Friday, May 13, 2011

ਹਨੇਰੇ 'ਚ ਸੁਗੰਧ :: ਲੇਖਕ : ਕੈਲਾਸ਼ ਚੰਦਰ

ਹਿੰਦੀ ਕਹਾਣੀ :


ਅਨੁਵਾਦ : ਮਹਿੰਦਰ ਬੇਦੀ, ਜੈਤੋ


ਠਿਕਾਣੇ 'ਤੇ ਮੇਰੀ ਇਹ ਪਹਿਲੀ ਰਾਤ ਸੀ। ਉਸ ਰਾਤ ਸੁਕਯਾ ਨੇ ਮੁਰਗਾ ਬਣਾਇਆ—ਬੜਾ ਹੀ ਲਾਜਵਾਬ ਬਣਿਆ ਸੀ। 'ਉਹ ਮੀਟ ਤੇ ਮੱਛੀ ਵੀ ਏਨੇ ਈ ਮਜ਼ੇਦਾਰ ਬਣਾ ਲੈਂਦਾ ਏ ਜੀ' ਇਹ ਗੱਲ ਮੇਰੇ ਜੀਪ-ਡਰਾਈਵਰ ਕੰਥੇ ਨੇ ਦੱਸੀ ਸੀ। ਪਹਿਲੀ ਪੋਸਟਿੰਗ ਦੀ ਇਸ ਪਹਿਲੀ ਰਾਤ ਨੂੰ ਹੀ ਦਿਲ ਖੁਸ਼ ਹੋ ਗਿਆ ਸੀ। ਸਦਰ ਵਿਚ ਜਵਾਈਨਿੰਗ ਦੇਣ ਪਿੱਛੋਂ ਇੱਥੋਂ ਦੀ ਪੋਸਟਿੰਗ ਹੋਈ ਸੀ—ਜ਼ਿਲੇ ਦਾ ਸਭ ਤੋਂ ਖਤਰਨਾਕ ਇਲਾਕਾ ਮੰਨਿਆਂ ਜਾਂਦਾ ਸੀ ਇਹ। ਦਿਲ ਘਬਰਾ ਗਿਆ ਸੀ। ਪਹਿਲੀ ਪੋਸਟਿੰਗ ਵਿਚ ਹੀ ਉਮੀਦਾਂ-ਉਮੰਗਾਂ ਇਕੋ ਝਟਕੇ ਨਾਲ ਖੇਰੂ-ਖੇਰੂ ਹੋ ਗਈਆਂ ਸਨ।
ਐਡ.ਐਸ.ਪੀ. ਤਾਂਬੇ ਨੇ, ਜਿਹੜਾ ਪ੍ਰਮੋਸ਼ਨ ਸਦਕਾ ਅਫ਼ਸਰ ਬਣਿਆ ਸੀ ਤੇ ਆਪਣੇ ਭਾਰੇ ਚਿਹਰੇ ਕਰਕੇ ਚੰਗਾ-ਖਾਸਾ ਰੋਅਬਦਾਰ ਅਫ਼ਸਰ ਦਿਖਾਈ ਦੇਂਦਾ ਸੀ, ਕਿਹਾ, “ਮਿ. ਰੋਹਿਤ, ਆਪਣੀ ਟਰੇਨਿੰਗ ਨੂੰ ਚੇਤੇ ਕਰੋ। ਇਹ ਤੁਹਾਡਾ ਇਮਤਿਹਾਨ ਵੀ ਐ ਤੇ ਲਿਆਕਤ ਦੀ ਪਰਖ ਵੀ ਕਿ ਪਹਿਲੀ ਪੋਸਟਿੰਗ 'ਚ ਹੀ ਤੁਹਾਨੂੰ ਏਡੀ ਖਤਰਨਾਕ ਜਗ੍ਹਾ ਭੇਜਿਆ ਜਾ ਰਿਹਾ ਏ। ਇਹ ਪੂਰੀ ਤਰ੍ਹਾਂ ਨਕਸਲ ਪ੍ਰਭਾਵਿਤ ਇਲਾਕਾ ਏ ਤੇ ਸ਼ਾਇਦ ਸਭ ਤੋਂ ਖਤਰਨਾਕ ਮੁਹਿੰਮ ਵੀ। ਅਜਿਹੀ ਜਗ੍ਹਾ ਅਕਸਰ ਤਜ਼ਰਬੇਕਾਰ ਆਫ਼ਿਸਰਾਂ ਨੂੰ ਈ ਭੇਜਿਆ ਜਾਂਦਾ ਏ। ਪਰ ਪਤਾ ਨਹੀਂ ਕੀ ਸੋਚ ਕੇ ਆਈ.ਜੀ. ਸਾ'ਬ ਨੇ ਤੁਹਾਨੂੰ ਉੱਥੇ ਭੇਜਣ ਦਾ ਫੈਸਲਾ ਲਿਆ ਏ। ਮੇਰੀਆਂ ਸ਼ੁਭ-ਇੱਛਾਵਾਂ ਤੁਹਾਡੇ ਨਾਲ ਨੇ।”
ਦਰਅਸਲ ਇਹ ਸ਼ੁਭ-ਇੱਛਾਵਾਂ ਨਹੀਂ ਸਨ, ਖ਼ਤਰੇ ਦਾ ਅਲਾਰਮ ਸੀ। ਟੇਢੀਆਂ-ਮੇਢੀਆਂ ਸੜਕਾਂ ਨੂੰ ਪਾਰ ਕਰਕੇ ਜਦੋਂ ਠਿਕਾਣੇ 'ਤੇ ਪਹੁੰਚਿਆ ਤਾਂ ਬੰਗਲਾ ਖਾਲੀ ਮਿਲਿਆ। ਕਈ ਮਹੀਨਿਆਂ ਤੋਂ ਕੋਈ ਇੱਥੇ ਨਹੀਂ ਸੀ ਆਇਆ। ਬਲਕਿ ਇਹ ਕਹਿਣਾ ਵਧੇਰੇ ਠੀਕ ਹੋਏਗਾ ਕਿ ਕੋਈ ਅਫ਼ਸਰ ਇੱਥੇ ਆਉਣਾ ਹੀ ਨਹੀਂ ਸੀ ਚਾਹੁੰਦਾ। ਇੱਥੋਂ ਦਾ ਕੰਮਕਾਜ ਦਰੋਗਾ ਹੀ ਦੇਖ ਰਿਹਾ ਸੀ। ਮੈਨੂੰ ਦੇਖ ਕੇ ਸ਼ਾਇਦ ਸਾਰੇ ਸਟਾਫ ਨੂੰ ਹੈਰਾਨੀ ਹੋਈ ਸੀ ਕਿ ਇਹ ਰੰਗਰੂਟ ਇੱਥੇ ਕਿੱਥੇ ਆਣ ਫਸਿਆ ਏ!
ਹੁਣ ਇੱਥੋਂ ਭੱਜ ਵੀ ਨਹੀਂ ਸੀ ਸਕਦਾ। ਸੋਚਿਆ, ਸ਼ਹੀਦ ਈ ਹੋਣਾ ਏਂ ਤਾਂ ਇੱਥੇ ਈ ਸਹੀ। ਅਜੇ ਮੋਢਿਆਂ ਤੇ ਕੋਈ ਵੱਡੀ ਜ਼ਿੰਮੇਵਾਰੀ ਨਹੀਂ—'ਕੱਲਾ-ਕਹਿਰਾ ਤੇ ਕੁਆਰਾ ਸਾਂ। ਪਿੱਛੇ ਘਰ ਵਿਚ ਇਕੱਲੀ ਮਾਂ ਏਂ—ਜਿਸਨੇ ਹੌਸਲੇ ਨਾਲ ਮੈਨੂੰ ਪੜ੍ਹਾਇਆ-ਲਿਖਾਇਆ ਸੀ— ਤੇ ਇਸੇ ਕਾਰਨ ਮੈਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਸਾਂ। ਜੋ ਕੁਝ ਵੀ ਹਾਸਿਲ ਹੋਇਆ ਸੀ ਉਸਦੀ ਮਮਤਾ ਤੇ ਆਸ਼ੀਰਵਾਦ ਦਾ ਫਲ ਸੀ। ਬਸ, ਇਹੋ ਇਕ ਮੋਹ ਮੇਰੇ ਪੈਰਾਂ ਦੀ ਬੇੜੀ ਬਣਿਆ ਹੋਇਆ ਸੀ—ਮੇਰੇ ਪਿੱਛੋਂ ਮਾਂ ਕਿਸ ਹੌਸਲੇ 'ਤੇ ਜਿਉਵੇਂਗੀ...ਮੇਰੀ ਚਿੰਤਾ ਦਾ ਸਬਬ ਇਹੋ ਸੀ।
ਬੜੀ ਛੋਟੀ ਜਗ੍ਹਾ ਸੀ ਇਹ। ਚਾਰੇ ਪਾਸੇ ਜੰਗਲ ਹੀ ਜੰਗਲ। ਰਾਤ ਹੁੰਦਿਆਂ ਹੀ ਗੂੜ੍ਹੀ ਚੁੱਪ ਵਾਪਰ ਜਾਂਦੀ। ਛੋਟੀ ਜਗ੍ਹਾ ਹੋਣ ਕਰਕੇ ਸਾਰੇ ਲੋਕ ਇਕ ਦੂਜੇ ਨੂੰ ਜਾਣਦੇ ਸਨ। ਇਸ ਛੋਟੇ ਜਿਹੇ ਕਸਬੇ ਵਿਚ ਮਨ ਨੂੰ ਰਮਾਈ ਰੱਖਣ ਦਾ ਕੋਈ ਜੁਗੜ ਵੀ ਨਹੀਂ ਸੀ। ਇੱਥੇ ਆਉਣ ਪਿੱਛੋਂ ਦੋ-ਤਿੰਨ ਦਿਨ ਤਾਂ ਸਵਾਗਤ-ਸਤਿਕਾਰ ਲੈਣ ਵਿਚ ਹੀ ਲੰਘ ਗਏ ਸਨ। ਇਸ ਪਿੱਛੋਂ ਕਾਇਦੇ ਨਾਲ ਆਪਣੇ ਆਫ਼ਿਸ 'ਚ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ। ਫੇਰ ਛੇਤੀ ਹੀ ਸਮਝ ਵਿਚ ਆ ਗਿਆ ਸੀ ਕਿ ਇਹ ਇਲਾਕਾ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਹਨਾਂ ਕਰਕੇ ਉੱਥੇ ਨਕਸਲਵਾਦ ਦਾ ਪੈਦਾ ਹੋ ਜਾਣਾ, ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਹਰ ਜਗ੍ਹਾ ਏਨੀ ਗੰਦੀ ਤੇ ਉਗੜ-ਦੁਗੜੀ ਸੀ ਕਿ ਪੁਲਿਸ ਲਈ ਕਿਤੇ ਵੀ ਮੋਰਚਾ ਬਣਾਉਣਾ ਬੜਾ ਔਖਾ ਸੀ। ਹਾਲਾਂਕਿ ਸਟਾਫ ਵਿਚ ਕਈ ਸਥਾਨਕ ਕਰਮਚਾਰੀ ਵੀ ਸਨ ਤੇ ਕੁਝ ਅਜਿਹੇ ਵੀ ਸਨ ਜਿਹਨਾਂ ਅਨੁਸਾਰ ਕੋਈ ਜੋਰ-ਸਿਫਾਰਸ਼ ਨਾ ਹੋਣ ਕਰਕੇ ਲੰਮੇ ਸਮੇਂ ਤੋਂ ਇੱਥੇ ਪਏ ਸੜ ਰਹੇ ਸਨ ਉਹ। ਅਜਿਹੇ ਕਰਮਚਾਰੀਆਂ ਨੂੰ ਕਿਸੇ ਵੀ ਵਾਰਦਾਤ ਦਾ ਪਤਾ ਹੁੰਦਾ ਸੀ, ਕਿਉਂਕਿ ਉਹ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਰਹਿੰਦੇ ਸਨ। ਪਰ ਨਕਸਲੀਆਂ ਦੀਆਂ ਅਗਲੀਆਂ ਯੋਜਨਾਵਾਂ ਬਾਰੇ ਕੋਈ ਕੁਝ ਨਹੀਂ ਸੀ ਦੱਸਦਾ। ਸਿਰਫ ਵਾਪਰ ਜਾਣ ਪਿੱਛੋਂ ਘਟਨਾ ਦੀ ਪੂਰੀ ਤਫ਼ਸੀਲ ਮਿਲ ਜਾਂਦੀ ਸੀ।
ਜਿਵੇਂ ਕਿ ਕਿਸੇ ਪਿੰਡ ਦੇ ਬਾਹਰਵਾਰ ਬਣੇ ਕਿਸ ਝੌਂਪੜੇ ਵਿਚ ਕਿੰਨੇ ਨਕਸਲੀਆਂ ਨੇ ਖਾਣਾ ਬਣਵਾ ਕੇ ਖਾਧਾ, ਤੇ ਉਸ ਪਿੱਛੋਂ ਕਿੱਥੇ ਉਹਨਾਂ ਦੀ ਬੈਠਕ ਹੋਈ ਤੇ ਇਸ ਬੈਠਕ ਵਿਚ ਪਿੰਡ ਦੇ ਕਿਸ ਸ਼ਾਹੂਕਾਰ, ਪ੍ਰਧਾਨ ਜਾਂ ਕਿਸੇ ਵੱਡੀ ਜੋਤ ਵਾਲੇ ਜ਼ਿਮੀਂਦਾਰ ਨੂੰ ਜਾਂ ਕਿਸੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨੂੰ ਬੁਲਾਇਆ ਗਿਆ—ਉਸਨੂੰ ਕੀ-ਕੀ ਕਿਹਾ ਗਿਆ...ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਸੀ। ਪਰ ਉਸ ਬੈਠਕ ਵਿਚ ਅਗਲੀ ਯੋਜਨਾ ਕੀ ਬਣੀ, ਇਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਨਕਸਲੀਆਂ ਦੇ ਡਰ ਕਾਰਨ ਕੋਈ ਕੁਝ ਨਹੀਂ ਸੀ ਦੱਸਦਾ ਹੁੰਦਾ—ਕਿਉਂਕਿ ਉਸਦੇ ਸਿੱਟੇ ਬੜੇ ਮਾੜੇ ਹੁੰਦੀ ਸਨ। ਨਕਸਲੀ ਅਜਿਹੇ ਮੁਖ਼ਬਰਾਂ ਨੂੰ ਜਿਊਂਦਾ ਨਹੀਂ ਸੀ ਛੱਡਦੇ ਤੇ ਬੜੀ ਭੈੜੀ ਮੌਤ ਮਾਰਦੇ ਹੁੰਦੇ ਸਨ। ਪੁਲਿਸ ਕਦੀ ਵੀ ਸਥਾਨਕ ਲੋਕਾਂ ਨੂੰ ਆਪਣੇ ਵਿਸ਼ਵਾਸ ਵਿਚ ਨਹੀਂ ਲੈ ਸਕੀ। ਸ਼ਾਇਦ ਇਹੋ ਕਾਰਨ ਸੀ ਕਿ ਪਿੰਡ ਵਸੀਆਂ ਨੂੰ ਜੇ ਕਿਤੇ ਸੁਰੱਖਿਆ ਮਿਲਦੀ ਸੀ ਤਾਂ ਨਕਸਲੀਆਂ ਦੇ ਪਿੜ ਵਿਚ।
ਨਕਸਲੀਆਂ ਦੀ ਵੱਖਰੀ ਪਛਾਣ ਕਰਨਾ ਬੜਾ ਮੁਸ਼ਕਿਲ ਸੀ। ਜਿਹੜੇ ਜੰਗਲ ਵਿਚ ਅਸਲੇ ਸਮੇਤ ਲੁਕੇ ਰਹਿੰਦੇ ਸਨ, ਉਹਨਾਂ ਨੂੰ ਛੱਡ ਕੇ, ਵਧੇਰੇ ਨਕਸਲੀ ਤਾਂ ਪਿੰਡ ਦੇ ਸਮਾਜ ਵਿਚ ਘੁਲੇ-ਮਿਲੇ ਹੋਏ ਸਨ ਤੇ ਆਮ ਵਾਸਨੀਕਾਂ ਦੀ ਜ਼ਿੰਦਗੀ ਜਿਊਂ ਰਹੇ ਸਨ। ਇਹਨਾਂ ਸਾਰਿਆਂ ਦੀ ਮੇਲ-ਮੁਲਾਕਾਤ ਜੰਗਲ ਦੇ ਧੁਰ ਅੰਦਰ, ਰਾਤ ਦੇ ਸੰਘਣੇ ਹਨੇਰੇ ਵਿਚ, ਹੁੰਦੀ। ਜਦੋਂ ਇਹਨਾਂ ਦੇ ਲੀਡਰਾਂ ਦਾ ਬੁਲਾਵਾ ਆਉਂਦਾ—ਉਹਨਾਂ ਦੇ ਪੈਰ ਉਹਨਾਂ ਜੰਗਲੀ ਰਸਤਿਆਂ ਦੀਆਂ ਚੜ੍ਹਾਣਾ-ਢਲਵਾਣਾ, ਬੂਝੇ-ਝਾੜੀਆਂ ਤੇ ਰੁੱਖਾਂ ਨੂੰ ਇੰਜ ਪਛਾਣਦੇ, ਜਿਵੇਂ ਉਹ ਉਹਨਾਂ ਦੇ ਸੰਗੀ-ਸਾਥੀ ਹੋਣ। ਔਖੇ ਤੇ ਅਣਘੜ ਰਸਤਿਆਂ ਉੱਤੇ ਹਨੇਰੇ ਵਿਚ ਵੀ ਉਹ ਮੌਜ ਨਾਲ ਤੁਰੇ ਜਾਂਦੇ, ਜਿਵੇਂ ਉਹਨਾਂ ਦੇ ਪੈਰਾਂ ਵਿਚ ਅੱਖਾਂ ਲੱਗੀਆਂ ਹੋਈਆਂ ਹੋਣ। ਖੇਤ ਵਿਚ ਕੰਮ ਕਰਦਾ ਕਿਸਾਨ, ਪੰਡਾਂ ਬੰਨ੍ਹ ਰਿਹਾ ਮਜਦੂਰ, ਜਾਂ ਕਿਸੇ ਹੋਰ ਧੰਦੇ ਲੱਗਿਆ ਕੋਈ ਕਾਮਾਂ, ਛੋਟਾ-ਮੋਟਾ ਦੁਕਾਨਦਾਰ ਜਾਂ ਰੱਸੇ ਵੱਟਣ ਵਾਲਾ ਕੋਈ ਮੁੰਡਾ—ਕਿਹੜਾ, ਰਾਤ ਦੇ ਹਨੇਰੇ ਵਿਚ ਇਹ ਨਕਸਲੀ ਖੇਡ ਖੇਡਦਾ ਸੀ, ਕੋਈ ਨਹੀਂ ਸੀ ਜਾਣ ਸਕਦਾ। ਉਹ ਕੱਪੜਿਆਂ ਦੀਆਂ ਪੋਟਲੀਆਂ ਤੇ ਲੱਕੜਾਂ ਦੇ ਗੱਠਿਆਂ ਵਿਚ ਅਸਲਾ ਬੰਨ੍ਹ ਕੇ ਕਿੱਥੋਂ ਕਿੱਥੇ ਪਹੁੰਚਾ ਆਉਂਦੇ ਸਨ, ਕਿਸੇ ਨੂੰ ਹਵਾ ਤਕ ਨਹੀਂ ਸੀ ਲੱਗਦੀ।
ਪੁਲਿਸ ਤੰਤਰ ਇਹਨਾਂ ਰਹੱਸਾਂ ਨੂੰ ਖੋਹਲਣ ਤੋਂ ਅਸਮਰਥ ਸੀ। ਇਸ ਦੇ ਕਾਰਨ ਵੀ ਸਨ। ਸਭ ਤੋਂ ਵੱਡਾ ਕਾਰਨ ਸੀ ਪੁਲਿਸ ਦਾ ਸਖ਼ਤ ਚਿਹਰਾ। ਪੁਲਿਸ ਨੇ ਕਦੀ ਆਮ ਲੋਕਾਂ ਨਾਲ ਮਿੱਤਰਤਾ ਵਾਲਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਪੁਲਿਸ ਦੇ ਮੁਖ਼ਬਰ ਗ਼ੈਰ-ਕਾਨੂੰਨੀ ਧੰਦਿਆਂ ਵਿਚ ਫਸੇ ਹੋਏ ਉਹ ਲੋਕ ਸਨ ਜਿਹੜੇ ਇਹਨਾਂ ਧੰਦਿਆਂ ਵਿਚ ਛੂਟ ਮਿਲ ਜਾਣ ਬਦਲੇ ਖ਼ਬਰਾਂ, ਸੂਹਾਂ ਜਾਂ ਸੂਚਨਾਵਾਂ ਪਹੁੰਚਾਉਂਦੇ ਸਨ। ਸੂਚਨਾਵਾਂ ਦੇਣ ਦੇ ਦਬਾਅ ਸਦਕਾ ਉਹ ਅਕਸਰ ਅਜਿਹੀਆਂ ਗਲਤ ਖ਼ਬਰਾਂ ਵੀ ਪੁਲਿਸ ਨੂੰ ਦੇ ਆਉਂਦੇ ਸਨ, ਜਿਹਨਾਂ ਨਾਲ ਪੁਲਿਸ ਦੀ ਬਦਨਾਮੀ ਹੀ ਹੁੰਦੀ ਸੀ। ਜਿਵੇਂ ਕਿ ਪੁਲਿਸ ਨੂੰ ਇਕ ਦਿਨ ਸੂਚਨਾ ਮਿਲੀ ਕਿ ਪਾਂਡਯਾ ਦੇ ਹਾਟ ਬਾਜ਼ਾਰ ਵਿਚ ਦੋ ਨਕਸਲੀ ਵੀਰਨ ਤੇ ਸ਼ਿੰਬੂ ਆਏ ਹੋਏ ਨੇ। ਪੁਲਿਸ ਪਾਰਟੀ ਫੌਰਨ ਹਾਟ ਬਾਜ਼ਾਰ ਵੱਲ ਰਵਾਨਾਂ ਕਰ ਦਿੱਤੀ ਗਈ—ਪਰ ਪੂਰੇ ਬਾਜ਼ਾਰ ਨੂੰ ਰੋਲ-ਫਰੋਲ ਦੇਣ ਤੇ ਪਿੰਡ ਦੇ ਹਰ ਦਰਵਾਜ਼ੇ ਨੂੰ ਠੇਡੇ ਮਾਰਨ ਦੇ ਬਾਵਜੂਦ ਵੀ ਉਹਨਾਂ ਦੋਵਾਂ ਨਕਸਲੀਆਂ ਦਾ ਕੋਈ ਥਹੁ ਨਹੀਂ ਸੀ ਲੱਗਿਆ। ਪਿੱਛੋਂ ਖੁਲਾਸਾ ਇਹ ਹੋਇਆ ਕਿ ਸੂਚਨਾ ਗਲਤ ਸੀ। ਨਿਰਾਸ਼ਾ ਤੇ ਖਿਝ ਕਰਕੇ ਪੁਲਿਸ ਬਾਜ਼ਾਰ ਵਿਚ ਘੁੰਮ ਰਹੇ ਇਕ ਸ਼ਰਾਬੀ ਮੁੰਡੇ ਮੋਹੰਤੂ ਨੂੰ ਫੜ੍ਹ ਕੇ ਲੈ ਗਈ ਤੇ ਉਸਨੂੰ ਏਨਾ ਕੁਟਾਪਾ ਚਾੜ੍ਹਿਆ ਕਿ ਉਹ ਬੇਹੋਸ਼ ਹੋ ਗਿਆ, ਜਦਕਿ ਸ਼ਰਾਬ ਪੀ ਕੇ ਘੁੰਮਣਾ ਨਾ ਤਾਂ ਕੋਈ ਨਵੀਂ ਗੱਲ ਸੀ ਤੇ ਨਾ ਕੋਈ ਅਪਰਾਧ ਹੀ ਕਰਦਾ ਫੜ੍ਹਿਆ ਗਿਆ ਸੀ ਉਹ ਮੁੰਡਾ। ਇੱਥੇ ਤਾਂ ਸਰਕਾਰ ਨੇ ਤਾਂ ਖ਼ੁਦ ਆਦਿਵਾਸੀਆਂ ਨੂੰ ਦਾਰੂ ਕੱਢਣ ਦੀ ਛੂਟ ਦਿੱਤੀ ਹੋਈ ਸੀ ਕਿਉਂਕਿ ਆਦਿਵਾਸੀਆਂ ਦੇ ਰੀਤੀ-ਰਿਵਾਜ਼ ਤੇ ਆਮ ਛੋਟੇ ਵੱਡੇ ਪ੍ਰੋਗਰਾਮ ਬਿਨਾਂ ਦਾਰੂ ਦੇ ਰੰਗ ਵਿਚ ਹੀ ਨਹੀਂ ਸੀ ਆਉਂਦੇ ਹੁੰਦੇ।
ਨੌਕਰੀ 'ਤੇ ਆਇਆਂ ਪੂਰਾ ਮਹੀਨਾ ਹੋ ਚੱਲਿਆ ਸੀ ਤੇ ਇਹ ਦਿਨ ਇਹੋ ਸਭ ਕੁਝ ਸਮਝਣ ਤੇ ਜਾਣਨ ਵਿਚ ਬੀਤ ਗਏ ਸਨ। ਇੱਥੇ ਰਹਿ ਕੇ ਇਹ ਵੀ ਜਾਣ ਲਿਆ ਸੀ ਕਿ ਹੁਣ ਇੱਥੋਂ ਛੇਤੀ ਨਿਜਾਤ ਨਹੀਂ ਮਿਲਣ ਵਾਲੀ। ਪੁਲਿਸ ਦੀ ਨੌਕਰੀ ਵਿਚ ਸਕੂਨ (ਸ਼ਾਂਤੀ) ਸ਼ਬਦ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਸ ਤੋਂ ਵੀ ਮਾੜੀਆਂ ਪ੍ਰਸਥਿਤੀਆਂ ਆ ਸਕਦੀਆਂ ਸਨ। ਈਸ਼ਵਰ ਨੂੰ ਸ਼ਾਇਦ ਇਹੀ ਮੰਜ਼ੂਰ ਹੋਵੇ ਤੇ ਇਸੇ ਬਹਾਨੇ ਮੇਰੀ ਪ੍ਰੀਖਿਆ ਲੈ ਰਿਹਾ ਹੋਵੇ, ਇਹ ਸੋਚ ਕੇ ਮੈਂ ਆਪਣੇ ਆਪ ਨੂੰ ਉਹਨਾਂ ਅਨੁਸਾਰ ਢਾਲਨ ਵਿਚ ਲੱਗ ਗਿਆ। ਮੈਨੂੰ ਆਪਣੀ ਟਰੇਨਿੰਗ ਦੌਰਾਨ ਇਹ ਸਿਖਾਇਆ ਗਿਆ ਸੀ ਕਿ ਪੁਲਿਸ ਦਾ ਕੰਮ ਜਨਤਾ ਵਿਚ ਅਮਨ-ਚੈਨ ਬਹਾਲ ਕਰਨਾ ਹੁੰਦਾ ਹੈ ਤੇ ਇਸ ਦੇ ਲਈ ਪੁਲਿਸ ਮਹਿਕਮੇ ਨੂੰ ਆਪਣੀ ਨੀਂਦ ਹਰਾਮ ਕਰਨੀ ਪੈਂਦੀ ਹੈ।
ਪੋਸਟਿੰਗ ਦੇ ਲਗਭਗ ਦੋ ਮਹੀਨੇ ਬਾਅਦ ਪੁਲਿਸ ਕਪਤਾਨ ਨੇ ਸਦਰ ਵਿਚ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਜਦੋਂ ਠਿਕਾਣੇ ਤੋਂ ਜੀਪ ਉੱਤੇ ਸਦਰ ਲਈ ਨਿਕਣ ਲੱਗਾ ਤਾਂ ਹਮੇਸ਼ਾ ਵਾਂਗ ਐਲ.ਐਮ.ਜੀ. ਵਾਲਾ ਇਕ ਸੁਰੱਖਿਆ ਕਰਮੀ ਵੀ ਜੀਪ ਵਿਚ ਸਵਾਰ ਹੋ ਗਿਆ। ਮੈਂ ਉਸਨੂੰ ਜੀਪ ਵਿਚੋਂ ਹੇਠਾਂ ਉਤਾਰ ਦਿੱਤਾ ਤਾਂ ਮੇਰੇ ਸਟਾਫ ਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਕਿ ਮੈਨੂੰ ਕੋਈ ਖ਼ਤਰਾ ਨਹੀਂ। ਜੇ ਕੋਈ ਖਤਰਾ ਆਉਂਦਾ ਵੀ ਹੈ ਤਾਂ ਮੈਂ ਖ਼ੁਦ ਨਿੱਬੜਨ ਵਿਚ ਸਮਰਥ ਹਾਂ। ਸਰਕਾਰ ਨੇ ਇਸ ਲਈ ਮੈਨੂੰ ਗਨ ਦਿੱਤੀ ਹੋਈ ਏ।
ਸਟਾਫ ਨੇ ਜ਼ਰੂਰ ਮੈਨੂੰ ਸਿਰ ਫਿਰਿਆ ਸਮਝਿਆ ਹੋਏਗਾ, ਪਰ ਮੈਂ ਆਪਣੇ ਜੀਪ ਚਾਲਕ ਕੰਥੇ ਦੀਆਂ ਅੱਖਾਂ ਵਿਚ ਪ੍ਰਸ਼ੰਸਾ ਦੇ ਭਾਵ ਤੈਰਦੇ ਹੋਏ ਦੇਖੇ। ਵੈਸੇ ਮੇਰੇ ਕਿਸੇ ਵੀ ਮੁਤਾਹਤ ਕਰਮਚਾਰੀ ਦੀਆਂ ਨਜ਼ਰਾਂ ਵਿਚ ਮੇਰਾ ਇਹ ਕਦਮ ਬੜਾ ਬਚਕਾਨਾਂ ਕਿਸਮ ਦਾ ਸੀ ਕਿਉਂਕਿ ਨਕਸਲੀਆਂ ਦੇ ਹੌਸਲੇ ਕਾਰਨ ਪੁਲਿਸ ਨੂੰ ਇੱਥੇ ਹਰ ਕਦਮ 'ਤੇ ਖ਼ਤਰਾ ਸੀ। ਬਿਨਾਂ ਪੂਰੀ ਸੁਰੱਖਿਆ ਦੇ ਕੋਈ ਵੱਡਾ ਅਧਿਕਾਰੀ ਇਕ ਪੁਲਾਂਘ ਵੀ ਨਹੀਂ ਸੀ ਪੁਟਦਾ।
ਮੈਂ ਇੱਥੇ ਆਉਣ ਤੋਂ ਕੁਝ ਦਿਨ ਬਾਅਦ ਹੀ ਆਪਣੀ ਕਾਰਜ-ਸ਼ੈਲੀ ਵਿਚ ਪਰੀਵਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਮੈਂ ਆਮ ਪੁਲਿਸ ਵਾਲਿਆਂ ਨਾਲੋਂ ਭਿੰਨ ਹਾਂ ਤੇ ਰਹਾਂਗਾ। ਆਪਣੇ ਇਲਾਕੇ ਦੇ ਤਿੰਨ ਥਾਣਿਆ ਦਾ ਵਿਸ਼ੇਸ਼ ਦੌਰਾ ਕਰਕੇ ਜਾਣਕਾਰੀਆਂ ਪ੍ਰਾਪਤ ਕੀਤੀਆਂ ਸਨ ਤੇ ਮਹੱਤਵਪੂਰਣ ਮੁੱਦਿਆਂ ਨੂੰ ਆਪਣੀ ਡਾਇਰੀ ਵਿਚ ਲਿਖਦਾ ਵੀ ਰਿਹਾ ਸਾਂ। ਇਲਾਕੇ ਅਧੀਨ ਆਉਂਦੇ ਪਿੰਡਾਂ ਦੇ ਪ੍ਰਧਾਨ ਤੇ ਸਰਕਾਰੀ ਕਰਮਚਾਰੀ ਨੂੰ, ਭਾਵੇਂ ਉਹ ਕਿਸੇ ਵੀ ਸਤਰ ਦਾ ਸੀ, ਮਿਲ ਚੁੱਕਿਆ ਸੀ ਮੈਂ। ਵੱਖ-ਵੱਖ ਸਮੱਸਿਆਵਾਂ ਤੇ ਮੁੱਦਿਆਂ ਉੱਤੇ ਉਹਨਾਂ ਦੇ ਵਿਚਾਰਾਂ ਦੀ ਜਾਣਕਾਰੀ ਮੈਨੂੰ ਮਿਲ ਗਈ ਸੀ। ਇਹ ਸਭ ਜਾਣਨਾ ਮੈਨੂੰ ਜ਼ਰੂਰੀ ਲੱਗਿਆ ਸੀ, ਕਿਉਂਕਿ ਮੈਂ ਇਸ ਇਲਾਕੇ ਵਿਚ ਹੱਥ ਤੇ ਹੱਥ ਧਰ ਕੇ ਬੈਠਣ ਲਈ ਨਹੀਂ ਸੀ ਆਇਆ।
ਮੀਟਿੰਗ ਨੂੰ ਲੈ ਕੇ ਮੇਰੇ ਮਨ ਵਿਚ ਕੋਈ ਤਣਾਅ ਨਹੀਂ ਸੀ। ਇਕ ਤਾਂ ਮੈਨੂੰ ਆਇਆਂ ਅਜੇ ਬਹੁਤੇ ਦਿਨ ਨਹੀਂ ਸੀ ਹੋਏ ਤੇ ਏਨੇ ਘੱਟ ਸਮੇਂ ਵਿਚ ਕਿਸੇ ਤੋਂ ਵੀ ਕੋਈ ਕਾਰਗੁਜ਼ਾਰੀ ਕਰ ਵਿਖਾਉਣ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਦੂਜਾ, ਇਲਾਕੇ ਬਾਰੇ ਮੈਂ ਪੱਕੇ, ਪੂਰੇ ਤੌਰ 'ਤੇ ਜਾਣ ਚੁੱਕਿਆ ਸਾਂ। ਮੀਟਿੰਗ ਵਿਚ ਮੈਂ ਆਪਣੀ ਇਕ ਮਹੀਨੇ ਦੀ ਰਿਪੋਰਟ ਪੇਸ਼ ਕੀਤੀ। ਮੇਰੀ ਰਿਪੋਰਟ ਪੜ੍ਹਨ ਪਿੱਛੋਂ ਪੁਲਿਸ ਕਪਤਾਨ ਦੀਆਂ ਅੱਖਾਂ ਵਿਚ ਮੇਰੇ ਪ੍ਰਤੀ ਪ੍ਰਸ਼ੰਸਾ ਦਾ ਭਾਵ ਆ ਗਿਆ ਸੀ, ਸ਼ਾਇਦ ਮੇਰੀ ਘੱਟ ਉਮਰ ਤੇ ਮਿਹਨਤ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਸੀ।
ਉਹਨਾਂ ਸਾਰਿਆਂ ਦੇ ਸਾਹਮਣੇ ਕਿਹਾ ਸੀ—“ਮਿ. ਰੋਹਿਤ, ਵੈਲ ਡਨ! ਯੂ ਆਰ ਗੋਇੰਗ ਟੂ ਬੀ ਐਕਸਕਲਯੂਸਿਬ। ਏ ਰਟਾਊਟ ਯੰਗ ਮੈਨ ਵਿਦ ਬ੍ਰੇਨ। ਗੋ ਅਹੈਡ,” ਫੇਰ ਕੁਝ ਚਿਰ ਰੁਕ ਕੇ ਬੋਲੇ ਸਨ, “ਤੁਹਾਨੂੰ ਇਹ ਤਾਂ ਪਤਾ ਲੱਗ ਈ ਗਿਆ ਹੋਏਗਾ ਕਿ ਤੁਹਾਡੇ ਇਲਾਕੇ ਦੇ ਨਕਸਲੀਆਂ ਦੀ ਸਰਗਨਾਂ ਇਕ ਯੰਗ ਲੇਡੀ ਏ, ਜਿਸਦਾ ਨਾਂ ਏਂ ਸਾਵਲੀ। ਵੈਸੇ ਆਸਪਾਸ ਦੇ ਤਿੰਨ ਚਾਰ ਜ਼ਿਲਿਆਂ ਦੇ ਨਕਸਲੀਆਂ ਦੀ ਹੈਡ ਓਹੀ ਏ। ਤੁਹਾਡੇ ਇਲਾਕੇ ਵਿਚ ਮੈਂ ਇਸ ਲਈ ਕਿਹਾ ਕਿਉਂਕਿ ਉਸਦਾ ਘਰ ਉਸੇ ਇਲਾਕੇ 'ਚ ਪੈਂਦਾ ਏ ਤੇ ਏਸ ਕਰਕੇ ਉਸਦੀ ਗਤੀਵਿਧੀ ਸਭ ਤੋਂ ਵੱਧ ਤੁਹਾਡੇ ਇਸੇ ਇਲਾਕੇ ਵਿਚ ਈ ਰਹਿੰਦੀ ਏ।”
ਫੇਰ ਇਕ ਸ਼ਰਾਰਤੀ ਜਿਹੀ ਮੁਸਕਾਨ ਉਹਨਾਂ ਦੇ ਚਿਹਰੇ ਉੱਤੇ ਦਿਖਾਈ ਦਿੱਤੀ, “ਪੁਲਿਸ ਰਿਕਾਰਡ 'ਚ ਉਸਦੀ ਉਮਰ ਵੀਹ ਸਾਲ ਲਿਖੀ ਹੋਈ ਐ। ਮਹੁਏ ਜਿੰਨੀ ਤਾਜ਼ਾ ਤੇ ਨਸ਼ੀਲੀ ਯੰਗ ਲੇਡੀ ਏ ਉਹ। ਜਿਹਨਾਂ ਵੀ ਉਸਨੂੰ ਦੇਖਿਆ ਏ, ਉਹ ਉਸਦੇ ਰੂਪ ਦੀ ਤਪਸ਼ ਜਾਣਦੇ ਨੇ...ਤੇ ਉਸਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਏਡੀ ਖ਼ਤਰਨਾਕ ਹੋ ਸਕਦੀ ਏ। ਪੁਲਿਸ ਦਾ ਪਿਛਲੇ ਪਝਤਰ ਸਾਲਾਂ ਦਾ ਰਿਕਾਰਡ ਦੱਸਦਾ ਏ ਕਿ ਏਨੀ ਦਲੇਰ ਤੇ ਖ਼ਤਰਨਾਕ ਔਰਤ, ਇਹ ਪਹਿਲੀ ਹੈ। ਉਹ ਦਿਨ ਦਿਹਾੜੇ ਥਾਣਿਆਂ ਵਿਚ ਘੁਸ ਕੇ ਸਿਪਾਹੀਆਂ ਨੂੰ ਕੁੱਟ-ਮਾਰ ਕਰ ਆਉਂਦੀ ਏ, ਅਸਲਾ ਖੋਹ ਕੇ ਲੈ ਜਾਂਦੀ ਏ। ਬਸਤੀ 'ਚੋਂ ਕਿਸੇ ਨੂੰ ਵੀ ਚੁੱਕਵਾ ਕੇ ਲੈ ਜਾਂਦੀ ਏ। ਅਕਸਰ ਨੱਕ, ਕੰਨ ਕੱਟ ਕੇ ਲੋਕਾਂ ਨੂੰ ਸਜ਼ਾਵਾਂ ਦੇਂਦੀ ਏ, ਨੰਗਾ ਘੁਮਾਅ ਕੇ ਜ਼ਲੀਲ ਕਰਦੀ ਏ ਤੇ ਫੇਰ ਵੀ ਨਾ ਸੁਧਰਣ ਤਾਂ ਗੋਲੀ ਮਾਰ ਦੇਂਦੀ ਏ। ਸਾਵਲੀ ਨਾਂ ਦੀ ਉਹ ਔਰਤ ਇਕ ਛਿਣ ਲਈ ਵੀ ਅੱਗਾ ਪਿੱਛਾ ਨਹੀਂ ਵਿਚਾਰਦੀ। ਤੁਰੰਤ ਐਕਸ਼ਨ ਲੈਂਦੀ ਏ। ਉਸਦੇ ਖਾਤੇ ਵਿਚ ਹੁਣ ਤੀਕ ਗਿਆਰਾਂ ਮਰਡਰ ਦਰਜ ਨੇ ਤੇ...ਤੇ...” ਉਹ ਚੁੱਪ ਹੋ ਗਏ।
ਮੀਟਿੰਗ ਹਾਲ ਵਿਚ ਸੰਨਾਟਾ ਜਿਹਾ ਪਸਰ ਗਿਆ। ਸਿਰਫ ਤਾਂਬੇ 'ਹਾਂ ਸਰ! ਹਾਂ ਸਰ!' ਕਰ ਰਹੇ ਸਨ। ਪੁਲਿਸ ਕਪਤਾਨ ਫੇਰ ਬੋਲੇ—“ਤੇ ਉਸਦਾ ਕੀਤਾ ਹੁਣ ਤਕ ਦਾ ਸਭ ਤੋਂ ਖ਼ਤਰਨਾਕ ਕੰਮ ਇਹ ਹੈ ਕਿ ਮਹਾਮਹਿਮ ਰਾਜਪਾਲ ਦੇ ਸਮਾਗਮ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਇਕ ਦਰੋਗੇ ਦਾ ਮਰਡਰ ਕਰ ਚੁੱਕੀ ਏ ਉਹ—ਹਾਂ, ਉਦੋਂ ਉਹ ਨਕਸਲੀ ਨਹੀਂ ਬਣੀ ਸੀ।”
“ਹਾਂ ਸਰ! ਮੈਂ ਉਸ ਬਾਰੇ ਸਭ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਏ ਤੇ ਕਰ ਰਿਹਾਂ।”
“ਪਰ ਕੋਈ ਲੋਕਲ ਆਦਮੀ ਉਸ ਬਾਰੇ ਕੁਝ ਨਹੀਂ ਦੱਸੇਗਾ। ਉਹ ਖ਼ਤਰਨਾਕ ਔਰਤ ਉਹਨਾਂ ਲਈ ਕਿਸੇ ਨਾਇਕਾ ਨਾਲੋਂ ਘੱਟ ਨਹੀਂ। ਦਰੋਗੇ ਦੀ ਹੱਤਿਆ ਨੂੰ ਉਹ ਉਸਦੀ ਬਹਾਦਰੀ ਦੇ ਰੂਪ ਵਿਚ ਲੈਂਦੇ ਨੇ। ਉਸਦੇ ਪ੍ਰਤੀ ਇਕ ਹਮਦਰਦੀ ਦੀ ਲਹਿਰ ਵੇਖੋਗੇ ਤੁਸੀਂ, ਰੋਹਿਤ। ਉਸ ਨਾਲ ਪਾਰ ਪਾਉਣਾ ਬੜਾ ਕਠਿਨ ਕੰਮ ਏਂ ਤੇ ਉਹ ਮਹਿਕਮੇ ਲਈ ਇਕ ਵੱਡੀ ਚੁਨੌਤੀ ਬਣੀ ਹੋਈ ਏ। ਉਸਦੇ ਸਫਾਏ ਲਈ ਜਿਹੜੀ ਵੀ ਸਕੀਮ ਬਣਾਉਣਾ, ਬੜਾ ਸੋਚ-ਸਮਝ ਕੇ ਬਣਾਉਣਾ। ਕਿਸੇ 'ਤੇ ਵਿਸ਼ਵਾਸ ਨਹੀਂ ਕਰਨਾ ਤੇ ਜੋ ਕੁਝ ਕਰਨਾਂ, ਆਪਣੇ ਬੂਤੇ 'ਤੇ ਕਰਨਾ। ਕੌਣ ਨਕਸਲੀਆਂ ਲਈ ਕੰਮ ਕਰ ਰਿਹਾ ਏ, ਇਹ ਪਤਾ ਲਾਉਣਾ ਤੁਹਾਡੇ ਲਈ ਬੜਾ ਕਠਿਨ ਕੰਮ ਹੋਏਗਾ।”
ਮੀਟਿੰਗ ਬਰਖਾਸਤ ਹੋ ਗਈ। ਜੀਪ 'ਚ ਵਾਪਸ ਆਉਂਦਿਆਂ ਹੋਇਆਂ ਮੇਰੇ ਦਿਮਾਗ਼ ਵਿਚ ਸਾਵਲੀ ਦਾ ਹਿੰਸਕ ਚਿਹਰਾ ਵਾਰ ਵਾਰ ਉਭਰ ਰਿਹਾ ਸੀ। ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਉਸਦੀ ਘੱਟ ਉਮਰ ਸੀ। ਆਦਿਵਾਸੀ ਸਮਾਜ ਦੇ  ਸਭਿਆਚਾਰਕ ਵਰਤਾਰੇ ਦੇ ਹਿਸਾਬ ਨਾਲ ਇਹ ਉਮਰ ਵਿਆਹੁਤਾ ਜੀਵਨ ਵਿਚ ਦਾਖ਼ਲ ਹੋਣ ਦੀ ਉਮਰ ਹੁੰਦੀ ਹੈ। ਇਹ ਉਮਰ, ਜਿਹੜੀ ਸੁਪਨੇ ਦੇਖਣ ਦੀ ਉਮਰ ਹੁੰਦੀ ਹੈ, ਉਹਨਾਂ ਸੁਪਨਿਆਂ ਤੇ ਉਮੰਗਾਂ ਨੂੰ ਛੱਡ ਕੇ ਉਸਨੇ ਜੰਗਲ ਦੀ ਰਾਹ ਫੜ ਲਈ। ਜ਼ਰੂਰ ਕੋਈ ਬੜਾ ਵੱਡਾ ਅਨਿਆਂ ਹੋਇਆ ਹੋਵੇਗਾ ਉਸ ਨਾਲ , ਪਰ ਕੈਸਾ ਅਨਿਆ ਹੋਇਆ ਹੋਵੇਗਾ, ਕੈਸੀ ਬਦਸਲੂਕੀ ਕੀਤੀ ਗਈ ਹੋਏਗੀ ਸਾਵਲੀ ਨਾਲ? ਐਵੇਂ ਕੋਈ ਖੁਸ਼ੀ ਨਾਲ ਏਡੇ ਔਖੇ ਰਾਹ ਨਹੀਂ ਪੈਂਦਾ, ਜਿਸਦਾ ਅੰਤ ਨਿਸ਼ਚਿਤ ਮੌਤ ਹੀ ਹੁੰਦਾ ਹੈ।
ਮੈਨੂੰ ਪਤਾ ਸੀ ਇੱਥੋਂ ਦੇ ਆਦਿਵਾਸੀਆਂ ਦੀ ਸਾਮਾਜਿਕ ਸੰਰਚਨਾ ਬੜੀ ਸਰਲ ਤੇ ਸਿੱਧ-ਪੱਧਰੀ ਹੁੰਦੀ ਹੈ। ਅਕਸਰ ਇਹਨਾਂ ਵਿਚਕਾਰ ਜ਼ਮੀਨ ਤੇ ਜੋਰੂ ਨੂੰ ਲੈ ਕੇ ਹੀ ਸੰਘਰਸ਼ ਹੁੰਦੇ ਹੁੰਦੇ ਨੇ ਤੇ ਉਹ ਵੀ ਵਿਅਕਤੀਗਤ। ਇਹਨਾਂ ਸੰਘਰਸ਼ਾਂ ਦਾ ਰੂਪ ਏਨਾ ਵਿਆਪਕ ਨਹੀਂ ਹੋ ਸਕਦਾ। ਪੰਚਾਇਤ ਤੇ ਪੁਲਿਸ ਦੇ ਦਖ਼ਲ ਨਾਲ ਇਹ ਸੰਘਰਸ਼ ਅਕਸਰ ਟਲ ਜਾਂਦੇ ਨੇ।
ਕਿਹੋ ਜਿਹੀ ਹੋਏਗੀ ਸਾਵਲੀ? ਮਨ ਵਿਚ ਇਕ ਕਲਪਨਾ ਨੇ ਜਨਮ ਲਿਆ ਸੀ, ਪਰ ਉਸ ਕਲਪਨਾ ਵਿਚ ਉਸਦਾ ਚਿਹਰਾ ਪਤਾ ਨਹੀਂ ਕਿਉਂ ਭੋਲਾ ਤੇ ਸ਼ਾਂਤ ਦਿਸਦਾ ਸੀ। ਆਮ ਆਦਿਵਾਸੀ ਔਰਤਾਂ ਵਰਗਾ ਅਣਭੋਲ ਤੇ ਸੁਘੜ। ਯਕਸ਼ਣੀ ਵਰਗਾ ਜਾਂ ਖੁਜਰਾਹੋ ਦੇ ਮੰਦਰਾਂ ਦੀਆਂ ਭਿੱਤੀਆਂ 'ਤੇ ਉਕੇਰੀਆਂ ਹੋਈਆਂ ਨਾਰੀ ਮੁਰਤੀਆਂ ਵਾਂਗ ਤੰਦਰੁਤ, ਸੁਡੌਲ ਕਾਇਆਧਾਰੀ। ਵੀਹ ਸਾਲ ਦੀ ਉਮਰ ਤਾਂ ਰੂਪ ਦੇ ਤਾਪ ਦੀ ਉਮਰ ਹੁੰਦੀ ਹੈ, ਵਧਣ-ਫੁੱਲਣ ਤੇ ਪੱਕਣ ਦੀ ਉਮਰ ਹੈ ਇਹ। ਮੇਰੀਆਂ ਸੋਚਾਂ ਵਿਚ ਉਭਰਦੀ ਸਾਵਲੀ ਦੇ ਚਿਹਰੇ ਉੱਤੇ ਕੋਈ ਹਿੰਸਕ ਪਰਤ ਦਿਖਾਈ ਹੀ ਨਹੀਂ ਸੀ ਦੇ ਰਹੀ।
ਸੋਚਿਆ ਕਿ ਆਪਣੇ ਸਟਾਫ ਦੇ ਲੋਕਾਂ ਤੋਂ ਸਾਵਲੀ ਬਾਰੇ ਪਤਾ ਕਰਾਂ, ਪਰ ਕਿਸੇ ਨੇ ਸਾਵਲੀ ਨੂੰ ਦੇਖਿਆ ਨਹੀਂ। ਉਸਦਾ ਭੈ ਹੀ ਅਜਿਹਾ ਹੈ ਕਿ ਜਿਸਨੇ ਵੀ ਉਸ ਬਾਰੇ ਕਲਪਨਾ ਕੀਤੀ ਇਕ ਖ਼ੰਖ਼ਾਰ ਔਰਤ ਦਾ ਚਿਹਰਾ ਹੀ ਜ਼ਿਹਨ ਵਿਚ ਉਭਰਿਆ ਤੇ ਚਿਪਕ ਕੇ ਰਹਿ ਗਿਆ। ਉਹ ਨਾਲ ਅਜਿਹਾ ਕੀ ਵਾਪਰਿਆ, ਜਿਸ ਕਰਕੇ ਉਹ ਨਕਸਲੀ ਬਣ ਗਈ। ਇਹ ਸਭ ਕੁਝ ਪੂਰੀ ਤਰ੍ਹਾਂ ਜਾਣਦੇ ਹੋਏ ਵੀ ਕੋਈ ਇਹ ਦੱਸਣਾ ਨਹੀਂ ਸੀ ਚਾਹੁੰਦਾ। ਇਕ ਔਰਤ ਦਾ ਨਕਸਲੀ ਬਣ ਜਾਣਾ ਭਾਵੇਂ ਹੈਰਾਨੀ ਵਾਲੀ ਗੱਲ ਨਾ ਹੋਵੇ, ਪਰ ਇਸ ਨਾਲ ਅਨਿਆਂ ਦੀ ਹੱਦ ਦਾ ਰੂਪ ਤਾਂ ਸਾਕਾਰ ਹੋ ਹੀ ਜਾਂਦਾ ਹੈ। ਪਤਾ ਨਹੀਂ ਕਿਉਂ ਮੈਂ ਯਾਨੀਕਿ ਰੋਹਿਤ ਕੁਲਸ਼ਰੇਸ਼ਠ ਸਾਵਲੀ ਬਾਰੇ ਸਭ ਕੁਝ ਜਾਣਨ ਲਈ ਬੇਤਾਬ ਹੋ ਗਿਆ ਸਾਂ। ਫੇਰ ਇਹ ਸਾਡਾ ਪੁਲਿਸ ਵਾਲਿਆਂ ਦਾ ਅਸੂਲ ਵੀ ਹੈ ਕਿ ਜਿਸਨੂੰ ਅਸੀਂ ਟਾਰਗੇਟ ਬਣਾ ਲੈਂਦੇ ਹਾਂ, ਉਸ ਬਾਰੇ ਸਭ ਕੁਝ ਜਾਣਨ ਦਾ ਯਤਨ ਕਰਦੇ ਹਾਂ। ਪੁਲਿਸ ਦੇ ਟਾਰਗੇਟ ਉੱਤੇ ਸਾਵਲੀ ਸੀ।
ਇਕ ਸ਼ਾਮ ਜਦੋਂ ਆਫ਼ਿਸ 'ਚੋਂ ਵਾਪਸ ਆ ਕੇ ਚਾਹ ਪੀ ਰਿਹਾ ਸਾਂ ਤਾਂ ਵਾਇਰਲੈੱਸ ਸੈੱਟ ਉੱਤੇ ਖ਼ਬਰ ਮਿਲੀ ਕਿ ਕਾਛਿਨ ਨਦੀ 'ਤੇ ਬਣ ਰਹੇ ਪੁਲ ਨੂੰ ਰੋਕਣ ਵਾਸਤੇ ਸਾਵਲੀ ਠੇਕੇਦਾਰ ਦਾ ਅਪਹਰਣ ਕਰਕੇ ਲੈ ਗਈ ਹੈ। ਹਾਲਾਂਕਿ, ਰਾਤ ਭਰ ਫੜ੍ਹੀ ਰੱਖਣ ਪਿੱਛੋਂ ਉਸਨੂੰ  ਛੱਡ ਦਿੱਤਾ ਗਿਆ ਸੀ, ਪਰ ਉਹ ਏਨਾ ਘਬਰਾਇਆ ਹੋਇਆ ਸੀ ਕਿ ਅੱਗੋਂ ਪੁਲ ਬਣਾਉਣ ਦਾ ਕੰਮ ਕਰਨ ਲਈ ਤਿਆਰ ਨਹੀਂ ਸੀ। ਪੀ.ਡਬਲਿਊ.ਡੀ. ਦੇ ਸਾਰੇ ਇੰਜੀਨੀਅਰ, ਅਫ਼ਸਰ ਵਗ਼ੈਰਾ ਤਾਂ ਪਹਿਲਾਂ ਹੀ ਡਰਦੇ ਮਾਰੇ ਸਾਈਟ 'ਤੇ ਨਹੀਂ ਸੀ ਜਾਂਦੇ ਹੁੰਦੇ।
ਮੇਰੇ ਲਈ ਆਈ.ਜੀ. ਦਾ ਆਦੇਸ਼ ਸੀ ਕਿ ਭਾਵੇਂ ਕਿਵੇਂ ਵੀ ਹੋਵੇ ਪੁਲ ਬਣਾਉਣਾ ਸੰਭਵ ਬਣਾਵਾਂ। ਇਹ ਨਦੀ ਬਰਸਾਤ ਵਿਚ ਬੜਾ ਉਧਮ ਮਚਾਉਂਦੀ ਸੀ। ਪੁਲ ਬਣਾਉਣ ਨਾਲ ਦੋ ਵੱਡੇ ਪਿੰਡ ਆਪਸ ਵਿਚ ਜੁੜ ਜਾਂਦੇ ਤੇ ਅੱਗੇ ਇਹ ਸੜਕ ਹਾਈ ਵੇ ਨਾਲ ਜੁੜ ਕੇ ਸਫ਼ਰ ਦੀਆਂ ਦੂਰੀਆਂ ਕਾਫੀ ਘੱਟ ਕਰ ਦੇਂਦੀ। ਨਦੀ ਦੇ ਉਸ ਪਾਸੇ ਵਾਲੇ ਪਿੰਡ ਵਿਚ ਬੜਾ ਵੱਡਾ ਹਾਟ ਬਾਜ਼ਾਰ ਲੱਗਦਾ ਸੀ, ਜਿਸ ਵਿਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਸਨ। ਮੇਰੇ ਲਈ ਇਹ ਕੰਮ ਬੜਾ ਮੁਸ਼ਕਿਲ ਸੀ। ਨਕਸਲੀਆਂ ਨਾਲ ਕੋਈ ਸੰਵਾਦ ਹੋਣਾ ਸੰਭਵ ਨਹੀਂ ਸੀ। ਠੇਕੇਦਾਰ ਨੂੰ ਜਾਨ ਦਾ ਭੈ ਸਤਾਉਣ ਲੱਗ ਪਿਆ ਸੀ।
ਉਪਰੋਂ ਦੇਖਣ ਨਾਲ ਪੁਲ ਦਾ ਨਿਰਮਾਣ ਰੋਕਣਾ ਗ਼ੈਰ-ਕਾਨੂੰਨੀ ਦਿਸਦਾ ਸੀ ਤੇ ਇਕ ਤਰ੍ਹਾਂ ਵਿਕਾਸ ਨੂੰ ਅੜਿਕਾ ਲਾਉਣ ਵਾਲੀ ਕੋਝੀ-ਕਾਰਵਾਈ ਲੱਗ ਰਹੀ ਸੀ। ਸਥਾਨਕ ਵਿਧਾਇਕ ਜਿਹੜੇ ਵਰਤਮਾਨ ਮੰਤਰੀ ਵੀ ਸਨ ਚੋਣਾ ਸਮੇਂ ਇਸ ਪੁਲ ਦੇ ਨਿਰਮਾਣ ਦਾ ਐਲਾਨ ਕਰ ਚੁੱਕੇ ਸਨ। ਅੱਗੇ ਵੀ ਉਹਨਾਂ ਚੋਣ ਜਿੱਤਣੀ ਸੀ। ਪਰ, ਜਦੋਂ ਮੈਂ ਇਸ ਸਮੱਸਿਆ ਦੀ ਤੈਹ ਵਿਚ ਲੱਥਾ, ਤਾਂ ਪੁਲ ਨਿਰਮਾਣ ਦੇ ਸਰੋਕਾਰ ਕਾਫੀ ਸੰਗੀਨ ਦਿਖਾਈ ਦਿੱਤੇ। ਪੁਲ ਦੇ ਬਣ ਜਾਣ ਪਿੱਛੋਂ ਦੂਜੇ ਇਲਾਕੇ ਦੇ ਸਾਹੂਕਾਰ, ਵਪਾਰੀ ਉੱਥੇ ਆ ਕੇ ਆਪਣੇ ਪੈਰ ਜਮਾਉਣ ਲੱਗ ਪੈਂਦੇ। ਸੂਦਖੋਰੀ, ਘੱਟ ਤੋਲ ਤੇ ਮਹਿੰਗਾ ਵੇਚ ਕੇ ਮੁਨਾਫ਼ਾ ਕਮਾਉਣਾ ਸ਼ੁਰੂ ਹੋ ਜਾਂਦਾ। ਦੁਰਲੱਭ ਜੜੀ ਬੂਟੀਆਂ, ਅਚਾਰ, ਔਲੇ, ਗਲੋਅ, ਜੰਗਲੀ ਹਲਦੀ, ਚਰਾਇਤਾ ਆਦਿ ਇਕ ਕਿੱਲੋ ਆਟੇ-ਲੂਣ ਵੱਟੇ ਹੜਪਨ ਦੀ ਖੇਡ ਸ਼ੁਰੂ ਹੋ ਜਾਂਦੀ। ਸਾਰਾ ਸਾਰਾ ਦਿਨ ਸਥਾਨਕ ਲੋਕਾਂ ਤੋਂ ਮਿਹਨਤ ਕਰਵਾਉਂਦੇ ਤੇ ਸ਼ਾਮ ਨੂੰ ਥੋੜ੍ਹੇ ਜਿਹੇ ਚੌਲ ਦੇ ਕੇ ਛੁੱਟੀ ਕਰ ਦੇਂਦੇ। ਸਥਾਨਕ ਵਪਾਰੀਆਂ ਦਾ ਲੱਕ ਟੁੱਟ ਜਾਂਦਾ। ਗ਼ਰੀਬ ਤੇ ਲੋੜਵੰਤ ਆਦਿਵਾਸੀਆਂ ਦੀਆਂ ਨੂੰਹਾਂ-ਧੀਆਂ ਨਾਲ ਬਦਫੈਲੀ ਦੀ ਖੇਡ ਆਰੰਭ ਹੋ ਜਾਂਦੀ।
ਸਰਕਾਰੀ ਨਜ਼ਰ ਨਾਲ ਇਹ ਸਭ ਨਹੀਂ ਦਿਸਦਾ। ਸਰਕਾਰ ਦੇ ਸਾਹਮਣੇ ਸਿਰਫ ਵਿਕਾਸ ਦਾ ਮੁੱਦਾ ਹੁੰਦਾ ਹੈ—ਕੁਝ ਕਮੀਸ਼ਨ ਫਿੱਟ ਜੋ ਜਾਏ ਬਸ...ਕੋਈ ਇਹ ਨਹੀਂ ਜਾਣਨਾ ਚਾਹੁੰਦਾ ਕਿ ਇਕ ਸੜਕ ਸ਼ੋਸ਼ਣ ਦੇ ਕਿੰਨੇ ਢੰਗ-ਤਰੀਕਿਆਂ ਦਾ ਰੋਡ-ਰੋਲਰ ਲੈ ਕੇ ਆਉਂਦੀ ਹੈ। ਕਿੰਨੀਆਂ ਵਿਪਤਾਵਾਂ ਉਸ ਵਿਕਾਸ ਦੇ ਨਾਲ ਅਚਣਚੇਤ ਆ ਜਾਂਦੀਆਂ ਨੇ। ਕਿਸੇ ਦੇ ਮਨ ਵਿਚ ਇਹ ਪ੍ਰਸ਼ਨ ਨਹੀਂ ਉਠਦਾ ਕਿ ਅਜਿਹੇ ਵਿਕਾਸ ਨਾਲ ਆਦਿਵਾਸੀਆਂ ਦੀ ਨਿੱਜਤਾ ਟੁੱਟਦੀ ਹੈ। ਉਹਨਾਂ ਦੀ ਅਣਘੜਤਾ ਹੀ ਉਹਨਾਂ ਦਾ ਸੱਚਾ ਸੁਖ ਹੈ।
ਜਾਹਰ ਹੈ ਏਨਾ ਜਾਣਨ-ਸਮਝਣ ਪਿੱਛੋਂ ਮੈਂ ਇਸ ਮੁਹਿੰਮ ਵਿਚ ਅਸਫਲ ਹੋ ਗਿਆ ਸਾਂ। ਪੁਲ ਅਧੂਰਾ ਪਿਆ ਸੀ ਤੇ ਮੈਨੂੰ ਲਾਨਤਾਂ ਮਿਲ ਰਹੀਆਂ ਸਨ। ਜ਼ਰੂਰ ਪੁਲਿਸ ਕਪਤਾਨ ਸਮਝਦਾਰ ਤੇ ਉਦਾਰ ਆਫ਼ਿਸਰ ਸਨ। ਉਹਨਾਂ ਇਸ ਬਾਰੇ ਮੈਨੂੰ ਕੁਝ ਨਹੀਂ ਕਿਹਾ।
ਇਕ ਨਾਵਲ 'ਬਲਿਊ ਰੋਜ਼' ਇਹਨਾਂ ਰੁਝੇਵਿਆਂ ਕਰਕੇ ਅਧੂਰਾ ਪਿਆ ਸੀ, ਉਸ ਰਾਤ ਉਹ ਚੁੱਕ ਲਿਆ—ਪਰ ਮਾਯੂਸੀ ਕਰਕੇ ਪੜ੍ਹਨ ਵਿਚ ਮਨ ਨਹੀਂ ਲੱਗਿਆ। ਜਦੋਂ ਮਨ ਭਟਕ ਰਿਹਾ ਹੋਏ, ਉਸਨੂੰ ਸਾਧਨਾ ਬੜਾ ਔਖਾ ਹੋ ਜਾਂਦਾ ਏ। ਆਖ਼ਰਕਾਰ, ਖਾਣਾ ਖਾਣ ਬੈਠ ਗਿਆ। ਸੁਕਯਾ ਨੇ ਮੁਰਗਾ ਬੜਾ ਵਧੀਆ ਬਣਾਇਆ ਸੀ ਤੇ ਤਰੀ ਤਾਂ ਬੜੀ ਹੀ ਸਵਾਦੀ ਸੀ। ਮੈਂ ਜਵਾਰ ਦੀ ਰੋਟੀ ਦੀ ਬੁਰਕੀ ਤਰੀ ਵਿਚ ਭਿਓਂ ਕੇ ਮੂੰਹ ਵਿਚ ਪਾਉਣ ਹੀ ਲੱਗਿਆ ਸਾਂ ਕਿ ਸੁਕਯਾ ਬੋਲਿਆ—'ਸਰ ਜੀ, ਇਕ ਗੱਲ ਕਹਿਣੀ ਏਂ...' ਸੁਕਯਾ, ਐਨ ਮੇਰੇ ਸਾਹਮਣੇ, ਪੈਰਾਂ ਭਾਰ ਉਕੜੂ ਬੈਠਾ ਗਿਆ। ਉਹ ਸਾਵਲੀ ਬਾਰੇ ਦੱਸਣਾ ਚਾਹੁੰਦਾ ਸੀ। ਮੈਂ ਉਸਨੂੰ ਆਗਿਆ ਦੇ ਦਿੱਤੀ। ਉਸਨੇ ਜੋ ਦੱਸਿਆ ਉਹ ਇੰਜ ਸੀ—
ਸਾਵਲੀ ਪਹਿਲਾਂ ਨਕਸਲੀ ਨਹੀਂ ਸੀ। ਦਰੋਗੇ ਨੂੰ ਮਾਰ ਕੇ ਉਹ ਫ਼ਰਾਰ ਹੋ ਗਈ। ਇਸ ਪਿੱਛੋਂ ਉਸਨੇ ਸੰਗਠਨ ਬਣਾ ਲਿਆ। ਉਸ ਤੋਂ ਪਹਿਲਾਂ ਨਾਦਯਾ ਸੰਗਠਨ ਦਾ ਹੈਡ ਹੁੰਦਾ ਸੀ। ਸਾਵਲੀ ਨੇ ਉਸਨੂੰ ਖਦੇੜ ਦਿੱਤਾ। ਉਹ ਇਕੱਲਾ ਜੰਗਲ ਵੱਲ ਭੱਜ ਗਿਆ। ਫੇਰ ਉਸਦਾ ਕੁਝ ਪਤਾ ਨਹੀਂ ਲੱਗਾ। ਉਦੋਂ ਦੀ ਸਾਵਲੀ ਹੀ ਸੰਗਠਨ ਚਲਾ ਰਹੀ ਹੈ। ਸਾਵਲੀ ਦਾ ਕੋਈ ਕਸੂਰ ਨਹੀਂ ਸੀ। ਉਸ ਨਾਲ ਪੁਲਿਸ ਨੇ ਬੜਾ ਧੱਕਾ ਕੀਤਾ ਸੀ। ਇੱਥੋਂ ਦੇ ਥਾਣੇ ਵਿਚ ਹੀ ਇਕ ਦਰੋਗਾ ਹੁੰਦਾ ਸੀ ਤਿਵਾੜੀ। ਸਾਰੇ ਉਸਨੂੰ ਸਾਹਬ ਕਹਿੰਦੇ ਸਨ। ਉਸਨੂੰ ਚੰਗਾ ਲੱਗਦਾ ਸੀ, ਸਾਹਬ ਅਖਵਾਉਣਾ। ਬੰਦਗੀ ਕਰਨ ਵਾਲੇ ਉੱਤੇ ਬੜਾ ਖੁਸ਼ ਰਹਿੰਦਾ ਸੀ ਉਹ। ਲੋਕ ਉਸਨੂੰ ਸਾਹਬ ਬੰਦਗੀ ਕਹਿੰਦੇ ਸਨ ਤਾਂ ਉਹ ਦਰੋਗਾ ਖਿੜ-ਪੁੜ ਜਾਂਦਾ ਸੀ। ਉਸ ਵਰਗਾ ਲੰਮਾ-ਝੰਮਾ ਤੇ ਗੋਰੇ ਰੰਗ ਦਾ ਆਦਮੀ ਪੂਰੇ ਜ਼ਿਲੇ ਵਿਚ ਨਹੀਂ ਸੀ, ਪਰ ਸੁਭਾਅ ਦਾ ਬੜਾ ਦੁਸ਼ਟ ਸੀ ਉਹ ਦਰੋਗਾ। ਤਫਤੀਸ਼ ਵਿਚ ਫੜੇ ਆਦਮੀ ਦਾ ਮਾਰ-ਮਾਰ ਕੇ ਕਚੂਮਰ ਕੱਢ ਦੇਂਦਾ ਸੀ। ਉਸਨੇ ਆਤੰਕ ਫੈਲਾਇਆ ਹੋਇਆ ਸੀ।
ਸਾਵਲੀ ਪਿੰਡ-ਦੇਸ ਦੇ ਰਿਸ਼ਤੇ ਕਰਕੇ ਸੁਕਯਾ ਦੀ ਭਤੀਜੀ ਲੱਗਦੀ ਸੀ। ਬੜੀ ਸਿੱਧੀ ਸਾਦੀ ਕੁੜੀ ਸੀ। ਇਸ ਪਾਸੇ ਕੋਈ ਪੜ੍ਹਿਆ-ਲਿਖਿਆ ਨਹੀਂ ਹੈ। ਮੌਂੜਾ-ਮੌਂੜੀ (ਮੁੰਡਾ-ਕੁੜੀ) ਜ਼ਰਾ ਵੱਡੇ ਹੋਏ ਕਿ ਮਜੂਰੀ ਦੀ ਭਾਲ ਵਿਚ ਨਿਕਲ ਪਏ ਤਾਂਕਿ ਚਾਰ ਪੈਸੇ ਘਰ ਆ ਸਕਣ। ਉਦੋਂ ਸਾਵਲੀ ਦੀ ਉਮਰ 14-15 ਸਾਲ ਦੀ ਹੋਏਗੀ। ਪਿੰਡ ਦਾ ਇਕ ਜਾਯਸਵਾਲ ਮੁੰਡਾ ਜਸਰਾਮ, ਕਸਬੇ ਵਿਚ ਰੋਜ਼ ਮਜੂਰੀ ਕਰਨ ਲਈ ਜਾਂਦਾ ਹੁੰਦਾ ਸੀ। ਸਾਵਲੀ ਨੇ ਉਸਨੂੰ ਮਜੂਰੀ ਦਿਵਾਉਣ ਲਈ ਕਿਹਾ। ਜਸਰਾਮ ਸਾਵਲੀ ਨੂੰ ਆਪਣੇ ਨਾਲ ਪਿੰਡੋਂ ਮਜੂਰੀ ਕਰਨ ਲਈ ਲੈ ਗਿਆ। ਜਿਸ ਗੱਲਾ ਵਪਾਰੀ ਕੋਲ ਉਹ ਆਪ ਮਜੂਰੀ ਕਰਦਾ ਸੀ, ਉੱਥੇ ਉਸਨੇ ਸਾਵਲੀ ਨੂੰ ਵੀ ਮਜੂਰੀ ਦਿਵਾਅ ਦਿੱਤੀ।
ਹੁਣ ਉਹ ਦੋਵੇਂ ਦਿਹਾੜੀ ਕਰਨ ਲਈ ਇਕੱਠੇ ਕਸਬੇ ਜਾਣ-ਆਉਣ ਲੱਗ ਪਏ। ਕਈ ਮਹੀਨੇ ਬੀਤ ਗਏ। ਸਾਵਲੀ ਦੀ ਮਹਤਾਰੀ (ਮਾਂ) ਤਿੰਨ ਸਾਲ ਪਹਿਲਾਂ ਮਰ ਗਈ ਸੀ। ਸਾਵਲੀ ਦੇ ਪਿਓ ਨੇ ਇਕ ਦੂਜੀ ਔਰਤ ਘਰ ਬਿਠਾਅ ਲਈ ਸੀ। ਸੌਤੇਲੀ ਮਹਤਾਰੀ ਸਾਵਲੀ ਨਾਲ ਚੰਗਾ ਵਿਹਾਰ ਨਹੀਂ ਸੀ ਕਰਦੀ। ਗੱਲ-ਗੱਲ 'ਤੇ ਕੁੱਟਣਾ-ਮਾਰਨਾ ਸ਼ੁਰੂ ਕਰ ਦੇਂਦੀ ਤੇ ਗਾਲ੍ਹਾਂ-ਫਿਟਕਾਰਾਂ ਦੇਂਦੀ ਰਹਿੰਦੀ। ਘਰ ਦਾ ਪੂਰਾ ਕੰਮ ਉਸੇ ਤੋਂ ਕਰਵਾਉਂਦੀ। ਸਾਵਲੀ ਮਜੂਰੀ ਕਰਨ ਲੱਗੀ ਤਾਂ ਉਸਨੂੰ ਇਸ ਸਭ ਤੋਂ ਰਾਹਤ ਜਿਹੀ ਮਿਲੀ। ਸਾਵਲੀ ਦੇ ਪਿਓ ਦੇ ਨਾਂ ਥੋੜ੍ਹੀ ਜ਼ਮੀਨ ਸੀ। ਸਾਲ ਭਰ ਲਈ ਉਸ ਵਿਚ ਦਾਣਾ ਫੱਕਾ ਹੋ ਜਾਂਦਾ ਸੀ।
ਸਾਵਲੀ ਦੇ ਮਜੂਰੀ ਕਰਨ ਕਰਕੇ ਸੌਤੇਲੀ ਮਹਤਾਰੀ ਦੇ ਸੁਭਾਅ ਵਿਚ ਕੁਝ ਨਰਮੀ ਆਈ। ਬਸ ਸਿਰਫ ਜਸਰਾਮ ਉਸਦੀਆਂ ਅੱਖਾਂ ਵਿਚ ਕਣ ਬਣ ਕੇ ਰੜਕਦਾ ਰਹਿੰਦਾ। ਉਸਨੂੰ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਉਹ ਸਾਵਲੀ ਨੂੰ ਭਜਾ ਕੇ ਈ ਨਾ ਲੈ ਜਾਏ। ਫੇਰ ਉਹ ਮਜੂਰੀ ਦੇ ਰੁਪਏ ਤੋਂ ਜਾਏਗੀ ਤੇ ਸਾਵਲੀ ਦੇ ਵਿਆਹ 'ਤੇ ਮਿਲਣ ਵਾਲੇ ਕੰਨਿਆਂ-ਮੁੱਲ ਤੋਂ ਵੀ ਵਾਂਝੀ ਰਹਿ ਜਾਏਗੀ। ਇਹੋ ਡਰ ਉਸਨੂੰ ਹਰ ਵੇਲੇ ਚੰਬੜੇ ਰਹਿੰਦੇ ਸਨ।
ਦਿਹਾੜੀ ਪਿੱਛੋਂ ਇਕ ਦਿਨ ਸਾਵਲੀ ਜਦੋਂ ਵਾਪਸ ਆਉਣ ਲੱਗੀ, ਕਸਬੇ ਵਿਚ ਉਸਦੀ ਮੁਲਾਕਾਤ ਆਪਣੀ ਵੱਡੀ ਭੈਣ ਤੇ ਭਨੋਈਏ ਨਾਲ ਹੋ ਗਈ। ਉਸਦਾ ਭਨੋਈਆ ਨਾਲ ਵਾਲੇ ਪਿੰਡ ਵਿਚ ਅਧਿਆਪਕ ਲੱਗਾ ਹੋਇਆ ਸੀ। ਭੈਣ ਜ਼ੋਰ ਪਾ ਕੇ ਸਾਵਲੀ ਨੂੰ ਆਪਣੇ ਨਾਲ ਲੈ ਗਈ। ਸਾਵਲੀ ਦੇ ਘਰ ਕਿਸੇ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ। ਸਾਵਲੀ ਉੱਥੇ ਦੋ ਦਿਨ ਰੁਕ ਗਈ। ਜਦੋਂ ਤੀਜੇ ਦਿਨ ਵੀ ਸਾਵਲੀ ਵਾਪਸ ਨਾ ਆਈ ਤਾਂ ਮਹਤਾਰੀ ਦਾ ਮੱਥਾ ਠਣਕਿਆ। ਉਸਨੂੰ ਲੱਗਿਆ ਜ਼ਰੂਰ ਜਸਰਾਮ ਸਾਵਲੀ ਨੂੰ ਭਜਾ ਕੇ ਲੈ ਗਿਆ ਹੈ। ਜਸਰਾਮ ਵੀ ਉਹਨੀਂ ਦਿਨੀ ਦੋ ਤਿੰਨ ਦਿਨ ਦਾ ਪਿੰਡ ਨਹੀਂ ਸੀ ਆਇਆ। ਮਹਤਾਰੀ ਨੇ ਸਾਵਲੀ ਦੇ ਪਿਓ ਨੂੰ ਵੀ ਨਹੀਂ ਪੁੱਛਿਆ ਤੇ ਜਾ ਕੇ ਥਾਣੇ ਵਿਚ ਜਸਰਾਮ ਦੇ ਖ਼ਿਲਾਫ਼ ਸਾਵਲੀ ਨੂੰ ਭਜਾ ਲੈ ਜਾਣ ਦੀ ਰਿਪੋਰਟ ਲਿਖਵਾ ਦਿੱਤੀ।
ਆਦਿਵਾਸੀ ਇਲਾਕਾ ਤੇ ਸਰਕਾਰ ਵੈਸੇ ਵੀ ਆਦਿਵਾਸੀਆਂ ਵੱਲੋਂ ਬੜੀ ਸੁਚੇਤ ਰਹਿੰਦੀ ਹੈ। ਇਹ ਮਾਮਲਾ ਇਕ ਗ਼ੈਰ-ਆਦਿਵਾਸੀ ਦਾ ਆਦਿਵਾਸੀ ਕੁੜੀ ਨੂੰ ਭਜਾ ਕੇ ਲੈ ਜਾਣ ਦਾ ਸੀ। ਪੁਲਿਸ ਕੁਝ ਵਧੇਰੇ ਹੀ ਸੁਚੇਤ ਹੋ ਗਈ ਸੀ। ਤਿਵਾੜੀ ਦਰੋਗਾ  ਕੁਝ ਵਧੇਰੇ ਹੀ ਹਰਕਤ ਵਿਚ ਆ ਗਿਆ। ਉਸਨੇ ਝੱਟ ਰਿਪੋਰਟ ਲਿਖ ਲਈ। ਰਿਪੋਰਟ ਲਿਖਣ ਦੇ ਤੀਜੇ ਦਿਨ ਜਸਰਾਮ ਪਿੰਡ ਵਾਪਸ ਆ ਗਿਆ। ਉਹ ਆਪਣੀ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ। ਆਉਂਦੇ ਨੂੰ ਹੀ ਪੁਲਿਸ ਨੇ ਫੜ੍ਹ ਲਿਆ। ਉਸਨੂੰ ਥਾਣੇ ਵਿਚ ਏਨਾ ਕੁੱਟਿਆ-ਮਾਰਿਆ ਗਿਆ ਕਿ ਉਹ ਬੇਹੋਸ਼ ਹੋ ਗਿਆ। ਜਸਰਾਮ ਦੇ ਪਿਤਾ ਨੇ ਆਪਣੇ ਰਿਸ਼ਤੇਦਾਰਾਂ ਤੋਂ ਤਸਦੀਕ ਕਰਵਾ ਦਿੱਤੀ। ਕੁੱਟਮਾਰ ਪਿੱਛੋਂ ਵੀ ਜਸਰਾਮ ਨੇ ਸਾਵਲੀ ਨੂੰ ਭਜਾ ਕੇ ਲੈ ਜਾਣ ਵਾਲੀ ਗੱਲ ਕਬੂਲ ਨਹੀਂ ਸੀ ਕੀਤੀ। ਇਸ ਦੇ ਬਾਵਜੂਦ ਤਿਵਾੜੀ ਦਰੋਗਾ ਜਸਰਾਮ ਨੂੰ ਛੱਡਣ ਲਈ ਤਿਆਰ ਨਹੀਂ ਸੀ।
ਸਾਵਲੀ ਅਜੇ ਤਕ ਆਪਣੇ ਘਰ ਵਾਪਸ ਨਹੀਂ ਸੀ ਆਈ। ਪੁਲਿਸ ਇਕ ਦਿਨ ਸਾਵਲੀ ਨੂੰ ਉਸਦੀ ਭੈਣ ਦੇ ਘਰੋਂ ਬਰਾਮਦ ਕਰਕੇ ਲੈ ਆਈ ਤੇ ਲਾਕਅੱਪ ਵਿਚ ਡੱਕ ਦਿੱਤਾ। ਸਾਵਲੀ ਨੇ ਇਨਕਾਰ ਕੀਤਾ ਕਿ ਜਸਰਾਮ ਉਸਨੂੰ ਭਜਾ ਕੇ ਲੈ ਗਿਆ ਸੀ। ਸਾਵਲੀ ਦੇ ਭਨੋਈਏ ਨੇ ਆ ਕੇ ਤਸਦੀਕ ਕਰ ਦਿੱਤੀ ਕਿ ਏਨੇ ਦਿਨ ਸਾਵਲੀ ਉਹਨਾਂ ਦੇ ਘਰ ਰਹੀ ਹੈ। ਇਸ ਦੇ ਬਾਵਜੂਦ ਤਿਵਾਰੀ ਦਰੋਗੇ ਨੇ ਸਾਵਲੀ ਦੇ ਭਨੋਈਏ ਨੂੰ ਹੀ ਧਮਕਾਇਆ ਤੇ ਉਸਨੇ ਸਾਵਲੀ 'ਤੇ ਦਬਾਅ ਪਾਇਆ ਕਿ ਉਹ ਜਸਰਾਜ ਦਾ ਨਾਂ ਲੈ ਦਏ, ਪਰ ਸਾਵਲੀ ਕਿਸੇ ਤਰ੍ਹਾਂ ਵੀ ਇਹ ਝੂਠ ਬੋਲਣ ਲਈ ਤਿਆਰ ਨਹੀਂ ਸੀ ਹੋਈ।
ਕੇਸ ਨੂੰ ਬੰਦ ਕਰ ਦੇਣ ਵਿਚ ਦਰੋਗੇ ਤਿਵਾੜੀ ਨੂੰ ਆਪਣੀ ਹੇਠੀ ਮਹਿਸੂਸ ਹੋ ਰਹੀ ਸੀ। ਉਸਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਸਾਵਲੀ ਦੀ ਮਹਤਾਰੀ ਨੇ ਨਾਸਮਝੀ ਵਿਚ ਰਿਪੋਰਟ ਲਿਖਵਾ ਦਿੱਤੀ ਹੈ। ਕੋਈ ਕੇਸ ਬਣਦਾ ਹੀ ਨਹੀਂ ਹੈ। ਪਰ ਦਰੋਗਾ ਸਾਹਬ ਬੰਦਗੀ ਨੂੰ ਇਹ ਵਿਚ ਆਪਣੀ ਹੇਠੀ ਲੱਗੀ ਕਿ ਉਹ ਇਸ ਕੇਸ ਤੋਂ ਬਿਨਾਂ ਵਜਾਹ ਹੱਥ ਖਿੱਚ ਲਏ। ਮਾਮਲਾ ਆਦਿਵਾਸੀ ਕੁੜੀ ਦਾ ਫਸਿਆ ਸੀ। ਉਹ ਇਕ ਝੂਠੇ ਕੇਸ ਨੂੰ ਸੱਚਾ ਬਣਾਉਣ ਵਿਚ ਜੁਟ ਗਿਆ।
ਫਰਜ਼ੀ ਕੇਸ ਦਾ ਨਕਸ਼ਾ ਇੰਜ ਸੀ—ਜਸਰਾਮ ਸਾਵਲੀ ਨੂੰ ਭਜਾ ਕੇ ਲੈ ਗਿਆ। ਉਸਨੂੰ ਆਪਣੇ ਨਾਲ ਚਾਰ ਦਿਨ ਰੱਖਿਆ ਤੇ ਉਸਨੇ ਉਸ ਨਾਲ ਸ਼ਾਰੀਰਕ ਸੰਬੰਧ ਬਣਾਏ, ਇਸ ਲਈ ਜਸਰਾਮ ਤੇ ਸਾਵਲੀ ਦੀ ਬਰਾਮਦੀ ਉਸਨੇ ਦੂਜੇ ਸ਼ਹਿਰ ਵਿਚੋਂ ਵਿਖਾਈ। ਗੱਲ ਰਹਿ ਗਈ ਸੀ ਸਾਵਲੀ ਨਾਲ ਜਸਰਾਜ ਦੇ ਸ਼ਾਰੀਰਕ ਸੰਬੰਧ ਬਣਾਉਣ ਵਾਲੀ ਤੇ ਇਸ ਗੱਲ ਦੀ ਮੈਡੀਕਲ ਰਿਪੋਰਟ ਨਾਲ ਹੀ ਪੁਸ਼ਟੀ ਹੋ ਸਕਦੀ ਸੀ, ਇਸ ਲਈ ਸਾਹਬ ਬੰਦਗੀ ਤੇ ਦੋ ਸਿਪਾਹੀਆਂ ਨੇ ਲਗਾਤਾਰ ਅੱਠ ਦਿਨਾਂ ਤਕ ਨਾਬਾਲਗ ਸਾਵਲੀ ਨਾਲ ਬਲਾਤਕਾਰ ਕੀਤਾ। ਏਨਾ ਜੁਲਮ ਸਹਿਣ ਪਿੱਛੋਂ ਵੀ ਸਾਵਲੀ ਜਸਰਾਜ ਦੇ ਖ਼ਿਲਾਫ਼ ਕੁਝ ਵੀ ਕਹਿਣ ਲਈ ਰਾਜ਼ੀ ਨਹੀਂ ਸੀ ਹੋਈ।
ਸਾਵਲੀ ਨੂੰ ਲਲਚਾਉਣ ਦੇ ਹੋਰ ਉਪਾਅ ਵੀ ਕੀਤੇ ਗਏ। ਉਸਨੂੰ ਚੰਗਾ ਖਾਣ ਨੂੰ ਦਿੱਤਾ ਜਾਂਦਾ। ਇਕ ਜਾਂ ਦੋ ਪੁਲਿਸ ਵਾਲੇ ਸਾਵਲੀ ਨੂੰ ਬਾਜ਼ਾਰ ਲੈ ਜਾਂਦੇ ਤੇ ਉਸਦਾ ਮਨ ਜਿੱਤਣ ਖਾਤਰ ਤੋਹਫ਼ੇ ਦੇਂਦੇ—ਕਰੀਮ-ਪਾਊਡਰ, ਬਿੰਦੀਆਂ, ਚੂੜੀਆਂ, ਬਲਾਊਜ, ਕੱਜਲ, ਕੰਘੀ, ਰਿਬਨ, ਪਰਾਂਦੀਆਂ, ਰੰਗ-ਬਿਰੰਗੇ ਰੁਮਾਲ, ਖ਼ੁਸ਼ਬੂਦਾਰ ਤੇਲ-ਫਲੈਲ, ਬਟੂਆ, ਗਿਲਟ ਦੀਆਂ ਝਾਂਜਰਾਂ ਤੇ ਨਾਲੇ ਵਗ਼ੈਰਾ। ਅਦਭੁਤ ਪ੍ਰੇਮ ਪ੍ਰਦਰਸ਼ਨ ਕਰਦੇ। ਸਾਵਲੀ ਫੇਰ ਵੀ ਝੂਠ ਬੋਲਣ ਲਈ ਤਿਆਰ ਨਾ ਹੁੰਦੀ। ਸਾਹਬ ਬੰਦਗੀ ਦਾ ਗੁੱਸਾ ਵਧਦਾ ਹੀ ਜਾ ਰਿਹਾ ਸੀ।
ਆਈ.ਜੀ. ਸਾਹਬ ਦੇ ਦੌਰੇ ਤੇ ਇੰਸਪੈਕਸ਼ਨ ਨੇ ਦਰੋਗੇ ਦੀ ਇਹ ਮੁਹਿੰਮ ਗੜਬੜ ਕਰ ਦਿੱਤੀ। ਉਸ ਦਿਨ ਦੀ ਅਫ਼ਰਾ-ਤਫ਼ਰੀ ਵਿਚ ਸਾਵਲੀ ਲਾਕਅੱਪ ਵਿਚੋਂ ਭੱਜ ਗਈ। ਹਨੇਰਾ ਘਿਰ ਆਉਣ ਤਕ ਸਾਵਲੀ ਥਾਣੇ ਦੇ ਨਾਲ ਬਣੇ ਕਵਾਰਟਰਾਂ ਦੇ ਪਿੱਛੇ ਲੁਕੀ ਰਹੀ ਤੇ ਫੇਰ ਜੰਗਲ ਵਿਚ ਵੜ ਗਈ। ਪੂਰੇ ਤਿੰਨ ਦਿਨ ਉਹ ਇਕੱਲੀ ਮਾਸੂਮ ਕੁੜੀ ਜੰਗਲ ਵਿਚ ਪੁਲਿਸ ਦੇ ਡਰ ਕਰਕੇ ਭੁੱਖੀ ਪਿਆਸੀ ਲੁਕਦੀ ਰਹੀ।
ਜੰਗਲ 'ਚੋਂ ਨਿਕਲ ਕੇ ਉਹ ਜੰਗਲ ਨਾਲ ਲੱਗਦੀ ਇਕ ਬਸਤੀ ਵਿਚ ਇਕ ਘਰ ਦੇ ਖੁੱਲ੍ਹੇ ਦਰਵਾਜ਼ੇ ਅੰਦਰ ਦਾਖ਼ਲ ਹੋ ਗਈ। ਉਹ ਘਰ ਇਕ ਅਧਿਆਪਕ ਉਦੈ ਰਾਜ ਦਾ ਸੀ। ਉਹ ਮਾਸਟਰ ਕਿਤੋਂ ਬਾਹਰੋਂ ਆਇਆ ਸੀ, ਤੇ ਉਸ ਬਾਰੇ ਸ਼ੱਕ ਕੀਤਾ ਜਾਂਦਾ ਸੀ ਕਿ ਉਹ ਕਦੀ ਨਕਸਲੀ ਸੰਗਠਨ ਨਾਲ ਜੁੜਿਆ ਹੁੰਦਾ ਸੀ, ਪਰ ਪੁਲਿਸ ਕੋਲ ਉਸਦੇ ਖ਼ਿਲਾਫ਼ ਕੋਈ ਸਬੂਤ ਨਹੀਂ ਸੀ। ਇਸ ਲਈ ਪੁਲਿਸ ਉਸਦਾ ਕੁਝ ਨਹੀਂ ਸੀ ਵਿਗਾੜ ਸਕੀ। ਹੁਣ ਉਹ ਇਕ ਸਮਾਜ ਸੇਵੀ ਸੰਗਠਨ ਦੇ ਸਕੂਲ ਵਿਚ ਅਧਿਆਪਕ ਲੱਗਾ ਹੋਇਆ ਸੀ।
ਸਾਵਲੀ ਨਾਲ ਹੋਏ ਧੱਕੇ ਦੀ ਪੂਰੀ ਕਹਾਣੀ ਸੁਣ ਕੇ ਉਦੈ ਰਾਜ ਨੇ ਸਾਵਲੀ ਨੂੰ ਇਕ ਨੌਜਵਾਨ ਤੇ ਉਤਸਾਹੀ ਵਕੀਲ ਵਿਜੈ ਸੋਨੀ ਨਾਲ ਮਿਲਵਾਇਆ। ਸਾਵਲੀ ਨੂੰ ਕਾਨੂੰਨੀ ਸੁਰੱਖਿਆ ਮਿਲ ਗਈ। ਏਧਰ ਸਾਵਲੀ ਦੇ ਲਾਕਅੱਪ ਵਿਚੋਂ ਭੱਜ ਜਾਣ ਪਿੱਛੋਂ ਸਾਹਬ ਬੰਦਗੀ ਦਾ ਸਾਰਾ ਗੁੱਸਾ ਸਾਵਲੀ ਦੇ ਭਨੋਈਏ 'ਤੇ ਉਤਰਿਆ। ਉਹ ਉਸਨੂੰ ਫੜ੍ਹ ਕੇ ਲੈ ਆਇਆ ਤੇ ਥਾਣੇ ਵਿਚ ਉਸਦੀ ਅਜਿਹੀ ਕੁਟਾਈ ਕੀਤੀ ਕਿ ਅੱਜ ਵੀ ਉਹ ਲੰਗੜਾ ਕੇ ਤੁਰਦਾ ਹੈ। ਅਦਾਲਤ ਵਿਚ ਅਰਜ਼ੀ ਲਾ ਕੇ ਸਾਹਬ ਬੰਦਗੀ ਸਾਵਲੀ ਦਾ ਮੈਡੀਕਲ ਚੈਕਅੱਪ ਕਰਵਾਉਣ ਵਿਚ ਜ਼ਰੂਰ ਸਫਲ ਹੋ ਗਿਆ ਸੀ, ਪਰ ਇਕੱਲੀ ਰਿਪੋਰਟ ਕੀ ਕਰ ਸਕਦੀ ਸੀ, ਜਦੋਂ ਕੋਈ ਗਵਾਹ ਹੀ ਨਹੀਂ ਸੀ।
ਸਾਹਬ ਬੰਦਗੀ ਨੂੰ ਮੁਕੱਦਮੇ ਦਾ ਹਸ਼ਰ ਪਤਾ ਸੀ ਕਿ ਇਸ ਕੇਸ ਵਿਚ ਜਸਰਾਜ ਦੇ ਖ਼ਿਲਾਫ਼ ਕੁਝ ਵੀ ਨਹੀਂ ਸੀ ਹੋ ਸਕਦਾ। ਉਹ ਸਾਫ ਬਰੀ ਹੋ ਜਾਏਗਾ। ਉਸਨੂੰ ਡਰ ਸੀ ਕਿ ਕਿਤੇ ਉਸਦੀ ਸ਼ਿਕਾਇਤ ਨਾ ਹੋ ਜਾਏ—ਉਹ ਫਸ ਵੀ ਸਕਦਾ ਹੈ। ਆਪਣੀ ਬੱਚਤ ਕਰਨ ਖਾਤਰ ਸਾਵਲੀ ਦੇ ਲਾਕਅੱਪ ਵਿਚੋਂ ਭੱਜ ਜਾਣ ਦੀ ਤਫ਼ਸੀਲ ਉਸਦੇ ਰੋਜ਼ਨਾਮਚੇ ਵਿਚ ਇੰਜ ਲਿਖੀ ਕਿ ਜਸਰਾਜ ਦੇ ਘਰੋਂ ਹਥਿਆਰਬੰਦ ਲੋਕ ਆਏ ਤੇ ਥਾਣੇ 'ਚੋਂ ਸਾਵਲੀ ਨੂੰ ਅਗਵਾਹ ਕਰਕੇ ਲੈ ਗਏ। ਉਸਨੇ ਵਿਭਾਗ ਨੂੰ ਸਾਵਲੀ ਦੀ ਹਿੰਮਤ ਤੇ ਦਲੇਰੀ ਬਾਬਤ ਕਈ ਰਿਪੋਰਟਾਂ ਘੱਲੀਆਂ ਕਿ ਕਿਸ ਤਰ੍ਹਾਂ 14 ਸਾਲ ਦੀ ਲੜਕੀ ਅਗਵਾਹ ਕਰਨ ਵਾਲਿਆਂ ਦੇ ਅੱਖੀਂ ਘੱਟਾ ਪਾ ਕੇ ਉਹਨਾਂ ਦੇ ਚੁੰਗਲ ਵਿਚੋਂ ਛੁੱਟ ਗਈ ਤੇ ਬਿਨਾਂ ਡਰੇ ਜੰਗਲ ਤੇ ਪਹਾੜਾਂ ਵਿਚ ਇਕੱਲੀ ਭੱਜੀ ਫਿਰਦੀ ਰਹੀ। ਸਾਹਬ ਬੰਦਗੀ ਨੇ ਜਾਨ 'ਤੇ ਖੇਡ ਕੇ ਉਸ ਆਦਿਵਾਸੀ ਕੁੜੀ ਸਾਵਲੀ ਨੂੰ ਬਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹਨਾਂ ਦੋ ਝੂਠਾਂ ਕਰਕੇ ਵਿਭਾਗ ਦੀ ਸਿਫ਼ਾਰਸ਼ 'ਤੇ ਸਰਕਾਰ ਨੇ ਸਾਵਲੀ ਨੂੰ ਉਸਦੇ ਹੌਸਲੇ ਕਰਕੇ ਇਨਾਮ, ਤੇ ਇਕ ਆਦਿਵਾਸੀ ਕੁੜੀ ਨੂੰ ਬਚਾਉਣ ਬਦਲੇ ਪੁਲਿਸ ਦਾ ਬਹਾਦੁਰੀ ਤਮਗ਼ਾ ਸਾਹਬ ਬੰਦਗੀ ਨੂੰ ਦੇਣ ਦਾ ਐਲਾਨ ਕਰ ਦਿੱਤਾ।
ਸਾਵਲੀ ਦਰੋਗੇ ਦਾ ਨਾਂ ਸੁਣ ਕੇ ਹੀ ਭੜਕ ਜਾਂਦੀ ਸੀ—ਉਸਦਾ ਵੱਸ ਚੱਲਦਾ ਤਾਂ ਉਹ ਦਰੋਗੇ ਨੂੰ ਗੋਲੀ ਮਾਰ ਦੇਂਦੀ। ਗ਼ਜ਼ਬ ਦੀ ਹਿੰਮਤ ਆ ਗਈ ਸੀ ਉਹ ਕੁੜੀ ਵਿਚ—ਜੁਲਮਾਂ ਨੇ ਉਸ ਨੂੰ ਬੇਹੱਦ ਦਲੇਰ ਬਣਾ ਦਿੱਤਾ ਸੀ।
ਅਗਲੇ ਆਜ਼ਾਦੀ ਦਿਹਾੜੇ ਉਪਰ ਸਾਵਲੀ ਨੂੰ ਨਾਲ ਲੈ ਕੇ ਰਾਜਧਾਨੀ ਆਉਣ ਦਾ ਹੁਕਮ ਦਰੋਗਾ ਸਾਹਬ ਬੰਦਗੀ ਨੂੰ ਮਿਲਿਆ ਸੀ। ਉੱਥੇ ਹੀ ਰਾਜਪਾਲ ਤੋਂ ਪੁਰਸਕਾਰ ਲੈਣ ਵੇਲੇ ਨਾਲ ਖਲੋਤੇ ਦਰੋਗੇ ਦੇ ਹੋਲਸਟਰ 'ਚੋਂ ਰਿਵਾਲਵਰ ਖਿੱਚ ਕੇ ਸਾਵਲੀ ਨੇ ਦਰੋਗੇ 'ਤੇ ਗੋਲੀ ਚਲਾ ਦਿੱਤੀ ਸੀ। ਦਰੋਗੇ ਨੇ ਥਾਂਵੇਂ ਦਮ ਤੋੜ ਦਿੱਤਾ। ਉਸਦੇ ਇਸ ਦੁਰਸਾਹਸ ਨਾਲ ਸਨਸਨੀ ਫੈਲ ਗਈ। ਇਸ ਪਿੱਛੋਂ ਸਾਵਲੀ ਅਜਿਹੀ ਫ਼ਰਾਰ ਹੋਈ ਕਿ ਨਕਸਲੀ ਆਗੂ ਬਣ ਕੇ ਹੀ ਸਾਹਮਣੇ ਆਈ। ਪੁਲਿਸ ਉਸਦੇ ਨਾਂ ਤੋਂ ਹੀ ਘਬਰਾਉਂਦੀ ਹੈ।
ਇਹ ਸੀ ਸਾਵਲੀ ਦੀ ਮੁਕੰਮਲ ਦਾਸਤਾਨ। ਮੈਨੂੰ ਚੇਤੇ ਆ ਰਿਹਾ ਏ ਕਿ ਜਦੋਂ ਮੈਂ ਰਾਜ ਪ੍ਰੀਖਿਆ ਦੇ ਲਈ ਫ਼ਾਰਮ ਭਰਿਆ ਸੀ, ਉਦੋਂ ਇਹ ਖ਼ਬਰ ਮੈਂ ਕਿਸੇ ਅਖ਼ਬਾਰ ਵਿਚ ਪੜ੍ਹੀ ਸੀ। ਉਸ ਸਮੇਂ ਇਹ ਨਹੀਂ ਪਤਾ ਸੀ ਕਿ ਮੈਂ ਪੁਲਿਸ ਦਾ ਡਿਪਟੀ ਐਸ.ਪੀ. ਬਣ ਕੇ ਪਹਿਲੀ ਪੋਸਟਿੰਗ 'ਤੇ ਹੀ ਉਸਦੇ ਇਲਾਕੇ ਵਿਚ ਤੈਨਾਤ ਹੋ ਜਾਵਾਂਗਾ। ਉਸ ਰਾਤ ਮੈਂ ਠੀਕ ਤਰ੍ਹਾਂ ਸੌਂ ਨਹੀਂ ਸੀ ਸਕਿਆ। ਵਾਰੀ-ਵਾਰੀ ਸਾਵਲੀ ਮੇਰੇ ਜ਼ਿਹਨ ਵਿਚ ਉਭਰ ਆਉਂਦੀ ਰਹੀ। ਕਿੱਥੋਂ ਏਨਾ ਹੌਸਲਾ ਤੇ ਦਲੇਰੀ ਉਸਦੇ ਅੰਦਰ ਆ ਗਈ ਸੀ। ਸਾਵਲੀ ਦੀ ਅਦਭੁਤ ਸਾਹਸ-ਗਾਥਾ ਨੇ ਮੇਰੇ ਮਨ ਵਿਚ ਉਸਦਾ ਕੱਦ ਬੜਾ ਉੱਚਾ ਕਰ ਦਿੱਤਾ ਸੀ।
ਉਦੈ ਰਾਜ ਬਾਰੇ ਪਤਾ ਲੱਗਿਆ ਕਿ ਪੁਲਿਸ ਨੇ ਦਰੋਗੇ ਦੀ ਹੱਤਿਆ ਦਾ ਬਦਲਾ ਉਸਨੂੰ ਮਾਰ ਕੇ ਲਿਆ। ਉਸਨੂੰ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਦਰਅਸਲ, ਪੁਲਿਸ ਨੇ ਲਾਕਅੱਪ ਵਿਚ ਕੁੱਟ-ਕੁੱਟ ਕੇ ਉਦੈ ਰਾਜ ਨੂੰ ਪਹਿਲਾਂ ਹੀ ਮੁਕਾ ਦਿੱਤਾ ਸੀ। ਪਿੱਛੋਂ ਉਸਦੀ ਲਾਸ਼ 'ਤੇ ਗੋਲੀਆਂ ਚਲਾ ਕੇ ਮੁਕਾਬਲਾ ਦਿਖਾ ਦਿੱਤਾ ਸੀ। ਇਸ ਉੱਤੇ ਖਾਸੀ ਪੇਪਰਬਾਜ਼ੀ ਹੋਈ, ਜਾਂਚ ਬੈਠੀ ਤੇ ਲਿੱਪਾਪੋਚੀ ਕਰ ਦਿੱਤੀ ਗਈ। ਉਦੈ ਰਾਜ ਦਾ ਕੋਈ ਸਕਾ-ਸੰਬੰਧੀ ਨਹੀਂ ਸੀ, ਜਿਹੜਾ ਪੈਰਵੀ ਕਰਦਾ, ਤੇ ਸੱਚ ਸਾਹਵੇਂ ਆ ਸਕਦਾ।
ਇੱਥੇ ਆਉਣ ਤੋਂ ਹਫ਼ਤਾ ਭਰ ਬਾਅਦ ਹੀ ਮੈਂ ਸਾਵਲੀ ਦੀ ਪੂਰੀ ਫ਼ਾਇਲ ਪੜ੍ਹ ਲਈ ਸੀ। ਉਸਨੂੰ ਬੜੀ ਖ਼ਤਰਨਾਕ ਤੇ ਜਾਲਮ ਦੱਸਿਆ ਗਿਆ ਸੀ। ਪਤਾ ਨਹੀਂ ਕਿਉਂ ਮੇਰਾ ਮਨ ਇਹ ਸਭ ਮੰਨ ਨਹੀਂ ਸੀ ਰਿਹਾ। ਇਹ ਤਾਂ ਉਸਦਾ ਪ੍ਰਤੀਸ਼ੋਧ ਸੀ, ਜਿਹੜਾ ਕਾਨੂੰਨ ਦੀ ਨਜ਼ਰ ਵਿਚ ਗੁਨਾਹ ਸੀ। ਉਸ ਨਾਲ ਹੋਏ ਅਨਿਆਂ ਬਦਲੇ ਕਾਨੂੰਨ ਉਸਨੂੰ ਕੋਈ ਰਾਹਤ ਨਹੀਂ ਦੇ ਸੀ ਸਕਿਆ, ਇਸ ਲਈ ਬੜਾ ਸੁਭਾਵਿਕ ਸੀ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਬਦਲਾ ਲੈਂਦੀ ਤੇ ਉਸਨੇ ਇਵੇਂ ਕਰ ਵਿਖਾਇਆ। ਮੇਰੇ ਉੱਤੇ ਅਜੇ ਵਿਭਾਗ ਦੀ ਮਾਨਸਿਕਤਾ ਹਾਵੀ ਨਹੀਂ ਸੀ ਹੋਈ। ਇਸ ਲਈ ਮੈਂ ਫਾਈਲ ਵਿਚ ਲਿਖੇ ਪੁਲਸੀਆ ਤੱਥਾਂ ਤੋਂ ਜ਼ਰਾ ਹਟ ਕੇ ਸੋਚ ਰਿਹਾ ਸਾਂ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਇਹ ਵੱਖਰੀ ਕਿਸਮ ਦੀ ਸੋਚ ਕਦ ਤਕ ਕਾਇਮ ਰਹਿ ਸਕੇਗੀ। ਪੁਲਿਸ ਜਿਸ ਝੂਠੇ ਸੱਚ ਨੂੰ ਅੱਖਾਂ ਵਿਚ ਉਤਾਰਨ ਲਈ ਤੱਤਪਰ ਸੀ, ਮੈਂ ਉਸ ਗੰਧਲੇ ਸੱਚ ਨੂੰ ਨਿਤਾਰਣ ਵਿਚ ਲੱਗ ਗਿਆ ਸਾਂ।
ਮੈਂ ਨਹੀਂ ਜਾਣਦਾ ਮੈਥੋਂ ਪਹਿਲਾਂ ਵਾਲੇ ਅਫ਼ਸਰਾਂ ਨੂੰ ਸੁਕਯਾ ਨੇ ਇਹ ਦਾਸਤਾਨ ਸੁਣਾਈ ਜਾਂ ਨਹੀਂ। ਹੋ ਸਕਦਾ ਹੈ ਉਹਨਾਂ ਦੇ ਚਿਹਰਿਆਂ 'ਤੇ ਲਿਖੀ ਬੇਰੁਖ਼ੀ ਨੂੰ ਪੜ੍ਹ ਕੇ ਉਸਨੇ ਦੱਸਣਾ ਵਿਅਰਥ ਸਮਝਿਆ ਹੋਏ। ਉਸਦੀਆਂ ਅਨੁਭਵੀ ਅੱਖਾਂ ਨੇ ਮੇਰੇ ਅੰਦਰਲੇ ਨੂੰ ਪੜ੍ਹ ਲਿਆ ਸੀ ਕਿ ਇਹ ਅਫ਼ਸਰ ਕੁਝ ਅਲਗ ਹਟ ਕੇ ਹੈ, ਇਸ ਲਈ ਖ਼ੁਦ ਹੀ ਦੱਸਣ ਬੈਠ ਗਿਆ ਸੀ।
ਅਚਾਨਕ ਮੈਂ ਸੁਕਯਾ ਨੂੰ ਪੁੱਛਿਆ—“ਕੀ ਸਾਵਲੀ ਨਾਲ ਮੇਰੀ ਮੁਲਾਕਾਤ ਹੋ ਸਕਦੀ ਏ?”
ਮੇਰੇ ਇਸ ਬੇਤੁਕੇ ਸਵਾਲ ਉੱਤੇ ਸੁਕਯਾ ਤ੍ਰਬਕਿਆ—“ਸਰ ਜੀ! ਤੁਸੀਂ ਮਿਲੋਗੇ ਸਾਵਲੀ ਨੂੰ! ਨਾ! ਨਾ! ਉਹ ਮੁਜਰਿਮ ਏ ਸਰ ਜੀ!”, ਉਸਦੀਆਂ ਅੱਖਾਂ ਵਿਚ ਅਵਿਸ਼ਵਾਸ ਤੈਰ ਰਿਹਾ ਸੀ—“ਪੁਲਿਸ ਨੇ ਉਸਨੂੰ ਮਾਰਨ 'ਤੇ ਵੱਡਾ ਇਨਾਮ ਰੱਖਿਆ ਹੋਇਆ ਏ।”
“ਮੈਂ ਉਸਦੀ ਖ਼ੁਦਦਾਰੀ ਦਾ ਜਲਵਾ ਦੇਖਣਾ ਚਾਹੁੰਣਾ। ਉਸਨੇ ਜਿਹੜਾ ਏਡਾ ਵੱਡਾ ਕਦਮ ਚੁੱਕਿਐ, ਉਸ ਵਿਚ ਕੋਈ ਗੱਲ ਤਾਂ ਹੈ ਈ, ਜਿਹੜੀ ਸਮਝ ਤੋਂ ਪਰ੍ਹੇ ਐ।” ਮੈਂ ਸੁਕਯਾ ਨੂੰ ਕਿਹਾ।
“ਪਰ, ਉਹ ਤੁਹਾਡੇ 'ਤੇ ਵਿਸ਼ਵਾਸ ਨਹੀਂ ਕਰੇਗੀ, ਸਰ ਜੀ। ਉਹ ਕਿਸੇ ਪੁਲਿਸ ਵਾਲੇ 'ਤੇ ਭਰੋਸਾ ਨਹੀਂ ਕਰ ਸਕਦੀ। ਉਹ ਕਿਸੇ ਹਾਲਤ ਵਿਚ ਤਿਆਰ ਨਹੀਂ ਹੋਵੇਗੀ।” ਸੁਕਯਾ ਗਿੜਗਿੜਾ ਰਿਹਾ ਸੀ, “ਨਾਲੇ ਉਸ ਤਕ ਪਹੁੰਚਣ ਦਾ ਕੋਈ ਸੁਰਾਗ ਵੀ ਤਾਂ ਨਹੀਂ।”
“ਤੂੰ ਤਾਂ ਮਿਲਿਆ ਈ ਹੋਏਂਗਾ ਸੁਕਯਾ, ਕਦੀ ਉਸਨੂੰ? ਉਹ ਤਾਂ ਤੇਰੀ ਭਤੀਜੀ ਵੀ ਲੱਗਦੀ ਏ।” ਮੈਂ ਪੁੱਛਿਆ।
ਉਹ ਯਕਦਮ ਘਬਰਾ ਗਿਆ, ਬੋਲਿਆ, “ਨਹੀਂ ਸਰ ਜੀ! ਮੈਂ ਵਿਭਾਗ ਦਾ ਨਮਕ ਖਾਧਾ ਏ। ਮੈਂ ਮਿਲਦਾ ਤਾਂ ਜ਼ਰੂਰ ਉਸਦਾ ਸੁਰਾਗ ਦੇ ਦੇਂਦਾ।” ਉਹ ਸਫਾਈ ਦੇ ਰਿਹਾ ਸੀ।
ਅਗਲੀ ਮੀਟਿੰਗ ਲਗਭਗ ਡੇਢ ਮਹੀਨੇ ਬਾਅਦ ਹੋਈ। ਵਿਚਕਾਰ ਸੀ.ਐਮ. ਦਾ ਦੌਰਾ, ਤਿਓਹਾਰਾਂ ਤੇ ਤੀਰਥ ਸਥਾਨਾਂ 'ਤੇ ਭਗਦੜ, ਉਸ ਪਿੱਛੋਂ ਇਕ ਬੇੜੀ ਦੁਰਘਟਨਾ, ਫੇਰ ਦਹੇਜ ਪੀੜਨ ਦਾ ਇਕ ਮਾਮਲਾ—ਘਟਨਾਵਾਂ ਦੀ ਇਕ ਕੜੀ ਜਿਹੀ ਜੁੜਦੀ ਰਹੀ। ਪੁਲਿਸ ਕਪਤਾਨ ਨੂੰ ਵਿਹਲ ਹੀ ਨਹੀਂ ਮਿਲੀ। ਮੀਟਿੰਗ ਵਿਚ ਮੈਂ ਇਕ ਲਾਈਨ ਆਫ਼ ਐਕਸ਼ਨ ਪੁਲਿਸ ਕਪਤਾਨ ਨੂੰ ਦੱਸਿਆ। ਸੁਣ ਕੇ ਕੁਝ ਚਿਰ ਉਹ ਗੰਭੀਰ ਰਹੇ, ਫੇਰ ਬੋਲੇ—“ਮਿ. ਰੋਹਿਤ! ਯੂ ਆਰ ਯੰਗ ਐਂਡ ਇਨਰਜਿਟਿਕ। ਜੋ ਵੀ ਕਰਨਾ ਭਾਵੁਕਤਾ ਵੱਸ ਹੋ ਕੇ ਨਾ ਕਰਨਾ। ਇਸ ਮਹਿਕਮੇ ਨੂੰ ਸਭ ਕੁਝ ਕਬੂਲ ਏ, ਸਿਵਾਏ ਭਾਵਨਾ ਦੇ। ਸਾਹਮਣੇ ਇਕਦਮ ਨੰਗੀ ਸੱਚਾਈ ਏ। ਤੁਸੀਂ ਇਹ ਵੀ ਜਾਣਦੇ ਓ ਕਿ ਅਗਲੇ ਵਰ੍ਹੇ ਚੋਣਾ ਆ ਰਹੀਆਂ ਨੇ। ਇਹ ਵੀ ਜਾਣ ਲਓ ਕਿ ਇੱਥੋਂ ਦੇ ਮੰਤਰੀ ਦਾ, ਜਿਹੜਾ ਇੱਥੋਂ ਦਾ ਵਿਧਾਇਕ ਵੀ ਏ, ਭਵਿੱਖ ਇਹ ਨਕਸਲੀ ਤੈਅ ਕਰਨਗੇ। ਇਸ ਲਈ ਜੇ ਤਾਲਮੇਲ ਠੀਕ ਨਾ ਹੋ ਸਕਿਆ ਤਾਂ ਮੰਤਰੀ ਚਾਹੇਗਾ ਕਿ ਉਸ ਨਕਸਲੀ ਔਰਤ ਸਾਵਲੀ ਦਾ ਇਨਕਾਊਂਟਰ ਕਰ ਦਿੱਤਾ ਜਾਏ, ਤਾਂਕਿ ਉਹ ਚੋਣਾ ਵਿਚ ਆਪਣੀ ਜਿੱਤ ਨੂੰ ਆਸਾਨ ਤੇ ਪੱਕੀ ਕਰ ਸਕੇ।”
“ਸਰ! ਮੇਰਾ ਇਰਾਦਾ ਏ ਕਿ ਉਸਦੇ ਰੁਖ਼ ਨੂੰ ਮੋੜ ਦਿੱਤਾ ਜਾਏ, ਜਿਹੜਾ ਨਾ ਤਾਂ ਰਾਜਨੀਤੀ ਰਾਹੀਂ ਸੰਭਵ ਏ ਤੇ ਨਾ ਹੀ ਪ੍ਰਸ਼ਾਸਨ ਦੇ ਵੱਸ ਦਾ ਰੋਗ ਏ।” ਮੈਂ ਆਪਣੀ ਗੱਲ 'ਤੇ ਅੜਿਆ ਰਿਹਾ।
ਕਪਤਾਨ ਨੇ ਇਕ ਟੇਢਾ ਜਿਹਾ ਸਵਾਲ ਮੈਨੂੰ ਪੁੱਛਿਆ, “ਰੋਹਿਤ ਤੁਸੀਂ ਅਜੇ ਬੈਚੂਲਰ ਓ ਨਾ?”
“ਯਸ ਸਰ!”
ਉਹਨਾਂ ਦੇ ਚਿਹਰੇ ਉੱਤੇ ਇਕ ਮੁਸਕਾਨ ਆਈ ਤੇ ਅਲੋਪ ਹੋ ਗਈ। ਬੋਲੇ—“ਤੁਸੀਂ ਅਜੇ ਉਸ ਨਕਸਲੀ ਔਰਤ ਨੂੰ ਦੇਖਿਆ ਨਹੀਂ। ਉਸਦੇ ਸ਼ਬਾਬ (ਜੋਬਨ) ਨੂੰ ਜਦੋਂ ਦੇਖੋਗੇ, ਤਾਂ ਗਸ਼ ਖਾ ਕੇ ਡਿੱਗ ਪਓਗੇ। ਅਜੇ ਸਿਰਫ ਵੀਹ ਸਾਲ ਦੀ ਹੋਈ ਏ ਉਹ। ਉਸਨੂੰ ਦੇਖ ਕੇ ਉਸਦੇ ਖ਼ੌਫ਼ ਨਾਲੋਂ ਵੱਧ ਉਸਦੀ ਕਾਮਨਾ ਜਾਗਦੀ ਏ। ਯੂ ਕਾਂਟ ਇਮੈਂਜਨ ਕਿ ਬਿਊਟੀ ਤੇ ਟੈਰਰ ਦਾ ਵੀ ਕਿਤੇ ਮੇਲ ਹੋ ਸਕਦਾ ਏ। ਚਿੰਤਾ ਵਾਲੀ ਗੱਲ ਇਹ ਐ ਕਿ ਇੱਥੋਂ ਦੇ ਵਾਸੀ ਉਸਨੂੰ ਪੂਜਣ ਲੱਗ ਪਏ ਨੇ। ਉਹ ਔਰਤ ਹੈ ਵੀ ਗ਼ਜ਼ਬ ਦੀ। ਹੁਣੇ ਇੱਥੇ ਤੇ ਘੰਟੇ ਬਾਦ ਦਸ ਮੀਲ ਓਧਰ ਕਿਸੇ ਦੂਜੀ ਜਗ੍ਹਾ...ਜੰਗਲ ਵਿਚ ਜਾਂ ਕਿਸੇ ਪਿੰਡ ਵਿਚ। ਹਵਾਂ ਵਾਂਗ ਉਡਦੀ ਹੋਈ ਜਿੱਥੇ ਚਾਹੇ ਪਹੁੰਚ ਜਾਂਦੀ ਏ। ਆਈ ਵਾਰਨ ਯੂ ਮਿ. ਰੋਹਿਤ ਕਿ ਉਸਦੇ ਜਾਦੂ ਵਿਚ ਨਾ ਫਸ ਜਾਣਾ...”
ਪੂਰੇ ਮੀਟਿੰਗ ਹਾਲ ਵਿਚ ਹਾਸਿਆਂ ਦੇ ਠਹਾਕੇ ਗੂੰਜ ਰਹੇ ਸਨ। ਮਜ਼ਾਕ ਵਾਂਗ ਲੱਗਦਾ ਸੀ, ਪਰ ਕਪਤਾਨ ਨੇ ਇਹ ਮਜ਼ਾਕ ਨਹੀਂ ਸੀ ਕੀਤਾ। ਕਾਫੀ ਗੰਭੀਰ ਗੱਲਾਂ ਸਨ ਇਹ ਤੇ ਅਸੀਂ ਸਾਰੇ ਇਹਨਾਂ ਦੀ ਗਹਿਰਾਈ ਨੂੰ ਜਾਣਦੇ-ਸਮਝਦੇ ਸਾਂ। ਮੈਂ ਉਹਨਾਂ ਗੱਲਾਂ ਕਰਕੇ ਝਿਪਿਆ ਨਹੀਂ, ਤੇ ਨਾ ਹੀ ਇਹ ਠਹਾਕੇ ਮੇਰੇ ਉੱਤੇ ਲਾਏ ਗਏ ਸਨ।
ਬੋਲਿਆ—“ਮੈਨੂੰ ਸਾਰੀਆਂ ਗੱਲਾਂ ਦਾ ਪਤਾ ਏ ਸਰ! ਮੈਂ ਸਾਵਲੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਇਕ ਵਾਰੀ ਉਸ ਨਾਲ ਰੂ-ਬ-ਰੂ ਗੱਲਬਾਤ ਕਰਨੀ ਚਾਹੁੰਦਾ ਆਂ ਮੈਂ। ਆਈ ਐਨਸ਼ਿਓਰ ਯੂ ਸਰ! ਅਜਿਹਾ ਕੁਝ ਵੀ ਨਹੀਂ ਹੋਏਗਾ, ਜਿਸ ਨਾਲ ਮੇਰੇ ਬਾਰੇ ਤੁਹਾਡੇ ਮਨ ਵਿਚ ਕੋਈ ਸ਼ੰਕਾ ਪੈਦਾ ਹੋਏ। ਇਹ ਸਿਰਫ ਇਕ ਟੈਸਟ ਹੋਏਗਾ ਤੇ ਉਹ ਵੀ ਸਿਰਫ ਇਕੋ ਵਾਰੀ...”
“ਕੀ...ਕੀ ਕਹਿ ਰਹੇ ਓ ਤੁਸੀਂ ਰੋਹਿਤ?” ਉਹਨਾਂ ਦੀਆਂ ਅੱਖਾਂ ਹੈਰਾਨੀ ਵੱਸ ਫੈਲ ਗਈਆਂ ਸਨ—“ਉਸਨੂੰ ਫੜ੍ਹਨ ਜਾਂ ਮਾਰ ਦੇਣ ਦੀ ਬਜਾਏ ਤੁਸੀਂ ਉਸ ਨਾਲ ਗੱਲਬਾਤ ਕਰਨਾ ਚਾਹੁੰਦੇ ਓ!”
“ਹਾਂ, ਸਰ! ਬਸ ਸਿਰਫ ਇਕ ਵਾਰ। ਸਰ, ਮੈਂ ਲੀਕ ਤੋਂ ਹਟ ਕੇ ਕੁਛ ਕਰਨਾ ਚਾਹੁੰਦਾ ਆਂ। ਨਕਸਲੀਆਂ ਦੀ ਸੋਚ ਦੇ ਪਿੱਛੇ ਉਹਨਾਂ ਨਾਲ ਹੋ ਰਹੇ ਅਨਿਆਂ ਦਾ ਪ੍ਰਤੀਕਰਮ ਏਂ। ਇਕ ਹੱਦ ਤਕ ਸਹਿੰਦੇ ਰਹਿਣਾ ਅਖ਼ੀਰ ਹਿੰਸਾ ਵਿਚ ਤਬਦੀਲ ਹੋ ਜਾਣਾ ਏਂ। ਤੇ ਦੇਖਣ ਵਾਲੀ ਗੱਲ ਤਾਂ ਇਹ ਐ ਕਿ ਉਹਨਾਂ ਦੀ ਹਿੰਸਾ ਕਿਸੇ ਅਨਿਆਂ ਦੇ ਵਿਰੋਧ ਸਰੂਪ ਉਪਜੀ ਹੈ ਜਾਂ ਸੁਭਾਵਕ ਹੈ। ਮੇਰਾ ਹੁਣ ਤਕ ਦਾ ਅਧਿਅਨ ਉਹਨਾਂ ਬਾਰੇ ਇਹ ਹੈ ਕਿ ਉਹ ਸਿਰਫ ਆਤੰਕ ਫੈਲਾਉਣ ਦੀ ਗਰਜ਼ ਨਾਲ ਹਿੰਸਾ ਨਹੀਂ ਕਰ ਰਹੇ। ਇਹੀ ਕਾਰਨ ਏਂ ਕਿ ਉਹਨਾਂ ਦਾ ਏਡਾ ਵੱਡਾ ਸੰਗਠਨ ਏ...ਤੇ ਇਹ ਸੰਗਠਨ ਇਕ ਰਾਤ ਜਾਂ ਇਕ ਸਾਲ ਵਿਚ ਨਹੀਂ ਬਣ ਗਿਆ। ਉਸਦੇ ਬੀਜ ਸਾਡੇ ਸਿਸਟਮ ਵਿਚ ਹੀ ਕਿਤੇ ਮੌਜ਼ੂਦ ਹੈਨ।”
“ਯੂ ਆਰ ਰਾਈਟ ਮਿ. ਰੋਹਿਤ। ਪ੍ਰੋਸੀਡ ਆਨ। ਮੈਂ ਚਾਹੁੰਦਾ ਹਾਂ ਕਿ ਵਿਭਾਗ ਵਿਚ ਕੁਝ ਅਲਗ ਹਟ ਕੇ ਸੋਚਣ ਵਾਲੇ ਆਫ਼ੀਸਰਸ ਵੀ ਹੋਣ।” ਮੀਟਿੰਗ ਖ਼ਤਮ ਹੋ ਗਈ। ਮੀਟਿੰਗ ਪਿੱਛੋਂ ਕੁਝ ਅਧਿਕਾਰੀਆਂ ਨੇ ਮੈਨੂੰ ਘੇਰ ਲਿਆ। ਮੈਂ ਸ਼ਾਇਦ ਉਹਨਾਂ ਉੱਤੇ ਕੋਈ ਡੂੰਘਾ ਅਸਰ ਪਾ ਦਿੱਤਾ ਸੀ ਜਾਂ ਮੈਂ ਬਿਲਕੁਲ ਇਕ ਨਵਾਂ ਰਸਤਾ ਚੁਣਿਆ ਸੀ।
ਵਾਪਸ ਆਇਆ ਤਾਂ ਇਕੱਲਾਪਨ ਖਾਣ ਲੱਗਾ। ਇੱਥੇ ਨਾ ਤਾਂ ਕੋਈ ਕੰਪਨੀ ਸੀ ਤੇ ਨਾ ਕੋਹੀ ਮੈਗਜ਼ੀਨ ਜਾਂ ਕਿਤਾਬ ਹੀ ਮਿਲਦੀ ਸੀ।
ਇਕ ਸ਼ਾਮ ਦੀ ਗੱਲ ਹੈ। ਗਾੜ੍ਹਾਪਨ ਹਨੇਰੇ ਵਿਚ ਘੁਲ ਕੇ ਤੇਜ਼ੀ ਨਾਲ ਚੁਫੇਰੇ ਪਸਰ ਰਿਹਾ ਸੀ। ਪਹਾੜਾਂ ਤੇ ਜੰਗਲਾਂ ਨਾਲ ਘਿਰੀਆਂ ਬਸਤੀਆਂ ਵਿਚ ਸ਼ਾਮ ਜਲਦੀ ਹੋ ਜਾਂਦੀ ਹੈ। ਬੰਗਲੇ ਦੇ ਪਿੱਛੇ ਇਕ ਪਗਡੰਡੀ ਸੀ, ਜਿਹੜੀ ਸਿੱਧੀ ਜੰਗਲ ਵਿਚ ਘੁਸਦੀ ਚਲੀ ਜਾਂਦੀ ਸੀ। ਦੋਵੇਂ ਪਾਸੇ ਚੀੜ ਤੇ ਸਰਈ ਦੇ ਰੁੱਖ ਸਨ। ਇਸ ਕਰਕੇ ਹਨੇਰਾ ਹੋਰ ਵੱਧ ਸੰਘਣਾ ਲੱਗ ਰਿਹਾ ਸੀ। ਮੈਂ ਰੋਜ਼ ਹੀ ਇਸ ਵੇਲੇ ਘੁੰਮਣ ਨਿਕਲ ਜਾਂਦਾ ਸਾਂ। ਹਾਲਾਂਕਿ ਪੁਲਿਸ ਵਲਿਆਂ ਨੂੰ ਅਜਿਹੀ ਕੋਈ ਆਦਤ ਨਹੀਂ ਪਾਉਣੀ ਚਾਹੀਦੀ, ਕਿਉਂਕਿ ਆਦਤਾਂ ਵਿਚ ਹੀ ਕਮਜ਼ੋਰੀਆਂ ਛਿਪੀਆਂ ਹੁੰਦੀਆਂ ਨੇ। ਅੱਜ ਮੈਂ ਖ਼ਿਆਲਾਂ ਵਿਚ ਖੁੱਭਿਆ ਤੁਰਿਆ ਜਾ ਰਿਹਾ ਸਾਂ। ਬੰਗਲਾ ਅੱਧਾ ਜਾਂ ਪੌਣਾ ਕਿਲੋਮੀਟਰ ਪਿੱਛੇ ਰਹਿ ਗਿਆ ਸੀ। ਅਚਾਨਕ ਇੰਜ ਲੱਗਿਆ ਜਿਵੇਂ ਮੈਂ ਤੇਜ਼ ਗੰਧ ਵਾਲੀ ਫੁੱਲਾਂ ਦੀ ਵਾਦੀ ਵਿਚ ਪਹੁੰਚ ਗਿਆ ਹੋਵਾਂ। ਤੇਜ਼ ਗੰਧ, ਜਿਸਨੇ ਨੱਕ ਦੇ ਅਗਲੇ ਹਿੱਸੇ ਨੂੰ ਹਿੱਲਣ ਲਾ ਦਿੱਤਾ ਸੀ, ਮੈਨੂੰ ਚਾਰੇ ਪਾਸਿਓ ਘੇਰ ਕੇ ਨਸ਼ਿਆ ਰਹੀ ਸੀ। ਮੈਂ ਤ੍ਰਬਕਿਆ ਕਿ ਇੱਥੇ ਚਾਰੇ ਪਾਸੇ ਰੁੱਖਾਂ ਦੀ ਭਰਮਾਰ ਦੇ ਇਲਾਵਾ ਕੁਝ ਨਹੀਂ ਹੈ, ਫੇਰ ਇਹ ਤੇਜ਼ ਗੰਧ ਕਿੱਥੋਂ ਆ ਰਹੀ ਹੈ! ਰੋਜ਼ ਤਾਂ ਇੰਜ ਨਹੀਂ ਸੀ ਹੁੰਦਾ। ਮੈਂ ਅੱਖਾਂ ਪਾੜ ਪਾੜ ਕੇ ਚਾਰੇ ਪਾਸੇ ਦੇਖਣ ਲੱਗਾ। ਉੱਥੇ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਤੇ ਜੰਗਲ ਦੀਆਂ ਅਬੁੱਝ ਆਵਾਜ਼ਾਂ ਦੇ ਸਿਵਾਏ ਕੁਝ ਨਹੀਂ ਸੀ। ਗੂੜ੍ਹਾ ਹਨੇਰਾ ਹੋਰ ਗੂੜ੍ਹਾ ਹੋ ਗਿਆ ਸੀ। ਲੱਗਦਾ ਸੀ ਅੱਜ ਕਾਫੀ ਅੱਗੇ ਨਿਕਲ ਆਇਆ ਸਾਂ। ਹਨੇਰੇ 'ਚ ਗੰਧ ਦੇ ਸੋਮੇ ਨੂੰ ਲੱਭਣਾ ਬੜਾ ਮੁਸ਼ਕਿਲ ਸੀ। ਪਰ ਗੰਧ ਨੇ ਮੈਨੂੰ ਲੱਭ ਲਿਆ ਸੀ।
“ਰੁਕ ਜਾ! ਜਿੱਥੇ ਐਂ ਉੱਥੇ ਈ ਖੜ੍ਹਾ ਰਹਿ, ਆਪਣੀ ਜਗ੍ਹਾ ਤੋਂ ਹਿੱਲਣਾ ਨਹੀਂ ਡਿਪਟੀ।” ਗੰਧ ਨੇ ਹਨੇਰੇ 'ਚ ਕਿਸੇ ਪਾਸਿਓਂ ਚੇਤਾਵਨੀ ਦਿੱਤੀ।
ਮੈਂ ਠਠੰਬਰ ਗਿਆ। ਡਰ ਦੀ ਇਕ ਲਹਿਰ ਮੇਰੀ ਰੀੜ੍ਹ ਦੀ ਹੱਡੀ ਵਿਚ ਦੌੜ ਗਈ। ਉਸ ਤੇਜ਼ ਗੰਧ ਕਰਕੇ ਮੇਰਾ ਬੁਰਾ ਹਾਲ ਸੀ। ਆਵਾਜ਼ ਕਿਸੇ ਔਰਤ ਦੀ ਸੀ ਤੇ ਹਨੇਰੇ ਵਿਚ ਇੰਜ ਬੇਖ਼ੌਫ਼ ਲਲਕਾਰਣ ਵਾਲੀ ਸਾਵਲੀ ਹੀ ਹੋ ਸਕਦੀ ਹੈ। 'ਸਾਵਲੀ' ਸ਼ਬਦ ਜਿਵੇਂ ਹੀ ਮੇਰੇ ਦਿਮਾਗ਼ ਵਿਚ ਆਇਆ ਮੈਨੂੰ ਕੰਬਨੀ ਜਿਹੀ ਛਿੜ ਪਈ।
ਹੁਣ ਮੇਰੇ ਚਾਰੇ ਪਾਸੇ ਨਕਸਲੀ ਫੈਲੇ ਹੋਏ ਸਨ। ਹਨੇਰੇ ਵਿਚ ਹੀ ਉਹਨਾਂ ਦੀਆਂ ਨਜ਼ਰਾਂ ਮੇਰੇ ਉੱਤੇ ਟਿਕੀਆਂ ਹੋਈਆਂ ਸਨ। ਉਹ ਪੰਜ, ਪੰਦਰਾਂ—ਕਿੰਨੇ ਵੀ ਹੋ ਸਕਦੇ ਨੇ, ਹਥਿਆਰਾਂ ਨਾਲ ਲੈਸ। ਚੇਤਾਵਨੀ ਸਾਵਲੀ ਨੇ ਹੀ ਦਿੱਤੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਸੀ ਰਹਿ ਗਿਆ। ਮੇਰਾ ਅਹੁਦੇ, ਕੁਰਸੀ ਦਾ ਸਾਰਾ ਵਡਪਣ ਇਕੋ ਛਿਣ ਵਿਚ ਕਾਫ਼ੂਰ ਹੋ ਗਿਆ।
“ਤੂੰ ਮੈਨੂੰ ਮਿਲਣਾ ਚਾਹੁੰਦਾ ਏਂ, ਕਿਉਂ?” ਗੰਧ ਨੇ ਫੇਰ ਕਿਹਾ।
ਇਸ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਤੂੰ ਉਸ ਤੇਜ਼ ਗੰਧ ਵਾਲੇ ਫੁੱਲਾਂ ਦਾ ਨਾਂ ਦੱਸ ਸਾਵਲੀ, ਜਿਹੜੇ ਸ਼ਾਇਦ ਤੂੰ ਜੂੜੇ ਵਿਚ ਲਾਏ ਹੋਏ ਨੇ। ਹੁਣ ਇੱਥੇ ਨਾ ਤਾਂ ਕਾਇਰਤਾ ਦਿਖਾਈ ਜਾ ਸਕਦੀ ਸੀ ਤੇ ਨਾ ਹੈਂਕੜੀ। ਇਹ ਤੈਅ ਸੀ ਕਿ ਜੇ ਉਹ ਮਾਰਨਾ ਚਾਹੁੰਦੇ ਤਾਂ ਕਿਸੇ ਵੀ ਪਾਸਿਓਂ ਹਨੇਰੇ ਵਿਚ ਲੁਕੀ ਇਕ ਗੋਲੀ ਆਉਂਦੀ ਤੇ ਸੀਨੇ ਵਿਚ ਧਸ ਜਾਂਦੀ। ਉਹਨਾਂ ਇੰਜ ਨਹੀਂ ਕੀਤਾ। ਇਸ ਕਰਕੇ ਡਰ ਕੁਝ ਘਟ ਗਿਆ।
“ਹਾਂ! ਮੈਂ ਗੱਲ ਕਰਨਾ ਚਾਹੁੰਦਾ ਸਾਂ ਤੇਰੇ ਨਾਲ। ਮਿਲ ਬੈਠ ਕੇ ਅਸੀਂ ਕੁਝ ਤੈਅ ਕਰ ਲਈਏ...”
“ਤੇਰਾ ਵਿਭਾਗ ਕੁਝ ਤੈਅ ਕਰਨਾ ਨਹੀਂ ਚਾਹੁੰਦਾ ਡਿਪਟੀ! ਫੇਰ ਵੀ, ਤੂੰ ਸਾਨੂੰ ਚੰਗਾ ਅਫ਼ਸਰ ਲੱਗਦਾ ਏਂ। ਤੂੰ ਜਿਸ ਤਰ੍ਹਾਂ ਸ਼ਿਵ ਰਾਮ ਕੁੰਠੇ ਦਾ ਕੇਸ ਸੁਲਝਾਇਆ ਏ। ਮੈਂ ਤੇਰੀ ਤਾਰੀਫ਼ ਕਰਦੀ ਆਂ।” ਗੰਧ ਨੇ ਕਿਹਾ ਤੇ ਹਨੇਰੇ ਦੇ ਪਰਦੇ ਨੂੰ ਚੀਰ ਕੇ ਸਾਵਲੀ ਤਿੰਨ ਕੁ ਫੁੱਟ ਦੇ ਫਾਸਲੇ 'ਤੇ ਆ ਖੜ੍ਹੀ ਹੋਈ।
ਉਹ ਫਾਸਲਾ ਭਾਵੇਂ ਕਿੰਨਾ ਵੀ ਹੋਵੇ, ਮੈਂ ਉਸਨੂੰ ਦੇਖ ਕੇ ਹੈਰਾਨੀ ਨਾਲ ਤ੍ਰਬਕਿਆ ਸਾਂ। ਏਨੇ ਘੱਟ ਚਾਨਣ ਵਿਚ ਠੋਸ ਜੋਬਨ ਤੇ ਦਲੇਰੀ ਦੀ ਸਾਕਾਰ ਮੂਰਤ ਸਾਵਲੀ ਖੜ੍ਹੀ ਸੀ, ਸਿੱਧਾ ਮੇਰੀਆਂ ਅੱਖਾਂ ਵਿਚ ਤੱਕਦੀ ਹੋਈ। ਯਕਸ਼ਨੀ (ਦੇਵ ਦਾਸੀ) ਵਰਗਾ ਸ਼ਿਆਮਲ ਰੂਪ। ਸਿਓ ਵਾਂਗ ਭਰੀ ਭਰੀ ਦੇਹ। ਸਾਧਾਰਣ ਕੱਦ ਦੀ ਉਹ ਨਕਸਲੀ। ਉਸਦੇ ਮੋਢੇ ਉੱਤੇ ਕਾਰਬਾਈਨ ਟੰਗੀ ਹੋਈ ਸੀ...ਠਾਹ! ਠਾਹ! ਠਾਹ! ਗੋਲੀਆਂ ਨਹੀਂ ਜਵਾਂਕੁਸੁਮ ਦੇ ਫੁੱਲ ਨਿਕਲਦੇ ਹੋਣਗੇ ਉਸਦੀ ਕਾਰਬਾਈਨ ਵਿਚੋਂ। ਸਹੀ ਕਿਹਾ ਸੀ ਐਸ.ਪੀ. ਸਾਹਬ ਨੇ, ਅਜਿਹਾ ਰੂਪ ਕਿ ਕਿਸੇ ਦਾ ਵੀ ਈਮਾਨ ਡੋਲ ਜਾਏ। ਸਿਰ ਉੱਤੇ ਸੰਘਣੇ ਕੇਸਾਂ ਦਾ ਜੂੜਾ...ਤੇਰੇ ਵਾਲਾਂ ਦੀ ਛਾਂ ਜਿਵੇਂ ਸਰਈ ਦੀ ਛਾਂ—ਰੂਪ ਤੇ ਆਤੰਕ ਦਾ ਅਦਭੁਤ ਸੰਗਮ...ਹਨੇਰੇ ਵਿਚ ਵੀ ਉਹ ਇਵੇਂ ਦਗ ਰਹੀ ਸੀ।
ਹੁਣੇ ਜਿਸ ਸ਼ਿਵ ਰਾਮ ਕੁੰਠੇ ਦੀ ਗੱਲ ਸਾਵਲੀ ਨੇ ਕੀਤੀ ਸੀ, ਉਸਦੇ 17-18 ਸਾਲ ਦੇ ਸਕੂਲ ਪੜ੍ਹਦੇ ਮੁੰਡੇ ਨੂੰ ਪੁਲਿਸ ਫੜ੍ਹ ਲਿਆਈ ਸੀ। ਸ਼ੱਕ ਸੀ ਕਿ ਇਹ ਮੁੰਡਾ ਨਕਸਲੀਆਂ ਲਈ ਕੰਮ ਕਰਦਾ ਹੈ। ਘਰੋਂ ਦੋ ਦੋ ਤਿੰਨ ਤਿੰਨ ਦਿਨ ਗ਼ਾਇਬ ਰਹਿ ਕੇ ਜੰਗਲ ਵਿਚ ਬੰਦੂਕ ਚਲਾਉਣ ਦੀ ਟਰੇਨਿੰਗ ਲੈਂਦਾ ਹੈ। ਮੈਂ ਜਾਣਦਾ ਸੀ ਕਿ ਜੇ ਇਸ ਮੁੰਡੇ ਨੂੰ ਟਾਰਚਰ ਕੀਤਾ ਗਿਆ ਤਾਂ ਇਹ ਪੱਕੇ ਤੌਰ 'ਤੇ ਜੰਗਲ ਦੀ ਰਾਹ ਫੜ੍ਹ ਲਏਗਾ। ਉਸਦੇ ਖ਼ਿਲਾਫ਼ ਪੁਲਿਸ ਦੇ ਕੋਲ ਕੋਈ ਠੋਸ ਸਬੂਤ ਨਹੀਂ ਹੈ। ਲਾਕਅੱਪ 'ਚੋਂ ਕੱਢ ਕੇ ਮੈਂ ਉਸਨੂੰ ਆਪਣੇ ਬੰਗਲੇ 'ਚ ਬੁਲਾਇਆ ਤੇ ਉਸ ਨਾਲ ਗੱਲਬਾਤ ਕੀਤੀ। ਮੁੰਡੇ ਨੇ ਦੱਸਿਆ ਕਿ ਆਪਣੇ ਟੋਲੇ ਵਿਚ ਸਿਰਫ ਉਹੀ ਇਕੱਲਾ ਸਕੂਲ ਜਾਂਦਾ ਹੈ। ਉਸਨੂੰ ਸਕੂਲ ਜਾਣਾ ਚੰਗਾ ਲੱਗਦਾ ਹੈ, ਉਸਨੂੰ ਕਿਤਾਬਾਂ ਚੰਗੀਆਂ ਲੱਗਦੀਆਂ ਨੇ। ਸਭ ਤੋਂ ਵੱਧ ਚੰਗੀ ਉਸਨੂੰ ਨਰਸਰੀ ਵਾਲੀ ਕਿਤਾਬ ਲੱਗਦੀ ਹੈ। ਉਹ ਜੜੀ-ਬੂਟੀਆਂ ਦੀ ਭਾਲ ਵਿਚ ਕੁਝ ਦਿਨਾਂ ਲਈ ਜੰਗਲ ਵਿਚ ਚਲਾ ਜਾਂਦਾ ਹੈ। ਜੜੀਆਂ ਇਕੱਠੀਆਂ ਕਰ ਲਿਆਉਂਦਾ ਹੈ ਤੇ ਬਾਣੀਏ ਨੂੰ ਵੇਚ ਕੇ ਘਰ ਲਈ ਚੌਲ ਤੇ ਹੋਰ ਸਾਮਾਨ ਲੈ ਲੈਂਦਾ ਹੈ। ਇਸ ਨਾਲ ਪਿਤਾ ਨੂੰ ਕੁਝ ਸਹਾਰਾ ਲੱਗ ਜਾਂਦਾ ਏ। ਘਰ ਉਸਦੇ ਦੋ ਭਰਾ ਹੋਰ ਨੇ, ਪਰ ਉਹ ਸਕੂਲ ਨਹੀਂ ਜਾਂਦੇ। ਮੈਂ ਪਿੰਡ ਦੇ ਬਾਣੀਏ ਨੂੰ ਬੁਲਾ ਕੇ ਮੁੰਡੇ ਦੀ ਗੱਲ ਦੀ ਪੁਸ਼ਟੀ ਕਰ ਲਈ ਤੇ ਉਸਨੂੰ ਛੱਡ ਦਿੱਤਾ।
“ਇਹ ਤੇਰੀ ਕੋਈ ਚਾਲ ਤਾਂ ਨਹੀਂ...ਮੈਨੂੰ ਫੜ੍ਹਨ ਦੀ ਜਾਂ ਗੋਲੀ ਚਲਾ ਕੇ ਮਾਰ ਦੇਣ ਦੀ?”
“ਯਕੀਨ ਕਰ ਸਕੇਂ ਤਾਂ ਅਜਿਹਾ ਕੁਝ ਵੀ ਨਹੀਂ।” ਮੈਨੂੰ ਲੱਗਿਆ ਸਮਝੌਤਾ ਐਕਸਪ੍ਰੈੱਸ ਚੱਲਣ ਦੀ ਤਿਆਰ 'ਚ ਹੈ।
“ਤੂੰ ਓਹੋ-ਜਿਹਾ ਪੁਲਿਸ ਵਾਲਾ ਨਹੀਂ ਡਿਪਟੀ। ਖ਼ੈਰ, ਕੋਈ ਹਰਜ਼ ਨਹੀਂ, ਪਰ ਤੈਨੂੰ ਸਾਡੇ ਕੋਲ ਆਉਣਾ ਪਏਗਾ, ਇਕੱਲਿਆਂ ਤੇ ਨਿਹੱਥੇ, ਪਰ ਖ਼ਬਰਦਾਰ ਕੋਈ ਚਾਲਾਕੀ ਨਾ ਕਰੀਂ, ਨਹੀਂ ਤਾਂ ਜਾਨ ਤੋਂ ਹੱਥ ਧੋ ਬੈਠੇਂਗਾ।...ਇੰਤਜ਼ਾਰ ਕਰ।” ਦੂਜੇ ਪਲ ਸਾਵਲੀ ਹਨੇਰੇ ਵਿਚ ਘੁਲਣ ਲੱਗੀ, ਫੇਰ ਪੂਰੀ ਤਰ੍ਹਾਂ ਅਲੋਪ ਹੋ ਗਈ। ਹੁਣ ਗੰਧ ਵੀ ਨਹੀਂ ਸੀ ਆ ਰਹੀ, ਹਨੇਰੇ ਤੋਂ ਡਰ ਵੀ ਨਹੀਂ ਸੀ ਲੱਗ ਰਿਹਾ ਕਿ ਮੈਂ ਬਿਲਕੁਲ ਇਕੱਲਾ ਖੜ੍ਹਾ ਹਾਂ।
ਵਾਪਸ ਆ ਕੇ ਸੁਕਯਾ ਨੂੰ ਮੈਂ ਕੁਝ ਵੀ ਨਹੀਂ ਸੀ ਦੱਸਿਆ।
ਇਸ ਮੁਲਾਕਾਤ ਪਿੱਛੋਂ ਮੈਂ ਕਈ ਰਾਤਾਂ ਬੇਚੈਨ ਰਿਹਾ। ਸੋਚਿਆ ਇਸ ਮੁਲਾਕਾਤ ਬਾਰੇ ਆਪਣੇ ਅਫ਼ਸਰਾਂ ਨੂੰ ਦੱਸ ਦਿਆਂ। ਜੇ ਕਿਤੇ ਉਹਨਾਂ ਪੁੱਛ ਲਿਆ ਕਿ ਸਾਵਲੀ ਵਰਗੀ ਖ਼ਤਰਨਾਕ ਔਰਤ ਨਾਲ ਮੁਲਾਕਾਤ ਕਰਕੇ ਕੀ ਸਮਝਾਏਂਗਾ ਉਸਨੂੰ...ਤਾਂ ਉਹਨਾਂ ਨੂੰ ਕੀ ਜਵਾਬ ਦਿਆਂਗਾ? ਅਜੇ ਕੁਝ ਵੀ ਮੇਰੇ ਮਨ ਵਿਚ ਸਪਸ਼ਟ ਨਹੀਂ ਸੀ। ਇਹ ਵੀ ਪੱਕਾ ਨਹੀਂ ਕਿ ਉਹ ਮੇਰੀ ਕੋਈ ਗੱਲ ਮੰਨ ਲਏਗੀ। ਪੁਲਿਸ ਦੀਆਂ ਨਜ਼ਰਾਂ ਵਿਚ ਉਹ ਸਭ ਤੋਂ ਵੱਡੀ ਮੁਜਰਿਮ ਸੀ, ਕਿਉਂਕਿ ਉਸਨੇ ਇਕ ਪੁਲਿਸਵਾਲੇ ਦੀ ਹੱਤਿਆ ਕੀਤੀ ਸੀ। ਇਹ ਵੀ ਤੈਅ ਸੀ ਕਿ ਮੇਰੇ ਮੰਤਵ ਨੂੰ ਵਿਭਾਗ ਕੋਈ ਮਹੱਤਵ ਨਹੀਂ ਦਏਗਾ। ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਮਿਲਣ ਦੀ ਸੰਭਾਵਨਾ ਨਹੀਂ ਸੀ। ਮੈਂ ਫੈਸਲਾ ਕਰ ਲਿਆ ਕਿ ਸਾਵਲੀ ਨਾਲ ਹੋਈ ਇਸ ਮੁਲਾਕਾਤ ਬਾਬਤ ਕਿਸੇ ਨੂੰ ਕੁਝ ਨਹੀਂ ਦੱਸਾਂਗਾ।
ਮੇਰੇ ਮਨ ਵਿਚ ਇਕ ਗੱਲ ਬਿਲਕੁਲ ਸਪਸ਼ਟ ਸੀ ਕਿ ਅਨਿਆਂ ਤੇ ਸ਼ੋਸ਼ਣ ਦੇ ਸਰੋਕਾਰਾਂ ਨੂੰ ਭਾਵੇਂ ਪੂਰੀ ਤਰ੍ਹਾਂ ਨਾ ਮਿਟਾਇਆ ਜਾ ਸਕੇ, ਪਰ ਜੇ ਉਹਨਾਂ 'ਤੇ ਲਗਾਮ ਕਸ ਦਿੱਤੀ ਜਾਏ ਤਾਂ ਨਕਸਲਵਾਦ ਉੱਤੇ ਕਾਫੀ ਹੱਦ ਤਕ ਕਾਬੂ ਪਾਇਆ ਜਾ ਸਕਾ ਹੈ। ਸਾਧਾਰਣ ਤੌਰ 'ਤੇ ਮਨੁੱਖ ਹੈ ਤਾਂ ਇਕ ਸਾਮਾਜਿਕ ਪ੍ਰਾਣੀ ਹੀ ਤੇ ਸ਼ਾਂਤੀ ਤੇ ਸੁਰੱਖਿਆ ਦੀ ਛਾਂ ਵਿਚ ਰਹਿਣਾ ਚਾਹੁੰਦਾ ਹੈ। ਕਿਸੇ ਮਜਬੂਰੀ ਵਿਚ ਹੀ ਕੋਈ ਗ਼ੈਰ-ਸਾਮਾਜਿਕ ਬਣਦਾ ਹੈ। ਔਖੀਆਂ ਪ੍ਰਸਥਿਤੀਆਂ ਦੇ ਮੁਕਾਬਲੇ ਲਈ ਹੀ ਆਦਮੀ ਹਥਿਆਰ ਚੁੱਕਦਾ ਹੈ। ਜੇ ਉਹ ਪ੍ਰਸਥਿਤੀਆਂ ਮਿਟਾ ਦਿੱਤੀਆਂ ਜਾਣ, ਤਾਂ ਨਕਸਲਵਾਦ ਰੁਕ ਸਕਦਾ ਹੈ। ਹਾਲਾਂਕਿ, ਔਖਾ ਤੇ ਲੰਮਾਂ ਕਾਰਜ ਹੈ ਇਹ, ਪਰ ਸ਼ੁਰੂਆਤ ਤਾਂ ਕੀਤੀ ਹੀ ਜਾ ਸਕਦੀ ਹੈ।
ਅਗਲੀ ਮੀਟਿੰਗ ਜਲਦੀ ਹੀ ਹੋਈ। ਮੈਂ ਪੁਲਿਸ ਕਪਤਾਨ ਸਾਹਵੇਂ ਰਾਜਸਵ (ਮਾਮਲਾ) ਵਿਭਾਗ ਦੇ ਸਹਿਯੋਗ ਦੀ ਗੱਲ ਰੱਖ ਦਿੱਤੀ। ਮੈਂ ਤਰਕ ਪੇਸ਼ ਕੀਤਾ ਕਿ ਆਦਿਵਾਸੀਆਂ ਦੇ ਕਲਿਆਣ ਲਈ ਜਿੰਨੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ, ਉਹਨਾਂ ਉੱਤੇ ਦੋਵੇਂ ਵਿਭਾਗ ਰਲ ਕੇ ਨਜ਼ਰ ਰੱਖਣ ਤਾਂ ਉਹਨਾਂ ਦਾ ਪੂਰਾ ਪੂਰਾ ਲਾਭ ਉਹਨਾਂ ਨੂੰ ਮਿਲ ਸਕਦਾ ਹੈ। ਉਹ ਆਪਣੀਆਂ ਸਮੱਸਿਆਵਾਂ 'ਚੋਂ ਨਿਕਲਣਗੇ ਤੇ ਆਪਣੀ ਸਥਿਤੀ ਨੂੰ ਬਿਹਤਰ ਬਾਉਣ ਵਿਚ ਕਾਮਯਾਬ ਹੋ ਜਾਣਗੇ। ਲੋੜ ਇਸ ਗੱਲ ਦੀ ਹੈ ਕਿ ਯੋਜਨਾਵਾਂ ਪੂਰੀ ਤਰ੍ਹਾਂ ਤੇ ਈਮਾਨਦਾਰੀ ਨਾਲ ਲਾਗੂ ਕੀਤੀਆਂ ਜਾਣ।
ਪੁਲਿਸ ਕਪਤਾਨ ਵੱਲੋਂ ਕਲੈਕਟਰ ਨੂੰ ਚਿੱਠੀ ਕੱਢ ਦਿੱਤੀ ਗਈ। ਕਲੈਕਟਰ ਨੇ ਵੀ ਤਤਪਰਤਾ ਦਿਖਾਈ ਤੇ ਪੰਦਰਾਂ ਦਿਨਾਂ ਬਾਅਦ ਹੀ ਸਾਰੇ ਵਿਭਾਗਾਂ ਦੀ ਮੀਟਿੰਗ ਬੁਲਾਅ ਲਈ। ਉਸ ਮੀਟਿੰਗ ਵਿਚ ਪੁਲਿਸ ਵਿਭਾਗ ਪਹਿਲੀ ਵਾਰੀ ਸ਼ਾਮਿਲ ਹੋਇਆ ਸੀ। ਜਦੋਂ ਮੈਂ ਮੀਟਿੰਗ ਵਿਚ ਆਪਣੀ ਪੂਰੀ ਰਿਪੋਰਟ ਪੜ੍ਹੀ, ਤਾਂ ਹਾਏ ਤੌਬਾ ਮੱਚ ਗਈ। ਰਿਪੋਰਟ ਵਿਚ ਮੈਂ ਇਹ ਸਪਸ਼ਟ ਕੀਤਾ ਸੀ ਕਿ ਪਿਛਲੇ ਤਿੰਨ ਸਾਲਾਂ ਵਿਚ ਕਿਸ ਯੋਜਨਾ ਨੂੰ ਲਾਗੂ ਕਰਨ ਵਿਚ ਕਿਹੜੀਆਂ ਕਿਹੜੀਆਂ ਖ਼ਾਮੀਆਂ ਰਹੀਆਂ ਨੇ ਜਿਸ ਕਰਕੇ ਯੋਜਨਾ ਦਾ ਪੂਰਾ ਲਾਭ ਨਹੀਂ ਮਿਲ ਸਕਿਆ। ਦੂਜੇ ਵਿਭਾਗਾਂ ਨੂੰ ਪੁਲਿਸ ਵਿਭਾਗ ਦਾ ਇਹ ਗ਼ੈਰ-ਜ਼ਰੂਰੀ ਦਖ਼ਲ ਲੱਗਿਆ। ਰਿਪੋਰਟ ਵਿਚ ਇਕ ਤਰ੍ਹਾਂ ਨਾਲ ਉਹਨਾਂ ਦੇ ਵਿਭਾਗਾਂ ਵੱਲ ਉਂਗਲ ਸਿੰਨ੍ਹੀ ਗਈ ਸੀ। ਕਲੈਕਟਰ ਨੇ ਇਸ ਰਿਪੋਰਟ ਦੀ ਤਾਰੀਫ਼ ਕੀਤੀ ਤੇ ਇਕ ਲਾਈਨ ਆਫ਼ ਐਕਸ਼ਨ ਬਣਾ ਦਿੱਤੀ ਤੇ ਸਖ਼ਤੀ ਨਾਲ ਅਮਲ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ। ਅਗਲੀ ਮੀਟਿੰਗ ਵਿਚ ਉਸਦੀ ਸਮੀਖਿਆ ਹੋਣੀ ਸੀ।
ਅਗਲੇ ਦੋ ਮਹੀਨੇ ਪੂਰੀ ਤਰ੍ਹਾਂ ਸ਼ਾਂਤਮਈ ਬੀਤੇ ਤੇ ਨਕਸਲੀਆਂ ਨੇ ਕੋਈ ਵਾਰਦਾਤ ਨਹੀਂ ਕੀਤੀ। ਇਸ ਦੌਰਾਨ ਮਾਂ ਦੀ ਬਿਮਾਰੀ ਦੀ ਖ਼ਬਰ ਮਿਲੀ। ਉਹਨਾਂ ਨੂੰ ਮਿਲ ਵੀ ਆਇਆ। ਉਹਨਾਂ ਨੂੰ ਨਾਲ ਰੱਖਣ ਦਾ ਮੰਸ਼ਾ ਜ਼ਾਹਰ ਕੀਤਾ ਪਰ ਮਾਂ ਵਡੇ-ਵਡੇਰਿਆਂ ਦੇ ਘਰ ਨੂੰ ਛੱਡਣ ਲਈ ਤਿਆਰ ਨਹੀਂ ਹੋਈ। ਉਹਦਾ ਤਰਕ ਸੀ ਕਿ ਉਹ ਆਪਣੇ ਘਰ ਵਿਚ ਹੀ ਆਪਣਾ ਅੰਤਮ ਸਮਾਂ ਬਿਤਾਉਣਾ ਚਾਹੁੰਦੀ ਏ। ਇਕੱਲੇ ਹੀ ਵਾਪਸ ਆਉਣਾ ਪਿਆ।
ਵਾਪਸ ਆ ਕੇ ਰਾਜਸਵ ਵਿਭਾਗ ਦੇ ਐੱਸ.ਡੀ.ਓ. ਨਾਲ ਮੁਲਾਕਾਤ ਕੀਤੀ। ਉਹ ਠੁੱਸ ਜਿਹੇ ਆਦਮੀ ਲੱਗੇ। ਇਕ ਬੱਧੀ-ਰੁੱਝੀ ਸੋਚ ਸੀ ਉਹਨਾਂ ਦੀ ਤੇ ਕੁਝ ਪੁਰਾਣੇ ਸੰਸਕਾਰ। ਜਿਸਦੇ ਘੇਰੇ ਵਿਚੋਂ ਨਿਕਲਣਾ ਉਹਨਾਂ ਨੂੰ ਮੰਜ਼ੂਰ ਨਹੀਂ ਸੀ। ਪੱਕੀ ਉਮਰ ਦੇ ਰੰਗੀਨ-ਮਿਜ਼ਾਜ ਅਫ਼ਸਰ ਸਨ ਉਹ। ਪੁੜਪੁੜੀਆਂ ਉੱਤੇ ਕਾਲੇ-ਚਿੱਟੇ ਵਾਲ, ਸਿਰ ਦੇ ਬਾਕੀ ਵਾਲ ਬਾਲਗਾਰਨੀਅਰ ਕਲਰ ਕਰਕੇ ਚਮਕਾਏ ਹੋਏ। ਭੂਰੇ ਭੂਰੇ।...ਸ਼ਾਇਦ ਰੋਜ਼ ਸ਼ੈਂਪੂ ਕਰਦੇ ਸਨ। ਵਿਗਿਆਪਨ ਜਿੰਨੇ ਚਮਕਦਾਰ ਤੇ ਮਜਬੂਤ ਤਾਂ ਨਹੀਂ ਸਨ, ਪਰ ਉਹਨਾਂ ਨੂੰ ਸੈਕਸੀ ਅੰਦਾਜ਼ ਵਿਚ ਲਹਿਰਾਉਂਦੇ ਹੋਏ ਕਿਹਾ ਜਾ ਸਕਦਾ ਸੀ।
ਬੋਲੇ—“”ਮਿ. ਰੋਹਿਤ! ਅਜੇ ਤਾਂ ਤੁਸੀਂ ਜਵਾਨ ਓ। ਲਾਈਫ਼ ਇੰਜਵਾਏ ਕਰੋ। ਅਹਿ ਕੀ ਰਿਪੋਟਾਂ ਦਾ ਪੋਥਾ ਤਿਆਰ ਕਰਨ ਬੈਠ ਗਏ। ਸੱਚੀਂ, ਮੇਰੇ ਤਾਂ ਸਿਰ ਪੀੜ ਹੋਣ ਲੱਗ ਪੈਂਦੀ ਏ ਐਸੀਆਂ ਰਿਪੋਟਾਂ ਨਾਲ। ਏਥੇ ਤਾਂ ਸੈਕਸ ਈ ਸੈਕਸ ਐ, ਯਕਦਮ ਠੋਸ ਸੈਕਸ—ਸੌਂਹ ਪੁਆ ਲਓ। ਸੱਚੀਂ ਮਜ਼ਾ ਆ ਜਾਂਦੈ। ਕਿੱਥੇ ਸੁਧਾਰ ਦੇ ਪੰਗੇ 'ਚ ਪਏ ਓ ਯਾਰ! ਇਹ ਸਹੁਰੇ ਆਦਿਵਾਦੀ ਸੁਧਰਣ ਵਾਲੇ ਨਹੀਂ, ਲੱਖ ਯਤਨ ਕਰ ਲਓ। ਨਾਲੇ ਫੇਰ ਅਸੀਂ ਲੋਕਾਂ ਏਥੇ ਰਹਿਣਾ ਕਿੰਨੇ ਦਿਨ ਐਂ? ਮੈਂ ਤੋ ਕਦੋਂ ਦਾ ਫੁੱਟ ਲੈਂਦਾ ਇੱਥੋਂ...ਸ਼ਰਾਬ ਤੇ ਸ਼ਬਾਬ ਈ ਰੋਕੀ ਬੈਠੈ।” ਫੇਰ ਉਹ ਸਕੈਸ ਦਾ ਇਕ ਲੰਮਾ ਚੌੜਾ ਕਿੱਸਾ ਛੇੜ ਕੇ ਬੈਠ ਗਏ ਜਿਹੜਾ ਰਤਲਾਮ ਜਾਂ ਝਾਬੁਆ ਕਿਤੋਂ ਦਾ ਸੀ। ਉਹ ਉਸ ਰਸਮਈ ਕਿੱਸੇ ਵਿਚ ਮੈਨੂੰ ਡੁਬੋਨਾ ਚਾਹੁੰਦੇ ਸੀ—ਪਰ ਖ਼ੁਦ ਟੁੱਭੀਆਂ ਲਾਉਂਦੇ ਰਹੇ ਤੇ ਮੈਂ ਕਿਨਾਰੇ ਬੈਠਾ ਰਿਹਾ।
ਉਹਨਾਂ ਨੂੰ ਮਿਲ ਕੇ ਕੋਈ ਖੁਸ਼ੀ ਨਹੀਂ ਹੋਈ। ਉਮੀਦ ਨੂੰ ਥੋੜ੍ਹਾ ਧੱਕਾ ਜ਼ਰੂਰ ਲੱਗਾ, ਪਰ ਸੰਕਲਪ ਨਹੀਂ ਟੁੱਟਿਆ। ਮੈਂ ਜਾਣਦਾ ਸੀ ਕਿ ਆਪਣੀ ਸੋਚ ਵਾਲਾ ਮੈਂ ਇਕੱਲਾ ਅਫ਼ਸਰ ਹਾਂ ਤੇ ਕਿਤੋਂ ਵੀ ਕੋਈ ਬਹੁਤੀ ਮਦਦ ਮਿਲਣ ਵਾਲੀ ਨਹੀਂ। ਰਾਜਸਵ ਵਿਭਾਗ ਆਪਣੇ ਅਣਮਨੇ ਮਨ ਨਾਲ ਉਂਘਦਾ ਸੁੱਤਾ ਹੋਇਆ ਹੈ।
ਆਦਿਵਾਸੀਆਂ ਦੀਆਂ ਸਮੱਸਿਆਵਾਂ ਬੜੀਆਂ ਉਲਝੀਆਂ ਹੋਈਆਂ ਸਨ, ਤੇ ਉਹਨਾਂ ਨੂੰ ਸਮਝੇ ਬਿਨਾਂ ਉਹਨਾਂ ਦੇ ਹਿਤ ਵਿਚ ਕੰਮ ਨਹੀਂ ਸੀ ਕੀਤਾ ਜਾ ਸਕਦਾ। ਸਭ ਤੋਂ ਵੱਡੀ ਸਮੱਸਿਆ ਸੀ—ਮਹਾਜਨ। ਇੱਥੇ ਜਿੰਨੇ ਵੀ ਮਹਾਜਨ ਸਨ, ਸਾਰੇ ਗ਼ੈਰ-ਆਦਿਵਾਸੀ ਸਨ, ਇੱਥੋਂ ਤਕ ਕਿਸ ਸਰਕਾਰੀ ਕਰਮਚਾਰੀ ਵੀ ਚੋਰੀ-ਛੁਪੇ ਮਹਾਜਨੀ ਕਰਦੇ ਸਨ। ਮਹਾਜਨ ਦੇਂਦਾ ਤਾਂ ਥੋੜ੍ਹਾ ਜਿਹਾ ਕਰਜਾ ਸੀ ਤੇ ਪਤਾ ਨਹੀਂ ਕਿਹੜੇ ਕਿਹੜੇ ਕਾਗਜ਼ਾਂ ਉੱਤੇ ਉਸ ਭੂਪਤੀ ਆਦਿਵਾਸੀ ਦਾ ਅੰਗੂਠਾ ਲਗਵਾ ਲੈਂਦਾ ਸੀ। ਸਾਲ ਦੋ ਸਾਲ ਵਿਚ ਹੀ ਉਸ ਆਦਿਵਾਸੀ ਦੀ ਸਾਰੀ ਜ਼ਮੀਨ ਉਸ ਮਹਾਜਨ ਦੇ ਕਬਜ਼ੇ ਵਿਚ ਚਲੀ ਜਾਂਦੀ ਸੀ। ਸਰਕਾਰੀ ਕਾਗਜ਼ਾਂ ਵਿਚ ਭਾਵੇਂ ਨਾਂ ਉਸ ਆਦਿਵਾਸੀ ਦਾ ਹੀ ਚੜ੍ਹਿਆ ਹੁੰਦਾ ਸੀ। ਕਾਨੂੰਨ ਅਨੁਸਾਰ ਕੋਈ ਗ਼ੈਰ-ਆਦਿਵਾਸੀ ਬਿਨਾਂ ਕਲੈਕਟਰ ਦੀ ਮੰਜ਼ੂਰੀ ਦੇ ਆਦਿਵਾਸੀ ਦੀ ਭੋਇੰ ਨਹੀਂ ਸੀ ਖਰੀਦ ਸਕਦਾ। ਉਹ ਆਦਿਵਾਸੀ ਆਪਣੀ ਜ਼ਮੀਨ 'ਤੇ ਹੀ ਮਜ਼ਦੂਰ ਬਣ ਜਾਂਦਾ ਸੀ ਤੇ ਉਸ ਜ਼ਮੀਨ ਦਾ ਮਾਲਿਕ ਉਹ ਮਹਾਜਨ ਹੋ ਜਾਂਦਾ ਸੀ।
ਸਰਕਾਰ ਨੇ ਆਦਿਵਾਸੀਆਂ ਨੂੰ ਕਰਜ਼ਾ ਦੇਣ ਲਈ ਗ੍ਰਾਮੀਨ ਬੈਂਕ ਖੋਲ੍ਹੇ ਹੋਏ ਸਨ, ਪਰ ਬੈਂਕ ਦੇ ਕਰਮਚਾਰੀਆਂ ਦਾ ਰਵੱਈਆ ਆਦਿਵਾਸੀਆਂ ਦੇ ਪ੍ਰਤੀ ਕਤਈ ਹਮਦਰਦੀ ਭਰਿਆ ਨਹੀਂ ਸੀ ਹੁੰਦਾ। ਮਹੀਨਿਆਂ ਬੱਧੀ ਚੱਕਰ ਲੁਆਉਣ ਪਿੱਛੋਂ ਕਿਤੇ ਕਰਜ਼ਾ ਮੰਜ਼ੂਰ ਹੁੰਦਾ ਸੀ। ਇੱਥੇ ਵੀ ਉਹੀ ਮਹਾਜਨੀ ਪੈਂਤਰੇਬਾਜ਼ੀ! ਬਸ ਮਹਾਜਨ ਦੀ ਜਗ੍ਹਾ ਸਰਕਾਰੀ ਤੇ ਬੈਂਕ ਕਰਮਚਾਰੀ ਹੁੰਦੇ ਸਨ। ਕਰਜ਼ੇ ਦਾ ਰੁਪਈਆ ਜਦੋਂ ਤਕ ਆਦਿਵਾਸੀ ਦੇ ਹੱਥ ਤਕ ਪਹੁੰਚਦਾ, ਇਕ ਤਿਹਾਈ ਰਕਮ ਬਤੌਰ ਕਮੀਸ਼ਨ ਕੱਟ ਲਈ ਜਾ ਚੁੱਕੀ ਹੁੰਦੀ। ਮੈਂ ਇਕ ਦੋ ਬੈਂਕਾਂ ਵਿਚ ਜਾ ਕੇ ਜਾਇਜ਼ਾ ਲਿਆ ਤੇ ਉਹਨਾਂ ਨੂੰ ਸਮਝਾ ਵੀ ਆਇਆ। ਬੈਂਕ ਵਾਲੇ ਮੈਨੂੰ ਹੀ ਦੁਸ਼ਮਣ ਸਮਝਣ ਲੱਗ ਪਏ। ਮੈਂ ਕੁਝ ਨਿਰਾਸ਼ ਜਿਹਾ ਹੋਣ ਲੱਗਾ।
ਇਕ ਰਾਤ ਜਦੋਂ ਮੈਂ ਸੌਣ ਦੀ ਤਿਆਰੀ ਵਿਚ ਸਾਂ, ਸੁਕਯਾ ਨੇ ਆ ਕੇ ਖ਼ਬਰ ਦਿੱਤੀ—“ਸਾ'ਬ! ਇਕ ਆਦਮੀ ਦਰਵਾਜ਼ੇ 'ਤੇ ਖੜ੍ਹੈ। ਤੁਹਾਨੂੰ ਮਿਲਣਾ ਚਾਹੁੰਦਾ ਏ।” ਆਮ ਤੌਰ 'ਤੇ ਏਨੀ ਰਾਤ ਨੂੰ ਕੋਈ ਮਿਲਣ ਨਹੀਂ ਸੀ ਆਉਂਦਾ। ਵੈਸੇ ਵੀ ਪੁਲਿਸਵਾਲੇ ਨਕਸਲੀਆਂ ਦੇ ਭੈ ਕਾਰਨ ਵਧੇਰੇ ਸਾਵਧਾਨੀ ਵਰਤਦੇ ਨੇ ਤੇ ਕਿਸੇ ਨੂੰ ਵੀ ਮਿਲਣ ਤੋਂ ਡਰਦੇ ਰਹਿੰਦੇ ਨੇ। ਉਹ ਕੌਣ ਹੋ ਸਕਦਾ ਸੀ ਜਿਹੜਾ ਏਨੀ ਰਾਤ ਗਏ ਮਿਲਣ ਆਇਆ ਸੀ, ਡਰ ਮੈਨੂੰ ਵੀ ਲੱਗਿਆ ਪਰ ਸੁਕਯਾ ਕੋਲ ਸੀ। ਮੈਂ ਮਿਲਣ ਦੀ ਇਜ਼ਾਜਤ ਦੇ ਦਿੱਤੀ।
ਜਿਹੜਾ ਮਿਲਣ ਆਇਆ ਸੀ ਉਸਨੇ ਆਉਂਦਿਆਂ ਹੀ ਸੁਕਯਾ ਨੂੰ ਕਹਿ ਕੇ ਕਮਰੇ ਦੀ ਬੱਤੀ ਬੁਝਵਾ ਦਿੱਤਾ। ਵਰਾਂਡੇ ਵਿਚ ਜਗਦੇ ਬਲਬ ਦੀ ਰੌਸ਼ਨੀ ਸਰਕ ਕੇ ਕਮਰੇ ਵਿਚ ਆ ਗਈ। ਸਾਹਮਣੇ ਪਈ ਬੈਂਚ ਉੱਤੇ ਬੈਠਣ ਲਈ ਕਹਿਣ ਦੇ ਬਾਵਜੂਦ, ਉਹ ਕਮਰੇ ਦੇ ਫਰਸ਼ 'ਤੇ ਹੀ ਬੈਠ ਗਿਆ। ਇਕ ਮੈਲੀ ਜਿਹੀ ਲੰਗੋਟੀ ਉਸਦੇ ਨੰਗੇਜ਼ ਉੱਤੇ ਲਿਪਟੀ ਹੋਈ ਸੀ ਤੇ ਉਪਰ ਖੁਰਦਰੇ ਪਿੰਡੇ ਉੱਤੇ ਇਕ ਪਾਟੀ ਪੁਰਾਣੀ ਫਤੂਹੀ ਲਟਕ ਰਹੀ ਸੀ। ਪੱਕਾ ਕਾਲਾ ਰੰਗ, ਸਿਰ 'ਤੇ ਨਿੱਕੇ-ਨਿੱਕੇ ਵਾਲ। ਉਸਦੀ ਉਮਰ ਦਾ ਅੰਦਾਜ਼ਾ ਲਾਉਣਾ ਜ਼ਰਾ ਮੁਸ਼ਕਿਲ ਸੀ। ਜੰਗਲ ਦਾ ਆਦਮੀ ਵੈਸੇ ਵੀ ਬੜਾ ਸਿੱਧੜ ਤੇ ਭੋਲਾ ਪੰਛੀ ਹੁੰਦਾ ਹੈ। ਉਸਦੀਆਂ ਸਿੱਜਲ ਅੱਖਾਂ ਵਿਚ ਪੀੜ, ਆਸ, ਪਰ ਕੁਝ ਨਾ ਕਹਿ ਸਕਣ ਦੀ ਹਿੰਮਤ ਕਰਕੇ ਟੁੱਟੇ-ਫੁੱਟੇ ਸ਼ਬਦਾਂ ਦੇ ਬਿੰਬ ਬੜੀ ਬੇਵੱਸੀ ਨਾਲ ਤੈਰ ਰਹੇ ਸਨ।
“ਕੀ ਨਾਂ ਏਂ ਤੇਰਾ, ਸਾ'ਬ ਪੁੱਛਦੇ ਨੇ।” ਸੁਕਯਾ ਉਸਨੂੰ ਪੁੱਛਦਾ ਹੈ।
“ਮਾਂਗਲੇ।” ਉਹ ਮੂੰਹ ਖੋਲ੍ਹਦਾ ਹੈ, ਜਿਵੇਂ ਇਹ ਦੱਸਣਾ ਏਨਾ ਆਸਾਨ ਨਾ ਹੋਵੇ। ਆਦਿਵਾਸੀ ਦੇ ਬੁੱਲ੍ਹ, ਜੀਭ ਤੇ ਸੁਰ-ਧੁਨੀਆਂ ਸ਼ਿਕਾਇਤ ਦੇ ਹਿਸਾਬ ਨਾਲ ਨਹੀਂ ਬਣੀਆ ਹੁੰਦੀਆਂ। ਸੰਵੇਦੀ ਤੰਤਰ ਲਗਾਤਾਰ ਜੁਲਮ ਸਹਿਣ ਦੇ ਹਿਸਾਬ ਨਾਲ ਢਲ ਗਏ ਹੁੰਦੇ ਨੇ।
“ਕੀ ਕੰਮ ਏ?” ਮੈਂ ਪੁੱਛਦਾ ਹਾਂ।
ਉਹ ਅਟਕ ਅਟਕ ਕੇ ਆਪਣੀ ਬੋਲੀ ਵਿਚ ਦੱਸਦਾ ਹੈ। ਮੈਂ ਸੁਕਯਾ ਦੇ ਮੂੰਹ ਵੱਲ ਦੇਖਣ ਲੱਗ ਪੈਂਦਾ  ਹਾਂ। ਸੁਕਯਾ ਉਸਦੇ ਇਕ ਇਕ ਵਾਕ ਦਾ ਖੁਲਾਸਾ ਕਰਕੇ ਦੱਸਦਾ ਰਹਿੰਦਾ ਹੈ।
ਉਸਨੇ ਦੱਸਿਆ ਕਿ ਸਾਵਲੀ ਦੇ ਭੇਜਣ 'ਤੇ ਉਹ ਇੱਥੇ ਸਾ'ਬ ਕੋਲ ਆਇਆ ਏ। ਉਸਨੇ ਕਿਹਾ ਏ ਕਿ ਉਹ ਅਫ਼ਸਰ ਨਿਆਂ ਕਰੇਗਾ। ਨਾਰਾਇਣ ਸਾਹੂ ਤੋਂ ਉਸਨੇ ਕਰਜ਼ਾ ਲਿਆ ਸੀ—ਬੱਤੀ ਰੁਪਏ। ਅੱਜ ਤਕ ਉਹ ਸਾਹੂ ਨੂੰ ਢਾਈ ਸੌ ਰੁਪਏ ਦੇ ਚੁੱਕਿਆ ਏ। ਪਰ ਉਸਦਾ ਕਰਜ਼ਾ ਜਿਵੇਂ ਦਾ ਤਿਵੇਂ ਐ। ਇਸ ਸਾਲ ਉਸਨੂੰ ਖੇਤ ਨਹੀਂ ਵਾਹੁਣ ਦਿੱਤਾ ਗਿਆ। ਉਸਨੇ ਕਿਹੈ ਕਿ ਕਰਜ਼ਾ ਮੋੜ ਦੇ ਨਹੀਂ ਤਾਂ ਖੇਤ ਡੁੱਬ ਜਾਏਗਾ। ਘਰ ਦੋ ਦਿਨਾਂ ਦੇ ਚਾਵਲ ਨਹੀਂ, ਨਾ ਮਹੁਆ ਤਾਂ ਕੋਈ ਸਾਗ-ਭਾਜੀ।
ਮੇਰੇ ਕੋਲ ਉਸਨੂੰ ਸਾਵਲੀ ਨੇ ਇਸ ਆਸ ਨਾਲ ਭੇਜਿਆ ਹੈ, ਮੈਂ ਹੈਰਾਨ ਰਹਿ ਗਿਆ। ਥੋੜ੍ਹਾ ਮਾਣ ਵੀ ਮਹਿਸੂਸ ਹੋਇਆ ਅੰਦਰ। ਆਤੰਕ ਦਾ ਪ੍ਰਤੀਕ ਬਣ ਚੁੱਕੀ ਉਹ ਔਰਤ ਇਕ ਪੁਲਿਸ ਵਾਲੇ ਉੱਤੇ ਏਨਾ ਵਿਸ਼ਵਾਸ ਕਰਨ ਲੱਗ ਪਈ ਹੈ—ਮੁੱਢੋਂ ਮੂਲੋਂ ਹੀ ਇਹ ਇਕ ਅਣਹੋਣੀ ਘਟਨਾ ਲੱਗੀ ਸੀ। ਇਸ ਵਿਸ਼ਵਾਸ ਦਾ ਕਾਰਨ ਕੀ ਹੋ ਸਕਦਾ ਏ? ਮੈਨੂੰ ਲੱਗਿਆ ਉਸਦੀਆਂ ਅੱਖਾਂ ਚੀਜ਼ਾਂ ਨੂੰ ਭੇਦ ਰਹੀਆਂ ਨੇ, ਸਮੇਂ ਦੇ ਪਾਰ ਜਾ ਰਹੀਆਂ ਨੇ। ਉਸਦੀਆਂ ਅੱਖਾਂ ਮੇਰੇ ਵਿਚਾਰਾਂ ਨੂੰ ਪੜ੍ਹ ਰਹੀਆਂ ਨੇ, ਮੇਰੀ ਆਤਮਾ ਵਿਚ ਧਸ ਰਹੀਆਂ ਨੇ। ਮੈਨੂੰ ਲੱਗਿਆ ਜਿਵੇਂ ਉਹ ਆਸਪਾਸ ਹੀ ਹੈ—ਆਪਣੇ ਜੂੜੇ ਵਿਚ ਤੇਜ਼ ਗੰਧ ਵਾਲਾ ਪੁਸ਼ਪ-ਗੁੱਛਾ ਟੁੰਗੀ ਹਨੇਰੇ ਵਿਚ ਕਿਤੇ ਖਲੋਤੀ ਹੈ।
ਸਭ ਤੋਂ ਪਹਿਲਾਂ ਮੈਂ ਸੁਕਯਾ ਨੂੰ ਕਹਿ ਕੇ ਉਸਨੂੰ ਚੌਲ ਦਿਵਾਏ। ਫੇਰ, ਉਸੇ ਵੇਲੇ ਹੈਡ ਮੁੰਸ਼ੀ ਨੂੰ ਬੁਲਾ ਕੇ ਉਸਦੀ ਰਿਪੋਰਟ ਲਿਖਵਾਈ। ਰਿਪੋਰਟ ਲਿਖਵਾਉਣ ਪਿੱਛੋਂ ਹੈਡ ਮੁੰਸ਼ੀ ਸਰਨ ਨੂੰ ਹੁਕਮ ਦਿੱਤਾ ਕਿ ਕਲ੍ਹ ਸਵੇਰੇ ਉਹ ਨਾਰਾਇਣ ਸਾਹੂ ਨੂੰ ਬੁਲਾਵੇ ਤੇ ਮੈਨੂੰ ਇਸਦੀ ਇਤਲਾਹ ਦਵੇ। ਏਨਾ ਸਭ ਹੁੰਦਿਆਂ-ਹੁੰਦਿਆਂ ਰਾਤ ਦਾ ਇਕ ਵੱਜ ਗਿਆ ਸੀ।
ਮਾਂਗਲੇ ਚਲਾ ਗਿਆ। ਪਰ ਸਾਰੀ ਰਾਤ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਆਈ। ਦਿਮਾਗ਼ ਵਿਚ ਸਾਵਲੀ ਘੁੰਮ ਰਹੀ ਸੀ। ਫੇਰ ਉਸਦੇ ਖ਼ੁਦਦਾਰ ਕਾਰਨਾਮਿਆਂ ਦਾ, ਉਸਦੇ ਰੂਪ ਦੇ ਤਾਪ ਦਾ, ਜਾਦੂ ਮੇਰੇ ਦਿਲ-ਦਿਮਾਗ਼ ਵਿਚ ਖਲ਼ਲ ਪਾਉਣ ਲੱਗਾ। ਉਸਨੇ ਮੈਨੂੰ ਪੁੱਛਿਆ ਸੀ—'ਤੂੰ ਮੈਨੂੰ ਕਿਉਂ ਮਿਲਣਾ ਚਾਹੁੰਦਾ ਏਂ, ਡਿਪਟੀ?' ਇਸ ਸਵਾਲ ਦੀ ਓਟ ਵਿਚ ਲੁਕਿਆ ਖੜ੍ਹਾ ਸੁਕਯਾ ਮੈਨੂੰ ਸਾਫ ਦਿਖਾਈ ਦਿੱਤਾ। ਅਚਾਨਕ ਰਾਤ ਦੇ ਹਨੇਰੇ ਵਿਚ ਸੁਕਯਾ ਦਾ ਆਕਾਰ ਫੈਲਣ ਲੱਗਾ। ਉਸਨੇ ਹੀ ਮੇਰੀ ਇੱਛਾ ਨੂੰ ਉਸ ਤਕ ਪਹੁੰਚਾਇਆ ਹੋਏਗਾ ਤੇ ਮੇਰੀ ਸੋਚ ਨੂੰ ਵੀ। ਮੇਰੇ ਘੁੰਮਣ ਜਾਣ ਦੀ ਗੱਲ ਵੀ ਉਸੇ ਨੇ ਦੱਸੀ ਹੋਏਗੀ। ਮਾਂਗਲੇ ਨੂੰ ਮੇਰੇ ਬੰਗਲੇ ਵਿਚ ਏਨੀ ਰਾਤ ਭੇਜਣ ਪਿੱਛੇ ਵੀ ਸ਼ਾਇਦ ਉਸਦਾ ਹੀ ਹੱਥ ਹੋਵੇ।
ਮੇਰੇ ਦਿਮਾਗ਼ ਵਿਚ ਕਿਸੇ ਨੇ ਠੁੰਗਾ ਜਿਹਾ ਮਾਰਿਆ—'ਇਹ ਸੁਕਯਾ ਸਾਵਲੀ ਦਾ ਮੁਖ਼ਬਿਰ ਹੈ।' ਅੱਗੇ ਮੈਂ ਕੁਝ ਸੋਚ ਨਹੀਂ ਸਕਿਆ। ਪੁਲਿਸ ਦੀਆਂ ਗਤੀ-ਵਿਧੀਆਂ ਦੀਆਂ ਸਾਰੀਆਂ ਖ਼ਬਰਾਂ, ਕੀ ਉਹੀ ਪਹੁੰਚਾਉਦਾ ਰਿਹਾ ਏ ਸਾਵਲੀ ਨੂੰ ਹੁਣ ਤਕ? ਪੁਲਿਸ ਦੇ ਕਿਲੇ ਵਿਚ ਸੰਨ੍ਹ ਲਾਉਣ ਵਾਲਾ ਸੁਕਯਾ ਹੈ। ਫੇਰ ਵੀ ਮੇਰੇ ਮਨ ਵਿਚ ਕੋਈ ਮੰਦਾ ਵਿਚਾਰ ਨਹੀਂ ਆਇਆ। ਸੁਕਯਾ ਦੇ ਮਨ ਵਿਚ ਕੋਈ ਖੋਟ ਨਹੀਂ, ਕੋਈ ਖੋਟ ਹੁੰਦੀ ਤਾਂ ਮੇਰੇ ਮਨ ਦੇ ਚੰਗੇ ਭਾਵ ਉਹ ਕਦੀ ਨਹੀਂ ਸੀ ਪੜ੍ਹ ਸਕਦਾ। ਖ਼ੁਦ ਉਸਦੇ ਮਨ ਵਿਚ ਵੀ ਮੈਨੂੰ ਜਾਣਨ-ਸਮਝਣ ਪਿੱਛੋਂ ਹੀ ਸ਼ਾਇਦ ਕੋਈ ਉਮੀਦ ਜਾਗੀ ਹੋਵੇ। ਏਨੇ ਵਰ੍ਹਿਆਂ ਦਾ ਪੁਲਿਸ ਮਹਿਕਮੇ ਵਿਚ ਹੈ। ਉਸਦੀਆਂ ਅਜਿਹੀਆਂ ਗਤੀ-ਵਿਧੀਆਂ ਉੱਤੇ ਕਦੀ ਤਾਂ ਕਿਸੇ ਨੂੰ ਸ਼ੱਕ ਹੋਇਆ ਹੁੰਦਾ। ਮੈਨੂੰ ਲੱਗਿਆ ਮੇਰੇ ਬਾਰੇ ਉਸਨੇ ਸੰਵਾਦ ਕਰਨ ਦੀ ਪਹਿਲ ਕੀਤੀ ਹੈ। ਆਖ਼ਰ ਨਕਸਲੀ ਜਿਸ ਕਾਰਨ ਕਰਕੇ ਨਕਸਲੀ ਬਣੇ ਨੇ, ਉਹ ਸਾਮਾਜਿਕ ਨਿਆਂ ਦੀ ਘਾਟ ਹੀ ਤਾਂ ਹੈ। ਉਹਨਾਂ ਦੀ ਧਰਤੀ ਉੱਤੇ ਉਹਨਾਂ ਦਾ ਹੀ ਸ਼ੋਸ਼ਣ ਹੋ ਰਿਹਾ ਹੈ।
ਨੀਂਦ ਸਾਰੀ ਰਾਤ ਸੁਕਯਾ, ਸਾਵਲੀ ਤੇ ਮਾਂਗਲੇ ਨਾਲ ਲੁਕਣ-ਮੀਟੀ ਖੇਡਦੀ ਰਹੀ। ਸਵੇਰ ਦੇ ਪਹਿਰ ਅੱਖ ਲੱਗੀ ਤਾਂ ਦਿਨ ਦੇ ਦਸ ਵਜੇ ਖੁੱਲ੍ਹੀ। ਤਿਆਰ ਹੁੰਦਿਆਂ-ਹੁੰਦਿਆਂ ਬਾਰਾਂ ਵੱਜ ਗਏ। ਉਦੋਂ ਹੀ ਹੈਡ ਮੁੰਸ਼ੀ ਦਾ ਫ਼ੋਨ ਆ ਗਿਆ ਕਿ ਉਸਨੇ ਨਾਰਾਇਣ ਸਾਹੂ ਨੂੰ ਬੁਲਾ ਕੇ ਥਾਣੇ ਵਿਚ ਬਿਠਾਇਆ ਹੋਇਆ ਏ। ਕੁਝ ਚਿਰ ਵਿਚ ਹੀ ਮੈਂ ਥਾਣੇ ਪਹੁੰਚ ਗਿਆ।
ਥਾਣੇ ਦੇ ਵਰਾਂਡੇ ਵਿਚ ਉਹ ਪੱਬਾਂ ਭਾਰ ਬੈਠਾ ਹੋਇਆ ਸੀ। ਛੋਟੇ ਕੱਦ ਦਾ ਪੰਜਾਹ-ਪਚਵੰਜਾ ਦੀ ਉਮਰ ਦਾ ਆਦਮੀ ਸੀ ਉਹ। ਮੈਲੀ ਜਿਹੀ ਧੋਤੀ ਤੇ ਉਸ ਨਾਲੋਂ ਕੁਝ ਸਾਫ ਕੁੜਤੇ ਉੱਤੇ ਉਹਨੇ ਹਲਕੇ ਹਰੇ ਰੰਗ ਦੀ ਬੰਡੀ ਪਾਈ ਹੋਈ ਸੀ। ਮੈਂ ਜਿਵੇਂ ਹੀ ਥਾਣੇ ਦੇ ਕਮਰੇ ਵਿਚ ਥਾਣੇਦਾਰ ਦੀ ਕੁਰਸੀ ਉੱਤੇ ਜਾ ਕੇ ਬੈਠਿਆ, ਹੈਡ ਨੇ ਸਾਹੂ ਨੂੰ ਮੇਰੇ ਸਾਹਮਣੇ ਪੇਸ਼ ਕਰ ਦਿੱਤਾ। ਉਸਨੇ ਕਮਰੇ ਵਿਚ ਆਉਂਦਿਆ ਹੀ ਮੇਰੀ ਮੇਜ਼ ਉੱਤੇ ਆਪਣੇ ਬਹੀਖਾਤੇ ਖਿਲਾਰ ਲਏ ਤੇ ਮਾਂਗਲੇ ਦੇ ਅੰਗੂਠੇ ਲੱਗੇ ਕਾਗਜ਼ ਕੱਢ ਕੱਢ ਦਿਖਾਉਣ ਲੱਗਾ। ਮਾਂਗਲੇ ਨੇ ਆਪਣੇ ਵੱਡੇ ਮੁੰਡੇ ਦੇ ਜਨਮ ਦਿਨ ਉੱਤੇ ਇਹ ਕਰਜ਼ਾ ਲਿਆ ਸੀ। ਇਕ ਕਾਗਜ਼ ਵਿਕਰੀ ਦਾ ਵੀ ਸੀ, ਉਸ ਵਿਚ ਲਿਖਿਆ ਸੀ ਕਿ ਜੇ ਕਰਜ਼ਾ ਸਮੇਂ 'ਤੇ ਵਾਪਸ ਨਾ ਕੀਤਾ ਗਿਆ ਤਾਂ ਖੇਤ ਦਾ ਮਾਲਕ ਨਾਰਾਇਣ ਸਾਹੂ ਹੋ ਜਾਏਗਾ। ਇਸ ਉੱਤੇ ਵੀ ਮਾਂਗਲੇ ਦਾ ਨਿਸ਼ਾਨ-ਅੰਗੂਠਾ ਲੱਗਿਆ ਹੋਇਆ ਸੀ। ਵਿਆਜ਼ ਦਾ ਜ਼ਿਕਰ ਕਿਸੇ ਕਾਗਜ਼ ਵਿਚ ਨਹੀਂ ਸੀ। ਦਸ ਰੁਪਏ ਮਹੀਨਾ ਵਿਆਜ, ਸਾਢੇ ਬੱਤੀ ਰੁਪਏ ਕਰਜ਼ੇ ਉੱਤੇ, ਲੱਗਣਾ ਸੀ।
ਮੈਂ ਕੇਨ ਨਾਲ ਕਾਗਜ਼ ਪਰ੍ਹਾਂ ਹਟਾਅ ਕੇ ਮੇਜ਼ ਉੱਤੇ ਜਗ੍ਹਾ ਬਣਾਈ ਤੇ ਕੁਹਣੀਆਂ ਟਿਕਾਅ ਕੇ ਹਥੇਲੀਆਂ ਉੱਤੇ ਆਪਣਾ ਚਿਹਰਾ ਟਿਕਾਅ ਲਿਆ ਤੇ ਨਾਰਾਇਣ ਸਾਹੂ ਵੱਲ ਇਕ ਟੱਕ ਘੂਰਨ ਲੱਗਾ, ਪਰ ਉਸਦੀਆਂ ਚਾਲਾਕ ਅੱਖਾਂ ਜਿਵੇਂ ਅਜਿਹੀਆਂ ਨਜ਼ਰਾਂ ਦੀਆਂ ਆਦੀ ਹੋਈਆਂ-ਹੋਈਆਂ ਸਨ। ਪਤਾ ਨਹੀਂ ਕਿੰਨੇ ਵਾਰੀ ਅਜਿਹੀ ਸਥਿਤੀ ਵਿਚੋਂ ਲੰਘਿਆ ਹੋਵੇਗਾ ਉਹ—ਇਸ ਲਈ ਪੂਰੀ ਤਰ੍ਹਾਂ ਲਾਪ੍ਰਵਾਹ ਨਜ਼ਰ ਆ ਰਿਹਾ ਸੀ।
ਮੈਂ ਪੁੱਛਿਆ, ਆਵਾਜ਼ ਦੋਸਤਾਨਾ ਸੀ—“ਤੁਹਾਡੇ ਕੋਲ ਮਹਾਜਨੀ ਕਰਨ ਦਾ ਲਾਈਸੈਂਸ ਤਾਂ ਹੋਏਗਾ ਈ?”
“ਹੁਕੁਮ ਸਰਕਾਰ”, ਉਸਨੇ ਫੌਰਨ ਬੰਡੀ ਦੀ ਅੰਦਰਲੀ ਜੇਬ ਵਿਚੋਂ ਲੈਮੀਨੇਟਿਡ ਲਾਈਸੈਂਸ ਕੱਢ ਕੇ ਸਾਹਮਣੇ ਰੱਖ ਦਿੱਤਾ। ਬੋਲਿਆ, “ਹੁਣ ਮੈਂ ਜਾਵਾਂ ਸਰਕਾਰ।”
“ਜਦੋਂ ਤੁਸੀਂ ਸਭ ਕੁਝ ਲਿਖਿਆ ਹੋਇਆ ਏ ਤਾਂ ਵਿਆਜ ਬਾਬਤ ਕਰਜ਼ੇ ਦੇ ਕਾਗਜ਼ ਵਿਚ ਕਿਉਂ ਨਹੀਂ ਲਿਖਿਆ?”
“ਸਰਕਾਰ ਸੂਦ ਦੀ ਦਰ ਕਰਜ਼ੇ ਦੇ ਕਾਗਜ਼ ਵਿਚ ਨਹੀਂ ਲਿਖੀ ਜਾਂਦੀ, ਹੀ-ਹੀ-ਹੀ...ਓਹ ਇੰਜ ਏ ਜੀ ਸਰਕਾਰ, ਮਹਾਜਨੀ ਸੂਦ ਜ਼ਰਾ ਅਲਗ ਕਿਸਮ ਦਾ ਹੁੰਦਾ ਏ।” ਗੱਲ ਕਰਦਾ ਹੋਇਆ ਉਹ ਹੱਸਿਆ ਸੀ।
ਇਕ ਪਾਸੇ ਕਾਨੂੰਨੀ ਤੌਰ 'ਤੇ ਕਰਜ਼ਾ ਦੇਣ ਦਾ ਪੱਕਾ ਕੰਮ ਤੇ ਦੂਜੇ ਪਾਸੇ ਗ਼ੈਰ-ਕਾਨੂੰਨੀ ਰੂਪ ਵਿਚ ਮਨ ਚਾਹਿਆ ਵਿਆਜ ਵਸੂਲ ਕਰਨਾ, ਮੈਂ ਤਿੱਖੀ ਅਵਾਜ਼ ਵਿਚ ਕਿਹਾ, “ਇੰਜ ਕਰਦੇ ਓ ਮਹਾਜਨੀ, ਇਕ ਗ਼ਰੀਬ ਆਦਿਵਾਸੀ ਦੀ ਜ਼ਮੀਨ ਹੜਪਨਾਂ ਚਾਹੁੰਦੇ ਓ?”
ਉਸਨੂੰ ਮੈਥੋਂ ਅਜਿਹੇ ਵਿਹਾਰ ਦੀ ਆਸ ਨਹੀਂ ਸੀ ਸ਼ਾਇਦ, ਜਾਂ ਉਸਤੋਂ ਪਹਿਲਾਂ ਅਜਿਹੀ ਸਥਿਤੀ ਨਾਲ ਉਸਦਾ ਕਦੀ ਵਾਸਤਾ ਨਹੀਂ ਸੀ ਪਿਆ। ਉਹ ਘਬਰਾ ਗਿਆ ਤੇ ਕੰਬਣੀ ਦੀ ਇਕ ਲਹਿਰ ਉਸਦੇ ਪੂਰੇ ਸਰੀਰ ਵਿਚ ਫਿਰ ਗਈ।
ਬੋਲਿਆ—“ਹੁਕੁਮ ਸਰਕਾਰ! ਓਹ...ਧੰਦਾ ਐ ਨਾ ਸਰਕਾਰ...ਕਰਨਾ ਪੈਂਦਾ ਐ...ਸਰਕਾਰ ਮਹਾਜਨੀ ਦਾ ਅਸੂਲ ਐ, ਸਾਰੇ ਇਵੇਂ ਚੱਲਦੈ ਜੀ।” ਉਹ ਰੋਣ ਹਾਕਾ ਹੋ ਗਿਆ ਸੀ।
“ਬੇਈਮਾਨੀ ਤੇ ਜਾਲਸਾਜੀ ਦਾ ਧੰਦਾ...” ਮੈਂ ਗਰਜਿਆ ਤੇ ਉਸਨੂੰ ਪਸੀਨੇ ਆਉਣ ਲੱਗ ਪਏ।
"ਮਨ-ਮੰਨਿਆਂ ਸੂਦ ਵਸੂਲੋ ਤੇ ਬਿਨਾਂ ਸਰਕਾਰੀ ਇਜ਼ਾਜਤ ਉਸ ਗ਼ਰੀਬ ਆਦਿਵਾਸੀ ਦੀ ਜ਼ਮੀਨ ਦੇ ਮਾਲਿਕ ਬਣ ਜਾਓ, ਕਰਜ਼ੇ ਦੀ ਓਟ ਵਿਚ?"
ਮੈਂ ਹੈਡ ਨੂੰ ਆਵਾਜ਼ ਦਿੱਤੀ। ਹੈਡ ਦੇ ਹਾਜ਼ਰ ਹੁੰਦਿਆਂ ਹੀ ਹੁਕਮ ਦਿੱਤਾ, “ਬੰਦ ਕਰ ਦਿਓ ਇਸ ਮਹਾਜਨ ਨੂੰ ਹਵਾਲਾਤ 'ਚ ਤੇ ਇਸ 'ਤੇ ਮੁਕੱਦਮਾਂ ਦਾਇਰ ਕਰ ਲਓ।”
ਏਨਾ ਸੁਣਦਿਆਂ ਹੀ ਨਾਰਾਇਣ ਸਾਹੂ ਮੇਰੇ ਪੈਰਾਂ 'ਚ ਲਿਟਣ ਲੱਗਾ ਤੇ 'ਹੁਕੁਮ ਸਰਕਾਰ...ਹੁਕੁਮ ਸਰਕਾਰ' ਦੀ ਰਟ ਲਾਉਣ ਲੱਗਾ। ਹੈਡ ਹੈਰਾਨ ਖੜ੍ਹਾ ਸੀ। ਇਸ ਤਰ੍ਹਾਂ ਦਾ ਦ੍ਰਿਸ਼ ਉਹ ਸ਼ਾਇਦ ਪਹਿਲੀ ਵਾਰੀ ਦੇਖ ਰਿਹਾ ਸੀ।
“ਇਸਨੂੰ ਚੁੱਕ ਕੇ ਖੜ੍ਹਾ ਕਰ ਦਿਓ,” ਮੈਂ ਹੈਡ ਨੂੰ ਤਾੜਿਆ। ਹੈਡ ਨੇ ਫੌਰਨ ਸਾਹੂ ਨੂੰ ਫੜ੍ਹ ਕੇ ਖੜ੍ਹਾ ਕਰ ਦਿੱਤਾ। ਨਾਰਾਇਣ ਸਾਹੂ ਪੱਤੇ ਵਾਂਗ ਕੰਬ ਰਿਹਾ ਹੈ। ਉਸਦੀਆਂ ਅੱਖਾਂ ਹੈਡ ਨਾਲ ਮਿਲੀਆਂ ਤੇ ਆਪਣੀ ਗਰਦਨ ਨੂੰ ਬੜਾ ਹਲਕਾ ਜਿਹਾ ਝਟਕਾ ਦੇ ਕੇ ਹੈਡ ਨੇ ਮਨ੍ਹਾਂ ਕਰ ਦਿੱਤਾ। ਕਮਰੇ ਦੇ ਦਰਵਾਜ਼ੇ ਦੇ ਬਾਹਰ ਇਕ ਪੰਜ ਕਿਲੋ ਦਾ ਪਲਾਸਟਿਕ ਦਾ ਕਨਸਤਰ ਤੇ ਦਰਮਿਆਨੇ ਸਾਈਜ਼ ਦਾ ਇਕ ਬੋਰਾ ਰੱਖਿਆ ਹੋਇਆ ਸੀ। ਦੋਵਾਂ ਦੀਆਂ ਨਜ਼ਰਾਂ ਉਸ ਸਾਮਾਨ ਨੂੰ ਛੋਂਹਦੀਆਂ ਹੋਈਆਂ ਵਾਪਸ ਪਰਤ ਆਈਆਂ। ਮੇਰੀ ਸਮਝ ਵਿਚ ਕਨਸਤਰ ਵਿਚ ਸ਼ੁੱਧ ਦੇਸੀ ਘਿਓ ਸੀ ਤੇ ਬੋਰੇ ਵਿਚ ਚਿਰੌਂਜੀ ਜਾਂ ਛੁਹਾਰੇ ਭਰੇ ਹੋਏ ਸਨ। ਹਰ ਵਾਰ ਵਾਂਗ ਤੋਹਫ਼ਾ ਦੇਣ ਦਾ ਇਰਾਦਾ ਹੋਏਗਾ। ਇਸ ਵਾਰੀ ਜੁਗਾੜ ਫਿਟ ਨਹੀਂ ਸੀ ਬੈਠਿਆ।
“ਜੇ ਤੂੰ ਮਾਂਗਲੇ ਦਾ ਕਰਜ਼ਾ ਆਪਣੇ ਬਹੀਖਾਤੇ ਵਿਚੋਂ ਕੱਢ ਦਵੇਂ ਤੇ ਵਿਕਰੀ ਦੀ ਡੀਡ ਉਸਨੂੰ ਵਾਪਸ ਕਰ ਦਵੇਂ ਤਾਂ ਤੂੰ ਇੱਥੋਂ ਜਾ ਸਕਦਾ ਏਂ। ਵਰਨਾ ਮੈਂ ਤੈਨੂੰ ਜਾਲਸਾਜ਼ੀ ਤੇ ਬਿਨਾਂ ਇਜ਼ਾਜਤ ਗ਼ਰੀਬ ਆਦਿਵਾਸੀ ਦੀ ਜ਼ਮੀਨ ਖ਼ਰੀਦ ਲੈਣ ਦੇ ਜੁਰਮ ਵਿਚ ਹਵਾਲਾਤ 'ਚ ਬੰਦ ਕਰਵਾ ਦਿਆਂਗਾ।” ਮੈਂ ਆਪਣਾ ਦੋ ਟੁੱਕ ਫੈਸਲਾ ਸੁਣਾਇਆ।
ਨਾਰਾਇਣ ਸਾਹੂ ਨੇ ਫੌਰਨ ਮੇਰੇ ਸਾਹਮਣੇ ਬਹੀਖਾਤਾ ਖੋਲ੍ਹਿਆ ਤੇ ਮਾਂਗਲੇ ਦੇ ਕਰਜ਼ੇ ਦੇ ਸਾਹਮਣੇ 'ਚੁਕਤਾ' ਲਿਖ ਲਿਆ ਤੇ ਉੱਥੇ ਹੀ ਵਿਕਰੀ-ਡੀਡੀ ਮੇਰੇ ਹਵਾਲੇ ਕਰ ਦਿੱਤੀ। ਜਦੋਂ ਉਹ ਉੱਥੋਂ ਬਿਨਾਂ ਆਪਣਾ ਸਾਮਾਨ ਲਏ ਜਾਣ ਲੱਗਾ, ਤਾਂ ਮੈਂ ਉਸਨੂੰ ਵਾਪਸ ਬੁਲਾ ਕੇ ਉਸਦੇ ਲਿਆਂਦੇ ਸਾਮਾਨ ਦੀ ਯਾਦ ਕਰਵਾਈ। ਉਸਨੇ ਇਕ ਰਿਕਸ਼ਾ ਬੁਲਵਾਇਆ ਤੇ ਆਪਣਾ ਸਾਮਾਨ ਲੱਦ ਕੇ ਰਵਾਨਾ ਹੋ ਗਿਆ।
ਮੈਂ ਪੂਰੀ ਤਫ਼ਸੀਲ ਸੁਕਯਾ ਨੂੰ ਦੱਸ ਦਿੱਤੀ। ਤੀਜੇ ਦਿਨ ਮਾਂਗਲੇ ਮੇਰੇ ਕੋਲ ਆਇਆ। ਜਦੋਂ ਮੈਂ ਉਸਦੀ ਵਿਕਰੀ ਦੀ ਡੀਡ ਵਾਪਸ ਕੀਤੀ, ਤਾਂ ਕਿੰਨਾ ਖੁਸ਼ ਹੋਇਆ, ਦੱਸ ਨਹੀਂ ਸਕਦਾ। ਉਸਦੇ ਚਿਹਰੇ ਉੱਤੇ ਦੁੱਖਾਂ ਦੀ ਏਨੀ ਕਾਲਖ਼ ਪੁਚੀ ਹੋਈ ਸੀ ਕਿ ਖੁਸ਼ੀ ਦੀ ਕੋਈ ਲਕੀਰ ਦਿਖਾਈ ਹੀ ਨਹੀਂ ਸੀ ਦਿੱਤੀ। ਇਹ ਵਾਕਿਆ ਸਾਵਲੀ ਤਕ ਜ਼ਰੂਰ ਪਹੁੰਚਿਆ ਹੋਏਗਾ। ਹਾਲਾਂਕਿ ਮੈਨੂੰ ਸਾਵਲੀ ਦੇ ਕਿਸੇ ਧੰਨਵਾਦੀ ਸੁਨੇਹੇ ਦੀ ਲੋੜ ਨਹੀਂ ਸੀ, ਪਰ ਏਨਾ ਜ਼ਰੂਰ ਚਾਹੁੰਦਾ ਸਾਂ ਕਿ ਉਹ ਇਸ ਘਟਨਾ ਬਾਰੇ ਜਾਣ ਜਾਏ। ਮੈਂ ਜੋ ਕੀਤਾ ਸੀ, ਉਹ ਮੇਰੀ ਨਜ਼ਰ ਵਿਚ ਠੀਕ ਸੀ ਤੇ ਮੈਂ ਇਕ ਗ਼ਰੀਬ ਆਦਿਵਾਸੀ ਨੂੰ ਠੱਗੇ ਜਾਣ ਤੇ ਬੇਮੌਤ ਮਾਰੇ ਜਾਣ ਤੋਂ ਬਚਾ ਲਿਆ ਸੀ। ਮੈਂ ਜਾਣਦਾ ਸੀ ਕਿ ਮਾਂਗਲੇ ਜੇ ਠੱਗਿਆ ਜਾਂਦਾ ਤੇ ਆਪਣੀ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ ਜਾਂਦਾ, ਤਾਂ ਮਜੂਰੀ ਕਰਨ ਲਈ ਮਜਬੂਰ ਹੋ ਜਾਂਦਾ। ਉਹ ਕਿਸੇ ਭੱਠੇ 'ਤੇ ਹੱਡ-ਭੰਨਵੀਂ ਮਜੂਰੀ ਕਰਦਾ, ਲਕੜੀ ਦੇ ਕਿਸੇ ਠੇਕੇਦਾਰ ਹੇਠ ਪਿਸਦਾ ਜਾਂ ਕਿਸੇ ਬੇਈਮਾਨ ਦੁਕਾਨਦਾਰ ਨੂੰ, ਮਿਹਨਤ ਨਾਲ ਇਕੱਠੀਆਂ ਕੀਤੀਆਂ ਦੁਰਲੱਭ ਜੜੀ-ਬੂਟੀਆਂ, ਸੇਰ ਕੁ ਚੌਲਾਂ ਤੇ ਚੁਟਕੀ ਭਰ ਲੂਣ ਦੇ ਬਦਲੇ ਦੇ ਕੇ ਠੱਗਿਆ ਜਾਂਦਾ ਰਹਿੰਦਾ।
ਮਾਂਗਲੇ ਦੇ ਉਦਾਰ ਪਿੱਛੋਂ ਸਟਾਫ਼ ਵਿਚ ਖਲਬਲੀ ਮੱਚ ਗਈ। ਦਰੋਗਾ ਬਾਪਟ ਸਿੰਘ ਨੇ ਇੱਥੋਂ ਤਕ ਕਹਿ ਦਿੱਤਾ—“ਸਾ'ਬ ਜਦੋਂ ਤਕ ਤੁਸੀਂ ਇੱਥੇ ਓ, ਇਹਨਾਂ ਵਿਚੋਂ ਇਕ-ਦੋ ਨੂੰ ਰਾਹਤ ਮਿਲ ਜਾਏਗੀ। ਤੁਹਾਡੇ ਤਬਾਦਲੇ ਪਿੱਛੋਂ ਫੇਰ ਉਹੀ ਬਾਹਾਂ-ਕੁਹਾੜੀ ਹੋਏਗੀ। ਇਹ ਸਾਲੇ ਇੱਥੋਂ ਦੇ ਮਹਾਜਨ ਨਹੀਂ, ਖ਼ੂਨ ਚੂਸਣ ਵਾਲੀਆਂ ਜੋਕਾਂ ਨੇ।”
ਮੈਂ ਜਾਣਦਾ ਸੀ ਕਿ ਥਾਣੇਦਾਰ ਇਸ ਦੇ ਇਲਾਵਾ ਹੋਰ ਕਹਿ ਵੀ ਕੀ ਸਕਦਾ ਸੀ। ਮੈਂ ਜਵਾਬ ਦਿੱਤਾ—“ਜਿੰਨੇ ਦਿਨ ਇੱਥੇ ਆਂ, ਓਨੇ ਦਿਨ ਈ ਸਹੀ। ਤੁਸੀਂ ਲੋਕ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਲੱਗ ਪਓਂ, ਤਾਂ ਇਹ ਸੂਦਖੋਰੀ ਤਾਂ ਮਹੀਨੇ ਭਰ 'ਚ ਖਤਮ ਹੋ ਸਕਦੀ ਏ।”
ਥਾਣੇਦਾਰ ਬਾਪਟ ਸਿੰਘ ਨੀਵੀਂ ਪਾ ਗਿਆ। ਕੁੜੀ, ਕੱਚੀ ਦਾਰੂ, ਘੀ, ਚਿਰੌਂਜੀ, ਬਾਜੀਕਰਣ ਜੜੀ-ਬੂਟੀਆਂ ਤੇ ਫਰਨੀਚਰ ਲਈ ਸਾਗਵਾਨ—ਏਨੇ ਸਾਰੇ ਜੁਗਾੜ ਦੇ ਅੱਗੇ ਡਿਊਟੀ-ਬੋਧ ਕਿਸ ਨੂੰ ਰਹਿੰਦਾ ਸੀ!
ਇਸ ਦੌਰਾਨ ਦੋ ਵਾਰੀ ਪੁਲਿਸ ਕਪਤਾਨ ਨਾਲ ਮੇਰੀ ਭੇਂਟ ਹੋਈ ਤੇ ਮੈਂ ਘਟਨਾਵਾਂ ਦਾ ਸਿਲਸਿਲੇਵਾਰ ਬਿਓਰਾ ਉਹਨਾਂ ਸਾਹਵੇਂ ਪੇਸ਼ ਕਰ ਦਿੱਤਾ। ਉਹਨਾਂ ਬਿਓਰਾ ਪੜ੍ਹਿਆ, ਪਰ ਕਿਹਾ ਕੁਝ ਨਹੀਂ। ਮੈਂ ਜਾਣਦਾ ਸੀ ਉਹ ਉਪਰੋਂ ਭਾਵੇਂ ਕਿੰਨੇ ਉਦਾਰ ਦਿਸਦੇ ਹੋਣ ਜਾਂ ਇਸ ਦਾ ਦਿਖਾਵਾ ਕਰਦੇ ਹੋਣ, ਪਰ ਉਹਨਾਂ ਦੀ ਸੋਚ ਦੀਆਂ ਚੂਲਾਂ ਵਿਭਾਗ ਦੀ ਮਸ਼ੀਨਰੀ ਦੇ ਖਾਂਚਿਆਂ ਵਿਚ ਪੂਰੀ ਤਰ੍ਹਾਂ ਫਿੱਟ ਬੈਠੀਆਂ ਹੋਈਆਂ ਸਨ।
ਇਕ ਦਿਨ ਨਕਸਲੀਆਂ ਨੇ ਇਕ ਸਾਹੂਕਾਰ ਨੂੰ ਅਗਵਾਹ ਕਰ ਲਿਆ ਤੇ ਉਸਦੇ ਬਹੀਖਾਤੇ ਸਾੜ ਦਿੱਤੇ। ਪਰ ਇਹ ਨਕਲੀ ਖਾਤੇ ਸਨ। ਅਸਲੀ ਇਕ ਬੈਂਕ ਦੇ ਲਾਕਰ ਵਿਚ ਪਏ ਸਨ। ਸਾਹੂਕਾਰ ਦੇ ਅਗਵਾਹ ਕੀਤੇ ਜਾਣ ਦਾ ਕਾਰਨ ਵੀ ਇਹੀ ਸੀ। ਜਦੋਂ ਤਕ ਅਸਲੀ ਖਾਤੇ ਨਹੀਂ ਮਿਲਦੇ, ਸਾਹੂਕਾਰ ਨਕਸਲੀਆਂ ਦੇ ਕਬਜ਼ੇ ਵਿਚ ਰਹਿੰਦਾ। ਨਿਸ਼ਾਨੇ ਉੱਤੇ ਉਸ ਬੈਂਕ ਦਾ ਮੈਨੇਜ਼ਰ ਵੀ ਆ ਗਿਆ ਸੀ ਜਿਸ ਵਿਚ ਬਹੀਖਾਤੇ ਬੰਦ ਸਨ। ਸਾਹੂਕਾਰ ਮੰਤਰੀ ਦੇ ਖਾਸਮਖਾਸ ਆਦਮੀਆਂ ਦੀ ਢਾਣੀ ਵਿਚੋਂ ਸੀ, ਜਿਹਨਾਂ ਨੂੰ ਈਮਾਨ ਦੀ ਬਦਹਜ਼ਮੀ ਹੋਈ ਹੁੰਦੀ ਹੈ। ਜ਼ਿਲੇ ਵਿਚ ਇਸ ਕਰਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਜ਼ਿਲੇ ਦੇ ਬੇਈਮਾਨ ਬੜੀ ਬੁਰੀ ਤਰ੍ਹਾਂ ਡਰੇ ਹੋਏ ਸਨ।
ਅਗਵਾਹ ਦੀ ਵਾਰਦਾਤ ਭਾਵੇਂ ਦੂਜੇ ਡਿਪਟੀ ਐਸ.ਪੀ. ਦੇ ਇਲਾਕੇ ਵਿਚ ਹੋਈ ਸੀ, ਪਰ ਨਕਸਲੀਆਂ ਦੇ ਇਲਾਕੇ ਆਪਣੇ ਹਿਸਾਬ ਨਾਲ ਵੰਡੇ ਹੁੰਦੇ ਨੇ। ਅਲਰਟ ਰਹਿਣ ਦੇ ਆਦੇਸ਼ ਹਰ ਥਾਣੇ ਵਿਚ ਪਹੁੰਚ ਗਏ ਸਨ। ਸਾਰੇ ਆਪਣੇ ਵੱਲੋਂ ਅਲਰਟ ਹੁੰਦੇ ਹੋਏ ਵੀ ਠੁੱਸ ਸਨ। ਇਕ ਡਿਪਟੀ ਸੁਗਰੀਵ ਪਾਲੇ ਨੇ ਕਿਹਾ—“ਸਾਲ ਭਰ ਵਿਚ ਅਜਿਹੇ ਦਸ ਆਦੇਸ਼ ਆਉਂਦੇ ਨੇ ਤੇ ਇਹਨਾਂ ਆਦੇਸ਼ਾਂ ਨੂੰ ਫਾਇਲਾਂ ਵਿਚ ਨੱਥੀ ਕਰ ਕੇ ਅਸੀਂ ਭੁੱਲ-ਭਲਾਅ ਜਾਂਦੇ ਆਂ—ਇੱਥੇ ਪੁਲਿਸ ਵਿਭਾਗ ਵਿਚ ਕੌਣ ਚਾਹੁੰਦਾ ਏ ਨਕਸਲੀਆਂ ਹੱਥੋਂ ਸ਼ਹੀਦ ਹੋਣਾ। ਮਰਨ ਪਿੱਛੋਂ ਵਿਧਵਾ ਨੂੰ ਸਾਰੀ ਉਮਰ ਪੂਰੀ ਤਨਖ਼ਾਹ ਵੀ ਨਹੀਂ ਮਿਲਦੀ।”
ਨਕਸਲੀਆਂ ਦਾ ਕਹਿਣਾ ਹੈ—ਅਸੀਂ ਨਿਆਂ ਕਰ ਰਹੇ ਹਾਂ। ਜਿਹੜਾ ਕੰਮ ਪੁਲਿਸ ਦਾ ਹੈ, ਪ੍ਰਸ਼ਾਸਨ ਦਾ ਹੈ, ਕੋਰਟ-ਕਚਹਿਰੀ ਦਾ ਹੈ, ਜਦੋਂ ਉਹ ਨਹੀਂ ਕਰ ਰਹੇ ਤਾਂ ਮਜਬੂਰਨ ਸਾਨੂੰ ਕਰਨਾ ਪੈ ਰਿਹਾ ਏ। ਸਾਡੇ ਇੱਥੇ ਤੁਰੰਤ ਨਿਆਂ ਹੁੰਦਾ ਹੈ, ਨਾ ਪੇਸ਼ੀ ਨਾ ਅਪੀਲ।
ਸਾਹੂਕਾਰ ਦੇ ਘਰ ਵਾਲੇ ਬੜੇ ਘਬਰਾਏ ਹੋਏ ਨੇ। ਮੰਤਰੀ ਦੀ ਫਿਟਕਾਰ ਰਾਜਧਾਨੀ ਵਿਚ ਬੈਠੇ ਸਭ ਤੋਂ ਵੱਡੇ ਪੁਲਿਸ ਅਧਿਕਾਰੀ ਨੂੰ ਪੈ ਰਹੀ ਹੈ। ਐਸ.ਪੀ. ਘਬਰਾਏ ਹੋਏ ਨੇ। ਬਸ ਪੁਲਿਸ ਵਿਚ ਕੋਈ ਨਿਸ਼ਚਿੰਤ ਹੈ ਤਾਂ ਹੇਠਲਾ ਤਬਕਾ। ਕਿੱਥੇ ਸੰਘਣੇ ਜੰਗਲ ਵਿਚ ਰੇਡ ਮਾਰੀ ਜਾਏ। ਕਿਤੇ ਕੋਈ ਸੁਰਾਗ ਵੀ ਤਾਂ ਨਹੀਂ ਮਿਲ ਰਿਹਾ। ਉਹ ਨਾਲ ਦੀ ਖਹਿ ਕੇ ਲੰਘ ਜਾਂਦੇ ਨੇ, ਪੁਲਿਸ ਨੂੰ ਪਤਾ ਵੀ ਨਹੀਂ ਲੱਗਦਾ। ਫੰਦਾ ਸੁੱਟ ਕੇ ਖਿੱਚ ਲਮਕਾ ਦੇਂਦੇ ਨੇ ਜਾਂ ਬਾਰੂਦੀ ਸੁਰੰਗ ਨਾਲ ਉਡਾ ਦੇਂਦੇ ਨੇ। ਉਹਨਾਂ ਲਈ ਕੀ ਮੁਸ਼ਕਿਲ ਹੈ। ਜੰਗਲ ਤੇ ਬੀਹੜ ਦੇ ਚੱਪੇ-ਚੱਪੇ ਦੇ ਸਿਆਣੂ ਨੇ ਉਹ।
ਅਗਲੇ ਹਫ਼ਤੇ ਪਤਾ ਲੱਗਿਆ ਕਿ ਨਕਸਲੀ ਉਸ ਸਾਹੂਕਾਰ ਦਾ ਫੈਸਲਾ ਆਪਣੀ ਪੰਚਾਇਤ ਵਿਚ ਕਰਨ ਵਾਲੇ ਨੇ। ਹੁਣ ਪੰਚਾਇਤ ਕਿੱਥੇ ਹੋਏਗੀ? ਪੁਲਿਸ ਲੱਖ ਕੋਸ਼ਿਸ਼ ਕਰ ਲਏ, ਇਸ ਗੱਲ ਦਾ ਪਤਾ ਨਹੀਂ ਲਾ ਸਕਦੀ। ਪੁਲਿਸ ਦੇ ਕਪਤਾਨ ਨੇ ਜ਼ਿਲੇ ਦੇ ਪੂਰੇ ਮਹਿਕਮੇ ਨੂੰ ਟੁਣਕਾ ਕੇ ਕਹਿ ਦਿੱਤਾ ਸੀ ਕਿ ਜਿਸ ਦੇ ਇਲਾਕੇ ਵਿਚ ਪੰਚਾਇਤ ਹੋਈ, ਉਸਦੀ ਖ਼ੈਰ ਨਹੀਂ। ਨਕਸਲੀਆਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਕੋਈ ਸਜ਼ਾ ਦੇਣ। ਪਰ ਇਸ ਸਾਰੀ ਝਾੜ-ਝੰਬ ਤੇ ਮੁਸਤੈਦੀ ਵਿਅਰਥ ਹੀ ਸੀ।
ਪੱਕਾ ਸੀ ਕਿ ਮਹਾਜਨ ਨੂੰ ਸਜ਼ਾ ਮਿਲ ਕੇ ਰਹੇਗੀ ਤੇ ਸਜ਼ਾ ਵੀ ਮੌਤ ਤੋਂ ਘੱਟ ਕੀ ਹੋਏਗੀ? ਰਿਹਾਈ ਦੀ ਇਕੋ ਸੂਰਤ ਸੀ ਕਿ ਮਹਾਜਨ ਸਾਰੇ ਬਹੀਖਾਤੇ ਨਕਸਲੀਆਂ ਦੇ ਹਵਾਲੇ ਕਰ ਦਵੇ ਤੇ ਮਹਾਜਨੀ ਦਾ ਧੰਦਾ ਛੱਡ ਦਵੇ। ਪੁਲਿਸ ਕਪਤਾਨ ਨੇ ਮਹਾਜਨ ਦੇ ਪਰਿਵਾਰ ਵਾਲਿਆਂ ਨੂੰ ਪੂਰੀ ਸੁਰੱਖਿਆ ਦੇਣ ਦੀ ਤਸੱਲੀ ਦਿੱਤੀ ਸੀ ਤੇ ਕਿਹਾ ਸੀ ਕਿ ਪੁਲਿਸ ਨੂੰ ਸਹਿਯੋਗ ਦੇਣ ਤੇ ਲਗਾਤਾਰ ਉਸਦੇ ਸੰਪਰਕ ਵਿਚ ਰਹਿਣ, ਪਰ ਸਾਹੂਕਾਰ ਦੇ ਘਰ ਵਾਲਿਆਂ ਨੂੰ ਪੁਲਿਸ 'ਤੇ ਉੱਕਾ ਹੀ ਵਿਸ਼ਵਾਸ ਨਹੀਂ ਸੀ।
ਇਕ ਦਿਨ ਸਾਹੂਕਾਰ ਸਹੀ ਸਲਾਮਤ ਵਾਪਸ ਆ ਗਿਆ। ਸਾਹੂਕਾਰ ਦਾ ਮੁੰਡਾ ਬੈਂਕ ਦੇ ਲਾਕਰ 'ਚੋਂ ਬਹੀਖਾਤੇ ਕੱਢ ਕੇ ਨਕਸਲੀਆਂ ਨੂੰ ਸੌਂਪ ਆਇਆ ਸੀ। ਉਹਨਾਂ ਦੇ ਸਾਹਮਣੇ ਕਹਿ ਵੀ ਆਇਆ ਸੀ ਕਿ ਅੱਗੋਂ ਤੋਂ ਸਾਹੂਕਾਰੀ ਦਾ ਧੰਦਾ ਛੱਡ ਦਿਆਂਗੇ। ਪੁਲਿਸ ਲਈ ਇਹੋ ਕੋਈ ਘੱਟ ਸੰਤੋਖ ਵਾਲੀ ਗੱਲ ਨਹੀਂ ਸੀ ਕਿ ਸਾਹੂਕਾਰ ਦੀ ਜ਼ਿੰਦਗੀ ਬਚ ਗਈ ਸੀ ਤੇ ਉਹ ਉਸਦੀ ਮੌਤ ਦੇ ਕਲੰਕ ਤੋਂ ਬਚ ਗਏ ਸਨ। ਇਹ ਪੁਲਿਸ ਦੇ ਠੰਡੇਪਨ ਦੀ ਵੀਰ-ਗਾਥਾ ਸੀ ਤੇ ਇਕ ਵੀਰ-ਗਾਥਾ ਦੇ ਚਾਰਣ (ਭੰਡ) ਉਹ ਖ਼ੁਦ ਸਨ।
ਮੈਨੂੰ ਪੋਸਟਿੰਗ 'ਤੇ ਆਇਆਂ ਛੇ ਮਹੀਨੇ ਹੋ ਗਏ ਸਨ ਤੇ ਪਿਛਲੇ ਦੋ ਢਾਹੀ ਮਹੀਨਿਆਂ ਤੋਂ ਸਾਵਲੀ ਨੇ ਕੋਈ ਵਾਰਦਾਤ ਮੇਰੇ ਇਲਾਕੇ ਵਿਚ ਨਹੀਂ ਸੀ ਕੀਤੀ। ਇਲਾਕੇ ਵਿਚ ਸ਼ਾਂਤੀ ਸੀ, ਜਿਵੇਂ ਉਸਨੇ ਇਲਾਕਾ ਛੱਡ ਦਿੱਤਾ ਹੋਵੇ। ਕੋਈ ਆਹਟ ਉਸ ਵੱਲੋਂ ਨਹੀਂ ਸੀ ਹੋ ਰਹੀ। ਸ਼ਾਇਦ ਮੇਰੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਹੋ ਕੇ ਸਾਵਲੀ ਚੁੱਪ ਬੈਠੀ ਹੋਈ ਹੋਵੇ। ਜੇ ਇੰਜ ਹੈ, ਤਾਂ ਪਹਿਲੀ ਵਾਰੀ ਪੁਲਿਸ ਕਿਸੇ ਦਾ ਵਿਸ਼ਵਾਸ ਜਿੱਤਣ ਦੀ ਸਫਲਤਾ ਦੇ ਆਸਪਾਸ ਸੀ।
ਮਨ ਹੋਇਆ ਸੁਕਯਾ ਤੋਂ ਸਾਵਲੀ ਬਾਰੇ ਪੁੱਛਾਂ। ਪਰ ਠੀਕ ਨਹੀਂ ਲੱਗਿਆ ਕਿ ਮੈਂ ਉਸਦੇ ਪ੍ਰਤੀ ਕਿਤੇ ਵੀ ਆਪਣੀ ਨੇੜਤਾ ਜ਼ਾਹਰ ਕਰਾਂ। ਆਖ਼ਰ ਮੈਂ ਇਕ ਪੁਲਿਸ ਅਧਿਕਾਰੀ ਹਾਂ ਤੇ ਉਹ ਸਾਵਲੀ ਕਾਨੂੰਨ ਦੀ ਇਕ ਮੁਜਰਿਮ—ਇਕ ਮੁਜਰਿਮ ਦੇ ਪ੍ਰਤੀ ਮੇਰੀ ਦਿਲਚਸਪੀ ਮੇਰੇ ਕੈਰੀਅਰ ਨੂੰ ਡੋਬ ਸਕਦੀ ਹੈ।
ਅਗਲੀ ਵਾਰੀ ਜਦੋਂ ਮੈਂ ਪੁਲਿਸ ਕਪਤਾਨ ਨੂੰ ਮਿਲਿਆ, ਤਾਂ ਉਹਨਾਂ ਦੇ ਇਸ ਰਿਮਾਰਕ 'ਤੇ ਸਿਲ-ਪੱਥਰ ਹੋ ਗਿਆ, ਜਿਹੜਾ ਉਹਨਾਂ ਮੇਰੇ ਉੱਤੇ ਕੀਤਾ ਸੀ—“ਸਾਵਲੀ ਨੂੰ ਤੁਹਾਡੇ ਨਾਲ ਇਸ਼ਕ ਹੋ ਗਿਆ ਏ ਮਿ. ਰੋਹਿਤ।”
ਮੈਂ ਕਰਿਝ ਕੇ ਬੋਲਿਆ—“ਅਹਿ ਤੁਸੀਂ ਕੀ ਕਹਿ ਰਹੇ ਓ ਸਰ! ਮੇਰੀ ਡਿਊਟੀ ਵਿਚ ਕਿਤੇ ਕੋਈ ਕਮੀ ਰਹਿ ਗਈ ਏ ਕਿ?” ਨੌਕਰੀ ਦਾ ਮੇਰਾ ਇਹ ਪਹਿਲਾ ਸਾਲ ਮੇਰੇ ਕੈਰੀਅਰ ਲਈ ਬੜਾ ਮਹੱਤਵਪੂਰਨ ਸੀ। ਕਿਤੇ ਐਡਵਰਸ ਰਿਮਾਰਕ ਚਲਾ ਗਿਆ ਫੇਰ...।
ਉਹ ਹੱਸੇ ਤੇ ਬੋਲੇ—“ਡੋਂਟ ਵਰੀ। ਮੈਂ ਤਾਂ ਇਹ ਕਹਿ ਰਿਹਾ ਸਾਂ ਕਿ ਆਸਪਾਸ ਦੇ ਜ਼ਿਲਿਆਂ ਵਿਚ ਇਹ ਨਕਸਲੀ ਕਿੰਨਾ ਉਪਧਰ ਮਚਾ ਰਹੇ ਨੇ। ਤੁਹਾਡਾ ਜ਼ਿਲਾ ਯਕਦਮ ਸ਼ਾਂਤ ਏ। ਤੁਹਾਡੇ ਆਉਂਦਿਆਂ ਹੀ ਉਸ ਨਕਸਲੀ ਔਰਤ ਦੀਆਂ ਗਤੀ-ਵਿਧੀਆਂ ਯਕਦਮ ਡੈਡ ਹੋ ਗਈਆਂ ਨੇ। ਉਹ ਤਾਂ ਗ਼ਜ਼ਬ ਦੀ ਨਿੱਡਰ ਔਰਤ ਏ ਕਿ ਹਾਟ ਬਾਜ਼ਾਰਾਂ ਵਿਚ ਦਿਸ ਪੈਂਦੀ ਏ, ਜਦਕਿ ਆਮ ਤੌਰ 'ਤੇ ਨਕਸਲੀ ਅਜਿਹੇ ਰਿਸਕ ਨਹੀਂ ਲੈਂਦੇ। ਤੁਹਾਡੇ ਇਸ਼ਕ ਵਿਚ ਪੈ ਕੇ ਤਾਂ ਸ਼ਾਂਤ ਹੋ ਗਈ ਜਾਪਦੀ ਏ ਉਹ...” ਉਹ ਫੇਰ ਹੱਸੇ।
ਮੇਰੀ ਜਾਨ ਵਿਚ ਜਾਨ ਆਈ ਕਿ ਇਹ ਸਿਰਫ ਮਜ਼ਾਕ ਸੀ। ਮਨ ਹੋਇਆ ਕਿ ਉਹਨਾਂ ਨੂੰ ਕਹਾਂ—'ਸਰ ਜੀ! ਉਹ ਮੁਜਰਿਮ ਨਹੀਂ ਏ। ਉਹ ਤਾਂ ਸਮਾਜ ਦੇ ਉਹਨਾਂ ਮੁਜਰਿਮਾਂ ਦੇ ਖ਼ਿਲਾਫ਼ ਏ, ਜਿਹਨਾਂ ਨੂੰ ਕੋਈ ਮੁਜਰਿਮ ਨਹੀਂ ਕਹਿੰਦਾ।' ਪਰ ਮੈਂ ਜਾਣਦਾ ਸੀ ਕਿ ਮੇਰਾ ਇੰਜ ਕਹਿਣਾ ਸਾਵਲੀ ਦੇ ਪੱਖ ਵਿਚ ਜਾਏਗਾ ਤੇ ਕਿਸੇ ਵੀ ਪੁਲਿਸ ਅਫ਼ਸਰ ਨੂੰ, ਭਾਵੇਂ ਉਹ ਕਿੰਨਾ ਹੀ ਉਦਾਰ ਹੋਣ ਦੇ ਦਾਅਵੇ ਕਿਉਂ ਨਾ ਕਰੇ, ਨਾਗਵਾਰ ਲੱਗੇਗਾ ਕਿ ਇਕ ਮੁਜਰਿਮ ਦੀ ਤਾਰੀਫ਼ ਕੀਤੀ ਜਾ ਰਹੀ ਹੈ, ਜਿਹੜੀ ਵਿਭਾਗ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਡੀ ਮੁਜਰਿਮ ਹੈ।
“ਮੈਂ ਨਹੀਂ ਜਾਣਦਾ ਸਰ! ਇਹ ਜ਼ਰੂਰ ਏ ਕਿ ਇਹਨੀਂ ਦਿਨੀ ਉਸਦੀਆਂ ਗਤੀ-ਵਿਧੀਆਂ ਜ਼ਰੂਰ ਸ਼ਾਂਤ ਨੇ।” ਮੈਂ ਨਿਮਰਤਾ ਭਰੇ ਸ਼ਬਦਾਂ ਵਿਚ ਆਪਣੀ ਗੱਲ ਆਖੀ।
“ਕਿਤੇ ਕਿਸੇ ਵੱਡੇ ਮਨਸੂਬੇ ਨੂੰ ਅੰਜਾਮ ਦੇਣ ਵਿਚ ਤਾਂ ਨਹੀਂ ਲੱਗੀ ਹੋਈ ਉਹ? ਬੀ ਅਲਰਟ ਮਿ. ਰੋਹਿਤ! ਉਹ ਔਰਤ ਬੜੀ ਖ਼ਤਰਨਾਕ ਤੇ ਦਲੇਰ ਏ।...ਤੇ ਹਾਂ, ਅਗਲੇ ਮਹੀਨੇ ਵੀਹ ਬੈੱਡ ਵਾਲੇ ਇਕ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਏ ਤੇ ਇੱਥੋਂ ਦੇ ਮੰਤਰੀ ਸੀ.ਐਮ. ਨੂੰ ਲਿਆਉਣ ਦੀ ਗੱਲ ਕਰ ਰਹੇ ਨੇ। ਅਜੇ ਨਕਸਲੀਆਂ ਦੇ ਰੁਖ਼ ਦਾ ਪਤਾ ਨਹੀਂ। ਜੇ ਉਹਨਾਂ ਠਾਣ ਲਈ ਤਾਂ ਫੇਰ ਪ੍ਰੋਗਰਾਮ ਨਹੀਂ ਹੋ ਸਕੇਗਾ। ਪੁਲਿਸ ਵਿਭਾਗ ਲਈ ਇਹ ਕੋਈ ਮਾਣ ਵਾਲੀ ਗੱਲ ਨਹੀਂ ਹੋਵੇਗੀ।” ਐਸ.ਪੀ. ਦੱਸ ਰਹੇ ਸਨ।
ਇਹ ਚਿੰਤਾ ਮੈਨੂੰ ਵੀ ਲੱਗ ਗਈ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਸਾਵਲੀ ਕੁਝ ਵੀ ਕਰ ਸਕਦੀ ਸੀ। ਉਸ ਲਈ ਕੁਝ ਵੀ ਕਰ ਵਿਖਾਉਣਾ ਜ਼ਰਾ ਵੀ ਔਖਾ ਨਹੀਂ ਸੀ। ਸੁਕਯਾ ਫੇਰ ਮੈਨੂੰ ਸਹਾਰੇ ਦੇ ਰੂਪ ਵਿਚ ਦਿਖਾਈ ਦਿੱਤਾ। ਸੋਚਿਆ, ਸੁਨੇਹਾ ਭੇਜ ਦਿਆਂ ਕਿ ਉਹ ਇਸ ਵਿਚ ਅੜਿੱਕਾ ਨਾ ਪਾਵੇ। ਪਰ ਕੀ ਉਹ ਮੇਰੀ ਗੱਲ ਮੰਨ ਲਵੇਗੀ? ਅਜਿਹਾ ਸੁਨੇਹਾ ਭੇਜਣਾ ਪੁਲਿਸ ਦੀ ਕਮਜ਼ੋਰੀ ਨੂੰ ਹੀ ਜ਼ਾਹਰ ਕਰੇਗਾ।
ਠਿਕਾਣੇ 'ਤੇ ਪਹੁੰਚਦਿਆਂ ਹੀ ਇਲਾਕੇ ਦੇ ਥਾਣੇਦਾਰ ਬਾਪਟ ਸਿੰਘ ਤੇ ਸੁਨੀਲ ਸੇਂਗਰ ਨੂੰ ਮੈਂ ਹਾਜ਼ਰ ਕੀਤਾ ਤੇ ਆਪਣੀ ਚਿੰਤਾ ਉਹਨਾਂ ਦੋਵਾਂ ਨੂੰ ਦੱਸੀ। ਦੋਵਾਂ ਦਾ ਦੋ ਟੁੱਕ ਜਵਾਬ ਇਹੋ ਸੀ ਕਿ 'ਸਾਵਲੀ ਦੇ ਕਿਸੇ ਮਨਸੂਬੇ ਦਾ ਪਤਾ ਲਾਉਣਾ ਅਸੰਭਵ ਹੈ। ਉਹ ਪ੍ਰੋਗਰਾਮ ਦੀ ਤਾਰੀਖ਼ ਤੋਂ ਦੋ ਦਿਨ ਪਹਿਲਾਂ ਐਲਾਨ ਕਰਵਾਏਗੀ ਤੇ ਉਦੋਂ ਤਕ ਬੜੀ ਦੇਰ ਹੋ ਚੁੱਕੀ ਹੋਵੇਗੀ, ਕਿਉਂਕਿ ਇਕ ਵਾਰੀ ਸੀ.ਐਮ ਦਾ ਪ੍ਰੋਗਰਾਮ ਤੈਅ ਹੋ ਗਿਆ ਤਾਂ ਇਸ ਕਾਰਨ ਕਰਕੇ ਉਸਨੂੰ ਕੈਂਸਿਲ ਕਰਵਾਉਣਾ ਬੜੀ ਵੱਡੀ ਬਦਨਾਮੀ ਦਾ ਸਬਬ ਬਣੇਗਾ।' ਉਹਨਾਂ ਦੀਆਂ ਗੱਲਾਂ ਵਿਚ ਦਮ ਸੀ।
ਮੈਂ ਪੁੱਛਿਆ—“ਕੀ ਉਹ ਹਸਪਤਾਲ ਦੇ ਨਿਰਮਾਣ ਦਾ ਵਿਰੋਧ ਵੀ ਕਰ ਸਕਦੀ ਏ?”
“ਹਾਂ ਸਰ! ਕਰ ਸਕਦੀ ਏ। ਜੇ ਉਸਦੇ ਦਿਮਾਗ਼ ਵਿਚ ਆ ਗਿਆ ਕਿ ਹਸਪਤਾਲ ਬਣਨ ਨਾਲ ਆਦਿਵਾਸੀਆਂ ਦੇ ਸਹਿਜ ਜੀਵਨ ਵਿਚ ਕੋਈ ਅੜਿੱਕਾ ਲੱਗੇਗਾ।” ਸੁਨੀਲ ਸੇਂਗਰ ਨੇ ਕਿਹਾ।
“ਪਰ, ਹਸਪਤਾਲ ਵਿਚ ਤਾਂ ਇਲਾਜ ਹੁੰਦਾ ਏ।” ਮੈਂ ਸ਼ੰਕਾ ਜ਼ਾਹਰ ਕੀਤੀ।
“ਸਰ! ਇੱਥੇ ਆਦਿਵਾਸੀਆਂ ਦੀ ਬੜੀ ਵੱਡੀ ਗਿਣਤੀ ਪਰੰਪਰਾਗਤ ਇਲਾਜ 'ਚ ਵਿਸ਼ਵਾਸ ਕਰਦੀ ਏ। ਜੜੀ-ਬੂਟੀਆਂ ਨਾਲ ਇਲਾਜ ਹੁੰਦਾ ਏ। ਉਹਨਾਂ ਦੇ ਆਪਣੇ ਵੈਦ ਤੇ ਓਝੇ ਨੇ, ਜਿਹਨਾਂ ਨੂੰ ਬੈਗਾ ਕਿਹਾ ਜਾਂਦਾ ਏ। ਇੱਥੇ ਦੁਰਲੱਭ ਜੜੀ-ਬੂਟੀਆਂ ਹੈਨ। ਕੋਈ ਕੋਈ ਬੂਟੀ ਤਾਂ ਅਜਿਹੀ ਵੀ ਏ ਕਿ ਬੂਟੀ ਦਾ ਲੇਪ ਕਰਦਿਆਂ ਈ ਜ਼ਖ਼ਮ ਭਰ ਜਾਂਦਾ ਏ। ਇਸ ਜੰਗਲ ਵਿਚ ਅਜਿਹੀਆਂ ਚਮਤਕਾਰੀ ਬੂਟੀਆਂ ਵੀ ਹੁੰਦੀਆਂ ਨੇ। ਉਹਨਾਂ 'ਤੇ ਅਸਰ ਪਏਗਾ। ਦੂਜਾ ਆਦਿਵਾਸੀ ਇਹ ਮੰਨਦੇ ਨੇ ਕਿ ਹਸਪਤਾਲ ਸਾਹੂਕਾਰਾਂ, ਭੂ-ਮਾਫ਼ੀਆ, ਠੇਕੇਦਾਰਾਂ ਤੇ ਸਰਕਾਰੀ ਕਰਮਚਾਰੀਆਂ ਦੇ ਇਲਾਜ ਲਈ ਬਣਾਏ ਜਾਂਦੇ ਨੇ। ਯਾਨੀ ਹਸਪਤਾਲਾਂ ਨੂੰ ਉਹ ਸ਼ੋਸ਼ਣ ਦੇ ਕੇਂਦਰ ਦੇ ਰੂਪ ਵਿਚ ਈ ਦੇਖਦੇ ਨੇ।” ਥਾਣੇਦਾਰ ਬਾਪਟ ਸਿੰਘ ਨੇ ਦੱਸਿਆ।
ਮੇਰੀਆਂ ਚਿੰਤਾਵਾਂ ਦੂਰ ਨਹੀਂ ਹੋਈਆਂ। ਕਈ ਵਾਰੀ ਮਨ ਕਹਿੰਦਾ ਕਿ ਸੁਕਯਾ ਜ਼ਰੀਏ ਸਾਵਲੀ ਤਕ ਆਪਣਾ ਇਰਾਦਾ ਪਹੁੰਚਾ ਦਿਆਂ। ਵੱਧ ਤੋਂ ਵੱਧ ਉਹ ਇਨਕਾਰ ਕਰ ਦਏਗੀ। ਇਸ ਇਨਕਾਰ ਨਾਲ ਮੇਰੀ ਹਾਰ ਹੋ ਜਏਗੀ। ਗਨੀਮਤ ਰਹੀ ਕਿ ਨੀਂਹ ਪੱਥਰ ਵਾਲਾ ਕਾਰਜਕਰਮ ਟਲ ਗਿਆ।
ਮਹੀਨੇ ਕੁ ਬਾਅਦ ਅਚਾਨਕ ਇਕ ਨਵੀਂ ਚਿੰਤਾ ਨੇ ਮੈਨੂੰ ਘੇਰ ਲਿਆ ਤੇ ਇਹ ਚਿੰਤਾ ਸਹਿਜ ਨਹੀਂ ਸੀ। ਦਿੱਕਤ ਇਹ ਸੀ ਕਿ ਇਹ ਚਿੰਤਾ ਮੈਂ ਕਿਸੇ ਨਾਲ ਸਾਂਝੀ ਵੀ ਨਹੀਂ ਸੀ ਕਰ ਸਕਦਾ। ਉਪਰੋਂ ਸਾਵਲੀ ਦੇ ਸਫਾਏ ਦਾ ਆਦੇਸ਼ ਆਇਆ ਸੀ ਤੇ ਇਸ ਮੁਹਿੰਮ ਨੂੰ ਨਾਂ ਦਿੱਤਾ ਗਿਆ ਸੀ—ਆਪਰੇਸ਼ਨ ਬਿਜਲੀ। ਅਗਲਾ ਵਰ੍ਹਾ ਚੋਣਾ ਦਾ  ਵਰ੍ਹਾ ਸੀ। ਇਲਾਕੇ ਦਾ ਵਧਾਇਕ ਸੁਗਨਾ ਭਾਈ, ਜਿਹੜਾ ਮੰਤਰੀ ਵੀ ਸੀ—ਨਕਸਲੀ ਉਸਦੇ ਖ਼ਿਲਾਫ਼ ਹੋ ਗਏ ਸਨ। ਨਕਸਲੀਆਂ ਨੂੰ ਰੋਸ ਸੀ ਕਿ ਉਸਨੇ ਆਦਿਵਾਸੀਆਂ ਦੇ ਹਿਤ ਲਈ ਕੋਈ ਕੰਮ ਨਹੀਂ ਸੀ ਕੀਤਾ। ਠੇਕੇਦਾਰਾਂ, ਸਾਹੂਕਾਰਾਂ ਤੋਂ ਪੈਸੇ ਖਾਣ ਲੱਗ ਪਿਆ ਹੈ। ਨਕਸਲੀਆਂ ਦੇ ਡਰ ਕਰਕੇ ਕੋਈ ਸੁਗਨਾ ਭਾਈ ਨੂੰ ਵੋਟ ਨਹੀਂ ਪਾਏਗਾ ਤੇ ਉਸਦਾ ਹਾਰਨਾ ਪੱਕਾ ਸੀ। ਮੁੱਖ ਮੰਤਰੀ ਨੂੰ ਹੱਥ 'ਤੇ ਚੜ੍ਹਾ ਕੇ ਉਸੇ ਨੇ ਇਹ ਆਦੇਸ਼ ਜਾਰੀ ਕਰਵਾਇਆ ਸੀ—ਹਰ ਹਾਲ ਵਿਚ ਸਾਵਲੀ ਦਾ ਸਫਾਇਆ ਕਰ ਦਿੱਤਾ ਜਾਏ। ਵੈਸੇ ਵੀ ਸਾਵਲੀ ਦਰੋਗੇ ਦੇ ਕਤਲ ਦੀ ਸਭ ਤੋਂ ਵੱਧ ਲੋੜੀਂਦੀ ਮੁਜਰਿਮ ਸੀ। ਇਸ ਕਰਕੇ ਆਦੇਸ਼ ਜਾਰੀ ਹੋਣ ਵਿਚ ਸਮਾਂ ਨਹੀਂ ਲੱਗਿਆ।
ਮੇਰੇ ਸਾਹਮਣੇ ਇਕ ਚੁਣੌਤੀ ਆਣ ਖੜ੍ਹੀ ਹੋਈ ਸੀ। ਪਤਾ ਨਹੀਂ ਕਿਉਂ ਮੇਰੇ ਮਨ ਵਿਚ ਸਾਵਲੀ ਦੇ ਮਾਮਲੇ ਵਿਚ ਨਰਮੀ ਪੈਦਾ ਹੋ ਗਈ ਸੀ। ਮੇਰੀ ਜਵਾਬ ਦੇਹੀ ਮੇਰੇ ਸਾਹਵੇਂ ਸੀ। ਕਾਨੂੰਨ ਦੀਆਂ ਨਜ਼ਰਾਂ ਵਿਚ ਸਾਵਲੀ ਜੁਰਮੀ ਸੀ। ਮੈਨੂੰ ਨਹੀਂ ਸੀ ਲੱਗਦਾ ਕਿ ਸਾਵਲੀ ਕਿਤੇ ਗ਼ਲਤ ਹੈ। ਉਸਨੇ ਜੋ ਕੀਤਾ ਉਸਦਾ ਪ੍ਰਤੀਕਰਮ ਸੀ। ਕਾਨੂੰਨ ਦਰੋਗੇ ਨੂੰ ਸਜ਼ਾ ਨਹੀਂ ਸੀ ਦੇ ਸਕਦਾ। ਅਨਿਆਂ ਦੇ ਜਵਾਬ ਵਿਚ ਉਸ ਸਿੱਧੀ-ਸਾਦੀ ਕੁੜੀ ਕੋਲ ਹੋਰ ਕੋਈ ਜਵਾਬ ਨਹੀਂ ਸੀ। ਕਾਨੂੰਨ ਹਰੇਕ ਨਾਗਰਿਕ ਨੂੰ ਆਤਮ ਸਨਮਾਣ ਤੇ ਸਿਰ ਉੱਚਾ ਰੱਖ ਕੇ ਜਿਊਣ ਦਾ ਹੱਕ ਦੇਂਦਾ ਹੈ, ਪਰ ਇੱਥੇ ਤਾਂ ਕਾਨੂੰਨ ਦੇ ਰਾਖੇ ਨੇ ਹੀ ਮਰਿਆਦਾ ਦਾ ਉਲੰਘਣ ਕੀਤਾ ਸੀ, ਤਾਂ ਫੇਰ ਹੋਰ ਚਾਰਾ ਹੀ ਕੀ ਸੀ? ਪਰ ਮੈਂ ਆਪਣਾ ਕਰਤੱਵ ਦੇਖਣਾ ਸੀ, ਜੋ ਸਭ ਤੋਂ ਉਪਰ ਸੀ। ਮੈਂ ਆਪਣੇ ਮਤਾਹਤਾਂ ਨੂੰ ਚੁਸਤ ਦਰੁਸਤ ਕੀਤਾ। ਹਰ ਉਸ ਸੁਤਰ ਨੂੰ ਕੁਰੇਦਨਾ ਸ਼ੁਰੂ ਕਰ ਦਿੱਤਾ ਜਿਹੜਾ ਸਾਵਲੀ ਤਕ ਪਹੁੰਚ ਦਾ ਸੁਰਾਗ ਦੇ ਸਕੇ। ਅਰਥ ਸੈਨਿਕ ਬਲਾਂ ਦੀਆਂ ਦੋ ਬਟਾਲੀਅਨਾਂ ਆਪਰੇਸ਼ਨ ਬਿਜਲੀ ਨੂੰ ਨੇਫਰੇ ਚੜ੍ਹਾਣ ਲਈ ਆ ਗਈਆਂ ਸਨ। ਇਕ ਸਕੂਲ ਦੇ ਵਰਾਂਡੇ ਵਿਚ ਤੇ ਇਕ ਪੁਰਾਣੇ ਮੰਦਰ ਵਿਚ ਟਿਕ ਗਈ ਸੀ। ਮੈਂ ਜਾਣ-ਬੁੱਝ ਕੇ ਸੁਕਯਾ ਸਾਹਵੇਂ ਇਹਨਾਂ ਗੱਲਾਂ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ, ਤਾਂਕਿ ਇਧਰਲੀ ਕੋਈ ਖ਼ਬਰ ਰਿਸਕ ਕੇ ਸਾਵਲੀ ਵਾਲੀ ਪਿੜ ਵਿਚ ਨਾ ਪਹੁੰਚ ਜਾਵੇ।
ਇਕ ਦਿਨ ਦੁਪਹਿਰ ਪਿੱਛੋਂ ਪੱਕੀ ਖ਼ਬਰ ਮਿਲੀ ਕਿ 15-16 ਕਿਲੋਮੀਟਰ ਦੂਰ ਇਕ ਪਿੰਡ ਵਿਚ ਸਾਵਲੀ ਆ ਰਹੀ ਹੈ। ਦੋਵਾਂ ਬਟਾਲੀਅਨਾਂ ਨੂੰ ਖ਼ਬਰ ਕਰ ਦਿੱਤੀ ਗਈ। ਦਸ ਸਿਪਾਹੀ ਥਾਣੇ ਵਿਚ ਸਨ, ਥਾਣੇਦਾਰ ਬਾਪਟ ਸਿੰਘ ਤੇ ਉਹਨਾਂ ਨੇ ਮੇਰੇ ਇਰਦ-ਗਿਰਦ ਰਹਿਣਾ ਸੀ। ਹਨੇਰਾ ਘਿਰਦਿਆਂ ਹੀ ਅਸੀਂ ਜੀਪਾਂ ਤੇ ਟਰੱਕਾਂ ਵਿਚ ਕੂਚ ਕਰਨਾ ਸੀ। ਮੈਂ ਆਪਣੇ ਲਈ ਸਭ ਤੋਂ ਚੰਗੀ ਰਾਈਫ਼ਲ ਦਿਨੇ ਹੀ ਚੁਣ ਲਈ ਸੀ।
ਥਾਣੇਦਾਰ ਨੇ ਦੱਸਿਆ ਕਿ ਸੜਕ ਬੜੀ ਅਣਘੜ ਜਿਹੀ ਏ। ਜੰਗਲ ਵਿਚ ਜਿਹੜੇ ਠੇਕੇਦਾਰ ਕੰਮ ਕਰਦੇ ਨੇ, ਆਪਣਾ ਡੰਗਾ ਲਾਹੁਣ ਲਈ ਬਣਾ ਲੈਂਦੇ ਨੇ। ਗੱਡੀਆਂ ਕੁਝ ਦੂਰ ਤਕ ਹੀ ਜਾ ਸਕਣਗੀਆਂ। ਬਾਕੀ ਰਸਤਾ ਚੁੱਪਚਾਪ ਪੈਦਲ ਹੀ ਤੈਅ ਕਰਨਾ ਪਏਗਾ। ਮੈਂ ਨਿਰਦੇਸ਼ ਦਿੱਤੇ ਕਿ ਸਿਪਾਹੀ ਰੇਡੀਅਮ ਡਾਇਲ ਵਾਲੀਆਂ ਘੜੀਆਂ ਨਾ ਬੰਨ੍ਹਣ ਤੇ ਨਾ ਉਹ ਸਿਪਾਈ ਇਸ ਆਪਰੇਸ਼ਨ ਵਿਚ ਹਿੱਸਾ ਲੈਣ ਜਿਹਨਾਂ ਨੂੰ ਬੀੜੀ ਜਾਂ ਸਿਗਰਟ ਪੀਣ ਦੀ ਲਤ ਹੈ। ਹਨੇਰੇ ਵਿਚ ਇਹ ਚੀਜ਼ਾਂ ਸਿਪਾਹੀ ਦੀ ਪੁਜੀਸ਼ਨ ਦੱਸ ਸਕਦੀਆਂ ਨੇ।
ਸੁਕਯਾ ਖਾਣੇ ਬਾਬਤ ਪੁੱਛਣ ਆਇਆ ਤਾਂ ਮੈਂ ਟਾਲ ਦਿੱਤਾ ਕਿ ਅੱਜ ਰਾਤ ਦਾ ਖਾਣਾ ਤਬੀਅਤ ਠੀਕ ਨਾ ਹੋਣ ਕਰਕੇ ਨਹੀਂ ਖਾਵਾਂਗਾ ਤੇ ਉਸਨੂੰ ਛੁੱਟੀ ਵੀ ਦੇ ਦਿੱਤੀ। ਪੂਰਾ ਦਿਨ ਇਕ ਅਜੀਬ ਜਿਹੇ ਭੰਵਰ ਵਿਚ ਭੌਂਦਿਆਂ ਬੀਤਿਆ। ਜਿਵੇਂ ਹੀ ਹਨੇਰਾ ਧਰਤੀ 'ਤੇ ਉਤਰਿਆ, ਸਾਡਾ ਕਾਫ਼ਿਲਾ ਕੂਚ ਕਰ ਗਿਆ। ਸੜਕ ਵਾਕਈ ਬੜੀ ਬੇਢੰਗੀ ਜਿਹੀ ਸੀ ਤੇ ਵਾਹਣ ਬੁੜ੍ਹਕੇ-ਉਛਲਦੇ ਹੋਏ ਹੌਲੀ ਹੌਲੀ ਅੱਗੇ ਵਧ ਰਹੇ ਸਨ।
ਕਿੰਨੀ ਦੂਰ ਨਿਕਲ ਆਏ ਤੇ ਕਿੰਨਾ ਸਮਾਂ ਬੀਤ ਗਿਆ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਹੋ ਰਿਹਾ। ਅਚਾਨਕ ਕਾਫ਼ਿਲਾ ਰੁਕ ਗਿਆ। ਹੈਡ ਨੇ ਦੱਸਿਆ ਕਿ ਬਸ ਇਸ ਤੋਂ ਅੱਗੇ ਪੈਦਲ ਰਸਤਾ ਹੈ। ਇੱਥੇ ਤਾਂ ਸਾਈਕਲ ਵੀ ਨਹੀਂ ਸੀ ਚੱਲ ਸਕਦੀ।
ਜਦੋਂ ਪੈਦਲ ਤੁਰੇ ਤਾਂ ਮੇਰੇ ਦਿਲ ਵਿਚ ਸਾਵਲੀ ਲਈ ਇਕ ਨਰਮ ਭਾਵਨਾ ਲਹਿਰਾ ਰਹੀ ਸੀ। ਮੈਂ ਮਨ ਹੀ ਮਨ ਅਰਦਾਸ ਕਰ ਰਿਹਾ ਸਾਂ ਕਿ ਸਾਡੇ ਕਾਫ਼ਿਲੇ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਸ ਪਿੰਡ ਵਿਚੋਂ ਚਲੀ ਜਾਏ। ਅਗਲਾ ਰਸਤਾ ਬੜਾ ਔਖਾ ਤੇ ਅਣਡਿੱਠਾ ਸੀ। ਬੂਝਿਆਂ-ਝਾੜੀਆਂ ਵਿਚੋਂ ਰਸਤਾ ਬਣਾਉਂਦੇ ਹੋਏ ਅਸੀਂ ਉਸ ਪਿੰਡ ਦੇ ਨੇੜੇ ਪਹੁੰਚ ਰਹੇ ਸਾਂ। ਤਿੰਨ ਚਾਰ ਘੰਟਿਆਂ ਤੋਂ ਘੱਟ ਕੀ ਲੱਗੇ ਹੋਣਗੇ। ਥਾਣੇਦਾਰ ਨੇ ਦੱਸਿਆ ਸੀ ਕਿ ਪਿੰਡ ਇਕ ਪਹਾੜੀ ਦੀ ਤਲਹਟੀ ਵਿਚ ਵੱਸਿਆ ਹੋਇਆ ਹੈ ਤੇ ਦੂਜੇ ਪਾਸੇ ਇਕ ਨਦੀ ਹੈ। ਪਿੰਡ ਵਿਚੋਂ ਭੱਜਣ ਦੇ ਸਿਰਫ ਦੋ ਰਸਤੇ ਨੇ। ਘੇਰਾਬੰਦੀ ਇਹਨਾਂ ਦੋ ਰਸਤਿਆਂ ਦੀ ਹੀ ਕੀਤੀ ਜਾਏਗੀ।
ਦਸ ਬਾਰਾਂ ਘਰਾਂ ਦਾ ਪਿੰਡ ਗੂੜ੍ਹੇ ਹਨੇਰੇ ਤੇ ਚੁੱਪ ਵਿਚ ਡੁੱਬਿਆ ਹੋਇਆ ਸੀ। ਕਿਤੇ ਰੌਸ਼ਨੀ ਦਾ ਇਕ ਕਤਰਾ ਵੀ ਭੁੱਲਿਆ ਭਟਕਿਆ ਨਹੀਂ ਸੀ ਦਿਸ ਰਿਹਾ। ਦੋਵਾਂ ਰਸਤਿਆਂ ਉੱਤੇ ਥਾਣੇਦਾਰ ਬਾਪਟ ਸਿੰਘ ਨੇ ਚੌਕਸ ਘੇਰਾਬੰਦੀ ਕਰ ਦਿੱਤੀ ਸੀ। ਦੋਵੇਂ ਬਟਾਲੀਅਨਾਂ ਉਹਨਾਂ ਜਗਾਹਾਂ 'ਤੇ ਲਾਈਆਂ ਗਈਆਂ ਸਨ ਜਿੱਥੋਂ ਭੱਜਣ ਦੀ ਗੁੰਜਾਇਸ਼ ਸਭ ਤੋਂ ਘੱਟ ਸੀ, ਕਿਉਂਕਿ ਭੱਜਣ ਲਈ ਪ੍ਰਚੱਲਤ ਰਸਤੇ ਛੱਡ ਦਿੱਤੇ ਜਾਂਦੇ ਨੇ। ਅੱਧੇ ਘੰਟੇ ਬਾਅਦ ਉਸਦੇ ਦੱਸਿਆ ਕਿ ਪਿੰਡ ਵਿਚੋਂ ਕੋਈ ਆਹਟ ਨਹੀਂ ਸੁਣਾਈ ਦੇ ਰਹੀ। 'ਕਿਤੇ ਸਹੁਰੀ ਨਿਕਲ ਤਾਂ ਨਹੀਂ ਗਈ।'
ਮੇਰੇ ਇਸ਼ਾਰੇ ਉੱਤੇ ਬਾਪਟ ਸਿੰਘ ਨੇ ਆਪਣੇ ਮੈਗਾਫ਼ੋਨ ਤੋਂ ਇਕ ਚੇਤਾਵਨੀ ਜਾਰੀ ਕਰ ਦਿੱਤੀ—'ਪਿੰਡ ਨੂੰ ਚਾਰੇ ਪਾਸਿਓਂ ਪੁਲਿਸ ਨੇ ਘੇਰ ਲਿਆ ਹੈ। ਜਿਹੜੇ ਨਕਸਲੀ ਪਿੰਡ ਵਿਚ ਲੁਕੇ ਬੈਠੇ ਨੇ, ਉਹ ਆਪਣੇ ਹਥਿਆਰ ਸੁੱਟ ਦੇਣ ਤੇ ਆਪਣੇ ਦੋਵੇਂ ਹੱਥ ਸਿਰ ਦੇ ਪਿੱਛੇ ਰੱਖ ਕੇ, ਇਕ-ਇਕ ਕਰਕੇ, ਪਿੰਡ 'ਚੋਂ ਬਾਹਰ ਆ ਜਾਣ। ਦੂਜੀ ਚੇਤਾਵਨੀ ਉਸ ਤੋਂ ਕੁਝ ਦੇਰ ਬਾਅਦ ਦਿੱਤੀ ਗਈ, ਫੇਰ ਤੀਜੀ...
ਪਿੰਡ ਵਿਚ ਕੋਈ ਹਿੱਲ-ਜੁਲ ਨਾ ਹੋਈ। ਥਾਣੇਦਾਰ ਨੇ ਝੁੱਗੀਆਂ ਨੂੰ ਅੱਗ ਲਾ ਦੇਣ ਦੀ ਧਮਕੀ ਦੇ ਦਿੱਤੀ, ਪਰ ਕੋਈ ਜਵਾਬ ਨਹੀਂ ਆਇਆ। ਬੀਤਦੇ ਪਲ ਬੜੇ ਅਕਾਊ ਹੋ ਗਏ ਸਨ। ਮੇਰੀ ਉਤੇਜਨਾ ਖਾਸੀ ਵਧ ਗਈ ਸੀ। ਮੈਂ ਬੇਚੈਨੀ ਵਿਚ ਟਹਿਲਣ ਲੱਗਾ ਸਾਂ। ਪਤਾ ਨਹੀਂ ਹਨੇਰੇ ਵਿਚ ਕਿਧਰੋਂ ਇਕ ਗੋਲੀ ਆਣ ਕੇ ਪੁੜਪੁੜੀ ਵਿਚ ਧਸ ਜਾਏ। ਕੋਈ ਨਹੀਂ ਸੀ ਜਾਣਦਾ ਕਿ ਸਾਵਲੀ ਪਿੰਡ ਵਿਚ ਹੈ ਜਾਂ ਨਹੀਂ।
ਬੜੀ ਦੇਰ ਬਾਅਦ ਪਿੰਡ ਦੇ ਸੀਨੇ ਵਿਚੋਂ ਇਕ ਤਿੱਖਾ ਸੁਰ ਫੁੱਟਿਆ, ਜਿਹੜਾ ਸਾਵਲੀ ਦਾ ਸੀ—'ਤੁਸੀਂ ਸਾਰੇ ਪੁਲਿਸਵਾਲੇ ਕੰਨ ਖੋਲ੍ਹ ਕੇ ਸੁਣ ਲਓ। ਅਸੀਂ ਇਕ ਗਰਭਵਤੀ ਔਰਤ ਨੂੰ ਹਸਪਤਾਲ ਭੇਜਣ ਦਾ ਜੁਗਾੜ ਕਰਨ ਆਏ ਆਂ। ਕਲ੍ਹ ਦੀ ਹੀ ਉਸਦੀ ਤਬੀਅਤ ਖ਼ਰਾਬ ਹੈ। ਔਰਤ ਦੇ ਦਿਨ ਟੱਪੇ ਹੋਏ ਨੇ। ਉਸਦਾ ਡੋਲਾ ਤਿਆਰ ਹੋ ਗਿਆ ਏ। ਇਸ ਡੋਲੇ ਨੂੰ ਲਿਜਾਣ ਵਿਚ ਕੋਈ ਪੁਲਿਸ ਵਾਲਾ ਅੜਿਕਾ ਨਾ ਲਾਏ, ਵਰਨਾ ਉਸਦਾ ਸੀਨਾ ਗੋਲੀਆਂ ਨਾਲ ਛਲਨੀਂ ਕਰ ਦਿਆਂਗੇ ਅਸੀਂ।'
ਇਸ ਧਮਕੀ ਪਿੱਛੋਂ ਕਿਸੇ ਪੁਲਿਸ ਵਾਲੇ 'ਚ ਹਿੰਮਤ ਨਹੀਂ ਸੀ ਰਹੀ ਕਿ ਪਿੰਡ ਵਿਚ ਘੁਸ ਜਾਂਦਾ। ਉਸ ਤੋਂ ਲਗਭਗ ਦਸ ਮਿੰਟ ਬਾਅਦ ਫੇਰ ਸਾਵਲੀ ਦੀ ਆਵਾਜ਼ ਸੁਣਾਈ ਦਿੱਤੀ—'ਡੋਲਾ ਰਵਾਨਾ ਹੋ ਰਿਹਾ ਏ...ਕੋਈ ਰੋਕੇ ਨਾ...ਕੋਈ ਰੋਕੇ ਨਾ...ਕੋਈ ਰੋਕੇ ਨਾ...'
ਬਾਪਟ ਸਿੰਘ ਬਕਣ ਲੱਗਾ—'ਸਾਲੀ ਬਕਵਾਸ ਕਰ ਰਹੀ ਏ। ਕਿਤੇ ਖ਼ੁਦ ਉਸ ਡੋਲੇ ਵਿਚ ਲੁਕ ਕੇ ਨਾ ਨਿਕਲ ਜਾਏ, ਇਸਦੇ ਨਾਲ ਹੀ ਉਸਨੇ ਜਵਾਬ ਵਿਚ ਪੁੱਛਿਆ—'ਕਿਵੇਂ ਪਤਾ ਲੱਗੇ ਕਿ ਡੋਲੇ ਵਿਚ ਉਹ ਔਰਤ ਹੀ ਹੈ, ਕੋਈ ਹੋਰ ਨਹੀਂ...'
'ਓਇ ਹੀਜੜਿਆ, ਇੰਜ,' ਸਾਵਲੀ ਨੇ ਲਲਕਾਰਿਆ ਤੇ ਇਸਦੇ ਨਾਲ ਹੀ ਆਸਮਾਨ ਵੱਲ ਨਿਸ਼ਾਨਾ ਸਿੰਨ੍ਹ ਕੇ ਗੋਲੀਆਂ ਚੱਲਣ ਲੱਗੀਆਂ, ਜਿਵੇਂ ਦਰਜਨਾਂ ਬਦੂੰਕਾਂ ਇਕੋ ਸਮੇਂ ਗਰਜ਼ ਰਹੀਆਂ ਹੋਣ। 'ਜਦੋਂ ਤਕ ਡੋਲਾ ਪਿੰਡ ਵਿਚੋਂ ਬਾਹਰ ਨਹੀਂ ਚਲਾ ਜਾਂਦਾ , ਗੋਲੀਆਂ ਚਲਦੀਆਂ ਰਹਿਣਗੀਆਂ। ਅਸੀਂ ਦੱਸਦੇ ਰਹਾਂਗੇ ਕਿ ਅਸੀਂ ਪਿੰਡ ਵਿਚ ਹੀ ਆਂ।'
ਮੈਂ ਥਾਣੇਦਾਰ ਦੇ ਮੋਢੇ ਉੱਤੇ ਹੱਥ ਰੱਖ ਕੇ ਹੌਲੀ ਜਿਹੀ ਕਿਹਾ—'ਡੋਲੇ ਨੂੰ ਜਾਣ ਦਿਓ। ਸਾਡੀ ਉਸ ਔਰਤ ਨਾਲ ਕੋਈ ਦੁਸ਼ਮਣੀ ਨਹੀਂ।'
ਕਹਿ ਨਹੀਂ ਸਕਦਾ ਕਿ ਬਾਪਟ ਸਿੰਘ ਨੂੰ ਇਤਬਾਰ ਹੋਇਆ ਜਾਂ ਨਹੀਂ, ਪਰ ਉਹਦੀ ਸ਼ੰਕਾ ਨਹੀਂ ਸੀ ਮਿਟੀ। ਇਸ ਗੋਲਾਬਾਰੀ ਨਾਲ ਸਿਪਾਹੀਆਂ ਦੀ ਹਿੰਮਤ ਟੁੱਟ ਜਿਹੀ ਗਈ ਸੀ। ਪੰਜ ਮਿੰਟ ਬਾਅਦ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ। ਡੋਲਾ ਪਿੰਡ ਦੇ ਬਾਹਰ ਚਲਾ ਗਿਆ ਸੀ, ਇਹ ਪੱਕਾ ਸੀ। ਬਾਪਟ ਸਿੰਘ ਕੁਝ ਨਿਰਾਸ਼ ਜਿਹਾ ਹੋ ਗਿਆ ਸੀ। ਡੋਲਾ ਰੋਕ ਕੇ ਉਹ ਕੋਈ ਸੌਦੇਬਾਜ਼ੀ ਕਰ ਸਕਦਾ ਸੀ। ਹੁਣ ਉਹ ਮੌਕਾ ਹੱਥੋਂ ਨਿਕਲ ਗਿਆ ਸੀ। ਮੇਰੇ ਮਨ ਵਿਚ ਵੀ ਸ਼ੱਕ ਹੋਇਆ ਕਿ ਉਸ ਡੋਲੇ ਵਿਚ ਲੁਕ ਕੇ ਸਾਵਲੀ ਨਿਕਲ ਹੀ ਨਾ ਗਈ ਹੋਵੇ।
ਹੁਣ ਗੂੜ੍ਹੀ ਚੁੱਪ ਛਾ ਗਈ ਸੀ। ਬਾਪਟ ਸਿੰਘ ਨੇ ਫੇਰ ਚੇਤਾਵਨੀ ਜਾਰੀ ਕੀਤੀ, ਪਰ ਪਿੰਡ ਵਿਚੋਂ ਕੋਈ ਜਵਾਬ ਨਾ ਮਿਲਿਆ। ਹੁਣ ਇਕੋ ਉਪਾਅ ਸੀ ਕਿ ਸਾਰੀ ਰਾਤ ਪਿੰਡ ਨੂੰ ਘੇਰ ਕੇ ਬੈਠੇ ਰਹੋ ਤੇ ਦਿਨ ਦੇ ਉਜਾਲੇ ਵਿਚ ਪੋਜੀਸ਼ਨਾ ਲੈ ਕੇ ਪਿੰਡ ਵਿਚ ਘੁਸ ਪਓ। ਹਨੇਰੇ ਵਿਚ ਤਾਂ ਕੁਝ ਕੀਤਾ ਹੀ ਨਹੀਂ ਸੀ ਜਾ ਸਕਦਾ। ਭਾਵੇਂ ਪੁਲਿਸ ਪਾਰਟੀ ਕੋਲ ਸਰਚ ਲਾਈਟਾਂ ਸਨ, ਪਰ ਖ਼ਤਰਾ ਵੀ ਸੀ, ਕਿਓਂਕਿ ਸਿਪਾਹੀਆਂ ਦੀ ਪੋਜੀਸ਼ਨ ਦਿਖ ਜਾਂਦੀ ਤੇ ਉਧਰੋਂ ਨਕਸਲੀਆਂ ਵਾਲੇ ਪਾਸਿਓਂ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਸ਼ੁਰੂ ਹੋ ਜਾਂਦੀ ਤੇ ਉਸਨੂੰ ਰੋਕਣਾ ਅਸੰਭਵ ਹੋ ਜਾਂਦਾ। ਉਸਦੀ ਓਟ ਵਿਚ ਉਹ ਨਿਕਲ ਜਾਂਦੇ।
ਪਿੱਛੇ ਪਹਾੜ 'ਤੇ ਨਦੀ ਵਾਲੇ ਰਸਤੇ 'ਤੇ ਦੋਵੇਂ ਬਟਾਲੀਅਨਾਂ ਲੱਗੀਆਂ ਸਨ। ਇਧਰਲੇ ਰਸਤੇ 'ਤੇ ਜਿਧਰੋਂ ਡੋਲਾ ਲੰਘ ਕੇ ਪਿੰਡ ਵਿਚੋਂ ਬਾਹਰ ਗਿਆ ਸੀ, ਸਾਡੀ ਪੁਲਿਸ ਪਾਰਟੀ ਤੈਨਾਤ ਸੀ। ਇਹ ਥਾਣੇਦਾਰ ਦੀ ਕੀਤੀ ਵਿਵਸਥਾ ਸੀ। ਇਸ ਗੱਲ ਨੂੰ ਸ਼ਾਇਦ ਸਾਵਲੀ ਨੇ ਤਾੜ ਲਿਆ ਸੀ।
ਅਚਾਨਕ ਉਸ ਗੂੜ੍ਹੇ ਹਨੇਰੇ ਵਿਚ ਇਕ ਤੇਜ਼ ਗੰਧ ਮੇਰੀ ਨੱਕ ਵਿਚ ਘੁਸ ਗਈ। ਜੰਗਲੀ ਫੁੱਲਾਂ ਦੀ ਗੰਧ, ਜਿਹੜੇ ਸਾਵਲੀ ਆਪਣੇ ਜੂੜੇ ਵਿਚ ਲਾਉਂਦੀ ਹੈ। ਕਿਤੇ ਕੋਈ ਹੋਰ ਤਾਂ ਇਸ ਗੰਧ ਨੂੰ ਨਹੀਂ ਪਛਾਣਦਾ? ਉਸਨੂੰ ਸਾਵਲੀ ਦੀ ਮੌਜ਼ੂਦਗੀ ਦਾ ਪਤਾ ਲੱਗ ਸਕਦਾ ਹੈ। ਮੈਨੂੰ ਲੱਗਿਆ, ਮੇਰੇ ਨੇੜੇ ਜਾਂ ਐਨ ਕੋਲ, ਸਾਵਲੀ ਕਿਤੇ ਬਿਲਕੁਲ ਨੇੜੇ ਹੀ ਹੈ। ਸ਼ਾਇਦ ਮੈਥੋਂ ਹੱਥ ਦੋ ਹੱਥ ਦੀ ਦੂਰੀ 'ਤੇ ਹੀ ਹੋਵੇ। ਘਬਰਾਹਟ ਵਿਚ ਰਾਈਫ਼ਲ ਵਾਲੇ ਹੱਥ ਨੂੰ ਪਤਾ ਨਹੀਂ ਕਿੰਨਾ ਕੁ ਪਸੀਨਾਂ ਆ ਗਿਆ ਸੀ ਤੇ ਲੱਗਿਆ ਸੀ ਕਿ ਹੁਣੇ ਤਿਲ੍ਹਕ ਕੇ ਡਿੱਗ ਜਾਏਗੀ। ਸਰਚ ਲਾਈਟ ਜਗਾ ਕੇ ਉਸਨੂੰ ਦੇਖਿਆ ਜਾ ਸਕਦਾ ਸੀ। ਬਾਪਟ ਸਿੰਘ ਨੂੰ ਜ਼ਰਾ ਵੀ ਆਹਟ ਮਿਲਦੀ ਤਾਂ ਉਹ ਬਿਨਾਂ ਸੋਚੇ ਸਮਝੇ ਝੱਟ ਸਵਿਚ ਆਨ ਕਰ ਦੇਂਦਾ। ਗਨੀਮਤ ਸੀ ਉਸਨੂੰ ਕੁਝ ਪਤਾ ਨਹੀਂ ਸੀ ਲੱਗਿਆ। ਉਸ ਗੂੜ੍ਹੇ ਹਨੇਰੇ ਵਿਚ ਮੈਂ ਚੁੱਪਚਾਪ ਖੜ੍ਹਾ ਰਿਹਾ। ਮੇਰਾ ਪੁਲਸੀਆ ਕਰਤੱਵ-ਬੋਧ ਪਤਾ ਨਹੀਂ ਕਿੱਥੇ ਦੁਬਕ ਗਿਆ ਸੀ। ਕੁਝ ਕਰਨ ਦੀ ਇੱਛਾ ਨਹੀਂ ਸੀ ਹੋ ਰਹੀ। ਚਾਹੁੰਦਾ ਸੀ ਸਾਵਲੀ ਇਸ ਸੰਕਟ ਵਿਚੋਂ ਬਾਹਰ ਨਿਕਲ ਜਾਏ।
ਫੇਰ ਦੂਰ ਹੁੰਦੀ ਸੁਗੰਧ ਦੀ ਆਹਟ ਬੰਦ ਹੋ ਗਈ ਤੇ ਕੁਝ ਪਲਾਂ ਬਾਅਦ ਕਿਧਰੇ ਵਲੀਨ ਹੋ ਗਈ। ਮੈਂ ਖੜ੍ਹਾ ਰਿਹਾ। ਬੁੱਝ ਲਿਆ ਕਿ ਸਾਵਲੀ ਪਿੰਡ 'ਚੋਂ ਬਾਹਰ ਨਿਕਲ ਚੁੱਕੀ ਹੈ। ਪਲ ਭਰ ਵਿਚ ਮੇਰਾ ਤਣਾਅ ਦੂਰ ਹੋ ਗਿਆ ਸੀ। ਕੁਝ ਦੇਰ ਬਾਅਦ ਹੀ ਪਹੁ-ਫੁੱਟਣ ਲੱਗ ਪਈ ਸੀ।
    --- --- ---
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.  

No comments:

Post a Comment