੱਤੇ ਪਏ ਦਾ ਗਲਾ ਘੁੱਟ ਦਿਆਂ ?" ਉਹ ਹਿਰਖ ਕੇ ਪਿਆ।
"ਕੇਹੋ ਜੀਆਂ ਗੱਲਾਂ ਕਰ ਰਿਹੈਂ ਜੀ ?"
"ਹੋਰ ਫੇਰ ਕੀ ਕਰਾਂ ?"
ਪਤਨੀ ਕਿਸੇ ਡੂੰਘੀ ਸੋਚ ਵਿਚ ਖੁੱਭ ਗਈ। ਕਾਫੀ ਦੇਰ ਬਾਅਦ ਉਸਨੇ ਕਿਹਾ :
"ਤੂੰ ਉਸਦਾ ਮੰਜ ਡਿਊਢੀ 'ਚ ਡੁਹਾ ਦੇਅ..."
"ਡਿਊਢੀ 'ਚ ?"
"ਹਾਂ।"
"ਆਂਢੀ-ਗੁਆਂਢੀ ਕੀ ਕਹਿਣਗੇ ?"
"ਕੋਈ ਕੁਝ ਨਹੀਂ ਕਹਿੰਦਾ, ਜੇ ਕਹੂ ਤਾਂ ਮੈਂ ਆਪੇ ਸੰਭਾਲ ਲਊਂਗੀ।" ਪਤਨੀ ਨੇ ਤਸੱਲੀ ਦਿੱਤੀ। ਕੁਝ ਪਲ ਚੁੱਪ ਰਹਿ ਕੇ ਕੁਝ ਸੋਚਿਆ, ਫੇਰ ਬੋਲੀ, "ਜ਼ਰਾ ਸੋਚ, ਘੱਟੋ-ਘੱਟ ਰਾਤ ਨੂੰ ਤਾਂ ਚੈਨ ਨਾਲ ਸੌਣਾ ਨਸੀਬ ਹੋ ਜਾਇਆ ਕਰੂ…"
ਪਤੀ ਨੇ ਨਫ਼ਰਤ ਤੇ ਮਜ਼ਬੂਰੀ ਭਰੀਆਂ ਨਜ਼ਰਾਂ ਨਾਲ ਪਤਨੀ ਵੱਲ ਤੱਕਿਆ, ਫੇਰ ਸਿਰਹਾਣੇ ਹੇਠੋਂ ਸਿਗਰਟਾਂ ਦਾ ਪੈਕੇਟ ਤੇ ਮਾਚਸ ਕੱਢੀ ਤੇ ਇਕ ਸਿਗਰਟ ਲਾ ਕੇ ਦੋ-ਚਾਰ ਲੰਮੇ-ਲੰਮੇ ਸੂਟੇ ਲਾਏ ਤੇ ਐਨ ਉਸੇ ਵੇਲੇ ਜਦੋਂ ਉਹ ਇਕ ਲੰਮਾਂ ਸੂਟਾ ਖਿੱਚ ਰਿਹਾ ਸੀ, ਬੁੱਢੇ ਨੂੰ ਖੰਘ ਛਿੜ ਪਈ ਸੀ।

ਦੂਜੇ ਦਿਨ ਅੰਦਰ ਗਰਮੀ ਦਾ ਬਹਾਨਾ ਕਰਕੇ ਬਹੂ ਤੇ ਮੁੰਡੇ ਨੇ ਬੁੱਢੇ ਦਾ ਮੰਜਾ ਡਿਊਢੀ ਵਿਚ ਡਾਹ ਦਿੱਤਾ। ਚਿਰਮਚੀ ਮੰਜੇ ਹੇਠ, ਸਿਰਹਾਣੇ ਵਾਲੇ ਪਾਸੇ ਰੱਖ ਦਿੱਤੀ ਗਈ। ਬੁੱਢਾ ਇਹ ਸਭ ਕੁਝ ਚੁੱਪਚਾਪ ਦੇਖਦਾ ਰਿਹਾ ਤੇ ਨੀਵੀਂ ਪਾਈ ਮੰਜੇ ਦੀ ਬਾਹੀ ਉੱਤੇ ਜਾ ਬੈਠਾ। ਆਂਢੀਆਂ-ਗੁਆਂਢੀਆਂ ਨੇ ਵੀ ਸਭ ਕੁਝ ਚੁੱਪਚਾਪ ਦੇਖਿਆ, ਪਰ ਬਹੂ ਦੀ ਬਲੇਡ ਵਰਗੀ ਜ਼ਬਾਨ ਦੇ ਸਦਕੇ ਚੁੱਪ ਹੀ ਰਹੇ। ਸ਼ਾਮੀਂ ਮੁੰਡਾ ਆਇਆ ਤੇ ਚੁੱਪਚਾਪ ਆਪਣੇ ਕਮਰੇ ਵਿਚ ਚਲਾ ਗਿਆ। ਜਦੋਂ ਰਾਤ ਨੂੰ ਹਰ ਰੋਜ਼ ਵਾਂਗ ਪੋਤੀ ਰੋਟੀ ਲੈ ਕੇ ਆਈ ਤਾਂ ਹੈਰਾਨ ਹੋ ਕੇ ਆਪਣੇ ਬੁੱਢੇ ਦਾਦੇ ਦੇ ਮੂੰਹ ਵੱਲ ਦੇਖਣ ਲੱਗੀ…ਉਹ ਆਪਣੀਆਂ ਸਿੱਜਲ ਅੱਖਾਂ ਨਾਲ ਆਸਮਾਨ ਦੀਆਂ ਉਚਾਈਆਂ ਵਿਚ ਪਤਾ ਨਹੀਂ ਕਿਸ ਨੂੰ ਲੱਭ ਰਿਹਾ ਸੀ !

ਬੜੇ ਆਰਾਮ ਦੀ ਨੀਂਦ ਆਈ ਹੋਈ ਸੀ ਉਹਨਾਂ ਸਭਨਾਂ ਨੂੰ…ਖੰਘ ਦੀ ਆਵਾਜ਼ ਨੇ ਕੋਈ ਖਾਸ ਖ਼ਲਲ਼ ਨਹੀਂ ਸੀ ਪਾਇਆ। ਡਿਊਢੀ ਵਿਚ ਪਏ ਬੁੱਢੇ ਦੇ ਮਸਾਨੇ ਵਿਚ ਮੱਠਾ-ਮੱਠਾ ਦਰਦ ਹੋਇਆ ਤਾਂ ਉਸਦੀ ਅੱਖ ਖੁੱਲ੍ਹ ਗਈ। ਉਹ ਬਾਹੀ ਦਾ ਸਹਾਰਾ ਲੈ ਕੇ ਉੱਠ ਬੈਠਾ ਹੋਇਆ। ਬੂਹੇ ਉਪਰ ਹੱਥ ਦੀ ਦਾਬ ਪਾਇਆਂ, ਪਤਾ ਲੱਗਿਆ ਕਿ ਅੰਦਰੋਂ ਬੰਦ ਹੈ। ਪਲਟ ਕੇ ਉਸਨੇ ਹਨੇਰੇ ਵਿਚ ਡੁੱਬੀ ਹੋਈ ਰਾਹਦਾਰੀ ਵੱਲ ਦੇਖਿਆ ਤੇ ਹੌਲੀ-ਹੌਲੀ ਕੰਧ ਦਾ ਸਹਾਰਾ ਲੈ ਕੇ ਬਾਹਰ ਵਾਲੇ ਦਰਵਾਜ਼ੇ ਵੱਲ ਤੁਰ ਪਿਆ। ਕੁਝ ਚਿਰ ਬਾਅਦ ਉਹ ਘਰੋਂ ਬਾਹਰ ਸੜਕ ਉੱਤੇ ਸੀ।
ਬਸ---!
ਇਕ ਜ਼ਰਾ ਜਿੰਨੀ ਆਹਟ ਉਸਨੂੰ ਮਹਿਸੂਸ ਹੋਈ ਸੀ…
"ਤੂੰ ਆ ਗਿਆ ?"
ਆਉਣ ਵਾਲਾ ਅੱਜ ਵੀ ਚੁੱਪ ਸੀ। ਨਿਰਾਸ਼ਾ ਵੱਸ ਉਸ ਨੇ ਬੁੱਲ੍ਹ ਸਿਕੋੜੇ ਤੇ ਲੜਖੜਾਉਂਦੇ ਪੈਰਾਂ ਨਾਲ ਅੱਗੇ ਤੁਰ ਪਿਆ। ਕੰਧ ਕੋਲ ਪਹੁੰਚ ਕੇ ਕਮਰਬੰਦ ਦੀ ਗੰਢ ਖੋਲ੍ਹੀ, ਪਹੁੰਚੇ ਉਪਰ ਚੁੱਕੇ ਤੇ ਕਮਰਬੰਦ ਦੇ ਸਿਰੇ ਨੂੰ ਲੰਗੋਟ ਵਾਂਗ ਪਿੱਛੇ ਕਰਕੇ ਪੈਰਾਂ ਭਾਰ ਬੈਠ ਗਿਆ।
ਬਸ---!

ਇਕ ਨਿੱਕਾ ਜਿਹਾ ਧਮਾਕਾ ਹੋਇਆ। ਧੂੜ ਉਸ ਉੱਤੇ ਵੀ ਆ ਪਈ। ਉਸ ਨੇ ਪਿੱਛੇ ਭੌਂ ਕੇ ਦੇਖਿਆ। ਉਸਦੀ ਚਾਰ ਮੰਜ਼ਲਾ ਇਮਾਰਤ ਦਾ ਮਲਬਾ ਉਸ ਦੇ ਸਾਹਮਣੇ ਪਿਆ ਸੀ। ਘੁਟੀਆਂ-ਘੁਟੀਆਂ ਆਵਾਜ਼ਾਂ ਆ ਰਹੀਆਂ ਸਨ। ਪਿਸ਼ਾਬ ਰੋਕ ਕੇ ਉਹ ਉੱਠ ਖੜ੍ਹਾ ਹੋਇਆ। ਕਮਰਬੰਦ ਬੰਨ੍ਹਣਾ ਭੁੱਲ ਕੇ ਆਸੇ-ਪਾਸੇ ਦੇ ਲੋਕਾਂ ਨੂੰ ਚੀਕ-ਚੀਕ ਕੇ ਜਗਾਉਣ ਲੱਗਾ। ਇਕ ਪਿੱਛੋਂ ਇਕ ਕਮਰੇ ਜਾਗੇ, ਖਿੜਕੀਆਂ ਖੁੱਲ੍ਹੀਆਂ, ਲੋਕ ਭੱਜਣ-ਦੌੜਨ ਲੱਗੇ ਤੇ ਉਸਨੂੰ ਆਪਣਾ ਸੰਘ ਸੁੱਕਦਾ ਹੋਇਆ ਮਹਿਸੂਸ ਹੋਇਆ, ਲੱਗਿਆ…ਹੁਣੇ ਬਲੇਡ ਵਰਗੀ ਤਿੱਖੀ ਆਵਾਜ਼ ਉਸ ਦੇ ਕੰਨਾਂ ਵਿਚ ਪੁਰ ਜਾਏਗੀ…ਪਰ ਹੁਣ ਉਹ ਆਵਾਜ਼ ਹੀ ਸੀ, ਨਾ ਆਵਾਜ਼ ਵਾਲੀ। ਉਸ ਨੇ ਬੁੱਲ੍ਹਾਂ ਉੱਤੇ ਜ਼ਬਾਨ ਫੇਰੀ। ਉਸਨੂੰ ਆਪਣੀ ਨਿੱਕੀ ਜਿਹੀ ਪੋਤੀ ਦੀ ਮਾਸੂਮ ਮੁਸਕੁਰਾਹਟ ਯਾਦ ਆਈ, ਮੁੰਡੇ ਦੀ ਬੇਬਸੀ ਦਾ ਚੇਤਾ ਆਇਆ ਤੇ ਉਦੋਂ ਹੀ ਕੋਈ ਉਸਦੇ ਐਨ ਨੇੜਿਓਂ, ਉਸ ਨਾਲ ਖਹਿੰਦਾ ਹੋਇਆ ਲੰਗਿਆ…
ਬਸ---!
ਇਕ ਜ਼ਰਾ ਜਿੰਨੀ ਆਹਟ ਹੀ ਮਹਿਸੂਸ ਹੋਈ ਸੀ।
…ਤੇ ਬਸ।

No comments:

Post a Comment