Thursday, March 24, 2011

ਸਮਝੌਤਾ... :: ਲੇਖਕਾ : ਕਾਦੰਬਰੀ ਮਹਿਰਾ




ਪ੍ਰਵਾਸੀ ਹਿੰਦੀ ਕਹਾਣੀ :

ਸਮਝੌਤਾ...
ਲੇਖਕਾ : ਕਾਦੰਬਰੀ ਮਹਿਰਾ

ਅਨੁਵਾਦ ਮਹਿੰਦਰ ਬੇਦੀ, ਜੈਤੋ




ਛਿੰਦੋ ਦਾ ਰੋਣ ਪੂਰੀ ਓਵਰਟਨ ਸਟਰੀਟ 'ਤੇ ਗੂੰਜ ਰਿਹਾ ਏ—ਇਕ ਸਿਰੇ ਤੋਂ ਦੂਜੇ ਸਿਰੇ ਤੀਕ—ਪੂਰੇ ਇਕ ਸੌ ਦਸ ਘਰਾਂ ਦੇ ਬੂਹੇ ਖੜਕਾ ਰਿਹਾ ਏ। ਛਿੰਦੋ ਅੜਤਾਲੀ ਨੰਬਰ ਦੇ ਘਰ 'ਚ ਰਹਿੰਦੀ ਏ।
ਉਸਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ, ਉਸ ਕੋਲ। ਜਦੋਂ ਰੋਂਦੀ-ਰੋਂਦੀ ਥੱਕ ਜਾਂਦੀ ਏ ਤਾਂ ਥੋੜ੍ਹੀ ਸ਼ਾਂਤੀ ਹੋ ਜਾਂਦੀ ਏ। ਓਦੋਂ ਮਲਕੀਤ, ਸਾਰੇ ਜਿਸਨੂੰ ਮੌਲੀ ਕਹਿੰਦੇ ਨੇ—ਉਸ ਕੋਲ ਜਾ ਕੇ ਉਸਨੂੰ ਹਿਲਾਉਂਦੀ ਏ। ਦੋ-ਚਾਰ ਵਾਰੀ ਇਵੇਂ ਈ ਹੋਇਆ ਏ—ਪਹਿਲੀ ਵਾਰੀ ਛਿੰਦੋ ਨੇ ਪਾਣੀ ਮੰਗਿਆ ਸੀ; ਫੇਰ ਉਸਨੇ ਸੋਚ ਲਿਆ ਕਿ ਦਾਦੀ ਨੂੰ ਪਾਣੀ ਪਿਆਉਣਾ ਚਾਹੀਦਾ ਏ, ਇਸ ਲਈ ਜਦੋਂ ਵੀ ਉਹ ਨੀਮ-ਬੇਹੋਸ਼ੀ ਦੀ ਹਾਲਤ 'ਚ ਸਿਰ ਸੁੱਟ ਕੇ ਅਧਮੋਈ ਜਿਹੀ ਹੋ ਜਾਂਦੀ, ਮੌਲੀ ਉਸਨੂੰ ਕੱਪ ਨਾਲ ਪਾਣੀ ਪਿਆ ਦੇਂਦੀ। ਥੋੜ੍ਹਾ ਝੰਜੋੜਦੀ ਤੇ ਹਿਲਾਅ ਕੇ ਪੁੱਛਦੀ, “ਆਰ ਯੂ ਆਲ ਰਾਈਟ ਦਾਦੀ? (ਦਾਦੀ, ਤੁਸੀਂ ਠੀਕ ਓ ਨਾ?)” ਛਿੰਦੋ ਅੱਖਾਂ ਖੋਲ੍ਹ ਕੇ ਸੁੰਨੀਆਂ-ਸੱਖਣੀਆਂ ਨਜ਼ਰਾਂ ਨਾਲ ਮੌਲੀ ਵੱਲ ਤੱਕਦੀ, ਉਸਨੂੰ ਪਿਆਰ ਨਾਲ ਪਲੋਸਦੀ ਤੇ ਆਪਣੀ ਹਿੱਕ ਨਾਲ ਲਾ ਕੇ ਜ਼ੋਰ ਨਾਲ ਘੁੱਟ ਲੈਂਦੀ—ਫੇਰ, ਹੌਲੀ-ਹੌਲੀ ਜਕੜ ਢਿੱਲੀ ਪੈਣ ਲੱਗਦੀ ਤੇ ਅੱਖਾਂ ਵਰ੍ਹਣ ਲੱਗ ਪੈਂਦੀਆਂ। ਇਕ-ਇਕ ਕਰਕੇ ਉਹੀ ਵਾਕ ਮੂੰਹੋਂ ਨਿਕਲਣ ਲੱਗਦੇ ਜਿਹਨਾਂ ਦੇ ਅਰਥ ਮੌਲੀ ਦੀ ਸਮਝ ਤੋਂ ਪਰ੍ਹੇ ਸਨ...:
“ਮੇਰਾ ਲਾਲ...ਵੇ ਮੈਂ ਕਿੱਥੇ ਲੱਭਣ ਜਾਵਾਂ...”
“ਵੇ ਤੂੰ ਆ ਕੇ ਬੈੱਲ ਵਜਾਅ-ਅ।...ਮੇਰਾ ਸੱਤਾ, ਮੇਰੇ ਬੂਹੇ ਮਾਰ ਗਿਆ-ਅ।...ਕਿੱਥੇ ਚਲਾ ਗਿਓਂ-ਵੇ, ਮਾਂ ਨੂੰ ਛੱਡ ਕੇ...”
“ਵੇ ਲੈ ਗਏ ਮੇਰਾ ਦੁੱਧ ਪਤਾਸਾ-ਆ-ਅ। ਮੇਰਾ ਸੱਤਾ-ਆ-ਅ। ਆ ਜਾ ਮਾਂ ਸਦਕੇ-ਏ-ਵੇ...”
ਦਾਦੀ ਦਾ ਵਿਲਾਪ ਏਨਾਂ ਦਿਲ ਹਿਲਾ ਦੇਣ ਵਾਲਾ ਸੀ ਕਿ ਮੌਲੀ ਵੀ ਕਈ ਵਾਰੀ ਰੋ ਚੁੱਕੀ ਸੀ। ਸੇਬ ਖਾਂਦੀ ਹੋਈ, ਉਹ ਆਪਣੀ ਗੁਡੀਆ ਨੂੰ ਗੋਦੀ ਵਿਚ ਚੁੱਕੀ, ਦਾਦੀ ਨਾਲ ਲੱਗੀ ਬੈਠੀ ਏ। ਉਸਦੀਆਂ ਅੱਖਾਂ ਤੇ ਨੱਕ ਵੀ ਡੁਸਕਣ ਕਰਕੇ ਵਹਿਣ ਲੱਗ ਪਏ ਨੇ ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਕਿ ਉਹ ਏਨਾ ਕਿਉਂ ਰੋ ਰਹੀ ਏ। ਸੱਟ ਤਾਂ ਉਸਦੀ ਮਾਂ ਦੇ ਵੱਜੀ ਸੀ। ਸੱਤਾ, ਯਾਨੀ ਡੈਡ ਤਾਂ ਬਸ ਉਸਦੇ ਨਾਲ ਗਏ ਸਨ।
ਕਲ੍ਹ ਦੀ ਈ ਤਾਂ ਗੱਲ ਏ।
ਜੋਗਿੰਦਰ—ਜੱਗੋ—ਜੈਗ, ਮੌਲੀ ਨੂੰ ਸਕੂਲ ਲੈ ਜਾ ਰਹੀ ਸੀ। ਰਸਤੇ 'ਚੋਂ ਕੀਰਤੀ ਦੀ ਮਮ ਵੀ ਨਾਲ ਈ ਹੋ ਲਈ। ਕੀਰਤੀ ਪੰਜਾਹ ਨੰਬਰ ਦੇ ਘਰ 'ਚ ਰਹਿੰਦੀ ਤੇ ਉਸ ਦੀ ਕਲਾਸ 'ਚ ਈ ਪੜ੍ਹਦੀ ਏ। ਕੀਰਤੀ ਦੀ ਮਮ ਨੇ ਪੁੱਛਿਆ ਕਿ 'ਸਕੈਨ ਕਰਵਾਇਆ ਤਾਂ ਕੀ ਆਇਆ—ਮੁੰਡਾ ਕਿ ਕੁੜੀ?' ਮੌਲੀ ਜਾਣਦੀ ਸੀ ਕਿ ਦਾਦੀ ਨੇ ਮਮ ਨੂੰ ਕਿਸੇ ਨੂੰ ਦੱਸਣ ਤੋਂ ਮਨ੍ਹਾਂ ਕੀਤਾ ਸੀ; ਇਸ ਲਈ ਜੈਗ ਨੇ ਟਾਲਦਿਆਂ ਹੋਇਆਂ ਕਿਹਾ ਕਿ 'ਸਕੈਨ ਬੱਚੇ ਲਈ ਚੰਗੀ ਚੀਜ਼ ਨਹੀਂ ਹੁੰਦੀ, ਇਸ ਲਈ ਨਹੀਂ ਕਰਵਾਈ। ਬਸ ਦਸ ਹਫ਼ਤਿਆਂ ਦੀ ਤਾਂ ਗੱਲ ਏ।' ਮੌਲੀ ਨਵੇਂ ਬੱਚੇ ਦੀ ਉਡੀਕ ਵਿਚ ਹਰ ਰੋਜ਼ ਇਕ ਕਲੰਡਰ ਦੇ ਦਿਨਾਂ-ਤਾਰੀਖ਼ਾਂ ਉੱਤੇ ਪੈਨਸਲ ਨਾਲ ਸਹੀ ਦਾ ਨਿਸ਼ਾਨ ਲਾਉਂਦੀ ਰਹਿੰਦੀ। ਰੋਜ਼ ਰਾਤ ਨੂੰ ਉਸਦੇ ਡੈਡ ਸਤਵੰਤ ਸਿੰਘ ਉਸ ਨੂੰ ਪੁੱਛਦੇ...:
“ਹੁਣ ਕਿੰਨੇ ਦਿਨ ਰਹਿ ਗਏ ਨੇ ਮੌਲੀ?”
ਮੌਲੀ ਇਕ ਘੱਟਾ ਕੇ ਉਤਰ ਦੇਂਦੀ ਸੈਵਨ, ਸੈਵੇਂਟੀ ਸਿਕਸ, ਸੈਵੇਂਟੀ ਫਾਈਵ ਆਦਿ—ਇੰਜ ਉਹ ਘਟਾਓ ਸਿੱਖ ਰਹੀ ਸੀ।
ਕਲ੍ਹ ਘਰ ਆ ਕੇ ਉਸਨੇ ਬਸਤਾ ਰੱਖਿਆ, ਬੂਟ ਲਾਹੇ ਤੇ ਹੱਥ-ਮੂੰਹ ਧੋ ਕੇ ਬਾਬੇ ਦੀ ਫ਼ੋਟੋ ਸਾਹਮਣੇ ਮੱਥਾ ਟੇਕਿਆ। ਮਮ ਨੇ ਉਸਨੂੰ ਟੋਸਟ ਨਾਲ ਸਾਸੇਜ ਤੇ ਵੀਂਸ ਗਰਮ ਕਰਕੇ ਖੁਆਏ। ਮਿਲਕ ਸ਼ੇਕ ਪਿਆਇਆ ਤੇ ਘਰ ਦਾ ਕੰਮ ਕਰਦੇ-ਕਰਦੇ ਉਸ ਕੋਲੋਂ ਦਿਨ ਭਰ ਦੀਆਂ ਖ਼ਬਰਾਂ ਪੁੱਛਣ ਲੱਗੀ—ਏਨੇ ਵਿਚ ਡੈਡ ਆ ਗਏ; ਰੋਜ਼ ਨਾਲੋਂ ਜਲਦੀ। ਉਹਨਾਂ ਜ਼ੋਰ ਨਾਲ, ਫਟਾਕ ਕਰਕੇ, ਦਰਵਾਜ਼ਾ ਬੰਦ ਕੀਤਾ। ਉਹ ਬੜੇ ਗੁੱਸੇ ਵਿਚ ਜਾਪਦੇ ਸਨ। ਮਮ ਘਰ ਦੇ ਪਿੱਛਲੇ ਪਾਸੇ ਲਾਂ ਤੋਂ ਕੱਪੜੇ ਲਾਹੁਣ ਗਈ ਹੋਈ ਸੀ। ਆਵਾਜ਼ ਸੁਣ ਕੇ ਅੰਦਰ ਆਈ...:
“ਕੀ ਹੋਇਆ?”
“ਇਟਸ ਡੈਡ! ਹੀ ਇਜ ਅਪਸੇਟ।” (ਡੈਡ ਨੇ, ਅਪਸੈੱਟ ਲੱਗਦੇ ਨੇ।) ਸਹਿਮੀ ਜਿਹੀ ਮੌਲੀ ਨੇ ਕਿਹਾ।
ਅਜੇ ਜੈਗ ਪੁੱਛ ਈ ਰਹੀ ਸੀ ਕਿ ਸੱਤੇ ਨੇ ਕੱਟਗਲਾਸ ਦੀ ਐਸ਼-ਟਰੇ ਵਗਾਹ ਕੇ ਮਾਰੀ। ਮਾਰੀ ਤਾਂ ਉਸਨੇ ਰਸੋਈ ਤੇ ਪੈਸੇਜ ਦੇ ਵਿਚਕਾਰਲੇ ਦਰਵਾਜ਼ੇ 'ਤੇ ਸੀ, ਪਰ ਜੈਗ ਨੇ ਉਸੇ ਸਮੇਂ ਬੂਹਾ ਖੋਲ੍ਹਿਆ ਤੇ ਉਹ ਸਿੱਧੀ ਉਸਦੇ ਸਿਰ ਵਿਚ ਜਾ ਵੱਜੀ। ਤੇ ਲਹੂ ਦਾ ਫੁਆਰਾ ਫੁੱਟ ਪਿਆ। ਸੱਟ ਪੁੜਪੁੜੀ 'ਤੇ ਵੱਜੀ ਸੀ। ਜੈਗ ਬਾਂਹ ਉੱਤੇ ਕੱਪੜਿਆਂ ਦਾ ਢੇਰ ਚੁੱਕੀ ਥਾਂਵੇਂ ਡਿੱਗ ਪਈ। ਉਹ ਬੇਸੁੱਧ ਹੋ ਗਈ ਸੀ।
ਸੱਤਾ ਹੋਸ਼ ਵਿਚ ਆ ਕੇ ਕੂਕਿਆ, “ਓ ਮਾਈ ਗਾਡ! ਮੌਲੀ ਪਾਣੀ ਲਿਆ।”
ਮੌਲੀ ਪੱਥਰ ਦਾ ਬੁੱਤ ਬਣੀ ਹੋਈ ਸੀ। ਸੱਤਾ ਫੇਰ ਚੀਕਿਆ, “ਫਾਸਟ ਮੌਲੀ ਕਵਿੱਕ! ਸ਼ੀ ਇਜ ਸੀਰੀਅਸ।” (ਛੇਤੀ ਮੌਲੀ ਛੇਤੀ! ਉਹ ਸੀਰੀਅਸ ਏ।)
ਮੌਲੀ ਨੇ ਕੱਪ 'ਚ ਭਰ ਕੇ ਪਾਣੀ ਫੜਾਇਆ ਤਾਂ ਸੱਤੇ ਨੇ ਜੈਗ ਦੇ ਮੂੰਹ 'ਤੇ ਛਿੱਟੇ ਮਾਰੇ। ਤੌਲੀਏ ਨਾਲ ਖ਼ੂਨ ਰੋਕਣਾ ਚਾਹਿਆ, ਫੇਰ ਬੇਹੱਦ ਘਬਰਾ ਗਿਆ। ਕਾਹਲ ਨਾਲ ਫ਼ੋਨ ਕੀਤਾ। ਨੰਬਰ ਮਿਲਾਇਆ 999। ਉਧਰੋਂ ਉਤਰ ਮਿਲਣ 'ਤੇ ਬੋਲਿਆ...:
“ਐਂਬੂਲੈਂਸ ਪਲੀਜ਼, ਥਰੀ ਏਟ, ਓਵਰਟਨ ਸਟਰੀਟ। ਆਈ ਹੈਵ ਹਰਟ ਮਾਈ ਵਾਈਫ਼। ਹਰ ਹੇੱਡ ਇਜ ਬਲੀਡਿੰਗ। ਸ਼ੀ ਇਜ ਪ੍ਰੈਗਨੈਂਟ।” (ਐਂਬੂਲੈਂਸ ਭੇਜੋ ਪਲੀਜ਼, ਮੈਥੋਂ ਮੇਰੀ ਘਰਵਾਲੀ ਦੇ ਸੱਟ ਵੱਜ ਗਈ ਏ...ਲਹੂ ਵਗ ਰਿਹੈ..ਉਹ ਮਾਂ ਬਣਨ ਵਾਲੀ ਏ।)
ਤੁਰਤ-ਫੁਰਤ ਉੱਥੇ ਇਕ ਐਂਬੂਲੈਂਸ ਆ ਗਈ। ਦੋ ਸਧੇ ਹੋਏ ਪੈਰਾਮੈਡੀਕਸ ਨੇ ਜੈਗ ਨੂੰ ਸੰਭਾਲ ਕੇ ਉਸ 'ਚ ਲਿਟਾਅ ਦਿੱਤਾ ਪਰ ਅਜੇ ਉਹ ਬਾਹਰ ਈ ਸਨ ਕਿ ਪੁਲਿਸ ਦੀ ਗੱਡੀ ਵੀ ਸਾਇਰਨ ਵਜਾਉਂਦੀ ਹੋਈ ਆ ਪਹੁੰਚੀ।
ਅੰਦਰ ਆ ਕੇ ਉਹਨਾਂ ਨੇ ਸੱਤੇ ਨੂੰ ਕੜਕ ਕੇ ਬੈਠ ਜਾਣ ਲਈ ਕਿਹਾ। ਮੌਲੀ ਡੈਡ ਨਾਲ ਚਿਪਕ ਗਈ ਤੇ ਉੱਚੀ-ਉੱਚੀ ਰੋਣ ਲੱਗ ਪਈ। ਓਦੋਂ ਈ ਇਕ ਔਰਤ ਕਾਂਸਟੇਬਲ ਨੇ ਟੀਚਰ ਵਾਂਗ, ਰੋਅਬ ਨਾਲ, ਉਸਨੂੰ ਆਪਣੇ ਨਾਲ ਦੂਜੇ ਕਮਰੇ ਵਿਚ ਚੱਲਣ ਲਈ ਕਿਹਾ। ਮੌਲੀ ਜਾਂਦੀ ਨਹੀਂ ਸੀ ਪਈ, ਪਰ ਡੈਡ ਨੇ ਉਸਨੂੰ ਪੁਚਕਾਰ ਕੇ ਸਮਝਾਇਆ ਤੇ ਕਿਹਾ...:
“ਡੂ ਇਜ ਯੂ ਆਰ ਟੋਲਡ ਲਾਈਕ ਏ ਗੁੱਡ ਗਰਲ।” (ਜੋ ਇਹ ਕਹਿ ਰਹੇ ਨੇ, ਅੱਛੇ ਬੱਚਿਆਂ ਵਾਂਗ ਮੰਨੋ ਬੇਟਾ।)
ਉਹ ਅੰਦਰ ਚਲੀ ਗਈ। ਪਰ ਦੇਰ ਤੀਕ ਹੁਭਕੀਂ-ਹਉਕੀਂ ਰੋਂਦੀ ਰਹੀ।
ਪੁਲਿਸ ਵਾਲੇ ਡੈਡ ਤੋਂ ਅੰਗਰੇਜ਼ੀ 'ਚ ਪੁੱਛਗਿੱਛ ਕਰਦੇ ਰਹੇ। ਉਹ ਹਰੇਕ ਗੱਲ ਦਾ ਜਵਾਬ ਨੋ-ਨੋ 'ਚ ਦੇ ਰਹੇ ਸਨ। ਸੱਤੇ ਦੇ ਉਹਨਾਂ ਬ੍ਰੇਥੇਲਾਈਜਰ ਲਾਇਆ। ਜਿਸ ਨੇ ਉਸਦੀ ਸ਼ਰਾਬ ਦੀ ਮਾਤਰਾ ਕਾਫੀ ਜ਼ਿਆਦਾ ਦੱਸੀ।
ਸੱਤਾ ਇਕ ਟੈਕਸੀ ਡਰਾਈਵਰ ਸੀ। ਦਿਨੇ ਸ਼ਰਾਬ ਪੀ ਕੇ ਟੈਕਸੀ ਚਲਾਉਣ ਤੇ ਪਤਨੀ ਨੂੰ ਕੁੱਟਮਾਰ ਕਰਨ ਦਾ ਇਲਜਾਮ ਝੱਟ ਪੁਲਿਸ ਨੇ ਉਸ ਉੱਤੇ ਲਾ ਦਿੱਤਾ। ਸੱਤੇ ਨੇ ਬਥੇਰੀਆਂ ਦਲੀਲਾਂ ਦਿੱਤੀਆਂ। ਉਸਨੇ ਦੱਸਿਆ ਕਿ ਲੰਚ ਪਿੱਛੋਂ ਇਕ ਹੋਟਲ 'ਚੋਂ ਨਿਕਲੇ ਚਾਰ ਗੋਰੇ ਆਦਮੀ ਉਸਦੀ ਟੈਕਸੀ 'ਚ ਬੈਠੇ ਤੇ ਲੰਦਨ ਦੇ ਬਾਹਰੀ ਸਿਰੇ ਦੇ ਇਕ ਪਿੰਡ 'ਚ ਗਏ। ਉਹ ਖਾਸੀ ਨਿਰਾਲੀ ਜਗ੍ਹਾ ਸੀ। ਉਤਰ ਕੇ ਉਹਨਾਂ ਪੈਸੇ ਨਹੀਂ ਦਿੱਤੇ ਤੇ ਮੰਗਣ 'ਤੇ ਉਸਨੂੰ ਕਿਹਾ, “ਬਲਡੀ ਪਾਕੀ ਗੈਟ ਲਾਸਟ।” (ਪਾਕੀ, ਪਾਕਿਸਤਾਨੀ ਦਾ ਸੰਖੇਪ ਪਰ ਇੰਗਲਿਸਤਾਨ ਵਿਚ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਗਾਲ੍ਹ ਵਰਗਾ ਨਕਾਰਾਤਮਕ ਸ਼ਬਦ-ਅਨੁ.) ਇਹੀ ਨਹੀਂ ਇਕ ਨੇ ਉਸਦੀ ਪੱਗ ਢਾਅ ਦਿੱਤੀ ਤੇ ਮਖ਼ੌਲ ਉਡਾਉਂਦਾ ਹੋਇਆ ਬੋਲਿਆ, “ਆਨ ਯੋਰ ਬਾਈਕ ਔਰ ਆਈ ਵਿਲ ਸਟ੍ਰੈਂਗਲ ਯੂ ਵਿਦ ਯੋਰ ਸ਼ੀਟ।” (ਗੱਡੀ ਸਟਾਰਟ ਕਰ ਤੇ ਉਡਦਾ ਹੋ, ਵਰਨਾ ਤੇਰੀ ਏਸੇ ਸ਼ੀਟ ਨਾਲ ਨੂੜ ਦਿਆਂਗਾ।)
ਸੱਤਾ ਇਕੱਲਾ ਸੀ, ਘਬਰਾ ਗਿਆ ਤੇ ਫੁਰਤੀ ਨਾਲ ਐਕਸੀਲੇਟਰ 'ਤੇ ਪੈਰ ਦਾ ਦਬਾਅ ਵਧਾ ਦਿੱਤਾ, ਪਰ ਉਸਨੂੰ ਪੱਗ 'ਤੇ ਹੱਥ ਪਾਏ ਜਾਣ 'ਤੇ ਡਾਢਾ ਗੁੱਸਾ ਸੀ। ਆਪਣਾ ਗੁੱਸਾ ਘੱਟ ਕਰਨ ਲਈ ਉਸਨੇ ਆਪਣੇ ਆਫ਼ਿਸ ਆ ਕੇ ਦੋ ਪੈਗ ਚੜ੍ਹਾ ਲਏ। ਕੰਮ ਕਰਨ ਦਾ ਬਿਲਕੁਲ ਮਨ ਨਹੀਂ ਸੀ ਹੋ ਰਿਆ। ਉਹ ਘਰ ਆ ਗਿਆ। ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਜੱਗੋ ਇੰਜ ਸਾਹਮਣੇ ਆ ਜਾਏਗੀ।
ਪੁਲਿਸ ਅਫ਼ਸਰ ਵੀਹ-ਪੱਚੀ ਦੀ ਉਮਰ ਦੇ ਹੋਣੇ ਨੇ। ਸੱਤੇ ਦੀ ਉਹਨਾਂ ਇਕ ਨਹੀਂ ਸੁਨੀਂ। ਉਸਦੀਆਂ ਗੱਲਾਂ ਨੂੰ ਮਨ-ਘੜੰਤ ਕਹਾਣੀ ਦੱਸਿਆ ਤੇ ਕਿਹਾ ਕਿ 'ਸ਼ਰਾਬ ਪੀ ਕੇ ਘਰਵਾਲੀ ਨੂੰ ਕੁੱਟਣ ਦੀਆਂ ਅਜਿਹੀਆਂ ਘਟਨਾਵਾਂ ਏਸ਼ੀਆਈ ਸਮਾਜ ਦਾ ਸੁਭਾਅ ਬਣ ਚੁੱਕੀਆਂ ਨੇ। ਭਾਰਤੀ ਪਤੀ ਤੇ ਜੰਗਲੀ ਜਾਨਵਰ ਵਿਚ ਕੋਈ ਅੰਤਰ ਨਹੀਂ ਹੁੰਦਾ—ਇਹ ਜਗਤਜਾਣੀ ਗੱਲ ਹੈ।' ਉਹਨਾਂ ਨੇ ਇਹ ਵੀ ਕਿਹਾ ਕਿ 'ਸੱਤੇ ਵਰਗੇ ਸ਼ਰਾਬੀਆਂ ਨੂੰ ਇਕ ਸਭਿਅ ਸਮਾਜ ਵਿਚ ਰਹਿਣ ਦੀ ਤਮੀਜ਼ ਨਹੀਂ। ਉਹ ਹਰ ਰੋਜ਼ ਆਪਣੇ ਗੁਆਂਢੀਆਂ ਤੇ ਸਰਕਾਰ ਦੀ ਸ਼ਾਂਤੀ ਭੰਗ ਕਰਦੇ ਨੇ।' ਸਿਰੇ ਦੀ ਗੱਲ ਇਹ ਕਿ 'ਉਹਨੂੰ ਪੁਲਿਸ ਸਟੇਸ਼ਨ ਚੱਲ ਕੇ ਆਪਣੀ ਸਫਾਈ ਵਿਚ ਬਿਆਨ ਦੇਣਾ ਪਏਗਾ। ਝੂਠ ਪਰਖਣ ਵਾਲੀ ਮਸ਼ੀਨ ਲਾਈ ਜਾਏਗੀ ਉਸਨੂੰ।' ਵਗ਼ੈਰਾ ਵਗ਼ੈਰਾ।
ਫਸ ਗਏ ਤੋ ਫੜਕਣ ਕਾਹਦੀ? ਮੂੰਹ ਦੀ ਆਖੀ ਗੱਲ ਤਾਂ ਇਹ ਛੋਕਰੇ ਮੰਨ ਈ ਨਹੀਂ ਸੀ ਰਹੇ, ਫੇਰ ਸੱਤਾ ਕੀ ਕਰਦਾ?
ਜਾਂਦੇ-ਜਾਂਦੇ ਮੌਲੀ ਨੂੰ ਕਿਹਾ, “ਆਈ ਵਿਲ ਬੀ ਬੈਕ ਸੂਨ। ਦਾਦੀ ਨੂੰ ਦੱਸ ਦਵੀਂ। ਦਾਦੀ ਆਉਂਦੀ ਈ ਹੋਏਗੀ।”
ਰੋਂਦੀ-ਵਿਲਕਦੀ ਬਾਲੜੀ ਨੂੰ ਪੁਲਿਸ ਔਰਤ ਕੈਥੀ ਜੋਂਸ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ। ਪੰਜ ਵਜੇ ਛਿੰਦੋ ਆਪਣੀ ਨੌਕਰੀ ਤੋਂ ਵਾਪਸ ਆ ਗਈ।
ਜਦੋਂ ਉਸਨੇ ਪੁੱਛਿਆ ਤਾਂ ਪੁਲਿਸ ਔਰਤ ਕੈਥੀ ਨੇ ਦੱਸਿਆ ਕਿ 'ਉਸਦਾ ਬੇਟਾ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਕੁੱਟਮਾਰ ਕਰ ਰਿਹਾ ਸੀ ਤੇ ਉਹ ਬੇਹੋਸ਼ ਹੋ ਗਈ ਸੀ। ਮਾਮਲਾ ਜੀ.ਬੀ.ਐੱਚ. ਯਾਨੀ ਗ੍ਰੀਵੀਅਸ ਬੈਡਲੀ ਹਾਰਮ ਯਾਨੀ ਸ਼ਰੀਰਕ-ਤਸੀਹੇ ਦੇਣ ਦਾ ਏ। ਸੋ ਉਸਨੂੰ ਫੜ੍ਹ ਕੇ ਲੈ ਗਏ ਨੇ ਪੁਲਿਸ ਸਟੇਸ਼ਨ।'
ਇਹ ਸੁਣਦਿਆਂ ਹੀ ਮੌਲੀ ਚੀਕੀ, “ਨਹੀਂ ਦਾਦੀ, ਇਹ ਸੱਚ ਨਹੀਂ। ਇਟ ਇਜ ਨਾਟ ਰਾਈਟ। ਮਾਈ ਡੈਡ ਥ੍ਰਿਯੂ ਐਨ ਐਸ਼ ਟਰੇ ਐਂਡ ਮਾਈ ਮਮ ਗਾੱਟ ਹਰਟ ਬਾਈ ਐਕਸੀਡੈਂਟ। ਹੀ ਡਿਡਨਾਟ ਬੀਟ ਐਨੀਵਨ।” (ਡੈਡ ਨੇ ਐਸ਼ਟਰੇ ਚਲਾ ਕੇ ਮਾਰੀ ਤੇ ਮਮ ਅਚਾਨਕ ਸਾਹਮਣੇ ਆ ਗਈ। ਉਹਨਾਂ ਕਿਸੇ ਨੂੰ ਨਹੀਂ ਕੁਟਿਆ ਮਾਰਿਆ।) ਸਕੂਲ ਦੇ ਖੇਡ ਮੈਦਾਨ ਵਿਚ ਆਪਸੀ ਧੀਂਗਾ-ਮਸਤੀ ਦੌਰਾਨ ਸੱਟ ਖਾਧੇ ਬੱਚਿਆਂ ਦੀ ਲੜਾਈ ਦਾ ਫ਼ੈਸਲਾ ਕਰਨ ਸਮੇਂ ਡਿਊਟੀ ਅਧਿਆਪਕਾਵਾਂ ਅਕਸਰ ਪੁੱਛਦੀਆਂ ਨੇ, “ਤੁਸੀਂ ਜਾਣ-ਬੁੱਝ ਕੇ ਮਾਰਿਆ ਸੀ ਜਾਂ ਗ਼ਲਤੀ ਨਾਲ ਵੱਜ ਗਿਐ?”
“ਚਲੋ ਇਕ ਦੂਜੇ ਨੂੰ ਸਾੱਰੀ ਬੋਲੋ।” ਨਿਆਂ ਦੀ ਏਸ ਮੂਲ ਕਾਰਜ-ਵਿਧੀ ਦਾ ਮੌਲੀ ਨੂੰ ਪਤਾ ਸੀ।
ਛਿੰਦੋ ਨੇ ਵੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਕੈਥੀ ਨੂੰ ਵਿਸ਼ਵਾਸ ਦਿਵਾਇਆ...:
“ਮਾਈ ਸਨ ਲਵ ਹਿਜ ਵਾਈਫ਼ ਵੈਰੀ ਮੱਚ। ਸ਼ੀ ਇਜ ਪ੍ਰੈਗਨੈਂਟ। ਹੀ ਨਾੱਟ ਪਾੱਸੀਬਲ ਬੀਟ ਹਰ। ਸ਼ੀ ਇਜ ਵੈਰੀ ਗੁੱਡ ਵਾਈਫ਼।” (ਮੇਰਾ ਪੁੱਤਰ ਆਪਣੀ ਪਤਨੀ ਨੂੰ ਬੜਾ ਪਿਆਰ ਕਰਦਾ ਏ। ਉਹ ਢਿੱਡੋਂ ਏ। ਨਹੀਂ, ਉਹ ਨਹੀਂ ਮਾਰ ਸਕਦਾ ਉਸਨੂੰ, ਉਹ ਬੜੀ ਚੰਗੀ ਪਤਨੀ ਏਂ।)
ਕੈਥੀ ਜੋਂਸ ਨੇ ਸ਼ਾਂਤ ਆਵਾਜ਼ ਵਿਚ ਕਿਹਾ ਕਿ 'ਅਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਾਂਗੇ। ਉਹ ਖ਼ੁਦ ਆਪਣੇ ਉਪਰ ਵਾਲੇ ਅਫ਼ਸਰਾਂ ਨਾਲ ਇਹ ਗੱਲ ਸਾਫ ਕਰੇਗੀ ਕਿ ਇਹ ਘਟਨਾ ਸਿਰਫ ਇਕ ਐਕਸੀਡੈਂਟ ਏ। ਭਾਵੇਂ ਤਹਿਕੀਕਾਤ ਹੁੰਦਿਆਂ-ਹੁੰਦਿਆਂ ਚਾਰ-ਪੰਜ ਘੰਟੇ ਲੱਗ ਸਕਦੇ ਨੇ। ਸਭ ਠੀਕ ਰਿਹਾ ਤਾਂ ਉਸਦਾ ਬੇਟਾ ਡਿਨਰ-ਟਾਈਮ ਤੀਕ ਵਾਪਸ ਆ ਜਾਏਗਾ।'
 ਛਿੰਦੋ ਨੇ ਸੰਤੁਸ਼ਟ ਹੋ ਕੇ ਉਸਨੂੰ ਵਿਦਾਅ ਕੀਤਾ ਤੇ ਰੋਂਦੀ ਹੋਈ ਮੌਲੀ ਨੂੰ ਸਮਝਾ-ਬੁਝਾਅ ਕੇ ਸ਼ਾਂਤ ਕੀਤਾ। ਮੌਲੀ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਡੈਡ ਕਿਸੇ ਹੋਰ ਜਗ੍ਹਾ ਗਿਆ ਏ। ਉਹ ਇਹੀ ਸਮਝਦੀ ਸੀ ਕਿ ਉਹਨੂੰ ਦੂਜੀ ਕਾਰ ਵਿਚ ਮਾਂ ਨਾਲ ਈ ਲੈ ਜਾਇਆ ਗਿਆ ਏ।
ਸ਼ਾਮ ਦੇ ਛੇ ਵੱਜ ਚੁੱਕੇ ਸਨ। ਛਿੰਦੋ ਨੇ ਕੱਪੜੇ ਬਦਲੇ, ਮੱਥਾ ਟੇਕਿਆ। ਮੌਲੀ ਨੂੰ ਕੋਟ ਤੇ ਬੂਟ ਪਾ ਲੈਣ ਲਈ ਕਿਹਾ। ਇਕ ਕੱਪ ਚਾਹ ਬਣਾ ਕੇ ਖ਼ੁਦ ਪੀਤੀ ਤੇ ਬਸ ਫੜ੍ਹ ਕੇ ਜੈਗ ਨੂੰ ਦੇਖਣ ਹਸਪਤਾਲ ਚਲੀ ਗਈ। ਜੈਗ ਇਨਟੈਸਿਵ ਕੇਅਰ ਵਿਚ ਪਈ ਸੀ। ਸਿਰ 'ਤੇ ਲੰਮਾਂ ਜ਼ਖ਼ਮ ਸੀ। ਪੱਟੀ ਬੰਨ੍ਹੀ ਸੀ ਤੇ ਉਸਨੂੰ ਸੰਵਾਅ ਦਿੱਤਾ ਗਿਆ ਸੀ।
ਦੇਖ ਕੇ ਛਿੰਦੋ ਆਪਣਾ ਰੋਣ ਨਾ ਰੋਕ ਸਕੀ। ਮੌਲੀ ਵੀ ਰੋਣ ਲੱਗ ਪਈ। ਦੋਵਾਂ ਨੂੰ ਸਮਝਾ-ਬੁਝਾਅ ਕੇ ਨਰਸਾਂ ਬਾਹਰ ਲੈ ਆਈਆਂ। ਘਰ ਆਉਂਦਿਆਂ-ਆਉਂਦਿਆ ਸਾਢੇ ਅੱਠ ਵੱਜ ਗਏ। ਮੌਲੀ ਭੁੱਖੀ ਸੀ। ਛਿੰਦੋ ਨੇ ਰੋਟੀ ਪਕਾ ਕੇ ਉਸਨੂੰ ਖੁਆਈ ਤੇ ਹੱਥ-ਮੂੰਹ ਧੁਆ ਕੇ ਸੰਵਾਅ ਦਿੱਤਾ। ਮੌਲੀ ਨੀਂਦ ਵਿਚ ਵੀ ਡੈਡ-ਡੈਡ ਬੜਬੜਾਂਦੀ ਰਹੀ।
ਆਪ ਛਿੰਦੋ ਭੁੱਖੀ-ਪਿਆਸੀ ਆਪਣੇ ਸੱਤੇ ਦੇ ਘਰ ਆਉਣ ਦੀ ਉਡੀਕ ਕਰਦੀ ਰਹੀ। ਦਸ ਵੱਜ ਗਏ, ਗਿਆਰਾਂ ਵੱਜ ਗਏ। ਛਿੰਦੋ ਕਿਸ ਨੂੰ ਦੱਸੇ—'ਪੁਲਿਸ ਫੜ ਕੇ ਲੈ ਗਈ ਏ, ਸੁਣਦੇ ਈ ਸਾਰੇ ਸਮਾਜ ਵਿਚ ਥੂਹ-ਥੂਹ ਹੋ ਜਾਏਗੀ।' ਪਰ ਉਸਦੇ ਢਿੱਡ ਦਾ ਖਾਲੀਪਨ ਵਧਦਾ ਈ ਜਾ ਰਿਹਾ ਸੀ। ਦੋ ਵਾਰੀ ਉਹ ਆਪਣਾ ਅਸਥਮੇਂ ਵਾਲਾ ਪੰਪ ਖਿੱਚ ਚੁੱਕੀ ਸੀ ਫੇਰ ਵੀ ਸਾਹ ਘੁਟ ਰਿਹਾ ਸੀ ਸੀਨੇ ਵਿਚ। ਦਿਲ ਦੀ ਧੜਕਨ ਵਧਦੀ ਜਾ ਰਹੀ ਸੀ। ਕਿਤੇ ਉਸਨੂੰ ਈ ਨਾ ਕੁਝ ਹੋ ਜਾਏ। ਕੀ ਬਣੇਗਾ ਮੌਲੀ ਦਾ? ਜਦੋਂ ਨਾ ਈ ਰਿਹਾ ਗਿਆ ਤਾਂ ਖਿੜਕੀ ਕੋਲ ਜਾ ਖੜੀ ਹੋਈ। ਚਾਰੇ-ਪਾਸੇ ਘਰਾਂ ਦੀਆਂ ਬੱਤੀਆਂ ਬੁਝ ਚੁੱਕੀਆਂ ਸਨ। ਉਹ ਇੰਜ ਈ ਤਾਂ ਹੱਥ-ਮਲਦੀ ਨਹੀਂ ਸੀ ਬੈਠੀ ਰਹਿ ਸਕਦੀ। ਝੱਟ ਕੋਟ ਪਾਇਆ ਤੇ ਚੱਪਲਾਂ ਘਸੀਟਦੀ ਹੋਈ ਸਾਹਮਣੇ ਵਾਲੇ ਘਰ ਤੀਕ ਜਾ ਪਹੁੰਚੀ ਕਿਉਂਕਿ ਉੱਥੇ ਇਕ ਬੱਤੀ ਜਗ ਰਹੀ ਸੀ।
ਚਾਰ ਪੰਜ ਵਾਰੀ ਘੰਟੀ ਵਜਾਉਣ 'ਤੇ ਇਕ ਮਰਦਾਵਾਂ ਆਵਾਜ਼ ਨੇ ਪੁੱਛਿਆ, “ਕੌਣ ਏਂ?” ਛਿੰਦੋ ਦੀ ਆਵਾਜ਼ ਕੰਬ ਰਹੀ ਸੀ। ਉਂਜ ਵੀ ਉਸਦਾ ਨਾਂ ਕੌਣ ਜਾਣਦਾ ਸੀ ਇੱਥੇ, ਸੋ ਏਨਾ ਈ ਕਹਿ ਸਕੀ, “ਆਈ ਇੰਡੀਅਨ, ਹੈਲਪ।”
ਜਨਾਨਾ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦਿੱਤਾ ਗਿਆ। ਜਿਵੇਂ-ਤਿਵੇਂ ਛਿੰਦੋ ਨੇ ਸਾਰੀ ਕਹਾਣੀ ਉਸਨੂੰ ਸੁਣਾਈ। ਮਰਦ ਭਲਾ ਆਦਮੀ ਸੀ, ਉਪਰੋਂ ਉਸਦੀ ਪਤਨੀ ਵੀ ਆ ਗਈ। ਦੋਵੇਂ ਛਿੰਦੋ ਦੇ ਘਰ ਆ ਗਏ। ਆਦਮੀ ਨੇ ਆਪਣਾ ਨਾਂ ਪੀਟਰ ਦੱਸਿਆ ਤੇ ਪਤਨੀ ਦਾ ਹੈਲੇਨ। ਛਿੰਦੋ ਨੇ ਖ਼ੁਦ ਨੂੰ ਮਿਸੇਜ ਸਿੰਘ ਦੱਸਿਆ। ਹੈਲੇਨ ਨੇ ਚਾਹ ਬਣਾ ਕੇ ਛਿੰਦੋ ਨੂੰ ਪਿਆਈ ਤੇ ਦੋ ਬਿਸਕੁਟ ਵੀ ਖੁਆਏ।
ਕਈ ਵਾਰੀ ਫ਼ੋਨ ਕਰਨ ਪਿੱਛੋਂ ਪੀਟਰ ਨੇ ਪਤਾ ਕੀਤਾ ਕਿ ਕਿਉਂਕਿ ਘਟਨਾ ਸ਼ਾਮ ਦੇ ਪੰਜ ਵਜੇ ਤੋਂ ਪਹਿਲਾਂ ਵਾਪਰੀ ਸੀ ਇਸ ਲਈ ਉਦੋਂ ਜਿਹੜੇ ਲੋਕ ਡਿਊਟੀ 'ਤੇ ਸਨ ਉਹੀ ਦੱਸ ਸਕਦੇ ਸਨ ਕਿ ਕੀ ਹੋਇਆ, ਪਰ ਉਹ ਸਭ ਕਲ੍ਹ ਸਵੇਰ ਤੀਕ ਲਈ ਜਾ ਚੁੱਕੇ ਸਨ। ਰਾਤ ਦੀ ਡਿਊਟੀ 'ਤੇ ਆਉਣ ਵਾਲੇ ਲੋਕ ਕੁਝ ਵੀ ਦੱਸਣ ਤੋਂ ਅਸਮਰਥ ਨੇ। ਫੇਰ ਵੀ ਇੰਜ ਲੱਗਦਾ ਏ ਕਿ ਜਿਹੜੇ ਲੋਕ ਸ਼ਾਮ ਨੂੰ ਗਿਰਫ਼ਤਾਰ ਹੋਏ ਸਨ, ਉਹਨਾਂ ਵਿਚੋਂ ਕਿਸੇ ਨੂੰ ਵੀ ਨਹੀਂ ਸੀ ਛੱਡਿਆ ਗਿਆ। ਲੱਗਦਾ ਏ ਰਾਤ ਉਸਨੂੰ ਪੁਲਿਸ ਥਾਨੇ ਵਿਚ ਈ ਕੱਟਣੀ ਪਏਗੀ ਤੇ ਸਵੇਰੇ ਦਸ ਵਜੇ ਜਦੋਂ ਕੇਸ ਦੀ ਇਨਕਵਾਏਰੀ ਪੂਰੀ ਹੋ ਜਾਏਗੀ, ਉਸਨੂੰ ਘਰ ਭੇਜ ਦਿੱਤਾ ਜਾਏਗਾ।
ਛਿੰਦੋ ਕਲ੍ਹ ਦੀ ਉਡੀਕ ਵਿਚ ਕੁਝ ਸ਼ਾਂਤ ਹੋ ਗਈ। ਮਰਦੀ ਕੀ ਨਾ ਕਰਦੀ। ਪੀਟਰ ਤੇ ਹੈਲੇਨ ਸਵੇਰੇ ਆਉਣ ਦਾ ਵਾਅਦਾ ਕਰਕੇ ਚਲੇ ਗਏ। ਛਿੰਦੋ ਦੀਆਂ ਅੱਖਾਂ 'ਚ ਨੀਂਦ ਕਿੱਥੇ? ਸ਼ਾਇਦ ਸੁੱਤੀ ਵੀ ਹੋਏ ਕੁਝ ਦੇਰ ਲਈ, ਪਰ ਮਾੜੇ ਸੁਪਨਿਆਂ ਨੇ ਨੀਂਦ ਉਖਾੜ ਦਿੱਤੀ। ਸਵੇਰ ਦੇ ਚਾਰ ਵਜੇ ਉਸਨੇ ਇਸ਼ਨਾਨ ਕੀਤਾ ਤੇ ਦਸਾਂ ਗੁਰੂਆਂ ਦਾ ਧਿਆਨ ਧਰਦੀ, ਸੁਖਮਨੀ ਸਾਹਬ ਦਾ ਪਾਠ ਕਰਨ ਬੈਠ ਗਈ।
ਰਬ-ਰਬ ਕਰਕੇ ਸਵੇਰ ਹੋਈ। ਮਲਕੀਤ—ਮੌਲੀ ਉਠ ਬੈਠੀ। ਉਸਨੂੰ ਤਿਆਰ ਹੋ ਕੇ ਸਕੂਲ ਜਾਣ ਲਈ ਕਿਹਾ ਤਾਂ ਰੋਹਾਂਸੀ-ਜਿਹੀ ਹੋ ਕੇ ਬੋਲੀ...:
“ਜਦੋਂ ਡੈਡ ਆਉਣਗੇ ਉਦੋਂ ਜਾਵਾਂਗੀ। ਪਲੀਜ਼ ਦਾਦੀ ਕੈਨ ਆਈ ਸਟੇ ਵਿਦ ਯੂ। ਡੈਡ ਟੋਲਡ ਮੀ।” ਛਿੰਦੋ ਨੇ ਸੋਚਿਆ ਬਾਲੜੀ ਏ। ਹੋਰਨਾਂ ਨਾਲ ਗੱਲ ਕਰੇਗੀ ਤਾਂ ਬੇਕਾਰ ਅਫ਼ਵਾਹਾਂ ਉਡਨਗੀਆਂ। ਅੰਦਰੋਂ ਉਹ ਖ਼ੁਦ ਵੀ ਪੋਲੀ ਪਈ ਹੋਈ ਸੀ, ਹਿੰਮਤ ਪੱਖੋਂ। ਉਸਨੇ ਮੌਲੀ ਨੂੰ ਰੋਕ ਲਿਆ।
ਅੱਠ ਵਜੇ ਦਫ਼ਤਰ ਜਾਣ ਤੋਂ ਪਹਿਲਾਂ ਪੀਟਰ ਫੇਰ ਆਇਆ। ਉਸਨੇ ਪੁਲਿਸ ਸਟੇਸ਼ਨ ਫ਼ੋਨ ਕੀਤਾ। ਕਿਸੇ ਅਫ਼ਸਰ ਨੇ ਉਸਨੂੰ ਕਿਹਾ ਕਿ ਦਸ ਵਜੇ ਤੀਕ ਜਾਂਚ-ਪੜਤਾਲ ਪੂਰੀ ਹੋ ਸਕੇਗੀ”—ਜਦੋਂ ਕਲ੍ਹ ਵਾਲੀ ਟੀਮ ਵਾਪਸ ਡਿਊਟੀ 'ਤੇ ਆਏਗੀ।...ਤੇ ਜੇ ਮਾਂ ਮਿਲਣਾ ਚਾਹੁੰਦੀ ਏ ਤਾਂ ਇਸ ਤੋਂ ਪਹਿਲਾਂ ਸੰਭਵ ਨਹੀਂ।
ਪੀਟਰ ਨੇ ਮਹਿਸੂਸ ਕੀਤਾ ਕਿ ਗੱਲਬਾਤ ਦਾ ਢੰਗ ਬਦਲ ਗਿਆ ਏ। ਪਹਿਲਾਂ ਤਾਂ ਕਹਿ ਰਹੇ ਸੀ ਕਿ ਉਹਨੂੰ ਘਰ ਵਾਪਸ ਭੇਜ ਦਿੱਤਾ ਜਾਏਗਾ ਤੇ ਹੁਣ ਜੇ ਮਾਂ ਮਿਲਣਾ ਚਾਹੇ ਤਾਂ ਉਸਨੂੰ ਉੱਥੇ ਮਿਲਣ ਜਾਣਾ ਪਏਗਾ। ਸ਼ਾਇਦ ਕੋਈ ਗੰਭੀਰ ਮਾਮਲਾ ਏ, ਕਰਾਈਮ ਦਾ। ਸੋ ਉਸਨੇ ਛਿੰਦੋ ਨੂੰ ਸਮਝਾ-ਬੁਝਾਅ ਕੇ ਹੌਸਲਾ ਰੱਖਣ ਲਈ ਕਿਹਾ ਤੇ ਆਪਣੇ ਕੰਮ 'ਤੇ ਚਲਾ ਗਿਆ।
ਛਿੰਦੋ ਇਕੱਲੀ ਰਹਿ ਗਈ। ਨੌ ਵੱਜੇ, ਦਸ ਵੱਜੇ, ਕੋਈ ਫ਼ੋਨ ਨਹੀਂ ਆਇਆ। ਸਾਢੇ ਦਸ ਵਜੇ ਪੁਲਿਸ ਦੀ ਕਾਰ 'ਚ ਇਕ ਵੱਡਾ ਅਫ਼ਸਰ ਤੇ ਦੋ ਜ਼ਨਾਨਾ-ਪੁਲਿਸ ਵਾਲੀਆਂ ਆਈਆਂ ਤੇ ਛਿੰਦੋ ਨੂੰ ਇਕ ਪਾਸੇ ਲੈ ਗਈਆਂ। ਉਹਨਾਂ ਵਿਚ ਇਕ ਔਰਤ ਉਹੀ ਕਲ੍ਹ ਸ਼ਾਮ ਵਾਲੀ ਕੈਥੀ ਜੋਂਸ ਵੀ ਸੀ। ਉਹ ਮੌਲੀ ਨੂੰ ਅਲਗ ਉਸਦੇ ਕਮਰੇ ਵਿਚ ਲਿਜਾ ਕੇ ਕਹਾਣੀਆਂ ਸੁਣਾਉਣ ਲੱਗ ਪਈ।
ਲਗਭਗ ਪੰਦਰਾਂ ਮਿੰਟ ਬਾਅਦ ਉਹ ਲੋਕ ਚਲੇ ਗਏ। ਮੌਲੀ ਉਹਨਾਂ ਨੂੰ ਬਾਏ-ਬਾਏ ਕਹਿ ਕੇ ਹੱਸਦੀ-ਖੇਡਦੀ ਦਾਦੀ ਕੋਲ ਆਈ ਤਾਂ ਦਾਦੀ ਨੇ ਬਿਨਾਂ ਕੁਝ ਬੋਲੇ ਉਸ ਵੱਲ ਆਪਣੀਆਂ ਬਾਂਹਵਾਂ ਪਸਾਰ ਦਿੱਤੀਆਂ। ਮੌਲੀ ਉਸਦੀ ਹਿੱਕ ਨਾਲ ਲੱਗ ਗਈ। ਛਿੰਦੋ ਦੀਆਂ ਚੀਕਾਂ ਅਸਮਾਨੀਂ ਛੇਕ ਪਾਉਣ ਲੱਗੀਆਂ।
ਸਤਿਆਨਾਸ਼ ਹੋ ਚੁੱਕਿਆ ਸੀ।
ਪੁਲਿਸ ਦੇ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਰਾਤ ਨੂੰ ਵਧੇਰੇ ਸ਼ਰਾਬ ਪੀ ਲੈਣ ਤੇ ਵਧੇਰੇ ਗੁੱਸਾ ਕਰਨ ਕਰਕੇ ਸਤਵੰਤ ਸਿੰਘ ਦੇ ਦਿਮਾਗ਼ ਦੀ ਨਸ ਫਟ ਗਈ ਤੇ ਉਹ ਲਾਕਅੱਪ ਵਿਚ ਸੁੱਤਾ-ਸੁੱਤਾ ਈ ਮਰ ਗਿਆ। ਰਾਤ ਨੂੰ ਉਹ ਉਸ ਹਾਲਤ ਵਿਚ ਨਹੀਂ ਸੀ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਸੋ ਉਸਨੂੰ ਲਾਕਅੱਪ ਵਿਚ ਰੱਖਣਾ ਜ਼ਰੂਰੀ ਹੋ ਗਿਆ, ਜਿੱਥੇ ਬਦਕਿਸਮਤੀ ਨਾਲ ਉਹ ਮਰ ਗਿਆ।
ਛਿੰਦੋ ਕੀ ਕਰੇ, ਕਿਸਨੂੰ ਕਹੇ। ਕੋਈ ਵੀ ਤਾਂ ਨਹੀਂ ਸੀ ਆਪਣਾ। ਉਸਦੇ 'ਦਾਰਜੀ' ਗੁਜਰ ਚੁੱਕੇ ਸਨ। ਉਹ ਉਹਨਾਂ ਦੀ ਤੀਜੀ ਪਤਨੀ ਸੀ। ਉਸਦਾ ਭਰਾ ਮੱਖਣ ਸਿੰਘ ਉਸਦੇ ਨਾਲ ਲੰਦਨ ਆਇਆ ਸੀ, ਪਰ ਵੱਡਾ ਹੋਣ 'ਤੇ ਉਹ 'ਮਾਈਕਲ' ਬਣ ਗਿਆ; ਆਪਣੇ-ਆਪ ਨੂੰ ਮਿੱਕੀ ਕਹਿਣ ਲੱਗਾ ਤੇ ਇਕ ਆਈਰਿਸ਼ ਕੈਥੋਲਿਕ ਕੁੜੀ ਨਾਲ ਸ਼ਾਦੀ ਕਰਕੇ ਅਮਰੀਕਾ ਚਲਾ ਗਿਆ। ਅੱਜ-ਕਲ੍ਹ ਉਹ ਬਾਸਟਨ ਵਿਚ ਰਹਿੰਦਾ ਸੀ। ਕਾਫੀ ਪੜ੍ਹਿਆ-ਲਿਖਿਆ ਵੀ ਸੀ ਪਰ ਆਉਂਦਾ-ਆਉਂਦਾ ਈ ਆਉਂਦਾ।
ਰੋਂਦੇ-ਪਿੱਟਦਿਆਂ ਸ਼ਾਮ ਹੋਣ ਲੱਗੀ। ਕਿੰਜ ਉਹ ਮੌਲੀ ਨੂੰ ਦੱਸੇ ਕਿ ਹੁਣ ਉਸਦਾ ਡੈਡ ਕਦੀ ਨਹੀਂ ਆਏਗਾ। ਕੈਥੀ ਵੀ ਮਨ੍ਹਾਂ ਕਰ ਗਈ ਸੀ। ਕਿੱਤੇ ਨਿਆਣੀ ਵਿੱਟਰ ਗਈ ਤਾਂ ਛਿੰਦੋ ਕਿੰਜ ਸੰਭਾਲੇਗੀ। ਉਹ ਵਾਅਦਾ ਕਰਕੇ ਗਈ ਸੀ ਕਿ ਕਿਸੇ ਨੂੰ ਸਹਾਇਤਾ ਲਈ ਭੇਜ ਦਏਗੀ, ਪਰ ਕੋਈ ਨਹੀਂ ਸੀ ਆਇਆ।
ਛਿੰਦੋ ਆਪਣੇ ਵਾਲ ਪੁੱਟਦੀ ਰਹੀ ਪਰ ਉਸਦੇ ਸਿਰ ਦਾ ਚਕਰਾਉਣਾ ਬੰਦ ਨਾ ਹੋਇਆ। ਦੋਵੇਂ ਛਾਤੀਆਂ ਦੁਹੱਥੜਾਂ ਮਾਰ-ਮਾਰ ਕੇ ਸੁਜਾ ਲਈਆਂ ਪਰ ਅੰਦਰਲਾ ਅੰਬਾਅ (ਭਾਰਾਪਨ, ਅੰਦਰੂਨੀ ਪੀੜ ਜਿਹੜੀ ਸਿਰਫ ਮਹਿਸੂਸ ਹੀ ਕੀਤੀ ਜਾ ਸਕਦੀ ਹੈ) ਨਹੀਂ ਘਟਿਆ।
“ਸੱਤੇ ਆ, ਮੇਰੇ ਬੱਛੜੇ, ਤੈਨੂੰ ਦੁੱਧ ਪਿਆਵਾਂ।” ਮਮਤਾ ਦੀਆਂ ਮਾਰੀਆਂ ਦੋਵੇਂ ਬੁੱਢੀਆਂ ਛਾਤੀਆਂ ਅੰਦਰੂਨੀ ਤਣਾਅ ਸਦਕਾ ਸਨਸਨਾ ਰਹੀਆਂ ਸਨ।
ਸ਼ਾਮ ਦੇ ਚਾਰ ਵਜੇ ਕੀਰਤੀ ਦੀ ਮੰਮ—ਸੰਗੀਤਾ—ਦੇਖਣ ਆਈ ਕਿ ਮੌਲੀ ਸਕੂਲ ਕਿਉਂ ਨਹੀਂ ਪਹੁੰਚੀ? ਜੈਗ ਠੀਕ ਤਾਂ ਏ ਨਾ! ਮੌਲੀ ਉਸ ਨਾਲ ਲਿਪਟ ਗਈ।
“ਆਂਟੀ ਮਾਈ ਦਾਦੀ। ਲੁਕ ਇਟ ਹਰ। ਸ਼ੀ ਵਿਲ ਡਾਈ। ਸ਼ੀ ਇਜ ਕਰਾਇੰਗ ਸੋ ਮੱਚ।” (ਆਂਟੀ ਮੇਰੀ ਦਾਦੀ—ਦੇਖੋ ਨਾ, ਮਰ ਜਾਏਗੀ—ਰੋਈ ਈ ਜਾਂਦੀ ਏ।)
ਸੰਗੀਤਾ ਦੇ ਹੋਣ ਕਰਕੇ ਛਿੰਦੋ ਦਾ ਬੰਨ੍ਹ ਟੁੱਟ ਗਿਆ। ਉਸਨੇ ਰੋ-ਰੋ ਕੇ ਸਭ ਦੱਸ ਦਿੱਤਾ। ਕੋਹਰਾਮ ਮੱਚ ਗਿਆ। ਦੋਵੇਂ ਬੱਚੀਆਂ ਉੱਚੀ-ਉੱਚੀ ਰੋਣ ਲੱਗ ਪਈਆਂ, ਉਦੋਂ ਹੀ ਪੀਟਰ ਤੇ ਹੈਲੇਨ ਵੀ ਆ ਗਏ ਤੇ ਸਭ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗ ਗਿਆ। ਸੰਗੀਤਾ ਨੇ ਮੱਖਣ ਸਿੰਘ ਨੂੰ ਫ਼ੋਨ ਕੀਤਾ। ਗੁਰਦੁਆਰੇ ਖ਼ਬਰ ਕੀਤੀ, ਛਿੰਦੋ ਦੀ ਦੇਖਭਾਲ ਲਈ ਆਪਣੀ ਮਾਂ ਨੂੰ ਬੁਲਾਅ ਲਿਆ।
ਚਾਰ ਧੜ ਇਕੱਠੇ ਹੋਏ। ਚਾਰ ਦਿਨ ਬਾਅਦ ਵੀ ਪੁਲਿਸ ਲਾਸ਼ ਨੂੰ ਦਿਖਾਉਣ ਵਿਚ ਆਨਾਕਾਨੀ ਕਰ ਰਹੀ ਸੀ। ਪੋਸਟ ਮਾਰਟਮ ਦੀ ਰਿਪੋਰਟ ਵਿਚ ਉਹੀ ਬਰੇਨ-ਹੈਮਰੇਜ ਦਿਖਾਇਆ ਗਿਆ ਸੀ। ਮੱਖਣ ਸਿੰਘ ਨੇ ਇਕ ਵਕੀਲ ਕਰ ਲਿਆ।
ਉਧਰ ਜੈਗ ਨੂੰ ਹੋਸ਼ ਆ ਗਿਆ ਸੀ। ਉਸਦੀ ਡਾਕਟਰ ਤੇ ਨਰਸਾਂ ਉਸਦਾ ਬਿਆਨ ਕੈਥੀ ਜੋਂਸ ਦੀ ਮੌਜ਼ੂਦਗੀ ਵਿਚ ਲੈ ਚੁੱਕੀਆਂ ਸਨ। ਕੈਥੀ ਨੂੰ ਜਦੋਂ ਭਾਵਨਾਤਮਕ ਸਹਾਰਾ ਦੇਣ ਲਈ ਛਿੰਦੋ ਤੇ ਮੌਲੀ ਕੋਲ ਦੁਬਾਰਾ ਜਾਣਾ ਪਿਆ ਤਾਂ ਉਹ ਆਤਮ-ਗਿਲਾਨੀ ਨਾਲ ਮਰ ਜਿਹੀ ਗਈ। ਨਿੱਕੀ-ਜਿਹੀ ਮੌਲੀ ਉਸਨੂੰ ਦੇਖਦਿਆਂ ਈ ਚੀਕ ਪਈ...:
“ਆਈ ਟੋਲਡ ਯੂ, ਮਾਈ ਮਦਰ ਗੌਟ ਹਰਟ ਬਾਈ ਐਕਸੀਡੈਂਟ। ਮਾਈ ਡੈਡ ਡਿਡ ਨਾਟ ਹਿਟ ਹਰ ਆਨ ਪਰਪਸ। ਸਟਿੱਲ ਯੂ ਟੁਕ ਹਿਮ ਅਵੇ ਐਂਡ ਯੂ ਕਿੱਲ ਹਿਮ। ਗੋ ਅਵੇ। ਹੋ ਅਵੇ।” (ਮੈਂ ਤੁਹਾਨੂੰ ਦੱਸਿਆ ਸੀ, ਮੇਰੀ ਮਾਂ ਹਾਦਸੇ ਕਾਰਨ ਜ਼ਖ਼ਮੀ ਹੋਈ ਏ। ਮੇਰੇ ਡੈਡ ਨੇ ਜਾਣਬੁੱਝ ਕੇ ਨਹੀਂ ਮਾਰਿਆ। ਫੇਰ ਵੀ ਤੁਸੀਂ ਉਹਨਾਂ ਨੂੰ ਫੜ੍ਹ ਕੇ ਲੈ ਗਏ ਤੇ ਮਾਰ ਦਿੱਤਾ। ਜਾਓ, ਚਲੇ ਜਾਓ।)
ਕੈਥੀ ਰੋ ਪਈ। ਉਸਨੇ ਮੌਲੀ ਨੂੰ ਗੋਦੀ ਚੁੱਕ ਲਿਆ ਤੇ ਪਿਆਰ ਕਰਦੀ ਹੋਈ ਬੋਲੀ...:
“ਡਾਰਲਿੰਗ ਆਈ ਟੋਲਡ ਦੈੱਮ ਵੈੱਨ ਆਈ ਵੈਂਟ ਬੈਕ ਟੂ ਦ ਸਟੇਸ਼ਨ, ਬਟ ਇਟ ਵਾਜ ਟੂ ਲੇਟ।” (ਬੇਟਾ ਮੈਂ ਉਹਨਾਂ ਨੂੰ ਦੱਸਿਆ ਸੀ ਜਦ ਮੈਂ ਵਾਪਸ ਥਾਨੇ ਗਈ ਸਾਂ। ਪਰ ਦੇਰ ਹੋ ਚੁੱਕੀ ਸੀ।)
 ਛਿੰਦੋ ਤੇ ਮਿਕੀ ਨੇ ਖ਼ੁਦ ਆਪਣੇ ਕੰਨਾਂ ਨਾਲ ਸੁਣਿਆ, ਯਾਨੀ ਜਦੋਂ ਤੀਕ ਕੈਥੀ ਪਹੁੰਚੀ, ਇਹ ਲੋਕ ਸੱਤੇ ਦੀ ਰੱਜਵੀਂ ਪਿਟਾਈ ਕਰ ਚੁੱਕੇ ਸਨ, ਜਿਸ ਨਾਲ ਉਸਦਾ ਪ੍ਰਾਣ-ਪੰਛੀ ਉੱਡ ਗਿਆ ਸੀ।
ਮੱਖਣ ਸਿੰਘ ਨੇ ਮਾਮਲਾ ਹਿਊਮਨ ਰਾਈਟ ਕਮੀਸ਼ਨ ਦੇ ਸਾਹਵੇਂ ਰੱਖਣ ਦੀ ਧਮਕੀ ਦਿੱਤੀ। ਮੌਲੀ ਦੀ ਸਕੂਲ ਟੀਚਰ ਨੂੰ ਜਦੋਂ ਇਸ ਸਭ ਦਾ ਪਤਾ ਲੱਗਿਆ ਤਾਂ ਉਸਨੇ ਵੀ ਬਣਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਤੇ ਖ਼ੁਦ ਬੱਚੀ ਤੇ ਉਸਦੇ ਮਾਂ-ਬਾਪ ਦੇ ਚੰਗੇ ਸੰਬੰਧਾਂ ਦੀ ਗਵਾਹੀ ਦੇਣ ਦਾ ਬੀੜਾ ਚੁੱਕਿਆ। ਉਧਰ ਜੈਗ ਦੀਆਂ ਨਰਸਾਂ ਨੇ ਮੁਸ਼ਕਿਲ ਨਾਲ ਉਸਨੂੰ ਸੰਭਾਲਿਆ ਹੋਇਆ ਸੀ। ਉਸਦੇ ਹੋਣ ਵਾਲੇ ਬੱਚੇ ਦੀ ਜਾਨ ਖਤਰੇ 'ਚ ਸੀ। ਦਰਅਸਲ ਉਸਨੂੰ ਦੱਸਿਆ ਈ ਨਹੀਂ ਸੀ ਗਿਆ। ਜਦੋਂ ਉਹ ਸੱਤੇ ਬਾਬਤ ਪੁੱਛਦੀ, ਉਸਨੂੰ ਕਹਿ ਦਿੱਤਾ ਜਾਂਦਾ, ਸੱਤਾ ਟੈਕਸੀ ਲੈ ਕੇ ਯੂਰਪ ਗਿਆ ਹੋਇਆ ਏ।
ਅੱਠ ਦਿਨ ਹੋ ਚੁੱਕੇ ਸਨ ਤੇ ਲਾਸ਼ ਦਾ ਪਤਾ ਨਹੀਂ ਸੀ। ਕੈਥੀ ਦੇ ਖ਼ਿਲਾਫ਼ ਕਈ ਆਵਾਜ਼ਾਂ ਉਠ ਰਹੀਆਂ ਸਨ। ਮੌਲੀ ਇਕ ਮਹੱਤਵਪੂਰਨ ਗਵਾਹ ਸੀ। ਉਹ ਵਾਰੀ-ਵਾਰੀ ਯਾਦ ਦਿਵਾਉਂਦੀ ਕਿ ਉਸਦੀ ਟੀਚਰ ਨੇ ਤਾਂ ਕਿਹਾ ਸੀ ਕਿ ਪੁਲਿਸ ਸਾਡੀ ਰੱਖਿਆ ਕਰਦੀ ਏ ਤੇ ਮਿੱਤਰ ਹੁੰਦੀ ਏ ਫੇਰ ਉਹ ਕਿਉਂ ਮਿੱਤਰਤਾ ਨਹੀਂ ਦਿਖਾਉਂਦੀ ਪਈ। ਕਿਉਂ ਉਸਨੇ ਸੱਚੋ-ਸੱਚ ਨਹੀਂ ਦੱਸਿਆ? ਕਿਉਂ ਉਹ ਮੌਲੀ ਦਾ ਵਿਸ਼ਵਾਸ ਨਹੀਂ ਕਰਦੀ ਪਈ?
ਕੈਥੀ ਜਾਣਦੀ ਸੀ ਕਿ ਪੁਲਿਸ ਕਰਮਚਾਰੀ ਪ੍ਰਭੂਤਾ-ਤੰਤਰ ਦੇ ਗ਼ੁਲਾਮ ਸਨ ਤੇ ਅਵਿਸ਼ਵਾਸ ਤੇ ਪੁਰਾਣੀ-ਪਾੜਤ ਅਨੁਸਾਰ ਸ਼ਰੀਰਕ ਤਸੀਹੇ ਦੇਣਾ ਉਹਨਾਂ ਦੇ ਹਥਿਆਰ ਸਨ, ਜਿਸ ਨਾਲ ਉਹ ਆਪਣੇ ਆਹਮ ਦੀ ਤ੍ਰਿਪਤੀ ਕਰਦੇ ਸਨ। ਇਹ ਨੌਜਵਾਨ ਅਫ਼ਸਰ ਮੁੰਡੇ ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਤੇ ਟੁੱਟੇ ਹੋਏ ਪਰਿਵਾਰਾਂ ਦੇ ਬੱਚੇ ਸਨ। ਇਕ ਅੰਸ਼ ਸਫ਼ਲਤਾ ਵੀ ਇਹਨਾਂ ਦੇ ਨਾਂ ਨਾਲ ਨਹੀਂ ਸੀ ਜੁੜੀ ਕਦੀ। ਆਪਣੇ ਆਪ ਨੂੰ ਵੱਡਾ ਸਿੱਧ ਕਰਨ ਖਾਤਰ ਉਹਨਾਂ ਨੂੰ ਨਸਲ-ਪ੍ਰਸਤੀ, ਰੰਗ-ਭੇਦ ਤੇ ਮਾਂਸਲ-ਸ਼ਕਤੀ ਦਾ ਸਹਾਰਾ ਲੈਣਾ ਪੈਂਦਾ ਸੀ। ਆਪਣੀ ਹੀਣਤਾ ਛਿਪਾਉਣ ਲਈ ਇਹ ਦੂਜਿਆਂ ਨੂੰ ਹੀਣ ਸਿੱਧ ਕਰਦੇ। ਸ਼ਿਕਾਰ ਮਿਲਦਿਆਂ ਈ ਬਿਨਾਂ ਅੱਗਾ-ਪਿੱਛਾ ਵੇਖਿਆਂ ਉਸ ਉੱਤੇ ਟੁੱਟ ਪੈਂਦੇ।
ਕੈਥੀ ਨੂੰ ਪਤਾ ਸੀ ਕਿ ਸੱਤੇ ਦੀ ਮੌਤ ਸਿਰ ਤੇ ਪੁੜਪੁੜੀ ਉੱਤੇ ਬੂਟਾਂ ਦੀਆਂ ਠੋਕਰਾਂ ਮਾਰਨ ਕਰਕੇ ਹੋਈ ਏ। ਉਸਦੀ ਪੱਗ ਲਾਹ ਕੇ ਦਰਿੰਦਿਆਂ ਨੇ ਉਸਨੂੰ ਧਰਤੀ 'ਤੇ ਮਧੋਲਿਆ ਸੀ ਤੇ ਮਾਰ ਈ ਮੁਕਾਇਆ ਸੀ।
ਕੈਥੀ, ਮੌਲੀ ਦਾ ਪਿਤਾ, ਛਿੰਦੋ ਦਾ ਪੁੱਤਰ ਤੇ ਜੈਗ ਦਾ ਪਤੀ ਤਾਂ ਵਾਪਸ ਨਹੀਂ ਸੀ ਲਿਆ ਸਕਦੀ ਪਰ ਏਨੇ ਵੱਡੇ ਜ਼ਖ਼ਮ 'ਤੇ ਮਲ੍ਹਮ ਜ਼ਰੂਰ ਲਾ ਸਕਦੀ ਸੀ। ਇਸ ਲਈ ਉਸਨੇ ਉਪਰਲੇ ਅਫ਼ਸਰਾਂ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਜੇ ਜ਼ਰੂਰਤ ਪਈ ਤਾਂ ਉਹ ਮੱਖਣ ਸਿੰਘ ਦਾ ਸਾਥ ਦਏਗੀ, ਭਾਵੇਂ ਉਸਨੂੰ ਅਸਤੀਫ਼ਾ ਈ ਕਿਉਂ ਨਾ ਦੇਣਾ ਪਏ। ਪੁਲਿਸ ਉਂਜ ਵੀ ਡਰੀ ਹੋਈ ਸੀ ਕਿ ਜੇ ਇਹ ਮਾਮਲਾ ਸਿੱਖ ਭਾਈਚਾਰੇ ਤੇ ਪ੍ਰੈਸ ਵਿਚ ਉਛਲ ਗਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਇਹ ਸੋਲਾਂ ਆਨੇ ਸਹੀ ਸੀ ਕਿ ਜੇ ਸਤਵੰਤ ਸਿੰਘ ਦੀ ਥਾਂ ਕੋਈ ਅੰਗਰੇਜ਼ ਹੁੰਦਾ ਤਾਂ ਉਸਨੂੰ ਫੜਿਆ ਈ ਨਹੀਂ ਸੀ ਜਾਣਾ; ਕੁੱਟਮਾਰ ਕਰਨੀ ਤਾਂ ਦੂਰ ਦੀ ਗੱਲ ਸੀ।
ਇਸ ਪਿੱਛੋਂ ਮੁਹੱਲੇ ਵਾਲਿਆਂ ਨੇ ਦੇਖਿਆ, ਰੋਜ਼ ਇਕ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਦਸਤਾ ਛਿੰਦੋ ਕੇ ਘਰ ਆਉਂਦਾ। ਘੰਟਿਆਂ ਬੱਧੀ ਮਸ਼ਵਰਾ ਹੁੰਦਾ, ਫੇਰ ਚਲਾ ਜਾਂਦਾ। ਕੈਥੀ ਵੀ ਰੋਜ਼ ਉਹਨਾਂ ਨੂੰ ਭਾਵਨਾਤਮਕ ਸੁਰੱਖਿਆ ਤੇ ਹੌਸਲਾ ਦੇਣ ਆਉਂਦੀ। ਮੌਲੀ ਨੂੰ ਉਸਨੇ ਆਪਣੇ ਕੋਲੋਂ ਅਣਗਿਣਤ ਤੋਹਫ਼ੇ ਦਿੱਤੇ। ਅਸਲ ਵਿਚ ਜਿਹੜਾ ਵੀ ਸੁਣਦਾ ਮੌਲੀ ਨੂੰ ਤੋਹਫ਼ਾ ਭੇਜਦਾ। ਛਿੰਦੋ ਦੀ ਰੋਣ ਦੀ ਸ਼ਕਤੀ ਮੁੱਕ ਚੁੱਕੀ ਸੀ। ਉਸਦੀ ਥਾਂ ਘੋਰ ਨਿਰਾਸ਼ਾ ਨੇ ਲੈ ਲਈ ਸੀ। ਅਫ਼ਸਰ ਆਉਂਦੇ, ਉਹ ਦਰਵਾਜ਼ਾ ਖੋਲ੍ਹ ਕੇ ਇਕ ਪਾਸੇ ਜਾ ਬੈਠਦੀ। ਉਹਨਾਂ ਦੀਆਂ ਦਲੀਲਾਂ ਉਸਦੇ ਕੰਨਾਂ ਨਾਲ ਟਕਰਾ ਕੇ ਕੰਧਾਂ ਵਿਚ ਸਮਾਅ ਜਾਂਦੀਆਂ। ਮੱਖਣ ਸਿੰਘ ਉਸ ਵੱਲੋਂ ਆਖਦਾ-ਸੁਣਦਾ ਰਹਿੰਦਾ। ਉਹਨਾਂ ਦੇ ਜਾਣ ਪਿੱਛੋਂ ਪੀਟਰ ਤੇ ਹੈਲੇਨ ਨਾਲ ਸਲਾਹ-ਮਸ਼ਵਰਾ ਕਰਦਾ।
ਆਖ਼ਰਕਾਰ ਗਰੀਬਨੀ ਵਿਕ ਗਈ!
ਪੀਟਰ, ਹੈਲਨ, ਕੈਥੀ ਆਦਿ ਸਾਰਿਆਂ ਨੇ ਰਲ ਕੇ ਮੱਖਣ ਸਿੰਘ 'ਤੇ ਦਬਾਅ ਪਾਇਆ ਕਿ ਉਹ ਪਲਿਸ ਦੇ ਸੁਝਾਅ ਨੂੰ ਮੰਨ ਕੇ ਛਿੰਦੋ ਤੇ ਜੈਗ ਨੂੰ ਰਾਜ਼ੀ ਕਰ ਲਏ। ਮੱਖਣ ਸਿੰਘ ਨੇ ਵੀ ਵਾਪਸ ਬੋਸਟਨ ਚਲੇ ਜਾਣਾ ਸੀ। ਛਿੰਦੋ ਵਿਚਾਰੀ ਕਿੰਜ ਕੋਰਟ-ਕਚਹਿਰੀਆਂ ਭੁਗਤਦੀ! ਜੈਗ ਦਾ ਆਉਣ ਵਾਲਾ ਬੱਚਾ ਉਹਨਾਂ ਦੇ ਜੀਵਨ ਦੀ ਆਸ ਤੇ ਸੱਤੇ ਦਾ ਅੰਸ਼ ਸੀ।
ਛਿੰਦੋ ਨੇ ਛਾਤੀ 'ਤੇ ਪੱਥਰ ਰੱਖ ਲਿਆ। ਅਗਲੀ ਸਵੇਰ ਸੱਤੇ ਦੀ ਮੌਤ ਦੇ ਬਾਰ੍ਹਵੇਂ ਦਿਨ ਛਿੰਦੋ ਸਵੇਰੇ-ਸਵੇਰੇ ਮੌਲੀ ਨੂੰ ਸਕੂਲ ਭੇਜਣ ਪਿੱਛੋਂ ਜੈਗ ਕੋਲ ਹਸਪਤਾਲ ਜਾ ਪਹੁੰਚੀ। ਜੈਗ ਪੂਰੀ ਤਰ੍ਹਾਂ ਹੋਸ਼ ਵਿਚ ਸੀ ਤੇ ਰੋਜ਼ ਘਰ ਜਾਣ ਦੀ ਉਡੀਕ ਕਰਦੀ ਸੀ। ਸੱਸ ਨੂੰ ਦੇਖ ਕੇ ਰੋਸੇ ਭਰੀ ਆਵਾਜ਼ 'ਚ ਬੋਲੀ, “ਮੰਮੀ ਜੀ ਤੁਸੀਂ ਇਹ ਕੀ ਹਾਲ ਬਣਾ ਰੱਖਿਆ ਏ? ਸੱਤਾ ਕਿੱਥੇ ਈ? ਮੈਂ ਸੋਚਦੀ ਆਂ, ਆਪਣੀ ਕਰਨੀ 'ਤੇ ਸ਼ਰਮਿੰਦਾ ਹੋ ਰਿਹਾ ਹੋਏਗਾ, ਇਸੇ ਲਈ ਮਿਲਣ ਨਹੀਂ ਆਇਆ। ਉਸਨੂੰ ਕਹਿ ਦੇਣਾ ਕਿ ਮੈਨੂੰ ਕੋਈ ਗਿਲਾ ਨਹੀਂ। ਐਕਸੀਡੈਂਟ ਹੋਇਆ, ਸੋ ਹੋ ਗਿਆ। ਹੋਰ ਕੀ। ਕੋਈ ਗੱਲ ਨਹੀਂ ਵਧਾਉਣੀ। ਹੁਣ ਤਾਂ ਮੈਂ ਠੀਕ ਆਂ। ਆਵੇ ਤੇ ਸਾਈਨ ਕਰਕੇ ਮੈਨੂੰ ਘਰ ਲੈ ਜਾਵੇ।”
ਛਿੰਦੋ ਸ਼ਾਂਤ ਉਸਦੇ ਐਨ ਸਾਹਮਣੇ ਬੈਠ ਗਈ। ਫੇਰ ਉਸਦੇ ਮੋਢਿਆਂ 'ਤੇ ਦੋਵੇਂ ਹੱਥ ਰੱਖ ਕੇ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦ੍ਰਿੜ ਆਵਾਜ਼ ਵਿਚ ਬੋਲੀ, “ਜੱਗੋ ਸਾਈਨ ਮੈਂ ਕਰਾਂਗੀ। ਪਹਿਲੋਂ ਤੂੰ ਮੇਰੇ ਨਾਲ ਇਹ ਵਾਅਦਾ ਕਰ, ਜੋ ਮੈਂ ਤੈਨੂੰ ਦੱਸਣ ਲੱਗੀ ਆਂ, ਓਹ ਸੁਣਕੇ ਤੂੰ ਰੋਏਂਗੀ ਨਹੀਂ। ਤੈਨੂੰ ਬਾਬੇ ਦੀ ਸਹੁੰ।”
ਫੇਰ ਉਸਨੇ ਜੈਗ ਦਾ ਹੱਥ ਫੜ ਕੇ ਆਪਣੇ ਹੱਥਾਂ ਵਿਚ ਘੁੱਟ ਲਿਆ, “ਜੱਗੋ ਵਾਅਦ ਕਰ ਤੂੰ, ਮੈਂ ਜੋ ਮੰਗਾਂ ਦਏਂਗੀ। ਹੋਰ ਕੋਈ ਨਹੀਂ ਦੇ ਸਕਦਾ, ਖ਼ੁਦ ਭਗਵਾਨ ਵੀ ਨਹੀਂ। ਬੋਲ ਦਏਂਗੀ?”
ਜੈਗ ਹੈਰਾਨ-ਜਿਹੀ ਬੈਠੀ ਸੱਸ ਵੱਲ ਤੱਕਦੀ ਰਹੀ। ਉਸਦੇ ਚੇਤਿਆਂ ਵਿਚ ਦੂਰ-ਦੂਰ ਤੀਕ ਕੋਈ  ਦੁੱਖਾਂਤ ਨਹੀਂ ਸੀ ਫੇਰ ਇਹ ਸਭ ਕਿਉਂ ਕਹਿ ਰਹੇ ਨੇ ਮੰਮੀ ਜੀ?
“ਮੈਂ ਕੀ ਦਿਆਂ ਮੰਮੀ ਜੀ?”
“ਮੇਰਾ ਸੱਤਾ।”
“ਕੀ? ਮੈਂ ਉਸਨੂੰ ਛੱਡ ਦਿਆਂ?”
“ਨਾ ਬੱਲੀ ਨਾ। ਰੱਬ ਰੱਖੇ ਤੈਨੂੰ! ਸੱਤਾ ਬਸ ਹੁਣ ਏਥੇ ਐ।” ਕਹਿੰਦੀ-ਕਹਿੰਦੀ ਛਿੰਦੋ ਨੇ ਆਪਣੀ ਹਥੇਲੀ ਜੈਗ ਦੇ ਗਰਭ 'ਤੇ ਟਿਕਾਅ ਦਿੱਤੀ। ਉਸਦੀ ਆਵਾਜ਼ ਕੰਬ ਰਹੀ ਸੀ, ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ।
ਜੈਗ ਨੇ ਦੋਵਾਂ ਹੱਥਾਂ ਨਾਲ ਉਸਨੂੰ ਝੰਜੋੜਿਆ।
“ਕੀ ਗੱਲ ਏ, ਦੱਸੋ ਵੀ?”
“ਸੱਤਾ ਨਹੀਂ ਰਿਹਾ ਦੁਨੀਆਂ 'ਚ। ਬਸ ਓਹਦੀ ਨਿਸ਼ਾਨੀ ਤੇਰੇ ਕੋਲ ਏ। ਓਹਨੂੰ ਸੰਭਾਲ ਪੁੱਤਰ। ਪੱਥਰ ਹੋ ਜਾ ਮੇਰੇ ਵਾਂਗ ਪਰ ਰੋਈਂ ਨਾ।”
ਜੈਗ ਪੱਥਰ ਹੋ ਗਈ। ਸਾਰੀ ਕਹਾਣੀ ਤਾਂ ਉਸਨੂੰ ਹੌਲੀ-ਹੌਲੀ ਪਤਾ ਲੱਗੀ। ਰੋਣ ਲਈ ਸਾਰੀ ਉਮਰ ਪਈ ਸੀ। ਜੇ ਛਿੰਦੋ ਨੇ ਇਕਲੌਤਾ ਪੁੱਤਰ ਗੰਵਾਅ ਕੇ ਏਨੀ ਹਿੰਮਤ ਕਰ ਲਈ ਸੀ ਤਾਂ ਉਸਨੇ ਵੀ ਤਾਂ ਇਕਲੌਤੇ ਪੁੱਤਰ ਦੀ ਰੱਖਿਆ ਕਰਨੀ ਸੀ।
ਦੋ ਹਫ਼ਤੇ ਹੋ ਚੁੱਕੇ ਸਨ ਸਤਵੰਤ ਸਿੰਘ ਨੂੰ ਮਰਿਆਂ।
ਸਤਵੰਤ ਸਿੰਘ ਦੀ ਅਰਥੀ ਪੁਲਿਸ ਬੈਂਡ ਨਾਲ ਗੁਰਦੁਆਰੇ ਲਿਆਂਦੀ ਗਈ। ਪੂਰੀ ਹਾਈ ਸਟ੍ਰੀਟ 'ਚ ਇਕ ਘੰਟੇ ਲਈ ਟਰੈਫ਼ਿਕ ਜਾਮ ਹੋ ਗਿਆ, ਜਿਸ ਦਾ ਸੰਚਾਲਨ ਟਰੈਫ਼ਿਕ ਪੁਲਿਸ ਨੇ ਕੀਤਾ। ਲਗਭਗ ਸੌ ਵਰਦੀਧਾਰੀ ਪੁਲਿਸ ਕਰਮਚਾਰੀ ਅਰਥੀ ਨੂੰ ਘੇਰ ਕੇ ਚੱਲ ਰਹੇ ਸਨ। ਅਰਥੀ ਨੂੰ ਪੁਲਿਸ ਦੀ ਵਿਸ਼ੇਸ਼ ਕਾਲੇ ਘੋੜਿਆਂ ਵਾਲੀ ਬੱਘੀ ਵਿਚ ਰੱਖਿਆ ਗਿਆ ਸੀ। ਉਸਦੇ ਪਿੱਛੇ ਕਾਲੀ ਰੋਲਸ ਰਾਏਸ ਗੱਡੀ ਵਿਚ ਛਿੰਦੋ, ਜੈਗ, ਮੌਲੀ ਤੇ ਮੱਖਣ ਸਿੰਘ ਬੈਠੇ ਸਨ। ਚਾਰ ਹੋਰ ਕਾਲੀਆਂ ਗੱਡੀਆਂ ਨਾਲ ਸਨ, ਜਿਹਨਾਂ ਵਿਚ ਪੁਲਿਸ ਅਫ਼ਸਰ ਬੈਠੇ ਸਨ।
ਸਿੱਖ ਸਮਾਜ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ। ਲਗਭਗ ਇਕ ਹਜ਼ਾਰ ਬੰਦੇ ਸਫੇਦ ਪੱਗਾਂ ਵਿਚ ਅਰਥੀ ਦੇ ਨਾਲ ਤੁਰੇ ਸਨ। ਗੁਰਦੁਆਰੇ ਦਾ ਗ੍ਰੰਥੀ ਉਸਦੇ ਅੱਗੇ ਸੀ। ਅਰਥੀ ਚੁੱਕਣ ਵਾਲੇ ਜਵਾਨ ਵੀ ਪੁਲਿਸ ਵਰਦੀ ਵਿਚ ਸਨ। ਸਾਰੇ ਅੱਗੇ-ਅੱਗੇ ਤੇ ਪਿੱਛੇ ਪੁਲਿਸ ਦਾ ਝੰਡਾ ਚੁੱਕੀ ਇਕ ਘੋੜ ਸਵਾਰ।
ਜਦੋ ਤੀਕ ਪੂਰਾ ਸੰਸਕਾਰ ਨਹੀਂ ਹੋ ਗਿਆ, ਪੁਲਿਸ ਅਫ਼ਸਰ ਸ਼ਾਂਤ ਬੈਠੇ ਰਹੇ। ਕੈਥੀ ਸੋਗੀ ਕਾਲੀ ਡਰੈੱਸ ਤੇ ਲੈਸਵਾਲੀ ਕਾਲੀ ਹੈਟ ਵਿਚ ਨਾਲ  ਆਈ ਸੀ। ਉਸਦੀਆਂ ਅੱਖਾਂ ਪਰਲ-ਪਰਲ ਵਗ ਰਹੀਆਂ ਸਨ।
ਜਦੋਂ ਦਾਹਮਸ਼ੀਨ ਦਾ ਬਟਨ ਨੱਪਿਆ ਗਿਆ ਤਾਂ ਸਤਵੰਤ ਸਿੰਘ ਦੇ ਸਨਮਾਨ ਵਿਚ ਰਾਈਫਲਾਂ ਦਾਗ਼ ਕੇ ਅੰਤਿਮ ਸਲਾਮੀ ਦਿੱਤੀ ਗਈ।
ਚੌਥੇ ਵਾਲੇ ਦਿਨ ਪਾਠ ਦੇ ਪਿੱਛੋਂ ਕਿਸੇ ਮਿਲਣ ਵਾਲੀ ਨੇ ਪੁੱਛਿਆ...:
“ਨੀਂ ਛਿੰਦੋ ਤੂੰ ਏਨ੍ਹਾਂ ਮਰ ਜਾਣਿਆਂ 'ਤੇ ਮੁਕੱਦਮਾਂ ਕਿਉਂ ਨਹੀਂ ਕੀਤਾ?”
ਛਿੰਦੋ ਨੇ ਦੂਰ ਆਸਮਾਨ ਵੱਲ ਤੱਕਦਿਆਂ ਹੋਇਆਂ ਕਿਹਾ, “ਨੀਂ ਸੱਤੇ ਦੀ ਚਿੱਟੀ ਚਾਦਰ ਨੂੰ ਦਾਗ਼ ਕਿਸ ਤਰ੍ਹਾਂ ਲਾ ਦੇਂਦੀ? ਆਪਣੀ ਮੌਤ ਮਰਿਆ—ਉਸਦੀ ਆਈ ਸੀ। ਜੋ ਵਾਹਿਗੁਰੂ ਜੀ ਦੀ ਮਰਜ਼ੀ।”
ਦੋ ਮਹੀਨੇ ਬਾਅਦ ਛਿੰਦੋ ਦੇ ਪੋਤਾ ਹੋਇਆ। ਛਿੰਦੋ ਨੇ ਨਾਮ-ਅੱਖਰ ਕਢਵਾਇਆ ਤਾਂ 'ਸੱਸਾ' ਈ ਨਿਕਲਿਆ। ਛਿੰਦੋ ਨੇ ਉਸਦਾ ਨਾਂ ਸਤਨਾਮ ਸਿੰਘ ਰੱਖਿਆ।
ਜੈਗ ਨੇ ਟੈਕਸੀ ਕੰਪਨੀ ਖੋਲ੍ਹ ਲਈ। ਅੱਜ ਦੀ ਤਾਰੀਖ਼ ਵਿਚ ਉਸਦੀ ਫਲੀਟ 'ਚ ਲੀਮੂਸੀਨ, ਰੋਲਸ ਰਾਏਸ, ਟੂਰ ਕੋਚ ਵਗ਼ੈਰਾ ਸਭ ਨੇ। ਮਰਨਾ ਹੋਏ, ਸ਼ਾਦੀ ਹੋਏ, ਕੋਚ ਟ੍ਰਿਪ ਹੋਏ, 'ਸੱਤਾ ਐਂਡ ਸੱਤਾ ਟੈਕਸੀਜ' ਹਾਜ਼ਰ ਏ। ਜੈਗ ਦਾ ਸਭ ਤੋਂ ਚੰਗਾ ਗਾਹਕ ਏ ਸਥਾਨਿਕ ਪੁਲਿਸ ਵਿਭਾਗ।

*** *** ***

   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
   ਮੋਬਾਇਲ ਨੰ : 94177-30600.

No comments:

Post a Comment