Thursday, March 1, 2012

ਸਾਮਰਾਜਵਾਦੀ ਭੂਮੰਡਲੀਕਰਣ ਦੇ ਦੌਰ ਵਿਚ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਾਸੰਗਿਕਤਾ



ਇਕ ਵਿਸ਼ੇਸ਼ ਲੇਖ :

ਸਾਮਰਾਜਵਾਦੀ ਭੂਮੰਡਲੀਕਰਣ ਦੇ ਦੌਰ ਵਿਚ
ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਾਸੰਗਿਕਤਾ

ਲੇਖਕ : ਅਰਜੁਨ ਪਰਸਾਦ ਸਿੰਘ

ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ

'ਅੰਗਰੇਜ਼ਾਂ ਦੀਆਂ ਜੜਾਂ ਹਿੱਲ ਚੁੱਕੀਆਂ ਨੇ, ਉਹ 15 ਸਾਲਾਂ ਵਿਚ ਚਲੇ ਜਾਣਗੇ, ਸਮਝੌਤਾ ਹੋ ਜਾਵੇਗਾ, ਪਰ ਇਸ ਨਾਲ ਜਨਤਾ ਨੂੰ ਕੋਈ ਲਾਭ ਨਹੀਂ ਹੋਵੇਗਾ, ਕਾਫੀ ਸਾਲ ਅਫਰਾ-ਤਫਰੀ ਵਿਚ ਬੀਤਣਗੇ, ਉਸ ਪਿੱਛੋਂ ਲੋਕਾਂ ਨੂੰ ਮੇਰੀ ਯਾਦ ਆਵੇਗੀ'—ਭਗਤ ਸਿੰਘ।

ਸ਼ਹੀਦੇ-ਆਜਮ ਭਗਤ ਸਿੰਘ ਨੇ ਇਹ ਗੱਲ 23 ਮਾਰਚ 1931 ਨੂੰ ਫਾਂਸੀ ਦੇ ਫੰਦੇ 'ਤੇ ਲਟਕਾਏ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਆਖੀ ਸੀ। ਉਹਨਾਂ ਦਾ ਅੰਦਾਜ਼ਾ ਸਹੀ ਨਿਕਲਿਆ, ਲਗਭਗ 16 ਸਾਲ ਬਾਅਦ 1947 ਵਿਚ ਵਾਕਈ ਇਕ ਸਮਝੌਤਾ ਹੋਇਆ—ਇਸ ਸਮਝੌਤੇ ਦੇ ਤਹਿਤ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ ਤੇ ਦੇਸ਼ ਦੀ ਸੱਤਾ ਦੀ ਬਾਗਡੋਰ 'ਗੋਰੇ ਹੱਥਾਂ 'ਚੋਂ ਭੂਰੇ ਹੱਥਾਂ' ਵਿਚ ਆ ਗਈ। ਇਸ ਪਿੱਛੋਂ ਸੱਚਮੁੱਚ 'ਅਫਰਾ-ਤਫਰੀ' ਵਿਚ ਕਾਫੀ ਸਾਲ—ਤਕਰੀਬਨ ਛੇ ਦਹਾਕੇ—ਬੀਤ ਚੁੱਕੇ ਹਨ। ਹੁਣ ਦੇਸ਼ ਦੀ ਸ਼ੋਸ਼ਣ-ਪੀੜੀ ਜਨਤਾ ਤੇ ਉਸਦੇ ਸੱਚੇ ਰਾਜਨੀਤਕ ਪ੍ਰਤੀਨਿਧੀਆਂ ਨੂੰ ਭਗਤ ਸਿੰਘ ਦੀ ਯਾਦ ਵਧੇਰੇ ਸਤਾਉਣ ਲੱਗ ਪਈ ਹੈ।
ਇਸ ਸਾਲ ਦੇਸ਼ ਦੀਆਂ ਸਾਰੀਆਂ ਦੇਸ਼-ਭਗਤ ਜਨਵਾਦੀ ਤੇ ਕਰਾਂਤੀਕਾਰੀ ਤਾਕਤਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦੀ 75ਵੀਂ ਵਰ੍ਹੇ-ਗੰਢ ਮਨਾਅ ਰਹੀਆਂ ਹਨ—ਖਾਸ ਕਰਕੇ, ਕਰਾਂਤੀਕਾਰੀ ਸ਼ਕਤੀਆਂ। ਇਹ ਸ਼ਕਤੀਆਂ ਇਸ ਮੌਕੇ ਕਿਸੇ ਗੁੱਝੀ ਗਰਜ ਦੀ ਇੱਛਾ ਨਾਲ ਇਹ ਕਾਰਜ ਨਹੀਂ ਕਰ ਰਹੀਆਂ, ਜਿਵੇਂ ਕਿ ਪੰਜਾਬ ਸਰਕਾਰ ਹਰ ਸਾਲ 23 ਮਾਰਚ ਨੂੰ ਇਹਨਾਂ ਅਮਰ ਸ਼ਹੀਦਾਂ ਦੇ ਹੁਸੈਨੀਵਾਲਾ ਸਥਿਤ ਸਮਾਧੀ ਸਥਾਨ 'ਤੇ ਕਰਦੀਆਂ ਹਨ। ਉਹ ਭਗਤ ਸਿੰਘ ਦੇ ਕਰਾਂਤੀਕਾਰੀ ਵਿਚਾਰਾਂ ਨੂੰ ਦੇਸ਼ ਦੀ ਸ਼ੋਸ਼ਨ-ਪੀੜੀ ਤੇ ਮਿਹਨਤਕਸ਼ ਜਨਤਾ ਵਿਚਕਾਰ ਲੈ ਜਾਣ ਲਈ ਤਰ੍ਹਾਂ ਤਰ੍ਹਾਂ ਦੇ ਜਨਤਕ ਕਾਰਜ ਕਰ ਰਹੀਆਂ ਹਨ।
ਭਗਤ ਸਿੰਘ ਨੇ ਕਿਹਾ ਸੀ...:

ਉਹ (ਅੰਗਰੇਜ਼) ਸੋਚਦੇ ਨੇ ਕਿ ਮੇਰੇ ਸਰੀਰ ਨੂੰ ਨਸ਼ਟ ਕਰਕੇ ਇਸ ਦੇਸ਼ ਵਿਚ ਸੁਰੱਖਿਅਤ ਰਹਿ ਲੈਣਗੇ। ਇਹ ਉਹਨਾਂ ਦੀ ਗ਼ਲਤ-ਫਹਿਮੀ ਹੈ। ਉਹ ਮੈਨੂੰ ਮਾਰ ਸਕਦੇ ਨੇ, ਪਰ ਮੇਰੇ ਵਿਚਾਰਾਂ ਨੂੰ ਨਹੀਂ। ਉਹ ਮੇਰੇ ਸਰੀਰ ਦੇ ਟੁਕੜੇ-ਟੁਕੜੇ ਕਰ ਸਕਦੇ ਨੇ, ਪਰ ਮੇਰੀਆਂ ਉਮੀਦਾਂ-ਇੱਛਾਵਾਂ ਨੂੰ ਨਹੀਂ ਦਬਾਅ ਸਕਦੇ।

ਸੱਚਮੁੱਚ ਸਾਡੇ ਦੇਸ਼ ਵਿਚ ਨਾ ਤਾਂ ਅੰਗਰੇਜ਼ ਸੁਰੱਖਿਅਤ ਰਹਿ ਸਕੇ ਤੇ ਨਾ ਹੀ ਭਗਤ ਸਿੰਘ ਦੇ ਵਿਚਾਰਾਂ, ਇੱਛਾਵਾਂ ਤੇ ਉਮੀਦਾਂ ਨੂੰ ਹੀ ਦਬਾਇਆ ਜਾ ਸਕਿਆ। ਇਤਿਹਾਸ ਸਕਸ਼ੀ ਹੈ ਕਿ ਮਰਿਆ ਹੋਇਆ ਭਗਤ ਸਿੰਘ ਜਿਉਂਦੇ ਭਗਤ ਸਿੰਘ ਨਾਲੋਂ ਵਧੇਰੇ ਖਤਰਨਾਕ ਸਾਬਤ ਹੋਇਆ ਤੇ ਉਹਦੇ ਕਰਾਂਤੀਕਾਰੀ ਵਿਚਾਰਾਂ ਨਾਲ ਨੌਜਵਾਨ ਪੀੜ੍ਹੀ 'ਮਦਹੋਸ਼' ਤੇ 'ਆਜ਼ਾਦੀ ਤੇ ਕਰਾਂਤੀ ਲਈ ਝੱਲੀ' ਹੁੰਦੀ ਰਹੀ। ਉਹ ਡਾਂਗਾਂ-ਗੋਲੀਆਂ ਖਾਂਦੀ ਰਹੀ ਤੇ ਸ਼ਹੀਦਾਂ ਦੀਆਂ ਸਫਾਂ 'ਚ ਸ਼ਾਮਲ ਹੁੰਦੀ ਰਹੀ।
1947 ਦੇ ਸੱਤਾ ਦੇ ਹੱਥ-ਪਰੀਵਰਤਨ ਤੋਂ ਜਾਂ ਅਖੌਤੀ ਆਜ਼ਾਦੀ ਦੇ ਬਾਅਦ ਵਧੇਰੇ ਜਨਤਾ ਨੂੰ ਇੰਜ ਲੱਗਿਆ ਸੀ ਕਿ ਦੇਸ਼ ਤੇ ਉਹਨਾਂ ਦੇ ਜੀਵਨ ਦੀ ਮੰਦਹਾਲੀ ਮੁੱਕ ਗਈ ਹੈ—ਹੁਣ ਸੁਖ-ਸ਼ਾਂਤੀ ਤੇ ਖੁਸ਼ਹਾਲੀ ਦਾ ਇਕ ਨਵਾਂ ਦੌਰ ਸ਼ੁਰੂ ਹੋਏਗਾ। ਪਰ ਕੁਝ ਸਾਲਾਂ ਵਿਚ ਹੀ ਇਹ ਅਹਿਸਾਸ ਹੋ ਗਿਆ ਕਿ ਜਿਹੜੇ ਦਿੱਲੀ ਦੀ ਗੱਦੀ ਉੱਤੇ ਬੈਠੇ ਹਨ, ਉਹ, ਉਹਨਾਂ ਦੇ ਪ੍ਰਤੀਨਿਧ ਨਹੀਂ। ਦੇਸ਼ ਤੇ ਜਨਤਾ ਦੇ ਵਿਕਾਸ ਲਈ ਉਹਨਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਤੇ ਉਹਨਾਂ ਦੇ ਸਿੱਟਿਆਂ ਨੇ ਸਾਬਤ ਕਰ ਦਿੱਤਾ ਕਿ ਉਹ ਵੱਡੇ ਜ਼ਿਮੀਂਦਾਰਾਂ ਤੇ ਵੱਡੇ ਪੂੰਜੀ ਪਤੀਆਂ ਦੇ ਨਾਲ ਨਾਲ ਸਾਮਰਾਜਵਾਦ ਦੇ ਵੀ ਹਿਤੈਸ਼ੀ ਹਨ। ਉਹਨਾਂ ਦਾ ਮੁੱਖ ਉਦੇਸ਼ ਮਿਹਨਤਕਸ਼ ਜਨਤਾ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਲੁਟਣਾ ਤੇ ਸ਼ੋਸ਼ਕ ਹਾਕਮ ਵਰਗ ਨੂੰ ਮਾਲਾਮਾਲ ਕਰਨਾ ਹੈ। ਭਗਤ ਸਿੰਘ ਦੇਸ਼ ਦੇ ਵਿਕਾਸ ਦੀ ਇਸ ਪ੍ਰਕ੍ਰਿਆ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਤਦੇ ਤਾਂ ਉਹਨਾਂ ਕਿਹਾ ਸੀ ਕਿ 'ਕਾਂਗਰਸ ਜਿਸ ਤਰ੍ਹਾਂ ਅੰਦੋਲਨ ਚਲਾ ਰਹੀ ਹੈ ਉਸ ਤਰ੍ਹਾਂ ਉਸਦਾ ਅੰਤ ਲਾਜ਼ਮੀ ਕਿਸੇ ਨਾ ਕਿਸੇ ਸਮਝੌਤੇ 'ਤੇ ਹੋਵੇਗਾ।' ਉਹਨਾਂ ਇਹ ਵੀ ਕਿਹਾ ਸੀ ਕਿ 'ਜੇ ਲਾਰਡ ਰੀਡਿੰਗ ਦੀ ਥਾਂ 'ਤੇ ਪੁਰਸ਼ੋਤਮਦਾਸ ਤੇ ਲਾਰਡ ਡਰਵਿਨ ਦੀ ਜਗ੍ਹਾ 'ਤੇ ਤੇਜ ਬਹਾਦੁਰ ਸਪਰੂ ਆ ਜਾਣ ਨਾਲ ਜਨਤਾ ਨੂੰ ਕੋਈ ਫਰਕ ਨਹੀਂ ਪਵੇਗਾ ਤੇ ਉਸਦਾ ਸ਼ੋਸਣ ਤੇ ਦਮਨ ਜਾਰੀ ਰਹੇਗਾ।' ਉਹਨਾਂ ਭਾਰਤ ਦੀ ਜਨਤਾ ਨੂੰ ਚੇਤਨ ਕੀਤਾ ਸੀ ਕਿ 'ਗੱਦੀ 'ਤੇ ਬੈਠਣ ਵਾਲੇ ਸਾਡੇ ਦੇਸ਼ ਦੇ ਨੇਤਾ ਵਿਦੇਸ਼ੀ ਪੂੰਜੀ ਨੂੰ ਵਧ ਤੋਂ ਵਧ ਪ੍ਰਵੇਸ਼ ਤੇ ਛੋਟਾਂ-ਸਹੂਲਤਾਂ ਦੇਣਗੇ ਤੇ ਪੂੰਜੀ ਪਤੀਆਂ ਤੇ ਨਿਮਨ-ਪੂੰਜੀ ਪਤੀਆਂ ਨੂੰ ਉਹਨਾਂ ਨਾਲ ਰਲਾਉਣਗੇ।' ਉਹਨਾਂ ਇਹ ਵੀ ਕਿਹਾ ਕਿ 'ਨੇੜਲੇ ਭਵਿੱਖ ਵਿਚ, ਬੜੀ ਜਲਦੀ ਹੀ, ਅਸੀਂ ਉਸ ਵਰਗ ਨੂੰ ਤੇ ਉਸਦੇ ਨੇਤਾਵਾਂ ਨੂੰ ਵਿਦੇਸ਼ੀ ਹੁਕਮਰਾਨਾ ਦੀ ਢਾਣੀ ਵਿਚ ਸ਼ਾਮਲ ਹੁੰਦਿਆਂ ਦੇਖਾਂਗੇ। ਉਦੋਂ ਉਹਨਾਂ ਵਿਚਕਾਰ ਸ਼ੇਰ ਤੇ ਲੂੰਬੜੀ ਵਾਲਾ ਰਿਸ਼ਤਾ ਨਹੀਂ ਰਹੇਗਾ।'
ਵਾਕਈ 'ਆਜ਼ਾਦ ਭਾਰਤ' ਦੇ ਵਿਕਾਸ ਦੀ ਗਤ ਇਹੋ ਰਹੀ ਹੈ। 1947 ਵਿਚ 248 ਵਿਦੇਸ਼ੀ ਕੰਪਨੀਆਂ ਸਾਡੇ ਦੇਸ਼ ਵਿਚ ਕੰਮ ਕਰ ਰਹੀਆਂ ਸਨ—ਅੱਜ ਉਹਨਾਂ ਦੀ ਗਿਣਤੀ ਵਧ ਕੇ ਲਗਭਗ 20 ਹਜ਼ਾਰ ਹੋ ਗਈ ਹੈ। ਅੱਜ ਵਿਦੇਸ਼ੀ ਪੂੰਜੀ ਤੇ ਭਾਰਤੀ ਦਲਾਲ ਪੂੰਜੀ ਦਾ ਗੰਢ-ਜੋੜ ਅਰਥ-ਵਿਵਸਥਾ ਦੇ ਹਰ ਖੇਤਰ ਵਿਚ ਦਿਖਾਈ ਦੇ ਰਿਹਾ ਹੈ। ਖਾਸ ਤੌਰ 'ਤੇ 1990 ਤੋਂ ਪਿੱਛੋਂ ਉਦਾਰੀਕਰਣ, ਨਿੱਜੀਕਰਣ ਤੇ ਭੂਮੰਡਲੀਕਰਣ ਦੀ ਜਿਹੜੀ ਪ੍ਰਕ੍ਰਿਆ ਸ਼ੁਰੂ ਹੋਈ ਹੈ ਉਸ ਨਾਲ ਸਾਡੇ ਦੇਸ਼ ਦੇ ਹਾਕਮ ਟੋਲੇ ਦਾ ਅਸਲੀ ਸਾਮਰਾਜਵਾਦ-ਪ੍ਰਸਤ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਅੱਜ ਉਦਯੋਗਿਕ ਖੇਤਰ ਦੇ ਨਾਲ ਨਾਲ ਖੇਤੀ ਤੇ ਸੇਵਾ ਖੇਤਰਾਂ ਵਿਚ ਵੀ ਵਿਦੇਸ਼ੀ ਪੂੰਜੀ ਦਾ 'ਵੱਧ ਤੋਂ ਵੱਧ ਪ੍ਰਵੇਸ਼' ਹੋ ਰਿਹਾ ਹੈ। ਕਰੋੜਾਂ ਰੁਪਏ ਦਾ ਲਾਭ ਦੇਣ ਵਾਲੀਆਂ 'ਨਵਰਤਨ' ਸਮੇਤ ਦਰਜਨਾਂ ਸਰਵਜਨਿਕ ਕੰਪਨੀਆਂ ਦਾ ਵਿਨਿਵੇਸ਼ੀਕਰਣ ਕੀਤਾ ਜਾ ਰਿਹਾ ਹੈ। ਤੇ ਉਹਨਾਂ ਦੇ ਸ਼ੇਅਰ ਮਿੱਟੀ ਦੇ ਭਾਅ ਵੱਡੇ-ਵੱਡੇ ਪੂੰਜੀ ਪਤੀਆਂ ਨੂੰ ਵੇਚੇ ਜਾ ਰਹੇ ਹਨ। ਸਿਹਤ, ਸਿੱਖਿਆ, ਊਰਜਾ, ਸਿੰਚਾਈ, ਵਪਾਰ, ਸੜਕ, ਰੇਲ, ਹਵਾਈ ਤੇ ਜਹਾਜ਼ਰਾਨੀ ਪਰਿਵਾਹਨ, ਬੈਂਕਿੰਗ, ਬੀਮਾ ਤੇ ਦੂਰ-ਸੰਚਾਰ ਆਦਿ ਸੇਵਾਵਾਂ ਦਾ ਧੜੱਲੇ ਨਾਲ ਨਿੱਜੀਕਰਣ ਕੀਤਾ ਜਾ ਰਿਹਾ ਹੈ। ਇਹਨਾਂ ਵਿਚੋਂ ਵਧੇਰੇ ਖੇਤਰਾਂ ਵਿਚ 100 ਪ੍ਰਤੀਸ਼ਤ ਤਕ ਵਿਦੇਸ਼ੀ ਪੂੰਜੀ ਲਾਉਣ ਦੀ ਛੂਟ ਦੇ ਦਿੱਤੀ ਗਈ ਹੈ। ਅੱਜ ਦੇਸ਼ ਦੀ ਆਬਾਦੀ ਦੇ ਘੱਟੋਘੱਟ 65 ਪ੍ਰਤੀਸ਼ਤ ਲੋਕਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਖੇਤੀ ਨੂੰ ਵੀ ਮੋਂਸੇਂਟੋ ਤੇ ਕਾਰਗਿਲ ਵਰਗੀਆਂ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦੀ ਚਾਰਾਗਾਹ ਬਣਾ ਦਿੱਤਾ ਗਿਆ ਹੈ। 'ਨਿਗਮੀਕ੍ਰਿਤ ਖੇਤੀ', 'ਵੱਡੀਆਂ-ਵੱਡੀਆਂ ਉਦਯੋਗਿਕ ਪਰਿਯੋਜਨਾਵਾਂ' ਤੇ 'ਵਿਸ਼ੇਸ਼ ਆਰਥਕ ਖੇਤਰਾਂ' ਦੇ ਨਾਂ 'ਤੇ ਵੱਡੇ ਪੈਮਾਨੇ 'ਤੇ ਕਿਸਾਨਾਂ ਤੇ ਆਦਿਵਾਸੀਆਂ ਦੀ ਜ਼ਮੀਨ ਬਹੁਰਾਸ਼ਟਰੀ ਕੰਪਨੀਆਂ ਦੇ ਸੁਪੁਰਦ ਕੀਤੀ ਜਾ ਰਹੀ ਹੈ। ਪਹਿਲਾਂ ਇਹ ਕੰਪਨੀਆਂ ਖੇਤੀ ਵਿਚ ਖਾਦ, ਬੀਜ, ਕੀਟਨਾਸ਼ਕ ਦਵਾਈਆਂ ਤੇ ਹੋਰ ਖੇਤੀਬਾੜੀ ਦੇ ਉਪਕਰਣਾ ਦੀ ਆਪੂਰਤੀ ਕਰਦੀਆਂ ਸਨ। ਹੁਣ ਖੇਤੀ ਉਤਪਾਦਾਂ ਦੀ ਖਰੀਦ ਤੇ ਵਪਾਰ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਅੱਜ ਖੇਤੀ ਸਮੇਤ ਸਾਡੀ ਪੂਰੀ ਅਰਥਵਿਵਸਥਾ ਵਿਸ਼ਵ ਬੈਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਤੇ ਵਿਸ਼ਵ ਵਪਾਰ ਸੰਗਠਨ ਵਰਗੀਆਂ ਸਾਮਰਾਜਵਾਦੀ ਸੰਸਥਾਵਾਂ ਦੇ ਸ਼ਿਕੰਜੇ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਕਈ ਲੱਖ ਮਜਦੂਰਾਂ-ਮੁਲਜਮਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਪਿਛਲੇ 15 ਸਾਲਾਂ ਵਿਚ ਇਕ ਲੱਖ ਤੋਂ ਵੱਧ ਕਿਸਾਨਾਂ ਨੂੰ ਆਤਮ-ਹੱਤਿਆ ਕਰਨ 'ਤੇ ਮਜਬੂਰ ਹੋਣਾ ਪਿਆ ਹੈ। ਜਦ ਕਿਸਾਨ-ਮਜਦੂਰ ਤੇ ਜਨਤਾ ਦੇ ਹੋਰ ਤਬਕੇ ਆਪਣੇ ਹੱਕਾਂ-ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ ਛੇੜਦੇ ਹਨ, ਤਾਂ ਉਹਨਾਂ ਉੱਤੇ ਡਾਂਗਾਂ ਤੇ ਗੋਲੀਆਂ ਵਰ੍ਹਾਈਆਂ ਜਾਂਦੀਆਂ ਹਨ। ਉਹਨਾਂ ਦੀ ਏਕਤਾ ਨੂੰ ਤੋੜਨ ਲਈ ਧਾਰਮਿਕ ਜਨੂੰਨ, ਜਾਤੀਵਾਦ ਤੇ ਖੇਤਰਵਾਦ ਨੂੰ ਭੜਕਾਇਆ ਜਾਂਦਾ ਹੈ।
ਜਾਹਰ ਹੈ ਕਿ ਸਾਮਰਾਜਵਾਦੀ ਵਿਸ਼ਵੀਕਰਣ ਤੇ ਲੁੱਟ-ਖਸੁੱਟ ਦੇ ਇਸ ਭਿਆਨਕ ਦੌਰ ਵਿਚ ਭਗਤ ਸਿੰਘ ਦੇ ਵਿਚਾਰ ਕਾਫੀ ਪ੍ਰਾਸੰਗਿਕ ਹੋ ਗਏ ਹਨ। ਖਾਸ ਕਰਕੇ ਸਾਮਰਾਜਵਾਦ, ਧਾਰਮਿਕ ਅੱਧਵਿਸ਼ਵਾਸ ਤੇ ਸਾਂਪ੍ਰਦਾਇਕਤਾ, ਜਾਤੀ-ਉਤਪੀੜਨ, ਆਤੰਕਵਾਦ, ਭਾਰਤੀ ਹੁਕਮਰਾਨ ਵਰਗਾਂ ਦੇ ਚਰਿੱਤਰ ਤੇ ਜਨਤਾ ਦੀ ਮੁਕਤੀ ਲਈ ਇਕ ਕਰਾਂਤੀਕਾਰੀ ਪਾਰਟੀ ਦੇ ਨਿਰਮਾਣ ਤੋਂ ਲੈ ਕੇ, ਕਰਾਂਤੀ ਦੀ ਲੋੜ, ਕਰਾਂਤੀਕਾਰੀ ਸੰਘਰਸ਼ ਦੇ ਤੌਰ ਤਰੀਕੇ ਤੇ ਕਰਾਂਤੀਕਾਰੀ ਵਰਗਾਂ ਦੀ ਭੂਮਿਕਾ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਜਾਣਨਾ ਤੇ ਉਹਨਾਂ ਨੂੰ ਮਨੋ ਅਪਣਾਉਣਾ ਅੱਜ ਕਰਾਂਤੀਕਾਰੀ ਗੁਟਾਂ ਲਈ ਅਤਿ ਲਾਜ਼ਮੀ ਹੋ ਗਿਆ ਹੈ। ਆਓ ਹੁਣ ਅਸੀਂ ਭਗਤ ਸਿੰਘ ਦੇ ਕੁਝ ਮੂਲ ਵਿਚਾਰਾਂ ਉਪਰ ਗੌਰ ਕਰੀਏ...:


ਸਾਮਰਾਜਵਾਦ ਬਾਰੇ...:

ਵੈਸੇ ਤਾਂ ਭਗਤ ਸਿੰਘ ਨੇ ਆਪਣੇ ਅਨੇਕਾਂ ਲੇਖਾਂ ਵਿਚ ਤੇ ਭਾਸ਼ਣਾ ਵਿਚ ਸਾਮਰਾਜਵਾਦ ਤੇ ਖਾਸ ਕਰਕੇ ਬ੍ਰਿਟਿਸ਼ ਸਾਮਰਾਜਵਾਦ ਦੇ ਦਮਨਕਾਰੀ ਚਰਿੱਤਰ ਬਾਰੇ ਚਰਚਾ ਕੀਤੀ ਹੈ। ਪਰ ਲਾਹੌਰ ਸਾਜਿਸ਼ ਕੇਸ ਨਾਲ ਸੰਬੰਧਤ ਵਿਸ਼ੇਸ਼ ਟ੍ਰਿਬਿਊਨਲ ਸਾਹਵੇਂ 5 ਮਈ 1930 ਨੂੰ ਦਿੱਤੇ ਗਏ ਬਿਆਨ ਵਿਚ ਸਾਮਰਾਜਵਾਦ ਦੀ ਇਕ ਸੁਸਪਸ਼ਟ ਵਿਆਖਿਆ ਕੀਤੀ ਗਈ ਹੈ। ਇਸ ਵਿਚ ਕਿਹਾ ਹੈ...:

ਸਾਮਰਾਜਵਾਦ ਇਕ ਡਾਕੇਜਨੀ ਦੀ ਸਾਜਿਸ਼ ਦੇ ਇਲਾਵਾ ਕੁਝ ਵੀ ਨਹੀਂ ਹੈ। ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਤੇ ਰਾਸ਼ਟਰ ਦੇ ਹੱਥੋਂ ਰਾਸ਼ਟਰ ਦੇ ਸ਼ੋਸਣ ਦੀ ਅਤਿ ਹੈ। ਸਾਮਰਾਜਵਾਦੀ ਆਪਣੇ ਹਿਤਾਂ ਤੇ ਲੁੱਟ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਨਾ ਸਿਰਫ ਨਿਆਂ-ਆਨਿਆ ਤੇ ਕਾਨੂੰਨ ਦਾ ਕਤਲ ਕਰਦੇ ਹਨ, ਬਲਕਿ ਭਿਅੰਕਰ ਹੱਤਿਆ-ਕਾਂਢ ਵੀ ਕਰਵਾਉਂਦੇ ਰਹਿੰਦੇ ਹਨ। ਆਪਣੇ ਸ਼ੋਸ਼ਣ ਦੀ ਪੂਰਤੀ ਲਈ ਜੰਗ ਵਰਗੇ ਖੌਫ਼ਨਾਕ ਅਪਰਾਧ ਵੀ ਕਰਦੇ ਹਨ...ਸ਼ਾਂਤੀ ਵਿਵਸਥਾ ਦੀ ਓਟ ਵਿਚ ਉਹ ਸ਼ਾਂਤੀ ਵਿਵਸਥਾ ਭੰਗ ਕਰਦੇ ਹਨ।' ਖਾਸ ਤੌਰ ਤੇ ਬ੍ਰਿਟਿਸ਼ ਸਾਮਰਾਜਵਾਦ 'ਤੇ ਟਿਪਣੀ ਕਰਦੇ ਹੋਏ ਕਿਹਾ ਗਿਆ ਕਿ 'ਅੰਗਰੇਜ਼ੀ ਸਰਕਾਰ ਜਿਹੜੀ ਮਜਬੂਰ ਤੇ ਅਸਹਿਮਤ ਭਾਰਤੀ ਰਾਸ਼ਟਰ ਉੱਤੇ ਥੋਪੀ ਗਈ ਹੈ, ਡਾਕੂਆਂ ਦਾ ਗਿਰੋਹ ਤੇ ਲੁਟੇਰਿਆਂ ਦੀ ਟੋਲੀ ਹੈ। ਇਸ ਨੇ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਲਈ ਸਭ ਤਰ੍ਹਾਂ ਦੀਆਂ ਸ਼ਕਤੀਆਂ ਇਕੱਤਰ ਕੀਤੀਆਂ ਹੋਈਆਂ ਹਨ। ਸ਼ਾਂਤੀ ਵਿਵਸਥਾ ਦੇ ਨਾਂ 'ਤੇ ਇਹ ਸ਼ਕਤੀਆਂ ਆਪਣੇ ਵਿਰੋਧੀਆਂ ਜਾਂ ਭੇਦ ਖੋਲ੍ਹਣ ਵਾਲਿਆਂ ਨੂੰ ਕੁਚਲ ਦਿੰਦੀਆਂ ਹਨ।'

ਇਹਨਾਂ ਸਤਰਾਂ ਵਿਚ ਸਪਸ਼ਟ ਹੈ ਕਿ ਭਗਤ ਸਿੰਘ ਸਾਮਰਾਜਵਾਦ ਨੂੰ ਮਨੁੱਖ ਤੇ ਰਾਸ਼ਟਰ ਦੀ ਚਰਮ ਅਵਸਥਾ ਤੇ ਲੁੱਟ-ਖਸੁੱਟ, ਅਸ਼ਾਂਤੀ ਤੇ ਯੁੱਧ ਦੀ ਜੜ ਮੰਨੇ ਸਨ। ਉਹਨਾਂ ਦੀ ਇਹ ਵਿਆਖਿਆ ਸਾਮਰਾਜਵਾਦ ਦੀ ਵਿਗਿਆਨਕ ਵਿਆਖਿਆ ਦੇ ਕਾਫੀ ਨੇੜੇ ਹੈ।


ਭਾਰਤੀ ਪੂੰਜੀ ਪਤੀਆਂ ਦੇ ਚਰਿੱਤਰ ਬਾਰੇ...:

ਕਰਾਂਤੀਕਾਰੀ ਪਿੜਾਂ ਵਿਚ ਭਾਰਤ ਦੇ ਪੂੰਜੀ ਪਤੀਆਂ ਦੇ ਚਰਿੱਤਰ ਨੂੰ ਲੈ ਕੇ ਕਾਫੀ ਵਿਵਾਦ ਹੈ। ਕੁਝ ਸੰਗਠਨ ਤੇ ਦਲ ਇਸਨੂੰ 'ਸੁਤੰਤਰ ਪੂੰਜੀ ਪਤੀ ਵਰਗ' ਦੀ ਸੰਘਿਆ ਨਾਲ ਨਿਹਾਲ ਕਰਦੇ ਹਨ, ਤਾਂ ਕੁਝ ਇਸਨੂੰ 'ਦਲਾਲ' ਤੇ 'ਰਾਸ਼ਟਰੀ ਪੂੰਜੀ ਪਤੀਆਂ' ਦੀ ਜੁੰਡਲੀ ਆਖਦੇ ਹਨ। ਇਸ ਤਰ੍ਹਾਂ ਕੁਝ ਇਸਨੂੰ ਸਾਮਰਾਜਵਾਦ ਦਾ ਸਹਿਯੋਗੀ ਤੇ ਪਿੱਠੂ ਵਰਗ ਵੀ ਕਹਿੰਦੇ ਹਨ। ਪਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਸ ਦੇ ਸਮਝੌਤਾ-ਪ੍ਰਸਤ ਤੇ ਗੋਡੇ-ਟੇਕੂ ਚਰਿੱਤਰ ਦੀ ਖਾਸਾ ਚਿਰ ਪਹਿਲਾਂ ਪਛਾਣ ਕਰ ਲਈ ਸੀ। 'ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ ਐਸੋਸਿਏਸ਼ਨ' ਦੇ ਐਲਾਨ ਨਾਮੇ ਵਿਚ (ਜਿਸਨੂੰ ਭਗਵਤੀ ਚਰਣ ਵੋਹਰਾ ਨੇ ਲਿਖਿਆ ਸੀ) ਸਾਫ ਸ਼ਬਦਾਂ ਵਿਚ ਕਿਹਾ ਗਿਆ ਹੈ...:

'ਭਾਰਤ ਦੇ ਮਿਹਨਤਕਸ਼ ਵਰਗ ਦੀ ਹਾਲਤ ਅੱਜ ਬੜੀ ਗੰਭੀਰ ਹੈ। ਉਸਦੇ ਸਾਹਵੇਂ ਦੋਹਰਾ ਖਤਰਾ ਹੈ। ਇਕ ਪਾਸਿਓਂ ਵਿਦੇਸ਼ੀ ਪੂੰਜੀਵਾਦ ਦਾ ਤੇ ਦੂਜੇ ਪਾਸਿਓਂ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲਿਆਂ ਦਾ। ਭਾਰਤੀ ਪੂੰਜੀਵਾਦ ਵਿਦੇਸ਼ੀ ਪੂੰਜੀਵਾਦ ਦੇ ਨਾਲ ਹਰ ਰੋਜ਼ ਬਹੁਤ ਸਾਰੇ ਗੰਢ-ਜੋੜ ਕਰ ਰਿਹਾ ਹੈ। ਕੁਝ ਰਾਜਨੀਤਕ ਨੇਤਾਵਾਂ ਦਾ 'ਡੋਮਿਨੀਅਨ' ਦਾ ਰੂਪ ਸਵੀਕਾਰ ਕਰਨਾ ਵੀ ਇਸੇ ਰੁਖ਼ ਵੱਲ ਸੈਨਤ ਕਰਦਾ ਹੈ। ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ ਵਿਦੇਸ਼ੀ ਪੂੰਜੀ ਪਤੀਆਂ ਤੋਂ ਗੱਦਾਰੀ ਦੀ ਕੀਮਤ ਦੇ ਰੂਪ ਵਿਚ ਸਰਕਾਰ ਤੋਂ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦੇ ਹਨ।'

ਤੇ ਸੱਚਮੁੱਚ ਟਾਟਾ ਤੇ ਬਿੜਲਾ ਵਰਗੇ ਵੱਡੇ ਪੂੰਜੀ-ਪਤੀਆਂ ਤੇ ਉਹਨਾਂ ਦੇ ਰਾਜਨੀਤਕ ਪ੍ਰਤੀਨਿਧੀਆਂ ਨੇ 1947 ਵਿਚ ਭਾਰਤੀ ਜਨਤਾ ਨਾਲ ਵਿਸ਼ਵਾਸਘਾਤ ਤੇ ਵੱਡੇ ਜ਼ਿਮੀਂਦਾਰਾਂ ਨਾਲ ਗੰਢ-ਸੰਢ ਕਰਕੇ ਸੱਤਾ ਹਾਸਲ ਕਰ ਲਈ।


ਧਾਰਮਿਕ ਅੰਧ-ਵਿਸ਼ਵਾਸ ਤੇ ਸੰਪ੍ਰਦਾਇਕਤਾ ਬਾਰੇ...:

ਧਾਰਮਿਕ ਅੰਧ-ਵਿਸ਼ਵਾਸ ਤੇ ਕੱਟੜਪੰਥ ਨੇ ਰਾਸ਼ਟਰੀ ਮੁਕਤੀ ਅੰਦੋਲਨ ਵਿਚ ਇਕ ਵੱਡੇ ਅੜਿੱਕੇ ਦੀ ਭੂਮਿਕਾ ਨਿਭਾਈ ਹੈ। ਅੰਗਰੇਜ਼ਾਂ ਨੇ ਧਾਰਮਿਕ ਜਨੂੰਨ ਫੈਲਾਅ ਕੇ ਸਾਂਪਰਦਾਇਕ ਦੰਗੇ ਕਰਵਾਏ ਤੇ ਜਨਤਾ ਦੀ ਏਕਤਾ ਨੂੰ ਖੇਰੂ-ਖੇਰੂ ਕੀਤਾ। 1919 ਦੇ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆ-ਕਾਂਢ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸੰਪਰਦਾਇਕ ਦੰਗਿਆਂ ਦਾ ਵਿਆਪਕ ਪ੍ਰਚਾਰ ਸ਼ੁਰੂ ਕੀਤਾ। ਖਾਸ ਕਰਕੇ 1924 ਵਿਚ ਕੋਹਟ ਵਿਚ ਭਿਅੰਕਰ ਤੇ ਗ਼ੈਰ-ਮਨੁੱਖੀ ਹਿੰਦੂ-ਮੁਸਲਿਮ ਫਸਾਦ ਹੋਇਆ ਤਾਂ ਸਾਰੀਆਂ ਪ੍ਰਗਤੀਸ਼ੀਲ ਤੇ ਕਰਾਂਤੀਕਾਰੀ ਤਾਕਤਾਂ ਨੂੰ ਇਸ ਬਾਰੇ ਸੋਚਣ 'ਤੇ ਮਜਬੂਰ ਹੋਣਾ ਪਿਆ।
ਭਗਤ ਸਿੰਘ ਨੇ ਮਈ, 1928 ਵਿਚ 'ਧਰਮ ਤੇ ਸਾਡਾ ਸੁਤੰਤਰਤਾ ਸੰਗ੍ਰਾਮ' ਨਾਂ ਦਾ ਇਕ ਲੇਖ ਲਿਖਿਆ ਜਿਹੜਾ ਕਿਰਤੀ ਵਿਚ ਛਪਿਆ। ਇਸ ਪਿੱਛੋਂ ਉਹਨਾਂ ਜੂਨ, 1928 ਵਿਚ 'ਸੰਪਰਦਾਇਕ ਦੰਗੇ ਤੇ ਉਹਨਾਂ ਦਾ ਇਲਾਜ਼' ਲੇਖ ਲਿਖਿਆ। ਅੰਤ ਵਿਚ ਗਦਰ ਪਾਰਟੀ ਦੇ ਭਾਈ ਰਣਜੀਤ ਸਿੰਘ (ਜਿਹੜੇ ਭਗਤ ਸਿੰਘ ਦੇ ਨਾਲ ਲਾਹੌਰ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ) ਦੇ ਸਵਾਲਾਂ ਦੇ ਜਵਾਬ ਵਿਚ ਭਗਤ ਸਿੰਘ ਨੇ 5-6 ਅਕਤੂਬਰ, 1930 ਨੂੰ 'ਮੈਂ ਨਾਸਤਕ ਕਿਉਂ ਹਾਂ' ਇਕ ਖਾਸਾ ਮਹਤੱਵਪੂਰਨ ਲੇਖ ਲਿਖਿਆ। ਇਹਨਾਂ ਲੇਖਾਂ ਵਿਚ ਉਹਨਾਂ ਈਸ਼ਵਰ ਦੀ ਹੋਂਦ ਉਪਰ ਸਵਾਲ ਕੀਤਾ। ਉਹਨਾਂ ਕਿਹਾ ਕਿ 'ਈਸ਼ਵਰ ਉੱਤੇ ਵਿਸ਼ਵਾਸ ਰਹੱਸਵਾਦ ਦਾ ਸਿੱਟਾ ਹੈ ਤੇ ਰਹੱਸਵਾਦ ਮਾਨਸਿਕ ਭਰਮ-ਭੁਲੇਖਿਆਂ ਦੀ ਸੁਭਾਵਿਕ ਉਪਜ ਹੈ।'
ਉਹਨਾਂ ਧਰਮ ਗੁਰੂਆਂ ਨੂੰ ਸਵਾਲ ਕੀਤਾ ਕਿ ਸਰਬ-ਸ਼ਕਤੀਮਾਨ ਹੋ ਕੇ ਤੁਹਾਡਾ ਭਗਵਾਨ ਅਨਿਆਂ, ਅਤਿਆਚਾਰ, ਭੁੱਖ, ਗਰੀਬੀ, ਸ਼ੋਸਣ, ਅਸਮਾਨਤਾ, ਦਾਸਤਾ, ਮਹਾਮਾਰੀ, ਹਿੰਸਾ ਤੇ ਯੁੱਧ ਦਾ ਅੰਤ ਕਿਉਂ ਨਹੀਂ ਕਰਦਾ? ਮਾਰਕਸ ਦੀ ਦਲੀਲ ਨੂੰ ਉਹਨਾਂ ਕਈ ਵਾਰੀ ਦੋਹਰਾਇਆ, 'ਧਰਮ ਜਨਤਾ ਲਈ ਇਕ ਅਫੀਮ ਹੈ,' ਧਰਮ-ਗੁਰੂਆਂ ਤੇ ਰਾਜਨੀਤਕ ਨੇਤਾਵਾਂ ਵੱਲ ਉਂਗਲ਼ ਸਿੰਨ੍ਹੀ ਕਿ ਉਹ ਆਪਣੇ ਗੁੱਝੇ ਸਵਾਰਥਾਂ ਨੂੰ ਪੂਰਾ ਕਰਨ ਖਾਤਰ ਸੰਪਰਦਾਇਕ ਦੰਗੇ ਕਰਵਾਉਂਦੇ ਹਨ। ਉਹਨਾਂ ਅਖ਼ਬਾਰਾਂ 'ਤੇ ਵੀ ਦੋਸ਼ ਲਾਇਆ ਕਿ ਉਹ 'ਉਤੇਜਨਾ ਭਰੇ ਲੇਖ' ਛਾਪ ਕੇ ਸੰਪਰਦਾਇਕ ਭਾਵਨਾਵਾਂ ਨੂੰ ਭੜਕਾਉਂਦੇ ਹਨ ਤੇ ਪਰਸਪਰ ਭੇੜ ਕਰਵਾਉਂਦੇ ਹਨ। ਉਹਨਾਂ ਇਸ ਦੇ ਇਲਾਜ਼ ਵਜੋਂ ਧਰਮ ਤੇ ਰਾਜਨੀਤੀ ਨੂੰ ਅਲਗ ਅਲਗ ਰੱਖਣ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਜੇ ਧਰਮ ਨੂੰ ਅਲਗ ਕਰ ਦਿੱਤਾ ਜਾਏ ਤਾਂ ਰਾਜਨੀਤੀ ਵਿਚ ਅਸੀਂ ਇਕੱਠੇ ਹੋ ਸਕਦੇ ਹਾਂ, ਧਰਮ ਪੱਖੋਂ ਭਾਵੇਂ ਵੱਖ-ਵੱਖ ਹੀ ਕਿਉਂ ਨਾ ਹੋਈਏ।
ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਧਰਮ ਨੂੰ ਜਦੋਂ ਰਾਜਨੀਤੀ ਦੀ ਪੁੱਠ ਦੇ ਦਿੱਤੀ ਜਾਂਦੀ ਹੈ ਤਾਂ ਉਹ ਘਾਤਕ ਜ਼ਹਿਰ ਬਣ ਜਾਂਦਾ ਹੈ। ਇਹ ਜ਼ਹਿਰ ਰਾਸ਼ਟਰ ਦੇ ਜਿਊਂਦੇ ਅੰਗਾਂ ਨੂੰ ਹੌਲੀ-ਹੌਲੀ ਨਸ਼ਟ ਕਰਦਾ ਰਹਿੰਦਾ ਹੈ। ਅਸਲੀ ਦੁਸ਼ਮਣ ਦੀ ਪਛਾਣ ਕਰ ਸਕਣਾ ਮੁਸ਼ਕਿਲ ਕਰ ਦਿੰਦਾ ਹੈ। ਜਨਤਾ ਦੀ ਜੁਝਾਰੂ ਮਨ-ਸਥਿਤੀ ਨੂੰ ਕਮਜ਼ੋਰ ਕਰਦਾ ਹੈ ਤੇ ਇਸ ਤਰ੍ਹਾਂ ਰਾਸ਼ਟਰ ਨੂੰ ਸਾਮਰਾਜਵਾਦੀ ਸਾਜਿਸ਼ਾਂ ਦੀਆਂ ਮਾਰੂ ਯੋਜਨਾਵਾਂ ਦਾ ਲਾਚਾਰ ਸ਼ਿਕਾਰ ਬਣਾ ਦਿੰਦਾ ਹੈ। ਅੱਜ ਜਦੋਂ ਸਾਡੇ ਦੇਸ਼ ਵਿਚ ਰਾਜ-ਸੱਤਾ ਦੀ ਦੇਖ-ਰੇਖ ਵਿਚ ਬਾਬਰੀ ਮਸਜਿਦ ਢਾਹੀ ਜਾਂਦੀ ਹੈ ਤੇ ਗੁਜਰਾਤ ਵਰਗੇ ਵੀਭਤਸ ਜਨਸੰਘਾਰ ਰਚੇ ਜਾਂਦੇ ਹਨ, ਤਾਂ ਭਗਤ ਸਿੰਘ ਦੀ ਇਸ ਗੱਲ ਦੀ ਪ੍ਰਾਸੰਗਿਕਤਾ ਸਾਫ ਨਜ਼ਰ ਆਉਂਦੀ ਹੈ।


ਜਾਤੀ ਭੇਦ-ਭਾਵ ਬਾਰੇ ਵਿਚਾਰ...:

ਜਾਤੀ ਭੇਦ-ਭਾਵ ਦੇ ਵਿਕਾਰ ਦੇ ਸੰਬੰਧ ਵਿਚ ਭਗਤ ਸਿੰਘ ਨੇ ਆਪਣੇ ਵਿਚਾਰ ਮੁੱਖ ਤੌਰ 'ਤੇ 'ਅਛੂਤ ਸਮੱਸਿਆ' ਲੇਖ ਵਿਚ ਪ੍ਰਗਟਾਏ ਹਨ। ਇਹ ਲੇਖ ਜੂਨ, 1928 ਵਿਚ 'ਕਿਰਤੀ' ਵਿਚ ਛਪਿਆ ਸੀ। ਉਸ ਸਮੇਂ ਅਨੁਸੂਚਿਤ ਜਾਤੀਆਂ ਨੂੰ 'ਅਛੂਤ' ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਖੂਹਾਂ ਤੋਂ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ। ਮੰਦਰਾਂ ਵਿਚ ਉਹਨਾਂ ਦਾ ਪ੍ਰਵੇਸ਼ ਵਰਜਿਤ ਸੀ ਤੇ ਉਹਨਾਂ ਨਾਲ ਛੂਤ-ਛਾਤ ਦਾ ਵੱਖਰੇਵਾਂ ਖਾਸਾ ਵੱਧ ਸੀ। ਉੱਚ ਜਾਤੀਆਂ ਖਾਸ ਕਰਕੇ ਸਨਾਤਨੀ ਪੰਡਤਾਂ ਦੁਆਰਾ ਕੀਤੇ ਜਾਂਦੇ ਇਸ ਤਰ੍ਹਾਂ ਦੇ ਗ਼ੈਰ-ਮਨੁੱਖੀ ਤੇ ਭੇਦਭਾਵ ਭਰੇ ਵਿਹਾਰ ਦਾ ਉਹਨਾਂ ਕਰੜਾ ਵਿਰੋਧ ਕੀਤਾ। ਉਹਨਾਂ ਬੰਬਈ ਕੌਂਸਿਲ ਦੇ ਇਕ ਮੈਂਬਰ ਨੂਰ ਮੁਹੰਮਦ ਦੇ ਇਕ ਭਾਸ਼ਣ ਦਾ ਹਵਾਲਾ ਦਿੰਦਿਆਂ ਹੋਇਆਂ ਸਵਾਲ ਕੀਤਾ, 'ਜਦੋਂ ਤੁਸੀਂ ਇਕ ਇਨਸਾਨ ਨੂੰ ਪੀਣ ਲਈ ਪਾਣੀ ਦੇਣ ਤੋਂ ਵੀ ਇਨਕਾਰ ਕਰਦੇ ਹੋ, ਤੇ ਤੁਸੀਂ ਉਸਨੂੰ ਸਕੂਲ ਵਿਚ ਵੀ ਪੜ੍ਹਨ ਨਹੀਂ ਦਿੰਦੇ ਤਾਂ ਤੁਹਾਨੂੰ ਕੀ ਅਧਿਕਾਰ ਹੈ ਕਿ ਆਪਣੇ ਲਈ ਵੱਧ ਅਧਿਕਾਰਾਂ ਦੀ ਮੰਗ ਕਰੋ?' ਛੂਤ-ਛਾਤ ਦੇ ਵਰਤਾਰੇ ਪ੍ਰਤੀ ਆਪਣਾ ਇਤਰਾਜ਼ ਸਪਸ਼ਟ ਕਰਦਿਆਂ ਹੋਇਆ ਕਿਹਾ, 'ਕੁੱਤਾ ਸਾਡੀ ਗੋਦੀ ਵਿਚ ਬੈਠ ਸਕਦਾ ਹੈ, ਸਾਡੀ ਰਸੋਈ ਵਿਚ ਨਿਸੰਗ ਵੜ ਜਾਂਦਾ ਹੈ...ਪਰ ਜੇ ਇਕ ਇਨਸਾਨ ਸਾਡੇ ਨਾਲ ਛੂਹ ਵੀ ਜਾਏ ਤਾਂ ਬਸ ਧਰਮ ਨਸ਼ਟ ਹੋ ਜਾਏਗਾ?'
ਜਦੋਂ ਹਿੰਦੂ ਤੇ ਮੁਸਲਮਾਨ ਰਾਜਨੇਤਾ ਆਪਣੇ ਰਾਜਨੀਤਕ ਸਵਾਰਥ ਲਈ 'ਅਛੂਤਾਂ' ਨੂੰ ਧਰਮ ਦੇ ਆਧਾਰ 'ਤੇ ਵੰਡਣ ਲੱਗੇ ਤੇ ਫੇਰ ਉਹਨਾਂ ਨੂੰ ਮੁਸਲਮਾਨ ਜਾਂ ਈਸਾਈ ਬਣਾ ਕੇ ਆਪਣਾ ਧਰਮ ਵਧਾਉਣ ਲੱਗੇ ਤਾਂ ਉਹਨਾਂ ਨੂੰ ਕਾਫੀ ਨਾਰਾਜ਼ਗੀ ਹੋਈ। ਉਹਨਾਂ ਅਛੂਤ ਜਾਤੀਆਂ ਦੇ ਲੇਕਾਂ ਦਾ ਸਿੱਧਾ ਨੇਤਰੀਤਵ ਕੀਤਾ 'ਇਕ ਜੁੱਟ ਹੋ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਵੋ ਤੇ ਪੂਰੇ ਸਮਾਜ ਨੂੰ ਚੈਲੇਂਜ ਕਰੋ। ਫੇਰ ਦੇਖਣਾ ਕੋਈ ਵੀ ਤੁਹਾਡੇ ਅਧਿਕਾਰ ਦੇਣ ਤੋਂ ਇਨਕਾਰ ਕਰ ਸਕਣ ਦੀ ਜੁੱਰਤ ਨਹੀਂ ਕਰ ਸਕੇਗਾ। ਤੁਸੀਂ ਦੂਜਿਆਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਦੇਖੋ।' ਤੇ ਨਾਲ ਹੀ ਉਹਨਾਂ ਨੌਕਰਸ਼ਾਹੀ ਤੋਂ ਸਾਵਧਾਨ ਕਰਦਿਆਂ ਕਿਹਾ, 'ਨੌਕਰਸ਼ਾਹੀ ਦੇ ਝਾਂਸੇ ਵਿਚ ਨਾ ਆਉਣਾ। ਇਹ ਤੁਹਾਡੀ ਕੋਈ ਸਹਾਇਤਾ ਨਹੀਂ ਕਰਨੀ ਚਾਹੁੰਦੀ ਬਲਕਿ ਤੁਹਾਨੂੰ ਆਪਣਾ ਮੋਹਰਾ ਬਣਾਉਣਾ ਚਾਹੁੰਦੀ ਹੈ। ਇਹੀ ਪੂੰਜੀਵਾਦੀ ਨੌਕਰਸ਼ਾਹੀ ਤੁਹਾਡੀ ਗੁਲਾਮੀ ਤੇ ਗਰੀਬੀ ਦਾ ਅਸਲੀ ਕਾਰਨ ਹੈ।' ਇਸ ਸਿਲਸਿਲੇ ਵਿਚ ਉਹਨਾਂ, ਉਹਨਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਵੀ ਕਰਵਾਇਆ। ਉਹਨਾਂ ਕਿਹਾ...:

ਤੁਸੀਂ ਅਸਲੀ ਸਰਵਹਾਰਾ ਹੋ। ਤੁਸੀਂ ਹੀ ਦੇਸ਼ ਦਾ ਮੁੱਖ ਆਧਾਰ ਹੋ। ਅਸਲ ਤਾਕਤ ਹੋ। ਸੁੱਤੇ ਹੋਏ ਸ਼ੇਰੋ ਉੱਠੋ, ਤੇ ਬਗ਼ਾਵਤ ਕਰ ਦਿਓ।'

ਭਗਤ ਸਿੰਘ ਦਾ ਇਹ ਐਲਾਨ ਕਾਫੀ ਮੁੱਲਵਾਨ ਹੈ। ਖਾਸ ਤੌਰ 'ਤੇ ਅਜਿਹੇ ਸਮੇਂ ਵਿਚ ਜਦੋਂ ਅੱਜ ਵੀ ਕਰਾਂਤੀਕਾਰੀ ਤਾਕਤਾਂ ਦਲਿਤਾਂ ਉੱਤੇ ਹੋਣ ਵਾਲੇ ਜਾਤੀ ਤੇ ਵਿਵਸਥਾ ਜਾਈਆਂ ਇਹਨਾਂ ਪੀੜਾਂ ਦੇ ਖ਼ਿਲਾਫ਼ ਕੋਈ ਕਾਰਗਰ ਸਰਗਰਮੀ ਨਹੀਂ ਦਿਖਾਅ ਰਹੇ।


ਆਤੰਕਵਾਦ ਬਾਰੇ...:

ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਉੱਤੇ ਕਈ ਰਾਜਨੀਤਕ ਕੋਨਾਂ ਤੋਂ ਆਤੰਕਵਾਦੀ ਹੋਣ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ। ਇੱਥੋਂ ਤਕ ਕਿ ਮਹਾਤਮਾ ਗਾਂਧੀ ਵੀ ਬ੍ਰਿਟਿਸ਼ ਸਰਕਾਰ ਵਾਂਗ ਉਹਨਾਂ ਨੂੰ ਇਕ ਆਤੰਕਵਾਦੀ ਮੰਨਦੇ ਸਨ। ਇਸ ਲਈ ਉਹਨਾਂ ਨੇ 5 ਮਾਰਚ 1931 ਨੂੰ ਹੋਏ 'ਗਾਂਧੀ-ਇਰਵਿੰਨ ਸਮਝੌਤੇ' ਵਿਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਲਈ ਕੋਈ ਜ਼ੋਰ ਨਹੀਂ ਪਾਇਆ। ਉਲਟਾ ਉਹਨਾਂ ਵਾਇਸਰਾਏ ਇਰਵਿੰਨ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਕਾਂਗਰਸ ਦੇ ਕਰਾਚੀ ਸੰਮੇਲਨ ਤੋਂ ਪਹਿਲਾਂ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਏ। ਤੇ ਅੰਗਰੇਜ਼ਾਂ ਨੇ ਕਰਾਚੀ ਸੰਮੇਲਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਉਹਨਾਂ ਨੂੰ ਫਾਂਸੀ 'ਤੇ ਚੜ੍ਰਾ ਦਿੱਤਾ।
ਅਗਲੇ ਦਿਨ ਯਾਨੀ 24 ਮਾਰਚ 1931 ਨੂੰ ਕਰਾਚੀ ਰਵਾਨਾ ਹੋਣ ਤੋਂ ਪਹਿਲਾਂ 'ਅਹਿੰਸਾ ਕੇ ਪੁਜਾਰੀ', ਮਹਾਤਮਾ ਗਾਂਧੀ ਨੇ ਇਕ ਪ੍ਰੈਸ ਬਿਆਨ ਦਿੱਤਾ ਕਿ 'ਮੇਰੀ ਵਿਅਕਤੀਗਤ ਰਾਏ ਵਿਚ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਨਾਲ ਸਾਡੀ ਸ਼ਕਤੀ ਵਧ ਗਈ ਹੈ।' ਇਸ ਬਿਆਨ ਵਿਚ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ 'ਉਹ ਉਹਨਾਂ ਦੇ ਰਾਹ 'ਤੇ ਨਾ ਚੱਲਣ।' ਪਰ ਦੇਸ਼ ਦੀ ਜਨਤਾ ਤੇ ਖਾਸ ਕਰਕੇ ਨੌਜਵਾਨਾਂ ਨੇ ਪੂਰੇ ਦੇਸ਼ ਵਿਚ ਫਾਂਸੀ ਦੀ ਸਜ਼ਾ ਦਾ ਤਿੱਖਾ ਵਿਰੋਧ ਕੀਤਾ। ਕਰਾਚੀ ਵਿਚ ਨੌਜਵਾਨਾਂ ਨੇ ਗਾਂਧੀ ਨੂੰ ਕਾਲਾ ਝੰਡਾ ਵਿਖਾਇਆ ਤੇ ਉਸਦੇ ਖ਼ਿਲਾਫ਼ ਰੋਸ ਭਰਪੂਰ ਨਾਅਰੇ ਲਾਏ।
ਭਗਤ ਸਿੰਘ ਨੇ ਅਸੈਂਬਲੀ ਹਾਲ ਵਿਚ ਸੁੱਟੇ ਪਰਚਿਆਂ ਤੇ ਸੇਸ਼ਨ ਤੇ ਹਾਈ ਕੋਰਟ ਵਿਚ ਅਯੈਂਬਲੀ ਬੰਬ ਕਾਂਢ ਵਿਚ ਦਿੱਤੇ ਗਏ ਬਿਆਨਾਂ ਤੇ 'ਕਰਾਂਤੀਕਾਰੀ ਕਾਰਜ-ਕਰਮ ਦਾ ਮਸੌਦਾ' ਸਿਰਲੇਖ ਹੇਠ ਲਿਖੇ ਆਪਣੇ ਲੇਖ ਵਿਚ ਆਪਣੇ ਉੱਤੇ ਲਾਏ ਗਏ ਇਸ ਆਂਤੰਕਵਾਦੀ ਹੋਣ ਦੇ ਇਲਜ਼ਾਮ ਦਾ ਢੁੱਕਵਾਂ ਜਵਾਬ ਦਿੱਤਾ ਹੈ। ਭਗਵਤੀ ਚਰਣ ਵੋਹਰਾ ਨੇ ਗਾਂਧੀ ਦੇ ਲੇਖ 'ਬੰਬ ਕੀ ਪੂਜਾ' (ਜਿਸ ਵਿਚ ਅਸੈਂਬਲੀ ਬੰਬ ਕਾਂਢ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ) ਦੇ ਜਵਾਬ ਵਿਚ 'ਬੰਬ ਕਾ ਦਰਸ਼ਨ' ਸਿਰਲੇਖ ਹੇਠ ਇਕ ਲੰਮਾ ਲੇਖ ਲਿਖਿਆ ਜਿਸ ਵਿਚ ਗਾਂਧੀ ਦੇ ਸਾਰੇ ਤਰਕਾਂ ਦਾ ਬਖੀਆ ਉਧੇੜ ਦਿੱਤਾ। ਉਸ ਲੇਖ ਨੂੰ ਅੰਤਮ ਛੋਹ ਭਗਤ ਸਿੰਘ ਨੇ ਦਿੱਤੀ।
ਆਪਣੇ ਬਿਆਨਾਂ ਤੇ ਲੇਖਾਂ ਵਿਚ ਭਗਤ ਸਿੰਘ ਨੇ ਸਾਫ ਸ਼ਬਦਾਂ ਵਿਚ ਸਵੀਕਾਰ ਕੀਤਾ ਕਿ ਸ਼ੁਰੂਆਤੀ ਦੌਰ ਵਿਚ ਉਹ ਇਕ ਰੁਮਾਂਟਿਕ ਕਰਾਂਤੀਕਾਰੀ ਸਨ ਤੇ ਉਹਨਾਂ ਉੱਤੇ ਰੂਸੀ ਨੇਤਾ ਬਕੂਨਿਨ ਦਾ ਪ੍ਰਭਾਵ ਸੀ। ਪਰ ਬਾਅਦ ਵਿਚ ਉਹ ਇਕ ਸੱਚੇ ਕਰਾਂਤੀਕਾਰੀ ਬਣ ਗਏ। ਉਹਨਾਂ ਫਰਬਰੀ 1931 ਵਿਚ ਲਿਖੇ 'ਕਰਾਂਤੀਕਾਰੀ ਕਾਰਜ-ਕਰਮ ਦਾ ਮਸੌਦਾ' ਲੇਖ ਵਿਚ ਕਿਹਾ...:

ਆਤੰਕਵਾਦ ਸਾਡੇ ਸਮਾਜ ਵਿਚ ਕਰਾਂਤੀਕਾਰੀ ਚਿੰਤਨ ਦੀ ਢਿੱਲੀ ਪਕੜ ਦੀ ਨਿਸ਼ਾਨੀ ਹੈ ਜਾਂ ਇਕ ਵਿਖਾਵਾ। ਇਸੇ ਤਰ੍ਹਾਂ ਇਹ ਆਪਣੀ ਅਸਫਲਤਾ ਦਾ ਪ੍ਰਗਟਾਅ ਵੀ ਹੈ। ਸ਼ੁਰੂ ਸ਼ੁਰੂ ਵਿਚ ਇਸਦਾ ਕੁਝ ਲਾਭ ਸੀ। ਇਸ ਨਾਲ ਰਾਜਨੀਤੀ ਵਿਚ ਅਮੁੱਲ ਬਦਲਾਅ ਹੋਇਆ। ਨੌਜਵਾਨ ਬੁੱਧੀਜੀਵੀਆਂ ਦੀ ਸੋਚ ਨੂੰ ਲਿਸ਼ਕਾਇਆ। ਆਤਮ ਤਿਆਗ ਦੀ ਭਾਵਨਾ ਨੂੰ ਪ੍ਰਚੰਡ ਰੂਪ ਦਿੱਤਾ ਤੇ ਦੁਨੀਆਂ ਨੂੰ ਤੇ ਆਪਣੇ ਦੁਸ਼ਮਣਾ ਦੇ ਸਾਹਵੇਂ ਆਉਣ ਵਾਲੀ ਸੱਚਾਈ ਤੇ ਸ਼ਕਤੀ ਨੂੰ ਜ਼ਾਹਰ ਕਰਨ ਦਾ ਕਾਰਜ ਕੀਤਾ। ਪਰ ਉਹ ਆਪਣੇ ਆਪ ਵਿਚ ਪੂਰਣ ਨਹੀਂ। ਸਾਰੇ ਦੇਸ਼ਾਂ ਵਿਚ ਇਸਦਾ (ਆਤੰਕਵਾਦ ਦਾ) ਇਤਿਹਾਸ ਅਸਫਲ ਹੈ—ਫਰਾਂਸ, ਰੂਸ, ਜਰਮਨੀ, ਸਪੇਨ ਵਿਚ ਹਰ ਜਗ੍ਹਾਂ ਇਸਦੀ ਇਹੋ ਕਹਾਣੀ ਹੈ।

ਇਸ ਗੱਲ ਤੋਂ ਜਾਹਰ ਹੈ ਕਿ ਭਗਤ ਸਿੰਘ ਆਤੰਕਵਾਦੀ ਨਹੀਂ ਬਲਕਿ ਕਰਾਂਤੀਕਾਰੀ ਸਨ। ਉਹਨਾਂ ਦੇ ਕੁਝ ਨਿਸ਼ਚਿਤ ਵਿਚਾਰ, ਨਿਸ਼ਚਿਤ ਆਦਰਸ਼ ਤੇ ਕਰਾਂਤੀ ਦਾ ਇਕ ਲੰਮਾ ਕਾਰਜ-ਕਰਮ ਸੀ।
ਅੱਜ ਵੀ ਭਗਤ ਸਿੰਘ ਦੇ ਸੱਚੇ ਅਨੁਯਾਈਆਂ ਯਾਨੀ ਨਕਸਲਵਾਦੀਆਂ ਨੂੰ ਭਾਰਤ ਸਰਕਾਰ ਤੇ ਅਮਰੀਕੀ ਸਾਮਰਾਜਵਾਦੀ 'ਆਤੰਕਵਾਦੀ' ਦੱਸ ਕੇ ਤਰ੍ਹਾਂ-ਤਰ੍ਹਾਂ ਦੀਆਂ ਸਜ਼ਾਵਾਂ ਦਾ ਸਿਕਾਰ ਬਣਾ ਰਹੇ ਹਨ। ਉਹਨਾਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ ਤੇ ਉਹਨਾਂ ਦੇ ਨੇਤਰੀਤਵ ਵਿਚ ਚੱਲ ਰਹੇ ਅੰਦੋਲਨ ਨੂੰ ਕੁਚਲਣ ਲਈ ਸਪੈਸ਼ਲ ਕਮਾਂਡੋ ਫੋਰਸ ਦੇ ਨਾਲ-ਨਾਲ ਏਅਰ ਫੋਰਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਦਾ 'ਅਪਰਾਧ' ਇਹੋ ਹੈ ਕਿ ਉਹ ਭਗਤ ਸਿੰਘ ਵਾਂਗ ਅਨਿਆਂ ਉੱਤੇ ਟਿਕੀ ਵਿਵਸਥਾ ਵਿਚ ਮੁੱਢੋਂ-ਮੂਲੋਂ ਪਰੀਵਰਤਨ ਚਾਹੁੰਦੇ ਹਨ।


ਹਿੰਸਾ ਦੇ ਪ੍ਰਯੋਗ ਬਾਰੇ...:
ਭਾਰਤ ਦੇ ਰਾਸ਼ਟਰੀ ਮੁਕਤੀ ਅੰਦੋਲਨ ਵਿਚ ਹਿੰਸਾ ਦੇ ਇਸਤੇਮਾਲ ਉਪਰ ਗਾਂਧੀ ਤੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵਿਚਕਾਰ ਕਾਫੀ ਚਰਚਾ ਹੋਈ ਹੈ। ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ਕਰਾਂਤੀਕਾਰੀਆਂ ਦੇ ਹਿੰਸਾਤਮਕ ਅੰਦੋਲਨ ਨਾਲ ਇਕ ਤਾਂ ਸਰਕਾਰ ਦਾ ਸੈਨਕ ਖਰਚ ਵਧ ਗਿਆ ਹੈ ਜਿਸਦਾ ਬੋਝ ਆਮ ਨਾਗਰਿਕਾਂ ਉੱਤੇ ਪੈ ਰਿਹਾ ਹੈ; ਤੇ ਦੂਜਾ ਉਹਨਾਂ ਦੇ ਨੇਤਰੀਤਵ ਵਿਚ ਚੱਲ ਰਹੇ ਅਹਿੰਸਾਤਮਕ ਅੰਦੋਲਨ ਨੂੰ ਇਸ ਨਾਲ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਨੇ ਸੁਖਦੇਵ ਦੇ ਪੱਤਰ ਦਾ ਜਵਾਬ ਦਿੰਦਿਆਂ ਹੋਇਆਂ ਲਿਖਿਆ ਕਿ ਜੇ ਦੇਸ਼ ਦਾ ਵਾਤਾਵਰਣ ਪੂਰੀ ਤਰ੍ਹਾਂ ਸ਼ਾਂਤ ਰਹਿੰਦਾ ਤਾਂ ਅਸੀਂ ਆਪਣੇ ਟੀਚੇ ਨੂੰ ਹੁਣ ਤੋਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹੁੰਦੇ। ਜਦਕਿ ਭਗਤ ਸਿੰਘ ਦੀ ਸਮਝ ਸੀ ਕਿ ਅਹਿੰਸਾ ਭਾਵੇਂ ਇਕ ਨੇਕ ਆਦਰਸ਼ ਹੈ, ਪਰ ਇਹ ਅਤੀਤ ਦੀ ਗੱਲ ਹੈ। ਪਰ ਜਿਸ ਸਥਿਤੀ ਵਿਚ ਅਸੀਂ ਅੱਜ ਹਾਂ, ਸਿਰਫ ਅਹਿੰਸਾ ਦੇ ਰਸਤੇ 'ਤੇ ਚੱਲ ਕੇ ਕਦੀ ਆਜ਼ਾਦੀ ਹਾਸਲ ਨਹੀਂ ਕਰ ਸਕਦੇ। ਦੁਨੀਆਂ ਸਿਰ ਤੋਂ ਪੈਰਾਂ ਤੀਕ ਹਥਿਆਰਾਂ ਨਾਲ ਲੈਸ ਹੈ। ਪਰ ਅਸੀਂ ਜਿਹੜੇ ਗੁਲਾਮ ਹਾਂ ਸਾਨੂੰ ਅਜਿਹੇ ਝੂਠੇ ਸਿਧਾਂਤਾ ਦੇ ਜਰੀਏ ਆਪਣੇ ਰਸਤੇ ਤੋਂ ਨਹੀਂ ਭਟਕਣਾ ਚਾਹੀਦਾ। ਉਹਨਾਂ ਟਰਕੀ ਤੇ ਰੂਸ ਦੀ ਹਥਿਆਬੱਧ ਕਰਾਂਤੀ ਦੇ ਉਦਹਾਰਣ ਦੇ ਕੇ ਦੱਸਿਆ ਕਿ ਜਿਹਨਾਂ ਦੇਸ਼ਾਂ ਵਿਚ ਹਿੰਸਾਤਮਕ ਤਰੀਕੇ ਨਾਲ ਸੰਘਰਸ਼ ਕੀਤਾ ਗਿਆ ਉਹਨਾਂ ਦੀ ਸਮਾਜਕ ਪ੍ਰਗਤੀ ਹੋਈ ਤੇ ਉਹਨਾਂ ਨੂੰ ਰਾਜਨੀਤਕ ਸੁਤੰਤਰਤਾ ਵੀ ਹਾਸਲ ਹੋਈ ਹੈ। ਹਾਲਾਂਕਿ ਉਹ ਇਹ ਵੀ ਮੰਨਦੇ ਸਨ ਕਿ 'ਕਰਾਂਤੀ ਲਈ ਖ਼ੂਨੀ ਸੰਘਰਸ਼ ਜ਼ਰੂਰੀ ਨਹੀਂ ਤੇ ਨਾ ਹੀ ਉਸ ਵਿਚ ਵਿਅਕਤੀਗਤ ਪ੍ਰਤੀਹਿੰਸਾ ਲਈ ਕੋਈ ਜਗ੍ਹਾ ਹੈ। ਉਹ ਬੰਬ ਤੇ ਪਸਤੌਲ ਦੀ ਸੰਸਕ੍ਰਿਤੀ ਨਹੀਂ ਹੈ।' (ਦੇਖੋ : ਸੇਸ਼ਨ ਕੋਰਟ ਵਿਚ 6 ਜੂਨ, 1929 ਦਾ ਬਿਆਨ) ਉਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਕਰਾਂਤੀ ਦਾ ਤਰੀਕਾ ਹੁਕਮਰਾਨਾ ਦੇ ਸੁਭਾਅ ਅਨੁਸਾਰ ਤੈਅ ਹੁੰਦਾ ਹੈ। ਉਹਨਾਂ ਐਲਾਨ ਕੀਤਾ ਕਿ 'ਜਿੱਥੋਂ ਤਕ ਸ਼ਾਂਤੀਪੂਰਨ ਜਾਂ ਹੋਰ ਤਰੀਕਿਆਂ ਨਾਲ ਕਰਾਂਤੀਕਾਰੀ ਆਦਰਸ਼ਾਂ ਦੀ ਸਥਾਪਨਾ ਦਾ ਸਵਾਲ ਹੈ ਇਸਦੀ ਚੋਣ ਸਮੇਂ ਦੇ ਹੁਕਮਰਾਨਾ ਦੀ ਮਰਜ਼ੀ ਤੇ ਨਿਰਭਰ ਹੈ। ਕਰਾਂਤੀਕਾਰੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖਤਾ ਦੇ ਪੁਜਾਰੀ ਹਨ ਤੇ ਆਖ਼ਰੀ ਦਾਅ ਲਈ ਤਿਆਰ ਬਰ ਤਿਆਰ ਹੁੰਦੇ ਹਨ।'
ਸੱਚਮੁੱਚ ਜਦੋਂ ਹਾਕਮ ਵਰਗ ਕਰਾਂਤੀਕਾਰੀਆਂ ਦੇ ਸਾਰੇ ਸ਼ਾਂਤੀ ਮਤਿਆਂ ਉਪਰ ਸੰਗੀਨ ਰੱਖ ਦਿੰਦਾ ਹੈ ਤਾਂ ਉਹਨਾਂ ਸਾਹਵੇਂ ਕੋਈ ਵਿਕਲਪ ਨਹੀਂ ਬਚਦਾ, ਸਿਵਾਏ ਪ੍ਰਤੀਕਰਾਂਤੀਕਾਰੀ ਹਿੰਸਾ ਦਾ ਜਵਾਬ ਕਰਾਂਤੀਕਾਰੀ ਹਿੰਸਾ ਨਾਲ ਦੇਣ ਤੋਂ...ਅੱਜ ਜਦ ਇਹੀ ਜਵਾਬ ਛੱਤੀਸਗੜ੍ਹ ਤੋਂ 'ਸਲਵਾ ਜੁਡੂਮ' ਦੀ ਹਤਿਆਰੀ ਜਮਾਤ ਨੂੰ ਦਿੱਤਾ ਜਾ ਰਿਹਾ ਹੈ ਤਾਂ ਹਾਕਮ ਵਰਗਾਂ ਦੇ ਨਾਲ-ਨਾਲ ਬੁੱਧੀਜੀਵੀ ਨਾਗਰਿਕ ਤੇ ਮਾਨਵ ਅਧਿਕਾਰ ਸੰਗਠਨ ਵੀ ਹਿੰਸਾ ਜਾਂ 'ਵਧੇਰੇ ਹਿੰਸਾ' ਦਾ ਸਵਾਲ ਖੜ੍ਹਾ ਕਰ ਰਹੇ ਹਨ।
ਪਿਛਲੇ ਸਾਲਾਂ ਤੋਂ ਸਾਡੇ ਦੇਸ਼ ਦੇ ਕੁਝ ਬੁੱਧੀਜੀਵੀਆਂ ਤੇ ਪ੍ਰਗਤੀਸ਼ੀਲ ਤੇ ਲੋਕਤਾਂਤਰਿਕ ਜਮਾਤਾਂ ਨੇ ਵੀ ਹਿੰਸਾ ਦੇ ਸਵਾਲ 'ਤੇ ਭਗਤ ਸਿੰਘ ਦੀ ਸਮਝ ਨੂੰ ਲੈ ਕੇ ਇਕ ਨਵੀਂ ਬਹਿਸ ਛੇੜੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਜਾਣ ਪਿੱਛੋਂ ਭਗਤ ਸਿੰਘ ਨੇ ਜਦੋਂ ਕਾਫੀ ਅਧਿਅਨ ਤੇ ਮਨਨ ਕੀਤਾ ਤਾਂ ਉਹ ਇਕ 'ਰੁਮਾਂਟਿਕ ਆਦਰਸ਼ਵਾਦੀ ਕਰਾਂਤੀ' ਤੋਂ ਇਕ ਵਿਗਿਆਨਕ ਕਰਾਂਤੀਕਾਰੀ ਬਣ ਗਏ। ਉਹਨਾਂ ਨੇ ਕਰਾਤੀਕਾਰੀ ਅੰਦੋਲਨ ਵਿਚ ਹਿੰਸਾਤਮਕ ਤਰੀਕਾ ਅਪਣਾਏ ਜਾਣ ਦਾ ਵਿਰੋਧ ਕੀਤਾ। ਇਸ ਤੱਥ ਨੂੰ ਸਾਬਤ ਕਰਨ ਲਈ ਉਹ ਆਮ ਤੌਰ 'ਤੇ ਭਗਤ ਸਿੰਘ ਦੀਆਂ ਦੋ ਦਲੀਲਾਂ ਨੂੰ ਪੇਸ਼ ਕਰਦੇ ਹਨ। ਪਹਿਲੀ, ਜਨਵਰੀ 1930 ਵਿਚ ਲਾਹੌਰ ਹਾਈ ਕੋਰਟ ਵਿਚ ਦਿੱਤੇ ਗਏ ਉਹਨਾਂ ਦੇ ਬਿਆਨ 'ਚੋਂ ਲਈ ਗਈ ਹੈ ਜਿਹੜਾ ਇਸ ਤਰ੍ਹਾਂ ਹੈ—'ਇਨਕਲਾਬ ਜ਼ਿੰਦਾਬਾਦ' ਤੋਂ ਸਾਡਾ ਇਹ ਉਦੇਸ਼ ਨਹੀਂ ਸੀ, ਜਿਹੜਾ ਆਮ ਤੌਰ 'ਤੇ ਗਲਤ ਅਰਥਾਂ ਵਿਚ ਸਮਝਿਆ ਜਾਂਦਾ ਹੈ। ਪਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਨ ਉੱਤੇ ਤੇਜ਼ ਹੁੰਦੀ ਹੈ। ਦੂਜੀ—'ਮੈਂ ਨਾਸਤਕ ਕਿਉਂ ਹਾਂ?' ਲੇਖ ਵਿਚੋਂ ਲਈ ਜਾਂਦੀ ਹੈ ਜਿਹੜਾ 5-6 ਅਕਤੂਬਰ 1930 ਨੂੰ ਲਿਖਿਆ ਗਿਆ ਸੀ...:

ਇਸ ਸਮੇਂ ਤਕ ਮੈਂ ਸਿਰਫ ਇਕ ਰੁਮਾਂਟਿਕ ਆਦਰਸ਼ਵਾਦੀ ਕਰਾਂਤੀਕਾਰੀ ਸਾਂ। ਹੁਣ ਤਕ ਅਸੀਂ ਦੂਜਿਆਂ ਦੇ ਪੂਰਣਿਆਂ ਤੇ ਚੱਲਦੇ ਸਾਂ। ਹੁਣ ਆਪਣੇ ਮੋਢਿਆਂ 'ਤੇ ਜ਼ਿੰਮੇਵਾਰੀ ਚੁੱਕਣ ਦਾ ਸਮਾਂ ਆਇਆ ਸੀ। ਕੁਝ ਸਮੇਂ ਤਕ ਤਾਂ ਅੱਤ-ਜ਼ਰੂਰੀ ਪ੍ਰਤੀਕ੍ਰਿਆ ਦੇ ਸਿੱਟੇ ਵਜੋਂ ਪਾਰਟੀ ਦੀ ਹੋਂਦ ਹੀ ਅਸੰਭਵ ਦਿਖਾਈ ਦਿੱਤੀ। ਉਤਸਾਹੀ ਕਾਮਰੇਡਾਂ ਨੇ ਹੀ ਨਹੀਂ, ਨੇਤਾਂਵਾਂ ਨੇ ਵੀ ਸਾਡਾ ਮਖ਼ੌਲ ਉਡਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਲਈ ਤਾਂ ਮੈਨੂੰ ਵੀ ਇਹ ਡਰ ਲੱਗਦਾ ਰਿਹਾ ਕਿ ਕਿਤੇ ਇਕ ਦਿਨ ਮੈਂ ਵੀ ਆਪਣੇ ਕਾਰਜ-ਕਰਮ ਨੂੰ ਬੇਫਾਇਦਾ ਹੀ ਨਾ ਮੰਨ ਲਵਾਂ। ਉਹ ਮੇਰੇ ਕਰਾਂਤੀਕਾਰੀ ਜੀਵਨ ਦਾ ਇਕ ਨਿਰਣਾਇਕ ਮੋੜ ਸੀ। ਅਧਿਅਨ ਦੀ ਪੁਕਾਰ ਮੇਰੇ ਮਨ ਦੀਆਂ ਜੂਹਾਂ ਵਿਚ ਗੂੰਜ ਰਹੀ ਸੀ—ਵਿਰੋਧੀਆਂ ਦੁਆਰਾ ਦਿੱਤੇ ਗਏ ਤਰਕਾਂ ਦਾ ਜਵਾਬ ਦੇਣ ਯੋਗ ਬਣਨ ਲਈ ਅਧਿਅਨ ਕਰ। ਆਪਣੇ ਵਿਚਾਰ ਦੇ ਸਮਰਥਣ ਵਿਚ ਤਰਕ ਦੇਣ ਵਿਚ ਸਾਮਰਥ ਹੋਣ ਲਈ ਪੜ੍ਹ। ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਨਾਲ ਮੇਰੇ ਪੁਰਾਣੇ ਵਿਚਾਰ ਤੇ ਵਿਸ਼ਵਾਸ ਅਦਭੁਤ ਰੂਪ ਵਿਚ ਨਿੱਖਰੇ। ਹਿੰਸਾਤਮਕ ਤਰੀਕਿਆਂ ਨੂੰ ਅਪਣਾਉਣ ਦਾ ਰੋਮਾਂਸ, ਜਿਹੜਾ ਕਿਸ ਸਾਡੇ ਪੁਰਾਣੇ ਸਾਥੀਆਂ 'ਤੇ ਵਧੇਰੇ ਭਾਰੂ ਸੀ, ਦੀ ਜਗ੍ਹਾ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਤੇ ਅੰਧਵਿਸ਼ਵਾਸ ਲਈ ਕੋਈ ਜਗ੍ਹ੍ਰਾ ਨਹੀਂ ਸੀ ਰਹੀ। ਯਥਾਰਥਵਾਦ ਸਾਡਾ ਆਧਾਰ ਬਣਿਆ। ਹਿੰਸਾ ਤਦੇ ਨਿਆਂਸੰਗਤ ਹੈ ਜਦ ਕਿਸੇ ਵੱਡੀ ਲੋੜ ਵਿਚ ਉਸਦਾ ਸਹਾਰਾ ਲਿਆ ਜਾਵੇ। ਅਹਿੰਸਾ ਸਾਰੇ ਲੋਕ ਅੰਦੋਲਨਾ ਦਾ ਲੋੜੀਦਾ ਸਿਧਾਂਤ ਹੋਣਾ ਚਾਹੀਦਾ ਹੈ।

ਜਿੱਥੋਂ ਤਕ ਪਹਿਲੀ ਗੱਲ ਦਾ ਸੰਬੰਧ ਹੈ ਉਹ ਭਗਤ ਸਿੰਘ ਨੇ ਜੱਜ ਨੂੰ 'ਇਨਕਲਾਬ ਜ਼ਿੰਦਾਬਾਦ' ਦੇ ਸਹੀ ਅਰਥ ਦੱਸਣ ਲਈ ਤੇ ਨਾਲ ਦੀ ਨਾਲ ਕਰਾਂਤੀ ਦੀ ਵਿਚਾਰਧਾਰਾ ਦੇ ਮਹੱਤਵ ਨੂੰ ਸਮਝਾਉਣ ਲਈ ਆਖੀ ਸੀ। ਕਰਾਂਤੀ ਲਈ ਹਿੰਸਾਤਮਕ ਸੰਘਰਸ਼ ਦੀ ਭੂਮਿਕਾ ਨੂੰ ਤਜ ਦੇਣ ਲਈ ਨਹੀਂ ਸੀ ਕਿਹਾ। ਦੂਜੀ ਗੱਲ ਇਹ ਹੈ ਕਿ ਇਸੇ ਬਿਆਨ ਵਿਚ ਭਾਗਤ ਸਿੰਘ ਨੇ ਸਾਫ ਸ਼ਬਦਾਂ ਵਿਚ ਕਿਹਾ ਸੀ ਕਿ 'ਸੇਸ਼ਨ ਜੱਜ ਦੀ ਅਦਾਲਤ ਵਿਚ ਅਸੀਂ ਜਿਹੜਾ ਲਿਖਤੀ ਬਿਆਨ ਦਿੱਤਾ ਸੀ, ਉਹ ਸਾਡੇ ਉਦੇਸ਼ ਦੀ ਵਿਆਖਿਆ ਕਰਦਾ ਹੈ ਤੇ ਇਕ ਤਰ੍ਹਾਂ ਸਾਡੀ ਨੀਅਤ ਦੀ ਵਿਆਖਿਆ ਕਰਦਾ ਹੈ।' ਤੇ ਅਸੀਂ ਦੇਖਾਂਗੇ ਕਿ ਸੇਸ਼ਨ ਜੱਜ ਦੀ ਅਦਾਲਤ ਵਿਚ ਦਿੱਤੇ ਗਏ ਬਿਆਨ ਵਿਚ ਉਹਨਾਂ ਕੀ ਕਿਹਾ ਸੀ? ਉਹਨਾਂ ਕਿਹਾ ਸੀ ਕਿ ਸਾਡਾ ਨਿਸ਼ਾਨਾਂ ਹੈ 'ਕਰਾਂਤੀ' ਯਾਨੀ 'ਅਨਿਆਂ ਦੀ ਅਧਾਰਮ ਮੌਜ਼ੂਦਾ ਸਮਾਜ ਵਿਵਸਥਾ ਵਿਚ ਮੂਲੋਂ-ਮੁੱਢੋਂ ਪਰੀਵਰਤਨ।' ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ 'ਜੇ ਵਰਤਮਾਨ ਹਕੂਮਤ ਉਠਦੀ ਹੋਈ ਲੋਕ-ਸ਼ਕਤੀ ਦੇ ਰਾਹ ਵਿਚ ਰੋੜੇ ਅੜਾਉਣ ਤੋਂ ਬਾਜ ਨਹੀਂ ਆਏਗੀ ਤਾਂ ਕਰਾਂਤੀ ਦੇ ਇਸ ਆਦਰਸ਼ ਦੀ ਪੂਰਤੀ ਲਈ ਇਕ ਭਿਆਨਕ ਯੁੱਧ ਦਾ ਛਿੜਣਾ ਲਾਜ਼ਮੀ ਹੈ। ਅਸੀਂ ਅੜਿਕਿਆਂ-ਅੜਚਣਾ ਨੂੰ ਮਿੱਧ ਕੇ ਅੱਗੇ ਵਧ ਜਾਵਾਂਗੇ ਤੇ ਉਸ ਯੁੱਧ ਦੇ ਸਿੱਟੇ ਵਜੋਂ ਸਰਵਹਾਰਾ ਵਰਗ ਦੇ ਅਧਿਕਾਰਾਂ ਦੀ ਸਥਾਪਣਾ ਕਰਾਂਗੇ।' ਕੀ ਇਸ ਬਿਆਨ ਵਿਚ ਭਗਤ ਸਿੰਘ ਸਿਰਫ ਇਕ ਅਜਿਹੇ ਭਿਅੰਕਰ ਯੁੱਧ ਦੀ ਕਲਪਨਾ ਕਰ ਰਹੇ ਸਨ ਜਿਹੜਾ ਪੂਰੀ ਤਰ੍ਹਾਂ ਅਹਿੰਸਕ ਹੋਏਗਾ ਤੇ ਉਸ ਵਿਚ ਸਿਰਫ ਵਿਚਾਰਾਂ ਦੀ ਤਲਵਾਰਾਂ ਚੱਲੇਗੀ?
ਜਿੱਥੋਂ ਤਕ ਦੂਜੀ ਗੱਲ ਦਾ ਸਵਾਲ ਹੈ, ਉਸਦਾ ਤਾਂ ਸੰਦਰਭ ਹੀ ਪੂਰੀ ਤਰ੍ਹਾਂ ਭਿੰਨ ਹੈ। ਇਹ ਪੰਗਤਾਂ ਇਕ ਅਜਿਹੇ ਲੇਖ 'ਚੋਂ ਲਈਆਂ ਗਈਆਂ ਹਨ ਜਿਸ ਵਿਚ ਭਗਤ ਸਿੰਘ ਨੇ ਈਸ਼ਵਰ, ਧਰਮ ਸੰਪ੍ਰਾਏ, ਰਹੱਸਵਾਦ ਤੇ ਅੰਧ-ਵਿਸ਼ਵਾਸ ਬਾਰੇ ਆਪਣੇ ਵਿਗਿਆਨਕ ਵਿਚਾਰ ਰੱਖੇ ਹਨ। ਇਸ ਲੇਖ ਉੱਤੇ ਕਰਾਂਤੀਕਾਰੀ ਅੰਦੋਲਨ ਵਿਚ ਹਿੰਸਾ ਦੇ ਪ੍ਰਯੋਗ ਸੰਬੰਧੀ ਕੋਈ ਸਵਾਲ ਨਹੀਂ ਖੜ੍ਹਾ ਕੀਤਾ ਜਾ ਗਿਆ। ਇਸ ਵਿਚ ਭਗਤ ਸਿੰਘ ਨੇ 1925 ਤੋਂ ਪਹਿਲਾਂ ਦੀਆਂ ਕਾਰਵਾਈਆਂ ਦੀ ਸਮੀਖਿਆ ਤੇ ਉਸ ਸਮੇਂ ਦੀ ਆਪਣੀ ਰਾਜਨੀਤਕ ਸਥਿਤੀ ਨੂੰ ਪੇਸ਼ ਕੀਤਾ ਹੈ। 1925 ਵਿਚ ਕਾਕੋਰੀ ਐਕਸ਼ਨ ਪਿੱਛੋਂ ਹਿੰਦੁਸਤਾਨ ਰੀਪਬਲਿਕਨ ਪਾਰਟੀ ਦੇ ਵਧੇਰੇ ਨੇਤਾ ਗ੍ਰਿਫਤਾਰ ਕਰ ਲਏ ਗਏ ਸਨ। ਇਸ ਪਿੱਛੋਂ ਪਾਰਟੀ ਦੀ ਜ਼ਿੰਮੇਵਾਰੀ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਮੋਢਿਆਂ 'ਤੇ ਆ ਪਈ ਸੀ। ਉਹਨਾਂ ਸਾਹਵੇਂ ਕਈ ਗੰਭੀਰ ਸਵਾਲ ਤੇ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਸਨ। ਇਹਨਾਂ ਸਵਾਲਾਂ ਤੇ ਸਮੱਸਿਆਵਾਂ ਦਾ ਹੱਲ ਲੱਭਣ ਲਈ ਉਹਨਾਂ ਦੇਸ਼ ਤੇ ਸੰਸਾਰ ਦੇ ਕਰਾਂਤੀਕਾਰੀ ਅੰਦੋਲਨਾ ਦਾ ਗੰਭੀਰ ਅਧਿਅਨ ਤੇ ਵਿਸ਼ਲੇਸ਼ਣ ਕੀਤਾ। ਇਸ ਤਰ੍ਹਾਂ ਭਾਰਤ ਦੇ ਕਰਾਂਤੀਕਾਰੀ ਅੰਦੋਲਨ ਨੂੰ 'ਰਹੱਸਵਾਦ ਤੇ ਧਾਰਮਿਕ ਅੰਧਵਿਸ਼ਵਾਸ' ਤੇ 'ਹਿੰਸਾਤਮਕ ਤਰੀਕੇ ਅਪਣਾਉਣ ਦੇ ਰੋਮਾਂਸ' (ਜਿਹਨਾਂ ਬਾਰੇ ਐਚ ਆਰ ਪੀ ਦੇ ਲਗਭਗ ਸਾਰੇ ਮੈਂਬਰ ਜਾਣਦੇ ਸਨ) ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ। ਉਹਨਾਂ ਨੇ ਕਰਾਂਤੀਕਾਰੀ ਸੰਘਰਸ਼ ਵਿਚ ਜਨਤਾ ਦੀ ਵਿਆਪਕ ਹਿੱਸੇਦਾਰੀ ਉੱਤੇ ਜੋਰ ਦਿੱਤਾ ਤੇ ਕਿਹਾ ਕਿ ਜਨਤਾ ਮੁੱਖ ਤੌਰ 'ਤੇ ਅਹਿੰਸਾਤਮਕ ਤਰੀਕੇ ਨਾਲ ਲੜੇਗੀ, ਪਰ ਵਿਸ਼ੇਸ਼ ਹਾਲਤ ਵਿਚ ਉਸਦੀ ਹਿੰਸਾਤਮਕ ਕਾਰਵਾਈ ਵੀ ਜਾਇਜ਼ ਹੋਏਗੀ। ਇਹੋ ਦੂਜੀ ਉਦਾਹਰਣ ਦੀਆਂ ਅੰਤਮ ਦੋ ਪੰਗਤਾਂ ਦਾ ਅਸਲੀ ਮਤਲਬ ਹੈ। ਇਸ ਪੂਰੀ ਉਦਾਹਰਣ ਦਾ ਅਰਥ ਸਮਝਣ ਲਈ ਰਾਜਕਮਲ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ 'ਭਗਤ ਸਿੰਘ ਔਰ ਉਨ ਕੇ ਸਾਥੀਓਂ ਕੇ ਦਸਤਾਵੇਜ' ਜਗਮੋਹਨ ਸਿੰਘ ਤੇ ਚਮਨ ਲਾਲ ਦੀ ਲਿਖੀ ਕਿਤਾਬ ਦੀ ਭੂਮਿਕਾ ਨੂੰ ਪੜ੍ਹਨਾ ਚਾਹੀਦਾ ਹੈ। ਇਸ ਭੂਮਿਕਾ ਵਿਚ ਦੋਵਾਂ ਪੰਗਤਾਂ ਦੇ ਜੋੜ ਨੂੰ ਕੁਝ ਇਸ ਤਰ੍ਹਾਂ ਰੱਖਿਆ ਗਿਆ ਹੈ—'ਕਿਸੇ ਵਿਸ਼ੇਸ਼ ਹਾਲਤ ਵਿਚ ਹਿੰਸਾ ਜਾਇਜ਼ ਹੋ ਸਕਦੀ ਹੈ, ਪਰ ਜਦੋਂ ਅੰਦੋਲਨਾਂ ਦਾ ਮੁਖ ਹਥਿਆਰ ਅਹਿੰਸਾ ਹੋਵੇਗੀ।'
ਇਸ ਤਰ੍ਹਾਂ ਇਹ ਸਪਸ਼ਟ ਹੈ ਕਿ ਭਗਤ ਸਿੰਘ ਦੇ ਦੋਵੇਂ ਭਾਸ਼ਣ ਇਹ ਸਾਬਤ ਨਹੀਂ ਕਰਦੇ ਕਿ ਉਹਨਾਂ ਨੇ ਕਰਾਂਤੀਕਾਰੀ ਸੰਗਰਾਮ ਵਿਚ ਹਿੰਸਾਤਮਕ ਤਰੀਕੇ ਅਪਣਾਏ ਜਾਣ ਦਾ ਵਿਰੋਧ ਕੀਤਾ ਸੀ। ਜੇ ਉਹ ਇੰਜ ਕਰਦੇ ਤਾਂ 'ਮੈਂ ਨਾਸਤਕ ਕਿਉਂ ਹਾਂ?' ਦੇ ਬਾਅਦ ਲਿਖੇ ਗਏ 'ਕਰਾਂਤੀਕਾਰੀ ਕਾਰਜ-ਕਰਮ ਦਾ ਮਸੌਦਾ' ਸਿਰਲੇਖ ਹੇਠ ਦਸਤਾਵੇਜ (2 ਫਰਬਰੀ, 1931) ਵਿਚ ਨੌਜਵਾਨਾਂ ਨੂੰ 'ਸੈਨਕ ਵਿਭਾਗ' ਬਣਾਉਣ ਲਈ ਨਹੀਂ ਸੀ ਕਹਿੰਦੇ। ਨਾਲ ਹੀ ਉਹ ਕਰਾਂਤੀਕਾਰੀ ਪਾਰਟੀ ਦੇ ਇਕ ਜ਼ਿੰਮੇਵਾਰ ਦੇ ਰੂਪ ਵਿਚ 'ਐਕਸ਼ਨ ਕਮੇਟੀ' ਬਦਾਉਣ (ਜਿਸਦਾ ਮੁੱਖ ਕੰਮ ਹਥਿਆਰ ਇਕੱਠੇ ਕਰਨਾ, ਵਿਦਰੋਹ ਦੀ ਟਰੇਨਿੰਗ ਦੇਣਾ ਤੇ ਦੁਸ਼ਮਣ ਉੱਤੇ ਗੁਪਤ ਹਮਲਾ ਕਰਨਾ ਹੋਏਗਾ) ਦੀ ਗੱਲ ਨਹੀਂ ਸੀ ਕਰਦੇ। (ਦੇਖੋ, ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਦਸਤਾਵੇਜ ਸਫਾ-404, ਰਾਜਕਮਲ ਪ੍ਰਕਾਸ਼ਨ) ਇਸ ਦੇ ਇਲਾਵਾ ਫਾਂਸੀ 'ਤੇ ਲਟਕਾਏ ਜਾਣ ਤੋਂ 3 ਦਿਨ ਪਹਿਲਾਂ 20 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੁਆਰਾ ਪੰਜਾਬ ਦੇ ਗਵਰਨਰ ਨੂੰ ਭੇਜੇ ਗਏ ਪੱਤਰ ਵਿਚ ਉਹ ਇਹ ਨਾਂ ਲਿਖਦੇ ਕਿ 'ਅਸੀਂ ਨਿਸ਼ਚਿਤ ਤੌਰ 'ਤੇ ਯੁੱਧ ਵਿਚ ਭਾਗ ਲਿਆ ਹੈ, ਸੋ ਅਸੀਂ ਯੁੱਧ-ਬੰਦੀ ਹਾਂ...ਨੇੜੇ ਦੇ ਭਵਿੱਖ ਵਿਚ ਅੰਤਮ ਯੁੱਧ ਲੜਿਆ ਜਾਏਗਾ ਤੇ ਉਹ ਨਿਰਣਾਇਕ ਹੋਵੇਗਾ...ਇਹੀ ਉਹ ਲੜਾਈ ਹੈ ਜਿਸ ਵਿਚ ਅਸੀਂ ਪ੍ਰਤੱਖ ਰੂਪ ਵਿਚ ਹਿੱਸਾ ਲਿਆ ਹੈ ਤੇ ਸਾਨੂੰ ਆਪਣੇ ਉੱਤੇ ਮਾਣ ਹੈ।' (ਦੇਖੋ, ਉਹੀ ਕਿਤਾਬ, ਸਫਾ-379-80)


ਕਰਾਂਤੀ ਬਾਰੇ...:

ਆਪਣੇ ਬਿਆਨਾਂ ਤੇ ਲੇਖਾਂ ਵਿਚ ਭਗਤ ਸਿੰਘ ਨੇ ਕਰਾਂਤੀ ਦੀ ਰੂਪ ਰੇਖਾ ਤੇ ਕਰਾਂਤੀਕਾਰੀ ਸੰਗਰਾਮ ਵਿਚ ਭਿੰਨ-ਭਿੰਨ ਵਰਗਾਂ ਤੇ ਗੁੱਟਾਂ ਦੀ ਭੂਮਿਕਾ ਬਾਰੇ ਕਾਫੀ ਵਿਸਥਾਰ ਨਾਲ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਜੇ ਕੋਈ ਸਰਕਾਰ ਲੋਕਾਂ ਨੂੰ ਉਹਨਾਂ ਦੇ ਮੁੱਢਲੇ ਅਧਿਕਾਰਾਂ ਤੋਂ ਵਾਂਝੇ ਰੱਖਦੀ ਹੈ ਤਾਂ ਲੋਕਾਂ ਦਾ ਪਹਿਲਾ ਫਰਜ ਬਣ ਜਾਂਦਾ ਹੈ ਕਿ ਉਹ ਨਾ ਸਿਰਫ ਅਜਿਹੀ ਸਰਕਾਰ ਨੂੰ ਸਮਾਪਤ ਕਰ ਦੇਣ, ਬਲਕਿ ਵਰਤਮਾਨ ਢਾਂਚੇ ਦੇ ਸਮਾਜਿਕ, ਆਰਥਕ ਤੇ ਰਾਜਨੀਤਕ ਖੇਤਰਾਂ ਵਿਚ ਕਰਾਂਤੀਕਾਰੀ ਪਰੀਵਰਤਨ ਲਿਆਉਣ ਲਈ ਉਠ ਖੜ੍ਹੇ ਹੋਣ। ਉਹਨਾਂ ਕਰਾਂਤੀ ਦੀ ਰੂਪ ਰੇਖਾ ਸਪਸ਼ਟ ਕਰਦਿਆਂ ਕਿਹਾ...:

ਕਰਾਂਤੀ ਤੋਂ ਸਾਡਾ ਭਾਵ ਇਹ ਹੈ ਕਿ ਵਰਤਮਾਨ ਵਿਵਸਥਾ ਜਿਹੜੀ ਖੁੱਲ੍ਹੇ ਤੌਰ 'ਤੇ ਅਨਿਆਂ ਉੱਤੇ ਟਿਕੀ ਹੋਈ ਹੈ, ਬਦਲਣੀ ਚਾਹੀਦੀ ਹੈ...ਕਰਾਂਤੀ ਤੋਂ ਸਾਡਾ ਮਕਸਦ ਮੁਕੰਮਲ ਤੌਰ 'ਤੇ ਇਕ ਅਜਿਹੀ ਸਾਮਾਜਿਕ ਵਿਵਸਥਾ ਦੀ ਸਥਾਪਨਾਂ ਹੈ ਜਿਸ ਵਿਚ ਸਰਵਹਾਰਾ ਵਰਗ ਦੀ ਪ੍ਰਭੁਸਤਾ ਨੂੰ ਮਾਨਤਾ ਹੋਵੇ ਤੇ ਇਕ ਵਿਸ਼ਵ ਸੰਘ ਮਾਨਵ ਜਾਤੀ ਨੂੰ ਪੂੰਜੀਵਾਦ ਦੇ ਬੰਧਨ ਤੋਂ ਤੇ ਸਾਮਰਾਜਵਾਦੀ ਯੁੱਧਾਂ ਤੋਂ ਪੈਦਾ ਹੋਣ ਵਾਲੀ ਬਰਬਾਦੀ ਤੇ ਮੁਸੀਬਤਾਂ ਤੋਂ ਬਚਾਅ ਸਕੇ।

ਇਹ ਬਿਆਨ ਉਹਨਾਂ ਨੇ ਸੇਸ਼ਨ ਅਦਾਲਤ ਵਿਚ ਉਦੋਂ ਦਿੱਤਾ ਸੀ ਜਦੋਂ ਜੱਜ ਨੇ ਉਹਨਾਂ ਤੋਂ ਕਰਾਂਤੀ ਦਾ ਮਤਲਬ ਪੁੱਛਿਆ ਸੀ। ਇਸ ਬਿਆਨ ਤੋਂ ਸਪਸ਼ਟ ਹੁੰਦਾ ਸੀ ਕਿ ਕਰਾਂਤੀ ਬਾਰੇ ਉਹਨਾਂ ਦਾ ਦ੍ਰਿਸ਼ਟੀਕੋਨ ਕਿੰਨਾ ਵਿਆਪਕ ਸੀ।
ਕਰਾਂਤੀ ਵਿਚ ਜਨਤਾ ਦੇ ਭਿੰਨ-ਭਿੰਨ ਵਰਗਾਂ ਤੇ ਗੁੱਟਾਂ ਦੀ ਭੂਮਿਕਾ ਬਾਰੇ ਵੀ ਉਹਨਾਂ ਦਾ ਦ੍ਰਿਸ਼ਟੀਕੋਨ ਸਾਫ ਸੀ। ਉਹ ਅਜਿਹੀ ਕਰਾਂਤੀ ਲਿਆਉਣਾ ਚਾਹੁੰਦੇ ਸਨ ਜਿਹੜੀ ਜਨਤਾ ਲਈ ਹੋਵੇ ਤੇ ਜਿਸਨੂੰ ਜਨਤਾ ਹੀ ਲਿਆਵੇ। ਜਿਸਦਾ ਮਹੱਤਵ ਜਨਤਾ ਲਈ, ਜਨਤਾ ਦੁਆਰਾ ਰਾਜਨੀਤਕ ਸੱਤਾ ਉੱਤੇ ਕਬਜਾ ਕਰਨਾ ਹੋਵੇ, ਇਸ ਤਰ੍ਹਾਂ ਭਗਤ ਸਿੰਘ ਦਾ ਇਹ ਦ੍ਰਿਸ਼ਟੀਕੋਨ ਮਾਓ ਦੇ ਇਸ ਕਥਨ ਨਾਲ ਮੇਲ ਖਾਂਦਾ ਹੈ ਕਿ ਜਨਤਾ ਤੇ ਸਿਰਫ ਜਨਤਾ ਹੀ ਕਰਾਂਤੀ ਦੀ ਪ੍ਰੇਰਕ ਸ਼ਕਤੀ ਹੁੰਦੀ ਹੈ। ਭਗਤ ਸਿੰਘ ਕਰਾਂਤੀ ਵਿਚ ਕਿਸਾਨਾਂ, ਮਜਦੂਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਬਾਖ਼ੂਬੀ ਸਮਝਦੇ ਸਨ। ਉਹ ਕਹਿੰਦੇ ਸਨ ਕਿ ਪਿੰਡਾਂ ਦੇ ਕਿਸਾਨ ਤੇ ਕਾਰਖਾਨਿਆਂ ਦੇ ਮਜਦੂਰ ਹੀ ਅਸਲੀ ਕਰਾਂਤੀਕਾਰੀ ਸੈਨਕ ਹਨ। ਖਾਸ ਤੌਰ 'ਤੇ ਉਹ ਮਿਹਨਤਕਸ਼ਾਂ ਦੀ ਭੂਮਿਕਾ ਉੱਤੇ ਜ਼ੋਰ ਦਿੰਦੇ ਸਨ। ਉਹਨਾਂ ਕਿਹਾ ਕਿ ਸਾਮਰਾਜਵਾਦੀਆਂ ਨੂੰ ਗੱਦੀ ਤੋਂ ਲਾਹੁਣ ਦਾ ਭਾਰਤ ਕੋਲ ਇਕੋ ਇਕ ਹਥਿਆਰ ਮਿਹਨਤਕਸ਼ਾਂ ਦੀ ਕਰਾਂਤੀ ਹੈ। ਇਸੇ ਸੰਦਰਭ ਵਿਚ ਉਹ ਕਰਾਂਤੀ ਪਿੱਛੋਂ ਸਰਵਹਾਰਾ ਵਰਗ ਦੀ ਪ੍ਰਭੁਸੱਤਾ ਕਾਇਮ ਕਰਨਾ ਚਾਹੁੰਦੇ ਸਨ। ਉਹ ਨੌਜਵਾਨਾਂ ਦੀ ਭੂਮਿਕਾ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਸਨ। ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸ਼ਿਏਸ਼ਨ ਦੇ ਐਲਾਨਨਾਮੇ ਵਿਚ ਇਹ ਕਿਹਾ ਗਿਆ ਕਿ 'ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਸਹਾਰੇ ਹੈ। ਉਹੀ ਧਰਤੀ ਦੇ ਪੁੱਤਰ ਹਨ। ਉਹਨਾਂ ਦੀ ਦੁੱਖ ਸਹਿਣ ਦੀ ਤਤਪਰਤਾ, ਉਹਨਾਂ ਦੀ ਨਿਡਰ ਬਹਾਦੁਰੀ ਤੇ ਲਹਿਰਾਉਂਦੀ ਕੁਰਬਾਨੀ ਦਰਸਾਉਂਦੀ ਹੈ ਕਿ ਭਾਰਤ ਦਾ ਭਵਿੱਖ ਉਹਨਾਂ ਦੇ ਹੱਥ 'ਚ ਸੁਰੱਖਿਅਤ ਹੈ।' ਇਹਨਾਂ ਵਰਗਾਂ ਤੇ ਗੁੱਟਾਂ ਦੇ ਇਲਾਵਾ ਭਗਤ ਸਿੰਘ ਨੇ 'ਕਰਾਂਤੀਕਾਰੀ ਕਾਰਜ-ਕਰਮ ਦਾ ਮਸੌਦਾ' ਸਿਰਲੇਖ ਹੇਠ ਲਿਖੇ ਲੇਖਾਂ ਵਿਚ ਬੁੱਧੀਜੀਵੀਆਂ, ਦਸਤਕਾਰਾਂ ਤੇ ਔਰਤਾਂ ਨੂੰ ਲਾਮਬੰਦ ਕਰਨ 'ਤੇ ਵੀ ਜ਼ੋਰ ਦਿੱਤਾ। ਨਾਲ ਹੀ ਉਹਨਾਂ ਨੇ ਕਾਂਗਰਸ ਦੇ ਮੰਚ ਦਾ ਲਾਭ ਉਠਾਉਣ, ਟਰੇਡ ਯੂਨੀਅਨਾਂ ਵਿਚ ਕੰਮ ਕਰਨ ਤੇ ਉਸ ਉੱਤੇ ਕਬਜਾ ਕਰਨ 'ਤੇ ਸਮਾਜਕ ਤੇ ਸਵੈਸੇਵਕ ਸੰਗਠਨਾਂ (ਇੱਥੋਂ ਤਕ ਕਿ ਸਹਿਕਾਰਤਾ ਸੰਮਤੀਆਂ) ਵਿਚ ਗੁਪਤ ਰੂਪ ਵਿਚ ਕੰਮ ਕਰਨ ਦਾ ਹੁਕਮ ਦਿੱਤਾ।
ਜਿੱਥੋਂ ਤਕ ਕਰਾਂਤੀ ਦੀ ਮੰਜ਼ਿਲ ਦਾ ਸਵਾਲ ਹੈ, ਉਸ ਵਿਚ ਭਗਤ ਸਿੰਘ ਦੇ ਖੇਮੇ ਤੇ ਉਸ ਤੋਂ ਬਾਹਰ ਵਾਲੇ ਕਰਾਂਤੀਕਾਰੀਆਂ ਵਿਚ ਕਾਫੀ ਮਤਭੇਦ ਸਨ। ਕੁਝ ਲੋਕ 'ਰਾਸ਼ਟਰ ਕਰਾਂਤੀ' ਦੀ ਵਕਾਲਤ ਕਰਦੇ ਸਨ ਤੇ ਕੁਝ ਲੋਕ 'ਸਮਾਜਵਾਦੀ ਕਰਾਂਤੀ' ਦੀ। ਭਗਤ ਸਿੰਘ ਇਸ ਬਹਿਸ ਵਿਚ ਆਮ ਤੌਰ 'ਤੇ 'ਸਮਾਜਵਾਦੀ ਕਰਾਂਤੀ' ਦਾ ਪੱਖ ਲੈਂਦੇ ਸਨ। ਪਰ ਉਹਨਾਂ ਨੇ ਇਸ ਕਰਾਂਤੀ ਦੀ ਵਿਆਖਿਆ ਇਸ ਰੂਪ ਵਿਚ ਕੀਤੀ ਸੀ...:

'ਕੋਈ ਵੀ ਰਾਸ਼ਟਰ ਗੁਲਮ ਹੋਵੇ ਤਾਂ ਉਹ ਵਰਗਹੀਣ ਸਮਾਜ ਦੀ ਸਥਾਪਨਾ ਨਹੀਂ ਕਰ ਸਕਦਾ, ਸ਼ੋਸ਼ਣ ਦਾ ਖਾਤਮਾ ਨਹੀਂ ਕਰ ਸਕਦਾ ਤੇ ਮਨੁੱਖਾਂ ਵਿਚਕਾਰ ਸਮਾਨਤਾ ਬਹਾਲ ਨਹੀਂ ਕਰ ਸਕਦਾ। ਇਸ ਲਈ ਅਜਿਹੇ ਕਿਸੇ ਰਾਸ਼ਟਰ ਦੀ ਪਹਿਲੀ ਲੋੜ ਸਾਮਰਾਜਵਾਦੀ ਗੁਲਾਮੀ ਦੇ ਬੰਧਨਾਂ ਨੂੰ ਤੋੜਨ ਦੀ ਹੁੰਦੀ ਹੈ। ਦੂਜੇ ਸ਼ਬਦਾਂ ਵਿਚ, ਕਿਸੇ ਗੁਲਾਮ ਦੇਸ਼ ਵਿਚ ਕਰਾਂਤੀ ਸਾਮਰਾਜਵਾਦ ਵਿਰੋਧੀ ਤੇ ਉਪਨਿਵੇਸ਼ਵਾਦ ਵਿਰੋਧੀ ਹੁੰਦੀ ਹੈ।'

ਇਸ ਕਥਨ ਤੋਂ ਸਪਸ਼ਟ ਹੈ ਕਿ ਉਹ ਸਾਮੰਤਵਾਦ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਸਨ। ਹਾਲਾਂਕਿ ਸਾਮੰਤਵਾਦ ਦੇ ਖਾਤਮੇ ਨੂੰ ਵੀ ਕਰਾਂਤੀ ਦੇ ਇਕ ਬੁਨਿਆਦੀ ਕਾਰਜ ਦੇ ਰੂਪ ਵਿਚ ਪੇਸ਼ ਕੀਤਾ ਹੈ।
ਸਾਡੇ ਦੇਸ਼ ਵਿਚ ਅੱਜ ਵੀ ਕਰਾਂਤੀ ਦੀ ਮੰਜ਼ਿਲ ਬਾਰੇ ਇਹ ਬਹਿਸ ਜਾਰੀ ਹੈ। ਕੁਝ ਕਰਾਂਤੀਕਾਰੀ ਗੁੱਟ ਨਵਜਨਵਾਦੀ ਕਰਾਂਤੀ ਨੂੰ ਆਪਣੀ ਮੰਜ਼ਿਲ ਮੰਨਦੇ ਹਨ ਤੇ ਕੁਝ ਸਮਾਜਵਾਦੀ ਕਰਾਂਤੀ ਨੂੰ। ਨਵਜਨਵਾਦੀ ਕਰਾਂਤੀ ਨੂੰ ਮੰਨਣ ਵਾਲੇ ਸਾਮੰਤਵਾਦ, ਸਾਮਰਾਜਵਾਦ, ਦਲਾਲ ਨੌਕਰਸ਼ਾਹ ਪੂੰਜੀਵਾਦ ਨੂੰ ਨਿਸ਼ਾਨਾ ਬਣਾਉਣਦੇ ਹਨ ਤੇ ਸਮਾਜਵਾਦੀ ਕਰਾਂਤੀ ਨੂੰ ਮੰਨਣ ਵਾਲੇ ਮੂਲੋਂ-ਮੁੱਢੋਂ ਭਾਰਤੀ ਪੂੰਜੀਵਾਦ ਨੂੰ।
ਭਗਤ ਸਿੰਘ ਨੇ ਸਫਲ ਕਰਾਂਤੀ ਕਰਾਂਤੀ ਲਈ ਲੇਨਿਨ ਵਾਂਗ ਤਿੰਨ ਜ਼ਰੂਰੀ ਸ਼ਰਤਾਂ ਦੱਸੀਆਂ। ਪਹਿਲੀ, ਰਾਜਨੀਤਕ, ਆਰਥਿਕ ਪ੍ਰਸਥਿਤੀਆਂ; ਦੂਜੀ, ਜਨਤਾ ਦੇ ਮਨ ਵਿਚ ਵਿਦਰੋਹ ਦੀ ਭਾਵਨਾ ਤੇ ਤੀਜੀ ਇਕ ਕਰਾਂਤੀਕਾਰੀ ਪਾਰਟੀ ਜਿਹੜੀ ਪੂਰੀ ਤਰ੍ਹਾਂ ਟਰੇਂਡ ਹੋਵੇ ਤੇ ਪ੍ਰੀਖਿਆ ਦੀ ਘੜੀ ਲੋਕਾਂ ਦਾ ਨੇਤਰੀਤਵ ਕਰ ਸਕੇ। ਉਹਨਾਂ ਦਾ ਮੰਨਣਾ ਸੀ ਕਿ ਭਾਰਤ ਵਿਚ ਪਹਿਲੀ ਸ਼ਰਤ ਤਾਂ ਮੌਜ਼ੂਦ ਹੈ, ਪਰ ਦੂਜੀ ਤੇ ਤੀਜੀ ਸ਼ਰਤ ਅੰਤਮ ਰੂਪ ਵਿਚ ਆਪਣੇ ਪੂਰੇ ਹੋਣ ਦੀ ਉਡੀਕ ਕਰ ਰਹੀ ਹੈ। ਉਹ ਤਰ੍ਹਾਂ ਤਰ੍ਹਾਂ ਦੇ ਲੋਕ ਸੰਗਠਨਾਂ ਵਿਚ ਕੰਮ ਕਰਕੇ ਤੇ ਪਹਿਲਾਂ ਬਣੇ ਸੰਗਠਨਾਂ ਨਾਲ ਤਾਲਮੇਲ ਕਰਕੇ ਜਨਤਾ ਦੇ ਵੱਖ ਵੱਖ ਹਿੱਸਿਆਂ ਵਿਚ ਵਿਦਰੋਹ ਦੀ ਭਾਵਨਾ ਜਗਾਉਣਾ ਚਾਹੁੰਦੇ ਸਨ। ਪੇਸ਼ੇਵਰ ਕਰਾਂਤੀਕਾਰੀਆਂ ਨਾਲ ਲੈਸ ਸਹੀ ਅਰਥਾਂ ਵਿਚ ਕਮਿਊਨਸਟ ਪਾਰਟੀ ਦੀ ਸਥਾਪਨਾ ਕਰਨੀ ਚਾਹੁੰਦੇ ਸਨ। ਉਹ ਅਧਿਅਨ ਤੇ ਵਿਚਾਰਕ ਸੰਘਰਸ਼ ਉਪਰ ਕਾਫੀ ਜ਼ੋਰ ਦਿੰਦੇ ਸਨ ਤੇ ਇਕ ਅਜਿਹੀ ਪਾਰਟੀ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਸਦਾ ਵਿਚਾਰਕ ਤੇ ਰਾਜਨੀਤਕ ਪੱਖ ਸਭ ਤੋਂ ਉੱਚਾ ਹੋਵੇ। ਜਿਸ ਵਿਚ ਸਾਰੀਆਂ ਦਕੀਆਨੂਸੀ ਤੇ ਪ੍ਰਤੀਕ੍ਰਿਆਵਾਦੀ ਵਿਚਾਰਧਾਰਵਾਂ ਨੂੰ ਪਛਾੜ ਸਕਣ ਦੀ ਤਾਕਤ ਹੋਵੇ। ਇਸ ਸੰਦਰਭ ਵਿਚ ਉਹਨਾਂ ਦਾ ਇਹ ਕਹਿਣਾ ਕਾਫੀ ਮਹੱਤਵਪੂਰਨ ਹੈ—'ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਨ 'ਤੇ ਤੇਜ਼ ਹੁੰਦੀ ਹੈ।' ਉਹ ਜ਼ੋਰ ਦੇ ਕੇ ਕਹਿੰਦੇ ਸਨ ਕਿ ਇਕ ਕਰਾਂਤੀਕਾਰੀ ਸਭ ਨਾਲੋਂ ਵਧ ਤਰਕ ਵਿਚ ਵਿਸ਼ਵਾਸ ਕਰਦਾ ਹੈ। ਉਹ ਸਿਰਫ ਤਰਕ ਤੇ ਤਰਕ ਵਿਚ ਹੀ ਵਿਸ਼ਵਾਸ ਕਰਦਾ ਹੈ। ਅੱਜ ਦੀਆਂ ਸਥਿਤੀਆਂ ਵਿਚ ਜਦੋਂ ਕਰਾਂਤੀਕਾਰੀ ਅੰਦੋਲਨ ਦਾ ਵਿਚਾਰਕ ਤੇ ਸਿਧਾਂਤਕ ਪੱਖ ਓਨਾ ਮਜਬੂਤ ਨਹੀਂ ਹੈ ਤੇ ਉਸ ਵਿਚ ਇਕਰੂਪਤਾ ਦੀ ਵੀ ਕਮੀ ਹੈ, ਤੇ ਨਾਲ ਦੀ ਜਦੋਂ ਨੇਤਰੀਤਵ ਤੇ ਕਾਰਜਕਰਤਾ ਅਧਿਅਨ 'ਤੇ ਜ਼ੋਰ ਦੇਣ ਦੇ ਬਜਾਏ ਵਧ ਤੋਂ ਵਧ ਵਿਹਾਰਕ ਤੇ ਰੂਟੀਨੀ ਕੰਮਾਂ ਵਿਚ ਰੁੱਝੇ ਰਹਿੰਦੇ ਹਨ, ਭਗਤ ਸਿੰਘ ਦਾ ਇਹ ਕਥਨ ਕਾਫੀ ਮਹੱਤਵ ਰੱਖਦਾ ਹੈ।
ਭਗਤ ਸਿੰਘ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਵਿਚਾਰ ਨਾ ਸਿਰਫ ਸਾਡੇ ਕੋਲ ਹਨ ਬਲਕਿ ਅੱਜ ਦੀਆਂ ਪ੍ਰਸਥਿਤੀਆਂ ਦੀ ਲੋੜ ਵੀ ਹਨ। ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਰਾਂਤੀ ਦਾ ਜਿਹੜਾ ਬਿਗਲ ਵਜਾਇਆ ਸੀ, ਉਸਦੀ ਪ੍ਰਤੀਧੁਨੀ ਅੱਜ ਵੀ ਸੁਣਾਈ ਦੇ ਰਹੀ ਹੈ। ਭਗਤ ਸਿੰਘ ਦੀ ਸ਼ਹਾਦਤ ਪਿੱਛੋਂ ਕਰਾਂਤੀਕਾਰੀ ਸੰਗਰਾਮ ਖਤਮ ਨਹੀਂ ਹੋਇਆ, ਉਹ ਅੱਜ ਵੀ ਟੇਢੇ-ਮੇਢੇ ਰਾਹਾਂ ਉੱਤੋਂ ਲੰਘਦਾ ਹੋਇਆ ਜਾਰੀ ਹੈ। ਉਹਨਾਂ ਨੇ ਠੀਕ ਹੀ ਕਿਹਾ ਸੀ ਕਿ ਨਾ ਤਾਂ ਅਸੀਂ ਇਸ ਲੜਾਈ ਦੀ ਸ਼ੁਰੂਆਤ ਕੀਤੀ ਹੈ ਤੇ ਨਾ ਹੀ ਇਹ ਸਾਡੇ ਨਾਲ ਖਤਮ ਹੋਣ ਵਾਲੀ ਹੈ। ਇਹ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ 'ਆਦਮੀ ਦੁਆਰਾ ਆਦਮੀ ਦਾ ' ਤੇ 'ਸਾਮਰਾਜਵਾਦੀ ਰਾਸ਼ਟਰ ਦੁਆਰਾ ਕਮਜ਼ੋਰ ਰਾਸ਼ਟਰਾਂ ਦਾ ਸ਼ੋਸ਼ਣ ਤੇ ਘਾਣ ਜਾਰੀ ਰਹੇਗਾ।' ਅੱਜ ਲੋੜ ਇਸ ਗੱਲ ਦੀ ਹੈ ਕਿ ਭਗਤ ਸਿੰਘ ਦੇ ਕਰਾਂਤੀਕਾਰੀ ਵਿਚਾਰਾਂ ਨੂੰ ਅੰਦਰ ਵਸਾਇਆ ਜਾਵੇ ਤੇ ਉਹਨਾਂ ਨੂੰ ਜਨਤਾ ਵਿਚਕਾਰ ਕਾਰਗਰ ਤਰੀਕੇ ਨਾਲ ਲੈ ਜਾ ਕੇ ਭੌਤਿਕ ਤਾਕਤ ਵਿਚ ਤਬਦੀਲ ਕੀਤਾ ਜਾਵੇ। ਇਹੀ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
--- --- ---

No comments:

Post a Comment