Friday, May 13, 2011

ਪੁਲਿਸ ਵਿਵਸਥਾ ਦੇ ਵਿਰੋਧ ਵਿਚ ਨਕਸਲਵਾਦ :: ਲੇਖਕ : ਰਮੇਸ਼ ਚੰਦ ਮੀਣਾ

ਵਿਸ਼ੇਸ਼ ਲੇਖ :
ਅਨੁਵਾਦ : ਮਹਿੰਦਰ ਬੇਦੀ, ਜੈਤੋ



ਅਗਰ ਅਬ ਤੁਮਨੇ
ਹਮੇਂ ਖਦੇੜਾ
ਹਮ ਮਿਲਕਰ ਲੜੇਂਗੇ
ਇਨਹੀਂ ਨਦੀਓਂ, ਵਨੋਂ, ਟਾਪਰੋਂ ਸੇ ਕੀਆ ਹੈ ਗੁਜਾਰਾ
ਅਬ ਆਜ ਇਨਕੋ ਬਿਗਾੜਾ
ਹਮ ਮਿਲਕਰ ਲੜੇਂਗੇ। —ਬਿਜੇਂਦਰ


ਇਹ ਲੇਖ ਵਰਤਮਾਨ ਸਾਹਿਤ ਪੱਤ੍ਰਿਕਾ ਵਿਚ ਛਪੀ ਕੈਲਾਸ਼ ਚੰਦ ਦੀ ਕਹਾਣੀ 'ਅੰਧੇਰੇ ਮੇਂ ਸੁਗੰਧ' 'ਤੇ ਆਧਾਰਿਤ ਹੈ। ਇਹ ਕਹਾਣੀ ਪੁਲਿਸ ਤੇ ਨਕਸਲ ਸੰਬੰਧਾਂ ਉੱਤੇ ਕੇਂਦਰਿਤ ਹੈ। ਇਸ ਕਹਾਣੀ ਵਿਚ ਕਲਪਨਾ ਤੱਤ ਦੀ ਬਹੁਤਾਤ ਹੋ ਸਕਦੀ ਹੈ, ਫੇਰ ਵੀ ਇਸ ਸਮੇਂ ਦੀ ਭਖਦੀ ਹੋਈ ਸਮੱਸ਼ਿਆ ਨਕਸਲ ਤੇ ਆਦਿਵਾਸੀ ਸੰਬੰਧਾਂ ਨੂੰ ਸਮਝਣ ਵਿਚ ਇਹ ਕਹਾਣੀ ਖਾਸੀ ਮਦਦਗਾਰ ਸਿੱਧ ਹੋ ਸਕਦੀ ਹੈ। ਇਸ ਪ੍ਰਵਿਰਤੀ ਦੀਆਂ ਜਿੰਨੀਆਂ ਕਹਾਣੀਆਂ ਵੀ ਲਿਖੀਆਂ ਗਈਆਂ ਹਨ, ਉਹਨਾਂ ਵਿਚ ਇਹ ਆਪਣੀ ਵੱਖਰੀ ਜਗ੍ਹਾ ਮੱਲਦੀ ਹੈ। ਕਹਾਣੀ ਦੇ ਵਿਸ਼ੇ-ਵਸਤੂ ਵਿਚ ਨਕਸਲਵਾਦ, ਪੁਲਿਸ ਤੇ ਆਦਿਵਾਸੀ ਹਨ। ਨਕਸਲਵਾਦੀਆਂ ਨਾਲ ਸੰਬੰਧਤ ਅਣਗਿਣਤ ਜੁੜੀਆਂ-ਜੋੜੀਆਂ ਗੱਲਾਂ ਦੇ ਜਾਲੇ ਝੜਦੇ ਹਨ। ਆਦਿਵਾਸੀ ਤੇ ਪੁਲਿਸ ਦਾ ਸੰਬੰਧ ਚੂਹੇ-ਬਿੱਲੀ ਵਰਗਾ ਰਿਹਾ ਹੈ। ਪੁਲਿਸ ਵਾਲੇ ਆਦਿਵਾਸੀਆਂ ਨਾਲ ਸੁਲੱਭ-ਸ਼ਿਕਾਰ ਵਰਗਾ ਵਰਤਾਅ ਕਰਦੇ ਰਹੇ ਹਨ। ਜੈਸਾ ਵਰਤਾਅ ਪੁਲਿਸ ਵਾਲਿਆਂ ਦਾ ਆਦਿਵਾਸੀਆਂ ਨਾਲ ਰਿਹਾ ਹੈ, ਠੀਕ ਤੈਹਾ ਹੀ ਰਾਜਸੀ ਦਲਾਂ ਤੇ ਸਰਕਾਰ ਦੇ ਹੋਰ ਕਰਮਚਾਰੀਆਂ ਦਾ ਰਿਹਾ ਹੈ। ਪੁਲਿਸ ਕਾਨੂੰਨ ਦੇ ਨਾਂ ਉੱਤੇ ਆਏ ਦਿਨ ਆਦਿਵਾਸੀਆਂ 'ਤੇ ਅਤਿਆਚਾਰ ਕਰਦੀ ਰਹੀ ਹੈ। ਅਤਿਆਚਾਰ ਦੀ ਅੱਤ ਤੇ ਕਰੂਰਤਾ ਜਦੋਂ ਅਸਹਿ ਹੋ ਜਾਂਦੀ ਹੈ ਉਦੋਂ 'ਮਰਦਾ ਕੀ ਨਹੀਂ ਕਰਦਾ?' ਉਸਦਾ ਅੰਤਮ ਰਾਹ ਨਕਸਲਵਾਦ ਵੱਲ ਹੀ ਮੁੜ ਜਾਂਦਾ ਰਿਹਾ ਹੈ। ਪੁਲਿਸ ਤੇ ਕਾਨੂੰਨ ਦਾ ਲੋਹ-ਜਾਮੇਂ ਵਿਚ ਮਾਨਵੀ ਚਿਹਰਾ ਇਸ ਕਹਾਣੀ ਵਿਚੋਂ ਝਾਕਦਾ ਹੈ। ਉਹੀ ਚਿਹਰਾ ਕਾਨੂੰਨ ਦੇ ਬਡਰੂਪ ਨੂੰ ਨੰਗਾ ਕਰਕੇ ਸਾਰਿਆਂ ਦੇ ਸਾਹਮਣੇ ਲਿਆ ਖੜ੍ਹਾ ਕਰਦਾ ਹੈ।
ਆਦਿਵਾਸੀ ਨਕਸਲੀ ਖੇਤਰ ਦਾ ਭੈ ਇਸ ਤਰ੍ਹਾਂ ਵਾਤਾਵਰਣ ਵਿਚ ਤਾਰੀ ਹੋ ਜਾਂਦਾ ਹੈ ਕਿ ਕੋਈ ਵੀ ਬਾਹਰੀ ਵਿਅਕਤੀ, ਭੁੱਲ ਕੇ ਵੀ, ਇੱਥੇ ਪ੍ਰਵੇਸ਼ ਕਰਨ ਬਾਰੇ ਨਹੀਂ ਸੋਚ ਸਕਦਾ। ਅਧਿਕਾਰੀ ਵੀ ਤਬਾਦਲੇ ਦੇ ਨਾਂ ਤੋਂ ਹੀ ਭੈਭੀਤ ਰਹਿੰਦਾ ਹੈ! ਜੇ ਕੋਈ ਬਦਲੀ ਹੋਣ ਕਰਕੇ ਇਸ ਖੇਤਰ ਵਿਚ ਚਲਾ ਗਿਆ ਤਾਂ ਜਲਦ ਹੀ ਆਪਣੇ ਖੇਤਰ ਵਿਚ ਵਾਪਸ ਪਰਤਨ ਲਈ ਤਿਕੜਮ ਭਿੜਾਉਣ ਲੱਗਦਾ ਹੈ। ਜਿਹੜਾ ਉੱਥੇ ਰਹਿ ਰਿਹਾ ਹੈ, ਪ੍ਰਸਥਿਤੀਆਂ ਨੂੰ ਸਮਝ ਗਿਆ ਹੈ, ਉਹ ਕਾਨੂੰਨੀ ਡਿਊਟੀ ਨੂੰ ਕਾਗਜ਼ੀ ਖਾਨਾਪੂਰੀ ਦੇ ਰੂਪ ਵਿਚ ਕਰਦਾ ਹੋਇਆ ਟਿਕਿਆ ਰਹਿੰਦਾ ਹੈ। ਹਰ ਸਰਕਾਰੀ ਅਧਿਕਾਰੀ ਆਦਿਵਾਸੀ ਨੂੰ ਕੁਝ ਵੀ ਨਾ ਸਮਝਦਾ ਹੋਇਆ ਸਲੂਕ ਕਰਦਾ ਹੈ। ਉਹ ਆਦਿਵਾਸੀਆਂ ਨਾਲ ਆਪਣੀ ਪੂਰੀ ਨੌਕਰੀ ਵਿਚ ਇਕੋ ਕੰਮ ਕਰਦਾ ਹੈ—ਅਨਿਆਂ; ਤੇ ਸਿਰਫ ਅਨਿਆਂ। ਇਸ ਨਾਲੋਂ ਵੱਖਰੀ ਉਮੀਦ ਉਸ ਕੋਲੋਂ ਨਹੀਂ ਰੱਖੀ ਜਾ ਸਕਦੀ। ਇਸ ਇਲਾਕੇ ਵਿਚ ਪੁਲਿਸ ਦਾ ਵੱਖਰਾ ਹੀ ਰੂੜ੍ਹ-ਰੂਪ ਦੇਖਿਆ ਜਾ ਸਕਦਾ ਹੈ। ਪੁਲਿਸ ਦਾ ਹੀ ਆਦਮੀ, ਪੁਲਿਸ ਦੀ ਕਹਾਣੀ ਬਿਆਨ ਕਰ ਰਿਹਾ ਹੈ। ਇਕ ਪਾਸੇ ਕਹਾਣੀ ਦਾ ਇਹ ਸ਼ਿਲਪ ਇਸ ਕਹਾਣੀ ਦੀ ਸੱਚਾਈ ਨੂੰ ਪਕਿਆਉਂਦਾ ਹੈ ਤੇ ਦੂਜੇ ਪਾਸੇ ਆਲੋਚਕ ਜਵਰੀ ਮੱਲ ਪਾਰਖ ਤੇ ਸੂਰਜ ਪਾਲੀਵਾਲ ਦੀ ਥਾਪੀ, ਬਹਿਸ-ਯੋਗ ਤੇ ਵਿਚਾਰ ਕਰਨ ਯੋਗ ਹੈ।
ਕਹਾਣੀ ਵਾਚਕ 'ਮੈਂ' ਸੰਬੋਧਨ ਨਾਲ ਚੱਲਦੀ ਹੈ। ਰੋਹਿਤ ਦੀ ਪਹਿਲੀ ਪੋਸਟਿੰਗ ਨਕਸਲ ਬਹੁਲ ਖੇਤਰ ਵਿਚ ਹੋ ਜਾਂਦੀ ਹੈ। ਉਸਦੇ ਸੀਨੀਅਰ ਉਸਨੂੰ ਸਮਝਾ ਰਹੇ ਹਨ ਕਿ ਇੰਜ ਪਹਿਲੀ ਵਾਰ ਹੋ ਰਿਹਾ ਹੈ ਕਿ ਬਿਨਾਂ ਅਨੁਭਵ ਨਵੇਂ ਵਿਅਕਤੀ ਨੂੰ ਅਜਿਹੇ ਖੇਤਰ ਵਿਚ ਭੇਜਿਆ ਜਾ ਰਿਹਾ ਹੈ। ਉਸਨੂੰ ਸ਼ੂਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਉਸਦੇ ਭਵਿੱਖ ਨੂੰ ਲੈ ਕੇ ਸਾਰੇ ਚਿੰਤਤ ਦਿਖਾਈ ਦੇ ਰਹੇ ਹਨ। ਇਕ ਅਜਿਹਾ ਪੁਲਿਸ ਵਾਲਾ ਜਿਸਨੂੰ ਅਜੇ ਵਰਦੀ ਦਾ ਰੰਗ ਨਹੀਂ ਚੜ੍ਹਿਆ, ਨੌਕਰੀ ਲੱਗਦਾ ਹੀ ਲੀਕੋਂ ਹਟ ਕੇ ਕੰਮ ਕਰਨ ਦੀ ਠਾਣ ਲੈਂਦਾ ਹੈ। ਰੂਟੀਨ ਵਿਚ ਢਲ ਚੁੱਕਿਆ ਵਿਅਕਤੀ ਅਲਗ ਹਟ ਕੇ ਸੋਚ ਵੀ ਨਹੀਂ ਸਕਦਾ। ਅਲਗ ਹਟ ਕੇ ਸੋਚਣ-ਕਰਨ ਵਾਲਾ ਵਿਅਕਤੀ ਹੀ ਸਮੱਸਿਆ ਦੀ ਤੈਹ ਤੀਕ ਪਹੁੰਚ ਸਕਦਾ ਹੈ। ਨਵੇਂ ਪੁਲਿਸ ਵਾਲੇ ਤੋਂ ਹੀ ਏਨੀ ਉਮੀਦ ਕੀਤੀ ਜਾ ਸਕਦੀ ਹੈ, ਹੋਰ ਪੁਲਿਸ ਵਾਲੇ ਜੋ ਕੁਝ ਕਰਦੇ ਹਨ ਉਸ ਕਾਰਨ ਹੀ ਤਾਂ ਨਕਸਲਵਾਦ ਹੈ। ਕਹਾਣੀ ਦਾ ਸ਼ਿਲਪ ਵਿਸ਼ਾ-ਵਸਤੂ ਦੇ ਬਿਲਕੁਲ ਅਨੁਕੂਲ ਹੈ। 'ਮੈਂ' ਉਤਮ ਪੁਰਖ ਵਿਚ ਕਹਾਣੀ ਅੱਗੇ ਵਧਦੀ ਹੈ ਤੇ ਪਿਆਜ ਦੇ ਛਿੱਲੜਾਂ ਵਾਂਗ ਤਹਿ-ਦਰ-ਤਹਿ ਖੁੱਲ੍ਹਦੀ ਜਾਂਦੀ ਹੈ।
ਕਹਾਣੀ ਦਾ ਮੂਲ ਵਿਸ਼ਾ ਹੈ—ਆਦਿਵਾਸੀ ਕਿਉਂ ਬਣਦੇ ਹਨ 'ਨਕਸਵਾਦੀ'? ਆਮ ਆਦਿਵਾਸੀ ਘਰ ਵਿਚ ਰਹਿਣ ਵਾਲੀ 'ਸਾਵਲੀ' ਇਕ ਅਜਿਹੀ ਹੀ ਔਰਤ ਪਾਤਰ ਹੈ ਜਿਹੜੀ ਬਚਪਨ ਤੋਂ ਪੜ੍ਹਣ ਦੀ ਹਸਰਤ ਪਾਲੀ ਬੈਠੀ ਹੈ। ਮਤਰੇਈ ਮਾਂ ਦੀ ਈਰਖਾ-ਦਵੈਸ਼ ਕਰਕੇ ਥਾਣੇ ਵਿਚ ਉਸਦੀ ਕਿਸੇ ਦੇ ਨਾਲ ਭੱਜਣ ਦੀ ਗਲਤ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਹੈ। ਪੁਲਿਸ ਦਰੋਗਾ ਮਾਮਲੇ ਨੂੰ ਗਲਤ ਮੰਨਦਾ ਹੋਇਆ ਵੀ ਕਾਰਵਾਈ ਕਰਦਾ ਹੈ। ਆਪਣੀ ਹਠ, ਤਾਨਾਸ਼ਾਹੀ ਤੇ ਜੰਗਲ ਰਾਜ ਚਲਾਉਣ ਵਾਲਾ ਦਰੋਗਾ ਤਿਵਾਰੀ ਆਪਣੀ ਹੀ ਚਲਾਉਣ ਲਈ ਸਾਵਲੀ ਦੇ ਦੋਸਤ ਜਸ ਰਾਮ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕਰਦਾ ਹੈ। ਝੂਠੇ ਕੇਸ ਨੂੰ ਸੱਚ ਬਣਾਉਣ ਲਈ ਸੱਚ ਨੂੰ ਝੂਠ ਦੇ ਡੰਡੇ ਦੇ ਜ਼ੋਰ ਨਾਲ ਬਦਲਣਾ ਚਾਹੁੰਦਾ ਹੈ। ਸਾਵਲੀ ਨੂੰ ਹਵਾਲਾਤ ਵਿਚ ਬੰਦ ਕਰਕੇ ਗਲਤ ਬਿਆਨ ਦਰਜ ਕਰਨ ਲਈ ਸਾਰੇ ਹੱਥ-ਕੰਡੇ ਅਪਣਾਉਂਦਾ ਹੈ। ਨਾਬਾਲਿਗ ਸਾਵਲੀ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਉਸਦੇ ਛੁੱਟ ਕੇ ਭੱਜ ਜਾਣ 'ਤੇ ਉਸਦੇ ਜੀਜੇ ਨੂੰ ਫੜ੍ਹ ਕੇ ਲੈ ਆਂਦਾ ਜਾਂਦਾ ਹੈ। ਜੀਜੇ ਨੂੰ ਏਨਾ ਕੁੱਟਿਆ-ਮਾਰਿਆ ਜਾਂਦਾ ਹੈ ਕਿ ਉਹ ਹਵਾਲਾਤ ਵਿਚ ਹੀ ਦਮ ਤੋੜ ਦੇਂਦਾ ਹੈ। ਆਪਣੇ ਰਿਸ਼ਤੇਦਾਰ ਤੇ ਦੋਸਤ 'ਤੇ ਅਤਿਆਚਾਰ ਦੀ ਗਾਥਾ ਸੁਣ ਕੇ ਸਾਵਲੀ ਦਰੋਗੇ ਤਿਵਾੜੀ ਨੂੰ ਰਾਜਪਾਲ ਦੀ ਸਭਾ ਵਿਚ ਹੀ ਗੋਲੀ ਮਾਰ ਦੇਂਦੀ ਹੈ। ਇਸ ਪਿੱਛੋਂ ਸਾਵਲੀ ਨੂੰ ਨਕਸਲਾਈ ਦੇ ਰੂਪ ਵਿਚ ਜਾਣਿਆ-ਪਛਾਣਿਆ ਜਾਂਦਾ ਹੈ। ਘੱਟ ਉਮਰ ਦੀ ਮਾਸੂਮ ਸਾਵਲੀ ਖ਼ੂੰਖਾਰ ਨਕਸਲਵਾਦੀ ਬਣ ਕੇ ਉਭਰਦੀ ਹੈ। ਇਸੇ ਸਾਵਲੀ ਨੂੰ ਫੜ੍ਹਨ ਲਈ ਨਵੇਂ ਰੰਗਰੂਟ ਡਿਪਟੀ ਐਸ.ਪੀ. ਰੋਹਿਤ ਨੂੰ ਆਦੇਸ਼ ਮਿਲਦਾ ਹੈ। ਪਰ ਸਾਵਲੀ ਉੱਤੇ ਹੋਏ ਅਤਿਆਚਾਰ, ਅਨਿਆਂ ਤੇ ਅਣ-ਮਨੁੱਖੀ ਵਿਹਾਰ ਤੋਂ ਜਿਵੇਂ ਜਿਵੇਂ ਜਾਣੂ ਹੁੰਦਾ ਜਾਂਦਾ ਹੈ ਰੋਹਿਤ, ਇਸ ਕੁੜੀ ਦੇ ਪ੍ਰਤੀ ਹਮਦਰਦੀ ਨਾਲ ਭਰ ਜਾਂਦਾ ਹੈ ਤੇ ਜਦੋਂ ਉਹ ਉਸਨੂੰ ਫੜ੍ਹਨ ਦੀ ਸਥਿਤੀ ਵਿਚ ਹੁੰਦਾ ਹੈ, ਹਨੇਰੇ ਦਾ ਲਾਭ ਲੈ ਕੇ ਉਸਨੂੰ ਭੱਜਣ ਦਾ ਪੂਰਾ ਮੌਕਾ ਦੇ ਦੇਂਦਾ ਹੈ। ਇਸ ਕਥਾ-ਵਸਤੂ ਨੂੰ ਕਹਾਣੀ ਦਾ ਅਜਿਹਾ ਰੂਪ ਦਿੱਤਾ ਗਿਆ ਹੈ ਕਿ ਪਾਠਕ ਆਦਿਵਾਸੀਆਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਵਾਪਰਦਾ ਹੋਇਆ ਦੇਖਦਾ ਹੈ ਤਾਂ ਸਰਕਾਰ ਦੀ ਵਿਕਾਸਵਾਦੀ ਨੀਤੀ ਤੇ ਪੁਲਿਸ ਦੇ ਚਿਹਰੇ ਤੋਂ ਨਕਾਬ ਉਤਰ ਜਾਂਦਾ ਹੈ। ਪਾਠਕ ਨੂੰ ਪਤਾ ਲੱਗ ਜਾਂਦਾ ਹੈ ਕਿ ਨਕਸਲਵਾਦ ਆਖ਼ਰ ਕਿਉਂ ਵਧ ਰਿਹਾ ਹੈ?
ਹਰ ਆਦਿਵਾਸੀ ਖੇਤਰ ਵਿਚ ਕਾਨੂੰਨ ਦੀ ਪਹੁੰਚ ਹੋਣਾ ਕਿਸੇ ਚੱਕਰਵਿਊ ਨੂੰ ਤੋੜਨ ਨਾਲੋਂ ਘੱਟ ਨਹੀਂ। ਅਜਿਹੀ ਹਾਲਤ ਵਿਚ ਪੁਲਿਸ ਦੁਆਰਾ ਨਕਸਲਵਾਦੀ ਵਿਊ ਵਿਚ ਸੰਨ੍ਹ ਲਾਉਣਾ ਕਾਫੀ ਗੁੰਝਲਦਾਰ ਤੇ ਔਖਾ ਕੰਮ ਹੈ। ਪੁਲਿਸ ਨੂੰ ਨਕਸਲਵਾਦੀਆਂ ਦੀ 'ਭਾਵੀ ਯੋਜਨਾ ਬਾਰੇ ਕੋਈ ਕੁਝ ਨਹੀਂ ਦੱਸਦਾ ਸੀ। ਸਿਰਫ ਬੀਤ ਚੁੱਕੀਆਂ ਘਟਨਾਵਾਂ ਦੀ ਪੂਰੀ ਤਫਸੀਲ ਮਿਲ ਜਾਂਦੀ ਹੈ।'1 ਨਕਲਵਾਦੀ ਚੱਕਰਵਿਊ ਨੂੰ ਤੋੜਨਾਂ ਵਰਤਮਾਨ ਪੁਲਿਸ ਦੇ ਵਿਹਾਰ ਤੇ ਢਾਂਚੇ ਲਈ ਸੰਭਵ ਨਹੀਂ ਹੈ। ਨਕਸਲਵਾਦੀ ਕਿਸ ਪਿੰਡ ਦੇ ਕਿਸ ਝੌਂਪੜੇ ਵਿਚ ਰੁਕਦੇ ਹਨ, ਖਾਣਾ ਖਾਂਦੇ ਹਨ, ਮੀਟਿੰਗ ਕਰਦੇ ਹਨ ਤੇ ਮੀਟਿੰਗ ਦੌਰਾਨ ਕਿਸ ਨੂੰ ਬੁਲਾਂਦੇ ਹਨ, ਪਿੰਡ ਦਾ ਪ੍ਰਧਾਨ, ਜ਼ਿਮੀਂਦਾਰ ਜਾਂ ਸਰਕਾਰੀ ਅਧਿਕਾਰੀ? ਉਹਨਾਂ ਦੇ ਡਰ ਕਾਰਨ ਉਹਨਾਂ ਦੀ ਯੋਜਨਾਂ ਬਾਰੇ ਕੋਈ ਕਿਸੇ ਨੂੰ ਕੁਛ ਨਹੀਂ ਦੱਸਦਾ। ਅਜਿਹੀਆਂ ਹਾਲਤਾਂ ਵਿਚ ਪੁਲਿਸ ਲਈ ਉਹਨਾਂ ਦੀਆਂ ਭਾਵੀ ਯੋਜਨਾਵਾਂ ਬਾਰੇ ਜਾਣਨਾ ਕਿੰਨਾਂ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਨਕਸਲਵਾਦੀ ਕਿਸੇ ਪਿੰਡ ਵਾਲੇ ਨੂੰ ਬੁਲਾਉਂਦੇ ਹਨ ਤਾਂ ਪਿੰਡ ਵਾਸੀ ਰਾਤ ਦੇ ਹਨੇਰੇ ਵਿਚ ਵੀ ਉਹਨਾਂ ਕੋਲ ਜਾਣੇ-ਪਛਾਣੇ ਰਾਹਾਂ ਰਾਹੀਂ ਉਹਨਾਂ ਤੀਕ ਪਹੁੰਚ ਜਾਂਦੇ ਹਨ। ਇਹਨਾਂ ਦੀਆਂ ਸਮੱਸਿਆਵਾਂ ਜਟਿਲ ਤੇ ਬੜੀਆਂ ਵੱਡੀਆਂ ਹਨ। 'ਇਹ ਜਿਸ ਖੇਤਰ ਵਿਚ ਸਮੱਸਿਆਵਾਂ ਨਾਲ ਰੂਬਰੂ ਹੁੰਦੇ ਹਨ, ਉੱਥੇ ਨਕਸਲਵਾਦ ਦਾ ਫੁੱਟਣਾ ਹੈਰਾਨੀ ਵਾਲੀ ਗੱਲ ਨਹੀਂ ਸੀ।'2 ਇਕ ਸੰਵੇਦਨਸ਼ੀਲ ਪੁਲਿਸ ਵਾਲੇ ਦਾ ਅੰਤਮ ਨਿਰਣਾ ਹੈ ਇਹ। ਪੁਲਿਸ ਆਪਣੀ ਖੋਜ ਵਿਚ ਏਨਾਂ ਤਾਂ ਸਮਝ ਚੁੱਕੀ ਹੈ ਕਿ ਪੁਲਿਸ ਦਾ ਇਹਨਾਂ ਤੀਕ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਇਸ ਤੋਂ ਵੀ ਮੁਸ਼ਕਿਲ ਉਹਨਾਂ ਦੇ ਰਹੱਸ ਨੂੰ ਜਾਣ ਸਕਣਾ ਹੈ ਤੇ ਬਿਨਾਂ ਰਹੱਸ ਜਾਣੇ ਕੁਝ ਵੀ ਹਾਸਿਲ ਨਹੀਂ ਕੀਤਾ ਜਾ ਸਕਦਾ ਹੈ।
ਨਕਸਲੀਆਂ ਤੀਕ ਪਹੁੰਚਣ ਜਾਂ ਉਹਨਾਂ ਨੂੰ ਸਮਾਪਤ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ ਵਿਚ ਖ਼ੁਦ ਪੁਲਿਸ ਵੀ ਇਕ ਹੈ। ਉਹਨਾਂ ਦਾ ਆਦਿਵਾਸੀਆਂ ਦੇ ਪ੍ਰਤੀ ਰੂੜ੍ਹਾ-ਵਿਹਾਰ ਤੇ ਅਪਰਾਧ ਪੇਸ਼ਾ ਲੋਕ ਜਿਹੜੇ ਉਹਨਾਂ ਦੇ ਮੁਖਬਰ ਹੁੰਦੇ ਹਨ। ਉਪਰੋਂ ਪੁਲਿਸ ਆਪਣੇ ਵਧੇਰੇ ਪੁਲਿਸ ਬਲ ਪ੍ਰਯੋਗ ਦੀਆਂ ਕਾਰਵਾਈਆਂ ਕਰਕੇ ਏਨੀ ਬਦਨਾਮ ਹੋ ਚੱਕੀ ਹੈ ਕਿ ਉਹਨਾਂ ਦੀ ਛਵੀ ਆਦਿਵਾਸੀਆਂ ਵਿਚ ਕਿਸੇ ਵੀ ਤਰ੍ਹਾਂ ਉਹਨਾਂ ਵਿਚ ਵਿਸ਼ਵਾਸ ਨਹੀਂ ਬਣਾ ਸਕਦੀ। ਇਸ ਲਈ ਮੁਖਬਰ ਦੇ ਰੂਪ ਵਿਚ ਉਹਨਾਂ ਨੂੰ ਅਪਰਾਧ ਪੇਸ਼ਾ ਲੋਕਾਂ ਉੱਤੇ ਹੀ ਵਿਸ਼ਵਾਸ ਕਰਨਾ ਪੈਂਦਾ ਹੈ। ਪੁਲਿਸ ਵਾਲਿਆਂ ਦਾ ਮੁੱਖ ਕੰਮ ਹੁੰਦਾ ਹੈ—'ਕਿਸੇ ਨਿਰਦੋਸ਼ ਨੂੰ ਸਜ਼ਾ ਦੇਣਾ, ਕੁਟਾਪਾ ਚਾੜ੍ਹਨਾ, ਹਵਾਲਾਤ ਵਿਚ ਬੰਦ ਕਰ ਦੇਣਾ, ਇਸੇ ਪੁਲਿਸ ਆਪਣੇ ਇਸ ਚਿਹਰੇ ਦੇ ਬੂਤੇ ਆਦਿਵਾਸੀਆਂ ਤੋਂ ਉਹਨਾਂ ਦੇ ਹਿਤੈਸ਼ੀ ਨਕਸਲਵਾਦੀਆਂ ਬਾਰੇ ਜਾਣਨਾ ਚਾਹੁੰਦੀ ਹੈ।' ਜਾਣਨਾ ਕਿੰਜ ਸੰਭਵ ਹੋ ਸਕਦਾ ਹੈ? ਆਦਿਵਾਸੀਆਂ ਵਿਚ ਪੁਲਿਸ ਦਾ ਦੂਜਾ ਨਾਂ ਹੀ ਆਤੰਕ ਹੈ। ਅਜਿਹੇ ਪੁਲਿਸ ਆਤੰਕ ਤੋਂ ਹੀ ਸਾਵਲੀ ਮੁਕਤੀ ਦਿਵਾਉਂਦੀ ਹੈ। ਆਦਿਵਾਸੀਆਂ ਨੂੰ ਸਾਵਲੀ ਪੁਲਿਸ ਆਤੰਕ ਤੋਂ ਰਾਹਤ ਦਿਵਾਅ ਰਹੀ ਹੈ, ਅਜਿਹੀ ਹਾਲਤ ਵਿਚ ਕਿਹਾੜਾ ਆਦਿਵਾਸੀ ਹੋਏਗਾ ਜਿਹੜਾ ਉਸਦਾ ਪਤਾ ਪੁਲਿਸ ਨੂੰ ਦੱਸੇਗਾ? ਪੁਲਿਸ ਲਈ ਉਸਦੀਆਂ ਯੋਜਨਾਵਾਂ ਦਾ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਆਦਿਵਾਸੀ ਤੇ ਵਿਕਾਸ ਦੋਵੇਂ ਗੱਲਾਂ ਵਿਵਾਦ ਪੈਦਾ ਕਰਦੀਆਂ ਰਹੀਆਂ ਹਨ। ਸਰਕਾਰ ਲਈ ਆਦਿਵਾਸੀ, ਵਿਕਾਸ ਵਿਰੋਧੀ ਹਨ। ਕਿਉਂ ਹਨ ਆਦਿਵਾਸੀ ਵਿਕਾਸ ਵਿਰੋਧੀ? ਕੀ ਸੱਚਮੁੱਚ ਆਦਿਵਾਸੀ ਵਿਕਾਸ ਵਿਰੋਧੀ ਹਨ? ਇਹਨਾਂ ਸਵਾਲਾਂ ਦੇ ਜਵਾਬ ਵੀ ਕਹਾਣੀ ਵਿਚ ਮਿਲਦੇ ਹਨ। ਪੁਲ ਬਣਾਉਣ ਵਾਲਾ ਠੇਕੇਦਾਰ ਨਕਸਲਵਾਦੀ ਸਾਵਲੀ ਦੁਆਰਾ ਅਗਵਾਹ ਕਰ ਲਿਆ ਜਾਂਦਾ ਹੈ। ਇੰਜੀਨੀਅਰ ਭੱਜ ਕੇ ਬਚ ਨਿਕਲਦਾ ਹੈ। ਠੇਕੇਦਾਰ ਡਰ ਜਾਂਦਾ ਹੈ। ਪੁਲਿਸ ਮਹਿਕਮਾ ਹਰਕਤ ਵਿਚ ਆ ਜਾਂਦਾ ਹੈ। ਆਈ ਜੀ ਦਾ ਆਦੇਸ਼ ਹੈ—'ਭਾਵੇਂ ਕੁਝ ਵੀ ਹੋਏ, ਪੁਲ ਬਣਨਾ ਹੀ ਚਾਹੀਦਾ ਹੈ। ਜਦੋਂ ਨਦੀ ੍ਹਵਿਚ ਹੜ੍ਹ ਆਉਂਦਾ ਹੈ, ਇਹ ਪੁਲ ਦੋ ਵੱਡੇ ਪਿੰਡਾਂ ਨੂੰ ਆਪਸ ਵਿਚ ਜੋੜਦਾ ਹੈ। ਇਹੀ ਸੜਕ ਅੱਗੇ ਜਾ ਕੇ ਹਾਈ-ਵੇ ਨਾਲ ਜੁੜ ਜਾਂਦੀ ਹੈ। ਆਸਪਾਸ ਦੀ ਜਨਤਾ ਨਹੀਂ ਇਹ ਪੁਲ ਜ਼ਰੂਰੀ ਹੈ? ਕੀ ਆਦਿਵਾਸੀ ਤੇ ਨਕਸਲਾਈਟ ਵਿਕਾਸ ਵਿਰੋਧੀ ਹਨ? ਉਦੋਂ ਸਾਵਲੀ ਨੇ ਇੰਜ ਕਿਉਂ ਕੀਤਾ?' ਪੁਲਿਸ ਪੜਤਾਲ ਵਿਚ ਰੋਹਿਤ ਨੂੰ ਪਤਾ ਲੱਗਦਾ ਹੈ—'ਉਪਰਲੀ ਨਜ਼ਰੇ ਦੇਖਣ ਨਾਲ ਪੁਲ ਦਾ ਨਿਰਮਾਣ ਰੋਕਣਾ ਗ਼ੈਰ-ਕਾਨੂੰਨੀ ਲੱਗਦਾ ਸੀ ਤੇ ਇਕ ਪੱਖੋਂ ਵਿਕਾਸ ਨੂੰ ਅੜਿੱਕਾ ਲਾਉਣ ਵਾਲੀ ਕਾਰਵਾਈ ਜਾਪਦੀ ਸੀ।...ਸਮੱਸਿਆ ਦੀ ਤੈਹ ਤੀਕ ਪਹੁੰਚਿਆ ਤਾਂ ਪੁਲ ਨਿਰਮਾਣ ਦੇ ਸਰੋਕਾਰ ਕਾਫੀ ਰੰਗੀਨ ਦਿਖੇ। ਪੁਲ ਦੇ ਬਣ ਜਾਣ ਪਿੱਛੋਂ ਦੂਜੇ ਇਲਾਕੇ ਦੇ ਸਾਹੂਕਾਰ, ਵਾਪਰੀ ਉੱਥੇ ਆ ਕੇ ਪੈਰ ਜਮਾਉਣ ਲੱਗਦੇ। ਸੂਦਖੋਰੀ, ਘੱਟ-ਤੋਲ ਤੇ ਮਹਿੰਗਾ ਵੇਚ ਕੇ ਮੁਨਾਫ਼ਾ ਕਮਾਉਣਾ ਸ਼ੁਰੂ ਹੋ ਜਾਂਦਾ। ਸਾਰਾ ਦਿਨ ਸਥਾਨਕ ਲੋਕਾਂ ਤੋਂ ਮਿਹਨਤ ਕਰਵਾਉਂਦੇ ਤੇ ਸ਼ਾਮ ਨੂੰ ਥੋੜ੍ਹੇ ਜਿਹੇ ਚਾਵਲ ਦੇ ਕੇ ਛੁੱਟੀ ਕਰ ਦਿੰਦੇ। ਗਰੀਬ ਆਦਿਵਾਸੀਆਂ ਦੀਆਂ ਨੂੰਹਾਂ-ਧੀਆਂ ਨਾਲ ਅਯਾਸ਼ੀ ਦੀ ਖੇਡ ਖੇਡੀ ਜਾਂਦੀ।'3 ਇਹ ਸਭ ਸਰਕਾਰ ਕਦੋਂ ਦੇਖਦੀ ਹੈ? ਉਪਰੋਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਆਦਿਵਾਸੀ ਵਿਕਾਸ ਵਿਰੋਧੀ ਹਨ, ਭੰਨ-ਤੋੜ ਕਰਦੇ ਹਨ। ਲੋਕ ਵਿਰੋਧੀ ਕਾਰਵਾਈਆਂ ਕਰ ਰਹੇ ਹਨ। 'ਸਰਕਾਰ ਦੇ ਸਾਹਮਣੇ ਸਿਰਫ ਵਿਕਾਸ ਦਾ ਮੁੱਦਾ ਹੁੰਦਾ ਹੈ—ਕੁਛ ਕਮੀਸ਼ਨ ਫਿੱਟ ਹੋ ਜਾਏ ਬਸ...ਇਕ ਸੜਕ ਸ਼ੋਸ਼ਣ ਦੇ ਕਿੰਨੇ ਤਰੀਕਿਆਂ ਦਾ ਰੋਡ-ਰੋਲਰ ਲੈ ਕੇ ਆਉਂਦੀ ਹੈ। ਕਿੰਨੀਆਂ ਮੁਸੀਬਤਾਂ ਉਸ ਵਿਕਾਸ ਦੇ ਨਾਲ ਖ਼ੁਦ-ਬ-ਖ਼ੁਦ ਤੁਰੀਆਂ ਆਉਂਦੀਆਂ ਹਨ। ਕਿਸੇ ਦੇ ਮਨ ਵਿਚ ਇਹ ਸਵਾਲ ਨਹੀਂ ਉਠਦਾ ਕਿ ਇਸ ਵਿਕਾਸ ਨਾਲ ਆਦਿਵਾਸੀਆਂ ਦੀ ਨਿੱਜਤਾ ਟੁੱਟਦੀ ਹੈ। ਉਹਨਾਂ ਦੀ ਸਾਧਾਰਣਤਾ ਹੀ ਉਹਨਾਂ ਦਾ ਸੱਚਾ-ਸੁਖ ਹੈ।'4 ਇਹ ਹੈ ਆਦਿਵਾਸੀ ਪੱਖ ਜਿਸਨੂੰ ਸਰਕਾਰ ਦਾ ਹਰ ਮਹਿਕਮਾਂ ਨਜ਼ਰ-ਅੰਦਾਜ਼ ਕਰਦਾ ਰਹਿੰਦਾ ਹੈ।
ਪੁਲਿਸ ਵਿਭਾਗ ਨਕਸਲੀ ਸਾਵਲੀ ਨੂੰ ਖਤਰਨਾਕ ਮੰਨ ਕੇ ਭੈਭੀਤ ਹੈ, ਇਲਾਕੇ ਦਾ ਹਰੇਕ ਪੁਲਿਸ ਵਾਲਾ ਉਸ ਤੋਂ ਡਰਦਾ ਹੈ। ਅਜਿਹੀਆਂ ਹਾਲਤਾਂ ਵਿਚ ਰੋਹਿਤ ਦੇ ਅਲਗ ਹਟ ਕੇ ਕਦਮ ਚੁੱਕਣ ਲਈ ਕਹਿਣ ਉੱਤੇ ਆਦੇਸ਼ ਮਿਲਦਾ ਹੈ—'ਯੂ ਆਰ ਯੰਗ ਐਂਡ ਇਨਰਜੈਟਿਕ। ਜੋ ਵੀ ਕਰਨਾ, ਭਾਵਨਾ ਵੱਸ ਹੋ ਕੇ ਨਾ ਕਰਨਾ। ਇਸ ਮਹਿਕਮੇਂ ਨੂੰ ਸਭ ਕੁਝ ਕਬੂਲ ਹੈ, ਸਿਵਾਏ ਭਾਵਨਾ ਦੇ।'5 ਇਸ ਕਹਾਣੀ ਤੇ ਕਹਾਣੀ ਦੇ ਮੁੱਖ ਪਾਤਰ ਉੱਤੇ ਇਲਜ਼ਾਮ ਲਾਇਆ ਜਾ ਸਕਦੀ ਹੈ ਕਿ ਉਹ ਭਾਵਨਾਵਾਂ ਵਿਚ ਵਹਿ ਜਾਂਦਾ ਹੈ। ਕਹਾਣੀ ਵਿਚ ਪੁਲਿਸ ਦੇ ਰੁਖ ਨੂੰ ਬਦਲ ਕੇ ਹੀ ਸਮੱਸਿਆ ਦਾ ਸਰਲੀਕਰਣ ਕਰ ਦਿੱਤਾ ਗਿਆ ਹੇ। ਮੈਂ ਮੁੱਦੇ ਉੱਤੇ ਬਾਅਦ ਵਿਚ ਆਵਾਂਗਾ। ਕਹਾਣੀ ਵਿਚ ਡੀ.ਐਸ.ਪੀ. ਰੋਹਿਤ ਸਾਵਲੀ ਦੇ ਕੇਸ ਦੀ ਪੂਰੀ ਸਟੱਡੀ ਕਰਦਾ ਹੈ। ਉਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਦਾ ਹੈ ਤਾਂ ਉਹ ਖ਼ੂੰਖਾਰ ਸਾਵਲੀ ਦੇ ਹੌਸਲੇ, ਨਿਡਰਤਾ ਤੇ ਪੁਲਿਸ ਨੂੰ ਲਲਕਾਰਣ ਦੇ ਅੰਦਾਜ਼ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਉਹ ਆਦਿਵਾਸੀ ਪੱਖ ਤੋਂ ਵੀ ਸਮੱਸਿਆ ਨੂੰ ਦੇਖ ਰਿਹਾ ਹੈ। ਪੁਲਿਸ ਦੀ ਰੂੜ ਵਿਵਸਥਾ ਵਿਚ ਪੁਲਿਸ ਵਾਲੇ ਆਪਣੇ ਦਾਇਰੇ ਵਿਚੋਂ ਕਦੀ ਬਾਹਰ ਨਹੀਂ ਆਉਂਦੇ। ਰੋਹਿਤ ਅਲਗ ਹਟ ਕੇ ਸੋਚਦਾ-ਵਿਚਾਰਦਾ ਹੈ—'ਨਕਸਵਾਦੀਆਂ ਦੀ ਸੋਚ ਦੇ ਪਿੱਛੇ ਉਹਨਾਂ ਨਾਲ ਹੋ ਰਹੇ ਅਨਿਆਂ ਦਾ ਬਦਲਾ ਲੈਣਾ ਕੰਮ ਕਰਦਾ ਹੈ। ਇਕ ਹੱਦ ਤੀਕ ਸਹਿੰਦੇ ਰਹਿਣਾ ਤੇ ਅਖ਼ੀਰ ਹਿੰਸਾ ਵਿਚ ਤਬਦੀਲ ਹੋ ਜਾਂਦਾ ਹੈ, ਪਰ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਦੀ ਹਿੰਸਾ ਕਿਸੇ ਅਨਿਆਂ ਦੇ ਵਿਰੋਧ ਵਿਚ ਆਦਤਨ ਹੈ ਜਾਂ ਕਿਸੇ ਕਾਰਨ ਵੱਸ।'6 ਵਿਵਸਥਾ ਵਿਚ ਨਾ ਢਲਿਆ ਹੋਇਆ ਪੁਲਿਸ ਵਾਲਾ ਇਹ ਸੋਚ ਕੇ ਹੀ ਸਹੀ ਢੰਗ ਨਾਲ ਪੜਤਾਲ ਕਰ ਸਕਦਾ ਹੈ। ਕੀ ਸਾਰੇ ਪੁਲਿਸ ਵਾਲੇ ਤੁਰੀ ਆ ਰਹੀ ਪਿਤਰ ਤੋਂ ਹਟ ਕੇ ਸਟੱਡੀ ਕਰ ਸਕਦੇ ਹਨ? ਇੰਜ ਹੋਣਾ ਅਸੰਭਵ ਹੈ। ਕਿਉਂ ਹੈ, ਅਸੰਭਵ? ਆਦਿਵਾਸੀ ਪੱਖ ਤੋਂ ਜਦੋਂ ਤੀਕ ਸੋਚਿਆ ਨਹੀਂ ਜਾਏਗਾ ਉਦੋਂ ਤੀਕ ਹੱਲ ਕਿੰਜ ਤੇ ਕਿਵੇਂ ਹੋਏਗਾ?
ਨਕਸਲਵਾਦ ਸਮੱਸਿਆ ਦੇ ਹੱਲ ਲਈ ਕੋਈ ਘੜਿਆ ਘੜਾਇਆ ਫਾਰਮੂਲਾ ਨਹੀਂ ਹੋ ਸਕਦਾ। ਇਸ ਨੂੰ ਸਮਾਪਤ ਕਰਨ ਜਾਂ ਘੱਟ ਕਰਨ ਲਈ ਪਹਿਲ ਹੋਣੀ ਚਾਹੀਦੀ ਹੈ। ਰੋਹਿਤ ਦੀ ਸੋਚ ਹੈ—'ਅਨਿਆਂ ਦੇ ਸ਼ੋਸ਼ਣ ਦੇ ਸਰੋਕਾਰਾਂ ਨੂੰ ਭਾਵੇਂ ਪੂਰੀ ਤਰ੍ਹਾਂ ਮਿਟਾਇਆ ਨਾ ਜਾ ਸਕੇ, ਪਰ ਉਹਨਾਂ 'ਤੇ ਲਗਾਮ ਕਸੀ ਜਾਣੀ ਚਾਹੀਦੀ ਹੈ, ਤਾਂ ਨਕਸਲਵਾਦ 'ਤੇ ਕਾਫੀ ਹੱਦ ਤਕ ਕਾਬੂ ਪਾਇਆ ਸਕਦਾ ਹੈ...ਵੱਡੀ ਮਜ਼ਬੂਰੀ ਕਰਕੇ ਹੀ ਕੋਈ ਅਸਾਮਾਜਿਕ ਤੱਤ ਬਣਦਾ ਹੈ। ਮੰਦੀਆਂ ਪ੍ਰਸਥਿਤੀਆਂ ਵਿਚ ਹੀ ਆਦਮੀ ਉਪਾਅ ਦੇ ਰੂਪ ਵਿਚ ਹਥਿਆਰ ਚੁੱਕਾ ਹੈ। ਉਹ ਪ੍ਰਸਥਿਤੀਆਂ ਹਟਾਅ ਦਿੱਤੀਆਂ ਜਾਣ ਤਾਂ ਨਕਸਲਵਾਦ ਰੁਕ ਸਕਦਾ ਹੈ।'7 ਹੋਰ ਕਦਮ ਦੇ ਰੂਪ ਵਿਚ ਰੋਹਿਤ ਰਾਜਸਵ (ਮਾਮਲਾ) ਵਿਭਾਗ ਦਾ ਸਹਿਯੋਗ ਲੈਣ ਦੀ ਗੱਲ ਕਰਦਾ ਹੈ। ਆਦਿਵਾਸੀ ਕਲਿਆਣ ਲਈ ਜਿੰਨੀਆਂ ਯੋਜਨਾਵਾਂ ਚੱਲਦੀਆਂ ਹਨ ਉਹਨਾਂ ਉੱਤੇ ਕਰੜੀ ਨਿਗਰਾਣੀ ਰੱਖੀ ਜਾਏ ਤਾਂਕਿ ਉਹਨਾਂ ਯੋਜਨਾਵਾਂ ਦਾ ਪੂਰਾ ਲਾਭ ਆਦਿਵਾਸੀਆਂ ਨੂੰ ਮਿਲ ਸਕੇ। ਇਸ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਮੁਖੀ ਨੂੰ ਕਹਿ ਕੇ ਜ਼ਿਲ੍ਹੇ ਦੇ ਪ੍ਰਬੰਧਕ ਅਧਿਆਰੀਆਂ ਦੀ ਮੀਟਿੰਗ ਬੁਲਾਉਂਦਾ ਹੈ। ਮੀਟਿੰਗ ਵਿਚ ਸਾਰੇ ਅਧਿਕਾਰੀਆਂ ਦੁਆਰਾ ਪੁਲਿਸ ਵਿਭਾਗ ਦਾ ਗ਼ੈਰ-ਜ਼ਰੂਰੀ ਦਖਲ ਦੱਸਿਆ ਜਾਂਦਾ ਹੈ। ਐਸ.ਡੀ.ਓ. ਜੋ ਕੁਝ ਕਹਿੰਦਾ ਹੈ ਸਰਕਾਰੀ ਮਹਿਕਮੇਂ ਦੇ ਨੌਕਰੀ ਪੇਸ਼ਾ ਆਦਮੀ ਦੀ ਛਵੀ ਨੂੰ ਉਜਾਗਰ ਕਰਦਾ ਹੈ—'ਅਹਿ ਕੀ ਰਿਪੋਟਾਂ ਦਾ ਪੋਥਾ ਤਿਆਰ ਕਰਨ ਬੈਠ ਗਏ ਓ। ਸੱਚੀਂ, ਮੇਰੇ ਤਾਂ ਸਿਰ ਪੀੜ ਹੋਣ ਲੱਗ ਪੈਂਦੀ ਏ ਐਸੀਆਂ ਰਿਪੋਟਾਂ ਨਾਲ। ਏਥੇ ਤਾਂ ਸੈਕਸ ਈ ਸੈਕਸ ਐ, ਯਕਦਮ ਠੋਸ ਸੈਕਸ—ਸਹੁੰ ਪੁਆ ਲਓ। ਸੱਚੀਂ ਮਜ਼ਾ ਆ ਜਾਂਦੈ। ਕਿੱਥੇ ਸੁਧਾਰ ਦੇ ਪੰਗੇ 'ਚ ਪਏ ਓ ਯਾਰ! ਇਹ ਸਹੁਰੇ ਆਦਿਵਾਦੀ ਸੁਧਰਣ ਵਾਲੇ ਨਹੀਂ, ਲੱਖ ਯਤਨ ਕਰ ਲਓ।'8 ਸਰਕਾਰੀ ਅਧਿਕਾਰੀਆਂ ਦਾ ਇਹੀ ਸੱਚ ਹੈ ਜਿਹੜਾ ਰਾਜਸਵ ਅਧਿਕਾਰੀ ਦੇ ਮੂੰਹੋਂ ਨਿਕਲਿਆ ਹੈ। ਸਰਕਾਰ ਬਦਲਦੀ ਹੈ। ਸਰਕਾਰ ਦੇ ਨੁਮਾਇੰਦੇ ਬਦਲਦੇ ਹਨ। ਅਧਿਕਾਰੀ ਉਹੀ ਰਹਿੰਦੇ ਹਨ। ਉਹਨਾਂ ਦੀ ਸੋਚ ਬਿਲਕੁਲ ਸਪਸ਼ਟ ਹੈ—ਭੋਗਣ, ਲੁੱਟਣ ਤੇ ਸਿਰਫ ਲੁੱਟਣ ਦੀ।
ਆਦਿਵਾਸੀ ਸਮੱਸਿਆਵਾਂ 'ਤੇ ਝਾਤ ਮਾਰਦੇ ਹਾਂ ਤਾਂ ਸਭ ਤੋਂ ਆਦਿਮ ਸਮੱਸਿਆ ਦਿਸਦੀ ਹੈ—ਮਹਾਜਨ (ਸ਼ਾਹੂਕਾਰ)। ਜਿੰਨੇ ਵੀ ਗ਼ੈਰ ਆਦਿਵਾਸੀ ਉਹਨਾਂ ਵਿਚ ਆ ਕੇ ਵੱਸੇ ਹਨ ਉਹ ਸਭ ਮਹਾਜਨੀ ਕਰਦੇ ਹਨ। ਸਰਕਾਰੀ ਅਧਿਕਾਰੀ ਵੀ ਅੰਦਰ ਖਾਤੇ ਮਹਾਜਨੀ ਕਰਨ ਲੱਗ ਪੈਂਦੇ ਹਨ। ਮਹਾਜਨੀ ਬਾਹਰੋਂ ਆਈ ਅਜਿਹੀ ਬਿਮਾਰੀ ਹੈ ਜਿਹੜੀ ਆਦਿਵਾਸੀ ਸਮਾਜ ਨੂੰ ਜਦੋਂ ਦੀ ਚੰਬੜੀ ਹੈ, ਉਦੋਂ ਦੀ ਉਸਨੂੰ ਨਿਚੋੜ ਨਿਚੋੜ ਸੁੱਟ ਰਹੀ ਹੈ। ਮਹਾਨ ਦਾ ਕਰਜਾ ਇਹਨਾਂ ਦੀ ਗਰੀਬੀ ਦੇ ਪਿੱਛੇ ਦਿਖਾਈ ਦੇਣ ਵਾਲਾ ਮੂਲ ਕਾਰਨ ਹੈ। 'ਮਹਾਜਨ ਦੇਂਦਾ ਥੋੜ੍ਹਾ ਕਰਜਾ ਸੀ ਤੇ ਪਤਾ ਨਹੀਂ ਕਿਹੜੇ ਕਿਹੜੇ ਕਾਗਜ਼ 'ਤੇ ਉਸ ਆਦਿਵਾਸੀ ਦੀ ਜ਼ਮੀਨ ਦਾ ਅੰਗੂਠਾ ਲਗਵਾ ਲੈਂਦਾ ਸੀ। ਸਾਲ ਦੋ ਸਾਲ ਵਿਚ ਉਸ ਆਦਿਵਾਸੀ ਦੀ ਸਾਰੀ ਜ਼ਮੀਨ ਉਸ ਮਹਾਜਨ ਦੇ ਕਬਜੇ ਵਿਚ ਚਲੀ ਜਾਂਦੀ ਸੀ।।9 ਅਜਿਹੇ ਮਹਾਜਨ ਤੋਂ ਮੁਕਤੀ ਦੇ ਰੂਪ ਵਿਚ ਸਰਕਾਰੀ ਉਪਾਅ ਦੇ ਤੌਰ 'ਤੇ ਬੈਂਕ ਰਾਹੀਂ ਘੱਟ ਵਿਆਜ 'ਤੇ ਕਰਜਾ ਦੇਣ ਦਾ ਹੀਲਾ ਕੀਤਾ ਗਿਆ ਹੈ। ਇਸ ਦੇਸ਼ ਦੀ ਵਿਵਸਥਾ ਵਿਚ ਭਰਿਸ਼ਟਾਚਾਰ ਨਾਂ ਦੀ ਸਿਓਂਕ ਵਿਵਸਥਾ ਦਾ ਹਿੱਸਾ ਬਣ ਗਈ ਹੈ ਕਿ ਆਦਿਵਾਸੀ ਦੇ ਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਰਾਹਤ ਉਹਨਾਂ ਤਕ ਭਰਿਸ਼ਟਾਚਾਰ ਦੀ ਛਾਨਣੀ ਨਾਲ ਛਣੇ ਬਿਨਾਂ ਪਹੁੰਚ ਹੀ ਨਹੀਂ ਸਕਦੀ। ਬੈਂਕ ਵਾਲੇ ਆਦਿਵਾਸੀਆਂ ਨੂੰ ਕਰਜਾ ਕਿੰਜ ਦੇ ਰਹੇ ਹਨ?—'ਬੈਂਕ ਕਰਮਚਾਰੀਆਂ ਦਾ ਰਵੱਈਆ ਆਦਿਵਾਸੀਆਂ ਦੇ ਪ੍ਰਤੀ ਕਤਈ ਹਮਦਰਦੀ ਵਾਲਾ ਨਹੀਂ ਸੀ। ਮਹੀਨਿਆਂ ਬੱਧੀ ਚੱਕਰ ਲੁਆਉਣ ਪਿੱਛੋਂ ਕਿਤੇ ਜਾ ਕੇ ਕਰਜਾ ਮੰਜ਼ੂਰ ਹੁੰਦਾ ਸੀ।...ਕਰਜੇ ਦਾ ਰੁਪਈਆ ਜਦ ਤੀਕ ਆਦਿਵਾਸੀ ਦੇ ਹੱਥ ਵਿਚ ਪਹੁੰਚਦਾ, ਇਕ ਤਿਹਾਈ ਰਕਮ ਬਤੌਰ ਕਮੀਸ਼ਨ ਕੱਟ ਲਈ ਜਾਂਦੀ।'10 ਬੈਂਕ ਤੇ ਮਹਾਜਨ ਵਿਚ ਕਾਫੀ ਸਮਾਨਤਾ ਦਿਖਾਈ ਦੇਂਦੀ ਹੈ। ਆਦਿਵਾਸੀਆਂ ਵਿਚ ਬੈਂਕ ਨਵੇਂ ਮਹਾਜਨ ਦੇ ਰੂਪ ਵਿਚ ਸਾਹਮਣੇ ਆਇਆ ਹੈ, ਪੂਰਾਣੇ ਮਹਾਜਨ ਤਾਂ ਹੈ ਹੀ ਹਨ।
ਮਾਂਗਲੇ, ਮਹਾਜਨ ਦੀ ਮਾਰ ਖਾਧਾ ਹੋਇਆ ਆਦਮੀ ਹੈ। ਮਹਾਜਨ ਦੇ ਕਰਜੇ ਦਾ ਕਹਿਰ ਇਕ ਆਦਿਵਾਸੀ 'ਤੇ ਕਿਸ ਤਰ੍ਹਾਂ ਢੈਂਦਾ ਹੈ, ਮਾਂਗਲੇ ਉੱਤੇ ਬੀਤੀ ਨੂੰ ਦੇਖ ਸਕਦੇ ਹਾਂ। ਇਕ ਸੰਵੇਦਨਸ਼ੀਲ ਅਧਿਕਾਰੀ ਦੁਆਰਾ ਹੱਲ ਕੀਤੀ ਜਾ ਸਕਦੀ ਹੈ ਪਰ ਰੂੜ੍ਹ ਨੌਕਰੀ ਪੇਸ਼ਾ ਕੋਲ ਤਾਂ ਇਕ ਆਮ ਆਦਿਵਾਸੀ ਪਹੁੰਚ ਵੀ ਨਹੀਂ ਸਕਦਾ ਹੈ। ਮਾਂਗਲੇ ਸਾਵਲੀ ਦੁਆਰਾ ਭੇਜਿਆ ਗਿਆ, ਮਹਾਜਨੀ ਵਿਵਸਥਾ ਵਿਚ ਪਿਸਿਆ ਹੋਇਆ, ਆਦਿਵਾਸੀ ਹੈ। ਆਮ ਆਦਿਵਾਸੀਆਂ ਦਾ ਪ੍ਰਤੀਨਿੱਧ ਹੈ ਮਾਂਗਲੇ ਜਿਸਦੇ 'ਬੁੱਲ੍ਹ, ਜੀਭ ਤੇ ਸੁਰ-ਤੰਤਰ ਸ਼ਿਕਾਇਤ ਦੇ ਹਿਸਾਬ ਨਾਲ ਨਹੀਂ ਹਿੱਲਦੇ। ਸੰਵੇਦੀ ਤੰਤਰ ਲਗਾਤਾਰ ਸਹਿਣ ਦੇ ਹਿਸਾਬ ਨਾਲ ਬਣ ਗਏ ਹਨ।' ਇਕ ਨਕਲਵਾਦੀ ਦੇ ਕਹਿਣ 'ਤੇ ਮਹਾਜਨ ਦੇ ਵਿਰੋਧ ਵਿਚ ਬੋਲ ਰਿਹਾ ਹੈ। ਵਰਨਾਂ ਇਕ ਆਦਿਵਾਸੀ ਪੁਲਿਸ ਚੌਕੀ ਵਿਚ ਕੀ ਖਾ ਕੇ ਪੈਰ ਰੱਖੇਗਾ? ਆਦਿਵਾਦੀ ਖੇਤਰ ਵਿਚ ਇਹ ਵੀ ਇਕ ਨਕਸਲੀ ਚਿਹਰਾ ਹੈ। ਨਕਸਲੀਆਂ ਕਾਰਨ ਆਦਿਵਾਸੀਆਂ ਵਿਚ ਕੀ ਫਰਕ ਆਇਆ ਹੈ, ਰਮਣਿਕਾ ਗੁਪਤਾ ਇਸੇ ਗੱਲ ਉੱਤੇ ਜ਼ੋਰ ਦੇ ਕੇ ਇਕ ਸਾਕਸ਼ਾਤਕਾਰ ਵਿਚ ਦੱਸਦੀ ਹੈ—'ਉਹਨਾਂ ਵਿਚ ਚੇਤਨਾ ਹੀ ਨਹੀਂ, ਅਧਿਕਾਰ ਚੇਤਨਾ ਵੀ ਆਈ ਹੈ। ਉਹ ਜਿੱਥੇ ਆਪਣੇ ਹੱਕ ਦੀ ਗੱਲ ਕਰਦੇ ਹਨ, ਉੱਥੇ ਹੀ ਸੁਪਨੇ ਵੀ ਦੇਖਣ ਲੱਗੇ ਹਨ। ਨਕਸਲੀ ਖੇਤਰ ਵਿਚ ਪੁਲਿਸ ਦੀ ਮਿਲੀ ਭੁਗਤ ਨਾਲ ਜੰਗਲ ਕੱਟਣ 'ਤੇ ਰੋਕ ਲੱਗੀ ਹੈ। ਜੰਗਲ ਦੀ ਰਕਸ਼ਾ ਲਈ ਤਤਪਰ ਨਕਸਲੀ ਲੱਕੜੀ ਕੱਟਣ ਵਾਲੇ ਸਥਾਨਿਕ ਲੋਕਾਂ ਨੂੰ ਵੀ ਸਜ਼ਾ ਦੇਣੋ ਨਹੀਂ ਖੰਝਦੇ। ਫੇਰ ਵਿਕਲਪ ਕੀ ਹੋਏ? ਹੁਣ ਉਹਨਾਂ ਨੂੰ ਬੰਦੂਕ ਸਹਿਜ ਲੱਗੀ ਤਾਂ ਉਧਰ ਚਲੇ ਗਏ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਬੰਦੂਕ ਦਾ ਬਦਲ ਅਸੀਂ ਉਹਨਾਂ ਕੋਲ ਲੈ ਕੇ ਜਾਈਏ ਤਾਂ ਜ਼ਰੂਰ ਪਰਤ ਆਉਣਗੇ ਉਹ ਲੋਕ! ਆਦਿਵਾਸੀਆਂ ਨਾਲੋਂ ਵੱਡਾ ਲੋਕਤੰਤਰਵਾਦੀ ਸਮਾਜ ਦੁਨੀਆਂ ਵਿਚ ਕੋਈ ਨਹੀਂ ਹੈ। ਇਸ ਸਾਡੀ ਗਲਤੀ ਹੈ ਕਿ ਆਪਣੇ ਸਵਾਰਥ ਲਈ ਉਹਨਾਂ ਨੂੰ ਲੋਕਤੰਤਰ ਤੋਂ ਬੇਮੁਖ ਕਰ ਰਹੇ ਹਾਂ।'11 ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਨਕਸਲਵਾਦੀ ਬਣਾ ਰਹੇ ਹਾਂ।
ਇਸ ਕਹਾਣੀ ਉੱਤੇ ਨਕਲਵਾਦੀ ਸਮਰਥਕ ਹੋਣ ਦਾ ਦੋਸ਼ ਲਾਉਣਾ ਔਖੀ ਗੱਲ ਨਹੀਂ ਹੋ ਸਕਦੀ। ਸੂਰਜ ਪਾਲੀਵਾਲ ਨੇ ਇਸ ਕਹਾਣੀ ਦੀ ਪੜਤਾਲ ਕਰਦਿਆਂ ਹੋਇਆਂ ਇਕ ਸਿੱਟਾ ਕੱਢਿਆ ਹੈ। 'ਹਨੇਰੇ ਵਿਚ ਸੁਰੰਗ' ਕਿਤੇ ਨਾ ਕਿਤੇ ਨਕਸਲਵਾਦ ਦਾ ਸਮਰਥਨ ਕਰਦੀ ਹੈ। ਕਹਾਣੀਕਾਰ ਨੇ ਸਮਰਥਨ ਲਈ ਜ਼ਮੀਨ ਤਿਆਰ ਕੀਤੀ ਹੈ ਤੇ ਜਿਸ ਤਰ੍ਹਾਂ ਨਾਲ ਕੀਤੀ ਹੈ ਉਸ ਤਰ੍ਹਾਂ ਨਕਸਲਵਾਦ ਬੁਰਾ ਨਹੀਂ ਲੱਗਦਾ ਯਕਦਮ ਉਪਾਅ ਦੇ ਰੂਪ ਵਿਚ ਸਾਹਵੇਂ ਆਉਂਦਾ ਹੈ।'12 ਰੋਹਿਤ ਦੇ ਸਾਵਲੀ ਬਾਰੇ ਭਾਵੁਕਤਾ ਭਰੇ ਵਿਚਾਰ ਇਕ ਪੁਲਿਸ ਅਧਿਕਾਰੀ ਦੇ ਵਿਚਾਰ ਨਾ ਹੋ ਕੇ ਆਮ ਨੌਜਵਾਨ ਦੇ ਲੱਗਦੇ ਹਨ। 'ਇਸ ਤਰ੍ਹਾਂ ਦੀ ਕਲਪਨਾ ਪੁਲਿਸ ਅਧਿਕਾਰੀ ਦੇ ਮਨ ਵਿਚ ਕਿਉਂ ਆਉਂਦੀ ਹੈ ਜਦੋਂ ਉਹ ਆਪਣੇ ਉੱਚ ਅਧਿਕਾਰੀਆਂ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹੋਇਆ ਉਸ ਪਿੰਡ ਗਿਆ ਸੀ ਤੇ ਜਾ ਕੇ ਹੱਥ-ਤੇ-ਹੱਥ ਧਰ ਕੇ ਬੈਠਣ ਦਾ ਸੰਕਲਪ ਵੀ ਕਰਦਾ ਹੈ।'13 ਪੁਲਿਸ ਅਧਿਕਾਰੀ ਦਾ ਉਦਾਰਵਾਦੀ ਰਵੱਈਆ ਤਾਂ ਕੋਰਾ ਭਾਵੁਕਤਾ ਭਰਪੂਰ ਲੱਗਦਾ ਹੈ। ਇਸ ਪਾਤਰ ਦੀ ਭਾਵੁਕਤਾ ਨੇ ਆਲੋਚਕਾਂ ਦੀ ਨਿਗਾਹ ਵਿਚ ਕਹਾਣੀ ਨੂੰ ਕਮਜ਼ੋਰ ਹੀ ਕੀਤਾ ਹੈ।
ਕਿਸੇ ਰਚਨਾ ਦੀ ਆਲੋਚਨਾ ਆਲੋਚਕ ਆਪਣੀ ਮਨ-ਸਥਿਤੀ ਦੇ ਰਚੇ ਸੰਸਾਰ ਵਿਚ ਕਰਦਾ ਹੈ। ਆਲੋਚਕ ਵੀ ਆਲੋਚਨਾ ਕਰਨ ਲਈ ਆਜ਼ਾਦ ਹੈ ਪਰ ਰਚਨਾ ਦੀ ਵਿਸ਼ੇ-ਵਸਤੂ ਤੇ ਕਲਾ ਤੀਕ ਪਹੁੰਚਣ ਦਾ ਯਤਨ ਵੀ ਹੋਣਾ ਚਾਹੀਦਾ ਹੈ। ਅਗੇਯ ਨੇ ਇਕ ਸਾਕਸ਼ਾਤਕਾਰ ਵਿਚ ਦੱਸਿਆ ਸੀ, 'ਸਾਡੇ ਸਮਾਜ ਵਿਚ ਆਲੋਚਨਾ ਦੇ ਦੋ ਕੰਮ ਹੁੰਦੇ ਹਨ। ਇਕ ਤਾਂ ਸਾਹਿਤ ਰਚਨਾ ਦੇ ਪਿੱਛੇ ਰਹੇ, ਵਿਆਖਿਆ ਕਰੇ। ਉਸ ਵਿਚ ਜਿਹੜੇ ਨਵੇਂ ਮੁੱਲ ਪ੍ਰਗਟ ਹੁੰਦੇ ਹਨ ਉਹਨਾਂ ਨੂੰ ਸਮਾਜ ਤਕ ਪਹੁੰਚਾਏ ਤੇ ਸਮਾਜ ਨੂੰ ਉਸ ਸਾਹਿਤ ਦੀ ਸਮਝ ਦੇਵੇ। ਦੂਜੇ ਪਾਸੇ ਆਲੋਚਨਾ ਦਾ ਇਹ ਵੀ ਕੰਮ ਹੁੰਦਾ ਹੈ ਕਿ ਸਮਾਜ ਵਿਚ ਜੋ ਪਰੀਵਰਤਨ ਹੁੰਦੇ ਹਨ, ਉਹਨਾਂ ਨੂੰ ਰਚਨਾਕਾਰ ਤੀਕ ਪਹੁੰਚਾਏ ਕਿ ਸਮਾਜ ਇਸ ਤਰ੍ਹਾਂ ਬਦਲ ਰਿਹਾ ਹੈ।'14 ਕਹਾਣੀ ਆਦਿਵਾਸੀ ਸਮਾਜ ਵਿਚ ਆ ਰਹੇ ਪਰੀਵਰਤਨ ਵੱਲ ਇਸ਼ਾਰਾ ਕਰਦੀ ਹੈ ਪਰ ਆਲੋਚਕ ਸਿਰਫ ਰੁਮਾਨੀ ਭਾਵਾਂ ਨੂੰ ਹੀ ਫੜ੍ਹ ਕੇ ਬਹਿ ਜਾਂਦਾ ਹੈ। ਦੂਜਾ ਆਲੋਚਕ ਦੇ ਰੂਪ ਵਿਚ ਜਵਰੀ ਮੱਲ ਪਾਰਖ ਕਹਾਣੀ ਵਿਚ ਆਈ ਭਾਵੁਕਤਾ ਨੂੰ ਰੁਮਾਨੀ-ਕ੍ਰਾਂਤੀਕਾਰੀਤਾ ਦੀ ਉਪਮਾਂ ਦਿੰਦੇ ਹੋਏ ਲਿਖਦੇ ਹਨ—'ਪੁਲਿਸ ਪ੍ਰਸ਼ਾਸਨ, ਰਾਜਨੇਤਾਵਾਂ, ਮਹਾਜਨਾਂ ਤੇ ਠੇਕੇਦਾਰਾਂ ਵਿਚ ਘਿਰੇ ਆਦਿਵਾਸੀਆਂ ਦੇ ਸ਼ੋਸ਼ਣ ਤੇ ਪੀੜਨ ਦੀ ਕਹਾਣੀ ਪਾਉਂਦੀ ਹੈ। ਇਹ ਕਹਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਆਦਿਵਾਸੀ ਸ਼ੋਸ਼ਣ-ਤੰਤਰ ਵਿਚ ਘਿਰੇ, ਸਿੱਧੇ-ਸਾਦੇ, ਆਦਿਵਾਸੀ ਨਕਸਲਵਾਦ ਦੀ ਪਨਾਹ ਲੈਣ ਲਈ ਮਜ਼ਬੂਰ ਹੋ ਜਾਂਦੇ ਹਨ।'15 ਆਦਿਵਾਸੀ ਸ਼ੋਸ਼ਣ ਕਹਾਣੀ ਵਿਚ ਉਭਰ ਕੇ ਸਾਹਵੇਂ ਆਇਆ ਹੈ ਤੇ ਨਕਸਲਵਾਦ ਦੀਆਂ ਜੜਾਂ ਨੂੰ ਪਛਾਨਣ ਵਿਚ ਕਹਾਣੀ ਦੀ ਸਫਲਤਾ ਵੀ ਧੁਰ ਅੰਦਰੋਂ ਹੈ। ਇਕ ਪੁਲਿਸ ਅਧਿਕਾਰੀ ਦੀ ਭਾਵੁਕਤਾ ਸੂਰਜ ਮੱਲ ਪਾਲੀਵਾਲ ਲਈ ਕਮਜ਼ੋਰੀ ਹੈ, ਉਹੀ ਜਵਰੀ ਮੱਲ ਪਾਰਖ ਲਈ ਖ਼ੂਬੀ ਹੈ। 'ਇਕ ਪੁਲਿਸ ਅਧਿਕਾਰੀ ਦੇ ਮਾਧਿਅਮ ਰਾਹੀਂ ਕਹਾਣੀ ਕਹਿਣ ਦੀ ਇਸ ਕਲਾ ਦਾ ਇਹ ਲਾਭ ਜ਼ਰੂਰ ਹੈ ਕਿ ਆਦਿਵਾਸੀਆਂ ਦੇ ਜੀਵਨ ਦੇ ਸਭ ਤੋਂ ਵੱਡੇ ਤੇ ਕੌੜੇ ਸੱਚ ਨੂੰ ਆਸਾਨੀ ਨਾਲ ਉਭਾਰਿਆ ਜਾ ਸਕਦਾ ਹੈ।...ਇਸ ਦੇ ਬਾਵਜੂਦ ਇਹ ਕਹਾਣੀ ਆਦਿਵਾਸੀ ਜੀਵਨ-ਯਥਾਰਥ ਨੂੰ ਪੇਸ਼ ਕਰਨ ਤੇ ਉਹਦੇ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਦੇ ਪ੍ਰਤੀ ਆਲੋਚਨਾਤਮਕ ਰੁਖ ਦੇ ਕਾਰਨ ਮਹੱਤਵਪੂਰਣ ਬਣ ਜਾਂਦੀ ਹੈ।'16 ਆਲੋਚਕ ਇਸ ਕਹਾਣੀ ਨੂੰ ਆਪੋ-ਆਪਣੇ ਆਲੋਚਕੀ ਤਰਾਜੂ ਵਿਚ ਤੋਲਦੇ ਹਨ ਤੇ ਅਲਗ-ਅਲਗ ਸਿੱਟੇ ਕੱਢਦੇ ਹਨ। ਨਕਸਲਵਾਦ ਇਕ ਅਜਿਹੀ ਸਮੱਸਿਆ ਹੈ ਜਿਹੜੀ ਲਾ-ਇਲਾਜ਼ ਹੈ ਤੇ ਸਰਕਾਰੀ-ਤੰਤਰ ਦੀ ਉਪਜ ਰਿਹਾ ਹੈ—ਜਿਸ ਨਾਲ ਸਰਕਾਰ ਕਿਸੇ ਤਰ੍ਹਾਂ ਨਿੱਬੜ ਨਹੀਂ ਪਾ ਰਹੀ। ਨਕਸਲਵਾਦ ਵਰਗੇ ਪੇਚੀਦਾ ਵਿਸ਼ੇ ਉੱਤੇ ਇਕ ਮੁਕੰਮਲ ਕਹਾਣੀ ਉਦੋਂ ਤੀਕ ਨਹੀਂ ਬਣ ਸਕਦੀ ਜਦੋਂ ਤੀਕ ਇਹ ਸਮੱਸਿਆ ਕਾਇਮ ਹੈ ਤੇ ਨਾ ਹੀ ਇਸ ਦਾ ਕੋਈ ਚਤਿੱਰਣ ਹੀ ਹੋ ਸਕਦਾ ਹੈ ਜਿਹੜਾ ਸਰਵ-ਮਾਨਣੀ ਹੋਵੇ ਜਿਵੇਂ ਕਿ ਸੂਰਜ ਪਾਲੀਵਾਲ ਲਗਾਤਾਰ ਸਵਾਲ ਉਠ ਰਹੇ ਹਨ। ਕਹਾਣੀ ਪੁਲਿਸ ਅਧਿਕਾਰੀ ਰੋਹਿਤ ਉੱਤੇ ਕੇਂਦਰਿਤ ਰਹੀ ਹੈ। 'ਕਹਾਣੀ ਕਈ ਵਾਰੀ ਤੇ ਕਈ ਜਗ੍ਹਾ ਕਮਜ਼ੋਰ ਵੀ ਪੈ ਜਾਂਦੀ ਹੈ। ਉਹ ਹੱਥ-ਤੇ-ਹੱਕ ਧਰ ਕੇ ਨਹੀਂ ਬੈਠ ਸਕਦਾ ਇਸ ਤਰ੍ਹਾਂ ਦੇ ਮੁਹਾਵਰੇ ਕਹਾਣੀ ਨੂੰ ਕਮਜ਼ੋਰ ਕਰਦੇ ਹਨ।'
ਆਦਿਵਾਸੀ ਤੇ ਪੁਲਿਸ ਵਿਚ ਬਿੱਲੀ-ਚੂਹੇ ਵਰਗੇ ਸੰਬੰਧ ਰਹੇ ਹਨ। ਪੁਲਿਸ ਅਸੀਲ ਆਦਿਵਾਸੀਆਂ ਨਾਲ ਜਦੋਂ ਚਾਹੇ ਕਾਨੂੰਨ ਦਾ ਨਾਂ ਲੈ ਕੇ ਅਨਿਆਂ ਕਰਦੀ ਹੈ। ਪੁਲਿਸ ਦੇ ਆਦਿਵਾਸੀਆਂ ਉੱਤੇ ਲਗਾਤਾਰ ਅਨਿਆਂ ਤੋਂ ਤੰਗ ਆ ਕੇ ਹੀ ਇਕ ਆਦਿਵਾਸੀ ਅੰਤਮ ਰੂਪ ਵਿਚ ਨਕਸਲੀ ਬਨਣ ਦਾ ਫੈਸਲਾ ਕਰਦਾ ਹੈ। ਸਾਵਲੀ ਵਰਗੀਆਂ ਪੁਲਿਸ ਦੀਆਂ ਸ਼ਿਕਾਰ ਹਜ਼ਾਰਾਂ ਔਰਤਾਂ ਦੇ ਉਦਾਹਰਣ ਮਿਲ ਜਾਣਗੇ। ਅਪਮਾਨਤ, ਨੱਪਿਆ-ਪੀੜਿਆ ਜਾ ਰਿਹਾ ਤੇ ਕੁੱਟ-ਮਾਰ ਦਾ ਸ਼ਿਕਾਰ ਆਦਿਵਾਸੀ ਜੇ ਸਵੈਮਾਨੀ ਹੋਇਆ ਤਾਂ ਵਿਰੋਧ ਵਿਚ ਕਦਮ ਉਠਾਏਗਾ ਹੀ—'ਇਹ ਖੇਤਰ ਜਿਹਨਾਂ ਸਮੱਸਿਆਵਾਂ ਦੇ ਰੂ-ਬ-ਰੂ ਹਨ, ਉੱਥੇ ਨਕਸਲਵਾਦ ਦਾ ਪਨਪਨਾ ਹੈਰਾਨੀ ਵਾਲੀ ਗੱਲ ਨਹੀਂ ਸੀ।' ਸਰਕਾਰੀ-ਤੰਤਰ ਆਪਣੀ ਭੂਮਿਕਾ ਜਿਸ ਤਰ੍ਹਾਂ ਨਿਭਾਉਂਦਾ ਹੈ, ਉਸ ਨਾਲ ਸਮੱਸਿਆ ਸੁਲਝਣ ਦੀ ਬਜਾਏ ਉਲਝਦੀ ਹੀ ਹੈ। ਸਾਰੇ ਅਧਿਕਾਰੀਆਂ ਦਾ ਰਵੱਈਆ ਆਦਿਵਾਸੀ-ਵਿਰੋਧੀ ਹੁੰਦਾ ਹੈ। ਪੁਲਿਸ ਭਾਵਨਾਵਾਂ ਤੋਂ ਮੁਕਤ ਹੋ ਕੇ ਆਦਿਵਾਸੀਆਂ ਨਾਲ ਵਿਹਾਰ ਕਰਦੀ ਹੈ। ਪੁਲਿਸ ਵਾਲੇ ਰੂੜ੍ਹ-ਚਰਿੱਤਰ-ਤੰਤਰ ਦੇ ਅਜਿਹੇ ਨਮੂਨੇ ਹੁੰਦੇ ਹਨ ਜਿਹੜੇ ਨਾ ਤਾਂ ਕਾਨੂੰਨ ਦੇ ਅਨੁਸਾਰ ਚਲਦੇ ਹਨ ਤੇ ਨਾ ਹੀ ਭਾਵਨਾ ਨੂੰ ਨੇੜੇ ਫੜਕਣ ਦੇਂਦੇ ਹਨ। ਪੁਲਿਸ ਦਾ ਭਾਵਹੀਣ-ਵਿਹਾਰ ਹੀ ਆਦਿਵਾਸੀ ਸਮੱਸਿਆ ਨਾਲ ਦੋ-ਚਾਰ ਹੋਣ ਦਾ ਮੌਕਾ ਨਹੀਂ ਦਿੰਦਾ? ਅਪਵਾਦ ਸਰੂਪ ਰੋਹਿਤ ਵਰਗੀਆਂ ਭਾਵਨਾਵਾਂ ਵਾਲੇ ਪੁਲਿਸ ਵਾਲੇ ਆਦਿਵਾਸੀ ਸਮੱਸਿਆ ਨੂੰ ਸਮਝਦੇ ਹਨ। ਅਜਿਹੇ ਪੁਲਿਸ ਵਾਲੇ ਆਦਿਵਾਸੀ ਖੇਤਰ ਵਿਚ ਪਹੁੰਚਦੇ ਹੀ ਕਿੰਨੇ ਕੁ ਹਨ? ਤਾਂ ਹੀ ਪੁਲਿਸ ਵਾਲੇ ਮੰਨ ਬੈਠਦੇ ਹਨ ਕਿ 'ਸਾਹਬ ਤਕ ਤੁਸੀਂ ਏਥੇ ਓ, ਇਹਨਾਂ ਵਿਚੋਂ ਇਕ-ਦੋ ਨੂੰ ਤਾਂ ਰਾਹਤ ਮਿਲ ਜਾਏਗੀ। ਤੁਹਾਡੀ ਬਦਲੀ ਹੋ ਜਾਣ ਪਿੱਛੋਂ ਫੇਰ ਉਹੀ ਢਾਂਚਾ ਤੁਰ ਪਏਗਾ।' ਇਹੀ ਢਾਂਚਾ ਵਰ੍ਹਿਆਂ ਤੋਂ ਚਲਦਾ ਆ ਰਿਹਾ ਹੈ। ਆਦਿਵਾਸੀ ਵੀ ਇਹਦੇ ਅਤਿਆਚਾਰ ਦੇ ਆਦਿ ਹੋ ਗਏ ਹਨ। ਕਦੇ-ਕਦਾਰ ਸਾਵਲੀ ਵਰਗੀ ਸਵੈਅਭਿਮਾਨੀ ਔਰਤ-ਮਰਦ ਵਿਰੋਧ ਕਰ ਦਿੰਦੇ ਹਨ।
ਪੁਲਿਸ ਵਾਲਿਆਂ ਨੂੰ ਨਕਸਲਵਾਦ 'ਤੇ ਕਾਬੂ ਪਾਉਣ ਲਈ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਆਉਂਦੀਆਂ ਰਹਿੰਦੀਆਂ ਹਨ, ਜਿਹਨਾਂ ਨੂੰ ਛਿੱਕੇ ਟੰਗਦੇ ਰਹਿੰਦੇ ਹਨ। ਪੁਲਿਸ ਵਾਲੇ ਖਤਰਨਾਕ ਨਕਸਲੀ ਖੇਤਰ ਵਿਚ ਉਪਰੋਂ ਆਏ ਆਦੇਸ਼ਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ? ਇਕ ਉਦਾਹਰਣ ਦੇਖੋ—'ਸਾਲ ਭਰ 'ਚ ਅਜਿਹੇ ਦਸ ਆਦੇਸ਼ ਆਉਂਦੇ ਐ ਤੇ ਅਜਿਹੇ ਆਦੇਸ਼ਾਂ ਨੂੰ ਅਸੀਂ ਪੈਰਾਂ ਹੇਠ ਨੱਪ ਕੇ ਭੁੱਲ ਜਾਂਦੇ ਆਂ। ਏਥੇ ਪੁਲਿਸ 'ਚੋਂ ਕੌਣ ਚਾਹੁੰਦਾ ਏ ਨਕਸਲੀਆਂ ਹੱਥੋਂ ਸ਼ਹੀਦ ਹੋਣਾ।' ਜਿਸ ਨਕਸਲਵਾਦ ਨੂੰ ਲੈ ਕੇ ਰੋਹਿਤ ਵਰਗੇ ਅਧਿਕਾਰੀਆਂ ਉੱਤੇ ਹੱਥ 'ਤੇ ਹੱਥ ਧਰੀ ਬੈਠੇ ਰਹਿਣ ਦਾ ਦੋਸ਼ ਲੱਗ ਰਿਹਾ ਹੈ ਸੂਰਜ ਪਾਲੀਵਾਲ, ਉਹਨਾਂ ਪੁਲਿਸ ਵਾਲਿਆਂ ਲਈ ਕੀ ਕਹਿਣਗੇ ਜਿਹੜੇ ਨਕਸਲਵਾਦੀਆਂ ਦਾ ਸਾਹਮਣਾ ਕਰਨ ਨੂੰ ਮੌਤ ਦਾ ਬੁਲਾਵਾ ਕਹਿੰਦੇ ਹਨ ਜਦੋਂ ਕਿ ਉਹੀ ਪੁਲਿਸ ਵਾਲੇ ਆਦਿਵਾਦੀ ਖੇਤਰ ਵਿਚ ਹਰ ਸਮੇਂ ਕਾਨੂੰਨ ਦੀ ਵਰਦੀ ਪਾ ਕੇ ਨੋਕਰੀ ਕਰਦੇ ਹਨ। ਆਮ ਅਦਿਵਾਸੀ ਉਹਨਾਂ ਦਾ ਸ਼ਿਕਾਰ ਹੁੰਦਾ ਹੈ। ਪੁਲਿਸ ਦਾ ਭਾਵਹੀਣ ਚਿਹਰਾ ਹੀ ਆਦਿਵਾਸੀ ਦੇਖਦਾ ਆਇਆ ਹੈ। ਰੋਹਿਤ ਵਰਗੇ ਟਾਵੇਂ ਪੁਲਿਸ ਵਾਲੇ ਵੀ ਅਪਵਾਦ-ਸਰੂਪ ਹੋ ਸਕਦੇ ਸਨ।
ਨਕਸਲਵਾਦ ਵਰਗੀ ਖਤਰਨਾਕ, ਭਖਦੀ ਤੇ ਚੁਨੌਤੀ ਭਰੀ ਸਮੱਸਿਆ ਉੱਤੇ ਕੇਂਦਰਿਤ ਕਹਾਣੀ ਵਿਚ ਭਾਵੁਕਤਾ ਦਾ ਕੋਨਾ ਹੈ ਤੇ ਕਾਫੀ ਵੱਡਾ ਹੈ। ਹੋਰਾਂ ਐਸ.ਪੀ. ਡੀ.ਐਸ.ਪੀ. ਦੇ ਸਾਹਮਣੇ ਇਕ ਨਕਸਲੀ ਔਰਤ ਦਾ ਚਿੱਤਰ ਵਿਸ਼ੇਸ਼ਣ ਤੇ ਉਪਮਾਵਾਂ ਰਾਹੀਂ ਰੱਖਿਆ ਜਾਂਦਾ ਹੈ। 'ਪੁਲਿਸ ਦੇ ਪੱਝਤਰ ਸਾਲ ਦੇ ਰਿਕਾਰਡ ਵਿਚ ਏਡੀ ਦਲੇਰ ਤੇ ਰੂਪਮਤੀ ਔਰਤ ਨਹੀਂ ਮਿਲਦੀ।' ਰੋਹਿਤ ਇਸ ਦੋ ਰੰਗੀ ਔਰਤ ਦੇ ਹੌਸਲੇ ਤੇ ਰੂਪ ਦੇ ਜਾਲ ਵਿਚ ਫਸਿਆ ਨਜ਼ਰ ਆਉਂਦਾ ਹੈ। ਐਨ ਓਵੇਂ ਹੀ ਜਿਵੇਂ ਕਿ ਫ਼ਿਲਮੀ ਨਾਇਕ ਨਾਇਕਾ ਦੇ ਰੂਪ-ਜਾਲ ਵਿਚ ਫਸੇ ਦਿਖਾਏ ਜਾਂਦੇ ਹਨ। ਬੇਸ਼ਕ ਇਸ ਕਹਾਣੀ ਦਾ ਇਹ ਅਜਿਹਾ ਪੱਖ ਹੈ ਜਿਸਨੂੰ ਲੈ ਕੇ ਇਹ ਆਲੋਚਨਾ ਦੇ ਘੇਰੇ ਵਿਚ ਰਹੇਗੀ। ਸੂਰਜ ਪਾਲੀਵਾਲ ਦਾ ਇਹ ਲਿਖਣਾ ਸਹੀ ਹੈ 'ਕਹਾਣੀਕਾਰ ਨੂੰ ਥਾਣੇਦਾਰ ਦੀ ਹੱਤਿਆ ਤਾਂ ਕਰਵਾਉਣੀ ਚਾਹੀਦੀ ਸੀ ਪਰ ਜਗ੍ਹਾ ਦੀ ਚੋਣ ਵੀ ਸਹੀ ਕਰਨੀ ਚਾਹੀਦੀ ਸੀ। ਭਾਰਤੀ ਸਮਾਜ ਵਿਚ ਰਾਜਪਾਲ ਜਿਹਨਾਂ ਸੁਰੱਖਿਆ ਪ੍ਰਬੰਧਾਂ ਹੇਠ ਮੰਚ 'ਤੇ ਆਉਂਦੇ ਹਨ ਉਸ ਜਗ੍ਹਾ ਸਾਵਲੀ ਦਾ ਪਹੁੰਚ ਸਕਣਾ ਸੰਭਵ ਨਹੀਂ ਹੋ ਸਕਦਾ। ਆਜ਼ਾਦੀ ਪਿੱਛੋਂ ਆਮ ਆਦਮੀ ਨੂੰ ਅਣਡਿੱਠਾ ਕਰਕੇ ਸਰਕਾਰ ਨੇ ਸਾਰੀ ਪੁਲਿਸ ਨੂੰ ਰਾਜਨੇਤਾਵਾਂ ਦੀ ਸੁਰੱਖਿਆ ਲਈ ਲਾ ਦਿੱਤਾ ਹੈ।' ਕਹਾਣੀ ਦੀ ਕਮਜ਼ੋਰੀ ਵੱਲ ਉਹ ਸਹੀ ਇਸ਼ਾਰਾ ਕਰਦੇ ਹਨ ਤਾਂ ਕਹਾਣੀ ਵਿਚ ਛਾਈ ਭਾਵਨਾ ਨੂੰ ਲੈ ਕੇ ਆਲੋਚਕ ਦਾ ਅਤਿਵਾਦੀ ਰਵੱਈਆ ਵੀ ਸਾਹਮਣੇ ਆਉਂਦਾ ਹੈ।
ਕਹਾਣੀ ਵਿਚ ਪੁਲਿਸ ਅਧਿਕਾਰੀ ਦੇ ਉਦਾਰਤਾਮਈ ਰਵੱਈਆ ਤੇ ਕਹਾਣੀਕਾਰ ਦੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਦੀ ਪੜਤਾਲ ਸੂਰਜ ਪਾਲੀਵਾਰ ਦੇ ਵਿਚਾਰ ਦਾ ਕੇਂਦਰ ਰਹੀ ਹੈ। ਕਹਾਣੀ ਕਾਰ ਨੇ 'ਆਧੀ ਹਕੀਕਤ, ਆਧਾ ਫਸਾਨਾ' ਬਿਆਨ ਵਿਚ ਸਵੀਕਾਰ ਕੀਤਾ—'ਕਿਸੇ ਵੀ ਪਾਤਰ ਨੂੰ ਆਪਣੇ ਸੰਘਰਸ਼ਾਂ ਵਿਚ ਇਨਬਿਨ ਉਘਾੜਨਾ ਇਕ ਜੋਖਮ ਭਰਿਆ ਕੰਮ ਹੈ। ਉਹ ਉਸਨੂੰ ਪੂਰੀ ਤਰ੍ਹਾਂ ਨਹੀਂ ਪੜ੍ਹ ਸਕਦਾ, ਇਸ ਲਈ ਲੇਖਕ ਨੂੰ ਸਿਰਫ ਉਸ ਥੋੜ੍ਹੇ-ਬਹੁਤੇ ਨਾਲ ਹੀ ਆਪਣੀ ਰਚਨਾ ਨੂੰ ਨੇਫਰੇ ਚੜ੍ਹਾਉਣ ਦਾ ਕੰਮ ਸਾਰਨਾ ਪੈਂਦਾ ਹੈ।' ਰੋਹਿਤ ਇਸ ਕਹਾਣੀ ਦਾ ਅਜਿਹਾ ਪਾਤਰ ਹੈ ਜਿਸ ਨੂੰ ਲੈ ਕੇ ਸੂਰਜ ਪਾਲੀਵਾਲ ਨੇ ਕਾਫੀ ਲਿਖਿਆ ਹੈ। ਉਹ ਮੰਨ ਕੇ ਚੱਲਦੇ ਹਨ ਕਿ 'ਰੋਹਿਤ ਜਿਸ ਉਦੇਸ਼ ਨੂੰ ਲੈ ਕੇ ਤੁਰਿਆ ਹੈ ਉਸ ਤੋਂ ਵਾਰ ਵਾਰ ਭਟਕਦਾ ਹੈ।' ਪਰ ਉਦੇਸ਼ ਕਿਹਾੜਾ? ਨਕਸਲੀ ਨੂੰ ਫੜ੍ਹਨਾ ਉਦੇਸ਼ ਹੈ। ਪੁਲਿਸ ਵਿਭਾਗ ਦਾ ਟਾਰਗੇਟ ਹੈ ਸਾਵਲੀ ਦੇ ਗੈਂਗ ਦਾ ਖਾਤਮਾ ਕਰਨਾ। ਪੁਲਿਸ ਦੇ ਟਾਰਗੇਟ ਤੇ ਮਾਨਵੀ ਸਰੋਕਾਰ ਵਿਚ ਬੜਾ ਅੰਤਰ ਹੈ। ਨਕਸਲਵਾਦ ਦੇ ਫੈਲਾਅ ਤੇ ਪ੍ਰਸਾਰ ਦੇ ਪਿੱਛੇ ਸ਼ਾਇਦ ਪੁਲਿਸ ਵਾਲਿਆਂ ਦਾ ਅੱਖਾਂ ਬੰਦ ਕਰਕੇ ਟਾਰਗੇਟ ਹਾਸਿਲ ਕਰਨਾ ਵੀ ਰਿਹਾ ਹੈ। ਟਾਰਗੇਟ ਪ੍ਰਾਪਤ ਕਰਨ ਲਈ ਸ਼ਾਇਦ ਉਹ ਮਾਨਵੀ ਸਰੋਕਾਰਾਂ ਨੂੰ ਭੁੱਲ ਜਾਂਦੇ ਰਹੇ ਹਨ। ਸ਼ਾਇਦ ਇਸ ਲਈ ਭਾਰਤੀ ਪੁਲਿਸ ਨੂੰ ਆਤੰਕ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਆਦਿਵਾਸੀਆਂ ਵਿਚ ਪੁਲਿਸ ਦਾ ਆਤੰਕਮਈ ਰੂਪ ਹੀ ਸਾਹਮਣੇ ਆਉਂਦਾ ਰਿਹਾ ਹੈ। ਰੋਹਿਤ ਪੁਲਸੀਆ ਐਨਕ ਦੇ ਬਿਨਾਂ ਹੀ ਆਦਿਵਾਸੀ ਸਮੱਸਿਆ ਤੀਕ ਪਹੁੰਚ ਸਕਦਾ ਹੈ ਤੇ ਆਮ ਪੁਲਿਸ ਵਾਲੇ ਰੋਹਿਤ ਵਰਗੇ ਅਧਿਕਾਰੀਆਂ ਨੂੰ ਪਾਗਲ, ਮੂਰਖ ਤੇ ਅਵਿਵਹਾਰਕ ਕਹਿੰਦੇ ਹਨ। ਰੋਹਿਤ ਇਕ ਆਦਿਵਾਸੀ ਔਰਤ ਨਾਲ ਹੋਈ ਅਮਾਨਵੀ ਬਦਸਲੂਕੀ ਦੀ ਤਹਿ ਤੀਕ ਪਹੁੰਚਦਾ ਹੈ ਤਾਂ ਇਸੇ ਭਾਵੁਕਤਾ ਕਾਰਨ। ਪੁਲਿਸ ਵਿਚ ਖਤਮ ਹੋ ਚੁੱਕੀ ਸੰਵੇਦਨਸ਼ੀਲਤਾ ਕਾਰਨ ਹੀ ਆਮ ਆਦਿਵਾਸੀ ਅਨਿਆਂ ਦਾ ਸ਼ਿਕਾਰ ਹੁੰਦਾ ਹੈ। ਭਾਵਨਾਵਾਂ ਦੇ ਹੁੰਦਿਆਂ ਹੀ ਰੋਹਿਤ ਸਾਵਲੀ ਨਾਲ ਮਿਲਣ ਬਾਰੇ ਸੋਚਦਾ ਹੈ। ਉਸੇ ਭਾਵਨਾ, ਸੰਵੇਦਨਸ਼ੀਲਤਾ ਸਦਕਾ ਹੀ ਉਹ ਸੁਕਯਾ (ਰਸੋਈਆ) ਨੂੰ ਸਾਵਲੀ ਬਾਰੇ ਪੁੱਛਦਾ ਹੈ ਤੇ ਸੁਕਯਾ ਵੀ ਜਦੋਂ ਸਮਝ ਜਾਂਦਾ ਹੈ ਕਿ ਸਾਹਬ ਆਮ ਪੁਲਸੀਏ ਨਾਲੋਂ ਅਲਗ ਹਟ ਕੇ ਹਨ ਤਾਂ ਹੀ ਉਹ ਸਾਵਲੀ ਨਾਲ ਹੋਈ ਪਸ਼ੂ-ਬਿਰਤੀ ਕ੍ਰਿਤ ਤੇ ਪੁਲਿਸੀਆ ਚਿਹਰੇ 'ਤੇ ਪਈ ਨਕਾਬ ਨੂੰ ਉਤਾਰ ਸਕਦਾ ਹੈ। ਏਨਾ ਸਭ ਕੁਝ ਭਾਵਨਾ ਸਦਕਾ ਹੀ ਸੰਭਵ ਹਇਆ ਹੈ। ਤਾਂ ਹੀ ਉਹ ਰਾਜਸਵ ਵਾਲਿਆਂ ਦੇ ਆਦਿਵਾਸੀ ਕਲਿਆਣ ਰਾਹਤ ਵੰਡਨ ਵਾਲੀ ਗੱਲ ਕਰ ਸਕਦਾ ਹੈ। ਦੁਨੀਆਂ ਅਜਿਹੇ ਸੰਵੇਦਨਸ਼ੀਲ ਪੁਲਸੀਏ ਨੂੰ ਅਵਿਵਹਾਰਕ ਕਹਿੰਦੀ ਹੈ ਜਾਂ ਭਾਵੁਕਤਾ ਦਾ ਪੁਤਲਾ ਕਹਿ ਕੇ ਅੱਗੇ ਵਧ ਜਾਂਦੀ ਹੈ। ਪਰ ਆਦਿਵਾਸੀ ਖੇਤਰ ਵਿਚ ਇਸੇ ਭਾਵਨਾ ਦੀ ਲੋੜ ਹੈ। ਨਹੀਂ ਤਾਂ ਅਜਿਹੇ ਦੁਨੀਆਂ-ਦਾਰ ਹੀ ਉਹਨਾਂ ਵਿਚ ਪਹੁੰਚ ਕੇ ਉਹਨਾਂ ਨੂੰ ਲੁੱਟ-ਖਸੂਟ ਰਹੇ ਹਨ। ਜੇ ਅਜਿਹੇ ਲੋਕਾਂ ਨੂੰ ਛਾਂਟ-ਛਾਂਟ ਕੇ ਆਦਿਵਾਸੀ ਖੇਤਰ ਵਿਚ ਲਾਇਆ ਜਾਏ ਤਾਂ ਹੀ ਸ਼ਾਇਦ ਆਦਿਵਾਸੀ ਦਾ ਕਲਿਆਣ ਸੰਭਵ ਹੈ। ਰਾਮ ਸ਼ਰਣ ਜੋਸ਼ੀ ਨੇ ਨਕਸਲੀ ਖੇਤਰ ਬਸਤਰ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਮਧਪ੍ਰਦੇਸ਼ ਦੇ ਮੁਖ ਮੰਤਰੀ ਅਰਜੁਨ ਸਿੰਘ ਨੂੰ ਜਿਹੜੀ ਰਿਪੋਰਟ ਪੇਸ਼ ਕੀਤੀ ਉਸ ਵਿਚ ਮੁਖ ਸਿਫਾਰਸ਼ ਕੀਤੀ ਹੈ—'ਇਸ ਸਮੱਸਿਆ ਨੂੰ ਕਾਨੂੰਨ-ਵਿਵਸਥਾ ਤੋਂ ਉਪਰ ਉਠ ਕੇ ਦੇਖਿਆ ਜਾਣਾ ਚਾਹੀਦਾ ਹੈ। ਆਦਿਵਾਸੀ ਇਲਾਕੇ ਵਿਚ ਪ੍ਰਤੀਬੱਧ ਤੇ ਸੰਵੇਦਨਸ਼ੀਲ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਸਮੱਸਿਆਵਾਂ ਨੂੰ ਫਰੋਲਿਆ ਜਾਣਾ ਚਾਹੀਦਾ ਹੈ ਜਿਹਨਾਂ ਕਾਰਨ ਆਦਿਵਾਸੀ ਨਕਸਲਵਾਦ ਵੱਲ ਖਿੱਚੇ ਜਾ ਰਹੇ ਹਨ। ਇਸ ਲਈ ਆਦਿਵਾਸੀਆਂ ਦਾ ਮੁੜ ਵਿਸ਼ਵਾਸ ਜਿੱਤਣ ਲਈ ਸ਼ਾਸਨ ਲਈ ਜ਼ਰੂਰੀ ਕਿ ਉਹ ਹਿੰਸਾ ਦੀ ਜਗ੍ਹਾ ਜਨਤਾ ਦੇ ਨਾਲ ਸੰਵਾਦ ਸਥਾਪਿਤ ਕਰਕੇ ਸਮੱਸਿਆਵਾਂ ਦਾ ਹੱਲ ਲੱਭੇ।' ਉਹ ਲਿਖਦੇ ਹਨ ਕਿ—'ਇਸ ਖੇਤਰ ਵਿਚ ਆਦਿਵਾਸੀ ਭੂਮੀ 'ਤੇ ਜਬਰੀ ਕਬਜਾ ਹੋ ਚੁੱਕਿਆ ਹੈ। ਜੰਗਲ ਦੇ ਠੇਕੇਦਾਰ ਤੇ ਅਧਿਕਾਰੀ, ਬਾਹਰੀ ਵਪਾਰੀ ਤੇ ਹੋਰ ਪਾਇਕਮਨ (ਗ਼ੈਰ ਆਦਿਵਾਸੀ) ਸਥਾਨਕ ਲੋਕਾਂ ਦਾ ਸ਼ੋਸ਼ਣ ਤੇ ਘਾਣ ਕਰਨ ਵਿਚ ਦਹਾਕਿਆਂ ਤੋਂ ਕ੍ਰਿਆਸ਼ੀਲ ਹਨ।...ਭੂਲੁੱਟ, ਵਣ ਉਤਪਾਤ ਲੁੱਟ ਇਸਤਰੀ ਸ਼ੋਸ਼ਣ ਵਰਗੀਆਂ ਘਟਨਾਵਾਂ ਬਸਤਰ ਦਾ ਯਥਾਰਥ ਬਣ ਚੁੱਕੀਆਂ ਹਨ। ਅਜਿਹੀ ਸਥਿਤੀ ਵਿਚ ਇਸ ਬਹੁਪੱਖੀ ਪੀੜਨ ਪ੍ਰਕ੍ਰਿਆ ਤੋਂ ਮੁਕਤੀ ਲਈ ਨਕਸਲਵਾਦ ਇਕ ਵਿਕਲਪ ਦੇ ਰੂਪ ਵਿਚ ਉੱਥੇ ਫੈਲਨਾ ਸ਼ੁਰੂ ਹੋ ਗਿਆ ਸੀ।'17 ਪ੍ਰਤੀਬੱਧ ਤੇ ਸੰਵੇਦਨਸ਼ੀਲ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇਲਾਵਾ ਸੰਵਾਦ ਸਥਾਪਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਵਿਨੀਤ ਨਾਰਾਇਣ ਮੰਨਦੇ ਹਨ ਕਿ 'ਸਰਕਾਰ ਦੇ ਸੰਵੇਦਨਸ਼ੀਲ ਅਧਿਕਾਰੀ ਇਹਨਾਂ ਮਾਓਵਾਦੀ ਨੇਤਾਵਾਂ ਦਾ ਦਿਮਾਗ ਗੱਲਬਾਤ ਰਾਹੀਂ ਪਲਟਨ ਦਾ ਯਤਨ ਕਰਨਗੇ। ਇਹਨਾਂ ਨੂੰ ਜੋ ਵੀ ਵਾਅਦਾ ਕੀਤਾ ਜਾਏ ਉਹ ਸਮੇਂ ਨਾਲ ਪੂਰਾ ਕੀਤਾ ਜਾਏ। ਵਿਵਸਥਾ ਨੂੰ ਲੈ ਕੇ ਇਹਨਾਂ ਦੀਆਂ ਸ਼ਕਾਇਤਾਂ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਏ ਤਾਂਕਿ ਇਹਨਾਂ ਦੇ ਰੋਸ ਦਾ ਜਵਾਲਾਮੁਖੀ ਫਟ ਨਾ ਜਾਏ।'18 ਸੰਵੇਦਨਸ਼ੀਲ ਰੋਹਿਤ ਵਰਗੇ ਕਰਮਚਾਰੀਆਂ ਨੂੰ ਲੱਭ ਲੱਭ ਕੇ ਸਮੱਸਿਆ ਗਰਸੇ ਇਲਾਕੇ ਵਿਚ ਲਾਇਆ ਜਾਏ। ਇਸ ਕਹਾਣੀ ਵਿਚ ਜਿਸ ਭਾਵਨਾ ਨੂੰ ਆਲੋਚਕ ਕਹਾਣੀ ਦੀ ਕਮਜ਼ੋਰੀ ਸਮਝ ਰਹੇ ਹਨ ਤੇ ਜਿਵੇਂ ਕਿ ਸੂਰਜ ਪਾਲੀਵਾਲ ਰੋਹਿਤ ਨੂੰ ਭਾਵੁਕ ਮੰਨ ਰਹੇ ਹਨ, ਪਰ ਅਜਿਹੇ ਪਾਤਰ ਬਿਲਕੁਲ ਕਲਪਿਤ ਵੀ ਨਹੀਂ ਹੁੰਦੇ ਹਨ। ਕੋਬਾਦ ਗਾਂਧੀ, ਅਨੂਪ ਤੇ ਸੁਧਾ ਅਜਿਹੇ ਹੀ ਵਿਅਕਤੀ ਹਨ ਜਿਹੜੇ ਅਮੀਰ ਘਰਾਂ ਵਿਚ ਪਲੇ-ਵਧੇ ਹਨ। ਅਨੁਪ ਵੱਡੇ ਪੁਲਿਸ ਅਧਿਕਾਰੀ ਦਾ ਲੜਕਾ ਹੈ, ਦਿੱਲੀ ਦੇ ਸੇਂਟ ਸਟੀਫੇਂਸ ਕਾਲੇਜ ਦਾ ਵਿਦਿਆਰਥੀ ਰਿਹਾ ਹੈ। ਸੁਧਾ ਮਸ਼ਹੂਰ ਅਰਥ-ਸ਼ਾਸ਼ਤਰੀ ਕ੍ਰਿਸ਼ਨ ਭਾਰਦਵਾਜ ਦੀ ਬੇਟੀ ਹੈ ਜਿਸਨੇ ਲੰਦਨ ਸਕੂਲ ਆਫ ਇਕੋਨੋਮਿਕਸ ਦੀ ਪੜ੍ਹਾਈ ਕੀਤੀ ਹੈ। ਇਹ ਭਿਲਾਈ ਵਿਚ ਮਜ਼ਦੂਰਾਂ ਨਾਲ ਝੌਂਪੜੀਆਂ ਵਿਚ ਰਹਿ ਰਹੇ ਹਨ।...ਸੰਵੇਦਨਸ਼ੀਲ ਨੌਜਵਾਨ ਦੇ ਮਨ ਵਿਚ ਸਵਾਲ ਉਠਦੇ ਹਨ ਕਿ 'ਸਾਨੂੰ ਚੰਗੀ ਜ਼ਿੰਦਗੀ ਜਿਊਣ ਦਾ ਕੀ ਹੱਕ ਹੈ, ਜਦੋਂ ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਮਰੀ ਵਿਚ ਜਿਊਂ ਰਹੇ ਹਨ।'
ਭਾਵੇਂ ਹੀ ਇਹ ਭਾਵਨਾ ਕਹਾਣੀ ਦੀ ਕਮਜ਼ੋਰੀ ਹੈ ਪਰ ਅਸਲ ਵਿਚ ਨਕਸਲੀ ਬਹੁਲ ਇਲਾਕਿਆਂ ਵਿਚ ਅਜਿਹੇ ਹੀ ਸੰਵੇਦਨਸ਼ੀਲ ਕਰਮਚਾਰੀਆਂ ਦੀ ਮੁੱਖ ਲੋੜ ਹੈ। ਨਹੀਂ ਤਾਂ ਅਸੰਤੋਖ ਦੇ ਰੂਪ ਵਿਚ ਸਾਵਲੀ ਵਰਗੀ ਕੱਦਾਵਰ ਔਰਤ ਤੇ ਮਰਦ ਨਕਸਲਵਾਦੀ ਬਣਦੇ ਰਹਿਣਗੇ ਤੇ ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਦੇਖਦੀ ਰਹੇਗੀ ਜਾਂ ਸਮੱਸਿਆਵਾਂ ਵੱਲੋਂ ਅੱਖਾਂ ਮੀਚ ਕੇ ਸੁੱਤੀ ਰਹੇਗੀ। ਆਦਿਵਾਸੀ ਤੇ ਨਕਸਲਵਾਦੀ ਆਪੋ-ਆਪਣੀ ਥਾਵੇਂ ਓਵੋਂ ਦੀ ਜਿਵੇਂ ਰਹਿਣਗੇ। ਸਰਕਾਰ ਦੁਆਰਾ ਚੁੱਕੇ ਜਾਣ ਵਾਲੇ ਕਦਮਾਂ ਵਿਚ ਪੁਲਿਸ ਤੇ ਫੌਜ ਹੀ ਮੁੱਢਲੇ ਦਸਤਿਆਂ ਵਿਚ ਹੁੰਦੀ ਹੈ। ਦੂਜਾ ਕਦਮ ਵਿਕਾਸ ਦਾ ਹੈ, ਜਿਸ ਦੇ ਨਾਂ ਤੇ ਆਦਿਵਾਸੀ ਉਜੜਦਾ ਹੀ ਉਜੜਦਾ ਹੈ। ਪੁਣਯਪ੍ਰਸੂਨ ਵਾਜਪਾਈ ਮਾਓਵਾਦੀਆਂ ਦਾ ਆਦਿਵਾਸੀ ਖੇਤਰਾਂ ਵਿਚ ਮਜ਼ਬੂਤ ਹੋਣ ਦਾ ਕਾਰਨ ਦਸਦੇ ਹਨ—'ਜਿਹਨਾਂ ਖੇਤਰਾਂ ਵਿਚ ਹਨਨ ਹੋ ਰਿਹਾ ਹੈ ਅਜਿਹੇ ਇਲਾਕਿਆਂ ਵਿਚ ਆਦਿਵਾਸੀ ਸਰਕਾਰ ਦੇ ਖ਼ਿਲਾਫ਼ ਇਕ ਜੁੱਟ ਹੋਏ ਹਨ। ਮਾਓਵਾਦੀਆਂ ਦੀ ਪੈਂਠ ਵਧੀ ਹੈ, ਉਹਨਾਂ ਦੇ ਕੈਡਰ ਦੀ ਸੰਖਿਆ ਵਿਚ ਵਾਧਾ ਹੋਇਆ ਹੈ। ਆਰਥਿਕ ਨੀਤੀਆਂ ਨੂੰ ਲੈ ਕੇ ਇਹ ਜਨਤਾ ਦੀ ਆਵਾਜ਼ ਉਠਾਉਂਦੇ ਹਨ ਜਿਹਨਾਂ ਨਾਲ ਇਸ ਖੇਤਰ ਦੀ ਜਨਤਾ ਨੂੰ ਹਰ ਛਿਣ ਦੋ-ਚਾਰ ਹੋਣਾ ਪੈਂਦਾ ਹੈ। ਬੀਤੇ ਪੰਜ ਸਾਲਾਂ ਵਿਚ ਜਿਸ ਤੇਜ਼ੀ ਨਾਲ ਰੈਡ ਕਾਰੀਡੋਰ ਵਿਚ ਕਿਸਾਨ-ਆਦਿਵਾਸੀਆਂ ਦੀ ਜ਼ਮੀਨ 'ਤੇ ਵਿਕਾਸ ਦੀ ਲਕੀਰ ਖਿੱਚੀ ਗਈ ਉੱਥੇ ਹੀ ਵਿਕਾਸ ਨੂੰ ਲੈ ਕੇ ਸਰਕਾਰ ਤੇ ਮਾਓਵਾਦੀਆਂ ਦਾ ਟਕਰਾਅ ਹੋਇਆ ਹੈ। ਨਕਸਲ ਪ੍ਰਭਾਵਿਤ ਸਵਾ ਸੌ ਜ਼ਿਲਿਆਂ ਵਿਚ ਛੇ ਸੌ ਪਿੰਡਾਂ ਦੀ ਸਥਿਤੀ ਸਾਮਾਜਿਕ-ਆਰਥਿਕ ਤੌਰ 'ਤੇ ਅੱਜ ਵੀ ਸਭ ਤੋਂ ਪਿੱਛੜਿਆ ਇਲਾਕਾ ਹੋਣ ਦੀ ਤਰਾਸਦੀ ਬਿਆਨ ਕਰਦੀ ਹੈ। ਇਹ ਅਜਿਹੇ ਖੇਤਰ ਹਨ ਜਿੱਥੇ ਮੁੱਢਲੀ ਸਿੱਖਿਆ, ਮੁੱਢਲੇ ਸਵਾਸਥ-ਕੇਂਦਰ ਤੇ ਪੀਣ ਦਾ ਪਾਣੀ ਤਕ ਵੀ ਮੁਹਈਆ ਨਹੀਂ ਹੈ। ਉੱਥੇ ਹੀ ਅੜ੍ਹਤਾਲੀ ਜ਼ਿਲ੍ਹੇ ਅਜਿਹੇ ਹਨ ਜਿੱਥੇ ਆਜ਼ਾਦੀ ਪਿੱਛੋਂ ਏਨਾ ਹੀ ਬਦਲਾਵ ਆਇਆ ਹੈ ਕਿ ਅੰਗਰੇਜ਼ਾਂ ਦੀ ਜਗ੍ਹਾ ਸਥਾਨਿਕ ਜ਼ਿਮੀਂਦਾਰਾਂ ਤੇ ਰਾਜ ਸੱਤਾ ਦੇ ਨੁਮਾਇੰਦਿਆਂ ਨੇ ਲੈ ਲਈ ਹੈ। ਇਸ ਤਰਜ ਨਾਲ ਨਕਸਲਵਾਦ ਨਾਲ ਲੜਨ ਵਾਲੀ ਸੰਸਦੀ ਰਾਜਨੀਤੀ ਦੇ ਇਹਨਾਂ ਤੌਰ-ਤਰੀਕਿਆਂ ਦੇ ਚੱਲਦਿਆਂ ਨਾ ਸਿਰਫ ਮਾਓਵਾਦੀ ਪਿਛਲੇ ਚਾਲ੍ਹੀ ਸਾਲਾਂ ਵਿਚ ਫੈਲ ਗਏ ਹਨ ਬਲਕਿ ਰਾਜਨੀਤਕ ਦਲਾਂ ਨਾਲੋਂ ਵਧ ਮਜ਼ਬੂਤ ਹੀ ਹੋਏ ਹਨ।'19 ਜਿਹੜੇ ਕਦਮ ਸਰਦਾਰ ਚੁੱਕ ਰਹੀ ਹੈ ਉਹ ਸਰਾਸਰ ਗਲਤ ਹਨ, ਹਰਸ਼ ਮੰਦਰ ਲਿਖਦੇ ਹਨ—'ਅੱਜ ਤੋਂ ਚਾਰ ਦਹਾਕੇ ਪਹਿਲਾਂ ਬੰਗਾਲ ਦੇ ਨਕਸਲਵਾੜੀ ਤੋਂ ਸ਼ੁਰੂ ਹੋਇਆ ਅੰਦੋਲਨ ਅੱਜ ਜੰਗਲ ਦੇ ਬਹੁਤ ਵੱਡੇ ਇਲਾਕੇ ਵਿਚ ਫੈਲ ਗਿਆ ਹੈ। ਸ਼੍ਰੀਲੰਕਾ ਵਿਚ ਲਿਟੇ ਦਾ ਸਫਾਇਆ ਕਰਨ ਤੋਂ ਬਾਅਦ ਸਰਕਾਰ ਨਕਸਲਵਾਦ ਦਾ ਸਫਾਇਆ ਕਰਨ 'ਤੇ ਤੁਲ ਗਈ ਹੈ। ਸਰਕਾਰ ਇਤਿਹਾਸ ਦੇ ਸਬਕ ਨੂੰ ਦਰਕਿਨਾਰ ਕਰ ਰਹੀ ਹੈ ਕਿ ਸਰਕਾਰ ਦੇ ਬਾਹੁਬਲ ਨਾਲ ਉਸ ਸੰਘਰਸ਼ ਨੂੰ ਨਹੀਂ ਕੁਚਲਿਆ ਜਾ ਸਕਦਾ ਜਿਹੜਾ ਅਨਿਆਂ ਦੇ ਲੰਮੇ ਇਤਿਹਾਸ ਤੋਂ ਪੈਦਾ ਹੋਇਆ ਹੈ।'20 ਨਕਸਲਵਾਦੀਆਂ ਨੂੰ ਆਤੰਕਵਾਦੀ ਕਹਿਣ ਵਾਲੇ ਮਹਾਸ਼ਵੇਤਾ ਦੇਵੀ ਦੇ ਇਹਨਾਂ ਸ਼ਬਦਾਂ 'ਤੇ ਗੌਰ ਕਰਨ, ਉਹ ਲਾਲਗੜ੍ਹ ਵਿਚ ਅਰਧ ਸੈਨਿਕ ਦਲਾਂ ਦੇ ਭੇਜੇ ਜਾਣ ਨੂੰ ਸਰਾਸਰ ਗਲਤ ਦੱਸਦੀ ਹੋਈ ਲਿਖਦੀ ਹੈ—'ਮਾਓਵਾਦੀਆਂ ਦੀ ਤਲਾਸ਼ੀ ਦੇ ਨਾਂ 'ਤੇ ਰਾਤ ਨੂੰ ਪੁਲਿਸ ਨੇ ਆਦਿਵਾਸੀ ਔਰਤਾਂ 'ਤੇ ਕਹਿਰ ਢਾਇਆ। ਔਰਤਾਂ 'ਤੇ ਹੋਏ ਅਤਿਆਚਾਰ ਦੇ ਵਿਰੋਧ ਵਿਚ ਹੀ ਲਾਲਗੜ੍ਹ ਦੇ ਆਦਿਵਾਸੀਆਂ ਨੇ ਅੰਦੋਲਨ ਛੇੜਿਆ ਹੋਇਆ ਸੀ। ਪੁਲਿਸ ਅਤਿਆਚਾਰ ਤੋਂ ਬਚਨ ਲਈ ਇਲਾਕੇ ਵਿਚ ਪੁਲਿਸ ਪ੍ਰਵੇਸ਼ ਰੋਕਣ ਦੇ ਉਪਾਅ ਕੀਤੇ। ਪੁਲਿਸ ਅਤਿਆਚਾਰ ਵਿਰੋਧੀ ਜਨਸਾਧਾਰਣ ਕਮੇਟੀ ਨੇ ਮੰਗ ਕੀਤੀ ਕਿ ਆਦਿਵਾਸੀ ਔਰਤਾਂ ਨਾਲ ਹੋਈ ਜ਼ਿਆਦਤੀ ਲਈ ਪੁਲਿਸ ਮੁਆਫ਼ੀ ਮੰਗੇ ਤੇ ਰਾਤ ਨੂੰ ਔਰਤਾਂ ਦੀ ਤਲਾਸ਼ੀ ਨਾ ਲਈ ਜਾਏ। ਅੰਦੋਲਨ ਦਾ ਸਭ ਤੋਂ ਵੱਡਾ ਕਾਰਨ ਠੱਗੀਕਾਰੀ, ਪਿਛੜੇਪਨ ਤੇ ਸਰਕਾਰੀ ਅਣਗਹਿਲੀ ਦੇ ਖ਼ਿਲਾਫ਼ ਲੋਕਾਂ ਵਿਚ ਭਰਿਆ ਗੁੱਸਾ ਸੀ। ਸਰਕਾਰ ਅੱਜ ਵੀ ਸਾਰੇ ਆਦਿਵਾਸੀਆਂ ਨੂੰ ਜਨਮ-ਜਾਤ ਅਪਰਾਧੀ ਮੰਨਦੀ ਹੈ। ਕਿਤੇ ਵੀ ਅਪਰਾਧ ਹੋਏ ਫੜ੍ਹੇ ਆਦਿਵਾਸੀ ਹੀ ਜਾਂਦੇ ਹਨ।...ਵਿਕਾਸ ਦੇ ਨਾਂ 'ਤੇ ਆਜ਼ਾਦੀ ਦੇ ਬਾਹਠ ਵਰ੍ਹਿਆਂ ਬਾਅਦ ਕੁਝ ਵੀ ਹਾਸਿਲ ਨਾ ਹੋਣ ਕੇ ਕਾਰਨ ਉਹ ਗੁੱਸੇ ਵਿਚ ਹਨ। ਮੈਂ ਪੁੱਛਦੀ ਹਾਂ ਕਿ ਕਾਂਟਾਪਾਹਾੜੀ, ਬਾਂਸਪਾਹਾੜੀ ਵਿਚ ਅੱਜ ਤਕ ਬਿਜਲੀ ਕਿਉਂ ਨਹੀਂ ਪਹੁੰਚੀ? ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਤਰ੍ਹਾਂ ਦੇ ਆਤੰਕ ਹਨ ਉਹਨਾਂ ਵਿਚ ਸਭ ਤੋਂ ਵੱਡਾ ਆਤੰਕ ਰਾਜਕੀ ਆਤੰਕ ਹੁੰਦਾ ਹੈ।'21
--------------------------------------------
ਸੰਦਰਭ :
1.'ਅੰਧੇਰੇ ਮੇਂ ਸੁਗੰਧ' ਕੈਲਾਸ਼ ਚੰਦ, ਵਰਤਮਾਨ ਸਾਹਿਤ, ਮਈ 2009; 2.ਉਹੀ-10; 3.ਉਹੀ-12; 4.ਉਹੀ-12; 5.ਉਹੀ-15; 6.ਉਹੀ-15; 7.ਉਹੀ-16; 8.ਉਹੀ-16; 9.ਉਹੀ-17; 10.ਰਮਣਿਕਾ ਗੁਪਤਾ, ਸਾਕਸ਼ਾਤਕਾਰ-ਅਰਾਵਲੀ ਉਦਘੋਸ਼ ਅੰਕ; 11.ਉਹੀ-17; 12.ਸੂਰਜ ਪਾਲੀਵਾਲ, ਪੁਲਿਸਿਯਾ ਦਮਨ ਔਰ ਆਤੰਕਵਾਦ ਕੇ ਖਿਲਾਫ-34; 13.ਉਹੀ-36; 14.ਕੁਸੁਮ ਖੇਮਾਣੀ, 'ਬਤਰਸ', 110, ਵਾਗਰਥ, ਸਤੰਬਰ, 09, ਕਲਕੱਤਾ; 15.ਜਵਰੀ ਮੱਲ ਪਾਰਖ, 32, ਵਰਤਮਾਨ ਸਾਹਿਤ, ਮਈ, 2009; 16.ਉਹੀ-32; 17.ਰਾਮਸ਼ਰਣ ਜੋਸ਼ੀ 'ਏਕ ਰਾਜਨੇਤਾ ਕਾ ਅਨਦੇਖਾ ਪਹਲੂ', ਹੰਸ, ਮਈ 09; 18. ਵਿਨੀਤ ਨਾਰਾਯਣ 'ਸਮਸਯਾ ਸੇ ਨਿਪਟੇਂ ਪਰ ਅਲਗ ਢੰਗ ਸੇ' ਰਾਜਸਥਾਨ ਪਤ੍ਰਿਕਾ, 27 ਸਿਤੰਬਰ, 09; 19.ਪੁਨਯਪ੍ਰਸੂਨ ਵਾਜਪੇਯੀ, 'ਮਾਓਵਾਦੀ ਸੰਸਦੀਯ ਰਣਨੀਤਿ ਕੇ ਬਰਅਕਸ', 23 ਸਿਤੰਬਰ, 09, ਜਨਸੱਤਾ; 20. ਹਰਸ਼ ਮੰਦਰ 'ਸਮਰਸਤਾ ਕੇ ਤਾਰ ਜੁੜੇ', ਦੈਨਿਕ ਭਾਸਕਰ, 25, ਸਿਤੰਬਰ, 09; 21.ਮਹਾਸ਼ਵੇਤਾ ਦੇਵੀ, ਦੈਨਿਕ ਭਾਸਕਰ, 3 ਜੁਲਾਈ, 09, ਜਯਪੁਰ ਸੰਸਕਰਣ।  

1 comment:

  1. ਮਹਿੰਦਰ ਬੇਦੀ ਜੀ,
    ਬਹੁਤ ਹੀ ਸ਼ਲਾਘਾਯੋਗ ਉੱਦਮ ਕਰ ਰਹੇ ਹੋ...ਪੰਜਾਬੀ ਪਾਠਕਾਂ ਲਈ।
    ਜਿਸ ਲਈ ਆਪ ਵਧਾਈ ਦੇ ਪਾਤਰ ਹੋ।
    ਧੰਨਵਾਦ
    ਹਰਦੀਪ

    ReplyDelete