Monday, April 26, 2010

ਮੈਨੂੰ ਮੁਕਤੀ ਦੇ ਦੇ... :: ਲੇਖਕ : ਤੇਜੇਂਦਰ ਸ਼ਰਮਾ

ਮੈਨੂੰ ਮੁਕਤੀ ਦੇ ਦੇ... :: ਲੇਖਕ : ਤੇਜੇਂਦਰ ਸ਼ਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ : ਮੋਬਾਇਲ : 9417730600.


ਰਮੇਸ਼ ਨਾਥ ਕਹਾਣੀ ਲਿਖਣ ਵਿਚ ਵਿਅਸਤ ਸੀ। ਬਾਹਰੋਂ ਯੂਕਲਿਪਟਸ ਦੇ ਰੁੱਖਾਂ ਨਾਲ ਕਲੋਲ ਕਰਦੀ ਠੰਡੀ ਹਵਾ ਬੇਮੁਹਾਰੀ ਕਮਰੇ ਵਿਚ ਆਣ ਵੜਦੀ ਸੀ...ਤੇ ਯੂਕਲਿਪਟਸ ਦੀ ਨਿੰਮ੍ਹੀ-ਨਿੰਮ੍ਹੀ ਗੰਧ ਸਦਕਾ ਉਸਦੀਆਂ ਨਾਸਾਂ ਫੜਕਣ ਲੱਗ ਪੈਂਦੀਆਂ ਸਨ। ਦੂਰੋਂ ਕਿਸੇ ਕੁੱਤੇ ਦੇ ਰੋਣ ਦੀ ਆਵਾਜ਼ ਆਈ। ਰਮੇਸ਼ ਨਾਥ ਨੂੰ ਜਿਵੇਂ ਕੁੱਤੇ ਦਾ ਰੋਣਾ ਸੁਣਿਆ ਹੀ ਨਹੀਂ ਸੀ। ਉਹ ਤਾਂ ਕਹਾਣੀ ਲਿਖਣ ਵਿਚ ਰੁੱਝਿਆ ਹੋਇਆ ਸੀ।
ਅੱਜ ਸ਼ਾਮੀਂ ਉਸਨੇ ਸਿਰਫ ਤਿੰਨ ਪੈਗ ਹੀ ਪੀਤੇ ਸਨ। ਜਿਸ ਰਾਤ ਲਿਖਣਾ ਹੁੰਦਾ ਹੈ, ਉਹ ਇਵੇਂ ਹੀ ਤਿੰਨ ਪੈਗ ਲੈਂਦਾ ਹੈ। ਨਹੀਂ ਤਾਂ 'ਬਾਟਮਜ਼ ਅੱਪ' ਕੀਤੇ ਬਿਨਾਂ ਉਠਦਾ ਹੀ ਨਹੀਂ। ਸ਼ਾਮ ਦੇ ਤਿੰਨ ਪੈਗਾਂ ਦਾ ਸਰੂਰ, ਯੂਕਲਿਪਟਸ ਦੀ ਗੰਧ ਤੇ ਰਾਤ ਦਾ ਇਕੱਲਾਪਨ...ਕੁੱਲ ਮਿਲਾਅ ਕੇ ਰਮੇਸ਼ ਨਾਥ ਲਈ ਲਿਖਣ ਦਾ ਜਬਰਦਸਤ ਮਾਹੌਲ ਬਣਿਆ ਹੋਇਆ ਸੀ।
ਕਲਮ ਕਾਗਜ਼ ਉੱਤੇ ਦੌੜ ਰਹੀ ਸੀ। ਰਮੇਸ਼ ਨਾਥ ਕਹਾਣੀ ਪਹਿਲਾਂ ਆਪਣੇ ਦਿਮਾਗ਼ ਵਿਚ ਪੱਕੀ ਕਰ ਲੈਂਦਾ ਹੈ। ਕਾਗਜ਼ ਉੱਤੇ ਕਹਾਣੀ ਓਦੋਂ ਉਤਰਦੀ ਹੈ, ਜਦੋਂ ਪੂਰੀ ਕਹਾਣੀ ਉਸਦੇ ਦਿਮਾਗ਼ ਵਿਚ ਲਿਖੀ ਜਾ ਚੁੱਕੀ ਹੁੰਦੀ ਹੈ। ਇਸੇ ਕਰਕੇ ਰਮੇਸ਼ ਨਾਥ ਕਹਾਣੀ ਨੂੰ ਇਕ ਜਾਂ ਦੋ ਸਿਟਿੰਗਜ਼ ਵਿਚ ਪੂਰਾ ਕਰ ਲੈਂਦਾ ਹੈ। ਉਸਦੀ ਕਹਾਣੀ ਕਦੀ ਵੀ ਵਿਚਾਰਾਂ ਦੀ ਕਮੀ ਕਾਰਨ ਅਧੂਰੀ ਨਹੀਂ ਰਹੀ।
ਅੱਜ ਦੀ ਕਹਾਣੀ ਦਾ ਵਿਸ਼ਾ ਵੀ ਉਸਦਾ ਪਿਆਰਾ ਵਿਸ਼ਾ ਹੈ...ਪਤੀ-ਪਤਨੀ ਸੰਬੰਧ! ਰਮੇਸ਼ ਨਾਥ ਇਸ ਵਿਸ਼ੇ ਉੱਤੇ ਏਨੀਆਂ ਕਹਾਣੀਆਂ ਲਿਖ ਚੁੱਕਿਆ ਹੈ ਕਿ ਇਸ ਵਿਸ਼ੇ ਉੱਤੇ ਕਿਸੇ ਵੀ ਯੂਨੀਵਰਸਟੀ ਵੱਲੋਂ ਉਸਨੂੰ ਡਾਕਟਰੇਟ ਦੀ ਡਿਗਰੀ ਮਿਲ ਸਕਦੀ ਹੈ। 'ਪਤੀ-ਪਤਨੀ ਤੇ ਉਹ' ਵਾਲਾ ਫਾਰਮੂਲਾ ਰਮੇਸ਼ ਨਾਥ ਲਈ ਸਦਾ ਬਹਾਰ ਫਾਰਮੂਲਾ ਰਿਹਾ ਹੈ। ਇਹ ਵਿਸ਼ਾ ਤਾਂ ਕਦੀ ਵੀ ਪੁਰਾਣਾ ਨਹੀਂ ਹੋ ਸਕਦਾ ਤੇ ਰਮੇਸ਼ ਨਾਥ ਦੀਆਂ ਮਹੱਤਵਪੂਰਨ ਲਿਖਤਾਂ ਇਸੇ ਦੇ ਆਲੇ ਦੁਆਲੇ ਘੁੰਮਦੀਆਂ ਨੇ।
ਕਹਾਣੀ ਇਕ ਮਹੱਤਵਪੂਰਨ ਮੋੜ 'ਤੇ ਪਹੁੰਚ ਚੁੱਕੀ ਹੈ। ਰਮੇਸ਼ ਨਾਥ ਦੀ ਕਲਮ ਤੇ ਦਿਮਾਗ਼ ਪੂਰੀ ਤਰ੍ਹਾਂ ਲਿਖਣ ਵਿਚ ਰੁੱਝਿਆ ਹੋਇਆ ਹੈ। ਯਕਦਮ ਉਸਨੂੰ ਲੱਗਿਆ ਉਸਨੂੰ ਨੀਂਦ ਆਉਣ ਲੱਗ ਪਈ ਹੈ। ਇੰਜ ਤਾਂ ਘੱਟ ਹੀ ਹੁੰਦਾ ਹੈ ਕਿ ਉਹ ਕਹਾਣੀ ਲਿਖਣ ਬੈਠੇ ਤੇ ਉਸਨੂੰ ਨੀਂਦ ਆ ਜਾਏ। ਫੇਰ ਅੱਜ? ਆਪਣੇ ਆਪ ਉੱਤੇ ਖਿਝ ਜਿਹੀ ਚੜ੍ਹਨ ਲੱਗ ਪਈ। ਫੇਰ ਸੋਚਿਆ ਕੱਲ੍ਹ ਤਾਂ ਦਫ਼ਤਰ ਵਿਚ ਛੁੱਟੀ ਹੈ, ਚਲੋ ਬਾਕੀ ਕਹਾਣੀ ਕੱਲ੍ਹ ਪੂਰੀ ਕਰ ਲਵਾਂਗਾ।
ਬਿਸਤਰੇ ਉਤੇ ਲਤਾ ਪਹਿਲਾਂ ਹੀ ਸੁੱਤੀ ਹੋਈ ਸੀ। ਉਸਦੀ ਚਾਦਰ, ਕੀ ਕੱਪੜੇ...ਸਭ ਕਾਸੇ ਵਿਚ ਜ਼ਿੰਦਗੀ ਦੀਆਂ ਥੁੜਾਂ, ਛੇਕ ਤੇ ਟਾਕੀਆਂ ਬਣ ਕੇ ਟੰਗੇ ਹੋਏ ਸਨ। ਇਸ ਸਮੇਂ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਬੜੀ ਦੂਰ ਕਿਸੇ ਹੋਰ ਦੁਨੀਆਂ ਦੀ ਯਾਤਰਾ 'ਤੇ ਨਿਕਲੀ ਜਾਪਦੀ ਸੀ। ਰਮੇਸ਼ ਨਾਥ ਇਕ ਟੱਕ ਲਤਾ ਦੇ ਚਿਹਰੇ ਵੱਲ ਦੇਖਣ ਲੱਗਾ। ਰੋਜ਼ ਵਾਂਗ ਹੀ ਅੱਜ ਵੀ ਉਹ ਦਫ਼ਤਰੋਂ ਆਉਂਦਾ ਹੋਇਆ ਲੇਟ ਹੋ ਗਿਆ ਸੀ। ਹੁਣ ਦੋ ਬੱਚਿਆਂ ਪਿੱਛੋਂ ਲਤਾ ਨੇ ਵੀ ਪੁੱਛਣਾ ਬੰਦ ਕਰ ਦਿੱਤਾ ਸੀ ਕਿ ਦੇਰ ਕਿਉਂ ਹੋਈ...।
ਵਿਆਹ ਤੋਂ ਕੁਝ ਦਿਨ ਬਾਅਦ ਤਾਂ ਰਮੇਸ਼ ਨਾਥ ਨੇ ਦਫ਼ਤਰ, ਦੋਸਤਾਂ, ਜਾਣ-ਪਛਾਣ ਵਾਲਿਆਂ...ਸਭਨਾਂ ਤੋਂ ਛੁੱਟੀ ਲੈ ਲਈ ਸੀ। ਸਿਰਫ ਲਤਾ ਤੇ ਖ਼ੁਦ ਰਮੇਸ਼ ਨਾਥ; ਹੋਰ ਕੋਈ ਨਹੀਂ। ਲਤਾ ਲਈ ਤਾਂ ਪ੍ਰੇਮ-ਵਿਆਹ ਹੀ ਸੀ...ਪਰ ਕੀ ਸਿਰਫ ਲਤਾ ਨਾਲ ਹੀ ਪ੍ਰੇਮ ਕੀਤਾ ਸੀ ਉਹਨੇ! ਵਿਆਹ ਤਾਂ ਕਿਸੇ ਨਾਲ ਵੀ ਹੋ ਸਕਦਾ ਸੀ। ਪਿਆਰ ਤਾਂ ਉਹ ਸੁਮਿੱਤਰਾ ਨੂੰ ਵੀ ਕਰਦਾ ਸੀ, ਫੇਰ ਅਵਿਨਾਸ਼ ਕੌਰ ਵੀ ਤਾਂ ਉਸਦੀਆਂ ਕਹਾਣੀਆਂ ਦੀ ਦੀਵਾਨੀ ਸੀ...ਉਹ ਤਾਂ ਉਸ ਲਈ ਕੁਝ ਵੀ ਕਰਨ ਸਕਦੀ ਸੀ। ਕਰੁਣਾ ਵੀ ਤਾਂ ਉਸਨੂੰ ਕਿੰਨਾ ਚਾਹੁੰਦੀ ਸੀ। ਉਸਦੇ ਪਿਤਾ ਕੋਲ ਤਾਂ ਪੈਸਾ ਵੀ ਬੜਾ ਸੀ। ਫੇਰ ਲਤਾ ਹੀ ਕਿਉਂ? ਸ਼ਾਇਦ ਕਿਸੇ ਇਕ ਛਿਣ ਦੀ ਕਮਜ਼ੋਰੀ ਹੀ ਇਸਦਾ ਕਾਰਨ ਹੋ ਸਕਦੀ ਹੈ। ਇਸੇ ਲਈ ਲਤਾ ਦੀ ਏਨੀ ਪ੍ਰਵਾਹ ਵੀ ਨਹੀਂ ਸੀ ਕਰਦਾ। ਔਰਤ-ਦੋਸਤਾਂ ਦੀ ਕਮੀ ਨਾ ਤਾਂ ਪਹਿਲਾਂ ਹੀ ਕਦੀ ਸੀ, ਨਾ ਅੱਜ ਹੀ ਹੈ।
ਪਰ ਲਤਾ ਤਾਂ ਵਿਆਹਤਾ ਪਤਨੀ ਹੈ।...ਸੋ ਪਤਨੀ ਦੇ ਅਧਿਕਾਰ ਤਾਂ ਲਤਾ ਨੂੰ ਹੀ ਮਿਲਣਗੇ। ਤੇ ਰਮੇਸ਼ ਨਾਥ ਦੇ ਘਰ, ਪਤਨੀ ਦਾ ਸਭ ਤੋਂ ਵੱਡਾ ਅਧਿਕਾਰ ਸੀ...'ਆਪਣੇ ਆਪ ਨੂੰ ਜ਼ਿੰਦਗੀ ਦੀਆਂ ਲੋੜਾਂ-ਥੁੜਾਂ ਦੀ ਆਦੀ ਬਣਾਅ ਲੈਣਾ।' ਰਮੇਸ਼ ਨਾਥ ਦੀ ਤਨਖ਼ਾਹ ਦਾ ਵੱਡਾ ਹਿੱਸਾ ਤਾਂ ਪ੍ਰੈੱਸ ਕਲੱਬ ਦੇ ਸ਼ਰਾਬ ਦੇ ਬਿੱਲਾਂ ਵਿਚ ਚਲਾ ਜਾਂਦਾ ਹੈ। ਬੱਚਿਆਂ ਲਈ ਦੁੱਧ, ਉਹਨਾਂ ਦੇ ਸਕੂਲ ਦੀ ਫੀਸ, ਕਿਤਾਬਾਂ, ਕੱਪੜੇ ਸਭ ਦੂਸਰੇ ਦਰਜੇ ਦੀਆਂ ਲੋੜਾਂ ਨੇ।
ਕਈ ਵਾਰੀ ਤਾਂ ਲੱਗਣ ਲੱਗਦਾ ਹੈ ਕਿ ਰਮੇਸ਼ ਨਾਥ ਭਾਰਤ ਸਰਕਾਰ ਦਾ ਹੀ ਇਕ ਪ੍ਰਤੀਕ ਹੈ। ਦੇਸ਼ ਵਿਚ ਕਰੋੜਾਂ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਘਿਸਟ ਰਹੇ ਨੇ, ਪਿਸ ਰਹੇ ਨੇ। ਬੱਚੇ, ਬੁੱਢੇ ਤੇ ਔਰਤਾਂ ਭੁੱਖੇ ਸੌਂਦੇ ਤੇ ਮਰ ਜਾਂਦੇ ਨੇ। ਭਰਿਸ਼ਟਾਚਾਰ ਆਪਣਾ ਫ਼ਨ ਹਰ ਦਿਮਾਗ਼ ਵਿਚ ਫੈਲਾਈ ਖੜ੍ਹਾ ਹੈ, ਤੇ ਭਾਰਤ ਸਰਕਾਰ ਰੰਗੀਨ-ਟੈਲੀਵਿਜ਼ਨ ਸੈਂਟਰ ਖੋਲ੍ਹਣ ਵਿਚ ਰੁੱਝੀ ਹੋਈ ਹੈ। ਇਕ ਮੰਤਰੀ ਦੇ ਸਾਲਾਨਾ ਖਰਚੇ ਨਾਲ ਸੈਂਕੜੇ ਪਰਿਵਾਰਾਂ ਨੂੰ ਸਾਲ ਭਰ ਦੀ ਰੋਟੀ ਨਸੀਬ ਹੋ ਸਕਦਾ ਹੈ। ਪਰ ਮੰਤਰੀ ਦੇਸ਼ ਦੀ ਸਮੱਸਿਆ ਸੁਲਝਾਉਣ ਖਾਤਰ ਨਿਊਯਾਰਕ ਸਥਿਤ ਯੂ.ਐਨ.ਓ. ਚਲਾ ਜਾਂਦਾ ਹੈ। ਐਨ ਓਵੇਂ ਹੀ ਰਮੇਸ਼ ਨਾਥ ਦੇ ਘਰ ਵਿਚ ਵੀ ਬੱਚਿਆਂ ਤੇ ਪਤਨੀ ਦੀਆਂ ਸਮੱਸਿਆਂ ਗਰੀਬੀ ਦੀ ਰੇਖਾ ਹੇਠ ਵਧ-ਫੁੱਲ ਰਹੀਆਂ ਨੇ। ਪਰ ਰਮੇਸ਼ ਨਾਥ ਹਰੇਕ ਸ਼ਾਮ ਪੌਣੀ ਬੋਤਲ ਅੰਦਰ ਢਾਲ ਕੇ ਸ਼ਾਹਿਤ ਦੀ ਸਿਰਜਣਾ ਕਰਨ ਵਿਚ ਵਿਅਸਤ ਹੋ ਜਾਂਦਾ ਹੈ।
ਸ਼ਾਹਿਤ ਵਿਚ ਰਮੇਸ਼ ਨਾਥ ਨੇ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਇਕ ਮਹੱਤਵਪੂਰਣ ਰਸਾਲੇ ਦਾ ਸੰਪਾਦਕ ਬਣ ਗਿਆ ਹੈ। ਆਪਣੇ ਅਲੋਚਕਾਂ ਲਈ ਉਸ ਕੋਲ ਇਕੋ ਉਤਰ ਹੈ, 'ਓ ਸਾਹਬ ਜੀ, ਅਲੋਚਕਾਂ ਦਾ ਕੀ ਐ। ਇਹ ਤਾਂ ਸਾਰੇ ਕੁੱਤੇ ਨੇ ਕੁੱਤੇ। ਜਿਹੜਾ ਹੱਡੀ ਪਾ ਦਵੇ, ਉਸਦੇ ਗੁਣਗਾਉਣ ਲੱਗ ਪੈਣਗੇ। ਮੈਂ ਕਿਸੇ ਅਲੋਚਕ ਲਈ ਸਾਹਿਤ ਨਹੀਂ ਰਚਦਾ। ਮੇਰੇ ਅੰਦਰਲੀ ਉਥਲ-ਪੁਥਲ ਸਾਹਿਤ ਬਣ ਕੇ, ਬਾਹਰ ਨਿਕਲਦੀ ਏ। ਇਹ ਸਾਲੇ ਅਲੋਚਕ ਮੇਰੇ ਬਾਰੇ ਲਿਖਦੇ ਈ ਕਿਉਂ ਨੇ? ਓਇ ਬਈ, ਜੇ ਮੈਂ ਚੰਗਾ ਨਹੀਂ ਲਿਖਦਾ, ਤਾਂ ਨਕਾਰ ਦਿਓ ਮੈਨੂੰ। ਜੇ ਮੈਨੂੰ ਨਕਾਰ ਕੇ ਹਿੰਦੀ ਕਹਾਣੀ ਦਾ ਇਤਿਹਾਸ ਲਿਖ ਸਕਦੇ ਓ, ਤਾਂ ਕਰ ਵੇਖੋ ਕੋਸ਼ਿਸ਼ਾਂ ਭਰਾਵੋ...ਬਈ ਮੈਂ ਤਾਂ ਜੋ ਹਾਂ ਉਹੀ ਰਹਾਂਗਾ ਤੇ ਜੋ ਲਿਖਦਾ ਆਂ, ਓਹੀਓ ਲਿਖਾਂਗਾ।'
ਸੱਚ ਵੀ ਤਾਂ ਹੈ, ਐਨੀ ਸੁੰਦਰ ਭਾਸ਼ਾ ਦੇ ਰਚਨਾਕਾਰ ਨੂੰ ਕੋਈ ਨਕਾਰੇ ਵੀ ਤਾਂ ਕਿਸ ਤਰ੍ਹਾਂ? ਪਰ, ਜਦੋਂ ਇਹੀ ਆਦਮੀ ਰਾਤ ਨੂੰ ਸ਼ਰਾਬ ਪੀ ਕੇ ਲਤਾ ਨੂੰ ਕੁੱਟ-ਮਾਰ ਕਰਦਾ ਹੈ, ਮਾਂ-ਭੈਣ ਦੀਆਂ ਗਾਲ੍ਹਾਂ ਕੱਢਦਾ ਹੈ, ਤਾਂ ਇਸ ਦੀ ਭਾਸ਼ਾ ਨੂੰ ਕੀ ਹੋ ਜਾਂਦਾ ਹੈ?
ਕਦੀ ਆਤਮ-ਨਮੋਸ਼ੀ ਦੇ ਪਲਾਂ ਵਿਚ ਰਮੇਸ਼ ਨਾਥ ਆਪਣੇ ਆਪ ਨੂੰ ਫਿਟਕਾਰਦਾ ਵੀ ਸੀ...'ਕੀ ਦਿੱਤਾ ਏ ਮੈਂ ਲਤਾ ਨੂੰ! ਉਸਦਾ ਸਾਰਾ ਜੀਵਨ ਹੀ ਵਿਅਰਥ ਕਰ ਦਿੱਤਾ। ਕੀ ਬਚਿਆ ਏ ਲਤਾ ਕੋਲ?' ਪਰ ਇਹਨਾਂ ਛਿਣਾ 'ਚੋਂ ਬਾਹਰ ਆਉਂਦਿਆਂ ਹੀ ਰਮੇਸ਼ ਨਾਥ ਸੰਪਾਦਕ ਬਣ ਜਾਂਦਾ ਸੀ ਤੇ ਉਸਦੀ ਪਤਨੀ ਨੂੰ ਵੀ ਲੇਖਕਾਂ ਦੀਆਂ ਰਚਨਾਵਾਂ ਵਾਂਗ ਉਡੀਕ ਕਰਨੀ ਪੈਂਦੀ ਸੀ ਕਿ ਕਦੋਂ ਸੰਪਾਦਕ ਸਾਹਬ ਨੂੰ ਸਮਾਂ ਮਿਲੇ ਤੇ ਰਚਨਾਂ ਨੂੰ ਆਪੁ ਪੜ੍ਹਨ।
ਅੱਜ ਲਤਾ ਨੂੰ ਦੇਖਦਿਆਂ ਹੋਇਆਂ ਕੁਝ ਅਜਿਹੇ ਪਲਾਂ ਵਿਚੋਂ ਲੰਘ ਰਿਹਾ ਸੀ ਰਮੇਸ਼ ਨਾਥ। ਲਤਾ ਦੇ ਚਿਹਰੇ ਨੂੰ ਦੇਖਦਾ ਹੋਇਆ ਪਤਾ ਨਹੀਂ ਕੀ ਕੀ ਸੋਚਣ ਲੱਗਾ ਸੀ ਉਹ। ਤੇ ਫੇਰ ਨੀਂਦ ਨਾਲ ਅੱਖਾਂ ਹੋਰ ਭਾਰੀਆਂ ਹੋ ਗਈਆਂ ਸਨ।
ਭੂਚਾਲ ਵਰਗੀ ਗੂੰਜ ਸੁਣਾਈ ਦਿੱਤੀ ਤੇ ਰਮੇਸ਼ ਨਾਥ ਦਾ ਬੈੱਡ ਹਿਚਕੋਲੇ ਖਾਣ ਲੱਗਾ। ਰਮੇਸ਼ ਨਾਥ ਨੇ ਅੱਖਾਂ ਮੀਚਦਿਆਂ ਹੋਇਆਂ ਦੇਖਿਆ...ਸਾਹਮਣੇ, ਪਸੀਨੋ-ਪਸੀਨੀ ਹੋਈ, ਲਤਾ ਖੜ੍ਹੀ ਸੀ। ਉਹ ਬੌਂਦਲ ਗਿਆ।
“ਕਿੰਨੇ ਆਰਾਮ ਨਾਲ ਸੁੱਤੇ ਪਏ ਓ? ਸਮਝਦੇ ਕੀ ਓ ਆਪਣੇ ਆਪ ਨੂੰ! ਅੱਜ ਮੈਂ ਤੁਹਾਨੂੰ ਇਵੇਂ ਨਹੀਂ ਸੌਣ ਦਿਆਂਗੀ। ਅੱਜ ਤੁਹਾਨੂੰ ਮੇਰੇ ਹਰੇਕ ਸਵਾਲ ਦਾ ਜਵਾਬ ਦੇਣਾ ਪਏਗਾ। ਅੱਜ ਤੁਹਾਡੀ ਹਰੇਕ ਕਹਾਣੀ ਦਾ ਕੱਚਾ-ਚਿੱਠਾ ਤੁਹਾਡੇ ਸਾਹਮਣੇ ਖੋਲ੍ਹਣਾ ਏਂ ਮੈਂ। ਤੁਹਾਡੀ ਹਰ ਕਹਾਣੀ ਵਿਚ ਪਤਨੀ ਹੁੰਦੀ ਹੈ, ਇਕ ਖਲਨਾਇਕਾ।...ਤੇ ਪਤਨੀ ਦੇ ਹੁੰਦਿਆਂ ਵੀ ਗ਼ੈਰ-ਔਰਤਾਂ ਨਾਲ ਸੰਬੰਧ ਰੱਖਣ ਵਾਲੇ ਤੁਸੀਂ, ਹੁੰਦੇ ਓ ਸਾਊ-ਨਾਇਕ।...ਤੇ ਤੁਹਾਡੀਆਂ ਕੁੱਤੀਆਂ, ਹੁੰਦੀਆਂ ਨੇ ਨਾਇਕਾਵਾਂ। ਕਦੀ ਆਪਣੇ ਅੰਦਰ ਵੀ ਝਾਕ ਕੇ ਦੇਖੋ ਲੇਖਕ ਸਾਹਬ! ਏਨਾ ਕੂੜਾ ਨਜ਼ਰ ਆਏਗਾ ਕਿ ਸੜ੍ਹਾਂਦ ਦੇ ਮਾਰੇ ਉਲਟੀ ਆਉਣ ਵਾਲੀ ਹੋ ਜਾਏਗੀ। ਜੈਨੀਆਂ ਵਾਂਗ ਨੱਕ ਤੇ ਮੂੰਹ ਢਕਣਾ ਸ਼ੁਰੂ ਕਰ ਦਿਓਗੇ।
“ਵੈਸੇ ਯਾਦ ਏ...ਆਪਣਾ ਵਿਆਹ ਕਦੋਂ, ਕਿੰਜ ਤੇ ਕਿਹੜੀਆਂ ਹਾਲਤਾਂ ਵਿਚ ਹੋਇਆ ਸੀ? ਛੱਡ ਆਈ ਸਾਂ ਸਾਰਿਆਂ ਨੂੰ, ਇਕ ਤੁਹਾਡੀ ਖਾਤਰ ਮੈਂ। ਓਹਨੀਂ ਦਿਨੀ ਤਾਂ ਤੁਹਾਡੇ ਕਹਿਣ 'ਤੇ ਅੱਗ ਵਿਚ ਵੀ ਛਾਲ ਮਾਰ ਸਕਦੀ ਸਾਂ। ਤੁਹਾਡੀਆਂ ਗੱਲਾਂ ਦਾ ਜਾਦੂ ਹੀ ਕੁਝ ਅਜਿਹਾ ਚੜ੍ਹਿਆ ਹੋਇਆ ਸੀ ਮੇਰੇ ਉੱਤੇ। ਤੁਸੀਂ ਤਾਂ ਇਕ ਵਾਰੀ ਵੀ ਨਹੀਂ ਕਿਹਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਲਓਗੇ। ਮੈਂ ਹੀ ਤੁਹਾਡੀ ਦੀਵਾਨੀ ਹੋ ਗਈ ਸਾਂ। ਜੋ ਤੁਸੀਂ ਕਿਹਾ ਉਹ ਸਮਝ ਲਿਆ, ਜੋ ਨਹੀਂ ਕਿਹਾ ਉਹ ਵੀ ਸਮਝ ਲਿਆ।
“ਤੁਸੀਂ ਤਾਂ ਬਿਲਕੁਲ ਹੀ ਘਬਰਾ ਗਏ ਸੀ ਮੇਰੇ ਅਚਾਨਕ ਆਉਣੇ 'ਤੇ।...ਤੇ ਜੇ ਤੁਹਾਨੂੰ ਜ਼ਰਾ ਵੀ ਮੌਕਾ ਮਿਲਦਾ ਤਾਂ ਪਤਾ ਨਹੀਂ ਕੀ ਕਰਦੇ। ਸ਼ਾਇਦ ਜ਼ਮੀਰ ਨਾਂਅ ਦੀ ਚੀਜ਼, ਓਦੋਂ ਤਕ ਜਿਊਂਦੀ ਸੀ ਤੁਹਾਡੇ ਅੰਦਰ...ਤਦੇ ਤਾਂ ਤੁਸੀਂ ਯਕਦਮ ਮੇਰੇ ਨਾਲ ਵਿਆਹ ਕਰਵਾ ਲਿਆ।
“ਕਿੰਨੇ ਸੁਪਨੇ ਦੇਖਦੀ ਹੁੰਦੀ ਸਾਂ, ਵਿਆਹੁਤਾ ਜੀਵਨ ਦੇ। ਕੀ ਪਤਾ ਸੀ ਵਿਆਹ ਪਿੱਛੋਂ ਇੰਜ ਵੀ ਹੁੰਦਾ ਹੁੰਦਾ ਏ। ਮੰਜੂ ਦੀਦੀ ਦਾ ਪਰਿਵਾਰ ਦੇਖ ਕੇ ਕਿੰਨਾ ਆਨੰਦ ਆਉਂਦਾ ਹੁੰਦਾ ਸੀ। ਦੀਦੀ, ਜੀਜਾਜੀ ਤੇ ਉਹਨਾਂ ਦਾ ਪੁੱਤਰ ਵਿਸ਼ਾਲ। ਉਹਨਾਂ ਦਾ ਵਿਆਹ ਤਾਂ ਮਾਂ ਤੇ ਪਿਤਾ ਜੀ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ। ਫੇਰ ਵੀ ਦੀਦੀ ਦੇ ਚਿਹਰੇ 'ਤੇ ਤਾਂ, ਕਦੀ ਸ਼ਿਕਾਇਤ ਨਹੀਂ ਦੇਖੀ। ਇਕ ਦਿਨ ਤਾਂ ਪੁੱਛ ਹੀ ਬੈਠੀ ਸਾਂ ਦੀਦੀ ਨੂੰ ਕਿ ਇਕ ਅਜਨਬੀ ਇਨਸਾਨ ਨਾਲ ਕਿੰਜ ਸਾਰਾ ਜੀਵਨ ਬਿਤਾਅ ਲਏਗੀ ਉਹ? ਜਿਸਦੇ ਨਾਲ ਪਿਆਰ ਹੀ ਨਹੀਂ ਕੀਤਾ ਉਸ ਨਾਲ ਸਾਰਾ ਜੀਵਨ ਬਿਤਾਅ ਦੇਣਾ ਕੀ ਜੀਵਨ ਨੂੰ ਅਰਥਹੀਣ ਨਹੀਂ ਬਣਾ ਦੇਂਦਾ? ਦੀਦੀ ਨੇ ਸਿਰਫ ਇਕ ਹਲਕੀ ਜਿਹੀ ਮੁਸਕਰਾਹਟ ਹੇਠ ਮੇਰੇ ਸਵਾਲ ਦਫਨਾ ਦਿੱਤੇ ਸੀ। ਦੀਦੀ ਨੇ ਆਪਣੇ ਆਪ ਨੂੰ ਜੀਜਾ ਜੀ ਦੇ ਪਰਿਵਾਰ ਅਨੁਸਾਰ ਢਾਲ ਲਿਆ ਸੀ, ਤਾਂ ਜੀਜਾ ਜੀ ਵੀ ਤਾਂ ਦਿਨ-ਰਾਤ ਦੀਦੀ ਦੀ ਤਾਰੀਫ਼ ਕਰਦੇ ਨਹੀਂ ਸੀ ਥੱਕਦੇ ਹੁੰਦੇ। ਮੰਜੂ ਦੀਦੀ ਨੂੰ ਹਮੇਸ਼ਾ 'ਚੌਧਰੀ ਸਾਹਬ' ਕਹਿ ਕੇ ਬੁਲਾਉਦੇ ਨੇ ਉਹ। ਘਰ ਦੀ ਚੌਧਰੀ, ਮੰਜੂ ਦੀਦੀ ਹੀ ਤਾਂ ਏ। ਕਿੰਨੇ ਮਾਨ ਨਾਲ ਦੀਦੀ ਕਹਿੰਦੀ ਏ ਕਿ ਉਹਦੇ ਪਤੀ ਵਰਗਾ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਕਾਸ਼! ਮੈਂ ਵੀ ਇੰਜ ਕਹਿ ਸਕਦੀ।
“ਵੈਸੇ ਤਾਂ ਕਹਿ ਵੀ ਸਕਦੀ ਹਾਂ ਕਿ ਤੁਹਾਡੇ ਵਰਗਾ ਕੋਈ ਦੂਸਰਾ ਇਨਸਾਨ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਆਪਣੀ ਕਿਸਮ ਦੇ ਇਕੋ-ਇਕ ਆਦਮੀ ਹੋ ਜਿਹੜੇ ਕਦੀ ਵੀ ਆਪਣੀ ਪਤਨੀ ਦੇ ਹੋ ਕੇ ਨਹੀਂ ਰਹਿ ਸਕਦੇ। ਮੈਨੂੰ ਤਾਂ ਸਾਰੀ ਉਮਰ ਇਹੀ ਮਲਾਲ਼ ਰਹੇਗਾ ਕਿ ਮੇਰਾ ਪਤੀ ਕਦੀ ਵੀ ਪੂਰਨ ਰੂਪ ਵਿਚ ਮੇਰਾ ਨਹੀਂ ਹੋਇਆ। ਕਰੂਣਾ, ਸੁਮਿੱਤਰਾ, ਰੀਟਾ, ਮਿਰਿੰਡਾ ਪਤਾ ਨਹੀਂ ਕਿੰਨੀਆਂ ਕੁੜੀਆਂ ਵਿਚ ਵੰਡਿਆ ਹੋਇਆ ਏ ਮੇਰਾ ਪਤੀ। ਕਿਸੇ ਸਮੇਂ ਤਾਂ ਮੈਂ ਹੀ ਤੁਹਾਡੀ ਪ੍ਰੇਰਨਾ ਹੁੰਦੀ ਸਾਂ। ਪਰ ਅੱਜ ਤੁਹਾਡੇ ਦੋ-ਦੋ ਬੱਚਿਆਂ ਦੀ ਮਾਂ ਬਣਨ ਪਿੱਛੋਂ ਮੇਰੇ ਸਰੀਰ ਵਿਚ ਉਹ ਨਮਕ ਕਿੱਥੇ ਰਹਿ ਗਿਆ ਏ ਕਿ ਤੁਹਾਡੀ ਪ੍ਰੇਰਨਾ ਬਣ ਸਕਾਂ।
“ਪ੍ਰੇਰਨਾ ਬਣਨਾ ਤਾਂ ਇਕ ਪਾਸੇ ਰਿਹਾ, ਮੇਰੇ ਲਈ ਤਾਂ ਤੁਹਾਡੀਆਂ ਕਹਾਣੀਆਂ ਵਿਚ ਵੀ ਕੁਝ ਖਾਸ ਹੀ ਵਿਸ਼ੇਸ਼ਣ ਹੁੰਦੇ ਨੇ। ਤੁਹਾਡੀ ਕਿਸੇ ਕਹਾਣੀ ਵਿਚ ਮੈਂ ਤੁਹਾਡੇ ਕਿਸੇ ਪਿਛਲੇ ਜਨਮ ਦਾ ਪਾਪ ਹੁੰਦੀ ਆਂ, ਤਾਂ ਕਿਸੇ ਦੂਜੀ ਵਿਚ ਤੁਹਾਡੇ ਲਈ ਕਿਸੇ ਗਾਲ੍ਹ ਬਰੋਬਰ। ਆਪਣੀ ਇਕ ਕਹਾਣੀ ਵਿਚ ਤਾਂ ਤੁਸੀਂ ਇਹ ਵੀ ਲਿਖਿਆ ਸੀ, 'ਘਰ ਆਉਂਦਿਆਂ ਹੀ ਜਦੋਂ ਪਤਨੀ ਦੀ ਸੂਰਤ ਦੇਖਦਾ ਹਾਂ, ਤਾਂ ਲੱਗਦਾ ਹੈ ਜਿਵੇਂ ਲੋੜਾਂ-ਥੁੜਾਂ ਦੀ ਮੂਰਤ ਮੇਰੇ ਸਾਹਮਣੇ ਆਣ ਖਲੋਤੀ ਹੈ।' ਤੁਹਾਡੀ ਹਰੇਕ ਕਹਾਣੀ ਵਿਚ ਮੈਂ ਇਕ ਬਕਬਕ ਕਰਨ ਵਾਲੀ ਵਾਹਯਾਤ ਕਿਸਮ ਦੀ ਜ਼ਨਾਨੀ ਆਂ...ਝਗੜਾਲੂ, ਈਰਖਾਲੂ, ਬਦਦਿਮਾਗ਼, ਬੇਵਕੂਫ਼ ਤੇ ਪਤਾ ਨਹੀਂ ਕੀ ਕੀ। ਜਦੋਂ ਜਦੋਂ ਆਪਣੀਆਂ ਕਹਾਣੀਆਂ ਵਿਚ ਤੁਸੀਂ ਮੈਨੂੰ ਆਪਣੀ ਕਿਸੇ ਸਬਜ਼-ਪਰੀ ਨਾਲ ਤੋਲਿਆ, ਤਾਂ ਮੈਂ ਉਹਦੇ ਮੁਕਾਬਲੇ ਹਮੇਸ਼ਾ ਊਣੀ ਹੀ ਰਹੀ ਹਾਂ।
“ਰਮੇਸ਼ ਨਾਥ ਜੀ ਅੱਜ ਮੈਂ ਹਾਰਨ ਲਈ ਤਿਆਰ ਨਹੀਂ...ਮੈਂ ਜੀਵਨ ਵਿਚ ਬੜੀ ਵਾਰੀ ਹਾਰ ਕੇ ਦੇਖ ਲਿਆ। ਮੈਂ ਸਮਝਦੀ ਸਾਂ ਇਨਸਾਨ ਦੀ ਅੱਛਾਈ ਦੀ ਤਾਰੀਫ਼ ਤਾਂ ਹੋਣੀ ਹੀ ਚਾਹੀਦੀ ਏ। ਪਰ ਚੰਗਿਆਈ ਨੂੰ ਸਮਝਣ ਲਈ ਸਾਹਮਣੇ ਵਾਲਾ ਇਨਸਾਨ ਵੀ ਤਾਂ ਚੰਗਾ ਹੋਣਾ ਚਾਹੀਦਾ ਏ ਨਾ...
“ਹੁਣ ਹੋਰ ਨਹੀਂ। ਇਹ ਤਾਂ ਮੇਰੀ ਬੇਵਕੂਫ਼ੀ ਹੀ ਸੀ ਕਿ ਮੈਂ ਤੁਹਾਨੂੰ ਉਹ ਸਭ ਕੁਝ ਕਰਨ ਦਿੱਤਾ ਜੋ ਕੁਝ ਤੁਸੀਂ ਕਰਦੇ ਰਹੇ ਓ। ਮੈਂ ਸਦਾ ਇਹੀ ਮੰਨਦੀ ਰਹੀ ਕਿ ਤੁਸੀਂ ਇਕ ਲੇਖਕ ਓ ਇਸ ਲਈ ਹੋਰਨਾਂ ਨਾਲੋਂ ਵੱਖਰੀ ਤਰ੍ਹਾਂ ਦੇ ਓ। ਤੇ ਤੁਸੀਂ ਇਸੇ ਗੱਲ ਦਾ ਫਾਇਦਾ ਉਠਾਉਂਦੇ ਰਹੇ ਕਿ ਤੁਸੀਂ ਲੇਖਕ ਓ, ਤੁਹਾਨੂੰ ਉਹ ਹਰੇਕ ਕੰਮ ਕਰਨ ਦੀ ਆਜ਼ਾਦੀ ਏ ਜਿਸਦੀ ਇਕ ਆਮ ਆਦਮੀ ਨੂੰ ਮਨਾਹੀ ਹੁੰਦੀ ਏ। ਮੈਂ ਪੁੱਛਦੀ ਆਂ, ਤੁਹਾਡੀ ਸਮੱਸਿਆ ਕੀ ਹੈ? ਔਰਤ ਨੂੰ ਦੇਖ ਕੇ ਤੁਹਾਨੂੰ ਕੀ ਹੋ ਜਾਂਦਾ ਹੈ? ਕਿਉਂ ਤੁਸੀਂ ਪੂਛ ਹਿਲਾਉਣੀ ਸ਼ੁਰੂ ਕਰ ਦੇਂਦੇ ਓ, ਕਿਸੇ ਵੀ ਔਰਤ ਨੂੰ ਦੇਖ ਕੇ? ਔਰਤ ਤੁਹਾਡੀ ਕਮਜ਼ੋਰੀ ਕਿਉਂ ਹੈ?
“ਤੁਹਾਨੂੰ ਆਪਣੀ ਕਹਾਣੀ 'ਚਿੱਤਕਾਰ' ਚੇਤੇ ਈ? ਉਸ ਵਿਚ ਤੁਸੀਂ ਲਿਖਿਆ ਸੀ ਕਿ ਅਨੁਜਾ ਦੂਸਰੇ ਸ਼ਹਿਰ 'ਚੋਂ ਆਈ ਸੀ ਤੇ ਤੁਸੀਂ ਉਸਨੂੰ ਮਿਲਣ ਗਏ ਸੌ? ਕਿੰਨਾ ਘਿਣੌਨਾ ਦ੍ਰਿਸ਼ ਬੰਨ੍ਹਿਆ ਸੀ ਤੁਸੀਂ, ਉਸ ਕਹਾਣੀ ਵਿਚ, ਅਨੁਜਾ ਦੇ ਸਰੀਰ ਦਾ। ਉਸਦੀਆਂ ਅੱਖਾਂ, ਹੋਂਠ, ਗਰਦਨ, ਛਾਤੀਆਂ, ਧੁੰਨੀ, ਯੋਨੀ ਹਰ ਅੰਗ ਨੂੰ ਨੰਗਾ ਕਰ ਦਿੱਤਾ ਸੀ ਤੁਸੀਂ। ਕੀ ਉਸ ਕਹਾਣੀ ਨੂੰ ਸਿਰਫ ਕਲਪਣਾ ਮੰਨਿਆਂ ਜਾ ਸਕਦਾ ਏ? ਨਹੀਂ। ਮੈਂ ਜਾਣਦੀ ਆਂ, ਅਨੁਜਾ ਕੌਣ ਏ। ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਉਸ ਔਰਤ ਨੂੰ ਆਪਣੇ ਪਾਠਕਾਂ ਸਾਹਮਣੇ ਨੰਗਾ ਕਰਨ ਲੱਗਿਆਂ, ਜਿਸਨੇ ਪੂਰੇ ਵਿਸ਼ਵਾਸ ਨਾਲ ਆਪਣਾ ਸਰੀਰ ਤੁਹਾਨੂੰ ਸੌਂਪ ਦਿੱਤਾ ਸੀ!
“ਹੈ ਨਾ ਮਜ਼ੇਦਾਰ ਗੱਲ ਕਿ ਘਰ ਵਿਚ ਭੀੜ ਦੇ ਇਕੱਲੇਪਨ ਤੋਂ ਪ੍ਰੇਸ਼ਾਨ ਹੋ ਕੇ ਤੁਸੀਂ ਅਨੁਜਾ ਨਾਲ ਹੋਟਲ ਵਿਚ ਉਸਦੇ ਸਰੀਰ ਨੂੰ ਭੋਗਣ ਗਏ। ਮੈਂ ਤੇ ਬੱਚੇ ਤੁਹਾਡੇ ਲਈ ਭੀੜ ਹਾਂ। ਤੇ ਬਈ ਅਨੁਜਾ ਵੀ ਤਾਂ ਦੋ ਬੱਚਿਆਂ ਦੀ ਮਾਂ ਏਂ। ਫੇਰ ਉਸਦੇ ਸਰੀਰ ਵਿਚ ਤੁਹਾਨੂੰ ਕਿਹੜਾ ਆਨੰਦ ਆਉਣ ਲੱਗਦਾ ਏ। ਸੱਚੀ ਗੱਲ ਤਾਂ ਇਹ ਹੈ ਰਮੇਸ਼ ਨਾਥ ਜੀ ਕਿ ਤੁਸੀਂ ਜ਼ਿੰਮੇਵਾਰੀਆਂ ਤੋਂ ਨੱਠਦੇ ਓ; ਡਰਦੇ ਹੋ। ਹਾਂ, ਅਨੁਜਾ ਦੇ ਸਰੀਰ ਨੂੰ ਭੋਗ ਕੇ ਤੁਸੀਂ ਤਣਾਅ ਤੋਂ ਮੁਕਤੀ ਪਾ ਸਕਦੇ ਸੀ ਕਿ ਅਨੁਜਾ ਦੇ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਉਸਨੂੰ ਵੀ ਤੁਹਾਡਾ ਸਰੀਰ ਭੋਗਣ ਵਿਚ ਹੀ ਰੂਚੀ ਸੀ ਤੇ ਤੁਹਾਨੂੰ ਵੀ ਸਰੀਰ ਤੋਂ ਅੱਗੇ ਕੋਈ ਸਰੋਕਾਰ ਨਹੀਂ ਸੀ। ਤੁਹਾਡੇ ਵਰਗੇ 'ਸੂਡੋ ਇੰਟਲੈਕਚੁਅਲ' ਗੱਲਾਂ ਤਾਂ ਬੜੀਆਂ ਉੱਚੀਆਂ ਕਰਦੇ ਨੇ। ਪਰ ਔਰਤ ਦੇ ਸਾਹਮਣੇ ਆਉਂਦਿਆਂ ਹੀ ਕੁੱਤੇ ਵਾਂਗ ਪੂਛ ਹਿਲਾਉਣ ਲੱਗ ਪੈਂਦੇ ਨੇ। ਉਦੇਸ਼ ਤੁਹਾਡਾ ਸਭਨਾਂ ਦਾ ਇਕੋ ਹੁੰਦਾ ਏ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਉਸਦੇ ਸਰੀਰ ਨੂੰ ਭੋਗ ਲਓ। ਤੁਸੀਂ ਤੇ ਤੁਹਾਡੇ ਦੋਸਤ ਜਿਸ ਤਰ੍ਹਾਂ ਵੱਖ-ਵੱਖ ਕੁੜੀਆਂ ਬਾਰੇ ਮਜ਼ੇ ਲੈ ਲੈ ਕੇ ਤੇ ਭੱਦੀਆਂ ਸੈਨਤਾਂ ਕਰ-ਕਰ ਕੇ ਗੱਲਾਂ ਕਰਦੇ ਓ, ਉਹ ਸਭ ਮੈਥੋਂ ਲੁਕਿਆ ਥੋੜ੍ਹਾ ਈ ਏ।
“ਤੇ ਫੇਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਅਨੁਜਾ ਦੇ ਸਰੀਰ ਨੂੰ ਭੋਗ ਕੇ, ਉਸਦੇ ਇਕ ਇਕ ਅੰਗ ਦਾ ਚਟਖਾਰੇਦਾਰ ਵਰਨਣ ਕਰਕੇ, ਕਹਾਣੀ ਦੇ ਅੰਤ ਵਿਚ ਤੁਸੀਂ ਆਪਣੀ ਪਤਨੀ ਕੋਲ ਵਾਪਸ ਆ ਗਏ। ਤੇ ਵਾਪਸ ਆਉਂਦੇ ਹੋਏ ਵੀ ਆਪਣੀਆਂ ਦੋਗਲੀਆਂ-ਗੱਲਾਂ ਕਰ ਕਰ ਕੇ ਆਪਣੇ ਹੀਰੋ ਬਣਨ ਦੇ ਲੋਭ ਨੂੰ ਵਰਜ ਨਹੀਂ ਸਕੇ ਤੁਸੀਂ।...ਕੀ ਕਹਾਣੀ ਦੇ ਅੰਤ ਵਿਚ ਤੁਹਾਨੂੰ ਆਪਣੀ ਪਤਨੀ ਦੀ ਕੁਰਲਾਹਟ ਸੁਣਾਈ ਨਹੀਂ ਦਿੱਤਾ?
“ਹੀਰੋ ਸਾਹਬ ਮੈਂ ਤੁਹਾਥੋਂ ਹੀ ਪੁੱਛ ਲੈਂਦੀ ਹਾਂ ਕਿ ਕੀ ਦਿੱਤਾ ਏ ਤੁਸੀਂ ਅੱਜ ਤਕ ਮੈਨੂੰ ਜਾਂ ਆਪਣੇ ਬੱਚਿਆਂ ਨੂੰ? ਐ ਸਮਾਜ ਦੇ ਬੁੱਧੀਜੀਵੀ ਪ੍ਰਾਣੀ, ਮਮਤਾ ਤਾਂ ਸਾਡੀ ਪਹਿਲੀ ਬੱਚੀ ਸੀ। ਫੇਰ ਵੀ ਕੁੜੀ ਦੇ ਜੰਮ ਪੈਣ 'ਤੇ ਕੈਸਾ ਕੁਸੈਲਾ-ਮੂੰਹ ਬਣਾਇਆ ਸੀ ਤੁਸੀਂ? ਜਿਵੇਂ ਕਿਸੇ ਨੇ ਕੌੜੀ ਦਵਾਈ ਦੀ ਗੋਲੀ ਮੂੰਹ ਵਿਚ ਪਾ ਦਿੱਤੀ ਹੋਵੇ। ਉਹ ਤਾਂ ਚੰਗਾ ਹੋਇਆ ਕਿ ਮਮਤਾ ਪਿੱਛੋਂ ਸੰਦੀਪ ਹੋ ਗਿਆ...ਨਹੀਂ ਤਾਂ ਤੁਸੀਂ ਮੈਨੂੰ ਦੋ ਕੁੜੀਆਂ ਜੰਮਣ ਦੇ ਦੋਸ਼ ਵਿਚ ਘਰੋਂ ਹੀ ਕੱਢ ਦੇਂਦੇ।
“ਅੱਜ ਤਾਂ ਤੁਹਾਨੂੰ ਸੰਦੀਪ ਵਿਚ ਵੀ ਕੋਈ ਰੂਚੀ ਨਹੀਂ। ਕੀ ਤੁਹਾਨੂੰ ਪਤਾ ਏ ਕਿ ਮਮਤਾ ਤੇ ਸੰਦੀਪ ਦਾ ਸਕੂਲ ਕਿੱਥੇ ਹੈ? ਉਹਨਾਂ ਦਾ 'ਹੋਮ-ਵਰਕ' ਕਿੰਜ ਜਾਂ ਕਿਵੇਂ ਹੁੰਦਾ ਹੈ? ਉਹਨਾਂ ਦੀ ਯੂਨੀਫਾਰਮ ਕਦੋਂ ਜਾਂ ਕਿੱਥੋਂ ਆਉਂਦੀ ਏ? ਉਹਨਾਂ ਦੀ ਫੀਸ ਕਦੋਂ ਦੇਣੀ ਹੁੰਦੀ ਏ? ਕੀ ਕਿਸੇ ਵੀ ਜ਼ਿੰਮੇਵਾਰੀ ਦਾ ਖਿਆਲ ਹੈ ਤੁਹਾਨੂੰ? ਲੇਖਕ ਆਮ ਆਦਮੀ ਨਾਲੋਂ ਭਿੰਨ ਹੁੰਦਾ ਹੈ, ਇਹ ਤਾਂ ਮੈਂ ਮੰਨਦੀ ਆਂ। ਪਰ ਆਮ ਆਦਮੀ ਵਾਂਗ ਲੇਖਕ ਵਿਆਹ ਕਿਉਂ ਕਰਵਾਉਂਦਾ ਹੈ ਫੇਰ? ਬੱਚੇ ਕਿਉਂ ਪੈਦਾ ਕਰਦਾ ਹੈ? ਆਮ ਆਦਮੀ ਵਾਂਗ ਲੇਖਕ ਮਜ਼ਾ ਤਾਂ ਲੈਣਾ ਚਾਹੁੰਦਾ ਹੈ, ਪਰ ਆਮ ਆਦਮੀ ਵਾਂਗ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਲੇਖਕ ਦੀ ਨਾਨੀ ਕਿਉਂ ਮਰ ਜਾਂਦੀ ਹੈ?
“ਹੋਰ ਵੀ ਤਾਂ ਲੇਖਕ ਨੇ; ਉਹ ਸਾਰੇ ਕਿੰਜ ਸਮੇਂ ਸਿਰ ਹਰ ਰੋਜ਼ ਆਪਣੇ ਘਰ ਵਾਪਸ ਪਹੁੰਚ ਜਾਂਦੇ ਨੇ? ਉਹਨਾਂ ਨੂੰ ਕਿਉਂ ਨਹੀਂ ਹਰ ਸ਼ਾਮ ਪ੍ਰੈੱਸ-ਕਲੱਬ ਵਿਚ ਜਾ ਕੇ ਪੀਣ ਦੀ ਭਲ਼ ਉਠਦੀ? ਬਹੁਤ ਸਾਰੇ ਲੇਖਕਾਂ ਤੇ ਸੰਪਾਦਕਾਂ ਦੇ ਘਰੀਂ ਗਈ ਹਾਂ ਮੈਂ, ਕਿਉਂ ਸਾਡਾ ਘਰ ਓਹੋ ਜਿਹਾ ਨਹੀਂ ਹੋ ਸਕਦਾ? ਕਿਉਂ ਮੇਰੇ ਬੱਚੇ ਆਪਣੇ ਪਿਤਾ ਦੀ ਸੂਰਤ ਦੇਖਣ ਨੂੰ ਤਰਸ ਜਾਂਦੇ ਨੇ? ਸਵੇਰੇ ਜਦੋਂ ਬੱਚੇ ਸਕੂਲ ਜਾਂਦੇ ਨੇ ਤਾਂ ਤੁਸੀਂ ਸੁੱਤੇ ਪਏ ਹੁੰਦੇ ਓ, ਤੇ ਡੂੰਘੀ ਰਾਤੇ ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿਚ ਘਰ ਵਾਪਸ ਆਉਂਦੇ ਓ ਤਾਂ ਬੱਚੇ ਸੌਂ ਚੁੱਕੇ ਹੁੰਦੇ ਨੇ। ਕਿਉਂ ਤੁਹਾਨੂੰ ਕਦੀ ਇੱਛਾ ਨਹੀਂ ਹੁੰਦੀ ਕਿ ਆਪਣੇ ਬੱਚਿਆਂ ਨਾਲ ਗੱਲਾਂ ਕਰੋਂ, ਉਹਨਾਂ ਨਾਲ ਹੱਸੋ-ਖੇਡੋਂ? ਤੁਹਾਨੂੰ ਯਾਦ ਹੈ ਕਿ ਕਦੀ ਸਾਡੇ ਬੱਚੇ ਵੀ ਤੋਤਲੀ ਜ਼ੁਬਾਨ ਵਿਚ ਬੋਲਦੇ ਹੁੰਦੇ ਸਨ? ਕੀ ਕਦੀ ਤੁਸੀਂ ਉਹਨਾਂ ਲਈ ਘੋੜਾ ਬਣੇ? ਜੇ ਮੇਰੇ ਪ੍ਰਤੀ ਨਹੀਂ ਤਾਂ ਕੀ ਆਪਣੇ ਪ੍ਰਤੀ ਆਪਣਾ ਕੋਈ ਫਰਜ਼ ਤੁਸੀਂ ਮਹਿਸੂਸ ਕੀਤਾ? ਜਾਂ ਫੇਰ ਮਹੀਨੇ ਦੇ ਪੈਸੇ ਦੇ ਕੇ ਮੁਕਤ ਹੋ ਜਾਂਦੇ ਓ ਤੁਸੀਂ?
“ਤੇ ਪੈਸੇ ਵੀ ਕਿੰਨੇ ਦੇਂਦੇ ਓ? ਕੀ ਕਦੀ ਸੋਚਿਆ ਹੈ ਕਿ ਉਹਨਾਂ ਪੈਸਿਆਂ ਨਾਲ ਮੈਂ ਘਰ ਕਿੰਜ ਚਲਾਉਂਦੀ ਆਂ? ਕੀ ਤੁਹਾਡੀ ਕਿਸੇ ਕਹਾਣੀ ਵਿਚ ਇਸ ਗੱਲ ਦਾ ਜ਼ਿਕਰ ਵੀ ਆਇਆ ਕਿ ਤੁਹਾਡੀ ਪਤਨੀ ਏਨੇ ਥੋੜ੍ਹੇ ਪੈਸਿਆਂ ਵਿਚ ਮਹੀਨੇ ਭਰ ਦਾ ਖਰਚਾ ਕਿੰਜ ਚਲਾ ਰਹੀ ਹੈ? ਇਸ ਝੌਂਪੜੀ ਵਰਗੇ ਮਹਿਲ ਵਿਚ, ਇੱਥੋਂ ਦੇ ਮਾਹੌਲ ਵਿਚ ਬੱਚਿਆਂ ਨੂੰ ਪਾਲ ਰਹੀ ਆਂ ਮੈਂ? ਪਿਛਲੇ ਹਫ਼ਤੇ ਕਿੰਨਾ ਸ਼ਰਮਿੰਦਾ ਹੋਣਾ ਪਿਆ ਮੈਨੂੰ। ਅਚਾਨਕ ਮਹਿਤਾ ਜੀ ਤੇ ਉਹਨਾਂ ਦੀ ਪਤਨੀ ਆ ਗਏ ਸਨ। ਘਰੇ ਇਕ ਤਿੱਪ ਦੁੱਧ ਨਹੀਂ ਸੀ ਕਿ ਉਹਨਾਂ ਨੂੰ ਫੋਕੀ ਚਾਹ ਈ ਪਿਆ ਸਕਾਂ। ਸਤਾਈ ਤਾਰੀਖ਼ ਸੀ। ਉਸ ਦਿਨ ਘਰੇ ਏਨੇ ਪੈਸੇ ਵੀ ਨਹੀਂ ਸੀ ਕਿ ਬਾਜ਼ਾਰੋਂ ਅੱਧਾ ਲਿਟਰ ਦੁੱਧ ਮੰਗਵਾ ਲੈਂਦੀ। ਅੱਜ ਤਕ ਮਹਿਤਾ ਜੀ ਤੇ ਉਹਨਾਂ ਦੀ ਪਤਨੀ ਨਾਲ ਅੱਖਾਂ ਨਹੀਂ ਮਿਲਾ ਸਕਦੀ। ਉਹਨਾਂ ਨੂੰ ਕਿੰਜ ਸਮਝਾਵਾਂ ਕਿ ਇਕ ਮਹਾਨ ਸਾਹਿਤਕਾਰ ਦੀ ਪਤਨੀ ਹੋਣ ਦਾ ਕੀ ਕੀ ਮੁੱਲ ਤਾਰਣਾ ਪੈਂਦਾ ਏ। ਇਸ ਨਾਲੋਂ ਤਾਂ ਅਸੀਂ ਹਾਪੁੜ ਵਿਚ ਹੀ ਚੰਗੇ ਸੀ। ਗੁਜਾਰਾ ਚੰਗਾ ਹੋ ਜਾਂਦਾ ਸੀ। ਇਸ ਸੁਰਸਾ ਮਹਾਨਗਰੀ ਵਿਚ ਤਾਂ ਸਦਾ ਹੀ ਪੈਸਿਆਂ ਦੀ ਤੋਟ ਪਈ ਰਹਿੰਦੀ ਹੈ।
“ਪੈਸਿਆਂ ਦੀ ਤੋਟ ਕਰਕੇ ਹੀ ਤਾਂ ਅੱਜ ਤਕ ਮੇਰਾ ਇਲਾਜ਼ ਨਹੀਂ ਹੋ ਸਕਿਆ। ਛਾਤੀ ਵਿਚ ਇਕ ਸਾਲ ਤੋਂ ਗਿਲਟੀ ਹੈ। ਪਰ ਤੁਸੀਂ ਤਾਂ ਅੱਜ ਤਕ ਟੈਸਟ ਵੀ ਨਹੀਂ ਕਰਵਾਇਆ। ਕਿੰਨੀ ਵਾਰੀ ਤੁਹਾਨੂੰ ਯਾਦ ਕਰਵਾ ਚੁੱਕੀ ਹਾਂ। ਪਰ ਆਪਣੀ ਪਤਨੀ ਦੇ ਇਲਾਜ਼ ਲਈ ਤੁਹਾਡੇ ਕੋਲ ਸਮਾਂ ਹੀ ਕਿੱਥੇ?...ਪਿਛਲੇ ਹਫ਼ਤੇ ਤਾਂ ਵਾਅਦਾ ਵੀ ਕਰਕੇ ਗਏ ਸੀ ਕਿ ਸ਼ਾਮ ਨੂੰ ਮੈਨੂੰ ਹਸਪਤਾਲ ਜ਼ਰੂਰ ਲੈ ਚੱਲੋਗੇ। ਤੇ ਫੇਰ ਟਾਟਾ ਹਸਪਤਾਲ ਤਾਂ ਤੁਹਾਡੇ ਪ੍ਰੈੱਸ-ਕਲੱਬ ਦੇ ਬਿਲਕੁਲ ਹੀ ਨੇੜੇ ਹੈ। ਉੱਥੋਂ ਹੀ ਤਾਂ ਟੈਸਟ ਕਵਾਉਣੇ ਨੇ। ਪਰ ਤੁਸੀਂ ਤਾਂ ਉਸ ਰਾਤ ਨਸ਼ੇ ਦੀ ਹਾਲਤ ਵਿਚ ਡਿੱਗਦੇ-ਢੈਂਦੇ, ਤਿੰਨ ਵਜੇ ਵਾਪਸ ਆਏ ਸੌ। ਕਮਲੀ ਹੋ ਗਈ ਸਾਂ ਤੁਹਾਡੇ ਦੋਸਤਾਂ ਨੂੰ ਫ਼ੋਨ ਕਰ-ਕਰ ਕੇ।
“ਕਈ ਵਾਰੀ ਤਾਂ ਸੋਚਦੀ ਹਾਂ, ਇਹ ਗਿਲਟੀ ਕੈਂਸਰ ਹੀ ਨਿਕਲੇ ਤੇ ਮੈਨੂੰ ਜੀਵਨ ਤੋ ਮੁਕਤੀ ਮਿਲ ਜਾਏ। ਫੇਰ ਤੁਸੀਂ ਜਿੰਨੀਆਂ ਚਾਹੋ ਸਹੇਲੀਆਂ ਨਾਲ ਐਸ਼ ਕਰ ਲੈਣਾ। ਪਰ ਮੈਨੂੰ ਤਾਂ ਏਨਾ ਵੀ ਵਿਸ਼ਵਾਸ ਨਹੀਂ ਕਿ ਤੁਸੀਂ ਮਮਤਾ ਤੇ ਸੰਦੀਪ ਦਾ ਜ਼ਰਾ ਵੀ ਖ਼ਿਆਲ ਰੱਖ ਸਕੋਗੇ। ਮੇਰੇ ਦੋਨੇਂ ਬੱਚੇ ਤਾਂ ਸੜਕ ਦੇ ਭਿਖਾਰੀ ਬਣ ਜਾਣਗੇ। ਨਹੀਂ, ਅਜਿਹੀ ਮੁਕਤੀ ਦੀ ਮੈਨੂੰ ਲੋੜ ਨਹੀਂ।
“ਹਾਂ ਮੁਕਤੀ ਤਾਂ ਤੁਹਾਨੂੰ ਚਾਹੀਦੀ ਹੈ ਨਾ ਮੈਥੋਂ। ਅੱਜ ਵਾਲੀ ਕਹਾਣੀ ਵਿਚ ਵੀ ਤਾਂ ਇਹੀ ਲਿਖ ਰਹੇ ਸੀ ਨਾ ਕਿ ਤੰਗ ਆ ਗਏ ਹੋ ਇਕ-ਰਸ ਜੀਵਨ ਜਿਊਂਦੇ ਹੋਏ। ਮੈਂ ਤੁਹਾਨੂੰ ਮੁਕਤੀ ਦੇ ਦਿਆਂ, ਚਾਹੇ ਪੰਦਰਾਂ ਵੀਹ ਦਿਨ ਲਈ ਹੀ ਸਹੀ। ਐ ਮਹਾਨ ਲੇਖਕ! ਤੈਂ ਆਪਣੀ ਪਤਨੀ ਵਿਚ ਸ਼ਕਤੀ ਲੱਭਣ ਦਾ ਯਤਨ ਕਿਉਂ ਨਹੀਂ ਕੀਤਾ? ਸਿਰਫ ਮੁਕਤੀ ਕਿਉਂ ਚਾਹੀ? ਇਸੇ ਕਰਕੇ ਹੀ ਤਾਂ ਤੇਰੇ ਜੀਵਨ ਵਿਚ ਭਟਕਣ ਹੈ। ਨੈਨੀਤਾਲ ਜਾਂ ਮੰਸੂਰੀ ਦੀਆਂ ਪਹਾੜੀਆਂ ਵਿਚ ਕੀ ਲੱਭਣਾ ਚਾਹੁੰਦਾ ਏਂ? ਕੀ ਮਿਲੇਗਾ ਤੈਨੂੰ ਉੱਥੇ?...ਤੂੰ...ਤੂੰ ਪਲਾਇਨ ਦੀ ਸਭ ਤੋਂ ਵੱਡੀ ਤੇ ਜਿਊਂਦੀ-ਜਾਗਦੀ ਮਿਸਾਲ ਏਂ। ਬਈ ਜੇ ਜੀਵਨ ਤੋਂ ਏਨਾ ਹੀ ਅੱਕ ਗਿਆ ਏਂ, ਤੇ ਸੱਚਮੁੱਚ ਹੀ ਮੈਥੋਂ ਤੇ ਬੱਚਿਆਂ ਤੋਂ ਮੁਕਤੀ ਚਾਹੁੰਦਾ ਏਂ, ਤਾਂ ਜਾਹ, ਤੇ ਲੈ ਲੈ ਸਨਿਆਸ। ਭੌਂਦਾ-ਭਟਦਾ ਫਿਰ ਹਿਮਾਲਿਆ ਦੀਆਂ ਕੰਦਰਾਵਾਂ ਵਿਚ। ਮੈਂ ਵੀ ਆਪਣੇ ਮਨ ਨੂੰ ਸਮਝਾ ਲਵਾਂਗੀ। ਪਰ ਇਹ ਵੀ ਕੀ ਕਿ ਤੇਰੇ ਹਰੇਕ ਨਾਟਕ ਪਿੱਛੇ ਕੋਈ ਮੰਸ਼ਾ ਛੁਪਿਆ ਹੁੰਦਾ ਹੈ। ਪੰਦਰਾਂ-ਵੀਹ ਦਿਨ ਘਰੋਂ ਦੂਰ ਰਹਿ ਕੇ ਕਿੰਨਾ ਕੁ ਤਰੋਤਾਜ਼ਾ ਹੋ ਜਾਵੇਂਗਾ ਤੂੰ? ਹੁਣ ਕਿਹੜੀ ਸਹੇਲੀ ਨਾਲ ਐਸ਼ ਕਰਨ ਦਾ ਪ੍ਰੋਗ੍ਰਾਮ ਬਣਾ ਰਿਹਾ ਏਂ?...ਜਾਹ, ਮੈਂ ਤੈਨੂੰ ਮੁਕਤ ਕਰਦੀ ਹਾਂ। ਮੈਂ ਤੈਨੂੰ ਅੱਜ ਤਕ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕੀਤਾ।
“ਪਰ ਆਪਣੇ ਵਿਆਹੁਤਾ ਜੀਵਨ ਵਿਚ ਅੱਜ ਪਹਿਲੀ ਵਾਰੀ ਮੈਂ ਵੀ ਤੈਥੋਂ ਕੁਝ ਮੰਗਦੀ ਹਾਂ। ਆਪਣੇ ਸ਼ਰਾਬੀ ਪਤੀ ਦੀਆਂ ਗਾਲ੍ਹਾਂ ਤੇ ਮਾਰ ਖਾ-ਖਾ ਕੇ, ਮੈਂ ਅੱਕ ਗਈ ਹਾਂ, ਇਸ ਜੀਵਨ ਤੋਂ। ਅੱਕ ਗਈ ਹਾਂ, ਆਪਣੇ ਬੱਚਿਆਂ ਨੂੰ ਤਰਸਾਅ-ਤਰਸਾਅ ਕੇ ਪਾਲਨ ਤੋਂ...ਕੁਝ ਦਿਨਾਂ ਲਈ ਮੈਂ ਵੀ ਜਿਊਣਾ ਚਾਹੁੰਦੀ ਹਾਂ ਰਮੇਸ਼ ਨਾਥ! ਥੋੜ੍ਹੇ ਦਿਨਾਂ ਲਈ ਤੂੰ ਵੀ ਮੈਨੂੰ ਮੁਕਤੀ ਦੇ ਦੇ!...ਮੈਂ...ਮੈਂ ਵੀ ਇਕ ਸਰੀਰ ਦੇਖਿਆ ਹੈ। ਮੈਂ ਵੀ ਉਸਨੂੰ ਭੋਗਣਾ ਚਾਹੁੰਦੀ ਹਾਂ। ਇਹ ਮੇਰਾ ਵਾਅਦਾ ਹੈ ਕਿ ਵਾਪਸ ਜ਼ਰੂਰ ਆਵਾਂਗੀ। ਤੇ ਮੈਨੂੰ ਵਿਸ਼ਵਾਸ ਹੈ ਕਿ ਤੂੰ ਵੀ ਮੈਨੂੰ ਓਵੇਂ ਹੀ ਅਪਣਾਅ ਲਏਂਗਾ, ਜਿਵੇਂ ਤੇਰੀਆਂ ਕਹਾਣੀ ਵਿਚ ਤੇਰੀ ਪਤਨੀ ਤੈਨੂੰ ਅਪਣਾਅ ਲੈਂਦੀ ਹੈ...ਤੇ ਮੈਂ ਵੀ ਤੈਨੂੰ ਵਿਸਥਾਰ ਸਮੇਤ ਉਸ ਸਰੀਰ ਦਾ ਬਿਓਰਾ ਦਿਆਂਗੀ...ਉਹਨਾਂ ਤਾਕਤਵਰ ਬਾਹਾਂ, ਚੌੜੇ ਵਾਲਾਂ ਭਰੇ ਸੀਨੇ, ਸਰੀਰ ਦੀ ਮਹਿਕ ਤੇ ਲਿੰਗ ਦੀ ਪੂਰੀ ਰਿਪੋਰਟ ਦਿਆਂਗੀ ਲਿਖਾਰੀ ਸਾਹਬ। ਬੋਲੋ! ਤੁਸੀਂ ਮੈਨੂੰ ਮੁਕਤੀ ਦਿਓਗੇ ਨਾ?...ਬੋਲੋ...ਬੋਲੋ...ਬੋਲੋ।”
ਘਬਰਾ ਕੇ ਉਠ ਬੈਠਾ ਹੋਇਆ ਰਮੇਸ਼ ਨਾਥ। ਸਥਿਤੀ ਸਮਝਣ ਵਿਚ ਕੁਝ ਸਮਾਂ ਲੱਗਿਆ ਉਸਨੂੰ । ਗਲਾ ਖੁਸ਼ਕ ਹੋਇਆ ਹੋਇਆ ਸੀ। ਆਵਾਜ਼ ਗਲੇ ਵਿਚ ਫਸ ਗਈ ਜਾਪਦੀ ਸੀ। ਦੇਖਿਆ, ਲਤਾ ਓਵੇਂ ਦੀ ਜਿਵੇਂ ਸੁੱਤੀ ਹੋਈ ਸੀ। ਤਾਂ ਕੀ ਉਹ ਸੁਪਨਾ ਦੇਖ ਰਿਹਾ ਸੀ? ਹਾਂ! ਇਹ ਤਾਂ ਸੁਪਨਾ ਹੀ ਹੋ ਸਕਦਾ ਹੈ...ਇਕ ਮਾੜਾ ਸੁਪਨਾ। ਰਮੇਸ਼ ਨਾਥ ਉਠਿਆ, ਇਕ ਗਲਾਸ ਪਾਣੀ ਪੀਤਾ। ਲਤਾ ਵੱਲ ਦੇਖਿਆ।...ਤੇ ਆਪਣੀ ਕਹਾਣੀ ਵਾਲੇ ਵਰਕੇ ਚੁੱਕੇ ਤੇ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ।
--- --- ---

No comments:

Post a Comment