Thursday, March 8, 2012

ਸ਼ਰਿੰਖਲਾ / ਕੜੀਬਧ :: ਲੇਖਕ : ਅਖਿਲੇਸ਼


ਹਿੰਦੀ ਕਹਾਣੀ:

ਸ਼ਰਿੰਖਲਾ / ਕੜੀਬਧ
ਲੇਖਕ : ਅਖਿਲੇਸ਼


ਅਨੁਵਾਦ : ਮਹਿੰਦਰ ਬੇਦੀ, ਜੈਤੋ

(ਹਿੰਦੀ ਦੇ ਜਾਣੇ-ਪਛਾਣੇ ਕਥਾਕਾਰ ਅਖਿਲੇਸ਼ ਦਾ ਜਨਮ 6 ਜੁਲਾਈ 1960 ਨੂੰ ਕਾਦੀਪੁਰ, ਸੁਲਤਾਨਪੁਰ (ਉਤਰ ਪ੍ਰਦੇਸ਼) ਵਿਚ ਹੋਇਆ। 'ਮੁਕਤੀ', 'ਸ਼ਾਪਗ੍ਰਸਤ', 'ਅੰਧੇਰਾ (ਕਹਾਣੀ ਸੰਗ੍ਰਹਿ), 'ਅਨਵੇਸ਼ਣ' (ਨਾਵਲ) ਤੇ 'ਵੋ ਜੋ ਯਥਾਰਥ ਥਾ' (ਕਥਾ ਵਾਰਤਾ) ਛਪ ਚੁੱਕੇ ਹਨ। 'ਇੰਦੁ ਸ਼ਰਮਾ ਕਥਾ ਸਨਮਾਨ' ਆਦਿ ਕਈ ਸਨਮਾਨਾ ਨਾਲ ਸਨਮਾਨਤ ਹਨ। ਹਿੰਦੀ ਦੀ ਬਹੁ-ਚਰਚਿਤ ਸਾਹਿਤਿਕ ਪੱਤਰਕਾ 'ਸਦਭਵ' ਦੇ ਸੰਪਾਦਕ ਹਨ—ਸੰਪਰਕ ਪਤਾ : 18/201, ਇੰਦਰਾ ਨਗਰ, ਲਖ਼ਨਊ, ਉ.ਪ੍ਰ.।)


ਬਾਬੇ ਦੇ ਧੋਤੀ, ਕੁੜਤਾ ਤੇ ਬੰਦ ਗਲ਼ੇ ਦਾ ਚਿਤਰੀਦਾਰ ਕੋਟ ਪਾਇਆ ਹੋਇਆ ਸੀ। ਉਹ ਸੁਨਿਧੀ ਦੇ ਦਫ਼ਤਰ ਦੇ ਸ਼ਾਨਦਾਰ ਸੋਫੇ ਉੱਤੇ ਸਹਿਮੇ-ਜਿਹੇ, ਧਸੇ ਬੈਠੇ ਸਨ। ਸੁਨਿਧੀ ਉਹਨਾਂ ਕੋਲ ਆਈ। ਉਸਨੂੰ ਉਹ ਕੁਝ ਜਾਣੇ-ਪਛਾਣੇ ਜਿਹੇ ਲੱਗੇ, “ਕਿਸ ਨੂੰ ਮਿਲਣਾ ਚਾਹੁੰਦੇ ਓ ਤੁਸੀਂ?”
“ਸੁਨਿਧੀ ਨੂੰ।”
“ਮੈਂ ਹਾਂ, ਦੱਸੋ?”
ਉਹ ਖੜ੍ਹੇ ਹੋ ਗਏ। ਚੌਕੰਨੇਪਨ ਨਾਲ ਚਾਰੇ ਪਾਸੇ ਦੇਖ ਕੇ ਫੁਸਫੁਸਾਏ, “ਮੈਂ ਰਤਨ ਦਾ ਬਾਬਾ ਆਂ।”
“ਤੁਸੀਂ!” ਉਹ ਅਰਸੇ ਬਾਅਦ ਏਨਾ ਹੈਰਾਨ ਹੋ ਰਹੀ ਸੀ। ਲਗਭਗ ਚੀਕ ਹੀ ਪਈ, “ਕਿੱਥੇ ਈ ਰਤਨ?”
“ਹੌਲੀ ਬੋਲ ਬੇਟਾ।” ਉਹਨਾਂ ਲਗਭਗ ਸੁਨਿਧੀ ਦੇ ਕੰਨ ਵਿਚ ਕਿਹਾ, “ਰਤਨ ਨੇ ਤੈਨੂੰ ਬੁਲਾਇਐ।”
ਇਮਾਰਤ 'ਚੋਂ ਬਾਹਰ ਨਿਕਲ ਕੇ ਬਾਬਾ ਜੀ ਬੋਲੇ, “ਉਹ ਬੜੀ ਮੁਸੀਬਤ 'ਚ ਐ।”
ਸੁਨਿਧੀ ਚੁੱਪ ਰਹੀ। ਉਹ ਆਪਣੀ ਕਾਰ, ਪਾਰਕਿੰਗ ਵਿਚੋਂ ਬਾਹਰ ਕੱਢ ਰਹੀ ਸੀ। ਜਦੋਂ ਕਾਰ ਆਰਾਮ ਨਾਲ ਸੜਕ ਉੱਤੇ ਚੱਲਣ ਲੱਗੀ ਤਾਂ ਬਾਬਾ ਜੀ ਨੇ ਬੜੀ ਉਦਾਸੀ ਨਾਲ ਕਿਹਾ, “ਉਸਦੀ ਕਿਸਮਤ ਈ ਮਾੜੀ ਐ। ਅੱਖਾਂ ਜਨਮ ਤੋਂ ਖ਼ਰਾਬ, ਥੋੜ੍ਹਾ ਵੱਡਾ ਹੋਇਆ—ਐਕਸੀਡੈਂਟ 'ਚ ਮਾਂ-ਬਾਪ, ਭਰਾ-ਭੈਣ ਮਰ ਗਏ...ਤੇ ਹੁਣ ਇਹ ਨਵੀਂ ਮੁਸੀਬਤ। ਪਰ ਬੇਟਾ ਉਹ ਬੜਾ ਭਲਾ ਮੁੰਡਾ ਐ। ਪੜ੍ਹਨ 'ਚ ਵੀ ਬੜਾ ਤੇਜ਼ ਸੀ—ਹਮੇਸ਼ਾ ਪੜ੍ਹਾਈ 'ਚ ਅੱਵਲ ਆਉਂਦਾ ਸੀ।”
“ਪਤਾ ਏ ਬਾਬਾ ਜੀ, ਮੈਂ ਉਸਦੇ ਨਾਲ ਪੜ੍ਹੀ ਰਹੀ ਆਂ—ਬਚਪਨ ਵਿਚ, ਤੇ ਵੱਡੀ ਹੋ ਕੇ ਵੀ।”
“ਬਚਪਨ ਵਿਚ?” ਬਾਬਾ ਜੀ ਨੂੰ ਹੈਰਾਨੀ ਹੋਈ।
“ਹਾਂ, ਮੈਂ ਤੁਹਾਡੇ ਗੁਆਂਢ 'ਚ ਰਹਿੰਦੀ ਸੀ, ਮਹੇਸ਼ਚੰਦਰ ਅਗਰਵਾਲ ਦੀ ਬੇਟੀ ਟੀਨਾ।”
“ਓਇ! ਤੂੰ ਟੀਨਾ ਏਂ?” ਬਾਬਾ ਜੀ ਦੇ ਬੁੱਲ੍ਹ ਜ਼ਰਾ ਕੁ ਮੁਸਕੁਰਾਏ, ਫੜਕੇ, “ਮੈਂ ਪਛਾਣ ਈ ਨਹੀਂ ਸਕਿਆ।”
“ਵੱਡੀ ਹੋ ਗਈ ਆਂ। ਉਮਰ ਫ਼ਰਕ ਪਾ ਦੇਂਦੀ ਏ ਬਾਬਾ ਜੀ। ਵੈਸੇ ਮੈਂ ਵੀ ਤੁਹਾਨੂੰ ਕਿੱਥੇ ਪਛਾਣ ਸਕੀ ਸੀ, ਹਾਲਾਂਕਿ ਤੁਸੀਂ ਬਹੁਤੇ ਨਹੀਂ ਬਦਲੇ।”
“ਝੂਠ ਨਾ ਬੋਲ ਟੀਨਾ ਬੇਟਾ, ਮੈਂ ਜਾਣਦਾਂ, ਮੈਂ ਕਾਫੀ ਬੁੱਢਾ ਹੋ ਗਿਆਂ। ਮੈਨੂੰ ਹੁਣ ਤਕ ਭਵਗਾਨ ਦੇ ਘਰ ਚਲੇ ਜਾਣਾ ਚਾਹੀਦਾ ਸੀ, ਪਰ ਉਹ ਬੁਲਾਅ ਈ ਨਹੀਂ ਰਿਹਾ ਮੈਨੂੰ। ਪਹਿਲਾਂ ਸੋਚਦਾ ਸੀ ਕਿ ਉਪਰ ਵਾਲਾ ਮੇਰੀ ਟਿਕਟ ਇਸ ਲਈ ਨਹੀਂ ਭੇਜ ਰਿਹਾ ਕਿ ਮੈਂ ਰਤਨ ਦਾ ਵਿਆਹ ਦੇਖਾਂ। ਉਸਦੀ ਬਹੂ ਨੂੰ ਮੂੰਹ ਦਿਖਾਈ ਦਿਆਂ ਤੇ ਉਸਦੇ ਬੱਚੇ ਖਿਡਾਅ ਸਕਾਂ, ਪਰ ਹੁਣ ਲੱਗ ਰਿਹੈ ਮੈਂ ਕਾਫੀ ਬੁਰੇ ਦਿਨ ਦੇਖਣ ਲਈ ਜਿਊਂ ਰਿਹਾਂ...”

ਅੱਖਾਂ ਦੀ ਬਿਮਾਰੀ ਪੈਦਾਇਸ਼ੀ ਸੀ।
ਸੁਨਿਧੀ ਤੇ ਉਹ ਬਚਪਨ ਵਿਚ ਪ੍ਰਤਾਪਗੜ੍ਹ ਦੇ ਇਕੋ ਮੁਹੱਲੇ ਵਿਚ ਗੁਆਂਢੀ ਹੁੰਦੇ ਸਨ। ਉਹ ਆਪਣੇ ਬਾਬੇ ਨਾਲ ਰਹਿੰਦਾ ਸੀ। ਸਾਰੇ ਬੱਚੇ ਉਸਨੂੰ ਕੌਤਕ, ਦਯਾ, ਡਰ ਤੇ ਪਿਆਰ ਨਾਲ ਦੇਖਦੇ ਹੁੰਦੇ ਸਨ...ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਉਹ ਇਕ ਅਜਿਹਾ ਬੱਚਾ ਹੈ ਜਿਸਦੇ ਮਾਂ, ਬਾਪ, ਭਰਾ, ਭੈਣ ਸੜਕ ਹਾਦਸੇ ਵਿਚ ਮਾਰੇ ਜਾ ਚੁੱਕੇ ਸਨ। ਅੱਖਾਂ ਦੀ ਬਿਮਾਰੀ ਨੇ ਉਸਨੂੰ ਬਚਾਅ ਲਿਆ ਸੀ, ਵਰਨਾ ਉਹ ਵੀ ਮਰ ਗਿਆ ਹੁੰਦਾ। ਉਸ ਦਿਨ ਪ੍ਰਤਾਪਗੜ੍ਹ 'ਚ ਮਦਰਾਸ ਦੇ ਪ੍ਰਸਿੱਧ ਸ਼ੰਕਰ ਨੇਤਰ ਹਸਪਤਾਲ ਦੇ ਕੋਈ ਡਾਕਟਰ ਆਏ ਸਨ, ਇਸ ਲਈ ਉਹ ਆਪਣੇ ਬਾਬਾ ਜੀ ਕੋਲ ਰਹਿ ਗਿਆ ਸੀ। ਮਦਰਾਸ ਦੇ ਡਾਕਟਰ ਨੇ ਜਾਂਚ ਕਰਨ ਪਿੱਛੋਂ ਕਿਹਾ ਸੀ—“ਇਸ ਦੀਆਂ ਅੱਖਾਂ ਕਦੀ ਠੀਕ ਨਹੀਂ ਹੋਣਗੀਆਂ। ਐਨਕ ਲਾ ਕੇ ਵੀ ਇਹ ਓਨਾ ਹੀ ਦੇਖ ਸਕੇਗਾ ਜਿੰਨਾ ਬਗ਼ੈਰ ਐਨਕ ਦੇ। ਹਾਂ, ਇਲਾਜ਼ ਨਾਲ ਇਹ ਫ਼ਾਇਦਾ ਹੋਏਗਾ ਕਿ ਏਨੀ ਰੌਸ਼ਨੀ ਅੱਗੇ ਵੀ ਬਣੀ ਰਹੇਗੀ ਤੇ ਇਹ ਅੰਨ੍ਹਾ ਹੋਣ ਤੋਂ ਬਚ ਜਾਏਗਾ।” ਵਾਪਸੀ ਸਮੇਂ ਬਾਬਾ ਜੀ ਨੇ ਉਸਨੂੰ ਹਿੱਕ ਨਾਲ ਲਾਈ ਰੱਖਿਆ ਸੀ। ਰਸਤੇ 'ਚੋਂ ਉਹਨਾਂ, ਉਸ ਲਈ ਰਸਗੁੱਲੇ ਖ਼ਰੀਦੇ ਸਨ।
ਉਹ ਰਸਗੁੱਲੇ ਖਾ ਰਿਹਾ ਸੀ, ਉਦੋਂ ਹੀ ਘਰ ਦੇ ਲੋਕਾਂ ਦੀ ਮੌਤ ਦੀ ਖ਼ਬਰ ਆਈ ਸੀ...ਬਾਬਾ ਜੀ ਨੇ ਉਸਦੇ ਹੱਥੋਂ ਰਸਗੁੱਲਿਆਂ ਵਾਲਾ ਡੂਨਾਂ ਖੋਹ ਕੇ ਸੁੱਟ ਦਿੱਤਾ ਸੀ। ਬਾਬਾ ਜੀ ਨੇ ਪਹਿਲੀ ਤੇ ਆਖ਼ਰੀ ਵਾਰੀ ਉਸਦੇ ਹੱਥੋਂ ਕੁਝ ਖੋਇਆ ਸੀ। ਇਸ ਪਿੱਛੋਂ ਹਮੇਸ਼ਾ, ਉਹਨਾਂ, ਉਸਨੂੰ ਕੁਝ ਨਾ ਕੁਝ ਦਿੱਤਾ ਹੀ ਸੀ। ਉਹ ਉਸ ਲਈ ਖਿਡੌਣੇ ਖ਼ਰੀਦਨ ਤੋਂ ਅਸਮਰਥ ਸਨ, ਪਰ ਖ਼ੁਦ ਆਪਣੇ ਹੱਥੀਂ ਖਿਡੌਣੇ ਬਣਾ ਕੇ ਦੇਂਦੇ ਸਨ। ਉਹਨਾਂ ਦੇ ਹੱਥ ਦੀਆਂ ਬਣਾਈਆਂ ਮਿੱਟੀ ਤੇ ਗੱਤੇ ਦੀਆਂ ਅਨੇਕਾਂ ਮੋਟਰਾਂ, ਜਾਨਵਰਾਂ ਤੇ ਹੋਰ ਵਸਤਾਂ ਨੇ ਬਚਪਨ ਵਿਚ ਰਤਨ ਕੁਮਾਰ ਦਾ ਮਨ ਪ੍ਰਚਾਇਆ ਸੀ। ਬਾਬਾ ਜੀ ਉਸਨੂੰ ਖਾਣਾ ਬਣਾ ਕੇ ਖੁਆਉਂਦੇ ਸਨ ਤੇ ਸਵਾਦ ਬਦਲਣ ਲਈ ਮੌਸਮੀ ਫਲ ਲੱਭ ਲਿਆਉਂਦੇ ਹੁੰਦੇ ਸਨ। ਉਹ ਪੋਤੇ ਦੇ ਸਵਾਦ ਲਈ ਅਕਸਰ ਅੰਬ, ਜਾਮਨਾਂ, ਚਿਲਬਿਲ, ਅਮਰੂਦ ਤੇ ਕਰੌਂਦੇ ਦੇ ਰੁੱਖਾਂ ਹੇਠ ਭਟਕਦੇ ਰਹਿੰਦੇ ਸਨ। ਉਹਨਾਂ ਪੋਤੇ ਲਈ ਪਾਟੇ ਕੱਪੜਿਆਂ ਨੂੰ ਸਿਊਣਾ ਤੇ ਟਾਕੀਆਂ ਲਾਉਣਾ ਸਿੱਖਿਆ। ਏਨਾ ਹੀ ਨਹੀਂ ਉਹਨਾਂ ਆਪਣੇ ਹੱਥੀਂ ਲੱਕੜ ਘੜ ਕੇ ਰਤਨ ਕੁਮਾਰ ਨੂੰ ਬੱਲਾ, ਹਾਕੀ ਤੇ ਤੋਤੇ ਬਣਾ ਕੇ ਦਿੱਤੇ ਸਨ।
ਪਰ ਇਸ ਬੱਚੇ ਨੂੰ ਹਰ ਤਰ੍ਹਾਂ ਨਾਲ ਖ਼ੁਸ਼ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਉਸਨੂੰ ਲਗਾਤਾਰ ਇਹ ਸਬਕ ਵੀ ਦੇਂਦੇ ਰਹੇ ਸਨ ਕਿ ਉਹ ਖ਼ੂਬ ਮਨ ਲਾ ਕੇ ਪੜ੍ਹੇ। ਪੜ੍ਹਾਈ ਹੀ ਉਸਦੀਆਂ ਔਕੜਾਂ ਦੀ ਤਾਰਨਹਾਰ ਬਣੇਗੀ, ਇਹ ਗੱਲ ਬਾਬਾ ਜੀ ਨੇ ਉਸਦੇ ਦਿਮਾਗ਼ ਵਿਚ ਸ਼ੁਰੂਆਤੀ ਦੌਰ ਵਿਚ ਹੀ ਬਿਠਾਅ ਦਿੱਤੀ ਸੀ। ਨਤੀਜਾ ਇਹ ਹੋਇਆ ਕਿ ਕਿਤਾਬਾਂ ਉਸਨੂੰ ਪਿਆਰੀਆਂ ਲੱਗਣ ਲੱਗ ਪਈਆਂ—ਛਪੇ ਹੋਏ ਸ਼ਬਦ ਉਸਨੂੰ ਗਿਆਨ ਤੇ ਮਨੋਰੰਜਨ ਦੋਵੇਂ ਦੇਂਦੇ।
ਉਸਨੂੰ ਕਿਤਾਬਾਂ ਚਿਹਰੇ ਦੇ ਕਾਫੀ ਨਜ਼ਦੀਕ ਕਰਕੇ ਪੜ੍ਹੀਆਂ ਪੈਂਦੀਆਂ ਸਨ, ਹਾਲਾਂਕਿ ਪੜ੍ਹਨ ਵਿਚ ਉਸਨੂੰ ਤਕਲੀਫ਼ ਹੁੰਦੀ ਸੀ। ਸ਼ਾਇਦ ਇਸ ਤਕਲੀਫ਼ ਨੂੰ ਘੱਟ ਕਰਨ ਲਈ ਉਸਦੀ ਯਾਦਾਸ਼ਤ ਵਿਲੱਖਣ ਹੋ ਗਈ ਸੀ ਜਾਂ ਹੋ ਸਕਦਾ ਹੈ ਕਿ ਕੁਦਰਤ ਦਾ ਹੀ ਕੋਈ ਚਮਤਕਾਰ ਸੀ ਕਿ—ਉਹ ਜੋ ਵੀ ਪੜ੍ਹਦਾ-ਸੁਣਦਾ ਤੁਰੰਤ ਚੇਤੇ ਹੋ ਜਾਂਦਾ ਸੀ। ਇਸ ਲਈ ਇਮਤਿਹਾਨਾਂ ਵਿਚ ਉਹ ਹਮੇਸ਼ਾਂ ਟਾਪ ਕਰਦਾ। ਲੋਕ ਉਸਦੀ ਯਾਦ ਸ਼ਕਤੀ ਤੋਂ ਏਨਾ ਪ੍ਰਭਾਵਿਤ ਤੇ ਭੈਭੀਤ ਰਹਿੰਦੇ ਕਿ ਇਹ ਪ੍ਰਚਲਿਤ ਹੋ ਗਿਆ ਕਿ ਉਸਨੂੰ ਇਕ ਸਾਧੂ ਦਾ ਵਰਦਾਨ ਮਿਲਿਆ ਹੋਇਆ ਹੈ ਕਿ ਕਿਤਾਬ ਨੂੰ ਛੋਂਹਦਿਆਂ ਹੀ ਉਹ ਉਸਦੇ ਦਿਮਾਗ਼ ਵਿਚ ਛਪ ਜਾਂਦੀ ਹੈ।
ਫੇਰ ਵੀ ਉਹ ਬੁਝਿਆ-ਬੁਝਿਆ ਜਿਹਾ ਰਹਿੰਦਾ ਸੀ, ਜਿਵੇਂ ਕੋਈ ਗੱਲ, ਕੋਈ ਮਾੜਾ ਸੁਪਨਾ ਸਤਾਅ ਰਿਹਾ ਹੋਵੇ। ਦਰਅਸਲ ਉਸਨੂੰ ਵਹਿਮ ਸੀ ਕਿ ਆਪਣੇ ਪਰਿਵਾਰ ਵਾਲਿਆਂ ਵਾਂਗ ਉਸਦੀ ਤੇ ਬਾਬੇ ਦੀ ਮੌਤ ਵੀ ਸੜਕ ਹਾਦਸੇ ਵਿਚ ਹੋਵੇਗੀ। ਹਾਲਤ ਇਹ ਸੀ ਕਿ ਬਾਬਾ ਜੀ ਘਰੋਂ ਨਿਕਲ ਕੇ ਕਿਧਰੇ ਜਾਂਦੇ ਤਾਂ ਉਹ ਉਦੋਂ ਤਕ ਥਰ-ਥਰ ਕੰਬਦਾ ਰਹਿੰਦਾ ਜਦੋਂ ਤਕ ਉਹ ਵਾਪਸ ਨਹੀਂ ਸੀ ਆ ਜਾਂਦੇ। ਖ਼ੁਦ ਵੀ ਸੜਕ ਪਾਰ ਕਰਦਿਆਂ ਉਸਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸਨ। ਪਰ ਇਸ ਅੰਧ-ਵਿਸ਼ਵਾਸ ਨੇ ਦੂਜੇ ਪਾਸੇ ਉਸਨੂੰ ਏਨਾ ਨਿਡਰ ਬਣਾ ਦਿੱਤਾ ਸੀ ਕਿ ਵੱਡੇ ਤੋਂ ਵੱਡੇ ਜੋਖ਼ਮ ਨਾਲ ਭਿੜ ਜਾਂਦਾ ਸੀ ਉਹ। ਯੂਨੀਵਰਸਟੀ ਵਿਚ ਪੜ੍ਹਾਈ ਦੇ ਦਿਨਾਂ ਵਿਚ ਉਹ ਇਕ ਨਾਮੀ ਗੁੰਡੇ ਨਾਲ ਭਿੜ ਗਿਆ। ਗੁੰਡੇ ਨੇ ਉਸਦੇ ਮੱਥੇ ਉੱਤੇ ਪਿਸਤੌਲ ਰੱਖ ਦਿੱਤਾ, ਪਰ ਡਰਨ ਦੀ ਬਜਾਏ ਉਸਨੇ ਗੁੰਡੇ ਦੇ ਕਈ ਥੱਪੜ ਜੜ ਦਿੱਤੇ। ਇਸ ਦੀ ਵਿਆਖਿਆ ਇਹ ਹੋਈ ਕਿ ਅੱਖਾਂ ਕਮਜ਼ੋਰ ਹੋਣ ਕਰਕੇ ਉਸਨੂੰ ਪਿਸਤੌਲ ਦਿਖਾਈ ਹੀ ਨਹੀਂ ਸੀ ਦਿੱਤਾ। ਪ੍ਰਤਾਪਗੜ੍ਹ ਤੋਂ ਉਸਦੇ ਨਾਲ ਆਈ ਸੁਨਿਧੀ ਨੇ ਉਸਨੂੰ ਪੁੱਛਿਆ, “ਤੈਨੂੰ ਡਰ ਨਹੀਂ ਲੱਗਿਆ?” ਉਸਦਾ ਜਵਾਬ ਸੀ, “ਕਿਉਂ ਡਰਦਾ! ਮੈਨੂੰ ਪਤਾ ਏ, ਮੇਰੀ ਮੌਤ ਪਿਸਤੌਲ ਨਾਲ ਨਹੀਂ ਐਕਸਟੀਡੈਂਟ ਨਾਲ ਹੋਏਗੀ।”
ਅਜੀਬ ਗੱਲ ਸੀ ਉਸਨੂੰ ਸੜਕ ਦੁਰਘਟਨਾ ਦੀ ਹਮੇਸ਼ਾ ਚਿੰਤਾ ਰਹਿੰਦੀ ਸੀ, ਪਰ ਆਪਣੀ ਘੱਟ ਨਜ਼ਰ ਪੱਖੋਂ ਉਹ ਕਦੀ ਪ੍ਰੇਸ਼ਾਨ ਨਜ਼ਰ ਨਹੀਂ ਸੀ ਆਇਆ। ਪਿੱਛੋਂ ਇਹ ਹੋਇਆ ਕਿ ਉਹ ਅਸਲ ਨਾਲੋਂ ਕੁਝ ਵਧਾਅ-ਚੜ੍ਹਾਅ ਕੇ ਆਪਣੀ ਘੱਟ ਨਜ਼ਰ ਦਾ ਪ੍ਰਚਾਰ ਕਰਨ ਲੱਗਾ। ਨੇੜਿਓਂ ਹੀ ਸਹੀ, ਨਿੱਕੇ ਅੱਖਰਾਂ ਨੂੰ ਪੜ੍ਹ ਲੈਣ ਵਾਲਾ ਉਹ ਕਦੇ-ਕਦਾਰ ਸਾਹਮਣੇ ਵਾਲੇ ਨੂੰ ਪਛਾਣਨ ਤੋਂ ਇਨਕਾਰ ਕਰ ਦੇਂਦਾ ਜਾਂ ਗ਼ਲਤ ਨਾਂ ਨਾਲ ਬੁਲਾਉਂਦਾ। ਇਹ ਹਰਕਤ ਕੁੜੀਆਂ ਨੂੰ ਵਿਸ਼ੇਸ਼ ਤੌਰ 'ਤੇ ਦੁਖੀ ਕਰਦੀ। ਉਹ ਅਲੜ੍ਹ ਰੂਪਮਤੀ ਨੂੰ ਕਿਸੇ ਅਧਿਆਪਕਾ ਦੇ ਨਾਂ ਨਾਲ ਸੰਬੋਧਤ ਕਰਦਾ ਤਾਂ ਉਹ ਖ਼ਫ਼ਾ ਹੋ ਜਾਂਦੀ। ਦਿੱਲੀ ਦੇ ਕਰੋਲਬਾਗ ਦੀ ਇਕ ਪ੍ਰਸਿੱਧ ਦੁਕਾਨ ਤੋਂ ਮੰਗਵਾਏ ਕੇ ਦੁੱਪਟੇ ਲੈਣ ਵਾਲੀ ਇਕ ਕੁੜੀ ਨੂੰ ਉਸਨੇ ਕਿਹਾ, “ਕੁੜੀਆਂ ਵਿਚ ਇਹ ਸਾਫੇ ਲੈਣ ਦਾ ਫ਼ੈਸ਼ਨ ਹੁਣੇ ਸ਼ੁਰੂ ਹੋਇਆ ਜਾਪਦਾ ਏ?” ਪਰ ਉਹ ਪੜ੍ਹਨ ਵਿਚ ਹੁਸ਼ਿਆਰ, ਚੰਗੇ ਨੱਕ-ਨਕਸ਼ੇ ਵਾਲਾ ਤੇ ਸ਼ਬਦਾਂ ਦਾ ਘਾੜਾ ਮੁੰਡਾ ਸੀ, ਸੋ ਕੁੜੀਆਂ ਜਵਾਬ ਵਿਚ ਉਸਨੂੰ ਸਿਲਵਤਾਂ, ਸ਼ਲੋਕ ਨਹੀਂ ਸੀ ਸੁਣਾਉਂਦੀਆਂ ਹੁੰਦੀਆਂ। ਸਗੋਂ ਇਸ ਕਾਰਨ ਉਸ ਵੱਲ ਹੋਰ ਖਿੱਚੀਆਂ ਜਾਂਦੀਆਂ ਸਨ। ਉਸ ਅਕਸਰ ਖ਼ੁਦ ਨੂੰ ਦਿਖਾਉਣ ਖ਼ਾਤਰ ਉਸਦੇ ਕਾਫੀ ਨੇੜੇ ਆ ਖਲੋਂਦੀਆਂ, ਤਾਂ ਉਹ ਇਹ ਕਹਿ ਕੇ ਨਿਰਾਸ਼ ਕਰ ਦੇਂਦਾ—“ਏਨੀ ਦੂਰ ਖੜ੍ਹੇ ਹੋਣ ਕਰਕੇ ਮੈਨੂੰ ਠੀਕ ਤਰ੍ਹਾਂ ਦਿਖਾਈ ਨਹੀਂ ਦੇ ਰਹੇ ਤੁਸੀਂ।” ਉਹ ਉਦਾਸ ਹੋ ਜਾਂਦੀਆਂ।...ਤੇ ਉਦੋਂ ਸ਼ਰਮਸਾਰ ਵੀ ਹੁੰਦੀਆਂ ਜਦੋਂ ਉਹਨਾਂ ਦੀਆਂ ਸੁਡੌਲ ਉਂਗਲਾਂ ਦੀ ਨਹੁੰ ਪਾਲਸ਼ ਦੇਖ ਕੇ ਉਹ ਕਹਿੰਦਾ, “ਪੈਨ ਲੀਕ ਕਰ ਗਿਆ ਸੀ ਕਿ...ਉਂਗਲਾਂ ਨੂੰ ਏਨੀ ਸਿਆਹੀ ਲੱਗੀ ਹੋਈ ਏ?” ਇਕ ਕੁੜੀ ਦੀ ਭਾਬੀ ਉਸ ਲਈ ਫਰਾਂਸ ਤੋਂ ਲਿਪਸਟਿਕ ਲਿਆਈ ਸੀ ਜਿਸਦੀ ਲਾਲੀ ਉਸਦੇ ਬੁੱਲ੍ਹਾਂ 'ਤੇ ਦੇਖ ਕੇ ਉਸਦੀ ਟਿੱਪਣੀ ਸੀ, “ਵੈਦੇਹੀ ਪਾਨ ਨਾ ਖਾਇਆ ਕਰ, ਦੰਦ ਖ਼ਰਾਬ ਹੋ ਜਾਣਗੇ।” ਇਹ ਸਭ ਦੇਖ ਕੇ ਮੁੰਡਿਆਂ ਨੇ ਉਸ ਬਾਰੇ ਐਲਾਨ ਕਰ ਦਿੱਤਾ ਸੀ ਕਿ 'ਰਤਨ ਕੁਮਾਰ ਇਕ ਨੰਬਰ ਦਾ ਪਹੁੰਚਿਆ ਹੋਇਆ ਪੱਤੇਬਾਜ ਹੈ ਤੇ ਕੁੜੀਆਂ ਫਸਾਉਣ ਦਾ ਇਹ ਉਸਦਾ ਸਟਾਈਲ ਹੈ।' ਪਰ ਜਦੋਂ ਇਹਨਾਂ ਵਿਚੋਂ ਇਕ ਦੀ ਸ਼ਰਟ ਦੀ ਜੇਬ ਵਿਚ ਪੈਨ ਦੇਖ ਕੇ ਉਸਨੇ ਕਿਹਾ ਸੀ, “ਤੂੰ ਕੰਘੀ ਉਪਰ ਵਾਲੀ ਜੇਬ ਵਿਚ ਕਿਉਂ ਪਾਈ ਹੋਈ ਏ, ਤੇਰੀ ਪਤਲੂਨ ਦੇ ਹਿਪ ਪਾਕੇਟ ਨਹੀਂ ਲੱਗੀ ਹੋਈ?” ਤਾਂ ਮੁੰਡਿਆਂ ਨੂੰ ਯਕੀਨ ਹੋਣ ਲੱਗ ਪਿਆ ਸੀ ਕਿ ਰਤਨ ਕੁਮਾਰ ਨੂੰ ਵਾਕੱਈ ਘੱਟ ਦਿਸਦਾ ਹੈ। ਇਸ ਖ਼ਿਆਲ ਵਿਚ ਵਾਧਾ ਇਕ ਦਿਨ ਕੈਂਟੀਨ ਵਿਚ ਹੋਇਆ। ਉਸਨੇ ਸਮੋਸਾ ਚਟਨੀ ਵਿਚ ਡੁਬੋਣ ਲਈ ਹੱਥ ਹੇਠ ਕੀਤਾ ਤਾਂ ਪਲੇਟ ਦੀ ਜਗ੍ਹਾ ਮੇਜ਼ 'ਤੇ ਜਾ ਲੱਗਿਆ ਸੀ।
ਉਸ ਵੇਲੇ ਸੁਨਿਧੀ ਵੀ ਕੈਂਟੀਨ ਵਿਚ ਬੈਠੀ ਹੋਈ ਚਾਹ ਪੀ ਰਹੀ ਸੀ। ਰਤਨ ਕੁਮਾਰ ਦੀ ਨਾਕਾਮੀ ਦੇਖ ਕੇ ਉਸਨੂੰ ਦਯਾ ਆਈ ਤੇ ਚਿੰਤਾ ਵੀ ਹੋਈ ਕਿ ਰਤਨ ਦੀਆਂ ਅੱਖਾਂ ਹੁਣ ਜ਼ਿਆਦਾ ਖ਼ਰਾਬ ਹੋ ਗਈਆਂ ਨੇ। ਉਸਨੇ ਸੋਚਿਆ ਇਸ ਵਿਚਾਰੇ ਦੀ ਬੇੜੀ ਕਿੰਜ ਪਾਰ ਲੱਗੇਗੀ! ਇਸਦੀ ਹਾਲਤ ਇਹ ਹੈ ਤੇ ਇਸ ਸੰਸਾਰ ਵਿਚ ਇਸਦਾ ਇਕ ਬਾਬੇ ਦੇ ਸਿਵਾਏ ਹੋਰ ਕੋਈ ਹੈ ਵੀ ਨਹੀਂ, ਜਿਹੜਾ ਹੁਣ ਬੁੱਢਾ ਹੋ ਗਿਆ ਹੈ। ਉਸਦੇ ਪਿੱਛੋਂ ਕੌਣ ਇਸਦਾ ਖ਼ਿਆਲ ਰੱਖੇਗਾ। ਉਸਨੇ ਖ਼ੁਦ ਨੂੰ ਕਿਹਾ—'ਮੈਂ! ਮੈਂ ਇਸਦੇ ਬਚਪਨ ਦੀ ਦੋਸਤ ਹਾਂ, ਮੈਂ ਇਸਦਾ ਖ਼ਿਆਲ ਰੱਖਾਗੀ।' ਉਸਨੂੰ ਰਤਨ ਦਾ ਬੜਾ ਹੀ ਮੋਹ ਆਇਆ ਸੀ ਤੇ ਉਸੇ ਪਲ ਤੋਂ ਉਹ ਯੂਨੀਵਰਸਟੀ ਵਿਚ ਵਧੇਰੇ ਸਮਾਂ ਉਸਦੇ ਨਾਲ ਬਿਤਾਉਣ ਲੱਗ ਪਈ ਸੀ। ਨਾਲ ਰਹਿੰਦੀ ਹੋਈ ਉਹ ਆਪਣੇ ਅੰਦਰ ਖ਼ੁਸ਼ੀ, ਨਰੋਆਪਨ ਤੇ ਸ਼ਾਂਤੀ ਮਹਿਸੂਸ ਕਰਦੀ। ਬਸ ਇਕ ਕਮੀ ਉਸਨੂੰ ਰੜਕਦੀ ਸੀ ਕਿ ਕੀ ਰਤਨ ਕੁਮਾਰ ਉਸਨੂੰ ਠੀਕ ਤਰ੍ਹਾਂ ਪਛਾਣਦਾ ਵੀ ਹੈ! ਇਹ ਘੁਟਣ ਉਸਦੇ ਅੰਦਰ ਇਸ ਰੂਪ ਵਿਚ ਪ੍ਰਗਟ ਹੁੰਦੀ—'ਕੀ ਸੈਂਕੜਿਆਂ ਵਿਚ ਉਹ ਮੈਨੂੰ ਠੀਕ ਤਰ੍ਹਾਂ ਪਛਾਣ ਸਕੇਗਾ ਤੇ ਕਹੇਗਾ ਕਿ ਇਹ ਮੈਂ ਹਾਂ!' ਸੰਭਾਵੀ ਜਵਾਬ ਉਸਨੂੰ ਨਿਰਾਸ਼ਾ ਵੱਲ ਧਰੀਕ ਦੇਂਦਾ—'ਮੇਰਾ ਰੰਗ, ਮੇਰੀ ਘਾੜਤ, ਮੇਰੇ ਸ਼ਰੀਰ ਦੀ ਹਲਚਲ ਨੂੰ ਉਹ ਕਦੀ ਨਹੀਂ ਦੇਖ ਸਕੇਗਾ।' ਅਜੀਬ ਗੱਲ ਸੀ ਕਿ ਜਿੰਨਾ ਵਧ ਉਹ ਉਸਦੀ ਇਸ ਕਮੀ ਬਾਰੇ ਵਿਚਾਰ ਕਰਦੀ , ਓਨਾ ਹੀ ਵੱਧ ਰਤਨ ਨਾਲ ਲਗਾਅ ਮਹਿਸੂਸ ਕਰਨ ਲੱਗਦੀ। ਜਦੋਂ ਉਸਨੂੰ ਯਾਦ ਆਉਂਦਾ ਕਿ ਰਤਨ ਦੀ ਇਸ ਬਿਮਾਰੀ ਦਾ ਕੋਈ ਇਲਾਜ਼ ਨਹੀਂ ਹੈ, ਓਦੋਂ ਸ਼ਾਇਦ ਰਤਨ ਦੇ ਪ੍ਰਤੀ ਉਸਦਾ ਲਗਾਅ ਚਰਮ ਸੀਮਾ 'ਤੇ ਹੁੰਦਾ, ਪਰ ਉਹ ਇਹ ਸੋਚ ਕੇ ਪ੍ਰੇਸ਼ਾਨ ਹੋ ਜਾਂਦੀ ਕਿ ਕਿਤੇ ਇਸ ਦੀਆਂ ਅੱਖਾਂ ਪਹਿਲਾਂ ਨਾਲੋਂ ਵੱਧ ਖ਼ਰਾਬ ਨਾ ਹੋ ਜਾਣ।...ਜੇ ਇਕ ਦਿਨ ਉਹ ਪੂਰੀ ਤਰ੍ਹਾਂ ਅੰਨ੍ਹਾ ਹੋ ਗਿਆ ਫੇਰ? ਤੇ ਹੈਰਾਨੀਜਨਕ ਰੂਪ ਵਿਚ ਅਜਿਹੀ ਮਨ-ਸਥਿਤੀ ਵਿਚ ਉਸਦੇ ਅੰਦਰ ਰਤਨ ਕੁਮਾਰ ਲਈ ਪਿਆਰ ਕਤਈ ਵਧਦਾ ਤੇ ਉਛਾਲੇ ਨਹੀਂ ਸੀ ਮਾਰਦਾ। ਉਹ ਅਥਾਹ ਖ਼ੌਫ਼ ਨਾਲ ਕੰਬ ਜਾਂਦੀ ਤੇ ਰਤਨ ਤੇ ਖ਼ੁਦ ਨਾਲੋਂ ਇਕ ਝਟਕੇ ਨਾਲ ਟੁੱਟ ਕੇ ਦੂਰ ਜਾ ਡਿੱਗਦੀ। ਫੇਰ ਉਹ ਹੌਲੀ-ਹੌਲੀ ਇਹ ਸੋਚ ਕੇ ਆਪਣੇ ਆਪ ਵਿਚ ਪਰਤ ਆਉਂਦੀ ਕਿ ਇੰਜ ਨਹੀਂ ਹੋਵੇਗਾ। ਉਸਦੀ ਅੱਖਾਂ ਦੀ ਜੋਤ ਬਿਹਤਰ ਨਾ ਹੋਈ ਤਾਂ ਬਦਤਰ ਵੀ ਨਹੀਂ ਹੋਵੇਗੀ। ਇਕ ਦਿਨ ਲਾਇਬਰੇਰੀ ਕੋਲ ਉਸਨੇ ਪੁੱਛਿਆ, “ਰਤਨ ਪਹਿਲਾਂ ਨਾਲੋਂ ਹੁਣ ਕਿੰਜ ਦਿਖਾਈ ਦੇਂਦਾ ਏ?”
“ਬਿਹਤਰ।” ਰਤਨ ਨੇ ਦੱਸਿਆ।
“ਕੀ ਕਿਸੇ ਨਵੇਂ ਡਾਕਟਰ ਨੂੰ ਦਿਖਾਇਆ ਸੀ?” ਉਹ ਹੌਸਲੇ ਵਿਚ ਹੋ ਗਈ ਸੀ।
“ਡਾਕਟਰ ਨੇ ਕਿਹਾ ਸੀ—'ਤੇਰੀ ਜੋਤੀ ਤੇਰੇ ਕੋਲ ਨਹੀਂ, ਇਸ ਲਈ ਘੱਟ ਦੇਖਦਾ ਏਂ।' ਹੁਣ ਮੇਰੀ ਜੋਤੀ ਮੇਰੇ ਕੋਲ ਏ।” ਉਸਨੇ ਸੁਨਿਧੀ ਦੀ ਹਥੇਲੀ ਨੂੰ ਛੂਹਿਆ, “ਹੁਣ ਤੂੰ ਮੇਰੇ ਕੋਲ ਏਂ, ਮੈਨੂੰ ਸਭ ਦਿਖਦਾ ਏ।”
“ਮਤਲਬ?” ਸੁਨਿਧੀ ਅੱਧੀ ਹੈਰਾਨ, ਅੱਧੀ ਖ਼ੁਸ਼ ਸੀ।
“ਮਤਲਬ ਇਹ ਕਿ ਤੇਰੇ ਟਾਪ ਦੇ ਨੀਲੇ ਬਟਨ ਵਾਕੱਈ ਬੜੇ ਖ਼ੂਬਸ਼ੂਰਤ ਨੇ।”
ਉਹ ਤ੍ਰਬਕੀ ਸੀ।
ਤੇ ਜਦੋਂ ਇਕ ਰੇਸਤਰਾਂ ਦੇ ਹਲਕੇ ਚਾਨਣ ਵਿਚ ਉਸਨੇ ਕਿਹਾ, “ਤੂੰ ਆਪਣੇ ਭਰਵੱਟੇ ਠੀਕ ਕਰਵਾਏ ਨੇ।” ਤਾਂ ਉਹ ਹੋਰ ਵੀ ਹੈਰਾਨ ਹੋਈ ਸੀ। ਪਰ ਅੜਤਾਲੀ ਘੰਟੇ ਬਾਅਦ ਉਹ ਇਕ ਸਿਨੇਮਾ ਹਾਲ ਦੀਆਂ ਪੌੜੀਆਂ ਠੀਕ ਤਰ੍ਹਾਂ ਨਹੀਂ ਸੀ ਦੇਖ ਸਕਿਆ ਤੇ ਡਿੱਗ ਪਿਆ ਸੀ। ਉਸਦੇ ਟਿਟਨਸ ਦਾ ਇੰਜੈਕਸ਼ਨ ਲਗਵਾਉਣ ਤੇ ਮਲ੍ਹਮਪੱਟੀ ਕਰਵਾਉਣ ਪਿੱਛੋਂ ਸੁਨਿਧੀ ਨੇ ਪੁੱਛਿਆ ਸੀ, “ਤੈਨੂੰ ਪੌੜੀ ਦਿਖਾਈ ਨਹੀਂ ਦਿੱਤੀ ਪਰ ਮੇਰੇ ਭਰਵੱਟੇ ਦਿਸ ਪਏ ਸੀ, ਕੀ ਮਾਜਰਾ ਏ ਇਹ?”
“ਮਾਜਰਾ ਇਹ ਐ ਕਿ ਮੈਂ ਤੇਰੇ ਭਰਵੱਟੇ ਦੇਖਣ 'ਚ ਰੁੱਝ ਗਿਆ ਸਾਂ, ਇਸ ਲਈ ਪੌੜੀ ਨਹੀਂ ਦੇਖ ਸਕਿਆ।” ਅਜਿਹੇ ਵਾਕ ਕਹਿਣ ਪਿੱਛੋਂ ਆਦਤ ਅਨੁਸਾਰ ਉਸਨੂੰ ਮੁਸਕੁਰਾਉਣਾ ਚਾਹੀਦਾ ਸੀ, ਪਰ ਉਹ ਬੜਾ ਸ਼ਾਂਤ ਹੋ ਗਿਆ ਸੀ—ਜਿਸ ਵਿਚ ਹੈਰਾਨੀ, ਸੱਚਾਈ, ਬੇਚੈਨੀ ਤੇ ਖ਼ਾਮੋਸ਼ੀ ਦਾ ਰਲਗਡ ਸੀ। ਇੰਜ ਲੱਗਦਾ ਸੀ, ਉਸਦੀਆਂ ਬਿਮਾਰ ਅੱਖਾਂ ਵਿਚੋਂ ਅੱਥਰੂ ਵਹਿ ਨਿਕਲਣਗੇ, “ਵਾਕੱਈ ਮੈਨੂੰ ਠੀਕ ਤਰ੍ਹਾਂ ਦਿਖਾਈ ਨਹੀਂ ਦੇਂਦਾ। ਗੱਲ ਬਸ ਏਨੀ ਏ ਕਿ ਮੈਂ ਦੋ ਪੌੜੀਆਂ ਦੀ ਵਿਚਕਾਰਲੀ ਵਿੱਥ ਨੂੰ ਜਾਂਚ ਨਹੀਂ ਸਕਿਆ, ਤੇ ਡਿੱਗ ਪਿਆ।” ਬਿੰਦ ਦਾ ਬਿੰਦ ਉਹ ਰੁਕਿਆ, ਜਿਵੇਂ ਕੁਝ ਖਾਸ ਦੱਸਣ ਜਾਂ ਛਿਪਾਉਣ ਦੀ ਤਿਆਰੀ ਕਰ ਰਿਹਾ ਹੋਵੇ। ਉਸਨੇ ਇਕ ਲੰਮਾ ਸਾਹ ਖਿੱਚਿਆ, ਜਿਵੇਂ ਕੋਈ ਦਾਸਤਾਨ ਸੁਣਾਉਣ ਲੱਗਾ ਹੋਵੇ। ਬੋਲਿਆ, “ਤੂੰ ਮੇਰੀ ਗੱਲ ਦਾ ਯਕੀਨ ਨਹੀਂ ਕਰੇਂਗੀ, ਪਰ ਸੱਚ ਇਹ ਐ ਕਿ ਮੇਰੇ ਨਾਲ ਇੰਜ ਈ ਹੁੰਦੈ।...ਕਦੀ-ਕਦੀ ਮੈਨੂੰ ਇੰਜ ਜਾਪਦੈ ਜਿਵੇਂ ਮੈਂ ਬਿਲਕੁਲ ਸਾਫ ਦੇਖਣ ਲੱਗ ਪਿਆਂ। ਮੇਰੀਆਂ ਅੱਖਾਂ ਦੀ ਵਿਗੜਦੀ ਹੋਈ ਰੌਸ਼ਨੀ ਇਕੱਠੀ ਹੋ ਕੇ ਵਾਪਸ ਆ ਗਈ ਏ...ਤੇ ਉਦੋਂ ਮੈਂ ਬੜੀਆਂ ਛੋਟੀਆਂ-ਛੋਟੀਆਂ ਤੇ ਬਾਰੀਕ ਚੀਜ਼ਾਂ ਵੀ ਦੇਖਣ ਲੱਗਦਾ ਆਂ। ਪਰ ਇੰਜ ਬੜਾ ਘੱਟ ਹੁੰਦਾ ਏ। ਮੇਰੀ ਗੱਲ 'ਤੇ ਭਰੋਸਾ ਕਰੀਂ, ਉਦੋਂ ਮੈਂ ਸੂਈ 'ਚ ਧਾਗਾ ਵੀ ਪਾ ਸਕਦਾਂ। ਡਿੱਗੀ ਹੋਈ ਰਾਈ ਦਾ ਦਾਣਾ ਤਕ ਲੱਭ ਸਕਦਾਂ। ਤੇ ਇਧਰ ਇਹ ਹੋ ਰਿਹਾ ਏ ਕਿਉਂਕਿ ਤੈਨੂੰ ਦੇਖ ਕੇ ਮੇਰੇ ਅੰਦਰ ਭਾਵਨਾਵਾਂ ਦਾ ਸਮੁੰਦਰ ਠਾਠਾਂ ਮਾਰਨ ਲੱਗਦਾ ਏ। ਮੈਂ ਤੈਨੂੰ ਪਿਆਰ ਕਰਦਾ ਆਂ ਸੁਨਿਧੀ।”
ਸੁਨਿਧੀ ਹੱਸੀ, ਉਸਨੂੰ ਉਸਦੀ ਗੱਲ ਉੱਤੇ ਰੱਤੀ ਭਰ ਵੀ ਵਿਸ਼ਾਵਸ ਨਹੀਂ ਸੀ ਆਇਆ। ਉਸਨੇ ਇਹੀ ਨਤੀਜਾ ਕੱਢਿਆ ਸੀ ਕਿ ਉਸਨੇ ਬੜੀ ਹੁਸ਼ਿਆਰੀ ਨਾਲ ਇਸ ਮੌਕੇ ਨੂੰ ਆਪਣੇ ਪ੍ਰੇਮ ਦੇ ਪ੍ਰਗਟਾਵੇ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ। ਪਰ ਉਸਦਾ ਇਹ ਢੰਗ ਉਸਨੂੰ ਪਸੰਦ ਆਇਆ ਸੀ ਤੇ ਉਹ ਬੜੇ ਮੋਹਣੇ ਅੰਦਾਜ਼ ਵਿਚ ਹੱਸੀ ਸੀ। ਪਰ ਅਗਲੇ ਛਿਣ ਹੀ ਚੁੱਪ ਹੋ ਗਈ ਸੀ, ਜਿਵੇਂ ਇਕ ਯੁੱਗ ਲਈ ਮੌਨ ਧਾਰ ਲਿਆ ਹੋਵੇ।...ਤੇ ਫੇਰ ਹੱਸ ਪਈ ਸੀ, ਜਿਵੇਂ ਇਕ ਯੁੱਗ ਪਿੱਛੋਂ ਹੱਸੀ ਹੋਵੇ।
ਪਰ ਉਸਨੇ ਝੂਠ ਨਹੀਂ ਸੀ ਕਿਹਾ, ਇਹ ਯੂਨੀਵਰਸਟੀ ਛੱਡਣ ਤੋਂ ਦੋ ਸਾਲ ਬਾਅਦ ਸਾਬਤ ਹੋਇਆ ਸੀ—ਦੀਵਾਲੀ ਦੀ ਮੱਸਿਆ ਵਾਲੀ ਰਾਤ ਸੀ। ਸੁਨਿਧੀ ਦੇ ਬੈੱਡਰੂਮ ਦੀਆਂ ਲਾਈਟਾਂ ਬੁਝੀਆਂ ਹੋਈਆਂ ਸਨ। ਇਕ ਮੇਜ਼ ਉੱਤੇ ਮਿੱਟੀ ਦੇ ਸਿਰਫ ਸੱਤ ਦੀਵੇ ਬਲ ਰਹੇ ਸਨ। ਹਰ ਦੀਵੇ ਦੀ ਤੇਲ ਵਿਚ ਡੁੱਬੀ ਹੋਈ ਬੱਤੀ ਦਾ ਇਕ ਸਿਰਾ ਟਿਮਟਿਮਾ ਰਿਹਾ ਸੀ। ਇਸ ਤਰ੍ਹਾਂ ਸੱਤ ਟਿਮਟਿਮਾਉਂਦੀਆਂ ਹੋਈਆਂ ਰੋਸ਼ਨੀਆਂ ਕਮਰੇ ਵਿਚ ਥਿਰਕ ਰਹੀਆਂ ਸਨ। ਕਮਰੇ ਵਿਚ ਨਿੰਮ੍ਹਾਂ-ਨਿੰਮ੍ਹਾਂ ਜਿਹਾ ਚਾਨਣ ਸੀ। ਜਿਵੇਂ ਉਨੀਂਦਾ ਚਾਨਣ ਹੌਲੀ-ਹੌਲੀ ਸਾਹ ਲੈ ਰਿਹਾ ਹੋਵੇ। ਉਹਨਾਂ ਦੀਵਿਆਂ ਦੇ ਚਾਨਣ ਵਿਚ ਸੁਨਿਧੀ ਦੀ ਹਿੱਕ ਭਖ਼ ਰਹੀ ਸੀ। ਸੁਨਿਧੀ ਦੀ ਨੰਗੀ ਲੰਮੀ ਪਿੱਠ ਉੱਤੇ ਉਸਨੇ ਹੌਲੀ ਜਿਹੀ ਸੱਜੀ ਹਥੇਲੀ ਰੱਖੀ, “ਪਿੱਠ ਵੀ ਭਖ਼ ਰਹੀ ਐ।”
“ਕੀ ਬੜੀ ਗਰਮ ਐ?” ਸੁਨਿਧੀ ਨੇ ਪੁੱਛਿਆ।
“ਹਾਂ।”
“ਕੀ ਵਾਕਈ?”
“ਹਾਂ। ਤੇ ਤੇਰੀ ਦੇਹ 'ਚੋਂ ਚਾਨਣ ਵੀ ਫੁੱਟ ਰਿਹੈ।”
“ਹੋਰ...?”
“ਹੋਰ, ਜਿਵੇਂ ਅਤਿਸ਼ਬਾਜ਼ੀ ਚੱਲ ਰਹੀ ਹੋਵੇ।” ਉਸਨੇ ਕਿਹਾ ਸੀ ਤੇ ਸੁਨਿਧੀ ਦੀਆਂ ਦੋਵਾਂ ਛਾਤੀਆਂ ਵਿਚਕਾਰ ਚੁੰਮਿਆਂ ਸੀ, “ਇੱਥੇ ਤਿਲ ਐ ਤੇਰੇ।”
ਉਸਨੇ ਸੁਨਿਧੀ ਦੀ ਗਰਦਨ ਦੇ ਖੱਬੇ ਪਾਸੇ ਵੀ, ਜਿੱਥੇ ਵਾਲਾਂ ਦਾ ਇਲਾਕਾ ਖ਼ਤਮ ਹੁੰਦਾ ਸੀ, ਤਿਲ ਦੇਖਿਆ ਸੀ। ਉਸਨੇ ਲੱਕ ਦੇ ਉਭਾਰ ਤੇ ਢਲਵਾਨ ਉੱਤੇ ਤੇ ਧੁੱਨੀ ਤੋਂ ਥੋੜ੍ਹਾ ਉਪਰ ਵੀ ਤਿਲ ਦੇਖੇ ਸਨ।
ਸੁਨਿਧੀ ਡਰ, ਖ਼ੁਸ਼ੀ, ਹੈਰਾਨੀ ਤੇ ਝੱਲ ਵੱਸ ਕੰਬ ਗਈ ਸੀ—ਕਿ ਸੱਤ ਦੀਵਿਆਂ ਦੇ ਚਾਨਣ ਵਿਚ ਉਹ ਉਸਦੇ ਸੂਖਮ ਕਾਇਆ-ਬਿੰਦੂਆਂ ਦੀ ਸ਼ਨਾਖ਼ਤ ਕਰ ਰਿਹਾ ਸੀ।
ਉਸ ਰਾਤ ਸੱਤ ਦੀਵੇ ਸਾਰੀ ਰਾਤ ਜਗਦੇ ਰਹੇ ਸਨ ਤੇ ਉਹ ਦੋਵੇਂ ਸਾਰੀ ਰਾਤ ਜਾਗਦੇ ਸਨ। ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ—ਸੱਤ ਦੀਵੇ ਰਾਤ ਭਰ ਜਗਦੇ ਰਹੇ, ਦੋ ਜਿੰਦਾਂ ਰਾਤ ਭਰ ਭਖ਼ਦੀਆਂ ਰਹੀਆਂ।

ਉਹ ਉਹਨਾਂ ਦੋਵਾਂ ਦੇ ਖ਼ੁਸ਼ੀਆਂ-ਖੇੜਿਆਂ ਭਰੇ ਦਿਨ ਸਨ। ਸੁਨਿਧੀ ਚੰਗੀ ਤਨਖ਼ਾਹ 'ਤੇ ਇਕ ਕੰਪਨੀ ਵਿਚ ਕੰਮ ਕਰ ਰਹੀ ਸੀ। ਉਹ ਵੀ ਯੂਨੀਵਾਸਟੀ ਵਿਚ ਲੈਕਚਰਰ ਲੱਗ ਗਿਆ ਸੀ। ਕਹਿੰਦੇ ਨੇ ਇੰਟਰਵਿਊ ਲਈ ਬਣੀ ਵਿਸ਼ੇਸ਼ਕਾਂ ਦੀ ਚੋਣ ਕਮੇਟੀ ਦਾ ਇਕ ਮੈਂਬਰ ਬੜਾ ਪੜ੍ਹਾਕੂ ਸੀ, ਜਿਸਦੇ ਬਾਰੇ ਚਰਚਾ ਸੀ ਕਿ ਇੰਟਰਵਿਊ ਸਮੇਂ ਇਕ ਉਮੀਦਵਾਰ ਦੇ ਜਾਣ ਤੇ ਦੂਜੇ ਦੇ ਆਉਣ ਦੇ ਵਿਚਕਾਰਲੇ ਸਮੇਂ ਵਿਚ ਵੀ ਉਹ ਕਿਤਾਬ ਪੜ੍ਹਨ ਲੱਗ ਪੈਂਦਾ ਸੀ। ਇਸ ਅਧਿਅਨਸ਼ੀਲ ਬੌਧਿਕ ਦੇ ਮੱਥੇ 'ਤੇ ਰਤਨ ਕੁਮਾਰ ਨੂੰ ਦੇਖ ਕੇ ਤਿਊੜੀਆਂ ਉਭਰ ਆਈਆਂ। ਉਹ ਆਪਣੀਆਂ ਤਿਊੜੀਆਂ ਦੇ ਤੇਜ਼ ਵਿਚੋਂ ਬੋਲੇ, “ਇਕ ਅਧਿਆਪਕ ਨੇ ਸਾਰਾ ਜੀਵਨ ਪੜ੍ਹਨਾ ਹੁੰਦਾ ਏ, ਤੁਸੀਂ ਇਹਨਾਂ ਅੱਖਾਂ ਨਾਲ ਕਿੰਜ ਪੜ੍ਹੋਗੇ?” ਇਹ ਕਹਿ ਕੇ ਉਹਨਾਂ ਆਪਣੀ ਕਿਤਾਬ ਚੁੱਕ ਲਈ ਸੀ। ਉਹ ਉਸਨੂੰ ਖੋਲ੍ਹਣ ਹੀ ਲੱਗੇ ਸਨ ਕਿ ਉਹਨਾਂ ਨੂੰ ਰਤਨ ਕੁਮਾਰ ਦੀ ਆਵਾਜ਼ ਸੁਣਾਈ ਦਿੱਤੀ, “ਪੜ੍ਹਨ ਲਈ ਆਪਣੀਆਂ ਅੱਖਾਂ ਤੇ ਕਿਤਾਬ ਨੂੰ ਕਸ਼ਟ ਕਿਉਂ ਦੇ ਰਹੇ ਹੋ, ਮੈਂ ਜ਼ਬਾਨੀ ਸੁਣਾ ਦੇਂਦਾ ਆਂ।” ਰਤਨ ਕੁਮਾਰ ਨੇ ਅੱਖਾਂ ਬੰਦ ਕਰ ਲਈਆਂ ਤੇ ਉਸ ਕਿਤਾਬ ਨੂੰ ਅੱਖਰ-ਅੱਖਰ ਬੋਲਣ ਲੱਗਾ। ਕੌਮਾ, ਡੰਡੀ ਸਮੇਤ ਉਸਨੇ ਕਿਤਾਬ ਦਾ ਇਕ ਪਾਠ ਸੁਣਾ ਦਿੱਤਾ ਸੀ। ਇਸ ਕਿੱਸੇ ਵਿਚ ਅੱਤ-ਕਥਨੀ ਕੁਝ ਵਧੇਰੇ ਹੀ ਜਾਪਦੀ ਹੈ ਪਰ ਇਹ ਸੱਚ ਹੈ ਕਿ ਉਸ ਸਮੇਂ ਕੋਈ ਕਰਿਸ਼ਮਾ ਹੋਇਆ ਸੀ, ਕਿਉਂਕਿ ਰਤਨ ਕੁਮਾਰ ਨੂੰ ਬਗ਼ੈਰ ਕਿਸੇ ਸਿਫਾਰਸ਼ ਜਾਂ ਜਾਤੀ-ਵਰਗ ਦੇ ਆਰਕਸ਼ਣ ਤੋਂ ਚੁਣ ਲਿਆ ਗਿਆ ਸੀ।
ਨੌਕਰੀ ਮਿਲ ਜਾਣ ਪਿੱਛੋਂ ਉਹ ਬਾਬਾ ਜੀ ਨੂੰ ਆਪਣੇ ਕੋਲ ਰੱਖਣ ਲਈ, ਲੈ ਆਉਣ ਖਾਤਰ ਪ੍ਰਤਾਪਗੜ੍ਹ ਗਿਆ ਸੀ ਪਰ ਇਕੱਲਾ ਹੀ ਮੁੜਿਆ ਸੀ, ਬਾਬਾ ਜੀ ਕਿਧਰੇ ਜਾਣ ਲਈ ਤਿਆਰ ਹੀ ਨਹੀਂ ਸਨ। ਉਹਨਾਂ ਦੀ ਦਲੀਲ ਸੀ, “ਇਨਸਾਨ ਜਿੱਥੇ ਜਿਊਂ ਰਿਹਾ ਹੋਵੇ, ਉਸਨੂੰ ਉਹੀ ਜਗ੍ਹਾ ਮੌਤ ਲਈ ਚੁਣਨੀ ਚਾਹੀਦੀ ਐ। ਮੈਂ ਇੱਥੇ ਪ੍ਰਤਾਪਗੜ੍ਹ 'ਚ ਈ ਮਰਾਂਗਾ।”
“ਇਨਸਾਨ ਸਿਰਫ ਜ਼ਿੰਦਗੀ ਚੁਣਦਾ ਏ ਬਾਬਾਜੀ। ਮੌਤ ਆਪਣੀ ਜਗ੍ਹਾ, ਤੇ ਤਰੀਕਾ ਖ਼ੁਦ ਤੈਅ ਕਰਦੀ ਐ।” ਉਸਨੇ ਬਾਬਾ ਜੀ ਨਾਲ ਬਹਿਸ ਕੀਤੀ।
“ਇਨਸਾਨ ਦੇ ਹੱਥ ਕੁਝ ਨਹੀਂ ਹੁੰਦਾ, ਨਾ ਹੀ ਮੌਤ ਦੇ ਹੱਥ ਵਿਚ ਕੁਝ ਹੁੰਦੈ। ਸਭ ਉਪਰ ਵਾਲੇ ਦੀ ਮਰਜ਼ੀ ਮੂਜਬ ਹੁੰਦਾ ਐ। ਬਸ ਇਹ ਸਮਝ ਕਿ ਉਸਦੀ ਮਰਜ਼ੀ ਐ ਤੇਰਾ ਬਾਬਾ ਪ੍ਰਤਾਪਗੜ੍ਹ 'ਚ ਰਹੇ।” ਬਾਬਾ ਜੀ ਨੇ ਇਕ ਤਰ੍ਹਾਂ ਨਾਲ ਇਸ ਵਿਸ਼ੇ ਨੂੰ ਇੱਥੇ ਹੀ ਠੱਪ ਕਰ ਦਿੱਤਾ ਸੀ।
ਉਹ ਇਕੱਲਾ ਵਾਪਸ ਆ ਕੇ ਆਪਣੇ ਅਧਿਆਪਕ ਜੀਵਨ ਵਿਚ ਵਿਧੀਵਤ ਪ੍ਰਵੇਸ਼ ਹੋ ਗਿਆ ਸੀ। ਉਸਦੀਆਂ ਬਾਕੀ ਮੁਰਾਦਾਂ ਪੂਰੀਆਂ ਹੋ ਰਹੀਆਂ ਸਨ। ਉਹ ਆਪਣੇ ਬਚਪਨ ਨੂੰ ਯਾਦ ਕਰਦਾ ਸੀ ਜਦੋਂ ਉਸਦੀਆਂ ਅੱਖਾਂ ਨੂੰ ਦੇਖਦੇ ਹੀ ਬਾਬਾ ਜੀ ਦੀਆਂ ਅੱਖਾਂ ਵਿਚ ਹਨੇਰਾ ਵੱਸ ਜਾਂਦਾ ਸੀ, ਜਿਹੜਾ ਹੌਲੀ-ਹੌਲੀ ਚਿਹਰੇ ਉੱਤੇ ਇੰਜ ਲੱਥ ਆਉਂਦਾ ਸੀ ਕਿ ਚਿਹਰਾ ਕਾਲਾ ਪੈਣ ਲੱਗ ਪੈਂਦਾ ਸੀ। ਉਹਨੀਂ ਦਿਨੀ ਮੁੰਡੇ ਉਸਦੀਆਂ ਅੱਖਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸਨ ਤੇ ਉਸਦੇ ਬੰਜਰ ਭਵਿੱਖ ਨੂੰ ਸਿੰਨ੍ਹ ਕੇ ਕਾਂਵਾਂ ਰੌਲੀ ਪਾ ਦੇਂਦੇ ਸਨ। ਉਸਨੂੰ ਖ਼ੁਦ ਇਹੋ ਲੱਗਦਾ ਸੀ ਕਿ ਉਸਦਾ ਭਵਿੱਖ ਕੰਡਿਆਂ ਦੀ ਸੇਜ ਹੈ, ਪਰ ਹੁਣ ਉਹ ਕਾਫੀ ਖ਼ੂਸ਼ਨਸੀਬ ਨੌਜਵਾਨ ਸੀ—ਉਸ ਕੋਲ ਪਸੰਦੀਦਾ ਨੌਕਰੀ ਤੇ ਸੁਨਿਧੀ ਦੇ ਰੂਪ ਵਿਚ ਅਦੁੱਤੀ ਹਮਜੋਲੀ ਸੀ।
ਉਹ ਹਰ ਸ਼ਾਮ ਸੁਨਿਧੀ ਦੇ ਫ਼ਲੈਟ ਵੱਲ ਚਲਾ ਜਾਂਦਾ। ਉੱਥੇ ਜਾਣ ਦੀ ਉਸਨੂੰ ਏਨੀ ਕਾਹਲ ਰਹਿੰਦੀ ਕਿ ਉਹ ਸੁਨਿਧੀ ਨੂੰ ਫ਼ੋਨ ਕਰਕੇ ਉਸਦੇ ਹੋਣ, ਨਾ ਹੋਣ ਬਾਰੇ ਵੀ ਨਹੀਂ ਸੀ ਪੁੱਛਦਾ। ਇਸ ਲਈ ਕਈ ਵਾਰੀ ਸੁਨਿਧੀ ਦੇ ਫ਼ਲੈਟ ਨੂੰ ਜ਼ਿੰਦਰਾ ਲੱਗਿਆ ਮਿਲਦਾ। ਤਦ ਉਹ ਉਸਦੇ ਆਉਣ ਤਕ ਉੱਥੇ ਆਸਪਾਸ ਹੀ ਭੌਂਦਾ ਰਹਿੰਦਾ। ਸੁਨਿਧੀ ਨੇ ਉਸਨੂੰ ਇਸ ਹਾਲਤ ਵਿਚ ਕਈ ਵਾਰੀ ਦੇਖਿਆ ਸੀ। ਇਕ ਵਾਰੀ ਉਸਨੇ ਕਿਹਾ, “ਤੂੰ ਆਉਣ ਤੋਂ ਪਹਿਲਾਂ ਫ਼ੋਨ ਕਰ ਲਿਆ ਕਰੇਂ ਤਾਂ ਇਸ ਤਰ੍ਹਾਂ ਇੰਤਜ਼ਾਰ ਤਾਂ ਨਾ ਕਰਨਾ ਪਏ।”
“ਮੈਨੂੰ ਤੇਰਾ ਮਿਲਣਾ ਪਸੰਦ ਏ, ਤੇ ਤੇਰਾ ਇੰਤਜ਼ਾਰ ਕਰਨਾ ਵੀ। ਮੈਂ ਤੇਰੀ ਗ਼ੈਰ-ਹਾਜ਼ਰੀ ਵਿਚ ਵੀ ਤੇਰੇ ਨਾਲ ਮੁਲਾਕਾਤ ਕਰ ਰਿਹਾ ਹੁੰਦਾ ਆਂ ਤੇ ਇਕ ਸੰਤ ਵਾਂਗ ਬੇਖ਼ੁਦੀ ਵਿਚ ਚਲਾ ਜਾਂਦਾ ਹਾਂ। ਤੇਰੇ ਫ਼ਲੈਟ ਦੇ ਬਾਹਰ ਟਹਿਲਦਿਆਂ ਹੋਇਆਂ ਮੈਂ ਕਈ ਵਾਰੀ ਇਸ ਤਰ੍ਹਾਂ ਸੰਤ ਬਣਿਆਂ।”
“ਤੇਰਾ ਸੰਤ ਬਣਨਾ ਵਧੀਆਂ ਗੱਲ ਏ।” ਸੁਨਿਧੀ ਨੇ ਆਪਣੇ ਫ਼ਲੈਟ ਦੇ ਲਾਕ ਦੀ ਡੁਪਲੀਕੇਟ ਚਾਬੀ ਉਸਨੂੰ ਦਿੱਤੀ, “ਇਸਨੂੰ ਆਪਣੇ ਕੋਲ ਰੱਖ। ਆਇੰਦਾ ਮੇਰੇ ਘਰ ਦੇ ਬਾਹਰ ਨਹੀਂ, ਅੰਦਰ ਆਰਾਮ ਨਾਲ ਸੰਤ ਬਣੀ।”
ਉਸਨੇ ਚਾਬੀ ਜੇਬ ਵਿਚ ਪਾਉਂਦਿਆਂ ਹੋਇਆਂ ਕਿਹਾ ਸੀ, “ਘਰ ਦੇ ਅੰਦਰ ਮੈਂ ਸੰਤ ਨਹੀਂ, ਸ਼ੈਤਾਨ ਬਣਨਾ ਚਾਹਾਂਗਾ” ਉਸਦੀ ਗੱਲ 'ਤੇ ਸੁਨਿਧੀ ਨੇ ਬਨਾਊਟੀ ਗੁੱਸਾ ਦਿਖਾਇਆ ਸੀ, ਜਿਸ 'ਤੇ ਉਹ ਬਨਾਊਟੀ ਢੰਗ ਨਾਲ ਡਰ ਗਿਆ ਸੀ।
ਪਰ ਉਸ ਫ਼ਲੈਟ ਦੇ ਲਾਕ ਨੂੰ ਖੋਲ੍ਹਣਾ ਵੀ ਮੁਸ਼ਕਲ ਕੰਮ ਸੀ। ਉਸਦੀਆਂ ਕਮਜ਼ੋਰ ਅੱਖਾਂ ਲਾਕ ਦੇ ਛੇਕ ਨੂੰ ਠੀਕ ਤਰ੍ਹਾਂ ਦੇਖ ਨਹੀਂ ਸੀ ਸਕਦੀਆਂ। ਉਹ ਅੰਦਾਜ਼ੇ ਨਾਲ ਚਾਬੀ ਕਈ ਜਗ੍ਹਾ ਇਧਰ-ਉਧਰ ਰੱਖਦਾ ਰਹਿੰਦਾ ਤੇ ਆਖ਼ਰਕਾਰ ਦਰਵਾਜ਼ਾ ਖੁੱਲ੍ਹ ਹੀ ਜਾਂਦਾ।
ਉਹ ਸਰਦੀਆਂ ਦੀ ਇਕ ਸ਼ਾਮ ਸੀ। ਅੰਤਾਂ ਦੀ ਠੰਡ ਪੈ ਰਹੀ ਸੀ। ਹਿਮਾਚਲ ਵਿਚ ਬਰਫ਼ਬਾਰੀ ਹੋਈ ਸੀ, ਜਿਸ ਕਾਰਨ ਉਤਰ ਪ੍ਰਦੇਸ਼ ਵੀ ਠੰਡੀਆਂ ਹਵਾਵਾਂ ਨਾਲ ਭਰ ਗਿਆ ਸੀ। ਅੱਜ ਉਸਦੇ ਕੋਲ ਕਈ ਲਿਫ਼ਾਫ਼ੇ ਸਨ ਜਿਹਨਾਂ ਨੂੰ ਕੰਧ ਨਾਲ ਟਿਕਾ ਕੇ ਉਹ ਲਾਕ ਖੋਲ੍ਹ ਰਿਹਾ ਸੀ। ਪਰ ਉਸਦੀਆਂ ਉਂਗਲਾਂ ਠੰਡ ਨਾਲ ਏਨੀਆਂ ਠਰੀਆਂ ਹੋਈਆਂ ਸਨ ਕਿ ਚਾਬੀ ਠੀਕ ਤਰ੍ਹਾਂ ਫੜ੍ਹੀ ਨਹੀਂ ਸੀ ਜਾ ਰਹੀ।
ਉਦੋਂ ਹੀ ਸੁਨਿਧੀ ਆ ਗਈ ਤੇ ਦਰਵਾਜ਼ਾ ਖੋਲ੍ਹ ਕੇ ਦੋਵੇਂ ਅੰਦਰ ਪਹੁੰਚ ਗਏ। ਸੁਨਿਧੀ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਚਾਹ ਲਈ ਪਾਣੀ ਉਬਲਣਾ ਰੱਖ ਦਿੱਤਾ। ਕੁਝ ਛਿਣ ਬਾਅਦ ਦੋਵਾਂ ਦੇ ਹੱਥ ਵਿਚ ਚਾਹ ਦੇ ਗ਼ਲਾਸ ਸਨ। ਚਾਹ ਦੀਆਂ ਗਰਮ ਘੁੱਟਾਂ ਨਾਲ ਕੁਝ ਰਾਹਤ ਮਿਲਣ ਪਿੱਛੋਂ ਸੁਨਿਧੀ ਨੇ ਇਧਰ-ਉਧਰ ਅੱਖਾਂ ਘੁੰਮਾਂਦਿਆਂ ਹੋਇਆਂ ਪੁੱਛਿਆ, “ਅੱਜ ਬੜੇ ਲਿਫ਼ਾਫ਼ੇ ਨੇ ਤੇਰੇ ਕੋਲ।”
“ਦੇਖ ਜ਼ਰਾ ਇਹਨਾਂ ਵਿਚ ਕੀ ਏ!” ਉਸਨੇ ਦਿਖਾਇਆ—ਭਾਂਤ-ਭਾਂਤ ਦੀਆਂ ਖਾਣ ਵਾਲੀਆਂ ਵਸਤਾਂ ਸਨ ਤੇ ਇਕ ਵਿਚ ਖ਼ੂਬਸੂਰਤ ਨਵਾਂ ਸਵੈਟਰ ਸੀ, “ਇਹ ਸਭ ਤੇਰੇ ਲਈ ਐ।”
“ਬੜਾ ਖ਼ੂਸ਼ ਏਂ?”
“ਹਾਂ, ਅੱਜ ਪਹਿਲੀ ਤਨਖ਼ਾਹ ਜੋ ਮਿਲੀ ਐ। ਸੋਨੇ 'ਤੇ ਸੁਹਾਗਾ ਇਹ ਕਿ ਇਕ ਹੋਰ ਖਾਸ ਗੱਲ ਵੀ ਏ।”
“ਫੇਰ ਏਨੀ ਦੇਰ ਕਿਉਂ ਨਾ ਰਿਹੈਂ ਦੱਸਣ 'ਚ?”
“ਗੱਲ ਇਹ ਐ ਕਿ ਤੂੰ ਜਾਣਦੀ ਈ ਏਂ, ਮੈਂ ਅਖ਼ਬਾਰਾਂ ਲਈ ਕਦੀ-ਕਦੀ ਲਿਖਦਾ ਰਹਿੰਦਾ ਆਂ। ਅੱਜ ਸਵੇਰੇ ਜਦੋਂ ਮੈਂ ਯੂਨੀਵਰਸਟੀ ਲਈ ਨਿਕਲ ਰਿਹਾ ਸਾਂ ਉਦੋਂ 'ਜਨਾਦੇਸ਼' ਦੇ ਸੰਪਾਦਕ ਦਾ ਫ਼ੋਨ ਆਇਆ, ਮੇਰੇ ਕੋਲ। ਉਹ ਕਹਿ ਰਿਹਾ ਸੀ ਕਿ ਉਸਦੇ ਅਖ਼ਬਾਰ ਦੇ ਲਈ ਨਿਯਮਿਤ ਕਾਲਮ ਲਿਖਾਂ। ਮੈਂ ਆਪਣੇ ਕਾਲਮ ਦਾ ਨਾਂ ਵੀ ਤੈਅ ਕਰ ਲਿਆ ਏ 'ਦੁਪਿਆਰੇ'।”
“ਹਮੇਸ਼ਾ ਪਿਆਰਾ ਬੋਲਣ ਵਾਲਾ ਰਤਨ ਕੁਮਾਰ 'ਦੁਪਿਆਰੇ' ਕਿੰਜ ਲਿਖੇਗਾ ਬਈ?” ਸੁਨਿਧੀ ਹੱਸੀ, ਉਠ ਕੇ ਅਲਮਾਰੀ ਤਕ ਗਈ, ਵਾਪਸ ਮੁੜੀ ਤਾਂ ਉਸਦੇ ਹੱਥ ਵਿਚ ਲਾਲ ਵਾਈਨ ਦੀ ਇਕ ਬੋਤਲ ਸੀ, “ਇਹ ਖ਼ੁਸ਼ੀ ਚਾਹ ਨਹੀਂ, ਦਾਰੂ ਨਾਲ ਸੈਲੀਬਰੇਟ ਕੀਤੀ ਜਾਏਗੀ, ਮੇਰੇ ਕਾਲਮ-ਨਵੀਸ।”

“ਸ਼ਬਦਾਂ ਦੇ ਸ਼ਾਰਟ ਫਾਰਮ (ਲਘੁਰੂਪ) ਦਰਅਸਲ ਸੱਚ ਨੂੰ ਛਿਪਾਉਣ ਤੇ ਉਸਨੂੰ ਪ੍ਰਭਾਵਸ਼ਾਲੀ ਲੋਕਾਂ ਤਕ ਸੀਮਿਤ ਰੱਖਣ ਦੇ ਉਪਾਅ ਹੁੰਦੇ ਹਨ। ਜੇ ਤੁਸੀਂ ਸੱਤਾ ਨਾਲ ਲੜਨਾ ਚਾਹੁੰਦੇ ਹੋ ਤਾਂ ਉਸਦੀਆਂ ਪ੍ਰਭੁਤਵ ਸੰਪੰਨ ਸੰਸਥਾਵਾਂ ਤੇ ਵਿਅਕਤੀਆਂ ਨੂੰ ਉਹਨਾਂ ਦੇ ਪੂਰੇ ਨਾਂ ਨਾਲ ਬੁਲਾਓ।”
—ਰਤਨ ਕੁਮਾਰ ਦੇ ਕਾਲਮ 'ਦੁਪਿਆਰੇ' ਦੀ ਪਹਿਲੀ ਕਿਸ਼ਤ 'ਚੋਂ ਧੰਨਵਾਦ ਸਹਿਤ।
ਰਤਨ ਕੁਮਾਰ ਨੂੰ ਅੰਦਾਜ਼ਾ ਨਹੀਂ ਸੀ ਕਿ ਉਸਦਾ ਕਾਲਮ 'ਦੁਪਿਆਰੇ' ਏਨਾ ਲੋਕਪ੍ਰਿਯ ਹੋ ਜਾਵੇਗਾ। ਉਹ ਨਾ ਪੇਸ਼ਾਵਰ ਪੱਤਰਕਾਰ ਸੀ, ਨਾ ਰਾਜਨੀਤਕ ਵਿਸ਼ਲੇਸ਼ਕ। ਪਰ 'ਦੁਪਿਆਰੇ' ਨੇ ਪੱਤਰਕਾਰਤਾ, ਰਾਜਨੀਤੀ, ਸਮਾਜ ਵਿਚ ਏਨੀ ਜਲਦੀ ਜੋ ਲੋਕਪ੍ਰਿਯਤਾ ਤੇ ਸ਼ੋਹਰਤ ਹਾਸਲ ਕੀਤੀ, ਉਹ ਬੇਮਿਸਾਲ ਸੀ। ਉਸਦੀ ਲੋਕਪ੍ਰਿਯਤਾ ਦਾ ਮੁੱਲ-ਅੰਕਣ ਇਸ ਤੋਂ ਵੀ ਕੀਤਾ ਜਾ ਸਕਦਾ ਸੀ ਕਿ ਬੰਗਲਾ, ਉਰਦੂ ਤੇ ਗੁਜਰਾਤੀ ਦੇ ਅਖ਼ਬਾਰਾਂ ਨੇ ਇਸਨੂੰ ਆਪਣੇ ਆਪਣੇ ਅਖ਼ਬਾਰਾਂ ਵਿਚ ਛਾਪਣ ਲਈ 'ਜਨਾਦੇਸ਼' ਦੇ ਸੰਪਾਦਕ ਤੋਂ ਇਜਾਜ਼ਤ ਮੰਗੀ ਸੀ। ਜਦਕਿ ਇਸੇ ਪ੍ਰਦੇਸ਼ ਦੇ ਇਕ ਅੰਗਰੇਜ਼ੀ ਅਖ਼ਬਾਰ ਨੇ ਰਤਨ ਕੁਮਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਉਹ 'ਜਨਾਦੇਸ਼' ਦੇ ਬਦਲੇ ਉਸ ਦੇ ਅਖ਼ਬਾਰ ਲਈ ਲਿਖੇ।
'ਦੁਪਿਆਰੇ' ਦੀਆਂ ਹੁਣ ਤਕ ਦੀਆਂ ਦਸ ਕਿਸ਼ਤਾਂ ਨੇ ਰਤਨ ਕੁਮਾਰ ਨੂੰ ਇਕ ਜਾਣੀ-ਪਛਾਣੀ ਹਸਤੀ ਬਣਾ ਦਿੱਤੀ ਸੀ। ਇਸ ਦਸੇ ਕਿਸਤਾਂ ਅਸਲ ਵਿਚ ਇਕ ਲੇਖ-ਮਾਲਾ ਵਾਂਗ ਸਨ, ਜੋ ਸ਼ਬਦਾਂ ਦੇ ਲਘੁਰੂਪ ਤੇ ਸੰਰਚਨਾਵਾਂ (ਕੋਡਸ) 'ਤੇ ਆਧਾਰਤ ਸਨ। ਉਸਨੇ ਸ਼ੁਰੂ ਵਿਚ ਹੀ ਅੱਜ ਦੇ ਅਖ਼ਬਾਰੀ ਫ਼ੈਸ਼ਨ ਦੇ ਵਿਪਰੀਤ ਰਾਜਨੀਤਕ ਦਲਾਂ ਨੂੰ ਉਹਨਾਂ ਦੇ ਪੂਰੇ ਨਾਂ ਨਾਲ ਬੁਲਾਇਆ ਸੀ। ਉਸਨੇ ਭਾਜਪਾ, ਸਪਾ, ਬਸਪਾ, ਮਾਕਪਾ ਆਦਿ ਨੂੰ ਉਸ ਤਰ੍ਹਾਂ ਨਹੀਂ, ਪੂਰੇ ਨਾਂ ਨਾਲ ਲਿਖਿਆ ਸੀ। ਇਸਦਾ ਕਾਰਨ ਦੱਸਦਿਆਂ ਹੋਇਆਂ ਉਸਨੇ ਕਿਹਾ—'ਕਿਸੇ ਰਾਜਨੀਤਕ ਦਲ ਦਾ ਪੂਰਾ ਨਾਂ ਇਕ ਤਰ੍ਹਾਂ ਨਾਲ ਉਸਦਾ ਪੂਰਾ ਘੋਸ਼ਣਾ-ਪੱਤਰ ਹੁੰਦਾ ਹੈ। ਉਹਨਾਂ ਦੇ ਨਾਂ ਦੇ ਮੁੱਢ ਤੇ ਸਮੁੱਚੇ ਰੂਪ ਵਿਚ ਉਹਨਾਂ ਦਾ ਇਤਿਹਾਸ, ਉਹਨਾਂ ਦੇ ਵਿਚਾਰ-ਸਰੋਕਾਰ ਤੇ ਜਨਤਾ ਨੂੰ ਦਿਖਾਏ ਗਏ ਸੁਪਨੇ ਸ਼ਾਮਲ ਹੁੰਦੇ ਹਨ।' ਉਸਨੇ ਆਪਣੇ ਵਿਚਾਰ ਨੂੰ ਸਪਸ਼ਟ ਕਰਨ ਲਈ ਮਾਕਪਾ ਦਾ ਜ਼ਿਕਰ ਕੀਤਾ ਸੀ। ਉਸਨੇ ਲਿਖਿਆ ਸੀ—'ਮਾਕਪਾ ਦਾ ਮੁੱਢਲਾ ਨਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹੈ। ਇਸ ਸੰਘਿਆ ਤੋਂ ਪਤਾ ਲੱਗਦਾ ਹੈ ਕਿ ਇਸਦਾ ਨਿਰਮਾਣ ਕਮਿਊਨਿਜ਼ਮ, ਮਾਰਕਸਵਾਦ, ਕ੍ਰਾਂਤੀ ਤੇ ਸਾਮਾਜਕ ਪਰੀਵਰਤਨ ਦੇ ਸਰੋਕਾਰਾਂ ਦੇ ਤਹਿਤ ਹੋਇਆ ਸੀ। ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਰੀਆਂ ਪਾਰਟੀਆਂ ਵਾਂਗ ਇਹ ਪਾਰਟੀ ਵੀ ਅੱਜ ਇਹਨਾਂ ਸਬਦਾਂ ਉੱਤੇ ਕਾਇਮ ਨਹੀਂ ਹੈ। ਇਸ ਲਈ ਮਾਕਪਾ ਉਸ ਲਈ ਇਕ ਰੱਖਿਆ ਕਵਚ ਹੈ। ਇਹ ਸੰਬੋਧਨ ਆਪਣੇ ਉਦੇਸ਼ਾਂ ਤੋਂ ਇਸ ਪਾਰਟੀ ਦੇ ਤਿਲ੍ਹਕ ਜਾਣ ਨੂੰ ਢਕਦਾ ਹੈ ਤੇ ਅਜਿਹੇ ਭਰਮ ਦੀ ਰਚਨਾ ਕਰਦਾ ਹੈ ਕਿ ਸਾਮਵਾਦ ਤੇ ਸਰਵਹਾਰਾ ਕਦੀ ਇਸਦੀ ਬੁਨਿਆਦੀ ਪ੍ਰਤੀਗਿਆ ਹੈ ਹੀ ਨਹੀਂ ਸਨ। ਇਹੀ ਗੱਲ ਆਪਣੇ ਨਾਂ ਦਾ ਸੰਖੇਪੀਕਰਨ ਕਰਨ ਵਾਲੇ ਹੋਰ ਰਾਜਨੀਤਕ ਦਲਾਂ 'ਤੇ ਲਾਗੂ ਹੁੰਦਾ ਹੈ।' ਇਸਨੂੰ ਉਸਨੇ ਕੁਝ ਹੋਰ ਉਦਾਹਰਨਾਂ ਦੇ ਕੇ ਸਿੱਧ ਵੀ ਕੀਤਾ ਸੀ।
ਅਗਲੇ ਦਿਨ ਕੁਝ ਪਾਠਕਾਂ ਨੇ ਕਾਟ ਕਰਦੇ ਹੋਏ ਪ੍ਰਤੀਕ੍ਰਿਆ ਦਿੱਤੀ ਸੀ—'ਤੁਸੀਂ ਮਨ ਆਈਆਂ ਮਾਰ ਰਹੇ ਹੋ। ਸ਼ਾਰਟ ਫਾਰਮ ਸਿਰਫ ਸਮੇਂ ਤੇ ਜਗ੍ਹਾ ਦੀ ਬੱਚਤ ਕਰਨ ਲਈ ਵਰਤੋਂ ਵਿਚ ਲਿਆਂਦੇ ਗਏ ਨੇ।' ਇਸ ਉੱਤੇ ਉਸਨੇ ਅਗਲੀ ਕਿਸ਼ਤ ਵਿਚ ਉਤਰ ਦਿੱਤਾ ਸੀ—'ਫੇਰ ਮੁਲਾਇਮ ਸਿੰਘ ਯਾਦਵ ਨੂੰ 'ਮੁਸਿਯਾ', ਨਰੇਂਦਰ ਮੋਦੀ ਨੂੰ 'ਨਮੋ', ਸੋਨੀਆ ਗਾਂਧੀ ਨੂੰ 'ਸੋਗਾਂ' ਤੇ ਨਾਰਾਇਣ ਦੱਤ ਤਿਵਾੜੀ ਨੂੰ 'ਨਾਦਤਿ' ਕਿਉਂ ਨਹੀਂ ਲਿਖਿਆ ਜਾਂਦਾ।' ਉਸਨੇ ਇਹਨਾਂ ਨਾਂਵਾਂ ਨੂੰ ਇਸ ਤਰ੍ਹਾਂ ਨਹੀਂ ਸੀ ਲਿਖਿਆ ਬਲਕਿ ਉਸਨੇ ਆਪਣੇ ਲੇਖ ਵਿਚੋਂ ਇਹਨਾਂ ਲੋਕਾਂ ਦੀ ਜਾਤ ਵੀ ਹਟਾਅ ਦਿੱਤੀ ਸੀ। ਸੋ ਇੱਥੇ ਅਟਲ ਬਿਹਾਰੀ ਬਾਜਪੇਈ 'ਅਟਲ ਬਿਹਾਰੀ' ਹੋ ਗਏ ਸਨ ਤੇ ਸ਼ਰਦ ਯਾਦਵ ਸਿਰਫ 'ਸ਼ਰਦ'। ਉਸਨੇ ਕਈ ਬਹੁਬਲੀ ਨੇਤਾਵਾਂ ਨੂੰ ਵੀ ਉਹਨਾਂ ਦੀ ਜਾਤ ਤੋਂ ਬੇਦਖ਼ਲ ਕਰ ਦਿੱਤਾ ਸੀ। ਨਤੀਜਾ ਇਹ ਹੋਇਆ ਕਿ ਬਬਲੂ ਸ਼੍ਰੀਵਾਸਤਵ ਸਿਮਟ ਕੇ 'ਬਬਲੂ' ਰਹਿ ਗਏ, ਧੰਨਜਯ ਸਿੰਘ 'ਧੰਨਜਯ', ਅਖਿਲੇਸ਼ ਸਿੰਘ 'ਅਖਿਲੇਸ਼' ਬਣ ਕੇ ਰਹਿ ਗਏ।
ਨਤੀਜਾ ਇਹ ਹੋਇਆ—ਸੰਪਾਦਕ ਨੂੰ ਅਗਿਣਤ ਮੇਲ ਤੇ ਫ਼ੋਨ ਆਏ ਜਿਹਨਾਂ ਵਿਚ ਵਧੇਰੇ ਰਤਨ ਕੁਮਾਰ ਦੀ ਤਾਰੀਫ਼ ਦੇ ਸਨ। ਕਈਆਂ ਨੇ ਰਤਨ ਕੁਮਾਰ ਦਾ ਮੋਬਾਇਲ ਨੰਬਰ ਮੰਗਿਆ ਸੀ, ਪਰ ਸੰਪਾਦਕ ਨੇ ਕਿਸੇ ਨੂੰ ਨੰਬਰ ਨਹੀਂ ਸੀ ਦਿੱਤਾ। ਇਸਦਾ ਇਕ ਕਾਰਨ ਇਹ ਸੀ ਕਿ ਉਸਨੂੰ ਸ਼ੱਕ ਸੀ ਕਿ ਪ੍ਰਸ਼ੰਸਕਾਂ ਵਿਚ ਕੁਝ ਰਤਨ ਕੁਮਾਰ ਦੇ ਵਿਰੋਧੀ ਵੀ ਹੋ ਸਕਦੇ ਨੇ, ਜਿਹਨਾਂ ਨੂੰ ਨੰਬਰ ਦੇਣਾ ਰਤਨ ਕੁਮਾਰ ਨੂੰ ਖ਼ਤਰੇ ਵਿਚ ਪਾਉਣਾ ਸੀ। ਦੂਜਾ ਕਾਰਨ ਇਹ ਸੀ ਕਿ ਰਤਨ ਕੁਮਾਰ ਨੇ ਸੰਪਾਦਕ ਨੂੰ ਆਪਣਾ ਫ਼ੋਨ ਨੰਬਰ ਦੇਣ ਤੋਂ ਰੋਕ ਦਿੱਤਾ ਸੀ। ਕਿਉਂਕਿ ਅੱਖਾਂ ਦੀ ਤਕਲੀਫ਼ ਕਰਕੇ ਮੋਬਾਇਲ ਸਕਰੀਨ 'ਤੇ ਐਸ.ਐਮ.ਐਸ. ਦੇਖਣ-ਪੜ੍ਹਨ ਵਿਚ ਉਸਨੂੰ ਦਿੱਕਤ ਹੁੰਦੀ ਸੀ। ਫੇਰ ਵੀ ਲੋਕਾਂ ਨੇ ਪਤਾ ਨਹੀਂ ਕਿੱਥੋਂ ਪਤਾ ਲਾ ਲਿਆ ਸੀ ਤੇ ਉਸਨੂੰ ਆਪਣੇ ਕਾਲਮ ਦੀ ਪ੍ਰਤੀਕ੍ਰਿਆ ਦੇ ਰੂਪ ਵਿਚ ਆਏ ਦਿਨ ਅਗਿਣਤ ਸੰਦੇਸ਼ ਮਿਲਦੇ। ਉਹ ਉਹਨਾਂ ਨੂੰ ਪੜ੍ਹਦਾ ਨਹੀਂ ਸੀ। ਸ਼ਾਮ ਨੂੰ ਸੁਨਿਧੀ ਦੇ ਫ਼ਲੈਟ ਵਿਚ ਜਾ ਕੇ ਆਪਣਾ ਮੋਬਾਇਲ ਸੁਨਿਧੀ ਨੂੰ ਫੜਾ ਦੇਂਦਾ ਸੀ। ਤੇ ਕਹਿੰਦਾ ਸੀ, “ਤੂੰ ਪੜ੍ਹ ਕੇ ਸੁਣਾ।”
ਇੰਜ ਨਹੀਂ ਸੀ ਕਿ ਉਹਨਾਂ ਸੰਦੇਸ਼ਾਂ ਵਿਚ ਉਸਦੀ ਸ਼ਾਨ ਵਿਚ ਕਸੀਦੇ ਹੀ ਪੜ੍ਹੇ ਗਏ ਹੁੰਦੇ ਸਨ, ਵਿਰੋਧ ਦੀਆਂ ਆਵਾਜ਼ਾਂ ਵੀ ਹੁੰਦੀਆਂ ਸਨ। ਅਨੇਕ ਪਾਰਟੀਆਂ ਤੇ ਨੇਤਾਵਾਂ ਦੇ ਸਮਰਥਕਾਂ ਦੀ ਰਾਏ ਉਸਦੇ ਖ਼ਿਲਾਫ਼ ਵੀ ਹੁੰਦੀ ਸੀ, ਜਿਸਨੂੰ ਉਹ ਚਿੱਠੀਆਂ ਤੇ ਪ੍ਰੈਸ ਵਿਗਿਆਪਨਾਂ ਦੇ ਜ਼ਰੀਏ ਦੈਨਿਕ 'ਜਨਾਦੇਸ਼' ਵਿਚ ਵੀ ਜਾਹਰ ਕਰਦੇ ਸਨ। ਇਹਨਾਂ ਦਾ ਕਹਿਣਾ ਸੀ ਕਿ ਰਤਨ ਕੁਮਾਰ ਉਹਨਾਂ ਦੇ ਨੇਤਾਵਾਂ ਨੂੰ ਅਪਮਾਨਤ ਕਰਨ ਦੇ ਇਰਾਦੇ ਨਾਲ ਉਹਨਾਂ ਦੇ ਨਾਂਵਾਂ ਨੂੰ ਤੋੜ-ਮਰੋੜ ਰਿਹਾ ਹੈ। ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਇਸ ਕੰਮ ਦੇ ਬਦਲੇ ਭਾਰਤੀ ਲੋਕਤੰਤਰ ਦੇ ਦੁਸ਼ਮਣ ਦੇਸ਼ ਦੀ ਕਿਸੇ ਵਿਦੇਸ਼ੀ ਏਜੰਸੀ ਵੱਲੋਂ ਉਸਨੂੰ ਆਰਥਕ ਮਦਦ ਵੀ ਮਿਲਦੀ ਹੈ।
ਅਗਲੇ ਹਫ਼ਤੇ ਕੁਝ ਵਿਸ਼ੇਸ਼ ਅਧਿਕਾਰੀ ਵੀ ਉਸ ਉੱਤੇ ਖ਼ਫ਼ਾ ਹੋ ਗਏ ਸਨ, ਕਿਉਂਕਿ ਉਸਨੇ ਆਪਣੇ ਕਾਲਮ ਵਿਚ ਉਹਨਾਂ ਅਧਿਕਾਰੀਆਂ ਦੇ ਪੂਰੇ ਨਾਂਵਾਂ ਦੀ ਇਕ ਸੂਚੀ ਪੇਸ਼ ਕੀਤੀ ਸੀ, ਜਿਹੜੇ ਆਪਣੇ ਨਾਂ ਸੰਖੇਪ ਵਿਚ ਲਿਖਦੇ ਸਨ। ਇਸ ਸੂਚੀ ਨਾਲ ਉਹਨਾਂ ਨੂੰ ਕੋਈ ਬੇਚੈਨੀ ਮਹਿਸੂਸ ਨਹੀਂ ਸੀ ਹੋਈ ਜਿਹਨਾਂ ਦੇ ਨਾਂ ਦੂਜਿਆਂ ਨੇ ਪਿਆਰ ਨਾਲ ਜਾਂ ਆਪਣੀ ਸਹੂਲਤ ਲਈ ਛੋਟੇ ਕਰ ਦਿੱਤੇ ਸਨ। ਪਰ ਜਿਹਨਾਂ ਨੇ ਆਪਣੀ ਸੰਘਿਆ ਦਾ ਨਵੀਨੀਕਰਨ ਆਪਣੇ ਆਪ ਕੀਤਾ ਸੀ, ਉਹ ਰਤਨ ਕੁਮਾਰ ਨਾਲ ਬੜੇ ਨਾਰਾਜ਼ ਸਨ ਜਾਂ ਉਸਨੂੰ ਪਾਗਲ, ਸਨਕੀ ਕਹਿੰਦੇ ਹੋਏ ਉਸ ਉੱਤੇ ਹੱਸ ਰਹੇ ਸਨ। ਰਤਨ ਕੁਮਾਰ ਨੇ ਸੂਚੀ ਵਿਚ ਬੀ.ਆਰ. ਤ੍ਰਿਪਾਠੀ ਨੂੰ ਬਚਈ ਰਾਮ ਤ੍ਰਿਪਾਠੀ, ਜੀ.ਡੀ. ਸ਼ਰਮਾ ਨੂੰ ਗੇਂਦਾ ਦੱਤ ਸ਼ਰਮਾ, ਪੀ.ਐਲ. ਅਟੋਰੀਆ ਨੂੰ ਪੰਨਾ ਲਾਲ ਅਟੋਰੀਆ ਲਿਖਿਆ ਸੀ ਤੇ ਬਰੈਕਟਾਂ ਵਿਚ ਕਿਹਾ ਸੀ—(ਕ੍ਰਿਪਾ ਕਰਕੇ ਜਾਤੀ ਹਟਾਅ ਕੇ ਇਹਨਾਂ ਨੂੰ ਪੜ੍ਹੋ)। ਸੂਚੀ ਦੇ ਅਖ਼ੀਰ ਵਿਚ ਉਸਨੇ ਟਿੱਪਣੀ ਕੀਤੀ ਸੀ—“ਜਿਹੜਾ ਸ਼ਖ਼ਸ ਆਪਣੇ ਨਾਂ ਨੂੰ ਅਸੁੰਦਰ ਹੋਣ ਕਰਕੇ ਛਿਪਾਅ ਰਿਹਾ ਹੈ, ਉਹ ਦਰਅਸਲ ਆਪਣੇ ਯਥਾਰਥ ਨੂੰ ਛਿਪਾਅ ਰਿਹਾ ਹੈ। ਇਹੋ ਨਹੀਂ, ਉਹ ਸੁੰਦਰਤਾ ਵਿਰੋਧੀ ਕਾਰਵਾਈ ਵੀ ਕਰ ਰਿਹਾ ਹੈ, ਕਿਉਂਕਿ ਉਸਦਾ ਨਾਂ ਰੱਖਣ ਸਮੇਂ ਉਸਦੇ ਪਿਤਾ, ਮਾਂ, ਦਾਦੀ, ਬਾਬਾ ਆਦਿ ਦੇ ਮਨ ਵਿਚ ਜੋ ਮਮਤਾ ਤੇ ਸੁੰਦਰਤਾ ਹੋਵੇਗੀ, ਉਹ ਉਸਦਾ ਨਿਰਾਦਰ ਕਰ ਰਿਹਾ ਹੈ। ਇਹ ਕਹਿਣਾ ਅਸੁਭਾਵਿਕ ਨਹੀਂ ਹੈ ਕਿ ਯਥਾਰਥ ਤੇ ਸੁੰਦਰਤਾ ਦੇ ਉਪਾਸਕ ਆਪਣੇ ਨਾਂਵਾਂ ਨੂੰ ਸੰਖੇਪ ਨਹੀਂ ਕਰਦੇ। ਰਾਵਿੰਦਰਨਾਥ ਟੈਗੋਰ, ਕਬੀਰ ਦਾਸ, ਤੁਲਸੀ ਦਾਸ, ਯਾਮਿਨੀ ਰਾਏ, ਵਿਵਾਨ ਸੁੰਦਰਮ, ਹਜਾਰੀ ਪ੍ਰਸਾਦ ਦਿਵੇਦੀ, ਰਾਮਚੰਦਰ ਸ਼ੁਕਲ, ਹਬੀਬ ਤਨਵੀਰ, ਸੂਰਜਕਾਂਤ ਤ੍ਰਿਪਾਠੀ ਨਿਰਾਲਾ ਨੇ ਆਪਣੇ ਨਾਂਵਾਂ ਨੂੰ ਛੋਟਾ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ ਸੀ। ਪ੍ਰੇਮਚੰਦ ਵਰਗੇ ਉਦਾਹਰਨ ਜ਼ਰੂਰ ਹੈਨ ਜਿਹੜੇ ਧਨਪਤ ਰਾਏ ਤੋਂ ਪ੍ਰੇਮਚੰਦ ਬਣ ਗਏ ਸਨ। ਪਰ ਧਿਆਨ ਰਹੇ, ਇਹ ਨਾਂ ਨੂੰ ਛੋਟਾ ਕਰਨ ਦਾ ਉਧਾਹਰਨ ਨਹੀਂ ਹੈ। ਦੂਜੀ ਗੱਲ ਇਹ ਕਿ ਇਹ ਬ੍ਰਿਟਿਸ਼ ਹਕੂਮਤ ਦੇ ਦਮਨ ਤੋਂ ਬਚਣ ਦਾ ਤਰੀਕਾ ਸੀ ਤੇ ਤੀਜੀ ਗੱਲ, ਧਨਪਤ ਰਾਏ ਤੋਂ ਪ੍ਰੇਮਚੰਦ ਬਣਨ ਨਾਲ ਫ਼ੈਸਲਾ ਉਹਨਾਂ ਦਾ ਆਪਣਾ ਨਹੀਂ ਬਲਕਿ 'ਜ਼ਮਾਨਾ' ਦੇ ਸੰਪਾਦਕ ਦਯਾ ਨਾਰਾਇਣ ਨਿਗਮ ਦਾ ਸੀ।”
ਅਜੇ 'ਪੂਰੇ ਨਾਂ ਨਾਲ ਬੁਲਾਓ' ਝੇੜਾ ਚੱਲ ਹੀ ਰਿਹਾ ਸੀ ਕਿ ਕਾਲਮ ਦੀ ਪੰਜਵੀਂ ਕਿਸ਼ਤ ਸ਼ੁਰੂ ਕਰਦਿਆਂ ਹੋਇਆਂ ਉਸਨੇ ਲਿਖਿਆ ਸੀ—“ਕਿਸੇ ਸੱਤਾ ਨਾਲ ਭਿੜਨ ਦਾ ਸਭ ਨਾਲੋਂ ਕਾਰਗਾਰ ਤਰੀਕਾ ਹੈ ਕਿ ਉਸਦੇ ਸਾਰੇ ਸੂਤਰਾਂ, ਚਿੰਨ੍ਹਾਂ, ਵਿਹਾਰਾਂ, ਰਹੱਸਾਂ, ਬਿੰਬਾਂ ਨੂੰ ਉਜਾਗਰ ਕਰ ਦਿਓ। ਹਰ ਸੱਤਾ ਆਪਣੀ ਹਿਫ਼ਾਜ਼ਤ ਖਾਤਰ—ਸ਼ੋਸ਼ਣ ਤੇ ਦਮਨ ਕਰਨ ਦੀ ਛੂਟ ਲੈਣ ਲਈ—ਸਮਾਜ ਵਿਚ ਬਹੁਤ ਸਾਰੀਆਂ ਕਹਾਣੀਆਂ ਫ਼ੈਲਾਅ ਦੇਂਦੀ ਹੈ। ਇਹਨਾਂ ਘੜੀਆਂ ਹੋਈਆਂ ਕਹਾਣੀਆਂ ਦੀ ਜੜ ਲੋਕ-ਕਥਾਵਾਂ ਦੇ ਰਾਕਸ਼ਸ ਦੀ ਧੁੱਨੀਂ ਵਿਚ ਹੁੰਦੀ ਹੈ ਜਿੱਥੇ ਉਸਦੇ ਪ੍ਰਾਣ ਹੁੰਦੇ ਨੇ। ਛਾਤੀ ਉੱਤੇ ਵਾਰ ਕਰਨ ਨਾਲ, ਗਰਦਨ ਲਾਹ ਦੇਣ ਨਾਲ ਉਹ ਰਾਕਸ਼ਸ ਨਹੀਂ ਮਰਦਾ। ਉਹ ਮਰਦਾ ਹੈ ਧੁੱਨੀਂ ਉੱਤੇ ਕੀਤੇ ਗਏ ਤਕੜੇ ਵਾਰ ਨਾਲ। ਇਸ ਲਈ ਸੱਤਾ ਨਾਲ ਲੜਨਾ ਹੈ, ਉਸਦਾ ਸ਼ਿਕਾਰ ਕਰਨਾ ਹੈ ਤਾਂ ਉਸਦੀ ਧੁੱਨੀਂ ਰੂਪੀ ਇਹਨਾਂ ਆਡੰਬਰੀ ਕਹਾਣੀਆਂ ਨੂੰ ਪਰਦੇ ਵਿਚੋਂ ਬਾਹਰ ਲਿਆਉਣਾ ਪਵੇਗਾ। ਨੰਗਿਆਂ ਕਰਕੇ ਰੱਖ ਦੇਣਾ ਪਵੇਗਾ। ਪਾਠਕੋ! ਹਰ ਕੋਡ ਨੂੰ ਡੀਕੋਡ ਕਰੋ, ਹਰ ਸੂਤਰ ਦੀ ਵਿਆਖਿਆ ਕਰੋ, ਹਰ ਗੁਪਤ ਨੂੰ ਉਜਾਗਰ ਕਰੋ। ਕਿਉਂਕਿ ਆਡੰਬਰੀ ਕਹਾਣੀਆਂ ਸਾਮਾਜਿਕ ਅਨਿਆਂ ਤੇ ਕੁਹਜ ਦੇ ਜਾਲ ਵਿਚ ਫਸ ਕੇ ਫੜਫੜਾ ਰਹੇ ਸਾਧਾਰਨ ਆਦਮੀ ਦੇ ਲਈ ਲੋਹ-ਪਿੰਜਰੇ ਵਾਂਗ ਹੁੰਦੀਆਂ ਨੇ।”
ਰਤਨ ਕੁਮਾਰ ਏਨਾ ਚਰਚਾ ਵਿਚ ਆ ਗਿਆ ਸੀ ਕਿ ਉਸਨੂੰ ਭਾਸ਼ਣ ਦੇਣ ਲਈ ਸੱਦੇ ਆਉਣ ਲੱਗ ਪਏ ਸਨ, ਇੱਥੋਂ ਤਕ ਕਿ ਇਲਾਹਾਬਾਦ ਦੇ ਇਕ ਕਥਾ ਸਾਹਿਤ ਦੇ ਸਮਾਗਮ ਵਿਚ ਵੀ ਉਸਨੂੰ ਵਿਸ਼ੇਸ਼ ਵਕਤਾ ਦੇ ਤੌਰ 'ਤੇ ਸੱਦਿਆ ਗਿਆ ਸੀ। ਉੱਥੇ ਉਸਨੇ ਜੋ ਕਿਹਾ ਉਸਦਾ ਸਾਰ ਇਹ ਹੈ—“ਮਿੱਤਰੋ, ਕਲਾ ਨੂੰ ਯਥਾਰਥ ਤੇ ਯਥਾਰਥ ਨੂੰ ਕਲਾ ਬਣਾ ਦਿਓ। ਕਿਉਂਕਿ ਦੋਵਾਂ ਦੇ ਇਕੱਲੇ ਰਹਿਣ ਨਾਲ ਸੱਤਾ ਦੀਆਂ ਜੁੰਡਲੀਆਂ ਬਣਦੀਆਂ ਨੇ, ਇਸੇ ਲਈ ਸੰਸਾਰ ਦੇ ਸਾਰੇ ਮੰਨੇ ਪ੍ਰਮੰਨੇ ਲੇਖਕਾਂ ਨੇ ਯਥਾਰਥ ਨੂੰ ਕਲਾ ਬਣਾਇਆ ਤੇ ਕਲਾ ਨੂੰ ਯਥਾਰਥ ਬਣਾਇਆ। ਧਿਆਨ ਵਿਚ ਹਮੇਸ਼ਾ ਇਹ ਰਹਿਣਾ ਚਾਹੀਦਾ ਹੈ ਕਿ ਕਿੱਸੇ-ਕਹਾਣੀਆਂ ਯਥਾਰਥ ਦਾ ਉਪਨਿਵੇਸ਼ ਨਹੀਂ, ਜਿੱਥੇ ਯਥਾਰਥ ਖ਼ੁਦ ਨੂੰ ਲਾਭਕਾਰੀ ਤੇ ਮਨਚਾਹੇ ਢੰਗ ਨਾਲ ਕਾਬਜ਼ ਕਰ ਲਏ। ਨਾਲ ਹੀ ਕਿੱਸੇ ਕਹਾਣੀਆਂ ਕਲਾ ਦੀ ਤਾਨਾਸ਼ਾਹੀ ਵੀ ਕਤਈ ਨਹੀਂ ਹੈ, ਜਿਹੜੀ ਆਪਣੀ ਸਨਕ ਦਾ ਭਾਰ ਹੋਰਨਾਂ ਉੱਤੇ ਲੱਦਦੀ ਫਿਰੇ ਤੇ ਜੀਵਨ ਤੇ ਸਮਾਜ ਦੀ ਆਵਾਜ਼ ਨੂੰ ਅਣਸੁਣਿਆ ਕਰਦੀ ਰਹੇ।”
ਵਾਰਾਨਸ਼ੀ ਦੀ ਸੰਸਕ੍ਰਿਤ ਯੂਨੀਵਰਸਟੀ ਦੁਆਰਾ ਕਰਵਾਏ ਗਏ ਇਕ ਸੈਮੀਨਾਰ ਵਿਚ ਉਸਨੇ ਕਿਹਾ ਸੀ ਤੇ ਉੱਥੇ ਕੋਹਰਾਮ ਮਚਾ ਦਿੱਤਾ ਸੀ। ਉਸਨੇ ਰਾਏ ਦਿੱਤੀ ਸੀ—“ਸੰਸਕ੍ਰਿਤ ਵੀ ਇਕ ਕੂਟ ਸੰਰਚਨਾ ਹੈ। ਇਸਦੇ ਸਮੁੱਚੇ ਸਾਹਿਤ ਤੇ ਗਿਆਨ ਨੂੰ ਹੋਰਨਾਂ ਬੋਲੀਆਂ ਵਿਚ ਲਿਖਨਾ ਇਸ ਸੱਤਾ-ਸੰਰਚਨਾ ਦਾ ਤੋੜ ਹੋਵੇਗਾ। ਸੰਸਕ੍ਰਿਤ ਦੇ ਸ਼ਲੋਕਾਂ, ਮੰਤਰਾਂ, ਕਾਵਿ ਨੂੰ ਅਵਧੀ, ਬ੍ਰਜ, ਮਾਗਧੀ, ਬੁੰਦੇਲਖੰਡੀ ਵਿਚ ਬੋਲੋ ਤਾਂ ਇਸ ਦੀ ਰਹੱਸਮਈਤਾ, ਅਹੰਕਾਰ, ਸ਼ਰੇਸ਼ਠਤਾ, ਮਹਾਤਮ ਤੇ ਉੱਚਤਾ ਦੀ ਕਿਲੇ ਬੰਦੀ ਢਹਿ ਜਾਵੇਗੀ।”
ਵਾਰਾਨਸੀ ਤੋਂ ਮੁੜਦਾ ਹੋਇਆ ਉਹ ਬਾਬਾ ਜੀ ਕੋਲ ਪ੍ਰਤਾਪਗੜ੍ਹ ਵਿਚ ਰੁਕ ਗਿਆ ਸੀ। ਬਾਬਾ ਜੀ ਬੜੇ ਖੁਸ਼ ਹੋਏ ਸਨ, ਜਿਵੇਂ ਉਹ ਹਾਲੇ ਵੀ ਬੱਚਾ ਹੋਵੇ। ਆਪਣੇ ਕੋਲ ਬੈਠੇ ਹੋਏ ਰਤਨ ਕੁਮਾਰ ਦਾ ਸਿਰ ਉਹਨਾਂ ਆਪਣੀ ਗੋਦੀ ਵਿਚ ਰੱਖ ਕੇ ਉਸਦੇ ਵਾਲਾਂ ਨੂੰ ਸੰਵਾਰਿਆ, “ਬੱਚੜਾ ਤੇਰੀ ਫੋਟੂ ਅਖ਼ਬਾਰ 'ਚ ਛਪਦੀ ਐ, ਦੇਖ ਕੇ ਛਾਤੀ ਚੌੜੀ ਹੋ ਜਾਂਦੀ ਐ।”
“ਬਾਬਾ ਜੀ, ਫੋਟੋ ਈ ਦੇਖਦੇ ਓ ਜਾਂ ਮੇਰਾ ਲਿਖਿਆ ਪੜ੍ਹਦੇ ਵੀ ਓ?”
“ਪੜ੍ਹਦਾਂ, ਪਰ ਕਿੰਨਾ ਸਮਝ ਸਕਦਾ ਆਂ, ਪਤਾ ਨਹੀਂ।”
“ਕੀ ਸਮਝਦੇ ਓ?”
“ਇਹੀ ਕਿ ਤੂੰ ਬੜਾ ਦਿਮਾਗ਼ ਵਾਲਾ ਹੋ ਗਿਐਂ।” ਬਾਬਾ ਜੀ ਨੇ ਹੱਸ ਕੇ ਉਸਦੇ ਵਾਲ ਵਰੋਲ ਦਿੱਤੇ, “ਪਤੈ, ਇਕ ਦਿਨ ਕਲਕਟਰ ਸਾਹੇਬ ਨੇ ਮੈਨੂੰ ਬੁਲਾਇਆ ਸੀ। ਕਪਤਾਨ ਵੀ ਉੱਥੇ ਬੈਠੇ ਸੀ। ਦੋਵੇਂ ਬੜੀ ਦੇਰ ਤਕ ਤੇਰੇ ਬਾਰੇ ਪੁੱਛਦੇ ਰਹੇ।”
ਉਹ ਤ੍ਰਬਕ ਕੇ ਉਠ ਬੈਠਾ, “ਮੇਰੇ ਬਾਰੇ ਪੁੱਛਦੇ ਰਹੇ ਜਾਂ ਪੁੱਛਗਿੱਛ ਕਰਦੇ ਰਹੇ?”
“ਬਿਨਾਂ ਵਜਾਹ ਸ਼ੱਕ ਨਾ ਕਰਿਆ ਕਰ। ਕਲਕਟਰ ਤੇ ਕਪਤਾਨ ਸਾਹੇਬ ਦੋਵੇਂ ਤੇਰੀ ਤਾਰੀਫ਼ ਕਰ ਰਹੇ ਸੀ ਤੇ ਪੁੱਛ ਰਹੇ ਸੀ ਤੇਰੇ ਬਚਪਨ ਬਾਰੇ, ਤੇਰੀਆਂ ਅੱਖਾਂ ਬਾਰੇ, ਤੇਰੀਆਂ ਆਦਤਾਂ ਬਾਰੇ। ਉਹਨਾਂ ਨੇ ਬੜੇ ਧਿਆਨ ਨਾਲ ਮੇਰੀਆਂ ਗੱਲਾਂ ਸੁਣੀਆਂ। ਚਾਹ ਪਿਆਈ। ਮੇਰਾ ਤਾਂ ਰੁਤਬਾ ਵਧ ਗਿਆ ਓਇ ਰਤਨਿਆਂ।” ਬਾਬਾ ਜੀ ਦੀ ਆਵਾਜ਼ ਭਾਵੁਕਤਾ ਵੱਸ ਭਰੜਾਅ ਗਈ ਸੀ।
ਉਸਨੇ ਇਸ ਵਾਰੀ ਵੀ ਕਿਹਾ ਸੀ, “ਬਾਬਾ ਜੀ ਚੱਲੋ ਨਾ ਮੇਰੇ ਨਾਲ। ਮੇਰਾ ਬੜਾ ਜੀਅ ਕਰਦਾ ਏ ਕਿ ਤੁਸੀਂ ਮੇਰੇ ਨਾਲ ਰਹੋ।”
ਬਾਬਾ ਜੀ ਨੇ ਵੀ ਕਹਿ ਦਿੱਤਾ ਸੀ, “ਹੁਣ ਆਖ਼ਰੀ ਵੇਲਾ ਐ ਮੇਰੀ ਜ਼ਿੰਦਗੀ ਦਾ। ਜਿੱਥੇ ਜਿਊਂਇਆਂ ਉੱਥੇ ਈ ਮਰਾਂ, ਬਸ ਇਹੋ ਖ਼ਵਾਹਿਸ਼ ਐ।”
ਉਹ ਇਕੱਲਾ ਹੀ ਵਾਪਸ ਆਇਆ ਸੀ। ਜਦੋਂ ਉਹ ਪਹੁੰਚਿਆ, ਰਾਤ ਹੋ ਚੱਲੀ ਸੀ। ਪਹਿਲਾਂ ਸੋਚਿਆ ਕਿ ਸੁਨਿਧੀ ਦੇ ਫ਼ਲੈਟ 'ਤੇ ਚਲਾ ਜਾਵੇ, ਪਰ ਉਸਨੇ ਘੜੀ ਦੇਖੀ ਤੇ ਮਨ ਬਦਲ ਲਿਆ। ਰੇਸਟੋਰੇਂਟ ਵਿਚ ਖਾਣਾ ਖਾ ਕੇ ਸਿੱਧਾ ਆਪਣੀ ਕਮਰੇ ਵਿਚ ਆ ਗਿਆ। ਉਹ ਅਜੇ ਅੰਦਰ ਵੜਿਆ ਸੀ ਕਿ ਬਾਹਰਲੀ ਘੰਟੀ ਵੱਜੀ। 'ਕੌਣ ਹੋ ਸਕਦਾ ਏ ਇਸ ਵੇਲੇ' ਬੁੜਬੁੜਾਉਂਦਿਆਂ ਹੋਇਆਂ ਉਸਨੇ ਉਠ ਕੇ ਦਰਵਾਜ਼ਾ ਖੋਲ੍ਹਿਆ। ਉਹ ਚਾਰ ਜਣੇ ਸਨ ਜਿਹੜੇ ਅੰਦਰ ਵੜ ਆਏ ਸਨ। ਆਉਂਦਿਆਂ ਹੀ ਉਹਨਾਂ ਵਿਚੋਂ ਇਕ ਨੇ ਰਤਨ ਕੁਮਾਰ ਨੂੰ ਧੱਕਾ ਦਿੱਤਾ, ਜਿਸ ਨਾਲ ਉਹ ਲੜਖੜਾਉਂਦਾ-ਸੰਭਲਦਾ ਮੇਜ਼ ਤੇ ਬੈਡ ਦੇ ਵਿਚਕਾਰਲੀ ਜਗ੍ਹਾ ਜਾ ਡਿੱਗਿਆ। ਉਹਨਾਂ ਵਿਚੋਂ ਦੂਜਾ ਹੱਸਿਆ, “ਓਇ ਸੂਰਦਾਸ ਦੀਏ ਔਲਾਦੇ, ਦਿਖਾਈ ਦਿੰਦਾ ਨਹੀਂ ਤੇ ਵੱਡਾ ਡੀਕੋਡਬਾਜ਼ ਬਣਿਆਂ ਫਿਰਦੈਂ!” ਉਸਨੇ ਆਪਣਾ ਰਿਵਾਲਵਰ ਕੱਢਿਆ, “ਸਿਰਫ ਇਕ ਵਾਰੀ ਚੱਲੇਗਾ ਇਹ ਤੇ ਟਟੀਹਰੀ ਵਰਗਾ ਤੂੰ ਖ਼ਤਮ।” ਉਸਨੇ ਰਤਨ ਕੁਮਾਰ ਦੇ ਇਕ ਲੱਤ ਮਾਰੀ, “ਟਿਕ ਕੇ ਰਹਿ ਤੇ ਸ਼ਾਂਤੀ ਨਾਲ ਸਾਰਿਆਂ ਨੂੰ ਰਹਿਣ ਦੇ, ਪੱਤਰਕਾਰ ਬਣਨ ਦਾ ਸ਼ੌਕ ਕਿਉਂ ਜਾਗਿਐ? ਮਾਸਟਰ ਐਂ ਮਾਸਟਰੀ ਕਰ।” ਜਾਣ ਵੇਲੇ ਚਾਰਾਂ ਨੇ ਆਪਣੇ ਹੱਥ-ਪੈਰ ਰਤਨ ਕੁਮਾਰ ਉੱਤੇ ਆਜਮਾਏ ਸਨ ਤੇ ਇਕ ਨੇ ਲੰਮੀ ਫਾਲ ਵਾਲਾ ਕੋਈ ਹਥਿਆਰ ਉਸਦੀ ਗਰਦਨ 'ਤੇ ਰੱਖ ਕੇ ਕਿਹਾ ਸੀ, “ਓਇ ਕਾਣੂ, ਹੁਣੇ ਮੁਕਾ ਦਿਆਂ ਤੇਰਾ ਯੱਭ੍ਹ?”
ਉਹਨਾਂ ਦੇ ਚਲੇ ਜਾਣ ਪਿੱਛੋਂ ਰਤਨ ਕੁਮਾਰ ਨੇ ਉਠ ਕੇ ਦਰਵਾਜ਼ਾ ਬੰਦ ਕੀਤਾ। ਉਸਨੇ ਦੇਖਿਆ ਕਿ ਉਹ ਡਰਿਆ ਹੋਇਆ ਹੈ, ਪਰ ਉਸ ਅੰਦਰ ਮੌਤ ਦੀ ਦਹਿਸ਼ਤ ਨਹੀਂ ਸੀ। ਦਰਅਸਲ ਉਸਦਾ ਉਹ ਅੰਧਵਿਸ਼ਵਾਸ ਹੁਣ ਵੀ ਕਾਇਮ ਸੀ ਕਿ ਉਸਦੀ ਮੌਤ ਸੜਕ ਦੁਰਘਟਨਾ ਵਿਚ ਹੋਵੇਗੀ, ਨਾ ਕਿ ਕਿਸੇ ਹਥਿਆਰ ਨਾਲ। ਇਸ ਲਈ ਸਾਹਮਣੇ ਆਉਂਦਾ ਹੋਇਆ ਕੋਈ ਵਾਹਨ ਉਸ ਲਈ ਰਿਵਾਲਵਰ ਜਾਂ ਕਿਸੇ ਧਾਰਦਾਰ ਹਥਿਆਰ ਨਾਲੋਂ ਵੱਧ ਖ਼ੌਫ਼ਨਾਕ ਸੀ। ਉਸਨੇ ਇਕ ਗ਼ਲਾਸ ਪਾਣੀ ਪੀਤਾ ਸੀ ਤੇ ਥਾਨੇ ਵਿਚ ਰਿਪੋਰਟ ਲਿਖਵਾਉਣ ਲਈ ਮਜ਼ਮੂਨ ਤਿਆਰ ਕਰਨ ਲੱਗ ਪਿਆ ਸੀ।

ਕੀ ਰਤਨ ਕੁਮਾਰ ਉੱਤੇ ਵਾਕੱਈ ਹਮਲਾ ਹੋਇਆ ਹੈ?
ਉਤਰ www.livejanadesh.com ਉੱਤੇ ਦਿਓ ਜਾਂ 54343 ਉੱਤੇ ਐਸ.ਐਮ.ਐਸ ਕਰੋ। ਇਹ ਇਤੇਫ਼ਾਕ ਸੀ ਜਾਂ ਇਸ ਦੇ ਪਿੱਛੇ ਕੋਈ ਯੋਜਨਾ ਕਿ ਰਤਨ ਕੁਮਾਰ 'ਤੇ ਹੋਏ ਹਮਲੇ ਦੇ ਪ੍ਰਸੰਗ ਨੇ ਏਨੀ ਤੂਲ ਫੜ੍ਹ ਲਈ ਸੀ। ਇਕ ਹੋਰ ਅਖ਼ਬਾਰ ਨੇ ਰਾਏਸ਼ੁਮਾਰੀ ਲਈ ਉਪਰੋਕਤ ਪ੍ਰਸ਼ਨ ਨੂੰ ਦੂਜੇ ਢੰਗ ਨਾਲ ਪੁੱਛਿਆ ਸੀ—ਰਤਨ ਕੁਮਾਰ 'ਤੇ ਹਮਲੇ ਦੀ ਗੱਲ ਕੀ ਝੂਠ ਦਾ ਪੁਲਿੰਦਾ ਹੈ?
ਰਤਨ ਕੁਮਾਰ ਪ੍ਰਸੰਗ ਦੀ ਮੀਡੀਏ ਵਿਚ ਏਨੀ ਚਰਚਾ ਹੋ ਰਹੀ ਸੀ ਕਿ ਉਸ ਬਾਰੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਇਹ ਮੀਡੀਏ ਦੀ ਰਾਈ ਦਾ ਪਹਾੜ ਬਣਾਉਣ ਵਾਲੀ ਨੀਤੀ ਜਾਂ ਆਪਸੀ ਦੌੜ ਦਾ ਨਤੀਜਾ ਹੈ। ਕਈਆਂ ਨੂੰ ਇਸ ਵਿਚ ਮੁੱਖ ਵਿਰੋਧੀ ਦਲ ਦਾ ਹੱਥ ਦਿਸ ਰਿਹਾ ਸੀ। ਜਿਸ ਅਨੁਸਾਰ ਸਰਕਾਰ ਦੀ ਫ਼ਜ਼ੀਹਤ ਕਰਨ ਲਈ ਵਿਰੋਧੀ ਨੇਤਾਵਾਂ ਨੇ ਅੰਦਰੇ-ਅੰਦਰ ਇਸ ਪ੍ਰਸੰਗ ਦੀ ਅੰਗਿਅਰੀ ਨੂੰ ਹਵਾ ਦਿੱਤੀ ਸੀ। ਤੀਜੀ ਚਰਚਾ, ਜਿਹੜੀ ਆਮ ਤੌਰ 'ਤੇ ਪੱਤਰਕਾਰਾਂ ਵਿਚਕਾਰ ਹੀ ਸੀਮਿਤ ਸੀ, ਇਹ ਸੀ ਕਿ 'ਰਤਨ ਕੁਮਰ ਛਟਿਆ ਹੋਇਆ ਬੰਦਾ ਏ। ਕਾਲਮ ਦੀ ਸ਼ੌਹਰਤ ਨਾਲ ਭੁੱਖ ਨਹੀਂ ਮਿਟੀ ਤਾਂ ਇਹ ਸ਼ੋਸ਼ਾ ਛੱਡ ਦਿੱਤਾ।' ਫ਼ਿਲਹਾਲ ਮੁੱਖ ਸਥਿਤੀ ਇਹ ਸੀ ਕਿ ਰਤਨ ਕੁਮਾਰ ਦੇ ਮੁੱਦੇ ਉੱਤੇ ਮਾਹੌਲ ਗਰਮ ਹੋਇਆ ਹੋਇਆ ਸੀ।
ਇਕ ਅਖ਼ਬਾਰ ਨੇ ਵਿਸ਼ੇਸ਼ ਤੌਰ ਤੇ ਪੁਲਿਸ ਮੁਖੀ ਨਾਲ ਹੋਈ ਗੱਲਬਾਤ ਛਾਪੀ ਸੀ, ਜਿਸ ਵਿਚ ਸਵਾਲ ਸੀ—'ਰਤਨ ਕੁਮਾਰ ਦੇ ਹਮਲਾਵਰਾਂ ਨੂੰ ਫੜ੍ਹਨ ਵਿਚ ਪੁਲਿਸ ਨਾਕਾਮ ਕਿਉਂ ਰਹੀ ਹੈ?' ਇਸਦਾ ਜਵਾਬ ਉਹਨਾਂ ਨੇ ਇੰਜ ਦਿੱਤਾ ਸੀ—'ਰਤਨ ਕੁਮਾਰ ਪੁਲਿਸ ਨੂੰ ਸਹਿਯੋਗ ਨਹੀਂ ਦੇ ਰਹੇ। ਅਸੀਂ ਉਹਨਾਂ ਉੱਤੇ ਇਲਜ਼ਾਮ ਕਤਈ ਨਹੀਂ ਲਾ ਰਹੇ ਕਿ ਉਹਨਾਂ ਦੀ ਦਿਲਚਸਪੀ ਗੁਨਾਹਗਾਰਾਂ ਦੇ ਫੜ੍ਹੇ ਜਾਣ ਨਾਲੋਂ ਵਧੇਰੇ ਇਸ ਗੱਲ ਵਿਚ ਹੈ ਕਿ ਪੁਲਿਸ ਬਦਨਾਮ ਹੋਵੇ ਪਰ ਏਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਉਹਨਾਂ ਦੇ ਬਿਆਨ ਵਿਚ ਏਨਾ ਅੰਤਰ-ਵਿਰੋਧ ਹੈ ਕਿ ਉਹਨਾਂ ਉੱਤੇ ਹੋਏ ਹਮਲੇ ਵਾਲੀ ਗੱਲ ਘੜੀ ਹੋਈ ਕਹਾਣੀ ਲੱਗਣ ਲੱਗ ਪੈਂਦੀ ਹੈ। ਰਤਨ ਕੁਮਾਰ ਹਮਲਾਵਰਾਂ ਦਾ ਨਾ ਹੁਲੀਆ ਦੱਸ ਸਕੇ ਨੇ, ਨਾ ਨਾਂ। ਕਹਿੰਦੇ ਨੇ ਨਾਂ ਦੱਸਣ ਦਾ ਅਪਰਾਧੀਆਂ ਨੇ ਕਸ਼ਟ ਨਹੀਂ ਕੀਤਾ ਤੇ ਹੁਲੀਆ ਦੱਸਣਾ ਇਸ ਕਰਕੇ ਮੁਮਕਿਨ ਨਹੀਂ ਕਿਉਂਕਿ ਉਹਨਾਂ ਨੂੰ ਸਾਫ ਦਿਖਾਈ ਨਹੀਂ ਦੇਂਦਾ। ਬਸ ਏਨਾ ਸੁਰਾਗ਼ ਦੇਂਦੇ ਨੇ ਕਿ ਦੋ ਮੋਟੇ ਸੀ ਦੋ ਪਤਲੇ। ਸਭ ਤੋਂ ਵੱਧ ਮੁਸ਼ਕਿਲ ਗੱਲ ਇਹ ਹੈ ਕਿ ਰਤਨ ਕੁਮਾਰ ਨੂੰ ਆਪਣੇ ਨਾਲ ਕਿਸੇ ਦੀ ਦੁਸ਼ਮਣੀ ਤੋਂ ਸਾਫ-ਸਾਫ ਇਨਕਾਰ ਹੈ ਤੇ ਅਜਿਹੀ ਕਿਸੇ ਸ਼ੰਕਾ ਕਾਰਨ ਹਮਲਾ ਹੋਣ ਦੇ ਸ਼ੱਕ ਨੂੰ ਉਹ ਖ਼ਾਰਜ ਕਰਦੇ ਨੇ। ਦੂਜੇ ਪਾਸੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਘਰ ਨਾ ਕੋਈ ਚੋਰੀ ਹੋਏ ਹੈ, ਨਾ ਲੁੱਟਖੋਹ ਦੀ ਕੋਸ਼ਿਸ਼। ਹੁਣ ਅਜਿਹੀ ਦਸ਼ਾ ਵਿਚ ਅਪਰਾਧੀਆਂ ਨੂੰ ਗਿਰਫ਼ਤਾਰ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਏ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਉਮੀਦ ਹੈ ਛੇਤੀ ਹੀ ਸੱਚਾਈ ਤੋਂ ਪਰਦਾ ਲੱਥ ਜਾਏਗਾ।'
ਉਪਰੋਕਤ ਅਖ਼ਬਾਰ ਦੇ ਪ੍ਰਤੀਦੁੰਦੀ ਅਖ਼ਬਾਰ ਨੇ ਬੜ੍ਹਤ ਲੈਂਦਿਆਂ ਹੋਇਆਂ ਆਪਣੇ ਸੰਪਾਦਕੀ ਪੰਨੇ ਉੱਤੇ ਆਹਮਣੋ-ਸਾਹਮਣੇ ਰਾਜ ਦੇ ਪੁਲਿਸ ਮਹਾਨਿਦੇਸ਼ਕ ਤੇ ਰਤਨ ਕੁਮਾਰ ਦੀਆਂ ਫੋਟੋਆਂ ਲਾ ਦਿੱਤੀਆਂ ਸਨ ਤੇ ਨਾਲ ਹੀ ਉਹਨਾਂ ਦੇ ਕਥ ਛਾਪੇ ਸਨ। ਪੁਲਿਸ ਮਹਾਨਿਦੇਸ਼ਕ ਗੰਜੀ ਖੋਪੜੀ ਵਾਲਾ ਸੀ। ਉਸਦੀ ਵਰਦੀ ਉੱਤੇ ਅਸ਼ੋਕ ਦੀ ਲਾਟ ਦਾ ਚਿੰਨ੍ਹ ਚਮਕ ਰਿਹਾ ਸੀ ਤੇ ਉਸਦੇ ਸਿਰ 'ਤੇ ਲਈ ਹੋਈ ਕੈਪ ਦੇ ਸਾਹਮਣੇ ਵੀ ਅਸ਼ੋਕ ਦੀ ਲਾਟ ਟੰਗੀ ਹੋਈ ਸੀ, ਇਸ ਲਈ ਉਸਦਾ ਗੰਜ ਲੁਕਿਆ ਹੋਇਆ ਸੀ ਤੇ ਉਨਾਟ ਦਾ ਉਹ ਪੈਂਠ ਦਾ ਦਿਖਣ ਦੀ ਬਜਾਏ ਪਚਵੰਜਾ ਦਾ ਲੱਗ ਰਿਹਾ ਸੀ। ਰਤਨ ਕੁਮਾਰ ਦੀ ਤਸਵੀਰ ਤੋਂ ਲੱਗ ਰਿਹਾ ਸੀ ਕਿ ਉਹ ਇਕ ਸੁੱਕੜ ਜਿਹਾ ਨੌਜਵਾਨ ਹੈ। ਉਸਦੇ ਬੁੱਲ੍ਹਾਂ 'ਤੇ ਮਾਮੂਲੀਪਨ ਸੀ ਤੇ ਅੱਖਾਂ ਵਿਚ ਚੁਕੰਨੇਪਨ ਦੀ ਲਿਸ਼ਕ, ਪਰ ਕੁਲ ਮਿਲਾ ਕੇ ਲੱਗਦਾ ਸੀ ਕਿ ਉਸਦੀ ਨੀਂਦ ਪੂਰੀ ਨਹੀਂ ਹੋਈ ਹੈ। ਇੰਜ ਉਸਦੇ ਖਿੱਲਰੇ ਹੋਏ ਵਾਲਾਂ ਤੇ ਪੁਰਾਣੀ ਟਾਈਪ ਦੇ ਕਾਲਰ ਵਾਲੀ ਕਮੀਜ਼ ਕਰਕੇ ਵੀ ਹੋ ਸਕਦਾ ਸੀ।
ਪੁਲਿਸ ਮਹਾਨਿਦੇਸ਼ਕ ਦੀ ਟਿੱਪਣੀ ਦਾ ਸਾਰ ਸੀ—'ਰਤਨ ਕੁਮਾਰ ਇਕ ਮਹੱਤਵਪੂਰਨ ਪੱਤਰਕਾਰ ਹੈ ਤੇ ਮੈਂ ਖ਼ੁਦ ਉਸਦਾ ਕਾਲਮ 'ਦੁਪਿਆਰੇ' ਬੜੇ ਚਾਅ ਨਾਲ ਪੜ੍ਹਦਾ ਹਾਂ। ਮੇਰੇ ਪਰਿਵਾਰ ਵਾਲੇ ਮੇਰੇ ਨਾਲੋਂ ਵੀ ਵੱਧ ਉਹਨਾਂ ਦੇ ਪ੍ਰਸ਼ੰਸਕ ਨੇ। ਇਸ ਦੇ ਬਾਵਜੂਦ ਕਹਿਣਾ ਚਾਹੁੰਦਾ ਹਾਂ ਕਿ ਪ੍ਰਥਮਿਕੀ (ਐਫ.ਆਈ.ਆਰ) ਵਿਚ ਉਹਨਾਂ ਦੀ ਸ਼ਿਕਾਇਤ ਠੋਸ ਤੱਥਾਂ 'ਤੇ ਆਧਾਰਿਤ ਨਹੀਂ ਹੈ। ਉਹਨਾਂ ਦੀਆਂ ਲਿਖਤਾਂ ਨੂੰ ਧਿਆਨ ਨਾਲ ਪੜ੍ਹਨ ਵਾਲੇ ਜਾਣਦੇ ਹੋਣਗੇ ਕਿ ਉਹ ਅਜਿਹੀਆਂ ਗੱਲਾਂ ਲਗਾਤਾਰ ਲਿਖਦੇ ਰਹਿੰਦੇ ਨੇ ਜਿਹੜੀਆਂ ਮੌਲਿਕ, ਵਿਚਾਰ-ਉਤੇਜਕ ਹੋਣ ਦੇ ਬਾਵਜੂਦ ਯਥਾਰਥਵਾਦੀ ਜ਼ਰਾ ਘੱਟ ਹੀ ਹੁੰਦੀਆਂ ਨੇ ਜਦਕਿ ਲਿਖਤ ਦਾ ਮਹਾਨ ਤੱਤ ਹੁੰਦਾ ਹੈ ਯਥਾਰਥ। ਕਹਿਣਾ ਮੁਸ਼ਕਿਲਾਂ ਵੀ ਖੜ੍ਹੀਆਂ ਕਰ ਸਕਦਾ ਹੈ ਪਰ ਕਹਿ ਰਿਹਾਂ, ਉਹਨਾਂ ਦੀ ਪ੍ਰਾਥਮਿਕੀ ਵੀ ਉਹਨਾਂ ਦੇ ਲੇਖ ਦੀ ਇਕ ਕਿਸ਼ਤ ਹੀ ਜਾਪਦੀ ਹੈ। ਫੇਰ ਵੀ ਅਸੀਂ ਪੂਰੀ ਛਾਨਬੀਨ ਕਰ ਰਹੇ ਹਾਂ ਤੇ ਸਾਡੀ ਤਫਤੀਸ਼ ਜ਼ਰੂਰ ਹੀ ਕਿਸੇ ਮੁਕਾਮ 'ਤੇ ਪਹੁੰਚੇਗੀ। ਸਾਨੂੰ ਪਤਾ ਹੈ ਕਿ ਰਤਨ ਕੁਮਾਰਜੀ ਕਾਲਮਨਵੀਸ ਪੱਤਰਕਾਰ ਹੋਣ ਦੇ ਨਾਲ-ਨਾਲ ਯੂਨੀਵਰਸਟੀ ਵਿਚ ਸਨਮਾਨਿਤ ਅਧਿਆਪਕ ਵੀ ਨੇ, ਇਸ ਲਈ ਕੋਈ ਮੁਲਾਜ਼ਿਮ ਉਹਨਾਂ ਦੇ ਮਾਮਲੇ ਵਿਚ ਲਾਪ੍ਰਵਾਹੀ, ਬੇਈਮਾਨੀ ਕਰਨ ਦੀ ਗੁਸਤਾਖ਼ੀ ਨਹੀਂ ਕਰ ਸਕਦਾ। ਅੰਤ ਵਿਚ ਸ਼੍ਰੀ ਰਤਨ ਕੁਮਾਰੀਜੀ ਨੂੰ ਬੇਨਤੀ ਹੈ ਕਿ ਕ੍ਰਿਪਾ ਕਰਕੇ ਉਹ ਆਪਣੇ ਇਲਜ਼ਾਮਾਂ ਦੇ ਹੱਕ ਵਿਚ ਕੁਝ ਤੱਥ ਤੇ ਸਬੂਤ ਵੀ ਪੇਸ਼ ਕਰਨ, ਤਾਕਿ ਸਾਨੂੰ ਅਪਰਾਧੀਆਂ ਤੀਕ ਪਹੁੰਚਣ ਵਿਚ ਮਦਦ ਮਿਲੇ।'
ਰਤਨ ਕੁਮਾਰ ਨੇ ਆਪਣਾ ਪੱਖ ਇਕ ਸੰਬੋਧਨ ਦੇ ਰੂਪ ਵਿਚ ਪੇਸ਼ ਕੀਤਾ ਸੀ। ਉਸ ਵਿਚ ਲਿਖਿਆ ਸੀ—'ਪਿਆਰੇ ਦੋਸਤੋ! ਇਹ ਬਿਲਕੁਲ ਸਹੀ ਹੈ ਕਿ ਆਪਣੇ ਖ਼ਿਲਾਫ਼ ਹੋਈ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਵਾਲੇ ਤੱਥ ਤੇ ਸਬੂਤ ਮੈਂ ਪੇਸ਼ ਨਹੀਂ ਕਰ ਸਕਿਆ ਹਾਂ, ਪਰ ਕੀ ਤੱਥ ਤੇ ਸਬੂਤ ਮੁਹੱਈਆ ਕਰਨਾ—ਉਹਨਾਂ ਦੀ ਖੋਜ ਕਰਨਾ ਤੇ ਉਹਨਾਂ ਨੂੰ ਸੁਰੱਖਿਅਤ ਰੱਖਣਾ ਪੀੜਤ ਦਾ ਹੀ ਕਰਤੱਵ ਹੁੰਦਾ ਹੈ? ਇਹਨਾਂ ਚੀਜ਼ਾਂ ਦੀ ਨਾਮੌਜੂਦਗੀ ਕਾਰਨ ਪੁਲਿਸ ਕਹਿ ਰਹੀ ਹੈ ਕਿ ਉਸਨੂੰ ਅਪਰਾਧੀਆਂ ਨੂੰ ਗਿਰਫਤਾਰ ਕਰਨ ਵਿਚ ਔਖਿਆਈ ਹੋ ਰਹੀ ਹੈ। ਹਮਲਾਵਰਾਂ ਦੀ ਗਿਰਫਤਾਰੀ ਤੇ ਸਜ਼ਾ ਨਾਲੋਂ ਵੱਧ ਮੇਰੀ ਰੁਚੀ ਇਸ ਗੱਲ ਦੀ ਪੜਤਾਲ ਵਿਚ ਹੈ ਕਿ ਉਹ ਲੋਕ ਕਿਉਂ ਮੇਰੇ ਵਿਰੁੱਧ ਨੇ? ਭਾਵੇਂ ਉਹ ਚਾਰ ਗੁੰਡੇ ਸਨ ਤੇ ਉਹਨਾਂ ਨੂੰ ਕਿਸੇ ਨੇ ਹਮਾਲਾ ਕਰਨ ਦਾ ਹੁਕਮ ਦਿੱਤਾ ਸੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਮੇਰੀ ਕਿਸ ਗੱਲ ਤੋਂ ਕੋਈ ਏਨਾ ਉਤੇਜਕ ਹੋ ਗਿਆ ਹੈ? ਮੈਂ ਇਹ ਵੀ ਕਹਿੰਦਾ ਹਾਂ ਕਿ ਉਹ ਲੁਟੇਰੇ ਨਹੀਂ ਸਨ। ਮੇਰੇ ਕੋਲ ਲੁਟਿਆ ਜਾਣ ਵਾਲਾ ਕੁਝ ਖਾਸ ਹੈ ਵੀ ਨਹੀਂ। ਮੇਰੇ ਘਰ ਵਿਚ ਕੋਈ ਕੀਮਤੀ ਸਾਮਾਨ ਨਹੀਂ, ਸਿਵਾਏ ਮੇਰੀ ਕਲਮ, ਕਾਗਜ਼ ਤੇ ਮੇਰੇ ਦਿਮਾਗ਼ ਦੇ। ਮੇਰੇ ਘਰ ਦਾ ਤਾਂ ਪੱਖਾ ਵੀ ਬੜੀ ਧੀਮੀ ਚਾਲ ਨਾਲ ਟ੍ਰੈਂ-ਟ੍ਰੈਂ ਰੌਲਾ ਪਾਉਂਦਾ ਰਹਿੰਦਾ ਹੈ। ਇਸ ਲਈ ਤੈਅ ਹੈ ਕਿ ਕੋਈ ਜਾਂ ਕੁਝ ਲੋਕ ਮੇਰੇ ਨਾਲ ਰੰਜਿਸ਼ ਰਖਦੇ ਨੇ ਪਰ ਕਿਉਂ, ਇਸਦਾ ਮੈਨੂੰ ਜਵਾਬ ਚਾਹੀਦਾ ਹੈ। ਪਰ ਪੁਲਿਸ ਹੱਥ 'ਤੇ ਹੱਥ ਰੱਖੀ ਬੈਠੀ ਹੈ ਤੇ ਰਟ ਰਹੀ ਹੈ ਕਿ ਕਾਨੂੰਨ ਬਗ਼ੈਰ ਸਬੂਤਾਂ ਦੇ ਕੰਮ ਨਹੀਂ ਕਰਦਾ। ਸਾਥੀਓ, ਸਬੂਤਾਂ ਦੀ ਇਸੇ ਸੋਟੀ ਨਾਲ ਰਾਜ ਨੇ ਹਰੇਕ ਗਰੀਬ, ਪੀੜਤ ਤੇ ਦੁਖਿਆਰੇ ਨੂੰ ਨੱਪਿਆ ਹੋਇਆ ਹੈ। ਅੱਜ ਇਸ ਦੇਸ਼ ਦੇ ਅਗਿਣਤ ਅਜਿਹੇ ਪਰਿਵਾਰ ਨੇ ਜਿਹੜੇ ਅੰਨ, ਘਰ, ਸਵਾਸਥ, ਸਿੱਖਿਆ ਤੋਂ ਵਾਂਝੇ ਨੇ...ਪਰ ਰਾਜ, ਉਹਨਾਂ ਦੀ ਪੁਕਾਰ ਸੁਣਨ ਦੀ ਲੋੜ ਨਹੀਂ ਮਹਿਸੂਸ ਕਰਦਾ ਕਿਉਂਕਿ ਉਹਨਾਂ ਕੋਲ ਇਸ ਅਪਰਾਧੀ ਵੰਡਾਰੇ ਨੂੰ ਸਾਬਤ ਕਰਨ ਵਾਲੇ ਸਬੂਤ ਨਹੀਂ। ਜਾਂ ਇੰਜ ਕਹੀਏ ਕਿ ਇਹਨਾਂ ਪਰਿਵਾਰਾਂ ਕੋਲ ਆਪਣੀਆਂ ਤਕਲੀਫ਼ਾਂ ਨੂੰ ਸਿੱਧ ਕਰਨ ਵਾਲੇ ਸਬੂਤ ਨਹੀਂ। ਹੱਤਿਆ, ਬਲਾਤਕਾਰ, ਭਰਿਸ਼ਟਾਚਾਰ ਦੇ ਅਗਿਣਤ ਮੁਜਰਿਮ ਗੁਲਛੱਰੇ ਉਡਾਉਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਅਪਰਾਧ ਨੂੰ ਸਾਬਤ ਕਰਨ ਵਾਲੇ ਸਬੂਤ ਨਹੀਂ ਹੁੰਦੇ। ਪੁਲਿਸ, ਸੈਨਾ ਵਰਗੀਆਂ ਰਾਜ ਦੀਆਂ ਸ਼ਕਤੀਆਂ ਜਨਤਾ 'ਤੇ ਜੁਲਮ ਢਾਉਂਦੀਆਂ ਨੇ ਤੇ ਲੋਕਾਂ ਦਾ ਦਮਨ, ਪੀੜਨ, ਬਧ, ਬਲਾਤਕਾਰ ਕਰਕੇ ਉਹਨਾਂ ਨੂੰ ਨਕਸਲਵਾਦੀ, ਆਂਤੰਕਵਾਦੀ ਕਹਿ ਦੇਂਦੀਆਂ ਨੇ...ਪਰ ਕੁਝ ਨਹੀਂ ਹੁੰਦਾ, ਕਿਉਂਕਿ ਸਬੂਤ ਨਹੀਂ ਹੁੰਦੇ। ਇਸ ਸ਼ਬਦ ਸਬੂਤ ਕਾਰਨ ਦੇਸ਼ ਦੇ ਆਦਿਵਾਸੀਆਂ ਤੋਂ ਉਹਨਾਂ ਦੀ ਜ਼ਮੀਨ, ਜੰਗਲ ਤੇ ਜਿਊਣ ਦੇ ਹੋਰ ਸਾਧਨ ਖੋਹ ਲਏ ਗਏ ਕਿਉਂਕਿ ਆਦਿਵਾਸੀਆਂ ਕੋਲ ਆਪਣੇ ਹੱਕ ਨੂੰ ਸਾਬਤ ਕਰਨ ਵਾਲੇ ਸਬੂਤ ਨਹੀਂ। ਪਤਾ ਨਹੀਂ ਕਿੰਨੇ ਲੋਕ ਆਪਣੀ ਹੋਂਦ ਨੂੰ ਸਿੱਧ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਰਾਸ਼ਨ ਕਾਰਡ, ਵੋਟ ਕਾਰਡ, ਪਛਾਣ ਪੱਤਰ, ਬੈਂਕ ਦੀ ਪਾਸਬੁੱਕ, ਡਰਾਈਵਿੰਗ ਲਾਇਸੈਂਸ ਜਾਂ ਪੈਨ-ਕਾਰਡ ਨਹੀਂ ਹੈ। ਉਹ ਹੈਨ, ਪਰ ਹੈ ਨਹੀਂ ਹੈਨ। ਦਰਅਸਲ ਇਸ ਦੇਸ਼ ਵਿਚ ਸਬੂਤ ਇਕ ਅਜਿਹਾ ਫੰਦਾ ਹੈ ਜਿਸ ਨਾਲ ਮਾਸੂਮ ਤੇ ਆਮ ਇਨਸਾਨ ਦੀ ਗਰਦਨ ਕਸੀ ਜਾਂਦੀ ਹੈ ਤੇ ਤਾਕਤਵਰ ਦੇ ਕੁਕਰਮਾਂ ਦੀ ਪੰਡ 'ਤੇ ਪਰਦਾ ਪਾਇਆ ਜਾਂਦਾ ਹੈ।'
ਤੇ ਜਦੋਂ ਇਹ ਮੁੱਦਾ, ਜਿਹੜਾ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿਰੋਧੀ ਪਾਰਟੀ ਦੇ ਨੇਤਾ ਦੇ ਸ਼ਬਦਾਂ ਅਨੁਸਾਰ ਮੱਦਾ ਨਹੀਂ ਬਤੰਗੜ ਸੀ, ਟੈਲੀਵਿਜ਼ਨ ਦੇ ਇਕ ਰਾਸ਼ਟਰੀ ਚੈਨਲ ਉੱਤੇ ਉੱਠਿਆ ਤਾਂ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਇਕੋ ਤਾਰੀਖ਼ ਵਿਚ ਦੋ ਮੀਟਿੰਗਾਂ ਬੁਲਾਈਆਂ—ਪਹਿਲੀ ਮੀਟਿੰਗ 15:40 'ਤੇ ਤੇ ਦੂਜੀ 16:15 'ਤੇ—ਪਹਿਲੀ ਮੀਟਿੰਗ ਪ੍ਰਦੇਸ਼ ਦੇ ਸੂਚਨਾ ਨਿਦੇਸ਼ਕ ਦੇ ਨਾਲ ਹੋ ਰਹੀ ਸੀ। ਪਰ ਉਸ ਤੋਂ ਪਹਿਲਾਂ 'ਮੁੱਦਾ ਨਹੀਂ ਬਤੰਗੜ ਹੈ' 'ਤੇ ਚਰਚਾ ਹੋਈ...:
ਵਿਧਾਨ ਸਭਾ ਦੀ ਵਿਰੋਧੀ ਪਾਰਟੀ ਦੇ ਨੇਤਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਰਤਨ ਕੁਮਾਰ 'ਤੇ ਹੋਏ ਹਮਲੇ ਬਾਰੇ ਪੁੱਛਿਆ ਜਾਣ 'ਤੇ ਹੱਸਦਿਆਂ ਹੋਇਆਂ ਕਿਹਾ—“ਇਹ ਬਤੰਗੜ ਹੈ, ਜਿਹੜਾ ਸਰਕਾਰ ਦੇ ਪੁਲਿਸ ਮਹਿਕਮੇ ਦੀ ਸਿੱਥਲਤਾ ਤੇ ਬਦਜ਼ਬਾਨੀ ਕਾਰਨ ਮੁੱਦਾ ਬਣਦਾ ਜਾ ਰਿਹਾ ਏ। ਮੈਂ ਇਸਨੂੰ ਦਿਸ਼ਾਹੀਣ ਨਹੀਂ ਦਿਸ਼ਾ-ਭਰਿਸ਼ਟ ਸਰਕਾਰ ਕਹਿੰਦਾ ਹਾਂ। ਇਸ ਸਰਕਾਰ ਦੀ ਹਰੇਕ ਯੋਜਨਾ ਤੇ ਜਾਂਚ ਵਾਂਗ ਰਤਨ ਕੁਮਾਰਜੀ ਦਾ ਮਾਮਲਾ ਵੀ ਦਿਸ਼ਾ-ਭਰਿਸ਼ਟ ਹੋ ਗਿਆ ਏ। ਹਾਲਾਂਕਿ ਰਤਨ ਕੁਮਾਰਜੀ ਦਾ ਵੀ ਕਸੂਰ ਏ ਕਿ ਉਹ ਸਾਫ਼-ਸਾਫ਼ ਦੱਸ ਨਹੀਂ ਰਹੇ ਬਈ ਹਮਲਾ ਸਰਕਾਰ ਦੁਆਰਾ ਕਰਵਾਇਆ ਗਿਆ ਹੈ, ਜਿਹੜਾ ਲੋਕਤੰਤਰ ਦੇ ਚੌਥੇ ਥੰਮ੍ਹ ਦਾ ਗਲ਼ਾ ਘੁੱਟਣ ਦੇ ਇਰਾਦੇ ਨਾਲ ਕੀਤਾ ਗਿਆ ਏ।” ਇਸ ਤੋਂ ਪਿੱਛੋਂ ਉਹਨਾਂ ਕਈ ਹੋਰ ਸਵਾਲਾਂ ਦੇ ਜਵਾਬ ਦੇਣ ਪਿੱਛੋਂ ਅੰਤ ਵਿਚ ਮੁੱਖ-ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।
ਸੱਤਾ ਪਾਰਟੀ ਦੇ ਮੂੰਹ-ਜ਼ੋਰ ਪ੍ਰਵਕਤਾ ਨੇ ਸ਼ਾਮ ਦੀ ਨਿਯਮਿਤ ਪ੍ਰੈੱਸ ਵਾਰਤਾ ਵਿਚ ਜਵਾਬ ਦਿੱਤਾ—“ਰਤਨ ਕੁਮਾਰ ਉੱਤੇ ਹੋਏ ਹਮਲੇ ਦੇ ਸ਼ੱਕ ਦੀ ਸੂਈ ਮਾਣਯੋਗ ਵਿਰੋਧੀ ਪਾਰਟੀ ਦੇ ਨੇਤਾ ਵੱਲ ਘੁੰਮਦੀ ਹੈ। ਕਿਉਂਕਿ ਉਹ ਆਪਣੇ ਨਾਂ ਨੂੰ ਸਾਰਟ ਫਾਰਮ ਵਿਚ ਲਿਖਦੇ ਨੇ ਤੇ ਅੰਤ ਵਿਚ ਆਪਣੀ ਜਾਤ ਵੀ ਲਿਖਦੇ ਨੇ, ਜਿਸਦਾ ਰਤਨ ਕੁਮਾਰਜੀ ਹਮੇਸ਼ਾ ਵਿਰੋਧ ਕਰਦੇ ਰਹੇ ਨੇ। ਲੱਗਦਾ ਏ ਕਿ ਮਾਣਯੋਗ ਵਿਰੋਧੀ ਪਾਰਟੀ ਦੇ ਨੇਤਾ ਨੂੰ ਇਸ ਨਾਲ ਮਿਰਚਾਂ ਲੱਗ ਗਈਆਂ ਨੇ, ਜਿਹੜਾ ਇੰਜ ਊਲ-ਜਲੂਲ ਬੋਲ ਰਹੇ ਨੇ। ਉਹਨਾਂ ਬਾਰੇ ਸਾਡਾ ਇਹੋ ਕਹਿਣਾ ਏਂ ਕਿ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਨੇ।”
ਅਗਲੀ ਪ੍ਰੈੱਸ-ਵਾਰਤਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਉਸ ਪ੍ਰਵਕਤਾ ਨੂੰ 'ਯਮਲਾ, ਪਗਲਾ, ਦੀਵਾਨਾ' ਕਿਹਾ ਸੀ ਤੇ ਕਿਹਾ ਸੀ—“ਭਗਵਾਨ ਮੂਰਖਾਂ ਨੂੰ ਸਦ-ਬੁੱਧੀ ਦਏ।” ਤੇ ਹੱਸ ਪਏ ਸਨ। ਉਹਨਾਂ ਦਾ ਇਹ ਬਿਆਨ ਬਾਅਦ ਦੀ ਗੱਲ ਹੈ, ਉਸ ਤੋਂ ਦੋ ਦਿਨ ਪਹਿਲਾਂ ਮੁੱਖ ਸਕੱਤਰ ਨੇ ਦੁਪਹਿਰ ਵੇਲੇ ਦੋ ਮੀਟਿੰਗਾਂ ਕੀਤੀਆਂ ਸਨ ਤੇ 15:40 'ਤੇ ਸੂਚਨਾ ਨਿਦੇਸ਼ਕ ਉਹਨਾਂ ਦੇ ਕਮਰੇ ਵਿਚ ਸੀ। ਸੂਚਨਾ ਨਿਦੇਸ਼ਕ 2001 ਬੈਚ ਦਾ ਆਈ.ਏ.ਐਸ਼. ਅਧਿਕਾਰੀ ਸੀ ਤੇ ਚਾਹੁੰਦਾ ਸੀ ਕਿ ਭਾਵੇਂ ਕੋਈ ਵੀ ਸਰਕਾਰ ਬਣੇ, ਉਹ ਹਮੇਸ਼ਾ ਮਹੱਤਵਪੂਰਨ ਅਹੁਦੇ 'ਤੇ ਤੈਨਾਤ ਰਹੇ।
“ਇਹ ਦੱਸੋ ਬਈ ਇਹ ਰਤਨ ਕੁਮਾਰ ਕੀ ਬਲਾਅ ਏ?” ਮੁੱਖ ਸਕੱਤਰ ਨੇ ਇਕ ਫ਼ਾਈਲ ਉੱਤੇ ਦਸਤਖ਼ਤ ਕਰਦਿਆਂ ਹੋਇਆਂ ਕਿਹਾ।
“ਸਰ! ਸਰ ਬਸ ਇਹ ਹੈ ਕਿ ਸਰ...ਰਤਨ ਕੁਮਾਰ ਵਾਕੱਈ ਇਕ ਬਲਾਅ ਐ ਸਰ!” ਸੂਚਨਾ ਨਿਦੇਸ਼ਕ ਕੁਸ਼ਲ ਵਕਤਾ ਸੀ, ਪਰ ਆਪਣੇ ਨਾਲੋਂ ਵੱਡੇ ਅਫ਼ਸਰਾਂ, ਮੰਤਰੀਆਂ ਦੇ ਸਾਹਮਣੇ ਘਬਰਾਹਟ ਵਿਚ ਹੋਣ ਦੀ ਐਕਟਿੰਗ ਕਰਦਾ ਸੀ। ਅਸਲ ਵਿਚ ਇਹ ਉਸਦਾ ਸਤਿਕਾਰ ਪ੍ਰਗਟਾਉਣ ਦਾ ਤਰੀਕਾ ਸੀ ਕਿ 'ਸ਼੍ਰੀਮਾਨ ਜੀ ਤੁਸੀਂ ਦੇਖੋ, ਤੁਸੀਂ ਏਨੇ ਖਾਸ ਓ ਕਿ ਤੁਹਾਡੇ ਸਾਹਵੇਂ ਮੇਰੀ ਸਿੱਟੀ-ਪਿੱਟੀ ਗੁੰਮ ਹੋ ਗਈ ਏ।' ਉਸਦੀ ਇਹ ਅਦਾ ਮੁੱਖ ਸਕੱਤਰ ਨੂੰ ਪਸੰਦ ਆਈ।
“ਚਾਹ ਪੀਓ।” ਮੁੱਖ ਸਕੱਤਰ ਆਪਣੱਤ ਨਾਲ ਬੋਲਿਆ। ਉਹ ਆਪਣਾ ਵੱਡਪਣ ਦਿਖਾ ਰਿਹਾ ਸੀ ਕਿ ਮਾਤਹਤ ਅਫ਼ਸਰਾਂ ਨਾਲ ਉਸਦੇ ਵਰਤਾਅ ਵਿਚ ਸਰਲਤਾ ਰਹਿੰਦੀ ਹੈ।
ਸੂਚਨਾ ਨਿਦੇਸ਼ਕ ਨੇ ਅਜਿਹਾ ਧੰਨਵਾਦੀ ਚਿਹਰਾ ਬਣਾਇਆ ਜਿਵੇਂ ਮੁੱਖ ਸਕੱਤਰ ਦੀ ਅਪਣੱਤ ਕਾਰਨ ਉਸਦੀ ਘਬਰਾਹਟ ਖ਼ਤਮ ਹੋ ਗਈ ਹੋਵੇ। ਉਸਨੇ 'ਥੈਂਕ ਯੂ ਸਰ' ਕਹਿ ਕੇ ਚਾਹ ਦਾ ਘੁੱਟ ਭਰਿਆ, “ਸਰ ਇਹ ਰਤਨ ਕੁਮਾਰ ਕੋਈ ਪ੍ਰੋਫੈਸ਼ਨਲ ਪੱਤਰਕਾਰ ਨਹੀਂ, ਯੂਨੀਵਰਸਟੀ 'ਚ ਲੈਕਚਰਾਰ ਐ ਸਰ। ਆਪਣੇ ਕਾਲਮ 'ਚ ਕੂੜ ਰਚਨਾ, ਡਿਕੋਡ ਵਗ਼ੈਰਾ ਬਕਦਾ ਰਹਿੰਦਾ ਏ ਸਰ।”
“ਪਰ ਕਾਫੀ ਪੜ੍ਹਿਆ ਜਾਪਦਾ ਏ ਉਹ। ਸੁਣਦੇ ਆਂ ਕੁਝ ਦਿਨ ਆਂਧਰਾ ਪ੍ਰਦੇਸ਼ ਦੇ ਆਦਿਵਾਸੀਆਂ ਵਿਚਕਾਰ ਰਹਿਣ ਕਰਕੇ ਉਸਦਾ ਕਾਲਮ ਨਹੀਂ ਛਪਿਆ ਤਾਂ ਅਖ਼ਬਾਰ ਦੀ ਵਿਕਰੀ ਘਟ ਗਈ...?”
ਸੂਚਨਾ ਨਿਦੇਸ਼ਕ ਨੂੰ ਲੱਗਿਆ, ਮੁੱਖ ਸਕੱਤਰ ਰਤਨ ਕੁਮਾਰ ਦਾ ਪ੍ਰਸ਼ੰਸਕ ਹੈ, ਸੋ ਉਸਨੇ ਕਿਹਾ, “ਕੁਝ ਵੀ ਹੋਵੇ ਸਰ, ਇਹ ਸ਼ਖ਼ਸ ਹੈ ਜੀਨੀਅਸ।”
“ਅੱਛਾ!” ਮੁੱਖ ਸਕੱਤਰ ਨੇ ਇੰਜ ਕਿਹਾ ਜਿਵੇਂ ਉਸਨੂੰ ਕੋਈ ਨਵੀਂ ਜਾਣਕਾਰੀ ਮਿਲੀ ਹੋਵੇ, “ਤੂੰ ਇਹ ਦੱਸ ਸਕਦੈਂ ਬਈ ਰਤਨ ਕੁਮਾਰ ਬਾਰੇ ਅਫ਼ਵਾਹਾਂ ਕੀ ਨੇ?”
“ਅਫ਼ਵਾਹਾਂ?” ਸੂਚਨਾ ਨਿਦੇਸ਼ਕ ਨੇ ਨਾ ਸਮਝਣ ਦੀ ਅਦਾਕਾਰੀ ਕੀਤੀ। ਹਾਲਾਂਕਿ ਉਹ ਸਮਝ ਗਿਆ ਸੀ ਕਿ ਅਫ਼ਵਾਹਾਂ ਤੋਂ ਮੁੱਖ ਸਕੱਤਰ ਦਾ ਮੰਸ਼ਾ ਕੀ ਹੈ, ਰਤਨ ਕੁਮਾਰ ਦੀਆਂ ਕਮਜ਼ੋਰੀਆਂ।
“ਹਾਂ ਅਫ਼ਵਾਹਾਂ।” ਮੁੱਖ ਸਕੱਤਰ ਬੋਲੇ, “ਹਰ ਮਸ਼ਹੂਰ ਆਦਮੀ ਬਾਰੇ ਅਫ਼ਵਾਹਾਂ ਹੁੰਦੀਆਂ ਨੇ, ਮਸਲਨ ਕੁਝ ਸੱਚੀਆਂ, ਕੁਝ ਝੂਠੀਆਂ ਚਰਚਾਵਾਂ ਜਿਹੜੀਆਂ ਆਖ਼ਰ ਉਸਦੇ ਖ਼ਿਲਾਫ਼ ਜਾਂਦੀਆਂ ਨੇ।”
“ਸਰ, ਇਕ ਇਹ ਕਿ ਰਤਨ ਕੁਮਾਰ ਨੂੰ ਦਿਖਦਾ ਬੜਾ ਘੱਟ ਏ।”
“ਇਹ ਅਫ਼ਵਾਹ ਏ ਜਾਂ ਫੈਕਟ?”
“ਫੈਕਟ, ਸਰ ਫੈਕਟ...।” ਉਸ ਉੱਤੇ ਫੇਰ ਸਿੱਟੀ-ਪਿੱਟੀ ਗੁੰਮ ਹੋਣ ਦਾ ਦੌਰਾ ਪਿਆ।
ਮੁੱਖ ਸਕੱਤਰ ਨੇ ਫੇਰ ਵੱਡਪਣ ਦਿਖਾਇਆ, “ਇਸ ਦੇ ਪਰਿਵਾਰ ਵਿਚ ਕੌਣ ਕੌਣ ਏਂ?”
“ਇਕ ਬੁੱਢਾ ਬਾਬਾ ਏ ਸਰ। ਬਾਕੀ ਲੋਕ, ਇਸਦੇ ਬਚਪਨ 'ਚ ਇਕ ਐਕਸੀਡੈਂਟ 'ਚ ਮਾਰੇ ਗਏ ਸੀ।”
“ਬੀਵੀ?”
“ਸ਼ਾਦੀ ਨਹੀਂ ਹੋਈ ਸਰ।”
“ਅੱਖਾਂ ਕਾਰਨ ਕਿਹੜੀ ਲੜਕੀ ਚੁਣੇਗੀ ਇਸਨੂੰ?”
“ਨਹੀਂ ਸਰ, ਇਸਦੀ ਇਕ ਪ੍ਰੇਮਿਕਾ ਏ ਸੁਨਿਧੀ। ਸੁਣਦੇ ਆਂ ਬਚਪਨ ਦੀ ਦੋਸਤ ਏ।”
“ਓਅ!” ਮੁੱਖ ਸਕੱਤਰ ਹੱਸੇ।
“ਜੀ ਸਰ।” ਸੂਚਨਾ ਨਿਦੇਸ਼ਕ ਮੁਸਕੁਰਾਇਆ।
“ਹੋਰ ਕੋਈ ਗੱਲ?”
“ਹੋਰ ਸਰ।” ਹੁਣ ਤਕ ਸੂਚਨਾ ਨਿਦੇਸ਼ਕ ਨੂੰ ਯਕੀਨ ਹੋ ਗਿਆ ਸੀ ਕਿ ਮੁੱਖ ਸਕੱਤਰ ਰਤਨ ਕੁਮਾਰ ਦਾ ਪ੍ਰਸ਼ੰਸਕ ਬਿਲਕੁਲ ਨਹੀਂ, “ਸਰ ਇਸਦਾ ਜੋ ਨਾਟਕ ਏ ਕਿ ਚੀਜ਼ਾਂ ਨੂੰ, ਵਿਅਕਤੀਆਂ ਨੂੰ ਤੇ ਸੰਸਥਾਵਾਂ ਨੂੰ ਉਹਨਾਂ ਦੇ ਪੂਰੇ ਨਾਂ ਨਾਲ ਬੁਲਾਓ, ਸਰ ਇਹ ਉਸਦੀ ਇਕ ਕਮੀ ਕਾਰਨ ਏਂ। ਸੁਣਦੇ ਆਂ ਕਿ ਏਨਾ ਪੜ੍ਹਾਕੂ ਹੋਣ ਦੇ ਬਾਵਜੂਦ ਇਸਨੂੰ ਸ਼ਾਰਟ ਫਾਰਮ ਵਾਲੇ ਲਫ਼ਜ਼ਾਂ ਦੇ ਮਤਲਬ ਸਮਝ ਵਿਚ ਨਹੀਂ ਆਉਂਦੇ। ਲੋਕ ਦੱਸਦੇ ਨੇ ਕਿ ਇਸੇ ਲਈ ਇਹ ਦਿਮਾਗ਼ ਪੱਖੋਂ ਤੇਜ਼ ਹੁੰਦਾ ਹੋਇਆ ਵੀ ਕਿਸੇ ਕੰਪੀਟੀਸ਼ਨ ਵਿਚ ਸਲੈਕਟ ਨਹੀਂ ਹੋਇਆ। ਸਰ ਇਹ ਤਾਂ ਮੋ.ਕ.ਚੰ.ਗਾਂ ਦਾ ਅਰਥ ਵੀ ਨਹੀਂ ਜਾਣਦਾ ਸੀ ਜਦੋਂਕਿ ਗਾਂਧੀ ਵਾਡੰਮਯ ਇਸਨੂੰ ਰਟਿਆ ਹੋਇਆ ਸੀ।”
“ਕੀ ਇਸਨੂੰ ਖਾਸਾ ਘੱਟ ਦਿਸਦਾ ਏ?” ਮੁੱਖ ਸਕੱਤਰ ਨੇ ਪੁੱਛਿਆ।
“ਕਾਫੀ ਘੱਟ। ਕਿਤਾਬਾਂ, ਅਖ਼ਬਾਰ ਅੱਖਾਂ ਨਾਲ ਲਾ ਕੇ ਪੜ੍ਹਦਾ ਏ ਤਦ ਅੱਖਰ ਦਿਖਾਈ ਦੇਂਦੇ ਨੇ। ਸਰ ਇਸੇ..ਇਸੇ ਲਈ ਪੜ੍ਹਨ ਵੇਲੇ ਇਸਦੀ ਨੱਕ ਕਾਗਜ਼ ਨਾਲ ਜਾ ਲੱਗਦੀ ਏ।”
“ਹੋਰ ਕੁਛ?”
“ਸਰ ਇਸਦੀ ਯਾਦਾਸ਼ਤ ਬੜੀ ਜਬਰਦਸਤ ਏ। ਯਕਦਮ ਕੰਪਿਊਟਰ ਏ ਇਸਦਾ ਦਿਮਾਗ਼। ਸਭ ਸੇਵ ਹੋ ਜਾਂਦਾ ਏ ਸਰ।”
“ਸ਼ਰਾਬ ਵਗ਼ੈਰਾ ਜ਼ਿਆਦਾ ਪੀਂਦਾ ਏ?”
“ਸ਼ਾਇਦ ਇੰਜ ਨਹੀਂ ਹੈ ਸਰ।” ਸੂਚਨਾ ਨਿਦੇਸ਼ਕ ਨੇ ਮਾਯੂਸ ਹੋ ਕੇ ਕਿਹਾ।
“ਇਸਨੂੰ ਸਰਕਾਰ ਤੋਂ ਪੱਤਰਕਾਰ ਕੋਟੇ ਵਿਚੋਂ ਮਕਾਨ ਵਗ਼ੈਰਾ ਮਿਲਿਆ ਏ?”
“ਨਹੀਂ ਸਰ।”
“ਸਰਕਾਰ ਤੋਂ ਕੋਈ ਫ਼ਾਇਦਾ?”
“ਨੋ ਸਰ।” ਲੱਗ ਰਿਹਾ ਸੀ, ਸੂਚਨਾ ਨਿਦੇਸ਼ਕ ਨਿਰਾਸ਼ਾ ਦਾ ਮਾਰਿਆ ਰੋ ਪਵੇਗਾ।
“ਉਸਦੀ ਉਮਰ ਕੀ ਹੋਏਗੀ?”
“ਯੰਗ ਏ ਸਰ।”
“ਕੋਈ ਆਪਣੀ ਪ੍ਰਾਪਰਟੀ ਬਣਾਈ ਏ ਇਸ ਦੌਰਾਨ?”
“ਨਹੀਂ ਸਰ।”
“ਠੀਕ।” ਇਹ ਇਸ਼ਾਰਾ ਸੀ ਕਿ ਮੀਟਿੰਗ ਖ਼ਤਮ। ਇਸ ਸਮੇਂ ਘੜੀ ਵਿਚ ਸ਼ਾਮ ਦੇ ਚਾਰ ਵੱਜੇ ਸਨ। 16:15 ਉੱਤੇ ਮੁੱਖ ਸਕੱਤਰ ਨੇ ਜਿਹੜੀ ਦੂਜੀ ਮੀਟਿੰਗ ਕੀਤਾ ਉਸਦੇ ਵਿਸ਼ੇ ਬਾਰੇ ਵਿਸ਼ਵਾਸ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਉਸ ਮੀਟਿੰਗ ਬਾਰੇ ਮੁੱਖ ਸਕੱਤਰ ਦੇ ਨਿੱਜੀ ਸਕੱਤਰ ਦਾ ਕਹਿਣਾ ਹੈ ਅਜਿਹੀ ਕੋਈ ਮੀਟਿੰਗ ਰੱਖੀ ਹੀ ਨਹੀਂ ਸੀ ਗਈ। ਉਸ ਸਮੇਂ ਸਾਹਬ ਆਪਣੇ ਕਮਰੇ ਵਿਚ ਇਕੱਲੇ ਬੈਠੇ ਮੋਬਾਇਲ ਉੱਤੇ ਲੰਮੀ ਗੱਲਬਾਤ ਕਰਦੇ ਰਹੇ ਸਨ ਜਿਹੜੀ ਲਗਭਗ ਪੈਂਤੀ ਮਿੰਟ ਹੋਈ ਹੋਏਗੀ। ਜਦਕਿ ਚਪੜਾਸੀ ਦਾ ਕਹਿਣਾ ਹੈ ਕਿ ਇਕ ਔਰਤ ਕਮਰੇ ਵਿਚ ਗਈ ਸੀ ਤੇ ਕੁਝ ਦੇਰ ਬਾਅਦ ਬਾਹਰ ਆ ਗਈ ਸੀ।
ਇਕ ਅੰਦਾਜ਼ਾ ਹੈ ਕਿ ਅਪਰਾਧ ਅਨੁਸੰਧਾਨ ਵਿਭਾਗ ਦਾ ਮਹਾ-ਨਿਰੀਖਕ ਮੁੱਖ ਸਕੱਤਰ ਦੇ ਕਮਰੇ ਵਿਚ ਗਿਆ ਸੀ। ਉਹ ਸਮੇਂ, ਸਮਾਂ 16:15 ਹੀ ਸੀ। ਉਸਦੇ ਵਿਭਾਗ ਦੇ ਇਕ ਇੰਸਪੈਕਟਰ ਨੇ ਵੀਹ ਦਿਨ ਰਤਨ ਕੁਮਾਰ ਦੀ ਖ਼ੁਫੀਆ ਪੜਤਾਲ ਕਰਕੇ ਇਕ ਰਿਪੋਰਟ ਬਣਾਈ ਸੀ। ਮੁੱਖ ਸਕੱਤਰ ਦੇ ਕਮਰੇ ਵਿਚ ਜਾਣ ਵੇਲੇ ਮਹਾ-ਨਿਰੀਖਕ ਦੇ ਸੱਜੇ ਹੱਥ ਦੀ ਚੁੱਟਕੀ ਵਿਚ ਉਸ ਰਿਪੋਰਟ ਦੀ ਫ਼ਾਈਲ ਸੀ ਤੇ 16:50 ਤੇ ਉਹ ਕਮਰੇ ਵਿਚੋਂ ਬਾਹਰ ਨਿਕਲਿਆ। ਉਸ ਸਮੇਂ ਉਸਦੇ ਹੱਥ ਵਿਚ ਉਹ ਫ਼ਾਈਲ ਨਹੀਂ ਸੀ। ਮੁੱਖ ਸਕੱਤਰ ਦੇ ਵਿਸ਼ੇਸ਼ ਕਾਰਜ-ਅਧਿਕਾਰੀ ਤੇ ਸਟਾਫ-ਅਫ਼ਸਰ ਦੀ ਜਾਣਕਾਰੀ ਵੀ ਇਸ ਬਾਰੇ ਪੱਕੇ ਪੈਰੀਂ ਨਹੀਂ ਸੀ। ਵਿਸ਼ੇਸ਼ ਕਾਰਜ ਅਧਿਕਰੀ ਨੇ ਆਪਣੀ ਅਣ-ਐਲਾਨੀ ਤੀਜੀ ਪਤਨੀ ਨੂੰ ਉਸਦੇ ਹੱਥ ਦੇ ਬਣੇ ਗਲਾਵਟੀ ਕਬਾਬ ਖਾਂਦਿਆਂ ਹੋਇਆ ਕਿਹਾ ਸੀ ਕਿ ਮੁੱਖ ਸਕੱਤਰ ਤਾਂ ਅੱਜ ਚਾਰ ਵਜੇ ਹੀ ਦਫ਼ਤਰ ਛੱਡ ਗਏ ਸਨ। ਸੂਚਨਾ ਨਿਦੇਸ਼ਕ ਨਾਲ ਮੀਟਿੰਗ ਖ਼ਤਮ ਹੁੰਦਿਆਂ ਹੀ ਉਹ ਚੁੱਪਚਾਪ ਗੱਡੀ ਵਿਚ ਬੈਠ ਕੇ ਕਿਧਰੇ ਚਲੇ ਗਏ ਸਨ ਤੇ ਤਿੰਨ ਘੰਟੇ ਬਾਅਦ ਵਾਪਸ ਆਏ ਸਨ। “ਜਾਣਦੀ ਏਂ ਉਹ ਕਿੱਥੇ ਗਏ ਸਨ?” ਉਸਨੇ ਆਪਣੀ ਅਣ-ਐਲਾਨੀ ਤੀਜੀ ਪਤਨੀ ਨੂੰ ਪੁੱਛਿਆ ਸੀ। ਪਤਨੀ ਬੋਲਦੀ ਘੱਟ ਸੀ, ਉਸਨੇ ਭਵਾਂ ਮਟਕਾ ਕੇ ਪੁੱਛਿਆ, “ਕਿੱਥੇ?” ਵਿਸ਼ੇਸ਼ ਅਧਿਕਾਰੀ ਕਬਾਬ ਨਾਲ ਲਿਬੜੇ ਹੱਥ ਉਸਦੇ ਪੱਲੇ ਨਾਲ ਪੂੰਝਦੇ ਹੋਏ ਫੁਸਫੁਸਾਏ, ਕਿ ਮੁੱਖ ਸਕੱਤਰ ਅਗਲੀਆਂ ਚੋਣਾ ਵਿਚ ਮੁੱਖ ਮੰਤਰੀ ਪਦ ਦੇ ਸਭ ਤੋਂ ਮਜ਼ਬੂਤ ਦਾਵੇਦਾਰ ਵਿਰੋਧੀ ਪਾਰਟੀ ਦੇ ਨੇਤਾ ਕੋਲ ਗਏ ਸਨ। “ਜਾਣਦੀ ਏਂ ਕਿਉਂ?” ਉਸਨੇ ਪੁੱਛਿਆ ਸੀ ਜਿਸਦੇ ਜਵਾਬ ਵਿਚ ਪਤਨੀ ਦੀਆਂ ਭਵਾਂ ਇਕ ਵਾਰੀ ਫੇਰ ਮਟਕੀਆਂ ਸਨ। ਤਦ ਉਸਨੇ ਕਿਹਾ ਸੀ, “ਇਹ ਮੁੱਖ ਮੰਤਰੀ ਤੇ ਭਾਵੀ ਮੁੱਖ ਮੰਤਰੀ ਦੋਵਾਂ ਦੇ ਹੱਥ ਲੱਡੂ ਫੜਾ ਆਉਂਦੇ ਨੇ।” ਇਸ ਪਿੱਛੋਂ ਉਸਨੇ ਅਣ-ਐਲਾਨੀ ਪਤਨੀ ਨੂੰ ਨੇੜੇ ਖਿੱਚ ਕੇ ਅਜਿਹੀ ਹਰਕਤ ਕੀਤੀ ਸੀ ਕਿ ਉਹ ਉਸਨੂੰ ਧੱਕਾ ਮਾਰ ਕੇ ਹੱਸਣ ਲੱਗ ਪਈ ਸੀ।
ਸਟਾਫ ਅਫ਼ਸਰ ਦੀ ਡਫਲੀ ਦਾ ਵੱਖਰਾ ਰਾਗ ਸੀ। ਉਸਦੇ ਅਨੁਸਾਰ ਮੁੱਖ ਸਕੱਤਰ, ਸੂਚਨਾ ਨਿਦੇਸ਼ਕ ਦੇ ਨਾਲ ਹੀ ਨਿਕਲੇ ਸਨ ਤੇ ਸਿੱਧੇ ਮੁੱਖ ਮੰਤਰੀ ਦੇ ਕਮਰੇ ਵਿਚ ਚਲੇ ਗਏ ਸਨ। ਉਹਨਾਂ ਨਾਲ ਕੁਝ ਜ਼ਰੂਰੀ ਫ਼ਾਈਲਾਂ ਵੀ ਗਈਆਂ ਸਨ ਜਿਹਨਾਂ ਬਾਰੇ ਮੁੱਖ ਮੰਤਰੀ ਨੇ ਗੱਲਬਾਤ ਕਰਨ ਦਾ ਹੁਕਮ ਦਿੱਤਾ ਸੀ।
ਹੁਣ ਸਹੀ ਕੀ ਸੀ ਤੇ ਗ਼ਲਤ ਕੀ, ਇਹ ਠੀਕ-ਠੀਕ ਦੱਸਣਾ ਅਸੰਭਵ ਹੋ ਚੁੱਕਿਆ ਸੀ। ਇਕ ਤਰ੍ਹਾਂ ਦੇਖਿਆ ਜਾਵੇ ਤਾਂ ਸਹੀ ਤੇ ਗ਼ਲਤ ਦਾ ਫ਼ੈਸਲਾ ਹੀ ਮੁੱਕ ਗਿਆ ਸੀ। ਦਰਅਸਲ ਦੇਖਿਆ ਜਾਵੇ ਤਾਂ ਮੁੱਖ ਸਕੱਤਰ ਦੀ ਮੌਜ਼ੂਦਗੀ ਇਕ ਟੈਕਸਟ ਬਣੀ ਹੋਈ ਸੀ ਜਿਸਦੇ ਆਪਣੇ-ਆਪਣੇ ਪਾਠ ਸਨ। ਇਸ ਤਰ੍ਹਾਂ ਦਾ ਹਰੇਕ ਪਾਠ ਸੱਚ ਦੇ ਢਿੱਲੇ-ਢਾਲੇ ਚੋਲੇ ਵਿਚ ਹਕੀਕਤ ਬਾਰੇ ਇਕ ਅੰਦਾਜ਼ਾ ਹੀ ਹੁੰਦਾ ਹੈ, ਉਹ ਜਿੰਨਾ ਯਥਾਰਥ ਹੋ ਸਕਦਾ ਹੈ ਓਨਾ ਹੀ ਮਿਥਿਆ ਤੇ ਸੰਸਾਰ ਦੀ ਕਿਹੜੀ ਮਿਥਿਆ ਹੈ ਜਿਹੜੀ ਥੋੜ੍ਹੀ-ਬਹੁਤ ਯਥਾਰਥ ਨਹੀਂ ਹੁੰਦੀ, ਜਿਵੇਂ ਕਿ ਹਰੇਕ ਯਥਾਰਥ 'ਚ ਰੱਤੀ ਭਰ ਹੀ ਸਹੀ, ਮਿਥਿਆ ਜ਼ਰੂਰ ਹੁੰਦੀ ਹੈ। ਇਸ ਲਈ ਹਰੇਕ ਯਥਾਰਥ ਦੇ ਅਨੇਕਾਂ ਸੰਸਕਰਣ ਹੁੰਦੇ ਨੇ, ਉਹਨਾਂ ਦੀਆਂ ਕਈ ਕਈ ਵਿਆਖਿਆਵਾਂ ਹੁੰਦੀਆਂ ਨੇ, ਪਰ ਸਭ ਤੋਂ ਔਖੀ ਘੜੀ ਉਹ ਹੁੰਦੀ ਹੈ ਜਦੋਂ ਕਿਸੇ ਅਜਿਹੀ ਸਥਿਤੀ ਦਾ ਸਾਹਮਣਾ ਹੁੰਦਾ ਹੈ ਜਿਸ ਬਾਰੇ ਇਹ ਬੁੱਝਨਾਂ ਅਸੰਭਵ ਹੋ ਜਾਂਦਾ ਹੈ ਕਿ ਉਹ ਅਸਲੀਅਤ ਹੈ ਜਾਂ ਕਿਆਸ ਜਾਂ ਫੇਰ ਇਹ ਦੋਵੇਂ ਨੇ ਜਾਂ ਦੋਵੇਂ ਹੀ ਨਹੀਂ। ਮੁੱਖ ਸਕੱਤਰ ਦੀ ਦੂਜੀ ਮੀਟਿੰਗ ਦਾ ਭੇਦ ਅਜਿਹੇ ਹੀ ਮੁਕਾਮ 'ਤੇ ਪਹੁੰਚ ਗਿਆ ਸੀ।
ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸੂਚਨਾ ਨਿਦੇਸ਼ਕ ਨਾਲ ਹੋਈ ਬੈਠਕ ਦਾ ਰਤਨ ਕੁਮਾਰ ਨਾਲ ਸੰਬੰਧ ਸੀ, ਉਸੇ ਤਰ੍ਹਾਂ ਕੀ ਦੂਜੀ ਮੀਟਿੰਗ ਵੀ ਰਤਨ ਕੁਮਾਰ ਦੇ ਪ੍ਰਸੰਗ ਨਾਲ ਜੁੜੀ ਹੋਈ ਸੀ ਜਾਂ ਇਹ ਕਿਆਸ ਬਿਲਕੁਲ ਗ਼ਲਤ ਹੈ? ਜੇ ਰਤਨ ਕੁਮਾਰ ਨੂੰ ਲੈ ਕੇ ਮੁੱਖ ਸਕੱਤਰ ਨੇ ਦੂਜੀ ਮੀਟਿੰਗ ਵੀ ਕੀਤੀ ਸੀ ਤਾਂ ਉਸ ਵਿਚ ਕੀ ਚਰਚਾ ਹੋਈ—ਇਸ ਦਾ ਉਤਰ ਲੱਭ ਸਕਣਾ ਹੁਣ ਨਾਮੁਮਕਿਨ ਦਿਸਦਾ ਹੈ।
ਲਗਭਗ ਇਸ ਨਾਲੋਂ ਵੀ ਵੱਧ ਗੂੰਝਲਦਾਰ ਮਸਲੇ ਨੇ ਰਤਨ ਕੁਮਾਰ ਨੂੰ ਘੇਰ ਲਿਆ ਸੀ। ਜਦੋਂ ਮੁੱਖ ਸਕੱਤਰ ਨੇ ਸੂਚਨਾ ਨਿਦੇਸ਼ਕ ਤੇ ਕਿਸੇ ਅਗਿਆਤ ਨਾਲ ਬੈਠਕਾਂ ਕੀਤੀਆਂ ਸਨ, ਉਸ ਤੋਂ ਅਗਲੇ ਦਿਨ ਰਤਨ ਕੁਮਾਰ ਦੇ ਸਿਰ ਵਿਚ ਤੇਜ਼ ਦਰਦ ਸੀ ਤੇ ਅੱਖਾਂ ਵਿਚ ਜਲਣ ਹੋ ਰਹੀ ਸੀ। ਉਹ ਬੀਤੀ ਰਾਤ ਜਾਗ ਕੇ ਆਪਣਾ ਕਾਲਮ ਲਿਖਦਾ ਰਿਹਾ ਸੀ, ਜਿਸ ਵਿਚ ਉਸਨੇ ਇਹ ਲਿਖਿਆ ਸੀ—“ਮਿੱਤਰੋ! ਧਨ, ਤਾਕਤ ਦੇਂਦਾ ਹੈ ਤੇ ਤਾਕਤ ਨਾਲ ਧਨ ਆਉਂਦਾ ਹੈ। ਤੇ ਬਾਅਦ ਵਿਚ ਧਨ ਖ਼ੁਦ ਤਾਕਤ ਬਣ ਜਾਂਦਾ ਹੈ, ਇਸ ਲਈ ਹੋਰ ਤੇ ਹੋਰ ਧਨ ਦੀ ਲਾਲਸਾ ਪੈਦਾ ਹੁੰਦੀ ਜਾਂਦੀ ਹੈ ਤੇ ਭਰਿਸ਼ਟਾਚਾਰ ਦਾ ਜਨਮ ਹੁੰਦਾ ਹੈ। ਜੇ ਭਰਿਸ਼ਟਾਚਾਰ ਨਾਲ ਭਿੜਣਾ ਹੈ ਤਾਂ ਤਾਕਤ ਦੇ ਪੰਜੇ ਮਰੋੜਨੇ ਪੈਣਗੇ। ਮੈਂ ਦੁਹਰਾਉਣ ਦਾ ਦੋਸ਼ ਸਹਿਣ ਦਾ ਖ਼ਤਰਾ ਲੈਂਦਾ ਹੋਇਆ ਵੀ ਕਹਿਣਾ ਚਾਹਾਂਗਾ ਕਿ ਭਰਿਸ਼ਟਾਚਾਰ ਤੋਂ ਪੈਦਾ ਹੋਈ ਦੌਲਤ ਵਿਦੇਸ਼ੀ ਖਾਤਿਆਂ ਵਿਚ ਜਮ੍ਹਾਂ ਹੈ ਤੇ ਇਹਨਾਂ ਖਾਤਿਆਂ ਦੇ ਕੋਡ ਨੇ।”
ਆਪਣਾ ਲੇਖ ਲਿਖ ਚੁੱਕਣ ਪਿੱਛੋਂ ਉਸਨੇ ਸੋਚਿਆ ਸੀ, ਮੈਂ ਸੌਂ ਜਾਵਾਂਗਾ ਤੇ ਦੁਪਹਿਰ ਤਕ ਸੁੱਤਾ ਰਹਾਂਗਾ। ਪਰ ਹਮੇਸ਼ਾ ਵਾਂਗ ਓਹੀ ਹੋਇਆ ਕਿ ਫ਼ੋਨ ਨੰਬਰ ਨਾ ਦੇਣ ਦੀ ਹੁਸ਼ਿਆਰੀ ਦੇ ਬਾਵਜੂਦ ਉਸਦਾ ਫ਼ੋਨ ਵੱਜਣ ਲੱਗਾ। ਉਹ ਜਾਗ ਕੇ ਖਿਝ-ਕਰਿਝ ਗਿਆ ਤੇ ਫ਼ੋਨ ਚੁੱਕ ਕੇ ਗੱਲ ਕਰਨ ਲੱਗਾ। ਉਹੀ ਗੱਲਾਂ ਸਨ—ਲੋਕ ਹਮਲੇ ਨੂੰ ਲੈ ਕੇ ਹਮਦਰਦੀ ਪ੍ਰਗਟਾਅ ਰਹੇ ਸਨ ਜਾਂ ਪੁਲਿਸ ਮਹਿਕਮੇਂ ਨੂੰ ਨਿਕੰਮਾ ਕਹਿ ਰਹੇ ਸਨ।
ਹੁਣ ਉਸਦੀ ਨੀਂਦ ਉੱਕ ਗਈ ਸੀ। ਉਸਨੇ ਜਿਵੇਂ ਤਿਵੇਂ ਬਾਕੀ ਸਮਾਂ ਬਿਤਾਇਆ ਜਾਂ ਗੰਵਾਇਆ ਤੇ ਫੇਰ ਯੂਨੀਵਰਸਟੀ ਚਲਾ ਗਿਆ। ਸ਼ਾਮ ਨੂੰ ਜਦੋਂ ਉਹ ਸੁਨਿਧੀ ਦੇ ਫ਼ਲੈਟ ਵਿਚ ਸੀ, ਉਸਦਾ ਸਿਰ ਪੀੜ ਨਾਲ ਪਾਟ ਰਿਹਾ ਸੀ ਤੇ ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ। ਸੁਨਿਧੀ ਚਾਹ ਬਣਾ ਕੇ ਲੈ ਆਈ, ਨਾਲ ਖਾਣ ਲਈ ਵੀ ਕੁਝ ਸੀ। “ਕੁਛ ਆਰਾਮ ਆਇਆ?” ਉਸਨੇ ਰਤਨ ਨੂੰ ਪੁੱਛਿਆ।
“ਨਹੀਂ, ਓਵੇਂ ਈ ਐ। ਲੱਗਦਾ ਏ ਕੁਝ ਬੇਢੰਗਾ ਤੇ ਅਣਚਾਹਿਆ ਹੋ ਰਿਹੈ।”
“ਹੋਇਆ ਕੀ ਏ?” ਸੁਨਿਧੀ ਘਬਰਾ ਗਈ।
“ਮੇਰੀਆਂ ਅੱਖਾਂ 'ਚ ਲਗਾਤਾਰ ਪੀੜ ਰਹਿੰਦੀ ਏ ਤੇ ਹਨੇਰਾ ਜਿਹਾ ਭਰਿਆ ਰਹਿੰਦੈ। ਸੌਂ ਜਾਣ 'ਤੇ ਪੀੜ ਖ਼ਤਮ ਹੋ ਜਾਂਦੀ ਏ, ਪਰ ਹਨੇਰਾ ਬਰਕਰਾਰ ਰਹਿੰਦਾ ਐ। ਜਦ ਦਾ ਮੇਰੇ 'ਤੇ ਹਮਲਾ ਹੋਇਐ, ਹਨੇਰਾ ਤੇ ਤਕਲੀਫ਼ ਮੇਰੀਆਂ ਅੱਖਾਂ ਦਾ ਪਿੱਛਾ ਨਹੀਂ ਛੱਡ ਰਹੇ। ਮੈਨੂੰ ਲੱਗਦਾ ਏ, ਕਿਤੇ ਮੈਂ ਅੰਨ੍ਹੇਪਨ ਦੀ ਖੱਡ ਵਿਚ ਨਾ ਡਿੱਗਣ ਵਾਲਾ ਹੋਵਾਂ। ਡਾਕਟਰ ਕੋਲ ਗਿਆ ਤਾਂ ਉਹ ਕਹਿੰਦੇ ਨੇ ਕੋਈ ਖਾਸ ਗੱਲ ਨਹੀਂ। ਇਸ ਨਾਲ ਮੈਨੂੰ ਸਕੂਨ ਮਿਲਿਆ, ਪਰ ਮੈਂ ਕੀ ਕਰਾਂ ਕਸ਼ਟ ਬਰਦਾਸ਼ਤ ਨਹੀਂ ਹੁੰਦਾ ਤੇ ਹਨੇਰੇ ਤੋਂ ਡਰ ਲੱਗਦਾ ਏ।”
“ਕੀ ਇਸ ਕਾਰਨ ਦੇਖਣ ਵਿਚ ਵੀ ਕਮੀ ਆਈ ਏ?”
“ਹੁਣ ਇਸ ਨਾਲੋਂ ਵੱਧ ਹੋਰ ਕੀ ਕਮੀ ਆਏਗੀ!”
“ਡਾਕਟਰ ਨੇ ਕੋਈ ਇਲਾਜ਼ ਦੱਸਿਆ?”
“ਨੀਂਦ। ਡਾਕਟਰ ਨੇ ਹੱਸ ਕੇ ਕਿਹਾ ਸੀ, 'ਦੋ ਦਿਨ ਡਟ ਕੇ ਸੰਵੋ ਸਭ ਠੀਕ ਹੋ ਜਾਏਗਾ'। ਪਰ ਲੋਕ ਨੇ ਕਿ ਸੌਣ ਨਹੀਂ ਦੇਂਦੇ। ਮੈਨੂੰ ਫ਼ੋਨ ਕਰਦੇ ਨੇ ਘਰੇ ਵੀ ਮਿਲਣ ਆ ਜਾਂਦੇ ਨੇ।”
“ਤੂੰ ਫ਼ੋਨ ਬੰਦ ਕਰ ਦਿਆ ਕਰ।” ਸੁਨਿਧੀ ਨੇ ਸਲਾਹ ਦਿੱਤੀ।
“ਬਾਬਾ, ਬਾਬਾ ਜੀ ਕਰਕੇ ਮੈਂ ਫ਼ੋਨ ਬੰਦ ਨਹੀਂ ਕਰ ਸਕਦਾ। ਕਦੋਂ ਕੋਈ ਚੌਪਹੀਆ ਉਹਨਾਂ ਨੂੰ ਸੜਕ ਉੱਤੇ ਕੁਚਲ ਕੇ ਚਲਾ ਜਾਏ ਤੇ ਮੇਰਾ ਫ਼ੋਨ ਬੰਦ ਹੋਏ...ਮੈਂ ਫ਼ੋਨ ਨੂੰ ਬੰਦ ਕਿੰਜ ਰੱਖ ਸਕਦਾਂ!”
“ਹਰ ਕਾਲ 'ਤੇ ਫ਼ੋਨ ਕਿਉਂ ਚੁੱਕ ਲੈਂਦਾ ਏਂ?”
“ਇਸ ਲਈ ਕਿ ਫ਼ੋਨ ਨਾ ਚੁੱਕਣ ਲਈ ਸਕਰੀਨ ਉੱਤੇ ਕਾਲ ਦਾ ਬਿਓਰਾ ਪੜ੍ਹਨਾ ਪਏਗਾ ਤੇ ਮੈਂ ਸਕਰੀਨ 'ਤੇ ਅੱਖਰ ਤੇ ਨੰਬਰ ਠੀਕ ਤਰ੍ਹਾਂ ਨਹੀਂ ਪੜ੍ਹ ਸਕਦਾ। ਅੱਖਰ ਤੇ ਨੰਬਰ ਮੈਨੂੰ ਕੀੜਿਆਂ ਵਰਗੇ ਦਿਸਦੇ ਨੇ। ਦੂਜਾ ਮੈਂ ਡਰਦਾ ਹਾਂ ਕਿ ਮੋਬਾਇਲ 'ਚੋਂ ਨਿਕਲਣ ਵਾਲੀਆਂ ਤਰੰਗਾਂ ਮੇਰੀਆਂ ਅੱਖਾਂ ਵਿਚ ਪੈਂਦੀਆਂ ਰਹੀਆਂ ਤਾਂ ਮੈਂ ਪੂਰਾ ਅੰਨ੍ਹਾ ਹੋ ਜਾਵਾਂਗਾ ਤੇ...।”
“ਤੇ!” ਸੁਨਿਧੀ ਉਸਦੇ ਇਸ ਅੰਦਰੂਨੀ ਘਮਾਸਾਨ ਨੂੰ ਮਹਿਸੂਸ ਕਰਕੇ ਦੁਖੀ ਹੋ ਗਈ ਸੀ।
“ਬਾਬਾ ਜੀ ਨੂੰ ਕੁਝ ਹੋ ਜਾਣ 'ਤੇ ਖ਼ੁਦ ਬਾਬਾ ਜੀ ਨਹੀਂ ਕੋਈ ਦੂਜਾ ਹੋਏਗਾ ਮੈਨੂੰ ਖ਼ਬਰ ਕਰਨ ਵਾਲਾ...। ਹੋ ਸਕਦਾ ਏ ਉਹ ਫ਼ੋਨ ਉਸਦਾ ਹੀ ਹੋਏ ਜਿਸਨੂੰ ਮੈਂ ਨਾ ਉਠਾਵਾਂ...”

ਸ਼ਾਇਦ ਚੰਗੇ ਦਿਨ ਖ਼ਤਮ ਹੋ ਚੁੱਕੇ ਸਨ। ਅੱਖਾਂ ਦੀ ਤਕਲੀਫ਼ ਤੇ ਹਨੇਰੇ ਦੀ ਸਮੱਸਿਆ ਤੋਂ ਉਸਨੂੰ ਬੜੇ ਯਤਨਾਂ ਬਾਅਦ ਵੀ ਛੁਟਕਾਰਾ ਨਹੀਂ ਸੀ ਮਿਲ ਰਿਹਾ। ਉਸਨੇ ਕਿਸੇ ਦੀ ਸਲਾਹ 'ਤੇ ਬ੍ਰਹਮ-ਮਹੂਰਤ ਵਿਚ ਉਠ ਕੇ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਸੋਚਿਆ ਸੀ ਅੱਖਾਂ ਦੀ ਤਕਲੀਫ਼ ਨਾ ਸਹੀ, ਪਰ ਹਨੇਰੇ ਦੀ ਜਕੜ ਤਾਂ ਜ਼ਰੂਰ ਢਿੱਲੀ ਹੋ ਜਾਵੇਗੀ ਪਰ ਸਭ ਕੁਝ ਉਲਟਾ-ਪੁਲਟਾ ਹੋ ਗਿਆ ਸੀ। ਕਿਸੇ ਆਕਾਰ, ਆਵਾਜ਼, ਗੰਧ ਦਾਂ ਛੋਹ ਨੂੰ ਯਾਦ ਕਰਕੇ ਧਿਆਨ ਲਾਉਣ 'ਤੇ ਉਸਨੂੰ ਇੰਜ ਮਹਿਸੂਸ ਹੁੰਦਾ ਕਿ ਧਿਆਨ ਦਾ ਉਹ ਬਿੰਦੂ ਕਿਸੇ ਹਨੇਰੇ ਵਿਚ ਅਟਕ ਗਿਆ ਹੈ। ਉਹ ਸੋਚਦਾ ਕਿ ਉਹਨਾਂ ਛਿਣਾ ਵਿਚ ਉਸਦੀ ਪੀੜ ਕੁਝ ਸਮੇਂ ਲਈ ਹੀ ਸਹੀ, ਸਮੇਂ ਦੇ ਉਸ ਘੇਰੇ ਤੋਂ ਮੁਕਤ ਹੋ ਜਾਵੇ। ਹਰੇਕ ਰੂਪ ਆਕਾਰ ਤੋਂ, ਆਵਾਜ਼ ਧੁਨੀ ਤੋਂ, ਛੋਹ ਛੋਹਾਂ ਤੋਂ ਮੁਕਤ ਹੋ ਜਾਵੇ। ਕੁਝ ਸਮੇਂ ਲਈ ਉਸਦੇ ਅੰਦਰ ਕੁਝ ਵੀ ਨਾ ਰਹੇ—ਬਾਕੀ ਰਹੇ ਸਿਰਫ ਇਕ ਵਿਰਾਟ ਅਹਿਸਾਸ। ਉਹ ਸਭ ਤੋਂ ਦੂਰ ਚਲਾ ਜਾਂਦਾ ਸੀ, ਸਭ ਕੁਝ ਭੁੱਲ ਜਾਂਦਾ ਸੀ—ਪਰ ਹਨੇਰਾ ਉਸਦਾ ਪਿੱਛਾ ਨਹੀਂ ਸੀ ਛੱਡਦਾ ਹੁੰਦਾ। ਅਖ਼ੀਰ ਕਿਸੇ ਉੱਚ ਅਧਿਆਤਮਕ ਅਹਿਸਾਸ ਦੀ ਬਜਾਏ ਉਸ ਦੇ ਅੰਦਰ ਇਹ ਅਹਿਸਾਸ ਭਰ ਜਾਂਦਾ ਸੀ ਕਿ ਸੰਸਾਰ ਹਨੇਰੇ ਵਿਚ ਡੁੱਬ ਗਿਆ ਹੈ। ਜਾਂ ਦੁਨੀਆਂ ਉੱਤੇ ਹਨੇਰੇ ਦੀ ਚਾਦਰ ਤਣ ਗਈ ਹੈ।
ਉਸਨੇ ਇਸ ਗੱਲ ਦੀ ਪੜਤਾਲ ਵੀ ਕੀਤੀ ਕਿ ਕੀ ਅੱਖਾਂ ਦੀ ਤਕਲੀਫ਼ ਤੇ ਅੱਖਾਂ ਦੇ ਹਨੇਰਾ ਦਾ ਕੋਈ ਸੰਬੰਧ ਹੈ, ਕਿਉਂਕਿ ਦੋਵੇਂ ਇਕੋ ਸਮੇਂ ਸ਼ੁਰੂ ਹੋਏ ਸਨ। ਪਰਖ ਲਈ ਉਹ ਪੀੜ ਨਾਸ਼ਕ ਦਵਾਈ ਖਾਣ ਲੱਗ ਪਿਆ ਸੀ। ਇਸ ਨਾਲ ਉਸਦੀ ਪੀੜ ਤਾਂ ਕਾਫੀ ਹੱਦ ਤਕ ਘਟ ਹੋ ਜਾਂਦੀ ਸੀ ਜਿਹੜੀ ਛੇ ਘੰਟੇ ਤਕ ਘੱਟ ਰਹਿੰਦੀ ਸੀ, ਪਰ ਹਨੇਰੇ ਦੀ ਉਹ ਪਰਤ, ਜਦ ਤਕ ਉਹ ਜਾਗਦਾ ਰਹਿੰਦਾ ਸੀ, ਪਿੰਡ ਨਹੀਂ ਸੀ ਛੱਡਦੀ। ਬਲਕਿ ਇਕ ਤਰ੍ਹਾਂ ਕਿਹਾ ਜਾਵੇ ਕਿ ਉਹ ਸੁਪਨੇ ਵਿਚ ਵੀ ਹਨੇਰਾ ਦੇਖਦਾ ਸੀ। ਸੁਪਨੇ ਵਿਚ ਕੋਈ ਵਾਕਿਆ, ਕੋਈ ਕਿੱਸਾ ਸ਼ੁਰੂ ਹੁੰਦਾ ਤਾਂ ਉਹ ਹਨੇਰੇ ਵਿਚ ਹੀ ਜਾ ਕੇ ਖ਼ਤਮ ਹੁੰਦਾ। ਜਿਵੇਂ ਹਨੇਰੇ ਦੇ ਕਿਸੇ ਪਰਦੇ ਉੱਤੇ ਸੁਪਨਾ ਨਹੀਂ ਸੁਪਨੇ ਦਾ ਨੇਗੇਟਿਵ ਚੱਲ ਰਿਹਾ ਹੋਵੇ। ਇੰਜ ਉਸਦਾ ਜੀਵਨ ਹਨੇਰੇ ਵਿਚ ਸੀ ਤੇ ਉਸਦੇ ਸੁਪਨੇ ਵੀ ਹਨੇਰੇ ਵਿਚ ਸਨ।
ਉਸਦੇ ਲਿਖਣ-ਪੜ੍ਹਨ ਵਿਚ ਵੀ ਇਹ ਚੀਜ਼ਾਂ ਅੜਿੱਕਾ ਪਾਉਣ ਲੱਗੀਆਂ ਸਨ। ਇਹਨਾਂ ਨਾਲ ਉਸਦਾ ਦਰਦ ਵੱਧ ਜਾਂਦਾ ਸੀ। ਇਸ ਮੁਸ਼ਕਲ ਦਾ ਹੱਲ ਉਸਨੇ ਇਹ ਸੋਚਿਆ ਸੀ ਕਿ ਉਹ ਬੋਲ ਕੇ ਲਿਖਵਾ ਲਿਆ ਕਰੇ ਤੇ ਦੂਜੇ ਤੋਂ ਪੜ੍ਹਵਾ ਕੇ ਸੁਣ ਲਿਆ ਕਰੇ। ਪਰ ਉਸਨੇ ਦੇਖਿਆ ਕਿ ਇਸ ਵਿਧੀ ਨੂੰ ਉਹ ਸਾਧ ਨਹੀਂ ਸੀ ਸਕਿਆ। ਆਪਣਾ ਕਾਲਮ ਜਦੋਂ ਉਸਨੇ ਬੋਲ ਕੇ ਲਿਖਵਾਇਆ ਤਾਂ ਉਸ ਵਿਚ ਨਾ ਉਹ ਮੌਲਿਕਤਾ ਸੀ ਨਾ ਗਹਿਰਾਈ ਜਿਸ ਕਰਕੇ ਉਸਦਾ 'ਦੁਪਿਆਰੇ' ਮਸ਼ਹੂਰ ਸੀ। ਉਸ ਵਿਚ ਉਹ ਵਿਅੰਗ ਉਹ ਟੋਕ ਵੀ ਨਹੀਂ ਸੀ। ਅਖ਼ੀਰ ਉਸਨੇ ਉਹ ਪੰਨੇ ਪਾੜ ਦਿੱਤੇ ਸਨ। ਉਸਨੇ ਰਸਤਾ ਇਹ ਲੱਭਿਆ ਕਿ ਉਹ ਖ਼ੁਦ ਹੀ ਬੋਲਦਾ ਤੇ ਖ਼ੁਦ ਸੁਣ ਕੇ ਆਪਣੀ ਚੇਤਨਾ ਸੀ ਸਲੇਟ ਉੱਤੇ ਲਿਖ ਲੈਂਦਾ। ਇਸ ਤਰ੍ਹਾਂ ਬੋਲਣ ਤੋਂ ਪਹਿਲਾਂ ਹੀ ਉਸਦੇ ਅੰਦਰ 'ਦੁਪਿਆਰੇ' ਦੀ ਪੂਰੀ ਅਗਲੀ ਕਿਸ਼ਤ ਲਿਖੀ ਜਾਂਦੀ। ਫੇਰ ਉਸ ਲਿਖੇ ਹੋਏ ਨੂੰ ਉਹ ਬੋਲ ਕੇ ਪੜ੍ਹਦਾ, ਜਿਸਨੂੰ ਸੁਨਿਧੀ ਲਿੱਪਬਧ ਕਰ ਦੇਂਦੀ ਤੇ ਉਹ ਲਿਖਤ ਉਸਨੂੰ ਆਪਣੇ ਕਾਲਮ ਦੇ ਰੰਗਾਂ ਤੇ ਆਵਾਜ਼ਾਂ ਦੀ ਹਮਰੂਪ ਜਾਪਦੀ। ਪੜ੍ਹਨ ਲਈ ਵੀ ਉਸਨੇ ਢੰਗ ਬਦਲ ਲਿਆ ਸੀ। ਜਦੋਂ ਸੁਨਿਧੀ ਜਾਂ ਉਸਦਾ ਕੋਈ ਵਿਦਿਆਰਥੀ ਉਸਨੂੰ ਕੁਝ ਪੜ੍ਹ ਕੇ ਸੁਣਾਉਂਦਾ ਤਾਂ ਉਹ ਤੁਰੰਤ ਉਸ ਉੱਤੇ ਕੋਈ ਪ੍ਰਤੀਕਰਮ ਨਹੀਂ ਸੀ ਕਰ ਰਿਹਾ ਹੁੰਦਾ। ਉਸ ਸਮੇਂ ਉਹ ਜੋ ਸੁਣ ਰਿਹਾ ਹੁੰਦਾ ਸੀ ਉਸਨੂੰ ਆਪਣੇ ਦਿਮਾਗ਼ ਦੇ ਟਾਈਪ-ਰਾਈਟਰ ਉੱਤੇ ਟਾਈਪ ਕਰਦਾ ਰਹਿੰਦਾ ਸੀ, ਫੇਰ ਉਸਦਾ ਦਿਮਾਗ਼ ਉਸ ਟਾਈਪ ਨੂੰ ਅੰਦਰ ਹੀ ਅੰਦਰ ਪੜ੍ਹਦਾ ਸੀ ਤੇ ਸਦਾ ਲਈ ਚੇਤੇ ਕਰ ਲੈਂਦਾ ਸੀ। ਯਾਦ ਸ਼ਕਤੀ ਉਸਦੀ ਪਹਿਲੇ ਦਿਨੋਂ ਹੀ ਬੇਮਿਸਾਲ ਸੀ, ਅੱਖਾਂ ਵਿਚ ਦਰਦ ਰਹਿਣ ਪਿੱਛੋਂ ਉਸ ਵਿਚ ਹੋਰ ਵਾਧਾ ਹੋ ਗਿਆ ਸੀ। ਪਹਿਲਾਂ ਉਸਨੂੰ ਕਿਸੇ ਪਾਠ ਨੂੰ ਦੁਹਰਾਉਣ ਸਮੇਂ ਅਟਕਣਾ-ਭਟਕਣਾ ਵੀ ਪੈਂਦਾ ਸੀ—ਹੁਣ ਡੰਡੀ, ਕੌਮਿਆਂ ਸਮੇਤ ਅੱਖ਼ਰ-ਅੱਖ਼ਰ ਸੁਣਾ ਸਕਣ ਦੀ ਸ਼ਕਤੀ ਪ੍ਰਗਟ ਹੋ ਚੁੱਕੀ ਸੀ, ਉਸਦੇ ਅੰਦਰ।
ਦਸ ਦਿਨ ਹੋਏ ਹੋਣਗੇ, ਐਤਵਾਰ ਦੀ ਸਵੇਰ ਸ਼ਹਿਰ ਕੋਤਵਾਲ ਦੀ ਗੱਡੀ ਉਸਦੇ ਦਰਵਾਜ਼ੇ ਸਾਹਮਣੇ ਰੁਕੀ। ਕੋਤਵਾਲ ਸਾਦੀ ਵਰਦੀ ਵਿਚ ਆਇਆ ਸੀ, ਉਸਨੇ ਰਤਨ ਕੁਮਾਰ ਦੇ ਡਰਾਇੰਗ ਰੂਮ ਦੇ ਸੋਫੇ ਉੱਤੇ ਬੈਠਦਿਆਂ ਕਿਹਾ, “ਮੈਂ ਤੁਹਾਡਾ ਪ੍ਰਸ਼ੰਸਕ ਹਾਂ। ਇਧਰੋਂ ਲੰਘ ਰਿਹਾ ਸੀ, ਸੋਚਿਆ ਤੁਹਾਤੋਂ ਇਕ ਪਿਆਲੀ ਚਾਹ ਪੀਂਦਾ ਚੱਲਾਂ।”
ਰਤਨ ਕੁਮਾਰ ਨੇ ਕੋਤਵਾਲ ਨੂੰ ਸ਼ੱਕ ਨਾਲ ਦੇਖਿਆ, ਪਰ ਉਪਰੋਂ ਆਪਣੀ ਸਹਿਜਤਾ ਬਣਾਈ ਰੱਖੀ, “ਤੁਹਾਨੂੰ ਚਾਹ ਪਿਆ ਕੇ ਮੈਨੂੰ ਖ਼ੁਸ਼ੀ ਹੋਏਗੀ। ਪਰ ਮੈਨੂੰ ਚੰਗੀ ਤਰ੍ਹਾਂ ਦਿਖਾਈ ਨਹੀਂ ਦੇਂਦਾ, ਦੁੱਧ, ਪਾਣੀ, ਚੀਨੀ ਵਿਚੋਂ ਕੋਈ ਚੀਜ਼ ਘੱਟ ਵੱਧ ਹੋ ਸਕਦੀ ਏ ਜਾਂ ਦੋ ਜਾਂ ਸਾਰੀਆਂ ਚੀਜ਼ਾਂ।”
“ਓਅ! ਮੈਨੂੰ ਮੁਆਫ਼ ਕਰਨਾ। ਵੈਸੇ ਵੀ ਮੇਰਾ ਮਕਸਦ ਤੁਹਾਨੂੰ ਮਿਲਣ ਦਾ ਸੀ, ਚਾਹ ਤਾਂ ਇਕ ਬਹਾਨਾ ਏ। ਚਾਹ ਪਿਆਉਣ ਨਾਲੋਂ ਬਿਹਤਰ ਏ, ਆਪਣੀ ਲਾਇਬਰੇਰੀ ਦਿਖਾ ਦਿਓ।”
ਉਸਨੇ ਰਤਨ ਕੁਮਾਰ ਦੀ ਸਟਡੀ ਵਿਚ ਕਿਤਾਬਾਂ ਨੂੰ ਦੇਖਿਆ। ਕੁਝ ਨੂੰ ਕੱਢ ਕੇ ਪੰਨੇ ਵੀ ਪਲਟੇ। ਅਖ਼ੀਰ ਵਿਚ ਹੱਥਾਂ ਤੋਂ ਧੂੜ ਝਾੜਦਾ ਹੋਇਆ ਬੋਲਿਆ, “ਅੱਛੀਆਂ ਕਿਤਾਬਾਂ ਨੇ।”
“ਜੀ ਸ਼ੁਕਰੀਆ।” ਰਤਨ ਕੁਮਾਰ ਨੇ ਰਸਮ ਨਿਭਾਈ।
“ਤੁਹਾਡੀਆਂ ਖ਼ਤਰਨਾਕ ਕਿਤਾਬਾਂ ਨਹੀਂ ਦਿਖਾਈ ਦੇ ਰਹੀਆਂ, ਜਿਹਨਾਂ ਨੇ ਖ਼ਤਰਨਾਕ ਵਿਚਾਰਾਂ ਨੂੰ ਪੈਦਾ ਕੀਤਾ ਏ।” ਕੋਤਵਾਲ ਮੁਸਕਰਾ ਕੇ ਬੋਲੇ।
“ਉਹ ਕਿਤਾਬਾਂ ਉੱਥੇ ਨਹੀਂ ਇੱਥੇ ਨੇ।” ਰਤਨ ਕੁਮਾਰ ਨੇ ਹੱਸ ਕੇ ਆਪਣੀ ਖੋਪੜੀ ਵੱਲ ਇਸ਼ਾਰਾ ਕੀਤਾ, “ਜੋ ਤੁਸੀਂ ਦੇਖ ਰਹੇ ਓ ਉਸ ਨਾਲੋਂ ਵੱਡੀ ਲਾਇਬਰੇਰੀ ਇੱਥੇ ਐ।” ਰਤਨ ਕੁਮਾਰ ਨਾਲ ਹੱਥ ਮਿਲਾ ਕੇ ਕੋਤਾਵਲ ਵਿਦਾਅ ਹੋ ਗਿਆ।
ਰਤਨ ਕੁਮਾਰ ਨੂੰ ਲੱਗਿਆ ਕਿ ਉਹ ਇਕ ਭਲਾ ਆਦਮੀ ਹੈ। ਉਸਨੂੰ ਆਪਣੇ ਉੱਤੇ ਮਾਣ ਵੀ ਹੋਇਆ ਕਿ ਸ਼ਹਿਰ ਕੋਤਵਾਲ ਵੀ ਉਸਨੂੰ ਪੜ੍ਹਦਾ ਤੇ ਪਸੰਦ ਕਰਦਾ ਹੈ। ਉਸਨੂੰ ਤਸੱਲੀ ਹੋਈ, ਸ਼ਹਿਰ ਕੋਤਵਾਲ ਨਾਲ ਜਾਣ-ਪਛਾਣ ਮਾੜੇ ਸਮੇਂ ਕੰਮ ਆਵੇਗੀ।
ਵਾਕੱਈ ਜਦੋਂ ਮਾੜੇ ਦਿਨ ਸ਼ੁਰੂ ਹੋਏ, ਸਭ ਤੋਂ ਪਹਿਲਾਂ ਇਸ ਕੋਤਵਾਲ ਦੀ ਹੀ ਯਾਦ ਆਈ ਸੀ।

ਅੱਖਾਂ ਦਾ ਦਰਦ ਤੇ ਹਨੇਰੇ ਦੀ ਦਿੱਕਤ ਅਜੇ ਵੀ ਓਵੇਂ ਸੀ। ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਿਆ ਹੈ ਕਿ ਸ਼ਾਇਦ ਉਸਦੇ ਚੰਗੇ ਦਿਨ ਮੁੱਕ ਚੁੱਕੇ ਸਨ। ਉਹ ਰਾਂਚੀ ਤੋਂ ਭਾਸ਼ਣ ਦੇ ਕੇ ਆਪਣੇ ਸ਼ਹਿਰ ਆਇਆ ਤਾਂ ਸਵੇਰ ਹੋਣ ਵਾਲੀ ਸੀ। ਚੜ੍ਹਦੀ ਸਵੇਰ ਤੇ ਜਾਂਦੀ ਰਾਤ ਵਿਚ ਆਪਣਾ ਸ਼ਹਿਰ ਦੇਖਣਾ ਹਮੇਸ਼ਾ ਮੋਹ ਲੈਂਦਾ ਹੈ। ਇਸੇ ਤਰ੍ਹਾਂ ਦੀ ਮਨ-ਸਥਿਤੀ ਵਿਚ ਉਹ ਆਪਣੇ ਘਰ ਦਾ ਜਿੰਦਰਾ ਖੋਲ੍ਹਣ ਲੱਗਿਆ ਸੀ—ਪਰ ਜਿੰਦਰਾ ਖੁੱਲਿਆ ਹੋਇਆ ਸੀ। ਉਹ ਆਪਣੇ ਆਪ ਉੱਤੇ ਹੱਸਿਆ, 'ਸਭ ਕੁਝ ਯਾਦ ਹੁੰਦਾ ਏ ਪਰ ਜਿੰਦਰਾ ਲਾਉਣਾ ਭੁੱਲ ਜਾਂਦਾ ਹਾਂ।' ਉਹ ਅੰਦਰ ਗਿਆ ਤੇ ਦੇਖਿਆ ਕਿ ਜਿੰਦਰਾ ਲਾਉਣਾ ਉਹ ਨਹੀਂ ਸੀ ਭੁੱਲਿਆ ਬਲਕਿ ਜਿੰਦਰਾ ਟੁੱਟਿਆ ਹੋਇਆ ਸੀ। ਉਸਨੇ ਸਾਮਾਨ, ਚੈਕਬੁੱਕ, ਥੋੜ੍ਹੇ ਜਿਹੇ ਕੈਸ਼ ਤੇ ਸੁਨਿਧੀ ਦੇ ਦਿੱਤੇ ਤੋਹਫ਼ਿਆਂ ਦੀ ਪੜਤਾਲ ਕੀਤੀ, ਉਹਨਾਂ ਨੂੰ ਆਪਣੀਆਂ ਅੱਖਾਂ ਕੋਲ ਲਿਆ-ਲਿਆ ਦੇਖਿਆ, ਸਭ ਕੁਝ ਸੁਰੱਖਿਅਤ ਸੀ। ਉਸਦਾ ਪੂਰਾ ਘਰ ਮਹਿਫੂਜ਼ ਸੀ, ਪਰ ਉਲਟ-ਪਲਟ ਦਿੱਤਾ ਗਿਆ ਸੀ। ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਸੀ ਉਸਦੀ ਗ਼ੈਰ-ਮੌਜ਼ੂਦਗੀ ਵਿਚ—ਹਰ ਜਗ੍ਹਾ ਕਾਗਜ਼, ਕਿਤਾਬਾਂ ਤੇ ਕੱਪੜੇ ਖਿੱਲਰੇ ਹੋਏ ਸਨ।
ਉਹ ਥਾਨੇ ਵਿਚ ਰਿਪੋਰਟ ਲਿਖਵਾਉਣ ਗਿਆ, ਜਿੱਥੇ ਉਸਦੀ ਐਫ.ਆਰ.ਆਈ. ਨਹੀਂ ਦਰਜ ਹੋਈ। ਥਾਨਾ ਮੁਨਸ਼ੀ ਦੀ ਦਲੀਲ ਸੀ ਕਿ ਜਦੋਂ ਚੋਰੀ ਨਹੀਂ ਹੋਈ, ਨਾ ਡਾਕਾ ਨਾ ਕੋਈ ਨੁਕਸਾਨ ਫੇਰ ਜੁਰਮ ਕੀ ਹੋਇਆ? ਉਸਨੇ ਕਿਹਾ, “ਮੇਰੇ ਕਮਰੇ ਦੀ ਤਲਾਸ਼ੀ ਲਈ ਗਈ ਏ। ਸਾਰਾ ਸਾਮਾਨ ਖਿੱਲਰਿਆ ਪਿਆ ਏ।”
“ਕਿਸ ਚੀਜ਼ ਦੀ ਤਲਾਸ਼ੀ ਲਈ ਗਈ ਏ?” ਮੁਨਸ਼ੀ ਨੇ ਪੁੱਛਿਆ।
“ਪਤਾ ਨਹੀਂ।”
“ਕੁਛ ਨੁਕਸਾਨ ਹੋਇਐ?”
“ਨਹੀਂ।”
“ਕਿਸੇ 'ਤੇ ਸ਼ੱਕ?”
“ਨਹੀਂ।”
“ਫੇਰ ਇੱਥੇ ਕਿਉਂ ਆਏ ਓ? ਫ਼ਾਲਤੂ 'ਚ ਟਾਈਮ ਖ਼ਰਾਬ ਕਰ ਰਹੇ ਓ ਪੁਲਿਸ ਦਾ ਤੇ ਆਪਣਾ ਵੀ।”
ਥਾਨੇ 'ਚੋਂ ਨਿਕਲ ਕੇ ਉਸਨੇ ਬੜੀ ਸ਼ਿੱਦਤ ਨਾਲ ਕੋਤਵਾਲ ਨੂੰ ਯਾਦ ਕੀਤਾ ਸੀ ਤੇ ਮੁਲਾਕਾਤ ਲਈ ਕੋਤਵਾਲੀ ਚਲਾ ਗਿਆ ਸੀ। ਅੱਜ ਉਹ ਵਰਦੀ ਵਿਚ ਕੁਰਸੀ ਉੱਤੇ ਬੈਠਾ ਸੀ। ਉਸਦੀ ਵਰਦੀ, ਬਿੱਲਾ, ਕੈਪ ਉਸਦੇ ਨਾਲ ਸਨ ਤੇ ਫ਼ੱਬ ਰਹੇ ਸਨ। ਉਸਨੇ ਕੋਤਵਾਲ ਨੂੰ ਸਾਰਾ ਹਾਲ ਦੱਸਿਆ।
“ਕੋਈ ਗੱਲ ਨਹੀਂ, ਆਪਾਂ ਦੋ ਤਿੰਨ ਜਣਿਆਂ ਨੂੰ ਭੇਜ ਦੇਨੇ ਆਂ...ਉਹ ਸਾਰਾ ਸਾਮਾਨ ਠੀਕ ਤਰ੍ਹਾਂ ਜਚਾ ਦੇਣਗੇ।” ਕੋਤਵਾਲ ਨੇ ਹਮਦਰਦੀ ਵਿਖਾਈ।
“ਸਵਾਲ ਇਹ ਹੈ ਕਿ ਇੰਜ ਆਖ਼ਰ ਹੋਇਆ ਕਿਉਂ?”
“ਪਤਾ ਨਹੀਂ।” ਕੋਤਵਾਲ ਨੇ ਮਜ਼ਾਕ ਕੀਤਾ, “ਲੱਗਦਾ ਏ ਉਹਨਾਂ ਨੇ ਕਿਸੇ ਹੋਰ ਘਰ ਵਿਚ ਜਾਣਾ ਸੀ, ਭੁੱਲ ਕੇ ਤੁਹਾਡੇ ਘਰ ਪਹੁੰਚ ਗਏ।” ਉਸਨੇ ਘੰਟੀ ਵਜਾ ਕੇ ਚਾਹ ਲਿਆਉਣ ਦਾ ਹੁਕਮ ਦਿੱਤਾ।
ਚਾਹ ਪੀਂਦਿਆਂ ਹੋਇਆ ਉਸਨੇ ਪੁੱਛਿਆ, “ਰਤਨਜੀ ਤੁਸੀਂ ਰਾਂਚੀ ਕਿਉਂ ਗਏ ਸੀ?”
“ਇਕ ਸੈਮੀਨਾਰ ਸੀ।” ਉਸਨੇ ਦੱਸਿਆ।
“ਹੂੰ...” ਕੁਝ ਛਿਣ ਰੁਕ ਕੇ ਉਸਨੇ ਕਿਹਾ, “ਅੱਜ ਕਲ੍ਹ ਨਕਸਲ ਬੈਲਟ 'ਚ ਈ ਸੈਮੀਨਾਰ ਹੁੰਦੇ ਨੇ ਕਿ? ਤੁਸੀਂ ਪਿਛਲੇ ਦਿਨੀਂ ਛੱਤੀਗੜ੍ਹ ਵਿਚ ਆਦਿਵਾਸੀਆਂ ਨਾਲ ਰਹੇ। ਇਸ ਵਾਰੀ ਵੀ ਤੁਸੀਂ ਰਾਂਚੀ ਚਲੇ ਗਏ।”
“ਗਿਆ ਸੀ, ਪਰ ਮੈਂ ਆਦਿਵਾਸੀਆਂ ਨਾਲ ਸਿਰਫ ਵਕਤ ਗੁਜ਼ਾਰਨ ਗਿਆ ਸੀ।” ਉਸਨੂੰ ਪਸੀਨਾ ਆ ਗਿਆ ਸੀ।
“ਕੋਈ ਗੱਲ ਨਹੀਂ। ਚਾਹ ਪੀਓ, ਠੰਡੀ ਹੋ ਰਹੀ ਏ।”
ਤੇ ਸੰਯੋਗ ਸੀ, ਜਾਂ ਪੜਯੰਤਰ ਉਸੇ ਵੇਲੇ ਉਸਦਾ ਮੋਬਾਇਆ ਵੱਜਣ ਲੱਗਾ ਪਿਆ। ਉਸ ਪਾਸੇ ਸੰਪਾਦਕ ਸੀ, “ਬਾਸ ਤੇਰੇ ਕੋ ਅਭੀ ਅਪਣਾ ਕਾੱਲਮ ਕੁਛ ਦਿਨ ਰੋਕਨਾ ਪੜੇਗਾ। ਬਾਤ ਯੇ ਹੈ...”
ਰਤਨ ਕੁਮਾਰ ਨੇ ਗੱਲ ਵਿਚਕਾਰ ਹੀ ਟੁੱਕ ਦਿੱਤੀ ਸੀ, “ਤੁਸੀਂ ਪ੍ਰੇਸ਼ਾਨ ਨਾ ਹੋਵੋ, ਮੈਨੂੰ ਬੁਰਾ ਨਹੀਂ ਲੱਗ ਰਿਹਾ।” ਉਸਨੇ ਫ਼ੋਨ ਕੱਟ ਦਿੱਤਾ।
ਉਸਨੂੰ ਕਾਲਮ ਬੰਦ ਹੋਣ ਦਾ ਅਫ਼ਸੋਸ ਨਹੀਂ ਸੀ, ਸਿਰਫ ਏਨਾ ਸੀ ਕਿ ਬਾਬਾ ਜੀ ਅਖ਼ਬਾਰ ਵਿਚ ਉਸਦੀ ਫੋਟੋ ਦੇਖ ਕੇ ਖੁਸ਼ ਹੋ ਜਾਂਦੇ ਸਨ, ਹੁਣ ਨਹੀਂ ਹੋਣਗੇ। ਪਰ ਉਸਨੂੰ ਇਸ ਗੱਲ ਦੀ ਬੇਚੈਨੀ ਜ਼ਰੂਰ ਸੀ ਕਿ ਜਿਹੜਾ ਹਾਲੇ ਪਿਛਲੇ ਹਫ਼ਤੇ ਤਕ 'ਦੁਪਿਆਰੇ' ਦੀ ਏਨੀ ਤਾਰੀਫ਼ ਕਰਦਾ ਸੀ ਤੇ ਕਹਿੰਦਾ ਸੀ ਕਿ ਇਸ ਨੂੰ ਹਫ਼ਤੇ ਵਿਚ ਦੋ ਵਾਰ ਕਿਉਂ ਨਾ ਛਾਪਿਆ ਜਾਵੇ, ਯਕਦਮ ਬੰਦ ਕਰਨ ਦਾ ਫ਼ਰਮਾਨ ਕਿਉਂ ਜਾਰੀ ਕਰਨ ਲੱਗਾ ਸੀ।
ਜਨਾਦੇਸ਼' ਦੇ ਦੂਜੇ ਸੰਪਦਕਾਂ ਦੇ ਜ਼ਰੀਏ ਇਕ ਨਹੀਂ ਅਨੇਕਾਂ ਕਾਰਨ ਸਾਹਮਣੇ ਆ ਰਹੇ ਸਨ, ਜਿਸ ਕਰਕੇ ਕਿਸੇ ਇਕ ਨਤੀਜੇ ਉੱਤੇ ਪਹੁੰਚਣਾ ਔਖਾ ਹੋ ਗਿਆ ਸੀ। ਇਕ ਸੂਤਰ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਸਕੱਤਰੇਤ ਵੱਲੋਂ ਕਾਲਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਹੋ ਰਹੀਆਂ ਸਨ, ਪਰ ਸੰਪਾਦਕ ਅੜਿਆ ਹੋਇਆ ਸੀ। ਫੇਰ ਮੁੱਖ ਮੰਤਰੀ ਸਕੱਤਰੇਤ ਨੇ ਉਸ ਭੂਮੀ ਦੇ ਟੁਕੜੇ ਦੀ ਅਲਾਅਮੈਂਟ ਨੂੰ ਤਰਕਨੀਕੀ ਕਾਰਨਾ ਕਰਕੇ ਰੱਦ ਕਰ ਦੇਣ ਦੀ ਧਮਕੀ ਦਿੱਤੀ ਜਿਸਨੂੰ ਬੜੀ ਘੱਟ ਕੀਮਤ ਉੱਤੇ ਸੰਪਾਦਕ ਨੇ ਮੁੱਖ ਮੰਤਰੀ ਦੇ ਸਹਿਯੋਗ ਨਾਲ ਗ੍ਰੇਟਰ ਨੋਏਡਾ ਵਿਚ ਹਾਸਲ ਕੀਤਾ ਸੀ। ਨਾਲ ਹੀ ਅੱਠ ਏਅਰ ਕੰਡੀਸ਼ਨਰ, ਅੱਠ ਬਲੋਵਰ, ਤਿੰਨ ਗੀਜ਼ਰ ਵਾਲਾ ਉਸਦਾ ਘਰ ਸੀ ਜਿਸਦਾ ਬਕਾਇਆ ਬਿਜਲੀ ਭੁਗਤਾਣ ਲਗਾਤਾਰ ਬਿੱਲ ਨਾ ਦੇਣ ਕਾਰਨ ਸੱਤ ਲੱਖ ਰੁਪਏ 'ਤੇ ਪਹੁੰਚ ਗਿਆ ਸੀ। ਸੰਪਾਦਕ ਨੇ ਉਸਨੂੰ ਮੁਆਫ਼ ਕਰਨ ਦੀ ਅਰਜੀ ਦਿੱਤੀ ਹੋਈ ਸੀ ਪਰ ਉਸਨੂੰ ਕਨੈਕਸ਼ਨ ਕੱਟ ਦੇਣ ਦਾ ਨੋਟਿਸ ਭੇਜ ਦਿੱਤਾ ਗਿਆ ਸੀ। ਤਦ ਉਸਨੇ ਆਪਣੇ ਪਿਆਰੇ ਕਾਲਮ 'ਦੁਪਿਆਰੇ' ਨੂੰ ਬੰਦ ਕਰਨ ਦਾ ਫ਼ੈਸਲਾ ਅਤਿ ਦੁਖੀ ਮਨ ਨਾਲ ਕੀਤਾ ਸੀ।
ਪਰ ਅਖ਼ਬਾਰ ਦੇ ਖ਼ਬਰਾਂ ਵਾਲੇ ਵਿਭਾਗ ਦਾ ਸੰਪਾਦਕ ਇਸ ਗੱਲ ਨੂੰ ਖ਼ਾਰਜ ਕਰਦੇ ਹੋਏ ਇਹ ਦੱਸ ਰਿਹਾ ਸੀ—“ਸਰਕੁਲੇਸ਼ਨ ਵਾਲੇ 'ਦੁਪਿਆਰੇ' ਨੂੰ ਪਸੰਦ ਕਰਦੇ ਸਨ ਪਰ ਮਾਰਕੀਟਿੰਗ ਵਾਲਿਆਂ ਲੱਤ ਅੜਾ ਦਿੱਤੀ। ਉਹਨਾਂ ਦੀ ਰਿਪੋਰਟ ਸੀ ਕਿ ਇਸ਼ਤਿਹਾਰ ਦੇਣ ਵਾਲੇ ਕਾਲਮ ਨੂੰ ਦੇਖ ਕੇ ਨੱਕ-ਬੁੱਲ੍ਹ ਵੱਟਣ ਲੱਗ ਪੈਂਦੇ ਨੇ। ਉਹਨਾਂ ਨੇ ਇਸਨੂੰ ਤਤਕਾਲ ਰੋਕ ਦੇਣ ਦੀ ਪੈਰਵੀ ਕੀਤੀ ਸੀ।”
ਜਦ ਕਿ ਫੀਚਰ ਐਡੀਟਰ ਨੇ ਗੱਪਸ਼ੱਪ ਵਿਚ ਆਪਣੀ ਇਕ ਪਿਆਰੀ ਲੇਖਕਾ ਨੂੰ ਦੱਸਿਆ ਤੇ ਲੇਖਕਾ ਨੇ ਆਪਣੇ ਦਿਓਰ ਨੂੰ ਦੱਸਿਆ। ਦਿਓਰ ਨੇ, ਜਿਹੜਾ ਰਤਨ ਕੁਮਾਰ ਦਾ ਵਿਦਿਆਰਥੀ ਸੀ, ਰਤਨ ਕੁਮਾਰ ਨੂੰ ਦੱਸਿਆ, “ਸਰ, ਪਤਾ ਈ ਤੁਹਾਡਾ ਕਾਲਮ ਕਿਉਂ ਬੰਦ ਹੋਇਐ?”
“ਕਿਉਂ?”
“ਕਿਉਂਕਿ ਉਹ ਐਡੀਟਰ ਦੀ ਵਾਈਫ਼ ਨੂੰ ਪਸੰਦ ਨਹੀਂ ਸੀ। ਹਰ ਹਫ਼ਤੇ ਉਹ ਬੁੜਬੁੜ ਕਰਦੀ ਰਹਿੰਦੀ ਸੀ ਕਿ ਇਸ ਵਿਚ ਤਾਂ ਫ਼ਾਲਤੂ ਯੱਕੜਾਂ ਮਾਰੀਆਂ ਹੋਈਆਂ ਨੇ।”
ਪਿੱਛੋਂ ਪਤਾ ਲੱਗਿਆ ਕਿ ਐਡੀਟਰ ਦੀ ਵਾਈਫ਼ ਦੇ ਪਿਤਾ ਦਾ ਨਾਂ ਡੀ.ਪੀ.ਐਸ. (ਦੱਦਾ ਪਰਸਾਦ ਸਿੰਘ) ਸੀ ਤੇ ਵੱਡੇ ਭਰਾ ਦਾ ਐਲ.ਪੀ.ਐਸ. (ਲਾਲਤਾ ਪਰਸਾਦ ਸਿੰਘ) ਸੀ। ਵਾਈਫ਼ ਉਸੇ ਦਿਨ ਦੀ ਰਤਨ ਕੁਮਾਰ ਨਾਲ ਖ਼ਾਰ ਖਾਧੀ ਬੈਠੀ ਸੀ ਜਦ ਉਸਨੇ ਸ਼ਬਦਾਂ ਦੇ ਸੰਖੇਪ ਰੂਪ ਉੱਤੇ ਕਲਮ ਚਲਾਈ ਸੀ।
ਖ਼ੈਰ 'ਦੁਪਿਆਰੇ' ਬੰਦ ਹੋ ਗਿਆ—ਰਤਨ ਕੁਮਾਰ ਨੇ ਸਬਰ ਕਰ ਲਿਆ ਤੇ ਸੁਨਿਧੀ ਨੂੰ ਇਹ ਕਹਿ ਕੇ ਖ਼ੁਸ਼ੀ ਜ਼ਾਹਰ ਕੀਤੀ, “ਚਲੋ ਹੁਣ ਨਾ ਮੈਨੂੰ ਬੋਲਣਾ ਪਏਗਾ, ਨਾ ਤੈਨੂੰ ਲਿਖਣਾ। ਮੇਰੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ।”
ਉਸਨੇ ਆਪਣਾ ਮੋਬਇਲ ਸੁਨਿਧੀ ਨੂੰ ਦਿੱਤਾ, “ਮੈਸੇਜ਼ ਬਾਕਸ ਵਿਚ ਚੌਦਵੇਂ ਨੰਬਰ ਨੂੰ ਦੇਖ।”
ਸੁਨਿਧੀ ਨੇ ਰੋਮਨ ਅੱਖਰਾਂ ਨੂੰ ਜੋੜ-ਜੋੜ ਕੇ ਪੜ੍ਹਨਾ ਸ਼ੁਰੂ ਕੀਤਾ—“ਅਫ਼ਸੋਸ ਹੈ ਕਿ ਅਸੀਂ ਤੁਹਾਡਾ ਕਾਲਮ 'ਦੁਪਿਆਰੇ' ਕੁਝ ਕਾਰਨਾ ਕਰਕੇ ਅੱਗੇ ਪ੍ਰਕਾਸ਼ਤ ਕਰਨ ਤੋਂ ਅਸਮਰਥ ਹਾਂ।”
“ਉਹ ਖ਼ੁਦ ਮੈਨੂੰ ਕਹਿ ਚੁੱਕਿਆ ਸੀ ਫੇਰ ਇਹ ਮੈਸੇਜ ਕਿਉਂ?” ਰਤਨ ਕੁਮਾਰ ਨੇ ਜਿਵੇਂ ਆਪਣੇ ਆਪ ਨੂੰ ਹੀ ਸਵਾਲ ਕੀਤਾ ਸੀ ਤੇ ਜਵਾਬ ਵੀ ਖ਼ੁਦ ਹੀ ਦੇਣ ਲੱਗਾ ਸੀ, “ਇਸ ਮੈਸੇਜ ਨੂੰ ਉਸਨੇ ਕਈ ਜ਼ਰੂਰੀ ਜਗਾਹਾਂ 'ਤੇ ਫਾਰਵਰਡ ਕਰਕੇ ਭੁੱਲ-ਸੁਧਾਰ ਦਾ ਸਬੂਤ ਪੇਸ਼ ਕੀਤਾ ਹੋਏਗਾ।”
ਸੁਨਿਧੀ ਦੀਆਂ ਅੱਖਾਂ ਮੋਬਾਇਲ ਦੇ ਮੈਸੇਜ ਬਾਕਸ ਉੱਤੇ ਟਿਕੀਆਂ ਹੋਈਆਂ ਸਨ ਕਿ ਫ਼ੋਨ ਵੱਜਣ ਲੱਗਾ। ਹੁਣ ਉਸਨੇ ਫੇਰ ਸਕਰੀਨ ਦੇਖੀ ਤੇ ਤ੍ਰਬਕ ਪਈ—ਸਕਰੀਨ ਉੱਤੇ ਨਾ ਕੋਈ ਨਾਂ ਸੀ ਨਾ ਨੰਬਰ। ਉਸ ਉੱਤੇ ਟਿਮਟਿਮਾ ਰਿਹਾ ਸੀ—”UNKNOWN NUMBER
“ਕੈਸੀ ਅਜੀਬ ਕਾਲ ਏ? ਲਿਖਿਆ ਏ ਅਣਨੋਨ ਨੰਬਰ।”
ਰਤਨ ਕੁਮਾਰ ਨੇ ਫ਼ੋਨ ਵਿਚ ਕਿਹਾ, “ਹੈਲੋ।”
“ਇਸ ਵੇਲੇ ਮਹਿਬੂਬਾ ਦੇ ਫਲੈਟ 'ਚ ਬੈਠੇ ਮਜ਼ੇ ਕਰ ਰਹੇ ਓ?” ਉਧਰੋਂ ਕਿਹਾ ਗਿਆ।
“ਸਹੀ ਕਹਿ ਰਹੇ ਓ ਤੁਸੀਂ।” ਰਤਨ ਕੁਮਾਰ ਨੇ ਕਿਹਾ, “ਪਰ ਤੁਹਾਨੂੰ ਕਿੰਜ ਪਤਾ?”
“ਮੈਨੂੰ ਸਭ ਪਤਾ ਏ। ਮੈਂ ਦੱਸ ਸਕਦਾਂ ਬਈ ਤੁਸੀਂ ਇਸ ਵੇਲੇ ਕਰੀਮ ਰੰਗ ਦੀ ਕਮੀਜ਼ ਤੇ ਨੀਲੇ ਰੰਗ ਦੀ ਪਤਲੂਨ ਪਾਈ ਹੋਈ ਏ।”
“ਤੁਸੀਂ ਕੌਣ ਓ?”
“ਮੈਂ ਇਕ ਕੋਡ ਆਂ। ਮੇਰੀ ਪਛਾਣ ਨੂੰ ਡੀਕੋਡ ਕਰੋ ਤੁਸੀਂ। ਓਹ ਕੀ ਲਿਖਦੇ ਓ ਤੁਸੀਂ—ਹਾਂ ਮੈਂ ਇਕ ਕੂਟ ਸੰਰਚਨਾ ਵਾਂ।” ਠਹਾਕਾ ਲਾਉਣ ਪਿੱਛੋਂ ਫ਼ੋਨ ਕੱਟ ਦਿੱਤਾ ਗਿਆ। ਉਸਨੇ ਬਿਨਾਂ ਵਕਤ ਗੰਵਾਇਆਂ ਸੁਨਿਧੀ ਨੂੰ ਕਿਹਾ, “ਕਾਲ ਲਾਗ 'ਚੋਂ ਉਸਦੇ ਨੰਬਰ 'ਤੇ ਫੋਨ ਮਿਲਾ।” ਪਰ ਕਾਲ ਲਾਗ ਵਿਚੋਂ 'ਅਣਨੋਨ ਨੰਬਰ' ਗ਼ਾਇਬ ਸੀ।
“ਕੌਣ ਸੀ?” ਸੁਨਿਧੀ ਨੇ ਮੋਬਾਇਲ ਉਸਨੂੰ ਵਾਪਸ ਕਰਦਿਆਂ ਪੁੱਛਿਆ।
“ਪਤਾ ਨਹੀਂ ਕਹਿ ਰਿਹਾ ਸੀ—'ਮੈਂ ਕੂਟ ਸੰਰਚਨਾ ਵਾਂ'—ਉਹ ਇਕ ਕਪਟੀ ਸੰਰਚਨਾ ਹੈ।”
“ਪਰ ਨੰਬਰ ਦੀ ਜਗ੍ਹਾ 'ਅਣਨੋਨ'?”
“ਇਸ ਤਰ੍ਹਾਂ ਦੇ ਨੰਬਰ ਅਮੂਮਨ ਕੇਂਦਰ ਸਰਕਾਰ ਦੇ ਗੁਪਤਚਰਾਂ ਕੋਲ ਹੁੰਦੇ ਨੇ, ਪਰ ਅੱਜ ਕਲ੍ਹ ਕੁਝ ਹੋਰ ਲੋਕਾਂ ਦੇ ਕੋਲ ਵੀ ਇਹ ਸੁਵਿਧਾ ਹੈ।” ਉਸ ਤੋਂ ਅੱਗੇ ਨਹੀਂ ਬੋਲਿਆ ਗਿਆ। ਲੱਗ ਰਿਹਾ ਸੀ, ਉਹ ਨਿਢਾਲ ਹੋ ਚੁੱਕਿਆ ਹੈ। ਉਸਦੇ ਮੱਥੇ ਉੱਤੇ ਪਸੀਨੇ ਦੀਆਂ ਬੁੰਦਾਂ ਨਜ਼ਰ ਆ ਰਹੀਆਂ ਸਨ। ਜਿਵੇਂ ਕਿਸੇ ਨੇ ਉੱਥੇ ਸਪਰੇ ਕਰ ਦਿੱਤਾ ਹੋਵੇ।
ਇਹ ਕਾਂਢ ਇੱਥੇ ਹੀ ਖ਼ਤਮ ਨਹੀਂ ਸੀ ਹੋਇਆ। ਕੁਝ ਚਿਰ ਬਾਅਦ ਫੇਰ 'ਅਣਨੋਨ' ਸੀ ਪਰ ਇਸ ਵਾਰੀ ਆਵਾਜ਼ ਹੋਰ ਸੀ। ਉਸਨੇ ਜੋ ਕੁਝ ਕਿਹਾ ਉਸ ਨਾਲ ਰਤਨ ਕੁਮਾਰ ਹੈਰਾਨ-ਪ੍ਰੇਸ਼ਾਨ ਤੇ ਭੈਭੀਤ ਹੋ ਗਿਆ ਸੀ। ਅਜੀਬ ਗੱਲ ਸੀ ਕਿ ਉਸਨੂੰ ਰਤਨ ਕੁਮਾਰ ਬਾਰੇ ਅਥਾਹ ਜਾਣਕਾਰੀ ਸੀ। ਪਤਾ ਸੀ, ਅੱਖਾਂ ਦੀ ਬਿਮਾਰੀ ਪੈਦਾਇਸ਼ੀ ਸੀ ਜਿਸ ਬਾਰੇ ਰਤਨ ਕੁਮਾਰ ਨੇ ਪ੍ਰਤਾਪਗੜ੍ਹ ਵਿਚ ਕੁਨਾਲ ਨਾਮਕ ਆਪਣੇ ਇਕ ਲੰਗੋਟੀਏ ਯਾਰ ਸਾਹਵੇਂ ਬਾਰਾਂ ਸਾਲ ਦੀ ਉਮਰ ਵਿਚ ਇਕ ਝੂਠ ਬੋਲਿਆ ਸੀ ਕਿ ਇਕ ਵਾਰੀ ਤੇਜ਼ ਬੁਖ਼ਾਰ ਹੋ ਜਾਣ ਪਿੱਛੋਂ ਉਸਦੀਆਂ ਅੱਖਾਂ ਖ਼ਰਾਬ ਹੋਈਆਂ ਸਨ। ਉਸਦੇ ਪਰਿਵਾਰ ਦੀ ਹਾਦਸੇ ਵਿਚ ਮੌਤ ਦਾ ਵੇਰਵਾ, ਉਸਦੇ ਖ਼ਾਨਦਾਨ ਦਾ ਪੂਰਾ ਇਤਿਹਾਸ, ਸਾਰੇ ਇਮਤਿਹਾਨਾਂ ਵਿਚ ਪ੍ਰਾਪਤ ਕੀਤੇ ਉਸਦੇ ਵਿਸ਼ੇ ਵਾਰ ਨੰਬਰ, ਉਸਦੇ ਪਿਆਰੇ ਸਵਾਦ, ਕੱਪੜੇ ਤੇ ਜਗਾਹਾਂ ਉਸਨੂੰ ਪਤਾ ਸਨ। ਉਹ ਇੱਥੋਂ ਤਕ ਜਾਣਦਾ ਸੀ ਕਿ ਉਹ ਕਿਹੜੀ ਦਵਾਈ ਖਾਂਦਾ ਸੀ ਤੇ ਕਿਹੜੀ ਕਸਰਤ ਕਰਦਾ ਸੀ। ਉਸਨੇ ਇਹ ਵੀ ਦੱਸਿਆ, “ਤੁਸੀਂ ਕਲ੍ਹ ਸੁਨਿਧੀ ਨਾਲ ਫਿਲਮ ਦੇਖੀ ਸੀ ਤੇ ਰੇਸਟੋਰੇਂਟ ਵਿਚ ਡਿਨਰ ਕੀਤਾ ਸੀ। ਡਿਨਰ ਦਾ ਬਿਲ ਦੋ ਸੌ ਅੱਸੀ ਰੁਪਏ ਸੀ ਜਿਹੜਾ ਕੁਮਾਰੀ ਸੁਨਿਧੀ ਨੇ ਦਿੱਤਾ ਸੀ।” ਉਸ ਪਿੱਛੋਂ 'ਕੁਮਾਰੀ' 'ਤੇ ਜ਼ੋਰ ਦੇ ਕੇ ਉਸਨੇ ਖੰਘੂਰਾ ਜਿਹਾ ਮਾਰਿਆ ਸੀ ਜਿਹੜਾ ਅਸਲ ਵਿਚ ਵਿਅੰਗ ਸੀ। ਇਸ ਉੱਤੇ ਰਤਨ ਕੁਮਾਰ ਭੜਕ ਗਿਆ, “ਕਿਹੜਾ ਐਂ ਓਇ ਤੂੰ, ਸਾਹਮਣੇ ਆ।”
“ਆਵਾਂਗਾ ਸਾਹਮਣੇ ਵੀ ਤੈਨੂੰ ਮਾਰਨ ਲਈ। ਮੈਨੂੰ ਆਪਣੀ ਨਵੀਂ ਰਿਵਾਲਵਰ ਦੀ ਉਡੀਕ ਏ, ਮੈਂ ਤੈਨੂੰ ਉਸੇ ਨਾਲ ਮਾਰਾਂਗਾ।”
ਰਤਨ ਕੁਮਾਰ ਕੁਝ ਬੋਲਿਆ ਨਹੀਂ, ਲੰਮੇਂ ਸਾਹ ਲੈਂਦਾ ਰਿਹਾ।
“ਕੀ ਸੋਚ ਰਿਹੈਂ? ਇਹੀ ਨਾ ਕਿ 'ਮੇਰੀ ਮੌਤ ਰਿਵਾਲਵਰ ਨਾਲ ਹੋ ਹੀ ਨਹੀਂ ਸਕਦੀ, ਮੈਂ ਐਕਸੀਡੈਂਟ 'ਚ ਮਰਾਂਗਾ'?” ਉਸਨੇ ਹੂ-ਬ-ਹੂ ਰਤਨ ਕੁਮਾਰ ਦੇ ਬੋਲਣ ਢੰਗ ਦੀ ਨਕਲ ਉਤਾਰੀ ਸੀ। ਤੇ ਰਤਨ ਕੁਮਾਰ ਦੇ ਹੱਥ ਵਿਚੋਂ ਮੋਬਾਇਲ ਡਿੱਗ ਪਿਆ ਸੀ। ਉਹ ਢਹਿ ਗਿਆ ਸੀ, 'ਮੇਰੇ ਨਾਲ ਕੀ ਹੋ ਰਿਹਾ ਏ?' ਉਹ ਪ੍ਰੇਸ਼ਾਨ ਹੋ ਗਿਆ ਸੀ, ਪਰ ਸ਼ਾਮ ਤਕ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਲ੍ਹ ਕਲਾਸ ਵਿਚ ਦੇਣ ਵਾਲੇ ਆਪਣੇ ਲੈਕਚਰ ਦੀ ਤਿਆਰੀ ਕਰਨ ਲੱਗ ਪਿਆ। ਪਰ ਜਦੋਂ ਦੇਰ ਰਾਤ ਸੌਂਣ ਲਈ ਉਸਨੇ ਬਿਜਲੀ ਬੁਝਾਈ ਤੇ ਬਿਸਤਰੇ 'ਤੇ ਪਹੁੰਚਿਆ ਤਾਂ ਉਹ ਡਰ ਫੇਰ ਜਾਗ ਪਿਆ। ਜਿਵੇਂ ਉਹ ਡਰ ਦੇ ਝੂਲੇ ਉੱਤੇ ਸਵਾਰ ਸੀ ਤੇ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ। ਡਰ ਦਾ ਉਹ ਝੂਲਾ ਏਨਾ ਤੇਜ਼ ਘੁੰਮ ਰਿਹਾ ਸੀ ਕਿ ਅੱਖ ਦੇ ਇਕ ਫੋਰੇ ਵਿਚ ਉਸਦੇ ਅਨੇਕਾਂ ਚੱਕਰ ਪੂਰੇ ਹੋ ਜਾਂਦੇ ਸਨ। ਚੱਕਰਵਾਤ ਜਿਹਾ ਚੱਲ ਰਿਹਾ ਸੀ। ਉਸਦੀਆਂ ਅੱਖਾਂ ਦਾ ਦਰਦ ਕਲ੍ਹ ਦੇ ਲੈਕਚਰ ਦੀ ਤਿਆਰੀ ਜਾਂ ਡਰ ਦੇ ਝੂਲੇ ਦੀ ਘੇਰ ਨਾਲ ਵਧ ਗਿਆ ਸੀ। ਹਨੇਰੇ ਦੀ ਸਮੱਸਿਆ ਓਵੇਂ ਹੀ ਸੀ, ਹਨੇਰੇ ਵਿਚ ਹਨੇਰਾ ਹੋਰ ਸੰਘਣਾ ਹੋ ਗਿਆ ਸੀ। ਉਸਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਕੋਈ ਉਸ ਬਾਰੇ ਇੰਜ ਰਾਈ-ਰੱਤੀ ਤਕ ਜਾਣ ਸਕਦਾ ਹੈ। ਤੇ ਅੱਧੀ ਰਾਤ ਤਕ ਉਸਨੂੰ ਲੱਗਣ ਲੱਗਾ ਕਿ 'ਉਹ ਮੈਂ ਹੀ ਤਾਂ ਨਹੀਂ ਜਿਹੜਾ ਆਪਣੇ ਆਪ ਨੂੰ ਫ਼ੋਨ ਕਰ ਰਿਹਾ ਹਾਂ। ਮੈਂ ਆਪਣੇ ਸਾਹਵੇਂ ਆਪਣੇ ਭੇਦ ਖੋਲ੍ਹ ਰਿਹਾ ਹਾਂ ਤੇ ਮੈਂ ਹੀ ਖੰਘੂਰ ਮਾਰ ਕੇ ਠਹਾਕਾ ਲਾਇਆ ਸੀ।' ਉਸਨੂੰ ਮਹਿਸੂਸ ਹੋ ਰਿਹਾ ਸੀ—'ਰਤਨ ਕੁਮਾਰ ਆਪਣੇ ਸ਼ਰੀਰ 'ਚੋਂ ਬਾਹਰ ਚਲਾ ਗਿਆ ਹੈ ਜਿਹੜਾ ਨਵੀਆਂ-ਨਵੀਆਂ ਆਵਾਜ਼ਾਂ ਵਿਚ ਫ਼ੋਨ ਕਰਕੇ ਮੈਨੂੰ ਡਰਾ ਰਿਹਾ ਹੈ। ਰਤਨ ਕੁਮਾਰ ਹੀ ਮੇਰੀ ਮੌਤ ਦਾ ਫ਼ਰਮਾਨ ਸੁਣਾ ਰਿਹਾ ਸੀ ਤੇ ਮੇਰੇ ਭੇਦ ਦੱਸਣ ਦੀ ਸ਼ੇਖੀ ਮਾਰ ਰਿਹਾ ਸੀ। ਕੀ ਸੱਚਮੁੱਚ ਮੇਰੀ ਹੱਤਿਆ ਕੀਤੀ ਜਾਵੇਗੀ ਤੇ ਮੈਂ ਹੀ ਹੱਤਿਆਰਾ ਹੋਵਾਂਗਾ।' ਉਸਨੇ ਤਰਕ ਕੀਤਾ ਇਹ ਇਕ ਅਸੰਭਵ ਸਥਿਤੀ ਹੈ, ਇੰਜ ਭਲਾਂ ਕਦੀ ਹੁੰਦਾ ਹੈ! ਪਰ ਜੋ ਕੁਝ ਵਾਪਰ ਰਿਹਾ ਸੀ ਉਹ ਵੀ ਤਾਂ ਅਸੰਭਵ ਸੀ। ਆਖ਼ਰ ਕੋਈ ਦੂਜਾ ਕਿਸੇ ਦੀਆਂ ਏਨੀਆਂ ਗੱਲਾਂ ਕਿੰਜ ਜਾਣ ਸਕਦਾ ਹੈ! ਉਸਨੇ ਇਸ ਉੱਤੇ ਵੀ ਵਿਚਾਰ ਕੀਤਾ ਕਿ ਹੋ ਸਕਦਾ ਹੈ ਕਿ ਇਹ ਇਕ ਭਰਮ ਹੋਵੇ ਜਿਸਦਾ ਸੰਬੰਧ ਉਸਦੀਆਂ ਅੱਖਾਂ ਦੇ ਦਰਦ ਤੇ ਹਨੇਰੇ ਦੀ ਸਮੱਸਿਆ ਨਾਲ ਹੋਵੇ। ਉਸਨੇ ਆਪਣੇ ਆਪ ਨੂੰ ਕਿਹਾ, 'ਸੰਭਵ ਹੈ ਮੇਰੀਆਂ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ ਹੋਵੇ ਤੇ ਦਿਮਾਗ਼ ਹੋਰ ਤੇਜ਼ ਹੋ ਕੇ ਤਰ੍ਹਾਂ-ਤਰ੍ਹਾਂ ਦੇ ਕੌਤੁਕ ਦਿਖਾ ਰਿਹਾ ਹੋਵੇ!' ਪਰ ਉਸਨੂੰ ਇਸ ਉੱਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿਉਂਕਿ ਉਸਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਕਿਸੇ ਕਿਸਮ ਦੇ ਮਨੋਰੋਗ ਦੀ ਪਕੜ ਵਿਚ ਕਤਈ ਨਹੀਂ ਹੈ। ਇਸਦੇ ਸਮਰਥਣ ਵਿਚ ਉਸ ਕੋਲ ਦਲੀਲ ਸੀ ਕਿ ਸੁਨਿਧੀ ਉਦੋਂ ਕੋਲ ਹੀ ਸੀ ਜਦੋਂ ਪਹਿਲੀ ਵਾਰੀ 'ਅਣਨੋਨ ਫ਼ੋਨ' ਆਇਆ ਸੀ, ਬਲਕਿ ਉਸ ਸਮੇਂ ਮੋਬਾਇਲ ਸੁਨਿਧੀ ਦੇ ਹੱਥ ਵਿਚ ਹੀ ਸੀ। ਇਸ ਦਲੀਲ ਦੇ ਵਿਰੁੱਧ ਦਲੀਲ ਇਹ ਸੀ—'ਠੀਕ ਏ, ਸੁਨਿਧੀ ਕੋਲ ਹੀ ਸੀ ਪਰ ਉਸਨੇ ਫ਼ੋਨ ਦੀ ਵਾਰਤਾ ਨਹੀਂ ਸੀ ਸੁਣੀ। ਇਸ ਲਈ ਹੋ ਸਕਦਾ ਹੈ ਕਿ ਅਣਨੋਨ ਲਿਖਤ ਨੇ ਹੀ ਮੈਨੂੰ ਡਰ ਦਿੱਤਾ ਹੋਵੇ ਤੇ ਵਾਰਤਾ ਦੀਆਂ ਸਾਰੀਆਂ ਗੱਲਾਂ ਯਥਾਰਥ ਨਾ ਹੋਣ, ਮੇਰੇ ਦਿਮਾਗ਼ ਦੀ ਘਾੜਤ ਹੋਣ।' ਇਸ ਉਲਝਣ ਨੂੰ ਹੱਲ ਕਰਨ ਦਾ ਇਕੋ ਤਰੀਕਾ ਸੀ, ਜਿਹੜਾ ਉਸਨੇ ਆਜ਼ਮਾਇਆ...। ਅਗਲੀ ਵਾਰੀ ਜਦੋਂ ਉਸਦੇ ਮੋਬਾਇਲ ਉੱਤੇ ”UNKNOWN ਪ੍ਰਗਟ ਹੋਇਆ ਤਾਂ ਉਸਨੇ ਗੱਲ ਕਰਨ ਵਿਚ ਦੇਰ ਲਾਈ ਕਿਉਂਕਿ ਇਸ ਵਾਰੀ ਉਸਨੂੰ ਭੈ ਨਹੀਂ ਗੁੱਸਾ ਸੀ। ਉਹ ਫ਼ੋਨ ਉੱਤੇ ਕੋਈ ਭੱਦੀ ਜਿਹੀ ਗੱਲ, ਬੜੀ ਘਟੀਆ ਗਾਲ੍ਹ ਕੱਢਣਾ ਚਾਹੁੰਦਾ ਸੀ ਜਿਸਨੂੰ ਲਗਭਗ ਵੀਹ ਸਾਲ ਤੋਂ ਉਸਨੇ ਕਦੀ ਮੂੰਹੋਂ ਨਹੀਂ ਸੀ ਕੱਢਿਆ। ਕਿਸੇ ਤਰ੍ਹਾਂ ਉਸਨੇ ਆਪਣੇ ਆਪ ਉੱਤੇ ਕਾਬੂ ਰੱਖਿਆ ਤੇ ਕਿਹਾ, “ਦੇਖੋ ਮੈਂ ਅਜੇ ਵਿਅਸਤ ਆਂ, ਤੁਸੀਂ ਸ਼ਾਮੀ 6 ਵਜੇ ਤੋਂ ਬਾਅਦ ਫ਼ੋਨ ਕਰਨਾ।” ਉਸਨੇ ਫ਼ੋਨ ਕੱਟ ਕੇ ਸੁਨਿਧੀ ਨੂੰ ਮਿਲਾਇਆ, “ਸੁਨਿਧੀ ਤੂੰ ਹਰ ਹਾਲ ਵਿਚ ਆਪਣੇ ਫਲੈਟ 'ਚ ਛੇ ਤੋਂ ਪਹਿਲਾਂ ਪਹੁੰਚੀਂ, ਬੜਾ ਜ਼ਰੂਰੀ ਏ।”
6:33 ਉੱਤੇ ਘੰਟੀ ਵੱਜੀ। ਉਸਨੇ ਫ਼ੋਨ ਚੁੱਕ ਕੇ ਸਪੀਕਰ ਚਾਲੂ ਕਰ ਦਿੱਤਾ। ਸੁਨਿਧੀ ਵੀ ਸੁਣ ਰਹੀ ਸੀ—
“ਸੁਨਿਧੀ ਛੇ ਵਜੇ ਤੋਂ ਪਹਿਲਾਂ ਪਹੁੰਚ ਗਈ ਨਾ! ਕੀ ਕਿਹਾ ਸੀ ਉਸਨੂੰ ਤੂੰ—ਬੜਾ ਜ਼ਰੂਰੀ ਏ—ਇਹੀ ਨਾ?” ਇਸ ਵਾਰੀ ਕੋਈ ਹੋਰ ਆਵਾਜ਼ ਸੀ।
“ਤੁਸੀਂ ਫ਼ੋਨ ਕਿਉਂ ਕੀਤਾ ਏ?”
“ਕੁਝ ਪੁੱਛਣ ਲਈ।”
“ਪੁੱਛੋ।”
“ਦੀਵਾਲੀ ਵਾਲੀ ਰਾਤ ਸੱਤ ਦੀਵੇ ਜਗਾ ਕੇ ਸੁਨਿਧੀ ਨਾਲ ਸੁੱਤਾ ਸੈਂ, ਇਸ ਵਾਰੀ ਹੋਲੀ ਦੀ ਰਾਤ ਨੂੰ ਕੀ ਹੋਏਗਾ?”
“ਪੁੱਛ ਲਿਆ ਨਾ! ਹੁਣ ਫ਼ੋਨ ਕੱਟ ਦਿਆਂ?”
“ਨਹੀਂ ਕੁਝ ਦੱਸਣਾ ਵੀ ਐ।”
“ਦੱਸ?”
“ਤੂੰ ਆਪਣੇ ਉਪਰ ਹਮਲੇ ਦਾ ਜਿਹੜਾ ਹੂ-ਹੱਲਾ ਮਚਾਇਆ ਸੀ, ਉਸਦਾ ਕੁਝ ਨਹੀਂ ਹੋਇਆ। ਫਾਇਲ ਰਿਪੋਰਟ ਬੰਦ ਹੋਣ ਵਾਲੀ ਏ।”
“ਮੈਂ ਜਾਣਦਾ ਸੀ, ਇਹੋ ਹੋਏਗਾ।”
“ਫੇਰ ਏਨਾ ਧਮੱਚੜ ਕਿਉਂ ਪਾਇਆ ਸੀ? ਕੀ ਪੁੱਟ ਲਿਆ?”
“ਤਾਂ ਮੇਰਾ ਵੀ ਕੀ ਵਿਗੜ ਗਿਆ? ਵੱਧ ਤੋਂ ਵੱਧ ਮੇਰਾ ਕਾਲਮ ਬੰਦ ਹੋ ਗਿਆ, ਜਿਸਦਾ ਮੈਨੂੰ ਕੋਈ ਅਫ਼ਸੋਸ ਨਹੀਂ।”
“ਏਨੀ ਜਲਦੀ ਕਾਹਦੀ ਐ, ਬਦਲਾ ਬੜੇ ਧੀਰਜ ਨਾਲ ਲਿਆ ਜਾਂਦੈ।”
“ਕੀ ਕਰ ਲਏਂਗਾ ਮੇਰਾ?”
“ਮਾਰਿਆ ਜਾ ਸਕਦੈਂ ਜਾਂ ਜੇਲ੍ਹ ਵੀ ਹੋ ਸਕਦੀ ਐ।”
“ਕਿਸ ਗੁਨਾਹ ਲਈ?”
“ਗੁਨਾਹ ਨਾਲ ਸਜ਼ਾ ਨਹੀਂ ਮਿਲਦੀ, ਸਜ਼ਾ ਗੁਨਾਹ ਦੇ ਸਬੂਤ ਨਾਲ ਮਿਲਦੀ ਐ। ਸਬੂਤਾਂ ਕਾਰਨ ਹੀ ਅਨੇਕਾਂ ਗੁਨਾਹਗਾਰ ਆਜ਼ਾਦ ਨੇ ਤੇ ਲੱਖਾਂ ਬੇਗੁਨਾਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ।”
“ਕੀ ਸਬੂਤ ਏ ਮੇਰੇ ਖ਼ਿਲਾਫ਼?”
“ਸਬੂਤ ਹੋਣਾ ਖਾਸ ਗੱਲ ਨਹੀਂ। ਖਾਸ ਏ—ਸਬੂਤ ਇਕੱਠੇ ਕਰਨਾ ਤੇ ਉਹਨਾਂ ਨੂੰ ਤਰਤੀਬ ਦੇਣਾ—ਅੰਤਮ ਫ਼ੈਸਲੇ ਤਕ ਪਹੁੰਚਾ ਦੇਂਦਾ ਐ।”
ਇਹ ਪੂਰੀ ਗੱਲਬਾਤ ਸੁਨਿਧੀ ਨੇ ਵੀ ਸੁਣੀ ਸੀ ਤੇ ਕਿਹਾ ਸੀ, “ਮਾਮਲਾ ਗੰਭੀਰ ਹੁੰਦਾ ਜਾ ਰਿਹਾ ਏ। ਸਾਨੂੰ ਪੁਲਿਸ ਨੂੰ ਇਤਲਾਹ ਕਰਨੀ ਚਾਹੀਦੀ ਹੈ। ਉਹ ਸਰਵਿਸਲਾਂਸ ਦੇ ਜ਼ਰੀਏ ਜਾਂ ਜਿਵੇਂ ਚਾਹੇ, ਫੋਨ ਕਰਨ ਵਾਲੇ ਦਾ ਪਤਾ ਕਰੇ ਤੇ ਉਸਨੂੰ ਫੜੇ।” ਉਹ ਉਸੇ ਸਮੇਂ ਰਤਨ ਕੁਮਾਰ ਨਾਲ ਕੋਤਵਾਲੀ ਗਈ ਸੀ। ਕੋਤਵਾਲ ਉੱਥੇ ਮੌਜ਼ੂਦ ਸੀ।
ਕੋਤਵਾਲ ਨਾਲ ਉਸਦੀ ਵਾਰਤਾ ਇਸ ਮੋੜ ਉੱਤੇ ਸਮਾਪਤ ਹੋਈ ਕਿ ਰਤਨ ਕੁਮਾਰ ਆਏ ਦਿਨ ਕੋਈ ਨਾ ਕੋਈ ਕਹਾਣੀ ਲੈ ਕੇ ਆ ਜਾਂਦਾ ਹੈ ਤੇ ਉਸ ਕਹਾਣੀ ਵਿਚ ਕੋਈ ਸੱਚਾਈ ਨਹੀਂ ਹੁੰਦੀ। ਕੋਤਵਾਲ ਨੇ ਕਿਹਾ, “ਰਤਨ ਕੁਮਾਰਜੀ ਮੈਂ ਸਮਾਂ ਕੱਢ ਕੇ ਸਾਹਿਤਕ ਪਰਚੇ ਵੀ ਪੜ੍ਹਦਾ ਹਾਂ ਤੇ ਇਹ ਕਹਿ ਸਕਦਾ ਹਾਂ ਕਿ ਕਹਾਣੀਆਂ ਨੂੰ ਯਥਾਰਥਵਾਦੀ ਹੋਣਾ ਚਾਹੀਦਾ ਏ। ਤੁਹਾਡੀ ਕਹਾਣੀ ਯਥਾਰਥਵਾਦੀ ਨਹੀਂ।”
“ਮੈ ਕਹਾਣੀ ਲੈ ਕੇ ਨਹੀਂ ਆਇਆ, ਇਸ ਸਮੇਂ ਮੇਰੇ ਕੋਲ ਸੱਚਾਈ ਏ। ਜਾਣਦੇ ਓ ਕੋਤਵਾਲ ਸਾਹਬ, ਸੱਚਾਈ ਕਦੀ ਵੀ ਨਿਰੋਲ ਯਥਾਰਥਹੀਣ ਨਹੀਂ ਹੁੰਦੀ।”
“ਪਰ ਤੁਹਾਡੀ ਸੱਚਾਈ ਦਾ ਕਿਸੇ ਨੂੰ ਭਰੋਸਾ ਕਿਉਂ ਨਹੀਂ ਹੁੰਦਾ?”
“ਜਿਹਨਾਂ ਨੂੰ ਸੱਚਾਈ ਦਾ ਭਰੋਸਾ ਨਹੀਂ ਹੁੰਦਾ, ਉਹਨਾਂ ਨੂੰ ਸੱਚਾਈ ਦੀ ਸਮਝ ਨਹੀਂ ਹੁੰਦੀ।”
“ਤੁਸੀਂ ਕੋਈ ਕਾਰਵਾਈ ਕਰੋ ਸਰ!” ਸੁਨਿਧੀ ਨੇ ਵਿਚਕਾਰ ਪੈਂਦਿਆਂ ਕਿਹਾ।
“ਕਰ ਦੇਨੇ ਆਂ ਕੋਈ ਕਾਰਵਾਈ।” ਕੋਤਵਾਲ ਭੱਦੇ ਤਰੀਕੇ ਨਾਲ ਬੋਲਿਆ ਸੀ।

ਉਸ ਦੀਆਂ ਤਕਲੀਫ਼ਾਂ ਦਾ ਸਿਲਸਿਲਾ ਅਜੇ ਰੁਕਣ ਵਾਲਾ ਨਹੀਂ ਸੀ। ਇਕ ਰਾਤ ਉਸਨੂੰ ਬਹੁਤ ਸਾਰੇ ਕੁੱਤਿਆਂ ਦੇ ਰੋਣ ਤੇ ਭੌਂਕਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਥੋੜ੍ਹੀ ਦੇਰ ਬਾਅਦ ਲੱਗਾ ਕਿ ਉਹ ਕੁੱਤੇ ਉਸਦੇ ਘਰ ਦੇ ਕਾਫੀ ਨੇੜੇ ਉਸਦੇ ਦਰਵਾਜ਼ੇ ਨਾਲ ਮੂੰਹ ਲਾ ਕੇ ਰੋ ਰਹੇ ਨੇ। ਰੋਣ ਤੇ ਭੌਂਕਣ ਦੀਆਂ ਇਹ ਬੜੀਆਂ ਤੇਜ਼, ਮਨਹੂਸ ਤੇ ਨਜ਼ਦੀਕੀ ਆਵਾਜਾਂ ਸਨ। ਜਦੋਂ ਬਰਦਾਸ਼ਤ ਨਾ ਹੋਇਆ ਤਾਂ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ। ਉਸਦੇ ਹੱਥ ਵਿਚ ਡੰਡਾ ਸੀ ਜਿਹੜਾ ਕੁੱਤਿਆਂ ਨੂੰ ਮਾਰਨ ਖਾਤਰ ਨਹੀਂ ਸਿਰਫ ਆਪਣੇ ਬਚਾਅ ਲਈ ਚੁੱਕ ਲਿਆ ਗਿਆ ਸੀ। ਪਰ ਡੰਡੇ ਦੀ ਲੋੜ ਨਹੀਂ ਪਈ ਕਿਉਂਕਿ ਬਾਹਰ ਚੁੱਪ ਵਰਤੀ ਹੋਈ ਸੀ। ਉਸਨੇ ਦੇਖਿਆ ਬਾਹਰ ਸਿਰਫ ਚੁੱਪ ਸੀ, ਨਾ ਆਵਾਜ਼ਾਂ ਸਨ ਨਾ ਕੁੱਤੇ। ਜਿਵੇਂ ਕੁੱਤੇ ਨਹੀਂ ਕੋਈ ਟੇਪ ਸ਼ੋਰ ਮਚਾ ਰਿਹਾ ਸੀ ਜਿਸ ਵਿਚ ਕੁੱਤਿਆਂ ਦਾ ਰੋਣ ਤੇ ਭੌਂਕਣਾ ਰਿਕਾਰਡ ਸਨ। ਇੰਜ ਲਗਾਤਾਰ ਹੁੰਦਾ ਰਿਹਾ ਸੀ ਤੇ ਉਸ ਦਿਨ ਬੰਦ ਹੋਇਆ ਸੀ ਜਿਸ ਦਿਨ ਉਹ ਦੇਰ ਰਾਤ ਵਾਪਸ ਆਇਆ ਸੀ। ਉਸਨੇ ਦੇਖਿਆ, ਉਸਦੇ ਘਰ ਦੇ ਸਾਹਮਣੇ ਕਈ ਵਿਦੇਸ਼ੀ ਨਸਲ ਦੇ ਖੂੰਖਾਰ, ਲੰਮੇਂ-ਝੰਮੇਂ ਅਨੇਕਾਂ ਰੰਗਾ ਤੇ ਅਕਾਰਾਂ ਦੇ ਕੁੱਤੇ ਮੰਡਲਾ ਰਹੇ ਸਨ। ਉਸਨੂੰ ਲੱਗਿਆ ਉਹ ਉਸੇ ਦੀ ਉਡੀਕ ਕਰ ਰਹੇ ਨੇ। ਉਹ ਉਲਟੇ ਪੈਰੀਂ ਵਾਪਸ ਚਲਾ ਗਿਆ। ਰਾਤ ਉਸਨੇ ਸਟੇਸ਼ਨ ਉੱਤੇ ਆਉਣ ਵਾਲੀਆਂ ਗੱਡੀਆਂ ਦੀ ਸਥਿਤੀ ਦੇ ਐਲਾਨ ਸੁਣਦਿਆਂ ਹੋਇਆ ਬਿਤਾਈ। ਉਸ ਪਿੱਛੋਂ ਸਭ ਕੁਝ ਆਮ ਵਾਂਗ ਹੋ ਗਿਆ ਸੀ। ਪਰ ਨਿਸ਼ਚਿੰਤ ਹੋਣ ਦੀ ਬਜਾਏ ਉਹ ਧੁਰ ਅੰਦਰ ਤਕ ਫਿਕਰਾਂ ਵਿਚ ਡੁੱਬ ਗਿਆ ਸੀ। ਉਸਨੂੰ ਲੱਗ ਰਿਹਾ ਸੀ, ਇਹ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੈ ਤੇ ਉਸ ਨਾਲ ਕੁਝ ਮਾੜਾ ਵਾਪਰਨ ਵਾਲਾ ਹੈ। ਉਹ ਸਹਿਮਿਆਂ-ਸਹਿਮਿਆਂ ਤੇ ਘਬਰਾਇਆ ਜਿਹਾ ਦਿਸਣ ਲੱਗਾ। ਕੁਲ ਮਿਲਾ ਕੇ ਉਹ ਬੇਹੱਦ ਮਾੜੇ ਦੌਰ ਵਿਚੋਂ ਲੰਘ ਰਿਹਾ ਸੀ। ਬਾਬਾ ਜੀ ਨਾਲ ਫ਼ੋਨ ਉੱਤੇ ਗੱਲ ਕਰਦਿਆਂ ਹੋਇਆ ਉਸਦਾ ਗੱਚ ਭਰ ਆਉਂਦਾ ਸੀ, ਰੋਣ ਵੀ ਨਿਕਲਣ ਵਾਲਾ ਹੋ ਜਾਂਦਾ ਸੀ ਪਰ ਉਸ ਸੰਭਲਣ ਦਾ ਯਤਨ ਕਰਦਾ ਸੀ ਤੇ ਸਫਲਤਾ ਨਾਲ ਰੋਣਾ ਡੱਕ ਲੈਂਦਾ ਸੀ। ਇਸ ਕਸਰਤ ਵਿਚ ਉਸਦੀ ਬੋਲਣ ਦੀ ਸ਼ੈਲੀ ਬਦਲ ਜਾਂਦੀ ਸੀ। ਤਦ ਬਾਬਾ ਜੀ ਉਧਰੋਂ ਹੈਲੋ-ਹੈਲੋ ਕਰਦੇ ਤੇ ਪੁੱਛਦੇ, “ਤੂ ਰਤਨ ਹੀ ਬੋਲ ਰਿਹੈਂ ਨਾ!”
ਉਹ ਏਨਾ ਪ੍ਰੇਸ਼ਾਨ ਹੋ ਗਿਆ ਸੀ ਕਿ ਪਿਛਲੀ ਖ਼ਰਾਬ ਮੁਲਾਕਤ ਦੀ ਯਾਦ ਨੂੰ ਭੁੱਲ ਕੇ ਫੇਰ ਸ਼ਹਿਰ ਕੋਤਵਾਲ ਨੂੰ ਮਿਲਣ ਚਲਾ ਗਿਆ ਸੀ। ਜਦ ਪਹਿਲੀ ਵਾਰੀ ਚਾਹ ਪੀਣ ਤੇ ਉਸਦੇ ਕਾਲਮ ਦੀ ਤਾਰੀਫ਼ ਕਰਨ ਕੋਤਵਾਲ ਉਸਦੇ ਘਰ ਆਇਆ ਸੀ ਤਾਂ ਇਕ ਖ਼ੁਸ਼ਮਿਜਾਜ਼ ਆਦਮੀ ਲੱਗ ਰਿਹਾ ਸੀ। ਰਤਨ ਕੁਮਾਰ ਨੇ ਸੋਚਿਆ ਕਿ ਹੋ ਸਕਦਾ ਹੈ, ਦਫ਼ਤਰ ਵਿਚ ਕੋਤਵਾਲ ਖ਼ਰਾਬ ਆਦਮੀ ਹੋ ਜਾਂਦਾ ਹੋਵੇ ਤੇ ਘਰ ਵਿਚ ਚੰਗਾ। ਸੋ ਉਹ ਸਵੇਰੇ ਸਵੇਰੇ ਉਸਦੇ ਬੰਗਲੇ 'ਚ ਪਹੁੰਚ ਗਿਆ ਸੀ, ਜਿੱਥੇ ਉਹ ਆਪਣੀ ਸੁੰਦਰ ਪਤਨੀ ਨਾਲ ਲਾਨ ਵਿਚ ਬੈਠਾ ਚਾਹ ਪੀ ਰਿਹਾ ਸੀ। ਸੰਯੋਗ ਨਾਲ ਉਸਦੀ ਪਤਨੀ ਵੀ ਹਿੰਦੀ ਦੇ ਪਰਚੇ ਪੜ੍ਹਦੀ ਸੀ ਤੇ ਸਾਹਿਤਕ ਰਸਾਲਿਆਂ ਵਿਚ ਵਿਸ਼ੇਸ਼ ਤੌਰ 'ਤੇ ਕਹਾਣੀਆਂ ਦੀ ਪਾਠਕ ਸੀ।
ਰਤਨ ਕੁਮਾਰ ਨੂੰ ਕੋਤਵਾਲ ਨੇ ਉੱਥੇ ਹੀ ਬੁਲਾ ਲਿਆ ਤੇ ਚਾਹ ਵੀ ਪੇਸ਼ ਕੀਤੀ। ਇਸ ਨਾਲ ਰਤਨ ਕੁਮਾਰ ਨੂੰ ਯਕੀਨ ਹੋ ਗਿਆ ਕਿ ਕੋਤਵਾਲ ਦਾ ਦਿਮਾਗ਼ ਆਫ਼ਿਸ ਵਿਚ ਖ਼ਰਾਬ ਰਹਿੰਦਾ ਹੈ। ਮੌਕਾ ਵਿਚਾਰ ਕੇ ਉਸਨੇ ਕੋਤਵਾਲ ਸਾਹਵੇਂ ਆਪਣਾ ਦੁਖੜਾ ਰੋਇਆ।
“ਬਿਸਕੁਟ ਵੀ ਲਓ।” ਕੋਤਵਾਲ ਨੇ ਦੁਖੜਾ ਸੁਣ ਕੇ ਮੋਹ ਵਿਖਾਇਆ, “ਤੁਹਾਨੂੰ ਕਿਸ ਤੋਂ ਡਰ ਏ? ਨਕਸਲਵਾਦ ਤੋਂ ਤਾਂ ਪੂਰਾ ਹਿੰਦੁਸਤਾਨ ਡਰਦਾ ਏ, ਫੇਰ ਕਿਸ ਦੀ ਹਿੰਮਤ ਏ ਜਿਹੜਾ ਤੁਹਾਡੇ ਨਾਲ ਪੰਗਾ ਲਵੇ।” ਕੋਤਵਾਲ ਖ਼ੁਦ ਪਲੇਟ ਵਿਚੋਂ ਚੁੱਕ ਕੇ ਬਿਸਕੁਟ ਕੁਤਰਨ ਲੱਗਾ।
ਕੋਤਵਾਲ ਦੀ ਸੁੰਦਰ ਬੀਵੀ ਨੇ ਵਿਸ਼ੇ ਨੂੰ ਵਿਸਥਾਰ ਦਿੱਤਾ, “ਸਾਹਿਤ ਸਮਾਜ ਦਾ ਦਰਪਣ ਹੁੰਦਾ ਏ। ਮਾਫ਼ ਕਰਨਾ ਜਨਾਬ ਇਹ ਨਕਸਲ ਵੀ ਦੇਸ਼ ਨੂੰ ਭਰਮਾ ਰਹੇ ਨੇ। ਉਹ ਗ਼ਰੀਬੀ, ਭੁੱਖ, ਅਤਿਆਚਾਰ ਤੇ ਰਾਜ ਦੇ ਦਮਨ ਨੂੰ ਕਾਫੀ ਵਧਾਅ-ਚੜ੍ਹਾਅ ਕੇ ਦੱਸਦੇ ਨੇ। ਮੈਂ ਕਹਿੰਦੀ ਆਂ ਕਿ ਇਹ ਸਭ ਚੀਜ਼ਾਂ ਸਾਡੇ ਦੇਸ਼ ਵਿਚ ਹੈ ਹੀ ਨਹੀਂ ਹੈਨ। ਇਸੇ ਲਈ ਅੱਜ ਕਲ੍ਹ ਦੀਆਂ ਕਹਾਣੀਆਂ ਵਿਚ ਇਹਨਾਂ ਦੀ ਚਰਚਾ ਬਿਲਕੁਲ ਨਹੀਂ ਹੁੰਦੀ। ਮੈਂ ਕਹਿੰਦੀ ਆਂ ਕਿ ਉਹ ਫਸਟ ਕਲਾਸ ਕਹਾਣੀਆਂ ਇਸ ਲਈ ਨੇ ਕਿ ਉਹ ਝੂਠੀਆਂ ਤੇ ਫਾਲਤੂ ਬਕਵਾਸਾਂ ਤੋਂ ਆਜ਼ਾਦ ਨੇ।”
ਰਤਨ ਕੁਮਾਰ ਦਾ ਅੰਦਰ-ਬਾਹਰ ਪਛਾਤਾਵੇ ਨਾਲ ਭਰ ਗਿਆ। ਉਸਨੂੰ ਇਸ ਗੱਲ ਦਾ ਬੜਾ ਅਫ਼ਸੋਸ ਹੋ ਰਿਹਾ ਸੀ ਕਿ ਆਪਣੀ ਇਸ ਸਵੇਰ ਨੂੰ ਤਬਾਹ ਕਰਨ ਦਾ ਉਹ ਖ਼ੁਦ ਜ਼ਿੰਮੇਵਾਰ ਹੈ।
ਉਸਨੇ 'ਜਨਾਦੇਸ਼' ਦੇ ਸੰਪਾਦਕ ਨਾਲ ਵੀ ਮੁਲਾਕਾਤ ਕੀਤੀ ਸੀ। ਉਸਦੀਆਂ ਗੱਲਾਂ ਸੁਣ ਕੇ ਉਹ ਡਾਢੇ ਜੋਸ਼ ਵਿਚ ਆ ਗਿਆ ਸੀ, “ਅਪੁਨ ਹੈ ਨ!” ਉਸਨੇ ਰਤਨ ਕੁਮਾਰ ਨੂੰ ਕਿਹਾ, “ਤੁਮ ਨਿਸ਼ਚਿੰਤ ਰਹੋ। ਅਗਰ ਤੁਮਹਾਰੇ ਸਾਥ ਕੁਛ ਹੁਆ ਤੋ ਹਮ ਉਨਕੀ...।”
“ਪਰ ਮੈਂ ਚਾਹੁੰਦਾ ਹਾਂ ਕਿ ਮੈਂ ਬਚ ਜਾਵਾਂ, ਮੈਂ ਸਕੂਨ ਨਾਲ ਰਹਾਂ। ਤੁਸੀਂ ਕੁਝ ਕਰ ਸਕਦੇ ਓ?”
“ਡਰਤੇ ਕਿਓਂ ਹੋ ਬਾਦਸ਼ਾਓ।” ਸੰਪਾਦਕ ਨੇ ਗਾਇਆ, “ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੁਏ ਕਾਤਿਲ ਮੇਂ ਹੈ।”
ਅਖ਼ੀਰ ਉਹ ਸਭ ਪਾਸਿਓਂ ਨਾ-ਉਮੀਦ ਹੋ ਗਿਆ ਸੀ ਤੇ ਆਪਣੇ ਅੱਖਾਂ ਦੇ ਦਰਦ, ਹਨੇਰੇ ਦੀ ਸਮੱਸਿਆ ਤੇ ਅਣਹੋਣੀ ਦੀ ਸ਼ੰਕਾ ਦੇ ਘਮਾਸਾਨ ਵਿਚ ਨਿਹੱਥਾ ਹੋ ਗਿਆ ਸੀ। ਇਸ ਵਿਚਾਰ ਨੂੰ ਉਹ ਪਹਿਲਾਂ ਹੀ ਖ਼ਾਰਜ ਕਰ ਚੁੱਕਿਆ ਸੀ ਕਿ ਇਸ ਘਰ ਨੂੰ ਛੱਡ ਕੇ ਦੂਜਾ ਕੋਈ ਮਕਾਨ ਲੈ ਕੇ ਉਸ ਵਿਚ ਚਲਾ ਜਾਵੇ। ਉਹ ਸਮਝ ਚੁੱਕਿਆ ਸੀ ਕਿ ਜਿਹੜੇ ਲੋਕ ਉਸਦੀ ਹਰ ਖ਼ਬਰ, ਹਰ ਸੱਚਾਈ, ਹਰ ਕਦਮ ਦੇ ਵਾਕਿਫ਼ ਨੇ, ਉਹਨਾਂ ਲਈ ਉਸਦਾ ਨਵਾਂ ਠਿਕਾਣਾ ਲੱਭਣਾ ਬੇਹੱਦ ਸਰਲ ਹੋਵੇਗਾ। ਬਲਕਿ ਉਹ ਅਜਿਹਾ ਫੰਦਾ ਤਿਆਰ ਕਰਨਗੇ ਜਿਸ ਨਾਲ ਉਹ ਉਸ ਨਵੇਂ ਮਕਾਨ ਵਿਚ ਜਾਵੇਗਾ ਜਿੱਥੇ ਪਹਿਲਾਂ ਹੀ ਉਸਨੂੰ ਬਰਬਾਦ ਕਰ ਦੇਣ ਦੀਆਂ ਤਿਆਰੀਆਂ ਹੋ ਚੁੱਕੀਆਂ ਹੋਣਗੀਆਂ। ਉਸ ਸੁਨਿਧੀ ਦੇ ਫ਼ਲੈਟ ਵਿਚ ਕੁਝ ਦਿਨ ਰਹਿਣ ਦੇ ਖ਼ਿਆਲ ਨੂੰ ਇਸ ਲਈ ਰੱਦ ਕਰ ਚੁੱਕਿਆ ਸੀ ਕਿ ਇਸਦੇ ਲਈ ਉਹ ਰਾਜ਼ੀ ਨਹੀਂ ਹੋਵੇਗੀ। ਜੇ ਉਸਦੀ ਬਿਪਤਾ 'ਤੇ ਪਿਘਲ ਕੇ ਹੋ ਵੀ ਗਈ ਤਾਂ ਵੀ ਕੁਝ ਹਾਸਲ ਨਹੀਂ ਹੋਵੇਗਾ, ਸਿਵਾਏ ਸੁਨਿਧੀ ਨੂੰ ਵੀ ਨਰਕ ਵਿਚ ਗਰਕ ਕਰ ਦੇਣ ਦੇ ਜਾਂ ਸੁਨਿਧੀ ਦੇ ਜੀਵਨ ਨੂੰ ਨਰਕ ਬਣਾ ਦੇਣ ਦੇ। ਇਹੀ ਬਾਬਾ ਜੀ ਦੇ ਮਾਮਲੇ ਵਿਚ ਸੀ। ਪਹਿਲਾਂ ਉਸਨੇ ਸੋਚਿਆ ਬਾਬਾ ਜੀ ਹਮੇਸ਼ਾ ਮੁਸ਼ਕਲਾਂ ਤੋਂ ਬਚਾਉਂਦੇ ਰਹੇ ਨੇ। ਉਹਨਾਂ ਅਨੇਕਾਂ ਦੁੱਖ, ਜ਼ਖ਼ਮ, ਅਪਸ਼ਗੁਨ, ਥੁੜ੍ਹਾਂ ਵਿਚ ਉਸਦੀ ਹਿਫ਼ਾਜ਼ਤ ਕੀਤੀ ਹੈ। ਉਹ ਮੀਂਹ ਵਿਚ ਛਤਰੀ ਉਸਦੇ ਸਿਰ 'ਤੇ ਕਰ ਦੇਂਦੇ ਸਨ ਤੇ ਖ਼ੁਦ ਛਤਰੀ ਦੀ ਹੱਥੀ ਫੜ੍ਹ ਕੇ ਬਾਹਰ ਭਿੱਜਦੇ ਰਹਿੰਦੇ ਸਨ। ਗਰਮੀ ਵਿਚ ਉਹਨਾਂ ਦੇ ਹਿੱਸੇ ਦਾ ਸ਼ਰਬਤ, ਲੱਸੀ, ਵਗ਼ੈਰਾ ਵੀ ਉਸਨੂੰ ਮਿਲ ਜਾਂਦਾ ਸੀ ਤੇ ਪਾਲੇ ਸਮੇਂ ਆਪਣਾ ਸਵੈਟਰ ਉਧੇੜ ਕੇ ਉਸਦੀ ਉੱਨ ਦਾ ਸਵੈਟਰ ਆਪਣੇ ਪੋਤੇ ਲਈ ਉਹਨਾਂ ਖ਼ੁਦ ਬੁਣਿਆ ਸੀ। ਲੋਕ ਮਖ਼ੌਲ ਉਡਾਉਂਦੇ, ਬਾਬਾ ਜੀ ਤੀਵੀਂਆਂ ਵਾਲਾ ਕੰਮ ਕਰ ਰਹੇ ਨੇ, ਪਰ ਬਾਬਾ ਜੀ ਬਿਨਾਂ ਉਹਨਾਂ ਵੱਲ ਧਿਆਨ ਦਿੱਤਿਆਂ ਸਲਾਈਆਂ ਚਲਾਉਂਦੇ ਰਹਿੰਦੇ। ਪਰ ਇਸ ਵਾਰੀ ਦੁਸ਼ਮਣ ਰੁੱਤਾਂ ਨਾਲੋਂ ਵਧੇਰੇ ਤਾਕਤਵਰ ਤੇ ਖ਼ਤਰਨਾਕ ਸੀ। ਬਾਬਾ ਜੀ ਨੂੰ ਮੁਸੀਬਤ ਵਿਚ ਪਾਉਣ ਦਾ ਕੀ ਫ਼ਾਇਦਾ—ਉਸਨੇ ਸੋਚਿਆ ਸੀ ਤੇ ਆਖ਼ਰਕਾਰ ਇਕੱਲਾ ਹੋ ਗਿਆ ਸੀ।
ਹੁਣ ਉਸ ਕੋਲ ਇਹੋ ਰਸਤਾ ਬਚਿਆ ਸੀ ਕਿ ਇੰਤਜ਼ਾਰ ਕਰੇ। ਉਹ ਹਾਦਸੇ ਦੀ ਉਡੀਕ ਕਰਨ ਲੱਗਾ। ਉਸਨੂੰ ਨਹੀਂ ਪਤਾ ਸੀ ਕਿ ਹਾਦਸਾ ਸੋਮਵਾਰ ਨੂੰ, ਮੰਗਲ ਨੂੰ, ਸ਼ੁਕਰ ਨੂੰ, ਐਤਵਾਰ ਨੂੰ ਕਿਸ ਦਿਨ ਹੋਵੇਗਾ? ਉਹ ਦਿਨ ਜਾਂ ਰਾਤ ਕਦੋਂ ਆਵੇਗੀ ਜਾਂ ਕਿੰਨੇ ਜਣੇ ਹੋਣਗੇ, ਉਸਨੂੰ ਬਿਲਕੁਲ ਨਹੀਂ ਸੀ ਪਤਾ। ਉਸਨੂੰ ਇਹ ਵੀ ਸਾਫ਼ ਨਹੀਂ ਸੀ ਕਿ ਉਸਨੂੰ ਡਰਾਇਆ-ਧਮਕਾਇਆ ਜਾਵੇਗਾ ਜਾਂ ਫੇਰ ਮਾਰ ਹੀ ਦਿੱਤਾ ਜਾਵੇਗਾ? ਉਹ ਕਿਸੇ ਗੱਲ ਤੋਂ ਵਾਕਿਫ਼ ਨਹੀਂ ਸੀ, ਪਰ ਇਸ ਗੱਲ ਦਾ ਉਸਨੂੰ ਸ਼ੱਕ ਨਹੀਂ ਸੀ ਕਿ ਉਹਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦਹਿਸ਼ਤ ਭਰੀ ਜ਼ਿੰਦਗੀ ਵਿਚ ਉਸ ਕੋਲ ਬਚਾਅ ਦਾ ਕੋਈ ਤਰੀਕਾ ਨਹੀਂ ਸੀ, ਕਵਚ ਸੀ ਤਾਂ ਬਸ ਇਹ ਕਿ ਇਹ ਜੋ ਸਾਰਾ ਕੁਝ ਹੋ ਰਿਹਾ ਹੈ, ਉਸਦੀ ਕੋਈ ਯਥਾਰਥ ਸੱਤਾ ਨਾ ਹੋਵੇ—ਇਹ ਇਕ ਦੁਖਦਾਈ ਸੁਪਨਾ ਹੋਵੇ ਜਿਹੜਾ ਅੱਖ ਖੁੱਲ੍ਹਦਿਆਂ ਹੀ ਖ਼ਤਮ ਹੋ ਜਾਵੇ। ਉਸਦਾ ਡਰ ਤੇ ਉਸਦੀਆਂ ਸਮੱਸਿਆਵਾਂ ਅਸਲੀਅਤ ਨਾ ਹੋ ਕੇ ਉਸਦੀ ਚੇਤਨਾ ਦਾ ਵਿਕਾਰ ਹੋਣ, ਇਸ ਤਰ੍ਹਾਂ ਉਹ ਮਾਨਸਿਕ ਪੀੜ ਦੇ ਬਾਵਜੂਦ ਅਸਲ ਰੂਪ ਵਿਚ ਬਚਿਆ ਰਹੇਗਾ। ਇਸਦੀ ਭਿਅੰਕਰ ਹੋਣੀ ਇਹੋ ਹੋ ਸਕਦੀ ਸੀ ਕਿ ਸੱਚ ਦੇ ਸਤਰ 'ਤੇ ਉਹ ਸੁਰੱਖਿਤ ਤੇ ਧਰਤੀ 'ਤੇ ਬਚਿਆ ਰਹੇਗਾ, ਪਰ ਆਪਣੀ ਚੇਤਨਾ ਤੇ ਅਹਿਸਾਸ ਦੇ ਸਤਰ 'ਤੇ ਲਹੂ-ਲੁਹਾਨ ਜਾਂ ਮੁਰਦਾ ਹੋ ਜਾਵੇਗਾ। ਇਸ ਵਿਚ ਤਸੱਲੀ ਵਾਲੀ ਗੱਲ ਇਹ ਸੀ ਕਿ ਜਿਵੇਂ ਵੀ ਹੋਵੇ ਉਹ ਜਿਊਂਦਾ ਰਹੇਗਾ। ਉਹ ਆਪਣੇ ਲਈ ਮਿਟ ਜਾਵੇਗਾ ਪਰ ਬਾਬਾ ਜੀ ਤੇ ਸੁਨਿਧੀ ਲਈ ਮੌਜ਼ੂਦ ਰਹੇਗਾ।
ਪਰ ਸੰਕਟ ਦੇ ਅਸਲੀ ਨਹੀਂ ਕਲਪਿਤ ਹੋਣ ਦਾ ਅਹਿਸਾਸ ਲੰਮੀ ਉਮਰ ਵਾਲਾ ਨਹੀਂ ਸੀ ਹੋ ਸਕਦਾ। ਜੀਵਨ ਦੋਵਾਂ ਹੱਥਾਂ ਨਾਲ ਉਸਨੂੰ ਝੰਜੋੜ ਦੇਂਦਾ ਸੀ ਤੇ ਅਸਲੀਅਤ ਦੇ ਧਰਾਤਲ 'ਤੇ ਲਿਆ ਸੁੱਟਦਾ ਸੀ। ਤੇ ਉਹ ਫੇਰ ਅਥਾਹ ਬੇਚੈਨੀ ਨਾਲ ਕੁਝ ਮਾੜਾ ਹੋਣ ਦੀ ਉਡੀਕ ਸ਼ੁਰੂ ਕਰ ਦੇਂਦਾ ਸੀ।

4 ਜਨਵਰੀ, 2011 ਮੰਗਲਵਾਰ ਵਾਲੇ ਦਿਨ ਅਸਲੀਅਤ ਤੇ ਭਰਮ ਦੀ ਟੱਕਰ ਕੁਝ ਵਧੇਰੇ ਹੀ ਗੁੰਝਲਦਾਰ ਤੇ ਹੈਰਾਨੀਜਨਕ ਹੋ ਗਈ। ਉਸ ਦਿਨ ਰਤਨ ਕੁਮਾਰ ਨੇ ਇਲਜ਼ਾਮ ਲਾਇਆ ਕਿ ਉਸ ਉੱਤੇ ਹਮਲਾ ਕੀਤਾ ਗਿਆ ਸੀ। ਉਸਨੇ ਆਪਣੇ ਜ਼ਖ਼ਮ ਦਿਖਾਏ ਜਿਹੜੇ ਗੋਡਿਆਂ, ਕੁਹਣੀਆਂ ਤੇ ਮੱਥੇ 'ਤੇ ਵੱਧ ਸਪਸ਼ਟ ਸਨ। ਉਸਨੇ ਜਿਹੜਾ ਬਿਆਨ ਦਿੱਤਾ ਉਹ ਸੰਖੇਪ ਵਿਚ ਇਹ ਸੀ—ਸਵੇਰ ਦੇ 5:30 ਦਾ ਸਮਾਂ ਸੀ, ਉਦੋਂ ਉਸਦੇ ਘਰ ਦੀ ਕਾਲਬੈੱਲ ਵੱਜੀ। ਇਹ ਸਮਾਂ ਅਖ਼ਬਾਰ ਵਾਲੇ ਦੇ ਅਖ਼ਬਾਰ ਸੁੱਟ ਕੇ ਜਾਣ ਦਾ ਹੁੰਦਾ ਸੀ। ਅਖ਼ਬਾਰ ਸੁੱਟ ਕੇ ਉਹ ਘੰਟੀ ਵਜਾ ਦੇਂਦਾ ਸੀ। ਹਮਲਾਵਰਾਂ ਦੀ ਪਹੁੰਚ ਅਸੀਮ ਸੀ, ਉਹਨਾਂ ਨੂੰ ਰਤਨ ਕੁਮਾਰ ਦੇ ਹਾਕਰ ਦੀ ਇਸ ਆਦਤ ਬਾਰੇ ਵੀ ਪਤਾ ਸੀ। ਇਸ ਲਈ ਸਵੇਰੇ 5:30 ਉੱਤੇ ਘੰਟੀ ਹਾਕਰ ਨੇ ਨਹੀਂ, ਉਹਨਾਂ ਨੇ ਵਜਾਈ ਸੀ। ਰਤਨ ਕੁਮਾਰ ਨੇ ਦਰਵਾਜ਼ਾ ਖੋਲ੍ਹਿਆ ਪਰ ਉਸਦੇ ਬੂਹੇ ਅੱਗੇ ਅਖ਼ਬਾਰ ਨਹੀਂ, ਕੁਝ ਲੋਕ ਸਨ। ਸਰਦੀਆਂ ਵਿਚ ਸਵੇਰੇ ਇਸ ਸਮੇਂ ਹਨੇਰਾ ਹੀ ਹੁੰਦਾ ਹੈ ਤੇ ਰਤਨ ਕੁਮਾਰ ਨੂੰ ਵੈਸੇ ਵੀ ਠੀਕ-ਠੀਕ ਕਦੋਂ ਦਿਖਾਈ ਦੇਂਦਾ ਸੀ। ਉਸਨੇ ਉਹਨਾਂ ਲੋਕਾਂ ਨੂੰ ਪਛਾਣਨ ਤੋਂ ਇਨਕਾਰ ਕੀਤਾ। ਇਸਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਸੀ, ਉਹ ਬੇਧੜਕ ਅੰਦਰ ਵੜ ਗਏ। ਕਮਰੇ ਵਿਚ ਜ਼ੀਰੋ ਪਾਵਰ ਦਾ ਇਕ ਬੱਲਬ ਜਗ ਰਿਹਾ ਸੀ। ਏਨੀ ਘੱਟ ਰੋਸ਼ਨੀ ਵਿਚ ਆਉਣ ਵਾਲਿਆਂ ਨੂੰ ਠੀਕ ਤਰ੍ਹਾਂ ਦੇਖ ਸਕਣਾ ਰਤਨ ਕੁਮਾਰ ਲਈ ਸੰਭਵ ਨਹੀਂ ਸੀ। ਉਸਨੇ ਟਿਊਬ ਜਗਾਉਣ ਲਈ ਸਵਿਚ-ਬੋਰਡ ਵੱਲ ਹੱਥ ਵਧਾਇਆ, ਉਦੋਂ ਹੀ ਇਕ ਨੇ ਉਸਦੀ ਕੁਹਣੀ ਉੱਤੇ ਜ਼ੋਰ ਨਾਲ ਕੁਝ ਮਾਰਿਆ ਸੀ। ਇਹ ਜ਼ਖ਼ਮ ਬਾਅਦ ਵਿਚ ਰਤਨ ਕੁਮਾਰ ਨੇ ਸਾਰਿਆਂ ਨੂੰ ਦਿਖਾਇਆ ਵੀ। ਵਾਰ ਕਿਸ ਚੀਜ਼ ਨਾਲ ਕੀਤਾ ਗਿਆ ਸੀ, ਇਹ ਉਹ ਨਹੀਂ ਸੀ ਦੱਸ ਸਕਿਆ—ਕਿਉਂਕਿ ਜ਼ੀਰੋ ਪਾਵਰ ਦੇ ਹਨੇਰੇ ਵਿਚ ਉਸਨੂੰ ਦਿਖਾਈ ਨਹੀਂ ਸੀ ਦਿੱਤਾ ਕਿ ਉਹ ਹਾਕੀ, ਡੰਗਾ ਜਾਂ ਕੁੰਦਾ, ਕੀ ਚੀਜ਼ ਸੀ ਜੋ ਮਾਰੀ ਗਈ ਸੀ।
“ਮੇਰੇ ਨਾਲ ਤੁਹਾਡਾ ਕੀ ਵੈਰ ਐ, ਤੁਸੀਂ ਕਿਸ ਗੱਲ ਦਾ ਗੁੱਸਾ ਕੱਢ ਰਹੇ ਓ? ਮੇਰਾ ਕਸੂਰ ਕੀ ਐ?” ਉਸਨੇ ਪੁੱਛਿਆ ਸੀ।
ਉਸਦਾ ਕਸੂਰ ਇਹ ਦੱਸਿਆ ਗਿਆ ਸੀ ਕਿ ਅਖ਼ਬਾਰ ਵਿਚ ਊਟ-ਪਟਾਂਗ ਗੱਲਾਂ ਲਿਖ ਕੇ ਉਸਨੇ ਕਈ ਪ੍ਰਸਿੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਤੇ ਅਨੇਕਾਂ ਪਵਿੱਤਰ ਤੇ ਮਹਾਨ ਸੰਸਥਾਵਾਂ ਤੇ ਪਾਰਟੀਆਂ ਦੀ ਦਿੱਖ ਨੂੰ ਗੰਧਲਾਉਣ ਦਾ ਗੁਨਾਹ ਕੀਤਾ ਹੈ।
“ਪਰ ਹੁਣ ਮੇਰਾ ਕਾਲਮ ਬੰਦ ਹੋ ਗਿਐ।” ਉਹ ਮਿਨਮਿਨਾਇਆ।
ਉਹ ਚਾਰੇ ਹੱਸੇ। ਇਕ ਬੋਲਿਆ, “ਬੰਦ ਨਹੀਂ ਹੋ ਗਿਐ, ਅਸੀਂ ਉਸਨੂੰ ਬੰਦ ਕਰਵਾਇਐ। ਪਰ ਤੂੰ ਅਪਰਾਧ ਤਾਂ ਕਰ ਈ ਚੁੱਕਿਐਂ, ਇਸ ਲਈ ਸਜ਼ਾ ਦਿੱਤੀ ਜਾਏਗੀ ਤੈਨੂੰ।”
ਰਤਨ ਕੁਮਾਰ ਦਾ ਕਹਿਣਾ ਸੀ ਕਿ ਉਸਦੀ ਇਸ ਗੱਲ ਉੱਤੇ ਗੁੱਸਾ ਆ ਗਿਆ ਸੀ ਉਸਨੂੰ, ਉਸਨੇ ਚੀਕ ਕੇ ਕਿਹਾ ਸੀ, “ਤੁਸੀਂ ਲੋਕ ਸਜ਼ਾ ਦਿਓਗੇ, ਕਿਉਂ? ਤੁਸੀਂ ਜੱਜ ਓ, ਯਮਰਾਜ ਓ ਜਾਂ ਜੱਲਾਦ?” ਇਹ ਸੁਣ ਕੇ ਉਹ ਲੋਕ ਹੱਸਣ ਲੱਗ ਪਏ ਸਨ। ਹੱਸਦਿਆਂ ਹੋਇਆਂ ਹੀ ਉਹਨਾਂ ਵਿਚੋਂ ਕਿਸੇ ਨੇ ਕੋਈ ਚੀਜ਼ ਉਸਦੇ ਮੱਥੇ ਉੱਤੇ ਵਗ੍ਹਾ ਮਾਰੀ ਸੀ। ਉਹ ਕੀ ਸੀ, ਇਸਨੂੰ ਵੀ ਉਹ ਦੇਖ ਨਹੀਂ ਸੀ ਸਕਿਆ। ਬੱਸ ਜਦੋਂ ਮੱਥੇ 'ਤੇ ਵੱਜੀ ਸੀ, ਉਸਦੀ ਛੋਹ ਤੇ ਪੀੜ ਦੇ ਅਹਿਸਾਸ ਦੇ ਆਧਾਰ 'ਤੇ ਕਹਿ ਸਕਦਾ ਸੀ ਕਿ ਉਹ ਲੋਹੇ ਦੀ ਕੋਈ ਗੋਲ ਚੀਜ਼ ਸੀ। ਕੁਲ ਮਿਲਾ ਕੇ ਇਹ ਪੱਕਾ ਹੋ ਗਿਆ ਸੀ ਕਿ ਕਮਰੇ ਵਿਚ ਏਨਾ ਚਾਨਣ ਸੀ ਕਿ ਉਹਨਾਂ ਚਾਰਾਂ ਨੂੰ ਆਰਾਮ ਨਾਲ ਦਿਖਾਈ ਦੇ ਰਿਹਾ ਸੀ ਤੇ ਉਹ ਰਤਨ ਕੁਮਾਰ ਦੇ ਮੂੰਹ-ਮੱਥੇ ਨੂੰ ਦੇਖ ਕੇ ਨਿਸ਼ਾਨਾ ਲਾ ਸਕਦੇ ਸਨ ਤੇ ਰਤਨ ਕੁਮਾਰ ਨੂੰ ਮੁਸ਼ਕਲ ਨਾਲ ਏਨਾ ਵੀ ਨਹੀਂ ਸੀ ਦਿਸ ਰਿਹਾ ਕਿ ਉਸ ਉੱਤੇ ਕਿਸ ਚੀਜ਼ ਨਾਲ ਵਾਰ ਕੀਤਾ ਗਿਆ ਹੈ।
ਜਦੋਂ ਇਸ ਕਾਂਢ ਉੱਤੇ ਬਹਿਸਬਾਜ਼ੀ ਸ਼ੁਰੂ ਹੋਈ ਤਾਂ ਉਪਰੋਕਤ ਨੁਕਤਾ ਸਭ ਨਾਲੋਂ ਪ੍ਰਮੁੱਖ ਮੁੱਦੇ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ। ਰਤਨ ਕੁਮਾਰ ਨੇ ਦੋਸ਼ ਲਾਇਆ ਕਿ ਚਾਰ ਆਦਮੀਆਂ ਨੇ ਉਸਦੇ ਘਰ ਵਿਚ ਵੜ ਕੇ ਉਸ ਨਾਲ ਕੁੱਟਮਾਰ ਕੀਤੀ ਸੀ ਤੇ ਉਸਦੀ ਦੋਸਤ ਸੁਨਿਧੀ ਨਾਲ ਬਲਾਤਕਾਰ ਦੀ ਧਮਕੀ ਦਿੱਤੀ ਸੀ। ਉਹਨਾਂ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਕਿਸੇ ਦਿਨ ਇਕੋ ਸਮੇਂ ਪ੍ਰਤਾਪਗੜ੍ਹ ਵਿਚ ਉਸਦਾ ਬਾਬਾ ਤੇ ਇੱਥੇ ਰਾਜਧਾਨੀ ਵਿਚ ਖ਼ੁਦ ਉਹ, ਚਾਰ ਪਹੀਆ ਵਾਹਣ ਹੇਠ ਮਿੱਧ ਦਿੱਤੇ ਜਾਣਗੇ। ਕਹਿ ਕੇ ਉਹ ਠਹਾਕਾ ਮਾਰ ਕੇ ਹੱਸੇ ਸਨ ਕਿ ਅਲਗ-ਅਲਗ ਜਗਾਹਾਂ 'ਤੇ ਅਲਗ-ਅਲਗ ਲੋਕ ਇਕੋ ਸਮੇਂ ਇਕੋ ਢੰਗ ਨਾਲ ਮਾਰੇ ਜਾਣਗੇ। ਅਖ਼ੀਰ ਵਿਚ ਉਸਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਚਾਰਾਂ ਨੂੰ ਪਛਾਣ ਗਿਆ ਹੈ। ਉਸਨੇ ਚਾਰਾਂ ਦੀ ਜਿਹੜੀ ਪਛਾਣ ਦੱਸੀ ਸੀ ਉਹ ਹੈਰਾਨ ਨਹੀਂ, ਦੰਗ ਕਰ ਦੇਣ ਵਾਲੀ ਸੀ। ਉਸਨੇ ਕਿਹਾ ਉਹਨਾਂ ਵਿਚ ਇਕ ਮੁੱਖ ਸਕੱਤਰ ਆਪ ਸੀ ਤੇ ਬਾਕੀ ਤਿੰਨ ਸਨ—ਸ਼ਹਿਰ ਕੋਤਵਾਲ, ਪ੍ਰਮੁੱਖ ਸਕੱਤਰੇਤ ਤੇ ਮੁੱਖ ਮੰਤਰੀ ਦਾ ਇਕ ਵਿਸ਼ੇਸ਼ ਸਲਾਹਕਾਰ। ਰਤਨ ਕੁਮਾਰ ਦਾ ਕਹਿਣਾ ਸੀ ਕਿ ਰਤਨ ਕੁਮਾਰ ਵਰਗੇ ਚੂਹੇ ਦੇ ਸ਼ਿਕਾਰ ਲਈ ਰਾਜ ਦਾ ਕੋਈ ਮਾਮੂਲੀ ਬਿੱਲਾ ਹੀ ਕਾਫੀ ਹੋ ਸਕਦਾ ਸੀ ਪਰ ਉਹ ਖ਼ੁਦ ਇਸ ਲਈ ਆਏ ਸਨ ਕਿ ਇਸ ਤਰ੍ਹਾਂ ਜੋ ਮਜ਼ਾ ਆਉਂਦਾ ਹੈ, ਉਹ ਦੁਰਲੱਭ ਹੁੰਦਾ। ਆਪਣੇ ਸ਼ਿਕਾਰ ਨੂੰ ਖ਼ੁਦ ਆਪਣੇ ਦੰਦਾਂ ਨਾਲ ਉਧੇੜ-ਉਧੇਰ ਖਾਣਾ ਕੁਝ ਹੋਰ ਹੀ ਲੁਤਫ਼ ਦੇਂਦਾ ਹੈ। ਦੂਜੀ ਗੱਲ ਖ਼ੁਦ ਆਉਣ ਵਿਚ ਵੀ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਆਪਣੀਆਂ ਅੱਖਾਂ ਦੀ ਘੱਟ ਨਿਗਾਹ ਕਾਰਨ ਰਤਨ ਕੁਮਾਰ ਠੀਕ ਤਰ੍ਹਾਂ ਉਹਨਾਂ ਨੂੰ ਦੇਖ ਹੀ ਨਹੀਂ ਸਕੇਗਾ। ਇਸੇ ਲਈ ਕੋਤਵਾਲ ਨੇ ਇਹ ਗੱਲ ਕਹੀ ਸੀ—'ਸਵਾਦ ਵੀ, ਸੁਰੱਖਿਆ ਵੀ।' ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਭ ਕਹਿੰਦੇ ਹੋਏ ਉਹ ਆਪਣਾ ਅਹੁਦਾ ਤੇ ਪਛਾਣ ਨਹੀਂ ਸੀ ਦੱਸ ਰਹੇ, ਬਸ ਹੱਸ ਰਹੇ ਸਨ ਤੇ ਰਤਨ ਕੁਮਾਰ ਨੂੰ ਵੰਗਾਰ ਰਹੇ ਸਨ—'ਸੂਰਦਾਸ ਜੀ ਸਾਨੂੰ ਪਛਾਣੋ, ਅਸੀਂ ਕੌਣ ਹਾਂ...।' ਰਤਨ ਕੁਮਾਰ ਨੇ ਆਪਣੇ ਉੱਤੇ ਹਮਲੇ ਬਾਰੇ ਬੋਲਦਿਆਂ ਹੋਇਆ ਕਿਹਾ ਸੀ ਕਿ 'ਮੈਂ ਪੱਕੇ ਤੌਰ 'ਤੇ ਨਹੀਂ ਕਹਿ ਸਕਦਾ, ਪਰ ਜਿਸ ਤਰ੍ਹਾਂ ਇਹ ਚਾਰ ਅਹੁਦਾ-ਬਰਦਾਰ ਲੋਕ ਮੇਰੇ ਉੱਤੇ ਹਮਲਾ ਕਰਨ ਆਏ ਸਨ, ਉਸ ਤੋਂ ਇੰਜ ਲੱਗਦਾ ਹੈ ਕਿ ਮੇਰੇ ਉੱਤੇ ਹਮਲਾ ਰਾਜ ਦੀ ਇੱਛਾ ਨਾਲ ਹੋਇਆ ਹੈ। ਹੁਣ ਰਾਜ ਮੇਰੇ ਵਰਗੇ ਆਦਮੀ ਤੋਂ ਕਿਉਂ ਏਨਾ ਡਰਿਆ ਹੋਇਆ ਹੈ ਕਿ ਹਮਲਾ ਕਰਨ ਦੀ ਨੌਬਤਾ ਆ ਜਾਏ, ਇਹ ਮੇਰੀ ਸਮਝ ਵਿਚ ਨਹੀਂ ਆ ਰਿਹਾ। ਹਾਂ ਕਦੀ ਕਦੀ ਉਹਨਾਂ ਦੀਆਂ ਹੋਣ ਵਾਲੀਆਂ ਗੱਲਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੇਰੇ ਉੱਤੇ ਰਾਜ ਦੇ ਗੁੱਸੇ ਦਾ ਕਾਰਨ 'ਜਨਾਦੇਸ਼' ਵਿਚ ਛਪਣ ਵਾਲਾ ਮੇਰਾ ਕਾਲਮ 'ਦੁਪਿਆਰੇ' ਸੀ। ਉਹ ਵਿਚ-ਵਿਚ ਵਿਅੰਗ ਕਰ ਰਹੇ ਸਨ ਕਿ 'ਵੱਡਾ ਚੱਲਿਆ ਸੀ ਕੂਟ ਰਚਨਾ ਤੇ ਸਾਰਟ ਫਾਰਮ ਦੇ ਵਿਰੋਧ ਦਾ ਝੰਡਾ ਚੁੱਕ ਕੇ...ਦੇਖ ਉਸ ਝੰਡੇ ਦਾ ਡੰਡਾਂ ਕਿੱਥੇ ਵੜ ਗਿਆ। ਪਿੱਛੇ ਹੱਥ ਲਾ ਕੇ ਦੇਖ।' ਮੁੱਖ ਸਕੱਤਰ ਦੇ ਟਾਈ ਬੱਧੀ ਹੋਈ ਸੀ। ਉਸਨੇ ਟਾਈ ਢਿੱਲੀ ਕਰਦਿਆਂ ਹੋਇਆਂ, ਪੈਰ ਮੇਰੇ ਮੂੰਹ 'ਤੇ ਰੱਖਿਆ ਸੀ।'
ਰਤਨ ਕੁਮਾਰ ਨੂੰ ਇਸ ਵਾਰੀ ਪਹਿਲਾਂ ਵਾਂਗ ਸਮਰਥਣ ਨਹੀਂ ਸੀ ਮਿਲ ਰਿਹਾ। ਬਲਕਿ ਇੰਜ ਕਿਹਾ ਜਾਵੇ ਕਿ ਕੋਈ ਉਸਦੀ ਗੱਲ ਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਸੀ ਰਿਹਾ। ਉਸਦੇ ਇਲਜ਼ਾਮ ਇਸ ਲਈ ਖ਼ਾਰਜ ਹੋ ਜਾਂਦੇ ਸਨ ਕਿ ਪ੍ਰਦੇਸ਼ ਦੇ ਚਾਰ ਏਨੇ ਵੱਡੇ ਅਧਿਕਾਰੀ ਖ਼ੁਦ ਉਸਦੇ ਘਰ ਜਾ ਕੇ ਹਮਾਲਾ ਕਰਨਗੇ, ਇਹ ਗੱਲ ਕਿਸੇ ਨੂੰ ਵਿਸ਼ਵਾਸ ਕਰਨ ਯੋਗ ਲੱਗ ਹੀ ਨਹੀਂ ਸੀ ਰਹੀ। ਲੋਕ ਇਸ ਗੱਲ ਨੂੰ ਮੰਨਦੇ ਸਨ ਕਿ ਸੱਤਾ ਆਪਣੇ ਨਾਲ ਟਕਰਾਉਣ ਵਾਲੇ ਨੂੰ ਗ਼ੈਰਕਾਨੂੰਨੀ ਦੰਡ ਦੇਣ ਤੋਂ ਸੰਕੋਚ ਨਹੀਂ ਕਰਦੀ। ਜੇ ਉਹ ਚਾਹੁਣ ਤਾਂ ਸਿੱਧੇ ਤੌਰ 'ਤੇ ਹੀ ਵਿਰੋਧੀ ਦੀ ਜ਼ਿੰਦਗੀ ਬਰਬਾਦ ਕਰ ਸਕਦੇ ਨੇ। ਇਸ ਦੇ ਬਾਵਜੂਦ ਰਤਨ ਕੁਮਾਰ ਦਾ ਵਰਨਣ ਏਨਾ ਨਾਟਕੀ, ਕੋਰੀ ਕਲਪਨਾ ਤੇ ਮਸਾਲਾ ਲੱਗਿਆ ਸੀ ਕਿ ਉਹ ਲੋਕਾਂ ਦੇ ਸੰਘੋਂ ਨਹੀਂ ਸੀ ਲੱਥ ਰਿਹਾ। ਆਖ਼ਰ ਮਜ਼ਾ ਲੈਣ ਲਈ ਏਨੇ ਵੱਡੇ ਹੁਕਮਰਾਨ ਏਡਾ ਵੱਡਾ ਜ਼ੋਖਮ ਕਿੰਜ ਉਠਾਅ ਸਕਦੇ ਨੇ! ਸ਼ੱਕ ਦਾ ਦੂਜਾ ਕਰਨ ਇਹ ਸੀ ਕਿ ਰਤਨ ਕੁਮਾਰ ਆਲਾ ਹਾਕਮਾਂ ਦੇ ਗੁੱਸੇ ਦਾ ਕਾਰਨ ਆਪਣੇ ਕਾਲਮ ਨੂੰ ਦੱਸ ਰਿਹਾ ਸੀ। ਪਹਿਲੀ ਗੱਲ ਕਿ ਉਹ ਕਾਲਮ ਬੰਦ ਹੋ ਚੁੱਕਿਆ ਸੀ ਤੇ ਦੂਜੀ, ਉਸ ਕਾਲਮ ਵਿਚ ਇਹਨਾਂ ਅਧਿਕਾਰੀਆਂ ਦੇ ਖ਼ਿਲਾਫ਼, ਇਕ ਵਾਰੀ ਵੀ ਕੁਸੈਲੀ ਗੱਲ ਸੀ ਨਹੀਂ ਕਹੀ ਗਈ। ਇਹ ਚਾਰੇ ਆਪਣੇ ਨਾਂ ਵੀ ਪੂਰੇ ਲਿਖਦੇ ਸਨ ਨਾ ਕਿ ਸ਼ਾਰਟ ਫਾਰਮ ਵਿਚ, ਜਿਹਨਾਂ ਬਾਰੇ ਰਤਨ ਕੁਮਾਰ ਨੇ ਪਤਾ ਨਹੀਂ ਕਿਉਂ ਬਹਿਕੀਆਂ-ਥਿੜਕੀਆਂ ਗੱਲਾਂ ਕੀਤੀਆਂ ਸਨ। ਫੇਰ ਆਖ਼ਰ ਇਹਨਾ ਚਾਰਾਂ ਨੂੰ ਕੀ ਪਈ ਸੀ ਕਿ ਉਸਦੀ ਖੱਲ ਉਧੇੜਨ ਉਸਦੇ ਘਰ ਚਲੇ ਗਏ! ਜ਼ਾਹਰ ਹੈ ਇਹ ਸਭ ਰਤਨ ਕੁਮਾਰ ਦਾ ਦਿਮਾਗ਼ੀ ਫ਼ਿਤੂਰ ਹੈ ਜਾਂ ਪ੍ਰਸਿੱਧ ਹੋਣ ਲਈ ਕੀਤਾ ਗਿਆ ਇਕ ਘਟੀਆ ਨਾਟਕ। ਖ਼ੁਦ ਯੂਨੀਵਰਸਟੀ ਦੇ ਕਈ ਅਧਿਆਪਕਾਂ ਦਾ ਮੰਨਣਾ ਸੀ ਕਿ ਕਾਲਮ ਬੰਦ ਹੋਣ ਨਾਲ ਰਤਨ ਕੁਮਾਰ ਬੌਖ਼ਲਾ ਗਿਆ ਸੀ ਤੇ ਇਹ ਸਭ ਹੋਰ ਕੁਝ ਨਹੀਂ ਆਪਣੇ ਆਪ ਨੂੰ ਚਰਚਾ ਦਾ ਵਿਸ਼ਾ ਬਣਾਉਣ ਦਾ ਇਕ ਘਿਨਾਉਣਾ ਹਥਕੰਡਾ ਹੈ। ਜਦ ਕਿ ਉੱਚ ਨਿਆਂ-ਆਲਿਆ ਦੇ ਦੋ ਜੱਜ ਲੰਚ ਸਮੇਂ ਗੱਲਬਾਤ ਦੌਰਾਨ ਇਸ ਸਿੱਟੇ 'ਤੇ ਪਹੁੰਚੇ—'ਇਹ ਬਲੈਕ ਮੇਲਿੰਗ ਦਾ ਕੇਸ ਏ। ਦਰਅਸਲ ਇਹ ਛੋਕਰਾ ਸਰਕਾਰ ਤੋਂ ਕੋਈ ਵੱਡੀ ਸ਼ੈ ਹਥਿਆਉਣਾ ਚਾਹੁੰਦਾ ਹੈ।'
ਇਸ ਘਟਨਾ ਬਾਰੇ ਰਤਨ ਕੁਮਾਰ ਦੇ ਬਿਆਨ ਵਿਚ ਜਿਹੜੀ ਸਭ ਤੋਂ ਵੱਡੀ ਖ਼ਾਮੀ, ਸਭ ਤੋਂ ਵੱਡਾ ਅੰਤਰ-ਵਿਰੋਧ ਸੀ ਉਹ ਸੀ—ਦੇਖਣਾ। ਰਤਨ ਕੁਮਾਰ ਨੂੰ ਜਾਣਨ ਵਾਲਿਆਂ ਨੂੰ ਪਤਾ ਸੀ ਕਿ ਉਸਨੂੰ ਠੀਕ ਤਰ੍ਹਾਂ ਦਿਖਾਈ ਨਹੀਂ ਦੇਂਦਾ ਹੈ ਤੇ ਹਨੇਰੇ ਜਾਂ ਜ਼ੀਰੋ ਪਾਵਰ ਦੇ ਬੱਲਬ ਦੀ ਹਲਕੀ ਰੋਸ਼ਨੀ ਵਿਚ ਤਾਂ ਉਹ ਲਗਭਗ ਬਿਲਕੁਲ ਹੀ ਨਹੀਂ ਦੇਖ ਸਕਦਾ। ਰਤਨ ਕੁਮਾਰ ਖ਼ੁਦ ਇਸ ਗੱਲ ਨੂੰ ਸਵੀਕਾਰ ਕਰਦਾ ਸੀ। ਇਹ ਉਸਦੇ ਬਿਆਨ ਤੋਂ ਵੀ ਸਿੱਧ ਹੁੰਦਾ ਸੀ। ਕਿਉਂਕਿ ਉਸਨੇ ਦੱਸਿਆ ਸੀ 5:30 ਤੇ ਹਨੇਰਾ ਹੁੰਦਾ ਹੈ ਤੇ ਉਹ ਬਾਹਰ ਖੜ੍ਹੇ ਇਹਨਾਂ ਲੋਕਾਂ ਨੂੰ ਨਹੀਂ ਪਛਾਣ ਸਕਿਆ ਸੀ। ਕਮਰੇ ਵਿਚ ਲਾਈਟ ਜਗਾਉਣ ਲਈ ਉਸਨੇ ਸਵਿੱਚ ਬੋਰਡ ਵੱਲ ਹੱਥ ਵਧਾਇਆ ਤਾਂ ਵਾਰ ਹੋਇਆ। ਤੇ ਉਸਦਾ ਹੱਥ ਹੇਠਾਂ ਝੂਲ ਗਿਆ। ਭਾਵ ਰੋਸ਼ਨੀ ਦੀ ਸਥਿਤੀ ਓਹੋ ਜਿਹੀ ਹੀ ਰਹੀ। ਏਨੀ ਘੱਟ ਕਿ ਉਹ ਦੇਖ ਨਹੀਂ ਸਕਿਆ ਸੀ ਕਿ ਉਸਦੀ ਕੁਹਣੀ 'ਤੇ ਕਿਹੜੀ ਚੀਜ਼ ਮਾਰੀ ਗਈ ਸੀ। ਰਤਨ ਕੁਮਾਰ ਨੇ ਹਮੇਸ਼ਾ ਇਹੀ ਕਿਹਾ ਹੈ ਕਿ ਕਮਰੇ ਵਿਚ ਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣ ਕਰਕੇ ਉਹ ਆਉਣ ਵਾਲਿਆਂ ਨੂੰ ਪਛਾਣ ਨਹੀਂ ਸਕਿਆ ਸੀ। ਤਾਂ ਫੇਰ ਆਖ਼ਰ ਕਿਹੜਾ ਚਮਤਕਾਰ ਹੋਇਆ ਸੀ ਕਿ ਉਸਨੇ ਦੇਖ ਲਿਆ ਸੀ ਕਿ ਇਹ ਮੁੱਖ ਸਕੱਤਰ, ਪ੍ਰਮੁੱਖ ਗ੍ਰਹਿ ਸਕੱਤਰ, ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਤੇ ਸ਼ਹਿਰ ਦਾ ਕੋਤਵਾਲ ਹੀ ਹੈਨ—
“ਹਾਂ, ਚਮਤਕਾਰ ਹੋਇਆ ਸੀ।” ਰਤਨ ਕੁਮਾਰ ਦਾ ਜਵਾਬ ਸੀ—“ਮੇਰੇ ਨਾਲ ਕਦੀ-ਕਦੀ ਚਮਤਕਾਰ ਹੁੰਦਾ ਏ। ਇਹ ਸੱਚ ਏ ਕਿ ਮੇਰੀਆਂ ਅੱਖਾਂ ਦੀ ਦੇਖਣ ਦੀ ਸਮਰਥਾ ਬੜੀ ਘੱਟ ਏ, ਪਰ ਮੇਰੇ ਨਾਲ ਅਜਿਹਾ ਕਈ ਵਾਰ ਹੋਇਆ ਏ ਕਿ ਜਦੋਂ ਮੇਰੇ ਅੰਦਰ ਕੋਈ ਭਾਵਨਾ ਬੜੇ ਜ਼ੋਰ ਨਾਲ ਉਠਦੀ ਏ—ਕਿਸੇ ਉਬਾਲ ਵਾਂਗ ਯਕਦਮ ਬੇਕਾਬੂ ਹੋ ਜਾਂਦੀ ਏ ਤਾਂ ਮੈਨੂੰ ਬੜਾ ਸਾਫ਼ ਦਿਖਾਈ ਦੇਣ ਲੱਗਦਾ ਏ। ਬੜਾ ਹੀ ਕਲੀਅਰ। ਉਦੋਂ ਮੈਂ ਸੂਈ ਵਿਚ ਧਾਗਾ ਪਾ ਸਕਦਾ ਹਾਂ ਤੇ ਕਿਸੇ ਹਨੇਰੇ ਕੋਨੇ ਵਿਚ ਪਏ ਸਰ੍ਹੋਂ ਦੇ ਦਾਣੇ ਨੂੰ ਵੀ ਦੇਖ ਸਕਦਾ ਹਾਂ। ਤੇ ਉਸ ਦਿਨ ਜਦੋਂ ਇਹ ਚਾਰੇ ਮੈਨੂੰ ਕੁੱਟ-ਮਾਰ ਰਹੇ ਸਨ, ਪ੍ਰੇਸ਼ਾਨ ਕਰ ਰਹੇ ਸਨ ਤੇ ਬੇਇੱਜ਼ਤ ਕਰਕੇ ਜਾਣ ਲੱਗੇ ਸਨ ਤਾਂ ਮੇਰੇ ਅੰਦਰ ਘਿਰਣਾ ਦੀ ਭਾਵਨਾ ਨੂੰ ਭਿਅੰਕਰ ਰੂਪ ਵਿਚ ਉਬਾਲ ਆ ਗਿਆ ਸੀ। ਮੈਨੂੰ ਏਨੀ ਘਿਰਣਾ ਜੀਵਨ ਵਿਚ ਕਦੀ ਨਹੀਂ ਹੋਈ। ਉਹ ਘਿਰਣਾ ਅੰਦਰ ਬਾਹਰ ਸਭ ਕੁਝ ਤਬਾਹ ਕਰ ਦੇਣ ਵਾਲੀ ਸੀ—ਉਦੋਂ ਮੈਨੂੰ ਸਭ ਕੁਝ ਤੇਜ਼ ਰੋਸ਼ਨੀ ਵਾਂਗ ਦਿਸਣ ਲੱਗਾ ਪਿਆ ਸੀ—ਇਹ ਚਾਰੇ ਵੀ ਦਿਸੇ ਸਨ। ਮੇਰੀ ਯਾਦਾਸ਼ਤ ਵੀ ਚੰਗੀ ਏ ਜਿਹੜੀ ਸ਼ੁਰੂ ਤੋਂ ਈ ਇਵੇਂ ਐ। ਮੈਂ ਦੱਸ ਸਕਦਾ ਹਾਂ ਕਿ ਉਸ ਦਿਨ ਇਹਨਾਂ ਲੋਕਾਂ ਨੇ ਕਿਹੜੇ ਕੱਪੜੇ ਪਾਏ ਹੋਏ ਸਨ ਤੇ ਬੂਟ ਕਿਸ ਰੰਗ ਦੇ ਸਨ। ਮੈਂ ਇਹਨਾਂ ਦੇ ਵਾਲਾਂ ਦੀ ਸਫੇਦੀ ਤੇ ਗੰਜ, ਚਿਹਰੇ ਤੇ ਹਥੇਲੀਆਂ ਦੇ ਮੁੱਖ ਨਿਸ਼ਾਨ ਵੀ ਦੱਸ ਸਕਦਾ ਹਾਂ।”
ਕੋਈ ਇਸ ਗੱਲ ਉੱਤੇ ਯਕੀਨ ਕਰਨ ਲਈ ਤਿਆਰ ਨਹੀਂ ਸੀ ਸਿਵਾਏ ਸੁਨਿਧੀ ਦੇ। ਸੁਨਿਧੀ ਨੇ ਇਕ ਵਾਰ ਫ਼ੈਸਲਾ ਵੀ ਕਰ ਲਿਆ ਸੀ ਕਿ ਉਹ ਲਾਜ-ਸ਼ਰਮ ਤਜ ਕੇ ਕਹੇਗੀ ਕਿ 'ਹਾਂ, ਉਸਦੇ ਨਾਲ ਇੰਜ ਹੋਇਆ ਏ। ਇਸਨੇ ਪਿਛਲੀ ਦਿਵਾਲੀ 'ਤੇ ਰਾਤ ਨੂੰ ਸੱਤ ਦੀਵਿਆਂ ਦੀ ਮੱਧਮ ਰੋਸ਼ਨੀ ਵਿਚ ਮੇਰੇ ਸ਼ਰੀਰ ਦੇ ਤਿਲਾਂ ਨੂੰ ਦੇਖਿਆ ਏ।' ਪਰ ਉਸਨੂੰ ਇੰਜ ਕਰਨ ਤੋਂ ਰਤਨ ਕੁਮਾਰ ਨੇ ਹੀ ਰੋਕ ਦਿੱਤਾ ਸੀ। ਕਿਹਾ ਸੀ, “ਇਸ ਉੱਤੇ ਲੋਕ ਹੱਸਣਗੇ, ਵਿਸ਼ਵਾਸ ਨਹੀਂ ਕਰਨਗੇ।”
ਜਿਹਨਾਂ ਨੂੰ ਰਤਨ ਕੁਮਾਰ ਨਾਲ ਹਮਦਰਦੀ ਸੀ ਉਹਨਾਂ ਨੂੰ ਵੀ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਸੀ ਆਇਆ ਪਰ ਉਹ ਇਹ ਮੰਨਦੇ ਸਨ ਕਿ ਰਤਨ ਕੁਮਾਰ ਤਿਕੜਮੀ ਜਾਂ ਫ਼ਰਜੀ ਇਨਸਾਨ ਨਹੀਂ ਹੈ ਜਿਹੜਾ ਇਸ ਤਰ੍ਹਾਂ ਦੇ ਕਿੱਸੇ ਘੜ ਕੇ ਸ਼ੋਹਰਤ ਜਾਂ ਕੋਈ ਹੋਰ ਚੀਜ਼ ਹਾਸਲ ਕਰਨ ਦੀ ਜੁਗਤ ਕਰੇਗਾ। ਇਸ ਲਈ ਉਹਨਾਂ ਨੂੰ ਇਹ ਮਾਮਲਾ ਉਸਦੀ ਦਿਮਾਗ਼ੀ ਹਾਲਤ ਠੀਕ ਨਾ ਹੋਣ ਦਾ ਲੱਗਿਆ ਸੀ। ਵਚਿੱਤਰ ਗੱਲ ਸੀ, ਇਹੀ ਤਰਕ ਸੱਤਾ ਦੇ ਲੋਕਾਂ ਦਾ ਵੀ ਸੀ। ਉਹਨਾਂ ਦਾ ਕਹਿਣਾ ਸੀ—ਇਸ ਸ਼ਖ਼ਸ ਨੂੰ ਕੋਈ ਮਾਨਸਿਕ ਰੋਗ ਹੈ ਤੇ ਇਸ ਦੀਆਂ 'ਦੁਪਿਆਰੇ' ਕਾਲਮ ਵਿਚ ਲਿਖੀਆਂ ਗੱਲਾਂ ਵੀ ਮਨੋਰੋਗ ਦੀ ਹੀ ਉਪਜ ਸਨ।
ਰਤਨ ਕੁਮਾਰ ਨੂੰ ਵੀ ਇੰਜ ਮਹਿਸੂਸ ਹੋਇਆ—'ਹੋਏ ਨਾ ਹੋਏ ਇਹ ਵੀ ਮਿਥਿਆ ਅਹਿਸਾਸ ਹੋਵੇ। ਆਖ਼ਰ ਇਸ ਤੋਂ ਪਹਿਲਾਂ ਵੀ ਯਥਾਰਥ ਤੇ ਮਿਥਿਆ ਦੇ ਸ਼ੰਕੇ ਮੈਨੂੰ ਹੋ ਚੁੱਕੇ ਨੇ। ਕਿਸੇ ਉਸੇ ਦਾ ਤੀਬਰ ਰੂਪ—ਵਿਸਫੋਟਕ ਮਨੋਵਿਕਾਰ ਤਾਂ ਨਹੀਂ ਹੈ ਇਹ ਸਭ? ਕੀ ਮੋਬਾਇਲ ਉੱਤੇ ਆਉਣ ਵਾਲੇ ਅਣਨੋਨ ਨੰਬਰਾਂ ਵਾਂਗ ਹੀ ਉਸ ਉੱਤੇ ਹੋਏ ਹਮਲੇ ਦੀ ਕੋਈ ਅਸਲੀਅਤ ਹੀ ਨਹੀਂ ਹੈ। ਇਹ ਪੂਰੀ ਦਾਸਤਾਨ ਮੇਰੇ ਦਿਮਾਗ਼ ਵਿਚ ਵਾਪਰੀ ਤੇ ਬੁਲਬੁਲੇ ਵਾਂਗ ਫੁੱਟ ਕੇ ਅਲੋਪ ਹੋ ਗਈ। ਹੁਣ ਵੀ ਮੇਰੀਆਂ ਅੱਖਾਂ ਵਿਚ ਦਰਦ ਤੇ ਹਨੇਰਾ ਰਹਿੰਦਾ ਹੈ। ਕੀ ਇਹਨਾਂ ਦੋਵਾਂ ਦੁੱਖਾਂ ਨੇ ਰਲ ਕੇ ਇਕ ਝੂਠੇ ਮਹਾਦੁੱਖ ਦੀ ਗੱਪ ਤਾਂ ਨਹੀਂ ਘੜ ਲਈ? ਜਿਸਦਾ ਲੋਕਾਂ ਉੱਤੇ ਅਸਰ ਸਿਰਫ ਇਕ ਚੁਟਕਲੇ ਵਰਗਾ ਹੋ ਰਿਹਾ ਹੈ।' ਉਸਨੇ ਸਬਰ ਕਰ ਲਿਆ—'ਇਹ ਸਭ ਅਣਵਾਪਰਿਆ ਹੈ। ਰਾਜ ਦੇ ਪ੍ਰਤੀ ਮੇਰੀ ਘੋਰ ਨਫ਼ਰਤ ਦੀ ਕਾਲਪਨਿਕ ਉਡਾਨ ਹੈ, ਬਸ।'
'ਪਰ ਮੇਰੇ ਜ਼ਖ਼ਮ! ਮੇਰੇ ਮੱਥੇ ਦਾ ਤੇ ਮੇਰੀ ਕੁਹਣੀ ਦਾ ਜ਼ਖ਼ਮ—ਉਹ ਤਾਂ ਹੈਨ ਨਾ? ਪਿੱਠ ਦੇ ਜ਼ਖ਼ਮ ਬਾਰੇ ਖ਼ੁਦ ਮੈਨੂੰ ਨਹੀਂ ਸੀ ਪਤਾ, ਸੁਨਿਧੀ ਨੇ ਦੇਖਿਆ ਤੇ ਦੱਸਿਆ ਸੀ। ਫੇਰ ਜੇ ਇਹ ਜ਼ਖ਼ਮ ਸੱਚ ਨੇ, ਤਾਂ ਉਹ ਘਟਨਾ ਝੂਠ ਕਿੰਜ ਹੋ ਸਕਦੀ ਹੈ!' ਤੇ ਇਸ ਪਿੱਛੋਂ ਉਸਨੇ ਫੇਰ ਪੁਰਾਣਾ ਰਾਹ ਫੜ੍ਹ ਲਿਆ ਸੀ। ਉਸਨੇ ਆਪਣੇ ਮਨ ਨੂੰ ਤਸੱਲੀ ਦਿੱਤੀ, ਸੁਨਿਧੀ ਨੂੰ ਚੁੰਮਿਆਂ ਤੇ ਬਾਬਾ ਜੀ ਨੂੰ ਫ਼ੋਨ ਕੀਤਾ ਸੀ। ਇਸ ਪਿੱਛੋਂ ਉਹ ਭੁੱਖ ਹੜਤਾਲ 'ਤੇ ਬੈਠ ਗਿਆ ਸੀ। ਉਸਦੀ ਮੰਗ ਸੀ, ਅਪਰਾਧੀਆਂ ਉੱਤੇ ਕਾਰਵਾਈ ਕੀਤੀ ਜਾਵੇ।
ਪਰ ਅਗਲੇ ਦਿਨ ਉਹ ਅਚਾਨਕ ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਲਾਪਤਾ ਹੋ ਗਿਆ ਸੀ। ਕੁਝ ਪਰਤੱਖ ਦਰਸ਼ੀਆਂ ਦਾ ਕਹਿਣਾ ਸੀ ਕਿ ਉਹ ਭੁੱਖ ਬਰਦਾਸ਼ਤ ਨਹੀਂ ਸੀ ਕਰ ਸਕਿਆ ਤੇ ਦੋ ਕੁ ਫਰਲਾਂਗ ਦੂਰ ਇਕ ਦੁਕਾਨ 'ਤੇ ਗੋਲ-ਗੱਪੇ ਖਾਂਦਾ ਵੇਖਿਆ ਗਿਆ ਸੀ। ਕਈਆਂ ਨੇ ਅੱਖੀਂ ਦੇਖੇ ਹਾਲ ਵਾਂਗ ਦੱਸਿਆ ਸੀ—'ਉਸਨੂੰ ਨੀਂਦ ਵਿਚ ਤੁਰਨ ਦੀ ਬਿਮਾਰੀ ਹੈ। ਉਹ ਸਾਢੇ ਤਿੰਨ ਵਜੇ ਰਾਤ ਨੂੰ ਉਠ ਕੇ ਖੜ੍ਹਾ ਹੋ ਗਿਆ ਤੇ ਬੰਦ ਅੱਖਾਂ ਦੇ ਬਾਵਜੂਦ ਤੁਰਨ ਲੱਗਾ। ਉਹ ਕਾਫੀ ਦੂਰ ਚਲਾ ਗਿਆ ਸੀ ਤੇ ਵਾਪਸ ਪਰਤ ਕੇ ਨਹੀਂ ਸੀ ਆਇਆ।'
ਪਤਾ ਨਹੀਂ ਇਹਨਾਂ ਗੱਲ ਵਿਚੋਂ ਕਿਹੜੀ ਸੱਚ ਸੀ, ਕਿਹੜੀ ਝੂਠ! ਜਾਂ ਸਾਰੀਆਂ ਸੱਚ ਸਨ ਜਾਂ ਸਾਰੀਆਂ ਝੂਠ! ਪਰ ਏਨਾ ਜ਼ਰੂਰ ਸੀ ਕਿ ਰਤਨ ਕੁਮਾਰ ਅਗਲੀ ਸਵੇਰ ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਗ਼ਾਇਬ ਸੀ ਤੇ ਫੇਰ ਉਸਨੂੰ ਕਿਸੇ ਨੇ ਨਹੀਂ ਸੀ ਦੇਖਿਆ। ਯੂਨੀਵਰਸਟੀ ਵਿਚ ਵੀ ਉਸ ਬਾਰੇ ਕੋਈ ਸੂਚਨਾ ਨਹੀਂ ਸੀ। ਉਹ ਜਿੱਥੇ ਰਹਿੰਦਾ ਸੀ ਉਸ ਮਕਾਨ ਨੂੰ ਜਿੰਦਰਾ ਲੱਗਾ ਹੋਇਆ ਸੀ ਤੇ ਗੁਆਂਢੀ ਵੀ ਕੁਝ ਦੱਸਣ ਤੋਂ ਅਸਮਰਥ ਸਨ। ਸੁਨਿਧੀ ਉਸਦੇ ਮੋਬਾਇਲ 'ਤੇ ਫ਼ੋਨ ਕਰਦੀ ਰਹੀ, ਪਰ ਉਹ ਹਮੇਸ਼ਾ ਬੰਦ ਮਿਲਿਆ। ਫੇਰ ਵੀ ਉਸਨੇ ਹਾਰ ਨਹੀਂ ਸੀ ਮੰਨੀ, ਜਦੋਂ ਸਮਾਂ ਮਿਲਦਾ ਉਹ ਉਸਦਾ ਨੰਬਰ ਮਿਲਾਉਣ ਲੱਗਦੀ। ਨਤੀਜਾ ਪਹਿਲਾਂ ਵਰਗਾ ਹੀ ਹੁੰਦਾ। ਇਸ ਤਰ੍ਹਾਂ ਅੱਠ ਦਿਨ ਬੀਤ ਗਏ ਤਾਂ ਆਪਣੇ ਫ਼ਲੈਟ ਵਿਚ ਬੈਠੀ ਦਾ ਉਹਦਾ ਰੋਣ ਨਿਕਲ ਗਿਆ।

ਕਾਰ ਵਿਚ ਸੁਨਿਧੀ ਨੇ ਬਾਬਾ ਜੀ ਨੂੰ ਸਵਾਲ ਕੀਤਾ—“ਭੁੱਖ ਹੜਤਾਲ ਤੋਂ ਉਠ ਕੇ ਉਹ ਅਚਾਨਕ ਕਿੱਥੇ ਚਲਾ ਗਿਆ ਸੀ?”
“ਟੀਨਾ ਬੇਟਾ, ਮੈਂ ਵੀ ਇਹ ਸਵਾਲ ਉਸਨੂੰ ਕੀਤਾ ਸੀ।” ਬਾਬਾ ਜੀ ਨੇ ਆਪਣੇ ਕੋਟ ਦੀ ਅੰਦਰਲੀ ਜੇਬ ਵਿਚੋਂ ਇਕ ਕਾਗਜ਼ ਕੱਢਿਆ, “ਇਹ ਪੜ੍ਹ ਲੈ, ਉਸਦਾ ਲਿਖਿਆ ਹੋਇਐ।”
ਸੁਨਿਧੀ ਨੇ ਕਾਰ ਕਿਨਾਰੇ ਕਰਕੇ ਰੋਕ ਲਈ ਤੇ ਕਾਗਜ਼ ਨੂੰ ਖੋਲ੍ਹਿਆ। ਰਤਨ ਕੁਮਾਰ ਦੀ ਲਿਖਾਵਟ ਸੀ। ਜਿਸ ਰਾਤ ਉਹ ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਲਾਪਤਾ ਹੋਇਆ ਸੀ, ਉਸਦਾ ਵਰਨਣ ਕਰਦਿਆਂ ਹੋਇਆਂ ਉਸ ਨੇ ਲਿਖਿਆ ਸੀ ਕਿ ਉਹ ਅੱਧੀ ਰਾਤ ਦਾ ਸਮਾਂ ਸੀ। ਇਕ ਤਾਂ ਠੰਡ ਸੀ, ਦੂਜਾ ਉਸਦੀਆਂ ਅੱਖਾਂ ਵਿਚ ਦਰਦ ਸੀ, ਤੀਜਾ ਉਸਨੂੰ ਭੁੱਖ ਲੱਗੀ ਹੋਈ ਸੀ, ਸ਼ਾਇਦ ਇਹਨਾਂ ਕਾਰਨਾ ਕਰਕੇ ਉਸਨੂੰ ਨੀਂਦ ਨਹੀਂ ਸੀ ਆ ਰਹੀ। ਹਾਲਾਂਕਿ ਉਹ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅੱਖਾਂ ਮੀਚੀ ਪਿਆ ਸੀ। ਉਦੋਂ ਹੀ ਕੁਝ ਲੋਕ ਇਕ ਟਰੱਕ ਲੈ ਕੇ ਆਏ। ਉਹਨਾਂ ਨਾਲ ਤਿੰਨ ਚਾਰ ਖ਼ਤਰਨਾਕ ਕੁੱਤੇ ਵੀ ਟਰੱਕ ਵਿਚੋਂ ਉਤਰੇ। ਉਹਨਾਂ ਉਸਨੂੰ ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਚੁੱਕ ਕੇ ਟਰੱਕ ਵਿਚ ਸੁੱਟ ਦਿੱਤਾ, ਤੇ ਖ਼ੁਦ ਵੀ ਚੜ੍ਹ ਗਏ। ਕੁੱਤੇ ਵੀ ਛਾਲਾਂ ਮਾਰ-ਮਾਰ ਟਰੱਕ ਵਿਚ ਚੜ੍ਹ ਆਏ। ਟਰੱਕ ਘੁਰ-ਘੁਰ ਕਰਦਾ ਹੋਇਆ ਪਹਿਲਾਂ ਹੀ ਸਟਾਰਟ ਸੀ, ਚਲ ਪਿਆ। ਉਹ ਕਰ ਹੀ ਕੀ ਸਕਦਾ ਸੀ। ਕਿਉਂਕਿ ਉਹ ਕਈ ਸਨ, ਵਧੇਰੇ ਤਾਕਤਵਰ ਸਨ ਤੇ ਹਥਿਆਰਬੰਦ ਵੀ ਸਨ। ਉਹ ਕੁਝ ਖਾਣ ਲੱਗੇ। ਖਾਣ ਵਾਲੀ ਕੋਈ ਚੀਜ਼ ਉਸਨੂੰ ਪੇਸ਼ ਕੀਤੀ, ਕਿਹਾ, “ਲੈ ਤੂੰ ਵੀ ਖਾ ਲੈ।” ਉਸਨੇ ਨਾਂਹ ਕੀਤੀ, “ਮੈਂ ਕਿੰਜ ਖਾ ਸਕਦਾਂ, ਮੈਂ ਭੁਖ ਹੜਤਾਲ 'ਤੇ ਆਂ।”
“ਭੁਖ ਹੜਤਾਲ 'ਤੇ ਐਂ, ਇਹ ਤਾਂ ਅਸੀਂ ਭੁੱਲ ਹੀ ਗਏ ਸੀ।” ਇਕ ਨੇ ਕਿਹਾ ਬਾਕੀ ਸਾਰੇ ਹੱਸ ਪਏ। ਦੂਜੇ ਨੇ ਇਕ ਮਸ਼ਹੂਰ ਫਿਲਮੀ ਡਾਇਲਾਗ ਦੀ ਨਕਲ ਕਰਦਿਆਂ ਕਿਹਾ, “ਖਾਣਾ ਨਹੀਂ ਖਾਏਗਾ, ਤੋ ਗੋਲੀ ਖਾਏਗਾ।” ਦਹਿਸ਼ਤ ਦੇ ਮਾਰੇ ਉਹ ਦਿੱਤੀ ਹੋਈ ਚੀਜ਼ ਖਾਣ ਲੱਗਾ।
ਇਸ ਤੋਂ ਪਿੱਛੋਂ ਦਾ ਵਰਨਣ ਉਸਨੇ ਇੰਜ ਲਿਖਿਆ ਸੀ—“ਉਹਨਾਂ ਨੂੰ ਹੱਸਦਿਆਂ ਹੋਇਆ ਦੇਖ ਕੇ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਮਾਰ ਦੇਣਗੇ। ਮੈਂ ਸੋਚਿਆ ਕਿ ਬਚਣ ਦੀ ਇਕੋ ਉਮੀਦਾ ਹੈ ਕਿ ਮੈਂ ਕਿਸੇ ਭੀੜਭਾੜ ਵਾਲੀ ਜਗ੍ਹਾ ਟਰੱਕ ਵਿਚੋਂ ਛਾਲ ਮਾਰ ਜਾਵਾਂ। ਇਸ ਦੇ ਦੋ ਨਤੀਜੇ ਹੋ ਸਕਦੇ ਸਨ, ਇਕ ਮੌਤ ਹੱਥੋਂ ਬਚ ਨਿਕਲਣਾ, ਇਕ ਮੌਤ। ਮੈਂ ਸੋਚਿਆ ਮਰਨਾ ਤਾਂ ਪਏਗਾ ਮੈਨੂੰ, ਭਾਵੇਂ ਚਲਦੇ ਟਰੱਕ 'ਚੋਂ ਛਾਲ ਮਾਰਾਂ ਜਾਂ ਇਹਨਾਂ ਦੇ ਹੱਥੋਂ ਮਰ ਜਾਵਾਂ। ਟਰੱਕ 'ਚੋਂ ਛਾਲ ਮਾਰਨ ਵਾਲੀ ਗੱਲ ਵਿਚ ਇਸ ਉਮੀਦ ਦੀ ਗੁੰਜਾਇਸ਼ ਸੀ ਕਿ ਸੰਭਵ ਹੈ ਬਚ ਜਾਵਾਂ। ਸੱਟਾ ਵੱਜਣਗੀਆ, ਹੱਥ-ਪੈਰ ਦੀ ਹੱਡੀ ਟੁੱਟ ਜਾਏਗੀ ਪਰ ਬਚ ਜਾਵਾਂਗਾ। ਮੈਨੂੰ ਇਹ ਮੰਜ਼ੂਰ ਸੀ। ਉਸ ਛਿਣ ਮੈਂ ਇਹ ਵੀ ਸੋਚਿਆ ਕਿ ਮੈਂ ਫੇਰ ਭੁੱਖ ਹੜਤਾਲ ਵਾਲੀ ਜਗ੍ਹਾ ਪਹੁੰਚ ਜਾਵਾਂਗਾ ਤੇ ਕਹਾਂਗਾ ਕਿ ਮੇਰੀਆਂ ਟੁੱਟੀਆਂ ਹੋਈਆਂ ਹੱਡੀਆਂ ਦੇਖੋ। ਇਹ ਮੇਰੀਆਂ ਹੱਡੀਆਂ ਨਹੀਂ ਟੁੱਟੀਆਂ, ਇਸ ਦੇਸ਼ ਦੇ ਲੋਕਤੰਤਰ ਦੇ ਫਰੈਕਚਰ ਨੇ। ਮੇਰਾ ਅਪਹਾਜਪਨ ਦਰਅਸਲ ਇਸ ਦੇਸ਼ ਦੇ ਸ਼ਕਤੀਸ਼ਾਲੀ ਲੋਕਾਂ ਦੀ ਕਰੂਰਤਾ ਤੇ ਨਿਆਂ ਪ੍ਰਣਾਲੀ ਦਾ ਲੂਲ੍ਹਾਪਨ ਦਰਸਾਅ ਰਿਹਾ ਹੈ।”
ਪਰ ਇਹ ਸਭ ਕਰਨ, ਕਹਿਣ ਦਾ ਮੌਕਾ ਉਸਨੂੰ ਨਹੀਂ ਸੀ ਮਿਲਿਆ। ਕਿਉਂਕਿ ਤੇਜ਼ੀ ਨਾਲ ਦੌੜਦਾ ਹੋਇਆ ਟਰੱਕ, ਇਕ ਝਟਕੇ ਨਾਲ ਇਕ ਸੁੰਨਸਾਨ ਮੈਦਾਨ ਵਿਚ ਜਾ ਰੁਕਿਆ ਸੀ। ਜਦੋਂ ਟਰੱਕ ਤੇਜ਼ ਗਤੀ ਵਿਚ ਸੀ ਤਾਂ ਉਸਦੇ ਲਿਖੇ ਕਾਗਜ਼ ਅਨੁਸਾਰ ਜਿਹੜਾ ਉਹਨਾਂ ਦਾ ਮੁਖੀਆ ਲੱਗ ਰਿਹਾ ਸੀ, ਉਸਨੇ ਕਿਹਾ, “ਪਚਾਸੀ ਦੀ ਸਪੀਡ 'ਤੇ ਜਾ ਰਿਹਾ ਏ ਟਰੱਕ। ਤੈਨੂੰ ਕੁਚਲਨ ਵਿਚ ਇਸਨੂੰ ਕੀ ਦਿੱਕਤ ਜਾਂ ਤਕਲੀਫ਼ ਹੋ ਸਕਦੀ ਏ। ਤੇਰਾ ਇਹ ਭਰੋਸਾ ਵੀ ਟੁੱਟਣ ਤੋਂ ਬਚ ਜਾਏਗਾ ਕਿ ਤੇਰੀ ਮੌਤ ਐਕਸੀਡੈਂਟ ਨਾਲ ਹੋਏਗੀ। ਪਰ ਅਸੀਂ ਤੈਨੂੰ ਮਾਰਾਂਗੇ ਨਹੀਂ। ਸਿਰਫ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਤੂੰ ਇਹ ਜਾਣ ਲੈ ਕਿ ਤੂੰ ਹਮੇਸ਼ਾ ਸਾਡੀਆਂ ਨਜ਼ਰਾਂ ਵਿਚ ਏਂ, ਸਾਡੀ ਦਯਾ ਤੇ ਇਨਸਾਨੀਅਤ ਦੇ ਨਾਤੇ ਜਿਉਂਦਾ ਏਂ। ਅਸੀਂ ਜਿਸ ਪਲ ਚਾਹੀਏ, ਤੇਰਾ ਕਿੱਸਾਂ ਖ਼ਤਮ ਹੋ ਸਕਦਾ ਏ।” ਇਸ ਪਿੱਛੋਂ ਟਰੱਕ ਰੋਕ ਕੇ ਉਸਨੂੰ ਉਸ ਸੁੰਨਸਾਨ ਮੈਦਾਨ ਵਿਚ ਛੱਡ ਦਿੱਤਾ ਗਿਆ ਸੀ ਤੇ ਹਵਾ ਵਿਚ ਗੋਲੀਆਂ ਚਲਾਉਂਦੇ ਹੋਏ ਉਹ ਚਲੇ ਗਏ ਸਨ। ਉਹ ਭੈਭੀਤ, ਸ਼ਰਮਸਾਰ ਉੱਥੇ ਖੜ੍ਹਾ ਥਰ-ਥਰ ਕੰਬ ਰਿਹਾ ਸੀ, ਠੰਡ ਤੇ ਖ਼ੌਫ਼ ਨਾਲ। ਅੰਤ ਵਿਚ ਉਸਨੇ ਲਿਖਿਆ ਸੀ—“ਠੰਡ ਤੇ ਖ਼ੌਫ਼ ਦੇ ਅਹਿਸਾਸ ਦੇ ਇਲਾਵਾ ਮੈਨੂੰ ਇਹ ਗੱਲ ਵੀ ਸਤਾਅ ਰਹੀ ਸੀ ਕਿ ਉਹਨਾਂ ਦਾ ਦਿੱਤਾ ਖਾਣ ਪਿੱਛੋਂ ਮੇਰੀ ਭੁੱਖ ਹੜਤਾਲ ਟੁੱਟ ਚੁੱਕੀ ਸੀ। ਇਕ ਪਾਸੇ ਮੈਂ ਬੇਇੱਜ਼ਤੀ ਵਿਚ ਧਸਿਆ ਜਾ ਰਿਹਾ ਸੀ ਕਿ ਖਾ ਲੈਣ ਪਿੱਛੋਂ ਮੇਰੇ ਲੋਕ ਵੀ ਹੁਣ ਮੈਨੂੰ ਧੋਖੇਬਾਜ਼, ਪੇਟੂ ਤੇ ਭਗੌੜਾ ਸਮਝਣਗੇ। ਦੂਜੇ ਪਾਸੇ ਮੈਨੂੰ ਇਹ ਸ਼ੱਕ ਵੀ ਸੀ ਕਿ ਕਿਤੇ ਦੁਬਾਰਾ ਨਾ ਦਬੋਚ ਲਿਆ ਜਾਵਾਂ। ਮੈਂ ਘਰ ਨਹੀਂ ਪਰਤਿਆ, ਨੱਸ ਗਿਆ। ਮੈਂ ਆਪਣਾ ਮੋਬਾਇਲ ਬੰਦ ਕਰ ਦਿੱਤਾ। ਇਸ ਲਈ ਕਿ ਕਿਤੇ ਉਹ ਮੈਨੂੰ ਫ਼ੋਨ ਕਰਕੇ ਕੋਈ ਨਵਾਂ ਫ਼ਰਮਾਨ ਨਾ ਸੁਣਾ ਦੇਣ।”
ਸੁਨਿਧੀ ਨੇ ਕਾਗਜ਼ ਤੈਅ ਕਰਕੇ ਬਾਬਾ ਜੀ ਦੇ ਸਪੁਰਦ ਕੀਤਾ ਤੇ ਕਾਰ ਸਟਾਰਟ ਕੀਤੀ, “ਇਸ ਵੇਲੇ ਉਹ ਕਿੱਥੇ ਐ?”
“ਘਰੇ।” ਬਾਬਾ ਜੀ ਨੇ ਦੱਸਿਆ, “ਇਧਰ-ਉਧਰ ਭਟਕਣ ਪਿੱਛੋਂ ਉਹ ਮੇਰੇ ਕੋਲ ਪ੍ਰਤਾਪਗੜ੍ਹ ਆ ਗਿਆ ਸੀ। ਕਹਿੰਦਾ ਸੀ ਨੌਕਰੀ-ਸ਼ੌਕਰੀ ਨਹੀਂ ਕਰੇਗਾ, ਉੱਥੇ ਈ ਰਹੇਗਾ। ਪਰ ਮੈਂ ਉਸਨੂੰ ਲੈ ਕੇ ਇੱਥੇ ਆਇਆ। ਆਖ਼ਰ ਇਨਸਾਨ ਨੇ ਹੀ ਉਲਟੇ ਵਹਿਣਾ ਨਾਲ ਲੜਨਾ ਹੁੰਦਾ ਐ। ਇੰਜ ਈ ਹਥਿਆਰ ਨਹੀਂ ਸੁੱਟ ਦੇਣੇ ਚਾਹੀਦੇ। ਜਿੰਨੀ ਮੇਰੇ 'ਚ ਅਕਲ ਐ,ਸਮਝਾ ਚੁੱਕਿਆਂ—ਪਰ ਉਹ ਘਰੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹੋ ਰਿਹਾ। ਹੁਣ ਤੂੰ ਹੀ ਸਮਝਾ ਟੀਨਾ ਬੇਟੀ। ਹੋ ਸਕਦਾ ਐ ਤੇਰੀ ਗੱਲ 'ਤੇ ਅਸਰ ਕਰੇ। ਉਸਨੇ ਵਾਰ-ਵਾਰ ਤੇਰਾ ਨਾਂ ਲਿਆ ਤੇ ਸਵੇਰ ਦਾ ਹੀ ਤੈਨੂੰ ਬੁਲਾਉਣ ਲਈ ਕਹਿ ਰਿਹਾ ਸੀ।”
ਸੁਨਿਧੀ ਕੁਝ ਨਹੀਂ ਬੋਲੀ। ਉਹ ਉਸੇ ਲੈਅ ਵਿਚ ਕਾਰ ਚਲਾਉਂਦੀ ਰਹੀ। ਉਹ ਸੋਚ ਰਹੀ ਸੀ, ਇਸ ਵਾਰੀ ਰਤਨ ਕੁਮਾਰ ਦੀ ਕਹਾਣੀ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਵੇਗਾ। ਉਸਦੇ ਸਾਰੇ ਬਿਰਤਾਂਤ ਨੂੰ ਪ੍ਰਸਿੱਧੀ ਦੀ ਪਿਆਸ, ਕਪਟ ਦੀ ਕਹਾਣੀ, ਬਦਦਿਮਾਗ਼ੀ ਦਾ ਬਿਆਨ ਵਰਗੇ ਸ਼ਬਦਾਂ ਨਾਲ ਨਵਾਜਿਆ ਜਾਵੇਗਾ। ਉਸਦੀਆਂ ਗੱਲਾਂ ਭਾਵੇਂ ਮਨੋਵਿਕਾਰ ਦੀ ਉਪਜ ਹੋਣ ਜਾਂ ਉਹਨਾਂ ਵਿਚ ਸੌ ਪ੍ਰਤੀਸ਼ਤ ਸੱਚਾਈ ਹੋਵੇ, ਇਹ ਪੱਕਾ ਸੀ ਕਿ ਦੋਵਾਂ ਪ੍ਰਸਥਿਤੀਆਂ ਵਿਚ ਹੀ ਉਹ ਤਬਾਹ ਹੋ ਰਿਹਾ ਸੀ। ਇਕ ਛਿਣ ਲਈ ਹੀ ਮੰਨ ਲਿਆ ਜਾਵੇ, ਇਹ ਸਭ ਉਸਦੇ ਕਿਸੇ ਕਾਲਪਨਿਕ ਭੈ ਦੀ ਸਿਰਜਣਾ ਹੈ ਤਾਂ ਵੀ ਕਿਹਾ ਜਾ ਸਕਦਾ ਹੈ ਕਿ ਉਹ ਉਸਦੇ ਅੰਦਰ ਏਨਾ ਫੈਲ ਚੁੱਕਿਆ ਹੈ ਕਿ ਛੁਟਕਾਰਾ ਜਲਦੀ ਸੰਭਵ ਨਹੀਂ ਦਿਖਾਈ ਦੇਂਦਾ। ਤੇ ਜੇ ਵਾਕੱਈ ਕਿਸੇ ਸੱਤਾ ਦੇ ਨਿਸ਼ਾਨੇ 'ਤੇ ਸੀ ਉਹ, ਤਾਂ ਪਾਰ ਪਾਉਣਾ ਵਧੇਰੇ ਕਠਿਨ ਸੀ।

ਸਥਿਤੀ ਸ਼ੰਕਿਆਂ ਨਾਲੋਂ ਕਿਤੇ ਵਧ ਮਾੜੀ, ਦੁਖਦਾਈ ਤੇ ਹੈਰਾਨ-ਪ੍ਰੇਸ਼ਾਨ ਕਰ ਦੇਣ ਵਾਲੀ ਸੀ। ਬਾਬਾ ਜੀ ਨੇ ਤਿੰਨ ਵਾਰੀ ਆਪਣੀ ਪਛਾਣ ਦੱਸੀ ਤਾਂ ਕਿਤੇ ਜਾ ਕੇ ਉਸਨੇ ਦਰਵਾਜ਼ਾ ਖੋਲ੍ਹਿਆ ਸੀ। ਪਹਿਲਾਂ ਉਸਨੇ ਜ਼ਰਾ ਜਿੰਨਾ ਖੋਲ੍ਹ ਕੇ ਬਾਹਰ ਦੀ ਥਹੁ ਲਈ ਸੀ। ਉਸ ਸਮੇਂ ਉਸਦਾ ਚਿਹਰਾ ਦੇਖ ਕੇ ਸੁਨਿਧੀ ਦਹਿਲ ਗਈ ਸੀ। ਏਨਾ ਥੱਕਿਆ ਹੋਇਆ, ਏਨਾਂ ਡਰਿਆ ਹੋਇਆ ਤੇ ਹਾਰਿਆ ਹੋਇਆ ਚਿਹਰਾ ਉਸਨੇ ਪਹਿਲਾਂ ਕਦੀ ਨਹੀਂ ਸੀ ਦੇਖਿਆ। ਇਹ ਤ੍ਰਾਸਦੀ ਇਸ ਕਰਕੇ ਵੀ ਬੜੀ ਵੱਡੀ ਸੀ ਕਿ ਉਹ ਚਿਹਰਾ ਰਤਨ ਕੁਮਾਰ ਦਾ ਸੀ।
ਅੰਦਰ ਪਹੁੰਚ ਕੇ ਬਾਬਾ ਜੀ ਦੂਜੇ ਕਮਰੇ ਵਿਚ ਚਲੇ ਗਏ। ਜਾਂਦੇ ਹੋਏ ਉਹਨਾਂ ਨੇ ਕਿਹਾ, “ਟੀਨਾ ਬੇਟਾ, ਮੈਂ ਦਫ਼ਤਰ ਤੇ ਘਰ ਦੀ ਭੱਜ-ਦੌੜ ਕਰਕੇ ਥੱਕ ਗਿਆ ਆਂ। ਹੁਣ ਥੋੜ੍ਹਾ ਆਰਾਮ ਕਰਾਂਗਾ।” ਉਹਨਾਂ ਦੇ ਜਾਣ ਪਿੱਛੋਂ ਰਤਨ ਨੇ ਦਰਵਾਜ਼ੇ ਨੂੰ ਪਰਖਿਆ ਕਿ ਉਹ ਬੰਦ ਹੈ ਜਾਂ ਨਹੀਂ। ਬੰਦ ਸੀ। ਉਸਨੇ ਅੰਦਰੋਂ ਜਿੰਦਰਾ ਲਾ ਦਿੱਤਾ।
ਉਹ ਆ ਕੇ ਬੈਠ ਗਿਆ ਤੇ ਇਹ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਨ ਲੱਗਾ ਕਿ ਉਹ ਸਹਿਜ ਤੇ ਨਿਰਭੈ ਹੈ। ਸੁਨਿਧੀ ਨੇ ਉਸਨੂੰ ਪੁੱਛਿਆ, “ਕੀ ਹਾਲ ਚਾਲ ਨੇ?”
“ਵਧੀਆ...ਤੇ ਤੇਰੇ?”
“ਮੈਂ ਵੀ ਠੀਕ ਆਂ।”
ਸੁਨਿਧੀ ਨੇ ਉਸਨੂੰ ਸਹਿਜ ਦਿਸਣ ਦੀ ਅਸਹਿਜ ਸਥਿਤੀ ਵਿਚੋਂ ਬਾਹਰ ਲਿਆਉਣ ਲਈ ਇਧਰ-ਉਧਰ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆ। ਆਪਣੇ ਦਫ਼ਤਰ ਦੀ ਚਰਚਾ ਕੀਤੀ। ਇੰਟਰਨੈਟ ਤੇ ਮੋਬਾਇਲ ਉੱਤੇ ਪੜ੍ਹੇ ਕੁਝ ਚੁਟਕਲੇ ਸੁਣਾਏ ਤੇ ਇਹਨੀਂ ਦਿਨੀ ਦੇਖੀ ਇਕ ਰੁਮਾਂਟਿਕ ਫਿਲਮ ਉੱਤੇ ਆਪਣੀ ਨਿੱਕੀ ਜਿਹੀ ਟਿੱਪਣੀ ਵੀ ਦਿੱਤੀ। ਉਹ ਗ਼ੌਰ ਨਾਲ ਸੁਣ ਰਿਹਾ ਸੀ ਤੇ ਉਸਦੇ ਚਿਹਰੇ ਉੱਤੇ ਉਚਿੱਤ ਭਾਵ ਵੀ ਆ ਰਹੇ ਸਨ, ਇਸ ਨਾਲ ਸੁਨਿਧੀ ਨੂੰ ਤਸੱਲੀ ਹੋਈ। ਪਰ ਉਹ ਇਹ ਵੇਖ ਕੇ ਤ੍ਰਬਕ ਪਈ ਤੇ ਉਦਾਸ ਹੋ ਗਈ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਅਜੀਬ ਢੰਗ ਨਾਲ ਛਿਪਾਅ ਲੈਣਾ ਚਾਹੁੰਦਾ ਸੀ। ਜਦੋਂ ਉਸਨੂੰ ਹਾਸਾ ਆਉਂਦਾ ਸੀ ਤਾਂ ਉਹ ਆਪਣੀ ਹਥੇਲੀ ਨਾਲ ਬੁੱਲ੍ਹਾ ਨੂੰ ਢੱਕ ਲੈਂਦਾ ਸੀ। ਆਪਣੀਆਂ ਅੱਖਾਂ ਹਰ ਵੇਲੇ ਚਾਰੇ ਪਾਸੇ ਘੁਮਾਉਂਦਾ ਰਹਿੰਦਾ ਸੀ। ਜਿਵੇਂ ਹਰ ਪਾਸਿਓਂ, ਹਰ ਛਿਣ ਉਸਨੂੰ ਖ਼ਤਰਾ ਹੋਵੇ ਤੇ ਉਹ ਲਗਾਤਾਰ ਧਿਆਨ ਰੱਖ ਰਿਹਾ ਹੋਵੇ। ਉਸਦੇ ਇਕ ਹੱਥ ਵਿਚ ਕੋਈ ਰਸਾਲਾ ਸੀ ਜਿਸਨੂੰ ਬੋਲਣ ਵੇਲੇ ਗੋਲ ਕਰਕੇ ਉਹ ਮੂੰਹ ਸਾਹਮਣੇ ਕਰ ਲੈਂਦਾ ਸੀ। ਇਸ ਨਾਲ ਆਵਾਜ਼ ਗੂੰਜਵੀ ਜਿਹੀ ਤੇ ਬਦਲੀ ਹੋਈ ਲੱਗਦੀ ਸੀ। ਸੁਨਿਧੀ ਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਕਿਸੇ ਅਦਿੱਖ ਦੁਸ਼ਮਣ ਤੋਂ ਸਾਵਧਾਨੀ ਵਜੋਂ ਆਪਣੀ ਸ਼ਿਨਾਖ਼ਤ ਨੂੰ ਛਿਪਾਉਣਾ ਚਾਹੁੰਦਾ ਹੈ।
“ਇੱਥੇ ਮੇਰੇ ਤੇ ਬਾਬਾ ਜੀ ਦੇ ਸਿਵਾਏ ਕੋਈ ਨਹੀਂ। ਦਰਵਾਜ਼ਾ ਬੰਦ ਏ ਤੇ ਤਾਲਾ ਲੱਗਾ ਹੋਇਆ ਏ, ਫੇਰ ਵੀ ਤੂੰ ਏਨਾ ਡਰ ਕਿਸ ਗੱਲੋਂ ਰਿਹੈਂ?”
“ਤੂੰ ਉਹਨਾਂ ਦੀ ਤਾਕਤ ਬਾਰੇ ਨਹੀਂ ਜਾਣਦੀ।” ਉਹ ਫੁਸਫੁਸਾਇਆ, “ਉਹ ਕਦੀ ਵੀ ਕਿਤੇ ਵੀ ਪਹੁੰਚ ਸਕਦੇ ਨੇ। ਉਹ ਸਭ ਦੇਖ ਸਕਦੇ ਨੇ, ਸੁਣ ਸਕਦੇ ਨੇ, ਕਰ ਸਕਦੇ ਨੇ। ਉਹ ਇਨਸਾਨ ਦੇ ਦਿਮਾਗ਼ 'ਚ ਚਿੱਪ ਲਾ ਦੇਂਦੇ ਨੇ ਤੇ ਉਸਦੇ ਸਾਰੇ ਭੇਦ ਜਾਣ ਲੈਂਦੇ ਨੇ।”
“ਤੇਰੇ ਦਿਮਾਗ਼ 'ਚ ਅਜੇ ਚਿੱਪ ਨਹੀਂ ਲਾਈ ਨਾ?”
“ਪਰ ਅਜਿਹਾ ਕੁਝ ਵੀ ਨਹੀਂ ਜੋ ਉਹਨਾਂ ਤੋਂ ਛਿਪਿਆ ਰਹਿ ਸਕੇ। ਮੈਂ ਤੈਨੂੰ 'ਅਣਨੋਨ ਕਾਲ' ਬਾਰੇ ਦੱਸਿਆ ਸੀ ਨਾ, ਹੁਣ ਉਹ ਬਹੁਤੀਆਂ ਹੀ ਆਉਣ ਲੱਗ ਪਈਆਂ ਸੀ। ਮੈਂ ਡਰਦਾ ਮਾਰਾ ਫ਼ੋਨ ਬੰਦ ਰੱਖਣ ਲੱਗ ਪਿਆਂ। ਪਤਾ ਨਹੀਂ ਉਹ ਕਿਹੜਾ ਹੁਕਮ ਭੇਜ ਦੇਣ...।” ਉਸਨੇ ਪਾਸਾ ਪਰਤਿਆ, “ਮੈਂ ਅਖ਼ਬਾਰ ਨਹੀਂ ਪੜ੍ਹਦਾ, ਟੀ.ਵੀ. ਨਹੀਂ ਦੇਖਦਾ—ਕਿਉਂਕਿ ਉਹ ਉਸਦੇ ਜ਼ਰੀਏ ਵੀ ਮੈਨੂੰ ਹੁਕਮ ਦੇ ਦੇਣਗੇ, ਜਿਸਨੂੰ ਮਜ਼ਬੂਰਨ ਮੈਨੂੰ ਮੰਨਣਾ ਪਏਗਾ। ਮੈਂ ਘਰੋਂ ਬਾਹਰ ਨਿਕਲਣਾ ਛੱਡ ਦਿੱਤਾ ਏ ਤੇ ਘਰ ਦਾ ਦਰਵਾਜ਼ਾ ਅੜੀ-ਫਸੀ ਨੂੰ ਈ ਖੋਲ੍ਹਦਾਂ...ਤਦੇ ਤਾਂ ਬਚਿਆ ਹੋਇਆ ਆਂ ਤੇ ਤੇਰੇ ਸਾਹਮਣੇ ਆਂ। ਪਰ ਇਸਦਾ ਖ਼ਮਿਆਜਾ ਵੀ ਭੁਗਤ ਰਿਹਾਂ। ਅਖ਼ਬਾਰ, ਟੀ.ਵੀ. ਤੋਂ ਦੂਰ ਹੋ ਜਾਣ ਕਰਕੇ ਮੈਂ ਬਾਹਰਲੀ ਦੁਨੀਆਂ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਆਂ। ਮੈਨੂੰ ਕੁਝ ਵੀ ਨਹੀਂ ਪਤਾ ਕਿ ਦੇਸ਼-ਦੁਨੀਆਂ ਵਿਚ ਕੀ ਹੋ ਰਿਹਾ ਐ।” ਉਸਨੇ ਸੁਨਿਧੀ ਅੱਗੇ ਤਰਲਾ ਜਿਹਾ ਮਾਰਿਆ, “ਤੂੰ ਹੀ ਦੱਸ ਦੇ ਉਧਰ ਦੀਆਂ ਖ਼ਬਰਾਂ...।”
ਸੁਨਿਧੀ ਕੀ ਦੱਸੇ ਉਹ ਛਿਛੋਪੰਜ ਵਿਚ ਪੈ ਗਈ। ਸੁੰਦਰ, ਸੁਖੀ ਦ੍ਰਿਸ਼ ਸਿਰਫ ਵਿਗਿਆਪਨਾਂ ਵਿਚ ਹੁੰਦੇ ਸਨ, ਅਖ਼ਬਾਰ ਤੇ ਟੀ.ਵੀ. ਦੇ ਸਮਾਚਾਰ ਚੈਨਲਾਂ ਦੇ ਬਾਕੀ ਅੰਸ਼ ਵਿਚ ਹੱਤਿਆ, ਲੁੱਟ, ਦਮਨ, ਬਲਾਤਕਾਰ, ਪੜਯੰਤਰ ਤੇ ਹਿੰਸਾ ਭਾਰੂ ਸੀ। ਉਸਨੂੰ ਲੱਗਿਆ, ਰਤਨ ਨੂੰ ਇਹ ਸਭ ਦੱਸਣ ਦਾ ਅਰਥ ਹੈ ਉਸਦੇ ਸ਼ੰਕਿਆਂ, ਦਹਿਸ਼ਤ ਤੇ ਨਾ-ਉਮੀਦੀ ਦੀਆਂ ਲਪਟਾਂ ਨੂੰ ਹਵਾ ਦੇਣਾ। ਇਹ ਦੱਸਣਾ ਤਾਂ ਹੋਰ ਵੀ ਮੁਸੀਬਤ ਵਾਲੀ ਗੱਲ ਸੀ ਕਿ ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਗ਼ਾਇਬ ਹੋਣ ਪਿੱਛੋਂ ਸਮਾਚਾਰ ਬੁਲਿਟਨਾ ਵਿਚ ਉਸਦਾ ਕਿੰਨਾ ਨਾਕਾਰਮਕ ਰੂਪ ਪੇਸ਼ ਹੋਇਆ ਸੀ। ਉਸਨੂੰ ਭਗੌੜਾ, ਭੁੱਖੜ, ਡਰਪੋਕ ਤੇ ਸਨਕੀ ਆਦਮੀ ਦੱਸਿਆ ਜਾ ਚੁੱਕਾ ਸੀ।
ਪਰ ਰਤਨ ਦੀ ਬੇਨਤੀ ਨੂੰ ਟਾਲਣਾ ਵੀ ਸੰਭਵ ਦਿਖਾਈ ਨਹੀਂ ਸੀ ਦੇ ਰਿਹਾ। ਉਹ ਉਸ ਵੱਲ ਦੇਖਦਾ ਹੋਇਆ ਉਤਰ ਦੀ ਉਡੀਕ ਕਰ ਰਿਹਾ ਸੀ। ਜਦੋਂ ਦੀ ਆਈ ਸੀ, ਪਹਿਲੀ ਵੇਰ ਉਸਨੇ ਰਤਨ ਦੀਆਂ ਪੁਤਲੀਆਂ ਨੂੰ ਆਪਣੇ ਚਿਹਰੇ ਉੱਤੇ ਸਥਿਰ ਦੇਖਿਆ ਸੀ। ਹੁਣ ਉਸਨੂੰ ਕੁਝ ਵੀ ਨਾ ਦੱਸਣ ਦਾ ਅਰਥ ਸੀ, ਉਸਦੀਆਂ ਪੁਤਲੀਆਂ ਨੂੰ ਮੁੜ ਡੋਲਦੇ-ਭਟਕਦੇ ਰਹਿਣ ਲਈ ਛੱਡ ਦੇਣਾ।
ਉਸਨੇ ਝੂਠ ਬੋਲਣਾ ਸ਼ੁਰੂ ਕੀਤਾ—“ਤੂੰ ਇੱਥੇ ਘਰ ਆ ਕੇ ਕੈਦ ਹੋਇਆ ਬੈਠਾ ਏਂ ਤੇ ਬਾਹਰ ਅੱਗ ਮੱਚੀ ਹੋਈ ਏ। ਇੰਜ ਜਾਪਦੈ ਜਿਵੇਂ ਦੇਸ਼ ਵਿਚ ਬਗ਼ਾਵਤ ਹੋ ਗਈ ਹੋਏ। ਸਾਰੇ ਲੋਕ ਸਰਕਾਰ, ਧੱਨਡਾਂ ਤੇ ਧਰਮ-ਗੁਰੂਆਂ ਦੇ ਖ਼ਿਲਾਫ਼ ਸੜਕਾਂ 'ਤੇ ਨਿਕਲ ਆਏ ਨੇ। ਇੰਜ ਮੰਨਿਆਂ ਜਾ ਰਿਹੈ ਕਿ 1942 ਦੇ 'ਭਾਰਤ ਛੱਡੋ' ਦੇ ਬਾਅਦ ਪਹਿਲੀ ਵਾਰ ਇਸ ਦੇਸ਼ ਵਿਚ ਸੱਤਾ ਦੇ ਵਿਰੋਧ 'ਚ ਅਜਿਹਾ ਗੁੱਸਾ ਫੁੱਟਿਆ ਏ...।”
“ਵਿਸ਼ਾਵਾਸ ਨਹੀਂ ਹੋ ਰਿਹਾ...।”
“ਨਾ ਕਰ, ਪਰ ਇਸ ਨਾਲ ਸੱਚਾਈ ਨਹੀਂ ਬਦਲਣ ਲੱਗੀ। ਸੱਚ ਇਹ ਹੈ ਕਿ ਦੇਸ਼ ਦੀ ਸਮੁੱਚੀ ਜਨਤਾ ਉਠ ਖੜ੍ਹੀ ਹੋਈ ਐ, ਸੈਨਾ ਨੇ ਉਹਨਾਂ ਉੱਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤੈ...।” ਸੁਨਿਧੀ ਨੂੰ ਲੱਗਿਆ ਕਿ ਪਿਛਲੇ ਦਿਨਾਂ ਵਿਚ ਹੋਏ ਟਿਊਨੇਸ਼ੀਆ, ਮਿਸਰ ਦੇ ਲੋਕ-ਵਿਦਰੋਹ ਉਸਦੀ ਕਲਪਨਾ ਨੂੰ ਰਸਦ-ਪਾਣੀ ਦੇ ਰਹੇ ਨੇ, “ਤੇ ਵਿਦਿਆਰਥੀ, ਉਹਨਾਂ ਦੀ ਤਾਂ ਪੁੱਛ ਈ ਨਾ, ਬੱਲੇ, ਬਈ ਬੱਲੇ। ਕੋਈ ਯਕੀਨ ਨਹੀਂ ਕਰੇਗਾ ਕਿ ਇਹ ਫਾਸਟ-ਫੂਡ, ਬਾਈਕ, ਮਸਤੀ ਤੇ ਮਨੋਰੰਜਨ ਦੇ ਦੀਵਾਨੇ ਨੇ। ਉਹ ਆਪੋ-ਆਪਣੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਗੁੱਟ ਬਣਾ ਕੇ ਧਾਵਾ ਬੋਲ ਰਹੇ ਨੇ।”
“ਨਹੀਂ...” ਰਤਨ ਕੁਮਾਰ ਖੜ੍ਹਾ ਹੋ ਗਿਆ। ਉਹ ਖ਼ੁਸ਼ੀ ਤੇ ਅਵਿਸ਼ਵਾਸ ਵਿਚਕਾਰ ਝੂਲ ਰਿਹਾ ਸੀ।
“ਨਾ ਮੰਨ ਤੂੰ। ਪਰ ਇਸ ਨੂੰ ਕੀ ਕਹੇਂਗਾ, ਔਰਤਾਂ ਵੀ ਕੁੱਦ ਪਈਆਂ ਨੇ ਇਸ ਲੜਾਈ ਵਿਚ—ਤੇ ਬੁੱਢੇ ਵੀ। ਉਸਨੂੰ ਮਹਿਸੂਸ ਹੋਇਆ, ਉਹ ਕੁਝ ਜ਼ਿਆਦਾ ਹੀ ਗਪੌੜੀ ਹੋ ਗਈ ਹੈ ਪਰ ਉਸਦਾ ਮਨ ਲੱਗ ਗਿਆ ਸੀ ਗੱਪ ਮਾਰਨ ਵਿਚ। ਉਸਨੇ ਜਾਰੀ ਰੱਖਿਆ, “ਅਖ਼ਬਾਰ ਟੀ.ਵੀ. ਤੋਂ ਦੂਰ ਰਿਹੈਂ ਇਸ ਲਈ ਜਾਣਦਾ ਨਹੀਂ ਕਿ ਜਿਸ ਦਿਨ ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਗ਼ਾਇਬ ਹੋਇਆ, ਖ਼ਬਰ ਸੁਣ ਕੇ ਸੈਂਕੜੇ ਲੋਕ ਇਕੱਠੇ ਹੋ ਗਏ ਸੀ। ਉਹ ਤੇਰੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ ਤੇ ਤੈਨੂੰ ਲੱਭ ਕੇ ਲਿਆਉਣ ਦੀ ਮੰਗ ਕਰ ਰਹੇ ਸੀ।” ਉਹ ਹੱਸੀ, “ਜਾਣ ਕੇ ਚੰਗਾ ਲੱਗੇਗਾ, ਤੇਰੇ ਕਾਲਮ 'ਦੁਪਿਆਰੇ' ਦੀ ਜੈ ਹੋਵੇ ਦੇ ਨਾਅਰੇ ਵੀ ਗੂੰਜ ਰਹੇ ਸੀ।”
“ਹੇ ਭਗਵਾਨ ਕਿੰਨੇ ਪਿਆਰੇ ਤੇ ਭਲੇ ਬੰਦੇ ਨੇ ਇਸ ਧਰਤੀ ਉੱਤੇ!” ਖ਼ੁਸ਼ੀ ਰਤਨ ਕੁਮਾਰ ਦੀ ਆਵਾਜ਼ ਵਿਚ ਝਲਕੀ, ਅਚਾਨਕ ਉਹ ਖ਼ੁਸ਼ੀ ਵੱਸ ਕੂਕਿਆ, “ਸੁਨਿਧੀ ਅੱਜ ਫੇਰ ਮੇਰੀਆਂ ਅੱਖਾਂ ਵਿਚ ਰੋਸ਼ਨੀ ਆ ਗਈ ਏ। ਮੈਂ ਇਸ ਵਕਤ ਸਾਫ-ਸਾਫ ਦੇਖ ਰਿਹਾ ਹਾਂ।” ਉਹ ਦੌੜਦਾ ਹੋਇਆ ਗਿਆ ਤੇ ਬਾਬਾ ਜੀ ਨੂੰ ਲੈ ਆਇਆ, “ਬਾਬਾ ਜੀ ਮੈਨੂੰ ਦਿਖ ਰਿਹੈ। ਇੰਜ ਕੁਝ ਚਿਰ ਲਈ ਈ ਹੋਏਗਾ ਪਰ ਫ਼ਿਲਹਾਲ ਮੈਂ ਦੇਖ ਰਿਹਾਂ। ਤੁਹਾਡੇ ਕੁੜਤੇ ਉੱਤੇ ਨੀਲੇ ਰੰਗ ਦੇ ਬਟਨ ਲੱਗੇ ਹੋਏ ਨੇ ਤੇ ਰੰਗ ਮਹਿਲ ਬਸਤਰ-ਭੰਡਾਰ ਵਾਲਿਆਂ ਦੇ ਕਲੈਂਡਰ ਉੱਤੇ ਸਭ ਤੋਂ ਬਾਰੀਕ ਅੱਖਰਾਂ ਵਿਚ ਛਪਿਆ ਏ—ਸਨ 1827 ਵਿਚ ਸਥਾਪਿਤ। ਮੈਂ ਬਗ਼ੈਰ ਅੱਖਾਂ ਦੇ ਨੇੜੇ ਲਿਆਏ ਕੋਈ ਕਿਤਾਬ ਪੜ੍ਹ ਕੇ ਸੁਣਾ ਸਕਦਾ ਹਾਂ ਤੁਹਾਨੂੰ।” ਉਹ ਇਕ ਕਿਤਾਬ ਲਿਆ ਕੇ ਆਮ ਦੂਰੀ ਤੋਂ ਪੜ੍ਹਨ ਲੱਗਾ।
ਬਾਬਾ ਜੀ ਹੈਰਾਨ ਹੋ ਕੇ ਉਸ ਵੱਲ ਦੇਖ ਰਹੇ ਸਨ। ਉਹਨਾਂ ਨੂੰ ਇਸੇ ਤਰ੍ਹਾਂ ਹੈਰਾਨੀ ਵਿਚ ਛੱਡ ਕੇ ਉਹ ਉਠਿਆ, “ਸੁਨਿਧੀ, ਮੈਂ ਤੁਹਾਨੂੰ ਚਾਹ ਬਣਾ ਕੇ ਪਿਆਉਂਦਾ ਆਂ।” ਉਹ ਕਿਚਨ ਵਿਚ ਜਾ ਕੇ ਅੱਗ ਉੱਤੇ ਭਾਂਡਾ ਰੱਖਣ ਲੱਗਾ। ਬਾਬਾ ਜੀ ਸੋਚ ਰਹੇ ਸਨ, 'ਰਤਨ ਡਰਾਮਾ ਕਰ ਰਿਹੈ। ਉਸਨੇ ਸੁਨਿਧੀ ਤੋਂ ਕੁੜਤੇ ਦੇ ਬਟਨਾ ਦਾ ਰੰਗ, ਕਲੰਡਰ ਦੀ ਲਿਖਾਵਟ ਨੂੰ ਪਹਿਲਾਂ ਹੀ ਪੁੱਛ ਲਿਆ ਹੋਵੇਗਾ ਤੇ ਕਿਤਾਬ ਵਿਚ ਜੋ ਲਿਖਿਆ ਏ ਉਸਨੂੰ ਮੈਂ ਕੀ ਜਾਣਾ।'
ਸੁਨਿਧੀ ਚੁੱਪ ਸੀ। ਉਸਦੇ ਮਨ ਵਿਚ ਚਲ ਰਿਹਾ ਸੀ, 'ਦੀਵਾਲੀ ਵਾਲੀ ਰਾਤ ਸੱਤ ਚਿਰਾਗ਼ਾਂ ਦੀ ਰੋਸ਼ਨੀ ਵਿਚ ਉਸਨੇ ਮੇਰੇ ਸ਼ਰੀਰ ਦੇ ਲੱਛਣ ਦੇਖੇ ਸਨ ਤੇ ਖ਼ੁਸ਼ ਹੋਇਆ ਸੀ। ਅੱਜ ਮੇਰੇ ਝੂਠੇ ਕਿੱਸੇ ਨੇ ਇਸਦੇ ਅੰਦਰ ਜਗਮਗ ਕਰ ਦਿੱਤੀ ਏ।' ਉਸਦੀਆਂ ਲੱਤਾਂ ਕੰਬ ਰਹੀਆਂ ਸਨ, ਉਹ ਬੇਹੱਦ ਬੇਚੈਨ ਹੋਣ ਲੱਗੀ। ਬੜੇ ਅਫ਼ਸੋਸ ਤੇ ਉਦਾਸੀ ਨਾਲ ਉਸਨੇ ਸੋਚਿਆ, 'ਕਾਸ਼ ਮੇਰੇ ਕਿੱਸੇ ਸੱਚ ਹੁੰਦੇ।'
--- --- ---

No comments:

Post a Comment