Sunday, April 11, 2010

ਉਡਾਨ... :: ਲੇਖਕ : ਤੇਜੇਂਦਰ ਸ਼ਰਮਾ

ਉਡਾਨ... :: ਲੇਖਕ : ਤੇਜੇਂਦਰ ਸ਼ਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ


ਬੰਬਈ ਮੈਥੋਂ ਛੁੱਟ ਰਹੀ ਏ। ਗੱਡੀ ਮੈਨੂੰ ਇਸ ਤੋਂ ਦੂਰ, ਦਿੱਲੀ ਵੱਲ, ਲਈ ਜਾ ਰਹੀ ਏ। ਕੀ ਮੈਂ ਦਿੱਲੀ ਵਾਪਸ ਜਾਣ ਲਈ ਇੱਥੇ ਆਈ ਸਾਂ? ਇੰਜ ਤਾਂ ਨਹੀਂ ਸੀ ਸੋਚਿਆ ਮੈਂ। ਹੋਰ ਵੀ ਕਿਸ ਨੇ ਸੋਚਿਆ ਹੋਏਗਾ? ਪਿਤਾ ਜੀ ਕਹਿ ਰਹੇ ਸੀ, 'ਵੀਨੂ ਬੇਟਾ, ਹੁਣ ਤੂੰ ਏਅਰ-ਹੋਸਟੇਸ ਬਣ ਗਈ ਏਂ...ਮੇਰੇ ਤਾਂ ਸਿਰ ਦਾ ਭਾਰ ਲੱਥ ਗਿਐ। ਆਪਣੇ ਭਰਾ-ਭੈਣਾ ਨੂੰ, ਤੂੰ ਈਂ ਸਿਰੇ ਲਾਉਣਾ ਏਂ ਹੁਣ।' ਕਿੰਨਾ ਪਿਆਰ ਕਰਦੇ ਨੇ ਉਹ ਮੈਨੂੰ! ਹਰ ਵੇਲੇ ਉਹਨਾਂ ਨੂੰ ਮੇਰੀ ਈ ਚਿੰਤਾ ਲੱਗੀ ਰਹਿੰਦੀ ਸੀ। ਮੈਂ ਇਕੱਲੀ ਕਿੰਜ ਬੰਬਈ ਵਰਗੇ ਸ਼ਹਿਰ ਵਿਚ ਰਹਾਂਗੀ। ਮੇਰੇ ਖਾਣ-ਪੀਣ ਤੇ ਰਹਿਣ ਦੀ ਚਿੰਤਾ।
ਬਾਂਦਰਾ ਦੇ ਹੋਸਟਲ ਵਿਚੋਂ ਕੱਟੜਾ ਨੀਲ, ਚਾਂਦਨੀ ਚੌਂਕ, ਵਿਚ ਮੁੜ ਵਾਪਸੀ! ਇਹ ਸਭ ਮੈਨੂੰ ਬੜਾ ਓਪਰਾ-ਓਪਰਾ ਕਿਉਂ ਲੱਗ ਰਿਹਾ ਏ? ਮੈਂ ਆਪਣੇ ਘਰ ਵਾਪਸ ਈ ਤਾਂ ਜਾ ਰਾਹੀ ਆਂ।
ਘਰ! ਕੀ ਉਹ ਘਰ ਏ? ਪਿਤਾ ਜੀ ਦੇ ਸਰੀਰ ਵਾਂਗਰ ਓਵਰ-ਟਾਈਮ ਕਰ ਕਰ ਕੇ ਥੋਥਾ-ਬੋਦਾ ਹੋਇਆ ਪਿਆ ਏ। ਦਾਦਾ ਜੀ ਨੇ ਕਦੀ ਪੰਦਰਾਂ ਰੁਪਏ ਮਹੀਨੇ ਕਰਾਏ 'ਤੇ ਲਿਆ ਸੀ। ਪਿਤਾ ਜੀ ਅੱਜ ਵੀ ਪੰਦਰਾਂ ਰੁਪਏ ਈ ਦੇ ਰਹੇ ਨੇ। ਛੱਤ ਦੇ ਲਿਫੇ ਹੋਏ ਸ਼ਤੀਰ, ਅੰਗੀਠੀ ਤੇ ਸਟੋਵ ਦੇ ਧੂੰਏ ਕਾਰਨ ਲਟਕਦੇ ਹੋਏ ਕਾਲੇ ਜਾਲੇ। ਪਿਛਲੇ ਸਤ ਸਾਲਾਂ ਤੋਂ ਘਰ ਨੂੰ ਕਲੀ ਵੀ ਨਹੀਂ ਕਰਵਾਈ ਜਾ ਸਕੀ। ਸੂਰਜ ਦੀ ਰੌਸ਼ਨੀ ਤਾਂ ਕਦੀ ਵੀ ਉਸ ਘਰ ਦੇ ਹਨੇਰਿਆਂ ਨੂੰ ਪਾਰ ਨਹੀਂ ਕਰ ਸਕੀ। ਉਸ ਘਰ ਵਿਚ ਵਾਪਸ ਜਾਵਾਂਗੀ ਮੈਂ। ਨਾਲੀ ਵਿਚ ਵਗਦਾ ਗੰਦਾ ਪਾਣੀ ਤੇ ਨੱਕ ਸਾੜਵੀਂ ਬੋ! ਕਿਉਂ ਨਾ ਜੰਜ਼ੀਰ ਖਿੱਚ ਕੇ ਹੇਠਾਂ ਉਤਰ ਜਾਵਾਂ?...ਪਰ ਵਾਪਸ ਤਾਂ ਜਾਣਾ ਈ ਪਏਗਾ, ਬੰਬਈ ਵਿਚ ਹੁਣ ਮੇਰਾ ਹੈ-ਈ ਕੌਣ? ਨੀਲਮ ਵੀ ਹੌਲੀ ਹੌਲੀ ਮੈਨੂੰ ਭੁੱਲ ਜਾਏਗੀ। ਕੌਣ ਕਿਸੇ ਨੂੰ ਯਾਦ ਰੱਖਦਾ ਏ!
“ਵੀਨਾ ਜਦ ਮੈਂ ਬੰਬਈ ਆਈ ਸਾਂ, ਤਾਂ ਤੇਰੀ ਜਿੰਨੀ ਭਾਗਾਂਵਾਲੀ ਨਹੀਂ ਸਾਂ। ਇੱਥੇ, ਇਸੇ ਕਮਰੇ ਵਿਚ ਇਕੱਲੀ ਪਈ ਇਹਨਾਂ ਕੰਧਾਂ ਨੂੰ ਘੂਰਦੀ ਰਹਿੰਦੀ। ਮੈਨੂੰ ਤਾਂ ਇਸ ਨੌਕਰੀ ਤੇ ਬੰਬਈ ਦੋਨਾਂ ਨਾਲ ਹੀ ਨਫ਼ਰਤ ਹੋ ਗਈ ਸੀ। ਪਰ ਹੁਣ ਹੌਲੀ ਹੌਲੀ ਆਦਤ ਪੈ ਗਈ ਏ।”
“ਨੀਲਮ ਮੈਂ ਵੀ ਸੋਚਦੀ ਆਂ, ਸੱਚਮੁੱਚ ਕਿੰਨੀ ਭਾਗਾਂਵਾਲੀ ਆਂ ਮੈਂ! ਬੀ.ਏ. ਕਰਦਿਆਂ ਈ ਇਹ ਏਅਰ ਹੋਸਟੇਸ ਦੀ ਨੌਕਰੀ ਤੇ ਤੇਰੇ ਵਰਗੀ ਸਹੇਲੀ...ਮੇਰੇ ਵਰਗੀ ਭਾਗਵਾਨ ਸ਼ਾਇਦ ਈ ਕੋਈ ਹੋਰ ਹੋਏ।”
ਭਾਗਵਾਨ! ਕੀ ਅਰਥ ਸੀ ਉਸ ਸ਼ਬਦ ਦੇ? ਕੀ ਮੈਂ ਆਪਣੇ ਮਾਂ-ਬਾਪ, ਭਰਾ-ਭੈਣਾ ਨੂੰ ਛੱਡ ਕੇ ਬੰਬਈ ਵਿਚ ਰਹਿਣ ਕਰਕੇ ਭਾਗਵਾਨ ਸਾਂ?...ਤੇ ਅੱਜ ਜਦੋਂ ਆਪਣੇ ਘਰ ਵਾਪਸ ਜਾ ਰਹੀ ਆਂ ਤਾਂ ਖ਼ੁਦ ਨੂੰ ਅਭਾਗੀ ਸਮਝ ਰਹੀ ਆਂ!
ਕੀ ਮੈਨੂੰ ਫੇਰ ਉਸੇ ਸੜਕ ਉੱਤੇ ਵਾਰ ਵਾਰ ਤੁਰਨਾ ਪਏਗਾ, ਜਿਸ ਉੱਤੇ ਮੇਰੇ ਜੀਵਨ ਦੇ ਪਿਛਲੇ ਵੀਹ ਸਾਲ ਬੀਤੇ ਸੀ? ਫਤਹਿ ਪੁਰੀ ਦੀ ਮਸਜਿਦ ਤੋਂ ਲਾਲ ਕਿਲੇ ਤਕ...ਰਸਤੇ ਵਿਚ ਟਾਊਨ-ਹਾਲ, ਫੁਆਰਾ, ਕੋਤਵਾਲੀ, ਸੀਸ-ਗੰਜ ਗੁਰੂਦੁਆਰਾ, ਚਰਚ, ਸ਼ਿਵਜੀ ਦਾ ਮੰਦਰ, ਮੋਤੀ ਸਿਨੇਮਾ ਤੇ ਪੰਛੀਆਂ ਦਾ ਹਸਪਤਾਲ...ਕਿਸ ਸ਼ਾਨ ਨਾਲ ਦੁਨੀਆਂ ਨੂੰ ਜਿਊਣਾ ਸਿਖਾਉਂਦੇ ਨੇ! ਕਿਧਰੇ ਪੂਰੀਆਂ ਵਿਕ ਰਹੀਆਂ ਨੇ, ਤੇ ਕਿਤੇ ਕੋਈ ਹਕੀਮ ਸਾਹਬ ਮੁੱਛਾਂ ਨੂੰ ਤਾਅ ਦੇਂਦੇ ਹੋਏ ਮਰਦਾਨਗੀ ਵੇਚ ਰਹੇ ਨੇ। ਪਰ ਮੇਰੇ ਮਨ ਦੀ ਕਮਜ਼ੋਰੀ, ਮੈਨੂੰ ਕਿੱਥੇ ਲੈ ਜਾਏਗੀ? ਹੈ ਕੋਈ, ਇਸਦਾ ਇਲਾਜ਼?
ਮੇਰੇ ਸਾਹਮਣੇ ਬੈਠਾ ਮੁੰਡਾ ਕੇਡੀ ਬੇਹਯਾਈ ਨਾਲ ਮੈਨੂੰ ਘੂਰ ਰਿਹਾ ਏ! ਘੂਰਦਾ ਤਾਂ ਮੈਨੂੰ ਰਾਜੂ ਵੀ ਸੀ...ਪਰ ਕਿੰਨੇ ਪਿਆਰ ਨਾਲ! ਉਸਦੀ ਤਾਂ ਬਾਤ ਹੀ ਕੁਛ ਹੋਰ ਸੀ। ਨੀਲੇ ਰੰਗ ਦੇ ਕੱਪੜਿਆਂ ਵਿਚ ਉਸਦਾ ਵਿਅਕਤੀਤਵ ਕੇਡਾ ਨਿੱਖਰਿਆ ਹੁੰਦਾ ਸੀ! ਉਸਦੇ ਗੋਰੇ ਰੰਗ 'ਤੇ ਮੁੱਛਾਂ ਕਿੰਨੀਆਂ ਫੱਬਦੀਆਂ ਸਨ! ਪਹਿਲੀ ਨਜ਼ਰੇ ਈ ਉਹ ਮੈਨੂੰ ਕੁਛ ਖਾਸ ਈ ਚੰਗਾ ਲੱਗਿਆ ਸੀ। ਮੈਨੂੰ ਆਪਣੇ ਘਰ ਵੀ ਤਾਂ ਲੈ ਗਿਆ ਸੀ। ਆਪਣੀ ਮਾਂ ਨਾਲ ਵੀ ਮਿਲਵਾਇਆ ਸੀ।
“ਵੀਨਾ! ਅੱਜ ਤੈਨੂੰ ਮਾਂ ਨਾਲ ਮਿਲਵਾਣ ਲੈ ਜਾਣਾ ਏਂ। ਤੂੰ ਸਾੜ੍ਹੀ ਬੰਨ੍ਹ ਕੇ ਆਵੀਂ, ਉਹੀ ਪੀਲੀ ਸਾੜ੍ਹੀ। ਉਸ ਵਿਚ ਤੂੰ ਬੜੀ ਪਿਆਰੀ ਲੱਗਦੀ ਏਂ।”
“ਰਾਜੂ, ਮੈਨੂੰ ਪਸੰਦ ਕਰ ਲੈਣਗੇ ਮਾਂ-ਜੀ?”
“ਜਿਹੜਾ ਤੈਨੂੰ ਪਸੰਦ ਨਾ ਕਰੂ, ਉਸਦੀ ਆਪਣੀ ਨਜ਼ਰ 'ਚ ਕੋਈ ਦੋਸ਼ ਹੋਊ ਬਈ।”
ਦੋਸ਼! ਕਿਸ ਨੂੰ ਦੋਸ਼ੀ ਕਹਾਂ ਮੈਂ? ਇਹਨਾਂ ਛੇ ਮਹੀਨਿਆਂ 'ਚ ਕਿੰਨਾਂ ਲੰਮਾਂ ਸਫਰ ਕਰ ਆਈ ਆਂ। ਹੱਸਦੀ-ਖੇਡਦੀ ਵੀਨੂ ਤੋਂ ਇਕ ਗੰਭੀਰ ਚਿੰਤਨਸ਼ੀਲ ਕੁੜੀ ਬਣ ਗਈ ਆਂ ਮੈਂ।
ਗੱਡੀ ਸੂਰਤ ਸਟੇਸ਼ਨ 'ਤੇ ਰੁਕੀ ਏ। ਉਹ ਮੁੰਡਾ ਹੁਣ ਵੀ ਢੀਠਾਂ ਵਾਂਗ ਮੇਰੇ ਵੱਲ ਤੱਕ ਰਿਹਾ ਏ। ਚਾਹਵਾਲਾ 'ਚਾਏ ਗਰਮ' ਦੀਆਂ ਆਵਾਜ਼ਾਂ ਲਾ ਰਿਹਾ ਏ। ਕੀ ਇਹ ਵੀ ਏਅਰ ਹੋਸਟੇਸ ਦਾ ਈ ਦੂਜਾ ਰੂਪ ਏ? ਕੀ ਮੈਂ ਵੀ ਹਵਾਈ ਜਹਾਜ਼ ਵਿਚ ਚਾਹ-ਕਾਫੀ ਲਈ ਪੁੱਛਦੀ ਇੰਜ ਹੀ ਲੱਗਦੀ ਹੋਵਾਂਗੀ?...ਨਹੀਂ!...ਮੈਂ ਐਸੀ ਨਹੀਂ ਹੋ ਸਕਦੀ। ਮੈਂ ਸਿਰਫ ਚਾਹ ਜਾਂ ਸ਼ਰਾਬ ਵੇਚਣ ਵਾਲੀ ਨਹੀਂ ਹੋ ਸਕਦੀ ਮੈਂ। ਮੈਂ ਤਾਂ ਏਅਰ ਹੋਸਟੇਸ ਸਾਂ। ਮੇਰਾ ਕੰਮ ਸੀ ਯਾਤਰੀਆਂ ਦੇ ਆਰਾਮ ਦੀ ਦੇਖਭਾਲ। ਮੈਂ ਤਾਂ ਘਰ ਦੀ ਮਾਲਕਨ ਵਾਂਗ ਉਹਨਾਂ ਦੀ ਤੇ ਉਹਨਾਂ ਦੇ ਬੱਚਿਆਂ ਦੀ ਆਓ-ਭਾਗਤ ਕਰਦੀ ਸਾਂ। ਉਹਨਾਂ ਨੂੰ ਖਾਣਾ ਖੁਆਉਣਾ ਤਾਂ ਸਿਰਫ 'ਇਕ ਕੰਮ' ਸੀ। ਮੈਂ ਤਾਂ ਹੋਰ ਵੀ ਬਹੁਤ ਕੁਝ ਕਰਦੀ ਸਾਂ। 'ਕੰਪਾਰਟਮੈਂਟ' ਦੀ ਹਰੇਕ ਚੀਜ਼ ਪੀਲੀ-ਜਿਹੀ ਦਿਖਾਈ ਦੇਣ ਲੱਗੀ। ਅੱਖਾਂ ਅੱਗੇ ਹਨੇਰਾ ਜਿਹਾ ਆ ਗਿਆ। ਕੀ ਹਨੇਰਾ ਵੀ ਗੂੜ੍ਹਾ ਹੋਣ ਤੋਂ ਪਹਿਲਾਂ ਪੀਲਾ ਹੁੰਦਾ ਏ?
“ਤੇਰੀ ਯੂਨੀਫਾਰਮ ਦੀ ਸਾੜ੍ਹੀ ਦੇ ਦੋ ਰੰਗ ਨੇ...ਪੀਲਾ ਤੇ ਹਰਾ। ਦੋਨਾਂ ਵਿਚ ਕਾਲੇ ਤੇ ਲਾਲ ਰੰਗ ਦੇ ਡਿਜ਼ਾਇਨ ਨੇ। ਵੀਨੂ ਤੈਨੂੰ ਕਿਹੜਾ ਰੰਗ ਪਸੰਦ ਏ ?”
“ਜੀ, ਪੀਲਾ, ਮੈਡਮ !”
ਮਿਸਟਰ ਸ਼ਾਹ ਮੇਰੀ ਕਲਾਸ ਨੂੰ ਪੜ੍ਹਾਉਣ ਆਉਂਦੇ ਸੀ। ਉਹਨਾਂ ਦੀਆਂ ਮੁੱਛਾਂ ਕੁਝ ਵਿਸ਼ੇਸ਼ ਈ ਸਨ। ਉਹ ਚਿਹਰੇ ਤੋਂ ਈ ਕੋਈ ਮੇਜਰ ਜਾਂ ਕਰਨਲ ਲੱਗਦੇ ਸਨ। ਪਰ ਸੀ, ਬੜੇ ਈ ਨੇਕ ਦਿਲ ਆਦਮੀ। ਮੈਨੂੰ ਚੀਜਾਂ ਤੇ ਵਾਈਨ ਦੇ ਨਾਂ ਕਦੀ ਨਹੀਂ ਸੀ ਯਾਦ ਰਹਿੰਦੇ। ਸਾਰੇ ਫਰਾਂਸੀਸੀ ਨਾਂ ਸਨ। ਉਹਨਾਂ ਮੈਨੂੰ ਕਦੀ ਨਹੀਂ ਸੀ ਤਾੜਿਆ। ਹਮੇਸ਼ਾ ਵੀਨੂ ਬੇਟਾ ਕਹਿ ਕੇ ਈ ਬੁਲਾਂਦੇ ਸਨ। ਏਅਰ ਲਾਈਨ ਦੇ ਹੋਰ ਲੋਕ ਤਾਂ 'ਹਨੀ', 'ਡਾਰਲਿੰਗ' ਤੇ 'ਲਵ' ਈ ਬੁਲਾਂਦੇ ਨੇ ਸਾਰੀਆਂ ਕੁੜੀਆਂ ਨੂੰ। ਕਾਸ਼! ਉਹ ਇਹਨਾਂ ਸ਼ਬਦਾਂ ਦਾ ਅਰਥ ਸਮਝ ਸਕਦੇ! ਅਰਥਾਂ ਪੱਖੋਂ ਕੋਰੇ ਲੋਕ!
ਮੇਰੀ ਪਹਿਲੀ ਫਲਾਈਟ ਦੁਬਈ ਤੇ ਮਸਕਟ ਲਈ ਸੀ। ਏਅਰ ਲਾਈਨ ਵਿਚ ਨਵਾਂ ਨਿਯਮ ਬਨਾਇਆ ਗਿਆ ਸੀ। ਟ੍ਰੇਨੀਜ਼ ਸਿਰਫ ਗਲਫ ਫਲਾਈਟਸ 'ਤੇ ਹੀ ਜਾਣਗੇ। ਉਹਨਾਂ ਨੂੰ ਲੰਦਨ ਜਾਂ ਲੰਮੀ ਫਲਾਈਟਸ 'ਤੇ ਨਹੀਂ ਭੇਜਿਆ ਜਾਏਗਾ।
“ਓਇ ਬਈ ਵੀਨੂ, ਜਦ ਮੈਂ ਟ੍ਰੇਨੀ ਸੀ ਤਾਂ ਪਹਿਲੀ ਫਲਾਈਟ 'ਤੇ ਹੀ ਹਾਂਗਕਾਂਗ ਗਈ ਸੀ। ਤੁਹਾਡੀ ਲੋਕਾਂ ਦੀ ਕਿਸਮਤ ਤਾਂ ਦੁਬਈ ਤੱਕ ਹੀ ਸਿਮਟ ਗਈ ਏ।”
ਨੀਲੂ ਬੇਗ਼ਮ, ਜੇ ਕਿਸਮਤ ਦੀ ਖਰਾਬੀ ਏਥੇ ਤਕ ਈ ਰੁਕ ਜਾਏ ਤਾਂ ਬੜਾ ਏ, ਕਿਤੇ ਵਧਦੀ ਓ ਨਾ ਜਾਏ।
ਮੈਨੂੰ ਹੋਸਟਲ 'ਚੋਂ ਲੈਣ ਲਈ ਏਅਰਲਾਈਨ ਦੀ ਗੱਡੀ ਆਈ ਸੀ। ਉਸ ਵਿਚ ਇਕ ਹੋਸਟੇਸ ਤੇ ਦੋ ਪਰਸਰ ਵੀ ਬੈਠੇ ਹੋਏ ਸਨ। ਪਰਸਰ ਨੂੰ ਅਸੀਂ ਮਰਦਾਨਾ-ਹੋਸਟੇਸ ਵੀ ਕਹਿੰਦੇ ਆਂ। ਮੈਂ ਸਾਰਿਆਂ ਨੂੰ ਆਪਣੀ ਜਾਣ-ਪਛਾਣ ਕਰਵਾਈ। ਹਵਾਈ ਅੱਡੇ ਪਹੁੰਚ ਕੇ ਸਾਰੇ ਜਣੇ ਇਕ ਆਫਿਸ ਵਿਚ ਇਕੱਠੇ ਹੋਏ। ਉੱਥੇ ਵੀ ਮੈਂ ਸਾਰਿਆਂ ਨੂੰ ਆਪਣੇ ਬਾਰੇ ਦੱਸਣਾ ਸੀ। ਯੂਨੀਫਾਰਮ ਵਿਚ ਸਾਰੇ ਚਿਹਰੇ ਇਕੋ ਜਿਹੇ ਲੱਗ ਰਹੇ ਸਨ। ਮੈਂ ਘਬਰਾਹਟ ਵਿਚ ਕਈ ਲੋਕਾਂ ਨੂੰ ਆਪਣੇ ਬਾਰੇ ਦੋ ਜਾਂ ਤਿੰਨ ਵਾਰੀ ਦੱਸ ਗਈ। ਮੇਰੀ ਚੈਕ ਹੋਸਟੇਸ ਨੇ ਮੇਰਾ ਹੌਸਲਾ ਵਧਾਇਆ ਤੇ ਫਲਾਈਟ ਦੇ ਸੰਬੰਧ ਵਿਚ ਕੁਝ ਹਦਾਇਤਾਂ ਦਿੱਤੀਆਂ। ਜਹਾਜ਼ ਨੂੰ ਪਹਿਲੀ ਵਾਰੀ ਅੰਦਰੋਂ ਦੇਖ ਕੇ ਮੈਂ ਆਪਣੇ ਆਪ ਉੱਤੇ ਕਾਬੂ ਨਹੀਂ ਸੀ ਰੱਖ ਸਕੀ। ਇਕ ਗਰੀਬ ਪਰਿਵਾਰ ਦੀ ਬੱਚੀ ਤੇ 382 ਸੀਟਾਂ ਵਾਲਾ ਦੈਂਤ-ਆਕਾਰ ਜੰਬੋ ਜੇਟ। ਫਲਾਈਟ ਵਿਚ ਐਲਾਨ ਵੀ ਮੈਂ ਕਰਨੇ ਸਨ। ਮੈਂ ਬੋਲਣਾ ਸ਼ੁਰੂ ਕੀਤਾ। ਹੰਝੂ ਬਾਹਰ ਆਉਣ ਲਈ ਮਚਲਣ ਲੱਗੇ। ਘਬਰਾਹਟ, ਖੁਸ਼ੀ ਤੇ ਮੌਕੇ ਦੀ ਨਜ਼ਾਕਤ ਸਭੇ ਆਪਣਾ ਰੰਗ ਵਿਖਾਲ ਰਹੇ ਸਨ। ਜਹਾਜ਼ ਦੇ ਉਡਦਿਆਂ ਹੀ ਸਰੀਰ ਨੂੰ ਇਕ ਝਟਕਾ ਜਿਹਾ ਲੱਗਿਆ। ਖਿੜਕੀ ਵਿਚੋਂ ਝਾਕ ਕੇ ਦੇਖਿਆ ਤਾਂ ਬੰਬਈ ਰਾਤ ਦੀਆਂ ਬਾਹਾਂ ਵਿਚ ਬਿਜਲੀ ਬਣ ਕੇ ਚਮਕ ਰਹੀ ਸੀ। ਜੁਗਨੂੰਆਂ ਦੀਆਂ ਕਤਾਰਾਂ ਵਾਂਗ ਲੱਗ ਰਹੀਆਂ ਸਨ, ਸ਼ਹਿਰ ਦੀਆਂ ਬੱਤੀਆਂ...।
ਗੱਡੀ ਆਪਣੀ ਮੰਜ਼ਿਲ ਵੱਲ ਦੌੜੀ ਜਾ ਰਹੀ ਏ। ਦਰਖ਼ਤ ਪਿੱਛੇ ਰਹਿੰਦੇ ਜਾ ਰਹੇ ਨੇ। ਨੰਗਧੜ ਬੱਚੇ, ਟੱਡੀਆਂ-ਅੱਖਾਂ ਨਾਲ ਗੱਡੀ ਵੱਲ ਦੇਖ ਰਹੇ ਨੇ। ਜਿਵੇਂ ਕੋਈ ਲੋਹੇ ਦਾ ਦੈਂਤ ਦਹਾੜਦਾ ਹੋਇਆ ਨੱਸਿਆ ਜਾ ਰਿਹਾ ਹੋਏ। ਕਦੀ ਹਵਾਈ ਜਹਾਜ਼ ਦੇਖ ਕੇ ਮੇਰੀਆਂ ਅੱਖਾਂ ਵੀ ਇੰਜ ਹੀ ਟੱਡੀਆਂ ਜਾਂਦੀਆਂ ਸਨ। ਖੁੱਲ੍ਹੀਆਂ ਤੇ ਫੈਲੀਆਂ ਹੋਈਆਂ! ਮੇਰਾ ਦਿਲ ਵੀ ਆਈਕੈਰਸ ਵਾਂਗ ਉਡਾਨ ਭਰਨ ਨੂੰ ਕਰਦਾ ਹੋਏਗਾ। ਉਸੇ ਵਾਂਗ ਮੇਰੇ ਖੰਭ ਵੀ ਗਲ ਗਏ ਨੇ। ਮੈਂ ਧਰਤੀ 'ਤੇ ਆਣ ਡਿੱਗੀ ਆਂ। ਆਕਾਸ਼ ਨੂੰ ਆਪਣੀਆਂ ਬਾਹਾਂ ਵਿਚ ਨਹੀਂ ਸਮੇਟ ਸਕੀ।
ਸਾਹਮਣੇ ਬੈਠੇ ਮੁੰਡੇ ਨੇ ਗੁਫਾ ਵਰਗਾ ਮੂੰਹ ਅੱਡ ਕੇ ਉਬਾਸੀ ਲਈ, ਤਾਂ ਕੀੜੇ ਖਾਧੀਆਂ ਦਾੜ੍ਹਾਂ ਦਿਖਾਈ ਦਿੱਤੀਆਂ।
“ਤੂੰ ਆਪਣੇ ਦੰਦ ਡਾਕਟਰ ਨੂੰ ਦਿਖਾਅ ਵੀਨੂ, ਹੁਣੇ ਤੇਰੀ ਇਕ ਦਾੜ੍ਹ ਨੂੰ ਕੀੜਾ ਲੱਗ ਗਿਆ ਏ।”
“ਤੈਨੂੰ ਹਮੇਸ਼ਾ ਮੇਰੀ ਕਿੰਨੀ ਫਿਕਰ ਰਹਿੰਦੀ ਏ ਰਾਜੂ, ਚੱਲ ਹੁਣੇ ਡਾਕਟਰ ਅਰੋੜਾ ਨੂੰ ਦਿਖਾਅ ਲੈਂਦੇ ਆਂ।”
ਚਾਚਾ ਜੀ ਦੀ ਦਾੜ੍ਹ ਨੂੰ ਵੀ ਕੀੜਾ ਲੱਗ ਗਿਆ ਸੀ। ਕਿੰਨੀ ਪੀੜ ਹੋਈ ਸੀ ਉਹਨਾਂ ਦੇ! ਉਹ ਅਮਰੀਕਾ ਤੋਂ ਦਿੱਲੀ ਆਏ ਹੋਏ ਸਨ। ਪਿਤਾ ਜੀ ਦੇ ਨਾਲ ਮੈਂ ਵੀ ਉਹਨਾਂ ਨੂੰ ਹਵਾਈ ਅੱਡੇ 'ਤੇ ਲੈਣ ਗਈ ਸਾਂ। ਚਾਚੀ ਵੀ ਉਹਨਾਂ ਦੇ ਨਾਲ ਆਈ ਸੀ। ਚਾਚਾ-ਚਾਚੀ ਸਾਡੇ ਘਰ ਨਾ ਆ ਕੇ ਸਿੱਧੇ ਭੂਆ ਕੇ ਘਰ, ਲੋਧੀ ਕਾਲੋਨੀ, ਚਲੇ ਗਏ ਸਨ। ਗਰੀਬ ਭਰਾ ਦੇ ਘਰ ਨਾਲੋਂ ਅਮੀਰ ਭੈਣ ਦਾ ਘਰ ਕਿਤੇ ਵਧ ਸੁਹਾਉਂਦਾ ਹੋਏਗਾ ਉਹਨਾਂ ਨੂੰ। ਪਿਤਾ ਜੀ ਵੀ ਤਾਂ ਸਤਯਕਾਮ ਬਣੇ ਰਹਿੰਦੇ ਨੇ। ਕਿਉਂ ਨਹੀਂ ਲੈਂਦੇ ਹੋਰਾਂ ਵਾਂਗ ਰਿਸ਼ਵਤ? ਸਾਡਾ ਵੀ ਇਕ ਸੁੰਦਰ ਘਰ ਹੁੰਦਾ। ਗਰੀਬੀ, ਸਰਾਲ ਵਾਂਗ ਸਾਡੇ ਘਰ ਨੂੰ ਨਾ ਨਿਗਲਦੀ। ਚਾਚੀ ਸਾਡੇ ਘਰ ਵੀ ਤਾਂ ਆਈ ਸੀ।
“ਵੀਨੂ! ਬੜੀ ਵੱਡੀ ਹੋ ਗਈ ਏਂ! ਸੋਹਣੀ ਖਾਸੀ ਨਿਕਲ ਆਈ ਏਂ। ਤੈਨੂੰ ਤਾਂ ਫਿਲਮਾਂ ਦਾ ਸ਼ੌਕ ਵੀ ਨਹੀਂ ਸੀ। ਫੇਰ ਇਹ ਏਅਰ ਹੋਸਟੇਸ!” ਏਅਰ ਹੋਸਟੇਸ ਦੇ ਨਾਂ ਨਾਲ ਈ ਮੇਰੇ ਸਾਰੇ ਸਰੀਰ 'ਚ ਸੀਤ ਲਹਿਰ ਦੌੜ ਜਾਂਦੀ ਸੀ। ਅਨੂ ਦੀ ਭੈਣ ਮਧੂ ਵੀ ਤਾਂ ਏਅਰ ਹੋਸਟੇਸ ਏ। ਹੋਰ ਕਿਸੇ ਵੀ ਅਕਰਖਣ ਨਾਲੋਂ ਵੱਧ ਮੈਨੂੰ ਅਨੂ ਤੋਂ ਇਹੋ ਪ੍ਰੇਰਨਾ ਮਿਲੀ ਸੀ ਕਿ ਮੈਂ ਵੀ ਏਅਰ ਹੋਸਟੇਸ ਬਣਾ। ਕਿੰਜ ਚਟਖਾਰੇ ਲੈ ਲੈ ਕੇ ਆਪਣੀ ਵਿਦੇਸ਼ ਯਾਤਰਾ ਦੇ ਕਿੱਸੇ ਸੁਣਾਉਂਦੀ ਹੁੰਦੀ ਸੀ ਮੈਨੂੰ! ਮਧੂ ਦੀਦੀ ਦਾ ਜੀਵਨ ਤਾਂ ਫਾਈਵ ਸਟਾਰ ਹੋਟਲਾਂ ਦੇ ਗਲੈਮਰ ਵਿਚ ਈ ਬੀਤਦਾ ਰਿਹਾ ਏ। ਉਹਨਾਂ ਦੇ ਘਰ ਹਰੇਕ ਕੰਮ ਲਈ ਸਪਰੇ ਇਸਤੇਮਾਲ ਹੁੰਦਾ ਏ, ਇੱਥੋਂ ਤਕ ਕਿ ਮੱਛਰ ਮਾਰਨ ਲਈ ਵੀ ਦੀਦੀ ਲੰਦਨ ਤੋਂ ਸਪਰੇ ਲਿਆਉਂਦੀ ਏ। ਉਸ ਦਿਨ ਤਾਂ ਹੱਦ ਈ ਹੋ ਗਈ, ਜਦੋਂ ਮੈਂ ਮਧੂ ਦੀਦੀ ਨੂੰ ਛੂਹ ਕੇ ਦੇਖਿਆ ਕਿ ਕੀ ਏਅਰ ਹੋਸਟੇਸ ਵੀ ਹੱਡ-ਮਾਸ ਦੀ ਈ ਬਣੀ ਹੁੰਦੀ ਏ?
“ਤੂੰ ਏਨੀ ਘਬਰਾਈ ਕਿਉਂ ਹੋਈ ਏਂ, ਵੀਨੂ? ਅਨੂ ਮੇਰੇ ਨਾਲ ਅਕਸਰ ਤੇਰੀਆਂ ਗੱਲਾਂ ਕਰਦੀ ਰਹਿੰਦੀ ਏ। ਜਿਵੇਂ ਮੈਂ ਅਨੂ ਦੀ ਦੀਦੀ ਓਵੇਂ ਹੀ ਤੇਰੀ ਵੀ। ਹਾਂ, ਤੈਨੂੰ ਹੋਸਟੇਸ ਬਣਨ ਦਾ ਸ਼ੌਕ ਏ ਨਾ?”
“ਸ਼ੌਕ, ਦੀਦੀ! ਇਹੋ ਤਾਂ ਮੇਰੀ ਜ਼ਿੰਦਗੀ ਦਾ ਸੁਪਨਾ ਏਂ। ਪੰਛੀਆਂ ਵਾਂਗ ਖੰਭ ਲੱਗ ਜਾਣਗੇ ਮੇਰੇ। ਅੱਜ ਲੰਦਨ ਤੇ ਕੱਲ੍ਹ ਸਿਡਨੀ। ਸਾਰੀ ਦੁਨੀਆਂ ਦੇਖਾਂਗੀ ਮੈਂ। ਕੀ ਇੰਜ ਹੋ ਸਕਦਾ ਏ, ਮਧੂ ਦੀਦੀ?”
“ਓਇ ਬਈ, ਕਿਉਂ ਨਹੀਂ ਹੋ ਸਕਦਾ! ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲੈ ਆਪਣੀ। ਹੁਣ ਤਾਂ ਬੀ.ਏ. ਪੂਰੀ ਹੋਣ 'ਚ ਡੇਢ ਸਾਲ ਈ ਬਾਕੀ ਰਹਿ ਗਿਆ ਏ।”
ਡੇਢ ਸਾਲ। ਕਿੰਨਾਂ ਥੋੜ੍ਹਾ ਲੱਗਦਾ ਏ ਸੁਣਨ ਵਿਚ, ਤੇ ਬੀਤਾਉਣਾ ਹੋਏ ਤਾਂ ਸਦੀਆਂ ਵਾਂਗਰ। ਆਕਾਸ਼ ਵਿਚ ਉਡਦੇ ਹਰੇਕ ਜਹਾਜ਼ ਨੂੰ ਤੱਕਦੀ ਰਹਿੰਦੀ ਸੀ, ਉਹਨੀਂ ਦਿਨੀ। ਆਪਣੀ ਧੁਨ ਵਿਚ ਹੀ ਮਸਤ ਰਹਿਣ ਲੱਗ ਪਈ ਸਾਂ ਮੈਂ। ਕਿਸੇ ਹੋਰ ਕੰਮ ਵਿਚ ਮੇਰੀ ਰੂਚੀ ਈ ਨਹੀਂ ਸੀ ਹੁੰਦੀ।
ਗੱਡੀ ਯਕਦਮ ਰੁਕ ਗਈ ਏ। ਬਾਹਰ ਕੋਈ ਸਟੇਸ਼ਟ ਵੀ ਨਹੀਂ। ਬਿਲਕੁਲ ਉਜਾੜ-ਬੀਆਬਾਨ ਏ। ਦੂਰ ਤਕ ਦਰਖ਼ਤ ਖੜ੍ਹੇ ਨੇ। ਗੱਡੀ ਨੂੰ ਖੜ੍ਹੀ ਦੇਖ ਕੇ ਉਹ ਵੀ ਖਲੋ ਗਏ ਨੇ। ਜਿਵੇਂ ਗੱਡੀ ਦਾ ਹਾਲਚਾਲ ਪੁੱਛ ਰਹੇ ਹੋਣ। ਦੌੜ ਸਮਾਪਤ ਹੋ ਗਈ ਜਾਪਦੀ ਏ, ਪਰ ਮੇਰੀ ਮੰਜ਼ਿਲ ਤਾਂ ਹਾਲੇ ਦੂਰ ਏ। ਡੱਬੇ ਵਿਚ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਉਣ ਲੱਗ ਪਈ। ਉਸਦੀ ਮਾਂ ਉਸਨੂੰ ਤਾੜ ਰਹੀ ਏ। ਮਾਂਵਾਂ ਤਾਂ ਤਾੜਦੀਆਂ ਈ ਹੁੰਦੀਆਂ ਨੇ।
“ਵੀਨੂ ਤੂੰ ਏਅਰ ਹੋਸਟੇਸ ਨਹੀਂ ਬਣਨਾ। ਸਾਡੇ ਖਾਨਦਾਨ ਵਿਚ ਅੱਜ ਤਾਈਂ ਕਦੀ ਕੋਈ ਕੁੜੀ ਅਜਿਹੀ ਮਟਰ-ਗਸ਼ਤੀ ਵਾਲੀ ਨੌਕਰੀ ਵਿਚ ਨਹੀਂ ਗਈ। ਕਿਸ ਦੇ ਭਰੋਸੇ 'ਤੇ ਤੈਨੂੰ ਦੇਸ਼-ਵਿਦੇਸ਼ ਜਾਣ ਦਿਆਂ? ਤੂੰ ਬੀ.ਏ. ਪੂਰੀ ਕਰ ਲੈ, ਤਾਂ ਤੇਰੇ ਹੱਥ ਪੀਲੇ ਕਰ ਦਿਆਂਗੀ। ਮੈਨੂੰ ਨਹੀਂ ਚਾਹੀਦੀ ਤੇਰੀ ਕਮਾਈ। ਰੁੱਖੀ-ਸੁੱਕੀ ਖਾ ਲਵਾਂਗੇ, ਪਰ ਕੁੜੀ ਨੂੰ ਐਸੀ ਬੇਸ਼ਰਮ ਨੌਕਰੀ ਨਹੀਂ ਕਰਨ ਦਿਆਂਗੇ। ਉਹ ਪੁਰੀ ਸਾਹਬ ਦੀ ਛੋਕਰੀ ਮਧੂ ਨੂੰ ਦੇਖੋ,ਕੇਹੇ ਕੱਪੜੇ ਪਾਂਦੀ ਏ, ਰਾਮ ਰਾਮ। ਪਤਾ ਨਹੀਂ ਲੱਗਦਾ ਕੁੜੀ ਏ ਕਿ ਮੁੰਡਾ! ਸੁਣ ਲਿਆ ਨਾ ਤੂੰ?”
ਮੈਂ ਤਾਂ ਆਪਣੇ ਮਨ ਦੀ ਗੱਲ ਬੜਾ ਚਿਰ ਪਹਿਲਾਂ ਈ ਸੁਣ ਚੁੱਕੀ ਸਾਂ। ਏਅਰ ਹੋਸਟੇਸ ਬਣਨਾ ਈ ਮੇਰੇ ਜੀਵਨ ਦਾ ਨਿਸ਼ਾਨਾ ਬਣ ਗਿਆ ਸੀ। ਪਿਤਾ ਜੀ ਨੇ ਹਮੇਸ਼ਾਂ ਵਾਂਗ ਫੇਰ ਮੇਰਾ ਸਾਥ ਦਿੱਤਾ। ਤੇ ਮੈਂ ਏਅਰ ਹੋਸਟੇਸ ਦੀ ਨੌਕਰੀ ਲਈ ਅਰਜ਼ੀ ਭੇਜ ਦਿੱਤੀ। ਲਗਭਗ ਦੋ ਮਹੀਨੇ ਬਾਅਦ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ। ਇੰਟਰਵਿਊ ਲਈ ਜਾਂਦਿਆਂ ਹੋਇਆਂ ਮੇਰੀਆਂ ਲੱਤਾਂ ਕੰਬ ਰਹੀਆਂ ਸੀ। ਗਲਾ ਖ਼ੁਸ਼ਕ ਹੋ ਗਿਆ ਸੀ। ਫੇਰ ਵੀ ਆਪਣੇ ਆਪ ਉੱਤੇ ਕਾਬੂ ਰੱਖਦਿਆਂ ਹੋਇਆਂ ਮੈਂ ਹਰੇਕ ਸਵਾਲ ਦਾ ਜਵਾਬ ਬੜੇ ਸਹਿਜ ਮਤੇ ਨਾਲ ਦਿੱਤਾ...।
ਫੇਰ ਸ਼ੁਰੂ ਹੋਈ ਉਡੀਕ ਤੇ ਪੂਰੇ ਪੰਜ ਮਹੀਨੇ ਬੀਤ ਗਏ। ਫੇਰ ਇਕ ਦਿਨ ਏਅਰ ਲਾਈਨ ਦੀ ਚਿੱਠੀ ਆ-ਈ ਪਹੁੰਚੀ ਕਿ ਮੇਰੀ ਨਿਯੁਕਤੀ ਹੋ ਗਈ ਏ। ਦਿਨਕਰ ਤੇ ਮੀਨੂ ਬੜੇ ਖੁਸ਼ ਸਨ। ਉਹਨਾਂ ਦੀ ਦੀਦੀ ਏਅਰ ਹੋਸਟੇਸ ਜੋ ਬਣ ਗਈ ਸੀ। ਉਹਨਾਂ ਤਾਂ ਪਹਿਲਾਂ ਈ ਆਪਣੀਆਂ ਫਰਮਾਇਸ਼ਾਂ ਦੀ ਸੂਚੀ ਮੈਨੂੰ ਫੜਾ ਦਿੱਤੀ ਸੀ। ਮੇਰੇ ਪੈਰ ਧਰਤੀ 'ਤੇ ਨਹੀਂ ਸੀ ਟਿਕ ਰਹੇ। ਮੇਰਾ ਸੁਪਨਾ ਮੇਰੇ ਕਿੰਨਾ ਨੇੜੇ ਸੀ! ਤੇ ਸੱਚ ਹੋ ਰਿਹਾ ਸੀ।
“ਪਿਤਾ ਜੀ, ਮੇਰੇ ਨਿਯੁਕਤੀ-ਪੱਤਰ ਆ ਗਿਆ ਏ। ਮੈਂ ਦਸ ਦਿਨਾਂ ਵਿਚ ਬੰਬਈ ਪਹੁੰਚਣਾ ਏਂ...ਹੁਣੇ ਤੋਂ ਤਿਆਰੀ ਕਰਨੀ ਪਏਗੀ।”
“ਹਾਂ ਬੇਟਾ, ਮੈਂ ਵੀ ਇਹੋ ਸੋਚ ਰਿਹਾਂ। ਤੇਰੇ ਲਈ ਨਵੇਂ ਕਪੜੇ...ਤੇ ਸਾਡੀ ਬੇਟੀ ਚੇਅਰ-ਕਾਰ ਵਿਚ ਜਾਏਗੀ। ਤੂੰ ਚਿੰਤਾ ਨਾ ਕਰ ਬੇਟਾ, ਮੈਂ ਸਾਰੇ ਪ੍ਰਬੰਧ ਕਰ ਲਵਾਂਗਾ।”
ਪਿਤਾ ਜੀ ਨੇ ਪ੍ਰਬੰਧ ਕਰ ਲਏ। ਦੱਸਿਆ ਤਕ ਨਹੀਂ ਕਿ ਕਿੱਥੋਂ ਕਰਜਾ ਲਿਆ। ਮੈਂ ਤਾਂ ਉਹ ਕਰਜਾ ਵੀ ਨਹੀਂ ਲਾਹ ਸਕੀ।
ਬੰਬਈ ਵਿਚ ਮਾਮੀ ਦੇ ਵਤੀਰੇ ਨੇ ਇਕ ਹਫਤੇ ਵਿਚ ਈ ਦੱਸ ਦਿੱਤਾ ਕਿ ਮੈਨੂੰ ਰਹਿਣ ਲਈ ਹੋਸਟਲ ਲੱਭਣਾ ਪਏਗਾ। ਨੀਲਮ ਨੇ ਮੇਰੀ ਕਿੰਨੀ ਮਦਦ ਕੀਤੀ ਓਹਨੀਂ ਦਿਨੀ...ਰਿਸ਼ਤੇਦਾਰਾਂ ਵਾਲੇ ਸਾਰੇ ਫਰਜ਼ ਓਟ ਲਏ ਸੀ ਉਸਨੇ। ਮੈਨੂੰ ਪੈਸੇ ਵੀ ਕਿੰਨੇ ਮਿਲਦੇ ਸੀ ਟ੍ਰੇਨਿੰਗ ਦੌਰਾਨ! ਤੇ ਫੇਰ ਬੰਬਈ ਵਰਗੇ ਮਹਾਨਗਰ ਦੇ ਹੋਸਟਲ ਵਿਚ ਰਹਿਣਾ। ਹਰ ਪ੍ਰੇਸ਼ਾਨੀ ਦਾ ਇਕੋ ਹੱਲ ਸੀ...ਨੀਲਮ।
“ਵੀਨੂ, ਤੇਰੇ ਲਈ ਲੰਦਨ ਤੋਂ ਇਹ ਲਿਪਸਟਿਕ ਤੇ ਨੇਲ-ਪਾਲਸ਼ ਲਿਆਈ ਆਂ। ਹਾਂ, ਇਹ ਡਰੈਸ ਵੀ ਤੇਰੀ ਈ ਏ।”
“ਨੀਲੂ, ਏਨੀ ਚੰਗੀ ਨਾ ਬਣ ਕਿ ਮੈਂ ਆਪਣੇ ਆਪ ਨੂੰ ਛੋਟੀ ਮਹਿਸੂਸ ਕਰਨ ਲੱਗਾਂ।”
“ਬਕਵਾਸ ਨਹੀਂ ਕਰੀਦੀ, ਮੈਂ ਕੋਈ ਅਹਿਸਾਨ ਨਹੀਂ ਕਰ ਰਹੀ ਤੇਰੇ 'ਤੇ।”
“ਨੀਲੂ, ਕੀ ਮੈਂ ਵੀ ਕਦੀ ਲੰਦਨ ਜਾਵਾਂਗੀ? ਮੇਰੇ ਜੀਵਨ ਦਾ ਸਭ ਤੋਂ ਵੱਡਾ ਸੁਪਨਾ ਵੀ ਸੱਚ ਹੋਏਗਾ?”
“ਹੁਣ ਤਾਂ ਟ੍ਰੇਨਿੰਗ ਪੂਰੀ ਹੋਣ ਵਾਲੀ ਏ ਤੇਰੇ। ਬਸ, ਅਗਲੇ ਮਹੀਨੇ ਹੀ ਤੇਰੀ ਫਲਾਇੰਗ ਸ਼ੁਰੂ ਹੋ ਜਾਏਗੀ। ਲੰਦਨ ਜਾਣ ਲੱਗੇਂ ਤਾਂ ਸਾਨੂੰ ਭੁੱਲ ਨਾ ਜਾਵੀਂ।”
“ਮੈਂ ਤੈਨੂੰ ਕਿੰਜ ਭੁੱਲ ਸਕਦੀ ਆਂ ਨੀਲੂ? ਮੇਰੀਆਂ ਯਾਦਾਂ ਦਾ ਸੋਮਾ ਤਾਂ ਤੂੰ ਈ ਏਂ।” 'ਦਿੱਲੀ 'ਚ ਵੀ ਸਦਾ ਤੇਰੇ ਬਾਰੇ 'ਚ ਈ ਸੋਚਾਂਗੀ'
ਗੱਡੀ ਫੇਰ ਰੁਕ ਗਈ ਏ। ਬਾਹਰ ਸਟੇਸ਼ਨ ਨਜ਼ਰ ਨਹੀਂ ਆ ਰਿਹਾ। ਹਨੇਰਾ ਕੁਝ ਗੂੜ੍ਹਾ ਹੋ ਗਿਆ ਏ, ਬਾਹਰ ਵੀ ਤੇ ਅੰਦਰ ਵੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਰਾਜੂ, ਨੀਲਮ, ਪਿਤਾ ਜੀ, ਮਾਂ, ਬਾਂਦਰਾ, ਚਾਂਦਨੀ ਚੌਕ, ਦਿੱਲੀ, ਬੰਬਈ...ਸਭ ਇਕ ਫਿਲਮ ਵਰਗੇ ਲੱਗ ਰਹੇ ਨੇ। ਗੱਡੀ ਦੇ ਹਨੇਰੇ ਵਿਚ ਇਹ ਫਿਲਮ ਪਰਤੱਖ ਰੂਪ ਵਿਚ ਜਾਰੀ ਏ। ਹਨੇਰੇ ਵਿਚ ਵੀ ਉਹ ਮੁੰਡਾ ਮੈਨੂੰ ਬਿੱਲੀ ਵਰਗੀਆਂ ਅੱਖਾਂ ਨਾਲ ਘੂਰ ਰਿਹਾ ਏ। ਬਿਲਕੁਲ ਝਪਟਣ ਲਈ ਤਿਆਰ-ਬਰ-ਤਿਆਰ।
ਏਅਰ ਲਾਈਨ ਵਿਚ ਅਜਿਹੀਆਂ ਬਹੁਤ ਸਾਰੀਆਂ ਅੱਖਾਂ ਨੂੰ ਮੈਂ ਜਾਣਦੀ-ਪਛਾਣਦੀ ਆਂ...ਜਿਹੜੀਆਂ ਮੌਕਾ ਮਿਲਦਿਆਂ ਈ ਆਪਣੇ ਸ਼ਿਕਾਰ ਨੂੰ ਸ਼ਿਕੰਜੇ ਵਿਚ ਜਕੜ ਲੈਂਦੀਆਂ ਨੇ। ਮੈਂ ਵੀ ਉਹਨਾਂ ਲਈ ਇਕ ਨਵਾਂ ਬੱਕਰਾ ਈ ਸਾਂ। ਕੋਈ ਮੇਰੀਆਂ ਅੱਖਾਂ ਦੀ ਤਾਰੀਫ਼ ਕਰਦਾ ਤੇ ਕਿਸੇ ਨਾ ਕਿਸੇ ਬਹਾਨੇ ਮੈਨੂੰ ਛੋਹਣ ਦੀ ਕੋਸ਼ਿਸ਼ ਕਰਦਾ। ਮੈਂ ਸੋਚਦੀ, ਕਿੰਨਾ ਨਕਲੀ ਜਿਹਾ ਏ ਇੱਥੋਂ ਦਾ ਵਾਤਾਵਰਨ, ਕਿਸੇ ਵਿਚ ਕਿਤੇ ਵੀ ਸਹਿਜਤਾ ਨਹੀਂ। ਬਨਾਵਟ ਈ ਬਨਾਵਟ ਏ!
ਏਨੀ ਠਸਾਠਸ ਭਰੀ ਗੱਡੀ ਵਿਚ ਇਕੱਲਾਪਨ ਮੈਨੂੰ ਬੁਰੀ ਤਰ੍ਹਾਂ ਚੂੰਡ ਰਿਹਾ ਏ। ਕਦੀ ਭੀੜ ਭਰੀ ਬੰਬਈ ਨਗਰੀ ਵਿਚ ਵੀ ਇਕੱਲਾਪਨ ਮੈਨੂੰ ਇੰਜ ਈ ਆ ਚੰਬੜਦਾ ਹੁੰਦਾ ਸੀ।
ਮੈਨੂੰ ਟ੍ਰੇਨੀ ਫਲਾਈਟਸ ਕਰਦਿਆਂ ਤਿੰਨ ਮਹੀਨੇ ਹੋ ਚੁੱਕੇ ਸੀ। ਮੇਰੀ ਚੈਕ ਹੋਸਟੇਸ ਨੇ ਮੈਨੂੰ ਸੋਲੋ ਦੇ ਦਿੱਤੀ ਸੀ ਯਾਨੀ ਕਿ ਹੁਣ ਮੈਂ ਸੁਤੰਤਰ ਰੂਪ ਵਿਚ ਏਅਰ ਹੋਸਟੇਸ ਬਣ ਗਈ ਸਾਂ। ਮੇਰਾ ਦਿਲ ਖੁਸ਼ੀ ਵੱਸ ਝੂੰਮ ਉੱਠਿਆ ਸੀ। ਪਹਿਲੀ ਸੋਲੋ ਵਿਚ ਈ ਮੈਂ ਰੋਮ, ਲੰਦਨ ਤੇ ਫਰੈਂਕਫਰਡ ਜਾਣਾ ਸੀ। ਇਕੋ ਉਡਾਨ ਵਿਚ ਪੂਰਾ ਯੂਰਪ! ਨੀਲੂ ਮੁਸਕੁਰਾ ਰਹੀ ਸੀ ਮੇਰੀ ਖੁਸ਼ੀਆਂ ਭਰੀ ਘਬਰਾਹਟ ਉੱਤੇ। ਕਦੀ ਉਹ ਵੀ ਅਜਿਹੀ ਸਥਿਤੀ ਵਿਚੋਂ ਲੰਘੀ ਸੀ।
ਮੈਂ ਬੜੀ ਨਰਵਸ ਸਾਂ। ਆਪਣਾ ਅਟੈਚੀ ਨੀਲੂ ਦੀ ਸਹਾਇਤਾ ਨਾਲ ਤਿਆਰ ਕਰ ਰਹੀ ਸਾਂ। ਨੀਲੂ ਵੀ ਤਾਂ ਹੱਦ ਕਰ ਦੇਂਦੀ ਏ!
“ਵੀਨੂੰ ਤੂੰ ਤਾਂ ਇੰਜ ਘਬਰਾਈ ਹੋਈ ਏਂ, ਜਿਵੇਂ ਡੋਲੀ 'ਚ ਬੈਠਣਾ ਹੋਏ।”
“ਨਹੀਂ ਯਾਰ, ਪਹਿਲੀ ਵਾਰੀ ਵਿਦੇਸ਼ 'ਚ ਇਕੱਲੀ ਰਹਾਂਗੀ ਨਾ ਏਸੇ ਲਈ ਜ਼ਰਾ ਪ੍ਰੇਸ਼ਾਨ ਆਂ। ਨਾਲ-ਦੇ ਮੁੰਡਿਆਂ ਦਾ ਵਤੀਰਾ ਕੈਸਾ ਹੋਏਗਾ, ਇਹੀ ਸੋਚ ਰਹੀ ਆਂ।”
“ਦੇਖ! ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ, ਕਿਸੇ ਨੂੰ ਲੋੜ ਨਾਲੋਂ ਵੱਧ ਲਿਫਟ ਦੇਣ ਦੀ ਲੋੜ ਨਹੀਂ। ਤੈਨੂੰ ਠੰਡਾ ਤੇ ਸਭਿਅਕ ਬਣ ਕੇ ਰਹਿਣਾ ਪਏਗਾ। ਕੋਈ ਵੀ ਤੈਨੂੰ ਕੁਛ ਨਹੀਂ ਕਹਿ ਸਕੇਗਾ। ਆਪਣੇ ਆਪ ਵਿਚ ਮਸਤ ਰਹੀਂ, ਤੇ ਕਿਸੇ ਨਾਲ ਬਹੁਤਾ ਖੁੱਲ੍ਹੀਂ-ਈ ਨਾ।”
ਅਸੀਂ ਦੋਨੇਂ ਗੱਲਾਂ ਕਰਦੇ ਰਹੇ ਤੇ ਰਾਤੀਂ ਖਾਸੀ ਦੇਰ ਨਾਲ ਸੁੱਤੇ। ਅਗਲੀ ਸਵੇਰ ਡਰਾਈਵਰ ਏਅਰ ਲਾਈਨ ਦੀ ਗੱਡੀ ਲੈ ਕੇ ਸਾਡੇ ਹੋਸਟਲ ਆ ਗਿਆ। ਉਸਨੇ ਮੇਰੇ ਬਾਰੇ ਪੁੱਛਿਆ ਤੇ ਮੈਨੂੰ ਇਕ ਚਿੱਠੀ ਫੜਾ ਕੇ ਬੋਲਿਆ, “ਮੇਮ ਸਾਹਬ, ਤੁਹਾਡੇ ਲਈ ਮੇਸੈਜ਼ ਏ।” ਮੇਰੇ ਮੱਥੇ 'ਤੇ ਪਸੀਨਾ ਆ ਗਿਆ। ਇਹ ਕੀ ਨਵੀਂ ਚੀਜ਼ ਹੋਈ! ਮੈਂ ਸੋਚ ਰਹੀ ਸਾਂ। ਨੀਲੂ ਨੇ ਮੇਰਾ ਹੌਸਲਾ ਵਧਾਇਆ ਤੇ ਪੱਤਰ ਖੋਲ੍ਹਿਆ...
ਗੱਡੀ ਕਿਸੇ ਨਦੀ ਦੇ ਪੁਲ ਤੋਂ ਲੰਘ ਰਹੀ ਏ। ਧੜ-ਧੜ ਦਾ ਸ਼ੋਰ ਵਧਦਾ ਈ ਜਾ ਰਿਹਾ ਏ। ਉਹ ਮੁੰਡਾ ਮੇਰੇ ਨਾਲ ਗੱਲ ਕਰਨ ਦਾ ਦੋ ਵਾਰੀ ਅਸਫਲ ਯਤਨ ਕਰ ਚੁੱਕਿਆ ਏ। ਸ਼ੋਰ ਹੋਰ ਵੱਧਦਾ ਜਾ ਰਿਹਾ ਏ।
ਕੁਝ ਇਸੇ ਕਿਸਮ ਦਾ ਸ਼ੋਰ ਮੈਨੂੰ ਉਹ ਖ਼ਤ ਪੜ੍ਹ ਕੇ ਮਹਿਸੂਸ ਹੋਇਆ ਸੀ। ਕੁਝ ਇਸੇ ਕਿਸਮ ਦਾ ਪੀਲਾ ਹਨੇਰਾ ਉਸ ਸਮੇਂ ਵੀ ਸੀ। ਕਿੰਨੇ ਵਪਾਰਕ ਠੰਡੇਪਨ ਨਾਲ ਲਿਖਿਆ ਗਿਆ ਸੀ :
“ਏਅਰ ਲਾਈਨ ਵਿਚ ਏਅਰ ਹੋਸਟੇਸਸ ਦੀ ਭਰਤੀ ਲੋੜ ਨਾਲੋਂ ਵੱਧ ਹੋ ਗਈ ਹੈ। ਇਸ ਲਈ ਤੁਹਾਨੂੰ ਏਅਰ ਲਾਈਨ ਦੀ ਸੇਵਾ ਤੋਂ ਮੁਕਤ ਕੀਤਾ ਜਾਂਦਾ ਹੈ। ਤਿੰਨ ਮਹੀਨੇ ਦੀ ਤਨਖਾਹ ਦਾ ਚੈੱਕ ਨਾਲ ਹੈ।”
ਮੇਰੇ ਸਾਰੇ ਸੁਪਨੇ ਆਕਾਸ਼ 'ਚੋਂ ਡਿੱਗ ਕੇ ਪਤਾਲ 'ਚ ਧਸ ਗਏ ਸਨ। ਕੀ ਇਹ ਚੈੱਕ ਮੇਰੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਏ?
ਹਰ ਬੰਦਾ ਮੈਨੂੰ ਆਪਣੇ ਢੰਗ ਨਾਲ ਹੌਸਲਾ ਦੇਂਦਾ। ਮੇਰੇ ਵਰਗੇ ਹੋਰ ਵੀ ਕਈ ਸੀ। ਬਿਗਾਨੀਆਂ ਤਸੱਲੀਆਂ ਸਾਡੇ ਦਿਲਾਂ ਨੂੰ ਵਲੂੰਧਰ ਸੁੱਟਦੀਆਂ। ਸਿਰਫ ਨੀਲੂ ਦੇ ਮੋਢੇ 'ਤੇ ਸਿਰ ਰੱਖ ਕੇ ਰੋ ਲੈਂਦੀ। ਉਸੇ ਸਮੇਂ ਅਸੀਂ ਯੂਨੀਅਨ ਦੇ ਦਫਤਰ ਪਹੁੰਚੇ। ਉੱਥੇ ਐਮਰਜੈਂਸੀ ਵਰਗੀ ਸਥਿਤੀ ਨਜ਼ਰ ਆਈ। ਯੂਨੀਅਨ ਨੇ ਬੜਾ ਰੌਲਾ ਪਾਇਆ। ਉੱਪਰ ਬੈਠੇ ਲੋਕ ਬੜੀ ਉੱਪਰ ਬੈਠੇ ਸਨ, ਉਹਨਾਂ ਨੂੰ ਸੁਣਾਈ ਈ ਨਹੀਂ ਸੀ ਦਿੱਤਾ।
ਰਾਜੂ ਤਾਂ ਮੇਰੀ ਨੌਕਰੀ ਖੁਸਦਿਆਂ ਈ ਪਰਾਇਆ ਜਿਹਾ ਹੋ ਗਿਆ ਸੀ। ਮੈਨੂੰ ਦਿਲਾਸਾ ਦੇਣ ਲਈ ਵੀ ਨਹੀਂ ਸੀ ਆਇਆ। ਵਾਹ, ਬਈ ਪਿਆਰ! ਪਿਤਾ ਜੀ ਨੇ ਬੜਾ ਠਰੰਮੇਂ ਭਰਪੂਰ ਖ਼ਤ ਲਿਖਿਆ ਸੀ, 'ਤੂੰ ਆ ਜਾ, ਵੀਨੂ ਬੇਟਾ! ਮੈਂ ਸਭ ਸੰਭਾਲ ਲਵਾਂਗਾ। ਆਪਣੇ ਦਿਲ 'ਤੇ ਨਾ ਲਾਵੀਂ। ਬਸ, ਆ ਜਾ ਏਥੋਂ।'
ਤੇ ਮੈਂ ਜਾ ਰਹੀ ਆਂ ਵਾਪਸ। ਆਪਣੇ ਪਰਿਵਾਰ ਦੇ ਜੀਵਨ-ਸਤਰ ਨੂੰ ਉੱਚਾ ਚੁੱਕਣ ਦੇ ਸੁਪਨੇ ਦੀ ਲਾਸ਼ ਨੂੰ ਮੋਢਿਆਂ 'ਤੇ ਢੋਂਦੀ ਹੋਈ। ਸਾਹਮਣੇ ਬੈਠਾ ਮੁੰਡਾ ਉਸੇ ਚਿਤਾ ਵਿਚੋਂ ਕੋਈ ਬਚੀ-ਖੁਚੀ ਚੰਗਿਆੜੀ ਲੱਭ ਰਿਹਾ ਏ। ਉਸਨੂੰ ਕੀ ਪਤਾ ਇਸ ਗੱਡੀ ਵਿਚ ਇਕ ਲੁਟਿਆ ਹੋਇਆ ਕਾਫਲਾ ਵਾਪਸ ਜਾ ਰਿਹਾ ਏ। ਹੁਣ ਉਸ ਕੋਲ ਲੁੱਟਿਆ ਜਾ ਸਕਣ ਵਾਲਾ ਕੁਝ ਵੀ ਨਹੀਂ...।
--- --- ---

No comments:

Post a Comment