Tuesday, November 26, 2013

ਕੱਟ ਟੂ ਦਿੱਲੀ—ਕਹਾਣੀ ਵਿਚ ਪ੍ਰਧਾਨਮੰਤੀ ਦਾ ਪ੍ਰਵੇਸ਼-1




  ਕੱਟ ਟੂ ਦਿੱਲੀ—ਕਹਾਣੀ ਵਿਚ ਪ੍ਰਧਾਨਮੰਤੀ ਦਾ ਪ੍ਰਵੇਸ਼-1

        ਲੇਖਕ : ਉਮਾ ਸ਼ੰਕਰ ਚੌਧਰੀ
    
 ਅਨੁਵਾਦ : ਮਹਿੰਦਰ ਬੇਦੀ, ਜੈਤੋ


ਘੱਟੋ ਘੱਟ ਇਸ ਗੱਲ ਨਾਲ ਤਾਂ ਅਸੀਂ ਸਾਰੇ ਸਹਿਮਤ ਹੋਵਾਂਗੇ ਕਿ ਕਿਸੇ ਪਾਤਰ ਦਾ ਨਾਂ ਬੱਚਾ ਬਾਬੂ ਕੋਈ ਵਧੀਆ ਨਾਂ ਨਹੀਂ ਹੈ। ਪਰ ਜਦੋਂ ਪਾਤਰ ਦਾ ਨਾਂ ਸੱਚਮੁੱਚ ਇਹੀ ਹੋਵੇ ਤਾਂ ਅਸੀਂ ਤੁਸੀਂ ਕੀ ਕਰ ਸਕਦੇ ਹਾਂ! ਵੈਸੇ ਬੱਚਾ ਬਾਬੂ ਦਾ ਨਾਂ ਸਕੂਲ ਦੇ ਰਜਿਸਟਰ ਜਾਂ ਪਟਵਾਰੀ ਦੇ ਖਾਤਿਆਂ ਵਿਚ ਬੱਚਾ ਸਿੰਘ ਨਹੀਂ ਬਲਕਿ ਬਿੰਦੇਸ਼ਵਰੀ ਸਿੰਘ ਹੈ। ਪਰ ਹੁਣ ਬੱਚਾ ਬਾਬੂ ਨਾਂ ਮਸ਼ਹੂਰ ਹੋ ਗਿਆ—ਤਾਂ ਬਸ ਹੋ ਗਿਆ। ਇਸ ਲਈ ਅਸੀਂ ਵੀ ਇਸ ਕਹਾਣੀ ਵਿਚ ਉਹਨਾਂ ਦਾ ਇਹੋ ਨਾਂ ਇਸਤੇਮਾਲ ਕਰਾਂਗੇ।
ਬੱਚਾ ਬਾਬੂ ਦਾ ਨਾਂ ਬੱਚਾ ਬਾਬੂ ਕਿਉਂ ਪਿਆ ਇਸਨੂੰ ਕਿਸੇ ਹੋਰ ਤਰਕ ਨਾਲ ਸਮਝਣ ਨਾਲੋਂ ਬਿਹਤਰ ਹੈ ਕਿ ਉਹਨਾਂ ਦੇ ਅੱਜ ਦੇ ਕੱਦ-ਕਾਠ ਨੂੰ ਇਕ ਵਾਰੀ ਦੇਖ ਲਿਆ ਜਾਵੇ। ਉਹਨਾਂ ਨੂੰ ਇਸ ਉਮਰ ਵਿਚ ਵੀ ਦੇਖੀਏ ਤਾਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੀ ਜਵਾਨੀ ਦੇ ਦਿਨਾਂ ਵਿਚ ਵੀ ਬੱਚੇ ਹੀ ਲੱਗਦੇ ਹੋਣਗੇ। ਉਹਨਾਂ ਦੀ ਲੰਬਾਈ ਖਾਸੀ ਛੋਟੀ ਸੀ ਤੇ ਆਪਣੇ ਬਚਪਨ ਵਿਚ ਉਹ ਯਕਦਮ ਇਕਹਿਰੇ ਸਰੀਰ ਦੇ ਸਨ। ਹੁਣ ਤਾਂ ਖ਼ੈਰ ਉਹਨਾਂ ਦਾ ਡੀਲਡੌਲ ਕਾਫੀ ਭਰ ਗਿਆ ਸੀ। ਪਰ ਇਸ ਪਚਵੰਜਾ-ਸਤਵੰਜਾ ਦੀ ਉਮਰ ਵਿਚ ਵੀ ਉਹਨਾਂ ਦੇ ਚਿਹਰੇ ਉੱਤੇ ਦਾੜ੍ਹੀ ਮੁੱਛਾਂ ਬਹੁਤੀਆਂ ਸੰਘਣੀਆਂ ਨਹੀਂ ਸਨ। ਉਹ ਦਿਨ ਉਹਨਾਂ ਦੇ ਬਚਪਨ ਦਾ ਹੀ ਕੋਈ ਦਿਨ ਹੋਵੇਗਾ ਜਦੋਂ ਉਹਨਾਂ ਦੀ ਦਿੱਖ ਕਰਕੇ ਲੋਕਾਂ ਉਹਨਾਂ ਨੂੰ 'ਬੱਚਾ, ਬੱਚਾ' ਕਹਿਣਾ ਸ਼ੁਰੂ ਕਰ ਦਿੱਤਾ ਹੋਵੇਗਾ ਤੇ ਫੇਰ ਬਿੰਦੇਸ਼ਵਰੀ ਸਿੰਘ ਤਾਂ ਬਸ ਕਾਗਜ਼ਾਂ ਦਾ ਨਾਂ ਬਣ ਕੇ ਹੀ ਰਹਿ ਗਿਆ ਹੋਵੇਗਾ।
ਉਹਨਾਂ ਦਾ ਕੱਦ ਛੋਟਾ ਸੀ ਤੇ ਉਹ ਗੋਲ-ਮਟੋਲ ਜਿਹੇ ਸਨ, ਇਸ ਲਈ ਸੜਕ ਉੱਤੇ ਤੁਰਦੇ ਹੋਏ ਦੂਰੋਂ ਕਿਸੇ ਆਂਡੇ ਵਾਂਗ ਦਿਸਦੇ ਸਨ। ਦੂਰੋਂ ਆਉਂਦਾ ਹੋਇਆ ਆਂਡਾ। ਦੂਰ ਜਾਂਦਾ ਹੋਇਆ ਆਂਡਾ। ਦਾਤਨ ਕਰਦਾ ਹੋਇਆ ਆਂਡਾ। ਖ਼ੂਹ ਵਿਚੋਂ ਪਾਣੀ ਭਰਦਾ ਹੋਇਆ ਆਂਡਾ। ਉਹ ਧੋਤੀ ਕੁੜਤਾ ਪਾਉਂਦੇ ਸਨ ਇਸ ਲਈ ਉਹਨਾਂ ਨੂੰ ਆਂਡੇ ਵਰਗਾ ਦਿਖਾਉਣ ਵਿਚ ਧੋਤੀ ਦਾ ਫ਼ੈਲਾਅ ਖਾਸੀ ਮਦਦ ਕਰਦਾ ਸੀ। ਉਹਨਾਂ ਦਾ ਰੰਗ ਗੋਰਾ ਸੀ ਤੇ ਉਹਨਾਂ ਦੇ ਚਿਹਰੇ ਉੱਤੇ ਹਮੇਸ਼ਾ ਮੁਸਕਾਨ ਰਹਿੰਦੀ ਸੀ ਇਸ ਲਈ ਕਿਸੇ ਨੂੰ ਵੀ ਪਹਿਲੀ ਨਜ਼ਰ ਵਿਚ ਉਹ ਪਿਆਰੇ ਲੱਗਦੇ ਸਨ—ਇਕ ਪਿਆਰਾ-ਜਿਹਾ ਆਂਡਾ।
ਪਰ ਬੱਚਾ ਬਾਬੂ ਦੀ ਇਸ ਆਦਤ ਦਾ ਜ਼ਿਕਰ ਕੀਤੇ ਬਿਨਾਂ ਉਹਨਾਂ ਦੇ ਆਕਾਰ ਪ੍ਰਕਾਰ ਨੂੰ ਉਲੀਕ ਸਕਣਾ ਸੰਭਵ ਨਹੀਂ। ਉਹ ਜਦੋਂ ਵੀ ਬੋਲਦੇ ਸਨ ਤਾਂ ਪਹਿਲੇ ਸ਼ਬਦ ਨੂੰ ਬੋਲਣ ਤੋਂ ਪਹਿਲਾਂ ਇਕ ਵਾਰੀ ਉਸਨੂੰ ਮੂੰਹ ਵਿਚ ਚਬਾਉਂਦੇ ਸਨ ਤੇ ਫੇਰ ਥੁੱਕ ਨਾਲ ਨਿਗਲ ਜਾਂਦੇ ਸਨ। ਇੰਜ ਮੂੰਹ ਚਲਾਉਣ ਵਿਚ ਇਕ ਖਾਸ ਗੱਲ ਇਹ ਸੀ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਬੋਲਣਾ ਹੁੰਦਾ ਸੀ ਉਸੇ ਸ਼ਬਦ ਨੂੰ ਉਹ ਮੂੰਹ ਵਿਚ ਚਬਾਉਂਦੇ ਸਨ। ਜਿਵੇਂ ਜਿਸ ਸ਼ਬਦ ਨੂੰ ਵੀ ਉਹਨਾਂ ਨੇ ਬੋਲਣਾ ਹੋਵੇ ਪਹਿਲਾਂ ਚੱਬ ਕੇ ਉਸਦੇ ਵਜੂਦ ਨੂੰ ਉਹ ਖ਼ਤਮ ਕਰ ਦੇਣਾ ਚਾਹੁੰਦੇ ਹੋਣ। ਜਿਵੇਂ ਜੇ ਉਹਨਾਂ ਨੇ ਇਹ ਬੋਲਣਾ ਹੋਵੇ ਕਿ 'ਅੱਜ ਗਰਮੀ ਬਹੁਤ ਏ' ਤਾਂ ਉਹ 'ਅੱਜ' ਸ਼ਬਦ ਨੂੰ ਪਹਿਲਾਂ ਮੂੰਹ ਵਿਚ ਚੱਬਦੇ ਸਨ ਤੇ ਫੇਰ ਥੁੱਕ ਨਾਲ ਨਿਗਲ ਲੈਂਦੇ ਸਨ। ਇਸ ਤਰ੍ਹਾਂ ਉਹ 'ਅੱਜ' ਸ਼ਬਦ ਨੂੰ ਦੋ ਵਾਰੀ ਬੋਲਦੇ ਸਨ ਇਕ ਵਾਰੀ ਉਸਦੇ ਵਜੂਦ ਨੂੰ ਖ਼ਤਮ ਕਰਨ ਲਈ ਤੇ ਦੂਜੀ ਵਾਰੀ ਆਪਣੀ ਗੱਲ ਕਹਿਣ ਲਈ। ਜਿਹੜੇ ਲੋਕ ਉਹਨਾਂ ਦੀ ਇਸ ਆਦਤ ਨੂੰ ਜਾਣਦੇ ਸਨ (ਪਿੰਡ ਦੇ ਲਗਭਗ ਸਾਰੇ ਲੋਕ ਹੀ ਇਹ ਜਾਣ ਸਨ) ਉਹ ਉਹਨਾਂ ਦੇ ਉਸ ਮੂੰਹ ਚਬਾਉਣ ਦੀ ਪ੍ਰਕ੍ਰਿਆ ਤੋਂ ਹੀ ਪਤਾ ਲਾ ਲੈਂਦੇ ਸਨ ਕਿ ਬੱਚਾ ਬਾਬੂ ਹੁਣ ਕਿਹੜੇ ਸ਼ਬਦ ਨਾਲ ਆਪਣੀ ਗੱਲ ਦੀ ਸ਼ੁਰੂਆਤ ਕਰਨਗੇ। ਬੱਚਾ ਬਾਬੂ ਠੇਠ ਪੇਡੂ ਆਦਮੀ ਸਨ ਤੇ ਮੋਢੇ ਉੱਤੇ ਪਰਨਾਂ ਰੱਖ ਕੇ ਪਾਨ ਚਬਾਉਂਦੇ ਸਨ। ਉਹਨਾਂ ਕੋਲ ਪਾਨ ਰੱਖਣ ਲਈ ਆਪਣੀ ਪਾਨਦਾਨੀ ਸੀ। ਕੱਪੜੇ ਵਿਚ ਰੱਖੇ ਹੋਏ ਪਾਨ ਦੇ ਪੱਤੇ ਉਹ ਹਰ ਮੰਗਲ ਤੇ ਸ਼ੁਕਰਵਾਰ ਨੂੰ ਨਾਲ ਵਾਲੇ ਪਿੰਡ ਵਿਚ ਲੱਗਣ ਵਾਲੇ ਹਾਟ ਬਾਜ਼ਾਰ 'ਚੋਂ ਖ਼ਰੀਦ ਲਿਆਉਂਦੇ। ਉਹ ਪਾਨ ਖਾਂਦੇ ਸਨ ਤੇ ਉਹਨਾਂ ਦੇ ਕੁੜਤੇ ਉੱਤੇ ਅਕਸਰ ਪਾਨ ਦੇ ਦਾਗ਼ ਦਿਸਦੇ ਸਨ। ਉਹਨਾਂ ਦੇ ਕੁੜਤੇ ਦੇ ਦਾਗ਼ ਉਹਨਾਂ ਦੀ ਮਾਸੂਮੀਅਤ ਨੂੰ ਹੋਰ ਵਧਾ ਦਿੰਦੇ ਸਨ। ਉਹਨਾਂ ਦੀ ਪਤਨੀ ਵੀਲ ਤੇ ਹਿਪੋਲਿਨ ਨਾਲ ਕੱਪੜੇ ਧੋਂਦੀ ਸੀ। ਸਿਰਫ਼ ਐਕਸਲ ਉਹਨਾਂ ਦੇ ਘਰ ਨਹੀਂ ਸੀ ਆਉਂਦਾ—ਇਸ ਲਈ ਉਹ ਪਾਨ ਦੇ ਉਹਨਾਂ ਦਾਗ਼ਾਂ ਨੂੰ ਦੇਖ ਕੇ ਇੰਜ ਨਹੀਂ ਸੀ ਕਹਿ ਸਕਦੀ ਕਿ—'ਦਾਗ਼ ਅੱਛੇ ਹੈਂ'।
ਪਰ ਯਕਦਮ ਸ਼ੁਰੂਆਤ ਵਿਚ ਹੀ ਇਸ ਸਵਾਲ ਦੇ ਰੂ-ਬ-ਰੂ ਹੋ ਜਾਣਾ ਵੀ ਜ਼ਰੂਰੀ ਹੈ ਕਿ ਆਖ਼ਰ ਅਸੀਂ ਇਕ ਭੱਦੇ, ਆਂਡੇ ਵਰਗੇ ਦਿਸਣ ਵਾਲੇ ਆਦਮੀ ਦੀ ਕਹਾਣੀ ਇੱਥੇ ਕਿਉਂ ਲਿਖ ਰਹੇ ਹਾਂ? ਜਦੋਂ ਉਹਨਾਂ ਵਰਗੇ ਆਦਮੀ ਨੂੰ ਅੱਜ ਕੋਈ ਪੁੱਛਦਾ ਤਕ ਨਹੀਂ ਤਾਂ ਮੈਂ ਉਹਨਾਂ ਨੂੰ ਆਪਣੀ ਕਹਾਣੀ ਦਾ ਹੀਰੋ ਕਿਉਂ ਬਣਾ ਰਿਹਾ ਹਾਂ? ਤਾਂ ਇੱਥੇ ਪਹਿਲਾਂ ਹੀ ਲਿਖਿਆ ਜਾ ਰਿਹਾ ਹੈ ਕਿ ਇਹ ਕਹਾਣੀ ਨੂੰ ਸੱਚ ਦੇ ਵੱਧ ਤੋਂ ਵੱਧ ਨੇੜੇ ਲੈ ਜਾਣ ਦਾ ਇਕ ਯਤਨ ਹੈ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸੱਚ ਅਜੀਬ ਤਾਂ ਹੁੰਦਾ ਹੀ ਹੈ। ਤੇ ਅਜੀਬ ਅਜੇ ਕਿੱਥੇ ਹੋਇਆ ਹੈ। ਅਜੇ ਤਾਂ ਅੱਗੇ ਕਹਾਣੀ ਵਿਚ ਇਹੋ-ਜਿਹੇ ਪਾਤਰ ਆਉਣਗੇ ਜਿਹੜੇ ਏਨੇ ਅਜੀਬ ਨੇ ਕਿ ਤੁਹਾਨੂੰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਵੇਗਾ।
ਪਰ ਇਹ ਵੀ ਬਿਲਕੁਲ ਸ਼ੁਰੂਆਤ ਵਿਚ ਹੀ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਤੁਹਾਨੂੰ ਇਹ ਕਹਾਣੀ ਪੜ੍ਹਦਿਆਂ ਹੋਇਆਂ ਬਹੁਤ ਸਾਰੀਆਂ ਗੱਲਾਂ ਹੈਰਾਨੀ-ਭਰਪੂਰ ਲੱਗਣ ਪਰ ਅੰਤ ਵਿਚ ਤੁਸੀਂ ਵੀ ਮੰਨੋਗੇ ਕਿ ਮੈਂ ਜੋ ਕਿਹਾ ਸਭ ਸੱਚ ਹੀ ਸੀ।
ਸੱਚ ਦੇ ਵੀ ਅਜੀਬ-ਅਜੀਬ ਰੂਪ-ਰੰਗ ਹੁੰਦੇ ਨੇ।
ਸਾਨੂੰ ਬੱਚਾ ਬਾਬੂ ਨਾਂ ਭਾਵੇਂ ਕਿੰਨਾ ਵੀ ਅਜੀਬ ਲੱਗੇ ਜਾਂ ਫੇਰ ਉਹਨਾਂ ਦਾ ਬਾਹਰੀ ਵਿਅਕਤੀਤੱਵ ਜਿੰਨਾ ਵੀ ਅਟਪਟਾ ਲੱਗੇ ਪਰ ਬੱਚਾ ਬਾਬੂ ਉਸ ਚਿੜੈਯਾਟਾਰ ਪਿੰਡ ਦੀ ਸ਼ਾਨ ਸਨ। ਅੱਜ ਜੇ ਦੂਰ-ਦੂਰ ਤਕ ਲੋਕ ਇਸ ਪਿੰਡ ਨੂੰ ਜਾਣਦੇ ਨੇ ਤਾਂ ਇਸ ਲਈ ਨਹੀਂ ਕਿ ਇਸ ਪਿੰਡ ਦੀ ਹਵਾ ਬੜੀ ਸਵੱਛ ਹੈ ਜਾਂ ਇਸ ਲਈ ਵੀ ਨਹੀਂ ਕਿ ਇਸ ਪਿੰਡ ਵਿਚ ਇਕ ਰਿਕਸ਼ਾ ਚਲਾਉਣ ਵਾਲੇ ਰਾਜੂ ਨੇ ਆਪਣੇ ਨਾਲੋਂ ਵੱਡੀ ਉਮਰ ਦੀ ਰਜੀਆ ਨਾਲ ਵਿਆਹ ਕਰ ਲਿਆ ਸੀ। ਦੂਰ-ਦੂਰ ਤਕ ਇਹ ਪਿੰਡ ਸਿਰਫ਼ ਇਸ ਲਈ ਯਾਦ ਕੀਤਾ ਜਾਂਦਾ ਹੈ ਕਿ ਇਸ ਪਿੰਡ ਵਿਚ ਬੱਚਾ ਬਾਬੂ ਰਹਿੰਦੇ ਸਨ। ਨਹੀਂ ਤਾਂ ਇਸ ਛੋਟੇ-ਜਿਹੇ ਪਿੰਡ ਨਾਲ ਲੋਕਾਂ ਦੀ ਜਾਣ-ਪਛਾਣ ਹੋਣ ਦਾ ਕੋਈ ਵਾਜਬ ਕਾਰਨ ਸਮਝ ਵਿਚ ਨਹੀਂ ਆਉਂਦਾ। ਇਸ ਪਿੰਡ ਵਿਚ ਹੜ੍ਹ ਕਾਰਨ ਲੇਖਕਾਂ ਨੂੰ ਮਿਲਣ ਵਾਲੇ ਵਿਸ਼ੇ ਦੇ ਸਿਵਾਏ ਹੋਰ ਹੈ ਹੀ ਕੀ!
ਅਸਲ ਵਿਚ ਬੱਚਾ ਬਾਬੂ ਹੱਡੀ ਜੋੜਨ ਦੇ ਬੜੇ ਮਾਹਰ ਸਨ। ਯਕਦਮ ਸਿੱਧ-ਹਸਤ। ਉਹਨਾਂ ਕੋਲ ਕੋਈ ਡਾਕਟਰੀ ਡਿਗਰੀ ਤਾਂ ਨਹੀਂ ਸੀ ਪਰ ਰੱਬੀ ਦੇਣ ਸਮਝ ਲਓ। ਲੋਕ ਮੰਨਦੇ ਸਨ ਕਿ ਓਹਨਾਂ ਦੇ ਹਿਰਦੇ ਵਿਚ ਸਾਕਸ਼ਾਤ ਈਸ਼ਵਰ ਵੱਸਦਾ ਸੀ। ਲੋਕ ਦੂਰ-ਦੂਰ ਤੋਂ ਬੱਚਾ ਬਾਬੂ ਕੋਲ ਹੱਡੀ ਜੁੜਵਾਉਣ ਆਉਂਦੇ ਸਨ ਤੇ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਹੱਡੀ ਨੂੰ ਜੋੜਨ ਵਿਚ ਬੱਚਾ ਬਾਬੂ ਦਾ ਹੱਥ ਕਦੀ ਨਹੀਂ ਸੀ ਕੰਬਿਆ। ਤੇ ਅਜਿਹੀ ਕੋਈ ਹੱਡੀ ਕਿਸੇ ਦੇ ਸਰੀਰ ਵਿਚ ਨਹੀਂ ਬਣੀ ਸੀ ਜਿਹੜੀ ਬੱਚਾ ਬਾਬੂ ਦੇ ਹੱਥੋਂ ਜੁੜ ਨਾ ਸਕਦੀ ਹੋਵੇ। ਓਹਨਾਂ ਦੀ ਪ੍ਰਸਿੱਧੀ ਬੜੀ ਦੂਰ-ਦੂਰ ਤਕ ਸੀ ਤੇ ਓਹਨਾਂ ਦੇ ਹੱਡੀ ਜੋੜਨ ਦੇ ਅਨੇਕ ਅਨੋਖੇ ਕਿੱਸੇ ਕਈ ਜਿਲ੍ਹਿਆਂ ਤਕ ਫ਼ੈਲੇ ਹੋਏ ਸਨ। ਜਿਸ ਬੱਚਾ ਨਾਂ ਉੱਤੇ ਬੱਚਾ ਬਾਬੂ ਕਦੀ ਖ਼ੁਸ਼ ਨਹੀਂ ਸਨ ਹੋਏ—ਓਹੀ ਨਾਂ ਇੱਥੋਂ, ਓਥੇ ਤਕ ਫ਼ੈਲ ਗਿਆ ਸੀ। ਤੇ ਸੱਚਮੁੱਚ ਇਹ ਨਾਂ ਮਾਣ ਦਾ ਇਕ ਵਿਸ਼ਾ ਬਣ ਗਿਆ ਸੀ।
ਬੱਚਾ ਬਾਬੂ ਦੇ ਅੰਦਰ ਕਦੋਂ ਇਸ ਦੈਵੀ ਸ਼ਕਤੀ ਦਾ ਪ੍ਰਵੇਸ਼ ਹੋਇਆ ਤੇ ਠੀਕ ਕਿਸ ਦਿਨ ਤੋਂ ਓਹਨਾਂ ਨੇ ਇਸ ਨੂੰ ਇਕ ਰੋਜ਼ਗਾਰ ਦੇ ਰੂਪ ਵਿਚ ਲਿਆ ਇਹ ਤਾਂ ਲੋਕਾਂ ਨੂੰ ਹੁਣ ਠੀਕ-ਠੀਕ ਯਾਦ ਨਹੀਂ ਹੈ ਪਰ ਲੋਕ ਏਨਾਂ ਜ਼ਰੂਰ ਕਹਿੰਦੇ ਨੇ ਕਿ ਜਦੋਂ ਓਹ ਅੱਠਵੀਂ ਜਮਾਤ ਵਿਚ ਸਨ ਓਦੋਂ ਓਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਹੋਇਆ ਇੰਜ ਸੀ ਕਿ ਓਸ ਸਮੇਂ ਤਿੰਨ ਚਾਰ ਮੁੰਡੇ ਇਕੱਠੇ ਸਕੂਲ ਜਾਂਦੇ ਹੁੰਦੇ ਸਨ। ਚਾਰੇ ਦੋਸਤ ਸਨ। ਪਿੰਡ ਤੋਂ ਸਕੂਲ ਸੱਤ ਕੋਹ ਦੂਰ ਸੀ। ਰਸਤਾ ਕਾਫ਼ੀ ਸੁੰਨਸਾਨ ਸੀ। ਰਸਤੇ ਵਿਚ ਇਕ ਜਗ੍ਹਾ ਦੋਵੇਂ ਪਾਸੇ ਖਾਸਾ ਵੱਡਾ ਇਕ ਬਗ਼ੀਚਾ ਸੀ ਤੇ ਬਗ਼ੀਚੇ ਵਿਚ ਅੰਬ ਦੇ ਵੱਡੇ ਤੇ ਸੰਘਣੇ ਰੁੱਖ ਸਨ। ਉਸ ਬਗ਼ੀਚੇ ਦੀ ਬਾਊਂਡਰੀ ਵਾਂਗ ਰਸਤੇ ਦੇ ਦੋਵੇਂ ਪਾਸੀਂ ਵੱਡੇ-ਵੱਡੇ ਟਾਹਲੀ ਦੇ ਰੁੱਖ ਲੱਗੇ ਸਨ। ਹੁਣ ਅੰਬਾਂ ਦੇ ਇਸ ਸੰਘਣੇ ਬਗ਼ੀਚੇ ਵਿਚੋਂ ਲੰਘਦਿਆਂ ਬੱਚਿਆਂ ਦਾ ਡਰਨਾ ਲਾਜ਼ਮੀ ਸੀ। ਓਹ ਜੇਠ ਦੀ ਦੁਪਹਿਰ ਦਾ ਕੋਈ ਦਿਨ ਸੀ। ਸੂਰਜ ਤਪ ਰਿਹਾ ਸੀ, ਹਵਾ ਬੜੀ ਤੇਜ਼ ਸੀ ਤੇ ਸਕੁਲੋਂ ਛੁੱਟੀ ਹੋ ਗਈ ਸੀ। ਚਾਰੇ ਦੋਸਤ ਸਕੂਲੋਂ ਉਸ ਦੁਪਹਿਰ ਵਿਚ ਘਰ ਪਰਤ ਰਹੇ ਸਨ। ਕਹਿੰਦੇ ਨੇ ਤੇਜ਼ ਹਵਾ ਦੇ ਧੱਕੇ ਨਾਲ ਜਾਂ ਕਿਸੇ ਭੂਤ-ਸ਼ੂਤ ਦੇ ਚੱਕਰ ਕਰਕੇ ਰਸਤੇ ਨੂੰ ਕਤਾਰ ਵਿਚ ਤਬਦੀਲ ਕਰਨ ਵਾਲੇ ਟਾਹਲੀ ਦੇ ਰੁੱਖਾਂ ਵਿਚੋਂ ਇਕ ਰੁੱਖ ਐਨ ਓਹਨਾਂ ਮੁੰਡਿਆਂ ਉੱਤੇ ਆ ਡਿੱਗਿਆ। ਤਿੰਨ ਮੁੰਡਿਆਂ ਨੇ ਤਾਂ ਉਸ ਟਾਹਲੀ ਦੇ ਰੁੱਖ ਨੂੰ ਪਾਰ ਕਰ ਲਿਆ ਸੀ ਪਰ ਜਿਹੜਾ ਇਕ ਮੁੰਡਾ ਫਸਿਆ ਓਹ ਦੀਆਂ ਦੋਵੇਂ ਬਾਹਾਂ ਓਸੇ ਰੁੱਖ ਹੇਠ ਦੱਬੀਆਂ ਗਏ। ਰੁੱਖ ਨੂੰ ਤਾਂ ਖ਼ੈਰ ਤਿੰਨਾਂ ਦੋਸਤਾ ਨੇ ਰਲ ਕੇ ਚੁੱਕ ਦਿੱਤਾ ਪਰ ਦੋਸਤ ਦੀਆਂ ਦੋਵਾਂ ਬਾਹਾਂ ਦੀਆਂ ਹੱਡੀਆਂ ਕੁਹਣੀ ਕੋਲੋਂ ਚਮੜੀ ਦੇ ਅੰਦਰੋਂ ਪੰਜ-ਪੰਜ ਉਂਗਲ ਬਾਹਰ ਨਿਕਲ ਆਈਆਂ ਸਨ। ਦੋਵੇਂ ਹੱਥ ਝੂਲ ਰਹੇ ਸਨ। ਜਿਸ ਤਰ੍ਹਾਂ ਗਿਰਗਿਟ ਦੀ ਪੂਛ ਕੱਟੀ ਜਾਣ ਪਿੱਛੋਂ ਵੀ ਕੁਝ ਦੇਰ ਤਕ ਤੜਫ਼ਦੀ ਤੇ ਕੰਬਦੀ ਰਹਿੰਦੀ ਹੈ ਉਸਦੇ ਦੋਵੇਂ ਹੱਥ ਉਸੇ ਤਰ੍ਹਾਂ ਕੰਬ ਰਹੇ ਸਨ। ਉਸ ਜੇਠ ਦੀ ਦੁਪਹਿਰ ਸਮੇਂ ਰਸਤੇ ਦੇ ਦੋਵੇਂ ਪਾਸੇ ਵੀਰਾਨੀ ਹੀ ਵੀਰਾਨੀ ਸੀ। ਓਦੋਂ ਬੱਚਾ ਸਿੰਘ ਨੇ ਅੱਗਾ ਦੇਖਿਆ ਨਾ ਪਿੱਛਾ ਦੋਵਾਂ ਹੱਥਾਂ ਦੀਆਂ ਕੁਹਣੀਆਂ ਤੁਰੰਤ ਠੀਕ ਕਰ ਦਿੱਤੀਆਂ। ਉਹਨਾਂ ਨੇ ਓਦੋਂ ਕੁਹਣੀਆਂ ਪਹਿਲੀ ਵਾਰੀ ਆਪਣੇ ਹੱਥਾਂ ਵਿਚ ਫੜੀਆਂ ਤੇ ਉਹਨਾਂ ਨੂੰ ਹਲਕੀ ਜਿਹੀ ਕਰਰ ਨਾਲ ਘੁਮਾਅ ਦਿੱਤਾ। ਤੇ ਇਕ ਚੀਸ ਦੇ ਨਾਲ ਬੱਚਾ ਸਿੰਘ ਦਾ ਮਿੱਤਰ ਓਥੇ ਈ ਬੇਹੋਸ਼ ਹੋ ਗਿਆ। ਪਰ ਹੋਸ਼ ਵਿਚ ਆਉਣ ਉੱਤੇ ਦੋਵੇਂ ਹੱਥ ਸਲਾਮਤ ਸਨ।
ਹੁਣ ਜਦੋਂ ਨਾਂ ਹੋ ਜਾਂਦਾ ਹੈ ਤਾਂ ਹਰੇਕ ਤਰ੍ਹਾਂ ਦੀਆਂ ਗੱਲਾਂ ਵੀ ਫ਼ੈਲਦੀਆਂ ਨੇ। ਇਸ ਲਈ ਬੱਚਾ ਬਾਬੂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਫ਼ੈਲੀਆਂ ਹੋਈਆਂ ਹੋਣ ਤਾਂ ਹੈਰਾਨੀ ਵਾਲੀ ਗੱਲ ਨਹੀਂ। ਹੁਣ ਕਹਿਣ ਨੂੰ ਤਾਂ ਲੋਕ ਦੱਬਵੀਂ ਜ਼ਬਾਨ ਵਿਚ ਇਹ ਵੀ ਕਹਿ ਦਿੰਦੇ ਨੇ ਕਿ 'ਬੱਚਾ ਬਾਬੂ ਨੇ ਇਹ ਕਲਾ ਸਿੱਖਣ ਲਈ ਬੜੀ ਸਾਧਨਾ ਕੀਤੀ ਹੈ। ਬੜੇ ਯਤਨ ਕੀਤੇ ਨੇ। ਅਘੋਰੀ ਦੇ ਧੂੰਨਿਆਂ ਉੱਤੇ ਅਘੋਰੀਆਂ ਨਾਲ ਰਹਿ ਕੇ ਓਹਨਾਂ ਨੇ ਹੱਡੀਆਂ ਦੇ ਪੋਰ-ਪੋਰ ਨੂੰ ਸਮਝਿਆ ਏ। ਕਿਓਂ ਕਿ ਅਘੋਰੀ ਨਦੀ ਵਿਚ ਵਹਿੰਦੀ ਲਾਸ਼ ਨੂੰ ਖੋਲ੍ਹ ਕੇ ਖਾਂਦੇ ਸਨ, ਓਦੋਂ ਬੱਚਾ ਬਾਬੂ ਉਹਨਾਂ ਹੱਡੀਆਂ ਦੀ ਸਹੀ ਜਗ੍ਹਾ ਨੂੰ ਉਹਨਾਂ ਦੇ ਕੋਲ ਬੈਠ ਕੇ ਸਮਝਦੇ ਸਨ।' ਗੱਲਾਂ ਭਾਵੇਂ ਜਿਵੇਂ ਵੀ ਹੋਣ ਪਰ ਏਸ ਗੱਲ ਤੋਂ ਇਨਕਾਰ ਨਹੀਂ ਕਿ ਓਹਨਾਂ ਕੋਲ ਇਕ ਹੁਨਰ ਸੀ। ਬਿਲਕੁਲ ਇਕ ਚਮਤਕਾਰ ਵਰਗਾ ਹੁਨਰ। ਤੇ ਓਹਨਾਂ ਸਾਹਮਣੇ ਸਰੀਰ ਦੀਆਂ ਸਾਰੀਆਂ ਹੱਡੀਆਂ ਸਿਰ ਝੁਕਾਉਂਦੀਆਂ ਸਨ।
ਵੈਸੇ ਸੱਚ ਮੰਨੀਏਂ ਤਾਂ ਬੱਚਾ ਬਾਬੂ ਉਸ ਪਿੰਡ ਦੀਆਂ ਪ੍ਰਸਥਿਤੀਆਂ ਦੀ ਉਪਜ ਹੀ ਸਨ। ਸਹੀ ਅਰਥਾਂ ਵਿਚ ਉਹ ਪਿੰਡ ਇਕ ਉਜੱਡ ਪਿੰਡ ਸੀ। ਜੇ ਤੁਸੀਂ ਇਸ ਦੇਸ਼ ਦੇ ਕਿਸੇ ਵੀ ਰਾਜ ਦੇ ਕਿਸੇ ਵੀ ਅਸਲ ਪਿੰਡ ਨੂੰ ਦੇਖਿਆ ਹੋਵੇ ਤਾਂ ਇਸ ਪਿੰਡ ਤੇ ਇਸ ਵਰਗੇ ਹੋਰ ਪਿੰਡਾਂ ਦੀਆਂ ਪ੍ਰਸਥਿਤੀਆਂ ਨੂੰ ਸਮਝਣਾ ਕੋਈ ਖਾਸ ਮੁਸ਼ਕਲ ਨਹੀਂ ਹੈ। ਉਸ ਪਿੰਡ ਵਿਚ ਬਿਜਲੀ ਤਾਂ ਸੀ ਪਰ ਕਿੰਨੀ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਸਕਦਾ ਹੈ ਕਿ ਲੋਕ ਰੰਗੀਨ ਟੈਨੀਵਿਜ਼ਨ ਰੱਖਣ ਤੋਂ ਪ੍ਰਹੇਜ ਕਰਦੇ ਸਨ। ਬਲੈਕ ਐਂਡ ਵਾਈਟ ਟੈਲੀਵਿਜ਼ਨ ਘੱਟੋ-ਘੱਟ ਬੈਟਰੀ ਤੇ ਤਾਂ ਚੱਲ ਪੈਂਦਾ ਸੀ। ਹਾਂ, ਪਰ ਕੇਵਲ ਟੀਵੀ ਤੇ ਸੀਡੀ, ਡੀਵੀਡੀ ਦੀ ਓਥੇ ਵੀ ਭਰਮਾਰ ਸੀ।
ਉੱਥੋਂ ਦੀਆਂ ਸੜਕਾਂ ਬੜੀਆਂ ਟੁੱਟੀਆਂ-ਭੱਜੀਆਂ ਸਨ। ਹਸਪਤਾਲ ਹੈ ਨਹੀਂ ਸੀ ਸੋ ਲੋਕ ਖ਼ੁਦ ਹੀ ਬਿਮਾਰ ਹੋ ਕੇ ਠੀਕ ਹੋ ਜਾਂਦੇ ਸਨ। ਸਕੂਲ ਲਈ ਬੱਚਿਆਂ ਨੂੰ ਕਈ ਕੋਹ ਪੈਦਲ ਤੁਰਨਾ ਪੈਂਦਾ ਸੀ। ਇੰਜ ਨਹੀਂ ਸੀ ਕਿ ਇਸ ਪਿੰਡ ਜਾਂ ਇਸ ਵਰਗੇ ਹੋਰਾਂ ਪਿੰਡਾਂ ਵਿਚ ਕਦੀ ਕੋਈ ਸੁਪਨਾ ਨਹੀਂ ਸੀ ਬੀਜਿਆ ਗਿਆ—ਕਦੀ ਇਹਨਾਂ ਸੂਬਿਆਂ ਦੇ ਹੁਕਮਰਾਨਾ ਨੇ ਵੀ ਇੱਥੋਂ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗਾ ਚਿਕਨਾ ਬਣਾਉਣ ਦਾ ਵਚਨ ਦਿੱਤਾ ਸੀ। ਪਰ ਜਦੋਂ ਤਕ ਫਾਈਲਾਂ ਘੁੰਮ-ਘੁਮਾਅ ਕੇ ਸਹੀ ਟੇਬਲ ਤਕ ਪਹੁੰਚੀਆਂ, ਹੇਮਾ ਮਾਲਿਨੀ ਥੋੜ੍ਹੀ ਬੁੱਢੀ ਹੋ ਗਈ ਤੇ ਫੇਰ ਐਸ਼ਵਰੀਆ ਤੇ ਕਰੀਨਾ ਵਰਗੀਆਂ ਕਈ ਨਾਇਕਾਵਾਂ ਦਾ ਦੌਰ ਆ ਗਿਆ। ਹੁਕਮਰਾਨ ਕਨਫ਼ਿਊਜ ਹੋ ਗਏ ਕਿ ਸੜਕ ਦੇ ਲਈ ਹੇਮਾ ਨੂੰ ਕਸ਼ਟ ਦਿੱਤਾ ਜਾਵੇ ਜਾਂ ਫੇਰ ਇਹਨਾਂ ਨਵੀਆਂ ਸਿਨੇਤਾਰਿਕਾਵਾਂ ਨੂੰ। ਤੇ ਫੇਰ ਨਾਇਕਾਵਾਂ ਦੀ ਏਸੇ ਪ੍ਰਤੀਦੁੰਦਤਾ ਵਿਚ ਇੱਥੋਂ ਦੀਆਂ ਸੜਕਾਂ ਹੋਰ ਚੌਪਟ ਹੁੰਦੀਆਂ ਗਈਆਂ।
ਹਰ ਪਿੰਡ ਵਾਂਗ ਇਸ ਪਿੰਡ ਵਿਚ ਵੀ ਲੋਕ ਖ਼ੂਬ ਲੜਾਈਆਂ, ਝਗੜੇ ਕਰਦੇ ਸਨ। ਜੋਰੂ ਤੇ ਜ਼ਮੀਨ ਦੋਵੇਂ ਇਸ ਮਾਰ-ਕੁਟਾਈ ਦੇ ਮੁੱਢ ਵਿਚ ਹੁੰਦੇ। ਮਾਰ-ਕੁਟਾਈ ਵੀ ਏਨੀ ਕਿ ਹੱਡੀਆਂ ਤਿੜਕ ਜਾਣ। ਹੱਡੀਆਂ ਦੇ ਪੋਰ ਟੁੱਟਣ ਵਿਚ ਵਕਤ ਹੀ ਕਿੰਨਾ ਲੱਗਦਾ ਹੈ ਭਲਾਂ। ਫੁੱਸੜ ਜਿਹੀਆਂ ਗੱਲਾਂ ਉੱਤੇ ਮਾਰ-ਕੁਟਾਈ ਸ਼ੁਰੂ ਹੋ ਜਾਂਦੀ ਸੀ—ਘਰਵਾਲੀ ਨੇ ਥਾਲੀ ਵਿਚ ਰੋਟੀ ਗਰਮ ਨਹੀਂ ਰੱਖੀ ਜਾਂ ਫੇਰ ਇਹ ਕਿ ਸਬਜ਼ੀ ਵਿਚ ਲੂਣ ਥੋੜ੍ਹਾ ਜਾਂ ਵੱਧ ਪੈ ਗਿਆ ਤੇ ਫੇਰ ਪਤੀ ਬੰਦ ਕਮਰੇ ਵਿਚ ਪਤਨੀ ਉੱਤੇ ਸਿਰਫ਼ ਹੱਥ ਨਹੀਂ, ਲੱਤਾਂ ਤੇ ਡੰਡੇ ਵਰ੍ਹਾਉਂਦਾ। ਖੇਤ ਦੀ ਵਾਢ ਥੋੜ੍ਹੀ ਕੁ ਤਿਰਛੀ ਹੋ ਗਈ ਤੇ ਦੂਜੇ ਦੀ ਜ਼ਮੀਨ ਇਕ ਇੰਚ ਇੱਧਰ ਜਾਂ ਫੇਰ ਉੱਧਰ ਜਾਂਦੀ ਰਹੀ, ਫੇਰ ਕੀ, ਮਾਰ-ਕੁੱਟ ਓਦੋਂ ਤਕ ਹੁੰਦੀ ਰਹਿੰਦੀ ਜਦੋਂ ਤਕ ਕਿ 'ਕਰਰ' ਕਰਕੇ ਹੱਡੀਆਂ ਟੁੱਟਣ ਦੀ ਆਵਾਜ਼ ਨਾ ਆਉਂਦੀ।
ਪਿੰਡ ਵਿਚ ਜਦੋਂ ਹੱਡੀਆਂ ਟੁੱਟ ਰਹੀਆਂ ਸਨ ਤਾਂ ਓਹਨਾਂ ਨੂੰ ਜੋੜਨ ਵਾਲਾ ਵੀ ਤਾਂ ਕੋਈ ਨਾ ਕੋਈ ਚਾਹੀਦਾ ਹੀ ਸੀ। ਸੋ ਬੱਚਾ ਬਾਬੂ ਨੇ ਆਪਣੀ ਪੂਰੀ ਜ਼ਿੰਦਗੀ ਇਸ ਲੇਖੇ ਲਾ ਕੇ ਇਸ ਜ਼ਿੰਮੇਵਾਰੀ ਨੂੰ ਸੰਭਾਲ ਲਿਆ। ਬੱਚਾ ਬਾਬੂ ਹੌਲੀ-ਹੌਲੀ ਕਿੰਜ ਮਸ਼ਹੂਰ  ਹੁੰਦੇ ਗਏ ਇਹ ਕ੍ਰਮਵਾਰ ਤਾਂ ਲੋਕਾਂ ਨੂੰ ਯਾਦ ਨਹੀਂ ਪਰ ਉਹਨਾਂ ਦੇ ਇਸ ਪੱਚੀ-ਤੀਹ ਵਰ੍ਹਿਆਂ ਦੇ ਸਫ਼ਰ ਵਿਚੋਂ ਕਈ ਕਹਾਣੀਆਂ ਹੁਣ ਦੰਦ-ਕਥਾਵਾਂ ਬਣ ਚੁੱਕੀਆਂ ਨੇ।
ਇਹ ਪਿੰਡ ਬੜਾ ਕਰੂਰ ਸੀ ਤੇ ਪ੍ਰੇਮ ਦਾ ਘੋਰ ਦੁਸ਼ਮਣ। ਇਹ ਕਿਸ ਨੂੰ ਯਾਦ ਨਹੀਂ ਕਿ ਜਦੋਂ ਉਸ ਦਿਨ ਅਸ਼ਰਫੀ ਕੋਯਰੀ ਦਾ ਉੱਨੀਂ ਸਾਲ ਦਾ ਪੁੱਤਰ ਆਪਣੀ ਅਠਾਰਾਂ ਸਾਲ ਦੀ ਪ੍ਰੇਮਿਕਾ ਦੇ ਘਰ ਰਾਤ ਨੂੰ ਘੁੱਪ ਹਨੇਰੇ ਵਿਚ ਫੜ੍ਹਿਆ ਗਿਆ ਸੀ ਉਦੋਂ ਹੱਡੀਆਂ ਦੇ ਟੁੱਟਣ ਦੀ ਆਵਾਜ਼ ਇਕ ਵਾਰੀ ਨਹੀਂ ਸੀ ਆਈ। ਹੱਡੀਆਂ ਟੁੱਟਣ ਦੀ ਆਵਾਜ਼ ਤਾਂ ਓਦੋਂ ਇਕ ਧੁਨ ਬਣ ਗਈ ਸੀ। ਜਦੋਂ ਉਸ ਪ੍ਰੇਮਕਾ ਦੇ ਪਿਓ ਨੇ ਦਹਾੜਣਾ ਸ਼ੁਰੂ ਕੀਤਾ ਉਦੋਂ ਉਸ ਭੀੜ ਦੇ ਡਰ ਨਾਲ ਅਸ਼ਰਫੀ ਕੋਯਰੀ ਦਾ ਪੁੱਤਰ ਆਪਣੀ ਪ੍ਰੇਮਿਕਾ ਦੇ ਮੰਜੇ ਹੇਠ ਲੁਕ ਗਿਆ। ਤੇ ਫੇਰ ਇਸ ਪਿੰਡ ਦੀ ਰਵਾਇਤ ਅਨੁਸਾਰ ਓਹੀ ਸਭ ਹੋਇਆ।
ਜਦੋਂ ਅਸ਼ਰਫੀ ਨੇ ਆਪਣੇ ਪੁੱਤਰ ਨੂੰ ਮੰਜੀ ਉੱਤੇ ਲੱਦ ਕੇ ਬੱਚਾ ਬਾਬੂ ਦੇ ਵਿਹੜੇ ਵਿਚ ਆ ਰੱਖਿਆ, ਓਦੋਂ ਉਸਦੇ ਬੇਹੋਸ਼ ਪੁੱਤਰ ਦੇ ਸਰੀਰ ਦਾ ਇਕ ਵੀ ਜੋੜ ਸਲਾਮਤ ਨਹੀਂ ਸੀ। ਸੋਟੀਆਂ ਸਿਰਫ਼ ਜੋੜਾਂ ਉੱਤੇ ਮਾਰੀਆਂ ਗਈਆਂ ਸਨ ਤੇ 'ਕਰਰ-ਕਰਰ' ਕਰਕੇ ਸਾਰੇ ਜੋੜ ਆਪਣੀ ਜਗ੍ਹਾ ਤੋਂ ਹਿੱਲ ਗਏ ਸਨ। ਅਸ਼ਰਫੀ ਦਾ ਪੁੱਤਰ ਬਚ ਜਾਵੇਗਾ ਓਦੋਂ ਇਹ ਅਸ਼ਰਫੀ ਨੂੰ ਵੀ ਨਹੀਂ ਸੀ ਲੱਗਦਾ। ਅੱਜ ਏਨੇ ਵਰ੍ਹਿਆਂ ਬਾਅਦ ਵੀ ਅਸ਼ਰਫੀ ਨੂੰ ਪੁੱਛੋ ਤਾਂ ਕਹੇਗਾ 'ਬੱਚਾ ਬਾਬੂ ਦੇ ਹੱਥ ਵਿਚ ਸਾਕਸ਼ਾਤ ਬ੍ਰਹਮਾ ਏ, ਉਹਨਾਂ ਨੇ ਨਵਾਂ ਜੀਵਨ ਦਿੱਤਾ ਏ ਉਸਨੂੰ।' ਓਦੋਂ ਅਸ਼ਰਫੀ ਦੇ ਪੁੱਤਰ ਦਾ ਕੋਈ ਅੰਗ ਸ਼ਾਇਦ ਹੀ ਹੋਵੇ ਜਿੱਥੇ ਪੱਟਾ ਨਾ ਚੜ੍ਹਿਆ ਹੋਵੇ। ਬੱਚਾ ਬਾਬੂ ਓਦੋਂ ਕਈ ਘੰਟੇ ਆਪਣੇ ਕਮਰੇ ਵਿਚ ਬੰਦ ਬੈਠੇ ਰਹੇ ਸਨ, ਇਕੱਲੇ। ਇਕ-ਇਕ ਹੱਡੀ ਨੂੰ ਪਹਿਲਾਂ ਉਹਨਾਂ ਸਹੀ ਜਗ੍ਹਾ ਦਿੱਤੀ। ਜਿਸ 'ਕਰਰ' ਦੀ ਆਵਾਜ਼ ਨਾਲ ਹੱਥੀ ਟੁੱਟੀ ਸੀ, ਉਸੇ 'ਕਰਰ' ਦੀ ਆਵਾਜ਼ ਨਾਲ ਉਸ ਹੱਡੀ ਨੂੰ ਉਸੇ ਜਗ੍ਹਾ ਲਿਆਂਦਾ ਵੀ ਗਿਆ। ਬੱਚਾ ਬਾਬੂ ਪਹਿਲਾਂ ਬੜੀ ਦੇਰ ਤਕ ਹੱਡੀ ਦੀ ਸਹੀ ਜਗ੍ਹਾ ਲੱਭਦੇ ਰਹਿੰਦੇ ਸਨ ਤੇ ਫੇਰ ਇਕ ਹਲਕਾ-ਜਿਹਾ ਘੁਮਾਅ। ਫੇਰ ਇਕ ਹਲਕੀ ਛੋਹ ਤੇ ਫੇਰ ਪੱਟਾ। ਇਕ ਤੋਂ ਦੋ ਮਹੀਨੇ ਲੱਗੇ ਪਰ ਮੁੰਡੇ ਨੂੰ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ ਬੱਚਾ ਬਾਬੂ ਨੇ। ਪੂਰਾ ਪਿੰਡ ਹੈਰਾਨ ਸੀ। ਓਦੋਂ ਇਸ ਪਿੰਡ ਦੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ 'ਘੱਟੋ ਘੱਟ  ਹੁਣ ਹੱਡੀਆਂ ਤੋੜ ਕੇ ਤਾਂ ਕਿਸੇ ਨੂੰ ਮਾਰਿਆ ਨਹੀਂ ਜਾ ਸਕਦਾ ਇੱਥੇ। ਬੱਚਾ ਬਾਬੂ ਨੇ ਇਸ ਮਾਮਲੇ ਵਿਚ ਸਭ ਨੂੰ ਅਮ੍ਰਿਤ ਪਿਆ ਦਿੱਤਾ ਏ।'
ਬੱਚਾ ਬਾਬੂ ਹੱਥ-ਪੈਰ ਜਾਂ ਫੇਰ ਕਿਤੋਂ ਦੀ ਵੀ ਹੱਡੀ ਦੇ ਮਾਹਰ ਸਨ। ਭਾਵੇਂ ਹੱਡੀ ਪੂਰੀ ਤਰ੍ਹਾਂ ਟੁੱਟ ਕੇ ਨੱਬੇ ਡਿਗਰੀ 'ਤੇ ਕਿਓਂ ਨਾ ਝੂਲ ਗਈ ਹੋਵੇ। ਬਸ ਨਸੀਹਤ ਉਹਨਾਂ ਦੀ ਇਹ ਹੁੰਦੀ ਕਿ 'ਜਦੋਂ ਹੱਡੀ ਟੁੱਟ ਜਾਵੇ, ਤੁਰਤ ਜਿਵੇਂ ਦੀ ਤਿਵੇਂ ਕੱਪੜਾ ਬੰਨ੍ਹ ਲਓ। ਕੱਪੜੇ ਵਿਚ ਵੱਝੀ ਹੋਈ ਹੱਡੀ ਸਕੂਨ ਮਹਿਸੂਸ ਕਰਦੀ ਏ।' ਇਹ ਉਹਨਾਂ ਦੇ ਡਾਕਟਰੀ ਇਲਾਜ਼ ਦਾ ਕੋਈ ਹਿੱਸਾ ਨਹੀਂ ਸੀ ਬਲਕਿ ਉਹ ਕਹਿੰਦੇ ਕਿ 'ਟੁੱਟੀ ਹੱਡੀ ਬੜੀ ਦੇਰ ਤਕ ਤੜਫਦੀ ਤੇ ਕੰਬਦੀ ਰਹਿੰਦੀ ਏ ਤੇ ਤੜਫਦੀ ਹੋਈ ਹੱਡੀ ਦੇਖ ਕੇ ਉਹਨਾਂ ਨੂੰ ਬੜਾ ਦੁੱਖ ਹੁੰਦਾ ਏ।' ਉਹ ਕਹਿੰਦੇ ਕਿ 'ਉਹਨਾਂ ਦਾ ਅੰਨਦਾਤਾ ਤਾਂ ਇਹ ਹੱਡੀਆਂ ਈ ਨੇ ਇਸ ਲਈ ਉਹ ਉਹਨਾਂ ਨੂੰ ਤੜਫਦਿਆਂ ਹੋਇਆਂ ਨਹੀਂ ਵੇਖ ਸਕਦੇ।' ਉਹ ਬਿਲਕੁਲ ਕੁਚਲੀਆਂ ਹੋਈਆਂ ਹੱਡੀਆਂ ਉੱਤੇ ਵੀ ਆਪਣਾ ਹੱਥ ਬੜੇ ਪਿਆਰ ਨਾਲ ਫੇਰਦੇ ਸਨ। ਉਹ ਕਰਾਹੁੰਦੇ ਹੋਏ ਮਰੀਜ਼ ਨਾਲ ਢੇਰ ਸਾਰੀਆਂ ਗੱਲਾਂ ਕਰਦੇ। ਆਪਣੇ ਭਦੇਸ਼ (ਭੈੜੇ) ਸ਼ਿਲਪ ਵਿਚ ਉਹਨੂੰ ਇੱਧਰ-ਉੱਧਰ ਦੀਆਂ ਗੱਲਾਂ ਸੁਣਾਉਂਦੇ ਤੇ ਇਸੇ ਦੌਰਾਨ ਹੱਡੀ ਨੂੰ ਸਹੀ ਥਾਂ ਦੇ ਦਿੰਦੇ ਤੇ ਫੇਰ ਪੱਟਾ ਤੇ ਅੰਦਰ ਉਹ ਹੱਡੀ ਆਰਾਮ ਕਰ ਰਹੀ ਹੁੰਦੀ।
ਬੱਚਾ ਬਾਬੂ ਦੀ ਪ੍ਰਸਿੱਧੀ ਇਸ ਪਿੰਡ ਤੋਂ ਲੈ ਕੇ ਆਸੇ-ਪਾਸੇ ਦੇ ਪਿੰਡਾਂ ਤੇ ਕਈ ਜਿਲ੍ਹਿਆਂ ਤਕ ਹੋ ਗਈ ਸੀ ਤੇ ਇਸ ਵਿਚ ਉਹਨਾਂ ਦੇ ਹੁਨਰ ਦੇ ਨਾਲ ਨਾਲ ਉਹਨਾਂ ਦੇ ਚਰਿਤਰ ਦਾ ਵੀ ਬੜਾ ਹੱਥ ਸੀ। ਲੋਕਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਬੱਚਾ ਬਾਬੂ ਲੰਗੋਟ ਦੇ ਬਿਲਕੁਲ ਪੱਕੇ ਆਦਮੀ ਨੇ। ਬੱਚਾ ਬਾਬੂ ਧੋਤੀ ਬੰਨ੍ਹਦੇ ਸਨ ਹੇਠਾਂ ਲੰਗੋਟ ਹੁੰਦਾ ਸੀ। ਘਰ ਵਾਲੇ ਜਵਾਨ ਔਰਤਾਂ ਨੂੰ ਵੀ ਉਹਨਾਂ ਕੋਲ ਬੇਧੜਕ ਲਿਆਉਂਦੇ। ਜਵਾਨ ਔਰਤਾਂ ਦੀਆਂ ਉਹਨਾਂ ਜਗਾਹਾਂ ਦੀਆਂ ਹੱਡੀਆਂ ਜੋੜਨ ਲੱਗਿਆਂ ਬੱਚਾ ਬਾਬੂ ਦਾ ਹੱਥ ਇਕ ਵਾਰੀ ਵੀ ਨਹੀਂ ਸੀ ਕੰਬਦਾ ਜਿਹਨਾਂ ਉੱਤੋਂ ਔਰਤਾਂ ਠੀਕ ਹੁੰਦਿਆਂ ਹੋਈਆਂ ਕੱਪੜਾ ਤਕ ਨਹੀਂ ਹਟਾਉਣ ਦਿੰਦੀਆਂ। ਪਰ ਹੱਡੀ ਭਾਵੇਂ ਕਿਤੋਂ ਦੀ ਵੀ ਹੋਵੇ ਤੇ ਬਿਮਾਰ ਭਾਵੇਂ ਕੋਈ ਵੀ ਹੋਵੇ ਉਹਨਾਂ ਲਈ ਸਾਰੇ ਇਕ ਸਮਾਨ ਸਨ। ਬੱਚਾ ਬਾਬੂ ਸਿਰਫ਼ ਹੱਡੀ ਦੇਖਦੇ ਸਨ ਤੇ ਮਨ ਵਿਚ ਉਸਨੂੰ ਮਹਿਸੂਸ ਕਰਕੇ ਸਨ।
ਪਰ ਉਸ ਦਿਨ ਪਹਿਲੀ ਵਾਰੀ ਲੋਕਾਂ ਦੇ ਮਨ ਵਿਚ ਸ਼ੱਕ ਵਰਗਾ ਕੁਝ ਪੈਦਾ ਹੋਇਆ, ਜਿਸ ਦਿਨ ਰਾਮਸੁਜਾਨ ਸਿੰਘ ਦੀ ਬਹੂ ਦੇ ਜਬਰਦਸਤ ਲੱਕ ਪੀੜ ਹੋਈ ਤੇ ਉਸਨੂੰ ਮੰਜੇ ਉੱਤੇ ਲੱਦ ਕੇ ਬੱਚਾ ਬਾਬੂ ਦੇ ਦਰਵਾਜ਼ੇ 'ਤੇ ਲਿਆਂਦਾ ਗਿਆ। ਬੀਐਮਪੀ—ਬਿਹਾਰ ਮਿਲਟਰੀ ਪੁਲਿਸ—ਵਿਚ ਨੌਕਰੀ ਕਰਦੇ ਰਾਮਸੁਜਾਨ ਸਿੰਘ ਦੇ ਪੁੱਤਰ ਦੀ ਜਦੋਂ ਸ਼ਾਦੀ ਹੋਈ ਓਦੋਂ ਉਸਦੀ ਪਤਨੀ ਯਕਦਮ ਛਬੀਲੀ ਆਈ। ਪੁੱਤਰ ਨੌਕਰੀ ਦੇ ਸਿਲਸਿਲੇ ਵਿਚ ਬਾਹਰ ਹੀ ਰਹਿੰਦਾ ਤੇ ਬਹੂ ਦਾ ਰੂਪ ਘਰ ਦੇ ਅੰਦਰ ਰਹਿ ਕੇ ਹੋਰ ਨਿੱਖਰ ਆਇਆ। ਉਹ ਸਿਰਫ਼ ਮੰਦਰ ਜਾਣ ਲਈ ਸਵੇਰੇ ਨਿਕਲਦੀ। ਬਸ ਉਸ ਥੋੜ੍ਹੇ ਸਮੇਂ ਦੇ ਦੀਦਾਰ ਸਦਕਾ ਰਾਮਸੁਜਾਨ ਸਿੰਘ ਦੀ ਬਹੂ ਇਕ ਰਹੱਸ ਵਾਂਗ ਬਣੀ ਹੋਈ ਸੀ। ਬਸ ਓਨੇ ਸਮੇ ਵਿਚ ਵੱਡੇ ਬੁੱਢੇ ਵੀ ਲੁਕ-ਛਿਪ ਕੇ ਉਸਦੀ ਇਕ ਝਲਕ ਦਾ ਦੀਦਾਰ ਕਰ ਲੈਣਾ ਚਾਹੁੰਦੇ ਸਨ। ਉਸ ਦਿਨ ਵਿਹੜੇ ਵਿਚ ਲੱਗੇ ਨਲਕੇ ਤੋਂ ਜਦੋਂ ਉਹ ਮੰਦਰ ਜਾਣ ਲਈ ਗੜਵੀ ਵਿਚ ਜਲ ਭਰ ਰਹੀ ਸੀ ਤਾਂ ਨਲਕੇ ਨੇ ਧੋਖਾ ਦੇ ਦਿੱਤਾ। ਉਸਦੀ ਕਿੱਲੀ ਨਿਕਲ ਗਈ ਤੇ ਸੁੰਦਰਤਾ ਦੀ ਮੂਰਤ, ਉਹ ਰਾਮਸੁਜਾਨ ਸਿੰਘ ਦੀ ਬਹੂ, ਓਥੇ ਹੀ ਪੱਕੇ ਥੜ੍ਹੇ ਉੱਤੇ ਜਾ ਪਈ ਤੇ ਲੱਕ ਮਰੋੜਾ ਖਾ ਗਿਆ। ਅਜਿਹੀ ਮੋਚ ਆਈ ਕਿ ਜਿਵੇਂ ਡਿੱਗੀ ਸੀ ਓਵੇਂ ਹੀ ਪਈ ਰਹਿ ਗਈ। ਨਾ ਉਸ ਤੋਂ ਬੈਠਿਆ ਜਾਂਦਾ ਸੀ, ਨਾ ਹੀ ਖੜ੍ਹਾ ਹੋਇਆ ਤੇ ਨਾ ਹੀ ਠੀਕ ਤਰ੍ਹਾਂ ਲੇਟਿਆ ਜਾ ਰਿਹਾ ਸੀ। ਤੇ ਪੀੜ ਅਜਿਹੀ ਕਿ ਉਸਦੇ ਲੱਕ 'ਚੋਂ ਉੱਠ ਕੇ ਰੀੜ੍ਹ ਦੀ ਹੱਡੀ ਥਾਂਈਂ ਹੁੰਦੀ ਹੋਈ ਦਿਮਾਗ਼ ਨੂੰ ਚੜ੍ਹ ਰਹੀ ਸੀ। ਉਸਦੀ ਚੀਕਾ-ਰੌਲੀ ਸੁਣ ਕੇ ਇਹ ਸਮਝਣਾ ਮੁਸ਼ਕਲ ਹੋ ਗਿਆ ਸੀ ਕਿ ਕੀ ਇਸਨੂੰ ਰੋਕਣਾ ਵਾਕੱਈ ਸੰਭਵ ਹੈ। ਜਿਹਨਾਂ ਲੋਕਾਂ ਨੂੰ ਉਸਨੂੰ ਜਿਵੇਂ ਦੀ ਤਿਵੇਂ ਚੁੱਕ ਕੇ ਮੰਜੇ ਉੱਤੇ ਪਾਉਣ ਲਈ ਬੁਲਾਇਆ ਗਿਆ ਉਹਨਾਂ ਨੇ ਪਹਿਲੀ ਵਾਰੀ ਉਸਨੂੰ ਨੇੜਿਓਂ ਵੇਖਿਆ ਈ ਨਹੀਂ, ਉਸਨੂੰ ਛੂਹਿਆ ਵੀ ਸੀ। ਬਿਲਕੁਲ ਨਰਮ, ਰੂੰ ਦੀ ਪੰਡ ਵਰਗੀ।
ਜਦੋਂ ਮੰਜਾ ਬੱਚਾ ਬਾਬੂ ਦੇ ਦਰਵਾਜ਼ੇ ਸਾਹਵੇਂ ਪਹੁੰਚਿਆ ਉਦੋਂ ਉਹ ਸਵੇਰ ਦਾ ਨਾਸ਼ਤਾ ਕਰਕੇ ਆਰਾਮ ਫਰਮਾ ਰਹੇ ਸਨ। ਅਲਸਾਏ ਜਿਹੇ ਉੱਠੇ ਤੇ ਰਾਮਸੁਜਾਨ ਦੀ ਬਹੂ ਨੂੰ ਵੇਖ ਕੇ ਤ੍ਰਬਕ ਗਏ। ਹੁਣ ਓਹ ਉਸਦੀ ਸੁੰਦਰਤਾ ਵੇਖ ਕੇ ਤ੍ਰਬਕੇ ਜਾਂ ਉਸਦੀਆਂ ਚੀਕਾਂ ਸੁਣ ਕੇ...ਇਹ ਸਮਝਣਾ ਤਾਂ ਮੁਸ਼ਕਲ ਸੀ ਪਰ ਉਹ ਤ੍ਰਬਕ ਜ਼ਰੂਰ ਗਏ ਸਨ। ਮੰਜੇ ਨੂੰ ਪਹਿਲਾਂ ਘਰ ਦੇ ਅੰਦਰ ਕੀਤਾ ਗਿਆ ਤਾਕਿ ਭੀੜ ਉੱਤੇ ਥੋੜ੍ਹਾ ਕਾਬੂ ਪਾਇਆ ਜਾ ਸਕੇ। ਫੇਰ ਮੰਜੇ ਕੋਲ ਜਾ ਕੇ ਉਹਨਾਂ ਇਸ ਰੋਗ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਫੇਰ ਰਾਮਸੁਜਾਨ ਸਿੰਘ ਨੂੰ ਕੋਨੇ ਵਿਚ ਲੈ ਜਾ ਕੇ ਹੌਲੀ-ਜਿਹੀ ਕਿਹਾ, “ਠੀਕ ਤਾਂ ਹੋ ਜਾਏਗੀ ਪਰ ਜੋ ਮੈਂ ਕਹਾਂਗਾ, ਉਸਨੂੰ ਸੌ ਫੀ ਸਦੀ ਮੰਨਣਾ ਪਏਗਾ।”
“ਸੌ ਫੀ ਸਦੀ ਮਤਲਬ?” ਰਾਮਸੁਜਾਨ ਸਿੰਘ ਹੁਰੀ ਵੀ ਤ੍ਰਬਕ ਗਏ ਸੀ। ਮਨ ਵਿਚ ਜ਼ਰੂਰ ਸੋਚ ਰਹੇ ਹੋਣਗੇ ਕਿ ਅਜਿਹੀ ਅਨਮੋਲ ਚੀਜ਼ ਨੂੰ ਆਪਣੇ ਘਰ ਵਿਚ ਰੱਖਣਾ ਘੱਟ ਖ਼ਤਰਨਾਕ ਨਹੀਂ।
ਰਾਮਸੁਜਾਨ ਸਿੰਘ ਦੀ ਹੈਰਾਨੀ ਉੱਤੇ ਉਹ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੋਏ। ਉਹਨਾਂ ਨੇ ਪਹਿਲਾਂ ਮੂੰਹ ਚਲਾ ਕੇ ਇਕ ਸ਼ਬਦ ਨੂੰ ਹਜ਼ਮ ਕਰ ਲਿਆ। ਰਾਮਸੁਜਾਨ ਸਿੰਘ ਨੇ ਸਮਝ ਲਿਆ। ਪਹਿਲਾਂ ਸ਼ਬਦ 'ਕੱਪੜੇ' ਹੈ। ਬੱਚਾ ਬਾਬੂ ਨੇ ਕਿਹਾ, “ਕੱਪੜੇ ਲਾਹੁਣੇ ਪੈਣਗੇ।”
ਰਾਮਸੁਜਾਨ ਸਿੰਘ ਨੇ ਨਜ਼ਰਾਂ ਬੱਚਾ ਬਾਬੂ ਦੇ ਚਿਹਰੇ ਉੱਤੇ ਗੱਡ ਦਿੱਤੀਆਂ ਤੇ ਉਸਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਪਰ ਚਿਹਰਾ ਬਿਲਕੁਲ ਸਪਾਟ ਸੀ ਉਸਨੂੰ ਪੜ੍ਹਨਾ ਸੰਭਵ ਨਹੀਂ ਸੀ। ਉਹ ਆਪਣੇ ਮਨ ਵਿਚ ਇਸ ਗੱਲ ਉੱਤੇ ਵਿਚਾਰ ਕਰਨ ਲੱਗਾ। 'ਇੱਥੋਂ ਇਸ ਹਾਲਤ ਵਿਚ ਤੁਰਤ ਸ਼ਹਿਰ ਲੈ ਜਾਣਾ ਸੰਭਵ ਨਹੀਂ ਤੇ ਸ਼ਹਿਰ ਵਿਚ ਵੀ ਕੀ ਏ ਸ਼ਹਿਰ ਤੋਂ ਲੋਕ ਇਲਾਜ਼ ਕਰਵਾਉਣ ਇੱਥੇ ਆਉਂਦੇ ਸਨ। ਏਨੀ ਛੇਤੀ ਪੁੱਤਰ ਨੂੰ ਬੁਲਾਉਣਾ ਵੀ ਸੰਭਵ ਨਹੀਂ। ਨਹੀਂ ਤਾਂ ਆਪਣਾ ਫ਼ੈਸਲਾ ਉਹ ਆਪ ਕਰਦਾ।' ਇਲਾਜ਼ ਵਿਚ ਦੇਰ ਨੇ ਬਾਹਰ ਖੜ੍ਹੇ ਲੋਕਾਂ ਵਿਚ ਉਤਸੁਕਤਾ ਜਗਾ ਦਿੱਤੀ ਸੀ ਤੇ ਹੌਲੀ-ਹੌਲੀ ਹੀ ਸਹੀ ਲੋਕ ਬੱਚਾ ਬਾਬੂ ਦੀ ਇਸ ਸ਼ਰਤ ਨੂੰ ਜਾਣ ਗਏ। ਤੇ ਪਹਿਲੀ ਵਾਰੀ ਲੋਕਾਂ ਨੂੰ ਇਹ ਲੱਗਿਆ ਕਿ ਬੱਚਾ ਬਾਬੂ ਬਸ ਇਕ ਬਹਾਨਾ ਬਣਾ ਰਹੇ ਨੇ। ਸਰਿਆਂ ਨੇ ਮੰਨ ਲਿਆ ਕਿ 'ਆਖ਼ਰ ਇਸ ਸੰਗਮਰਮਰੀ ਦੇਹ ਨੂੰ ਦੇਖ ਕੇ ਬੱਚਾ ਬਾਬੂ ਦਾ ਵੀ ਲੰਗੋਟ ਢਿੱਲਾ ਹੋ ਈ ਗਿਆ।'
ਰਾਮਸੁਜਾਨ ਸਿੰਘ ਕੋਲ ਹੋਰ ਕੋਈ ਚਾਰਾ ਨਹੀਂ ਸੀ ਤੇ ਬਹੂ ਵਾਰੀ-ਵਾਰੀ ਦਰਦ ਨਾ ਬੇਹੋਸ਼ ਹੋ ਜਾਂਦੀ ਸੀ।
ਅੰਦਰ ਵਾਲੇ ਕਮਰੇ ਵਿਚ ਮੰਜਾ ਰਖਵਾਇਆ ਗਿਆ। ਉੱਥੇ ਇਕ ਤਖ਼ਤਪੋਸ਼ ਪਿਆ ਸੀ। ਉਸ ਉੱਤੇ ਕੋਈ ਕੱਪੜਾ, ਚਾਦਰ ਵਗ਼ੈਰਾ ਨਹੀਂ ਸੀ। ਬਹੂ ਨੂੰ ਉਸ ਤਖ਼ਤਪੋਸ਼ ਉੱਤੇ ਪਾ ਦਿੱਤਾ ਗਿਆ। ਬੱਚਾ ਬਾਬੂ ਅੰਦਰ ਆਏ। ਹੁਣ ਉਸ ਕਮਰੇ ਵਿਚ ਉਹ ਉਸਦੇ ਨਾਲ ਇਕੱਲੇ ਸਨ। ਸ਼ਬਦ 'ਇਕ' ਨੂੰ ਚੱਬ ਕੇ ਉਹਨਾਂ ਹਜ਼ਮ ਕੀਤਾ। ਪਰ ਬਹੂ ਇਹ ਸਮਝ ਨਾ ਸਕੀ ਕਿ ਕਿਸ ਸ਼ਬਦ ਨਾਲ ਬੋਲਣ ਦੀ ਸ਼ੁਰੂਆਤ ਕਰਨਗੇ ਕਿਉਂਕਿ ਉਸਨੂੰ ਬੱਚਾ ਬਾਬੂ ਨੂੰ ਸੁਣਨ ਦੀ ਆਦਤ ਨਹੀਂ ਸੀ। ਬੱਚਾ ਬਾਬੂ ਨੇ ਕਿਹਾ ਤੇ ਉਹ ਇਕਦਮ ਤ੍ਰਬਕ ਗਈ—“ਇਕ-ਇਕ ਕਰਕੇ ਕੱਪੜੇ ਲਾਹੁਣੇ ਪੈਣਗੇ। ਤੇ ਉਸ ਦਰਵਾਜ਼ੇ ਰਾਹੀਂ ਬਾਹਰ ਸੁੱਟਣੇ ਪੈਣਗੇ”
ਪਰ ਬੱਚਾ ਬਾਬੂ ਦੀ ਅਗਲੀ ਸਤਰ ਨੇ ਉਸਨੂੰ ਹੌਸਲਾ ਦਿੱਤਾ। 'ਚਿੰਤਾ' ਸ਼ਬਦ ਨੂੰ ਚੱਬਦਿਆਂ ਹੋਇਆਂ ਕਿਹਾ, “ਚਿੰਤਾ ਨਾ ਕਰੋ। ਤੁਸੀਂ ਮੇਰੀ ਬਹੂ ਸਮਾਨ ਓ, ਕਮਰੇ ਵਿਚ ਹੋਰ ਕੋਈ ਨਹੀਂ ਹੋਏਗਾ। ਬਸ ਬਾਹਰੋਂ ਜਿਵੇਂ ਅਸਾਂ ਕਹਾਂਗੇ ਓਵੇਂ ਕਰਦੇ ਰਹਿਣਾ।” ਉਹਨਾਂ ਦੇ ਬੋਲਣ ਵਿਚ ਫੇਰ ਇਕ ਪੜਾਅ ਆਇਆ ਤੇ ਫੇਰ 'ਇਲਾਜ਼' ਨੂੰ ਹਜ਼ਮ ਕਰਦੇ ਹੋਏ, “ਇਲਾਜ਼ ਤਾਂ ਆਪਣੇ ਆਪ ਹੋ ਜਾਏਗਾ।”
ਇਹ ਕਮਰਾ ਅੰਦਰ ਵਾਲਾ ਸੀ ਤੇ ਕਮਰੇ ਦੇ ਬਾਹਰ ਬੱਚਾ ਬਾਬੂ ਤੇ ਉਹਨਾਂ ਦੇ ਦੋ ਸਹਾਇਕ ਖੜ੍ਹੇ ਸਨ। ਕਮਰੇ ਵਿਚ ਜਿੱਧਰ ਤਖ਼ਤਪੋਸ਼ ਡੱਠਾ ਹੋਇਆ ਸੀ ਓਧਰਲਾ ਦਰਵਾਜ਼ਾ ਬੰਦ ਸੀ ਤੇ ਦੂਜੇ ਪਾਸੇ ਵਾਲਾ ਅੱਧਾ ਖੁੱਲ੍ਹਾ। ਦਰਵਾਜ਼ਾ ਇੰਜ ਸੀ ਕਿ ਅੰਦਰੋਂ ਸਾਮਾਨ ਸੁੱਟਿਆ ਤਾਂ ਜਾ ਸਕਦਾ ਸੀ ਪਰ ਬਾਹਰੋਂ ਕੁਝ ਦਿਖਾਈ ਨਹੀਂ ਸੀ ਦਿੰਦਾ। ਕਮਰੇ ਅੰਦਰ ਸਾਧਾਰਨ ਚਾਨਣ ਸੀ। ਬੱਚਾ ਬਾਬੂ ਨੇ ਬਾਹਰੋਂ ਹੁਕਮ ਦਿੱਤਾ ਕਿ ਹੁਣ ਇਕ ਇਕ ਕਰਕੇ ਕੱਪੜੇ ਲਾਹ ਕੇ ਇਸ ਦਰਵਾਜ਼ੇ ਰਾਹੀਂ ਬਾਹਰ ਸੁੱਟੋ। ਸਰੀਰ ਉੱਤੇ ਇਕ ਵੀ ਕੱਪੜਾ ਨਹੀਂ ਰਹਿਣਾ ਚਾਹੀਦਾ। ਸਾੜ੍ਹੀ, ਸਾਯਾ (ਪੇਟੀਕੋਟ), ਬਲਾਊਜ ਪਿੱਛੋਂ ਜਦੋਂ ਥੋੜ੍ਹੀ ਦੇਰ ਰੁਕਾਵਟ ਰਹੀ ਤਾਂ ਬੱਚਾ ਬਾਬੂ ਨੇ ਫੇਰ 'ਸਾਰੇ' ਸ਼ਬਦ  ਨੂੰ ਚੱਬ ਕੇ ਆਪਣੇ ਅੰਦਰ ਨਿਗਲਿਆ ਤੇ ਇਸ ਸ਼ਬਦ ਨੂੰ ਉਹਨਾਂ ਨੂੰ ਇਕ ਵਾਰੀ ਨਹੀਂ ਦੋ ਤਿੰਨ ਵਾਰੀ ਚੱਬਣਾ, ਨਿਗਲਣਾ ਪਿਆ। ਫੇਰ ਜਾ ਕੇ ਕੁਝ ਚਿਰ ਪਿੱਛੋਂ ਬਾਕੀ ਰਹਿੰਦਾ ਕੱਪੜਾ ਵੀ ਬਾਹਰ ਆਇਆ।
ਫੇਰ ਬੱਚਾ ਬਾਬੂ ਨੇ ਇਹ ਹੁਕਮ ਦਿੱਤਾ ਕਿ ਹੁਣ ਹੌਲੀ-ਹੌਲੀ ਜਿੰਨਾ ਕੁ ਹੋ ਸਕੇ ਉਹ ਆਰਾਮ ਨਾਲ ਉਸ ਤਖ਼ਤ ਉੱਤੇ ਲੇਟਨ ਦੀ ਕੋਸ਼ਿਸ਼ ਕਰੇ। ਬਹੂ ਆਰਾਮ ਨਾਲ ਤਾਂ ਖ਼ੈਰ ਕੀ ਲੇਟ ਸਕਦੀ ਸੀ ਪਰ ਜਿੰਨਾ ਹੋ ਸਕਦਾ ਸੀ ਉਸਨੇ ਉਸ ਤਖ਼ਤ ਉੱਤੇ ਆਪਣੇ ਸਰੀਰ ਨੂੰ ਸੁੱਟ ਦਿੱਤਾ। ਜਦੋਂ ਉਹ ਉਸ ਤਖ਼ਤ ਉੱਤੇ ਲੇਟ ਗਈ ਤੇ ਕੁਝ ਸਮਾਂ ਲੰਘ ਗਿਆ ਤਦ ਬੱਚਾ ਬਾਬੂ ਇਕ ਝੱਟਕੇ ਨਾਲ ਉਸ ਦਰਵਾਜ਼ੇ ਨੂੰ ਖੋਲ੍ਹ ਕੇ ਯਕਦਮ ਅੰਦਰ ਵੜ ਗਏ। ਬਹੂ ਇਕ ਝਟਕੇ ਨਾਲ ਉੱਠੀ ਦੇ ਦਰਵਾਜ਼ੇ ਵੱਲ ਨੱਸ ਜਾਣ ਲਈ ਅਹੁਲੀ। ਉਸਦੇ ਦੋਵੇਂ ਹੱਥ ਆਪ-ਮੁਹਾਰੇ ਆਪਣੀਆਂ ਦੋਵਾਂ ਛਾਤੀਆਂ ਉੱਤੇ ਪਹੁੰਚ ਗਏ ਤੇ ਉਸਦੇ ਮੂੰਹੋਂ ਅਚਾਨਕ ਨਿਕਲਿਆ, “ਕੋੜਿਯਾ ਹਮ ਸਬ ਬੂਝੈ ਛਿਯੈ ਤੋਹਰ ਧੋਤੀ ਕ ਭੀਤਰ ਆਯਗ ਲਗਲ ਛੌ।” ਬਾਹਰ ਬੱਚਾ ਬਾਬੂ ਦੇ ਦੋਵਾਂ ਸਹਿਯੋਗੀਆਂ ਨੇ ਇਕ ਵੱਡੀ ਚਾਦਰ ਉਸ ਉੱਤੇ ਦੇ ਦਿੱਤੀ। ਬਹੂ ਬੇਹੋਸ਼ ਹੋ ਗਈ ਸੀ। ਬੱਚਾ ਬਾਬੂ ਨੇ ਉਸਨੂੰ ਉਸਦੇ ਘਰ ਵਾਲਿਆਂ ਦੇ ਸਪੁਰਦ ਕਰ ਦਿੱਤਾ। 'ਘਰ' ਸ਼ਬਦ ਨੂੰ ਹਜਮ ਕਰਦੇ ਹੋਏ ਕਿਹਾ, “ਘਰ ਲੈ ਜਾਓ, ਹੋਸ਼ ਵਿਚ ਆ ਜਾਏਗੀ ਤਾਂ ਹਲਦੀ ਪਾ ਕੇ ਇਕ ਗਲਾਸ ਦੁੱਧ ਪਿਆ ਦੇਣਾ...ਹੁਣ ਇਹ ਬਿਲਕੁਲ ਠੀਕ ਏ।” ਅਸਲ ਵਿਚ ਕਮਰੇ ਵਿਚ ਵੜਦਿਆਂ ਹੀ ਝਟਕੇ ਨਾਲ ਉੱਠਣ ਕਰਕੇ ਲੱਕ ਦੀ ਹਿੱਲੀ ਹੋਈ ਹੱਡੀ ਨੂੰ ਚਰਰ ਕਰਕੇ ਠਿਕਾਣੇ ਸਿਰ ਹੁੰਦਿਆਂ ਸੁਣ ਲਿਆ ਸੀ ਬੱਚਾ ਬਾਬੂ ਨੇ।
ਬੱਚਾ ਬਾਬੂ ਨੇ ਉਸਨੂੰ ਠੀਕ ਤਾਂ ਕਰ ਦਿੱਤਾ, ਇਸ ਕਰਕੇ ਉਹਨਾਂ ਦੀ ਚਰਚਾ ਵੀ ਥਾਂ-ਥਾਂ ਹੋਈ। ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਇਸ ਕਲਾ ਤੇ ਸ਼ਾਤਰਪੁਨੇ ਦੀ। ਪਰ ਪਿੰਡ ਵਾਲਿਆਂ ਦੇ ਮਨ ਵਿਚ ਇਹ ਧੜਕਾ ਰਹਿ ਗਿਆ ਕਿ ਸਿਰਫ਼ ਰਾਮਸੁਜਾਨ ਦੀ ਬਹੂ ਨੂੰ ਹੀ ਬੱਚਾ ਬਾਬੂ ਨੇ ਪੂਰੇ ਕੱਪੜੇ ਲਾਹੁਣ ਲਈ ਕਿਉਂ ਕਿਹਾ? ਉਹਨਾਂ ਦੇ ਸਾਹਮਣੇ ਤਾਂ ਹੱਡੀਆਂ ਦੇ ਇਕ ਤੋਂ ਇਕ ਉਲਝੇ ਹੋਏ ਕੇਸ ਆਏ ਜਿਹੜੇ ਬੱਚਾ ਬਾਬੂ ਨੇ ਸੁਲਝਾਏ ਪਰ ਕੀ ਇਹ ਕੇਸ ਵਾਕੱਈ ਏਨਾ ਵਿਸ਼ੇਸ਼ ਸੀ? ਹੁਣ ਬੱਚਾ ਬਾਬੂ ਕੋਲ ਇਸ ਕੇਸ ਲਈ ਵਾਕੱਈ ਇਹ ਆਖ਼ਰੀ ਬ੍ਰਹਮਅਸਤਰ ਸੀ ਜਾਂ ਫੇਰ ਉਹ ਵਾਕੱਈ ਰਾਮਸੁਜਾਨ ਸਿੰਘ ਦੀ ਬਹੂ ਨੂੰ ਨੰਗਿਆਂ ਦੇਖਣਾ ਚਾਹੁੰਦੇ ਸਨ ਉਹ? ਇਹ ਇਕ ਰਹੱਸ ਹੀ ਰਹਿ ਗਿਆ—
ਜੇ ਤੁਸੀਂ ਸ਼ੱਕ ਕਰਨਾ ਚਾਹੋ ਤਾਂ ਵਾਕੱਈ ਬੱਚਾ ਬਾਬੂ ਦੇ ਜੀਵਨ ਵਿਚ ਇਹ ਇਕ ਅਜਿਹਾ ਦਾਗ਼ ਹੈ ਜਿਸ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ, ਨਹੀਂ ਤਾਂ ਬੱਚਾ ਬਾਬੂ ਦਾ ਜੀਵਨ ਵਿਵਾਦਾਂ ਤੋਂ ਪਰ੍ਹੇ ਹੈ।
ਬੱਚਾ ਬਾਬੂ ਦੇ ਪਿਤਾ ਨੇ ਕਿੰਨਾ ਕਮਾਇਆ ਤੇ ਕਿੰਨਾ ਧਨ ਜੋੜਿਆ ਇਹਦਾ ਤਾਂ ਹੁਣ ਪਤਾ ਨਹੀਂ ਪਰ ਇਹ ਜ਼ਰੂਰ ਹੈ ਕਿ ਜਦੋਂ ਬੱਚਾ ਬਾਬੂ ਨੇ ਆਪਣਾ ਜੀਵਨ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਅਚਲ ਸੰਪਤੀ ਦੇ ਰੂਪ ਵਿਚ ਖਪਰੈਲ ਦਾ ਇਕ ਘਰ ਤੇ ਦੋ ਟੱਕ ਖੇਤ ਦੇ ਇਲਾਵਾ ਕੁਝ ਨਹੀਂ ਸੀ। ਹਾਂ ਘਰ ਏਨਾ ਤੰਗ ਨਹੀਂ ਸੀ ਕਿ ਉਸ ਵਿਚ ਆਰਾਮ ਨਾਲ ਰਿਹਾ ਨਾ ਜਾ ਸਕੇ। ਖੇਤ ਘਰ ਤੋਂ ਬਹੁਤੇ ਦੂਰ ਨਹੀਂ ਸਨ। ਪਰ ਖੇਤੀ ਉਹਨਾਂ ਦਾ ਸ਼ੁਗਲ ਸੀ।
ਬੱਚਾ ਬਾਬੂ ਉਹਨਾਂ ਖੇਤਾਂ ਵਿਚ ਹੁੰਦੇ ਸਨ ਤਾਂ ਪੂਰੇ ਕਿਸਾਨ ਲੱਗੇ ਸਨ। ਉਹਨਾਂ ਨੂੰ ਜੇ ਹੱਡੀਆਂ ਜੋੜਨ ਦੇ ਇਲਮ ਨਾਲੋਂ ਵੱਖ ਕਰਕੇ ਦੇਖਿਆ ਜਾਵੇ ਤਾਂ ਉਹ ਪੂਰੀ ਤਰ੍ਹਾਂ ਕਿਸਾਨ ਸਨ। ਧੋਤੀ ਕੁੜਤੇ ਵਿਚ ਜਾਂਦਾ ਹੋਇਆ ਕਿਸਾਨ। ਖੇਤ ਵਿਚ ਮਜਦੂਰਾਂ ਨਾਲ ਪਾਣੀ ਲਾਉਂਦਾ ਹੋਇਆ ਕਿਸਾਨ। ਬੀਜ ਬੀਜਦਾ ਹੋਇਆ ਕਿਸਾਨ। ਫੇਰ ਕਟਾਈ ਕਰਦਾ, ਰੌਣੀ ਕਰਦਾ ਹੋਇਆ ਕਿਸਾਨ। ਵੈਸੇ ਸੱਚ ਕਿਹਾ ਜਾਵੇ ਤਾਂ ਬੱਚਾ ਬਾਬੂ ਨੇ ਆਪਣੀ ਕਿਸਾਨੀ ਤੇ ਹੱਡੀ ਜੋੜਨ ਦੀ ਕਲਾ ਨੂੰ ਲਗਭਗ ਰਲਾਮਿਲਾ ਦਿੱਤਾ ਸੀ। ਉਹ ਡਾਕਟਰ ਵਾਂਗ ਹੱਡੀ ਦੇ ਮਰੀਜ਼ ਵੇਖਦੇ ਤੇ ਕਿਸਾਨ ਵਾਂਗ ਖੇਤੀ ਕਰਦੇ। ਕਿਸਾਨ ਵਾਂਗ ਦਿਸਣ ਵਿਚ ਉਹਨਾ ਨੂੰ ਕੋਈ ਗੁਰੇਜ ਨਹੀਂ ਸੀ। ਜਦੋਂ ਖੇਤੀ ਕਰਦੇ ਤਾਂ ਉਸ ਵੇਲੇ ਵੀ ਉਹਨਾਂ ਦੀ ਸੋਚ ਵਿਚ ਲਗਾਤਾਰ ਹੱਡੀ-ਚਿੰਤਨ ਚਲਦਾ ਰਹਿੰਦਾ। ਬੱਚਾ ਬਾਬੂ 'ਦਾਲ' ਸ਼ਬਦ ਨੂੰ ਚੱਬਦੇ ਹੋਏ ਲੋਕਾਂ ਸਾਹਵੇਂ ਸ਼ਿਕਾਇਤ ਕਰਦੇ, “ਦਾਲ ਨਹੀਂ ਖਾਂਦੇ ਲੋਕ। ਓਇ ਦਾਲ ਨਾ ਖਾਓਗੇ ਸਾਲਿਓ ਤਾਂ ਇਵੇਂ ਹੱਡੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ। ਅੱਜ ਕਲ੍ਹ ਤਾਂ ਹੱਥ ਉੱਤੇ ਅਰਹਲ ਦਾ ਫੁੱਲ ਡਿੱਗ ਪਏ ਤਾਂ ਹੱਡੀ ਖਿਸਕ ਜਾਂਦੀ ਏ। ਇਕ ਸਾਡਾ ਸਮਾਂ ਹੁੰਦਾ ਸੀ...ਪੈਰ ਤੋਂ ਬਲ੍ਹਦ ਗੱਡੀ ਲੰਘ ਜਾਂਦੀ ਸੀ ਤਾਂ ਮੋਚ ਵੀ ਨਹੀਂ ਸੀ ਆਉਂਦੀ।” ਲੋਕਾਂ ਨੂੰ ਦਾਲ ਜ਼ਰੂਰ ਯੋਗ ਮਾਤਰਾ ਵਿਚ ਖਾਣੀ ਚਾਹੀਦੀ ਹੈ ਇਸ ਲਈ ਬੱਚਾ ਬਾਬੂ ਆਪਣੇ ਵੱਲੋਂ ਇਕ ਛੋਟੀ ਜਿਹਾ ਕੋਸ਼ਿਸ਼ ਕਰਦੇ ਸਨ ਕਿ ਉਹ ਆਪਣੇ ਖੇਤ ਵਿਚ ਸਿਰਫ਼ ਦਾਲ ਹੀ ਬੀਜਦੇ ਸਨ। ਉਹ 'ਕੋਸ਼ਿਸ਼' ਸ਼ਬਦ ਨੂੰ ਨਿਗਲ ਕੇ ਕਹਿੰਦੇ ਸਨ, “ਕੋਸ਼ਿਸ਼ ਤਾਂ ਹਰੇਕ ਨੂੰ ਕਰਨੀ ਓ ਚਾਹੀਦੀ ਏ।”
ਬੱਚਾ ਬਾਬੂ ਦੀ ਮਨ ਭਾਉਂਦੀ ਫਸਲ ਸੀ ਅਰਹਰ। ਉਹ ਉਸਨੂੰ ਰਾਹਰ ਕਹਿੰਦੇ ਸਨ। ਬਰਸਾਤ ਦੇ ਮੌਸਮ ਵਿਚ ਜਦੋਂ ਖੇਤ ਵਿਚ ਨਮੀ ਹੁੰਦੀ ਉਦੋਂ ਉਹ ਲੁੰਗੀ ਬੰਨ੍ਹ ਕੇ ਆਪਣੇ ਖੇਤ ਵਿਚ ਪਹੁੰਚ ਜਾਂਦੇ ਤੇ ਆਪਣੇ ਹੱਥੀਂ ਉਸ ਵਿਚ ਬੀਜਾਈ ਕਰਦੇ। ਬੀਆਂ ਦਾ ਛੱਟਾ ਦੇਣ ਮਗਰੋਂ ਫੇਰ ਉਸ ਵਾਹਣ ਦੀ ਬਲ੍ਹਦਾਂ ਨਾਲ ਜੁਤਾਈ ਕਰਦੇ। ਬੜੀ ਨੀਝ ਨਾਲ ਉਹ ਆਪਣੇ ਸਾਹਮਣੇ ਰਾਹਰ ਦੀ ਫਸਲ ਨੂੰ ਵੱਡਾ ਹੁੰਦਿਆਂ ਵੇਖਦੇ ਤੇ ਫੇਰ ਬੂਟੇ ਵੱਡੇ ਹੋ ਜਾਣ ਪਿੱਛੋਂ ਉਹ ਉਹਨਾਂ ਨਾਲ ਰੁੱਝ ਜਾਂਦੇ। ਬੱਚਾ ਬਾਬੂ ਉਹਨਾਂ ਬੂਟਿਆਂ ਦੀਆਂ ਟਾਹਣੀਆਂ ਨੂੰ ਤੋੜਦੇ ਤੇ ਖੇਤ ਦੀ ਵੱਟ ਉੱਤੇ ਬੈਠੇ ਉਹਨਾਂ ਟਾਹਣੀਆਂ ਦੇ ਟੁਕੜਿਆਂ ਨਾਲ ਰੁੱਝੇ ਰਹਿੰਦੇ। ਰਾਹਰ ਦੇ ਬੂਟਿਆਂ ਦੀਆਂ ਟਾਹਣੀਆਂ ਕੱਟ ਦੀ ਆਵਾਜ਼ ਨਾਲ ਟੁੱਟ ਜਾਂਦੀਆਂ ਤੇ ਫੇਰ ਉਹ ਬੜੇ ਹੀ ਯਤਨ ਨਾਲ ਐਨ ਹੱਡੀ ਵਾਂਗ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ। ਅਰਹਰ ਦੇ ਬੂਟੇ ਦੇ ਵੱਡੇ ਹੋਣ ਤੇ ਉਸਦੇ ਕੱਟੇ ਜਾਣ ਤਕ ਲਗਭਗ ਰੋਜ਼ ਹੀ ਉਹਨਾਂ ਨੂੰ ਇਵੇਂ ਕਰਦਿਆਂ ਵੇਖਿਆ ਜਾ ਸਕਦਾ ਸੀ। ਇਕ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਅਰਹਰ ਦੀਆਂ ਉਹਨਾਂ ਟਾਹਣੀਆਂ ਉੱਤੇ ਆਪਣੀ ਪ੍ਰੈਕਟਿਸ ਕਰਦੇ ਸਨ। ਇਹ ਖੇਤ ਇਕ ਤਰ੍ਹਾਂ ਨਾਲ ਉਹਨਾਂ ਦੀ ਪ੍ਰਯੋਗਸ਼ਾਲਾ ਸੀ।
ਭਾਵੇਂ ਘੱਟ ਹੀ ਸਹੀ ਪਰ ਜਿੰਨੀ ਵੀ ਜ਼ਮੀਨ ਓਹਨਾਂ ਕੋਲ ਸੀ ਦੋ ਟੱਕਾਂ ਵਿਚ ਵੰਡੀ ਹੋਈ ਸੀ। ਇਕ ਟੱਕ ਇਕ ਥਾਂ ਦੂਜਾ ਟੱਕ ਦੂਜੀ ਥਾਂ। ਕਦੇ ਕਦਾਰ ਅਰਹਰ ਦੀ ਖੇਤੀ ਤੋਂ ਮਨ ਅੱਕਿਆ ਹੁੰਦਾ ਤਾਂ ਉਹ ਆਪਣੇ ਖੇਤ ਵਿਚ ਗੋਟ (ਸਾਗ ਸਬਜ਼ੀਆਂ) ਬੀਜ ਦਿੰਦੇ ਸਨ। ਉਹਨਾਂ ਦੀਆਂ ਟਾਹਣੀਆਂ ਨੂੰ ਵੀ ਉਸੇ ਤਰ੍ਹਾਂ ਕੱਟ ਦੀ ਆਵਾਜ਼ ਨਾਲ ਤੋੜਦੇ ਤੇ ਫੇਰ ਜੋੜਦੇ ਰਹਿੰਦੇ। ਦੋਵਾਂ ਖੇਤਾਂ ਨਾਲ ਬੱਚਾ ਬਾਬੂ ਇਕੋ-ਜਿਹਾ ਪਿਆਰ ਕਰਦੇ ਸਨ। ਬੱਚਾ ਬਾਬੂ ਇਕੋ-ਜਿਹਾ ਟਾਈਮ ਦੋਵਾਂ ਖੇਤਾਂ ਨੂੰ ਦਿੰਦੇ ਤੇ ਜਦੋਂ ਉਹ ਆਪਣੇ ਘਰ ਹੁੰਦੇ ਤਾਂ ਵੀ ਆਪਣੇ ਚੇਤਿਆਂ ਵਿਚ ਦੋਵਾਂ ਖੇਤਾਂ ਨੂੰ ਸਮੇਟੀ ਰੱਖਦੇ। ਉਹ ਆਪਣੇ ਬਿਸਤਰੇ 'ਤੇ ਵੀ ਦੋਵਾਂ ਖੇਤਾਂ ਦੇ ਨਾਲ ਹੀ ਸੌਂਦੇ ਸਨ। ਉਹ ਆਪਣੇ ਸੁਪਨਿਆਂ ਵਿਚ ਅਕਸਰ ਵੇਖਦੇ ਕਿ ਉਹਨਾਂ ਦੇ ਦੋਵੇਂ ਖੇਤ ਧੂੰਆਂ ਬਣ ਕੇ ਉਪਰ ਉੱਡ ਕੇ ਇਕ ਦੂਜੇ ਨਾਲ ਮਿਲ ਗਏ ਨੇ। ਬੱਚਾ ਬਾਬੂ ਆਪਣੇ ਸੁਪਨੇ ਵਿਚ ਕਹਿੰਦੇ, “ਤੁਸੀਂ ਦੋਵੇਂ ਮੇਰੇ ਪੁੱਤਰ ਓ। ਦੋ ਪਿਆਰੇ ਪਿਆਰੇ ਪੁੱਤਰ।”
ਬੱਚਾ ਬਾਬੂ ਦੇ ਘਰ ਦੋ ਗਾਵਾਂ ਸਨ। ਦੋਵੇਂ ਗਾਵਾਂ ਵਾਰੋ-ਵਾਰੀ ਨਾਲ ਦੁੱਧ ਦਿੰਦੀਆਂ ਸਨ। ਇਕ ਦੁੱਧ ਦਿੰਦੀ ਤਾਂ ਦੂਜੀ ਓਹਨੀਂ ਦਿਨੀਂ ਗੱਭਣ ਹੁੰਦੀ। ਉਹ ਦੋਵੇਂ ਗਾਵਾਂ ਬੱਚਾ ਬਾਬੂ ਨੂੰ ਪਛਾਣਦੀਆਂ ਸਨ। ਉਹ ਵਿਹੜੇ 'ਚ ਖਲੋ ਕੇ ਆਵਾਜ਼ ਮਾਰਦੇ ਸਨ ਤੇ ਉਹ ਉਹਨਾਂ ਨੂੰ ਮਿਲਣ ਆ ਜਾਂਦੀਆਂ ਸਨ। ਜਦੋਂ ਉਹ ਘਰ ਨਹੀਂ ਸੀ ਹੁੰਦੇ ਤੇ ਲੋਕੀ ਉਹਨਾਂ ਨੂੰ ਲੱਭਣ ਆਉਂਦੇ ਤਾਂ ਉਹ ਗਾਵਾਂ ਉਹਨਾਂ ਲੋਕਾਂ ਨੂੰ ਜਵਾਬ ਦਿੰਦੀਆਂ ਸਨ।
ਸ਼ਾਦੀ ਦੇ ਚਾਰ ਵਰ੍ਹਿਆਂ ਦੇ ਅੰਦਰ ਬੱਚਾ ਬਾਬੂ ਦੇ ਦੋ ਵਰ੍ਹਿਆਂ ਦੇ ਵਕਫ਼ੇ ਨਾਲ ਦੋ ਬੱਚੀਆਂ ਹੋਈਆਂ। ਦੋ ਬੱਚੀਆਂ ਯਾਨੀ ਦੋ ਕਬੂਤਰ। ਬੱਚਾ ਬਾਬੂ ਆਪਣੀਆਂ ਬੱਚੀਆਂ ਨਾਲ ਘਰ ਵਿਚ ਗੁਟਕਦੇ ਰਹਿੰਦੇ। ਬੱਚਾ ਬਾਬੂ ਦੀ ਨਜ਼ਰ ਵਿਚ ਕਬੂਤਰ, ਕਬੂਤਰੀ ਵਿਚ ਕੋਈ ਫਰਕ ਨਹੀਂ ਸੀ...ਇਸੇ ਲਈ ਉਹਨਾਂ ਆਪਣੀ ਘਰਵਾਲੀ ਨੂੰ ਕਦੀ ਸ਼ਿਕਾਇਤ ਨਹੀਂ ਸੀ ਕੀਤੀ ਕਿ ਉਸਨੇ ਮੁੰਡਾ ਕਿਓਂ ਨਹੀਂ ਜੰਮਿਆਂ। ਜਾਂ ਫੇਰ ਇਸੇ ਕਰਕੇ ਉਹਨਾਂ ਅੱਗੇ ਕੋਈ ਯਤਨ ਨਹੀਂ ਕੀਤਾ ਕਿ ਉਹਨਾਂ ਦਾ ਵਾਰਸ ਹੋ ਜਾਏ। ਬੱਚਾ ਬਾਬੂ ਕਹਿੰਦੇ ਕਿ 'ਜੋ ਮੇਰੇ ਕੋਲ ਏ ਉਹ ਮੈਂ ਆਪਣੇ ਵਾਰਸ ਨੂੰ ਐਨ ਉਸੇ ਰੂਪ ਵਿਚ ਦੇ ਵੀ ਤਾਂ ਨਹੀਂ ਸਕਦਾ।'
ਦੋਵਾਂ ਕੁੜੀਆਂ ਨੂੰ ਬੱਚਾ ਬਾਬੂ ਨੇ ਬੜੇ ਯਤਨਾਂ ਨਾਲ ਪਾਲਿਆ। ਦੋਵੇਂ ਕੁੜੀਆਂ ਵੱਡੀਆਂ ਹੋ ਕੇ ਬੜੀਆਂ ਗੁਣੀ ਬਣੀਆਂ। ਦੋਵੇਂ ਆਪਣੇ ਪਿਤਾ ਨੂੰ ਦਾਦਾ (ਵੱਡਾ ਭਰਾ) ਕਹਿੰਦੀਆਂ ਸਨ ਤੇ ਆਪਣੀ ਮਾਂ ਨੂੰ ਦੀਦੀ। ਦੋਵਾਂ ਕੁੜੀਆਂ ਨੂੰ ਆਪਣੇ ਪਿਤਾ ਨਾਲ ਵੱਧ ਪਿਆਰ ਸੀ ਤੇ ਲਾਡ ਨਾਲ ਅਕਸਰ ਉਹ ਆਪਣੇ ਪਿਤਾ ਨਾਲ ਖੇਤ ਘੁੰਮਣ ਜਾਣ ਦੀ ਜ਼ਿਦ ਕਰਦੀਆਂ ਸੀ। ਪਿਤਾ ਉਹਨਾਂ ਨੂੰ ਆਪਣੇ ਨਾਲ ਗੋਟ ਵਾਲੇ ਖੇਤ ਵਿਚ ਲੈ ਜਾਂਦੇ। ਕੁੜੀਆਂ ਉਹਨਾਂ ਬੂਟਿਆਂ ਵਿਚ ਚਹਿਕਦੀਆਂ ਸਨ ਤੇ ਬੱਚਾ ਬਾਬੂ ਉਸ ਖੇਤ ਦੀ ਵੱਟ ਉੱਤੇ ਬੈਠੇ ਆਪਣੀਆਂ ਟਾਹਣੀਆਂ ਨਾਲ ਇਲਾਜ਼ ਕਰਦੇ ਰਹਿੰਦੇ। ਪੀਲੇ-ਪੀਲੇ ਫੁੱਲਾਂ ਵਿਚਕਾਰ ਉਦੋਂ ਬੱਚਾ ਬਾਬੂ ਦੀਆਂ ਧੀਆਂ ਵਾਕੱਈ ਕਬੂਤਰਾਂ ਵਰਗੀਆਂ ਲੱਗਦੀਆਂ।
ਪਰ ਧੀਆਂ ਕਬੂਤਰ ਨਹੀਂ, ਕਬੂਤੀਆਂ ਸਨ ਇਸ ਲਈ ਇਕ ਦਿਨ ਉਹਨਾਂ ਨੇ ਬੱਚਾ ਬਾਬੂ ਦੇ ਬਨੇਰੇ ਤੋਂ ਉੱਡ ਜਾਣਾ ਸੀ।
ਲਗਭਗ ਦੋ ਸਾਲ ਦੇ ਵਕਫ਼ੇ ਨਾਲ ਦੋਵੇਂ ਧੀਆਂ ਵਿਦਾਅ ਹੋਈਆਂ। ਪਿਤਾ ਬੱਚਾ ਬਾਬੂ ਅਥਾਹ ਡੂੰਘਾਈ ਵਿਚ ਗੋਤੇ ਖਾਣ ਲੱਗੇ। ਦੁੱਖ ਧੀਆਂ ਦੇ ਵਿਦਾਅ ਹੋਣ ਦਾ ਵੀ ਸੀ ਤੇ ਆਪਣੇ ਖੇਤਾਂ ਦੇ ਹੱਥੋਂ ਨਿਕਲਣ ਦਾ ਵੀ। ਜਿਹਨਾਂ ਖੇਤਾਂ ਨੂੰ ਆਪਣੀਆਂ ਬਾਹਾਂ ਵਿਚ ਸਮੇਟ ਕੇ ਆਪਣਾ ਜੀਵਨ ਬਿਤਾਅ ਰਹੇ ਸਨ—ਉਹੀ ਖੇਤ ਉਹਨਾਂ ਦੀਆਂ ਬਾਹਾਂ ਵਿਚੋਂ ਨਿਕਲ ਕੇ ਹਵਾ ਵਿਚ ਉੱਠਣ ਲੱਗੇ।
ਬੱਚਾ ਬਾਬੂ ਦੀਆਂ ਦੋਵੇਂ ਧੀਆਂ ਬੜੀਆਂ ਗੁਣੀ ਸਨ। ਕਿਸੇ ਪਿਤਾ ਨੂੰ ਇਸ ਨਾਲੋਂ ਵਧ ਕੀ ਚਾਹੀਦਾ ਹੈ। ਧੀਆਂ ਨੇ ਕਦੋਂ ਜਵਾਨੀ ਦੀ ਲਕੀਰ ਪਾਰ ਲਈ , ਪਿਤਾ ਨੂੰ ਇਸਦਾ ਪਤਾ ਤਕ ਨਹੀਂ ਲੱਗਿਆ। ਧੀਆਂ ਨੂੰ ਸਕੂਲ ਪਿੱਛੋਂ ਉਹਨਾਂ ਨੇ ਕਾਲਜ ਦੀ ਦਹਿਲੀਜ ਤਕ ਵੀ ਪਹੁੰਚਾਇਆ। ਕੁੜੀਆਂ ਖਾਣਾ ਬਣਾਉਣਾ ਜਾਣਦੀਆਂ ਸਨ। ਸਿਲਾਈ ਕਢਾਈ ਤੇ ਅਦਬ ਦੇ ਇਲਾਵਾ ਉਹਨਾਂ ਕੋਲ ਸ਼ਰਮ ਤੇ ਹਯਾਅ ਵੀ ਸੀ। ਬੱਚਾ ਬਾਬੂ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਸਨ ਤੇ ਇਹ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਅਜਿਹਾ ਵੀ ਆਏਗਾ ਕਿ ਉਹਨਾਂ ਨੂੰ ਇਹਨਾਂ ਕਬੂਤਰੀਆਂ ਵਰਗੀਆਂ ਧੀਆਂ ਦੇ ਵਿਆਹ ਦੀ ਪ੍ਰੇਸ਼ਾਨੀ ਝੱਲਣੀ ਪਏਗੀ।
ਦੋਵਾਂ ਧੀਆਂ ਦੇ ਵਿਆਹ ਵਿਚ ਬੱਚਾ ਬਾਬੂ ਦੇ ਦੋਵੇਂ ਖੇਤ ਬੈ ਹੋ ਗਏ ਇੰਜ ਲੱਗਿਆ ਜਿਵੇਂ ਉਹਨਾਂ ਦੇ ਜੀਵਨ ਵਿਚ ਇਹ ਸਭ ਕੁਝ ਪਹਿਲੋਂ ਤੋਂ ਹੀ ਨਿਸ਼ਚਿਤ ਸੀ। ਉਹਨਾਂ ਦੇ ਪਿਤਾ ਨੇ ਏਨੀ ਜ਼ਮੀਨ ਹੀ ਛੱਡੀ ਸੀ ਇਸਦੇ ਇਲਾਵਾ ਹੋਰ ਕੁਝ ਨਹੀਂ। ਦੋਵੇਂ ਖੇਤ ਲਗਭਗ ਬਰਾਬਰ ਦੇ ਸਨ ਤੇ ਧੀਆਂ ਵੀ ਦੋ ਹੀ ਹੋਈਆਂ। ਉਸ ਉੱਤੇ ਕਮਾਲ ਦੀ ਗੱਲ ਇਹ ਕਿ ਬੱਚਾ ਬਾਬੂ ਕੋਲ ਕਦੀ ਵੀ ਏਨਾ ਪੈਸਾ ਨਹੀਂ ਆਇਆ ਕਿ ਉਹ ਇਹ ਸੋਚ ਸਕਣ ਕਿ ਦੋਵਾਂ ਧੀਆਂ ਦੀ ਸ਼ਾਦੀ ਉਹ ਸਿਰਫ਼ ਆਪਣੇ ਜਮ੍ਹਾਂ ਕੀਤੇ ਪੈਸੇ ਨਾਲ ਕਰ ਦੇਣਗੇ। ਦੋਵਾਂ ਧੀਆਂ ਦੇ ਵਿਆਹ ਵਿਚ ਲਗਭਗ ਦੋ ਵਰ੍ਹਿਆਂ ਦਾ ਅੰਤਰ ਰਿਹਾ ਇਸ ਲਈ ਇਸ ਨੂੰ ਇੰਜ ਸਮਝਿਆ ਜਾਏ ਕਿ ਦੂਜੇ ਖੇਤ ਦਾ ਟੁਕੜਾ ਲਗਭਗ ਦੋ ਵਰ੍ਹੇ ਵੱਧ ਉਹਨਾਂ ਕੋਲ ਰਿਹਾ।
ਬੱਚਾ ਬਾਬੂ ਦੀਆਂ ਬਾਹਾਂ ਵਿਚੋਂ ਉਹਨਾਂ ਦੇ ਖੇਤਾਂ ਦਾ ਨਿਕਲ ਜਾਣਾ ਉਹਨਾਂ ਨੂੰ ਕਿੰਨਾ ਰੜਕਦਾ ਸੀ ਇਹ ਸਿਰਫ਼ ਉਹੀ ਜਾਣਦੇ ਸਨ। ਉਹ ਆਪਣੇ ਮਨ ਵਿਚ ਸੋਚਦੇ ਸਨ ਕਿ ਹੁਣ ਉਹਨਾਂ ਕੋਲ ਆਉਣ ਵਾਲੇ ਮੁਸ਼ਕਲ ਕੇਸਾਂ ਦੀ ਪ੍ਰੈਕਟਿਸ ਉਹ ਕਿੱਥੇ  ਕਰਿਆ ਕਰਨਗੇ।
ਬੱਚਾ ਬਾਬੂ ਦਾ ਘਰ ਸੁੰਨਾ ਹੋ ਗਿਆ। ਉਹਨਾਂ ਦਾ ਜੀਵਨ ਸੁੰਨਾ ਹੋ ਗਿਆ। ਪਰ ਉਹ ਟੁੱਟੇ ਨਹੀਂ। ਉਹਨਾਂ ਸੋਚਿਆ ਖੇਤ ਬੈ ਹੀ ਤਾਂ ਕੀਤੇ ਨੇ, ਕੋਈ ਵੇਚੇ ਤਾਂ ਨਹੀਂ। ਪੂਰੇ ਯਤਨ ਨਾਲ ਮਿਹਨਤ ਕਰਕੇ ਇਹਨਾਂ ਨੂੰ ਛੁਡਾਅ ਲਵਾਂਗੇ। ਆਪਣੇ ਮਨ ਵਿਚ ਕਹਿੰਦੇ, “ਤੁਹਾਨੂੰ ਮੈਂ ਆਪਣੇ ਕੋਲ ਫੇਰ ਲਿਆਵਾਂਗਾ ਮੇਰੇ ਬੱਚਿਓ।”
ਬੱਚਾ ਬਾਬੂ ਦੀ ਪਤਨੀ ਦਾ ਨਾ ਕਲਿਆਣੀ ਸੀ। ਉਹ ਵੀ ਬੱਚਾ ਬਾਬੂ ਵਾਂਗ ਈ ਮੋਟੀ ਤੇ ਲੰਬਾਈ ਵਿਚ ਛੋਟੀ ਸੀ। ਦੋਵਾਂ ਦੀ ਜੋੜੀ ਬੜੀ ਚੰਗੀ ਲੱਗਦੀ ਸੀ। ਕਲਿਆਣੀ ਹਰ ਵੇਲੇ ਆਪਣੇ ਪਤੀ ਨੂੰ ਤਾਅਨੇ ਮਾਰਦੀ ਕਿ ਤੁਹਾਡੇ ਨਾਲ ਵਿਆਹ ਕਰਵਾ ਕੇ ਮੈਨੂੰ ਕੀ ਮਿਲਿਆ। ਖੇਤ ਚਲੇ ਜਾਣ ਕਰਕੇ ਕਲਿਆਣੀ ਵੀ ਬੜੀ ਦੁਖੀ ਸੀ। ਬੱਚਾ ਬਾਬੂ ਤਸੱਲੀ ਦਿੰਦੇ। 'ਹੌਸਲਾ' ਸ਼ਬਦ ਨੂੰ ਚੱਬ ਕੇ ਆਪਣੀ ਪਤਨੀ ਨੂੰ ਸਮਝਾਉਂਦੇ, “ਹੌਸਲਾ ਰੱਖ, ਧੀਆਂ ਸਹੁਰੇ ਘਰੀਂ ਸੁਖੀ ਨੇ। ਤੇਰੇ ਖੇਤਾਂ ਨੂੰ ਵੀ ਜਲਦੀ ਛੁਡਾਅ ਦਿਆਂਗੇ।” ਪਰ ਉਹਨਾਂ ਦੀ ਗੱਲ 'ਤੇ ਪਤਨੀ ਨੂੰ ਯਕੀਨ ਨਾ ਆਉਂਦਾ। ਕਹਿੰਦੀ, “ਤੁਹਾਡਾ ਕਿੰਨਾ ਵੀ ਨਾਂ ਹੋ ਜਾਏ, ਇਸ ਨਾਲ ਸਾਨੂੰ ਕੀ ਭਾਅ।” ਕਲਿਆਣੀ ਨੂੰ ਸਭ ਤੋਂ ਵੱਡੀ ਚਿੰਤਾ ਸੀ ਦੋਵਾਂ ਦੇ ਬੁਢਾਪੇ ਦੀ। ਕਹਿੰਦੀ, “ਜਦੋਂ ਤਕ ਹੱਥ ਪੈਰ ਚਲਦੇ ਐ ਉਦੋਂ ਤਕ ਤਾਂ ਕਿਸੇ ਤਰ੍ਹਾਂ ਦਾਲ ਰੋਟੀ ਚਲਦੀ ਰਹੇਗੀ। ਪਰ ਕਦੀ ਸੋਚਿਆ ਏ ਕਿ ਜਿਸ ਦਿਨ ਤੁਹਾਡੇ ਹੱਥੋਂ ਹੱਡੀਆਂ ਆਪਣੀ ਸਹੀ ਜਗ੍ਹਾ ਲੈਣੀ ਛੱਡ ਦੇਣਗੀਆਂ ਉਸ ਦਿਨ ਪਿੱਛੋਂ ਆਪਣਾ ਗੁਜਾਰਾ ਕਿਵੇਂ ਚੱਲੇਗਾ?”
ਭਾਵੇਂ ਕਲਿਆਣੀ ਬੱਚਾ ਬਾਬੂ ਨੂੰ ਤਾਅਨਾ ਮਾਰਦੀ ਹੋਏ ਪਰ ਇਹ ਸੱਚ ਸੀ ਕਿ ਬੱਚਾ ਬਾਬੂ ਦੇ ਹੱਥੋਂ ਜਦੋਂ ਦੇ ਖੇਤ ਨਿਕਲੇ ਸੀ ਉਸ ਦਿਨ ਤੋਂ ਉਹਨਾਂ ਦੀ ਆਪਣੀ ਇਸ ਪ੍ਰੈਕਟਿਸ ਵਿਚ ਸਿਰਫ਼ ਦਾਲ ਰੋਟੀ ਹੀ ਚੱਲਣ ਲੱਗੀ ਸੀ।
ਬੱਚਾ ਬਾਬੂ ਆਪਣੀ ਫੀਸ ਵਧਾਉਣ ਦੀ ਬਾਰੇ ਸੋਚਦੇ ਪਰ ਇਹ ਸੋਚ ਕੇ ਚੁੱਪ ਵੱਟ ਜਾਂਦੇ ਕਿ ਉਹਨਾਂ ਗਰੀਬ ਲੋਕਾਂ ਦੀ ਏਨੀ ਓਕਾਤ ਨਹੀਂ। ਪਰ ਕਿਉਂਕਿ ਉਹਨਾਂ ਨੂੰ ਆਪਣੇ ਖੇਤ ਛੁਡਾਉਣ ਦੀ ਬੜੀ ਜਲਦੀ ਸੀ ਇਸ ਲਈ ਉਹ ਬੇਚੈਨ ਵੀ ਰਹਿੰਦੇ ਸਨ।
ਥੋੜ੍ਹੀ ਬਹੁਤ ਉਹਨਾਂ ਆਪਣੀ ਫੀਸ ਵਧਾਈ ਜ਼ਰੂਰ। ਉਹਨਾਂ ਦੀਆਂ ਦੋਵਾਂ ਗਊਆਂ ਨੇ ਉਹਨਾਂ ਦੀ ਇਸ ਸੰਕਟ ਦੀ ਘੜੀ ਵਿਚ ਉਹਨਾਂ ਦਾ ਬੜਾ ਸਾਥ ਦਿੱਤਾ। ਗਊਆਂ ਨੇ ਵੱਛੇ ਦਿੱਤੇ। ਦੁੱਧ ਵੀ ਵਾਹਵਾ ਰਿਹਾ।
ਗੱਲ ਸਿਰਫ਼ ਏਨੀ ਹੈ ਕਿ ਕੁਲ ਮਿਲਾ ਕੇ ਬੱਚਾ ਬਾਬੂ ਨੇ ਦੋ ਵਰ੍ਹਿਆਂ ਬਾਅਦ ਏਨੇ ਰੁਪਏ ਇਕੱਠੇ ਕਰ ਲਏ ਕਿ ਘੱਟੋ ਘੱਟ ਆਪਣਾ ਇਕ ਖੇਤ ਛੁਡਾਅ ਸਕਣ। ਇਹ ਕਹਿਣ ਦੀ ਲੋੜ ਨਹੀਂ ਕਿ ਆਪਣੇ ਸਾਰੇ ਯਤਨਾਂ ਦੇ ਬਾਅਦ ਵੀ ਬੱਚਾ ਬਾਬੂ ਕੋਲ ਉਸ ਖੇਤ ਲਈ ਪੈਸੇ ਏਨੀ ਜਲਦੀ ਪੂਰੇ ਨਹੀਂ ਹੋਏ ਹੋਣੇ ਉਸ ਹਾਲਤ ਵਿਚ ਬੱਚਾ ਬਾਬੂ ਨੇ ਆਪਣੀ ਪਤਨੀ ਦਾ ਸਹਾਰਾ ਲਿਆ। ਜਿਹੜੇ ਗਹਿਣੇ ਕਲਿਆਣੀ ਨੇ ਆਪਣੀਆਂ ਧੀਆਂ ਦੀ ਸ਼ਾਦੀ ਵਿਚ ਨਹੀਂ ਸੀ ਵੇਚੇ, ਉਹ ਗਹਿਣੇ ਆਪਣੇ ਇਹਨਾਂ ਪੁੱਤਰਾਂ ਵਰਗੇ ਖੇਤਾਂ ਲਈ ਕੁਰਬਾਨ ਕਰ ਦੇਣੇ ਪਏ। ਬੱਚਾ ਬਾਬੂ ਨੇ 'ਅਸਲੀ' ਸ਼ਬਦ ਨੂੰ ਚੁੱਬ ਕੇ ਕਿਹਾ, “ਅਸਲੀ ਗਹਿਣਾ ਤਾਂ ਤੁਹਾਡਾ ਖੇਤ ਏ ਜੀ।” ਆਪਣੇ ਪਤੀ ਨਾਲ ਬਹੁਤ ਸਾਰੀਆਂ ਗੱਲਾਂ ਵਿਚ ਅਸਹਿਮਤ ਰਹਿਣ ਵਾਲੀ ਕਲਿਆਣੀ, ਇਸ ਇਕ ਗੱਲ 'ਤੇ ਸਹਿਮਤ ਹੋ ਗਈ।

ਕਹਾਣੀ ਵਿਚ ਤਣਾਅ ਦੀ ਸ਼ੁਰੂਆਤ :
ਇਹ ਤਾਂ ਸੋਚਿਆ ਹੀ ਜਾ ਸਕਦਾ ਹੈ ਕਿ ਜੇ ਕਹਾਣੀ ਏਨੀ ਹੀ ਸਪਾਟ ਹੁੰਦੀ ਤਾਂ ਫੇਰ ਇਹ ਕਹਾਣੀ ਬਣਦੀ ਹੀ ਕਿਓਂ? ਬੱਚਾ ਬਾਬੂ ਦੇ ਖੇਤ ਆਪਣੀਆਂ ਬੱਚੀਆਂ ਦੀਆਂ ਸ਼ਾਦੀਆਂ ਵਿਚ ਗਹਿਣੇ ਹੋ ਗਏ ਸਨ ਤੇ ਬੱਚਾ ਬਾਬੂ ਇਹਨਾਂ ਦੁੱਖਦਾਈ ਘੜੀਆਂ ਨੂੰ ਦੋ ਸਾਲ ਹੰਢਾ ਕੇ ਜਿਵੇਂ-ਤਿਵੇਂ ਘੱਟੋ ਘੱਟ ਅੱਧੀ ਖ਼ੁਸੀ ਛੁਡਾਉਣ ਲਈ ਤੁਰ ਪਏ। ਖ਼ੇਤ ਲਈ ਜੋੜੇ ਗਏ ਪੈਸੇ ਦੇ ਦਿੱਤੇ ਗਏ ਤੇ ਉਹਨਾਂ ਪੈਸਿਆਂ ਨਾਲ ਖੇਤ ਛੁਡਾਅ ਲਿਆ ਗਿਆ...ਤੇ ਕਹਾਣੀ ਖ਼ਤਮ।
ਪਰ ਨਹੀਂ ਮੇਰੇ ਦੋਸਤੋ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ। ਪਿਕਚਰ ਅਜੇ ਬੜੀ ਬਾਕੀ ਹੈ।
ਬੱਚਾ ਬਾਬੂ ਨੇ ਜਿਸ ਕੋਲ ਆਪਣੀ ਜ਼ਮੀਨ ਗਹਿਣੇ ਰੱਖੀ ਸੀ, ਉਹਨਾਂ ਦਾ ਨਾਂ ਸੀ ਫੂਲ ਸਿੰਘ। ਮੈਨੂੰ ਪੂਰੀ ਤਰ੍ਹਾਂ ਪਤਾ ਨਹੀਂ ਪਰ ਮੈਂ ਆਸ ਕਰਦਾ ਹਾਂ ਕਿ ਸਰਕਾਰੀ ਕਾਗਜ਼ਾਂ ਵਿਚ ਉਹਨਾਂ ਦਾ ਨਾਂ ਫੂਲ ਸਿੰਘ ਨਹੀਂ ਹੋਏਗਾ। ਕਿਉਂਕਿ ਫੂਲ ਸਿੰਘ ਨਾਂ ਤਾਂ ਬੜਾ ਅਜੀਬ ਲੱਗ ਰਿਹਾ ਹੈ। ਜ਼ਿਮੀਂਦਾਰਾ ਲਗਭਗ ਜੱਦੀ-ਪੁਸ਼ਤੀ ਸੀ। ਪਰ ਜ਼ਿਮੀਂਦਾਰੀ ਹੁਣ ਲਗਭਗ ਲੁੱਚ-ਪੌ ਵਿਚ ਬਦਲ ਚੁੱਕੀ ਸੀ। ਖਾਤੇ ਘੱਟ ਸਨ ਤੇ ਜਮ੍ਹਾਂ ਪੂੰਜੀ ਵਧੇਰੇ। ਉਹਨਾਂ ਦਾ ਮੰਨਣਾ ਸੀ ਕਿ ਪੈਸਾ ਜੋੜ ਕੇ ਹੀ ਉਹ ਨੂੰ ਸਹੀ ਇੱਜ਼ਤ ਬਖ਼ਸ਼ੀ ਜਾ ਸਕਦੀ ਹੈ। ਇਸ ਲਈ ਉਹ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਵਿਚ ਲਗਭਗ ਸਾਰੇ ਹੀ ਪਤਲੇ-ਪਤੰਗ ਸਨ। ਕਿਉਂਕਿ ਫੂਲ ਸਿੰਘ ਆਪਣੀ ਸਿਹਤ ਤਕ ਨਾਲ ਸਮਝੌਤਾ ਕਰਕੇ ਪੈਸਾ ਜਮ੍ਹਾ ਕਰ ਸਕਦੇ ਸਨ ਤਾਂ ਫੇਰ ਇਹ ਸਮਝ ਵਿਚ ਆ ਜਾਣਾ ਸੁਭਾਵਿਕ ਹੀ ਹੈ ਕਿ ਬੱਚਾ ਬਾਬੂ ਨੇ ਗਲਤ ਹੱਥਾਂ ਵਿਚ ਆਪਣੀ ਪੁੱਤਰਾਂ ਵਰਗੀ ਜ਼ਮੀਨ ਨੂੰ ਸੌਂਪ ਦਿੱਤਾ ਸੀ।
ਤੇ ਹੋਇਆ ਵੀ ਓਹੀ। ਫੂਲ ਸਿੰਘ ਨੇ ਖੇਤ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ।
“ਖੇਤ ਤਾਂ ਜਿਸ ਕੋਲ ਹੋਵੇ, ਉਸਦੇ ਦਾ ਹੁੰਦਾ ਏ। ਪੜ੍ਹਿਆ ਨਹੀਂ ਕਿ ਡਾਕਟਰ ਸਾਹਬ?” ਫੂਲ ਸਿੰਘ ਨੇ ਇੰਜ ਕਹਿੰਦਿਆਂ ਹੋਇਆ ਮਨ ਵਿਚ ਸੋਚਿਆ, 'ਮੇਰੀ ਕਿਹੜਾ ਸਾਲੀ ਹੱਡੀ ਟੁੱਟਣ ਲੱਗੀ ਏ...।'
ਪਰ ਬੱਚਾ ਬਾਬੂ ਦੇ ਮਨ ਵਿਚ ਸੀ ਕਿ 'ਇਕ ਵਾਰੀ ਹੱਡੀ ਟੁੱਟ ਕੇ ਤਾਂ ਦੇਖੇ। ਸਾਲੀ ਨੂੰ ਪੁੱਠੀ ਜੋੜ ਦਿਆਂਗਾ। ਜਾਵੇਗਾ ਪੂਰਬ ਵੱਲ, ਪਹੁੰਚੇਗਾ ਪੱਛਮ 'ਚ।'
ਬੱਚਾ ਬਾਬੂ ਨੇ ਪਤਨੀ ਦੇ ਗਹਿਣੇ ਤਕ ਵੇਚ ਕੇ ਜਿੰਨੇ ਪੈਸੇ ਜੋੜੇ ਸੀ, ਉਹਨਾਂ ਨਾਲ ਉਹਨਾਂ ਦੇ ਖੇਤ ਤਾਂ ਨਹੀਂ ਮੁਕਤ ਹੋ ਸਕੇ ਪਰ ਉਹ ਸਾਰੇ ਪੈਸੇ ਇਹਨਾਂ ਵਰ੍ਹਿਆਂ ਵਿਚ ਕੇਸ ਲੜਨ ਵਿਚ ਖ਼ਰਚ ਹੋ ਗਏ। ਤੁਸੀਂ ਵਿਸ਼ਵਾਸ ਕਰੋ, ਇਹ ਕੇਸ ਕਰਨ ਤੇ ਲੜਨ ਦੀ ਹਿੰਮਤ ਕਲਿਆਣੀ ਦੇ ਜੋਸ਼ ਦਿਵਾਉਣ ਕਰਕੇ ਹੀ ਸੰਭਵ ਹੋ ਸਕੀ ਸੀ।
ਬੱਚਾ ਬਾਬੂ ਦੇ ਜੀਵਨ ਦਾ ਇਹ ਦੁੱਖ ਸਭ ਤੋਂ ਵੱਡਾ ਦੁੱਖ ਸੀ। ਦੋਵੇਂ ਪਤੀ ਪਤਨੀ ਇਸ ਦੁੱਖ ਸਦਕਾ ਘੁਟ-ਘੁਟ ਕੇ ਜਿਊਂ ਰਹੇ ਸਨ ਤੇ ਕਚਹਿਰੀ ਦੇ ਚੱਕਰ ਲਾ ਰਹੇ ਸਨ। ਪਰ ਤੁਸੀਂ ਜਾਣਦੇ ਓ ਕਿ ਫੂਲ ਸਿੰਘ ਵਰਗੇ ਜ਼ਿਮੀਂਦਾਰ ਨਾਲ ਵਸਤਾ ਪਿਆ ਸੀ, ਸੋ ਫ਼ੈਸਲਾ ਕਿੱਥੇ ਹੋਣ ਵਾਲਾ ਸੀ। ਨਾਲੇ ਉਸਦੀ ਕਿਸਮਤ ਵੀ ਬਲਵਾਨ ਸੀ ਕਿ ਇਸ ਦੌਰਾਨ ਉਸਦੇ ਪਰਿਵਾਰ ਵਿਚ ਕਿਸੇ ਦੀ ਹੱਡੀ ਟੁੱਟਣੀ ਤਾਂ ਦੂਰ, ਉਤਰੀ ਤਕ ਨਹੀਂ ਸੀ।
ਹੁਣ ਬੱਚਾ ਬਾਬੂ ਨੂੰ ਮਨ ਵਿਚ ਇਹ ਸਾਫ਼ ਲੱਗਣ ਲੱਗਾ ਪਿਆ ਸੀ ਕਿ ਹੁਣ ਉਹਨਾਂ ਨੂੰ ਇਹ ਖੇਤ ਕਦੀ ਵਾਪਸ ਨਹੀਂ ਮਿਲਣਗੇ। ਉਹ ਰੋਜ਼ ਸ਼ਾਮ ਨੂੰ ਇਕ ਚੱਕਰ ਉਹਨਾਂ ਖੇਤਾਂ ਵੱਲ ਲਾਉਂਦੇ। ਉਹ ਦੇਖਦੇ ਖੇਤ ਉਦਾਸ ਤੇ ਗੁੱਛਾ ਮੁੱਛਾ ਹੋਏ ਹੋਏ ਨੇ। ਉਹ ਖੇਤਾਂ ਨੂੰ ਦੂਰੋਂ ਹੀ ਦੇਖਦੇ। ਉਹਨਾਂ ਅੰਦਰ ਖੇਤਾਂ ਨੂੰ ਆਪਣੀ ਸ਼ਕਲ ਦਿਖਾਉਣ ਦੀ ਹਿੰਮਤ ਨਹੀਂ ਸੀ। ਖੇਤਾਂ ਵਿਚ ਗੰਨਾ ਬੀਜਿਆ ਹੋਇਆ ਸੀ। ਬੱਚਾ ਬਾਬੂ ਉਧਰ ਦੇਖਦੇ ਤੇ ਮੂੰਹ ਭੁਆਂ ਲੈਂਦੇ।
ਪਰ ਉਹ ਕਹਿੰਦੇ ਨੇ ਨਾ ਬਈ 'ਸਭ ਤੋਂ ਵੱਡਾ ਰੱਬ ਹੁੰਦਾ ਏ' ਤਾਂ ਬਸ ਸਮਝੋ ਬੱਚਾ ਬਾਬੂ ਦੇ ਜੀਵਨ ਵਿਚ ਰੱਬ ਨੇ ਕਿਰਪਾ ਕਰ ਦਿੱਤੀ।

ਕੱਟ ਟੂ ਦਿੱਲੀ : ਕਹਾਣੀ ਵਿਚ ਪ੍ਰਧਾਨਮੰਤਰੀ ਦਾ ਪ੍ਰਵੇਸ਼ :
ਇਲੈਕਟ੍ਰਾਨਿਕ ਮੀਡੀਏ ਲਈ ਉਹ ਉਦਾਹਰਨ ਪੇਸ਼ ਕਰਨ ਦੇ ਦਿਨ ਸਨ। ਸਾਰੇ ਕੈਮਰੇ ਚੌਵੀ ਘੰਟਿਆਂ ਲਈ ਉਸ ਵੱਡੇ ਹਸਪਤਾਲ ਦੇ ਸਾਹਮਣੇ ਲਾ ਦਿੱਤੇ ਗਏ ਸਨ। ਦਿੱਲੀ ਦਾ ਇਕ ਅਲੀਸ਼ਾਨ ਹਸਪਤਾਲ ਸੀ ਉਹ। ਬਿਲਕੁਲ ਫਾਈਵ ਸਟਾਰ ਹੋਟਲ ਵਰਗਾ। ਇਲੈਕਟ੍ਰਾਨਿਕ ਮੀਡੀਏ ਦੇ ਇਤਿਹਾਸ ਨੂੰ ਸਮਝਣ ਲਈ ਇਹ ਇਕ ਵੱਡੀ ਉਦਾਹਰਨ ਬਣ ਕੇ ਉੱਭਰਿਆ ਕਿ ਦੇਸ਼ ਵਿਚ ਕਈ ਘਟਨਾਵਾਂ ਏਨੀਆਂ ਵੱਡੀਆਂ ਹੋ ਜਾਂਦੀਆਂ ਨੇ ਕਿ ਚੌਵੀ ਘੰਟਿਆਂ ਲਈ ਕੈਮਰਿਆਂ ਨੂੰ ਓਥੇ ਫਿਕਸ ਕਰਨਾ ਪੈਂਦਾ ਹੈ। ਇਸ ਦੌਰਾਨ ਦੇਸ਼ ਭਰ ਵਿਚ ਭਾਵੇਂ ਕਿੰਨੇ ਹੀ 'ਚੂਹੇ-ਚਿੜੇ' ਕਿਓਂ ਨਾ ਮਰ ਜਾਣ।
ਚੌਵੀ ਘੰਟਿਆਂ ਲਈ ਕੈਮਰਿਆਂ ਨੂੰ ਉਸ ਹਸਪਤਾਲ ਉੱਤੇ ਫਿਕਸ ਕਰਵਾਉਣ ਵਾਲੀ ਘਟਨਾ ਇਹ ਸੀ ਕਿ ਪ੍ਰਧਾਨਮੰਤਰੀ ਇਕ ਮਰੀਜ਼ ਦੇ ਰੂਪ ਵਿਚ ਉੱਥੇ ਦਾਖ਼ਲ ਸਨ। ਦੇਸ਼ ਦੇ ਪ੍ਰਧਾਨਮੰਤਰੀ ਉੱਥੇ ਇਕ ਮਰੀਜ਼ ਦੇ ਰੂਪ ਵਿਚ ਦਾਖ਼ਲ ਸਨ ਤਾਂ ਉਸਨੂੰ ਸਭ ਤੋਂ ਵੱਡੀ ਖ਼ਬਰ ਬਣਨਾ ਵੀ ਚਾਹੀਦਾ ਸੀ। ਅਸਲ ਵਿਚ ਪ੍ਰਧਾਨਮੰਤਰੀ ਦੀ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਦੇ ਐਨ ਨਾਲ ਵਾਲੀ ਹੱਡੀ ਮੁਚ ਗਈ ਸੀ ਜਾਂ ਫੇਰ ਉਹ ਇੰਜ ਮੁੜ ਗਈ ਸੀ ਕਿ ਲੱਕ ਨੂੰ ਮੋੜਨਾ ਅਸੰਭਵ ਹੋ ਗਿਆ ਸੀ। ਹੱਡੀ ਟੁੱਟ ਗਈ ਹੁੰਦੀ ਤਾਂ ਸ਼ਾਇਦ ਜੁੜ ਵੀ ਜਾਂਦੀ ਪਰ ਉਹ ਉਲਝ ਗਈ ਸੀ। ਸੋ ਪ੍ਰਧਾਨਮੰਤਰੀ ਜਾਂ ਸਿਰਫ਼ ਪੈ ਸਕਦੇ ਸਨ ਜਾਂ ਫੇਰ ਖੜ੍ਹੇ ਰਹਿ ਸਕਦੇ ਸਨ। ਬੈਠਣਾ ਸੰਭਵ ਨਹੀਂ ਸੀ। ਹੁਣ ਪ੍ਰਧਾਨਮੰਤਰੀ ਬੈਠਣ ਨਾ ਤਾਂ ਇਹ ਦੇਸ਼ ਚੱਲੇਗਾ ਕਿਵੇਂ?
ਇਹ ਹਸਪਤਾਲ ਦਿੱਲੀ ਦੀ ਪੂਰੀ ਵਗਦੀ ਸੜਕ ਦੇ ਕਿਨਾਰੇ ਸੀ। ਪ੍ਰਧਾਨਮੰਤਰੀ ਉੱਥੇ ਦਾਖ਼ਲ ਸਨ ਸੋ ਉੱਥੋਂ ਦੀਆਂ ਸੜਕਾਂ ਨੂੰ ਵੀਰਾਨ ਕਰ ਦਿੱਤਾ ਗਿਆ ਸੀ। ਸਾਰੇ ਕੈਮਰੇ ਹਸਪਤਾਲ ਵੱਲ ਮੂੰਹ ਕਰੀ ਖੜ੍ਹੇ ਸਨ। ਆਮ ਨਾਗਰਿਕ ਦੀਆਂ ਅੱਖਾਂ ਟੈਲੀਵਿਜ਼ਨ ਉੱਤੇ ਗੱਡੀਆਂ ਹੋਈਆਂ ਸਨ। ਹਸਪਤਾਲ ਦੇ ਨੇੜੇ-ਤੇੜੇ ਦੇ ਸਾਰੇ ਰੁੱਖਾਂ ਉੱਤੇ ਦੇਸ਼ ਦੇ ਸਾਰੇ ਪੰਛੀ ਆ ਕੇ ਬੈਠੇ ਸਨ, ਤੇ ਉਦਾਸ ਸਨ।
ਪ੍ਰਧਾਨਮੰਤਰੀ ਦਾਖ਼ਲ ਸਨ ਕਿਉਂਕਿ ਉਹਨਾਂ ਦੀ ਹੱਡੀ ਹਿੱਲ, ਅਟਕ, ਮੁਚੜ ਜਾਂ ਉਲਝ ਗਈ ਸੀ। ਪਰ ਇਹ ਹੋਇਆ ਕਿੰਜ? ਇਹ ਠੀਕ-ਠੀਕ ਪਤਾ ਕਰਨਾ ਆਮ ਨਾਗਰਿਕ ਦੇ ਵੱਸ ਦੀ ਗੱਲ ਨਹੀਂ ਸੀ ਪਰ ਕਿਉਂਕਿ ਉਹ ਹੱਡੀ ਕੋਈ ਆਮ ਹੱਡੀ ਨਹੀਂ, ਇਕ ਪ੍ਰਧਾਨਮੰਤਰੀ ਦੀ ਹੱਡੀ ਸੀ ਇਸ ਲਈ ਖ਼ਬਰਾਂ ਬਾਹਰ ਵੀ ਆਈਆਂ। ਨਤੀਜਾ ਕੁਝ ਨਾ ਨਿਕਲੇ ਤਾਂ ਉਲਝਣਾ-ਸੰਸਿਆਂ ਦਾ ਬਰਕਰਾਰ ਰਹਿਣਾ ਸੁਭਾਵਿਕ ਹੀ ਹੈ।
ਖ਼ਬਰ ਇਹ ਸੀ ਕਿ ਪ੍ਰਧਾਨਮੰਤਰੀ ਉਦੋਂ ਇਕ ਅਹਿਮ ਮੀਟਿੰਗ ਵਿਚ ਸਨ। ਬਿਲਕੁਲ ਹਾਈਪ੍ਰੋਫਾਇਲ। ਵਿਦੇਸ਼ ਦੇ ਸਾਰੇ ਧੰਨਾ ਸੇਠਾਂ ਨਾਲ ਉਹਨਾਂ ਦੀ ਡੀਲ ਚੱਲ ਰਹੀ ਸੀ। ਮੁੱਦਾ ਸੀ, ਇਕ ਅਜਿਹੀ ਫ਼ਾਇਦੇਮੰਦ ਕੰਪਨੀ ਦੇ ਮਾਲਕਾਨਾ ਹੱਕ ਵਿਦੇਸ਼ੀ ਧੰਨਾ ਸੇਠਾਂ ਦੇ ਹੱਥ ਦੇਣ ਦਾ, ਜਿਸਦੀ ਇਸ ਦੇਸ਼ ਵਿਚ ਆਪਣੀ ਇਕ ਅਹਿਮੀਅਤ ਸੀ। ਮੀਟਿੰਗ ਕਈ ਘੰਟੇ ਤਕ ਚੱਲੀ ਸੀ ਤੇ ਸੰਭਾਵਨਾ ਹੈ ਕਿ ਸਫਲਤਾ ਪ੍ਰਧਾਨਮੰਤਰੀ ਦੇ ਹੱਥ ਆਈ ਸੀ। ਡੀਲ ਫਾਈਨਲ ਹੋਈ ਤਾਂ ਪ੍ਰਧਾਨਮੰਤਰੀ ਬੜੇ ਖ਼ੁਸ਼ ਹੋਏ। ਖ਼ੁਸ਼ ਏਨੇ ਕਿ 'ਆਈ ਹੈਵ ਸੋਲਡ ਇਟ' ਕਹਿੰਦੇ ਹੋਏ ਕੂਕ ਉੱਠੇ। ਤੇ ਉੱਠੇ ਤਾਂ ਉੱਠੇ ਪਰ ਇੰਜ ਝਟਕੇ ਨਾਲ ਉੱਠੇ ਕਿ ਉਹਨਾਂ ਦੀ ਉਹ ਹੱਡੀ ਮੁਚੜ ਗਈ। ਕੁਰਸੀ ਹੇਠਾਂ ਲੁੜਕ ਗਈ। ਪ੍ਰਧਾਨਮੰਤਰੀ ਖੜ੍ਹੇ ਸਨ ਤੇ ਕੁਰਸੀ ਲੁੜਕੀ ਹੋਈ ਸੀ। ਵਿਦੇਸ਼ੀਆਂ ਦੇ ਚਿਹਰੇ ਉੱਤੇ ਮੁਸਕਰਾਹਟ ਤਾਰੀ ਸੀ। ਤੇ ਉਹ ਪ੍ਰਧਾਨਮੰਤਰੀ ਦੇ ਹਾਸੇ ਨੂੰ ਇੰਜਵਾਏ ਕਰ ਰਹੇ ਸਨ। ਪਰ ਅਸਲ ਵਿਚ ਪ੍ਰਧਾਨਮੰਤਰੀ ਉਦੋਂ ਦਰਦ ਨਾਲ ਕਰਾਹ ਰਹੇ ਸਨ। ਕਹਿੰਦੇ ਨੇ ਉਦੋਂ ਬੜੀ ਦੇਰ ਤਕ ਉੱਥੇ ਬੈਠੇ ਲੋਕ ਇਹੋ ਸਮਝਦੇ ਰਹੇ ਕਿ ਪ੍ਰਧਾਨਮੰਤਰੀ ਖ਼ੁਸ਼ੀ ਨਾਲ ਚੀਕ ਰਹੇ ਸਨ ਜਦਕਿ ਪ੍ਰਧਾਨਮੰਤਰੀ ਉਸ ਸਮੇ ਦਰਦ ਨਾਲ ਚੀਕ ਰਹੇ ਸਨ। ਉਹਨਾਂ ਦਾ ਦਰਦ ਪੂਰੀ ਤਰ੍ਹਾਂ ਅਸਹਿ ਸੀ।
ਖ਼ਬਰ ਇਹ ਵੀ ਸੀ ਕਿ ਪ੍ਰਧਾਨਮੰਤਰੀ ਦੇ ਨਿਵਾਸ ਦੇ ਉਸ ਬਾਥਰੂਮ ਵਿਚ ਜਿਸ ਵਿਚ ਪ੍ਰਧਾਨਮੰਤਰੀ ਇਸ਼ਨਾਨ ਕਰਦੇ ਸਨ ਤੇ ਤਰੋਤਾਜ਼ਾ ਹੋ ਕੇ ਕੰਮ 'ਤੇ ਜਾਂਦੇ ਸਨ—ਵਿਚ ਲਗਭਗ ਇਕ ਮਹੀਨੇ ਤੋਂ ਇਕ ਟੂਟੀ ਟਪਕ ਰਹੀ ਸੀ। ਪ੍ਰਧਾਨਮੰਤਰੀ ਪਿਛਲੇ ਇਕ ਮਹੀਨੇ ਤੋਂ ਉਸ ਟੂਟੀ ਦੀ ਸ਼ਿਕਾਇਤ ਪ੍ਰਧਾਨਮੰਤਰੀ ਨਿਵਾਸ ਦੇ ਪ੍ਰਬੰਧਕਾਂ ਨੂੰ ਕਰ ਰਹੇ ਸਨ ਪਰ ਉਸ ਸ਼ਿਕਾਇਤ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਕਦੀ ਮਿਸਤਰੀ ਛੁੱਟੀ 'ਤੇ ਹੁੰਦਾ, ਕਦੀ ਟੂਟੀ ਦੀ ਵਾਸ਼ਲ ਨਾ ਮਿਲਦੀ ਤੇ ਕਦੀ ਮਿਸਤਰੀ ਦਾ ਕੰਮ ਕਰਨ ਦਾ ਮੂਡ ਨਾ ਹੁੰਦਾ। ਇਕ ਵਾਰੀ ਉਸ ਟੂਟੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਟੂਟੀ ਦੇ ਚੋਏ ਨੂੰ ਰੋਕਣਾ ਸੰਭਵ ਨਾ ਹੋ ਸਕਿਆ। ਕਹਿੰਦੇ ਨੇ ਟੂਟੀ ਦੇ ਲਗਾਤਾਰ ਚੋਂਦੇ ਰਹਿਣ ਕਰਕੇ ਉੱਥੇ ਕਾਈ ਜੰਮ ਗਈ ਸੀ ਤੇ ਉਸ ਦਿਨ ਜਦੋਂ ਪ੍ਰਧਾਨਮੰਤਰੀ ਉਸ ਮਹਾਂਰਤਨ ਕੰਪਨੀ ਨੂੰ ਲਗਭਗ ਵੇਚ ਕੇ ਖ਼ੁਸ਼ੀ ਖ਼ੁਸ਼ੀ ਆਪਣੇ ਨਿਵਾਸ 'ਤੇ ਪਰਤੇ ਤੇ ਖ਼ੁਸ਼ੀ ਵਿਚ ਇਕ ਵਾਰੀ ਫੇਰ ਨਹਾਉਣ ਲਈ ਬਾਥਰੂਮ ਵਿਚ ਵੜੇ ਤਾਂ ਉਸ ਖ਼ੁਸ਼ੀ ਵਿਚ ਹੀ ਉਹ ਬਾਥਰੂਮ ਦੀ ਉਸ ਤਿਲ੍ਹਕਣ ਨੂੰ ਧਿਆਨ ਵਿਚ ਨਾ ਰੱਖ ਸਕੇ। ਤੇ ਫੇਰ ਉਹੀ...।

ਕੀ ਤੁਸੀਂ ਦਿੱਲੀ ਵਿਚ ਕਦੇ ਤਿਤਲੀਆਂ ਦੇਖੀਆਂ ਨੇ?
ਇਹ ਹਸਪਤਾਲ ਆਲੀਸ਼ਾਨ ਬੰਗਲੇ ਵਰਗਾ ਸੀ। ਕੈਂਪਸ ਵਿਚ ਵੜਦਿਆਂ ਹੀ ਫੁੱਲਾਂ ਦਾ ਇਕ ਪੂਰਾ ਬਗ਼ੀਚਾ ਸੀ ਜਿਸ ਵਿਚ ਭਾਂਤ ਭਾਂਤ ਦੇ ਫੁੱਲ ਲੱਗੇ ਹੋਏ ਸਨ। ਲਾਨ ਵਿਚ ਹਰੇ ਘਾਹ ਦੀ ਇਕ ਚਾਦਰ ਵਿਛੀ ਹੋਈ ਸੀ। ਨਿਰੋਲ ਹਰਾ। ਇਸ ਚਾਦਰ ਦਾ ਸਾਰਾ ਘਾਹ ਬਰਾਬਰ ਕੱਟਿਆ ਹੋਇਆ ਸੀ। ਨਾ ਕਿਤੋਂ ਵੱਡਾ ਨਾ ਕਿਤੋਂ ਛੋਟਾ। ਫੁੱਲਾਂ ਵਿਚ ਤਿਤਲੀਆਂ ਸਨ। ਦਿੱਲੀ ਵਿਚ ਤਿਤਲੀਆਂ! ਲਾਨ ਦੇ ਬਾਅਦ ਮੁੱਖ ਦਰਵਾਜ਼ੇ ਉੱਤੇ ਇਕ ਤਿਰਛੀ ਛੱਤ ਸੀ ਜਿਸ ਉੱਤੋਂ ਪਾਣੀ ਆਰਾਮ ਨਾਲ ਤਿਲ੍ਹਕਦਾ ਹੋਇਆ ਹੇਠਾਂ ਆਉਂਦਾ ਸੀ। ਤਿਰਛੀ ਛੱਤ ਇਕ ਅਜਿਹੀ ਛੱਤ ਸੀ ਜਿਸ ਉੱਤੇ ਪਾਣੀ ਹੀ ਨਹੀਂ ਸਿੱਕੇ ਵੀ ਰੱਖ ਦਿੱਤੇ ਜਾਂਦੇ ਤਾਂ ਉਹ ਵੀ ਹੇਠਾਂ ਵੱਲ ਤਿਲ੍ਹਕ ਜਾਂਦੇ। ਦਰਵਾਜ਼ੇ ਸ਼ੀਸ਼ੇ ਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਉਸ ਹਸਪਤਾਲ ਦਾ ਨਾਂ ਤੇ ਉਸਦੀ ਪਛਾਣ ਉੱਕਰੀ ਹੋਈ ਸੀ। ਤੁਸੀਂ ਉਸ ਦਰਵਾਜ਼ੇ ਸਾਹਮਣੇ ਜਾਓ ਤਾਂ ਉਹ ਦਰਵਾਜ਼ਾ ਆਪਣੇ ਆਪ ਖੁੱਲ੍ਹ ਜਾਂਦਾ ਹੈ। ਤੇ ਉਸਦੇ ਨਾਲ ਹੀ ਤੁਹਾਡੇ ਲਈ ਉਸ ਹਸਪਤਾਲ ਦਾ ਨਾਂ ਤੇ ਉਸਦੀ ਪਛਾਣ ਵੀ ਖੁੱਲ੍ਹ ਜਾਂਦੀ। ਦਰਵਾਜ਼ੇ ਦੇ ਖੁੱਲ੍ਹਦਿਆਂ ਹੀ ਅੰਦਰਲੀ ਠੰਢੀ ਹਵਾ ਦੇ ਬੁੱਲ੍ਹੇ ਮਨ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਰਸ਼ ਯਕਦਮ ਕੂਲਾ ਸੀ। ਜੇ ਉਸ ਉੱਤੇ ਦਾਗ਼ ਪੈ ਜਾਂਦਾ ਤਾਂ ਉਸ ਲਈ ਆਦਮੀ ਲਾਏ ਹੋਏ ਸਨ, ਜਿਹੜੇ ਤੁਰਤ ਉਸਨੂੰ ਸਾਫ਼ ਕਰ ਦਿੰਦੇ ਸਨ। ਉੱਥੇ ਬੈਠਣ ਦੇ ਬਹੁਤ ਸਾਰੇ ਇੰਤਜਾਮ ਸਨ। ਐਸ ਕੇ ਅਕਾਰ ਦੇ ਸੋਫੇ ਸਨ। ਜਿਹੜੇ ਖਾਸੇ ਮੋਟੇ ਗੱਦਿਆਂ ਵਾਲੇ ਸਨ। ਸਾਹਮਣੇ ਰੱਖੇ ਟੇਬਲਾਂ ਦੇ ਟਾਪ ਪੱਥਰ ਦੇ ਸਨ। ਪੱਥਰ ਵੀ ਖਾਸੇ ਕੂਲੇ ਸਨ। ਉਸ ਪੱਥਰ ਨੂੰ ਹੱਥ ਨਾਲ ਦੇਰ ਤਕ ਪਲੋਸਦੇ ਰਹਿਣ ਦਾ ਮਨ ਕਰਦਾ ਸੀ।
ਉਸ ਹਾਲ ਦੇ ਦੂਜੇ ਪਾਸੇ ਕੈਫੇਟੇਰੀਆ ਵਰਗੀ ਕੋਈ ਜਗ੍ਹਾ ਸੀ ਜਿੱਥੇ ਲੋਕ 125 ਰੁਪਏ ਵਿਚ ਇਕ ਕੱਪ ਚਾਹ ਤੇ 175 ਰੁਪਏ ਵਿਚ ਪਟੈਟੋ ਚੀਜ ਖਾਣ ਵਿਚ ਮਸਤ ਸਨ। ਓਥੇ ਕਾਫੀ ਭੀੜ ਸੀ ਤੇ ਲੋਕ ਕਾਫੀ ਖ਼ੁਸ਼ ਸਨ। ਉੱਥੇ ਜਦੋਂ ਉਸ ਦਿਨ ਬਿਮਾਰ ਨੂੰ ਮਿਲਣ ਆਉਣ ਵਾਲੇ ਰਿਸ਼ਤੇਦਾਰ ਆਲੂ ਚੀਜ ਤੇ ਚਾਹ ਵਿਚ ਮਗਨ ਸਨ ਉਦੋਂ ਹੀ ਹਸਪਤਾਲ ਨੂੰ ਪੁਲਸ ਨੇ ਘੇਰ ਲਿਆ ਸੀ। ਹਸਪਤਾਲ ਕਿਸੇ ਛਾਉਣੀ ਵਿਚ ਤਬਦੀਲ ਹੋ ਗਿਆ ਸੀ। ਬੂਟਿਆਂ ਵਿਚਲੀਆਂ ਸਾਰੀਆਂ ਤਿਤਲੀਆਂ ਉੱਡਣ ਲੱਗ ਪਈਆਂ ਸਨ। ਤਿਰਛੀ ਛੱਤ ਤੋਂ ਡਿੱਗਣ ਵਾਲਾ ਪਾਣੀ ਸਤਰਕ ਹੋ ਗਿਆ ਸੀ। ਉਦੋਂ ਹੀ ਪ੍ਰਧਾਨਮੰਤਰੀ ਦਾ ਕਾਫ਼ਲਾ ਉਸ ਹਸਪਤਾਲ ਵਿਚ ਦਾਖ਼ਲ ਹੋਇਆ ਸੀ।
ਹਸਪਤਾਲ ਦੇ ਮੁੱਖ ਦਰਵਾਜ਼ੇ ਦੇ ਅੰਦਰ ਗੱਡੀਆਂ ਦੇ ਹੇਠਾਂ ਜਾਣ ਲਈ ਇਕ ਰਸਤਾ ਸੀ ਜਿੱਥੇ ਵੜ ਕੇ ਗੱਡੀਆਂ ਗਾਇਬ ਹੋ ਜਾਂਦੀਆਂ ਸਨ। ਗੱਡੀਆਂ ਗੋਲਾਕਾਰ ਰਸਤੇ ਉੱਤੇ ਕੁਝ ਚਿਰ ਘੁੰਮਦੀਆਂ ਹੋਈਆਂ ਇਕ ਅਜਿਹੀ ਜਗ੍ਹਾ ਪਹੁੰਚ ਜਾਂਦੀਆਂ ਸਨ ਜਿੱਥੋਂ ਇਹ ਸੋਚਣਾ ਵੀ ਕੁਝ ਅਜੀਬ ਲੱਗਦਾ ਸੀ ਕਿ ਹੁਣ ਇੱਥੋਂ ਬਾਹਰ ਨਿਕਲਣਾ ਆਸਾਨ ਹੈ। ਪਰ ਓਦੋਂ ਹੀ ਉੱਥੇ ਇਕ ਲਿਫ਼ਟ ਦਿਖਾਈ ਦਿੰਦੀ ਤੇ ਫੇਰ ਗੱਡੀ ਵਿਚੋਂ ਨਿਕਲਿਆ ਹੋਇਆ ਆਦਮੀ ਸਿੱਧਾ ਉਪਰ ਹਸਪਤਾਲ ਵਿਚ ਦਾਖ਼ਲ ਹੋ ਜਾਂਦਾ।
ਪਰ ਪ੍ਰਧਾਨਮੰਤਰੀ ਦੇ ਕਾਫ਼ਲੇ ਲਈ ਉਪਰ ਹੀ ਸੁਰੱਖਿਅਤ ਪਾਰਕਿੰਗ ਸੀ। ਜਿੱਥੇ ਗੱਡੀਆਂ ਲਾਈਆਂ ਗਈਆਂ ਸਨ ਓਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਦਿੱਲੀ ਦੀਆਂ ਤਿਤਲੀਆਂ ਤੇ ਦੇਸ਼ ਦੇ ਪੰਛੀ ਵੀ ਉੱਥੇ ਨਹੀਂ ਸੀ ਜਾ ਸਕਦੇ।
ਪ੍ਰਧਾਨਮੰਤਰੀ ਹਸਪਤਾਲ ਵਿਚ ਸਨ ਤੇ ਪੂਰਾ ਦੇਸ਼ ਦੁਖੀ ਸੀ। ਪੂਰਾ ਦੇਸ਼ ਇਸ ਖ਼ਬਰ ਨਾਲ ਭਰਿਆ ਹੋਇਆ ਸੀ। ਕਿਤੇ ਹਵਨ ਕਰਵਾਇਆ ਜਾ ਰਿਹਾ ਸੀ ਤਾਂ ਕਿਤੇ ਤਰ੍ਹਾਂ-ਤਰ੍ਹਾਂ ਦੀਆਂ ਮੰਨਤਾਂ ਮੰਗੀਆਂ ਜਾ ਰਹੀਆਂ ਸਨ। ਕੁਝ ਲੋਕ ਦੁਖੀ ਵੀ ਸਨ। ਆਪਣੀ ਪ੍ਰੇਮਿਕਾ ਨੂੰ ਆਪਣੀ ਗੱਡੀ ਵਿਚ ਬਿਠਾਅ ਕੇ ਉਸ ਅੰਗੂਠੀ ਵਾਲੀ ਸੜਕ 'ਤੇ ਫਰਾਟੇਦਾਰ ਗੱਡੀ ਦੌੜਾਉਣ ਵਾਲਾ ਪ੍ਰੇਮੀ ਇਸ ਲਈ ਦੁਖੀ ਸੀ ਕਿ ਹੁਣ ਉਹ ਸੜਕ ਲਗਭਗ ਜਾਮ ਕਰ ਦਿੱਤੀ ਗਈ ਸੀ। ਉਸ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰ ਇਸ ਲਈ ਦੁਖੀ ਸਨ ਕਿ ਉਹਨਾਂ ਲਈ ਹਸਪਤਾਲ ਇਕ ਜੇਲ੍ਹ ਬਣ ਗਿਆ ਸੀ। ਕੁਝ ਲੋਕ ਨਿਊਜ਼ ਚੈਨਲਾਂ ਉੱਤੇ ਇਕੋ ਖ਼ਬਰ ਸੁਣ-ਸੁਣ ਕੇ ਅਕੇਵੇਂ ਹੱਥੋਂ ਦੁਖੀ ਸਨ।
ਪਰ ਪਿੰਡਾਂ ਵਿਚ ਬੈਠੇ ਲੋਕ ਸੱਚਮੁੱਚ ਦੁਖੀ ਸਨ। ਉਹ ਕਹਿੰਦੇ, “ਜਦੋਂ ਸਾਡਾ ਪ੍ਰਧਾਨਮੰਤਰੀ ਈ ਬਿਮਾਰ ਏ ਤਾਂ ਦੇਸ਼ ਦਾ ਕੀ ਬਣੇਗਾ?” ਦੁੱਖ ਏਨਾ ਸੀ ਕਿ ਪਿੰਡਾਂ ਦੇ ਬਜ਼ੁਰਗਾਂ ਨੇ ਆਪਣੇ ਪ੍ਰਧਾਨਮੰਤਰੀ ਲਈ ਲਗਭਗ ਭੋਜਨ ਛੱਡ ਦਿੱਤਾ ਸੀ। ਕਿਉਂਕਿ ਪਿੰਡਾਂ ਦੇ ਲੋਕ ਪਹਿਲਾਂ ਵੀ ਘੱਟ ਹੀ ਖਾਂਦੇ ਸਨ ਇਸ ਲਈ ਉਹਨਾਂ ਲਈ ਭੋਜਨ ਛੱਡ ਦੇਣਾ ਕੋਈ ਵੱਡੀ ਗੱਲ ਨਹੀਂ ਸੀ।
ਪ੍ਰਧਾਨਮੰਤਰੀ ਬਿਮਾਰ ਸਨ ਤੇ ਨਿਊਜ਼ ਚੈਨਲ ਦੇ ਕੈਮਰੇ ਚੌਵੀ ਘੰਟਿਆਂ ਲਈ ਹਸਪਤਾਲ ਵੱਲ ਮੂੰਹ ਕਰੀ ਖਲੋਤੇ ਸਨ। ਚੈਨਲ ਉੱਤੇ ਪ੍ਰਧਾਨਮੰਤਰੀ ਦੀ ਕੋਈ ਤਾਜ਼ਾ ਤਸਵੀਰ ਨਹੀਂ ਸੀ। ਕਿਉਂਕਿ ਉਹ ਮਿਲ ਨਹੀਂ ਸੀ ਸਕਦੀ। ਅਕਸਰ ਚੈਨਲਾਂ ਉੱਤੇ ਪ੍ਰਧਾਨਮੰਤਰੀ ਦੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ ਉਹਨਾਂ ਵਿਚ ਪ੍ਰਧਾਨਮੰਤਰੀ ਕਿਤੇ ਬੜੀ ਤੇਜ਼-ਤੇਜ਼ ਤੁਰਦੇ ਹੋਏ ਦਿਖਾਏ ਜਾ ਰਹੇ ਸਨ। ਤੋਰ ਅਜਿਹੀ ਜਿਵੇਂ ਬੜੀ ਤੇਜ਼ ਤੁਰ ਕੇ ਬੜੀ ਜਲਦੀ ਕਿਧਰੇ ਪਹੁੰਚ ਜਾਣਾ ਚਾਹੁੰਦੇ ਹੋਣ।
ਹਾਂ ਸ਼ੁਰੂਆਤ ਵਿਚ ਹਰ ਘੰਟੇ ਬਾਅਦ ਫੇਰ ਦੋ ਘੰਟੇ ਬਾਅਦ ਹਸਪਤਾਲ ਵੱਲੋਂ ਪ੍ਰਧਾਨਮੰਤਰੀ ਦੀ ਸਿਹਤ ਦੇ ਸੰਦਰਭ ਵਿਚ ਪ੍ਰੈਸ ਨੋਟ ਜਾਰੀ ਕੀਤਾ ਜਾ ਰਿਹਾ ਸੀ। ਲੋਕ ਹਰ ਘੜੀ ਹਸਪਤਾਲ ਵਿਚੋਂ ਜਾਰੀ ਕੀਤੇ ਜਾਣ ਵਾਲੇ ਪ੍ਰੈਸ ਨੋਟ ਨੂੰ ਬੜੀ ਉਮੀਦ ਨਾਲ ਸੁਣਦੇ ਸਨ।
ਪਰ ਪ੍ਰਧਾਨਮੰਤਰੀ ਠੀਕ ਨਹੀਂ ਸਨ ਹੋ ਰਹੇ। ਡਾਕਟਰ ਕੈਮਰੇ ਸਾਹਮਣੇ ਆਉਂਦੇ ਤੇ ਉਦਾਸ ਹੋ ਕੇ ਚਲੇ ਜਾਂਦੇ। ਡਾਕਟਰ ਖ਼ੁਦ ਕੈਮਰੇ ਸਾਹਮਣੇ ਅੰਗਰੇਜ਼ੀ ਵਿਚ ਇਹ ਕਹਿੰਦੇ ਕਿ 'ਬੜੀ ਹੈਰਾਨੀ ਹੈ ਕਿ ਇਕ ਹੱਡੀ ਇੰਜ ਕਿੰਜ ਟੁੱਟ ਸਕਦੀ ਏ ਕਿ ਉਸਨੂੰ ਜੋੜਨਾ ਜਾਂ ਸਹੀ ਥਾਂ ਲਿਆਉਣਾ ਅਸੰਭਵ ਜਿਹਾ ਲੱਗਦਾ ਏ। ਤੇ ਉਸਨੂੰ ਟੁੱਟਿਆ ਵੀ ਕਿੰਜ ਕਿਹਾ ਜਾਏ, ਚਾਹੋ ਤਾਂ ਤੁਸੀਂ ਇਸ ਨੂੰ ਫਸਣਾ ਕਹਿ ਲਓ।' ਲੋਕਾਂ ਨੇ ਹੱਡੀ ਲਈ ਇਹ ਫਸਣਾ ਸ਼ਬਦ ਪਹਿਲੀ ਵਾਰੀ ਸੁਣਿਆਂ ਸੀ ਜਾਂ ਉਹਨਾਂ ਨੂੰ ਅਜੀਬ ਲੱਗਦਾ ਸੀ।
ਡਾਕਟਰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਕਿੱਥੋਂ ਦੀ ਹੱਡੀ ਕਿਸ ਤਰ੍ਹਾਂ ਉਖੜ ਗਈ ਹੈ। ਤੇ ਇਹ ਕਿ ਉਹ ਜਿਸ ਤਰ੍ਹਾਂ ਦੀ ਹੱਡੀ ਹੈ ਉਸਨੂੰ ਜੋੜਨਾ ਜਾਂ ਉਸਨੂੰ ਠਿਕਾਣੇ 'ਤੇ ਲਿਆਉਣਾ ਕਿਉਂ ਮੁਸ਼ਕਿਲ ਤੋਂ ਮੁਸ਼ਕਿਲਤਰ ਹੁੰਦਾ ਜਾ ਰਿਹਾ ਹੈ। ਆਪਣੇ ਹਰ ਬਿਆਨ ਵਿਚ ਉਹ ਉਮੀਦ ਦਰਸਾਉਂਦੇ ਕਿ 'ਪਰ ਫਿਕਰ ਵਾਲੀ ਕੋਈ ਗੱਲ ਨਹੀਂ ਏ ਸੀਨੀਅਰ ਡਾਕਟਰਸ ਦੇ ਪੈਨਲ ਇਸ ਕੇਸ ਦੀ ਸਟਡੀ ਕਰ ਰਹੇ ਨੇ। ਅਸੀਂ ਜਲਦੀ ਇਸ ਮੁਸ਼ਕਿਲ ਉੱਤੇ ਕਾਬੂ ਪਾ ਲਵਾਂਗੇ।'
ਰਿਪੋਰਟਰ ਪੁੱਛਦਾ, “ਕੇਸ ਕੰਪਲੀਕੇਟਡ ਹੋਇਆ ਕਿਵੇਂ?” ਤੇ ਇਹ ਵੀ ਕਿ 'ਜੇ ਇਸ ਹਸਪਤਾਲ ਤੋਂ ਇਹ ਕੇਸ ਸੰਭਲ ਨਹੀਂ ਰਿਹਾ ਤਾਂ ਵਿਦੇਸ਼ ਦੇ ਡਾਕਟਰਾਂ ਦੀ ਫ਼ੌਜ ਕਿਉਂ ਨਹੀਂ ਬੁਲਾਈ ਜਾ ਰਹੀ ਏ? ਆਖ਼ਰਕਾਰ ਇਹ ਇਕ ਦੇਸ਼ ਦੇ ਪ੍ਰਧਾਨਮੰਤਰੀ ਦੀ ਸਿਹਤ ਦਾ ਸਵਾਲ ਏ।'
ਦਿਨ ਬੀਤ ਰਹੇ ਸਨ ਤੇ ਅਖ਼ੀਰ ਇਹ ਵੀ ਕਰਨਾ ਪਿਆ। ਅਮਰੀਕਾ ਦੇ ਡਾ. ਫਰੇਂਕਫਿਨ ਪਿਟ ਦੀ ਟੀਮ ਨੂੰ ਬੁਲਾਉਣਾ ਪਿਆ। ਤੇ ਡਾ. ਪਿਟ ਪ੍ਰਧਾਨਮੰਤਰੀ ਦੀ ਕੇਸ ਹਿਸਟਰੀ ਸਟੱਡੀ ਕਰਨ ਲੱਗੇ।
ਇਹ ਸਭ ਤਾਂ ਓਹ ਖ਼ਬਰਾਂ ਨੇ ਜਿਹਨਾਂ ਨੂੰ ਉਸ ਹਸਪਤਾਲ ਵਿਚ ਪ੍ਰਧਾਨਮੰਤਰੀ ਦੇ ਕਮਰੇ ਵਿਚੋਂ ਬਾਹਰ ਨਿਕਲ ਜਾਣ ਦਿੱਤਾ ਗਿਆ। ਪ੍ਰੈਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਡਾਕਟਰ ਪ੍ਰਧਾਨਮੰਤਰੀ ਦੇ ਦਰਦ ਨੂੰ ਬਾਹਰ ਦੱਸ ਕੇ ਇਸ ਦੇਸ਼ ਦੇ ਇਸ ਸੰਕਟ ਨੂੰ ਹੋਰ ਵਧਾਉਣਾ ਨਹੀਂ ਸੀ ਚਾਹੁੰਦੇ। ਪਰ ਸੱਚਾਈ ਇਹ ਸੀ ਕਿ ਪ੍ਰਧਾਨਮੰਤਰੀ ਦਾ ਦਰਦ ਏਨਾ ਵਧ ਸੀ ਕਿ ਉਹ ਆਪਣੇ ਬਿਸਤਰੇ ਉੱਤੇ ਆਰਾਮ ਨਾਲ ਨਹੀਂ ਸੀ ਲੇਟ ਸਕਦੇ। ਪ੍ਰਧਾਨਮੰਤਰੀ ਆਪਣੇ ਨਰਮ ਤੇ ਗੱਦੇਦਾਰ ਬਿਸਤਰੇ ਉੱਤੇ ਵੀ ਸਿਰਫ਼ ਇਕ ਪਾਸੇ ਜਾਂ ਉਸ ਪਾਸੇ ਹੀ ਲੇਟ ਸਕਦੇ ਸਨ। ਜੇ ਕਦੀ ਚਿੱਤ ਲੇਟਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਦੀ ਆਤਮਾਂ ਵਿਚੋਂ ਇਕ ਚੀਕ ਨਿਕਲਦੀ ਸੀ। ਉਹਨਾਂ ਦਾ ਬਿਸਤਰੇ ਤੋਂ ਉਠਣਾ ਤੇ ਬੈਠਣਾ ਤਾਂ ਖ਼ੈਰ ਅਸੰਭਵ ਹੀ ਸੀ।
ਕਿਉਂਕਿ ਡਾਕਟਰ ਪ੍ਰੈਸ ਦੇ ਸਾਹਮਣੇ ਪ੍ਰਧਾਨਮੰਤਰੀ ਦੀ ਹੱਡੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਨ ਇਸ ਲਈ ਸਾਰੇ ਨਿਊਜ਼ ਚੈਨਲਾਂ ਨੇ ਆਪਣੀ 'ਵਾਲ' ਉੱਤੇ ਇਕ ਪੂਰਾ ਗਰਾਫ਼ ਬਣਾ ਲਿਆ ਸੀ। ਉਸ ਗਰਾਫ਼ ਵਿਚ ਕਲਪਨਾਵਾਂ ਦਾ ਪ੍ਰਯੋਗ ਕਰਕੇ ਹੱਡੀ ਦੀ ਸਹੀ ਜਗ੍ਹਾ ਤੇ ਵਰਤਮਾਨ ਹਾਲਤ ਵਿਚ ਉਸਦੀ ਜਗ੍ਹਾ ਨੂੰ ਦਿਖਾਇਆ ਜਾਂਦਾ ਤੇ ਫੇਰ ਉਸਨੂੰ ਆਪਣੇ ਉੱਥੇ ਸਕਰੀਨ ਉੱਤੇ ਵੱਡੇ ਆਕਾਰ ਵਿਚ ਟੰਗ ਦਿੱਤਾ ਜਾਂਦਾ। ਵਿਸ਼ੇਸ਼ਕ ਦੇ ਰੂਪ ਵਿਚ ਡਾਕਟਰਾਂ ਨੂੰ ਸਟੂਡੀਓ ਵਿਚ ਬੈਠਾਇਆ ਜਾਂਦਾ। ਡਾਕਟਰ ਕਹਿੰਦੇ, “ਪ੍ਰਧਾਨਮੰਤਰੀ ਦੀ ਹੱਡੀ ਏ ਜੁੜੇਗੀ ਤਾਂ ਜ਼ਰਾ ਸ਼ਾਨ ਨਾਲ।”
ਅਖ਼ਬਾਰਾਂ ਵਿਚ ਕਾਰਟੂਨ ਬਣਨ ਲੱਗੇ ਕਿ ਆਖ਼ਰ ਕਿੰਨੇ ਦਿਨ ਦੇਸ਼ ਦਾ ਪ੍ਰਧਾਨਮੰਤਰੀ ਸਿਰਫ਼ ਲੇਟ ਕੇ ਜਾਂ ਖੜ੍ਹਾ ਹੋ ਕੇ ਇਕ ਦੇਸ਼ ਨੂੰ ਚਲਾ ਸਕਦਾ ਹੈ? ਬਗ਼ੈਰ ਬੈਠੇ ਪ੍ਰਧਾਮੰਤਰੀ ਏਨੇ ਕਾਗਜ਼ਾਂ ਉੱਤੇ ਦਸਤਖ਼ਤ ਕਿੰਜ ਕਰਨਗੇ? ਕੌਣ ਲਾਲ ਕਿਲੇ ਵਿਚ ਝੰਡਾ ਲਹਿਰਾਵੇਗਾ?
ਇਹ ਅਜੀਬ ਲੱਗ ਸਕਦਾ ਕਿ ਆਖ਼ਰ ਸਰੀਰ ਦੀ ਕੋਈ ਵੀ ਹੱਡੀ ਇਸ ਤਰ੍ਹਾਂ ਟੁੱਟ, ਖਿਸਕ ਜਾਂ ਉਲਝ ਕਿਵੇਂ ਸਕਦੀ ਹੈ ਕਿ ਉਸਦਾ ਠੀਕ ਹੋਣਾ ਮੁਸ਼ਕਿਲ ਹੋ ਜਾਵੇ। ਪਰ ਹੋ ਤਾਂ ਕੁਝ ਵੀ ਸਕਦਾ ਹੈ।
ਤੁਸੀਂ ਵਿਸ਼ਵਾਸ ਕਰੋ ਕਿ ਪ੍ਹਧਾਨਮੰਤਰੀ ਬਿਮਾਰ ਸਨ ਤੇ ਦੇਸ਼ ਦੇ ਸਾਰੇ ਨਿਊਜ਼ ਚੈਨਲ ਜਦੋਂ ਉਸ ਵਿਚ ਲੱਗੇ ਹੋਏ ਸਨ ਤਾਂ ਦੇਸ਼ ਦੇ ਇਕ ਛੋਟੇ-ਜਿਹੇ ਪਿੰਡ ਵਿਚ ਬੱਚਾ ਬਾਬੂ ਉਸ ਖ਼ਬਰ ਕਰਕੇ ਬੜੇ ਉਦਾਸ ਸਨ। ਉਹ ਅਖ਼ਬਾਰ ਨੂੰ ਬੜੀ ਬਾਰੀਕੀ ਨਾਲ ਪੜ੍ਹਦੇ ਤੇ ਸਮਝਣ ਦੀ ਕੋਸ਼ਿਸ਼ ਕਰਦੇ। ਉਸ ਅਖ਼ਬਾਰ ਦੇ ਮੁੱਖ ਸਫ਼ੇ ਉੱਤੇ ਕਦੀ ਪ੍ਰਧਾਨਮੰਤਰੀ ਦੀ ਹੱਡੀ ਦਾ ਸਹੀ ਠਿਕਾਣਾ ਛਪਦਾ ਤੇ ਕਦੀ ਕਾਫੀ ਸਾਰੇ ਵਿਸ਼ੇਸ਼ਕਾਂ ਦੀ ਰਾਏ। ਬੱਚਾ ਬਾਬੂ ਉਹਨਾਂ ਤਸਵੀਰਾਂ ਨੂੰ ਦੇਖਦੇ ਤੇ ਵਿਚਾਰਾਂ ਵਿਚ ਲੱਥ ਜਾਂਦੇ। ਉਹਨਾਂ ਦੇ ਅੰਦਰਲਾ ਡਾਕਟਰ ਉਸ ਹੱਡੀ ਨੂੰ ਸਹੀ ਜਗ੍ਹਾ ਦੇਣ ਲੱਗਾ।
ਬੱਚਾ ਬਾਬੂ ਆਪਣੇ ਪਿੰਡ ਵਾਲਿਆਂ ਨੂੰ 'ਸ਼ਾਮ' ਸ਼ਬਦ ਨੂੰ ਚੱਬ ਕੇ ਨਿਗਲ ਕੇ ਕਹਿੰਦੇ, “ਸ਼ਾਮ ਏਨੀ ਧੁੰਦਲੀ ਕਿਓਂ ਏ? ਚਿਹਰਾ ਸਾਫ਼-ਸਾਫ਼ ਦਿਸਦਾ ਕਿਓਂ ਨਹੀਂ? ਪ੍ਰਧਾਨਮੰਤਰੀ ਇਕ ਦਿਨ ਜ਼ਰੂਰ ਠੀਕ ਹੋਣਗੇ।” ਬੱਚਾ ਬਾਬੂ ਆਪਣੇ ਮਨ ਅੰਦਰ ਜਾਣਦੇ ਨੇ ਕਿ ਇਹ ਕੁਰਸੀ ਤੋਂ ਤ੍ਰਬਕ ਕੇ ਉੱਠਣ ਕਰਕੇ ਨਹੀਂ ਹੋਇਆ। ਸਰੀਰ ਦੀ ਕੋਈ ਹੱਡੀ ਏਨੀ ਨਾਜ਼ੁਕ ਨਹੀਂ ਹੁੰਦੀ ਕਿ ਉਹ ਜ਼ਿੰਦਗੀ ਦੀ ਖ਼ੁਸ਼ੀ ਨੂੰ ਬਰਦਾਸ਼ਤ ਨਾ ਕਰ ਸਕੇ। ਬੱਚਾ ਬਾਬੂ ਜਾਣਦੇ ਨੇ ਕਿ ਪ੍ਰਧਾਨਮੰਤਰੀ ਦੇ ਬਾਥਰੂਮ ਵਿਚ ਜ਼ਰੂਰ ਕਾਈ ਹੈ।
ਇਕ ਛੋਟੇ-ਜਿਹੇ ਪਿੰਡ ਵਿਚ ਬੈਠੇ ਬੱਚਾ ਬਾਬੂ ਆਪਣੀਆਂ ਗੱਲਾਂ ਨੂੰ ਪ੍ਰਧਾਨਮੰਤਰੀ ਤਕ ਪਹੁੰਚਾ ਨਹੀਂ ਸਕਦੇ, ਪਰ ਆਪਣੇ ਮਨ ਦੇ ਅੰਦਰ ਉਹਨਾਂ ਨੂੰ ਇਕ ਅਫ਼ਸੋਸ ਹੈ, ਉਹਨਾਂ ਨੂੰ ਜੇ ਇਕ ਮੌਕਾ ਦਿੱਤਾ ਜਾਂਦਾ ਤਾਂ ਉਹ ਸਫ਼ਲਤਾ ਹਾਸਲ ਕਰ ਸਕਦੇ ਸਨ। ਪਰ ਮੌਕਾ ਤਾਂ ਦੂਰ ਦੀ ਗੱਲ ਹੈ ਪ੍ਰਧਾਨਮੰਤਰੀ ਤਕ ਉਹਨਾਂ ਦੀਆਂ ਗੱਲਾਂ ਨੂੰ ਪਹੁੰਚਾਵੇ ਕੌਣ?
ਪਰ ਦਿਨ ਬੀਤਦੇ ਜਾ ਰਹੇ। ਡਾਕਟਰ ਪਿਟ ਕੇਸ ਸਟੱਡੀ ਵਿਚ ਰੁੱਝੇ ਰਹੇ ਤੇ ਪ੍ਰਧਾਨਮੰਤਰੀ ਦਰਦ ਨਾਲ ਕਰਾਹੁੰਦੇ ਰਹੇ।
--- --- ---

No comments:

Post a Comment