Sunday, May 1, 2011

ਪਿੰਡ ਦੀ ਧੀ... :: ਲੇਖਕ : ਵਿਜੈ




ਇਸ ਅੰਕ ਵਿਚ ਛਪੀ ਕਹਾਣੀ : ਪਿੰਡ ਦੀ ਧੀ






ਹਿੰਦੀ ਕਹਾਣੀ :
ਪਿੰਡ ਦੀ ਧੀ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ





ਢਲਦੀ ਰਾਤ ਦਾ ਸਮਾਂ !
ਕੋਹਰਾ ਏਨਾ ਕਿ ਹੱਥ ਨੂੰ ਹੱਥ ਦੀ ਥਹੁ ਨਾ ਲੱਗੇ! ਅੱਖਾਂ ਕੋਹਰੇ ਨੂੰ ਚੀਰ ਕੇ ਦੇਖਣ ਦੀ ਕੋਸ਼ਿਸ਼ ਵਿਚ ਮਿਚਮਿਚਾਉਂਦੀਆਂ ਤੇ ਹੋਰ ਸੁੰਗੜ ਜਾਂਦੀਆਂ। ਸਾਹ ਵਿਚ ਹਵਾ ਨਾਲੋਂ ਵੱਧ ਪਾਣੀ ਅੰਦਰ ਚਲਾ ਜਾਂਦਾ। ਪਰ ਮੁਰਸ਼ੀਦ ਨੂੰ ਪਤਾ ਹੈ, ਚੱਪਾ-ਚੱਪਾ ਥਾਂ ਦਾ। ਅੱਖਾਂ ਬੰਦ ਕਰਕੇ ਵੀ ਉਹ ਫੌਜੀ ਕੈਂਪ ਤੀਕ ਪਹੁੰਚ ਸਕਦਾ ਹੈ। ਰੋਜ਼ ਸਵੇਰੇ ਜਾਂਦਾ ਹੈ, ਫੁੱਲ ਤੇ ਗੁਲਦਸਤਾ ਲੈ ਕੇ, ਕਰਨਲ ਹੁਸੈਨ ਕੋਲ। ਦੌੜਦਾ ਹੋਇਆ ਜਾਂਦਾ ਹੈ ਤੇ ਦੌੜਦਾ ਹੋਇਆ ਵਾਪਸ ਆ ਜਾਂਦਾ ਹੈ ਤਾਂਕਿ ਸਕੂਲ ਨੂੰ ਦੇਰ ਨਾ ਹੋ ਜਾਏ। ਉਦੋਂ ਕੀ ਕਦੀ ਰਸਤੇ 'ਤੇ ਨਜ਼ਰ ਰੱਖਦਾ ਹੈ? ਦੌੜਦਾ ਰਹਿੰਦਾ ਹੈ, ਬਸ, ਲੰਮੇਂ ਸਾਹ ਖਿੱਚਦਾ ਹੋਇਆ। ਪਰ ਅੱਜ ਮਾਨਸੀ ਉਸਦੇ ਨਾਲ ਹੈ। ਹੱਥ ਫੜ੍ਹ ਕੇ ਚੱਲਣਾ ਪੈ ਰਿਹਾ ਹੈ। ਮੁਰਸ਼ੀਦ ਨੂੰ ਆਪਣੀ ਨਹੀਂ ਮਾਨਸੀ ਦੀ ਫਿਕਰ ਹੈ। ਕਦਮ-ਕਦਮ 'ਤੇ ਪਿਆਰ ਨਾਲ ਸਮਝਾਉਂਦਾ ਰਹਿੰਦਾ ਹੈ, “ਸੰਭਲ ਕੇ ਮਾਨਸੀ। ਡਰ ਨਾ ਭੈਣ। ਅੱਲਾ ਬੜਾ ਤਾਕਤਵਰ ਹੁੰਦਾ ਏ। ਜੈਸੀ ਤਕਦੀਰ ਲਿਖ ਦੇਂਦਾ ਏ, ਵੈਸਾ ਹੁੰਦਾ ਜ਼ਰੂਰ ਏ—ਪਰ ਕਈਆਂ ਨੂੰ ਮਰਨ ਪਿੱਛੋਂ ਵੀ ਜਿਊਂਦਾ ਰੱਖਦਾ ਏ। ਉਹਨਾਂ ਦੀ ਜਗ੍ਹਾ ਜ਼ਮੀਨ 'ਤੇ ਨਹੀਂ, ਦਿਲਾਂ ਵਿਚ ਬਣੀ ਰਹਿੰਦੀ ਏ।”
ਕੋਹਰਾ ਤਾਰਿਆਂ ਉੱਤੇ ਪਰਦਾ ਕੱਜੀ ਫੈਲਦਾ ਰਹਿੰਦਾ ਹੈ। ਮੁਰਸ਼ੀਦ ਸੋਚਦਾ ਹੈ ਕਿ ਅੱਜ ਤਾਂ ਉਹ ਫੁੱਲ ਨਹੀਂ ਪਹੁੰਚਾ ਸਕੇਗਾ। ਰੋਜ਼ ਫੁੱਲਾਂ ਦੀ ਆਮਦਨੀ ਨਾਲ ਹੀ ਤਾਂ ਘਰ ਚੱਲਦਾ ਸੀ। ਕੁਝ ਫੁੱਲ ਵੱਡੇ ਮਜਾਰ ਲਈ ਜਾਂਦੇ ਸਨ, ਕੁਝ ਡਾਕਟਰ ਗੁਲਜ਼ਾਰ ਕੇ ਘਰ ਪੂਜਾ ਦੇ ਲਈ ਤੇ ਕੁਝ ਉਹ ਫੌਜੀ ਕੈਂਪ ਵਿਚ ਪਹੁੰਚਾਉਂਦਾ ਸੀ। ਪੜ੍ਹਾਈ ਦੇ ਖਰਚ ਦਾ ਇੰਤਜ਼ਾਮ ਤਾਂ ਡਾਕਟਰ ਗੁਲਜ਼ਾਰ ਨੇ ਕੀਤਾ ਹੀ ਹੋਇਆ ਸੀ।
ਅੱਬਾ ਹਜੂਰ ਹਮੇਸ਼ਾ ਕਹਿੰਦੇ ਸਨ, 'ਬੜੇ ਮੁੰਡੇ ਪੜ੍ਹਾਏ ਨੇ ਮੈਂ—ਪਰ ਗੁਲਜ਼ਾਰ ਵਰਗਾ ਲਾਇਕ ਮੁੰਡਾ ਨਹੀਂ ਦੇਖਿਆ ਮੈਂ। ਇਸੇ ਲਈ ਤਾਂ ਡਾਕਟਰ ਬਣ ਗਿਐ।'
ਅੰਮੀ ਦੀਆਂ ਅੱਖਾਂ ਲਿਸ਼ਕਣ ਲੱਗਦੀਆਂ, 'ਖ਼ੁਦਾ ਦੀ ਮਿਹਰਬਾਨੀ ਏਂ ਮੁਰਸ਼ੀਦ ਦੇ ਅੱਬਾ ਕਿ ਏਡਾ ਕਾਬਲ ਡਾਕਟਰ ਸਾਡੇ ਪਿੰਡ 'ਚ ਰਹਿੰਦੈ। ਵਰਨਾ ਸੈਂਕੜੇ ਪਿੰਡ ਨੇ, ਜਿੱਥੇ ਕੋਈ ਡਾਕਟਰ ਨਹੀਂ? ਇਮਤਿਹਾਨ ਪਾਸ ਕਰਦੇ ਈ ਸ਼ਹਿਰ ਪਹੁੰਚ ਜਾਂਦੇ ਨੇ। ਗੁਲਜ਼ਾਰ ਦੇ ਹੱਥ 'ਚ ਸ਼ਫਾ ਐ। ਮਰੀਜ਼ ਨੂੰ ਛੂੰਹਦਿਆਂ ਹੀ ਅੱਧੀ ਬਿਮਾਰੀ ਗ਼ਾਇਬ। ਆਪਣੇ ਰਫੀਕ ਮੀਆਂ ਨੇ ਸ਼ਹਿਰ ਜਾ ਕੇ ਕਈ ਮਹੀਨੇ ਪਿੱਠ ਦਰਦ ਦਾ ਇਲਾਜ਼ ਕਰਵਾਇਆ, ਪਰ ਕੁਛ ਨਹੀਂ ਹੋਇਆ। ਗੁਲਜ਼ਾਰ ਨੇ ਦਸ ਦਿਨਾਂ 'ਚ ਠੀਕ ਕਰ ਦਿੱਤਾ।'
ਉਸ ਦਿਨ ਤੋਂ ਅੱਠ ਦਿਨ ਬਾਅਦ ਵਾਲੀ ਰਾਤ ਵੀ ਅੱਜ ਵਾਂਗ ਕੋਹਰੇ ਨਾਲ ਭਰੀ ਹੋਈ ਸੀ। ਅੰਮੀ ਰਾਤ ਨੂੰ ਉਠੀ ਸੀ। ਉਹਨਾਂ ਕੋਈ ਖੜਾਕ ਸੁਣਿਆ ਸੀ। ਲੈਂਪ ਜਗਾਇਆ ਤਾਂ ਕਮਰੇ ਦਾ ਹਨੇਰਾ ਦੂਰ ਹੋਇਆ। ਕਮਰਾ ਖਾਲੀ ਸੀ। ਪਰ ਬਾਹਰ ਕਿਸੇ ਦੇ ਚੱਲਣ ਦੀ ਆਵਾਜ਼ ਆ ਰਹੀ ਸੀ। ਅੱਬਾ ਨੂੰ ਜਗਾਉਣ ਲਈ ਆਵਾਜ਼ ਮਾਰੀ ਪਰ ਉਹ ਉਠੇ ਨਹੀਂ। ਕੋਲ ਜਾ ਕੇ ਹਿਲਾਇਆ ਤੇ ਰਜ਼ਾਈ ਹਟਾਈ ਤਾਂ ਸੀਨਾ ਲਹੂ-ਲੁਹਾਨ ਸੀ। ਰੋਣ-ਕੁਰਲਾਉਣ ਲੱਗ ਪਈ। ਮੁਰਸ਼ੀਦ ਵੀ ਰੋਣ ਲੱਗਿਆ। ਪਿੰਡ ਦੇ ਹਨੇਰੇ ਨੂੰ ਚੀਕਾਂ ਨੇ ਘੇਰ ਡੱਟ ਦਿੱਤਾ ਸੀ। ਸ਼ਮੀਮ ਮੀਆਂ, ਕਾਰਦਾਰ, ਉਹਨਾਂ ਦੀ ਖਾਲਾ (ਮਾਸੀ) ਤੇ ਪਤਾ ਨਹੀਂ ਕਿੰਨੇ ਗੁਆਂਢੀ ਘਰ ਵਿਚ ਘੁਸ ਆਏ ਸਨ। ਸਿਰਹਾਣੇ ਪਰਚਾ ਪਿਆ ਹੋਇਆ ਸੀ...'ਬੜਾ ਸਮਝਾਇਆ ਬੁੱਢੇ ਨੂੰ ਕਿ ਕਾਫਰ ਹਿੰਦੂਆਂ ਦੇ ਬੱਚਿਆਂ ਨੂੰ ਨਾ ਪੜ੍ਹਾ ਪਰ ਮੰਨਿਆਂ ਨਹੀਂ। ਉਸੇ ਦਾ ਇਨਾਮ ਹੈ ਸੀਨੇ ਵਿਚ ਗੋਲੀ।'
ਅੰਮੀ ਚੀਕਦੀ ਰਹੀ, 'ਗੁਲਜ਼ਾਰ ਨੂੰ ਬੁਲਾਓ। ਇਹ ਮਰੇ ਨਹੀਂ। ਉਸਦੇ ਛੂੰਹਦਿਆਂ ਹੀ ਉੱਠ ਖੜੇ ਹੋਣਗੇ।'
ਲੋਕਾਂ ਨੇ ਸਮਝਾਇਆ ਕਿ ਹਿੰਦੂ ਵੈਸੇ ਹੀ ਡਰੇ ਹੋਏ ਨੇ। ਵਾਰਦਾਤ ਦੀ ਗੱਲ ਸੁਣ ਕੇ ਡਾਕਟਰ ਗੁਲਜ਼ਾਰ ਵੀ ਨਹੀਂ ਆਏਗਾ। ਪਰ ਅੰਮੀ ਦੀਆਂ ਚੀਕਾਂ ਰੁਕੀਆਂ ਨਹੀਂ। ਹਾਰ ਕੇ ਲੋਕਾਂ ਨੂੰ ਬੁਲਾਉਣ ਜਾਣਾ ਹੀ ਪਿਆ। ਗੁਲਜ਼ਾਰ ਦਾ ਮਕਾਨ ਪਿੰਡ ਦੇ ਦੂਜੇ ਸਿਰੇ 'ਤੇ ਸੀ। ਉੱਥੋਂ ਤੀਕ ਸ਼ੋਰ ਨਹੀਂ ਸੀ ਪਹੁੰਚਿਆ।
ਡਾਕਟਰ ਗੁਲਜ਼ਾਰ ਬਲਾਉਣ ਵਾਲਿਆਂ ਨਾਲ ਜਲਦੀ ਹੀ ਪਹੁੰਚ ਗਏ। ਨਬਜ ਫੜ੍ਹ ਕੇ ਹੌਲੀ-ਜਿਹੀ ਬਾਂਹ ਜਿੱਥੋਂ ਚੁੱਕੀ ਸੀ ਉੱਥੇ ਰੱਖ ਕੇ ਡਾਕਟਰ ਗੁਲਜ਼ਾਰ ਅੰਮੀ ਨੂੰ ਸਮਝਾਉਣ ਲੱਗੇ, 'ਇਹ ਜ਼ਿੰਦਗੀ ਜਿਹੜਾ ਦੇਂਦਾ ਏ ਉਸੇ ਕੋਲ ਵਾਪਸ ਬੁਲਾਉਣ ਦੀ ਤਾਕਤ ਹੁੰਦੀ ਏ। ਦੁਨੀਆਂ ਦਾ ਕੋਈ ਡਾਕਟਰ ਉੱਥੇ ਕੁਝ ਨਹੀਂ ਕਰ ਸਕਦਾ।'
'ਕੁਛ ਕਰੋ ਡਾਕਟਰ ਬੇਟਾ,' ਅੰਮੀ ਚੀਕੀ ਸੀ।
'ਸਾਡਾ ਡਾਕਟਰਾਂ ਦਾ ਮਾਲਕ ਵੀ ਉਹੀ ਅੱਲਾ ਏ ਜਿਸਨੂੰ ਅਸੀਂ ਭਗਵਾਨ ਕਹਿੰਦੇ ਆਂ। ਉਸਨੇ ਫੁੱਲ ਬਣਾ ਕੇ ਦਿੱਤੇ ਨੇ ਤਾਂ ਕਾਂਟੇ ਵੀ ਬਣਾਏ ਨੇ। ਧਰਮ ਦੇ ਨਾਂ 'ਤੇ, ਸਿਆਸਤ ਤੇ ਪੈਸੇ ਲਈ ਕੁਝ ਭਟਕੇ ਹੋਏ ਲੋਕਾਂ ਨੇ ਪੂਰੀ ਦੁਨੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਏ। ਇਹਨਾਂ ਕੁਝ ਲੋਕਾਂ ਕਰਕੇ ਹੀ ਚੰਗੇ ਕੰਮ ਕਰਨ ਦੀ ਜਗ੍ਹਾ ਨੌਜਵਾਨ ਮੁੰਡੇ ਦੂਜਿਆਂ ਦਾ ਕਤਲ ਕਰਦੇ ਰਹਿੰਦੇ ਨੇ। ਕੋਈ ਸੌ ਮੰਜ਼ਿਲਾ ਇਮਾਰਤ ਦਾ ਮਾਲਕ ਬਣਨ ਦੇ ਚੱਕਰ ਵਿਚ ਸੈਂਕੜੇ ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜ਼ਬੂਰ ਕਰ ਦੇਂਦਾ ਏ। ਕਿਤੇ ਅਨਾਜ ਸੜਦਾ ਰਹਿੰਦਾ ਏ ਤੇ ਕਿਤੇ ਲੋਕ ਭੁੱਖੇ ਮਰਦੇ ਰਹਿੰਦੇ ਨੇ। ਇਨਸਾਨ ਖ਼ੁਦਾ ਨੂੰ ਪਾਉਣ ਲਈ ਖ਼ਿਦਮਤ ਦੀ ਜਗ੍ਹਾ ਦੂਜਿਆਂ ਦਾ ਖ਼ੂਨ ਵਹਾਉਂਦਾ ਰਹਿੰਦਾ ਏ। ਸਭ ਤੋਂ ਵੱਧ ਦੁਖੀ ਤਾਂ ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਹੋਏਗਾ। ਸੋਚਦਾ ਹੋਏਗਾ ਕਿ ਕੀ ਇਨਸਾਨ ਨੂੰ ਮੈਂ ਇਸ ਲਈ ਬਣਾਇਆ ਸੀ?'
ਉਦੋਂ ਮੁਰਸ਼ੀਦ ਛੇ ਸਾਲ ਦਾ ਸੀ। ਪਹਿਲਾਂ ਲੋਕ ਉਸਨੂੰ ਬੁਢਾਪੇ ਦੀ ਔਲਾਦ ਕਹਿ ਕੇ ਚਿੜਾਉਂਦੇ ਹੁੰਦੇ ਸਨ। ਪਤਾ ਨਹੀਂ ਕਿੰਨੀਆਂ ਮੰਨਤਾਂ ਬਾਅਦ ਔਲਾਦ ਦਾ ਮੂੰਹ ਵੇਖ ਸਕੇ ਸਨ ਉਸਦੇ ਅੱਬਾ ਤੇ ਅੰਮੀ। ਡਾਕਟਰ ਗੁਲਜ਼ਾਰ ਨੇ ਮੁਰਸ਼ੀਦ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ, 'ਅੱਜ ਤੋਂ ਇਹ ਮੇਰੀ ਜੁੰਮੇਵਾਰੀ ਹੋਇਆ।' ਹਨੇਰੇ ਵਿਚ ਹੀ ਉਸਨੂੰ ਆਪਣੇ ਘਰ ਲੈ ਗਿਆ ਡਾਕਟਰ ਗੁਲਜ਼ਾਰ ਜਿਸ ਨਾਲ ਮੁਰਸ਼ੀਦ ਸੋਗ ਵਿਚ ਰੋਂਦੀ ਵਿਲਕਦੀ ਆਪਣੀ ਅੰਮੀ ਦੇ ਦੁਖ ਕਾਰਨ ਹੋਰ ਦੁਖੀ ਨਾ ਹੋਵੇ।
ਡਾਕਟਰ ਗੁਲਜ਼ਾਰ ਦਾ ਘਰ ਖਾਸਾ ਵੱਡਾ ਸੀ। ਸਜੇ ਹੋਏ ਕਮਰੇ—ਮਹਿਮਾਨਖਾਨੇ ਵਿਚ ਸੋਫਾ ਦਰੀ ਤੇ ਖਾਣੇ ਦੇ ਕਮਰੇ ਵਿਚ ਮੇਜ ਕੁਰਸੀਆਂ। ਹਰ ਕਮਰੇ ਦੀ ਕੰਧ 'ਤੇ ਘੜੀ। ਉਹ ਹੈਰਾਨੀ ਵਿਚ ਭਰਿਆ ਦੇਖ ਰਿਹਾ ਕਿ ਡਾਕਟਰ ਗੁਲਜ਼ਾਰ ਦੀ ਬੀਵੀ (ਪਤਨੀ) ਨੇ ਸਿਰ ਪਲੋਸਦਿਆਂ ਹੋਇਆਂ ਕਿਹਾ ਸੀ, 'ਪੜ੍ਹ ਲਿਖ ਕੇ ਤੂੰ ਵੀ ਡਾਕਟਰ ਬਣੀ। ਤੇਰਾ ਵੀ ਵੱਡਾ ਸਾਰਾ ਘਰ ਹੋਏਗਾ। ਫੇਰ ਤੂੰ ਆਪਣੀ ਅੰਮੀ ਨੂੰ ਖ਼ੂਬ ਆਰਾਮ ਨਾਲ ਰੱਖ ਸਕੇਂਗਾ।'
'ਮੇਰੇ ਅੱਬੂ ਨੂੰ ਇਹਨਾਂ ਦਹਿਸ਼ਤਗਰਦਾਂ ਨੇ, ਜਿਹਨਾਂ ਨੂੰ ਤੁਸੀਂ ਆਤੰਕਵਾਦੀ ਕਹਿੰਦੇ ਓ, ਕਿਉਂ ਮਾਰਿਆ?'
ਡਾਕਟਰ ਗੁਲਜ਼ਾਰ ਨੇ ਕੰਧ ਉੱਤੇ ਲੱਗੀ ਸਵਾਮੀ ਵਿਵੇਕਾਨੰਦ ਦੀ ਵੱਡੀ ਸਾਰੀ ਤਸਵੀਰ ਵੱਲ ਇਸ਼ਾਰਾ ਕਰਕੇ ਕਿਹਾ, 'ਇਹ ਇਕ ਵੱਡੇ ਰਹਿਨੁਮਾ (ਰਾਹ ਦਿਖੇਵੇ) ਸਨ। ਉਹਨਾਂ ਦਾ ਕਹਿਣਾ ਸੀ ਕਿ ਆਦਮੀ ਦੇ ਸੱਚੇ ਧਰਮ ਯਾਨੀ ਕਿ ਮਜਹਬ ਦਾ ਅਸਲੀ ਮਤਲਬ ਏ...ਗਰੀਬਾਂ ਦੀ ਗਰੀਬੀ ਦੂਰ ਕਰਨਾ, ਬਿਮਾਰਾ ਨੂੰ ਤੰਦਰੁਸਤ ਕਰਨਾ ਤੇ ਬੇ-ਪੜ੍ਹਿਆਂ ਨੂੰ ਪੜ੍ਹਿਆ-ਲਿਖਿਆ ਬਣਾਉਣਾ। ਇਹ ਆਤੰਕਵਾਦੀ ਧਰਮ ਨੂੰ ਭੁੱਲ ਕੇ, ਧਰਮ ਦੇ ਨਾਂਅ 'ਤੇ ਗ਼ੈਰ-ਜ਼ਰੂਰੀ ਹੱਤਿਆਵਾਂ ਕਰ ਰਹੇ ਨੇ। ਉਹਨਾਂ ਨੂੰ ਇੱਥੋਂ ਦੇ ਜਾਂ ਕਿਸੇ ਬਾਹਰੀ ਮੁਲਕ ਦੇ ਸਿਆਸੀ ਯਾਨੀ ਰਾਜਨਤੀਕ ਲੋਕਾਂ ਨੇ ਬਹਿਕਾਇਆ ਹੋਇਆ ਏ।'
ਉਹ ਬਿਸਤਰੇ ਤੇ ਪਹੁੰਚਦਾ ਹੀ ਕੁਝ ਚਿਰ ਲਈ ਆਪਣੇ ਅੱਬੂ ਦੀ ਮੌਤ ਭੁੱਲ ਗਿਆ ਸੀ ਤੇ ਨੀਂਦ ਵਿਚ ਇਕ ਸਜੇ-ਸਜਾਏ ਘਰ ਵਿਚ ਭੌਂਦਾ ਰਿਹਾ ਸੀ।
ਕੁਝ ਚਿਰ ਬਾਅਦ ਉਸਨੂੰ ਡਾਕਟਰ ਨੇ ਜਗਾ ਦਿੱਤਾ। ਉਹਨਾਂ ਦੀ ਬੀਵੀ ਨੇ ਗਰਮ-ਗਰਮ ਕਾਹਵਾ ਤੇ ਬਿਸਕੁਟ ਮੇਜ਼ 'ਤੇ ਸਜਾ ਦਿੱਤੇ ਸਨ। ਮੁਰਸ਼ੀਦ ਖਾ-ਪੀ ਕੇ ਡਾਕਟਰ ਗੁਲਜ਼ਾਰ ਨਾਲ ਬਾਹਰ ਆ ਗਿਆ।
ਜਨਾਜਾ ਉਠਣ ਵਾਲਾ ਸੀ। ਡਾਕਟਰ ਗੁਲਜ਼ਾਰ ਗੋਡਿਆਂ ਭਾਰ ਬੈਠ ਗਿਆ ਤੇ ਹੱਥ ਜੋੜ ਦਿੱਤੇ, 'ਤੁਸੀਂ ਮੇਰੇ ਉਸਤਾਦ ਸੌ। ਤੁਸਾਂ ਹੀ ਮੈਨੂੰ ਅੱਗੇ ਵਧਣ ਲਈ ਰੋਸ਼ਨੀ ਦਿਖਾਈ ਸੀ। ਤੁਸੀਂ ਹੀ ਸਿਖਾਇਆ ਸੀ ਕਿ ਹਰ ਇਨਸਾਨ ਇਕੋ ਚੀਜ਼ ਦਾ ਬਣਿਆ ਹੋਇਆ ਐ। ਮਜ਼ਹਬ ਜਾਂ ਧਰਮ ਅਲਗ-ਅਲਗ ਰਸਤੇ ਨੇ ਪਰ ਉਹਨਾਂ 'ਤੇ ਉਹ ਪਹੁੰਚਦਾ ਇਕੋ ਜਗ੍ਹਾ ਏ। ਈਸ਼ਵਰ, ਅੱਲ੍ਹਾ ਜਾਂ ਗਾਡ ਇਕੋ ਤਾਕਤ ਦੇ ਅਲਗ-ਅਲਗ ਨਾਮ ਨੇ। ਉਹ ਹੀ ਸਾਡਾ ਸਭਨਾਂ ਦਾ ਮਾਲਕ ਏ। ਮੈਨੂੰ ਆਪਣਾ ਅਸ਼ੀਰਵਾਦ ਦਿਓ ਕਿ ਮੇਰੀ ਨਿਗਾਹ ਵਿਚ ਹਿੰਦੂ ਜਾਂ ਮੁਸਲਮਾਨ ਦਾ ਫਰਕ ਕਦੀ ਨਾ ਆਵੇ।'
ਕਬਰਸਤਾਨ ਵਿਚ ਕਬਰ ਦੀ ਮਿੱਟੀ ਵਿਚ ਮੁਰਸ਼ੀਦ ਦੇ ਨਾਲ ਡਾਕਟਰ ਗੁਲਜ਼ਾਰ ਦੇ ਅੱਥਰੂ ਵੀ ਸ਼ਾਮਲ ਸਨ। ਆ ਕੇ ਹਾਰੀ-ਥੱਕੀ ਬੈਠੀ ਮੁਰਸ਼ੀਦ ਦੀ ਅੰਮੀ ਨੂੰ ਸਮਝਾਇਆ ਸੀ, 'ਮੈਨੂੰ ਆਪਣਾ ਵੱਡਾ ਬੇਟਾ ਸਮਝੋ। ਮੁਰਸ਼ੀਦ ਨੂੰ ਖ਼ੂਬ ਪੜ੍ਹਾਇਓ। ਪੜ੍ਹਾਈ ਦਾ ਖਰਚ ਮੈਂ ਦਿਆਂਗਾ।'
ਮੁਰਸ਼ੀਦ ਹੁਣ ਅਕਸਰ ਡਾਕਟਰ ਗੁਲਜ਼ਾਰ ਕੇ ਘਰ ਜਾਂਦਾ। ਉਹਨਾਂ ਦੀ ਨੰਨ੍ਹੀ-ਮੁੰਨੀ ਬੇਟੀ ਮਾਨਸੀ ਨਾਲ ਘੰਟਿਆਂ ਬੱਧੀ ਖੇਡਦਾ ਰਹਿੰਦਾ। ਗੁਲਜ਼ਾਰ ਨੂੰ ਹੁਣ ਡਾਕਟਰ ਚਚਾ ਤੇ ਉਹਨਾਂ ਦੀ ਬੀਵੀ ਨੂੰ ਚਚੀ ਕਹਿ ਕੇ ਬੁਲਾਉਂਦਾ ਸੀ ਉਹ।
ਡਾਕਟਰਨੀ ਚਚੀ ਉਸਨੂੰ ਸਮਝਾਉਂਦੀ ਰਹਿੰਦੀ, 'ਖ਼ੂਬ ਪੜ੍ਹਨਾ ਏਂ ਤੂੰ ਮੁਰਸ਼ੀਦ। ਤੂੰ ਆਪਣੇ ਇਲਮ ਯਾਨੀ ਸਿੱਖਿਆ ਨਾਲ ਆਪਣੇ ਅੱਬੂ ਦਾ ਨਾਂਅ ਰੋਸ਼ਨ ਕਰਨਾ ਏ। ਇਹ ਕਸ਼ਮੀਰ ਇਕ ਗੁਲਿਸਤਾਂ ਯਾਨੀ ਇਕ ਬਗ਼ੀਚਾ ਐ। ਇੱਥੇ ਆਸਮਾਨ ਜਿਹੀਆਂ ਝੀਲਾਂ ਨੇ ਤੇ ਸ਼ਰਬਤ ਤੋਂ ਵੱਧ ਮਿੱਠੇ ਚਸ਼ਮੇਂ (ਝਰਨੇ) ਨੇ। ਇੱਥੇ ਹਰਿਆਲੀ ਦੀ ਕਾਲੀਨ ਤੇ ਬਰਫ਼ ਦੀ ਚਾਂਦੀ ਵਿਛੀ ਹੋਈ ਏ। ਇੱਥੇ ਦੁਨੀਆਂ ਭਰ ਦੀਆਂ ਪਰੀਆਂ ਰਾਤ ਨੂੰ ਆ ਕੇ ਚੁੱਪਚਾਪ ਨੱਚਦੀਆਂ ਤੇ ਗਾਉਂਦੀਆਂ ਨੇ। ਇੱਥੋਂ ਦੀ ਹਵਾ ਵਿਚ ਸੰਤੂਰ ਵਾਜੇ ਦੀਆਂ ਧੁਨਾਂ ਗੂੰਜਦੀਆਂ ਰਹਿੰਦੀਆਂ ਨੇ। ਚੰਦ ਆਸ਼ਕ ਏ ਸਾਡੇ ਕਸ਼ਮੀਰ ਦਾ। ਇਸ ਲਈ ਏਥੇ ਰਹਿਣ ਵਾਲੇ ਹਰ ਇਨਸਾਨ ਦਾ ਫਰਜ ਇਸ ਜ਼ਮੀਨ ਦੀ ਮਾਲੀ ਵਾਂਗ ਦੇਖਭਾਲ ਕਰਨਾ ਏਂ। ਤੂੰ ਪੜ੍ਹ ਤੇ ਡਾਕਟਰ ਬਣ ਜਿਸ ਨਾਲ ਆਪਣੇ ਆਸਪਾਸ ਦੇ ਕਸ਼ਮੀਰੀਆਂ ਦੀ ਖ਼ਿਤਮਤ ਕਰ ਸਕੇਂ। ਇੱਥੇ ਹਮੇਸ਼ਾ ਹਵਾ ਵਿਚ ਪੀਰ, ਫਕੀਰ ਤੇ ਰਿਸ਼ੀਆਂ ਦੀ ਬਾਣੀ ਸਾਨੂੰ ਅੱਛਾ ਆਦਮੀ ਬਣਨ ਦੀ ਸਿੱਖਿਆ ਦੇਂਦੀ ਰਹਿੰਦੀ ਏ। ਮੁਰਸ਼ੀਦ ਯਾਦ ਰੱਖੀਂ ਕਿ ਹਿੰਦੂ ਹੋਵੇ ਜਾਂ ਮੁਸਲਮਾਨ, ਈਸਾਈ ਜਾਂ ਸਿੱਖ, ਸਾਰਿਆਂ ਦਾ ਮਾਲਕ ਇਕ ਹੈ।'
'ਹਾਂ ਚਚੀ। ਮੈਂ ਵੈਸਾ ਹੀ ਬਣਾਗਾ ਜੈਸਾ ਤੁਸੀਂ ਚਾਹੁੰਦੇ ਓ। ਕੇਡੀ ਸ਼ਰਮ ਦੀ ਗੱਲ ਏ ਕਿ ਪਿੰਡ ਦੇ ਪੰਡਿਤ ਕਸ਼ਮੀਰ ਛੱਡ ਕੇ ਚਲੇ ਗਏ—ਇਹ ਨੰਦਲਾਲ ਤੇ ਦਿਆਲ ਸਾਹਬ ਦੇ ਘਰ ਵਾਲੇ ਵੀ ਦਸ ਦਿਨ ਪਹਿਲਾਂ ਪਿੰਡ ਛੱਡ ਕੇ ਜੰਮੂ ਚਲੇ ਗਏ। ਚਚੀ ਜਾਨ ਮੈਂ ਸਿਰਫ ਗਿਆਰਾਂ ਸਾਲ ਦਾ ਆਂ ਪਰ ਸਮਝਣ ਲੱਗਾ ਆਂ ਕਿ ਚਾਲਾਕ, ਬੇਈਮਾਨ ਤੇ ਲਾਲਚੀ ਗੁਆਂਢੀ ਮੁਲਕ ਦੇ ਤੇ ਸਾਡੇ ਮੁਲਕ ਦੇ ਸਿਆਸਤੀ ਯਾਨੀ ਰਾਜਨੀਤੀਕ ਸਾਡੇ ਕਸ਼ਮੀਰ ਨੂੰ ਕਿਉਂ ਬਰਬਾਦ ਕਰਨ ਵਿਚ ਲੱਗੇ ਹੋਏ ਨੇ।'
ਚਾਰ ਦਿਨ ਬੀਤੇ ਹੋਣਗੇ ਕਿ ਇਕ ਰਾਤ ਆਤੰਕਵਾਦੀ ਅਲੀ ਸ਼ਾਹ ਕੇ ਘਰ ਵਿਚ ਘੁਸ ਗਏ। ਅਲੀ ਸ਼ਾਹ ਦੀ ਅਨਾਜ ਦੀ ਦੁਕਾਨ ਸੀ। ਬੰਦੂਕ ਦੀ ਨਾਲੀ ਛਾਤੀ 'ਤੇ ਰੱਖ ਕੇ ਸਾਰਾ ਰਾਸ਼ਨ ਖੱਚਰਾਂ 'ਤੇ ਲੱਦ ਕੇ ਲੈ ਗਏ। ਕੁਝ ਦੇਰ ਬਾਅਦ ਹੀ ਪੁਲਿਸ ਤੇ ਫੌਜ ਦਾ ਦਸਤਾ ਆਇਆ। ਪੁਲਿਸ ਨੇ ਜਬਰਦਸਤੀ ਅਲੀ ਸ਼ਾਹ ਨੂੰ ਫੜ੍ਹ ਲਿਆ...'ਜ਼ਰੂਰ ਇਹ ਆਤੰਕਵਾਦੀਆਂ ਨਾਲ ਮਿਲਿਆ ਹੋਇਆ ਹੈ।' ਅਲੀ ਸ਼ਾਹ ਲੱਖ ਕਹਿੰਦੇ ਰਹੇ ਕਿ ਉਹਨਾਂ ਵਿਚੋਂ ਸਾਡੇ ਨੀਸ਼ਾਂ ਪਿੰਡ ਦਾ ਕੋਈ ਨਹੀਂ ਸੀ। ਉਹ ਬਸ ਸੁਲੇਮਾਨ ਪੁਰ ਦੇ ਰਜ਼ਾ ਨੂੰ ਪਛਾਣ ਸਕੇ ਨੇ ਜਿਹੜਾ ਬੜੇ ਦਿਨ ਪਹਿਲਾਂ ਘਰੋਂ ਭੱਜ ਕੇ ਆਤੰਕਵਾਦੀਆਂ ਨਾਲ ਜਾ ਰਲਿਆ ਸੀ। ਬਾਕੀ ਚਾਰ ਜਣੇ ਕੌਣ ਸਨ ਉਹ ਨਹੀਂ ਜਾਣਦੇ—ਪਰ ਦਰੋਗੇ ਨੇ ਇਕ ਨਹੀਂ ਸੁਣੀ। ਫੌਜੀ ਤਾਂ ਆਤੰਕਵਾਦੀਆਂ ਦੀ ਭਾਲ ਵਿਚ ਦੌੜ ਗਏ ਪਰ ਦਰੋਗਾ ਅਲੀ ਸ਼ਾਹ ਤੇ ਉਸਦੇ ਬੇਟੇ ਪਾਸ਼ਾ ਨੂੰ ਫੜ੍ਹ ਕੇ ਲੈ ਗਿਆ।
ਸਵੇਰੇ ਲੋਕ ਡਾਕਟਰ ਗੁਲਜ਼ਾਰ ਦੇ ਘਰ ਪਹੁੰਚ ਗਏ। ਉਹ ਸੋਚਦੇ ਰਹੇ ਕਿ ਹੁਣ ਪਿੰਡ ਵਿਚ ਉਹ ਹੀ ਇਕੱਲੇ ਹਿੰਦੂ ਹਨ, ਫੇਰ ਆਤੰਕਵਾਦੀਆਂ ਨੇ ਕਿਉਂ ਨਹੀਂ ਉਹਨਾਂ ਦੇ ਘਰ 'ਤੇ ਹਮਾਲਾ ਕੀਤਾ? ਉਹਨਾਂ ਨੂੰ ਲੱਗਿਆ ਕਿ ਸ਼ਾਇਦ ਡਾਕਟਰ ਹੋਣ ਕਰਕੇ ਹੀ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ। ਰਜ਼ਾ ਦੇ ਪਿਓ ਦਾ ਇਲਾਜ਼ ਤਾਂ ਉਹਨਾਂ ਨੇ ਹੀ ਕੀਤਾ ਸੀ ਜਦੋਂ ਡਬਲ ਨਿਮੂਣੀਆਂ ਹੋਇਆ ਸੀ ਉਸਨੂੰ। ਰਜ਼ਾ ਨੂੰ ਬਾਰਵੀਂ ਪਾਸ ਕਰਕੇ ਵੀ ਕਿਤੇ ਨੌਕਰੀ ਨਹੀਂ ਸੀ ਮਿਲੀ। ਘਰੇ ਗਰੀਬੀ ਨੇ ਡੇਰਾ ਲਾਇਆ ਹੋਇਆ ਸੀ। ਬਾਪ ਦਸਤਕਾਰ ਸੀ ਪਰ ਬਿਮਾਰ ਸੀ। ਇਹ ਗਰੀਬੀ ਤੇ ਨਾ-ਉਮੀਦੀ ਹੀ ਰਜ਼ਾ ਨੂੰ ਆਤੰਕਵਾਦੀਆਂ ਕੋਲ ਲੈ ਗਈ।
ਡਾਕਟਰ ਗੁਲਜ਼ਾਰ ਲੋਕਾਂ ਨਾਲ ਤਹਿਸੀਲ ਫਰਾਸੀਨ ਗਏ ਤੇ ਆਪਣੀ ਜ਼ਮਾਨਤ 'ਤੇ ਅਲੀ ਸ਼ਾਹ ਤੇ ਪਾਸ਼ਾ ਨੂੰ ਛੁਡਾ ਲਿਆਏ।
ਉਸ ਦਿਨ ਤੋਂ ਸੰਜੀਦਾ ਰਹਿਣ ਲੱਗੇ ਡਾਕਟਰ ਗੁਲਜ਼ਾਰ। ਉਹਨਾਂ ਦਾ ਮਨ ਇਸ ਪੀੜ ਨਾਲ ਭਰ ਗਿਆ ਸੀ ਕਿ ਪਿਆਰ ਦੀ ਵਾਦੀ ਵਿਚ ਨਫ਼ਰਤ ਦੀ ਹਵਾ ਕਿਉਂ? ਕੀ ਹੋ ਗਿਆ ਹੈ ਧਰਤੀ ਦੇ ਸਵਰਗ ਕਸ਼ਮੀਰ ਨੂੰ ਕਿ ਇਸ ਜੱਨਤ (ਸਵਰਗ) ਦੇ ਲੋਕ ਆਪਣੀ ਦੁਨੀਆਂ ਖ਼ੂਬਸੂਰਤ ਬਣਾਈ ਰੱਖਣ ਦੀ ਜਗ੍ਹਾ ਮਜ਼ਹਬੀ ਨਫ਼ਰਤ ਨਾਲ ਭਰ ਕੇ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਨੇ! ਕਦੀ ਤਾਰਿਆਂ ਭਰੀ ਰਾਤ ਵਿਚ ਵੀ ਚਨਾਰ ਤੇ ਦੇਵਦਾਰ ਦੇ ਪਰਛਾਵਿਆਂ ਵਿਚ ਬੇ-ਖ਼ੌਫ ਘੁੰਮਦੇ ਹੁੰਦੇ ਸਾਂ। ਸਭ ਦਿਸ਼ਾਵਾਂ ਵਿਚ ਸੰਤੂਰ ਦੀ ਆਵਾਜ਼ ਤੇ ਗੀਤ ਮਿਲ ਕੇ ਵਾਤਾਵਰਣ ਵਿਚ ਖੇੜਾ ਬਰੂਰਦੇ ਰਹਿੰਦੇ ਸਨ ਤੇ ਅੱਜ ਜਿਸ ਪਾਸੇ ਦੇਖੋ...ਰੋਂਦੇ ਹੋਏ ਲੋਕ, ਚੀਕਦੇ ਹੋਏ ਲੋਕ ਤੇ ਛਾਤੀ ਪਿੱਟਦੀ ਹੋਈ ਭੀੜ ਹੀ ਦਿਖਾਈ ਦੇਂਦੀ ਹੈ। ਕਦੀ ਈਦ ਤੇ ਕਦੀ ਦੀਵਾਲੀ, ਦੋਵਾਂ ਉੱਤੇ ਆਸਮਾਨ ਹੱਸਦਾ ਸੀ ਪਰ ਸਭ ਤੋਂ ਵੱਧ ਤਿਉਹਾਰ ਵਾਲੇ ਦਿਨ ਉਹ ਹੁੰਦੇ ਸਨ ਜਦੋਂ ਵਾਦੀ ਫੁੱਲਾਂ ਨਾਲ ਭਰ ਜਾਂਦੀ ਸੀ। ਬਗੀਚਿਆਂ ਵਿਚ ਸਿਓਆਂ ਦੇ ਭਾਰ ਨਾਲ ਟਾਹਣੀਆਂ ਝੁਕ ਜਾਂਦੀਆਂ ਸਨ। ਉਦੋਂ ਗੀਤ ਗਾਉਂਦੀਆਂ ਹੋਈਆਂ ਮੁਟਿਆਰਾਂ ਤੇ ਔਰਤਾਂ ਦੇ ਬੁੱਲ੍ਹਾਂ 'ਚੋਂ ਬਾਦਾਮ ਦੇ ਫੁੱਲ ਝੜਦੇ ਸਨ। ਝਰਨਿਆਂ, ਚਸ਼ਮਿਆਂ ਤੇ ਝੀਲਾਂ ਦੇ ਪਾਣੀ ਵਿਚ ਚੰਨ-ਚਾਨਣੀ, ਮਿਠਾਸ ਘੋਲ ਦੇਂਦੀ ਸੀ। ਮੂੰਹ 'ਚੋਂ ਭਾਫ ਕੱਢਦੇ ਬੱਚੇ ਸਕੂਲ ਜਾਂਦੇ ਹੋਏ ਖ਼ੁਦ ਨੂੰ ਰੇਲ ਦਾ ਇੰਜਨ ਸਮਝਦੇ ਸਨ। ਅੱਜ...ਸਭ ਕੁਝ ਉਦਾਸੀ ਵਿਚ ਘਿਰਿਆ ਹੋਇਆ ਹੈ। ਕਿਉਂ?...ਕਿੰਜ ਵਾਪਸ ਆਏਗੀ ਕਸ਼ਮੀਰ ਦੀ ਉਹ ਮੁਸਕਾਨ ਤੇ ਹਾਸੇ-ਖੇੜੇ?
ਕੁਝ ਦਿਨਾਂ ਬਾਅਦ ਡਾਕਟਰ ਗੁਲਜ਼ਾਰ ਮੁਰਸ਼ੀਦ ਦੀ ਬਿਮਾਰ ਪਈ ਅੰਮੀ ਨੂੰ ਦੇਖਣ ਆਇਆ ਤਾਂ ਉਹਨਾਂ ਜਲਦੀ ਹੀ ਬੁਖਾਰ ਉਤਰ ਜਾਏਗਾ ਕਹਿ ਕੇ ਉਹ ਨੂੰ ਆਪਣੇ ਹੱਥ ਨਾਲ ਗੋਲੀ ਖੁਆਈ। ਅੰਮੀ ਨੇ ਜਦੋਂ ਡਾਕਟਰ ਦਾ ਹਾਲ-ਚਾਲ ਪੁੱਛਿਆ ਤਾਂ ਲੰਮਾ ਸਾਹ ਖਿੱਚ ਕੇ ਬੋਲੇ, 'ਕਸ਼ਮੀਰ ਵਿਚ ਖ਼ੂਨੀ ਹਵਾ ਵਗ ਰਹੀ ਏ। ਜਾਨਵਰਾਂ ਨਾਲੋਂ ਬਦਤਰ ਨੇ ਇਹ ਆਤੰਕਵਾਦੀ। ਕਿਤੇ ਦੇਸ਼ ਦੀ ਹਿਫਾਜਤ ਕਰਦੇ ਫੌਜੀਆਂ ਨੂੰ ਮਾਰ ਦਿੰਦੇ ਨੇ, ਕਦੀ ਜਾਨ-ਮਾਲ ਦੀ ਰੱਖਿਆ ਕਰਨ ਵਾਲੇ ਪੁਲਿਸ ਵਾਲਿਆਂ ਨੂੰ, ਕਿਤੇ ਹਿੰਦੂ-ਸਿੱਖਾਂ ਨੂੰ ਤੇ ਕਿਤੇ ਕਸ਼ਮੀਰੀ ਮੁਸਲਮਾਨਾਂ ਨੂੰ ਜਿਹੜੇ ਉਹਨਾਂ ਦੇ ਹੁਕਮ ਨੂੰ ਨਹੀਂ ਮੰਨਦੇ। ਇਹ ਲੋਕ ਕੁੜੀਆਂ ਨੂੰ ਪੜ੍ਹਨ ਨਹੀਂ ਦੇਣਾ ਚਾਹੁੰਦੇ ਤੇ ਮੁੰਡਿਆਂ ਨੂੰ ਖੇਤਾਂ, ਬਾਗ਼ੀਚਿਆਂ ਵਿਚ ਕੰਮ ਕਰਨ ਜਾਂ ਪੜ੍ਹਨ ਦੀ ਜਗ੍ਹਾ ਉਹਨਾਂ ਨੂੰ ਬਦੂਕਾਂ, ਹੱਥਗੋਲੇ ਤੇ ਰਾਕਟ ਫੜਾ ਕੇ ਮਾਸੂਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਣਾਉਣਾ ਚਾਹੁੰਦੇ ਨੇ। ਕੋਈ ਆਪਣੇ ਧਰਮ ਆਪਣੇ ਮਜ਼ਹਬ 'ਤੇ ਸਹੀ ਤਰੀਕੇ ਨਾਲ ਚੱਲ ਕੇ ਇਨਸਾਨੀਅਤ ਦੇ ਰਸਤੇ 'ਤੇ ਨਹੀਂ ਚੱਲ ਸਕਦਾ ਕਦੀ ਇੱਥੇ ਹਿੰਦੂ ਮੁਸਲਮਾਨ ਕਿੰਨੇ ਭਾਈਚਾਰੇ ਨਾਲ ਰਹਿੰਦੇ ਸਨ। ਅੱਜ ਸਵੇਰ ਹੋਏ ਜਾਂ ਰਾਤ ਸਾਰਿਆਂ ਨੂੰ ਆਪਣੇ ਸਿਰ 'ਤੇ ਮੌਤ ਖੜ੍ਹੀ ਦਿਖਾਈ ਦਿੰਦੀ ਏ।'
'ਕਸ਼ਮੀਰ 'ਤੇ ਚੁੜੈਲ ਕਹੋ ਜਾਂ ਆਸੇਬ ਮੰਡਲਾ ਰਹੇ ਨੇ ਗੁਲਜ਼ਾਰ। ਪਰ ਤੂੰ ਬੇਫਿਕਰ ਰਹਿ। ਨੀਸ਼ਾ ਹੀ ਨਹੀਂ ਪਤਾ ਨਹੀਂ ਕਿੰਨੇ ਕਸ਼ਮੀਰੀ ਪਿੰਡਾਂ ਦਾ ਤੂੰ ਮਸੀਹਾ ਏਂ। ਤੇਰੇ ਛੂੰਹਦਿਆਂ ਹੀ ਮਰੀਜ਼ ਦੀ ਬਿਮਾਰੀ ਦੂਰ ਹੋ ਜਾਂਦੀ ਏ। ਡਾਕਟਰ ਏਂ! ਤੇ ਡਾਕਟਰ ਨਾ ਹਿੰਦੂ ਹੁੰਦਾ ਏ ਨਾ ਮੁਸਲਮਾਨ। ਡਾਕਟਰ ਲਈ ਵੀ ਹਰ ਮਜ਼ਹਬ ਜਾਂ ਧਰਮ ਦਾ ਆਦਮੀ ਬਸ ਇਨਸਾਨ ਹੁੰਦਾ ਏ। ਖ਼ੁਦਾ ਦੀ ਦੁਨੀਆਂ ਵਿਚ ਇਨਸਾਨ ਜਦੋਂ ਜਾਨਵਰ ਬਣਨ ਲੱਗਾ ਏ ਤਾਂ ਫਰਿਸ਼ਤੇ, ਈਸ਼ਵਰ ਦੇ ਦੂਤ ਬਣ ਕੇ ਲੋਕਾਂ ਨੂੰ ਬਚਾਉਂਦੇ ਨੇ। ਗੁਲਜ਼ਾਰ ਤੂੰ ਅਜਿਹਾ ਹੀ ਇਕ ਮਸੀਹਾ ਏਂ।'
'ਕੀ ਤੁਸਾਂ ਲੋਕਾਂ ਨੇ ਸਾਨੂੰ ਜਾਂ ਪੰਡਤ, ਜਿਹੜੇ ਇੱਥੋਂ ਚਲੇ ਗਏ ਉਹਨਾਂ ਨੂੰ ਵੱਖ ਸਮਝਿਆ ਏ? ਇੱਥੋਂ ਦੇ ਕੁਛ ਲਾਲਚੀ ਨੇਤਾ ਬਾਹਰੀ ਮੁਲਕ ਦੇ ਹੁਕਮਰਾਨ ਯਾਨੀਕਿ ਰਾਜ ਕਰਨ ਵਾਲੇ ਇਸਲਾਮ ਦੇ ਨਾਂ 'ਤੇ ਕਸ਼ਮੀਰ ਨੂੰ ਨਿਗਲ ਲੈਣਾ ਚਾਹੁੰਦੇ ਨੇ। ਇਹ ਵੀ ਸੱਚ ਏ ਕਿ ਇੱਥੇ ਰਾਜ ਕਰਨ ਵਾਲੇ ਵੀ ਆਪਣੇ ਲੋਕਾਂ ਦੀ ਤਰੱਕੀ ਜੀ ਜਗ੍ਹਾ ਆਪਣੇ ਫਾਇਦੇ ਵਿਚ ਈ ਲੱਗੇ ਰਹੇ ਨੇ। ਇਸ ਲਈ ਦਿੱਲੀ ਦੀ ਸਰਕਾਰ ਨੂੰ ਲੋਕ ਇੱਜ਼ਤ ਨਹੀਂ ਦੇ ਰਹੇ ਜਦਕਿ ਦਿੱਲੀ ਸਰਕਾਰ ਆਪਣੇ ਦੂਜੇ ਮਨਸੂਬਿਆਂ ਨਾਲੋਂ ਜ਼ਿਆਦਾ ਖਰਚ ਕਸ਼ਮੀਰ 'ਤੇ ਕਰਦੀ ਏ। ਪਰ ਬੇਰੋਜਗਾਰੀ ਤੇ ਨਾਗਰਿਕ ਜ਼ਰੂਰਤਾਂ ਵਲ ਕਿਸੇ ਦਾ ਧਿਆਨ ਨਹੀਂ ਜਾਂਦਾ। ਅਜਿਹੀਆਂ ਹਾਲਤਾਂ ਵਿਚ ਇੱਥੋਂ ਦਾ ਨੌਜਵਾਨ ਆਤੰਕਵਾਦੀਆਂ ਕੋਲ ਪਹੁੰਚ ਕੇ ਬੰਦੂਕ ਸੰਭਾਲ ਲੈਂਦਾ ਏ। ਉਸਨੂੰ ਉਹ ਆਪਣਾ ਰੋਜਗਾਰ ਮੰਨ ਲੈਂਦਾ ਏ। ਪੁਲਿਸ ਤੇ ਫੌਜ ਮੂੰਹ ਦੇਖਦੀ ਰਹਿ ਜਾਂਦੀ ਐ।'
'ਤੂੰ ਠੀਕ ਕਹਿ ਰਿਹਾ ਏਂ ਗੁਲਜ਼ਾਰ। ਪਤਾ ਨਹੀਂ ਕਦੋਂ ਸਭ ਠੀਕ ਹੋਏਗਾ?'
'ਧਰਮ ਦੀ ਮਸ਼ਾਲ ਨੂੰ ਆਤੰਕਵਾਦੀਆਂ ਨੇ ਘਰ ਮਚਾਉਣ ਦਾ ਸਾਧਨ ਬਣਾ ਲਿਆ ਏ। ਕਿਸੇ ਦੀ ਰੋਟੀ ਤੇ ਕਿਸੇ ਦੀ ਬੇਟੀ ਕਦ ਖੁਸ ਜਾਏ। ਵਸਾਹ ਨਹੀਂ। ਅੱਜ ਅਨੰਤਨਾਗ ਸੜਿਆ ਕਲ੍ਹ ਜੰਮੂ ਤੇ ਪਰਸੋ ਸ਼ੀਨਗਰ। ਦਸਤਕਾਰ ਕਿੰਜ ਮਾਲ ਬਣਾਵੇ? ਜੇ ਬਣਾਵੇ ਤਾਂ ਖਰੀਦੇਗਾ ਕੌਣ...ਜਦ ਟੂਰਿਸ ਕਸ਼ਮੀਰ ਆਉਣਗੇ ਹੀ ਨਹੀਂ?
'ਸਾਡੀ ਤਕਦੀਰ ਖਰਾਬ ਏ ਗੁਲਜ਼ਾਰ।'
ਲੰਮਾਂ ਸਾਹ ਖਿੱਚ ਕੇ ਡਾਕਟਰ ਗੁਲਜ਼ਾਰ ਕਹਿੰਦੇ ਹਨ, 'ਨਹੀਂ ਜਾਣਦਾ ਕਿ ਸਾਨੂੰ ਕਦ ਇਹ ਜਗ੍ਹਾ ਛੱਡਣੀ ਪਏ। ਮੁਰਸ਼ੀਦ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਮੈਂ ਲਈ ਸੀ। ਇਸ ਦੇ ਨਾਂ ਸੱਤਰ ਹਜ਼ਾਰ ਰੁਪਈਆ ਜਮ੍ਹਾਂ ਕਰਵਾ ਦਿੱਤਾ ਏ ਬੈਂਕ ਵਿਚ। ਜੇ ਸਾਨੂੰ ਜਾਣਾ ਪਿਆ ਤਾਂ ਲਿਖ ਆਇਆ ਆਂ ਕਿ ਹਰ ਮਹੀਨੇ ਵਿਆਜ ਦੇ ਸੱਤ ਸੌ ਰੁਪਈਏ ਮੁਰਸ਼ੀਦ ਨੂੰ ਮਿਲਦੇ ਰਹਿਣ ਤੇ ਜਦ ਉਹ ਡਾਕਟਰ ਬਣ ਜਾਏ ਤਾਂ ਆਪਣਾ ਦਵਾਖਾਨਾ ਖੋਹਲਣ ਲਈ ਪੂਰੀ ਰਕਮ ਯਕਮੁਸ਼ਤ (ਇਕੱਠੀ) ਮਿਲ ਜਾਏ ਉਸਨੂੰ।'
'ਮੈਂ ਚੀਕ-ਚੀਕ ਕਹਾਂਗੀ ਸਭ ਨੂੰ ਕਿ ਤੇਰੀ ਹਿਫਾਜਤ ਹਰ ਹਾਲ ਵਿਚ ਕਰਨ।'
ਦਰਦ ਭਰੀ ਮੁਸਕੁਰਾਹਟ ਸਮੇਤ ਕੇ ਡਾਕਟਰ ਗੁਲਜ਼ਾਰ ਆਪਣੇ ਘਰ ਵਲ ਤੁਰ ਪਏ ਸਨ।
ਸਵੇਰੇ ਨੀਸ਼ਾਂ ਪਿੰਡ ਦੇ ਲੋਕ ਹੀ ਨਹੀਂ ਬਲਕਿ ਦੂਜੇ ਪਿੰਡ ਦੇ ਜ਼ਫਰ ਅਲੀ ਤੇ ਫਜਲ ਮਲਿਕ ਵੀ ਮੌਜ਼ੂਦ ਸਨ। ਉਹ ਸਾਰੇ ਡਾਕਟਰ ਗੁਲਜ਼ਾਰ ਦੇ ਅੱਗੇ ਵਿਛ ਗਏ...'ਡਾਕਟਰ ਸਾਹਬ ਸਾਨੂੰ ਛੱਡ ਕੇ ਨਾ ਜਾਓ।' ਤੇ ਜਦੋਂ ਤਕ ਡਾਕਟਰ ਗੁਲਜ਼ਾਰ ਨੇ ਨੀਸ਼ਾਂ ਵਿਚ ਰੁਕੇ ਰਹਿਣ ਦਾ ਵਾਅਦਾ ਨਹੀਂ ਸੀ ਕੀਤਾ ਉਹ ਉੱਥੋਂ ਉਠੇ ਨਹੀਂ ਸਨ।
ਆਤੰਕਵਾਦੀਆਂ ਦੇ ਹਮਲੇ ਜਾਰੀ ਸਨ। ਸੈਕੜੇ ਪੁਲਿਸ ਵਾਲੇ, ਫੌਜੀਆਂ, ਸਰਕਾਰੀ ਨੌਕਰਾਂ ਤੇ ਬੇਗੁਨਾਹ ਲੋਕਾਂ ਦਾ ਖ਼ੂਨ ਵਹਾ ਕੇ ਗੁਫ਼ਾਵਾਂ ਵਿਚ ਜਾ ਲੁਕਦੇ ਤੇ ਸੱਪ ਵਾਂਗ ਲੁਕੇ ਹੋਏ ਲੁੱਟੀ ਹੋਈ ਰਸਦ ਤੇ ਮਾਲ ਨਾਲ ਐਸ਼ ਕਰਦੇ ਰਹਿੰਦੇ। ਰਾਤ ਹੁੰਦਿਆਂ ਹੀ ਜੰਮੂ ਤੇ ਕਸ਼ਮੀਰ ਦਾ ਹਰ ਘਰ ਗਰਮੀਆਂ ਦੇ ਦਿਨਾਂ ਵਿਚ ਵੀ ਕੰਬਦਾ ਰਹਿੰਦਾ।
ਪਿੰਡ ਵਾਲੇ ਈਦ, ਜੁਮੇ ਦੇ ਦਿਨ ਜਾਂ ਨਿਕਾਹ ਵਗ਼ੈਰਾ ਸਮੇਂ ਜਦੋਂ ਇਕ ਦੂਜੇ ਨੂੰ ਮਿਲਦੇ ਤਾਂ ਅੱਖਾਂ ਚੁਰਾ ਰਹੇ ਹੁੰਦੇ ਤੇ ਕਹਿੰਦੇ, 'ਪਤਾ ਨਹੀਂ ਕਦੋਂ ਨਿਜਾਤ (ਮੁਕਤੀ) ਮਿਲੇਗੀ ਇਹਨਾਂ ਖ਼ੂੰਖਾਰ ਦਿਨਾਂ ਤੋਂ।' ਤੇ ਫੇਰ ਇਕ ਰਾਤ ਤਾਰਿਕ ਮੀਆਂ ਦੇ ਘਰ ਆਤੰਕਵਾਦੀ ਘੁਸ ਆਏ। ਉਹਨਾਂ ਦੀ ਬੀਵੀ ਨੂੰ ਡਰਦੇ ਮਾਰੇ ਖਾਣਾ ਬਣਾਉਣਾ ਪਿਆ। ਬੇਟਾ ਰਦੀਬ ਇਕ ਕੋਠੜੀ ਵਿਚ ਲੁਕਿਆ ਰਿਹਾ। ਖਾ-ਪੀ ਕੇ ਚੇਤਾਵਨੀ ਦਿੱਤੀ ਕਿ ਜੇ ਪੁਲਿਸ ਨੂੰ ਖਬਰ ਦਿੱਤੀ ਤਾਂ ਪੂਰਾ ਘਰ ਜਲਾ ਦਿਆਂਗੇ। ਮੀਆਂ ਬੀਵੀ ਚੁੱਪ ਰਹੇ। ਜਾਣ ਲੱਗੇ ਤਾਂ ਰਦੀਬ ਨੂੰ ਕੋਠੜੀ ਵਿਚੋਂ ਬਾਹਰ ਧੂ ਲਿਆਏ...'ਇਹ ਸਾਡੇ ਨਾਲ ਰਹੇਗਾ।' ਤਾਰਿਕ ਮੀਆਂ ਮਿਨਮਿਨਾਏ ਤਾਂ ਇਕ ਨੇ ਉਹਨਾਂ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ...'ਸਾਡੀ ਖਿਲਾਫਤ (ਵਿਰੋਧ) ਕਰਦਾ ਏ!'
ਲਾਸ਼ 'ਤੇ ਡਿੱਗ ਪਈ ਉਹਨਾਂ ਦੀ ਬੇਗਮ। ਆਤੰਕਵਾਦੀ ਰਦੀਬ ਨੂੰ ਨਾਲ ਲੈ ਕੇ ਚਲੇ ਗਏ। ਪੁਲਿਸ ਆਈ ਪਰ ਪੂਰਾ ਪਿੰਡ ਡਰਦਾ ਮਾਰਿਆ ਚੁੱਪ।
ਪਾਗਲ ਹੋ ਗਈ ਤਾਰਿਕ ਅਲੀ ਦੀ ਘਰਵਾਲੀ। ਜਿਸ ਮੁੰਡੇ ਨੂੰ ਵੀ ਦੇਖਦੀ ਉਸਨੂੰ ਰਦੀਬ ਸਮਝ ਕੇ ਮਿੰਨਤਾਂ ਕਰਨ ਲੱਗਦੀ...'ਚੱਲ ਬੇਟਾ ਘਰ ਚੱਲ।'
ਡਾਕਟਰ ਗੁਲਜ਼ਾਰ ਵੀ ਉਸਨੂੰ ਠੀਕ ਨਹੀਂ ਸੀ ਕਰ ਸਕਿਆ। ਪਰ ਉਸਦੀ ਚਿੱਠੀ-ਪੱਤਰੀ ਦਾ ਇਹ ਅਸਰ ਹੋਇਆ ਕਿ ਪਿੰਡ ਦੇ ਤਿੰਨ ਘਰਾਂ ਵਿਚ ਸਰਕਾਰੀ ਬੰਦੂਕਾਂ ਆ ਗਈਆਂ। ਪਿੰਡ ਵਾਲਿਆਂ ਨੂੰ ਲੱਗਿਆ ਕਿ ਹੁਣ ਉਹ ਆਤੰਕਵਾਦੀਆਂ ਦਾ ਮੁਕਾਬਲਾ ਕਰ ਸਕਣਗੇ।
ਦੀਵਾਲੀ ਵਾਲੀ ਰਾਤ ਪੂਰਾ ਪਿੰਡ ਡਾਕਟਰ ਗੁਲਜ਼ਾਰ ਦੇ ਘਰ ਵਿਚ ਸੀ। ਦੀਵੇ ਜਗਾਏ ਗਏ। ਖਾਣਾ, ਪੀਣਾ ਹੋਇਆ ਤੇ ਆਤਿਸ਼ਬਾਜੀ ਵੀ। ਲੋਕਾਂ ਨੇ ਉਹਨਾਂ ਨੂੰ ਤੋਹਫ਼ੇ ਦਿੱਤੇ। ਤਿੰਨ ਨੌਜਵਾਨ ਬੰਦੂਕਾਂ ਲੈ ਕੇ ਬਾਹਰ ਪਹਿਰਾ ਦੇਂਦੇ ਰਹੇ। ਫੌਜੀ ਕੈਂਪ 'ਚੋਂ ਆ ਕੇ ਇਕ ਮੇਜਰ ਤੇ ਲੈਫਟੀਨੈਂਟ ਵੀ ਜਸ਼ਨ ਵਿਚ ਸ਼ਾਮਲ ਹੋਏ।
ਗੀਤ ਗਾਏ ਜਾ ਰਹੇ ਸਨ ਉੱਥੋਂ ਦੀ ਬੋਲੀ ਵਿਚ, 'ਇਹ ਤਾਰਿਆਂ ਦੀ ਦੁਨੀਆਂ ਜ਼ਮੀਨ 'ਤੇ ਉਤਰ ਆਈ ਐ। ਕਿਆਮਤ ਅਜੇ ਦੂਰ ਐ ਕਾਏਨਾਤ ਵੰਡੀ ਜਾ ਰਹੀ ਜਾ ਰਹੀ ਐ। ਅੱਲ੍ਹਾ ਮਹਿਮਾਨ ਐ, ਈਸ਼ਵਰ ਮਿਹਰਬਾਨ ਐ।' ਡਾਕਟਰ ਗੁਲਜ਼ਾਰ ਦੀ ਘਰਵਾਲੀ ਨੇ ਹਰੇਕ ਬੱਚੇ ਨੂੰ ਮਠਿਆਈ ਦਾ ਪੈਕੇਟ ਦਿੱਤਾ। ਹੱਸਦੇ-ਖੇਡਦੇ ਸਾਰੇ ਵਾਪਸ ਆਏ। ਰਾਤ ਗੂੜ੍ਹੀ ਨੀਂਦ ਵਿਚ ਬੀਤੀ। ਸਵੇਰੇ ਹਰ ਬੱਚੇ, ਹਰ ਜਵਾਨ-ਬੁੱਢੇ ਦੀ ਜ਼ੁਬਾਨ 'ਤੇ ਕਲ੍ਹ ਦੇ ਜਸ਼ਨ ਦੀ ਗੱਲ ਸੀ। ਸਾਰੇ ਕਹਿ ਰਹੇ ਸਨ ਕਿ ਉਹਨਾਂ ਦੀ ਦੀਵਾਲੀ ਤੇ ਸਾਡੀ ਈਦ ਅਤੇ ਸ਼ਬ-ਏ-ਬਾਰਾਤ ਵਿਚ ਕੀ ਫਰਕ ਹੈ? ਜਸ਼ਨ, ਪ੍ਰਾਰਥਨਾਂ ਤੇ ਮਾਲਿਕ ਤੋਂ ਦੁਆਵਾਂ ਮੰਗਣਾ।
ਉਸ ਦਿਨ ਕਮਲੀ ਬੁੱਡੀ ਨਜ਼ਰ ਬੀ ਨੂੰ ਕਿਸੇ ਬੱਚੇ ਨੇ ਨਹੀਂ ਛੇੜਿਆ ਜਿਹੜੀ ਆਪਣੇ ਸ਼ੌਹਰ (ਪਤੀ) ਦੀ ਮੌਤ ਤੇ ਬੇਟੇ ਦੇ ਗ਼ਾਇਬ ਹੋ ਜਾਣ ਕਰਕੇ ਕਮਲੀ ਹੋ ਈ ਸੀ। ਤੇ ਜਾਂਦੇ ਆਉਂਦੇ ਨੌਜਵਾਨ ਨੂੰ ਘੇਰ ਕੇ ਤਰਲੇ ਕਰਨ ਲੱਗਦੀ ਸੀ...'ਹੁਣ ਤਾਂ ਘਰ ਚੱਲ! ਮੈਂ ਤੇਰੇ ਲਈ ਊਨੀਂ ਕਮੀਜ਼ ਬਣਾਈ ਏ।'
ਨਜ਼ਰ ਹਰ ਪਿੰਡ ਦੇ ਮਰਦ ਵਿਚ ਆਪਣਾ ਖਾਵਿੰਦ (ਪਤੀ) ਲੱਭਦੀ। ਬੱਚੇ ਪਿੱਛੇ-ਪਿੱਛੇ ਗੀਤ ਗਾਉਂਦੇ ਛੇੜਦੇ...'ਬੀਬੀ, ਬੀਬੀ ਨਜ਼ਰ, ਠੀਕ ਕਰ ਲੈ ਆਪਣੀ ਨਜ਼ਰ।'
ਡਾਕਟਰ ਗੁਲਜ਼ਾਰ ਨੂੰ ਵੀ ਲੱਗਿਆ ਕਿ ਰਾਜਨੀਤੀ ਕਰਨ ਵਾਲੇ ਭਾਵੇਂ ਜੋ ਕਰਨ। ਬਾਹਰ ਆਤੰਕਵਾਦੀ ਭਾਵੇਂ ਬੰਦੂਕ ਤਾਣਨ, ਜਾਨਾਂ ਲੈਂਦੇ ਰਹਿਣ। ਗਰੀਬੀ ਦੀ ਮਾਰ ਤੋਂ ਕਸ਼ਮੀਰ ਦੇ ਨੌਜਵਾਨ ਵੀ ਆਤੰਕਵਾਦੀਆਂ ਨਾਲ ਮਿਲ ਜਾਣ। ਆਮ ਕਸ਼ਮੀਰੀ ਇਕ ਦੂਜੇ ਨੂੰ ਪਿਆਰ ਕਰਦਾ ਹੈ। ਉਸਦਾ ਧਰਮ ਦੂਜੇ ਧਰਮ ਦੀ ਇੱਜ਼ਤ ਵੀ ਕਰਦਾ ਹੈ।
ਜਿਵੇਂ ਹੀ ਗੁਲਾਜ਼ਰ ਨੂੰ ਪਤਾ ਲੱਗਿਆ ਕਿ ਉਸਮਾਨ ਨਬੀ ਨੂੰ ਰਾਤ ਸਰਦੀ ਲੱਗ ਗਈ, ਉਹ ਉਸਦੇ ਘਰ ਪਹੁੰਚ ਗਿਆ। ਉਸਦੀ ਘਰਵਾਲੀ ਨੂੰ ਦਵਾਈ ਕਦੋਂ ਤੇ ਕਿਸ ਤਰ੍ਹਾਂ ਦੇਣੀ ਹੈ ਦੱਸਦਾ ਆਇਆ। ਰਾਤ ਨੂੰ ਡਾਕਟਰ, ਉਸਦੀ ਪਤਨੀ ਤੇ ਬੇਟੀ ਮਾਨਸੀ ਕਲ੍ਹ ਰਾਤ ਦੇ ਦੀਵਾਲੀ ਉਤਸਵ ਦੀਆਂ ਗੱਲਾਂ ਕਰਦੇ ਸੌਂ ਗਏ।
ਠਾਹ-ਠਾਹ-ਠਾਹ...ਲੋਕ ਸਹਿਮ ਗਏ। ਬੰਦੂਕ ਵਾਲੇ ਤਿੰਨਾਂ ਘਰਾਂ ਤੇ ਹਮਲਾ ਹੋਇਆ ਸੀ ਤੇ ਦੂਰ ਕਿਸੇ ਘਰ 'ਚ ਵੀ ਠਾਹ-ਠਾਹ ਦੀਆਂ ਆਵਾਜ਼ਾਂ ਗੂੰਜੀਆਂ ਸਨ। ਲੋਕ ਤ੍ਰਹਿ ਗਏ। ਕੰਨ ਬਾਹਰਲੀਆਂ ਆਵਾਜ਼ਾਂ ਦੀ ਬਿੜਕ ਲੈਣ ਲੱਗੇ। ਇਕ ਆਤੰਕਵਾਦੀ ਦੀ ਆਵਾਜ਼ ਆਈ...'ਡਰੋ ਨਾ, ਘਰਾਂ 'ਚੋਂ ਬਾਹਰ ਆ ਜਾਓ। ਨਹੀਂ ਆਓਗੇ ਤਾਂ ਘਰਾਂ ਨੂੰ ਅੱਗ ਲਾ ਦਿਆਂਗੇ। ਅਸੀਂ ਸਰਕਾਰੀ ਚਮਚਿਆਂ ਨੂੰ ਮਾਰਿਆ ਹੈ। ਹਿੰਦੂਆਂ ਨੂੰ ਮਾਰਿਆ ਹੈ।'
ਲੋਕ ਸਹਿਮੇਂ ਹੋਏ ਬਾਹਰ ਆ ਗਏ। ਤਿੰਨਾਂ ਬੰਦੂਕਾਂ ਵਾਲੇ ਨੌਜਵਾਨਾਂ ਦੀਆਂ ਲਾਸ਼ਾਂ ਆਤੰਕਵਾਦੀ ਬਾਹਰ ਖਿੱਚ ਲਿਆਏ ਸਨ। ਓਦੋਂ ਹੀ ਦੋ ਆਤੰਕਵਾਦੀ ਡਾਕਟਰ ਗੁਲਜ਼ਾਰ ਤੇ ਉਸਦੀ ਪਤਨੀ ਦੀ ਲਾਸ਼ ਨੂੰ ਵੀ ਖਿੱਚਦੇ ਹੋਏ ਲੈ ਆਏ। ਪਿੰਡ ਦੇ ਔਰਤ-ਮਰਦ ਜਿਹੜੇ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ 'ਤੇ ਸਹਿਮੇ ਹੋਏ ਸਨ ਡਾਕਟਰ ਤੇ ਉਸਦੀ ਪਤਨੀ ਦੀ ਲਾਸ਼ ਦੇਖ ਕੇ ਚੀਕਣ ਲੱਗੇ। ਇਕ ਆਤੰਕਵਾਦੀ ਕੂਕਿਆ...'ਚੁੱਪ। ਚੈਂ-ਚੈਂ ਕੀਤੀ ਤਾਂ ਤੁਹਾਨੂੰ ਵੀ ਭੁੰਨ ਸੁੱਟਾਂਗੇ। ਕਾਫਰ ਡਾਕਟਰ ਦੀ ਕੁੜੀ ਨੂੰ ਘਰ ਛੱਡ ਆਏ ਆਂ। ਕਲ੍ਹ ਕਾਜੀ ਆਏਗਾ, ਮੁਸਲਮਾਨ ਬਣਾਉਣ ਦੀ ਰਸਮ ਪੂਰੀ ਕਰ ਦਏਗਾ।'
ਓਦੋਂ ਹੀ ਇਕ ਔਰਤ ਕੂਕੀ, 'ਤੁਸੀਂ ਕਮੀਨੇ ਓਂ। ਮਜਹਬ ਦੇ ਨਾਂ 'ਤੇ ਕਤਲ ਕਰਦੇ ਓ। ਤੁਹਾਨੂੰ ਕਸ਼ਮੀਰ ਨਾਲ ਪਿਆਰ ਨਹੀਂ...'
ਇਕ ਆਤੰਕਵਾਦੀ ਬੰਦੂਕ ਤਾਣਦਾ ਹੈ ਉਦੋਂ ਹੀ ਭੂਚਾਲ ਜਿਹਾ ਆ ਜਾਂਦਾ ਹੈ...ਸਾਰੀਆਂ ਔਰਤਾਂ ਅੱਗੇ ਵਧਦੀਆਂ ਹਨ, 'ਸਾਨੂੰ ਸਾਰਿਆ ਨੂੰ ਮਾਰ ਸੁੱਟੋ। ਤੁਸੀਂ ਸਾਡਾ ਮਸੀਹਾ ਮਾਰ ਦਿੱਤੈ। ਤੁਸੀਂ ਸਾਨੂੰ ਬਰਬਾਦ ਕਰਨ 'ਤੇ ਤੁਲੇ ਹੋਏ ਓ।'
ਆਤੰਕਵਾਦੀ ਚਾਰ ਕਦਮ ਪਿੱਛੇ ਹਟ ਗਏ ਓਦੋਂ ਹੀ ਸਾਰਿਆਂ ਨੇ ਪੱਥਰ-ਵੱਟੇ ਮਾਰਨੇ ਸ਼ੁਰੂ ਕਰ ਦਿੱਤੇ। ਪੱਥਰਾਂ ਦੀ ਮਾਰ ਤੋਂ ਬਚਦੇ ਆਤੰਕਵਾਦੀ ਫਾਇਰ ਕਰਦੇ ਹੋਏ ਭੱਜ ਗਏ। ਇਕ ਆਤੰਕਵਾਦੀ ਦੇ ਸਿਰ ਵਿਚ ਪੱਥਰ ਵੱਜਿਆ ਤੇ ਉਹ ਉੱਥੇ ਹੀ ਢੇਰ ਹੋ ਗਿਆ। ਬਾਕੀ ਹਨੇਰੇ ਵਿਚ ਭੱਜ ਨਿਕਲੇ।
ਮੁਰਸ਼ੀਦ ਹਨੇਰੇ ਵਿਚ ਮਾਨਸੀ ਨੂੰ ਲੈ ਕੇ ਭੱਜਦਾ ਰਿਹਾ। ਮਾਨਸੀ ਇਕ ਬੇਜਾਨ ਗੁੱਡੀ ਵਾਂਗ ਘਿਸਟਦੀ ਰਹੀ।
ਫੌਜੀ ਕੈਂਪ ਦੀ ਰੋਸ਼ਨੀ ਨਜ਼ਰ ਆਉਣ ਲੱਗ ਪਈ। ਮੁਰਸ਼ੀਦ ਮਾਨਸੀ ਨੂੰ ਸੰਭਾਲੀ ਅੱਗੇ ਵਧਦਾ ਹੈ। ਗਾਰਡ ਉਸਨੂੰ ਉੱਥੇ ਰੋਕ ਦੇਂਦਾ ਹੈ। ਇੰਟਰਕਾਮ 'ਤੇ ਖਬਰ ਕਰਨਲ ਕੋਲ ਪਹੁੰਚਾਅ ਦਿੱਤੀ ਗਈ। ਕੁਝ ਮਿੰਟਾਂ ਵਿਚ ਹੀ ਉਹ ਆ ਗਏ। ਮੁਰਸ਼ੀਦ ਨੇ ਸਾਰਾ ਵਾਕਿਆ ਦੱਸਿਆ ਤਾਂ ਕੈਪਟਨ ਸੁਧੀਰ ਦੇ ਨਾਲ ਦਸਤਾ ਤੁਰੰਤ ਚੱਲ ਪਿਆ। ਮਾਨਸੀ ਫੌਜੀ ਡਾਕਟਰ ਦੀ ਨਿਗਰਾਨੀ ਵਿਚ ਰਹਿ ਗਈ। ਮੁਰਸ਼ੀਦ ਨੂੰ ਲੈ ਕੇ ਕਰਨਲ ਦੀ ਜੀਪ ਤੁਰ ਪਈ। ਇਕ ਜੀਪ ਵਿਚ ਪੰਜ ਸਿਪਾਹੀ ਵੀ ਨਾਲ ਸਨ।
ਜ਼ਖ਼ਮੀ ਆਂਤਕਵਾਦੀ ਨੂੰ ਪਿੰਡ ਵਾਲਿਆਂ ਨੇ ਫੜ੍ਹ ਲਿਆ ਸੀ। ਉਹ ਪਾਕਿਸਤਾਨੀ ਸੀ। ਪਹਿਲੇ ਦਬਕੇ ਵਿਚ ਹੀ ਸੱਚ ਕਬੂਲ ਗਿਆ। ਬੇਕਾਰੀ ਨੇ ਉਸਨੂੰ ਆਤੰਕਵਾਦੀ ਬਣਾ ਦਿੱਤਾ ਜਦਕਿ ਉਹ ਫੌਜੀ ਬਣਨਾ ਚਾਹੁੰਦਾ ਸੀ। ਭਰਤੀ ਵਾਲਿਆਂ ਨੇ ਆਤੰਕਵਾਦੀਆਂ ਦੇ ਸੈਂਟਰ 'ਤੇ ਪਹੁੰਚਾ ਦਿੱਤਾ।
ਪੁਲਿਸ ਆਈ। ਲਾਸ਼ਾਂ ਪੋਸਟਮਾਰਟਮ ਲਈ ਲੈ ਜਾਈਆਂ ਗਈਆਂ। ਦੂਜੇ ਦਿਨ ਸ਼ਾਮ ਨੂੰ ਪਿੰਡ ਵਾਪਸ ਆ ਗਈਆਂ। ਲੋਕਾਂ ਨੇ ਘਰਾਂ ਦੇ ਕੋਲ ਹੀ ਤਿੰਨਾਂ ਨੌਜਵਾਨਾਂ ਨੂੰ ਦਫਨ ਕੀਤਾ ਤੇ ਡਾਕਟਰ ਡਾਕਟਰਨੀ ਦੀ ਚਿਤਾ ਸਜਾਈ। ਪੁਲਿਸ ਸੁਪਰਡੈਂਟ ਤੇ ਕਰਨਲ ਦੀ ਸਿਫਾਰਸ਼ 'ਤੇ ਪਿੰਡ ਦੇ ਹਰ ਦੂਜੇ ਘਰ ਨੂੰ ਬੰਦੂਕ ਮਿਲ ਗਈ। ਹੁਣ ਦਸ ਨੌਜਵਾਨ ਰਾਤ ਨੂੰ ਬੰਦੂਕਾਂ ਲੈ ਕੇ ਪਿੰਡ ਵਿਚ ਪਹਿਰਾ ਦੇਂਦੇ ਹਨ।
ਮਾਨਸੀ ਦਿੱਲੀ ਵਿਚ ਆਪਣੇ ਮਾਮੇ ਕੋਲ ਪੜ੍ਹਦੀ ਹੈ। ਅੱਠ ਸਾਲ ਬੀਤ ਗਏ ਹਨ। ਮੁਰਸ਼ੀਦ ਡਾਕਟਰ ਬਣ ਗਿਆ ਤੇ ਡਾਕਟਰ ਗੁਲਜ਼ਾਰ ਦੀ ਡਿਸਪੈਂਸਰੀ ਵਿਚ ਬੈਠਦਾ ਹੈ ਜਿਸ ਉੱਤੇ ਅਜੇ ਵੀ ਬੋਰਡ ਲਟਕਦਾ ਹੈ...'ਡਾ. ਐੱਸ. ਗੁਲਜ਼ਾਰ।'
ਮੁਰਸ਼ੀਦ ਹਰ ਹਫਤੇ ਮਾਨਸੀ ਨੂੰ ਖ਼ਤ ਲਿਖਦਾ ਹੈ। ਉਸਨੂੰ ਆਤੰਕਵਾਦ ਦੇ ਵਧਦੇ ਕਦਮਾਂ ਤੇ ਰਾਜਨੀਤੀ ਦੀਆਂ ਘਿਣਾਉਣੀਆਂ ਚਾਲਾਂ ਬਾਰੇ ਲਿਖਦਾ। ਪਰ ਡਾਕਟਰੀ ਪੜ੍ਹ ਰਹੀ ਮਾਨਸੀ ਨੇ ਉਸਨੂੰ ਪੂਰੀ ਦੁਨੀਆਂ ਵਿਚ ਫੈਲੇ ਆਤੰਕਵਾਦ ਦੀ ਜਾਣਕਾਰੀ ਦਿੱਤੀ ਤੇ ਇਹ ਵੀ ਦੱਸਿਆ ਕਿ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਵੰਡਿਆ ਹੀ ਇਸ ਤਰ੍ਹਾਂ ਸੀ ਕਿ ਆਪਸੀ ਲੜਾਈ ਚੱਲਦੀ ਰਹੇ।
ਯੂਰਪ ਦੇ ਅਸਲੀ ਮਾਲਕ ਅਮਰੀਕਾ ਨੇ ਪੂਰੀ ਦੁਨੀਆਂ ਨੂੰ ਬੰਦੂਕ, ਮਿਸਾਈਲ ਤੇ ਭਾਂਤ-ਭਾਂਤ ਦੇ ਬੰਬ ਵੇਚ ਕੇ ਖ਼ੂਬ ਪੈਸਾ ਕਮਾਇਆ। ਇਥੋਪੀਆਂ ਭੁੱਖਾ ਮਰਦਾ ਰਿਹਾ ਤੇ ਅਮਰੀਕਾ ਵਿਚ ਗਊਆਂ, ਮੱਝਾਂ ਅਨਾਜ ਖਾਂਦੀਆਂ ਰਹੀਆਂ। ਉਸਨੇ ਅਫਗਾਨਿਸਤਾਨ ਦੀ ਜਨਤਾ ਦੀ ਸਰਕਾਰ ਤੋੜ ਕੇ ਜਿਹਾਦੀ ਤਾਲਿਬਾਨਾਂ ਨੂੰ ਰਾਜ ਸੌਂਪ ਦਿੱਤਾ ਜਿਹਨਾਂ ਨੇ ਦੇਸ਼ ਦੀ ਤਰੱਕੀ ਰੋਕ ਦਿੱਤੀ। ਜਦੋਂ ਉਹਨਾਂ ਨੇ ਇੱਥੇ ਵਰਡ ਟਰੇਡ ਸੈਂਟਰ ਤੋੜਿਆ ਤਾਂ ਅੱਖ ਖੁੱਲ੍ਹੀ ਤੇ ਅਫਗਾਨਿਸਤਾਨ 'ਤੇ ਬੰਬ ਵਰ੍ਹਾ ਦਿੱਤੇ। ਪਾਕਿਸਤਾਨ ਜਿਹੜਾ ਸਾਡੇ ਕਸ਼ਮੀਰ ਨੂੰ ਬਰਬਾਦ ਕਰਨ ਵਿਚ ਲੱਗਿਆ ਹੈ ਉਹ ਕਸ਼ਮੀਰ ਦੀ ਵਿਧਾਨ ਸਭਾ ਉੱਤੇ ਹਮਲਾ ਕਰਦਾ ਹੈ ਤਾਂ ਭਾਰਤ ਦੀ ਸੰਸਦ 'ਤੇ ਵੀ। ਬੰਗਲਾ ਦੇਸ਼ ਨੂੰ ਹਿੰਦੁਸਤਾਨ ਨੇ ਪਾਕਿਸਤਾਨੀਆਂ ਤੋਂ ਆਜ਼ਾਦੀ ਦੁਆਈ। ਉੱਥੇ ਵੀ ਮੁੱਲਾ ਹਾਵੀ ਹੋ ਗਏ। ਤਿੰਨ ਕਰੋੜ ਤੋਂ ਹਿੰਦੂ ਆਬਾਦੀ ਡੇਢ ਕਰੋੜ ਰਹਿ ਗਈ। ਬੰਗਾਲੀ ਹੋਣ 'ਤੇ ਵੀ ਉੱਥੇ ਮੁਸਲਮਾਨ ਹੋਣਾ ਜ਼ਰੂਰੀ ਹੋ ਗਿਆ। ਅਸਰ ਹਿੰਦੂਆਂ ਤੇ ਪਿਆ। ਪਾਗਲ ਹਿੰਦੂਆਂ ਨੇ ਬਾਬਰੀ ਮਸਜਿਦ ਤੋੜ ਦਿੱਤੀ। ਗੁਜਰਾਤ ਵਿਚ ਪਿੱਛੇ ਜਿਹੇ ਹੀ ਅਹਿ ਕੁਝ ਪਹਿਲਾਂ ਹੀ ਛੇ ਸੌ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਗਿਆ। ਪੂਰਾ ਹਿੰਦੁਸਤਾਨ ਬੇਈਮਾਨ ਕੁਰਸੀ ਪਰਸਤ ਰਾਜਨੀਤਕਾਂ ਦੀ ਮੁੱਠੀ ਵਿਚ ਬੰਦ ਤੜਫ ਰਿਹਾ ਹੈ। ਨ ਹਿੰਦੂ ਬੁਰੇ ਨੇ ਤੇ ਨਾ ਹੀ ਮੁਸਲਮਾਨ। ਬੁਰੀ ਹੈ ਉਹਨਾਂ ਦੀ ਗਰੀਬੀ ਜਿਸਨੂੰ ਬੁਰੇ ਲੋਕ ਖਰੀਦ ਕੇ ਇਸਤੇਮਾਲ ਕਰ ਜਾਂਦੇ ਨੇ। ਕੀ ਕੋਈ ਵੀ ਦੇਸ਼ ਇਕ ਧਰਮ ਨੂੰ ਮੰਨ ਲੈਣ ਨਾਲ ਹੀ ਚੰਗਾ, ਪੈਸੇ ਵਾਲਾ ਤੇ ਤਾਕਤਵਰ ਬਣ ਸਕਦਾ ਹੈ?
ਤੇ ਮੁਰਸ਼ੀਦ ਦਾ ਆਖ਼ਰੀ ਖ਼ਤ...'ਭੈਣ, ਬਾਵਜੂਦ ਗੋਲੀਆਂ ਦੀ ਆਵਾਜ਼ ਦੇ ਕਸ਼ਮੀਰ ਅੱਜ ਵੀ ਸਵਰਗ ਵਰਗਾ ਖ਼ੂਬਸੂਰਤ ਹੈ। ਜਿੱਥੇ ਗੁਲਜ਼ਾਰ ਚਚਾ ਤੇ ਚਚੀ ਦਾ ਸੰਸਕਾਰ ਕੀਤਾ ਸੀ ਉੱਥੇ ਲਾਇਬਰੇਰੀ ਬਣਾ ਦਿੱਤੀ ਹੈ ਪਿੰਡ ਵਾਲਿਆਂ ਨੇ। ਰੋਜ਼ ਮਸਜਿਦ ਵਿਚ ਪਿੰਡ ਵਾਲੇ ਅਮਨ ਸ਼ਾਂਤੀ ਦੀ ਦੁਆ ਮੰਗਦੇ ਹਨ। ਲਾਇਬਰੇਰੀ ਵਿਚ ਤੇਰੇ ਪਿਤਾ ਦੇ ਫੋਟੋ ਉੱਤੇ ਫੁੱਲਾਂ ਦਾ ਹਾਰ ਚੜ੍ਹਾਇਆ ਜਾਂਦਾ ਹੈ। ਤੂੰ ਮੇਰੇ ਨਿਕਾਹ ਬਾਰੇ ਪੁੱਛਿਆ ਹੈ...ਜਦੋਂ ਤੂੰ ਆਵੇਂਗੀ ਓਦੋਂ ਹੀ ਹੋਵੇਗਾ ਮੇਰਾ ਨਿਕਾਹ। ਰੇਸ਼ਮਾ ਦੀ ਵੀ ਇਹੋ ਰਾਏ ਹੈ। ਅਨੰਤਗਾਂਵ ਤੋਂ ਆ ਕੇ ਉਹ ਇੱਥੇ ਸਕੂਲ ਖੋਲ੍ਹੇਗੀ।'
ਮਾਨਸੀ ਨੇ ਲਿਖਿਆ...'ਪਿਆਰੇ ਵੀਰੇ! ਬਸ ਸਤ ਅੱਠ ਮਹੀਨੇ ਹੋਰ। ਮੇਰੀ ਸਫਦਰਜੰਗ ਹਸਪਾਤਲ ਵਿਚ ਛੇ ਮਹੀਨਿਆਂ ਦੀ ਹੋਰ ਟਰੇਨਿੰਗ ਹੈ। ਉਸ ਪਿੱਛੋਂ ਮੈਂ ਹਮੇਸ਼ਾ ਲਈ ਨੀਸ਼ਾਂ ਪਿੰਡ ਵਿਚ ਆ ਕੇ ਪਿਤਾ ਜੀ ਦੇ ਦਵਾਖਾਨੇ ਵਿਚ ਤੇਰੇ ਨਾਲ ਬੈਠਾਂਗੀ। ਮੈਂ ਉਹਨਾਂ ਦਾ ਅਧੂਰਾ ਕੰਮ ਪੂਰਾ ਕਰਾਂਗੀ। ਮੇਰੀ ਹੋਣ ਵਾਲੀ ਭਾਬੀ ਜਾਨ ਰੇਸ਼ਮਾ ਬੇਫਿਕਰ ਹੋ ਕੇ ਸਾਡੇ ਘਰ ਵਿਚ ਸਕੂਲ ਚਲਾ ਸਕੇਗੀ।
'ਵੀਰੇ, ਇਕ ਫਿਲਮ ਦਾ ਗੀਤ ਹੈ ਜਿਸ ਵਿਚ ਮਹਾਨ ਕਲਾਕਾਰ ਬਲਰਾਜ ਸਾਹਨੀ ਸਨ ਜਿਹੜੇ ਹੁਣ ਦੁਨੀਆਂ ਵਿਚ ਨਹੀਂ...'ਰਾਤ ਕੇ ਰਾਹੀ ਰੁਕ ਨਹੀਂ ਜਾਨਾਂ ਸੁਬਹ ਕੀ ਮੰਜ਼ਿਲ ਦੂਰ ਨਹੀਂ।' ਅੱਜ ਜਿਹੜੇ ਸਾਡੇ ਕਸ਼ਮੀਰ ਉਪਰ ਕਾਲੇ ਬੱਦਲ ਛਾਏ ਹੋਏ ਹਨ ਉਹ ਇਕ ਦਿਨ ਜ਼ਰੂਰ ਛਟਣਗੇ।'
ਮੁਰਸ਼ੀਦ ਮਾਨਸੀ ਦਾ ਖ਼ਤ ਲੈ ਕੇ ਦੌੜ ਪਿਆ...'ਆਏਗੀ ਮਾਨਸੀ। ਲੋਕੋ ਕਸ਼ਮੀਰ ਦੀ ਧੀ ਜਲਦੀ ਆ ਰਹੀ ਐ।'
ਦਸ ਨੌਜਵਾਨ ਬੰਦੂਕਾਂ ਲੈ ਕੇ ਆਸਮਾਨ ਵਿਚ ਫਾਇਰ ਕਰਦੇ ਕਹਿੰਦੇ ਹਨ...'ਆਏਗੀ ਸਾਡੇ ਪਿੰਡ ਦੀ ਧੀ। ਅਸੀਂ ਦਿਲੋ-ਜਾਨ ਨਾਲ ਉਸਦੀ ਹਿਫਾਜ਼ਤ ਕਰਾਂਗੇ ਕਿਉਂਕਿ ਉਹ ਕਸ਼ਮੀਰ ਦੀ ਧੀ ਐ।'
--- --- ---
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.  

No comments:

Post a Comment